ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label john pliger. Show all posts
Showing posts with label john pliger. Show all posts

Wednesday, October 17, 2012

'ਪਵਿੱਤਰ ਮੀਡੀਆ' ਦੇ ਕਾਲੇ ਕਾਰੋਬਾਰ

'ਟਾਈਮਜ਼ ਆਫ ਇੰਡੀਆ' ਸਮੂਹ ਦੇ ਮੁਖੀ ਜੈਨ ਭਰਾਵਾਂ-ਸਮੀਰ ਤੇ ਵਿਨੀਤ ਬਾਰੇ ਅਮਰੀਕੀ ਪੰਦਰਵਾੜਾ ਪੱਤ੍ਰਿਕਾ 'ਨਿਊ ਯਾਰਕਰ' ਨੇ ਜੋ ਕੁਝ ਕਿਹਾ ਹੈ, ਉਹ ਬਹੁਤੇ ਲੋਕਾਂ ਨੂੰ ਪਤਾ ਹੈ। ਇਸ ਪੱਤ੍ਰਿਕਾ ਦਾ ਏਨਾ ਯੋਗਦਾਨ ਜ਼ਰੂਰ ਹੈ ਕਿ ਇਸ ਨੇ ਇਸ ਸਬੰਧੀ ਸ਼ੰਕਿਆਂ ਨੂੰ ਦੂਰ ਕੀਤਾ ਹੈ ਅਤੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਦੇਸ਼ ਦਾ ਸਭ ਤੋਂ ਵੱਡਾ ਮੀਡੀਆ ਸਮੂਹ ਇਹ ਮੰਨਦਾ ਹੈ ਕਿ ਅਖ਼ਬਾਰ ਦੇ ਪੰਨਿਆਂ ਲਈ ਪਵਿੱਤਰਤਾ ਨਾਂਅ ਦੀ ਕੋਈ ਚੀਜ਼ ਨਹੀਂ ਹੈ ਅਤੇ ਇਸ ਦਾ ਹਰ ਕਾਲਮ ਪੈਸਾ ਲੈ ਕੇ ਵੇਚਿਆ ਜਾ ਸਕਦਾ ਹੈ, ਕਿਉਂਕਿ ਇਸ ਦੇ ਮਾਲਕਾਂ ਲਈ ਅਖ਼ਬਾਰ ਪਾਊਡਰ ਜਾਂ ਦੰਤ ਮੰਜਨ ਦੀ ਤਰ੍ਹਾਂ ਵੇਚਿਆ-ਖਰੀਦਿਆ ਜਾਣ ਵਾਲਾ ਇਕ ਮਾਲ ਹੈ।

ਪਾਠਕ ਨੂੰ ਇਹ ਜਾਣ ਕੇ ਧੱਕਾ ਲੱਗ ਸਕਦਾ ਹੈ ਕਿ ਉਹ ਜਿਨ੍ਹਾਂ ਖ਼ਬਰਾਂ ਨੂੰ ਉਤਸੁਕਤਾ ਨਾਲ ਪੜ੍ਹਦਾ ਹੈ, ਉਨ੍ਹਾਂ ਵਿਚੋਂ ਕਈ, ਕੁਝ ਅਖ਼ਬਾਰਾਂ ਵੱਲੋਂ ਪੈਸਾ ਲੈ ਕੇ ਛਾਪੀਆਂ ਗਈਆਂ ਖ਼ਬਰਾਂ ਹੁੰਦੀਆਂ ਹਨ। ਉਸ ਦੀ ਨਿਰਾਸ਼ਾ ਤੇ ਬੇਵਸੀ ਇਸ ਕਰਕੇ ਹੋਰ ਵਧ ਜਾਂਦੀ ਹੈ ਕਿਉਂਕਿ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਸੇ ਖ਼ਬਰ ਦਾ ਕਿਹੜਾ ਹਿੱਸਾ ਸਹੀ ਅਰਥਾਂ ਵਿਚ ਖ਼ਬਰ ਹੈ ਤੇ ਕਿਹੜਾ ਫਰਜ਼ੀ ਹੈ।

ਸੰਪਾਦਕੀ ਮਰਿਆਦਾ ਨੂੰ ਇਸ ਤਰ੍ਹਾਂ ਤੋੜਨਾ ਜੈਨ ਭਰਾਵਾਂ ਨੂੰ ਪ੍ਰੇਸ਼ਾਨ ਨਹੀਂ ਕਰਦਾ ਕਿਉਂਕਿ ਉਹ ਇਸ ਪੇਸ਼ੇ ਨੂੰ ਪੈਸੇ ਕਮਾਉਣ ਵਾਲੇ ਧੰਦੇ ਵਜੋਂ ਲੈਂਦੇ ਹਨ। ਉਹ ਇਸ ਗੱਲ 'ਤੇ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਕਦਰਾਂ-ਕੀਮਤਾਂ ਨੂੰ ਤਾਰ-ਤਾਰ ਕਰ ਦਿੱਤਾ ਹੈ, ਫਿਰ ਵੀ ਉਹ ਭਾਰਤ ਦੀ ਨੰਬਰ ਇਕ ਅਖ਼ਬਾਰ ਦੇ ਮਾਲਕ ਬਣੇ ਹੋਏ ਹਨ। ਏਨਾ ਹੀ ਨਹੀਂ, ਉਹ ਸ਼ਾਇਦ ਦੁਨੀਆ ਦੀ ਕਿਸੇ ਵੀ ਅਖ਼ਬਾਰ ਤੋਂ ਜ਼ਿਆਦਾ ਪੈਸਾ ਕਮਾ ਰਹੇ ਹਨ। ਰੁਪਰਟ ਮਰਡੌਕ ਦਾ ਮੀਡੀਆ ਸਾਮਰਾਜ 'ਟਾਈਮਜ਼ ਆਫ ਇੰਡੀਆ' ਨਾਲੋਂ 20 ਗੁਣਾ ਵੱਡਾ ਹੈ, ਫਿਰ ਵੀ ਉਸ ਦਾ ਮੁਨਾਫ਼ਾ ਘੱਟ ਹੈ। ਆਪਣੇ 9 ਸਫ਼ਿਆਂ ਦੇ ਲੇਖ ਵਿਚ ਇਸ ਪੱਤ੍ਰਿਕਾ ਨੇ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਜੈਨ ਭਰਾ ਪੱਤਰਕਾਰੀ ਨੂੰ ਮਹਿਜ਼ ਜ਼ਰੂਰੀ ਯੱਬ ਦੀ ਤਰ੍ਹਾਂ ਦੇਖਦੇ ਹਨ ਅਤੇ ਇਸ਼ਤਿਹਾਰ ਦਾਤਿਆਂ ਨੂੰ ਅਸਲੀ ਗਾਹਕ ਮੰਨਦੇ ਹਨ। ਇਸ ਵਿਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਕਿ 'ਟਾਈਮਜ਼ ਆਫ ਇੰਡੀਆ' ਦੀ ਪ੍ਰਿੰਟ ਲਾਈਨ ਵਿਚ ਸੰਪਾਦਕ ਦਾ ਨਾਂਅ ਨਹੀਂ ਛਪਦਾ, ਕਿਉਂਕਿ ਅਖ਼ਬਾਰ ਵਿਚ ਕੋਈ ਸੰਪਾਦਕ ਹੈ ਹੀ ਨਹੀਂ।

ਕਿਸੇ ਨੇ ਬਹੁਤ ਪਹਿਲਾਂ ਕਿਹਾ ਸੀ ਕਿ ਅਖ਼ਬਾਰ ਵਿਚ ਲਿਖਣਾ ਇਸ਼ਤਿਹਾਰ ਦੀ ਪਿੱਠ 'ਤੇ ਲਿਖਣ ਜਿਹਾ ਹੁੰਦਾ ਹੈ। ਜੈਨ ਭਰਾ ਇਸ ਕਥਨ ਦਾ ਪੂਰੀ ਤਰ੍ਹਾਂ ਅਨੁਸਰਨ ਕਰਦੇ ਹਨ। 'ਅਸੀਂ ਜਾਣਦੇ ਸੀ ਕਿ ਅਸੀਂ ਲੋਕ ਸ੍ਰੇਸ਼ਠ ਪਾਠਕਾਂ ਨੂੰ ਇਕੱਠਾ ਕਰਨ ਦੇ ਕਾਰੋਬਾਰ ਵਿਚ ਹਾਂ। ਇਸ ਤੋਂ ਪਹਿਲਾਂ ਅਸੀਂ ਇਸ਼ਤਿਹਾਰ ਦੀ ਜਗ੍ਹਾ ਵੇਚਿਆ ਕਰਦੇ ਸੀ।' 'ਨਿਊ ਯਾਰਕਰ' ਵਿਚ ਜੈਨ ਭਰਾਵਾਂ ਦਾ ਕੋਈ ਸਿੱਧਾ ਹਵਾਲਾ ਨਹੀਂ ਹੈ। ਸ਼ਾਇਦ ਉਨ੍ਹਾਂ ਨੇ ਇੰਟਰਵਿਊ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੋਵੇਗਾ।
ਜੈਨ ਭਰਾ

ਫਿਰ ਵੀ ਉਨ੍ਹਾਂ ਦੇ ਨੌਕਰਾਂ (ਸ਼ੁਕਰ ਹੈ ਕਿ ਇਨ੍ਹਾਂ ਵਿਚ ਸੰਪਾਦਕੀ ਮਹਿਕਮੇ ਦਾ ਕੋਈ ਵੀ ਮੈਂਬਰ ਨਹੀਂ ਸੀ) ਨੇ ਉਨ੍ਹਾਂ ਦੀ ਸੋਚ ਦੀ ਝਲਕ ਦਿਖਾਈ। ਇਕ ਨੌਕਰ ਨੇ ਕਿਹਾ, 'ਸੰਪਾਦਕਾਂ ਦੀ ਉੱਚੇ ਮੰਚ 'ਤੇ ਖੜ੍ਹੇ ਹੋ ਕੇ ਲੰਮੇ-ਲੰਮੇ ਵਾਕ ਬੋਲਣ ਵਾਲੇ ਪਖੰਡੀ ਬਣਨ ਦੀ ਕੋਸ਼ਿਸ਼ ਰਹਿੰਦੀ ਹੈ।' ਵਿਨੀਤ ਜੈਨ ਖ਼ੁਦ ਇਸ ਗੱਲ ਨੂੰ ਲੈ ਕੇ ਸਪੱਸ਼ਟ ਹਨ ਕਿ ਅਖ਼ਬਾਰ ਦੇ ਧੰਦੇ ਵਿਚ ਕਾਮਯਾਬੀ ਹਾਸਲ ਕਰਨ ਲਈ ਤੁਹਾਨੂੰ ਸੰਪਾਦਕ ਦੀ ਤਰ੍ਹਾਂ ਨਹੀਂ ਸੋਚਣਾ ਚਾਹੀਦਾ, 'ਜੇਕਰ ਤੁਸੀਂ ਸੰਪਾਦਕ ਵਰਗਾ ਦਿਮਾਗ ਰੱਖੋਗੇ ਤਾਂ ਫਿਰ ਤੁਸੀਂ ਹਰ ਫ਼ੈਸਲਾ ਗ਼ਲਤ ਲਵੋਗੇ।

' ਸਚਮੁੱਚ, ਜੈਨ ਭਰਾਵਾਂ ਨੇ ਅਖ਼ਬਾਰ ਨੂੰ 'ਖ਼ਬਰ' ਦਾ ਕਾਗਜ਼ ਬਣਾ ਦਿੱਤਾ ਹੈ। ਪਰ ਅਜਿਹਾ ਇਸ ਕਾਰਨ ਹੋਇਆ ਹੈ ਕਿ ਉਹ ਆਪਣੀਆਂ ਅਖ਼ਬਾਰਾਂ ਦੀ ਪੈਕੇਜਿੰਗ, ਕੀਮਤ ਘਟਾਉਣ ਅਤੇ ਇਨ੍ਹਾਂ ਨੂੰ ਪੀਲੀ ਪੱਤਰਕਾਰੀ ਦੀ ਪੱਧਰ ਤੱਕ ਥੱਲੇ ਲਿਆਉਣ ਦੀ ਕਲਾ ਵਿਚ ਮਾਹਿਰ ਬਣ ਚੁੱਕੇ ਹਨ। ਫਿਰ ਵੀ ਉਹ ਕੋਈ ਪ੍ਰਵਾਹ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਪੇਸ਼ੇ ਨੂੰ ਸਨਅਤ ਵਿਚ ਤਬਦੀਲ ਕਰਨ ਦਾ ਹੁਨਰ ਆਉਂਦਾ ਹੈ। ਉਨ੍ਹਾਂ ਨੂੰ ਸੰਪਾਦਕ ਥੋਕ ਵਿਚ ਮਿਲ ਜਾਂਦੇ ਹਨ।

ਮੈਨੂੰ ਯਾਦ ਹੈ, 'ਟਾਈਮਜ਼ ਆਫ ਇੰਡੀਆ' ਦੇ ਤਤਕਾਲੀਨ ਸੰਪਾਦਕ ਗਿਰੀ ਲਾਲ ਜੈਨ ਨੇ ਮੈਨੂੰ ਫੋਨ ਕਰਕੇ ਆਪਣੇ ਮਾਲਕ ਅਸ਼ੋਕ ਜੈਨ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ, ਨਾਲ ਗੱਲ ਕਰਕੇ ਉਨ੍ਹਾਂ ਨੂੰ ਇਹ ਆਖਣ ਨੂੰ ਕਿਹਾ ਸੀ ਕਿ ਸਮੀਰ ਤੋਂ ਗਿਰੀ ਲਾਲ ਦਾ ਪਿੱਛਾ ਛੁਡਵਾ ਦਿਓ। ਗਿਰੀ ਨੇ ਕਿਹਾ ਕਿ ਅਸ਼ੋਕ ਜੈਨ ਦੀਆਂ ਤਰਜੀਹਾਂ ਭਾਵੇਂ ਜੋ ਮਰਜ਼ੀ ਹੋਣ, ਪਰ ਉਹ ਉਸ ਦੇ ਨਾਲ ਚੰਗਾ ਵਿਹਾਰ ਕਰਦੇ ਹਨ। ਪਰ ਸਮੀਰ ਦਾ ਵਿਹਾਰ ਅਪਮਾਨਜਨਕ ਹੁੰਦਾ ਹੈ। ਮੇਰੇ ਗੱਲ ਕਰਨ 'ਤੇ ਅਸ਼ੋਕ ਜੈਨ ਨੇ ਜਵਾਬ ਵਿਚ ਕਿਹਾ ਕਿ ਉਹ ਕਈ ਗਿਰੀ ਲਾਲ ਖਰੀਦ ਲੈਣਗੇ ਪਰ ਇਕ ਵੀ ਸਮੀਰ ਜਿਹਾ ਨਹੀਂ ਲੱਭ ਸਕਣਗੇ, ਜਿਸ ਨੇ ਉਨ੍ਹਾਂ ਦੀ ਆਮਦਨ 8 ਗੁਣਾ ਵਧਾ ਦਿੱਤੀ ਹੈ। ਇਸੇ ਤਰ੍ਹਾਂ ਮਲਹੋਤਰਾ ਨੇ ਇਕ ਵਾਰ ਮੈਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਸੀਨੀਅਰ ਪੱਤਰਕਾਰਾਂ ਨੂੰ ਸਮੀਰ ਜੈਨ ਆਪਣੇ ਕਮਰੇ ਵਿਚ ਜ਼ਮੀਨ 'ਤੇ ਬਿਠਾਉਂਦੇ ਸਨ ਅਤੇ ਉਨ੍ਹਾਂ ਤੋਂ ਅਖ਼ਬਾਰ ਵੱਲੋਂ ਭੇਜੇ ਜਾਣ ਵਾਲੇ ਕਾਰਡਾਂ 'ਤੇ ਨਿਮੰਤ੍ਰਿਤ ਵਿਅਕਤੀਆਂ ਦੇ ਨਾਂਅ ਲਿਖਵਾਉਂਦੇ ਸਨ। ਜੈਨ ਭਰਾਵਾਂ ਨੇ ਆਪਣੇ ਕਾਰੋਬਾਰ ਵਿਚ ਪੈਸਾ ਕਮਾਉਣ ਲਈ ਜੋ ਕੁਝ ਕੀਤਾ ਹੈ, ਉਸ ਦੇ ਕਾਰਨ ਅਖ਼ਬਾਰ ਮਹਿਜ਼ ਇਕ ਗੱਪ-ਸ਼ੱਪ ਦਾ ਪੰਨਾ ਬਣ ਕੇ ਰਹਿ ਗਈ ਹੈ। ਪੱਤਰਕਾਰੀ ਉਨ੍ਹਾਂ ਲਈ ਆਪਣਾ ਧੰਦਾ ਪ੍ਰਫੁੱਲਿਤ ਕਰਨ ਦਾ ਮਾਧਿਅਮ ਹੈ। ਇਹ ਅਖ਼ਬਾਰ ਸਮੂਹ ਪ੍ਰੇਰਨਾ ਦਾ ਸੋਮਾ ਨੌਜਵਾਨਾਂ ਨਾਲ ਸੰਵਾਦ ਰਚਾਉਣ ਨੂੰ ਪਹਿਲ ਦਿੰਦਾ ਹੈ। ਗਰੀਬੀ ਸਬੰਧੀ ਖ਼ਬਰਾਂ ਨੂੰ ਹੇਠਾਂ ਰੱਖਦਾ ਹੈ।

ਪਿਛਲੇ ਕੁਝ ਸਾਲਾਂ ਤੋਂ ਅਖ਼ਬਾਰਾਂ ਵਿਚ ਪ੍ਰਬੰਧਨ ਤੇ ਇਸ਼ਤਿਹਾਰ ਮਹਿਕਮਿਆਂ ਦੀ ਅਹਿਮੀਅਤ ਵਧ ਗਈ ਹੈ। ਮੈਨੂੰ ਲਗਦਾ ਹੈ ਕਿ ਐਮਰਜੈਂਸੀ ਦੌਰਾਨ ਪ੍ਰੈੱਸ ਦਾ ਪਾਲਤੂ ਰਵੱਈਆ ਰਿਹਾ ਹੈ। ਉਸ ਦੇ ਕਾਰਨ ਵੀ ਕਾਰੋਬਾਰੀ ਹਿਤ ਅੱਗੇ ਹੋਏ ਹਨ। ਜਦੋਂ ਇਹ ਦੇਖ ਲਿਆ ਗਿਆ ਕਿ ਪੱਤਰਕਾਰ ਬਿਨਾਂ ਸੰਘਰਸ਼ ਤੋਂ ਝੁਕ ਸਕਦੇ ਹਨ ਤਾਂ ਫਿਰ ਪ੍ਰਬੰਧਕੀ ਮਹਿਕਮਾ ਪੱਤਰਕਾਰਾਂ ਦੀ ਪੁਰਾਣੀ ਅਹਿਮੀਅਤ ਨੂੰ ਘੱਟ ਕਰਨ ਲੱਗਾ। ਪੱਤਰਕਾਰ ਇਸ਼ਤਿਹਾਰ ਮਹਿਕਮੇ ਦੇ ਇਸ਼ਾਰਿਆਂ 'ਤੇ ਨੱਚਣ ਲੱਗੇ। ਅਸੀਂ ਲੋਕ ਜਿਸ ਪ੍ਰੈੱਸ ਨੋਟ 'ਤੇ 'ਬਿਜ਼ਨੈੱਸ ਮਸਟ' ਲਿਖਿਆ ਹੁੰਦਾ ਸੀ, ਉਸ ਨੂੰ ਕੂੜੇਦਾਨ 'ਚ ਸੁੱਟ ਦਿੰਦੇ ਸੀ।

ਬਿਜ਼ਨੈੱਸ ਤੇ ਸੰਪਾਦਕੀ ਮਹਿਕਮੇ ਵਿਚਕਾਰਲੇ ਸਬੰਧ ਫਿੱਕੇ ਪੈਣ ਕਾਰਨ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਪਾਬੰਦੀਆਂ ਲੱਗ ਗਈਆਂ ਹਨ ਤੇ ਰੋਜ਼ਾਨਾ ਦਾ ਦਖ਼ਲ ਵਧ ਗਿਆ ਹੈ। ਇਹ ਬਿਲਕੁਲ ਖੁੱਲ੍ਹਾ ਰਹੱਸ ਹੈ ਕਿ ਬਿਜ਼ਨੈਸ ਜਾਂ ਵਪਾਰ ਵਾਲਾ ਮਹਿਕਮਾ ਆਪਣੇ ਆਰਥਿਕ ਤੇ ਸਿਆਸੀ ਹਿਤਾਂ ਦੇ ਹਿਸਾਬ ਨਾਲ ਹੀ ਖ਼ਬਰ ਲਿਖਵਾਉਂਦਾ ਹੈ। ਅੱਜ ਬਹੁਤ ਸਾਰੇ ਅਖ਼ਬਾਰ ਮਾਲਕ ਰਾਜ ਸਭਾ ਦੇ ਮੈਂਬਰ ਹਨ। ਪਰ ਇਹ ਸਵਾਲ ਓਨਾ ਅਹਿਮ ਨਹੀਂ ਹੈ, ਜਿੰਨਾ ਅਹਿਮ ਇਹ ਤੱਥ ਹੈ ਕਿ ਇਹ ਅਖ਼ਬਾਰ ਲਾਭ ਪਾਉਣ ਲਈ ਰਾਜਨੀਤਕ ਪਾਰਟੀਆਂ ਨਾਲ ਸਬੰਧ ਬਣਾਉਂਦੇ ਹਨ।

ਪਾਰਟੀਆਂ ਜਾਂ ਲਾਭ ਦੇਣ ਵਾਲਿਆਂ ਪ੍ਰਤੀ ਉਨ੍ਹਾਂ ਦੀ ਅਹਿਸਾਨਮੰਦੀ ਤੇ ਨਜ਼ਦੀਕੀ, ਅਖ਼ਬਾਰਾਂ ਦੇ ਕਾਲਮਾਂ ਵਿਚ ਸਾਫ਼ ਝਲਕਦੀ ਹੈ। ਇਹੀ ਰਿਸ਼ਤਾ ਹੁਣ 'ਪੇਡ ਨਿਊਜ਼' (ਵਿਕੀਆਂ ਖ਼ਬਰਾਂ) ਵਿਚ ਬਦਲ ਗਿਆ ਹੈ। ਇਸ ਤਰੀਕੇ ਨਾਲ ਖ਼ਬਰਾਂ ਲਿਖਵਾਈਆਂ ਜਾਂਦੀਆਂ ਹਨ ਕਿ ਕਿਸੇ ਖਾਸ ਵਿਅਕਤੀ ਜਾਂ ਦ੍ਰਿਸ਼ਟੀਕੋਣ ਨੂੰ ਹੀ ਅੱਗੇ ਕੀਤਾ ਜਾ ਸਕੇ। ਪਾਠਕ ਨੂੰ ਕਦੇ-ਕਦਾਈਂ ਹੀ ਪਤਾ ਚਲਦਾ ਹੈ ਕਿ ਖ਼ਬਰ ਵਿਚ ਕਿਥੇ ਪ੍ਰਚਾਰ ਘੁਸਿਆ ਹੋਇਆ ਹੈ।

ਅਖ਼ਬਾਰਾਂ, ਟੀ. ਵੀ. ਤੇ ਰੇਡੀਓ ਚੈਨਲਾਂ ਦੇ ਹਰ ਪਹਿਲੂ 'ਤੇ ਵਿਚਾਰ ਕਰਨ ਲਈ ਮੀਡੀਆ ਕਮਿਸ਼ਨ ਦੇ ਗਠਨ ਦਾ ਸਮਾਂ ਆ ਚੁੱਕਾ ਹੈ। 1977 ਵਿਚ ਜਦੋਂ ਪਿਛਲੇ ਪ੍ਰੈੱਸ ਕਮਿਸ਼ਨ ਦਾ ਗਠਨ ਹੋਇਆ ਸੀ ਤਾਂ ਸਾਡੇ ਕੋਲ ਟੀ. ਵੀ. ਨਹੀਂ ਸਨ। ਮਾਲਕ ਅਤੇ ਸੰਪਾਦਕ, ਪੱਤਰਕਾਰ ਤੇ ਮਾਲਕਾਂ ਵਿਚਕਾਰਲੇ ਸਬੰਧ ਅਤੇ ਟੀ. ਵੀ. ਤੇ ਪ੍ਰਿੰਟ ਮੀਡੀਆ ਦੇ ਰਿਸ਼ਤੇ ਜਿਹੀਆਂ ਤਮਾਮ ਗੱਲਾਂ ਨੂੰ ਤੈਅ ਕਰਨ ਲਈ ਮੀਡੀਆ ਦੇ ਹਰ ਪਹਿਲੂ 'ਤੇ ਵਿਚਾਰ ਕਰਨ ਦੀ ਲੋੜ ਹੈ। ਕਈ ਅਖ਼ਬਾਰ ਮਾਲਕਾਂ ਨੇ ਵਰਕਿੰਗ ਜਰਨਲਿਸਟ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਠੇਕਾ ਪ੍ਰਣਾਲੀ ਸ਼ੁਰੂ ਕਰ ਦਿੱਤੀ ਹੈ। ਅੱਜ ਇਕ ਅਖ਼ਬਾਰ ਮਾਲਕ ਟੀ. ਵੀ. ਜਾਂ ਰੇਡੀਓ ਚੈਨਲ ਦਾ ਮਾਲਕ ਵੀ ਹੋ ਸਕਦਾ ਹੈ। ਇਸ ਕਾਰਨ ਇਕ ਗੁੱਟ ਬਣਨ ਲੱਗਾ ਹੈ ਜਿਸ ਨਾਲ ਅਖੀਰੀ ਤੌਰ 'ਤੇ ਪ੍ਰੈੱਸ ਦੀ ਆਜ਼ਾਦੀ ਪ੍ਰਭਾਵਿਤ ਹੁੰਦੀ ਹੈ।

ਸੱਤਾਧਾਰੀ ਪਾਰਟੀ ਆਪਣੇ ਕਾਰਨਾਂ ਕਰਕੇ ਮੀਡੀਆ ਕਮਿਸ਼ਨ ਬਹਾਲ ਨਹੀਂ ਕਰਨਾ ਚਾਹੁੰਦੀ। ਕੀ ਇਸ ਪਿੱਛੇ ਜੈਨ ਭਰਾਵਾਂ ਦਾ ਪ੍ਰਭਾਵ ਹੈ, ਜਿਨ੍ਹਾਂ ਨੇ ਕਈ ਸਵਾਲਾਂ ਦੇ ਜਵਾਬ ਦੇਣੇ ਹਨ? ਜੈਨ ਭਰਾਵਾਂ ਨੂੰ ਨਿਸਚਿਤ ਤੌਰ 'ਤੇ ਸਮਝਣਾ ਹੋਵੇਗਾ ਕਿ ਪੱਤਰਕਾਰ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਇਸ ਲਈ ਦਿੱਤੀ ਗਈ ਸੀ ਕਿ ਉਹ ਆਪਣੀ ਗੱਲ ਬਿਨਾਂ ਕਿਸੇ ਭੈਅ ਜਾਂ ਪੱਖਪਾਤ ਦੇ ਆਖ ਸਕਣ। ਜੇਕਰ ਸਿਰਫ ਬੰਸਰੀ ਵਜਾਉਣ ਵਾਲੀ ਸਥਿਤੀ ਹੋਵੇਗੀ ਤਾਂ ਇਸ ਨਾਲ ਅਜਿਹੀ ਆਜ਼ਾਦੀ 'ਤੇ ਗੰਭੀਰ ਸਵਾਲ ਉੱਠ ਖੜ੍ਹਾ ਹੋਵੇਗਾ। ਜਮਹੂਰੀ ਰਾਜ ਤੰਤਰ ਜਿਥੇ ਸੁਤੰਤਰ ਸੂਚਨਾ 'ਤੇ ਸੁਤੰਤਰ ਪ੍ਰਤੀਕਰਮ ਦੀ ਮੰਗ ਕਰਦਾ ਹੈ, ਵਿਚ ਪ੍ਰੈੱਸ ਕੁਝ ਲੋਕਾਂ ਦੀ ਮਰਜ਼ੀ ਮੁਤਾਬਿਕ ਨਹੀਂ ਚਲ ਸਕਦੀ। ਨਿਯੰਤ੍ਰਿਤ ਪ੍ਰੈੱਸ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਸੰਵਿਧਾਨਕ ਗਰੰਟੀ ਦੀ ਉਲੰਘਣਾ ਹੈ।

