
ਘਟਨਾਵਾਂ ਦੀ ਲੜੀ ਥਾਵਾਂ ਨਾਲ ਜੁੜਦੀ ਹੈ।ਅਫਜ਼ਲ ਤੇ ਮਨੁੱਖੀ ਅਧਿਕਾਰ ਕਾਰਕੁੰਨ ਗੌਤਮ ਨਵਲਖਾ ਦੀ ਤਸਵੀਰ(ਮੂੰਹ 'ਤੇ ਕਾਲਸ ਮਲੀ) ਨੇ ਕਈ ਘਟਨਾਵਾਂ ਤੇ ਥਾਵਾਂ ਮੁੜ ਜੋੜ ਦਿੱਤੀਆਂ।
ਗੌਤਮ ਨਵਲਖਾ ਦੀ ਤਸਵੀਰ ਦੇਖ ਕੇ ਮੈਂ ਸਤੰਬਰ 2008 'ਚ ਚਲਾ ਗਿਆ।ਅਸੀਂ ਦੋਵੇਂ ਦਿੱਲੀ ਦੇ ਝੂਠੇ ਜਾਮੀਆ ਨਗਰ ਬਟਲਾ ਹਾਊਸ ਐਨਕਾਉਂਟਰ ਦੇ ਵਿਰੋਧ 'ਚ ਸ਼ਾਮਲ ਸੀ। ਗੌਤਮ ਨਵਲਖਾ ਦੇ ਮੂੰਹ 'ਤੇ ਕਾਲਸ ਮਲਣ ਦੀ ਤਰ੍ਹਾਂ ਸੰਘੀਆਂ(ਆਰ ਐਸ ਐਸ) ਦੀ ਫੌਜ ਨੇ ਸਾਡੇ 50-60 ਜਣਿਆਂ ਦੇ ਧੜੇ 'ਤੇ ਧਾਵਾ ਬੋਲਿਆ ਸੀ, ਪਰ ਅਸੀਂ ਸਾਰੇ ਇਕ ਜਥੇਬੰਦਕ ਵਿਰੋਧ ਕਰਨ ਤੋਂ ਬਾਅਦ ਸਭ ਸੁਖ ਸ਼ਾਂਤੀ ਨਾਲ ਘਰਾਂ,ਕਮਰਿਆਂ, ਹੋਸਟਲਾਂ ਤੇ ਦਫ਼ਤਰਾਂ 'ਚ ਪਰਤ ਗਏ।

ਕੀ ਮੈਂ ਧਾਰਮਿਕ ਫਿਰਕਾਪ੍ਰਸਤ ਹਾਂ ? ਮੈਨੂੰ ਮੇਰੀ ਮੁਸਲਮਾਨ ਦੋਸਤ ਦੀ ਇਕੋ ਲਾਈਨ ਵਾਰ ਵਾਰ ਪ੍ਰੇਸ਼ਾਨਕਰ ਰਹੀ ਸੀ...।ਜਿਸਨੂੰ ਮੈਂ ਹੁਣ ਤੱਕ ਵੀ 'ਘੱਟਗਿਣਤੀ ਅਚੇਤ ਮਾਨਸਿਕਤਾ' ਦੇ ਸੰਦਰਭ 'ਚ ਸਮਝਣ ਦੀ ਕੋਸ਼ਿਸ਼ ਕਰਦਾ ਹਾਂ।ਕਿ ਕਿਵੇਂ ਪ੍ਰਚਾਰ ਪ੍ਰਭਾਵ 'ਚ ਚੰਗੀ ਮਨੁੱਖੀ ਮਾਨਸਿਕਤਾ ਖਿੰਡ ਜਾਂਦੀ ਹੈ।
