ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, August 13, 2012

ਗੁਰੀਲਾ ਕੰਧ ਚਿੱਤਰਕਾਰ ਬੈਂਕਸੀ ਦੀ ਕਲਾਤਮਿਕ ਸਿਆਸਤ

ਬੈਂਕਸੀ ਇੰਗਲੈਂਡ ਦੇ ਗ੍ਰਾਫ਼ਟੀ ਕਲਾਕਾਰ,ਸਿਆਸੀ ਕਾਰਕੁੰਨ, ਫ਼ਿਲਮ ਨਿਰਦੇਸ਼ਕ ਅਤੇ ਚਿੱਤਰਕਾਰ ਦਾ ਫਰਜ਼ੀ ਨਾਂ ਹੈ। ਕਈਆਂ ਨੇ ਉਸ ਨੂੰ ਰੌਬਿਨ ਬੈਂਕਸ ਜਾਂ ਰੌਬਿਨ ਗੁਨਿੰਗਹਾਮ ਦਾ ਨਾਂ ਦਿੱਤਾ ਹੈ। ਗ਼੍ਰਾਫਿਕ ਡਿਜ਼ਾਇਨਰ ਅਤੇ ਲੇਖਕ ਟ੍ਰਿਸਟਾਨ ਮਾਨਕੋ ਦੇ ਅਨੁਸਾਰ, ”ਬੈਂਕਸੀ ਦਾ ਜਨਮ 1974 ਨੂੰ ਇੰਗਲੈਂਡ ਦੇ ਸ਼ਹਿਰ ਬ੍ਰਿਸਟਲ ਵਿਖੇ ਹੋਇਆ।” ਬੈਂਕਸੀ ਦੀ ਅਸਲ ਪਹਿਚਾਣ ਬਾਰੇ ਕੋਈ ਨਹੀਂ ਜਾਣਦਾ।


ਵੱਖ ਵੱਖ ਲੋਕਾਂ ਵੱਲੋਂ ਉਸ ਦੇ ਨਾਂ ਬਾਰੇ ਕਿਆਫ਼ੇ ਹੀ ਲਗਾਏ ਜਾਂਦੇ ਰਹੇ ਹਨ। ਗਾਰਡੀਅਨ ਅਨਲਿਮਟਿਡ ਦਾ ਪੱਤਰਕਾਰ ਸਿਮੋਨ ਹੈਟਿਨਸਟੋਨ ਉਨ੍ਹਾਂ ਕੁਝ ਗਿਣੇ ਚੁਣੇ ਲੋਕਾਂ ਵਿੱਚ ਸ਼ਾਮਲ ਹੈ ਜਿਸ ਨੇ ਬੈਂਕਸੀ ਨਾਲ਼ ਆਹਮਣੇ-ਸਾਹਮਣੇ ਮੁਲਾਕਾਤ ਕੀਤੀ ਸੀ। ਉਸ ਅਨੁਸਾਰ ਬੈਂਕਸੀ ”ਇੱਕ 28 ਕੁ ਸਾਲ ਦਾ ਬੰਦਾ ਹੈ ਜੋ ਜੀਨ ਨਾਲ਼ ਟੀ ਸ਼ਰਟ ਪਹਿਨਦਾ ਹੈ।” ਇਸੇ ਮੁਲਾਕਾਤ ਵਿੱਚ ਬੈਂਕਸੀ ਦੱਸਦਾ ਹੈ ਕਿ ਉਸ ਦੇ ਮਾਪੇ ਸਮਝਦੇ ਹਨ ਕਿ ਉਹ ਇੱਕ ਪੇਂਟਰ ਅਤੇ ਡੈਕੋਰੇਟਰ ਹੈ।