ਕੁਲਦੀਪ ਨਈਅਰ 
ਅਜੀਤ ਤੋਂ ਧੰਨਵਾਦ ਸਹਿਤ

Sunday, September 9, 2012

ਜੂਲੀਅਨ ਅਸਾਂਜ ਦਾ ਸ਼ਿਕਾਰੀ ਪਿੱਛਾ: ਆਜ਼ਾਦੀ 'ਤੇ ਹਮਲਾ ਅਤੇ ਪੱਤਰਕਾਰੀ ਦਾ ਮਜ਼ਾਕ

ਆਸਟ੍ਰੇਲੀਆਈ ਪੱਤਰਕਾਰ ਜੌਹਨ ਰਿਚਰਡ ਪਿਲਜਰ (ਜਨਮ 9 ਅਕਤੂਬਰ 1939) ਆਜ਼ਾਦ ਪੱਤਰਕਾਰੀ ਖੇਤਰ ਦੀ ਵਿਸ਼ਵ ਪ੍ਰਸਿੱਧ ਸ਼ਖਸੀਅਤ ਹੈ।ਉਨ੍ਹਾਂ ਨੇ ਮਨੁੱਖਤਾ ਉੱਪਰ ਥੋਪੀਆਂ ਨਹੱਕੀਆਂ ਜੰਗਾਂ ਬਾਰੇ ਵਿਸਤਾਰਤ ਰਿਪੋਰਟਿੰਗ ਰਾਹੀਂ ਅਤੇ 50 ਤੋਂ ਵੱਧ ਡਾਕੂਮੈਂਟਰੀ ਫਿਲਮਾਂ ਬਣਾਕੇ ਆਲਮੀ ਸਰਮਾਏਦਾਰੀ ਦਾ ਕਮਾਲ ਦਾ ਪਰਦਾਫਾਸ਼ ਕੀਤਾ ਹੈ। ਪੇਸ਼ ਹੈ ਉਨ੍ਹਾਂ ਦਾ ਤਾਜ਼ਾ ਲੇਖ ਜੋ ਜੂਲੀਅਨ ਅਸਾਂਜ ਮਾਮਲੇ 'ਚ ਘੜੀ ਅਮਰੀਕੀ ਸਾਜਿਸ਼ ਦਾ ਪਰਦਾਫਾਸ਼ ਕਰਦਾ ਹੈ-ਬੂਟਾ ਸਿੰਘ

ਰਤਾਨਵੀ ਹਕੂਮਤ ਵਲੋਂ ਲੰਦਨ ਸਥਿਤ ਐਕੂਆਡੋਰ ਦੇ ਸਫ਼ਾਰਤਖ਼ਾਨੇ ਉੱਪਰ ਹਮਲਾ ਕਰਕੇ ਜੂਲੀਅਨ ਅਸਾਂਜ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦੀ ਅਹਿਮੀਅਤ ਇਤਿਹਾਸਕ ਹੈ। ਕਿਸੇ ਸਮੇਂ ਟੈਲੀਵਿਜ਼ਨ ਸਨਅਤ ਦੇ ਇਕ ਕਾਰੋਬਾਰੀ ਦਾ ਸਾਬਕਾ ਲੋਕ ਸੰਪਰਕ ਅਧਿਕਾਰੀ ਅਤੇ ਸ਼ੇਖ਼ ਰਿਆਸਤਾਂ ਨੂੰ ਹਥਿਆਰ ਵੇਚਣ ਦਾ ਧੰਦਾ ਕਰਦਾ ਰਿਹਾ ਡੇਵਿਡ ਕੈਮਰਨ ਉਨ੍ਹਾਂ ਕੌਮਾਂਤਰੀ ਰਵਾਇਤਾਂ ਦੀਆਂ ਧੱਜੀਆਂ ਉਡਾਉਣ ਲਈ ਐਨ ਢੁੱਕਵਾਂ ਸ਼ਖਸ ਹੈ ਜਿਨ੍ਹਾਂ ਨੂੰ ਬਰਤਾਨਵੀਆਂ ਨੇ ਉੱਥਲ-ਪੁੱਥਲ ਦੇ ਸਮਿਆਂ 'ਚ ਵੀ ਆਂਚ ਨਹੀਂ ਆਉਣ ਦਿੱਤੀ। ਜਿਵੇਂ ਟੋਨੀ ਬਲੇਅਰ ਵਲੋਂ ਇਰਾਕ ਉੱਪਰ ਹਮਲੇ ਦਾ ਸਿੱਟਾ 7 ਜੁਲਾਈ 2005 ਨੂੰ ਲੰਦਨ 'ਚ ਅੱਤਵਾਦੀ ਕਾਰਵਾਈਆਂ 'ਚ ਨਿਕਲਿਆ ਸੀ, ਉਸੇ ਤਰ੍ਹਾਂ ਹੀ ਕੈਮਰਨ ਅਤੇ ਬਦੇਸ਼ ਸਕੱਤਰ ਵਿਲੀਅਮ ਹੇਗ ਨੇ ਦੁਨੀਆ 'ਚ ਬਰਤਾਨਵੀ ਨੁਮਾਇੰਦਿਆਂ ਦੀ ਸੁਰੱਖਿਆ ਦਾਅ 'ਤੇ ਲਾ ਦਿੱਤੀ ਹੈ।

ਬਦੇਸ਼ੀ ਸਫ਼ਾਰਤਖ਼ਾਨਿਆਂ ਵਿਚੋਂ ਕਾਤਲਾਂ ਨੂੰ ਕੱਢਣ ਲਈ ਬਣਾਏ ਕਾਨੂੰਨ ਦਾ ਗ਼ਲਤ ਇਸਤੇਮਾਲ ਕਰਨ ਦੀ ਘੁਰਕੀ ਦੇ ਕੇ, ਉਹ ਵੀ ਇਕ ਬੇਕਸੂਰ ਬੰਦੇ ਨੂੰ ਅਖੌਤੀ ''ਮੁਜਰਮ'' ਵਲੋਂ ਬਦਨਾਮ ਕਰਕੇ, ਹੇਗ ਨੇ ਦੁਨੀਆ 'ਚ ਬਰਤਾਨੀਆ ਦੀ ਹਾਲਤ ਹਾਸੋਹੀਣੀ ਬਣਾ ਦਿੱਤੀ ਹੈ, ਹਾਲਾਂਕਿ ਖ਼ੁਦ ਬਰਤਾਨੀਆ ਵਿਚ ਅਜਿਹੇ ਵਿਚਾਰਾਂ ਨੂੰ ਜ਼ਿਆਦਾਤਰ ਦਬਾਅ ਦਿੱਤਾ ਗਿਆ। ਇੰਡੋਨੇਸ਼ੀਆ 'ਚ ਨਸਲਘਾਤ ਤੋਂ ਲੈ ਕੇ ਇਰਾਕ ਅਤੇ ਅਫ਼ਗਾਨਿਸਤਾਨ ਉੱਪਰ ਹਮਲਿਆਂ ਦੇ ਲੰਮੇ ਖ਼ੂਨੀ ਸਿਲਸਿਲੇ ਦੌਰਾਨ ਬਰਤਾਨੀਆ ਦੀ ਹਮਾਇਤ ਕਰਨ ਵਾਲੇ ਜ਼ੁਅਰਤਮੰਦ ਕਹਾਉਂਦੇ ਅਖ਼ਬਾਰ ਅਤੇ ਰੇਡੀਓ-ਟੀਵੀ ਬ੍ਰਾਡਕਾਸਟਰ ਹੁਣ ਐਕੂਆਡੋਰ ਦੇ ''ਮਨੁੱਖੀ ਹੱਕਾਂ ਦੇ ਰਿਕਾਰਡ'' ਉੱਪਰ ਹਮਲੇ ਕਰਨ 'ਚ ਜੁੱਟੇ ਹੋਏ ਹਨ, ਕਿਉਂਕਿ ਐਕੂਆਡੋਰ ਦਾ ਅਸਲ ਜੁਰਮ ਇਹ ਹੈ ਕਿ ਉਸ ਨੇ ਲੰਦਨ ਅਤੇ ਵਾਸ਼ਿੰਗਟਨ 'ਚ ਬੈਠੇ ਧੱਕੜਾਂ ਨਾਲ ਮੱਥਾ ਲਾਇਆ ਹੈ।

ਇੰਞ ਲਗਦਾ ਹੈ ਜਿਵੇਂ ਓਲਿੰਪਿਕ ਦੀ ਖੁਸ਼ੀ 'ਚ ਤਾੜੀਆਂ ਮਾਰਨ ਵਾਲੇ ਰਾਤੋ-ਰਾਤ ਬਸਤੀਵਾਦੀ ਬਦਮਾਸ਼ੀ ਦਾ ਸ਼ਰੇਆਮ ਮੁਜ਼ਾਹਰਾ ਕਰਨ 'ਤੇ ਉੱਤਰ ਆਏ ਹੋਣ। ਜ਼ਰਾ ਬਰਤਾਨਵੀ ਫ਼ੌਜੀ ਅਫ਼ਸਰ-ਕਮ-ਬੀ ਬੀ ਸੀ ਪੱਤਰਕਾਰ ਮਾਰਕ ਅਰਬਨ ਨੂੰ ਐਕੂਆਡੋਰ ਦੇ ਸਫ਼ਾਰਤਖ਼ਾਨੇ ਦੇ ਬਾਹਰ ਮਿਣ ਮਿਣ ਕਰਦਿਆਂ ਜਨਾਬ ਕ੍ਰਿਸਟੋਫ਼ਰ ਮੇਅਰ ਨਾਲ ''ਵਾਰਤਾਲਾਪ'' ਕਰਦੇ ਨੂੰ ਦੇਖੋ, ਜੋ ਵਾਸ਼ਿੰਗਟਨ 'ਚ ਬਲੇਅਰ ਦਾ ਸਾਬਕਾ ਹਮਾਇਤੀ ਰਿਹਾ ਹੈ। ਇਹ ਜੋੜੀ ਹੈਂਕੜ ਨਾਲ ਗੁੱਸਾ ਜ਼ਾਹਰ ਕਰਦੀ ਹੈ ਕਿ ਵੱਖਰੀ 
ਤਰ੍ਹਾਂ ਦਾ ਅਸਾਂਜ ਅਤੇ ਨਿਧੜਕ ਰੈਫਲ ਕੋਰੇਆ (ਐਕੂਆਡੋਰ ਦਾ ਰਾਸ਼ਟਰਪਤੀ) ਪੱਛਮੀ ਪ੍ਰਬੰਧ ਦੇ ਧਾੜਵੀਪਣ ਦਾ ਪਰਦਾਫਾਸ਼ ਕਿਉਂ ਕਰਦੇ ਹਨ। ਦੀ ਗਾਰਡੀਅਨ ਯੂ ਕੇ ਦੇ ਪੰਨਿਆਂ 'ਚ ਵੀ ਅਜਿਹੀ ਤੌਹੀਨ ਦੇ ਕਾਫ਼ੀ ਉੱਘੜਵੇਂ ਝਲਕਾਰੇ ਮਿਲ ਜਾਂਦੇ ਹਨ। ਇਸ ਨੇ ਹੇਗ ਨੂੰ ''ਤਹੱਮਲ'' ਰੱਖਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਕਿ ਸਫ਼ਾਰਤਖ਼ਾਨੇ 'ਤੇ ਹਮਲਾ ਕੀਤੇ ਜਾਣ ਨਾਲ ''ਲੋੜੋਂ ਵੱਧ ਮੁਸ਼ਕਲ'' ਖੜ੍ਹੀ ਹੋਵੇਗੀ। ਦੀ ਗਾਰਡੀਅਨ ਨੇ ਐਲਾਨ ਕੀਤਾ, ਅਸਾਂਜ ਸਿਆਸੀ ਪਨਾਹਗ਼ੀਰ ਨਹੀਂ ਕਿਉਂਕਿ ''ਕਿਸੇ ਵੀ ਸੂਰਤ 'ਚ ਨਾ ਸਵੀਡਨ ਕਿਸੇ ਐਸੇ ਬੰਦੇ ਨੂੰ ਦੇਸ ਨਿਕਾਲਾ ਦੇਵੇਗਾ ਨਾ ਯੂ ਕੇ ਦੇਵੇਗਾ ਜਿਸ ਨੂੰ ਤਸ਼ੱਦਦ ਜਾਂ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ।''

ਇਸ ਬਿਆਨ ਵਿਚਲੀ ਗ਼ੈਰਜ਼ਿੰਮੇਵਾਰੀ ਅਸਾਂਜ ਦੇ ਸਮੁੱਚੇ ਮਾਮਲੇ 'ਚ ਦੀ ਗਾਰਡੀਅਨ ਯੂ ਕੇ ਦੀ ਧੋਖੇਬਾਜ਼ ਭੂਮਿਕਾ ਨਾਲ ਕਿੰਨੀ ਮਿਲਦੀ ਜੁਲਦੀ ਹੈ। ਅਖ਼ਬਾਰ ਚੰਗੀ ਤਰ੍ਹਾਂ ਜਾਣਦਾ ਹੈ ਕਿ ਵਿਕੀਲੀਕਸ ਵਲੋਂ ਨਸ਼ਰ ਕੀਤੇ ਦਸਤਾਵੇਜ਼ ਦਰਸਾਉਂਦੇ ਹਨ ਕਿ ਨਾਗਰਿਕ ਹੱਕਾਂ ਦੇ ਮਾਮਲੇ 'ਚ ਸਵੀਡਨ ਅਮਰੀਕਾ ਦੇ ਦਬਾਅ ਅੱਗੇ ਲਗਾਤਾਰ ਗੋਡੇ ਟੇਕਦਾ ਰਿਹਾ ਹੈ। ਦਸੰਬਰ 2001 'ਚ, ਸਵੀਡਿਸ਼ ਹਕੂਮਤ ਨੇ ਦੋ ਮਿਸਰੀ ਨਾਗਰਿਕਾਂ, ਅਹਿਮਦ ਅਗੀਜ਼ਾ ਅਤੇ ਮੁਹੰਮਦਲ-ਜ਼ਾਰੀ ਦੀ ਸਿਆਸੀ ਪਨਾਹ ਅਚਾਨਕ ਰੱਦ ਕਰ ਦਿੱਤੀ, ਉਨ੍ਹਾਂ ਨੂੰ ਸਟਾਕਹੋਮ ਹਵਾਈ ਅੱਡੇ ਉੱਪਰ ਸੀ ਆਈ ਏ ਦੇ ਅਗਵਾ ਕਰੂ ਗ੍ਰੋਹ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਮਿਸਰ ''ਵਾਪਸ ਭੇਜ ਦਿੱਤਾ'' ਗਿਆ, ਜਿੱਥੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ। ਸਵੀਡਨ ਦੇ ਨਿਆਂ ਸਬੰਧੀ ਲੋਕਪਾਲ ਵਲੋਂ ਕੀਤੀ ਛਾਣਬੀਣ 'ਚ ਸਾਹਮਣੇ ਆਇਆ ਕਿ ਹਕੂਮਤ ਨੇ ਦੋਵਾਂ ਦੇ ਮਨੁੱਖੀ ਹੱਕਾਂ ਦਾ ''ਘੋਰ ਉਲੰਘਣ ਕੀਤਾ'' ਸੀ। 2009 'ਚ ਵਿਕੀਲੀਕਸ ਵਲੋਂ ਸੰਨ੍ਹ ਲਾਏ ਅਮਰੀਕੀ ਸਫ਼ਾਰਤਖ਼ਾਨੇ ਦੇ ਕੇਬਲ ਸੁਨੇਹੇ, ਜਿਸਦਾ ਸਿਰਲੇਖ ਸੀ ''ਵਿਕੀਲੀਕਸ ਨੇ ਨਿਰਪੱਖਤਾ ਨੂੰ ਇਤਿਹਾਸ ਦੇ ਕੂੜਾਦਾਨ 'ਚ ਵਗਾਹ ਮਾਰਿਆ'', ਤੋਂ ਸਵੀਡਨ ਦੇ ਕੁਲੀਨ ਵਰਗ ਦੇ ਫੜ੍ਹਮਾਰ ਕਿਰਦਾਰ ਦਾ ਢੌਂਗ ਨੰਗਾ ਹੁੰਦਾ ਹੈ। ਇਕ ਹੋਰ ਅਮਰੀਕੀ ਕੇਬਲ ਸੁਨੇਹੇ ਤੋਂ ਭੇਤ ਖੁੱਲਦਾ ਹੈ ਕਿ ''[ਨਾਟੋ ਨੂੰ ਸਵੀਡਨ ਦੇ ਫ਼ੌਜੀ ਅਤੇ ਖੁਫ਼ੀਆ ਸੇਵਾ ਦੇ] ਸਹਿਯੋਗ ਦੀ ਇੰਤਹਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ'' ਅਤੇ ਜੇ ਇਸ ਨੂੰ ਗੁਪਤ ਨਹੀਂ ਰੱਖਿਆ ਜਾਂਦਾ ਤਾਂ ''ਮੁਲਕ 'ਚ ਹਕੂਮਤ ਦੀ ਆਲਚੋਨਾ ਸ਼ੁਰੂ ਹੋ ਜਾਵੇਗੀ।''


ਸਵੀਡਿਸ਼ ਬਦੇਸ਼ ਮੰਤਰੀ, ਕਾਰਲ ਬਿਲਡ ਵਲੋਂ ਇਰਾਕ ਦੀ ਮੁਕਤੀ ਲਈ ਜਾਰਜ ਡਬਲਯੂ. ਬੁਸ਼ ਦੀ ਕਮੇਟੀ 'ਚ ਬਦਨਾਮ ਆਗੂ ਭੂਮਿਕਾ ਨਿਭਾਈ ਗਈ ਅਤੇ ਰਿਪਬਲਿਕਨ ਪਾਰਟੀ ਦੇ ਘੋਰ ਸੱਜੇਪੱਖੀ ਧੜੇ ਨਾਲ ਇਸ ਦੇ ਗੂੜ੍ਹੇ ਸਬੰਧ ਹਨ। ਸਵੀਡਨ ਦੇ ਸਰਕਾਰੀ ਮੁਕੱਦਮਿਆਂ ਦੇ ਸਾਬਕਾ ਨਿਰਦੇਸ਼ਕ ਸਵੇਨ-ਐਰਿਕ ਐਲਮ ਅਨੁਸਾਰ, ਲਿੰਗਕ ਬਦਤਮੀਜ਼ੀ ਦੇ ਇਲਜ਼ਾਮਾਂ ਦੇ ਅਧਾਰ 'ਤੇ ਅਸਾਂਜ ਨੂੰ ਦੇਸ ਨਿਕਾਲਾ ਦੇਣ ਦਾ ਫ਼ੈਸਲਾ ''ਤਰਕਹੀਣ ਅਤੇ ਮਰਯਾਦਾ ਦੇ ਉਲਟ ਤਾਂ ਹੈ ਹੀ, ਨਜਾਇਜ਼ ਅਤੇ ਬੇਮੇਲ ਵੀ ਹੈ।'' ਪੁੱਛਗਿੱਛ ਲਈ ਹਾਜ਼ਰ ਹੋਣ ਦੀ ਪੇਸ਼ਕਸ਼ ਕੀਤੇ ਜਾਣ 'ਤੇ ਅਸਾਂਜ ਨੂੰ ਸਵੀਡਨ ਛੱਡਕੇ ਲੰਦਨ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਜਿੱਥੇ, ਉਸ ਨੇ ਫਿਰ ਪੁੱਛਗਿੱਛ ਲਈ ਹਾਜ਼ਰ ਹੋਣ ਦੀ ਪੇਸ਼ਕਸ਼ ਕੀਤੀ। ਮਈ ਵਿਚ, ਦੇਸ ਨਿਕਾਲੇ ਬਾਰੇ ਆਖ਼ਰੀ ਦਰਖ਼ਾਸਤ ਉੱਪਰ ਫ਼ੈਸਲੇ 'ਚ, ਬਰਤਾਨੀਆ ਦੀ ਸਰਵਉੱਚ ਅਦਾਲਤ ਵਲੋਂ ਕੋਈ ''ਇਲਜ਼ਾਮ'' ਨਾ ਹੋਣ ਦਾ ਜ਼ਿਕਰ ਕਰਕੇ ਆਪਣੀ ਹਾਲਤ ਹੋਰ ਵੀ ਹਾਸੋਹੀਣੀ ਬਣਾ ਲਈ ਗਈ।

ਇਸ ਦੇ ਨਾਲ ਹੀ ਅਸਾਂਜ ਵਿਰੁੱਧ ਨਿੱਜੀ ਗਾਲੀਗਲੋਚ ਭਰੀ ਮੁਹਿੰਮ ਚਲਾਈ ਗਈ। ਇਹ ਜ਼ਿਆਦਾਤਰ ਦੀ ਗਾਰਡੀਅਨ ਯੂ ਕੇ ਦੀ ਘੜੀ ਹੋਈ ਹੈ, ਜੋ ਵਿਕੀਲੀਕਸ ਦੇ ਇੰਕਸ਼ਾਫ਼ਾਂ ਤੋਂ ਚੋਖੇ ਮੁਨਾਫ਼ੇ ਕਮਾਕੇ ਹੁਣ, ਦੁਰਕਾਰੇ ਆਸ਼ਕ ਵਾਂਗ, ਜਾਣਕਾਰੀ ਦੇ ਸਾਬਕਾ ਸੂਤਰ ਦੇ ਪਿੱਛੇ ਹੱਥ ਧੋ ਕੇ ਪਿਆ ਹੋਇਆ ਹੈ। ਗਾਰਡੀਅਨ ਯੂ ਕੇ ਦੀ ਇਸ ਬਾਰੇ ਛਾਪੀ ਕਿਤਾਬ ਨੇ ਹਾਲੀਵੁੱਡ ਫਿਲਮਾਂ ਵਾਂਗ ਮੋਟੀ ਕਮਾਈ ਕੀਤੀ ਹੈ, ਪਰ ਇਸ 'ਚੋਂ ਫੁੱਟੀ ਕੌਡੀ ਵੀ ਅਸਾਂਜ ਜਾਂ ਵਿਕੀਲੀਕਸ ਨੂੰ ਨਹੀਂ ਦਿੱਤੀ ਗਈ। ਇਸ ਦੇ ਲੇਖਕ, ਡੇਵਿਡ ਲੇਹ ਅਤੇ ਲਿਊਕ ਹਾਰਡਿੰਗ ਅਸਾਂਜ, ਨੂੰ ''ਦਾਗ਼ੀ ਸ਼ਖਸੀਅਤ'' ਅਤੇ ''ਬੇਰਹਿਮ'' ਗਰਦਾਨਕੇ ਅਕਾਰਣ ਹੀ ਗਾਲ੍ਹਾਂ ਦੇ ਰਹੇ ਹਨ। ਇਨ੍ਹਾਂ ਨੇ ਉਹ ਗੁਪਤ ਪਾਸਵਰਡ ਵੀ ਨਸ਼ਰ ਕਰ ਦਿੱਤਾ ਜੋ ਅਸਾਂਜ ਨੇ ਅਖ਼ਬਾਰ 'ਤੇ ਭਰੋਸਾ ਕਰਕੇ ਇਸ ਦੇ ਹਵਾਲੇ ਕਰ ਦਿੱਤਾ ਸੀ। ਇਹ ਉਸ ਡਿਜੀਟਲ ਫਾਈਲ ਦੀ ਸੁਰੱਖਿਆ ਲਈ ਬਣਾਇਆ ਗਿਆ ਸੀ ਜਿਸ ਵਿਚ ਅਮਰੀਕੀ ਸਫ਼ਾਰਤਖ਼ਾਨੇ ਦੇ ਕੇਬਲ ਸੁਨੇਹਿਆਂ ਦਾ ਰਿਕਾਰਡ ਹੈ। 20 ਅਗਸਤ ਨੂੰ ਹਾਰਡਿੰਗ ਨੇ ਐਕੂਆਡੋਰ ਦੇ ਸਫ਼ਾਰਤਖ਼ਾਨੇ ਤੋਂ ਬਾਹਰ ਆਕੇ, ਆਪਣੇ ਬਲਾਗ ਉੱਪਰ ਬਾਘੀਆਂ ਪਾਈਆਂ, ''ਸਕਾਟਲੈਂਡ ਯਾਰਡ ਨਹਿਲੇ 'ਤੇ ਦਹਿਲਾ ਮਾਰ ਸਕਦਾ ਹੈ।'' ਕਿੰਨਾ ਵਿਅੰਗਮਈ ਹੈ, ਜੇ ਇਹ ਪੂਰੀ ਤਰ੍ਹਾਂ ਢੁੱਕਦਾ ਹੋਵੇ, ਕਿ ਅਖ਼ਬਾਰ ਵਲੋਂ ਅਸਾਂਜ ਨੂੰ ਬੇਰਹਿਮੀ ਨਾਲ ਦੁਰਕਾਰਨਾ ਇਸੇ ਵਿਸ਼ੇ ਬਾਰੇ ਮਰਡੌਕ ਪ੍ਰੈੱਸ ਦੀ ਤੁਅੱਸਬੀ ਭਵਿੱਖਬਾਣੀਨੁਮਾ ਬਿਆਨਬਾਜ਼ੀ ਨਾਲ ਕਿੰਨਾ ਮਿਲਦਾ ਜੁਲਦਾ ਹੈ। ਕਿੰਨਾ ਅਜੀਬ ਹੈ ਇਹ! ਲੈਵੀਸਨ ਜਾਂਚ (ਨਿਊਜ਼ ਇੰਟਰਨੈਸ਼ਨਲ ਫ਼ੋਨ ਹੈਕਿੰਗ ਘੁਟਾਲੇ ਪਿੱਛੋਂ ਲਾਰਡ ਜਸਟਿਸ ਲੈਵੀਸਨ ਦੀ ਅਗਵਾਈ 'ਚ 13 ਜੁਲਾਈ 2011 ਨੂੰ ਬਰਤਾਨਵੀ ਪ੍ਰੈੱਸ ਦੀ ਨੈਤਿਕਤਾ ਦੀ ਪੜਤਾਲ ਲਈ ਬਣਾਈ ਕਮੇਟੀ-ਅਨੁਵਾਦਕ), ਹੈਕਗੇਟ ਘੁਟਾਲਾ (ਨਿਊਜ਼ ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਨਿਊਜ਼ ਇੰਟਰਨੈਸ਼ਨਲ ਵਲੋਂ ਪ੍ਰਕਾਸ਼ਤ ਬਰਤਾਨਵੀ ਅਖ਼ਬਾਰਾਂ ਵਲੋਂ ਖ਼ਬਰਾਂ ਘੜਨ ਖ਼ਾਤਰ ਪੁਲਿਸ ਨੂੰ ਰਿਸ਼ਵਤ, ਫ਼ੋਨਾਂ 'ਚ ਸੰਨ੍ਹ ਲਾਉਣ ਅਤੇ ਹੋਰ ਨਜਾਇਜ਼ ਢੰਗ ਵਰਤਣ ਦਾ ਘੁਟਾਲਾ-ਅਨੁਵਾਦਕ) ਅਤੇ ਮਾਣਯੋਗ, ਆਜ਼ਾਦ ਪੱਤਰਕਾਰੀ ਦੀ ਸ਼ਾਨ ਕਿਵੇਂ ਘੱਟੇ ਰੁਲ ਰਹੀ ਹੈ।

