ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, January 24, 2011

ਸਵਿਸ ਬੈਕਾਂ 'ਚ ਸਿਆਸੀ-ਕਾਰਪੋਰੇਟ ਠੱਗਾਂ ਦਾ ਕਾਲਾ ਪੈਸਾ

ਵਿਕੀਲੀਕਸ ਵੱਲੋਂ ਭਾਰਤੀਆਂ ਦੇ ਸਵਿਸ ਬੈਕਾਂ ਚ ਪਏ ਕਾਲੇ ਧਨ ਸਬੰਧੀ ਨਾਂ ਜਨਤਕ ਕਰਨ ਦੇ ਖੁਲਾਸੇ ਨੇ ਇਕ ਵਾਰ ਫੇਰ ਨਵੀਂ ਚਰਚਾ ਛੇੜ ਦਿਤੀ ਹੈ। ਇਹ ਚਰਚਾ ਹਾਲੇ ਕੁਝ ਸਮਾਂ ਪਹਿਲਾਂ ਚੱਲੀ ਚਰਚਾ ਦਾ ਹੀ ਅਗਲਾ ਪੜਾਅ ਹੈ ਜਦੋਂ ਪਿਛਲੇ ਸਮੇਂ `ਚ ਸਵਿਸਬੈਂਕ ਐਸੋਸੀਏਸ਼ਨ ਨੇ ਇਹ ਖੁਲਾਸਾ ਕੀਤਾ ਸੀ ਕਿ ਉਸ ਦੇ ਬੈਂਕਾਂ ਵਿਚ ਕਿਹੜੇ ਮੁਲਕ ਦਾ ਕਿੰਨਾ ਧਨ ਜਮ੍ਹਾਂ ਹੈ। ਇਸ ਮਸਲੇ ਤੇ ਕੁਝ ਸਮਾਂ ਪਹਿਲਾਂ ਹੀ ਇੱਕ ਹਿੰਦੀ ਫਿਲਮ `ਨਾੱਕ ਆਊਟ` ਵੀ ਰਿਲੀਜ਼ ਹੋਈ ਸੀ , ਜਿਸ ਵਿਚ ਇਕ ਮੰਤਰੀ ਦੇ ਸਵਿਸ ਬੈਂਕ ਦੇ ਖਾਤੇ ਚੋਂ ਗਲਪੀ ਢੰਗ ਨਾਲ 32,000 ਕਰੋੜ ਰੁਪਏ ਉਸਦੇ ਇਕ ਏਜੰਟ ਨੂੰ ਪਬਲਿਕ ਕਾੱਲ ਆਫਿਸ ਵਿਚ ਜਾਸੂਸੀ ਕੈਮਰਿਆਂ ਤੇ ਬੰਦੂਕ ਦੀ ਮਦਦ ਨਾਲ ਇਕ ਕਿਸਮ ਨਾਲ ਅਗਵਾ ਕਰ ਕੇ ਇਕ ਇੰਟੈਲੀਜੈਂਸ ਬਿਉਰੋ ਦੇ ਅਫਸਰ ਦੁਆਰਾ ਕਢਵਾਏ ਜਾਂਦੇ ਹਨ। ਪਰ ਫਿਲਮ ਚ ਅਪਣਾਇਆ ਗਿਆ ਗਲਪੀ ਢੰਗ ਪ੍ਰੈਕਟੀਕਲ ਰੂਪ ਚ ਨਹੀਂ ਅਪਣਾਇਆ ਜਾ ਸਕਦਾ।

