ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, June 1, 2012

ਜੂਨ ਚੁਰਾਸੀ ਦੇ ਰਿਸਦੇ ਜ਼ਖਮ

-ਕਿਸੇ ਸ਼ਾਇਰ ਨੇ ਲਿਖਿਆ ਹੈ,


‘ਨੈਣ ਸਬਰ ਤੇ ਸਿਦਕ ਦੇ ਨੀਂਦ ’ਤੇ ਕਰਦੇ ਲੋਅ। 
ਪੱਤ ਲੁੱਟਣ ਦੇ ਹਾਦਸੇ ਕਿੱਥੇ ਲਵਾਂ ਲੁਕੋ।’ 

ਸੱਚਮੁਚ, ਜੂਨ 1984 ਦੇ ਪਹਿਲੇ ਹਫਤੇ ਵਿਚ ਭਾਰਤੀ ਹਕੂਮਤ ਨੇ ਸਿੱਖਾਂ ਦੀ ਜਿੰਦ-ਜਾਨ ਤੇ ਉਨ੍ਹਾਂ ਦੇ ਮੁਕੱਦਸ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਉਪਰ ਆਪਣੀਆਂ ਫੌਜਾਂ ਚਾੜ ਕੇ ਅਜਿਹਾ ਸਾਕਾ ਵਰਤਾਇਆ ਜੋ ਇਸ ਅਜ਼ਾਦ ਤੇ ਜਮਹੂਰੀ ਮੰਨੇ ਜਾਂਦੇ ਭਾਰਤ ਵਿਚ ਜਿੁਥੇ ਸਮੁੱਚੀ ਸਿੱਖ ਤਵਾਰੀਖ਼ ਦੇ ਇਕ ਬੇਹੱਦ ਅਹਿਮ ਕਾਂਡ ਵਜੋਂ ਸਿੱਖਾਂ ਦੀ ਅਚੇਤ-ਸੁਚੇਤ ਯਾਦ ਦਾ ਹਿੱਸਾ ਬਣਿਆ ਰਹੇਗਾ, ਉਥੇ ਹਾਲਾਤ ਨਾ ਬਦਲਣ ਦੀ ਸੂਰਤ ’ਚ ਸਿੱਖਾਂ ਨੂੰ ਉਹਨਾਂ ਦੀ ਹੈਸੀਅਤ ਦਾ ਅਹਿਸਾਸ ਕਰਾਉਂਦਾ ਰਹੇਗਾ। ਪੰਜਾਬ ਦੇ ਕੌਮਾਂਤਰੀ ਚਿੰਤਕ ਡਾ. ਗੁਰਭਗਤ ਸਿੰਘ ਨੇ ਇਸ ਬਾਰੇ ਭਾਵਪੂਰਤ ਸ਼ਬਦਾਂ ’ਚ ਲਿਖਿਆ ਹੈ, ‘ਜੂਨ 1984 ਦਾ ‘ਉਪਰੇਸ਼ਨ ਬਲੂ ਸਟਾਰ’ ਇਕ ਵੱਡਾ ਘੱਲੂਘਾਰਾ ਸੀ। ਇਹ ਇਕ ਜ਼ਖਮ ਹੈ ਜੋ ਸਿੱਖ ਕੌਮ ਦੀ ਸਿਮਰਤੀ ਵਿਚੋਂ ਜਾ ਨਹੀਂ ਸਕਦਾ। ਇਹ ਇਕ ਪੀੜ ਹੈ, ਇਕ ਕਸਕ ਹੈ, ਜੋ ਕਦੇ ਮਿਟ ਨਹੀਂ ਸਕਦੀ।’ ਇਹ ਵੀ ਇਕ ਸੱਚਾਈ ਹੈ ਕਿ ਅਜਿਹੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਇਕ ਸਿੱਖ ਮਨ ਹੀ ਸਮਝ ਸਕਦਾ ਹੈ ਤੇ ਉਸ ਨੂੰ ਹੀ ਇਸ ਦੀ ਅਸਲ ਪੀੜ ਮਹਿਸੂਸ ਹੋ ਸਕਦੀ ਹੈ। ਅਜਿਹਾ ਮਨ ਹੀ ਇਸ ਕਾਂਡ ਦੇ ਸ਼ਹਾਦਤ ਵਾਲੇ ਪੱਖ ਦੇ ਰੂਹਾਨੀ ਝਲਕਾਰੇ ਮਾਣ ਸਕਦਾ ਹੈ। ਜਾਂ ਫਿਰ ਮਨੁੱਖੀ ਅਹਿਸਾਸਾਂ ਨਾਲ ਸ਼ਰਸ਼ਾਰ ਉਹ ਸ਼ਾਇਰਾਨਾ ਬਿਰਤੀ ਇਸ ਵਰਤਾਰੇ ਨੂੰ ਤਹਿ ਦਿਲੋਂ ਸਮਝ ਸਕਦੀ ਹੈ, ਜਿਸ ਨੂੰ ਇਨਸਾਨੀਅਤ ਦੇ ਅਧਾਰ ’ਤੇ ਪਰਾਈ ਕੌਮ ਦਾ ਦਰਦ ਵੀ ਆਪਣਾ ਲੱਗਣ ਲੱਗ ਪੈਂਦਾ ਹੈ, ਜਿਵੇਂ ਕਿ ਲਹਿੰਦੇ ਪੰਜਾਬ ਦੇ ਅਲਬੇਲੇ ਮੁਸਲਮਾਨ ਸ਼ਾਇਰ ਅਫ਼ਜ਼ਲ ਅਹਿਸਨ ਰੰਧਾਵਾ ਨੂੰ ਲਗਦਾ ਹੈ,


