ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, August 10, 2012

ਪੰਜਾਬੀਅਤ ਦੀਆਂ ਜੜ੍ਹਾਂ ਫਰੋਲਣ ਲੋੜ

ਭਾਰਤ ਇੱਕ ਬਹੁਕੌਮੀ ਦੇਸ਼ ਹੈ। ਇੱਥੇ ਕੋਈ ਤਾਕਤਵਰ ਕੌਮ ਦੂਸਰੀ ਕੌਮ 'ਤੇ ਹਾਵੀ ਹੋਕੇ ਉਸਨੂੰ ਦਬਾਉਂਦੀ ਸਤਾਉਂਦੀ ਨਹੀਂ। ਇਨ੍ਹਾਂ ਕੌਮਾਂ ਤੋਂ ਇਲਾਵਾ ਕਬਾਇਲੀ, ਧਾਰਮਿਕ ਤੇ ਭਾਸ਼ਾਈ ਘੱਟ ਗਿਣਤੀਆਂ ਵੀ ਮਹਾਨ 'ਭਾਰਤ ਵਰਸ਼' ਦਾ ਹਿੱਸਾ ਹਨ। ਦਰਜਨਾਂ ਭਾਰਤੀ ਕੌਮਾਂ ਦੀਆਂ ਆਪਣੇ ਆਰਥਿਕ, ਸਿਆਸੀ ਤੇ ਸੱਭਿਆਚਾਰਕ ਇਤਿਹਾਸਕ ਪਿਛੋਕੜ ਕਾਰਨ ਬਹੁਭਾਂਤੀ ਵਿਲੱਖਣਤਾਵਾਂ ਹਨ। ਭਾਰਤੀ ਹਾਕਮ ਇਨ੍ਹਾਂ ਵੱਖ-ਵੱਖ ਕੌਮਾਂ ਦੇ ਲੋਕਾਂ ਦੇ ਮਨਾਂ ਅੰਦਰ 'ਭਾਰਤੀ ਕੌਮ', 'ਰਾਸ਼ਟਰੀ ਏਕਤਾ' ਤੇ 'ਆਖੰਡਤਾ' ਦਾ ਪ੍ਰਚਾਰ ਆਪਣੇ ਕਬਜੇ ਹੇਠਲੇ ਸੰਚਾਰ ਸਾਧਨਾਂ ਰਾਹੀਂ ਕਰਦੇ ਰਹਿੰਦੇ ਹਨ। ਇਨ੍ਹਾਂ ਸੰਚਾਰ ਸਾਧਨਾਂ ਉੱਪਰ ਸਾਮਰਾਜੀ ਮੁਲਕਾਂ ਦੀਆਂ ਵੱਡੀਆਂ ਕਾਰਪੋਰੇਸ਼ਨਾਂ ਤੇ ਭਾਰਤੀ ਸਰਮਾਏਦਾਰਾਂ ਦਾ ਦਬਦਬਾ ਹੈ। ਅਖ਼ਬਾਰਾਂ, ਮੈਗਜ਼ੀਨ, ਟੀ.ਵੀ., ਰੇਡੀਓ, ਇੰਟਰਨੈੱਟ, ਸਿਲੇਬਸ ਤੇ ਹੋਰ ਅਨੇਕਾਂ ਸਾਧਨਾਂ ਰਾਹੀਂ ਭਾਰਤ ਨੂੰ ਸਭਨਾਂ ਕੌਮਾਂ ਦੀ ਏਕਤਾ ਤੇ ਆਖੰਡਤਾ, ਧਰਮ ਨਿਰਪੱਖਤਾ, ਬਰਾਬਰੀ ਤੇ ਖੁਦਮੁਖਤਿਆਰੀ ਵਾਲਾ ਰਾਜ ਕਿਹਾ ਜਾਂਦਾ ਹੈ। ਇਹ ਝੂਠੇ ਤੇ ਖਿਆਲੀ ਸੰਕਲਪ ਬਣਾਉਣ ਲਈ ਸੰਚਾਰ ਸਾਧਨ ਤੇ ਰਾਜ ਮਸ਼ੀਨਰੀ ਨੂੰ ਭੁਗਤਾਇਆ ਜਾਂਦਾ ਹੈ।

