ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, March 31, 2009

ਘੱਟਗਿਣਤੀਆਂ ਦੇ ਰਾਜ 'ਚ "ਘੱਟਗਿਣਤੀਆਂ" ਦਾ ਹਾਲ (ਜ਼ਮੀਨ ਤੋਂ ਜ਼ਮੀਨ ਤੱਕ)

ਡਾ. ਪੁਨੀਤ ਅਪਣੇ ਵਿਦਿਆਰਥੀ ਜੀਵਨ ਤੋਂ ਸਮਾਜਿਕ ਸਰੋਕਾਰਾਂ ਪ੍ਰਤੀ ਸੁਚੇਤ ਰਹੇ ਹਨ।ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ ਕਰਨ ਤੋਂ ਬਾਅਦ ਉਹ ਇਕ ਇਕ ਮਨੁੱਖ ਦੀ ਨਬਜ਼ ਫੜਨ ਦੀ ਬਜਾਏ ਪੂਰੇ ਸਮਾਜ ਦੀ ਨਬਜ਼ ਫੜਨ ਦੀ ਕੋਸ਼ਿਸ਼ ਚ ਮਸ਼ਰੂਫ ਨੇ।ਉਹ ਦਲਿਤਾਂ ਤੇ ਘੱਟਗਿਣਤੀਆਂ ਦੇ ਸਮਾਜ ਵਿਗਿਆਨ ਨੂੰ ਘੋਖਣ ਤੇ ਸਮਝਣ ਲਈ ਲਗਾਤਾਰ ਪੜ੍ਹਦੇ ਤੇ ਪ੍ਰੈਕਟਿਸ ਕਰਦੇ ਰਹਿੰਦੇ ਨੇ।ਸੱਚਰ ਕਮੇਟੀ ਦੀ ਰਿਪੋਰਟ ਨੂੰ ਅਧਾਰ ਬਣਾਕੇ ਲਿਖਿਆ ਉਹਨਾਂ ਦਾ ਲੇਖ ਪੰਜਾਬ ਚ ਮੁਸਲਿਮ ਭਾਈਚਾਰੇ ਦੀ ਹਾਲਤ ਨੂੰ ਬੜੀ ਬਰੀਕੀ ਨਾਲ ਬਿਆਨ ਕਰਦਾ ਹੈ।ਉਹਨਾਂ ਦਾ ਲੇਖ ਪੜ੍ਹਕੇ ਸੱਚਮੁੱਚ ਲਗਦਾ ਹੈ ਕਿ ਹਿੰਦੋਸਤਾਨ ਚ ਮੁਸਲਮਾਨਾਂ ਦੀ ਸਥਿਤੀ ਉਹਨਾਂ ਦੀ ਜ਼ੁਬਾਨ ਉਰਦੂ ਵਰਗੀ ਹੈ----ਹਰਪ੍ਰੀਤ ਰਠੌੜ ਤੇ ਯਾਦਵਿੰਦਰ ਕਰਫਿਊ

ਸਾਡੇ ਦੇਸ਼ ਵਿਚ ਕੁਝ ਹਿੰਦੂਵਾਦੀ ਸੰਗਠਨਾਂ ਤੇ ਸਿਆਸਤਦਾਨਾਂ ਵਲੋਂ ਵੱਡੇ ਪੱਧਰ ਉਤੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਭਾਰਤ ਵਿਚਲੀਆਂ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਨੂੰ ਭਰਮਾਉਣ ਦੀ ਸਿਆਸਤ ਹੁੰਦੀ ਹੈ। ਇਹ ਅਨਸਰ ਭਾਰਤ ਦੀ ਹਰ ਸਮੱਸਿਆ ਨੂੰ ਹਿੰਦੂਵਾਦੀ ਪੈਂਤੜੇ ਤੋਂ ਦੇਖਦੇ ਹਨ ਅਤੇ ਗਰੀਬੀ,ਅਨਪੜ੍ਹਤਾ,ਆਬਾਦੀ ਆਦਿ ਮਾਮਲਿਆਂ ਸਬੰਧੀ ਮੁਸਲਿਮ ਅਤੇ ਹੋਰ ਭਾਈਚਾਰੇ ਨੂੰ ਦੋਸ਼ੀ ਠਹਿਰਾਉਂਦੇ ਹਨ।ਬ੍ਰਾਹਮਣਵਾਦੀ ਵਿਚਾਰਧਾਰਾ ਨਾਲ ਸਬੰਧਤ ਇਨ੍ਹਾਂ ਲੋਕਾਂ ਨੇ ਹਮੇਸ਼ਾ ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਵਿਰੁੱਧ ਦੋਸ਼ ਦਾਗੇ ਹਨ।ਇਥੋਂ ਤੱਕ ਕਿ ਅੰਗਰੇਜ਼ਾਂ ਦੇ ਬਸਤੀਵਾਦੀ ਰਾਜ ਪਿਛੇ ਵੀ ਉਹ ਮੁਸਲਿਮ ਭਾਈਚਾਰੇ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ।ਬੇਸ਼ੱਕ ਮੁਗ਼ਲਾਂ ਨੇ ਭਾਰਤ ਉਤੇ ਲੰਬਾ ਅਰਸਾ ਰਾਜ ਕੀਤਾ ਹੈ ਪਰ ਜੇ ਮੁਸਲਿਮ ਆਬਾਦੀ ਦੇ ਵੱਡੇ ਹਿੱਸੇ ਨੂੰ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਹ ਅੱਤ ਦੀ ਕੰਗਾਲੀ ਵਾਲੀ,ਸਾਧਨ ਵਿਹੂਣੀ ਅਤੇ ਭੈੜੀ ਤਰ੍ਹਾਂ ਦੀ ਜ਼ਿੰਦਗੀ ਜਿਉਂਦੀ ਹੈ।ਅਗਾਂਹ ਮੁਸਲਿਮ ਭਾਈਚਾਰੇ ਦੇ ਅੰਦਰ ਦਲਿਤ ਸ਼੍ਰੇਣੀਆਂ ਨਾਲ ਸਬੰਧਤ ਮੁਸਲਿਮ ਲੋਕਾਂ ਦੀ ਹਾਲਤ ਤਾਂ ਹੋਰ ਵੀ ਬਦਤਰ ਸਥਿਤੀ ਵਿਚ ਹੈ।ਜਸਟਿਸ ਰਾਜਿੰਦਰ ਸੱਚਰ ਦੀ ਅਗਵਾਈ ਵਿਚ ਬਣੀ ਸੱਚਰ ਕਮੇਟੀ ਨੇ ਭਾਰਤ ਵਿਚ ਮੁਸਲਿਮ ਆਬਾਦੀ ਦੀ ਆਰਥਿਕ,ਸਮਾਜਿਕ ਅਤੇ ਸਿਆਸੀ ਸਥਿਤੀ ਨਾਲ ਸਬੰਧਤ ਇਕ ਮੁਆਇਨਾ ਕਰਕੇ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਉਤੇ ਬ੍ਰਾਹਮਣਵਾਦੀ ਤਾਕਤਾਂ ਨੇ ਬਹੁਤ ਹੋ ਹੱਲਾ ਮਚਾਇਆ ਹੈ ਅਤੇ ਇਸ ਦੇ ਉਲਟ ਪ੍ਰਚਾਰ ਕੀਤਾ ਹੈ। ਉਨ੍ਹਾਂ ਨੇ ਇਥੋਂ ਤੱਕ ਡੌਂਡੀ ਪਿੱਟਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਰਿਪੋਰਟ ਨਾਲ ਦੇਸ਼ ਦੀ ਅਖੰਡਤਾ ਖ਼ਤਰੇ ਵਿਚ ਪੈ ਸਕਦੀ ਹੈ।ਇਸ ਕਮੇਟੀ ਨੇ ਭਾਰਤ ਵਿਚ ਮੁਸਲਿਮ ਆਬਾਦੀ ਦੀ ਅੱਤ ਦੀ ਗਰੀਬੀ ਅਤੇ ਪੱਛੜੇਪਣ ਦੀ ਸਥਿਤੀ ਨੂੰ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ।

ਅਸੀਂ ਇਥੇ ਵਿਦਿਆ ਦੇ ਖੇਤਰ ਵਿਚ ਪਟਿਆਲਾ ਜ਼ਿਲ੍ਹੇ ਦੇ ਕੁਝ ਪਿੰਡਾਂ ਵਿਚ ਮੁਸਲਿਮ ਵਸੋਂ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ।ਇਹ ਪਿੰਡ ਪਟਿਆਲਾ ਸ਼ਹਿਰ ਨੇੜਲੇ ਪਿੰਡ ਹਨ ਅਤੇ ਅਸੀਂ ਇਹ ਸੋਚ ਕੇ ਚੱਲੇ ਸਾਂ ਕਿ ਸ਼ਹਿਰ ਨੇੜਲੇ ਪਿੰਡ ਹੋਣ ਕਾਰਨ ਇਥੇ ਮੁਸਲਿਮ ਆਬਾਦੀ ਕੁਝ ਚੰਗੀ ਹਾਲਤ ਵਿਚ ਹੋਵੇਗੀ ਪਰ ਸਾਡੇ ਮੁਆਇਨੇ ਵਿਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਤੋਂ ਇਹੋ ਲਗਦਾ ਹੈ ਕਿ ਜਸਟਿਸ ਸੱਚਰ ਦੀ ਰਿਪੋਰਟ ਬਿਲਕੁਲ ਸੱਚ ਬੋਲ ਰਹੀ ਹੈ।ਪੰਜਾਬ ਵਿਚ 1947 ਵਿਚ ਹੋਏ ਭਿਆਨਕ ਹੱਲਿਆਂ ਕਾਰਨ ਮੁਸਲਿਮ ਵਸੋਂ ਬਹੁਤ ਘੱਟ ਹੈ।ਮਾਲੇਰਕੋਟਲਾ ਅਤੇ ਕਾਦੀਆਂ ਨੂੰ ਛੱਡ ਕੇ ਸ਼ਾਇਦ ਹੀ ਕੋਈ ਅਜਿਹਾ ਸ਼ਹਿਰ ਜਾਂ ਕਸਬਾ ਹੋਵੇ ਜਿਥੇ ਮੁਸਲਿਮ ਲੋਕ ਵੱਡੀ ਗਿਣਤੀ ਵਿਚ ਮੌਜੂਦ ਹੋਣ।ਪਰ ਕੁਝ ਪਿੰਡ ਅਜਿਹੇ ਹਨ ਜਿਨ੍ਹਾਂ ਵਿਚ ਇਸ ਭਾਈਚਾਰੇ ਦੇ ਲੋਕ ਇਕ ਗਿਣਨਯੋਗ ਹੈਸੀਅਤ ਰੱਖਦੇ ਹਨ।

ਆਪਣੇ ਮੁਆਇਨੇ ਦੇ ਪਹਿਲੇ ਪੜਾਅ ਵਿਚ ਅਸੀਂ ਪਟਿਆਲੇ ਦੇ ਵਜੀਦਪੁਰ ਪਿੰਡ ਵਿਚ ਪਹੁੰਚੇ। ਇਸ ਪਿੰਡ ਦੀ ਕੁਲ ਵਸੋਂ ਕੋਈ 1000 ਦੇ ਕਰੀਬ ਹੈ ਜਿਸ ਵਿਚ ਮੁਸਲਮਾਨਾਂ ਦੀ ਗਿਣਤੀ ਸਿਰਫ਼ 84 ਹੈ ਅਤੇ ਇਹ 84 ਲੋਕ ਸੋਲਾਂ ਪਰਿਵਾਰਾਂ ਨੂੰ ਮਿਲਾ ਕੇ ਬਣਦੇ ਹਨ।ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸ਼ਹਿਰ ਪਟਿਆਲਾ ਵਾਂਗ ਵਜੀਦਪੁਰ ਪਿੰਡ ਵਿਚ ਵੀ ਵਿਦਿਅਕ ਸੰਸਥਾਵਾਂ ਦੀ ਗਿਣਤੀ ਆਲੇ ਦੁਆਲੇ ਦੇ ਪਿੰਡਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ ਅਤੇ ਇਸ ਪੱਖੋਂ ਇਹ ਅਗਾਂਹਵਧੂ ਪਿੰਡ ਮੰਨਿਆ ਜਾਂਦਾ ਹੈ।ਇਸ ਵਿਚ ਇਕ ਐਲੀਮੈਂਟਰੀ ਸਕੂਲ, ਇਕ ਸੀਨੀਅਰ ਸੈਕੰਡਰੀ ਸਕੂਲ ਅਤੇ ਦੋ ਪ੍ਰਾਈਵੇਟ ਸਕੂਲ ਹਨ।ਪਿੰਡ ਦੇ ਬੱਚਿਆਂ ਦੀ ਕਾਫ਼ੀ ਗਿਣਤੀ ਸ਼ਹਿਰ ਦੇ ਸਕੂਲਾਂ ਵਿਚ ਵੀ ਪੜ੍ਹਨ ਜਾਂਦੀ ਹੈ।ਆਲੇ ਦੁਆਲੇ ਦੇ 30-40 ਪਿੰਡਾਂ ਵਿਚੋਂ ਨੰਬਰ ਇਕ ਪਿੰਡ ਹੋਣ ਦੇ ਨਾਲ ਨਾਲ ਪਟਿਆਲਾ ਸੰਗਰੂਰ ਸੜਕ ਉਤੇ ਸਥਿਤ ਇਸ ਪਿੰਡ ਵਿਚ ਇਕ ਸਿਵਲ ਡਿਸਪੈਂਸਰੀ ਵੀ ਹੈ।ਪਿੰਡ ਦੇ ਗੈਰ ਮੁਸਲਿਮ ਕਿਸਾਨ ਪਰਿਵਾਰਾਂ ਦੀਆਂ ਦੋ ਕੁੜੀਆਂ ਡਾਕਟਰੀ ਦੀ ਪੜ੍ਹਾਈ ਕਰ ਰਹੀਆਂ ਹਨ। ਇਕ ਵਿਅਕਤੀ ਵਕੀਲ ਹੈ।ਸਿੱਖਿਆ ਮਹਿਕਮੇ ਵਿਚ ਕਈ ਲੋਕ ਨੌਕਰੀ ਕਰਦੇ ਹਨ, ਇਕ ਵਿਅਕਤੀ ਖੇਤੀਬਾੜੀ ਇੰਸਪੈਕਟਰ ਰਿਹਾ ਹੈ।ਕਈ ਲੋਕ ਪੁਲਿਸ ਅਤੇ ਫੌਜ ਵਿਚ ਵੀ ਹਨ।ਬੇਸ਼ੱਕ ਉਪਰੋਕਤ ਵਿਚੋਂ ਕੁਝ ਦਲਿਤ ਪਰਿਵਾਰਾਂ ਨਾਲ ਸਬੰਧਤ ਹਨ ਪਰ ਸੱਭੇ ਹੀ ਗੈਰ ਮੁਸਲਿਮ।ਮੁਸਲਿਮ ਘਰਾਂ ਵਿਚੋਂ ਇਕ ਹੀ ਵਿਅਕਤੀ ਨੌਕਰੀ ਕਰਦਾ ਹੈ ਅਤੇ ਉਹ ਵੀ ਦਰਜਾ ਚਾਰ।

ਮੁਸਲਿਮ ਪਰਿਵਾਰਾਂ ਦੀ ਆਰਥਿਕ ਸਮਾਜਿਕ ਸਥਿਤੀ ਸਭ ਤੋਂ ਨੀਵੀਂ ਹੈ।ਉਨ੍ਹਾਂ ਕੋਲ ਕਦੇ ਵੀ ਆਪਣੀ ਜ਼ਮੀਨ ਨਹੀਂ ਰਹੀ ਅਤੇ ਨਾ ਹੀ ਪੰਚਾਇਤੀ ਜ਼ਮੀਨ ਕਦੇ ਮਿਲੀ ਹੈ।ਉਹ ਸਾਰੇ ਹੀ ਜਾਂ ਨਿੱਕੇ ਮੋਟੇ ਧੰਦਿਆਂ ਵਿਚ ਜਾਂਦੇ ਹਨ ਜਾਂ ਦਸਤਕਾਰੀ ਕਰਦੇ ਹਨ। ਪਿਛਲੇ 30 ਸਾਲਾਂ ਤੋਂ ਪੰਚਾਇਤ ਵਿਚ ਉਨ੍ਹਾਂ ਦੀ ਕੋਈ ਨੁਮਾਇੰਦਗੀ ਨਹੀਂ ਰਹੀ।ਉਸ ਤੋਂ ਪਹਿਲਾਂ ਇਕ ਬਜ਼ੁਰਗ ਇਕ ਵਾਰ ਪੰਚਾਇਤ ਮੈਂਬਰ ਬਣਿਆ ਸੀ।ਮੁਸਲਿਮ ਔਰਤਾਂ ਵਿਚ ਬੁਰਕੇ ਦਾ ਰਿਵਾਜ ਨਹੀਂ ਨਾ ਹੀ ਕਿਸੇ ਪਰਿਵਾਰ ਵਿਚ ਇਕ ਤੋਂ ਵੱਧ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ। ਮੁਸਲਿਮ ਪਰਿਵਾਰਾਂ ਦੇ ਬੱਚੇ ਛੋਟੇ ਹੁੰਦਿਆ ਤੋਂ ਹੀ ਦਸਤਾਕਾਰੀ ਜਾਂ ਪੁਸ਼ਤੈਨੀ ਕੰਮਾਂ ਵਿਚ ਰੁਝ ਜਾਂਦੇ ਹਨ। 1947 ਤੋਂ ਬਾਅਦ ਸੱਠ ਸਾਲਾਂ ਵਿਚ ਇਹ ਪਹਿਲੀ ਵਾਰ ਹੈ ਕਿ ਦੋ ਮੁੰਡੇ ਕਾਲਜ ਵਿਚ ਦਾਖਲ ਹੋਏ ਹਨ ਨਹੀਂ ਤਾਂ ਦਸਵੀਂ ਤੋਂ ਅਗਾਂਹ ਕਦੇ ਕੋਈ ਨਹੀਂ ਸੀ ਟੱਪਿਆ।ਅਸੀਂ ਦੀ ਆਬਾਦੀ ਵਿਚ 38 ਲੋਕਾਂ ਤਾਂ ਕੋਰੇ ਅਨਪੜ੍ਹ ਹਨ,ਯਾਨੀ ਤਕਰੀਬਨ 50% ਅਨਪੜ੍ਹਤਾ ਹੈ। ਮੁਸਲਿਮ ਘਰਾਂ ਵਿਚ ਪੰਜਵੀਂ ਤੱਕ ਸਿਰਫ਼ ਸੋਲਾਂ ਜਣੇ (ਸਮੇਤ ਹੁਣ ਪੜ੍ਹ ਰਹੇ ਬੱਚਿਆਂ ਦੇ) ਪੜ੍ਹ ਸਕੇ ਹਨ। ਪੰਜਵੀਂ ਤੇ ਦਸਵੀਂ ਤੱਕ 24 ਲੋਕ ਪੜ੍ਹੇ ਹਨ। ਕਾਲਜ ਵਿਚ ਸਿਰਫ਼ ਦੋ ਹੀ ਪਹੁੰਚੇ ਤੇ ਯੂਨੀਵਰਸਿਟੀ ਤੱਕ ਕੋਈ ਵੀ ਨਹੀਂ ਪਹੁੰਚਿਆ।ਕੋਈ ਦੋਧੀ ਹੈ, ਕੋਈ ਨਾਈ ਹੈ ਤੇ ਕੋਈ ਗਾਉਣ ਵਜਾਉਣ ਦੇ ਖੇਤਰ ਵਿਚ ਕਾਮਾ ਹੈ।

