ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, February 4, 2013

'ਵਿਰਾਸਤੀ ਭੂਤਾਂ' ਤੋਂ ਮੁਕਤੀ ਤੋਂ ਲੋੜ

ਰੇਕ ਦੇਸ਼,ਕੌਮ ਨੂੰ ਆਪਣੇ ਵਿਰਸੇ,ਆਪਣੀ ਪ੍ਰੰਪਰਾ ,ਆਪਣੀਆਂ ਰਵਾਇਤਾਂ 'ਤੇ ਮਾਣ ਹੁੰਦਾ ਹੈ ।ਹੋਣਾ ਵੀ ਚਾਹੀਦਾ ਹੈ । ਪਰ ਇੱਕ ਪੱਧਰ ਤੇ ਜਾ ਕੇ ਕੁਛ ਪ੍ਰੰਪਰਾਵਾਂ,ਪੈਰਾਂ ਵਿੱਚ ਬੇੜੀਆਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ । ਇਹ ਗਿੱਲੇ ਕੱਪੜਿਆਂ ਵਾਂਗ ਹੋ ਜਾਂਦੀਆਂ ਹਨ ,ਜਿਹਨਾਂ ਨੂੰ ਛੱਡਣਾ ਵੀ ਔਖਾ ਹੁੰਦਾ ਹੈ ਅਤੇ ਮੋਢਿਆਂ ਤੇ ਚੱਕੀ ਰੱਖਣਾ ਵੀ ਸੰਭਵ ਨਹੀਂ ਹੁੰਦਾ । ਕੱਟੜਤਾ ਦੀ ਹੱਦ ਤੱਕ ਪ੍ਰੰਪਰਿਕ ਹੋ ਜਾਣਾ ਨਵੀਂ ਪੀੜੀ ਲਈ ਮਾਨਸਿਕ ਕਸ਼ਟਾਂ ਦਾ ਕਾਰਨ ਬਣਦਾ ਹੈ। ਕੱਟੜਤਾ ਚਾਹੇ ਕਿਸੇ ਵੀ ਕਿਸਮ ਦੀ ਹੋਵੇ , ਤਰੱਕੀ ਵਿੱਚ ਹਮੇਸ਼ਾ ਰੋੜਾ ਬਣਦੀ ਹੈ ।ਅਸੀਂ ਭਾਰਤੀ ਆਪਣੀਆਂ ਪ੍ਰੰਪਰਾਵਾਂ ਤੇ ਜਿਆਦਾ ਹੀ ਮਾਣ ਕਰਦੇ ਹਾਂ। ਜਦੋਂ ਵੀ ਸਾਨੂੰ ਵਿਕਸਿਤ ਮੁਲਕਾਂ ਦੀ ਬਰਾਬਰੀ ਨਾ ਕਰ ਸਕਣ ਦੀ ਕੋਈ ਦਲੀਲ ਨਹੀਂ ਲੱਭਦੀ ਤਾਂ ਅਸੀਂ ਆਪਣੀ ਅਮੀਰ ਵਿਰਾਸਤ ਵਾਲਾ ਝੁਰਲੂ ਕੱਢ ਮਾਰਦੇ ਹਾਂ । ਵਿਕਸਿਤ ਮੁਲਕਾਂ ਦੇ ਵਧੀਆ ਜੀਵਨ ਪੱਧਰ , ਚੰਗੀਆਂ ਸਿਹਤ ਤੇ ਸਿੱਖਿਆ ਸਹੂਲਤਾਂ , ਕੁਸ਼ਲ ਪ੍ਰਸ਼ਾਸਨ ਆਦਿ ਸਬੰਧੀ ਜਦੋਂ ਅਸੀਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਤਾਂ ਅਸੀਂ ਆਪਣੀ ਵਿਰਾਸਤ ਤੇ ਅਮੀਰ ਪ੍ਰੰਪਰਾ ਵਾਲੀ ਤੂਤੀ ਵਜਾ ਕੇ ਉਹਨਾਂ ਨੂੰ ਨਿੰਦਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਬੱਚਿਆਂ ਵਾਂਗ ਫੜਾਂ ਮਾਰਦੇ ਹਾਂ ਕਿ ਸਾਡੀ ਸਭਿਅਤਾ ਐਨੇ ਹਜਾਰ ਸਾਲ ਪੁਰਾਣੀ ਹੈ ।ਭੂਤਕਾਲ ਦਾ ਭੂਤ , ਸਾਡੇ ਸਿਰੋਂ ਉੱਤਰਦਾ ਹੀ ਨਹੀਂ । ਪੁਰਾਣਾ ਹੋਣਾ,ਹਮੇਸ਼ਾ ਕੋਈ ਗੁਣ ਨਹੀਂ ਹੁੰਦਾ ਅੱਜ ਨਵੇਂ ਯੁੱਗ ਦੇ , ਨਵੇਂ ਸਾਧਨਾਂ ਰਾਹੀਂ , ਅਸੀਂ ਪੁਰਾਤਨਤਾ ਦਾ ਪ੍ਰਚਾਰ ਕਰਨ ਵਿੱਚ ਰੁੱਝੇ ਹੋਏ ਹਾਂ । ਸੂਚਨਾ ਕ੍ਰਾਂਤੀ ਦੇ ਸਾਧਨਾਂ ਨਾਲ ਇਹ ਸਮਝਿਆ ਜਾਂਦਾ ਸੀ ਕਿ ਅਗਿਆਨਤਾ ਦੂਰ ਹੋਵੇਗੀ , ਪਰ ਅਸੀਂ ਉਹਨਾਂ ਸਾਧਨਾਂ ਦੇ ਸਹਾਰੇ ਹੀ ਅਗਿਆਨਤਾ ਫੈਲਾਉਣ ਵਿੱਚ ਲੱਗੇ ਹੋਏ ਹਾਂ।ਅਸੀਂ ਪ੍ਰੰਪਰਾ ਅਤੇ ਪੁਰਾਤਨਤਾ ਦੀ ਮਾਰਕਿਟਿੰਗ ਕਰ ਕੇ ਜ਼ੋਰ ਸ਼ੋਰ ਨਾਲ ਵੇਚ ਰਹੇ ਹਾਂ।

