ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, January 31, 2011

ਧੋਬੀਘਾਟ:ਸ਼ਹਿਰੀ ਕੈਨਵਸ 'ਤੇ ਖਿੰਡਦੇ-ਜੁੜਦੇ ਰਿਸ਼ਤਿਆਂ ਦਾ ਰੰਗ

ਹਰਪ੍ਰੀਤ ਸਿੰਘ ਕਾਹਲੋਂ ਟੀ ਵੀ ਪੱਤਰਕਾਰ ਹੈ,ਪਰ ਪੱਤਰਕਾਰੀ ਨਾਲੋਂ 1000 ਗੁਣਾ ਵੱਧ ਰੁਚੀ ਸਿਨੇਮੇ 'ਚ ਰੱਖਦਾ ਹੈ।ਹਰ ਤਰ੍ਹਾਂ ਦੇ ਸਿਨੇਮੇ ਨੂੰ ਬੜੀ ਸ਼ਿੱਦਤ ਨਾਲ ਵਾਚਦਾ ਹੈ।ਉਸਦਾ ਯਕੀਨ ਹੈ ਕਿ ਸਿਨੇਮਾ ਕਿਸੇ ਨਾ ਕਿਸੇ ਪੱਧਰ 'ਤੇ ਸਮਾਜ ਬਦਲਦਾ ਹੈ।ਧੋਬੀ ਘਾਟ ਕਿਰਨ ਰਾਓ ਦੀ ਚੰਗੀ ਕਲਾਤਮਕ ਫਿਲਮ ਹੈ,ਜੋ ਕਲਾ ਦੀ ਪਰਿਭਾਸ਼ਾ 'ਚ ਕੁਝ ਨਵਾਂ ਜੋੜਦੀ ਹੈ।ਹਰਪ੍ਰੀਤ ਨੇ ਧੋਬੀ ਘਾਟ ਦਾ ਆਪਣੇ ਨਜ਼ਰੀਏ ਨਾਲ ਵਿਸ਼ਲੇਸ਼ਨ ਕੀਤਾ ਹੈ,ਆਓ ਉਸਦੀ ਨਜ਼ਰ ਨਾਲ ਵੀ ਧੋਬੀਘਾਟ ਵੇਖੀਏ-ਯਾਦਵਿੰਦਰ ਕਰਫਿਊ

