ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, August 25, 2010

ਆਰ.ਐੱਸ.ਐੱਸ(ਸੰਘ) ਦੀ ਕਸ਼ਮੀਰ ਖਿਲਾਫ ਨਵੀਂ ਸਾਜਿਸ਼ ਬੇਨਕਾਬ

ਭਾਰਤੀ ਜੇਲ੍ਹਖਾਨੇ ‘ਚ ਕੌਮੀਅਤਾਂ ਦੀ ਦਾਸਤਾਨ

ਭਾਰਤ ਕਸ਼ਮੀਰ ਨੂੰ ਆਪਣਾ ਅਟੁੱਟ ਹਿੱਸਾ ਮੰਨਦਾ ਰਿਹਾ ਹੈ,ਪਰ ਕਸ਼ਮੀਰੀ ਹਮੇਸ਼ਾਂ ਅਜ਼ਾਦ ਕਸ਼ਮੀਰ ਦੀ ਮੰਗ ਕਰਦੇ ਰਹੇ ਹਨ।ਜਦੋਂ ਕੋਈ ਕਸ਼ਮੀਰ ਦਾ ਇਤਿਹਾਸ ਫਰੋਲਣ ਬੈਠਦਾ ਹੈ ਤਾਂ ਗੱਲ ਸਮਝ ਆਉਣ ਲਗਦੀ ਹੈ ਕਿ ਕਸ਼ਮੀਰ ਕਦੀ ਭਾਰਤ ਦਾ ਹਿੱਸਾ ਰਿਹਾ ਹੀ ਨਹੀਂ।ਕਸ਼ਮੀਰੀਆਂ ਦੀ ਅਜ਼ਾਦ ਕਸ਼ਮੀਰ ਦੀ ਮੰਗ ਬੜੀ ਪੁਰਾਣੀ ਹੈ।ਬਟਵਾਰੇ ਤੋਂ ਬਾਅਦ ਦੇ ਭਾਰਤੀ ਸਾਸ਼ਕਾਂ ਦੇ ਅੱਤਿਆਚਾਰ ਤੋਂ ਇਲਾਵਾ ਕਸ਼ਮੀਰੀ ਡੋਗਰਿਆਂ ਤੇ ਸਿੱਖ ਸਾਸ਼ਕਾਂ ਦੇ ਅੱਤਿਆਚਾਰ ਦਾ ਸ਼ਿਕਾਰ ਵੀ ਰਹੇ ਹਨ,ਪਰ ਇਸ ਸਭ ਦੇ ਬਾਵਜੂਦ ਕਸ਼ਮੀਰੀਆਂ ਦੀ ਅਜ਼ਾਦ ਕਸ਼ਮੀਰ ਦੀ ਭਾਵਨਾ ਕਦੇ ਖ਼ਤਮ ਨਹੀਂ ਹੋਈ।ਇਸ ਮੰਗ ਨੂੰ ਕਿਸੇ ਹੋਰ ਪਾਸੇ ਕਿਵੇਂ ਤਬਦੀਲ ਕੀਤਾ ਜਾਵੇ,ਇਹ ਦੇਸ਼ ਦੀਆਂ ਫਿਰਕਾਪ੍ਰਸਤ ਜਥੇਬੰਦੀਆਂ ਤੇ ਭਾਰਤੀ ਸਾਸ਼ਕ ਵਰਗ ਦਾ ਏਜੰਡਾ ਰਿਹਾ ਹੈ।

89ਵੇਂ ਦੇ ਦੌਰ ਤੋਂ ਬਾਅਦ ਇਕ ਵਾਰ ਫਿਰ ਪੂਰਾ ਕਸ਼ਮੀਰ ਸੁਲਗ ਰਿਹਾ ਹੈ।ਆਰ.ਐੱਸ.ਐੱਸ,ਜੋ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਦਾਅਵਾ ਹਿੱਕ ਠੋਕ ਕੇ ਕਰਦੀ ਹੈ।ਉਸਨੇ 90ਵਿਆਂ ‘ਚ ਆਪਣੇ ਸਿਆਸੀ ਏਜੰਡੇ ਦੀ ਗਿਣੀ ਮਿਥੀ ਸਾਜਿਸ਼ ਤਹਿਤ ਕਸ਼ਮੀਰ ‘ਚੋਂ ਕਸ਼ਮੀਰੀ ਹਿੰਦੂਆਂ ਦਾ ਧੱਕੇ ਨਾਲ ਉਜਾੜਾ ਕਰਵਾਇਆ ਸੀ।ਹੁਣ ਜਦੋਂ ਕਸ਼ਮੀਰੀ ਸਿੱਖਾਂ ਨੂੰ ਕਹੀਆਂ ਜਾਂਦੀਆਂ ਧਮਕੀਨੁਮਾ ਬਰੰਗ ਚਿੱਠੀਆਂ ਮਿਲ ਰਹੀਆਂ ਹਨ ਤਾਂ ਸਭ ਤੋਂ ਪਹਿਲਾਂ ਆਰ ਐੱਸ ਐੱਸ ਦੀ ਨਿਸ਼ਾਨਦੇਹੀ ਕਰਨੀ ਬਣਦੀ ਹੈ।ਮੱਦਾ ਵਹੀਣ ਭਾਜਪਾ ਲਈ ਮੁੱਦੇ ਪੈਦਾ ਕਰਨੇ ਵੀ ਆਰ.ਐੱਸ.