ਪੰਜਾਬ ਦੇ ਲੋਕਾਂ ਖਾਸਕਰ ਨੌਜਵਾਨਾਂ ਦੇ ਮਨਾਂ ਅੰਦਰ ਗੀਤਾਂ ਫ਼ਿਲਮਾਂ ਆਦਿ ਰਾਹੀਂ ਅਣਖੀ, ਦਲੇਰ, ਸ਼ੇਰ, ਸੂਰਮੇ ਤੇ ਸ਼ਿਕਾਰੀ, ਅਨੇਕਾਂ ਲਕਬ ਵਸਾਏ ਜਾਂਦੇ ਹਨ। ਹਰ ਕੌਮ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਅਸੀਂ ਪੰਜਾਬੀਆਂ ਨੂੰ ਅਣਖੀ, ਦਲੇਰ, ਸੂਰਮੇ ਤੇ ਸ਼ੇਰ ਵਰਗੇ ਲਕਬ ਦੇਣ ਦੇ ਵਿਰੋਧੀ ਨਹੀਂ ਹਾਂ। ਵਿਰੋਧ ਇਸ ਗੱਲ 'ਤੇ ਹੈ ਕਿ ਗੀਤਾਂ, ਫ਼ਿਲਮਾਂ ਆਦਿ 'ਚ ਦਿੱਤੇ ਜਾਂਦੇ ਇਨ੍ਹਾਂ ਲਕਬਾਂ ਰਾਹੀਂ ਪੰਜਾਬੀਆਂ ਅੰਦਰ ਬੇਵਜ੍ਹਾ ਤੇ ਖਿਆਲੀ, ਹੈਂਕੜਬਾਜ, ਫੋਕੀ ਚੌਧਰ, ਫੁਕਰੇ ਤੇ ਚੰਦ ਕੁ ਅਮੀਰ ਘਰਾਣਿਆਂ ਦੀ ਤਰੱਕੀ ਨੂੰ ਕੁੱਲ ਮਿਹਨਤਕਸ਼ ਪੰਜਾਬੀ ਕੌਮ ਦੀ ਸ਼ਾਨ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇੱਕ ਪਾਸੇ ਲੁੱਟ, ਜਬਰ ਤੇ ਅਨਿਆਂ ਦਾ ਵਰਤਾਰਾ ਸਮਾਜ ਅੰਦਰ ਵਾਪਰ ਰਿਹਾ ਹੁੰਦਾ ਹੈ ਦੂਜੇ ਪਾਸੇ ਇਸ ਲੋਟੂ ਵਰਤਾਰੇ ਖਿਲਾਫ਼ ਮਿਹਨਤਕਸ਼ ਸਧਾਰਨ ਲੋਕਾਂ ਨੂੰ ਆਪਣੇ ਸਿਰੜੀ ਵਿਰਸੇ ਤੇ ਲੁੱਟ ਜਬਰ ਤੋਂ ਮੁਕਤੀ ਦੇ ਸਿਧਾਂਤ ਦੀ ਚੇਤਨਾ ਦੇਣ ਦੀ ਬਜਾਏ ਕੁਝ ਅਮੀਰ ਘਰਾਣਿਆਂ ਦੀ ਅਰਾਧਨਾ 'ਚ ਬੜੀ ਢੀਠਤਾਈ ਨਾਲ ਕਿਹਾ ਜਾ ਰਿਹਾ ਹੁੰਦਾ ਹੈ ਕਿ ''ਸ਼ੇਰਾਂ ਦੀ ਕੌਮ ਪੰਜਾਬੀ'', ''ਫੱਟੇ ਚੱਕਦੇ ਪੰਜਾਬੀਆਂ ਨੇ ਵਾਹਿਗੁਰੂ ਦਾ ਨਾਂ ਲੈ'' ਆਦਿ। ਪੰਜਾਬੀ ਕੌਮ ਦੇ ਅਮੀਰ ਜੁਝਾਰੂ ਵਿਰਸੇ ਦੀਆਂ ਉਦਾਹਰਨਾਂ ਲੈ ਕੇ ਗਾਇਕ, ਫ਼ਿਲਮਕਾਰ, ਰਾਜਸੀ ਨੇਤਾ ਆਦਿ ਆਪਣੇ ਆਪ ਨੂੰ ਉਸ ਮਹਾਨ ਵਿਰਸੇ ਦੇ ਝੰਡਾਬਰਦਾਰ ਸਮਝਦੇ ਹਨ। ਅਸਲੀ ਕੌਮੀ ਮੁਕਤੀ ਭਾਵਨਾਵਾਂ ਨੂੰ ਲੋਕਾਂ ਦੇ ਮਨੋਂ ਲਗਾਤਾਰ ਖਾਰਜ ਕੀਤਾ ਜਾ ਰਿਹਾ ਹੈ। ਕੌਮੀ ਮੁਕਤੀ ਜਜ਼ਬਿਆਂ ਨੂੰ ਖ਼ਤਮ ਕਰਨ ਲਈ ਲੁੱਟ ਜਬਰ ਦੀਆਂ ਨਵੀਆਂ ਤੇ ਤਿੱਖੀਆਂ ਕੀਤੀਆਂ ਪਸਾਰੀਆਂ ਜਾ ਰਹੀਆਂ ਹਨ।