ਕਿਸੇ ਦੇਸ਼ ਵਿਚ ਪਛੜੇ ਵਰਗ ਦੇ ਲੋਕਾਂ ਨੂੰ ਉਚਾ ਉਠਾਉਣ ਲਈ ਸੱਠ ਵਰ੍ਹੇ ਵੀ ਜੇ ਅਜਾਈਂ ਚਲੇ ਜਾਂਦੇ ਹਨ ਤਾਂ ਉਥੇ ਹਾਕਮਾਂ ਦੇ ਪਛੜਿਆਂ ਪ੍ਰਤੀ ਲਾਪ੍ਰਵਾਹੀ ਵਾਲੇ ਵਤੀਰੇ ਉਤੇ ਕੋਈ ਵੀ ਕਿੰਤੂ ਉਠਾਉਣ ਵਿਚ ਹੱਕ-ਬਜਾਨਬ ਹੋ ਜਾਂਦਾ ਹੈ। ਵਜੀਦਪੁਰ ਜਿਹੇ ਅਗਾਂਹਵਧੂ ਪਿੰਡ ਦੀ ਹਾਲਤ ਮੁਸਲਮਾਨਾਂ ਨੂੰ ਦੇਸ਼ ਦੀ ਭੈੜੀ ਸਥਿਤੀ ਲਈ ਜ਼ਿੰਮੇਵਾਰ ਠਹਿਰਾਉਣ ਵਾਲਿਆਂ ਦੇ ਦਾਅਵੇ ਉਤੇ ਤਾਂ ਕੋਈ ਕੀ ਯਕੀਨ ਕਰੇਗਾ? ਇਸ ਪਿੰਡ ਵਿਚ ਵਿਦਿਆ ਪੱਖੋਂ ਮੁਸਲਮਾਨ ਪਰਿਵਾਰਾਂ ਦੀ ਹਾਲਤ ਗੈਰ ਮੁਸਲਿਮ ਦਲਿਤ ਪਰਿਵਾਰਾਂ ਨਾਲੋਂ ਵੀ ਭੈੜੀ ਹੈ ਤੇ ਵਿਦਿਆ ਦੇ ਬਾਜ਼ਾਰੀਕਰਨ ਦੇ ਅੱਜ ਦੇ ਦੌਰ ਵਿਚ ਇਸ ਨੇ ਹੋਰ ਵੀ ਬੁਰਾ ਹੋ ਜਾਣਾ ਹੈ।

ਨਾਲ ਹੀ ਇਕ ਹੋਰ ਪਿੰਡ ਹੈ ਜਾਲ੍ਹਾਂ। 14-1500 ਦੀ ਆਬਾਦੀ ਵਾਲੇ ਇਸ ਪਿੰਡ ਵਿਚ 17 ਘਰ ਮੁਸਲਮਾਨਾਂ ਦੇ ਹਨ ਅਤੇ ਇਨ੍ਹਾਂ ਦੀ ਕੁਲ ਆਬਾਦੀ 72 ਹੈ।ਜਾਲ੍ਹਾ ਇਕ ਬੇਨਾਮ ਪਿੰਡ ਹੈ,ਜਿਥੇ ਮੁਸਲਮਾਨਾਂ ਦੀ ਹਾਲਤ ਵਜੀਦਪੁਰ ਨਾਲੋਂ ਕਿਤੇ ਜ਼ਿਆਦਾ ਭੈੜੀ ਹੈ। ਅੱਤ ਦੀ ਗਰੀਬੀ ਦੇ ਮਾਰੇ ਇਨ੍ਹਾਂ ਮੁਸਲਿਮ ਪਰਿਵਾਰਾਂ ਵਿਚ ਸਿਰਫ਼ 15 ਵਿਅਕਤੀ ਅਜਿਹੇ ਹਨ ਜਿਹੜੇ 5-10 ਤੱਕ ਜਮਾਤਾਂ ਪੜ੍ਹ ਸਕੇ ਹਨ। 51 ਜਣੇ ਊੜਾ ਐੜਾ ਵੀ ਨਹੀਂ ਜਾਣਗੇ। ਕਾਲਜ ਵਿਚ ਕਦੇ ਕੋਈ ਨਹੀਂ ਗਿਆ। ਪੰਜਵੀਂ ਤੱਕ ਰਹਿ ਜਾਣ ਵਾਲੇ ਛੇ ਜਣੇ ਹਨ। ਇਥੇ ਵੀ ਕਿਸੇ ਕੋਲ ਖ਼ਾਨਦਾਨੀ ਜ਼ਮੀਨ ਨਹੀਂ ਨਾ ਹੀ ਕਦੇ ਉਨ੍ਹਾਂ ਨੂੰ ਪੰਚਾਇਤੀ ਜ਼ਮੀਨ ਦਿੱਤੀ ਗਈ ਹੈ। ਸਾਰੇ ਲੋਕ ਛੋਟੇ-ਮੋਟੇ ਕੰਮ ਜਾਂ ਮਿਹਨਤ ਮਜ਼ਦੂਰੀ ਕਰਦੇ ਹਨ। ਸਰਕਾਰੀ ਨੌਕਰੀ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਨੇੜੇ ਤੇੜੇ ਕਿਸੇ ਪਿੰਡ ਵਿਚ ਕੋਈ ਮਦਰੱਸਾ ਵੀ ਨਹੀਂ ਕਿ ਮੌਲਾਣਿਆਂ ਕੋਲ ਪੜ੍ਹਨ ਵਾਸਤੇ ਬੱਚੇ ਭੇਜ ਦਿੱਤੇ ਜਾਣ।ਨਾ ਹੀ ਵਜੀਦਪੁਰ ਤੇ ਨਾ ਹੀ ਜਾਲ੍ਹਾਂ ਵਿਚ ਕੋਈ ਮਸਜਿਦ ਹੈ, ਸੋ ਪੜ੍ਹਾਈ ਦੀ ਬੁਰੀ ਹਾਲਤ ਦੇ ਨਾਲ-ਨਾਲ ਇਬਾਦਤਗਾਹ ਵੀ ਕੋਈ ਨਹੀਂ ਉਨ੍ਹਾਂ ਲਈ।ਜਾਲ੍ਹਾ ਵਿਚ ਅਸੀਂ ਇਕ ਮੁਸਲਿਮ ਨੌਜਵਾਨ ਤੋਂ ਮੁਸਲਿਮ ਆਬਾਦੀ ਦੀ ਵਿਦਿਆ ਸਬੰਧੀ ਬੁਰੀ ਹਾਲਤ ਤੇ ਇਸ ਸਮੱਸਿਆ ਦੇ ਕੋਈ ਹੱਲ ਬਾਰੇ ਪੁੱਛਿਆ ਤਾਂ ਉਹ ਕੋਈ ਜੁਆਬ ਹੀ ਨਾ ਦੇ ਸਕਿਆ। ਉਹ ਸਿਰਫ਼ ਏਨਾ ਹੀ ਕਹਿ ਸਕਿਆ ਕਿ ਬਾਈ ਹਾਲੇ ਤੱਕ ਤਾਂ ਕਿਸੇ ਨੇ ਕਦੇ ਅਜਿਹੀ ਗੱਲ ਹੀ ਨਹੀਂ ਪੁੱਛੀ ਜਵਾਬ ਕੀ ਸੋਚੀਏ, ਤੁਸੀਂ ਪਹਿਲੇ ਆਦਮੀ ਹੋ ਜਿਹੜੇ ਅਜਿਹੀ ਗੱਲ ਕਰ ਰਹੇ ਹੋ।
ਇਹ ਟਿੱਪਣੀ ਕਾਫ਼ੀ ਹੈ ਇਹ ਦਰਸਾਉਣ ਲਈ ਕਿ ਇਸ ਮੁੱਦੇ ਉਤੇ ਨਾ ਸਰਕਾਰ ਨੇ ਤੇ ਨਾ ਹੀ ਪੰਚਾਇਤਾਂ ਨੇ ਕਦੇ ਕੋਈ ਸਰੋਕਾਰ ਦਿਖਾਇਆ ਹੈ। ਦੇਸ਼ ਦੀ ਤਰੱਕੀ ਦਾ ਧੂੰਆਂ ਧਾਰ ਪ੍ਰਚਾਰ ਜੋ ਅਖਬਾਰਾਂ ਤੇ ਟੀ. ਵੀ. ਚੈਨਲਾਂ ਤੋਂ ਹੁੰਦਾ ਹੈ ਉਸ ਤੋਂ ਆਮ ਆਦਮੀ ਅਤੇ ਖ਼ਾਸ ਕਰਕੇ ਮੁਸਲਿਮ ਲੋਕ ਕੋਹਾਂ ਦੂਰ ਦਿਖਾਈ ਦੇਂਦੇ ਹਨ। ਹਕੀਕਤ ਇਹ ਹੈ ਕਿ ਉਹ ਕਿਸੇ ਨੂੰ ਦਿਖਾਈ ਦੇਂਦੇ ਹੀ ਨਹੀਂ।

ਪਟਿਆਲਾ-ਸੰਗਰੂਰ ਸੜਕ ਉਤੇ ਸਥਿਤ ਪਿੰਡ ਫਤਿਹਪੁਰ ਦੀ ਤਕਰੀਬਨ 1000 ਆਬਾਦੀ ਵਿਚ 60 ਜਣੇ 12 ਮੁਸਲਿਮ ਪਰਿਵਾਰਾਂ ਵਿਚ ਹਨ। ਇਥੋਂ ਕਈ ਲੋਕ ਸਰਕਾਰੀ ਨੌਕਰੀ ਵਿਚ ਹਨ ਤੇ ਚੰਗੇ ਪੜ੍ਹੇ ਲਿਖੇ ਹਨ ਪਰ ਮੁਸਲਿਮ ਪਰਿਵਾਰਾਂ ਦੇ ਬੱਚੇ ਉਚ ਸਿੱਖਿਆ ਤੱਕ ਪਹੁੰਚਦੇ ਹੀ ਨਹੀਂ ਸਰਕਾਰੀ ਨੌਕਰੀ ਤੱਕ ਸਿਰਫ਼ ਚਾਰ ਜਣੇ ਪਹੁੰਚ ਸਕੇ ਹਨ। ਹਾਕਮ ਪਹਿਲਾ ਮੁਸਲਿਮ ਹੈ ਜਿਹੜਾ ਪਟਿਆਲੇ ਦੇ ਕਿਸੇ ਕਾਲਜ ਤੱਕ ਪਹੁੰਚਿਆ ਹੈ। ਉਸ ਤੋਂ ਪਹਿਲਾਂ ਕੋਈ ਵੀ ਬਾਰ੍ਹਵੀਂ ਤੋਂ ਅੱਗੇ ਨਹੀਂ ਗਿਆ। 60 ਵਿਚੋਂ 45 ਜਣੇ ਕੋਰੇ ਅਨਪੜ੍ਹ ਹਨ ਜਾਂ ਪੰਜਵੀਂ ਤੱਕ ਜਾਂਦੇ ਜਾਂਦੇ ਪੜ੍ਹਾਈ ਛੱਡ ਚੁੱਕੇ ਹਨ। ਸਿਰਫ਼ 11 ਜਣੇ ਦਸਵੀਂ ਤੱਕ ਪਹੁੰਚੇ ਤੇ ਉਨ੍ਹਾਂ ਵਿਚੋਂ ਚਾਰ ਹੀ ਬਾਰ੍ਹਵੀਂ ਤੱਕ ਪਹੁੰਚ ਪਾਏ। ਸਭੇ ਸਰਕਾਰੀ ਸਕੂਲਾਂ ਤੱਕ ਸੀਮਿਤ ਰਹੇ ਕਿਉਂਕਿ ਪ੍ਰਾਈਵੇਟ ਸਕੂਲਾਂ ਦੀ ਫੀਸ ਦੇਣ ਦੀ ਕਿਸੇ ਦੀ ਸਮਰੱਥਾ ਨਹੀਂ।

ਇਹੋ ਹਾਲ ਲਚਕਾਣੀ ਪਿੰਡ ਦਾ ਹੈ। ਇਥੇ 60 ਘਰ ਮੁਸਲਿਮ ਧਰਮ ਨਾਲ ਸਬੰਧਤ ਹਨ ਜਿਨ੍ਹਾਂ ਵਿਚੋਂ ਕੁਲ ਚਾਰ ਜਣੇ ਸਰਕਾਰੀ ਨੌਕਰੀ ਵਿਚ ਹਨ। ਬਾਕੀਆਂ ’ਚੋਂ ਬਹੁਤੇ ਮਿਹਨਤ ਮਜ਼ਦੂਰੀ ਕਰਦੇ ਹਨ ਜਾਂ ਨਿੱਕੇ ਮੋਟੇ ਧੰਦਿਆਂ ਵਿਚ ਹਨ। ਮੁਸਲਿਮ ਆਬਾਦੀ ਪੱਖੋਂ ਇਹ ਇਕ ਵੱਡਾ ਪਿੰਡ ਹੈ। ਸਿਰਫ਼ ਇਕ ਖ਼ਾਨਦਾਨ 40 ਵਿੱਘੇ ਦਾ ਮਾਲਕ ਹੈ ਤੇ ਜੇ ਇਹ ਜ਼ਮੀਨ ਵੰਡੀ ਜਾਵੇ ਤਾਂ ਕਿਸੇ ਨੂੰ ਵੀ ਡੇਢ ਕਿੱਲ੍ਹੇ ਤੋਂ ਵੱਧ ਨਹੀਂ ਆਵੇਗੀ। ਬੇਸ਼ੱਕ ਇਹ ਜ਼ਮੀਨ ਜੱਦੀ ਨਹੀਂ ਅਤੇ ਉਸ ਖ਼ਾਨਦਾਨ ਦੀ ਸਖ਼ਤ ਮਿਹਨਤ ਦਾ ਸਿੱਟਾ ਹੈ। 1947 ਤੋਂ ਪਹਿਲਾਂ ਅਤੇ ਬਾਅਦ ਵਿਚ ਰਹਿ ਗਏ 16 ’ਚੋਂ 9 ਪਰਿਵਾਰਾਂ ਵਿਚੋਂ ਕੋਈ ਕਿਸਾਨ ਪਰਿਵਾਰ ਨਹੀਂ ਸੀ। ਕੋਈ ਪੇਂਜਾ, ਕੋਈ ਤੇਲੀ ਤੇ ਕੋਈ ਮਜ਼ਦੂਰ ਜਾਂ ਫਿਰ ਕਲਾਕਾਰੀ ਹੀ ਉਨ੍ਹਾਂ ਦੇ ਕਿੱਤੇ ਸਨ। ਕੋਈ 300 ਦੀ ਮੁਸਲਿਮ ਆਬਾਦੀ ਵਿਚ 170-175 ਤੱਕ ਅਨਪੜ੍ਹ ਹਨ। 36 ਜਣੇ 8ਵੀਂ ਤੇ ਦਸਵੀਂ ਤੱਕ ਪੜ੍ਹੇ ਹਨ ਪਰ ਸਰਕਾਰੀ ਨੌਕਰੀ ਵਿਚ ਕੁੱਲ ਤਿੰਨ ਹੀ ਪਹੁੰਚ ਸਕੇ। ਕਾਲਜ ਦੀ ਪੜ੍ਹਾਈ ਤੱਕ ਸਿਰਫ਼ ਦੋ ਜਣੇ ਪਹੁੰਚੇ। ਬਹੁਤੇ ਬੱਚੇ 5ਵੀਂ ਤੱਕ ਜਾਂਦੇ-ਜਾਂਦੇ ਪੜ੍ਹਾਈ ਛੱਡ ਦੇਂਦੇ ਰਹੇ ਤੇ ਖੁਸ਼ਤੈਨੀ ਧੰਦਿਆਂ ਵਿਚ ਜਾ ਲੱਗੇ ਜਾਂ ਫਿਰ ਬੱਕਰੀਆਂ ਚਾਰਨ ਤੁਰ ਗਏ। ਪੜ੍ਹਾਈ ਨਾ ਕਰਨ ਦਾ ਵੱਡਾ ਕਾਰਨ ਗਰੀਬੀ ਹੀ ਰਿਹਾ ਤੇ ਹੁਣ ਵੀ ਹੈ। ਗੁਜ਼ਾਰੇ ਲਈ ਉਹ ਦਿਹਾੜੀ ਕਰਨ ਲੱਗ ਜਾਂਦੇ ਹਨ ਜਾਂ ਪਿੰਡ ਪਿੰਡ ਕੱਪੜੇ ਵੇਚਣ ਲਈ ਢੱਕੀ ਲੈ ਤੁਰਦੇ ਹਨ। 300 ਦੀ ਆਬਾਦੀ ਹੋਣ ਦੇ ਬਾਵਜੂਦ ਵੀ ਉਨ੍ਹਾਂ ’ਚੋਂ ਕਦੇ ਕੋਈ ਸਰਪੰਚ ਨਹੀਂ ਬਣਿਆ। ਕਦੇ ਦੋ ਜਣੇ ਪੰਚ ਬਣੇ ਪਰ ਉਨ੍ਹਾਂ ਦਾ ਵੀ ਕਹਿਣਾ ਹੈ ਕਿ ਪੰਚੀ/ਸਰਪੰਚੀ ਲਈ ਜੇਬ ਵਿਚ ਪੈਸੇ ਚਾਹੀਦੇ ਹਨ। ਸੋ ਕੋਹੀ ਵੀ ਇਨ੍ਹਾਂ ਅਦਾਰਿਆਂ ਵਿਚ ਜਾਣ ਦੀ ਸਮਰੱਥਾ ਜਾਂ ਹਿੰਮਤ ਨਹੀਂ ਰੱਖਦਾ।