ਅਸਾਂਜ ਨੂੰ ਸਤਾਉਣ ਵਾਲੇ ਉਸ ਦੇ ਮੁਕੱਦਮੇ ਨੂੰ ਤੂਲ ਦੇ ਰਹੇ ਹਨ। ਉਸ ਉੱਪਰ ਕੋਈ ਜੁਰਮ ਨਹੀਂ ਹੈ, ਉਹ ਨਿਆਂ ਪ੍ਰਣਾਲੀ ਤੋਂ ਭਗੌੜਾ ਨਹੀਂ ਹੈ। ਮਾਮਲੇ 'ਚ ਸ਼ਾਮਲ ਕੀਤੀਆਂ ਔਰਤਾਂ ਦੇ ਟੈਕਸਟ ਸੁਨੇਹਿਆਂ ਸਮੇਤ ਸਵੀਡਿਸ਼ ਮੁਕੱਦਮੇ ਦੇ ਦਸਤਾਵੇਜ਼ਾਂ ਤੋਂ ਪਤਾ ਚੱਲ ਜਾਂਦਾ ਹੈ ਕਿ ਸੈਕਸ ਨਾਲ ਸਬੰਧਤ ਇਲਜ਼ਾਮ ਕਿੰਨੇ ਬੇਤੁਕੇ ਹਨ-ਇਹ ਇਲਜ਼ਾਮ ਸਟਾਕਹੋਮ ਦੀ ਸੀਨੀਅਰ ਸਰਕਾਰੀ ਵਕੀਲ ਇਵਾ ਫਿਨੇ ਨੇ, ਇਕ ਸਿਆਸਤਦਾਨ ਕਲੈਸ ਬੌਰਜਸਟਰ ਦੇ ਦਖ਼ਲਅੰਦਾਜ਼ੀ ਕਰਨ ਤੋਂ ਪਹਿਲਾਂ, ਤੁਰੰਤ ਰੱਦ ਕਰ ਦਿੱਤੇ ਸਨ। ਬਰੈਡਲੇ ਮੈਨਿੰਗ ਦਾ ਮੁਕੱਦਮਾ ਸ਼ੁਰੂ ਹੋਣ ਦੇ ਮੁੱਢਲੇ ਅਮਲ ਸਮੇਂ, ਅਮਰੀਕੀ ਫ਼ੌਜ ਦੇ ਇਕ ਜਾਂਚ ਅਧਿਕਾਰੀ ਨੇ ਪੁਸ਼ਟੀ ਕੀਤੀ ਸੀ ਕਿ ਐੱਫ ਬੀ ਆਈ ''ਵਿਕੀਲੀਕਸ ਦੇ ਬਾਨੀਆਂ, ਮਾਲਕਾਂ ਜਾਂ ਪ੍ਰਬੰਧਕਾਂ'' ਨੂੰ ਜਾਸੂਸੀ ਕਾਰਨ ਗੁਪਤ ਤੌਰ 'ਤੇ ਨਿਸ਼ਾਨਾ ਬਣਾ ਰਹੀ ਹੈ। ਚਾਰ ਵਰੇ ਪਹਿਲਾਂ, ਵਿਕੀਲੀਕਸ ਵਲੋਂ ਨਸ਼ਰ ਕੀਤੇ ਗਏ ਪੈਂਟਾਗਾਨ ਦੇ ਇਕ ਦਸਤਾਵੇਜ਼, ਜਿਸ ਵੱਲ ਘੱਟ ਹੀ ਗ਼ੌਰ ਕੀਤਾ ਗਿਆ, 'ਚ ਬਿਆਨ ਕੀਤਾ ਗਿਆ ਕਿ ਕਿਵੇਂ ਵਿਕੀਲੀਕਸ ਅਤੇ ਅਸਾਂਜ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾਕੇ ਤਬਾਹ ਕੀਤਾ ਜਾਵੇਗਾ ਅਤੇ ''ਫ਼ੌਜਦਾਰੀ ਮੁਕੱਦਮੇ'' 'ਚ ਫਸਾਇਆ ਜਾਵੇਗਾ। 18 ਅਗਸਤ ਨੂੰ ਸਿਡਨੀ ਮਾਰਨਿੰਗ ਹੇਰਾਲਡ ਨੇ ਸੂਚਨਾ ਦੀ ਆਜ਼ਾਦੀ ਤਹਿਤ ਸਰਕਾਰੀ ਫਾਈਲਾਂ ਨਸ਼ਰ ਕਰਨ ਦੀ ਮੁਹਿੰਮ ਦੁਆਰਾ, ਭੇਤ ਖੋਲਿਆ ਕਿ ਆਸਟ੍ਰੇਲੀਆ ਦੀ ਸਰਕਾਰ ਨੂੰ ਵਾਰ-ਵਾਰ ਪ੍ਰਮਾਣਿਕ ਖ਼ਬਰ ਮਿਲਦੀ ਰਹੀ ਸੀ ਕਿ ਅਮਰੀਕੀ ਹਕੂਮਤ ਅਸਾਂਜ ਦਾ ''ਬੇਮਿਸਾਲ'' ਪਿੱਛਾ ਕਰ ਰਹੀ ਹੈ ਪਰ ਇਸ ਨੇ ਕੋਈ ਉਜਰ ਨਹੀਂ ਕੀਤਾ। ਐਕੂਆਡੋਰ ਵਲੋਂ ਅਸਾਂਜ ਨੂੰ ਪਨਾਹ ਦੇਣ ਦੀ ਇਕ ਵਜ੍ਹਾ ਹੈ ਉਸ ਨੂੰ ''ਉਸ ਰਾਜ ਵਲੋਂ'' ਬੇਸਹਾਰਾ ਛੱਡ ਦੇਣਾ ''ਜਿਸ ਦਾ ਉਹ ਨਾਗਰਿਕ ਹੈ''। 2010 'ਚ ਆਸਟ੍ਰੇਲੀਆ ਦੀ ਫੈਡਰਲ ਪੁਲਿਸ ਦੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਅਸਾਂਜ ਅਤੇ ਵਿਕੀਲੀਕਸ ਦਾ ਕੋਈ ਜੁਰਮ ਨਹੀਂ ਬਣਦਾ। ਉਸ ਦਾ ਮੁਕੱਦਮਾ ਸਾਡੇ ਸਾਰਿਆਂ ਉੱਪਰ ਅਤੇ ਆਜ਼ਾਦੀ ਉੱਪਰ ਹਮਲਾ ਹੈ। 

ਲੇਖਕ-ਜੌਹਨ ਪਿਲਜਰ 
ਅਨੁਵਾਦਕ ਬੂਟਾ ਸਿੰਘ ਸਮਾਜਿਕ -ਸਿਆਸੀ ਕਾਰਕੁੰਨ ਹਨ।ਕਈ ਅਹਿਮ ਕਿਤਾਬਾਂ ਦਾ ਪੰਜਾਬੀ 'ਚ ਤਰਜ਼ਮਾ ਕਰ ਚੁੱਕੇ ਹਨ।ਪੰਜਾਬ 'ਚ ਅਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਚ 'ਐਂਟੀ ਗ੍ਰੀਨ ਹੰਟ ਫੋਰਮ' ਬਣਾਉਣ ਦੀ ਪਹਿਲਕਦਮੀ ਕਰਨ ਵਾਲਿਆਂ ਚੋਂ ਇਕ ਹਨ। ਫ਼ੋਨ:94634-74342

Thursday, June 28, 2012

ਇਕ ਨਿੱਕੀ ਕ੍ਰਾਂਤੀ--ਕਿਸਾਨ ਖੁਦਕੁਸ਼ੀਆਂ ਦਾ ਸਮਾਜਿਕ ਦਸਤਾਵੇਜ਼

ਮਨਮੀਤ ਸਿੰਘ ਤੇ ਹਰਪ੍ਰੀਤ ਕੌਰ(ਫਿਲਮਸਾਜ਼ ਜੋੜਾ)
ਖੇਤਾਂ 'ਚ ਫੈਲੀ ਹੋਈ ਹਰਿਆਲੀ ਅਤੇ ਥੌੜ੍ਹੀ ਜਿਹੀ ਧੁੰ 'ਚ ਸਰੋਂ ਦੇ ਖੇਤਾਂ 'ਚ ਮਹਿਕਦੀ ਖੁਸ਼ਬੋ ਮਹਿਸੂਸ ਕਰਦੇ ਹੋਏ ਤੁਹਾਨੂੰ ਇੱਕ ਪਲ ਲਈ ਲਾਲਾ ਧਨੀਰਾਮ ਚਾਤ੍ਰਿਕ ਦੀਆਂ ਕੁਝ ਸਤਰਾਂ ਯਾਦ ਆ ਸਕਦੀਆਂ ਹਨ।

ਗਾਦੀ ਉੱਤੇ ਬੈਠਾ ਕਿਰਸਾਨ ਗਾਂਵਦਾ,
ਢੋਲੇ ਦੀਆਂ ਲਾਕੇ ਮਨ ਪਰਚਾਂਵਦਾ,
ਜ਼ਿੰਦਗੀ ਹੁਲਾਰੇ ਪਈਓ ਜਿੰਦ ਜਾਨ ਦੀ,
ਕਿੰਨੀ ਚੰਗੀ ਜ਼ਿੰਦਗੀ ਹੈ ਕਿਰਸਾਨ ਦੀ।


ਪਰ ਇਹ ਸਿਰਫ ਕੁਝ ਸੈਕਿੰਡ ਦਾ ਹੁਲਾਰਾ ਹੀ ਜਾਪੇਗਾ।ਫ਼ਿਲਮ ਦਾ ਪਹਿਲਾ ਦ੍ਰਿਸ਼ ਬਹੁਤ ਹੀ ਮਨਮੋਹਨਾ ਤੁਹਾਡੀਆਂ ਅੱਖਾਂ ਸਾਹਮਣੇ ਹੈ।ਪੰਜਾਬ ਦੇ ਅਜਿਹੇ ਮਨਮੋਹਨੇ ਦ੍ਰਿਸ਼ਾਂ ਦੇ ਓਹਲੇ,ਬੰਸਤੀ ਰੰਗਾਂ ਦੇ ਓਹਲੇ ਇੱਕ ਚੁੱਪ ਪਸਰੀ ਹੋਈ ਹੈ।ਇਸ ਚੁੱਪ ਨੂੰ ਅਵਾਜ਼ ਦੀ ਲੋੜ ਹੈ।ਅਜਿਹੀ ਅਵਾਜ਼ ਬਣਨ ਦਾ ਇੱਕ ਹੰਭਲਾ ਹੈ ਮਨਮੀਤ ਸਿੰਘ ਹੁਣਾਂ ਦੀ 'ਸੱਚ ਪ੍ਰੋਡਕਸ਼ਨ' ਵੱਲੋਂ ਬਣਾਈ ਗਈ ਦਸਤਾਵੇਜ਼ੀ ਫ਼ਿਲਮ-ਏ ਲਿਟਲ ਰੇਵੂਲੇਸ਼ਣ,ਇੱਕ ਨਿੱਕੀ ਕ੍ਰਾਂਤੀ।ਜਿਹਨੂੰ ਹਰਪ੍ਰੀਤ ਕੌਰ ਹੁਣਾਂ ਨੇ ਨਿਰਦੇਸ਼ਤ ਕੀਤਾ ਹੈ।


ਇਸ ਫ਼ਿਲਮ ਬਾਰੇ ਗੱਲ ਕਰਦੇ ਹੋਏ ਮੈਂ ਪਹਿਲਾਂ ਇਹ ਜ਼ਰੂਰ ਦੱਸਣਾ ਚਾਹਵਾਂਗਾ ਕਿ ਕਿਸਾਨ ਖੁਦਕੁਸ਼ੀਆਂ 'ਤੇ ਬਣੀ ਇਹ ਫ਼ਿਲਮ ਆਪਣੇ ਪਹਿਲੇ ਫ੍ਰੇਮ ਤੋਂ ਹੀ ਰੰਗਲੇ ਪੰਜਾਬ ਦਾ ਵਹਿਮ ਤੋੜਦੀ ਹੋਈ ਤੁਹਾਨੂੰ ਗ਼ਲਪ ਪ੍ਰਤੀਕ ਦੇ ਦ੍ਰਿਸ਼ ਰਾਂਹੀ ਯਥਾਰਥ ਦੀ ਸਰਜ਼ਮੀਨ 'ਤੇ ਲਿਆ ਖੜ੍ਹਾ ਕਰੇਗੀ।ਸਰੋਂ ਦੇ ਇਹਨਾਂ ਖੇਤਾਂ 'ਚ ਇੱਕ ਨਿੱਕੀ ਜਿਹੀ ਕੁੜੀ ਰੋਟੀ ਵਾਲਾ ਡੱਬਾ ਲਈ ਦੌੜ ਰਹੀ ਹੈ।ਤੁਹਾਡੇ ਮਨਾਂ 'ਚ ਇੱਕ ਘਬਰਾਹਟ ਪਸਰ ਜਾਵੇਗੀ।ਦ੍ਰਿਸ਼ ਥੌੜ੍ਹਾ ਹੋਰ ਫੈਲਦਾ ਹੈ,ਪਤਾ ਲੱਗਦਾ ਹੈ ਕਿ ਉਸ ਕੁੜੀ ਦੇ ਅੱਗੇ ਇੱਕ ਬੰਦਾ ਦੋੜਿਆ ਜਾ ਰਿਹਾ ਹੈ।ਦੂਰ ਤੁਹਾਨੂੰ ਰੇਲਗੱਡੀ ਦੀ ਅਵਾਜ਼ ਸੁਣਾਈ ਦੇਵੇਗੀ।ਬੰਦਾ ਪਟੜੀ ਵੱਲ ਨੂੰ ਦੋੜ ਰਿਹਾ ਹੈ।ਪਿੱਛੇ ਉਹਦੀ ਕੁੜੀ ਰੋਟੀ ਵਾਲਾ ਡੱਬਾ ਚੁੱਕੀ ਦੌੜ ਰਹੀ ਹੈ।ਰੇਲਗੱਡੀ ਨੇੜੇ ਆਉਂਦੀ ਜਾ ਰਹੀ ਹੈ ਤੁਹਾਡੀ ਅੰਦਰਲੀ ਤੜਪ ਵੱਧਦੀ ਜਾ ਰਹੀ ਹੈ ਕਿਉਂ ਕਿ ਵੇਖਣ ਵਾਲੇ ਨੂੰ ਮਹਿਸੂਸ ਹੋ ਗਿਆ ਹੈ ਕਿ ਕੀ ਵਾਪਰਣ ਜਾ ਰਿਹਾ ਹੈ।ਬੰਦਾ ਰੇਲਗੱਡੀ ਦੇ ਸਾਹਮਣੇ ਜਾ ਖੜ੍ਹਾ ਹੁੰਦਾ ਹੈ।ਕੁੜੀ ਦੌੜਦੀ ਜਾ ਰਹੀ ਹੈ ਕਿ ਮੈਂ ਰੋਕ ਲਵਾਂ ਬਾਪੂ ਨੂੰ ਪਰ ਰੇਲਗੱਡੀ ਕਦੋਂ ਦੀ ਲੰਘ ਚੁੱਕੀ ਹੈ ਤੇ ਕੁੜੀ ਦੇ ਹੱਥੋਂ ਡੱਬਾ ਡਿੱਗਦਾ ਹੈ।ਦ੍ਰਿਸ਼ 'ਚ ਸੁੰਨ ਪਸਰਦੀ ਹੈ।ਬੱਸ ਇਹ ਉਹੋ ਸੁੰਨ ਹੈ ਜੋ ਕਿਸੇ ਅਖ਼ਬਾਰਾਂ,ਟੈਲੀਵਿਜ਼ਨ,ਸਰਕਾਰੀ ਅੰਕੜਿਆ 'ਚ ਕਿਸਾਨ ਦੀ ਹੋ ਚੁੱਕੀ ਖੁਦਕੁਸ਼ੀ ਦੀ ਖ਼ਬਰ ਤੋਂ ਬਾਅਦ ਬਿਆਨ-ਏ-ਜ਼ਿਕਰ ਨਹੀਂ ਹੁੰਦੀ।ਉਸ ਡੱਬੇ 'ਚ ਪਈ ਰੋਟੀ ਕਦੋਂ ਦੀ ਬਾਸੀ ਹੋ ਚੁੱਕੀ ਹੈ।ਮਰ ਚੁੱਕੇ ਕਿਸਾਨ ਦੀ ਉਹ ਕੁੜੀ ਅੱਜ ਵੀ ਖੇਤਾਂ 'ਚ ਉਵੇਂ ਹੀ ਖੱੜ੍ਹੀ ਹੈ।ਇਹ ਸਭ ਕੁਝ ਭਾਰਤ 'ਚ ਹਰ 32 ਮਿੰਟ ਬਾਅਦ ਵਾਪਰਦਾ ਹੈ।ਇਹ ਕਿਸਾਨ ਦੀ ਅਜਿਹੀ ਦਸ਼ਾ ਹੈ ਜਿਹਨੂੰ ਮੈਂ ਇੱਕ ਵਾਰ ਆਪਣੀ ਕਵਿਤਾ 'ਚ ਲਿਖਿਆ ਸੀ।


ਹਲਾਤਾਂ ਦੇ ਚਰਖ਼ੇ ਦੁੱਖਾਂ ਨੂੰ ਕੱਤੀਏ,
ਵਾਹਕੇ ਖ਼ੂਨ ਪਸੀਨਾ।
ਸਾਡੇ ਪੱਟਾਂ 'ਤੇ ਮੋਰ ਧੁੰਧਲੇ ਪਏ,
ਉਂਗਲੀਓ ਲਿਹਾ ਨਗੀਨਾ।
ਕੀਤਾ ਵਾਅਦਾ ਜੱਟੀ ਨੂੰ ਭੁੱਲੇ,
ਸਾਡਾ ਕਰਜ਼ੇ ਥੱਲੇ ਸੀਨਾ।
ਗੱਡੀ ਆਵੇ ਸਰਕਾਰੀ ਤਾਂ ਖ਼ਿਦਮਤ ਕਰੀਏ,
ਹਜ਼ੂਰ ਦੇਵੋ ਇੱਕ ਮਹੀਨਾ।
ਮੁਫ਼ਲਿਸੀ ਦੇ ਵਿਹੜੇ ਨਿਤ ਜਨਾਜੇ,
ਬਨੇਰਿਓਂ ਉੱਡਿਆ ਕਬੂਤਰ ਚੀਨਾ।
ਅਖ਼ੀਰ ਲਚਾਰੀਆਂ ਦੀ ਹਾਮੀ ਭਰਦਾ,
ਮੈਂ ਹਾਂ ਇੱਕ ਕਿਸਾਨ,
ਹੁਣ ਸ਼ਾਖ਼ ਦਾ ਟੁੱਟਿਆ ਸੁੱਕਾ ਪੱਤਾ,
ਮੈਂ ਡੀਕ ਕੇ ਮੋਹਰਾ ਪੀਨਾ॥


ਦਸਤਾਵੇਜ਼ੀ ਫ਼ਿਲਮ 'ਚ ਅਜਿਹਾ ਕੁਝ ਸੈਕਿੰਡ ਦਾ ਦ੍ਰਿਸ਼ ਤੁਹਾਨੂੰ ਪੰਜਾਬ ਦੇ ਉਸ ਮਾਹੌਲ ਨਾਲ ਜੋੜਦਾ ਹੋਇਆ ਹਲਾਤਾਂ ਦੀ ਜੱੜ੍ਹ ਤੱਕ ਲੈ ਜਾਵੇਗਾ।ਅਜਿਹੀ ਫ਼ਿਲਮ ਬਾਰੇ ਗੱਲ ਕਰਦੇ ਹੋਏ ਮੈਨੂੰ ਇਹ ਵੀ ਮਹਿਸੂਸ ਹੁੰਦਾ ਹੈ ਕਿ ਭਾਰਤ 'ਚ ਦਸਤਾਵੇਜ਼ੀ ਫ਼ਿਲਮ ਨੂੰ ਇੰਨੇ ਚਾਅ ਨਾਲ ਨਹੀਂ ਵੇਖਿਆ ਜਾਂਦਾ ਅਤੇ ਦਸਤਾਵੇਜ਼ੀ ਫ਼ਿਲਮਾਂ ਦੀ ਪਹੁੰਚ ਅਤੇ ਇਸ ਪ੍ਰਤੀ ਰੁੱਚੀ ਨੂੰ ਹਰ ਗਲੀ ਹਰ ਘਰ ਤੱਕ ਮਕਬੂਲ ਕਰਨ ਦੀ ਸਖਤ ਜ਼ਰੂਰਤ ਹੈ।ਕਿਉਂ ਕਿ ਸਿਨੇਮਾ ਦਾ ਅਜਿਹਾ ਪ੍ਰਭਾਵ ਉਹਨਾਂ ਦਰਸ਼ਕਾਂ ਤੱਕ ਆਪਣਾ ਪੱਖ ਬਹੁਤ ਮਜ਼ਬੂਤੀ ਨਾਲ ਰੱਖਦਾ ਹੈ।ਸਮਾਜ 'ਚ ਸਿਨੇਮਾ ਨਾਲ ਨਵੀਂ ਲਹਿਰ ਪੈਦਾ ਕੀਤੀ ਜਾ ਸਕਦੀ ਹੈ।ਇਸ ਨੂੰ ਫ਼ਿਲਮ ਦੀ ਨਿਰਦੇਸ਼ਕ ਹਰਪ੍ਰੀਤ ਕੌਰ ਦੀ ਕਹੀ ਗੱਲ ਰਾਹੀਂ ਹੀ ਸਮਝਾਉਣਾ ਚਾਹਵਾਂਗਾ।ਉਸ ਮੁਤਾਬਕ ਉਹ ਆਪਣੀ ਦਸਤਾਵੇਜ਼ੀ ਫ਼ਿਲਮ ਰਾਹੀਂ ਸਿਰਫ ਲੋਕਾਂ ਨੂੰ ਹੱਲਾਸ਼ੇਰੀ ਦੇ ਸਕਦੇ ਹਨ।ਹਰਪ੍ਰੀਤ ਕੌਰ ਇਸ ਫ਼ਿਲਮ ਰਾਹੀਂ ਹਿੰਮਤ ਦਾ ਸੰਚਾਰ ਕਰਨਾ ਚਾਹੁੰਦੀ ਹੈ ਕਿ ਉਸ ਮੁਤਾਬਕ ਜਦੋਂ ਲੋਕਾਂ 'ਚ ਹਿੰਮਤ ਆਉਂਦੀ ਹੈ ਤਾਂ ਉਹ ਕੁਝ ਵੀ ਕਰ ਸਕਦੇ ਹਨ।


ਇੱਕ ਨਿੱਕੀ ਕ੍ਰਾਂਤੀ ਸਿਰਫ ਕਿਸਾਨ ਖੁਦਕੁਸ਼ੀਆਂ ਦੀ ਗੱਲ ਨਹੀਂ ਕਰਦੀ।ਕਿਸਾਨ ਖੁਦਕੁਸ਼ੀਆਂ ਦੇ ਅੰਕੜੇ ਤਾਂ ਸਰਕਾਰੀ ਕਾਗਜ਼ਾਂ 'ਚ ਵੀ ਨੱਥੀ ਹਨ।ਜੇ ਸਰਕਾਰ ਨੂੰ ਅਲਮ ਦਾ ਇਲਮ ਨਹੀਂ ਹੈ ਤਾਂ ਇਹ ਸਾਡਾ ਵਹਿਮ ਹੈ।ਉਹ ਸਭ ਕੁਝ ਜਾਣਦੀ ਹੈ।ਜੇ ਉਹ ਵੋਟਾਂ ਲੈਣ ਵਾਲੇ ਵੋਟਰਾਂ ਦੀ ਨਬਜ਼ ਨੂੰ ਚੰਗੀ ਤਰ੍ਹਾਂ ਫੱੜ੍ਹਦੇ ਹਨ ਤਾਂ ਉਹਨਾਂ ਨੂੰ ਕਿਸਾਨ ਖੁਦਕੁਸ਼ੀਆਂ ਦੀਆਂ ਖ਼ਬਰਾਂ ਦੀ ਵੀ ਪਲ ਪਲ ਦੀ ਜਾਣਕਾਰੀ ਹੈ ਬੱਸ ਫਰਕ ਇੰਨਾ ਹੀ ਹੈ ਕਿ ਉਹ ਇਸ ਤਸਵੀਰ ਨੂੰ ਵੇਖਦੇ ਹੋਏ ਵੀ ਅਣਗੋਲਿਆ ਕਰਦੇ ਆ ਰਹੇ ਹਨ।ਇੱਕ ਨਿੱਕੀ ਕ੍ਰਾਂਤੀ ਭੱਵਿਖ ਦੇ ਉਸ ਤਸੱਵਰ ਨੂੰ ਲੱਭ ਰਹੀ ਹੈ ਜਿਸ ਲਈ ਅਸੀ ਆਪਣੇ ਦੇਸ਼ ਦੀ ਨਬਜ਼ ਨੂੰ ਨੌਜਵਾਨਾਂ ਦੇ ਹੱਥਾਂ ਨਾਲ ਲਿਖੀ ਇਬਾਰਤ ਮੰਨਕੇ ਚਲੇ ਆ ਰਹੇ ਹਾਂ।ਇੱਕ ਨਿੱਕੀ ਕ੍ਰਾਂਤੀ 'ਚ ਉਠਾਇਆ ਗਿਆ ਸਵਾਲ ਇਸ ਲਈ ਅਹਿਮ ਹੈ ਕਿ ਕਿਸਾਨ ਖੁਦਕੁਸ਼ੀਆਂ ਨੂੰ ਲੈਕੇ ਫਿਕਰ ਇਹ ਨਹੀਂ ਕਿ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ।ਇਹ ਤਾਂ ਸਾਫ ਹੈ ਕਿ ਜਿਹੜੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਉਹਦਾ ਦਾਣਾ ਪਾਣੀ ਤਾਂ ਇਸ ਸੰਸਾਰ ਤੋਂ ਖਤਮ ਹੋ ਗਿਆ ਫਿਰ ਮਰਿਆ ਦੀ ਗੱਲ ਕਿਉਂ ਕਰਨੀ? ਹਰਪ੍ਰੀਤ ਕੌਰ ਦੀ ਫ਼ਿਲਮ ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਇਹ ਨਜ਼ਰੀਆਂ ਰੱਖਦੀ ਹੈ ਕਿ ਇੱਕ ਕਿਸਾਨ ਦੇ ਮਰਨ ਨਾਲ ਉਹਦੇ ਪਰਵਾਰ ਦੇ ਜੀਅ,ਉਹਨਾਂ ਦੇ ਬੱਚਿਆਂ ਦੀ ਗਿਣਤੀ ਕਰੀਏ ਤਾਂ ਹਲਾਤ ਬਹੁਤ ਹੀ ਸੰਵੇਦਨਸ਼ੀਲ ਬਣ ਜਾਂਦੇ ਹਨ।ਕਿਉਂ ਕਿ ਫ਼ਿਲਮ 'ਚ ਪੇਸ਼ ਕੀਤੇ ਅੰਕੜਿਆ ਮੁਤਾਬਕ 70 ਦੇ ਦਹਾਕੇ ਤੋਂ ਹੁਣ ਤੱਕ ਜਿੰਨੀਆਂ ਖੁਦਕੁਸ਼ੀਆਂ ਹੋਈਆਂ ਹਨ ਉਹਨਾਂ ਖੁਦਕੁਸ਼ੀਆਂ ਪਿੱਛੇ ਕਿੰਨੇ ਪਰਿਵਾਰ ਪ੍ਰਭਾਵਿਤ ਹੋਏ ਹਨ ਜਾਂ ਕਿੰਨੇ ਬੱਚਿਆਂ ਨੂੰ ਆਪਣੇ ਪਿਓ ਦਾ ਆਸਰਾ ਮਿਲਣਾ ਬੰਦ ਹੋ ਗਿਆ ਹੈ ਉਸ ਨਾਲ ਸਿੱਧੇ ਰੂਪ 'ਚ ਹੀ ਦੇਸ਼ ਦੀ ਲੋਕ ਤਾਕਤ ਨੂੰ ਢਾਅ ਲੱਗੀ ਹੈ।


