ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, February 25, 2013

'ਬ੍ਰਾਹਮਣਵਾਦੀ-ਜੱਟਵਾਦੀ' ਪ੍ਰਬੰਧ ’ਚ ਗੁਰੂ ਰਵੀਦਾਸ ਦੇ ਚਿੰਤਨ ਦੀ ਸਾਰਥਿਕਤਾ

ਬ੍ਰਾਹਮਣ ਬੈਸ ਸੂਦ ਅਰੁ ਖਤ੍ਰੀ, ਡੇਮ ਚੰਡਾਲ ਮਲੇਛ ਮਨ ਸੋਇ॥ 
ਹੋਇ ਪੁਨੀਤ ਭਗਵੰਤ ਭਜਨ ਤੇ, ਆਪੁ ਤਾਰਿ ਤਾਰੇ ਕੁਲ ਦੋਇ॥ 
ਪੰਡਿਤ ਸੂਰ ਛਤ੍ਰਪਤਿ ਰਾਜਾ, ਭਗਤ ਬਰਾਬਰਿ ਅਉਰ ਨ ਕੋਇ॥ 
ਜੈਸੇ ਪੁਰੈਨ ਪਾਤ ਰਹੈ ਜਲ ਸਮੀਪ, ਭਨਿ ਰਵਿਦਾਸ ਜਨਮੇ ਜਗਿ ਓਇ॥(ਪੰਨਾ 858)

'ਬਨਾਰਸ', ਜੋ ਬ੍ਰਾਹਮਣ ਤੇ ਹਿੰਦੂ ਸੰਸਕ੍ਰਿਤੀ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ ਅਤੇ ਅਜੋਕੇ ਸਮੇਂ ਵਿੱਚ ਵੀ ਹੈ। ਉਸ ਬਨਾਰਸ ਦੇ ਗੰਗਾ ਕੰਡਿਓ ਕਈ ਵਿਚਾਰਧਾਰਾਵਾਂ ਦੇ ਪਰਵਾਹ ਨੇ ਜਨਮ ਲਿਆ, ਕੁਝ ਵਿਚਾਰਧਾਰਾਵਾਂ ਜੀਵਨ ਵਿਕਾਸ ਵਜੋਂ ਉਭਰੀਆਂ ਤੇ ਕਈ ਵਿਚਾਰਧਾਰਾਵਾਂ ਉਹ ਸਨ, ਜਿਹਨਾਂ ਨੇ ਸਮਾਜ ਵਿੱਚ ਇੱਕ ਨਵੀਂ ਸੋਚ ਤੇ ਇੱਕ ਮਾਰੂ ਹੜ੍ਹ ਦਾ ਕੰਮ ਕੀਤਾ, ਜਿਸ ਵਿੱਚ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਨੂੰ ਹਿਲਾ ਕੇ ਰੱਖ ਦਿੱਤਾ। ਜਾਤਪਾਤ, ਧਰਮਿਕ ਕਰਮ ਕਾਂਡ, ਛੁਆ-ਛਾਤ ਇਹ ਉਹ ਅੰਨਾਪਣ ਸੀ, ਜੋ ਬ੍ਰਾਹਮਣਵਾਦੀ ਸੋਚ ਅਤੇ ਹਿੰਦੂ ਧਰਮ ਦੀ ਵਿਚਾਰਧਾਰਾ ਵਿੱਚੋਂ ਨਿਕਲਿਆ ਸੀ। ਇਹਨਾਂ ਮਨੌਤਾਂ ਤੇ ਵਿਚਾਰਾਂ ਨਾਲ ਜੋ ਵਿਚਾਰਧਾਰਾ ਦਾ ਟਕਰਾਅ ਹੋਇਆ ਅਤੇ ਜਿਸਨੇ ਇਹਨਾਂ ਨੂੰ ਆਪਣੀ ਤਰਕ ਦੀ ਸੱਟ ਨਾਲ ਵੰਗਾਰਿਆ, ਉਹਨਾਂ ਵਿਚਾਰਧਾਰਾਵਾਂ ਦੇ ਮੁੱਖ ਮੋਢੀ ਸਨ 'ਸੰਤ ਕਬੀਰ ਜੀ' ਅਤੇ 'ਗੁਰੁ ਰਵੀਦਾਸ ਜੀ' ਇਹ ਉਹ ਮਹਾਂਪੁਰਖ, ਵਿਚਾਰਕ ਅਤੇ ਤਰਕਵਾਦੀ ਸਨ, ਜਿਨ੍ਹਾਂ ਨੇ ਸਦੀਆਂ ਤੋਂ ਲਤਾੜੀ ਹੋਈ ਸ਼ੂਦਰ ਜਾਤੀ ਨੂੰ ਅਵਾਜ਼ ਦਿੱਤੀ। ਸੰਤ ਕਬੀਰ ਜੀ ਅਤੇ ਗੁਰੁ ਰਵੀਦਾਸ ਜੀ ਦੋਂਵੇ ਹੀ ਇਹਨਾਂ ਲਤਾੜੀਆਂ ਹੋਈਆਂ ਕੌਮਾਂ ਨਾਲ ਸਬੰਧ ਰਖਦੇ ਸੀ, ਜਿਹਨਾਂ ਨੇ ਆਪਣੀ ਕਲਮ ਦੀ ਤਰਕ ਸ਼ਕਤੀ ਨਾਲ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਨੂੰ ਵੰਗਾਰਿਆ ਤੇ ਇੱਕ ਨਵੀਂ ਸੋਚ ਅਤੇ ਦਿਸ਼ਾ ਨਾਲ ਲੋਕਾਂ ਨੂੰ ਲਾਮਬੰਦ ਕੀਤਾ। ਸੰਤ ਕਬੀਰ ਜੀ ਗੁਰੁ ਰਵੀਦਾਸ ਜੀ ਦੇ ਸਮਕਾਲੀ ਸਨ, ਉਹਨਾਂ ਨੇ ਵੀ ਗੁਰੁ ਰਵੀਦਾਸ ਜੀ ਦੀ ਵਿਚਾਰਧਾਰਾ ਦੀ ਉਸਤਤ ਕਰਦੇ ਹੋਏ ਫਰਮਾਇਆ ਹੈ,,,,


