ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, May 23, 2012

ਖੜ੍ਹੇ ਪਾਣੀ ਦੇ ਕੌੜੇ ਘੁੱਟ

ਮੇਰੀ ਖੁਸ਼ਕਿਸਮਤੀ ਆ ਕਿ ਮੈਂ ਪਾਣੀਆਂ ਦੇ ਪਲੀਤ ਹੋਣ ਤੋਂ ਥੋੜ੍ਹਾ ਕੁ ਚਿਰ ਪਹਿਲਾਂ ਜੰਮ ਪਿਆ ਸੀ ਸੋ ਮੈਂ  ਵਗਦਾ  ਪਾਣੀ ਬੁੱਕ ਭਰ-ਭਰ ਪੀਤਾ ਏ।ਖਾਲਿਆਂ 'ਚ ਵਗਦਾ ਬੰਬੀ ਦਾ ਪਾਣੀ ਤਾਂ ਡੰਗਰ ਚਾਰਦਿਆਂ ਨਿੱਤ ਪੀਂਦੇ ਸੀ ਪਰ ਮੇਰੇ ਚੇਤੇ 'ਚ ਮੈਂ ਜਦੋਂ ਪਹਿਲੀ ਵਾਰ ਪਿੰਡੋਂ ਹਟਵੇ ਵਗਦੇ ਰਾਵੀ 'ਤੇ ਗਿਆ ਸੀ ਤਾਂ ਨਿਤਰਿਆ ਪਾਣੀ ਵੇਖ ਕੇ ਉਥੇ ਵੀ ਝੱਗੇ ਦੇ ਕਫ ਟੰਗ ਕੇ ਬੁੱਕਾਂ ਨਾਲ ਪਾਣੀ ਪੀਤਾ ਸੀ।ਪਿਛੋਂ ਪੰਜਾਬ ਦੇ ਪਾਣੀ ਪਲੀਤ ਹੋ ਗਏ।ਹੁਣ ਹੱਥ ਨਾਲ ਗੇੜਨ ਵਾਲੇ ਨਲਕੇ ਤੋਂ ਪਾਣੀ ਪੀਦਿਆਂ ਡਰ ਲੱਗਣ ਲਗ ਗਿਆ,ਮਤਾ ਕਿਤੇ ਪਾਣੀ ਕੈਂਸਰਿਆਂ ਨਾ ਹੋਵੇ।

ਖੈਰ,ਪਾਣੀ ਦੀ ਖਸਲਤ ਐ ਕਿ ਪਾਣੀ ਵਗਦਾ ਰਹੇ ਤੇ ਨਿਰਮਲ ਹੁੰਦਾ ਏ ਅਤੇ ਜੀਵਨ ਦੀ ਨਿਸ਼ਾਨੀ ਹੁੰਦੀ ਹੈ ਪਰ ਖੜ੍ਹ ਜਾਵੇ ਤਾਂ ਬੁਸ ਜਾਂਦਾ ਫਿਰ ਸੜਾਂਦ ਮਾਰਨ ਲਗ ਜਾਂਦਾ ਐ ਤੇ ਮੁਰਦੇਹਾਣ ਹੋ ਜਾਂਦਾ ਹੈ।ਪੰਜਾਬ ਵਗਦੇ ਪਾਣੀਆਂ ਦਾ ਸਿਰਨਾਵਾਂ ਏ ਸੋ ਇਥੋਂ ਦੇ ਬੰਦਿਆਂ ਦੀ ਸੋਚ ਦਰਿਆਵਾਂ ਦੀ ਨਿਰਮਲ ਧਾਰ ਵਾਂਗ ਵਗਦੀ ਰਹੀ ਏ।ਪਰ ਜਦੋਂ ਦੇ ਪਾਣੀ ਪਲੀਤ ਹੋਏ ਨੇ ਸੋਚਾਂ ਵੀ ਗੰਦਲੀਆਂ ਹੋ ਗਈਆਂ ਨੇ ।


ਮਨ 'ਚ ਸੰਵਾਦ ਦਾ ਚਾਅ ਲੈ ਕੇ 6 ਤਰੀਕ ਦਿਨ ਐਤਵਰ ਨੁੰ ਇਕ ਵਾਰਾਂ ਫਿਰ ਮੈਂ ਆਮ ਸਰੋਤਾ ਬਣ ਕੇ ਲੁਧਿਆਣੇ ਦੇ ਪੰਜਾਬੀ ਭਵਨ 'ਚ ਬੈਠਾ ਸੀ ।ਭਾਵੇਂ ਕਿ ਚਰਚਾ ਦੇ ਪ੍ਰਸੰਗ ਬਾਰੇ ਜਾਣਕਾਰੀ ਕੁਝ ਖਾਸ ਨਹੀਂ ਸੀ, ਪਰ ਵਿਸ਼ਾ ਮੇਰੀ ਦਿਲਸਚਪੀ ਵਾਲਾ ਸੀ।ਮੌਕਾ ਸੀ ਕਿਤਾਬ, ਸਿੱਖ ਕੌਮ: ਹਸਤੀ ਤੇ ਹੋਣੀ ਜਾਰੀ ਹੋਣ ਦਾ।ਮੇਰੀ ਦਿਲਚਸਪੀ ਕਿਤਾਬ ਦੇ ਵਿਸ਼ੇ ਅਤੇ ਪਿਛੋਕੜ ਤੋਂ ਇਲਾਵਾ ਬੁਲਾਰਿਆਂ ਵਿੱਚ ਵੀ ਸੀ।ਜਿਨ੍ਹਾਂ 'ਚ ਕਰਮ ਬਰਸਟ ਤੇ ਕਰਮਜੀਤ ਸਿੰਘ  ਖਾਸ ਸਨ।ਪਰ ਅਫਸੋਸ ਇਹ ਦੋਵੇਂ ਗੈਰ ਹਾਜ਼ਰ ਸਨ।

ਰਸਮੀ ਭਾਸ਼ਣ ਸ਼ੁਰੂ ਹੋਏ ਨੁੰ ਕੁਝ ਚਿਰ ਹੀ ਹੋਇਆ ਸੀ ਕਿ ਮਾਰਕਸਵਾਦੀ ਚਿੰਤਕ ਸੁਮੇਲ ਸਿੰਘ ਆ ਗਿਆ ਤੇ ਉਸਦੇ ਇਹ ਦਸਣ 'ਤੇ ਕਿ ਉਹ ਵੀ ਸਮਾਗਮ 'ਚ ਬੁਲਾਰਾ ਹੈ ਮੈਨੂੰ ਧਰਵਾਸ ਬੱਝਾ।ਪਰ ਸਮਾਗਮ ਦੇ ਅੰਤ ਤਕ ਮੈਨੁੰ ਅਫਸੋਸ ਸੀ ਕਿ ਅਸੀਂ ਕਿਥੇ ਖੜ੍ਹੇ ਹਾਂ।

ਗੱਲ ਸਿੱਖ ਵਿਦਵਾਨ ਅਜਮੇਰ ਸਿੰਘ ਦੀਆਂ ਲਿਖੀਆਂ ਕਿਤਾਬਾਂ ਦੇ ਬਾਰੇ ਚਰਚਾ ਦੀ ਸੀ ਜੋ ਕਿ ਕੁਝ ਹੱਦ ਤਕ ਹੋਈ ਵੀ। ਇਸ ਮੌਕੇ ਪ੍ਰਿਥੀਪਾਲ ਸਿੰਘ ਕਪੂਰ ਪਹਿਲੇ ਬੁਲਾਰੇ ਸਨ।ਉਨ੍ਹਾਂ ਨੇ ਅਜਮੇਰ ਸਿੰਘ ਦੀਆਂ ਲਿਖਤ 'ਚ ਕਈ ਊਣਤਾਈਆਂ ਦੀ ਚਰਚਾ ਕੀਤੀ।ਜਿਹੜੀਆਂ ਕਿ ਕਿਸੇ ਵੀ ਲੇਖਕ ਨੁੰ ਪੜਦਿਆਂ ਹਰ ਪਾਠਕ ਆਪਣੀ ਮੱਤ ਮੂਜਬ ਲੱਭ ਹੀ ਲੈਂਦਾ ਹੈ ਤੇ ਲੱਭ ਹੀ ਲੈਣੀਆਂ ਚਾਹੀਦੀਆਂ ਹਨ,ਚੰਗਾ ਗੱਲ ਹੈ।ਭਾਵੇਂ ਕਿ ਕਪੂਰ ਹੋਰੀਂ ਕੋਈ ਵਜ਼ਨਦਾਰ ਗੱਲ ਕਰਨ ਤੋਂ ਅਸਮਰੱਥ ਰਹੇ ਪਰ 
ਰਸਮੀ ਤੌਰ ਤੇ ਕਿਤਾਬ ਬਾਰੇ ਬੋਲ ਕੇ ਉਨ੍ਹਾਂ ਚੰਗੀ ਸ਼ੁਰੂਆਤ ਕੀਤੀ ।