‘ਮੇਰੇ ਬੁਰਜ ਮੁਨਾਰੇ ਢਾਹ ਦਿੱਤੇ ਢਾਹ ਦਿੱਤਾ ਤਖ਼ਤ ਅਕਾਲ
 ਮੇਰੇ ਸੋਨੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ।’

ਮੈਨੂੰ ਅੱਜ ਵੀ ਸਿੱਖ ਪਰਿਵਾਰ ’ਚ ਜਨਮੇ ਇਕ ਨਕਸਲੀ ਪਿਛੋਕੜ ਵਾਲੇ ਕਾਰਕੁੰਨ ਵੱਲੋਂ ਸੁਣਾਈ ਆਪਣੀ ਵਿੱਥਿਆ ਚੇਤੇ ਹੈ ਜੋ ਉਸ ਦਾ ਸਿੱਖ ਵਿਚਾਰਧਾਰਾ ਵੱਲ ਮੁੜਨ ਦੀ ਸਬੱਬ ਬਣੀ, ‘ਕਮਿਊਨਿਸਟ ਵਜੋਂ ਅਸੀਂ ਧਰਮ ਜਾਂ ਧਰਮ ਅਸਥਾਨਾਂ ਨੂੰ ਘੱਟ ਹੀ ਅਹਿਮੀਅਤ ਦਿੰਦੇ ਹੁੰਦੇ ਸੀ। ਅਸੀਂ ਅਕਸਰ ਹੀ ਨਕਸਲੀ ਸੰਘਰਸ਼ ਦੌਰਾਨ ਵਿਚਰਦਿਆਂ ਅਕਾਲ ਤਖ਼ਤ ਸਾਹਿਬ ਦੇ ਨੇੜੇ-ਤੇੜੇ ਆਪਣੀਆਂ ਮੀਟਿੰਗਾਂ ਕਰਦੇ ਹੁੰਦੇ ਸੀ ਪਰ ਅਕਾਲ ਤਖ਼ਤ ਨੂੰ ਅਸੀਂ ਸਿੱਖਾਂ ਦੀ ਸਧਾਰਨ ਜਿਹੀ ਇਮਾਰਤ ਹੀ ਸਮਝਦੇ ਸੀ ਪਰ ਜਦੋਂ ਇਸ ਨੂੰ ਭਾਰਤੀ ਫੌਜਾਂ ਵਲੋਂ ਢਾਹਿਆ ਗਿਆ ਤਾਂ ਮੇਰੀਆਂ ਅੱਖਾਂ ਸਾਹਮਣੇ ਅਕਾਲ ਤਖ਼ਤ ਸਾਹਿਬ ਦਾ ਉਦੋਂ ਦਾ ਦ੍ਰਿਸ਼ ਸਾਕਾਰ ਹੋ ਗਿਆ, ਜਦੋਂ ਮੈਂ ਨਿੱਕਾ ਹੁੰਦਾ ਆਪਣੇ ਮਾਪਿਆਂ ਨਾਲ ਇਕ ਸਿੱਖ ਵਜੋਂ ਸ਼ਰਧਾ ਨਾਲ ਇਥੇ ਸਿਰ ਨਿਵਾਉਣ ਆਇਆ ਸੀ।’