ਅਸਲ ਵਿੱਚ ਅਸੀਂ ਅਜੀਬ ਕਿਸਮ ਦੇ ਵਿਕਾਸ ਦਾ ਸ਼ਿਕਾਰ ਹੋ ਰਹੇ ਹਾਂ । ਸਾਡੇ ਕੋਲ ਸਾਧਨ ਇੱਕੀਵੀਂ ਸਦੀ ਵਾਲੇ ਹਨ , ਪਰ ਸੋਚ ਸੋਲ੍ਹਵੀਂ ਸਦੀ ਵਾਲੀ । ਅਸੀਂ ''ਬਿੱਗ ਬੌਸ' ਅਤੇ ''ਸੰਨੀ ਲਿਓਨ' ਦੇ ਜਮਾਨੇ ਵਿੱਚ ਜੀਅ ਰਹੇ ਹਾਂ ਪਰ ਪ੍ਰੰਪਰਾ ਸਤਿਯੁੱਗ ਦੇ ਵੇਲਿਆਂ ਵਾਲੀ ਭਾਲਦੇ ਹਾਂ । ਸਾਡੇ ਇੱਕ ਹੱਥ ਲੈਪਟੌਪ ਤੇ ਦੂਜੇ ਹੱਥ ਪ੍ਰੰਪਰਾ ਵਾਲਾ ਛਣਕਣਾ ਫੜਿਆ ਹੋਇਆ ਹੈ ।ਭੱਜਦੇ ਕਨੇਡਾ ਵੱਲ ਨੂੰ ਹਾਂ ,ਗੁਣ ਪੰਜਾਬ ਦੇ ਗਾਉਂਦੇ ਹਾਂ । ਦੁਨੀਆਂ ਮੰਗਲ ਗ੍ਰਹਿ ਤੇ ਜਾਣ ਦੀ ਤਿਆਰੀ ਖਿੱਚੀ ਬੈਠੀ ਹੈ ,ਅਸੀਂ ਮਹਿੰਜੋਦੜੋ ਜਾਣ ਲਈ ਬਿਸਤਰੇ ਬੰਨੀ ਬੈਠੇ ਹਾਂ ।ਜੋ ਸੀ , ਜੋ ਹੈ , ਅਤੇ ਜੋ ਚਾਹੀਦਾ ਹੈ , ਇਹ ਤਿੰਨ ਵੱਖ ਵੱਖ ਚੀਜਾਂ ਹਨ । ਇਹ ਸੱਚਾਈ ਹੈ ਕਿ ਸਾਨੂੰ ਹਮੇਸ਼ਾਂ ਵਰਤਮਾਨ ਵਿੱਚ ਹੀ ਜੀਣਾ ਪੈਂਦਾ ਹੈ ।


ਜੋ ਬੀਤ ਗਿਆ ,ਉਸ ਨੇ ਵਾਪਸ ਨਹੀਂ ਆਉਣਾ । ਨਵੀਆਂ ਸਥਿਤੀਆਂ ਵਿੱਚ , ਨਵੇਂ ਨਿਯਮ ਆਪਣੇ ਆਪ ਹੋਂਦ ਵਿੱਚ ਆ ਜਾਂਦੇ ਹਨ । ਬਦਲਾਓ ਕੁਦਰਤ ਦਾ ਨਿਯਮ ਹੈ , ਪਰ ਅਸੀਂ ਇਸ ਤੋਂ ਇਨਕਾਰੀ ਹੋ ਰਹੇ ਹਾਂ । ਵਿਗਿਆਨ ਦੇ ਨਿਯਮਾਂ ਨੂੰ ਲਾਗੂ ਕਰਨ ਲਈ ਵੀ ਨਾਲ ਕੁਝ ਸ਼ਰਤਾਂ ਹੁੰਦੀਆਂ ਹਨ । ਉਹਨਾਂ ਹਾਲਤਾਂ ਤੋਂ ਬਾਹਰ , ਉਹ ਨਿਯਮ ਸਹੀ ਨਤੀਜੇ ਨਹੀਂ ਦਿੰਦੇ । ਭੌਤਿਕ ਵਿਗਿਆਨ ਦੇ ਸਧਾਰਨ ਨਿਯਮ ਵੀ ਚੰਨ ਦੀ ਸਤ੍ਹਾ ਤੇ ਧਰਤੀ ਵਰਗੇ ਨਤੀਜੇ ਨਹੀਂ ਦਿੰਦੇ । ਚੰਨ ਦੀ ਸਤ੍ਹਾ ਤੇ ਚੱਲਣ ਫਿਰਨ , ਖਾਣ ਪੀਣ ਆਦਿ ਦੇ ਵੱਖਰੇ ਨਿਯਮ ਹਨ । ਕਹਿਣ ਦਾ ਭਾਵ , ਬਦਲੇ ਹਾਲਾਤ ਵਿੱਚ ਆਪਣੇ ਆਪ ਨੂੰ ਬਦਲਣਾ ਪੈਂਦਾ ਹੈ । ਇਹ ਨਿਯਮ ਸਾਡੇ ਸਮਾਜਿਕ ਜੀਵਨ ਤੇ ਵੀ ਲਾਗੂ ਹੁੰਦੇ ਹਨ ।ਅੱਜ ਹਾਲਾਤ ਪੰਦਰ੍ਹਵੀਂ ਸਦੀ ਵਾਲੇ ਨਹੀਂ ਹਨ , ਇਸ ਲਈ ਉਸ ਸਦੀ ਵਾਲੇ ਸਾਰੇ ਨਿਯਮ ਅੱਜ ਦੇ ਮਨੁੱਖ ਤੇ ਲਾਗੂ ਨਹੀਂ ਹੋ ਸਕਦੇ ।ਸੂਚਨਾ ਕ੍ਰਾਂਤੀ ਨੇ ਮਨੁੱਖੀ ਜੀਵਨ ਨੂੰ ਹਿਲਾ ਕੇ ਰੱਖ ਦਿੱਤਾ ਹੈ । ਮੋਬਾਇਲ , ਲੈਪਟੌਪ , ਡਿਸ਼ ਟੀ.ਵੀ ਆਦਿ ਯੰਤਰ ਸਾਡੀ ਨਿੱਜੀ ਜਿੰਦਗੀ ਦੇ ਨਾਲ ਨਾਲ ਸਾਡੀ ਆਰਥਿਕ , ਸਮਾਜਿਕ 'ਤੇ ਪਰਿਵਾਰਕ ਜਿੰਦਗੀ 'ਤੇ ਵੀ ਅਸਰ ਪਾਉਂਦੇ ਹਨ । ਜਦੋਂ ਇੱਕ ਵਾਰ ਕੋਈ ਤਕਨੀਕ ਜਾਂ ਸਾਧਨ ਆ ਜਾਵੇ , ਫਿਰ ਉਸਨੂੰ ਜਿੰਦਗੀ 'ਚੋਂ ਮਨਫੀ ਕਰਨਾ ਮੁਸ਼ਕਿਲ ਹੁੰਦਾ ਹੈ । ਸਮੇਂ ਨੂੰ ਪੁੱਠਾ ਗੇੜਾ ਨਹੀਂ ਦਿੱਤਾ ਜਾ ਸਕਦਾ । ਕੱਲ ਤੱਕ ਜੋ ਬੇਹੱਦ ਅਸ਼ਲੀਲ ਮੰਨਿਆ ਜਾਂਦਾ ਸੀ , ਉਹ ਅੱਜ ਸਾਡੇ ਡਰਾਇੰਗ ਰੂਮਾਂ , ਬੈਡਰੂਮਾਂ ਵਿੱਚ ਹੀ ਨਹੀਂ , ਸਾਡੀ ਜੇਬ ਵਿੱਚ ਪਹੁੰਚ ਚੁੱਕਿਆ ਹੈ । ਅਸੀਂ ਪੁਰਾਤਨਤਾ ਦੀ ਜਿੰਨੀ ਮਰਜ਼ੀ ਦੁਹਾਈ ਪਾਈਏ , ਇਸ ਸੱਚਾਈ ਤੋਂ ਭੱਜ ਨਹੀਂ ਸਕਦੇ । ਸਾਨੂੰ ਇਸ ਦਾ ਸਾਹਮਣਾ ਕਰਨਾ ਹੀ ਪੈਣਾ ਹੈ । ਇਸ ਨਾਲ ਬਹੁਤ ਕੁਛ ਨੇ ਟੁੱਟਣਾ ਹੀ ਟੁੱਟਣਾ ਹੈ।