ਸਾਧਨ ਮੇ ਰਵੀਦਾਸ ਸੰਤ ਹੈ ਸੁਪਰ ਰਿਸਿ ਸੋ ਮਾਨਿਆ॥ 
ਹਿੰਦੂ ਤੁਰਕ ਹੁਈ ਦੀਨ ਬਨੇ ਹੈਂ ਕੁਛ ਨਹੀ ਪਹਿਚਾਨਿਆ॥ 

ਗੁਰੂ ਰਵੀਦਾਸ ਜੀ ਦੀ ਰਚੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਸ਼੍ਰੀ ਗੁਰੁ ਅਰਜਨ ਦੇਵ ਜੀ ਨੇ ਗੁਰੁ ਰਵੀਦਾਸ ਜੀ ਦੀ ਸੋਚ ਨੂੰ ਸੱਚੀ ਹਮੇਸ਼ਾ ਲਈ ਜੀਵਤ ਕਰ ਦਿੱਤਾ।ਇਸ ਤੋਂ ਅਸੀ ਇੱਕ ਗੱਲ ਸਾਫ ਕਹਿ ਸਕਦੇ ਹਾਂ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਕਿਸੇ ਇੱਕ ਧਰਮ ਜਾਂ ਜਾਤੀ ਦਾ ਨਾਂ ਹੋ ਕਿ ਸੰਪੂਰਨ ਮਨਾਵਤਾ ਦਾ ਗਰੰਥ ਹੈ ਅਤੇ ਸਭ ਦਾ ਸਾਂਝਾ ਹੈ। ਸ਼੍ਰੀ ਗੁਰੁ ਰਾਮਦਾਸ ਜੀ ਨੇ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਤੇ ਸੋਚ ਦੀ ਉਸਤਤ ਕਰਦੇ ਹੋਏ ਫਰਮਾਇਆ ਹੈ,,,

ਰਵਿਦਾਸੁ ਚਮਾਰੁ ਉਸਤਿਤ ਕਰੇ ਹਰਿ ਕੀਰਤਿ ਨਿਮਖ ਇਕ ਗਾਇ?? 
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ?? (ਪੰਨਾ 733)

ਗੁਰੁ ਰਵੀਦਾਸ ਜੀ ਦੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ 16 ਰਾਗਾਂ ਵਿੱਚ 40 ਸ਼ਬਦ ਅਤੇ ਇੱਕ ਸਲੋਕ ਪ੍ਰਵਾਨ ਚੜੇ ਹਨ? ਉਹਨਾਂ ਦੀ ਇਸ ਰਚੀ ਬਾਨੀ ਦੇ ਅਧਾਰ ਤੇ ਹੀ ਅਸੀਂ ਊਹਨਾਂ ਦੇ ਜੀਵਨ ਅਤੇ ਵਿਚਾਰਧਾਰਾ ਦਾ ਅਨੁਮਾਨ ਲਗਾ ਸਕਦੇ ਹਾਂ। ਭਾਂਵੇ ਕਿ ਗੁਰੁ ਰਵੀਦਾਸ ਜੀ ਦੀ ਰਚਨਾ ਸਾਨੂੰ ਕੁਝ ਕੁ ਬਾਹਰੋਂ ਵੀ ਮਿਲਦੀ ਹੈ,ਪਰ ਉਸ ਉਪਰ ਅਸੀਂ ਪੂਰਨ ਤੌਰ ਤੇ ਯਕੀਨ ਨਹੀ ਕਰ ਸਕਦੇ ਕਿ ਇਹ ਗੁਰੂ ਰਵੀਦਾਸ ਜੀ ਦੇ ਹੀ ਹੈ? ਕਿਉਂਕਿ ਉਸ ਰਚਨਾ ਵਿੱਚ ਬ੍ਰਾਹਮਣਵਾਦੀ ਸੋਚ ਦਾ ਝਲਕ ਦਿਖਾਈ ਦਿੰਦੀ ਹੈ, ਜਿਸਦਾ ਵਿਰੋਧ ਉਹਨਾਂ ਨੇ ਹਮੇਸ਼ਾ ਕੀਤਾ ਹੈ।


