ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, August 24, 2012

ਗਾਂਧੀ ਜ਼ਰੀਏ ਫਿਰਕਾਪ੍ਰਸਤੀ ਦੀ ਨਿਸ਼ਾਨਦੇਹੀ ਕਰਦੀ ਸਿਲਵਰ ਸਕਰੀਨ

ਗਾਂਧੀ 1947 'ਚ ਮੁਸਲਮਾਨ ਰਿਫਊਜੀਆਂ ਨਾਲ(ਦਿੱਲੀ)
ਭਾਰਤ ਅਤੇ ਗਾਂਧੀ ਇੱਕ ਦ੍ਰਿਸ਼ਟੀਕੋਣ ਤੋਂ ਇੱਕ ਧਾਗੇ ਦਾ ਸਾਂਝਾ ਮੋਤੀ ਹੈ ਪਰ ਇੱਕ ਨਜ਼ਰੀਏ ਤੋਂ ਬਹੁਤ ਹੀ ਵਖਰੇਵਾਂ ਹੈ ਇਸ ਗੱਲ 'ਤੇ ਸਹਿਮਤ ਹੋਣ ਲਈ।ਭਾਰਤੀ ਫ਼ਿਲਮਸਾਜ਼ਾਂ ਨੇ ਨਾ ਤਾਂ ਰਿਚਰਡ ਐਟਨਬ'ਰੋ ਦੀ ਤਰ੍ਹਾਂ ਗਾਂਧੀ ਦੀ ਵਢਿਆਈ ਕਰਦੀ ਕੋਈ ਬੇਹਤਰੀਨ ਫਿਲਮ ਬਣਾਈ ਹੈ ਅਤੇ ਨਾ ਹੀ ਗਾਂਧੀ ਨਾਮ ਦੇ ਇਸ ਫੈਸ਼ਨ ਨੂੰ ਉਹਨਾਂ ਨੇ ਆਲੋਚਨਾਤਮਕ ਦ੍ਰਿਸ਼ਟੀ ਤੋਂ ਪਰਖਿਆ ਹੈ।ਜਦੋਂ ਮੈਂ ਇਹ ਵੇਖਦਾ ਹਾਂ ਕਿ ਸਾਡੇ ਭਾਰਤੀ ਦਰਸ਼ਕਾਂ ਦਾ ਮਿਹਦਾ ਹੀ ਆਲੋਚਨਾ ਪੱਖੋਂ ਬਹੁਤ ਕਮਜ਼ੋਰ ਹੈ।ਅਸੀ ਕਿਸੇ ਫਿਲਮ ਨੂੰ ਆਲੋਚਨਾਤਮਕ ਪੱਖ ਤੋਂ ਸਹਿਣ ਹੀ ਨਹੀਂ ਕਰ ਸਕਦੇ।ਇਹੋ ਕਾਰਣ ਹੈ ਕਿ ਬਹੁਤ ਸਾਰੀਆਂ ਫਿਲਮਾਂ ਅਖੀਰ ਰੋਕ ਦਾ ਸ਼ਿਕਾਰ ਹੋ ਜਾਂਦੀਆਂ ਹਨ।

ਹਾਲੀਵੁੱਡ 'ਚ 'ਦੀ ਪੈਸ਼ਨ ਆਫ ਕਰਾਈਸਟ,ਦੀ ਡਾ ਵਿੰਚੀ ਕੋਡ,ਬੇਨੇਹਰ ਅਤੇ ਹੋਰ ਕਈ ਫਿਲਮਾਂ ਯਿਸੂ ਮਸੀਹ 'ਤੇ ਬਣੀਆ ਹਨ।ਬਹੁਤ ਸਾਰੀਆਂ ਸੰਵੇਦਨਸ਼ੀਲ ਮਸਲਿਆਂ ਨੂੰ ਛੂੰਹਦੀਆਂ ਫਿਲਮਾਂ ਬਣੀਆ ਹਨ ਪਰ ਉਹਨਾਂ ਪ੍ਰਤੀ ਲੋਕਾਂ ਦੀ ਆਲੋਚਨਾ ਦਾ ਪ੍ਰਵਾਹ ਮੁੱਢੋ ਰੱਦ ਕਰਨ ਦਾ ਕਦੀ ਨਹੀਂ ਰਿਹਾ।ਉੱਥੇ ਜਦੋਂ ਓਲੀਵਰ ਸਟੋਨ ਸਿੰਕਦਰ ਦੀ ਜੀਵਨੀ 'ਤੇ ਅਲੈਗਜ਼ੈਂਡਰ ਨਾਮ ਦੀ ਫਿਲਮ ਬਣਾਉਂਦਾ ਹੈ ਤਾਂ ਤਮਾਮ ਇਤਿਹਾਸਕ ਪੱਖਾਂ ਤੋਂ ਉਸ ਦੀ ਬਹਿਸ ਤਾਂ ਹੁੰਦੀ ਹੈ ਪਰ ਇੱਕ ਕਾਇਦੇ 'ਚ……

ਭਾਰਤ 'ਚ ਇਹ ਵੀ ਵੱਡੀ ਸਮੱਸਿਆ ਰਹੀ ਹੈ ਕਿ ਅੱਧੀ ਫਿਲਮ ਤਾਂ ਸੈਂਸਰ ਦੀ ਕਾਣੀ ਅੱਖ ਸਾਹਮਣੇ ਹੀ ਦਮ ਤੋੜ ਦਿੰਦੀ ਹੈ।ਬਚੀ ਫਿਲਮ ਨੂੰ ਬਹੁਤਾਇਤ ਸੁਣਦੇ ਸੁਣਾਂਦੇ ਹੀ ਬਿਨਾਂ ਵੇਖੇ ਰੱਦ ਕਰ ਦਿੰਦੇ ਹਨ।ਆਖਰ ਵਾਟਰ,ਫਾਇਰ ਫਿਲਮਾਂ 'ਚ ਕੀ ਬੁਰਾਈ ਸੀ ਜੋ ਸਮਾਜ ਦੇ ਲੰਬੜਦਾਰਾਂ ਨੂੰ ਸਮਾਜ ਦੀ ਕਹਿੰਦੀ ਕਹਾਉਂਦੀ ਫਿਕਰ ਆਣ ਪਈ ਸੀ।

