ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, August 6, 2012

ਸਿੱਖਿਆ ਦੇ ਨਿਘਾਰ ਨੂੰ ਸੁਧਾਰ ਦੀ ਲੋੜ

ਸਾਡੀ ਸਿੱਖਿਆ ਪ੍ਰਣਾਲੀ ਮੌਜੂਦਾ ਸਮੇਂ ਦੀਆਂ ਰੁਜ਼ਗਾਰ ਮੰਗਾਂ ਨਾਲ ਮੇਚ ਨਹੀਂ ਖਾਂਦੀ, ਇਸ ਦੇ ਬਾਵਜੂਦ ਇਸ ਨੂੰ ਬਦਲਣ/ਸੁਧਾਰਣ ਵੱਲ ਕੋਈ ਖਾਸ ਯਤਨ ਨਹੀਂ ਕੀਤਾ ਜਾ ਰਿਹਾ। ਰਵਾਇਤੀ ਡਿਗਰੀ ਕੋਰਸਾਂ ਦੇ ਸਿਲੇਬਸ ਪਿਛਲੇ ਕਿੰਨੇ ਸਾਲਾਂ ਤੋਂ ਜਿਉਂ ਦੇ ਤਿਉਂ ਪੜ੍ਹਾਏ ਜਾ ਰਹੇ ਹਨ, ਉਨ੍ਹਾਂ ਨੂੰ ਮੌਜੂਦਾ ਸਮੇਂ ਅਨੁਸਾਰ ਤਬਦੀਲ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਤਕਨੀਕੀ ਸਿੱਖਿਆ ਅਤੇ ਆਧੁਨਿਕ ਕੋਰਸ ਜਿਨ੍ਹਾਂ ਦਾ ਰੁਝਾਨ ਪਿਛਲੇ ਕੁਝ ਸਮੇਂ ਤੋਂ ਹੀ ਸ਼ੁਰੂ ਹੋਇਆ ਹੈ ਉਹ ਵੀ ਸਿੱਧੇ ਤੌਰ 'ਤੇ ਰੁਜ਼ਗਾਰ ਨਾਲ ਜੁੜੇ ਹੋਏ ਨਹੀਂ ਹਨ। ਅਜਿਹੀਆਂ ਬਹੁਤ ਸਾਰੀਆਂ ਪੇਸ਼ੇਵਰ ਡਿਗਰੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਤੋਂ ਬਾਅਦ ਜਦੋਂ ਕਿਸੇ ਕੰਪਨੀ ਜਾਂ ਸੰਸਥਾ 'ਚ ਨੌਕਰੀ ਮਿਲਦੀ ਹੈ ਤਾਂ ਜਾਂ ਤਾਂ ਉਹ ਕੰਪਨੀ ਆਪਣੇ ਹਿਸਾਬ ਨਾਲ ਦੋਬਾਰਾ ਟ੍ਰੇਨਿੰਗ ਕਰਵਾਉਂਦੀ ਹੈ ਜਾਂ ਫਿਰ ਉਸ ਨੌਕਰੀ ਲਈ ਕਿਸੇ 'ਵਾਧੂ' ਡਿਪਲੋਮੇ/ਕੋਰਸ ਦੀ ਜ਼ਰੂਰਤ ਪੈਂਦੀ ਹੈ।


