ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, February 14, 2011

ਅੱਜ ਦੇ ਸਮੇਂ ਵਿਚ ਗਾਂਧੀਵਾਦ

ਗਾਂਧੀ ਬਾਰੇ ਚੱਲ ਰਹੀ ਬਹਿਸ ਸੰਬੰਧੀ ਚਰਨ ਗਿੱਲ ਨੇ United Communist Party of India ਪਾਰਟੀ ਦੇ ਸੈਕਰੇਟਰੀ ਰਹੇ ਮੋਹਿਤ ਸੇਨ ਦੀ ਗਾਂਧੀ ਬਾਰੇ ਸਮਝ ਜਾਂ ਕਿਹਾ ਜਾਵੇ U.C.P.I ਦੀ ਗਾਂਧੀ ਬਾਰੇ ਸਮਝ ਭੇਜੀ ਹੈ।U.C.P.I ਦਾ ਮੁੱਢ ਬੰਨ੍ਹਣ ਵਾਲੇ ਸ੍ਰੀਪਦ ਅੰਮ੍ਰਿਤ ਡਾਂਗੇ ਰਹੇ ਹਨ,ਜੋ ਸੀ ਪੀ ਆਈ ਦੇ ਸਮੇਂ ਤੋਂ ਇੰਦਰਾਗਾਂਧੀ ਦੀ(1975) ਦੀ ਐਮਰਜੈਂਸੀ ਦੇ ਕੱਟੜ ਹਮਾਇਤੀ ਰਹੇ ਹਨ।ਆਓ U.C.P.I ਦੇ ਗਾਂਧੀ ਬਾਰੇ ਨਜ਼ਰੀਏ 'ਤੇ ਝਾਤ ਮਾਰੀਏ।ਇਸ ਬਹਿਸ ਦੇ ਵਿਰੋਧ ਜਾਂ ਪੱਖ 'ਚ ਸ਼ਾਮਲ ਹੋਣ ਦਾ ਸਭ ਨੂੰ ਖੁੱਲ੍ਹਾ ਸੱਦਾ ਹੈ।ਆਪਣੀ ਲਿਖਤ ਗੁਲਾਮ ਕਲਮ ਕੋਲ ਇਸ ਮੇਲ 'ਤੇ ਪਹੁੰਚਾ ਸਕਦੇ ਹੋਂ।mail2malwa@gmail.com--ਯਾਦਵਿੰਦਰ ਕਰਫਿਊ

ਅਹਿੰਸਾ ਮਹਾਤਮਾ ਗਾਂਧੀ ਲਈ ਦੋ ਪੱਧਰਾਂ ਉੱਤੇ ਕੰਮ ਕਰਦੀ ਸੀ- ਉਹਨਾਂ ਦੇ ਆਪਣੇ ਕਈ ਨਿੱਜੀ ਅਕੀਦੇ ਵਜੋਂ ਅਤੇ ਜਨਤਕ ਰਾਜਨੀਤਕ ਸੰਘਰਸ਼ ਵਿਚ ਨੀਤੀ ਜਾਂ ਸਮੇਂ ਅਨੁਕੂਲ ਦਾਅਪੇਚ ਵਜੋਂ। ਪਰ ਜਿਥੋਂ ਤੱਕ ਅਹਿੰਸਾ ਦੇ ਅਕੀਦੇ ਦਾ ਹਿੱਸਾ ਹੋਣ ਦਾ ਸੰਬੰਧ ਹੈ, ਇਹ ਉਸਦੀਆਂ ਆਪਣੀਆਂ ਨਿੱਜੀ ਧਾਰਨਾਵਾਂ ਦਾ ਹਿੱਸਾ ਸੀ। ਮਹਾਤਮਾ ਗਾਂਧੀ ਇਸ ਗੱਲ ਉੱਤੇ ਵੀ ਬਜ਼ਿੱਦ ਸਨ ਕਿ ਜਨਤਕ ਲਾਮਬੰਦੀ ਲਈ ਕਿਸੇ ਵੀ ਹੋਰ ਆਦਰਸ਼ ਜਾਂ ਢੰਗ ਦੇ ਮੁਕਾਬਲੇ ਉੱਤੇ ਅਹਿੰਸਾ ਹੀ ਇੱਕੋ ਇਕ ਤੇ ਸੰਪੂਰਨ ਬਦਲ ਹੋ ਸਕਦਾ ਹੈ ਭਾਵੇਂ ਮੁਕਾਬਲੇ ਦੇ ਹੋਰ ਆਦਰਸ਼ ਜਾਂ ਢੰਗ ਵੀ ਸਨ ਕਮਿਊਨਿਸਟਾਂ ਜਾਂ ਹੋਰ ਕੌਮੀ ਇਬਕਲਾਬੀਆਂ ਵੱਲੋਂ ਜਾਂ ਅਨਾਰਕਿਸਟਾਂ ਵੱਲੋਂ, ਜਿਹਨਾਂ ਨੂੰ ਬਰਤਾਨਵੀ ਸਾਮਰਾਜੀ ਗ਼ਲਤ ਤੌਰ ‘ਤੇ ਦਹਿਸ਼ਤਗਰਦ ਆਖਦੇ ਸਨ, ਦਾ ਨਾਅਰਾ ਸਨ।

ਇਹ ਗੱਲ ਬਹੁਤੀ ਨਹੀਂ ਜਾਣੀ ਜਾਂਦੀ ਕਿ 1924 ਵਿਚ ਬੈਲਗਾਮ ਵਿਚ ਜਦੋਂ ਉਹ, ਸ਼ਾਇਦ ਇੱਕੋ ਇਕ ਵਾਰ, ਕਾਂਗਰਸ ਦੇ ਪ੍ਰਧਾਨ ਚੁਣੇ ਗਏ ਸਨ, ਇਕ ਡੈਲੀਗੇਟ ਨੇ ਲੈਨਿਨ ਦੇ ਦਿਹਾਂਤ ਉੱਤੇ ਸੋਗ ਦਾ ਮਤਾ ਪਾਸ ਕਰਨ ਦਾ ਸੁਝਾਅ ਦਿੱਤਾ ਸੀ ਤਾਂ ਮਹਾਤਮਾ ਗਾਂਧੀ ਨੇ ਇਸ ਮਤੇ ਦੀ ਪਰਵਨਗੀ ਇਸ ਆਧਾਰ ਉੱਤੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਲੈਨਿਨ ਤਸ਼ੱਦਦ ਦੇ ਹਾਮੀ ਸਨ! ਇੰਝ ਹੀ ਇਸ ਗੱਲ ਦੇ ਵੀ ਚੋਖੇ ਸਬੂਤ ਮੌਜੂਦ ਹਨ 1931 ਵਿਚ ਸ਼ਹਿਰੀ ਨਾਫਰਮਾਨੀ ਤਹਿਰੀਕ ਦੇ ਪਹਿਲੇ ਗੇੜ ਦੇ ਅੰਤ ਉੱਤੇ ਜਦੋਂ ਉਹ ਬਰਤਾਨਵੀ ਵਾਇਸਰਾਏ ਲਾਰਡ ਇਰਵਿਨ ਨਾਲ ਸਮਝੌਤੇ ਦੀਆਂ ਸ਼ਰਤਾਂ ਲਈ ਗੱਲਬਾਤ ਕਰ ਰਹੇ ਸਨ ਤਾਂ ਉਹਨਾਂ ਭਗਤ ਸਿੰਘ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਮਨਸੂਖੀ ਤੇ ਉਸਦੀ ਰਿਹਾਈ ਲਈ ਨਿਸਚਿਤ ਤੌਰ ਜ਼ੋਰ ਨਹੀਂ ਸੀ ਦਿੱਤਾ। ਗੱਲਬਾਤ ਖਤਮ ਹੋਣ ਤੋਂ ਛੇਤੀ ਹੀ ਪਿਛੋਂ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਦਿੱਤਾ ਗਿਆ ਸੀ। ਇਸ ਪਰਸੰਗ ਵਿਚ ਗੱਲ ਕਰਦਿਆਂ ਭਗਤ ਸਿੰਘ ਨੂੰ ਵਿਅਕਤਗਿਤ ਦਹਿਸ਼ਤਗਰਦ ਕਰਾਰ ਦੇਣਾ ਦਰੁਸਤ ਨਹੀਂ। ਭਗਤ ਸਿੰਘ ਸਮਝਦਾ ਸੀ ਕਿ ਜਿਹੜੀ ਜਨਤਕ ਲਹਿਰ ਨੇ ਅੱਗੋਂ ਹਥਿਆਰਬੰਦ ਸੰਘਰਸ਼ ਦਾ ਰੂਪ ਧਾਰਨ ਕਰਨਾ ਹੈ, ਉਸਨੂੰ ਹਲੂਣਾ ਦੇਣ ਤੇ ਵਧਾਉਣ ਲਈ ਨਿੱਡਰ ਨੌਜਵਾਨਾਂ ਵੱਲੋਂ ਹਥਿਆਰਬੰਦ ਐਕਸ਼ਨ ਜ਼ਰੂਰੀ ਹੈ। ਉਹ ਨਾਸਤਕ, ਮਾਰਕਸਵਾਦੀ ਤੇ ਸੋਵੀਅਤ ਯੂਨੀਅਨ ਤੇ ਲੈਨਿਨ ਦਾ ਬਹੁਤ ਵੱਡਾ ਪਰਸੰਸਕ ਸੀ। ਫਾਂਸੀ ਵੱਲ ਲਿਜਾਏ ਜਾਣ ਤੋਂ ਕੁਝ ਹੀ ਮਿੰਟ ਪਹਿਲਾਂ ਤੱਕ ਉਹ ਲੈਨਿਨ ਦੀਆਂ ਲਿਖਤਾਂ ਪੜ੍ਹ ਰਿਹਾ ਸੀ। ਇਹ ਗੱਲ ਵੀ ਮਹੱਤਵ ਤੋਂ ਖਾਲੀ ਨਹੀਂ ਸੀ ਕਿ ਜਿਹੜੀ ਜਥੇਬੰਦੀ ਉਸਨੇ ਉਸਾਰੀ ਸੀ ਉਸਦਾ ਨਾਂਅ ਉਸਨੇ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ ਰੱਖਿਆ ਸੀ। ਉਹ ਸੈਕੂਲਰਿਜ਼ਮ ਤੇ ਹਿੰਦੂ-ਮੁਸਲਮ ਏਕਤਾ ਦਾ ਦ੍ਰਿੜ ਸਮਰਥਕ ਸੀ। ਉਸਦੀ ਦੇਸ਼ਭਗਤੀ ਦਾ ਕੋਈ ਮੁਕਾਬਲਾ ਨਹੀਂ। ਅਜਿਹੀ ਕਿਆਸਅਰਾਈ ਨਿਰਾਰਥਕ ਨਹੀਂ ਕਿ ਜੇ ਉਸਨੂੰ ਜਿਉਣ ਦਿੱਤਾ ਜਾਂਦਾ ਤਾਂ ਕੀ ਉਹ ਸਾਮਰਾਜ ਦੁਸ਼ਮਨ ਲਾਮਬੰਦੀ ਦੇ ਮੋਢੀ ਤੇ ਜਨਤਕ ਆਗੂ ਵਜੋਂ ਗਾਂਧੀ ਜੀ ਦਾ ਬਦਲ ਬਣ ਸਕਦਾ ਸੀ। ਜਦੋਂ ਭਗਤ ਸਿੰਘ ਦਾ ਚੇਤਾ ਆਉਂਦਾ ਹੈ ਤਾਂ ਬਹੁਤ ਸਾਰੇ ਪੱਖਾਂ ਤੋਂ ਸ਼ੇ ਗਵੇਰਾ ਦਾ ਨਾਂਅ ਦਿਮਾਗ਼ ਵਿਚ ਉੱਭਰਦਾ ਹੈ।

ਮਹਾਤਮਾ ਗਾਂਧੀ ਅਦਮ ਤਸ਼ੱਦਦ ਦੇ ਆਪਣੇ ਸਿਧਾਂਤ ਤੇ ਨੀਤੀ ਨੂੰ ਨਿਸਚੇ ਹੀ ਬਾਲਸ਼ਵਿਕਵਾਦ ਦਾ ਬਦਲ ਸਮਝਦੇ ਸਨ, ਖਾਸ ਤੌਰ ‘ਤੇ ਇਹ ਦੇਖਦਿਆਂ ਹੋਇਆਂ ਕਿ ਪੰਡਤ ਨਹਿਰੂ ਬਾਲਸ਼ਵਿਕ ਵਿਚਾਰਾਂ ਵੱਲ ਆਪਣੇ ਸਪੱਸ਼ਟ ਝੁਕਾ ਦਾ ਇਜ਼ਹਾਰ ਕਰ ਰਹੇ ਸਨ। ਅਸੀਂ ਦੇਖਦੇ ਹਾਂ ਕਿ 1928 ਦੇ ਅੰਤ ਤੱਕ ਉਹ ਲਿਖ ਰਹੇ ਸਨ “ਮੈਂ ਇਹ ਇਅਤਰਾਫ ਕਰਦਾ ਹਾਂ ਕਿ ਮੈਂ ਅਜੇ ਤੱਕ ਬਾਲਸ਼ਵਿਕਵਾਦ ਦੇ ਅਰਥ ਨਹੀਂ ਸਮਝ ਸਕਿਆ। ਮੈਂ ਸਿਰਫ਼ ਐਨਾ ਜਾਣ ਸਕਿਆ ਹਾਂ ਕਿ ਇਹ ਨਿੱਜੀ ਜਾਇਦਾਦ ਦੀ ਸੰਸਥਾ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਆਰਥਕ ਖੇਤਰ ਵਿਚ ਕੇਵਲ ਗ਼ੈਰ-ਮਲਕੀਅਤ ਦੇ ਨੈਤਕ ਆਦਰਸ਼ ਨੂੰ ਅਮਲ ਵਿਚ ਲਿਆਉਣ ਦੇ ਤੁਲ ਹੈ ਅਤੇ ਜੇ ਲੋਕ ਇਸ ਆਦਰਸ਼ ਨੂੰ ਆਪਣੀ ਮਰਜ਼ੀ ਨਾਲ ਆਪਣਾ ਲੈਣ ਜਾਂ ਉਹਨਾਂ ਨੂੰ ਪਰੁਅਮਨ ਢੰਗਾਂ ਨਾਲ ਇਸਨੂੰ ਅਪਨਾਉਣ ਲਈ ਮਨਾਇਆ ਜਾ ਸਕੇ ਤਾਂ ਇਸ ਨਾਲੋਂ ਚੰਗੀ ਹੋਰ ਗੱਲ ਨਹੀਂ ਹੋਵੇਗੀ। ਪਰ ਜਿੰਨਾ ਕੁ ਬਾਲਸ਼ਵਿਜ਼ਮ ਬਾਰੇ ਮੈਂ ਜਾਣਦਾ ਹਾਂ, ਇਹ ਨਿੱਜੀ ਮਾਲਕੀ ਨੂੰ ਜ਼ਬਤ ਕਰਨ ਤੇ ਇਸ ਉੱਤੇ ਸਾਂਝੀ ਸਰਕਾਰੀ ਮਾਲਕੀ ਕਾਇਮ ਕਰਨ ਲਈ ਨਾ ਕੇਵਲ ਤਾਕਤ ਦੀ ਵਰਤੋਂ ਨੂੰ ਵਰਜਿਤ ਨਹੀਂ ਕਰਦਾ ਸਗੋਂ ਇਸਦੀ ਖੁੱਲ੍ਹੀ ਵਰਤੋਂ ਦੀ ਆਗਿਆ ਦਿੰਦਾ ਹੈ। ਜੇ ਇਹ ਹਕੀਕਤ ਹੈ ਤਾਂ ਮੈਨੂੰ ਇਹ ਕਹਿਣ ਵਿਚ ਕੋਈ ਹਿਚਕਚਾਹਟ ਨਹੀਂ ਕਿ ਆਪਣੇ ਮੌਜੂਦ ਰੂਪ ਵਿਚ ਬਾਲਸ਼ਵਿਕ ਹਕੂਮਤ ਬਹੁਤਾ ਚਿਰ ਕਇਮ ਨਹੀਂ ਰਹਿ ਸਕਦੀ। ਕਿਉਂਕਿ ਮੇਰਾ ਇਹ ਦ੍ਰਿੜ ਵਿਸ਼ਵਾਸ਼ ਹੈ ਹਿੰਸਾ ਦੀ ਨੀਂਹ ਉੱਤੇ ਕੋਈ ਦੇਰਪਾ ਉਸਾਰੀ ਨਹੀਂ ਹੋ ਸਕਦੀ। ਪਰ ਇਹ ਗੱਲ ਠੀਕ ਸਾਬਤ ਹੁੰਦੀ ਹੈ ਜਾਂ ਨਹੀਂ, ਇਸ ਹਕੀਕਤ ਤੋਂ ਉੱਕਾ ਹੀ ਇਨਕਾਰ ਨਹੀਂ ਹੋ ਸਕਦਾ ਕਿ ਅਣਗਿਣਤ ਮਰਦ ਔਰਤਾਂ ਨੇ ਬਾਲਸ਼ਵਿਕ ਆਦਰਸ਼ ਲਈ ਆਪਣਾ ਸੱਭ ਕੁਝ ਨਿਸ਼ਾਵਰ ਕਰ ਦਿੱਤਾ ਤੇ ਉਹਨਾਂ ਦੀਆਂ ਪਵਿੱਤਰ ਕੁਰਬਾਨੀਆਂ ਨੇ ਇਸ ਆਦਰਸ਼ ਨੂੰ ਸਿੰਝਿਆ। ਇਹ ਆਦਰਸ਼, ਜਿਸ ਨੂੰ ਲੈਨਿਨ ਜਿਹੀਆਂ ਆਦੁੱਤੀ ਆਤਮਾਵਾਂ ਦੇ ਆਪਣੇ ਬਲੀਦਾਨ ਨਾਲ ਪਾਵਨ ਰੂਪ ਦਿੱਤਾ, ਬਿਰਥਾ ਨਹੀਂ ਜਾ ਸਕਦਾ: ਅਜਿਹੀਆਂ ਆਤਮਾਵਾਂ ਦੇ ਤਿਆਗ ਦਾ ਉੱਚਾ ਸੁੱਚਾ ਪਰਮਾਣ ਸਦਾ ਲਈ ਤੇ ਦਿਨੋ ਦਿਨ ਵਧੇਰੇ ਤਾਬਾਨੀ ਨਾਲ ਜਗਾਮਗਾਉਂਦਾ ਰਹੇਗਾ ਤੇ ਜਿਉਂ ਜਿਉਂ ਸਮਾਂ ਬੀਤੇਗਾ, ਇਹਨਾਂ ਕੁਰਬਾਨੀਆਂ ਦੇ ਸਦਕਾ ਇਹ ਆਦਰਸ਼ ਹੋਰ ਨਿਰਮਲ ਹੁੰਦਾ ਜਾਏਗਾ।”

ਕੁਝ ਸਾਲਾਂ ਬਾਅਦ ਕਮਿਊਨਿਜ਼ਮ ਦਾ ਬਦਲ ਵਧੇਰੇ ਕੱਟੜਤਾ ਨਾਲ ਪੇਸ਼ ਕਰਨ ਦੇ ਸਵਾਲ ਉੱਤੇ ਉਹਨਾਂ ਦਾ ਲਹਿਜਾ ਕਿਤੇ ਵੱਧ ਕਠੋਰ ਸੀ। ਇਸਦਾ ਕਾਰਨ ਓਨਾ ਹਿੰਦ ਕਮਿਊਨਿਸਟ ਪਾਰਟੀ ਦੇ ਅਸਰ ਵਿਚ ਹੋ ਰਿਹਾ ਵਾਧਾ ਨਹੀਂ ਸੀ ਜਿੰਨਾ ਇਹ ਸੀ ਕਿ ਪੰਡਤ ਨਹਿਰੂ ਦੇ ਦ੍ਰਿਸ਼ਟੀਕੋਨ ਦਾ ਮਾਰਕਸਵਾਦ ਵੱਲ ਝੁਕਾਅ ਵਧੇਰੇ ਪ੍ਰਤੱਖ ਹੋ ਗਿਆ ਸੀ। ਮਹਾਤਮਾ ਗਾਂਧੀ ਨੇ ਲਿਖਿਆ ਸੀ “ਸ਼੍ਰੇਣੀ-ਯੁੱਧ ਹਿੰਦ ਦੇ ਮੂਲ ਸੁਭਾਅ ਦੇ ਉੱਲਟ ਹੈ। ਆਪਣੇ ਸੁਭਾਅ ਦੇ ਪੱਖੋਂ ਹਿੰਦ ਕਮਿਊਨਿਜ਼ਮ ਨੂੰ ਅਜਿਹੇ ਢੰਗ ਨਾਲ ਵਿਕਸਤ ਕਰ ਸਕਦਾ ਹੈ ਜਿਹੜਾ ਬਰਾਬਰ ਦੇ ਨਿਆਂ ਨਾਲ ਸਾਰਿਆਂ ਦੇ ਬੁਨਿਆਦੀ ਹੱਕਾਂ ਉੱਤੇ ਆਧਾਰਤ ਹੋਵੇ। ਮੇਰੇ ਸੁਪਨਿਆਂ ਦਾ ਹਿੰਦੁਸਤਾਨ ਰਾਜਿਆਂ ਤੇ ਰੰਕਾਂ ਲਈ ਇੱਕੋ ਜਿਹੇ ਅਧਿਕਾਰ ਯਕੀਨੀ ਬਣਾਉਂਦਾ ਹੈ। ਪੰਡਤ ਜਵਾਹਰ ਲਾਲ ਨਹਿਰੂ ਨਿਰਸੰਦੇਹ ਸੰਪਤੀ ਦੇ ਕੌਮੀਕਰਣ ਦੀ ਗੱਲ ਕਰਦਾ ਹੈ ਪਰ ਤੁਹਾਨੂੰ ਇਸ ਤੋਂ ਡਰਨ ਦੀ ਲੋੜ ਨਹੀਂ। ਜੇ ਕੌਮ ਸੰਪਤੀ ਦੀ ਮਾਲਕ ਹੋ ਸਕਦੀ ਹੈ ਤਾਂ ਇਸਨੂੰ ਵਿਅਕਤੀਆਂ ਦੀ ਸਪੁਰਦਗੀ ਵਿਚ ਦੇ ਕੇ ਹੀ ਹੋ ਸਕਦਾ ਹੈ। ਕੀ ਅਸੀਂ ਨਹੀਂ ਜਾਣਦੇ ਕਿ ਅਸੀਂ ਨਿਵੇਕਲੀ ਪੂਰਬੀ ਰਵਾਇਤ ਰੱਖਦੇ ਹਾਂ? ਕੀ ਅਸੀਂ ਸਰਮਾਏ ਤੇ ਮਿਹਨਤ ਦੇ ਸਵਾਲ ਦਾ ਹੱਲ ਆਪ ਲੱਭਣ ਦੀ ਯੋਗਤਾ ਨਹੀਂ ਰੱਖਦੇ? ਵਰਣਆਸ਼ਰਮ ਦਾ ਪ੍ਰਬੰਧ ਉੱਚੇ ਤੇ ਨੀਵੇਂ ਵਿਚਕਾਰ ਅਤੇ ਇਸਦੇ ਨਾਲ ਨਾਲ ਸਰਮਾਏ ਤੇ ਮਿਹਨਤ ਵਿਚਕਾਰ ਮਤਭੇਦਾਂ ਨੂੰ ਇਕਸਾਰ ਕਰਨ ਦਾ ਵਸੀਲਾ ਨਹੀਂ ਤਾਂ ਹੋਰ ਕੀ ਹੈ?

