ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, August 31, 2010

ਪੰਜਾਬ,ਸਿੱਖ,ਕਾਮਰੇਡ ਤੇ ਕੌਮੀ ਲਹਿਰਾਂ

ਪ੍ਰਭਸ਼ਰਨਬੀਰ ਸਿੰਘ ਦੀ ਲਿਖ਼ਤ ਦਾ ਜਵਾਬ

ਸਿਆਸਤ ਤੇ ਵਿਚਾਰ ਦੀ ਜਿੱਤ ਲਈ ਭਾਵਨਾ ਅਹਿਮ ਥਾਂ ਰੱਖਦੀ ਹੈ,ਪਰ ਜੇ ਸਿਆਸਤ ਤੇ ਵਿਚਾਰ ਭਾਵਨਾਤਮਕ ਵਹਾਅ ‘ਚ ਵਹਿ ਜਾਣ ਤਾਂ ਨਾਕਰਾਤਮਕ ਭਵਿੱਖ ਸਾਹਮਣੇ ਖੜ੍ਹੇ ਹੁੰਦਾ ਹੈ।ਠੀਕ ਉਸੇ ਤਰ੍ਹਾਂ ਜਿਵੇਂ ਸਮਾਜ ਦੇ ਆਦਰਸ਼ ਲੋਕਾਈ ਨੂੰ ਸੇਧ ਦਿੰਦੇ ਹਨ,ਪਰ ਜੇ ਸਿਆਸਤ ਤੇ ਵਿਚਾਰ ਆਦਰਸ਼ਵਾਦ ਦਾ ਸ਼ਿਕਾਰ ਹੋ ਜਾਵੇ ਤਾਂ ਯਕੀਨਨ ਖਤਰਨਾਕ ਨਤੀਜੇ ਨਿਕਲਦੇ ਹਨ।ਇਸੇ ਲਈ ਹਰ ਮਸਲੇ ‘ਤੇ ਠੋਸ ਸਮਝ ਬਣਾਉਣ ਲਈ ਭਾਵਨਾਤਮਕ ਵਹਾਅ ਤੇ ਅਦਰਸ਼ਵਾਦ ਵਰਗੇ ਖਤਰਨਾਕ ਵਰਤਾਰਿਆ ਤੋਂ ਬਚਣ ਦੀ ਲੋੜ ਹੁੰਦੀ ਹੈ।ਹਥਲੀ ਲਿਖਤ ਨੂੰ ਵੇਖਦਿਆਂ ਮੇਰੇ ਸਾਹਮਣੇ ਬੁਨਿਆਦੀ ਸਵਾਲ ਇਹ ਹੈ,ਕੀ ਐਨੀ ਸੂਚਨਾ,ਗਿਆਨ ਰੱਖਣ ਵਾਲਾ ਉੱਤਰ-ਅਧੁਨਿਕਤਾ ਦਾ ਉਪਾਸਕ ਲੇਖਕ ਸਿੱਖ ਸ਼ਾਸਕਾਂ,ਸਿੱਖ ਧਰਮ ਤੇ ਧਰਮ ਨੂੰ ਮੰਨਣ ਵਾਲੇ ਆਮ ਲੋਕਾਂ ਵਿਚਕਾਰ ਲਕੀਰ ਕਿਉਂ ਨਹੀਂ ਖਿੱਚ ਰਿਹਾ ਹੈ.?ਕੀ ਕਿਸੇ ਵੀ ਧਰਮ,ਧਰਮ ਦੇ ਸ਼ਾਸਕਾਂ ਤੇ ਧਰਮ ਦੇ ਆਮ ਲੋਕਾਂ ਨੂੰ ਇਕੋ ਤੱਕੜੀ ਦੇ ਪੱਲੜਿਆਂ ‘ਚ ਬਰਾਬਰ ਤੋਲਣਾ ਠੀਕ ਹੈ…?ਜਿਵੇਂ ਰਾਜੀਵ ਗਾਂਧੀ ਤੇ ਨਰਿੰਦਰ ਮੋਦੀ ਦੀ ਹਿੰਦੂ ਧਰਮ ਤੇ ਆਮ ਹਿੰਦੂਆਂ ਨਾਲ ਤੁਲਨਾ ਕਿੰਨੀ ਕੁ ਠੀਕ ਹੈ ਜਾਂ ਬਾਬਰ ਵਰਗੇ ਮੁਗਲ ਸ਼ਾਸਕਾਂ ਦੀ ਇਸਲਾਮ ਤੇ ਇਸਲਾਮ ਨੂੰ ਮੰਨਣ ਵਾਲੇ ਆਮ ਲੋਕਾਂ ਨਾਲ।ਪ੍ਰਧਾਨਮੰਤਰੀ ਮਨਮੋਹਨ ਸਿੰਘ ਤੇ ਮੋਨਟੇਕ ਸਿੰਘ ਆਹਲੂਵਾਲੀਆ ਵਰਗੇ ਦੇਸ ਵੇਚਣੇ ਸਾਮਰਾਜੀ ਦਲਾਲਾਂ ਨੂੰ ਕਿਹੜੇ ਸਿੱਖਾਂ ਦੀ ਸ਼੍ਰੇਣੀ ‘ਚ ਰੱਖੀਏ।ਜਿੰਨਾ ਚਿਰ ਅਸੀਂ ਇਹਨਾਂ ਨੂੰ ਵੱਖੋ ਵੱਖਰੇ ਕਰਕੇ ਨਹੀਂ ਵੇਖਦੇ,ਓਨਾ ਸਮਾਂ ਮਸਲਾ ਸਮਝ ਨਹੀਂ ਆ ਸਕਦਾ।

ਕਸ਼ਮੀਰੀਆਂ ‘ਤੇ ਤਸ਼ੱਦਦ ਆਮ ਸਿੱਖਾਂ ਨੇ ਨਹੀਂ ਬਲਕਿ ਸਿੱਖ ਸ਼ਾਸਕਾਂ ਨੇ ਕੀਤਾ ਹੈ।ਪੂਰੇ ਭਾਰਤ ‘ਚ ਜਿਵੇਂ ਮੁਗਲਸ਼ਾਹੀ ਸ਼ਬਦ ਮਸ਼ਹੂਰ ਸੀ,ਉਸੇ ਤਰ੍ਹਾਂ ਕਸ਼ਮੀਰੀ ਸਿੱਖ ਰਾਜ ਲਈ ਸਿੱਖਸ਼ਾਹੀ ਸ਼ਬਦ ਵਰਤਦੇ ਸਨ।ਕਸ਼ਮੀਰ ਦੀ ਜਿੱਤ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਸਿੰਘ ਨੇ ਆਪਣੇ ਮੁੰਡੇ ਦਾ ਨਾਂਅ ਕਸ਼ਮੀਰਾ ਸਿੰਘ ਰੱਖਿਆ ਸੀ।ਸਿੱਖ ਰਾਜ ਸਮੇਂ ਕਸ਼ਮੀਰ ਦੇ ਇਤਿਹਾਸ ‘ਚ ਸਭ ਤੋਂ ਕਾਲੀ ਘਟਨਾ ਨੂੰ ਆਮ ਕਸ਼ਮੀਰੀ ਵੀ ਅੱਜ ਤੱਕ ਨਹੀਂ ਭੁੱਲੇ।ਸਿੱਖ ਰਾਜ ਦੇ ਦੂਜੇ ਗਵਰਨਰ ਦੀਵਾਨ ਮੋਤੀ ਰਾਮ ਨੇ ਸ਼੍ਰੀ ਨਗਰ ਦੀ ਇਤਿਹਾਸਕ ਜਾਮਾ ਮਸਜਿਦ ਨੂੰ ਬੰਦ ਕਰਵਾਕੇ,ਓਥੇ ਘੋੜਿਆਂ ਦਾ ਅਸਤਬਲ(stable) ਬਣਵਾ ਦਿੱਤਾ ਸੀ।ਸ਼੍ਰੀ ਨਗਰ ਦੀ ਜਾਮਾ ਮਸਜਿਦ ਦੇ ਨਾਲ ਪੂਰੇ ਕਸ਼ਮੀਰ 'ਚ ਅਜ਼ਾਨ ਬੰਦ ਕਰਵਾਈ ਗਈ।ਕਸ਼ਮੀਰ ਦੀ ਪੱਥਰ ਮਸਜਿਦ ਤੇ ਕਈ ਹੋਰਨਾਂ ਮਸਜਿਦਾਂ ਤੇ ਮਦਰੱਸਿਆਂ ਨੂੰ ਸਰਕਾਰੀ ਮਲਕੀਅਤ ਐਲਾਨ ਦਿੱਤਾ ਗਿਆ ਸੀ।ਗਾਂ ਦਾ ਮਾਸ ਖਾਣ ਦਾ ਕਸ਼ਮੀਰ ‘ਚ ਆਮ ਰਿਵਾਜ ਹੈ,ਪਰ ਸਿੱਖ ਰਾਜ ਦੌਰਾਨ ਇਸਤੇ ਪਾਬੰਦੀ ਲਗਾਈ ਗਈ।ਜਦੋਂ ਕਸ਼ਮੀਰ ਦੀ ਡੋਰ ਮਹਾਰਾਜਾ ਰਣਜੀਤ ਦੇ ਪੁੱਤ ਸੂਬੇਦਾਰ ਕਸ਼ਮੀਰ ਸਿੰਘ ਦੇ ਹੱਥ ਆਈ ,ਓਦੋਂ ਕਸਮੀਰ ‘ਚ ਸੋਕੇ ਪਿਆ ਹੋਇਆ ਸੀ।ਕਸ਼ਮੀਰੀ ਪਾਬੰਦੀਆਂ ਦੇ ਬਾਵਜੂਦ ਗਾਂ ਦਾ ਮਾਸ ਖਾਂਦੇ ਸਨ,ਇਸੇ ਕਰਕੇ ਸੂਬੇਦਾਰ ਸ਼ੇਰ ਸਿੰਘ ਦੀ ਅਗਵਾਈ ‘ਚ ਸ਼੍ਰੀਨਗਰ ਦੇ ਹਵਲ ਇਲਾਕੇ ‘ਚ 12 ਕਸ਼ਮੀਰੀਆਂ ਨੁੰ ਜਿਉਂਦੇ ਜੀਅ ਸਾੜਿਆ ਗਿਆ।ਇਹ ਅਹਿਮ ਘਟਨਾਵਾਂ ਦੇ ਸਾਰੇ ਵੇਰਵੇ ਕਸ਼ਮੀਰੀ ਇਤਿਹਾਸ ਦੀਆਂ ਮਸ਼ਹੂਰ ਕਿਤਾਬਾਂ ਤਰੀਕੇ-ਏ-ਹਸਨ-ਲੇਖਕ ਗੁਲਾਮ ਹਸਨ,ਹਿਸਟਰੀ ਆਫ ਕਸ਼ਮੀਰ –ਲੇਖਕ ਬਾਮਜ਼ਈ,ਕਸ਼ੀਰ,ਦੂਜਾ ਭਾਗ-ਲੇਖਕ ਸੂਫੀ ‘ਚ ਦਰਜ ਹਨ।ਇਸਤੋਂ ਇਲਾਵਾ ਕਿਹੜੇ ਕਸ਼ਮੀਰੀਆਂ ਨੇ ਸਿੱਖ ਸ਼ਾਸਕਾਂ ਨੂੰ ਸੱਦਾ ਦਿੱਤਾ ਤੇ ਉਸਤੋਂ ਬਾਅਦ ਕਸ਼ਮੀਰ ਦੇ ਕੀ ਹਲਾਤ ਰਹੇ,ਇਸ ਬਾਰੇ ਪ੍ਰੇਮ ਨਾਥ ਬਜਾਜ ਦੀ ਕਿਤਾਬ “ਦ ਹਿਸਟਰੀ ਆਫ ਸਟਰੱਗਲ ਫਾਰ ਫਰੀਡਮ ਇਨ ਕਸ਼ਮੀਰ” ਤੇ ਗਵਾਸ਼ਾ ਨਾਥ ਕੌਲ ਆਪਣੀ ਕਿਤਾਬ “ਕਸ਼ਮੀਰ ਦੈਨ ਐਂਡ ਨਾਓ” ‘ਚ ਕਈ ਤੱਥ ਪੇਸ਼ ਕਰਦੇ ਹਨ।

ਪ੍ਰੇਮ ਨਾਥ ਬਜਾਜ ਦੀ ਕਿਤਾਬ “ਦ ਹਿਸਟਰੀ ਆਫ ਸਟਰੱਗਲ ਫਾਰ ਫਰੀਡਮ ਇਨ ਕਸ਼ਮੀਰ”

ਰਣਜੀਤ ਸਿੰਘ ਇਕ ਅਜਿਹਾ ਹਾਕਮ ਜੋ ਪਹਿਲਾਂ ਵੀ ਕਸ਼ਮੀਰ ਵਿਰੁੱਧ ਦੋ ਵਾਰ ਚੜ੍ਹਾਈ ਕਰ ਚੁੱਕਿਆ ਸੀ,ਤੇ ਉਹਨਾਂ ਦੇ ਜਾਬਰ ਹਾਕਮ ਅਫਗਾਨਾਂ ਨਾਲ ਸੰਧੀ ਕਰ ਚੁੱਕਿਆ ਸੀ,ਦੇ ਸਹਿਯੋਗ ਦੀ ਮੰਗ ਕਰਕੇ ਕਸ਼ਮੀਰੀ ੳੁੱਚ ਵਰਗ ਨੇ ਇਕ ਵਾਰ ਫੇਰ,ਕਿਸੇ ਵਿਦੇਸ਼ੀ ਹਾਕਮ ਨੂੰ ਕਸ਼ਮੀਰ 'ਚ ਦਖ਼ਲ ਦੇਣ ਦੀ ਅਰਜ਼ ਗੁਜ਼ਾਰੀ।ਕਸ਼ਮੀਰੀ ਕੁਲੀਨ ਵਰਗ ਦਾ ਇਤਿਹਾਸਕ ਤੌਰ 'ਤੇ ਇਹ ਦੋਸ਼ ਰਿਹਾ ਹੈ।

ਮਾਲਕ ਦਾ ਬਦਲ ਬੱਸ ਰਾਜ ਖੁਰਲੀ ‘ਤੇ ਰਾਜੇ ਸਾਨ੍ਹ ਦਾ ਬਦਲ ਸੀ।ਸਿੱਖ ਸ਼ਾਸਕ ਅਫਗਾਨਾਂ ਨਾਲੋਂ ਘੱਟ ਜ਼ਾਲਮ,ਲੋਟੂ ਅਸਹਿਣਸ਼ੀਲ ਤੇ ਕੱਟੜਵਾਦੀ ਨਹੀਂ ਸਨ।ਜ਼ਾਲਮ ਸਿੱਖ ਰਾਜ 29 ਸਾਲ ਰਿਹਾ।ਜੇ ਅਫਗਾਨ ਮੁਸਲਮਾਨ ਸਰਦਾਰਾਂ ਤੇ ਘੱਟ ਜ਼ੁਲਮ ਕਰਦੇ ਸਨ,ਸਿੱਖ ਸੂਬੇਦਾਰ ਹਿੰਦੂ ਜਮੀਂਦਾਰਾਂ ਨਾਲ ਘੱਟ ਸਖਤੀ ਨਾਲ ਪੇਸ਼ ਆਉਂਦੇ ਸਨ।ਪਰ ਹਰੇਕ ਕੌਮ ਦੇ ਗਰੀਬ ਗੁਰਬਿਆਂ ਦਾ ਇਕੋ ਜਿਹਾ ਘਾਣ ਹੋਇਆ।

ਇਕ ਦੇ ਬਾਅਦ ਇਕ ਸੂਬੇਦਾਰ ਦੇ ਜ਼ੁਲਮ,ਲੁੱਟ ਤੇ ਖਤਰਨਾਕ ਨਿਰਲੇਪਤਾ ਦੀ ਖੇਡ ਜਾਰੀ ਰੱਖੀ।ਕੁਝ ਕੁ ਯੂਰਪੀਅਨਾਂ ‘ਚੋਂ ਇਕ ਵਿਲੀਅਮ ਮੂਰਕਰੌਫਟ ,ਜਿਸਨੇ ਸਿੱਖ ਰਾਜ ਅਧੀਨ ਕਸ਼ਮੀਰ ਦਾ 1823 ‘ਚ ਦੌਰਾ ਕੀਤਾ।10 ਮਹੀਨਿਆਂ ਦੀ ਫੇਰੀ ਤੋਂ ਬਾਅਦ ਉਸਨੇ ਹੇਠ ਲਿਖਿਆਂ ਗੱਲਾਂ ਪਰਖੀਆਂ :

ਹਰ ਕਿਤੇ ਲੋਕ ਬੁਰੇ ਹਲਾਤੀਂ ਸਨ।ਸਿੱਖ ਸਰਕਾਰ ਵਲੋਂ ਭਾਰੀ ਟੈਕਸਾਂ ਨਾਲ ਮਾਰੇ ਹੋਏ ਤੇ ਇਸਦੇ ਅਫਸਰਾਂ ਦੁਆਰਾ ਬੁਰੀ ਤਰ੍ਹਾਂ ਲਤਾੜ੍ਹੇ ਹੋਏ ਸਨ।ਮਾੜੇ ਪ੍ਰਬੰਧ ਦਾ ਇਕ ਅਸਰ ਦੇਸ ਦੀ ਦਿਨੋ ਦਿਨ ਘਟਦੀ ਵਸੋਂ ਸੀ।ਵਾਹੀਯੋਗ ਜ਼ਮੀਨ ਦਾ ਸੋਲਵਾਂ ਹਿੱਸਾ ਹੀ ਵਾਹੀ ਹੇਠ ਸੀ।ਸਿੱਟੇ ਵਜੋਂ ਭੁੱਖ ਦੇ ਮਾਰੇ ਲੋਕ ਭਾਰੀ ਗਿਣਤੀ ‘ਚ ਭਾਰਤ ਵੱਲ ਹਿਜ਼ਰਤ ਕਰ ਗਏ ਸਨ।6800 ਤੋਂ ਵਧੇਰੇ ਮਰੀਜ਼ ਲਿਸਟ ‘ਤੇ ਰਹਿੰਦੇ ਸਨ,ਜਿਨ੍ਹਾਂ ਵਿਚੋਂ ਜ਼ਿਆਦਾ ਜਣੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਸਨ।ਘੱਟ ਤੇ ਅਪੌਸ਼ਿਟਕ ਭੋਜਨ ਨਾਲ ਹਨ੍ਹੇਰੇ ,ਘੱਟ ਹਵਾਹਾਰੇ ਤੇ ਕੂੜੇ ਭਰੇ ਕਮਰਿਆਂ ਵਿੱਚ ਦਿਨਕਟੀ ਸੀ।ਹਰੇਕ ਵਣਜ ‘ਤੇ ਟੈਕਸ ਸੀ:ਕਸਾਈ,ਮਲਾਹ,ਈਂਧਣ ਵੇਚਣ ਵਾਲੇ,ਸ਼ਾਲ ਬਣਾਉਣ ਵਾਲੇ,ਜਨਤਕ ਅਰਜ਼ੀ ਨਵੀਸ,ਭੰਗੀ,ਵੇਸਵਾਵਾਂ ਤੱਕ ਸਾਰੇ ਇੱਕ ਤਰ੍ਹਾਂ ਦਾ ਕਾਰਪੋਰੇਸ਼ਨ ਟੈਕਸ ਦਿੱੰਦੇ ਸਨ।

ਕਿਸੇ ਚੰਗੇ ਸਾਲ ‘ਚ ਸਿੱਖ ਸਾਮਰਾਜ ਵਿੱਚ ਕਸ਼ਮੀਰ ਸਭ ਤੋਂ ਵੱਧ ਆਮਦਨ ਦੇਣ ਵਾਲਾ ਰਾਜ ਸੀ।ਮੂਰਕਰੌਫਟ ਅਨੁਸਾਰ “ਕਸ਼ਮੀਰੀਆਂ ਨਾਲ ਬੱਸ ਡੰਗਰਾਂ ਨਾਲੋਂ ਥੋੜ੍ਹਾ ਜਿਹਾ ਚੰਗਾ ਸਲੂਕ ਹੁੰਦਾ ਸੀ।

ਗਵਾਸ਼ਾ ਨਾਥ ਕੌਲ ਆਪਣੀ ਕਿਤਾਬ “ਕਸ਼ਮੀਰ ਦੈਨ ਐਂਡ ਨਾਓ” ‘ਚ ਲਿਖਦਾ ਹੈ

ਸ਼੍ਰੀਨਗਰ ਸ਼ਹਿਰ ਇਕ ਬਦਹਾਲ ਤਸਵੀਰ ਦਿਖਾਉਂਦਾ ਹੈ।ਜੈਨਾ ਕਦਾਲ ਤੇ ਗੌ ਕਦਾਲ ਦੇ ਵੇਸਵਾ ਕੇਂਦਰਾਂ ‘ਚ ਔਰਤਾਂ ਦੀ ਹਾਲਤ ਬਹੁਤ ਬੁਰੀ ਤੇ ਘਟੀਆ ਸੀ।ਚੋਰੀਆਂ ਰੋਜ਼ ਦਾ ਕੰਮ ਸੀ।ਸਰਕਾਰ ਦੀ ਮੁਸਲਮਾਨ ਵਿਰੋਧੀ ਨੀਤੀਆਂ ਪ੍ਰਤੱਖ ਸਨ।ਭਿੱਖਿਆ ਐਨੀ ਆਮ ਸੀ ਕਿ ਇਕ ਦਮੜੀ (ਰੁਪਏ ਦਾ 144ਵਾਂ ਹਿੱਸਾ)ਪਿੱਛੇ ਭਿਖਾਰੀਆਂ ਦੀਆਂ ਧਾੜਾਂ ਆ ਜਾਂਦੀਆਂ ਸਨ।ਔਰਤਾਂ ਦੇ ਘਰੋ ਘਰੀਂ ਕੰਮਕਾਰ ਦੀ ਪੁੱਛੋ ਹੀ ਨਾ,ਅਨਪੜਤਾ ਐਨੀ ਜ਼ਿਆਦਾ ਕਿ ਕੋਈ ਰੱਬ ਦਾ ਬਖਸ਼ਿਆ ਹੀ ਪੜ੍ਹਨਾ ਲਿਖਣਾ ਜਾਣਦਾ ਸੀ,ਬੇਰੁਜ਼ਗਾਰੀ ਐਨੀ ਕਿ 10-12 ਦੇ ਪਰਿਵਾਰ ‘ਚੋਂ ਇਕ ਜਾਣਾ ਹੀ ਕਮਾਉਣ ਵਾਲਾ ਸੀ।ਜੰਮਣ ਦੀ ਦਰ ਘੱਟ ਤੇ ਮਰਨ ਦੀ ਦਰ ਜ਼ਿਆਦਾ ਸੀ,ਉਹ ਵੀ ਇਲਾਜਯੋਗ ਬਿਮਾਰੀ ਕਰਕੇ ਪਰ ਜਿੰਨ੍ਹਾਂ ਦੀ ਦਵਾਈ ਆਦਿ ਉਪਲਬਧ ਨਹੀਂ ਸੀ।ਆਮ ਸਿੱਖਾਂ ਦੀ ਹਾਲਤ ਵੀ ਬੁਰੀ ਸੀ,ਪੰਡਿਤ ਥੌੜ੍ਹੇ ਚੰਗੇ ਹਾਲੀਂ ਸਨ।90 ਫੀਸਦ ਮੁਲਸਮਾਨਾਂ ਦੇ ਘਰ ਭਾਰਤੀ ਸ਼ਾਹੂਕਾਰਾਂ ਕੋਲ ਗਹਿਣੇ ਸਨ।ਪੰਜਾਬ ਦਾ ਇਕ ਸਮਾਜ ਸੇਵਕ ਰਿਚਰਡ ਸਾਇਮੰਡਜ਼ ਲ਼ਿਖਦਾ ਹੈ,ਹਰੇਕ ਗਾਂ,ਮੱਝ ਤੇ ਭੇਡ ‘ਤੇ ਟੈਕਸ ਲੱਗਿਆ ਹੋਇਆ ਸੀ ਤੇ ਹਰੇਕ ਪਤਨੀ ਵੀ”

ਕਸ਼ਮੀਰ ਦੇ ਸਿੱਖ ਰਾਜ ਬਾਰੇ ਮੋਟਾ ਮੋਟਾ ਪਹਿਲਾਂ ਪੜ੍ਹਿਆ ਹੋਇਆ ਸੀ,ਪਰ ਹੁਣ ਜਦੋਂ ਇਤਿਹਾਸਕ ਹਵਾਲਿਆਂ ਦਾ ਦਸਤਾਵੇਜ਼ੀਕਰਨ ਕਰਨਾ ਸੀ ਤਾਂ ਇਤਿਹਾਸ ਦੇ ਸਰੋਤਾਂ ਨੂੰ ਸੱਚ ਦੀ ਸਾਣ ‘ਤੇ ਪਰਖਣਾ ਜ਼ਰੂਰੀ ਹੈ।ਸੋ,ਇਹਨਾਂ ਇਤਿਹਾਸਕਾਰਾਂ ਤੇ ਸਰੋਤਾਂ ਬਾਰੇ ਕਸ਼ਮੀਰ ਦੇ ਪ੍ਰੋਫੈਸਰ ਐੱਸ ਏ ਆਰ ਗਿਲਾਨੀ,ਜੋ ਕਸ਼ਮੀਰ ਦੇ ਇਤਿਹਾਸ ਬਾਰੇ ਡੂੰਘੀ ਜਾਣਕਾਰੀ ਰੱਖਦੇ ਹਨ ਤੇ ਜਿਨਾਂ ਨੂੰ ਭਾਰਤੀ ਸਰਕਾਰ ਨੇ 2001 ‘ਚ ਸੰਸਦ ‘ਤੇ ਹਮਲੇ ਦਾ ਮਾਸਟਰਮਾਈਂਡ ਕਹਿਕੇ ਫਸਾਇਆ ਸੀ ਤੇ ਮੱਕਦਮੇ ‘ਚੋਂ ਬਰੀ ਬਾਅਦ ਹਮਲਾ ਕਰਕੇ ਮਾਰਨ ਦੀ ਕੋਸ਼ਿਸ ਕੀਤੀ ਗਈ, ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਾਰੇ ਇਤਿਹਾਸਕਾਰਾਂ ‘ਤੇ ਤੇ ਹਵਾਲਿਆਂ ‘ਤੇ ਆਪਣੀ ਹਮਾਇਤ ਦਿੱਤੀ।ਧਾਰਮਿਕ ਘੱਟਗਿਣਤੀਆਂ ਦੇ ਤਸ਼ੱਦਦ ਦੇ ਖਿਲਾਫ ਗਿਲਾਨੀ ਆਮ ਤੌਰ ‘ਤੇ ਖਾਲਿਸਤਾਨ ਦੀਆਂ ਸਮਰਥਕ ਪਾਰਟੀਆਂ ਦਲ ਖਾਲਸਾ,ਮਾਨ ਦਲ ਤੇ ਬਿੱਟੂ ਗਰੁੱਪ ਦੇ ਮੰਚਾਂ ‘ਤੇ ਵੇਖੇ ਜਾਂਦੇ ਹਨ।ਇਹਨਾਂ ਹਵਾਲਿਆਂ ਬਾਰੇ ਕਸ਼ਮੀਰੀ ਲਹਿਰ ਦੇ ਬਜ਼ੁਰਗ ਹੁਰੀਅਤ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ,ਪਰ ਸੰਪਰਕ ਨਹੀ ਹੋ ਸਕਿਆ। ਜਿਹੜੀ ਮਾਲੀਆ ਘਟਾਉਣ ਤੇ ਵਗਾਰ ਖ਼ਤਮ ਕਰਨ ਜਾਂ ਅਫਗਾਨਾਂ ਦੇ ਰਾਜ ਤੋਂ ਰਾਹਤ ਦੀ ਗੱਲ ਲੇਖਕ ਕਰਦੇ ਹਨ।ਉਸਦੇ ਮੁਤਬਿਕ ਦੇਖੀਏ ਤਾਂ ਮੁਗਲਾਂ ਦੇ ਆਉਣ ਨਾਲ ਪੰਜਾਬ ‘ਚ ਬਹੁਤ ਚੰਗਾ ਬੁਨਿਆਦੀ ਢਾਂਚਾ(ਨਹਿਰਾਂ,ਸੜਕਾਂ,ਖੂਹ,ਖੇਤੀ) ਖੜ੍ਹਾ ਹੋਇਆ(ਦੇਖੋ ਪ੍ਰਸਿੱਧ ਇਤਿਹਾਸਕਾਰ ਅਹਿਮਦ ਏਜਾਜ਼ ਦੀ ਕਿਤਾਬ "ਭਾਰਤ ਦਾ ਆਰਥਿਕ ਇਤਿਹਾਸ") ਸੀ।ਕੀ ਇਸ ਪੱਖ ਨੁੰ ਮੂਹਰੇ ਰੱਖਕੇ ਮੁਗਲਾਂ ਦੇ ਅੱਤਿਆਚਾਰਾਂ ਨੂੰ ਭੁੱਲ ਜਾਈਏ…?

ਕਸ਼ਮੀਰ ਦੇ ਇਤਿਹਾਸ ਦੀ ਜ਼ਮੀਨ ‘ਤੇ ਖੜ੍ਹਕੇ ਪੰਜਾਬੀ ਕਾਮਰੇਡਾਂ ਦੀ ਜੰਗਾਲੀ ਬੌਧਿਕ ਵਿਰਾਸਤ ਦੀ ਦਲੀਲ ਘੜੀ ਗਈ,ਉਸਦਾ ਅਧਾਰ ਇਤਿਹਾਸ ਫਰੋਲਣ ਤੋਂ ਬਾਅਦ ਕੀ ਬਚਦਾ ਹੈ..?ਮੇਰੇ ਗਿਆਨ ਤੇ ਜਾਣਕਾਰੀ ਮੁਤਾਬਿਕ ਪੰਜਾਬ ਦੇ ਕਮਿਊਨਿਸਟਾਂ ਦੀ ਸਿੱਖੀ ਪ੍ਰਤੀ ਬਿਲਕੁਲ ਨਫਰਤ ਨਹੀਂ ਹੈ।ਜੇ ਕਮਿਊਨਿਸਟਾਂ ਧਿਰਾਂ ਦੀ ਸਿੱਖ ਧਿਰਾਂ ਨਾਲ ਸਿਆਸੀ ਲੜਾਈ ਜਾਂ ਕਿਸੇ ਬੇਵਕੂਫ ਕਾਮਰੇਡ ਦੇ ਇਕ ਅੱਧੇ ਬਿਆਨ ਨੂੰ ਸਿੱਖਾਂ ਪ੍ਰਤੀ ਨਫਰਤ ਦਾ ਨਾਂਅ ਦੇਣਾ ਹੈ ਤਾਂ ਕੁਝ ਨਹੀਂ ਕਿਹਾ ਜਾ ਸਕਦਾ।ਐੱਮ ਐੱਲ ਦੀਆਂ ਲਗਭਗ ਸਾਰੀਆਂ ਧਿਰਾਂ ਦੀ ਸਿਆਸਤ ਦੇ ਅਮਲ ਨੂੰ ਨੇੜਿਓਂ ਵੇਖਿਆ ਹੈ,ਕਿਤੇ ਕਿਸੇ ਦੇ ਮੂੰਹੋਂ ਇਕ ਸ਼ਬਦ ਵੀ ਸਿੱਖੀ ਵਿਰੋਧੀ ਨਿਕਲਦਾ ਨਹੀਂ ਵੇਖਿਆ।ਪੰਜਾਬ ਦੀਆਂ ਕਮਿਊਨਿਸਟ ਧਿਰਾਂ ਅੰਦਰ ਇਕ ਨਾਅਰਾ ਕਾਫੀ ਮਸ਼ਹੂਰ ਹੈ, ‘ਗੋਬਿੰਦ,ਬੱਬਰ,ਭਗਤ,ਸਰਾਭਾ ,ਇਨਕਲਾਬੀ ਵਿਰਸਾ ਸਾਡਾ” ਇਹ ਨਾਅਰਾ ਆਪਣੇ ਆਪ ਬਹੁਤ ਕੁਝ ਕਹਿ ਰਿਹਾ ਹੈ।ਕਮਿਊਨਿਸਟ ਪੰਜਾਬ ‘ਚ ਕਿਸੇ ਥਾਂ ਗੱਲ ਕਰਨੀ ਸ਼ੁਰੂ ਕਰਦੇ ਹਨ ਤਾਂ ਪੰਜਾਬ ਦੇ ਮਹਾਨ ਸਿੱਖ ਇਤਿਹਾਸ ਤੇ ਯੋਧਿਆਂ ਦਾ ਜ਼ਿਕਰ ਜ਼ਰੂਰ ਹੁੰਦਾ ਹੈ।ਪੰਜਾਬ ਤੋਂ ਇਲਾਵਾ ਦਿੱਲੀ ‘ਚ 84 ਦੇ ਸਮੇਂ ਜਿਸ ਮਨੁੱਖੀ ਅਧਿਕਾਰ ਜਥੇਬੰਦੀ ਪੀ ਯੂ ਸੀ ਐਲ਼ ਨੇ ਕਤਲੇਆਮ ਤੋਂ ਤਰੁੰਤ ਬਾਅਦ “ਦੋਸ਼ੀ ਕੋਣ ਹੈ”(ਹੂ ਇਜ਼ ਗਿਲਟੀ) ਨਾਂਅ ਦਾ ਕਿਤਾਬਚਾ ਕੱਢਿਆ,ਉਸ ‘ਚ ਬਹੁਗਿਣਤੀ ਕਮਿਊਨਿਸਟਾਂ ਦੀ ਸੀ।ਇਸ ਕਿਤਾਬਚੇ ‘ਚ ਹਿੱਕ ਠੋਕ ਕੇ ਦੋਸ਼ੀਆਂ ਦੇ ਨਾਂਅ ਛਾਪੇ ਸਨ,ਜਿਸ ਕਾਰਨ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਸੀ।ਇਸਤੋਂ ਇਲਾਵਾ ਦਿੱਲੀ ‘ਚ 84 ਦੇ ਸਿੱਖ ਕਤਲੇਆਮ ਖਿਲਾਫ ਪਹਿਲਾ ਅਮਲੀ ਕਦਮ ਐੱਲ.ਐੱਲ ਦੀਆਂ ਧਿਰਾਂ ਨੇ ਧਰਨਾ ਲਾ ਕੇ ਚੁੱਕਿਆ ਸੀ।

ਸੰਸਾਰੀਕਰਨ ਤੋਂ ਬਾਅਦ ਪੂਰੀ ਦੁਨੀਆਂ ਦੇ ਨਾਲ ਪੰਜਾਬ ਖ਼ਪਤਵਾਦੀ ਸੱਭਿਆਚਾਰ ਦਾ ਸ਼ਿਕਾਰ ਹੈ,ਜਿਸਤੋਂ ਪੰਜਾਬ ਦਾ ਕੋਈ ਵੀ ਸਿੱਖ ,ਹਿੰਦੂ ਤੇ ਕਮਿਊਨਿਸਟ ਬਚ ਨਹੀਂ ਸਕਦਾ।ਕਿਸੇ ਨਾ ਕਿਸੇ ਰੂਪ ‘ਚ ਹਰ ਆਮ-ਖਾਸ ਨੂੰ ਮੰਡੀ ਨੇ ਆਪਣੀ ਜਕੜ ‘ਚ ਲਿਆ ਹੋਇਆ ਹੈ।ਪੰਜਾਬ ਦੇ ਕਾਮਰੇਡਾਂ ਪੱਛਮੀਕ੍ਰਿਤ ਸੱਭਿਆਚਾਰ ਭਾਉਂਦਾ ਹੈ,ਕਿਉਂਕਿ ਉਸ ‘ਚ ਐਬਾਂ ਤੇ ਸ਼ਖ਼ਸੀ ਖੁੱਲ੍ਹਾਂ ਨੂੰ ਅਜ਼ਾਦੀ ਹੈ,ਸਿੱਖੀ ਇਸ ਤਰ੍ਹਾਂ ਦੇ ਵਰਤਾਰਿਆਂ ਦੀ ਇਜ਼ਾਜ਼ਤ ਨਹੀ ਦਿੰਦੀ”।ਪਰ ਮਹਾਰਾਜਾ ਰਣਜੀਤ ਸਿੰਘ ਤਾਂ ਕਿਸੇ ਪੱਛਮੀਕ੍ਰਿਤ ਤੇ ਕਮਿਊਨਿਸਟ ਸੱਭਿਆਚਾਰ ਦੇ ਪ੍ਰਭਾਵ ਹੇਠ ਨਹੀਂ ਸੀ,ਉਸ ਦੀ ਸੈਕਸੁਅਲ ਤੇ ਐਬੀ ਜ਼ਿੰਦਗੀ(ਕਈ ਔਰਤਾਂ,ਅਫੀਮ,ਸ਼ਰਾਬ) ਇਤਿਹਾਸ ‘ਚ ਦਰਜ ਹੈ,ਪਰ ਸਿੱਖ ਉਸਨੂੰ ਸਿਰਫ ਝੂਠਾ ਬ੍ਰਿਟਿਸ਼ ਪ੍ਰਚਾਰ ਕਹਿੰਦੇ ਹਨ।ਮਹਰਾਜਾ ਰਣਜੀਤ ਸਿੰਘ ਤੋਂ ਬਿਨਾਂ ਹੋਰ ਬਹੁਤ ਸਾਰੇ ਸਿੱਖ ਹਨ,ਜੋ ਚਰਿੱਤਰ ਪੱਖੋਂ ਵੱਡੇ ਵੱਡੇ ਚੰਦ ਚਾੜ੍ਹ ਚੁੱਕੇ ਹਨ।ਕਾਮਰੇਡ ਵੀ ਦੁੱਧ ਧੋਤੇ ਨਹੀਂ ਹਨ।ਨੈਤਕਿਤਾ ਕੋਈ ਹਵਾ ‘ਚ ੳੁੱਡਦੀ ਚੀਜ਼ ਨਹੀਂ,ਇਸਦਾ ਸਬੰਧ ਵੀ ਸਿਆਸਤ ਦੀ ਕਾਰਗੁਜ਼ਾਰੀ ਨਾਲ ਜੁੜਿਆ ਹੁੰਦਾ ਹੈ।ਜਦੋਂ ਸਿਆਸਤ ‘ਚ ਕੋਈ ਅਨੁਸ਼ਾਸਨ ਨਾ ਹੋਵੇ ਤਾਂ ਹਰਿਮੰਦਰ ਸਾਹਿਬ ਦੀ ਸਰ੍ਹਾਂ ‘ਚ ਤਿੰਨ ਤਿੰਨ ਫੁੱਟੀਆਂ ਕਿਰਪਾਨਾਂ ਵਾਲੇ ਜਥੇਦਾਰ ਸਿੱਖ ਨਵ ਵਿਹੁਅਤਾ ਦੇ ਪਤੀ ਨੂੰ ਨੂੜਕੇ ਉਸ ਨਾਲ ਬਲਾਤਕਾਰ ਕਰ ਸਕਦੇ ਹਨ ਤੇ ਕਾਮਰੇਡਾਂ ਦੀ ੳੁੱਚ ਲੀਡਰਸ਼ਿਪ ਵੀ ਕੋਈ ਵੀ ਗੁੱਲ੍ਹ ਖਿੜਾ ਸਕਦੀ ਹੈ।

ਵਿਚਾਰਕ ਪੱਧਰ ਤੇ ਕਿਸੇ ਮਨੁੱਖ ਦਾ ਅਗਾਂਹਵਧੂ ਹੋਣਾ ਸਧਾਰਨ ਵਰਤਾਰਾ ਹੈ,ਪਰ ਅਮਲੀ ਤੌਰ ‘ਤੇ ਫਲਸਫੇ ਨਾਲ ਜੁੜੇ ਲੋਕ ਕਿੰਨਾ ਕੁ ਬਦਲਦੇ ਹਨ,ਇਹ ਸਭ ਤੋਂ ਮਹੱਤਵਪੂਰਨ ਹੈ।ਜਦੋਂ ਸਿੱਖ ਧਰਮ ਬਾਬੇ ਨਾਨਕ ਦੀ ਅਗਵਾਈ ‘ਚ ਬ੍ਰਹਮਣਵਾਦ ਖਿਲਾਫ ਆਪਣੀ ਲੜਾਈ ਵਿੱਢਦਾ ਹੈ,ਓਸੇ ਸਮੇਂ ਭਾਰਤ ਦੇ ਕਈ ਹਿੱਸਿਆਂ ‘ਚ ਭਗਤੀ ਲਹਿਰ ਦੇ ਰੂਪ ‘ਚ ਸਮਾਜਿਕ ਲਹਿਰਾਂ ਜਨਮ ਲੈਂਦੀਆਂ ਹਨ।ਕੁਝ ਬ੍ਰਹਮਣਵਾਦ ਖਿਲਾਫ ਛੇਤੀ ਲੜਾਈ ਹਾਰ ਜਾਂਦੀਆਂ ਹਨ ਤੇ ਕੁਝ ਹੁਣ ਤੱਕ ਜਥੇਬੰਦਕ ਰੂਪ ‘ਚ ਸਾਡੇ ਸਾਹਮਣੇ ਹਨ,ਪਰ ਬ੍ਰਹਮਣਵਾਦ ਦਾ ਗਲਬਾ ਤੇ ਅਸਰ ਸਭ ‘ਤੇ ਅਜੇ ਤੱਕ ਹੈ।ਸਿੱਖੀ ਨੂੰ ਮੰਨਣ ਵਾਲੀ ਬਹੁਗਿਣਤੀ ਨੇ ਰਸਮਾਂ ਰਿਵਾਜ਼ਾਂ ਤੇ ਕਰਮ ਕਾਂਡ ਦੇ ਤੌਰ ‘ਤੇ ਕਿੰਨੀ ਕੁ ਬ੍ਰਹਮਣਵਾਦ ਤੋਂ ਛੁਟਕਰਾ ਪਾਇਆ ਹੈ..?ਮਾਨਸ ਕੀ ਜਾਤ ਸਬੈ ਏਕੋ ਪਹਿਚਾਨਬੋ” ਜਿੱਥੋਂ ਗੁਰੁ ਗੋਬਿੰਦ ਸਿੰਘ ਜੀ ਸਮਾਜਿਕ ਜਮਹੂਰੀਕਰਨ ਦੀ ਲੜਾਈ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡਕੇ ਗਏ ਸਨ,ਉਹ ਕਿੱਥੇ ਖੜ੍ਹੀ ਹੈ..?ਪਿਛਲੇ 50-60 ਸਾਲਾਂ ਦੌਰਾਨ ਸਿੱਖੀ ਨੇ ਪੰਜਾਬ ਦੇ ਦਲਿਤਾਂ ਅਮਲੀ ਤੌਰ ‘ਤੇ ੳੁੱਚਾ ਚੁੱਕਣ ਲਈ ਕੀ ਕੀਤਾ..?ਪੰਜਾਬ ਦਾ ਜੱਟ ਸਿੱਖ ਸਮਾਜ ਜਿਸ ਤਰ੍ਹਾਂ ਦਲਿਤਾਂ ਨਾਲ ਪੇਸ਼ ਆਉਂਦਾ ਰਿਹਾ ਹੈ,ਇਹ ਕਿਸੇ ਪੰਜਾਬੀ ਤੋਂ ਲੁਕੀ ਗੱਲ ਨਹੀਂ।ਡੇਰਾ ਸਿਰਸਾ ਦੇ ਕਾਂਡ ਸਮੇਂ ਮੇਰੇ ਇਕ ਨਿਜੀ ਤੌਰ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ਦੇ ‘ਚ ਐੱਸ ਜੀ ਪੀ ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਕਹਿੰਦੇ ਹਨ ,ਕਿ ਦਲਿਤਾਂ ਦੀ ਸਥਿਤੀ ਪੰਜਾਬ ‘ਚ ਹੋਰਾਂ ਰਾਜਾਂ ਨਾਲੋਂ ਕਿਤੇ ਬੇਹਤਰ ਹੈ।ਉਵੇਂ ਹੀ ਜਿਵੇਂ ਅਫਗਾਨਾਂ ਦੇ ਰਾਜ ਤੋਂ ਕਸ਼ਮੀਰੀਆਂ ਨੂੰ ਸਿੱਖ ਰਾਜ ਠੀਕ ਸੀ।ਕਮਿਊਨਿਟਸ ਵੀ ਅਮਲੀ ਤੌਰ ‘ਤੇ ਬ੍ਰਹਮਣਵਾਦ ਦੇ ਅਸਰ ਹੇਠ ਵਿਚਰਦੇ ਹਨ।ਮੈਂ ਪਹਿਲਾਂ ਵੀ ਕਹਿ ਚੁੱਕਿਆਂ ਕਿ ਜਾਤ ਪਾਤ ਨੂੰ ਸਿਧਾਂਤਕ ਤੌਰ ‘ਤੇ ਨਾ ਮੰਨਣ ਵਾਲੇ ਦੋਵੇਂ ਤਬਕਿਆਂ ਦੀਆਂ ਕੁੜੀਆਂ ਨੇ ਜਦੋਂ ਗੈਰ-ਜਾਤੀ,ਗੈਰ-ਧਰਮ ਪ੍ਰੇਮ ਵਿਆਹ ਕਰਵਾਉਣ ਦੀ ਗੱਲ ਕੀਤੀ ਤਾਂ ਸਿੱਖ ਤੇ ਕਮਿਊਨਿਸਟ ਦੋਵੇਂ ਬੰਦੂਕਾਂ ਚੱਕ ਕੇ ਖੜ੍ਹੇ ਹੋ ਗਏ।ਅਜਿਹੇ ਖਾਸ ਸਿੱਖਾਂ ਵਿਚਾਰਕਾਂ,ਖਾਲਿਸਤਾਨੀਆਂ ਤੇ ਕਮਿਊਨਿਸਟਾਂ ਦੀ ਮੇਰੇ ਕੋਲ ਲੰਮੀ ਫਹਿਰਿਸਤ ਹੈ।ਅਸਲ ‘ਚ ਗੁਰੂ ਜੀ ਦੀ ਬ੍ਰਹਮਣਵਾਦ ਖਿਲਾਫ ਵਿੱਢੀ ਲੜਾਈ ਦੀ ਜੜ੍ਹ ਇਥੋਂ ਹੀ ਹਿੱਲਣੀ ਹੈ,ਪਰ ਇਸਨੂੰ ਹਿਲਾਉਣ ਲਈ ਸਭ ਨੂੰ ਆਪਣਾ ਸਮਾਜਿਕ ਤੇ ਆਰਥਿਕ ਢਾਂਚਾ ਹਿਲਾਉਣਾ ਪਊ,ਇਸ ਨਾਲੋਂ ਚੰਗਾ ਹੈ,ਨਿੱਤਨੇਮ,ਰਹਿਰਾਸ ਤੇ ਗੁਰਦੁਆਰਿਆਂ ਦੇ ਦਰਸ਼ਨ ਕਰੋ ਜਾਂ ਚਾਰ ਵਾਰ ਲਾਲ ਸਲਾਮ ਕਰ ਦਿਓ।ਇਕੋ ਗੱਲ ਹੈ।