ਇਸੇ ਤਰ੍ਹਾਂ ਮੈਨੂੰ ਭਾਰਤੀ ਵਿਦੇਸ਼ ਸੇਵਾ ’ਚ ਰਹੇ ਸ. ਹਰਿੰਦਰ ਸਿੰਘ ਨਾਰਵੇ ਵਲੋਂ ਬਿਆਨ ਕੀਤੀ ਆਪਣੀ ਉਦੋਂ ਦੀ ਮਾਨਸਿਕ ਸਥਿਤੀ ਵੀ ਯਾਦ ਹੈ ਕਿ ‘ਨਾਰਵੇ ’ਚ ਭਾਰਤ ਦਾ ਸਫੀਰ ਹੁੰਦਿਆਂ ਜਦ ਮੈਨੂੰ ਪਤਾ ਲਗਾ ਕਿ ਉਸ ਦਰਬਾਰ ਸਾਹਿਬ ’ਤੇ ਫੌਜਾਂ ਚੜ ਆਈਆਂ ਤਾਂ ਮੇਰਾ ਹਿਰਦਾ ਵਲੂੰਧਰਿਆ ਗਿਆ ਕਿ ਜਿਥੇ ਮੈਂ ਅਰਦਾਸਾਂ ਕਰ-ਕਰ ਸਫਲਤਾ ਦੇ ਇਸ ਸਿਖਰਲੇ ਮੁਕਾਮ ’ਤੇ ਪਹੁੰਚਿਆਂ, ਉਸ ਨੂੰ ਹੀ ਢਾਹ ਦਿੱਤਾ ਗਿਆ। ਮੈਂ ਤੁਰੰਤ ਭਾਰਤ ਦੀ ਨੌਕਰੀ ਨੂੰ ਲੱਤ ਮਾਰ ਕੇ ਅਖ਼ਬਾਰਾਂ ਵੇਚ ਕੇ ਆਪਣਾ ਗੁਜਾਰਾ ਚਲਾਉਣ ਵਿਚ ਖੁਸ਼ੀ ਹਾਸਲ ਕੀਤੀ।’ ਇਸੇ ਮਨੋਦਸ਼ਾ ਅਧੀਨ ਸ. ਹਰਿੰਦਰ ਸਿੰਘ ਸਣੇ ਹੋਰ ਵੀ ਉ¤ਚ ਆਹੁਦਿਆਂ ’ਤੇ ਬੈਠੇ ਸਿੱਖ ਸਖਸ਼ਾਂ ਨੇ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਇਲਾਵਾ ਭਾਰਤੀ ਹਕੂਮਤ ਦੇ ਇਸ ਮਹਾਂ ਜੁਰਮ ਵਿਰੁੱਧ ਅਨੇਕਾਂ ਉਚ ਸਿੱਖ ਸ਼ਖਸੀਅਤਾਂ ਨੇ ਭਾਰਤ ਵਲੋਂ ਮਿਲੇ ਖ਼ਿਤਾਬ ਵਾਪਸ ਕਰ ਦਿੱਤੇ ਜਿੰਨ੍ਹਾਂ ਵਿਚੋਂ ਖੁਸ਼ਵੰਤ ਸਿੰਘ, ਡਾ. ਸਾਧੂ ਸਿੰਘ ਹਮਦਰਦ, ਭਗਤ ਪੂਰਨ ਸਿੰਘ ਪਿੰਗਲਵਾੜਾ ਆਦਿ ਦੇ ਨਾਂਅ ਮੁੱਖ ਤੌਰ ’ਤੇ ਵਰਨਣਯੋਗ ਹਨ। ਫਿਰ ਭਾਰਤੀ ਫੌਜ ਵਿਚ ਮੌਜੂਦ ਸਿੱਖਾਂ ਨੇ ਵੀ ਆਪਣੇ ਗੁਰੂ ਦੇ ਪਾਵਨ ਬਚਨ ‘ਜੇ ਜੀਵੇ ਪਤਿ ਲਥੀ ਜਾਏ, ਸਭ ਹਰਾਮ ਜੇਤਾ ਕਿਛ ਖਾਹਿ॥’ ਤੇ ਫੁੱਲ ਚੜ•ਾਉਂਦਿਆਂ ਬਗਾਵਤ ਕਰ ਦਿੱਤੀ। ਸਿੱਖਾਂ ਨੂੰ ਇਹ ਅਫਸੋਸ ਹੋਣ ਲੱਗਾ ਕਿ ਜਿਸ ਦੇਸ਼ ਦੀ ਆਜ਼ਾਦੀ ਖਾਤਰ ਅਸੀਂ 90 ਫੀਸਦੀ ਕੁਰਬਾਨੀਆਂ ਦਿੱਤੀਆਂ, ਜਿਸ ਦੀ ਏਕਤਾ ਤੇ ਅਖੰਡਤਾ ਨੂੰ ਮਹਿਫੂਜ਼ ਰੱਖਣ ਲਈ ਲੜਾਈਆਂ ਵਿਚ ਸੀਨੇ ’ਤੇ ਗੋਲੀਆਂ ਖਾਧੀਆਂ, ਜਿਸ ਦੇ ਆਗੂਆਂ ਦੇ ਸੰਤਾਲੀ ਵੇਲੇ ਕੀਤੇ ਵਾਅਦਿਆਂ ’ਤੇ ਅੱਖਾਂ ਮੀਟ ਕੇ ਯਕੀਨ ਕੀਤਾ, ਉਨ੍ਹਾਂ ਨੇ ਸਾਡਾ ਇਹ ਮੁੱਲ ਪਾਇਆ? ਜੇ ਦਰਬਾਰ ਸਾਹਿਬ ’ਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਾਂ ਉਹਨਾਂ ਦੇ ਸਾਥੀਆਂ ਨੂੰ ਹੀ ਬਾਹਰ ਕੱਢਣਾ ਸੀ ਤਾਂ ਏਡੇ ਵੱਡੇ ਫੌਜੀ ਹਮਲੇ ਦੀ ਕੀ ਲੋੜ ਸੀ?

ਇਸ ਹਮਲੇ ਲਈ ਸਮਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੀ ਕਿਉਂ ਚੁਣਿਆ ਗਿਆ ਜਦੋਂ ਦਰਬਾਰ ਸਾਹਿਬ ਅੰਦਰ ਵੱਡੀ ਗਿਣਤੀ ’ਚ ਸਿੱਖ ਸੰਗਤਾਂ ਜੁੜੀਆਂ ਹੁੰਦੀਆਂ ਹਨ? ਬਿਲਕੁਲ ਇਸੇ ਹੀ ਸਮੇਂ ਦਰਬਾਰ ਸਾਹਿਬ ਤੋਂ ਇਲਾਵਾ ਹੋਰਾਂ ਮੁੱਖ ਇਤਿਹਾਸਕ ਗੁਰਧਾਮਾਂ ’ਤੇ ਫੌਜੀ ਕਾਰਵਾਈ ਕਿਉਂ ਕੀਤੀ ਗਈ? ਲੱਗਭਗ 6 ਮਹੀਨੇ ਪਹਿਲਾਂ ਦੇਹਰਾਦੂਨ ਨੇੜੇ ਦਰਬਾਰ ਸਾਹਿਬ ਨਾਲ ਮਿਲਦੀ-ਜੁਲਦੀ ਇਮਾਰਤ ਬਣਾ ਕੇ ਇਸ ਉਤੇ ਧਾਵਾ ਬੋਲਣ ਦਾ ਫੌਜ ਨੂੰ ਉਚੇਚਾ ਅਭਿਆਸ ਕਿਉਂ ਕਰਵਾਇਆ ਗਿਆ, ਜਦੋਂ ਕਿ ਉਦੋਂ ਤਾਂ ਅਕਾਲ ਤਖ਼ਤ ਸਾਹਿਬ ਵਿਖੇ ਖਾੜਕੂਆਂ ਦੀ ਕੋਈ ਮੋਰਚਾਬੰਦੀ ਨਹੀਂ ਹੋਈ ਸੀ, ਜਿਸ ਨੂੰ ਬਹਾਨਾ ਬਣਾ ਕੇ ਸਰਕਾਰ ਨੇ ਇਹ ਹਮਲਾ ਕੀਤਾ? ਭਾਰਤੀ ਫੌਜ ਦਾ ਸਿੱਖਾਂ ਦੇ ਇਤਿਹਾਸਿਕ ਤੇ ਧਾਰਮਿਕ ਗ੍ਰੰਥਾਂ, ਦੁਰਲੱਭ ਹੱਥ ਲਿਖਤ ਬੀੜਾਂ ਤੇ ਖਰੜਿਆਂ ਤੇ ਅਨਮੋਲ ਸਿੱਖ ਸਾਹਿਤ ਤੇ ਵਿਰਾਸਤ ਸਾਂਭੀ ਬੈਠੀ ਸਿੱਖ ਰੈਫਰੈਂਸ ਲਾਇਬਰੇਰੀ ਨਾਲ ਕੀ ਵੈਰ ਸੀ, ਜਿਸ ਨੂੰ ਇਸ ਮੌਕੇ ਸੁਚੇਤ ਤੌਰ ’ਤੇ ਅਤੇ ਬੇਕਿਰਕੀ ਨਾਲ ਸਾੜ ਦਿੱਤਾ ਗਿਆ?