ਇਥੋਂ ਤੱਕ ਕਿ 1944 ਦੇ ਨੇੜੇ ਤੇੜੇ ਮਾਰਕਸ ਦੀ ਲਿਖਤ ਦਾਸ ਕੈਪੀਟਲ (ਸਰਮਾਇਆ) ਪੜ੍ਹਦਿਆਂ ਉਹਨਾਂ ਸੀæਪੀæਆਈ ਦੇ ਉਸ ਵੇਲੇ ਦੇ ਜੈਨਰਲ ਸਕੱਤਰ ਪੀ.ਸੀ.ਜੋਸ਼ੀ ਨੂੰ ਲਿਖੇ ਇਕ ਪੱਤਰ ਵਿਚ ਪੁੱਛਿਆ ਸੀ ਕਿ ਕੀ ਕਮਿਊਨਿਸਟ ਪਾਰਟੀ ਆਪਣੇ ਮੈਂਬਰਾਂ ਨੂੰ ਗਊ ਦਾ ਮਾਸ ਖਾਣ ਲਈ ਮਜਬੂਰ ਕਰਦੀ ਹੈ, ਕੀ ਹਿੰਸਾ ਪ੍ਰਤੀ ਨਿਸ਼ਠਾ ਦੀ ਸਹੁੰ ਚੁਕਾਉਂਦੀ ਹੈ, ਮਾਸਕੋ ਤੋਂ ਰਕਮਾਂ ਹਾਸਲ ਕਰਦੀ ਹੈ, ਅਤੇ ਕੀ ਵਿਆਹ ਦੇ ਉੱਲਟ ਇਸਤਰੀਆਂ ਦੀ ਸਮੂਹਕ ਵਰਤੋਂ ਵਿਚ ਯਕੀਨ ਰਖਦੀ ਹੈ?ਪੀ.ਸੀ.ਜੋਸ਼ੀ ਇਸ ਪੱਤਰ ਤੋਂ ਐਨੇ ਨਾਰਾਜ਼ ਹੋਏ ਸਨ ਕਿ ਉਹਨਾਂ ਉੱਤਰ ਵਿਚ ਲਿਖਿਆ ਸੀ ਕਿ ਜੇ ਮੇਰਾ ਆਪਣਾ ਪਿਤਾ ਮੈਨੂੰ ਅਜਿਹੀ ਚਿੱਠੀ ਲਿਖਦਾ ਤਾਂ ਮੈਂ ਕਦੇ ਵੀ ਉਸਦੇ ਮੱਥੇ ਨਹੀਂ ਸੀ ਲੱਗਣਾ। ਪਰ ਕਿਉਂਕਿ ਤੁਸੀਂ ਕੌਮ ਦੇ ਪਿਤਾ ਹੋ ਇਸ ਲਈ ਮੈਂ ਤੁਹਾਡੇ ਪੱਤਰ ਦਾ ਉੱਤਰ ਦੇ ਰਿਹਾ ਹਾਂ।ਸ਼ਾਇਦ ਇਤਹਾਸਕ ਤੌਰ ‘ਤੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਗਾਂਧੀ ਜੀ ਨੂੰ “ਕੌਮ ਦਾ ਪਿਤਾ” ਜਾਂ “ਰਾਸ਼ਟਰ ਪਿਤਾ” ਹੋਣ ਦਾ ਖਿਤਾਬ ਪਹਿਲੀ ਵਾਰ ਇਸੇ ਚਿੱਠੀ ਪੱਤਰ ਵਿਚ ਪਰਦਾਨ ਹੋਇਆ ਸੀ।

ਜਿਥੋਂ ਤੱਕ ਇਸ ਸਵਾਲ ਦਾ ਸੰਬੰਧ ਹੈ ਕਿ ਮਹਾਤਮਾ ਗਾਂਧੀ ਨੇ ਬਲਸ਼ਵਿਕਵਾਦ ਦਾ ਜਿਹੜਾ ਬਦਲ ਸਾਹਮਣੇ ਲਿਆਂਦਾ, ਉਸਨੇ ਕਿੰਨਾ ਕੁ ਜ਼ੋਰ ਫੜਿਆ, ਇਸ ਬਾਰੇ ਐਨੀ ਕੁ ਗੱਲ ਸੌਖਿਆਂ ਹੀ ਆਖੀ ਜਾ ਸਕਦੀ ਹੈ ਇਸਨੇ ਕਿ ਵਧੇਰੇ ਤੇਜ਼ ਖਿਆਲ ਸ਼ਕਤੀ ਤੇ ਪ੍ਰੋਗਰਾਮ ਨੂੰ ਉਭਰਨ ਨਾ ਦਿੱਤਾ, ਭਾਵੇਂ ਇਸ ਵਿਚ ਹਿੰਦ ਦੇ ਕਮਿਊਨਿਸਟਾਂ ਦੀ ਆਪਣੀ ਸੌੜੀ ਤੇ ਸੰਕੀਰਨ ਸੋਚ ਦਾ ਵੀ ਦਖਲ ਸੀ। ਪਰ ਦੇਖਿਆ ਜਾਏ ਤਾਂ ਗਾਂਧੀ ਜੀ ਵਲੋਂ ਪੇਸ਼ ਕੀਤਾ ਗਿਆ ਬਦਲ ਵੀ ਆਪਣੇ ਤੌਰ ‘ਤੇ ਵਿਗਸ ਨਾ ਸਕਿਆ। ਜੋ ਸੁਤੰਤਰਤਾ ਸੰਗਰਾਮ ਦੇ ਦੌਰਾਨ ਇਸਦਾ ਪ੍ਰਭਾਵ ਸੀਮਤ ਹੀ ਸੀ ਤਾਂ ਉਸਤੋਂ ਪਿੱਛੋਂ ਤਾਂ ਇਸਦੀ ਪੁੱਛ ਹੋਰ ਵੀ ਘਟ ਗਈ। ਅਹਿੰਸਾ ਦੇ ਅਕੀਦੇ ਨੂੰ ਕੇਵਲ ਗਿਣਤੀ ਦੇ ਪੈਰੋਕਾਰ ਹੀ ਮਿਲ ਸਕੇ। ਮਹਾਤਮਾ ਗਾਂਧੀ ਦੇ ਸ਼ੋਸ਼ਣ-ਰਹਿਤ ਸੁਪਨੇ ਦਾ ਵੀ ਇਹੀ ਹਸ਼ਰ ਹੋਇਆ। ਵਾਰਧਾ ਦੇ ਨੇੜੇ ਸੇਵਾਗਰਾਮ, ਜਿਥੇ ਮਹਾਤਮਾ ਗਾਂਧੀ ਇਹ ਦਹਾਕੇ ਤੋਂ ਵੱਧ ਸਮਾਂ ਰਹੇ, ਦੇ ਕੁਝ ਹੀ ਮੀਲ ਦੇ ਘੇਰੇ ਤੋਂ ਬਾਹਰ ਜੋ ਕੁਝ ਦੇਖਣ ਤੇ ਅਨੁਭਵ ਕਰਨ ਨੂੰ ਮਿਲਦਾ ਸੀ ਉਸ ਵਿਚ ਬਾਕੀ ਹਿੰਦੁਸਤਾਨ ਨਾਲੋਂ ਕੋਈ ਵੱਖਰੀ ਗੱਲ ਨਹੀਂ ਸੀ। ਉਹਨਾਂ ਦੇ ਅਕੀਦੇ ਕਿਸੇ ਵੀ ਕਿਸਮ ਦੀ ਜ਼ਿਕਰਯੋਗ ਪਦਾਰਥਕ ਤੇ ਅਧਿਆਤਮਕ ਤਬਦੀਲੀ ਨਹੀਂ ਆਈ ਹਾਲਾਂਕਿ ਇਸ ਮਾਮਲੇ ਵੱਲ ਉਹ ਆਪਣਾ ਪੂਰਾ ਨਿੱਜੀ ਧਿਆਨ ਦਿੰਦੇ ਸਨ। ਕਈ ਵਾਰ ਤਾਂ ਇਸ ਮਾਮਲੇ ਵਿਚ ਖੁੱਭੇ ਹੋਣ ਕਾਰਨ ਉਹ ਕਾਂਗਰਸ ਦੇ ਟੀਸੀ ਦੇ ਆਗੂਆਂ ਨਾਲ ਫੌਰੀ ਕੌਮੀ ਮਾਮਲਿਆਂ ਉੱਤੇ ਸੋਚ ਵਿਚਾਰ ਵਿਚ ਵੀ ਸ਼ਾਮਲ ਨਹੀਂ ਸਨ ਹੁੰਦੇ।

ਜਿਥੋਂ ਤੱਕ ਧਨ-ਸੰਪਤੀ ਵਾਲਿਆਂ ਨੂੰ ਇਸ ਗੱਲ ਲਈ ਰਾਜ਼ੀ ਕਰਨ ਦਾ ਮਾਮਲਾ ਸੀ ਕਿ ਉਹ ਮਾਲਕ ਬਣੇ ਰਹਿਣ ਦੀ ਥਾਂ ਟਰਸਟੀ ਜਾਂ ਨਿਗਰਾਨ ਬਣ ਜਾਣ ਤੇ ਆਪਣਾ ਧਿਆਨ ਸੱਭ ਤੋਂ ਪਹਿਲਾਂ ਆਪਣੇ ਮੁਲਾਜ਼ਮਾਂ ਤੇ ਮੁਜ਼ਾਰਿਆਂ ਦੀਆਂ ਸਮੱਸਿਆਵਾਂ ਵੱਲ ਦੇਣ, ਇਸ ਬਾਰੇ ਕੁਝ ਨਾ ਹੀ ਕਿਹਾ ਜਾਏ ਤਾਂ ਬਿਹਤਰ ਹੈ। ਜੀ।ਡੀ। ਬਿਰਲਾ ਹਮੇਸ਼ਾ ਉਹਨਾਂ ਦੇ ਪਰਛਾਵੇਂ ਵਿਚ ਹੀ ਰਹਿੰਦਾ ਸੀ ਤੇ ਇਸੇ ਸਿਰਲੇਖ ਨਾਲ ਉਸਨੇ ਇਕ ਕਿਤਾਬ ਵੀ ਲਿਖੀ। ਪਰ ਕੀ ਉਸਨੇ ਟਰਸਟੀਸ਼ਿਪ ਦੇ ਸੰਕਲਪ ਨੂੰ ਕਬੂਲ ਕੀਤਾ? ਅੰਬਾ ਲਾਲ ਸਾਰਾਭਾਈ ਨੇ ਆਪਣੀ ਬੇਟੀ ਮ੍ਰਿਦੂਲਾ ਨੂੰ ਤਾਂ ਗਾਂਧੀ ਜੀ ਦੀ ਸੇਵਾ ਲਈ ਅਰਪਣ ਕਰ ਦਿੱਤਾ ਪਰ ਆਪਣੀਆਂ ਕੱਪੜਾ ਮਿਲਾਂ ਨੂੰ ਜਿਉਂ ਦਾ ਤਿਉਂ ਕਾਇਮ ਰੱਖਿਆ।ਬਹੁਤੇ ਜਾਗੀਰਦਾਰਾਂ ਨੂੰ ਉਹਨਾਂ ਦੀਆਂ ਬਹੁਤ ਜਬਰਦਸਤ ਜ਼ਮੀਨੀ ਮਾਲਕੀਆਂ ਤੋਂ ਅੰਸ਼ਕ ਤੌਰ ‘ਤੇ ਵਾਂਝੇ ਤਾਂ ਕੀਤਾ ਗਿਆ ਪਰ ਹਿਰਦੇ ਪਰੀਵਰਤਨ ਰਾਹੀਂ ਨਹੀਂ ਜਿਵੇਂ ਗਾਂਧੀ ਜੀ ਕਹਿੰਦੇ ਸਨ, ਸਗੋਂ ਆਜ਼ਾਦੀ ਤੋਂ ਪਿੱਛੋਂ ਪਾਸ ਕੀਤੇ ਕਾਨੂੰਨਾਂ ਦੀ ਸ਼ਕਲ ਵਿਚ ਰਾਜਸ਼ਕਤੀ ਰਾਹੀਂ, ਜਿਸ ਦੀ ਵਰਤੋਂ ਨੂੰ ਮਹਾਤਮਾ ਗਾਧੀ ਬਾਲਸ਼ਵਿਕਵਾਦ ਦੇ ਖਿਲਾਫ਼ ਮੁੱਖ ਦਲੀਲ ਵਜੋਂ ਵਰਤਦੇ ਸਨ।ਇਸ ਤੋਂ ਵੱਧ ਦੁਰਦਸ਼ਾ ਸਨਅਤੀਕਰਣ ਨੂੰ ਰੋਕਣ ਦੇ ਉਹਨਾਂ ਦੇ ਅਸੂਲ ਦੀ ਹੋਈ। ਇਹ ਉਹਨਾਂ ਦੀ ਤਹਿਰੀਕ ਹੀ ਸੀ ਜਿਸਨੇ ਉਹਨਾਂ ਦੇ ਜਿਉਂਦੇ ਜੀਅ ਹਿੰਦੁਸਤਾਨੀ ਸੱਨਅਤਾਂ ਦੀ ਉੱਨਤੀ ਲਈ ਮਾਹੌਲ ਪੈਦਾ ਕਰ ਦਿੱਤਾ ਸੀ ਅਤੇ ਜਿਸਨੇ ਹਿੰਦ ਨੂੰ ਸੰਸਾਰ ਭਰ ਵਿਚ ਸਨਅਤੀ ਤੌਰ ‘ਤੇ ਸੱਭ ਤੋਂ ਉੱਨਤ ਨੌ-ਆਬਾਦੀ ਬਣਾ ਦਿੱਤਾ ਸੀ।

ਭਾਵੇਂ 1934 ਵਿਚ ਉਹਨਾਂ ਨੇ ਛੂਤਛਾਤ ਵਿਰੁੱਧ ਵਰਤ ਵੀ ਰੱਖਿਆ, ਅਛੂਤਾਂ ਲਈ ਹਰੀ ਦਾ ਬੇਟਾ ਵਿਸ਼ੇਸ਼ਣ ਦੀ ਵਰਤੋਂ ਵੀ ਕੀਤੀ, ਉਹਨਾਂ ਲਈ ਮੰਦਰਾਂ ਵਿਚ ਦਾਖ਼ਲੇ ਤੇ ਵਿਧਾਨ ਸਭਾਵਾਂ ਵਿਚ ਉਹਨਾਂ ਲਈ ਸੀਟਾਂ ਦੀ ਰੀਜ਼ਰਵੇਸ਼ਨ ਦੀ ਵਿਵਸਥਾ ਵੀ ਕਰਵਾਈ ਪਰ ਛੂਤ ਛਾਤ ਫੇਰ ਵੀ ਖ਼ਤਮ ਨਾ ਹੋਈ। (ਇਸ ਨੂੰ ਵੀ ਮਹਾਤਮਾ ਗਾਂਧੀ ਦਾ ਬਹੁਤ ਵੱਡਾ ਸਵੈ-ਵਿਰੋਧ ਕਿਹਾ ਜਾ ਸਕਦਾ ਹੈ ਕਿ ਜਿਥੇ ਉਹ ਗਿਣਤੀ ਦੇ ਸਿਰਕੱਢ ਕੌਮੀ ਆਗੂਆਂ ਵਿਚੋਂ ਸਨ ਜਿਹਨਾਂ ਦਲਿਤਾਂ ਲਈ ਆਹ ਦਾ ਨਾਅਰਾ ਮਾਰਿਆ, ਉੱਥੇ ਉਹਨਾਂ ਵਰਣ-ਆਸ਼ਰਮ ਨੂੰ “ਊਚ ਨੀਚ ਅਤੇ ਸਰਮਾਏ ਤੇ ਮਿਹਨਤ ਵਿਚਾਲੇ ਵਿਰੋਧਾਂ ਨੂੰ ਇਕਸੁਰ ਕਰਨ ਦਾ ਨਿਵੇਕਲਾ ਹਿੰਦੁਸਤਾਨੀ ਢੰਗ” ਦੱਸ ਕੇ ਇਸਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਵੀ ਹਾਲਾਂਕਿ ਇਹ ਵਰਣ ਆਸ਼ਰਮ ਹੀ ਦਲਿਤਾਂ ਨਾਲ ਸਦੀਆਂ ਤੋਂ ਤੁਰੇ ਆ ਰਹੇ ਅਣਮਨੁੱਖੀ ਵਿਹਾਰ ਤੇ ਵਿਤਕਰੇ ਦੀ ਜੜ੍ਹ ਹੈ। ਵਰਣ ਵੰਡ ਸਮਾਜ ਦੀਆਂ ਸਾਧਾਰਨ ਆਰਥਕ ਸਰਗਰਮੀਆਂ ਵਿਚੋਂ ਸੁਭਾਵਕ ਤੌਰ ‘ਤੇ ਪੈਦਾ ਹੋਣ ਵਾਲੀ ਵਕਤੀ ਕੰਮ ਵੰਡ ਨਹੀਂ ਸਗੋਂ ਧਰਮ ਦੇ ਨਾਂਅ ਉੱਤੇ ਸਮਾਜ ਉੱਪਰ ਮੜ੍ਹੀ ਗਈ ਅਜਿਹੀ ਆਪਹੁਦਰੀ ਵੰਡ ਹੈ ਜਿਸਨੂੰ “ਜਨਮ ਵੰਡ” ਕਹਿਣਾ ਵਧੇਰੇ ਠੀਕ ਹੋਵੇਗਾ।-ਸੰਪਾਦਕ)
ਖੁਸ਼ਕਿਸਮਤੀ ਨਾਲ ਇਸਤਰੀਆਂ ਤੇ ਬ੍ਰਹਮਚਾਰੀਆ ਬਾਰੇ ਉਹਨਾਂ ਦੇ ਵਿਚਾਰਾਂ ਨੂੰ ਕਿਸੇ ਪਾਸਿਉਂ ਹੁੰਗਾਰਾ ਹੀ ਨਹੀਂ ਮਿਲਿਆ। ਇਸਤਰੀਆਂ ਨੂੰ ਉਹ ਪਾਪ ਦਾ ਪੁੰਜ ਸਮਝਦੇ ਸਨ ਅਤੇ ਉਹਨਾਂ ਦਾ ਵਿਚਾਰ ਸੀ ਕਿ ਸਰੀਰਕ ਤੇ ਦਿਮਾਗ਼ੀ ਸਿਹਤ ਨੂੰ ਕਾਇਮ ਰੱਖਣ ਲਈ ਵੀਰਜ ਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੈ।

ਆਪਣੇ ਬਦਲ ਨੂੰ ਕਬੂਲ ਕਰਵਾ ਸਕਣ ਵਿਚ ਆਪਣੀ ਅਸਫ਼ਲਤਾ ਦੇ ਸਿੱਟੇ ਵਜੋਂ ਉਹ ਅਜਿਹੇ ਫ਼ੈਸਲੇ ਉੱਤੇ ਪਹੁੰਚੇ ਜਿਸ ਦੇ ਕਾਰਨ ਕੱਟੜ ਕਿਸਮ ਦੇ ਗਾਂਧੀਵਾਦੀ ਚੋਖਾ ਪਰੇਸ਼ਾਨ ਹੀ ਨਹੀਂ ਸਗੋਂ ਲੋਹੇ ਲਾਖੇ ਵੀ ਹੋਏ।
- ਨਹਿਰੂ -
ਜਦੋਂ ਮਹਾਤਮਾ ਗਾਂਧੀ ਤੋਂ ਪੁੱਛਿਆ ਗਿਆ ਕਿ ਉਹਨਾਂ ਦੇ ਜਾਨਸ਼ੀਨ ਕੌਣ ਹੋਣਗੇ ਤਾਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਕਠੋਰ ਪੁਰਾਤਨਵਾਦੀ ਸਰਦਾਰ ਵੱਲਭ ਭਾਈ ਪਟੇਲ ਜਾਂ ਚਤੁਰ-ਪੁਰਾਤਨਵਾਦੀ ਚੱਕਰਵਰਤੀ ਰਾਜਗੁਪਾਲ ਆਚਾਰੀਆ ਦਾ ਨਾਂਅ ਲੈਣਗੇ। ਪਰ ਮਹਾਤਮਾ ਗਾਂਧੀ ਨੇ ਇਹਨਾਂ ਦੋਹਾਂ ਵਿਚੋਂ ਕਿਸੇ ਨੂੰ ਨਹੀਂ ਚੁਣਿਆ ਅਤੇ ਗੁਣਾ ਪੰਡਤ ਜਵਾਹਰ ਲਾਲ ਨਹਿਰੂ ਉੱਤੇ ਪਾਇਆ, ਜਿਨਾਂ ਦੇ ਖੱਬੇ ਪੱਖੀ ਸੋਸ਼ਲਿਸਟ ਤੇ ਇਥੋਂ ਤੱਕ ਕਿ ਮਾਰਕਸਿਸਟ ਵਿਚਾਰ ਉਦੋਂ ਚੋਖੇ ਦ੍ਰਿਸ਼ਟੀਮਾਨ ਸਨ। ਮਹਾਤਮਾ ਗਾਂਧੀ ਦਾ ਕਹਿਣਾ ਸੀ ਕਿ ਇਹ ਠੀਕ ਹੈ ਕਿ ਸਾਡੇ ਦੋਹਾਂ ਵਿਚਾਲੇ ਮੱਤਭੇਦ ਤਾਂ ਹਨ ਪਰ ਜਵਾਹਰ ਲਾਲ ਨਹਿਰੂ ਬੇਦਾਗ਼ ਸ਼ਖਸੀਅਤ ਦੇ ਮਾਲਕ ਹਨ, ਜ਼ਾਬਤੇ ਦਾ ਪਾਲਣ ਕਰਨ ਵਾਲੇ ਹਨ ਤੇ ਮੇਰੇ ਤੁਰ ਜਾਣ ਤੋਂ ਬਾਅਦ ਮੇਰੀ ਤਰਜਮਾਨੀ ਕਰਨਗੇ।

ਇਹ ਸੱਚ ਹੈ ਕਿ ਆਜ਼ਾਦ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਜਵਾਹਰ ਲਾਲ ਨਹਿਰੂ ਨੇ ਉਹਨਾਂ ਖੇਤਰਾਂ ਨੂੰ ਬਹੁਤ ਮਾਯੂਸ ਕੀਤਾ ਜਿਨ੍ਹਾਂ ਨੂੰ ਭੁਲੇਖਾ ਸੀ ਕਿ ਉਹ ਅਜਿਹੇ ਆਰਥਕ-ਸਮਾਜੀ ਪਰੀਵਰਤਨ ਲਿਆਉਣਗੇ ਜਿਨ੍ਹਾਂ ਦੇ ਕਾਰਨ ਹਿੰਦ ਸਿੱਧਾ ਅਜਿਹੇ ਸੋਸ਼ਲਿਜ਼ਮ ਵੱਲ ਅੱਗੇ ਵਧਦਾ ਜਾਏਗਾ ਜਿਹੜਾ ਉਤਪਾਦਨ ਦੇ ਮੁੱਖ ਸਾਧਨਾਂ ਦੀ ਨਿੱਜੀ ਮਾਲਕੀ ਦੇ ਖਾਤਮੇ ਉੱਤੇ ਆਧਾਰਤ ਹੋਵੇਗਾ ਜਿਸ ਬਾਰੇ ਖੁਦ ਪੰਡਤ ਨਹਿਰੂ 1927-37 ਦੇ ਦਹਾਕੇ ਵਿਚ ਐਨੇ ਜ਼ੋਰਦਾਰ ਢੰਗ ਨਾਲ ਲਿਖਦੇ ਰਹੇ ਸਨ।

ਜਵਾਹਰ ਲਾਲ ਨਹਿਰੂ ਦੇ ਆਸਾਂ ਉੱਤੇ ਪੂਰੇ ਨਾ ਉਤਰ ਸਕਣ ਦੇ ਮਾਮਲੇ ਨੂੰ ਖੱਬੇ ਪੱਖ ਨੇ ਆਪਣੀ ਨੁਕਤਾਚੀਨੀ ਦਾ ਉਚੇਚਾ ਨਿਸ਼ਾਨਾ ਬਣਾਇਆ ਤੇ ਮਹਾਤਮਾ ਗਾਂਧੀ ਤੇ ਉਸਦੇ ਇਸ ਚੇਲੇ ਲਈ ਦੰਭੀ ਹੋਣ ਜਿਹੇ ਘਿਰਣਾਜਨਕ ਲਫ਼ਜ਼ਾਂ ਦੀ ਵਰਤੋਂ ਵੀ ਕੀਤੀ। ਪਰ ਜੇ ਘੱਟੋ ਘੱਟ ਵੀ ਕਿਹਾ ਜਾਏ ਤਾਂ ਇਹ ਨੁਕਤਾਚੀਨੀ ਇੱਕਪਾਸੜ ਸੀ। ਗਾਂਧੀ ਜੀ ਵਲੋਂ ਨਹਿਰੂ ਦੀ ਚੋਣ ਉਹਨਾਂ ਵਲੋਂ ਆਪਣੀਆਂ ਅਜਿਹੀਆਂ ਕਦਰਾਂ ਦੀ ਪੁਸ਼ਟੀ ਹੀ ਸੀ, ਜਿਨ੍ਹਾਂ ਦਾ ਜ਼ਿਕਰ ਇਸ ਲੇਖ ਦੇ ਦੂਸਰੇ ਭਾਗ ਵਿਚ ਕੀਤਾ ਜਾਏਗਾ। ਇਹ ਇਸ ਗੱਲ ਦਾ ਵੀ ਇਕਬਾਲ ਸੀ ਕਿ ਆਜ਼ਾਦੀ ਤੋਂ ਬਾਅਦ ਪੁਰਾਤਨਤਾ ਨੂੰ ਅਧੁਨਿਕਤਾ ਲਈ ਰਾਹ ਛੱਡਣਾ ਹੀ ਪਏਗਾ। ਇਹ ਕੇਵਲ ਨਹਿਰੂ ਹੋ ਸਕਦਾ ਸੀ ਜਿਹੜਾ ਉਸ ਗਤੀਸ਼ੀਲ ਸੰਤੁਲਨ ਲਈ ਅਗਵਾਈ ਪਰਦਾਨ ਕਰ ਸਕਦਾ ਸੀ ਅਤੇ ਉਸਨੇ ਕੀਤੀ ਵੀ, ਜਿਸਨੂੰ ਮਹਾਤਮਾ ਗਾਂਧੀ ਸੁਤੰਤਰਤਾ ਸੰਗਰਾਮ ਸਮੇਂ ਰੂਪਮਾਨ ਕਰਦੇ ਸਨ।ਪਰ ਅਹਿੰਸਾ ਦਾ ਨੀਤੀ ਦੇ ਰੂਪ ਵਿਚ ਕੀ ਬਣਿਆ? ਆਮ ਹੜਤਾਲਾਂ, ਜਨਤਕ ਲਾਮਬੰਦੀ ਲਈ ਕਿਸਾਨ ਬਗ਼ਾਵਤਾਂ ਤੇ ਹਥਿਆਰਬੰਦ ਸੰਘਰਸ਼ ਦੇ ਰੂਪ ਵਿਚ ਖੱਬੇ ਪੱਖ ਵਲੋਂ ਪਰਚਾਰੀ ਜਾਂਦੀ ਰਵਾਇਤੀ ਪਹੁੰਚ ਦੇ ਬਦਲ ਵਜੋਂ ਵਰਤਾਂ, ਸਤਿਆਗ੍ਰਹਿ ਤੇ ਹੜਤਾਲਾਂ ਦੇ ਢੰਗਾਂ ਦਾ ਕੀ ਬਣਿਆ? ਕੀ ਇਹ ਢੰਗ ਇਸ ਸ਼ਕਲ ਵਿਚ ਸਫ਼ਲ ਨਹੀਂ ਆਖੇ ਜਾ ਸਕਦੇ ਕਿ ਹਿੰਦ ਨੇ ਇਸੇ ਰਾਹ ਉੱਤੇ ਚਲਦਿਆਂ ਆਜ਼ਾਦੀ ਹਾਸਲ ਕੀਤੀ ਅਤੇ ਚੀਨੀ ਇਨਕਲਾਬ ਦੇ ਰਾਹ ਦੇ ਟਾਕਰੇ ਵਿਚ ਹਿੰਦੁਸਤਾਨੀਆਂ ਨੇ ਆਪਣੇ ਤਰੀਕੇ ਨਾਲ ਬਰਤਾਨਵੀ ਰਾਜ ਦਾ ਅੰਤ ਕਰ ਦਿੱਤਾ?
ਇਹ ਗੱਲ ਪੂਰੀ ਤਰ੍ਹਾਂ ਠੀਕ ਨਹੀਂ; ਜਨਤਕ ਲਾਮਬੰਦੀ ਦਾ ਖੱਬੇਪਖੀ ਕੱਟੜਪੰਥੀ ਤੇ ਰਵਾਇਤੀ ਰਾਹ ਸਫ਼ਲ ਨਾ ਰਿਹਾ, ਇਸ ਲਈ ਨਹੀਂ ਕਿ ਇਸ ਦੇ ਮੁਕਾਬਲੇ ਉੱਤੇ ਗਾਂਧੀਵਾਦ ਦਾ ਬਦਲਵਾਂ ਰਾਹ ਮੌਜੂਦ ਸੀ, ਸਗੋਂ ਕੇਵਲ ਇਸ ਲਈ ਕਿ ਖੱਬੇ ਪੱਖੀ ਰਾਹ ਕੱਟੜਪੰਥੀ ਤੇ ਰਵਾਇਤੀ ਸੀ। ਜੇ ਵੇਖਿਆ ਜਾਏ ਤਾਂ ਮਾਓ ਨਾ ਕੱਟੜਪੰਥੀ ਸੀ ਤੇ ਨਾ ਹੀ ਰਵਾਇਤੀ। ਇਸੇ ਲਈ ਉਹ ਚੀਨ ਵਿਚ ਸਫ਼ਲ ਰਿਹਾ ਭਾਵੇਂ ਉਸਦਾ ਰਾਹ ਹਿੰਦ ਲਈ ਢੁੱਕਵਾਂ ਨਹੀਂ ਸੀ, ਆਜ਼ਾਦੀ ਤੋਂ ਪਹਿਲਾਂ ਵੀ ਨਹੀਂ ਤੇ ਆਜ਼ਾਦੀ ਤੋਂ ਪਿੱਛੋਂ ਤਾਂ ਉੱਕਾ ਹੀ ਨਹੀਂ। ਗਾਂਧੀਵਾਦੀ ਰਾਹ ਵੀ ਪੂਰੀ ਤਰ੍ਹਾਂ ਸਫ਼ਲ ਨਾ ਰਿਹਾ ਭਾਵੇਂ ਇਸ ਨੇ ਸਾਮਰਾਜ ਵਿਰੋਧੀ ਜਨਤਕ ਲਾਮਬੰਦੀ ਵਿਚ ਸੌਖਿਆਂ ਹੀ ਮੁੱਖ ਭੂਮਿਕਾ ਨਿਭਾਈ।

ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਜ਼ਾਦੀ ਲਈ ਹਿੰਦੁਸਤਾਨੀ ਸੰਘਰਸ਼ ਬਹੁ-ਧਾਰਾ ਸੰਘਰਸ਼ ਸੀ ਅਤੇ ਇਹ ਉਸਤੋਂ ਬਹੁਤ ਦੇਰ ਪਹਿਲਾਂ ਸ਼ੁਰੂ ਹੋ ਚੁੱਕਾ ਸੀ ਜਦੋਂ ਗਾਂਧੀ ਜੀ ਇਸਦੇ ਸਿਰਮੌਰ ਆਗੂ ਬਣੇ। 18ਵੀਂ ਸਦੀ ਦੇ ਅਖੀਰ ਤੇ 19ਵੀਂ ਸਦੀ ਦੇ ਸ਼ੁਰੂ ਦੀਆਂ ਕਿਸਾਨ ਬਗ਼ਾਵਤਾਂ ਆਪਣੇ ਆਪ ਮੁਹਾਰੇ ਖਾਸੇ ਦੇ ਪੱਖੋਂ ਸਾਮਰਾਜ-ਵਿਰੋਧੀ ਅੰਸ਼ ਰੱਖਦੀਆਂ ਸਨ। 1857 ਦੇ ਗ਼ਦਰ ਨੂੰ ਇਸਦੇ ਸ਼ੁਰੂ ਵਿਚ ਵੀ ਮਾਰਕਸ ਤੇ ਏਂਗਲਜ਼ ਨੇ ਆਜ਼ਾਦੀ ਦੀ ਪਹਿਲੀ ਜੰਗ ਕਰਾਰ ਦਿੱਤਾ ਸੀ। 1857 ਤੋਂ ਪਹਿਲਾਂ ਤੇ ਪਿੱਛੋਂ ਦੀਆਂ ਸਮਾਜ ਸੁਧਾਰ ਲਹਿਰਾਂ ਨੇ, ਅਪਣੀਆਂ ਅੱਤ ਸੌੜੀਆਂ ਸੀਮਾਵਾਂ ਤੇ ਡੂੰਘੇ ਭਰਮਾਂ ਦੇ ਬਾਵਜੂਦ ਹਿੰਦ ਨੂੰ ਅਜਿਹਾ ਰੂਪ ਦੇਣ ਦੀ ਪ੍ਰਕਿਰਿਆ ਵਿਚ ਯੋਗਦਾਨ ਪਾਇਆ, ਜਿਸਦਾ ਪਰਚਾਰ ਸਮਾਜੀ ਖੇਤਰ ਵਿਚ ਗਾਂਧੀ ਜੀ ਨੇ ਐਨਾ ਲੰਮਾ ਸਮਾਂ ਬੀਤ ਜਾਣ ਪਿੱਛੋਂ ਕੀਤਾ। ਆਰੰਭਕ ਕੌਮੀ ਇਨਕਲਾਬੀ ਲਹਿਰ ਨੇ ਹਿੰਦੂ ਪੁਨਰ-ਸੁਰਜੀਤੀ ਦੀ ਆਪਣੀ ਰੰਗਤ ਦੇ ਬਾਵਜੂਦ, ਕੌਮੀ ਸੋਚ ਉੱਤੇ ਬਹੁਤ ਵੱਡਾ ਅਸਰ ਪਾਇਆ ਸੀ। ਮਿਸਾਲ ਲਈ ਚਾਪੇਕਰ ਭਰਾ, ਜਿਨਾਂ ਪੰਜਾਂ ਦੇ ਪੰਜਾਂ ਨੂੰ ਬਰਤਾਨਵੀ ਬਸਤੀਵਾਦੀ ਸਰਕਾਰ ਨੇ ਸਰਕਾਰੀ ਅਧਿਕਾਰੀਆਂ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ ਫਾਂਸੀ ਤੇ ਲਟਕਾ ਦਿੱਤਾ ਸੀ, ਆਪਣੇ ਕਾਰਨਾਮਿਆਂ ਦੇ ਕਾਰਨ ਲੋਕ ਕਥਾਵਾਂ ਦੇ ਨਾਇਕ ਬਣ ਗਏ ਸਨ।

ਤਿਲਕ ਦੀ ਅਹਿਮ ਭੂਮਿਕਾ ਨਾਲ 1905-8 ਦੀ ਸਵਦੇਸੀ ਲਹਿਰ ਵਿਚ ਜਿੰਨੇ ਵੱਡੇ ਪੈਮਾਨੇ ਉੱਤੇ ਸ਼ਹਿਰੀ ਜਨਤਾ ਨੇ ਹਿੱਸਾ ਲਿਆ, ਜਿਸ ਤਰ੍ਹਾਂ ਇਹ ਦੇਸ ਵਿਆਪੀ ਲਹਿਰ ਬਣੀ, ਸੰਘਰਸ਼ ਦੇ ਜਿਹੜੇ ਢੰਗ ਇਸਨੇ ਅਪਣਾਏ ਤੇ ਜਿਹੜਾ ਸਭਿਆਚਾਰਕ ਉਭਾਰ ਇਸਨੇ ਪੈਦਾ ਕੀਤਾ, ਜਿਸਦੀ ਗੂੰਜ ਟੈਗੋਰ ਦੇ ਉਸੇ ਵੇਲੇ ਦੇ ਗੀਤਾਂ ਵਿਚ ਖਾਸ ਤੌਰ ‘ਤੇ ਮਿਲਦੀ ਹੈ, ਇਹਨਾਂ ਸਾਰੇ ਪੱਖਾਂ ਤੋਂ ਇਸ ਲਹਿਰ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇ ਲੈਨਿਨ ਨੇ ਸਵਿਟਜਰਲੈਂਡ ਵਿਚ ਕਿਹਾ ਸੀ ਤਾਂ ਐਵੇਂ ਨਹੀਂ ਸੀ ਕਿਹਾ ਕਿ ਤਿਲਕ ਦੇ ਖਿਲਾਫ਼ ਬਰਤਾਨਵੀ ਹਾਕਮਾਂ ਵਲੋਂ ਸੁਣਾਈ ਗਈ ਸਜ਼ਾ ਦੇ ਖਿਲਾਫ਼ ਬੰਬਈ ਦੇ ਮਜ਼ਦੂਰਾਂ ਦੀ 1908 ਦੀ ਹੜਤਾਲ ਬਰਤਾਨਵੀ ਰਾਜ ਦੇ ਖਾਤਮੇ ਦੀ ਘੰਟੀ ਹੈ।

1919 ਦੇ ਨੇੜੇ ਤੇੜੇ ਸੁਤੰਤਰਤਾ ਸੰਘਰਸ਼ ਦੇ ਨਵੇਂ ਦੌਰ ਦੇ ਆਰੰਭ ਦੇ ਸਮੇਂ, ਜਦੋਂ ਗਾਂਧੀ ਜੀ ਇਸਦੇ ਸਰਕਰਦਾ ਆਗੂ ਵਜੋਂ ਸਾਹਮਣੇ ਆਏ, ਇਸ ਵਿਚ ਗੈਰ-ਗਾਂਧੀਵਾਦੀ ਤੇ ਗਾਂਧੀ-ਵਿਰੋਧੀ ਰੁਝਾਣ ਦੋਹਵੇਂ ਪਹਿਲਾਂ ਤੋਂ ਹੀ ਮੌਜੂਦ ਸਨ। 1920 ਤੋਂ ਲੈ ਕੇ ਸੁਤੰਤਰਤਾ ਸੰਘਰਸ਼ ਵਿਚ ਕਮਿਊਨਿਸਟਾਂ ਦਾ ਅਸਰ ਰਸੂਖ ਉਹਨਾਂ ਦੀ ਗਿਣਤੀ ਨਾਲੋਂ ਕਿਤੇ ਵੱਧ ਸੀ। ਵਾਸਤਵ ਵਿਚ ਇਹ ਯਾਦ ਕਰਾਉਣਾ ਯੋਗ ਹੀ ਹੋਵੇਗਾ ਕਿ ਜਿਹੜੀ ਹਿੰਦ ਕਮਿਊਨਿਸਟ ਪਾਰਟੀ ਅਜੇ ਸਥਾਪਤ ਹੋਣੀ ਸੀ, ਉਸਦੇ ਨਾਂਅ ਉੱਤੇ ਜਾਰੀ ਹੋਏ ਮੈਨੀਫੋਸਟੋ ਦੇ ਆਧਾਰ ਉੱਤੇ ਹੀ ਮੌਲਾਨਾ ਹਸਰਤ ਮੋਹਾਨੀ ਨੇ ਕਾਂਗਰਸ ਦੇ 1921 ਦੇ ਅਹਿਮਦਾਬਾਦ ਅਜਲਾਸ ਵਿਚ ਇਹ ਮਤਾ ਪੇਸ਼ ਕੀਤਾ ਸੀ ਕਿ “ਪੂਰਨ ਆਜ਼ਾਦੀ” ਸਾਡੀ ਕੌਮੀ ਲਹਿਰ ਦਾ ਨਿਸ਼ਾਨਾ ਹੋਣੀ ਚਾਹੀਦੀ ਹੈ, ਅਤੇ ਇਹ ਮਹਾਤਮਾ ਗਾਂਧੀ ਸਨ ਜਿਨ੍ਹਾਂ ਦੀ ਜ਼ੋਰਦਾਰ ਵਿਰੋਧਤਾ ਦੇ ਕਾਰਨ ਇਹ ਮਤਾ ਰੱਦ ਗਿਆ ਸੀ।ਇਥੋਂ ਤੱਕ ਕਿ ਜਦੋਂ ਕਾਂਗਰਸ ਦੇ ਮਦਰਾਸ ਅਜਲਾਸ ਵਿਚ ਇਹੀ ਮਤਾ ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੌਸ ਅਤੇ ਕਮਉਨਿਸਟਾਂ ਦੇ ਮਿਲਵੇਂ ਯਤਨਾਂ ਦੇ ਸਿੱਟੇ ਵਜੋਂ ਪਾਸ ਹੋ ਗਿਆ ਸੀ ਤਾਂ ਮਹਾਤਮਾ ਗਾਂਧੀ ਨੇ ਇਸ ਉੱਤੇ ਅਮਲ ਇਕ ਸਾਲ ਲਈ ਮੁਲਤਵੀ ਕਰਾ ਲਿਆ ਸੀ। ਸੁਤੰਤਰਤਾ ਸੰਗਰਸ਼ ਵਿਚ ਕਮਿਉਨਿਸਟਾਂ ਦਾ ਹਿੱਸਾ ਇਸ ਲੇਖ ਦਾ ਵਿਸਾ ਨਹੀਂ, ਪਰ ਇਹਨਾਂ ਦੇ ਬਹੁਪੱਖੀ ਯੋਗਦਾਨ ਦਾ ਜ਼ਿਕਰ ਜ਼ਰੂਰੀ ਹੈ। ਅਤੇ ਇਹ ਯੋਗਦਾਨ ਸੀ ਜਨਤਕ ਸ਼੍ਰੇਣੀ ਜਥੇਬੰਦੀਆਂ, ਖਾਸ ਤੌਰ ‘ਤੇ ਹਕੀਕੀ ਟਰੇਡ ਯੂਨੀਅਨਾਂ, ਸੋਸ਼ਲਿਜ਼ਮ ਦੇ ਆਦਰਸ਼ਾਂ ਤੇ ਪ੍ਰੋਗਰਾਮ ਦਾ ਪਰਚਾਰ; ਆਜ਼ਾਦੀ ਦੇ ਹਿੱਸੇ ਵਜੋਂ ਤਿੱਖੇ ਸਮਾਜੀ-ਆਰਥਕ ਪ੍ਰੋਗਰਾਮ, ਤਿੱਖੇ ਭੂਮੀ ਸੁਧਾਰ ਤੇ ਬੁਨਿਆਦੀ ਸਨੱਅਤਾਂ ਦਾ ਕੌਮੀਕਰਣ ਅਤੇ ਪੇਂਡੂ ਖੇਤਰਾਂ ਵਿਚ ਜਨਤਕ ਹਥਿਆਰਬੰਦ ਲੜਾਈ।

ਕਮਿਉਨਿਸਟਾਂ ਤੋਂ ਇਲਾਵਾ, ਜਿਹੜੇ 1939-45 ਦੇ ਸਾਲਾਂ ਨੂੰ ਛੱਡਕੇ ਬਾਕੀ ਬਹੁਤਾ ਸਮਾਂ ਗਾਂਧੀ ਵਿਰੋਧੀ ਹੀ ਰਹੇ, ਕੁਝ ਹੋਰ ਸ਼ਖ਼ਸੀਅਤਾਂ ਵੀ ਸਨ ਜੋ ਕਾਂਗਰਸ ਦੇ ਅੰਦਰ ਸੋਸ਼ਲਿਸਟ ਰੁਝਾਣ ਦੇ ਧੁਰੇ ਦਾ ਦਰਜਾ ਰੱਖਦੀਆਂ ਸਨ। ਉਹਨਾਂ ਵਿਚ ਸ਼ਾਮਲ ਸਨ ਜਵਾਹਰ ਲਾਲ ਨਹਿਰੂ, ਜੈ ਪ੍ਰਕਾਸ਼ ਨਰਾਇਣ ਤੇ ਅਚਾਰੀਆ ਨਰਿੰਦਰ ਦੇਵ। ਨਹਿਰੂ ਖਾਸ ਤੌਰ ‘ਤੇ ਇਸ ਪੱਖੋਂ ਬਹੁਤ ਜਬਰਦਸਤ ਹੱਦ ਤੱਕ ਤੇ ਬੜੇ ਵਰਨਣਯੋਗ ਢੰਗ ਨਾਲ ਸਫ਼ਲ ਰਹੇ ਕਿ ਉਹਨਾਂ ਨੇ ਲੱਖਾਂ ਦੇਸ਼ਭਗਤ ਨੌਜਵਾਨਾਂ ਦੀ ਵਿਸ਼ਾਲ ਗਿਣਤੀ ਦੇ ਵਿਚਾਰਾਂ ਵਿਚ ਤਿੱਖੀ ਤਬਦੀਲੀ ਲਿਆਂਦੀ ਤੇ ਉਹਨਾਂ ਨੂੰ ਗ਼ੈਰ-ਗਾਂਧੀਵਾਦੀ ਲੀਹਾਂ ਉੱਤੇ ਤੋਰਿਆ। ਇਸ ਖੇਤਰ ਵਿਚ ਇਸਤੋਂ ਅਗਲਾ ਨਾਂਅ ਹੈ ਇੰਡੀਅਨ ਨੈਸ਼ਨਲ ਆਰਮੀ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਿਹੜੇ ਕਦੇ ਵੀ ਮਹਾਤਮਾ ਗਾਂਧੀ ਦੇ ਪੈਰੋਕਾਰ ਨਾ ਬਣ ਸਕੇ। ਸਰਦਾਰ ਭਗਤ ਸਿੰਘ, ਜਿਹੜੇ ਕੌਮੀ ਇਨਕਲਾਬੀ ਰੁਝਾਣ ਦੇ ਬਿਹਤਰੀਨ ਪ੍ਰਤਿਨਿਧੀ ਸਨ, ਵੱਲੋਂ ਇਸ ਸੰਬੰਧ ਵਿਚ ਪਾਏ ਗਏ ਹਿੱਸੇ ਦਾ ਪਹਿਲਾਂ ਹੀ ਜ਼ਿਕਰ ਹੋ ਚੁੱਕਾ ਹੈ। ਉਹਨਾਂ ਦੇ ਬਰਾਬਰ ਦੀ ਥਾਂ ਹਾਸਿਲ ਹੈ ਸੂਰੀਯ ਸੇਨ ਤੇ ਉਹਨਾਂ ਦੇ ਸਾਥੀਆਂ ਨੂੰ ਜਿਹਨਾਂ ਨੇ 1930 ਵਿਚ ਚਿਟਾਗਾਂਗ ਅਸਲ੍ਹਾਖ਼ਾਨੇ ਉੱਤੇ ਹਮਲੇ ਦਾ ਦਲੇਰਾਨਾ ਕਾਰਨਾਮਾ ਕਰ ਦਿਖਾਇਆ ਸੀ ਤੇ ਜਿਹੜੇ ਨਾ ਸਿਰਫ਼ ਹਿੰਦੁਸਤਾਨ ਵਿਚ ਵੀ ਸਗੋਂ ਬੰਗਲਾ ਦੇਸ ਵਿਚ ਲੋਕ ਨਾਇਕਾਂ ਵਜੋਂ ਯਾਦ ਕੀਤੇ ਜਾਂਦੇ ਹਨ।
ਵਿਚਾਰਾਂ ਤੇ ਐਕਸ਼ਨਾਂ ਦੇ ਇਹਨਾਂ ਧਾਰਿਆਂ ਨੂੰ ਲੇਖੇ ਵਿਚ ਲਿਆਂਦੇ ਬਿਨਾ ਆਜ਼ਾਦੀ ਲਈ ਹਿੰਦ ਦਾ ਸੰਘਰਸ਼ ਨਾ ਸੋਚਿਆ ਤੇ ਨਾ ਹੀ ਬਿਆਨ ਕੀਤਾ ਜਾ ਸਕਦਾ ਹੈ ਭਾਵੇਂ ਹੱਕ ਦੀ ਗੱਲ ਇਹੀ ਹੈ ਕਿ ਇਹਨਾਂ ਧਾਰਾਵਾਂ ਵਿਚ ਗਾਂਧੀ ਜੀ ਦੀ ਅਗਵਾਈ ਹੇਠਲੀ ਲਹਿਰ ਨੂੰ ਪ੍ਰਮੁੱਖ ਥਾਂ ਹਾਸਲ ਸੀ।

ਇਸ ਪ੍ਰਮੁੱਖਤਾ ਨੂੰ ਪਰਵਾਨ ਕਰਦਿਆਂ ਹੋਇਆਂ ਵੀ ਉਹਨਾਂ ਜ਼ਬਰਦਸਤ ਅਸਫ਼ਲਤਾਵਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਹਨਾਂ ਦਾ ਸ਼ਿਕਾਰ ਅਹਿੰਸਾ ਨੂੰ ਨੀਤੀ ਵਜੋਂ ਹੋਣਾ ਪਿਆ। ਹਿੰਦੂ ਮੁਸਲਮ ਪਾੜੇ ਕਾਰਨ ਲੱਖਾਂ ਲੋਕਾਂ ਦੇ ਹੋਏ ਕਤਲ ਤੇ ਹਿੰਦ ਦੀ ਵੰਡ ਅਤੇ ਇਸਦੇ ਸਿੱਟੇ ਵਜੋਂ ਹੋਇਆ ਬੇਪਨਾਹ ਖ਼ੂਨ ਖਰਾਬਾ ਮਹਾਤਮਾ ਗਾਂਧੀ ਦੀਆਂ ਇਹਨਾਂ ਆਸਾਂ ਦੀ ਕਤਈ ਸ਼ਿਕਸਤ ਸੀ ਕਿ ਬਰਤਾਨੀਆ ਤੋਂ ਹਕੂਮਤ ਅਨੁਸ਼ਾਸਤ ਅਤੇ ਮੁਕਾਬਲਤਨ ਪੁਰਅਮਨ ਢੰਗ ਨਾਲ ਹਾਸਿਲ ਕਰ ਲਈ ਜਾਏਗੀ। ਉਹਨਾਂ ਇਸ ਗੱਲ ਨੂੰ ਪਰਵਾਨ ਕਰਨ ਦੀ ਈਮਾਨਦਾਰੀ ਵੀ ਦਿਖਾਈ ਜਦੋਂ ਆਲ ਇੰਡੀਆ ਰੇਡੀਓ ਨੇ ਉਹਨਾਂ ਤੋਂ ਰਾਸ਼ਟਰ ਪਿਤਾ ਵਜੋਂ ਆਜ਼ਾਦੀ ਦਿਵਸ ਬਾਰੇ ਕੋਈ ਸਨੇਹਾ ਦੇਣ ਲਈ ਕਿਹਾ ਤਾਂ ਉਹਨਾਂ ਇਹ ਆਖਦਿਆਂ ਨਾਂਹ ਕਰ ਦਿੱਤੀ, “ਅੰਦਰ ਪੂਰੀ ਤਰ੍ਹਾਂ ਹਨੇਰਾ ਪਸਰਿਆ ਹੋਇਆ ਹੈ ਅਤੇ ਜੋ ਕੁਝ ਹੋ ਰਿਹਾ ਹੈ ਜੇ ਉਹ ਮੰਦਾ ਹੈ ਤਾਂ ਇਸਨੂੰ ਮੰਦਾ ਹੀ ਰਹਿਣ ਦਿਓ।”

ਪ੍ਰੋ. ਨਿਰਮਲ ਕੁਮਾਰ ਬੋਸ, ਜਿਹੜੇ ਗਾਂਧੀ ਜੀ ਦੇ ਦਾਨਸ਼ਵਰ ਪੈਰੋਕਾਰ ਅਤੇ ਸਿਰਕੱਢ ਭਾਰਤੀ ਮਾਨਵ-ਵਿਗਿਆਨੀ ਸਨ, ਨੇ ਉਸ ਵੇਲੇ ਦੇ ਦੁਖਦਾਈ ਵਾਕਿਆਤ ਦਾ ਅੱਖੀਂ ਡਿੱਠਾ ਹਾਲ ਕਲਮਬੰਦ ਕੀਤਾ, ਜਦੋਂ ਉਹ 1947 ਵਿਚ ਕਲਕੱਤੇ ਵਿਚ ਗਾਂਧੀ ਜੀ ਦੇ ਨਾਲ ਸਨ। ਫਿਰਕੂ ਫਸਾਦਾਂ ਦੀ ਹਨੇਰੀ ਝੁੱਲ ਰਹੀ ਸੀ। ਇਕ ਸ਼ਾਮ ਦੀ ਗੱਲ ਹੈ, ਹਿੰਦੂ ਨੌਜਵਾਨਾਂ ਦਾ ਇਕ ਜਥਾ ਮਹਾਤਮਾ ਦੇ ਨਿਵਾਸ ਦੇ ਬਾਹਰ ਆਇਆ ਤੇ ਕਹਿਣ ਲੱਗਾ ਕਿ ਉਹ ਗਾਂਧੀ ਜੀ ਦੀ ਆਸ਼ੀਰਵਾਦ ਚਾਹੁੰਦੇ ਹਨ। ਉਹਨਾਂ ਕੋਲ ਬੰਦੂਕਾਂ ਵੀ ਸਨ ਤੇ ਬੰਬ ਵੀ। ਉਹਨਾਂ ਦੱਸਿਆ ਕਿ ਉਹ ਇਹਨਾਂ ਹਥਿਆਰਾਂ ਨਾਲ ਮੁਸਲਮਾਨਾਂ ਦੀ ਰਾਖੀ ਕਰਨਗੇ। ਉਹਨਾਂ ਗਾਂਧੀ ਜੀ ਨੂੰ ਮਿਲੇ ਬਿਨਾ ਹਿੱਲਣ ਤੋਂ ਨਾਂਹ ਕਰ ਦਿੱਤੀ। ਨਾਅਰਿਆਂ ਦਾ ਸ਼ੋਰ ਸੁਣਕੇ ਗਾਂਧੀ ਜੀ ਬਾਹਰ ਆਏ, ਉਹਨਾਂ ਦੀ ਗੱਲ ਸੁਣੀ ਤੇ ਇਹ ਆਖਕੇ ਉਹਨਾਂ ਨੂੰ ਅਸ਼ੀਰਵਾਦ ਦਿੱਤੀ, “ਜਿਥੇ ਮੈਂ ਅਸਫ਼ਲ ਰਿਹਾ ਹਾਂ, ਤੁਸੀਂ ਆਪਣੇ ਜਤਨ ਕਰ ਦੇਖੋ।”

