ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, January 14, 2011

ਮੈਂ "ਪੇਡ ਸੈਕਸ" ਦੇ ਖਿਲਾਫ ਹਾਂ

ਸਾਹਿਤਕ ਪੱਤਰਕਾਰਾਂ ਤੋਂ ਸੁਣਦਾ ਆਇਆ ਹਾਂ ਕਿ ਪੱਤਰਕਾਰੀ ਵਰਗਾ ਕੁਰੱਖਤ ਪੇਸ਼ਾ ਪੱਤਰਕਾਰ ਅੰਦਰਲੇ ਸਾਹਿਤਕਾਰ ਨੂੰ ਮਾਰ ਦਿੰਦਾ ਹੈ।ਪੱਤਰਕਾਰੀ ਨਾਲ ਵਿਚਰਦਿਆਂ ਥੌੜ੍ਹਾ ਬਹੁਤ ਇਵੇਂ ਮਹਿਸੂਸ ਵੀ ਹੋਇਆ ,ਜਿਵੇਂ ਮੇਰੇ ਲੋਕ ਤਜ਼ਰਬੇ ਮੁਤਾਬਕ ਅਮਲ ਨਾਲੋਂ ਟੱਟਿਆ ਫਲਸਫਈ/ਬੌਧਿਕ ਗਿਆਨ ਕਈ ਲੋਕਾਂ ਨੂੰ ਅਣਮਨੁੱਖਤਾ ਵੱਲ ਲੈ ਜਾਂਦਾ ਹੈ।ਗੁਲਾਮ ਕਲਮ 'ਤੇ ਇਹ ਪਹਿਲੀ ਕਹਾਣੀ ਛਾਪ ਰਹੇ ਹਾਂ,ਇਸ ਕਰਕੇ ਨਹੀਂ ਕਿ ਦਵਿੰਦਰਪਾਲ ਸਾਡਾ ਦੋਸਤ ਹੈ,ਸਗੋਂ ਇਸਨੂੰ ਪੰਜਾਬੀ ਪੱਤਰਕਾਰਾਂ ਦੀ ਨਵੀਂ ਪੀੜ੍ਹੀ ਦੇ ਕਹਾਣੀ ਲਿਖਣ ਦੇ ਨਵੇਂ ਰੁਝਾਨ ਵਜੋਂ ਵੀ ਵੇਖ ਰਹੇ ਹਾਂ।ਦਵਿੰਦਰਪਾਲ ਪਿਛਲੇ ਦਿਨਾਂ 'ਚ ਇੰਡੋਨੇਸ਼ੀਆ ਦੇ ਬਾਲੀ 'ਚ ਸੀ,ਜਿਸਨੂੰ ਉਸਨੇ ਕਹਾਣੀ ਰਾਹੀਂ ਕਲਮਬੰਦ ਕੀਤਾ ਹੈ।ਮਿੱਟੀ ਫਿਲਮ ਦੀਆਂ ਗਾਲ੍ਹਾਂ ਵਾਂਗੂੰ ਭਾਸ਼ਾ ਦੀ ਨੈਤਕਿਤਾ ਨੂੰ ਲੈ ਕੇ ਕਿਸੇ ਦੋਸਤ ਨੂੰ ਕਹਾਣੀ ਨਾਲ ਸਮੱਸਿਆ ਹੋ ਸਕਦੀ ਹੈ,ਇਸ ਲਈ ਅਪੀਲ ਹੈ ਕਿ ਲੇਖਕ,ਕਹਾਣੀ ਜਾਂ ਗੁਲਾਮ ਕਲਮ ਵਿਰੋਧੀ ਪ੍ਰਚਾਰ ਮੁਹਿੰਮ ਛੱਡ ਕੇ ਆਪਣੀ ਅਸਹਿਮਤੀ ਟਿੱਪਣੀ ਜਾਂ ਦਲੀਲ ਨਾਲ ਜਵਾਬੀ ਰਚਨਾ ਦਰਜ਼ ਕਰਵਾਓ,ਤਾਂਕਿ ਪੰਜਾਬੀ ਲੇਖਣੀ ਹੋਰ ਸਿਹਤਮੰਦ ਹੋ ਸਕੇ।-ਯਾਦਵਿੰਦਰ ਕਰਫਿਊ

ਮੈਂ "ਪੇਡ ਸੈਕਸ" ਦੇ ਖਿਲਾਫ ਹਾਂ

ਓਹਦਾ ਨਾਮ ਸ਼ਾਂਤੀ ਹੈ।ਟਾਪੂਆਂ ਦੇ ਬਣੇ ਮੁਸਲਮਾਨ ਬਹੁਗਿਣਤੀ ਵਾਲੇ ਇਸ ਏਸ਼ੀਆਈ ਮੁਲਕ 'ਚ ਓਹਦਾ ਸੂਬਾ ਹੀ ਇਕਲੌਤਾ ਹਿੰਦੂ ਬਹੁਗਿਣਤੀ ਸੂਬਾ ਹੈ।ਸੋ ਇਸ ਸੂਬੇ 'ਚ ਵਿਸ਼ਨੂੰ,ਸ਼ਾਂਤੀ,ਸੀਤਾ,ਰਾਮਾ ਆਦਿ ਨਾਮ ਆਮ ਸੁਣਨ ਨੂੰ ਮਿਲਣਗੇ ਹਾਲਾਂਕਿ ਜਦੋਂ ਓਹਦੇ ਲੋਕ ਬੋਲਦੇ ਨੇ ਤਾਂ ਓਹਨਾਂ ਦੇ ਅੰਦਾਜ਼ ਤੋਂ ਤੁਹਾਨੂੰ ਇਹ ਨਾਮ ਸ਼ਾਂਤੀ ਘੱਟ ਤੇ ਸਾਂਥੀ ਵੱਧ ਲੱਗੇਗਾ। ਖ਼ੈਰ ਸਾਂਥੀ ਜਾਂ ਸ਼ਾਂਤੀ ਇਸ ਵੇਲੇ ਸਟੇਡੀਅਮ ਦੀਆਂ ਪੌੜੀਆਂ ਵਾਂਗ ਬਣਾਈਆਂ ਗਈਆਂ ਲੱਕੜ ਦੀਆਂ ਪੌੜੀਆਂ 'ਤੇ ਬੈਠੀ ਹੈ। ਟੀ-ਸ਼ਰਟ 'ਤੇ ਛਾਤੀ ਦੇ ਸੱਜੇ ਪਾਸੇ ੮੪ ਨੰਬਰ ਦਾ ਸਟੀਕਰ ਲੱਗਾ ਹੈ। ਹੋਰ ਕੁੜੀਆਂ ਵੀ ਵੱਖੋ-ਵੱਖ ਨੰਬਰਾਂ 'ਚ ਬੈਠੀਆਂ ਨੇ ਨੇੜੇ ਤੇੜੇ।

"ਚੁਰਾਸੀ.....ਓਹ ਮਾਫ ਕਰਨਾ ਏਟੀ ਫੌਰ" ਓਹਦੇ ਮੂੰਹ ਤੋਂ ਨਿਕਲਦਾ ਹੈ। "ਕਮਾਲ ਹੈ ਆਪਣੇ ਮੁਲਕ 'ਚ ਚੁਰਾਸੀ ਨਾਲ ਕਿੱਡਾ ਭਾਵੁਕ ਰਿਸ਼ਤਾ ਹੈ ਤੇ ਇੱਥੇ ਹਜ਼ਾਰਾਂ ਮੀਲ ਦੂਰ ਆ ਕੇ ਵੀ ਇਹੋ ਨੰਬਰ ਜ਼ੁਬਾਨ 'ਤੇ ਆ ਗਿਆ, ਹਾਲਾਂਕਿ ਦੋਹਾਂ ਕੰਮਾਂ ਜਾਂ ਘਟਨਾਵਾਂ 'ਚ ਜ਼ਮੀਨ ਅਸਮਾਨ ਤੋਂ ਵੀ ਵੱਧ ਵਖਰੇਵਾਂ ਹੈ..... ਖ਼ੈਰ ਛੱਡ ਇਹ ਗੱਲਾਂ ਸੋਚਣੀਆਂ ਅੱਗੇ ਵੇਖ ਕੀ ਹੁੰਦੈ" ਓਹ ਸੋਚਦੈ। ਇੰਨੇ ਨੂੰ ਸੁਪਰਵਾਈਜ਼ਰ ਓਹਦੇ ੨ ਹੋਰ ਸਾਥੀਆਂ ਦੇ ਚੁਣੇ ਨੰਬਰਾਂ ਸਣੇ ੮੪ ਨੰਬਰ ਵਾਲੀ ਨੂੰ ਅਵਾਜ਼ ਮਾਰਦੀ ਹੈ ਤੇ......ਸਾਂਥੀ.... ਸ਼ਾਂਤੀ ਉੱਠ ਕੇ ਬਾਹਰ ਆਉਂਦੀ ਹੈ।ਓਹ ਸ਼ਾਇਦ ਇੱਥੇ ਕਦੇ ਨਾਂ ਪੁੱਜਦਾ ਜੇ ਕਿਤੇ ਇੱਕ ਸਥਾਨਕ ਪੇਂਟਰ ਓਹਨੂੰ ਸੜਕ 'ਤੇ ਨਾਂ ਟੱਕਰਿਆਂ ਹੁੰਦਾ।