ਆਪਣੀਆਂ ਰਚਨਾਵਾਂ ਨਾਲ਼ ਬੈਂਕਸੀ ਹਾਕਮ ਜਮਾਤ ਤੇ ਤਿੱਖਾ ਵਿਅੰਗ ਕਰਦਾ ਹੈ। ਬੈਂਕਸੀ ਆਪਣੀ ਕਲਾ ਨੂੰ ਕੰਧਾਂ ਤੇ ਸਿਰਜਦਾ ਹੈ। ਕਈ ਵਾਰ ਉਹ ਲੋੜੀਂਦੇ ਢਾਂਚੇ ਵੀ ਉਸਾਰਦਾ ਹੈ। ਬੈਂਕਸੀ ਦੇ ਸਟੈਂਸਲਾਂ ਵਿੱਚ ਪ੍ਰਬੰਧ ‘ਤੇ ਚੋਭਵੇਂ ਕਟਾਖਸ਼ ਕੀਤੇ ਹੁੰਦੇ ਹਨ।

ਬੈਂਕਸੀ ਕਲਾਕਾਰਾਂ ਅਤੇ ਸੰਗੀਤਕਾਰਾਂ ਦੇ ਸਹਿਯੋਗ ਦੇ ਬ੍ਰਿਸਟੋਲ ਭੂਮੀਗਤ ਦ੍ਰਿਸ਼ ਲਹਿਰ ਦੀ ਪਦਾਇਸ਼ ਹੈ। ਨਿਰਖ਼ਕਾਰਾਂ ਅਨੁਸਾਰ ਬੈਂਕਸੀ ਦਾ ਕੰਮ ਬਲੇਕ ਲੀ ਰੈਟ ਨਾਲ਼ ਮਿਲਦਾ ਜੁਲ਼ਦਾ ਹੈ, ਜਿਸ ਨੇ 1981 ਵਿੱਚ ਪੈਰਿਸ ਵਿੱਚ ਸਟੈਂਸਲਾਂ ਨਾਲ਼ ਕੰਮ ਸ਼ੁਰੂ ਕੀਤਾ ਸੀ, ਅਤੇ ਅਨਾਰਕੋ ਪੰਕ ਬੈਂਡ ਕਰਾਸ ਨਾਲ਼ – ਜਿਸ ਨੇ 1970-80 ਵਿਆਂ ਵਿੱਚਲੰਡਨ ਟਿਊਬ ਸਿਸਟਮ ਵਿੱਚ ਗ੍ਰਾਫਟੀ ਸਟੈਂਸਲ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਨੂੰ ਅੱਜ ਵੀ ਜਾਰੀ ਰੱਖ ਰਹੇ ਸਨ। ਫਿਰ ਵੀ, ਬੈਂਕਸੀ ਨੇ ਆਪਣੀ ਵੈੱਬਸਾਈਟ ਵਿੱਚ , ”ਅਸਲ ਵਿੱਚ ਉਸ ਦਾ ਕੰਮ ਮੈਸਿਵ ਅਟੈਕ ਦੇ 3-ਡੀ ਦੇ ਨਾਂਅ ਨਾਲ਼ ਜਾਣੇ ਜਾਂਦੇ ਕਲਾਕਾਰ ਮੈਸਿਵ ਅਟੈਕ ਦੇ ਕੰਮ ਤੇ ਅਧਾਰਤ ਸੀ।”ਗ੍ਰਾਫ਼ਟੀ ਬਾਰੇ ਆਪਣੀ ਕਿਤਾਬ ”ਵਾਲ ਐਂਡ ਪੀਸ” (ਕੰਧ ਅਤੇ ਸ਼ਾਂਤੀ) (2005) ਵਿੱਚ ਬੈਂਕਸੀ ਲਿਖਦਾ ਹੈ, ”ਗ੍ਰਾਫ਼ਟੀ ਵਿੱਚ ਉਹ ਸੁਸਤ ਸੀ ਅਤੇ ਜਾਂ ਤਾਂ ਉਹ ਫੜਿਆ ਜਾਂਦਾ ਸੀ ਅਤੇ ਜਾਂ ਉਹ ਇੱਕ ਬੈਠਕ ਵਿੱਚ ਆਪਣੇ ਕੰਮ ਨੂੰ ਖਤਮ ਨਹੀਂ ਸੀ ਕਰ ਸਕਦਾ। ਇਸ ਲਈ ਸਮੇਂ ਨੂੰ ਘਟਾਉਣ ਅਤੇ ਰੰਗਾਂ ਦੇ ਆਪਸ ਵਿੱਚ ਮਿਲਣ ਨੂੰ ਘਟਾਉਣ ਲਈ ਉਸ ਨੇ ਸਟੈਂਸਲ ਦੀ ਤਕਨੀਕ ਨੂੰ ਘੜ ਲਿਆ।” ਜਿਸ ਵਿੱਚ ਸਮੇਂ ਦੀ ਬੱਚਤ ਹੁੰਦੀ ਹੈ।