ਮੌਜੂਦਾ ਸਿੱਖਿਆ ਤੰਤਰ ਬਦਲਣਾ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹੋ ਗਿਆ ਹੈ। ਸਕੂਲੀ ਪੱਧਰ ਤੋਂ ਹੀ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਸਭ ਤੋਂ ਜ਼ਰੂਰੀ ਅਤੇ ਅਹਿਮ ਹੈ ਸਕੂਲੀ ਸਮੇਂ ਦੌਰਾਨ ਬੱਚਿਆਂ 'ਚ ਸਿੱਖਣ ਅਤੇ ਸਮਝਣ ਦੀ ਭਾਵਨਾ ਨੂੰ ਪੈਦਾ ਕੀਤਾ ਜਾਵੇ ਅਤੇ ਉਸ ਹਿਸਾਬ ਨਾਲ ਹੀ ਵੱਖ-ਵੱਖ ਵਿਸ਼ਿਆ ਦੇ ਸਿਲੇਬਸ ਤਿਆਰ ਕੀਤੇ ਜਾਣ। ਰੱਟਾ ਲਾਉਣ/ਲਵਾਉਣ ਦੀ ਪ੍ਰਵਿਰਤੀ ਤਿਆਗਣੀ ਚਾਹੀਦੀ ਹੈ। ਬੱਚਿਆਂ ਨੂੰ ਭਾਰੀ ਬਸਤਿਆਂ ਦੀ ਥਾਂ ਸਿਸਟਮ ਇਸ ਤਰ੍ਹਾਂ ਦਾ ਬਣਾਇਆਂ ਜਾਣਾ ਚਾਹੀਦਾ ਹੈ ਕਿ ਪੜ੍ਹਾਈ ਬੋਝ ਨਾ ਬਣੇ।ਮੁੱਢਲੀ ਵਿੱਦਿਆ ਕਿਤਾਬਾਂ ਦੀ ਥਾਂ ਆਡੀਓ-ਵਿਡੀਓ ਤਕਨੀਕ ਰਾਹੀਂ ਪੜ੍ਹਾਈ ਜਾਵੇ।


ਕਿਤਾਬੀ ਸਿੱਖਿਆ 'ਚ ਤਸਵੀਰਾਂ ਜ਼ਿਆਦਾ ਹੋਣੀਆਂ ਚਾਹੀਦੀਆਂ ਹਨ। ਸਕੂਲ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਬੋਝ 'ਹੋਮ ਵਰਕ' ਦੇ ਤੌਰ 'ਤੇ ਨਹੀਂ ਹੋਣਾ ਚਾਹੀਦਾ। ਇਹ ਤਰੀਕਾ ਬਹੁਤ ਸਾਰੇ ਵਿਕਾਸਸ਼ੀਲ ਮੁਲਕਾਂ 'ਚ ਚੱਲ ਰਿਹਾ ਹੈ ਅਤੇ ਭਾਰਤ ਵਿਚ ਵੀ ਕਈ ਸਕੂਲਾਂ ਵੱਲੋਂ ਅਪਣਾਇਆਂ ਜਾ ਰਿਹਾ ਹੈ, ਜਿਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲ ਰਹੇ ਹਨ। 'ਸਮਾਰਟ ਕਲਾਸਾਂ' ਦਾ ਰੁਝਾਨ ਇਕ ਚੰਗਾ ਸੰਕੇਤ ਹੈ। ਮਿਡਲ ਪੱਧਰ ਦੀ ਪੜ੍ਹਾਈ ਤੱਕ ਪਹੁੰਚਦਿਆਂ ਵਿਦਿਆਰਥੀਆਂ ਨੂੰ ਸੈਮੀਨਾਰਾਂ ਅਤੇ ਹਫਤਾਵਾਰੀ ਟੈਸਟਾਂ ਲਈ ਤਿਆਰ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