ਹਰਪ੍ਰੀਤ ਕੌਰ ਦੀ ਫ਼ਿਲਮ 'ਇੱਕ ਨਿੱਕੀ ਕ੍ਰਾਂਤੀ' ਦੂਜੀਆ ਦਸਤਾਵੇਜ਼ੀ ਫ਼ਿਲਮਾਂ ਦੀ ਤਰ੍ਹਾਂ ਮਹਿਜ਼ ਅੰਕੜਿਆ ਦੀ ਬਿਆਨਬਾਜ਼ੀ ਨਹੀਂ ਹੈ।ਇਹ ਬੰਦੇ ਦੇ ਅੰਦਰ ਬੰਦਾ ਹੋਣ ਦੇ ਸੰਘਰਸ਼ ਦੀ ਦਾਸਤਾਨ ਦੇ ਰੂਪ 'ਚ ਵਿਚਰਦੀ ਹੈ।ਅਜਿਹੀ ਫ਼ਿਲਮ ਇੱਕ ਸਵਾਲ ਇਹ ਵੀ ਕਰਦੀ ਹੈ ਕਿ ਸਾਡੇ ਸਮਾਜ ਦਾ ਭੱਵਿਖ(ਨੌਜਵਾਨ ਬੱਚੇ) ਕਿਸ ਮੁਹਾਂਦਰੇ 'ਤੇ ਖੜ੍ਹੇ ਹੋਕੇ ਸੁਫ਼ਨੇ ਵੇਖ ਰਹੇ ਹਨ।ਇਸ ਤੋਂ ਵੀ ਖਾਸ ਗੱਲ ਕਿ ਅਸੀ ਇਹਨਾਂ ਬੱਚਿਆਂ ਲਈ ਕੀ ਕਰ ਰਹੇ ਹਾਂ।ਅਜਿਹੇ ਜਜ਼ਬਾਤ ਨੂੰ ਤਸਵੀਰ ਦੇਣ ਦੇ ਯੋਗਦਾਨ ਲਈ ਮੈਂ ਹਰਪ੍ਰੀਤ ਕੌਰ ਅਤੇ ਮਨਮੀਤ ਸਿੰਘ ਹੁਣਾਂ ਨੂੰ ਹਮੇਸ਼ਾ ਸਲਾਮ ਕਰਦਾ ਹਾਂ।ਫ਼ਿਲਮ ਪੰਜਾਬ ਦੇ ਕਿਸਾਨਾਂ ਦੀ ਹਾਲਤ ਨੂੰ ਬਿਆਨ ਕਰਦੀ ਹੋਈ ਸਮੱਸਿਆ ਦੀ ਉਹਨਾਂ ਜੜ੍ਹਾਂ ਨੂੰ ਫਰੋਲਦੀ ਹੈ ਜਿਥੋਂ ਪੰਜਾਬ ਦੀ ਬਰਬਾਦੀ ਦੀ ਕਹਾਣੀ ਸ਼ੁਰੂ ਹੋਈ।60 ਦੇ ਦਹਾਕੇ 'ਚ ਹਰੀ ਕ੍ਰਾਂਤੀ ਦੇ ਮੌਸਮ 'ਚ ਕਿਸਾਨਾਂ ਨੂੰ ਜਿਸ ਢੰਗ ਨਾਲ ਫਰਟੀਲਾਈਜ਼ਰ,ਪੈਸਟੀਸਾਈਡ ਤੇ ਹੋਰ ਜ਼ਹਿਰੀਲੇ ਨਾਸ਼ਕਾਂ ਨਾਲ ਵੱਧਦੀ ਫਸਲ ਦੇ ਸੁਫ਼ਨੇ ਨਾਲ ਸੁਨਹਿਰੇ ਭੱਵਿਖ ਦਾ ਚੋਚਲਾ ਦਿੱਤਾ ਗਿਆ ਉਹ ਭਾਰਤ ਲਈ ਆਰਥਿਕ ਅਤੇ ਸਮਾਜਿਕ ਤ੍ਰਾਸਦੀ ਸਾਬਤ ਹੋਇਆ।ਇਸ ਲਈ ਕੌਮਾਂਤਰੀ ਅਤੇ ਗਲੋਬਲ ਨੀਤੀਆਂ ਦੋਵੇਂ ਹੀ ਜ਼ਿੰਮੇਵਾਰ ਹਨ।ਕਿਉਂ ਕਿ 60 ਦੇ ਦਹਾਕੇ 'ਚ ਇਹ ਸਭ ਕੁਝ ਸ਼ੁਰੂ ਕਰਨ ਦੌਰਾਨ ਵੱਧ ਤੋਂ ਵੱਧ ਸਬਸੀਡੀਆਂ ਦਿੱਤੀਆਂ ਗਈਆਂ।੭੦ ਦੇ ਦਹਾਕੇ ਤੱਕ ਪਹੁੰਚਦੇ ਹੋਏ ਸਬਸੀਡੀਆਂ ਬੰਦ ਕਰ ਦਿੱਤੀਆਂ ਗਈਆਂ ਅਤੇ ਜਿਹੜੇ ਕਿਸਾਨਾਂ ਨੇ ਹਰੀ ਕ੍ਰਾਂਤੀ ਦੇ ਝੰਡੇ ਥੱਲੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਲਈ ਅੱਖਾਂ ਬੰਦ ਕਰ ਆਪਣੀ ਕਿਸਮਤ ਨੂੰ ਸੂਲੀ ਚਾੜ੍ਹ ਦਿੱਤਾ ਉਹਨਾਂ ਦਾ ਕਰਜ਼ੇ ਥੱਲੇ ਆਉਣਾ ਸੁਭਾਵਿਕ ਸੀ।80 ਵਿਆਂ ਤੱਕ ਆਉਂਦੇ ਹੋਏ ਖੁਦਕੁਸ਼ੀਆਂ ਦਾ ਅਜਿਹਾ ਚੱਕਰ ਚੱਲਿਆ ਕਿ ਇਸ ਦੀ ਗ੍ਰਿਫਤ 'ਚ ਕਿਸਾਨ ਅਜੇ ਤੱਕ ਨਹੀਂ ਨਿਕਲ ਸਕਿਆ।ਇਹ ਨੁਕਤਾ ਬਹੁਤ ਹੀ ਗੰਭੀਰ ਹੈ ਕਿ ਕੀ ਆਰਥਿਕ ਆਸਰੇ ਵੱਡੇ ਸਨਅਤੀ ਅਦਾਰਿਆਂ ਲਈ ਹੀ ਰਹਿ ਗਏ ਹਨ ਅਤੇ ਐਗਰੀਕਲਚਰ ਇਕੋਨਮੀ ਦੇ ਪ੍ਰਤੀਕ ਵੱਜੋਂ ਪੇਸ਼ ਕੀਤੇ ਜਾਂਦੇ ਦੇਸ਼ 'ਚ ਦੇਸ਼ ਦੇ ਕਿਸਾਨਾਂ ਲਈ ਹੀ ਕੋਈ ਆਸਰਾ ਨਹੀਂ?

ਕੀ ਮੈਂ ਆਖਾਂ ਤੇ ਕੀ ਮੈਂ ਨਾ ਆਖਾਂ,
ਮਾਰੀ ਮਤ ਕਿਉਂ ਗਈ ਸਰਕਾਰ ਦੀ ਏ।
ਅੰਨ੍ਹੇ ਬੋਲੇ ਤੇ ਬੇਦਿਮਾਗ ਵਾਂਗੂ,
ਪਾਗਲ ਹੋਈ ਨਾ ਕੁਝ ਵਿਚਾਰ ਦੀ ਏ।
ਹਾਏ ਅਫਸੋਸ ਕਿ ਜਿਨ੍ਹਾ ਨੇ ਰਾਜ ਦਿੱਤਾ,
ਵੇਖੋ ਉਹਨਾਂ ਨੂੰ ਹੀ ਮੁੜਕੇ ਮਾਰਦੀ ਏ।
 ਵੱੜਕੇ ਵਾੜ ਨੂੰ ਖਾ ਗਈ ਦੇਸ਼ ਸਾਰਾ,
ਭੁੱਖੀ ਅਜੇ ਵੀ ਦੇਸ਼ ਪਿਆਰ ਦੀ ਏ।


ਤੁਸੀ ਫ਼ਿਲਮ ਵੇਖਦੇ ਹੋਏ ਦਰਦ ਨਾਲ ਜੁੜਾਅ ਕਿੱਥੇ ਕਿੱਥੇ ਵੇਖਦੇ ਹੋ ਇਹ ਤਾਂ ਤੁਹਾਡੇ ਫ਼ਿਲਮ ਵੇਖਣ 'ਤੇ ਹੈ ਪਰ ਮੈਨੂੰ ਫ਼ਿਲਮ ਵਿਚਲੇ ਇੱਕ ਸੀਨ ਨੇ ਝਿੰਝੋੜਕੇ ਰੱਖ ਦਿੱਤਾ।ਪ੍ਰਭਾਵਿਤ ਪਰਿਵਾਰ ਦੇ ਬੱਚੇ ਦੁਕਾਨ 'ਤੇ ਆਪਣੇ ਲਈ ਕੱਪੜੇ ਅਤੇ ਬੂਟ ਖਰੀਦ ਰਹੇ ਹਨ।ਜਸਵੀਰ ਕੌਰ ਨਾਮ ਦੀ ਛੋਟੀ ਬੱਚੀ ਆਪਣੇ ਛੋਟੇ ਭਰਾ ਨੂੰ ਬੂਟ ਪਵਾਕੇ ਜਾਂਚ ਰਹੀ ਹੈ।ਉਹ ਆਪਣੇ ਭਰਾ ਨੂੰ ਇਸ ਦੌਰਾਨ ਝਿੜਕ ਵੀ ਰਹੀ ਹੈ ਅਤੇ ਪਿਆਰ ਵੀ ਕਰ ਰਹੀ ਹੈ ਅਤੇ ਇੱਕ ਜ਼ਿੰਮੇਵਾਰੀ ਭਰਿਆ ਰੱਵਈਆ ਵੀ ਹੈ।ਇਸ ਦ੍ਰਿਸ਼ 'ਚ ਇੱਕ ਹਉਕਾ ਜਿਹਾ ਨਿਕਲਦਾ ਹੈ ਕਿ ਜਿਸ ਉੱਮਰ 'ਚ ਇਹਨਾਂ ਨੰਨ੍ਹੀ ਜਵਾਨੀਆਂ ਨੇ ਬੇਫਿਕਰੀ ਦੇ ਰੰਗ 'ਚ ਸਿਰਫ ਤੇ ਸਿਰਫ ਆਪਣੀ ਖਵਾਇਸ਼ਾਂ ਨੂੰ ਪਰਵਾਜ਼ ਦੇਣਾ ਸੀ ਉਸ ਉੱਮਰ 'ਚ ਉਹਨਾਂ 'ਤੇ ਕੁਝ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਮੰਨੋ ਕਿ ਉਹ ਕੋਈ ਛੋਟੀ ਉੱਮਰ ਦੇ ਬੱਚੇ ਨਾ ਹੋਣ ਸਗੋਂ ਘਰ ਦੇ ਮੁੱਖੀਆ ਹੋਣ।ਇਸ ਤੋਂ ਵੱਡੀ ਤ੍ਰਾਸਦੀ ਇਹਨਾਂ ਬੱਚੀਆਂ ਲਈ ਕੀ ਹੋ ਸਕਦੀ ਹੈ।ਜਦੋਂ ਹਲਾਤ ਬੱਚੇ ਨੂੰ ਵਕਤ ਤੋਂ ਪਹਿਲਾਂ ਬਚਪਨ ਛੱਡਣ ਨੂੰ ਮਜਬੂਰ ਕਰਦੇ ਹੋਏ ਉਹਨਾਂ ਨੂੰ ਵੱਡਾ ਕਰਦੇ ਹਨ ਤਾਂ ਕਿਸੇ ਰਾਸ਼ਟਰ ਲਈ ਇਹ ਸਭ ਤੋਂ ਵੱਡੀ ਸ਼ਰਮਾਨਕ ਗੱਲ ਹੁੰਦੀ ਹੈ।


ਇਸ ਫ਼ਿਲਮ 'ਚ ਮਹਿਜ ਇੱਕ ਦਾਸਤਾਨ ਨਹੀਂ ਉਹਨਾਂ ਦਾਸਤਾਨਾਂ ਨਾਲ ਚਲਦੀਆਂ ਹਜ਼ਾਰਾਂ ਕਹਾਣੀਆਂ ਵੀ ਤੁਸੀ ਵੇਖੋਗੇ ਜੋ ਸਮਾਜ ਦੇ ਹਾਸ਼ੀਏ 'ਤੇ ਧਕੇਲੀਆਂ ਗਈਆਂ ਹਨ।ਇਹ ਸਾਨੂੰ ਫ਼ਿਲਮ ਵੇਖਦੇ ਹੋਏ ਅਹਿਸਾਸ ਹੋਵੇਗਾ ਕਿ ਕਿਸਾਨੀ ਹਲਾਤਾਂ ਦੀ ਵਿੱਥਿਆ ਕਹਿੰਦੇ ਹੋਏ ਸਾਰੀਆਂ ਜ਼ਿੰਦਗਾਨੀਆਂ ਦੇ ਅੰਦਰ ਕਈ ਸੁਫ਼ਨੇ ਦਫ਼ਨ ਹਨ ਅਤੇ ਹਲਾਤਾਂ ਅੱਗੇ ਬੇਬੱਸ ਉਹਨਾਂ ਦੇ ਸਾਰੇ ਸੁਫ਼ਨੇ ਮਰਦੇ ਜਾ ਰਹੇ ਹਨ।ਸੁਫ਼ਨਾ ਮਹਿਜ ਦੋ ਵਕਤ ਦੀ ਰੋਟੀ ਦਾ ਨਸੀਬ ਹੋਣਾ ਹੀ ਕਾਫੀ ਨਹੀਂ ਹੁੰਦਾ।ਸੱਧਰਾਂ ਦੇ ਕਾਫਲੇ ਇਸ ਤੋਂ ਵੀ ਵੱਡੇ ਹਨ ਅਤੇ ਇਹਨਾਂ ਕਿਸਾਨ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਪੂਰਾ ਹੱਕ ਹੈ ਕਿ ਉਹਨਾਂ ਦੇ ਇਹ ਸੁਫ਼ਨੇ ਪੂਰੇ ਹੋਣ।ਇਸ ਫ਼ਿਲਮ 'ਚ ਹੀ ਗੁਰਦਾਸ ਮਾਨ ਵੱਲੋਂ ਕਹੀ ਗੱਲ ਕਾਫੀ ਮਾਇਨੇ ਰੱਖਦੀ ਹੈ ਜਦੋਂ ਮੈਂ ਮਹਿਸੂਸ ਕਰਦਾ ਹਾਂ ਕਿ ਇੱਕ ਬਚਪਨ ਦਾ ਅਧਾਰ ਕਿਹੜੀਆਂ ਗੱਲਾਂ ਨਾਲ ਤੈਅ ਹੋਣਾ ਚਾਹੀਦਾ ਹੈ। ਛੂ ਲੇਣੇ ਦੋ ਇਨ ਨੰਨ੍ਹੇ ਹਾਥੋਂ ਕੋ ਚਾਂਦ ਸਿਤਾਰੇ, ਵਰਨਾ ਦੋ ਚਾਰ ਕਿਤਾਬੇਂ ਪੱੜ੍ਹਕਰ ਹਮ ਜੈਸੇ ਹੋ ਜਾਏਂਗੇ।


ਇਹ ਫ਼ਿਲਮ ਬੇਸ਼ੱਕ ਸੰਤਾਪ ਨੂੰ ਬਿਆਨ ਕਰਦੀ ਹੈ ਪਰ ਇਹ ਉਮੀਦ ਦੀ ਚਿਣਗ ਜਗਾਉਂਦੀ ਸਾਰਥਕਤਾ ਵੱਲ ਨੂੰ ਹੀ ਵੱਧਦੀ ਹੈ।ਕਿਉਂ ਕਿ ਹਾਸ਼ੀਆਗ੍ਰਸਤ ਲੋਕਾਂ ਅੰਦਰ ਹੱਕਾਂ ਲਈ ਅਡੋਲਤਾ ਉਮੀਦ,ਵਿਸ਼ਵਾਸ ਅਤੇ ਹੌਂਸਲੇ ਦੇ ਸਰੋਤ ਚੋਂ ਹੀ ਪੈਦਾ ਹੋਵੇਗੀ।ਪ੍ਰਧਾਨਮੰਤਰੀ ਵੱਲੋਂ ਕੁਪੋਸ਼ਨ ਨੂੰ ਦੇਸ਼ ਲਈ ਸ਼ਰਮਨਾਕ ਐਲਾਨਣਾ,ਮੋਟੇਂਕ ਸਿੰਘ ਆਹਲੂਵਾਲੀਆਂ ਵੱਲੋਂ ਇਹ ਮੰਨਣਾ ਕੇ ਜਿਸ ਕੋਲ ਘੱਟੋ ਘੱਟ 30 ਰੁਪਏ ਹਨ ਉਹ ਗਰੀਬ ਨਹੀਂ ਹੈ।ਵਿਦਰਭ ਦੇ ਕਿਸਾਨ,ਬਸਤਰ ਦਾ ਮਾਓਵਾਦ,ਪੰਜਾਬ ਦੀ ਕਿਸਾਨੀ,ਉੜੀਸਾ 'ਚ ਵਿਲਕਦੇ ਗਰੀਬ ਕਿਸਾਨ ਇਹ ਸਾਰੀਆਂ ਗੱਲਾਂ ਸਵਾਲ ਖੜ੍ਹਾ ਕਰਦੀਆਂ ਹਨ ਕਿ ਵਿਕਾਸ ਕਿਸ ਚਿੜੀ ਦਾ ਨਾਮ ਹੈ।


ਫ਼ਿਲਮ ਦੇ ਅਖੀਰ 'ਚ ਜੋ ਵੇਖਣ 'ਚ ਆਉਂਦਾ ਹੈ ਕਿ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਕੋਲ ਇੰਨ੍ਹਾ ਬੱਚਿਆਂ ਦੇ ਵਫ਼ਦ ਦੀ ਗੱਲ ਸੁਨਣ ਦਾ ਸਮਾਂ ਹੀ ਨਹੀਂ ਹੈ।ਜਦੋਂ ਕੋਈ ਮੰਤਰੀ ਲੋਕਤੰਤਰਿਕ ਦੇਸ਼ 'ਚ ਲੋਕਾਂ ਨੂੰ ਮਿਲਣ ਦਾ ਸਮਾਂ ਨਹੀਂ ਕੱਢ ਰਿਹਾ ਅਤੇ ਉਹਨਾਂ ਦੀ ਗੱਲ ਸੁਨਣ ਦਾ ਉਸ ਕੋਲ ਸਮਾਂ ਹੀ ਨਹੀਂ ਹੈ ਤਾਂ ਇਹ ਲੋਕਤੰਤਰ ਦਾ ਕਤਲ ਹੀ ਹੈ।ਜਿਹੜੇ ਲੋਕਾਂ ਦੀ ਮਦਦ ਨਾਲ ਅਜਿਹੇ ਆਗੂ ਸਿਆਸਤ ਦੇ ਗਲਿਆਰਿਆਂ 'ਚ ਟਹਿਲਦੇ ਹਨ।ਉਹ ਮੰਤਰੀ ਕੀ ਮਹਿਜ਼ ਆਈ.ਪੀ.ਐੱਲ. ਦੀਆਂ ਪਾਰਟੀਆਂ 'ਚ ਸ਼ਿਰਕਤ ਕਰਦੇ ਹੋਏ ਲਾਲ ਇੱਟਾਂ ਦੇ ਸਰਕਾਰੀ ਬੰਗਲਿਆਂ ਨੂੰ ਲੈਣ ਦੇ ਮਨਸੂਬੇ ਤੱਕ ਹੀ ਸੀਮਤ ਹਨ ਜਾਂ ਉਹ ਦੇਸ਼ ਦੀ ਫ਼ਿਕਰ ਕਰ ਰਹੇ ਹਨ?ਇਹ ਨਜ਼ਾਰਾ ਵੇਖਦੇ ਹੋਏ ਇੰਝ ਮਹਿਸੂਸ ਹੁੰਦਾ ਹੈ ਕਿ ਉਹਨਾਂ ਨੂੰ ਆਮ ਲੋਕਾਂ ਦੀ ਕੋਈ ਫ਼ਿਕਰ ਨਹੀਂ ਹੈ।


ਸ਼ਰਦ ਪਵਾਰ ਜੀ ਜਦੋਂ ਬੱਚਿਆ ਦਾ ਵਫ਼ਦ ਜਾਂ ਹੋਰ ਲੋਕ ਆਪਣੇ ਬਹੁਤ ਕੀਮਤੀ ਸਮੇਂ ਚੋਂ ਸਮਾਂ ਕੱਢਕੇ ਤੁਹਾਡੇ ਕੋਲ ਦਿੱਲੀ ਆਉਂਦੇ ਹਨ ਤਾਂ ਉਹਦਾ ਕੋਈ ਅਰਥ ਹੈ।ਦੇਸ਼ ਦੇ ਲੋਕਾਂ ਦੇ ਸਮੇਂ ਦੀ ਕਦਰ ਕੀਤੀ ਜਾਵੇ।ਆਖਰ ਜੇ ਤੁਸੀ ਸਾਡੇ ਘਰਾਂ ਤੱਕ ਪਹੁੰਚ ਕਰੋ ਤਾਂ ਸਾਨੂੰ ਦਿੱਲੀ ਆਉਣ ਦੀ ਜ਼ਰੂਰਤ ਹੀ ਨਾ ਪਵੇ।


ਜ਼ਰੂਰਤ ਹੈ ਕਿ ਇਹ ਫ਼ਿਲਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ।ਇੱਕ ਨਿੱਕੀ ਕ੍ਰਾਂਤੀ ਹੁਣ ਤੱਕ ਬਹੁਤ ਸਾਰੇ ਫ਼ਿਲਮ ਮੇਲਿਆਂ 'ਚ ਸ਼ਿਰਕਤ ਕਰ ਚੁੱਕੀ ਹੈ।ਜਿੰਨ੍ਹਾ ਚੋਂ ਵੂਮੈਨ ਇੰਟਰਨੈਸ਼ਨਲ ਫ਼ਿਲਮ ਐਂਡ ਆਰਟਸ ਫੈਸਟੀਵਲ,ਇੰਡੀਅਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ,ਇੰਟਰਨੈਸ਼ਨਲ ਸਰਜ ਫ਼ਿਲਮ ਫੈਸਟੀਵਲ,ਰੀਅਲ ਸਿਸਟਰ ਆਫ ਡਾਇਸਪੋਰਾ ਫ਼ਿਲਮ ਫੈਸਟੀਵਲ,ਛਾਗ੍ਰਿਨ ਡਾਕੁਮੈਂਟਰੀ ਫ਼ਿਲਮ ਫੈਸਟੀਵਲ ਅਤੇ ਟੋਰਾਂਟੋ ਪੰਜਾਬੀ ਫ਼ਿਲਮ ਫੈਸਟੀਵਲ 'ਚ ਸ਼ਿਰਕਤ ਕਰ ਚੁੱਕੀ ਹੈ।ਯੂਨਾਈਟਡ ਨੇਸ਼ਨ ਗਲੋਬਲ ਵੇਕਅਪ ਫ਼ਿਲਮ ਫੈਸਟੀਵਲ 'ਚ ਇਸ ਫ਼ਿਲਮ ਨੂੰ ਸਰਵੋਤਮ ਡਾਕੂਮੈਂਟਰੀ ਦਾ ਪੁਰਸਕਾਰ ਵੀ ਮਿਲਿਆ ਹੈ।


ਇੱਕ ਨਿੱਕੀ ਕ੍ਰਾਂਤੀ ਇੱਕ ਸਵਾਲ ਵੀ ਹੈ ਅਤੇ ਨਾਲੋਂ ਨਾਲ ਜਵਾਬ ਵੀ ਹੈ।ਸਵਾਲ ਜਵਾਬ ਦੀ ਇਸ ਸਾਂਝ 'ਚ ਸਿਆਸੀ ਗਲਿਆਰਿਆਂ ਨੂੰ ਜਾਗਣ ਦੀ ਜ਼ਰੂਰਤ ਹੈ ਅਤੇ ਆਮ ਲੋਕਾਂ ਨੂੰ ਹੱਕਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋਣ ਦੀ ਜ਼ਰੂਰਤ ਹੈ।ਅਖੀਰ 'ਚ ਉੱਮਰ ਤੋਂ ਪਹਿਲਾਂ ਜ਼ਿੰਮੇਵਾਰੀਆਂ ਦੇ ਬੋਝ ਨਾਲ ਵੱਡੇ ਹੋਏ ਬੱਚਿਆਂ ਲਈ ਮੈਂ ਇਹੋ ਚਾਹਵਾਂਗਾ ਕਿ ਉਹਨਾਂ ਦੇ ਸੁਫ਼ਨਿਆਂ ਨੂੰ ਪਰਵਾਜ਼ ਮਿਲੇ।


ਲੇਖਕ ਹਰਪ੍ਰੀਤ ਸਿੰਘ ਕਾਹਲੋਂ ਨੌਜਵਾਨ ਫਿਲਮ ਅਲੋਚਕ ਹੈ ਤੇ ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।ਮੌਬ-94641-41678

Sunday, June 3, 2012

ਪੱਤਰਕਾਰੀ, ਯੁੱਧ, ਮੁੱਲ ਦੀਆਂ ਖ਼ਬਰਾਂ ਅਤੇ ਖ਼ਾਮੋਸ਼ੀ

ਆਸਟ੍ਰੇਲੀਆਈ ਪੱਤਰਕਾਰ ਜੌਹਨ ਰਿਚਰਡ ਪਿਲਜਰ (ਜਨਮ 9 ਅਕਤੂਬਰ 1939) ਆਜ਼ਾਦ ਪੱਤਰਕਾਰੀ ਖੇਤਰ ਦੀ ਵਿਸ਼ਵ ਪ੍ਰਸਿੱਧ ਸ਼ਖਸੀਅਤ ਹੈ। ਉਨ੍ਹਾਂ ਨੇ ਮਨੁੱਖਤਾ ਉੱਪਰ ਥੋਪੀਆਂ ਨਹੱਕੀਆਂ ਜੰਗਾਂ ਬਾਰੇ ਲਿਖਤੀ ਰਿਪੋਰਟਿੰਗ ਰਾਹੀਂ ਅਤੇ 50 ਤੋਂ ਵੱਧ ਡਾਕੂਮੈਂਟਰੀ ਫਿਲਮਾਂ ਬਣਾਕੇ ਆਲਮੀ ਸਰਮਾਏਦਾਰੀ ਦਾ ਕਮਾਲ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਨੇ ਪਿੱਛੇ ਜਹੇ ਸ਼ਿਕਾਗੋ 'ਚ ਮੁੱਖਧਾਰਾ ਮੀਡੀਆ ਦੀ ਭੂਮਿਕਾ ਬਾਰੇ ਇਕ ਜ਼ਬਰਦਸਤ ਤਕਰੀਰ ਕੀਤੀ ਸੀ। ਇਸ ਵਿਚ ਮੀਡੀਆ ਦੀ ਭੂਮਿਕਾ ਦੀਆਂ ਗੁੱਝੀਆਂ ਪਰਤਾਂ ਫਰੋਲਦਿਆਂ ਉਨ੍ਹਾਂ ਨੇ ਤੱਥਾਂ ਸਹਿਤ ਸਪਸ਼ਟ ਕੀਤਾ ਕਿ ਮੀਡੀਆ ਸਾਡੀ ਜ਼ਿੰਦਗੀ ਦੀ ਦਿਸ਼ਾ ਨੂੰ ਕਿੰਨਾ ਡੂੰਘੇ ਰੂਪ 'ਚ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੀਡੀਆ ਦਾ ਪ੍ਰਚਾਰ ਇਕ ਅਦਿੱਖ ਸੱਤਾ ਦੀ ਨੁਮਾਇੰਦਗੀ ਕਰਦਾ ਹੈ। ਇਹ ਤਕਰੀਰ ਸਾਨੂੰ ਇਹ ਸਮਝਣ 'ਚ ਵੀ ਸਹਾਇਤਾ ਕਰਦੀ ਹੈ ਕਿ ਲੋਕ ਪੱਖੀ ਤਾਕਤਾਂ ਵਲੋਂ ਮੀਡੀਆ ਦੇ ਪ੍ਰਚਾਰ ਯੁੱਧ ਦਾ ਵਿਰੋਧ ਕਿੰਨਾ ਅਧੂਰਾ ਅਤੇ ਨਾਕਾਫ਼ੀ ਹੈ।-ਬੂਟਾ ਸਿੰਘ

