ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, August 10, 2012

ਵਿਸਕਾਨਸਨ ਗੋਲੀ ਕਾਂਡ:ਅਮਰੀਕਾ 'ਚ ਵਧਦਾ ਨਸਲਵਾਦ

ਜ਼ਾਹਰ ਹੈ ਕਿ ਅਮਰੀਕਾ ਵਿਚ ਨਸਲਵਾਦ ਅਤੇ ਹਿੰਸਾ ਵਿਚ ਵਾਧਾ ਹੋ ਰਿਹਾ ਹੈ। ਆਖਰ ਕਿਉਂ ਅਮਰੀਕਾ ਵਿਚ ਅਸਹਿਣਸ਼ੀਲਤਾ, ਨਸਲਵਾਦ ਅਤੇ ਹਿੰਸਾ ਵਧ ਰਹੀ ਹੈ? ਇਸ ਦਾ ਮੁੱਖ ਕਾਰਨ ਅਮਰੀਕਾ ਦਾ ਆਰਥਿਕ ਸੰਕਟ ਹੈ। ਜਿਵੇਂ-ਜਿਵੇਂ ਆਰਥਿਕ ਸੰਕਟ ਡੂੰਘਾ ਹੋ ਰਿਹਾ ਹੈ, ਉਵੇਂ-ਉਵੇਂ ਅਮਰੀਕਨਾਂ ਵਿਚ ਘੱਟ-ਗਿਣਤੀਆਂ ਅਤੇ ਅਵਾਸੀਆਂ ਵਿਰੁੱਧ ਭਾਵਨਾ ਵਧੀ ਜਾ ਰਹੀ ਹੈ।

ਹੁਣੇ-ਹੁਣੇ ਅਮਰੀਕਾ ਦੇ ਸਟੇਟ ਵਿਸਕਾਨਸਨ ਦੇ ਸਭ ਤੋਂ ਵੱਡੇ ਸ਼ਹਿਰ ਮਿਲਵਾਕੀ ਦੇ ਨੇੜੇ ਸਥਿਤ ਸ਼ਹਿਰ ਓਕ ਕਰੀਕ ਵਿਚ ਗੁਰਦੁਆਰਾ ਸਾਹਿਬ ਵਿਚ ਗੋਰੇ ਜਨੂੰਨਵਾਦ ਦੇ ਪੈਰੋਕਾਰ (ਵਾਈਟ ਸੁਪਰੇਮਿਸਟ) ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 6 ਸਿੱਖਾਂ ਨੂੰ ਮਾਰ ਦਿੱਤਾ ਅਤੇ 20 ਨੂੰ ਜ਼ਖਮੀ ਕਰ ਦਿੱਤਾ। ਇਕ ਪੁਲਿਸ ਵਾਲੇ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਅਤੇ ਆਪ ਵੀ ਪੁਲਿਸ ਦੀਆਂ ਗੋਲੀਆਂ ਨਾਲ ਮਾਰਿਆ ਗਿਆ। ਸਤੰਬਰ 11 ਦੇ ਦਹਿਸ਼ਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਵਿਚ ਸਿੱਖਾਂ 'ਤੇ ਹਮਲੇ ਹੋਏ। ਪਿਛਲੇ ਕੁਝ ਸਮੇਂ ਤੋਂ ਫਿਰ ਸਿੱਖਾਂ 'ਤੇ ਹਮਲੇ ਹੋਣ ਲੱਗ ਪਏ ਹਨ ਅਤੇ ਇਸ ਦੌਰਾਨ ਇਕ ਜਾਂ ਦੋ ਸਿੱਖਾਂ ਨੂੰ ਗੋਰਿਆਂ ਨੇ ਗੋਲੀਆਂ ਮਾਰ ਕੇ ਮਾਰਿਆ। ਪਰ ਸਿੱਖਾਂ 'ਤੇ ਹੋਣ ਵਾਲੇ ਹਮਲਿਆਂ ਵਿਚੋਂ ਇਹ ਸਭ ਤੋਂ ਵੱਡਾ ਹਮਲਾ ਸੀ। ਇਹ ਹਮਲਾ ਗੁਰਦੁਆਰਾ ਸਾਹਿਬ ਦੇ ਵਿਚ ਹੋਇਆ ਅਤੇ ਐਤਵਾਰ ਵਾਲੇ ਦਿਨ ਹੋਇਆ, ਜਿਸ ਦਿਨ ਅਮਰੀਕਾ ਤੇ ਕੈਨੇਡਾ ਦੇ ਗੁਰਦੁਆਰਿਆਂ ਵਿਚ ਸਭ ਤੋਂ ਵੱਧ ਸੰਗਤ ਇਕੱਤਰ ਹੁੰਦੀ ਹੈ। ਜਦੋਂ ਇਹ ਹਮਲਾ ਹੋਇਆ ਤਾਂ ਸੰਗਤ ਵੱਡੀ ਗਿਣਤੀ (ਲਗਭਗ 400) ਵਿਚ ਮੌਜੂਦ ਸੀ। ਜ਼ਾਹਰ ਹੈ ਕਿ ਉਸ ਜਨੂੰਨੀ ਨਸਲਵਾਦੀ ਗੋਰੇ ਨੇ ਵਿਉਂਤਬੰਦ ਢੰਗ ਨਾਲ ਹਮਲਾ ਕੀਤਾ ਤਾਂ ਕਿ ਉਹ ਵੱਧ ਤੋਂ ਵੱਧ ਸਿੱਖਾਂ ਨੂੰ ਮਾਰ ਸਕੇ ਤੇ ਜ਼ਖਮੀ ਕਰ ਸਕੇ। ਕਈ ਵਾਰੀ ਇਹ ਕਿਹਾ ਜਾਂਦਾ ਹੈ ਕਿ ਗੋਰੇ ਸਿੱਖਾਂ 'ਤੇ ਹਮਲਾ ਉਨ੍ਹਾਂ ਦੀ ਗ਼ਲਤ ਪਛਾਣ ਕਰਕੇ ਕਰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਉਹ ਉਨ੍ਹਾਂ ਨੂੰ ਅਰਬ ਜਾਂ ਈਰਾਨ ਨਾਲ ਸਬੰਧਤ ਮੁਸਲਮਾਨ ਹੋਣ ਦੇ ਭੁਲੇਖੇ ਵਿਚ ਮਾਰ ਦਿੰਦੇ ਹਨ। ਜ਼ਾਹਰ ਹੈ ਕਿ ਜਿਸ ਢੰਗ ਨਾਲ ਇਹ ਹਮਲਾ ਹੋਇਆ ਹੈ, ਉਸ ਵਿਚ ਗ਼ਲਤ ਪਛਾਣ ਦਾ ਸਵਾਲ ਹੀ ਨਹੀਂ ਉੱਠ ਸਕਦਾ। ਹਮਲਾਵਰ ਨੂੰ ਪਤਾ ਸੀ ਕਿ ਉਹ ਮੁਸਲਮਾਨਾਂ 'ਤੇ ਨਹੀਂ ਸਿੱਖਾਂ 'ਤੇ ਹਮਲਾ ਕਰ ਰਿਹਾ ਹੈ। ਹਾਲੇ ਦੋ ਹਫ਼ਤੇ ਤੋਂ ਥੋੜ੍ਹਾ ਹੀ ਜ਼ਿਆਦਾ ਸਮਾਂ ਹੋਇਆ ਹੈ ਕਿ ਅਮਰੀਕਾ ਦੀ ਸਟੇਟ ਕੋਲੋਰਾਡੋ ਵਿਚ ਇਕ ਸਿਨੇਮੇ ਵਿਚ ਇਕ ਗੋਰੇ ਨੇ ਫ਼ਿਲਮ ਦੇਖਣ ਆਏ ਗੋਰਿਆਂ 'ਤੇ ਹੀ ਅੰਨ੍ਹੇਵਾਹ ਗੋਲੀਆਂ ਚਲਾ ਕੇ 12 ਨੂੰ ਮਾਰ ਦਿੱਤਾ ਅਤੇ ਲਗਭਗ 50 ਨੂੰ ਜ਼ਖਮੀ ਕਰ ਦਿੱਤਾ।