ਐੱਸ ਦਾ ਕੰਮ ਹੈ,ਜਿਨ੍ਹਾਂ ਜ਼ਰੀਏ ਸਿਆਸੀ ਤੇ ਸਮਾਜਿਕ ਧਰੁਵੀਕਰਨ ਜਾਰੀ ਰਹੇ।ਆਮ ਕਸ਼ਮੀਰੀ ਹਿੰਦੂਆਂ ‘ਤੇ ਉਜਾੜਾ ਥੋਪਿਆ ਗਿਆ।ਲੰਮੇ ਅਰਸੇ ਤੋਂ ਕਸ਼ਮੀਰ ‘ਚ ਰਹਿ ਰਹੇ ਆਮ ਹਿੰਦੂਆਂ ਤੇ ਸਿੱਖਾਂ ਦਾ ਅੱਜ ਵੀ ਆਪਣੀ ਧਰਤੀ ਨਾਲ ਗੂੜ੍ਹਾ ਪਿਆਰ ਹੈ।

ਓਸ ਦੌਰ ‘ਚ ਜੰਮੂ ਕਸ਼ਮੀਰ ਦੇ ਰਾਜਪਾਲ ਜਗਮੋਹਨ ਮਲਹੋਤਰਾ ਨੇ ਆਰ ਐੱਸ ਐੱਸ ਦੀ ਸ਼ਹਿ ‘ਤੇ ਕਸ਼ਮੀਰੀ ਹਿੰਦੂਆਂ ਨੂੰ ਉਜਾੜੇ ਲਈ ਉਕਸਾਇਆ ਸੀ।ਜਗਮੋਹਨ ਮਲਹੋਤਰਾ ਨੇ ਵਿਸ਼ੇਸ਼ ਤੌਰ ‘ਤੇ ਜੰਮੂ ‘ਚ ਰਿਫਊਜੀ ਕੈਂਪ ਤਿਆਰ ਕਰਵਾਏ ਸਨ।ਇਤਫਾਕ ਦੇਖੋ ਜਿਸ ਬੰਦੇ ਨੇ ਸਿੱਖਾਂ ਨੂੰ ਇਸਲਾਮ ਕਬੂਲਣ ਤੇ ਧਮਕੀਨੁਮਾ ਹਵਾਈ ਚਿੱਠੀਆਂ ਦੀ ਗੱਲ ਕੀਤੀ ਹੈ,ਉਸਦਾ ਨਾਂਅ ਜਗਮੋਹਨ ਸਿੰਘ ਰੈਣਾ ਹੈ।ਇਹ ਆਪਣੇ ਆਪ ਨੂੰ ਆਲ ਇੰਡੀਆ ਸਿੱਖ ਕੋਆਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹੋਣ ਦਾ ਦਾਅਵਾ ਕਰਦੇ ਹਨ।ਇਹਨਾਂ ਅਫਵਾਹਾਂ ਤੋਂ ਬਾਅਦ ਜਦੋਂ ਕਸ਼ਮੀਰ ਦੇ ਕੁੱਝ ਪਤਵੰਤੇ ਸਿੱਖ ਸੱਜਣ ਉਹ ਧਮਕੀ ਭਰੇ ਪੱਤਰ ਵੇਖਣ ਗਏ ਤਾਂ ਇਹਨਾਂ ਕੋਲ ਦਿਖਾਉਣ ਨੁੰ ਕੁਝ ਨਹੀਂ ਸੀ।ਦੂਜੇ ਪਾਸੇ ਭਾਜਪਾ ਦੇ ਹੰਗਾਮੇ ‘ਤੇ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਦੀ ਟਿੱਪਣੀ ਕਾਫੀ ਰੌਚਕ ਹੈ,ਜਿਸ ‘ਚ ਉਹਨਾਂ ਕਿਹਾ ਹੈ ,ਕਿ ਉਹ ਇਸ ਤਰ੍ਹਾਂ ਦੀਆਂ ਕਥਿਤ ਧਮਕੀਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ”।ਚਿਦੰਬਰਮ ਸਿਆਸੀ ਭਾਸ਼ਾ ‘ਚ ਭਾਜਪਾ ਨੂੰ ਬਹੁਤ ਕੁਝ ਕਹਿ ਗਏ।ਮਸਲਾ ਇਹ ਨਹੀਂ ਕਿ ਕਾਂਗਰਸ ਤੇ ਭਾਜਪਾ ‘ਚ ਬਹੁਤਾ ਫਰਕ ਹੈ,ਪਰ ਕਾਂਗਰਸ ਜਿਸ ਸਿਆਸੀ ਏਜੰਡੇ ਦੇ ਜ਼ਰੀਏ ਦੋ ਵਾਰ ਸੰਸਦ ਦੀਆਂ ਪੌੜੀਆਂ ਚੜ੍ਹੀ ਹੈ,ਉਹ ਉਸਨੂੰ ਫਿਰ ਬਕਾਇਦਾ ਠੋਕ ਵਜ੍ਹਾ ਕੇ ਜਨਤਾ ਸਾਹਮਣੇ ਰੱਖਣਾ ਚਾਹੁੰਦੀ ਹੈ।