ਸਭ ਤੋਂ ਪਹਿਲਾਂ ਗੱਲ ਕਰਨਾ ਚਾਹਵਾਂਗਾ ਕਿ ਡਾਇਰੀ ‘ਤੇ ਅਧਾਰਿਤ ਫਿਲਮਾਂ ਦੀ ਬਹੁਤ ਸੀਮਤ ਲੜੀ ਰਹੀ ਹੈ।ਅਜਿਹੀਆਂ ਫਿਲਮਾਂ ‘ਚ ਤਸੀਂ ਪੂਰੀ ਅਜ਼ਾਦੀ ਲੈਕੇ ਨਹੀਂ ਚੱਲ ਸਕਦੇ।ਪਰ ਵਿਸ਼ਵ ਸਿਨੇਮਾ ‘ਚ ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਹਨ ਜੋ ਡਾਇਰੀ ‘ਤੇ ਅਧਾਰਿਤ ਕਾਮਯਾਬ ਫਿਲਮਾਂ ਮੰਨੀਆਂ ਗਈਆਂ।ਦੀ ਪ੍ਰਿਸੰਸ ਡਾਇਰੀ,ਦੀ ਨੈਨੀ ਡਾਇਰੀ,ਦੀ ਬਾਸਕਟਬਾਲ ਡਾਇਰੀ,ਦੀ ਡਾਇਰੀ ਆਫ ਐਨ ਫ੍ਰੈਂਕ(ਇਹ ਇਸੇ ਨਾਮ ‘ਤੇ ਅਧਾਰਿਤ ਪੁਲਿਟਜ਼ਰ ਪੁਰਸਕਾਰ ਪ੍ਰਾਪਤ ਨਾਵਲ ਸੀ),ਦੀ ਮੋਟਰਸਾਈਕਲ ਡਾਇਰੀ(ਇਸ ਫਿਲਮ ਦਾ ਸੰਗੀਤ ਵੀ ਗਾਸਤਾਵੋ ਸਾਂਟਾਓਲਾ ਨੇ ਦਿੱਤਾ ਸੀ ਜਿਹਨਾਂ ਨੇ ਫਿਲਮ ਮੁੰਬਈ ਡਾਇਰੀ ਦਾ ਸੰਗੀਤ ਵੀ ਦਿੱਤਾ ਹੈ)ਆਦਿ ਖ਼ਾਸ ਫਿਲਮਾਂ ਹਨ।ਭਾਰਤ ਵਿੱਚ ਵੀ ਅਜਿਹੀ ਕੁਝ ਫਿਲਮਾਂ ਰਹੀਆਂ ਜੋ ਡਾਇਰੀ ‘ਤੇ ਅਧਾਰਿਤ ਸਨ ਪਰ ਉਹਨਾਂ ਚੋਂ ਬਹੁਤੀਆਂ ਫਿਲਮਾਂ ਤਾਂ ਸਫਲ ਨਾ ਹੋ ਸਕੀਆ।ਕਮਲ ਹਸਨ ਅਭਿਨੀਤ ਤੇ ਨਿਰਦੇਸ਼ਤ ਫਿਲਮ ਅਭੈ ‘ਚ ਵੀ ਕੁਝ ਡਾਇਰੀ ਅਧਾਰਿਤ ਕਹਾਣੀ ਦਾ ਜ਼ਿਕਰ ਸੀ।ਇਸੇ ਤਰ੍ਹਾਂ ਰੰਗ ਦੇ ਬੰਸਤੀ ‘ਚ ਵੀ ਸੂ ਦੇ ਦਾਦਾ ਜੀ ਦੀ ਲਿਖੀ ਡਾਇਰੀ ‘ਤੇ ਅਧਾਰਿਤ ਕਹਾਣੀ ਨਾਲ ਹੀ ਫਿਲਮ ਦਾ ਪੂਰਾ ਕਥਾਨਕ ਬੱਝਦਾ ਹੈ।ਮੁਝਸੇ ਦੋਸਤੀ ਕਰੋਗੀ ‘ਚ ਵੀ ਡਾਇਰੀ ਦੀ ਖਾਸ ਭੂਮਿਕਾ ਰਹੀ ਹੈ।ਟੈਂਗੋ ਚਾਰਲੀ ‘ਚ ਵੀ ਫੌਜੀ ਦੀ ਡਾਇਰੀ ਹੀ ਫਿਲਮ ਦੀ ਕਹਾਣੀ ਕਹਿੰਦੀ ਹੈ।ਗਜਨੀ ਦੀ ਕਹਾਣੀ ਵੀ ਡਾਇਰੀ ਨਾਲ ਹੀ ਤੁਰਦੀ ਹੈ।ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਹਨ ਜੋ ਸਿੱਧੇ ਜਾਂ ਅਸਿੱਧੇ ਤੌਰ ‘ਤੇ ਡਾਇਰੀ ਨਾਲ ਸੰਬੰਧ ਰੱਖਦੀਆਂ ਹਨ।ਪਰ ਇਹਨਾਂ ਚੋਂ ਕਿਰਨ ਰਾਵ ਦੀ ਨਿਰਦੇਸ਼ਤ ਫਿਲਮ ਧੋਬੀ ਘਾਟ(ਮੁੰਬਈ ਡਾਇਰੀ) ਉਹਨਾਂ ਸਾਰੀਆਂ ਫਿਲਮਾਂ ਤੋਂ ਵੱਖਰੀ ਹੈ।90 ਮਿਨਟ ਦੀ ਬਿਨਾਂ ਇੰਟਰਵੈਲ ਤੋਂ ਬਣੀ ਫਿਲਮ ਨੇ ਭਾਰਤੀ ਸਿਨੇਮਾ ਦੇ ਰੋਜ਼ਾਨਾ 2 ਕਰੋੜ 30 ਲੱਖ(ਸਰਵੇਖਣ ਮੁਤਾਬਕ) ਦਰਸ਼ਕਾਂ ਤੋਂ ਹੋਣ ਵਾਲੀ ਪੌਪਕੋਰਨ ਤੇ ਕੋਲਡ ਡ੍ਰਿਕ ਦੀ ਕਮਾਈ ਲਈ ਇਸ ਵਾਰ ਸਿਨੇਮਾ ਵਾਲਿਆਂ ਨੂੰ ਫਿਲਮ ਦੇ ਦੌਰਾਨ ਹੀ ਆਰਡਰ ਲੈਣੇ ਪੈ ਰਹੇ ਸਨ…ਕਿਉਂ ਕਿ ਕਮਾਈ ਹੋਣ ਦੀ ਉਮੀਦ ਤਾਂ ਹੀ ਹੁੰਦੀ ਜੇ ਦਰਸ਼ਕ ਫਿਲਮ ਚੋਂ ਉੱਠਕੇ ਖਾਣ ਪੀਣ ਦਾ ਸਮਾਨ ਲੈਣ ਜਾਂਦਾ..!

