ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, August 18, 2010

ਅਜ਼ਾਦੀ ਦਾ 63ਵਾਂ ਤਮਾਸ਼ਾ

ਝੱਲ ਵਲੱਲੀਆਂ
3 ਕਿ 4 ਦਿਨ ਹੋ ਗੇ ਅਜ਼ਾਦੀ ਮਿਲੀ ਨੂੰ….ਓਹ ਸੌਰੀ 63 ਸਾਲ ਤੇ ਤਿੰਨ ਕੇ 4 ਦਿਨ……ਵੈਸੇ ਜਿਹੜੇ ਭੂਗੋਲਿਕ ਖਿੱਤੇ ਦੀ 5 ਕੁ ਫੀਸਦੀ ਜਨਤਾ ਨੇ ਅਜ਼ਾਦੀ 15 ਅਗਸਤ ਨੂੰ ਮਨਾਈ ਐ ਓਹਦੇ ਕਨੂੰਨਾਂ ਮੁਤਾਬਿਕ ਰਿਟਾਇਰਮੈਂਟ ਦੀ ਉਮਰ ਕਿਤੇ 58 ਕਿਤੇ 60 ਸਾਲ ਐ…. ਯਾਨੀ ਜੇ ਕੰਮਕਾਜੀ ਬੰਦੇ ਦੇ ਹਿਸਾਬ ਨਾਲ ਇਹ ਅਜ਼ਾਦੀ ਵੇਖੀਏ ਤਾਂ ਭੈਣ ਅਜ਼ਾਦੀ ਦੀ ਰਿਟਾਇਰਮੈਂਟ ਦਾ ਤੀਜਾ ਜਾਂ ਪੰਜਵਾਂ ਵਰ੍ਹਾ ਮਨਾਉਣਾ ਚਾਹੀਦਾ ਸੀ…ਪਰ ਵਿਚਾਰੀ ਪਈ ਸਿਆਸੀ ਬੰਦਿਆਂ ਦੇ ਵੱਸ ਐ ਜਿਹੜੇ ਕਦੇ ਰਟੈਰ ਏ ਨੀ ਹੁੰਦੇ ਫੇਰ ਅਜ਼ਾਦੀ ਕਿੱਦਾਂ ਬਚ ਕੇ ਲੰਘ ਜੂ…ਮਨਾ ਕੇ ਈ ਛੱਡਣਗੇ..ਸੁਣਿਐ 15 ਅਗਸਤ 1947 ਨੂੰ ਨਹਿਰੂ ਨੇ ਕਾਵਿਕ ਅੰਦਾਜ਼ ‘ਚ ਆਖਿਆ ਸੀ “ਅੱਧੀ ਰਾਤ ਦੀ ਏਸ ਬੇਲਾ ‘ਚ ਜਦੋਂ ਪੂਰੀ ਦੁਨੀਆ ਸੁੱਤੀ ਪਈ ਐ..ਭਾਰਤ ਅਜ਼ਾਦੀ ਦੇ ਨਵੇਂ ਜੀਵਨ ਦੇ ਲਈ ਜਾਗ ਰਿਹੈ..ਇਹ ਇੱਕ ਐਸਾ ਪਲ ਐ ਜਿਹੜਾ ਇਤਿਹਾਸ ‘ਚ ਬਹੁਤ ਦੁਰਲੱਭ ਹੋਵੇਗਾ, ਇੱਕ ਐਸਾ ਪਲ ਜਿਹਦੇ ‘ਚ ਅਸੀਂ ਪੁਰਾਣੇ ਤੋਂ ਨਵੇਂ ‘ਚ ਪਰਵੇਸ਼ ਕਰ ਰਹੇ ਆਂ..