ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, February 1, 2013

ਲਾਂਸਰ ਗੀਤ: ਭਾਵਨਾਤਮਿਕ ਪ੍ਰਗਟਾਵੇ ਦੇ 'ਸਮਾਜਿਕ-ਸੱਭਿਆਚਾਰਕ' ਅਰਥ

ਸ ਗੰਧਲੀ ਗਾਇਕੀ ਦੇ ਦੌਰ ਵਿਚ ਬਹੁਤ ਸਾਰੇ ਚੰਗੇ ਗੀਤ ਵੀ ਆ ਰਹੇ ਹਨ। ਜਿਨ੍ਹਾਂ ਨੂੰ ਸੁਣ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਜ਼ਰੂਰੀ ਮਾੜਿਆਂ ਦਾ ਵਿਰੋਧ ਕਰਨਾ ਹੈ । ਇਨ੍ਹਾਂ ਵਿਚ ਮਾਨ ਭਰਾਵਾਂ ਦੀ ਸਤਰੰਗੀ ਪੀਂਘ, ਕੁਲਵਿੰਦਰ ਬਿੱਲੇ ਦਾ ਗੀਤ ਪੰਜਾਬ, ਹਰਜੀਤ ਹਰਮਨ ਦਾ ਸੰਸਾਰ, ਵਿਨੇਪਾਲ ਬੁੱਟਰ ਦਾ ਮੁਆਫੀਨਾਮਾ। ਅਸਲ ਵਿਚ ਮਾੜਿਆਂ ਵਲੋਂ ਖਿੱਚੀ ਲਕੀਰ ਦੇ ਬਰਾਬਰ ਚੰਗਿਆਂ ਵਲੋਂ ਵੱਡੀ ਲਕੀਰ ਖਿੱਚਣੀ ਪਵੇਗੀ ਤਾਂ ਜਾ ਕੇ ਕਿਤੇ ਕੋਈ ਅਸਰ ਹੋਵੇਗਾ। ਚਲੋ ਖੈਰ, ਅਸੀਂ ਆਪਣਾ ਆਪਣਾ ਕੰਮ ਇਮਾਨਦਾਰੀ ਨਾਲ ਕਰੀਏ ਤਾਂ ਹੀ ਕਿਸੇ ਚੰਗੇ ਨਤੀਜੇ ’ਤੇ ਪਹੁੰਚ ਸਕਾਂਗੇ। ਇਥੇ ਮੈਂ ਪਿਛਲੇ ਦਿਨੀਂ ਮਾਰਕੀਟ ਵਿਚ ਆਏ ਇਕ ਗੀਤ ਬਾਰੇ ਗੱਲ ਕਰਨ ਜਾ ਰਿਹਾਂ। ਇਸ ਗੀਤ ਦੇ ਕਈ ਚੰਗੇ ਪੱਖ ਨੇ।

ਗੀਤ ਹੈ ਜੱਸੀ ਗਿੱਲ ਦਾ - ਲਾਂਸਰ (lancer)। ਗੀਤ ਸ਼ੁਰੂ ਹੁੰਦਾ ਹੈ:

ਇਕੋ ਕਾਲਜ ਦੇ ਵਿਚ ਪੜ੍ਹਦੇ ਅਸੀਂ ਪਰਿੰਦੇ ਦੋ 
ਕਈਆਂ ਤੋਂ ਨੀਵੇਂ ਤਾਹੀਂ ਨਜ਼ਰੋਂ ਲਾਹੇ ਜੀ। 
ਮੈਂ ਰਾਹੀ ਮਿੰਨੀ ਬੱਸ ਦਾ ਸ਼ੌਕੀ ਪੜ੍ਹਣੇ ਦਾ 
ਉਦ੍ਹੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ ਜੀ।


ਸਿੱਧੇ ਤੌਰ ਤੇ ਇਹ ਗੀਤ ਆਮ ਪੇਂਡੂ ਨਿਮਨ ਮੱਧ ਵਰਗੀ ਮੁੰਡਿਆਂ ਦੇ ਖੂਬਸੂਰਤ ਕੁੜੀਆਂ ਨਾਲ ਪਿਆਰ ਨੂੰ ਪੇਸ਼ ਕਰਦਾ ਹੈ, ਪਿਆਰ ਜੋ ਹਾਲੇ ਵੀ ਇਕ ਸੁੱਚੀ ਭਾਵਨਾ ਮੰਨਿਆਂ ਜਾ ਰਿਹਾ ਹੈ, ਕਿਸੇ ਭੇਦ-ਭਾਵ, ਰੰਗ ਨਸਲ, ਜਾਤ-ਪਾਤ, ਊਚ-ਨੀਚ ਤੋਂ ਮੁਕਤ। ਪਰ ਅਸਿੱਧੇ ਤੌਰ ’ਤੇ ਸਾਡੇ ਸਮਕਾਲ ਦੀਆਂ ਪਰਤਾਂ ਨੂੰ ਬੜੀ ਸੰਜੀਦਗੀ ਨਾਲ ਫਰੋਲਦਾ ਹੈ। ਪਹਿਲੀ ਸਤਰ ਵਿਚ ਆਇਆ ਸ਼ਬਦ 'ਪਰਿੰਦੇ' ਸਾਰਿਆਂ ਦੀ ਬਰਾਬਰੀ ਦਾ ਪ੍ਰਤੀਕ ਹੈ। ਪਰਿੰਦੇ ਜਿਨ੍ਹਾਂ ਲਈ ਇਕੋ ਅੰਬਰ, ਇਕੋ ਹਵਾ, ਇਕੋ ਅਜ਼ਾਦੀ। ਪਰ ਪ੍ਰਬੰਧ ਨੇ ਪਰਿੰਦਿਆਂ ਨੂੰ ਵੀ ਉਚੇ ਨੀਵੇਂ ਬਣਾ ਕੇ ਰੱਖ ਦਿੱਤਾ ਹੈ। ਇਹੀ ਪਰਿੰਦੇ ਮਿੰਨੀ ਬੱਸ ਦੀ ਸਵਾਰੀ ਤੇ ਲਾਂਸਰ ਦੀ ਮਾਲਕੀ ਵਿਚ ਵੰਡ ਦਿੱਤੇ ਗਏ ਭਾਵ ਇਹ ਗੀਤ ਸਿੱਧੇ ਤੌਰ ’ਤੇ ਸਾਧਨ ਸੰਪੰਨ ਤੇ ਸਾਧਨਹੀਨ ਜਾਂ ਘੱਟ ਸਾਧਨ ਵਾਲਿਆਂ ਵਿਚਲੇ ਫਾਸਲੇ ਨੂੰ ਸੰਬੋਧਿਤ ਹੈ। ਗੀਤ ਸਮਾਜ ਦੇ ਦੋ ਵਰਗਾਂ ਦੀ ਹੈਸੀਅਤ ਨੂੰ ਸੰਬੋਧਿਤ ਹੈ। ਰਚਨਾਵਾਂ ਵਿਚ ਇਥੇ ਹੀ ਚੰਗੀ/ਮਾੜੀ ਜਾਂ ਹਾਂ-ਪੱਖੀ/ਨਾਂ-ਪੱਖੀ ਵਿਚਾਰਧਾਰਾ ਪਈ ਹੁੰਦੀ ਹੈ। ਚੰਗੀ ਕਲਾ ਨੂੰ ਹੋਰ ਕਿਸੇ ਨਾਅਰੇ ਦੀ ਲੋੜ ਨਹੀਂ ਹੁੰਦੀ।

