ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, August 16, 2012

ਤਲਾਕ ਅਗਾਂਹਵਧੂ ਵਰਤਾਰਾ ਹੈ..?

ਫਰਾਂਸੀਸੀ ਨਾਵਲਕਾਰ ਫਲਾਬੇਅਰ ਦਾ ਕਹਿਣਾ ਹੈ ਕਿ ਆਮ ਤੌਰ ‘ਤੇ 95 ਫੀਸਦੀ ਵਿਆਹੇ ਜੋੜੇ ਬੇਵਫਾ ਹੁੰਦੇ ਹਨ। ਜਿੱਥੇ ਵਿਆਹੇ ਜੋੜੇ ਬੇਵਫਾਈ ਨਹੀਂ ਵੀ ਕਰਦੇ ਉੱਥੇ ਵੀ ਜ਼ਿਆਦਾਤਰ ਮਾਮਲਿਆਂ ਵਿੱਚ ਇਸ ਦੀ ਵਜ੍ਹਾ ਇੱਕ ਦੂਸਰੇ ਪ੍ਰਤੀ ਪਿਆਰ ਦੀਆਂ ਭਾਵਨਾਵਾਂ ਨਹੀਂ ਸਗੋਂ ਹੋਰ ਕਾਰਨ ਹੁੰਦੇ ਹਨ, ਜਿਵੇਂ ਕਿ ਸਮਾਜਿਕ ਨਮੋਸ਼ੀ ਦਾ ਡਰ, ਆਰਥਿਕ ਅਸੁਰੱਖਿਆ, ਧਰਮ ਗ੍ਰੰਥਾਂ ਵੱਲੋਂ ਸਿਰਜਿਆ ਕਲਪਿਤ ਭੈਅ ਆਦਿ। ਰੂਸੀ ਲੇਖਕ ਤਾਲਸਤਾਏ ਨੇ ਆਪਣੇ ਨਾਵਲੈੱਟ ‘ਕਰੂਜ਼ਰ ਸੋਨਾਟਾ’ ਵਿੱਚ ਇਸ ਤਰ੍ਹਾਂ ਦੇ ਵਿਆਹਾਂ ਦੀ ਗੰਦਗੀ ਦਾ ਬਾਖੂਬੀ ਪਰਦਾਚਾਕ ਕੀਤਾ ਹੈ। ਉਸਨੇ ਸੰਪੱਤੀ ਅਤੇ ‘ਯੌਨ ਪ੍ਰੇਮ’ ਅਧਾਰਤ ਇਹਨਾਂ ਵਿਆਹ ਤੋਂ ਪਵਿੱਤਰਤਾ, ਨੈਤਿਕਤਾ, ਪਿਆਰ ਦੇ ਪਾਖੰਡ ਤੋਂ ਪਰਦਾ ਲਾਹ ਕੇ, ਇਹਨਾਂ ਵਿਆਹ ਸਬੰਧਾਂ ਦੀ ਸੜਾਂਦ ਨੂੰ ਇਸ ਤਰਾਂ ਸਾਹਮਣੇ ਲੈ ਆਂਦਾ ਹੈ,ਕਿ ਪਾਠਕ ਨੂੰ ਅਜੇਹੇ ਸਬੰਧਾਂ ਤੋਂ ਘਿਣ ਆਉਣ ਲਗਦੀ ਹੈ।

ਨੈਸ਼ਨਲ ਕਰਾਈਮ ਬਿਉਰੋ ਅਤੇ ਭਾਰਤੀ ਅਦਾਲਤਾਂ ਦੇ ਅੰਕੜਿਆਂ ਅਨੁਸਾਰ ਪਿਛਲੇ ਲਗਭਗ ਡੇਢ ਦਹਾਕੇ ਦੌਰਾਨ ਭਾਰਤ ਦੇ ਮਹਾਂਨਗਰਾਂ ਅਤੇ ਵੱਖ ਵੱਖ ਰਾਜਾਂ ਵਿੱਚ ਵਿਆਹੇ ਜੋੜਿਆਂ ਵਿੱਚ ਤਲਾਕ ਦੇ ਰੁਝਾਨ ਵਿੱਚ ਤਿੱਖਾ ਵਾਧਾ ਹੋਇਆ ਹੈ। ਇਹਨਾਂ ਅੰਕੜਿਆਂ ਅਨੁਸਾਰ ਰਾਜਧਾਨੀ ਦਿੱਲੀ ਦੀਆਂ ਅਦਾਲਤਾਂ ਵਿੱਚ ਹਰ ਸਾਲ ਤਲਾਕ ਦੇ 9000 ਕੇਸ ਦਾਖਲ ਹੁੰਦੇ ਹੁਨ, ਜੋ ਕਿ 1990ਵਿਆਂ ਵਿੱਚ 1000 ਸਨ ਅਤੇ 1960ਵਿਆਂ ‘ਚ ਮਹਿਜ਼ ਇੱਕ ਜਾਂ ਦੋ ਕੇਸ ਹੀ ਦਾਖਲ ਹੁੰਦੇ ਸਨ। ਇਸ ਤਰਾਂ ਰਾਜਧਾਨੀ ਵਿੱਚ ਹੀ 1990 ਤੋਂ ਬਾਅਦ ਤਲਾਕ ਦੇ ਮਾਮਲਿਆਂ ਵਿੱਚ ਲਗਭਗ 10 ਗੁਣਾ ਵਾਧਾ ਹੋਇਆ ਹੈ। ਚੇਨਈ ਅਤੇ ਕੋਲਕਾਤਾ ਵਿੱਚ ਤਲਾਕ ਦੇ ਮਾਮਲਿਆਂ ਵਿੱਚ ਸਲਾਨਾ 200% ਵਾਧਾ ਹੋ ਰਿਹਾ ਹੈ। ਕੇਰਲਾ ਵਿੱਚ 300% ਜਦ ਕਿ ਪੰਜਾਬ ਅਤੇ ਹਰਿਆਣਾ ਵਿੱਚ 150% ਦੀ ਸਲਾਨਾ ਦਰ ਨਾਲ਼ ਤਲਾਕਾਂ ਵਿੱਚ ਵਾਧਾ ਹੋ ਰਿਹਾ ਹੈ। ਇਹ ਰੁਝਾਨ ਸਿਰਫ਼ ਮਹਾਂਨਗਰਾਂ ਤੱਕ ਹੀ ਸੀਮਤ ਨਹੀਂ ਸਗੋਂ ਛੋਟੇ ਸ਼ਹਿਰਾਂ ਅਤੇ ਕਸਬਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਵਧ ਰਹੇ ਤਲਾਕਾਂ ਦੇ ਕੇਸਾਂ ਨਾਲ਼ ਨਿਪਟਣ ਲਈ ਸਿਰਫ਼ ਦਿੱਲੀ ਵਿੱਚ ਹੀ ਪੰਜ ਵਿਸ਼ੇਸ਼ ਅਦਾਲਤਾਂ, ਜਿਹਨਾਂ ਵਿੱਚੋਂ ਹਰ ਇੱਕ ਵਿੱਚ ਇੱਕ ਵਧੀਕ ਸੈਸ਼ਨ ਜੱਜ ਹੋਵੇਗਾ, ਸਥਾਪਿਤ ਕੀਤੀਆਂ ਗਈਆਂ ਹਨ।