ਦੁਨੀਆਂ ਭਰ ਦੇ ਕੌਮੀਅਤ ਵਿਚਾਰਕਾਂ ‘ਚ ਜਓਂ ਬੋਦਿਨ,ਗਿਆਮਬਤਿਸਤਾ ਵਿਚੋ,ਯੋਹਾਨਤ ਗਾਟਫਰਾਈਡ ਹਾਰਡਰ,ਥਾਮਸ ਹਾਬਸ ,ਹੇਗੈਲ,ਕਾਰਲ ਮਾਰਕਸ,ਫੈਡਰਿਕ ਏਂਗਲਜ਼,ਮੈਕਸ ਵੈਬਰ,ਲੈਨਿਨ ਤੇ ਰੋਜ਼ਾ ਲਗਜ਼ਮਬਰਗ ਆਦਿ ਹਨ।ਇਹਨਾਂ ਸਿਧਾਂਤਕਾਰਾਂ ਨਾਲ ਬਾਅਦ ‘ਚ ਜੇ ਐਲ ਮਿੱਲ ,ਗ੍ਰਾਮਸ਼ੀ,ਮਿਸ਼ੇਲ ਫੂਕੋ ਤੂੰ ਤੂੰ ਮੈਂ ਮੈਂ ਹੁੰਦਿਆਂ ਵੱਖ ਵੱਖ ਪੱਖਾਂ ‘ਤੇ ਵਿਚਾਰ ਚਰਚਾ ਕਰਦੇ ਹਨ।ਮਾਰਕਸ ਦਾ ਸਮਕਾਲੀ ਕਾਰਲ ਕਾਉਟਕਸੀ ਜਦੋਂ ਕੌਮੀਅਤਾਂ ਨੂੰ ਸਮਾਜਵਾਦੀ ਇਨਕਲਾਬ ਦੇ ਰਾਹ ‘ਚ ਰੌੜਾ ਦੱਸਦਾ ਹੈ ਤਾਂ ਕਾਰਲ ਮਾਰਕਸ ਇਕ ਲੰਮੀ ਚਿੱਠੀ ਰਾਹੀਂ ਆਇਰਲੈਂਡ ਤੇ ਪੋਲ਼ੈਂਡ ਜਾਂ ਪੂਰੀ ਦੁਨੀਆਂ ਦੀਆਂ ਕੌਮੀਅਤਾਂ ਅਜ਼ਾਦੀ ਕਿਵੇਂ ਕੁੱਲ ਦੁਨੀਆਂ ਦੀ ਹਕੀਕੀ ਅਜ਼ਾਦੀ ਨਾਲ ਜੁੜੀ ਹੋਈ, ਬਾਰੇ ਸਮਝਾਉਂਦਾ ਹੈ।ਬਾਅਦ ‘ਚ ਇਹ ਚਿੱਠੀ “ਦ ਆਇਰਸ਼ ਨੈਸ਼ਨਲ ਕਵਸਚਿਨ” ਦੇ ਨਾਂਅ ਹੇਠ ਇਕ ਕਿਤਾਬਚੇ ਦੇ ਰੂਪ ‘ਚ ਛਪਦੀ ਹੈ।ਕੌਮੀਅਤਾਂ ਦੀ ਲੜਾਈ ਦਾ ਖਾਸਾ ਬੁਨਿਆਦੀ ਰੂਪ ‘ਚ ਸਾਮਰਾਜ ਵਿਰੋਧੀ ਹੁੰਦਾ ਹੈ।ਕੌਮੀਅਤਾਂ ਦੇ ਵਿਕਿਸਤ ਹੋਣ ਨਾਲ ਕੌਮੀ ਪੂੰਜੀ ਵਿਕਿਸਤ ਹੋਣੀ ਹੁੰਦੀ ਹੈ,ਜੋ ਸਾਮਰਾਜੀ ਪੂੰਜੀ ਨੂੰ ਮੰਡੀ ‘ਚੋਂ ਬਾਹਰ ਧੱਕਦੀ ਹੈ।ਪਰ ਜੇ ਸਿਰਫ ਧਰਮ ਦੇ ਅਧਾਰ ‘ਤੇ ਕੌਮ ਬਣਨੀ ਹੁੰਦੀ ਤਾਂ ਪੂਰੇ ਅਰਬ ‘ਚ ਵਸਦੇ ਮੁਲਸਮਾਨਾਂ ਦੀ ਇਕ ਕੌਮ ਹੁੰਦੀ।ਇਹਨਾਂ ਬਹਿਸਾਂ ਨੂੰ ਅੱਗੇ ਵਧਾਉਂਦੇ ਹੋਏ ਲੈਨਿਨ ਤੇ ਰੋਜ਼ਾ ਲਗਜ਼ਮਬਰਗ ਕੌਮੀਅਤਾਂ ‘ਚ ਪੱਖ ‘ਚ ਦਲੀਲਾਂ ਦਿੰਦੇ ਹਨ।ਸਮੇਂ ਦੀਆਂ ਠੋਸ ਤਬਦੀਲੀਆਂ ਦੇ ਕਾਰਨ ਕਈ ਲੋਕ ਇਸ ਸਮਝ ‘ਤੇ ਸਵਾਲ ਵੀ ਖੜ੍ਹੇ ਹਨ,ਪਰ ਬੁਨਿਆਦੀ ਰੂਪ ‘ਚ ਸਵਾਲ ਉਸੇ ਤਰ੍ਹਾਂ ਹੈ।

ਪੰਜਾਬੀ ਕੌਮੀਅਤ ਦੇ ਦੋ ਪੜਾਅ ਹਨ।11ਵੀਂ ਤੋਂ 14ਵੀ ਸਦੀ ਤੇ 14ਵੀਂ ਤੋਂ 21ਵੀਂ ਸਦੀ।11ਵੀਂ ਤੋਂ 14ਵੀਂ ਸਦੀ ਤੱਕ ਪੰਜਾਬੀ ਕੌਮੀਅਤ ‘ਚ ਸਿੱਖ ਧਰਮ ਨਾਂਅ ਦੀ ਕੋਈ ਚੀਜ਼ ਨਹੀਂ ਹੈ।14ਵੀਂ ਸਦੀ ‘ਚ ਸਿੱਖ ਧਰਮ ਦੇ ਪ੍ਰਵੇਸ਼ ਨਾਲ ਪੰਜਾਬੀ ਕੌਮੀਅਤ ‘ਚ ਨਵੇਂ ਰੂਪ ‘ਚ ਜਥੇਬੰਦ ਹੁੰਦੀ ਹੈ।ਪੰਜਾਬੀ ਭਾਸ਼ਾ ਨੂੰ ਲਿੱਪੀ ਵੀ ਇਸੇ ਦੌਰ ‘ਚ ਮਿਲਦੀ ਹੈ।ਸਿੱਖ ਧਰਮ ਕਿਉਂਕਿ ਧਰਮਾਂ ਵਰਗੀ ਕੋਈ ਚੀਜ਼ ਨਾ ਹੋਕੇ ਇਕ ਸਮਾਜ ਸੁਧਾਰਕ ਤੇ ਪੁੰਗਰਦਾ ਇਨਕਲਾਬੀ ਫਲਸਫਾ ਸੀ,ਇਸ ਲਈ ਸਿੱਖ ਧਰਮ ਦੇ ਆਉਣ ਤੋਂ ਬਾਅਦ ਪੰਜਾਬੀ ਕੌਮੀਅਤ ‘ਚ ਆਏ ਇਨਕਲਾਬੀ ਬਦਲਾਅ ਨੂੰ ਅਣਗੌਲਿਆਂ ਕਰਕੇ ਪੰਜਾਬ ਤੇ ਪੰਜਾਬੀਅਤ ਨੂੰ ਸਮਝਣਾ ਮੁਸ਼ਕਿਲ ਹੈ।ਸਿੱਖ ਧਰਮ ਦਾ ਪੰਜਾਬੀ ਕੌਮੀਅਤ ਦੀ ਉਸਾਰੀ ਤੇ ਵਿਕਾਸ ਲਈ ਕਿੰਨਾ ਵੱਡਾ ਯੋਗਦਾਨ ਹੈ,ਇਸ ਨੂੰ ਸਮਝਣਾ ਮਹੱਤਵਪੂਰਨ ਹੈ।“ਸਿੱਖ ਹੋਮਲੈਂਡ” ਦੀ ਮੰਗ ਵੀ ਇਸੇ ਨਾਲ ਜੁੜੀ ਹੋਈ ਗੱਲ ਹੈ।ਪੰਜਾਬ ਦੀ ਹੱਕੀ ਮੰਗਾਂ ਦੀ ਲੜਾਈ ਜਿਸ ‘ਚ ਸਿੱਖਾਂ ਨੇ ਮੋਹਰੀ ਭੂਮਿਕਾ ਨਿਭਾਈ।ਇਸਦੇ ਵੀ ਇਤਿਹਾਸਕ ਕਾਰਨ ਹਨ।ਅਨੰਦਪੁਰ ਸਾਹਿਬ ਦਾ ਪਹਿਲਾ ਮਤਾ ਕੌਮੀਅਤ ਲੜਾਈ ਦੀ ਤਰਜ਼ਮਾਨੀ ਕਰਦਾ ਹੈ।ਜ਼ੁਬਾਨੀ ਤੌਰ ‘ਤੇ ਸਿੱਖਾਂ ਦੀਆਂ ਮੰਗਾਂ ਫੈਡਰਲ ਸਿਸਟਮ ਤੱਕ ਟਿਕੀਆਂ ਰਹੀਆਂ ਹਨ,ਪਰ ਫੈਡਰਲ ਸਿਸਟਮ ਦੀ ਮੰਗ ਕਰਦੀਆਂ ਕਿੰਨੀਆਂ ਕੌਮੀਅਤਾਂ ਨੇ ਲੜਾਈ ਵੱਲ ਕੂਚ ਕੀਤਾ ਹੈ,ਇਸ ਨਾਲ ਇਤਿਹਾਸ ਭਰਿਆ ਪਿਆ ਹੈ।ਪੰਜਾਬ ਦੇ ਕਾਮਰੇਡ ਪੰਜਾਬ ਦੀ ਲੜਾਈ ਨੂੰ ਸਿਰਫ ਧਾਰਮਿਕ ਘੱਟਗਿਣਤੀਆਂ ਦੀਆਂ ਮੰਗਾਂ ਤੱਕ ਸੀਮਤ ਕਰਦੇ ਰਹੇ।ਪੰਜਾਬ ਦੇ ਕਾਮਰੇਡਾਂ ਦਾ ਲਹਿਰ ਖਿਲਾਫ ਹਥਿਆਰ ਚੱਕਣ ਦਾ ਫੈਸਲਾ ਬਿਲਕੁਲ ਗਲਤ ਸੀ।ਐੱਮ ਐਲ਼ ਦੀਆਂ ਕਮਿਊਨਿਸਟ ਪਾਰਟੀਆਂ ਦੇ ਦਸਤਾਵੇਜ਼ਾਂ ਮੁਤਾਬਿਕ ਭਾਰਤੀ ਸੱਤਾ ਦਾ ਚਰਿੱਤਰ ਫਾਸ਼ੀਵਾਦੀ ਹੈ।ਜੇ ਦੋਵੇਂ ਧਿਰਾਂ ਫਾਸ਼ਵਾਦੀ ਸਨ ਤਾਂ ਕਾਮਰੇਡਾਂ ਲਈ ਸਵਾਲ ਹੈ,ਕਿ ਪੰਜਾਬ ਦਾ ਸਭ ਤੋਂ ਸਿਆਣਾ ਕਮਿਊਨਿਸਟ ਵਰਗ ਕਿੱਥੇ ਸੀ।ਜੇ ਘਟਨਾਵਾਂ ਤੇ ਕਤਲਾਂ ਨਾਲ ਸਿਆਸਤ ਪ੍ਰਭਾਸ਼ਤ ਹੋਣੀ ਹੈ ਤਾਂ ਕਹਿਣਾ ਹੀ ਕੀ ਹੈ।ਭਾਰਤ ‘ਚ ਕਾਮਰੇਡਾਂ ਦੇ ਪੀਪਲਜ਼ ਵਾਰ ਤੇ ਐਸ ਸੀ ਸੀ ਗਰੁੱਪ ਆਪਸ ‘ਚ ਇਕ ਦੂਜੇ ਦੇ ਕਤਲ ਤੱਕ ਕਰਦੇ ਰਹੇ,ਪਰ ਅੱਜ ਦੋਵੇਂ ਸੀ ਪੀ ਆਈ ਮਾਓਵਾਦੀ ਨਾਂਅ ਪਾਰਟੀ ਹੇਠ ਇਕੱਠੇ ਹਨ।ਭਾਰਤ ਦੀਆਂ ਕੌਮੀ ਲਹਿਰਾਂ ਬਾਰੇ ਇਸੇ ਪੀਪਲਜ਼ ਵਾਰ ਗਰੁੱਪ ਨੇ “ਨੈਸ਼ਨੈਲਿਟੀਜ਼ ਆਨ ਵਾਰ ਪਥ” ਨਾਂਅ ਦੀ ਕਿਤਾਬ ਕੱਢੀ ਸੀ,ਵੈਨਗਾਰਡ ਪਬਲੀਕੇਸ਼ਨ ਤੋਂ ਸ਼ਾਇਦ 87-88 ‘ਚ ਛਪੀ ਸੀ।ਇਸ ਕਿਤਾਬ ‘ਚ ਪੰਜਾਬ ਦੀ ਲਹਿਰ ਬਾਰੇ 8-9 ਲੇਖ ਹਨ,ਜੋ ਪੰਜਾਬ ਦੀ ਕੌਮੀ ਲੜਾਈ ‘ਤੇ ਅਲੋਚਨਾਤਮਕ ਟਿੱਪਣੀਆਂ ਕਰਦੇ ਹੋਏ ਲਹਿਰ ਨਾਲ ਆਪਣੀ ਹਮਦਰਦੀ ਜ਼ਾਹਿਰ ਕਰਦੇ ਹਨ।ਲੇਖ ਲੰਮਾ ਹੋਣ ਕਾਰਨ ਪੰਜਾਬ ਦੀ ਕੌਮੀਅਤ ‘ਤੇ ਖਾਸ ਗੱਲਬਾਤ ਕਿਸੇ ਹੋਰ ਲਿਖਤ ‘ਚ ਕਰਾਂਗੇ।

ਮੌਜੂਦਾ ਦੌਰ ‘ਚ ਮੁੱਖ ਵਿਰੋਧਤਾਈ ਕੌਣ ਹੈ-ਭਾਰਤੀ ਸੱਤਾ ਜਾਂ ਕਾਮਰੇਡ।ਧਰਮ ਦੇ ਸੰਸਥਾਗਤ ਰੂਪ ਤੇ ਸੱਤਾ ਨਾਲ ਉਸਦੇ ਰਿਸ਼ਤੇ ਨੂੰ ਸਮਝਣਾ ਜ਼ਰੂਰੀ ਹੈ।ਸੰਸਥਾਗਤ ਧਰਮ ਕਿਵੇਂ ਦੂਜੀ ਸੱਤਾ ਦੇ ਰੂਪ ‘ਚ ਸਮਾਜਿਕ ਘਾਣ ਕਰ ਰਿਹਾ ਹੈ,ਇਹ ਵੀ ਦੇਖਣਾ ਚਾਹੀਦਾ ਹੈ।ਇਸ ਦੌਰ ਅੰਦਰ ਜਦੋਂ ਸੱਤਾ ਸਾਮਰਾਜ ਦੀ ਛਤਰ ਛਾਇਆ ਹੇਠ ਹਰ ਤਰ੍ਹਾਂ ਦੇ ਲੋਕ ਪੱਖੀ ਸੰਘਰਸ਼ਾਂ ਨੂੰ ਨਰੜਨ ਲਈ ਤਿਆਰ ਬੈਠੀ ਹੈ ਤਾਂ ਦੇਸ਼ ਦੀਆਂ ਧਾਰਮਿਕ ਘੱਟਗਿਣਤੀਆਂ,ਕੌਮੀਅਤਾਂ ਤੇ ਕਮਿਉਨਿਸਟਾਂ ਨੁੰ ਕਿਸੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਝੰਡੇ ਹੇਠ ਇਕੱਠੇ ਦੀ ਹੋਣ ਜ਼ਰੂਰਤ ਹੈ।

ਉੱਤਰ-ਆਧਨਿਕਤਾਵਾਦ (Postmodernism)ਦੇ ਖੜ੍ਹੇ ਕੀਤੀਆਂ ਬਖੇੜਿਆਂ ਨੂੰ ਸਮਝਣ ਦੀ ਲੋੜ ਹੈ।ਸਾਮਰਾਜੀ ਪੈਰਾਸ਼ੂਟ ਨਾਲ ਉਤਾਰੇ ਤੇ ਸਬਜੈਕਟਿਵ ਰੀਐਲਟੀ (Subjective Reality)‘ਚ ਵਿਸ਼ਵਾਸ਼ ਰੱਖਣ ਵਾਲੇ ਉੱਤਰ-ਆਧੁਨਿਕ ਫਲਸਫੇ ਦੀ ਕੌਮੀਅਤ ਨਾਲ ਕੋਈ ਸਾਂਝ ਨਹੀਂ ਬਣਦੀ।ਉੱਤਰ-ਆਧੁਨਕਿਤਾਵਾਦੀ ਫਲਸਫਾ-ਜਿਸਦਾ ਨਾ ਕੋਈ ਇਤਿਹਾਸ ਹੈ ਤੇ ਨਾ ਭਵਿੱਖ,ਇਹ ਦੁਨੀਆਂ ‘ਤੇ ਉਦੋਂ ਛੂਤ ਦੀ ਬਿਮਾਰੀ ਵਾਂਗੂੰ ਫੈਲਦਾ ਹੈ ,ਜਦੋਂ ਪੂਰੀ ਦੁਨੀਆਂ ਦੀਆਂ ਕਮਿਊਨਿਸਟ ਤੇ ਅਸਲ ਖਾਸੇ ਦੀਆਂ ਲਹਿਰਾਂ ਸਾਮਰਾਜੀ ਹਮਲਿਆਂ ਨਾਲ ਲਤਾੜੀਆਂ ਜਾ ਰਹੀਆਂ ਸਨ।ਵਿਚਾਰਕ ਪੱਧਰ ‘ਤੇ ਬਦਲ ਦੇ ਲਈ ਉੱਤਰ-ਆਧੁਨਕਿਤਾ ਦੇ ਫਲਸਫੇ ਨੁੰ ਪਲਾਂਟ ਕੀਤਾ ਗਿਆ।ਜਿਹੜੇ ਅਜੇ ਆਧੁਨਿਕ ਵੀ ਨਹੀਂ ,ਉਹ ਵੀ ਇਸ ਸਾਮਰਾਜੀ ਜਾਲ ‘ਚ ਫਸੇ ਹੋਏ ਹਨ।ਦੁਨੀਆਂ ‘ਚ ਤਿੰਨ ਘਟਨਾਵਾਂ ਇਕੋ ਸਮੇਂ ਵਪਾਰੀਆਂ।ਸੋਵੀਅਤ ਸਾਮਰਾਜ ਦਾ ਢਹਿ ਢੇਰੀ ਹੋਣਾ,ਸੰਸਾਰੀਕਰਨ ਦੀ ਨੀਤੀ ਘੜਨੀ ਤੇ ਉੱਤਰ-ਆਧੁਨਕਿਤਾ ਨਾਂਅ ਦਾ ਫਲਸਫਾ ਦੁਨੀਆਂ ‘ਤੇ ਇਕੋ ਸਾਹੇ ਫੈਲ ਜਾਣਾ।ਵੱਡੇ ਵੱਡੇ ਕਾਮਰੇਡ ਤੇ ਕੌਮੀਅਤ ਪਸੰਦ ਇਸਨੇ ਆਪਣੀ ਜਕੜ ‘ਚ ਲਏ।ਪਰ ਹੁਣ ਆਲਮੀ ਆਰਥਿਕ ਸੰਕਟ ਤੋਂ ਬਾਅਦ ਯੂਰਪ ਦੇ ਨਿਊ ਫੌਰਮ ਆਫ ਸ਼ੋਸ਼ਲ ਮੂਵਮੈਂਟ ਐਂਡ ਆਰਗਨਾਈਜੇਸ਼ਨ ਦੇ ਤਰਕ ਘੜ੍ਹਨ ਵਾਲੇ ਲੋਕਾਂ ਨੇ ਮੁੜ ਠੰਡੇ ਦਿਮਾਗ ਨਾਲ ਸੋਚਣਾ ਸ਼ੁਰੂ ਕੀਤਾ ਹੈ।ਉਸ ਸਮੇਂ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ‘ਚ ਉੱਤਰ-ਆਧੁਨਕਿਤਾ ‘ਤੇ ਕੰਮ ਕਰਵਾਉਣ ਲਈ ਵੱਡੀਆਂ ਵੱਡੀਆਂ ਫਾਉਂਡੇਸ਼ਨਾਂ ਵਲੋਂ ਮਾਲੀ ਮਦਦ ਦਿੱਤੀ ਗਈ,ਜਿਸ ਕਰਕੇ ਮਾਰਕਸਵਾਦੀ ਜੁਗਾੜੀ ਪ੍ਰੈਫੈਸਰਾਂ ਨੇ ਆਪਣਾ ਮੂੰਹ ਉੱਤਰ-ਆਧੁਨਕਿਤਾ ਵੱਲ ਅੱਡ ਲਿਆ ਸੀ।ਅਜਿਹੇ ਉੱਤਰ ਆਧੁਨਿਕਤਾਵਾਦੀਆਂ ਦਾ ਪੰਜਾਬ ‘ਚ ਕਿਤਾਬਾਂ ਕਾਲੀਆਂ ਕਰਨ ਜਾਂ ਆਲਮੀ ਕਾਨਫਰੰਸਾਂ ‘ਚ ਲੈਕਚਰ ਦੇਣ ਤੋਂ ਇਲਾਵਾ ਕੋਈ ਅਮਲੀ ਯੋਗਦਾਨ ਨਹੀਂ ਹੈ।

ਮੈਂ ਨਾ ਤਾਂ ਮਾਰਕਸਵਾਦੀ ਫਲਸਫੇ ਦਾ ਸ਼ਰਧਾਲੂ ਹਾਂ ਤੇ ਨਾ ਹੀ ਕਾਰਲ ਮਾਰਕਸ ਨੂੰ ਰੱਬ ਮੰਨਦਾ ਹਾਂ।ਵਭਿੰਨਤਾ ਦਾ ਆਸ਼ਕ ਹਾਂ।ਮੁੱਖ ਧਾਰਾ ਦੀ ਨੌਕਰੀ ਵਜਾਉਣ ਤੋਂ ਬਾਅਦ ਬਾਕੀ ਸਮਾਂ ਸਾਹਿਤ ,ਸਿਆਸਤ,ਧਰਮਾਂ,ਸੱਭਿਆਚਾਰਾਂ ਤੇ ਫਲਸਫਿਆਂ ਨੂੰ ਸਮਝਣ ‘ਚ ਖਰਾਬ ਕਰਦਾ ਹਾਂ।ਜਿਵੇਂ ਮਹਾਨ ਕਵੀ ਪਾਬਲੋ ਨੈਰੂਦਾ ਕਵਿਤਾ ਬਾਰੇ ਕਹਿੰਦਾ ਹੈ ਕਿ “ਕਵਿਤਾ ਇਕ ਪੇਸ਼ਾ ਹੈ”।ਮੈਨੂੰ ਵੀ ਸਮਝਣਾ,ਲਿਖਣਾ ਤੇ ਬੋਲਣਾ ਪੇਸ਼ਾ ਲਗਦਾ ਹੈ।ਇਸ ਪੇਸ਼ੇ ਦੀ ਕੀਮਤ ਸੰਘੀਆਂ,ਖਾਲਿਸਤਾਨੀਆਂ ਜਾਂ ਕਮਿਊਨਿਸਟਾਂ ਦੀ ਗੋਲੀ ਖਾ ਕੇ ਵੀ ਚਕਾਉਣੀ ਪਵੇ,ਇਸ ਗੱਲ ਦੀ ਪਰਵਾਹ ਅਜੇ ਤੱਕ ਨਹੀਂ ਕੀਤੀ।ਜਰਮਨ ਕਵੀ ਪਾਸਟਰ ਨਿਮੋਲਰ ਦੀਆਂ ਸਤਰ੍ਹਾਂ ਜੋ ਨਾ ਬੋਲਣ ਦੇ ਇਤਿਹਾਸ ਬਾਰੇ ਬੋਲਦੀਆਂ ਹਨ।

ਪਹਿਲਾਂ ਉਹ ਯਹੂਦੀਆਂ ਲਈ ਆਏ
ਤੇ ਮੈਂ ਕੁਝ ਨਾ ਬੋਲਿਆ,
ਕਿਉਂਕਿ ਮੈਂ ਯਹੂਦੀ ਨਹੀ ਸੀ।

ਫਿਰ ਉਹ ਕਮਿਊਨਿਸਟਾਂ ਲਈ ਆਏ
ਤੇ ਮੈਂ ਕੁਝ ਨਾ ਬੋਲਿਆ,
ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ।

ਫਿਰ ਉਹ ਟਰੇਡ ਯੂਨੀਅਨ ਵਾਲਿਆਂ ਲਈ ਆਏੇ,
ਤੇ ਮੈਂ ਕੁਝ ਨਾ ਬੋਲਿਆ,
ਕਿਉਂਕਿ ਮੈਂ ਟਰੇਡ ਯੂਨੀਅਨ ‘ਚ ਨਹੀਂ ਸੀ।

ਫਿਰ ਉਹ ਮੇਰੇ ਲਈ ਆਏ,
ਉਦੋਂ ਕੋਈ ਨਹੀਂ ਸੀ,
ਜੋ ਮੇਰੇ ਲਈ ਬੋਲਦਾ।


ਕਸ਼ਮੀਰ ਦੀਆਂ ਕਿਤਾਬਾਂ ਦੇ ਮੈਟਰ ਦੇ ਅਨੁਵਾਦ ਲਈ ਜਸਦੀਪ ਸਿੰਘ ਦਾ ਬਹੁਤ ਬਹੁਤ ਧੰਨਵਾਦ

ਯਾਦਵਿੰਦਰ ਕਰਫਿਊ
ਨਵੀਂ ਦਿੱਲੀ।
mail2malwa@gmail.com,malwa2delhi@yahoo.co.in
09899436972

Thursday, August 26, 2010

ਪੰਜਾਬ ਦੇ ਕਾਮਰੇਡਾਂ ਦੀਆਂ ਸਿੱਖ-ਵਿਰੋਧੀ ਨਫਰਤ ਦੀਆਂ ਜੜ੍ਹਾਂ

ਯਾਦਵਿੰਦਰ ਕਰਫਿਊ ਦੀ ਕਸ਼ਮੀਰ ਲ਼ਿਖਤ ਦੇ ਸੰਦਰਭ 'ਚ

ਕੈਨੇਡਾ 'ਚ ਵਸਦੇ ਪ੍ਰਭਸ਼ਰਨਬੀਰ ਸਿੰਘ ਨੇ ਮੇਰੀ ਕਸ਼ਮੀਰ ਲ਼ਿਖਤ ਨਾਲ ਅਸਿਹਮਤੀਆਂ ਜਤਾਉਂਦਿਆਂ ਇਹ ਟਿੱਪਣੀਨੁਮਾ ਲੇਖ ਭੇਜਿਆ ਹੈ।ਥੋੜ੍ਹੇ ਸਮੇਂ 'ਚ ਹੀ ਮੈਂ ਆਪਣੇ ਲੇਖ ਸਬੰਧੀ ਦਿੱਤੇ ਗਏ ਇਤਿਹਾਸਕ ਤੱਥਾਂ ਦੀ ਪੁਸ਼ਟੀ ਵੇਰਵਿਆਂ ਸਹਿਤ ਕਰਾਂਗਾ।ਕੌਮੀਅਤਾਂ ਤੇ ਵਿਸਥਾਰਵਾਦ ਬਾਰੇ ਆਪਣੀ ਸਮਝ ਵੀ ਰੱਖਾਂਗਾ।ਜੇ ਕੋਈ ਹੋਰ ਮੇਰੀ ਤੇ ਪ੍ਰਭਸ਼ਰਨਬੀਰ ਸਿੰਘ ਦੀ ਲਿਖਤ ਤੇ ਟਿੱਪਣੀ ਜਾਂ ਕੁਝ ਲਿਖਕੇ ਭੇਜਣਾ ਚਾਹੁੰਦਾ ਹੈ ਤਾਂ ਖੁੱਲ੍ਹਾ ਸੱਦਾ ਹੈ।ਇਸੇ ਲੇਖ ਦੇ ਹੇਠਾਂ ਮੇਰੀ ਲਿਖਤ ਪੜ੍ਹੀ ਜਾ ਸਕਦੀ ਹੈ--ਯਾਦਵਿੰਦਰ ਕਰਫਿਊ

ਜਦੋਂ ਵੀ ਮੈਂ ਪੰਜਾਬ ਦੇ ਪਿਛਲੀ ਅੱਧੀ ਸਦੀ ਦੇ ਇਤਿਹਾਸ ਉੱਤੇ ਨਿਗਾਹ ਮਾਰਦਾ ਹਾਂ ਤਾਂ ਅਨੇਕਾਂ ਸੁਆਲ ਮੇਰੇ ਜ਼ਿਹਨ ਵਿੱਚ ਆ ਖੜ੍ਹਦੇ ਹਨ। ਉਨ੍ਹਾਂ ਸਵਾਲਾਂ ਵਿੱਚੋਂ ਇੱਕ ਸਭ ਤੋਂ ਵੱਧ ਅਹਿਮ ਸੁਆਲ ਇਹ ਹੈ ਕਿ ਪੰਜਾਬ ਦੀ ਧਰਤੀ ਉੱਤੇ ਜਨਮੇ ਅਤੇ ਇੱਥੋਂ ਦੀ ਹਵਾ ਵਿੱਚ ਸਾਹ ਲੈਣ ਵਾਲੇ, ਇੱਥੋਂ ਦਾ ਪਾਣੀ ਪੀਣ ਵਾਲੇ ਅਤੇ ਪੰਜਾਬ ਦਾ ਅੰਨ ਖਾਣ ਵਾਲੇ ਪੰਜਾਬ ਦੇ ਕਾਮਰੇਡਾਂ ਦੇ ਮਨਾਂ ਅੰਦਰ ਪੰਜਾਬ ਦੀ ਸਭ ਤੋਂ ਸੁੱਚੀ ਵਿਰਾਸਤ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖੀ ਵਿਰੁੱਧ ਏਨੀ ਕਹਿਰਾਂ ਭਰੀ ਨਫਰਤ ਕਿੱਥੋਂ ਆਈ। ਇਸ ਬੇ-ਪਨਾਹ ਨਫਰਤ ਦੀਆਂ ਜੜ੍ਹਾਂ ਕਿੱਥੇ ਹਨ? 1849 ਈ. ਵਿੱਚ ਅੰਗਰੇਜ਼ਾਂ ਵਲੋਂ ਧੋਖੇ ਅਤੇ ਮੱਕਾਰੀ ਨਾਲ ਸਿੱਖ ਰਾਜ ਉੱਤੇ ਕਬਜ਼ਾ ਕਰ ਲੈਣ ਤੋਂ ਬਾਅਦ ਅੱਜ ਤੱਕ ਸਿੱਖਾਂ ਦੇ ਹੱਥ ਤਾਂ ਤਾਕਤ ਕਦੇ ਆਈ ਹੀ ਨਹੀਂ। ਉਦੋਂ ਤੋਂ ਲੈ ਕੇ ਹੁਣ ਤੱਕ ਪੂਰੀ ਡੇਢ ਸਦੀ ਦੌਰਾਨ ਸਿੱਖਾਂ ਤਾਂ ਹਮੇਸ਼ਾਂ ਹੀ ਸਥਾਪਤ ਤਾਕਤਾਂ ਦੇ ਵਿਰੁੱਧ ਮਜ਼ਲੂਮਾਂ ਦੀ ਧਿਰ ਬਣ ਕੇ ਲੜਦੇ ਆਏ ਹਨ ਅਤੇ ਲੜ ਰਹੇ ਹਨ। ਡੇਢ ਸਦੀ ਦੌਰਾਨ ਕਹਿਰਾਂ ਭਰੇ ਤਸ਼ੱਦਦਾਂ ਦੇ ਦੌਰਾਂ ਨੂੰ ਆਪਣੇ ਪਿੰਡੇ ਉੱਤੇ ਝੱਲਣ ਦੇ ਬਾਵਜੂਦ ਵੀ ਕਿਉਂ ਪੰਜਾਬ ਦੇ ਕਾਮਰੇਡਾਂ ਨੂੰ ਸਿੱਖ ਵਿਹੁ ਵਰਗੇ ਲਗਦੇ ਹਨ। ਕਾਮਰੇਡਾਂ ਵਲੋਂ ਪੰਜਾਬ ਦੇ ਇਤਿਹਾਸ ਅਤੇ ਇੱਥੋਂ ਦੀ ਸਮਾਜਿਕ-ਆਰਥਿਕ ਬਣਤਰ ਦੀ ਕੀਤੀ ਗਈ ਵਿਆਖਿਆ ਵਿੱਚੋਂ ਵੀ ਸਿੱਖ ਵਿਰੋਧੀ ਨਫਰਤ ਡੁੱਲ੍ਹ ਡੁੱਲ੍ਹ ਕੇ ਪੈਂਦੀ ਹੈ। ਪੰਜਾਬ ਦੇ ਇਤਿਹਾਸ ਦੀ ਕਾਮਰੇਡਾਂ ਵਲੋਂ ਕੀਤੀ ਗਈ ਵਿਆਖਿਆ ਏਨਾ ਡੂੰਘਾ ਅਸਰ ਛੱਡ ਗਈ ਹੈ ਕਿ ਪੰਜਾਬ ਦੇ ਸੁਹਿਰਦ ਨੌਜਵਾਨ ਵਰਗ ਦਾ ਉਹ ਹਿੱਸਾ, ਜੋ ਇਮਾਨਦਾਰੀ ਨਾਲ ਅਜੋਕੇ ਭਾਰਤ ਦੇ ਭ੍ਰਿਸ਼ਟ ਸਿਆਸੀ ਨਿਜ਼ਾਮ ਨੂੰ ਸਮਝਣ ਅਤੇ ਉਸਨੂੰ ਵੰਗਾਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਵੀ ਅਚੇਤ ਹੀ ਕਾਮਰੇਡਾਂ ਵਲੋਂ ਫੈਲਾਏ ਗਏ ਅਤੇ ਫੈਲਾਏ ਜਾ ਰਹੇ ਇਸ ਮਾਰੂ ਜ਼ਹਿਰ ਦਾ ਪ੍ਰਭਾਵ ਕਬੂਲ ਕਰੀ ਬੈਠਾ ਹੈ। ਭਾਵੇਂ ਇਸ ਗੰਭੀਰ ਸਮੱਸਿਆ ਦਾ ਪੂਰਾ ਵਿਸ਼ਲੇਸ਼ਣ ਕਰਨ ਲਈ ਤਾਂ ਇੱਕ ਪੂਰੀ ਕਿਤਾਬ ਲਿਖਣ ਦੀ ਲੋੜ ਹੈ ਪਰ ਫਿਰ ਵੀ ਮੈਂ ਇਸ ਲੇਖ ਰਾਹੀਂ ਕੁਝ ਇਸ਼ਾਰੇ ਸਾਂਝੇ ਕਰਨ ਦਾ ਯਤਨ ਕਰ ਰਿਹਾ ਹਾਂ।

ਹਥਲੇ ਲੇਖ ਨੂੰ ਲਿਖਣ ਦਾ ਸਬੱਬ ਯਾਦਵਿੰਦਰ ਕਰਫਿਊ ਦੇ ਲੇਖ ‘ਮਾਮਲਾ ਸਿੱਖ ਵਿਰੋਧੀ ਧਮਕੀ ਪੱਤਰਾਂ ਦਾ - ਆਰ. ਐਸ. ਐਸ. ਦੀ ਕਸ਼ਮੀਰ ਖਿਲਾਫ ਨਵੀਂ ਸਾਜ਼ਿਸ਼ ਬੇਨਕਾਬ’ ਪੜ੍ਹਨ ਤੋਂ ਬਾਅਦ ਬਣਿਆ। ਯਾਦਵਿੰਦਰ ਇਸ ਲੇਖ ਨੂੰ ਲਿਖਣ ਲਈ ਵਾਕਿਆ ਹੀ ਵਧਾਈ ਦਾ ਪਾਤਰ ਹੈ ਕਿਉਂਕਿ ਉਸ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਭਾਰਤ ਨੂੰ ਹਿੰਦੂਤਵੀ ਰੰਗਾਂ ਵਿੱਚ ਰੰਗਿਆ ਦੇਖਣ ਦੀ ਇੱਛਾ ਪਾਲਣ ਵਾਲੀ ਮੁਤੱਸਬੀ ਤੇ ਫਿਰਕੂ ਜਮਾਤ ਆਰ. ਐਸ. ਐਸ. ਦੇ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਨਫਰਤ ਪੈਦਾ ਕਰਨ ਦੇ ਤਾਜ਼ਾ ਹੱਥਕੰਡਿਆਂ ਨੂੰ ਨੰਗਿਆਂ ਕੀਤਾ ਹੈ। ਲੇਖ ਦੇ ਮੁੱਖ ਤਰਕ ਨਾਲ ਮੇਰੀ ਪੂਰੀ ਸਹਿਮਤੀ ਹੈ ਅਤੇ ਯਾਦਵਿੰਦਰ ਨੇ ਇਹ ਕਾਬਲੇ-ਤਾਰੀਫ ਕੰਮ ਕੀਤਾ ਹੈ। ਯਾਦਵਿੰਦਰ ਪੰਜਾਬ ਦੇ ਉਸ ਸੁਹਿਰਦ ਨੌਜਵਾਨ ਵਰਗ ਦਾ ਹਿੱਸਾ ਹੈ, ਜਿਹੜਾ ਕਸ਼ਮੀਰ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਲੜ ਰਹੀਆਂ ਘੱਟਗਿਣਤੀ ਕੌਮਾਂ ਦੀਆਂ ਸਿਆਸੀ ਉਮੰਗਾਂ ਪ੍ਰਤੀ ਹਮਦਰਦੀ ਵਾਲੀ ਪਹੁੰਚ ਰੱਖਦਾ ਹੈ ਅਤੇ ਭਾਰਤ ਦੀਆਂ ਸਿਆਸੀ ਪ੍ਰਸਥਿਤੀਆਂ ਨੂੰ ਗਲੋਬਲੀ ਪ੍ਰਸੰਗ ਵਿੱਚ ਸਮਝਣ ਦੀ ਤਮੰਨਾ ਰੱਖਦਾ ਹੈ, ਪਰ ਇਸ ਵਰਗ ਨੂੰ ਪੰਜਾਬੀ ਕਾਮਰੇਡਾਂ ਤੋਂ ਗ੍ਰਹਿਣ ਕੀਤੀ ਆਪਣੀ ਬੌਧਿਕ ਵਿਰਾਸਤ ਪ੍ਰਤੀ ਵੀ ਚੇਤੰਨ ਹੋਣ ਦੀ ਲੋੜ ਹੈ ਤਾਂ ਕਿ ਇਨ੍ਹਾਂ ਦਾ ਬੌਧਿਕ ਅਮਲ ਉਨ੍ਹਾਂ ਵਲੋਂ ਪੈਦਾ ਕੀਤੇ ਗਏ ਨਫਰਤ ਦੇ ਮੱਕੜਜਾਲ ਵਿੱਚ ਫਸ ਕੇ ਨਾ ਰਹਿ ਜਾਵੇ।

ਯਾਦਵਿੰਦਰ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ ਹੈ। ਆਪਣੇ ਲੇਖ ਦੇ ਪਹਿਲੇ ਹੀ ਪੈਰ੍ਹੇ ਵਿੱਚ ਉਸ ਵਲੋਂ ਕੀਤੀ ਟਿੱਪਣੀ ਕਿ ‘ਬਟਵਾਰੇ ਤੋਂ ਬਾਅਦ ਦੇ ਭਾਰਤੀ ਸ਼ਾਸਕਾਂ ਦੇ ਅੱਤਿਆਚਾਰ ਤੋਂ ਇਲਾਵਾ ਕਸ਼ਮੀਰੀ ਡੋਗਰਿਆਂ ਅਤੇ ਸਿੱਖ ਸ਼ਾਸਕਾਂ ਦੇ ਅੱਤਿਆਚਾਰ ਦਾ ਸ਼ਿਕਾਰ ਵੀ ਰਹੇ ਹਨ’ ਇਸ ਗੱਲ ਦੀ ਗਵਾਹੀ ਭਰਦੀ ਹੈ। ਯਾਦਵਿੰਦਰ ਵਰਗੇ ਸੁਹਿਰਦ ਲੇਖਕ ਦੀ ਕਲਮ ਤੋਂ ਕੀਤੀ ਗਈ ਇਹ ਟਿੱਪਣੀ ਪੜ੍ਹ ਕੇ ਮੈਨੂੰ ਬੇਹੱਦ ਹੈਰਾਨੀ ਹੋਈ। ਕਸ਼ਮੀਰ ਦੇ ਇਤਿਹਾਸ ਨਾਲ ਥੋੜ੍ਹੀ ਜਿਹੀ ਵਾਕਫੀ ਰੱਖਣ ਵਾਲੇ ਸ਼ਖਸ ਨੂੰ ਵੀ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਕਸ਼ਮੀਰ ਦੇ ਲੰਮੇ ਇਤਿਹਾਸ ਵਿੱਚ ਸਿੱਖ ਰਾਜ ਦਾ ਸਮਾਂ ਹੀ ਉਹ ਸਮਾਂ ਹੈ ਜਦੋਂ ਕਸ਼ਮੀਰੀ ਜਨਤਾ ਨੇ ਸੁਖ ਦਾ ਸਾਹ ਲਿਆ। ਯਾਦਵਿੰਦਰ ਨੇ ਤਾਂ ਆਪਣੇ ਦਾਅਵੇ ਦੇ ਸਬੂਤ ਵਜੋਂ ਕਿਸੇ ਇਤਿਹਾਸਕ ਸਰੋਤ ਦਾ ਹਵਾਲਾ ਨਹੀਂ ਦਿੱਤਾ ਪਰ ਅਸੀਂ ਗੱਲ ਕੁਝ ਇਤਿਹਾਸਕ ਸਬੂਤਾਂ ਦੇ ਹਵਾਲੇ ਨਾਲ ਸ਼ੁਰੂ ਕਰਨੀ ਚਾਹਾਂਗੇ।

ਕਸ਼ਮੀਰ ਉੱਤੇ ਖਾਲਸਾ ਫੌਜ ਦੀ ਚੜ੍ਹਾਈ ਤੋਂ ਪਹਿਲਾਂ ਉੱਥੇ ਅਫਗਾਨਾਂ ਦਾ ਕਬਜ਼ਾ ਸੀ। ਅਫਗਾਨਾਂ ਦਾ ਕਸ਼ਮੀਰੀਆਂ ਪ੍ਰਤੀ ਵਰਤਾਅ ਬੇਹੱਦ ਨਿਰਦੈਤਾਪੂਰਨ ਸੀ। ਅਫਗਾਨ ਹੁਕਮਰਾਨ ਕੇਵਲ ਹਿੰਦੂ ਪੰਡਿਤਾਂ ਉੱਤੇ ਹੀ ਜ਼ੁਲਮ ਨਹੀਂ ਸਨ ਕਰਦੇ ਸਗੋਂ ਸ਼ੀਆ ਮੁਸਲਮਾਨਾਂ ਸਮੇਤ ਹੋਰ ਸਾਰੇ ਗੈਰ-ਸੁੰਨੀ ਮੁਸਲਮਾਨ ਫਿਰਕਿਆਂ ਨੂੰ ਵੀ ਆਪਣੇ ਜ਼ੁਲਮਾਂ ਦਾ ਨਿਸ਼ਾਨਾ ਬਣਾਉਂਦੇ ਸਨ। ਕਸ਼ਮੀਰ ਉੱਤੇ ਉਸ ਸਮੇਂ ਰਾਜ ਕਸ਼ਮੀਰੀਆਂ ਦਾ ਨਹੀਂ ਸਗੋਂ ਵਿਦੇਸ਼ੀ ਅਫਗਾਨਾਂ ਦਾ ਸੀ, ਜਿਸ ਵੇਲੇ ਸਿੱਖਾਂ ਨੇ ਕਸ਼ਮੀਰ ਉੱਤੇ ਚੜ੍ਹਾਈ ਕੀਤੀ। ਕਸ਼ਮੀਰ ਉੱਤੇ ਮਹਾਰਾਜਾ ਰਣਜੀਤ ਸਿੰਘ ਵਲੋਂ ਚੜ੍ਹਾਈ ਕਰਨ ਦਾ ਸਬੱਬ ਕਿਵੇਂ ਬਣਿਆ, ਇਸ ਦਾ ਪੂਰਾ ਹਾਲ ਇੱਕ ਕਸ਼ਮੀਰੀ ਇਤਿਹਾਸਕਾਰ ਮੌਲਾਨਾ ਮੁਹੰਮਦ ਦੀਨ ਦੀ ਪੁਸਤਕ ‘ਮੁਕੰਮਲ ਤਵਾਰੀਖ ਕਸ਼ਮੀਰ’ ਵਿੱਚ ਇਉਂ ਦਰਜ ਕੀਤਾ ਗਿਆ ਹੈ -

