
ਮੇਰੇ ਦੋਸਤਾਂ ’ਚ ਦੋ ਅਜਿਹੇ ਹਨ ਜਿਨ੍ਹਾਂ ’ਚੋਂ ਇੱਕ ਕਈ ਸਾਲ ਕੋਲਕਾਤਾ ਰਹਿ ਕੇ ਆਇਆ ਹੈ ਅਤੇ ਦੂਸਰਾ 7 ਸਾਲ ਇੰਗਲੈਂਡ ਰਹਿ ਕੇ ਵਤਨ ਪਰਤਿਆ ਹੈ। ਕੋਲਕਾਤਾ ਵਾਲਾ ਮਿੱਤਰ ਦੱਸਦਾ ਹੁੰਦਾ ਏ ਕਿ ਬੰਗਾਲੀ ਲੋਕ ਕਿਤਾਬਾਂ ਪੜ੍ਹਨ ਦੇ ਐਨੇ ਸ਼ੌਕੀਨ ਹਨ ਕਿ ਸਫਰ ਦੌਰਾਨ ਉਨ੍ਹਾਂ ਕੋਲ ਸਾਮਾਨ ਘੱਟ ਹੁੰਦਾ ਹੈ ਅਤੇ ਕਿਤਾਬਾਂ ਦੀ ਪੰਡ ਜ਼ਿਆਦਾ। ਇਸੇ ਤਰ੍ਹਾਂ ਇੰਗਲੈਂਡ ’ਚ ਬੱਸਾਂ ਅਤੇ ਰੇਲਾਂ ਦੇ ਸਫਰ ਦੌਰਾਨ ਤਕਰੀਬਨ ਹਰੇਕ ਵਿਅਕਤੀ ਕੁਝ ਨਾ ਕੁਝ ਪੜ੍ਹਦਾ ਜ਼ਰੂਰ ਮਿਲ ਜਾਂਦਾ ਹੈ।
ਪੰਜਾਬੀਆਂ ਦੀ ਕਿਤਾਬਾਂ ਪੜ੍ਹਨ ਦੀ ਰੁਚੀ ਦਾ ਅੰਦਾਜ਼ਾ ਤਾਂ ਇੱਥੋਂ ਹੀ ਲਗਾਇਆਂ ਜਾ ਸਕਦਾ ਹੈ ਕਿ ਇੱਥੇ ਤਰਤੀਬਵਾਰ ਜਾਂ ਵਿਉਂਤਬੰਦੀ ਅਨੁਸਾਰ ਕੋਈ ਵੀ ਵੱਡਾ ਪੁਸਤਕ ਮੇਲਾ ਨਹੀਂ ਲੱਗਦਾ। ਜਦਕਿ ਸਾਡੇ ਲੇਖਕਾਂ ਦੀ ਗਿਣਤੀ ਵੱਡੀਆਂ ਭਾਸ਼ਾਵਾਂ ਦੇ ਲੇਖਕਾਂ ਜਿੰਨੀ ਹੀ ਹੋਵੇਗੀ! ਹਾਲੇ ਤਾਂ ਏਨਾ ਸਬਰ ਹੈ ਕਿ ਜਲੰਧਰ ਵਿਖੇ ਹਰ ਸਾਲ ਜੁੜਨ ਵਾਲੇ ਗਦਰੀ ਬਾਬਿਆਂ ਦੇ ਮੇਲੇ ’ਚ ਕਿਤਾਬਾਂ ਪੜ੍ਹਨ ਦੇ ਸ਼ੌਕੀਨਾਂ ਦਾ ‘ਕੀੜਾ’ ਕੁਝ ਹੱਦ ਤੱਕ ਸ਼ਾਂਤ ਹੋ ਜਾਂਦਾ ਹੈ।
ਸਫਰ ਦੌਰਾਨ ਕਿਤਾਬਾਂ ਪੜ੍ਹਨ ’ਚ ਬੰਗਾਲੀ, ਅੰਗਰੇਜ਼ ਅਤੇ ਯੂਰਪੀਅਨ ਲੋਕਾਂ ਦਾ ਕੋਈ ਮੁਕਾਬਲਾ ਨਹੀਂ। ਜਦਕਿ ਗਿਣਤੀ ਪੱਖੋਂ ਕਿਤਾਬਾਂ ਛਾਪਣ ’ਚ ਪੰਜਾਬੀਆਂ ਦਾ ਕੋਈ ਸਾਨੀ ਨਹੀਂ! ਪੰਜਾਬੀ ਪਾਠਕ ਵਰਗ ਦੀ ਇਸ ਤੋਂ ਵੱਡੀ ਹੋਰ ਕੀ ਤਰਾਸਦੀ ਹੋਵੇਗੀ ਕਿ ਸਫਰ ਦੌਰਾਨ ਵਧੇਰੇ ਲੋਕ ਤਾਂ ਦੋ ਰੁਪਏ ਦਾ ਅਖਬਾਰ ਖਰੀਦ ਕੇ ਪੜ੍ਹਨ ਤੋਂ ਵੀ ਸੰਕੋਚ ਕਰਦੇ ਹਨ।