ਪਟਿਆਲੇ ਦਾ ਹੀ ਹੋਰ ਪਿੰਡ ਸਵਾਜਪੁਰ ਜੋ ਕਿ ਪਟਿਆਲਾ-ਸਮਾਣਾ ਸੜਕ ’ਤੇ ਸਥਿਤ ਹੈ। 1947 ਵਿਚ ਇਥੋਂ ਬਹੁਤ ਸਾਰੇ ਮੁਸਲਿਮ ਪਰਿਵਾਰ ਪਾਕਿਸਤਾਨ ਚਲੇ ਗਏ। ਜਿਹੜੇ ਰਹਿ ਗਏ ਉਨ੍ਹਾਂ ਆਪਣੀ ਜਾਨ ਦੀ ਖ਼ਾਤਰ ਸਿੱਖ ਧਰਮ ਅਪਣਾਅ ਲਿਆ ਪਰ ਆਪਣੀ ਬਰਾਦਰੀ ਤੋਂ ਬਾਹਰ ਉਹ ਕਦੇ ਵੀ ਦੂਸਰੇ ਸਿੱਖ ਪਰਿਵਾਰਾਂ ਵਿਚ ਖੂਨ ਦੇ ਰਿਸ਼ਤਿਆਂ ਵਿਚ ਸ਼ਾਮਲ ਨਹੀਂ ਕੀਤੇ ਗਏ। ਸਿੱਖ ਬਣਾ ਕੇ ਵੀ ਉਹ ਸਿੱਖ ਭਾਈਚਾਰੇ ਦਾ ਹਿੱਸਾ ਨਹੀਂ ਬਣਾਏ ਗਏ। ਇਹ ਪਰਿਵਾਰ, ਹੋਰਨਾਂ ਕਈ ਪਿੰਡਾਂ ਵਿਚ ਰਹਿ ਗਏ ਮੁਸਲਿਮ ਪਰਿਵਾਰਾਂ ਵਾਂਗ ਨਿਕਾਹ ਵੀ ਕਰਦੇ ਤੇ ਆਨੰਦ ਕਾਰਜ ਵੀ। ਪਰ ਬਹੁਤੇ ਜਣੇ ਅੰਤ ਨੂੰ ਮੁਸਲਿਮ ਧਰਮ ਵੱਲ ਹੀ ਪਰਤ ਗਏ। ਸਿੱਖ ਬਣਨ ਨੇ ਉਨ੍ਹਾਂ ਦੇ ਜੀਵਨ ਪੱਧਰ ਜਾਂ ਆਰਥਿਕਤਾ ਨੂੰ ਉ¤ਚਾ ਨਹੀਂ ਚੁੱਕਿਆ। ਉਨ੍ਹਾਂ ਦੀ ਬਸਤੀ ਪਿੰਡ ਤੋਂ ਬਾਹਰਵਾਰ ਗੰਦੇ ਨਾਲੇ ਦੇ ਕੰਢੇ ਉਤੇ ਹੀ ਬਣੀ ਹੋਈ ਹੈ ਤੇ ਗਰੀਬੀ, ਬਿਮਾਰੀ ਤੇ ਜਹਾਲਤ ਦਾ ਮੰਜ਼ਰ ਪੇਸ਼ ਕਰਦੀ ਹੈ। ਉਹ ਵੀ ਆਪਣੇ ਦੂਸਰੇ ਭਰਾਵਾਂ ਭੈਣਾਂ ਵਾਂਗ ਸਿੱਖਿਆ ਜਾਂ ਉਚ ਸਿੱਖਿਆ ਤੋਂ ਵਿਰਵੇ ਰਹੇ। ਇਨ੍ਹਾਂ ਦੇ 10 ਘਰਾਂ ਵਿਚੋਂ ਸਿਰਫ਼ ਇਕ ਜਣਾ ਪੀ.ਆਰ.ਟੀ.ਸੀ. ਵਿਚ ਦਰਜਾ ਚਾਰ ਮੁਲਾਜ਼ਮ ਹੈ ਬਾਕੀ ਦੇ ਮਜ਼ਦੂਰੀ ਕਰਦੇ ਹਨ ਜਦਕਿ ਇਕ ਜਣਾ ਪਿੰਡ ਹੀ ਦਰਜੀ ਦਾ ਕੰਮ ਕਰਦਾ ਹੈ ਤੇ ਇਕ ਜਣਾ ਸਾਈਕਲਾਂ ਨੂੰ ਪੈਂਚਰ ਲਗਾਉਂਦਾ ਹੈ। ਇਕ ਜਣੇ ਤੋਂ ਬਿਨਾਂ ਹੋਰ ਕੋਈ ਵੀ ਦਸਵੀਂ ਜਮਾਤ ਤੱਕ ਨਹੀਂ ਪਹੁੰਚ ਸਕਿਆ।

ਪਿੰਡ ਟੌਹੜਾ ਦੀ ਹਾਲਤ ਕੁਝ ਚੰਗੀ ਹੈ ਪਰ ਫਿਰ ਵੀ ਮੁਸਲਿਮ ਬਰਾਦਰੀ ਦੂਸਰੇ ਲੋਕ ਹਿੱਸਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਪਛੜੀ ਹੋਈ ਹੈ। ਕੁਲ 1300 ਦੀ ਆਬਾਦੀ ਵਿਚ 250 ਲੋਕ ਮੁਸਲਿਮ ਸਮਾਜ ਦੇ ਹਨ ਜਿਨ੍ਹਾਂ ਦੇ ਕੋਈ 20 ਪਰਿਵਾਰ ਹਨ। ਇਨ੍ਹਾਂ ਵਿਚੋਂ ਔਰਤਾਂ ਸਮੇਤ ਕਾਫ਼ੀ ਲੋਕ ਬਿਲਕੁਲ ਅਨਪੜ੍ਹ ਹਨ। ਸਿਰਫ਼ ਦੋ ਹੀ ਅਜਿਹੇ ਹਨ ਜਿਹੜੇ ਗਰੈਜੂਏਟ ਹਨ ਬਾਕੀ ਪੜ੍ਹੇ ਲਿਖੇ ਵਿਅਕਤੀਆਂ ਦੀ ਗਿਣਤੀ 25 ਦੇ ਕਰੀਬ ਹੈ ਜਿਨ੍ਹਾਂ ਵਿਚੋਂ 10 ਜਣੇ ਨੌਕਰੀ ਕਰਦੇ ਹਨ। ਬਾਕੀ ਦੇ ਲੋਕ ਦਿਹਾੜੀ ਜਾਂ ਛੋਟੇ ਮੋਟੇ ਧੰਦੇ ਕਰਕੇ ਗੁਜ਼ਾਰਾ ਕਰਦੇ ਹਨ।ਇਸੇ ਤਰ੍ਹਾਂ ਪਿੰਡ ਦਿਆਗੜ੍ਹ ਦੀ ਕੁਲ 200 ਦੀ ਆਬਾਦੀ ਵਿਚ 62 ਲੋਕ ਮੁਸਲਿਮ ਹਨ ਪਰ ਇਨ੍ਹਾਂ ਵਿਚੋਂ 50% ਤੋਂ ਜ਼ਿਆਦਾ ਅਨਪੜ੍ਹ ਹਨ। ਕੋਈ ਵੀ ਜਣਾ +2 ਤੋਂ ਨਹੀਂ ਟੱਪਿਆ। ਸਿਰਫ਼ ਇਕ ਜਣਾ ਸਰਕਾਰੀ ਨੌਕਰੀ ਵਿਚ ਹੈ। ਹੁਣ ਦੇ ਸਮੇਂ 10 ਬੱਚੇ ਸਕੂਲ ਵਿਚ ਪੜ੍ਹਦੇ ਹਨ।ਇਹ ਸਾਰੇ ਪਰਿਵਾਰ ਅੱਤ ਦੇ ਗਰੀਬ ਹਨ ਤੇ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਨ।

ਸ਼ਾਹੀ ਸ਼ਹਿਰ ਪਟਿਆਲੇ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਖ਼ੂਬਸੂਰਤ ਇਮਾਰਤਾਂ ਦੇ ਪਰਛਾਵਿਆਂ ਹੇਠ ਕਿੰਨਾ ਕਾਲਖੀ ਹਨ੍ਹੇਰਾ ਮੌਜੂਦ ਹੈ।ਇਸਦਾ ਖਿਆਲ ਕਿਸੇ ਨੂੰ ਨਹੀਂ। ਕਹਿੰਦੇ ਹੁੰਦੇ ਸਨ ਵਿਦਿਆ ਇਕ ਚਾਨਣ ਹੈ, ਇਕ ਨੂਰ ਜਿਹੜਾ ਦਿਲ-ਦਿਮਾਗ਼ ਰੌਸ਼ਨ ਕਰਦਾ ਹੈ। ਅਜੇ ਵੀ ਸਕੂਲਾਂ ਦੀਆ ਕੰਧਾਂ ਉਤੇ ਇਹ ਕਿਤੇ ਕਿਤੇ ਲਿਖਿਆ ਮਿਲ ਜਾਂਦਾ ਹੈ।ਪਰ ਇਹ ਨੂਰ ਨਾ ਨੂਰੇ ਨੂੰ ਮਿਲ ਰਿਹਾ ਹੈ ਨਾ ਹੀ ਨੂਰਾਂ ਨੂੰ।ਕੋਈ ਨਹੀਂ ਦਿਸਦਾ ਜਿਹੜਾ ਇਸ ਦਾ ਚਿਰਾਗ ਇਨ੍ਹਾਂ ਮੁਸਲਿਮ ਬਸਤੀਆਂ ਵਿਚ ਜਗਾਵੇ। ਵਿਦਿਆ ਦੇ ਨਿੱਜੀ ਵਪਾਰਕ ਹੱਥਾਂ ਵਿਚ ਦੇ ਦਿੱਤੇ ਜਾਣ ਨਾਲ ਇਹ ਗੁੰਜਾਇਸ਼ ਉਂਜ ਹੀ ਖ਼ਤਮ ਹੁੰਦੀ ਜਾ ਰਹੀ ਹੈ।ਪੜ੍ਹਾਈ ਮਹਿੰਗੀ ਹੋ ਗਈ ਤੇ ਸਾਖਰਤਾ ਮਹਿੰਮ ਸੁਗਲ ਬਣ ਗਈ। ਕਿਹੜੀ ਸਰਵ ਸਿੱਖਿਆ ਤੇ ਕਿਹੜਾ ਪੜ੍ਹੋ ਪੰਜਾਬ ਪ੍ਰਾਜੈਕਟ।ਕੋਈ ਉਚ ਵਿਦਿਆ ਤੱਕ ਪਹੁੰਚੇਗਾ ਹੀ ਨਹੀਂ ਤਾਂ ਹਾਸਲ ਕੀ ਕਰੇਗਾ।ਮੁਸਲਿਮ ਅਤੇ ਬਾਜ਼ੀਗਰ ਭਾਈਚਾਰੇ ਲਈ ਤਾਂ ਰਾਖਵੇਂਕਰਨ ਦੀ ਨਿਗੂਣੀ ਸਹੂਲਤ ਵੀ ਨਹੀਂ ਅਤੇ ਜਦੋਂ ਮੁਸਲਿਮ ਲੋਕ ਦਲਿਤ ਸਮਾਜ ਨਾਲ ਸਬੰਧਤ ਹੋਣ ਤਾਂ ਫਿਰ ਕੋਈ ਵੀ ਬੇਲੀ ਨਹੀਂ।

- ਡਾ. ਪੁਨੀਤ
094644-17416

Friday, March 20, 2009

ਭਗਤ ਸਿੰਘ ਦੀ ਸ਼ਹੀਦੀ 'ਤੇ ਟਾਟਾ ਦੀ "ਨੈਨੋ" ਤੋਹਫਾ


ਭਗਤ ਸਿੰਘ ਦੀ ਸ਼ਹੀਦੀ ਨੂੰ ਟਾਟਾ ਦੀ ਨੈਨੋ ਨਾਲ ਜੋੜਨ ਦਾ ਮੁੱਦਾ ਭਗਤ ਦੇ ਭਗਤਾਂ ਜਾਂ ਭਗਤ ਨੂੰ "ਪੇਟੈਂਟ" ਕਰਵਾਉਣ ਵਾਲੇ ਬੁੱਧੀਜੀਵੀ ਪੰਡਿਤਾਂ ਨੂੰ ਬਚਕਾਨਾ ਜ਼ਰੂਰ ਲੱਗ ਸਕਦੈ ਪਰ ਮੈਂ ਪਿਛਲੇ ਕਾਫੀ ਸਮੇਂ ਤੋਂ ਭਗਤ ਸਿੰਘ ਬਾਰੇ ਲਿਖਣ ਦਾ ਮੌਕਾ ਭਾਲ ਰਿਹਾ ਸੀ,ਜੋ ਉਸਦੀ ਬੁੱਤਪ੍ਰਸਤ ਭਗਤੀ ਤੇ ਸ਼ਰਧਾਂਜਲੀਪੁਣੇ ਤੋਂ ਦੂਰ ਹੋਵੇ।ਫਿਰ ਪਤਾ ਲੱਗਿਆ ਕਿ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਰਤਨ ਟਾਟਾ ਦੀ ਲ਼ਖਟਕੀਆ ਕਾਰ ਨੈਨੋ ਲਾਂਚ ਹੋ ਰਹੀ ਹੈ।ਮੈਨੂੰ ਲੱਗਿਆ ਮੌਕਾ ਵੀ ਹੈ ਤੇ ਦਸਤੂਰ ਵੀ।ਕਿਉਂਕਿ ਮੌਜੂਦਾ ਵਿਸ਼ਵੀ ਮੰਦਵਾੜੇ ਦੇ ਦੌਰ 'ਚ ਦੋ ਵੱਖੋ ਵੱਖ ਨਜ਼ਰੀਆਂ ਤੋਂ ਟਾਟਾ ਦੀ ਨੈਨੋ ਤੇ ਭਗਤ ਸਿੰਘ ਦੀ ਵਿਚਾਰਧਾਰਾ ਦੋਵੇਂ ਹੀ ਮਹੱਤਵਪੂਰਨ ਤੇ ਪ੍ਰਸੰਗਿਕ ਹਨ।ਮੰਦੇਵਾੜੇ ਦਾ ਜਿੰਨ ਜਦੋਂ ਪੂਰੀ ਦੁਨੀਆਂ ਨੂੰ ਅਪਣੇ ਕਲਾਵੇ 'ਚ ਲੈਕੇ ਕਰੋੜਾਂ ਲੋਕਾਂ ਦਾ ਨੌਕਰੀਆਂ ਖਾ ਰਿਹੈ ਤਾਂ ਅਜਿਹੇ 'ਚ ਭਗਤ ਸਿੰਘ ਵਰਗੇ ਲੋਕਾਂ ਦੀ ਵਿਚਾਰਧਾਰਾ ਬੇਰੁਜ਼ਗਾਰਾਂ ਦੀ ਵੱਡੀ ਫੌਜ ਲਈ ਇਕੋ ਇਕ ਬਦਲ ਸਕਦੀ ਹੈ।ਦੂਜੇ ਪਾਸੇ ਟਾਟਾ ਵੀ ਮੰਦਵਾੜੇ 'ਚੋਂ ਨਿਕਲਣ ਲਈ ਭਾਰਤ ਦੇ ਮੱਧ ਵਰਗ ਨੂੰ ਵਰਗਲਾਕੇ ਕਹਿ ਰਹੇ ਨੇ,ਕਿ ਨੈਨੋ ਆਮ ਲੋਕਾਂ ਦੀ ਕਾਰ ਹੈ,ਪਰ ਸਵਾਲ ਪੈਦਾ ਹੁੰਦੈ ਜੇ ਨੈਨੋ ਆਮ ਲੋਕਾਂ ਦੀ ਕਾਰ ਹੈ ਤਾਂ ਭਗਤ ਸਿੰਘ ਦੀ ਵਿਚਾਰਧਾਰਾ ਕਿਹੜੇ ਆਮ ਲੋਕਾਂ ਦੀ ਗੱਲ ਕਰ ਰਹੀ ਹੈ।ਤੇ ਆਮ ਲੋਕਾਂ ਦੀ ਹਾਮੀ ਭਰਨ ਤੇ ਭਗਤ ਸਿੰਘ ਨੂੰ ਬਰੈਂਡ ਵਾਂਗ ਵਰਤਣ ਵਾਲੇ ਕਾਮਰੇਡਾਂ 'ਤੇ ਵੀ ਸਵਾਲੀਆ ਚਿੰਨ੍ਹ ਲਗਦੈ ਜਿਨ੍ਹਾਂ ਟਾਟਾ ਦੀ ਨੈਨੋ ਨੂੰ (ਪੱਛਮੀ ਬੰਗਾਲ) ਸਿੰਗੂਰ 'ਚ ਰੱਖਣ ਲਈ ਆਮ ਲੋਕਾਂ ਦਾ ਖੂਨ ਤਾਂ ਵਹਾ ਦਿੱਤਾ,ਪਰ ਏਨੇ ਵੱਡੇ ਆਰਥਿਕ ਸੰਕਟ 'ਚ ਕੋਈ ਸਮਾਜਿਕ ਜਾਂ ਰਾਜਨੀਤਿਕ ਲਹਿਰ ਨਹੀਂ ਉਸਾਰ ਸਕੇ।