ਮੈਂ ਕਦੇ ਫਾਲਤੂ ਬੈਠਾ ਨਾ ਕੰਨਟੀਨਾਂ ਤੇ 
ਉਦ੍ਹੇ ਟੌਮੀ ਲਿਖਿਆ ਹੁੰਦਾ ਨੇਫੇ ਜੀਨਾਂ ਤੇ 
ਦਿਲ ਕਰਦਾ ਉਹਨੂੰ ਟੱਕਰਾਂ ਬਰੋਬਰ ਦਾ ਹੋਕੇ 
ਪਰ ਬਹੁਤੇ ਲੋਨ ਨਹੀਂ ਮਿਲਦੇ ਘੱਟ ਜ਼ਮੀਨਾਂ ਤੇ 
ਉਹ ਖੜ੍ਹੀ ਪੰਪ ਤੇ ਟੈਂਕੀ ਫੁੱਲ ਕਰਾਉਂਦੀ ਆ 
ਬੱਸ ਦੀ ਮੂਰ੍ਹਲੀ ਟਾਕੀ ਖੜ੍ਹਾ ਰੰਝੇਟਾ ਜਾਵੇ ਜੀ

ਇਨ੍ਹਾਂ ਸਤਰਾਂ ਵਿਚ ਸਾਡੇ ਸਮਿਆਂ ਦਾ ਕਠੋਰ ਯਥਾਰਥ ਹੈ। ਇਕ ਪਾਸੇ ਕੰਟੀਨ ’ਤੇ ਵਿਹਲੇ ਨਾ ਬੈਠਣਾ ਤੇ ਪੜ੍ਹਣ ਦਾ ਸ਼ੌਕੀਨ ਤੇ ਦੂਜੇ ਪਾਸੇ ਮਹਿੰਗੇ ਬਰੈਂਡ। ਹੁਣ ਜੇ ਮਹਿੰਗੇ ਬਰੈਂਡਾਂ ਵਾਲਿਆਂ ਦੀ ਬਰੋਬਰੀ ਕਰਨ ਦਾ ਖਿਆਲ ਕਰਨਾ ਪੈਂਦਾ ਹੈ ਤਾਂ ਕਿਸੇ ਕਿਸਮ ਦੇ ਰੁਜ਼ਗਾਰ ਦੀ ਆਸ ਨਹੀਂ ...ਕਿਉਂਕਿ ਰੁਜ਼ਗਾਰ ਮਿਲਦਾ ਹੀ ਕਿੱਥੇ ਐ...ਤੇ ਜਿਹੜੇ ਬਰੋਬਰੀ ਕਰਨ ਲਗਦੇ ਆ ਉਨ੍ਹਾਂ ਨੂੰ ਵੀ ਜ਼ਮੀਨਾਂ ਤੋ ਲੋਨ ਲੈਣੇ ਪੈਂਦੇ ਆ। ਲੋਨ ਵੀ ਜ਼ਮੀਨ ਦੇ ਪੈਮਾਨਿਆਂ ’ਤੇ ਨਿਰਭਰ ਕਰਦੇ ਨੇ। ਇਹ ਕੌੜਾ ਸੱਚ ਹੈ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਚ ਘੁੰਮਦੀਆਂ ਪੰਜਾਬ ਦੇ ਪੇਂਡੂ ਮੁੰਡਿਆਂ ਦੀ ਗੱਡੀਆਂ ਮਾਪਿਆਂ ਦੀਆਂ ਜ਼ਮੀਨਾਂ ਨੂੰ ਧੂੰਆਂ ਬਣਾ ਕੇ ਉਡਾ ਰਹੀਆਂ ਹਨ। ਇਦ੍ਹੇ ਪਿੱਛੇ ਇਕ ਪਾਸੇ ਚਕਾਚੌਂਧ ਭਰਿਆ ਮਹਿੰਗੇ ਬਰਾਂਡਾ ਦਾ ਸੰਸਾਰ ਉਨ੍ਹਾਂ ਨੂੰ ਖਿੱਚਦਾ ਹੈ ਤੇ ਉਹ ਕਿਸੇ ਉਸਾਰੂ ਕੰਮ ਦੀ ਥਾਂ ਉਹ ਆਪਣੇ ਮਨਾਂ ਚ ਪਈ ਹੀਣ ਭਾਵਨਾ ਨੂੰ ਕੱਢਣ ਲਈ ਕਰਜ਼ਈ ਹੁੰਦੇ ਚਲੇ ਜਾਂਦੇ ਹਨ।

ਉਦ੍ਹੇ ਇਕ ਸੂਟ ਦੀ ਵਾਰੀ ਮਹੀਨਾ ਆਉਂਦੀ ਨਈਂ 
ਉਹ ਤਾਂ ਬਿਨਾਂ ਮੈਚਿੰਗ ਤੋਂ ਰਬਰ ਬੈਂਡ ਵੀ ਪਾਉਂਦੀ ਨਈਂ 
ਮੈਂ ਦੋ ਜੀਨਾਂ ਨੂੰ ਬਦਲ ਬਦਲ ਪਾ ਲੈਂਦਾ ਹਾਂ 
ਤਾਹੀਂਓਂ ਤਾਂ ਮੈਨੂੰ ਤੱਕ ਕੇ ਫੀਲਿੰਗ ਆਉਂਦੀ ਨਈਂ 
ਉਦ੍ਹੀ ਕਾਰ ਦੇ ਸ਼ੀਸ਼ੇ ਪਿੱਛੇ sonia ਲਿਖਿਆ ਏ 
ਤੇ ਮੈਂ ਚੇਤਕ ਮੂਹਰੇ ਮਿਹਰ ਕਰੀ ਲਿਖਵਾਏ ਜੀ 

ਪਹਿਰਾਵਿਆਂ ਦੇ ਪੈਮਾਨਿਆਂ ਨਾਲ ਮਨੁੱਖ ਦੀ ਸਥਿਤੀ ਨੂੰ ਸਾਡੇ ਸਮਕਾਲ ਨੇ ਕਿੰਨੀ ਕਰੂਰਤਾ ਨਾਲ ਜੋੜ ਲਿਆ ਹੈ। ਉਪਰੋਕਤ ਸਤਰਾਂ ਇਸਦਾ ਕਮਾਲ ਦਾ ਪ੍ਰਮਾਣ ਹਨ। ਸੂਟਾਂ ਦੀ ਬਹੁਤਾਤ ਤੇ ਸਿਰਫ ਦੋ ਜੀਨਾਂ ਦਾ ਹੋਣਾ, ਤੇ ਫਿਰ ਇਹ ਦੋ ਜੀਨਾਂ ਵਿਚ ਸਾਡੇ ਸਮਕਾਲ ਨੂੰ ਫੀਲਿੰਗ ਨਾ ਆਉਣਾ। ਇਸ ਤੋਂ ਵੱਡਾ ਵਿਅੰਗ ਹੋਰ ਕੋਈ ਨਹੀਂ ਹੋ ਸਕਦਾ ਇਹੋ ਜਿਹੀ ਸਥਿਤੀ ’ਤੇ। ਅਸਲ ਵਿਚ ਇਹ ਸਭਿਆਚਾਰਕ ਸਾਮਰਾਜਵਾਦ ਦੇ ਪੈਂਤੜੇ ਨੂੰ ਮੁਖਾਤਿਬ ਹੈ। ਇਸ ਵਰਤਾਰੇ ਬਾਰੇ ਜੇਮਜ਼ ਪੈਤਰਾਸ ਦੀਆਂ ਧਾਰਨਾਵਾਂ ਵੀ ਬਹੁਤ ਮਹੱਤਵਪੂਰਨ ਹਨ। ਉਹ ਲਿਖਦਾ ਹੈ:

“[ਸਭਿਆਚਾਰਕ ] ਸਾਮਰਾਜਵਾਦ ਦਾ ਅਰਥ ਪੱਛਮੀ ਦੇਸ਼ਾਂ ਦੇ ਹਾਕਮ ਵਰਗ [ਅਤੇ ਹਰ ਦੇਸ਼ ਦੇ ਪੂੰਜੀਪਤੀਆਂ] ਦੁਆਰਾ ਆਮ ਲੋਕਾਂ ਦੇ ਸਭਿਆਚਾਰਕ ਜੀਵਨ ਵਿਚ ਯੋਜਨਾਬੱਧ ਘੁਸਪੈਠ ਰਾਹੀਂ ਸਰਦਾਰੀ ਕਾਇਮ ਕਰਨਾ ਹੈ ਤਾਂ ਕਿ ਪੀੜਿਤ ਜਨਤਾ ਦੀਆਂ ਕਦਰਾਂ-ਕੀਮਤਾਂ, ਚਰਿੱਤਰ, ਸੰਸਥਾਵਾਂ ਅਤੇ ਪਛਾਣ ਨੂੰ ਸਾਮਰਾਜਵਾਦੀ ਵਰਗ ਦੇ ਜਮਾਤੀ ਹਿੱਤਾਂ ਦੇ ਅਨੁਕੂਲ ਬਣਾਇਆ ਜਾ ਸਕੇ।...ਸਭਿਆਚਾਰਕ ਸਾਮਰਾਜਵਾਦ ਜਨਤਾ ਨੂੰ ਆਪਣੀਆਂ ਸਭਿਆਚਾਰਕ ਜੜ੍ਹਾਂ ਅਤੇ ਇਕਮੁੱਠਤਾ ਦੀ ਪਰੰਪਰਾ ਨਾਲੋਂ ਤੋੜ ਕੇ ਉਸਦੀ ਥਾਂ ਮੀਡੀਏ ਦੁਆਰਾ ਪੈਦਾ ਕੀਤੀਆਂ ਉਨ੍ਹਾਂ ‘ਜ਼ਰੂਰਤਾਂ ‘ ਨੂੰ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਹੜੀਆਂ ਹਰ ਨਵੇਂ ਪ੍ਰਚਾਰ ਨਾਲ ਬਦਲਦੀਆਂ ਰਹਿੰਦੀਆਂ ਹਨ। ਇਸਦਾ ਰਾਜਨੀਤਿਕ ਮਕਸਦ ਮਨੁੱਖ ਨੂੰ ਟੁਕੜਿਆਂ ਵਿਚ ਵੰਡ ਕੇ ਇਕ ਦੂਜੇ ਤੋਂ ਵੱਖ ਕਰਨਾ, ਜਨਤਾ ਨੂੰ ਜਮਾਤ ਅਤੇ ਭਾਈਚਾਰੇ ਦੇ ਪਰੰਪਰਾਗਤ ਬੰਧਨਾਂ ਤੇ ਸੰਘਰਸ਼ਾਂ ਤੋਂ ਬੇਮੁੱਖ ਕਰਨਾ ਹੈ। ...ਜਨ-ਮਾਧਿਅਮ, ਪ੍ਰਚਾਰ-ਪਾਸਾਰ, ਵਿਗਿਆਪਨ ਤੇ ਲੌਕਿਕ ਮਨੋਰੰਜਨਤਾ ਅਤੇ ਬੁੱਧੀਜੀਵੀ ਅੱਜਕੱਲ੍ਹ [ਇਸ ਵਿਚ ]ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ।”