‘‘ਅਫ਼ਗਾਨੀ ਦੌਰ ਮੇਂ ਵਹਿਸ਼ਤ, ਜਹਾਲਤ ਨਾ-ਸਿਰਫ ਰਿਆਇਆ ਮੇਂ ਥੀ, ਬਲਕਿ ਹਾਕਮੋਂ ਮੇਂ ਦਸ ਗੁਣਾ ਜ਼ਿਆਦਾ ਥੀ। ਹਿੰਦੂਓਂ ਕੋ ਸ਼ਿਕਾਇਤ ਥੀ ਕਿ ਮੁਸਲਮਾਨ ਹਾਕਮ ਉਨ ਸੇ ਬਰ ਸਰ ਪਚ ਖਾਮ ਰਹਿਤੇ ਔਰ ਉਨ ਕੋ ਤੰਗ ਕਰਤੇ ਰਹਿਤੇ ਥੇ। ਯੇ ਸੱਚ ਹੈ, ਲੇਕਿਨ ਯੇ ਦਿਲ ਅਹਿਜ਼ਾਰੀ ਜਿਸ ਕਦਰ ਥੀ ਸਿਰਫ਼ ਮੁਤਮਵਲ ਹਿੰਦੂਓਂ ਸੇ ਰੁਪਿਆ ਹਾਸਲ ਕਰਨੇ ਕੇ ਲੀਏ ਥੀ। ਗ਼ਰੀਬ ਮੁਸਲਮਾਨੋਂ ਕੇ ਪਾਸ ਰੁਪਿਆ ਕਹਾਂ? ਜਿਸ ਕੇ ਪਾਸ ਰੁਪਿਆ ਥਾ ਉਨਕਾ ਭੀ ਯਿਹੀ ਹਾਲ ਥਾ ਜੋ ਹਿੰਦੂਓਂ ਕਾ ਥਾ, ਔਰ ਜੋ ਮੁਫ਼ਲਸ ਵ ਕਲਾਸ਼ ਥੇ ਉਨ ਸੇ ਔਰ ਭੀ ਬਦਤਰ ਸਲੂਕ ਥਾ! ਉਨ ਗਰੀਬੋਂ ਕੋ ਬਿਗਾਰ ਮੇਂ ਪਕੜਾ ਜਾਤਾ ਥਾ। ਨ ਉਨ ਕੀ ਪੁਖ਼ਤਾ ਫ਼ਸਲੋਂ ਕਾ, ਉਨ ਕੀ ਸ਼ਾਦੀ ਗ਼ਮੀ ਕੀ ਤਕਰੀਬੋਂ ਔਰ ਨ ਉਨ ਕੀ ਦੀਗਰ ਜ਼ਰੂਰੀਆਤ ਵ ਮਸ਼ਰੂਈਤੋਂ ਕਾ ਖ਼ਿਆਲ ਕੀਤਾ ਜਾਤਾ ਥਾ। ਯਿਹ ਸਖ਼ਤੀ ਔਰ ਯਿਹ ਜ਼ੁਲਮ ਫਿਲ ਵਾਕਿਆ ਨਾਕਾਬਲੇ-ਬਰਦਾਸ਼ਤ ਥਾ। ਚੂੰਕਿ ਅੱਲ੍ਹਾ-ਤਾਲਾ ਨੇ ਅਫ਼ਗਾਨੋਂ ਕੇ ਇਨ ਮੁਜ਼ਾਲਮ ਪਰ ਅਪਨਾ ਕਹਿਰ ਵ ਗ਼ਜ਼ਬ ਦਿਖ਼ਾਨਾ ਔਰ ਕਸ਼ਮੀਰ ਸੇ ਨਿਕਾਲਨਾ ਮਕਸਦ ਥਾ, ਇਸ ਲੀਏ ਪੰਡਤ ਬੀਰਬਲ ਔਰ ਉਨ ਕੀ ਜਮਾਇਤ ਕੋ ਅਤਗਾਨ ਕੀ ਸਾਮਤਿ-ਅਹਿਮਾਲ ਕਾ ਏਕ ਮੁਜੱਸਮ ਨਮੂਨਾ ਬਨਾ ਕਰ ਮਹਾਰਾਜਾ ਰਣਜੀਤ ਸਿੰਘ ਕੇ ਪਾਸ ਲਾਹੌਰ ਭੇਜਾ, ਜਿਸ ਨੇ ਮੁਲਕ ਔਰ ਅਹਿਲੇ-ਮੁਲਕ ਕੋ ਇਨ-ਨਾ-ਖ਼ੁਦਾ ਤਰਸੋਂ ਕੇ ਪੰਜੇ ਸੇ ਰਿਹਾਈ ਦੀ।’’

ਉਨ੍ਹੀਂ ਦਿਨੀਂ ਕਸ਼ਮੀਰ ਦੀ ਮੁਸਲਮਾਨ ਅਤੇ ਹਿੰਦੂ ਪਰਜਾ ਵਿੱਚ ਇਹ ਕਹਾਵਤ ਪ੍ਰਚਲਤ ਸੀ - ‘ਦਿਵਾ ਯੀ ਯੀ। ਸਿੱਖ ਰਾਜ ਤਰਿਤ ਕਿਆਹਾਂ।’ ਭਾਵ ਇਹ ਕਿ ਹੇ ਰੱਬਾ! ਸਿੱਖ ਰਾਜ ਛੇਤੀਂ ਤੋਂ ਛੇਤੀਂ ਇੱਥੇ ਪਹੁੰਚਾ ਦੇਹ। ਉਕਤ ਕਹਾਵਤ ਦਾ ਜ਼ਿਕਰ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਰਚਿਤ ‘ਜੀਵਨ ਇਤਿਹਾਸ ਹਰੀ ਸਿੰਘ ਨਲੂਆ’ ਵਿੱਚ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਦੇਵਿੰਦਰ ਸਤਿਆਰਥੀ ਜੀ ਦੇ ਹਵਾਲੇ ਨਾਲ ਕੀਤਾ ਗਿਆ ਹੈ।

ਕਸ਼ਮੀਰ ਫਤਹਿ ਤੋਂ ਬਾਅਦ ਸ. ਹਰੀ ਸਿੰਘ ਨਲੂਆ ਦੋ ਸਾਲ ਕਸ਼ਮੀਰ ਦੇ ਗਵਰਨਰ ਰਹੇ। ਉਨ੍ਹਾਂ ਦੀ ਗਵਰਨਰੀ ਦੇ ਸਮੇਂ ਨੂੰ ਕਸ਼ਮੀਰੀ ਇਤਿਹਾਸਕਾਰਾਂ ਵਲੋਂ ਕਸ਼ਮੀਰ ਦੇ ਸੁਨਹਿਰੀ ਕਾਲ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਪੂਰੇ ਵੇਰਵੇ ਲਈ ਮੌਲਾਨਾ ਮੁਹੰਮਦ ਦੀਨ, ਸੱਯਦ ਮੁਹੰਮਦ ਲਤੀਫ, ਮੁਨਸ਼ੀ ਸੋਹਣ ਲਾਲ, ਦੀਵਾਨ ਅਮਰਨਾਥ, ਹਰ ਗੋਪਾਲ ਆਦਿ ਇਤਿਹਾਸਕਾਰਾਂ ਦੀਆਂ ਲਿਖਤਾਂ ਵੇਖੀਆਂ ਜਾ ਸਕਦੀਆਂ ਹਨ। ਸ. ਹਰੀ ਸਿੰਘ ਨਲੂਏ ਨੇ ਕਸ਼ਮੀਰ ਦੀ ਹਕੂਮਤ ਸੰਭਾਲਣ ਤੋਂ ਬਾਅਦ ਜਿਹੜਾ ਪਹਿਲਾ ਕੰਮ ਕੀਤਾ, ਉਹ ਸੀ ਮਾਲੀਆ ਘਟਾਉਣਾ। ਹਾਕਮਾਂ ਦੇ ਜ਼ੁਲਮਾਂ ਅਤੇ ਕੁਦਰਤੀ ਆਫਤਾਂ ਦੀ ਭੰਨੀ ਕਸ਼ਮੀਰੀ ਜਨਤਾ ਨੂੰ ਇਸ ਫੈਸਲੇ ਨਾਲ ਵੱਡੀ ਰਾਹਤ ਮਹਿਸੂਸ ਹੋਈ। ਦੂਸਰਾ ਕੰਮ ਜਿਹੜਾ ਉਨ੍ਹਾਂ ਕੀਤਾ ਉਹ ਸੀ ਵਗਾਰ ਪ੍ਰਥਾ ਉੱਤੇ ਪਾਬੰਦੀ। ਸਿੱਖ ਰਾਜ ਤੋਂ ਪਹਿਲਾਂ ਸਰਕਾਰੀ ਅਹਿਲਕਾਰ ਗਰੀਬ ਲੋਕਾਂ ਨੂੰ ਫੜ੍ਹ ਕੇ ਉਨ੍ਹਾਂ ਤੋਂ ਕਈ ਕਈ ਮਹੀਨੇ ਵਗਾਰ ਵਿੱਚ ਕੰਮ ਲੈਂਦੇ ਸਨ। ਸ. ਹਰੀ ਸਿੰਘ ਨੇ ਇਸ ਗੈਰ-ਕਾਨੂੰਨੀ ਪ੍ਰਥਾ ਨੂੰ ਬੰਦ ਕਰਕੇ ਸਰਕਾਰੀ ਮੁਲਾਜ਼ਮਾਂ ਨੂੰ ਹੁਕਮ ਕੀਤਾ ਕਿ ਅੱਗੇ ਤੋਂ ਕਿਸੇ ਨੂੰ ਵੀ ਵਗਾਰ ਵਿੱਚ ਨਾ ਫੜਿਆ ਜਾਵੇ। ਇਸ ਤਰ੍ਹਾਂ ਦੇ ਅਨੇਕਾਂ ਵੇਰਵੇ ਦਿੱਤੇ ਜਾ ਸਕਦੇ ਹਨ ਪਰ ਇਸ ਲੇਖ ਦਾ ਅਸਲੀ ਵਿਸ਼ਾ ਕੁਝ ਹੋਰ ਹੈ।

ਸਵਾਲ ਇਹ ਹੈ ਕਿ ਯਾਦਵਿੰਦਰ ਕਰਫਿਊ ਆਪਣੀ ਸੁਹਿਰਦਤਾ ਦੇ ਬਾਵਜੂਦ ਵੀ ਇਸ ਤਰ੍ਹਾਂ ਦੀ ਬੇਬੁਨਿਆਦ ਟਿੱਪਣੀ ਕਿਵੇਂ ਕਰ ਗਏ। ਇਸ ਦਾ ਜਵਾਬ ਇਹ ਹੈ ਕਿ ਪੰਜਾਬ ਦੇ ਬੌਧਿਕ ਵਰਗ ਦਾ ਇੱਕ ਵੱਡਾ ਹਿੱਸਾ, ਯਾਦਵਿੰਦਰ ਕਰਫਿਊ ਵੀ ਜਿਸਦਾ ਇੱਕ ਹਿੱਸਾ ਹਨ, ਨੇ ਪੰਜਾਬੀ ਕਾਮਰੇਡਾਂ ਵਲੋਂ ਉਸਾਰੇ ਇਸ ਅਧਾਰਹੀਣ ਤਰਕ ਕਿ ਧਰਮ ਨਾਲ ਸਬੰਧਿਤ ਕਿਸੇ ਵੀ ਧਿਰ ਨੂੰ ਰਾਜਨੀਤਕ ਸੱਤਾ ਉੱਤੇ ਕਾਬਜ਼ ਹੋਣ ਦਾ ਕੋਈ ਹੱਕ ਨਹੀਂ ਅਤੇ ਆਦਰਸ਼ ਰਾਜ-ਪ੍ਰਣਾਲੀ ਕੇਵਲ ਤੇ ਕੇਵਲ ਸੈਕੂਲਰ ਖੱਬੇ-ਪੱਖੀ ਹੀ ਮੁਹੱਈਆ ਕਰਵਾ ਸਕਦੇ ਹਨ, ਨੂੰ ਬਿਨਾ ਕਿਸੇ ਅਲੋਚਨਾਤਮਕ ਪੜਚੋਲ ਦੇ ਸਵੀਕਾਰਿਆ ਹੋਇਆ ਹੈ। ਇਸੇ ਲਈ ਜਦੋਂ ਵੀ ਕੋਈ ਸਿੱਖ ਵਿਰੋਧੀ ਟਿੱਪਣੀ ਕਰਨੀ ਹੁੰਦੀ ਹੈ ਤਾਂ ਉਹ ਤੱਥਾਂ ਦੀ ਪੜਚੋਲ ਕਰਨ ਦੀ ਤਕਲੀਫ ਕਰਨ ਦੀ ਵੀ ਜ਼ਰੂਰਤ ਨਹੀਂ ਸਮਝਦੇ। ਇਸ ਵਰਗ ਨੇ ਇਹ ਮੰਨਿਆ ਹੋਇਆ ਹੈ ਕਿ ਧਰਮ ਦੀ ਅਲੋਚਨਾ ਕਰਨਾ ਤਾਂ ਸਾਡਾ ਬੁਨਿਆਦੀ ਹੱਕ ਭਾਵੇਂ ਅਜਿਹੀ ਅਲੋਚਨਾ ਦਾ ਕੋਈ ਆਧਾਰ ਹੋਵੇ ਜਾਂ ਨਾ। ਇਸ ਵਰਗ ਨੇ ਕਦੇ ਯੂਰਪੀਅਨ ਈਸਾਈਅਤ, ਸ਼ਰੱਈ ਇਸਲਾਮ ਅਤੇ ਬ੍ਰਾਹਮਣੀ ਹਿੰਦੂਵਾਦ ਨਾਲੋਂ ਸਿੱਖੀ ਦੇ ਨਿਵੇਕਲੇਪਣ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਹ ਬੜੇ ਹੀ ਅਰਾਮ ਨਾਲ ਸਿੱਖੀ ਨੂੰ ਵੀ ਬਾਕੀ ਧਰਮਾਂ ਦੇ ਕਰੂਪ ਹੋਏ ਰੂਪਾਂ ਦੇ ਬਰਾਬਰ ਰੱਖ ਕੇ ਦੇਖਣ ਲੱਗ ਜਾਂਦੇ ਹਨ।

ਯਾਦਵਿੰਦਰ ਨੇ ਭਾਵੇਂ ਆਪਣੇ ਲੇਖ ਵਿੱਚ ਸਿੱਖਾਂ ਵਲੋਂ ਪੰਜਾਬੀ ਮੰਗਾਂ ਲਈ ਚਲਾਈ ਗਈ ਲਹਿਰ ਪ੍ਰਤੀ ਸੰਤੁਲਿਤ ਨਜ਼ਰੀਆ ਨਾ ਰੱਖਣ ਕਰਕੇ ਕਾਮਰੇਡਾਂ ਦੀ ਅਲੋਚਨਾ ਵੀ ਕੀਤੀ ਹੈ, ਪਰ ਉਸਦੀ ਹਮਦਰਦੀ ਦੇ ਸਾਹ ਪੰਜਾਬੀ ਕੌਮੀਅਤ ਦੇ ਹਿੱਤਾਂ ਤੱਕ ਪਹੁੰਚਦੇ ਪਹੁੰਚਦੇ ਹੀ ਸੁੱਕ ਜਾਂਦੇ ਹਨ। ਪੰਜਾਬ ਦੇ ਹੱਕਾਂ ਲਈ ਮਰ-ਮਿਟਣ ਵਾਲੇ ਸਿੱਖਾਂ ਲਈ ਉਸ ਕੋਲ ਅਜੇ ਵੀ ਹਮਦਰਦੀ ਦੇ ਦੋ ਸ਼ਬਦ ਵੀ ਨਹੀਂ ਹਨ। ਜਿਸ ਬੌਧਿਕ ਵਰਗ ਦੀ ਤਰਜਮਾਨੀ ਯਾਦਵਿੰਦਰ ਕਰਦਾ ਹੈ ਉਸਨੇ ਅਜੇ ਤੱਕ ਇਹ ਵੀ ਨਹੀਂ ਸਮਝਿਆ ਕਿ ਐਥਨਿਕ ਆਧਾਰਾਂ ਉੱਤੇ ਉਸਾਰਿਆ ਗਿਆ ਰਾਸ਼ਟਰਵਾਦ ਧਾਰਮਿਕ ਕੱਟੜਵਾਦ ਤੋਂ ਵੀ ਵਧੇਰੇ ਖਤਰਨਾਕ ਹੋ ਸਕਦਾ ਹੈ। ਹਿਟਲਰ ਦੀ ਮਿਸਾਲ ਸਾਡੇ ਸਾਹਮਣੇ ਹੈ। ਹਿਟਲਰ ਜਰਮਨ ਰਾਸ਼ਟਰਵਾਦੀ ਨਸਲਵਾਦ ਦੀ ਤਰਜਮਾਨੀ ਕਰਦਾ ਸੀ ਨਾ ਕਿ ਈਸਾਈਅਤ ਦੀ। ਏਸੇ ਕਰਕੇ ਉਸਨੇ ਯਹੂਦੀਆਂ ਦੇ ਨਾਲ ਨਾਲ ਟੱਪਰੀਵਾਸ ਕਬੀਲੇ ਦੇ ਰੋਮਾ ਲੋਕਾਂ ਦਾ ਵੀ ਨਸਲਘਾਤ ਕੀਤਾ। ਰਾਸ਼ਟਰਵਾਦੀ ਨਸਲਵਾਦ ਦੀ ਸਮੱਸਿਆ ਇਹ ਹੈ ਕਿ ਇਸ ਵਿੱਚੋਂ ਤਾਂ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਣ ਵਾਲਾ ਕੋਈ ਵੀ ਆਦਰਸ਼ ਪੈਦਾ ਹੋਣਾ ਉੱਕਾ ਹੀ ਅਸੰਭਵ ਹੈ ਕਿਉਂਕਿ ਰਾਸ਼ਟਰਵਾਦੀ ਨਸਲਵਾਦ ਆਪਣੇ ਬਾਰੇ ਦੂਜੀਆਂ ਕੌਮਾਂ ਨਾਲੋਂ ਸ੍ਰੇਸ਼ਟ ਹੋਣ ਦਾ ਭਰਮ ਪਾਲੀ ਬੈਠਾ ਹੁੰਦਾ ਹੈ। ਪੰਜਾਬੀ ਕੌਮਵਾਦ ਦੇ ਨਵੇਂ ਪੈਦਾ ਹੋ ਰਹੇ ਹਮਾਇਤੀਆਂ ਨੂੰ ਵੀ ਇਸ ਗੱਲ ਪ੍ਰਤੀ ਚੇਤੰਨ ਹੋਣ ਦੀ ਜ਼ਰੂਰਤ ਹੈ ਕਿ ਪੰਜਾਬੀ ਕੌਮੀਅਤ ਦੇ ਨਾਅਰੇ ਹੇਠ ਤੁਸੀਂ ਪੰਜਾਬ ਦੇ ਪੱਛਮੀਕ੍ਰਿਤ ਸੈਕੂਲਰ ਵਰਗ ਨੂੰ ਤਾਂ ਇਕੱਠਾ ਕਰ ਲਵੋਗੇ ਪਰ ਬਾਕੀ ਦੀ ਸਾਰੀ ਗੈਰ-ਪੰਜਾਬੀ ਮਨੁੱਖਤਾ ਕਿੱਥੇ ਜਾਵੇਗੀ। ਇਸ ਦੇ ਉਲਟ ਸਿੱਖੀ ਕੋਲ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦਾ ਫਲਸਫਾ ਹੈ, ਜਿਸ ਲਈ ਗੈਰ-ਸਿੱਖ ਵੀ ਗੈਰ ਨਹੀਂ, ਆਪਣਾ ਹੀ ਹੈ ਕਿਉਂਕਿ ਉਹ ਵੀ ਉਸੇ ਅਕਾਲਪੁਰਖ ਦੀ ਉਪਜ ਹੈ, ਜਿਸ ਨੇ ਸਾਨੂੰ ਉਪਾਇਆ ਹੈ।

ਅਗਲਾ ਸਵਾਲ ਇਹ ਹੈ ਕਿ ਪੰਜਾਬ ਦੇ ਕਾਮਰੇਡਾਂ ਨੇ ਪੰਜਾਬ ਦੀ ਸਿੱਖ ਵਿਰਾਸਤ ਨੂੰ ਪਹਿਚਾਨਣ ਤੋਂ ਕਿਉਂ ਇਨਕਾਰ ਕੀਤਾ? ਕਿਉਂ ਸਿੱਖ ਸੰਘਰਸ਼ ਦੇ ਵਿਰੁੱਧ ਪੈਂਤੜਾ ਲੈ ਕੇ ਪੁਲਿਸ ਮੁਖਬਰੀ ਅਤੇ ਗੱਦਾਰੀ ਜਿਹੇ ਕਮੀਨੇ ਕੰਮ ਕੀਤੇ ਅਤੇ ਦਿੱਲੀ ਦਰਬਾਰ ਦੇ ਹੱਥਠੋਕੇ ਬਣ ਕੇ ਸਿੱਖ ਜੁਝਾਰੂਆਂ ਦੇ ਖੂਨ ਨਾਲ ਆਪਣੇ ਹੱਥ ਰੰਗੇ? ਕਾਰਨ ਜਾਨਣ ਲਈ ਸਾਨੂੰ ਥੋੜ੍ਹਾ ਵਿਸਥਾਰ ਵਿੱਚ ਜਾਣਾ ਪਵੇਗਾ।

ਸਿੱਖ ਜੀਵਨ-ਜਾਂਚ ਵਿਅਕਤੀ ਨੂੰ ਆਪਣੇ ਖੁਦਗਰਜ਼ ਸੁਭਾਅ ਤੋਂ ਉਪਰ ਉਠ ਕੇ ਸਮੂਹਿਕ ਕਲਿਆਣ ਲਈ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੈ। ਇਹ ਪ੍ਰੇਰਨਾ ਸੇਵਾ ਦੇ ਸੰਕਲਪ ਰਾਹੀਂ ਠੋਸ ਰੂਪ ਧਾਰਨ ਕਰਦੀ ਹੈ। ਦੂਜੇ ਪਾਸੇ ਬਰਤਾਨਵੀ ਬਸਤੀਵਾਦੀਆਂ ਵਲੋਂ ਲਿਆਂਦੀ ਗਈ ਆਧੁਨਿਕ ਸੈਕੂਲਰ ਜੀਵਨਜਾਂਚ, ਵਿਅਕਤੀ ਵਿਸ਼ੇਸ਼ ਦੀਆਂ ਇਛਾਵਾਂ ਦੀ ਪੂਰਤੀ ਨੂੰ ਹੀ ਉਸ ਦੇ ਜੀਵਨ ਦਾ ਅੰਤਿਮ ਉਦੇਸ਼ ਮੰਨਦੀ ਹੈ। ਅੱਜਕੱਲ੍ਹ ਦਾ ਅਤੀ-ਪੂੰਜੀਵਾਦ (ਹਾਈਪਰ ਕੈਪੀਟਿਲਿਜ਼ਮ) ਇਸ ਜੀਵਨਜਾਂਚ ਦੀ ਤਰਜਮਾਨੀ ਕਰਦਾ ਹੈ ਜਿਸ ਲਈ ਇੰਦਰੀਆਂ ਦਾ ਸੁੱਖ ਹੀ ਜੀਵਨ ਦਾ ਅੰਤਿਮ ਉਦੇਸ਼ ਹੈ। ਅਤੀ-ਪੂੰਜੀਵਾਦ ਦੇ ਉੱਤਰ-ਮਾਰਕਸਵਾਦੀ ਆਲੋਚਕ ਬਰਨਾਰਡ ਸਟੀਗਲਰ ਨੇ ਦੱਸਿਆ ਹੈ ਕਿ ਵੀਹਵੀਂ ਸਦੀ ਦੌਰਾਨ ਪੂੰਜੀਵਾਦ ਨੇ ਉਪਭੋਗੀ ਮਾਨਸਿਕਤਾ ਤਿਆਰ ਕਰਨ ਲਈ ਮਨੋਵਿਗਿਆਨਕ ਤਕਨੀਕਾਂ ਈਜ਼ਾਦ ਕੀਤੀਆਂ। ਅਜੋਕੀ ਮਨਪ੍ਰਚਾਵਾ ਸਨਅਤ (ਐਂਟਰਟੇਨਮੈਂਟ ਇੰਡਸਟਰੀ) ਇਨ੍ਹਾਂ ਤਕਨੀਕਾਂ ਨੂੰ ਅਮਲੀ ਰੂਪ ਦੇਣ ਦਾ ਇੱਕ ਜ਼ਰੀਆ ਬਣੀ। ਇਸ ਅਤੀ-ਪੂੰਜੀਵਾਦ ਦੇ ਉਭਾਰ ਤੋਂ ਪਹਿਲਾਂ ਬਸਤੀਵਾਦ ਜਿੱਥੇ-ਜਿੱਥੇ ਵੀ ਗਿਆ, ਇਸਨੇ ਸਮਾਜਿਕ-ਆਰਥਿਕ ਤਾਣੇ-ਬਾਣੇ ਵਿੱਚ ਵੱਡੀਆਂ ਤਬਦੀਲੀਆਂ ਕਰਕੇ ਲੋਕਾਂ ਦੀ ਮਾਨਸਿਕਤਾ ਤਬਦੀਲ ਕਰਕੇ ਉਨ੍ਹਾਂ ਨੂੰ ਉਪਭੋਗੀ ਬਣਾਉਣ ਦਾ ਰਾਹ ਪੱਧਰਾ ਕੀਤਾ। ਪੰਜਾਬ ਵਿੱਚ ਇਸ ਤਰ੍ਹਾਂ ਦੇ ਸੱਭਿਆਚਾਰਕ ਪੂੰਜੀਵਾਦ ਦਾ ਹਮਲਾ ਅੱਜਕੱਲ੍ਹ ਪੂਰੇ ਜ਼ੋਰਾਂ ਉੱਤੇ ਚੱਲ ਰਿਹਾ ਹੈ ਪਰ ਇਸ ਦੀ ਜ਼ਮੀਨ ਬਰਤਾਨਵੀ ਬਸਤੀਵਾਦ ਵੇਲੇ ਤੋਂ ਹੀ ਬਣਨੀ ਸ਼ੁਰੂ ਹੋ ਗਈ ਸੀ।

ਪੰਜਾਬ ਦੇ ਕਾਮਰੇਡ ਇਸ ਸਾਰੇ ਵਰਤਾਰੇ ਦੌਰਾਨ ਇੱਕ ਭਾਰੀ ਦਵੰਧ ਦੇ ਸ਼ਿਕਾਰ ਹੋਏ ਹਨ। ਬਸਤੀਵਾਦੀ ਮੁਹਾਵਰੇ ਦੇ ਜ਼ੋਰ ਅਧੀਨ ਅਤੇ ਕਲਾਸਕੀ ਮਾਰਕਸਵਾਦੀ ਧਾਰਨਾਵਾਂ ਅਧੀਨ ਉਨ੍ਹਾਂ ਧਾਰਮਿਕ (ਸਿੱਖ) ਜੀਵਨ-ਜਾਂਚ ਨੂੰ ਤਿਲਾਂਜਲੀ ਦੇ ਦਿੱਤੀ। ਬਰਤਾਨਵੀ ਹਾਕਮਾਂ ਨੂੰ ਸੈਕੂਲਰਇਜ਼ਮ ਰਾਸ ਆਉਂਦਾ ਸੀ ਕਿਉਂਕਿ ਉਨ੍ਹਾਂ ਨੂੰ ਵੱਡਾ ਖਤਰਾ ਸਿੱਖੀ ਦੇ ਉਭਾਰ ਤੋਂ ਸੀ ਅਤੇ ਨਾਲ ਹੀ ਸੈਕੂਲਰ ਵਰਗ ਤੋਂ ਬਗਾਵਤ ਦਾ ਖਤਰਾ ਘੱਟ ਸੀ। ਇਸ ਗੱਲ ਦੀ ਪੁਸ਼ਟੀ ਪੰਜਾਬ ਪੁਲਿਸ ਦੇ ਸੀ. ਆਈ. ਡੀ. ਵਿਭਾਗ ਦੇ ਇੰਸਪੈਕਟਰ ਡੇਵਿਡ ਪੈਟਰੀ ਦੀ ਇੱਕ ਖੁਫੀਆ ਰਿਪੋਰਟ ਤੋਂ ਹੋ ਜਾਂਦੀ ਹੈ ਜੋ 1911 ਵਿੱਚ ਸਰਕਾਰ ਨੂੰ ਸੌਂਪੀ ਗਈ ਸੀ। ਪੱਛਮੀ ਕਿਸਮ ਦੀ ਵਿਅਕਤੀਵਾਦੀ ਜੀਵਨ-ਪ੍ਰਣਾਲੀ ਕਾਮਰੇਡਾਂ ਨੂੰ ਇਸ ਲਈ ਵੀ ਰਾਸ ਆਉਂਦੀ ਸੀ ਕਿ ਇਸ ਨਾਲ ਉਨ੍ਹਾਂ ਨੂੰ ਕਈ ਨੈਤਿਕ ਖੁੱਲ੍ਹਾਂ ਜਿਵੇਂ ਸ਼ਰਾਬ, ਸਿਗਰੇਟ ਆਦਿ ਦਾ ਸੇਵਨ ਅਤੇ ਇੱਕ ਤੋਂ ਵੱਧ ਔਰਤਾਂ ਨਾਲ ਸਬੰਧ ਬਣਾਉਣੇ ਆਦਿ ਮਿਲ ਜਾਂਦੀਆਂ ਸਨ। ਸਿੱਖ ਜੀਵਨ-ਜਾਂਚ ਅਤੇ ਪੰਜਾਬ ਦੀਆਂ ਰਵਾਇਤੀ ਕਦਰਾਂ-ਕੀਮਤਾਂ ਨੂੰ ਮੰਨਣ ਵਾਲਾ ਸ਼ਖਸ ਅਜਿਹੀਆਂ ਖੁੱਲ੍ਹਾਂ ਮਾਨਣ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ। ਪੰਜਾਬ ਦੀਆਂ ਖੱਬੇ ਪੱਖੀ ਧਿਰਾਂ ਦੇ ਵੱਡੇ ਥੰਮ ਇਨ੍ਹਾਂ ਐਬਾਂ ਦੇ ਸ਼ਿਕਾਰ ਸਨ। ਸਿੱਤਮ ਇਹ ਹੈ ਕਿ ਜਿਸ ਪੂੰਜੀਵਾਦ ਖਿਲਾਫ ਕਾਮਰੇਡਾਂ ਨੇ ਝੰਡੇ ਚੁੱਕੇ ਹੋਏ ਹਨ, ਉਸੇ ਹੀ ਪੂੰਜੀਵਾਦ ਦਾ ਖੁਦ ਅੰਦਰੋਂ ਸ਼ਿਕਾਰ ਹੋ ਕੇ ਖੋਖਲੇ ਹੋਏ ਪਏ ਹਨ। ਸੱਭਿਆਚਾਰਕ ਜੜ੍ਹਾਂ ਤੋਂ ਬਗੈਰ ਕੋਈ ਵੀ ਰਾਜਨੀਤਕ ਵਿਦਰੋਹ ਲੰਮੇ ਸਮੇਂ ਤੱਕ ਸਲਾਮਤ ਨਹੀਂ ਰਹਿ ਸਕਦਾ, ਸਫਲ ਹੋਣਾ ਤਾਂ ਦੂਰ ਦੀ ਗੱਲ ਹੈ। ਫਲਸਤੀਨ ਵਿੱਚ ਪੀ. ਐਫ. ਐਲ. ਪੀ. (ਪਾਪੂਲਰ ਫਰੰਟ ਫਾਰ ਲਿਬਰੇਸ਼ਨ ਆਫ ਪੇਲਸਤਾਈਨ) ਵਰਗੇ ਖੱਬੇ-ਪੱਖੀ ਗਰੁੱਪ ਅੱਜ ਕਿਤੇ ਦਿਸਦੇ ਵੀ ਨਹੀਂ ਜਦੋਂ ਕਿ ਇਸਲਾਮ ਨੂੰ ਪ੍ਰੇਰਨਾਸ੍ਰੋਤ ਬਣਾਉਣ ਵਾਲੇ ਗਰੁੱਪ ਅੱਜ ਉੱਥੋਂ ਦੇ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਹਨ। ਇਹੀ ਹਾਲ ਜੰਮੂ-ਕਸ਼ਮੀਰ ਵਿੱਚ ਜੇ. ਕੇ. ਐਲ. ਐਫ. ਦਾ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਜਿਸ ਧਰਤੀ ਉੱਤੇ ਕਿਸੇ ਰਾਜਨੀਤਕ ਲਹਿਰ ਨੇ ਚੱਲਣਾ ਹੁੰਦਾ ਹੈ, ਉਸ ਲਈ ਉੱਥੋਂ ਦੀ ਸੱਭਿਆਚਾਰਕ ਤੇ ਧਾਰਮਿਕ ਵਿਰਾਸਤ ਨੂੰ ਆਪਣੇ ਨਾਲ ਜੋੜਨਾ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਹਾਲ ਪੰਜਾਬ ਦੇ ਖੱਬੇ-ਪੱਖੀਆਂ ਵਾਲਾ ਹੀ ਹੁੰਦਾ ਹੈ। ਮਾਓਵਾਦੀਆਂ ਦੀ ਸਫਲਤਾ ਪਿੱਛੇ ਵੀ ਇੱਕ ਕਾਰਣ ਇਹ ਹੈ ਕਿ ਉਨ੍ਹਾਂ ਨੇ ਕਬਾਇਲੀ ਰਵਾਇਤਾਂ ਪ੍ਰਤੀ ਸਹਿਣਸ਼ੀਲਤਾ ਵਾਲੀ ਨੀਤੀ ਅਪਣਾਈ ਹੈ। ਜੇਕਰ ਕਿਸੇ ਨੇ ਮਾਰਕਸਵਾਦੀ ਵਿਚਾਰਧਾਰਾ ਅਤੇ ਸਿੱਖ ਜੀਵਨ-ਜਾਂਚ ਦੇ ਸੰਤੁਲਨ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਵਿੱਚ ਅਪਣਾਇਆ ਹੈ ਤਾਂ ਉਹ ਸਨ ਗਦਰੀ ਯੋਧੇ ਅਤੇ ਬੱਬਰ ਅਕਾਲੀ, ਪਰ ਪੰਜਾਬ ਦੀ ਵੰਡ ਤੋਂ ਬਾਅਦ ਕਾਮਰੇਡਾਂ ਦੇ ਨਵੇਂ ਪੋਚਾਂ ਨੇ ਇਨ੍ਹਾਂ ਨੂੰ ਆਪਣਾ ਆਦਰਸ਼ ਮੰਨਣ ਦੀ ਥਾਂ ਸਿੱਖ ਜੀਵਨ-ਜਾਂਚ ਤੋਂ ਇਨਕਾਰੀ ਨਵੇਂ ਨਾਇਕ ਉਭਾਰਨੇ ਸ਼ੁਰੂ ਕਰ ਦਿੱਤੇ। ਨਿਘਾਰ ਦਾ ਇਹ ਸਿਲਸਿਲਾ ਅਜਿਹਾ ਤੁਰਿਆ ਕਿ ਸਿੱਖ ਸੰਘਰਸ਼ ਦੀ ਚੜ੍ਹਤ ਦੌਰਾਨ ਦਿੱਲੀ ਦਰਬਾਰ ਨਾਲ ਗੈਰ-ਸਿਧਾਂਤਕ ਗੱਠਜੋੜ ਤੱਕ ਜਾ ਪਹੁੰਚਿਆ।

ਯਾਦਵਿੰਦਰ ਵਰਗੇ ਨੌਜਵਾਨ ਚਿੰਤਕਾਂ ਦੀ ਸੁਹਿਰਦਤਾ ਉੱਤੇ ਮੈਨੂੰ ਕੋਈ ਸ਼ੱਕ ਨਹੀਂ ਪਰ ਇਨ੍ਹਾਂ ਨੂੰ ਪੰਜਾਬੀ ਕਾਮਰੇਡਾਂ ਤੋਂ ਮਿਲੀ ਜੰਗਾਲੀ ਹੋਈ ਬੌਧਿਕ ਵਿਰਾਸਤ ਨੂੰ ਆਪਣੇ ਗਲੋਂ ਲਾਹ ਕੇ ਨਵੀਂ ਦ੍ਰਿਸ਼ਟੀ ਨਾਲ ਇਤਿਹਾਸ ਦਾ ਪੁਨਰ-ਅਧਿਐਨ ਆਰੰਭਣ ਦੀ ਜ਼ਰੂਰਤ ਹੈ। ਸੁਹਿਰਦਤਾ ਨੂੰ ਚੇਤੰਨਤਾ ਦੀ ਪੁੱਠ ਚਾੜ੍ਹਨੀ ਹੀ ਅੱਜ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ।

ਲੇਖਕ--ਪ੍ਰਭਸ਼ਰਨਬੀਰ ਸਿੰਘ

Wednesday, August 25, 2010

ਆਰ.ਐੱਸ.ਐੱਸ(ਸੰਘ) ਦੀ ਕਸ਼ਮੀਰ ਖਿਲਾਫ ਨਵੀਂ ਸਾਜਿਸ਼ ਬੇਨਕਾਬ

ਭਾਰਤੀ ਜੇਲ੍ਹਖਾਨੇ ‘ਚ ਕੌਮੀਅਤਾਂ ਦੀ ਦਾਸਤਾਨ

ਭਾਰਤ ਕਸ਼ਮੀਰ ਨੂੰ ਆਪਣਾ ਅਟੁੱਟ ਹਿੱਸਾ ਮੰਨਦਾ ਰਿਹਾ ਹੈ,ਪਰ ਕਸ਼ਮੀਰੀ ਹਮੇਸ਼ਾਂ ਅਜ਼ਾਦ ਕਸ਼ਮੀਰ ਦੀ ਮੰਗ ਕਰਦੇ ਰਹੇ ਹਨ।ਜਦੋਂ ਕੋਈ ਕਸ਼ਮੀਰ ਦਾ ਇਤਿਹਾਸ ਫਰੋਲਣ ਬੈਠਦਾ ਹੈ ਤਾਂ ਗੱਲ ਸਮਝ ਆਉਣ ਲਗਦੀ ਹੈ ਕਿ ਕਸ਼ਮੀਰ ਕਦੀ ਭਾਰਤ ਦਾ ਹਿੱਸਾ ਰਿਹਾ ਹੀ ਨਹੀਂ।ਕਸ਼ਮੀਰੀਆਂ ਦੀ ਅਜ਼ਾਦ ਕਸ਼ਮੀਰ ਦੀ ਮੰਗ ਬੜੀ ਪੁਰਾਣੀ ਹੈ।ਬਟਵਾਰੇ ਤੋਂ ਬਾਅਦ ਦੇ ਭਾਰਤੀ ਸਾਸ਼ਕਾਂ ਦੇ ਅੱਤਿਆਚਾਰ ਤੋਂ ਇਲਾਵਾ ਕਸ਼ਮੀਰੀ ਡੋਗਰਿਆਂ ਤੇ ਸਿੱਖ ਸਾਸ਼ਕਾਂ ਦੇ ਅੱਤਿਆਚਾਰ ਦਾ ਸ਼ਿਕਾਰ ਵੀ ਰਹੇ ਹਨ,ਪਰ ਇਸ ਸਭ ਦੇ ਬਾਵਜੂਦ ਕਸ਼ਮੀਰੀਆਂ ਦੀ ਅਜ਼ਾਦ ਕਸ਼ਮੀਰ ਦੀ ਭਾਵਨਾ ਕਦੇ ਖ਼ਤਮ ਨਹੀਂ ਹੋਈ।ਇਸ ਮੰਗ ਨੂੰ ਕਿਸੇ ਹੋਰ ਪਾਸੇ ਕਿਵੇਂ ਤਬਦੀਲ ਕੀਤਾ ਜਾਵੇ,ਇਹ ਦੇਸ਼ ਦੀਆਂ ਫਿਰਕਾਪ੍ਰਸਤ ਜਥੇਬੰਦੀਆਂ ਤੇ ਭਾਰਤੀ ਸਾਸ਼ਕ ਵਰਗ ਦਾ ਏਜੰਡਾ ਰਿਹਾ ਹੈ।

89ਵੇਂ ਦੇ ਦੌਰ ਤੋਂ ਬਾਅਦ ਇਕ ਵਾਰ ਫਿਰ ਪੂਰਾ ਕਸ਼ਮੀਰ ਸੁਲਗ ਰਿਹਾ ਹੈ।ਆਰ.ਐੱਸ.ਐੱਸ,ਜੋ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਦਾਅਵਾ ਹਿੱਕ ਠੋਕ ਕੇ ਕਰਦੀ ਹੈ।ਉਸਨੇ 90ਵਿਆਂ ‘ਚ ਆਪਣੇ ਸਿਆਸੀ ਏਜੰਡੇ ਦੀ ਗਿਣੀ ਮਿਥੀ ਸਾਜਿਸ਼ ਤਹਿਤ ਕਸ਼ਮੀਰ ‘ਚੋਂ ਕਸ਼ਮੀਰੀ ਹਿੰਦੂਆਂ ਦਾ ਧੱਕੇ ਨਾਲ ਉਜਾੜਾ ਕਰਵਾਇਆ ਸੀ।ਹੁਣ ਜਦੋਂ ਕਸ਼ਮੀਰੀ ਸਿੱਖਾਂ ਨੂੰ ਕਹੀਆਂ ਜਾਂਦੀਆਂ ਧਮਕੀਨੁਮਾ ਬਰੰਗ ਚਿੱਠੀਆਂ ਮਿਲ ਰਹੀਆਂ ਹਨ ਤਾਂ ਸਭ ਤੋਂ ਪਹਿਲਾਂ ਆਰ ਐੱਸ ਐੱਸ ਦੀ ਨਿਸ਼ਾਨਦੇਹੀ ਕਰਨੀ ਬਣਦੀ ਹੈ।ਮੱਦਾ ਵਹੀਣ ਭਾਜਪਾ ਲਈ ਮੁੱਦੇ ਪੈਦਾ ਕਰਨੇ ਵੀ ਆਰ.ਐੱਸ.ਐੱਸ ਦਾ ਕੰਮ ਹੈ,ਜਿਨ੍ਹਾਂ ਜ਼ਰੀਏ ਸਿਆਸੀ ਤੇ ਸਮਾਜਿਕ ਧਰੁਵੀਕਰਨ ਜਾਰੀ ਰਹੇ।ਆਮ ਕਸ਼ਮੀਰੀ ਹਿੰਦੂਆਂ ‘ਤੇ ਉਜਾੜਾ ਥੋਪਿਆ ਗਿਆ।ਲੰਮੇ ਅਰਸੇ ਤੋਂ ਕਸ਼ਮੀਰ ‘ਚ ਰਹਿ ਰਹੇ ਆਮ ਹਿੰਦੂਆਂ ਤੇ ਸਿੱਖਾਂ ਦਾ ਅੱਜ ਵੀ ਆਪਣੀ ਧਰਤੀ ਨਾਲ ਗੂੜ੍ਹਾ ਪਿਆਰ ਹੈ।