ਬ੍ਰਾਹਮਣਵਾਦੀ ਹਿੰਦੂਵਾਦੀਆਂ ਦੀ 'ਸਿਆਸੀ ਸ਼ਰਾਰਤ'
ਗੁਰੁ ਰਵੀਦਾਸ ਜੀ ਦੇ ਜੀਵਨ ਅਤੇ ਉਹਨਾਂ ਦੀ ਰਚਨਾ ਦੀ ਗੱਲ ਕਰੀਏ ਤਾਂ, ਗੁਰੂ ਰਵੀਦਾਸ ਜੀ ਇੱਕ ਸਧਾਰਨ ਅਤੇ ਨਿਮਰਤਾ ਵਾਲੇ ਵਿਅਕਤੀ ਸਨ ਅਤੇ ਚਮਾਰ ਜਾਤੀ ਭਾਵ ਸ਼ੂਦਰ ਜਾਤੀ ਨਾਲ ਸਬੰਧ ਰਖਦੇ ਸਨ। ਉਹਨਾਂ ਨੇ ਹਮੇਸ਼ਾ ਕਿਰਤ ਦੀ ਰੋਟੀ ਨੂੰ ਸਵੀਕਾਰਿਆ ਅਤੇ ਇਸ ਵਿੱਚ ਹੀ ਵਿਸ਼ਵਾਸ ਕੀਤਾ। ਭਾਂਵੇ ਕਿ ਲ਼ੋਕਾਂ ਨੇ ਉਹਨਾਂ ਨੂੰ ਬਹੁਤ ਕੁਝ ਦਾਨ ਦਿੱਤਾ ਪਰ ਉਹਨਾਂ ਨੇ ਹਮੇਸ਼ਾ ਕਿਰਤ ਨੂੰ ਹੀ ਸਿਰ ਮੱਥੇ ਮੰਨਿਆ। ਉਹਨਾਂ ਨੇ ਆਪਨੇ ਜੀਵਨ ਵਿੱਚ ਕਿਰਤ ਦੀ ਰੋਟੀ ਅਤੇ ਪ੍ਰਭੂ ਭਗਤੀ ਨੂੰ ਪਹਿਲਾ ਦਰਜਾ ਦਿੱਤਾ ।  ਉਹਨਾਂ  ਨੇ ਹਮੇਸ਼ਾ ਸਿਰ ਇੱਕੋ ਪਰਮਾਤਮਾ ਰੂਪੀ ਰੱਬੀ ਸ਼ਕਤੀ ਦੀ ਹੋਂਦ ਨੂੰ ਸਵੀਕਾਰ ਕੀਤਾ ਅਤੇ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਅਤੇ ਬਹੁ ਦੇਵੀ-ਦੇਵਤਿਆਂ ਦਾ ਖੰਡਨ ਕੀਤਾ।ਗੁਰੂ ਰਵੀਦਾਸ ਜੀ ਹਿੰਦੂ ਦੇਵੀ ਦੇਵਤਿਆਂ ਦਾ ਵਿਰੋਧ ਕਰਦੇ ਫਰਮਾਂਉਦੇ ਹਨ।

ਹਰਿ ਜਪਤ ਤੋਊ ਜਨਾ ਪਦਮ ਕਵਲਾਸ ਪਤਿ' ਤਾਸ ਸਮ ਤੁਲਿ ਨਹੀ ਆਨ ਕੋਊ?? (ਪੰਨਾ1293)

ਭਾਵ ਪਰਮਾਤਮਾ ਸਭ ਤੋਂ ਉਪਰ ਤੇ ਸ਼ਕਤੀਵਾਨ ਹੈ, ਇਥੋਂ ਤੱਕ ਕਿ ਪਦਮਾ ਪਤਿ(ਵਿਸ਼ਨੂੰ) ਅਤੇ ਪਤਿ (ਸ਼ਿਵਜੀ) ਵੀ ਉਸ ਤੋਂ ਬਹੁਤ ਨੀਵੇ ਹਨ।