ਬੈਂਕਸੀ ਦੀਆਂ ਰਚਨਾਵਾਂ ਜੰਗ ਵਿਰੋਧੀ, ਸਰਮਾਏਦਾਰੀ ਵਿਰੋਧੀ, ਫਾਸ਼ੀਵਾਦ ਵਿਰੋਧੀ, ਸੱਤਾ ਵਿਰੋਧੀ, ਅਰਾਜਕਤਾਵਾਦੀ, ਨਿਹਿਲਵਾਦੀ ਅਤੇ ਹੋਂਦਵਾਦੀ ਵਿਚਾਰਾਂ ਨੂੰ ਪ੍ਰਗਟਾਉਂਦੀਆਂ ਹਨ। ਕਈ ਵਾਰ ਇਨ੍ਹਾਂ ਵਿੱਚ ਨਾਹਰਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਮਨੁੱਖੀ ਲਾਲਚ, ਗਰੀਬੀ, ਪਾਖੰਡ, ਬੋਰੀਅਤ, ਨਿਰਾਸ਼ਾ, ਅਬਸਰਡਿਟੀ ਅਤੇ ਅਲਿਹਦਗੀ ਬੈਂਕਸੀ ਦੇ ਪਸੰਦੀਦਾ ਵਿਸ਼ੇ ਹਨ।


ਭਾਵੇਂ ਬੈਂਕਸੀ ਆਮ ਤੌਰ ਤੇ ਦ੍ਰਿਸ਼ ਦੀ ਕਲਪਨਾ ਅਤੇ ਸਚਿੱਤਰਕਾਰੀ ਤੇ ਭਰੋਸਾ ਕਰਦਾ ਹੈ ਫਿਰ ਵੀ ਉਹ ਆਪਣੇ ਅਰਾਜਕਤਾਵਾਦੀ ਵਿਚਾਰਾਂ ਦੀ ਅਤੀ ਦਾ ਇਹ ਕਹਿ ਕੇ ਪ੍ਰਗਟਾਵਾ ਕਰਦਾ ਹੈ, ”ਫਾਸ਼ੀਵਾਦੀ ਠੱਗਾਂ ਅਤੇ ਧਾਰਮਿਕ ਬੁਨਿਆਦ ਪ੍ਰਸਤਾਂ ਨੂੰ ਗੋਲ਼ੀ ਮਾਰ ਦੇਣੀ ਚਾਹੀਦੀ ਹੈ। ”


ਵਾਲ ਐਂਡ ਪੀਸ ਤੋਂ ਇਲਾਵਾ ਬੈਂਕਸੀ ਦੀਆਂ ”ਬੈਂਕਸੀ, ਬੈਂਗਿੰਗ ਯੂਅਰ ਹੈੱਡ ਅਗੇਂਸਟ ਏ ਬ੍ਰਿਕ ਵਾਲ” (2001), ”ਬੈਂਕਸੀ, ਅਗਜ਼ਿਸਟਿਨਸਲਿਜ਼ਮ” (2002), ”ਬੈਂਕਸੀ, ਕੱਟ ਇਟ ਆਉਟ” (2004), ”ਬੈਂਕਸੀ, ਪਿਕਚਰਜ਼ ਆਫ਼ ਵਾਲ” (2005) ਨਾਂ ਦੀਆਂ ਕਿਤਾਬਾਂ ਛਪੀਆਂ ਹਨ। ਉਸ ਦੀ ਨਵੀਂ ਕਿਤਾਬ ”ਯੂ ਆਰ ਐਨ ਅਸੈਪਟੇਬਲ ਲੈਵਲ ਆਫ਼ ਥ੍ਰੈਟ” ਏਸੇ ਮਹੀਨੇ ਛਪਣ ਵਾਲ਼ੀ ਹੈ।