ਫਿਲਮ ਚਾਰ ਕਿਰਦਾਰਾਂ ਦੇ ਨਾਲ ਚਲਦੀ ਹੈ।ਸਾਰੇ ਕਿਰਦਾਰ ਰਿਸ਼ਤਿਆਂ ਤੋਂ ਭੱਜਦੇ ਤੇ ਬੱਝਦੇ ਆਪਣੀ ਕਸ਼ਮਕਸ਼ ਨੂੰ ਬਿਆਨ ਕਰਨ ਨੂੰ ਉਤਾਵਲੇ ਹਨ।ਅਰੁਣ(ਆਮਿਰ ਖ਼ਾਨ) ਇੱਕ ਪੇਂਟਰ ਦੀ ਭੂਮਿਕਾ ‘ਚ ਮੁਬੰਈ ਨੂੰ ਪਰਭਾਸ਼ਿਤ ਤਾਂ ਕਰਦਾ ਹੈ ਪਰ ਆਪਣੀ ਪਰਿਭਾਸ਼ਾ ਕੀ ਹੋਣੀ ਚਾਹੀਦੀ ਹੈ ਇਸ ਅਰਥ ਨੂੰ ਤਲਾਸ਼ਦਾ ਹੀ ਫਿਲਮ ‘ਚ ਵਿਚਰਦਾ ਹੈ।ਮੁੰਨਾ(ਪ੍ਰਤੀਕ ਬੱਬਰ-ਸਮਿਤਾ ਪਾਟਿਲ ਤੇ ਰਾਜ ਬੱਬਰ ਦਾ ਮੁੰਡਾ) ਧੋਬੀ ਦੇ ਭੂਮਿਕਾ ‘ਚ ਹੀਰੋ ਬਣਨ ਦੀ ਸੁਫ਼ਨਾ ਪਾਲੀ ਉਵੇਂ ਦਾ ਹੀ ਹੈ ਜਿਵੇਂ ਭਾਰਤ ਦਾ ਹਰ ਨੌਜਵਾਨ ਉੱਚਾ ਉੱਠਣ ਲਈ ਸੁਫ਼ਨੇ ਵੇਖਦਾ ਹੈ।ਮੁੰਨਾ ਫਿਲਮ ‘ਚ ਲਵਰ ਬੁਆਏ ਦੀ ਭੂਮਿਕਾ ਬੇਹਤਰ ਕਰ ਰਿਹਾ ਹੈ ਪਰ ਕਿਸੇ ਵੀ ਕੋਣ ਤੋਂ ਧੋਬੀ ਨਹੀਂ ਲੱਗਦਾ।ਪਰ ਧੋਬੀ ਕੱਪੜੇ ਧੋਣ ਤੋਂ ਇਲਾਵਾ ਮਹਾਂਨਗਰਾਂ ‘ਚ ਰਹਿੰਦੇ ਉੱਚ ਤਬਕੇ ਦੇ ਲੋਕਾਂ ਲਈ ਹੋਰ ਕਿਹੜਾ ਜ਼ਰੀਆ ਬਣਦਾ ਹੈ ਇਹ ਇਸ ਨੂੰ ਬਾਖੂਬੀ ਬਿਆਨ ਕਰਦੀ ਹੈ ਕਿ ਉੱਚ ਤਬਕੇ ਦੇ ਲੋਕਾਂ ਲਈ ਗ਼ਰੀਬ ਕਿਸ ਤਰ੍ਹਾਂ ਮਨੋਰੰਜਨ ਦਾ ਸਾਧਨ(ਫਲੈਟ ‘ਚ ਰਹਿੰਦੀ ਇੱਕ ਔਰਤ ਦਾ ਧੋਬੀ ਨਾਲ ਸੰਵਾਦ ਕਰਨ ਦਾ ਢੰਗ) ਬਣਦਾ ਹੈ।ਅਜਿਹੇ ਬਹੁਤ ਸਾਰੇ ਕਿਸੇ ਅਸਲ ‘ਚ ਜਾਂ ਫਿਲਮਾਂ ‘ਚ ਵੀ ਵੇਖੇ ਜਾ ਚੁੱਕੇ ਨੇ,ਕਦੀ ਸੈਕਟਰੀ ਦੇ ਰੂਪ ‘ਚ ਕਦੀ ਪਰਸਨਲ ਇੰਸਟਰਕਟਰ ਦੇ ਰੂਪ ‘ਚ ਅਮੀਰਾਂ ਕੋਲ ਕਿਹੜਾ ਖਿਡਾਉਣਾ ਹੁੰਦਾ ਹੈ।ਫਿਲਮ ਦੀ ਅਦਾਕਾਰਾ ਫੇਸਬੁੱਕ ਤੋਂ ਲਭੀ ਗਈ ਸੀ ਮੋਨਿਕਾ ਡੋਗਰਾ(ਅਕਸਰ ਫੇਸਬੁੱਕ ‘ਤੇ ਸੋਹਣੇ ਲੋਕ ਹੁੰਦੇ ਹਨ)…ਪਰ ਫਿਲਮ ‘ਚ ਪ੍ਰਭਾਵਿਤ ਕੀਤਾ ਕਿਰਤੀ ਮਲਹੋਤਰਾ ਨੇ..ਜੋ ਯਾਸਮਿਨ ਦੇ ਕਿਰਦਾਰ ‘ਚ ਪੂਰੀ ਫਿਲਮ ਦਾ ਅਧਾਰ ਬੰਨ੍ਹਦੀ ਹੈ।