ਦਰਅਸਲ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਨੈਨੋ ਦਾ ਲਾਂਚ ਹੋਣਾ ਅਪਣੇ ਆਪ 'ਚ ਕੋਈ ਸੁਤੰਤਰ ਵਰਤਾਰਾ ਨਹੀਂ,ਬਲਕਿ ਆਰਥਿਕ ਮੰਦਵਾੜੇ ਦੇ ਦੌਰ 'ਚ ਅਮਰੀਕਾ ਦਾ ਕਾਲਾ ਰਾਸ਼ਟਰਪਤੀ(ਬਰਾਕ ਓਬਾਮਾ) ਬਣਨਾ ਤੇ ਸਲੱਮਡੌਗ ਮਿਲੇਨੀਅਰ ਨੂੰ ਆਸਕਰ ਐਵਾਰਡ ਮਿਲਣਾ ਕੁਝ ਸੰਕੇਤਕ ਪਹਿਲੂ ਹਨ,ਜੋ ਇਸ਼ਾਰਾ ਕਰਦੇ ਹਨ ਕਿ ਜਿਸ ਸਾਮਰਾਜ ਨੂੰ ਭਗਤ ਸਿੰਘ ਨੇ 30ਵਿਆਂ 'ਚ ਭਾਰਤੀ ਸੰਸਦ 'ਚ "ਮੁਰਦਾਬਾਦ" ਕਿਹਾ ਸੀ,ਉਸਦੀ ਖਿਸਕਦੀ ਜ਼ਮੀਨ ਨੂੰ ਬਚਾਉਣ ਲਈ ਕਿਸ ਤਰ੍ਹਾਂ ਦੇ ਉਦਾਰ ਉਪਰਾਲੇ ਹੋ ਰਹੇ ਹਨ।ਲੋਕ ਰਾਇ ਬਣਾਉਣ ਸੰਦੇਸ਼ ਦਿੱਤਾ ਜਾ ਰਿਹੈ ਕਿ ਸਾਮਰਾਜਵਾਦ ਅੱਜ ਸ਼ੋਸ਼ਿਤ ਕਰਨ ਵਾਲਾ ਨਹੀਂ,ਬਲਕਿ ਸ਼ੋਸ਼ਿਤ ਲੋਕਾਂ ਦਾ ਰਖਵਾਲਾ ਹੈ। ਜਾਂ ਫਿਰ ਲੋਕਤੰਤਰ ਅਜ਼ਾਦੀ 'ਚ ਕੋਈ ਵੀ ਝੁੱਗੀਆਂ ਵਾਲਾ ਕਰੋੜਪਤੀ ਬਣ ਸਕਦੈ ਤੇ ਆਸਕਰ ਦੀ ਸੁਪਨਮਈ ਦੁਨੀਆਂ 'ਚ ਪੈਰ ਧਰ ਸਕਦਾ ਹੈ।ਪਰ ਸੱਚ ਇਹ ਹੈ ਕਿ ਝੁੱਗੀਆਂ ਵਾਲੇ ਅਜ਼ਹਰ ਤੇ ਰੂਬੀਨਾ ਆਸਕਰ ਦੇ ਰੈਡ ਕਾਰਪਿਟ ਤੋਂ ਬਾਅਦ ਧਾਰਾਵੀ 'ਚ ਅਪਣੀ ਝੁੱਗੀ ਦੀ ਦਹਿਲੀਜ਼ 'ਤੇ ਹਨ।ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਾਜ ਦਾ ਮੱਧ ਵਰਗ ,ਜੋ ਟਾਟਾ ਦਾ "ਆਮ ਆਦਮੀ" ਹੈ,ਮੁੱਖ ਧਰਾਈ ਮੀਡੀਆ ਵਾਂਗੂੰ ਸਾਰੀਆਂ ਚੀਜ਼ਾਂ ਨੂੰ ਨੱਕ ਦੀ ਸੇਧ 'ਚ ਵੇਖ ਰਿਹਾ ਹੈ।ਮੱਧ ਵਰਗ ਦੀ ਸਮੱਸਿਆ ਹੈ ਕਿ ਉਸਨੂੰ "ਸਲੱਮਡੌਗ ਮਿਲੇਨੀਅਰ" ਤਾਂ ਦਿਖ ਰਹੀ ਹੈ,ਪਰ ਨੈਨੋ 'ਚ ਬੈਠੇ ਨੂੰ ਸੜਕਾਂ 'ਤੇ ਵਧਦੀਆਂ ਝੁੱਗੀਆਂ ਨਹੀਂ ਦਿਖਣਗੀਆਂ।ਇਸੇ ਮੱਧਵਰਗ ਦੇ ਕੋਨੇ 'ਚ ਭਗਤ ਨੂੰ "ਪੇਟੈਂਟ" ਕਰਵਾਉਣ ਵਾਲੇ ਬੁੱਧੀਜੀਵੀ ਪੰਡਿਤ ਪੈਦਾ ਹੁੰਦੇ ਨੇ,ਜੋ ਉਸਦੇ ਸਿਵੇ 'ਤੇ ਸਿਰਫ ਰੋਟੀਆਂ ਨਹੀਂ ਸੇਕਦੇ,ਬਲਕਿ ਰੋਸਟਡ ਬਣਾਉਂਦੇ ਹਨ।ਵਿਚਾਰਧਾਰਾ ਦਾ ਕਚੂੰਬਰ ਕੱਢਕੇ ਸਰਕਾਰੀ ਸਨਮਾਨ ਪ੍ਰਾਪਤ ਕਰਦੇ ਹਨ।ਉਸੇ ਸੰਸਦ 'ਚ ਭਗਤ ਸਿੰਘ ਦਾ ਬੁੱਤ ਲਗਵਾਉਂਦੇ ਨੇ,ਜਿਸਤੋਂ ਉਸਨੂੰ ਇੰਤਹਾ ਨਫਰਤ ਸੀ।ਜਿਸਨੂੰ ਪ੍ਰਭਾਸ਼ਿਤ ਕਰਦਿਆਂ ਉਸਨੇ ਕਿਹਾ ਸੀ ਕਿ ਜੇ ਬਰਾਬਰੀ ਦਾ ਸਮਾਜ ਕਾਇਮ ਨਹੀਂ ਹੁੰਦਾ ਤਾਂ ਸੰਸਦ 'ਚ ਗੋਰੇ ਅੰਗਰੇਜ਼ਾਂ ਦੀ ਥਾਂ ਕਾਲੇ ਅੰਗਰੇਜ਼ ਬੈਠਣਗੇ।ਜਿਸ ਸੰਸਦੀ ਰਾਜਨੀਤੀ ਨੇ ਦੇਸ਼ ਨੂੰ ਛੇ ਦਹਾਕਿਆਂ ਤੱਕ ਭ੍ਰਿਸ਼ਟਾਚਾਰ,ਭੁੱਖਮਰੀ,ਬੇਰੁਜ਼ਗਾਰੀ ਤੇ ਘੁਟਾਲਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ,ਉਸੇ ਸੰਸਦੀ ਰਾਜਨੀਤੀ ਨੂੰ ਮੁੱਖ ਧਰਾਈ ਕਾਮਰੇਡਾਂ, ਕੁਝ ਨਕਸਲੀਏ ਤੇ ਭਗਤ ਬਰੈਂਡਡ ਬੁੱਧੀਜੀਵੀਆਂ ਨੇ ਉਸ ਮਹਾਨ ਯੋਧੇ ਨੂੰ ਭੇਂਟ ਕਰ ਦਿੱਤਾ।

ਰਤਨ ਟਾਟਾ ਵੀ ਅਪਣੀ ਨੈਨੋ ਦੀ ਸ਼ੁਰੂਆਤ ਸੰਸਦੀ ਸੈਲੀਬਰਟੀਜ਼ ਤੋਂ ਕਰ ਰਹੇ ਹਨ।ਬਾਬਰੀ ਮਸਜਿਦ ‘ਤੇ ਅਪਣਾ ਰੱਥ ਚੜਾਉਣ ਵਾਲੇ ਲਾਲ ਕ੍ਰਿਸ਼ਨ ਡਾਵਾਨੀ ਇਸ ਵਾਰ ਪ੍ਰਚਾਰ ਦੀ ਸ਼ੁਰੂਆਤ ਨੈਨੋ ਰੱਥ ਰਾਹੀਂ ਕਰ ਰਹੇ ਹਨ ਤੇ ਅਪਣੀ ਖਾਸ ਫਾਸ਼ੀਵਾਦੀ ਛਵੀ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕਰਨਗੇ।ਟਾਟਾ ਦੇ ਆਮ ਲੋਕ ਭਾਵ ਮੱਧ ਵਰਗ ਅਜਿਹੀਆਂ ਸੈਲੀਬਰਟੀਜ਼ ਤੋਂ ਹੀ ਪ੍ਰਭਾਵਿਤ ਹੁੰਦਾ ਹੈ।ਇਸੇ ਲਈ ਮੰਦਵਾੜੇ ਦੇ ਦੌਰ ਭਗਤ ਸਿੰਘ ਦੀ ਸ਼ਹੀਦੀ ਟਾਟਾ ਨੂੰ ਵਧੀਆ ਰਾਸ ਆਵੇਗੀ।ਟਾਟਾ ਨੇ ਨੈਨੋ ਦੀ ਲਾਂਚਿੰਗ 23 ਮਾਰਚ ਨੂੰ ਸੁਭਾਵਿਕ ਰੱਖੀ ਜਾਂ ਅਸੁਭਾਵਿਕ,ਪਰ ਜਿਸ 23 ਮਾਰਚ ਦੇ ਦਿਨ ਦੇਸ਼ 'ਚ ਉਸ ਮਹਾਨ ਸ਼ਹੀਦ ਨੂੰ ਯਾਦ ਕੀਤਾ ਜਾਣਾ ਸੀ,ਉਸ ਦਿਨ ਟਾਟਾ ਦੀ ਲ਼ਖਟਕੀਆ ਨੈਨੋ "ਆਮ ਲੋਕਾਂ" ਨੂੰ ਅਪਣੇ ਕਲਾਵੇ 'ਚ ਲੈ ਰਹੀ ਹੈ ਤੇ ਭਗਤ ਸਿੰਘ ਵੀ ਸ਼ਾਇਦ "ਆਮ ਲੋਕਾਂ" ਦੀ ਖਾਸ ਕਾਰ "ਨੈਨੋ", ਸੱਚਮੁੱਚ ਦੇ ਆਮ ਲੋਕਾਂ ਅਤੇ ਅਪਣੇ ਅਸਲੀ-ਨਕਲੀ ਵਾਰਿਸਾਂ ਵੱਲ ਸਵਾਲੀਆ ਨਿਗਾਹ ਨਾਲ ਬਿਟਰ ਬਿਟਰ ਤੱਕ ਰਿਹਾ ਹੈ।

ਯਾਦਵਿੰਦਰ ਕਰਫਿਊ।
mail2malwa@gmail.com
09899436972

Saturday, March 14, 2009

ਧੀਆਂ ਤੇ ਤ੍ਰਾਹ ਹੁੰਦੀਆਂ ਨੇ……

ਡਾ. ਜਸਵੀਰ ਕੌਰ ਮਾਂ ਬੋਲੀ ਪੰਜਾਬੀ ‘ਤੇ ਲਗਾਤਾਰ ਕੰਮ ਕਰ ਰਹੇ ਹਨ।ਪੰਜਾਬੀ ਦੀ ਮਸ਼ਹੂਰ ਇੰਟਰਨੈਟ ਸਾਈਟ “ਲ਼ਿਖਾਰੀ” ਲਈ ਉਹ ਪਿਛਲੇ ਕਾਫੀ ਸਮੇਂ ਤੋਂ “ਪੰਜਾਬੀਏ ਜ਼ੁਬਾਨੇ ਨੀ,ਰੁਕਾਨੇ ਮੇਰੇ ਦੇਸ਼ ਦੀਏ” ਨਾਂਅ ਦਾ ਕਲਮ ਲਿਖ ਰਹੇ ਹਨ।ਅੰਤਰਰਾਸ਼ਟਰੀ ਔਰਤ ਦਿਵਸ ਦੇ ਮਹੀਨੇ ਮਾਰਚ ਦੀ ਲੜੀ ਨੂੰ ਜਾਰੀ ਰੱਖਦਿਆਂ ਅਸੀ ਉਹਨਾਂ ਦਾ ਲੇਖ ਪਕਾਸ਼ਿਤ ਕਰ ਰਹੇ ਹਾਂ,ਜੋ ਮਰਦ ਪ੍ਰਧਾਨ ਸਮਾਜ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਾਡੇ ਰੂਬਰੂ ਕਰਵਾਉਂਦਾ ਹੈ।“ਗੁਲਾਮ ਕਲਮ” ਨੂੰ ਭੇਜੀ ਪਹਿਲੀ ਰਚਨਾ ਲਈ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਤੇ ਨਾਲ ਹੀ ਅਪੀਲ ਕਰਦੇ ਹਾਂ ਉਹ ਗੁਲਾਮ ਕਲਮ ਨੂੰ ਲਗਤਾਰ ਸਹਿਯੋਗ ਦਿੰਦੇ ਰਹਿਣ..ਗੁਲਾਮ ਕਲਮ




ਕਹਿੰਦੇ ਨੇ ਕੀ “ਉਹ ਨਾਰ ਸੁਲੱਖਣੀ ਜਿਹੜੀ ਜੰਮੇਂ ਪਹਿਲੀ ਲਛਮੀਂ”,ਪਰ ਇਨ੍ਹਾਂ ਬੋਲਾਂ ਦੇ ਐਨ ਉਲਟ ਜੰਮਣ ਤੋਂ ਪਹਿਲਾਂ ਹੀ ਲਛਮੀਂ ਦਾ ਕਤਲ ਕਰ ਦਿੱਤਾ ਜਾਂਦਾ ਹੈ,ਜਿੰਨੇ ਮਰਜੀ ਕਾਨੂੰਨ ਬਣੇ ਹੋਣ ਕਿ ਭਰੂਣ ਹੱਤਿਆ ਪਾਪ ਹੈ ,ਜ਼ੁਰਮ ਹੈ ,ਪਰ ਫਿਰ ਵੀ ਕਸਾਈ ਆਪਣੇ ਹਥੀਂ ਆਪਣੀ ਲਛਮੀਂ ਦਾ ਸੰਗ ਨੱਪ ਦਿੰਦੇ ਹਨ,ਕਿਉਂ ??????????ਕਿਸ ਗਲੋਂ ਸਾਡਾ ਸਮਾਜ ਧੀਆਂ ਨਾਲ ਇਸ ਤਰ੍ਰ੍ਹਾਂ ਦੀ ਵਧੀਕੀ ਕਰਦਾ ਹੈ?ਮੇਰਾ ਆਪ ਸਭ ਨੂੰ ਸਵਾਲ ਹੈ ਕਿ ਧੀਆਂ ਕਿਸ ਗਲੋਂ ਮੁੰਡਿਆਂ ਤੋਂ ਘੱਟ ਨੇ???? ਖੈਰ ਅੱਜ ਦੇ ਜ਼ਮਾਨੇ ਵਿਚ ਤੇ ਕੁੜੀਆਂ ਮੁੰਡਿਆ ਨਾਲੋਂ ਵਧੇਰੇ ਜ਼ਿੰਮੇਂਵਾਰ ਤੇ ਲਾਇਕ ਨੇ,ਜਿਸ ਘਰ ਧੀ ਨਹੀਂ ਹੁੰਦੀ ਉਸ ਘਰ ਰੌਣਕ ਹੀ ਨਹੀਂ ਹੂੰਦੀ,ਧੀ ਨਾਲ ਘਰ ਵਿਚ ਰਹਿਣੀ- ਬਹਿਣੀ ਸਲੀਕੇਦਾਰ ਹੁੰਦੀ ਹੈ, ਧੀਆਂ ਮੁੰਡਿਆ ਨਾਲੋਂ ਵਧੇਰੇ ਮਾਂ-ਪਿੳ ਦੇ ਨੇੜੇ ਹੂੰਦੀਆਂ ਨੇ,ਧੀਆਂ ਮਾਂ-ਪਿੳ ਦੇ ਸਾਹੀ ਜਿਉਂਦੀਆਂ ਨੇ ,ਕਦੀ ਕਿਤੇ ਸੁਣਿਆ ਹੈ ਕਿ ਧੀ ਨੇ ਆਪਣੇ ਮਾਂ-ਪਿੳ ਘਰੋਂ ਕੱਡ ਦਿੱਤੇ,ਜਦੋਂ ਕਿ ਮੁੰਡੇ ਅਜਿਹਾ ਕਰਨ ਲੱਗੇ ਇਕ ਪਲ ਨਹੀਂ ਸੋਚਦੇ।

ਕਈ ਲੋਕ ਕਹਿੰਦੇ ਹਨ “ਕਿ ਧੀਆਂ ਤੋਂ ਨਹੀਂ ਧੀਆਂ ਦੀ ਕਿਸਮਤ ਤੋਂ ਡਰ ਲਗਦਾ ਹੈ”,ਤੇ ਉਹਨਾਂ ਲੋਕਾਂ ਦੀ ਜਾਣਕਾਰੀ ਲਈ ਮੈਂ ਕਹਿਣਾ ਹੈ ਕਿ ਅੱਜ ਧੀਆਂ ਨੂੰ ਸਿਰਫ ਇਕ ਮੌਕਾ ਦਿਉ ਉਹ ਆਪਣੀ ਕਿਸਮਤ ਆਪ ਬਣਾ ਲੈਣਗੀਆਂ ,ਦੁਨੀਆਂ ਦੇ ਲ਼ਗਪਗ 70% ਫੀਸਦੀ ਕੰਮ ਔਰਤਾਂ ਕਰਦੀਆਂ ਹਨ,ਪਰ ਫਿਰ ਵੀ ਉਨ੍ਹਾਂ ਦੇ ਕੰਮਾਂ ਨੂੰ ਪਹਿਚਾਣ ਨਹੀਂ ਦਿੱਤੀ ਜਾਂਦੀ,ਮਰਦਾਂ ਦੇ ਮੁਕਾਬਲੇ ਔਰਤਾਂ ਬਾਹਰ ਅੰਦਰ ਦੋਵੇਂ ਪਾਸੇ ਦੇ ਕੰਮ ਸੰਭਾਲਦੀਆਂ ਹਨ,ਫਿਰ ਵੀ ਇਹ ਕਿਹਾ ਜਾਂਦਾ ਹੈ ਕਿ ਔਰਤ ਮਰਦ ਦਾ ਮੁਕਾਬਲਾ ਨਹੀਂ ਕਰ ਸਕਦੀ ,ਇਥੇ ਇਕ ਸਵਾਲ ਮਰਦ ਸਮਾਜ ਲਈ ਹੈ ਕਿ “ਕਿ ਮਰਦ ਔਰਤ ਤਰ੍ਹਾਂ ਨੌਕਰੀ ਦੇ ਨਾਲ ਘਰ ਦਾ ਕੰਮ,ਫਿਰ ਬੱਚੇ ,ਤੇ ਪਰਿਵਾਰ ,ਦੇ ਕੰਮ ਕਰ ਸਕਦਾ ਹੈ..?????? ਮਰਦ ਲੋਕ ਤੇ ਇਕ ਨੌਕਰੀ ਕਰ ਕੇ ਬਹੁਤ ਥੱਕ ਜਾਂਦੇ ਹਨ,ਤੇ ਔਰਤ ਤੋਂ ਆਸ ਰੱਖਦੇ ਹਨ ਕਿ ਜਦੋਂ ਉਹ ਘਰ ਆਉਣ ਔਰਤ ਉਨ੍ਹਾਂ ਦੀ ਸੇਵਾ ਕਰੇ ,ਔਰਤ ਨੂੰ ਸੇਵਾ ਕਰਵਾਉਣ ਦਾ ਕੋਈ ਹੱਕ ਨਹੀਂ…?????????