”ਐਗਜ਼ਿਟ ਥਰੂ ਦੀ ਗਿਫਟ ਸ਼ਾਪ” (2010) ਨਾਲ਼ ਬੈਂਕਸੀ ਨੇ ਫ਼ਿਲਮ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ। ਐਗਜ਼ਿਟ ਥਰੂ ਦੀ ਗਿਫਟ ਸ਼ਾਪ ਨੂੰ ਦੁਨੀਆਂ ਦੀ ਪਹਿਲੀ ਨੁੱਕੜ ਕਲਾ ਦੀ ਤਬਾਹਕੁਨ ਫ਼ਿਲਮ ਦਾ ਦਰਜ਼ਾ ਦਿੱਤਾ ਗਿਆ। ਫ਼ਿਲਮ ਆਸਕਰ ਇਨਾਮ ਲਈ ਵੀ ਨਾਮਜ਼ਦ ਕੀਤੀ ਗਈ ਸੀ। ‘ਵਨ ਨੇਸ਼ਨ ਅੰਡਰ ਸੀਸੀਟੀਵੀ’ ਬੈਂਕਸੀ ਦੀਆਂ ਸਭ ਤੋਂ ਚਰਚਿਤ ਰਚਨਾਵਾਂ ਵਿੱਚ ਸ਼ਾਮਲ ਹੈ।

ਕਲਾ ਦੇ ਵਪਾਰੀਆਂ ਦੇ ਹੱਥਾਂ ਵਿੱਚ ਕੇਂਦਰਤ ਹੋਣ ਤੇ ਬੈਂਕਸੀ ਤਿੱਖਾ ਵਿਅੰਗ ਕਰਦਾ ਹੈ ”ਜਦ ਤੁਸੀਂ ਇੱਕ ਆਰਟ ਗੈਲਰੀ ਵਿੱਚ ਜਾਂਦੇ ਹੋ ਤਾਂ ਤੁਸੀਂ ਕੁਝ ਅਰਬਪਤੀਆਂ ਦੇ ਟ੍ਰਾਫ਼ੀ ਕੈਬਨਿਟ ਨੂੰ ਦੇਖਣ ਵਾਲ਼ੇ ਸੈਲਾਨੀ ਹੁੰਦੇ ਹੋ।”

ਮੱਧ ਵਰਗ ਦੀ ਫਿਤਰਤ ‘ਤੇ ਬੈਂਕਸੀ ਦੀ ਇਹ ਚੋਭ ਭਾਰਤੀ ਹਾਲਤਾਂ ‘ਤੇ ਵੀ ਓਨੀ ਹੀ ਢੁੱਕਦੀ ਹੈ – ”ਜਦ ਤੱਕ ਸਰਮਾਏਦਾਰੀ ਤਬਾਹ ਨਹੀਂ ਹੁੰਦੀ, ਅਸੀਂ ਦੁਨੀਆਂ ਨੂੰ ਬਦਲਣ ਲਈ ਕੁਝ ਨਹੀਂ ਕਰ ਸਕਦੇ। ਤਦ ਤੱਕ ਅਸੀਂ ਖਰੀਦਦਾਰੀ ਕਰਕੇ ਆਪਣੇ ਦਿਲ ਨੂੰ ਤਸੱਲੀ ਤਾਂ ਦੇ ਸਕਦੇ ਹਾਂ!’


ਕੁਲਵਿੰਦਰ 
ਲਲਕਾਰ ਤੋਂ ਧੰਨਵਾਦ ਸਹਿਤ

No comments:

Post a Comment