ਮਸ਼ਹੂਰ ਕਾਰਟੂਨਿਸਟ ਆਰ ਪ੍ਰਸਾਦ ਦਾ ਕਾਰਟੂਨ

ਸਾਡਾ ਵਿਰਸਾ ਅਮੀਰ ਸੀ ,ਪਰ ਇਸ ਵਿੱਚ ਸਭ ਚੰਗਾ ਨਹੀਂ ਸੀ । ਔਰਤਾਂ ਅਤੇ ਦਲਿਤਾਂ ਦੀ ਹਾਲਤ ਬੇਹੱਦ ਮਾੜੀ ਸੀ । ਹਰ ਵੇਲੇ ਬੀਤੇ ਦੀ ਸਿਫਤ ਤੇ ਵਰਤਮਾਨ ਦੀ ਨੁਕਤਾਚੀਨੀ ਕਰੀ ਜਾਣਾ ਕੋਈ ਸਿਆਣਪ ਨਹੀਂ ਹੈ । ਅਸੀਂ ਰੌਲਾ ਸੱਚ ਦਾ ਪਾਉਂਦੇ ਹਾਂ ਪਰ ਸਭ ਤੋਂ ਵੱਧ ਝੂਠ ਬੋਲਦੇ ਹਾਂ । ਨਵੀਂ ਪੀੜੀ ਦੇ ਨਸ਼ਿਆਂ ਵਿੱਚ ਗ੍ਰਸਤ ਹੋਣ ਦਾ ਰੌਲਾ ਪਾਉਣਾ ਫੈਸ਼ਨ ਜਿਹਾ ਬਣ ਗਿਆ ਹੈ । ਪਰ ਇਸ ਸਭ ਲਈ ਪੁਰਾਣੀ ਪੀੜੀ ਵਧੇਰੇ ਜਿੰਮੇਵਾਰ ਹੈ । ਅਸੀਂ ਐਨੇ ਨਿਰਾਸ਼ਾਵਾਦੀ ਹਾਂ ਕਿ ਮਿਹਨਤ ਕਰਨ ਵਾਲੇ ਨੌਜਵਾਨ ਸਾਨੂੰ ਨਜ਼ਰ ਹੀ ਨਹੀਂ ਆਉਂਦੇ । ਹਜਾਰਾਂ ਨੌਜਵਾਨ ਇਮਾਨਦਾਰੀ ਨਾਲ ਮਿਹਨਤ ਕਰ ਕੇ ਆਪਣੇ ਪਰਿਵਾਰ ਪਾਲ ਰਹੇ ਹਨ ਪਰ ਪੁਰਾਣੀ ਪੀੜੀ ਸਭ ਨੂੰ ਇੱਕੋ ਰੱਸੇ ਬੰਨ ਰਹੀ ਹੈ ।ਬਹਗਿਣਤੀ ਬਜ਼ੁਰਗਾਂ ਕੋਲ ਸਿਵਾਏ ਸਵੈ ਪ੍ਰਸ਼ੰਸਾ ਦੇ , ਅਗਲੀ ਪੀੜੀ ਨੂੰ ਦੇਣ ਲਈ ਗਾਹਲਾਂ ਤੋਂ ਸਿਵਾ ਹੋਰ ਕੋਈ ਉਸਾਰੂ ਨਜ਼ਰੀਆ ਨਹੀਂ ਹੈ । ਬਹੁਤ ਸਾਰੇ ਵਿਦਵਾਨ ਵੀ ਹਮਦਰਦੀ ਬਟੋਰਨ ਲਈ , ਆਪਣੇ ਵੇਲੇ ਦੇ ਹਾਲਾਤ ਨੂੰ ਵਧਾ ਚੜ੍ਹਾ ਕੇ ਦੱਸਦੇ ਹਨ । ਅਕਸਰ ਹੀ ਸੁਣਿਆ ਜਾਂਦਾ ਹੈ ਕਿ , ਜੀ ਅਸੀਂ ਸਾਇਕਲ ਤੇ ਸਕੂਲ ਜਾਂਦੇ ਸੀ , ਲਾਲਟੈਣ ਦੀ ਰੌਸ਼ਨੀ ਵਿੱਚ ਪੜਦੇ ਹੁੰਦੇ ਸੀ , ਵਗੈਰਾ , ਵਗੈਰਾ ।ਪਰ ਇਹ ਸਾਇਕਲ ਅਤੇ ਲਾਲਟੈਣ ਨੂੰ ਵਰਤਣਾ ਉਹਨਾਂ ਦੀ ਮਜਬੂਰੀ ਸੀ ਕਿਉਂਕਿ ਹੋਰ ਸਾਧਨ ਮੌਜੂਦ ਨਹੀਂ ਸਨ , ਜੇ ਹੁੰਦੇ , ਤਾਂ ਘੱਟ ਉਹ ਵੀ ਨਾ ਕਰਦੇ । ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਕੁਝ ਵਿਦਵਾਨ ਸਿਰਫ ਇਸ ਲਈ ਹੀ ਨਵੀਂ ਪੀੜੀ ਨੂੰ ਭੰਡੀ ਜਾਂਦੇ ਹਨ ਕਿ ਉਹ ਮੋਟਰਸਾਇਕਲਾਂ ਤੇ ਕਾਲਜ ਜਾਂਦੇ ਹਨ ।ਹਰ ਵੇਲੇ ਦੇ ਆਪਣੇ ਸੱਚ ਹੁੰਦੇ ਹਨ । ਇਹਨਾਂ ਨੌਜਵਾਨਾਂ 'ਚੋਂ ਹੀ ਆਈ.ਏ.ਐਸ, ਪੀ.ਸੀ.ਐਸ , ਚੰਗੇ ਡਾਕਟਰ , ਇੰਜਨੀਅਰ ਅਤੇ ਸਾਇੰਸਦਾਨ ਵੀ ਆ ਰਹੇ ਹਨ । ਸ਼ਾਮ ਨੂੰ ਖੇਡਾਂ ਦੇ ਮੈਦਾਨ ਅਤੇ ਜਿੰਮ ਵੀ ਭਰੇ ਹੁੰਦੇ ਹਨ । ਅੱਜ ਦੇ ਨੌਜਵਾਨ ਵੀ ਭਵਿੱਖ ਪ੍ਰਤੀ ਪਹਿਲੀ ਪੀੜੀ ਵਾਂਗ ਹੀ ਚੇਤੰਨ ਹਨ ਪਰ ਫਰਕ ਸਿਰਫ ਐਨਾ ਹੈ ਕਿ ਅਜੋਕੀ ਪੀੜੀ ਦਾ ਵਾਹ ਅਜਿਹੇ ਸਿਸਟਮ ਨਾਲ ਪਿਆ ਹੈ ਜਿਸਦਾ ਬੇੜਾ ਪੁਰਾਣੀ ਪੀੜੀ ਨੇ ਗਰਕ ਕੀਤਾ ਹੈ । ਗਲ ਵੱਢਵੇਂ ਮੁਕਾਬਲੇ ਦੇ ਦੌਰ ਵਿੱਚ , ਜਿੰਦਗੀ ਜੂੰ ਦੀ ਤੋਰੇ ਨਹੀਂ ਤੋਰੀ ਜਾ ਸਕਦੀ ।
ਐਮ ਐਫ ਹੁਸੈਨ ਦੀ ਸੰਘੀ ਕੱਟੜਤਾ ਦੀ ਭੇਂਟ ਚੜ੍ਹੀ  'ਭਾਰਤ ਮਾਤਾ' ਪੇਂਟਿੰਗ