ਜਿੱਥੋਂ ਤੱਕ ਗਾਂਧੀ ਅਧਾਰਤ ਫਿਲਮਾਂ ਦੀ ਗੱਲ ਕਰੀਏ ਤਾਂ ਮਮੂਟੀ ਸਟਾਰਰ ਫਿਲਮ ਜੋ ਕਿ ਬਾਬਾ ਸਾਹਬ ਅੰਬੇਦਕਰ ਦੀ ਜੀਵਨੀ 'ਤੇ ਸੀ ਥੌੜ੍ਹਾ ਬਹੁਤਾ ਸੰਵਾਦ ਤਾਂ ਵਿਖਾਉਂਦੀ ਹੈ ਪਰ ਬਾਕੀ ਫਿਲਮਾਂ ਗਾਂਧੀ-ਹਰੀਜਨ-ਸਿੱਖ-ਵੰਡ-ਇਸਲਾਮ-ਭਗਤ ਸਿੰਘ ਸਦੰਰਭ 'ਚ ਚੁੱਪ ਰਹਿੰਦੀਆਂ ਹਨ।ਇਹ ਸਿਰਫ ਗਾਂਧੀ ਨਾਲ ਹੀ ਨਹੀਂ ਭਗਤ ਸਿੰਘ ਦਾ ਆਰੀਆ ਸਮਾਜੀ ਵਰਤਾਰਾ-ਲਾਜਪਤ ਰਾਏ ਲਗਾਓ-ਸਾਈਮਨ ਕਮਿਸ਼ਨ ਪ੍ਰਤੀ ਨੁਕਤੇ ਉੱਤੇ ਵੀ ਫਿਲਮਾਂ 'ਚ ਵਿਸ਼ੇ ਅਣਛੂਹੇ ਰਹੇ ਹਨ।

ਰਿਚਰਡ ਐਟਨਬਰੋ ਦੀ ਫਿਲਮ ਗਾਂਧੀ ਮਹਾਤਮਾ ਦਾ ਪੱਖ ਤਾਂ ਬਹੁਤ ਖੂਬਸੂਰਤੀ ਨਾਲ ਬਿਆਨ ਕਰਦੀ ਹੈ ਪਰ ਬਾਕੀ ਨੁਕਤਿਆ 'ਤੇ ਚੁੱਪ ਹੈ।ਗਾਂਧੀ ਨੂੰ ਫਿਲਮੀ ਦੁਨੀਆਂ 'ਚ ਸਮਝਨ ਲਈ ਗਾਂਧੀ ਅਧਾਰਤ ਤਮਾਮ ਫਿਲਮਾਂ 'ਤੇ ਨਜ਼ਰ ਮਾਰਨੀ ਪਵੇਗੀ।ਗਾਂਧੀ ਪ੍ਰਤੀ ਇੱਕ ਵੱਖਰੇ ਨਜ਼ਰੀਏ ਨੂੰ ਸਮਝਨਾ ਹੋਵੇ ਤਾਂ ਕਮਲ ਹਸਨ ਨਿਰਦੇਸ਼ਤ ਫਿਲਮ 'ਹੇ ਰਾਮ' ਕਈ ਪਹਿਲੂਆਂ ਤੋਂ ਵਿਚਾਰਣਯੋਗ ਹੈ।ਬੇਸ਼ੱਕ ਇਸ ਫਿਲਮ ਦਾ ਵਿਰੋਧ ਕਈ ਪੱਖਾਂ ਤੋਂ ਹੋਇਆ।ਇਸ ਨੂੰ ਸੈਂਸਰ ਵੱਲੋਂ 'ਏ' ਸਰਟੀਫਿਕੇਟ ਵੀ ਦਿੱਤਾ ਗਿਆ।ਕਾਂਗਰਸ ਨੇ ਇਸ ਫਿਲਮ ਦਾ ਗਾਂਧੀ ਪੱਖ ਤੋਂ ਵਿਰੋਧ ਕੀਤੀ ਅਤੇ ਆਰ.ਐੱਸ.ਐੱਸ ਤੇ ਭਾਜਪਾ ਨੇ ਇਸ ਨੂੰ ਹਿੰਦੂਤਵ ਦੀ ਗਲਤ ਤਸਵੀਰ ਪੇਸ਼ ਕਰਨ ਦੇ ਇਲਜ਼ਾਮ ਥੱਲੇ ਦਬੋਚਿਆ।ਬੇਸ਼ੱਕ ਵਿਸ਼ਵ ਪੱਧਰ 'ਤੇ ਇਸ ਫਿਲਮ ਨੇ ਸਾਰਿਆਂ ਦਾ ਧਿਆਨ ਖਿੱਚਿਆ ਪਰ ਭਾਰਤ ਦੇ ਬਹੁਤ ਸਾਰੇ ਇਲਾਕਿਆਂ 'ਚ ਤਾਂ ਇਹ ਫਿਲਮ ਰਲੀਜ਼ ਤੱਕ ਨਹੀਂ ਹੋਣ ਦਿੱਤੀ ਗਈ।

2000 'ਚ ਰਾਸ਼ਟਰੀ ਫ਼ਿਲਮ ਪੁਰਸਕਾਰ ਪ੍ਰਾਪਤ ਇਹ ਫਿਲਮ ਸਿਰਫ ਗਾਂਧੀ ਪੱਖ ਦੀ ਹੀ ਵਿਆਖਿਆ ਨਹੀਂ ਕਰਦੀ।ਇੱਕ ਨਾਰੀ ਨੂੰ ਮਰਦ ਨਾਲ ਹਮਬਿਸਤਰ ਹੋਣ ਦੌਰਾਨ ਬੰਦੂਕ ਦੀ ਤਰ੍ਹਾਂ ਪੇਸ਼ ਕਰਨ ਕਰਕੇ ਇਸ ਫਿਲਮ ਨੇ ਨਾਰੀਵਾਦੀਆਂ ਦੀ ਨਰਾਜ਼ਗੀ ਨੂੰ ਵੀ ਸਹੇੜਿਆ ਸੀ।ਇਹ ਫਿਲਮ ਬਿਆਨ ਕਰਦੀ ਹੈ ਇੱਕ ਦਵੰਦ ਇੱਕ ਦੁਬਿੱਧਾ ਇੱਕ ਦੁਚਿੱਤੀ ਜੋ ਦੰਗਿਆ ਤੋਂ ਪ੍ਰਭਾਵਿਤ ਮਨੁੱਖ,ਦੰਗਿਆ 'ਚ ਸ਼ਮੂਲੀਅਤ ਕਰਦਾ ਮਨੁੱਖ ਅਤੇ ਉਸ ਤੋਂ ਬਾਅਦ ਉਸ ਪਛਤਾਵੇ ਨੂੰ ਲੈਕੇ ਚੱਲ ਰਹੇ ਮਨੁੱਖ ਦਾ ਦਸਤਾਵੇਜ਼ ਹੈ।