ਕਮਾਲ ਤੋਂ ਹੋਰ ਵੀ ਹੋਈ ਹੈ ਕਿ ਕਾਰ ਦੇ ਉੱਤੇ 'Sonia' ਲਿਖਿਆ ਹੈ ਤੇ ਸਕੂਟਰ ’ਤੇ 'ਮਿਹਰ ਕਰੀਂ ਦਾਤਿਆ' ਲਿਖਿਆ ਹੋਇਆ ਹੈ। ਇਥੇ ਸੋਨੀਆਂ ਆਪਣੇ ਆਪ ਚ ਹੀ ਸਮਕਾਲੀ ਰਾਜਨੀਤੀ ਦਾ ਪ੍ਰਤੀਕ ਹੈ ਅਤੇ ਨਿੱਜਤਾ ਦਾ ਵੀ ਪ੍ਰਤੀਕ ਹੈ, ਜਦੋਂ ਕਿ ਦੂਜੇ ਪਾਸੇ ਨਾਇਕ ਮੁੰਡੇ ਨੇ ਨਿੱਜੀ ਪਛਾਣ ਦੀ ਥਾਂ ਸਮੂਹ ਦੇ ਭਲੇ ਦੀ ਗੱਲ ਲਿਖਵਾਈ ਹੋਈ ਹੈ ਪਰ ਦਾਤੇ ਦੀ ਮਿਹਰ ਕਦੋਂ ਹੋਵੇਗੀ ਤੇ ਕੀ ਹੋਵੇਗੀ? ਇਹ ਸਵਾਲ ਬੜਾ ਗੁੰਝਲਦਾਰ ਹੈ। ਇਸ ਦੇ ਨਾਲ ਹੀ sonia ਨਾਂ ਦਾ ਅੰਗਰੇਜ਼ੀ ਚ ਲਿਖਿਆ ਹੋਣਾ ਤੇ 'ਮਿਹਰ ਕਰੀਂ ਦਾਤਿਆ' ਪੰਜਾਬੀ ਚ ਲਿਖਿਆ ਹੋਣਾ ਪੰਜਾਬੀ ਭਾਸ਼ਾ ਦੀ ਸਥਿਤੀ ਦਾ ਸੱਚ ਪੇਸ਼ ਕਰਦਾ ਹੈ। ਅਮੀਰ ਸ਼੍ਰੇਣੀ ਦੇ ਅੰਗਰੇਜ਼ੀ ਮੋਹ ਤੇ ਆਮ ਪੇਂਡੂ ਲੋਕਾਂ ਦਾ ਹਾਲੇ ਵੀ ਪੰਜਾਬੀ ਨਾਲ ਜੁੜਿਆ ਹੋਣਾ ਇਸ ਵੀਡੀਓ ਰਾਹੀਂ ਬਾਖੂਬੀ ਪੇਸ਼ ਕੀਤਾ ਗਿਆ ਹੈ।

ਉਹਨੂੰ ਚਾਅ ਬੜਾ ਯੁਵਰਾਜ ਦਾ ਸੈਂਕੜਾ ਕੀਤੇ ਦਾ 
ਤੇ ਮੈਂ ਸ਼ੁਭਚਿੰਤਕ ਮੰਗੇ ਤੇ ਕੁਲਜੀਤੇ ਦਾ 
ਬੇਸ਼ੱਕ ਨਰਿੰਦਰਾ ਸੋਚਾਂ ਦੇ ਵਿਚ ਦੂਰੀ ਐ 
ਪਰ ਮਜ਼ਾ ਬੜਾ ਇਕ ਤਰਫੋਂ ਆਸ਼ਕੀ ਕੀਤੇ ਦਾ 
ਉਦ੍ਹੇ ਸ਼ਹਿਰ ਦੇ ਚਰਚੇ ਹੁੰਦੇ ਨੇ ਡਿਸਕਵਰੀ ਤੇ 
ਬਾਠਾਂ ਕਲਾਂ ਨੂੰ ਖੰਨਿਓਂ ਮਿੰਨੀ ਬੱਸ ਨਾ ਆਵੇ ਜੀ..

ਗੀਤ ਦੀਆਂ ਆਖਰੀ ਸਤਰਾਂ ਸਾਡੇ ਵਿਚ ਵਧੇ ਹੋਏ ਪਾੜੇ ਨੂੰ ਹੋਰ ਵੀ ਖੂਬਸੂਰਤੀ ਨਾਲ ਪੇਸ਼ ਕਰਦੀਆਂ ਹਨ। ਇਕ ਪਾਸੇ ਅਮੀਰਾਂ ਦੀ ਖੇਡ ਹੈ ਤੇ ਅਮੀਰਾਂ ਦੇ ਸਰੋਕਾਰ, ਬਿਜ਼ਨਸ, ਚਾਅ ਸਭ ਇਸੇ ਨਾਲ ਜੁੜਿਆ ਹੋਇਐ। ਦੂਜੇ ਪਾਸੇ ਲੋਕਲ ਖੇਡ ਕਬੱਡੀ ਦਾ ਮੋਹ ਹੈ ਤੇ ਗੀਤ ਸਪਸ਼ਟ ਤੌਰ ਤੇ ਸੋਚਾਂ ਵਿਚਲੀ ਦੂਰੀ ਨੂੰ ਸਤਰਾਂ ਰਾਹੀਂ ਹੀ ਦੱਸ ਰਿਹਾ ਹੈ। ਮੀਡੀਆ ਕਿਵੇਂ ਇਸ ਪਾੜੇ ਨੂੰ ਵਧਾ ਰਿਹਾ ਇਸ ਦਾ ਪ੍ਰਮਾਣ ਇਕ ਪਾਸੇ ਸ਼ਹਿਰ ਦੇ ਚਰਚੇ ਡਿਸਕਵਰੀ ਚੈਨਲ ਤੇ ਹੋਣੈ ਤੇ ਦੂਜੇ ਪਾਸੇ ਆਮ ਪਿੰਡਾਂ ਨੂੰ ਹਾਲੇ ਤਕ ਸਿੱਧੀ ਬੱਸ ਦਾ ਪ੍ਰਬੰਧ ਵੀ ਨਾ ਹੋਣਾ। ਇਹ ਵਿਅੰਗ ਰੌਂਗਟੇ ਖੜ੍ਹੇ ਕਰ ਦਿੰਦਾ ਹੈ। ਭਾਵੇਂ ਨਾਇਕ ਹਾਲੇ ਵੀ ਇਕ ਤਰਫਾ ਮੁਹੱਬਤ ਦੀ ਗੱਲ ਕਰਦਾ ਦਿਸਦਾ ਹੈ ਪਰ ਵੀਡੀਓ ਵਿਚ ਮਹਿੰਗੀ ਕਾਰ ਦਾ ਉਸ ਦੇ ਚਾਵਾਂ ਦੇ ਗੁਲਾਬ ਨੂੰ ਧੂੜ ਵਿਚ ਰੋਲ ਦੇਣ ਦਾ ਦ੍ਰਿਸ਼ ਇਸ ਪਾੜੇ ਦੀ ਕਰੂਰਤਾ ਦਾ ਸੰਕੇਤ ਹੈ ਅਤੇ ਸਾਡੀ ਅਜਿਹੀ ਇਕਤਰਫਾ ਭਾਵਨਾ ਲਈ ਸਵਾਲ ਵੀ ਹੈ। ਜਿੱਥੇ ਸ਼ੌਕ ਪੜ੍ਹਣ ਦਾ ਹੈ ਪਰ ਸਮਕਾਲ ਚਕਾਚੌਂਧ ਦਾ।  