ਔਰਤਾਂ ਬਿਨਾਂ ਇਸ ਸਮਾਜ ਦੀ ਗਤੀ ਨਹੀਂ ,ਫਿਰ ਵੀ ਅਸੀਂ ਕਹਿੰਦੇ ਹਾਂ ਕਿ ਕੁੜੀ ਦਾ ਪੈਦਾ ਹੋਣਾ ਚੰਗਾ ਨਹੀਂ,ਪੰਜਾਬ ਭਰੂਣ ਹਤਿਆ ਦੇ ਮਾਮਲੇ ਵਿਚ ਸਬ ਤੋਂ ਅੱਗੇ ਹੈ,ਇਸ ਵੇਲੇ ਅੰਕੜਿਆਂ ਦੇ ਮੁਤਾਬਿਕ ਪੰਜਾਬ ਵਿਚ 1000 ਮੁੰਡਿਆਂ ਪਿੱਛੇ 900 ਕੁੜੀਆਂ ਹੀ ਹਨ,ਜੇ ਆਉਣ ਵਾਲੇ ਸਮੇਂ ਵਿਚ ਭਰੂਣ ਹਤਿਆ ਉੱਤੇ ਕਾਬੂ ਨਾਂ ਕੀਤਾ ਗਿਆ ਤਾਂ ਇਹ ਅੰਕੜੇ ਵੱਧ ਜਾਣਗੇ,ਵੈਸੇ ਤੇ ਲੋਕ ਕੁੜੀ ਨੂੰ ਜੰਮਣ ਹੀ ਨਹੀਂ ਦਿੰਦੇ ,ਜੇ ਬਦਕਿਸਮਤੀ ਨਾਲ ਕੁੜੀ ਜੰਮ ਜਾਏ ਤੇ ਉਸ ਦੀ ਪੜਾਈ ਤੇ ਖਾਣ ਪੀਣ ਉੱਤੇ ਸੌ ਤਰ੍ਹਾਂ ਦੀ ਪਾਬੰਦੀ ਹੁੰਦੀ ਹੈ ,ਸਾਡੇ ਦੇਸ਼ ਵਿਚ ਹੀ ਕੁੜੀਆਂ ਦੀ ਬਹੁ ਗਿਣਤੀ 20 ਸਾਲ ਤੋਂ ਪਹਿਲਾਂ ਦੀ ਉਮਰ ਵਿਚ ਹੀ ਖਤਮ ਹੋ ਰਹੀ ਹੈ,ਕਿੳਂਕਿ ਉਹਨਾਂ ਨੂੰ ਪੂਰਨ ਸਹੁਲਤਾਂ ਹੀ ਨਹੀਂ ਦਿੱਤੀਆਂ ਜਾਂਦੀਆਂ।

ਅੱਜ ਜਦੋਂ ਮਨੁੱਖ ਅਕਾਸ਼ ਵਿਚ ਪਹੁੰਚ ਗਿਆ ਹੈ,ਪਰ ਅਜੇ ਵੀ ਹਿੰਦੋਸਤਾਨ ਦੇ ਬਹੁਤ ਸਾਰੇ ਪਿੰਡਾਂ ਵਿਚ ਕੁੜੀਆਂ ਨੂੰ ਬਾਲੀ ਉਮਰੇ ਹੀ ਵਿਆਹ ਦਿੱਤਾ ਜਾਂਦਾ ਹੈ ,ਜਦੋਂ ਕਿ ਬਾਲ ਵਿਆਹ ਕਾਨੂੰਨ ਵੀ ਬਣਿਆ ਹੈ ਪਰ ਲੋਕਾਂ ਨੇ ਇਸ ਨੂੰ ਵੀ ਛਿੱਕੇ ਟੰਗ ਦਿੱਤਾ,ਜੇ ਕੁੜੀ ਬਾਲੜੀ ਉਮਰੇ ਵਿਧਵਾ ਹੋ ਜਾਏ ਤਾਂ ਉਸ ਨੂੰ ਸਮਾਜ ਤੋਂ ਅੱਡ ਕਰ ਦਿੱਤਾ ਜਾਂਦਾ ਹੈ,ਇਕ ਕੁੜੀ ਹੋਣਾ ਜ਼ੁਰਮ ਤੇ ਜੇ ਕੋਈ ਅਣਹੋਣੀ ਹੋ ਜਾਏ ਤੇ ਉਹ ਮਾਰ ਵੀ ਉਸ ਨੂੰ ਕੁੜੀ ਹੋਣ ਦੇ ਨਾਤੇ ਝਲਣੀ ਪੈਂਦੀ ਹੈ,ਜਦੋਂ ਕਿ ਮਰਦਾਂ ਲਈ ਅਜਿਹੇ ਕੋਈ ਨਿਯਮ ਨਹੀਂ ਹਨ,ਕਿਉਂ????? ਦਾਜ ਦੀ ਬਲੀ ਵੀ ਔਰਤ ਹੀ ਚੜਦੀ ਹੈ ,ਕੁੜੀ ਦੀ ਪੜਾਈ ਲਿਖਾਈ ਕੋਈ ਮਾਇਨੇ ਨਹੀਂ ਰੱਖਦੀ,ਜਦੋਂ ਔਰਤ ਹੀ ਔਰਤ ਦੀ ਦੁਸ਼ਮਨ ਬਣ ਜਾਂਦੀ ਹੈ ਤਾਂ ਔਰਤ ਜ਼ਾਤ ਹੋਰ ਸ਼ਰਮਸਾਰ ਹੋ ਜਾਂਦੀ ਹੈ ,ਆਖਿਰ ਕਿਉਂ ,ਇਥੇ ਹੀ ਬਸ ਨਹੀਂ ਔਰਤ ਨੂੰ ਹਰ ਥਾਂ ਤੇ ਸਿਰਫ ਭੰਡਿਆ ਹੀ ਗਿਆ ਹੈ,ਕਦੀ ਉਹ ਕਿਸੇ ਵਿਸ਼ਵਾਮਿੱਤਰ ਦੀ ਤੱਪਸਿਆ ਵਿਚ ਵਿਘਨ ਦਾ ਕਾਰਨ ਬਣੀ,ਕਦੀ ਉਸ ਨੂੰ ਭਗਵਾਨ ਰਾਮ ਦਾ ਰਾਵਣ ਨਾਲ ਯੁੱਧ ਦਾ ਕਾਰਣ ਬਣਾਇਆ ਗਿਆ,ਕਦੀ ਉਸ ਨੂੰ ਕੌਰਵਾਂ ਪਾਂਡਵਾਂ ਵਿਚਕਾਰ ਯੁੱਧ ਦਾ ਕਾਰਣ ਬਣਾਇਆ ਗਿਆ,ਪੰਜਾਬੀ ਕਿੱਸਿਆਂ ਵਿਚ ਵੀ ਔਰਤ ਬੁਰੀ ਹੀ ਦਰਸਾਈ ਗਈ,ਗੁਰਦਾਸ ਮਾਨ ਦਾ ਇਕ ਗੀਤ ਵੀ ਹੈ ,ਜਿਸ ਵਿਚ ਉਸ ਨੇ ਔਰਤ ਜ਼ਾਤ ਨਾਲ ਹੋ ਰਹੀ ਬੇਨਿਆਈ ਦਾ ਜ਼ਿਕਰ ਕੀਤਾ ਹੈ:-
ਸੱਤ ਭਰਾ ਇਕ ਮਿਰਜ਼ਾ,ਬਾਕੀ ਕਿੱਸਾਕਾਰਾਂ ਨੇ
ਕੱਲੀ ਸਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ।

ਸ਼ਾਇਦ ਪੁਰਾਣੇ ਸਮਿਆਂ ਤੋਂ ਹੀ ਚਲੀ ਆ ਰਹੀ ਇਸ ਰੀਤ ਦੀ ਵਜਾ ਕਰਕੇ ਹੀ ਅੱਜ ਵੀ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ,ਪਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਲਤਾ ਮੰਗੇਸ਼ਕਰ,ਮਦਰ ਟੈਰੇਸਾ,ਕਲਪਣਾ ਚਾਵਲਾ,ਇੰਦਰਾ ਗਾਂਧੀ,ਵਰਗੇ ਨਾਮ ਉਹਨਾਂ ਔਰਤਾਂ ਦੇ ਹਨ ਜਿਨ੍ਹਾਂ ਸਮਾਜ ਵਿਚ ਆਪਣੀ ਥਾਂ ਬਣਾਈ ਤੇ ਸਮਾਜ ਨੂੰ ਵਖਾਇਆ ਕਿ ਔਰਤ ਕਲੰਕ ਨਹੀਂ ਸਮਾਜ ਦੀ ਸ਼ਾਨ ਹੈ,ਸ੍ਰੀ ਗੂਰੁ ਨਾਨਕ ਦੇਵ ਜੀ ਨੇ ਔਰਤ ਨੂੰ ਰਾਜਿਆਂ ਮਹਾਂਪੁਰਖਾਂ ਦੀ ਜਨਣੀ ਕਹਿ ਕੇ ਸਤਿਕਾਰਿਆ ਸੀ

ਸੋ ਕਿਉਂ ਮੰਦਾ ਆਖਿਐ
ਜਿੱਤ ਜੰਮੈਂ ਰਾਜਾਨ

ਗੱਲ ਇਹ ਨਹੀਂ ਕਿ ਔਰਤ ਨਾਲ ਜ਼ੁਲਮ ਹੁਣ ਦੇ ਜ਼ਮਾਨੇ ਵਿਚ ਹੀ ਹੋਣ ਲਗਾ,ਔਰਤ ਤੇ ਜ਼ੁਲਮ ਦੀ ਕਹਾਣੀ ਸਦੀਆਂ ਪੁਰਾਣੀ ਹੈ,ਇਸ ਕਹਾਣੀ ਵਿਚ ਸੁਧਾਰ ਆਉਂਣ ਦੀ ਬਜਾਏ ਹਾਲਾਤ ਹੋਰ ਵੀ ਬੱਦਤਰ ਹੋ ਗਏ,ਪੁਰਾਣੇ ਸਮਿਆਂ ਵਿਚ ਧੀ ਦੇ ਜਨਮ ਲੈਣ ਤੋਂ ਬਾਅਦ ਉਸ ਨੂੰ ਮਾਰਿਆ ਜਾਂਦਾ ਸੀ,ਤੇ ਅੱਜ ਦੇ ਵਿਗਿਆਨਕ ਯੁੱਗ ਵਿਚ ਗਰਭ ਵਿਚ ਹੀ ਧੀ ਤੋਂ ਛੁਟਕਾਰਾ ਹਾਸਿਲ ਕਰ ਲਿਆ ਜਾਂਦਾ ਹੈ,ਕਿਉਂਕਿ ਅੱਜ ਅਸੀਂ ਪੁਰਾਣੇ ਸਮਿਆਂ ਨਾਲੋਂ ਵਧੇਰੇ ਪੜ੍ਹ ਲਿਖ ਗਏ ਹਾਂ,ਵੈਸੇ ਅੱਜ ਦੇ ਪੜ੍ਹੇ ਲਿਖੇ ਸਮਾਜ ਵਿਚ ਧੀਆਂ ਨੇ ਆਪਣੀ ਥਾਂ ਹਾਸਿਲ ਕਰ ਲਈ ਹੈ,ਅੱਜ ਧੀਆਂ ਵੀ ਚੰਗੀ ਪੜਾਈ ਹਾਸਿਲ ਕਰ ਰਹੀਆਂ ਨੇ,ਚੰਗੇ ਔਹਦਿਆਂ ਤੇ ਨੌਕਰੀ ਕਰ ਰਹੀਆਂ ਨੇ,ਅੱਜ ਦੇ ਇਸ ਸਮਾਜ ਵਿਚ ਜਿਵੇਂ ਹਰ ਧੀ ਆਪਣੇ ਮਾਪਿਆ ਨੂੰ ਇਹ ਜਤਾ ਦੇਣਾ ਚਾਹੂੰਦੀ ਹੈ ਕਿ ਉਹ ਮਾਪਿਆਂ ਤੇ ਬੋਝ ਨਹੀਂ ਸਗੋਂ ਉਹ ਉਹਨਾਂ ਦਾ ਸਹਾਰਾ ਹੈ,ਮੁੰਡਿਆਂ ਵਾਂਗ ਧੀ ਤੇ ਵੀ ਫਖਰ ਕੀਤਾ ਜਾਏ,
ਧੀਆਂ ਤੋ ਮੂੰਹ ਨਾ ਮੋੜੋ,ਉਹਨਾਂ ਨੂੰ ਘਰ ਦੀ ਸ਼ਾਨ ਸਮਝੋ,ਇਕ ਧੀ ਦੇ ਮਾਪੇ ਹੋਣਾ ਫਕਰ ਵਾਲੀ ਗੱਲ ਹੇ ਨਾਂ ਕਿ ਮੂੰਹ ਲਕੋਣ ਵਾਲੀ,ਧੀ ਦਾ ਦਾਨ ਸਭ ਦਾਨਾਂ ਤੋਂ ਵੱਧ ਹੈ , ਜਿਸ ਬੰਦੇ ਨੂੰ ਆਪਣੀ ਧੀ ਦਾਨ ਕਰਣ ਦਾ ਪੰਨ੍ਹ ਮਿਲਦਾ ਹੈ ਉਸ ਵਰਗਾ ਸੁਭਾਗਾ ਕੋਈ ਨਹੀਂ,ਧੀਆਂ ਨੂੰ ਅਪਣਾਉ ਠੁਕਰਾਉ ਨਾ ,ਕਿਉਂਕਿ

ਧੀਆਂ ਤੇ ਤ੍ਰਾਹ ਹੂੰਦੀਆਂ ਨੇ
ਕੀ ਪਤਾ ਕਦ ਨਿਕਲ ਜਾਣ…!

ਡਾ. ਜਸਬੀਰ ਕੌਰ

ਇਕ ਅਣਜੰਮੀ ਕੰਜਕ ਦੀ ਪੁਕਾਰ

ਸਾਥੀ ਲੁਧਿਆਣਵੀ ਪੰਜਾਬੀ ਸਾਹਿਤ ਦੀ ਦੁਨੀਆਂ ‘ਚ ਕਾਫੀ ਸਰਗਰਮ ਨੇ।ਅੰਤਰਰਾਸ਼ਟਰੀ ਔਰਤ ਦਿਵਸ ਮਹੀਨੇ ਦੀਆਂ ਲੜੀਵਾਰ ਰਚਨਾਵਾਂ ਨੂੰ ਧਿਆਨ ‘ਚ ਰੱਖਦਿਆਂ ਸਾਨੂੰ ਉਹਨਾਂ ਨੇ ਬਹੁਤ ਹੀ ਸੰਵੇਦਨਸ਼ੀਲ ਰਚਨਾ ਭੇਜੀ ਹੈ।----ਗੁਲਾਮ ਕਲਮ


ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।
ਮੈਂ ਦੁਨੀਆਂ ਵਿਚ ਆਉਣਾ ਮੈਨੂੰ ਆਣ ਦਿਓ।

ਬਾਬਲ ਤੇਰੇ ਘਰ ਦੀ ਰੌਣਕ ਹੋਵਾਂਗੀ।
ਮੁਸਕਾਨਾਂ ਦੇ ਹਾਰ ਮੈਂ ਸਦਾ ਪਰੋਵਾਂਗੀ।
ਮੈਨੂੰ ਆਪਣੇ ਆਂਗਣ ਨੱਚਣ ਗਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਤੇਰੇ ਬਾਗ਼ੀਂ ਕਲੀਆਂ ਵਾਂਗੂੰ ਮਹਿਕਾਂਗੀ।
ਸ਼ਾਖ਼ ਸ਼ਾਖ਼ ‘ਤੇ ਚਿੜੀਆਂ ਵਾਂਗੂੰ ਚਹਿਕਾਂਗੀ।
ਬਾਬਲ ਮੈਨੂੰ ਮਹਿਕਾਂ ਦਾ ਵਰਦਾਨ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਮਾਏਂ ਤੂੰ ਵੀ ਤਾਂ ਇਸ ਜੱਗ ਵਿਚ ਆਈ ਸੈਂ।
ਫ਼ਿਰ ਮੇਰੇ ਬਾਬਲ ਦੇ ਸੰਗ ਵਿਆਹੀ ਸੈਂ।
ਮੈਨੂੰ ਵੀ ਹੁਣ ਅੰਮਾ ਇਕ ਪਹਿਚਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਮੈਂ ਵੀਰਾਂ ਦੀ ਹਰਦਮ ਖ਼ੈਰ ਮਨਾਵਾਂਗੀ।
ਹਰ ਰੱਖ਼ੜੀ ‘ਤੇ ਰੱਖ਼ੜੀ ਬੰਨ੍ਹਣ ਆਵਾਂਗੀ।
ਬੇਸ਼ੱਕ ਮੈਨੂੰ ਇਵਜ਼ ‘ਚ ਇਕ ਨਾ ਦਾਮ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਖ਼ਬਰੇ ਬਾਬਲ ਰਿਸ਼ਮ ਸੁਨਹਿਰੀ ਹੋਵਾਂ ਮੈਂ।
ਤੇਰੇ ਘਰ ਦਾ ਸਾਰਾ ਨ੍ਹੇਰਾ ਧੋਵਾਂ ਮੈਂ।
ਮੈਂਨੂੰ ਆਪਣੇ ਵਿਹੜੇ ਪੈਰ ਤਾਂ ਪਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਮੰਦਾ ਆਖ਼ੋ ਨਾ ਮੈਂ ਖ਼ਬਰੇ ਕੀ ਬਨਣਾ।
ਮਾਏਂ ਨੀ ਮੈਂ ਚੰਗੀ ਤੇਰੀ ਧੀ ਬਨਣਾ।
ਲਹੂ ਮਾਸ ਹਾਂ ਮਾਤਾ ਮੈਨੂੰ ਪ੍ਰਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।


ਤੇਰਾ ਘਰ ਹੈ ਬਾਬਲ ਚੰਬਾ ਚਿੜੀਆਂ ਦਾ।
ਤੇਰਾ ਘਰ ਤਾਂ ਹੋਣਾ ਕਦੇ ਨਾ ਕੁੜੀਆਂ ਦਾ।
ਚੜ੍ਹੀ ਜੁਆਨੀ ਤੀਕ ਆਹਲਣਾ ਪਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਮਾਂ ਬਣਾਂਗੀ ਖ਼ਬਰੇ ਰਾਜੇ ਜੰਮਾਂ ਮੈਂ।
ਯੋਧੇ ਜੰਮਾ ਏਹੋ ਕਰਾਂ ਤਮੰਨਾ ਮੈਂ।
ਰਚਣਹਾਰਿਓ ਮੇਰੇ ਤਨ ਨੂੰ ਪ੍ਰਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਪੁੱਤਰਾਂ ਲਈ ਇਕ ਦਿਨ ਮਹਿਬੂਬਾ ਨਹੀਂ ਲੱਭਣੀ।
ਚੂੜਾ ਨਹੀਂ ਛਣਕਣਾ,ਮਹਿੰਦੀ ਨਹੀਂ ਲੱਗਣੀ।
ਪੁਤਰਾਂ ਵਾਲ਼ਿਓ ਸ਼ਗਨਾਂ ਦਾ ਦਿਨ ਆਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਜੱਜ ਤੇ ਜਿਊਰੀ ਬਣ ਬੈਠੇ ਨੇ ਮਾਤ-ਪਿਤਾ।
ਮੇਰੇ ਪਾਸੋਂ ਖ਼ਬਰੇ ਕਿਹੜੀ ਹੋਈ ਖ਼ਤਾਅ।
ਕਹੋ ਇਨ੍ਹਾਂ ਨੂੰ, ਕੋਈ ਤਾਂ ਪਰਮਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਧੀਆਂ ਹੁੰਦੀਆਂ ਕੰਜਕਾਂ ਕੋਮਲ ਫ਼ੁੱਲਾਂ ਹਾਰ।
ਆਪਣੇ ਕਰਮ ਲਿਆਵਣ ਇਹ ਨਹੀਂ ਹੁੰਦੀਆਂ ਭਾਰ।
ਧੀ ਨਾ ਮਾਰੋ ਹੇ ਬੰਦਿਓ ਭਗਵਾਨ ਦਿਓ।
ਮੈਂ ਦੁਨੀਆਂ ਵਿਚਣ ਆਣਾ ਮੈਨੂੰ ਆਣ ਦਿਓ।

ਹੁਣ ਜਦ ਮੰਦਰ ਗੁਰੂਦੁਆਰੇ ਜਾਓਗੇ।
ਸਿਰਜਣਹਾਰੇ ਅੱਗੇ ਸੀਸ ਝੁਕਾਓਗੇ।
ਕਿਹੋ ਕਿ ਪ੍ਰਭ ਜੀ ਧੀਆਂ ਦਾ ਵਰਦਾਨ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਕੰਜਕਾਂ ਲਈ ਦੁਆਵਾਂ ਕਰਦੇ ਰਿਹਾ ਕਰੋ।
ਨ੍ਹੇਰੇ ਵਿਚ ਸ਼ੁਆਵਾਂ ਕਰਦੇ ਰਿਹਾ ਕਰੋ।
“ਸਾਥੀ” ਪੁੱਤਰਾਂ ਵਾਂਗ ਇਨ੍ਹਾਂ ਨੂੰ ਮਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।
ਮੈਂ ਦੁਨੀਆਂ ਵਿਚ ਆਣਾ ਮੈਨੂੰ ਆਣ ਦਿਓ।