ਓਸ ਦੌਰ ‘ਚ ਜੰਮੂ ਕਸ਼ਮੀਰ ਦੇ ਰਾਜਪਾਲ ਜਗਮੋਹਨ ਮਲਹੋਤਰਾ ਨੇ ਆਰ ਐੱਸ ਐੱਸ ਦੀ ਸ਼ਹਿ ‘ਤੇ ਕਸ਼ਮੀਰੀ ਹਿੰਦੂਆਂ ਨੂੰ ਉਜਾੜੇ ਲਈ ਉਕਸਾਇਆ ਸੀ।ਜਗਮੋਹਨ ਮਲਹੋਤਰਾ ਨੇ ਵਿਸ਼ੇਸ਼ ਤੌਰ ‘ਤੇ ਜੰਮੂ ‘ਚ ਰਿਫਊਜੀ ਕੈਂਪ ਤਿਆਰ ਕਰਵਾਏ ਸਨ।ਇਤਫਾਕ ਦੇਖੋ ਜਿਸ ਬੰਦੇ ਨੇ ਸਿੱਖਾਂ ਨੂੰ ਇਸਲਾਮ ਕਬੂਲਣ ਤੇ ਧਮਕੀਨੁਮਾ ਹਵਾਈ ਚਿੱਠੀਆਂ ਦੀ ਗੱਲ ਕੀਤੀ ਹੈ,ਉਸਦਾ ਨਾਂਅ ਜਗਮੋਹਨ ਸਿੰਘ ਰੈਣਾ ਹੈ।ਇਹ ਆਪਣੇ ਆਪ ਨੂੰ ਆਲ ਇੰਡੀਆ ਸਿੱਖ ਕੋਆਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹੋਣ ਦਾ ਦਾਅਵਾ ਕਰਦੇ ਹਨ।ਇਹਨਾਂ ਅਫਵਾਹਾਂ ਤੋਂ ਬਾਅਦ ਜਦੋਂ ਕਸ਼ਮੀਰ ਦੇ ਕੁੱਝ ਪਤਵੰਤੇ ਸਿੱਖ ਸੱਜਣ ਉਹ ਧਮਕੀ ਭਰੇ ਪੱਤਰ ਵੇਖਣ ਗਏ ਤਾਂ ਇਹਨਾਂ ਕੋਲ ਦਿਖਾਉਣ ਨੁੰ ਕੁਝ ਨਹੀਂ ਸੀ।ਦੂਜੇ ਪਾਸੇ ਭਾਜਪਾ ਦੇ ਹੰਗਾਮੇ ‘ਤੇ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਦੀ ਟਿੱਪਣੀ ਕਾਫੀ ਰੌਚਕ ਹੈ,ਜਿਸ ‘ਚ ਉਹਨਾਂ ਕਿਹਾ ਹੈ ,ਕਿ ਉਹ ਇਸ ਤਰ੍ਹਾਂ ਦੀਆਂ ਕਥਿਤ ਧਮਕੀਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ”।ਚਿਦੰਬਰਮ ਸਿਆਸੀ ਭਾਸ਼ਾ ‘ਚ ਭਾਜਪਾ ਨੂੰ ਬਹੁਤ ਕੁਝ ਕਹਿ ਗਏ।ਮਸਲਾ ਇਹ ਨਹੀਂ ਕਿ ਕਾਂਗਰਸ ਤੇ ਭਾਜਪਾ ‘ਚ ਬਹੁਤਾ ਫਰਕ ਹੈ,ਪਰ ਕਾਂਗਰਸ ਜਿਸ ਸਿਆਸੀ ਏਜੰਡੇ ਦੇ ਜ਼ਰੀਏ ਦੋ ਵਾਰ ਸੰਸਦ ਦੀਆਂ ਪੌੜੀਆਂ ਚੜ੍ਹੀ ਹੈ,ਉਹ ਉਸਨੂੰ ਫਿਰ ਬਕਾਇਦਾ ਠੋਕ ਵਜ੍ਹਾ ਕੇ ਜਨਤਾ ਸਾਹਮਣੇ ਰੱਖਣਾ ਚਾਹੁੰਦੀ ਹੈ।ਜਦੋਂ ਮਾਓਵਾਦੀ ਕਸ਼ਮੀਰ ਦੀ ਲਹਿਰ ਨੂੰ ਕੌਮੀ ਲਹਿਰ ਦੇ ਨਾਂਅ ਨਾਲ ਸੰਬੋਧਿਤ ਹੋ ਰਹੇ ਹਨ ਤੇ ਅਜ਼ਾਦ ਕਸ਼ਮੀਰ ਦੀ ਮੰਗ ਦਾ ਸਮਰਥਨ ਕਰ ਰਹੇ ਹਨ ਤਾਂ ਮਨਮੋਹਨ-ਸੋਨੀਆ ਤੇ ਚਿਦੰਬਰਮ ਦੇ ਨਜ਼ਰ ‘ਚੋਂ ਕੁਝ ਬਾਹਰ ਹੋਣੇ,ਅਜਿਹਾ ਕੁਝ ਵੀ ਨਹੀਂ।ਪਰ ਮੁੱਖ ਧਾਰਾ ਦੀ ਸਿਆਸਤ ਤਾਂ ਵੱਖਰੀ ਤੇ ਲੰਮੀ ਲਕੀਰ ਖਿੱਚਣ ਨਾਲ ਚੱਲਦੀ ਹੈ।ਜਿਹੜਾ ਮਸਲਾ ਹੈ ਹੀ ਨਹੀਂ ,ਉਸਨੂੰ ਆਰ.ਐੱਸ.ਐੱਸ ਜਗਮੋਹਨ ਸਿੰਘ ਰੈਣਾ ਵਰਗੇ ਲੋਕਾਂ ਤੇ ਮੁੱਖ ਧਰਾਈ ਮੀਡੀਆ ਦੇ ਜ਼ਰੀਏ ਪਲਾਂਟ ਕਰਵਾਉਂਦੀ ਹੈ।ਐਸ ਜੀ ਪੀ ਸੀ ਮੈਂਬਰ ਹਰਿੰਦਰਪਾਲ ਸਿੰਘ ਕਹਿੰਦੇ ਹਨ ,ਕਿ ਇਹ ਜਗਮੋਹਨ ਸਿੰਘ ਰੈਣਾ ਦਾ ਸਾਜ਼ਿਸੀ ਪਰਪੰਚ ਹੈ,ਇਸ ਲਈ ਸਰਕਾਰ ਨੂੰ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਹੈ,ਪਰ ਆਰ ਐੱਸ ਐੱਸ ਤੇ ਭਾਜਪਾ ਦੀ ਬੁੱਕਲ ‘ਚ ਬੈਠੇ ਅਕਾਲੀਆਂ ਨੂੰ ਤਾਂ ਭਾਜਪਾ ਨੂੰ ਥਾਪੀ ਤੇ ਚਾਬੀ ਦੇਣ ਦੀ ਜ਼ਰੂਰਤ ਹੈ,ਇਹ ਓਦੋਂ ਹੀ ਤੋਤੇ ਵਾਂਗੂੰ ਬੋਲਣਾ ਸ਼ੁਰੂ ਕਰ ਦਿੰਦੇ ਹਨ।ਅਕਾਲੀਆਂ ਨੂੰ ਅਸਲੀਅਤ ਦੀ ਸਮਝ ਨਾ ਹੋਵੇ ,ਐਂਵੇ ਬਿਲਕੁਲ ਨਹੀਂ।ਅਸਲ ‘ਚ ਇਸ ਮਸਲੇ ‘ਚ ਅਕਾਲੀਆਂ ਨੂੰ ਚੋਪੜੀਆਂ ਨਾਲੇ ਦੋ ਦੋ ਮਿਲੀਆਂ ਹਨ।ਭਾਜਪਾ ਤੋਂ ਸ਼ਾਬਾਸ਼ ਵੀ ਮਿਲੀ ਤੇ ਫੋਕੀ ਸ਼ੋਹਰਤ ਵੀ ਖੱਟੀ।ਇਸੇ ਲਈ ਬਾਦਲ ਵਾਰ ਵਾਰ ਕਹਿੰਦੇ ਹਨ,ਕਿ ਭਾਜਪਾ ਨਾਲ ਜਨਮਾਂ ਜਨਮਾਂ ਦੀ ਸਾਂਝ ਹੈ।ਵੈਸੇ ਵੀ ਪਹਿਲੀ ਵਾਰ ਹੈ ਕਿ ਲੋਕ ਸਭਾ ‘ਚ ਰਤਨ ਸਿੰਘ ਅਜਨਾਲਾ ਨੇ ਨੰਨ੍ਹੀ ਛਾਂ ਦੇ ਹੱਥੋਂ ਕੋਈ ਮੁੱਦਾ ਖੋਹਿਆ ਹੋਵੇ।ਇਸ ਲਈ ਉਹਨਾਂ ਦਾ ਸਿੱਖਾਂ ਨਾਲ ਨਹੀਂ,ਬਲਕਿ ਬਿਆਨਾਂ ਨਾਲ ਜ਼ਿਆਦਾ ਸਰੋਕਾਰ ਹੈ।ਜਿਵੇਂ ਭੱਠਲ ਅਮਰਿੰਦਰ ਸਿੰਘ ਦੇ ਖਿਲਾਫ ਆਫ ਦੀ ਰਿਕਾਰਡ ਭੜਾਸ ਕੱਢਦੀ ਹੈ,ਓਵੇਂ ਅੱਜਕਲ੍ਹ ਅਜਨਾਲਾ ਵੀ ਨੰਨ੍ਹੀ ਛਾਂ ਖਿਲਾਫ ਦਿੱਲੀ ਦੇ ਪੱਤਰਕਾਰਾਂ ਕੋਲ ਆਪਣੇ ਰੋਣੇ ਰੋਂਦੇ ਹਨ।

ਆਰ ਐੱਸ ਐੱਸ ਦੀਆਂ ਅਜਿਹੀਆਂ ਕਰਤੂਤਾਂ 1925(ਸੰਘ ਦੇ ਜਨਮ) ਤੋਂ ਲੈ ਕੇ 84,ਗੁਜਰਾਤ ਤੇ ਕੰਧਮਾਲ ਤੱਕ ਸ਼ੁਮਾਰ ਹਨ।ਪੰਜਾਬ ਦੀ ਫਿਜ਼ਾ ਨੂੰ ਫਿਰਕੂ ਰੰਗ ਦੇਣ ਪਿੱਛੇ ਸਭ ਤੋਂ ਵੱਡਾ ਹੱਥ ਆਰ ਐਸ ਐਸ ਦਾ ਸੀ।ਸਭ ਤੋਂ ਪਹਿਲਾਂ ਪੰਜਾਬ ਦੇ ਹਿੰਦੂਆਂ ਨੂੰ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਲਈ ਉਕਸਾਇਆ ਗਿਆ।ਆਮ ਹਿੰਦੂਆਂ ‘ਚ ਅਜਿਹੀ ਭਾਵਨਾ ਬਿਲਕੁਲ ਨਹੀਂ ਸੀ।ਬਾਅਦ ‘ਚ ਪੰਜਾਬ ਦੇ ਮੰਗਾਂ ਮਸਲਿਆਂ ਨਾਲ ਸ਼ੁਰੂ ਹੋਈ ਲਹਿਰ ਨੂੰ ਕਿਵੇਂ ਹਿੰਦੂ ਬਨਾਮ ਸਿੱਖ ਰੰਗ ਦਿੱਤਾ ਜਾ ਰਿਹਾ ਸੀ,ਇਸਨੂੰ ਪੰਜਾਬ ਦੇ ਮੰਗਾਂ ਮਸਲਿਆਂ ਨਾਲ ਜੁੜੀ ਨਾ ਸਮਝ ਲੀਡਰਸ਼ਿੱਪ ਤੇ ਕਾਮਰੇਡ ਸਮਝਣ ‘ਚ ਅਸਫਲ ਰਹੇ।ਆਰ ਐੱਸ ਐੱਸ ਸੱਤਾ ਦੀ ਰਹਿਨੁਮਾਈ ‘ਚ ਚਲਾਕ ਸਿਆਸਤ ਕਰ ਰਹੀ ਸੀ,ਪਰ ਪੰਜਾਬ ਦੇ ਨਾ ਸਮਝ ਲੀਡਰ ਤੇ ਕਾਮਰੇਡ ਨੱਕ ਦੀ ਸੇਧ ਨਾਲ ਇਕ ਨੁਕਾਤੀ ਪ੍ਰੋਗਰਾਮ ਲੈ ਕੇ ਚਲਦੇ ਰਹੇ।ਜਿਵੇਂ ਕਸ਼ਮੀਰ ‘ਚੋਂ ਹਿੰਦੂਆਂ ਤੇ ਸਿੱਖਾਂ ਨੂੰ ਸਾਜਿਸ਼ ਤਹਿਤ ਉਜਾੜਕੇ ਕਸ਼ਮੀਰ ਦੀ ਕੌਮੀ ਲਹਿਰ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ,ਉਸੇ ਤਰ੍ਹਾਂ ਪੰਜਾਬ ‘ਚ ਅਜਿਹੀਆਂ ਘਟਨਾਵਾਂ ਵੱਡੀ ਪੱਧਰ ‘ਤੇ ਕਰਵਾਈਆਂ ਗਈਆਂ।ਜਿੰਨ੍ਹਾਂ ‘ਚ ਆਰ ਐੱਸ ਐੱਸ ਤੇ ਸੱਤਾ ਦੇ ਤਹਿਸ਼ੁਦਾ ਪ੍ਰੋਗਰਾਮ ਤਹਿਤ ਖਰੀਦੇ ਗਏ ਖਾਲਿਸਤਾਨੀ ਸਰਕਾਰੀ ਸਾਜ਼ਿਸ਼ਾਂ ਦੀਆਂ ਜ਼ਿੰਮੇਂਵਾਰੀਆਂ ਲੈਂਦੇ ਰਹੇ।ਓਸ ਦੌਰ ਦੇ ਅਖ਼ਬਾਰਾਂ ‘ਚ ਇਕੋ ਘਟਨਾ ਦੀਆਂ ਜ਼ਿੰਮੇਵਾਰੀਆਂ ਕਈ ਕਈ ਖਰੀਦੇ ਗਏ ਖਾਲਿਸਤਾਨੀ ਗਰੁੱਪ ਲੈਂਦੇ ਦੇਖੇ ਗਏ ਹਨ।ਇਹਨਾਂ ਸਭ ਗੱਲਾਂ ਦਾ ਖੁਲਾਸਾ ਸੁੱਖੀ ਵਰਗੇ ਕੈਟਾਂ ਦੇ ਜ਼ਰੀਏ ਹੁੰਦਾ ਰਿਹਾ ਹੈ,ਕਿ ਕਿਸ ਤਰ੍ਹਾਂ ਕੀ ਪੀ ਐਸ ਗਿੱਲ ਨੇ ਸਭ ਕਨੂੰਨਾਂ ਨੂੰ ਛਿੱਕੇ ਟੰਗਦਿਆਂ ਪੰਜਾਬ ਦੀ ਆਬੋ-ਹਵਾ ਨੂੰ ਫਿਰਕੂ ਬਣਾਉਣ ਲਈ ਸ਼ਰੇਆਮ ਸਰਕਾਰੀ ਬਦਮਾਸ਼ੀ ਕੀਤੀ।ਆਰ ਐਸ ਐਸ ਦੇ ਕਈ ਬਦਨਾਮ ਕੌਮਾਂਤਰੀ ਏਜੰਸ਼ੀਆਂ ਨਾਲ ਸਬੰਧ ਹਨ।ਬਿਲ ਕਲਿੰਟਨ ਦੇ ਦੌਰੇ ਸਮੇਂ ਚਿੱਠੀ ਸਿੰਘਾਪੁਰ ਮਾਰੇ ਗਏ 36 ਸਿੱਖ ਵੀ ਆਰ ਐਸ ਐਸ ਦਾ ਏਜੰਡਾ ਸੀ।ਆਰ ਐਸ ਐਸ ਦੁਨੀਆਂ ਦੀ ਸਭ ਤੋਂ ਬਦਨਾਮ ਖੁਫੀਆ ਏਜੰਸੀ ਮੌਸਾਦ(ਇਜ਼ਰਾਇਲ ਦੀ) ਨਾਲ ਮਿਲਕੇ ਅਜਿਹੀਆਂ ਘਟਨਾਵਾਂ ਨੂੰ ਅਣਜਾਮ ਦਿੰਦੀ ਹੈ।ਕਿਉਂਕਿ ਕਲਿੰਟਨ ਦੇ ਆਉਣ ਕਾਰਨ ਇਹ ਘਟਨਾ ਨੇ ਕੌਮਾਂਤਰੀ ਅਸਰ ਛੱਡਣਾ ਸੀ,ਇਸ ਲਈ 36 ਸਿੱਖ ਦੀ ਕੀਮਤ ਸੰਘੀਆਂ ਨੂੰ ਜ਼ਿਆਦਾ ਨਹੀਂ ਲੱਗੀ।

ਸੰਘ ਦੀ ਦੇਸ਼ ਦੇ ਪ੍ਰਸਾਸ਼ਨ ਤੇ ਮੀਡੀਆ ‘ਚ ਵੱਡੀ ਘੁਸਪੈਠ ਹੈ,ਅਜਿਹੇ ਲੋਕ ਉਸਦੀਆਂ ਲੋੜਾਂ ਮੁਤਾਬਿਕ ਲਗਾਤਾਰ ਕੰਮ ਕਰਦੇ ਹਨ।ਭਾਰਤੀ ਏਜੰਸੀਆਂ,ਮੰਤਰਾਲਿਆਂ ਤੇ ਫੌਜ ਦੇ ਵੱਡੇ ਅਫਸਰ,ਮੀਡੀਆ ਘਰਾਣਿਆਂ ਦੇ ਮਾਲਕ ਤੇ ਵੱਡੇ ਸੰਪਾਦਕ ਸੰਘ ਦੇ ਹੈਡਕੁਆਟਰ ਨਾਗਪੁਰ ਅੰਦਰ ਵੇਖੇ ਜਾਂਦੇ ਹਨ।ਇਸ ਮੌਕੇ ਦੇਸ਼ ਦੀ ਇਕ ਪ੍ਰਮੁੱਖ ਖ਼ਬਰ ਏਜੰਸੀ ਦਾ ਮੁੱਖ ਸੰਪਾਦਕ ਕੱਟੜ ਸੰਘੀ ਹੈ।ਇਕ ਵਾਰ ਮੈਂ ਆਈ. ਬੀ(ਇੰਟੈਂਲੀਜੈਂਸ ਬਿਊਰੋ) ਦੇ ਸਾਬਕਾ ਮੁਖੀ ਐਮ.ਕੇ ਧਰ ਦੇ ਘਰ ਉਸ ਨਾਲ ਇੰਟਰਵਿਊ ਕਰਨ ਗਿਆ।ਜਿਸਨੇ ਪੰਜਾਬ ਦੀ ਖਾਲਿਸਤਾਨੀ ਲਹਿਰ ਬਾਰੇ “ਓਪਨ ਸੀਕਰਟਸ” ਨਾਂਅ ਦੀ ਕਿਤਾਬ ‘ਚ ਕਈ ਖੁਲਾਸੇ ਕੀਤੇ ਹਨ।ਗੱਲਾਂ ਗੱਲਾਂ ‘ਚ ਉਸ ਨਾਲ ਓਸ ਦੌਰ ਬਾਰੇ ਗੱਲ ਹੋਈ।ਉਸਦੀ ਇਕ ਗੱਲ ਨੇ ਮੈਨੂੰ ਪੂਰੀ ਸਿਆਸਤ ਸਮਝਾ ਦਿੱਤੀ।ਉਹ ਕਹਿੰਦਾ ਮੈਂ ਕਈ ਸਿੱਖਾਂ ਨੂੰ ਸਮਝਾਇਆ ਕਿ ਤੁਹਾਡਾ ਮੁਸਲਮਾਨਾਂ ਨਾਲ ਇਤਿਹਾਸਕ ਵਿਰੋਧ ਹੈ,ਤੁਹਾਡੇ ਗੁਰੂ ਮਾਰੇ ਉਹਨਾਂ ਨੇ,ਇਸ ਲਈ ਹਿੰਦੂਆਂ ਨਾਲ ਹੀ ਮਿਲ ਜੁਲਕੇ ਚੱਲਣ ‘ਚ ਫਾਇਦਾ ਹੈ।ਅਸਲ ‘ਚ ਧਰ ਆਮ ਹਿੰਦੂਆਂ ਦੀ ਨਹੀਂ ਬਲਕਿ ਹਿੰਦੂਤਵੀ ਏਜੰਡਾ ਲਈ ਖੜ੍ਹੀ ਸਟੇਟ ਮੂਹਰੇ ਗੋਡੇ ਟੇਕਣ ਦੀ ਗੱਲ ਕਰ ਰਿਹਾ ਸੀ।ਜਿਵੇਂ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਸੰਘ ਦੇ ਲੀਡਰ ਕਹਿੰਦੇ ਹਨ ਕਿ ਅਬਾਦੀ ਮੁਤਾਬਿਕ ਭਾਰਤ ‘ਚ ਤੁਸੀਂ(ਮੁਸਲਮਾਨ) ਹਿੰਦੂਆਂ ਤੋਂ ਛੋਟੇ ਹੋਂ,ਇਸ ਲਈ ਛੋਟਿਆਂ ਵਾਂਗੂੰ ਹੀ ਰਹੋ,ਨਾ ਕਿ ਬਰਾਬਰ ਦੇ ਬਣਕੇ।ਮੇਰਾ ਇਕ ਦੋਸਤ ਕਸ਼ਮੀਰ ‘ਚ ਫੌਜ ‘ਚ ਤੈਨਾਤ ਸੀ।ਉਸਨੇ ਦੱਸਿਆ ਕਿ ਸਿੱਖ ਰੈਜਮੈਂਟ ‘ਚ ਇਹ ਪਰਚੇ ਸੁੱਟੇ ਗਏ ਕਿ ਮੁਸਲਮਾਨਾਂ ਨੇ ਕਿਸ ਤਰ੍ਹਾਂ ਸਿੱਖ ਗੁਰੂਆਂ ‘ਤੇ ਤਸ਼ੱਦਦ ਕੀਤੇ ਸਨ।ਉਸਦੇ ਕੁਝ ਜ਼ਿਆਦਾ ਸਮਝ ਨਹੀਂ ਆਇਆ,ਮੈਂ ਪਰਚਾ ਪੜ੍ਹਿਆ ਤੇ ਫਿਰ ਉਸਨੂੰ ਦੱਸਿਆ ਕਿ ਆਰ ਐੱਸ ਐੱਸ ਕਿਸ ਤਰ੍ਹਾਂ ਦੀ ਖੇਡ ਖੇਡਦੀ ਹੈ।ਘੱਟਗਿਣਤੀਆਂ ‘ਚ ਘੱਟਗਿਣਤੀਆਂ ਖਿਲਾਫ ਨਫਰਤ ਭਰਨ ਦੀ ਸਿਆਸੀ ਖੇਡ।ਉਸ ਗੱਲ ਤੋਂ ਕੁਝ ਮਹੀਨਿਆਂ ਬਾਅਦ ਮਾਲੇਗਾਂਵ ਧਮਾਕਿਆਂ ‘ਚ ਕਰਨਲ ਪਰੋਹਿਤ ਦਬੋਚਿਆ ਗਿਆ।ਫੌਜ ਦਾ ਸੰਘੀਕਰਨ ਕਰਨਾ ਵੀ ਆਰ ਐੱਸ ਐੱਸ ਦੇ ਵੱਡੇ ਏਜੰਡਿਆਂ ‘ਚੋਂ ਇਕ ਹੈ।

ਖੈਰ,ਕਸ਼ਮੀਰੀ ਸਿੱਖਾਂ ਦੇ ਮਾਮਲੇ ‘ਚ ਇਕ ਗੱਲ ਮਹੱਤਵਪੂਰਨ ਤੇ ਚੰਗੀ ਰਹੀ ਹੈ,ਕਿ ਸੰਘ ਦੀ ਡਿਸ ਇਨਫਾਮੇਸ਼ਨ ਮੁਹਿੰਮ ਨੂੰ ਕਸ਼ਮੀਰੀ ਆਗੂਆਂ ਨੇ ਚੰਗਾ ਜਵਾਬ ਦਿੱਤਾ ਹੈ।ਇਹ ਲੀਡਰਸ਼ਿੱਪ ਦੇ ਤਜ਼ਰਬਿਆਂ ਤੇ ਉਸਦੀ ਅਮੀਰ ਸਿਆਸਤ ਨੂੰ ਦਰਸਾਉਂਦੀ ਹੈ,ਕਿ ਮਸਲੇ ਦੇ ਆਉਂਦਿਆਂ ਹੀ ਉਸਨੂੰ ਬੇਨਕਾਬ ਕੀਤਾ ਗਿਆ।ਕਸ਼ਮੀਰੀਆਂ ਦੀ ਕੌਮੀਅਤ ਦੀ ਲ਼ੜਾਈ ਨੂੰ ਉਲਝਾਉਣ ਤੇ ਅੜਿੱਕਾ ਲਾਉਣ ਦੀ ਸਾਜਿਸ਼ ਨਾ ਕਾਮਯਾਬ ਰਹੀ।ਹੋਰਨਾਂ ਲੋਕ ਲਹਿਰਾਂ ਨੂੰ ਕਸ਼ਮੀਰੀਆਂ ਦੇ ਅਜਿਹੇ ਤਜ਼ਰਬਿਆਂ ਤੋਂ ਸਿੱਖਣ ਦੀ ਲੋੜ ਹੈ।ਸੰਘ ਦੇ ਸੰਦਰਭ ‘ਚ ਮਸਲਾ ਇਹ ਹੈ,ਕਿ ਸੰਘ ਦੇਸ਼ ਨੂੰ ਕਿਸੇ ਵੀ ਤਰ੍ਹਾਂ ਹਿੰਦੂਤਵੀ ਰਾਸ਼ਟਰ ਬਣਾਉਣ ਚਾਹੁੰਦਾ ਹੈ।ਇਸ ਲਈ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਨਾਲ ਕੋਈ ਵੀ ਸਾਜਿਸ਼ ਹੋ ਸਕਦੀ ਹੈ।ਜਦੋਂ ਬਦਲਦੀ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਨ ਲਈ ਸੰਘ ਵਰਗੀ ਕੱਟੜ ਸੰਸਥਾ ਆਪਣੀ ਵਰਦੀ ‘ਚ ਪਹਿਨੇ ਜਾਂਦੇ ਖਾਕੀ ਕੱਛੇ ਦਾ ਰੰਗ ਰੂਪ ਬਦਲਣ ਦੀ ਸੋਚ ਰਹੀ ਹੈ ਤਾਂ ਦੇਸ਼ ਦੀਆਂ ਘੱਟਗਿਣਤੀਆਂ,ਕੌਮੀਅਤਾਂ, ਤੇ ਅਗਾਂਹਵਧੂ ਫਲਸਫੇ ਨਾਲ ਜੁੜੀਆਂ ਪਾਰਟੀਆਂ ਆਪਣੇ ਸਿਆਸੀ ਦਾਅਪੇਚ ਕਿਉਂ ਨਹੀਂ ਬਦਲ ਸਕਦੀਆਂ।ਸਭ ਦਾ ਖਤਰਨਾਕ ਦੁਸ਼ਮਣ ਸਾਝਾਂ ਹੈ।ਇਸ ਲਈ ਉਸਦੇ ਖਿਲਾਫ ਕੋਈ ਘੱਟੋ ਘੱਟ ਸਾਂਝਾ ਪ੍ਰੋਗਰਾਮ ਹੋਣਾ ਚਾਹੀਦਾ ਹੈ ਤਾਂ ਕਿ ਭਵਿੱਖ ਨੁੰ ਹਿਟਲਰਾਂ ਤੇ ਮਸੋਲਿਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

ਯਾਦਵਿੰਦਰ ਕਰਫਿਊ
ਨਵੀਂ ਦਿੱਲੀ।
mail2malwa@gmail.com,malwa2delhi@yahoo.co.in
09899436972

Tuesday, August 24, 2010

ਕੰਮੀਆਂ ਦੇ ਵਿਹੜਿਆਂ 'ਚ ਖ਼ੁਦਕੁਸ਼ੀਆਂ

ਕਰੋੜਾਂ ਰੁਪਏ ਦੇ ਕਰਜ਼ੇ ਦੇ ਬੋਝ ਕਾਰਨ ਕੇਵਲ ਅੱਠ ਸਾਲਾਂ ਵਿੱਚ 650 ਕਿਰਤੀਆਂ ਨੇ ਖ਼ੁਦਕੁਸੀਆਂ ਕੀਤੀਆਂ
ਖ਼ੁਦਕੁਸ਼ੀਆਂ ਕਿਰਤੀਆਂ ਦੀ ਜਿੰਦਗੀ ਦਾ ਅਤੁੱਟ ਅੰਗ ਬਣ ਚੁੱਕੀਆਂ ਹਨ। ਕਰਜ਼ੇ ਦਾ ਦੈਂਤ ਕਿਰਤੀਆਂ ਦੀ ਜਾਨਾਂ ਨੂੰ ਬੇਰਿਹਮੀ ਨਾਲ ਨਿਗਲ ਰਿਹਾ ਹੈ। ਅਜ਼ਾਦੀ ਦੇ 63 ਸਾਲਾਂ ਮਗਰੋਂ ਵੀ ਕੇਵਲ ਅੱਠ ਸਾਲਾਂ ਦੇ ਵਕਫ਼ੇ ਦੇ ਅਧਿਐਨ ਤੋਂ ਦੁੱਖਦਾਇਕ ਪਹਿਲੂ ਸਾਹਮਣੇ ਆਇਆ ਹੈ। ਸੰਗਰੂਰ ਜਿਲ੍ਹੇ ਦੇ 9 ਬਲਾਕਾਂ ਦੇ 293 ਪਿੰਡਾਂ ਵਿੱਚੋਂ ਆਈ ਰਿਪੋਰਟ ਮੁਤਾਬਕ ਸਿਰਫ਼ ਅੱਠ ਸਾਲਾਂ ਸੰਨ 2000 ਤੋਂ 2008 ਦੌਰਾਨ 62 ਔਰਤਾਂ ਸਮੇਤ 650 ਮਜ਼ਦੂਰਾਂ ਨੇ ਆਤਮ ਹੱਤਿਆ ਕੀਤੀ। ਜਿਨ੍ਹਾਂ ਵਿੱਚੋਂ 394 ਨਿਰੋਲ ਕਰਜ਼ੇ ਦੇ ਵੱਡੇ ਬੋਝ ਕਾਰਨ ਅਤੇ 256 ਦੇ ਹੋਰ ਕੇਸ ਸਾਹਮਣੇ ਆਏ। ਇਸ ਵਿੱਚ 49 ਪਿੰਡ ਅਜਿਹੇ ਵੀ ਸਾਮਲ ਹਨ ਜਿਨ੍ਹਾਂ ਵਿੱਚ 5=10 ਤੱਕ ਖ਼ੁਦਕੁਸੀਆਂ ਹੋ ਚੁੱਕੀਆਂ ਹਨ। ਪੰਜਾਬ ਸਰਕਾਰ ਨੂੰ ਭੇਜੀ ਰਿਪੋਰਟ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ ਵਿੱਚ ਬਹੁਤ ਹੀ ਭਿਆਨਕ ਤੱਥਾਂ ਦੇ ਖੁਲਾਸੇ ਹੋਏ ਹਨ। ਖੁਦਕੁਸੀਆਂ ਕਰ ਚੁੱਕੇ ਮਜ਼ਦੂਰਾਂ ਸਿਰ ਕਰੀਬ ਤਿੰਨ ਕਰੋੜ 54 ਲੱਖ 44 ਹਜ਼ਾਰ ਰੁਪਏ ਤੋਂ ਵੱਧ ਦਾ ਕਰਜ਼ਾ ਹੈ, ਜੋ ਕਿ ਉਨ੍ਹਾਂ ਦੀ ਤੁੱਛ ਜਿਹੀ ਕਿਰਤ ਤੋਂ ਕਿਤੇ ਜਿਆਦਾ ਹੈ।

ਰਿਪੋਰਟ ਅਨੁਸਾਰ ਨਿਰੋਲ ਕਰਜ਼ੇ ਕਾਰਨ ਆਤਮ ਘਾਤ ਕਰ ਚੁੱਕੇ ਖ਼ੇਤ ਮਜ਼ਦੂਰਾਂ ਦੀ ਸਲਾਨਾ ਔਸਤ ਆਮਦਨ 19 ਹਜ਼ਾਰ 4 ਸੌ 19 ਰੁਪਏ ਬਣਦੀ ਹੈ ਜਦੋਂ ਕਿ ਉਨ੍ਹਾਂ ਸਿਰ ਪ੍ਰਤੀ ਮਜ਼ਦੂਰ ਕਰਜ਼ਾ 70 ਹਜ਼ਾਰ 36 ਰੁਪਏ ਔਸਤ ਬਣਦਾ ਹੈ। ਕਰਜ਼ਾ = ਆਮਦਨ ਰੋਸੋਂ 3.61 ਹੈ। ਜਦ ਕਿ ਦੂਜੇ ਕਾਰਨਾਂ ਕਰਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਚੁੱਕੇ 256 ਖੇਤ ਮਜ਼ਦੂਰਾਂ ਸਿਰ ਕਰੀਬ 78 ਲੱਖ 50 ਹਜ਼ਾਰ ਰੁਪਏ ਤੋਂ ਵੱਧ ਕਰਜ਼ੇ ਦੇ ਤੱਥ ਨਸਰ ਹੋਏ ਹਨ, ਭਾਵੇਂ ਕਿ ਉਨ੍ਹਾਂ ਦੀ ਔੋਸਤ ਸਲਾਨ ਆਮਦਨ 30 ਹਜ਼ਾਰ 666 ਹੈ ਅਤੇ ਕਰਜ਼ਾ ਪ੍ਰਤੀ ਪੀੜਤ ਮਜ਼ਦੂਰ ਦਸ ਹਜ਼ਾਰ ਰੁਪਏ ਦੇ ਕਰੀਬ ਹੈ ਜੋ ਕਿ ਕਰਜ਼ਾ ਆਮਦਨ ਦੀ 0. 31 ਰੇਸੋ ਬਣਦੀ ਹੈ। ਜਿਲ੍ਹੇ ਵਿੱਚੋਂ ਬਲਾਕ ਲਹਿਰਾਗਾਗਾ ਅਤੇ ਅਨਦਾਨਾ ਦੇ ਪੇਂਡੂ ਮਜ਼ਦੂਰਾਂ ਦੀ ਹਾਲਤ ਸਭ ਤੋਂ ਗੰਭੀਰ ਹੈ।

ਜਿੱਥੇ ਲਹਿਰਾਗਾਗਾ ਬਲਾਕ ਦੇ 41 ਪਿੰਡਾਂ ਦੇ 127 ਕਿਰਤੀਆਂ ਦੀ ਕਰਜ਼ੇ ਨੇ ਬਲੀ ਲਈ ਜਿਨ੍ਹਾਂ ਵਿੱਚ 17 ਔਰਤਾਂ ਵੀ ਸ਼ਾਮਲ ਹੈ ਇਸੇ ਬਲਾਕ ਦੇ ਪਿੰਡ ਲਹਿਲ ਕਲਾਂ ਵਿੱਚ ਸਭ ਤੋਂ ਵੱਧ 2 ਔਰਤਾਂ ਸਮੇਤ 9 ਖ਼ੁਦਕੁਸੀਆਂ ਇਸੇ ਪਿੰਡ ਦੇ ਆਤਮਘਾਤ ਕਰ ਚੁੱਕੇ ਤਿੰਨ ਮਜ਼ਦੂਰਾਂ ਦੇ ਪਰਿਵਾਰਾਂ ’ਤੇ ਅਜੇ ਵੀ ਇੱਕ=ਇੱਕ ਲੱਖ ਰੁਪਏ ਦਾ ਭਾਰੀ ਬੋਝ ਹੈ, ਪਿੰਡ ਬਾਲੜਾ, ਝਾਲੂਰ ਕਲਾਂ ਤੇ ਖੁਰਦ ਵਿੱਚ 8 ਆਤਮ ਹੱਤਿਆ, ਪਿੰਡ ਖੰਡੇਵਾਲ ਵਿੱਚ 6, ਕਾਲੀਆਂ ਵਿੱਚ 7 ਅਤੇ ਅਟਕਵਾਸ, ਭੂਟਾਲ ਖ਼ੁਰਦ, ਕਾਲ ਵਣਜਾਰਾ, ਹਰੀਏ ਵਿੱਚ 5=5 ਤੋਂ ਇਲਾਵਾ 4=4 ਖੁਦਕੁਸੀਆਂ ਵਾਲੇ 4 ਪਿੰਡਾਂ ਦੇ ਕੇਸ ਸਾਹਮਣੇ ਆਏ।


ਅਨਦਾਨਾ ਬਲਾਕ ਦੇ 34 ਪਿੰਡਾਂ ਦੇ 29 ਔਰਤਾਂ ਸਮੇਤ 83 ਮਜ਼ਦੂਰਾਂ ਨੇ ਆਤਮ ਘਾਤ ਵਰਗਾ ਘਾਤਕ ਫੈਸਲੇ ਨੂੰ ਅਮਲੀ ਰੂਪ ਦਿੱਤਾ ਇਸ ਬਲਾਕ ਦੇ ਡੂਡੀਆਂ ਵਿੱਚ ਵਿੱਚ 5 ਔਰਤਾਂ ਸਮੇਤ 7 ਕਿਰਤੀਆਂ, ਪਿੰਡ ਬੰਗਾ ਵਿੱਚ 6, ਪਿੰਡ ਬੁਸੇਰਾ ਤੇ ਹਮੀਰਗੜ੍ਹ ਵਿੱਚ 5=5 ਖੇਤ ਮਜਦੂਰਾਂ ਨੇ ਕਰਜ਼ੇ ਖਾਤਮ ਆਪਣੀਆਂ ਜਾਨਾਂ ਦਿੱਤੀਆਂ। ਵਿਭਾਗ ਵੱਲੋਂ ਅੱਠ ਸਾਲਾਂ ਦੇ ਵਕਫੇ ਦੇ ਕਰਵਾਏ ਸਰਵੇ ਅਨੁਸਾਰ ਬਲਾਕ ਸੁਨਾਮ ਦੇ 63 ਪਿੰਡਾਂ ਵਿੱਚ 144 ਕਿਰਤੀਆਂ ਨੇ ਆਤਮਘਾਤ ਕੀਤਾ ਜਿਨ੍ਹਾਂ ਵਿੱਚ 16 ਔਰਤਾਂ ਵੀ ਹਨ। ਢਾਡੋਲੀ ਕਲਾਂ ਬਲਾਕ ਦਾ ਅਜਿਹਾ ਪਿੰਡ ਹੈ ਜਿੱਥੇ ਸਭ ਤੋਂ ਵੱਧ ਖ਼ੁਦਕੁਸੀਆਂ ਦੀ ਗਿਣਤੀ 9 ਹੈ, ਪਿੰਡ ਗੰਡੂਆ ਵਿੱਚ ਅੱਠ, ਪਿੰਡ ਸੇਰੌਂ ਵਿੱਚ 7, ਪਿੰਡ ਛਾਜਲੀ ਵਿੱਚ 6, ਖਨਾਲ ਕਲਾਂ ਵਿੱਚ 5 ਅਤੇ 4 ਹੋਰ ਪਿੰਡਾਂ ਵਿੱਚ 5=5 ਖ਼ੁਦਕੁਸੀਆਂ ਹੋਈਆਂ। ਇਸੇ ਬਲਾਕ ਦੇ ਪੰਜ ਖ਼ੁਦਕੁਸੀ ਕਰ ਚੁੱਕੇ ਮਜ਼ਦੂਰ ’ਤੇ 2 ਢਾਈ ਲੱਖ ਤੋਂ ਤਿੰਨ ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਹੈ।

ਬਲਾਕ ਭਵਾਨੀਗੜ੍ਹ ਦੇ 25 ਪਿੰਡਾਂ ਵਿੱਚੋਂ ਕਰਵਾਏ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਪਿੰਡਾਂ ਦੇ 44 ਮਜ਼ਦੂਰਾਂ ਜਿਸ ਵਿੱਚ 4 ਔਰਤਾਂ ਸ਼ਾਮਲ ਹਨ, ਨੇ ਇਸ ਵਕਫੇ ਵਿੱਚ ਆਤਮ ਹੱਤਿਆਵਾਂ ਕੀਤੀਆਂ ਕਈ ਮਜ਼ਦੂਰਾਂ ਸਿਰ 80 ਹਜ਼ਾਰ ਰੁਪਏ ਤੋਂ ਲੈ ਕੇ ਦੋ ਲੱਖ ਰੁਪਏ ਦੇ ਕਰਜ਼ੇ ਦੀ ਭਾਰੀ ਪੰਡ ਹੈ।

ਧੂਰੀ ਬਲਾਕ ਦੇ 21 ਪਿੰਡਾਂ ਵਿੱਚ 4 ਔਰਤਾਂ ਸਣੇ ਕੁੱਲ 35 ਮਜ਼ਦੂਰਾਂ ਨੇ ਖ਼ੁਦਕੁਸੀਆਂ ਕੀਤੀਆਂ , ਬੁੱਗਰਾਂ ਪਿੰਡ ਵਿੱਚ 5 ਅਤੇ ਜਾਹਨਗੀਰ ਪਿੰਡ ਵਿੱਚ 4 ਮਾਮਲੇ ਪ੍ਰਕਾਸ਼ ਵਿੱਚ ਆਏ। ਬਲਾਕ ਸ਼ੇਰਪੁਰ ਦੇ ਕੇਵਲ 25 ਪਿੰਡਾਂ ਵਿੱਚ ਸਿਰਫ਼ ਅੱਠ ਸਾਲਾਂ ਵਿੱਚ ਅੱਠ ਔਰਤਾਂ ਸਮੇਤ 61 ਮਜ਼ਦੂਰ ਕਰਜ਼ੇ ਤੋਂ ਤੰਗ ਆਕੇ ਆਪਣੀਆਂ ਜਾਨਾਂ ਦੇ ਗਏ। ਪਿੰਡ ਘਨੋਰੀ ਕਲਾਂ ਇਸ ਬਲਾਕ ਦਾ ਸਭ ਤੋਂ ਵੱਧ ਖ਼ੁਦਕੁਸੀਆਂ ਵਾਲਾ ਪਿੰਡ ਸਾਬਤ ਹੋਇਆ, ਇਸ ਪਿੰਡ ਦੀ ਇੱਕ ਔਰਤ ਸਮੇਤ 11 ਮਜ਼ਦੂਰਾਂ ਨੇ ਆਤਮ ਹੱਤਿਆ ਕੀਤੀ, ਇਸ ਪਿੰਡ ਦੇ ਖ਼ੁਦਕੁਸੀ ਕਰ ਗਏ ਇੱਕ ਮਜ਼ਦੂਰ ਪਰਿਵਾਰ ’ਤੇ ਪੰਜ ਲੱਖ 15 ਹਜ਼ਾਰ ਰੁਪਏ ਦੇ ਕਰਜ਼ੇ ਦਾ ਭਾਰੀ ਵਜ਼ਨ ਹੈ। ਪਿੰਡ ਕਾਲਾ ਬੁਲਾ ਅਤੇ ਕਿਲਾ ਹਮੀਕਾ ਵਿੱਚ 4=4 ਮਜ਼ਦੂਰ ਆਤਮਘਾਤ ਕਰ ਗਏ। ਇਸ ਪਿੰਡ ਦੇ ਆਤਮ ਹੱਤਿਆ ਕਰ ਚੁੱਕੇ ਇੱਕ ਮਜ਼ਦੂਰ ਦੇ ਪਰਿਵਾਰ ਸਿਰ ਢਾਈ ਲੱਖ ਰੁਪਏ ਕਰਜ਼ਾ ਹੈ। ਪਿੰਡ ਢਾਡੀਵਾਲਾ ਦੇ ਇੱਕ ਪੀੜਤ ਮਜ਼ਦੂਰ ਪਰਿਵਾਰ ’ਤੇ ਸਾਢੇ ਤਿੰਨ ਲੱਖ ਰੁਪਏ ਦੇ ਕਰਜ਼ੇ ਦੀ ਪੰਡ ਦਿਨੋ=ਦਿਨ ਹੋਰ ਭਾਰੀ ਹੁੰਦੀ ਜਾ ਰਹੀ ਹੈ।

ਮਲੇਰਕੋਟਲਾ ਬਲਾਕ ਇੱਕ ਦੇ 44 ਪਿੰਡਾਂ ਦੇ ਸਰਵੇਖਣ ਤੋਂ 11 ਔਰਤਾਂ ਸਮੇਤ ਕੁੱਲ 79 ਮਜ਼ਦੂਰਾਂ ਵੱਲੋਂ ਆਤਮ ਹੱਤਿਆਵਾਂ ਕੀਤੀਆਂ ਗਈਆਂ। ਪਿੰਡ ਗੁਆਰਾ ਦੀ ਇੱਕ ਔਰਤ ਸਮੇਤ 6 ਮਜ਼ਦੂਰਾਂ, ਪਿੰਡ ਬਾਮਾਲ ਦੇ 6 ਮਜ਼ਦੂਰਾਂ ਇਸ ਪਿੰਡ ਦੇ ਹੀ ਇੱਕ ਪੀੜਤ ਪਰਿਵਾਰ ਸਿਰ 2 ਲੱਖ ਦਾ ਕਰਜ਼ਾ, ਪਿੰਡ ਭਸੋੜ ਦੇ 5 ਮਜ਼ਦੂਰਾਂ ਅਤੇ 3 ਹੋਰ ਪਿੰਡਾਂ ਵਿੱਚ 4=4 ਖ਼ੁਦਕੁਸੀਆਂ ਹੋਈਆਂ। ਇਸ ਬਲਾਕ ਦੇ ਇੱਕ ਦਰਜ਼ਨ ਮਜ਼ਦੂਰ ’ਤੇ 2 ਅਤੇ ਢਾਈ ਲੱਖ ਤੋਂ ਤਿੰਨ ਲੱਖ ਰੁਪਏ ਦਾ ਭਾਰੀ ਕਰਜ਼ਾ ਹੈ।

ਮਲੇਰਕੋਟਲਾ ਬਲਾਕ ਦੋ ਦੇ 21 ਪਿੰਡਾਂ ਦੀ ਰਿਪੋਰਟ ਮੁਤਾਬਕ 6 ਔਰਤਾਂ ਸਮੇਤ 41 ਮਜ਼ਦੂਰ ਆਤਮ ਹੱਤਿਆ ਕਰ ਗਏ। ਇਸ ਬਲਾਕ ਦਾ ਕੰਗਣਵਾਲ ਪਿੰਡ ਵਿੱਚ ਸਭ ਤੋਂ ਵੱਧ ਖ਼ੁਦਕੁਸੀਆਂ ਹੋਈਆਂ ਇਸ ਪਿੰਡ ਵਿੱਚ ਦੋ ਔਰਤਾਂ ਸਮੇਤ 5 ਮਜ਼ਦੂਰਾਂ ਨੇ ਜਾਨ ਦਿੱਤੀ। ਇਸ ਬਲਾਕ ਦੇ ਪਿੰਡ ਅਹਿਮਦਗੜ੍ਹ ਦੇ ਪਿੰਡ ਦੇ ਖ਼ੁਦਕੁਸ਼ੀ ਕਰ ਚੁੱਕੇ ਇੱਕ ਮਜ਼ਦੂਰ ਦੇ ਪਰਿਵਾਰ ਸਿਰ ਸਾਢੇ ਛੇ ਲੱਖ ਦਾ ਭਾਰੀ ਕਰਜ਼ਾ ਹੈ।