ਅਸਲ ਵਿੱਚ ਸਾਡਾ ਸਾਰਾ ਨਜ਼ਰੀਆ ਹੀ ਨਾਂਹਵਾਦੀ ਹੈ । ਆਹ ਨਹੀਂ ਕਰਨਾ , ਔਹ ਨਹੀਂ ਕਰਨਾ , ਆਹ ਨਹੀਂ ਖਾਣਾ , ਔਹ ਨਹੀਂ ਪਾਉਣਾ । ਹਰ ਗੱਲ ਵਿੱਚ ਨਹੀਂ , ਨਹੀਂ , ਨਹੀਂ । ਕੋਈ ਨਹੀਂ ਕਹਿੰਦਾ ਕਿ ਫਲਾਣਾ ਕੰਮ ਕਰ ਵੀ ਸਕਦੇ ਹਾਂ । ਇਹ ਸਾਡੇ ਪ੍ਰੰਪਰਿਕ ਨਾਂਹਵਾਦੀ ਵਿਚਾਰਾਂ ਦਾ ਹੀ ਨਤੀਜਾ ਹੈ ਕਿ ਸਾਡੇ ਪੰਦਰਾ੍ਹਂ ਸੋਲ੍ਹਾਂ ਸਾਲਾਂ ਦੇ ਗੱਭਰੂਆਂ/ਮੁਟਿਆਰਾਂ ਨੂੰ ਬੱਚੇ ਹੀ ਸਮਝਿਆ ਜਾਂਦਾ ਹੈ ਜਦੋਂ ਕਿ ਅਖੌਤੀ 'ਗਰੀਬ ਵਿਰਾਸਤ' ਵਾਲੇ ਪੱਛਮੀਂ ਮੁਲਕਾਂ ਦੇ ਬੱਚੇ ਇਸ ਉਮਰੇ ਉਲੰਪਿਕ ਵਿੱਚ ਸੋਨ ਤਗਮੇ ਜਿੱਤ ਰਹੇ ਹਨ ।ਸਾਡੀ ਪ੍ਰੰਪਰਾ ਸਾਡੀ ਮਾਨਸਿਕ ਅਜਾਦੀ ਦੀ ਕੱਟੜ ਦੁਸ਼ਮਣ ਹੈ । ਇਹ ਸਾਡੀ ਅਜੀਬ ਭਾਰਤੀ ਮਾਨਸਿਕਤਾ ਹੈ ਕਿ ਅਸੀਂ ਇਕੱਲੇ ਫੈਸਲਾ ਲੈਣ ਦੇ ਕਾਬਲ ਬਣ ਹੀ ਨਹੀਂ ਸਕੇ । ਅਸੀਂ ਤਾਂ ਪਿਸ਼ਾਬ ਕਰਨ ਵੀ ਦੋ ਜਣੇ ਜਾਂਦੇ ਹਾਂ । ਸਾਡੀ ਮਾਨਸਿਕ ਨਿਪੁੰਸਕਤਾ ਦਾ ਵੱਡਾ ਕਾਰਨ ਸਾਡੀਆਂ ਥੋਥੀਆਂ ਰਵਾਇਤਾਂ ਅਤੇ ਵੇਲਾ ਵਿਹਾ ਚੁੱਕੀਆਂ ਪ੍ਰੰਪਰਾਵਾਂ ਹਨ ਜਿੰਨ੍ਹਾਂ ਨੂੰ ਪਾਲਣ ਲਈ ਹਰ ਪੀੜੀ ਨੂੰ ਮਜਬੂਰ ਕੀਤਾ ਜਾਂਦਾ ਹੈ ।