ਪੰਜਾਬੀ ਕੌਮ ਦੇ ਅਸਲ ਵਿਰਸੇ ਦੇ ਮੂਲ ਨੂੰ ਪਛਾਣਨ ਦੀ ਬੇਹੱਦ ਗੰਭੀਰ ਲੋੜ ਹੈ। ਜਦੋਂ ਅਠਾਰਵੀਂ ਸਦੀ ਦੇ ਮੱਧਯੁਗੀ ਭਾਰਤ ਅੰਦਰ ਤਲਵਾਰ ਦੇ ਜੋਰ 'ਤੇ ਉਸਰੀ ਮੁਗਲ ਸਲਤਨਤ ਦੇ ਖੰਡਰਾਂ ਤੇ ਅਜਾਦ ਰਾਜਸ਼ਾਹੀਆਂ ਕਾਇਮ ਹੋ ਰਹੀਆਂ ਸਨ। ਉਦੋਂ ਨੌਜਵਾਨ ਪੰਜਾਬੀਅਤ ਦੇ ਮੂਲ ਨੂੰ ਪਛਾਣਨ ਉਨ੍ਹਾਂ ਅੰਦਰ ਆਪਣੀ ਹੋਂਦ ਤੇ ਸਵੈਮਾਣ ਦੇ ਜ਼ਜ਼ਬੇ ਉਮੱਡ ਰਹੇ ਸਨ। ਭਾਰਤ ਦੇ ਇਹ ਪ੍ਰਦੇਸ਼ ਆਪਣੀ ਵੱਖਰੀ ਭਾਸ਼ਾ, ਸੱਭਿਆਚਾਰ ਤੇ ਇਤਿਹਾਸਕ ਵਖਰੇਵੇਂ ਰੱਖਦੇ ਸਨ। ਇਨ੍ਹਾਂ ਵਿਚੋਂ ਪੰਜਾਬ ਹਿੰਦੋਸਤਾਨ ਦਾ ਉੱਤਰ ਪੱਛਮੀ ਦੁਆਰ ਰਿਹਾ। ਇਸ ਮੈਦਾਨੀ ਰਸਤੇ ਰਾਹੀਂ ਯੂਨਾਨੀ, ਅਫ਼ਗਾਨੀ, ਤੁਰਕ ਤੇ ਮੁਗਲ ਧਾੜਵੀ ਲੱਗਭਗ ਅੱਠ ਸੌ ਸਾਲ ਹਿੰਦੋਸਤਾਨ 'ਤੇ ਹਕੂਮਤ ਕਰਨ ਤੇ ਲੁੱਟਣ ਲਈ ਪੰਜਾਬ ਨੂੰ ਉਜਾੜਦੇ ਹੋਏ ਹੀ ਅੱਗੇ ਵਧਦੇ ਰਹੇ। ਜਿਸ ਕਰਕੇ ਇੱਥੋਂ ਦੇ ਲੋਕਾਂ ਦਾ ਜੀਵਨ ਸੱਭਿਆਚਾਰ, ਕਦਰਾਂ-ਕੀਮਤਾਂ, ਸਾਹਿਤ, ਸੱਭਿਅਤਾ ਤੇ ਹੁਨਰ ਨੂੰ ਕਾਫੀ ਧੱਕਾ ਲੱਗਾ। ਜਿੱਥੇ ਲੋਕਾਂ ਨੂੰ ਲੁੱਟ-ਜਬਰ ਤੇ ਲਹੂ ਵੀਟਵੇਂ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਉੱਥੇ ਜਬਰ ਖਿਲਾਫ ਮਨੁੱਖੀ ਗੌਰਵ ਤੇ ਮਹਾਨਤਾ ਲਈ ਕੌਮਾਂ ਨੂੰ ਜਾਬਰਾਂ ਖਿਲਾਫ਼ ਝੰਜੋੜਣ ਵਾਲੇ ਗੋਬਿੰਦ ਸਿੰਘ ਤੇ ਬੰਦਾ ਬਹਾਦਰ ਵਰਗੇ ਅਨੇਕਾਂ ਸੂਰਮੇ ਵੀ ਪੈਦਾ ਹੁੰਦੇ ਰਹੇ।

ਰਾਜਸ਼ਾਹੀਆਂ ਨੂੰ ਖ਼ਤਮ ਕਰਦਿਆਂ ਹਿੰਦੋਸਤਾਨ ਉੱਪਰ ਅੰਗਰੇਜੀ ਰਾਜ ਕਾਇਮ ਹੋ ਜਾਂਦਾ ਹੈ। ਬਰਤਾਨਵੀਂ ਸਾਮਰਾਜੀਆਂ ਨੇ ਹਿੰਦੋਸਤਾਨ ਤੇ ਕਬਜੇ ਬਾਅਦ ਆਪਣੀਆਂ ਆਰਥਿਕ ਸਿਆਸੀ ਨੀਤੀਆਂ ਇਸ ਤਰ੍ਹਾਂ ਵਿਉਂਤੀਆਂ ਕਿ ਇੱਥੋਂ ਦੇ ਅਜ਼ਾਦਾਨਾ ਸਰਮਾਏਦਾਰਾਨਾ ਵਿਕਾਸ ਨੂੰ ਬੰਨ੍ਹ ਮਾਰਕੇ ਲੁੱਟ ਲਈ ਰਾਹ ਪੱਧਰਾ ਕੀਤਾ ਗਿਆ। ਬਰਤਾਨਵੀਂ ਰਾਜ ਦੀਆਂ ਸਨਅਤੀ ਲੋੜਾਂ ਦੀ ਪੂਰਤੀ ਲਈ ਭਾਰਤ ਦੇ ਵੱਖ-ਵੱਖ ਪ੍ਰਦੇਸਾਂ ਦੀ ਬਹੁਭਾਂਤੀ ਖਾਸੀਅਤ ਅਨੁਸਾਰ ਉੱਥੋਂ ਦੇ ਪੈਦਾਵਰੀ ਸਾਧਨਾਂ ਦੀ ਬੇਕਿਰਕ ਲੁੱਟ ਕੀਤੀ ਜਾਣ ਲੱਗੀ। 1849 'ਚ ਪੰਜਾਬ ਨੂੰ ਅੰਗਰੇਜੀ ਰਾਜ ਦਾ ਹਿੱਸਾ ਬਣਾਉਣ ਉਪਰੰਤ ਵੱਡੀ ਪੱਧਰ 'ਤੇ ਇੱਥੋਂ ਦੀ ਖੇਤੀ ਤੇ ਸਨਅਤ ਲਈ ਸਸਤੇ ਕੱਚੇ ਮਾਲ ਨੂੰ ਹੜੱਪਣਾ ਸ਼ੁਰੂ ਕੀਤਾ। ਇਸ ਲੁੱਟ ਲਟੀ ਇੱਥੇ ਇੱਕ 'ਅੰਗਰੇਜ ਭਗਤ' ਦਲਾਲਾਂ ਦੀ ਜਮਾਤ ਪੈਦਾ ਕੀਤੀ। ਆਮ ਪੰਜਾਬੀ ਲੋਕਾਂ ਨੂੰ 'ਬਹਾਦਰ ਤੇ ਵਫਾਦਾਰ' ਕੌਮ ਕਹਿਕੇ ਵਡਿਆਉਂਦਿਆਂ ਤੋਪਾਂ ਦਾ ਖਾਈਆਂ ਬਣਾਇਆ ਜਾਂਦਾ ਰਿਹਾ। ( ਜਿਵੇਂ ਅੱਜ ਵੀ ਸਰਮਾਏਦਾਰ ਜਮਾਤਾਂ ਇਹੀ ਕਰਦੀਆਂ ਹਨ) ਦੂਜੇ ਪਾਸੇ ਅੰਗਰੇਜਾਂ ਦੀ ਲੁੱਟ, ਜਬਰ ਤੇ ਦਾਬੇ ਦੀ ਨੀਤੀ ਹਿੰਦੋਸਤਾਨ ਦੀਆਂ ਵੱਖ-ਵੱਖ ਕੌਮੀਅਤਾਂ ਅੰਦਰ ਦੇਸ਼ ਭਗਤੀ ਤੇ ਏਕਤਾ ਦਾ ਜਜ਼ਬਾ ਪੈਦਾ ਕਰਨ ਦਾ ਕਾਰਨ ਬਣੀ।