ਇਸ ਮੌਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਮ ਸਿੱਖ ਸੰਗਤ ਦਾ ਕੀ ਕਸੂਰ ਸੀ ਜਿਸ ਉਤੇ ਭਾਰਤੀ ਫੌਜ ਨੇ ਅਜਿਹੇ ਜੁਲਮ ਢਾਹੇ ਕਿ ਅੰਗਰਜ਼ਾਂ ਤੇ ਮੁਗਲਾਂ ਨੂੰ ਵੀ ਮਾਤ ਪਾ ਦਿੱਤੀ? ਕੀ ਇਹ ਭਾਰਤ ਵਿਚ ਸਿੱਖਾਂ ਨੂੰ ਕੋਈ ਵੱਡਾ ‘ਸਬਕ’ ਸਿਖਾਉਣ ਦੀ ਸਾਜਿਸ਼ ਸੀ? ਕਿਸੇ ਵਿਦਵਾਨ ਨੇ ਕਿਹਾ ਹੈ ਕਿ ਕੋਈ ਰਾਜਾ ਆਪਣੀ ਕਿਸੇ ਉਚੇਚੀ ਕਾਰਵਾਈ ’ਚ ਉਦੋਂ ਤੱਕ ਪੂਰੀ ਤਰ੍ਹਾਂ ਕਾਮਯਾਬੀ ਨਹੀਂ ਹਾਸਲ ਕਰ ਸਕਦਾ, ਜਦੋਂ ਤੱਕ ਉਸਦੀ ਪਰਜਾ ਦਾ ਉਸ ਨੂੰ ਲੋੜੀਂਦਾ ਸਮਰਥਨ ਹਾਸਲ ਨਾ ਹੋਵੇ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਇਸ ਹਮਲੇ ਤੋਂ ਬਾਅਦ ਰਾਜੇ (ਕਾਂਗਰਸ) ਨੂੰ ਚੋਣਾਂ ਵਿਚ ਪੂਰੇ ਭਾਰਤ ਵਿਚ ਪਰਜਾ ਦੇ ਮਿਲੇ ਰਿਕਾਰਡ ਤੋੜ ਸਮਰਥਨ ਦੇ ਕੀ ਅਰਥ ਨਿਕਲਦੇ ਹਨ? (ਸਪੱਸ਼ਟ ਹੈ ਕਿ ਭਾਰਤ ਦੀ ਬਹੁਗਿਣਤੀ ਇਸ ਫੌਜੀ ਕਾਰਵਾਈ ਦੇ ਹੱਕ ਵਿਚ ਸੀ।) ਇਹਨਾਂ ਸਾਰੇ ਸਵਾਲਾਂ ਦੇ ਬਰਕਰਾਰ ਰਹਿਣ ਕਰਕੇ ਆਮ ਸਿੱਖ ਮਾਨਸਿਕਤਾ ਵਿਚ ਭਾਰਤ ਪ੍ਰਤੀ ਬੇਗਾਨਗੀ ਦੀ ਭਾਵਨਾ ਉਪਜਣੀ ਸੁਭਾਵਿਕ ਹੀ ਹੈ। ਪਰ ਸਿੱਖਾਂ ਦੀ ਇਸ ਮਾਨਸਿਕ ਵੇਦਨਾ ਤੇ ਸਮੁੱਚੇ ਵਰਤਾਰੇ ਨੂੰ ਅੱਜ ਤੱਕ ਵੀ ਸਮਝਣ ਦੀ ਇਮਾਨਦਾਰਾਨਾ ਕੋਸ਼ਿਸ਼ ਨਹੀਂ ਕੀਤੀ ਗਈ। ਭਾਰਤੀ ਨਿਜ਼ਾਮ ਦੇ ਪਹਿਰੇਦਾਰਾਂ ਨੇ ਤਾਂ ਕੀ ਕਰਨੀ ਸੀ, ਆਪਣੇ ਆਪ ਨੂੰ ਸਮਾਜਵਾਦੀ ਤੇ ਮਨੁੱਖਤਾਵਾਦੀ ਅਖਵਾਉਂਦੇ ਹਲਕਿਆਂ (ਖਾਸ ਕਰਕੇ ਸਿੱਖ ਪਰਿਵਾਰਾਂ ਵਿਚ ਜਨਮੇ ਤੇ ਪੰਜਾਬ ਨਾਲ ਸਬੰਧਿਤ) ਨੇ ਵੀ ਅਜਿਹਾ ਨਹੀਂ ਕੀਤਾ।