ਇੱਕ ਨਵੇਂ ਯੁੱਗ ਦਾ ਆਰੰਭ, ਇੱਕ ਐਸ਼ਾ ਸਮਾਂ ਜਦੋਂ ਵਰ੍ਹਿਆਂ ਤੋਂ ਦੱਬੇ ਹੋਏ ਮੁਲਕ ਦੀ ਆਤਮਾ ਫੇਰ ਜਾਗਣ ਜਾ ਰਹੀ ਐ” ਪਰ ਨਹਿਰੂ ਦੀ ਇਹ ਕਵਿਤਾ ਰੁਲ ਗੀ ਆਰਕਾਈਵ ‘ਚ ਰੱਦੀ ਅਖਬਾਰ ਵਾਂਗ…ਹਾਂ ਜਿਹੜੇ ਪਲ ਨੂੰ ਓਹਨੇ ਦੁਰਲੱਭ ਸ਼ਬਦ ਦਾ ਨਾਂ ਦਿੱਤਾ ਸੀ ਓਹ ਪਲ ਸਾਡੇ ਜੋਗਾ ਤਾਂ ਨੋਨ-ਐਗਜ਼ਿਸਟੈਂਟ ਜਿਹਾ ਹੋ ਗਿਆ.. ਹੋਂਦ ਏ ਨੀ ਹੈ..ਸਰਕਾਰ ਦੇ ਭਾਰਤ ਦੀ ਤਰੱਕੀ ਦੇ ਦਾਅਵੇ 8 ਤੋਂ 10% ਦੇ ਨੇ ਤੇ ਬਾਬਾ ਬਲਾਕਰ ਸਿਓਂ ਡਕੌਂਦਾ ਸਾਰੀ ਉਮਰ ਇਹ ਪੁੱਛਦਾ ਈ ਮਰ ਗਿਆ ਕਿ ਫੇਰ 250% ਜਾਂ 350% ਸਲਾਨਾ ਦੀ ਤਰੱਕੀ ਵਾਲੇ ਟਾਟੇ ਜਾਂ ਅੰਬਾਨੀ ਕਿਹੜੇ ਮੁਲਕ ਦੇ ਹੋਏ ਭਲਾ…. ਕਿਓਂਕਿ ਓਹਨਾਂ ਦਾ ਐਗਰੀਕਲਚਰ ਇੰਡੈਕਸ ਤੇ ਸਾਡੀ ਵਿਚਾਰੀ ਖੇਤੀ ਖਸਮਾਂ ਸੇਤੀ ਤਾਂ ਵਧੀ 4% ਵੀ ਨਾਂ.. ਖੇਤ ਮਜ਼ਦੂਰਾਂ ਦੀ ਤਾਂ ਨਾ ਈ ਪੁੱਛੋ… ਏਨਾ ਸੱਚ ਸਾਡੀ ਜਮੀਰ ਤੋਂ ਹਜ਼ਮ ਏ ਨੀ ਹੋਣਾ ਜਿੰਨਾ ਕੌੜਾ ਓਹਨਾਂ ਦਾ ਹੈਗਾ..ਇਹ ਭੂਗੋਲਿਕ ਖਿੱਤਾ ਹਾਲੇ ਵੀ ਦੁਨੀਆ ਦੇ ਸਭ ਤੋਂ ਵੱਧ ਗ਼ਰੀਬ ਲੋਕਾਂ ਦਾ, ਸਭ ਤੋਂ ਵੱਧ ਅਨਪੜ੍ਹ ਲੋਕਾਂ ਦਾ, ਸਭ ਤੋਂ ਵੱਧ ਬਿਮਾਰ ਤੇ ਕਮਜ਼ੋਰੀ ਦੇ ਮਾਰੇ ਲੋਕਾਂ ਦਾ ਘਰ ਐ।