ਜਿਸਦੇ ਸਿੱਟੇ ਵਜੋਂ ਇਕ ਵਾਰ ਫਿਰ ਪੰਜਾਬ ਦੀ ਧਰਤੀ ਤੇ ਵਿਦਰੋਹ ਦੀਆਂ ਲਹਿਰਾਂ ਉੱਠਣ ਲੱਗੀਆਂ। ਬਰਤਾਨਵੀਂ ਧੱਕੇਸ਼ਾਹੀ ਵਿਰੁੱਧ ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ, ਅਕਾਲੀ ਮੋਰਚਾ, ਬੱਬਰ ਅਕਾਲੀ ਲਹਿਰ, ਪਰਜਾ ਮੰਡਲ ਤੇ ਖਾੜਕੂ ਕਿਸਾਨ ਲਹਿਰ ਆਦਿ ਲਹਿਰਾਂ ਪੂਰੇ ਵੇਗ ਨਾਲ ਚੱਲੀਆਂ। ਦੂਸਰੇ ਵਿਸ਼ਵ ਯੁੱਧ 'ਚ ਘਿਰੇ ਬਰਤਾਨਵੀਂ ਸਾਮਰਾਜੀਏ ਆਪਣੀ ਕਮਜ਼ੋਰ ਹਾਲਤ ਅਤੇ ਹਿੰਦੋਸਤਾਨੀ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਹਿੰਦੋਸਤਾਨ ਅੰਦਰ ਫਿਰਕੂ ਜਹਿਰ ਨੂੰ ਵਧਾਉਂਦੇ ਹੋਏ ਤੇ ਫਿਰਕੂ ਵੰਡ ਦਾ ਦਰਦਨਾਕ ਕਾਂਢ ਰਚਾਉਂਦੇ ਹੋਏ ਸੱਤਾ ਦਲਾਲ ਸਰਮਾਏਦਾਰਾਂ ਦੇ ਹੱਥ ਦੇ ਕੇ ਆਪ ਪਰਦੇ ਪਿੱਛੇ ਚਲੇ ਗਏ। ਸੱਤਾ ਤੇ ਕਾਬਜ ਭਾਰਤੀ ਹਾਕਮਾਂ ਨੇ ਕੌਮਾਂ ਦੇ ਅਜ਼ਾਦਾਨਾ ਤੇ ਸਵੈ ਨਿਰਭਰ ਘੋਲਾਂ ਨੂੰ ਅਗਾਂਊ ਰੌਂਦਣ ਲਈ ਅਤੇ ਆਪਣੇ ਤੇ ਸਾਮਰਾਜੀ ਅਕਾਵਾਂ ਦੇ ਹਿੱਤਾਂ ਦੀ ਸੁਰੱਖਿਆ ਕਰਨ ਲਈ 'ਅਖੰਡ ਭਾਰਤ' 'ਹਿੰਦੂ ਕੌਮ' ਆਦਿ ਵਰਗੇ ਜਾਅਲੀ ਸੰਕਲਪ ਘੜਣੇ ਸ਼ੁਰੂ ਕੀਤੇ। ਆਪਣੇ ਹਿੰਦੂਤਵੀ ਤੁਅੱਸਬਾਂ ਕਾਰਨ ਬਾਕੀ ਦੀਆਂ ਭਾਰਤੀ ਕੌਮਾਂ, ਕਬਾਇਲੀ ਲੋਕਾਂ ਅਤੇ ਧਾਰਮਿਕ ਤੇ ਭਾਸ਼ਾਈ ਘੱਟ ਗਿਣਤੀਆਂ ਪ੍ਰਤੀ ਤ੍ਰਿਸਕਾਰ ਦੀ ਭਾਵਨਾ ਰੱਖੀ ਜਾਣ ਲੱਗੀ। ਇਨ੍ਹਾਂ ਤ੍ਰਿਸਕਾਰੇ ਹਿੱਸਿਆਂ ਦੇ ਲੋਕਾਂ ਉੱਪਰ ਸਾਮਰਾਜਵਾਦ ਵੱਲੋਂ ਮੜੇ ਨਵ-ਬਸਤੀਆਨਾ ਪ੍ਰਬੰਧ ਕਾਰਨ ਇਨ੍ਹਾਂ ਹਿੱਸਿਆਂ ਨੂੰ ਲਗਾਤਾਰ ਸਾਮਰਾਜ ਤੇ ਦੇਸੀ ਸਰਮਾਏਦਾਰਾਂ ਦੇ ਰਹਿਮੋ ਕਰਮ ਤੇ ਜਿਊਣਾ ਪੈ ਰਿਹਾ ਹੈ। ਇਹ ਘੱਟ ਗਿਣਤੀਆਂ ਤੇ ਕੌਮਾਂ ਸਾਮਰਾਜੀ ਸਰਮਾਏ ਤੇ ਕੇਂਦਰੀ ਹਕੂਮਤ ਦੀਆਂ ਮੁਥਾਜ ਬਣਕੇ ਰਹਿ ਗਈਆਂ ਹਨ। ਭਾਵੇਂ ਭਾਸ਼ਾਈ ਅਧਾਰ ਤੇ ਸੂਬਿਆਂ ਦੇ ਪੁਨਰਗਠਨ ਦੀ ਮੰਗ ਵੱਖ-ਵੱਖ ਕੌਮਾਂ ਵੱਲੋਂ ਲੜੇ ਸੰਘਰਸ਼ ਕਾਰਨ 1955 ਵਿਚ ਮੰਨ ਲਈ ਗਈ ਪੰ੍ਰਤੂ ਅੱਜ ਤੱਕ ਕਿਸੇ ਵੀ ਕੌਮ ਨੂੰ ਸਵੈ-ਨਿਰਨੇ ਦਾ ਹੱਕ ਪ੍ਰਾਪਤ ਨਹੀਂ।

