ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, August 15, 2010

ਤ੍ਰੇਹਟ ਸਾਲ ਦੀ ਆਜ਼ਾਦੀ ਹੋਈ, ਆਟਾ ਦਾਲ ਫਿਰੇ ਵੰਡਦੀ।’

ਪੂਰੇ ਤ੍ਰੇਹਟ ਵਰ੍ਹਿਆਂ ਦੀ ਆਜ਼ਾਦੀ ਹੋ ਗਈ ਹੈ। ਵਰ੍ਹਿਆਂ ਦਾ ਸਫਰ ਬਹੁਤਾ ਚੰਗਾ ਨਹੀਂ ਰਿਹਾ। ਵਰ੍ਹਿਆਂ ਮਗਰੋਂ ਵੀ ‘ਆਟਾ ਦਾਲ’ ਤੋਂ ਗੱਲ ਅੱਗੇ ਨਹੀਂ ਵਧੀ। ਗਰੀਬ ਦੀ ਕਮਜ਼ੋਰੀ ਉਸ ਦਾ ਪੇਟ ਹੈ। ਜੋ ਨਹੀਂ ਜਾਣਦਾ ਕਿ ਏਥੇ ‘ਪਸੀਨੇ’ ਦਾ ਨਹੀਂ, ‘ਵੋਟ ਦਾ ਮੁੱਲ’ ਮਿਲਦਾ ਹੈ। ਕੋਈ ‘ਮਹਿੰਗਾਈ’ ਦਾ ਪੱਤਾ ਖੇਡਦਾ ਹੈ। ਕੋਈ ਫਿਰਕਾਪ੍ਰਸਤੀ ਦਾ। ਕੋਈ ‘ਆਮ ਆਦਮੀ’ ਦਾ ਸਿਪਾਹੀ ਹੋਣ ਦਾ ਢੌਂਗ ਰਚਦਾ ਹੈ। ਕੋਈ ‘ਦਲਿਤ ਦੀ ਬੇਟੀ’ ਹੋਣ ਦਾ ਚਿਹਰਾ ਦਿਖਾ ਰਹੀ ਹੈ। ਕੋਈ ਮੁਲਕ ਨੂੰ ਖਤਰਾ ਦੱਸ ਰਿਹਾ ਹੈ ਤੇ ਕੋਈ ਧਰਮ ਨੂੰ। ਅਸਲ ’ਚ ਵੱਡਾ ਖਤਰਾ ਇਹੋ ਲੋਕ ਹਨ। ਆਜ਼ਾਦੀ ਹੁਣ ਕਿਸ ਕੋਲ ਰੋਵੇਂ ਆਪਣਾ ਦੁੱਖ। ਏਹੋ ਦੁੱਖ ਹੈ ਕਿ ਕੋਈ ਦੁੱਖ ਵੰਡਾਉਣ ਵਾਲਾ ਵੀ ਨਹੀਂ ਬਚਿਆ। ਇੰਝ ਕਿੰਨਾ ਕੁ ਵਕਤ ਚੱਲੇਗਾ। ਗਰੀਬ ‘ਆਟਾ ਦਾਲ’ ਨਹੀਂ ਮੰਗਦਾ,ਉਹ ਤਾਂ ਮਾਹੌਲ ਮੰਗਦਾ ਹੈ ਕਿ ਕਿਸੇ ਵੱਲ ਹੱਥ ਅੱਡਣਾ ਹੀ ਨਾ ਪਵੇ। ਕਿਸਾਨ ਬਿਜਲੀ ਮੰਗਦਾ ਹੈ, ਮੁਫਤਖੋਰੀ ਨਹੀਂ। ਡਿਗਰੀਆਂ ਵਾਲੇ ਨੌਕਰੀ ਮੰਗਦੇ ਹਨ, ਡਾਂਗਾ ਨਹੀਂ। ਵਿਧਵਾ ਬੁਢਾਪੇ ਦਾ ਸਹਾਰਾ ਮੰਗਦੀ ਹੈ, ਸਿਲਾਈ ਮਸ਼ੀਨ ਨਹੀਂ। ਕੁਦਰਤੋਂ ਹਾਰੇ ‘ਅੰਗਹੀਣ’ ਚੱਲਣ ਲਈ ਰਾਹ ਮੰਗਦੇ ਹਨ, ਟਰਾਈ ਸਾਇਕਲ ਨਹੀਂ। ਅਣਚਾਹੀ ‘ਬੱਚੀ’ ਪੰਘੂੜਾ ਨਹੀਂ, ਮਾਪਿਆਂ ਲਈ ਸਜ਼ਾ ਮੰਗਦੀ ਹੈ। ਅਦਾਲਤਾਂ ’ਚ ਵਰ੍ਹਿਆਂ ਤੋਂ ਖੜੇ ਬਿਰਖ ‘ਇਨਸਾਫ’ ਮੰਗਦੇ ਹਨ, ਤਰੀਕ ਨਹੀਂ। ਲੋਕ ਰਾਜ ਆਜ਼ਾਦੀ ਦੀ ਲਾਜ ਰੱਖਦਾ ਤਾਂ ਇੰਝ ਨਹੀਂ ਹੋਣਾ ਸੀ। ਗੱਡੀ ਲੀਹ ’ਤੇ ਚੱਲਦੀ ਤਾਂ ਲੋਕ ਵੋਟਾਂ ਵਾਲਾ ਵਰ੍ਹਾ ਨਹੀਂ, ਚਿੱਤੋਂ ਪਹਿਰ ਲੀਡਰਾਂ ਨੂੰ ਉਡੀਕਦੇ। ਅਫਸੋਸ ਕਿ ਵਿਰੋਧੀ ਧਿਰ ਵੀ ਹੁਣ ਲੋਕਾਂ ਦੀ ਧਿਰ ਨਹੀਂ ਰਹੀ। ਸਭ ਇੱਕੋ ਥਾਲੀ ਦੇ ਚੱਟੇ ਵੱਟੇ ਹਨ। ਸਭ ਪੰਜ ਵਰ੍ਹਿਆਂ ਮਗਰੋਂ ਚਿਹਰਾ ਦਿਖਾਉਣ ਵਾਲੇ ਹਨ।

ਕੋਈ ‘ਸੰਗਤ ਦਰਸ਼ਨ’ ਕਰਦਾ ਨਹੀਂ ਥੱਕਦਾ। ਕੋਈ ਮਹਿਲਾ ਚੋਂ ਨਹੀਂ ਨਿਕਲਦਾ। ਇਕੱਲੇ ‘ਦਰਸ਼ਨ’ਵੀ ਝੋਲੀ ਨਹੀਂ ਭਰਦੇ ,ਇਕੱਲੇ ਮਹਿਲ ਵੀ ਸਹਾਰਾ ਨਹੀਂ ਬਣਦੇ। ਜਿਨ੍ਹਾਂ ਆਜ਼ਾਫ ਫਿਜ਼ਾ ਦੇ ਨਕਸ਼ ਤਰਾਸੇ ਹੋਣਗੇ, ਉਨ੍ਹਾਂ ਨੇ ਇੰਝ ਨਹੀਂ ਸੋਚਿਆ ਹੋਣਾ। ਜੋ ਚਲ ਵਸੇ ,ਉਹ ਦੇਖਦੇ ਤਾਂ ਉਨ੍ਹਾਂ ਨੂੰ ਏਦਾ ਦੀ ਆਜ਼ਾਦੀ ’ਤੇ ਅਫਸੋਸ ਹੋਣਾ ਸੀ। ਕੋਈ ਟੈਂਕੀ ’ਤੇ ਚੜਿਆ ਹੋਇਆ ਹੈ। ਕੋਈ ਬੁਢਾਪਾ ਪੈਨਸ਼ਨ ਲਈ ਸਰਪੰਚ ਦੇ ਬੂਹੇ ਖੜਾ ਹੈ। ਹੁਣ ਤਾਂ ਸ਼ਹੀਦਾਂ ਦੇ ਬੁੱਤ ਵੀ ਸ਼ਰਮਿੰਦਾ ਹੋ ਗਏ ਹਨ। ਨਾ ਵਿਚਾਰਾਂ ਦੀ ਆਜ਼ਾਦੀ ਤੇ ਨਾ ਇਨ੍ਹਾਂ ਦੇ ਪ੍ਰਗਟਾਵੇ ਦੀ। ਆਜ਼ਾਦੀ ਨੇ ਲਾਲਗੜ ਵੀ ਦੇਖਿਆ ਹੈ ਤੇ ਦਾਂਤੇਵਾੜਾ ਵੀ। ਇਸ ਨੇ ਸ਼ਹੀਦ ਊਧਮ ਸਿੰਘ ਦਾ ਢਹਿ ਢੇਰੀ ਹੋਇਆ ਜੱਦੀ ਪੁਸ਼ਤੀ ਘਰ ਵੀ ਦੇਖਿਆ ਹੈ। ਦੇਖਿਆ ਤਾਂ ਚੌਧਰੀ ਦੇਵੀ ਲਾਲ ਦਾ ਚਮਕਾਂ ਮਾਰਦਾ ਸਮਾਰਕ ਵੀ ਹੈ, ਵੱਸ ਚੱਲਦਾ ਤਾਂ ਆਜ਼ਾਦੀ ਇਸ ਸਮਾਰਕ ਤੋਂ ਨੇੜੇ ਪੈਂਦੇ ਪਿੰਡ ਬਾਦਲ ਵੀ ਜਾਂਦੀ। ਸ਼ੁਕਰ ਹੈ ਨਹੀਂ ਗਈ, ਜਾਂਦੀ ਤਾਂ ਉਸ ਨੂੰ ਭਰਮ ਹੋ ਜਾਣਾ ਸੀ ਕਿ ਪੰਜਾਬ ਦੇ ਪਿੰਡਾਂ ਦੀ ਏਨੀ ਤਰੱਕੀ। ਭੋਲੀ ਆਜ਼ਾਦੀ ਨੂੰ ਕੀ ਪਤੈ, ਪਿੰਡ ਬਾਦਲ ’ਚ ਇਕੱਲਾ ਬਠਿੰਡਾ ਦੇ ਕਿਲੇ ਲਈ ਆਇਆ ਪੈਸਾ ਨਹੀਂ ਲੱਗਿਆ ਬਲਕਿ ਇੱਥੋਂ ਦੇ ਵਿਕਾਸ ’ਤੇ ਤਾਂ ‘ਹੜ ਪੀੜਤਾਂ’ ਵਾਲੀ ਰਾਸ਼ੀ ਵੀ ਲੱਗੀ ਹੈ। ਇਸ ਨੂੰ ਨਹੀਂ ਪਤਾ ਕਿ ਤਰੱਕੀ ਦੀ ਹੁੰਦੀ ਹੈ। ਸਰਕਾਰਾਂ ਲਈ ਤਰੱਕੀ ਦੇ ਮਾਅਣੇ ਹੋਰ ਹਨ। ਸਿਵਿਆ ਦੀ ਕੰਧ ਵਲਣਾ ਤਰੱਕੀ ਨਹੀਂ। ਛੱਪੜ ਦੀ ਕੰਧ ਕੱਢ ਦੇਣਾ ਵਿਕਾਸ ਨਹੀਂ। ਨਾ ਹੀ ਧਰਮਸ਼ਾਲਾ ਨੂੰ ਕਲੀ ਕੂਚੀ ਕਰਨ ’ਤੇ ਤਰੱਕੀ ਦੇ ਰਾਹ ਖੁੱਲ੍ਹਦੇ ਨੇ।