ਜਦੋਂ ਮਾਓਵਾਦੀ ਕਸ਼ਮੀਰ ਦੀ ਲਹਿਰ ਨੂੰ ਕੌਮੀ ਲਹਿਰ ਦੇ ਨਾਂਅ ਨਾਲ ਸੰਬੋਧਿਤ ਹੋ ਰਹੇ ਹਨ ਤੇ ਅਜ਼ਾਦ ਕਸ਼ਮੀਰ ਦੀ ਮੰਗ ਦਾ ਸਮਰਥਨ ਕਰ ਰਹੇ ਹਨ ਤਾਂ ਮਨਮੋਹਨ-ਸੋਨੀਆ ਤੇ ਚਿਦੰਬਰਮ ਦੇ ਨਜ਼ਰ ‘ਚੋਂ ਕੁਝ ਬਾਹਰ ਹੋਣੇ,ਅਜਿਹਾ ਕੁਝ ਵੀ ਨਹੀਂ।ਪਰ ਮੁੱਖ ਧਾਰਾ ਦੀ ਸਿਆਸਤ ਤਾਂ ਵੱਖਰੀ ਤੇ ਲੰਮੀ ਲਕੀਰ ਖਿੱਚਣ ਨਾਲ ਚੱਲਦੀ ਹੈ।ਜਿਹੜਾ ਮਸਲਾ ਹੈ ਹੀ ਨਹੀਂ ,ਉਸਨੂੰ ਆਰ.ਐੱਸ.ਐੱਸ ਜਗਮੋਹਨ ਸਿੰਘ ਰੈਣਾ ਵਰਗੇ ਲੋਕਾਂ ਤੇ ਮੁੱਖ ਧਰਾਈ ਮੀਡੀਆ ਦੇ ਜ਼ਰੀਏ ਪਲਾਂਟ ਕਰਵਾਉਂਦੀ ਹੈ।ਐਸ ਜੀ ਪੀ ਸੀ ਮੈਂਬਰ ਹਰਿੰਦਰਪਾਲ ਸਿੰਘ ਕਹਿੰਦੇ ਹਨ ,ਕਿ ਇਹ ਜਗਮੋਹਨ ਸਿੰਘ ਰੈਣਾ ਦਾ ਸਾਜ਼ਿਸੀ ਪਰਪੰਚ ਹੈ,ਇਸ ਲਈ ਸਰਕਾਰ ਨੂੰ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਹੈ,ਪਰ ਆਰ ਐੱਸ ਐੱਸ ਤੇ ਭਾਜਪਾ ਦੀ ਬੁੱਕਲ ‘ਚ ਬੈਠੇ ਅਕਾਲੀਆਂ ਨੂੰ ਤਾਂ ਭਾਜਪਾ ਨੂੰ ਥਾਪੀ ਤੇ ਚਾਬੀ ਦੇਣ ਦੀ ਜ਼ਰੂਰਤ ਹੈ,ਇਹ ਓਦੋਂ ਹੀ ਤੋਤੇ ਵਾਂਗੂੰ ਬੋਲਣਾ ਸ਼ੁਰੂ ਕਰ ਦਿੰਦੇ ਹਨ।ਅਕਾਲੀਆਂ ਨੂੰ ਅਸਲੀਅਤ ਦੀ ਸਮਝ ਨਾ ਹੋਵੇ ,ਐਂਵੇ ਬਿਲਕੁਲ ਨਹੀਂ।ਅਸਲ ‘ਚ ਇਸ ਮਸਲੇ ‘ਚ ਅਕਾਲੀਆਂ ਨੂੰ ਚੋਪੜੀਆਂ ਨਾਲੇ ਦੋ ਦੋ ਮਿਲੀਆਂ ਹਨ।ਭਾਜਪਾ ਤੋਂ ਸ਼ਾਬਾਸ਼ ਵੀ ਮਿਲੀ ਤੇ ਫੋਕੀ ਸ਼ੋਹਰਤ ਵੀ ਖੱਟੀ।ਇਸੇ ਲਈ ਬਾਦਲ ਵਾਰ ਵਾਰ ਕਹਿੰਦੇ ਹਨ,ਕਿ ਭਾਜਪਾ ਨਾਲ ਜਨਮਾਂ ਜਨਮਾਂ ਦੀ ਸਾਂਝ ਹੈ।ਵੈਸੇ ਵੀ ਪਹਿਲੀ ਵਾਰ ਹੈ ਕਿ ਲੋਕ ਸਭਾ ‘ਚ ਰਤਨ ਸਿੰਘ ਅਜਨਾਲਾ ਨੇ ਨੰਨ੍ਹੀ ਛਾਂ ਦੇ ਹੱਥੋਂ ਕੋਈ ਮੁੱਦਾ ਖੋਹਿਆ ਹੋਵੇ।ਇਸ ਲਈ ਉਹਨਾਂ ਦਾ ਸਿੱਖਾਂ ਨਾਲ ਨਹੀਂ,ਬਲਕਿ ਬਿਆਨਾਂ ਨਾਲ ਜ਼ਿਆਦਾ ਸਰੋਕਾਰ ਹੈ।ਜਿਵੇਂ ਭੱਠਲ ਅਮਰਿੰਦਰ ਸਿੰਘ ਦੇ ਖਿਲਾਫ ਆਫ ਦੀ ਰਿਕਾਰਡ ਭੜਾਸ ਕੱਢਦੀ ਹੈ,ਓਵੇਂ ਅੱਜਕਲ੍ਹ ਅਜਨਾਲਾ ਵੀ ਨੰਨ੍ਹੀ ਛਾਂ ਖਿਲਾਫ ਦਿੱਲੀ ਦੇ ਪੱਤਰਕਾਰਾਂ ਕੋਲ ਆਪਣੇ ਰੋਣੇ ਰੋਂਦੇ ਹਨ।