ਜ਼ਾਹਰ ਹੈ ਕਿ ਅਮਰੀਕਾ ਵਿਚ ਨਸਲਵਾਦ ਅਤੇ ਹਿੰਸਾ ਵਿਚ ਵਾਧਾ ਹੋ ਰਿਹਾ ਹੈ। ਆਖਰ ਕਿਉਂ ਅਮਰੀਕਾ ਵਿਚ ਅਸਹਿਣਸ਼ੀਲਤਾ, ਨਸਲਵਾਦ ਅਤੇ ਹਿੰਸਾ ਵਧ ਰਹੀ ਹੈ? ਇਸ ਦਾ ਮੁੱਖ ਕਾਰਨ ਅਮਰੀਕਾ ਦਾ ਆਰਥਿਕ ਸੰਕਟ ਹੈ। ਜਿਵੇਂ-ਜਿਵੇਂ ਆਰਥਿਕ ਸੰਕਟ ਡੂੰਘਾ ਹੋ ਰਿਹਾ ਹੈ, ਉਵੇਂ-ਉਵੇਂ ਅਮਰੀਕਨਾਂ ਵਿਚ ਘੱਟ-ਗਿਣਤੀਆਂ ਅਤੇ ਅਵਾਸੀਆਂ ਵਿਰੁੱਧ ਭਾਵਨਾ ਵਧੀ ਜਾ ਰਹੀ ਹੈ। ਉਹ ਇਨ੍ਹਾਂ ਨੂੰ ਇਸ ਆਰਥਿਕ ਸੰਕਟ ਲਈ ਜ਼ਿੰਮੇਵਾਰ ਸਮਝਦੇ ਹਨ। ਸੰਸਾਰੀਕਰਨ ਦੀਆਂ ਨੀਤੀਆਂ ਅਤੇ ਆਰਥਿਕ ਸੰਕਟ ਦੇ ਡੂੰਘੇ ਹੋਣ ਦਾ ਇਕ ਹੋਰ ਪ੍ਰਭਾਵ ਇਹ ਪੈ ਰਿਹਾ ਹੈ ਕਿ ਗੋਰੀ ਮੱਧ ਸ਼੍ਰੇਣੀ ਸੁੰਗੜਦੀ ਜਾ ਰਹੀ ਹੈ ਅਤੇ ਉਸ ਨੂੰ ਲਗਦਾ ਹੈ ਕਿ ਉਸ ਦਾ ਵਜੂਦ ਹੀ ਖ਼ਤਮ ਹੋ ਸਕਦਾ ਹੈ। ਅਜਿਹੀ ਭਾਵਨਾ ਵਿਚੋਂ ਇਕ ਘਿਰੀ ਹੋਈ ਮਾਨਸਿਕਤਾ ਉਪਜਦੀ ਹੈ। ਇਹ ਘਿਰੀ ਹੋਈ ਮਾਨਸਿਕਤਾ ਨਿਰਾਸ਼ਾ ਅਤੇ ਹਿੰਸਾ ਨੂੰ ਜਨਮ ਦਿੰਦੀ ਹੈ। ਜਿਥੇ ਅਮਰੀਕਾ ਦੀ ਥੱਲੜੀ ਜਮਾਤ ਅਸਹਿਣਸ਼ੀਲਤਾ, ਨਸਲਵਾਦ ਅਤੇ ਆਵਾਸ ਦੇ ਵਿਰੁੱਧ ਭਾਵਨਾਵਾਂ ਦਾ ਸ਼ਿਕਾਰ ਹੋ ਜਾਂਦੀ ਹੈ, ਉਥੇ ਮੱਧ ਸ਼੍ਰੇਣੀ ਨਿਰਾਸ਼ ਹੋ ਕੇ ਹਿੰਸਾ ਵੱਲ ਪਰੇਰੀ ਜਾਂਦੀ ਹੈ। ਉਨ੍ਹਾਂ ਦੀ ਹਿੰਸਾ ਦਾ ਸ਼ਿਕਾਰ ਜ਼ਿਆਦਾਤਰ ਗੋਰੇ ਹੀ ਬਣਦੇ ਹਨ, ਜਿਥੇ ਥੱਲੜੀ ਜਮਾਤ ਨਾਲ ਸਬੰਧਤ ਗੋਰੇ ਤੁਲਨਾਤਮਕ ਤੌਰ 'ਤੇ ਘੱਟ ਪੜ੍ਹੇ-ਲਿਖੇ ਹੁੰਦੇ ਹਨ ਅਤੇ ਸਮਾਜ ਵਿਚ ਕੋਈ ਸਤਿਕਾਰਤ ਸਥਾਨ ਹਾਸਲ ਕਰਨ ਵਿਚ ਅਕਸਰ ਨਾਕਾਮ ਹੋਏ ਹੁੰਦੇ ਹਨ। ਉਥੇ ਮੱਧ ਸ਼੍ਰੇਣੀ ਨਾਲ ਸਬੰਧਤ ਹਿੰਸਾ ਕਰਨ ਵਾਲੇ ਗੋਰੇ ਕਈ ਵਾਰ ਬਹੁਤ ਪੜ੍ਹੇ-ਲਿਖੇ ਅਤੇ ਪ੍ਰਾਪਤੀ ਕਰਨ ਵਾਲੇ ਹੁੰਦੇ ਹਨ। ਕੋਲੋਰਾਡੋ ਅਤੇ ਵਿਸਕਾਨਸਨ ਵਿਚ ਗੋਰੇ ਹਮਲਾਵਰ ਇਨ੍ਹਾਂ ਦੋ ਜਮਾਤਾਂ ਦੀ ਪ੍ਰਤੀਨਿਧਤਾ ਕਰ ਰਹੇ ਹਨ। ਕੋਲੋਰਾਡੋ ਵਿਚ ਗੋਲੀਆਂ ਚਲਾਉਣ ਵਾਲਾ ਬਹੁਤ ਹੀ ਸਤਿਕਾਰਤ ਮੈਡੀਕਲ ਕਾਲਜ ਵਿਚ ਪੜ੍ਹਦਾ ਸੀ। ਉਹ ਪੜ੍ਹਾਈ ਵਿਚ ਬਹੁਤ ਅੱਗੇ ਸੀ। ਉਹ ਉੱਪਰਲੇ 1 ਫ਼ੀਸਦੀ ਵਿਚ ਆਉਂਦਾ ਸੀ ਅਤੇ ਕਈ ਵਜ਼ੀਫੇ ਤੇ ਸਨਮਾਨ ਹਾਸਲ ਕਰ ਚੁੱਕਾ ਸੀ। ਦੂਜੇ ਪਾਸੇ ਸਿੱਖਾਂ 'ਤੇ ਗੋਲੀ ਚਲਾਉਣ ਵਾਲਾ ਤੁਲਨਾਤਮਕ ਤੌਰ 'ਤੇ ਘੱਟ ਪੜ੍ਹਿਆ-ਲਿਖਿਆ ਅਤੇ ਫ਼ੌਜ ਵਿਚੋਂ ਕੱਢਿਆ ਹੋਇਆ ਸੀ ਅਤੇ ਅਮਲੀ ਤੌਰ 'ਤੇ ਜੀਵਨ ਵਿਚ ਕੋਈ ਵੀ ਅਸਰਦਾਰ ਪ੍ਰਾਪਤੀ ਨਾ ਕਰ ਸਕਿਆ।

ਭਾਵੇਂ ਕਿ ਮੌਜੂਦਾ ਆਰਥਿਕ ਸੰਕਟ ਸਿਰਫ ਅਮਰੀਕਾ ਦਾ ਹੀ ਨਹੀਂ ਸਗੋਂ ਸਾਰੇ ਪੱਛਮੀ ਸਰਮਾਏਦਾਰ ਦੇਸ਼ਾਂ ਦਾ ਹੈ ਅਤੇ ਸਾਰੇ ਪੱਛਮੀ ਸਰਮਾਏਦਾਰ ਦੇਸ਼ਾਂ ਵਿਚ ਨਸਲਵਾਦ ਅਤੇ ਆਵਾਸ ਵਿਰੋਧੀ ਭਾਵਨਾਵਾਂ ਵਧ ਰਹੀਆਂ ਹਨ ਪਰ ਅਮਰੀਕਾ ਦੀ ਬਾਕੀ ਪੱਛਮੀ ਸਰਮਾਏਦਾਰ ਦੇਸ਼ਾਂ ਨਾਲੋਂ ਇਹ ਗੱਲ ਵੱਖਰੀ ਹੈ ਕਿ ਉਥੇ ਹਿੰਸਾ ਦੂਜੇ ਪੱਛਮੀ ਦੇਸ਼ਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ। ਇਸ ਤੱਥ ਦੇ ਸੱਭਿਆਚਾਰਕ ਅਤੇ ਇਤਿਹਾਸਕ ਕਾਰਨ ਹਨ। ਯੂਰਪ ਅਮਰੀਕਾ ਨੂੰ ਅਮਲੀ ਤੌਰ 'ਤੇ ਇਕ ਮੁਜਰਮਾਂ ਨੂੰ ਬਾਹਰ ਭੇਜਣ ਵਾਲੀ ਬਸਤੀ ਦੇ ਤੌਰ 'ਤੇ ਵਰਤਦਾ ਰਿਹਾ ਭਾਵੇਂ ਕਿ ਆਸਟਰੇਲੀਆ ਵਾਂਗੂ ਇਸ ਨੂੰ ਐਲਾਨੀਆ 'ਪੀਨਲ ਕਾਲੋਨੀ' ਨਹੀਂ ਬਣਾਇਆ ਗਿਆ। ਅਮਰੀਕਨਾਂ ਨੂੰ ਬੰਦੂਕਾਂ ਰੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। ਇਨ੍ਹਾਂ ਬੰਦੂਕਾਂ ਦੇ ਸਹਾਰੇ ਹੀ ਗੋਰੇ ਲੋਕ ਆਦਿਵਾਸੀਆਂ ਤੋਂ ਜ਼ਮੀਨ ਖਾਲੀ ਕਰਾ ਕੇ ਮਾਲਕ ਬਣੇ। ਇਸ ਲਈ ਅਮਰੀਕਾ ਵਿਚ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਅੱਜ ਵੀ ਇਸ ਦਾ ਪ੍ਰਭਾਵ ਸਾਫ਼ ਦਿਸਦਾ ਹੈ। ਅਮਰੀਕਾ ਵਿਚ 27 ਕਰੋੜ ਲਾਇਸੰਸੀ ਬੰਦੂਕਾਂ ਹਨ, ਜੋ ਕਿ ਸ਼ਾਇਦ ਬਾਕੀ ਦੇ ਸਾਰੇ ਸੰਸਾਰ ਨੂੰ ਮਿਲਾ ਕੇ ਵੀ ਜ਼ਿਆਦਾ ਹਨ। ਅਮਰੀਕਾ ਵਿਚ ਨਾ ਸਿਰਫ ਬੰਦੂਕ ਤੇ ਪਸਤੌਲ ਆਦਿ ਹਥਿਆਰ ਬਹੁਤ ਆਸਾਨੀ ਨਾਲ ਖਰੀਦੇ ਜਾ ਸਕਦੇ ਹਨ, ਸਗੋਂ ਆਟੋਮੈਟਿਕ ਅਤੇ ਸੈਮੀਆਟੋਮੈਟਿਕ ਬੰਦੂਕਾਂ ਖਰੀਦਣਾ ਵੀ ਬਹੁਤਾ ਔਖਾ ਨਹੀਂ ਹੈ। ਬੰਦੂਕਾਂ ਬਣਾਉਣ ਵਾਲੀਆਂ ਕੰਪਨੀਆਂ ਦਾ ਏਨਾ ਬੋਲਬਾਲਾ ਹੈ ਕਿ ਉਹ ਬੰਦੂਕਾਂ ਖਰੀਦਣ ਵਾਲਿਆਂ ਦਾ ਪਿਛੋਕੜ ਜਾਂਚਣ ਲਈ ਕੋਈ ਕਾਨੂੰਨ ਬਣਨ ਨਹੀਂ ਦਿੰਦੀਆਂ।