ਉਸ ਸਮੇ ਜੋ ਸਮਾਜਿਕ ਹਾਲਤ ਸੀ, ਉਸ ਵਿੱਚ ਨੀੰਵੀ ਜਾਤ ਨਾਲ ਜਾਨਵਰਾਂ ਤੋਂ ਵੀ ਬੁਰਾ ਸਲੂਕ ਕੀਤਾ ਜਾਂਦਾ ਸੀ। ਜੇ ਕੋਈ ਨੀਵੀ ਜਾਤ ਵਾਲਾ ਭਾਵ ਸ਼ੂਦਰ ਜਾਤੀ ਦਾ ਵਿਅਕਤੀ ਕੋਈ ਗਿਆਨ ਜਾਂ ਕੁਝ ਪੜਨ ਦੀ ਕੋਸ਼ਿਸ਼ ਕਰਦਾ ਫੜਿਆ ਜਾਂਦਾ ਤਾਂ ਉਸ ਦੀ ਜੀਭ ਕੱਟ ਦਿੱਤੀ ਜਾਂਦੀ ਸੀ। ਜੇ ਕੋਈ ਗਿਆਨ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦਾ ਫੜਿਆ ਜਾਂਦਾ ਤਾਂ ਉਸ ਦੇ ਕੰਨ ਵਿੱਚ ਗਰਮ ਕਰਕੇ ਸਿੱਕਾ ਢਾਲ ਦਿੱਤਾ ਜਾਂਦਾ ਸੀ।ਅਜਿਹੇ ਕਠੋਰ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਰਮ ਦੇ ਚਲਦੇ ਗੁਰੂ ਰਵੀਦਾਸ ਜੀ ਨੇ ਤਰਕ ਤੇ ਕਿਰਤ ਦੇ ਅਧਾਰ ਤੇ ਇਕ ਅਜਿਹੀ ਵਿਚਾਰਧਾਰਾ ਨੂੰ ਉ?ਪਜਿਆ, ਜਿਸਨੇ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਨੂੰ ਹਿੱਲਾ ਕੇ ਰੱਖ ਦਿੱਤਾ। ਉਹਨਾਂ ਦੀ ਵਿਚਾਰਧਾਰਾ ਨੇ ਸਭ ਲੋਕਾਂ ਨੂੰ ਇੱਕ ਕਤਾਰ ਵਿੱਚ ਖੜਾ ਕਰ ਦਿੱਤਾ ਸੀ, ਜਿਥੇ ਨਾ ਕੋਈ ਜਾਤ ਪਾਤ ਨਾ ਹੀ ਕੋਈ ਊਚ-ਨੀਚ ਸੀ, ਅਤੇ ਸਾਰੇ ਬਰਾਬਰਤਾ ਦਾ ਹੱਕ ਰੱਖਦੇ ਸਨ। ਜਿਸ ਕਰਕੇ ਬਹੁ ਗਿਣਤੀ ਸ਼ੂਦਰ ਸਮਾਜ ਉਹਨਾਂ ਦਾ ਉਪਾਸਕ ਬਣ ਗਿਆ । ਪਰ ਇਸਦੇ ਨਾਲ ਹੀ ਕੁਝ ਉਚੇ ਵਰਗ ਦੇ ਲੋਕ ਵੀ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋਣ ਲੱਗੇ ਜਿਵੇਂ ਕਿ 'ਮੀਰਾ ਬਾਈ'।ਮੀਰਾ ਬਾਈ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ, ਜਿਸ ਕਾਰਨ ਉਹ ਗੁਰੂ ਰਵੀਦਾਸ ਜੀ ਦੀ ਉਪਾਸਕ ਬਣ ਗਈ। ਪਰ ਸਮੇਂ ਦੇ ਬ੍ਰਾਹਮਣੀ ਸਮਾਜ ਤੇ ਚਲਾਕ ਸੋਚ ਨੇ ਮੀਰਾ ਬਾਈ ਨੂੰ ਅਲੱਗ ਰੂਪ ਵਿੱਚ ਪੇਸ਼ ਕਰ ਛਡਿਆ ਹੈ। ਗੁਰੂ ਰਵੀਦਾਸ ਜੀ ਦੇ ਉਹ ਵਿਚਾਰ ਹੀ ਸਨ, ਜਿਹਨਾਂ ਕਾਰਣ ਬਨਾਰਸ ਦੀ ਸੱਤਾ ਅਤੇ ਹਿੰਦੂ ਧਰਮ ਦੀ ਕੰਧਾ ਹਿਲ ਗਈਆਂ ਸਨ, ਜਿਸ ਕਾਰਨ ਉਸ ਸਮੇਂ ਦੀ ਸੱਤਾ ਅਤੇ ਬ੍ਰਾਹਮਣਵਾਦੀ ਲੋਕਾਂ ਨੇ ਉਹਨਾਂ ਨੂੰ ਖੁਦ ਦੇ ਰੰਬੀ ਮਾਰਕੇ ਕਤਲ ਦਾ ਹੁਕਮ ਸੁਣਾ ਦਿੱਤਾ ਸੀ। ਅਖਿਰ ਗੁਰੂ ਸਾਹਿਬ ਨੇ ਬੇ-ਝਿਝਕ, ਅਤੇ ਨਿਡਰਤਾ ਨਾਲ ਆਪਣੀ ਵਿਚਾਰਧਾਰਾ ਦੀ ਲੌਅ ਦਿਖਾ, ਹੁਕਮ ਅਨੁਸਾਰ ਖੁਦ ਜੋਤਿ ਜੋਤ ਸਮਾ ਗਏ? ਅਕਸਰ ਲੋਕਾਂ ਤੋਂ ਕਹਿੰਦੇ ਸੁਣਿਆ ਹੈ ਕਿ ਉਹਨਾਂ ਨੇ ਰੰਬੀ ਮਾਰ ਅਪਣੇ ਅੰਦਰੋ ਜੇਨਿਊ ਕੱਢ ਕੇ ਵਿਖਾਇਆ ਸ਼ੀ. ਪਰ ਇਹ ਗੱਲ ਬਿਲਕੁਲ ਗਲਤ ਹੈ, ਕਿਉਂਕਿ ਉਹ ਕਦੀ ਵੀ ਚਮਤਕਾਰ ਵਿੱਚ ਵਿਸ਼ਵਾਸ ਨਹੀ ਰੱਖਦੇ ਸਨ ਅਤੇ ਤੇ ਨਾ ਹੀ ਉਹ ਇਹੋ ਜਿਹੀਆਂ ਹਿੰਦੂ ਮਨੌਤਾਂ ਵਿੱਚ ਵਿਸ਼ਵਾਸ ਕਰਦੇ ਸਨ, ਸਗੋਂ ਉਹਨਾਂ ਨੇ ਤੇ ਹਮੇਸ਼ਾ ਇਸਦਾ ਵਿਰੋਧ ਕੀਤਾ ਸ਼ੀ।