ਆਰ ਐੱਸ ਐੱਸ ਦੀਆਂ ਅਜਿਹੀਆਂ ਕਰਤੂਤਾਂ 1925(ਸੰਘ ਦੇ ਜਨਮ) ਤੋਂ ਲੈ ਕੇ 84,ਗੁਜਰਾਤ ਤੇ ਕੰਧਮਾਲ ਤੱਕ ਸ਼ੁਮਾਰ ਹਨ।ਪੰਜਾਬ ਦੀ ਫਿਜ਼ਾ ਨੂੰ ਫਿਰਕੂ ਰੰਗ ਦੇਣ ਪਿੱਛੇ ਸਭ ਤੋਂ ਵੱਡਾ ਹੱਥ ਆਰ ਐਸ ਐਸ ਦਾ ਸੀ।ਸਭ ਤੋਂ ਪਹਿਲਾਂ ਪੰਜਾਬ ਦੇ ਹਿੰਦੂਆਂ ਨੂੰ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਲਈ ਉਕਸਾਇਆ ਗਿਆ।ਆਮ ਹਿੰਦੂਆਂ ‘ਚ ਅਜਿਹੀ ਭਾਵਨਾ ਬਿਲਕੁਲ ਨਹੀਂ ਸੀ।ਬਾਅਦ ‘ਚ ਪੰਜਾਬ ਦੇ ਮੰਗਾਂ ਮਸਲਿਆਂ ਨਾਲ ਸ਼ੁਰੂ ਹੋਈ ਲਹਿਰ ਨੂੰ ਕਿਵੇਂ ਹਿੰਦੂ ਬਨਾਮ ਸਿੱਖ ਰੰਗ ਦਿੱਤਾ ਜਾ ਰਿਹਾ ਸੀ,ਇਸਨੂੰ ਪੰਜਾਬ ਦੇ ਮੰਗਾਂ ਮਸਲਿਆਂ ਨਾਲ ਜੁੜੀ ਨਾ ਸਮਝ ਲੀਡਰਸ਼ਿੱਪ ਤੇ ਕਾਮਰੇਡ ਸਮਝਣ ‘ਚ ਅਸਫਲ ਰਹੇ।ਆਰ ਐੱਸ ਐੱਸ ਸੱਤਾ ਦੀ ਰਹਿਨੁਮਾਈ ‘ਚ ਚਲਾਕ ਸਿਆਸਤ ਕਰ ਰਹੀ ਸੀ,ਪਰ ਪੰਜਾਬ ਦੇ ਨਾ ਸਮਝ ਲੀਡਰ ਤੇ ਕਾਮਰੇਡ ਨੱਕ ਦੀ ਸੇਧ ਨਾਲ ਇਕ ਨੁਕਾਤੀ ਪ੍ਰੋਗਰਾਮ ਲੈ ਕੇ ਚਲਦੇ ਰਹੇ।ਜਿਵੇਂ ਕਸ਼ਮੀਰ ‘ਚੋਂ ਹਿੰਦੂਆਂ ਤੇ ਸਿੱਖਾਂ ਨੂੰ ਸਾਜਿਸ਼ ਤਹਿਤ ਉਜਾੜਕੇ ਕਸ਼ਮੀਰ ਦੀ ਕੌਮੀ ਲਹਿਰ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ,ਉਸੇ ਤਰ੍ਹਾਂ ਪੰਜਾਬ ‘ਚ ਅਜਿਹੀਆਂ ਘਟਨਾਵਾਂ ਵੱਡੀ ਪੱਧਰ ‘ਤੇ ਕਰਵਾਈਆਂ ਗਈਆਂ।ਜਿੰਨ੍ਹਾਂ ‘ਚ ਆਰ ਐੱਸ ਐੱਸ ਤੇ ਸੱਤਾ ਦੇ ਤਹਿਸ਼ੁਦਾ ਪ੍ਰੋਗਰਾਮ ਤਹਿਤ ਖਰੀਦੇ ਗਏ ਖਾਲਿਸਤਾਨੀ ਸਰਕਾਰੀ ਸਾਜ਼ਿਸ਼ਾਂ ਦੀਆਂ ਜ਼ਿੰਮੇਂਵਾਰੀਆਂ ਲੈਂਦੇ ਰਹੇ।ਓਸ ਦੌਰ ਦੇ ਅਖ਼ਬਾਰਾਂ ‘ਚ ਇਕੋ ਘਟਨਾ ਦੀਆਂ ਜ਼ਿੰਮੇਵਾਰੀਆਂ ਕਈ ਕਈ ਖਰੀਦੇ ਗਏ ਖਾਲਿਸਤਾਨੀ ਗਰੁੱਪ ਲੈਂਦੇ ਦੇਖੇ ਗਏ ਹਨ।ਇਹਨਾਂ ਸਭ ਗੱਲਾਂ ਦਾ ਖੁਲਾਸਾ ਸੁੱਖੀ ਵਰਗੇ ਕੈਟਾਂ ਦੇ ਜ਼ਰੀਏ ਹੁੰਦਾ ਰਿਹਾ ਹੈ,ਕਿ ਕਿਸ ਤਰ੍ਹਾਂ ਕੀ ਪੀ ਐਸ ਗਿੱਲ ਨੇ ਸਭ ਕਨੂੰਨਾਂ ਨੂੰ ਛਿੱਕੇ ਟੰਗਦਿਆਂ ਪੰਜਾਬ ਦੀ ਆਬੋ-ਹਵਾ ਨੂੰ ਫਿਰਕੂ ਬਣਾਉਣ ਲਈ ਸ਼ਰੇਆਮ ਸਰਕਾਰੀ ਬਦਮਾਸ਼ੀ ਕੀਤੀ।