ਬਲਜਿੰਦਰ ਕੋਟਭਾਰਾ
ਲੇਖਕ ਪੱਤਰਕਾਰ ਹਨ।

ਮੁਸਾਫ਼ਰ ਤੇ ਕਿਤਾਬਾਂ

ਪੰਜਾਬ ਦੀਆਂ ਬੱਸਾਂ ’ਚ ਸਫਰ ਕਰਦਿਆਂ ਦੋ ਤਰ੍ਹਾਂ ਦੀਆਂ ਸਵਾਰੀਆਂ ਮਿਲਦੀਆਂ ਹਨ। ਜਾਂ ਤਾਂ ਸੁੱਤੇ ਪਏ ਲੋਕ ਜਾਂ ਫਿਰ ਉਰਲੀਆਂ-ਪਰਲੀਆਂ ਯਭਲੀਆਂ ਮਾਰਨ ਵਾਲੇ। ਜੇ ਦਿੱਲੀ ਅਤੇ ਆਸ-ਪਾਸ ਦੇ ਸ਼ਹਿਰਾਂ ’ਚ ਲੋਕਲ ਬੱਸਾਂ ਵਿੱਚ ਸਫਰ ਕਰੋ ਤਾਂ ਇਨ੍ਹਾਂ ਦੋ ਤਰ੍ਹਾਂ ਦੇ ਲੋਕਾਂ ਤੋਂ ਇਲਾਵਾ ਤੀਸਰੀ ਕਿਸਮ ਦੇ ਉਹ ਮੁੰਡੇ-ਕੁੜੀਆਂ ਹੁੰਦੇ ਹਨ, ਜੋ ਈਅਰ-ਫੋਨ ਲਾਈ ਰੇਡੀਓ ਐਫ.ਐਮ. ਚੈਨਲ ਸੁਣਨ ’ਚ ਮਸਰੂਫ ਹੁੰਦੇ ਨੇ। ਬਹੁਤ ਘੱਟ ਇਨਸਾਨ ਹਨ ਜਿਹੜੇ ਸਫਰ ਦੌਰਾਨ ਕਿਤਾਬਾਂ ਪੜ੍ਹਦੇ ਮਿਲਣਗੇ।

ਮੇਰੇ ਦੋਸਤਾਂ ’ਚ ਦੋ ਅਜਿਹੇ ਹਨ ਜਿਨ੍ਹਾਂ ’ਚੋਂ ਇੱਕ ਕਈ ਸਾਲ ਕੋਲਕਾਤਾ ਰਹਿ ਕੇ ਆਇਆ ਹੈ ਅਤੇ ਦੂਸਰਾ 7 ਸਾਲ ਇੰਗਲੈਂਡ ਰਹਿ ਕੇ ਵਤਨ ਪਰਤਿਆ ਹੈ। ਕੋਲਕਾਤਾ ਵਾਲਾ ਮਿੱਤਰ ਦੱਸਦਾ ਹੁੰਦਾ ਏ ਕਿ ਬੰਗਾਲੀ ਲੋਕ ਕਿਤਾਬਾਂ ਪੜ੍ਹਨ ਦੇ ਐਨੇ ਸ਼ੌਕੀਨ ਹਨ ਕਿ ਸਫਰ ਦੌਰਾਨ ਉਨ੍ਹਾਂ ਕੋਲ ਸਾਮਾਨ ਘੱਟ ਹੁੰਦਾ ਹੈ ਅਤੇ ਕਿਤਾਬਾਂ ਦੀ ਪੰਡ ਜ਼ਿਆਦਾ। ਇਸੇ ਤਰ੍ਹਾਂ ਇੰਗਲੈਂਡ ’ਚ ਬੱਸਾਂ ਅਤੇ ਰੇਲਾਂ ਦੇ ਸਫਰ ਦੌਰਾਨ ਤਕਰੀਬਨ ਹਰੇਕ ਵਿਅਕਤੀ ਕੁਝ ਨਾ ਕੁਝ ਪੜ੍ਹਦਾ ਜ਼ਰੂਰ ਮਿਲ ਜਾਂਦਾ ਹੈ।

ਪੰਜਾਬੀਆਂ ਦੀ ਕਿਤਾਬਾਂ ਪੜ੍ਹਨ ਦੀ ਰੁਚੀ ਦਾ ਅੰਦਾਜ਼ਾ ਤਾਂ ਇੱਥੋਂ ਹੀ ਲਗਾਇਆਂ ਜਾ ਸਕਦਾ ਹੈ ਕਿ ਇੱਥੇ ਤਰਤੀਬਵਾਰ ਜਾਂ ਵਿਉਂਤਬੰਦੀ ਅਨੁਸਾਰ ਕੋਈ ਵੀ ਵੱਡਾ ਪੁਸਤਕ ਮੇਲਾ ਨਹੀਂ ਲੱਗਦਾ। ਜਦਕਿ ਸਾਡੇ ਲੇਖਕਾਂ ਦੀ ਗਿਣਤੀ ਵੱਡੀਆਂ ਭਾਸ਼ਾਵਾਂ ਦੇ ਲੇਖਕਾਂ ਜਿੰਨੀ ਹੀ ਹੋਵੇਗੀ! ਹਾਲੇ ਤਾਂ ਏਨਾ ਸਬਰ ਹੈ ਕਿ ਜਲੰਧਰ ਵਿਖੇ ਹਰ ਸਾਲ ਜੁੜਨ ਵਾਲੇ ਗਦਰੀ ਬਾਬਿਆਂ ਦੇ ਮੇਲੇ ’ਚ ਕਿਤਾਬਾਂ ਪੜ੍ਹਨ ਦੇ ਸ਼ੌਕੀਨਾਂ ਦਾ ‘ਕੀੜਾ’ ਕੁਝ ਹੱਦ ਤੱਕ ਸ਼ਾਂਤ ਹੋ ਜਾਂਦਾ ਹੈ।
ਸਫਰ ਦੌਰਾਨ ਕਿਤਾਬਾਂ ਪੜ੍ਹਨ ’ਚ ਬੰਗਾਲੀ, ਅੰਗਰੇਜ਼ ਅਤੇ ਯੂਰਪੀਅਨ ਲੋਕਾਂ ਦਾ ਕੋਈ ਮੁਕਾਬਲਾ ਨਹੀਂ। ਜਦਕਿ ਗਿਣਤੀ ਪੱਖੋਂ ਕਿਤਾਬਾਂ ਛਾਪਣ ’ਚ ਪੰਜਾਬੀਆਂ ਦਾ ਕੋਈ ਸਾਨੀ ਨਹੀਂ! ਪੰਜਾਬੀ ਪਾਠਕ ਵਰਗ ਦੀ ਇਸ ਤੋਂ ਵੱਡੀ ਹੋਰ ਕੀ ਤਰਾਸਦੀ ਹੋਵੇਗੀ ਕਿ ਸਫਰ ਦੌਰਾਨ ਵਧੇਰੇ ਲੋਕ ਤਾਂ ਦੋ ਰੁਪਏ ਦਾ ਅਖਬਾਰ ਖਰੀਦ ਕੇ ਪੜ੍ਹਨ ਤੋਂ ਵੀ ਸੰਕੋਚ ਕਰਦੇ ਹਨ।

ਪਿਛਲੇ ਕੁਝ ਸਮੇਂ ਤੋਂ ਮੁਸਾਫਰਾਂ ਦੀ ਇੱਕ ਨਵੀਂ ਕਿਸਮ ਦਾ ਜਨਮ ਹੋਇਆ ਹੈ। ਇਹ ਉਹ ਮੁੰਡੇ-ਕੁੜੀਆਂ ਹਨ ਜੋ ਬੱਸ ਚੜ੍ਹਦੇ ਸਾਰ ਹੀ ਮੋਬਾਈਲ ਫੋਨ ਕੰਨ ਨੂੰ ਲਾ ਲੈਣਗੇ ਅਤੇ ਬੱਸ ’ਚੋਂ ਉਤਰਨ ਤੱਕ ਪਤਾ ਨੀ ਕੀ ਘੁਸਰ-ਮੁਸਰ ਕਰਦੇ ਰਹਿੰਦੇ ਹਨ।

ਪੰਜਾਬੀਆਂ ਦੀ ਫਿਤਰਤ ਹੈ ਕਿ ਉਹ ‘ਫਜ਼ੂਲ’ ਖਾਣ-ਪੀਣ ’ਤੇ ਤਾਂ ਸੈਂਕੜੇ ਰੁਪਏ ਖਰਚ ਦੇਣਗੇ ਪਰ ਸੌ ਰੁਪਏ ਦੀ ਕਿਤਾਬ ਨਹੀਂ ਖਰੀਦਣਗੇ। ਦਿੱਲੀ ਦੇ ਪ੍ਰਗਤੀ ਮੈਦਾਨ ’ਚ ਹਰ ਸਾਲ ਲੱਗਣ ਵਾਲੇ ਪੁਸਤਕ ਮੇਲੇ ਦੌਰਾਨ ਸਤੰਬਰ 2007 ‘ਚ ਮੇਰਾ ਇੱਕ ਸਾਥੀ ਕਰਾਚੀ ਤੋਂ ਆ ਕੇ ਲਗਾਈ ਚਿਕਨ ਸਟਾਲ ’ਤੇ ਤਾਂ 100 ਰੁਪਏ ਦਾ ਮੁਰਗਾ ਖਾ ਗਿਆ ਪਰ 95 ਰੁਪਏ ਦੀ ਚੇਤਨ ਭਗਤ ਦੀ ਇੱਕ ਕਿਤਾਬ ਖਰੀਦਣ ’ਚ ਕਿਰਸ ਕਰ ਗਿਆ। ਇਸ ਬੈਸਟ ਸੈਲਰ ਕਿਤਾਬ (ਵਨ ਨਾਈਟ ਐਟ ਦੀ ਕਾਲ ਸੈਂਟਰ) ’ਤੇ ਜਦੋਂ ਬਾਅਦ ’ਚ ‘ਹੈਲੋ’ ਫਿਲਮ ਬਣਨ ਦਾ ਐਲਾਨ ਹੋਇਆ ਤਾਂ ਕਹਿੰਦਾ ‘ਯਾਰ ਉਹ ਕਿਤਾਬ ਦੇਈਂ, ਪੜ੍ਹ ਕੇ ਦੇਖਾਂ ਤਾਂ ਭਲਾ ਕੀ ਐ ਉਸ ਵਿੱਚ।’

ਜੇਕਰ ਕਦੇ ਲੁਧਿਆਣਾ ਤੋਂ ਚੰਡੀਗੜ੍ਹ ਦਾ ਸਫਰ ਕਰੋ ਤਾਂ ਖਮਾਣੋਂ ਤੋਂ ਥੋੜ੍ਹਾ ਜਿਹਾ ਅੱਗੇ ਰਾਣਵਾਂ ਪਿੰਡ ਦੇ ਗੁਰਦੁਆਰਾ ਸਾਹਿਬ ਕੋਲ ਸੱਜੇ ਹੱਥ ਪੀ. ਆਰ. ਟੀ. ਸੀ./ ਪੰਜਾਬ ਰੋਡਵੇਜ਼/ ਸੀ.ਟੀ.ਯੂ. ਦੀਆਂ ਬੱਸਾਂ ਇੱਕ ਢਾਬੇ ’ਤੇ ਰੁਕਦੀਆਂ ਹਨ। ਉਸ ਢਾਬੇ ਦੇ ਨਾਲ ਹੀ ਕਿਤਾਬਾਂ ਦਾ ਇੱਕ ਛੋਟਾ ਜਿਹਾ ਪਰ ਪ੍ਰਭਾਵਸ਼ਾਲੀ ਖੋਖਾ ਹੈ। ਇਸ ਛੋਟੀ ਜਿਹੀ ਦੁਕਾਨ ’ਚ ਪੰਜਾਬੀ ਦੀਆਂ ਪੜ੍ਹਨ ਯੋਗ ਅਨੇਕਾਂ ਪੁਸਤਕਾਂ ਪਈਆਂ ਹਨ। ਮੁਹਾਲੀ ਨੌਕਰੀ ਕਰਨ ਕਰਕੇ ਮੇਰਾ ਇਹ ਨਿੱਤ ਦਾ ਰੂਟ ਹੈ। ਸਵਾਰੀਆਂ ਬੱਸ ’ਚੋਂ ਉਤਰ ਕੇ ਬਰੈੱਡ ਪਕੌੜਿਆਂ ਨੂੰ ਤਾਂ ਗੇੜਾ ਦੇਈ ਰੱਖਣਗੀਆਂ ਪਰ ਉਸ ਕਿਤਾਬਾਂ ਦੀ ਦੁਕਾਨ ਵੱਲ ਜਾਣ ਦੀ ਖੇਚਲ ਨਹੀਂ ਕਰਦੇ। ਕਿਤਾਬ ਖਰੀਦਣਾ ਤਾਂ ਇੱਕ ਪਾਸੇ, ਬਹੁਤੀਆਂ ਸਵਾਰੀਆਂ ਤਾਂ ਉੱਧਰ ਨੂੰ ਦੇਖਦੀਆਂ ਤੱਕ ਨਹੀਂ।

ਇਹ ਠੀਕ ਹੈ ਕਿ ਅੱਜ ਦੇ ਸਮੇਂ ’ਚ ਕਿਤਾਬਾਂ ਪੜ੍ਹਨ ਲਈ ਖਾਸ ਸਮਾਂ ਕੱਢਣਾ ਵਧੇਰੇ ਲੋਕਾਂ ਦੇ ਹੱਥੋਂ-ਵੱਸੋਂ ਬਾਹਰ ਹੋ ਚੁੱਕਾ ਹੈ। ਪਰ ਬੱਸ ਜਾਂ ਰੇਲ ਗੱਡੀ ’ਚ ਸਫਰ ਕਰਦਿਆਂ ਤਾਂ ਘੱਟੋ-ਘੱਟ ਕੁਝ ਨਾ ਕੁਝ ਪੜ੍ਹਿਆ ਹੀ ਜਾ ਸਕਦਾ ਹੈ। ਐਵੇਂ ਦੂਸਰੀਆਂ ਸਵਾਰੀਆਂ ਦੇ ਮੋਢਿਆਂ ’ਤੇ ਗਰਦਨ ਸੁੱਟੀ ਮੂੰਹ ਖੋਲ੍ਹ ਕੇ ਊਂਘਦੇ ਰਹਿਣ ਨਾਲੋਂ ਕਿਸੇ ਕਿਤਾਬ ’ਤੇ ਹੀ ਨਜ਼ਰਾਂ ਦੌੜਾਂ ਲੈਣੀਆਂ ਚਾਹੀਦੀਆਂ ਹਨ। ਇੱਕ ਨੀਰਸ ਮੁਸਾਫਿਰ ਨਾਲੋਂ ਇੱਕ ਚੰਗੇ ਪਾਠਕ ਦੇ ਤੌਰ ‘ਤੇ ਸਫਰ ਕਰਨ ਦਾ ਜੋ ਨਜ਼ਾਰਾ ਹੈ, ਉਸ ਦਾ ਅਨੁਭਵ ਤਾਂ ਮਾਣਿਆਂ ਹੀ ਪਤਾ ਚੱਲਦਾ ਹੈ। ਆਪਣਾ ਅਗਲਾ ਸਫਰ ਇੱਕ ਕਿਤਾਬ ਪੜ੍ਹਦਿਆਂ ਪੂਰਾ ਕਰਕੇ ਤਾਂ ਦੇਖੋ !

ਨਰਿੰਦਰ ਪਾਲ ਸਿੰਘ
ਲੇਖਕ ਪੱਤਰਕਾਰ ਹਨ।

Friday, August 20, 2010

ਪੀਪਲੀ ਲਾਈਵ-- ਕੋਈ ਮਰੇ ,ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ

ਪੰਜਾਬ ਦਾ ਕੋਈ ਸੌਫਟਵੇਅਰ ਇੰਜੀਨੀਅਰ ਦੇਸ਼ ਦੁਨੀਆਂ ਦੇ ਸਾਹਿਤ,ਸੱਭਿਆਚਰ,ਧਰਮ ਤੇ ਸਿਆਸਤ 'ਚ ਐਨੀ ਰੁਚੀ ਲੈਂਦਾ ਹੋਵੇ,ਜਿੰਨੀ ਪੰਜਾਬ ਦੇ ਕਹੇ ਜਾਂਦੇ ਪੱਤਰਕਾਰ ਨਹੀਂ ਲੈਂਦੇ।ਮੈਨੂੰ ਬੜੀ ਅਜੀਬ ਜਿਹੀ ਗੱਲ ਲੱਗੀ ਸੀ,ਜਦੋਂ ਪਹਿਲੀ ਵਾਰ ਜਸਦੀਪ ਨੂੰ ਮਿਲਿਆ ਸੀ।ਬਾਅਦ 'ਚੋਂ ਲੱਗਿਆ ਟਕਸਾਲੀ ਕਾਮਰੇਡ ਦਾ ਮੁੰਡਾ ਹੋਣਾ ਵੀ ਇਕ ਫੈਕਟਰ ਹੋ ਸਕਦਾ ਹੈ,ਪਰ ਜਸਦੀਪ ਕਹਿੰਦਾ ਹੈ ਬਾਪੂ ਨਾਲ ਇਹਨਾਂ ਮਸਲਿਆਂ 'ਤੇ ਕਦੇ ਬਹੁਤੀ ਵਿਚਾਰ ਚਰਚਾ ਨਹੀਂ ਹੁੰਦੀ ਰਹੀ।ਦਿੱਲੀ ਦੀ ਗੋਬਿੰਦਪੁਰੀ(ਪਹਿਲੀ ਮੁਲਾਕਾਤ) ਤੋਂ ਲੈ ਕੇ ਹੁਣ ਤੱਕ ਸਾਡੇ 'ਚ ਹਜ਼ਾਰਾਂ ਅਸਹਿਮਤੀਆਂ ਹਨ,ਪਰ ਸਭ ਮੱਤਭੇਦਾਂ ਦੇ ਬਾਵਜੂਦ ਅਸੀਂ ਚੰਗੇ ਦੋਸਤ ਹਾਂ,ਇਹੀ ਸਭ ਤੋਂ ਸ਼ਾਨਦਾਰ ਗੱਲ ਹੈ।ਜਸਦੀਪ ਦੀ ਨਜ਼ਰ ਨਾਲ ਵੀ ਪੀਪਲੀ ਲਾਈਵ ਵੇਖੋ-ਯਾਦਵਿੰਦਰ ਕਰਫਿਊ

ਪੀਪਲੀ ਲਾਈਵ ਇੱਕ ਅਜਿਹੇ ਕਿਸਾਨ ਨੱਥੇ ਦੀ ਕਹਾਣੀ ਹੈ।ਬੈਂਕ ਦਾ ਕਰਜਾ ਸਿਰ ਟੁੱਟ ਜਾਣ ਕਾਰਨ ਜਿਸਦੀ ਜ਼ਮੀਨ ਦੀ ਨੀਲਾਮੀ ਹੋਣ ਵਾਲੀ ਹੈ ।ਜ਼ਮੀਨ ਨੂੰ ਬਚਾਉਣ ਦੇ ਚੱਕਰ ਵਿੱਚ, ਜਦੋਂ ਸਥਾਨਿਕ ਨੇਤਾ ਕਹਿੰਦਾ ਹੈ ਖੁਦਕੁਸ਼ੀ ਕਰਨ ਵਾਲੇ ਨੂੰ ਸਰਕਾਰ ਇੱਕ ਲੱਖ ਰੁਪਏ ਦਿੰਦੀ ਹੈ, ਤੇ ਨੱਥਾ ਆਪਣੇ ਭਰਾ ਦਾ ਚੱਕਿਆ ਚਕਾਇਆ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲੈਂਦਾ ਹੈ।ਮੀਡਿਆ ਨੂੰ ਇਸ ਗੱਲ ਦੀ ਭਿਣਕ ਪੈ ਜਾਂਦੀ ਹੈ ਤੇ ਮਾਮਲਾ ਬ੍ਰੇਕਿੰਗ ਨਿਊਜ਼ ਬਣ ਜਾਂਦਾ ਹੈ।

ਟੀ ਆਰ ਪੀ ਦੇ ਭੁੱਖੇ ਮੀਡੀਏ ਨੂੰ ਇੱਕ ਅਜਿਹੀ ਖਬਰ ਦੀ ਤਲਾਸ਼ ਰਹਿੰਦੀ ਹੈ ਜਿਸ ਨੂੰ ਵੱਧ ਤੋਂ ਵੱਧ ਮਸਾਲਾ ਲਾ ਕੇ ਕਮਾਈ ਕੀਤੀ ਜਾ ਸਕੇ ।ਅਸਲ ਮੁੱਦੇ ਤੇ ਵਿਸ਼ਾ ਵਸਤੂ ਨਾਲ ਮੀਡੀਏ ਦਾ ਕੋਈ ਸਰੋਕਾਰ ਨਹੀਂ ਹੈ, ਇੱਕ ਇਮਾਨਦਾਰ ਪੱਤਰਕਾਰ ਜਦੋਂ ਇੱਕ ਸਟਾਰ ਐਂਕਰ ਨੂੰ ਸਵਾਲ ਕਰਦਾ ਹੈ।ਕਿ ਅੱਜ ਹੀ ਇੱਕ ਕਿਸਾਨ ਜ਼ਮੀਨ ਖੁੱਸਣ ਤੋਂ ਬਾਅਦ ਅੱਤ ਗਰੀਬੀ ਦਾ ਸ਼ਿਕਾਰ ਹੋ ਕੇ ਮਰ ਗਿਆ ਹੈ।ਫਿਰ ਵੀ ਨੱਥਾ ( ਕੇਂਦਰੀ ਕਿਰਦਾਰ ) ਹੀ ਕਿਉਂ ਜ਼ਰੂਰੀ ਹੈ, ਤਾਂ ਐਂਕਰ ਦਾ ਜਵਾਬ ਮਿਲਦਾ ਹੈ , ਇਸ ਤਰਾਂ ਕਰਨਾ 'ਅਸਲ' ਸਟੋਰੀ ਤੋਂ ਧਿਆਨ ਪਰੇ ਕਰਨਾ ਹੈ , ਲੋਕਾਂ ਦੀ ਦਿਲਚਸਪੀ ਨੱਥੇ ਦੀ ਮਿਥੀ ਹੋਈ ਆਤਮ ਹੱਤਿਆ 'ਚ ਹੈ , ਨਾ ਕਿ ਕਿਸੇ ਐਰੇ ਗੈਰੇ ਕਿਸਾਨ ਦੀ ਮੌਤ ਵਿੱਚ

ਖੇਤਰੀ ਰਾਜ ਨੇਤਾ ਜੋੜ ਤੋੜ ਦੀ ਰਾਜਨੀਤੀ ਕਰਦੇ ਨਜ਼ਰ ਆਉਂਦੇ ਨੇ ਜੋ ਨੱਥੇ ਦੀ ਆਤਮ ਹੱਤਿਆ ਦੇ ਮਸਲੇ ਨੂੰ ਠੰਡੇ ਬਸਤੇ 'ਚ ਪਾਉਣ ਲਈ ਅਫਸਰਸ਼ਾਹੀ ਦੀ ਪੂਛ ਮਰੋੜਦੇ ਨੇ ।ਸਥਾਨਕ ਬਾਹੂ ਬਲੀਆਂ ਨੂੰ ਫੋਨ ਖੜਕਾਉਂਦੇ ਨੇ ,ਤੇ ਜਦੋਂ ਜਾਤੀ ਦੇ ਨਾਂ ਤੇ ਇੱਕ ਸਥਾਨਿਕ ਨੇਤਾ ਨੱਥੇ ਨੂੰ ਟੀ ਵੀ ਨਾਲ ਨਿਵਾਜ਼ ਕੇ ਆਪਣੀ ਬਣਾਉਂਦਾ ਹੈ। ਓਸ ਵਿਰੋਧੀ ਨੇਤਾ ਨਾਲ ਸਮਝੌਤਾ ਕਰਕੇ , ਸੱਤਾ ਨੂੰ ਹੋਏ ਖਤਰੇ ਦੀ ਬਲਾ ਗਲੇ ਲਾਉਂਦੇ ਹਨ।

ਸ਼ਹਿਰੀ ਸਿਵਿਲ ਸੁਸਾਇਟੀ ਵੀ ਨੱਥੇ ਨੂੰ ਬਚਾਉਣ ਕੈਂਡਲ ਮਾਰਚ ਕਰਦੀ ਨਜ਼ਰ ਆਉਂਦੀ ਹੈ ,ਖੱਬੇ ਪੱਖੀ ਵੀ ਜੰਤਰ ਮੰਤਰ ਨੇੜੇ ਸਰਕਾਰ ਮੁਰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਲਾਉਂਦੇ ਦਿਸਦੇ ਹਨ।

ਓਧਰ ਕੇਂਦਰੀ ਸਰਕਾਰ ਦਾ ਕੰਮ ਬਸਤੀਵਾਦੀ ਢੰਗ ਨਾਲ, ਲੋਕ ਲੁਭਾਵੀਆਂ ਸਕੀਮਾਂ ਦਾ ਐਲਾਨ ਕਰਨਾ ਹੈ ਓਹਨਾ ਨੂੰ ਕਾਰਜਕਾਰੀ ਰੂਪ ਦੇਣ ਬਾਰੇ ਦੇਖੀ ਜਾਊਗੀਜਵਾਬਦੇਹੀ ਵੇਲੇ ਭਾਂਡਾ ਕਿਸੇ ਹੋਰ ਦੇ ਸਿਰ ਭੰਨ ਕੇ ਲਾਂਭੇ ਹੋਣਾ, ਪਰ ਬਹੁਕੌਮੀ ਕੰਪਨੀਆਂ ਦੇ ਹਿੱਤਾਂ ਲਈ ਬੀਜ ਵੇਚਣ ਦਾ ਫਰਜ ਜ਼ਰੂਰ ਨਿਭਾਉਣਾ ਹੈ।

ਖੁਦਕੁਸ਼ੀ ਦੇ ਐਲਾਨ ਨਾਲ ਸ਼ੁਰੂ ਹੋਏ ਏਸ ਖੇਡ ਤਮਾਸ਼ੇ ਦੇ ਦੌਰਾਨ, ਨੱਥਾ ਚੁੱਪ ਚਪੀਤੇ ਕਿਸੇ ਪਾਸੇ ਟਰਕ ਜਾਂਦਾ ਹੈ।ਅੰਤ ਵੇਲੇ ਇੱਕ ਹਾਦਸਾ ਹੁੰਦਾ ਹੈ ਜਿਥੋਂ ਇੱਕ ਲਾਸ਼ ਮਿਲਦੀ ਹੈ, ਜਿਸ ਨੂੰ ਨੱਥੇ ਦੀ ਲਾਸ਼ ਮੰਨ ਲਿਆ ਜਾਂਦਾ ਹੈ।ਨੱਥੇ ਦੀ ਮੌਤ ਤੋਂ ਬਾਅਦ ਮੀਡਿਆ ਦਾ ਜਮਘਟ ਪਿੰਡੋਂ ਚੱਲਿਆ ਜਾਂਦਾ ਹੈ, ਕੀ ਦਿਨਾਂ ਤੋਂ ਲੱਗਿਆ ਮੇਲਾ ਵਿਝੜ ਜਾਂਦਾ ਹੈ।

ਨੱਥੇ ਦੇ ਪਰਿਵਾਰ ਨੂੰ ਖੁਦਕੁਸ਼ੀ ਵਾਸਤੇ ਐਲਾਨਿਆਂ ਇੱਕ ਲੱਖ ਰੁਪਇਆ ਵੀ ਨਹੀਂ ਮਿਲਦਾ ਕਿਓਂਕਿ ਉਸਦੇ ਮੌਤ ਖੁਦਕਸ਼ੀ ਨਹੀਂ ਹਾਦਸੇ ਨਾਲ ਹੋਈ ਹੈ ।

ਆਖਰੀ ਸ਼ਾਟ ਵਿਚ ਨੱਥਾ ਮਹਾਂਨਗਰ ਵਿਚ ਬਣ ਰਹੀਆਂ ਇਮਾਰਤਾਂ ਵਾਸਤੇ ਮਜ਼ਦੂਰੀ ਕਰਦਾ ਨਜ਼ਰ ਆਉਂਦਾ ਹੈ ।

ਫਿਲਮ ਦੀ ਖਾਸੀਅਤ ਇਸਦਾ ਯਥਾਰਥਵਾਦੀ ਹੋਣਾ ਹੈ,ਜਿਸ ਵਿੱਚ ਨਾਂ ਤਾਂ ਮੈਲੋਡਰਾਮਾਟਿਕ ਮਸਾਲਾ ਹੈ ਤੇ ਨਾਂ ਹੀਂ ਅਤਿਮਾਨਵੀ(ਸੁਪਰ ਹਿਊਮਨ) ਕਿਰਦਾਰ, ਫਿਲਮ ਵਿੰਗਾਤਾਮਕ ਢੰਗ ਨਾਲ ਕਿਸਾਨੀ ਦੀ ਤਰਾਸਦੀ ਨੂੰ ਦਰਸਾਉਂਦੀ ਹੈ।ਸਰਕਾਰ ਦੀਆਂ ਮਾਰੂ ਨੀਤੀਆਂ ਦੇ ਚਲਦੇ ਕਿਸ ਤਰਾਂ ਨਿਮਨ ਕਿਸਾਨੀ ਬੇਜ਼ਮੀਨ ਹੋ ਰਹੀ ਹੈ ,ਤੇ ਬੇਘਰ ਹੋ ਕੇ ਵੱਡੇ ਸ਼ਹਿਰਾਂ ਵਿਚ ਮਜ਼ਦੂਰੀ ਕਰਨ ਲਈ ਮਜਬੂਰ ਹੈ, ਓਹ ਮਜ਼ਦੂਰੀ ਜੋ ਗੈਰ ਜਥੇਬੰਦਕ ਹੋਣ ਕਰਕੇ ਅੱਤ ਦਰਜੇ ਦੀ ਲੁੱਟ ਦਾ ਸ਼ਿਕਾਰ ਬਣਾਉਂਦੀ ਹੈ ।

ਫਿਲਮ ਵਿਚ ਸਿਆਸੀ ਆਗੂ, ਅਫਸਰਸ਼ਾਹੀ ਤੇ ਮੀਡਿਆ, 'ਕੋਈ ਮਰੇ ਤੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ' ਦਾ ਰਾਗ ਅਲਾਪਦੇ ਨਜ਼ਰ ਆਉਂਦੇ ਹਨ।

ਫਿਲਮ ਦੇਖਣ ਵਾਲੇ ਨੂੰ ਸੋਚਣ ਲਈ ਮਜਬੂਰ ਕਰਦੀ ਹੈ, ਕਿ ਕਿਸਾਨਾਂ ਦੀ ਇਸ ਹਾਲਤ ਲਈ ਜ਼ਿੰਮੇਵਾਰ ਕੌਣ ਹੈ ? ਸਿਰਫ ਸਮੇਂ ਦੀ ਸਰਕਾਰ , ਜਾਂ ਉਪਭੋਗਤਾਵਾਦ ਵਿਚ ਲਬਰੇਜ਼ ਅਸੀਂ ਆਪ ਵੀ ।

ਕਿਸਾਨ ਕਿੰਨਾ ਕੁ ਚਿਰ ਖੁਦਕੁਸ਼ੀਆਂ ਕਰਨਗੇ? ਡਾਂਗਾਂ ਚੱਕ ਕੇ ਰੱਜੇ ਪੁੱਜਿਆਂ ਦੇ ਨਾਸੀ ਧੂੰਆਂ ਕਿਓਂ ਨਾ ਲਿਓਣਗੇ...?

ਲੇਖਕ--ਜਸਦੀਪ ਸਿੰਘ
MOB:-9988638850

Thursday, August 19, 2010

ਪੀਪਲੀ ਲਾਈਵ--ਅਮੀਰ ਖਾਨ ਦੀ ਸਭ ਤੋਂ ਕਮਜ਼ੋਰ ਫਿਲਮ

'ਪੀਪਲੀ ਲਾਈਵ' ‘ਚ ਨਾ ਤਾਂ ਖੁਦਕੁਸ਼ੀ ਦੇ ਮਨੋਵਿਗਿਆਨ ਦੀ ਸਮਝ ਹੈ ਤੇ ਨਾ ਹੀ ਸਮਾਜ ਦੀਆਂ ਹੋਰ ਬਹੁ-ਪਰਤਾਂ ਦੀ।

ਕੁਝ ਮਹੀਨਿਆਂ ਤੋਂ ਪੀਪਲੀ ਲਾਈਵ ਨੇ ਅਜਿਹੀ ਪਛਾਣ ਬਣਾਈ ਹੈ,ਕਿ ਦੇਸ਼ ਦਾ ਇਕ ਵੱਡਾ ਵਰਗ ਇਸ ਫਿਲਮ ‘ਤੇ ਕੁਰਬਾਨ ਹੋਇਆ ਰਿਹਾ ਹੈ।ਹੈਰਾਨੀ ਦੀ ਗੱਲ ਨਹੀਂ ਕਿ ਫਿਲਮ ਅਲੋਚਕ ਜੈ ਪ੍ਰਕਾਸ਼ ਚੌਕਸੇ ਫਿਲਮ ਦੇ ਸੰਦਰਭ ‘ਚ ਕਹਿ ਰਹੇ ਹਨ ਕਿ “ਕਿ ਕਿਸੇ ਵੀ ਸਿਆਸੀ ਆਗੂ ਦੇ ਭਾਸ਼ਨ ਜਾਂ ਯੂਨੀਵਰਸਿਟੀ ਦੇ ਖੋਜ ਪੱਤਰ ਤੋਂ ਜ਼ਿਆਦਾ ਚੰਗੀ ਤੇ ਮਹੱਤਵਪੂਨ ਹੈ ਇਹ ਫਿਲਮ।ਇਸਦੇ ਲਈ ਨਿਰਦੇਸ਼ਕ ਅਨੂਸ਼ਾ ਰਿਜਵੀ ਨੂੰ ਡਾਕਟਰੇਟ ਦੀ ਉਪਾਧੀ ਦੇਣੀ ਚਾਹੀਦੀ ਹੈ।

ਪੀਪਲੀ ਲਾਈਵ ‘ਤੇ ਜੈ ਪ੍ਰਕਾਸ਼ ਚੌਕਸੇ ਦੀ ਇਹ ਟਿੱਪਣੀ ਚੌਕਸ ਲੱਗੀ ਕਿ ਇਸ ਫਿਲਮ ‘ਚ ਕਿਸੇ ਸਿਆਸੀ ਆਗੂ ਦੇ ਭਾਸ਼ਨ ਤੋਂ ਜ਼ਿਆਦਾ ਸਾਰ ਹੈ।ਬਸ! ਇਸਤੋਂ ਜ਼ਿਆਦਾ ਕੁਝ ਨਹੀਂ।

ਦੇਖਦੇ ਹੀ ਦੇਖਦੇ ਕਿਹੋ ਜਿਹਾ ਦੌਰ ਆ ਗਿਆ ਹੈ ਕਿ ਸਨਸਨੀ ਦਾ ਤੀਰ ਕੁਝ ਇਹੋ ਜਿਹੇ ਢੰਗ ਨਾਲ ਛੱਡਿਆ ਜਾਵੇ ਕਿ ਉਹ ਮਹਾਨਤਾ ਦੀ ਥਾਂ ਘੇਰ ਲਵੇ ਤੇ ਸਮਾਜ ਬੋਰ ਹੋ ਜਾਵੇ।ਲਗਭੱਗ ਢਾਈ ਲੱਖ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਇਸ ਤਰ੍ਹਾਂ ਤਹਿਸ਼ੁਦਾ ਮਜ਼ਾਕ ਬਣਾ ਦਿੱਤਾ ਜਾਵੇ ਕਿ ਉਹ ਸੋਚ ਸਮਝਕੇ ਪਰਿਵਾਰ,ਸਮਾਜ ਨਾਲ ਲੰਮੇ ਸਮੇਂ ਤੱਕ ਗੱਲਬਾਤ ਕਰਕੇ ਬੇਹੱਦ ਵਪਾਰਕ ਰੂਪ ‘ਚ ਮੁਆਵਜ਼ੇ ਦੇ ਲਈ ਕਰਦੇ ਹਨ।ਜਿਉਣ ਦਾ ਕਿਹੋ ਜਿਹਾ ਵਿਸ਼ਲੇਸ਼ਨ ਤੇ ਮੌਤ ਦੀ ਕਿਹੋ ਜਿਹੀ ਬੇਇੱਜ਼ਤੀ।

ਫਿਲਮ ਨਿਰਮਾਣ ਇਕ ਰਚਨਾਤਮਕ ਵਿਧਾ ਹੈ ਨਾ ਕਿ ਸਿਰਫ ਸਨਸਨੀ ਕਿ ਦੇਖੋ !ਅਸੀਂ ਮੀਡੀਆ,ਵਿਵਸਥਾ ਤੇ ਸਿਆਸਤ ਦੇ ਪਾਜ ਉਧੇੜ ਦਿੱਤੇ ਹਨ।ਬੱਸ ਹੋ ਗਈ ਸਾਡੇ ਕਰੱਤਬ ਦੀ ਪੂਰਤੀ।ਕੀ ਇਕ ਕਲਾਤਮਿਕ ਮਾਧਿਆਮ ਦੀ ਦੇਣ ਸਿਰਫ ਐਨੀ ਹੀ ਹੋ ਸਕਦੀ ਹੈ।

ਅਸੀਂ ਅਮੀਰ ਖਾਨ ਜਾਂ ਅਮੀਰ ਖਾਨ ਜਿਹੇ ਕਲਾਕਾਰਾਂ ਤੋਂ ਇਰਾਨ ਦੇ ਮਹਾਨ ਫਿਲਮਕਾਰ ਅਬਾਸ ਕਿਆਰੋਸਤਾਮੀ ਦੀ ਤਰ੍ਹਾਂ ਕਿਸੇ ਅਜਿਹੀ ਫਿਲਮ ਦੀ ਉਮੀਦ ਨਹੀਂ ਕਰ ਸਕਦੇ, ਜੋ ਆਪਣੇ ਮੁਲਕ ਤੇ ਆਪਣੀ ਜਨਤਾ ਨਾਲ ਬੇਹੱਦ ਮਹੱਬਤ ਕਰਦਾ ਇਕ ਇਕ ਸ਼ਾਟਸ ਤੇ ਇਕ ਇਕ ਫਿਲਮ ਇਸ ਤਰ੍ਹਾਂ ਰਚਦਾ ਹੈ ਜਿਸ ‘ਚ ਉਸਦੇ ਦੇਸ਼ ਇਰਾਨ ਤੇ ਓਥੋਂ ਹੀ ਲੋਕਾਈ ਦੀ ਸੰਦਰਤਾ ਤੇ ਸੋਹਜ ਮਨੁੱਖੀ ਕਦਰਾਂ ਕੀਮਤਾਂ ਦੇ ਨਾਲ ਪ੍ਰਗਟ ਹੋਵੇ।ਕੁਝ ਇਸ ਤਰ੍ਹਾਂ ਕਿ ਹੋਰ ਮੁਲਕਾਂ ਦੇ ਦਰਸ਼ਕ ਵੀ ਉਸਦੇ ਦੇਸ਼ ਇਰਾਨ ਤੇ ਉਸਦੀ ਜਨਤਾ ਨਾਲ ਪਿਆਰ ਕਰਨ ਲੱਗਦੇ ਹਨ ਤੇ ਉਹਨਾਂ ਅੰਦਰ ਵੀ ਇਰਾਨ ਮੁਲਕ ਨੂੰ ਵੇਖਣ ਤੇ ਉਸਦੀ ਜਨਤਾ ਨੂੰ ਮਿਲਣ ਦੀ ਖਵਾਹਿਸ਼ ਪੈਦਾ ਹੁੰਦੀ ਹੈ।

ਇਸ ਮੌਕੇ ਇਰਾਨ ਦੇ ਹਲਾਤ ਬੇਹੱਦ ਖਰਾਬ ਹਨ।ਸਿਆਸੀ ਹੁਕਮਰਾਨਾਂ ਨੇ ਅਬਾਸ ਕਿਆਰੋਸਤਾਮੀ ਸਾਹਿਬ ਨੂੰ ਉਹਨਾਂ ਦੇ ਹੀ ਘਰ ‘ਚ ਨਜ਼ਰਬੰਦ ਕਰ ਦਿੱਤਾ ਹੈ।ਉਹਨਾਂ 'ਤੇ ਫਿਲਮ ਨਾ ਬਣਾਉਣ ਦੀ ਪਾਬੰਦੀ ਲਾ ਦਿੱਤੀ ਗਈ ਹੈ।ਅਮਰੀਕਾ ਸਹਿਤ ਪੂਰੀ ਦੁਨੀਆਂ ਦੇ ਦਰਵਾਜ਼ੇ ਉਹਨਾਂ ਲਈ ਖੁੱਲ੍ਹੇ ਹਨ,ਫਿਰ ਵੀ ਅਬਾਸ ਸਾਹਿਬ ਆਪਣਾ ਘਰ ਛੱਡਕੇ ਨਹੀਂ ਜਾਣਾ ਚਾਹੁੰਦੇ,ਕੀ ਕਰਨ.?ਉਹਨਾਂ ਨੂੰ ਨੀਂਦ ਆਪਣੇ ਹੀ ਮੁਲਕ ਤੇ ਆਪਣੇ ਹੀ ਘਰ ਆਉਂਦੀ ਹੈ।ਆਪਣੇ ਦੇਸ਼ ਤੇ ਆਪਣੀ ਜਨਤਾ ਨਾਲ ਅਜਿਹੀ ਮਹੱਬਤ ਦਾ ਜਜ਼ਬਾ ਹੀ ਅਜਿਹੀ ਰਚਨਾਤਮਕਤਾ ਨੂੰ ਜਨਮ ਦੇ ਸਕਦਾ ਹੈ।……. ਖੈਰ ਛੱਡੋ…ਫਿਲਹਾਲ ਤਾਂ ਅਸੀਂ ਆਪਣੇ ਦੇਸ਼ ਦੀਆਂ ਫਿਲਮਾਂ ਤੇ ਫਿਲਮ ਨਿਰਦੇਸ਼ਕਾਂ ਦੀ ਗੱਲ ਕਰ ਰਹੇ ਹਾਂ।

ਕਿਸਾਨਾਂ ਦੀ ਪਿੱਠਭੂਮੀ ‘ਤੇ ਬਣੀ ਮਹਿਬੂਬ ਖਾਨ ਦੀ ਫਿਲਮ “ਮਦਰ ਇੰਡੀਆ” ਨੂੰ ਤਾਂ ਸਾਡੇ ਜਾਗਰੂਕ ਨਜ਼ਰੀਏ ਦਾ ਹਿੱਸਾ ਹੋਣਾ ਚਾਹੀਦਾ ਹੈ।ਬੈਂਕ ਕਰਜੇ ਦੀ ਥਾਂ ਪੁਰਾਣੇ ਬਾਣੀਆਂ ਦੇ ਪੰਜੇ ‘ਚ ਫਸੇ ਕਿਸਾਨ ਪਰਿਵਾਰ ਦੀ ਕਹਾਣੀ ਦਾ ਕਿਹੋ ਜਿਹੀ ਫਿਲਮਸਾਜ਼ੀ ਹੈ .?ਪੀਪਲੀ ਲਾਈਵ ਦੇ ਨੱਥੇ ਦੀ ਹਾਲਤ “ਮਦਰ ਇੰਡੀਆ” ਦੀ ਵਿਚਾਰੀ ਔਰਤ ਤੋਂ ਬਦਤਰ ਨਹੀਂ ਹੈ,ਪਰ ਉਸ ‘ਚ ਜੀਵਨ ਕਿਵੇਂ ਸੰਭਵ ਹੋਇਆ।ਹਰ ਮਜ਼ਦੂਰ ਨੂੰ ਫੜਦਾ ਤੇ ਹਿੰਮਤ ਦਿੰਦਾ ਹੋਇਆ।ਉਹ ਫਿਲਮ ਦੇ ਮਾਧਿਅਮ ਤੋਂ ਸਾਡਾ ਜਾਗਰੂਕ ਦੌਰ ਸੀ।ਜਿਉਣ ਢੰਗ,ਸੰਘਰਸ਼,ਆਮ ਮਾਣ ਦੀ ਕਹਾਣੀ ਕਿਸ ਤਰ੍ਹਾਂ ਜੀਵਨ ਮੁੱਲਾਂ ਦੀ ਰਚਨਾ ਕਰਦੀ ਹੈ।ਅਸੀਂ ਕਦੋਂ ਕਿੱਥੋਂ ਤੋਂ ਕਿੱਥੇ ਆ ਗਏ,ਓਪਰੋਂ ਸਫਲਤਾ ਤੇ ਮਹਾਨਤਾ ਦਾ ਰੌਲਾ।

ਕਲਾ ‘ਚ ਸਿਰਫ ਦੁੱਧ ਵਰਗੀਆਂ ਸਚਾਈਆਂ ਕੁਝ ਨਹੀਂ ਹੁੰਦੀਆਂ।ਰਚਨਾ ਆਪਣੇ ਹੋਣਾ ਤੋਂ ਜ਼ਿਆਦਾ,ਜੋ ਨਹੀਂ ਹੈ,ਉਸਦਾ ਨਿਰਮਾਣ ਕਰਦੀ ਹੈ,ਜੋੜਦੀ ਤੇ ਮੂੰਹਂੋ ਕਢਵਾਉਂਦੀ ਹੈ।ਇਸੇ ਲਈ ਤਾਂ ਉਹ ਰਚਨਾ ਹੈ,ਕਲਾ ਹੈ ,ਫਿਲਮ ਹੈ।ਪੀਪਲੀ ਲਾਈਵ ‘ਚ ਨਾ ਤਾਂ ਖੁਦਕੁਸ਼ੀ ਦੇ ਮਨੋਵਿਗਿਆਨ ਦੀ ਸਮਝ ਹੈ ਤੇ ਨਾ ਹੀ ਸਮਾਜ ਦੀਆਂ ਹੋਰ ਬਹੁ-ਪਰਤਾਂ ਦੀ।ਫਿਲਮ ਦੇ ਲਿਹਾਜ਼ ਨਾਲ ਇਹ ਅਮੀਰ ਖਾਨ ਦੀ ਸਭ ਤੋਂ ਕਮਜ਼ੋਰ ਫਿਲਮ ਹੈ।ਫਿਲਮ ਦੀ ਲੈਅ ਥਾਂ ਥਾਂ ਟੁੱਟੀ ਹੋਈ ਹੈ।ਕਿਤੇ ਕਿਤੇ ਤਾਂ ਉਹ ਫਿਲਮ ਦਾ ਕੌਲਾਜ਼ ਲਗਦੀ ਹੈ।