ਇਸ ਸਮੁੱਚੇ ਘਟਨਾਕ੍ਰਮ ਵਿਚ ਸਿੱਖਾਂ ਦੇ ਪੱਖ ਦੀ ਅਹਿਮੀਅਤ ਨੂੰ ਛਟਿਆਉਣ ਲਈ ਇਸ ਵਰਤਾਰੇ ਨੂੰ ਬੱਸ ਇਹਨਾਂ ਗੱਲਾਂ ਤੱਕ ਸੀਮਤ ਕਰਨ ਦੀ ਮਿਥ ਕੇ ਕੋਸ਼ਿਸ਼ ਕੀਤੀ ਗਈ ਕਿ ‘ਸਿੱਖਾਂ ਦੇ ਇਸ ਸੰਘਰਸ਼ ਦਾ ਅਧਾਰ ਫਿਰਕੂ ਸੀ ਤੇ ਇਹ ਹਿੰਦੂਆਂ ਦੇ ਵਿਰੁੱਧ ਸੀ’, ‘ਭਿੰਡਰਾਂਵਾਲਾ ਕਾਂਗਰਸ ਦੀ ਹੀ ਦੇਣ ਸੀ ਤੇ ਜਦੋਂ ਉਹ ਉਸ ਦੇ ਵਿਰੁੱਧ ਹੋ ਗਿਆ ਤਾਂ ਕਾਂਗਰਸ ਨੇ ਉਸ ਨੂੰ ਮਾਰ ਦਿੱਤਾ’, (ਭਾਰਤੀ ਕਮਿਊਨਿਸਟਾਂ ਅਨੁਸਾਰ) ‘ਇਸ ਸਿੱਖ ਬਗਾਵਤ ਪਿੱਛੇ ਪਾਕਿਸਤਾਨ ਜਰੀਏ ਅਮਰੀਕਾ ਵਰਗੇ ਸਾਮਰਾਜੀ ਮੁਲਕਾਂ ਦਾ ਹੱਥ ਸੀ’, ‘ਇਹ ਬਗਾਵਤ ਸਿੱਖ ਭਾਈਚਾਰੇ ਦੀਆਂ ਸਮੂਹਿਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੀ ਸੀ, ਸਗੋਂ ਕੁਝ ਕੁ ਤੱਤੇ ਤੇ ਫਿਰਕਾਪ੍ਰਸਤ ਅਨਸਰਾਂ ਦੀ ਦੇਣ ਸੀ’ ਵਗੈਰਾ-ਵਗੈਰਾ। (ਵੈਸੇ ਕਈ ਸੁਹਿਰਦ ਤੇ ਨਿਰਪੱਖ ਮੰਨੇ ਜਾਂਦੇ ਮਨੁੱਖਤਾਵਾਦੀ ਹਲਕਿਆਂ ਵੱਲੋਂ ਇਸ ਵਰਤਾਰੇ ਦੀ ਵਿਆਖਿਆ ਭਾਰਤ ਦੇ ਅਧੂਰੇ ਸੰਘੀ ਢਾਂਚੇ ’ਚੋਂ ਨਿਕਲੀ ਸਮੱਸਿਆ ਦੇ ਤੌਰ ’ਤੇ ਵੀ ਕੀਤੀ ਜਾਂਦੀ ਹੈ ਤੇ ਵੱਡੀ ਹੱਦ ਤੱਕ ਇਹ ਗੱਲ ਠੀਕ ਵੀ ਹੈ ਪਰ ਇਸ ਵਰਤਾਰੇ ਦੀਆਂ ਹੋਰ ਵੀ ਕਈ ਸੂਖਮ ਪਰਤਾਂ ਹਨ ਜਿਨ੍ਹਾਂ ਨੂੰ ਫਰਾਖ਼ਦਿਲੀ ਨਾਲ ਵਾਚਣਾ ਜਰੂਰੀ ਹੈ।) ਅਜਿਹੇ ਪ੍ਰਾਪੇਗੰਡੇ ਨਾਲ ਭਾਰਤੀ ਵਿਵਸਥਾ ਦੀ ਹੀ ਖਾਸ ਪੈਂਤੜੇਬਾਜ਼ੀ ਨੂੰ ਬਲ ਮਿਲਿਆ ਜਿਸ ਦੇ ਤਹਿਤ ਉਹ ਨਾ ਸਿਰਫ ਇਸ ਹਮਲੇ ਲਈ ਸਾਰੀ ਜ਼ਿੰਮੇਵਾਰੀ ਸਿੱਖਾਂ ਸਿਰ ਸੁੱਟਦੀ ਰਹੀ ਹੈ, ਸਗੋਂ ਉਲਟਾ ਉਹਨਾਂ ’ਤੇ ਦੋਸ਼ ਮੜਨ ਤੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਅਮਲਾਂ ’ਤੇ ਵੀ ਚਲਦੀ ਰਹੀ ਹੈ।