ਇਸ ਗੱਲਬਾਤ ਦਾ ਸਿਰਲੇਖ ‏ਹੈ ਆਜ਼ਾਦੀ, ਜੋ ਕਿ ਮੇਰੀ ਅਗਲੀ ਕਿਤਾਬ ਦਾ ਸਿਰਲੇਖ ਵੀ ‏ਹੈ। ਅਤੇ ਇਹ ਕਿਤਾਬ ਪੱਤਰਕਾਰੀ ਦਾ ਭੇਖ ਧਾਰਕੇ ਚਲਾਈ ਜਾਂਦੀ ਕੂੜ-ਪ੍ਰਚਾਰ ਦੀ ਮੁਹਿੰਮ ਭਾਵ ਪ੍ਰਚਾਰ ਦੀ ਅਸਲੀਅਤ ਅਤੇ ਇਸ ਨੂੰ ਨੱਥ ਪਾਉਣ ਬਾਰੇ ਹੈ। ਇਸ ਲਈ ਮੈਂ ਸੋਚਿਆ ਕਿ ਮੈਂ ਪੱਤਰਕਾਰੀ ਬਾਰੇ, ਪੱਤਰਕਾਰੀ ਵਲੋਂ ਯੁੱਧ ਬਾਰੇ, ਪ੍ਰਚਾਰ ਅਤੇ ਖ਼ਾਮੋਸ਼ੀ ਅਤੇ ਇਸ ਖ਼ਾਮੋਸ਼ੀ ਨੂੰ ਤੋੜਨ ਬਾਰੇ ਗੱਲ ਕਰਾਂਗਾ। ਲੋਕ-ਸੰਪਰਕ ਦੇ ਅਖੌਤੀ ਪਿਤਾਮਾ ਐਡਵਰਡ ਬਰਨਜ਼ ਨੇ ਇਕ ਅਦਿੱਖ ਹਕੂਮਤ ਬਾਰੇ ਲਿਖਿਆ ਹੈ ਜੋ ਸਾਡੇ ਮੁਲਕ 'ਚ ਰਾਜ ਕਰਨ ਵਾਲੀ ਅਸਲੀ ਸੱਤਾ ਹੁੰਦੀ ਹੈ। ਉਹ ਪੱਤਰਕਾਰੀ, ਮੀਡੀਆ ਨੂੰ ਮੁਖ਼ਾਤਬ ਹੋ ਰਹੇ ਸਨ। ਇਹ ਕਰੀਬ ਅੱਸੀ ਵਰੇ• ਪਹਿਲਾਂ ਦੀ ਗੱਲ ਹੈ, ਜਦੋਂ ਕਾਰਪੋਰੇਟ ਪੱਤਰਕਾਰੀ ਦੀ ਖੋਜ ਹੋਈ ਨੂੰ ਹਾਲੇ ਲੰਮਾ ਸਮਾਂ ਨਹੀਂ ਸੀ ਹੋਇਆ। ਇਹ ਇਕ ਇਤਿਹਾਸ ਹੈ ਜਿਸ ਬਾਰੇ ਕੁਝ ਪੱਤਰਕਾਰ ਦੱਸਦੇ ਹਨ ਜਾਂ ਜਾਣਦੇ ਹਨ ਅਤੇ ਇਸ ਦਾ ਆਗਾਜ਼ ਕਾਰਪੋਰੇਟ ਇਸ਼ਤਿਹਾਰਬਾਜ਼ੀ ਦੀ ਕਾਢ ਨਾਲ ਹੋਇਆ। ਜਦੋਂ ਕੁਝ ਕਾਰਪੋਰੇਸ਼ਨਾਂ ਨੇ ਪ੍ਰੈੱਸ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਜਿਸ ਨੂੰ ਕੁਝ ਲੋਕ 'ਪੇਸ਼ੇਵਰ ਪੱਤਰਕਾਰੀ'' ਕਹਿੰਦੇ ਹਨ, ਉਸਦੀ ਖੋਜ ਹੋਈ। ਵੱਡੀ ਇਸ਼ਤਿਹਾਰਬਾਜ਼ੀ ਕਰਨ ਵਾਲਿਆਂ ਨੂੰ ਖਿੱਚਣ ਲਈ ਨਵੇਂ ਕਾਰਪੋਰੇਟ ਪ੍ਰੈੱਸ ਲਈ ਖ਼ੁਦ ਨੂੰ ਸਰਵ-ਪ੍ਰਵਾਨਤ, ਸਥਾਪਤ ਸੱਤਾ ਦਾ ਥੰਮ-ਵਾਸਤਵਿਕ, ਨਿਰਪੱਖ ਅਤੇ ਸੰਤੁਲਿਤ-ਦਿਖਾਈ ਦੇਣਾ ਜ਼ਰੂਰੀ ਸੀ। ਪੱਤਰਕਾਰੀ ਦਾ ਪਹਿਲਾ ਸਕੂਲ ਖੋਹਲਿਆ ਗਿਆ ਅਤੇ ਪੇਸ਼ੇਵਰ ਪੱਤਰਕਾਰਾਂ ਨੂੰ ਫ਼ਰਾਖ਼ਦਿਲ ਨਿਰਪੱਖਤਾ ਦੀ ਘੁੱਟੀ ਪਿਆਈ ਜਾਣ ਲੱਗੀ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਨੂੰ ਨਵੇਂ ਮੀਡੀਆ ਅਤੇ ਵੱਡੀਆਂ ਕਾਰਪੋਰੇਸ਼ਨਾਂ ਨਾਲ ਨੱਥੀ ਕਰ ਦਿੱਤਾ ਗਿਆ ਅਤੇ ਇਹ ਸਭ, ਜਿਵੇਂ ਕਿ ਰਾਬਰਟ ਮੈਕਚੇਸਨੀ ਨੇ ਕਿਹਾ ਹੈ, ''ਸਭ ਬਕਵਾਸ ਹੈ''।

ਜਨਤਾ ਜੋ ਨਹੀਂ ਸੀ ਜਾਣਦੀ ਉਹ ਇਹ ਹੈ ਕਿ ਪੇਸ਼ੇਵਰ ਹੋਣ ਲਈ ਪੱਤਰਕਾਰਾਂ ਨੂੰ ਇਹ ਭਰੋਸਾ ਦਿਵਾਉਣਾ ਪੈਂਦਾ ਹੈ ਕਿ ਜੋ ਖ਼ਬਰਾਂ ਅਤੇ ਵਿਚਾਰ ਉਹ ਦੇਣਗੇ ਉਹ ਅਧਿਕਾਰਤ ਸਰੋਤਾਂ ਤੋਂ ਹੀ ਸੰਚਾਲਤ ਅਤੇ ਨਿਰਦੇਸ਼ਤ ਹੋਣਗੇ ਅਤੇ ਇਹ ਅੱਜ ਵੀ ਨਹੀਂ ਬਦਲਿਆ। ਤੁਸੀਂ ਕਿਸੇ ਵੀ ਤਾਰੀਕ ਦਾ ਨਿਊਯਾਰਕ ਟਾਈਮਜ਼ ਚੁੱਕ ਲਓ ਅਤੇ ਸਿਆਸੀ ਖ਼ਬਰਾਂ-ਬਦੇਸ਼ੀ ਅਤੇ ਘਰੇਲੂ-ਦੋਵਾਂ ਦੇ ਸਰੋਤਾਂ ਦੀ ਘੋਖ ਕਰੋ, ਤੁਸੀਂ ਦੇਖੋਗੇ ਕਿ ਉਨ੍ਹਾਂ ਵਿਚ ਸਰਕਾਰਾਂ ਅਤੇ ਹੋਰ ਸਥਾਪਤ ਹਿੱਤ ਹੀ ਭਾਰੂ ਹਨ। ਪੇਸ਼ੇਵਰ ਪੱਤਰਕਾਰੀ ਦਾ ਸਾਰ-ਤੱਤ ਇਹੀ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਆਜ਼ਾਦ ਪੱਤਰਕਾਰੀ ਇਸ ਤੋਂ ਕੋਈ ਅਲੱਗ ਸੀ ਜਾਂ ਇਸ ਨੂੰ ਛੱਡ ਦਿੱਤਾ ਗਿਆ ਪਰ ਫਿਰ ਵੀ ਇਹ ਇਸ ਤੋਂ ਬਿਹਤਰ ਅੱਪਵਾਦ ਸੀ। ਇਰਾਕ ਉੱਪਰ ਹਮਲੇ 'ਚ ਜੂਡਿਥ ਮਿਲਰ ਨੇ ਜੋ ਭੂਮਿਕਾ ਨਿਭਾਈ ਜ਼ਰਾ ਉਸ ਬਾਰੇ ਸੋਚੋ। ਉਸਦੇ ਕੰਮ ਦਾ ਭਾਂਡਾ ਭੱਜਿਆ ਜ਼ਰੂਰ ਪਰ ਇਹ ਮਹਿਜ਼ ਕੂੜ ਪ੍ਰਚਾਰ ਅਧਾਰਤ ਹਮਲੇ ਨੂੰ ਹੱਲਾਸ਼ੇਰੀ ਦੇਣ 'ਚ ਜ਼ਬਰਦਸਤ ਭੂਮਿਕਾ ਨਿਭਾਉਣ ਤੋਂ ਬਾਦ ਹੀ ਸੰਭਵ ਹੋ ਸਕਿਆ। ਫਿਰ ਵੀ ਮਿਲਰ ਵਲੋਂ ਅਧਿਕਾਰਤ ਸ੍ਰੋਤਾਂ ਅਤੇ ਸੌੜੇ ਸਵਾਰਥਾਂ ਦੀ ਰੱਟ ਲਾਉਣਾ ਨਿਊਯਾਰਕ ਟਾਈਮਜ਼ ਦੇ ਕਈ ਮਸ਼ਹੂਰ ਰਿਪੋਰਟਰਾਂ, ਜਿਵੇਂ ਨਾਮਵਰ ਰਿਪੋਰਟਰ ਡਬਲਯੂ ਐੱਚ ਲਾਰੰਸ ਜਿਸਨੇ ਅਗਸਤ 1945 'ਚ ਹੀਰੋਸ਼ੀਮਾ ਉੱਪਰ ਸੁੱਟੇ ਪ੍ਰਮਾਣੂ ਬੰਬਾਂ ਦੇ ਅਸਲ ਪ੍ਰਭਾਵਾਂ ਨੂੰ ਕਵਰ ਕਰਨ 'ਚ ਮਦਦ ਕੀਤੀ ਸੀ, ਤੋਂ ਕੋਈ ਵੱਖਰੀ ਗੱਲ ਨਹੀਂ ਸੀ। ਇਸ ਰਿਪੋਰਟ ਦਾ ਸਿਰਲੇਖ ਸੀ ''ਹੀਰੋਸ਼ੀਮਾ ਦੀ ਤਬਾਹੀ ਦੌਰਾਨ ਰੇਡੀਓ ਐਕਟੀਵਿਟੀ ਨਹੀ ਹੋਈਂ' ਅਤੇ ਇਹ ਕੋਰੀ ਗੱਪ ਸੀ।

ਜ਼ਰਾ ਗ਼ੌਰ ਕਰੋ ਕਿ ਇਸ ਅਦਿੱਖ ਸਰਕਾਰ ਦੀ ਤਾਕਤ ਕਿਵੇਂ ਵਧਦੀ ਗਈ। 1983 'ਚ ਪ੍ਰਮੁੱਖ ਆਲਮੀ ਮੀਡੀਆ ਦੀਆਂ ਮਾਲਕ 50 ਕਾਰਪੋਰੇਸ਼ਨਾਂ ਸਨ ਜਿਨ•ਾਂ ਵਿਚ ਜ਼ਿਆਦਾਤਰ ਅਮਰੀਕੀ ਸਨ। 2002 'ਚ ਕਾਰਪੋਰੇਸ਼ਨਾਂ ਘਟਕੇ ਨੌ ਰਹਿ ਗਈਆਂ। ਅੱਜ ਤਕਰੀਬਨ ਪੰਜ ਹੀ ਹਨ। ਰੂਪਰਟ ਮਡਰੋਕ (ਮਡਰੋਕ ਦਾ ਨਿਊਜ਼ ਕਾਰਪ ਮੀਡੀਆ ਅਮਰੀਕਾ ਦੀਆਂ 175 ਅਖ਼ਬਾਰਾਂ, ਫਾਕਸ ਟੀਵੀ ਨੈੱਟਵਰਕ, ਬਹੁਤ ਸਾਰੇ ਸੈਟੇਲਾਈਟ ਚੈਨਲ ਨੈੱਟਵਰਕ, 21ਵੀਂ ਸਦੀ ਫਿਲਮ ਸਟੂਡੀਓ, ਹਾਰਪਰ ਕਾਲਿਨਜ਼ ਪ੍ਰਕਾਸ਼ਨ ਸਮੇਤ ਵਿਆਪਕ ਮੀਡੀਆ ਸਲਤਨਤ ਦਾ ਮਾਲਕ ਹੈ-ਅਨੁਵਾਦਕ) ਦਾ ਅੰਦਾਜ਼ਾ ਹੈ ਕਿ ਅਗਲੇ ਕੁਝ ਵਰਿਆਂ 'ਚ ਸਿਰਫ਼ ਤਿੰਨ ਮੀਡੀਆ ਖਿਡਾਰੀ ਹੀ ਬਾਕੀ ਰਹਿ ਜਾਣਗੇ ਅਤੇ ਉਸਦੀ ਕੰਪਨੀ ਉਨ੍ਹਾਂ ਵਿਚੋਂ ਇਕ ਹੋਵੇਗੀ। ਸੱਤਾ ਦਾ ਇਹ ਕੇਂਦਰੀਕਰਨ ਸੰਯੁਕਤ ਰਾਜ 'ਚ ਸ਼ਾਇਦ ਉਸ ਤਰ•ਾਂ ਨਹੀਂ ਹੈ। ਬੀ ਬੀ ਸੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਪ੍ਰਸਾਰਣ ਨੂੰ ਅਮਰੀਕਾ ਤੱਕ ਫੈਲਾ ਰਹੀ ਹੈ ਕਿਉਂਕਿ ਉਸਦਾ ਮੰਨਣਾ ਹੈ ਕਿ ਅਮਰੀਕਣ ਮੌਲਿਕ, ਅਸਲੀਅਤ ਅਧਾਰਤ ਅਤੇ ਨਿਰਪੱਖ ਪੱਤਰਕਾਰੀ ਚਾਹੁੰਦੇ ਹਨ ਜਿਸ ਲਈ ਬੀ ਬੀ ਸੀ ਮਸ਼ਹੂਰ ਹੈ। ਉਨ੍ਹਾਂ ਨੇ ਬੀ ਬੀ ਸੀ ਅਮਰੀਕਾ ਸ਼ੁਰੂ ਕੀਤਾ ਹੈ। ਤੁਸੀਂ ਇਸ਼ਤਿਹਾਰਬਾਜ਼ੀ ਦੇਖੀ ਹੀ ਹੋਵੇਗੀ।

ਬੀ ਬੀ ਸੀ 1922 'ਚ, ਅਮਰੀਕਾ 'ਚ ਕਾਰਪੋਰੇਟ ਪੈੱਸ ਦਾ ਮੁੱਢ ਬੱਝਣ ਤੋਂ ਥੋੜ•ਾ ਸਮਾਂ ਪਹਿਲਾਂ ਸ਼ੁਰੂ ਹੋਇਆ। ਇਸਦੇ ਬਾਨੀ ਜੌਹਨ ਰੀਥ ਸਨ ਜਿਸ ਦਾ ਮੰਨਣਾ ਸੀ ਕਿ ਨਿਰਪੱਖਤਾ ਅਤੇ ਅਸਲੀਅਤ ਪੇਸ਼ੇਵਰ ਹੋਣ ਦਾ ਮੂਲ ਸਾਰ-ਤੱਤ ਹੈ। ਉਸੇ ਵਰ•ੇ ਬਰਤਾਨਵੀ ਹਕੂਮਤ ਨੂੰ ਘੇਰ ਲਿਆ ਗਿਆ ਸੀ। ਮਜ਼ਦੂਰ ਜਥੇਬੰਦੀਆਂ ਨੇ ਆਮ ਹੜਤਾਲ ਦਾ ਸੱਦਾ ਦਿੱਤਾ ਸੀ ਅਤੇ ਟੋਰੀਆਂ ਨੂੰ ਇਨਕਲਾਬ ਦਾ ਡਰ ਪੈ ਗਿਆ ਸੀ। ਓਦੋਂ ਨਵੀਂ-ਨਵੀਂ ਬੀ ਬੀ ਸੀ ਉਨ੍ਹਾਂ ਦੇ ਬਚਾਅ ਲਈ ਬਹੁੜੀ। ਪੂਰੀ ਤਰ•ਾਂ ਗੁਪਤ ਰਹਿਕੇ ਲਾਰਡ ਰੀਥ ਨੇ ਟੋਰੀ ਪ੍ਰਧਾਨ ਮੰਤਰੀ ਸਟੈਨਲੇ ਵਾਲਡਵਿਨ ਲਈ ਯੂਨੀਅਨ ਵਿਰੋਧੀ ਤਕਰੀਰਾਂ ਲਿਖੀਆਂ ਅਤੇ ਜਦੋਂ ਤਕ ਹੜਤਾਲ ਖ਼ਤਮ ਨਹੀਂ ਹੋ ਗਈ, ਮਜ਼ਦੂਰ ਆਗੂਆਂ ਨੂੰ ਆਪਣਾ ਪੱਖ ਰੱਖਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਦੇ ਹੋਏ ਇਹ ਤਕਰੀਰਾਂ ਕੌਮ ਦੇ ਨਾਂ ਪ੍ਰਸਾਰਤ ਕੀਤੀਆਂ ਜਾਂਦੀਆਂ ਰਹੀਆਂ। ਇੰਞ ਇਕ ਪੂਰਨਾ ਪਾ ਦਿੱਤਾ ਗਿਆ। ਨਿਰਪੱਖਤਾ ਯਕੀਨਨ ਹੀ ਇਕ ਅਸੂਲ ਸੀ: ਇਕ ਅਜਿਹਾ ਸਿਧਾਂਤ ਜਿਸ ਨੂੰ ਸਥਾਪਤ ਸੱਤਾ ਲਈ ਖ਼ਤਰਾ ਮਹਿਸੂਸ ਹੁੰਦੇ ਸਾਰ ਬਰਖ਼ਾਸਤ ਕਰ ਦਿੱਤਾ ਗਿਆ। ਅਤੇ ਓਦੋਂ ਤੋਂ ਹੀ ਇਸ ਸਿਧਾਂਤ ਦਾ ਪੱਲਾ ਘੁੱਟਕੇ ਫੜਿਆ ਹੋਇਆ ਹੈ।

ਇਰਾਕ ਉੱਪਰ ਹਮਲੇ ਦੀ ਮਿਸਾਲ ਲੈ ਲਓ। ਬੀ ਬੀ ਸੀ ਦੀ ਰਿਪੋਰਟਿੰਗ ਬਾਰੇ ਦੋ ਅਧਿਐਨ ਹੋਏ ਹਨ। ਇਕ ਅਧਿਐਨ ਦਿਖਾਉਂਦਾ ਹੈ ਕਿ ਬੀ ਬੀ ਸੀ ਨੇ ਇਰਾਕ ਜੰਗ ਦੀ ਕਵਰੇਜ਼ ਕਰਦੇ ਸਮੇਂ ਜਮਹੂਰੀ ਵਿਰੋਧ ਨੂੰ ਮਹਿਜ਼ ਦੋ ਫ਼ੀ ਸਦੀ ਥਾਂ ਹੀ ਦਿੱਤੀ। ਇਹ ਏ ਬੀ ਸੀ, ਐੱਨ ਬੀ ਸੀ ਅਤੇ ਸੀ ਬੀ ਐੱਸ ਦੀ ਜੰਗ ਵਿਰੋਧੀ ਕਵਰੇਜ਼ ਨਾਲੋਂ ਵੀ ਘੱਟ ਸੀ। ਵੇਲਜ਼ ਯੂਨੀਵਰਸਿਟੀ ਵਲੋਂ ਕੀਤਾ ਦੂਜਾ ਅਧਿਐਨ ਦਿਖਾਉਂਦਾ ਹੈ ਕਿ ਹਮਲੇ ਦਾ ਮਾਹੌਲ ਤਿਆਰ ਕਰਨ 'ਚ, ਬੀ ਬੀ ਸੀ ਵਲੋਂ ਜਨਤਕ ਤਬਾਹੀ ਦੇ ਹਥਿਆਰਾਂ ਦੇ 90 ਫ਼ੀ ਸਦੀ ਹਵਾਲਿਆਂ 'ਚ ਇਹੀ ਦਰਸਾਇਆ ਗਿਆ ਕਿ ਸੱਦਾਮ ਕੋਲ ਸੱਚਮੁੱਚ ਅਜਿਹੇ ਹਥਿਆਰ ਹਨ ਅਤੇ ਇਸ ਦਾ ਸਪਸ਼ਟ ਸੰਕੇਤ ਸੀ ਕਿ ਬੁਸ਼ ਅਤੇ ਬਲੇਅਰ ਠੀਕ ਸਨ। ਅੱਜ ਅਸੀਂ ਜਾਣਦੇ ਹਾਂ ਕਿ ਬਰਤਾਨਵੀ ਖੁਫ਼ੀਆ ਏਜੰਸੀ ਐੱਮ-ਆਈ 6 ਨੇ ਬੀ ਬੀ ਸੀ ਅਤੇ ਹੋਰ ਬਰਤਾਨਵੀ ਮੀਡੀਏ ਨੂੰ ਵਰਤਿਆ। ਐੱਮ ਆਈ-6 ਦੇ ਏਜੰਟਾਂ ਵਲੋਂ ਘੜੀਆਂ ਕਹਾਣੀਆਂ ਨੂੰ ਓਪਰੇਸ਼ਨ ਮਾਸ ਅਪੀਲ ਦਾ ਨਾਂ ਦਿੱਤਾ ਗਿਆ ਸੀ, ਇਨ•ਾਂ ਵਿਚ ਦਰਸਾਇਆ ਗਿਆ ਸੀ ਕਿ ਸੱਦਾਮ ਦੇ ਮਹਿਲਾਂ ਅਤੇ ਉਸਦੇ ਗੁਪਤ ਭੋਰਿਆਂ 'ਚ ਤਬਾਹੀ ਦੇ ਹਥਿਆਰ ਛੁਪਾਏ ਹੋਏ ਹਨ। ਇਹ ਸਭ ਝੂਠੀਆਂ ਕਹਾਣੀਆਂ ਸਨ। ਪਰ ਮੁੱਦਾ ਇਹ ਨਹੀਂ ਹੈ। ਸਗੋਂ ਇਹ ਹੈ ਕਿ ਐੱਮ ਆਈ-6 ਦੀ ਕੋਈ ਤੁੱਕ ਨਹੀਂ ਸੀ ਰਹਿ ਗਈ ਕਿਉਂਕਿ ਪੇਸ਼ੇਵਾਰ ਪੱਤਰਕਾਰੀ ਨੇ ਵੀ ਤਾਂ ਇਹੀ ਸਿੱਟਾ ਕੱਢਿਆ ਸੀ।

ਜ਼ਰਾ ਹਮਲੇ ਤੋਂ ਤੁਰੰਤ ਬਾਦ, ਵਾਸ਼ਿੰਗਟਨ ਸਥਿਤ ਬੀ ਬੀ ਸੀ ਦੇ ਨੁਮਾਇੰਦੇ ਮੈਟ ਫਰੇ ਦੀ ਸੁਣੋ। ਉਸ ਨੇ ਯੂ ਕੇ ਅਤੇ ਕੁਲ ਆਲਮ ਦੇ ਦਰਸ਼ਕਾਂ ਨੂੰ ਦੱਸਿਆ, ''ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਦਾ ਮਕਸਦ ਬਾਕੀ ਦੁਨੀਆ 'ਚ ਚੰਗੀਆਂ, ਅਮਰੀਕੀ ਕਦਰਾਂ-ਕੀਮਤਾਂ ਪਹੁੰਚਾਉਣਾ ਹੈ, ਤੇ ਖ਼ਾਸ ਕਰਕੇ ਇਸ ਵਕਤ ਮੱਧ ਪੂਰਬ ਵਿਚ ਅਮਰੀਕੀ ਫ਼ੌਜੀ ਤਾਕਤ ਦੀ ਇਹ ਉਚੇਚੀ ਖ਼ਾਹਸ਼ ਹੈ।'' 2005 'ਚ, ਇਸੇ ਰਿਪੋਰਟਰ ਨੇ ਹਮਲੇ ਦੇ ਘਾੜੇ ਪਾਲ ਵੌਫੋਵਿਜ਼ ਦੀਆਂ ਸਿਫ਼ਤਾਂ ਦੇ ਪੁੱਲ ਬੰਨਦਿਆਂ ਕਿਹਾ ਕਿ ਇਹ ਅਜਿਹਾ ਬੰਦਾ ਹੈ‏ ਜਿਸ ਨੂੰ ''ਜਮਹੂਰੀਅਤ ਅਤੇ ਬਿਨਆਦੀ ਵਿਕਾਸ ਦੀ ਤਾਕਤ 'ਚ ਲੋਹੜੇ ਦਾ ਭਰੋਸਾ ਹੈ।'' ਇਹ ਸੰਸਾਰ ਬੈਂਕ 'ਚ ਵਾਪਰੀ ਨਿੱਕੀ ਜਹੀ ਘਟਨਾ ਤੋਂ ਪਹਿਲਾਂ ਦੀ ਗੱਲ ਹੈ।ਇਸ ਵਿਚ ਕੁਝ ਵੀ ਅਸਧਾਰਨ ਨਹੀਂ ਹੈ। ਬੀ ਬੀ ਸੀ ਦੀਆਂ ਖ਼ਬਰਾਂ ਅਕਸਰ ਹੀ ਹਮਲੇ ਨੂੰ ਗ਼ਲਤ ਗਿਣਤੀ-ਮਿਣਤੀ 'ਚੋਂ ਹੋਇਆ ਦੱਸਦੀਆਂ ਹਨ। ਨਜਾਇਜ਼, ਬਿਨਾ ਭੜਕਾਹਟ, ਝੂਠ 'ਤੇ ਅਧਾਰਤ ਹਮਲਾ ਨਹੀਂ, ਸਗੋਂ ਗ਼ਲਤ ਗਿਣਤੀ-ਮਿਣਤੀ ਦਾ ਸਿੱਟਾ!