ਇਸ ਤੋਂ ਪਿਛੋਂ ਅਮਰਜੀਤ ਸਿੰਘ ਪਨਾਗ ਹੁਰਾਂ ਨੇ ਆਪਣੇ ਕਿਤਾਬ 'ਚ ਛਪੇ ਲੇਖ ਦੀ ਵਿਆਖਿਆ ਕੀਤੀ।ਜਿਸ ਬਾਰੇ ਉਨ੍ਹਾਂ ਸਪੱਸ਼ਟ  ਕੀਤਾ ਕਿ ਲੇਖ ਦਾ ਸਬੰਧ ਕਿਤਾਬ ਨਾਲ ਨਹੀਂ ਸੀ,ਕਿਤਾਬ ਦੇ ਸੰਪਾਦਕਾਂ ਨੇ ਮੱਲੋਜ਼ੋਰੀ ਸ਼ਾਮਲ ਕਰ ਦਿਤਾ।(ਸ਼ਾਇਦ ਖਾਲਿਸਤਾਨੀ ਵਿਚਾਰ ਦੇ ਵਿਰੋਧ 'ਚ ਸੀ ਤਾਂ?) ਅਮਰਜੀਤ ਸਿੰਘ ਨੇ ਆਪਣੇ ਲੇਖ 'ਚ ਸਿੱਖ ਸਿਧਾਂਤ ਦੀ ਆਪਣੇ ਤਰੀਕੇ ਨਾਲ ਵਿਆਖਿਆ ਕਰਕੇ ਸਿੱਧ ਕੀਤਾ ਕਿ ਸਿੱਖੀ ਵਿਚ ਵੱਖਰੇ ਰਾਜ ਦਾ ਕੋਈ ਬਦਲ ਹੀ ਨਹੀਂ ਹੈ।ਗੁਰਬਾਣੀ ਦੇ ਹਵਾਲਿਆਂ ਨਾਲ ਸਿਆਸੀ ਸੱਤਾਂ ਨੂੰ ਨਕਾਰਦਿਆਂ ਹੋਇਆਂ ਦੱਸਿਆ ਕਿ ਗੁਰਬਾਣੀ ਤਾਂ ਕੇਵਲ ਨੈਤਿਕਤਾ ਅਤੇ ਆਚਰਨ 'ਤੇ ਜ਼ੋਰ ਦਿੰਦੀ ਹੈ।ਸੋ ਸਿੱਖ ਰਾਜ ਜਾਂ ਖਾਲਿਸਤਾਨ ਦਾ ਵਿਚਾਰ ਗੁਰਬਾਣੀ ਵਿਰੋਧੀ ਹੈ।ਭਾਵੇਂ ਕਿ ਸੁਮੇਲ ਸਿੰਘ ਇਕ ਹੋਰ ਬੁਲਾਰੇ ਪ੍ਰਭਜੋਤ ਸਿੰਘ ਤੋਂ ਬਾਅਦ ਬੋਲੇ,ਪਰ ਉਨ੍ਹਾਂ ਵੀ ਆਪਣੇ ਜੋਸ਼ੀਲੇ ਭਾਸ਼ਨ 'ਚ ਸਿੱਖੀ ਸਿਧਾਂਤ ਦੀ ਗੁਰਬਾਣੀ ਅਨੁਸਾਰਵਿਆਖਿਆ ਕੀਤੀ।ਜਿਸ ਵਿਚ ਬਾਬੇ ਨਾਨਕ ਵੱਲੋਂ ਬਾਣੀ 'ਚ ਵਰਤੇ "ਹਿੰਦੋਸਤਾਨ" ਸ਼ਬਦ  ਨੁੰ ਅਧਾਰ ਬਣਾ ਕੇ ਉਨ੍ਹਾਂ ਸਿਧ ਕੀਤਾ ਕਿ ਸਿੱਖੀ 'ਚ ਵੱਖਰੇ ਰਾਜ ਭਾਵ ਖਾਲਸਿਤਾਨ ਵਰਗਾ ਕੋਈ ਸਿਧਾਂਤ ਹੀ ਨਹੀਂ ਹੈ। 

ਅਫਸੋਸ ਨਾਲ ਕਹਿਣਾ ਪਵੇਗਾ ਕਿ ਪਿਛਲੇ ਕੁਝ ਸਮੇਂ ਤੋਂ ਮੈਂ ਜਿਨੇ ਕਮਿਊਨਿਸਟਾਂ ਨੁੰ ਸਿੱਖੀ ਦੇ ਸਿਧਾਂਤ ਦੀ ਵਿਆਖਿਆ ਕਰਦਿਆਂ ਸੁਣਿਆ ਹੈ ਓਨਾ ਸਿੱਖਾਂ ਨੂੰ ਨਹੀਂ।ਇਕ ਮੁਲਾਕਾਤ ਦੌਰਾਨ ਮਾਰਕਸਵਾਦੀ ਲੇਖਕ ਤੇ ਚਿੰਤਕ ਦਲਜੀਤ ਅਮੀ ਜੀ ਨੇ ਵੀ ਰਾਜੋਆਣੇ ਬਾਰੇ ਚਰਚਾ ਕਰਦਿਆਂ ਆਪਣੇ ਆਪ ਨੁੰ ਬੇਹਤਰ ਸਿੱਖ ਦਸਦਿਆਂ ਸਿੱਖੀ ਦੇ ਬੁਨਿਆਦੀ ਫਲਸਫੇ ਦੀ ਚਰਚਾ ਕੀਤੀ ਸੀ।ਮੇਰੇ ਵਰਗੇ ਸਧਾਰਨ ਸਰੋਤੇ ਜਾਂ ਪਾਠਕ ਅੱਗੇ ਗੁਰਬਾਣੀ ਦੀ ਅਜਿਹੀ ਵਿਆਖਿਆ ਦਾ ਢੇਰ ਹੈ, ਜਿਸ ਵਿਚ ਗੁਰਬਾਣੀ, ਸਿਆਸਤ ਦੀ ਥਾਂ ਨੈਤਿਕ ਤੇ ਆਚਰਨ ਉਚਮਤਾ 'ਤੇ ਜ਼ੋਰ ਦਿੰਦੀ ਹੈ, ਰਾਜ ਜਾਂ ਵੱਖਰੇ ਰਾਜ ਨੁੰ ਸਿੱਖ ਸਿਧਾਂਤ ਤੇ ਗੁਰਬਾਣੀ ਦਾ ਵਿਰੋਧੀ ਦਸਿਆ  ਜਾਂਦਾ ਹੈ, ਜਿਥੇ ਸੁਮੇਲ ਸਿੰਘ ਇਤਿਹਾਸ 'ਚੋਂ ਵੀ ਦਲੀਲ ਲੱਭ ਲਿਆਉਂਦੇ ਹਨ ਕਿ ਸਿੱਖਾਂ ਨੁੰ ਰਾਜ ਦੀ ਲੋੜ 18ਵੀ ਸਦੀਂ ਦੀ ਵਕਤੀ ਲੋੜ ਸੀ  ਤੇ ਅਮਰਜੀਤ ਸਿੰਘ ਪਨਾਗ 18ਵੀ ਸਦੀ 'ਚ ਭਾਈ ਬਘੇਲ ਸਿੰਘ ਦੇ ਦਿੱਲੀ ਜਿਤਣ ਤੇ ਫਿਰ ਛੱਡ ਆਉਣ ਨੁੰ ਸਿੱਖਾਂ 'ਚ ਰਾਜ ਕਰਨ ਦੀ ਚਾਹ ਨਾ ਹੋਣਾਂ ਕਹਿ ਕੇ ਵੱਖਰੇ ਰਾਜ ਦੀ ਮੰਗ ਨੁੰ ਗੈਰ ਸਿੱਖੀ ਮੰਗ ਦਸਦੇ ਹਨ।  