ਯੂ.ਐੱਨ.ਡੀ.ਪੀ ਦੇ ਵਿਕਾਸ ਦੇ ਸੂਚਕਅੰਕ ਵਾਲੇ ਖਾਨੇ ‘ਚ 134ਵੇਂ ਨੰਬਰ ‘ਤੇ ਖੜ੍ਹਿਆ, ਦਾਅਵੇ ਦੁਨੀਆ ਜਿੱਤਣ ਦੇ।ਅੱਜ ਕੱਲ ਸੱਚ ਖ਼ਾਤਰ ਲੜਣ ਵਾਲੀ ਨਵੀਂ ਪੀੜੀ ਪੈਦਾ ਹੋਈ ਐ, ਵਿਸਲਬਲੋਅਰਾਂ ਤੇ ਆਰ.ਟੀ.ਆਈ ਐਕਟੀਵਿਸਟਾਂ ਦੀ ਓਹ ਕਮਲੇ ਸਮਝਦੇ ਨੇ ਕਨੂੰਨ ਬਣ ਗਿਆ, 10 ਰੁ ਦੀ ਪਰਚੀ ਕਟਾਓ, ਅਰਜ਼ੀ ਦਿਓ ਤੇ ਸੱਚ ਸਾਹਮਣੇ ਆ ਜੂ…. ਭੋਲਿਆਂ ਨੂੰ ਬਾਅਦ ’ਚ ਪਤਾ ਲੱਗਦੈ ਬਈ ਜੇ ਅਗਲਿਆਂ ਨਾਂ ਜਾਣਕਾਰੀ ਦਿੱਤੀ ਤਾਂ ਸੁਣਵਾਈ ਆਲਾ ਕਮਿਸ਼ਨਰ ਵੀ ਤਾਂ ਸਰਕਾਰ ਦਾ ਈ ਬਠਾਲਿਆ ਵੈ।ਫੇਰ ਵੀ ਮਾਂ ਦੇ ਪੁੱਤ ਹੰਭਲਾ ਮਾਰੀ ਜਾਂਦੇ ਤੇ ਅਗਲੇ ਇਹਨਾਂ ਨੂੰ ਜਾਨੋਂ ਮਾਰੀ ਜਾਂਦੇ ਐ, 7 ਮਹੀਨਿਆਂ ‘ਚ 20 ਕਾਤਲਾਨਾ ਹਮਲੇ, 9 ਕਤਲ।ਪਿਛਲੇ ਦਿਨੀ ਕਿਸੇ ਫਿਲਮ ਦੇ ਗਾਣੇ ‘ਚ ਵੱਜੀ ਜਾਂਦਾ ਸੀ ਕਿ ਇਸ ਮੁਲਕ ‘ਚ ਬੋਲਣ ਦੀ ਅਜ਼ਾਦੀ ਤਾਂ ਹੈ, ਪਰ ਬੋਲਣ ਤੋਂ ਬਾਅਦ ਅਜ਼ਾਦੀ ਨੀਂ ਹੈ….. ਨਹੀਂ ਮੰਨਦੇ ਤਾਂ ਤਸਲੀਮਾ ਨਸਰੀਨ ਨੂੰ ਪੁੱਛ ਲੋ, ਅਰੰਧਤੀ ਨੂੰ ਪੁੱਛ ਲੋ, ਗਿਲਾਨੀ ਨੂੰ ਪੁੱਛ ਲੋ, ਦੱਖਣ ‘ਚ ਭਗਤ ਸਿੰਘ ਨੂੰ ਪਰਚਾਰੀ ਜਾਂਦੇ ਬਾਬੇ ਗਦਰ ਤੋਂ ਪੁੱਛ ਲੋ ਪਿੰਡੇ ‘ਚ ਗੋਲੀਆਂ ਲੈ ਕੇ ਘੁੰਮਦੈ, ਨਹੀਂ ਤਾਂ ਫੇਰ ਧਰਤੀ ਉਤਲੇ ਸਵਰਗ ‘ਚ ਕਿਸੇ ਨੂੰ ਫੂਨ ਲਾ ਲੋ, ਅਗਲਿਆਂ ਦੀ ਅਜ਼ਾਦੀ ਦਾ ਕੱਦੂ ਕੀਤਾ ਪਿਐ ...65 