'ਹੇ ਰਾਮ' ਗਾਂਧੀ ਦੇ ਗੋਲੀ ਲੱਗਣ ਤੋਂ ਬਾਅਦ ਬੋਲੇ 'ਹੇ ਰਾਮ' ਬਾਰੇ ਵੀ ਖਾਮੋਸ਼ ਹੈ।ਇੱਥੇ ਫਿਲਮ ਦਾ ਆਪਣਾ ਪੱਖ ਇਹ ਹੈ ਕਿ ਉਹ ਅਜਿਹਾ ਕੁਝ ਨਹੀਂ ਬੋਲੇ।ਭਾਰਤ ਵੱਲੋਂ ਆਸਕਰ ਦੀ ਵਿਦੇਸ਼ੀ ਭਾਸ਼ਾ ਦੀ ਸ਼੍ਰੇਣੀ 'ਚ ਚੁਣੀ ਗਈ ਇਸ ਫਿਲਮ ਨੂੰ ਕਮਲ ਹਸਨ ਦਾ ਬੇਹਤਰੀਨ ਨਿਰਦੇਸ਼ਕੀ ਕੌਸ਼ਲ ਦਾ ਸਹਾਰਾ ਹੈ।

ਇਹ ਫਿਲਮ ਸਾਕੇਤ ਰਾਮ (ਕਮਲ ਹਾਸਨ) ਅਤੇ ਅਪਰਣਾ (ਰਾਣੀ ਮੁਖਰਜੀ) ਦੇ ਚੁੰਭਣ ਦ੍ਰਿਸ਼ ਕਰਕੇ ਜ਼ਿਆਦਾ ਚਰਚਾ ਵਿੱਚ ਰਹੀ ਸੀ ਪਰ ਵਿਚਾਰ ਪੱਖੋਂ ਇਹ ਮਹਾਤਮਾ ਗਾਂਧੀ ਦੀ ਸ਼ਖਸੀਅਤ ਨੂੰ ਸਮਝਣ ਦੀ ਵਿਲੱਖਣ ਕੋਸ਼ਿਸ਼ ਹੈ।ਇਸ ਫਿਲਮ ਦੀ ਵਿਲੱਖਣਤਾ ਇਹ ਹੈ ਕਿ ਇਹ ਦੂਸਰੀਆਂ ਮਹਾਤਮਾ ਗਾਂਧੀ ਨੂੰ ਆਧਾਰ ਬਣਾਕੇ ਬਣੀਆਂ ਫਿਲਮਾਂ ਦੀ ਤਰ੍ਹਾਂ ਉਸਦਾ ਇੱਕ ਪਾਸਾ ਵਿਚਾਰ ਪੇਸ਼ ਨਹੀਂ ਕਰਦੀ।ਇਹ ਫਿਲਮ ਗਾਂਧੀ ਵਿਚਾਰਧਾਰਾ ਦਾ ਮੁਲਾਂਕਣ ਅਧਿਐਨ ਕਰਦੀ ਹੈ।ਹੇ ਰਾਮ ਇੱਕ ਹੀ ਸਮੇਂ ਗਾਂਧੀ ਵਿਚਾਰਧਾਰਾ ਹਮਾਇਤੀ ਅਤੇ ਉਸਦੇ ਗਾਂਧੀ ਵਿਚਾਰਧਾਰਾ ਵਿਰੋਧੀਆਂ ਦਰਮਿਆਨ ਟਕਰਾ ਨੂੰ ਪੇਸ਼ ਕਰਦੀ ਹੈ।ਇਹ ਫਿਲਮ ਇੱਕ ਹੀ ਸਮੇਂ ਪ੍ਰਤੀਕਤਾਮਕ ਰੂਪ ਵਿੱਚ ਗਾਂਧੀ ਸ਼ਖ਼ਸੀਅਤ ਦੀ ਮਹੱਤਤਾ ਨੂੰ ਵੀ ਸਮਝਾਉਂਦੀ ਹੈ ਅਤੇ ਉਸ ਸ਼ਖ਼ਸੀਅਤ ਵੱਲੋਂ ਲਏ ਫੈਸਲਿਆਂ ਦੇ ਮਾੜੇ ਅਸਰਾਂ ਨੂੰ ਬਿਆਨ ਕਰਦੀ ਹੈ।1947 ਦੇ ਫਿਰਕੂ ਦਹਿਸ਼ਤਗਰਦੀ ਦੰਗਿਆਂ ਨੂੰ ਵੀ ਬਿਆਨ ਕਰਦੀ ਹੈ।ਉਨ੍ਹਾਂ ਦੰਗਿਆਂ ਦੇ ਸੰਤਾਪ ਝੱਲੇ ਕਿਰਦਾਰਾਂ ਦੀ ਮਾਨਸਿਕਤਾ ਨੂੰ ਵੀ ਬਿਆਨ ਕਰਦੀ ਹੈ।ਕਹਾਣੀ ਪਾਕਿਸਤਾਨੀ ਇਲਾਕੇ ਵਿਚ ਪੁਰਾਤਣ ਵਿਭਾਗ ਦੇ ਕੰਮਕਾਰ ਤੋਂ ਸ਼ੁਰੂ ਹੁੰਦੀ ਹੈ।ਇਹ ਠੀਕ ਅਜਿਹਾ ਹੀ ਇਸ਼ਾਰਾ ਜਾਪਦਾ ਹੈ ਕਿ ਸੱਭਿਅਤਾਵਾਂ ਦੇ ਬਣਨ ਵਿਗੜਨ ਦੇ ਇਹਨਾਂ ਨਿਸ਼ਾਨਾਂ ਚੋਂ ਹੀ ਅਸੀ ਆਪਣੇ ਹੋਣ ਦੇ ਸਵਾਲ ਨੂੰ ਇੰਝ ਹੀ ਅੱਜ ਵੀ ਲੱਭ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਲੱਭਦੇ ਰਹਾਂਗੇ ਕਿ ਅਸੀ ਕੀ ਗਵਾਇਆ ਤੇ ਅਸੀ ਕੀ ਪਾਇਆ।(ਕਹਾਣੀ ਅਸਲ ਵਿਚ ਦਸੰਬਰ 1999 ਦੇ ਬਾਬਰੀ ਮਸਜਿਦ ਦੇ ਸੱਤ ਸਾਲਾਂ ਵਰ੍ਹੇਗੰਡ ਦੇ ਸਮੇਂ ਸਾਕੇਤ ਰਾਮ ਦੇ ਆਖਰੀ ਸਾਹਵਾਂ ਤੋਂ ਸ਼ੁਰੂ ਹੁੰਦੀ ਹੈ,ਜਿਸ ਦੀ ਐਬੂਲੇਂਸ ਦੰਗਾ ਪ੍ਰਭਾਵਿਤ ਇਲਾਕੇ ਵਿੱਚ ਫਸੀ ਹੋਈ ਹੈ)ਇੱਥੋਂ ਕਹਾਣੀ ਵਰਤਮਾਨ ਤੋਂ ਪਿਛੋਕੜ ਨੂੰ ਆਪਣਾ ਵਿਸਥਾਰ ਲੈਂਦੀ ਹੈ।