ਅਮਰੀਕਾ ਖੁਸ਼ਹਾਲ ਹੈ,ਆਸਟਰੇਲੀਆ ਖੁਸ਼ਹਾਲ ਹੈ, ਕਿਉਂਕਿ ਇਹਨਾਂ ਕੋਲ ਰਸਤਾ ਰੋਕਣ ਵਾਲੀ ਕੋਈ ਪ੍ਰੰਪਰਾ ਮੌਜੂਦ ਨਹੀਂ ਹੈ । ਇਹ ਲੋਕ ਆਪਣਾ ਆਪ ਘੜ ਰਹੇ ਹਨ ਜਦੋਂ ਕਿ ਅਸੀਂ ਨਵੀਨਤਾ ਅਤੇ ਪ੍ਰੰਪਰਾ ਦੇ ਗਧੀ ਗੇੜ ਵਿੱਚ ਫਸੇ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਹੋ ਰਹੇ ਹਾਂ ।ਬਹੁਤੀ ਬੰਦਸ਼ ਮਨੋਰੋਗਾਂ ਨੂੰ ਜਨਮ ਦਿੰਦੀ ਹੈ । ਇਹਨਾਂ ਤੋਂ ਨਿਜਾਤ ਪਾਉਣ ਲਈ ਕੋਈ ਨਸ਼ੇ ਵੱਲ ਭੱਜਦਾ ਹੈ , ਤੇ ਕੋਈ ਰੇਲਵੇ ਲਾਇਨ ਵੱਲ ।