  ਮਿਡਲ ਪੱਧਰ ਦੀ ਪੜ੍ਹਾਈ ਤੋਂ ਬਾਅਦ ਨੌਵੀਂ, ਦਸਵੀਂ ਜਮਾਤਾਂ 'ਚ ਰਵਾਇਤੀਆਂ ਵਿਸ਼ਿਆਂ ਦੇ ਨਾਲ-ਨਾਲ ਵਿਕਲਪਿਤ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ। ਉਦਾਹਰਣ ਦੇ ਤੌਰ 'ਤੇ ਪੱਤਰਕਾਰੀ ਤੇ ਜਨ ਸੰਚਾਰ, ਹੋਟਲ ਮੈਨੇਜਮੈਂਟ, ਡਾਕਟਰੀ, ਇੰਜਨੀਅਰਿੰਗ, ਵਣਜ, ਕਾਨੂੰਨ, ਆਈ.ਟੀ., ਐਂਟਰੇਪਨਿਓਅਸ਼ਿਪ, ਸੰਗੀਤ, ਮੈਨੇਜਮੈਂਟ, ਖੇਡਾਂ ਅਤੇ ਰੁਜ਼ਗਾਰ ਨਾਲ ਜੁੜੇ ਅਜਿਹੇ ਹੀ ਹੋਰ ਵਿਸ਼ੇ ਜਿਨ੍ਹਾਂ ਦੀ ਵਿਦਿਆਰਥੀਆਂ ਨੂੰ ਸਿਰਫ ਮੁੱਢਲੀ ਜਾਣਕਾਰੀ ਦਿੱਤੀ ਜਾਵੇ ਅਤੇ ਦੱਸਿਆ ਜਾਵੇ ਕਿ ਅਜਿਹੇ ਵਿਸ਼ਿਆ ਦਾ ਅਰਥ ਕੀ ਹੈ, ਉਨ੍ਹਾਂ 'ਚ ਪੜ੍ਹਾਇਆਂ ਕੀ ਜਾਂਦਾ ਹੈ ਅਤੇ ਅਜਿਹਿਆਂ ਵਿਸ਼ਿਆਂ 'ਚ ਰੁਜ਼ਗਾਰ ਦੀਆਂ ਕੀ ਸੰਭਾਵਨਾਵਾਂ ਹਨ। ਅਜਿਹੇ ਵਿਸ਼ੇ ਵਿਕਲਪ ਦੇ ਤੌਰ 'ਤੇ ਹੋਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਸਮਝ ਸਕਣ ਅਤੇ ਆਪਣੀ ਰੁਚੀ ਅਨੁਸਾਰ ਉਹ ਗਿਆਰਵੀਂ ਅਤੇ ਬਾਰਵ੍ਹੀਂ ਜਮਾਤ 'ਚ ਪਸੰਦੀਦਾ ਵਿਸ਼ੇ ਰੱਖ ਸਕਣ। ਸਾਡਾ ਮੌਜੂਦਾ ਵਿੱਦਿਅਕ ਸਿਸਟਮ ਅਜਿਹਾ ਹੈ ਕਿ ਕਿਸੇ ਨੌਵੀਂ/ਦਸਵੀਂ ਦੇ ਵਿਦਿਆਰਥੀ ਨੂੰ ਪੁੱਛ ਲਓ ਕਿ ਉਨ੍ਹਾਂ ਅੱਗੋਂ ਕਿਸ ਵਿਸ਼ੇ 'ਚ ਪੜ੍ਹਨਾ ਹੈ ਤਾਂ ਜ਼ਿਆਦਾਤਰ ਨੂੰ ਇਸਦੀ ਉੱਕਾ ਹੀ ਜਾਣਕਾਰੀ ਨਹੀਂ ਹੁੰਦੀ। ਗਿਆਰਵੀਂ/ਬਾਰਵ੍ਹੀ ਦੀ ਪੜ੍ਹਾਈ ਦੌਰਾਨ ਵਿਦਿਆਰਥੀਆਂ ਲਈ ਅਜਿਹੇ ਵਿਕਲਪਿਤ ਵਿਸ਼ੇ ਜ਼ਰੂਰ ਹੋਣੇ ਚਾਹੀਦੇ ਹਨ ਜਿਸ ਰਾਹੀਂ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੇ ਕਿ ਵੱਖ-ਵੱਖ ਤਰ੍ਹਾਂ ਦੇ ਰੁਜ਼ਗਾਰਾਂ ਲਈ ਡਿਗਰੀ ਪੱਧਰ 'ਤੇ ਕਿਸ ਤਰ੍ਹਾਂ ਦੀ ਵਿੱਦਿਆਂ ਹਾਸਲ ਕਰਨੀ ਜ਼ਰੂਰੀ ਹੈ। ਅਜਿਹੇ ਵਿਸ਼ਿਆਂ ਦੀ ਜਾਣਕਾਰੀ ਸਬੰਧੀ ਸਕੂਲ/ਕਾਲਜ ਪੱਧਰ 'ਤੇ ਅਧਿਆਪਕ ਤਿਆਰ ਕੀਤੇ ਜਾਣੇ ਚਾਹੀਦੇ ਹਨ। ਅਜਿਹੇ ਅਧਿਆਪਕਾਂ ਦੀ ਵਿਸ਼ੇਸ਼ ਟ੍ਰੇਨਿੰਗ ਬਹੁਤ ਜ਼ਰੂਰੀ ਹੈ।