ਵੰਡ ਦੌਰਾਨ ਹੋਂਦ 'ਚ ਆਏ ਪੂਰਬੀ ਪੰਜਾਬ ਅੰਦਰ ਸਿੱਖ ਇੱਕ ਧਾਰਮਿਕ ਘੱਟ ਗਿਣਤੀ ਬਣਦੇ ਸਨ (ਖੇਤਰੀ ਪੱਧਰ ਤੇ ਭਾਵੇਂ ਬਹੁ-ਗਿਣਤੀ ਹਨ)। ਸਿੱਖ ਧਾਰਮਿਕ ਘੱਟ ਗਿਣਤੀ ਸਮੇਤ ਹੋਰ ਕੌਮਾਂ, ਧਾਰਮਿਕ ਤੇ ਭਾਸ਼ਾਈ ਘੱਟ ਗਿਣਤੀਆਂ ਲਗਾਤਾਰ ਭਾਰਤੀ ਪ੍ਰਬੰਧ ਵੱਲੋਂ ਦੱਬੀਆਂ ਲਤਾੜੀਆਂ ਜਾਂਦੀਆਂ ਹਨ। ਜਿਵੇਂ ਭਾਸ਼ਾਈ ਅਧਾਰ ਤੇ ਪੁਨਰਗਠਨ ਤੋਂ ਬਾਅਦ ਵੀ ਪੰਜਾਬ ਨੂੰ ਦੋ ਭਾਸ਼ਾਈ ਸੂਬਾ ਬਣਾਕੇ ਰੱਖਿਆ ਜਾ ਰਿਹਾ ਹੈ। 1849 'ਚ ਪੰਜਾਬ ਨੂੰ ਅੰਗਰੇਜੀ ਰਾਜ 'ਚ ਮਿਲਾਉਣ ਤੇ ਇੱਥੋਂ ਦੀ ਜਰਖੇਜ਼ ਭੂਮੀ ਉੱਪਰ ਕਪਾਹ ਵਰਗੀ ਫਸਲ ਉਗਾਉਣ ਦੇ ਪ੍ਰਯੋਗ ਬਰਤਾਨਵੀਂ ਸਨਅਤ ਦੇ ਵਧਣ ਫੁੱਲਣ ਤੇ ਮੁਨਾਫੇ ਪ੍ਰਾਪਤ ਕਰਨ ਲਈ ਕੀਤੇ ਗਏ। ਇਹ ਪ੍ਰਯੋਗ ਭਾਰਤ ਦੇ ਹੋਰ ਪ੍ਰਾਂਤਾਂ ਵਿਚ ਵੀ ਕੀਤੇ ਗਏ (ਜਿਵੇਂ ਨੀਲ ਦੀ ਖੇਤੀ)। ਉਸੇ ਤਰ੍ਹਾਂ ਭਾਰਤੀ ਹਾਕਮਾਂ ਨੇ ਆਪਣੀਆਂ ਤੇ ਸਾਮਰਾਜੀਆਂ ਦੀਆਂ ਤਿਜੌਰੀਆਂ ਭਰਨ ਲਈ ਪੰਜਾਬ ਵਰਗੇ ਖਿੱਤਿਆਂ 'ਚ ਤਰੱਕੀ ਤੇ ਵਿਕਾਸ ਦੇ ਨਾਂ ਹੇਠ 'ਹਰੇ ਇਨਕਲਾਬ' ਦਾ ਮਾਡਲ ਲਾਗੂ ਕੀਤਾ ਜਿਸਦੇ ਘਾਤਕ ਸਿੱਟੇ ਹੁਣ ਤੱਕ ਦੇਸ਼ ਦੇ ਕਮਾਊਆਂ ਨੂੰ ਭੁਗਤਣੇ ਪੈ ਰਹੇ ਹਨ। ਇਹੀ ਹਸ਼ਰ ਭਾਰਤ ਦੀਆਂ ਮਿਜ਼ੌਰਮ, ਕਸ਼ਮੀਰ, ਤਿਰੀਪੁਰਾ, ਨਾਗਾਲੈਂਡ, ਆਸਾਮ ਤੇ ਹੋਰ ਕੌਮਾਂ, ਧਾਰਮਿਕ ਤੇ ਭਾਸ਼ਾਈ ਘੱਟ ਗਿਣਤੀਆਂ ਦਾ ਹੋ ਰਿਹਾ ਹੈ। ਭਾਰਤੀ ਰਾਜ ਪ੍ਰਬੰਧ ਇਨ੍ਹਾਂ ਕੌਮਾਂ ਦੇ ਆਪਾ ਨਿਰਣੇ ਦੇ ਅਧਿਕਾਰ ਨੂੰ ਕੁਚਲਦਿਆਂ ਹੋਇਆਂ ਇਨ੍ਹਾਂ ਉੱਪਰ ਜਬਰੀ ਹਕੂਮਤ ਚਲਾ ਰਿਹਾ ਹੈ। ਇੱਥੇ ਸਾਮਰਾਜਵਾਦ ਤੇ ਦਲਾਲ ਭਾਰਤੀ ਵੱਡੇ ਸਰਮਾਏਦਾਰ ਤਾਕਤਾਂ ਮਿਲਕੇ ਸਭਨਾਂ ਕੌਮਾਂ ਦੇ ਜੁਝਾਰੂ ਵਿਰਸੇ, ਸੱਭਿਆਚਾਰ ਤੇ ਇਤਿਹਾਸ ਨੂੰ ਗੰਧਲਾ ਕਰਕੇ ਇਨ੍ਹਾਂ ਨੂੰ ਆਰਥਿਕ, ਸਮਾਜਿਕ, ਸਿਆਸੀ ਤੇ ਸੱਭਿਆਚਾਰਕ ਤੌਰ 'ਤੇ ਲੁੱਟ-ਲਤਾੜ ਰਹੀਆਂ ਹਨ। ਇਸ ਲੁੱਟ ਜਬਰ ਖਿਲਾਫ ਅਵਾਜ਼ ਉਠਾਉਂਦੇ ਚੇਤੰਨ ਜੁਝਾਰੂ ਲੋਕਾਂ ਉੱਪਰ 'ਅੱਤਵਾਦੀ', 'ਦਹਿਸ਼ਤਗਰਦ' ਤੇ 'ਵੱਖਵਾਦੀ' ਹੋਣ ਦਾ ਠੱਪਾ ਲਾ ਕੇ ਕਲੰਕਿਤ ਕਰਨ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਹਨ।