ਜ਼ਰੂਰੀ ਨਹੀਂ ਗੀਤ ਵਿਚ ਕਿਸੇ ਕਿਸਮ ਦਾ ਸਿੱਧਾ ਹੱਲ ਹੀ ਦੇ ਦਿੱਤਾ ਜਾਵੇ। ਜਿਹੜਾ ਪ੍ਰਭਾਵ ਇਹ ਹੈ ਕਿ ਗੀਤ ਵਿਚ ਅਮੀਰ ਕੁੜੀ ਵੱਲ ਹੀ ਆਕਰਸ਼ਣ ਕਿਉਂ ਹੈ? ਅਸਲ ਵਿਚ ਮੀਡੀਏ ਨੇ ਸਾਡੀ ਸੁਹਜ ਚੇਤਨਾ ਹੀ ਅਜਿਹੀ ਬਣਾ ਦਿੱਤੀ ਕਿ ਸਾਨੂੰ ਮਹਿੰਗੀਆਂ ਕਾਰਾਂ, ਅਮੀਰ ਨਾਰਾਂ ਤੇ ਵੱਡੀਆਂ ਬਾਜ਼ਾਰਾਂ ਹੀ ਚੰਗੀਆਂ ਲਗਦੀਆਂ ਨੇ। ਮਨੁੱਖ ਹੁਣ ਮੀਡੀਆ, ਕੰਪਿਊਟਰ, ਇੰਟਰਨੈੱਟ ਆਦਿ ਸੰਚਾਰ ਸਾਧਨਾਂ ਰਾਹੀਂ ਪੈਦਾ ਕੀਤੇ ਪ੍ਰਵਚਨਾਂ ਵਿਚ ਗੁਆਚ ਕੇ ਰਹਿ ਗਿਆ ਹੈ ਜਿਸ ਬਾਰੇ ਫ਼ੈਡਰਿਕ ਜੇਮਸਨ ਕਹਿੰਦਾ ਹੈ ਕਿ “ਗਲੋਬਲ ਪੂੰਜੀਵਾਦ ਦਾ ਇਹ ਪੇਚੀਦਾ ਤਾਣਾ-ਬਾਣਾ ਮਨੁੱਖ ਲਈ ਇੰਨਾ ਦਿਸ਼ਾ-ਭਟਕਾਊ ਬਣ ਗਿਆ ਹੈ ਕਿ ਉਹ ਇਸ ਵਿਚ ਆਪਣੀ ਸਥਿਤੀ ਦਾ ਸਹੀ ਅਨੁਮਾਨ ਹੀ ਨਹੀਂ ਲਾ ਸਕਦਾ।”

ਕਿਸੇ ਗੀਤ ਤੇ ਉਸਦੀ ਵੀਡਓ ਵਿਚ ਇਸ ਕਦਰ ਸਮਕਾਲੀ ਯਥਾਰਥ ਨੁੰ ਪੇਸ਼ ਕਰ ਸਕਣਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਚੰਗੀ ਗੱਲ ਹੈ ਕਿ ਗੀਤਾਂ ਵਿਚ ਆਮ ਮੁੰਡੇ ਵੀ ਨਾਇਕ ਵਜੋਂ ਆ ਰਹੇ ਨੇ ਤੇ ਇਹ ਨਾਇਕ ਬਾਰੇ ਪ੍ਰਚਲਿਤ ਪੈਮਾਨਿਆਂ ਨੂੰ ਵੀ ਤੋੜ ਰਹੇ ਨੇ। ਤੇ ਸਵਾਲ ਵੀ ਖੜ੍ਹੇ ਕਰ ਰਹੇ ਨੇ ਕਿ ਕੀ ਬਣੇਗਾ ਪਿਆਰ ਵਰਗੀ ਸੱਚੀ-ਸੁੱਚੀ ਭਾਵਨਾ ਦਾ? ਪੜ੍ਹਣ ਦਾ ਸ਼ੌਕ ਰੱਖਣ ਵਾਲਿਆਂ ਨੂੰ ਕਦੋਂ ਚੰਗੀ ਜ਼ਿੰਦਗੀ ਮਿਲੇਗੀ? ਮਾੜਿਆਂ ਦਾ ਵਿਰੋਧ ਵੀ ਜ਼ਰੂਰੀ ਹੈ ਪਰ ਚੰਗਿਆਂ ਦੀ ਪ੍ਰਸੰਸਾ ਲਾਜ਼ਮੀ ਹੈ।

ਪਰਮਜੀਤ ਸਿੰਘ ਕੱਟੂ, ਰਿਸਰਚ ਸਕਾਲਰ
ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ। 9463124131 
Email--pkattu@yahoo.in
MOB-9463124131

15 comments:

 1. manu te taras ayinda aapne desh de budhijivian te,,,,,,,,,,,,,,,,,,,,,,!

  ReplyDelete
  Replies
  1. sukhjot ji, article te tuhade comment wich koi relation ni samajh aya.. pls explain

   Delete
 2. ਮੈਂ ਰਾਹੀ ਮਿੰਨੀ ਬੱਸ ਦਾ ਸ਼ੌਕੀ ਪੜ੍ਹਣੇ ਦਾ
  ਉਦ੍ਹੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ ਜੀ। ਵਾਲਾ "ਫਾਹੇ ਜੀ" ਅਰਥ ਸਪਸਟ ਨਹੀਂ ਹੋ ਸਕਿਆ |

  ReplyDelete
 3. sukhjot is right. scholars aive dimag lagai jande ne, likhan wale ni bhave tukbandi hi kitti hove. kinni tarasjog halat e pade-likhe loga di!!!

  ReplyDelete
 4. ਮੈਂ ਕਦੇ ਫਾਲਤੂ ਬੈਠਾ ਨਾ ਕੰਨਟੀਨਾਂ ਤੇ
  ਉਦ੍ਹੇ ਟੌਮੀ ਲਿਖਿਆ ਹੁੰਦਾ ਨੇਫੇ ਜੀਨਾਂ ਤੇ
  ਦਿਲ ਕਰਦਾ ਉਹਨੂੰ ਟੱਕਰਾਂ ਬਰੋਬਰ ਦਾ ਹੋਕੇ
  ਪਰ ਬਹੁਤੇ ਲੋਨ ਨਹੀਂ ਮਿਲਦੇ ਘੱਟ ਜ਼ਮੀਨਾਂ ਤੇ
  ਉਹ ਖੜ੍ਹੀ ਪੰਪ ਤੇ ਟੈਂਕੀ ਫੁੱਲ ਕਰਾਉਂਦੀ ਆ
  ਬੱਸ ਦੀ ਮੂਰ੍ਹਲੀ ਟਾਕੀ ਖੜ੍ਹਾ ਰੰਝੇਟਾ ਜਾਵੇ ਜੀ

