ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, August 14, 2012

"ਬਲ਼ਦੇ ਬਿਰਖ": ਪਰਵਾਸੀ ਵੇਦਨਾ ਦੀ ਦਰਦਮਈ ਗਾਥਾ

ਪਰਮਿੰਦਰ ਕੌਰ ਸਵੈਚ
"ਬਲ਼ਦੇ ਬਿਰਖ" ਪਰਮਿੰਦਰ ਕੌਰ ਸਵੈਚ ਦੇ ਨਾਟਕਾਂ ਤੇ ਲਘੂ-ਨਾਟਕਾਂ ਦਾ ਸੰਗ੍ਰਿਹ ਹੈ ਜਿਸ ਵਿੱਚ ਉਹਨਾਂ ਕਨੈਡਾ ਦੀ ਧਰਤੀ ਤੇ ਵਸ ਰਹੇ ਲੋਕਾਂ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਨਾਟਕ ਰਾਹੀਂ ਪੇਸ਼ ਕੀਤਾ ਹੈ। ਪਰਮਿੰਦਰ ਸਵੈਚ ਇੱਕ ਨਾਟਕਕਾਰ ਹੋਣ ਦੇ ਨਾਲ ਨਾਲ ਇੱਕ ਬਹੁਤ ਚੰਗੀ ਕਵਿੱਤਰੀ ਵੀ ਹੈ। ਉਸਨੂੰ ਮਨੁੱਖੀ ਜ਼ਜਬੇ ਦੀ ਕਦਰ ਹੈ ਤੇ ਉਹ ਮਨੁੱਖੀ ਮਨ ਦੀਆਂ ਸ਼ੂਖਮ ਪ੍ਰਵਿਰਤੀਆਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ ਇਸ ਕਰਕੇ ਉਹ ਨਾਟਕਾਂ ਦੀ ਪ੍ਰਸਥਿਤੀਆਂ ਨੂੰ ਬੜੀ ਘੋਖਵੀਂ ਅੱਖ ਨਾਲ ਨਿਰਖ਼ ਪਰਖ਼ ਸਕਦੀ ਹੈ। ਉਸਦੀ ਇਹ ਵਿਸ਼ਲੇਸ਼ਣੀ ਨਜ਼ਰ ਹੀ ਪਾਤਰਾਂ ਨੂੰ ਕਟਾਖਸ਼ੀ ਸੰਵਾਦਾਂ ਨਾਲ ਲੈਸ ਕਰਕੇ ਨਾਟਕ ਦੇ ਵਿਸ਼ੇ ਨੂੰ ਹੋਰ ਵੀ ਅਹਿਮ ਬਣਾ ਦਿੰਦੀ ਹੈ।

ਪੰਜਾਬੀ ਨਾਟ ਪਰੰਪਰਾ ਵਿੱਚ ਇਹ ਗੱਲ ਵਿਚਾਰਨ ਵਾਲੀ ਹੈ ਕਿ ਉਹਨਾਂ ਨਾਟਕਕਾਰਾਂ ਦੇ ਨਾਟਕ ਜ਼ਿਆਦਾ ਮੰਚਿਤ ਕੀਤੇ ਗਏ ਜਾਂ ਹੋਏ ਜੋ ਖੁਦ ਰੰਗ-ਕਰਮੀ ਸਨ ਜਾਂ ਖੁਦ ਨਿਰਦੇਸ਼ਣ ਦਾ ਰੋਲ ਨਿਭਾਉਂਦੇ ਰਹੇ ਹਨ। ਪਰਮਿੰਦਰ ਸਵੈਚ ਨੂੰ ਵੀ ਇਹ ਕੁਦਰਤ ਵਲੋਂ ਹੀ ਵਰ ਪ੍ਰਾਪਤ ਹੈ ਉਹ ਖੁਦ ਇਹਨਾਂ ਨਾਟਕਾਂ ਵਿੱਚ ਨਿਰਦੇਸ਼ਨ ਤੇ ਪਾਤਰਾਂ ਦੇ ਰੋਲ ਨੂੰ ਨਿਭਾ ਸਕਦੀ ਹੈ ਤੇ ਮੰਚਨ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਉਹਨਾਂ ਵਿੱਚ ਯੋਗ ਤਬਦੀਲੀਆਂ ਕਰ ਸਕਦੀ ਹੈ। ਨਾਟਕ ਹਰ ਵਾਰ ਕੁਝ ਨਾ ਕੁਝ ਤਬਦੀਲੀਆਂ ਚਾਹੁੰਦਾ ਹੈ ਇਹਨਾਂ ਤਬਦੀਲੀਆਂ ਵਿੱਚ ਦੀ ਗੁਜ਼ਰਦਾ ਹੋਇਆ ਉਹ ਇੱਕ ਅਜ਼ੀਮ ਰਚਨਾ ਹੋ ਨਿਬੜਦਾ ਹੈ।