ਕੁਝ ਦੇਰ ਪਹਿਲੋਂ ਵੈਸੇ ਹੀ ਸੜਕ 'ਤੇ ਤੁਰੇ ਜਾਂਦਿਆਂ ਕਰਨ ਨੇ ਓਹਨੂੰ ਹਾਕ ਮਾਰੀ ਸੀ, " ਹੈਲੋਅ ਬੌਸ, ਹਾਓ ਆਰ ਯੂ"। "ਆਇ ਐੱਮ ਫਾਈਨ ਹਾਓ ਅਬਾਊਟ ਯੂ" ਓਹਨੇ ਜੁਆਬ ਦਿੱਤਾ। ਪਿਛਲੇ ਤਿੰਨ ਦਿਨਾਂ 'ਚ ਇਹ ਸਮਝ ਆ ਗਿਆ ਹੈ ਕਿ ਕੁਝ ਵਰ੍ਹੇ ਪਹਿਲੋਂ ਬੰਬ ਧਮਾਕਿਆਂ ਦਾ ਸ਼ਿਕਾਰ ਹੋ ਕੇ ਬੁਰੀ ਤਰਾਂ ਟੁੱਟ ਕੇ ਫੇਰ ਆਪਣੇ ਪੈਰਾਂ 'ਤੇ ਖੜੇ ਹੋਏ ਇਸ ਸੂਬੇ ਦੇ ਲੋਕ ਬਾਹਰੋਂ ਆਏ ਹਰ ਸ਼ਖ਼ਸ ਨੂੰ ਇੰਨਾ ਪਿਆਰ ਦਿੰਦੇ ਨੇ ਕਿ ਅਗਲੇ ਦਾ ਘਰ ਜਾਣ ਦਾ ਜੀ ਹੀ ਨਾਂ ਕਰੇ। ਸਾਰਾ ਅਰਥਚਾਰਾ ਸੈਲਾਨੀਆਂ 'ਤੇ ਟਿਕਿਐ ਸੋ ਜੇ ਤੁਹਾਡੇ ਨਾਲ ਗੁੱਸੇ ਵੀ ਹੋਣ ਤਾਂ ਇੰਨਾ ਮਿੱਠਾ ਬੋਲਣਗੇ ਜਿਵੇਂ ਦਾ ਬੋਲਣ ਦੀ ਹਰ ਸਾਧ ਇੰਡੀਆ 'ਚ ਸਲਾਹ ਦਿੰਦਾ ਹੈ।ਪਰ ਕਰਣ ਬਾਕੀਆਂ ਵਾਂਗ ਸਿਰਫ ਹੈੱਲੋ ਕਰ ਕੇ ਅੱਗੇ ਨਹੀਂ ਲੰਘ ਗਿਆ। "ਬੌਸ ਡੂ ਯੂ ਵਾਂਟ ਟੂ ਸੀ ਗੁੱਡ ਪੇਂਟਿੰਗ, ਆਈ ਪੇਂਟ ਵੈਰੀ ਗੁੱਡ,ਸੈੱਲ ਵੈਰੀ ਚੀਪ ਆਲਸੋ" (ਪਂੇਟਿੰਗ ਵੇਖੇਂਗਾ, ਮੈਂ ਬਹੁਤ ਸੁਹਣੀ ਬਣਾਉਨਾਂ, ਵੇਚਦਾ ਵੀ ਸਸਤੀ ਹਾਂ) ਕਰਣ ਨੇ ਕਿਹਾ ਸੀ। ਜਹਾਜ਼ 'ਚ ਵਾਪਸੀ ਵੱਡੀ ਸਾਰੀ ਪੇਂਟਿੰਗ ਲੈ ਕੇ ਤਾਂ ਜਾ ਨਹੀਂ ਸਕਦਾ ਪਰ ਫੇਰ ਵੀ ਇਸ ਸਾਊ ਜੇ ਮੁਲਕ ਦੇ ਸਾਊ ਜਿਹੇ ਪੇਂਟਰ ਦਾ ਦਿਲ ਤੋੜਣ ਦੀ ਹਿੰਮਤ ਨਹੀਂ ਜੁੜੀ।

ਪੇਟਿੰਗ ਸੁਹਣੀ ਬਣੀ ਸੀ ਸਮੁੰਦਰ ਦੇ ਕੰਢੇ ਵਾਟਰ ਸਪੋਰਟਸ ਖੇਡ ਰਹੇ ਸੈਲਾਨੀਆਂ ਦੇ ਨਾਲ ਆਪਣੇ ਮੁਲਕ ਦੇ ਕਲਾਕਾਰਾਂ ਦੇ ਹੱਥ ਦੇ ਕੰਮ ਕਾਜ ਦਾ ਮਿਲਗੋਭਾ ਜਿਹਾ ਕੈਨਵਸ 'ਤੇ ਬੜਾ ਨਿੱਖੜਵਾਂ ਨਿਕਲਿਆ ਸੀ।ਪਰ ਓਹ ਤੇ ਓਹਦੇ ਦੋ ਸਾਥੀ ਤਾਂ ਕਿਸੇ ਹੋਰ ਕੰਮ ਨਿਕਲੇ ਸਨ ਇਹ ਕਰਣ ਨੇ ਐਵੇਂ ਰਾਹ ਰੋਕ ਲਿਆ। "ਵੂਈ ਗੋਟਾ ਗੋ" (ਸਾਨੂੰ ਜਾਣਾ ਪਊ)....... "ਗੋਇੰਗ ਵੇਅਰ ਮੈਨ" (ਕਿੱਥੇ ਜਾਣੈ)........ "ਲੂਕਿੰਗ ਫੌਰ ਸੰਮ ਗੁੱਡ ਮਸਾਜ ਪਾਰਲਰ" (ਕਿਤੇ ਚੰਗੀ ਜਿਹੀ ਮਾਲਸ਼ ਕਰਾਉਨੇ ਆਂ) ਗੁੱਝੀ ਜਿਹੀ ਹਾਸੀ ਨਾਲ ਇਸ ਵਾਰ ਓਹਦੇ ਸਾਥੀ ਨੇ ਆਖਿਆ ਸੀ ਤੇ ਨਾਲ ਹੀ ਜੋੜਿਆ "ਐਂਡ ਸੰਮ ਬੂਮ-ਬੂਮ ਟੂ" (ਤੇ ਸੈਕਸ ਵੀ) ਇੱਥੇ ਲੋਕਲ ਤੁਰੇ ਜਾਂਦੇ ਦਲਾਲ ਤੁਹਾਨੂੰ ਪੈਸੇ ਬਦਲੇ ਸਰੀਰਕ ਸੁਖ ਦੀ ਪੇਸ਼ਕਸ਼ ਬੂਮ-ਬੂਮ ਦੇ ਹਾਸੋ ਹੀਣੇ ਨਾਂ ਤੋਂ ਹੀ ਕਰਦੇ ਨੇ। "ਨਾਂ ਯਾਰ ਨੋ ਬੂਮ-ਬੂਮ ਫੌਰ ਮੀ, ਤੈਨੂੰ ਪਤੈ ਬਾਈ ਮੈਂ ਪੇਡ ਸੈਕਸ ਦੇ ਕਿੱਡਾ ਖਿਲਾਫ ਹਾਂ" ਓਹ ਫੇਰ ਬੋਲਦੈ। "ਚੱਲ ਠੀਕ ਹੈ ਜੇ ਕੱਲੀ ਮਸਾਜ ਹੀ ਕਰਾਉਣੀ ਹੈ ਤਾਂ ਰੰਨ ਤਾਂ ਚੱਜ ਦੀ ਹੋਵੇ ਕਰਨ ਆਲੀ.... ਓ.ਕੇ ਕਰਨ ਡੂ ਯੂ ਨੋ ਸਮ ਗੁੱਡ ਪਾਰਲਰ ਵਿੱਦ ਬਿਊਟੀਫੁੱਲ ਗਰਲਜ਼, ਨੋ ਬੂਮ-ਬੂਮ ਨੀਡਿਡ" ਕਰਣ ਨੂੰ ਪੇਂਟਿੰਗ ਵੇਚੇ ਬਗ਼ੈਰ ਕੁਝ ਪੈਸੇ ਕਮਾਉਣ ਦਾ ਰਾਹ ਨਜ਼ਰ ਆਇਆ ਤਾਂ ਓਹ ਤਿੰਨਾਂ ਜਣਿਆ ਨੂੰ ਵਧੀਆ ਮਸਾਜ ਪਾਰਲਰ ਦਾ ਰਾਹ ਦੱਸਣ ਨੂੰ ਰਾਜ਼ੀ ਹੋ ਗਿਆ ਸੀ। ਢਿੱਡ ਤੇ ਵਾਸਨਾ ਦੋਹਾਂ ਖਾਤਰ ਮਨੁੱਖ ਦੇ ਕਿਰਦਾਰ ਤੇ 'ਵਰਕ ਪ੍ਰੋਫਾਈਲ' ਚੇਂਜ ਹੁੰਦੇ ਈ ਰਹਿੰਦੇ ਨੇ।