ਗੁਰੂ ਰਵੀਦਾਸ ਖਿਲਾਫ ਬ੍ਰਹਮਣਵਾਦੀ ਤਸਵੀਰੀ ਸਾਜਿਸ਼--ਫੋਟੋ--ਤਸਵੀਰਘਰ ਸਾਈਟ ਤੋਂ
ਉਹਨਾਂ ਦੀ ਵਿਚਾਰਧਾਰਾ ਦੀ ਲੋਅ ਜੋ ਬਨਾਰਸ ਤੋਂ ਚੱਲ ਪੂਰੇ ਭਾਰਤ ਵਿੱਚ ਰੋਸ਼ਨਾਈ ਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਾ ਬਿਰਾਜੀ ਗਈ? ਜਿਸ ਸਦਕਾ ਅੱਜ ਇਹ ਸਮੂਹ ਲੋਕਾਂ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ।ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਸਦਕਾ ਹੀ ਅਜ ਇਸ ਲੋਅ ਨੂੰ ਹਮੇਸ਼ਾ ਬਲਦੀ ਰਹਿਣ ਦਾ ਰੁਤਬਾ ਹਾਸਲ ਹੋਇਆ। ਗੁਰੂ ਰਵੀਦਾਸ ਜੀ ਦੀ ਕੁਝ ਕੁ ਬਾਨੀ ਜੋ ਸਾਨੂੰ ਬਾਹਰੋਂ ਵੀ ਮਿਲਦੀ ਹੈ, ਪਰ ਉਹ ਸ਼ੱਕੀ ਜਾਪਦੀ ਹੈ, ਕਿਉਂਕਿ ਗੁਰੂ ਰਵੀਦਾਸ ਜੀ ਨੇ ਜਿਸ ਚੀਜ਼ ਦਾ ਵਿਰੋਧ ਕੀਤਾ ਸੀ, ਉਸ ਨੂੰ ਹੀ ਇਸ ਬਾਨੀ ਵਿੱਚ ਪ੍ਰੱਮਖ ਵਿਖਾਇਆ ਗਿਆ ਹੈ। ਇਸ ਤੋਂ ਇੱਕ ਗੱਲ ਤੇ ਜਰੂਰ ਸਾਬਤ ਹੁੰਦੀ ਹੈ ਕਿ ਇਹ ਬਾਹਰਲੀ ਬਾਨੀ ਸ਼ੱਕੀ ਹੈ ਅਤੇ ਬ੍ਰਾਹਮਣ ਅਤੇ ਹਿੰਦੂ ਧਰਮ ਦੇ ਪ੍ਰਭਾਵ ਹੇਠਾਂ ਨਵੀ ਲਿਖੀ ਗਈ ਹੈ ਅਤੇ ਗੁਰੂ ਰਵੀਦਾਸ ਜੀ ਦੇ ਨਾਮ ਹੁੇਠਾਂ ਗਲਤ ਤੌਰ ਤੇ ਛਾਪੀ ਗਈ ਹੈ।