ਪੁਰਾਤਣ ਵਿਭਾਗ ਦਾ ਕੰਮ ਚੱਲ ਰਿਹਾ ਹੈ ਜਿੱਥੇ ਸਾਕੇਤ ਰਾਮ(ਕਮਲ ਹਸਨ),ਅਮਜਦ ਅਲੀ ਖਾਨ (ਸ਼ਾਹਰੂਖ ਖਾਨ)ਕੰਮ ਕਰਦੇ ਹਨ।ਸਾਕੇਤ ਰਾਮ ਇੱਕ ਦੱਖਣ ਭਾਰਤੀ ਬ੍ਰਾਹਮਣ ਹੈ।ਕਹਾਣੀ ਇੱਥੋਂ ਕਲਕੱਤਾ(ਕੋਲਕਾਤਾ) ਨੂੰ ਤੁਰਦੀ ਹੈ।ਕਲਕੱਤਾ ਵਿਖੇ ਅਪਰਣਾ ਰਾਮ(ਰਾਣੀ ਮੁਖਰਜੀ)ਰਹਿੰਦੀ ਹੈ।ਸਾਕੇਤ ਨੇ ਅਪਰਣਾ ਨਾਲ ਪ੍ਰੇਮ-ਵਿਆਹ ਕੀਤਾ ਹੈ।ਸਾਕੇਤ ਦੇ ਘਰ ਵਾਲੇ ਇਸ ਦੇ ਖਿਲਾਫ ਹਨ,ਕਿਉਂ ਕਿ ਅਪਰਣਾ ਬੰਗਾਲੀ ਹੈ ਜੋ ਦੱਖਣ ਭਾਰਤੀ ਬ੍ਰਾਹਮਣ ਨਹੀਂ ਹੈ।ਕਲਕੱਤਾ ਵਿੱਚ ਹਾਲਾਤ ਬਹੁਤ ਖਰਾਬ ਹਨ ਅਤੇ ਅਜ਼ਾਦੀ ਤੋਂ ਕੁਝ ਮਹੀਨੇ ਪਹਿਲਾਂ ਦਾ ਸਮਾਂ ਹੈ।ਇਸ ਸਮੇਂ ਵਿੱਚ ਕਲਕੱਤਾ ਵਿੱਚ ਦੰਗੇ ਹੋ ਜਾਂਦੇ ਹਨ।ਜੋ ਮੁਹੰਮਦ ਅਲੀ ਜਿਨਹਾ ਦੇ ਡਾਇਰੇਕਟ ਐਕਸ਼ਨ ਨਤੀਜਾ ਹਨ।ਦੰਗਿਆਂ ਵਿੱਚ ਅਪਰਣਾ ਦਾ ਬਲਾਤਕਾਰ ਅਤੇ ਫਿਰ ਕਤਲ ਕਰ ਦਿੱਤਾ ਜਾਂਦਾ ਹੈ।ਸਾਕੇਤ ਵੀ ਇਸੇ ਹਵਾ 'ਚ ਵਹਿੰਦਾ ਅਪਰਣਾ ਦਾ ਕਤਲ ਕਰਨ ਵਾਲਿਆਂ ਨੂੰ ਮਾਰਦਾ ਹੋਇਆ ਕਤਲ ਕਰਨ ਵਾਲਿਆਂ ਦਾ ਹਿੱਸਾ ਬਣ ਜਾਂਦਾ ਹੈ।(ਦੰਗਿਆਂ ਦੌਰਾਨ ਮਾਹੌਲ ਦਾ ਤਕਾਜ਼ਾ ਕੀ ਹੈ ਇਸ ਨੂੰ ਪਰਭਾਸ਼ਿਤ ਕਰਨ ਵਿੱਚ ਨਿਰਦੇਸ਼ਕੀ ਕੌਸ਼ਲ ਦੀ ਮਹਾਰਤ ਦਿਖਦੀ ਹੈ)ਸਾਕੇਤ ਰਾਮ ਇਨ੍ਹਾਂ ਦੰਗਿਆਂ ਵਿੱਚ ਜਿਸ ਖੂਨ ਨੂੰ ਮਹਿਸੂਸਦਾ ਹੈ ਉਹ ਦੰਗਿਆਂ ਦੌਰਾਨ ਉਪਜੀ ਹੈਵਾਨੀਅਤ ਦਾ ਪ੍ਰਤੀਕ ਹੈ,ਮਾਨਸਿਕਤਾ ਦਾ ਪ੍ਰਤੀਬਿੰਬ ਹੈ ਅਤੇ ਉਸ ਹੋਂਦ ਦੀ ਗਵਾਚੀ ਰੂਹ ਹੈ ਜੋ ਮਾਨਵ ਦੇ ਅੰਦਰ ਮਾਨਵ ਨੂੰ ਦਫ਼ਨ ਕਰ ਚੁੱਕੀ ਹੈ।ਇਹ ਗੱਲ ਸਾਕੇਤ ਰਾਮ ਨੂੰ ਦੰਗਿਆਂ ਦੌਰਾਨ ਮਿਲਿਆ ਸ਼੍ਰੀ ਰਾਮ ਅਭਿਅੰਕਰ(ਅਤੁੱਲ ਕੁਲਕਰਨੀ)ਵਿਚਾਲੇ ਸੰਚਾਰੀ ਪ੍ਰਭਾਵ ਤੋਂ ਸਮਝਦੇ ਹਾਂ।

ਅਭਿਅੰਕਰ-ਕੱਲ ਰਾਤ ਹੋਏ ਕਤਲੇਆਮ 'ਚ ਕਿੰਨੇ ਮੁਸਲਮਾਨਾਂ ਨੂੰ ਮਾਰਿਆ 
ਸਾਕੇਤ-ਦੂਸਰਿਆਂ ਦਾ ਕਤਲ ਕਰਨ ਦਾ ਸਾਹਸ ਤਾਂ ਆ ਗਿਆ ਪਰ ਆਪਣਾ ਕਤਲ ਕਰਨ ਦਾ ਸਾਹਸ ਨਹੀਂ ਜੁਟਾ ਸਕਿਆ। ਅਭਿਅੰਕਰ-ਤੂੰ ਇੱਕ ਮਕਸਦ ਨੂੰ ਚੰਗਾ ਕੰਮ ਕੀਤਾ ਹੈ। 
ਸਾਕੇਤ-ਮੈਂ ਇਸ ਤਰ੍ਹਾਂ ਦਾ ਨਹੀਂ।ਮੈਂ ਇੱਕ ਆਮ ਇਨਸਾਨ ਹਾਂ ਤੁਹਾਡੇ ਕੋਲ ਤਾਂ ਇੱਕ ਵਜਹ ਹੈ,ਮਕਸਦ ਹੈ,ਵਿਚਾਰਧਾਰਾ ਹੈ।ਮੈਂ ਤਾਂ ਸਿਰਫ ਇੱਕ ਦੋਸ਼ੀ ਹਾਂ। 
ਅਭਿਅੰਕਰ-ਕਤਲ ਕਰਨਾ ਦੋਸ਼ ਨਹੀਂ ਫਿਰ ਤਾਂ ਯੁੱਧ ਵੀ ਜੁਰਮ ਹੈ।ਤੂੰ ਸਿਰਫ ਆਪਣਾ ਕਰਤਵ ਪਾਲਣ ਕੀਤਾ।