ਭਾਰਤ ਵਿੱਚ ਤਲਾਕਾਂ ਦੇ ਜਿਸ ਵਰਤਾਰੇ ਨੇ 1990ਵਿਆਂ ਤੋਂ ਜ਼ੋਰ ਫੜਿਆ ਹੈ ਇਹ ਅੱਜ ਕਿਧਰੇ ਘੱਟ ਕਿਧਰੇ ਵੱਧ ਸੰਸਾਰ ਵਿਆਪੀ ਵਰਤਾਰਾ ਹੈ। ਵਿਕਸਿਤ ਪੂੰਜੀਵਾਦੀ ਦੇਸ਼ਾਂ ਵਿਚ ਤਾਂ ਹਾਲਤ ਇਹ ਬਣ ਚੁੱਕੀ ਹੈ ਕਿ ਇੱਥੇ ਲੋਕ ਵਿਆਹ ਤੋਂ ਹੀ ਤੌਬਾ ਕਰ ਰਹੇ ਹਨ। ਇਹਨਾਂ ਲਗਭਗ ਸਾਰੇ ਹੀ ਦੇਸ਼ਾਂ ਵਿੱਚ ਬੱਚਿਆਂ ਦੀ ਜਨਮ ਦਰ ਨੈਗੇਟਿਵ ਹੈ। ਵਿਕਸਿਤ ਪੂੰਜੀਵਾਦੀ ਦੇਸ਼ਾਂ ਦੀ ਤਰਜ਼ ‘ਤੇ ਹੀ ਤੀਸਰੀ ਦੁਨੀਆਂ ਦੇ ਪੱਛੜੇ ਪੂੰਜੀਵਾਦੀ ਦੇਸ਼ਾਂ ਦੇ ਮਹਾਂਨਗਰਾਂ ‘ਚ ਵੀ ਨੌਜਵਾਨ ਜੋੜੇ ਬਿਨ੍ਹਾਂ ਵਿਆਹ ਤੋਂ ਹੀ ਇਕੱਠੇ ਰਹਿਣ ਨੂੰ ਤਰਜੀਹ ਦੇਣ ਲੱਗੇ ਹਨ। ਇਹਨਾਂ ਮਹਾਂਨਗਰਾਂ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਬੱਚੇ ਪੈਦਾ ਕਰਨ ਅਤੇ ਉਹਨਾਂ ਦੀ ਪਰਵਰਿਸ਼ ਨੂੰ ਫਾਲਤੂ ਦਾ ਝੰਜਟ ਸਮਝਦੇ ਹਨ। ਇਹਨਾਂ ਦੇ ਵਿਆਹ ਤੋਂ ਬੇਮੁੱਖ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਜੇਕਰ ਵਿਆਹ ਤੋਂ ਬਾਅਦ ਨਾ ਨਿਭੀ ਤਾਂ ਤਲਾਕ ਲੈਣ ਲਈ ਕੋਰਟਾਂ ‘ਚ ਧੱਕੇ ਖਾਣੇ ਪੈਂਦੇ ਹਨ। ਇਸ ਸਾਰੇ ਖਲਜਗਣ ਤੋਂ ਬਚਣ ਦਾ ਇਹਨਾਂ ਨੇ ਇੱਕ ਤਰੀਕਾ ਕੱਢਿਆ ਹੈ ਕਿ ਬਿਨਾਂ ਵਿਆਹ ਦੇ ਹੀ ਇਕੱਠੇ ਰਿਹਾ ਜਾਵੇ। ਵਿਆਹ ਦੀ ਸੰਸਥਾ ਦੀ ਪਵਿੱਤਰਤਾ ਅਤੇ ਜ਼ਰੂਰਤ ਉੱਪਰ ਹੀ ਸਵਾਲ ਉਠਾਉਣ ਵਾਲਿਆਂ ਦੀ ਸੰਖਿਆ ਵੀ ਵਧ ਰਹੀ ਹੈ। ਅੰਗਰੇਜ਼ੀ ਅਖਬਾਰ ‘ਦੀ ਟ੍ਰਿਬਿਊਨ’ ਵਿੱਚ ਛਪੇ ਇੱਕ ਲੇਖ ਵਿੱਚ ਭਾਰਤ ਵਿੱਚ ਤਲਾਕਾਂ ਦੀ ਸੰਖਿਆ ਵਿੱਚ ਤਿੱਖੇ ਵਾਧੇ ਦੇ ਕਾਰਣਾਂ ਬਾਰੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਮਾਜ ਵਿਗਿਆਨੀ ਸਤੁਤੀ ਦਾਸ ਦੱਸਦੇ ਹਨ, ”ਅੱਜ ਕੱਲ੍ਹ ਇਸਤਰੀਆਂ ਵੀ ਬਰਾਬਰ ਕਮਾਈ ਕਰ ਰਹੀਆਂ ਹਨ। ਇਸ ਲਈ ਉਹ ਵਿਆਹ ‘ਚ ਬਰਾਬਰੀ ਦੀ ਮੰਗ ਕਰਦੀਆਂ ਹਨ। ਜੇਕਰ ਇਸ ਤਰਾਂ ਨਹੀਂ ਹੁੰਦਾ ਤਾਂ ਉਹ ਸਬੰਧ ਤੋੜ ਦਿੰਦੀਆਂ ਹਨ….। ਆਰਥਿਕ ਸਸ਼ਕਤੀਕਰਨ (empowerment) ਦੀ ਬਦੌਲਤ ਇਸਤਰੀਆਂ ਪਹਿਲਾਂ ਵਾਂਗ ਅਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ, ਜਦੋਂ ਉਹ ਪੂਰੀ ਤਰਾਂ ਪਿਤਾ-ਪਤੀ-ਪੁੱਤਰ ਦੀ ਤਿੱਕੜੀ ‘ਤੇ ਨਿਰਭਰ ਸਨ”। ਇਸੇ ਲੇਖ ਦੀ ਲੇਖਿਕਾ ਨੀਤਾ ਲਾਲ ਦਾ ਕਹਿਣਾ ਹੈ ਕਿ ”ਵਿਆਹ ਸਲਾਹਕਾਰ ਕਹਿੰਦੇ ਹਨ ਕਿ ਅੱਜ ਕੱਲ੍ਹ ਜ਼ਿਆਦਾਤਰ ਤਲਾਕ ਮੁੱਖ ਤੌਰ ‘ਤੇ ਦੋ ਕਾਰਨਾਂ ਕਰਕੇ ਹੋ ਰਹੇ ਹਨ—ਕੁਜੋੜ ਅਤੇ ਵਿਭਚਾਰ”।