ਅਜੋਕੇ ਸਮੇਂ ਵਿੱਚ ਗੁਰੂ ਰਵੀਦਾਸ ਜੀ ਦੇ ਉਪਾਸਕ ਭਾਂਵੇ ਬਹੁਤ ਗਿਣਤੀ ਵਿੱਚ ਹਨ, ਪਰ ਇਹ ਸਭ ਹੁਣ ਇਸ ਵਿਚਾਰਧਾਰਾ ਨੂੰ ਨਿੱਜੀ ਬਣਾਉਂਦੇ ਜਾ ਰਹੇ ਹਨ, ਜਦ ਕਿ ਕੋਈ ਵੀ ਉਹਨਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਨਹੀ ਕਰ ਰਿਹਾ। ਗੁਰੂ ਰਵੀਦਾਸ ਜੀ ਨੇ ਸਭ ਨੂੰ ਬਰਾਬਰਤਾ ਦਾ ਪਾਠ ਪੜਾਇਆ, ਪਰ ਅਫਸੋਸ ਇਸਦੇ ਅਜੋਕੇ ਸਮੇ ਦੇ ਉਪਾਸਕ ਇਸ ਨੂੰ ਅਲੱਗ ਜਾਤ ਅਤੇ ਵਰਗ ਵਿੱਚ ਸਮੇਟ ਰਹੇ ਹਨ।ਗੁਰੂਰਵੀਦਾਸ ਜੀ ਨੇ ਕਦੀ ਵੀ ਨਹੀ ਕਿਹਾ ਕਿ ਇਹ ਵਿਚਾਰਧਾਰਾ ਅਤੇ ਬਾਣੀ ਕਿਸੇ ਖਾਸ ਵਰਗ ਜਾਂ ਜਾਤ ਲਈ ਹੇ, ਉਹਨਾਂ ਨੇ ਇਸਨੂੰ ਸਭ ਮਨੁੱਖਤਾ ਲਈ ਸਮਰਪਿਤ ਕੀਤਾ ਹੈ।ਜਦ ਕਿ ਅੱਜ ਗੁਰੂ ਰਵੀਦਾਸ ਜੀ ਨੂੰ ਵੀ ਨਿੱਜੀ ਗੁਰੂ ਵਜੌਂ ਪੇਸ਼ ਕੀਤਾ ਜਾ ਰਿਹਾ ਹੈ। ਭਾਵੇਂ ੁਿਕ ਅੱਜ ਇਸ ਵਰਗ ਦੇ ਲੋਕ ਬਹੁਤ ਪੜ੍ਹ ਲਿਖ ਰਹੇ ਹਨ, ਪਰ ਫਿਰ ਵੀ ਉਹ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਤੇ ਸੋਚ ਤੋਂ ਬਹੁਤ ਦੂਰ ਹਨ। ਜੋ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਦਾ ਗੁਰੂ ਰਵੀਦਾਸ ਜੀ ਨੇ ਵਿਰੋਧ ਕੀਤਾ ਸੀ, ਜਿਵੇਂ ਕਿ ਮੂਰਤੀ ਪੂਜਾ, ਬਹੁ ਦੇਵੀ ਦੇਵਤਿਆਂ ਨੂੰ ਮੰਨਣਾ, ਆਰਤੀ ਕਰਨੀ ਆਦਿ, ਉਹਨਾਂ ਹੀ ਕਰਮ ਕਾਂਡਾ ਅਤੇ ਅੰਧ-ਵਿਸ਼ਵਾਸ ਦੁਬਾਰਾ ਫਸਦੇ ਜਾ ਰਹੇ ਹਨ। ਸਮੇਂ ਦੀ ਬ੍ਰਾਹਮਣਵਾਦੀ ਸੋਚ ਨੇ ਗੁਰੂ ਰਵੀਦਾਸ ਜੀ ਦੀ ਸੋਚ ਨੂੰ ਹਮੇਸ਼ਾ ਬਦਲਣਾ ਚਾਹਿਆ ਹੈ ਅਤੇ ਬਹੁਤ ਹੱਦ ਤੱਕ ਕਾਮਯਾਬ ਵੀ ਹੋ ਗਈ ਹੈ, ਇਸ ਵਿੱਚ ਕੋਈ ਸ਼ੱਕ ਨਹੀ ਹੈ।ਅਜੋਕੇ ਸਮੇਂ ਵਿੱਚ ਜੋ ਇਸ ਵਿਚਾਰਧਾਰਾ ਦਾ ਘਾਣ ਕਰ ਰਹੀ ਹੈ ਉਹ ਹੈ ਹਿੰਦੂ ਸ਼ੰਸਥਾ ਆਰ.ਐਸ,ਐਸ.।ਇਹ ਉਹ ਸੰਸਥਾ ਹੈ ਜਿਸ ਨੇ ਹਮੇਸ਼ਾ ਹੀ ਬ੍ਰਾਹਮਣਵਾਦੀ ਸੋਚ ਨੂੰ ਅਪਣਾਕੇ ਲੋਕਾਂ ਨੂੰ ਇੱਕ ਦੂਸਰੇ ਖਿਲਾਫ ਖੜਾ ਕੀਤਾ ਹੈ ਅਤੇ ਜਾਤ ਤੇ ਧਰਮ ਦੇ ਅਧਾਰ ਤੇ ਲੋਕਾਂ ਵਿੱਚ ਵੰਡੀਆਂ ਪਾਕੇ ਕਤਲੇਆਮ ਕੀਤਾ ਹੈ। ਇਸ ਸੰਸਥਾ ਦੀ ਕਾਰਗੁਜਾਰੀ ਹੀ ਹੈ ਕਿ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਦਾ ਹਿੰਦੂਕਰਨ ਹੋ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਇਹ ਰਿਹਾ ਹੈ ਕਿ ਇਸ ਨੂੰ ਇੱਕ ਖਾਸ ਜਾਤ ਤੇ ਵਰਗ ਦੀ ਵਿਚਾਰਧਾਰਾ ਤੇ ਇੱਕ ਜਾਤ ਤੇ ਵਰਗ ਦਾ ਗੁਰੂ ਬਣਾਇਆ ਜਾ ਰਿਹਾ ਹੈ।

ਹੁਣ ਹਾਲਾਤ ਇਸ ਤਰੀਕੇ ਦੇ ਹੋ ਗਏ ਹਨ ਕਿ ਗੁਰੂ ਰਵੀਦਾਸ ਜੀ ਦੇ ਮੰਦਰ ਤੇ ਮੂਰਤੀਆਂ ਤੱਕ ਦੀ ਸਥਾਪਣਾ ਕੀਤੀ ਜਾ ਰਹੀ ਹੈ ਅਤੇ ਆਰਤੀਆਂ ਹੋਣ ਲਗ ਗਈਆਂ ਹਨ। ਸਭ ਤੋਂ ਮੰਦਭਾਗੀ ਗੱਲ ਜੋ ਇਸ ਸਮੇਂ ਹੋਈ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਨੀ ਕੱਢ ਇੱਕ ਅਲੱਗ ਗਰੰਥ ਨੂੰ ਤਿਆਰ ਕਰਨਾ। ਇਹ ਸਭ ਕੁਝ ਅਪਣੇ ਆਪ ਨਹੀ ਹੋ ਰਿਹਾ ਇਸ ਵਿੱਚ ਬ੍ਰਾਹਮਣਵਾਦੀ ਚਲਾਕ ਸੋਚ ਤੇ ਆਰ.ਐਸ.ਐਸ ਦਾ ਵੱਡਮੁਲਾ ਹਥ ਹੈ।ਜਿਸ ਕਾਰਣ ਅੱਜ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਨੂੰ ਇੱਕ ਖਾਸ ਵਰਗ ਨਾਲ ਜੋੜਕੇ ਵੇਖਿਆ ਜਾ ਰਿਹਾ ਹੈ।