ਦਿਨਾਂ ‘ਚ 60 ਲਾਸ਼ਾਂ ਡੇਗ ਕੇ, ਆਹ ਵੱਡੀਆਂ ਕਾਰਪੋਰੇਸ਼ਨਾਂ ਦੀ ਹਰ ਮਰਜ਼ ਦਾ ਇੱਕੋ ਡਾਕਟਰ ਮਨਮੋਹਨ ਸਿੰਘ ਵਿਚਾਰੇ ਲੇਹ ਦੇ ਹੜ੍ਹ ਮਾਰਿਆਂ ਦਾ ਹਾਲ ਪੁੱਛਣ ਤਾਂ ਚਲਿਆ ਗਿਆ ।ਨਾਲੇ ਫੋਟੂਆਂ ਖਿਚਾਉਣ ਤੇ ਵਿਚਾਰੇ ਓਹਨਾਂ ਸੱਠਾਂ ‘ਚੋਂ ਕਿਸੇ ਦਾ ਹਾਲ ਵੀ ਪੁੱਛ ਲੈਂਦਾ, ਸ਼੍ਰੀਨਗਰ ਵੱਲ ਜਹਾਜ਼ ਮੋੜ ਕੇ।

ਕਿਸਾਨਾਂ ਤੇ ਪਿੰਡਾਂ ਦਾ ਮੁਲਕ ਐ ਇਹ ਤੇ ਲੱਖਾਂ ਦੀ ਗਿਣਤੀ ਓਹਨਾਂ ਦੀ ਐ ਜਿਹੜੇ ਵਾਹੀ ਖੇਤੀ ਦੀ ਤਕਨੀਕ ਦੇ ਪੁਸ਼ਤਾਂ ਦੇ ਵਾਰਸ ਹੋਣ ਦੇ ਬਾਵਜੂਦ ਤੇ ਦੁਨੀਆ ‘ਚ ਸਭ ਤੋਂ ਵਧੀਆ ਓਰਗੈਨਿਕ ਖੇਤੀ ਦੀ ਪੈਦਾਵਾਰ ਦੀ ਕਾਬਲੀਅਤ ਰੱਖਦੇ ਹੋਣ ਬਾਵਜੂਦ ਕਿਸੇ ਮਾਲ ਜਾਂ ਸ਼ੌਅਰੂਮ ਦੀਆਂ ਇੱਟਾਂ ਢੋਣ ਲੱਗੇ ਹੁੰਦੇ ਆ, ਤੇ ਇਹ ਇਮਾਰਤ ਬਣੂ ਵੀ ਓਹਨਾਂ ਦੇ ਵਿਰਸੇ ਦੀ ਕਬਰ ‘ਤੇ। ਲਾਲਗੜ੍ਹ, ਸਿੰਗੂਰ ਜਾਂ ਬਰਨਾਲਾ ਘਰੋ-ਘਰੀ ਉੱਬਲ ਰਿਹੈ। ਪਰ ਬਹੁਤੇ ਥਾਈਂ ਧੌਲਿਆਂ ਝਾਟਿਆਂ ‘ਚ ਈ ਉਬਾਲ ਨਜ਼ਰ ਆਉਂਦੈ, ਕਿੰਨੇ ਕੁ ਕਿਾਸਨ ਧਰਨਿਆਂ ‘ਤੇ ਜੁਆਨ ਮੁੰਡੇ ਨਜ਼ਰ ਆਉਂਦੇ ਨੇ, ਓਹ ਤਾਂ ਜਾਂ ਲੰਡੀਆਂ ਜੀਪਾਂ ‘ਤੇ ਹੂਟੇ ਲੈ ਰਹੇ ਨੇ ਤੇ ਜਾਂ ਆਇਓਡੈਕਸ ਵਾਲੀ ਬਰੈੱਡ ਖਾਂ ਕੇ ਫੈਂਸੀ ਪੀ ਕੇ ਟੱਲੀ।