ਇਸ ਤਰ੍ਹਾਂ ਦੀਆਂ ਸਾਰੀਆਂ ਵਿਆਖਿਆਵਾਂ ਉਤੋਂ ਵੇਖਣ ਨੁੰ ਵੱਖ ਵੱਖ ਮੁਹਾਰਾਂ ਤੋਂ ਪਰ ਥੋੜੇ ਗਹੁ ਨਾਲ ਵੇਖਣ 'ਤੇ ਇਕ ਸੂਤਰ 'ਚ  ਪਰੋਈਆਂ ਲੱਗਣਗੀਆਂ।ਇਹ ਪਹਿਲੀ ਵਾਰ ਨਹੀਂ ਸੀ ਜਦੋਂ ਪਾਸ਼ ਨੇ ਐਂਟੀ 47 'ਚ ਸਿੱਖੀ ਦੀ ਨਿਵੇਕਲੀ ਵਿਆਖਿਆ ਕੀਤੀ ਸੀ,ਸੁਰਿੰਦਰ ਸਿੰਘ ਨਿਰਾਲਾ"ਹਮ ਹਿੰਦੂ ਹੈ" ਲਿਖ ਕੇ ਗੁਰਬਾਣੀ ਦੀ ਇਸ ਤਰ੍ਹਾਂ ਦੀ ਵਿਆਖਿਆ ਕਰ ਚੁੱਕਾ ਸੀ।ਤੇ ਸੱਚ ਦੱਸਣ  ਪਿਛੋਂ ਭਾਈ ਕਾਹਨ ਸਿੰਘ ਨਾਭਾ ਨੁੰ "ਹਮ ਹਿੰਦੂ ਨਹੀਂ" ਲਿਖਣਾ ਪਿਆ।ਕੇਪੀਐਸ ਗਿੱਲ ਆਪਣੀ ਕਿਤਾਬ '
The knights of falsehood' 'ਚ ਵੀ ਸਿਖੀ ਦੀ ਸੁਮੇਲ ਸਿੰਘ ਵਾਲੀ ਵਿਆਖਿਆ ਕਰਦਾ ਹੈ।ਇਸ ਤਰ੍ਹਾਂ ਦੀ 
ਰਾਸਟਰਵਾਦੀ ਸਿਖੀ ਦੀ ਵਿਆਖਿਆ ਮਹੀਪ ਸਿੰਘ ਤੋਂ ਇਲਾਵਾ 'ਪੰਜਾਬ ਕੇਸਰੀ' ਦੇ ਕਾਲਮਾਂ 'ਚ ਪੜ੍ਹੀ ਜਾ ਸਕਦੀ ਹੈ ।

ਸਿੱਖੀ ਦੀ ਵਿਆਖਿਆ ਤੋਂ ਇਲਾਵਾ ਸਮਾਗਮ 'ਚ ਇਕ ਹੋਰ ਗੱਲ ਉਨ੍ਹਾਂ ਸਾਰਿਆਂ ਲਈ ਅਸਹਿ ਸੀ ਜਿਹੜੇ ਸੰਵਾਦ 'ਚ ਪੰਜਾਬ ਦੇ ਮਸਲੇ ਦਾ ਹੱਲ ਲਭਦੇ ਨੇ।'ਰਾਸ਼ਟਰਵਾਦੀ ਕਮਿਊਨਿਸਟ' ਬੁਲਾਰਿਆਂ ਤੋਂ ਇਲਾਵਾ ਪ੍ਰੋਗਰਾਮ ਦੇ ਪ੍ਰਬੰਧਕ ਵੀ 84-94 ਦੇ ਦੇ ਦਹਾਕੇ ਦੀਆਂ ਘਟਨਾਵਾਂ ਦੇ ਅਧਾਰ 'ਤੇ ਖਾਲਸਿਤਾਨੀ ਲਹਿਰ ਦਾ ਵਿਸ਼ੇਲਸਣ ਥੋਪਦੇ ਨਜ਼ਰ ਆਏ।ਖਾਲਸਿਤਾਨੀ ਵਿਚਾਰ ਦੇ ਪੈਦਾ ਹੋਣ ਤੋਂ ਅੱਜ 30 ਸਾਲ ਬਾਅਦ ਵੀ ਪੰਜਾਬ ਦੇ ਮਸਲੇ ਉਥੇ ਹੀ ਖੜੇ ਨੇ, ਸਗੋਂ ਹੋਰ ਉਲਝ ਗਏ ਨੇ।ਪਰ ਬੌਧਿਕ ਨਲਾਇਕੀ ਹੀ ਕਹਾਂਗੇ ਕਿ ਪੰਜਾਬ ਦੇ ਚਿੰਤਕ ਜਦ ਇਕੱਠੇ ਹੋਣ ਤੇ ਉਹ ਸਿਧਾਂਤਕ ਵਿਸ਼ਲੇਸ਼ਣ ਦੀ ਬਜਾਏ ਸਟੇਟ ਦੇ ਤਜ਼ਰਬਿਆਂ ਦੀ ਹੂਬਹੂ ਨਕਲ ਕਰਦਿਆਂ ਸਿਰਫ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰ ਕੇ ਲਹਿਰ ਨੁੰ "ਹਿੰਦੂ ਮਾਰਨ ਵਾਲੀ ਫਿਰਕੂ ਲਹਿਰ" ਦਾ ਲਕਬ ਦੇ ਕੇ ਗੱਲ ਖੂਹ ਖਾਤੇ ਪਾ ਦੇਣ ।ਲੱਖਾਂ ਲੋਕਾਂ ਦੀ ਸਮੂਲੀਅਤ ਨਾਲ ਢੇਡ ਦਹਾਕਾ ਲੜੀ ਲੜਾਈ ਨੁੰ "ਇਮੋਸ਼ਨਲ ਇਸ਼ੂ" ਕਹਿ ਕੇ ਸਾਰ ਦੇਣ।ਇਸ ਨੁੰ ਪੰਜਾਬ ਦੇ ਜ਼ਰਈ ਮੁੱਦਿਆਂ ਤੋਂ ਪਿਠ ਘੁੰਮਾਂ ਕੇ ਸਟੇਟ ਨੂੰ ਕੀਤੀਆਂ ਜਾ ਰਹੀਆਂ ਸਲਾਮੀਆਂ ਹੀ ਕਿਹਾ ਜਾ ਸਕਦਾ ਹੈ।

ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਦੇ ਮਸਲਿਆਂ 'ਤੇ ਚੁੰਝ ਚਰਚਾ ਕਰਨ ਵਾਲੇ ਬਹੁਤਿਆਂ ਨੁੰ ਪੰਜਾਬ ਦੇ ਸੰਤਾਪ ਦੇ ਦੌਰ ਸਿਰਫ, ਬੱਸਾਂ 'ਚੋਂ ਲਾਹ ਕੇ ਮਾਰੇ ਹਿੰਦੂ ਦਿਖਦੇ ਹਨ ਤੇ ਸੰਤ ਭਿੰਡਰਾਂਵਾਲੇ ਦਾ "1 ਸਿੱਖ ਨੁੰ 35 ਹਿੰਦੂ ਆਉਂਦੇ ਹਨ" ਵਾਲਾ ਬਿਆਨ  ਸੁਣਦਾ ਹੈ।ਮਸਲਿਆਂ ਦੀ ਜੜ੍ਹ ਵੱਲ ਨਹੀਂ ਜਾਂਦੇ, ਜਾਂ ਫਿਰ ਜਾਣਾ ਈ ਨਹੀਂ ਚਾਹੁੰਦੇ।ਉਨ੍ਹਾਂ ਨੂੰ ਛੱਤੀਸਗੜ੍ਹ ਦਾ 'ਸਲਵਾ ਜੁਡਮ' ਦਿਖਦਾ ਹੈ(ਜਿਸਦਾ ਹਰ ਚੇਤਨ ਮਨੁੱਖ ਨੂੰ ਵਿਰੋਧ ਕਰਨਾ ਚਾਹੀਦਾ ਹੈ),ਪਰ ਉਨ੍ਹਾਂ ਨੂੰ ਪੰਜਾਬ ਦਾ ਸਲਵਾ ਜੁਡਮ ਨਹੀਂ ਦਿਖਿਆ(ਸਗੋਂ ਕਈ ਕਮਿਊਨਿਸਟ ਧਿਰਾਂ ਸਲਵਾ ਜੁਡਮ ਫੌਜ ਬਣਦੀਆਂ ਰਹੀਆਂ),ਜਿਸ 'ਚ ਭਾਰਤੀ ਸੱਤਾ ਦੇ ਇਸ਼ਾਰਿਆਂ 'ਤੇ ਪੰਜਾਬ ਦੀਆਂ ਸੈਂਕੜੇ ਮਾਵਾਂ ਤੇ ਭੈਣਾਂ ਦੀ ਪਤ ਰੋਲੀ ਗਈ।ਜਿਸ 'ਚ ਪੰਜਾਬ ਦੇ ਪਿੰਡਾਂ 'ਚੋਂ ਹਜ਼ਾਰਾਂ ਦੀ ਤਦਾਦ 'ਚ ਬੇਕਸੂਰ ਸਿੱਖਾਂ ਨੌਜਵਾਨ  ਮਾਰੇ ਗਏ।ਪਿੰਡਾਂ ਦੇ ਪਿੰਡ ਨੌਜਾਵਨਾਂ ਤੋਂ ਸੱਖਣੇ ਹੋ ਗਏ।ਪੰਜਾਬ ਦੇ ਸਭ ਤੋਂ ਸ਼ਾਨਦਾਰ 'ਸਿੱਖ ਕਾਮਰੇਡ' ਕਹਾਉਣ ਵਾਲੇ ਕਾਮਰੇਡ ਉਨ੍ਹਾਂ ਘਟਨਾਵਾਂ ਨੂੰ ਕਦੇ ਚਰਚਾ ਦਾ ਮੁੱਖ ਵਿਸ਼ਾ ਨਹੀਂ ਬਣਾਉਂਦੇ।ਰਾਜੋਆਣਾ ਦੀ ਫਾਂਸੀ ਦੇ ਵਿਰੋਧ 'ਚੋਂ ਇਨ੍ਹਾਂ ਨੂੰ ਜਮਾਤੀ ਸੰਘਰਸ਼ ਦਾ ਵਿਰੋਧ ਤੇ ਫਿਰਕਾਪ੍ਰਸਤੀ ਨਜ਼ਰ ਆਉਣ ਲੱਗਦੀ ਹੈ,ਜਦੋਂਕਿ ਪਿਛਲੇ ਇਕ ਦਹਾਕੇ ਤੋਂ(ਜਿਸ 'ਚ ਮੈਦਾਨ ਸਿਰਫ ਇਨ੍ਹਾਂ ਕੋਲ ਸੀ) ਵੱਧ ਸਮੇਂ 'ਚ ਕਿਸੇ ਵੀ ਪਾਰਟੀ ਦੇ 'ਜਮਾਤੀ ਸੰਘਰਸ਼' ਦੀ ਲੜਾਈ ਨੂੰ ਅੱਗੇ ਵਧਣ ਤੋਂ ਕਿਸੇ ਨਹੀਂ ਰੋਕਿਆ 
ਪਰ ਇਸਦੇ ਬਾਵਜੂਦ ਵੀ ਕਿਸੇ ਵੀ ਧਿਰ ਨੇ ਕੋਈ ਮੱਲ ਨਹੀਂ ਮਾਰੀ।'ਆਫ ਦੀ ਰਿਕਾਰਡ' ਕੁਝ ਕਾਮਰੇਡ ਆਗੂ ਵੀ ਪਿਛਲੇ ਸਮੇਂ ਤੋਂ ਹੁਣ ਤੱਕ ਦੇ ਸਮੇਂ ਨੂੰ ਖੜੋਤ ਦਾ ਸਮਾਂ ਮੰਨਦੇ ਹਨ ਤੇ ਇਹ ਵੱਖ ਵੱਖ ਘਟਨਾਵਾਂ ਜ਼ਰੀਏ ਨਜ਼ਰ ਵੀ ਆਉਂਦਾ ਹੈ।ਆਲਮ ਇਹ ਹੈ ਕਿ ਪਾਰਟੀਆਂ ਵੱਖ ਵੱਖ ਸੰਘਰਸ਼ਾਂ ਜ਼ਰੀਏ ਜਮਾਤੀ ਸੰਘਰਸ਼ ਤਿੱਖਾ ਹੋਣ ਦਾ ਦਾਅਵਾ ਲਗਾਤਾਰ ਕਰਦੀਆਂ ਹਨ,ਜਦੋਂਕਿ ਉਨ੍ਹਾਂ ਸੰਘਰਸ਼ਾਂ ਨਾਲ ਜੁੜੇ ਕਿਸਾਨ-ਮਜ਼ਦੂਰ(ਕਸੂਰ ਉਨ੍ਹਾਂ ਦਾ ਨਹੀਂ,ਮਸਲਾ ਸਿਆਸਤ ਕਰਨ ਦੇ ਢੰਗ ਤੇ ਪਹੁੰਚ ਦਾ ਹੈ)ਸ਼ਰੇਆਮ ਕਾਂਗਰਸ ਤੇ ਅਕਾਲੀਆਂ ਦੇ ਪੱਖ 'ਚ ਭੁਗਤਦੇ ਹਨ। ਅਸਲ   'ਚ  ਜਮਾਤੀ ਸੰਘਰਸ਼ ਦੇ ਦਾਅਵਿਆਂ ਤੇ ਹਕੀਕਤ 'ਚ ਵੀ ਫਰਕ ਹੈ।

ਦਰ ਅਸਲ ਪੰਜਾਬ ਦੇ ਮਸਲਿਆਂ ਦੀ ਇਸ ਤਰ੍ਹਾਂ ਦੀ ਪੇਤਲੀ ਵਿਆਖਿਆ ਕਰਨ ਵਾਲਿਆਂ ਨੂੰ ਤਾਂ ਫਿਰ ਅਜਮੇਰ ਸਿੰਘ ਹੀ ਸੂਤ ਬਹਿੰਦਾ ਹੈ,ਉਸ 'ਤੇ ਸਾਰੇ ਇਵੇਂ ਬੋਲਦੇ ਹਨ ਜਿਵੇਂ ਕਾਮਰੇਡਾਂ ਦਾ ਉਸ ਨਾਲ ਕੋਈ ਨਿਜੀ ਵਿਰੋਧ ਹੋਵੇ।ਅਜਮੇਰ ਤੇ ਬੱਲ ਦੇ ਸਮਕਾਲੀਆਂ ਤੋਂ ਗੁਰਦਿਆਲ ਸਿੰਘ ਬੱਲ ਦੇ 'ਗੰਭੀਰ ਨਿਜੀ ਵਿਰੋਧ'ਦੇ ਕਾਰਨਾਂ ਦੀ ਤਾਂ ਮੈਨੂੰ ਸੂਚਨਾ ਵੀ ਮਿਲੀ ਹੈ।



4 ਘੰਟੇ ਦੀ ਚਰਚਾ 'ਚ ਕੌਮੀਅਤ ਦੇ ਸਵਾਲ ਤੇ ਕੋਈ ਗੱਲ ਨਾ ਹੋਈ,ਜਿਸ ਬਾਰੇ ਸੁਣਨ ਦੀ ਮੇਰੀ ਬੜੀ ਇੱਛਾ ਸੀ।ਪੰਜਾਬ ਦੇ ਜ਼ਰਈ ਮੁੱਦੇ ਜਿਹੜੇ ਅਜਮੇਰ ਸਿੰਘ ਤੇ ਕਰਮ ਦੇ ਲੇਖਾਂ ਵਿਚ ਤਾਂ ਸੀ ਪਰ ਚਰਚਾ 'ਚ ਕਿਤੇ ਨਹੀਂ ਸਨ ।ਅਜਮੇਰ ਸਿੰਘ ਦੇ ਲੇਖਾਂ ਦੀ ਪ੍ਰੋੜਤਾ 'ਚ ਬੋਲਦਿਆਂ ਪ੍ਰਭਜੋਤ ਸਿੰਘ ਨੇ ਸਿੱਖ ਪਾਤਸ਼ਾਹੀ ਦੇ ਦਾਅਵੇ ਨੁੰ ਹਿੰਦੂ ਵਿਰੋਧੀ ਗੱਲ ਵਜੋਂ ਨਾ ਵੇਖਣ ਦੀ ਬਾ-ਦਲੀਲ ਗੱਲ ਵੀ ਕੀਤੀ।ਪਰ ਜਸਵੰਤ ਜ਼ਫਰ ਜੀ ਵਲੋਂ ਉਨ੍ਹਾਂ ਦੇ ਭਾਸ਼ਣ ਪਿਛੋਂ "ਭਿੰਡਰਾਂਵਾਲਾ ਹਿੰਦੂ ਨਾਸ਼ਕ" ਬਿਆਨ ਦੀ ਚਰਚਾ ਕਰਕੇ ਖਾਲਿਸਤਾਨ ਪੱਖੀ ਬੁਲਾਰੇ ਦੀ ਸੁਹਿਰਦਤਾ ਵਾਲੇ ਵਿਚਾਰ ਨਾਲ ਮਜ਼ਾਕ ਕੀਤਾ।    