ਪਾਰਲਰ ਸ਼ਹਿਰ ਦੀ ਵੱਡੀ ਤੇ ਖੁੱਲੀ ਮਾਰਕਿਟ 'ਚ ਸੀ। ਰਾਤ ਦੇ ਗਿਆਰਾਂ ਵਜੇ ਹੋਰ ਦੁਕਾਨਾਂ ਤਾਂ ਬੰਦ ਸਨ ਪਰ ਇੱਥੇ ਲਗਭਗ ੬੦ ਫੁੱਟ ਚੌੜੀ ਸ਼ੀਸ਼ਿਆਂ ਦੇ ਮੱਥੇ ਵਾਲੀ ਇਸ ਦੁਕਾਨ ਦੇ ਬਾਹਰ ਮੁੰਡੇ ਕੁੜੀਆਂ ਦੀ ਵੱਡੀ ਭੀੜ ਸੀ। ਝਕਦਾ ਜਿਹਾ ਓਹ ਤੇ ਜੋਸ਼ ਜਿਹੇ 'ਚ ਓਹਦੇ ਸਾਥੀ ਟੈਕਸੀ 'ਚੋਂ ਬਾਹਰ ਨਿਕਲੇ। ਬਾਹਰ ਬਿਊਟੀ ਐਂਡ ਹੈਲਥ ਸਪਾ ਦਾ ਬੋਰਡ ਪੜ੍ਹਣ ਤੋਂ ਬਾਅਦ ਸ਼ੀਸ਼ੇ ਦਾ ਦਰਵਾਜ਼ਾ ਟੱਪਦਿਆਂ ਓਹਨੂੰ ਇੱਕ ਵਾਰ ਤਾਂ ਇੰਜ ਲੱਗਾ ਕਿ ਜਿਵੇਂ ਕਿਸੇ ਵੱਡੇ ਹੋਟਲ ਦੀ ਲੌਬੀ 'ਚ ਪੁੱਜ ਗਿਆ ਹੋਵੇ। ਚੰਮੜੇ ਦੇ ਵੱਡੇ ਸੋਫਿਆਂ ਅੱਗੇ ਸੁਹਣੇ ਨੱਕਾਸ਼ੀਦਾਰ ਮੇਜ਼, ਲਗਭਗ ੪੦ ਬੰਦਿਆਂ ਦੇ ਬਹਿਣ ਤੇ ਇੰਤਜ਼ਾਰ ਕਰਨ ਜੋਗੀ ਥਾਂ। ਪਰ ਓਹਨਾਂ ਨੂੰ ਬੈਠਣ ਦੀ ਲੋੜ ਨਹੀਂ ਪਈ, ਰਵਾਇਤੀ ਪੋਸ਼ਾਕ 'ਚ ਮੌਜੂਦ ਇੱਕ ਸੁਪਰਵਾਈਜ਼ਰ ਟਾਈਪ ਔਰਤ ਨੇ ਪਹਿਲੋਂ ਇੱਕ ਫਾਰਮ ਹੱਥ 'ਚ ਫੜਾ ਦਿੱਤਾ, ਫਾਰਮ 'ਤੇ ਲਿਖਿਆ ਹੋਇਆ ਸੀ ਕਿ ਇਹ ਸਮਝ ਲਿਆ ਜਾਵੇ ਕਿ ਇਸ ਪਾਰਲਰ 'ਚ ਸਿਰਫ ਰਵਾਇਤੀ ਢੰਗ ਨਾਲ ਮਾਲਸ਼ ਕੀਤੀ ਜਾਂਦੀ ਹੈ, ਕੁੜੀਆਂ ਨੂੰ ਜ਼ਬਰਦਸਤੀ ਟਿੱਪ ਦੇ ਕੇ ਹੋਰ ਕੋਈ ਸੇਵਾ ਨਾ ਮੰਗੀ ਜਾਵੇ, ਹੇਠਾਂ ਦਸਤਖ਼ਤ ਕਰਨ ਦੀ ਥਾਂ ਸੀ।

"ਚੰਗੀ ਗੱਲ ਹੈ ਪਹਿਲੋਂ ਹੀ ਸਭ ਕੁਝ ਸਾਫ ਹੈ" ਓਹਨੇ ਸੋਚਿਆ, "ਵੈਸੇ ਵੀ ਮੈਂ ਪੇਡ ਸੈਕਸ ਦੇ ਖਿਲਾਫ ਹਾਂ" ਆਪਣੇ ਆਪ ਨਾਲ ਓਹ ਗੱਲ ਕਰਦੈ, "ਪੈਸੇ ਦੇ ਕੇ ਸੈਕਸ ਕਰਨ ਦੇ ਕੋਨਸੈਪਟ ਨਾਲ ਹੀ ਮੈਨੂੰ ਨਫਰਤ ਹੈ, ਇਸੇ ਲਈ ਤਾਂ ੪ ਸਾਲ ਤੋਂ ਦਿੱਲੀ ਰਹਿੰਦਾ ਹੋਇਆ ਵੀ ਕਦੇ ਜੀ.ਬੀ ਰੋਡ ਦਾ ਗੇੜਾ ਨਹੀਂ ਮਾਰਿਆ....... ਇੰਝ ਨਹੀਂ ਕਿ ਮੈਨੂੰ ਵੇਸਵਾਵਾਂ ਨਾਲ ਨਫਰਤ ਹੈ, ਓਹ ਤਾਂ ਵਿਚਾਰੀਆਂ ਵੈਸੇ ਹੀ ਸਮਾਜ ਦੀਆਂ ਦੁਰਕਾਰੀਆਂ ਦੇ ਹਵਸ ਦੀਆਂ ਸ਼ਿਕਾਰ ਨੇ, ਪਰ ਮੇਰੇ ਮੁਤਾਬਿਕ ਸਰੀਰਕ ਸੁਖ ਭਾਵਨਾਤਮਕ ਸਾਂਝ ਤੋਂ ਬਗ਼ੈਰ ਲੈ ਲੈਣ ਦਾ ਕੋਈ ਸੁਆਦ ਨਹੀਂ, ਸੋ..... ਨੋ ਪੇਡ ਸੈਕਸ"