ਉਹ ਸੰਘੀਆਂ(ਆਰ ਐਸ ਐਸ) ਤੇ ਹੋਰ ਹਿੰਦੂ ਸੰਸਥਾਵਾਂ ਦੇ ਧਾਵੇ ਤੋਂ ਬਾਅਦ ਰੱਜ ਕੇ ਹਿੰਦੂਆਂ ਖ਼ਿਲਾਫ ਬੋਲੀ ਸੀ।ਕਿਉਂ ਹਿੰਦੂ ਭਾਈਚਾਰੇ ਦੇ ਲੋਕ ਝੂਠੇ ਬਟਲਾ ਹਾਊਸ ਦੇ ਬੇਗੁਨਾਹ ਮੁਸਲਮਾਨਾਂ ਲਈ ਹਾਅ ਦਾ ਨਾਅਰਾ ਨਹੀਂ ਮਾਰ ਰਹੇ ?ਕੀ ਹਿੰਦੂਆਂ ਦੀ ਚੁੱਪ ਸਾਜਿਸ਼ 'ਚ ਸ਼ਾਮਲ ਹੈ।ਯਾਦਵਿੰਦਰ, ਮੈਨੂੰ ਦਿੱਲੀ 'ਚ ਡਰ ਲੱਗਦਾ ਹੈ ਕਿ ਕਿਤੇ ਮੈਂ ਵੀ ਸਾਜ਼ਿਦ(17 ਸਾਲ) ਤੇ ਆਤਿਫ ਅਮੀਨ (ਬਟਲਾ ਹਾਊਸ 'ਚ ਜਾਮੀਆ ਯੂਨੀਵਰਸਟੀ ਦੇ ਮਾਰੇ ਵਿਦਿਆਰਥੀ) ਵਾਂਗ ਇੰਡੀਅਨ ਮੁਜ਼ਾਹੀਦੀਨ ਜਾਂ ਲਸ਼ਕਰ ਦੀ ਅਗਲੀ ਅੱਤਵਾਦੀ ਨਾ ਹੋਵਾਂ ? ਇਨ੍ਹਾਂ ਕੈਫੀ ਆਜ਼ਮੀ ਦੀ ਧਰਤੀ(ਆਜ਼ਮਗੜ੍ਹ) ਦੇ ਬੇਕਸੂਰ ਸਪੂਤ ਨਹੀਂ ਬਖ਼ਸ਼ੇ ? ਦਿੱਲੀ ਬਾਹਰੀ ਮੁਸਲਮਾਨਾਂ ਲਈ ਖਤਰਨਾਕ ਥਾਂ ਹੈ। ਉਹ ਆਪਣੀ ਤੋਰ ਦੀ ਕਾਹਲੀ ਦੇ ਰਿਦਮ ਨਾਲ ਇਸੇ ਤਰ੍ਹਾਂ ਦੀਆਂ ਕਿੰਨੀਆਂ ਹੀ ਗੱਲਾਂ ਸ਼ਹਿਰੀ ਲਹਿਜੇ ਦੀ ਹਿੰਦੀ ਤੇ ਅੰਗਰੇਜ਼ੀ 'ਚ ਕਰ ਰਹੀ ਸੀ।
ਆਟੋ 'ਚ ਬੈਠ ਥੋੜ੍ਹੀ ਦੇਰ ਲਈ ਸ਼ਾਂਤ ਹੋ ਗਈ।ਕੁਝ ਸਫਰ ਤੋਂ ਬਾਅਦ ਫਿਰ ਬੋਲੀ, ਕਦੇ ਕਦੇ ਮੈਨੂੰ ਲੱਗਦੈ,ਮੈਂ ਧਾਰਮਿਕ ਫਿਰਕਾਪ੍ਰਸਤ ਹੋ ਗਈ ਹਾਂ? ਤੈਨੂੰ ਕੀ ਲੱਗਦੈ? ਤੂੰ ਮੈਨੂੰ ਐਨੇ ਸਮੇਂ ਦਾ ਜਾਣਦਾ ਤੇ ਸੁਣ ਰਿਹਾ ਹੈਂ।ਕੀ ਮੈਂ ਧਾਰਮਿਕ ਫਿਰਕਾਪ੍ਰਸਤ ਹਾਂ ?ਮੇਰੇ ਮਾਂ-ਪਿਓ ਨੇ ਮੈਨੂੰ ਹਮੇਸ਼ਾ ਚੰਗੀ ਮਨੁੱਖ ਬਣਨ ਦਾ ਪਾਠ ਪੜ੍ਹਾਇਆ।