  ਜੇ ਇਹ ਮਧ-ਵਰਗ ਦਾ ਦੁੱਖ ਹੈ ਤਾਂ ਮਧ ਵਰਗ ਨੂੰ ਕਿਸ ਦ੍ਰਿਸਟੀ ਤੋਂ ਆਂਕਿਆ ਜਾ ਰਿਹਾ ਹੈ ਉਹ ਤਾਂ ਲੋਨ ਲੈਕੇ ਵੀ ਉਹਨੂੰ ਬਰਾਬਰ ਦਾ ਹੋਕੇ ਟੱਕਰਨ ਦੀ ਹਸਰਤ ਨਾਲ ਭਰਿਆ ਹੋਇਆ ਹੈ .....ਪਤਾ ਨਹੀਂ ਫੁਕਰੀ ਮੰਡੀਰ (ਜੋ ਪੜ੍ਹਨ ਤੋਂ ਵਧ, ਅਮੀਰ ਕੁੜੀਆਂ ਵੱਲ ਲਾਲਾਂ ਸੁੱਤੀ ਫਿਰਦੀ ਆ) ਨੂੰ ਮੱਦੇ ਨਜ਼ਰ ਰੱਖ ਲਿਖੇ ਗੀਤ ਵਿਚੋਂ ਕਿੱਡੇ ਕਿੱਡੇ ਅਰਥ ਕਢ ਮਾਰੇ ਨੇ |

  ReplyDelete
 5. ਕਿਸੇ ਵੀ ਸਮਾਜਿਕ ਟੈਕਸਟ ਨੂੰ ਅਛੂਤ ਮੰਨਣਾ ਖਤਰਨਾਕ ਗੈਰ-ਜਮਹੂਰੀ ਵਰਤਾਰਾ ਹੈ। ਤੁਹਾਡਾ ਲਿਖਤ ਨਾਲ ਸਹਿਮਤ ਨਾ ਹੋਣਾ ਠੀਕ ਗੱਲ ਹੋ ਸਕਦੀ ਹੈ ਪਰ ਰੱਦ ਕਰਨ ਨਾਲੋਂ ਤੁਸੀਂ ਸਮਾਜ ਸਾਹਮਣੇ ਆਪਣਾ ਵਿਸਲੇਸ਼ਣ ਰੱਖ ਸਕਦੇ ਹੋਂ। ਫਿਲਾਸਫੀਕਲ ਆਰੇ ਚਲਾਉਣਾ ਚੰਗੀ ਕਸਰਤ ਨਹੀਂ ਹੈ ਤੇ ਸਭ ਤੋਂ ਵੱਡੀ ਇਮਾਨਦਾਰ ਤੇ ਜੁਅੱਰਤਮੰਦ ਗੱਲ ਆਪਣੇ ਨਾਂਅ ਦੀ ਪਛਾਣ ਨਾਲ ਗੱਲ ਰੱਖਣਾ ਹੈ। ਜੇ ਤਸੀਂ ਐਨੇ ਕੁ ਵੀ ਇਮਾਨਦਾਰ ਨਹੀਂ ਤਾਂ ਕਿਸੇ ਇਨਕਲਾਬ ਲਈ ਇਮਾਨਦਾਰ ਹੋਣ ਸਬੰਧੀ ਤੁਸੀਂ ਲੱਖ ਸ਼ੱਕਾਂ ਦੇ ਘੇਰੇ ਹੇਠ ਆਉਂਦੇ ਹੋਂ। ਇਸ ਤੋਂ ਪਹਿਲਾਂ ਵੀ ਕਈ ਵੱਡੇ ਇਨਕਲਾਬੀ ਆਪਣੇ ਨਾਂਅ ਤੋਂ ਬਗੈਰ ਕੁਮੈਂਟ ਕਰਦੇ ਰਹੇ ਹਨ,ਜੋ ਪੰਜਾਬ ਦੇ ਅਜਿਹੇ ਬੇਨਾਮੇ ਬੁਨਿਆਦੀ ਗੈਰ ਇਮਾਨਦਾਰੀ ਇਲਕਲਾਬੀ ਯੋਧਿਆਂ ਦੀ ਡਰੂ-ਚੋਰ ਮਾਨਸਿਕਤਾ ਦਰਸਾਉਂਦੇ ਹਨ।

  Yadwinder Karfew

  ReplyDelete
 6. be matlbi mansik ksrat krn naalo ghtto ghtt vrtareya nu sahi samaj di koshish ta honi hi chahidi hai...................
  bilkul is geet te bina vjah hi mansik ksrat kiti hoi hai.....................

  Sunny Mehta

  ReplyDelete
  Replies
  1. ਪਹਿਰਾਵਿਆਂ ਦੇ ਪੈਮਾਨਿਆਂ ਨਾਲ ਮਨੁੱਖ ਦੀ ਸਥਿਤੀ ਨੂੰ ਸਾਡੇ ਸਮਕਾਲ ਨੇ ਕਿੰਨੀ ਕਰੂਰਤਾ ਨਾਲ ਜੋੜ ਲਿਆ ਹੈ। ਉਪਰੋਕਤ ਸਤਰਾਂ ਇਸਦਾ ਕਮਾਲ ਦਾ ਪ੍ਰਮਾਣ ਹਨ। ਸੂਟਾਂ ਦੀ ਬਹੁਤਾਤ ਤੇ ਸਿਰਫ ਦੋ ਜੀਨਾਂ ਦਾ ਹੋਣਾ, ਤੇ ਫਿਰ ਇਹ ਦੋ ਜੀਨਾਂ ਵਿਚ ਸਾਡੇ ਸਮਕਾਲ ਨੂੰ ਫੀਲਿੰਗ ਨਾ ਆਉਣਾ। ਇਸ ਤੋਂ ਵੱਡਾ ਵਿਅੰਗ ਹੋਰ ਕੋਈ ਨਹੀਂ ਹੋ ਸਕਦਾ ਇਹੋ ਜਿਹੀ ਸਥਿਤੀ ’ਤੇ। ਅਸਲ ਵਿਚ ਇਹ ਸਭਿਆਚਾਰਕ ਸਾਮਰਾਜਵਾਦ ਦੇ ਪੈਂਤੜੇ ਨੂੰ ਮੁਖਾਤਿਬ ਹੈ।

   ਇਹ ਬੇਮਤਲਬ ਕਸਰਤ ਹੈ?