ਕਾਲਜ ਪੱਧਰ ਦੀ ਪੜ੍ਹਾਈ ਵਿਦਿਆਰਥੀਆਂ ਦੇ ਰੁਜ਼ਗਾਰ ਲਈ ਸਭ ਤੋਂ ਜ਼ਰੂਰੀ ਅਤੇ ਅਹਿਮ ਹੁੰਦੀ ਹੈ। ਰਵਾਇਤੀ ਡਿਗਰੀਆਂ ਬੀ.ਏ., ਬੀ.ਕਾਮ ਅਤੇ ਬੀ.ਐਸ.ਸੀ ਨੂੰ ਛੱਡ ਦੇਈਏ ਤਾਂ ਮੌਜੂਦਾ ਸਮੇਂ 'ਚ 100 ਦੇ ਕਰੀਬ ਇਸ ਪੱਧਰ ਦੀਆਂ ਹੋਰ ਡਿਗਰੀਆਂ/ਕੋਰਸ ਚੱਲ ਰਹੇ ਹਨ। ਪੇਸ਼ੇਵਰ ਡਿਗਰੀਆਂ ਇਸ ਤੋਂ ਵੱਖਰੀਆਂ ਹਨ। ਇਸ ਪੱਧਰ ਦੀ ਪੜ੍ਹਾਈ ਉੱਤੇ ਗਿਣਤੀ ਦੀਆਂ ਕੁਝ ਕੁ ਡਿਗਰੀਆਂ ਨੂੰ ਛੱਡ ਕੇ ਕੋਈ ਵੀ ਡਿਗਰੀ ਹਾਸਿਲ ਕਰਨ ਤੋਂ ਬਾਅਦ ਇਹ ਰੁਜ਼ਗਾਰ ਦੇਣ ਵਾਲੀ ਕੰਪਨੀ/ਸੰਸਥਾ ਦੀਆਂ ਮੰਗਾਂ ਦੇ ਅਨੁਰੂਪ ਨਹੀਂ ਹੁੰਦੀ। ਕੰਪਨੀ ਦੀਆਂ ਮੰਗਾਂ ਕੁਝ ਹੋਰ ਹੁੰਦੀਆਂ ਹਨ ਅਤੇ ਵਿਦਿਆਰਥੀਆਂ ਦੀ ਕਿਤਾਬੀ ਪੜ੍ਹਾਈ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ। ਸਿਲੇਬਸਾਂ ਨੂੰ ਸਾਲਾਂਬੱਧੀ ਤਬਦੀਲ ਨਹੀਂ ਕੀਤਾ ਜਾਂਦਾ ਜਦਕਿ ਅਮਲੀ ਰੂਪ 'ਚ ਬਜ਼ਾਰ ਦੀਆਂ ਮੰਗਾਂ 'ਚ ਥੋੜ੍ਹੇ ਜਿਹੇ ਸਮੇਂ ਬਾਅਦ ਤਬਦੀਲੀ ਆ ਜਾਂਦੀ ਹੈ।