ਇਹ ਤਾਕਤਾਂ ਪੰਜਾਬੀ ਸਮੇਤ ਸਭਨਾਂ ਕੌਮਾਂ ਨੂੰ ਆਪਣੀ ਹੋਂਦ, ਸਵੈਮਾਣ ਤੇ ਆਪਾ ਨਿਰਣੇ ਦੇ ਹੱਕ ਤੋਂ ਵਾਂਝੇ ਰੱਖ ਰਹੀਆਂ ਹਨ। ਪੰਜਾਬੀ ਤੇ ਹੋਰਨਾਂ ਕੌਮਾਂ ਨੂੰ ਹਰੇਕ ਬਾਹਰੀ ਦਖਲਅੰਦਾਜੀ ਦਾ ਵਿਰੋਧ ਕਰਦਿਆਂ ਹੋਇਆਂ ਸਥਾਨਕ ਤੇ ਇਲਾਕਾਈ ਪੱਧਰ ਤੇ ਇੱਕ ਵੱਖਰੇ ਦੇਸ਼ ਵਜੋਂ ਆਪਣੀ ਹਸਤੀ ਬਣਾਉਣੀ ਚਾਹੀਦੀ ਹੈ।ਪੰਜਾਬੀ ਲੋਕਾਂ ਨੂੰ ਪੰਜਾਬ ਸਮੇਤ ਸਭਨਾਂ ਕੌਮਾਂ ਉੱਪਰ ਹੋ ਰਹੇ ਰਾਜਕੀ ਲੁੱਟ, ਜਬਰ ਤੇ ਅਨਿਆਂ ਖਿਲਾਫ਼ ਸਾਂਝੀ ਅਵਾਜ ਬੁਲੰਦ ਕਰਨੀ ਚਾਹੀਦੀ ਹੈ। ਅਗਾਂਹਵਧੂ ਤੇ ਜਮਹੂਰੀ ਤੱਤ ਵਾਲੇ ਕੌਮੀ ਮੁਕਤੀ ਘੋਲਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਕੌਮਵਾਦ, ਇਲਾਕਾਵਾਦ, ਭਾਸ਼ਾਵਾਦ ਤੇ ਫਿਰਕਾਪ੍ਰਸਤੀ ਦੀਆਂ ਪਿਛਾਂਹ ਖਿੱਚੂ ਚਾਲਾਂ ਰਾਹੀਂ ਮਿਹਨਤੀ ਲੋਕਾਂ ਦੀ ਏਕਤਾ ਤੋੜਨ ਤੇ ਉਨ੍ਹਾਂ ਦੀ ਜਮਾਤੀ ਚੇਤਨਾ ਨੂੰ ਖੁੰਡਾ ਕਰਨ ਦੀਆਂ ਹਾਕਮਾਂ ਤੇ ਹੋਰ ਪਿਛਾਂਹ ਖਿੱਚੂ ਜਮਾਤਾਂ ਦੀਆਂ ਚਾਲਾਂ ਦਾ ਵਿਰੋਧ ਕਰਨਾ ਚਾਹੀਦਾ ਹੈ।