ਟੈਂਕੀਆਂ ’ਤੇ ਚੜਣ ਵਾਲਿਆਂ ਦਾ ਕੀ ਹੱਲ ਕੱਢਿਐ ? ਡੀ.ਜੀ.ਪੀ ਪੰਜਾਬ ਨੇ ਜੁਆਬ ਦਿੱਤਾ, ਦੋ ਬਟਾਲੀਅਨਾਂ ਬਠਿੰਡਾ ਨੂੰ ਦੇ ਦਿੱਤੀਆਂ ਹਨ ਜਿਨ੍ਹਾਂ ਚੋਂ ਇੱਕ ਬਟਾਲੀਅਨਾਂ ਇਨ੍ਹਾਂ ਲਈ ਹੈ। ਚਾਰ ਮਹੀਨੇ ਤੋਂ ਪੇਂਡੂ ਸਿਹਤ ਕੇਂਦਰ ਦਵਾਈ ਉਡੀਕ ਰਹੇ ਹਨ। ਸਿਹਤ ਕੇਂਦਰਾਂ ’ਚ ਨਵੇਂ ਫਰਿੱਜ ਆਏ ਹਨ, ਦਵਾਈ ਨਹੀਂ। ਆਜ਼ਾਦੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਵੇਰੇ ਚਾਹ ਵਾਲੀ ਦੁਕਾਨ ਖੁੱਲ੍ਹਣ ਤੋਂ ਪਹਿਲਾਂ ਸ਼ਰਾਬ ਵਾਲੇ ਠੇਕੇ ਖੁੱਲ੍ਹ ਜਾਂਦੇ ਨੇ। ਇਸ ਨੂੰ ਤਾਂ ਇਹ ਵੀ ਸਮਝ ਨਹੀਂ ਪੈਂਦੀ ਕਿ ਪਟਿਆਲੇ ਵਾਲਾ ਰਾਜਾ ਪ੍ਰਧਾਨਗੀ ਦੀ ਕਲਗੀ ਬਿਨਾਂ ਕਿਉਂ ਮਹਿਲਾ ਚੋਂ ਨਿਕਲਣ ਨੂੰ ਤਿਆਰ ਨਹੀਂ। ਇਸ ਦੇ ਸਮਝੋ ਬਾਹਰ ਹੈ ਕਿ ਭਾਜਪਾ ਵਾਲੇ ਅਕਾਲੀਆਂ ਤੋਂ ਜੂਤ ਪਤਾਂਗ ਕਰਾ ਕੇ ਵੀ ਚੁੱਪ ਕਿਉਂ ਨੇ। ਡੇਰਿਆਂ ਨੇ ਤਾਂ ਆਜ਼ਾਦੀ ਨੂੰ ਭੰਬਲਭੂਸੇ ’ਚ ਹੀ ਪਾ ਦਿੱਤਾ ਹੈ। ਉਸ ਨੇ ਅਸੈਂਬਲੀ ਚੋਣਾਂ ਮਗਰੋਂ ਡੇਰਾ ਪ੍ਰੇਮੀਆਂ ’ਤੇ ਵਰਦੀ ਡਾਂਗ ਵੀ ਵੇਖੀ ਹੈ। ਉਹ ‘ਯੂ ਟਰਨ’ ਵੀ ਵੇਖਿਆ ਹੈ ਜੋ ਅਕਾਲੀਆਂ ਨੇ ਬਠਿੰਡਾ ਦੀ ਸੰਸਦੀ ਚੋਣ ਵੇਲੇ ਲਿਆ। ਪ੍ਰੇਮੀਆਂ ਦੀ ਵੋਟਾਂ ਲੈਂਦੇ ਕਾਂਗਰਸੀ ਵੀ ਵੇਖੇ ਨੇ। ਪ੍ਰੰਤੂ ਇਹ ਕਾਂਗਰਸੀ ਮੁੜ ਕੇ ਕਦੇ ਨਹੀਂ ਵੇਖੇ। ਖਾਸ ਕਰਕੇ ਡੇਰਾ ਪੈਰੋਕਾਰਾਂ ’ਤੇ ਪਈ ਬਿਪਤਾ ਵੇਲੇ। ਰਣਇੰਦਰ ਦਾ ਇੱਕ ਹਮਾਇਤੀ ਆਖਦੈ, ਰਣਇੰਦਰ ਦੀ ਬੇੜੀ ਤਾਂ ਪ੍ਰੇਮੀਆਂ ਨੇ ਡੋਬਤੀ। ਉਹ ਹਮਾਇਤੀ ਐਮ.