ਆਰ ਐਸ ਐਸ ਦੇ ਕਈ ਬਦਨਾਮ ਕੌਮਾਂਤਰੀ ਏਜੰਸ਼ੀਆਂ ਨਾਲ ਸਬੰਧ ਹਨ।ਬਿਲ ਕਲਿੰਟਨ ਦੇ ਦੌਰੇ ਸਮੇਂ ਚਿੱਠੀ ਸਿੰਘਾਪੁਰ ਮਾਰੇ ਗਏ 36 ਸਿੱਖ ਵੀ ਆਰ ਐਸ ਐਸ ਦਾ ਏਜੰਡਾ ਸੀ।ਆਰ ਐਸ ਐਸ ਦੁਨੀਆਂ ਦੀ ਸਭ ਤੋਂ ਬਦਨਾਮ ਖੁਫੀਆ ਏਜੰਸੀ ਮੌਸਾਦ(ਇਜ਼ਰਾਇਲ ਦੀ) ਨਾਲ ਮਿਲਕੇ ਅਜਿਹੀਆਂ ਘਟਨਾਵਾਂ ਨੂੰ ਅਣਜਾਮ ਦਿੰਦੀ ਹੈ।ਕਿਉਂਕਿ ਕਲਿੰਟਨ ਦੇ ਆਉਣ ਕਾਰਨ ਇਹ ਘਟਨਾ ਨੇ ਕੌਮਾਂਤਰੀ ਅਸਰ ਛੱਡਣਾ ਸੀ,ਇਸ ਲਈ 36 ਸਿੱਖ ਦੀ ਕੀਮਤ ਸੰਘੀਆਂ ਨੂੰ ਜ਼ਿਆਦਾ ਨਹੀਂ ਲੱਗੀ।

ਸੰਘ ਦੀ ਦੇਸ਼ ਦੇ ਪ੍ਰਸਾਸ਼ਨ ਤੇ ਮੀਡੀਆ ‘ਚ ਵੱਡੀ ਘੁਸਪੈਠ ਹੈ,ਅਜਿਹੇ ਲੋਕ ਉਸਦੀਆਂ ਲੋੜਾਂ ਮੁਤਾਬਿਕ ਲਗਾਤਾਰ ਕੰਮ ਕਰਦੇ ਹਨ।ਭਾਰਤੀ ਏਜੰਸੀਆਂ,ਮੰਤਰਾਲਿਆਂ ਤੇ ਫੌਜ ਦੇ ਵੱਡੇ ਅਫਸਰ,ਮੀਡੀਆ ਘਰਾਣਿਆਂ ਦੇ ਮਾਲਕ ਤੇ ਵੱਡੇ ਸੰਪਾਦਕ ਸੰਘ ਦੇ ਹੈਡਕੁਆਟਰ ਨਾਗਪੁਰ ਅੰਦਰ ਵੇਖੇ ਜਾਂਦੇ ਹਨ।ਇਸ ਮੌਕੇ ਦੇਸ਼ ਦੀ ਇਕ ਪ੍ਰਮੁੱਖ ਖ਼ਬਰ ਏਜੰਸੀ ਦਾ ਮੁੱਖ ਸੰਪਾਦਕ ਕੱਟੜ ਸੰਘੀ ਹੈ।ਇਕ ਵਾਰ ਮੈਂ ਆਈ. ਬੀ(ਇੰਟੈਂਲੀਜੈਂਸ ਬਿਊਰੋ) ਦੇ ਸਾਬਕਾ ਮੁਖੀ ਐਮ.ਕੇ ਧਰ ਦੇ ਘਰ ਉਸ ਨਾਲ ਇੰਟਰਵਿਊ ਕਰਨ ਗਿਆ।ਜਿਸਨੇ ਪੰਜਾਬ ਦੀ ਖਾਲਿਸਤਾਨੀ ਲਹਿਰ ਬਾਰੇ “ਓਪਨ ਸੀਕਰਟਸ” ਨਾਂਅ ਦੀ ਕਿਤਾਬ ‘ਚ ਕਈ ਖੁਲਾਸੇ ਕੀਤੇ ਹਨ।ਗੱਲਾਂ ਗੱਲਾਂ ‘ਚ ਉਸ ਨਾਲ ਓਸ ਦੌਰ ਬਾਰੇ ਗੱਲ ਹੋਈ।ਉਸਦੀ ਇਕ ਗੱਲ ਨੇ ਮੈਨੂੰ ਪੂਰੀ ਸਿਆਸਤ ਸਮਝਾ ਦਿੱਤੀ।ਉਹ ਕਹਿੰਦਾ ਮੈਂ ਕਈ ਸਿੱਖਾਂ ਨੂੰ ਸਮਝਾਇਆ ਕਿ ਤੁਹਾਡਾ ਮੁਸਲਮਾਨਾਂ ਨਾਲ ਇਤਿਹਾਸਕ ਵਿਰੋਧ ਹੈ,ਤੁਹਾਡੇ ਗੁਰੂ ਮਾਰੇ ਉਹਨਾਂ ਨੇ,ਇਸ ਲਈ ਹਿੰਦੂਆਂ ਨਾਲ ਹੀ ਮਿਲ ਜੁਲਕੇ ਚੱਲਣ ‘ਚ ਫਾਇਦਾ ਹੈ।ਅਸਲ ‘ਚ ਧਰ ਆਮ ਹਿੰਦੂਆਂ ਦੀ ਨਹੀਂ ਬਲਕਿ ਹਿੰਦੂਤਵੀ ਏਜੰਡਾ ਲਈ ਖੜ੍ਹੀ ਸਟੇਟ ਮੂਹਰੇ ਗੋਡੇ ਟੇਕਣ ਦੀ ਗੱਲ ਕਰ ਰਿਹਾ ਸੀ।