ਮੈਂ ਵੀ ਧਰਮ ਨਿਰਪੱਖ ਸਿਆਸਤ ਦੀ ਘੋਰ ਹਮਾਇਤੀ ਰਹੀ ਹਾਂ,ਪਰ ਸ਼ਾਇਦ ਮੈਂ ਭਾਰਤੀ 'ਧਰਮ-ਨਿਰਪੱਖਤਾ' ਨੂੰ ਸਮਝਦੀ-ਸਮਝਦੀ 'ਧਾਰਮਿਕ ਫਿਰਕਾਪ੍ਰਸਤ' ਹੋ ਗਈ ਹਾਂ'।ਮੇਰਾ ਕਿਸੇ ਹਿੰਦੂ ਨਾਲ ਨਿਜੀ ਵੈਰ-ਵਿਰੋਧ ਨਹੀਂ,ਪਰ ਸਮੂਹਿਕਤਾ 'ਚ ਜੋ ਸਾਡੇ ਨਾਲ ਹੋ ਰਿਹੈ,ਓਹਦੇ ਸਾਹਮਣੇ ਸਭ ਫੋਕੀਆਂ ਦਲੀਲਾਂ ਫੇਲ੍ਹ ਹੋ ਜਾਂਦੀਆਂ ਨੇ।
ਮੇਰੇ 'ਚ ਇਹ ਨਫਰਤ ਕਿਵੇਂ ਭਰ ਗਈ?ਮੈਂ ਅਜਿਹੀ ਤਾਂ ਨਹੀਂ ਸੀ। ਉਹ ਲਗਾਤਾਰ ਬੋਲੀ ਜਾ ਰਹੀ ਸੀ।ਮੈਂ ਕਿਹਾ ਇਹ 'ਯੂਰਪੀਅਨ ਸੈਕੁਲਰਿਜ਼ਮ ਫੋਬੀਏ' 'ਚੋਂ ਬਾਹਰ ਆ। ਤੂੰ ਕੱਲ੍ਹ ਵੀ ਚੰਗੀ ਇਨਸਾਨ ਸੀ ਤੇ ਅੱਜ ਵੀ ਚੰਗੀ ਇਨਸਾਨ ਹੈਂ'।ਹਲਾਤ ਹੀ ਅਜਿਹੇ ਹਨ।

ਯੂਰਪੀਅਨ/ਪੱਛਮੀ ਆਧੁਨਕਿਤਾ ਦੇ ਅੰਨ੍ਹੇ ਪ੍ਰਭਾਵ 'ਚ(ਜਿਵੇਂ ਫਰਾਂਸਸੀ ਮੁਸਲਮਾਨ ਔਰਤਾਂ ਦਾ ਬੁਰਕਾ ਲਹਾਉਣ ਦੀ ਆਧੁਨਿਕ ਮੁਹਿੰਮ) ਪੀੜ੍ਹਤ ਨੂੰ ਦੋਸ਼ੀ ਬਣਾ ਕੇ 'ਚੰਗਾ ਪੀੜ੍ਹਤ' ਹੋਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।ਆਧੁਨਿਕਤਾ ਦਾ ਸਫਰ ਡਾਂਗ ਦੇ ਭੈਅ ਨਾਲ ਤੈਅ ਨਹੀਂ ਹੁੰਦਾ ਹੈ।ਇਹ 'ਸਹਿਜ ਸਮਾਜਿਕ ਬਦਲਾਅ' ਦੇ ਵੱਡੇ ਪੜਾਅ 'ਚ ਹੋ ਕੇ ਗੁਜ਼ਰਦਾ ਹੈ।ਡਾਂਗ ਵਾਲੇ ਸਮਾਜਿਕ ਬਦਲਾਅ ਦੀ ਉਮਰ ਥੋੜ੍ਹੀ ਤੇ ਮੌਤ ਨਿਸ਼ਚਤ ਹੁੰਦੀ ਹੈ।ਇਸੇ ਲਈ ਧਰਮ,ਨਸਲ,ਸੱਭਿਆਚਾਰ,ਭਾਸ਼ਾ ਆਦਿ ਮਸਲੇ ਬਰੀਕ ਪੜਚੋਲ ਮੰਗਦੇ ਹਨ।