ਸਮਾਗਮ 'ਚ ਸਭ ਤੋਂ ਕਾਬਲੇ ਤਰੀਫ ਰਹੀ ਪ੍ਰੋ ਰਜੇਸ਼ ਦੀ ਗੱਲ ਜਿਸ 'ਚ ਉਨ੍ਹਾਂ ਪੰਜਾਬੀ ਹਿੰਦੂਆਂ ਦੀ ਪੰਜਾਬ ਦੇ ਮਸਲਿਆਂ ਤੇ ਵੱਟੀ ਚੁੱਪ ਨੁੰ ਸਵਾਲੀਆ ਚਿੰਨ੍ਹ ਲਾਉਂਦਿਆਂ ਕਿਹਾ ਕਿ ਸ਼ਾਇਦ ਇਸੇ ਕਰਕੇ ਪੰਜਾਬੀਆਂ ਦੇ ਮਸਲੇ ਸਿਰਫ ਸਿੱਖਾਂ ਦੇ ਮਸਲੇ ਹੋ ਕੇ ਰਹਿ ਜਾਂਦੇ ਨੇ।ਇਸ ਤੋਂ ਇਲਾਵਾ ਸੁਮੇਲ ਸਿੰਘ ਵਲੋਂ ਖੱਬੇ ਪੱਖੀਆਂ ਦਾ ਪੰਜਾਬ ਦੇ ਸਾਹਿਤ ਤੇ ਸਿਆਸਤ 'ਚੋਂ ਲਾਂਭੇ ਹੋ ਜਾਣ ਬਾਰੇ ਕੀਤਾ ਝੋਰਾ ਸੱਚਾ ਜਾਪਿਆ।ਉਹ ਆਪਣੇ ਭਾਸ਼ਣ 'ਚ ਅਜਮੇਰ ਸਿੰਘ ਨੂੰ ਆਪਣੇ ਤਰੀਕੇ ਨਾਲ ਮੁਖਤਾਬ ਹੋਏ।ਸਾਬਕਾ ਖਾੜਕੂ ਰਣਜੀਤ ਸਿੰਘ ਕੁੱਕੀ ਬਹੁਤ ਹੱਦ ਤੱਕ ਮਸਲਿਆਂ ਦੀ ਜੜ੍ਹ ਦੀ ਸ਼ਨਾਖਤ ਕਰਨ 'ਚ ਕਾਮਯਾਬ ਰਿਹਾ,ਜਿਥੇ ਉਸ ਨੇ ਸਿੱਖਾਂ ਦੇ ਸਿਖਿਆ ਅਤੇ ਚਿੰਤਨ 'ਚ ਪਛੜ ਜਾਣ ਦੀ ਗੱਲ ਕੀਤੀ।ਇਕ ਹੋਰ ਬੁਲਾਰੇ ਬਾਵਾ ਸਿੰਘ ਹੁਰਾਂ ਨੇ ਆਪੋ ਆਪਣਿਆਂ ਚੌਖਟਿਆਂ 'ਚੋਂ ਬਾਹਰ ਨਿਕਲਣ ਕੇ ਲੋਕਹਿਤ 'ਚ ਸੋਚਣ ਤੇ ਅੱਗੇ ਵਧਣ ਦੀ ਸਲਾਹ ਤਾਂ ਦਿਤੀ ਪਰ ਸਣੇ ਉਨ੍ਹਾਂ ਦੇ ਕੋਈ ਬੁਲਾਰਾ ਅਮਲ 'ਚ  ਨਾ ਲਿਆ ਸਕਿਆ।ਡਾ. ਹਰਪਾਲ ਸਿੰਘ ਪੰਨੁੰ ਹਮੇਸ਼ਾਂ ਦੀ ਤਰ੍ਹਾਂ ਤਾੜੀਆਂ ਜੋਗਾ ਜੁਗਾੜ ਕਰ ਹੀ ਗਏ।

ਚਰਨਜੀਤ ਸਿੰਘ ਤੇਜਾ



ਲੇਖ਼ਕ ਦੇ ਵਿਚਾਰਾਂ ਨਾਲ ਅਸਹਿਮਤੀ ਪ੍ਰਗਟ ਕਰਨ ਵਾਲੇ ਆਪਣੀ ਰਚਨਾ/ਟਿੱਪਣੀ mail2malwa@gmail.com 'ਤੇ ਭੇਜ ਸਕਦੇ ਹਨ।-ਗੁਲਾਮ ਕਲਮ

5 comments:

  1. Dhido Gill
    Dhido Gill.........
    ਤੇਜੇ ਭਾਅ ਦੀ ਤਬਸਰਾ ਨੁਮਾ ਰੀਪੋਰਟ ਪੜੀ ਨੂੰ ਕਈ ਘੰਟੇ ਹੋ ਚੱਲੇ ਹਨ , ਵੈਸੇ ਮੇਰੀ ਧਾਰਨਾ ਰਹੀ ਹੈ ਕਿ ਅਕਾਦਮਿੱਕ ਬੁੱਧੀਜੀਵੀ ਹਲਕਿਆਂ ਦੀ ਸਮਝ ਠੋਸ ਜਮੀਨੀ ਸੱਚਾਈ ਤੋਂ ਅਕਸਰ ਕੁੱਝ ਵਿੱਥ ਦੀ ਇਤਿਹਾਸਕ ਰਹਿਤਲ ਤੇ ਹੀ ਪ੍ਰਕਰਮਾਂ ਕਰਦੀ ਹੈ , ਇਹ ਕਿਸੇ ਮਸਲੇ ਦੀ ਬਾਰੀਕ ਵਿਆਖਿਆ ਕਰ ਸਕਣ ਦੇ ਸਮਰੱਥ ਤਾਂ ਹੁੰਦੇ ਹਨ ਪਰ ਸਮੇਟਵਾਂ ਸੰਵਾਦ ਜਾਂ ਪਾਠ ਮੁਹਈਆ ਕਰਵਾ ਦੇਣਾ ਅਕਸਰ ਏਨਾਂ ਦੇ ਵੱਸ ਨਹਿਂ ਹੁੰਦਾ ।
    ਪਰ ਜਿਸ ਰਹਿਤਲ ਤੇ ਤੇਜੇ ਭਾਅ ਵਰਗੇ ਚੰਟ ਚੇਤੰਨ ਚੌਕਸ ਮਨੁੱਖ ਨੂੰ ਸਮੇਟਵੀਂ ਪਹੁੰਚ ਲੈਕੇ ਪਹੁੰਚਣਾ ਚਾਹੀਦਾ ਸੀ , ਉਹ ਗਾਇਬ ਹੈ ਉਸਦੀ ਟਿੱਪਣੀ ਵਿੱਚ । ਖੈਰ ਉਹ ਖੁਦ ਵੀ ਬਹੁਤੇ ਲੋਕਾਂ ਵਾਂਗ ਜਜਬਾਤੀ ਸੀਮਾਂ ਤੋਂ ਉਰੇ ਹੀ ਲਿੱਚੀ ਮਾਰਨ ਲਈ ਮਜਬੂਰ ਹੈ ।
    ਪੰਜਾਬ ਦੇ ਸੰਤਾਪ ਦਾ ਸਿੱਧਾ ਤੇ ਮੁੱਖ ਤੌਰ ਤੇ ਸਬੰਧ ਅਕਾਲੀ ਪਾਰਟੀ ਤੇ ਕਾਂਗਰਸ ਪਾਰਟੀ ਦੀ ਪੰਜਾਬ ਪਾਰਲੀਮਾਨੀ ਸਿਆਸਤ ਨਾਲ ਹੈ ਕਿ ਕੌਣ ਏਸ ਤੇ ਸਥਾਈ ਕਬਜਾ ਜਮਾਈ ਰੱਖੇ । ਮੌਜੂਦਾ ਪੰਜਾਬ ਦੇ ਨਕਸ਼ੇ ਤੇ ਅਕਾਲ਼ੀ ਪੰਜਾਬ ਉਪੱਰ ਕਿਸਾਨੀ ਦੀ ਬਦੌਲਤ ਸਿੱਖਾਂ ਦੀ ਅਜਾਰੇਦਾਰੀ ਸਮਝਦੇ ਹਨ ਤੇ ਆਪ ਹੀ ਸਿੱਖ ਧਰਮ ਅਤੇ ਪੰਜਾਬ ਦੇ ਪ੍ਰਤੀਨਿਧ ਬਣ ਜਾਂਦੇ ਹਨ , ਹਰ ਪੰਜਾਬ ਦਾ ਮਸਲਾ ਅਖੀਰ ਨੂੰ ਧਰਮ ਯੁੱਧ ਵਿੱਚ ਤਬਦੀਲ ਹੋ ਜਾਂਦਾ ਹੈ.....ਕਦੇ ਸਿੱਖ ਪੁਜਾਰੀ ਅਕਾਲ ਤਖਤ ਉੱਪਰ ਆਤਮਦਾਹ ਲਈ ਹਵਨ ਕੁੰਡ ਬਣਾ ਲੈਂਦਾ ਹੈ ( ਸੰਤ ਫਤਹ ਸਿੰਘ ) ਜਾਂ ਕੋਈ ਟਕਸਾਲ ਦਾ ਆਗੂ ਅਕਾਲ ਤਖਤ ਨੂੰ ਫੌਜੀ ਕਿਲੇ ਵਿੱਚ ਬਦਲ ਕੇ ਦਿੱਲੀ ਦੇ " ਹਿੰਦੂ ਨਿਜਾਮ " ਵਿਰੁੱਧ ਜੰਗ ਦਾ ਮੋਰਚਾ ਖੋਲ ਦਿੰਦਾ ਹੈ ।..........................ਬੰਗਲਾ ਦੇਸ਼ ਦੇ ਬਰੋਬਰ ਦੇ ਬੱਜਟ ਵਾਲੀ ਸ਼ਰੋਮਣੀ ਕਮੇਟੀ ਦੀਆਂ ਸੇਵਾ ਵੀ ਅਕਾਲੀ ਸਿਆਸਤ ਨੂੰ ਸਮਰਪਤ ਹੈ ।
    ਕਾਂਗਰਸ ਦਾ ਪੇਂਡੂ ਵੋਟ ਬੈਂਕ ਮੁੱਢਲੇ ਤੌਰ ਤੇ ਪੇਂਡੂ ਧਨਾਡਾਂ , ਵੈਲੀਆਂ , ਬਦਮਾਸ਼ਾਂ ਸੂਦ ਖੋਰਾਂ ਤੇ ਦਲਿੱਤ ਵੇਹੜਿਆਂ ਵਿੱਚ ਹੈ ਤੇ ਡੇਰਿਆਂ ਵਿੱਚ ਹੈ............ਪੰਜਾਬੀ ਸੂਬੇ ਦੇ ਮੇਚ ਦੇ ਪੰਜਾਬ ਵਿੱਚ ਕਾਂਗਰਸ ਨੇ ਅਕਾਲੀ ਵੋਟ ਬੈਂਕ ਭੰਨਣ ਹੀ ਭੰਨਣਾ ਹੈ............ਸ਼ਰੋਮਣੀ ਕਮੇਟੀ ਤੇ ਕਬਜੇ ਦੀ ਪਹਿਲੀ ਮਸ਼ਕ ਤੇ ਕਾਂਗਰਸ ਨੇ ਟਕਸਾਲੀ ਸਿੰਘ ਤੇ ਭਿੰਡਰਾਂ ਵਾਲਾ ਮੰਚ ਤੇ ਲਿਆਂਦੇਂ.....ਤੇ ਸਿੱਟਾ ਸਾਹਮਣੇ ਹੈ.............................................ਹੁਣ ਏਸ ਪਾਰਲੀਮਾਨੀ ਸਿਆਸਤ ਤੇ ਕਬਜੇ ਦੀ ਜੰਗ ਵਿੱਚ ਕੇਹੜੇ ਧਾਰਮਕ ਜਾਂ ਪੰਜਾਬ ਦੇ ਹਿਤ ਸਨ ਜਿਹਨਾਂ ਖਾਤਰ ਪੰਜਾਬ ਦੇ ਅਵਾਮ ਨੂੰ ਭਰਾ ਮਾਰ ਜੰਗ ਵਿੱਚ ਝੋਕ ਦਿੱਤਾ ਗਿਆ ????????
    ..............................................ਕੇਹੜੇ ਧਾਰਮਿਕ ਮਸਲੇ ਤੇ ਦਰਿਆਈ ਮਸਲੇ ਸਨ ਜਿੰਨਾ ਕਰਕੇ ਪੰਜਾਬ ਨੂੰ ਬਲਦੀ ਦੇ ਬੂਥੇ ਦੇ ਦਿੱਤਾ ਗਿਆ ?????????
    ਸੋ ਜੇਹੜੇ ਸੈਮੀਨਾਰ ਤੋਂ ਤੇਜਾ ਭਾਅ ਹੋਕੇ ਆਇਆ , ਲੱਗ ਭੱਗ ਸਾਰੇ ਦੇ ਸਾਰੇ ਬੁੱਧੀਜੀਵੀ ਹਲਕੇ ਕਿੰਵੇ ਨਾ ਕਿੰਵੇ ਹਿੰਦੋਸਤਾਨੀ ਨਿਜਾਮ ਦੀ ਹਕੂਮਤ ਜਾਂ ਹਕੂਮਤ ਦੇ ਅਦਾਰਿਆਂ ਨਾਲ ਜਾਂ ਹਕੂਮਤੀ ਸਰੋਕਾਰਾਂ ਨਾਲ ਜੁੜੀਆਂ ਕਮਿਉਨਿਸਟ ਪਾਰਟੀਆਂ ਨਾਲ ਜਾਂ ਪਾਰਲੀਮਾਨੀ ਹਕੂਮਤੀ ਪਾਰਟੀਆਂ ਨਾਲ ਜੁੜੇ ਹੋਏ ਹਨ...

    ReplyDelete
  2. --->“ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਦੇ ਮਸਲਿਆਂ 'ਤੇ ਚੁੰਝ ਚਰਚਾ ਕਰਨ ਵਾਲੇ ਬਹੁਤਿਆਂ ਨੁੰ ਪੰਜਾਬ ਦੇ ਸੰਤਾਪ ਦੇ ਦੌਰ ਸਿਰਫ, ਬੱਸਾਂ 'ਚੋਂ ਲਾਹ ਕੇ ਮਾਰੇ ਹਿੰਦੂ ਦਿਖਦੇ ਹਨ ਤੇ ਸੰਤ ਭਿੰਡਰਾਂਵਾਲੇ ਦਾ "1 ਸਿੱਖ ਨੁੰ 35 ਹਿੰਦੂ ਆਉਂਦੇ ਹਨ" ਵਾਲਾ ਬਿਆਨ ਸੁਣਦਾ ਹੈ।ਮਸਲਿਆਂ ਦੀ ਜੜ੍ਹ ਵੱਲ ਨਹੀਂ ਜਾਂਦੇ, ਜਾਂ ਫਿਰ ਜਾਣਾ ਈ ਨਹੀਂ ਚਾਹੁੰਦੇ।ਉਨ੍ਹਾਂ ਨੂੰ ਛੱਤੀਸਗੜ੍ਹ ਦਾ 'ਸਲਵਾ ਜੁਡਮ' ਦਿਖਦਾ ਹੈ(ਜਿਸਦਾ ਹਰ ਚੇਤਨ ਮਨੁੱਖ ਨੂੰ ਵਿਰੋਧ ਕਰਨਾ ਚਾਹੀਦਾ ਹੈ),ਪਰ ਉਨ੍ਹਾਂ ਨੂੰ ਪੰਜਾਬ ਦਾ ਸਲਵਾ ਜੁਡਮ ਨਹੀਂ ਦਿਖਿਆ(ਸਗੋਂ ਕਈ ਕਮਿਊਨਿਸਟ ਧਿਰਾਂ ਸਲਵਾ ਜੁਡਮ ਫੌਜ ਬਣਦੀਆਂ ਰਹੀਆਂ),ਜਿਸ 'ਚ ਭਾਰਤੀ ਸੱਤਾ ਦੇ ਇਸ਼ਾਰਿਆਂ 'ਤੇ ਪੰਜਾਬ ਦੀਆਂ ਸੈਂਕੜੇ ਮਾਵਾਂ ਤੇ ਭੈਣਾਂ ਦੀ ਪਤ ਰੋਲੀ ਗਈ।ਜਿਸ 'ਚ ਪੰਜਾਬ ਦੇ ਪਿੰਡਾਂ 'ਚੋਂ ਹਜ਼ਾਰਾਂ ਦੀ ਤਦਾਦ 'ਚ ਬੇਕਸੂਰ ਸਿੱਖਾਂ ਨੌਜਵਾਨ ਮਾਰੇ ਗਏ।ਪਿੰਡਾਂ ਦੇ ਪਿੰਡ ਨੌਜਾਵਨਾਂ ਤੋਂ ਸੱਖਣੇ ਹੋ ਗਏ।“<----