ਪਿਆਰੇ ਲਾਲ ਤੇ ਮਾਈਕਲ ਬ੍ਰੈਸ਼ਰ ਨੇ ਵੀ ਲਿਖਿਆ ਹੈ ਕਿ ਜਦੋਂ ਬਰਤਾਨਵੀ ਪ੍ਰਤਿਨਿਧਾਂ ਤੇ ਕਾਂਗਰਸੀ ਆਗੂਆਂ ਵਿਚਾਲੇ ਗੱਲਬਾਤ ਚਲ ਰਹੀ ਸੀ ਅਤੇ ਇਹ ਸਪਸ਼ਟ ਹੋ ਗਿਆ ਸੀ ਕਿ ਹਿੰਦੁਸਤਾਨ ਦੀ ਵੰਡ ਹੋਣ ਵਾਲੀ ਹੈ, ਗਾਂਧੀ ਜੀ ਨੇ ਸੁਝਾਅ ਦਿੱਤਾ ਸੀ ਕਿ ਇਸ ਵਾਰ 1942 ਦੀ “ਹਿੰਦੁਸਤਾਨ ਛੱਡੋ” ਲਹਿਰ ਨਾਲੋਂ ਵੀ ਵਿਸ਼ਾਲ ਪੱਧਰ ਦਾ ਲੋਕ ਸੰਘਰਸ਼ ਛੇੜਿਆ ਜਾਏ। ਪਰ ਉਹਨਾਂ ਦੇ ਸਾਰੇ ਹੀ ਲੈਫਟੀਨੈਂਟਾਂ-ਨਹਿਰੂ, ਪਟੇਲ, ਕਿਰਪਲਾਨੀ, ਰਾਜਿੰਦਰ ਪ੍ਰਸਾਦ-ਨੇ ਇਸ ਸੁਝਾਅ ਨੂੰ ਪਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਸੀ ਕਿ “ਜੇਲ੍ਹਾਂ ਭਰਨ ਦੇ ਦਿਨ ਹੁਣ ਬੀਤ ਚੁੱਕੇ ਹਨ।” ਪਰ ਜਦੋਂ 1946 ਵਿਚ ਰਾਇਲ ਇੰਡੀਅਨ ਨੇਵੀ ਵਿਚ ਬਗ਼ਾਵਤ ਹੋਈ ਅਤੇ ਇਸਦੀ ਹਮਾਇਤ ਵਿਚ ਬੰਬਈ ਦੇ ਮਜ਼ਦੂਰਾਂ ਨੇ ਅਨਿਸ਼ਚਿਤ ਹੜਤਾਲ ਕੀਤੀ ਅਤੇ ਇਸ ਤਰ੍ਹਾਂ ਹਿੰਦੂ-ਮੁਸਲਮ ਏਕਤਾ ਸੰਘਰਸ਼ ਦੀ ਅਗਨ ਕੁਠਾਲੀ ਵਿਚੋਂ ਮਜ਼ਬੂਤ ਹੋ ਕੇ ਨਿਕਲੀ ਤਾਂ ਮਹਾਤਮਾ ਗਾਂਧੀ ਨੇ ਇਸਨੂੰ “ਲਾਲ ਤਬਾਹੀ” ਦੱਸਿਆ ਅਤੇ ਇਸ “ਮੋਰਚਾਬੰਦੀ ਦੀ ਏਕਤਾ” ਦੀ ਨਿੰਦਾ ਕੀਤੀ ਤੇ ਅਤੇ ਕਿਹਾ ਕਿ ਜੇ ਹਿੰਦ ਦੀ ਆਜ਼ਾਦੀ ਦਾ ਇਹੀ ਰਾਹ ਹੈ ਤਾਂ ਮੈਨੂੰ 125 ਸਾਲ ਤੱਕ ਜਿਉਣ ਦੀ ਕੋਈ ਇੱਛਾ ਨਹੀਂ।

ਪਰ ਉਹ ਆਪਣੇ ਵੱਲੋਂ ਹਾਲਾਤ ਦਾ ਕੋਈ ਬਦਲ ਪੇਸ਼ ਨਾ ਕਰ ਸਕੇ। ਉਹਨਾਂ ਨੂੰ ਆਪ ਅੱਗੇ ਆ ਕੇ ਕਾਂਗਰਸੀ ਸਫਾਂ ਨੂੰ ਇਸ ਗੱਲ ਲਈ ਪ੍ਰੇਰਨਾ ਪਿਆ ਕਿ ਉਹ ਉਸ ਨਿਪਟਾਰੇ ਨੂੰ ਪਰਵਾਨ ਕਰ ਲੈਣ ਜਿਸਨੂੰ ਇਤਹਾਸ ਵਿਚ ‘ਸੱਤਾ ਦੀ ਤਬਦੀਲੀ’ ਜਾਂ ‘ਮਾਉਂਟਬੈਟਨ ਪਲੈਨ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਜਿਤਨੀ ਤੇਜ਼ੀ ਨਾਲ ਕਾਂਗਰਸ ਦਾ ਪਤਨ ਹੋਇਆ, ਉਸਨੇ ਉਹਨਾਂ ਨੂੰ ਐਨਾ ਮਾਯੂਸ ਕੀਤਾ ਕਿ ਉਹਨਾਂ ਕਾਂਗਰਸ ਨੂੰ ਭੰਗ ਕਰਨ ਅਤੇ ਉਸਦੀ ਥਾਂ ਲੋਕ ਸੇਵਕ ਸੰਘ ਕਾਇਮ ਕਰਨ ਦਾ ਸੱਦਾ ਦਿੱਤਾ। ਅੰਤ ਵਿਚ ਉਹਨਾਂ ਨੂੰ ਨਥੂ ਰਾਮ ਗਾਡਸੇ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ, ਉਹਨਾਂ ਦਾ ਕਾਤਲ ਆਪਣੇ ਆਪ ਨੂੰ ਗਾਂਧੀ ਜੀ ਨਾਲੋਂ ਵਧੇਰੇ ਬਿਹਤਰ ਹਿੰਦੂ ਸਮਝਦਾ ਸੀ। ਪਰ ਜਦੋਂ ਉਹਨਾਂ ਦਾ ਦਿਹਾਂਤ ਹੋਇਆ ਤਾਂ ਲੱਖਾਂ ਕਰੋੜਾਂ ਲੋਕਾਂ ਨੇ ਜਿਸ ਢੰਗ ਨਾਲ ਸੋਗ ਮਾਨਇਆ ਉਸਨੂੰ ਇਸ ਦੇਸ ਨੇ ਇਸਤੋਂ ਪਹਿਲਾਂ ਨਾ ਕਦੇ ਦੇਖਿਆ ਸੀ ਤੇ ਨਾ ਹੁਣ ਤੱਕ ਦੇਖਿਆ ਹੈ। ਉਹਨਾਂ ਦੀ ਸ਼ਿਕਰਤ ਦੇ ਸਮੇਂ ਉਹਨਾਂ ਨੂੰ ਐਨੀ ਵਿਆਪਕ ਸ਼ਰਧਾਜਲੀਂ ਕਿਉਂ?

ਲੋਕਾਂ ਵਲੋਂ ਗਾਂਧੀ ਜੀ ਨੂੰ ਇਸ ਲਾਮਿਸਾਲ ਸ਼ਰਧਾਂਜਲੀ ਦਾ ਕਾਰਨ ਗਾਂਧੀਵਾਦ ਦਾ ਅਮਿੱਟ ਵਿਰਸਾ ਹੈ। ਅਤੇ ਇਹ ਵਿਰਸਾ ਅੱਜ ਵੀ ਓਨਾ ਹੀ ਪਰਸੰਗਕ ਹੈ।

ਮਹਾਤਮਾ ਗਾਂਧੀ ਨੇ 1937 ਦੇ ਪਹਿਲੇ ਅੱਧ ਵਿਚ ਆਪ ਵੀ ਹਰੀਜਨ ਵਿਚ ਲਿਖਿਆ ਸੀ, “ਮੇਰੀਆਂ ਲਿਖਤਾਂ ਦਾ ਮੇਰੀ ਦੇਹ ਦੇ ਨਾਲ ਹੀ ਸੰਸਕਾਰ ਕਰ ਦਿੱਤਾ ਜਾਏ। ਜੋ ਕੁਝ ਮੈਂ ਲਿਖਿਆ ਜਾ ਕਿਹਾ, ਉਹ ਨਹੀਂ ਸਗੋਂ ਜੋ ਕੁਝ ਮੈਂ ਕੀਤਾ, ਉਹੀ ਕਾਇਮ ਰਹੇਗਾ। ਇਸ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਦੇ ਦਿਲੋਂ ਨਿਕਲੀ ਆਵਾਜ਼ ਇਹ ਸੀ, “ਮੈਂ ਤਾਂ ਕਸ਼ਮਕਸ਼ ਵਿਚੋਂ ਲੰਘ ਰਹੀ ਇਕ ਨਿਮਾਣੀ ਜਿਹੀ ਰੂਹ ਹਾਂ ਜਿਹੜੀ ਪੂਰੀ ਤਰ੍ਹਾਂ ਨੇਕ ਹੋਣਾ ਤਾਂਘਦੀ ਹੈ।”

ਜਿਸ ਗੱਲ ਨੇ ਉਹਨਾਂ ਨੂੰ ਮਹਾਨ ਬਣਾਇਆ, ਉਹ ਸੀ ਉਹਨਾਂ ਦਾ ਹਿੰਦ ਲਈ ਅਤੇ ਇਸਦੇ ਗਰੀਬਾਂ ਲਈ ਪਿਆਰ, ਜਿਹੜੇ ਜ਼ਿਆਦਾਤਰ ਪਿੰਡਾਂ ਵਿਚ ਵਸਦੇ ਸਨ। ਇਕ ਸਾਲ ਪਹਿਲਾਂ, ਜਿਸ ਤਰ੍ਹਾਂ ਉਹਨਾਂ ਹਰੀਜਨ ਵਿਚ ਲਿਖਿਆ ਸੀ, “ਮੇਰਾ ਧਰਮ ਪਰਮਾਤਮਾ ਦੀ ਤੇ ਇਸ ਤਰ੍ਹਾਂ ਗਰੀਬਾਂ ਦੀ ਸੇਵਾ ਕਰਨਾ ਹੈ। ਮੈਂ ਕੇਵਲ ਸਮੁੱਚੀ ਲੋਕਾਈ ਦਾ ਹਿੱਸਾ ਹੀ ਹਾਂ। ਮੈਂ ਪਰਮਾਤਮਾ ਨੂੰ ਮਨੁੱਖਤਾ ਨਾਲੋਂ ਵੱਖਰਾ ਕਰਕੇ ਨਹੀਂ ਪਾ ਸਕਦਾ। ਮੇਰੇ ਦੇਸ਼ਵਾਸੀ ਹੀ ਮੇਰੇ ਨੇੜਲੇ ਗਵਾਂਢੀ ਹਨ ਅਤੇ ਉਹ ਐਨੇ ਬੇਬੱਸ, ਐਨੇ ਸਾਧਨਹੀਣ, ਐਨੇ ਸਿਥਲ ਹੋ ਗਏ ਹਨ ਕਿ ਮੈਨੂੰ ਆਪਣਾ ਸਾਰਾ ਧਿਆਨ ਉਹਨਾਂ ਦੀ ਸੇਵਾ ਵੱਲ ਦੇਣਾ ਪੈਣਾ ਹੈ।

ਇਹ ਅਧੁਨਿਕ ਹਿੰਦੁਸਤਾਨ ਦੀ ਇਕ ਹੋਰ ਮਹਾਨ ਆਤਮਾ ਸੀ, ਜਿਹੜੀ ਗਾਂਧੀ ਜੀ ਨਾਲ ਮੱਤਭੇਦ ਵੀ ਰੱਖਦੀ ਸੀ ਅਤੇ ਉਹਨਾਂ ਨੂੰ ਸਮਝਦੀ ਵੀ ਸੀ। ਇਹ ਆਤਮਾ ਸੀ ਰਾਬਿੰਦਰਨਾਥ ਟੈਗੋਰ ਜਿਸਦਾ ਲੋਕਾਂ ਦੇ ਦਿਲਾਂ ਉੱਤੇ ਓਨਾ ਹੀ ਰਾਜ ਸੀ ਜਿਨਾ ਮਹਾਤਮਾ ਗਾਂਧੀ ਦਾ। ਉਹਨਾਂ ਆਪਣੀਆਂ ਲਿਖਤਾਂ ਵਿਚ ਗਾਂਧੀਵਾਦੀ ਲਹਿਰ ਦੀ ਬੌਧਿਕਤਾ-ਵਿਰੋਧੀ ਤੇ ਤੰਗਨਜ਼ਰ ਸੋਚ ਦੀ ਤੇ ਇਥੋਂ ਤੱਕ ਕਿ ਖੁਦ ਗਾਂਧੀ ਜੀ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ ਅਤੇ ਜਦੋਂ ਮਹਾਤਮਾ ਗਾਂਧੀ ਨੇ 1934 ਵਿਚ ਬਿਹਾਰ ਦੇ ਭਿਆਨਕ ਭੁਚਾਲ ਨੂੰ ਈਸ਼ਵਰੀ ਕਰੋਪੀ ਆਖਿਆ ਸੀ ਤਾਂ ਟੈਗੋਰ ਨੇ ਇਸ ਉੱਤੇ ਸਖ਼ਤ ਰੋਹ ਦਾ ਪ੍ਰਗਟਾਵਾ ਕੀਤਾ ਸੀ। 1921 ਵਿਚ ‘ਮਾਡਰਨ ਇੰਡੀਆ’ ਵਿਚ ਲਿਖਦਿਆਂ ਉਹਨਾਂ ਚਰਖਾ ਕੱਤਣ ਰਾਹੀਂ ਆਜ਼ਾਦੀ ਹਾਸਲ ਕਰਨ ਦੇ ਗਾਂਧੀ ਜੀ ਦੇ ਸੱਦੇ ਦੀ ਨੁਕਤਾਚੀਨੀ ਕੀਤੀ ਸੀ ਪਰ ਨਾਲ ਹੀ ਲਿਖਿਆ ਸੀ ਕਿ ਗਾਂਧੀ ਜੀ ਉਹੀ ਕੁਝ ਹਨ ਜੋ ਕੁਝ ਉਹ ਹੋ ਸਕਦੇ ਹਨ। ਉਹਨਾਂ ਲਿਖਿਆ ਸੀ, “ਮਾਇਆ ਅਨ੍ਹੇਰੇ ਦਾ ਦੂਸਰਾ ਨਾਂਅ ਹੀ ਤਾਂ ਹੈ। ਕੋਈ ਘੋੜਾ, ਭਾਵੇਂ ਉਹ ਕਿੰਨਾ ਵੀ ਤੇਜ਼ ਰਫ਼ਤਾਰ ਕਿਉਂ ਨਾ ਹੋਵੇ, ਸਾਨੂੰ ਇਸ ਅਨ੍ਹੇਰੇ ਤੋਂ ਪਾਰ ਨਹਂੀਂ ਲਿਜਾ ਸਕਦਾ ਅਤੇ ਕਿੰਨੀ ਵੀ ਮਾਤਰਾ ਵਿਚ ਪਾਣੀ ਇਸ ਅਨ੍ਹੇਰੇ ਨੂੰ ਧੋ ਨਹੀਂ ਸਕਦਾ। ਸੱਚ ਇਕ ਚਿਰਾਗ਼ ਵਾਂਗ ਹੈ। ਜਦੋਂ ਇਹ ਜਗ ਉੱਠਦਾ ਹੈ ਤਾਂ ਅਨ੍ਹੇਰਾ ਆਪਣੇ ਆਪ ਦੂਰ ਹੋ ਜਾਂਦਾ ਹੈ। ਜੇ ਅਸੀਂ ਆਪਣੇ ਦੇਸ ਦੇ ਰੂਪ ਵਿਚ ਸੱਚ ਨੂੰ ਆਪਣੇ ਅੰਦਰ ਵਸਾ ਲਈਏ ਤਾਂ ਸਾਡੀ ਬਾਹਰਲੀ ਮਾਇਆ ਆਪਣੇ ਆਪ ਅਲੋਪ ਹੋ ਜਾਏਗੀ। ਅਸੀਂ ਸਾਰੇ ਹੀ ਤਾਂ ਹਾਂ ਜਿਸਨੂੰ ਅਸੀਂ ਆਪਣਾ ਦੇਸ ਕਹਿੰਦੇ ਹਾਂ। ਲੋੜ ਕੇਵਲ ਇਸ ਵਿਸ਼ਵਾਸ ਨੂੰ ਦੁਹਰਾਉਣ ਦੀ ਹੈ ਕਿ ਅਸਾਂ ਆਪਣੇ ਦੇਸ ਨੂੰ ਸਾਕਾਰ ਬਣਾਉਣਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਡੇ ਵਿਚੋਂ ਹਰ ਇਕ ਨੂੰ ਹਿੰਮਤ ਕਰਨੀ ਪੈਣੀ ਹੈ। ਹਰ ਇਕ ਵਾਸਤਵਿਕ ਦਾ ਸੱਚਾ ਦੇਸ਼ ਉਹੀ ਹੈ ਜਿਸਨੂੰ ਉਸਨੇ ਆਪਣੀਆਂ ਸ਼ਕਤੀਆਂ ਨੂੰ ਆਪਣੇ ਅੰਦਰੋਂ ਜਗਾ ਕੇ ਸਿਰਜਿਆ ਹੋਵੇ: ਸਿਰਜਣਾ ਦਾ ਕਾਰਜ ਆਪਣੇ ਆਪ ਵਿਚ ਸੱਚ ਨੂੰ ਸਾਕਾਰ ਕਰਨ ਵਾਂਗ ਹੁੰਦਾ ਹੈ…

“ਮਹਾਤਮਾ ਗਾਂਧੀ ਆਏ ਤੇ ਲੱਖਾਂ ਵਿਰਵੇ ਲੋਕਾਂ ਦੀ ਕੁਟੀਆ ਅੱਗੇ ਜਾ ਖੜ੍ਹੇ ਹੋਏ। ਉਹਨਾਂ ਦਾ ਪਹਿਰਾਵਾ ਵਿਰਵੇ ਲੋਕਾਂ ਜਿਹਾ ਹੈ ਤੇ ਉਹ ਉਹਨਾਂ ਦੀ ਬੋਲੀ ਹੀ ਬੋਲਦੇ ਹਨ। ਅੰਤ ਨੂੰ ਅਸੀਂ ਸੱਚ ਨੂੰ ਸਾਕਾਰ ਦੇਖ ਰਹੇ ਹਾਂ। ਇਹ ਕਿਸੇ ਕਿਤਾਬ ਵਿਚੋਂ ਪੇਸ਼ ਕੀਤੇ ਹਵਾਲੇ ਵਾਂਗ ਨਹੀਂ। ਉਸਨੂੰ ਦਿੱਤਾ ਗਿਆ ਮਹਾਤਮਾ ਦਾ ਨਾਂਅ ਉਸਦਾ ਅਸਲ ਨਾਂਅ ਹੈ। ਹੋਰ ਕੌਣ ਹੈ ਜਿਸਨੇ ਐਨੇ ਮਰਦ ਔਰਤਾਂ ਨੂੰ ਆਪਣਾ ਹੀ ਲਹੂ ਤੇ ਮਾਸ ਸਮਝਿਆ ਹੋਵੇ? ਸੱਚ ਦੀ ਛੋਹ ਨਾਲ ਆਤਮਾ ਦੀਆਂ ਦੱਬੀਆਂ ਹੋਈਆਂ ਸ਼ਕਤੀਆਂ ਜਾਗ ਉੱਠੀਆਂ ਹਨ। ਜਿਵੇਂ ਹੀ ਸੱਚੇ ਪਿਆਰ ਨਾਲ ਉਸਨੇ ਹਿੰਦ ਦੇ ਦਵਾਰ ਉੱਤੇ ਹੋਕਾ ਦਿੱਤਾ, ਇਹ ਦਵਾਰ ਆਪਣੇ ਆਪ ਖੁੱਲ੍ਹ ਗਿਆ, ਸਾਰੀਆਂ ਹਿਚਕਚਾਹਟਾਂ ਤੇ ਸਾਰੀਆਂ ਰੋਕਾਂ ਦੂਰ ਹੋ ਗਈਆਂ। ਸੱਚ ਨੇ ਸੱਚ ਜਗਾ ਦਿੱਤਾ… ਜਿਹੜੀ ਗੱਲ ਸਭ ਤੋਂ ਵੱਧ ਮਹੱਤਵਪੂਰਨ ਹੈ ਉਹ ਇਹ ਹੈ ਕਿ ਮਹਾਤਮਾ ਦੇ ਸਰਵਉੱਚ ਪਿਆਰ ਨੇ ਦੇਸ ਦੇ ਪਿਆਰ ਨੂੰ ਆਪਣੇ ਅੰਦਰ ਵਸਾ ਲਿਆ ਹੈ। ਇਸ ਸਾਰੇ ਕੁਝ ਦੇ ਕਾਰਨ ਜੋ ਕੁਝ ਹੋਇਆ ਹੈ ਉਹ ਆਜ਼ਾਦੀ ਦੇ ਜਨਮ ਤੋਂ ਘੱਟ ਨਹੀਂ ਅਤੇ ਇਹ ਆਪਣੇ ਆਪ ਵਿਚ ਦੇਸ਼ ਦੀ ਪ੍ਰਾਪਤੀ ਹੈ।”

“ਮਹਾਤਮਾ ਨੇ ਆਪਣੇ ਪਿਆਰ ਨਾਲ ਹਿੰਦ ਦਾ ਦਿਲ ਜਿੱਤ ਲਿਆ ਹੈ; ਇਸ ਦੇ ਲਈ ਅਸੀਂ ਉਸਦੀ ਸਰਦਾਰੀ ਪਰਵਾਨ ਕਰ ਚੁੱਕੇ ਹਾਂ। ਉਸਨੇ ਸਾਨੂੰ ਸੱਚ ਦੀ ਸ਼ਕਤੀ ਪ੍ਰਤੱਖ ਕਰਕੇ ਦਿਖਾ ਦਿੱਤੀ ਹੈ; ਇਸਦੇ ਲਈ ਅਸੀਂ ਉਸ ਨੂੰ ਆਪਣਾ ਲੱਖ ਲੱਖ ਸ਼ੁਕਰਾਨਾ ਪੇਸ਼ ਕਰਦੇ ਹਾਂ । ਅਸਾਂ ਸੱਚ ਦਾ ਜ਼ਿਕਰ ਕਿਤਾਬਾਂ ਵਿਚ ਪੜ੍ਹਿਆ ਸੀ। ਪਰ ਸਾਡੇ ਲਈ ਇਹ ਯਾਦਗਾਰੀ ਚਿੰਨ੍ਹ ਬਣ ਗਿਆ ਹੈ ਕਿ ਅਸੀਂ ਇਸਨੂੰ ਆਪਣੇ ਰੂ-ਬ-ਰੂ ਦੇਖ ਰਹੇ ਹਾਂ। ਤਿਲਕ ਸਮੇਤ ਬਹੁਤ ਸਾਰੇ ਆਗੂਆਂ ਨੇ ਇਸਦੇ ਕਿਸੇ ਇਸ ਜਾਂ ਉਸ ਪੱਖ ਦੀ ਝਲਕ ਹੀ ਦੇਖੀ ਸੀ। ਹੋਰਨਾਂ ਨੇ ਜਿਸ ਗੱਲ ਵੱਲ ਧਿਆਨ ਦੁਆਇਆ ਉਹ ਇਹ ਸੀ ਕਿ ਸਾਮਰਾਜਸ਼ਾਹੀ ਦੇ ਖਿਲਾਫ਼ ਤੇ ਸ਼ੋਸਲਿਜ਼ਮ ਲਈ ਸੰਘਰਸ਼ ਵਾਸਤੇ ਸੰਸਾਰ ਵਿਆਪੀ ਪ੍ਰਕਿਰਿਆ ਦੀਆਂ ਮੁਆਫ਼ਕ ਹਾਲਤਾਂ ਜ਼ਰੂਰੀ ਹਨ ਪਰ ਉਹਨਾਂ ਦਾ ਜ਼ੋਰ ਵਧੇਰੇ ਕਰਕੇ ਮੁਆਫ਼ਕ ਹਾਲਤਾਂ ਉੱਤੇ ਹੁੰਦਾ ਸੀ। ਕੁਝ ਹੋਰਨਾਂ ਨੇ ਸਮਾਜੀ ਵੰਡੀਆਂ ਉੱਤੇ ਉਚੇਚਾ ਜ਼ੋਰ ਦਿੱਤਾ। ਜਿਸਦੇ ਪਰਮਾਣ ਦਾ ਆਧਾਰ ਉਹ ਅਜਿਹੇ ਦੇਸ਼ਾਂ ਦੇ ਤਜਰਬਿਆਂ ਨੂੰ ਬਣਾਉਂਦੇ ਸਨ ਜਿਥੇ ਸ਼੍ਰੇਣੀ ਵੰਡ ਪੱਕ ਚੁੱਕੀ ਸੀ ਅਤੇ ਭਾਰੂ ਹਕੀਕਤ ਬਣ ਚੁੱਕੀ ਸੀ।