ਜਿਵੇਂ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਸੰਘ ਦੇ ਲੀਡਰ ਕਹਿੰਦੇ ਹਨ ਕਿ ਅਬਾਦੀ ਮੁਤਾਬਿਕ ਭਾਰਤ ‘ਚ ਤੁਸੀਂ(ਮੁਸਲਮਾਨ) ਹਿੰਦੂਆਂ ਤੋਂ ਛੋਟੇ ਹੋਂ,ਇਸ ਲਈ ਛੋਟਿਆਂ ਵਾਂਗੂੰ ਹੀ ਰਹੋ,ਨਾ ਕਿ ਬਰਾਬਰ ਦੇ ਬਣਕੇ।ਮੇਰਾ ਇਕ ਦੋਸਤ ਕਸ਼ਮੀਰ ‘ਚ ਫੌਜ ‘ਚ ਤੈਨਾਤ ਸੀ।ਉਸਨੇ ਦੱਸਿਆ ਕਿ ਸਿੱਖ ਰੈਜਮੈਂਟ ‘ਚ ਇਹ ਪਰਚੇ ਸੁੱਟੇ ਗਏ ਕਿ ਮੁਸਲਮਾਨਾਂ ਨੇ ਕਿਸ ਤਰ੍ਹਾਂ ਸਿੱਖ ਗੁਰੂਆਂ ‘ਤੇ ਤਸ਼ੱਦਦ ਕੀਤੇ ਸਨ।ਉਸਦੇ ਕੁਝ ਜ਼ਿਆਦਾ ਸਮਝ ਨਹੀਂ ਆਇਆ,ਮੈਂ ਪਰਚਾ ਪੜ੍ਹਿਆ ਤੇ ਫਿਰ ਉਸਨੂੰ ਦੱਸਿਆ ਕਿ ਆਰ ਐੱਸ ਐੱਸ ਕਿਸ ਤਰ੍ਹਾਂ ਦੀ ਖੇਡ ਖੇਡਦੀ ਹੈ।ਘੱਟਗਿਣਤੀਆਂ ‘ਚ ਘੱਟਗਿਣਤੀਆਂ ਖਿਲਾਫ ਨਫਰਤ ਭਰਨ ਦੀ ਸਿਆਸੀ ਖੇਡ।ਉਸ ਗੱਲ ਤੋਂ ਕੁਝ ਮਹੀਨਿਆਂ ਬਾਅਦ ਮਾਲੇਗਾਂਵ ਧਮਾਕਿਆਂ ‘ਚ ਕਰਨਲ ਪਰੋਹਿਤ ਦਬੋਚਿਆ ਗਿਆ।ਫੌਜ ਦਾ ਸੰਘੀਕਰਨ ਕਰਨਾ ਵੀ ਆਰ ਐੱਸ ਐੱਸ ਦੇ ਵੱਡੇ ਏਜੰਡਿਆਂ ‘ਚੋਂ ਇਕ ਹੈ।

ਖੈਰ,ਕਸ਼ਮੀਰੀ ਸਿੱਖਾਂ ਦੇ ਮਾਮਲੇ ‘ਚ ਇਕ ਗੱਲ ਮਹੱਤਵਪੂਰਨ ਤੇ ਚੰਗੀ ਰਹੀ ਹੈ,ਕਿ ਸੰਘ ਦੀ ਡਿਸ ਇਨਫਾਮੇਸ਼ਨ ਮੁਹਿੰਮ ਨੂੰ ਕਸ਼ਮੀਰੀ ਆਗੂਆਂ ਨੇ ਚੰਗਾ ਜਵਾਬ ਦਿੱਤਾ ਹੈ।ਇਹ ਲੀਡਰਸ਼ਿੱਪ ਦੇ ਤਜ਼ਰਬਿਆਂ ਤੇ ਉਸਦੀ ਅਮੀਰ ਸਿਆਸਤ ਨੂੰ ਦਰਸਾਉਂਦੀ ਹੈ,ਕਿ ਮਸਲੇ ਦੇ ਆਉਂਦਿਆਂ ਹੀ ਉਸਨੂੰ ਬੇਨਕਾਬ ਕੀਤਾ ਗਿਆ।ਕਸ਼ਮੀਰੀਆਂ ਦੀ ਕੌਮੀਅਤ ਦੀ ਲ਼ੜਾਈ ਨੂੰ ਉਲਝਾਉਣ ਤੇ ਅੜਿੱਕਾ ਲਾਉਣ ਦੀ ਸਾਜਿਸ਼ ਨਾ ਕਾਮਯਾਬ ਰਹੀ।ਹੋਰਨਾਂ ਲੋਕ ਲਹਿਰਾਂ ਨੂੰ ਕਸ਼ਮੀਰੀਆਂ ਦੇ ਅਜਿਹੇ ਤਜ਼ਰਬਿਆਂ ਤੋਂ ਸਿੱਖਣ ਦੀ ਲੋੜ ਹੈ।ਸੰਘ ਦੇ ਸੰਦਰਭ ‘ਚ ਮਸਲਾ ਇਹ ਹੈ,ਕਿ ਸੰਘ ਦੇਸ਼ ਨੂੰ ਕਿਸੇ ਵੀ ਤਰ੍ਹਾਂ ਹਿੰਦੂਤਵੀ ਰਾਸ਼ਟਰ ਬਣਾਉਣ ਚਾਹੁੰਦਾ ਹੈ।