"ਹੈਵ ਯੂ ਪਿੱਕਡ ਯੋਰ ਨੰਬਰ ਸਰ" (ਤੁਸੀਂ ਆਪਣਾ ਨੰਬਰ ਚੁਣ ਲਿਐ) ਹੱਥ 'ਚ ਫੜੇ ਫਾਰਮ ਵੱਲ ਵੇਖ ਕੇ ਅੰਦਰੂਨੀ ਵਾਰਤਾਲਾਪ ਕਰਦੇ ਨੂੰ ਓਹਨੂੰ ਸੁਪਰਵਾਈਜ਼ਰ ਬੀਬੀ ਦੀ ਅਵਾਜ਼ ਨੇ ਜਗਾਇਆ, ਵੱਡੇ ਹਾਲ ਦੇ ਆਖਰੀ ਕੰਢੇ ਬਣੀ ਡਿਜ਼ਾਈਨਦਾਰ ਸ਼ੀਸ਼ੇ ਦੀ ਕੰਧ ਵੱਲ ਓਹ ਇਸ਼ਾਰਾ ਕਰ ਰਹੀ ਸੀ। ਸਦਮਾ ਜਾਂ ਝਟਕਾ ਜਾਂ ਗਿਆਨ ਚਖਸ਼ੂਆਂ ਦਾ ਖੁੱਲ੍ਹਣਾ ਪਤਾ ਨਹੀਂ ਕੀ ਸੀ ਪਰ ਕਦੇ ਵੀ ਕਿਸੇ ਵੀ ਗੱਲ 'ਤੇ ਹੈਰਾਨਗੀ ਨਾਂ ਜ਼ਾਹਿਰ ਕਰਨ ਵਾਲੇ ਓਹਦੇ ਦਿਮਾਗ ਨੇ ਅੱਖਾਂ ਜ਼ਰੀਏ ਜਦੋਂ ਪਹਿਲੀ ਵਾਰ ਧਿਆਨ ਮਾਰਿਆ ਤਾਂ ਅਜੀਬ ਜਿਹਾ ਕੁਝ ਵੱਜਿਆ ਜ਼ਰੂਰ ਸੀ, ਸ਼ੀਸ਼ਾ ਸਾਰਾ ਡਿਜ਼ਾਈਨ ਨਾਲ ਢਕਿਆ ਨਹੀਂ ਸੀ ਲਗਭਗ ਸਾਢੇ ਚਾਰ ਫੁੱਟ ਤੇ ਫੇਰ ਸਾਢੇ ਪੰਜ ਫੁੱਟ ਦੀ ਉਚਾਈ 'ਤੇ ਸਿਰੇ ਤੋਂ ਸਿਰੇ ਇਸ ਸ਼ੀਸ਼ੇ ਦੀ ਕੰਧ ਨੂੰ ਪਾਰਦਰਸ਼ੀ ਰੱਖਿਆ ਗਿਆ ਸੀ। ਇਸ ਉਚਾਈ 'ਤੇ ਆਮ ਕੱਦ ਕਾਠੀ ਵਾਲਾ ਮਨੁੱਖ ਆਰ ਪਾਰ ਵੇਖ ਸਕਦੈ....... ਤੇ ਸ਼ੀਸ਼ੇ ਦੇ ਪਿੱਛੇ ਸਟੇਡੀਅਮ ਦੀਆਂ ਪੌੜੀਆਂ ਵਾਂਗ ਬਣਾਈਆਂ ਲੱਕੜ ਦੀਆਂ ਪੌੜੀਆਂ 'ਤੇ ਕਿੰਨੀਆਂ ਹੀ ਕੁੜੀਆਂ ਬੈਠੀਆਂ ਸਨ। ਅਚਾਨਕ ਏਦਾਂ ਇਹ ਨਜ਼ਾਰਾ ਵੇਖ ਕੇ ਆਮ ਤੌਰ 'ਤੇ ਪਹਿਲੀ ਸੱਟੇ ਹਾਲਾਤ ਦਾ ਜਾਇਜ਼ਾ ਲੈ ਕੇ ਗਿਣਤੀ ਮਿਣਤੀ ਕਰ ਲੈਣ ਵਾਲਾ ਓਹਦਾ ਦਿਮਾਗ ਸ਼ਾਇਦ ਕੁਝ ਢੈਲਾ ਜਿਹਾ ਪੈ ਗਿਆ ਸੀ।ਉੱਡਵੀਂ ਜਿਹੀ ਨਿਗਾਹ ਵੱਖੋ-ਵੱਖ ਨੁੱਕਰਾਂ 'ਤੇ ਮਾਰ ਕੇ ਓਹ ਤੀਜੀ ਪੌੜੀ ਦੇ ਆਖਰੀ ਸਿਰੇ ਵੱਲ ਨਜ਼ਰ ਮਾਰਦਾ ਹੈ। ਤਿੰਨ ਕੁੜੀਆਂ 'ਕੱਠੀਆਂ ਬੈਠੀਆਂ ਨੇ, ਜਿੱਥੇ ਬਾਕੀ ਆਪਸ 'ਚ ਗੱਲਾਂ ਮਾਰਦੀਆਂ ਨੇ ਜਾਂ ਚੁੱਪ ਕਰ ਕੇ ਸ਼ੀਸ਼ੇ ਦਾ ਪਾਰ ਤੁਹਾਡੇ ਨਾਲ ਅੱਖ ਮਿਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਓਥੇ ਹੀ ਇਹ ਸੁਹਣੀ ਤੇ ਉਦਾਸ ਜਿਹੀ ਸੂਰਤ ਖਲਾਅ ਵੱਲ ਝਾਕ ਰਹੀ ਹੈ। ਬਿਲਕੁਲ ਜਿੱਦਾਂ ਓਹਦੀ ਮਹਿਬੂਬ ਕੁੜੀ ਇੰਡੀਆ 'ਚ ਕਰਦੀ ਹੈ।ਕਈ ਦਿਨਾਂ ਤੋਂ ਆਪਣੀ ਮਹਿਬੂਬਾ ਨਾਲ ਗੱਲ ਨਾਂ ਹੋਣ ਕਾਰਨ ਓਦਰਿਆ ਜਿਹਾ ਓਹ ਦੋਹਾਂ ਦੀਆਂ ਸੂਰਤਾਂ ਮੇਲ ਰਿਹੈ ਕਿ ਸੁਪਰਵਾਈਜ਼ਰ ਫੇਰ ਪੁੱਛਦੀ ਹੈ "ਹੈਵ ਯੂ ਪਿੱਕਡ ਯੌਰ ਨੰਬਰ ਸਰ" ।

"ਚੁਰਾਸੀ..... ਓਹ ਮਾਫ ਕਰਨਾ ਏਟੀ ਫੌਰ" ਕੁੜੀ ਦੇ ਚਿਹਰੇ ਤੋਂ ਸੀਨੇ ਵੱਲ ਝਾਕਦਿਆਂ ਓਹ ਪੜ੍ਹ ਕੇ ਬੋਲਦੈ।