ਜਿਸ ਧਰਤੀ 'ਤੇ ਘੱਟਗਿਣਤੀ ਦਾ ਮਤਲਬ 'ਅੱਤਵਾਦੀ' ਤੇ 'ਅੱਤਵਾਦ' ਦਾ ਮਤਲਬ ਘੱਟਗਿਣਤੀ ਹੋ ਜਾਵੇ,ਓਥੇ ਯੂਰਪੀ ਸੈਕੁਲਰਿਜ਼ਕ ਦੀ ਪਰਿਭਾਸ਼ਾ ਦਾ ਕੋਈ ਮਤਲਬ ਰਹਿ ਵੀ ਜਾਂਦਾ ਹੈ,ਇਹ ਸੋਚਣ ਦੀ ਲੋੜ ਹੈ।ਆਮ ਘੱਟਗਿਣਤੀ ਲੋਕਾਂ ਨੂੰ ਧਰਮ-ਨਿਰਪੱਖ ਹੁੰਦਿਆਂ ਵੀ ਅਚੇਤ-ਚੇਤ 'ਚ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਅਸੀਂ ਫਿਰਕਾਪ੍ਰਸਤ ਹਾਂ,ਪਰ ਬਹੁਗਿਣਤੀ ਦੇ ਕੁਝ ਲੋਕਾਂ ਨੂੰ ਫਿਰਕਾਪ੍ਰਸਤ ਹੁੰਦਿਆਂ ਵੀ ਨਹੀਂ ਲੱਗਦਾ ਕਿ ਉਹ ਫਿਰਕਾਪ੍ਰਸਤ ਹਨ।ਅਕਾਲ ਤਖ਼ਤ ਸਾਹਿਬ ਦੇ ਹਮਲੇ ਤੇ ਹੋਰ ਅਨੇਕਾਂ ਗੁਰਦੁਆਰੇ(1984) ,ਬਾਬਰੀ-ਗੁਜਰਾਤ,ਕੰਧਮਾਲ ਦੇ ਸੱਤਾਈ ਅੱਤਵਾਦ ਤੋਂ ਬਾਅਦ ਵੀ ਹਰ ਆਮ ਸਿੱਖ,ਮੁਸਲਮਾਨ ਤੇ ਇਸਾਈ ਨੂੰ ਵਾਰ ਵਾਰ ਬੋਲ ਕੇ (ਦੇਸ਼ਾਂ-ਵਿਦੇਸ਼ਾਂ ਤੱਕ)ਸਾਬਤ ਕਰਨਾ ਪੈਂਦਾ ਹੈ ਕਿ ਉਹ ਅੱਤਵਾਦੀ ਨਹੀਂ,ਦੇਸ਼ਭਗਤ ਹੈ।(ਉਸ ਭਾਰਤ ਦਾ ਜੀਹਦਾ ਕੋਈ ਇਤਿਹਾਸਕ ਵਜੂਦ ਨਹੀਂ ਹੈ)।ਬਹੁਗਿਣਤੀ ਭਾਈਚਾਰੇ ਦੇ ਕੁਝ ਲੋਕ ਤੇ ਜਥੇਬੰਦੀਆਂ ਅੱਤਵਾਦੀ ਕਾਰਵਾਈਆਂ 'ਚ ਸ਼ਾਮਲ ਹੋ ਵੀ ਆਪਣੇ ਆਪ ਨੂੰ ਸਭ ਤੋਂ ਵੱਡੇ ਦੇਸ਼ ਭਗਤ ਦੱਸਦੀਆਂ ਹਨ।

