ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ ਕੈਨੇਡਾ) ਦੀ ਸਲਾਨਾ (ਏ ਜੀ ਐਮ) ਮੀਟਿੰਗ ਪਿਛਲੇ ਦਿਨੀਂ ਰਿਚਮੰਡ ਵਿਚ ਹੋਈ। ਜਥੇਬੰਦੀ ਦੇ ਆਮ ਕੰਮਾਂ ਦੇ ਨਾਲ ਨਾਲ ਮੈਂਬਰਾਂ ਵਲੋਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਗੱਲਬਾਤ ਕੀਤੀ ਗਈ। ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਗਈ ਕਿ ਪਲੀ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਇਸ ਗੱਲ ਉਤਸ਼ਾਹਤ ਕਰਦੀ ਰਹੇ ਕਿ ਉਹ ਜਿੱਥੇ ਵੀ ਸੰਭਵ ਹੋਵੇ ਸਕੂਲਾਂ ਵਿਚ ਪੰਜਾਬੀ ਜਮਾਤਾਂ ਦੀ ਮੰਗ ਕਰਦੇ ਰਹਿਣ। ਸਰੀ, ਐਬਟਸਫੋਰਡ, ਰਿਚਮੰਡ ਅਤੇ ਬਰਨਬੀ ਵਰਗੇ ਥਾਵਾਂ ਵਿਚ ਕਈ ਅਜਿਹੇ ਸਕੂਲ ਹਨ ਜਿੱਥੇ ਜੇ ਲੋੜ ਜੋਗੇ ਮਾਪੇ ਤੇ ਵਿਦਿਆਰਥੀ ਪੰਜਾਬੀ ਜਮਾਤਾਂ ਦੀ ਮੰਗ ਕਰਨ ਤਾਂ ਇਹ ਜਮਾਤਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪਲੀ ਸਤੰਬਰ 2012 ਜਦੋਂ ਨਵਾਂ ਸਕੂਲ ਵਰ੍ਹਾ ਸ਼ੁਰੂ ਹੋਵੇ ਤਾਂ ਇਸ ਕੰਮ ਲਈ ਆਪਣੀਆਂ ਕੋਸ਼ਸ਼ਾਂ ਜਾਰੀ ਰੱਖੇਗੀ।
ਇਹ ਗੱਲ ਸਾਂਝੀ ਕੀਤੀ ਗਈ ਕਿ ਪਲੀ ਦੀਆਂ ਲਗਾਤਾਰ ਕੋਸ਼ਸ਼ਾਂ ਦੇ ਬਾਵਜੂਦ ਮਾਪਿਆਂ ਅਤੇ ਵਿਦਿਆਰਥੀਆਂ ਦੀ ਦਿਲਚਸਪੀ ਦੀ ਘਾਟ ਕਾਰਨ ਰਿਚਮੰਡ ਦੇ ਕਿਸੇ ਵੀ ਸਕੂਲ ਵਿਚ ਪੰਜਾਬੀ ਜਮਾਤਾਂ ਚਾਲੂ ਨਹੀਂ ਕਰਵਾਈਆਂ ਜਾ ਸਕੀਆਂ। ਪਰ, ਇੰਡੀਆ ਕਲਚਰਲ ਸੈਂਟਰ (# 5 ਰੋਡ ਗੁਰਦਵਾਰੇ) ਦੇ ਸਹਿਯੋਗ ਨਾਲ ਪੰਜ ਸਾਲ ਦੀ ਆਯੂ ਤੋਂ ਉੱਪਰ ਦੇ ਤਕਰੀਬਨ 100 ਵਿਦਿਆਰਥੀਆਂ ਵਾਸਤੇ ਪੰਜਾਬੀ ਪੜ੍ਹਾਉਣ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਸਮੇਂ ਨਾਨਕ ਨਿਵਾਸ ਗੁਰਦਵਾਰੇ ਵਿਚ ਵੀ ਹਰ ਐਤਵਾਰ 2 ਤੋਂ ਲੈ ਕੇ 5 ਵਜੇ ਤੱਕ ਪੰਜਾਬੀ ਦੀਆਂ ਛੇ ਜਮਾਤਾਂ ਚਲ ਰਹੀਆਂ ਹਨ।
ਮੈਂਬਰਾਂ ਨਾਲ ਪਿਛਲੇ ਸਾਲ ਦੀਆਂ ਸਰਗਰਮੀਆਂ ਦੀ ਰੀਪੋਰਟ ਸਾਂਝੀ ਕੀਤੀ ਗਈ ਅਤੇ ਮੈਂਬਰਾਂ ਨੂੰ ਜਥੇਬੰਦੀ ਦੇ ਫੰਡਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਪਲੀ ਵਲੋਂ ਆਉਣ ਵਾਲੇ ਅਕਤੂਬਰ ਦੀ 28 ਤਰੀਕ ਨੂੰ ਸਰੀ ਵਿਚ ਇਕ ਫੰਕਸ਼ਨ ਕੀਤਾ ਜਾਵੇ। ਨਾਲ ਹੀ, ਜੁਲਾਈ ਵਿਚ ਪਲੀ ਵਾਸਤੇ ਇਕ ਫੰਡ ਰੇਜ਼ਿੰਗ ਫੰਕਸ਼ਨ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪਲੀ ਦੇ ਕੰਮ ਕਾਰ ਚਲਾਉਣ ਵਾਸਤੇ ਸਰਵਸੰਮਤੀ ਨਾਲ ਇਨ੍ਹਾਂ ਵਿਅਕਤੀਆਂ ਨੂੰ ਚੁਣਿਆਂ ਗਿਆ:
ਪ੍ਰਧਾਨ - ਬਲਵੰਤ ਸੰਘੇੜਾ
ਮੀਤ ਪ੍ਰਧਾਨ - ਸਾਧੂ ਬਿਨਿੰਗ
ਸਕੱਤਰ - ਪਰਵਿੰਦਰ ਧਾਰੀਵਾਲ
ਖਜਾਨਚੀ - ਪਾਲ ਬਿਨਿੰਗ
ਡਾਇਰੈਕਟਰ: ਰਜਿੰਦਰ ਪੰਧੇਰ, ਸੁਖਵੰਤ ਹੁੰਦਲ, ਰਣਬੀਰ ਜੌਹਲ, ਰਮਿੰਦਰਜੀਤ ਧਾਮੀ, ਹਰਮੋਹਨਜੀਤ ਪੰਧੇਰ ਤੇ ਸੁਖੀ ਬੈਂਸ
No comments:
Post a Comment