ਇੱਥੇ ਪੂੰਜੀਵਾਦੀ ਯੁੱਗ ਅੰਦਰ ਕੌਮੀ ਜਬਰ ਨੂੰ ਉਨ੍ਹਾਂ ਚਿਰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ ਜਦ ਤੱਕ ਜਾਬਰ ਲੁਟੇਰੇ ਭਾਰਤੀ ਰਾਜ ਪ੍ਰਬੰਧ ਹੇਠ ਦੱਬੀਆਂ ਕੁਚਲੀਆਂ ਕੌਮਾਂ ਮੌਜੂਦ ਹਨ। ਨਵ-ਜਮਹੂਰੀ ਰਾਜ ਤੇ ਸਮਾਜਵਾਦ ਹੀ ਕੌਮਾਂ ਨੂੰ ਵੱਖ ਹੋਣ ਦੇ ਅਧਿਕਾਰ ਤੇ ਆਪਾ ਨਿਰਣੇ ਦਾ ਬੁਨਿਆਦੀ ਜਮਹੂਰੀ ਹੱਕ ਪ੍ਰਦਾਨ ਕਰਦਾ ਹੈ। ਨਵ-ਜਮਹੂਰੀ ਰਾਜ ਤੇ ਸਮਾਜਵਾਦ ਕੌਮਾਂ ਦੇ ਅਲੱਗ ਅਲੱਗ ਰਹਿਣ, ਵੱਖ ਹੋਣ, ਵੱਖਰੇ ਰਾਜ ਬਣਾਉਣ ਨੂੰ ਉਤਸ਼ਾਹਿਤ ਨਹੀਂ ਕਰਦਾ ਬਲਕਿ ਆਪਣੇ ਕੌਮਾਂਤਰੀਵਾਦੀ ਨਜ਼ਰੀਏ ਮੁਤਾਬਿਕ ਅੰਤ ਨੂੰ ਸਭ ਕੌਮਾਂ ਦੇ ਇੱਕ ਹੋ ਜਾਣ ਦਾ ਟੀਚਾ ਰੱਖਦਾ ਹੈ ਪਰ ਅਜੋਕੇ ਪੂੰਜੀਵਾਦੀ ਦੌਰ ਅੰਦਰ ਸਾਰੀਆਂ ਦੱਬੀਆਂ ਕੁਚਲੀਆਂ ਕੌਮਾਂ ਪੂਰਨ ਰੂਪ 'ਚ ਮੁਕਤੀ ਹਾਸਲ ਕਰਕੇ ਹੀ ਮਨੁੱਖਤਾ, ਸਾਰੀਆਂ ਕੌਮਾਂ ਦੇ ਇੱਕ ਹੋ ਜਾਣ ਤੱਕ ਪਹੁੰਚ ਸਕਦੀ ਹੈ, ਪਰ ਕੌਮਾਂ ਦੀ ਮੁਕਤੀ ਦਾ ਸਵਾਲ ਪੂਰਨ ਸਵਾਲ ਨਹੀਂ ਬਲਕਿ ਪ੍ਰੋਲੇਤਾਰੀ ਇਨਕਲਾਬ ਨਾਲ ਜੁੜਿਆ ਹੋਇਆ ਹੈ। ਕਮਿਊਨਿਸਟ ਮੈਨੀਫੈਸਟੋ ਅਨੁਸਾਰ ''ਭਾਵੇਂ ਤੱਤ ਵਿਚ ਨਾ ਸਹੀ, ਰੂਪ ਵਿਚ ਪ੍ਰੋਲੇਤਾਰੀਏ ਦੀ ਬੁਰਜੂਆਜੀ ਨਾਲ ਜਦੋਜਹਿਦ ਪਹਿਲ-ਪ੍ਰਿਥਮੇ ਇੱਕ ਕੌਮੀ ਜੱਦੋਜਹਿਦ ਹੀ ਹੈ। ਬਿਨਾਂ ਸ਼ੱਕ, ਹਰ ਦੇਸ਼ ਦੇ ਪ੍ਰੋਲੇਤਾਰੀ ਨੂੰ ਕੁੱਲ ਤੋਂ ਪਹਿਲਾਂ ਆਪਣੀ ਸਰਮਾਏਦਾਰੀ ਨਾਲ ਹੀ ਦੋ ਹੱਥ ਕਰਨੇ ਚਾਹੀਦੇ ਹਨ।'' ਕਾਮਰੇਡ ਲੈਨਿਨ ਕੌਮੀ ਮਸਲੇ ਦਾ ਹੱਲ ਪ੍ਰੋਲੇਤਾਰੀ ਤਾਨਾਸ਼ਾਹੀ ਅਤੇ ਪ੍ਰੋਲੇਤਾਰੀ ਇਨਕਲਾਬ ਦੇ ਜੇਤੂ ਹੋਣ 'ਚ ਦੇਖਦੇ ਹਨ। ਇਸੇ ਤਰ੍ਹਾਂ ਕਾਮਰੇਡ ਸਟਾਲਿਨ ਕੌਮੀ ਲਹਿਰ ਨੂੰ ਇਸ ਤਰ੍ਹਾਂ ਲੈਂਦੇ ਹਨ ਕਿ ''ਸਾਨੂੰ ਹਰ ਅਜਿਹੀ ਕੌਮੀ ਲਹਿਰ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੀ ਸਾਮਰਾਜ ਨੂੰ ਕਮਜ਼ੋਰ ਕਰਨ ਤੇ ਉਸਨੂੰ ਉਲਟਾਉਣ ਵੱਲ ਸੇਧਤ ਹੋਵੇ ਨਾ ਕਿ ਜਿਹੜੀ ਇਸਨੂੰ ਮਜ਼ਬੂਤ ਕਰਦੀ ਜਾਂ ਬਰਕਰਾਰ ਰੱਖਦੀ ਹੋਵੇ।