ਦੇਸ਼ ‘ਚ ਫਿਲਮ ਜਗਤ ਦੀ ਜੋ ਦੁਰਦਸ਼ਾ ਹੈ,ਯਕੀਨਨ ਉਸ ‘ਚ ਅਮੀਰ ਖਾਨ ਦਹਾਕੇ ਦੇ ਸਭ ਤੋਂ ਸਫਲ ਨਿਰਦੇਸ਼ਕ ਤਾਂ ਹਨ, ਪਰ ਵੱਡੇ ਨਹੀਂ ਹਨ।ਵੱਡਾ ਹੋਣਾ ਤੇ ਸਫਲ ਹੋਣਾ ਦੋ ਵੱਖ ਵੱਖ ਗੱਲਾਂ ਹਨ।ਓਨਾ ਹੀ ਜਿੰਨਾ ਅਮੀਰ ਖਾਨ ਦਾ ਕੋਕਾ ਕੋਲਾ ਦਾ ਇਸ਼ਤਿਹਾਰ ਕਰਨਾ ਤੇ ਮੇਧਾ ਪਾਟੇਕਾਰ ਨਾਲ ਧਰਨੇ ‘ਤੇ ਬੈਠਣਾ।

ਅਮੀਰ ਖਾਨ ਦਾ ਭਾਰਤੀ ਫਿਲਮਾਂ ਦੇ ਇਸ਼ਤਿਹਾਰ ‘ਚ ਵੱਡਾ ਯੋਗਦਾਨ ਹੈ।ਉਹ ਸਿਖਰ ਛੂਹ ਚੁੱਕੇ ਹਨ।ਉਹਨਾਂ ਨੇ ਇਸ਼ਤਿਹਾਰ ਦੀਆਂ ਲਾਈਨਾਂ ਹੀ ਬਦਲ ਹੀ ਦਿੱਤੀਆਂ ਹਨ।ਹਾਲ ਹੀ ‘ਚ ਪੀਪਲੀ ਲਾਈਵ ਦੇ ਰਲੀਜ਼ ਹੋਣ ਤੋਂ ਪਹਿਲਾਂ ਟਾਈਮਿੰਗ ਸੈਂਸ ਨਾਲ ਭਰੇ ਉਹਨਾਂ ਦੇ ਗਾਣੇ ਤੇ ਨੱਥਾ ਦਾ ਸਟਾਰਡੱਮ ਲੋਕਾਂ ਦੀ ਜ਼ੁਬਾਨ ‘ਤੇ ਛਾ ਗਿਆ।ਪੀਪਲੀ ਲਾਈਵ ਦੀ ਥਾਂ ਨੱਥਾ ਤੇ “ਮਹਿੰਗਾਈ ਡੈਨ ਖਾਏ ਜਾਤ ਹੈ” ਲੋਕਾਂ ਦੇ ਸਿਰ ਚੜ੍ਹਕੇ ਬੋਲਿਆ।ਓਂਕਾਰਦਾਸ ਮਾਣਿਕਪੁਰੀ ਦੀ ਅਦਾਕਾਰੀ ਜਾਂ ਮਹਿੰਗਾਈ ਦਾ ਵਿਰੋਧ ਨਾ ਹੋ ਕੇ ਇਹ ਸਿਰਫ ਤੇ ਸਿਰਫ ਪੀਪਲੀ ਲਾਈਵ ਦਾ ਇਸ਼ਤਿਹਾਰ ਸੀ।

ਨੱਥਾ ਦੀ ਖਾਸ ਮੁਲਾਕਾਤ ਸਾਰੇ ਚੈਨਲਾਂ ‘ਤੇ ਦਿਖਾਈ ਜਾ ਰਹੀ ਸੀ।ਨੱਥਾ ਕੈਟਰੀਨਾ ਕੈਫ ਤੇ ਦੀਪਿਕਾ ਪਾਦੋਕੋਨ ਨਾਲ ਮਿਲਣਾ ਚਾਹੁੰਦਾ ਹੈ,ਇਹ ਵੀ ਖ਼ਬਰ ਸੀ।ਨੱਥਾ ਸੱਚਮੁੱਚ ਸੋਚ ਰਿਹਾ ਹੈ ਕਿ ਦੀਪਿਕਾ ਪਾਦੋਕੋਨ ਉਸ ਨੂੰ ਮਿਲਣ ਆਈ ਹੈ,ਕਿਉਂਕਿ ਉਹ ਬਹੁਤ ਵੱਡਾ ਸਟਾਰ ਬਣ ਗਿਆ ਹੈ।ਇਹ ਇਕ ਅਜਿਹਾ ਭਰਮ ਹੈ ਜੋ ਓਂਕਾਰਦਾਸ ਮਾਣਿਕਪੁਰੀ ਦੇ ਦੀ ਸਾਰੀ ਜ਼ਿੰਦਗੀ ਨੂੰ ਤਰਾਸ਼ਦੀ ਭਰੀ ਨਾ ਬਣਾ ਦੇਵੇ।ਤੇ ਭਵਿੱਖ ‘ਚ ਰੱਬ ਨਾ ਕਰੇ ਕਿ ਓਂਕਾਰਦਾਸ ਮਾਣਿਕਪੁਰੀ ਖੁਦ ਇਕ ਖ਼ਬਰ ਬਣੇ।ਇਕ ਦਿਨ ਛੱਤੀਸਗੜ੍ਹ ਦੇ ਕਿਸੇ ਸਥਾਨਕ ਅਖ਼ਬਾਰ ‘ਚ ਛਪੇ-ਇਕ ਸੀ ਨੱਥਾ ਜਿਸਨੇ 2010 ‘ਚ ਬਹੁਤ ਘੱਟ ਬਜਟ ‘ਚ ਬਣੀ ਫਿਲਮ ਪੀਪਲੀ ਲਾਈਵ ‘ਚ ਅਮੀਰ ਖਾਨ ਦੀ ਥਾਂ ਰੋਲ ਅਦਾ ਕੀਤਾ ਸੀ ਤੇ ਉਸ ਫਿਲਮ ਨੇ ਰਿਕਾਰਡ ਬਿਜ਼ਨਸ ਕੀਤਾ ਸੀ।ਅਖ਼ਬਾਰਾਂ ਦੀ ਖ਼ਬਰ ‘ਤੇ ਓਂਕਾਰ ਦਾਸ ਮਾਣਿਕਪੁਰੀ ਦੀ ਆਰਥਿਕ ਮੰਦਹਾਲੀ ‘ਤੇ ਛੱਤੀਸਗੜ੍ਹ ਸਰਕਾਰ 20-25 ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦੇਵੇ।

ਅਮੀਰ ਖਾਨ ਕੋਲ ਭਾਰਤੀ ਸਮਾਜ ਦੀਆਂ ਕਮਜ਼ੋਰੀਆਂ ਦਾ ਚੰਗਾ ਅਧਿਐਨ ਹੈ।ਉਹ ਜਾਣਦੇ ਨੇ ਕਿ ਖੜੋਤ ਦੇ ਇਸ ਦੌਰ ‘ਚ ਜਾਗਰੂਕਤਾ ਤੋਂ ਦੂਰ ਸਮਾਜ ਨੂੰ ਕੀ ਤੇ ਕਿਸ ਤਰ੍ਹਾਂ ਪਰੋਸਿਆ ਤੇ ਵੇਚਿਆ ਜਾ ਸਕਦਾ ਹੈ।ਇਸ ਸੰਦਰਭ ‘ਚ ਉਹਨਾਂ ਦੀਆਂ ਪਿਛਲੀਆਂ ਫਿਲਮਾਂ ਗੌਰਤਲਬ ਹਨ।

ਅਮੀਰ ਖਾਨ ਦੀ ਇਕ ਬਹੁਚਰਚਿਤ ਫਿਲਮ ਹੈ ‘ਤਾਰੇ ਜ਼ਮੀਂ ਪਰ”।ਇਸ ਫਿਲਮ ਦਾ ਹਾਲ ਹੋਰ ਵੀ ਭਿਆਨਕ ਹੈ।ਜਿਸ ‘ਚ ਸਰੀਰਕ ਤੇ ਮਾਨਸਿਕ ਰੂਪ ‘ਚ ਕਮਜ਼ੋਰ ਬੱਚਿਆਂ ਲਈ ਕੋਈ ਥਾਂ ਨਹੀਂ ਹੈ।ਜਦੋਂ ਤੱਕ ਉਹ ਪੇਂਟਿੰਗ ਮੁਕਾਬਲੇ ‘ਚ ਪਹਿਲਾ ਸਥਾਨ ਹਾਸਲ ਨਾ ਕਰ ਲੈਣ।ਪਹਿਲਾ ਥਾਂ ਤਾਂ ਕੋਈ ਇਕ ਹੀ ਪਾ ਸਕਦਾ ਹੈ।ਸਾਰੇ ਨਹੀਂ।ਪੂਰਾ ਸਮਾਜ ਦਾ ਸਹਿਜ ਰੂਪ ‘ਚ ਪਿਆਰਮਈ ਹੋ ਕੇ ਰਹਿ ਸਕਦਾ ਹੈ।ਸ਼ੁਕਰ ਹੈ ਰੱਬ ਦਾ ਕਿ ‘ਤਾਰੇ ਜ਼ਮੀਂ ਪਰ” ‘ਚ ਇਕ ਹੀ ਬੱਚਾ ਅਜਿਹਾ ਸੀ,ਨਹੀਂ ਉਸੇ ਤਰ੍ਹਾਂ ਦੇ ਦੂਜੇ ਬੱਚਿਆਂ ਦਾ ਕੀ ਹੁੰਦਾ।

ਓ ਮੇਰੇ ਯਾਰ ! ਜੇ ਪਹਿਲੇ ਨੰਬਰ ‘ਤੇ ਹੀ ਆਉਣਾ ਹੈ,ਓਥੇ ਹੀ ਪੁੱਜਣਾ ਹੈ,ਜੋ ਸਾਰੇ ਸਮਾਜ ‘ਚ ਪਹਿਲਾਂ ਦੀ ਸਥਾਪਤ ਗੱਲ ਹੈ ਤਾਂ ਐਨੀ ਭਾਵੁਕਤਾ ਕਿਉਂ.?ਇਹ ਵੱਖ ਹੋਣ ਤੇ ਮਨੁੱਖੀ ਹੋਣ ਦਾ ਡਰਾਮਾ ਕਿਉਂ.?ਆਮ ਤੇ ਸਹਿਜ ਜੀਵਨ ਦੀ ਇੱਛਾ ਦਾ ਕੀ ਹੋਵੇਗਾ..? ਉਸਨੂੰ ਕਿੱਥੇ ਥਾਂ ਮਿਲੇਗੀ ..? ਘੱਟੋ ਘੱਟ ਅਮੀਰ ਖਾਨ ਕੋਲ ਤਾਂ ਨਹੀਂ ਹੈ।

ਅਮੀਰ ਖਾਨ ਦੀ ਇਕ ਹੋਰ ਸਫਲ ਫਿਲਮ “ਥਰੀ ਇਡੀਅਟਸ” ਦਾ ਹੀਰੋ ਰੈਂਚੋ ਕਿਵੇਂ ਡਿਗਰੀ ਕਿਸੇ ਦੂਜੇ ਬੰਦੇ ਦੇ ਨਾਂਅ ਕਰਕੇ ਵੀ ਕਿਸ ਤਰ੍ਹਾਂ ਸਭ ਤੋਂ ਵੱਡਾ ਵਿਗਿਆਨਕ,ਸਭ ਤੋਂ ਵੱਡੀ ਕੰਪਨੀ ਦਾ ਮਾਲਕ ਤੇ ਸਭ ਤੋਂ ਦੂਰ ਦਰਾਜ ਦੇ ਤਕਨੀਕੀ ਸਕੂਲ਼ ਦਾ ਨਿਰਦੇਸ਼ਕ ਇਕੋ ਸਮੇਂ ਬਣ ਜਾਂਦਾ ਹੈ।

ਦੇਖਿਆ ਜਾਵੇ ਤਾਂ ਇਹ ਇਕ ਤਰ੍ਹਾਂ ਦਾ ਰੱਬੀ ਚਮਤਕਾਰ ਹੈ,ਜੋ ਭਾਰਤੀ ਲੋਕਾਈ ਦੀ ਕਮਜ਼ੋਰੀ ਹੈ।ਉਹ ਮੁੰਡੇ ਜਿਹੜੇ ਮਿਹਨਤ ਤੋਂ ਭੱਜਦੇ,ਕੰਮਚੋਰ ਤੇ ਅਰਾਜਕ ਹਨ।ਜਿਨ੍ਹਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ,ਉਹਨਾਂ ਲਈ ਇਹ ਫਿਲਮ ਰਾਹਤ ਪੈਕੇਜ ਦੀ ਤਰ੍ਹਾਂ ਹੈ।ਜਿਸ ਉਹਨਾਂ ਦੀਆਂ ਹਰਕਤਾਂ ਜੀਵਤ ਤੇ ਭਵਿੱਖਮਈ ਦਿਖਾਈਆਂ ਗਈਆਂ ਹਨ।ਇਕ ਕੌੜਾ ਸੱਚ ਹੈ ਕਿ ਪੜ੍ਹਾਈ ਛੱਡ ਕੇ ਜਾਂ ਪੂਰੀ ਕਰਕੇ ਵੀ ਨਾ ਤਾਂ ਉਹ ਸਭ ਤੋਂ ਵੱਡੇ ਵਿਗਿਆਨਕ ਬਣਨਗੇ ,ਨਾ ਹੀ ਸਭ ਤੋਂ ਵੱਡੀ ਕੰਪਨੀ ਦੇ ਮਾਲਕ ਤੇ ਨਾ ਹੀ ਸਕੁਲ਼ ਦੇ ਛੋਟੇ ਬੱਚਿਆਂ ਨੂੰ ਦੇਣ ਲਈ ਉਹਨਾਂ ਕੋਲ ਕੁਝ ਹੋਵੇਗਾ,ਜੋ ਉਹ ਦੇ ਸਕਣ।ਉਹ ਬੇਕਾਰ ਮੰਦਹਾਲੀ ‘ਚ ਭਟਕਣੇ ਤੇ ਉਸ ਸਮੇਂ ਉਹਨਾਂ ਨੂੰ ਉਹ ਗਾਣਾ ਯਾਦ ਨਹੀਂ ਆਵੇਗਾ “ਆਲ ਇਜ਼ ਵੈਲ”

ਲੇਖਕ--ਰਾਮ ਕੁਮਾਰ ਤਿਵਾਰੀ

ਰਵੀਵਾਰ ਤੋਂ ਧੰਨਵਾਦ ਸਹਿਤ

Wednesday, August 18, 2010

ਅਜ਼ਾਦੀ ਦਾ 63ਵਾਂ ਤਮਾਸ਼ਾ

ਝੱਲ ਵਲੱਲੀਆਂ
3 ਕਿ 4 ਦਿਨ ਹੋ ਗੇ ਅਜ਼ਾਦੀ ਮਿਲੀ ਨੂੰ….ਓਹ ਸੌਰੀ 63 ਸਾਲ ਤੇ ਤਿੰਨ ਕੇ 4 ਦਿਨ……ਵੈਸੇ ਜਿਹੜੇ ਭੂਗੋਲਿਕ ਖਿੱਤੇ ਦੀ 5 ਕੁ ਫੀਸਦੀ ਜਨਤਾ ਨੇ ਅਜ਼ਾਦੀ 15 ਅਗਸਤ ਨੂੰ ਮਨਾਈ ਐ ਓਹਦੇ ਕਨੂੰਨਾਂ ਮੁਤਾਬਿਕ ਰਿਟਾਇਰਮੈਂਟ ਦੀ ਉਮਰ ਕਿਤੇ 58 ਕਿਤੇ 60 ਸਾਲ ਐ…. ਯਾਨੀ ਜੇ ਕੰਮਕਾਜੀ ਬੰਦੇ ਦੇ ਹਿਸਾਬ ਨਾਲ ਇਹ ਅਜ਼ਾਦੀ ਵੇਖੀਏ ਤਾਂ ਭੈਣ ਅਜ਼ਾਦੀ ਦੀ ਰਿਟਾਇਰਮੈਂਟ ਦਾ ਤੀਜਾ ਜਾਂ ਪੰਜਵਾਂ ਵਰ੍ਹਾ ਮਨਾਉਣਾ ਚਾਹੀਦਾ ਸੀ…ਪਰ ਵਿਚਾਰੀ ਪਈ ਸਿਆਸੀ ਬੰਦਿਆਂ ਦੇ ਵੱਸ ਐ ਜਿਹੜੇ ਕਦੇ ਰਟੈਰ ਏ ਨੀ ਹੁੰਦੇ ਫੇਰ ਅਜ਼ਾਦੀ ਕਿੱਦਾਂ ਬਚ ਕੇ ਲੰਘ ਜੂ…ਮਨਾ ਕੇ ਈ ਛੱਡਣਗੇ..ਸੁਣਿਐ 15 ਅਗਸਤ 1947 ਨੂੰ ਨਹਿਰੂ ਨੇ ਕਾਵਿਕ ਅੰਦਾਜ਼ ‘ਚ ਆਖਿਆ ਸੀ “ਅੱਧੀ ਰਾਤ ਦੀ ਏਸ ਬੇਲਾ ‘ਚ ਜਦੋਂ ਪੂਰੀ ਦੁਨੀਆ ਸੁੱਤੀ ਪਈ ਐ..ਭਾਰਤ ਅਜ਼ਾਦੀ ਦੇ ਨਵੇਂ ਜੀਵਨ ਦੇ ਲਈ ਜਾਗ ਰਿਹੈ..ਇਹ ਇੱਕ ਐਸਾ ਪਲ ਐ ਜਿਹੜਾ ਇਤਿਹਾਸ ‘ਚ ਬਹੁਤ ਦੁਰਲੱਭ ਹੋਵੇਗਾ, ਇੱਕ ਐਸਾ ਪਲ ਜਿਹਦੇ ‘ਚ ਅਸੀਂ ਪੁਰਾਣੇ ਤੋਂ ਨਵੇਂ ‘ਚ ਪਰਵੇਸ਼ ਕਰ ਰਹੇ ਆਂ..ਇੱਕ ਨਵੇਂ ਯੁੱਗ ਦਾ ਆਰੰਭ, ਇੱਕ ਐਸ਼ਾ ਸਮਾਂ ਜਦੋਂ ਵਰ੍ਹਿਆਂ ਤੋਂ ਦੱਬੇ ਹੋਏ ਮੁਲਕ ਦੀ ਆਤਮਾ ਫੇਰ ਜਾਗਣ ਜਾ ਰਹੀ ਐ” ਪਰ ਨਹਿਰੂ ਦੀ ਇਹ ਕਵਿਤਾ ਰੁਲ ਗੀ ਆਰਕਾਈਵ ‘ਚ ਰੱਦੀ ਅਖਬਾਰ ਵਾਂਗ…ਹਾਂ ਜਿਹੜੇ ਪਲ ਨੂੰ ਓਹਨੇ ਦੁਰਲੱਭ ਸ਼ਬਦ ਦਾ ਨਾਂ ਦਿੱਤਾ ਸੀ ਓਹ ਪਲ ਸਾਡੇ ਜੋਗਾ ਤਾਂ ਨੋਨ-ਐਗਜ਼ਿਸਟੈਂਟ ਜਿਹਾ ਹੋ ਗਿਆ.. ਹੋਂਦ ਏ ਨੀ ਹੈ..ਸਰਕਾਰ ਦੇ ਭਾਰਤ ਦੀ ਤਰੱਕੀ ਦੇ ਦਾਅਵੇ 8 ਤੋਂ 10% ਦੇ ਨੇ ਤੇ ਬਾਬਾ ਬਲਾਕਰ ਸਿਓਂ ਡਕੌਂਦਾ ਸਾਰੀ ਉਮਰ ਇਹ ਪੁੱਛਦਾ ਈ ਮਰ ਗਿਆ ਕਿ ਫੇਰ 250% ਜਾਂ 350% ਸਲਾਨਾ ਦੀ ਤਰੱਕੀ ਵਾਲੇ ਟਾਟੇ ਜਾਂ ਅੰਬਾਨੀ ਕਿਹੜੇ ਮੁਲਕ ਦੇ ਹੋਏ ਭਲਾ…. ਕਿਓਂਕਿ ਓਹਨਾਂ ਦਾ ਐਗਰੀਕਲਚਰ ਇੰਡੈਕਸ ਤੇ ਸਾਡੀ ਵਿਚਾਰੀ ਖੇਤੀ ਖਸਮਾਂ ਸੇਤੀ ਤਾਂ ਵਧੀ 4% ਵੀ ਨਾਂ.. ਖੇਤ ਮਜ਼ਦੂਰਾਂ ਦੀ ਤਾਂ ਨਾ ਈ ਪੁੱਛੋ… ਏਨਾ ਸੱਚ ਸਾਡੀ ਜਮੀਰ ਤੋਂ ਹਜ਼ਮ ਏ ਨੀ ਹੋਣਾ ਜਿੰਨਾ ਕੌੜਾ ਓਹਨਾਂ ਦਾ ਹੈਗਾ..ਇਹ ਭੂਗੋਲਿਕ ਖਿੱਤਾ ਹਾਲੇ ਵੀ ਦੁਨੀਆ ਦੇ ਸਭ ਤੋਂ ਵੱਧ ਗ਼ਰੀਬ ਲੋਕਾਂ ਦਾ, ਸਭ ਤੋਂ ਵੱਧ ਅਨਪੜ੍ਹ ਲੋਕਾਂ ਦਾ, ਸਭ ਤੋਂ ਵੱਧ ਬਿਮਾਰ ਤੇ ਕਮਜ਼ੋਰੀ ਦੇ ਮਾਰੇ ਲੋਕਾਂ ਦਾ ਘਰ ਐ।

ਯੂ.ਐੱਨ.ਡੀ.ਪੀ ਦੇ ਵਿਕਾਸ ਦੇ ਸੂਚਕਅੰਕ ਵਾਲੇ ਖਾਨੇ ‘ਚ 134ਵੇਂ ਨੰਬਰ ‘ਤੇ ਖੜ੍ਹਿਆ, ਦਾਅਵੇ ਦੁਨੀਆ ਜਿੱਤਣ ਦੇ।ਅੱਜ ਕੱਲ ਸੱਚ ਖ਼ਾਤਰ ਲੜਣ ਵਾਲੀ ਨਵੀਂ ਪੀੜੀ ਪੈਦਾ ਹੋਈ ਐ, ਵਿਸਲਬਲੋਅਰਾਂ ਤੇ ਆਰ.ਟੀ.ਆਈ ਐਕਟੀਵਿਸਟਾਂ ਦੀ ਓਹ ਕਮਲੇ ਸਮਝਦੇ ਨੇ ਕਨੂੰਨ ਬਣ ਗਿਆ, 10 ਰੁ ਦੀ ਪਰਚੀ ਕਟਾਓ, ਅਰਜ਼ੀ ਦਿਓ ਤੇ ਸੱਚ ਸਾਹਮਣੇ ਆ ਜੂ…. ਭੋਲਿਆਂ ਨੂੰ ਬਾਅਦ ’ਚ ਪਤਾ ਲੱਗਦੈ ਬਈ ਜੇ ਅਗਲਿਆਂ ਨਾਂ ਜਾਣਕਾਰੀ ਦਿੱਤੀ ਤਾਂ ਸੁਣਵਾਈ ਆਲਾ ਕਮਿਸ਼ਨਰ ਵੀ ਤਾਂ ਸਰਕਾਰ ਦਾ ਈ ਬਠਾਲਿਆ ਵੈ।ਫੇਰ ਵੀ ਮਾਂ ਦੇ ਪੁੱਤ ਹੰਭਲਾ ਮਾਰੀ ਜਾਂਦੇ ਤੇ ਅਗਲੇ ਇਹਨਾਂ ਨੂੰ ਜਾਨੋਂ ਮਾਰੀ ਜਾਂਦੇ ਐ, 7 ਮਹੀਨਿਆਂ ‘ਚ 20 ਕਾਤਲਾਨਾ ਹਮਲੇ, 9 ਕਤਲ।ਪਿਛਲੇ ਦਿਨੀ ਕਿਸੇ ਫਿਲਮ ਦੇ ਗਾਣੇ ‘ਚ ਵੱਜੀ ਜਾਂਦਾ ਸੀ ਕਿ ਇਸ ਮੁਲਕ ‘ਚ ਬੋਲਣ ਦੀ ਅਜ਼ਾਦੀ ਤਾਂ ਹੈ, ਪਰ ਬੋਲਣ ਤੋਂ ਬਾਅਦ ਅਜ਼ਾਦੀ ਨੀਂ ਹੈ….. ਨਹੀਂ ਮੰਨਦੇ ਤਾਂ ਤਸਲੀਮਾ ਨਸਰੀਨ ਨੂੰ ਪੁੱਛ ਲੋ, ਅਰੰਧਤੀ ਨੂੰ ਪੁੱਛ ਲੋ, ਗਿਲਾਨੀ ਨੂੰ ਪੁੱਛ ਲੋ, ਦੱਖਣ ‘ਚ ਭਗਤ ਸਿੰਘ ਨੂੰ ਪਰਚਾਰੀ ਜਾਂਦੇ ਬਾਬੇ ਗਦਰ ਤੋਂ ਪੁੱਛ ਲੋ ਪਿੰਡੇ ‘ਚ ਗੋਲੀਆਂ ਲੈ ਕੇ ਘੁੰਮਦੈ, ਨਹੀਂ ਤਾਂ ਫੇਰ ਧਰਤੀ ਉਤਲੇ ਸਵਰਗ ‘ਚ ਕਿਸੇ ਨੂੰ ਫੂਨ ਲਾ ਲੋ, ਅਗਲਿਆਂ ਦੀ ਅਜ਼ਾਦੀ ਦਾ ਕੱਦੂ ਕੀਤਾ ਪਿਐ ...65 ਦਿਨਾਂ ‘ਚ 60 ਲਾਸ਼ਾਂ ਡੇਗ ਕੇ, ਆਹ ਵੱਡੀਆਂ ਕਾਰਪੋਰੇਸ਼ਨਾਂ ਦੀ ਹਰ ਮਰਜ਼ ਦਾ ਇੱਕੋ ਡਾਕਟਰ ਮਨਮੋਹਨ ਸਿੰਘ ਵਿਚਾਰੇ ਲੇਹ ਦੇ ਹੜ੍ਹ ਮਾਰਿਆਂ ਦਾ ਹਾਲ ਪੁੱਛਣ ਤਾਂ ਚਲਿਆ ਗਿਆ ।ਨਾਲੇ ਫੋਟੂਆਂ ਖਿਚਾਉਣ ਤੇ ਵਿਚਾਰੇ ਓਹਨਾਂ ਸੱਠਾਂ ‘ਚੋਂ ਕਿਸੇ ਦਾ ਹਾਲ ਵੀ ਪੁੱਛ ਲੈਂਦਾ, ਸ਼੍ਰੀਨਗਰ ਵੱਲ ਜਹਾਜ਼ ਮੋੜ ਕੇ।

ਕਿਸਾਨਾਂ ਤੇ ਪਿੰਡਾਂ ਦਾ ਮੁਲਕ ਐ ਇਹ ਤੇ ਲੱਖਾਂ ਦੀ ਗਿਣਤੀ ਓਹਨਾਂ ਦੀ ਐ ਜਿਹੜੇ ਵਾਹੀ ਖੇਤੀ ਦੀ ਤਕਨੀਕ ਦੇ ਪੁਸ਼ਤਾਂ ਦੇ ਵਾਰਸ ਹੋਣ ਦੇ ਬਾਵਜੂਦ ਤੇ ਦੁਨੀਆ ‘ਚ ਸਭ ਤੋਂ ਵਧੀਆ ਓਰਗੈਨਿਕ ਖੇਤੀ ਦੀ ਪੈਦਾਵਾਰ ਦੀ ਕਾਬਲੀਅਤ ਰੱਖਦੇ ਹੋਣ ਬਾਵਜੂਦ ਕਿਸੇ ਮਾਲ ਜਾਂ ਸ਼ੌਅਰੂਮ ਦੀਆਂ ਇੱਟਾਂ ਢੋਣ ਲੱਗੇ ਹੁੰਦੇ ਆ, ਤੇ ਇਹ ਇਮਾਰਤ ਬਣੂ ਵੀ ਓਹਨਾਂ ਦੇ ਵਿਰਸੇ ਦੀ ਕਬਰ ‘ਤੇ। ਲਾਲਗੜ੍ਹ, ਸਿੰਗੂਰ ਜਾਂ ਬਰਨਾਲਾ ਘਰੋ-ਘਰੀ ਉੱਬਲ ਰਿਹੈ। ਪਰ ਬਹੁਤੇ ਥਾਈਂ ਧੌਲਿਆਂ ਝਾਟਿਆਂ ‘ਚ ਈ ਉਬਾਲ ਨਜ਼ਰ ਆਉਂਦੈ, ਕਿੰਨੇ ਕੁ ਕਿਾਸਨ ਧਰਨਿਆਂ ‘ਤੇ ਜੁਆਨ ਮੁੰਡੇ ਨਜ਼ਰ ਆਉਂਦੇ ਨੇ, ਓਹ ਤਾਂ ਜਾਂ ਲੰਡੀਆਂ ਜੀਪਾਂ ‘ਤੇ ਹੂਟੇ ਲੈ ਰਹੇ ਨੇ ਤੇ ਜਾਂ ਆਇਓਡੈਕਸ ਵਾਲੀ ਬਰੈੱਡ ਖਾਂ ਕੇ ਫੈਂਸੀ ਪੀ ਕੇ ਟੱਲੀ।ਝਾਰਖੰਡ, ਛੱਤੀਸਗੜ੍ਹ, ਉੜੀਸਾ ਤੇ ਬਿਹਾਰ ਅਵਾਜ਼ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਪਰ ਸਰਕਾਰ ਲਈ ਤਾਂ ਜਿਹੜੇ ਬੋਲ ਪਏ ਓਹੀ ਮਾਓਵਾਦੀ ਨੇ, ਏਧਰ ਸਾਡੇ ਲਈ ਤਾਂ ਸਾਲੇ ਸਾਰੇ ਈ ਭੱਈਏ ਨੇ। ਭਾਂਵੇਂ ਇਹਨਾਂ ਤੋਂ ਦਿਹਾੜੀ ਦੱਪਾ ਕਰਾ ਕੇ ਉਗਾਇਆ ਅਰਬਾਂ ਦਾ ਕਣਕ, ਚੌਲ ਏਧਰਲੇ ਗੁਦਾਮਾਂ ‘ਚ ਸੜ ਜੇ ਨਾਂ ਸਰਕਾਰ ਚਕਾਊ ਆਪਣੀਆਂ ਈ ਰੇਲਾਂ ਰਾਹੀਂ ਤੇ ਨਾਂ ਕੋਈ ਪ੍ਰਬੰਧਕ ਕਮੇਟੀ ਧਰਮ ਦੇ ਨਾਂ ‘ਤੇ ਮਦਦ ਦੀ ‘ਵਾਜ ਮਾਰੂ ਮੁਲਕ ਦੇ ਸਭ ਤੋਂ ਵੱਡੇ ਟਰਾਂਸਪੋਟਰਾਂ ਨੂੰ।
ਇੰਜੀਨੀਅਰ, ਡਾਕਟਰ, ਵਿਗਿਆਨੀ, ਵਿਦਿਆਰਥੀ, ਬੁੱਧੀਜੀਵੀ ਅਕਲ ਨੁੰ ਹੱਥ ਮਾਰਨ ਦੀ ਥਾਵੇਂ ਬੋਝੇ ‘ਚ ਹੱਥ ਮਾਰ ਕੇ ਦੱਖਣਾ ਕੱਢ ਕੇ ਪੰਡਤ, ਤਾਂਤਰਿਕ, ਬਾਬਿਆਂ, ਸੁਆਮੀਆਂ, ਸੰਤਾਂ ਜਾਂ ਡੇਰੇਦਾਰਾਂ ਤੋਂ ਕੰਮ ਜਾਂ ਘਰ ਦਾ ਰਾਹ ਪੁੱਛਦੇ ਨੇ ਤੇ ਵਿਗਿਆਨਕ ਸੋਚ ਫੈਲਾਉਣਾ ਸੁਣਿਐ ਸਾਡੇ ਸੰਵਿਧਾਨ ‘ਚ ਜਿੰਮੇਵਾਰੀ ਵਾਲੀ ਥਾਂ ਲਿਖਿਐ।ਪੰਜ ਪਾਣੀਆਂ ਦੀ ਧਰਤੀ ਦੇ ਪੁੱਤ ਕਚਹਿਰੀਆਂ ‘ਚ ਮੇਲੇ ਲਾ ਕੇ ਖੁਸ਼ ਨੇ, ਜਿਹਨਾਂ ਹਲ ਪੰਜਾਲੀ ਚੁੱਕ ਕੇ ਕ੍ਰਾਂਤੀ ਕਰਨੀ ਸੀ ਜਾਂ ਸਰਵਣ ਪੁੱਤਾਂ ਵਾਲੀਆਂ ਆਸਾਂ ਪੂਰੀਆਂ ਕਰਨੀਆਂ ਸੀ ਓਹ ਰਿਵਾਲਰ ਰਫਲਾਂ ਚੁੱਕ ਕੇ ਲੋਕਾਂ ਦੀਆਂ ਦੀਆਂ ਭੈਣਾਂ ਘੂਰਨ ਦੇ ਸ਼ੁਕੀਨ ਹੋਏ ਨੇ।ਇਹਨਾਂ ਦੇ ਮੋਢਿਆਂ ‘ਤੇ ਬੰਦੂਕਾਂ ਰੱਖ ਕੇ ਈ ਅਗਲੇ ਭੈਣ ਅਜ਼ਾਦੀ ਦੀ ਛਾਤੀ ‘ਚ ਗੋਲੀਆਂ ਮਾਰੀ ਜਾਂਦੇ ਨੇ, ਤੇ ਫੇਰ ਪੰਥ ਨੂੰ ਪਏ ਸਦੀਵੀ ਖਤਰੇ ਵਾਂਗ ਮੁਲਕ ਦੀ ਅੰਦਰੂਨੀ ਸੁਰੱਖਿਆ ਦੇ ਖਤਰਿਆਂ ਦੇ ਹੱਲ ਭਾਲੇ ਜਾਂਦੇ ਨੇ। ਹੋਰ ਮਹਿੰਗੀਆ ਤੇ ਹੋਰ ਵੱਡੀਆਂ ਬੰਦੂਕਾਂ ਖ਼ਰੀਦ ਕੇ।ਕੋਈ ਇੱਕ ਨੀ ਐਹੋ ਜਿਹਾ ਕਰੱਪਟ ਨੇਤਾ ਜਿਹੜਾ ਕਨੂੰਨ ਦੇ ਅੜਿੱਕੇ ਆਇਆ ਹੋਵੇ ਤੇ ਅਦਾਲਤਾਂ ਓਸਨੁੰ ਵਹ ਕੇ ਰੱਖ ‘ਤਾ ਹੋਵੇ। ਤੁਸੀ ਕਿਸੇ ਸ਼ੋਅਰੂਮ ‘ਚੋਂ ਨੀਕਰ ਚੋਰੀ ਕਰੋ, ਝੱਟ ਸਜ਼ਾ ਹੋ ਜੂ।
ਸੁਣਿਐ ਭਗਤ ਸਿੰਘ ਨੇ ਆਖਿਆ ਸੀ ਕਿ ਬਈ ਜੇ ਹਾਕਮ ਗੋਰੇ ਚਲੇ ਗੇ ਤੇ ਕਾਲੇ ਜਾਂ ਭੁਰੇ ਆ ਗੇ ਤਾਂ ਕੋਈ ਫਰਕ ਨੀਂ ਪੈਣਾ, ਅਜ਼ਾਦੀ ਤਾਂ ਜੇ ਲੋਕਾਂ ਦਾ ਰਾਜ ਹੋਊ… ਹੁਣ ਜੇ ਅੱਜ ਅਜ਼ਾਦੀ ਐ ਤਾਂ ਓਹ ਗ਼ਲਤ ਸੀ….. ਪਰ ਕਿਓਂਕਿ ਭਗਵੇ, ਨੀਲੇ, ਲਾਲ ਤੇ ਚਿੱਟੇ ਸਾਰਿਆਂ ਦਾ ਈ ਓਹ ਹੀਰੋ ਆ ਤਾਂ ਓਹ ਕੁਛ ਸਹੀ ਹੋਊਗਾ। ਫੇਰ ਅਜ਼ਾਦੀ ਆਲੀ ਗੱਲ ਝੂਠੀ ਐ ਬਾਈ……………………………..ਐਵੇਂ ਫੂੱਦੂ ਨਾਂ ਬਣਾਈ ਜਾਓ।

ਦਵਿੰਦਰ ਪਾਲ
ਪੀ ਟੀ ਸੀ ਨਿਊਜ਼

Monday, August 16, 2010

ਗਾਮੀ ਦੀ ਮੌਤ ਖੁਦਕੁਸ਼ੀ ਨਹੀਂ ਕਤਲ ਹੈ।

ਮਿਡਲ ਕਲਾਸ "ਜਾਅਲੀ" ਹੈ--ਸੈਮੂਅਲ ਜੌਹਨ,ਪ੍ਰਕਾਸ਼

ਉੱਚ ਜਾਤੀ ਦਾ ਚਾਹੇ ਜਿੱਡਾ ਮਰਜ਼ੀ ਕਾਮਰੇਡ ਹੋਵੇ ਪਰ ਪਿਛੋਕੜ ਉਸਦਾ ਪਿੱਛਾ ਨਹੀਂ ਛੱਡਦਾ।

ਹੋ ਸਕਦਾ ਆਉਣ ਵਾਲਾ ਸਮਾਂ ਕਾਮਰੇਡਾਂ ਨੂੰ ਮਾਫ਼ ਨਾ ਕਰੇ----ਪ੍ਰਕਾਸ਼

ਮੈਂ 9 ਅਗਸਤ ਨੂੰ ਸੁਰਜੀਤ ਗਾਮੀ ਦੇ ਸਰਧਾਂਜਲੀ ਸਮਾਗਮ ‘ਤੇ ਗਿਆ ।ਸਮਾਗਮ ਇੱਕ ਵੱਡੇ ਸਾਰੇ ਹਾਲ ‘ਚ ਰੱਖਿਆ ਗਿਆ ਸੀ। ਹਾਲ ਦੇ ਵੱਡੇ ਗੇਟ ‘ਚ ਵੜਦਿਆ ਸਾਰ ਹੀ ਸੁਰਜੀਤ ਗਾਮੀ ਦੀ ਵੱਡੀ ਸਾਰੀ ਤਸਵੀਰ ਰੱਖੀ ਹੋਈ ਸੀ, ਜਿਸਨੂੰ ਦੇਖ ਕੇ ਮਨ ਭਾਵੁਕ ਹੋ ਜਾਦਾ ਹੈ, ਪਿਛਲੀਆ ਮਿਲਨੀਆਂ ਤਾਜ਼ਾ ਹੋ ਜਾਂਦੀਆਂ ਹਨ ਇਸ ਤਰ੍ਹਾਂ ਲਗਦਾ ਹੈ, ਜਿਵੇਂ ਸੁਰਜੀਤ ਗਾਮੀ ਜੱਫੀ ਪਾਕੇ ਮਿਲਨਾ ਚਾਹੁੰਦਾ ਹੋਵੇ, ਗਾਮੀ ਨੂੰ ਯਾਦ ਕਰਦਾ-ਕਰਦਾ ਮੈਂ ਹਾਲ ਦੇ ਅੰਦਰ ਜਾਂਦਾ ਹਾਂ, ਉ¤ਥੇ ਸਰਧਾਂਜਲੀ ਸਮਾਗਮ ਦੇ ਗੀਤ ਚਲ ਰਹੇ ਹਨ, ‘ਮੇਰੀ ਮੌਤ ‘ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ’, ‘ਉਹ ਹਟਾਉਂਦੇ ਨੇ ਮੈਨੂੰ ਗੀਤ ਗਾਉਣ ਤੋਂ’ ‘ਹੈ ਰਾਜ ਲੁਟੇਰਿਆਂ ਦਾ’ ਅਤੇ ਹੋਰ ਗੀਤਾਂ ਨਾਲ ਗਾਮੀ ਨੂੰ ਸਰਧਾਂਜਲੀ ਦਿੱਤੀ ਜਾ ਰਹੀ ਹੈ, ਵੱਖੋ-ਵੱਖਰੇ ਬੁਲਾਰੇ ਬੋਲੀ ਜਾ ਰਹੇ ਹਨ, ਸੁਰਜੀਤ ਗਾਮੀ ਦੇ ਕੌੜੇ-ਮਿੱਠੇ ਤਜ਼ਰਬੇ ਲੋਕਾਂ ਨਾਲ ਸਾਂਝੇ ਕਰ ਰਹੇ ਹਨ, ਕੋਈ ਬੁਲਾਰਾ ਕਹਿੰਦਾ ਹੈ, ਕਿ ਗਾਮੀ ਇੱਕ ਅਜਿਹਾ ਕਲਾਕਾਰ ਸੀ ਜੋ ਹਰ ਔਖੀ ਤੋਂ ਔਖੀ ਗੱਲ ਨੂੰ ਸੌਖਿਆ ਪੇਸ਼ ਕਰ ਦਿੰਦਾ ਸੀ, ਪ੍ਰਸਿੱਧ ਨਾਟਕਕਾਰ ਅਜਮੇਰ ਔਲਖ ਜੀ ਸਟੇਜ ਦੀ ਬਣਦੀ ਭੂਮਿਕਾ ਨਿਭਾ ਰਹੇ ਸਨ, ਅਖੀਰ ‘ਤੇ ਸੈਮੁਅਲ ਜੌਹਨ ਦਾ ਨਾਟਕ ਬਾਗਾਂ ਦਾ ਰਾਖਾ ਖੇਡਿਆ ਜਾ ਰਿਹਾ ਸੀ, ਉਸ ਨੂੰ ਦੇਖਦਿਆਂ ਮੁੜ-ਮੁੜ ਗਾਮੀ ਨਾਲ ਹੋਈਆਂ ਗੱਲਾਂਬਾਤਾਂ ਬਾਰੇ ਸੋਚੀ ਜਾ ਰਿਹਾ ਸੀ


ਜਦੋਂ ਮੈਂ ਮਾਨਸਾ ਬਸ ਸਟੈਂਡ ਕੋਲ ਗਾਮੀ ਦੇ ਸਾਥੀ ਤਰਸੇਮ ਰਾਹੀ ਨੂੰ ਮਿਲਿਆ, ਹਾਲਾਂ ਕਿ ਮੈਨੂੰ ਇਹਨਾਂ ਦੋਵਾਂ ਬਾਰੇ ਇਹਨਾਂ ਕੁ ਪਤਾ ਚੱਲਿਆ ਸੀ ਕਿ ਇਹ ਸ਼ਰਾਬ ਪੀਂਦੇ ਹਨ ਉਂਝ ਬੰਦੇ ਵਧੀਆ ਹਨ, ਉਸ ਨੇ ਮੈਨੂੰ ਗਾਮੀ ਨਾਲ ਜਾਣ-ਪਛਾਣ ਕਰਵਾਈ, ਉਸ ‘ਤੋਂ ਬਾਅਦ ਕਦੇ ਆਉਂਦੇ-ਜਾਂਦੇ ਮਿਲ ਜਾਦੇ ਸੀ, ਇੱਕ ਵਾਰ ਮਾਨਸਾ ‘ ਗਾਮੀ ਹੋਰਾਂ ਦੀ ਅਗਵਾਈ ‘ਚ ਸਤਨਾਮ ਦੇ ਲਿਖੇ ਸਫ਼ਰਨਾਮੇ ‘ਜੰਗਲਨਾਮਾ’ ਉਪਰ ਗੋਸ਼ਟੀ ਕਰਵਾਈ ਸੀ, ਅਖਬਾਰਾਂ ਵਿੱਚ ਉਸ ਵਲੋਂ ਚੁਰਾਸਤਿਆਂ ਜਾਂ ਮੁਹੱਲਿਆਂ ਵਿੱਚ ਖੇਡੇ ਜਾਂਦੇ ਨਾਟਕਾਂ ਬਾਰੇ ਪੜ•ਨ ਨੂੰ ਜਰੂਰ ਮਿਲ ਜਾਂਦਾ, ਜਦੋਂ ਮੈਂ ਇੱਕ ਦਿਨ ਮਿੱਟੀ ਫਿਲਮ ਦੇਖ ਰਿਹਾ ਸੀ ਤਾਂ ਉਸ ਵਿੱਚ ਗਾਮੀ ਦੇ ਟੁੰਡੇ ਦੇ ਪਿਉ ਦੇ ਕੀਤੇ ਗਏ ਰੋਲ ‘ਚ ਦੇਖਿਆ, ‘‘...ਓਏ ਜੱਟਾਂ ਨੇ ਤੈਨੂੰ ਮੂਹਰੇ ਕਰਕੇ ਮਰਵਾ ਦੇਣਾ,..ਨਾ ਜੇ ਜ਼ਮੀਨ ਮਿਲੂ ਤਾਂ ਜੱਟਾਂ ਨੂੰ ਮਿਲੂ, ਏਹ ਤੀਏ ਤਿੱਖੜੇ ਭੜੂਆ ਪੂੰਛ ਚੁੱਕੀ ਫਿਰਦਾ...।’’