ਨਾਟਕ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਰਤੀ ਕਾਵਿਯ-ਸਾਸ਼ਤਰ ਅਨੁਸਾਰ ਇਸਦਾ ਮੁੱਢ ਭਰਤਮੁਨੀ ਦੇ 'ਨਾਟਯ-ਸਾਸ਼ਤਰ' ਨਾਲ ਬੱਝਦਾ ਹੈ ਜਿਸਨੇ ਨਾਟਯ ਦੇ ਨਿਯਮਾਂ ਨੂੰ ਨਿਰਧਾਰਿਤ ਕੀਤਾ। ਅਰਸਤੂ ਨੇ ਵੀ ਤ੍ਰਾਸਦੀ ਨੂੰ ਉੱਤਮ ਨਾਟਕ ਦਾ ਪ੍ਰਤੀਨਿੱਧ ਮੰਨ ਕੇ ਇਸਨੂੰ ਪਰਿਭਾਸ਼ਿਤ ਕੀਤਾ ਹੈ। ਸਿਸਰੋ ਨਾਟਕ ਨੂੰ ਜੀਵਨ ਦਾ ਉਤਾਰਾ, ਰਸਮਾਂ ਜਾਂ ਵਿਵਹਾਰਾਂ ਦਾ ਸ਼ੀਸ਼ਾ ਅਤੇ ਸੱਚ ਦਾ ਪ੍ਰਤੀਨਿੱਧ ਮੰਨਦਾ ਹੈ। ਭਾਰਤੀ ਕਾਵਿ ਸਾਸ਼ਤਰ ਅਨੁਸਾਰ ਕਾਵਿ ਦੇ ਦੋ ਰੂਪ ਮੰਨੇ ਗਏ ਹਨ। ਪਹਿਲਾ ਸ਼੍ਰਵ ਕਾਵਿ ਦੂਸਰਾ ਦ੍ਰਿਸ਼ ਕਾਵਿ। ਨਾਟਕ ਦ੍ਰਿਸ਼ ਕਾਵਿ ਅਧੀਨ ਆਉਂਦਾ ਹੈ।ਇਸਦਾ ਸੰਬੰਧ ਕੇਵਲ ਬਾਹਰੀ ਜਗਤ ਨਾਲ ਹੀ ਨਹੀਂ ਹੁੰਦਾ ਸਗੋਂ ਭਾਵ ਜਗਤ ਨਾਲ ਵੀ ਪੂਰੀ ਤਰ੍ਹਾਂ ਜੁੜਿਆ ਹੁੰਦਾ ਹੈ। ਨਾਟਕ ਦੇ ਮੰਚਨ ਸਮੇਂ ਰੰਗਮੰਚ ਦੇ ਤੱਤਾਂ ਜਿਵੇਂ ਚਿੱਤਰਕਾਰੀ, ਵੇਸ਼ਭੂਸਾ, ਨ੍ਰਿਤ, ਮੁਦਰਾਵਾਂ, ਗਤੀਆਂ, ਰੰਗਾਂ, ਧੁੰਨੀ ਪ੍ਰਭਾਵਾਂ ਦੀ ਵਰਤੋਂ ਨਾਲ ਨਾਟਕ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। 