ਇਸ ਲਈ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਨਾਲ ਕੋਈ ਵੀ ਸਾਜਿਸ਼ ਹੋ ਸਕਦੀ ਹੈ।ਜਦੋਂ ਬਦਲਦੀ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਨ ਲਈ ਸੰਘ ਵਰਗੀ ਕੱਟੜ ਸੰਸਥਾ ਆਪਣੀ ਵਰਦੀ ‘ਚ ਪਹਿਨੇ ਜਾਂਦੇ ਖਾਕੀ ਕੱਛੇ ਦਾ ਰੰਗ ਰੂਪ ਬਦਲਣ ਦੀ ਸੋਚ ਰਹੀ ਹੈ ਤਾਂ ਦੇਸ਼ ਦੀਆਂ ਘੱਟਗਿਣਤੀਆਂ,ਕੌਮੀਅਤਾਂ, ਤੇ ਅਗਾਂਹਵਧੂ ਫਲਸਫੇ ਨਾਲ ਜੁੜੀਆਂ ਪਾਰਟੀਆਂ ਆਪਣੇ ਸਿਆਸੀ ਦਾਅਪੇਚ ਕਿਉਂ ਨਹੀਂ ਬਦਲ ਸਕਦੀਆਂ।ਸਭ ਦਾ ਖਤਰਨਾਕ ਦੁਸ਼ਮਣ ਸਾਝਾਂ ਹੈ।ਇਸ ਲਈ ਉਸਦੇ ਖਿਲਾਫ ਕੋਈ ਘੱਟੋ ਘੱਟ ਸਾਂਝਾ ਪ੍ਰੋਗਰਾਮ ਹੋਣਾ ਚਾਹੀਦਾ ਹੈ ਤਾਂ ਕਿ ਭਵਿੱਖ ਨੁੰ ਹਿਟਲਰਾਂ ਤੇ ਮਸੋਲਿਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

ਯਾਦਵਿੰਦਰ ਕਰਫਿਊ
ਨਵੀਂ ਦਿੱਲੀ।
mail2malwa@gmail.com,malwa2delhi@yahoo.co.in
09899436972

3 comments:

 1. "ਆਰ ਐਸ ਐਸ ਦੇ ਕਈ ਬਦਨਾਮ ਕੌਮਾਂਤਰੀ ਏਜੰਸ਼ੀਆਂ ਨਾਲ ਸਬੰਧ ਹਨ।ਬਿਲ ਕਲਿੰਟਨ ਦੇ ਦੌਰੇ ਸਮੇਂ ਚਿੱਠੀ ਸਿੰਘਾਪੁਰ ਮਾਰੇ ਗਏ 36 ਸਿੱਖ ਵੀ ਆਰ ਐਸ ਐਸ ਦਾ ਏਜੰਡਾ ਸੀ।ਆਰ ਐਸ ਐਸ ਦੁਨੀਆਂ ਦੀ ਸਭ ਤੋਂ ਬਦਨਾਮ ਖੁਫੀਆ ਏਜੰਸੀ ਮੌਸਾਦ(ਇਜ਼ਰਾਇਲ ਦੀ) ਨਾਲ ਮਿਲਕੇ ਅਜਿਹੀਆਂ ਘਟਨਾਵਾਂ ਨੂੰ ਅਣਜਾਮ ਦਿੰਦੀ ਹੈ।ਕਿਉਂਕਿ ਕਲਿੰਟਨ ਦੇ ਆਉਣ ਕਾਰਨ ਇਹ ਘਟਨਾ ਨੇ ਕੌਮਾਂਤਰੀ ਅਸਰ ਛੱਡਣਾ ਸੀ,ਇਸ ਲਈ 36 ਸਿੱਖ ਦੀ ਕੀਮਤ ਸੰਘੀਆਂ ਨੂੰ ਜ਼ਿਆਦਾ ਨਹੀਂ ਲੱਗੀ।"
  This is a loaded statement....it may be true but it would be great if you could provide at least one evidence (which is not heresay) to support it. No offence....I like your blog and always follow it.