ਐਲ.ਏ ਇਹ ਭੁੱਲ ਬੈਠਾ ਹੈ ਕਿ ਉਸ ਦੀ ਕਿਸ਼ਤੀ ਕਿਸ ਨੇ ਪਾਰ ਲਾਈ ਸੀ। ਸਾਰਾ ਕੁਝ ਦੇਖ ਕੇ ਲੱਗਦੈ ਕਿ ਹੁਣ ਇੱਕ ਹੋਰ ‘ਸੀਚੇਵਾਲ’ ਦੀ ਲੋੜ ਹੈ ਜੋ ਕਿ ਪੰਜਾਬ ’ਚ ਪਏ ਇਸ ਗੰਦ ਮੰਦ ਦੀ ਸਫਾਈ ਲਈ ‘ਕਾਰ ਸੇਵਾ’ ਸ਼ੁਰੂ ਕਰੇ। ਕੁਆਰੀਆਂ ਕੁੜੀਆਂ ਤੋਂ ਸਰਕਾਰ ਸ਼ਗਨ ਵਾਰ ਰਹੀ ਹੈ। ਇੱਧਰ ਉਨ੍ਹਾਂ ਧੀਆਂ ਨੂੰ ਸ਼ਗਨ ਹਾਲੇ ਤੱਕ ਨਹੀਂ ਮਿਲੇ ,ਜਿਨ੍ਹਾਂ ਦੀ ਗੋਦੀ ਜੁਆਕ ਖੇਡਣ ਵੀ ਲੱਗ ਗਏ ਹਨ। ਮਾਲਵੇ ਦੀ ਤਰਾਸ਼ਦੀ ਦੇਖੋ ਕਿ ਇੱਥੇ ਤਾਂ ਬਹੁਤੇ ਜੁਆਕਾਂ ਨੂੰ ਖੇਡਣ ਦਾ ਮੌਕਾ ਹੀ ਨਹੀਂ ਮਿਲਦਾ। ਬਚਪਨ ਤੋਂ ਪਹਿਲਾਂ ਕੈਂਸਰ ਪੁੱਜ ਜਾਂਦਾ ਹੈ। ਹਰ ਕਿਸੇ ’ਚ ਵਿਦੇਸੀ ਇਲਾਜ ਦੀ ਵੀ ਤਾਂ ਪਹੁੰਚ ਨਹੀਂ ਹੁੰਦੀ।

ਕੁਦਰਤੀ ਆਫਤਾਂ ਵਾਲੇ ਰਾਹਤ ਫੰਡ ਦੀ ਕੋਈ ਤੋਟ ਨਹੀਂ। ਹੜ੍ਹ ਦੀ ਰੋਕਥਾਮ ਵਾਲੇ ਫੰਡ ਮੁੱਕੇ ਹੋਏ ਹਨ। ਇੱਕ ਹੜ੍ਹ ਅੱਜ ਕੱਲ ਡਾਇਰੈਕਟਰ ਜਨਰਲ (ਸਿੱਖਿਆ ਵਿਭਾਗ) ਵਲੋਂ ਭੇਜੇ ਜਾਂਦੇ ਪੱਤਰਾਂ ਦਾ ਆਇਆ ਹੋਇਆ ਹੈ। ਉਨੇ ਫੰਡ ਨਹੀਂ ਮਿਲਦੇ ,ਜਿਨੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਦੇ ਪੱਤਰ ਅਧਿਆਪਕਾਂ ਨੂੰ ਮਿਲ ਜਾਂਦੇ ਨੇ। ਬੰਦਾ ਤਾਂ ਚੰਗੈ, ਪਰ ਮਾਸਟਰਾਂ ਨੂੰ ਵਾਹਣੀ ਪਾ ਰੱਖਿਐ ਹੈ। ਚਲੋ ਇਹ ਤਾਂ ਸਰਕਾਰੀ ਬਾਤਾਂ ਨੇ। ਪਰ ਇਹ ਬਾਤ ਨਹੀਂ, ਸੱਚੀ ਗੱਲ ਹੈ ਕਿ ਕਾਂਗਰਸੀ ਐਮ.