ਜੇ ਹਿੰਦ ਨੇ ਆਪਣੇ ਆਪ ਨੂੰ ਪਹਿਚਾਨਣਾ ਸੀ ਅਤੇ ਕਾਯਾਕਲਪ ਰਾਹੀਂ ਆਪਣੇ ਆਪ ਨੂੰ ਸਾਕਾਰ ਕਰਨਾ ਸੀ ਤਾਂ ਇਸਦੇ ਲਈ ਹਿੰਦ ਦਾ ਗਿਆਨ ਪਹਿਲੀ ਸ਼ਰਤ ਸੀ। ਹਿੰਦ ਦੀ ਮਹਾਨ ਸੱਭਿਆਤਮਕ ਹੋਂਦ ਸੱਜਰੀ ਕਾਯਾਕਲਪ ਦੀ ਉਡੀਕ ਵਿਚ ਸੀ। ਠੀਕ ਇਹਨਾਂ ਅਰਥਾਂ ਵਿਚ ਹੀ ਗਾਂਧੀ ਜੀ ਨੇ ਸਮੇਂ ਨੂੰ ਪਛਾਣਿਆਂ, ਇਸਦਾ ਨਿਰੂਪਣ ਕੀਤਾ ਤੇ ਇਸਨੂੰ ਜਗਾਇਆ। ਇਹ ਕੇਵਲ ਕੌਮਪ੍ਰਸਤੀ ਨਹੀਂ ਸੀ ਸਗੋਂ ਇਸਤੋਂ ਕੁਝ ਵਧੇਰੇ ਸੀ ਤੇ ਇਸਨੂੰ ਆਪਣਾ ਆਪ ਹੋਣ ਲਈ ਅਪਣੇ ਤੋਂ ਕੁਝ ਵੱਧ ਹੋਣਾ ਜ਼ਰੂਰੀ ਸੀ। ਪਹਿਲੇ ਪੱਖ ਨੂੰ ਗਾਂਧੀ ਜੀ ਨੇ ਬੁਝਾ ਲਿਆ ਸੀ ਪਰ ਦੂਸਰਾ ਪੱਖ ਉਹਨਾਂ ਦੀ ਗ੍ਰਿਫਤ ਵਿਚ ਨਾ ਆ ਸਕਿਆ।

ਇਸ ਮਾਮਲੇ ਵਿਚ ਕੇਵਲ ਦੋ ਹੀ ਸ਼ਖ਼ਸੀਅਤਾਂ ਹਨ ਜਿਨ੍ਹਾਂ ਨਾਲ ਉਹਨਾਂ ਦੀ ਤੁਲਨਾ ਹੋ ਸਕਦੀ ਹੈ। ਇਕ ਮਾਓ ਜੇ ਤੁੰਗ ਤੇ ਦੂਸਰੇ ਹੋ ਚੀ ਮਿੰਨ੍ਹ। ਪਹਿਲੀ ਸ਼ਖ਼ਸੀਅਤ ਅਖੀਰ ਵਿਚ ਥਿੜਕ ਗਈ ਭਾਵੇਂ ਗਾਂਧੀ ਜੀ ਨਾਲੋਂ ਵੱਖਰੇ ਢੰਗ ਨਾਲ ਦੂਸਰੀ ਸ਼ਖ਼ਸੀਅਤ ਅਖੀਰ ਤੋਂ ਹੋਰ ਅੱਗੇ ਤੱਕ ਜਾ ਸਕੀ ਭਾਵੇਂ ਉਸਦੀ ਸਰਗਰਮੀ ਗਾਂਧੀ ਅਤੇ ਮਾਓ ਨਾਲੋਂ ਗੁਣਾਤਾਮਕ ਤੌਰ ‘ਤੇ ਛੋਟੇ ਪਨ੍ਹੇ ਦੀ ਸੀ। ਮਰਹੂਮ ਕੇ। ਦਮੋਦਰਨ ਨੇ 1963 ਵਿਚ ਹੋਨਈ ਵਿਚ ਹੋ ਚੀ ਮਿੰਨ੍ਹ ਨਾਲ ਗੱਲਬਾਤ ਰਿਕਾਰਡ ਕੀਤੀ ਸੀ। ਉਹਨਾਂ ਵੀਅਤਨਾਮੀ ਆਗੂ ਨੂੰ ਪੁੱਛਿਆ ਸੀ ਕਿ ਕੀ ਕਾਰਨ ਹੈ ਕਿ ਹਿੰਦੁਸਤਾਨ ਦੇ ਕਮਿਉਨਿਸਟ ਵੀਅਤਨਾਮੀ ਕਮਿਉਨਿਸਟਾਂ ਦੇ ਮੁਕਾਬਲੇ ਉੱਤੇ ਬਹੁਤ ਹੀ ਊਣੇ ਨਤੀਜੇ ਪੈਦਾ ਕਰ ਸਕੇ। ਹੋ ਚੀ ਮਿੰਨ੍ਹ ਦਾ ਉੱਤਰ ਸੀ ਕਿ ਹਿੰਦੁਸਤਾਨ ਵਿਚ ਕਮਿਉਨਿਸਟਾਂ ਨੂੰ ਗਾਂਧੀ ਜੀ ਦਾ ਮੁਕਾਬਲਾ ਕਰਨਾ ਪਿਆ ਜਦਕਿ ਵੀਅਤਨਾਮ ਵਿਚ ਉਹ ਆਪ ਗਾਂਧੀ ਸੀ। ਇਸਤੋਂ ਪਹਿਲਾਂ ਹੋ ਚੀ ਮਿੰਨ੍ਹ ਨੇ ਆਪਣੇ ਆਪ ਨੂੰ ਗਾਂਧੀ ਜੀ ਦਾ ਪੈਰੋਕਾਰ ਦੱਸਿਆ ਸੀ। ਪ੍ਰਤੱਖ ਤੌਰ ‘ਤੇ ਅਹਿੰਸਾਵਾਦ ਪੱਖੋ ਨਹੀਂ -ਪਰ ਹਕੀਕਤ ਨੂੰ ਉਸਦੇ ਸਮੁੱਚੇ ਰੂਪ ਵਿਚ ਸਮਝਣ ਦੇ ਪੱਖੋਂ ਨਿਸਚੇ ਹੀ।

ਇਹ ਕਹਿਣਾ ਕਿੰਨਾ ਸਰਲ ਜਾਪਦਾ ਹੈ ਕਿ ਹਿੰਦੁਸਤਾਨ ਪੂਰਾ ਹੀ ਤਾਂ ਹੈ। ਪਰ ਅਜਿਹੀਆਂ ਸੱਚਾਈਆਂ ਦੀ ਸਰਲਤਾ ਇਕ ਅਜਿਹੀ ਚੀਜ਼ ਹੈ ਜਿਸਦੀ ਹਾਥ ਮਹਾਨ ਆਤਮਾਵਾਂ ਹੀ ਪਾ ਸਕਦੀਆਂ ਹਨ ਅਤੇ ਇਸ ਤੋਂ ਲੱਖਾਂ ਕਰੋੜਾਂ ਲੋਕਾਂ ਨੂੰ ਸੁਚੇਤ ਕਰ ਸਕਦੀਆਂ ਹਨ। ਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ਵਿਚ ਹਿੰਦ ਵਿਚ ਬਹੁਤ ਕੁਝ ਬਦਲ ਚੁੱਕਾ ਹੈ। ਪੂੰਜੀਵਾਦੀ ਸ਼੍ਰੇਣੀ ਦੇ ਵਿਕਸਤ ਹੋਣ ਨਾਲ ਸ਼੍ਰੇਣੀ ਵਖਰੇਵੇਂ ਵਧੇਰੇ ਸਪਸ਼ਟ ਹੋ ਗਏ ਹਨ ਤੇ ਵਧੇਰੇ ਨਿਖਰਵੇਂ ਰੂਪ ਵਿਚ ਸਾਹਮਣੇ ਆ ਗਏ ਹਨ। ਸਮਾਜੀ ਸਵਾਲ ਦਿਨੋ ਦਿਨ ਵਧੇਰੇ ਉਭਰ ਕੇ ਅੱਗੇ ਆ ਰਹੇ ਹਨ। ਹਿੰਦ ਅਜੇ ਤੱਕ ਪੂਰੇ ਦਾ ਪੂਰਾ ਹੈ, ਭਾਵੇਂ ਇਸਦੀ ਪੂਰਨਤਾ ਲਈ ਖ਼ਤਰਾ ਵੱਧ ਰਿਹਾ ਹੈ।

ਪਰ ਇਹ ਕੇਵਲ ਗਾਂਧੀ ਜੀ ਦੀ ਦੂਰਦਰਸ਼ਤਾ ਦੀ ਸਮੱਗਰਤਾ ਨਹੀਂ ਸੀ ਤੇ ਨਾ ਹੀ ਅਜਿਹੀਆਂ ਪ੍ਰਸਥਿਤੀਆਂ ਦੀ ਸਮੱਗਰਤਾ ਸੀ ਜਿਹਨਾਂ ਨੂੰ ਉਹਨਾਂ ਤਹਿਰੀਕ ਦਾ ਰੂਪ ਦਿੱਤਾ। ਉਹਨਾਂ ਦੀ ਦੂਰਦਰਸ਼ਤਾ ਇਸ ਗੱਲ ਵਿਚ ਵੀ ਨਹੀਂ ਸੀ ਕਿ ਉਹਨਾਂ ਹਿੰਦ ਦੀ ਕੰਗਾਲੀ ਨੂੰ ਸਮਝਿਆ। ਉਹਨਾਂ ਦੀ ਦੂਰਦਰਸ਼ਤਾ ਇਸ ਗੱਲ ਵਿਚ ਸੀ ਕਿ ਉਹਨਾਂ ਹਿੰਦ ਦੇ ਗਰੀਬ ਲੋਕਾਂ ਦੀ ਸ਼ਕਤੀ ਨੂੰ ਪਛਾਣਿਆਂ। ਉਹਨਾਂ ਇਸ ਗੱਲ ਨੂੰ ਸਮਝਿਆ ਕਿ ਇਹ ਇਹੀ ਲੋਕ ਹਨ ਜਿਨ੍ਹਾਂ ਤੱਕ ਪਹੁੰਚ ਕਰਨੀ ਅਤੇ ਜਿਨ੍ਹਾਂ ਨੂੰ ਜਾਗਰਤ ਕਰਨਾ ਤੇ ਜਿਥੋਂ ਤੱਕ ਸੰਭਵ ਹੋ ਸਕੇ ਸੱਚਮੁਚ ਜਨਤਕ ਪੱਧਰ ਅਤੇ ਕੁੱਲ ਹਿੰਦ ਪੈਮਾਨੇ ਉੱਤੇ ਅਜਿਹੇ ਐਕਸ਼ਨ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ, ਜਿਸ ਵਿਚ ਸ਼ਕਤੀਸਾਲੀ ਲਹਿਰ ਬਨਣ ਦੀ ਸੰਭਾਵਨਾ ਹੋਵੇ।ਪਰ ਜਿਸ ਢੰਗ ਨਾਲ ਗਾਂਧੀ ਜੀ ਆਪਣੀ ਕਾਰਜਨੀਤੀ ਨੂੰ ਅਮਲ ਵਿਚ ਲਿਆਉਣਾ ਚਾਹੁੰਦੇ ਸਨ, ਉਸ ਕਾਰਨ ਉਹਨਾਂ ਦਾ ਟੈਗੋਰ ਨਾਲ ਟਕਰਾਅ ਪੈਦਾ ਹੋਇਆ। ਦੋ ਮਹਾਨ ਆਤਮਾਵਾਂ ਵਿਚਾਲੇ ਮੱਤਭੇਦਾਂ ਦੀ ਇਹ ਅੱਤ ਦਿਲਚਸਪੀ ਮਿਸਾਲ ਸੀ। ਟੈਗੋਰ ਦੇ ਜਿਸ ਲੇਖ ਦਾ ਹਵਾਲਾ ਉੱਤੇ ਦਿੱਤਾ ਗਿਆ ਹੈ, ਉਸੇ ਵਿਚ ਉਹਨਾਂ ਗਾਂਧੀਵਾਦੀ ਲਹਿਰ ਦੀ ਤੰਗਨਜ਼ਰੀ ਦੀ ਤੇ ਉਸਦੇ ਆਪਮੁਹਾਰੇਪਨ ਤੋਂ ਵਿਰਵੇ ਹੋਣ ਦੀ ਸ਼ਕਾਇਤ ਕੀਤੀ ਸੀ; ਉਹਨਾਂ ਪਾਰਦਰਸ਼ਤਾ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਲਿਖਿਆ ਸੀ, “ਮੇਰਾ ਇਕ ਪਲ ਲਈ ਵੀ ਇਹ ਮਤਲਬ ਨਹੀਂ ਕਿ ਜਿਹੜਾ ਕਾਰਜ ਅਸਾਂ ਸ਼ੁਰੂ ਕਰ ਰੱਖਿਆ ਹੈ, ਉਸਨੂੰ ਅਸੀਂ ਘਟਾ ਕੇ ਦੇਖੀਏ। ਜਦੋਂ ਸਵੇਰਸਾਰ ਕਿਸੇ ਪੰਛੀ ਦੀ ਜਾਗ ਖੁੱਲ੍ਹਦੀ ਹੈ, ਉਸਦੀ ਜਾਗ ਇਕਦਮ ਦਾਣੇ-ਦੁਣਕੇ ਦੀ ਭਾਲ ਦਾ ਰੂਪ ਧਾਰਨ ਨਹੀਂ ਕਰਦੀ। ਉਸਦੇ ਪੰਖ ਆਪਮੁਹਾਰੇ ਆਕਾਸ਼ ਦੇ ਸੱਦੇ ਦਾ ਹੁੰਗਾਰਾ ਭਰਦੇ ਹਨ ਤੇ ਨਵਾਂ ਚਾਨਣ ਪਸਰਨ ਦੀ ਖੁਸ਼ੀ ਵਿਚ ਉਸਦੇ ਕੰਠ ਵਿਚੋਂ ਗੀਤ ਫੁੱਟ ਪੈਂਦੇ ਹਨ। ਵਿਸ਼ਵ ਮਨੁੱਖਤਾ ਨੇ ਸਾਨੂੰ ਵੀ ਆਪਣਾ ਸੱਦਾ ਦੇ ਭੇਜਿਆ ਹੈ। ਸਾਡੇ ਮਨ ਨੂੰ ਵੀ ਇਸ ਸੱਦੇ ਦਾ ਹੁੰਗਾਰਾ ਆਪਣੀ ਬੋਲੀ ਵਿਚ ਭਰਨਾ ਚਾਹੀਦਾ ਹੈ।

ਇਸਦੇ ਉੱਤਰ ਵਿਚ ਮਹਾਤਮਾ ਨੇ ਕਵੀ ਨੂੰ, ਜਿਸਨੂੰ ਉਹ ਦੇਸ ਦਾ ਮਹਾਨ ਰੱਖਿਅਕ ਆਖਦੇ ਸਨ, ਉੱਤਰ ਦਿੰਦਿਆਂ ਲਿਖਿਆ ਸੀ, “ਆਪਣੀ ਕਾਵਿਕ ਅੰਤਰ-ਪਰੇਰਨਾ ਦੇ ਅਨੁਸਾਰ ਆਉਣ ਵਾਲੇ ਕੱਲ੍ਹ ਲਈ ਜਿਉਂਦਾ ਹੈ ਤੇ ਸਾਥੋਂ ਵੀ ਇਹੀ ਆਸ ਰੱਖਦਾ ਹੈ। ਉਹ ਸਾਡੀ ਪਰਸੰਸਾ ਭਰੀ ਨਜ਼ਰ ਲਈ ਪਹੁਫਟਾਲੇ ਦੀ ਦਿਲਕਸ਼ ਤਸਵੀਰ ਪੇਸ਼ ਕਰਦਾ ਹੈ ਜਦੋਂ ਪੰਛੀ ਆਕਾਸ਼ ਵਿਚ ਉਡਾਰੀਆਂ ਲਾਉਂਦੇ ਹਨ ਤੇ ਉਸਤਤੀ ਦੇ ਗੀਤ ਗਾਉਂਦੇ ਹਨ। ਇਹਨਾਂ ਪੰਛੀਆਂ ਨੇ ਦਿਨ ਭਰ ਚੋਗਾ ਚੁਗ ਲਿਆ ਹੁੰਦਾ ਹੈ ਅਤੇ ਰਾਤ ਭਰ ਦੇ ਆਰਾਮ ਪਿੱਛੋਂ ਨਵੇਂ ਲਹੂ ਤੇ ਥਕੇਵਾਂ-ਲੱਥੇ ਪਰਾਂ ਨਾਲ ਉਹ ਆਕਾਸ਼ ਵਿਚ ਉਡਾਰੀਆਂ ਭਰ ਸਕਦੇ ਹਨ। ਪਰ ਮੈਨੂੰ ਅਜਿਹੇ ਪੰਛੀਆ ਨੂੰ ਦੇਖਣ ਦਾ ਦੁੱਖ ਸਹਿਣਾ ਪੈਂਦਾ ਹੈ ਜਿਹੜੇ ਜਾਗਦੇ ਹਨ ਤਾਂ ਉਹਨਾਂ ਵਿਚ ਪਰ ਫੜਫਾਉਣਾ ਜੋਗੀ ਹਿੰਮਤ ਵੀ ਨਹੀਂ ਹੁੰਦੀ। ਹਿੰਦੁਸਤਾਨੀ ਆਕਾਸ਼ ਹੇਠ ਮਨੁੱਖੀ ਪੰਛੀ ਜਦੋਂ ਜਾਗਦੇ ਹਨ ਤਾਂ ਆਰਾਮ ਕਰਨ ਦਾ ਭਰਮ ਪਾਲਣ ਨਾਲੋਂ ਵੀ ਵੱਧ ਥੱਕੇ ਹੁੰਦੇ ਹਨ। ਕਰੋੜਾਂ ਲੋਕਾਂ ਲਈ ਜਾਂ ਤਾਂ ਸਦੀਵੀ ਜਗਰਾਤਾ ਹੈ ਜਾਂ ਸਦੀਵੀ ਘੂਕੀ ਦੀ ਹਾਲਤ ਹੈ। ਇਹ ਨਾਕਾਬਲੇ ਬਿਆਨ ਸਥਿਤੀ ਹੈ ਜਿਸਦਾ ਅਹਿਸਾਸ ਇਹਦੇ ਤਜਰਬੇ ਰਾਹੀਂ ਹੀ ਹੋ ਸਕਦਾ ਹੈ। ਮੈਂ ਦੇਖਿਆ ਹੈ ਕਿ ਦੁੱਖ ਭੋਗ ਰਹੇ ਲੋਕਾਂ ਨੂੰ ਕਬੀਰ ਦੇ ਗੀਤਾਂ ਨਾਲ ਦਿਲਾਸਾ ਦੇਣਾ ਕਿੰਨਾ ਅਸੰਭਵ ਹੈ। ਕਰੋੜਾਂ ਭੁੱਖੇ ਲੋਕ ਇੱਕੋ ਕਵਿਤਾ ਦੀ ਮੰਗ ਕਰਦੇ ਹਨ ਤੇ ਉਹ ਹੈ ਸਰੀਰ ਵਿਚ ਜਾਨ ਪੈਦਾ ਕਰਨ ਜੋਗਾ ਅੰਨ। ਇਹ ਉਹਨਾਂ ਨੂੰ ਦਿੱਤਾ ਨਹੀਂ ਜਾ ਸਕਦਾ। ਇਹ ਉਹ ਕਮਾ ਕੇ ਹੀ ਖਾ ਸਕਦੇ ਹਨ ਅਤੇ ਇਹ ਉਹ ਆਪਣੇ ਲਹੂ-ਮੁੜ੍ਹਕੇ ਨਾਲ ਹੀ ਕਮਾ ਸਕਦੇ ਹਨ।”

ਪੰਜ ਸਾਲ ਤੇ ਕੁਝ ਮਹੀਨੇ ਪਿੱਛੋਂ ਉਹਨਾਂ ‘ਯੰਗ ਇੰਡੀਆ’ ਵਿਚ ਉਹਨਾਂ ਲਿਖਿਆ ਸੀ, “ਹਨੂਮਾਨ ਨੇ ਆਪਣਾ ਸੀਨਾ ਚੀਰਕੇ ਦਿਖਾਇਆ ਸੀ ਕਿ ਉਸਦੇ ਹਿਰਦੇ ਵਿਚ ਸਿਵਾਏ ਰਾਮ ਨਾਮ ਦੇ ਹੋਰ ਕੁਝ ਵੀ ਨਹੀਂ। ਪਰ ਮੇਰੇ ਵਿਚ ਆਪਣਾ ਸੀਨਾ ਚੀਰਕੇ ਦਿਖਾਉਣ ਦੀ ਉਹ ਸ਼ਕਤੀ ਨਹੀਂ ਹੈ। ਜਿਹੜੀ ਹਨੂਮਾਨ ਵਿਚ ਸੀ। ਪਰ ਮੈਂ ਤੁਹਾਨੂੰ ਯਕੀਨ ਦੁਆ ਸਕਦਾ ਹਾਂ ਕਿ ਜੇ ਤੁਹਾਡੇ ਵਿਚੋਂ ਕੋਈ ਮੇਰਾ ਸੀਨਾ ਚੀਰਨ ਦੀ ਰੁਚੀ ਰੱਖਦਾ ਹੋਵੇ ਤਾਂ ਤੁਸੀਂ ਮੇਰੇ ਸੀਨੇ ਵਿਚ ਵੀ ਉਸੇ ਰਾਮ ਦਾ ਪਿਆਰ ਹੀ ਦੇਖੋਗੇ ਜਿਸਨੂੰ ਮੈਂ ਹਿੰਦ ਦੇ ਕਰੋੜਾਂ ਫ਼ਾਕਾਕਸ਼ ਲੋਕਾਂ ਦੇ ਚਿਹਰੇ ਵਿੱਚੋਂ ਦੇਖਦਾ ਹਾਂ”। ਗਾਂਧੀ ਜੀ ਨੇ ‘ਦਰਿਦਰ ਨਰਾਇਣ’ ਦਾ ਨਵਾਂ ਕਥਨ ਵੀ ਘੜਿਆ ਸੀ-ਦਰਿਦਰ ਨਰਾਇਣ ਦਾ ਅਰਥ ਗਰੀਬਾਂ ਦਾ ਦੇਵਤਾ ਨਹੀਂ ਸਗੋਂ ਗਰੀਬਾਂ ਤੋਂ ਹੈ ਜੋ ਆਪ ਦੇਵਤਾ ਹਨ। ਉਹਨਾਂ ਦੀ ਪੂਜਾ ਅਜਿਹੀ ਸੇਵਾ ਰਾਹੀਂ ਕਰਨੀ ਲੋੜੀਂਦੀ ਹੈ ਜਿਹੜੀ ਉਹਨਾਂ ਨੂੰ ਕੰਮ ਕਰਨ ਤੇ ਸੰਘਰਸ਼ ਕਰਨ ਤੇ ਇਸ ਤਰ੍ਹਾਂ ਗਰੀਬੀ ਤੋਂ ਛੁਟਕਾਰਾ ਹਾਸਲ ਕਰਨ ਵਿਚ ਸਹਾਈ ਹੋ ਸਕੇ।”