ਝਾਰਖੰਡ, ਛੱਤੀਸਗੜ੍ਹ, ਉੜੀਸਾ ਤੇ ਬਿਹਾਰ ਅਵਾਜ਼ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਪਰ ਸਰਕਾਰ ਲਈ ਤਾਂ ਜਿਹੜੇ ਬੋਲ ਪਏ ਓਹੀ ਮਾਓਵਾਦੀ ਨੇ, ਏਧਰ ਸਾਡੇ ਲਈ ਤਾਂ ਸਾਲੇ ਸਾਰੇ ਈ ਭੱਈਏ ਨੇ। ਭਾਂਵੇਂ ਇਹਨਾਂ ਤੋਂ ਦਿਹਾੜੀ ਦੱਪਾ ਕਰਾ ਕੇ ਉਗਾਇਆ ਅਰਬਾਂ ਦਾ ਕਣਕ, ਚੌਲ ਏਧਰਲੇ ਗੁਦਾਮਾਂ ‘ਚ ਸੜ ਜੇ ਨਾਂ ਸਰਕਾਰ ਚਕਾਊ ਆਪਣੀਆਂ ਈ ਰੇਲਾਂ ਰਾਹੀਂ ਤੇ ਨਾਂ ਕੋਈ ਪ੍ਰਬੰਧਕ ਕਮੇਟੀ ਧਰਮ ਦੇ ਨਾਂ ‘ਤੇ ਮਦਦ ਦੀ ‘ਵਾਜ ਮਾਰੂ ਮੁਲਕ ਦੇ ਸਭ ਤੋਂ ਵੱਡੇ ਟਰਾਂਸਪੋਟਰਾਂ ਨੂੰ।
ਇੰਜੀਨੀਅਰ, ਡਾਕਟਰ, ਵਿਗਿਆਨੀ, ਵਿਦਿਆਰਥੀ, ਬੁੱਧੀਜੀਵੀ ਅਕਲ ਨੁੰ ਹੱਥ ਮਾਰਨ ਦੀ ਥਾਵੇਂ ਬੋਝੇ ‘ਚ ਹੱਥ ਮਾਰ ਕੇ ਦੱਖਣਾ ਕੱਢ ਕੇ ਪੰਡਤ, ਤਾਂਤਰਿਕ, ਬਾਬਿਆਂ, ਸੁਆਮੀਆਂ, ਸੰਤਾਂ ਜਾਂ ਡੇਰੇਦਾਰਾਂ ਤੋਂ ਕੰਮ ਜਾਂ ਘਰ ਦਾ ਰਾਹ ਪੁੱਛਦੇ ਨੇ ਤੇ ਵਿਗਿਆਨਕ ਸੋਚ ਫੈਲਾਉਣਾ ਸੁਣਿਐ ਸਾਡੇ ਸੰਵਿਧਾਨ ‘ਚ ਜਿੰਮੇਵਾਰੀ ਵਾਲੀ ਥਾਂ ਲਿਖਿਐ।ਪੰਜ ਪਾਣੀਆਂ ਦੀ ਧਰਤੀ ਦੇ ਪੁੱਤ ਕਚਹਿਰੀਆਂ ‘ਚ ਮੇਲੇ ਲਾ ਕੇ ਖੁਸ਼ ਨੇ, ਜਿਹਨਾਂ ਹਲ ਪੰਜਾਲੀ ਚੁੱਕ ਕੇ ਕ੍ਰਾਂਤੀ ਕਰਨੀ ਸੀ ਜਾਂ ਸਰਵਣ ਪੁੱਤਾਂ ਵਾਲੀਆਂ ਆਸਾਂ ਪੂਰੀਆਂ ਕਰਨੀਆਂ ਸੀ ਓਹ ਰਿਵਾਲਰ ਰਫਲਾਂ ਚੁੱਕ ਕੇ ਲੋਕਾਂ ਦੀਆਂ ਦੀਆਂ ਭੈਣਾਂ ਘੂਰਨ ਦੇ ਸ਼ੁਕੀਨ ਹੋਏ ਨੇ।