ਪਿਛਲੇ ਕੁਝ ਸਮੇਂ ਤੋਂ ਮੁਸਾਫਰਾਂ ਦੀ ਇੱਕ ਨਵੀਂ ਕਿਸਮ ਦਾ ਜਨਮ ਹੋਇਆ ਹੈ। ਇਹ ਉਹ ਮੁੰਡੇ-ਕੁੜੀਆਂ ਹਨ ਜੋ ਬੱਸ ਚੜ੍ਹਦੇ ਸਾਰ ਹੀ ਮੋਬਾਈਲ ਫੋਨ ਕੰਨ ਨੂੰ ਲਾ ਲੈਣਗੇ ਅਤੇ ਬੱਸ ’ਚੋਂ ਉਤਰਨ ਤੱਕ ਪਤਾ ਨੀ ਕੀ ਘੁਸਰ-ਮੁਸਰ ਕਰਦੇ ਰਹਿੰਦੇ ਹਨ।
ਪੰਜਾਬੀਆਂ ਦੀ ਫਿਤਰਤ ਹੈ ਕਿ ਉਹ ‘ਫਜ਼ੂਲ’ ਖਾਣ-ਪੀਣ ’ਤੇ ਤਾਂ ਸੈਂਕੜੇ ਰੁਪਏ ਖਰਚ ਦੇਣਗੇ ਪਰ ਸੌ ਰੁਪਏ ਦੀ ਕਿਤਾਬ ਨਹੀਂ ਖਰੀਦਣਗੇ। ਦਿੱਲੀ ਦੇ ਪ੍ਰਗਤੀ ਮੈਦਾਨ ’ਚ ਹਰ ਸਾਲ ਲੱਗਣ ਵਾਲੇ ਪੁਸਤਕ ਮੇਲੇ ਦੌਰਾਨ ਸਤੰਬਰ 2007 ‘ਚ ਮੇਰਾ ਇੱਕ ਸਾਥੀ ਕਰਾਚੀ ਤੋਂ ਆ ਕੇ ਲਗਾਈ ਚਿਕਨ ਸਟਾਲ ’ਤੇ ਤਾਂ 100 ਰੁਪਏ ਦਾ ਮੁਰਗਾ ਖਾ ਗਿਆ ਪਰ 95 ਰੁਪਏ ਦੀ ਚੇਤਨ ਭਗਤ ਦੀ ਇੱਕ ਕਿਤਾਬ ਖਰੀਦਣ ’ਚ ਕਿਰਸ ਕਰ ਗਿਆ। ਇਸ ਬੈਸਟ ਸੈਲਰ ਕਿਤਾਬ (ਵਨ ਨਾਈਟ ਐਟ ਦੀ ਕਾਲ ਸੈਂਟਰ) ’ਤੇ ਜਦੋਂ ਬਾਅਦ ’ਚ ‘ਹੈਲੋ’ ਫਿਲਮ ਬਣਨ ਦਾ ਐਲਾਨ ਹੋਇਆ ਤਾਂ ਕਹਿੰਦਾ ‘ਯਾਰ ਉਹ ਕਿਤਾਬ ਦੇਈਂ, ਪੜ੍ਹ ਕੇ ਦੇਖਾਂ ਤਾਂ ਭਲਾ ਕੀ ਐ ਉਸ ਵਿੱਚ।’
ਜੇਕਰ ਕਦੇ ਲੁਧਿਆਣਾ ਤੋਂ ਚੰਡੀਗੜ੍ਹ ਦਾ ਸਫਰ ਕਰੋ ਤਾਂ ਖਮਾਣੋਂ ਤੋਂ ਥੋੜ੍ਹਾ ਜਿਹਾ ਅੱਗੇ ਰਾਣਵਾਂ ਪਿੰਡ ਦੇ ਗੁਰਦੁਆਰਾ ਸਾਹਿਬ ਕੋਲ ਸੱਜੇ ਹੱਥ ਪੀ. ਆਰ. ਟੀ. ਸੀ./ ਪੰਜਾਬ ਰੋਡਵੇਜ਼/ ਸੀ.ਟੀ.