ਉਹਨਾਂ ਗਰੀਬਾਂ ਨੂੰ ਉੱਥੇ ਲੱਭਿਆ ਜਿਥੇ ਉਹ ਵਸਦੇ ਸਨ-ਅਰਥਾਤ ਪਿੰਡਾਂ ਵਿਚ। ਮਾਰਚ, 1922 ਵਿਚ ਅਦਾਲਤ ਵਿਚ ਦਿੱਤੇ ਆਪਣੇ ਧੜੱਲੇ ਭਰੇ ਬਿਆਨ ਵਿਚ ਉਹਨਾਂ ਕਿਹਾ ਸੀ: “ਸ਼ਹਿਰਾਂ ਵਿਚ ਵੱਸਣ ਵਾਲਿਆਂ ਨੂੰ ਇਸ ਗੱਲ ਦਾ ਘੱਟ ਹੀ ਇਲਮ ਹੈ ਕਿ ਹਿੰਦ ਤੇ ਅੱਧ ਭੁੱਖੇ ਲੋਕ ਕਿਸ ਤਰ੍ਹਾਂ ਬੇਬਸੀ ਦੀਆਂ ਨਿਵਾਣਾਂ ਵਿਚ ਲਹਿੰਦੇ ਜਾ ਰਹੇ ਹਨ। ਸ਼ਹਿਰਾਂ ਵਿਚ ਵਸਣੇ ਵਾਲੇ ਲੋਕਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਨਹੀਂ ਕਿ ਜਿਹੜੀ ਘਟੀਆ ਜਿਹੀ ਆਰਾਮਦੇਹ ਜ਼ਿੰਦਗੀ ਉਹ ਜਿਉਂ ਰਹੇ ਹਨ, ਉਹ ਉਸ ਕੰਮ ਦੀ ਦਲਾਲੀ ਤੋਂ ਵੱਧ ਕੁਝ ਨਹੀਂ ਜਿਹੜਾ ਉਹ ਬਦੇਸ਼ੀ ਲੋਟੂਆਂ ਲਈ ਕਰ ਰਹੇ ਹਨ। ਉਹ ਨਹੀਂ ਜਾਣਦੇ ਕਿ ਜਿਨ੍ਹਾਂ ਮੁਨਾਫ਼ਿਆਂ ਤੇ ਜਿਸ ਦਲਾਲੀ ਦੇ ਆਸਰੇ ਉਹ ਜਿਉਂ ਰਹੇ ਹਨ, ਉਹ ਲੋਕਾਂ ਦਾ ਖ਼ੂਨ ਚੂਸਕੇ ਹਾਸਲ ਕੀਤੀ ਜਾ ਰਹੀ ਹੈ। ਉਹਨਾਂ ਨੂੰ ਨਹੀਂ ਪਤਾ ਕਿ ਕਾਨੂੰਨ ਦੇ ਨਾਂਅ ਉੱਤੇ ਜਿਹੜੀ ਸਰਕਾਰ ਬਰਤਾਨਵੀ ਹਿੰਦ ਵਿਚ ਕਾਇਮ ਹੈ ਉਹ ਲੋਕਾਂ ਦੀ ਇਸੇ ਲੁੱਟ ਖਸੁੱਟ ਨੂੰ ਕਾਇਮ ਰੱਖਣ ਲਈ ਚਲਾਈ ਜਾ ਰਹੀ ਹੈ। ਕੋਈ ਲਫ਼ਜ਼ੀ ਹੇਰਾਫੇਰੀ, ਅੰਕੜਿਆਂ ਦੀ ਕੋਈ ਚਤੁਰਾਈ ਪਿੰਡਾਂ ਵਿਚ ਉਹਨਾਂ ਪਿੰਜਰਾਂ ਨੂੰ ਧਿਆਨ ਤੋਂ ਪਰ੍ਹਾਂ ਨਹੀਂ ਲਿਜਾ ਸਕਦੀ, ਜਿਹੜੇ ਤਾਹਨੂੰ ਸਾਖਿਆਤ ਦੇਖਣ ਨੂੰ ਮਿਲਦੇ ਹਨ। ਮੈਨੂੰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇੰਗਲੈਂਡ ਵਿਚ ਅਤੇ ਹਿੰਦ ਦੇ ਸ਼ਹਿਰਾਂ ਵਿਚ ਵੱਸਣ ਵਾਲੇ ਲੋਕਾਂ, ਦੋਹਾਂ ਨੂੰ ਮਨੁੱਖਤਾ ਦੇ ਖਿਲਾਫ਼ ਉਸ ਭਿਆਨਕ

ਜੁਰਮ ਲਈ ਪਰਮਾਤਮਾ ਅੱਗੇ ਜਵਾਬਦੇਹ ਹੋਣਾ ਪਏਗਾ, ਜਿਸਦੀ ਮਿਸਾਲ ਹਿੰਦ ਵਿਚ ਹੋਰ ਕੋਈ ਨਹੀਂ ਮਿਲਦੀ।”
ਨਿਸਚੇ ਹੀ ਇਹ ਗਾਂਧੀ ਜੀ ਦਾ ਉਸ ਦਰਦਮੰਦੀ ਦਾ ਪਤਾ ਦਿੰਦੀ ਸੀ ਜਿਹੜੀ ਉਹ ਵਿਰਵੇ ਲੋਕਾਂ ਤੇ ਗਰੀਬਾਂ ਲਈ ਮਹਿਸੂਸ ਕਰਦੇ ਸਨ। ਪਰ ਇਹ ਗੱਲ ਦਰਦਮੰਦੀ ਤੋਂ ਇਲਾਵਾ ਕੁਝ ਹੋਰ ਨੂੰ ਵੀ ਦਰਸਾਉਂਦੀ ਸੀ। ਇਹ ਸਾਡੇ ਦੇਸ਼ ਦੇ ਸਮਾਜੀ ਦ੍ਰਿਸ਼ ਦੀ ਹਕੀਕਤ ਦੀ ਪਛਾਣ ਕਰ ਲੈਣ ਦਾ ਪਤਾ ਦਿੰਦੀ ਹੈ ਜਿਸਦਾ ਅੱਤ ਭਾਰੂ ਪੱਖ ਸੀ ਪੇਂਡੂ ਦੁਰਦਸ਼ਾ। ਪਰ ਇਸਦੇ ਸਮਾਜੀ ਪੱਖ ਵਿਚ ਜਾਣ ਤੋਂ ਪਹਿਲਾਂ ਉਹਨਾਂ ਦੀ ਦਰਦਮੰਦੀ ਬਾਰੇ ਕੁਝ ਲਫ਼ਜ਼ ਕਹਿਣੇ ਜ਼ਰੂਰੀ ਹਨ। ਇਹ ਠੀਕ ਨਹੀਂ ਹੋਵੇਗਾ ਕਿ ਇਸ ਉੱਤੇ ਟਕੋਰ ਕੀਤੀ ਜਾਏ। ਨਾ ਹੀ ਇਸ ਦ੍ਰਿਸ਼ ਦਾ ਨਿਰੋਲ ਵਿਗਿਆਨਕ ਵਿਸ਼ਲੇਸ਼ਨ ਇਸਦੀ ਥਾਂ ਲੈ ਸਕਦਾ ਹੈ। ਇਸ ਨੂੰ ਖੈਰਾਤ ਜਾਂ ਪਰਉਪਕਾਰ ਨਾਲ ਤੁਲਨਾ ਦੇਣੀ ਵੀ ਠੀਕ ਨਹੀਂ। ਇਹ ਅਜਿਹੀ ਮੌਜੂਦਾ ਰਿਵਾਜੀ ਬਹਿਸ ਨਾਲੋਂ ਵੀ ਉੱਕਾ ਹੀ ਵੱਖਰੀ ਹੈ ਕਿ ਕੰਗਾਲੀ ਦੀ ਰੇਖਾ ਕੀ ਹੈ ਅਤੇ ਕਿੰਨੇ ਲੋਕ ਉਸ ਤੋਂ ਹੇਠਾਂ ਜਾਂ ਉੱਤੇ ਰਹਿੰਦੇ ਹਨ। ਸਭ ਤੋਂ ਵੱਡੀ ਗੱਲ ਨੈਤਕਿਤਾ ਦੀ ਹੈ, ਨਿਆਂ ਤੇ ਬਰਾਬਰੀ ਲਈ ਜਜ਼ਬੇ ਦੀ ਹੈ, ਜਿਸ ਤੋਂ ਬਿਨਾ ਹਿੰਦ ਵਿਚ ਸਾਡੇ ਲੋਕਾਂ ਵਾਸਤੇ ਜ਼ਿੰਦਗੀ ਲਈ ਜਾਂ ਵਧੇਰੇ ਮਨੁੱਖੀ ਹਾਲਤਾਂ ਲਈ ਕੋਈ ਕਦਰਯੋਗ ਸੰਘਰਸ਼ ਨਹੀਂ ਹੋ ਸਕਦਾ, ਸ਼ੋਸ਼ਲਿਜ਼ਮ ਲਈ ਸੰਘਰਸ਼ ਦੀ ਤਾਂ ਗੱਲ ਹੀ ਛੱਡੋ।
ਮਾਰਕਸ ਨੇ ਆਪ ਵੀ ਲਿਖਿਆ ਸੀ ਕਿ ਜੋ ਕੁਝ ਮੈਂ ਕੀਤਾ, ਉਸਦਾ ਬਦਲ ਸਿਰਫ਼ ਇਹੀ ਸੀ ਮੈਂ ਪਸ਼ੂਆਂ ਜਿਹੇ ਵਿਹਾਰ ਤੋਂ ਕੰਮ ਲੈਂਦਾ ਅਤੇ ਮਨੁੱਖਤਾ ਵੱਲ ਪਿੱਠ ਕਰ ਲੈਂਦਾ।

ਲੈਨਿਨ ਨੇ ਨਾ ਸਿਰਫ਼ ਇਨਕਲਾਬੀ ਵਲਵਲੇ ਅਤੇ ਵਿਗਿਆਨਕ ਸਮਝ ਨੂੰ ਇੱਕਮਿਕ ਕਰਨ ਦੀ ਗੱਲ ਕੀਤੀ ਸੀ ਸਗੋਂ ਮਜ਼ਦੂਰ ਸ਼੍ਰੇਣੀ ਦੇ ਆਵੱਸ਼ਕ ਇਤਹਾਸਕ ਰੋਲ ਵਿਚ ਉਹਨਾਂ ਦਾ ਵਿਸ਼ਵਾਸ ਐਨਾ ਜ਼ੋਰਦਾਰ ਸੀ ਇਸ ਨੇ ਸਮੁੱਚੀ ਮਜ਼ਦੂਰ ਸ਼੍ਰੇਣੀ ਨੂੰ ਆਪਣੇ ਵੇਗ ਵਿਚ ਸਮੋ ਲਿਆ ਸੀ। ਮਾਓ ਜ਼ੇ ਤੁੰਗ ਦੇ ਪ੍ਰਮਾਣੀਕ ਪੱਖ ਦਾ ਵੀ ਇਹ ਹਿੱਸਾ ਸੀ ਕਿ ਉਹਨਾਂ ਆਪਣੇ ਅੰਦਰ ਗਰੀਬਾਂ ਲਈ ਡੂੰਘਾ ਜਜ਼ਬਾ ਪੈਦਾ ਕਰਨ ਉੱਤੇ ਜ਼ੋਰ ਦਿੱਤਾ। ਪ੍ਰਮਾਣੀਕ ਮਾਓਵਾਦ ਦੇ ਬਿਹਤਰਹੀਨ ਵਿਆਖਿਆਕਾਰ ਲਿਊਸ਼ਾਓਕੀ ਨੇ ਵੀ ਕਮਿਊਨਿਸਟ ਪਾਰਟੀ ਦੀ ਆਵੱਸ਼ਕ ਜਨਤਕ ਸੇਧ ਉੱਤੇ ਜ਼ੋਰ ਦਿੰਦਿਆਂ ਲਿਖਿਆ ਸੀ ਜਨਤਾ ਨਾਲ ਪਿਆਰ ਇਸਦਾ ਪਹਿਲਾ ਲਾਜ਼ਮੀ ਅੰਸ਼ ਹੈ।

ਇਹ ਮੰਨਣਾ ਹੀ ਪੈਂਦਾ ਹੈ ਕਿ ਲੋਕਾਂ ਲਈ ਪਿਆਰ ਤੇ ਗਰੀਬਾਂ ਲਈ ਦਰਦਮੰਦੀ ਨੂੰ ਕੁਝ ਇਨਕਲਾਬੀ ਹਲਕਿਆਂ ਵਿਚ ਇਹਨੀਂ ਦਿਨੀਂ ਘਿਰਣਾ ਜਿਹੀ ਨਾਲ ਦੇਖਿਆ ਜਾਂਦਾ ਹੈ ਜਾਂ ਫਿਰ ਇਸਨੂੰ ਉਪਭਵਾਕਤਾ ਆਖਕੇ ਇਸਦਾ ਮਖੌਲ ਉਡਾਇਆ ਜਾਂਦਾ ਹੈ। ਪਰ ਲੋਕਾਂ ਦੇ ਦੁੱਖਾਂ ਪ੍ਰਤੀ ਇਹ ਕਾਰੋਬਾਰੀ ਜਿਹੀ ਪਹੁੰਚ ਹੀ ਦੱਸਦੀ ਹੈ ਕਿ ਜਿਹੜੇ ਹਲਕੇ ਅਜਿਹੀ ਪਹੁੰਚ ਤੋਂ ਕੰਮ ਲੈਂਦੇ ਹਨ ਉਹ ਲੋਕਾਂ ਤੋਂ ਕਿਉਂ ਦੂਰ ਹੋ ਜਾਂਦੇ ਹਨ ਤੇ ਕਿਉਂ ਉਹ ਜਨਤਕ ਹੁੰਗਾਰਾ ਹਾਸਲ ਕਰਨ ਵਿਚ ਸਫ਼ਲ ਨਹੀਂ ਹੁੰਦੇ। ਜਿਹੜੇ ਵਿਅਕਤੀ ਹਿੰਦ ਵਿਚ ਜਨਤਕ ਕਾਰਜ ਵਿਚ ਸ਼ਾਮਲ ਹਨ ਉਹਨਾਂ ਸਾਰਿਆਂ ਲਈ ਸ਼ਾਇਦ ਆਪਣੇ ਆਪ ਨੂੰ ਗਾਂਧੀ ਜੀ ਵਾਂਗ ਲੋਕਾਂ ਨਾਲ ਤਨੋਂ ਮਨੋਂ ਇੱਕਮਿਕ ਕਰ ਸਕਣਾ ਨਾ ਜ਼ਰੂਰੀ ਹੈ ਤੇ ਨਾ ਹੀ ਸੰਭਵ ਪਰ ਗਾਂਧੀ ਜੀ ਵਰਗੀ ਪੂਰਨ ਅਭੇਦਤਾ ਜ਼ਰੂਰੀ ਹੈ।

ਇਸ ਨੈਤਿਕ ਰਾਜਨੀਤਕ ਨੁਕਤੇ ਨੂੰ ਲਾਂਭੇ ਛੱਡਦਿਆਂ ਪੇਂਡੂ ਨਿਰਧਨਤਾ ਦੇ ਇਸ ਵਰਤਾਰੇ ਨੂੰ ਸਮਝਣਾ ਇਕ ਹੋਰ ਅਹਿਮ ਕਾਰਜ ਹੈ। ਹਿੰਦ ਦੇ ਬਹੁਤ ਸਾਰੇ ਪੇਂਡੂ ਖੇਤਰਾਂ ਵਿਚ ਕੰਗਾਲੀ ਦੇ ਪਸਰਨ ਦੇ ਨਾਲ ਨਾਲ ਚੱਲ ਰਿਹਾ ਨਿਰਧਨਤਾ ਦਾ ਇਹ ਚੱਕਰ ਪਰਲੋਤਾਰੀਕਰਣ ਦੀ ਜਾਂ ਇੰਝ ਕਹਿ ਲਵੋ ਕਿ ਮਜ਼ਦੂਰ ਸ਼੍ਰੇਣੀ ਨੂੰ ਹੋਂਦ ਵਿਚ ਆਉਣ ਦੀ ਗਤੀ ਨਾਲੋਂ ਕਿਤੇ ਵੱਧ ਤੇਜ਼ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਚੱਕਰ ਕਸਬਿਆਂ ਤੇ ਮਹਾਨਗਰਾਂ ਨੂੰ ਹੈਰਾਨਕੁਨ ਹੱਦ ਤੱਕ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇਸ ਵਰਤਾਰੇ ਨੂੰ ਲੁੰਪਨੀਕਰਣ ਦੇ ਖਾਨੇ ਵਿਚ ਲਿਖ ਛੱਡਣਾ ਵੀ ਗ਼ਲਤ ਹੋਵੇਗਾ। ਇਹ ਪੇਂਡੂ-ਸ਼ਹਿਰੀ ਕੰਗਾਲੀ ਦੀ ਨਿਰੰਤਰ ਪ੍ਰਕ੍ਰਿਆ ਹੈ। ਸਾਰੇ ਹੀ ਗਰੀਬ ਲੁੰਪਨ, ਉਜੱਡ ਤੇ ਸੋਚਹੀਣ ਪ੍ਰੋਲੇਤਾਰੀਆ ਨਹੀਂ ਆਖੇ ਜਾ ਸਕਦੇ ਕਈ ਪੱਖਾਂ ਤੋਂ ਇਸ ਤੱਥ ਦਾ ਅੱਤ ਕਰੁਣਾਮਈ ਪ੍ਰਗਟਾਵਾ ਬਾਲ-ਮਜ਼ਦੂਰੀ ਵਿਚ ਹੋ ਰਿਹਾ ਵਾਧਾ ਹੈ। ਅਣਸੰਗਠਤ ਗਰੀਬ ਭਾਵੇਂ ਉਹ ਪਿੰਡਾਂ ਵਿਚ ਵਸਦੇ ਹਨ ਜਾਂ ਸ਼ਹਿਰਾਂ ਵਿਚ, ਉਹਨਾਂ ਹਲਕਿਆਂ ਲਈ ਕਿਤੇ ਵੱਧ ਧਿਆਨ ਦਾ ਕੇਂਦਰ ਹੋਣੇ ਚਾਹੀਦੇ ਹਨ, ਜਿਹੜੇ ਸਾਡੇ ਦੇਸ ਦੀ ਸੋਸ਼ਲਿਸਟ ਕਾਯਾਪਲਟ ਲਈ ਕੰਮ ਕਰ ਰਹੇ ਹਨ।

ਗਾਂਧੀ ਜੀ ਦੀ ਦੇਣ ਦੇ ਇਕ ਹੋਰ ਪੱਖ ਨੂੰ ਅਜਿਹੇ ਬਹੁਤ ਸਾਰੇ ਲੋਕਾਂ ਵਲੋਂ ਵੀ ਵਿਵਾਦਪੂਰਣ ਗਿਣਿਆ ਜਾਏਗਾ ਜਿਹੜੇ ਉਂਝ ਉਹਨਾਂ ਦੇ ਪਰਸੰਸਕ ਤੇ ਪੁਜਾਰੀ ਹਨ। ਇਸਦਾ ਸੰਬੰਧ ਸੈਕੂਲਰਿਜ਼ਮ ਜਾਂ ਧਰਮ ਨਿਰਪੱਖਤਾ ਨਾਲ ਹੈ। ਗਾਂਧੀ ਜੀ ਅਕਸਰ ਆਪਣੇ ਆਪ ਨੂੰ ਨਾ ਸਿਰਫ਼ ਹਿੰਦੂ ਸਗੋਂ ਸਨਾਤਨੀ ਧਰਮੀ ਹਿੰਦੂ ਆਖਦੇ ਸਨ। ਉਹ ਵਰਣ-ਆਸ਼ਰਮ-ਧਰਮ ਨੂੰ ਇਸਦੇ ਪੁਰਾਤਨ ਰੂਪ ਵਿਚ ਜਾਇਜ਼ ਠਹਿਰਾਉਂਦੇ ਸਨ। ਉਹ ਆਪਣੇ ਆਪ ਨੂੰ ਭਗਵਤ ਗੀਤਾ ਦਾ ਪੁਜਾਰੀ ਵੀ ਦਸਦੇ ਸਨ। ਉਹ ਕਹਿੰਦੇ ਸਨ ਕਿ ਉਹਨਾਂ ਦਾ ਆਦਰਸ਼ ਰਾਮ ਰਾਜ ਹੈ। ਪ੍ਰਾਰਥਨਾ ਮੀਟਿੰਗਾਂ, ਜਿਨ੍ਹਾਂ ਨੂੰ ਉਹ ਆਪਣੀ ਐਜੀਟੇਸ਼ਨ ਲਈ ਮੁੱਖ ਸਾਧਨ ਵਜੋਂ ਵਰਤਦੇ ਸਨ ਇਹਨਾਂ ਮੀਟਿੰਗਾਂ ਵਿਚ ਭਜਨ ਗਾਏ ਜਾਂਦੇ ਸਨ ਭਾਵੇਂ ਇਸਦੇ ਨਾਲ ਨਾਲ ਕੁਰਾਨ ਸਰੀਫ਼ ਦੀਆਂ ਆਇਤਾਂ ਤੇ ਈਸਾਈ ਸ਼ਬਦ ਵੀ ਪੜ੍ਹੇ ਜਾਂਦੇ ਸਨ। ਇਸ ਬਾਰੇ ਕਿਹਾ ਜਾਂਦਾ ਹੈ ਕਿ ਗਾਂਧੀ ਜੀ ਦੇ ਇਸ ਵਤੀਰੇ ਨੇ ਮੁਸਲਿਮ ਭਾਵਨਾਵਾਂ ਨੂੰ ਠੇਸ ਪਹੁੰਚਾਈ, ਉਹਨਾਂ ਨੂੰ ਕਾਂਗਰਸ ਨਾਲੋਂ ਦੂਰ ਕਰ ਦਿੱਤਾ ਅਤੇ ਹਿੰਦੂ ਪੁਨਰ-ਉਥਾਨ ਨੂੰ ਉਤਸ਼ਾਹਿਤ ਕੀਤਾ। ਇਹ ਵੀ ਕਿਹਾ ਜਾਂਦਾ ਹੈ ਕਿ ਸੈਕੂਲਰਿਜ਼ਮ ਦਾ ਅਰਥ ਸਾਰੇ ਧਰਮਾਂ ਨਾਲ ਇਕੋ ਜਿਹਾ ਸਲੂਕ ਨਹੀਂ ਸਗੋਂ ਧਰਮ ਨੂੰ ਪਬਲਿਕ ਖੇਤਰ ਵਿਚੋਂ ਬਾਹਰ ਰੱਖਣ ਤੇ ਇਸਨੂੰ ਨਿੱਜੀ ਵਿਸ਼ਵਾਸ ਤੱਕ ਸੀਮਤ ਕਰਨ ਨਾਲ ਹੈ।

ਮਹਾਤਮਾ ਗਾਂਧੀ ਦੀ ਅਜਿਹੀ ਨਕਤਚੀਨੀ ਉਸ ਇਤਹਾਸਕ ਸਮੇਂ ਤੇ ਸਥਿਤੀ ਦਾ ਸਹੀ ਮੁਲਅੰਕਣ ਨਹੀਂ, ਜਿਸ ਵਿਚ ਉਹ ਜੀਵੇ ਤੇ ਉਹਨਾਂ ਕੰਮ ਕੀਤਾ। ਵਾਸਤਵ ਵਿਚ ਅਜਿਹੀ ਨੁਕਤਾਚੀਨੀ ਹਿੰਦੁਸਤਾਨ ਦੇ ਸਮੇਂ ਤੇ ਸਥਿਤੀ ਨੂੰ ਵੀ ਠੀਕ ਅਰਥਾਂ ਵਿਚ ਨਾ ਪੜ੍ਹਨ ਦੇ ਬਰਾਬਰ ਹੈ। ਜੇ ਹਿੰਦੁਸਤਾਨ ਧਾਰਮਿਕ ਰਾਜ ਨਹੀਂ ਬਣਿਆ ਅਤੇ ਜੇ ਇਸਦੇ ਲੋਕ ਡੂੰਘੀਆਂ ਧਾਰਮਕ ਭਾਵਨਾਵਾਂ ਦੇ ਤੇ ਧਰਮਾਂ ਦੀ ਅਨੇਕਤਾ ਦੇ ਬਾਵਜੂਦ ਸੈਕੂਲਰ ਹੀ ਹਨ ਤਾਂ ਇਹ ਸੱਭ ਤੋਂ ਵੱਧ ਗਾਂਧੀ ਜੀ ਦੀ ਸਿਆਣੀ, ਸਹਿਨਸ਼ੀਲ ਤੇ ਦ੍ਰਿੜ ਅਗਵਾਈ ਦਾ ਹੀ ਸਦਕਾ ਸੀ। ਨਹਿਰੂ, ਭਗਤ ਸਿੰਘ ਕਮਿਊਨਿਸਟਾਂ ਤੇ ਹੋਰਨਾਂ ਨੇ ਵੀ ਹਿੰਦੂਸਤਾਨ ਨੂੰ ਸੈਕੂਲਰ ਬਨਾਉਣ ਵਿਚ ਹਿੱਸਾ ਪਾਇਆ। ਪਰ ਇਸਦਾ ਮੁੱਖ ਸਿਹਰਾ ਗਾਂਧੀ ਜੀ ਨੂੰ ਹੀ ਜਾਂਦਾ ਹੈ।ਇਹ ਗਾਂਧੀ ਜੀ ਸਨ ਜਿਨ੍ਹਾਂ ਕਿਸੇ ਵੀ ਹੋਰ ਨਾਲੋਂ ਵੱਧ ਹਿੰਦੂ ਸੋਚ ਨੂੰ ਸੈਕੂਲਰ ਬਨਾਉਣ ਵਿਚ ਹਿੱਸਾ ਪਾਇਆ, ਹਿੰਦੂਆਂ ਦੀ ਵਿਸ਼ਾਲ ਬਹੁਗਿਣਤੀ ਨੂੰ ਸਾਰੇ ਹੀ ਧਰਮਾਂ ਨਾਲ ਇਕੋ ਜਿਹਾ ਸਲੂਕ ਕਰਨ ਦੀ ਸਿੱਖਿਆ ਤੇ ਪ੍ਰੇਰਨਾ ਦਿੱਤੀ। ਇਹ ਉਹਨਾਂ ਦੀ ਦੇਣ ਹੀ ਸੀ ਕਿ ਨਾਸਤਿਕਤਾ ਨੂੰ ਵੀ ਹਿੰਦੂ ਸਮੂਹ ਦਾ ਹਿੱਸਾ ਸਮਝਿਆ ਜਾਣ ਲੱਗਾ। ਉਹਨਾਂ ਦਾ ਧਰਮ ਇਕ ਅਜਿਹਾ ਧਰਮ ਸੀ ਜਿਸਨੂੰ ਨਾ ਚਰਚ ਦੀ ਲੋੜ ਸੀ ਤੇ ਨਾ ਹੀ ਰਾਜ ਦੀ। ਇਹ ਇਕ ਅਜਿਹੀ ਪ੍ਰਾਪਤੀ ਸੀ ਜਿਸਦੀ ਮਿਸਾਲ ਇਤਹਾਸ ਵਿਚ ਹੋਰ ਕੋਈ ਨਹੀਂ ਮਿਲਦੀ। ਇਹ ਪ੍ਰਾਪਤੀ ਸੀ ਧਾਰਮਕ ਪ੍ਰਵਿਰਤੀਆਂ ਨੂੰ ਠੇਸ ਪਹੁੰਚਾਏ ਬਿਨਾ ਸੈਕੂਲਰ ਸ਼ਕਤੀਆਂ ਨੂੰ ਅੱਗੇ ਲਿਆਉਣ ਵਿਚ ਸਫ਼ਲਤਾ ਹਾਸਲ ਕਰਨ ਦੀ, ਭਾਵੇਂ ਇਹ ਪ੍ਰਾਪਤੀ ਵਿਗਿਆਨਕ ਸੋਚ ਨੂੰ ਜਨਤਕ ਪੱਧਰ ਉੱਤੇ ਭਾਰਤੀ ਸੁਭਾਅ ਦਾ ਹਿੱਸਾ ਬਨਾਉਣ ਤੱਕ ਨਾ ਪਹੁੰਚ ਸਕੀ। ਇਸਦਾ ਇਕ ਅਹਿਮ ਕਾਰਨ ਇਹ ਸੀ ਕਿ ਸ਼ੋਸ਼ਲਿਸਟ ਇਨਕਲਾਬ ਲਈ ਕੰਮ ਕਰ ਰਹੀਆਂ ਸ਼ਕਤੀਆਂ ਇਸ ਦੇਸ਼ ਵਿਚ ਬਹੁਤੀ ਪ੍ਰਗਤੀ ਨਾ ਕਰ ਸਕੀਆਂ।