ਇਹਨਾਂ ਦੇ ਮੋਢਿਆਂ ‘ਤੇ ਬੰਦੂਕਾਂ ਰੱਖ ਕੇ ਈ ਅਗਲੇ ਭੈਣ ਅਜ਼ਾਦੀ ਦੀ ਛਾਤੀ ‘ਚ ਗੋਲੀਆਂ ਮਾਰੀ ਜਾਂਦੇ ਨੇ, ਤੇ ਫੇਰ ਪੰਥ ਨੂੰ ਪਏ ਸਦੀਵੀ ਖਤਰੇ ਵਾਂਗ ਮੁਲਕ ਦੀ ਅੰਦਰੂਨੀ ਸੁਰੱਖਿਆ ਦੇ ਖਤਰਿਆਂ ਦੇ ਹੱਲ ਭਾਲੇ ਜਾਂਦੇ ਨੇ। ਹੋਰ ਮਹਿੰਗੀਆ ਤੇ ਹੋਰ ਵੱਡੀਆਂ ਬੰਦੂਕਾਂ ਖ਼ਰੀਦ ਕੇ।ਕੋਈ ਇੱਕ ਨੀ ਐਹੋ ਜਿਹਾ ਕਰੱਪਟ ਨੇਤਾ ਜਿਹੜਾ ਕਨੂੰਨ ਦੇ ਅੜਿੱਕੇ ਆਇਆ ਹੋਵੇ ਤੇ ਅਦਾਲਤਾਂ ਓਸਨੁੰ ਵਹ ਕੇ ਰੱਖ ‘ਤਾ ਹੋਵੇ। ਤੁਸੀ ਕਿਸੇ ਸ਼ੋਅਰੂਮ ‘ਚੋਂ ਨੀਕਰ ਚੋਰੀ ਕਰੋ, ਝੱਟ ਸਜ਼ਾ ਹੋ ਜੂ।
ਸੁਣਿਐ ਭਗਤ ਸਿੰਘ ਨੇ ਆਖਿਆ ਸੀ ਕਿ ਬਈ ਜੇ ਹਾਕਮ ਗੋਰੇ ਚਲੇ ਗੇ ਤੇ ਕਾਲੇ ਜਾਂ ਭੁਰੇ ਆ ਗੇ ਤਾਂ ਕੋਈ ਫਰਕ ਨੀਂ ਪੈਣਾ, ਅਜ਼ਾਦੀ ਤਾਂ ਜੇ ਲੋਕਾਂ ਦਾ ਰਾਜ ਹੋਊ… ਹੁਣ ਜੇ ਅੱਜ ਅਜ਼ਾਦੀ ਐ ਤਾਂ ਓਹ ਗ਼ਲਤ ਸੀ….. ਪਰ ਕਿਓਂਕਿ ਭਗਵੇ, ਨੀਲੇ, ਲਾਲ ਤੇ ਚਿੱਟੇ ਸਾਰਿਆਂ ਦਾ ਈ ਓਹ ਹੀਰੋ ਆ ਤਾਂ ਓਹ ਕੁਛ ਸਹੀ ਹੋਊਗਾ। ਫੇਰ ਅਜ਼ਾਦੀ ਆਲੀ ਗੱਲ ਝੂਠੀ ਐ ਬਾਈ……………………………..ਐਵੇਂ ਫੂੱਦੂ ਨਾਂ ਬਣਾਈ ਜਾਓ।

ਦਵਿੰਦਰ ਪਾਲ
ਪੀ ਟੀ ਸੀ ਨਿਊਜ਼

1 comment:

  1. good comment on so called azadi....keep it up.

    ReplyDelete