ਇੰਝ ਦੰਗਿਆ ਦੌਰਾਨ ਤ੍ਰਾਸਦੀ ਚੋਂ ਪੈਦਾ ਹੋਈ ਮਾਨਸਿਕਤਾ ਦਾ ਬਦਲਾ ਲੈਣ ਦੇ ਬਾਵਜੂਦ ਅਪਰਾਧਬੋਧ ਮਹਿਸੂਸ ਕਰਨ ਅਤੇ ਉਸੇ ਚਿੰਗਾਰੀ ਨੂੰ ਵੱਡੀ ਤ੍ਰਾਸਦੀ ਲਈ ਤਿਆਰ ਕਰਨ ਵਾਲੇ ਪੁਖਤਾ ਹੋ ਚੁੱਕੇ ਦਿਮਾਗ ਦੇ ਆਪਸੀ ਸੰਚਾਰ 'ਚ ਇਹ ਸਮਝ ਆਉਂਦਾ ਹੈ ਕਿ ਕਿੰਝ ਇਹ ਤ੍ਰਾਸਦੀ ਮਨੁੱਖਤਾ ਦਾ ਘਾਣ ਕਰਦੀ ਹੈ।

ਇੱਥੋਂ ਦੰਗਿਆਂ ਤੋਂ ਬਣੇ ਜ਼ਿਹਨ ਅੰਦਰ ਸੋਚਣ ਦੀ ਮਾਨਸਿਕਤਾ ਨੂੰ ਪਰਭਾਸ਼ਿਤ ਕੀਤਾ ਗਿਆ ਹੈ ਜੋ ਅੱਗੇ ਜਾ ਕੇ ਗਾਂਧੀ ਵਿਰੁੱਧ ਅੰਗਾਰਾ ਬਣ ਨਫਰਤ ਦੀ ਜ਼ਮੀਨ ਤਿਆਰ ਕਰਦੀ ਹੈ।ਸਾਕੇਤ ਦੇ ਮਨ ਵਿੱਚ ਜੋ ਗੱਲ ਬੈਠੀ ਹੈ ਉਹ ਹਰ ਉਸ ਬੰਦੇ ਦੀ ਗੱਲ ਹੈ ਜੋ ਗਾਂਧੀ ਦਰਸ਼ਨ ਥੱਲੇ ਬਰਬਾਦ ਹੋਇਆ ਹੈ।ਗਾਂਧੀ ਵਿਰੋਧੀ ਬੰਦੇ ਦੇ ਅੰਦਰ ਬੈਠੀ ਇਹ ਗੱਲ ਉਸ ਬੰਦੇ ਨੂੰ ਗਾਂਧੀ ਦਾ ਸਿੱਧਾ ਦੁਸ਼ਮਨ ਬਣਾਉਂਦੀ ਹੈ।ਉਸ ਵਕਤ ਕਲਕੱਤਾ ਵਿਚ ਹੋਏ ਦੰਗਿਆਂ ਲਈ ਗਾਂਧੀ ਵਿਰੋਧੀਆਂ ਦਾ ਮੰਨਣਾ ਹੈ ਕਿ ਇਸ ਲਈ ਬੰਗਾਲ ਮੇਅਰ 'ਸੁਰਾਵਰਦੀ' ਜਾਂ ਮੁਹੰਮਦ ਅਲੀ ਜਿਨਹਾ ਨਹੀਂ ਸਗੋਂ ਮਹਾਤਮਾ ਗਾਂਧੀ ਕਸੂਰਵਾਰ ਹੈ।ਮਹਾਤਮਾ ਗਾਂਧੀ ਨੇ ਜਿਵੇਂ ਹੱਦ ਤੋਂ ਵੱਧ ਮੁਸਲਮਾਨਾਂ ਦਾ ਪੱਖ ਲਿਆ ਉਸਨੇ ਕਤਲੇਆਮ ਦੀ ਜ਼ਮੀਨ ਦਾ ਆਧਾਰ ਰੱਖਿਆ।

ਫਿਲਮ ਦੀ ਅਗਲੀ ਕਹਾਣੀ ਕਲਕੱਤਾ ਤੋਂ ਹੁੰਦੀ ਹੋਈ ਮਦਰਾਸ ਪਹੁੰਚਦੀ ਹੈ।ਇੱਥੇ ਸਾਕੇਤ ਰਾਮ ਦਾ ਵਿਆਹ ਮੈਯਥਿਲੀ (ਵਸੁੰਦਰਾ ਦਾਸ) ਨਾਲ ਹੋ ਜਾਂਦਾ ਹੈ।ਇੱਥੇ ਫਿਲਮ ਵਿਚ ਬਹੁਤ ਖੂਬਸੂਰਤੀ ਨਾਲ ਗਾਂਧੀ ਵਿਚਾਰਧਾਰਾ ਹਮਾਇਤੀ ਬਨਾਮ ਵਿਰੋਧੀ ਧਿਰ ਦੇ ਵਿਚਾਰਾਂ ਨੂੰ ਆਹਮਣੇ ਸਾਹਮਣੇ ਖੜ੍ਹਾ ਕਰ ਮੁਲਾਂਕਣ ਕੀਤਾ ਗਿਆ ਹੈ।ਸਾਕੇਤ ਰਾਮ(ਗਾਂਧੀ ਵਿਰੋਧੀ)ਅਤੇ ਉਸਦੀ ਪਤਨੀ ਮੈਯਥਿਲੀ (ਗਾਂਧੀ ਹਮਾਇਤੀ) ਹੈ।ਕਹਾਣੀ ਵਿਆਹ ਤੋਂ ਬਾਅਦ ਹਵਾਈ ਜਹਾਜ਼ 'ਚ ਸਫ਼ਰ ਕਰਦਿਆਂ ਦੀ ਹੈ।ਪਤੀ-ਪਤਨੀ ਮੁੰਬਈ ਆ ਰਹੇ ਹਨ।ਉਸ ਵਕਤ ਪਤੀ-ਪਤਨੀ ਦੇ ਆਪਸੀ ਸੰਵਾਦ ਰਾਹੀਂ ਗਾਂਧੀ ਵਿਚਾਰਧਾਰਾ ਦੇ ਸਹੀ ਪੱਖ ਸਾਹਮਣੇ ਆਉਂਦੇ ਹਨ।