ਉਸ ਤੋਂ ਬਾਅਦ ਗਾਮੀ ਨਾਲ ਮੇਰੀ ਮੁਲਾਕਾਤ ਮੇਰੇ ਰਿਸ਼ਤੇਦਾਰ ਦੇ ਪਿਉ ਦੇ ਭੋਗ ‘ਤੇ ਹੋਈ, ਉੱਥੇ ਇੱਕ ਪੁਰਾਣਾ ਕਾਮਰੇਡ ਪਹੁੰਚਿਆ ਸੀ ਜੋ ਕਿਸੇ ਵੇਲੇ ਮਾਰਕਸਵਾਦ ਨੂੰ ਵੀ ਛੱਡ ਗਿਆ ਸੀ, ਜਦੋਂ ਅਸੀਂ ਮਿੱਟੀ ਫਿਲਮ ਬਾਰੇ ਗੱਲ ਕਰ ਰਹੇ ਸੀ ਤਾਂ ਗਾਮੀ ਨੂੰ ਨਿਹੋਰਾ ਮਾਰਿਆ, ‘‘... ਫਿਲਮ ਵਿੱਚ ਤਾਂ ਹੀਰੋ ਤੈਨੂੰ ਹੋਣਾ ਚਾਹੀਦਾ ਸੀ।’’ ਕਿਉਂਕਿ ਗਾਮੀ ਦਲਿਤ ਪਰਿਵਾਰ ‘ਚੋਂ ਸੀ ਇਸ ਸਾਬਕਾ ਕਾਮਰੇਡ ‘ਚ ਹਾਲੇ ਜੱਟਵਾਦ ਨੇ ਕਬਜ਼ਾ ਕੀਤਾ ਹੋਇਆ ਸੀ, ਇਸ ਕਰਕੇ ਗਾਮੀ ਨੂੰ ਚਿੜਾ ਰਿਹਾ ਸੀ, ਗਾਮੀ ਨੇ ਮੈਨੂੰ ਬਾਅਦ ਵਿੱਚ ਕਿਹਾ,‘‘..ਫਿਲਮ ਵਿੱਚ ਇਸ ਗੱਲ ਨੂੰ ਬੜੇ ਵਧੀਆ ਢੰਗ ਨਾਲ ਪੇਸ਼ ਕੀਤਾ ਕਿ ਜਦੋਂ ਕੋਈ ਜੱਟ ਮਰ ਜਾਂਦਾ ਹੈ ਤਾਂ ਉੱਥੇ ਕਿੰਨੇ ਲੋਕ ਇਕੱਠੇ ਹੋ ਜਾਂਦੇ ਨੇ, ਪਰ ਜਦੋਂ ਇੱਕ ਮਜ਼ਦੂਰ ਜੱਟਾਂ ਦੀ ਲੜਾਈ ‘ਚ ਮਾਰਿਆ ਜਾਵੇ ਤਾਂ ਕੋਈ ਉਸਨੂੰ ਰੋਣ ਤੱਕ ਨੀਂ ਆਉਂਦਾ...’’ ਬੇਸ਼ੱਕ ਉਸਦੀ ਗੱਲ ‘ਚ ਕਾਫੀ ਸਚਾਈ ਸੀ, ਕੋਈ ਉੱਚ ਜਾਤੀ ਦਾ ਚਾਹੇ ਜਿਡਾ ਮਰਜੀ ਕਾਮਰੇਡ ਹੋਵੇ ਪਰ ਉਸਦਾ ਪਿਛੋਕੜ ਉਸਦਾ ਪਿੱਛਾ ਨਹੀਂ ਛੱਡਦਾ, ਗਾਮੀ ਨੇ ਆਪਣੀ ਬਣਾਈ ਹੋਈ ਨਾਟਕ-ਟੀਮ ਬਾਰੇ ਵੀ ਜਾਣ ਪਛਾਣ ਕਰਵਾਈ


ਉਸ ‘ਤੋਂ ਕੁਝ ਦਿਨ ਬਾਅਦ ਗਾਮੀ ਦਾ ਫੋਨ ਆਇਆ
ਉਸਨੇ ਮੈਨੂੰ ਮਿਲਨ ਲਈ ਕਿਹਾ। ਮੈਂ ਪੁੱਛਦਾ-ਪੁੱਛਦਾ ਘਰ ਪਹੁੰਚਿਆ ਉਸਦਾ ਘਰ ਗਲੀ ਵਿੱਚ ਕੱਚੀਆਂ ਇੱਟਾਂ ਦਾ, ਗਾਰੇ ‘ਚ ਚਿਨਾਈ ਕੀਤੀ ਹੋਈ ਸੀ, ਖਾਲੀ ਟੱਪਣ ਦੇ ਨਾਲ ਹੀ ਉਸਦੇ ਖ¤ਬੇ ਹੱਥ ਕੱਚੀਆਂ ਇੱਟਾਂ ਦਾ ਬਣਿਆ ਛੋਟਾ ਜਿਹਾ ਗੁਸ਼ਲਖਾਨਾ ਸੀ, ਸਾਹਮਣੇ ਚੁੱਲ•ਾ ਸੀ, ਗੁਸ਼ਲਖਾਨੇ ਦੇ ਕੋਲ ਫਰਸ਼ ‘ਤੇ, ਤੇੜ ਪਰਨਾ ਪਾਈ ਖੜਾ ਗਾਮੀ ਨਹਾ ਰਿਹਾ ਸੀ, ਉਸਨੇ ਨਹਾਉਂਦੇ-ਨਹਾਉਂਦੇ ਨੇ ਮੇਰੇ ਨਾਲ ਹੱਥ ਮਿਲਾਕੇ ਅੰਦਰ ਕਮਰੇ ‘ਚ ਬੈਠਣ ਲਈ ਕਿਹਾ। ਮੈਂ ਅੰਦਰ ਗਿਆ ਤਾਂ ਇੱਕ ਖੂੰਜੇ ‘ਚ ਡਬਲਬੈ¤ਡ ‘ਤੇ ਇੱਕ ਮੰਜਾ ਪਿਆ ਸੀ, ਸਾਹਮਣੇ ਖੂੰਜੇ ‘ਚ ਫਰਿੱਜ, ‘ਤੇ ਉਪਰ ਸੈੱਲਫ ‘ਤੇ ਇੱਕ ਟੀ.ਵੀ. ਚੱਲ ਰਿਹਾ ਸੀ ਉਸ ‘ਤੇ ਖਬਰ ਆ ਰਹੀ ਸੀ ਕਿ ਪ੍ਰਧਾਨ ਮੰਤਰੀ ਨੇ ਨਕਸਲੀ ਸਮੱਸਿਆ ਨਾਲ ਨਜਿੱਠਣ ਲਈ ਵੱਖ-ਵੱਖ ਰਾਜਾਂ ਦੀ ਮੀਟਿੰਗ ਬੁਲਾਈ ਹੋਈ ਹੈ, ਗਾਮੀ ਆਕੇ ਬੈੱਡ ‘ਤੇ ਬੈਠਦਿਆਂ ਹਾਲ-ਚਾਲ ਪੁੱਛਿਆ, ਸਾਡੀਆਂ ਗੱਲਾਂਬਾਤਾਂ ਹੁੰਦੀਆ ਦੇ ਵਿਚਕਾਰ ਦੀ ਜਦੋਂ ਟੀ.ਵੀ. ‘ਤੇ ਨਕਸਲੀਆਂ ਨਾਲ ਸਬੰਧਤ ਕੋਈ ਖਬਰ ਆਉਂਦੀ ਤਾਂ ਗੱਲਬਾਤ ਬੰਦ ਕਰਕੇ ਪੂਰੇ ਧਿਆਨ ਨਾਲ ਖਬਰ ਸੁਣਨ ਬਾਅਦ ਉਸਨੇ ਕਿਹਾ,‘‘... ਮੈਂ ਗਰੀਨ ਹੰਟ ਉੱਪਰ ਇੱਕ ਨਾਟਕ ਲਿਖਿਆ ਹੈ, ਜਿਸ ਵਿੱਚ ਇੱਕ ਪਾਸੇ ਸਰਮਾਏਦਾਰ, ਪੂੰਜੀਪਤੀ ਤੇ ਉਹਨਾਂ ਦੇ ਚਹੇਤੇ ਮਨਮੋਹਨ ਸਿੰਘ ਅਤੇ ਉਸਦੀ ਜੁੰਡਲੀ ਜੋ ਆਦਿਵਾਸੀ ਲੋਕਾਂ ਦੇ ਖਜ਼ਾਨਿਆਂ ਦੀ ਲੁੱਟ ਕਰਨਾ ਚਾਹੁੰਦੀ ਹੈ ਅਤੇ ਉਹਨਾਂ ਦੀ ਰੱਖਿਆ ਲਈ ਗਰੀਬੀ ਅਤੇ ਥੁੜ•ਾਂ ਦੇ ਮਾਰੇ ਪੁਲੀਸ ਦੇ ਜਵਾਨ ਦਿਖਾਏ ਨੇ, ਅਤੇ ਦੂਸਰੇ ਪਾਸੇ ਅਤਿ ਗਰੀਬ ਆਦਿਵਾਸੀ ਅਤੇ ਉਹਨਾ ਨਾਲ ਇੱਕ-ਮਿੱਕ ਹੋਏ ਮਾਓਵਾਦੀ ਦਿਖਾਏ ਨੇ,…ਜਿਹੜੇ ਆਦਿਵਾਸੀਆਂ ਦੀ ਦੌਲਤ ਨੂੰ ਬਚਾਉਣਾ ਚਾਹੁੰੇਦੇ ਨੇ...’’ ਉਸਨੇ ਨਾਟਕ ਬਾਰੇ ਦਸਦੇ ਨੇ ਮੇਰੇ ਸਾਹਮਣੇ ਸਵਾਲ ਖੜਾ ਕੀਤਾ,‘‘... ਮੈਂ ਹੁਣ ਜਾਕੇ ਚੌਂਕ ‘ਚ ਇਹ ਨਾਟਕ ਖੇਡਦਾਂ .. ਕੀ ਤੂੰ ਮੇਰੇ ਬੱਚਿਆਂ ਨੂੰ ਸਾਂਭਣ ਦੀ ਜ਼ਿੰਮੇਂਵਾਰੀ ਲੈ ਸਕਦਾਂ?’’ ਮੈਂ ਹੈਰਾਨ ਹੁੰਦੇ ਨੇ ਕਿਹਾ,‘‘ਬਾਈ! ਮੈਂ ਤਾਂ ਨੀ ਲੈ ਸਕਦਾ ਜ਼ਿੰਮੇਂਵਾਰੀ।’’ ਮੈਂ ਸੋਚਿਆ ਜਦ ਇਨਕਲਾਬ ਕਰਨ ਵਾਲੀਆਂ ਪਾਰਟੀਆਂ ਇਸ ਕਲਾਕਾਰ ਨੂੰ ਸਾਂਭਣ ਦੀ ਜ਼ਿਮੇਂਵਾਰੀ ਨ•ੀ ਲੈ ਸਕੀਆਂ ਤਾਂ ਇੱਕ ਵਿਅਕਤੀ ਜਿਸਨੂੰ ਅੱਜ ਕਲ• ਦੀ ਮਹਿੰਗਾਈ ਦੇ ਜ਼ਮਾਨੇ ‘ਚ ਆਪਣੇ ਪਰਿਵਾਰ ਦਾ ਪੇਟ ਪਾਲਣਾ ਮੁਸ਼ਕਲ ਹੈ, ਦੂਸਰੇ ਪਰਿਵਾਰ ਨੂੰ ਕਿਵੇਂ ਸਾਂਭ ਸਕਦਾ ਹੈ। ਗਾਮੀ ਕਹਿੰਦਾ, ‘‘ਤੂੰ ਇੱਕ ਵਾਰੀ ਹਾਂ ਕਹਿ ਦੇ ਫਿਰ ਚਾਹੇ ਮੁਕਰ ਜੀ...’’ ਮੈਂ ਕਿਹਾ,‘‘ ਬਾਈ,ਮੈਂ ਉਹਨਾਂ ‘ਚੋਂ ਨ•ੀ ਜੋ ਬਾਅਦ ‘ਚ ਮੁਕਰ ਜਾਂਦੇ ਨੇ।’’ ਗਾਮੀ ਨੇ ਦੱਸਿਆ ਕਿ ਕਿਸੇ ਪਿੰਡ ਤੋਂ ਕੁਝ ਨੌਜਵਾਨਾਂ ਨੇ ਨਸ਼ਿਆਂ ਉ¤ਪਰ ਨਾਟਕ ਕਰਵਾਉਣਾ ਲਈ ਕਿਹਾ, ਪਹਿਲਾਂ ਤਾਂ ਮੈ ਹਾਂ ਕਰ ਦਿੱਤੀ, ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਤਾਂ ਹੁਕਮਰਾਨ ਧਿਰ ਕਰਵਾ ਰਹੀ ਹੈ ਤਾਂ ਮੈਂ ਨਾ ਕਰ ਦਿੱਤੀ, ਇਹਨਾਂ ਨਾਟਕਾਂ ਦੇ ਉਹ ਚੰਗੇ ਪੈਸੇ ਦੇਣ ਲਈ ਵੀ ਤਿਆਰ ਸੀ, ਪਰ ਮੈਂ ਕਿਹਾ ਕਿ ਤੁਸੀਂ ਗਲਤ ਬੰਦਾ ਲੱਭਿਆ, ਮੈਂ ਤਾਂ ਮਜ਼ਦੂਰਾਂ ਦੀ ਜ਼ਿੰਦਗੀ ਨਾਲ ਸੰਬੰਧਤ ਨਾਟਕ ਹੀ ਖੇਡ ਸਕਦਾਂ, ਉਸਨੇ ਕਿਹਾ,‘‘... ਜੇ ਪੈਸੇ ਕਮਾਉਣੇ ਹੋਣ ਤਾਂ ਮੈਂ ਬਥੇਰੇ ਕਮਾ ਸਕਦਾਂ, ਪਰ ਮੇਰੀ ਇੱਕ ਸੋਚ ਹੈ, ਮੈਂ ਉਸਤੋਂ ਕਦੇ ਬਾਹਰ ਨਹੀਂ ਜਾ ਸਕਦਾ, ਮਿੱਟੀ ਫਿਲਮ ਵਿੱਚ ਕੰਮ ਕਰਨ ਕਰਕੇ ਵੀ,... ਮੈਨੂੰ ਬਥੇਰੇ ਫੋਨ ਆਉਂਦੇ ਨੇ ਫਿਲਮਾਂ ਵਾਲਿਆਂ ਦੇ...।’’ ਮਿੱਟੀ ਫਿਲਮ ਦਾ ਨਾਮ ਲੈਣ ਤੇ ਮੈਂ ਸੁਭਾਵਿਕ ਹੀ ਪੁੱਛ ਲਿਆ,‘‘ਕੀ ਦਿੱਤਾ ਫੇਰ ਮਿੱਟੀ ਫਿਲਮ ਵਾਲਿਆਂ ਨੇ ਥੋਨੂੰ ?’’ ਫਰਿੱਜ ਵੱਲ ਹੱਥ ਕਰਕੇ ਕਹਿੰਦਾ,‘‘ਮੈਨੂੰ ਤਾਂ ਆਹ! ਫਰਿੱਜ ਦਿੱਤਾ।’’ ਮੈਂ ਕਿਹਾ ਹੋਰ ਨੀ ਕੁਝ ਦਿੱਤਾ, ਕਹਿੰਦਾ,‘‘ਨਹੀਂ।’’ ਗੱਲਾਂ ਕਰਦਿਆਂ-ਕਰਦਿਆਂ ਗਾਮੀ ਨੇ ਕਿਹਾ, ‘‘... ਜਿਹੜਾ ਬੰਦਾ ਮੇਰੇ ਘਰ ਗੱਡੀ ‘ਤੇ ਆਉਂਦਾ ਹੈ ਨਾ ਮੈਨੂੰ ਉਸ ਤੇ ਸ਼ੱਕ ਖੜਾ ਹੋ ਜਾਂਦਾ ਹੈ, ਮੈਨੂੰ ਲਗਦਾ ਹੈ ਕਿ ਜਿਹੜਾ ਬੰਦਾ ਕੋਈ ਕੰਮ-ਕਾਰ ਨ•ੀ ਕਰਦਾ ਉਸ ਕੋਲ ਗੱਡੀ ਕਿਵੇਂ ਆ ਗਈ? ਕਿਤੇ ਇਹ ਇੰਟੈਲੀਜੈਂਸੀ ਦਾ ਬੰਦਾ ਤਾਂ ਨਹੀ…...?’’ ਜਦੋਂ ਉਸਨੇ ਇਹ ਗੱਲ ਆਖੀ ਤਾਂ ਮੈਨੂੰ ‘ਆਪਣਾ-ਆਪ’, ਸ਼ੱਕੀ ਜਿਹਾ ਨਜ਼ਰ ਆਉਣ ਲੱਗਿਆ, ਕਿਉਂਕਿ ਮੈਂ ਵੀ ਉਸ ਦਿਨ ਮੋਟਰ ਸਾਇਕਲ ਲੈਕੇ ਆਇਆ ਸੀ। ਕਿਤੇ ਇਹ ਮੇਰੇ ਬਾਰੇ ਤਾਂ ਅਜਿਹਾ ਨਹੀਂ ਸੋਚ ਰਿਹਾ, ਮੈਂ ਆਪਣਾ ਸ਼ੱਕ ਸਾਫ਼ ਕੀਤਾ ਮੈਂ ਦੱਸਿਆ ਕਿ ਮੈਂ ਅੱਜ ਕਲ• ਇੱਕ ਨਿਊਜ਼ ਏਜੰਸੀ ‘ਚ ਕੰਮ ਕਰਦਾਂ, ਗਾਮੀ ਨੇ ਦੱਸਿਆ ਕਿ ਮੇਰਾ ਇੱਕ ਪੁਰਾਣਾ ਮਿੱਤਰ ਲੇਖਕ ਮੇਰੇ ਕੋਲ ਕਾਰ ਲੈਕੇ ਆਉਂਦਾ ਰਹਿੰਦਾ ਸੀ, ਹੁਣ ਤਾਂ ਮਰ ਗਿਆ, ਉਸਦੇ ਵਧੀਆ ਬੂਟ-ਪੈਂਟ-ਕੋਟ ਤੇ ਟਾਈ ਲਗਾਈ ਹੁੰਦੀ ਸੀ। ਉਹ ਘਰ ਆਕੇ ਪੁੱਛਦਾ,‘‘ਕੀ ਬਣਾਇਆ ਅੱਜ?’’ ਮੈਂ ਮਜਾਕ ‘ਚ ਕਹਿਣਾ, ‘‘ਲਾਲ ਮੁਰਗਾ ਬਣਾਇਆ।’’ ਫੇਰ ਉਹ ਪੈਸੇ ਦਿੰਦਾ ਕਹਿੰਦਾ,‘‘ਕਿਉਂ ਚੱਟਨੀ ਨਾਲ ਰੋਟੀ ਖਾਂਦੇ ਓ…....ਆਹ ਚੱਕ ਪੈਸੇ ਮੀਟ ਮੰਗਵਾ ਲੈ...।’’ ਉਸਦੇ ਕਹਿਣ ‘ਤੇ ਅਸੀਂ ਦਾਲ-ਸਬਜ਼ੀ ਜਾਂ ਮੀਟ ਬਣਾ ਲੈਂਦੇ, ਪਰ ਉਸ ਦੀ ਮੌਤ ‘ਤੋਂ ਬਾਅਦ, ਕਿਸੇ ਸੀ.ਆਈ.ਡੀ. ਦੇ ਬੰਦੇ ਨੇ ਕਿਹਾ,‘‘... ਲੇਖਕ ਕਾਹਨੂੰ ਮਰ ਗਿਆ ਸਾਡਾ ਤਾਂ ਬਾਪ ਮਰ ਗਿਆ..’’ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹ ਤਿੰਨ ਇੰਸਪੈਕਟਰਾਂ ਦੀਆਂ ਤਨਖਾਹਾਂ ਲੈਂਦਾ ਸੀ। ਗਾਮੀ ਨੇ ਕਿਹਾ ਕਿ ਜਦੋਂ ਅਸੀਂ ਮਾਨਸਾ ‘ਚ ਜੰਗਲਨਾਮੇ ਉ¤ਪਰ ਗੋਸ਼ਟੀ ਰੱਖੀ ਸੀ ਤਾਂ ਅਸੀਂ ਸਤਨਾਮ ਨੂੰ ਹਾਕਮ ਸਮਾਉਂ ਦੇ ਪਿਤਾ ਤੋਂ ਤਲਵਾਰ ਭੇਂਟ ਕਰਵਾਉਣੀ ਚਾਹੁਦੇ ਸੀ, ਜਦੋਂ ਮੈਂ ਸਮਾਉਂ ਪਿੰਡ ਜਾ ਰਿਹਾ ਸੀ ਤਾਂ ਰਾਹ ਵਿੱਚ ਸੀ.ਆਈ.ਡੀ. ਵਾਲੇ ਨੇ ਪੁੱਛ ਲਿਆ, ‘ਕਿਵੇਂ ਤਲਵਾਰ ਭੇਂਟ ਕਰਵਾਉਣ ਲਈ ਸਮਾਉਂ ਜਾ ਰਹਿਐਂ’ ‘‘...ਮੈਨੂੰ ਸਮਝ ਨਹੀਂ ਆਈ ਕਿ ਉਸ ਕੋਲ ਗੱਲ ਇਹ ਕਿਵੇਂ ਪਹੁੰਚ ਗਈ..,’’ ਗਾਮੀ ਨੂੰ ਵੀ ਕੋਈ ਕੰਮ ਨਿੱਕਲ ਆਇਆ, ਮੈਂ ਵੀ ਜਾਣਾ ਸੀ,ਫੇਰ ਮਿਲਦਿਆਂ ਕਹਿ ਕੇ ਅਸੀਂ ਵੱਖੋ-ਵੱਖ ਹੋ ਗਏ।


ਗਾਮੀ ਨੂੰ ਹਸਪਤਾਲ ‘ਚੋਂ ਛੁੱਟੀ ਮਿਲਣ ਤੋਂ ਬਾਅਦ ਜਦੋਂ ਮੈਂ ਗਾਮੀ ਨਾਲ ਫੋਨ ‘ਤੇ ਕੁਝ ਆਰਥਿਕ ਸਹਾਇਤਾ ਬਾਰੇ ਪੁੱਛਿਆ, ਗਾਮੀ ਕਹਿੰਦਾ, ‘‘ਮੈਨੂੰ ਆਰਥਿਕ ਮਦਦ ਤਾਂ ਬਥੇਰੀ ਹੋ ਰਹੀ ਐ,.. ਮੈਂ ਵੀਹ ਹਜ਼ਾਰ ਰੁਪਿਆ ਪੱਤਰਕਾਰ ਸੇਮੀ ਦੇ ਹੱਥ ਫੜਾ ਦਿੱਤਾ,.... ਮੈਨੂੰ ਅਧਰੰਗ ਦਾ ਦੌਰਾ ਪਿਆ ਕਹਿੰਦੇ ਨੇ, ਪਰ ਬਾਅਦ ‘ਚ ਡਾਕਟਰ ਨੂੰ ਪੁੱਛਿਆ ਤਾਂ, ਉਸਨੇ ਹਰਟਅਟੈਕ ਦੀ ਗੱਲ ਆਖੀ ਆ...ਬੱਸ ਮੈਨੂੰ ਮੇਰੇ ਬੱਚਿਆਂ ਦੀ ਫਿਕਰ ਆ...।’’ ਮੈਨੂੰ ਇਨ੍ਹਾਂ ਹੀ ਪਤਾ ਲੱਗਿਆ ਸੀ ਕਿ ਗਾਮੀ ਨੂੰ ਅਧਰੰਗ ਦਾ ਦੌਰਾ ਪੈਣ ਕਾਰਨ ਉਸਦੇ ਮੂੰਹ ਨੂੰ ਲਕਵਾ ਮਾਰ ਗਿਆ, ਮੈਂਨੂੰ ਇਹ ਸੀ ਕਿ ਉਸਨੂੰ ਬੋਲਣ ‘ਚ ਦਿੱਕਤ ਆਉਂਦੀ ਹੋਵੇਗੀ, ਮੈਂ ਕਿਹਾ,‘‘ ਮੈਂ ਤੁਹਾਨੂੰ ਜਲਦੀ ਮਿਲਦਾ ਹਾਂ।’’ ਕੁਝ ਦਿਨਾਂ ਬਾਅਦ ਜਦ ਮੈਂ ਇੰਟਰਨੈ¤ਟ ਖੋਲ• ਕੇ ਗੁਲਾਮ ਕਲਮ ਪੜ ਰਿਹਾ ਸੀ ਤਾਂ ਮੇਰੇ ਨਜ਼ਰੀ ਗਾਮੀ ਦੀ ਤਸਵੀਰ ਪਈ, ਜਿਹੜੀ ਉਸ ਇਕੱਲੇ ਦੀ ਸੀ, ਦੂਸਰੀ ਉਸਦੀ ਪਰਿਵਾਰ ਨਾਲ ਸੀ,ਤੀਸਰੀ ਤਸਵੀਰ ‘ਚ ਗਾਮੀ ਦੀ ਚਿਤਾ ਜਲ ਰਹੀ ਸੀ। ਮੇਰੇ ਮਨ ਨੂੰ ਬੜਾ ਧੱਕਾ ਲੱਗਿਆ।

ਇਹਨਾਂ ਸਾਰੀਆਂ ਯਾਦਾਂ ‘ਚ ਗੁਆਚੀ ਮੇਰੀ ਸੋਚ ਸੈਮੁਅਲ ਜੌਹਨ ਦੇ ਚੱਲ ਰਹੇ ਨਾਟਕ ‘ਬਾਗਾਂ ਦਾ ਰਾਖਾ’ ਤੇ ਆ ਟਿੱਕੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਗਾਮੀ ਖੁਦ ਇਸ ਸਮਾਜਿਕ ਬਾਗ ਦਾ ਰਾਖਾ ਹੋਵੇ। ਉਹ ਲੋਕਾਂ ਨੂੰ ਇਹਨਾਂ ਲੁੱਟਣ ਵਾਲੇ ਲੋਟੂਆਂ ਤੋਂ ਖੁਦ ਆਪਣੇ ਨਾਟਕਾਂ ਰਾਹੀਂ ਸੁਚੇਤ ਕਰਦਾ ਹੋਇਆ, ਭੁੱਖ, ਨੰਗ ਅਤੇ ਗਰੀਬੀ ਨਾਲ ਲੜਦਾ ਹੋਇਆ ਭੈੜੇ ਰੋਗ ਲਵਾ ਬੈਠਾ ਸੀ, ਨਾਟਕ ਵਿਚਲੇ ਪਾਤਰਾਂ ਦੀ ਤਰ੍ਹਾਂ ਮੁਲਾਜ਼ਮ ਵਰਗ ਜਾਂ ਮਿੱਡਲ ਕਲਾਸ ਗਾਮੀ ਦੀ ਮੌਤ ਬਾਰੇ ਕਹਿੰਦੀ ਹੈ ਕਿ ‘ਮੌਤ ਨਹੀਂ ਇਹ ਖੁਦਕੁਸ਼ੀ ਹੈ’, ‘ਉਹ ਸ਼ਰਾਬ ਵਾਲੀ ਪੀਂਦਾ ਸੀ’, ਇਸ ਮਿੱਡਲ ਕਲਾਸ ਨੂੰ ਸੈਮੂਅਲ ਜੌਹਨ ਵੀ ‘ਜਾਅਲੀ ਬੰਦੇ’ ਆਖਦਾ ਹੈ। ਜੋ ਕਿਸੇ ਨੂੰ ਬਚਾਉਂਦੇ ਤਾਂ ਨਹੀਂ ਪਰ ਉਸਦੇ ਮਰਨ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਜਰੂਰ ਘੜਨ ਲਗਦੇ ਹਨ। ਹੁਣ ਉਸਦੇ ਮਰਨ ਤੋਂ ਬਾਅਦ ਬਿਜਲਈ ਚਿੱਠੀਆਂ ਡੇਗੀਆਂ ਜਾ ਰਹੀਆਂ ਹਨ, ਜਿਹਨਾਂ ਨੇ ਮਰਨ ਤੋਂ ਪਹਿਲਾਂ ਗਾਮੀ ਦੇ ਮੂੰਹ ‘ਚ ਪਾਣੀ ਵੀ ਨਹੀਂ ਪਾਇਆ ਹੋਣਾ, ਉਹ ਹੁਣ ਆਪਣੇ ਸ਼ਬਦ ਗਾਮੀ ਦੇ ਮੂੰਹ ‘ਚ ਘੁਸੇੜ ਰਹੇ ਹਨ,ਉਹਨਾਂ ਨੂੰ ਲਗਦਾ ਹੋਣਾ ਕਿ ਗਾਮੀ ਨੇ ਕਿਹੜਾ ਬੋਲਣਾ ਹੁਣ। ਹਾਂ.. ਉਸਨੇ ਬਿਜਲਈ ਚਿੱਠੀਆਂ ਤਾਂ ਨਹੀਂ ਸੁੱਟੀਆਂ ਪਰ ਬਿਜਲੀਆਂ ਜਰੂਰ ਸੁੱਟੀਆਂ ਸਨ ਉਹ ਵੀ ਆਪਣੇ ਨਾਟਕਾਂ ਰਾਹੀਂ ਸਮੇਂ-ਸਮੇਂ ਦੀਆਂ ਹਕੂਮਤਾਂ ਉਪਰ। ਇਸ ਲਈ ਨਾ ਸੈਂਟਰ ਅਤੇ ਨਹੀਂ ਰਾਜ ਸਰਕਾਰਾਂ ਨੇ ਉਹਨਾਂ ਦੀ ਜਿਉਂਦੇ ਜੀਅ ਕੋਈ ਸਾਰ ਲਈ। ਉਸਦੀ ਮੌਤ ਕੋਈ ਖੁਦਕੁਸ਼ੀ ਨਹੀਂ, ਸਗੋਂ ਕਤਲ ਹੈ, ਕਿਉਂਕਿ ਨਾ ਤਾਂ ਬੱਚਿਆਂ ਵਾਸਤੇ ਕੋਈ ਸਿੱਖਿਆ ਪ੍ਰਬੰਧ ਹੈ, ਨਾ ਹੀ ਖਾਣ ਵਾਲੀਆਂ ਚੀਜ਼ਾਂ ਸਾਫ਼-ਸੁਥਰੀਆਂ ਹਨ ਪ੍ਰਦੂਸ਼ਣ ਤੇ ਭ੍ਰਿਸ਼ਟਾਚਾਰ ਹਰ ਥਾਂ ਪਸਰਿਆ ਹੋਇਆ ਹੈ ਅਤੇ ਸੇਹਤ ਸਹੂਲਤਾਂ ਦੀ ਘਾਟ ਅਤੇ ਭ੍ਰਿਸ਼ਟ ਪ੍ਰਬੰਧ ਨੇ ਉਸਦੀ ਜਾਨ ਲਈ ਹੈ, ਕੁਝ ਅਖੌਤੀ ਨਾਟਕਕਾਰ ਜਿੰਨ•ਾਂ ਦਾ ਲੋਕਾਂ ਨਾਲ ਕੋਈ ਉੱਕਾ ਸਰੋਕਾਰ ਨਹੀਂ ਹੁੰਦਾ, ਉਹ ਵੱਡੀਆਂ-ਵੱਡੀਆਂ ਸਟੇਜਾਂ ਅਤੇ ਹਾਲਾਂ ‘ਤੋਂ ਬਾਹਰ ਨਹੀਂ ਨਿਕਲਦੇ, ਜਦੋਂ ਉਹਨਾਂ ਨਾਲ ਇਸ ਬਾਰੇ ਗੱਲ ਹੁੰਦੀ ਹੈ ਤਾਂ ਜਵਾਬ ਦਿੰਦੇ ਹਨ ਕਿ ‘ਸਿਨੇਮਿਆਂ ਅਤੇ ਗੁਰਦਾਸ ਮਾਨ ਵਰਗੇ ਕਲਾਕਾਰਾਂ ਦੇ ਪ੍ਰੋਗਰਾਮਾਂ ‘ਤੇ ਵੀ ਲੋਕ ਲੱਖਾਂ ਰੁਪੈ ਖਰਚ ਕਰ ਹੀ ਦਿੰਦੇ ਨੇ, ਜੇ ਅਸੀਂ ਲੈ ਲੈਂਦੇ ਹਾਂ ਤਾਂ ਇਹ ਤਾਂ ਲੋਕ ਦੀ ਵਧੀਆ ਸੋਚ ਬਨਾਉਣ ਵਾਸਤੇ ਹੀ ਲੈਂਦੇ ਹਾਂ...।’ ਪਰ ਗੁਰਸ਼ਰਨ ਭਾਅ ਜੀ ਨੇ ਵੀ ਪਿੰਡਾਂ-ਪਿੰਡਾਂ ‘ਚ ਜਾਕੇ ਨੁੱਕੜ ਨਾਟਕ ਖੇਡੇ ਅਤੇ ਸੁਰਜੀਤ ਗਾਮੀ ਨੇ ਉਸ ਰਵਾਇਤ ਨੂੰ ਜਾਰੀ ਰੱਖਿਆ ਅਤੇ ਹੁਣ ਵੀ ਕੁਝ ਕਲਾਕਾਰ ਇਸ ਰਵਾਇਤ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਜੇ ਕਾਮਰੇਡ ਸੌੜੀ ਸਿਆਸਤ ‘ਤੋਂ ਬਾਹਰ ਆਕੇ ਕਿਸੇ ਵੀ ਖੇਤਰ ਵਿੱਚ ਬੈਠੇ ਕਲਾਕਾਰਾਂ ਦੀ ਕਦਰ ਨਹੀਂ ਕਰਦੇ ਤਾਂ ਸ਼ਾਇਦ ਉਹਨਾਂ ਕਲਾਕਾਰਾਂ ਦਾ ਹਾਲ ਵੀ ਸੁਰਜੀਤ ਗਾਮੀ ਵਰਗਾ ਹੀ ਹੋਵੇ। ਹੋ ਸਕਦਾ ਆਉਣ ਵਾਲਾ ਸਮਾਂ ਇਹਨਾਂ ਕਾਮਰੇਡਾਂ ਨੂੰ ਮਾਫ਼ ਵੀ ਨਾ ਕਰੇ....।

ਅਸੀਂ ਤਾਂ ਚੱਲੇ ਹਾਂ,
ਵੱਖਰੀਆਂ ਪੈੜਾਂ ਛੱਡਕੇ,
ਦੇਖਦੇ ਹਾਂ,
ਸਾਡੀਆਂ ਪੈੜਾਂ ‘ਚ ਕੋਈ ਪੈੜ ਧਰਦਾ ਹੈ ਜਾਂ ਨਈਂ----

ਲੇਖਕ-ਪ੍ਰਕਾਸ਼

ਗੁਲਾਮ ਕਲਮ ਵਲੋਂ--ਗਾਮੀ ਦੀ ਬਿਜਲਈ ਚਿੱਠੀ ਇਸੇ ਲਿਖਤ ਦੇ ਹੇਠਾਂ ਹੈ।

ਮੈਂ ਨਰਕਵਾਸੀ ਸੁਰਜੀਤ ਗਾਮੀ ਬੋਲ ਰਿਹਾ ਹਾਂ।-ਨਰਕ ‘ਚੋਂ ਚਿੱਠੀ

ਨੀਲੀ ਦੇਹ 'ਤੇ ਲਾਲ ਖੱਫਣ
ਮੈਨੂੰ ਲਾਲ ਰੰਗ ਬਹੁਤ ਸੋਹਣਾ ਲਗਦੈ।ਇਸੇ ਲਈ ਲਾਲ ਝੰਡੇ ਤੇ ਲਾਲ ਸ਼ਰਾਬ ਨਾਲ ਮੇਰਾ ਰਿਸ਼ਤਾ ਐ,ਪਰ ਉਸ ਦਿਨ ਜਦੋਂ ਤੁਸੀਂ ਸਾਰੇ ਮੇਰੀ ਖੁਦਕੁਸ਼ੀ ‘ਤੇ ਕੱਠੇ ਹੋਏ,….ਹਾਂ ਖੁਦਕੁਸ਼ੀ ,ਮੈਂ ਮੇਰੀ ਮੌਤ ਨੂੰ ਖੁਦਕੁਸ਼ੀ ਮੰਨਦਾ ਹਾਂ।ਤਾਂ ਮੇਰੀ ਨੀਲੀ ਦੇਹ ‘ਤੇ ਜਦੋਂ ਲਾਲ ਕੱਪੜੇ ਤੇ ਕੱਪੜਾ ਪਾਇਆ ਗਿਆ,ਮੈਂ ਗੱਸੇ ਨਾਲ ਅੰਬੇਦਕਰੀਆਂ ਜਿੰਨਾ ਨੀਲਾ ਹੋ ਗਿਆ ਸੀ।ਸੋਚ ਰਿਹਾ ਸੀ ਕਿੰਨੇ “ਭੋਲੇ” ਨੇ ਕਾਮਰੇਡ,ਰਸਮਾਂ ਦਾ ਵਿਰੋਧ ਕਰਨ ਆਲੇ ਜਿਉਂਦੇ ਜੀਅ ਤਾਂ ਨਹੀਂ ਆਏ,ਪਰ ਰਸਮ ਨਿਭਾਉਣ ਲਈ ਖੁਦਕੁਸ਼ੀ ‘ਤੇ ਖੜ੍ਹੇ ਨੇ।ਧਰਮਰਾਜ ਦੀ ਕਚਹਿਰੀ ‘ਚ ‘ਚ ਆਏੇ ਨੂੰ ਉਦੋਂ ਚੰਦ ਹੀ ਘੰਟੇ ਹੋਏ ਸੀ।

ਬਾਬੇ ਨੇ ਹਿਸਾਬ ਕਿਤਾਬ ਕਰਕੇ ਨਰਕ ਭੇਜ ਦਿੱਤਾ।ਨਰਕ ਦੇ ਲੇਖਾ ਜੋਖਾ ਵਿਭਾਗ ‘ਚ ਗਿਆ ਤਾਂ ਅੱਗੇ ਮਾਰਕਸ(ਲੇਖਾ ਜੋਖਾ ਵਿਭਾਗ ਦਾ ਮੁਖੀ),ੁਉਸਦੇ ਸਾਥੀ ਤੇ ਕੁਝ ਚੇਲੇ ਚਪਟੇ ਬੈਠੇ ਸੀ।ਮੈਂ ਬੜਾ ਖੁਸ਼ ਹੋਇਆ,ਜੀਹਦੀਆਂ ਗੱਲਾਂ ਕਰਦੇ ਸੀ ਉਹ ਸਾਹਮਣੇ ਬੈਠਾ ਐ।ਮੈਂ ਕਿਹਾ,ਬਾਈ ਪੜ੍ਹਿਆ ਤਾਂ ਤੈਨੂੰ ਬਹੁਤਾ ਨਹੀਂ ,ਪਰ ਤੇਰੇ ਬਾਰੇ ਸੁਣਿਆ ਬਹੁਤ ਐ।ਮਾਰਕਸ ਕਹਿੰਦਾ ਗਾਮੀ ਕਲਾਕਾਰਾਂ ਨਾਲ ਮੈਂ ਕਦੇ ਹਿਸਾਬਾਂ ਕਿਤਾਬਾਂ ਦੇ ਚੱਕਰਾਂ ‘ਚ ਨਹੀਂ ਪਿਆ।ਅਰਾਜਕਤਾਵਾਦੀ ਕੌਮ ਹੈ ਨਾ,ਨਰਕ ‘ਚ ਰਹਿਣਾ ਔਖਾ ਕਰਦੂ!! ਹੁਣ ਮੈਂ ਕੰਮ ਕਾਰ ‘ਚ ਰੁੱਝਿਆ ਹੋਇਆਂ,ਆਥਣੇ ਬੈਠਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਪੰਜਾਬ ਬਾਰੇ।ਜਦੋਂ ਮਾਰਕਸ ਨੇ “ਬੈਠਾਂਗੇ” ਸ਼ਬਦ ਵਰਤਿਆ,ਤਾਂ ਜਾਨ ਜੀ ਪੈ ਗਈ ਮੇਰੇ ‘ਚ।ਸਾਡੇ ਪੰਜਾਬ ਤੇ ਖਾਸ ਕਰ ਮਾਲਵੇ ਦਾ ਕਿੰਨਾ ਸੋਹਣਾ ਸ਼ਬਦ ਐ।ਮੈਂ ਤਾਂ ਬਸ ਬੈਠਿਆ ਹੀ ਹਾਂ ਨਾ ਹੁਣ ਤੱਕ।

ਆਥਣੇ ਮੈਂ ਪੁੱਛ ਪੱਛ ਕੇ ਨਰਕ ਦੇ “ਦਾਰੂ ਪਾਰਕ” ਪਹੁੰਚ ਗਿਆ।ਮੂਹਰੇ ਦੇਖਕੇ ਅੱਖਾਂ ਫੁੱਲ ਗਈਆਂ।ਮਾਰਕਸ ਦੇ ਆਲੇ ਦਾਲੇ ਲੈਨਿਨ, ਰੋਜ਼ਾ ਲਗਜ਼ਮਬਰਗ,ਸਿਮੋਨ,ਬ੍ਰੈਖ਼ਤ,ਚਾਰੂ ਮਜ਼ੂਮਦਾਰ,ਕਾਨੂ ਸਾਨਿਆਲ,ਸਟਾਲਿਨ,ਮਾਓ,ਚੇ-ਗਵੇਰਾ,ਪਾਬਲੋ ਨੈਰੁਦਾ,ਗੋਰਖ ਪਾਂਡੇ,ਪਾਸ਼,ਵਿਲਾਸ ਭੋਗਰੇ ਹੋਰ ਪਤਾ ਨਹੀਂ ਕਿੰਨੇ ਹੀ ਬੈਠੇ ਸੀ।ਮੈਂ ਜਾਣ ਸਾਰ ਪਾਸ਼ ਨੂੰ ਪੁੱਛਿਆ,ਓਏ ਕਾਮਰੇਡ ਸੁਰਜੀਤ ਕਿਥੇ ਹੈ,ਤਾਂ ਪਾਸ਼ ਕਹਿੰਦਾ “ਸੀ ਪੀ ਆਈ ਤੇ ਸੀ ਪੀ ਐੱਮ ਵਾਲੇ ਨਰਕ ‘ਚ ਨਹੀਂ ਆਉਂਦੇ,ਉਹ ਸਵਰਗ ‘ਚ ਜਾਂਦੇ ਨੇ,ਹੁਣ ਤਾਂ ਲਿਬਰੇਸ਼ਨ ਦੇ ਬੰਦੇ ਵੀ ਘੱਟ ਘੱਟ ਹੀ ਆਉਂਦੇ ਨੇ..ਨਰਕ ‘ਚ।ਸਵਰਗ ‘ਚ ਸੱਤਾ ਦੀ ਹਿੱਸੇਦਾਰੀ ਦਾ ਮਸਲਾ ਹੈ ਨਾ।ਮੈਂ ਹੱਥ ਹੀ ਮਿਲਾ ਰਿਹਾ ਸੀ ਸਭ ਨਾਲ,ਚੀ ਗਵੇਰੇ ਨੇ “ਸ਼ੀਵਾਸ ਰੀਗਲ” ‘ਚੋਂ ਇਕ ਪੈਗ ਪਾ ਦਿੱਤਾ।ਮੈਂ ਕਿਹਾ “ਕਾਮਰੇਡ ਬੜੀ ਮਹਿੰਗੀ ਦਾਰੂ ਪੀਂਦੇ ਹੋਂ,ਮੈਂ ਤਾਂ ਗੁਲਾਬ ਜਾਂ ਮੋਟਾ ਸੰਤਰਾ ਨਾਲ ਹੀ ਸਾਰਦਾ ਰਿਹਾਂ ਹੁਣ ਤੱਕ।ਚੀ ਕਹਿੰਦਾ ਡਰ ਨਾ, “ਦਾਰੂ ਪਾਰਕ” ‘ਚ 8 ਤੋਂ 12 ਵਜੇ ਤੱਕ ਦਾਰੂ ਮੁਫ਼ਤ ਐ।