ਹਿੰਦੂ ਫਿਰਕਾਪ੍ਰਸਤੀ ਨੂੰ ਉਹਨਾਂ ਵਿਚੋਂ ਆਪਣਾ ਅਸਲ ਦੁਸ਼ਮਣ ਦਿਸਿਆ, ਇਸੇ ਲਈ ਉਹਨਾਂ ਨੇ ਮਹਾਤਮਾ ਨੂੰ ਗੋਲੀ ਮਾਰਕੇ ਕਤਲ ਕਰ ਦਿੱਤਾ। ਮੁਸਲਮ ਫਿਰਕਾਪ੍ਰਸਤੀ ਜਿਨ੍ਹਾਂ ਕਾਰਨਾਂ ਕਰਕੇ ਵਧੀ ਤੇ ਪਸਰੀ ਜਨਤਕ ਐਜੀਟੇਸ਼ਨ ਤੇ ਪ੍ਰਾਪੇਗੰਡੇ ਬਾਰੇ ਮਹਾਤਮਾ ਗਾਂਧੀ ਦੇ ਦ੍ਰਿਸ਼ਟੀਕੋਨ ਤੇ ਮੁਹਾਵਰੇ ਨਾਲ ਕੋਈ ਸੰਬੰਧ ਨਹੀਂ। ਸੱਚਮੁਚ ਧਾਰਮਕ ਮੁਸਲਮ ਆਗੂ, ਭਾਵੇਂ ਉਹ ਮੌਲਾਨਾ ਆਜ਼ਾਦ ਸਨ ਜਾਂ ਦਿਓਬੰਦ ਮਦਰਸੇ ਦੇ ਖਾਨ ਅਬਦੁਲ ਗ਼ੁਖ਼ਾਰ ਖਾਨ, ਗਾਂਧੀ ਜੀ ਤੇ ਉਹਨਾਂ ਦੀ ਲਹਿਰ ਦੇ ਨੇੜੇ ਸਨ। ਮੁਹੰਮਦ ਅਲੀ ਜਿਨਾਹ, ਜਿਹੜੇ ਸਿਗਰਟ ਅਤੇ ਸ਼ਰਾਬ ਪੀਂਦੇ ਸਨ, ਜਿਨ੍ਹਾਂ ਕੁਰਾਨ ਸ਼ਰੀਫ ਕਦੇ ਨਹੀਂ ਸੀ ਪੜ੍ਹਿਆ ਤੇ ਨਮਾਜ਼ ਵੀ ਕਦੇ ਘੱਟ ਹੀ ਪੜ੍ਹੀ ਸੀ ਤੇ ਜਿਹੜੇ ਪਾਰਸੀ ਸੁਆਣੀ ਨਾਲ ਵਿਆਹ ਹੋਏ ਸਨ, ਖਾੜਕੂ ਮੁਸਲਮ ਫਿਰਕਾ ਪ੍ਰਸਤੀ ਦੇ ਆਗੂ ਜਾ ਬਣੇ ਅਤੇ ਆਗੂ ਵੀ ਉਹ ਆਪਣੇ ਉਤਲੇ ਖਾਸਿਆਂ ਦੇ ਬਾਵਜੂਦ ਨਹੀਂ ਸਗੋਂ ਇਹਨਾਂ ਖਾਸਿਆਂ ਕਰਕੇ ਬਣੇ। ਗਾਂਧੀ ਜੀ ਦੇ ਦੋਸਤਾਂ ਤੇ ਹਮਦਰਦਾਂ ਵਿਚ ਨਾ ਸਿਰਫ਼ ਕੱਟੜ ਇਸਲਾਮੀ ਆਗੂ ਵੀ ਸ਼ਾਮਲ ਸਨ ਸਗੋਂ ਅਜਿਹੇ ਆਗੂ ਵੀ ਸ਼ਾਮਲ ਸਨ ਜਿਨ੍ਹਾਂ ਦੀ ਸੋਚ ਬੜੀ ਪ੍ਰਗਤੀਸ਼ੀਲ ਸੀ ਤੇ ਜਿਨ੍ਹਾਂ ਨੂੰ ਇਸਲਾਮੀ ਮੁਸਲਮ ਆਗੂ ਵੀ ਨਹੀਂ ਕਿਹਾ ਜਾ ਸਕਦਾ। ਮੁਹੰਮਦ ਅਲੀ ਜਿਨਾਹ ਦੇ ਆਪਣੇ ਆਪ ਨੂੰ ਪਾਕਿਸਤਾਨੀ ਨਾਅਰੇ ਨਾਲ ਨੱਥੀ ਕਰ ਲੈਣ ਪਿੱਛੋਂ ਜੇ ਅਜਿਹੇ ਮੁਸਲਮ ਆਗੂਆਂ ਦਾ ਮੁਸਲਮ ਵਸੋਂ ਵਿਚ ਜਨਤਕ ਪ੍ਰਭਾਵ ਨਾ ਰਿਹਾ। ਇਸ ਦੇ ਕਾਰਨ ਕੋਈ ਹੋਰ ਸਨ।

ਅਜੋਕੇ ਹਿੰਦੁਸਤਾਨ ਵਿਚ ਜੇ ਫਿਰਕੂ ਹਾਲਤ ਵਿਗੜੀ ਹੈ ਤਾਂ ਉਹ ਪਾਕਿਸਤਾਨ ਦੇ ਬਨਣ ਨਾਲ ਵਿਗੜੀ ਹੈ ਭਾਵੇਂ ਹਿੰਦੂ ਫਿਰਕੂਪ੍ਰਸਤੀ ਵਧੇਰੇ ਖ਼ਤਰਨਾਕ ਫਿਰਕਾਪ੍ਰਸਤੀ ਹੈ ਪਰ ਮੁਸਲਮ ਫਿਰਕਾਪ੍ਰਸਤੀ ਵੀ ਕਦੇ ਨਿਸਕਿਰਿਆ ਨਹੀਂ ਰਹੀ। ਸਗੋਂ ਇੰਝ ਕਹਿਣਾ ਚਾਹੀਦਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਹੋਰ ਵੀ ਜ਼ਹਿਰਲੀ ਹੋ ਗਈ ਹੈ। ਫਿਰਕਾਪ੍ਰਸਤੀ ਦਾ ਇਹ ਵਿਗੜਿਆ ਰੂਪ ਸਾਡੇ ਦੇਸ਼ ਵਿਚ ਅੱਗੇਵਧੂ ਤੇ ਸੋਸ਼ਲਿਸਟ ਮੁੱਖੀ ਲਹਿਰਾਂ ਨੂੰ ਦਰਪੇਸ਼ ਸੱਭ ਤੇ ਖ਼ਤਰਨਾਕ ਸਮੱਸਿਆਵਾਂ ਵਿਚੋਂ ਇਕ ਹੈ। ਇਸ ਵਿਰੁੱਧ ਰਾਜਨੀਤਕ ਤੇ ਜਥੇਬੰਦਕ ਲੜਾਈ ਲੜਨ ਤੋਂ ਇਲਾਵਾ ਇਸ ਨਾਲ ਵਿਚਾਰਧਾਰਕ ਤੌਰ ‘ਤੇ ਨਿਪਟਣ ਲਈ ਵੱਖ ਵੱਖ ਪੱਧਰਾਂ ਉੱਤੇ ਉਪਰਾਲੇ ਕਰਨੇ ਪੈਣਗੇ। ਬੁਨਿਆਦੀ ਸੋਸ਼ਲਿਸਟ ਵਿਚਾਰਧਾਰਾ ਦਾ ਪਰਚਾਰ, ਵਿਗਿਆਨਕ ਰਵੱਈਏ ਦਾ ਪਾਸਾਰ ਤੇ ਧਾਰਮਕ ਸਹਿਨਸ਼ੀਲਤਾ ਦੀ ਪਾਣ-ਇਹ ਤਿੰਨੇ ਗੱਲਾਂ ਨਾਲੋਂ ਨਾਲ ਕਰਨੀਆਂ ਪੈਣਗੀਆਂ। ਇਸ ਖੇਤਰ, ਵਿਚ ਗਾਂਧੀ ਜੀ ਦੇ ਢੰਗਾਂ ਤੇ ਵਿਰਸੇ ਦੀ ਜ਼ਬਰਦਸਤ ਅਹਿਮੀਅਤ ਹੈ।

ਇਸ ਪਰਸੰਗ ਵਿਚ ਇਹ ਜ਼ਿਕਰ ਵੀ ਉਚਿੱਤ ਹੀ ਹੋਵੇਗਾ ਕਿ ਕੇਵਲ ਅਜਿਹੇ ਚਾਰ ਵਿਅਕਤੀ ਹੀ ਹੋਏ ਹਨ ਜਿਨ੍ਹਾਂ ਗਾਂਧੀ ਜੀ ਨੂੰ ਸੱਚਮੁਚ ਸਮਝਿਆ। ਪਹਿਲਾ ਵਿਅਕਤੀ ਸੀ। ਬਿਰਲਾ ਜਿਸਨੇ ਸਾਲਾਂਬੱਧੀ ਗਾਂਧੀ ਜੀ ਦੇ ਪਰਛਾਵੇਂ ਵਿਚ ਰਹਿਕੇ ਅਸਲ ਅਰਥਾਂ ਵਿਚ ਉਸਦਾ ਪੂਰਾ ਲਾਭ ਉਠਾਇਆ। ਦੂਜਾ ਵਿਅਕਤੀ ਸੀ ਨੱਥੂ ਰਾਮ ਗਾਡਸੇ ਜਿਸਨੂੰ ਮਹਿਸੂਸ ਹੋਇਆ ਕਿ ਖਾੜਕੂ ਹਿੰਦੂ ਫਿਰਕਾਪ੍ਰਸਤੀ ਦੇ ਫੈਲਣ ਲਈ ਗਾਂਧੀ ਜੀ ਨੂੰ ਰਾਹ ਵਿਚੋਂ ਹਟਾਉਣਾ ਜ਼ਰੂਰੀ ਹੈ। ਤੀਜਾ ਵਿਅਕਤੀ ਸੀ ਜਵਾਹਰ ਲਾਲ ਨਹਿਰੂ ਜੋ ਜਾਣਦਾ ਸੀ ਕਿ ਮਹਾਤਮਾ ਗਾਂਧੀ ਦੀ ਲੀਡਰਸ਼ਿਪ ਤੋਂ ਬਿਨਾ ਇਕ ਆਧੁਨਿਕ ਤੇ ਆਜ਼ਾਦ ਹਿੰਦੁਸਤਾਨ ਦੇ ਉੱਭਰ ਕੇ ਅੱਗੇ ਆਉਣ ਦੀ ਕੋਈ ਸੰਭਾਵਨਾ ਨਹੀਂ, ਤੇ ਚੌਥਾ ਵਿਅਕਤੀ ਸੀ ਲੈਨਿਨ ਜਿਸਨੇ 1920 ਵਿਚ ਕਮਿਊਨਿਸਟ ਇੰਟਰਨੈਸ਼ਨਲ ਦੀ ਦੂਸਰੀ ਕਾਂਗਰਸ ਸਮੇਂ ਐੱਮ।ਐੱਨ।ਰਾਏ ਦੀ ਤੰਗਨਜ਼ਰੀ ਦਾ ਵਿਰੋਧ ਕੀਤਾ ਤੇ ਕਮਿਉਨਿਸਟਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਆਜ਼ਾਦ ਹਸਤੀ ਤੇ ਤਾਕਤ ਨੂੰ ਪੂਰੀ ਤਰ੍ਹਾਂ ਕਾਇਮ ਰੱਖਦਿਆਂ ਤੇ ਮਜ਼ਬੂਤ ਕਰਦਿਆਂ ਗਾਂਧੀ ਦੀ ਅਗਵਾਈ ਹੇਠਲੀ ਲਹਿਰ ਨਾਲ ਮੁਤਹਿੱਦ ਹੋਣਾ।

ਗਾਂਧੀ ਜੀ ਦੀ ਜ਼ਿੰਦਗੀ ਤੇ ਕੰਮ ਦਾ ਅੰਤਲਾ ਉਸਾਰੂ ਤੇ ਪਰਸੰਗਕ ਪੱਖ ਉਹ ਰਣਨੀਤੀ ਹੈ ਜਿਹੜੀ ਉਹਨਾਂ ਸਾਮਰਾਜ ਵਿਰੋਧੀ ਸੰਘਰਸ਼ ਲਈ ਤੇ ਬਰਤਾਨਵੀ ਬਸਤੀਵਾਦੀ ਰਾਜ ਨੂੰ ਉਲਟਾਉਣ ਲਈ ਵਿਕਸਤ ਕੀਤੀ। ਇਸ ਤੱਥ ਨੂੰ ਬਹੁਤ ਉਛਾਲਿਆ ਜਾਂਦਾ ਹੈ ਕਿ ਉਹ ਲਹਿਰ ਨੂੰ ਬੜੇ ਨਾਜ਼ਕ ਪਲਾਂ ਉੱਤੇ ਵਾਪਸ ਲੈ ਲੈਂਦੇ ਰਹੇ। ਇਸਦਾ ਮਤਲਬ ਇਹ ਲਿਆ ਜਾਂਦਾ ਹੈ ਕਿ ਉਹਨਾਂ ਲੋਕਾਂ ਦੇ ਆਪ ਮੁਹਾਰੇ ਇਨਕਲਾਬੀ ਉਭਾਰ ਨੂੰ ਠੱਲ ਪਾ ਦਿੱਤੀ, ਜਦ ਕਿ ਇਸ ਉਭਾਰ ਨੇ ਉਸਦੀ “ਸੋਧਵਾਦੀ ਅਗਵਾਈ” ਨੂੰ ਤੇ ਉਸ ਵੱਲੋਂ ਸ਼ੁਰੂ ਕੀਤੇ ਗਏ “ਸ਼ਾਂਤੀਵਾਦੀ ਇਨਕਲਾਬ” ਨੂੰ ਪਿੱਛੇ ਛੱਡ ਜਾਣਾ ਸੀ। “ਸ਼ਾਂਤੀਵਾਦੀ ਇਨਕਲਾਬ” ਦੇ ਪੱਦ ਦੀ ਵਰਤੋਂ ਗ੍ਰਾਮਚੀ ਦੇ ਹਵਾਲੇ ਨਾਲ ਕੀਤੀ ਜਾ ਰਹੀ ਹੈ। ਗ੍ਰਾਮਚੀ ਨੇ ਗਾਂਧੀ ਜੀ ਦੇ ਸੰਬੰਧ ਵਿਚ ਇਸ ਪਦਾਵਲੀ ਦਾ ਜ਼ਿਕਰ ਆਪਣੀ ਲਿਖਤ “ਬੰਦੀਖ਼ਾਨੇ ਦੀਆਂ ਨੋਟਬੁਕਸ, ਵਿਚ ਦੋ ਵਾਰ ਕੀਤਾ ਸੀ।

ਤੇਜ਼ ਖਿਆਲ’ ਨੁਕਤਾਚੀਨ ਇਸ ਗੱਲ ਨੂੰ ਕਦੇ ਵੀ ਸੰਤੋਖਜਨਕ ਢੰਗ ਨਾਲ ਬਿਆਨ ਨਹੀਂ ਕਰ ਸਕੇ ਕਿ ਆਖਰ ਕੀ ਕਾਰਨ ਸੀ ਕਿ ਲੋਕ ਸੰਘਰਸ਼ ਨੂੰ ਉਭਾਰ ਵਿਚ ਆਉਣ ਲਈ ਗਾਂਧੀ ਜੀ ਦੀ ਅਗਵਾਈ ਦੀ ਉਡੀਕ ਰਹੀ ਅਤੇ ਕਿਉਂ ਅਜਿਹਾ ਹੋਇਆ ਕਿ ਸਿਵਾਏ 1945-46 ਦੇ ਸੰਖੇਪ ਜਿਹੇ ਵਕਫ਼ੇ ਦੇ ਅਜਿਹਾ ਕੋਈ ਸਮਾਂ ਨਹੀਂ ਸੀ ਜਦੋਂ ਗਾਂਧੀ ਨੇ ਇਸ ਸੰਘਰਸ਼ ਨੂੰ ਵਾਪਸ ਲੈਣ ਦਾ ਆਦੇਸ਼ ਦਿੱਤਾ ਹੋਵੇ ਪਰ ਇਹ ਫੇਰ ਵੀ ਜਾਰੀ ਰਿਹਾ ਹੋਵੇ। ਕੀ ਕਾਰਨ ਹੈ ਕਿ ਗਾਂਧੀ ਦੀ ਦੀ ਕਥਿੱਤ ‘ਗ਼ਦਰੀ’ ਉਹਨਾਂ ਦੇ ਜਨਤਕ ਪ੍ਰਭਾਵ ਨੂੰ ਘਟਾਉਣ ਦਾ ਕਾਰਨ ਨਾ ਬਣੀ। ਇਹ ਕਿਵੇਂ ਹੋਇਆ ਕਿ ਵਧੇਰੇ ਇਨਕਲਾਬੀ ਅੰਸ਼ ਤਿੰਨ ਦਹਾਕਿਆਂ ਦੇ ਲੰਮੇ ਸਮੇਂ ਵਿਚ ਉਹਨਾਂ ਵਿਰੁੱਧ ਬੇਪਰਤੀਤੀ ਪੈਦਾ ਨਾ ਕਰ ਸਕੇ ਤੇ ਸੰਘਰਸ਼ ਦੀ ਅਗਵਾਈ ਆਪਣੇ ਹੱਥਾਂ ਵਿਚ ਨਾ ਲੈ ਸਕੇ। 20ਵੀਂ ਸਦੀ ਵਿਚ ਤਿੰਨ ਦਹਾਕਿਆਂ ਦੇ ਸਮੇਂ ਨੂੰ ਐਨੀ ਛੋਟੀ ਇਤਹਾਸਕ ਅਵਧੀ ਵੀ ਨਹੀਂ ਆਖਿਆ ਜਾ ਸਕਦਾ।

ਗਾਂਧੀ ਜੀ ਦੀ ਰਣਨੀਤੀ ਨੂੰ ਸਮਝਣ ਵਿਚ ਜਿਹੜੀ ਗੱਲ ਹੋਰ ਵੀ ਸਹਾਈ ਹੋ ਸਕਦੀ ਹੈ ਉਹ ਹੈ ਗ੍ਰਾਮਚੀ ਦਾ ਵਿਸਤਰਤ ਵਿਸ਼ਲੇਸ਼ਨ ਜਿਹੜਾ ਉਹਨਾਂ ਆਪਣੀ ਪੁਸਤਕ “ਪ੍ਰਿਜ਼ਨ ਨੋਟਬਕਸ” ਵਿਚ ਕੀਤਾ; “ਇਸ ਤਰ੍ਹਾਂ ਅੰਗਰੇਜ਼ਾਂ ਦੇ ਖਿਲਾਫ਼ ਸੰਘਰਸ਼ ਲੜਾਈ ਦੇ ਤਿੰਨ ਰੂਪਾਂ ਵਿਚ ਸਾਹਮਣੇ ਆਇਆ। ਇਹ ਸੀ: ਗਤੀਵਿਧੀ ਦੀ ਲੜਾਈ, ਪੈਂਤੜੇ ਦੀ ਲੜਾਈ, ਤੇ ਜ਼ਮੀਨਦੋਜ਼ ਲੜਾਈ। ਗਾਂਧੀ ਜੀ ਦਾ ਸ਼ਾਂਤੀਵਾਦੀ ਸਤਿਆਗ੍ਰਹਿ ਪੈਂਤੜੇ ਦੀ ਲੜਾਈ ਸੀ। ਇਹ ਲੜਾਈ ਕਦੇ ਗਤੀਵਿਧੀ ਦੀ ਲੜਾਈ ਬਣ ਜਾਂਦੀ ਸੀ ਅਤੇ ਕਦੇ ਜ਼ਮੀਨਦੋਜ਼ ਲੜਾਈ। ਬਾਈਕਾਟ ਪੈਂਤੜੇ ਦੀ ਲੜਾਈ ਆਖੀ ਜਾ ਸਕਦੀ ਹੈ ਜਦਕਿ ਕਈ ਪੜਾਵਾਂ ਉੱਤੇ ਹੜਤਾਲਾਂ ਗਤੀਵਿਧੀ ਦੀ ਲੜਾਈ ਬਣ ਜਾਂਦੀਆਂ ਹਨ ਅਤੇ ਹਥਿਆਰ ਤੇ ਲੜਾਕੇ ਦਸਤਿਆਂ ਦੀ ਖੁਫ਼ੀਆ ਤਿਆਰੀ ਜ਼ਮੀਨਦੋਜ਼ ਸੰਗਰਾਮ ਨਾਲ ਸੰਬੰਧ ਰੱਖਦੀ ਹੈ। ਛਾਪਾਮਾਰ ਦਾਅਪੇਚ ਵੀ ਜ਼ਮੀਨਦੋਜ਼ ਸੰਗਰਾਮ ਦਾ ਹੀ ਹਿੱਸਾ ਹਨ।”

ਗਾਂਧੀ ਜੀ ਦੇ ਖੱਬੇਪੱਖੀ ਤੇ ਮਾਰਕਸਵਾਦੀ ਆਲੋਚਕ ਬਹੁਤੀ ਵਾਰ ਇਹੀ ਗੱਲ ਦੁਹਰਾਉਂਦੇ ਹਨ ਕਿ ਉਹਨਾਂ ਜਨਤਕ ਲਹਿਰ ਨੂੰ ਖਾਸ ਹੱਦਾਂ ਤੋਂ ਅੱਗੇ ਨਾ ਜਾਣ ਦਿੱਤਾ। ਇਹ ਗੱਲ ਠੀਕ ਹੈ। ਇਸਤੋਂ ਇਲਾਵਾ ਜਨਤਾ ਪ੍ਰਤੀ ਗਾਂਧੀ ਜੀ ਦੀ ਪਹੁੰਚ ਦਾ ਇਕ ਹੋਰ ਜੁੜਵਾਂ ਪੱਖ ਵੀ ਸੀ। ਅਤੇ ਜਿਸ ਤਰ੍ਹਾਂ ਉਹਨਾਂ ਆਪ ਹੀ ਇਸਨੂੰ ਬੜੇ ਕਰੁਣਾਮਈ ਤੇ ਕਾਵਿਕ ਅੰਦਾਜ਼ ਨਾਲ ਬਿਆਨ ਕੀਤਾ -ਉਹਨਾਂ ਦਾ ਇਹ ਜੁੜਵਾਂ ਪੱਖ ਸੀ ਕਿ ਉਹ ਹਰ ਅੱਖ ਦਾ ਹਰ ਹੰਝੂ ਪੂੰਝਣ ਦੀ ਆਕਾਂਖਿਆ ਰੱਖਦੇ ਸਨ। ਇਸ ਸਿੱਕੇ ਦਾ ਦੂਸਰਾ ਪਾਸਾ ਇਹ ਸੀ ਹੰਝੂ ਪੂੰਝਣ ਦਾ ਕੰਮ ਉਹ ਆਪਣੇ ਤੱਕ ਸੀਮਤ ਰੱਖਣਾ ਚਾਹੁੰਦੇ ਸਨ। ਉਹਨਾਂ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਾਂਗਰਸ, ਜਿਸਦੀ ਅਗਵਾਈ ਉਹ ਆਪ ਕਰਦੇ ਸਨ, ਨੂੰ ਕਰੋੜਾਂ ਬੇਜ਼ੁਬਾਨ ਲੋਕਾਂ ਦੀ ਜ਼ੁਬਾਨ ਬਨਣਾ ਚਾਹੀਦਾ ਹੈ -ਇਹ ਨਹੀਂ ਕਿ ਕਰੋੜਾਂ ਬੇਜ਼ੁਬਾਨ ਲੋਕਾਂ ਨੂੰ ਆਪਣੀ ਬੇਬਸੀ ਛੱਡਕੇ ਆਪਣੀ ਆਵਾਜ਼ ਆਪ ਉਠਾਉਣੀ ਚਾਹੀਦੀ ਹੈ।