ਧੋਬੀ ਘਾਟ ‘ਚ ਕੁਝ ਚੀਜ਼ਾਂ ਨੇ ਬਹੁਤ ਪ੍ਰਭਾਵਿਤ ਕੀਤਾ ਜਿਵੇਂ ਕਿ ਗੁਰੀਲਾ ਢੰਗ ਨਾਲ ਕੈਮਰਾ ਦੀ ਜਿਸ ਢੰਗ ਨਾਲ ਵਰਤੋਂ ਕੀਤੀ ਗਈ ਉਹ ਚੰਗੀ ਸੀ।ਪਰ ਫਿਲਮ ਦਾ ਸੰਗੀਤ ਗਾਸਤਾਵੋ ਸਾਂਟਾਲਾਓ ਦਾ ਸੰਗੀਤ ਵਧੀਆ ਹੋਣ ਦੇ ਬਾਵਜੂਦ ਉਨ੍ਹਾਂ ਚੰਗਾ ਵੀ ਨਹੀਂ ਹੈ ਜਿੰਨਾ ਉਹਨੇ ਬਰੋਕਬੈਕ ਮਾਊਟੇਂਨ(ਇਹ ਫਿਲਮ ਅਕਾਦਮੀ ਪੁਰਸਕਾਰ ਪ੍ਰਾਪਤ ਸਮਲਿੰਗੀ ਸੰਬਧਾਂ ‘ਤੇ ਅਧਾਰਿਤ ਸੀ) ਫਿਲਮ ‘ਚ ਦਿੱਤਾ ਸੀ।ਬੇਸ਼ੱਕ ਉਹਨੂੰ ਇਸ ਤੋਂ ਪਹਿਲਾਂ ‘ਦੀ ਮੋਟਰਸਾਈਕਲ ਡਾਇਰੀ’ ਡਾਇਰੀ ਅਧਾਰਿਤ ਫਿਲਮ ਦਾ ਸੰਗੀਤ ਦੇਣ ਦਾ ਤੁਜਰਬਾ ਸੀ।ਫਿਲਮ ‘ਚ ਨਿਰਦੇਸ਼ਕ ਦੀ ਕਲਾ ਨੂੰ ਕਿੰਨੀ ਦੇਣ ਹੈ ਇਸ ਦੀ ਝਲਕ ਪੈਂਦੀ ਹੈ ਕਿ ਉਹ ਵਿਦੇਸ਼ੀ ਤੇ ਕਲਾ ਸਿਨੇਮਾ ਦੀ ਆਉਣ ਵਾਲੇ ਸਮੇਂ ‘ਚ ਬੇਹਤਰ ਮਿਸਾਲ ਬਣ ਸਕਦੀ ਹੈ(ਭਾਰਤੀ ਸਿਨੇਮਾ ਦੇ ਸੰਦਰਭ ‘ਚ)ਕਹਾਣੀ ਸਧਾਰਨ ਹੈ ਪਰ ਕਹਾਣੀ ਦੀ ਸੂਖਮਤਾ ਲਾਜਵਾਬ ਹੈ ਜੋ ਕਈ ਰੂਪ ‘ਚ ਵਿਖਾਈ ਦਿੰਦਾ ਹੈ।ਉਹਨਾਂ ਸਾਰੇ ਦਾ ਜ਼ਿਕਰ ਕਰਨਾ ਇੱਥੇ ਬਣਦਾ ਹੈ ਪਰ ਉਸ ਤੋਂ ਪਹਿਲਾ ਇਹ ਵੀ ਇੱਕ ਤੋਖਲਾ ਹੈ ਕਿ ਫਿਲਮ ‘ਚ ਪੇਂਟਰ ਅਰੁਣ ਸੁਰੱਖਿਆ ਗਾਰਡ ਨੂੰ ਯਾਸਮਿਨ ਦੀਆਂ ਵੀਡਿਓ ਵਾਪਸ ਕਰਨ ਲਈ ਉਹਦਾ ਥਹੁ ਪਤਾ ਲਗਾਉਣ ਲਈ ਕਹਿੰਦਾ ਹੈ ਪਰ ਬਾਅਦ ‘ਚ ਉਹ ਪਤਾ ਕਰਦਾ ਵੀ ਹੈ ਕਿ ਨਹੀਂ ਇਹ ਦਾ ਪਤਾ ਨਹੀਂ ਚਲਦਾ।ਉਹ ਗੱਲ ਵੱਖਰੀ ਹੈ ਕਿ ਉਸ ਦਾ ਜ਼ਿਕਰ ਵੀਡਿਓ ਰਾਹੀ ਹੋ ਜਾਂਦਾ ਹੈ।ਇਸ ਫਿਲਮ ਦੀ ਇੱਕ ਜਮਾਤ ਹੈ ਇਹ ਉਹਨਾਂ ਦਰਸ਼ਕਾਂ ਦੀ ਫਿਲਮ ਨਹੀਂ ਹੈ ਜੋ ਭਾਰਤੀ ਸਿਨੇਮਾ ਦਾ ਅਧਾਰ ਬੰਨ੍ਹਦੇ ਹਨ।ਆਮ ਬੰਦੇ ਦੀ ਸਮਝ ਤੋਂ ਬਾਹਰ ਦੀ ਫਿਲਮ ਹੈ। ਇਹ ਫਿਲਮ ਉਹਨੂੰ ਸਮਝ ਆਉਂਦੀ ਹੈ ਜੋ ਸੰਸਾਰ ਦਾ ਸਮਾਜ ਸ਼ਾਸ਼ਤਰ ਸਮਝਦਾ ਹੋਵੇ ਜਾਂ ਜੋ ਮਨੁੱਖੀ ਕਿਰਦਾਰਾਂ ਦੇ ਸੂਖਮ ਭੇਦਾਂ ਨੂੰ ਸਮਝਦਾ ਹੈ।