ਸਾਫ ਸੁੱਥਰੀਆਂ ਪੌੜੀਆਂ ਨੇ, ਕਮਰੇ ਨਿੱਕੇ ਜਿਹੇ, ਮੱਧਮ ਲਾਲ ਰੌਸ਼ਨੀ ਵਾਲੇ ਪਰ ਸਾਫ, ਦੂਜੀ ਮੰਜ਼ਲ ਤੱਕ ਕਈ ਪੌੜੀਆਂ ਚੜ੍ਹਦਿਆਂ ਓਹਦੀ ਮਹਿਬੂਬਾ ਵਰਗੀ ਉਦਾਸੀ ਵਾਲੀ ਕੁੜੀ ਓਹਦੇ ਵੱਲ ਵੇਂਹਦੀ ਵੀ ਨਹੀਂ। "ਐਵੇਂ ਭਾਵੁਕ ਜਿਹਾ ਹੋ ਕੇ ਤਾਂ ਇਹਦੇ ਵੱਲ ਇਸ਼ਾਰਾ ਨਹੀਂ ਕਰ ਬੈਠਾ ਕਿਤੇ ਮੈਂ, ਇੱਥੇ ਆਉਣ ਦਾ ਮਕਸਦ ਸਿਰਫ ਮਾਲਸ਼ ਕਰਾਉਣਾ ਤਾਂ ਨਹੀਂ ਸੀ, ਮੈਂ ਤਾਂ ਇਹ ਵੀ ਜਾਨਣਾ ਚਾਹੁੰਦਾ ਸੀ ਕਿ ਔਰਤ ਕਿੱਦਾਂ ਵੱਖੋ-ਵੱਖ ਮੁਲਕਾਂ 'ਚ ਹੁੰਦੀ ਹੋਈ ਵੀ ਇੱਕੋ ਚੀਜ਼ ਬਣ ਜਾਂਦੀ ਹੈ। ਕਮੋਡਿਟੀ, ਉਤਪਾਦ, ਵੇਚਣ ਵਾਲੀ ਵਸਤੂ...... ਪਰ ਇਹ ਵਸਤੂ ਤਾਂ ਮੁੜ ਕੇ ਵੀ ਨਹੀਂ ਵੇਖ ਰਹੀ।ਦਫਤਰ ਤੋਂ ਲੈ ਕੇ ਦੋਸਤਾਂ ਤੱਕ ਔਰਤ ਦੀ ਅਜ਼ਾਦੀ ਦੇ ਦਮਗਜ਼ੇ ਮਾਰਨ ਵਾਲਾ ਓਹ ਮਸਾਜ ਪਾਰਲਰ 'ਚ ਕੁੜੀ ਦੇ ਪਿੱਛੇ ਤੁਰਿਆ ਜਾਂਦਾ ਔਰਤ ਦੇ ਹਾਲਾਤ 'ਤੇ ਤਬਸਰੇ ਕਰ ਰਿਹੈ, ਪਰ ਪੌੜੀਆਂ ਮੁੱਕ ਗਈਆਂ ਨੇ। ਦੂਜੀ ਮੰਜ਼ਲ ਦੇ ਕਮਰਿਆਂ 'ਚੋਂ ਇੱਕ ਦਾ ਦਰਵਾਜ਼ਾ ਖੋਲ੍ਹ ਕੇ ਕੁੜੀ ਓਹਨੂੰ ਅੰਦਰ ਕੈ ਜਾਂਦੀ ਹੈ, "ਆਰ ਯੂ ਫਰੋਮ ਇੰਡੀਆ"...... "ਯੇਹ"....... "ਊੂਊਊਹ ਸ਼ਾਹਰੁਖ ਖਾਨ, ਅਮਿਤਾਬ ਬੱਚਨ, ਕੁਛ ਕੁਛ ਹੋਤਾ ਹੈ...... ਹਾ ਹਾ ਹਾ ਹਾ ਹਾ" ਪਤਾ ਨਹੀਂ ਮਜ਼ਾਕ ਉਡਾ ਰਹੀ ਹੈ ਗੱਲ ਤੋਰਨ ਦੀ ਕੋਸ਼ਿਸ਼ ਹੈ ਪਰ ਓਹ ਫਿਲਹਾਲ ਨਿੰਮੋਝੂਣੀ ਜਿਹੀ ਮੁਸਕੁਰਾਹਟ ਹੀ ਦਿੰਦਾ ਹੈ। "ਓ.ਕੇ ਟੇਕ ਔਫ" ਕੁੜੀ ਕੱਪੜੇ ਲਾਹੁਣ ਲਈ ਇਸ਼ਾਰਾ ਕਰਦੀ ਹੈ।ਓਹ ਟੀ-ਸ਼ਰਟ ਲਾਹ ਦਿੰਦਾ ਹੈ, "ਦਿਸ ਔਫ ਟੂ" ਓਹ ਬਰਮੂਡੇ ਵੱਲ ਇਸ਼ਾਰਾ ਕਰਦੀ ਹੈ "ਨਾਂ ਇਟਸ ਓ.ਕੇ, ਆਇ ਐੱਮ ਕਮਫਰਟੇਬਲ ਦਿਸ ਵੇਅ"
ਓਹ ਸਣੇ ਬਰਮੂਡੇ ਮੂਧਾ ਪਿਆ ਮਾਲਸ਼ ਕਰਾ ਰਿਹੈ, ਮੇਰੇ ਸੱਭਿਆਚਾਰ 'ਚ ਬਗ਼ਾਨੀ ਔਰਤ ਦਾ ਮਰਦ ਦੇ ਪੈਰ ਛੂਹਣਾ ਕੀ ਕੀ ਰਿਸ਼ਤੇ ਖੜੇ ਕਰ ਦਿੰਦੈ ਤੇ ਇੱਥੇ ਤਸੱਲੀ ਨਾਲ ਮਾਲਸ਼ ਹੋ ਰਹੀ ਐ। ਸ਼ਾਂਤੀ ਨੇ ਕੁਝ ਹੋਰ ਖੁੱਲ ਕੇ ਗੱਲ ਕਰਨੀ ਸ਼ੁਰੂ ਕੀਤੀ ਔਖੀ ਸੌਖੀ ਅੰਗਰੇਜ਼ੀ 'ਚ, "ਹਾਊ ਮੈਨੀ ਡੇਅਜ਼ ਹਿਅਰ" ਅਗਲੇ ਦਿਨ ਦੀ ਜਹਾਜ਼ ਦੀ ਟਿਕਟ ਜੇਬ 'ਚ ਰੱਖੀ ਬੈਠਾ ਓਹ ਐਵੇਂ ਈ ਕਹਿ ਗਿਆ "ਵੰਨ ਵੀਕ" ਜਿਵੇਂ ਓਹਦੇ ਕਿਰਦਾਰ ਦਾ ਹਿੱਸਾ ਹੈ ਸਾਰੀ ਜਾਣਕਾਰੀ ਕਿਸੇ ਨਾਲ ਪੂਰੀ ਸਾਂਝੀ ਨਾ ਕਰਨਾ। ਥੋੜ੍ਹਾ ਮਾੜਾ ਵੀ ਲੱਗਾ ਕਿਉਂਕਿ ਏਥੋਂ ਦੇ ਲੋਕ ਬਹੁਤਾ ਕੁਝ ਲੁਕੌਂਦੇ ਨਹੀਂ, "ਪਰ ਆਪਾਂ ਕਿਹੜਾ ਏਥੋਂ ਦੇ ਆਂ, ਨਾਲੇ ਪੂਰਾ ਹਫਤਾ ਕੰਮ ਮਿਲਣ ਦੇ ਲਾਲਚ 'ਚ ਸ਼ਾਇਦ ਵਧੀਆ ਮਾਲਸ਼ ਕਰ ਦੇਵੇ"। "ਵਿਅਰ ਲਿਵਿੰਗ" ਓਹ ਜੁਆਬ 'ਚ ਆਪਣੇ ਹੋਟਲ ਦਾ ਨਾਂ ਦੱਸਦੈ ਤੇ ਨਾਲ ਹੀ ਪਛਤਉਂਦੈ, ਕਿਉਂਕਿ ਕੰਪਨੀ ਦੇ ਖਰਚੇ 'ਤੇ ਵਧੀਆ ਹੋਟਲ 'ਚ ਠਹਿਰੇ ਬੰਦੇ ਤੋਂ ਟਿੱਪ ਦੀਆਂ ਉਮੀਦਾਂ ਵੀ ਵੱਡੀਆਂ ਹੋ ਜਾਂਦੀਆਂ ਨੇ। ਅਗਲੀ ਨੂੰ ਕਿਹੜਾ ਪਤੈ ਬਈ ਸਰਕਾਰੀ ਖਾਤਾ ਚੱਲ ਰਿਹੈ। "ਆਈ ਐੱਮ ਸ਼ਾਂਤੀ, ਵੱਟਸ ਯੌਰ ਨੇਮ" "ਦੇਵ" ਅਸਲੀ ਨਾਂ ਦਾ ਟੁੱਟਾ ਜਿਹਾ ਹਿੱਸਾ ਦੱਸਦਿਆਂ ਹੀ ਓਹਨੂੰ ਹਾਸਾ ਵੀ ਆ ਗਿਆ, "ਵੇਖ ਕਿਵੇਂ ਮੈ ਨਾਂਅ ਲਕੋਈ ਜਾਨੈਂ, ਜਿਵੇਂ ਸਾਲੀ ਸਾਰੇ ਮੁਲਕ ਦੀ ਸੀ.ਬੀ.ਆਈ ਮੇਰੀਆਂ ਮਾਲਸ਼ਾਂ ਦਾ ਹਿਸਾਬ ਈ ਲਾਉਣ ਬੈਠੀ ਹੋਵੇ"।
"ਵੱਟ ਯੂ ਡੂ, ਵਰਕ" ਜਦੋਂ ਓਹਨੇ ਕੰਮ ਪੁੱਛਿਆ ਤਾਂ ਜਿਵੇਂ ਕੁੜੀ ਨੂੰ ਇੰਪ੍ਰੈਸ ਕਰਨਾ ਹੋਵੇ, ਓਹਨੇ ਸਾਫ ਈ ਦੱਸ ਦਿੱਤਾ "ਰਿਪੋਰਟਰ", "ਹਾਅ ਰਿਪੋਤਾਰ" ਓਹ ਇੱਕ ਵਾਰ ਘਾਬਰ ਕੇ 'ਕੱਠੀ ਜਿਹੀ ਹੋਈ ਤੇ ਫੇਰ ਨਾਲ ਹੀ ਹੱਸ ਪਈ, ਓਹਦੇ ਕਹਿਣ ਤੋਂ ਪਹਿਲੋਂ ਹੀ ਸ਼ਾਇਦ ਸ਼ਾਂਤੀ ਨੁੰ ਵੀ ਅਹਿਸਾਸ ਹੋ ਗਿਆ ਬਈ ਬਗ਼ਾਨੇ ਮੁਲਕ ਬੈਠੈ, ਨਾਲੇ 'ਕੱਲੇ ਕੱਛੇ 'ਚ ਬਹਿ ਕੇ ਕਿਹੜੇ ਸਟਿੰਗ ਆਪਰੇਸ਼ਨ ਹੋਈ ਜਾਂਦੇ ਨੇ। ਫੇਰ ਵੀ ਓਹ ਤਸੱਲੀ ਜਿਹੀ ਦੇਣ ਨੂੰ ਬੋਲਿਆ "ਡੋਨਟ ਵਰੀ, ਨੋ ਕੈਮਰਾ" ਹਾਲਾਂਕਿ ਆਉਂਦੇ ਵੇਲੇ ਓਹ ਖ਼ੁਦ ਨੂੰ ਦੱਸ ਇਹੋ ਰਿਹਾ ਸੀ ਓਹ ਕਿ ਹਾਲਾਤ ਦਾ ਜਾਇਜ਼ਾ ਲੈਣਾ ਚੱਲਿਐ ਚੰਗੀ ਤਰ੍ਹਾਂ ਤੇ ਕੁੜੀਆਂ ਨੂੰ ਵੀ ਜਾਨਣਾ ਹੈ ਬਹੁਤ ਸਾਰੀਆਂ ਗੱਲਾਂ ਕਰਕੇ ਤਾਂ ਕਿ ਇਹਨਾਂ ਮੁੱਦਿਆਂ ਸਬੰਧੀ ਲਿਖ ਸਕੇ। ਓਧਰ ਸ਼ਾਂਤੀ ਨੂੰ ਕੁਝ ਹਿਸਾਬ ਕਿਤਾਬ ਖਾਈ ਜਾ ਰਿਹੈ, ਕੁਝ ਕੁ ਪੈਸਿਆਂ ਦੀ ਲੋੜ ਤੇ ਉੱਤੋਂ ਆਹ ਗਾਹਕ ਜਿਹੜਾ ਸ਼ਾਂਤੀ ਨਾਲ ਹੋ ਕੇ ਵੀ ਸ਼ਾਂਤੀ ਨਾਲ ਪੈ ਨਹੀਂ ਰਿਹਾ, ਕੁਝ ਨਾਂ ਕੁਝ ਪੁੱਛੀ ਜਾਂਦੈ। "ਹਾਓ ਓਲਡ ਆਰ ਯੂ" "ਟਵੰਟੀ ਫੋਰ", "ਹਾਓ ਓਲਡ ਇੰਨ ਦਿਸ ਵਰਕ" " ਟੂ ਯੀਅਰਜ਼"। ਹਨੇਰੇ 'ਚ ਵੀ ਪੱਤਰਕਾਰ ਵਾਲੀ ਅੱਖ ਬਾਜ਼ ਨਹੀਂ ਆਈ, ਸ਼ਾਂਤੀ ਦੇ ਗਲ 'ਚ ਲਾਕੇਟ 'ਤੇ ਐੱਮ ਉੱਕਰਿਆ ਵੇਖ ਕੇ ਸਿੱਧਾ ਸਵਾਲ ਦਾਗਿਆ, "ਸ਼ਾਂਤੀ ਨੋਟ ਯੋਰ ਰੀਅਲ ਨੇਮ" "ਨੋ ਇੱਟ ਇਜ਼", "ਦੈਨ ਵਾਏ ਐਮ ਓਨ ਯੋਰ ਲਾਕੇਟ", "ਦੈਟਸ ਮਾਈ ਸੰਨਜ਼ ਨੇਮ, ਮਿੱਤਰਾ"। ਸ਼ਾਂਤੀ ਵਿਆਹੀ ਹੋਈ ਐ, ਕਾਫੀ ਛੋਟੀ ਉਮਰੇ, ੬ ਸਾਲ ਦਾ ਮੁੰਡਾ ਦੱਸਦੀ ਐ, ਹਸਬੈਂਡ ਦੀ ਮੌਤ ਹੋ ਗਈ, ਗੁਜ਼ਾਰੇ ਲਈ ਕਾਫੀ ਪਾਪੜ ਵੇਲਣੇ ਪੈਂਦੇ ਨੇ।