ਨਿਰਸੰਦੇਹ, ਸੱਭ ਕੁਝ ਕਹਿਣ ਤੇ ਕਰਨ ਤੋਂ ਬਾਅਦ ਵੀ ਗਾਂਧੀ ਜੀ ਬਾਰੇ ਇਹ ਵਰਨਣਯੋਗ ਤੱਥ ਕਾਇਮ ਰਹਿੰਦਾ ਹੈ ਕਿ ਸਾਡੀ ਲੰਮੀ ਤੇ ਸ਼ਾਨਦਾਰ ਤਾਰੀਖ ਵਿਚ ਜਨਤਾ ਨੂੰ ਜਗਾਉਣ ਵਾਲਾ ਜੇ ਕੋਈ ਸਭ ਤੇ ਮਹਾਨ ਆਗੂ ਹੋਇਆ, ਉਹ ਮਹਾਤਮਾ ਗਾਂਧੀ ਹੀ ਸੀ ਤੇ ਰਹੇਗਾ। ਗਾਂਧੀ ਜੀ ਤੋਂ ਇਲਾਵਾ ਹੋਰ ਕਿਸੇ ਆਗੂ ਦੇ ਸੱਦੇ ਉਤੇ ਲੱਖਾਂ ਕਰੋੜਾਂ ਹਿੰਦੁਸਤਾਨੀ ਕਿਸੇ ਨਾ ਕਿਸੇ ਰੂਪ ਵਿਚ ਜਨਤਕ ਲਹਿਰ ਵਿਚ ਸ਼ਾਮਲ ਨਹੀਂ ਸਨ ਹੋਏ । ਸੱਚਮੁਚ ਅਧੁਨਿਕ, ਤੇਜ਼ ਖਿਆਲ ਤੇ ਇਨਕਲਾਬੀ ਲਹਿਰ ਉਦੋਂ ਹੋਂਦ ਵਿਚ ਆਈ ਜਦੋਂ ਉਹਨਾਂ ਦੀ ਪਹਿਲੀ ਸ਼ਕਤੀਸ਼ਾਲੀ ਪਰੇਰਨਾ ਨੇ ਲੱਖਾਂ ਕਰੋੜਾਂ ਲੋਕਾਂ ਨੂੰ ਹਲੂਣਾ ਦਿੱਤਾ, ਇਹ ਠੀਕ ਹੈ ਕਿ ਇਹ ਲਹਿਰਾਂ ਐਕਸ਼ਨ ਦਾ ਉਹੋ ਜਿਹਾ ਕੌਮ-ਵਿਆਪੀ ਰੂਪ ਧਾਰਨ ਨਾ ਕਰ ਸਕੀਆਂ, ਜਿਹੜਾ ਹੋਣਾ ਚਾਹੀਦਾ ਸੀ। ਇਥੋਂ ਤੱਕ ਕਿ ਆਪਮੁਹਾਰੇ ਜਨਤਕ ਉਭਾਰ ਨੇ ਵੀ ਵਰਨਣਯੋਗ ਵਿਸ਼ਾਲਤਾ ਕੇਵਲ 1945-46 ਵਿਚ ਹੀ ਅਖਤਿਆਰ ਕੀਤੀ, ਇਸਤੋਂ ਪਹਿਲਾਂ ਅਜਿਹਾ ਉਭਾਰ ਘੱਟ ਹੀ ਦੇਖਣ ਵਿਚ ਆਇਆ। ਜਿਥੋਂ ਤੱਕ ਮਹਾਤਮਾ ਗਾਂਧੀ ਦੀਆਂ ਅਸਫ਼ਲਤਾਵਾਂ ਦਾ ਸੰਬੰਧ ਹੈ, ਉਹਨਾਂ ਇਹਨਾਂ ਦਾ ਇਕਬਾਲ ਕੀਤਾ। ਪਰ ਖੱਬੇ ਪੱਖ ਤੇ ਉਸਦੀਆਂ ਊਣਤਾਈਆਂ ਬਾਰੇ ਕੀ ਕਿਹਾ ਜਾਏ? ਇਸ ਵਿਚ ਕੋਈ ਸ਼ੱਕ ਨਹੀਂ ਕਿ ਪਹਿਲੀ ਸੰਸਾਰ ਜੰਗ ਤੋਂ ਬਾਅਦ ਦੇ ਦੋ ਹੰਗਾਮਾਖੇਜ਼ ਦਹਾਕਿਆਂ ਦੇ ਦੌਰਾਨ ਤੇ ਇਸ ਪਿਛੋਂ 1947-49 ਦੇ ਸਾਲਾਂ ਤੱਕ ਸਾਰੇ ਏਸ਼ੀਆ ਵਿਚ ਮਹਾਤਮਾ ਗਾਂਧੀ ਦੇ ਬਰਾਬਰ ਦਾ ਕੋਈ ਹੋਰ ਆਗੂ ਸਰਵਉੱਚ ਆਗੂ ਹੋਇਆ ਤਾਂ ਉਹ ਮਾਓ ਜ਼ੇ ਤੁੰਗ ਹੀ ਸੀ।

ਜੇ ਮਹਾਤਮਾ ਗਾਂਧੀ ਸਰਵਉੱਚ ਆਗੂ ਬਣੇ ਅਤੇ ਉਹਨਾਂ ਆਪਣੀ ਇਸ ਸਰਵਉੱਚਤਾ ਨੂੰ ਕਾਇਮ ਰੱਖਿਆ ਤਾਂ ਇਸ ਵਿਚ ਵੱਡਾ ਹੱਥ ਉਹਨਾਂ ਦੀ ਆਪਣੀ ਅਣਥੱਕ ਮਿਹਨਤ ਦਾ ਸੀ। ਜਿਸ ਤਰ੍ਹਾਂ ਵਿਲੀਅਮ ਬਲੇਕ ਨੇ ਬਹੁਤ ਚਿਰ ਪਹਿਲਾਂ ਲਿਖਿਆ ਸੀ- ਊਰਜਾ ਸਦੀਵੀ ਖੁਸ਼ੀ ਹੈ। ਪਰ ਇਹ ਨਿਰੀ ਉਹਨਾਂ ਦੇ ਸਖਸ਼ੀ ਕਮਾਲ ਜਾਂ ਕ੍ਰਿਸ਼ਮੇ ਦਾ ਸਿੱਟਾ ਨਹੀਂ ਸੀ। ਉਂਝ ਵੀ ਕ੍ਰਿਸ਼ਮਾ ਆਪਣੇ ਆਪ ਵਿਚ ਕੋਈ ਬਹੁਤਾ ਅਰਥ ਨਹੀਂ ਰੱਖਦਾ। ਜੇ ਉਹਨਾਂ ਨੂੰ ਸਰਵਉੱਚਤਾ ਦਾ ਲਾਸਾਨੀ ਅਸਥਾਨ ਹਾਸਲ ਹੋਇਆ ਇਸ ਵਿਚ ਤਿੰਨ ਗੱਲਾਂ ਦਾ ਸੁਮੇਲ ਸ਼ਾਮਲ ਸੀ। ਉਹਨਾਂ ਬਰਤਾਨਵੀ ਬਸਤੀਵਾਦੀ ਪ੍ਰਬੰਧ ਦੇ ਮੁਕਾਬਲੇ ਉੱਤੇ ਅਜਿਹਾ ਮੁਕੰਮਲ ਬਦਲ ਪੇਸ਼ ਕੀਤਾ ਜਿਸਨੂੰ ਲੋਕ ਸਮਝ ਸਕਦੇ ਸਨ ਤੇ ਚਾਹੁੰਦੇ ਸਨ। ਉਹਨਾਂ ਇਕ ਅਜਿਹੀ ਜਥੇਬੰਦੀ -ਇੰਡੀਅਨ ਨੈਸ਼ਨਲ ਕਾਂਗਰਸ- ਉਸਾਰੀ ਜਿਸਦੇ ਅੰਦਰ ਲੋੜਾਂ ਦਾ ਅਨੁਸ਼ਾਸ਼ਨ ਵੀ ਸੀ ਪਰ ਜਿਹੜੀ ਨਾਲੋ ਨਾਲ ਜਨਤਕ ਲਹਿਰ ਵੀ ਬਣੀ ਰਹੀ। ਜਿਸ ਇਕ ਹੋਰ ਗੱਲ ਵਿਚ ਉਹ ਸਫ਼ਲ ਰਹੇ ਉਹ ਇਹ ਸੀ ਕਿ ਉਹਨਾਂ ਨਿਰੰਤਰ ਉੱਭਰ ਰਹੀਆਂ ਲਹਿਰਾਂ ਤੇ “ਸ਼ਾਂਤੀ ਵੇਲੇ” ਦੀਆਂ ਸਰਗਰਮੀਆਂ ਦੇ ਸੁਮੇਲ ਰਾਹੀਂ ਲੋਕਾਂ ਨਾਲ ਨਾਤਾ ਕਾਇਮ ਰੱਖਿਆ “ਸ਼ਾਂਤੀ ਵੇਲੇ” ਦੀਆਂ ਸਰਗਰਮੀਆਂ, ਜਿਨ੍ਹਾਂ ਨੂੰ ਉਹ ਉਸਾਰੂ ਸਰਗਰਮੀਆਂ ਕਹਿੰਦੇ ਸਨ, ਵਿਚ ਚਰਖਾ ਤੇ ਖਾਦੀ, ਸਵੈ-ਸਾਵੀਦਤ ਤੇ ਸਹਿਕਾਰਤਾ ਰਾਹੀਂ ਪਿੰਡਾਂ ਦੀ ਉੱਨਤੀ ਦੇ ਕੰਮ ਸ਼ਾਮਲ ਸਨ। ਪਰ ਇਹ ਕੰਮ ਨਿਰੇ ਉਤਪਾਦਨ ਖੇਤਰ ਤੱਕ ਹੀ ਸੀਮਤ ਨਹੀਂ ਸਨ ਸਗੋਂ ਸਿਹਤ ਸਫ਼ਾਈ, ਪੀਣ ਵਾਲੇ ਪਾਣੀ ਤੇ ਸਮਾਜੀ ਸੁਧਾਰਾਂ ਨਾਲ ਵੀ ਸੰਬੰਧ ਰੱਖਦੇ ਸਨ। ਇਹ ਲਗਾਤਾਰ ਸਰਗਰਮੀ ਕਾਂਗਰਸ ਨੂੰ ਨਾ ਕੇਵਲ ਕੰਮ ਲਾਈ ਰੱਖਦੀ ਸੀ ਤੇ ਲੋਕਾਂ ਦੇ ਨੇੜੇ ਹੋਣ ਵਿਚ ਮੱਦਦ ਕਰਦੀ ਸੀ ਸਗੋਂ ਅੰਗਰੇਜ਼ ਰਾਜ, ਖੱਬੇਪੱਖ ਅਤੇ ਜਦੋਜਹਿਦ ਕਈ ਨਿਰੋਲ ਕਾਨੂੰਨੀ ਢੰਗਾਂ ਤੋਂ ਵਰਤੋਂ ਕਰਨ ਦੇ ਹਾਮੀਆਂ ਦੇ ਮੁਕਾਬਲੇ ਉੱਤੇ ਇਕ ਠੋਸ ਬਦਲ ਵੀ ਪੇਸ਼ ਕਰਦੀ ਸੀ, ਇਸਦੀ ਮੱਦਦ ਨਾਲ ਅਜਿਹੇ ਅਣਗਿਣਤ ਕਾਰਕੁਨ ਵੀ ਪੈਦਾ ਹੋ ਰਹੇ ਸਨ, ਜਿਹੜੇ ਆਮ ਲੋਕਾਂ ਦਾ ਹੀ ਹਿੱਸਾ ਸਨ ਅਤੇ ਜਿਨ੍ਹਾਂ ਨੂੰ ਪਤਾ ਸੀ ਕਿ ਜਨਤਾ ਨੂੰ ਜਥੇਬੰਦ ਕਿਵੇਂ ਕਰਨਾ ਹੈ।

ਅੰਤ ਵਿਚ ਉਹਨਾਂ ਸਾਂਝੇ ਮੁਹਾਜ਼ ਦਾ ਵਿਚਾਰ ਵੀ ਸਾਹਮਣੇ ਲਿਆਂਦਾ। ਉਹ ਸਰਮਾਏਦਾਰਾਂ, ਜਾਗੀਰਦਾਰਾਂ ਤੇ ਇਥੋਂ ਤੱਕ ਕਿ ਰਜਵਾੜਿਆਂ ਨੂੰ ਵੀ ਅਜਿਹੇ ਮੁਹਾਜ਼ ਤੋਂ ਬਾਹਰ ਨਹੀਂ ਸਨ ਰੱਖਦੇ। ਉਹ ਰਾਜਿਆਂ ਦੇ ਖਾਤਮੇ ਦਾ ਵੀ ਵਿਰੋਧ ਕਰਦੇ ਸਨ। ਉਹਨਾਂ ਦੀ ਦਲੀਲ ਸੀ ਕਿ ਵਿਸ਼ਾਲ ਤੋਂ ਵਿਸ਼ਾਲ ਸਾਮਰਾਜ ਵਿਰੋਧੀ ਸੰਘਰਸ਼ ਲਈ ਇਹ ਜ਼ਰੂਰੀ ਹੈ। ਤਾਂ ਵੀ ਅਜਿਹੇ ਮੁਹਾਜ਼ ਦੀ ਸਥਾਪਨਾ ਸਮੇਂ ਇਸ ਗੱਲ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਕਿ ਮਿਹਤਕਸ਼ ਲੋਕਾਂ ਅਤੇ ਆਮ ਗਰੀਬਾਂ ਲਈ ਅਜਿਹੇ ਪ੍ਰੋਗਰਾਮ ਤੇ ਉਦੇਸ਼ ਵੀ ਉਲੀਕੇ ਜਾਣ ਜਿਹੜੇ ਇਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਨਾਉਣ ਅਤੇ ਤੇ ਇਹਨਾਂ ਨੂੰ ਤੁਰੰਤ ਰਾਹਤ ਵੀ ਪਹੁੰਚਾਉਣ। ਮਹਾਤਮਾ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਨੇ ਆਮ ਲੋਕਾਂ ਦੇ ਸੰਬੰਧ ਵਿਚ ਇਹੀ ਰਣਨੀਤੀ ਅਪਣਾਈ ਭਾਵੇਂ ਇਹ ਸਰਮਾਏਦਾਰ ਸ਼੍ਰੇਣੀ ਸੀ ਜਿਸਨੂੰ ਉਹਨਾਂ ਦੀ ਅਗਵਾਈ ਹੇਠਲੀ ਕਾਂਗਰਸ ਹੱਥੋਂ ਨਾ ਸਿਰਫ਼ ਬਹੁਤ ਜ਼ਿਆਦਾ ਲਾਭ ਹੋਇਆ ਸਗੋਂ ਰਾਜਸੀ ਸੱਤਾ ਵਿਚ ਵੀ ਇਸਦੀ ਭਾਈਵਾਲੀ ਪੈ ਗਈ। ਤਾਂ ਵੀ ਇਹ ਕਹਿਣਾ ਦਰੁਸਤ ਨਹੀਂ ਹੋਵੇਗਾ ਕਿ ਸਾਰਾ ਲਾਭ ਸਰਮਾਏਦਾਰ ਸ਼੍ਰੇਣੀ ਨੂੰ ਹੀ ਪਹੁੰਚਾ। ਆਮ ਲੋਕਾਂ ਤੇ ਸਮੁੱਚੇ ਰੂਪ ਵਿਚ ਪੂਰੀ ਕੌਮ ਨੂੰ ਵੀ ਪ੍ਰਾਪਤੀ ਹੋਈ। ਇਹ ਪ੍ਰਾਪਤੀ ਕਿਸੇ ਹੱਦ ਤੱਕ ਪਦਾਰਥਕ ਅਰਥ ਵੀ ਰੱਖਦੀ ਸੀ ਪਰ ਇਸਨੇ ਵਧੇਰੇ ਕਰਕੇ ਚੇਤਨਾ, ਗੌਰਵ ਤੇ ਕੌਮੀ ਸਵੈ-ਆਦਰ ਪਰਦਾਨ ਕੀਤਾ।

ਮਹਾਤਮਾ ਗਾਂਧੀ ਲਈ ਆਪਣੇ ਲੀਡਰਸ਼ਿਪ ਲਈ ਕਿਸੇ ਕਿਸਮ ਦਾ ਚੈਲਿੰਜ ਗਵਾਰਾ ਨਹੀਂ ਸੀ, ਜਿਥੋਂ ਤੱਕ ਕਮਿਉਨਿਸਟਾਂ ਦਾ ਸੰਬੰਧ ਹੈ, ਉਹਨਾਂ ਵੱਲੋਂ ਤਾਂ ਉੱਕਾ ਹੀ ਨਹੀਂ। ਪਰ ਇਸਦੇ ਨਾਲ ਨਾਲ ਉਹ ਕਮਿਉਨਿਸਟਾਂ ਦੀ ਮਿਲਵਰਤਣ ਵੀ ਚਾਹੁੰਦੇ ਸਨ। ਇਹ ਗੱਲ ਵੀ ਲਿਖਤ ਵਿਚ ਆ ਚੁੱਕੀ ਹੈ ਕਿ ਜਦੋਂ 1929 ਵਿਚ ਅੰਗਰੇਜ਼ ਹਾਕਮਾਂ ਨੇ ਕਮਿਉਨਿਸਟ ਆਗੂਆਂ ਨੂੰ ਮੇਰਠ ਵਿਚ ਜੇਲ੍ਹਬੰਦ ਕਰ ਦਿੱਤਾ ਸੀ ਤਾਂ ਮਹਾਤਮਾ ਗਾਂਧੀ ਉਹਨਾਂ ਨੂੰ ਜੇਲ੍ਹ ਵਿਚ ਮਿਲਣ ਗਏ ਸਨ। ਉੱਥੇ ਉਹਨਾਂ ਕਿਹਾ ਕਿ ਮੈਂ ਤੁਹਾਡਾ ਸਹਿਯੋਗ ਚਾਹੁੰਦਾ ਹਾਂ ਤੇ ਉਸਦੀ ਕਦਰ ਕਰਦਾ ਹਾਂ। ਐੱਸ਼ਏ ਡਾਂਗੇ ਨੇ ਉਹਨਾਂ ਤੋਂ ਪੁੱਛਿਆ ਸੀ ਕਿ ਜੇ ਜਨਤਕ ਸੰਘਰਸ਼ ਦੇ ਦੌਰਾਨ ਹਿੰਸਾ ਦੀ ਕੋਈ ਇੱਕਾ ਦੁੱਕਾ ਘਟਨਾ ਵਾਪਰ ਜਾਂਦੀ ਹੈ ਤਾਂ ਤੁਸੀਂ ਸੰਘਰਸ਼ ਨੂੰ ਹੀ ਵਾਪਸ ਤਾਂ ਨਹੀਂ ਲੈ ਲਓਗੇ, ਉਂਝ ਹੀ ਜਿਵੇਂ 1922 ਵਿਚ ਚੌਰਾਚੌਰੀ ਸਮੇਂ ਤੁਸਾਂ ਕੀਤਾ ਸੀ ਜਦੋਂ ਭੜਕੀ ਹੋਈ ਭੀੜ ਨੇ ਕੁਝ ਪੁਲਸ ਦੇ ਬੰਦੇ ਜਿਉਂਦੇ ਸਾੜ ਦਿੱਤੇ ਸਨ? ਉਹਨਾਂ ਉਤਰ ਦਿੱਤਾ ਸੀ ਕਿ ਅਜਿਹਾ ਨਹੀਂ ਹੋਵੇਗਾ।

ਕਮਿਉਨਿਸਟ ਆਗੂਆਂ ਵਿਰੁੱਧ ਮੁਕੱਦਮੇ ਦੀ ਪੈਰਵਾਈ ਕਰਨ ਵਾਲਿਆਂ ਵਿਚ ਸਰਕਦਾ ਕਾਂਗਰਸੀ ਆਗੂ ਵੀ ਸ਼ਾਮਲ ਸਨ, ਜਿਨ੍ਹਾਂ ਵਿਚੋਂ ਮੋਤੀ ਲਾਲ ਨਹਿਰੂ ਤੇ ਜਵਾਹਰ ਲਾਲ ਨਹਿਰੂ ਦੇ ਨਾਂਅ ਜ਼ਿਕਰਯੋਗ ਹਨ।ਨਿਰਸੰਦੇਹ ਅੱਜ ਦਾ ਆਜ਼ਾਦ ਹਿੰਦੁਸਤਾਨ ਬਸਤੀਵਾਦੀ ਹਿੰਦੁਸਤਾਨ ਨਾਲੋਂ ਬਹੁਤ ਬਦਲ ਚੁੱਕਾ ਹੈ। ਹਿੰਦੁਸਤਾਨ ਵਿਚ ਕੌਮੀ ਜਮਹੂਰੀ ਇਨਕਲਾਬ ਨੂੰ ਨੇਪਰੇ ਚਾਹੜਨ ਦਾ ਸੰਘਰਸ਼ ਆਜ਼ਾਦੀ ਦੇ ਸੰਘਰਸ਼ ਨਾਲੋਂ ਸਿਫ਼ਤੀ ਤੌਰ ‘ਤੇ ਵਾਪਰੀ ਪੱਧਰ ਉੱਤੇ ਚੱਲ ਰਿਹਾ ਹੈ। ਇਸਦੇ ਲਈ ਵੱਖਰੀ ਸ਼੍ਰੇਣੀ-ਮਜ਼ਦੂਰ ਜਮਾਤ- ਦੀ ਸਰਦਾਰੀ ਦੀ ਲੋੜ ਹੈ ਅਤੇ ਵੱਖ ਵੱਖ ਸ਼੍ਰੇਣੀਆਂ ਦੀ ਕੁਲੀਜ਼ਨ ਦਾ ਸ਼੍ਰੇਣੀ ਸੱਤਾ ਉੱਤੇ ਕਬਜ਼ਾ ਹੀ ਵਰਤਮਾਨ ਚੌਧਰ ਤੇ ਸੱਤਾ ਦਾ ਭੋਗ ਪਾ ਸਕਦਾ ਹੈ। ਇਸਦੇ ਲਈ ਜਿਸ ਪੱਧਰ ਦੀ ਜਨਤਕ ਚੇਤਨਾ ਤੇ ਸ਼ਮੂਲੀਅਤ ਦੀ ਲੋੜ ਹੈ ਉਹ ਵੀ ਵੱਖਰੀ ਕਿਸਮ ਦੀ ਹੋਵੇਗੀ। ਇਹਨਾਂ ਫਰਕਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਨਾ ਹੀ ਗਾਂਧੀਵਾਦ ਦੀ ਇਕਟੱਕ ਨੁਕਤਾਚੀਨੀ ਕੀਤੇ ਅਤੇ ਉਸਦਾ ਪ੍ਰਭਾਵ ਘਟਾਏ ਬਿਨਾ ਕੌਮੀ ਜਮਹੂਰੀ ਇਨਕਲਾਬ ਵੱਲ ਅੱ ਗੇ ਵਧਿਆ ਜਾ ਸਕਦਾ ਹੈ। ਪਰ ਫੇਰ ਵੀ ਗਾਂਧੀਵਾਦ ਦਾ ਨਿਰੋਲ ਨਿਖੇਧ ਵੀ ਨਹੀਂ ਹੋ ਸਕਦਾ।

2 comments:

  1. ਉਸਾਰੂ ਬਹਿਸ ਦਾ ਮਾਹੌਲ ਬਣਾਉਣ ਵੱਲ ਤੇਰੇ ਯਤਨ ਸਲਾਘਾਯੋਗ ਹਨ. ਉਪਰਲੀ ਟਿੱਪਣੀ ਵਿੱਚ ਇੱਕ ਵੱਡੀ ਗਲਤੀ ਹੈ. ਸੱਤਪਾਲ ਡਾਂਗੇ ਨਾਂ ਦਾ ਕੋਈ ਵਿਅਕਤੀ ਨਹੀਂ ਹੈ. ਸੱਤਪਾਲ ਡਾਂਗ ਵੱਖਰਾ ਆਗੂ ਹੈ ਜੋ ਅੰਮ੍ਰਿਤਸਰ ਵਿੱਚ ਰਹਿੰਦਾ ਹੈ ਅਤੇ ਸ੍ਰੀਪਦ ਅੰਮ੍ਰਿਤ ਡਾਂਗੇ ਵੱਖਰਾ ਜਿਸ ਨੂੰ ਹਿੰਦੁਸਤਾਨ ਵਿੱਚ ਕਮਿਊਨਿਸਟ ਅੰਦੋਲਨ ਦੇ ਮੋਢੀਆਂ ਵਿੱਚੋਂ ਇੱਕ ਹੋਣ ਦਾ ਮਾਣ ਪ੍ਰਾਪਤ ਹੈ. ਉਸ ਦੀ ਵੀਹ ਸਾਲ ਪਹਿਲਾਂ ਨੱਬੇ ਸਾਲ ਦੀ ਉਮਰ ਵਿੱਚ ਮੌਤ ਹੋਈ ਸੀ.ਤੁਸੀਂ ਦੋਨਾਂ ਨੂੰ ਇੱਕ ਬਣਾ ਦਿੱਤਾ ਹੈ .

    ReplyDelete
  2. sorry.......main ਸ੍ਰੀਪਦ ਅੰਮ੍ਰਿਤ ਡਾਂਗੇ hee likhna ce....galti nal likhyia gya.......

    ReplyDelete