ਮੈਯਥਲੀ-ਤੁਸੀ ਕੀ ਪੜ੍ਹ ਰਹੇ ਹੋ?ਇਹ ਕਿਤਾਬ ਕਵਰ 'ਚ ਲਪੇਟੀ ਹੈ।ਗਾਂਧੀ ਜੀ ਕਹਿੰਦੇ ਹਨ ਸੱਚ ਕਦੀ ਲੁਕੋਇਆ ਨਹੀਂ ਜਾਂਦਾ ਅਤੇ ਝੂਠ ਹਮੇਸ਼ਾ ਲੁਕ ਕੇ ਰਹਿੰਦਾ ਹੈ। 

ਸਾਕੇਤ-(ਅਖਬਾਰ ਵੱਲ ਇਸ਼ਾਰਾ ਕਰਦਿਆਂ ਹੋਇਆ)ਇਸ ਵਿਚਾਰ ਬਾਰੇ ਤੇਰੇ ਗਾਂਧੀ ਜੀ ਕੀ ਕਹਿਣਗੇ? (ਅਖਬਾਰ ਤੇ ਹੈਡਲਾਈਨ ਹੈ-ਬਦਲਾ ਲੈਣਾ ਸਮੱਸਿਆ ਦਾ ਹੱਲ ਨਹੀਂ) 

ਮੈਯਥਲੀ-ਗਾਂਧੀ ਜੀ ਠੀਕ ਕਹਿੰਦੇ ਹਨ। ਸਾਕੇਤ- ਕੀ ਠੀਕ ਐ,ਉਹ ਸਾਨੂੰ ਮਾਰਕੇ ਕਦੋਂ ਦੇ ਨਿਕਲ ਚੁੱਕੇ ਹੋਣਗੇ ਅਤੇ ਅਸੀ ਇੰਝ ਕਿਉਂ ਬੈਠੇ ਰਹੀਏ?

ਅਸਲ ਵਿੱਚ ਗਾਂਧੀ ਦੇ ਤਿੰਨ ਬਾਂਦਰ ਹਨ।ਇੱਕ ਉਹ ਜੋ ਹਕੀਕਤ ਨੂੰ ਸੁਣ ਨਹੀਂ ਸਕਦੇ,ਦੂਜੇ ਉਹ ਜੋ ਗਾਂਧੀ ਖ਼ਿਲਾਫ ਕੁਝ ਵੀ ਗਲਤ ਬੋਲਣ ਤੇ ਡਰਦੇ ਹਨ ਅਤੇ ਤੀਜੇ ਉਹ ਜੋ ਗਾਂਧੀ ਦੀ ਬਣਾਈ ਨਕਲੀ ਦੁਨੀਆਂ ਦੇਖਦੇ ਰਹਿੰਦੇ ਹਨ ਅਤੇ ਯਥਾਰਥੀ ਦੁਨੀਆਂ ਤੋਂ ਦੂਰ ਰਹਿੰਦੇ ਹਨ।ਤੂੰ ਇਨ੍ਹਾਂ ਚੋਂ ਗਾਂਧੀ ਦਾ ਕਿਹੜਾ ਬਾਂਦਰ ਹੈ।

ਮੈਯਥਲੀ-ਗਾਂਧੀ ਜੀ ਦੇ ਤਿੰਨ ਬਾਂਦਰਾਂ ਦਾ ਅਰਥ ਵਿਚਾਰਾਂ ਨੂੰ ਲੈ ਕੇ ਹੈ।ਕਿ ਬੁਰਾ ਨਾ ਬੋਲੋ,ਨਾ ਦੇਖੋ ਤੇ ਬੁਰਾ ਨਾ ਸੁਣੋ।ਜੇ ਇਨ੍ਹਾਂ ਅਰਥਾਂ ਤੋਂ ਤੁਸੀ ਪੁੱਛਦੇ ਹੋ ਕਿ ਮੈਂ ਗਾਂਧੀ ਦੀ ਕਿਹੜੀ ਬਾਂਦਰ ਹਾਂ ਤਾਂ ਮੈਨੂੰ ਖੁਸ਼ੀ ਹੈ।ਕਿ ਮੈਂ ਗਾਂਧੀ ਦੀ ਬਾਂਦਰ ਹਾਂ।