ਬੀ ਬੀ ਸੀ ਦੀਆਂ ਖ਼ਬਰਾਂ ਵਿਚ ਦੋ ਸ਼ਬਦ 'ਭੁੱਲ' ਅਤੇ ਮੂਰਖ਼ਤਾਪੂਰਨ ਗ਼ਲਤੀ' ਆਮ ਹੀ ਵਰਤੇ ਜਾਂਦੇ ਹਨ। ਉਹ ਵੀ 'ਅਸਫ਼ਲ' ਦੇ ਨਾਲ ਜੋ ਘੱਟੋ-ਘੱਟ ਇਹ ਦਿਖਾਉਂਦਾ‏ ਹੈ ਕਿ ਜੇ ਸੁਰੱਖਿਆ ਤੋਂ ਵਾਂਝੇ ਇਰਾਕ ਉੱਪਰ ਜਾਣ-ਬੁੱਝਕੇ, ਗਿਣ-ਮਿਥਕੇ, ਬਿਨਾ ਭੜਕਾਹਟ ਦੇ ਕੀਤਾ ਨਜਾਇਜ਼ ਹਮਲਾ ਕਾਮਯਾਬ ਹੋ ਜਾਂਦਾ ਤਾਂ ਇਹ ਬਿਲਕੁਲ ਸਹੀ ਹੁੰਦਾ। ਜਦੋਂ ਵੀ ਇਹ ਸ਼ਬਦ ਮੇਰੇ ਕੰਨੀਂ ਪੈਂਦੇ ਹਨ ਤਾਂ ਐਡਵਰਡ ਹਰਮਨ ਦਾ ਸ਼ਾਨਦਾਰ ਲੇਖ ਚੇਤੇ ਆ ਜਾਂਦਾ ਹੈ ਜੋ ਨਾ ਸੋਚੇ ਜਾ ਸਕਣ ਵਾਲੇ ਨੂੰ ਵੀ ਆਮ ਬਣਾ ਦੇਣ ਬਾਰੇ ਹੈ। ਜਿਸ ਦੇ ਲਈ ਮੀਡੀਆ ਘਸੀਆਂ-ਪਿਟੀਆਂ ਗੱਲਾਂ ਵਰਤੋਂ 'ਚ ਲਿਆਉਂਦਾ ਹੈ ਅਤੇ ਸੋਚੀ ਨਾ ਜਾ ਸਕਣ ਵਾਲੀ ਗੱਲ ਨੂੰ ਆਮ ਬਣਾਉਣ ਦਾ ਕੰਮ ਕਰਦਾ ਹੈ। ਯੁੱਧ ਦੀ ਤਬਾਹੀ, ਵਿਸ਼ਾਲ ਆਬਾਦੀ ਦਾ ਸੰਤਾਪ,ਹਮਲੇ 'ਚ ਅਪਾਹਜ ਹੋਏ ਬੱਚੇ ਉਹ ਸਭ ਕੁਝ ਜੋ ਮੈਂ ਦੇਖਿਆ ਹੋਇਆ ਹੈ।

ਠੰਡੀ ਜੰਗ ਦੌਰਾਨ ਰੂਸੀ ਪੱਤਰਕਾਰਾਂ ਦੀ ਅਮਰੀਕਾ ਫੇਰੀ ਬਾਰੇ ਮੇਰੀ ਇਕ ਪਸੰਦੀਦਾ ਰਿਪੋਰਟ ਹੈ। ਫੇਰੀ ਦੇ ਆਖ਼ਰੀ ਦਿਨ ਇਨ•ਾਂ ਪੱਤਰਕਾਰਾਂ ਦੀ ਪ੍ਰਾਹੁਣਾਚਾਰੀ ਕਰਨ ਵਾਲਿਆਂ ਨੇ ਸ਼ੇਖੀ ਮਾਰਦਿਆਂ ਉਨ•ਾਂ ਤੋਂ ਕੁਝ ਪ੍ਰਭਾਵ ਜਾਨਣੇ ਚਾਹੇ। ਜਵਾਬ 'ਚ ਉਨ੍ਹਾਂ ਦੇ ਬੁਲਾਰੇ ਨੇ ਕਿਹਾ, ''ਮੈਂ ਤੁਹਾਨੂੰ ਦੱਸਦਾ ਹਾਂ ਕਿ ਸਾਰੇ ਅਖ਼ਬਾਰਾਂ ਨੂੰ ਪੜ•ਕੇ ਅਤੇ ਨਿੱਤ ਟੈਲੀਵਿਜ਼ਨ ਦੇਖਦੇ ਹੋਏ ਸਾਨੂੰ ਇਹ ਜਾਣਕੇ ਹੈਰਾਨੀ ਹੋਈ ਕਿ ਸਾਰੇ ਵੱਡੇ ਮੁੱਦਿਆਂ ਉੱਪਰ ਲਗਭਗ ਸਾਰਿਆਂ ਦੀ ਰਾਇ ਇਕੋ ਜਹੀ ਹੈ। ਆਪਣੇ ਮੁਲਕ 'ਚ ਇਹ ਖ਼ਬਰਾਂ ਹਾਸਲ ਕਰਨ ਲਈ ਅਸੀਂ ਗੁਲਾਗਾਂ (ਰੂਸ ਵਿਚ ਸਿਆਸੀ ਵਿਰੋਧੀਆਂ ਲਈ ਜਬਰੀ ਮੁਸ਼ੱਕਤ ਕੈਂਪ) 'ਚ ਪੱਤਰਕਾਰ ਭੇਜਦੇ ਹਾਂ। ਅਸੀਂ ਉਨ੍ਹਾਂ ਦੀਆਂ ਉਂਗਲੀਆਂ ਦੇ ਨਹੁੰਆਂ ਤੱਕ ਦੀ ਜਾਂਚ ਕਰਦੇ ਹਾਂ। ਇਥੇ ਤੁਹਾਨੂੰ ਉਹ ਕੁਝ ਨਹੀਂ ਕਰਨਾ ਪੈਂਦਾ। ਇਸ ਦਾ ਰਾਜ਼ ਕੀ ਹੈ?''ਰਾਜ਼ ਕੀ ਹੈ? ਇਹ ਸਵਾਲ ਅਕਸਰ ਹੀ ਨਿਊਜ਼ ਰੂਮਾਂ, ਮੀਡੀਆ ਕਾਲਜਾਂ, ਪੱਤਰਕਾਰੀ ਦੇ ਰਸਾਲਿਆਂ 'ਚ ਪੁੱਛਿਆ ਜਾਂਦਾ ਹੈ। ਅਤੇ ਇਸ ਸਵਾਲ ਦਾ ਜਵਾਬ ਦਹਿ ਲੱਖਾਂ ਲੋਕਾਂ ਦੀ ਜ਼ਿੰਦਗੀ ਲਈ ਬੇਹੱਦ ਅਹਿਮ ਹੁੰਦਾ ਹੈ। ਪਿਛਲੇ ਸਾਲ 24 ਅਗਸਤ ਨੂੰ ਨਿਊਯਾਰਕ ਟਾਈਮਜ਼ ਨੇ ਆਪਣੇ ਸੰਪਾਦਕੀ 'ਚ ਐਲਾਨ ਕੀਤਾ ਕਿ ''ਅੱਜ ਅਸੀਂ ਜੋ ਜਾਣਦੇ ਹਾਂ ਜੇ ਪਹਿਲਾਂ ਜਾਣਦੇ ਹੁੰਦੇ ਤਾਂ ਵਿਆਪਕ ਜਨਤਕ ਵਿਰੋਧ ਨਾਲ ਇਰਾਕ ਉੱਪਰ ਹਮਲੇ ਨੂੰ ਠੱਲ ਦਿੰਦੇ।'' ਇਸ ਪ੍ਰਸੰਗ 'ਚ ਇਸ ਹੈਰਾਨੀਜਨਕ ਇਕਬਾਲ ਦਾ ਕਹਿਣਾ ਇਹ ਸੀ ਕਿ ਪੱਤਰਕਾਰਾਂ ਨੇ ਆਪਣਾ ਕੰਮ ਨਾ ਕਰਕੇ, ਬੁਸ਼ ਅਤੇ ਉਸਦੇ ਗ੍ਰੋਹ ਦੇ ਝੂਠ ਨੂੰ ਕਿਸੇ ਹੱਦ ਤੱਕ ਚੁਣੌਤੀ ਦੇਣ ਅਤੇ ਉਸ ਦਾ ਭਾਂਡਾ ਭੰਨਣ ਦੀ ਥਾਂ ਉਸ ਨੂੰ ਸਵੀਕਾਰ ਕਰਕੇ, ਇਸ ਨੂੰ ਪ੍ਰਸਾਰਤ ਕਰਦੇ ਹੋਏ ਅਤੇ ਉਸ ਦੀ ਹਾਂ 'ਚ ਹਾਂ ਮਿਲਾਕੇ ਜਨਤਾ ਨਾਲ ਗ਼ਦਾਰੀ ਕੀਤੀ ਹੈ। ਟਾਈਮਜ਼ ਨੇ ਜੋ ਨਹੀਂ ਕਿਹਾ ਉਹ ਇਹ ਹੈ ਕਿ ਉਸਦੇ ਕੋਲ ਹੀ ਉਹ ਅਖ਼ਬਾਰ ਹੈ ਅਤੇ ਬਾਕੀ ਦੇ ਮੀਡੀਆ ਨੇ ਜੇ ਝੂਠ ਨੂੰ ਨੰਗਾ ਕੀਤਾ ਹੁੰਦਾ ਤਾਂ ਅੱਜ ਲੱਖਾਂ ਲੋਕ ਜ਼ਿੰਦਾ ਹੁੰਦੇ। ਹੁਣ ਸਥਾਪਤੀ ਦੇ ਕਈ ਸੀਨੀਅਰ ਪੱਤਰਕਾਰਾਂ ਦਾ ਵੀ ਇਹੀ ਮੰਨਣਾ ਹੈ। ਇਨ•ਾਂ ਵਿਚੋਂ ਕੁਝ, ਇਸ ਬਾਰੇ ਉਹ ਮੈਨੂੰ ਕਹਿੰਦੇ ਹਨ, ਮਹਿਜ਼ ਕੁਝ ਕੁ ਹੀ ਜਨਤਕ ਤੌਰ 'ਤੇ ਕੁਝ ਬੋਲ ਸਕਣਗੇ। ਵਿਅੰਗ ਦੀ ਗੱਲ ਇਹ ਹੈ ਕਿ ਜਦੋਂ ਮੈਂ ਸਰਵਸੱਤਾਵਾਦੀ ਸਮਾਜਾਂ ਦੀ ਰਿਪੋਰਟਿੰਗ ਕੀਤੀ ਓਦੋਂ ਹੀ ਮੇਰੇ ਇਹ ਸਮਝ ਪੈਣਾ ਸ਼ੁਰੂ ਹੋਇਆ ਕਿ ਅਖੌਤੀ ਆਜ਼ਾਦ ਸਮਾਜਾਂ ਵਿਚ ਸੈਂਸਰਸ਼ਿੱਪ ਕਿਵੇਂ ਕੰਮ ਕਰਦੀ ਹੈ। 1970 ਦੇ ਦਹਾਕੇ 'ਚ ਮੈਂ ਚੈਕੋਸਲੋਵੈਕੀਆ ਉੱਪਰ ਗੁਪਤ ਢੰਗ ਨਾਲ ਫਿਲਮ ਬਣਾ ਰਿਹਾ ਸੀ, ਓਦੋਂ ਉੱਥੇ ਸਤਾਲਿਨਵਾਦੀ ਤਾਨਾਸ਼ਾਹੀ ਸੀ। ਮੈਂ ਵਿਰੋਧੀ ਵਿਚਾਰਾਂ ਵਾਲੇ ਗਰੁੱਪ ਚਾਰਟਰ 77 ਨਾਲ ਮੁਲਾਕਾਤ ਕੀਤੀ ਜਿਸ ਵਿਚ ਨਾਵਲਕਾਰ ਜ਼ਦੇਨਰ ਉਰਬਨੇਕ ਵੀ ਸੀ। ਉਨ•ਾਂ ਨੇ ਮੈਨੂੰ ਦੱਸਿਆ ਕਿ ''ਇਕ ਪ੍ਰਸੰਗ 'ਚ, ਤਾਨਾਸ਼ਾਹੀ ਵਿਚ ਵੀ ਅਸੀਂ, ਅੱਜ ਪੱਛਮੀ ਲੋਕਾਂ ਨਾਲੋਂ ਵੱਧ ਸੁਭਾਗੇ ਹਾਂ। ਅਸੀਂ ਅਖ਼ਬਾਰਾਂ ਵਿਚ ਜੋ ਕੁਝ ਵੀ ਪੜਦੇ ਹਾਂ ਅਤੇ ਟੈਲੀਵਿਜ਼ਨ ਉੱਪਰ ਜੋ ਕੁਝ ਵੀ ਦੇਖਦੇ ਹਾਂ ਉਸ ਵਿਚੋਂ ਕਿਸੇ ਉੱਪਰ ਵੀ ਯਕੀਨ ਨਹੀਂ ਕਰਦੇ, ਕਿਉਂਕਿ ਅਸੀਂ ਪ੍ਰਚਾਰ ਦੇ ਪਿਛੇ ਛੁਪੇ ਨੂੰ ਦੇਖਣਾ ਅਤੇ ਸਤਰਾਂ ਦਰਮਿਆਨ ਦੇ ਅਰਥਾਂ ਨੂੰ ਪੜ•ਨਾ ਸਿਖ ਲਿਆ ਹੈ। ਅਤੇ ਤੁਹਾਡੇ ਵਾਂਗ ਹੀ ਅਸੀਂ ਇਹ ਜਾਣਦੇ ਹਾਂ ਕਿ ਅਸਲ ਸੱਚ ਹਮੇਸ਼ਾ ਦਬਾ ਦਿੱਤਾ ਜਾਂਦਾ ਹੈ।

'' ਵੰਦਨਾ ਸ਼ਿਵਾ ਇਸ ਨੂੰ 'ਦੋਮ ਗਿਆਨ' ਕਹਿੰਦੀ ਹੈ। ਮਹਾਨ ਆਇਰਿਸ਼ ਕਾਰੀਗਰ ਕਲਾਡ ਕਾਕਬਰਨ ਠੀਕ ਹੀ ਕਹਿੰਦੇ ਹਨ ਜਦੋਂ ਉਹ ਲਿਖਦੇ ਹਨ ਕਿ ''ਜਦੋਂ ਤੱਕ ਅਧਿਕਾਰਤ ਤੌਰ 'ਤੇ ਇਨਕਾਰ ਨਹੀਂ ਕੀਤਾ ਜਾਂਦਾ ਓਦੋਂ ਤੱਕ ਕਿਸੇ 'ਚ ਚੀਜ਼ 'ਚ ਯਕੀਨ ਨਾ ਕਰੋ''।

ਇਕ ਬਹੁਤ ਪੁਰਾਣੀ ਕਹਾਵਤ ਹੈ ਕਿ ਯੁੱਧ ਵਿਚ 'ਸੱਚ' ਸਭ ਤੋਂ ਪਹਿਲਾਂ ਨਿਸ਼ਾਨਾ ਬਣਦਾ ਹੈ। ਨਹੀਂ ਇੰਞ ਨਹੀਂ ਹੈ। ਪੱਤਰਕਾਰੀ ਸਭ ਤੋਂ ਪਹਿਲਾਂ ਨਿਸ਼ਾਨਾ ਬਣਦੀ ਹੈ। ਜਦੋਂ ਵੀਅਤਨਾਮ ਯੁੱਧ ਖ਼ਤਮ ਹੋ ਗਿਆ ਤਾਂ 'ਐਨਕਾਊਂਟਰ' ਰਸਾਲੇ ਨੇ ਯੁੱਧ ਦੀਆਂ ਖ਼ਬਰਾਂ ਦੇਣ ਵਾਲੇ ਪ੍ਰਸਿੱਧ ਪੱਤਰਕਾਰ ਰਾਬਰਟ ਐਲਗੈਂਟ ਦਾ ਇਕ ਲੇਖ ਛਾਪਿਆ ਸੀ। ਉਸ ਨੇ ਲਿਖਿਆ, ''ਆਧੁਨਿਕ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਯੁੱਧ ਦੇ ਨਤੀਜੇ ਦਾ ਫ਼ੈਸਲਾ ਮੈਦਾਨੇ-ਜੰਗ ਵਿਚ ਨਹੀਂ ਸਗੋਂ ਛਪੇ ਹੋਏ ਪੰਨਿਆਂ, ਅਤੇ ਸਭ ਤੋਂ ਵੱਧ ਟੈਲੀਵਿਜ਼ਨ ਦੇ ਪਰਦੇ ਉੱਪਰ ਹੋਇਆ''। ਉਸਨੇ ਯੁੱਧ 'ਚ ਹਾਰ ਲਈ ਉਨ੍ਹਾਂ ਪੱਤਰਕਾਰਾਂ ਨੂੰ ਕਸੂਰਵਾਰ ਠਹਿਰਾਇਆ ਜਿਨ•ਾਂ ਨੇ ਆਪਣੀ ਰਿਪੋਰਟਿੰਗ 'ਚ ਯੁੱਧ ਦਾ ਵਿਰੋਧ ਕੀਤਾ ਸੀ। ਰਾਬਰਟ ਐਲਗੈਂਟ ਦਾ ਨਜ਼ਰੀਆ ਵਾਸ਼ਿੰਗਟਨ ਲਈ 'ਮਹਾ ਗਿਆਨ ਦੀ ਪ੍ਰਾਪਤੀ' ਸੀ ਅਤੇ ਹਾਲੇ ਵੀ ਹੈ। ਇਰਾਕ ਵਿਚ, ਪੈਂਟਾਗਾਨ ਨੇ ਖ਼ਾਸ ਪੱਤਰਕਾਰਾਂ ਨੂੰ ਨਾਲ ਰੱਖਣ ਦੀ ਕਾਢ ਕੱਢ ਲਈ ਕਿਉਂਕਿ ਉਸਦਾ ਮੰਨਣਾ ਸੀ ਕਿ ਵੀਅਤਨਾਮ 'ਚ ਉਸ ਦੀ ਹਾਰ ਨੁਕਤਾਚੀਨੀ ਵਾਲੀ ਰਿਪੋਰਟਿੰਗ ਦੀ ਵਜਾ• ਨਾਲ ਹੋਈ ਸੀ।

ਸੱਚ ਬਿਲਕੁਲ ਉਲਟ ਸੀ। ਸੈਗਾਨ 'ਚ, ਨੌਜਵਾਨ ਰਿਪੋਰਟਰ ਵਜੋਂ ਪਹਿਲੇ ਦਿਨ ਹੀ ਮੈਨੂੰ ਪ੍ਰਮੁੱਖ ਅਖ਼ਬਾਰਾਂ ਅਤੇ ਟੈਲੀਵਿਜ਼ਨ ਕੰਪਨੀਆਂ ਦੇ ਬਿਓਰੋ 'ਚ ਮੈਨੂੰ ਸੱਦ ਲਿਆ ਗਿਆ। ਉੱਥੇ ਮੈਂ ਦੇਖਿਆ ਕਿ ਕੰਧ ਉੱਪਰ ਬੋਰਡ ਟੰਗੇ ਹੋਏ ਸਨ ਜਿਨ•ਾਂ ਉੱਪਰ ਕੁਝ ਭਿਆਨਕ ਤਸਵੀਰਾਂ ਲਗਾਈਆਂ ਹੋਈਆਂ ਸਨ। ਇਨ•ਾਂ ਵਿਚੋਂ ਜ਼ਿਆਦਾਤਰ ਵੀਅਤਨਾਮੀਆਂ ਦੇ ਸਰੀਰ ਸਨ ਅਤੇ ਕੁਝ ਵਿਚ ਅਮਰੀਕੀ ਫ਼ੌਜੀ ਕਿਸੇ ਦੇ ਪਤਾਲੂ ਜਾਂ ਕੰਨ ਵੱਢ ਰਹੇ ਸਨ। ਇਕ ਦਫ਼ਤਰ ਵਿਚ ਇਕ ਆਦਮੀ ਦੀ ਤਸਵੀਰ ਸੀ ਜਿਸ ਨੂੰ ਤਸੀਹੇ ਦਿੱਤੇ ਜਾ ਰਹੇ ਸਨ। ਤਸੀਹੇ ਦੇਣ ਵਾਲੇ ਦੇ ਸਿਰ ਉੱਪਰ ਗ਼ੁਬਾਰਾਨੁਮਾ ਡੱਬੀ 'ਚ ਲਿਖਿਆ ਸੀ ''ਇਹ ਤੁਹਾਨੂੰ ਪ੍ਰੈੱਸ ਨਾਲ ਗੱਲ ਕਰਨ ਦੀ ਤਮੀਜ਼ ਸਿਖਾਏਗਾ''। ਇਨ•ਾਂ ਵਿਚੋਂ ਇਕ ਵੀ ਤਸਵੀਰ ਕਦੇ ਨਹੀਂ ਛਪੀ। ਮੈਂ ਪੁੱਛਿਆ ਕਿਓਂ? ਮੈਨੂੰ ਦੱਸਿਆ ਗਿਆ ਕਿ ਲੋਕ ਇਸ ਨੂੰ ਕਦਾਚਿਤ ਪ੍ਰਵਾਨ ਨਹੀਂ ਕਰਨਗੇ। ਅਤੇ ਇਨ•ਾਂ ਨੂੰ ਛਾਪਣਾ ਵਾਸਤਵਿਕ ਜਾਂ ਨਿਰਪੱਖ ਨਹੀਂ ਹੋਵੇਗਾ। ਪਹਿਲਾਂ ਤਾਂ ਮੈਂ ਇਹ ਸਤੱਹੀ ਦਲੀਲ ਮੰਨ ਲਈ। ਮੇਰਾ ਖ਼ੁਦ ਦਾ ਪਾਲਣ-ਪੋਸ਼ਣ ਵੀ ਜਰਮਨੀ ਅਤੇ ਜਪਾਨ ਵਿਰੁੱਧ ਚੰਗੇ ਯੁੱਧ ਦੀਆਂ ਐਸੀਆਂ ਕਹਾਣੀਆਂ ਦਰਮਿਆਨ ਹੋਇਆ ਸੀ, ਕਿ ਇਕ ਨੈਤਿਕ ਇਸ਼ਨਾਨ ਨਾਲ ਐਂਗਲੋ-ਅਮਰੀਕੀ ਦੁਨੀਆ ਸਾਰੇ ਪਾਪਾਂ ਤੋਂ ਮੁਕਤ ਹੋ ਗਈ ਸੀ। ਪਰ ਜਦੋਂ ਵੀਅਤਨਾਮ ਵਿਚ ਮੈਂ ਲੰਮਾ ਪੜਾਅ ਕੀਤਾ ਤਾਂ ਮੈਂ ਮਹਿਸੂਸ ਕੀਤਾ ਕਿ ਸਾਡੇ ਜ਼ੁਲਮ ਕੋਈ ਵੱਖਰੇ ਨਹੀਂ ਸਨ, ਇਹ ਕੋਈ ਸਹੀ ਰਾਹ ਤੋਂ ਭਟਕਣ ਨਹੀਂ ਸਨ ਸਗੋਂ ਯੁੱਧ ਆਪਣੇ ਆਪ 'ਚ ਹੀ ਇਕ ਜ਼ੁਲਮ ਸੀ। ਇਹ ਇਕ ਵੱਡੀ ਸਟੋਰੀ ਸੀ, ਪਰ ਇਹ ਸ਼ਾਇਦ ਹੀ ਕਦੇ ਖ਼ਬਰ ਬਣੀ। ਹਾਲਾਂਕਿ ਫ਼ੌਜ ਦੀ ਰਣਨੀਤੀ ਅਤੇ ਉਸਦੇ ਪ੍ਰਭਾਵਾਂ ਬਾਰੇ ਕੁਝ ਵਧੀਆ ਪੱਤਰਕਾਰਾਂ ਨੇ ਸਵਾਲ ਕੀਤਾ ਸੀ। ਪਰ 'ਹਮਲਾ' ਸ਼ਬਦ ਕਦੇ ਵੀ ਇਸਤੇਮਾਲ ਨਹੀਂ ਕੀਤਾ ਗਿਆ। ਸਗੋਂ ਸੁਖਦ ਸ਼ਬਦ 'ਸ਼ਾਮਲ ਹੋਣਾ' ਵਰਤਿਆ ਗਿਆ। ਅਮਰੀਕਾ ਵੀਅਤਨਾਮ ਵਿਚ ਫਸਿਆ ਹੋਇਆ ਸੀ। ਆਪਣੇ ਉਦੇਸ਼ਾਂ ਬਾਰੇ ਸਪਸ਼ਟ, ਭਿਆਨਕ ਦੈਂਤ, ਜੋ ਏਸ਼ੀਆ ਦੀ ਦਲਦਲ 'ਚ ਫਸ ਗਿਆ ਸੀ, ਦੀ ਕਹਾਣੀ ਲਗਾਤਾਰ ਦੁਹਰਾਈ ਗਈ‏। ਸੱਚ ਦੱਸਣ ਦਾ ਕੰਮ ਡੇਨੀਅਲ ਇਲਸਬਰਗ ਅਤੇ ਸੈਮੂਰ ਹਰਸ਼ ਵਰਗੇ ਜਾਗਦੇ ਰਹੋ ਦਾ ਹੋਕਾ ਦੇਣ ਵਾਲਿਆਂ ਉੱਪਰ ਛੱਡ ਦਿੱਤਾ ਗਿਆ ਸੀ, ਜੋ ਘਰ ਵਾਪਸ ਜਾਕੇ ਮਾਈ ਲਾਈ ਘੱਲੂਘਾਰੇ ਦੀ ਸੱਚੀ ਦਾਸਤਾਂ ਬਿਆਨ ਕਰਨਗੇ। ਵੀਅਤਨਾਮ ਵਿਚ 16 ਮਾਰਚ 1968 ਨੂੰ ਜਿਸ ਦਿਨ ਮਾਈ ਲਾਈ ਘੱਲੂਘਾਰਾ ਹੋਇਆ ਸੀ, ਉਸ ਦਿਨ 649 ਰਿਪੋਰਟਰ ਮੌਜੂਦ ਸਨ ਅਤੇ ਉਨ•ਾਂ ਵਿਚੋਂ ਕਿਸੇ ਨੇ ਵੀ ਇਸ ਦੀ ਰਿਪੋਰਟਿੰਗ ਨਹੀਂ ਕੀਤੀ।