ਸਾਨੂੰ ਪੁਰਾਤਨਤਾ ਦੀ ਅਮੀਰੀ ਦੇ ਵਹਿਮ ਤੋਂ ਮੁਕਤ ਹੋਣਾ ਹੀ ਪੈਣਾ ਹੈ ।ਸਾਡਾ ਭੂਤਕਾਲ ਅਮੀਰ ਸੀ , ਪਰ ਵਰਤਮਾਨ ਲਗਭਗ ਕੰਗਾਲ ਹੈ। ਜੋ ਪੁਰਾਣਾ ਸਾਰਥਿਕ ਨਹੀਂ ਰਿਹਾ , ਉਹ ਛੱਡਣਾ ਹੀ ਪੈਣਾ ਹੈ । ਬਹੁਤ ਸਾਰੀਆਂ ਚੀਜਾਂ , ਨਵੇਂ ਸਿਰਿਓਂ ਪਰਿਭਾਸ਼ਿਤ ਕਰਨੀਆਂ ਪੈਣਗੀਆਂ । ਲਾਲਚ ਹਰ ਖੇਤਰ ਵਿੱਚ ਬੁਰੀ ਬਲਾ ਨਹੀਂ ਹੁੰਦਾ । ਇਮਾਨਦਾਰੀ ਨਾਲ ਵੱਧ ਮਿਹਨਤ ਕਰਕੇ ਚੰਗੇਰੀ ਜਿੰਦਗੀ ਜਿਊਣ ਦਾ ਲਾਲਚ ਅਪਨਾਉਣਾ ਹੀ ਹੋਵੇਗਾ । ਅੰਗੂਰ ਹਮੇਸ਼ਾ ਹੀ ਖੱਟੇ ਨਹੀਂ ਹੁੰਦੇ । ਉੱਦਮ ਅਤੇ ਸਿਰੜ ਨਾਲ ਉੱਚੇ ਅੰਗੂਰ ਵੀ ਤੋੜੇ ਜਾ ਸਕਦੇ ਹਨ । ਹੁਣ ਕਾਂ , ਕਦੇ ਵੀ ਘੜੇ ਵਿੱਚ ਵੱਟੇ ਸਿੱਟ ਕੇ ਪਾਣੀ ਨਹੀਂ ਪੀਵੇਗਾ । ਕਾਂ ਨੂੰ ਸਟਰਾਅ ਵਰਤਣ ਦੀ ਜਾਚ ਸਿੱਖਣੀ ਹੀ ਹੋਵੇਗੀ ।ਨਰਸਰੀ ਵਿੱਚ ਪੜਦੇ ਬੱਚੇ ਵੀ ਸਮਝਦੇ ਹਨ ਕਿ ਖਰਗੋਸ਼ ਭਾਵੇਂ ਦੋ ਦਿਨ ਸੁੱਤਾ ਰਹੇ ,ਕੱਛੂ ਰੇਸ ਨਹੀਂ ਜਿੱਤ ਸਕਦਾ ।

ਆਉਣ ਵਾਲੇ ਸਮੇ ਵਿੱਚ ਕਿਸੇ ਵੀ ਬੱਚੇ ਨੇ ਆਪਣੇ ਮਾਂ-ਬਾਪ ਤੋਂ ਪੁੱਛ ਕੇ ਫੈਸਲੇ ਨਹੀਂ ਕਰਨੇ । ਬੱਚਿਆਂ ਦੇ ਹੱਥ ਸਿਰਫ ਟੀ.ਵੀ ਦਾ ਰਿਮੋਟ ਹੀ ਨਹੀਂ ਆਇਆ ,ਘਰ ਦਾ ਕੰਟਰੋਲ ਵੀ ਆ ਚੁੱਕਿਆ ਹੈ ।ਅਜਿਹੇ ਸਮੇ ਵਿੱਚ ਬੱਚਿਆਂ ਤੋਂ ਸਰਵਣ ਪੁੱਤਾਂ ਵਰਗੇ ਵਿਹਾਰ ਦੀ ਉਮੀਦ ਕਰਨੀ ਬੇਵਕੂਫੀ ਹੀ ਹੋਵੇਗੀ । ਇਹ ਵੀ ਨਹੀਂ ਕਿ ਬੱਚੇ ਮਾਂ-ਬਾਪ ਨੂੰ ਪਿਆਰ ਨਹੀਂ ਕਰਨਗੇ । ਅਸਲ ਵਿੱਚ ਅਸੀਂ ਪਿਆਰ ਅਤੇ ਇੱਜਤ ਨੂੰ ਰਲਗੱਡ ਕਰੀ ਬੈਠੇ ਹਾਂ । ਬੱਚੇ ਮਾਪਿਆਂ ਨੂੰ ਕੁਦਰਤੀ ਪਿਆਰ ਤਾਂ ਕਰਦੇ ਹੀ ਹੁੰਦੇ ਹਨ , ਪਰ ਇੱਜ਼ਤ ਮਾਪਿਆਂ ਨੂੰ ਕਮਾਉਣੀ ਪੈਂਦੀ ਹੈ ।ਆਰਥਿਕ ਤੌਰ ਤੇ ਅਜਾਦ ਬੱਚੇ , ਪਿਓ ਦੀ ਨਜਾਇਜ਼ ਜੀ ਹਜੂਰੀ ਕਦੇ ਵੀ ਨਹੀਂ ਕਰਨਗੇ । ਲੱਖ ਰੌਲਾ ਪਾਉਣ ਤੇ ਵੀ ਨਵੀਂ ਪੀੜੀ 'ਪੌਪਕੌਰਨ' ਹੀ ਖਾਵੇਗੀ , ਭੱਠੀ ਤੋਂ ਦਾਣੇ ਕੋਈ ਨਹੀਂ ਚੱਬੇਗਾ ।ਹਰੇਕ ਔਰਤ ਨੂੰ ਮਾਂ, ਭੈਣ ਅਤੇ ਮਰਦ ਨੂੰ ਭਰਾ ਸਮਝਣ ਦਾ ਸਮਾਂ ਹੁਣ ਬੀਤ ਚੁੱਕਾ ਹੈ ।ਰਿਸ਼ਤਿਆਂ ਤੋਂ ਉੱਪਰ ਉੱਠ ਕੇ ਇੱਕ ਦੂਜੇ ਨਾਲ ਮਾਨਵੀ ਵਿਹਾਰ ਕਰਨਾ ਹੁਣ ਸਿੱਖਣਾ ਹੀ ਪੈਣਾ ਹੈ । ਆਪਣੇ ਗੁਣਾਂ- ਔਗੁਣਾਂ ਸਮੇਤ ਨਵੇਂ ਨੇ ਵਾਪਰ ਕੇ ਰਹਿਣਾ ਹੈ ।ਜਿਹੜੇ ਜਿੰਦਗੀ ਦੀ ਤੂਫਾਨੀ ਚਾਲ ਨਾਲ ਕਦਮ ਨਹੀਂ ਮੇਲ ਸਕਣਗੇ , ਖਤਮ ਹੋ ਜਾਣਗੇ ।ਆਉਣ ਵਾਲੀਆਂ ਪੀੜੀਆਂ ਨੂੰ ਇਸ ਚੌਵੀ ਗੁਣਾ ਸੱਤ (24x 7) ਵਾਲੀ ਜਿੰਦਗੀ ਦੇ ਹਾਣ ਦਾ ਬਨਾਉਣ ਦੀ ਜਿੰਮੇਵਾਰੀ ਵਰਤਮਾਨ ਪੀੜੀ ਦੀ ਹੈ ।ਇਸ ਸਭ ਲਈ ਪ੍ਰੰਪਰਾ,ਪੁਰਾਤਨਤਾ ਦੇ ਕੁਝ ਸੰਗਲ ਲਾਜ਼ਮੀ ਤੋੜਨੇ ਪੈਣਗੇ ।