ਬਹੁਤੀਆਂ ਸਰਕਾਰੀ ਨੌਕਰੀਆਂ 'ਚ ਹਾਲੇ ਵੀ ਰਵਾਇਤੀ ਡਿਗਰੀ-ਧਾਰਕਾਂ ਨੂੰ ਹੀ ਰੱਖਿਆ ਜਾਂਦਾ ਹੈ ਜਦਕਿ ਮੌਜੂਦਾ ਸਮੇਂ 'ਚ ਸਰਕਾਰੀ ਤੰਤਰ ਦੀਆਂ ਜ਼ਰੂਰਤਾਂ 'ਚ ਵੀ ਅੰਤਾਂ ਦਾ ਬਦਲਾਅ ਆਇਆ ਹੈ। ਕਿਉਂ ਨਾ ਡਿਗਰੀ ਪੱਧਰ 'ਤੇ ਸਰਕਾਰੀ ਨੌਕਰੀਆਂ ਨਾਲ ਸਬੰਧਤ ਵਿਕਲਪਿਤ ਵਿਸ਼ਿਆਂ ਨੂੰ ਤਜ਼ਰਬੇ ਦੇ ਤੌਰ 'ਤੇ ਸ਼ੁਰੂ ਕੀਤਾ ਜਾਵੇ? ਉਦਾਹਰਣ ਦੇ ਤੌਰ 'ਤੇ ਬੀ.ਕਾਮ ਕਰਨ ਤੋਂ ਬਾਅਦ ਕੋਈ ਵੀ ਵਿਦਿਆਰਥੀ ਸਿੱਧੇ ਤੌਰ 'ਤੇ ਸਰਕਾਰੀ ਦਫਤਰ ਦਾ ਕਲਰਕਾਂ ਵਾਲਾ ਕੰਮ ਵੀ ਨਹੀਂ ਕਰ ਸਕਦਾ! ਸਿਵਲ ਸਰਵਿਸਿਜ਼ 'ਚ ਜਾਣ ਲਈ ਡਿਗਰੀ ਪੱਧਰ ਤੋਂ ਹੀ ਵਿਦਿਆਰਥੀਆਂ ਨੂੰ ਇਸਦੀ ਤਿਆਰੀ ਕਰਵਾਈ ਜਾਣੀ ਚਾਹੀਦੀ ਹੈ। ਡਿਗਰੀ ਪ੍ਰਾਪਤ ਵਿਦਿਆਰਥੀਆਂ ਨੂੰ ਕਿਉਂ 'ਆਈ ਏ ਐਸ ਸੈਂਟਰਾਂ' ਤੋਂ ਵੱਖਰੀ ਤਿਆਰੀ ਕਰਨ ਦੀ ਲੋੜ ਪੈਂਦੀ ਹੈ? ਇਹ ਸਾਡੇ ਸਿੱਖਿਆ ਤੰਤਰ ਦੀ ਵੱਡੀ ਖਾਮੀ ਹੈ। ਹੋਰ ਤਾਂ ਹੋਰ ਸਾਡੇ ਦੇਸ਼ ਦੀਆਂ ਡਿਗਰੀਆਂ (ਰਵਾਇਤੀ ਤੇ ਪੇਸ਼ੇਵਰ)ਦੀ ਵਿਦੇਸ਼ਾਂ 'ਚ ਵੀ ਕੋਈ ਵੁੱਕਤ ਨਹੀਂ। ਉੱਥੇ ਜਾ ਕੇ ਵੀ ਨਵੇਂ ਸਿਰੇ ਤੋਂ ਪੜ੍ਹਾਈ ਕਰੋ!


ਇਸ ਤੋਂ ਇਲਾਵਾ ਵਿੱਦਿਅਕ ਸਫਰ ਦੌਰਾਨ ਸਾਲਾਨਾ ਇਮਤਿਹਾਨਾਂ (ਜਾਂ ਸਮੈਸਟਰ) ਦੇ ਮੌਜੂਦਾ ਤੰਤਰ ਨੂੰ ਵੀ ਤਬਦੀਲ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਇਕ ਵਿਸ਼ਾਂ ਜੋ ਪੂਰਾ ਸਾਲ ਪੜ੍ਹਿਆਂ ਹੈ ਉਸਦਾ ਮੁਲਾਂਕਣ ਅਸੀਂ ਕਿਸ ਤਰ੍ਹਾਂ ਸਿਰਫ ਤਿੰਨ ਘੰਟੇ 'ਚ ਕਰ ਲੈਂਦੇ ਹਾਂ? ਇਕ ਵਿਸ਼ੇ ਦੇ ਸਾਰੇ ਅਧਿਆਏ (ਚੈਪਟਰਾਂ) ਨੂੰ 100 ਨੰਬਰਾਂ 'ਚ ਕਿਸੇ ਵੀ ਹਾਲ 'ਚ ਸਮੇਟਿਆਂ ਹੀ ਨਹੀਂ ਜਾ ਸਕਦਾ? ਇਹੀਂ ਵਜ੍ਹਾਂ ਹੈ ਕਿ 'ਗੈੱਸ ਪੇਪਰਾਂ' ਅਤੇ 'ਟੈੱਨ ਈਅਰਾਂ' ਨੂੰ ਰੱਟਾ ਮਾਰ ਕੇ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰਨ ਜੋਗੇ ਹੋ ਜਾਂਦੇ ਹਨ। ਇਸ ਦੀ ਜਗ੍ਹਾਂ ਹਫਤਾਵਾਰੀ ਟੈਸਟਾਂ, ਸੈਮੀਨਾਰਾਂ ਤੇ ਰਿਪੋਰਟਾਂ ਬਣਾਉਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਰਾਹੀਂ ਪ੍ਰਾਪਤ ਕੀਤੇ ਨੰਬਰਾਂ ਨੂੰ ਸਾਲ ਦੇ ਅੰਤ 'ਚ ਜੋੜ ਕੇ ਮੈਰਿਟ ਤਿਆਰ ਕੀਤੀ ਜਾਣੀ ਚਾਹੀਦੀ ਹੈ। ਸਿਰਫ ਸਾਲਾਨਾ ਪੇਪਰ ਹੀ ਅਗਲੀ ਕਲਾਸ 'ਚ ਜਾਣ ਦਾ ਜ਼ਰੀਆ ਨਹੀਂ ਹੋਣਾ ਚਾਹੀਦਾ।