    ਅਫਸੋਸ ਦੀ ਗੱਲ ਹੈ ਕਿ ਲੇਖਕ ਨੂੰ ਪੰਜਾਬ ਦੇ ਸੰਤਾਪ ਦੇ ਦੌਰ 'ਚ, "ਸਿਰਫ", ਬੱਸਾਂ 'ਚੋਂ ਲਾਹ ਕੇ ਮਾਰੇ ਹਿੰਦੂ ਨਹੀਂ ਦਿਖਦੇ ਤੇ ਉਸ ਦੌਰ ਦਾ ਅਸਲਾ ਸਮਝਣ ਵਾਸਤੇ ਇਸਦੇ ਸਿਧਾਂਤਕਾਰਾਂ ਵਲੋਂ "ਇੱਕ ਨੂੰ ਪੈਂਤੀ" ਦੀ "ਨੀਤੀਸੇਧ" ਨਜ਼ਰੀਂ ਨਹੀਂ ਪੈਂਦੀ। ਇਸ ਸੇਧ ਨੂੰ ਨਿਸੰਗ ਤੌਰ ਤੇ ਅਜਮੇਰ ਆਪਣੇ ਥੀਸਜ਼ਾਂ 'ਚ ਹੋਰ ਅੱਗੇ ਲੈ ਕੇ ਗਿਆ ਹੈ (ਜਿਸ ਬਾਰੇ ਕਰਮ ਬਰਸਟ ਨੇ ਕਾਫੀ ਵਿਸਥਾਰ 'ਚ ਲਿਖਿਆ ਹੈ। ਆਖਰ ਲੇਖਕ ਦਾ ਵੱਖਰਾ ਰਾਜ "ਦੋ ਕੌਮਾਂ" ਦੇ ਚਗਲੇ ਸਿਧਾਂਤ 'ਤੇ ਹੀ ਅਧਾਰਤ ਹੈ ਤੇ ਇਸਦੀ ਹਾਸਲੀਅਤ ਵੀ "ਉਸੇ ਰਸਤੇ" ਤੇ ਚੱਲਕੇ ਹੋਣੀ ਹੈ)। ਕਿਉਂਕਿ ਲੇਖਕ ਲਈ (ਸਿਰਫ) ਪੰਜਾਬ ਦੇ ਹਿੰਦੂਆਂ ਦਾ ਮਾਰੇ ਜਾਣਾ ਕੋਈ ਮਸਲਾ ਨਹੀਂ, ਇਸ ਲਈ ਪੰਜਾਬ ਦਾ ਅੱਧ ਬਣਦੇ ਘੱਟਗਿਣਤੀ ਭਾਈਚਾਰੇ ਦਾ ਸ਼ਿਕਾਰ ਖੇਡਣ ਵਾਲੇ ਸਲਵਾ ਜੂਡਮ, ਉਸ ਲਈ, ਸ਼ਾਇਦ ਭਵਿਖ ਦੇ ਕਿਸੇ ਕਲਪਿਤ ਰਾਜ ਲਈ ਸੰਘਰਸ਼ ਕਰ ਰਹੇ ਮੁਕਤੀ-ਯੋਧੇ ਬਣ ਬੈਠਦੇ ਹਨ ਤੇ ਉਹ ਸੰਤਾਪੇ ਦੌਰ 'ਚ “ਵੱਖ ਵੱਖ ਹੱਥਾਂ” ਤੋਂ ਡੁਲ੍ਹੇ ਬੇਕਸੂਰਾਂ ਦੇ ਖੂਨ ਦਾ "ਵਰਗੀਕਰਨ" ਕਰਨ ਬੈਠ ਜਾਂਦਾ ਹੈ।

    ਸ਼ਾਇਦ ਲੇਖਕ ਨੂੰ ਇਹ ਵੀ ਯਾਦ ਨਾ ਹੋਵੇ ਕਿ ਬੱਸਾਂ 'ਚੋਂ ਲਾਹ ਕੇ ਹਿੰਦੂਆਂ ਨੂੰ ਮਾਰਨ ਦੀ ਪਹਿਲੀ ਘਟਨਾ 1984 ਦੇ ਦੁਖਦਾਈ ਘਟਨਾਕ੍ਰਮਾਂ ਤੋਂ ਦੋ ਸਾਲ ਪਹਿਲਾਂ ਵਰਤਾਈ ਗਈ। ਇਤਿਹਾਸਕ ਘਟਨਾਵਾਂ ਦੀ ਮਨਮਰਜੀ ਨਾਲ ਤੋੜ-ਮਰੋੜ ਕਰਨ 'ਚ ਮਾਹਰ ਸਾਰੀਆਂ ਕਠਮੁੱਲਾ ਲਹਿਰਾਂ ਮੁਤਾਬਕ, ਅਜਿਹੀਆਂ ਘਟਨਾਵਾਂ ਨੂੰ 'ਏਜੰਸੀਆਂ' ਸਿਰ ਮੜ੍ਹ ਕੇ ਪੱਲਾ ਛੁਡਾਉਣ ਦਾ ਯਤਨ ਕੀਤਾ ਜਾਂਦਾ ਹੈ ਪਰ ਹਰ ਰੋਜ਼ ਬਿਆਨ ਜਾਰੀ ਕਰਨ ਵਾਲੇ ਸੰਤਾਪੇ ਦੌਰ ਦੇ ਮੋਢੀਆਂ ਵਲੋਂ ਉਸ ਵਕਤ ਉਕਤ ਘਟਨਾ ਦੀ ਨਿਖੇਧੀ ਦਾ ਕੋਈ ਬਿਆਨ ਮੌਜੂਦ ਨਾ ਹੋਣਾ ਆਪਣੀ ਬਿਆਨੀ ਖੁਦ ਕਰਦਾ ਹੈ। (ਤੇ ਸ਼ਾਇਦ ਇਹ ਵੀ ਕੋਈ ਇਤਫਾਕ ਨਹੀਂ ਹੈ ਕਿ ਲੇਖਕ ਵੀ "ਸਿਰਫ ਹਿੰਦੂਆਂ ਦੇ ਮਾਰੇ ਜਾਣ" ਜਾਂ "ਇੱਕ ਨੂੰ ਪੈਂਤੀ" ਬਾਰੇ ਆਪਣੀ ਪੁਜੀਸ਼ਨ ਜਾਹਰ ਕਰਨ ਤੋਂ ਦੜ ਵੱਟ ਗਿਆ ਹੈ।)

    ਲੇਖਕ ਦੇ ਹਰਖ ਦਾ ਅਧਾਰ ਵੀ ਇਹੋ ਹੈ ਕਿ ਉਹ, ਉਸ ਸੰਤਾਪੇ ਦੌਰ 'ਚ ਬੇਕਸੂਰ ਮਿਹਨਤਕਸ਼ ਲੋਕਾਂ ਦੀ ਹੋਈ ਹਰ ਕਿਸਮ ਦੀ ਕਤਲੋਗਾਰਦ ਬਾਰੇ ਇੱਕ ਪੈਮਾਨਾ ਰੱਖਣ ਨੂੰ ਤਿਆਰ ਨਹੀਂ। ਇਸੇ ਕਰਕੇ, ਜੋ ਲੋਕ ਬੇਕਸੂਰ ਤੇ ਮਿਹਨਤਕਸ਼ ਜਨਤਾ ਦਾ ਖੂਨ ਬਹਾਉਣ ਵਾਲੀਆਂ “ਸਭਨਾਂ” ਕੁਲਹਿਣੀਆਂ ਤਾਕਤਾਂ ਦਾ ਵਿਰੋਧ ਕਰਦੇ ਹਨ, ਮਿਹਨਤਕਸ਼ ਜਨਤਾ ਦੀ ਸਾਂਝ ਦੇ ਹਾਮੀ ਹਨ, ਉਹ ਉਸਨੂੰ ਸਭ ਤੋਂ ਬੁਰੇ ਲਗਦੇ ਹਨ। ਆਪਣੀ ਬੇਦਲੀਲੀ ਨੂੰ ਢਕਣ ਲਈ ਉਹ ਉਸ ਵਰਗਿਆਂ ਵਲੋਂ ਆਪੂੰ ਧੁਮਾਏ ਗਏ ਗਪੌੜ ਦਾ ਸਹਾਰਾ ਲੈਂਦਾ ਹੈ ਕਿ ਮਿਹਨਤਕਸ਼ ਲੋਕਾਂ ਦੀ ਸਾਂਝ ਦੇ ਹਾਮੀਆਂ ਨੇ ਉਸ ਦੌਰ 'ਚ ਸਟੇਟ ਦੇ ਵਹਿਸ਼ੀ ਜਬਰ ਦਾ ਵਿਰੋਧ ਨਹੀਂ ਕੀਤਾ। ਫਿਰਕਾਪ੍ਰਸਤੀ ਵਿਰੋਧੀ ਉਸ ਦੌਰ ਦੇ ਸਾਰੇ ਸਾਹਿਤ ਵਿਚ ਸਟੇਟ ਜਬਰ ਦਾ ਵਿਰੋਧ ਉਸੇ ਸ਼ਿਦਤ ਨਾਲ ਮੌਜੂਦ ਹੈ ਪਰ ਇਹ ਗੱਲ ਲੇਖਕ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਕਿਉਂਕਿ ਇਸ ਨਾਲ ਉਸਨੂੰ "ਸਿਰਫ ਹਿੰਦੂਆਂ ਦੇ ਮਾਰੇ ਜਾਣ" ਜਾਂ "ਇੱਕ ਨੂੰ ਪੈਂਤੀ" ਬਾਰੇ ਆਪਣੀ ਪੁਜੀਸ਼ਨ ਨੂੰ ਬੋਚਣਾ ਮੁਸ਼ਕਿਲ ਬਣ ਜਾਂਦਾ ਹੈ।