ਪੰਜਾਬੀਆਂ ਨੂੰ ਆਪਣੀ ਅਣਖ, ਇੱਜਤ ਬਹਾਦਰੀ ਤੇ ਪੰਜਾਬੀਅਤ ਦੀ ਭਾਵਨਾ ਨੂੰ ਆਪਣੇ ਸੰਘਰਸ਼ਸ਼ੀਲ, ਚੇਤੰਨ ਜੁਝਾਰੂ ਵਿਰਸੇ ਤੋਂ ਪ੍ਰੇਰਨਾ ਲੈ ਕੇ ਹਰ ਤਰ੍ਹਾਂ ਦੀ ਲੁੱਟ ਤੇ ਜਬਰ ਦਾ ਵਿਰੋਧ ਕਰਦੇ ਹੋਏ, ਲੋਕ ਮੁਕਤੀ ਘੋਲਾਂ ਦੇ ਅਸਲ ਨਾਇਕ ਬਣਨਾ ਚਾਹੀਦਾ ਹੈ। ਪੰਜਾਬੀਅਤ ਦੀ ਭਾਵਨਾ ਬਰਜੂਆ ਪ੍ਰਬੰਧ ਵੱਲੋਂ ਘੜੇ ਝੂਠੇ ਤੇ ਖਿਆਲੀ ਸੰਕਲਪਾਂ ਨਾਲ ਨਹੀਂ ਉਸਰਦੀ ਤੇ ਇਤਿਹਾਸ ਲੋਟੂ, ਝੂਠੇ ਤੇ ਖਿਆਲੀ ਪੈਰੋਕਾਰਾਂ ਨੂੰ ਲੋਕ ਨਾਇਕ ਦੇ ਨਹੀਂ ਬਲਕਿ ਪਿਛਲੱਗ,ਟੋਡੀ ਤੇ ਅਗਿਆਨੀ ਵਰਗੇ ਕਲੰਕਾਂ ਨਾਲ ਨਿਵਾਜਦਾ ਹੈ। 

ਇਤਿਹਾਸ ਖਿਆਲੀ, ਟੀ.ਵੀ. ਤੇ ਫ਼ਿਲਮੀ ਦੁਨੀਆ 'ਚ ਜਿਉਂ ਕੇ ਨਹੀਂ ਰਚੇ ਜਾਂਦੇ। ਨੌਜਵਾਨਾਂ ਨੂੰ, ਸਰਮਾਏਦਾਰਾਨਾ ਮੰਡੀ 'ਚ ਵਾਧਾ ਕਰਨ ਲਈ ਸਾਜ਼ਿਸ਼ੀ ਤਰੀਕੇ ਨਾਲ ਘੜੇ ਖਿਆਲੀ, ਫੋਕੇ, ਫੁਕਰੇ, ਲੋਟੂ ਤੇ ਗਲਤ ਸੰਕਲਪਾਂ, ਵਿਚਾਰਾਂ ਤੇ ਭਾਵਨਾਵਾਂ ਨੂੰ ਬੁਝਕੇ ਤੇ ਬਚਕੇ ਸਾਡੇ ਮਹਾਨ ਵਿਚਾਰਕਾਂ ਤੇ ਸ਼ਹੀਦਾਂ ਦੀ ਵਿਚਾਰਧਾਰਾ ਤੇ ਕੁਰਬਾਨੀਆਂ ਤੋਂ ਪ੍ਰੇਰਣਾ ਲੈਂਦਿਆਂ, ਇਸ ਆਦਮਖੋਰੇ ਸਾਮਰਾਜੀ ਪੂੰਜੀਵਾਦੀ ਪ੍ਰਬੰਧ ਨੂੰ ਉਲਟਾਉਂਦਿਆਂ ਆਪਣੇ ਸੁਪਨਿਆਂ ਤੇ ਸੱਧਰਾਂ ਦੇ ਹਾਣ ਦਾ ਪ੍ਰਬੰਧ ਉਸਾਰਨ ਲਈ ਅੱਗੇ ਆਉਣ। 

ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ। 
98764-42052

1 comment:

  1. last te vkhre desh vjon hasti di bjae vakhri kom(nationality)vjon padyea jave - mandeep

    ReplyDelete