ਔਰਤ ਦੇ ਹੱਕ 'ਚ ਨਾਅਰੇ ਮਾਰਨ ਵਾਲਾ, ਹਮੇਸ਼ਾਂ ਆਪਣੇ ਦਿਲ 'ਚ ਔਰਤ ਲਈ ਦਰਦ ਰੱਖਣ ਵਾਲਾ ਪੱਤਰਕਾਰ ਸ਼ਾਂਤੀ ਦੇ ਨਰਮ ਹੱਥਾਂ ਤੋਂ ਵੱਧ ਪ੍ਰਭਾਵਤ ਹੈ ਤੇ ਓਹਦੀ ਜ਼ਿੰਦਗੀ ਤੋਂ ਘੱਟ, ਤੇ ਹੁਣ ਜਦੋਂ ਓਹ ਗੱਲਾਂ ਕਰਨ ਲੱਗ ਪਈ ਐ ਤਾਂ ਕੁਝ ਕੁ ਬੋਰੀਅਤ ਮਹਿਸੂਸ ਹੋ ਰਹੀ ਐ।ਅਜ਼ਮਾਉਣ ਖਾਤਰ ਓਹ ਖਿੱਚ ਕੇ ਸ਼ਾਂਤੀ ਨੂੰ ਕੋਲ ਨੂੰ ਕਰ ਲੈਂਦੈ, ਸ਼ਾਂਤੀ ਪਹਿਲੋਂ ਥੋੜਾ ਝਕੀ ਤੇ ਫੇਰ ਆਪੇ ਹੀ ਨੇੜੇ ਆ ਗਈ ਨਾਲੇ ਹੀ ਟੋਕ ਵੀ ਦਿੱਤਾ, "ਵੇਰੀ ਰਿਸਕੀ, ਬੌਸ ਵੇਰੀ ਸਟਰਿਕਟ, ਨੋ ਨੌਟੀ ਥਿੰਗਜ਼"(ਸ਼ਰਾਰਤਾਂ ਨਾਂ ਕਰ, ਮਾਲਕ ਕਾਫੀ ਸਖ਼ਤ ਐ)। ਪਰ ਓਹਦੇ ਅੰਦਰ ਕੁਝ ਬਦਲ ਚੁੱਕੈ, "ਡੋਨਟ ਵਰੀ ਅਬਾਊਟ ਬੌਸ, ਟੈੱਲ ਮੀ ਹਾਓ ਮੱਚ" (ਮਾਲਕ ਦੀ ਚਿੰਤਾ ਛੱਡ, ਪੈਸੇ ਦੱਸ) ਨੋ ਪੇਡ ਸੈਕਸ ਵਾਲੀ ਥਿਊਰੀ ਸ਼ਾਇਦ ੨ ਮੰਜ਼ਲਾਂ ਦੀਆਂ ਪੌੜੀਆਂ ਚੜ੍ਹਦੀ ਥੱਕ ਕੇ ਕਮਰੇ ਦੇ ਬਾਹਰ ਹੀ ਬੈਠ ਗਈ ਸੀ। ਬੱਚੇ ਦੀ ਪੜ੍ਹਾਈ ਲਈ ਜ਼ਰੂਰੀ ਪੈਸਿਆਂ ਤੇ ਆਉਂਦੇ ਦਿਨਾਂ ਦੀ ਗਾਹਕੀ ਦਾ ਅੰਦਾਜ਼ਾ ਲਾਉਂਦੀ ਸ਼ਾਂਤੀ ਨੇ ਪੁੱਛਿਆ "ਯੂ ਵਾਂਟ ਟੂ ਕੰਮ ਡੇਲੀ" "ਯੈੱਸ, ਹੋਲ ਵੀਕ" ਅਗਲੇ ਦਿਨ ਦੀ ਹਵਾਈ ਟਿਕਟ ਲਈ ਬੈਠਾ ਓਹ ਪੂਰਾ ਹਫਤਾ ਆਉਣ ਦਾ ਲਾਰਾ ਮਾਰ ਗਿਆ। "ਓ.ਕੇ ਥਰੀ ਹੰਡਰਡ ਥਾਊਜ਼ੈਂਡ" ਏਧਰਲੇ ਤਿੰਨ ਲੱਖ ਯਾਨੀ ਆਪਣੇ ਡੇਢ ਹਜ਼ਾਰ ਰੁਪਏ, ਕਰੰਸੀ ਦਾ ਹਿਸਾਬ ਜਿਹਾ ਲਾ ਕੇ ਓਹਨੇ ਔਫਰ ਮਾਰੀ, "ਨੋ ਓਨਲੀ ਵੰਨ ਹੰਡਰਡ ਥਾਊਜ਼ੈਂਡ" ਤੇ ਨਾਲ ਹੀ ਸ਼ਾਂਤੀ ਦੇ ਸਰੀਰ ਦੀ ਸ਼ਾਂਤੀ ਭੰਗ ਕਰਨਾ ਸ਼ੁਰੂ ਹੋ ਗਿਆ, "ਨੋ ਥਰੀ" ਸ਼ਾਂਤੀ ਨੂੰ ਪੈਸਿਆਂ ਦੀ ਲੋੜ ਹੈ, "ਓ.ਕੇ ਓਨਲੀ ੨" ਓਹਨੂੰ ਪੱਕੀ ਬਾਰਗੇਨਿੰਗ ਦੀ ਆਦਤ ਹੈ। ਹੁਣ ਬਰਮੂਡਾ ਕਿੱਲੀ 'ਤੇ ਹੈ ਤੇ ਓਹਦੀ ਸੋ ਕਾਲਡ ਮਰਦਾਨਗੀ ਸ਼ਾਂਤੀ ਦੇ ਹੱਥਾਂ 'ਚ, "ਸਲੋਅ ਡਾਊਨ, ਸਲੋਅ ਡਾਊਨ, ਥੋੜਾ ਹੋਲੀ ਚੱਲ, ਸੁਆਦ ਨਾਲ" ਦਿੱਲੀ ਜੇ.ਐੱਨ.ਯੂ 'ਚ ਔਰਤ ਦਿਹਾੜੇ 'ਤੇ ਮਾਰੇ ਨਾਅਰਿਆਂ ਦੀ ਅਵਾਜ਼ ਓਹਦੀਆਂ ਆਪਣੀਆਂ ਠਰਕੀ ਅਵਾਜ਼ਾਂ 'ਚ ਗੁਆਚ ਗਈ ਹੈ। "ਕੰਮ ਔਨ ਸ਼ਾਂਤੀ ਟੇਕ ਔਫ ਆਲ ਯੌਰ ਕੋਲਥਜ਼" ਹਜ਼ਾਰ ਰੁਪਏ ਦੇ ਕੇ ਸਾਰੇ ਕੱਪੜੇ ਲੱਥੇ ਵੇਖਣਾ ਚਾਹੁੰਦੈ ਪੱਤਰਕਾਰ, "ਟੇਕ ਔਫ ਆਲ ਕਲੋਥਜ਼"। ਸ਼ਾਂਤੀ ਨੂੰ ਘਰ ਜਾਣ ਦੀ ਕਾਹਲ ਹੈ, ਇਹਦੇ ਕੋਲ ਇੱਕ ਘੰਟਾ ਲਾਉਣ ਨਾਲੋਂ ਛੇਤੀ ਵਿਹਲਾ ਕਰ ਕੇ ਆਪਣੇ ਪੁੱਤ ਨੂੰ ਸੋਣ ਤੋਂ ਪਹਿਲੋਂ ਮਿਲਜ਼ ਘਰ ਪੁੱਜ ਸਕਦੀ ਹੈ। ਸ਼ਾਂਤੀ ਦੇ ਹੱਥ ਦੀ ਰਫਤਾਰ ਹੋਰ ਤੇਜ਼ ਹੋ ਗਈ ਹੈ।