ਐਲ.ਏ ਸਰਕਾਰ ਤੋਂ ‘ਹਲਕਾ ਭੱਤਾ’ ਤਾਂ ਲੈਂਦੇ ਨੇ ਪਰ ਹਲਕੇ ’ਚ ਜਾਂਦੇ ਨਹੀਂ। ਕਾਂਗਰਸ ਦੇ ਕਈ ਕਾਕਾਸ਼ਾਹੀ ਐਮ.ਐਲ.ਏ ਤਾਂ ਚੋਰੀ ਛਿਪੇ ਆਖ ਦਿੰਦੇ ਨੇ, ਸਾਨੂੰ ਤਾਂ ਲੋਕਾਂ ਚੋਂ ਬੋਅ ਆਉਂਦੀ ਹੈ। ਉਪਰੋਂ ਦੇਖਣ ’ਚ ਇਹ ਨੀਲੇ ਚਿੱਟੇ ਲੱਗਦੇ ਨੇ, ਅੰਦਰੋਂ ਮੁਖੜਾ ਇੱਕੋ ਹੈ। ਸਰਕਾਰ ਵਲੋਂ ਕਮਿਸ਼ਨਾਂ ਦੇ ਜੋ ਚੇਅਰਮੈਨ ਜਾਂ ਮੈਂਬਰ ਨਿਯੁਕਤ ਕੀਤੇ ਜਾਂਦੇ ਹਨ,ਉਨ੍ਹਾਂ ਦੀ ਨਿਯੁਕਤੀ ਲਈ ਵਿਰੋਧੀ ਧਿਰ ਦੀ ਆਗੂ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ। ਕਦੇ ਵੀ ਵਿਰੋਧੀ ਧਿਰ ਨੇ ਕਿਸੇ ਨਿਯੁਕਤੀ ਦਾ ਬੁਰਾ ਨਹੀਂ ਮਨਾਇਆ। ਸਰਕਾਰ ਕੋਈ ਵੀ ਹੋਵੇ, ਆਜ਼ਾਦੀ ਦਿਹਾੜਾ ਮਨਾਉਣਾ ਨਹੀਂ ਭੁੱਲਦੀ। ਇਹ ਵੱਖਰੀ ਗੱਲ ਹੈ ਕਿ ਕੋਈ ਦਿਹਾੜਾ ਵੀ ਹੁਣ ਲੋਕਾਂ ਦੇ ਦੁੱਖਾਂ ਦੀ ਦਾਰੂ ਨਹੀਂ ਬਣਦਾ। ਟਰਾਈ ਸਾਇਕਲ ਵੰਡੇ ਜਾਂਦੇ ਹਨ,ਸਿਲਾਈ ਮਸੀਨਾਂ ਦੀ ਵੰਡ ਹੁੰਦੀ ਹੈ, ਚਹੁੰ ਜਣਿਆ ਨੂੰ ਸਨਮਾਨ ਦਿੱਤਾ ਜਾਂਦੈ ਹੈ। ਬੱਸ ਇਹੋ ਜਿਹਾ ਹੁੰਦਾ ਹੈ ਆਜ਼ਾਦੀ ਦਿਹਾੜੇ ਦਾ ਜਸ਼ਨ।