ਭਾਰਤ ਵਿੱਚ ਵਧ ਰਹੇ ਤਲਾਕਾਂ ਦੇ ਉੱਪਰ ਦੱਸੇ ਗਏ ਕਾਰਨਾਂ ਵਿੱਚ ਸੱਚਾਈ ਤਾਂ ਹੈ ਪਰ ਅੰਸ਼ਕ। ਇਸ ਲਈ ਜ਼ਰੂਰੀ ਹੈ ਕਿ ਇਹਨਾਂ ਕਾਰਨਾਂ ਦੇ ਵੀ ਕਾਰਨਾਂ ਨੂੰ ਸਮਝਿਆ ਜਾਵੇ ਮਸਲੇ ਦੀ ਜੜ੍ਹ ਤੱਕ ਜਾਇਆ ਜਾਵੇ। ਭਾਰਤ ਜਿਹੇ ਪੱਛੜੇ ਪੂੰਜੀਵਾਦੀ ਦੇਸ਼ਾਂ ਵਿੱਚ ਜਿੱਥੇ ਅਜੇ ਵੀ ਜਗੀਰੂ ਸੱਭਿਆਚਾਰ ਦਾ ਬੋਲਬਾਲਾ ਹੈ, ਨੌਜਵਾਨ ਲੜਕੇ-ਲੜਕੀਆਂ ਆਪਣਾ ਮਨਪਸੰਦ ਜੀਵਨ ਸਾਥੀ ਚੁਣਨ ਦੇ ਹੱਕ ਤੋਂ ਵੀ ਵਾਂਝੇ ਹਨ। ਭਾਵੇਂ ਪਿਛਲੇ ਕੁੱਝ ਸਮੇਂ ਤੋਂ ਪਿਆਰ ਵਿਆਹਾਂ ਦਾ ਰੁਝਾਨ ਵਧਿਆ ਹੈ, ਖਾਸ ਕਰਕੇ ਸ਼ਹਿਰਾਂ ਵਿੱਚ ਪਰ ਅਜੇ ਵੀ ਅਜੇਹੇ ਵਿਆਹਾਂ ਦੀ ਸੰਖਿਆ ਆਟੇ ‘ਚ ਲੂਣ ਬਰਾਬਰ ਹੀ ਹੈ। ਵਿਆਹ ਇੱਥੇ ਜ਼ਿਆਦਾਤਰ ਵਡੇਰਿਆਂ ਦੁਆਰਾ ਤੈਅ ਕੀਤੇ ਜਾਂਦੇ ਹਨ, ਇੱਕ ਦੂਸਰੇ ਤੋਂ ਪੂਰੀ ਤਰ੍ਹਾਂ ਅਣਜਾਣ ਦੋ ਵਿਅਕਤੀਆਂ ਨੂੰ ਜ਼ਿੰਦਗੀ ਭਰ ਲਈ ਆਪਸ ਵਿੱਚ ਨਰੜ ਦਿੱਤਾ ਜਾਂਦਾ ਹੈ। ਪਿਛਲੇ ਕੁੱਝ ਸਮੇਂ ਵਿੱਚ ਇਸ ਰੀਤ ਵਿੱਚ ਇੰਨਾ ਕੁ ਫਰਕ ਪਿਆ ਹੈ ਕਿ ਵਿਆਹ ਤੋਂ ਪਹਿਲਾਂ ਲੜਕਾ ਲੜਕੀ ਇੱਕ ਦੂਸਰੇ ਨੂੰ ਦੇਖ ਲੈਂਦੇ ਹਨ ਤੇ ਕੁਝ ਗੱਲਬਾਤ ਕਰ ਲੈਂਦੇ ਹਨ। ਇਹ ਦੇਖਣਾ-ਦਿਖਾਉਣਾ ਵੀ ਬੇਹੱਦ ਘਟੀਆ ਅਤੇ ਮਨੁੱਖੀ ਗੌਰਵ ਦਾ ਅਪਮਾਨ ਹੈ। ਲੜਕੇ ਵਾਲ਼ੇ ਲੜਕੀ ਨੂੰ ਦੇਖਣ ਜਾਂਦੇ ਹਨ। ਲੜਕੀ ਨੂੰ ਸਜਾ ਧਜਾ ਕੇ ਲੜਕੇ ਅੱਗੇ ਪੇਸ਼ ਕੀਤਾ ਜਾਂਦਾ ਹੈ। ਲੜਕੇ ਦੁਆਰਾ ਵਾਸਨਾ ਭਰਭੂਰ ਨਜ਼ਰਾਂ ਨਾਲ਼ ਲੜਕੀ ਦੇ ਜਿਸਮ ਦੀ ਤਲਾਸ਼ੀ ਲਈ ਜਾਂਦੀ ਹੈ। ਜੇ ਲੜਕੀ ਦਾ ‘ਸੁਹੱਪਣ’ ਲੜਕੇ ਅਤੇ ਉਸ ਦੇ ਸਕੇ ਸਬੰਧੀਆਂ ਨੂੰ ਪਸੰਦ ਆ ਜਾਵੇ, ਦਹੇਜ ਵੀ ਤੈਅ ਹੋ ਜਾਵੇ ਤਾਂ ਵਿਆਹ ਰੂਪੀ ਸੌਦਾ ਸਿਰੇ ਚੜ੍ਹ ਜਾਂਦਾ ਹੈ। ਇਸ ਤਰ੍ਹਾਂ ਕੁਜੋੜ ਬਣਦੇ ਹਨ। ਜੇ ਕਰ ਤਲਾਕ ਕਨੂੰਨਾਂ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਲੜਕੀਆਂ ਦੇ ਪੜ੍ਹ ਲਿਖ ਜਾਣ ਅਤੇ ਆਰਥਿਕ ਤੌਰ ‘ਤੇ ਆਤਮ ਨਿਰਭਰ ਹੋ ਜਾਣ ਦੇ ਸਿੱਟੇ ਵਜੋਂ ਇਹ ਕੁਜੋੜ ਟੁੱਟ ਰਹੇ ਹਨ ਤਾਂ ਇਹ ਇੱਕ ਸਾਰਥਕ ਗੱਲ ਹੈ। ਇਸ ਦਾ ਸਵਾਗਤ ਹੀ ਕੀਤਾ ਜਾਣਾ ਚਾਹੀਦਾ ਹੈ।

ਜਗੀਰੂ ਯੁੱਗ ਧਰਮ ਕੇਂਦਰਤ ਯੁੱਗ ਸੀ। ਇੱਥੇ ਮਨੁੱਖ ਦੀਆਂ ਸਭ ਗਤੀਵਿਧੀਆਂ ‘ਤੇ ਰਾਜੇ ਰਜਵਾੜਿਆਂ, ਧਰਮ, ਧਰਮ ਗੁਰੂਆਂ (ਜੋ ਕਈ ਮਾਮਲਿਆਂ ਵਿੱਚ ਜਗੀਰਦਾਰ ਵੀ ਹੁੰਦੇ ਸਨ) ਦਾ ਮੁਕੰਮਲ ਗਲਬਾ ਸੀ। ਇਸਤਰੀ ਨੂੰ ਤਲਵਾਰ ਦੇ ਜ਼ੋਰ ਹਾਸਲ ਕੀਤਾ ਜਾਂਦਾ ਸੀ। ਸੰਪੱਤੀਵਾਨ ਲਈ ਵਿਆਹ ਕਰਾਉਣਾ ਸਿਰਫ ਇਸ ਲਈ ਜ਼ਰੂਰੀ ਸੀ ਤਾਂ ਕਿ ਉਹਨਾਂ ਦੀ ਜਾਇਦਾਦ ਉਹਨਾਂ ਦੀ ਆਪਣੀ ਸੰਤਾਨ ਨੂੰ ਮਿਲ਼ੇ। ਇਹਨਾਂ ਘਰਾਂ ‘ਚ ਜਾਇਦਾਦ ਦੇ ਜਾਇਜ਼ ਵਾਰਿਸ ਪੈਦਾ ਕਰਨ ਤੋਂ ਵੱਧ ਇਸਤਰੀ ਦੀ ਕੋਈ ਹੈਸੀਅਤ ਨਹੀਂ ਸੀ। ਜਗੀਰਦਾਰ ਤਾਕਤ ਦੇ ਦਮ ‘ਤੇ ਕਿਸੇ ਵੀ ਇਸਤਰੀ ਨੂੰ ਹਾਸਲ ਕਰ ਸਕਦੇ ਸਨ। ਪੂੰਜੀਵਾਦ ਅਤੇ ਪੂੰਜੀਵਾਦੀ ਜਮਹੂਰੀਅਤ ਦੇ ਉਦੇ ਨਾਲ਼ ਪ੍ਰੇਮ ਦਾ ਉਦੇ ਹੋਇਆ, ਇਸਤਰੀਆਂ ਆਪਣੇ ਮਨ-ਪਸੰਦ ਜੀਵਨ ਸਾਥੀ ਦੀ ਚੋਣ ਲਈ ਅਜ਼ਾਦ ਹੋਈਆਂ। ਸਮÎਾਂ ਪਾਕੇ ਪੂੰਜੀਵਾਦੀ ਸਮਾਜਾਂ ਵਿੱਚ ਇਸਤਰੀ-ਪੁਰਸ਼ ਸਬੰਧਾਂ ਵਿੱਚ ਕਿਸੇ ਤੀਸਰੇ ਵਿਅਕਤੀ ਦਾ ਦਖਲ ਘੱਟ ਤੋਂ ਘੱਟ ਹੁੰਦਾ ਗਿਆ। ਵਿਆਹ ਸਬੰਧ ਹੁਣ ਸਿਰਫ ਇਸਤਰੀ ਪੁਰਸ਼ ਦੇ ਆਪਸੀ ਪ੍ਰੇਮ ਅਤੇ ਪਸੰਦ-ਨਾਪਸੰਦ ‘ਤੇ ਅਧਾਰਿਤ ਹੋ ਗਏ। ਵਿਕਸਿਤ ਪੂੰਜੀਵਾਦੀ ਦੇਸ਼ਾਂ ਵਿੱਚ ਜ਼ੋਰ ਜ਼ਬਰਦਸਤੀ ਜਾਂ ਵਡੇਰਿਆਂ ਦੁਆਰਾ ਤੈਅਸ਼ੁਦਾ (Aranged) ਵਿਆਹ ਦੀ ਕਲਪਣਾ ਤੱਕ ਕਰ ਸਕਣਾ ਮੁਸ਼ਕਿਲ ਹੈ। ਪਰ ਭਾਰਤ ਜੇਹੇ ਪਿਛੜੇ ਪੂੰਜੀਵਾਦੀ ਦੇਸ਼ਾਂ ਵਿੱਚ ਅਜੇ ਵੀ ਜਗੀਰੂ ਕਦਰਾਂ ਕੀਮਤਾਂ ਦਾ ਬੋਲਬਾਲਾ ਹੈ। ਪਰ ਜਿੱਥੇ ਵਿਆਹਾਂ ਵਿੱਚ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਂਦੀ, ਭਾਵ ਅਖੌਤੀ ਪਿਆਰ ਵਿਆਹ ਵੀ ਤਾਂ ਨਹੀਂ ਟਿਕ ਰਹੇ। ਅਜੇਹੇ ਵਿਆਹਾਂ ਦੇ ਮਾਮਲਿਆਂ ਵਿੱਚ ਵੀ ਤਲਾਕ ਘੱਟ ਨਹੀਂ ਹੋ ਰਹੇ। ਕਾਰਣ ਇਹ ਹੈ ਕਿ ਅੱਜ ਦੇ ਪੂੰਜੀਵਾਦੀ ਸਮਾਜਾਂ ਵਿੱਚ ਪੂੰਜੀ ਨੇ ਸਮੁੱਚੇ ਮਨੁੱਖੀ ਸਬੰਧਾਂ ਉੱਪਰ ਆਪਣਾ ਗਲਬਾ ਕਾਇਮ ਕਰ ਲਿਆ ਹੈ। ਕਿਉਂਕਿ ਵਿਆਹ ਸਬੰਧ ਉਤਪਾਦਨ ਸਬੰਧਾਂ ਦੇ ਅਨੁਸਾਰੀ ਹੁੰਦੇ ਹਨ, ਇਸ ਲਈ ਅੱਜ ਦੇ ਪੂੰਜੀਵਾਦੀ ਸਮਾਜਾਂ ਵਿੱਚ ਵਿਆਹ ਪੂੰਜੀ ਵਧਾਉਣ ਦਾ ਜ਼ਰੀਆ ਹਨ। ਇਹ ਸ਼ੁੱਧ ਰੂਪ ਵਿੱਚ ਇੱਕ ਸੌਦੇਬਾਜ਼ੀ, ਇੱਕ ਵਣਜ ਹੈ। ਇਹ ਅਸਲ ਵਿੱਚ ਦੋ ਪੂੰਜੀਆਂ ਦਰਮਿਆਨ ‘ਜੁਆਇੰਟ ਵੈਂਚਰ’ ਹੈ। ਮਹਾਨ ਜਰਮਨ ਫਿਲਾਸਫਰ ਫਰੈਡਰਿਕ ਏਂਗਲਜ਼ ਜਗੀਰੂ ਸਮਾਜਾਂ ਦੇ ਪੂੰਜੀਵਾਦੀ ਸਮਾਜਾਂ ਵਿੱਚ ਰੁਪਾਂਤਰਣ ਵਜੋਂ ਮਨੁੱਖੀ ਸਬੰਧਾਂ ਵਿੱਚ ਆਏ ਬਦਲਾਵਾਂ ਬਾਰੇ ਲਿਖਦੇ ਹਨ ”ਸਰਮਾਏਦਾਰ ਅਧਾਰ ਉੱਤੇ ਸਨਅਤ ਦੇ ਵਿਕਾਸ ਨੇ ਕਿਰਤੀ ਜਨਤਾ ਦੀ ਗਰੀਬੀ ਅਤੇ ਦੁਰਦਸ਼ਾ ਨੂੰ ਸਮਾਜ ਦੀ ਹੋਂਦ ਦੀ ਅਵਸਥਾ ਬਣਾ ਦਿੱਤਾ। ਕਾਰਲਾਇਲ ਦੇ ਵਾਕੰਸ਼ ਅਨੁਸਾਰ ਨਕਦ ਅਦਾਇਗੀ ਸਦਾ ਵਧੇਰੇ ਮਨੁੱਖ ਅਤੇ ਮਨੁੱਖ ਵਿਚਕਾਰ ਇੱਕੋ ਇੱਕ ਸੰਬੰਧ ਬਣਦੀ ਗਈ। ਵਰ੍ਹੇ ਦੇ ਵਰ੍ਹੇ ਜੁਰਮਾਂ ਦੀ ਗਿਣਤੀ ਵਧਦੀ ਗਈ। ਪਹਿਲੀਆਂ ਵਿੱਚ ਜਗੀਰੂ ਐਬ ਦਿਨ-ਦਿਹਾੜੇ ਛਾਤੀ ਤਾਣ ਕੇ ਚਲਦੇ ਸਨ ; ਭਾਵੇਂ ਉਹਨਾਂ ਦਾ ਅੰਤ ਨਾ ਹੋਇਆ ਪਰ ਉਹ ਪਿਛੋਕੜ ਵਿੱਚ ਧਕ ਦਿੱਤੇ ਗਏ। ਉਹਨਾਂ ਦੀ ਥਾਂ ਬੁਰਜੂਆ ਐਬ ਜਿਹੜੇ ਹੁਣ ਤੱਕ ਚੋਰੀ ਚੋਰੀ ਕੀਤੇ ਜਾਂਦੇ ਸਨ, ਖੁੱਲ੍ਹਮ-ਖੁੱਲ੍ਹਾ ਪ੍ਰਫੁੱਲਤ ਹੋਣ ਲੱਗ ਪਏ। ਵਪਾਰ ਸਦਾ ਵਧੇਰੇ ਹੱਦ ਤੱਕ ਧੋਖੇਬਾਜ਼ੀ ਬਣ ਗਿਆ। ਇਨਕਲਾਬੀ ਲੋਕੋਕਤੀ ਦੀ ”ਭਰਾਤਰੀਅਤਾ” ਮੁਕਾਬਲੇ ਦੇ ਘੋਲ ਵਿੱਚ ਧੋਖੇਬਾਜ਼ੀ ਅਤੇ ਵਿਰੋਧਾਂ ਵਿਚ ਪ੍ਰਾਪਤ ਕੀਤੀ ਗਈ। ਜਬਰ ਤੇ ਦਾਬੇ ਦੀ ਥਾਂ ਭ੍ਰਿਸ਼ਟਾਚਾਰ ਨੇ ਲੈ ਲਈ। ਪਹਿਲੀ ਸਮਾਜੀ ਅਰ ਵਜੋਂ ਤਲਵਾਰ ਦੀ ਥਾਂ ਸੋਨੇ ਲੈ ਲਈ। ਨਵੀਂ ਵਿਆਹੁਤਾ ਨਾਲ਼ ਪਹਿਲੀ ਰਾਤ ਬਿਤਾਉਣ ਦਾ ਹੱਕ ਜਗੀਰੂ ਰਾਠਾਂ ਦੀ ਥਾਂ ਬੁਰਜੂਆ ਕਾਰਖ਼ਾਨੇਦਾਰਾਂ ਨੂੰ ਪ੍ਰਾਪਤ ਹੋ ਗਿਆ। ਚਕਲੇਬਾਜ਼ੀ ਪਹਿਲਾਂ ਅਣਸੁਣੀ ਹਦ ਤੱਕ ਵਧ ਗਈ। ਵਿਆਹ ਪਹਿਲਾਂ ਵਾਂਗ ਹੀ ਰੰਡੀਬਾਜ਼ੀ ਦਾ ਕਾਨੂੰਨੀ ਤੌਰ ‘ਤੇ ਪ੍ਰਵਾਨਿਆ ਰੂਪ, ਇਹਦੇ ਲਈ ਕਾਨੂੰਨੀ ਪਰਦਾ ਰਿਹਾ, ਸਗੋਂ ਇਹਦੇ ਵਿੱਚ ਵਿਭਚਾਰ ਦੀ ਭਰਪੂਰ ਫ਼ਸਲ ਦਾ ਵਾਧਾ ਕੀਤਾ ਗਿਆ।” ਅੱਜ ਦੇ ਪੰਜੀਵਾਦੀ ਸੰਸਾਰ ਵਿੱਚ ਇਸਤਰੀ-ਪੁਰਸ਼ ਇਸ ਲਈ ਵਿਆਹ ਸੰਬੰਧਾਂ ਵਿੱਚ ਨਹੀਂ ਬੱਝਦੇ ਕਿ ਉਹ ਇੱਕ ਦੂਸਰੇ ਨੂੰ ਪਿਆਰ ਕਰਦੇ ਹਨ, ਇੱਕ ਦੂਸਰੇ ਪ੍ਰਤੀ ਗਹਿਰੀਆਂ ਭਾਵਨਾਵਾਂ ਰੱਖਦੇ ਹਨ, ਸਗੋਂ ਨਿਰੋਲ ਇੰਦਰੀਆਵੀ ਭੋਗ ਅਤੇ ਪੂੰਜੀ ‘ਚ ਵਾਧਾ ਵਿਆਹ ਦੇ ਅਧਾਰ ਬਣ ਚੁੱਕੇ ਹਨ। ਇਹ ਵਿਆਹ ਸਮਾਜਿਕ ਰੂਪ ‘ਚ ਪ੍ਰਾਵਨਤ ਵੇਸਵਾਗਮਨੀ ਦਾ ਇੱਕ ਰੂਪ ਅਤੇ ਵਿਭਚਾਰ ਦੇ ਅੱਡੇ ਹਨ। ਫਰਾਂਸੀਸੀ ਨਾਵਲਕਾਰ ਫਲਾਬੇਅਰ ਦਾ ਕਹਿਣਾ ਹੈ ਕਿ ਆਮ ਤੌਰ ‘ਤੇ 95 ਫੀਸਦੀ ਵਿਆਹੇ ਜੋੜੇ ਬੇਵਫਾ ਹੁੰਦੇ ਹਨ। ਜਿੱਥੇ ਵਿਆਹੇ ਜੋੜੇ ਬੇਵਫਾਈ ਨਹੀਂ ਵੀ ਕਰਦੇ ਉੱਥੇ ਵੀ ਜ਼ਿਆਦਾਤਰ ਮਾਮਲਿਆਂ ਵਿੱਚ ਇਸ ਦੀ ਵਜ੍ਹਾ ਇੱਕ ਦੂਸਰੇ ਪ੍ਰਤੀ ਪਿਆਰ ਦੀਆਂ ਭਾਵਨਾਵਾਂ ਨਹੀਂ ਸਗੋਂ ਹੋਰ ਕਾਰਨ ਹੁੰਦੇ ਹਨ, ਜਿਵੇਂ ਕਿ ਸਮਾਜਿਕ ਨਮੋਸ਼ੀ ਦਾ ਡਰ, ਆਰਥਿਕ ਅਸੁਰੱਖਿਆ, ਧਰਮ ਗ੍ਰੰਥਾਂ ਵੱਲੋਂ ਸਿਰਜਿਆ ਕਲਪਿਤ ਭੈਅ ਆਦਿ। ਰੂਸੀ ਲੇਖਕ ਤਾਲਸਤਾਏ ਨੇ ਆਪਣੇ ਨਾਵਲੈੱਟ ‘ਕਰੂਜ਼ਰ ਸੋਨਾਟਾ’ ਵਿੱਚ ਇਸ ਤਰ੍ਹਾਂ ਦੇ ਵਿਆਹਾਂ ਦੀ ਗੰਦਗੀ ਦਾ ਬਾਖੂਬੀ ਪਰਦਾਚਾਕ ਕੀਤਾ ਹੈ। ਉਸਨੇ ਸੰਪੱਤੀ ਅਤੇ ‘ਯੌਨ ਪ੍ਰੇਮ’ ਅਧਾਰਤ ਇਹਨਾਂ ਵਿਆਹ ਤੋਂ ਪਵਿੱਤਰਤਾ, ਨੈਤਿਕਤਾ, ਪਿਆਰ ਦੇ ਪਾਖੰਡ ਤੋਂ ਪਰਦਾ ਲਾਹ ਕੇ, ਇਹਨਾਂ ਵਿਆਹ ਸਬੰਧਾਂ ਦੀ ਸੜਾਂਦ ਨੂੰ ਇਸ ਤਰਾਂ ਸਾਹਮਣੇ ਲੈ ਆਂਦਾ ਹੈ, ਕਿ ਪਾਠਕ ਨੂੰ ਅਜੇਹੇ ਸਬੰਧਾਂ ਤੋਂ ਘਿਣ ਆਉਣ ਲਗਦੀ ਹੈ।

ਅੱਜ ਦੇ ਵਿਆਹ ਸਬੰਧਾਂ ਵਿੱਚ ਕਿਸ ਕਦਰ ਨਿਘਾਰ ਆ ਚੁੱਕਾ ਹੈ, ਇਹ ਹਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਵੱਲੋਂ ਉੱਥੋਂ ਦੇ ਕਰੋੜਪਤੀਆਂ ਨੂੰ ਮੋਟੀਆਂ ਰਕਮਾਂ ਬਦਲੇ ਕੀਤੀਆਂ ‘ਕੰਟਰੈਕਟ ਮੈਰਿਜ’ (ਠੇਕੇ ‘ਤੇ ਵਿਆਹ) ਦੀ ਪੇਸ਼ਕਸ਼ਾਂ ਤੋਂ ਵੀ ਦੇਖਿਆ ਜਾ ਸਕਦਾ ਹੈ ਜਿਹਨਾਂ ਦੇ ਕਿੱਸੇ ਅਕਸਰ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ। ਸਾਡੇ ਸਮਾਜ ਵਿੱਚ ਮੋਟਾ ਦਹੇਜ ਦਿੱਤੇ ਬਿਨਾਂ ਲੜਕੀ ਦਾ ਵਿਆਹ ਨਾਮੁਮਕਿਨ ਹੈ। ਅਖ਼ਬਾਰ ਵਿਆਹ ਸਬੰਧੀ ਇਸ਼ਤਿਹਾਰਾਂ ਨਾਲ਼ ਭਰੇ ਰਹਿੰਦੇ ਹਨ, ਜਿਹਨਾਂ ਵਿੱਚ ਲੜਕੇ-ਲੜਕੀਆਂ ਖੁਦ ਨੂੰ ਜਾਂ ਉਹਨਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਵਿਕਾਊ ‘ਮਾਲ’ ਦੀ ਤਰਾਂ ਮੰਡੀ ਵਿੱਚ ਉਤਾਰਦੇ ਹਨ। ਅਜੇਹੀ ਚਰਚਾ ਅਕਸਰ ਸੁਣਨ ਨੂੰ ਮਿਲ਼ਦੀ ਹੈ ਕਿ ਪੜ੍ਹ ਲਿਖਕੇ ਵੱਡੀ ਡਿਗਰੀ ਹਾਸਲ ਕਰਨ ਨਾਲ਼ ਲੜਕੇ ਜਾਂ ਲੜਕੀ ਦੀ ਵਿਆਹ ਮੰਡੀ ਵਿੱਚ ‘ਮਾਰਕੀਟ ਵੈਲਿਯੂ’ (ਮੰਡੀ ਮੁੱਲ) ਵੱਧ ਜਾਂਦੀ ਹੈ। ‘ਮਾਰਕੀਟ ਵੈਲਯੂ’ ਜੇਹੇ ਸ਼ਬਦ ਸ਼ਰਮ ਦੀ ਥਾਂ ਮਾਣ ਦੀ ਵਜ੍ਹਾ ਬਣ ਗਏ ਹਨ। ਇਸ ਲਈ ਇਸ ਤਰਾਂ ਦੇ ਵਿਆਹ ਜੇਕਰ ਅੱਜ ਤੇਜੀ ਨਾਲ਼ ਟੁੱਟ ਰਹੇ ਹਨ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ। ਜਿੱਥੇ ਇਹ ਨਹੀਂ ਟੁੱਟਦੇ ਉੱਥੇ ਸਾਰੀ ਉਮਰ ਧੂਹ ਘੜੀਸ ਚੱਲਦੀ ਰਹਿੰਦੀ ਹੈ। ਜਾਂ ਅਜੇਹੇ ਰਿਸ਼ਤੇ ਅੰਦਰੋਂ ਟੁੱਟ ਹੀ ਚੁੱਕੇ ਹਨ ਬਸ ਦਿਖਾਵੇ ਵੱਜੋਂ ਹੀ ਇਹ ਬਚੇ ਹੁੰਦੇ ਹਨ।

ਇਸਤਰੀ-ਪੁਰਸ਼ ਇੱਕ ਦੂਸਰੇ ਦੇ ਪੂਰਕ ਹਨ, ਦੋਵੇਂ ਇੱਕ ਦੂਸਰੇ ਤੋਂ ਬਿਨਾਂ ਅਧੂਰੇ। ਇਸਤਰੀ ਪੁਰਸ਼ ਦੇ ਆਪਸੀ ਸਬੰਧ ਮਨੁੱਖੀ ਨਸਲ ਨੂੰ ਅੱਗੇ ਤੋਰਨ ਦਾ ਜ਼ਰੀਆ ਹਨ। ਇਸਤਰੀ-ਪੁਰਸ਼ ਦਰਮਿਆਨਪ੍ਰੇਮ ਦੋ ਇਨਸਾਨਾਂ ਲਈ ਅਥਾਹ ਖੁਸ਼ੀ ਅਤੇ ਅਨੰਦ ਦਾ ਸੋਮਾ, ਨੈਕਿਤ-ਚਰਿੱਤਰਕ ਉੱਚਤਾ ਦਾ ਸਾਧਨ ਹੈ। ਪਰ ਪੂੰਜੀ ਨੇ ਮਨੁੱਖ ਤੋਂ ਨਿਹਾਇਤ ਹੀ ਮਾਨਵੀ ਸੁੱਖ-ਖੁਸ਼ੀਆਂ ਵੀ ਖੋਹ ਲਏ ਹਨ। ਦਰਅਸਲ ਪੂੰਜੀਵਾਦੀ ਸੰਪੱਤੀ ਸਬੰਧਾਂ ਵਿੱਚ ਸੱਚਾ ਪ੍ਰੇਮ ਉਪਜ ਹੀ ਨਹੀਂ ਸਕਦਾ। ਪੂੰਜੀਵਾਦੀ ਸੰਪੱਤੀ ਸੰਬੰਧਾਂ ਦਾ ਖਾਤਮਾ ਇਸਤਰੀ ਪੁਰਸ਼ ਦਰਮਿਆਨ ਸੱਚਾ ਪ੍ਰੇਮ ਉਪਜਣ ਦੀ ਪੂਰਵ ਸ਼ਰਤ ਹੈ। ਵੀਹਵੀਂ ਸਦੀ ਵਿੱਚ ਵਿੱਚ ਜਿਹਨਾਂ ਦੇਸ਼ਾਂ ਵਿੱਚ ਮਨੁੱਖਤਾ ਨੇ ਪੂੰਜੀ ਦੇ ਜੂਲੇ ਤੋਂ ਮੁਕਤੀ ਹਾਸਲ ਕੀਤੀ ਅਤੇ ਇੱਕ ਨਵੇਂ ਅਧਾਰ ‘ਤੇ ਸਮਾਜਵਾਦੀ ਸਮਾਜਾਂ ਦੀ ਉਸਾਰੀ ਕੀਤੀ, ਉੱਥੇ ਮਨੁੱਖਾਂ ਦਰਮਿਆਨ ਆਪਸੀ ਸਬੰਧਾਂ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ। ਅਕਤੂਬਰ 1917 ਵਿੱਚ ਰੂਸ ਵਿੱਚ ਸਮਾਜਵਾਦੀ ਇਨਕਲਾਬ ਹੋਇਆ। ਇਨਕਲਾਬ ਤੋਂ ਬਾਅਦ ਪੂਰੇ ਸਮਾਜ ਦੀ ਕਾਇਆਪਲਟ ਹੋਈ। ਲੋਕਾਂ ਨੇ ਲੁੱਟ ਜਬਰ ਤੋਂ ਤਾਂ ਮੁਕਤੀ ਹਾਸਲ ਕੀਤੀ ਹੈ ਸਗੋਂ ਵੇਸ਼ਵਾਗਮਨੀ, ਸ਼ਰਾਬਖੋਰੀ ਜਿਹੀਆਂ ਅਨੇਕਾਂ ਸਮਾਜਿਕ ਬੁਰਾਈਆਂ ਵੀ ਜੜ੍ਹੋਂ ਖਤਮ ਹੋਈਆਂ। ਉੱਥੇ ਵਿਆਹ ਸਬੰਧਾਂ ਵਿੱਚ ਵੱਡੀਆਂ ਤਬਦੀਲੀਆਂ ਵਾਪਰੀਆਂ। ਅਮਰੀਕੀ ਪੱਤਰਕਾਰ ਡਾਈਸਨ ਕਾਰਟਰ ਦੀ ਕਿਤਾਬ ‘ਪਾਪ ਅਤੇ ਵਿਗਿਆਨ’ ਸੋਵੀਅਤ ਯੂਨੀਅਨ ਵਿੱਚ ਮਨੁੱਖੀ ਸਬੰਧਾਂ ਵਿੱਚ ਵਾਪਰੀਆਂ ਵੱਡੀਆਂ ਅਗਾਂਵਧੂ ਤਬਦੀਲੀਆਂ ਬਾਰੇ ਦੱਸਦੀ ਹੈ। ਇਹ ਦੱਸਦੀ ਹੈ ਕਿ ਕਿਵੇਂ ਪੂੰਜੀ ਤੋਂ ਮੁਕਤ ਸਮਾਜਾਂ ਵਿੱਚ ਮਨੁੱਖੀ ਸਬੰਧਾਂ ਨੂੰ ਇੱਕ ਨਵਾਂ ਨੈਤਿਕ ਅਧਾਰ ਪ੍ਰਾਪਤ ਹੋਇਆ। ਇਹ ਕਿਤਾਬ ਸਮਾਜਵਾਦ ਦੀ ਸ਼ਕਤੀ ਦੀ ਬਾਤ ਪਾਉਂਦੀ ਹੈ। ਆਪਣੀ ਇਸ ਕਿਤਾਬ ਵਿੱਚ ਡਾਈਸਨ ਕਾਰਟਰ ਲਿਖਦੇ ਹਨ : ”18ਦਸੰਬਰ 1917 ਨੂੰ ਸੋਵੀਅਤ ਅਧਿਕਾਰੀਆਂ ਨੇ ਦੋ ਅਜੇਹੇ ਕਾਨੂੰਨ ਪਾਸ ਕੀਤੇ, ਜਿਹਨਾਂ ਨੂੰ ਲੈ ਕੇ ਦੁਨੀਆਂ ਵਿੱਚ ਹਾਹਾਕਾਰ ਮੱਚ ਗਈ। ਇਹ ਕਾਨੂੰਨ ਸਨ : ਪਹਿਲਾ, ਸਿਵਿਲ ਮੈਰਿਜਾਂ, ਬੱਚਿਆਂ ਅਤੇ ਸੰਤਾਨ ਦੀ ਰਜਿਸ਼ਟਰੇਸ਼ਨ, ਵਿਆਹਾਂ ਅਤੇ ਮੌਤ ਸਬੰਧੀ ਕਾਨੂੰਨ, ਦੂਜਾ, ਵਿਆਹ ਅਤੇ ਤਲਾਕ ਸਬੰਧੀ ਕਾਨੂੰਨ।

….ਸੋਵੀਅਤ ਰੂਸ ਵਿੱਚ ਤਲਾਕ ਕਾਨੂੰਨਾਂ ਦਾ ਉਦੇਸ਼ ਅਸਲ ਵਿੱਚ, ਵਿਆਹ ਅਤੇ ਪਰਿਵਾਰ ਨੂੰ ਮਜ਼ਬੂਤ ਬਣਾਉਣਾ ਸੀ।…..ਜਿਵੇਂ ਕਿ ਸਾਰੇ ਹੀ ਜਾਣਦੇ ਹਨ, ਸ਼ੁਰੂ-ਸ਼ੁਰੂ ਵਿੱਚ ਸੋਵੀਅਤ ਰੂਸ ਵਿੱਚ ਤਲਾਕ ਸਬੰਧੀ ਨਿਯਮ ਬਹੁਤ ਨਰਮ ਸਨ : ਵਿਆਹੇ ਜੋੜੇ ਵਿੱਚੋਂ ਇੱਕ ਪੱਖ ਰਜਿਸਟਰੇਸ਼ਨ ਦਫ਼ਤਰ ਦੁਆਰਾ ਦੂਸਰੇ ਪੱਖ ਨੂੰ ਸੂਚਨਾ ਦੇ ਦੇਵੇ ਕਿ ਵਿਆਹ ਸਬੰਧ ਖਤਮ ਹੋ ਗਿਆ ਹੈ, ਬੱਸ, ਇਸ ਤੋਂ ਇਲਾਵਾ ਕੋਈ ਬੱਚਾ ਮੌਜੂਦ ਹੋਵੇ ਤਾਂ ਉਸਦੀ ਦੇਖਭਾਲ਼ ਦਾ ਪ੍ਰਬੰਧ ਕਰ ਦਿੱਤਾ ਜਾਂਦਾ ਸੀ। ਇਸ ਕੰਮ ਵਿੱਚ ਲਗਭਗ ਓਨਾ ਹੀ ਖਰਚ ਹੁੰਦਾ ਸੀ, ਜਿੰਨਾ ਕਿਸੇ ਨਾਟਕਘਰ ‘ਚ ਜਾਣ ਲਈ ਟਿਕਟ ਵਿੱਚ। ਪ੍ਰੇਮ ਅਧਾਰਤ ਨਾ ਹੋਣ ਵਾਲ਼ੇ ਵਿਆਹ ਸਬੰਧਾਂ ਨੂੰ ਭੰਗ ਕਰਨ ਲਈ ਤਲਾਕ ਨੂੰ ਇੱਕ ਅਧਿਕਾਰ ਮੰਨਦੇ ਹੋਏ ਸੋਵੀਅਤ ਕਨੂੰਨ ਸਾਜ਼ਾਂ ਨੇ ਇਸ ਤਰਕ ਨੂੰ ਸਿਖਰ ਤੱਕ ਪਹੁੰਚਾ ਦਿੱਤਾ। ਉਹਨਾਂ ਨੇ ਪ੍ਰੇਮ ਨੂੰ ਹੀ ਵਿਆਹ ਦਾ ਇੱਕੋ-ਇੱਕ ਅਧਾਰ ਐਲਾਨ ਦਿੱਤਾ। ਉਹਨਾਂ ਨੇ ਸਭ ਔਕੜਾਂ ਨੂੰ ਰਾਹ ‘ਚੋਂ ਹਟਾ ਦਿੱਤਾ। ਤਲਾਕ ਦੇ ਰਾਹ ਵਿੱਚ ਜੋ ਵੀ ਕਨੂੰਨੀ ਅਤੇ ਆਰਥਿਕ ਔਕੜਾਂ ਸਨ ਉਹ ਦੂਰ ਕਰ ਦਿੱਤੀਆਂ ਗਈਆਂ। ਇਸ ਤਰਕ ਹੇਠ ਇੱਕ ਡੂੰਘਾ ਸੱਚ ਲੁਕਿਆ ਹੋਇਆ ਸੀ। ਉਹ ਜਾਣਦੇ ਸਨ ਕਿ ਵਿਆਹ ਸਬੰਧਾਂ ਤੋਂ ਵੱਖ ਜਦੋਂ ਇਸਤਰੀ-ਪੁਰਸ਼ ਯੌਨ ਸਬੰਧਾਂ ‘ਚ ਬੱਝਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਸਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ ਦਾ ਵਿਆਹ ਸਬੰਧ ਪ੍ਰੇਮ ‘ਤੇ ਅਧਾਰਿਤ ਨਹੀਂ ਹੈ। ਅਨੈਤਿਕ ਯੌਨ ਸਬੰਧਾਂ ਦੇ ਸਭ ਤੋਂ ਭੱਦੇ ਰੂਪ ਵਿਭਚਾਰ ਅਤੇ ਵੇਸ਼ਵਾਗਮਨੀ ਹੁੰਦੇ ਹਨ।