ਇਸੇ ਤਰ੍ਹਾਂ ਗਾਂਧੀ ਵਿਚਾਰਧਾਰਾ ਅਤੇ ਉਹਦੀ ਵਿਰੋਧੀ ਵਿਚਾਰਧਾਰਾ ਦਰਮਿਆਨ ਇਹ ਗੱਲ ਸਮਝ ਆਉਂਦੀ ਹੈ ਕਿ ਗਾਂਧੀ ਵਿਚਾਰਧਾਰਾ ਦੇ ਦਾਇਰੇ ਅਤੇ ਵਿਰੋਧੀ ਵਿਚਾਰਧਾਰਾ ਦੇ ਦਾਇਰੇ ਵਿੱਚ ਕਿੰਨਾ ਕੁ ਫਰਕ ਹੈ।ਫਿਲਮ ਦੀ ਕਹਾਣੀ ਸਾਕੇਤ ਰਾਮ ਦੇ ਜ਼ਰੀਏ ਅੱਗੇ ਵੱਧਦੀ ਹੋਈ ਉਸ ਮੋੜ 'ਤੇ ਪਹੁੰਚਦੀ ਹੈ ਜਿੱਥੇ ਹਿੰਦੂ ਸੰਗਠਨਾਂ ਵੱਲੋਂ ਗਾਂਧੀ ਦੇ ਕਤਲ ਦੀ ਵਿਉਂਤਬੰਧੀ ਕੀਤੀ ਜਾਂਦੀ ਹੈ ਕਿਉਂ ਕਿ ਹਿੰਦੂ ਗੁੱਟਾਂ ਲਈ ਅਹਿੰਸਾ ਦੇ ਵਿਚਾਰ ਹਿੰਦੂ ਆਤਮਾ ਦੇ ਗਰਵ ਦੀ ਸ਼ਰਮਿੰਦਗੀ ਹਨ ਅਤੇ ਉਹਨਾਂ ਦਾ ਮੁਸਲਮਾਨਾਂ ਪ੍ਰਤੀ ਵਿਰੋਧ 'ਚ ਗਾਂਧੀ ਇੱਕ ਵੱਡਾ ਖਲਨਾਇਕ ਹੈ।ਇਨ੍ਹਾਂ ਹਿੰਦੂ ਸੰਗਠਨਾਂ ਦਾ ਮੰਨਣਾ ਹੈ ਕਿ ਅਹਿੰਸਾ ਨੇ ਆਤਮ ਰੱਖਿਆ ਲਈ ਵੀ ਹਥਿਆਰ ਚੁੱਕਣ ਦੇ ਰਾਹ ਬੰਦ ਕਰ ਦਿੱਤੇ ਹਨ।ਜਿਨ੍ਹਾਂ ਸਦਕੇ ਹਿੰਦੂ ਸੂਰਬੀਰਾਂ ਦਾ ਗਰਭ ਕਾਇਰਤਾ ਵੱਲ ਜਾ ਰਿਹਾ ਹੈ।ਇੱਥੋਂ ਸਾਕੇਤ ਰਾਮ,ਮਹਾਤਮਾ ਗਾਂਧੀ ਨੂੰ ਮਾਰਨ ਲਈ ਦਿੱਲੀ ਵੱਲ ਨੂੰ ਰਵਾਨਗੀ ਪਾਉਂਦਾ ਹੈ।ਦਿੱਲੀ ਵਿੱਚ ਸਾਕੇਤ ਰਾਮ ਦਾ ਪੁਰਾਣਾ ਦੋਸਤ ਅਮਜ਼ਦ ਅਲੀ ਖ਼ਾਨ ਮਿਲਦਾ ਹੈ ਇਸ ਮੁਲਾਕਾਤ ਰਾਹੀਂ ਹਿੰਦੂ ਦਰਮਿਆਨ ਮੁਸਲਮਾਨ ਮਤਭੇਦ ਦੀ ਵਿਚਾਰ ਚਰਚਾ ਹੁੰਦੀ ਹੈ।ਜਿਸ ਵਿਚ ਬਕੋਲ ਅਮਜ਼ਦ ਅਲੀ ਖ਼ਾਨ ਹਿੰਦੂ ਮੁਸਲਮਾਨ ਦਾ ਸਾਂਝਾ ਦੇਸ਼ ਭਾਰਤ ਬਾਰੇ ਸਾਕੇਤ ਨੂੰ ਅਹਿਸਾਸ ਕਰਾਉਂਦਾ ਹੈ।ਅਮਜ਼ਦ ਦਾ ਮੰਨਣਾ ਹੈ ਕਿ ਸਾਨੂੰ ਇੰਝ ਲੜਨਾ ਨਹੀਂ ਚਾਹੀਦਾ ਪਰ ਸਾਕੇਤ ਰਾਮ ਜੋ ਪੂਰੀ ਤਰ੍ਹਾਂ ਬਰੇਨਵਾਸ਼ ਹੋ ਬਦਲ ਚੁੱਕਾ ਹੈ।ਇਸ ਦਲੀਲ ਨੂੰ ਨਹੀਂ ਮੰਨਦਾ ਤੇ ਸਾਕੇਤ ਰਾਮ ਦਾ ਕਹਿਣਾ ਹੈ ਕਿ ਤੁਸੀਂ ਪਾਕਿਸਤਾਨ ਚਲੇ ਜਾਓ ਪਿਛਲੇ 700 ਸਾਲਾਂ ਤੋਂ ਮੁਸਲਮਾਨ ਰਾਜ ਕਰ ਰਹੇ ਹਨ। ਅਮਜ਼ਦ ਦਾ ਕਹਿਣਾ ਹੈ ਕਿ ਜੇ ਇੰਝ ਹੈ ਤਾਂ ਮੰਨਣਾ ਇਹ ਵੀ ਹੈ ਕਿ 'ਰਾਮ' ਵੀ ਖ਼ੈਬਰ ਪਾਰ ਕਰਕੇ ਭਾਰਤ ਆਇਆ ਸੀ।ਅਮਜ਼ਦ ਕਹਿੰਦਾ ਹੈ,"ਇਹ ਹਵਾ ਹੈ ਇਸ 'ਤੇ ਦੋਸ਼ ਕਿਹੜੀ ਕੌਮ ਨੂੰ ਦਈਏ,ਦੰਗਿਆਂ ਵਿੱਚ ਮੇਰਾ ਅੱਬਾ ਮਰ ਗਿਆ,ਤੇਰੀ ਘਰਵਾਲੀ ਮਰ ਗਈ,ਮੈਂ ਪੂਰੇ ਮੁਸਲਮਾਨ ਭਰਾਵਾਂ ਵੱਲੋਂ ਤੇਰੀ ਪਤਨੀ ਲਈ ਮਾਫੀ ਮੰਗਦਾ ਹਾਂ ਅਤੇ ਆਪਣੇ ਅੱਬਾ ਲਈ ਤੈਨੂੰ ਮਾਫ ਕਰਦਾ ਹਾਂ।"ਇੱਥੋਂ ਹੀ ਸਾਕੇਤ ਰਾਮ ਦੀ ਸੋਚ ਵਿਚ ਮੋੜ ਆਉਂਦਾ ਹੈ ਜਦੋਂ ਅਮਜ਼ਦ ਅਹਿੰਸਾ ਦਾ ਸੰਦੇਸ਼ ਦਿੰਦੇ ਕੁਰਬਾਨ ਹੋ ਜਾਂਦਾ ਹੈ।ਇੱਥੋਂ ਸਾਕੇਤ ਰਾਮ ਦੀ ਅੰਨੀ ਸੋਚ ਤਰਕ ਦਾ ਰੂਪ ਅਖ਼ਤਿਆਰ ਕਰ ਸਹੀ ਦਿਸ਼ਾ ਵੱਲ ਵੱਧਣ ਲੱਗ ਜਾਂਦੀ ਹੈ।