ਯੂ. ਦੀਆਂ ਬੱਸਾਂ ਇੱਕ ਢਾਬੇ ’ਤੇ ਰੁਕਦੀਆਂ ਹਨ। ਉਸ ਢਾਬੇ ਦੇ ਨਾਲ ਹੀ ਕਿਤਾਬਾਂ ਦਾ ਇੱਕ ਛੋਟਾ ਜਿਹਾ ਪਰ ਪ੍ਰਭਾਵਸ਼ਾਲੀ ਖੋਖਾ ਹੈ। ਇਸ ਛੋਟੀ ਜਿਹੀ ਦੁਕਾਨ ’ਚ ਪੰਜਾਬੀ ਦੀਆਂ ਪੜ੍ਹਨ ਯੋਗ ਅਨੇਕਾਂ ਪੁਸਤਕਾਂ ਪਈਆਂ ਹਨ। ਮੁਹਾਲੀ ਨੌਕਰੀ ਕਰਨ ਕਰਕੇ ਮੇਰਾ ਇਹ ਨਿੱਤ ਦਾ ਰੂਟ ਹੈ। ਸਵਾਰੀਆਂ ਬੱਸ ’ਚੋਂ ਉਤਰ ਕੇ ਬਰੈੱਡ ਪਕੌੜਿਆਂ ਨੂੰ ਤਾਂ ਗੇੜਾ ਦੇਈ ਰੱਖਣਗੀਆਂ ਪਰ ਉਸ ਕਿਤਾਬਾਂ ਦੀ ਦੁਕਾਨ ਵੱਲ ਜਾਣ ਦੀ ਖੇਚਲ ਨਹੀਂ ਕਰਦੇ। ਕਿਤਾਬ ਖਰੀਦਣਾ ਤਾਂ ਇੱਕ ਪਾਸੇ, ਬਹੁਤੀਆਂ ਸਵਾਰੀਆਂ ਤਾਂ ਉੱਧਰ ਨੂੰ ਦੇਖਦੀਆਂ ਤੱਕ ਨਹੀਂ।
ਇਹ ਠੀਕ ਹੈ ਕਿ ਅੱਜ ਦੇ ਸਮੇਂ ’ਚ ਕਿਤਾਬਾਂ ਪੜ੍ਹਨ ਲਈ ਖਾਸ ਸਮਾਂ ਕੱਢਣਾ ਵਧੇਰੇ ਲੋਕਾਂ ਦੇ ਹੱਥੋਂ-ਵੱਸੋਂ ਬਾਹਰ ਹੋ ਚੁੱਕਾ ਹੈ। ਪਰ ਬੱਸ ਜਾਂ ਰੇਲ ਗੱਡੀ ’ਚ ਸਫਰ ਕਰਦਿਆਂ ਤਾਂ ਘੱਟੋ-ਘੱਟ ਕੁਝ ਨਾ ਕੁਝ ਪੜ੍ਹਿਆ ਹੀ ਜਾ ਸਕਦਾ ਹੈ। ਐਵੇਂ ਦੂਸਰੀਆਂ ਸਵਾਰੀਆਂ ਦੇ ਮੋਢਿਆਂ ’ਤੇ ਗਰਦਨ ਸੁੱਟੀ ਮੂੰਹ ਖੋਲ੍ਹ ਕੇ ਊਂਘਦੇ ਰਹਿਣ ਨਾਲੋਂ ਕਿਸੇ ਕਿਤਾਬ ’ਤੇ ਹੀ ਨਜ਼ਰਾਂ ਦੌੜਾਂ ਲੈਣੀਆਂ ਚਾਹੀਦੀਆਂ ਹਨ। ਇੱਕ ਨੀਰਸ ਮੁਸਾਫਿਰ ਨਾਲੋਂ ਇੱਕ ਚੰਗੇ ਪਾਠਕ ਦੇ ਤੌਰ ‘ਤੇ ਸਫਰ ਕਰਨ ਦਾ ਜੋ ਨਜ਼ਾਰਾ ਹੈ, ਉਸ ਦਾ ਅਨੁਭਵ ਤਾਂ ਮਾਣਿਆਂ ਹੀ ਪਤਾ ਚੱਲਦਾ ਹੈ। ਆਪਣਾ ਅਗਲਾ ਸਫਰ ਇੱਕ ਕਿਤਾਬ ਪੜ੍ਹਦਿਆਂ ਪੂਰਾ ਕਰਕੇ ਤਾਂ ਦੇਖੋ !
ਨਰਿੰਦਰ ਪਾਲ ਸਿੰਘ
ਲੇਖਕ ਪੱਤਰਕਾਰ ਹਨ।
nice one
ReplyDeletei like the way u wrote this article...
Best wishes -
Harpreet
very good
ReplyDelete