ਕਹਿਣ ਦਾ ਭਾਵ ਇਹ ਕਿ ਸੋਵੀਅਤ ਰੂਸ ਵਿੱਚ ਤਲਾਕ ਨੂੰ ਪ੍ਰੇਮ-ਰਹਿਤ ਵਿਆਹਾਂ ਨੂੰ ਰੋਕਣ-ਭਾਵ ਅਨੈਤਿਕ ਵਿਆਹਾਂ ਨੂੰ ਰੋਕਣ-ਦਾ ਉਪਾਅ ਬਣਾਇਆ ਗਿਆ। ਜ਼ਾਰਸ਼ਾਹੀ ਜ਼ਮਾਨੇ ਦੀ ਹੀ ਵਸੀਅਤ ਇਹ ਅਨੈਤਿਕ ਵਿਆਹ ਸਨ। ਬੇਰੋਕ ਤਲਾਕ ਨੇ ਇਹਨਾਂ ਨੂੰ ਖਤਮ ਕਰਨ ਦਾ ਕੰਮ ਕੀਤਾ। ਬੇਰੋਕ ਤਲਾਕ ਨੇ ਪ੍ਰੇਮ ਅਧਾਰਿਤ ਵਿਆਹ ਸਬੰਧਾਂ ਨੂੰ ਵਧਾਇਆ।…ਪਿਛਲੇ ਦਸ ਸਾਲਾਂ ਵਿੱਚ (ਭਾਵ 1940ਵਿਆਂ ਦੇ ਆਸ ਪਾਸ-ਸੁਖਦੇਵ)ਸੋਵੀਅਤ ਰੂਸ ਵਿੱਚ ਤਲਾਕ ਦੀ ਦਰ ਬਹੁਤ ਤੇਜੀ ਨਾਲ਼ ਘਟੀ ਹੈ।….ਸੋਵੀਅਤ ਰੂਸ ਵਿੱਚ ਤਲਾਕ ਦੇ ਹਾਮੀਆਂ ਦੀ ਸੰਖਿਆ ਓਨੀ ਨਹੀਂ ਹੈ, ਜਿੰਨੀ ਪਹਿਲਾਂ ਸੀ। ਵਿਆਹ ਪ੍ਰਥਾ ਨੇ ਜ਼ਿਆਦਾ ਮਜ਼ਬੂਤੀ ਫੜੀ ਹੈ। ਇਸਦਾ ਕਾਰਨ ਇੱਕ ਨਵੀਂ ਸਮਾਜਿਕ ਨੈਤਿਕਤਾ ਦਾ ਬਲ ਹੈ। ਇਸ ਨੈਤਿਕਤਾ ਦਾ ਲੱਛਣ ਇਹ ਹੈ ਕਿ ਜੋ ਲੋਕ ਵਾਰ ਵਾਰ ਵਿਆਹ ਕਰਾਉਣ ਨੂੰ ਦੌੜਦੇ ਹਨ, ਉਹਨਾਂ ਨੂੰ ਬਹੁਤਿਆਂ ਦੀ ਖੀਰ ਖੋਟੀ ਸੁਣਨੀ ਪੈਂਦੀ ਹੈ। ਪ੍ਰੇਮ ਦੀ ਨੈਤਿਕਤਾ ‘ਤੇ ਉੱਥੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਉੱਥੇ ਸੱਚੇ ਪ੍ਰੇਮ ਦੀ ਸਥਿਰਤਾ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਜ਼ੋਰ ਇਸ ਸਰੀਰਕ ਮਾਨਸਿਕ ਤੱਥ ਉੱਪਰ ਦਿੱਤਾ ਜਾਂਦਾ ਹੈ ਕਿ ਆਪਣੇ ਉੱਚਤਮ ਰੂਪ ਵਿੱਚ ਯੌਨ-ਸੰਬੰਧ ”ਖਾਸ ਤੌਰ ‘ਤੇ ਦੋ ਵਿਅਕਤੀਆਂ ਲਈ” ਹੁੰਦਾ ਹੈ। ਇਹ ਸਬੰਧ ਪ੍ਰਸਪਰ ਪ੍ਰੇਮ ‘ਤੇ ਅਧਾਰਿਤ ਸ਼ਾਦੀ-ਸ਼ੁਦਾ ਜੀਵਨ ਵਿੱਚ ਹੀ ਆਪਣੇ ਨਿਖਾਰ ਉੱਪਰ ਪਹੁੰਚ ਸਕਦਾ ਹੈ-ਤਦ ਹੋਰ ਵੀ ਜਦੋਂ ਘਰ ਬੱਚਿਆਂ ਨਾਲ਼ ਗੁਲਜ਼ਾਰ ਹੋਵੇ।…ਵਿਆਹ ਸੋਵੀਅਤ ਰੂਸ ਵਿੱਚ ਪ੍ਰੇਮ ਦੀ ਨੈਤਿਕ ਨੀਂਹ ਉੱਪਰ ਬੜੀ ਮਜ਼ਬੂਤੀ ਨਾਲ਼ ਅਧਾਰਿਤ ਹੋ ਗਿਆ ਹੈ।”

ਇਸਤਰੀ-ਪੁਰਸ਼ ਸਬੰਧਾਂ ਸਮੇਤ ਅੱਜ ਸਾਰੇ ਮਨੁੱਖੀ ਸਬੰਧਾਂ ਦੇ ਆਪਸੀ ਪ੍ਰੇਮ, ਸਤਿਕਾਰ, ਭਰੋਸੇ ‘ਤੇ ਅਧਾਰਿਤ ਹੋਣ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਨਿੱਜੀ ਸੰਪੱਤੀ ਅਧਾਰਿਤ, ਮੁਨਾਫ਼ੇ ਦੀ ਹਵਸ ਦੇ ਇਰਦ ਗਿਰਦ ਘੁੰਮਦਾ ਇਹ ਪੂੰਜੀਵਾਦੀ ਢਾਂਚਾ ਹੈ। ਇਸ ਢਾਂਚੇ ਨੇ ਇਨਸਾਨ ਤੋਂ ਇਨਸਾਨੀਅਤ ਖੋਹਕੇ ਉਸ ਨੂੰ ਪਸ਼ੂਪੁਣੇ ਦੀ ਪੱਧਰ ‘ਤੇ ਡੇਗ ਦਿੱਤਾ ਹੈ। ਮਨੁੱਖੀ ਸਬੰਧਾਂ ਨੂੰ ਗੋਰਵਮਈ ਬਣਾਉਣ ਲਈ ਪੂੰਜੀਵਾਦੀ ਢਾਂਚੇ ਦਾ ਫਸਤਾ ਵੱਢਣਾ ਜ਼ਰੂਰੀ ਹੈ। ਇਸ ਲਈ ਆਓ ਪੂੰਜੀਵਾਦ ਨੂੰ ਨਫ਼ਰਤ ਕਰਨੀ ਸਿੱਖੀਏ ਸਿਰਫ ਆਰਥਿਕ-ਰਾਜਨੀਤਕ ਲੁੱਟ ਜ਼ਬਰ ਕਾਰਨ ਹੀ ਨਹੀਂ ਸਗੋਂ ਮਨੁੱਖੀ ਸੰਬੰਧਾਂ ਵਿੱਚ ਪ੍ਰਗਟ ਹੋਣ ਵਾਲ਼ੇ ਇਸਦੇ ਅਤਿ ਘਿਨੌਣੇ ਰੂਪਾਂ ਕਰਕੇ ਵੀ। ਅੱਜ ਦੇ ਸਮੇਂ ਵਿੱਚ ਤਾਂ ਇਸ ਢਾਂਚੇ ਨੂੰ ਢਹਿ ਢੇਰੀ ਕਰਨ ਦੀ ਪ੍ਰੀਕ੍ਰਿਆ ਵਿੱਚ ਮਨੁੱਖਾਂ ਦਰਮਿਆਨ ਮੁਕਾਬਲਤਨ ਬੇਹਤਰ, ਮਨੁੱਖੀ ਸਬੰਧ ਕਾਇਮ ਹੋ ਸਕਦੇ ਹਨ।

ਲੇਖਕ-ਸੁਖਦੇਵ 
ਲੇਖ ਵਿਦਿਆਰਥੀ ਰਸਾਲੇ 'ਲਲਕਾਰ ' ਤੋਂ ਕਾਪੀ-ਪੇਸਟ

No comments:

Post a Comment