ਕੁਝ ਗੱਲਾਂ ਤਾਂ ਹੋਣੀਆਂ ਹੀ ਚਾਹੀਦੀਆਂ ਹਨ।ਜਿਵੇਂ ਕਿ ਮਹਾਂਨਗਰ ਦੀ ਕਹਾਣੀ ‘ਚ ਯਾਸਮਿਨ(ਕੀਰਤੀ ਮਲਹੋਤਰਾ) ਆਪਣੇ ਵਜੂਦ ਨੂੰ ਕਿਵੇਂ ਵੱਖਰਾ ਪਾਉਂਦੀ ਹੈ।ਯਾਸਮਿਨ ਦੇ ਕਿਰਦਾਰ ‘ਚ ਮਨੁੱਖ ਦਾ ਉਹ ਪੱਖ ਸਾਹਮਣੇ ਆਉਂਦਾ ਹੈ ਕਿ ਮਨੁੱਖ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ ਪਰ ਰਿਸ਼ਤਿਆਂ ਵਿਚਲਾ ਘਾਤ ਨਹੀਂ।ਯਾਸਮਿਨ ਆਪਣੀ ਵੀਡਿਓ ਸ਼ੂਟ ਕਰਨ ਵੇਲੇ ਪਹਿਲਾਂ ਖੁਸ਼ ਹੈ ਫਿਰ ਦਿਨੋਂ ਦਿਨ ਉਸ ਦੇ ਕਿਰਦਾਰ ‘ਚ ਫਰਕ ਆਉਂਦਾ ਜਾਂਦਾ ਹੈ।ਕਿਉਂ ਕਿ ਮੁਬੰਈ ਵਰਗੇ ਵੱਡੇ ਸ਼ਹਿਰ ‘ਚ ਉਹ ਉਸ ਰਿਸ਼ਤੇ ਤੋਂ ਹਾਰੀ ਹੈ ਜਿਹਦੇ ਭਰੌਸੇ ਉਹ ਇਸ ਸ਼ਹਿਰ ‘ਚ ਬਸੇਰਾ ਕਰ ਰਹੀ ਹੈ।ਇਸ ਫਿਲਮ ‘ਚ ਵੀ ਰਿਸ਼ਤਿਆਂ ਦਾ ਹੋਇਆ ਕਤਲ ਉਵੇਂ ਵਖਾਇਆ ਜਿਵੇਂ ਫਿਲਮ ਫ਼ਿਰਾਕ ‘ਚ ਮਨੁੱਖਤਾ ਦੀ ਹੋਲੀ ਨੂੰ ਬਿਨਾਂ ਕੋਈ ਖ਼ੂਨ ਖ਼ਰਾਬਾ ਵਖਾਏ ਫਿਲਮਾਇਆ ਹੈ।ਫਿਰਾਕ ‘ਚ ਮੱਨੁਖੀ ਕਿਰਦਾਰ ਦੀ ਖ਼ਾਮੋਸ਼ੀ ਵੀ ਵੇਖੀ ਜਾ ਸਕਦੀ ਹੈ ਤੇ ਤੜਪ ਵੀ।ਅਜਿਹੀ ਬਿੰਬ ਰਚਨਾ ਹੀ ਫਿਲਮ ਖ਼ਾਮੋਸ਼ ਪਾਣੀ ‘ਚ ਹੈ।ਪਰ ਇਹ ਕਹਿਣ ਤੋਂ ਕੋਈ ਝਿਜਕ ਨਹੀਂ ਕਿ ਖ਼ਾਮੋਸ਼ ਪਾਣੀ ਤੇ ਫ਼ਿਰਾਕ ਵੱਖਰੇ ਵਿਸ਼ੇ ਦੀ ਫਿਲਮ ਹੈ ਤੇ ਧੋਬੀ ਘਾਟ ਇਹਨਾਂ ਫਿਲਮਾਂ ਤੋਂ ਬੇਹਤਰ ਵੀ ਨਹੀਂ ਹੈ।ਯਾਸਮਿਨ ਪੇਸ਼ ਕਰਦੀ ਹੈ,ਉਹ ਤੜਪ ਜੋ ਆਪਣੇ ਚਾਹੁਣ ਵਾਲੇ ਦੀ ਬੇਵਫਾਈ ਤੋਂ ਪੈਦਾ ਹੁੰਦੀ ਹੈ।

ਅਰੁਣ(ਆਮਿਰ ਖ਼ਾਨ) ਸਮਝਦਾ ਹੈ ਕਿ ਰਿਸ਼ਤਿਆਂ ‘ਚ ਸੱਚ ਤੇ ਇਮਾਨਦਾਰੀ ਦੀ ਕਿੰਨੀ ਗੁੰਜਾਇਸ਼ ਹੋਣੀ ਚਾਹੀਦੀ ਹੈ।ਯਾਸਮਿਨ ਮੁਬੰਈ ਦੀ ਕਹਾਣੀ ਕਹਿੰਦੀ ਹੋਈ ਮਨੁੱਖੀ ਕਿਰਦਾਰਾਂ ਦੇ ਰਿਸ਼ਤਿਆਂ ਵਿਚਲੇ ਆ ਰਹੇ ਆਲਸ ਨੂੰ ਬਿਆਨ ਕਰਦੀ ਹੈ।ਇੱਥੇ ਜ਼ਿਕਰ ਕਰਦਾ ਹਾਂ ਮੇਰੇ ਦੋਸਤ ਨੇ ਕਿਹਾ ਸੀ ਜ਼ਿੰਦਗੀ ‘ਚ ਹੋਰ ਰਿਸ਼ਤਿਆਂ ਦੀ ਜ਼ਰੂਰਤ ਨਹੀਂ ਹੁੰਦੀ ਸਿਰਫ ਦੋਸਤੀ ਦਾ ਰਿਸ਼ਤਾ ਹੀ ਸਭ ਤੋਂ ਉੱਪਰ ਹੈ ਪਰ ਮੈਂ ਉਹਨੂੰ ਇਹੋ ਬਿਆਨ ਕੀਤਾ ਸੀ ਕਿ ਰਿਸ਼ਤਿਆਂ ਦੀ ਬਾਨਗੀ ‘ਚ ਠੀਕ ਹੈ ਦੋਸਤੀ ਖਾਸ ਥਾਂ ਰੱਖਦੀ ਹੈ ਪਰ ਰਿਸ਼ਤਿਆਂ ਦੀ ਦੂਜੀ ਬਾਨਗੀ ਹੀ ਮਨੁੱਖੀ ਕਿਰਦਾਰਾਂ ਦੀ ਕੜੀ ਬਣਦੀ ਹੈ ਜੇ ਇਹ ਨਹੀਂ ਤਾਂ ਕੁਝ ਵੀ ਨਹੀਂ।ਇਹਨਾਂ ‘ਚ ਦੁਫਾੜ ਆਇਆ ਤਾਂ ਸਭ ਕੁਝ ਖ਼ਤਮ…