   Delete
  2. ਕਾਰ ਦੇ ਉੱਤੇ 'Sonia' ਲਿਖਿਆ ਹੈ ਤੇ ਸਕੂਟਰ ’ਤੇ 'ਮਿਹਰ ਕਰੀਂ ਦਾਤਿਆ' ਲਿਖਿਆ ਹੋਇਆ ਹੈ। ਇਥੇ ਸੋਨੀਆਂ ਆਪਣੇ ਆਪ ਚ ਹੀ ਸਮਕਾਲੀ ਰਾਜਨੀਤੀ ਦਾ ਪ੍ਰਤੀਕ ਹੈ ਅਤੇ ਨਿੱਜਤਾ ਦਾ ਵੀ ਪ੍ਰਤੀਕ ਹੈ, ਜਦੋਂ ਕਿ ਦੂਜੇ ਪਾਸੇ ਨਾਇਕ ਮੁੰਡੇ ਨੇ ਨਿੱਜੀ ਪਛਾਣ ਦੀ ਥਾਂ ਸਮੂਹ ਦੇ ਭਲੇ ਦੀ ਗੱਲ ਲਿਖਵਾਈ ਹੋਈ ਹੈ ਪਰ ਦਾਤੇ ਦੀ ਮਿਹਰ ਕਦੋਂ ਹੋਵੇਗੀ ਤੇ ਕੀ ਹੋਵੇਗੀ? ਇਹ ਸਵਾਲ ਬੜਾ ਗੁੰਝਲਦਾਰ ਹੈ। ਇਸ ਦੇ ਨਾਲ ਹੀ sonia ਨਾਂ ਦਾ ਅੰਗਰੇਜ਼ੀ ਚ ਲਿਖਿਆ ਹੋਣਾ ਤੇ 'ਮਿਹਰ ਕਰੀਂ ਦਾਤਿਆ' ਪੰਜਾਬੀ ਚ ਲਿਖਿਆ ਹੋਣਾ ਪੰਜਾਬੀ ਭਾਸ਼ਾ ਦੀ ਸਥਿਤੀ ਦਾ ਸੱਚ ਪੇਸ਼ ਕਰਦਾ ਹੈ। ਅਮੀਰ ਸ਼੍ਰੇਣੀ ਦੇ ਅੰਗਰੇਜ਼ੀ ਮੋਹ ਤੇ ਆਮ ਪੇਂਡੂ ਲੋਕਾਂ ਦਾ ਹਾਲੇ ਵੀ ਪੰਜਾਬੀ ਨਾਲ ਜੁੜਿਆ ਹੋਣਾ ਇਸ ਵੀਡੀਓ ਰਾਹੀਂ ਬਾਖੂਬੀ ਪੇਸ਼ ਕੀਤਾ ਗਿਆ ਹੈ।

   ਇਹ ਬੇਮਤਲਬ ਕਸਰਤ ਹੈ?
   ਕੋਈ ਤਰਕ ਹੈ ਸਨੀ ਮਹਿਤਾ ਕੋਲ?

   Delete
  3. ਕੀ ਇਹ ਬੇਮਤਲਬ ਹੈ?

   ਇਕ ਪਾਸੇ ਅਮੀਰਾਂ ਦੀ ਖੇਡ ਹੈ ਤੇ ਅਮੀਰਾਂ ਦੇ ਸਰੋਕਾਰ, ਬਿਜ਼ਨਸ, ਚਾਅ ਸਭ ਇਸੇ ਨਾਲ ਜੁੜਿਆ ਹੋਇਐ। ਦੂਜੇ ਪਾਸੇ ਲੋਕਲ ਖੇਡ ਕਬੱਡੀ ਦਾ ਮੋਹ ਹੈ ਤੇ ਗੀਤ ਸਪਸ਼ਟ ਤੌਰ ਤੇ ਸੋਚਾਂ ਵਿਚਲੀ ਦੂਰੀ ਨੂੰ ਸਤਰਾਂ ਰਾਹੀਂ ਹੀ ਦੱਸ ਰਿਹਾ ਹੈ। ਮੀਡੀਆ ਕਿਵੇਂ ਇਸ ਪਾੜੇ ਨੂੰ ਵਧਾ ਰਿਹਾ ਇਸ ਦਾ ਪ੍ਰਮਾਣ ਇਕ ਪਾਸੇ ਸ਼ਹਿਰ ਦੇ ਚਰਚੇ ਡਿਸਕਵਰੀ ਚੈਨਲ ਤੇ ਹੋਣੈ ਤੇ ਦੂਜੇ ਪਾਸੇ ਆਮ ਪਿੰਡਾਂ ਨੂੰ ਹਾਲੇ ਤਕ ਸਿੱਧੀ ਬੱਸ ਦਾ ਪ੍ਰਬੰਧ ਵੀ ਨਾ ਹੋਣਾ। ਇਹ ਵਿਅੰਗ ਰੌਂਗਟੇ ਖੜ੍ਹੇ ਕਰ ਦਿੰਦਾ ਹੈ।

   Delete
 7. ਬਾਈ ਯਰ ਦਵਾਈ ਦਵੁਈ ਲੈ ਲੈ ਕੋਈ
  ਇਨ੍ਹਾ ਦਿਮਾਗ ਜੇ ਕਿਸੇ ਚੱਜ ਦੀ ਜਗਾਹ ਲਾਇਆ ਹੁੰਦਾ ਤਾਂ ਸਮਾਜ ਨੂੰ ਫਾਇਦਾ ਹੋਣਾ ਸੀ
  ਬਾਕੀ ਸਦਕੇ ਜਾਈਏ ਥੋਡੀ 'ਭੋਰੂ ਰਚਨਾਤਮਕਤਾ' ਤੇ
  ਬਾਈ ਸਿਰਾ ਹੀ ਲਾ ਤਾ
  ਅੱਗੇ ਤਾਂ ਕੋਈ ਗਾਣਾ ਗੁਣਾ ਸੁਣ ਹੀ ਲੈਂਦੇ ਸੀ
  ਭਰ ਹੁਣ ਤਾਂ ਓਹਦੇ ਜੋਗੇ ਵੀ ਨਹੀ ਰਹੇ