ਓਹ ਪੂਰੇ ਪੈਸਿਆਂ ਦਾ ਹਿਸਾਬ ਸੋਚ ਰਿਹੈ, ਜੇ ਹੁਣੇ ਨਿੱਬੜ ਗਈ ਤਾਂ ੧੫ ਮਿੰਟਾਂ 'ਚ ਘੰਟੇ ਦੇ ਪੈਸੇ ਦਊਂਗਾ, ਨਾਲੇ ਆਹ ਦੋ ਲੱਖ ਵਾਧੂ ਵੀ, ਹਜ਼ਾਰ ਰੁਪਏ ਦਾ ਹੋਰ ਕੂੰਡਾ ਹੋ ਜਾਣੈ ਭਾਰਤੀ ਕਰੰਸੀ 'ਚ, "ਸਲੋਅ ਡਾਊਨ, ਪਲੀਜ਼, ਸਲੋਅ ਡਾਊਨ" ਓਹ ਥੋੜਾ ਹੌਲੀ ਹੌਲੀ ਚਲਦਿਆਂ ਇੰਨਜੁਆਏ ਕਰਨ ਦੇ ਮੂਡ 'ਚ ਆ ਗਿਐ, ਵੱਖੋ-ਵੱਖ ਖ਼ੂਬਸੂਰਤ ਚਿਹਰਿਆਂ ਦੀ ਫੈਂਟਸੀ ਤੇ ਸ਼ਾਂਤੀ ਦੀ ਖ਼ੂਬਸੂਰਤੀ ਇਕੱਠੇ ਹੋ ਰਹੇ ਨੇ। ਸ਼ਾਂਤੀ ਨੇ ਓਹਦੇ ਵੱਲ ਕੁਝ ਚੁੰਮਣ ਵਧਾਏ ਤੇ ਕੁਝ ਹੀ ਪਲਾਂ 'ਚ ਓਹਦੀ ਮਰਦਾਨਗੀ ਲੇਟੇ ਹੋਏ ਦੇ ਓਹਦੇ ਢਿੱਡ 'ਤੇ ਆ ਪਈ, ਤੇ ਓਹ ਥੱਕ ਕੇ ਹੌਂਕਣ ਲੱਗ ਪਿਆ। ਹੱਥ ਵਾਲੇ ਤੌਲੀਏ ਨਾਲ ਓਹਦਾ ਢਿੱਡ ਸਾਫ ਕਰਦਿਆਂ ਸ਼ਾਂਤੀ ਕੱਲ ਦੀ ਵੀ ਸਾਈ ਲਾ ਰਹੀ ਐ, "ਯੂ ਵਿੱਲ ਕੰਮ ਟੂਮਾਰੋ ਅਗੇਨ" "ਯੈੱਸ, ਐਟ ਇਲੈਵਨ ਪੀ.ਐੱਮ ਟੂਮਾਰੋ, ਫੋਰ ਸ਼ਯੋਰ" ਪੇਡ ਸੈਕਸ ਵਾਂਗ ਹੀ ਝੂਠ ਬੋਲਣ ਨੂੰ ਵੀ ਸਖ਼ਤ ਨਫਰਤ ਕਰਨ ਵਾਲਾ ਪੱਤਰਕਾਰ ਵਾਅਦਾ ਕਰਦਾ ਹੈ।

"ਆਈ ਲਾਈਕ ਯੌਰ ਨੋਜ਼, ਐਂਡ ਯੌਰ ਆਈਜ਼ ਆਰ ਵੇਰੀ ਡੀਪ" ਮੱਧਮ ਲਾਲ ਰੌਸ਼ਨੀ ਵਾਲੇ ਕਮਰੇ 'ਚੋਂ ਬਾਹਰ ਆ ਕੇ ਸ਼ਾਂਤੀ ਨੇ ਓਹਦੀ ਤਰੀਫ ਕੀਤੀ ਤਾਂ ਮਰੀ ਜਿਹੀ ਥੈਂਕਸ ਹੀ ਓਸ ਤੋਂ ਜੁੜੀ ਜੁਆਬ 'ਚ, ਜਦੋਂਕਿ ਪਹਿਲੋਂ ਕਿੰਨੀ ਵਾਰ ਲੋਕਾਂ ਤੋਂ ਆਪਣੀਆਂ ਗਹਿਰੀਆਂ ਅੱਖਾਂ ਜਾਂ ਤਿੱਖੇ ਨਾਕ ਦੀ ਤਰੀਫ ਸੁਣ ਕੇ ਓਹ ਖੁਸ਼ੀ ਨਾਲ ਲਾਚੜ ਜਾਂਦਾ ਸੀ। "ਯੂ ਮੈਰਿਡ" ਸ਼ਾਂਤੀ ਨੇ ਪੁੱਛਿਆ, "ਨੋ" ਇੱਕ ਸ਼ਬਦ ਦਾ ਜੁਆਬ। "ਦੈਨ ਮੈਰੀ ਮੀ, ਹਾ ਹਾ ਹਾ ਹਾ ਹਾ" ਖੁੱਲ੍ਹਾ ਹਾਸਾ, "ਯੂ ਡੋਨਟ ਈਵਨ ਨੋ ਮਾਈ ਲੈਂਗੁਏਜ" ਤੱਥ ਭਰਪੂਰ ਜੁਆਬ, ਜਿਵੇਂ ਜੇ ਸ਼ਾਂਤੀ ਨੂੰ ਪੰਜਾਬੀ ਆਉਂਦੀ ਤਾਂ ਹੁਣੇ ਓਹ ਡੋਲੀ ਲੈ ਜਾਂਦਾ। ਹੈਲਮਟ ਲ਼ੈ ਕੇ ਆਪਣੀ ਬਾਈਕ ਵੱਲ ਜਾਂਦੀ ਸ਼ਾਂਤੀ ਨੂੰ ਦੂਜੀ ਨਜ਼ਰ ਭਰ ਕੇ ਵੇਖਿਆ ਵੀ ਨਹੀਂ, ਜਿਵੇਂ ਪੈਸੇ ਦੇਣ ਮਗਰੋਂ ਖਾਤਾ ਬੰਦ ਹੋ ਗਿਆ ਹੋਵੇ। ਸ਼ਾਂਤੀ ਨੇ ਪਰਚੀ 'ਤੇ ਆਪਣਾ ਨੰਬਰ ਲ਼ਿਖ ਕੇ ਫੜਾਇਆ ਸੀ, ਪਰ ਹਮੇਸ਼ਾਂ ਵਾਂਗ ਕੋਈ ਨਵਾਂ ਨੰਬਰ ਕੋਲ ਆਉਂਦਿਆਂ ਹੀ ਓਹਨੇ ਸਟੋਰ ਨਹੀਂ ਕੀਤਾ।