'ਇੰਟਰਨਲ ਅਸੈਸਮੈਂਟ' (ਵਿਦਿਆਰਥੀਆਂ ਦਾ ਮੁਲਾਂਕਣ) ਦਾ ਅਧਿਕਾਰ ਸਿਰਫ ਅਧਿਆਪਕਾਂ ਨੂੰ ਹੀ ਨਾ ਦੇ ਕੇ ਵਿਦਿਆਰਥੀ ਵੀ ਅਧਿਆਪਕਾਂ ਵੱਲੋਂ ਕਰਵਾਈ ਪੜ੍ਹਾਈ ਦਾ ਮੁਲਾਂਕਣ ਕਰਨ। ਦਰਅਸਲ ਸਾਡੇ ਮੌਜੂਦਾ ਸਿੱਖਿਆ ਤੰਤਰ ਨੂੰ ਸਮੇਂ ਦੀ ਮੰਗ ਅਨੁਸਾਰ ਢਾਲਣ ਦੇ ਯਤਨਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਸਿੱਖਿਆ ਸ਼ਾਸ਼ਤਰੀ ਅਤੇ ਯੂਨੀਵਰਸਿਟੀਆਂ ਦੇ ਵਿਦਵਾਨ ਸਲਾਹਾਂ ਅਤੇ ਵਿਚਾਰ-ਚਰਚਾ 'ਤੇ ਤਾਂ ਅੰਤਾਂ ਦਾ ਜ਼ੋਰ ਦਿੰਦੇ ਹਨ ਪਰ ਅਜਿਹੇ ਸੁਝਾਵਾਂ ਨੂੰ ਜਦੋਂ ਅਮਲ 'ਚ ਲਿਆਉਣ ਦੀ ਵਾਰੀ ਆਉਂਦੀ ਹੈ ਤਾਂ ਨਤੀਜਾ ਕੁਝ ਵੀ ਨਹੀਂ ਨਿਕਲਦਾ। ਅੱਜ ਬਹੁਤ ਜ਼ਰੂਰੀ ਹੈ ਕਿ ਹਰ ਵਿਸ਼ੇ ਦੇ ਸਿਲੇਬਸਾਂ ਨੂੰ ਵੱਖ-ਵੱਖ ਤਰ੍ਹਾਂ ਦੇ ਰੁਜ਼ਗਾਰ/ਵਪਾਰ ਨਾਲ ਜੋੜਿਆ ਜਾਵੇ ਅਤੇ ਪ੍ਰੀਖਿਆਵਾਂ ਨੂੰ ਕਿਸੇ ਵਿਦਿਆਰਥੀ ਦੀ ਕਾਬਲੀਅਤ ਨਾਲ ਜੋੜ ਕੇ ਨਾ ਦੇਖਿਆ ਜਾਵੇ ਬਲਕਿ ਹਰੇਕ ਵਿਦਿਆਰਥੀ ਨੂੰ ਨਿੱਜੀ ਸ਼ਖਸੀਅਤ ਉਸਾਰੀ ਦਾ ਮੌਕਾ ਵਿੱਦਿਆ ਪ੍ਰਾਪਤੀ ਦੌਰਾਨ ਹੀ ਮਿਲੇ।


ਨਰਿੰਦਰ ਪਾਲ ਸਿੰਘ ਜਗਦਿਓ
ਲੇਖ਼ਕ ਸਰਗਰਮ ਪੱਤਰਕਾਰੀ ਨੂੰ ਤਲਾਕ ਦੇਣ ਤੋਂ ਬਾਅਦ ਅੱਜਕਲ੍ਹ ਪੰਜਾਬ ਸਰਕਾਰ ਦੇ 'ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ' ਹਨ।

No comments:

Post a Comment