ਗੁਰੂ ਰਵੀਦਾਸ ਜੀ ਦੇ ਅਜੋਕੇ ਉਪਾਸਕ ਭਾਵ ਚਮਾਰ ਜਾਂ ਰਵੀਦਾਸੀਆ ਜਾਤੀ ਦੇ ਲੋਕਾਂ ਦਾ ਗੁਰਦੁਆਰਿਆਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋਣ ਜਾਂ ਕਰਣ ਪਿਛੱੇ ਵੀ ਆਰ.ਐਸ.ਐਸ, ਦਾ ਵਿਸ਼ੇਸ਼ ਹੱਥ ਹੈ, ਕਿਉਂਕਿ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਹਨਾਂ ਜਾਤਾਂ ਨੂੰ ਕਦੀ ਵੀ ਕੋਈ ਸਥਾਨ ਨਹੀ ਦਿੱਤਾ ਗਿਆ ਅਤੇ ਗੁਰਦੁਆਰਿਆਂ ਵਿੱਚ ਅਤੇ ਸਿੱਖ ਧਰਮ ਵਿੱਚ ਵੀ ਹੁਣ ਇਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ 'ਚੌਥੇ ਪੌੜੇ' ਵਾਲੇ ਕਹਿ ਕੇ ਅਲਗ ਕਤਾਰ ਵਿੱਚ ਬਠਾਇਆ ਜਾ ਰਿਹਾ ਹੈ? ਅਜੋਕਾ ਸਿਖ ਧਰਮ ਦੀ ਬਾਗਡੋਰ ਧਨਾਡ ਹਿੰਦੂ ਸੋਚ ਰੱਖਣ ਵਾਲੇ ਜੱਟਵਾਦੀ ਲੋਕਾਂ ਕੋਲ ਹੈ, ਜੋ ਆਰ.ਐਸ.ਐਸ ਦੇ ਇਸ਼ਾਰਿਆਂ ਦੇ ਚਲਦੇ ਹਨ ਅਤੇ ਜੋ ਇਹਨਾਂ ਨਿਚਲੀ ਜਾਤ ਵਾਲਿਆਂ ਨਾਲ ਘਿਰਣਾ ਕਰਦੇ ਹਨ?ਇਸ ਦਾ ਜਿਊਂਦਾ ਜਾਗਦਾ ਸਬੂਤ ਹੈ, ਇਹ ਹੈ ਕਿ ਜਦ ਗੁਰੂ ਰਵੀਦਾਸ ਜੀ ਦੀ ਤਸਵੀਰ ਨੂੰ ਹਰਿਮੰਦਰ ਸਾਹਿਬ ਵਿੱਚ ਲਾਉਣ ਦੀ ਗੱਲ ਚੱਲੀ ਤਾਂ ਅਕਾਲ ਤਖਤ ਦੇ ਜੱਥੇਦਾਰਾਂ ਨੇ ਛੋਟੀ ਜਾਤ ਦਾ ਹੋਣ ਕਾਰਣ ਇਹ ਬਹਾਨਾ ਕੱਢ ਮਾਰਿਆ ਕਿ ਤੁਹਾਡੇ ਰਵੀਦਾਸ ਜੀ ਦਾ ਸਿਰ ਨੰਗਾ ਹੈ।ਇਸ ਤੋਂ ਇਹ ਗੱਲ ਤੇ ਸਾਫ ਹੁੰਦੀ ਹੈ, ਅਕਾਲ ਤਖਤ ਦੇ ਜੱਥੇਦਾਰ ਕਿੰਨੀ ਕੁ ਅਕਲ ਤੇ ਸਿਖਿਆ ਵਾਲੀ ਗੱਲ ਕਰ ਸਕਦੇ ਹਨ, ਇਸ ਤੋ ਵੱਡੀ ਸ਼ਰਮਨਾਕ ਗੱਲ ਕੀ ਹੋਵੇਗੀ? ਫਿਰ ਤੇ ਇਹਨਾਂ ਨੂੰ ਕਾਗਜ਼ੀ ਰੁਪਿਆਂ ਤੇ ਵੀ ਰੋਕ ਲਾਉਣੀ ਚਾਹੀਦੀ ਹੈ, ਕਿਉਂਕਿ ਗਾਂਧੀ ਦੇ ਕਿਹੜਾ ਕੋਈ ਪਗ ਬੰਨ੍ਹੀ ਹੁੰਦੀ ਹੈ।ਇਥੋਂ ਪਤਾ ਲਗਦਾ ਹੈ ਕਿ ਇਹ ਕਿੰਨਾ ਕਿ ਨੀਵੀਆਂ ਜਾਤਾਂ ਨਾਲ ਹਮਦਰਦੀ ਅਤੇ ਭਾਈਚਾਰੇ ਵਾਲਾ ਸਲ਼ੂਕ ਰਖਦੇ ਹਨ।ਇਸ ਕਾਰਣ ਇਸ ਜਾਤ ਦੇ ਲੋਕਾਂ ਵਲੋਂ ਇੱਕ ਅਲੱਗ ਜਾਤ ਦੇ ਅਧਾਰ ਤੇ ਵਿਚਾਰਧਾਰਾ ਦੀ ਹੋਂਦ ਉਪਜੀ ਹੈ। ਮੈਂ ਇੱਥੇ ਇਕ ਗੱਲ ਸਾਫ ਕਰਨੀ ਚਾਹੁੰਦਾ ਹਾਂ ਕਿ ਇਹਨਾਂ ਦੁਆਰਾ ਖੜਿਆ ਕੀਤੇ ਜਾਣ ਵਾਲਾ ਅਲੱਗ ਧਰਮ ਜਾਂ ਰਾਹ ਗਲਤ ਨਹੀ ਹੈ ਪਰ ਇਹਨਾਂ ਦੁਆਰਾ ਵਰਤੇ ਜਾ ਰਹੇ ਕਰਮ ਕਾਂਡ ਹਿੰਦੂਵਾਦੀ ਹਨ, ਜਿਹਨਾਂ ਦਾ ਖੁਦ ਗੁਰੂ ਰਵੀਦਾਸ ਜੀ ਨੇ ਵਿਰੋਧ ਕੀਤਾ ਹੈ।