ਇਹ ਕੋਈ ਮੁੰਬਈਆਂ ਜ਼ਿੰਦਗੀ ਦੀ ਕਹਾਣੀ ‘ਚ ਢੁੱਕਵੀਂ ਨਹੀਂ ਬੈਠਦੀ ਸਗੋਂ ਇਹ ਹਰ ਸ਼ਹਿਰ ਤੇ ਹੀ ਲਾਗੂ ਹੁੰਦੀ ਹੈ।ਕਿਉਂ ਕਿ ਦੁੱਖ ਤਕਲੀਫ ਖੁਸ਼ੀ ਉਦਾਸੀ ਇਹ ਤਾਂ ਹਰ ਸ਼ਹਿਰ ਦੇ ਲੋਕਾ ਦੇ ਸਾਂਝੇ ਗੁਣ ਹਨ।ਸ਼ਾਹੀ(ਮੋਨਿਕਾ ਡੋਗਰਾ) ਪੂਰੀ ਫਿਲਮ ‘ਚ ਮੈਨੂੰ ਕੋਈ ਬਹੁਤੀ ਪ੍ਰਭਾਵ ਪਾਉਂਦੀ ਨਜ਼ਰ ਨਹੀਂ ਆਈ ਪਰ ਉਸਦਾ ਦਾ ਉਹ ਆਖਰੀ ਸੀਨ ਬਾਕਮਾਲ ਸੀ..ਜਿਸ ‘ਚ ਸ਼ਾਹੀ ਨੇ ਉਹ ਪੇਸ਼ ਕੀਤਾ ਜੋ ਇੱਕ ਰਿਸ਼ਤੇ ‘ਚ ਅਰਪਣ ਸਮਰਪਣ ਦੀ ਝਲਕ ਪੇਸ਼ ਕਰਦੀ ਹੈ।ਸ਼ਾਹੀ ਕਾਰ ‘ਤੇ ਜਾ ਰਹੀ ਹੈ ਪਿੱਛੋਂ ਮੁੰਨਾ ਭੱਜਿਆ ਆਉਂਦਾ ਹੈ ਤੇ ਉਸ ਨੂੰ ਪੇਂਟਰ ਅਰੁਣ ਦਾ ਪਤਾ ਦੱਸਦਾ ਹੈ ਜਿਹਨੂੰ ਉਹ ਹਮੇਸ਼ਾ ਉਸ ਤੋਂ ਲਕੋਕੇ ਰੱਖਦਾ ਹੈ।ਸ਼ਾਹੀ ਦੀ ਅੱਖਾਂ ਚੋਂ ਹੁੰਝੂ ਨਿਕਲਦੇ ਹਨ ਜੋ ਉਸ ਦੀ ਉਸ ਖੁਸ਼ੀ ਨੂੰ ਵੀ ਬਿਆਨ ਕਰਦੇ ਹਨ ਜੋ ਉਹ ਹੁਣ ਅਰੁਣ ਨੂੰ ਮਿਲੇਗੀ ਤੇ ਉਸ ਤੜਪ ਨੂੰ ਵੀ ਬਿਆਨ ਕਰਦੇ ਹਨ ਜੋ ਉਹ ਉਸ ਤੋਂ ਇੰਨਾ ਚਿਰ ਦੂਰ ਰਹੀ।ਮੁੰਨਾ ਮਨੁੱਖੀ ਕਿਰਦਾਰ ਦਾ ਆਖਿਰ ‘ਤੇ ਉਹ ਜਕਸ਼ਰ ਦੇ ਕੇ ਜਾਂਦਾ ਹੈ ਜਿਸ ‘ਚ ਉਹਨੂੰ ਸਮਝ ਆਉਂਦੀ ਹੈ ਕਿ ਰਿਸ਼ਤਿਆਂ ਤੇ ਪਿਆਰ ‘ਚ ਕਦੀ ਜ਼ਬਰਦਸਤੀ ਦੀ ਗੁੰਜਾਇਸ਼ ਨਹੀਂ ਹੁੰਦੀ ਤੇ ਨਾਂ ਹੀ ਤੁਸੀ ਇਹਨੂੰ ਜ਼ਬਰਦਸਤੀ ਕਿਸੇ ‘ਤੇ ਥੋਪ ਸਕਦੇ ਹੋ।ਅਰੁਣ ਦਾ ਆਖਰ ਉਸ ਨਤੀਜੇ ਵੱਲ ਨੂੰ ਵੱਧਦਾ ਹੈ ਜਿਸ ‘ਚ ਉਹ ਇਸ ਗੱਲ ਨੂੰ ਸਮਝ ਜਾਂਦਾ ਹੈ ਕਿ ਰਿਸ਼ਤੇ ‘ਚ ਤੁਸੀ ਪਿਆਰ ਦੀ ਸੰਭਾਵਨਾ ਬਿਨਾ ਜਵਾਬਦਾਰੀ ਤੋਂ ਪੈਦਾ ਨਹੀਂ ਕਰ ਸਕਦੇ।ਅਰੁਣ ਸ਼ਾਹੀ ਨਾਲ ਉਸੇ ਜਵਾਬਦਾਰੀ ਤੋਂ ਡਰਦਾ ਹੀ ਆਪਣੇ ਕਦਮ ਪਿਛਾਂ ਖਿੱਚਦਾ ਹੈ।ਰਿਸ਼ਤਿਆਂ ‘ਚ ਇੱਕ ਜਵਾਬਦਾਰੀ ਹੋਣੀ ਚਾਹੀਦੀ ਹੈ ਇਸੇ ਜਵਾਬਦਾਰੀ ਦੇ ਨਾਂ ਹੋਣ ਕਾਰਣ ਮਹਾਂਨਗਰ ਅਜਨਬੀਆਂ ਦੇ ਸ਼ਹਿਰ ਬਣਦੇ ਜਾ ਰਹੇ ਨੇ।ਇਸੇ ਜਵਾਬਦਾਰੀ ਦੇ ਨਾ ਹੋਣ ਕਰਕੇ ਮਹਾਂਨਗਰ ‘ਚ ਰਿਸ਼ਤੇ ‘ਚ ਭਰੌਸੇ ਨਹੀਂ ਰਿਹਾ ਤੇ ਬਹੁਮਤ ਰਿਸ਼ਤਿਆਂ ਵਿਚਲੇ ਖਾਲੀਪਣ ਨੂੰ ਅਸਥਾਈ ਤੌਰ ‘ਤੇ ਹੀ ਭਰਦਾ ਆ ਰਿਹਾ ਹੈ।