  ReplyDelete
  Replies
  1. ਆਹ Anonymous lyi...
   ਕੋਈ ਤਰਕ ਹੈ ਤਾਂ ਗੱਲ ਕਰ ਭਰਾਵਾ ਨਹੀਂ ਤਾਂ ਤੇਰੇ ਵਰਗਿਆਂ ਦਾ ਇਹੀ ਹਾਲ ਹੈ ਕਿ
   ਇਕ ਵਾਰ ਦੀ ਗੱਲ ਹੈ। ਇਕ ਪਿੰਡ ਵਿਚ ਭਲਵਾਨ ਰਹਿੰਦਾ ਸੀ। ਭਲਵਾਨ ਸਿਰਫ ਸਰੀਰ ਦਾ ਹੀ ਮੋਟਾ ਨਹੀਂ ਸੀ ਦਿਮਾਗ ਦਾ ਵੀ ਮੋਟਾ ਸੀ। ਉਸ ਨੂੰ ਵਹਿਮ ਪੈ ਗਿਆ ਕਿ ਮੈਂ ਮੁਲਕ ਦੇ ਪ੍ਰਧਾਨ ਮੰਤਰੀ ਨਾਲ ਕੁਸ਼ਤੀ ਕਰਕੇ ਉਸ ਨੂੰ ਹਰਾ ਦੇਵਾਂਗਾ ਤੇ ਖੁਦ ਪ੍ਰਧਾਨ ਮੰਤਰੀ ਬਣ ਜਾਵਾਂਗਾ। ਇਸ ਗੱਲ ਤੇ ਸ਼ਰਾਰਤੀ ਲੋਕ ਉਸ ਦਾ ਮਾਖੌਲ ਉਡਾਉਂਦੇ ਰਹਿੰਦੇ ਪਰ ਨਾਲ ਹੀ ਉਸ ਨੂੰ ਫੂਕ ਛਕਾਉਂਦੇ ਰਹਿੰਦੇ (ਫੂਕ ਛਕਾਉਣਾ ਮੁਹਾਵਰਾ ਹੈ ਕਈ ਛਕੀ ਵੀ ਜਾਂਦੇ ਆ ਕਹਿ ਵੀ ਸਕਦੇ ਆ ਕਿ 'ਕੀ ਫੂਕ ਛਕੀ ਜਾ ਸਕਦੀ ਹੈ?') ਸ਼ਰਾਰਤੀਆਂ ਨੇ ਕਿਹਾ, "ਬਈ, ਭਲਵਾਨਾ ਜੇ ਐਨਾ ਈ ਤਕੜਾਂ ਤਾਂ ਆਪਣੇ ਪਿੰਡ ਕੋਲ ਦੀ ਲੰਘਗੀ ਰੇਲ ਰੋਕ ਕੇ ਦਿਖਾ?" ਭਲਵਾਨ ਫੇਰ ਫੂਕ ਛਕ ਗਿਆ। ਭੀੜ ਜੁੜ ਗਈ। ਭਲਵਾਨ ਖੜ੍ਹਾ ਰੇਲ ਦੀ ਪਟੜੀ ਤੇ। ਰੇਲ ਆ ਰਹੀ ਹੈ। ਭਲਵਾਨ ਡਟਿਆ ਖੜ੍ਹਾ। ਰੇਲ ਹੋਰ ਨੇੜੇ ਆ ਰਹੀ ਹੈ।ਰੇਲ ਦਾ ਹਾਰਨ ਵੱਜ ਰਿਹਾ ਹੈ। ਭਲਵਾਨ ਡਟਿਆ ਖੜ੍ਹਾ। ਰੇਲ ਦਾ ਹਾਰਨ ਫੇਰ ਵੱਜ ਰਿਹਾ ਹੈ। ਤੇ ਜਦੋਂ ਰੇਲ ਨੇੜੇ ਆ ਗਈ ਭਲਵਾਨ ਛਾਲ ਮਾਰ ਕੇ ਔਹ ਕਿ ਔਹ ਗਿਆ। ਰੇਲ ਆਪਦੀ ਚਾਲ ਲੰਘ ਗਈ। ਸ਼ਰਾਰਤੀ ਕਹਿੰਦੇ, "ਭਲਵਾਨਾ, ਰੇਲ ਰੁਕੀ ਤਾਂ ਹੈਨੀ ਤੇਰੇ ਤੋਂ?"।
   ਆਖਰ ਮੋਟਾ ਦਿਮਗ ਸੀ ਨਾ, ਭਲਵਾਨ ਕਹਿੰਦਾ, "ਰੁਕੀ ਭਾਵੇਂ ਨਾ ਰੁਕੀ...ਸਾਲੀ ਦੀਆਂ ਚੀਕਾਂ ਕਢਾਤੀਆਂ।"
   ਭੀੜ ਹੱਸ ਰਹੀ ਸੀ। ਭਲਵਾਨ ਸਮਝ ਰਿਹਾ ਸੀ ਰੇਲ ਤੇ ਹੱਸ ਰਹੀ ਹੈ ਪਰ ਉਹ ਭੀੜ ਭਲਵਾਨ ਤੇ ਹੱਸ ਰਹੀ ਸੀ।
   ਅੱਜ ਕੱਲ੍ਹ ਫੇਸਬੁੱਕ ਤੇ ਵੀ ਬਹੁਤ ਭਲਵਾਨ ਨੇ...ਉਨ੍ਹਾਂ ਨਾਲ ਇਵੇਂ ਈ ਵਾਪਰ ਰਿਹਾ।
   -ਪਰਮਜੀਤ ਕੱਟੂ

   Delete
 8. ਇੱਕ ਗੁਲਾਮ ਕਲਮ ਆਲਿਆਂ ਨੂੰ ਬੇਨਤੀ ਆ ਕੇ ਮੇਰਾ ਉਪਰਲਾ ਕਮੇੰਟ delete ਨਾ ਕੀਤਾ ਜਾਵੇ ਕਿਓੰਕੇ "ਕਿਸੇ ਵੀ ਸਮਾਜਿਕ ਟੈਕਸਟ ਨੂੰ ਅਛੂਤ ਮੰਨਣਾ ਖਤਰਨਾਕ ਗੈਰ-ਜਮਹੂਰੀ ਵਰਤਾਰਾ ਹੈ। ਤੁਹਾਡਾ ਲਿਖਤ ਨਾਲ ਸਹਿਮਤ ਨਾ ਹੋਣਾ ਠੀਕ ਗੱਲ ਹੋ ਸਕਦੀ ਹੈ ਪਰ ਰੱਦ ਕਰਨ ਨਾਲੋਂ ਤੁਸੀਂ ਸਮਾਜ ਸਾਹਮਣੇ ਆਪਣਾ ਵਿਸਲੇਸ਼ਣ ਰੱਖ ਸਕਦੇ ਹੋਂ। ਫਿਲਾਸਫੀਕਲ ਆਰੇ ਚਲਾਉਣਾ ਚੰਗੀ ਕਸਰਤ ਨਹੀਂ ਹੈ"

  ReplyDelete
  Replies
  1. ਗੁਲਾਮ ਕਲਮ ਵਾਲੇ ਤੇਰਾ ਕੁਮੈਂਟ ਡੀਲੀਟ ਕਿਉਂ ਕਰਨਗੇ...? ਇਦ੍ਹੈ ਚ ਕਿਹੜਾ ਬਹੁਤ ਵੱਡਾ ਫਲਸਫਾ ਆ ਗਿਆ ਜੋ ਡੀਲੀਟ ਕਰਨ ਨਾਲ ਖਤਮ ਹੋ ਜਾਵੇਗਾ। ਇਹ ਕੁਮੈਂਟ ਦੇ ਹੋਣ ਜਾਂ ਨਾ ਹੋਣ ਦਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਬੌਧਿਕ ਕੰਗਾਲੀ ਤਾਂ ਇਹ ਹੈ ਕਿ ਇਸ ਕੁਮੇਂਟ ਨੂੰ ਇਹ Anonymous ਸਮਾਜਿਕ ਟੈਕਸਟ ਮੰਨੀਂ ਬੈਠਾ।
   - ਪਰਮਜੀਤ ਕੱਟੂ

   Delete