ਵੀਅਤਨਾਮ ਅਤੇ ਇਰਾਕ ਦੋਵੋਂ ਥਾਈਂ, ਗਿਣ-ਮਿੱਥਕੇ ਅਪਣਾਈਆਂ ਨੀਤੀਆਂ ਅਤੇ ਰਣਨੀਤੀਆਂ ਤਹਿਤ ਕਤਲੇਆਮਾਂ ਨੂੰ ਅੰਜਾਮ ਦਿੱਤੇ ਗਏ। ਵੀਅਤਨਾਮ ਵਿਚ, ਦਹਿ-ਲੱਖਾਂ ਲੋਕਾਂ ਨੂੰ ਜਬਰੀ ਉਜਾੜਿਆ ਗਿਆ ਅਤੇ ਗੋਲਾਬਾਰੀ ਮੁਕਤ ਖੇਤਰ ਬਣਾਏ ਗਏ; ਸੰਯੁਕਤ ਰਾਸ਼ਟਰ ਬਾਲ ਫੰਡ ਦੇ ਅਨੁਸਾਰ, ਇਰਾਕ ਵਿਚ ਅਮਰੀਕਾ ਵਲੋਂ ਥੋਪੀ ਆਰਥਕ ਨਾਕਾਬੰਦੀ ਨਾਲ ਪੰਜ ਸਾਲ ਤੋਂ ਘੱਟ ਉਮਰ ਦੇ ਪੰਜ ਲੱਖ ਬੱਚੇ ਮਾਰ ਦਿੱਤੇ ਗਏ। ਵੀਅਤਨਾਮ ਅਤੇ ਇਰਾਕ ਦੋਵੇਂ ਥਾਈਂ ਜਾਣ-ਬੁੱਝਕੇ ਤਜਰਬੇ ਕਰਨ ਲਈ ਨਾਗਰਿਕਾਂ ਵਿਰੁੱਧ ਪਾਬੰਦੀਸ਼ੁਦਾ ਹਥਿਆਰ ਵਰਤੇ ਗਏ। ਵਿਸ਼ੇਸ਼ ਰਸਾਇਣ ਏਜੰਟ ਔਰੈਂਜ ਨੇ ਵੀਅਤਨਾਮ 'ਚ ਅਨੁਵੰਸ਼ਿਕ ਅਤੇ ਚੌਗਿਰਦੇ ਦਾ ਸੰਤੁਲਨ ਵਿਗਾੜ ਦਿੱਤਾ। ਫ਼ੌਜ ਨੇ ਇਸ ਕਾਰਵਾਈ ਨੂੰ 'ਹੇਡਸ' ਦਾ ਨਾਂ ਦਿੱਤਾ। ਜਦੋਂ (ਅਮਰੀਕੀ) ਕਾਂਗਰਸ ਨੂੰ ਪਤਾ ਲੱਗਿਆ ਤਾਂ ਬਦਲਕੇ ਇਸਦਾ ਕੂਲਾ ਨਾਂ ਓਪਰੇਸ਼ਨ ਰੈਂਚ ਹੈਂਡ ਧਰ ਦਿੱਤਾ ਗਿਆ। ਅਸਲ ਵਿਚ ਕੁਝ ਵੀ ਨਹੀਂ ਬਦਲਿਆ। ਇਹ ਵੱਧ ਗ਼ੌਰ ਕਰਨ ਵਾਲੀ ਗੱਲ ਹੈ ਕਿ ਇਰਾਕ ਯੁੱਧ ਵਿਚ ਕਾਂਗਰਸ ਦਾ ਪ੍ਰਤੀਕਰਮ ਕੀ ਰਿਹਾ। ਡੈਮੋਕਰੇਟਾਂ ਨੇ ਇਸ ਨੂੰ ਥੋੜ•ੀ ਫਿਟ-ਲਾਹਣਤ ਪਾਈ, ਇਸ ਨੂੰ ਨਵਾਂ ਬਰੈਂਡ ਬਣਾ ਦਿੱਤਾ ਅਤੇ ਇਸ ਦਾ ਪਸਾਰਾ ਕੀਤਾ। ਵੀਅਤਨਾਮ ਯੁੱਧ ਉੱਪਰ ਬਨਣ ਵਾਲੀਆਂ ਹਾਲੀਵੁੱਡ ਦੀਆਂ ਫਿਲਮਾਂ ਪੱਤਰਕਾਰੀ ਦਾ ਹੀ ਇਕ ਵਿਸਤਾਰ ਸਨ। ਉਨ੍ਹਾਂ ਚੀਜ਼ਾਂ ਨੂੰ ਆਮ ਬਣਾਉਣ ਦਾ ਅਮਲ ਜੋ ਸੋਚੀਆਂ ਵੀ ਨਹੀਂ ਜਾ ਸਕਦੀਆਂ। ਹਾਂ, ਕੁਝ ਫਿਲਮਾਂ ਨੇ ਫ਼ੌਜ ਦੀ ਰਣਨੀਤੀ ਬਾਰੇ ਆਲੋਚਨਾਤਮਕ ਰੁਖ਼ ਵੀ ਅਪਣਾਇਆ ਸੀ ਪਰ ਇਹ ਸਾਰੀਆਂ, ਹਮਲਾਵਰਾਂ ਦੇ ਧੁੜਕੂ ਉੱਪਰ ਕੇਂਦਰਤ ਰਹਿਣ ਪ੍ਰਤੀ ਪੂਰੀਆਂ ਸਾਵਧਾਨ ਸਨ। ਇਨ•ਾਂ ਵਿਚੋਂ ਕੁਝ ਮੁਢਲੀਆਂ ਫਿਲਮਾਂ ਨੂੰ ਹੁਣ ਕਲਾਸਿਕ ਦਾ ਦਰਜਾ ਮਿਲ ਚੁੱਕਾ ਹੈ, ਇਨ•ਾਂ ਵਿਚੋਂ ਸਭ ਤੋਂ ਪਹਿਲੀ ਹੈ 'ਡੀਅਰਹੰਟਰ', ਜਿਸਦਾ ਸੰਦੇਸ਼ ਸੀ ਕਿ ਅਮਰੀਕਾ ਪੀੜਤ ਹੈ, ਅਮਰੀਕਾ ਦਾ ਨੁਕਸਾਨ ਹੋਇਆ ਹੈ, ਅਮਰੀਕੀ ਮੁੰਡਿਆਂ ਨੇ ਪੂਰਬ ਦੀ ਵਹਿਸ਼ਤ ਖ਼ਿਲਾਫ਼ ਬਿਹਤਰੀਨ ਮੁਹਾਰਤ ਦਿਖਾਈ ਹੈ। ਇਸਦਾ ਸੰਦੇਸ਼ ਸਭ ਤੋਂ ਵੱਧ ਘਾਤਕ ਹੈ ਕਿਉਂਕਿ ਡੀਅਰਹੰਟਰ ਬਹੁਤ ਹੀ ਮੁਹਾਰਤ ਨਾਲ ਬਣਾਈ ਗਈ ਅਤੇ ਇਸਦਾ ਨਿਭਾਅ ਵੀ ਕਮਾਲ ਦਾ ਹੈ। ਮੈਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਇਹੀ ਇਕੋ-ਇਕ ਅਜਿਹੀ ਫਿਲਮ ਸੀ ਜਿਸ ਦੇ ਵਿਰੋਧ 'ਚ ਉੱਚੀ-ਉੱਚੀ ਚੀਕਣ ਲਈ ਮੈਂ ਮਜਬੂਰ ਹੋ ਗਿਆ। ਓਲੀਵਰ ਸਟੋਨ ਦੀ ਫਿਲਮ ਪਲਾਟੂਨ ਨੂੰ ਯੁੱਧ ਵਿਰੋਧੀ ਮੰਨਿਆ ਜਾਂਦਾ ਹੈ, ਅਤੇ ਇਸ ਵਿਚ ਬਤੌਰ ਇਨਸਾਨ ਵੀਅਤਨਾਮੀਆਂ ਦੀਆਂ ਝਲਕੀਆਂ ਦਿਖਾਈਆਂ ਗਈਆਂ ਹਨ ਪਰ ਇਸ ਨੇ ਵੀ ਅੰਤ 'ਚ ਅਮਰੀਕਣ ਹਮਲਾਵਰਾਂ ਦੇ 'ਪੀੜਤ' ਹੋਣ ਨੂੰ ਉਤਸ਼ਾਹਤ ਨੂੰ ਕੀਤਾ।

ਇਹ ਲੇਖ ਲਿਖਣ ਲਈ ਬੈਠਣ ਸਮੇਂ ਮੈਂ ਗ੍ਰੀਨ ਬੈਰੈਟਸ ਦਾ ਜ਼ਿਕਰ ਕਰਨ ਬਾਰੇ ਨਹੀਂ ਸੋਚਿਆ ਸੀ, ਜਦੋਂ ਤੱਕ ਅਗਲੇ ਦਿਨ ਮੈਂ ਪੜ ਨਹੀਂ ਲਿਆ ਕਿ ਜੌਹਨ ਵਾਏਨ ਹਾਲੇ ਤੱਕ ਵੀ ਸਭ ਤੋਂ ਪ੍ਰਭਾਵਸ਼ਾਲੀ ਫਿਲਮ ਬਣੀ ਹੋਈ ਹੈ। ਗ੍ਰੀਨ ਬੈਰੈਟਸ ਦੀ ਜੌਹਨ ਵਾਏਨ ਮੈਂ ਸੰਨ 1968 ਦੇ ਇਕ ਸ਼ਨੀਵਾਰ ਦੀ ਰਾਤ ਮੌਂਟਗੁਮਰੀ ਅਲਬਾਮਾ 'ਚ ਦੇਖੀ ਸੀ। (ਉਸ ਵਕਤ ਮੈਂ ਉੱਥੋਂ ਦੇ ਬਦਨਾਮ ਗਵਰਨਰ ਜਾਰਜ ਵੈਲੇਸ ਦੀ ਇੰਟਰਵਿਊ ਲੈਣ ਗਿਆ ਸੀ।) ਮੈਂ ਹੁਣੇ ਹੁਣੇ ਵੀਅਤਨਾਮ ਤੋਂ ਮੁੜਿਆ ਸੀ ਅਤੇ ਮੈਨੂੰ ਇਤਬਾਰ ਹੀ ਨਹੀਂ ਆ ਰਿਹਾ ਸੀ ਕਿ ਇਹ ਐਨੀ ਵਾਹਯਾਤ ਫਿਲਮ ਹੈ। ਆਖ਼ਿਰ ਮੈਂ ਉੱਚੀ ਉੱਚੀ ਹੱਸਣ ਲੱਗਿਆ, ਅਤੇ ਹੱਸਦਾ ਰਿਹਾ, ਹੱਸਦਾ ਰਿਹਾ। ਓਦੋਂ ਤੱਕ ਜਦੋਂ ਤੱਕ ਠੰਢ ਨੇ ਮੈਨੂੰ ਜਕੜ ਨਹੀਂ ਲਿਆ। ਮੇਰਾ ਸਾਥੇ, ਜੋ ਦੱਖਣ ਵਿਚ ਇਕ ਆਜ਼ਾਦ ਘੁਮੱਕੜ ਸੀ, ਕਹਿਣ ਲੱਗਿਆ ''ਚੱਲ ਇੱਥੋਂ ਦੇ ਨਰਕ ਤੋਂ ਬਾਹਰ ਨਿਕਲੀਏ ਅਤੇ ਇਥੋਂ ਇੰਞ ਭੱਜੀਏ ਜਿਵੇਂ ਨਰਕ ਤੋਂ ਭੱਜਦੇ ਹਨ''। ਹੋਟਲ ਮੁੜਦੇ ਸਮੇਂ ਸਾਰੀ ਵਾਟ ਸਾਡਾ ਪਿੱਛਾ ਕੀਤਾ ਗਿਆ। ਪਰ ਮੈਨੂੰ ਇਸ ਬਾਰੇ ਸ਼ੱਕ ਹੈ ਕਿ ਸਾਡਾ ਪਿੱਛਾ ਕਰਨ ਵਾਲੇ ਲੋਕ ਇਹ ਜਾਣਦੇ ਹੋਣਗੇ ਕਿ ਉਨ੍ਹਾਂ ਦੇ ਨਾਇਕ ਜੌਹਨ ਵਾਏਨ ਨੇ ਝੂਠ ਬੋਲਿਆ ਸੀ ਕਿ ਉਸ ਨੂੰ ਦੂਜੀ ਸੰਸਾਰ ਜੰਗ ਦੀ ਲੜਾਈ ਨਹੀਂ ਸੀ ਲੜਨੀ ਪਈ। ਅਤੇ ਫਿਰ ਵਾਏਨ ਦੇ ਰੋਲ ਮਾਡਲ ਨੇ ਹਜ਼ਾਰਾਂ ਅਮਰੀਕੀਆਂ ਨੂੰ, ਜਾਰਜ ਬੁਸ਼ ਅਤੇ ਡਿਕ ਚੈਨੀ ਦੇ ਮਸ਼ਹੂਰ ਅੱਪਵਾਦਾਂ ਨੂੰ ਛੱਡਕੇ, ਮੌਤ ਦੇ ਮੂੰਹ 'ਚ ਧੱਕ ਦਿੱਤਾ। ਪਿਛਲੇ ਸਾਲ, ਸਾਹਿਤ ਦਾ ਨੋਬਲ ਇਨਾਮ ਲੈਂਦੇ ਵਕਤ ਨਾਟਕਕਾਰ ਹੇਰੌਲਡ ਪਿੰਟਰ ਨੇ ਇਤਿਹਾਸਕ ਬਿਆਨ ਦਿੱਤਾ। ਉਸ ਨੇ ਪੁੱਛਿਆ, ਅਤੇ ਮੈਂ ਉਸੇ ਦੀ ਟੂਕ ਦਿੰਦਾ ਹਾਂ, ''ਸਤਾਲਿਨ ਦੇ ਸਮਿਆਂ ਦੇ ਰੂਸ ਵਿਚ ਯੋਜਨਾਬੱਧ ਵਹਿਸ਼ਤ, ਵਿਆਪਕ ਜ਼ੁਲਮ, ਆਜ਼ਾਦ ਖ਼ਿਆਲਾਂ ਦਾ ਬੇਰਹਿਮ ਦਮਨ ਕਿਵੇਂ ਪਤਾ ਚਲ ਗਿਆ ਜਦਕਿ ਅਮਰੀਕੀ ਰਾਜ ਦੇ ਜੁਰਮ ਮਸਾਂ ਸਤੱਹੀ ਰੂਪ 'ਚ ਹੀ ਦਰਜ ਹੋਏ, ਦਸਤਾਵੇਜ਼ੀ ਰੂਪ ਦਿੱਤੇ ਜਾਣ ਦੀ ਤਾਂ ਗੱਲ ਹੀ ਛੱਡੋ।'' ਅੱਜ ਵੀ ਦੁਨੀਆ ਭਰ 'ਚ ਬੇਸ਼ੁਮਾਰ ਮਨੁੱਖਾਂ ਦੀਆਂ ਭਿਆਨਕ ਮੌਤਾਂ ਅਤੇ ਉਨ•ਾਂ ਦੇ ਸੰਤਾਪ ਦੀ ਵਜਾ• ਆਪਾਸ਼ਾਹ ਅਮਰੀਕੀ ਸੱਤਾ ਹੀ ਹੈ। ''ਪਰ'' ਪਿੰਟਰ ਕਹਿੰਦਾ ਹੈ, ''ਤੁਸੀਂ ਇਹ ਨਹੀਂ ਜਾਣਦੇ। ਤੁਹਾਡੇ ਲਈ ਇਹ ਕਦੇ ਵਾਪਰਿਆ ਹੀ ਨਹੀਂ। ਜਿਵੇਂ ਕਦੇ ਕੁਝ ਵਾਪਰਿਆ ਹੀ ਨਹੀਂ ਹੁੰਦਾ। ਹਾਲਾਂਕਿ ਇਹ ਵਾਪਰ ਰਿਹਾ ਸੀ ਫਿਰ ਵੀ ਕੁਝ ਨਹੀਂ ਹੋਇਆ। ਇਹ ਮਾਅਨੇ ਹੀ ਨਹੀਂ ਰੱਖਦਾ। ਇਸਦਾ ਕੋਈ ਮਤਲਬ ਨਹੀਂ ਹੈ।'' ਪਿੰਟਰ ਦੇ ਸ਼ਬਦ ਕਿਤੇ ਵਧੇਰੇ ਝੰਜੋੜਨ ਵਾਲੇ ਸਨ। ਬੀ ਬੀ ਸੀ ਨੇ ਬਰਤਾਨੀਆ ਦੇ ਸਭ ਤੋਂ ਮਸ਼ਹੂਰ ਨਾਟਕਕਾਰ ਦੇ ਇਸ ਭਾਸ਼ਣ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਮੈਂ ਕੰਬੋਡੀਆ ਬਾਰੇ ਕਈ ਡਾਕੂਮੈਂਟਰੀ ਫਿਲਮਾਂ ਬਣਾਈਆਂ ਹਨ। ਇਨ•ਾਂ ਵਿਚੋਂ ਪਹਿਲੀ ਈਅਰ ਜ਼ੀਰੋ : ਦ ਸਾਈਲੈਂਟ ਡੈਥ ਆਫ ਕੰਬੋਡੀਆ ਸੀ। ਇਸ ਵਿਚ ਮੈਂ ਅਮਰੀਕੀ ਬੰਬਾਰੀ ਬਾਰੇ ਵਿਸਤਾਰ 'ਚ ਦੱਸਿਆ ਹੈ ਜੋ ਪੋਲ ਪੋਟ ਦੇ ਉੱਭਰਨ ਦਾ ਪ੍ਰਮੁੱਖ ਕਾਰਕ ਸੀ। ਨਿਕਸਨ ਅਤੇ ਕਿਸਿੰਜਰ ਨੇ ਜੋ ਸ਼ੁਰੂ ਕੀਤਾ ਪੋਲ ਪੋਟ ਨੇ ਉਸ ਨੂੰ ਸਿਰੇ ਲਾਇਆ। ਸੀ ਆਈ ਏ ਦੀਆਂ ਰਪਟਾਂ ਤੱਕ ਵਿਚ ਇਸ ਬਾਰੇ ਕੋਈ ਸ਼ੱਕ ਨਹੀਂ ਹੈ। ਮੈਂ ਪੀ ਬੀ ਐੱਸ (ਅਮਰੀਕਾ ਦੀ ਵਿਸ਼ਾਲ ਬ੍ਰਾਡਕਾਸਟਿੰਗ ਸਰਵਿਸ) 'ਤੇ ਪ੍ਰਸਾਰਿਤ ਕਰਨ ਲਈ ਈਅਰ ਜ਼ੀਰੋ ਦੀ ਪੇਸ਼ਕਸ਼ ਕੀਤੀ ਸੀ ਅਤੇ ਵਾਸ਼ਿੰਗਟਨ ਲੈ ਕੇ ਗਿਆ ਸੀ। ਇਸ ਨੂੰ ਦੇਖਣ ਵਾਲੇ ਪੀ ਬੀ ਐੱਸ ਦੇ ਅਧਿਕਾਰੀ ਸੁੰਨ ਹੋ ਗਏ। ਉਹ ਆਪਸ 'ਚ ਕੁਝ ਬੁੜਬੁੜਾਏ। ਉਨ•ਾਂ ਨੇ ਮੈਨੂੰ ਬਾਹਰ ਇੰਤਜ਼ਾਰ ਕਰਨ ਲਈ ਕਿਹਾ। ਅੰਤ ਉਨ੍ਹਾਂ ਵਿਚੋਂ ਇਕ ਆਇਆ ਅਤੇ ਕਿਹਾ ''ਜੌਹਨ ਅਸੀਂ ਤੁਹਾਡੀ ਫਿਲਮ ਦੀ ਤਾਰੀਫ਼ ਕਰਦੇ ਹਾਂ। ਪਰ ਸੰਯੁਕਤ ਰਾਜ ਨੇ ਪੋਲ ਪੋਟ ਲਈ ਲੀਹ ਪਾਈ ਇਹ ਸੁਣਕੇ ਅਸੀਂ ਹੈਰਾਨ-ਪ੍ਰੇਸ਼ਾਨ ਹਾਂ।'' ਮੈਂ ਆਖਿਆ, ''ਕੀ ਤੁਹਾਨੂੰ ਸਬੂਤਾਂ ਬਾਰੇ ਕੋਈ ਇਤਰਾਜ਼ ਨਹੀਂ ਹੈ?'' ਮੈਂ ਸੀ ਆਈ ਏ ਦੇ ਕਈ ਦਸਤਾਵੇਜ਼ਾਂ ਵਿਚੋਂ ਟੂਕਾਂ ਦਿੱਤੀਆਂ ਸਨ। ਉਸ ਨੇ ਜਵਾਬ ਦਿੱਤਾ, 'ਇੰਞ ਨਹੀਂ ਹੈ‏, ਪਰ ਅਸੀਂ ਇਸ ਨੂੰ ਪੱਤਰਕਾਰਾਂ ਦੀ ਫ਼ੈਸਲਾਕੁੰਨ ਕਮੇਟੀ ਅੱਗੇ ਰੱਖਣ ਦਾ ਤੈਅ ਕੀਤਾ ਹੈ''।