ਉਹ ਪੜ੍ਹੇ-ਲਿਖੇ ਉੱਚ ਮੱਧਵਰਗੀ ਮੁਸਲਮਾਨ ਪਰਿਵਾਰ ਦੀ ਕੁੜੀ ਸੀ। ਲੇਡੀ ਸ਼੍ਰੀ ਰਾਮ ਕਾਲਜ ਤੋਂ ਬਾਅਦ ਜਵਾਹਰ ਲਾਲ ਨਹਿਰੂ ਵਰਸਿਟੀ ਦਿੱਲੀ ਪੁੱਜੀ ਸੀ।ਆਲੇ-ਦੁਆਲੇ ਬੰਗਾਲੀ ਇਲੀਟ ਬੁੱਧੀਜੀਵੀਆਂ ਦਾ ਇਕ ਘੇਰਾ ਸੀ,ਜਿਨ੍ਹਾਂ ਦੀ ਸਮਝ ਸੀ ਕਿ 'ਅਤੀ ਅਗਾਂਹਵਧੂ ਲੋਕ ਪੁਰਾਣੇ ਘਸੇ-ਪਿਟੇ ਜਾਤ-ਪਾਤ ਜਾਂ ਧਰਮ ਆਦਿ ਦੇ ਮਸਲਿਆਂ ਦੇ ਝੰਜਟ 'ਚ ਨਹੀਂ ਪੈਂਦੇ ਹੁੰਦੇ ।ਨਾਲੇ ਜਦੋਂ ਹਰ ਮਸਲੇ ਦਾ ਹੱਲ/ਅੰਤ ਜਮਾਤੀ ਸੰਘਰਸ਼ ਨਾਲ ਹੋਣਾ ਹੈ ਤਾਂ ਦੂਜੀਆਂ-ਤੀਜੀਆਂ ਗੱਲਾਂ 'ਤੇ ਸਮਾਂ ਬਰਬਾਦ ਕਿਉਂ ਕੀਤਾ ਜਾਵੇ ? ਪਹਿਲੀ ਗੱਲ ਕਰਕੇ ਅਗਾਂਹਵਧੂਤਾ ਦੀ ਕਤਾਰ 'ਚ ਪਹਿਲੇ ਨੰਬਰ 'ਤੇ ਹਾਜ਼ਰੀ ਲਗਵਾਈ ਜਾਵੇ।ਜਿਵੇਂ ਮਲਾਲਾ ਯੂਸਫ ਦੇ ਮਾਮਲੇ 'ਚ ਸਿਰਫ ਮਲਾਲਾ(ਅਮਰੀਕੀ ਮੀਡੀਆ ਤਰਜ਼ 'ਤੇ) ਦੇ ਹਮਲੇ ਦੀ ਹੀ ਗੱਲ ਹੋਵੇ,ਪਰ ਅਮਰੀਕੀ ਡਰੋਨਾਂ ਨਾਲ ਰੋਜ਼ ਮਰ ਰਹੀਆਂ ਮਲਾਲਾਵਾਂ/ਮਲਾਲਿਆਂ ਦੀ ਗੱਲ ਨਾ ਕੀਤੀ ਜਾਵੇ ਕਿਉਂਕਿ ਉਹ ਡਰੋਨ ਹਮਲੇ ਤਾਂ 'ਕੱਟੜਵਾਦੀ/ਪਿਛਾਂਹਖਿੱਚੂ/ਮੱਧਯੁਗੀ' ਤਾਲਿਬਾਨਾਂ ਲਈ ਹੋਏ ਹਨ।ਇਸੇ ਤਰ੍ਹਾਂ ਅਫ਼ਜ਼ਲ ਦੀ ਫਾਂਸੀ ਤੋਂ ਕੁਝ ਦਿਨ ਪਹਿਲਾਂ ਕਸ਼ਮੀਰੀ ਕੁੜੀਆਂ ਦੇ ਰੌਕ ਬੈਂਡ 'ਤੇ ਪਾਬੰਦੀ ਦਾ ਵਿਰੋਧ ਕਰਨ ਵਾਲਾ (ਜੋ ਹੋਣਾ ਚਾਹੀਦਾ ਹੈ) ਵੱਡਾ ਬੁੱਧੀਜੀਵੀ ਲਾਣਾ ਅਫਜ਼ਲ ਗੁਰੁ ਦੇ ਫਾਂਸੀ ਬਾਰੇ ਇਕ ਵੀ ਸ਼ਬਦ ਬੋਲਣ ਨੂੰ ਤਿਆਰ ਨਹੀਂ ਹੈ।