ਸਾਕੇਤ ਰਾਮ ਅਮਜ਼ਦ ਦੀ ਗੱਲ ਯਾਦ ਕਰਦਾ ਹੈ ਕਿ ਜੇ ਮੈਨੂੰ ਮਾਰਨ ਤੇ ਇਹ ਖ਼ੂਨੀ ਹਵਾ ਨੂੰ ਠੱਲ੍ਹ ਪੈ ਜਾਂਦੀ ਹੈ ਤਾਂ ਮੈਂ ਗੋਲੀ ਛਾਤੀ 'ਤੇ ਸਹਿਣ ਨੂੰ ਤਿਆਰ ਹਾਂ।ਸਾਕੇਤ ਰਾਮ ਨੂੰ ਹੈਵਾਨੀਅਤ ਦੇ ਅਸਲ ਦਸਤੂਰ ਦੀ ਸਮਝ ਆ ਜਾਂਦੀ ਹੈ।ਇਸ ਹਵਾ ਦਾ ਕਸੂਰਵਾਰ ਨਾ ਗਾਂਧੀ ਹੈ ਅਤੇ ਨਾ ਉਹ ਲੋਕ ਜੋ ਇਸ ਹਵਾ ਵਿਚ ਇੱਕ ਦੂਜੇ ਨੂੰ ਬਰਦਾਸ਼ਤ ਨਾ ਸਕੇ,ਬੱਸ ਹਾਲਾਤ ਹੀ ਕਸੂਰਵਾਰ ਸਨ।(ਪਰ ਇਹ ਜ਼ਰੂਰ ਸੋਚਣ ਦਾ ਵਿਸ਼ਾ ਹੈ ਕਿ ਹਲਾਤ ਪੈਦਾ ਕਿੰਝ ਹੋਵੇ।ਆਖਰ ਸਿਆਸੀ ਜਵਾਬਦਾਰੀਆਂ ਅਜਿਹੇ ਮਸਲੇ ਨੂੰ ਹਲਾਤਾਂ ਦੀ ਚਾਸ਼ਨੀ 'ਚ ਭਿਉਂ ਕੇ ਸੁਰਖ਼ਰੂ ਨਹੀਂ ਹੋ ਸਕਦੀਆਂ।ਭਾਰਤ ਲੋਕਤੰਤਰੀ ਦੇਸ਼ ਹੈ ਅਤੇ ਲੋਕਤੰਤਰ ਦੀ ਪਹਿਲੀ ਬੁਨਿਆਦ ਹੁੰਦੀ ਹੈ ਕਿ ਲੋਕ ਦੀ ਅਵਾਜ਼ ਨੂੰ ਸੁਨਣਾ,ਗਲਤੀ ਨੂੰ ਮੰਨਣਾ ਅਤੇ ਸੋਧਣਾ।ਪਰ ਹੁਣ ਤੱਕ ਜਿੰਨੀ ਵੀ ਪੰਜਾਬ,ਕਸ਼ਮੀਰ,ਛਤੀਸਗੜ੍ਹ,ਬਿਹਾਰ 'ਚ ਘੱਟ ਗਿਣਤੀ ਲੋਕਾਂ ਨਾਲ ਧੱਕਾ ਹੋਇਆ ਹੈ ਉਸ ਦਾ ਇਨਸਾਫ ਤਾਂ ਦੂਰ ਇਸ ਨੂੰ ਕਦੀ ਮਹਿਸੂਸ ਵੀ ਨਹੀਂ ਕੀਤਾ ਗਿਆ ਕਿ ਹਾਂ ਉਹ ਗਲਤੀ ਸੀ ਅਤੇ ਅਸੀ ਇਸ ਦਾ ਅਫਸੋਸ ਜ਼ਾਹਰ ਕਰਦੇ ਹੋਏ ਇਨਸਾਫ ਲਈ ਦ੍ਰਿੜ ਹੁੰਦੇ ਹਾਂ)


ਫਿਲਮ ਆਪਣੇ ਅੰਜਾਮ ਤੱਕ ਪਹੁੰਚਦੀ ਹੈ ਜਿੱਥੇ ਨਾਥੂ ਰਾਮ ਗੋਡਸੇ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਦਿੰਦਾ ਹੈ।ਸਾਕੇਤ ਰਾਮ ਨੂੰ ਅਮਜ਼ਦ ਦੀ ਗੱਲ ਯਾਦ ਆਉਂਦੀ ਹੈ ਅਤੇ ਫਿਰ ਮਹਾਤਮਾ ਗਾਂਧੀ ਦੀ ਗੱਲ ਯਾਦ ਆਉਂਦੀ ਹੈ ਕਿ ਜੇ ਮੈਨੂੰ ਗੋਲੀ ਮਾਰ ਕੇ ਇਹ ਖ਼ੂਨ ਖਰਾਬਾ ਰੁਕਦਾ ਹੈ ਤਾਂ ਮੈਂ ਗੋਲੀ ਖਾਣ ਨੂੰ ਤਿਆਰ ਹਾਂ।ਅਮਜ਼ਦ ਨੇ ਇਹ ਕਿਹਾ ਪਰ ਖੂਨ ਖਰਾਬਾ ਫਿਰ ਵੀ ਹੋਇਆ।

ਗਾਂਧੀ ਨੇ ਕਿਹਾ-ਤਾਂ ਬਾਅਦ ਵਿੱਚ ਵੀ ਖੂਨ ਖਰਾਬਾ ਹੁੰਦਾ ਰਿਹਾ।ਕਦੇ 6 ਦਿਸੰਬਰ 1992 ਦੀ ਬਾਬਰੀ ਮਸੀਤ,1993 ਦਾ ਮੁੰਬਈ ਧਮਾਕਾ,2009 ਦੇ ਤਾਜ਼ ਹੋਟਲ 'ਤੇ ਹਮਲੇ ਦੇ ਰੂਪ ਵਿਚ ਅਨੇਕਾਂ ਖੂਨ ਖਰਾਬਾ ਅਸੀ ਬਤੌਰ ਗਵਾਹ ਵੇਖਦੇ ਆ ਰਹੇ ਹਾਂ।ਜਿੰਨ੍ਹਾਂ ਹਿੰਦੂ ਸੰਗਠਨਾਂ ਦਾ ਮੰਨਣਾ ਸੀ ਕਿ ਗਾਂਧੀ ਹੀ ਇਸ ਦੀ ਜੜ੍ਹ ਹਨ ਅਤੇ ਉਨ੍ਹਾਂ ਨੂੰ ਮਾਰਨਾ ਹੀ ਹੱਲ ਹੈ ਤਾਂ ਇਹ ਹਵਾ ਅਜੇ ਵੀ ਕਿਉਂ ਜਾਰੀ ਹੈ?ਫਿਲਮ ਦੇ ਅਖੀਰ ਵਿਚ 1999 ਦੇ ਦਹਿਸ਼ਤਗਰਤੀ ਮਾਹੌਲ 'ਚ ਸਾਕੇਤ ਰਾਮ ਦਾ ਆਖ਼ਰੀ ਸਾਹ ਇਸ ਕਹਾਣੀ ਰਾਹੀਂ ਮੌਜੂਦ ਅਤੇ ਆਉਣ ਵਾਲੇ ਕੱਲ੍ਹ ਦਾ ਕੌੜਾ ਸੱਚ ਸਾਹਮਣੇ ਲਿਆ ਰਿਹਾ ਹੈ।ਜੇ ਇੰਝ ਹੀ ਖੂਨੀ ਹਵਾ ਦਾ ਹੱਲ ਲੱਭਦੇ ਰਹੇ ਤਾ ਸੰਸਾਰ ਇੱਕ ਦਿਨ ਅੰਨਾ ਹੀ ਹੋ ਜਾਵੇਗਾ।ਕੀ ਇਸ ਖੂਨ ਖਰਾਬੇ ਨੂੰ ਠੱਲ੍ਹ ਪਾਉਣ ਲਈ ਗੋਲੀ ਹੁਣ ਕੋਈ ਹੋਰ ਛਾਤੀ ਲੱਭ ਰਹੀ ਹੈ?

ਹਰਪ੍ਰੀਤ ਸਿੰਘ ਕਾਹਲੋਂ 
ਲੇਖਕ ਨੌਜਵਾਨ ਫਿਲਮ ਅਲੋਚਕ ਹੈ ਤੇ ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।
ਮੌਬ-94641-41678

No comments:

Post a Comment