ਦੇਖਿਆ ਜਾਵੇ ਤਾਂ ‘ਆਮ ਆਦਮੀ’ ਤਾਂ ਕਿਸੇ ਜਸ਼ਨ ਜੋਗਾ ਵੀ ਨਹੀਂ ਰਿਹਾ। ਮਹਿੰਗਾਈ ਨੇ ਪੀਪੇ ਖਾਲੀ ਕਰ ਦਿੱਤੇ ਹਨ। ਗਰੀਬ ਨੂੰ ਤਾਂ ਸੋਚਣ ਦੀ ਵਿਹਲ ਵੀ ਨਹੀਂ ਮਿਲਦੀ। ਜੋ ਵਿਹਲੇ ਹਨ,ਉਹ ਸਮਾਜ ਸੇਵੀ ਬਣੇ ਹੋਏ ਹਨ। ਬਠਿੰਡਾ ਸ਼ਹਿਰ ’ਚ ਇੱਕ ਅਧਿਆਪਕ ਉਨ੍ਹਾਂ ਸਮਾਂ ਸਮਾਜ ਸੇਵਾ ਨਹੀਂ ਕਰਦਾ ਜਿਨ੍ਹਾਂ ਸਮਾਂ ਉਹ ਸਾਇਕਲ ’ਤੇ ਪ੍ਰੈਸ ਨੋਟ ਵੰਡਣ ’ਚ ਲਾ ਦਿੰਦਾ ਹੈ। ਸਕੂਲ ’ਚ ਬੱਚੇ ਉਡੀਕ ਰਹੇ ਹੁੰਦੇ ਹਨ, ਇੱਧਰ ਮਾਸਟਰ ਜੀ ਤੁਲਸੀ ਦੇ ਪੌਦੇ ਵੰਡ ਰਹੇ ਹੁੰਦੇ ਨੇ, ਸਿੱਖਿਆ ਕੌਣ ਵੰਡੂ, ਇਸ ਨੂੰ ਕੋਈ ਪੁੱਛਣ ਵਾਲਾ ਨਹੀਂ ਕਿਉਂਕਿ ਡੀ.ਈ.ਓ ਸਾਹਿਬ ਦਾ ਉਸ ਨੂੰ ਅਸ਼ੀਰਵਾਦ ਪ੍ਰਾਪਤ ਹੈ। ਆਜ਼ਾਦੀ ਦਿਹਾੜਾ ਹੈ,ਉਸ ‘ਯੋਗ ਗੁਰੂ’ ਦੀ ਵੀ ਸੁਣੋ, ਜੋ ਸਰਕਾਰੀ ਮੁਲਾਜ਼ਮ ਹੈ। ਦਫਤਰ ਜਾਣਾ ਭੁੱਲ ਸਕਦੈ ਲੇਕਿਨ ਅਫਸਰਾਂ ਨੂੰ ਘਰੋਂ ਘਰੀ ਜਾ ਕੇ ਯੋਗਾ ਕਰਾਉਣਾ ਨਹੀਂ ਭੁੱਲਦਾ। ਜੋ ਸੱਚੀ ਸਮਾਜ ਸੇਵਾ ਕਰਦੇ ਨੇ, ਉਹ ਪ੍ਰੈਸ ਨੋਟ ਨਹੀਂ ਵੰਡਦੇ ਕਿਉਂਕਿ ਉਨ੍ਹਾਂ ਦੇ ਨੋਟ ਲੋਕਾਂ ਦੇ ਦਿਲਾਂ ’ਤੇ ਲਿਖੇ ਜਾਂਦੇ ਹਨ, ਅਖਬਾਰਾਂ ’ਚ ਨਹੀਂ।

ਚਰਨਜੀਤ ਭੁੱਲਰ,ਬਠਿੰਡਾ
ਲੇਖਕ ਪੱਤਰਕਾਰ ਹਨ।

1 comment:

  1. ਆਜਾਦੀ, ਅਨੋਖਾ ਲੋਕਤਾਂਤਰ.....ਬਹੁਤ ਖੂਬਸੂਰਤ ਰਚਨਾਂ ਹੋ ਨਿਬੜੀ ਹੈ, ਇਹ ਅੱਖਾਂ ਖੋਹਲਣ ਵਾਲੀ ਰਚਨਾਂ ਹੈ, ਪਰ ਇਹ ਭੋਲੀ ਭਾਲੀ ਜਨਤਾਂ ਨੂੰ ਕਿਵੇ ਸਮਝਾਈੲ

    ReplyDelete