ਸਵਿਸ ਬੈਂਕ ਐਸੋਸੀਏਸ਼ਨ ਦੇ ਦੱਸਣ ਮੁਤਾਬਿਕ ਉਸ ਦੇ ਬੈਂਕਾਂ ਵਿਚ ਸਭ ਤੋਂ ਜ਼ਿਆਦਾ ਪੈਸਾ ਗਰੀਬ ਭਾਰਤ ਦੇ ਅਮੀਰ ਲੋਕਾਂ ਦਾ ਹੈ। ਸਵਿਸ ਬੈਂਕਾਂ ਵਿਚ ਜਮ੍ਹਾਂ ਭਾਰਤੀਆਂ ਧਨ ਦਾ 65,223 ਅਰਬ ਰੁਪਏ ਦੱਸਿਆ ਗਿਆ ਹੈ। ਸਵਿਸ ਬੈਂਕਾਂ ਵਿਚ ਜਮ੍ਹਾਂ ਪੈਸੇ ਪੱਖੋਂ ਦੂਸਰੇ ਸਥਾਨ ਤੇ ਰੂਸ ਹੈ ਜਿਸਦੇ ਲੋਕਾਂ ਦਾ 21,235 ਅਰਬ ਜਮ੍ਹਾਂ ਹਨ। ਸਾਡੇ ਦੇਸ਼ ਦੇ ਲੋਕਾਂ ਦਾ ਸਵਿਸ ਬੈਂਕਾਂ ਵਿਚ ਜਿੰਨਾ ਪੈਸਾ ਜਮ੍ਹਾਂ ਹੈ ਉਹ ਸਾਡੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਛੇ ਗੁਣਾ ਹੈ। ਜੇ ਕਿਸੇ ਵੀ ਦਬਾਅ ਜਾਂ ਕੋਸ਼ਿਸ਼ ਦੁਆਰਾ ਇਹ ਪੈਸਾ ਵਾਪਿਸ ਆ ਗਿਆ ਤਾਂ ਕਿਸੇ ਵੀ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ। ਵੈਸੇ ਇਸ ਚਮਤਕਾਰ ਦੇ ਹੋਣ ਦਾ ਵੀ ਘੱਟ ਹੀ ਭਰੋਸਾ ਹੈ ਕਿਉਂਕਿ ਇਸ ਨਾਲ ਭਾਰਤ ਹੀ ਨਹੀਂ ਸੰਸਾਰ ਦੇ ਬਹੁਤ ਸਾਰੇ ਮੁਲਕਾਂ ਦੇ ਢੇਰਾਂ ਮਸਲੇ ਜੁੜੇ ਹੋਏ ਹਨ।


ਜੇਕਰ ਲੋਕਾਂ ਨੂੰ ਦੇਣ ਲਈ ਤੁਹਾਡੇ ਕੋਲ ਕੁਝ ਨਹੀਂ ਤਾਂ ਵੀ ਉਨ੍ਹਾਂ ਨੂੰ ਸੁਪਨੇ ਤਾਂ ਦਿਖਾਏ ਹੀ ਜਾ ਸਕਦੇ ਹਨ। ਤੇ ਅਜਿਹਾ ਕੁਝ ਹੀ ਵਾਪਰ ਰਿਹਾ ਹੈ ਕਿ ਮੀਡੀਆ ਰਾਹੀਂ ਸਵਿਸ ਬੈਂਕਾਂ ਚ ਪਏ ਪੈਸੇ ਦੇ ਵਾਪਿਸ ਆ ਜਾਣ ਸੰਬੰਧੀ ਕਾਫੀ ਰੰਗੀਨ ਸੁਪਨੇ ਪ੍ਰਚਾਰੇ ਜਾ ਰਹੇ ਹਨ।

-ਪਹਿਲਾ ਇਹ ਕਿ ਮੌਜੂਦਾ ਸਥਿਤੀ ਅਨੁਸਾਰ ਭਾਰਤ ਨੂੰ ਆਪਣੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਅਤੇ ਦੇਸ਼ ਨੂੰ ਚਲਾਉਣ ਲਈ 3 ਲੱਖ ਕਰੋੜ ਦਾ ਕਰਜ਼ਾ ਲੈਣਾ ਪੈਂਦਾ ਹੈ ਤੇ ਜੇ ਸਵਿਸ ਬੈਂਕਾਂ ਚ ਜਮ੍ਹਾਂ ਪੈਸੇ ਵਿਚੋਂ 30 ਤੋਂ 40 ਫੀਸਦੀ ਵੀ ਵਾਪਿਸ ਆ ਗਿਆ ਤਾਂ ਉਪਰੋਕਤ ਕਰਜ਼ੇ ਦੀ ਲੋੜ ਨਹੀਂ ਰਹੇਗੀ।