ਅੱਜ ਦੇ ਸਮੇ ਵਿੱਚ ਗੁਰੂ ਰਵੀਦਾਸ ਜੀ ਨੂੰ ਚਮਤਕਾਰਾਂ ਨਾਲ ਜੋੜਕੇ ਵਿਖਾਇਆ ਜਾ ਰਿਹਾ ਹੈ, ਜਿਵੇਂ ਕਿ ਉਹਨਾਂ ਦਾ ਰਾਮਾਨੰਦ ਨੂੰ ਗੁਰੂ ਧਾਰਨਾ, ਗੰਗਾ ਵਲੋਂ ਸੋਨੇ ਦੇ ਕੰਗਨ ਕੱਢਕੇ ਦੇਣਾ, ਮੂਰਤੀਆਂ ਪਾਣੀ ਉਪਰ ਚਲਣਾ ਲਾਉਣਾ, ਕ੍ਰਿਸ਼ਨ ਦੀ ਭਗਤੀ ਕਰਨੀ ਅਤੇ ਹੋਰ ਕਈ।ਗੁਰੂ ਰਵੀਦਾਸ ਜੀ ਇਕ ਤਰਕਵਾਦੀ ਵਿਚਾਰਧਾਰਕ ਸਨ, ਉਹਨਾਂ ਨੇ ਹਮੇਸ਼ਾ ਸਮੇਂ ਦੀ ਸੱਤਾ ਤੇ ਬ੍ਰਾਹਮਣਵਾਦੀ ਸੋਚ ਨਾਲ ਅਪਣੀ ਤਰਕ ਦੇ ਅਧਾਰ ਤੇ ਟੱਕਰ ਲਈ ਹੈ, ਨਾ ਕਿ ਕੋਈ ਚਮਤਕਾਰ ਵਿਖਾਕੇ।ਇਹ ਜੋ ਉਪਰੋਕਤ ਚਮਤਕਾਰ ਤੇ ਗੱਲਾਂ ਜੋੜ ਗੁਰੂ ਰਵੀਦਾਸ ਜੀ ਨੂੰ ਪੇਸ਼ ਕੀਤਾ ਜਾ ਰਿਹਾ ਹੈ, ਇਹ ਚਲਾਕ ਬ੍ਰਾਹਮਣਵਾਦੀ ਅਤੇ ਆਰ.ਐਸ.ਐਸ ਦਾ ਨਤੀਜਾ ਹੈ। ਜੋ ਕਿ ਰਵੀਦਾਸ ਜੀ ਦੇ ਅਸਲ ਵਿਚਾਰਾਂ ਨੂੰ ਖਤਮ ਕਰ ਇਸਦਾ ਹਿੰਦੂਕਰਨ ਕਰ ਰਹੇ ਹਨ।

ਆਖਿਰ ਵਿੱਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਗੁਰੂ ਰਵੀਦਾਸ ਜੀ ਦੀ ਸੋਚ ਨੂੰ ਇੱਕ ਵਰਗ ਨਾਲ ਨਾ ਜੋੜਕੇ ਵੇਖਿਆ ਜਾਵੇ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਸਮਝਿਆ ਜਾਵੇ ਅਤੇ ਫੈਲਾਏ ਜਾ ਰਹੇ ਝੂਠੇ ਚਮਤਕਾਰਾਂ ਤੇ ਕਰਮ ਕਾਂਡਾ ਦਾ ਖੰਡਨ ਕਰ ਬੇਗਮਪੁਰੇ ਦੀ ਨੀਂਹ ਰੱਖੀ ਜਾਵੇ, ਜੋ ਸਭ ਦਾ ਸਾਂਝਾ ਤੇ ਮਨੁੱਖਤਾਵਾਦੀ ਹੋਵੇ।

ਅੰਮ੍ਰਿਤਪਾਲ ਸਿੰਘ ਪ੍ਰੀਤ 9417943606
ਲੇਖਕ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਲਾਅ ਗਰੈਜੁਏਟ ਹਨ ਤੇ ਅੱਜਕਲ੍ਹ ਨਿਜੀ ਤੇ ਸੱਭਿਆਚਾਰਕ-ਸਿਆਸੀ ਸਰਗਰਮੀਆਂ  ' ਮਸ਼ਰੂਫ ਹਨ
Mob--94179-43606

1 comment:

  1. ਸਿੱਖ ਲਹਿਰ ਵਿਚ ਜੱਟਵਾਦ ਦੇ ਨਾਂ ਹੇਠ ਫੈਲੇ ਬ੍ਰਾਹਮਣਵਾਦ ਅਤੇ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਲੱਗੇ ਬ੍ਰਾਹਮਣਵਾਦੀ ਮੁੱਲਾਂ ਦੇ ਗ੍ਰਹਿਣ ਦਾ ਸੰਖੇਪ 'ਚ ਬਹੁਤ ਹੀ ਵਧੀਆ ਵਿਸ਼ਲੇਸ਼ਣ ਹੈ। ਇਸ ਨੂੰ ਹੋਰ ਵਿਸਤਾਰਤ ਲਿਖਤ ਦਾ ਰੂਪ ਦਿੱਤਾ ਜਾਣਾ ਚਾਹੀਦਾ ਹੈ।
    Buta Singh

    ReplyDelete