ਘੱਟ ਜਮੀਨਾਂ , ਵੱਡੇ ਪਰਿਵਾਰਾਂ ਨੂੰ ਬੰਨ ਕੇ ਨਹੀਂ ਰੱਖ ਸਕਦੀਆਂ । ਜੱਟ ,ਜੱਟਾਂ ਵਾਲੇ ਗਰੂਰ ਚੋਂ ਜਿੰਨੀ ਛੇਤੀ ਬਾਹਰ ਆਵੇਗਾ,ਓਨਾ ਹੀ ਸੌਖਾ ਰਹੇਗਾ । ਆਉਣ ਵਾਲਾ ਸਮਾਂ ਛੋਟੇ ਪਰਿਵਾਰਾਂ ਦਾ ਹੋਵੇਗਾ । ਬੱਚੇ , ਦਾਦੇ ਦਾਦੀਆਂ ਤੋਂ ਮਹਿਰੂਮ ਰਹਿਣਗੇ ਤੇ ਬੁਢਾਪਾ ਬਿਰਧ ਆਸਰਮਾਂ ਵਿੱਚ ਗੁਜ਼ਰੇਗਾ ।ਇਹ ਸਭ ਬੇਹੱਦ ਕੌੜਾ ਲੱਗ ਸਕਦਾ ਹੈ ਪਰ ਨਵੇਂ ਦੀ ਨਿੰਦਿਆ ਕਰਨ ਨਾਲ ਸੱਚਾਈ ਬਦਲ ਨਹੀਂ ਜਾਣੀ । ਬਹੁਤ ਸਾਰੀਆਂ ਪ੍ਰੰਪਰਾਵਾਂ ,ਰਵਾਇਤਾਂ ਨੇ ਕੀਚਰ ਕੀਚਰ ਹੋਣਾ ਹੀ ਹੋਣਾ ਹੈ । ਨਵਾਂ ਕਦੇ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ,ਇਹ ਤਾਂ ਬੱਸ ਨਵਾਂ ਹੁੰਦਾ ਹੈ


ਲੇਖਕ:ਦਵਿੰਦਰ ਸਿੰਘ ਗਿੱਲ 

ਫੋਨ--98550-73018

1 comment:

  1. this is very good article
    It should be published in all the newspapers ,magazines
    and even distributed to every household in India
    written in excellent language
    I can not praise it enough

    ReplyDelete