ਲਗਭਗ ਬਾਈ-ਚੌਵੀ ਘੰਟਿਆਂ ਬਾਅਦ ਬੈਂਕੋਕ ਤੋਂ ਇੰਡੀਆ ਨੂੰ ਜਾਂਦੀ ਕੁਨੈੱਕਟਿੰਗ ਫਲਾਈਟ 'ਚ ਸੁਣੱਖੀਆਂ ਏਅਰ ਹੋਸਟੈੱਸਾਂ ਹੱਥੋਂ ਸ਼ਰਾਬ ਦੇ ਜਾਮ ਪੀਂਦਿਆਂ ਓਹਨੂੰ ਪਿਛਲੇ ਦਿਨ ਦੀ ਯਾਦ ਆਈ। ਸ਼ਾਂਤੀ ਦੀ ਖੂਬਸੂਰਤੀ ਨੇ ਫੇਰ ਜੇਬ 'ਚ ਹੱਥ ਫਿਰਾਇਆ, ਫੋਨ ਨੰਬਰ ਵਾਲੀ ਪਰਚੀ ਕਿਤੇ ਨਹੀਂ ਸੀ, ਹੁੰਦੀ ਵੀ ਤਾਂ ਕਿਹੜਾ ਓਹਨੇ ਇੰਡੀਆ ਆ ਕੇ ਮਾਲਸ਼ ਕਰਨੀ ਸੀ ਨਾਲੇ ਹੋਰ ਕਈ ਕੁਝ.... ਪਰ ਓਹ ਸੀਨ ਤਾਜ਼ਾ ਦਮ ਪਿਆ ਸੀ ਅੱਖਾਂ ਮੁਹਰੇ, ਸ਼ੀਸ਼ੇ ਮਗਰ ਸਟੇਡੀਅਮ ਦੀ ਪੌੜੀਆਂ ਵਰਗੀ ਸਿਟਿੰਗ, ਓਹਦੀ ਮਹਿਬੂਬਾ ਵਾਂਗ ਖਲਾਅ 'ਚ ਗੁੰਮ ਚਿਹਰਾ, ੮੪ ਨੰਬਰ ਸਟੀਕਰ, ਪੈਸੇ ਦੇ ਕੇ ਸਰੀਰਕ ਸੁਖ ਨਾਂ ਲੈਣ ਦਾ ਓਹਦਾ ਅਹਿਦ, ਪੈਸੇ ਬਦਲੇ ਵਿਕ ਰਹੀ ਔਰਤ ਦੀ ਕਹਾਣੀ, ਪੱਤਰਕਾਰ ਹੋਣ ਦੇ ਨਾਤੇ ਇਸ ਔਰਤ ਦੀ ਮਜਬੂਰੀ ਨੂੰ ਸਮਝਣ ਦੀ ਕੋਸ਼ਿਸ਼, "ਸਾਲੀ ਏਅਰ ਲਾਈਨਜ਼ ਦੀ ਸ਼ਰਾਬ ਕਮਜ਼ੋਰ ਐ ਕਿ ਮੈਂ ਹੀ ਜ਼ਿਆਦਾ ਦਿਮਾਗ ਖਪਾਈ ਕਰੀ ਜਾਨਾਂ" ਪਰ ਸ਼ਾਂਤੀ ਨੂੰ ਅੱਜ ਦੁਬਾਰਾ ਮਿਲਣ ਦਾ ਵਾਅਦਾ ਕਰ ਕੇ ਹੀ ਤਾਂ ਪੈਸੇ ਘੱਟ ਕਰਾਏ ਸੀ, ਤੇ ਮੁੜ ਕੇ ਅਗਲੇ ਦਿਨ ਮਹਿਬੂਬਾ ਜੋਗਾ ਸੈਂਟ ਖਰੀਦ ਲਿਆ ਓਹਨਾਂ ਪੈਸਿਆਂ ਦਾ, "ਫੇਰ ਕੀ ਆ, ਆਪਣੇ ਪੈਸਿਆਂ ਦਾ ਕੋਈ ਕੁਝ ਵੀ ਕਰੇ" ਪਰ ਓਹਦੇ ਜੁਆਕ ਨੂੰ ਵੀ ਕੰਮ ਆ ਸਕਦੇ ਸੀ ਜੇ ਭੋਰਾ ਵੱਧ ਪੈਸੇ ਦੇ ਦਿੰਦਾ, ਹੁਣ ਵੀ ਤਾਂ ਉਜਾੜੇ ਈ ਐ, ਸਗੋਂ ੫੦੦ ਕੁ ਸੌ ਦੀ ਟਿੱਪ ਵੀ ਪਾ ਦਿੰਦਾ, ਸ਼ਾਇਦ ਸ਼ਾਂਤੀ ਨੂੰ ਇੱਕ ਅੱਧੇ ਠਰਕੀ ਨਾਲ ਘੱਟ ਮੱਥਾ ਮਾਰਨਾ ਪੈਂਦਾ, "ਚੱਲ ਕੋਈ ਨਾਂ ਆਪਾਂ ਇਕਨੋਮਿਕਸ ਵਾਲੀ ਵੈਲਿਊ ਫੋਰ ਮਨੀ ਪੂਰੀ ਕੀਤੀ ਐ, ਜਿੰਨਾ ਮੁੱਲ ਲੱਗਿਆ ਦੇ ਦਿੱਤਾ, ਐਵੇਂ ਇਹ ਜ਼ਮੀਰ ਜਿਹੇ ਆਲੀ ਬਹਿਸ ਆਪਣੇ ਆਪ ਨਾਲ ਈ ਕਰੀ ਜਾਨੈਂ" ਓਹਨੇ ਖੁਦ ਨੂੰ ਸਮਝਾਇਆ, ਪਰ ਪੈਸੇ ਬਦਲੇ ਠਰਕ ਪੂਰਾ ਨਾਂ ਕਰਨ ਦਾ ਅਹਿਦ ਤਾਂ ਰੁਲ ਗਿਆ ਨਾਂ, ਅੱਜ ਔਰਤ ਨੂੰ ਪੈਸਿਆਂ ਬਦਲੇ ਸੁਖ ਲਈ ਤਾਂ ਵਰਤ ਈ ਲਿਆ ਨਾਂ, ਹੁਣ ਕਿਵੇਂ ਓਹਨਾਂ ਦੇ ਮੱਥੇ ਲੱਗੇਗਾਂ ਖ਼ਾਸ ਕਰ ਕੁੜੀਆਂ ਦੇ ਜਿਹਨਾਂ ਨੂੰ ਔਰਤ ਜ਼ਾਤ ਦੀ ਅਜ਼ਾਦੀ ਦੇ ਕੀਰਨੇ ਪਾਉਂਦਾ ਰਹਿਨੈ, "ਓਏ ਸ਼ਾਂਤੀ ਕੋਈ ਵੁਮੈਨ ਲਿਬਰੇਸ਼ਨ ਦੀ ਸਿੰਬਲ ਥੋੜੇ ਈ ਐ, ਜੇ ਮੈਂ ਨਾਂ ਹੁੰਦਾ ਤਾਂ ਕੋਈ ਹੋਰ ਹੋਣਾ ਸੀ, ੮੪ ਨੰਬਰ ਦੀ ਹਾਕ ਮਾਰਨ ਵਾਲਾ, ਨਾਲੇ ਹਲਾਤ ਤਾਂ ਵੇਖ ਈ ਲਏ ਨੇ, ਕੁੜੀਆਂ ਤੇ ਪੈਰੋਕਾਰ ਟਾਈਪ ਲੋਕਾਂ ਨੂੰ ਕਨਵਿੰਸ ਕਰਨ ਲਾਇਕ ਮਸਾਲਾ ਤਾਂ ਹੁਣ ਵੀ ਜੁੜ ਗਿਐ, ਜਾ ਕੇ ਕੁਝ ਕੁ ਸਫਿਆਂ 'ਚ ਸਟੇਟ ਦੇ ਅਰਥਚਾਰੇ ਦੇ ਹਾਲ ਤੇ ਕੁੜੀਆਂ ਦੀ ਐਕਸਪਲੋਇਟੇਸ਼ਨ ਬਾਰੇ ਆਰਟੀਕਲ ਲਿਖ ਦਿਆਂਗਾ, ਗੱਲ ਖ਼ਤਮ" ਬੱਸ ਹੁਣ ਹਾਲ ਕੁਝ ਠੀਕ ਹੋਏ, ਦਿਮਾਗੀ ਦਵੰਦ ਖ਼ਤਮ ਹੋਇਆ, ਪੱਤਰਕਾਰੀ ਦੇ ਜਗਤ 'ਚ ਆਪਣੇ ਪਹਿਲੇ ਕੌਮਾਂਤਰੀ ਵਿਸ਼ੇ ਦੇ ਆਰਟੀਕਲ ਨੂੰ ਆਪੇ ਮੰਨਜ਼ੂਰੀ ਦੇ ਕੇ ਓਹਨੇ ਆਖਰੀ ਪੈੱਗ ਲਈ ਏਅਰ ਹੋਸਟੈੱਸ ਨੂੰ ਆਖਿਆ.......ਹੁਣ ਕੁਝ ਘੰਟੇ ਵਧੀਆ ਨੀਂਦ ਆਜੂਗੀ॥

ਦਵਿੰਦਰਪਾਲ
anchor501@yahoo.co.uk

3 comments:

  1. Ranjit Singh Sra SAYS..............bahut sohni kahani hai,,majboori ki kujh karvaundi hai,,

    ReplyDelete
  2. The protagonist-narrator’s name (Dev/Dave) and his profession confirm the autobiographical genesis of the story. It is interesting – so far as an unambiguous portrayal of hypocrisy goes. The element of guilt (in this case a collateral of hypocrisy) – adds to the narrative’s attraction. Yet, several questions arise. Often, as is the case in this story, women sex workers are shown as being in the profession out of compulsion – economic or otherwise. But, if we look at emancipated women there are several cases where rich and empowered women have used their charms to get whatever they want – be it a contract or favorable business deal or similar other lucrative quid pro quos. My point is, if one feels guilty of having paid sex with a woman how would those rich women be feeling for using their money and power to have sex with male prostitutes, aka, gigolos?

    Davinder, you are a talented story teller. Try your hand on realism rather than such pseudo-idealism.

    ReplyDelete
  3. ਸਾਰੀ ਕਹਾਨੀ ਵਿਚ ਅਜੀਬ ਜਿਹੀ ਵੇਦਨਾ ਹੈ

    ਇਕ੍ਲਾਖ, ਜਮੀਰ ਨੂੰ ਵਿਕਦਿਆਂ ਸਮਝਨਾ

    ਇਕ ਸਵਾਲ ਜਰੂਰ ਚਡਦੀ ਹੈ
    ਕੀ ਵਕਤ ਆਉਣ ਤੇ ਤੂੰ ਵੀ ......?

    http://www.facebook.com/gurjinder786

    ReplyDelete