ਦੋ-ਦੋ ਪੈਗ ਲਾਏ ਸੀ ਅਜੇ।ਮਾਰਕਸ ਤੇ ਦੂਜੇ ਸਾਥੀਆਂ ਦੀ ਬਹਿਸ ਗਰਮ ਸੀ।ਮਾਰਕਸ ਕਹਿੰਦਾ,ਯਾਰ ਗਾਮੀ ਬੋਰ ਹੁੰਦਾ ਹੋਊ,ਪਹਿਲੇ ਦਿਨ ਆਇਆ,ਆਓ ਕੋਈ ਪੰਜਾਬ ਬਾਰੇ ਗੱਲਬਾਤ ਕਰਦੇ ਹਾਂ।ਹਾਂ ਵੀ ਗਾਮੀ,ਕੀ ਹਾਲ ਐ ਪੰਜਾਬ ਦਾ।ਮੈਂ ਕਿਹਾ ,ਬਾਈ ਹਾਲ ਤਾਂ ਬਹੁਤ ਮਾੜੇ ਨੇ।ਐੱਮ ਐਲ ਦੀਆਂ ਧਿਰਾਂ ਕੁਝ ਹੱਥ ਪੈਰ ਮਾਰ ਰਹੀਆਂ ਨੇ,ਕਿਸਾਨਾਂ,ਮਜ਼ਦੂਰਾਂ, ਵਿਦਿਆਰਥੀਆਂ ‘ਚ।ਪਰ ਸਾਰੇ ਧੜਿਆ ‘ਚ ਹੰਕਾਰ ਐਨਾ ਭਰਿਆ ਹੋਇਆ ਕਿ ਸਿਆਸੀ ਤਾਂ ਕੀ ਨਿੱਜੀ ਤੌਰ ‘ਤੇ ਵੀ ਇਕ ਦੂਜੇ ਨੂੰ ਨਹੀਂ ਜਰਦੇ।ਇਕੋ ਲੈਨ ‘ਚ ਕਹਾਂ ਤਾਂ ਐਮ.ਐਲ .ਈਏ ਹੰਕਾਰ ਦਾ ਸ਼ਿਕਾਰ ਨੇ।ਮਾਰਕਸ ਕਹਿੰਦਾ,ਪਿੱਛੇ ਜੇ ਦਲਜੀਤ ਅਮੀ ਦੀ ਇਕ ਚਿੱਠੀ ਦਾ ਰੌਲਾ ਪਿਆ ਸੀ,ਮੇਰੇ ਕੋਲ ਵੀ ਆਈ ਸੀ ਬਿਜਲਈ ਚਿੱਠੀ।ਹਾਂ,ਕਿਰਨਜੀਤ ਕਾਂਡ ‘ਤੇ ਬਣੀ ਫਿਲਮ ਨੂੰ ਲੈ ਕੇ ਰੌਲਾ ਰੂਲਾ ਪੈ ਗਿਆ ਸੀ।ਇਹਨਾਂ ਦੀ ਸੰਵੇਦਨਾ ਦੇਖੋ …..ਕੋਈ ਕਹਿੰਦਾ ਜੀ ਸਾਡਾ ਐਕਟਰ ਘੱਟ ਦਿਖਾਇਆ,ਕੋਈ ਕਹਿੰਦਾ ਸਾਡੇ ਐਕਟਰ ਨੂੰ ਜਾਣ ਬੁੱਝ ਕੇ ਵੀਲਨ ਦਿਖਾਇਆ।ਫਿਰ ਕਹਿੰਦੇ ਮਹਿੰਗੀ ਫਿਲਮ ਵੇਚਕੇ ਦਲਜੀਤ ਅਮੀ ਠੱਗੀਆਂ ਮਾਰ ਰਿਹਾ ਐ।ਅਮੀ ਕਹਿੰਦੈ, ਮੈਂ ਇਹਨਾਂ ਤੋਂ ਸੱਭਿਆਚਾਰਕ ਕਾਮੇ ਦੀ ਸਿਆਸੀ ਆਰਥਕਤਾ ਸਬੰਧੀ ਸਵਾਲ ਪੁੱਛੇ ਨੇ,ਕਿ ਇਕ ਲੋਕ ਪੱਖੀ ਕਲਾਕਾਰ ਨੂੰ ਆਰਥਿਕ ਤੌਰ ‘ਤੇ ਜਿਉਂਦਾ ਕਿਵੇਂ ਰੱਖਿਆ ਜਾਵੇ।ਖੈਰ,ਮੈਨੂੰ ਤਾਂ ਸਿਆਸੀ ਗੱਲਾਂ ਜ਼ਿਆਦਾ ਸਮਝ ਸੁਮਝ ਨਹੀਂ ਆਉਂਦੀਆਂ,ਪਰ ਸਣਿਆ ਚਿੱਠੀ ਗਈ ਨੂੰ ਪੰਜ ਸਾਲ ਹੋ ਗਏ,ਇਹਨਾਂ ਮਾਂ ਦੇ ਪੁੱਤਾਂ ਨੇ ਅਜੇ ਤੱਕ ਜਵਾਬ ਨਹੀਂ ਦਿੱਤੇ।ਇਹ ਕਹਿੰਦੇ ਨੇ ਅਸੀਂ ਤਹਿ ਕਰਾਂਗੇ ਕਿਹੜਾ ਸਵਾਲ ਕਿਸ ਵੇਲੇ ਸਾਡੇ ਲਈ ਮਹੱਤਵਪੂਰਨ ਹੈ,ਉਦੋਂ ਹੀ ਚਰਚਾ ਕਰਾਂਗੇ।ਮੈਨੂੰ ਇਕ ਗੱਲ ‘ਤੇ ਬੜਾ ਗੁੱਸਾ ਚੜ੍ਹਦਾ ਰਿਹਾ ਇਹਨਾਂ ਦੀ ‘ਤੇ।ਮੈਂ ਜਦ ਵੀ ਕਦੇ ਸਿਆਸੀ ਪ੍ਰੋਗਰਾਮ ਤੋਂ ਪਹਿਲਾਂ ਨਾਟਕ ਖੇਡਣਾ ਤਾਂ ਨਾਟਕ ਤੋਂ ਬਾਅਦ ਇਹ ਕਹਿ ਦਿੰਦੇ ਸੀ,ਇਹ ਸੀ ਨਾਟਕ,ਹੁਣ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ।ਵੇਖ ਲਓ ਕਲਾ ਬਾਰੇ ਇਹਨਾਂ ਦਾ ਨਜ਼ਰੀਆ।ਜਿਵੇਂ ਸੁਖਬੀਰ ਦੀ ਰੈਲੀ ‘ਚ ਆਰਕੈਸਟਰਾ ਦਾ ਕੱਠ ਕਰਨ ਤੋਂ ਬਾਅਦ ਕਿਹਾ ਜਾਂਦੈ,ਹੁਣ ਬਾਦਲ ਸਾਹਿਬ ਬੋਲਣਗੇ।ਮਾਰਕਸ ਕਹਿੰਦਾ,ਕੋਈ ਗੱਲ ਨਹੀਂ ਕਈ ਗੱਲਾਂ ਸਮੇਂ ਨਾਲ ਸਮਝ ਆਉਂਦੀਆਂ ਨੇ।

ਫਿਰ ਮਾਰਕਸ ਮੈਨੂੰ,ਗੋਰਖ ਪਾਂਡੇ ਤੇ ਵਿਲਾਸ ਭੋਗਰੇ ਨੂੰ ਕਹਿੰਦਾ,ਯਾਰ ਕਲਾਕਾਰ ਬੜੀਆਂ ਖੁਦਕੁਸ਼ੀਆਂ ਕਰ ਕਰ ਮਰਦੇ ਨੇ,ਕੀ ਹੋ ਗਿਆ।ਗੋਰਖ ਪਾਂਡੇ ਕਹਿੰਦਾ ਮੇਰੀ ਖੁਦਕੁਸ਼ੀ ਦਾ ਮਾਮਲਾ ਸਿਆਸੀ ਵੀ ਸੀ,ਪਰ ਨਿੱਜੀ ਜ਼ਿਆਦਾ ਸੀ।ਮੈਨੂੰ ਕਿਸੇ ਦਾ ਗਮ ਖਾ ਗਿਆ ਸੀ ਯਾਰ।ਪਰ ਵੈਸੇ ਮੈਨੂੰ ਲਗਦਾ ਕਿ ਕਮਿਊਨਿਸਟ ਕਲਾਕਾਰਾਂ ਵਰਗੇ ਸੰਵੇਦਨਸ਼ੀਲ ਤੇ ਸੂਖ਼ਮ ਜੀਵ ਨੂੰ ਸਮਝ ਨਹੀਂ ਸਕੇ।ਉਹਦੇ ਲਈ ਕਦੇ ਥਾਂ ਹੀ ਨਹੀਂ ਬਣਨ ਦਿੱਤੀ।ਵਿਲਾਸ ਭੋਗਰੇ ਮਹਾਰਾਸ਼ਟਰੀ ਅੰਦਾਜ਼ ‘ਚ ਕਹਿੰਦਾ,ਅਸਲ ‘ਚ ਕਲਾਕਾਰ ਜਾਂ ਕੋਈ ਸੰਵੇਦਨਸ਼ੀਲ ਬੰਦਾ ਮਾਨਸਿਕ ਤੌਰ ‘ਤੇ ਆਮ ਸਮਾਜ ਨਾਲੋਂ ਜ਼ਿਆਦਾ ਜਿਉਂਦਾ ਹੈ।ਜਦੋਂ ਜ਼ਿਆਦਾ ਜਿਉਂਵੇਗਾ ਤਾਂ ਜ਼ਿਆਦਾ ਮਾਨਸਿਕ ਦਬਾਅ।ਓਪਰੋਂ ਅਸੰਵੇਦਨਸ਼ੀਲ਼ ਸਮਾਜ ਤੇ ਨਾ ਸਮਝ ਸਿਆਸੀ ਧਾਰਾ।ਕਿਵੇਂ ਬਚ ਸਕਦੈ ਕਲਾਕਰ।ਪਾਸ਼ ਟੱਲੀ ਹੋਇਆ ਵਿੱਚ ਆ ਕੇ ਕਹਿੰਦਾ “ਸਾਥੀ ਮਸਲਾ ਆਰਥਿਕ ਵੀ ਹੈ।ਗਾਮੀ ਤੇਰੀ ਆਰਥਿਕ ਖੁਦਕੁਸ਼ੀ ਆ।ਮੈਂ ਦੇਖ ਰਿਹਾਂ ਕਾਮਰੇਡਾਂ ਦੀ ਨਾ ਸਮਝੀ ਤੇ ਵਿਅਕਤੀਗਤ ਚੌਧਰ ਨੇ ਪੰਜਾਬ ਦੇ ਸਾਰੇ ਲੋਕ ਪੱਖੀ ਸੱਭਿਅਚਾਰਕ ਫਰੰਟ ਖ਼ਤਮ ਕਰਤੇ।ਗਦਰੀ ਬਾਬਿਆਂ ਦੇ ਮੇਲੇ ਤੇ 1 ਮਈ ਨੂੰ ਲੁਧਿਆਣੇ ਸਿਵਲ ਸੋਸਾਇਟੀ ਕਾਮਰੇਡ ਆਪਣੇ ਲਾਇਸੰਸ ਰਨਿਊ ਕਰਵਾਉਣ ਜਾਂਦੇ ਨੇ।ਓਥੇ ਕੀਹਦਾ ਨਾਟਕ ਹੋਊ,ਕੀਹਦਾ ਨਹੀਂ ਹੋਊ।ਇਹ ਪੂਰਾ ਅਫਸਰੀ ਮਾਮਲਾ ਹੈ।ਜੇ ਇਹਨਾਂ ਦੇ ਸੱਭਿਆਚਾਰਕ ਫਰੰਟਾਂ ਤੋਂ ਬਾਹਰ ਕੋਈ ਨਵਾਂ ਉਪਰਾਲਾ ਕਰ ਰਿਹਾ,ਉਹਨੂੰ ਡਿਪਰੈਸ ਕਰ ਦਿੰਦੇ ਨੇ।ਪਾਸ਼ ਗੱਲਾਂ ਕਰਦਾ ਕਰਦਾ ਭਾਵੁਕ ਹੋ ਗਿਆ।

ਚੀ ਗਵੇਰਾ ਸਿਖਰ ਛੁਹ ਚੱਕਿਆ ਸੀ।ਸਿਮੋਨ ਨਾਲ ਨਾਰੀਵਾਦ ‘ਤੇ ਬਹਿਸ ਕਰ ਰਿਹਾ ਸੀ।ਕਹਿੰਦਾ ਤੇਰੀ ਕਿਤਾਬ “ਦ ਸੈਕੇਂਡ ਸੈਕਸ” ਦਾ ਕੋਈ ਮੂੰਹ ਸਿਰ ਨਹੀਂ ਹੈ।ਬੁਰਜ਼ੂਆ ਡੈਮੋਕਰੇਸੀ ਦਾ ਨਾਰੀਵਾਦ ਐ,ਜਿਸਨੂੰ ਅਮੀਰ ਔਰਤਾਂ ਮਾਣਦੀਆਂ ਨੇ,ਗਰੀਬੜੀਆਂ ਦਾ ਕਾਹਦਾ ਨਾਰੀਵਾਦ।ਮੈਨੂੰ ਲਗਦਾ ਤੂੰ ਸੋਵੀਅਤ ਨਾਰੀਵਾਦ ਨਹੀਂ ਪੜ੍ਹਿਆ।ਮੈਂ ਕੋਲ ਗਿਆ ਤਾਂ ਕਹਿੰਦਾ,ਬਾਈ ਗਾਮੀ ਆਪਾਂ ਤਾਂ ਮਿਲੇ ਹੀ ਨਹੀਂ ਚੱਜ ਨਾਲ।ਸੱਚੀਂ ਜਦੋਂ ਕੋਈ ਪੰਜਾਬ ਦਾ ਕਾਮਰੇਡ ਨਰਕ ‘ਚ ਆਉਂਦਾ,ਮੈਨੂੰ ਬੜੀ ਖੁਸ਼ੀ ਹੁੰਦੀ ਹੈ।ਮੈਨੂੰ ਬੈਠਣ ਵਾਲੇ ਬੰਦਿਆਂ ਦੀ ਲੋੜ ਹੁੰਦੀ ਹੈ,ਪੰਜਾਬ ਵਾਲੇ ਬਾਈਆਂ ਦੇ ਬਾਈ ਹੁੰਦੇ ਨੇ।ਬਾਈ ਸੁਣਿਆ ਤੇਰੇ ਨਾਟਕ ਏਨੀ ਚਰਚਾ ਨਹੀਂ ਸਨ,ਜਿੰਨੀ ਤੇਰੀ ਦਾਰੂ ਚਰਚਾ ‘ਚ ਸੀ।ਮੈਂ ਕਿਹਾ ਹਾਂ।ਕਹਿੰਦਾ ਮਸਲਾ ਸਾਲਾ ਇਹੀ ਹੈ ਕਿ ਸਮਾਜ ਦਾਰੂ ਪੀਣ ਵਾਲੇ ਨੂੰ ਦੇਖਦਾ,ਪਰ ਉਹ ਦਾਰੂ ਕਿਉਂ ਪੀ ਰਿਹੈ..ਇਹ ਕੋਈ ਨਹੀਂ ਦੇਖਦਾ।ਬਾਈ ਲੋੜ ਟਾਹਣੀਆਂ ਫੜ੍ਹਨ ਦੀ ਨਹੀਂ,ਜੜ੍ਹ ਤੱਕ ਪਹੁੰਚਣ ਦੀ ਹੈ।ਸੋਡੇ ਜਗੀਰੂ ਸਮਾਜ ‘ਚ ਤਾਂ ਤਹਿ ਹੀ ਇਥੋਂ ਹੁੰਦੈ ਕਿ ਕਿਹੜਾ ਸਾਬਤ ਸੂਰਤ ਹੈ,ਕੌਣ ਸ਼ਰੀਫ ਦਿਖਦਾ ਹੈ।ਮੈਂ ਕਿਹਾ ਬਾਈ ਉਹ ਵੀ ਤੇ ਅਸੀਂ ਵੀ ਸਾਬਤ ਸੁਰਤਾਂ ਤੇ ਕਥਿਤ ਸ਼ਰੀਫਾਂ ਦੀਆਂ ਕਰਤੂਤਾਂ ਨੁੰ ਚੰਗੀ ਤਰ੍ਹਾਂ ਜਾਣਦੇ ਹਾਂ।

12 ਵਜੇ ਦੇ ਨੇੜੇ ਅਸੀਂ “ਦਾਰੂ ਪਾਰਕ” ਦੇ ਗੇਟ ‘ਤੇ ਆ ਚੁੱਕੇ ਸੀ।ਓਥੇ 2-3 ਸੇਮੀ ਤੇ ਸੈਮੂਅਲ ਜੌਹਨ ਵਰਗੇ ਮੰਤਰ ਪੜ੍ਹਨ ਵਾਂਗੂੰ ਜਾਕ ਦੈਰੀਦਾ…ਜਾਕ ਦੈਰੀਦਾ….ਜਾਕ ਦੈਰੀਦਾ ਕਰੀਂ ਜਾਂਦੇ ਸੀ।ਮੈਂ ਪਹਿਲੀ ਵਾਰ ਸੁਣਿਆ ਸੀ।ਚਾਰੂ ਮਜੂਮਦਾਰ ਤੋਂ ਪੁੱਛਿਆ ਤਾਂ ਉਹ ਕਹਿੰਦਾ ਇਹ ਉੱਤਰ ਅਧੁਨਿਕਤਾਵਾਦੀ ਨੇ,ਇਹਨਾਂ ਨੁੰ ਜਦੋਂ ਗੱਲ ਓੜਨੋਂ ਹਟ ਜਾਂਦੀ ਹੈ,ਫਿਰ ਇਹ ਉੱਚੀ ਉੱਚੀ ਜਾਕ ਦੈਰੀਦੈ..ਜਾਕ ਦੈਰੀਦੈ ਦਾ ਮੰਤਰ ਉਚਾਰਨ ਕਰਦੇ ਹਨ।ਇਹ ਤੈਨੁੰ ਹਰ ਰੋਜ਼ ਮਿਲਿਆ ਕਰਨਗੇ,ਕਹਿਣਗੇ ਦਲਿਤਾਂ ਦਾ ਮੁੱਦਾ ਜਮਾਤੀ ਨਹੀਂ ਵਰਗ ਦਾ ਹੈ।

ਨਰਕ ਕਾਫੀ ਵਿਕਸਤ ਹੈ,ਮੈਂ 5-7 ਦਿਨਾਂ ‘ਚ ਹੀ ਖਾਸਾ ਕੁਝ ਸਿੱਖ ਲਿਐ।ਬੜੇ ਮਿਹਨਤੀ ਲੋਕ ਨੇ ਇਥੇ।ਥੌੜ੍ਹੇ ਅਰਾਜਕ ਨੇ,ਤੋੜਨ ‘ਚ ਜ਼ਿਆਦਾ ਵਿਸ਼ਵਾਸ਼ ਰੱਖਦੇ ਨੇ,ਪਰ ਮੈਨੂੰ ਲਗਦਾ ਜਿਹੜੇ ਤੋੜ ਸਕਦੇ ਨੇ,ਉਹੀ ਬਣਾ ਸਕਦੇ ਹਨ।ਮੈਂ ਕੰਪਿਊਟਰ,ਇੰਟਰਨੈਟ,ਟਾਈਪਿੰਗ ਸਭ ਕੁਝ ਸਿੱਖ ਚੁੱਕਿਆਂ।ਬੜਾ ਜਮਹੂਰੀ ਸਮਾਜ ਹੈ ਨਰਕ ਦਾ।ਜਿਹੜਾ ਸਮਾਜ ਸ਼ਰਾਬੀ ਨੁੰ ਸ਼ਰਾਬੀ ਤੇ ਪਾਗਲ ਨੁੰ ਪਾਗਲ ਹੋਣ ਦਾ ਹੱਕ ਤੇ ਮਾਣ ਦੇ ਸਕਦੈ,ਉਸਤੋਂ ਜਮਹੂਰੀ ਸਮਾਜ ਕਿਹੜਾ ਹੋ ਸਕਦੈ।ਕਾਮਰੇਡ ਗੁੱਸੇ ਹੁੰਦੇ ਹੋਣਗੇ ਮੇਰੇ ਨਾਲ,ਪਰ ਸੱਚ ਦੱਸਾਂ ਮੇਰਾ ਕਹਿਣ ਨੂੰ ਉਦੋਂ ਵੀ ਬਹੁਤ ਕੁਝ ਜੀਅ ਕਰਦਾ ਹੁੰਦਾ ਸੀ,ਡਰਦਾ ਨਹੀ ਸੀ ਕਹਿੰਦਾ।ਰੋਟੀ ਦਾ ਵੀ ਮਸਲਾ ਸੀ।ਪਰ ਹੁਣ ਮੈਨੂੰ ਕਿਸੇ ਦਾ ਡਰ ਨਹੀਂ,ਅਜ਼ਾਦ ਹਾਂ ਮੈਂ।ਨਾਲੇ ਨਰਕ ਵਾਲੇ ਪੰਜਾਬ ਵਾਲਿਆਂ ਵਰਗੇ ਨਹੀਂ, ਇੱਥੇ ਅਲੋਚਨਾ ਬੜੀ ਖੁੱਲ੍ਹਦਿਲੀ ਨਾਲ ਸੁਣੀ ਜਾਂਦੀ ਹੈ।ਬਸ ਆਖਰੀ ਦੋ ਗੱਲਾਂ ਕਹਿਣ ਲੱਗਿਆਂ।ਸੇਮੀ,ਸੈਮੂਅਲ ਤੇ ਵਿਸ਼ਵ ਬਰਾੜ ਨੁੰ ਕਹਿਣਾ ਹੈ,ਬਾਈ ਜਵਾਕਾਂ ਨੂੰ ਸਾਂਭ ਲਿਓ।ਸਾਡੇ ਲੋਕਾਂ ਨੂੰ ਇਹੀ ਕਹਿਣਾ ਹੈ ਰੰਗਮੰਚ,ਕਲਾ ਤੇ ਕਲਾਕਾਰ ਸਾਂਭ ਲਓ ਯਾਰ।ਬਦਲਵੇਂ ਸੱਭਿਆਚਾਰ ਦੀ ਗੱਲ ਕਰਦੇ ਹੋਂ,ਉਹਦੀ ਬਦਲਵੀਂ ਆਰਥਕਤਾ ਨੂੰ ਵੀ ਸਮਝ ਲਓ ਤਾਂ ਕਿ ਅਸੀਂ ਖੁਦਕੁਸ਼ੀਆਂ ਘੱਟ ਕਰੀਏ।

ਨਰਕ ‘ਚੋਂ ਗਾਮੀ ਦੀ ਬਿਜਲਈ ਚਿੱਠੀ

ਇਹ ਚਿੱਠੀ ਬਿਨਾਂ ਪੁੱਛੇ ਕਿਤੇ ਵੀ ਛਾਪੀ ਜਾ ਸਕਦੀ ਹੈ।

Sunday, August 15, 2010

ਤ੍ਰੇਹਟ ਸਾਲ ਦੀ ਆਜ਼ਾਦੀ ਹੋਈ, ਆਟਾ ਦਾਲ ਫਿਰੇ ਵੰਡਦੀ।’

ਪੂਰੇ ਤ੍ਰੇਹਟ ਵਰ੍ਹਿਆਂ ਦੀ ਆਜ਼ਾਦੀ ਹੋ ਗਈ ਹੈ। ਵਰ੍ਹਿਆਂ ਦਾ ਸਫਰ ਬਹੁਤਾ ਚੰਗਾ ਨਹੀਂ ਰਿਹਾ। ਵਰ੍ਹਿਆਂ ਮਗਰੋਂ ਵੀ ‘ਆਟਾ ਦਾਲ’ ਤੋਂ ਗੱਲ ਅੱਗੇ ਨਹੀਂ ਵਧੀ। ਗਰੀਬ ਦੀ ਕਮਜ਼ੋਰੀ ਉਸ ਦਾ ਪੇਟ ਹੈ। ਜੋ ਨਹੀਂ ਜਾਣਦਾ ਕਿ ਏਥੇ ‘ਪਸੀਨੇ’ ਦਾ ਨਹੀਂ, ‘ਵੋਟ ਦਾ ਮੁੱਲ’ ਮਿਲਦਾ ਹੈ। ਕੋਈ ‘ਮਹਿੰਗਾਈ’ ਦਾ ਪੱਤਾ ਖੇਡਦਾ ਹੈ। ਕੋਈ ਫਿਰਕਾਪ੍ਰਸਤੀ ਦਾ। ਕੋਈ ‘ਆਮ ਆਦਮੀ’ ਦਾ ਸਿਪਾਹੀ ਹੋਣ ਦਾ ਢੌਂਗ ਰਚਦਾ ਹੈ। ਕੋਈ ‘ਦਲਿਤ ਦੀ ਬੇਟੀ’ ਹੋਣ ਦਾ ਚਿਹਰਾ ਦਿਖਾ ਰਹੀ ਹੈ। ਕੋਈ ਮੁਲਕ ਨੂੰ ਖਤਰਾ ਦੱਸ ਰਿਹਾ ਹੈ ਤੇ ਕੋਈ ਧਰਮ ਨੂੰ। ਅਸਲ ’ਚ ਵੱਡਾ ਖਤਰਾ ਇਹੋ ਲੋਕ ਹਨ। ਆਜ਼ਾਦੀ ਹੁਣ ਕਿਸ ਕੋਲ ਰੋਵੇਂ ਆਪਣਾ ਦੁੱਖ। ਏਹੋ ਦੁੱਖ ਹੈ ਕਿ ਕੋਈ ਦੁੱਖ ਵੰਡਾਉਣ ਵਾਲਾ ਵੀ ਨਹੀਂ ਬਚਿਆ। ਇੰਝ ਕਿੰਨਾ ਕੁ ਵਕਤ ਚੱਲੇਗਾ। ਗਰੀਬ ‘ਆਟਾ ਦਾਲ’ ਨਹੀਂ ਮੰਗਦਾ,ਉਹ ਤਾਂ ਮਾਹੌਲ ਮੰਗਦਾ ਹੈ ਕਿ ਕਿਸੇ ਵੱਲ ਹੱਥ ਅੱਡਣਾ ਹੀ ਨਾ ਪਵੇ। ਕਿਸਾਨ ਬਿਜਲੀ ਮੰਗਦਾ ਹੈ, ਮੁਫਤਖੋਰੀ ਨਹੀਂ। ਡਿਗਰੀਆਂ ਵਾਲੇ ਨੌਕਰੀ ਮੰਗਦੇ ਹਨ, ਡਾਂਗਾ ਨਹੀਂ। ਵਿਧਵਾ ਬੁਢਾਪੇ ਦਾ ਸਹਾਰਾ ਮੰਗਦੀ ਹੈ, ਸਿਲਾਈ ਮਸ਼ੀਨ ਨਹੀਂ। ਕੁਦਰਤੋਂ ਹਾਰੇ ‘ਅੰਗਹੀਣ’ ਚੱਲਣ ਲਈ ਰਾਹ ਮੰਗਦੇ ਹਨ, ਟਰਾਈ ਸਾਇਕਲ ਨਹੀਂ। ਅਣਚਾਹੀ ‘ਬੱਚੀ’ ਪੰਘੂੜਾ ਨਹੀਂ, ਮਾਪਿਆਂ ਲਈ ਸਜ਼ਾ ਮੰਗਦੀ ਹੈ। ਅਦਾਲਤਾਂ ’ਚ ਵਰ੍ਹਿਆਂ ਤੋਂ ਖੜੇ ਬਿਰਖ ‘ਇਨਸਾਫ’ ਮੰਗਦੇ ਹਨ, ਤਰੀਕ ਨਹੀਂ। ਲੋਕ ਰਾਜ ਆਜ਼ਾਦੀ ਦੀ ਲਾਜ ਰੱਖਦਾ ਤਾਂ ਇੰਝ ਨਹੀਂ ਹੋਣਾ ਸੀ। ਗੱਡੀ ਲੀਹ ’ਤੇ ਚੱਲਦੀ ਤਾਂ ਲੋਕ ਵੋਟਾਂ ਵਾਲਾ ਵਰ੍ਹਾ ਨਹੀਂ, ਚਿੱਤੋਂ ਪਹਿਰ ਲੀਡਰਾਂ ਨੂੰ ਉਡੀਕਦੇ। ਅਫਸੋਸ ਕਿ ਵਿਰੋਧੀ ਧਿਰ ਵੀ ਹੁਣ ਲੋਕਾਂ ਦੀ ਧਿਰ ਨਹੀਂ ਰਹੀ। ਸਭ ਇੱਕੋ ਥਾਲੀ ਦੇ ਚੱਟੇ ਵੱਟੇ ਹਨ। ਸਭ ਪੰਜ ਵਰ੍ਹਿਆਂ ਮਗਰੋਂ ਚਿਹਰਾ ਦਿਖਾਉਣ ਵਾਲੇ ਹਨ।

ਕੋਈ ‘ਸੰਗਤ ਦਰਸ਼ਨ’ ਕਰਦਾ ਨਹੀਂ ਥੱਕਦਾ। ਕੋਈ ਮਹਿਲਾ ਚੋਂ ਨਹੀਂ ਨਿਕਲਦਾ। ਇਕੱਲੇ ‘ਦਰਸ਼ਨ’ਵੀ ਝੋਲੀ ਨਹੀਂ ਭਰਦੇ ,ਇਕੱਲੇ ਮਹਿਲ ਵੀ ਸਹਾਰਾ ਨਹੀਂ ਬਣਦੇ। ਜਿਨ੍ਹਾਂ ਆਜ਼ਾਫ ਫਿਜ਼ਾ ਦੇ ਨਕਸ਼ ਤਰਾਸੇ ਹੋਣਗੇ, ਉਨ੍ਹਾਂ ਨੇ ਇੰਝ ਨਹੀਂ ਸੋਚਿਆ ਹੋਣਾ। ਜੋ ਚਲ ਵਸੇ ,ਉਹ ਦੇਖਦੇ ਤਾਂ ਉਨ੍ਹਾਂ ਨੂੰ ਏਦਾ ਦੀ ਆਜ਼ਾਦੀ ’ਤੇ ਅਫਸੋਸ ਹੋਣਾ ਸੀ। ਕੋਈ ਟੈਂਕੀ ’ਤੇ ਚੜਿਆ ਹੋਇਆ ਹੈ। ਕੋਈ ਬੁਢਾਪਾ ਪੈਨਸ਼ਨ ਲਈ ਸਰਪੰਚ ਦੇ ਬੂਹੇ ਖੜਾ ਹੈ। ਹੁਣ ਤਾਂ ਸ਼ਹੀਦਾਂ ਦੇ ਬੁੱਤ ਵੀ ਸ਼ਰਮਿੰਦਾ ਹੋ ਗਏ ਹਨ। ਨਾ ਵਿਚਾਰਾਂ ਦੀ ਆਜ਼ਾਦੀ ਤੇ ਨਾ ਇਨ੍ਹਾਂ ਦੇ ਪ੍ਰਗਟਾਵੇ ਦੀ। ਆਜ਼ਾਦੀ ਨੇ ਲਾਲਗੜ ਵੀ ਦੇਖਿਆ ਹੈ ਤੇ ਦਾਂਤੇਵਾੜਾ ਵੀ। ਇਸ ਨੇ ਸ਼ਹੀਦ ਊਧਮ ਸਿੰਘ ਦਾ ਢਹਿ ਢੇਰੀ ਹੋਇਆ ਜੱਦੀ ਪੁਸ਼ਤੀ ਘਰ ਵੀ ਦੇਖਿਆ ਹੈ। ਦੇਖਿਆ ਤਾਂ ਚੌਧਰੀ ਦੇਵੀ ਲਾਲ ਦਾ ਚਮਕਾਂ ਮਾਰਦਾ ਸਮਾਰਕ ਵੀ ਹੈ, ਵੱਸ ਚੱਲਦਾ ਤਾਂ ਆਜ਼ਾਦੀ ਇਸ ਸਮਾਰਕ ਤੋਂ ਨੇੜੇ ਪੈਂਦੇ ਪਿੰਡ ਬਾਦਲ ਵੀ ਜਾਂਦੀ। ਸ਼ੁਕਰ ਹੈ ਨਹੀਂ ਗਈ, ਜਾਂਦੀ ਤਾਂ ਉਸ ਨੂੰ ਭਰਮ ਹੋ ਜਾਣਾ ਸੀ ਕਿ ਪੰਜਾਬ ਦੇ ਪਿੰਡਾਂ ਦੀ ਏਨੀ ਤਰੱਕੀ। ਭੋਲੀ ਆਜ਼ਾਦੀ ਨੂੰ ਕੀ ਪਤੈ, ਪਿੰਡ ਬਾਦਲ ’ਚ ਇਕੱਲਾ ਬਠਿੰਡਾ ਦੇ ਕਿਲੇ ਲਈ ਆਇਆ ਪੈਸਾ ਨਹੀਂ ਲੱਗਿਆ ਬਲਕਿ ਇੱਥੋਂ ਦੇ ਵਿਕਾਸ ’ਤੇ ਤਾਂ ‘ਹੜ ਪੀੜਤਾਂ’ ਵਾਲੀ ਰਾਸ਼ੀ ਵੀ ਲੱਗੀ ਹੈ। ਇਸ ਨੂੰ ਨਹੀਂ ਪਤਾ ਕਿ ਤਰੱਕੀ ਦੀ ਹੁੰਦੀ ਹੈ। ਸਰਕਾਰਾਂ ਲਈ ਤਰੱਕੀ ਦੇ ਮਾਅਣੇ ਹੋਰ ਹਨ। ਸਿਵਿਆ ਦੀ ਕੰਧ ਵਲਣਾ ਤਰੱਕੀ ਨਹੀਂ। ਛੱਪੜ ਦੀ ਕੰਧ ਕੱਢ ਦੇਣਾ ਵਿਕਾਸ ਨਹੀਂ। ਨਾ ਹੀ ਧਰਮਸ਼ਾਲਾ ਨੂੰ ਕਲੀ ਕੂਚੀ ਕਰਨ ’ਤੇ ਤਰੱਕੀ ਦੇ ਰਾਹ ਖੁੱਲ੍ਹਦੇ ਨੇ।

ਟੈਂਕੀਆਂ ’ਤੇ ਚੜਣ ਵਾਲਿਆਂ ਦਾ ਕੀ ਹੱਲ ਕੱਢਿਐ ? ਡੀ.ਜੀ.ਪੀ ਪੰਜਾਬ ਨੇ ਜੁਆਬ ਦਿੱਤਾ, ਦੋ ਬਟਾਲੀਅਨਾਂ ਬਠਿੰਡਾ ਨੂੰ ਦੇ ਦਿੱਤੀਆਂ ਹਨ ਜਿਨ੍ਹਾਂ ਚੋਂ ਇੱਕ ਬਟਾਲੀਅਨਾਂ ਇਨ੍ਹਾਂ ਲਈ ਹੈ। ਚਾਰ ਮਹੀਨੇ ਤੋਂ ਪੇਂਡੂ ਸਿਹਤ ਕੇਂਦਰ ਦਵਾਈ ਉਡੀਕ ਰਹੇ ਹਨ। ਸਿਹਤ ਕੇਂਦਰਾਂ ’ਚ ਨਵੇਂ ਫਰਿੱਜ ਆਏ ਹਨ, ਦਵਾਈ ਨਹੀਂ। ਆਜ਼ਾਦੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਵੇਰੇ ਚਾਹ ਵਾਲੀ ਦੁਕਾਨ ਖੁੱਲ੍ਹਣ ਤੋਂ ਪਹਿਲਾਂ ਸ਼ਰਾਬ ਵਾਲੇ ਠੇਕੇ ਖੁੱਲ੍ਹ ਜਾਂਦੇ ਨੇ। ਇਸ ਨੂੰ ਤਾਂ ਇਹ ਵੀ ਸਮਝ ਨਹੀਂ ਪੈਂਦੀ ਕਿ ਪਟਿਆਲੇ ਵਾਲਾ ਰਾਜਾ ਪ੍ਰਧਾਨਗੀ ਦੀ ਕਲਗੀ ਬਿਨਾਂ ਕਿਉਂ ਮਹਿਲਾ ਚੋਂ ਨਿਕਲਣ ਨੂੰ ਤਿਆਰ ਨਹੀਂ। ਇਸ ਦੇ ਸਮਝੋ ਬਾਹਰ ਹੈ ਕਿ ਭਾਜਪਾ ਵਾਲੇ ਅਕਾਲੀਆਂ ਤੋਂ ਜੂਤ ਪਤਾਂਗ ਕਰਾ ਕੇ ਵੀ ਚੁੱਪ ਕਿਉਂ ਨੇ। ਡੇਰਿਆਂ ਨੇ ਤਾਂ ਆਜ਼ਾਦੀ ਨੂੰ ਭੰਬਲਭੂਸੇ ’ਚ ਹੀ ਪਾ ਦਿੱਤਾ ਹੈ। ਉਸ ਨੇ ਅਸੈਂਬਲੀ ਚੋਣਾਂ ਮਗਰੋਂ ਡੇਰਾ ਪ੍ਰੇਮੀਆਂ ’ਤੇ ਵਰਦੀ ਡਾਂਗ ਵੀ ਵੇਖੀ ਹੈ। ਉਹ ‘ਯੂ ਟਰਨ’ ਵੀ ਵੇਖਿਆ ਹੈ ਜੋ ਅਕਾਲੀਆਂ ਨੇ ਬਠਿੰਡਾ ਦੀ ਸੰਸਦੀ ਚੋਣ ਵੇਲੇ ਲਿਆ। ਪ੍ਰੇਮੀਆਂ ਦੀ ਵੋਟਾਂ ਲੈਂਦੇ ਕਾਂਗਰਸੀ ਵੀ ਵੇਖੇ ਨੇ। ਪ੍ਰੰਤੂ ਇਹ ਕਾਂਗਰਸੀ ਮੁੜ ਕੇ ਕਦੇ ਨਹੀਂ ਵੇਖੇ। ਖਾਸ ਕਰਕੇ ਡੇਰਾ ਪੈਰੋਕਾਰਾਂ ’ਤੇ ਪਈ ਬਿਪਤਾ ਵੇਲੇ। ਰਣਇੰਦਰ ਦਾ ਇੱਕ ਹਮਾਇਤੀ ਆਖਦੈ, ਰਣਇੰਦਰ ਦੀ ਬੇੜੀ ਤਾਂ ਪ੍ਰੇਮੀਆਂ ਨੇ ਡੋਬਤੀ। ਉਹ ਹਮਾਇਤੀ ਐਮ.ਐਲ.ਏ ਇਹ ਭੁੱਲ ਬੈਠਾ ਹੈ ਕਿ ਉਸ ਦੀ ਕਿਸ਼ਤੀ ਕਿਸ ਨੇ ਪਾਰ ਲਾਈ ਸੀ। ਸਾਰਾ ਕੁਝ ਦੇਖ ਕੇ ਲੱਗਦੈ ਕਿ ਹੁਣ ਇੱਕ ਹੋਰ ‘ਸੀਚੇਵਾਲ’ ਦੀ ਲੋੜ ਹੈ ਜੋ ਕਿ ਪੰਜਾਬ ’ਚ ਪਏ ਇਸ ਗੰਦ ਮੰਦ ਦੀ ਸਫਾਈ ਲਈ ‘ਕਾਰ ਸੇਵਾ’ ਸ਼ੁਰੂ ਕਰੇ। ਕੁਆਰੀਆਂ ਕੁੜੀਆਂ ਤੋਂ ਸਰਕਾਰ ਸ਼ਗਨ ਵਾਰ ਰਹੀ ਹੈ। ਇੱਧਰ ਉਨ੍ਹਾਂ ਧੀਆਂ ਨੂੰ ਸ਼ਗਨ ਹਾਲੇ ਤੱਕ ਨਹੀਂ ਮਿਲੇ ,ਜਿਨ੍ਹਾਂ ਦੀ ਗੋਦੀ ਜੁਆਕ ਖੇਡਣ ਵੀ ਲੱਗ ਗਏ ਹਨ। ਮਾਲਵੇ ਦੀ ਤਰਾਸ਼ਦੀ ਦੇਖੋ ਕਿ ਇੱਥੇ ਤਾਂ ਬਹੁਤੇ ਜੁਆਕਾਂ ਨੂੰ ਖੇਡਣ ਦਾ ਮੌਕਾ ਹੀ ਨਹੀਂ ਮਿਲਦਾ। ਬਚਪਨ ਤੋਂ ਪਹਿਲਾਂ ਕੈਂਸਰ ਪੁੱਜ ਜਾਂਦਾ ਹੈ। ਹਰ ਕਿਸੇ ’ਚ ਵਿਦੇਸੀ ਇਲਾਜ ਦੀ ਵੀ ਤਾਂ ਪਹੁੰਚ ਨਹੀਂ ਹੁੰਦੀ।

ਕੁਦਰਤੀ ਆਫਤਾਂ ਵਾਲੇ ਰਾਹਤ ਫੰਡ ਦੀ ਕੋਈ ਤੋਟ ਨਹੀਂ। ਹੜ੍ਹ ਦੀ ਰੋਕਥਾਮ ਵਾਲੇ ਫੰਡ ਮੁੱਕੇ ਹੋਏ ਹਨ। ਇੱਕ ਹੜ੍ਹ ਅੱਜ ਕੱਲ ਡਾਇਰੈਕਟਰ ਜਨਰਲ (ਸਿੱਖਿਆ ਵਿਭਾਗ) ਵਲੋਂ ਭੇਜੇ ਜਾਂਦੇ ਪੱਤਰਾਂ ਦਾ ਆਇਆ ਹੋਇਆ ਹੈ। ਉਨੇ ਫੰਡ ਨਹੀਂ ਮਿਲਦੇ ,ਜਿਨੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਦੇ ਪੱਤਰ ਅਧਿਆਪਕਾਂ ਨੂੰ ਮਿਲ ਜਾਂਦੇ ਨੇ। ਬੰਦਾ ਤਾਂ ਚੰਗੈ, ਪਰ ਮਾਸਟਰਾਂ ਨੂੰ ਵਾਹਣੀ ਪਾ ਰੱਖਿਐ ਹੈ। ਚਲੋ ਇਹ ਤਾਂ ਸਰਕਾਰੀ ਬਾਤਾਂ ਨੇ। ਪਰ ਇਹ ਬਾਤ ਨਹੀਂ, ਸੱਚੀ ਗੱਲ ਹੈ ਕਿ ਕਾਂਗਰਸੀ ਐਮ.ਐਲ.ਏ ਸਰਕਾਰ ਤੋਂ ‘ਹਲਕਾ ਭੱਤਾ’ ਤਾਂ ਲੈਂਦੇ ਨੇ ਪਰ ਹਲਕੇ ’ਚ ਜਾਂਦੇ ਨਹੀਂ। ਕਾਂਗਰਸ ਦੇ ਕਈ ਕਾਕਾਸ਼ਾਹੀ ਐਮ.ਐਲ.ਏ ਤਾਂ ਚੋਰੀ ਛਿਪੇ ਆਖ ਦਿੰਦੇ ਨੇ, ਸਾਨੂੰ ਤਾਂ ਲੋਕਾਂ ਚੋਂ ਬੋਅ ਆਉਂਦੀ ਹੈ। ਉਪਰੋਂ ਦੇਖਣ ’ਚ ਇਹ ਨੀਲੇ ਚਿੱਟੇ ਲੱਗਦੇ ਨੇ, ਅੰਦਰੋਂ ਮੁਖੜਾ ਇੱਕੋ ਹੈ। ਸਰਕਾਰ ਵਲੋਂ ਕਮਿਸ਼ਨਾਂ ਦੇ ਜੋ ਚੇਅਰਮੈਨ ਜਾਂ ਮੈਂਬਰ ਨਿਯੁਕਤ ਕੀਤੇ ਜਾਂਦੇ ਹਨ,ਉਨ੍ਹਾਂ ਦੀ ਨਿਯੁਕਤੀ ਲਈ ਵਿਰੋਧੀ ਧਿਰ ਦੀ ਆਗੂ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ। ਕਦੇ ਵੀ ਵਿਰੋਧੀ ਧਿਰ ਨੇ ਕਿਸੇ ਨਿਯੁਕਤੀ ਦਾ ਬੁਰਾ ਨਹੀਂ ਮਨਾਇਆ। ਸਰਕਾਰ ਕੋਈ ਵੀ ਹੋਵੇ, ਆਜ਼ਾਦੀ ਦਿਹਾੜਾ ਮਨਾਉਣਾ ਨਹੀਂ ਭੁੱਲਦੀ। ਇਹ ਵੱਖਰੀ ਗੱਲ ਹੈ ਕਿ ਕੋਈ ਦਿਹਾੜਾ ਵੀ ਹੁਣ ਲੋਕਾਂ ਦੇ ਦੁੱਖਾਂ ਦੀ ਦਾਰੂ ਨਹੀਂ ਬਣਦਾ। ਟਰਾਈ ਸਾਇਕਲ ਵੰਡੇ ਜਾਂਦੇ ਹਨ,ਸਿਲਾਈ ਮਸੀਨਾਂ ਦੀ ਵੰਡ ਹੁੰਦੀ ਹੈ, ਚਹੁੰ ਜਣਿਆ ਨੂੰ ਸਨਮਾਨ ਦਿੱਤਾ ਜਾਂਦੈ ਹੈ। ਬੱਸ ਇਹੋ ਜਿਹਾ ਹੁੰਦਾ ਹੈ ਆਜ਼ਾਦੀ ਦਿਹਾੜੇ ਦਾ ਜਸ਼ਨ।

ਦੇਖਿਆ ਜਾਵੇ ਤਾਂ ‘ਆਮ ਆਦਮੀ’ ਤਾਂ ਕਿਸੇ ਜਸ਼ਨ ਜੋਗਾ ਵੀ ਨਹੀਂ ਰਿਹਾ। ਮਹਿੰਗਾਈ ਨੇ ਪੀਪੇ ਖਾਲੀ ਕਰ ਦਿੱਤੇ ਹਨ। ਗਰੀਬ ਨੂੰ ਤਾਂ ਸੋਚਣ ਦੀ ਵਿਹਲ ਵੀ ਨਹੀਂ ਮਿਲਦੀ। ਜੋ ਵਿਹਲੇ ਹਨ,ਉਹ ਸਮਾਜ ਸੇਵੀ ਬਣੇ ਹੋਏ ਹਨ। ਬਠਿੰਡਾ ਸ਼ਹਿਰ ’ਚ ਇੱਕ ਅਧਿਆਪਕ ਉਨ੍ਹਾਂ ਸਮਾਂ ਸਮਾਜ ਸੇਵਾ ਨਹੀਂ ਕਰਦਾ ਜਿਨ੍ਹਾਂ ਸਮਾਂ ਉਹ ਸਾਇਕਲ ’ਤੇ ਪ੍ਰੈਸ ਨੋਟ ਵੰਡਣ ’ਚ ਲਾ ਦਿੰਦਾ ਹੈ। ਸਕੂਲ ’ਚ ਬੱਚੇ ਉਡੀਕ ਰਹੇ ਹੁੰਦੇ ਹਨ, ਇੱਧਰ ਮਾਸਟਰ ਜੀ ਤੁਲਸੀ ਦੇ ਪੌਦੇ ਵੰਡ ਰਹੇ ਹੁੰਦੇ ਨੇ, ਸਿੱਖਿਆ ਕੌਣ ਵੰਡੂ, ਇਸ ਨੂੰ ਕੋਈ ਪੁੱਛਣ ਵਾਲਾ ਨਹੀਂ ਕਿਉਂਕਿ ਡੀ.ਈ.ਓ ਸਾਹਿਬ ਦਾ ਉਸ ਨੂੰ ਅਸ਼ੀਰਵਾਦ ਪ੍ਰਾਪਤ ਹੈ। ਆਜ਼ਾਦੀ ਦਿਹਾੜਾ ਹੈ,ਉਸ ‘ਯੋਗ ਗੁਰੂ’ ਦੀ ਵੀ ਸੁਣੋ, ਜੋ ਸਰਕਾਰੀ ਮੁਲਾਜ਼ਮ ਹੈ। ਦਫਤਰ ਜਾਣਾ ਭੁੱਲ ਸਕਦੈ ਲੇਕਿਨ ਅਫਸਰਾਂ ਨੂੰ ਘਰੋਂ ਘਰੀ ਜਾ ਕੇ ਯੋਗਾ ਕਰਾਉਣਾ ਨਹੀਂ ਭੁੱਲਦਾ। ਜੋ ਸੱਚੀ ਸਮਾਜ ਸੇਵਾ ਕਰਦੇ ਨੇ, ਉਹ ਪ੍ਰੈਸ ਨੋਟ ਨਹੀਂ ਵੰਡਦੇ ਕਿਉਂਕਿ ਉਨ੍ਹਾਂ ਦੇ ਨੋਟ ਲੋਕਾਂ ਦੇ ਦਿਲਾਂ ’ਤੇ ਲਿਖੇ ਜਾਂਦੇ ਹਨ, ਅਖਬਾਰਾਂ ’ਚ ਨਹੀਂ।

ਚਰਨਜੀਤ ਭੁੱਲਰ,ਬਠਿੰਡਾ
ਲੇਖਕ ਪੱਤਰਕਾਰ ਹਨ।