  ReplyDelete
 2. ਪੱਤਰਕਾਰੀ ਇਕ ਚਲੰਤ ਸਾਹਿਤ ਹੈ ਤੇ ਪੱਤਰਕਾਰ ਇਹੋ ਜਿਹਾ ਸਾਹਿਤਕਾਰ ਜਿਹੜਾ ਚਲੰਤ ਮਸਲਿਆਂ ਦਾ ਦਸਤਾਵੇਜ਼ੀਕਰਨ ਕਰਦਾ ਹੈ।ਇਹ ਦਸਤਾਵੇਜ਼ੀਕਰਨ ਕਰਨ ਲਈ ਪੱਤਰਕਾਰ ਕੋਲ ਸਭ ਤੋਂ ਮੁੱਖ ਚੀਜ਼(source) ਸਰੋਤ ਹੈ,ਜਿਸਦੇ ਜ਼ਰੀਏ ਉਹ ਜਨਤਾ ਨੂੰ ਸੱਚ ਦਾ ਸਾਹਮਣਾ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ।ਜੇ ਪੱਤਰਕਾਰ ਆਪਣੇ ਸਰੋਤਾਂ(sources) ਤੋਂ ਵਿਸ਼ਵਾਸ਼ ਖੋਹ ਦੇਵੇ ਤਾਂ ਉਸ ਲਈ ਨਵੀਆਂ ਤੇ ਕੌੜੀਆਂ ਸਚਾਈਆਂ ਪੈਦਾ ਕਰਨੀਆਂ ਮੁਸ਼ਕਿਲ ਹੋ ਜਾਂਦੀਆਂ ਹੈ।ਇਸ ਲਈ ਮੌਸਾਦ ਨਾਲ ਆਰ ਐਸ ਐਸ ਦਾ ਰਿਸ਼ਤਾ ਇਕ ਸਰੋਤ ਦੇ ਰੂਪ 'ਚ ਮੇਰੇ ਕੋਲ ਹੈ।ਜਦੋਂ ਮਸ਼ਹੂਰ ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਬਿਨ ਲਾਦੇਨ ਨਾਲ ਤੇ ਮਸ਼ਹੂਰ ਭਾਰਤੀ ਪੱਤਰਕਾਰ ਰਾਹੁਲ ਪੰਡਿਤਾ ਮਾਓਵਾਦੀ ਪਾਰਟੀ ਦੇ ਸੈਕਟਰੀ ਗਣਪਤੀ ਨਾਲ ਇੰਟਰਵਿਊ ਕਰਦਾ ਹੈ ਤਾਂ ਉਸ 'ਚ ਸਭ ਤੋਂ ਮਹੱਤਵਪੂਨ ਚੀਜ਼ ਸਰੋਤ ਹੈ।ਤੇ ਉਸੇ ਦੇ ਜ਼ਰੀਏ ਉਹ ਦੋਵੇਂ ਸਮਾਜ ਨੂੰ ਅਸਲ ਸਥਿਤੀਆਂ ਦੇ ਰੂਬਰੂ ਕਰਵਾਉਂਦੇ ਹਨ।ਸਰੋਤ ਤੇ ਸਬੂਤ।ਪੱਤਰਕਾਰ ਤੇ ਵਕੀਲ 'ਚ ਇਹੀ ਫਰਕ ਹੁੰਦਾ ਹੈ ਕਿ ਦੋਵੇਂ ਵੱਖੋ ਵੱਖੇ ਮਾਧਿਅਮਾਂ ਰਾਹੀਂ ਸੱਤਾ ਨਾਲ ਲੜਾਈ ਲੜਦੇ ਹਨ।ਹਾਂ ਜੇ ਕਦੇ ਭੀੜ ਪੈ ਜਾਵੇ ਤਾਂ ਸੋਰਤਾਂ ਨੂੰ ਜਨਤਕ ਕੀਤਾ ਜਾ ਸਕਦਾ ਹੈ।ਮੁੱਖ ਧਾਰਾ ਦੀਆਂ ਆਪਣੀਆਂ ਲੜਾਈਆਂ 'ਚੋ ਕਈ ਵਾਰ ਬਹੁਤ ਸਾਰੇ ਸਰੋਤ ਆਪਣੇ ਆਪ ਵੀ ਪੈਦਾ ਹੁੰਦੇ ਹਨ।ਜਿਵੇਂ ਭਾਜਪਾ ਦੀ ਸਰਕਾਰ ਤੋਂ ਬਾਅਦ ਪਿਛਲੀ ਯੂ ਪੀ ਏ ਸਰਕਾਰ ਦੇ ਸਮੇਂ ਆਰ ਐੱਸ ਐਸ ਤੇ ਮੌਸਾਦ ਦੇ ਰਿਸ਼ਤਿਆਂ 'ਤੇ ਤਿਆਰ ਕਰਵਾਈ ਰਪਟ ਕੁਝ ਨਿੱਜੀ ਰੰਜਿਸ਼ਾਂ ਕਾਰਨ ਜਨਤਕ ਹੋਈ ਸੀ।ਜਿਸਦੇ ਅਧਾਰ 'ਤੇ ਭਾਰਤ ਦੇ ਇਕ ਅਖਬਾਰ ਨੇ ਕਵਰ ਸਟੋਰੀ ਛਾਪੀ ਸੀ।ਜੇ ਤੁਸੀਂ ਭਾਰਤ 'ਚ ਰਹਿੰਦੇ ਹੋ ਤਾਂ ਆਰ ਐਸ ਐਸ ਦੇ ਇਹੋ ਜਿਹੇ ਕਈ ਚਿੱਠੇ ਤਹਾਨੂੰ ਉਪਲਬਧ ਕਰਵਾ ਸਕਦਾ ਹਾਂ।ਮੇਰਾ ਫੋਨ ਨੰਬਰ ਪੋਸਟ ਦੇ ਹੇਠਾਂ ਹੈ।ਲਗਾਤਾਰ ਬਲੌਗ ਵਾਚਣ ਲਈ ਤੁਹਾਡਾ ਸ਼ੁਕਰੀਆ।--ਯਾਦਵਿੰਦਰ ਕਰਫਿਊ

  ReplyDelete
 3. Indian state is a penetrated state.It is beyond doubt but most of the radicals failed to understand that right reaction must be defeated decisively.We should never forget our prime task.I do not feel any need to dilute the differences between the congress+ and the fascist oriented forces lead by RSS.We need to free ourselves from any misconceptions if we want to intervene effectively .Your effort at objectivity is attractive and useful.

  ReplyDelete