ਨੌਰਾ ਰਿਚਰਡਜ਼ ਨੇ ਪੰਜਾਬੀ ਨਾਟਕ ਦੀ ਨੀਂਹ ਰੱਖੀ ਅਤੇ ਸੰਸਕ੍ਰਿਤ ਤੋਂ ਨਾਟਕ ਪੰਜਾਬੀ ਵਿੱਚ ਅਨੁਵਾਦ ਕਰਵਾਏ। ਕੁੱਝ ਕਿਰਤਾਂ ਹਿੰਦੀ ਵਿਚੋਂ ਵੀ ਅਨੁਵਾਦਿਤ ਕਰਵਾਈਆਂ ਤੇ ਆਪਣੇ ਵਿਦਿਆਰਥੌਆਂ ਨੂੰ ਜਿਵੇਂ ਆਈ. ਸੀ. ਨੰਦਾ, ਹਰਚਰਨ ਸਿੰਘ, ਗਾਰਗੀ ਆਦਿ ਨੂੰ ਪੰਜਾਬੀ ਨਾਟਕ ਲਿਖਣ ਲਈ ਪ੍ਰੇਰਿਆ। ਪਰਮਿੰਦਰ ਸਵੈਚ ਦੇ ਨਾਟਕ ਤੇ ਨਜ਼ਰ ਮਾਰੀਏ ਤਾਂ ਖ਼ੁਸ਼ੀ ਦੀ ਗੱਲ ਇਹ ਹੈ ਕਿ ਇਹ ਸਾਰੇ ਦੇ ਸਾਰੇ ਨਾਟਕ ਕੈਨੇਡਾ ਦੀ ਧਰਤੀ ਦੀ ਉਪਜ ਹਨ। ਜੋ ਵੀ ਇਹਨਾਂ ਨਾਟਕਾਂ ਦਾ ਵਿਸ਼ਾ ਵਸਤੂ ਹੈ ਉਹ ਸਾਡੀ ਅਜੋਕੀ ਜ਼ਿੰਦਗੀ ਦੇ ਯਥਾਰਥ ਨਾਲ ਸਿੱਧੇ ਤੌਰ ਤੇ ਬੱਝਿਆ ਹੋਇਆ ਹੈ। ਇਹਨਾਂ ਨਾਟਕਾਂ ਵਿਚਲਾ ਜੀਵਨ ਹੀ ਸਾਡਾ ਨਿਤਾ ਪ੍ਰਤੀ ਦਾ ਜੀਵਨ ਹੈ। ਇਸ ਕਰਕੇ ਇਸ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਪਰਮਿੰਦਰ ਸਵੈਚ ਦੇ ਨਾਟਕਾਂ ਵਿੱਚ ਕਲਪਣਾ ਘੱਟ ਹੈ ਤੇ ਇਹ ਜੀਵਨ ਦੇ ਕੌੜੇ ਯਥਾਰਥ ਨਾਲ ਓਤਪੋਤ ਹਨ।ਇਹਨਾਂ ਨਾਟਕਾਂ ਦੇ ਵਿਸ਼ੇ ਜਨ ਸਾਧਾਰਣ ਦੀ ਜ਼ਿੰਦਗੀ ਵਿੱਚ ਹੋਣ ਵਾਲੀਆਂ ਘਟਨਾਵਾਂ 'ਤੇ ਸਿੱਧੀ ਸਪਾਟ ਲਾਈਟ ਪਾਉਂਦੇ ਹਨ ਤੇ ਸਰੋਤਿਆਂ ਤੇ ਦਰਸ਼ਕਾਂ ਨੂੰ ਜਾਗਰੂਕ ਕਰਦੇ ਹਨ। ਇਹ ਵੀ ਇਹਨਾਂ ਨਾਟਕਾਂ ਦੀ ਅਹਿਮ ਪ੍ਰਾਪਤੀ ਹੈ।

ਇਹਨਾਂ ਨਾਟਕਾਂ ਦੇ ਵਿਸ਼ਾ ਵਸਤੂ ਅੱਜ ਦੀ ਸਿਆਸਤ ਵੋਟਾਂ ਵਟੋਰਨ, ਭਰੂਣ ਹੱਤਿਆ, ਡਰੱਗ ਸਮੱਗਲਿੰਗ, ਕਤਲੋ ਗਾਰਤ ਨਵੀਂ ਪੀੜ੍ਹੀ ਦੀਆਂ ਸਮੱਸਿਆਵਾਂ, ਮਾਨਵੀ ਰਿਸ਼ਤਿਆਂ ਵਿੱਚ ਆ ਰਹੀਆਂ ਤਰੇੜਾਂ, ਸਦੀਆਂ ਤੋਂ ਤੁਰਿਆ ਆ ਰਿਹਾ ਅੰਧਵਿਸ਼ਵਾਸ, ਔਰਤ ਦੀ ਤ੍ਰਾਸਦੀ, ਮਾਨਸਿਕ ਪਰੇਸ਼ਾਨੀਆਂ, ਆਰਥਿਕ ਤੰਗੀਆਂ ਤੁਰਸ਼ੀਆਂ, ਮਾਨਸਿਕ ਤਣਾਉ ਤੇ ਗ਼ਦਰੀ ਬਾਬਿਆਂ ਦੇ ਗੌਰਵਮਈ ਇਤਿਹਾਸ ਆਦਿ ਨੂੰ ਕਲਮਬੱਧ ਕੀਤਾ ਗਿਆ ਹੈ। ਇਹਨਾਂ ਵਿਸ਼ਿਆਂ ਦਾ ਨਿਬਾਹ ਮੇਰੀ ਜਾਚੇ ਖੂਬਸੂਰਤੀ ਨਾਲ ਹੋਇਆ ਹੈ।ਇਸ ਵਿੱਚ ਵਾਧੂ ਵਾਰਤਾਲਾਪ ਦੀ ਭਰਤੀ ਤੋਂ ਗੁਰੇਜ਼ ਕੀਤਾ ਗਿਆ ਹੈ। ਸੁਨੇਹਾ ਸਿੱਧਾ ਤੇ ਸਪੱਸ਼ਟ ਹੈ। ਅਜੋਕੇ ਦੌਰ ਵਿੱਚ ਜਦਕਿ ਹਰ ਕੋਈ ਸਮੇਂ ਦੀ ਤੰਗੀ ਤੁਰਸ਼ੀ ਤੋਂ ਦੁਖੀ ਹੈ ਇਹ ਲਘੂ ਨਾਟਕਾਂ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ।

ਪਰਮਿੰਦਰ ਸਵੈਚ ਦੀ ਖੁਸ਼ਕਿਸਮਤੀ ਇਹ ਵੀ ਹੈ ਕਿ ਇਹਨਾਂ ਨੂੰ ਭਾਜੀ ਗੁਰਸ਼ਰਨ ਸਿੰਘ ਹੋਰਾਂ ਨਾਲ ਸਟੇਜ ਕਰਨ ਦਾ ਮੌਕਾ ਮਿਲਿਆ ਹੈ ਤੇ ਇਹ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਉਹਨਾਂ ਵਰਗੇ ਹੀ ਪ੍ਰਭਾਵਸ਼ਾਲੀ ਨਾਟਕ ਲਿਖਣ ਵਿੱਚ ਤੇ ਉਹਨਾਂ ਨੂੰ ਮੰਚਿਤ ਕਰਨ ਵਿੱਚ ਕਾਮਯਾਬ ਹੋਈ ਹੈ ਇਸ ਲਈ ਉਹਨਾਂ ਨੂੰ ਮੁਬਾਰਕਵਾਦ ਕਹਿਣਾ ਬਣਦਾ ਹੈ। 'ਬਲ਼ਦੇ ਬਿਰਖ' ਪੁਸਤਕ ਵਿੱਚ ਕੁੱਲ 13 ਨਾਟਕ ਸ਼ਾਮਲ ਹਨ। ਕੁੱਝ ਬਿਲਕੁਲ ਲਘੂ-ਨਾਟਕ ਹਨ, ਕੁੱਝ ਕੁ ਕਾਫ਼ੀ ਲੰਬੇ ਹਨ ਜੋ ਸਟੇਜ ਤੇ ਮੰਚਿਤ ਕਰਨ ਸਮੇਂ ਘੰਟੇ ਤੋਂ ਡੇਢ ਘੰਟੇ ਦਾ ਸਮਾਂ ਲੈ ਸਕਦੇ ਹਨ।ਇੰਨੇ ਸਮੇਂ ਵਿੱਚ ਸੰਵਾਦਾਂ ਰਾਹੀਂ ਵਿਸ਼ੇ ਨੂੰ ਪੂਰੀ ਤਰ੍ਹਾਂ ਉਭਾਰਿਆ ਜਾ ਸਕਦਾ ਹੈ।ਦਰਸ਼ਕ ਪੂਰੀ ਤਰ੍ਹਾਂ ਇਸ ਨਾਲ ਜੁੜ ਜਾਂਦੇ ਹਨ।ਮਧਿਅੰਤਰ ਵਿੱਚ ਦੀ ਗੁਜ਼ਰਦਿਆਂ ਨਾਟਕ ਨੂੰ ਆਪਣੇ ਕਲਾਈਮੈਕਸ ਤੇ ਪਹੁੰਚਣ ਤੇ ਦਰਸ਼ਕਾਂ ਤੇ ਸਰੋਤਿਆਂ ਉਪਰ ਆਪਣਾ ਪ੍ਰਭਾਵ ਛੱਡਣ ਵਿੱਚ ਕਾਮਯਾਬੀ ਮਿਲਣੀ ਹੈ।

ਕਾਵਿ-ਨਾਟਕ 'ਭਲਾ ਮੈਂ ਕੌਣ' ਇਹਨਾਂ ਸਾਰਿਆਂ ਨਾਟਕਾਂ ਤੋਂ ਵੱਖਰਾ ਹੈ।ਇਹ ਸਾਰੇ ਦਾ ਸਾਰਾ ਕਵਿਤਾ ਰਾਹੀਂ ਸਿਰਜੇ ਵਾਰਤਾਲਾਪ ਰਾਹੀਂ ਪੇਸ਼ ਕੀਤਾ ਗਿਆ। ਇਹ ਭਰੂਣ ਹੱਤਿਆ ਵਾਰੇ ਹੈ ਜਿਸ ਪਾਤਰ ਨੂੰ ਹਰ ਕੋਈ ਮਾਂ ਬਾਪ ਤੋਂ ਲੈ ਕੇ ਦਾਦੀ ਦਾਦਾ ਡਾਕਟਰ ਵੀ ਖਤਮ ਕਰਨਾ ਚਾਹੁੰਦੇ ਹਨ। ਪਰਮਿੰਦਰ ਸਵੈਚ ਦੀ ਕਲਮ ਨੇ ਕੁੱਖ ਤੋਂ ਕਬਰਸਿਤਾਨ ਤੱਕ ਦੇ ਸਫ਼ਰ ਨੂੰ ਬੜੀ ਹੀ ਨਿਪੁੰਨਤਾ ਤੇ ਕਲਾਤਮਿਕ ਡਾਇਲਾਗਾਂ ਰਾਹੀਂ ਕਲਮਬੱਧ ਕੀਤਾ ਹੈ। ਕਾਵਿ ਦੀ ਆਪਣੀ ਇੱਕ ਵੱਖਰੀ ਸ਼ਕਤੀ ਹੁੰਦੀ ਹੈ ਜੋ ਸਰੋਤਿਆਂ ਦੇ ਮਨਾਂ ਨੂੰ ਧੂਹ ਪਾ ਕੇ ਆਪਣੇ ਨਾਲ ਜੋੜ ਲੈਂਦੀ ਹੇ। ਇਹ ਉਸ ਪਾਤਰ ਤੇ ਵੀ ਨਿਰਭਰ ਕਰਦਾ ਹੈ ਕਿ ਉਹਦੇ ਕਹਿਣ ਦਾ ਅੰਦਾਜ਼ ਕਿੰਨਾ ਆਕਰਸ਼ਕ ਹੈ ਇਹ ਡਾਇਲਾਗ ਤੁਸੀਂ ਮਹਿਸੂਸ ਕਰ ਸਕਦੇ ਹੋ। ਇਹ ਹੈ---
 