    ReplyDelete
  3. gal jo v hai , aj har koi sikhi nu mtlb vaste vrt riha hai , insaniat da namo nishan bilkul nhi hai ,,,,,,,,

    ReplyDelete
  4. Really nice analysis. I dont know Charanjit Singh Teja but he did expose few real Anti-Sikh faces in his article. Good Job !
    Jasjeet Singh,
    Fremont, CA

    ReplyDelete
  5. 1. ਓ ਬੱਲੇ ਭਤੀਜ ਚੰਗਾ ਲੇਖ ਲਿਖਿਆ ਤੂੰ,,ਚੱਲੋ ਤੇਰੇ ਲੇਖ ਬਹਾਨੇ ਯਾਦਵਿੰਦਰ ਦੀ ਕਿਸੇ ਪੋਸਟ ਤੇ ਕੋਈ ਚਾਰ-ਪੰਜ ਕਮੈਂਟ ਵੀ ਆਏ...ਪਰ May 9, 2012 4:05 AM ਕੰਮੈਟ ਵਾਲੇ ਸੱਜਣ ਦਾ ਕੰਮੈਟ ਪਡ਼ ਕੇ ਦਿੱਲ ਕੀਤਾ ਕਿ ਇਸਨੂੰ ਜਵਾਬ ਦੇਈਏ ,,


    ਮਿਤਰਾਂ "ਇਨਾਂ ਮਿਹਨਤਕਸ਼ ਲੋਕਾਂ ਦੀ ਸਾਂਝ ਦੇ ਹਾਮੀਆਂ" ਨੇ ਇਸ ਦੌਰ ਵਿੱਚ ਕੀ ਭੂਮਿਕਾਂ ਨਿਭਾਈ ਇਹ ਕਿਸੇ ਤੋਂ
    ਲੁੱਕੀ ਹੋਈ ਨਹੀਂ,,,ਸਿੱਖ ਲਹਿਰ ਦੀ ਚਡ਼ਤ ਸਮੇਂ ਪੰਜਾਬ ਵਿੱਚ ਬਣੇ ਸਾਜ਼ਗਾਰ ਹਲਾਤਾਂ ਦੀ ਕੋਈ ਫਾਇਦਾ
    ਲੈਣ ਦੀ ਥਾਂ ਇਹ "ਮਿਹਨਤਕਸ਼ ਲੋਕਾਂ ਦੀ ਸਾਂਝ ਦੇ ਹਾਮੀ" ਸਟੇਟ ਦੇ ਹੱਕ ਵਿੱਚ ਭੁਗਤੇ ..ਸਿੱਖ ਬੁਧੀਵੀਆਂ
    ਨੂੰ ਬੌਧਿਕ ਦਿਵਾਲੀਏ ਦੱਸਣ ਵਾਲਾ ਤੁਹਾਡਾ ਇਕ ਬੁਧੀਜੀਵੀ ਵੀਰ ਜੋ ਕਿ ਅੱਜਕਲ ਸਿੱਖ ਲਹਿਰ ਬਾਰੇ
    ਕਿਤਾਬਾਂ ਦੀ ਪਡ਼ਚੋਲ ਕਰ ਚੰਗੇ ਸਫੇ ਕਾਲੇ ਕਰ ਰਿਹੈ ਆਪ ਮੰਨ ਚੁੱਕੈ ,ਉਹਦੀਆਂ ਕਿਤਾਬਾਂ ਦੁਬਾਰਾ ਪਡ਼ੀ ਐਨਕਾਂ ਲਾ ਕੇ ,,ਕੌਮੀ ਲਹਿਰਾਂ ਨੇ ਕਦੇ ਬੇਕਸੂਰ ਤੇ
    ਮਿਹਨਤਕਸ਼ ਲੋਕਾਂ ਦਾ ਖੂਨ ਬਹਾਇਆ ਹੋਵੇ ਸੁਣਿਆਂ ਨਹੀਂ..ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਕੋਈ ਵਧੀਕੀ
    ਹੋਵੇ ਤਾਂ ਸਾਢੇ ਵੀਰ ਸੰਘ ਪਾਡ਼ਨ ਤੱਕ ਜਾਂਦੇ ਹਨ ਕਿ ਏਜੰਸੀਆਂ ਦਾ ਕੰਮ ਐ ਨਕਸਲੀਆਂ ਨੂੰ ਬਦਨਾਮ ਕਰਨ ਲਈ ਕਰ ਰਹੇ ਨੇ (ਅਸੀ ਸਹਿਮਤ ਹਾਂ ਲੋਕਾਂ ਚ
    ਲਹਿਰਾਂ ਦਾ ਅਕਸ਼ ਵਿਗਾਡ਼ਨ ਲਈ ਸਟੇਟ ਹਰ ਹਥਕੰਡਾ ਵਰਤਦੀ ਐ )ਪਰ ਪੰਜਾਬ ਵਿੱਚ ਹਿੰਦੂ ਮਾਰਨ
    ਦੀ ਘਟਨਾ ਨੂੰ ਖਾਲਿਸਤਾਨੀਆਂ ਸਿਰ ਮਡ਼ਨ ਲਈ ਇਹ ਅੱਜ ਤੱਕ ਕਿਲਣ ਵਾਲਾ ਜੋਰ ਲਾ ਰਹੇ ਹਨ,,, ਸਿੱਖ ਕੌਮ ਕੋਈ ਕੌਮ ਨਹੀਂ ਸਾਬਿਤ ਕਰਨ ਲਈ ਸਫਿਆਂ ਦੇ ਸਫੇ ਕਾਲੇ ਕਰੀ ਜਾਂਦੇ ਨੇ ,,ਸਿੱਖ ਕੌਮ ਹੈ ਜਾਂ ਨਹੀਂ ਇਸ ਲਈ ਕਿਸੇ ਤੋਂ ਸਰਟੀਫਿਕੇਟ ਲੇਣ ਦੀ ਲੋਡ਼ ਨਹੀਂ ,ਸਿੱਖ ਕੌਮ ਦੀ ਇਸ ਜਮਹੂਰੀ ਮੰਗ ਦਾ ਜਿਨਾਂ ਵਿਰੋਧ ਕਾਮਰੇਡ ਵੀਰਾਂ ਨੇ ਕੀਤਾ ਓਨਾਂ ਸਟੇਟ ਨੇ ਵੀ ਨਹੀਂ ਕੀਤਾ,,"ਮਿਹਨਤਕਸ਼ ਲੋਕਾਂ
    ਦੀ ਸਾਂਝ ਦੇ ਹਾਮੀਆਂ"ਨੂੰ ਇਕ ਗੱਲ ਸਮਝ ਲੈਣੀ ਚਾਹਿਦੀ ਹੈ ਕਿ ਹਿੰਦੁਸਤਾਨ ਵਰਗੇ ਮੁਲਕ ਵਿੱਚ ਜੇ ਇਨਾਂ ਨੇ ਆਪਣਾ ਤੋਰੀ ਫੁਲਕਾ ਚਲਾਉਣਾ ਐ ਤਾਂ ਇਥੇ ਕੌਮੀ ਮਸਲਿਆਂ ਸਮੇਤ ਹੋਰ ਕਈ ਤਮਾਮ ਤਰਾਂ ਦੇ ਮਸਲਿਆਂ ਨਾਲ ਸਿਝਣਾ ਪਵੇਗਾ,,ਪਰ ਇਨਾਂ ਦੀ ਪੁਜੀਸ਼ਨ ਇਹ ਰਹੀ ਤਾਂ ਅੱਲਾ ਰਾਖਾ,,

    ReplyDelete