ਫਿਲਮ ਇੱਕ ਪੇਟਿੰਗ ਦੀ ਤਰ੍ਹਾਂ ਹੀ ਰਚੀ ਗਈ ਹੈ…ਮਸਲਨ ਨਿਰਮਾਣ ਹੋ ਰਹੀ ਇਮਾਰਤਾਂ ਦੇ ਵਿੱਚੋਂ ਉੱਸਰ ਚੁੱਕੀਆਂ ਇਮਾਰਤਾਂ ਮੇਰੇ ਨਜ਼ਰੀਏ ਮੁਤਾਬਕ ਮਨੁੱਖ ਨੂੰ ਹੌਂਸਲਾ ਦੇਂਦੀ ਇੱਕ ਸਿਨੇਮਾਈ ਕਵਿਤਾ ਹੈ ਜਿਸ ‘ਚ ਉਹ ਇਹ ਬਿਆਨ ਕਰਦੀ ਹੈ ਕਿ ਇੱਕ ਦਿਨ ਇਹ ਵੀ ਉੱਸਰ ਚੁੱਕੀ ਇਮਾਰਤ ਦੀ ਤਰ੍ਹਾਂ ਖੜ੍ਹੀ ਹੋਵੇਗੀ।ਸੋ ਸਾਰਥਕ ਨਤੀਜਿਆਂ ਵੱਲ ਨੂੰ ਤੋਰਨਾ ਹੀ ਜ਼ਿੰਦਗੀ ਦਾ ਨਾਮ ਹੈ।ਫਿਲਮ ਆਪਣੇ ਅੰਤ ਨੂੰ ਇੰਝ ਹੀ ਪਹੁੰਚਦੀ ਹੈ।ਇਸ ਸੀਨ ਦਾ ਦੁਹਰਾਵ ਕਰਕੇ ਫਿਲਮ ਸਮਝਾਉਣ ਦੀ ਵੀ ਇਹੋ ਕੌਸ਼ਿਸ਼ ਕਰਦੀ ਹੈ।ਇੱਕ ਹੋਰ ਸੀਨ ‘ਚ ਮੀਂਹ ਪੈਣ ਵੇਲੇ ਅਰੁਣ ਦਾ ਕਣੀਆਂ ਨੂੰ ਸ਼ਰਾਬ ਦੇ ਪਿਆਲੇ ‘ਚ ਪਾਕੇ ਸ਼ਰਾਬ ਪੀਣਾ,ਸ਼ਾਹੀ ਦਾ ਅਰੁਣ ਨਾਲ ਗੁਜ਼ਾਰੀ ਰਾਤ ਨੂੰ ਯਾਦ ਕਰਨਾ ਤੇ ਮੁੰਨਾ ਦਾ ਆਪਣੀ ਝੌਂਪੜੀ ਦੀ ਛੱਤ ਤੋਂ ਪਾਣੀ ਟਪਕਣ ਨੂੰ ਰੋਕਣਾ ਵੀ ਇੱਕ ਰੂਪਕ ‘ਚ ਇਹਨਾਂ ਕਿਰਦਾਰਾਂ ਦੀ ਵੱਖ ਵੱਖ ਕਹਾਣੀ ਨੂੰ ਬਿਆਨ ਕਰਦਾ ਹੈ।ਕਣੀਆਂ ‘ਚ ਅਰੁਣ ਆਪਣੀ ਰਚਨਾਤਮਕਤਾ ਨੂੰ ਲੱਭ ਰਿਹਾ ਹੈ…ਕਿਉਂ ਕਿ ਉਹ ਉਸ ਦੀ ਜ਼ਰੂਰਤ ਹੈ।ਸ਼ਾਹੀ ਅਰੁਣ ਨਾਲ ਗੁਜ਼ਾਰੀ ਰਾਤ ਨੂੰ ਯਾਦ ਕਰ ਰਹੀ ਹੈ ਕਿਉਂ ਕਿ ਉਹ ਉਸ ਦਾ ਹੁਸੀਨ ਪਲ ਸੀ…ਤੇ ਮੁੰਨਾ ਆਪਣੀ ਝੌਂਪੜੀ ਦੀ ਛੱਤ ਬਚਾ ਰਿਹਾ ਹੈ ਇਹ ਉਸ ਦੀ ਜ਼ਰੂਰਤ ਹੈ।ਫਿਲਮ ਦੀ ਖੂਬੀ ਇਹ ਹੈ ਕਿ ਜਿਵੇਂ ਮਨੁੱਖ ਆਪਣੇ ਬਹੁਤੇ ਜਜ਼ਬਾਤ ਬੋਲਕੇ ਨਹੀਂ ਹਾਵ ਭਾਵ ਨਾਲ ਹੀ ਪੇਸ਼ ਕਰਦਾ ਹੈ ਉਸੇ ਤਰ੍ਹਾਂ ਫਿਲਮ ਵੀ ਜ਼ਿਆਦਾ ਕਹਾਣੀ ਕੈਮਰੇ ਰਾਹੀ ਹੀ ਕਹਿੰਦੀ ਹੈ।