ਜਿਵੇਂ-ਜਿਵੇਂ ਅਮਰੀਕਾ ਤੇ ਪੱਛਮੀ ਸਰਮਾਏਦਾਰ ਦੇਸ਼ਾਂ ਦਾ ਆਰਥਿਕ ਸੰਕਟ ਹੋਰ ਡੂੰਘਾ ਹੋਏਗਾ, ਜਿਸ ਦੀ ਕਿ ਕਾਫੀ ਸੰਭਾਵਨਾ ਹੈ, ਉਥੇ ਘੱਟ-ਗਿਣਤੀਆਂ, ਅਵਾਸੀਆਂ ਵਿਰੋਧੀ ਅਤੇ ਨਸਲਵਾਦੀ ਭਾਵਨਾਵਾਂ ਹੋਰ ਭੜਕਣਗੀਆਂ। ਆਖਰ ਸਿੱਖ ਅਤੇ ਭਾਰਤੀ ਮੂਲ ਦੇ ਲੋਕ ਇਸ ਸਥਿਤੀ ਦਾ ਸਾਹਮਣਾ ਕਰਨ ਲਈ ਕੀ ਕਰ ਸਕਦੇ ਹਨ। ਪਹਿਲੀ ਗੱਲ ਹੈ ਕਿ ਸਾਨੂੰ ਇਸ ਨੂੰ ਸਿਰਫ ਸਿੱਖਾਂ ਜਾਂ ਭਾਰਤੀ ਮੂਲ ਦੇ ਲੋਕਾਂ ਦੇ ਮਸਲੇ ਤੱਕ ਸੀਮਤ ਨਹੀਂ ਕਰਨਾ ਚਾਹੀਦਾ, ਸਗੋਂ ਇਸ ਨੂੰ ਸਾਰੀਆਂ ਘੱਟ-ਗਿਣਤੀਆਂ ਅਤੇ ਅਵਾਸੀਆਂ ਦੇ ਮਸਲੇ ਵਜੋਂ ਪੇਸ਼ ਕਰਕੇ ਵਿਸ਼ਾਲਤਾ ਵੱਲ ਲਿਜਾਣਾ ਚਾਹੀਦਾ ਹੈ। ਦੂਜੀ ਗੱਲ ਇਹ ਹੈ ਕਿ ਗੋਰਿਆਂ ਵਿਚ ਵੀ ਚੇਤੰਨ ਅਤੇ ਇਨਸਾਫ਼-ਪਸੰਦ ਲੋਕ ਹਨ ਜੋ ਕਿ ਇਹ ਸਮਝਦੇ ਹਨ ਕਿ ਇਹ ਘੱਟ-ਗਿਣਤੀਆਂ, ਨਸਲਾਂ ਅਤੇ ਅਵਾਸੀਆਂ ਦਾ ਮਸਲਾ ਨਹੀਂ ਸਗੋਂ ਅੰਤ ਵਿਚ ਇਹ ਸਰਮਾਏਦਾਰੀ ਦੇ ਆਰਥਿਕ ਵਿਕਾਸ ਦੇ ਨਮੂਨੇ ਦੀ ਪੈਦਾਵਾਰ ਹੈ। ਸਾਨੂੰ ਉਨ੍ਹਾਂ ਨਾਲ ਵੀ ਸਾਂਝ ਪਾਉਣੀ ਚਾਹੀਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰੇਮ, ਸਹਿਣਸ਼ੀਲਤਾ, ਸ਼ਾਂਤੀਪੂਰਵਕ ਸਹਿਹੋਂਦ, ਸਰਬ ਸਾਂਝੀਵਾਲਤਾ, ਵਿਆਪਕ ਚਿੰਤਾ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਸਾਨੂੰ ਇਕ ਵਿਸ਼ਾਲ ਸਾਂਝਾ ਮੋਰਚਾ ਉਸਾਰਨ ਵਿਚ ਸਹਾਈ ਹੋ ਸਕਦੇ ਹਨ।

ਡਾ ਸਵਰਾਜ ਸਿੰਘ 
ਲੇਖ਼ਕ ਕੌਮਾਂਤਰੀ ਤੇ ਸਿੱਖ ਮਸਲਿਆਂ ਦੇ ਪ੍ਰਸਿੱਧ ਟਿੱਪਣੀਕਾਰ ਹਨ।
ਅਜੀਤ ਤੋਂ ਧੰਨਵਾਦ ਸਹਿਤ

No comments:

Post a Comment