ਇਹ ਸਮਝਣ ਦੀ ਲੋੜ ਹੈ ਕਿ ਦੁਨੀਆਂ ਭਰ ਦੀਆਂ ਘੱਟਗਿਣਤੀਆਂ-ਕੌਮੀਅਤਾਂ ਸੱਤਾ ਦੀ ਥੋਪੀ ਹੋਈ ਲੜਾਈ ਲੜ੍ਹਦੀਆਂ/ਲੜ ਰਹੀਆਂ ਹਨ ਤੇ ਘੱਟਗਿਣਤੀਆਂ ਦੇ 'ਹੀਰੋ'(ਬਹੁਗਣਤੀ ਦੇ 'ਵਿਲੀਅਨ') ਵੀ ਥੋਪੀਆਂ ਹੋਈਆਂ ਲੜਾਈਆਂ ਕਾਰਨ ਪੈਦਾ ਹੋਏ ਹੁੰਦੇ ਹਨ।ਇਨਸਾਫਪਸੰਦ ਸਮਾਜ ਨੂੰ ਘੱਟੋ ਘੱਟ ਦੋਸਤ ਤੇ ਦੁਸ਼ਮਣ ਦੀ ਚੋਣ 'ਚ ਇਤਿਹਾਸ ਦੀਆਂ ਗਲਤੀਆਂ ਨਹੀਂ ਦਹੁਰਾਉਣੀਆਂ ਚਾਹੀਦੀਆਂ।
ਮੁੱਦੇ/ਮਸਲੇ ਪਾਰਟੀਆਂ ਤੇ ਵਿਚਾਰਧਰਾਵਾਂ ਮੁਤਾਬਕ ਨਹੀਂ ਚੱਲਦੇ ਹੰਦੇ ਸਗੋਂ ਪਾਰਟੀਆਂ ਤੇ ਵਿਚਾਰਧਰਾਵਾਂ ਮਸਲਿਆਂ ਨੂੰ ਸਮਝਦੀਆਂ-ਲੜਦੀਆਂ ਮਸਲਿਆਂ ਦੇ ਆਸਰੇ ਅੱਗੇ ਵਧਦੀਆਂ ਹਨ।ਜਿੱਥੇ ਮਸਲਿਆਂ ਨਾਲੋਂ ਅਹਿਮ ਪਾਰਟੀਆਂ ਤੇ ਵਿਚਾਰਧਾਰਾਵਾਂ ਹੋ ਜਾਣ,ਓਥੇ ਲੋਕਾਂ ਨੂੰ ਵੀ ਵਰਤਮਾਨ ਤੇ ਭਵਿੱਖ ਦੀ ਖੜੋਤ ਸਮਾਜਿਕ ਕੈਨਵਸ 'ਤੇ ਨਜ਼ਰ ਆਉਣ ਲੱਗਦੀ ਹੈ।
ਸਮਾਜ ਦੀ ਕੰਨ੍ਹੀ 'ਤੇ ਪਏ ਲੋਕਾਂ ਦੇ ਘਟਨਾਵਾਂ-ਹਾਦਸਿਆਂ 'ਤੇ ਪੁੱਠੇ-ਸਿੱਧੇ ਰੀਐਕਸ਼ਨ ਆਉਣਾ ਤਾਂ ਸਿਰਫ ਇਕ ਸਬੱਬ ਹੁੰਦਾ ਹੈ।ਦਰ ਅਸਲ ਮਸਲੇ ਦੇ ਅਚੇਤ 'ਚ ਤਾਂ ਇਤਿਹਾਸਕ ਬੇਇੰਸਾਫੀ ਤੇ ਗੈਰ-ਬਰਾਬਰੀ ਪਈ ਹੁੰਦੀ ਹੈ।ਇਸੇ ਲਈ ਸਮਾਜ ਨੂੰ ਫਿਲਾਸਫੀ+ਇਤਿਹਾਸ ਦੇ ਨੁਕਤੇ ਨਿਗਾਹ ਤੋਂ ਬਰੀਕ ਵਿਸ਼ਲੇਸ਼ਨ ਦੀ ਲੋੜ ਹੈ।