(ਸਾਥੀ ਲੁਧਿਆਣਵੀ-ਲੰਡਨ)

Saturday, March 7, 2009

ਲੋਕਤੰਤਰ ਦੀ ਛਤਰੀ ਹੇਠ ਖੜ੍ਹੀ “ਲਾਚਾਰ ਔਰਤ”

8 ਮਾਰਚ ਹਰ ਸਾਲ ਅੰਤਰਾਸ਼ਟਰੀ ਔਰਤ ਦਿਵਸ ਤੌਰ ਤੇ ਮਨਾਇਆ ਜਾਂਦਾ ਹੈ । ਇਹ ਦਿਨ 8 ਮਾਰਚ 1908 ਦੇ ਉਸ ਦਿਨ ਦੀ ਯਾਦ ਦਿਵਾਉਂਦਾ ਹੈ ਜਦ ਨਿਊਯਾਰਕ ਕਪੜਾ ਮਿੱਲਾਂ ਵਿੱਚ ਕੰਮ ਕਰਦੀਆਂ ਇਸਤਰੀਆਂ ਨੇ ਆਪਣੇ ਕੰਮ ਦੀਆਂ ਗੈਰ ਇਨਸਾਨੀ ਹਾਲਾਤਾਂ ਨੂੰ ਬਦਲਣ ਲਈ ਝੰਡਾ ਚੁੱਕਿਆ ਸੀ। ਇਸ ਮਹੀਨੇ “ਔਰਤ ਦਿਵਸ” ਨੂੰ ਵੇਖਦਿਆਂ ਅਸੀਂ ਸਮਾਜ ‘ਚ ਔਰਤਾਂ ਦੀ ਦਸ਼ਾ ਤੇ ਦਿਸ਼ਾ ਬਾਰੇ ਲੇਖ ਪਬਲਿਸ਼ ਕਰਨ ਦੀ ਯੋਜਨਾ ਬਣਾਈ ਹੈ।ਇਸੇ ਲੜੀ ‘ਚ ਸਾਡੇ ਕੋਲ ਸੁਖਵਿੰਦਰ ਦਾ ਲੇਖ ਪਹੁੰਚਿਆ ਹੈ।ਸੁਖਵਿੰਦਰ ਪੰਜਾਬ ਦੇ ਉਹਨਾਂ ਨੌਜਵਾਨਾਂ ‘ਚੋਂ ਇਕ ਹਨ ,ਜੋ ਪੰਜਾਬ ਦੀਆਂ ਸਮੱਸਿਆਵਾਂ ਨੂੰ ਪੂਰੀ ਦੁਨੀਆਂ ਨਾਲ ਜੋੜਕੇ ਵੇਖਦੇ ਹਨ।ਉਹ ਵਿਦਿਆਰਥੀ ਜੀਵਨ ਤੋਂ ਹੀ ਸਮਾਜਿਕ ਮੁੱਦਿਆਂ ਪ੍ਰਤੀ ਕਾਫੀ ਗੰਭੀਰ ਹਨ ਤੇ ਇਹਨਾਂ ਬਾਰੇ ਗਹਿਨ ਅਧਿਐਨ ਵੀ ਕਰਦੇ ਰਹਿੰਦੇ ਹਨ । ਸੁਖਵਿੰਦਰ ਦੀ ਔਰਤ ਦਿਵਸ ‘ਤੇ “ਗੁਲਾਮ ਕਲਮ” ਨੂੰ ਭੇਜੀ ਪਹਿਲੀ ਰਚਨਾ ਲਈ ਅਸੀਂ ਉਹਨਾਂ ਦੇ ਧੰਨਵਾਦੀ ਹਾਂ ----ਗੁਲਾਮ ਕਲਮ



ਔਰਤਾਂ ਕੁੱਲ ਵੱਸੋਂ ਦਾ ਲੱਗਭਗ ਅੱਧ ਹਨ, ਪਰ ਆਰਥਕ ਸਮਾਜਕ ਤੇ ਰਾਜਨੀਤਕ ਪੱਖੋ ਉਨ੍ਹਾਂ ਦੀ ਹਾਲਤ ਅੱਤ ਦੀ ਖਰਾਬ ਹੈ ।ਅਸਲੀਅਤ ਵਿੱਚ ਉਹ ਹਰ ਤਰਾਂ ਦੇ ਅਧਿਕਾਰਾਂ ਤੋਂ ਵਿਹੂਣੀਆਂ ਹਨ ਭਾਰਤੀ ਸੰਵਿਧਾਨ ਵਿੱਚ ਵਿਕਸਤ ਦੇਸ਼ਾਂ ਦੀ ਨਕਲ ਤੇ ਇਸਤਰੀਆਂ ਦੇ ਬਰਾਬਰ ਹੱਕਾਂ ਦੀ ਗੱਲਾਂ ਕੀਤੀਆਂ ਗਈਆਂ ਹਨ, ਹਕੀਕਤ ਵਿੱਚ ਇਹ ਸਿਰਫ ਰਸਮੀ ਹਨ,ਨਿੱਤ ਦੀ ਜਿੰਦਗੀ ਵਿੱਚ ਹਰ ਕੋਈ ਇਸਦੀ ਅਸਲੀਅਤ ਨੂੰ ਹੱਡੀ ਹੰਢਾਉਂਦਾ ਹੈ ।ਭਾਰਤੀ ਕਾਨੂੰਨ ਵਿੱਚ ਮਾਂ-ਪਿਓ ਦੀ ਜਾਇਦਾਦ ਵਿੱਚ ਕੁੜੀਆਂ ਨੂੰ ਬਰਾਬਰ ਦਾ ਹੱਕ ਹੈ।ਜਾਇਦਾਦ ਵੰਡਣ ਸਮੇਂ ਉਨ੍ਹਾਂ ਦੇ ਦਸਤਖਤ ਜਰੂਰੀ ਹਨ, ਪਰ ਹਕੀਕੀ ਜ਼ਿੰਦਗੀ ‘ਚ ਉਨ੍ਹਾਂ ਨੂੰ ਜਾਇਦਾਦ ਵਿੱਚੋ ਹਿੱਸਾ ਨਹੀਂ ਮਿਲਦਾ,ਜੰਮਣ ਤੋਂ ਹੀ ਉਨ੍ਹਾਂ ਨੂੰ ਸਿਖਾਇਆ ਜਾਂਦਾ ਹੈ ਕਿ ਮਾਂ-ਬਾਪ ਦਾ ਘਰ ਉਸਦਾ ਆਪਣਾ ਨਹੀਂ, ਉਹ ਪਰਾਈ ਹੈ ਉਸਦਾ ਇਥੇ ਕੁਝ ਨਹੀਂ, ਉਸਦਾ ਸਹੁਰਾ ਘਰ ਹੀ ਆਪਣਾ ਹੈ, ਉਥੇ ਜਿਹੋ-ਜਹੀਆਂ ਹਾਲਤਾਂ ਹੋਣ ਉਥੇ ਹੀ ਰਹਿਣਾ ਹੈ।ਇਸ ਲਈ ਜਦੋਂ ਸਹੁਰੇ ਉਸਨੂੰ ਦਹੇਜ ਲਿਆਉਣ ਜਾਂ ਹੋਰ ਕਿਸੇ ਕਾਰਨ ਕਰਕੇ ਮਾਰਦੇ ਕੁੱਟਦੇ ਤੇ ਬੇਇੱਜ਼ਤ ਕਰਦੇ ਹਨ,ਉਸਦੀ ਜਾਨ ਨੂੰ ਖਤਰਾ ਹੁੰਦਾ ਹੈ ਫਿਰ ਵੀ ਮਾਂ-ਪਿਓ ਉਸਨੂੰ ਸੁਹਰੇ ਘਰ ਰਹਿਣ ਲਈ ਕਹਿੰਦੇ ਹਨ, ਨਤੀਜੇ ਵਜੋਂ ਉਸਦੀ ਅਰਥੀ ਹੀ ਸਹੁਰੇ ਘਰੋਂ ਨਿਕਲਦੀ ਹੈ । ਸੰਸਾਰ ਵਿੱਚ ਆਉਣ ਤੋਂ ਪਹਿਲਾ ਹੀ ਗਰਭ ਵਿਚ ਕੁੜੀਆਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਜਾਂਦੀਆ ਹਨ ।ਸੈਂਟ ਮਾਈਕਲ ਹਸਪਤਾਲ, ਟੋਰੈਂਟੋ ਯੁਨੀਵਰਸਿਟੀ ਦੇ ਡਾ. ਪ੍ਰਭਾਵ ਅਤੇ ਪੀ.ਜੀ.ਆਈ. ਚੰਡੀਗੜ੍ਹ ਦੇ ਡਾ. ਰਾਜੇਸ਼ ਕੁਮਾਰ ਦੀ ਗਿਆਰਾਂ ਲੱਖ ਪਰਿਵਾਰਾਂ ਤੇ ਅਧਾਰਿਤ ਖੋਜ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਵਰ੍ਹੇ ਤਕਰੀਬਨ 5 ਲੱਖ ਬੱਚੀਆਂ ਨੂੰ ਗਰਭ ਵਿੱਚ ਖਤਮ ਕਰਕੇ ਉਹਨਾਂ ਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ । ਪਿਛਲੇ 20 ਵਰ੍ਹਿਆਂ ਵਿੱਚ ਲਗਭਗ 1 ਕਰੋੜ ਲੜਕੀਆਂ ਨੂੰ ਗਰਭ ਵਿੱਚ ਕਤਲ ਕੀਤਾ ਗਿਆ ਹੈ।ਇਹ ਘਿਨਾਉਣਾ ਕੰਮ ਡਾਕਟਰ ਤੇ ਮਾਪੇ ਰਲਕੇ ਕਰਦੇ ਹਨ ਹਲਾਂਕਿ ਅਜਿਹਾ ਕਰਨਾ ਕਾਨੂੰਨੀ ਜ਼ੁਰਮ ਹੈ ।ਗਰਭ ਵਿੱਚ ਕੰਨਿਆ ਭਰੂਣ ਦੇ ਕਤਲ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ਅਤੇ ਅਨਪੜਾਂ ਦੇ ਮੁਕਾਬਲੇ ਪੜ੍ਹੇ ਲਿਖੇ ਪਰਿਵਾਰਾਂ ਵਿੱਚ ਵੱਧ ਹੁੰਦੇ ਹਨ ।

ਚਿਕਿਤਸਾ ਵਿਗਿਆਨ ਅਨੁਸਾਰ ਔਰਤਾਂ ਦੇ ਸਰੀਰ ਦੀ ਸੰਰਚਨਾ ਇਸ ਤਰ੍ਹਾਂ ਹੁੰਦੀ ਹੈ ਕਿ ਔਰਤਾਂ ਦੀ ਸੰਖਿਆ ਮਰਦ ਨਾਲੋ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੀ ਜਿਉਂਦੇ ਰਹਿਣ ਦੀ ਸਮਰੱਥਾ ਜਿਆਦਾ ਹੁੰਦੀ ਹੈ।ਪਰ ਭਾਰਤੀ ਸਮਾਜ ਦੀ ਤਸਵੀਰ ਇਸਦੇ ਉਲਟ ਹੈ।ਜਿਥੇ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਪੋਸ਼ਣ ਤੇ ਚੰਗੀ ਦੇਖਭਾਲ ਹੁੰਦੀ ਹੈ ਉਥੇ ਇਹਨਾਂ ਦੀ ਸੰਖਿਆ 100 ਪੁਰਸ਼ਾਂ ਦੇ ਮੁਕਾਬਲੇ 105 ਤੱਕ ਹੁੰਦੀ ਹੈ,ਜਿਵੇਂ ਪੂਰੇ ਯੂਰੋਪ ਅਤੇ ਉੱਤਰੀ ਅਮਰੀਕਾ ਵਿੱਚ 100 ਪੁਰਸ਼ਾਂ ਦੇ ਪਿਛੇ 105 ਔਰਤਾਂ ਹਨ, ਪਰ ਭਾਰਤ ਵਿਚ ਇਹ ਸੰਖਿਆ ਸਿਰਫ 93 ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਸ਼ ਦੇ ਸਭ ਤੋਂ ਘੱਟ ਲਿੰਗ ਅਨੁਪਾਤ ਵਾਲੇ 10 ਜ਼ਿਲ੍ਹਿਆਂ ਵਿੱਚ 7 ਪੰਜਾਬ ਦੇ ਅਤੇ ਤਿੰਨ ਹਰਿਆਣਾ ਦੇ ਹਨ । ਲੁਧਿਆਣੇ ਵਿੱਚ ਤਾਂ ਲਿੰਗ ਅਨੁਪਾਤ 1000-720 ਤੋ ਵੀ ਨੀਵਾਂ ਆ ਗਿਆ ਹੈ ।ਭਾਰਤ ਵਿੱਚ ਘੱਟ ਖੁਰਾਕ, ਅੱਤ ਜ਼ਿਆਦਾ ਕੰਮ, ਗੈਰ ਵਿਗਿਆਨਕ ਸਮਝ ਵਹਿਮਾਂ-ਭਰਮਾਂ ਅਤੇ ਬੱਚੇ ਦੇ ਜਨਮ ਪਿਛੋ ਸਾਂਭ-ਸੰਭਾਈ ਵਿਚ ਰਹੇ ਨੁਕਸਾਂ ਕਰਕੇ ਜੱਚਾ-ਬੱਚਾ ਦੀ ਮੌਤ ਦੀ ਹਰ ਮੁਕਾਬਲਤਨ ਬਹੁਤ ਜ਼ਿਆਦਾ ਹੈ । ਜੇ ਕੁੜੀ ਹੋਵੇ ਤਾਂ ਮਾਂ ਉਤੇ ਮਾਨਸਿਕ ਬੋਝ ਪੈ ਜਾਂਦਾ ਹੈ । ਉਸਦੀ ਹਰ ਪੱਖੋ ਬੇਇੱਜ਼ਤੀ ਕੀਤੀ ਜਾਂਦੀ ਹੈ,ਉਸਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ ਜਨਮ ਦੇ ਦਿਨ ਤੋਂ ਹੀ ਬੱਚੀ ਨਾਲ ਹਰ ਪੱਖੋ ਵਿਤਕਰਾ ਸ਼ੁਰੂ ਹੋ ਜਾਂਦਾ ਹੈ, ਖਾਣ-ਪੀਣ, ਦਵਾ-ਦਾਰੂ, ਪੜਾਉਣ, ਹੱਸਣ ਖੇਡਣ ਆਦਿ ਚ ਕੁੜੀ ਦੀ ਬਚਪਨ ਤੋ ਹੀਂ ਘਰੇਲੂ ਨੌਕਰ ਦੀ ਭੂਮਿਕਾ ਸ਼ੁਰੂ ਹੋ ਜਾਂਦੀ ਹੈ । ਮੁੰਡੇ ਨੂੰ ਕਦੇ ਗਾਲ੍ਹ ਨਹੀਂ ਕੱਢੀ ਜਾਂਦੀ, ਕੁੜੀ ਨੂੰ ਂਮਰ ਜਾਣੀਏਂ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਹੈ । ਕੁੜੀਆਂ ਦੇ ਪੜ੍ਹਾਈ ਦੇ ਮੌਕੇ ਸੀਮਤ ਹਨ, ਜੇ ਫੇਲ ਤਾਂ ਮੁੜ੍ਹਕੇ ਪੜ੍ਹਾਈ ਬੰਦ ਕਰ ਦਿੱਤੀ ਜਾਂਦੀ ਹੈ, ਫਿਰ ਜਵਾਨ ਹੋਣ ਤੇ ਮਾਂ-ਪਿਓ ਵੱਲੋਂ ਉਸਨੂੰ ਪੁੱਛੇ ਬਿਨਾਂ ਹੀ ਜਿਥੇ ਮਰਜੀ ਉਸਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਉਸਨੂੰ ਨਵੇਂ ਮਾਲਕ ਭਾਵ ਪਤੀ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ।ਅੱਜ ਔਰਤਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਇੰਨੀ ਤਰੱਕੀ ਕੀਤੀ ਹੈ ਕਿ ਆਸਮਾਨ ਦੀਆਂ ਉਚਾਈਆਂ ਛੂਹ ਰਹੀਆਂ ਹਨ ਪਰ ਅਜਿਹੀ ਔਰਤਾਂ ਦੀ ਸੰਖਿਆ ਇੰਨੀ ਘੱਟ ਹੈ ਕਿ ਇਹਨਾਂ ਦੀ ਪ੍ਰਤੀਸ਼ਤ ਕੱਢਣਾ ਵੀ ਬਹੁਤ ਔਖਾ ਹੈ, ਜਿਹੜੀ ਅਸਲੀ ਤਸਵੀਰ ਹੈ ਹਾਕਮ ਜਮਾਤ ਉਸਨੂੰ ਨਜ਼ਰ ਅੰਦਾਜ਼ ਕਰਦੇ ਹਨ ਦੇਸ਼ ਵਿੱਚ ਹਰ 54 ਮਿੰਟ ਚ ਲਗਭਗ ਇੱਕ ਬਲਾਤਕਾਰ, ਹਰ 26 ਮਿੰਟ ਚ ਛੇੜਛਾੜ,ਹਰ 43 ਮਿੰਟ ਵਿੱਚ ਇੱਕ ਅਗਵਾ ਅਤੇ ਹਰ ਘੰਟੇ ਇੱਕ ਦਹੇਜ ਹੱਤਿਆ ਹੁੰਦੀ ਹੈ ।

ਜਿਉਂ-ਜਿਉਂ ਸਮਾਜ ਦਾ ਵਿਕਾਸ ਹੋ ਰਿਹਾ ਹੈ ਇਹ ਕੁੜੀਆਂ/ਔਰਤਾਂ ਦੀ ਪ੍ਰਤੀ ਬਹੁਤ ਜਿਆਦਾ ਹਿੰਸਕ ਹੋ ਰਿਹਾ ਹੈ ।ਛੇ ਮਹੀਨੇ ਦੀ ਕੁੜੀ ਤੱਕ ਅਸੁੱਰਿਖਤ ਹੈ।ਬਲਾਤਕਾਰ ਕਰਕੇ ਮਾਰ ਦੇਣਾ ਪ੍ਰਚੱਲਤ ਹੋ ਗਿਆ ਹੈ ਨਤੀਜੇ ਵੱਜੋਂ ਨਿੱਕੀਆਂ-ਨਿੱਕੀਆਂ ਕੁੜੀਆਂ ਦਾ ਬਾਹਰ ਖੇਡਣਾ ਤੱਕ ਬੰਦ ਹੋ ਗਿਆ ਹੈ, ਘਰ ਵੀ ਇਸ ਮਾਮਲੇ ਵਿੱਚ ਅਸੁਰੱਖਿਅਤ ਨਹੀ ਰਿਹਾ ਹੈ ।ਪੇਂਡੂ ਤੇ ਸ਼ਹਿਰੀ ਅਮੀਰਜ਼ਾਦਿਆਂ ਵੱਲੋਂ ਪੜ੍ਹਨ-ਕੰਮ ਕਰਨ ਜਾਂਦੀਆਂ ਕੁੜੀਆਂ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਕਰਨ, ਉਹਨਾਂ ਨੂੰ ਘਰੋਂ, ਹੋਸਟਲਾਂ ਵਿੱਚੋਂ ਅਗਵਾ ਕਰਨਾ,ਸਕੂਲ ਮਾਸਟਰਾਂ ਵੱਲੋਂ ਵਿਦਿਆਰਥਣਾਂ ਨਾਲ ਬਲਾਤਕਾਰ ਕਰਨ ਦੀ ਗਿਣਤੀ ਵਧੀ ਹੈ । ਅਧਿਆਪਕ ਜੋ ਮਾਂ-ਪਿਓ ਤੋਂ ਉੱਪਰ ਹੁੰਦੇ ਹਨ, ਜਿੰਨ੍ਹਾਂ ਨੇ ਵਿਦਿਆਰਥੀਆਂ ਨੂੰ ਦਿਸ਼ਾ ਸੇਧ ਦੇਣੀ ਹੁੰਦੀ ਹੈ, ਅੱਜ ਦੀਆਂ ਵਿਦਿਆਰਥਣਾਂ ਨਾਲ ਕੁਕਰਮ ਕਰਕੇ ਇਸ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰ ਰਹੇ ਹਨ।