 ਜੇ ਇੱਦਾਂ ਸਭ ਲੋਕ ਕਰਨਗੇ, 
 ਕੁੱਖ ਵਿੱਚ ਧੀਆਂ ਕਤਲ ਕਰਨਗੇ, 
 ਇਸ ਤੋਂ ਅੱਗੇ ਕੀ ਕਰਨਗੇ ? 
 ਕਿੱਥੋਂ ਵਾਰਸ ਪੈਦਾ ਕਰਨਗੇ ?
 ਮਾਂ ਹੋ ਕੇ ਇੱਕ ਕਾਤਲ ਨਾ ਬਣ, 
 ਇੱਕ ਜ਼ਹਿਰੀਲੀ ਨਾਗਣ ਨਾ ਬਣ। 
 ਉੱਠ ਤੱਕ ਆਪਣਾ ਮੂਲ ਪਛਾਣ, 
 ਵੈਰੀ ਨੂੰ ਤੂੰ ਵੈਰੀ ਜਾਣ। 
 ਨਾ ਮਾਰੀਂ, ਨਾ ਮਾਰੀਂ ਮਾਏ 
 ਇਹ ਸਿਤਮ ਨਾ ਢਾਹੀਂ ਮਾਏ 
 ਨਾ ਮਾਰੀਂ, ਨਾ ਮਾਰੀਂ, ਨਾ ਮਾਰੀਂ-------------।

ਸੋ ਨਾਟਕ ਦੇ ਇਤਿਹਾਸਕ ਵਿਕਾਸ ਵਿੱਚ ਦੀ ਗੁਜ਼ਰਦਿਆਂ ਤੇ ਵਿਵੇਚਨ ਰਾਹੀਂ ਨਾਟ ਤਕਨੀਕਾਂ ਨੂੰ ਪਰਖਦਿਆਂ, ਮਨੁੱਖੀ ਤ੍ਰਾਸਦੀ ਦੇ ਸਦੀਵੀ ਰੂਪ ਨੂੰ ਭਾਂਪਦਿਆਂ, ਉਤਕ੍ਰਿਸ਼ਟ ਸਮਾਜਿਕ ਵਿਅੰਗ ਚਿਤਰਣ, ਅਜੋਕੇ ਮਾਨਵੀ ਸਰੋਕਾਰਾਂ ਨੂੰ ਦਿਬ ਦ੍ਰਿਸ਼ਟੀ ਨਾਲ ਉਭਾਰਦਿਆਂ, ਵਸਤੂ ਤੇ ਤਕਨੀਕ ਦੀ ਪੱਧਰ ਤੇ ਲੇਖਕਾਂ ਨੇ ਨਵੇਂ ਪ੍ਰਯੋਗਾਂ ਰਾਹੀਂ ਪੰਜਾਬੀ ਨਾਟਕ ਨੂੰ ਨਵ ਦ੍ਰਿਸ਼ਟੀ ਪ੍ਰਦਾਨ ਕੀਤੀ ਹੈ।ਬਹੁਤ ਬਹੁਤ ਮੁਬਾਰਕਬਾਦ ਤੇ 'ਬਲ਼ਦੇ ਬਿਰਖ' ਨਾਟ ਸੰਗ੍ਰਿਹ ਨੂੰ ਜੀ ਆਇਆਂ। ਇਹ ਹਮੇਸ਼ਾਂ ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਅਹਿਮ ਪੁਸਤਕ ਗਿਣੀ ਜਾਵੇਗੀ ਕਿਉਂਕਿ ਇਸ ਦੀ ਸਗਲੀ ਮਿੱਟੀ ਤੇ ਜਿੰਦ ਜਾਨ ਕਨੈਡੀਅਨ ਧਰਤੀ ਤੇ ਵਸਣ ਵਾਲਿਆਂ ਦੇ ਦੁੱਖਾਂ ਦੀ ਗਾਥਾ ਹੈ। ਸਾਡੇ ਸਮੁੱਚੇ ਜੀਵਨ ਦਾ ਸ਼ੀਸ਼ਾ ਹੈ। ਪਰਵਾਸੀਆਂ ਦੀ ਮਾਨਸਿਕਤਾ ਦੀ ਕਹਾਣੀ ਹੈ। 

ਮਨਜੀਤ ਮੀਤ

No comments:

Post a Comment