ਫੇਰ ਸ਼ਾਇਦ ਕਿਸੇ 'ਧਾਰਮਿਕ ਫਿਰਕਾਪ੍ਰਸਤ' ਕੁੜੀ ਤੇ ਹੋਰ ਖ਼ੁਦ ਨੂੰ ਦੋਸ਼ੀ ਨਾ ਠਹਿਰਾਉਣ ਤੇ ਲਿਖ਼ਣ ਵਾਲਿਆਂ ਨੂੰ ਕੰਪਿਊਟਰ ਦੇ ਕੀਅ ਬੋਰਡ 'ਤੇ ਥੱਪ-ਥੱਪ ਨਾ ਕਰਨੀ ਪਵੇ।'ਧਾਰਮਿਕ ਫਿਰਕਾਪ੍ਰਸਤੀ' ਤੋਂ ਸਮਾਜਿਕ ਸਦਭਾਵਨਾ ਦੀ ਲ਼ੜਾਈ ਲੰਮੀ ਹੈ ਪਰ ਇਨਸਾਫਪਸੰਦ ਤੇ ਸਮਾਜਿਕ ਬਰਾਬਰੀ ਚਾਹੁਣ ਵਾਲਿਆਂ ਦੀ ਜਿੱਤ ਵੀ ਯਕੀਨੀ ਹੈ।
ਯਾਦਵਿੰਦਰ ਕਰਫਿਊ
mail2malwa@gmail.com
Mob-95308-95198
ਪਿਆਰੇ ਯਾਦਵਿੰਦਰ ਜੀ,
ReplyDeleteਤੁਹਾਡਾ ਆਰਟੀਕਲ ਪੜ੍ਹਿਆ ।ਬਹੁਤ ਚੰਗਾ ਲਿਖਿਆ ਹੈ ਤੇ ਸੱਚ ਮੁੱਖ ਅੱਜ ਦੇ ਬੁਧੀਜੀਵੀਆਂ ਦੇ ਰੋਲ ਤੇ ਲੱਗ ਰਹੇ ਸਵਾਲੀਆ
ਚ੍ਹਿੰਨਾਂ ਨੂੰ ਗਹਿਰਾਉਂਦਾ ਹੈ।
ਮੈਂ ਗ਼ੁਲਾਮ ਕਲਮ ਦਾ ਨਿਯਮਕ ਪਾਠਕ ਹਾਂ। ਪਰ ਮੈਂ ਮਨ ਚ ਊੱਠੇ ਕਰਮਾਂ-ਪ੍ਰਤੀਕਰਮਾਂ ਨੂੰ ਪੇਪਰ ਤੇ ਉਤਾਰਨ ਅਤੇ ਅੱਗੇ ਸੰਬਧਿਤ ਮਿਤੱਰ/ਆਂ ਤੱਕ ਪੁੱਜਦਾ ਕਰਨ ਵਿੱਚ ਨਿਯਮਕ ਨਹੀਂ ਹਾਂ।
ਤੁਹਾਡੀ ਅਤੇ ਤੁਹਾਡੇ ਵਰਗੀਆਂ ਹੋਰ ਦਲੇਰ ਕਲਮਾਂ ਦੀ ਸਲਮਾਤੀ ਅਤੇ ਤਰੱਕੀ ਦਾ ਸਦਾ ਹੀ ਚਾਹਵਾਨ ਹਾਂ ।
ਪਿਆਰ ਨਾਲ ਤੁਹਾਡਾ ਆਪਣਾ,
ਨਵਕਿਰਨ