ਬਲਾਤਕਾਰ ਦੇ ਕੇਸਾਂ ਵਿੱਚ ਪਹਿਲੇ ਤਾਂ ਪੁਲਿਸ ਰਿਪੋਰਟ ਦਰਜ ਹੀ ਨਹੀਂ ਕਰਦੀ ਜੇ ਉਸਨੂੰ ਦਬਾਅ ਹੇਠ ਦਰਜ ਕਰਨਾ ਵੀ ਪਵੇ ਤਾਂ ਜਾਂਚ ਦੀ ਪੱਧਰ ਤੇ ਕੰਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।ਰਾਜਸਥਾਨ ਦੀ ਭਾਂਬਰੀ ਦੇਵੀ ਤੇ ਪੰਜਾਬ ਚ ਕਿਰਨਜੀਤ ਦੇ ਕੇਸ ਸਾਡੇ ਸਾਹਮਣੇ ਹੀ ਹਨ । ਸਾਡੇ ਦੇਸ਼ ਦੇ ਕਾਨੂੰਨ ਹੀ ਅਜਿਹੇ ਹਨ ਜੋ ਬਲਾਤਕਾਰ ਲਈ ਕੁੜੀ ਜਾਂ ਔਰਤ ਨੂੰ ਮੁੱਖ ਤੌਰ ਤੇ ਦੋਸ਼ੀ ਠਹਿਰਾਂਉਦੇ ਹਨ । ਬਲਾਤਕਾਰ ਦੀ ਸ਼ਿਕਾਰ ਕੁੜੀ-ਔਰਤ ਦਾ ਵਿਸ਼ਵਾਸ ਨ੍ਹਹੀਂ ਕੀਤਾ ਜਾਂਦਾ, ਉਸਨੂੰ ਬਲਾਤਕਾਰ ਹੋਣਾ ਦਾ ਚਸ਼ਮਦੀਦ ਗਵਾਹ ਪੇਸ਼ ਕਰਨ ਲਈ ਕਿਹਾ ਜਾਂਦਾ ਹੈ । ਕੁੜੀ ਨੂੰ ਬਦਚਲਣ ਦੱਸਕੇ ਦੋਸ਼ੀਆਂ ਨੂੰ ਜਾਂ ਤਾਂ ਛੱਡ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਨਾ ਮਾਤਰ ਦੀ ਸਜ਼ਾ ਮਿਲਦੀ ਹੈ । ਪੁਲਿਸ ਦਾ ਰਵੱਈਆ ਔਰਤ ਵਿਰੋਧੀ ਹੈ ।ਥਾਣੇ ਬਲਾਤਕਾਰ ਦੇ ਕੇਂਦਰ ਹਨ। ਧਾਰਮਿਕ ਸਥਾਨਾਂ ਤੇ ਬਾਬਿਆਂ ਵੱਲੋਂ ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ਕਰਨਾ ਆਮ ਗੱਲ ਹੈ ਜਿੱਥੇ ਕਿਤੇ ਧਾਰਮਕ ਰਾਜ ਕਾਇਮ ਕੀਤਾ ਜਾਂਦਾ ਹੈ, ਉਹ ਔਰਤਾਂ ਲਈ ਵਿਸ਼ੇਸ਼ ਤੌਰ ਤੇ ਖੂੰਖਾਰ ਤੇ ਪਾਬੰਦੀ ਪੂਰਨ ਬਣ ਜਾਂਦਾ ਹੈ । ਅਫਗਾਨਿਸਤਾਨ ਇਸਦੀ ਮਿਸਾਲ ਹੈ।ਪਾਕਿਸਤਾਨ ਤਾਂ ਬਲਾਤਕਾਰ ਦੀ ਸ਼ਿਕਾਰ ਔਰਤਾਂ ਨੂੰ ਵੀ ਜੇਲ੍ਹੀ ਬੰਦ ਕਰ ਦਿੱਤਾ ਜਾਂਦਾ ਹੈ ਮੁਲਜਮਾਂ ਨੂੰ ਸ਼ਾਇਦ ਦੀ ਸ਼ਜਾ ਮਿਲਦੀ ਹੈ। ਭਾਰਤ ਵਿੱਚ ਆਰ.ਐਸ.ਐਸ ਦਾ ਸਾਰਾ ਲਾਣਾ ਇਸੇ ਖਾਸੇ ਦਾ ਮਾਲਕ ਹੈ, ਇਸ ਵਿੱਚ ਔਰਤ ਦੇ ਇਨਸਾਨੀ ਤੇ ਜਮਹੂਰੀ ਹੱਕਾਂ ਉੱਤੇ ਸ਼ਰ੍ਹੇਆਮ ਡਾਕੇ ਮਾਰੇ ਜਾਂਦੇ ਹਨ ।ਮੈਂਗਲਰੂ ਦਾ ਹਮਲਾ ਇਕ ਤਾਜ਼ਾ ਪ੍ਰਤੱਖ ਉਦਾਹਰਨ ਹੈ। ਪੁਰਾਤਨ ਵਿਸ਼ਿਆਂ ਸਬੰਧੀ ਰੋਜ਼ਾਨਾ ਦਿਖਾਏ ਜਾਂਦੇ ਸੀਰੀਅਲਾਂ ਤੇ ਫਿਲਮਾਂ ਵਿੱਚ ਜਗੀਰੂ ਕਦਰਾਂ ਕੀਮਤਾਂ ਦਾ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾਂਦਾ ਹੈ, ਜੋ ਔਰਤ ਵਿਰੋਧੀ ਹਨ।ਪਤੀ,ਪੁੱਤ ਭਰਾ,ਪਿਉ ਦੇ ਅਪਰਾਧਾਂ ਲਈ ਭੈਣ,ਪਤਨੀ,ਕੁੜੀ,ਮਾਂ ਜਿਸ ਨੂੰ ਸ਼ਜਾ ਦੇਣਾ ਆਮ ਸਮਾਜੀ ਵਰਤਾਰਾ ਹੈ ।

ਘਰ ਵਿੱਚ ਔਰਤਾਂ ਦੀ ਸਥਿਤੀ ਗੁਲਾਮ ਵਾਲੀ ਹੈ ।ਉਸਨੂੰ ਘਰੇਲੂ ਕੰਮ, ਰਸੋਈ, ਬੱਚਿਆਂ ਦਾ ਪਾਲਣ-ਪੋਸ਼ਣ, ਆਦਿ ਕਾਰਨ ਰਾਜਨੀਤਿਕ ਤੇ ਸਮਾਜਿਕ ਕੰਮਾਂ ਵਿੱਚ ਹਿੱਸਾ ਲੈਣ ਦਾ ਵਕਤ ਨਹੀ ਰਹਿੰਦਾ । ਇਸ ਪ੍ਰਸੰਗ ਵਿੱਚ ਕੰਮ ਕਾਰ ਲਈ ਬਾਹਰ ਜਾਣ ਵਾਲੀਆਂ ਔਰਤਾਂ ਦਾ ਦੋਹਰਾ ਸੋਸ਼ਣ ਹੁੰਦਾ ਹੈ।ਘਰੇਲੂ ਕੰਮਾਂ ਚ ਉਸਨੂੰ ਕੋਈ ਛੋਟ ਨਹੀਂ।ਕੰਮ ਦੀ ਥਾਂ ਉਤੇ ਉਸਦਾ ਸ਼ਰੀਰਕ, ਮਾਨਸਿਕ ਸ਼ੋਸ਼ਣ ਵੀ ਨਾਲ ਹੀ ਹੁੰਦਾ ਹੈ ।ਬੌਸ-ਮਾਲਿਕ ਅਤੇ ਨਾਲ ਕੰਮ ਕਰਦਿਆਂ ਦੀਆਂ ਭੁੱਖੀਆਂ ਨਜਰਾਂ ਅਤੇ ਛੇੜਛਾੜ ਅਤੇ ਕੰਮ ਥਾਂ ਉੱਤੇ ਆਉਣ ਜਾਣ ਵੇਲੇ ਬੱਸਾਂ-ਗੱਡੀਆਂ ਵਿੱਚ ਛੇੜ-ਛਾੜ, ਉਸਦੇ ਬਾਹਰਲੇ ਕੰਮ ਕਾਰ ਦੀ ਰੋਜਾਨਾ ਜਿੰਦਗੀ ਦਾ ਪੱਕਾ ਹਿੱਸਾ ਬਣ ਗਏ ਹਨ । ਸਮਾਜ ਵਿੱਚ ਔਰਤ ਚਾਹੇ ਕਿੰਨੀ ਵਡੀ ਅਫਸਰ ਬਣ ਜਾਵੇ, ਮੌਜੂਦਾ ਮਰਦ ਪ੍ਰਧਾਨ ਵਿਵਸਥਾ ਵਿੱਚ ਉਹ ਅਜ਼ਾਦ ਨਹੀਂ। 2005 ਵਿੱਚ ਫਲਾਇੰਗ ਅਫਸਰ ਅੰਜਲੀ ਗੁਪਤਾ ਨੇ ਆਪਣੇ ਸੀਨੀਅਰ ਅਫਸਰਾਂ ਤੇ ਯੋਨ-ਸ਼ੋਸ਼ਣ ਦਾ ਦੋਸ਼ ਲਾਇਆ ਸੀ ।ਉਸਦੇ ਦੋਸ਼ ਨੂੰ ਝੂਠ ਸਿੱਧ ਕਰਕੇ ਉਸਦਾ ਅਨੁਸਾਸ਼ਣਹੀਣਤਾ ਦੇ ਇੱਕ ਹਜ਼ਾਰ ਰੁਪਏ ਦਾ ਹੇਰਾਫੇਰੀ ਦਾ ਦੋਸ਼ ਲਾਕੇ ਕੋਰਟਮਾਰਸ਼ਲ ਕਰ ਦਿੱਤਾ ਗਿਆ।ਨੌਕਰੀ ਨੂੰ ਛੱਡਕੇ ਹੋਰ ਖੇਤਰਾਂ ਵਿੱਚ ਔਰਤਾਂ ਨੂੰ ਮਰਦ ਬਰਾਬਰ ਦਿਹਾੜੀ ਨਹੀਂ ਮਿਲਦੀ ਕਈ ਥਾਵਾਂ ਤੇ ਇਹ ਤੀਜਾ ਹਿੱਸਾ ਜਾਂ ਛੇਵਾਂ ਹਿੱਸ ਤੱਕ ਮਿਲਦੀ ਹੈ ।


ਅੱਜ ਸਾਮਰਾਜੀ-ਸਰਮਾਏਦਾਰੀ ਆਪਣੇ ਹਿੱਤ ਕਾਰਨ ਲਿੰਗ ਨਾ ਬਰਾਬਰੀ ਨੂੰ ਉਭਾਰ ਰਹੀ ਹੈ । ਇਸ ਸਮੇਂ ਤੀਜੀ ਦੁਨੀਆਂ ਦੇ ਦੇਸ਼ਾਂ 'ਚ ਲਾਈਆਂ ਸਨਅਤਾਂ ਵਿੱਚ ਜਵਾਨ ਕੁਆਰੀਆਂ ਕੁੜੀਆਂ ਰੱਖੀਆਂ ਜਾਂਦੀਆਂ ਹਨ,ਨਾਮਾਤਰ ਉਜ਼ਰਤ ਤੇ ਨਾਲ ਹੀ ਇਹਨਾਂ ਦਾ ਲਿੰਗੀ ਸੋਸ਼ਣ ਵੀ ਹੁੰਦਾ ਹੈ । ਘੱਟ ਖਰਚ ਤੇ ਵਧੀਆ ਕੰਮ, ਨਾ ਹੜਤਾਲ ਵਿਰੋਧ ਦਾ ਝੰਜਟ,ਜਿਹੜੇ ਮਰਜੀ ਵੇਲੇ ਕੱਢ ਦਿਓ । ਇਸ ਵਿੱਚ ਹੁਨਰੀ ਮਿਹਨਤ ਲਈ ਥੋੜ੍ਹੇ ਜਿਹੇ ਮਰਦ ਰੱਖੇ ਜਾਂਦੇ ਹਨ ।ਸਮਾਜ ਦੇ ਸ਼ੁਰੂ ਤੋਂ ਹੀ ਔਰਤ ਨੂੰ ਮਰਦ ਦੇ ਮਨੋਰੰਜਨ ਦੀ ਵਸਤੂ ਮੰਨਿਆ ਜਾਂਦਾ ਰਿਹਾ ਹੈ ।ਜਗੀਰਦਾਰੀ ਵਿੱਚ ਵੀ ਉਸਦੇ ਸਰੀਰ ਨੂੰ ਕਾਮ-ਵਾਸਨਾ ਨੂੰ ਉਤੇਜਿਤ ਕਰਨ ਵਾਲੀ ਵਸਤੂ ਵੱਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ । ਪੁਰਾਤਨ ਸਹਿਤ, ਚਿਤਰਕਾਰੀ, ਮੂਰਤੀਕਲਾ ਵਿੱਚ ਕਾਮ ਭਰਮਾਰ ਹੈ ।ਸਰਮਾਏਦਾਰੀ ਦੇ ਉਭਰਨ ਨੇ ਹਰ ਚੀਜ਼ ਵਾਂਗ਼ ਔਰਤ ਦੇ ਸਰੀਰ ਨੂੰ ਵੀ ਜਿਣਸ ਬਣਾ ਦਿੱਤਾ ਹੈ ।ਸਾਮਰਾਜੀ ਯੁੱਗ ਵਿੱਚ ਹਰ ਚੀਜ ਚਾਹੇ ਉਸ ਦਾ ਔਰਤ ਨਾਲ ਸਬੰਧ ਹੈ ਜਾਂ ਨਹੀਂ ਉਸਦੇ ਸਰੀਰ ਦੇ ਉਤੇਜਿਤ ਪ੍ਰਦਰਸ਼ਨ ਨਾਲ ਵੇਚੀ ਜਾਂਦੀ ਹੈ । ਗੌਰ ਨਾਲ ਵੇਖਿਆ ਜਾਵੇ ਤਾਂ ਪਿਛਲੇ ਕਰੀਬ ਪੰਦਰਾਂ ਕੁ ਸਾਲਾਂ ਤੋਂ ਹੀ ਭਾਰਤੀ ਸੁੰਦਰੀਆਂ ਨੇ ਵਿਸ਼ਵ ਸੁੰਦਰੀ ਮੁਕਾਬਲਿਆਂ ਚ ਆਪਣੀ ਧਾਕ ਜਮਾਈ ਹੈ ਇੰਝ ਜਾਪਦਾ ਹੈ ਪਿਛਲੇ ਇੱਕ ਦਹਾਕੇ ਤੋਂ ਭਾਰਤ ਵਿੱਚ ਸੁੰਦਰਤਾ ਦਾ ਹੜ੍ਹ ਆ ਗਿਆ ਹੋਵੇ ਜਦਕਿ ਇਸ ਤੋਂ ਪਹਿਲਾਂ ਵਿਦੇਸ਼ੀ ਸੁੰਦਰੀਆਂ ਦਾ ਜਾਦੂ ਹੀ ਸਿਰ ਚੜ੍ਹ ਕੇ ਬੋਲਦਾ ਰਿਹਾ ਹੈ।ਸਪਸ਼ਟ ਹੈ ਬਹੁਰਾਸ਼ਟਰੀ ਕੰਪਨੀਆਂ ਨੇ ਭਾਰਤ ਵਰਗੀ ਵੱਡੀ ਖਰੀਦਦਾਰੀ ਮੰਡੀ ਵਿੱਚ ਆਪਣੇ ਉਤਪਾਦ ਵੇਚਣ ਦੇ ਮਨਸ਼ੇ ਨਾਲ ਇਹ ਰਸਤਾ ਚੁਣਿਆ ਹੈ । ਇਨ੍ਹਾਂ ਸੁੰਦਰਤਾ ਮੁਕਾਬਲਿਆਂ ਦੇ ਦੇਖਾ-ਰੇਖੀ ਅੱਜ ਹਰ ਸੂਬੇ ਸ਼ਹਿਰ, ਯੂਨੀਵਰਸਿਟੀ, ਸਕੂਲ, ਕਾਲਜ ਵਿੱਚ ਕੁੜੀਆਂ ਦੇ ਸੁੰਦਰਤਾ ਮੁਕਾਬਲੇ ਹੋ ਰਹੇ ਹਨ, ਉਹਨਾਂ ਦੇ ਅੱਧ ਨੰਗੇ ਸਰੀਰਾਂ ਦੀ ਨੁਮਾਇਸ਼ਾਂ ਲੱਗ ਰਹੀਆਂ ਹਨ ।ਇੱਕ ਤਰਫ ਖਪਤਵਾਦ ਦਾ ਇਹ ਬੇਰੋਕ-ਟੋਕ ਪਸਾਰ ਜਿੱਥੇ ਕੁੜੀਆਂ ਨੂੰ ਪੇਕੇ ਘਰੋਂ ਹੋਰ ਦਾਜ ਲਿਆਉਣ ਲਈ ਮਜ਼ਬੂਰ ਕਰਨ ਅਤੇ ਨਾਂ ਲਿਆਉਣ ਦੀ ਹਾਲਤ ਚ ਸਾੜਕੇ, ਜ਼ਹਿਰ ਦੇਕੇ ਮਾਰਨ ਦਾ ਵੱਡਾ ਕਾਰਨ ਬਣ ਰਿਹਾ ਹੈ, ਉੱਥੇ ਟੀ.ਵੀ. ਦੇ ਅਣ-ਗਿਣਤ ਚੈਨਲਾਂ ਵੱਲੋਂ ਸਾਰਾ ਦਿਨ ਔਰਤਾਂ ਦੇ ਸਰੀਰਾਂ ਦੇ ਨੰਗੇ ਪੋਜਾਂ ਦਾ ਵਾਰ-ਵਾਰ ਪੇਸ਼ ਕੀਤਾ ਜਾਣਾ ਬੱਚੀਆਂ-ਕੁੜੀਆਂ ਦੇ ਐਨੀ ਵੱਡੀ ਗਿਣਤੀ ਚ ਬਲਾਤਕਾਰਾਂ ਦੇ ਹੋਣ ਦਾ ਵੱਡਾ ਕਾਰਨ ਵੀ ਬਣਦਾ ਜਾ ਰਿਹਾ ਹੈ ।