ਵੈਸੇ ਭਾਰਤੀ ਵਿਵਸਥਾ ਨੇ ਆਪਣੀ ਰਣਨੀਤੀ ਨੂੰ ਕਾਮਯਾਬ ਬਣਾਉਣ ਲਈ ਮੀਡੀਆ ਨੂੰ ਸਭ ਤੋਂ ਵੱਡੇ ਸੰਦ ਵਜੋਂ ਵਰਤਿਆ ਤੇ ਕੁਝ-ਇਕ ਅਦਾਰਿਆਂ ਨੂੰ ਛੱਡ ਕੇ ਭਾਰਤੀ ਮੀਡੀਆ ਨੇ ਉਸ ਦੀ ਇਸ ਮੁਹਿੰਮ ਵਿਚ ਭਰਪੂਰ ਸਾਥ ਆਪਣਾ ਪਰਮ ਧਰਮ ਸਮਝ ਕੇ ਦਿੱਤਾ। ਬਹੁਤੇ ਮੀਡੀਆ ਅਦਾਰੇ ਪੱਤਰਕਾਰੀ ਦੇ ਨਿਰਪੱਖਤਾ ਦੇ ਮੁਢਲੇ ਅਸੂਲਾਂ ਨੂੰ ਛਿੱਕੇ ਟੰਗਦਿਆਂ ਸਰਕਾਰੀ ਧਿਰ ਦੇ ਹੱਕ ਵਿਚ ਭੁਗਤੇ। ਜਿਥੇ ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਦੌਰਾਨ ਵੱਖ-ਵੱਖ ਮੀਡੀਆ ਅਦਾਰਿਆਂ ਵਲੋਂ ਤਾਇਨਾਤ ਪੱਤਰਕਾਰਾਂ ’ਚੋਂ ਅਨੇਕਾਂ ਭਾਰਤੀ ਖੂਫੀਆ ਏਜੰਸੀਆਂ ਨਾਲ ਮਿਲੇ ਹੋਏ ਸਨ ਤੇ ਸਰਕਾਰ ਦੀ ਮੁਖ਼ਬਰੀ ਕਰਦੇ ਸਨ, ਉਥੇ ਸੰਪਾਦਕੀ ਪੱਧਰ ’ਤੇ ਵੀ ਸਰਕਾਰ ਨੂੰ ਕਲੀਨ ਚਿੱਟ ਦੇਣ ਦਾ ਵਤੀਰਾ ਅਪਣਾਇਆ ਜਾਂਦਾ ਰਿਹਾ ਹੈ ਤੇ ਭਾਰਤ ਦੀ ਏਕਤਾ-ਅਖੰਡਤਾ ਦੇ ਨਾਂਅ ’ਤੇ ਸਰਕਾਰ ਦੇ ਹਰ ਨਜਾਇਜ ਅਮਲ ਨੂੰ ਨਿਆਂਸੰਗਤ ਠਹਿਰਾਇਆ ਜਾਂਦਾ ਰਿਹਾ ਹੈ। ਵੈਸੇ ਤਾਂ ਇਸ ਦੀਆਂ ਕਈ ਵੱਡੀਆਂ ਤੇ ਪ੍ਰਤੱਖ ਮਿਸਾਲਾਂ ਸਾਡੇ ਕੋਲ ਮੌਜੂਦ ਹਨ ਪਰ ਮੈਂ ਇਕ ਅਣਗੌਲ਼ੀ ਤੇ ਸੂਖਮ ਮਿਸਾਲ ਦਾ ਜਿਕਰ ਕਰਨਾ ਚਾਹਾਂਗਾ। ਸਰਕਾਰ ਵੱਲੋਂ ਇਸ ਫੌਜੀ ਕਾਰਵਾਈ ਨੂੰ ਆਪਣੀ ਵਿਸ਼ੇਸ਼ ਰਣਨੀਤਕ ਪੈਂਤੜੇਬਾਜ਼ੀ ਤਹਿਤ ‘ਆਪ੍ਰੇਸ਼ਨ ਬਲੂ ਸਟਾਰ’ ਦਾ ਨਾਂਅ ਦਿੱਤਾ ਗਿਆ ਤੇ ਸਿੱਖ ਪ੍ਰਭਾਵ ਵਾਲੀਆਂ ਕਈ ਪੰਜਾਬੀ ਅਖ਼ਬਾਰਾਂ ਨੇ ਇਸ ਨਾਂਅ ਦੇ ਪੰਜਾਬੀਕਰਨ ਵੇਲੇ ਸਿੱਖ ਇਤਿਹਾਸ ’ਚੋਂ ਸਾਕਾ ਸ਼ਬਦ ਲੈ ਕੇ ਸਿੱਖ ਭਾਵਨਾਵਾਂ ਦਾ ਧਿਆਨ ਰੱਖਦਿਆਂ ਇਸ ਨੂੰ ‘ਸਾਕਾ ਨੀਲਾ ਤਾਰਾ’ ਬਣਾ ਦਿੱਤਾ ਜੋ ਇਕ ਹੱਦ ਠੀਕ ਵੀ ਹੈ। ਦੇਖਾ-ਦੇਖੀ ਕਈ ਗੈਰ-ਸਿੱਖ ਅਖ਼ਬਾਰਾਂ ਨੇ ਵੀ ਇਹੀ ਸ਼ਬਦ ਅਪਣਾ ਲਿਆ ਪਰ ਪੰਜਾਬ ਦੀ ਇਕ ਖੱਬੇ-ਪੱਖੀ ਅਖ਼ਬਾਰ ਅਜੇ ਤੱਕ ਵੀ ਸਰਕਾਰ ਦੀਆਂ ਭਾਵਨਾਵਾਂ ਨੂੰ ਲੋਕਾਂ ਵਿਚ ਇੰਨ-ਬਿੰਨ ਪ੍ਰਚਾਰਨ ਲਈ ‘ਆਪ੍ਰੇਸ਼ਨ ਬਲੂ ਸਟਾਰ’ ਦਾ ਇੰਨ-ਬਿੰਨ ਤਰਜ਼ਮਾ ‘ਨੀਲਾ ਤਾਰਾ ਕਰਵਾਈ’ ਕਰਕੇ ਛਾਪਦੀ ਹੈ। ਇਸ ਤੋਂ ਇਲਾਵਾ, ਸਰਕਾਰੀ ਧਿਰ ਨੇ ਚਾਹੇ ਜਿੰਨੀ ਮਰਜੀ ਅੱਤ ਮਚਾਈ ਹੋਵੇ ਪਰ ਅੱਤਵਾਦੀ ਸਿਰਫ ਬਗਾਵਤ ਕਰਨ ਵਾਲੀ ਧਿਰ ਨੂੰ ਹੀ ਕਿਹਾ ਜਾਂਦਾ ਹੈ। ਇਸ ਕਿਸਮ ਦੇ ਹੋਰਾਂ ਘਟਨਾਕ੍ਰਮਾਂ ਦੀ ਤਰ੍ਹਾਂ ਇਸ ਘਟਨਾਕ੍ਰਮ ਪ੍ਰਤੀ ਵੀ ਨਿਰਪੱਖ ਪਹੁੰਚ ਉਹੀ ਮੰਨੀ ਜਾ ਸਕਦੀ ਹੈ ਜਿਸ ਤਹਿਤ ਮੁਢਲੇ ਤੌਰ ’ਤੇ ਸਿੱਖਾਂ ਅਤੇ ਭਾਰਤੀ ਨਿਜ਼ਾਮ ਨੂੰ ਦੋ ਵੱਖ-ਵੱਖ ਧਿਰਾਂ ਪ੍ਰਵਾਨ ਕੀਤਾ ਗਿਆ ਹੋਵੇ ਤੇ ਦੋਹਾਂ ਤੋਂ ਬਰਾਬਰ ਦੀ ਦੂਰੀ ਬਣਾਈ ਜਾਵੇ।

ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ‘ਭਾਰਤੀ ਰਾਸ਼ਟਰਵਾਦ’ ਦੇ ਫਾਸ਼ੀਵਾਦੀ ਏਜੰਡੇ ਤੋਂ ਆਪਣੇ ਆਪ ਨੂੰ ਪ੍ਰਭਾਵ-ਮੁਕਤ ਕਰਾਂਗੇ ਤੇ ਭਾਰਤੀ ਸੰਵਿਧਾਨ ਜੋ ਅਨੇਕ ਉਣਤਾਈਆਂ ਨਾਲ ਭਰਪੂਰ ਹੈ, ਨੂੰ ਧਾਰਮਿਕ ਗ੍ਰੰਥ ਜਿੰਨਾ ਸਨਮਾਨ ਦੇਣਾ ਬੰਦ ਕਰਾਂਗੇ। ਕਈ ਵਿਅਕਤੀ ਇਸ ਫੌਜੀ ਹਮਲੇ ਨੂੰ ਸਰਕਾਰ ਦੀ ‘ਗਲਤੀ’ ਕਰਾਰ ਦੇ ਕੇ ਨਿਰਪੱਖ ਹੋਣ ਦਾ ਭਰਮ ਪਾਲ ਬੈਠਦੇ ਹਨ ਜਾਂ ਦਿਖਾਵਾ ਕਰਦੇ ਹਨ, ਕਿਉਂਕਿ ਇਸ ਦਾ ਅਰਥ ਤਾਂ ਇਹੀ ਨਿਕਲਦਾ ਹੈ ਕਿ ਸਰਕਾਰ ਦਾ ਏਨਾ ਕੁ ਕਸੂਰ ਸੀ ਕਿ ਉਸ ਨੇ ਅਕਾਲ ਤਖ਼ਤ ਸਾਹਿਬ ਵਿਖੇ ‘ਲੁਕੇ’ ਖਾੜਕੂਆਂ ਨੂੰ ਕਾਬੂ ’ਚ ਕਰਨ ਦਾ ਤਰੀਕਾ ਗਲਤ ਅਪਣਾਇਆ ਸੀ ਤੇ ਉਸ ਨੂੰ ਹਥਿਆਰਬੰਦ ਧਾਵਾ ਬੋਲਣ ਦੀ ਬਜਾਇ ਕੋਈ ਹੋਰ ਤਰੀਕਾ ਅਪਣਾਉਣਾ ਚਾਹੀਦਾ ਸੀ, ਮਤਲਬ ਕਿ ਖਾੜਕੂ ਧਿਰ ਅਜੇ ਵੀ ਦੋਸ਼ੀ ਹੀ ਹੈ।

 ਇਸ ਸਾਰੀ ਚਰਚਾ ਦੇ ਜਰੀਏ ਮੇਰੇ ਕਹਿਣ ਦਾ ਭਾਵ ਏਨਾ ਕੁ ਹੀ ਹੈ ਕਿ ਜੂਨ ਚੁਰਾਸੀ ਦੇ ਵਰਤਾਰੇ ਨੂੰ ਵਾਚਣ ਲਈ ਦਰੁਸਤ ਨੁਕਤਾ-ਨਿਗਾਹ ਦੀ ਲੋੜ ਹੈ। (ਜਿਸ ਲਈ ਇਮਾਨਦਾਰ ਹੋਣਾ ਮੁਢਲੀ ਸ਼ਰਤ ਹੈ।) ਇਸ ਲਈ ਸਿੱਖਾਂ ਦੇ ਧਾਰਮਿਕ ਵਿਸ਼ਵਾਸਾਂ ਤੇ ਸਭਿਆਚਾਰਕ ਸਰੋਕਾਰਾਂ, ਪਿਛਲੇ ਇਤਿਹਾਸਕ ਵਰਤਾਰਿਆਂ, ਰਾਜਨੀਤਕ ਖਾਹਿਸ਼ਾਂ, ਉਨ੍ਹਾਂ ਨੂੰ ਅਜ਼ਾਦ ਭਾਰਤ ਅੰਦਰ ਮਿਲੇ ਰੁਤਬੇ, ਉਹਨਾਂ ਨਾਲ ਹੁੰਦੇ ਵਿਤਕਰਿਆਂ, ਗਿਣਤੀ-ਮਿਣਤੀਆਂ ਵਾਲੀ ਰਾਜਸੀ ਵਿਵਸਥਾ ਵਿਚ ਘੱਟ-ਗਿਣਤੀ ਰਹਿ ਜਾਣ ਦੇ ਹਿਰਖ ਅਤੇ ਭਾਰਤੀ ਰਾਸ਼ਟਰ ਉਸਾਰੀ ਦੀ ਬਾਤ ਸਮਝਣੀ ਬੇਹੱਦ ਜਰੂਰੀ ਹੈ, ਤਾਂ ਹੀ ਇਸ ਵਰਤਾਰੇ ਨੂੰ ਸਹੀ ਅਰਥਾਂ ’ਚ ਸਮਝਿਆ ਜਾ ਸਕਦਾ ਹੈ। ਤੇ ਇਹ ਬੇਹੱਦ ਜਰੂਰੀ ਵੀ ਹੈ ਕਿਉਂਕਿ ਜੂਨ ਚੁਰਾਸੀ ਦੇ ਜ਼ਖਮ ਸਿੱਖ ਜ਼ਹਿਨੀਅਤ ਅੰਦਰ ਅਜੇ ਵੀ ਰਿਸ ਰਹੇ ਹਨ। (ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ’ਚ ਵਾਪਰੇ ਘਟਨਾਕ੍ਰਮ ਵਿਚ ਅਸੀਂ ਦੇਖ ਹੀ ਲਿਆ।)ਦਰਅਸਲ ਵਿਚਲੀ ਗੱਲ ਇਹ ਹੈ ਕਿ ਭਾਰਤੀ ਸਥਾਪਤੀ ਨੇ ਇਸ ਕਾਂਡ ਦਾ ਸਿੱਖਾਂ ਵਿਚ ਪ੍ਰਭਾਵ ਆਪਣੇ ਮੁਤਾਬਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸਿੱਖਾਂ ਵਿਚ ਇਸ ਨੂੰ ਤੀਜੇ ਘੱਲੂਘਾਰੇ ਵਜੋਂ ਮਾਨਤਾ ਮਿਲੀ ਹੋਈ ਹੈ। ਇਸ ਵਿਚ ਭਾਰਤੀ ਫੌਜ ਨਾਲ ਲੜਦਿਆਂ ਸ਼ਹੀਦ ਹੋਏ ਸਿੱਖ ਆਗੂਆਂ ਨੂੰ ਸਰਕਾਰ ਨੇ ਖਲਨਾਇਕ ਵਜੋਂ ਪੇਸ਼ ਕੀਤਾ ਪਰ ਸਿੱਖ ਤਵਾਰੀਖ਼ ਵਿਚ ਉਹਨਾਂ ਨੂੰ ਨਾਇਕ ਦਾ ਰੁਤਬਾ ਮਿਲਿਆ ਹੋਇਆ ਹੈ। ਤੇ ਜਿਨ੍ਹਾਂ ਨੂੰ ਸਰਕਾਰ ਨੇ ਨਾਇਕ ਬਣਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਸਿੱਖਾਂ ’ਚ ਖਲਨਾਇਕਾਂ ਵਜੋਂ ਜਾਣਿਆ ਜਾਂਦਾ ਹੈ। ਜਦੋਂ ਤੱਕ ਇਨ੍ਹਾਂ ਹਕੀਕਤਾਂ ਨੂੰ ਸੁਹਿਰਦਤਾ ਨਾਲ ਖਿੜੇ ਮੱਥੇ ਪ੍ਰਵਾਨ ਨਹੀਂ ਕੀਤਾ ਜਾਂਦਾ ਤੇ ਇਸ ਵਰਤਾਰੇ ਨੂੰ ਸਮਝਣ ਦੀ ਅਜਿਹੀ ਪਹੁੰਚ ਨਹੀਂ ਅਪਣਾਈ ਜਾਂਦੀ,ਉਦੋਂ ਇਸ ਸੰਦਰਭ ’ਚ ਅਗਲਾ ਰਾਹ ਨਹੀਂ ਕੱਢਿਆ ਜਾ ਸਕਦਾ।

ਸੁਰਜੀਤ ਸਿੰਘ ਗੋਪੀਪੁਰ 
ਲੇਖ਼ਕ ਅਜੀਤ ਅਖ਼ਬਾਰ ਦੇ ਸਬ-ਐਡੀਟਰ ਹਨ। 
94172-58765

3 comments:

 1. This is a fine piece with a focus on media's misreporting of the event. I had dealt at length with a critique of media reporting of Blue Star in my two articles in EPW published in September 1984 and Jan 1985:
  1984 ‘AIR and Doordashan Coverage of Punjab after the Army Action’, Economic and Political Weekly, September, Bombay.

  1985 Government Media and Punjab’, Economic and Political Weekly, January, Bombay.
  and in a chapter 'Role of Media' in Amrik Singh (ed) Punjab in Indian Politics, Ajanta, Delhi, 1985.

  Surjit Singh article highlights another bigger issue i.e. the faultlines in Indian mainstream and Sikh perceptions of those involved in the operation. Pritam Singh (Oxford)

  ReplyDelete
 2. dear anonymos,
  can you post these articles in Ghulamkalam?

  ReplyDelete
 3. ਜੂਨ ਚੁਰਾਸੀ ਦੇ ਵਰਤਾਰੇ ਨੂੰ ਵਾਚਣ ਲਈ ਦਰੁਸਤ ਨੁਕਤਾ-ਨਿਗਾਹ ਦੀ ਲੋੜ ਹੈ। (ਜਿਸ ਲਈ ਇਮਾਨਦਾਰ ਹੋਣਾ ਮੁਢਲੀ ਸ਼ਰਤ ਹੈ।) Surjit Singh ji Kaash injh hunda--par ਇਮਾਨਦਾਰ wali shart oh man nahin sakde------sacho sach

  ReplyDelete