ਧੋਬੀ ਘਾਟ ਫਿਲਮ ਮਨੁੱਖੀ ਸੰਵੇਦਨਾਵਾਂ ਦੀ ਕਵਿਤਾ ਹੈ…ਛੋਟਾ ਜਿਹਾ ਇੱਕ ਦਸਤਾਵੇਜ਼ ਹੈ ਜੋ ਬਹੁਤ ਹੀ ਸੂਖਮ ਤਰੀਕੇ ਨਾਲ ਚਾਰ ਕਿਰਦਾਰਾਂ ਦੇ ਜ਼ਰੀਏ ਕਹਾਣੀ ਕਹਿ ਰਿਹਾ ਹੈ ਤੇ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਰਿਸ਼ਤਿਆਂ ‘ਚ ਜਵਾਬਦਾਰੀ ਤੈਅ ਹੋਣੀ ਚਾਹੀਦੀ ਹੈ ਸਮਰਪਣ ਹੋਣਾ ਚਾਹੀਦਾ ਹੈ।ਨਹੀਂ ਤਾਂ ਯਾਸਮਿਨ ਵਾਂਗ ਕੋਈ ਆਪਣੀ ਹਸਤੀ ਖ਼ਤਮ ਕਰੇਗਾ…ਅਰੁਣ ਵਾਂਗੂ ਕੋਈ ਰਿਸ਼ਤਿਆਂ ਤੋਂ ਭੱਜੇਗਾ…ਤੇ ਮੁੰਨਾ ਵਰਗਾ ਇਹ ਜਾਣਦੇ ਹੋਏ ਵੀ ਕਿ ਸ਼ਾਹੀ ਅਰੁਣ ਨੂੰ ਪਿਆਰ ਕਰਦੀ ਉਸ ਦੇ ਬਾਵਜੂਦ ਉਸ ਸੱਚ ਨੂੰ ਸਵੀਕਾਰ ਨਹੀਂ ਕਰੇਗਾ।ਸੋ ਰਿਸ਼ਤਿਆਂ ਨੂੰ ਜਵਾਬਦੇਹ ਬਣਾਇਆ ਜਾਵੇ।

ਹਰਪ੍ਰੀਤ ਸਿੰਘ ਕਾਹਲੋਂ
ਲੇਖਕ ਟੀ ਵੀ ਪੱਤਰਕਾਰ ਹਨ

2 comments:

  1. Bai Mazaa a giya, Punjabi ch ena miyari film review likhia ja reha a eh na pata hona ta yakeeni meri galti a par sachi pehli vaar eni detail ch ena sukham kise film da apni bhasha ch paria. Naal e farmaish v a bi Harpreet bai No One Killed Jessica nu v review kar deo te Ghulam kalmo make it the first column jehnu regular chapia karo.

    Ikk vakhre genre naal sade reader di introduction hove. Kahlon bai da fer Shikriya

    ReplyDelete
  2. ਬਾਈ ਜੀ, ਮੈਂਨੂੰ ਤੁਹਾਡੀ ਟਿੱਪਣੀ ਬਹੁਤ ਸਮਝਦਾਰੀ ਵਾਲੀ ਲੱਗੀ। ਇਹ ਕਿੰਨੀ ਕੁ ਸਹੀ ਇਹ ਤਾਂ ਪਿਕਚਰ ਦੇਖਣ ਮਗਰੋਂ ਪਤਾ ਲੱਗੇਗਾ। ਪਰ ਪਿੰਡ ਤਾਂ ਗੁਹਾਰਿਆਂ ਤੋਂ ਦਿਸ ਜਾਂਦਾ ਹੁੰਦਾ।

    ReplyDelete