-ਦੂਜਾ ਇਹ ਕਿ 30 ਸਾਲਾਂ ਤਕ ਕਿਸੇ ਨੂੰ ਕੋਈ ਕਰ ਦੇਣ ਦੀ ਲੋੜ ਨਹੀਂ।

-ਤੀਜਾ ਇਹ ਕਿ ਭਾਰਤ ਦੇ ਸਾਰੇ ਪਿੰਡਾਂ ਨੂੰ ਸੜਕਾਂ ਨਾਲ ਜੋੜ ਦਿੱਤਾ ਜਾਵੇਗਾ।

- ਚੌਥਾ ਇਹ ਕਿ ਜੇਕਰ ਸਵਿਸ ਬੈਂਕਾਂ ਚ ਜਮ੍ਹਾਂ ਪੈਸੇ ਵਿਚੋਂ 30 ਫੀਸਦੀ ਵੀ ਵਾਪਿਸ ਆ ਜਾਵੇ ਤਾਂ ਕਰੀਬ 20 ਕਰੋੜ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾ ਸਕਦੀਆ ਹਨ ਤੇ ਜੇਕਰ 50 ਫੀਸਦੀ ਧਨ ਵੀ ਵਾਪਿਸ ਆ ਜਾਵੇ ਤਾਂ ਕਰੀਬ 30 ਕਰੋੜ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾ ਸਕਦੀਆ ਹਨ।

-ਪੰਜਵਾਂ ਇਹ ਕਿ ਇਕ ਅਮਰੀਕੀ ਮਾਹਿਰ ਦਾ ਅਨੁਮਾਨ ਤਾਂ ਇਹ ਵੀ ਹੈ ਕਿ ਜੇਕਰ ਸਵਿਸ ਬੈਂਕਾਂ ਚ ਜਮ੍ਹਾਂ ਪੈਸੇ ਵਿਚੋਂ 50 ਫੀਸਦੀ ਵੀ ਵਾਪਿਸ ਆ ਜਾਵੇ ਤਾਂ 30 ਸਾਲਾਂ ਤਕ ਹਰ ਸਾਲ ਹਰੇਕ ਭਾਰਤੀ ਨੂੰ 2 ਹਜ਼ਾਰ ਰੁਪਏ ਮੁਫ਼ਤ ਦਿੱਤੇ ਜਾ ਸਕਦੇ ਹਨ।