ਨਵੀਆਂ ਆਰਥਿਕ ਨੀਤੀਆਂ ਦਾ ਔਰਤਾਂ ਤੇ ਸਭ ਤੋਂ ਵੱਧ ਅਸਰ ਪਿਆ ਹੈ ਕਿ ਇਹਨਾਂ ਨਾਲ ਦਾਲਾਂ, ਸਬਜੀਆਂ, ਅਨਾਜ-ਦੁੱਧ ਚ, ਦਵਾਈਆਂ ਦੀਆਂ ਕੀਮਤਾਂ ਚ ਵਾਧਾ, ਇਲਾਜ ਮਹਿੰਗਾ ਹੋ ਰਿਹਾ ਹੈ । ਖਰਚੇ ਵਧਣ ਨਾਲ ਰੋਜਗਾਰ ਖਤਮ ਹੋਣ ਨਾਲ ਬੱਚਿਆਂ ਨੂੰ ਸਕੂਲੋਂ ਹਟਾਇਆ ਜਾ ਰਿਹਾ ਹੈ ਸੰਭਵ ਹੈ ਕੁੜੀਆਂ ਨੂੰ ਹੀ ਹਟਾਇਆ ਜਾਵੇਗਾ ।ਬਹੁਰਾਸ਼ਟਰੀ ਕੰਪਨੀਆਂ ਦੇ ਮਾਲ ਦੇ ਆਉਣ ਨਾਲ ਘਰੇਲੂ ਉਦਯੋਗ ਬੰਦ ਹੋ ਰਹੇ ਹਨ, ਲੱਖਾਂ ਮਜਦੂਰ ਬੇਰੁਜ਼ਗਾਰ ਤੇ ਨਵੀਂ ਤਕਨੀਕ ਨਾਲ ਛਾਂਟੀਕਰਨ ਜਿਸ ਨਾਲ ਬੇਰੁਜ਼ਗਾਰ ਹੱਥੀਂ ਕੰਮ ਵਾਲੇ ਖੇਤਰਾਂ ਚ ਕੰਮ ਭਾਲਣ ਕਰਕੇ ਜਿਸ ਨਾਲ ਔਰਤਾਂ ਨੂੰ ਉੱਥੋਂ ਵੀ ਕੱਢਿਆ ਜਾ ਰਿਹਾ ਹੈ ।ਨਿੱਜੀਕਰਣ ਨਾਲ ਔਰਤਾਂ ਦੇ ਅਧਿਕਾਰ ਤਨਖਾਹ ਸਮੇਤ ਪਰਸੂਤੀ ਛੁੱਟੀ ਵਿੱਚ ਕਟੌਤੀ ਹੋ ਹੀ ਹੈ। ਸੰਸਾਰੀਕਰਨ ਨਾਲ ਸੈਕਸ ਟੂਰਿਜਮ ਧੰਦਾ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । 8 ਮਾਰਚ ਹਰ ਸਾਲ ਅੰਤਰਾਸ਼ਟਰੀ ਇਸਤਰੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ । ਇਹ ਦਿਨ 8 ਮਾਰਚ 1908 ਦੇ ਉਸ ਦਿਨ ਦੀ ਯਾਦ ਦਿਵਾਉਂਦਾ ਹੈ ਜਦ ਨਿਊਯਾਰਕ ਕਪੜਾ ਮਿੱਲਾਂ ਵਿੱਚ ਕੰਮ ਕਰਦੀਆਂ ਇਸਤਰੀਆਂ ਨੇ ਆਪਣੇ ਕੰਮ ਦੀਆਂ ਗੈਰ ਇਨਸਾਨੀ ਹਾਲਾਤਾਂ ਨੂੰ ਬਦਲਣ ਲਈ ਝੰਡਾ ਚੁੱਕਿਆ ਸੀ ।1910 ਵਿੱਚ ਕੂਪਨਹੈਂਗਨ ਵਿਖੇ ਹੋਈ ਦੂਜੀ ਸੋਸ਼ਲਿਸਟ ਇਸਤਰੀ ਕਾਨਫਰੰਸ ਨੇ ਇਸ ਨੂੰ ਦੁਨੀਆ ਭਰ ਵਿੱਚ ਇਸਤਰੀ ਦਿਵਸ ਦੇ ਤੌਰ ਤੇ ਮਨਾਏ ਜਾਣ ਦਾ ਫੈਸਲਾ ਕੀਤਾ ।ਔਰਤ ਦਿਵਸ ਦਾ ਮਨਾਉਣਾ ਰਸਮੀ ਕਾਰਵਾਈ ਬਣਦਾ ਜਾ ਰਿਹਾ ਹੈ ।ਇਸਦੀ ਅਸਲੀ ਭਾਵਨਾ ਨੂੰ ਬਹਾਲ ਕਰਨ ਦੀ ਜਰੂਰਤ ਹੈ । ਇਹ ਤਦ ਹੀ ਹੋ ਸਕਦਾ ਹੈ ਜੇਕਰ ਚੇਤਨ ਔਰਤਾਂ ਸੰਘਰਸ਼ਸ਼ੀਲ ਤਾਕਤਾਂ ਨਾਲ ਇਕਮਿਕ ਹੋਕੇ, ਇਸ ਸਮਾਜ ਨੂੰ ਜਬਰ ਅਤੇ ਸ਼ੋਸ਼ਣ ਤੋਂ ਮੁਕਤ ਕਰਾਉਣ ਦੇ ਸੰਘਰਸ਼ ਵਿੱਚ ਭਾਈਵਾਲ ਬਣਨ ।


ਇਸ ਗੈਰ ਜਮਹੂਰੀ ਮਰਦ ਪ੍ਰਧਾਨ ਸਮਾਜਕ-ਆਰਥਕ ਰਾਜਨੀਤਕ ਪ੍ਰਬੰਧ ਚ ਔਰਤ ਉੱਤੇ ਅੱਤਿਆਚਾਰ ਢਾਹੁਣ ਤੇ ਉਸਦੀ ਲੁੱਟ ਖਸੁੱਟ ਪੂਰੀ ਤਰ੍ਹਾਂ ਕਾਇਮ ਹੈ, ਇਸ ਲਈ ਇਹਨਾਂ ਵਿਰੁੱਧ ਆਪਣੀ ਅੱਡ ਦੀ ਜਥੇਬੰਦੀ ਬਣਾਕੇ ਵੀ ਲੜਨਾ ਹੋਵੇਗਾ ।ਜਾਇਦਾਦ ਵਿੱਚ ਬਰਾਬਰ ਦਾ ਅਧਿਕਾਰ, ਬਰਾਬਰ ਕੰਮ ਲਈ ਬਰਾਬਰ ਪੈਸਾ, ਹਰ ਖੇਤਰ ਵਿੱਚ ਨਾ ਬਰਾਬਰੀਆਂ, ਭਰੂਣ ਹੱਤਿਆਵਾਂ, ਜੰਮਣ ਵੇਲੇ ਮਾਰ ਦੇਣ ਵਿਰੁੱਧ, ਮਾਰਕੁੱਟ, ਬਲਾਤਕਾਰ, ਛੇੜਖਾਨੀ ਵਿਰੁੱਧ, ਪੁਲਿਸ ਫੌਜ ਅੱਤਿਆਚਾਰਾਂ ਖਿਲਾਫ, ਫਿਰਕਾਪ੍ਰਸਤੀ ਤੇ ਮੂਲਵਾਦ ਵਿਰੁੱਧ, ਸ਼ਰਾਬ-ਨਸ਼ਿਆਂ ਵਿਰੁੱਧ, ਜਗੀਰੂ ਕਦਰਾਂ-ਕੀਮਤਾਂ ਤੇ ਅੰਧ ਵਿਸ਼ਵਾਸਾਂ ਵਿਰੁੱਧ, ਮਹਿੰਗਾਈ ਬੇਰੁਜ਼ਗਾਰੀ ਵਿਰੁੱਧ ਅਤੇ ਸਿੱਖਿਆ ਤੇ ਰੋਜਗਾਰ ਦੇ ਹੱਕ ਲਈ ਪਰਿਵਾਰਕ ਸਬੰਧਾਂ ਚ ਬਰਾਬਰੀ ਲਈ ਅਤੇ ਬੱਚਾ ਪੈਦਾ ਕਰਨ ਜਾਂ ਨਾ ਕਰਨ ਵਿੱਚ ਔਰਤ ਦੀ ਬਰਾਬਰ ਦੀ ਸਹਿਮਤੀ ਲਈ, ਘਰ ਦੇ ਕੰਮਾਂਕਾਰਾਂ ਵਿੱਚ ਹਿੱਸੇਦਾਰੀ ਲਈ ਲੜਨਾ ਚਾਹੀਦਾ ਹੈ।

(ਸੁਖਵਿੰਦਰ ਸਿੰਘ)

ਮੈਂ ਤੇਰੇ ਪੈਰ ਦੀ ਜੁੱਤੀ ਨਹੀਂ


“ਸਿਮੋਨ ਦੀ ਬੌਆਵਰ” ਉਹ ਔਰਤ ਹੈ,ਜਿਸਦਾ ਜਨਮ ਫਰਾਂਸ ਦੇ ਮੱਧਵਰਗੀ ਪਰਿਵਾਰ ‘ਚ 1908 ‘ਚ ਹੋਇਆ।1960ਵਿਆਂ ਦੇ ਦਹਾਕੇ ‘ਚ ਜਦੋਂ ਪੂਰੀ ਦੁਨੀਆਂ ‘ਚ ਕੌਮੀ ਮੁਕਤੀ ਤੇ ਕ੍ਰਾਂਤੀਕਾਰੀ ਲਹਿਰਾਂ ਚੱਲ ਰਹੀਆਂ ਸਨ ਤਾਂ ਸਿਮੋਨ ਸਮੁੱਚੀ ਦੁਨੀਆਂ ‘ਚ ਇਕ ਨਾਰੀਵਾਦੀ ਲੇਖਿਕਾ ਦੇ ਤੌਰ ‘ਤੇ ਸਥਾਪਿਤ ਹੋਈ।ਸਿਮੋਨ ਦੇ ਮਸ਼ਹੂਰ ਨਾਵਲ “ਮਾਈ ਸੈਕੰਡ ਸੈਕਸ” ਨੇ ਪਿੱਤਰਸੱਤਾ ‘ਤੇ ਟਿਕੇ ਮਰਦਾਊ ਸਮਾਜ ਦੀ ਹੈਂਕੜ ਨੂੰ ਚੁਣੌਤੀ ਦਿੱਤੀ।ਅਸੀਂ ਔਰਤ ਦਿਵਸ ਦੇ ਸਬੰਧ ‘ਚ ਸਿਮੋਨ ਦੀ ਕਿਤਾਬ “ਪਾਗਲ ਔਰਤ ਦੀ ਡਾਇਰੀ” ਦੇ ਕੁਝ ਅੰਸ਼ ਅਨੁਵਾਦ ਕਰਕੇ ਪ੍ਰਕਾਸ਼ਿਤ ਕਰ ਰਹੇ ਹਾਂ।ਕੋਸ਼ਿਸ਼ ਕਰਾਂਗੇ ਅੱਗੇ ਤੋਂ ਵੀ ਸਿਮੋਨ ਦੀਆਂ ਰਚਨਾਵਾਂ ਦਾ ਕੁਝ ਨਾ ਕੁਝ ਜਾਰੀ ਰੱਖੀਏ।…ਗੁਲਾਮ ਕਲਮ


ਲੋਕਾਂ ਨੂੰ ਸੌਣ ਤੋਂ ਰੋਕਣਾ ਬਹੁਤ ਭਿਆਨਕ ਹੁੰਦਾ ਹੈ...ਇਸ ਨਾਲ ਉਹ ਪਾਗਲ ਹੋ ਸਕਦੇ ਨੇ।ਮੈਥੋਂ ਇਹ ਬਰਦਾਸ਼ਤ ਨਹੀਂ ਹੁੰਦਾ,ਸਾਲ ਸਾਲ ਹੋ ਗਏ ਮੈਂ ਸੜ ਰਹੀ ਹਾਂ,ਬਿਲਕੁਲ ਇਕੱਲ਼ੀ,ਇਕ "ਅਛੂਤ", ਤੇ ਉਹ ਗੰਦਾ ਝੁੰਡ ਹੱਸ ਰਿਹਾ ਹੈ ਮੇਰੇ 'ਤੇ...........ਏਨੇ ਕਰਜ਼ਈ ਤਾਂ ਤੁਸੀਂ ਮੇਰੇ ਹੋ ਕਿ ਬਦਲਾ ਲੈਣ 'ਚ ਮੇਰੀ ਮਦਦ ਕਰੋਂ।ਮੈਨੂੰ ਕਹਿਣ ਦਿਓ………ਜਾਣਦਾਂ ਹੈ ਮੇਰੇ ਹਜ਼ਾਰਾਂ ਲੱਖਾਂ ਕਰਜ਼ ਨੇ ਤੇਰੇ 'ਤੇ,ਕਿਉਂਕਿ ਤੂੰ ਹੀ ਤਾਂ ਮੈਨੂੰ ਪਿਆਰ 'ਚ ਪਾਗਲ ਹੋਣ ਦਾ ਝੂਠ ਦਿੱਤਾ ਸੀ।ਮੈਂ ਅਪਣਾ ਭਵਿੱਖ ਗਵਾਇਆ….ਦੋਸਤਾਂ ਨਾਲ ਵਿਗਾੜੀ ਤੇ ਹੁਣ ਤੂੰ ਮੈਨੂੰ ਬੱਸ ਹਵਾ ਦੇ ਬੁੱਲੇ ਵਾਂਗ ਛੱਡ ਜਾਵੇਂਗਾ.....?ਤੇਰੇ ਸਾਰੇ ਦੋਸਤ ਮੇਰੇ ਵੱਲ ਵੇਖਦਿਆਂ ਹੀ ਪਿੱਠ ਘੰਮਾ ਲੈਂਦੇ ਹਨ।ਤੂੰ ਮੇਰੇ ਨਾਲ ਪਿਆਰ ਦਾ ਨਾਟਕ ਕਿਉਂ ਕੀਤਾ।ਕਦੇ ਕਦੇ ਮੈਂ ਸੋਚਦੀ ਹਾਂ,ਕਿਤੇ ਉਹ ਕੋਈ ਸਾਜਿਸ਼ ਤਾਂ ਨਹੀਂ ਸੀ....ਹਾਂ,ਇਕ ਸਾਜਿਸ਼।ਇਸਤੇ ਬਿਲਕੁਲ ਵਿਸ਼ਵਾਸ਼ ਨਹੀਂ ਹੁੰਦਾ,ਕਿ ਉਹ ਹੈਰਤਅੰਗੇਜ਼ ਪਿਆਰ ਤੇ ਮੈਨੂੰ ਛੱਡ ਦੇਣਾ…………ਕੀ ਤੈਨੂੰ ਇਸਦਾ ਉੱਕਾ ਅਹਿਸਾਸ ਨਹੀਂ ਹੁੰਦਾ......?


ਮੈਨੂੰ ਫਿਰ ਤੋਂ ਇਹ ਨਾ ਦੱਸ ਕਿ ਮੈਂ ਲਾਲਚ 'ਚ ਤੇਰੇ ਨਾਲ ਵਿਆਹ ਕੀਤਾ,ਮੇਰੇ ਕੋਲ ਅਨੇਕਾਂ ਰਸਤੇ ਸਨ।ਮੈਨੂੰ ਠੇਲਾ ਭਰ ਲੋਕ ਮਿਲ ਸਕਦੇ ਸੀ ਤੇ ਸਮਝ ਲੈ ਕਿ ਤੇਰੀ ਪਤਨੀ ਬਣਨ ਦੇ ਖਿਆਲ 'ਚ ਮੈਂ ਕਦੇ ਵੀ ਚਕਾਚੋਂਧ ਨਹੀਂ ਹੋਈ....ਤੂੰ ਨਪੋਲੀਅਨ ਨਹੀਂ ਹੈਂ।ਤੂੰ ਜੋ ਕੁਝ ਵੀ ਸੋਚਦੈਂ ਮੈਨੂੰ ਕਦੇ ਨਾ ਦੱਸੀਂ,ਨਹੀਂ ਤਾਂ ਮੈਂ ਪਾਗਲਾਂ ਦੀ ਤਰ੍ਹਾਂ ਰੌਲਾ ਪਾਉਂਗੀ।ਤੂੰ ਕਿਹਾ ਕੁਝ ਵੀ ਨਹੀਂ ਹੈ,ਪਰ ਮੈਂ ਤੇਰੇ ਚਿਹਰੇ ਦੇ ਭਾਵਾਂ ਤੋਂ ਲ਼ਫਜ਼ਾਂ ਦੀ ਗੁਣ ਗੁਣ ਨੂੰ ਸੁਣ ਸਕਦੀ ਹਾਂ।ਇਹ ਝੂਠ ਹੈ,ਬਹੁਤ ਵੱਡਾ ਝੂਠ ਹੈ,ਇਸ ਲਈ ਕਦੇ ਕਦੇ ਚੀਕਾਂ ਮਾਰਨ ਤੇ ਉੱਚੀ ਉੱਚੀ ਰੋਣ ਦਾ ਮਨ ਕਰਦੈ।ਤੂੰ ਮੈਨੂੰ ਪਿਆਰ 'ਚ ਪਾਗਲ ਹੋਣ ਦੀ ਬਕਵਾਸ ਸੁਣਾਈ ਤੇ ਮੈਂ ਤੇਰੇ ਗੁਰ-ਮੰਤਰੀ ਚੱਕਰ 'ਚ ਆ ਗਈ.......ਨਹੀਂ ਬੋਲੋ ਨਾ..! ਸੁਣੋ,ਮੇਰੇ ਲਈ,ਮੈਨੂੰ ਤੇਰੇ ਘੜੇ ਘੜਾਏ ਜਵਾਬ ਯਾਦ ਹੋ ਗਏ ਹਨ।ਤੂੰ ਉਹਨਾਂ ਨੂੰ ਸੈਂਕੜੇ ਵਾਰ ਦੁਹਰਾਅ ਚੱਕਿਐਂ।ਹੱਸ ਨਾ,ਇਸ ਨਾਲ ਅੰਦਰ ਹੁਣ ਕੁਝ ਨਹੀਂ ਉਤਰਦਾ।ਇਹ ਗੁੱਸੇ ਦੀ ਨਜ਼ਰ ਆਪਣੇ ਕੋਲ ਰੱਖ.....ਹਾਂ,ਮੈਂ ਕਿਹਾ,ਗੁੱਸੇ ਦੀ ਨਿਗਾਹ,ਮੈਂ ਤੈਨੂੰ ਫੋਨ ਦੇ ਰਿਸੀਵਰ 'ਚੋਂ ਵੀ ਦੇਖ ਸਕਦੀ ਹਾਂ........।