ਮਤਲਬ ਇਹ ਕਿ ਭਾਰਤ ਚੋਂ ਗਰੀਬੀ ਖ਼ਤਮ, ਦੇਸ਼ ਦੀ ਅਰਥ-ਵਿਵਸਥਾ ਅਤੇ ਆਮ ਆਦਮੀ ਦੀ ਬੱਲੇ-ਬੱਲੇ।ਜਾਪਦਾ ਹੈ ਕਿ ਇਸ ਤਰ੍ਹਾਂ ਦੀ ਸੁਪਨਸਾਜ਼ੀ ਤੇ ਸ਼ੋਸ਼ੇਬਾਜ਼ੀ ਉਨ੍ਹਾਂ ਸਭ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੀਤੀ ਜਾ ਰਹੀ ਹੈ ਜੋ ਏਸ ਵੇਲੇ ਦੇਸ਼ ਨੂੰ ਖੋਖਲਾ ਕਰੀ ਜਾ ਰਹੇ ਹਨ, ਚਾਹੇ ਉਹ ਰਾਸ਼ਟਰਮੰਡਲ ਖੇਡਾਂ ਦਾ ਘੁਟਾਲਾ ਹੋਵੇ ਜਾਂ 2-ਜੀ ਸਪੈਕਟਰਮ ਘੁਟਾਲਾ ਤੇ ਚਾਹੇ ਮੁੰਬਈ ਦਾ ਆਦਰਸ਼ ਸੁਸਾਇਟੀ ਘੁਟਾਲਾ ਹੋਵੇ, ਚਾਹੇ ਉਹ ਬਿਨਾਇਕ ਸੇਨ ਦੀ ਗ੍ਰਿਫਤਾਰੀ ਦਾ ਮਾਮਲਾ ਹੋਵੇ। ਜਿੰਨ੍ਹਾਂ ਘੁਟਾਲਿਆਂ ਵਿਚ ਭਾਰਤ ਦੇ ਸਿਆਸਤਦਾਨ, ਅਫਸਰਸ਼ਾਹ ਅਤੇ ਪ੍ਰਮੁੱਖ ਫੌਜੀ ਅਫਸਰ ਤੇ ਹੋਰ ਵੀ ਬਹੁਤ ਲੋਕ ਸ਼ਰੇਆਮ ਸ਼ਾਮਿਲ ਹਨ। ਅਜਿਹੇ ਘੁਟਾਲਿਆਂ ਦਾ ਪੈਸਾ ਹੀ ਸਵਿਸ ਬੈਂਕਾਂ ਜਾਂਦਾ ਹੈ। ਵੈਸੇ ਘੁਟਾਲੇ ਤਾਂ ਹੋਰ ਵੀ ਬਹੁਤ ਹਨ ਜੋ ਫਾਇਲਾਂ ਤੋਂ ਬਾਹਰ ਨਹੀਂ ਆਉਣ ਦਿੱਤੇ ਜਾਂਦੇ ਤੇ ਜਾਂ ਅਸੀਂ ਹੀ ਭੁਲਾ ਦਿੰਦੇ ਹਾਂ ਬਸ ਅਖ਼ਬਾਰ ਦੀ ਮਹਿਜ਼ ਖ਼ਬਰ ਸਮਝ ਕੇ। ਇਹਨਾਂ ਘੁਟਾਲਿਆਂ ਨੂੰ ਰੋਕਣ ਦੀ ਲੋੜ ਹੈ ਤੇ ਦੋਸ਼ੀਆਂ ਤੋਂ ਸਿਰਫ ਅਸਤੀਫੇ ਲੈ ਕੇ ਨਾ ਸਾਰ ਲਿਆ ਜਾਵੇ ਬਲਕਿ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ...ਸਿਰਫ ਸੁਪਨੇ ਸਿਰਜਣ ਨਾਲੋਂ ਵਰਤਮਾਨ ਦੇ ਮਸਲੇ ਸੁਲਝਾਉਣੇ ਜ਼ਰੂਰੀ ਹੀ ਨਹੀਂ ਬਲਕਿ ਲਾਜ਼ਮੀ ਹਨ। ਅਜਿਹੇ ਆਲਮ ਵਿਚ ਸਵਿਸ ਬੈਂਕਾਂ ਤੋਂ ਪੈਸਾ ਮੁੜਨ ਦੀ ਗੱਲ ਸੁਣਕੇ ਗ਼ਾਲਿਬ ਦਾ ਸ਼ੇਅਰ ਯਾਦ ਆ ਜਾਂਦਾ ਹੈ....

ਹਮ ਕੋ ਮਾਅਲੂਮ ਹੈ ਜੰਨਤ ਕੀ ਹਕੀਕਤ ਲੇਕਿਨ
ਦਿਲ ਕੇ ਬਹਲਾਨੇ ਕੋ ਗ਼ਾਲਿਬ ਯੇ ਖ਼ਿਆਲ ਅੱਛਾ ਹੈ


ਪਰਮਜੀਤ ਕੱਟੂ
ਰਿਸਰਚ ਸਕਾੱਲਰ,ਪੰਜਾਬੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
9463124131
pkattu@yahoo.in

No comments:

Post a Comment