ਹੁਣ ਇਹ ਸ਼ਬਦ ''ਪੱਤਰਕਾਰ ਜੱਜ'' ਸ਼ਾਇਦ ਜਾਰਜ ਔਰਵੈਲ ਵਲੋਂ ਖੋਜ ਲਿਆ ਗਿਆ ਹੈ। ਅਸਲ ਵਿਚ ਉਨ੍ਹਾਂ ਤਿੰਨਾਂ ਵਿਚੋਂ ਇਕ ਪੱਤਰਕਾਰ ਨੂੰ ਲੱਭਣ ਦਾ ਜੁਗਾੜ ਕਰ ਲਿਆ ਗਿਆ ਜਿਸ ਨੂੰ ਪੋਲ ਪੋਟ ਵਲੋਂ ਕੰਬੋਡੀਆ ਆਉਣ ਦਾ ਸੱਦਾ ਦਿੱਤਾ ਗਿਆ ਸੀ। ਅਤੇ ਯਕੀਨਨ ਹੀ ਉਸਨੇ ਇਸ ਫਿਲਮ ਨੂੰ ਰੱਦ ਕਰ ਦਿੱਤਾ ਹੋਵੇਗਾ। ਪੀ ਬੀ ਐੱਸ ਦੀ ਤਰਫ਼ੋਂ ਫਿਰ ਕਦੇ ਇਸ ਦੀ ਉੱਘ-ਸੁੱਘ ਨਹੀਂ ਮਿਲੀ। ਈਅਰ ਜ਼ੀਰੋ ਤਕਰੀਬਨ 60 ਮੁਲਕਾਂ 'ਚ ਪ੍ਰਸਾਰਤ ਕੀਤੀ ਗਈ ਅਤੇ ਇਹ ਦੁਨੀਆ ਭਰ 'ਚ ਦੇਖੀਆਂ ਜਾਣ ਵਾਲੀਆਂ ਡਾਕੂਮੈਂਟਰੀ ਫਿਲਮਾਂ ਵਿਚੋਂ ਇਕ ਹੈ। ਅਮਰੀਕਾ 'ਚ ਇਹ ਕਦੇ ਵੀ ਦਿਖਾਈ ਨਹੀਂ ਗਈ। ਕੰਬੋਡੀਆ ਉੱਪਰ ਬਣਾਈਆਂ ਗਈਆਂ ਮੇਰੀਆਂ ਪੰਜ ਫਿਲਮਾਂ ਵਿਚੋਂ ਇਕ ਪੀ ਬੀ ਐੱਸ ਦੇ ਇਕ ਸਟੇਸ਼ਨ ਡਬਲਯੂ ਨੈੱਟ ਉੱਪਰ ਦਿਖਾਈ ਗਈ। ਮੈਨੂੰ ਲਗਦਾ ਹੈ ਇਹ ਅੱਧੀ ਰਾਤ ਨੂੰ 1 ਵਜੇ ਦਿਖਾਈ ਗਈ ਸੀ। ਇਸ ਇਕੋ ਇਕ ਸ਼ੋਅ ਦੇ ਅਧਾਰ 'ਤੇ, ਜਦੋਂ ਜ਼ਿਆਦਾਤਰ ਲੋਕ ਸੁੱਤੇ ਪਏ ਸਨ, ਇਸ ਨੂੰ ਇਕ ਇਨਾਮ ਦੇ ਦਿੱਤਾ ਗਿਆ। ਕਿੰਨੀ ਅਜੀਬ ਗੱਲ ਹੈ। ਇਹ ਬਸ ਇਕ ਇਨਾਮ ਦੀ ਹੱਕਦਾਰ ਸੀ, ਦਰਸ਼ਕਾਂ ਦੀ ਨਹੀਂ। ਮੇਰਾ ਮੰਨਣਾ ਹੈ ਕਿ ਹੇਰਾਲਡ ਪਿੰਟਰ ਦਾ ਆਕੀ ਸੱਚ ਸੀ ਕਿ ਉਸ ਨੇ ਫਾਸ਼ੀਵਾਦ ਅਤੇ ਸਾਮਰਾਜਵਾਦ ਦਰਮਿਆਨ ਸਬੰਧ ਦਰਸਾਇਆ ਅਤੇ ਇਤਿਹਾਸ ਲਈ ਲੜਾਈ ਨੂੰ ਬਿਆਨ ਕੀਤਾ ਜਿਸਦੀ ਕਦੇ ਰਿਪੋਰਟ ਹੀ ਨਹੀਂ ਦਿੱਤੀ ਗਈ। ਮੀਡੀਆ ਯੁਗ ਦੀ ਇਹ ਵਿਆਪਕ ਖ਼ਾਮੋਸ਼ੀ ਹੈ। ਅਤੇ ਇਹ ਅੱਜ ਪ੍ਰਚਾਰ ਦਾ ਗੁੱਝਾ ਭੇਦ ਹੈ। ਇਕ ਵਿਆਪਕ ਗੁੰਜਾਇਸ਼ ਵਾਲਾ ਪ੍ਰਚਾਰ ਜਿਸ ਤੋਂ ਮੈਨੂੰ ਹਮੇਸ਼ਾ ਹੈਰਾਨੀ ਹੁੰਦੀ ਹੈ ਕਿ ਕਈ ਅਮਰੀਕਣ ਇਸ ਨੂੰ ਉਸ ਤੋਂ ਕਿਤੇ ਵੱਧ ਜਾਣਦੇ ਅਤੇ ਸਮਝਦੇ ਹਨ ਜਿੰਨਾ ਉਹ ਕਰਦੇ ਹਨ। ਯਕੀਨਨ ਤੌਰ 'ਤੇ ਅਸੀਂ ਇਕ ਪ੍ਰਬੰਧ ਬਾਰੇ ਗੱਲ ਕਰ ਰਹੇ ਹਾਂ, ਨਾ ਕਿ ਵਿਅਕਤੀਆਂ ਬਾਰੇ। ਅਤੇ ਫਿਰ ਵੀ ਜ਼ਿਆਦਾਤਰ ਲੋਕ ਇਹੀ ਸੋਚਦੇ ਹਨ ਕਿ ਬੁਸ਼ ਅਤੇ ਉਸਦਾ ਗਰੋਹ ਪੁਆੜੇ ਦੀ ਜੜ• ‏ ਹੇ। ਤੇ ਹਾਂ, ਬੁਸ਼ ਅਤੇ ਉਸਦਾ ਗਰੋਹ ਸਭ ਤੋਂ ਪ੍ਰਮੁੱਖ ‏ ਹੈ, ਪਰ ਇਸ ਤੋਂ ਪਹਿਲਾਂ ਜੋ ਕੁਝ ਹੋ ਚੁੱਕਾ ਹੈ ਬੁਸ਼ ਵਗੈਰਾ ਤਾਂ ਉਸ ਦੀ ਅੱਤ ਤੋਂ ਵੱਧ ਕੁਝ ਨਹੀਂ ਹਨ। ਮੇਰੇ ਜੀਵਨ ਕਾਲ ਵਿਚ, ਰਿਪਬਲਿਕਨਾਂ ਦੇ ਮੁਕਾਬਲੇ ਉਦਾਰ ਡੈਮੋਕਰੇਟਾਂ ਵਲੋਂ ਜ਼ਿਆਦਾ ਯੁੱਧ ਵਿੱਢੇ ਗਏ ਹਨ। ਇਸ ਸੱਚ ਨੂੰ ਨਜ਼ਰਅੰਦਾਜ਼ ਕਰਨਾ ਇਸ ਗੱਲ ਦੀ ਜ਼ਾਮਨੀ ਹੈ ਕਿ ਪ੍ਰਚਾਰ ਤੰਤਰ ਅਤੇ ਯੁੱਧ ਦਾ ਘਾੜਾ ਪ੍ਰਬੰਧ ਜਾਰੀ ਰਹੇਗਾ। ਸਾਡੇ ਇਥੇ ਡੈਮੋਕਰੇਟਿਕ ਪਾਰਟੀ ਦੀ ਸ਼ਾਖਾ ਹੈ ਜੋ ਬਰਤਾਨੀਆ 'ਚ ਦਸ ਸਾਲਾਂ ਤੋਂ ਸਰਕਾਰ ਚਲਾ ਰਹੀ ਹੈ। ਬਲੇਅਰ, ਜੋ ਐਲਾਨੀਆ ਉਦਾਰਵਾਦੀ ਹੈ, ਨੇ ਬਰਤਾਨੀਆ ਨੂੰ ਆਧੁਨਿਕ ਯੁਗ ਦੇ ਕਿਸੇ ਵੀ ਪ੍ਰਧਾਨ ਮੰਤਰੀ ਤੋਂ ਕਈ ਵਾਰ ਵੱਧ ਯੁੱਧ 'ਚ ਝੋਕਿਆ ਹੈ। ਹਾਂ ਉਸਦਾ ਮੌਜੂਦਾ ਜੋਟੀਦਾਰ ਜਾਰਜ ਬੁਸ਼ ਹੈ ਪਰ ਵੀਹਵੀਂ ਸਦੀ ਦੇ ਅਖ਼ੀਰ ਦਾ ਸਭ ਤੋਂ ਖ਼ੂੰਖਾਰ ਰਾਸ਼ਟਰਪਤੀ ਕਲਿੰਟਨ ਉਸਦੀ ਪਹਿਲੀ ਪਸੰਦ ਸੀ। ਬਲੇਅਰ ਦਾ ਗੱਦੀਨਸ਼ੀਨ ਗਾਰਡਨ ਬਰਾਊਨ ਵੀ ਕਲਿੰਟਨ ਅਤੇ ਬੁਸ਼ ਦਾ ਭਗਤ ਹੈ। ਇਕ ਦਿਨ ਬਰਾਊਨ ਨੇ ਕਹਿ ਦਿੱਤਾ, 'ਬਰਤਾਨੀਆ ਦੇ ਅੰਗਰੇਜ਼ ਸਾਮਰਾਜ ਲਈ ਮਾਫ਼ੀ ਮੰਗਣ ਦੇ ਦਿਨ ਹੁਣ ਲੱਦ ਗਏ। ਸਾਨੂੰ ਤਾਂ ਜਸ਼ਨ ਮਨਾਉਣੇ ਚਾਹੀਦੇ ਹਨ''। ਬਲੇਅਰ ਅਤੇ ਕਲਿੰਟਨ ਵਾਂਗ ਹੀ ਬਰਾਊਨ ਵੀ ਇਸ ਉਦਾਰਵਾਦੀ ਸੱਚ ਨੂੰ ਮੰਨਦਾ ਹੈ ਕਿ ਇਤਿਹਾਸ ਦਾ ਯੁੱਧ ਜਿੱਤਿਆ ਜਾ ਚੁੱਕਾ ਹੈ; ਕਿ ਬਰਤਾਨਵੀ ਸਾਮਰਾਜ ਦੀ ਗ਼ੁਲਾਮੀ ਹੇਠ ਭਾਰਤ ਵਿਚ ਅਕਾਲ, ਭੁੱਖਮਰੀ ਆਦਿ ਨਾਲ ਜੋ ਦਹਿ ਲੱਖਾਂ ਲੋਕ ਮਾਰੇ ਗਏ ਉਸ ਨੂੰ ਭੁੱਲ ਜਾਓ। ਜਿਵੇਂ ਅਮਰੀਕੀ ਸਾਮਰਾਜ 'ਚ ਜੋ ਦਹਿ ਲੱਖਾਂ ਲੋਕ ਮਾਰੇ ਜਾ ਰਹੇ ਹਨ, ਉਨ੍ਹਾਂ ਨੂੰ ਭੁਲਾ ਦਿੱਤਾ ਜਾਵੇਗਾ। ਅਤੇ ਬਲੇਅਰ ਵਰਗੇ ਉਸਦੇ ਵਾਰਿਸ ਨੂੰ ਵੀ ਯਕੀਨ ਹੈ ਕਿ ਪੇਸ਼ੇਵਰ ਪੱਤਰਕਾਰੀ ਉਸ ਦੇ ਹੱਕ 'ਚ ਹੈ। ਜ਼ਿਆਦਾਤਰ ਪੱਤਰਕਾਰ ਅਜਿਹੀ ਵਿਚਾਰਧਾਰਾ ਦੇ ਨੁਮਾਇੰਦਾ ਰਖਵਾਲੇ ਹਨ, ਚਾਹੇ ਉਹ ਇਸ ਨੂੰ ਮਹਿਸੂਸ ਕਰਦੇ ਹੋਣ ਜਾਂ ਨਾ, ਜੋ ਖ਼ੁਦ ਨੂੰ ਗ਼ੈਰਵਿਚਾਰਧਾਰਕ ਕਹਿੰਦੀ ਹੈ, ਜੋ ਆਪਣੇ ਆਪ ਨੂੰ ਕੁਦਰਤੀ ਤੌਰ 'ਤੇ ਕੇਂਦਰਤ ਅਤੇ ਆਧੁਨਿਕ ਜੀਵਨ ਦਾ ਪ੍ਰਮੁੱਖ ਅਧਾਰ ਠਹਿਰਾਉਂਦੀ ‏ਹੈ। ਇਹ ਬਹੁਤ ਹੀ ਚੰਗਾ ਹੈ ਕਿ ਹਾਲੇ ਵੀ ਅਸੀਂ ਸਭ ਤੋਂ ਤਾਕਤਵਰ ਅਤੇ ਖ਼ਤਰਨਾਕ ਵਿਚਾਰਧਾਰਾ ਬਾਰੇ ਜਾਣਦੇ ਹਾਂ ਜਿਸ ਦਾ ਸ਼ਰੇਆਮ ਕੀਰਤਨ ਸੋਹਲਾ ਪੜਿ•ਆ ਜਾ ਚੁੱਕਾ ਹੈ। ਉਹ ਹੈ ਉਦਾਰਵਾਦ। ਮੈਂ ਉਦਾਰਵਾਦ ਦੇ ਗੁਣਾਂ ਤੋਂ ਇਨਕਾਰੀ ਨਹੀਂ ਹਾਂ, ਮੈਂ ਤਾਂ ਇਸ ਤੋਂ ਬਹੁਤ ਪਰਾਂ• ਹਾਂ। ਅਸੀਂ ਸਾਰੇ ਇਸ ਦਾ ਫ਼ਾਇਦਾ ਲੈਣ ਵਾਲੇ ਹਾਂ। ਪਰ ਜੇ ਅਸੀਂ ਇਸ ਦੇ ਖ਼ਤਰਿਆਂ, ਸ਼ਰੇਆਮ ਨੇਪਰੇ ਚਾੜ•ੇ ਗਏ ਪ੍ਰਾਜੈਕਟਾਂ ਅਤੇ ਇਸ ਦੇ ਪ੍ਰਚਾਰ ਦੀ ਕੁਲ ਖਪਤਵਾਦੀ ਤਾਕਤ ਤੋਂ ਮੁਨਕਰ ਹਾਂ ਤਾਂ ਅਸੀਂ ਸੱਚੀ ਜਮਹੂਰੀਅਤ ਦੇ ਆਪਣੇ ਹੱਕ ਤੋਂ ਇਨਕਾਰੀ ਹਾਂ। ਕਿਉਂਕਿ ਉਦਾਰਵਾਦ ਅਤੇ ਸੱਚੀ ਜਮਹੂਰੀਅਤ ਇਕੋ ਚੀਜ਼ ਨਹੀਂ ਹਨ। ਉਦਾਰਵਾਦ 19ਵੀਂ ਸਦੀ ਵਿਚ ਪਤਵੰਤੇ ਵਰਗ ਦੀ ਸਰਪ੍ਰਸਤੀ ਨਾਲ ਸ਼ੁਰੂ ਹੋਇਆ ਸੀ ਅਤੇ ਪਤਵੰਤਾ ਵਰਗ ਕਦੇ ਵੀ ਸੱਚੀ ਜਮਹੂਰੀਅਤ ਪ੍ਰੋਸ ਕੇ ਨਹੀਂ ਦਿੰਦਾ। ਇਸ ਦੀ ਖ਼ਾਤਰ ਸਦਾ ਲੜਨਾ ਪੈਂਦਾ ਹੈ ਅਤੇ ਜੱਦੋਜਹਿਦ ਕਰਨੀ ਪੈਂਦੀ ਹੈ। ਮੈਂ ਯੁੱਧ ਵਿਰੋਧੀ ਗੱਠਜੋੜ, ਯੂਨਾਈਟਿਡ ਫਾਰ ਪੀਸ ਐਂਡ ਜਸਟਿਸ, ਦੀ ਇਕ ਸੀਨੀਅਰ ਮੈਂਬਰ ਦੀ ਟੂਕ ਦੇ ਰਿਹਾ ਹਾਂ, ਜਿਸ ਨੇ ਪਿੱਛੇ ਜਹੇ ਕਿਹਾ ਸੀ, ''ਡੈਮੋਕਰੇਟ ਯਥਾਰਥ ਦੀ ਸਿਆਸਤ ਵਰਤ ਰਹੇ ਹਨ।'' ਉਦਾਰਵਾਦੀ ਇਤਿਹਾਸਕ ਹਵਾਲੇ ਤੋਂ ਉਸਦੀ ਮੁਰਾਦ ਵੀਅਤਨਾਮ ਸੀ। ਉਸ ਨੇ ਕਿਹਾ ਕਿ ਰਾਸ਼ਟਰਪਤੀ ਜਾਨਸਨ ਨੇ ਵੀਅਤਨਾਮ ਵਿਚੋਂ ਫ਼ੌਜ ਓਦੋਂ ਵਾਪਸ ਬੁਲਾਉਣੀ ਸ਼ੁਰੂ ਕੀਤੀ ਜਦੋਂ ਡੈਮੋਕਰੇਟਾਂ ਦੀ ਕਾਂਗਰਸ ਨੇ ਯੁੱਧ ਦੇ ਖ਼ਿਲਾਫ਼ ਵੋਟ ਦੇਣੀ ਸ਼ੁਰੂ ਕਰ ਦਿੱਤੀ। ਵਾਪਰਿਆ ਇੰਞ ਨਹੀਂ ਸੀ। ਵੀਅਤਨਾਮ 'ਚੋਂ ਫ਼ੌਜਾਂ ਚਾਰ ਸਾਲ ਦੇ ਲੰਮੇ ਅਰਸੇ ਤੋਂ ਬਾਦ ਜਾਕੇ ਵਾਪਸ ਆਉਣੀਆਂ ਸ਼ੁਰੂ ਹੋਈਆਂ। ਅਤੇ ਇਸ ਦੌਰਾਨ ਅਮਰੀਕਾ ਨੇ ਵੀਅਤਨਾਮ, ਕੰਬੋਡੀਆ ਅਤੇ ਲਾਊਸ ਵਿਚ ਪਿਛਲੇ ਕਈ ਸਾਲਾਂ ਵਿਚ ਮਾਰੇ ਗਏ ਲੋਕਾਂ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੂੰ ਬੰਬਾਰੀ 'ਚ ਮਾਰਿਆ। ਇਹੀ ਸਭ ਕੁਝ ਇਰਾਕ 'ਚ ਵੀ ਹੋ ਰਿਹਾ ਹੈ। ਪਿਛਲੇ ਵਰਿ•ਆਂ 'ਚ ਬੰਬਾਰੀ ਦੁੱਗਣੀ ਹੋ ਗਈ ਹੈ। ਅਤੇ ਹਾਲੇ ਤੱਕ ਇਸ ਦੀ ਰਿਪੋਰਟ ਕਿਤੇ ਨਹੀਂ ਹੋਈ। ਅਤੇ ਇਸ ਬੰਬਾਰੀ ਦਾ ਆਗਾਜ਼ ਕੀਹਨੇ ਕੀਤਾ? ਇਹ ਕਲਿੰਟਨ ਵਲੋਂ ਸ਼ੁਰੂ ਕੀਤੀ। 1990ਵਿਆਂ ਦੌਰਾਨ, ਕਲਿੰਟਨ ਨੇ ਇਰਾਕ ਦੇ ਉਨ੍ਹਾਂ ਇਲਾਕਿਆਂ ਉੱਪਰ ਬੰਬਾਂ ਦੀ ਵਰਖਾ ਕੀਤੀ ਜਿਨ•ਾਂ ਨੂੰ ਨਰਮ ਸ਼ਬਦਾਂ 'ਚ ਗੋਲਾਬਾਰੀ ਤੋਂ ਮੁਕਤ ਖੇਤਰ ਕਿਹਾ ਜਾਂਦਾ ਸੀ। ਇਸੇ ਸਮੇਂ ਉਸਨੇ ਇਰਾਕ ਦੀ ਮੱਧਯੁਗੀ ਨਾਕੇਬੰਦੀ ਕੀਤੀ ਜਿਸ ਨੂੰ 'ਆਰਥਕ ਪਾਬੰਦੀਆਂ' ਦਾ ਨਾਂ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਪੰਜ ਲੱਖ ਬੱਚਿਆਂ ਤੋਂ ਇਲਾਵਾ ਦਹਿ ਲੱਖਾਂ ਹੋਰ ਲੋਕ ਮਾਰੇ ਗਏ ਜੋ ਰਿਕਾਰਡ 'ਚ ਦਰਜ ਹੈ। ਇਨ•ਾਂ ਵਿਚੋਂ ਕਿਸੇ ਇਕ ਵੀ ਕਤਲੇਆਮ ਬਾਰੇ ਮੁੱਖਧਾਰਾ ਮੀਡੀਆ ਵਿਚ ਲਗਭਗ ਕੁਝ ਨਹੀਂ ਦੱਸਿਆ ਗਿਆ। ਪਿਛਲੇ ਸਾਲ ਜੌਹਨ ਹਾਪਕਿਨਜ਼ ਸਕੂਲ ਆਫ ਪਬਲਿਕ ਹੈਲਥ ਨੇ ਆਪਣੇ ਇਕ ਅਧਿਐਨ 'ਚ ਦੱਸਿਆ ਕਿ ਇਰਾਕ ਉੱਪਰ ਹਮਲੇ ਤੋਂ ਬਾਦ 6 ਲੱਖ 55 ਹਜ਼ਾਰ ਇਰਾਕੀਆਂ ਦੀ ਮੌਤ ਹਮਲੇ ਕਾਰਨ ਹੋਈ ਹੈ ਇਹ ਪ੍ਰਤੱਖ ਹੈ। ਅਧਿਕਾਰਤ ਦਸਤਾਵੇਜ਼ ਦੱਸਦੇ ਹਨ ਕਿ ਬਲੇਅਰ ਹਕੂਮਤ ਇਨ•ਾਂ ਅੰਕੜਿਆਂ ਬਾਰੇ ਜਾਣਦੀ ਸੀ ਕਿ ਇਹ ਭਰੋਸੇਯੋਗ ਹਨ। ਇਸ ਰਿਪੋਰਟ ਦੇ ਲੇਖਕ ਲੇਸ ਰਾਬਰਟ ਨੇ ਕਿਹਾ ਕਿ ਇਹ ਅੰਕੜੇ ਫ਼ੋਰਡਮ ਯੂਨੀਵਰਸਿਟੀ ਵਲੋਂ ਰਵਾਂਡਾ ਕਤਲੇਆਮ ਬਾਰੇ ਕਰਵਾਏ ਗਏ ਅਧਿਐਨ ਦੇ ਅੰਕੜਿਆਂ ਦੇ ਬਰਾਬਰ ਹਨ। ਰਾਬਰਟ ਵਲੋਂ ਦਿਲ ਦਹਿਲਾ ਦੇਣ ਵਾਲਾ ਪਰਦਾਫਾਸ਼ ਕਰਨ ਤੋਂ ਬਾਦ ਵੀ ਮੀਡੀਆ ਨੇ ਚੁੱਪ ਵੱਟੀ ਰੱਖੀ। ਇਕ ਸਾਲਮ ਪੀੜ•ੀ ਦੇ ਜਥੇਬੰਦ ਕਤਲੇਆਮ ਦੇ ਸਭ ਤੋਂ ਵੱਡੇ ਕਾਂਡ 'ਚ ਕੀ ਚੰਗਾ ਹੋ ਸਕਦਾ ਹੈ, ਹੇਰਾਲਡ ਪਿੰਟਰ ਦੇ ਸ਼ਬਦਾਂ 'ਚ ਕਹੀਏ ਤਾਂ ''ਕੁਝ ਹੋਇਆ ਹੀ ਨਹੀਂ। ਇਹ ਕੋਈ ਮਾਮਲਾ ਹੀ ਨਹੀਂ ‏ਹੈ''।ਆਪਣੇ ਆਪ ਨੂੰ ਖੱਬੇਪੱਖੀ ਕਹਾਉਣ ਵਾਲੇ ਕਈ ਲੋਕਾਂ ਨੇ ਬੁਸ਼ ਦੇ ਅਫ਼ਗਾਨਿਸਤਾਨ ਉੱਪਰ ਹਮਲੇ ਦੀ ਹਮਾਇਤ ਕੀਤੀ। ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਕਿ ਸੀ ਆਈ ਏ ਨੇ ਓਸਾਮਾ ਬਿਨ ਲਾਦੇਨ ਦੀ ਹਮਾਇਤ ਕੀਤੀ ਸੀ। ਕਲਿੰਟਨ ਪ੍ਰਸ਼ਾਸਨ ਨੇ ਤਾਲਿਬਾਨਾਂ ਨੂੰ ਗੁੱਝੇ ਢੰਗ ਨਾਲ ਹੱਲਾਸ਼ੇਰੀ ਦਿੱਤੀ ਸੀ, ਇਥੋਂ ਤੱਕ ਕਿ ਉਨ੍ਹਾਂ ਨੂੰ ਸੀ ਆਈ ਏ ਵਿਚ ਆਹਲਾ ਮਿਆਰੀ ਸਬਕ ਵੀ ਪੜ•ਾਏ ਗਏ, ਅਮਰੀਕਾ 'ਚ ਇਸ ਸਭ ਕਾਸੇ ਬਾਰੇ ਆਮ ਹੀ ਅਣਜਾਣਤਾ ਪਾਈ ਜਾਂਦੀ ਹੈ।

ਅਫ਼ਗਾਨਿਸਤਾਨ ਵਿਚ ਇਕ ਤੇਲ ਪਾਈਪ ਲਾਈਨ ਉਸਾਰਨ 'ਚ ਇਕ ਵੱਡੀ ਤੇਲ ਕੰਪਨੀ ਯੂਨੋਕੋਲ ਦੇ ਨਾਲ ਤਾਲਿਬਾਨਾਂ ਦੀ ਵੀ ਖੁਫ਼ੀਆ ਭਾਈਵਾਲੀ ਸੀ। ਅਤੇ ਜਦੋਂ ਕਲਿੰਟਨ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੂੰ ਕਿਹਾ ਗਿਆ ਕਿ ''ਤਾਲਿਬਾਨ ਔਰਤਾਂ ਉੱਪਰ ਜ਼ੁਲਮ ਢਾਹ ਰਹੀ ਹੈ'' ਤਾਂ ਉਸਦਾ ਜਵਾਬ ਸੀ ਕਿ ''ਅਸੀਂ ਅਜਿਹੀ ਸੂਰਤ 'ਚ ਵੀ ਉਨ੍ਹਾਂ ਨਾਲ ਚੱਲ ਸਕਦੇ ਹਾਂ''। ਇਸ ਦੇ ਪੁਖ਼ਤਾ ਸਬੂਤ ਹਨ ਕਿ ਬੁਸ਼ ਨੇ ਤਾਲਿਬਾਨ ਉੱਪਰ ਹਮਲਾ ਕਰਨ ਦਾ ਜੋ ਫ਼ੈਸਲਾ ਲਿਆ ਉਹ 9/11 ਦਾ ਸਿੱਟਾ ਨਹੀਂ ਸੀ। ਸਗੋਂ ਇਹ ਦੋ ਮਹੀਨੇ ਪਹਿਲਾਂ ਜੁਲਾਈ 2001 'ਚ ਹੀ ਤੈਅ ਹੋ ਚੁੱਕਾ ਸੀ। ਇਹ ਸਭ ਕੁਝ ਅਮਰੀਕਾ 'ਚ ਆਮ ਲੋਕਾਂ ਦੀ ਜਾਣਕਾਰੀ 'ਚ ਨਹੀਂ ਹੈ। ਜਿਵੇਂ ਅਫ਼ਗਾਨਿਸਤਾਨ 'ਚ ਮਾਰੇ ਗਏ ਨਾਗਰਿਕਾਂ ਦੀ ਗਿਣਤੀ ਬਾਰੇ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਹੈ। ਮੇਰੀ ਜਾਣਕਾਰੀ ਅਨੁਸਾਰ, ਮੁੱਖਧਾਰਾ ਵਿਚ ਸਿਰਫ਼ ਇਕ ਰਿਪੋਰਟਰ, ਲੰਦਨ ਸਥਿਤ ਗਾਰਡੀਅਨ ਦੇ ਜੋਨਾਥਨ ਸਟੀਲ ਨੇ ਅਫ਼ਗਾਨਿਸਤਾਨ 'ਚ ਨਾਗਰਿਕਾਂ ਦੀਆਂ ਮੌਤਾਂ ਦੀ ਛਾਣਬੀਣ ਕੀਤੀ ਹੈ ਅਤੇ ਉਸਦਾ ਅੰਦਾਜ਼ਾ ਹੈ ਕਿ 20000 ਨਾਗਰਿਕ ਮਾਰੇ ਗਏ ਹਨ ਅਤੇ ਇਹ ਤਿੰਨ ਸਾਲ ਪਹਿਲਾਂ ਦੀ ਗੱਲ ਹੈ। ਫ਼ਲਸਤੀਨ ਦੀ ਮਿਆਦੀ ਤ੍ਰਾਸਦੀ, ਅਖੌਤੀ ਉਦਾਰ ਖੱਬਿਆਂ ਦੀ ਡੂੰਘੀ ਖ਼ਾਮੋਸ਼ੀ ਅਤੇ ਅਣਜਾਣ ਬਣੇ ਰਹਿਣ ਦੀ ਵੱਡੀ ਭੂਮਿਕਾ ਕਾਰਨ ਜਾਰੀ ਹੈ। ਹਮਾਸ ਨੂੰ ਲਗਾਤਾਰ ਇਸਰਾਇਲ ਦੀ ਤਬਾਹੀ ਦਾ ਤਹੱਈਆ ਕਰ ਚੁੱਕੀ ਤਾਕਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਤੁਸੀਂ ਦੀ ਨਿਊਯਾਰਕ ਟਾਈਮਜ਼, ਐਸੋਸੀਏਟ ਪ੍ਰੈੱਸ, ਬੋਸਤਨ ਗਲੋਬ ਨੂੰ ਹੀ ਲੈ ਲਓ। ਇਹ ਸਾਰੇ ਇਸ ਉਕਤੀ ਨੂੰ ਮਿਆਰੀ ਐਲਾਨ ਵਜੋਂ ਵਰਤਦੇ ਹਨ। ਹਾਲਾਂਕਿ ਇਹ ਝੂਠ ਹੈ। ਹਮਾਸ ਨੇ ਦਸ ਸਾਲ ਲਈ ਯੁੱਧਬੰਦੀ ਦਾ ਐਲਾਨ ਕੀਤਾ ਹੋਇਆ ਹੈ ਇਸ ਦੀ ਤਕਰੀਬਨ ਰਿਪੋਰਟ ਹੀ ਨਹੀਂ ਕੀਤੀ ਜਾਂਦੀ। ਇਸ ਤੋਂ ਵੀ ਅਹਿਮ ਇਹ ਕਿ ਹਮਾਸ 'ਚ ਪਿਛਲੇ ਵਰਿ•ਆਂ ਤੋਂ ਇਕ ਇਤਿਹਾਸਕ ਵਿਚਾਰਧਾਰਕ ਬਦਲਾਅ ਆਇਆ ਹੈ। ਉਹ ਹੈ ਉਸ ਨੂੰ ਮਾਨਤਾ ਦੇਣਾ ਜਿਸ ਨੂੰ ਇਸਰਾਇਲ ਦੀ ਹਕੀਕਤ ਕਿਹਾ ਜਾਂਦਾ ਹੈ। ਪਰ ਇਸ ਦੀ ਜਾਣਕਾਰੀ ਕਦੇ ਵੀ ਨਹੀਂ ਦਿੱਤੀ ਜਾਂਦੀ। ਅਤੇ ਇਸਰਾਇਲ ਨੇ ਤਾਂ ਫ਼ਲਸਤੀਨ ਦੀ ਤਬਾਹੀ ਦੀ ਸਹੁੰ ਹੀ ਖਾਧੀ ਹੋਈ ਹੈ, ਇਹ ਕਹਿਣ ਵਾਲੀ ਗੱਲ ਹੀ ਨਹੀਂ ਹੈ। ਫ਼ਲਸਤੀਨ ਦੀ ਰਿਪੋਰਟਿੰਗ ਬਾਰੇ ਗਲਾਸਗੋ ਯੂਨੀਵਰਸਿਟੀ ਵਲੋਂ ਅੱਖਾਂ ਖੋਹਲਣ ਵਾਲੇ ਅਧਿਐਨ ਕੀਤੇ ਗਏ ਹਨ। ਉਨ੍ਹਾਂ ਨੇ ਬਰਤਾਨੀਆ 'ਚ ਟੀ ਵੀ ਖ਼ਬਰਾਂ ਦੇਖਣ ਵਾਲੇ ਨੌਜਵਾਨਾਂ ਨਾਲ ਇੰਟਰਵਿਊ ਕੀਤੀਆਂ। 90 ਫ਼ੀ ਸਦੀ ਤੋਂ ਵੱਧ ਦੀ ਸੋਚ ਸੀ ਕਿ ਫ਼ਲਸਤੀਨੀ ਇਥੇ ਗ਼ੈਰਕਾਨੂੰਨੀ ਵਸੇ ਹੋਏ ਹਨ। ਡੈਨੀ ਸ਼ੇਕਟਰ ਦੇ ਮਸ਼ਹੂਰ ਕਥਨ ਅਨੁਸਾਰ, ''ਉਹ ਦੇਖਦੇ ਬਥੇਰਾ ਹਨ, ਪਰ ਜਾਣਦੇ ਬਹੁਤ ਘੱਟ ਹਨ''।

ਅਜੋਕੀ ਸਭ ਤੋਂ ਭਿਆਨਕ ਖ਼ਾਮੋਸ਼ੀ ਪ੍ਰਮਾਣੂ ਹਥਿਆਰਾਂ ਅਤੇ ਠੰਡੀ ਜੰਗ ਦੀ ਵਾਪਸੀ ਬਾਰੇ ਹੈ। ਰੂਸੀ ਸਪਸ਼ਟ ਤੌਰ 'ਤੇ ਸਮਝਦੇ ਹਨ ਕਿ ਪੂਰਬੀ ਯੂਰਪ 'ਚ ਅਖੌਤੀ ਅਮਰੀਕੀ ਹਿਫਾਜ਼ਤੀ ਢਾਲ ਉਨ੍ਹਾਂ ਨੂੰ ਤਬਾਹ ਕਰਨ ਅਤੇ ਨੀਵਾਂ ਦਿਖਾਉਣ ਲਈ ਬਣਾਈ ਗਈ ਹੈ। ਫਿਰ ਵੀ ਇਥੇ ਪਹਿਲੇ ਪੰਨਿਆਂ 'ਤੇ ਇਹੀ ਹੁੰਦਾ ਹੈ ਕਿ ਪੁਤਿਨ ਇਕ ਨਵੀਂ ਠੰਡੀ ਜੰਗ ਸ਼ੁਰੂ ਕਰਨ ਜਾ ਰਿਹਾ ਹੈ। ਪਰ ਉਸ ਲੰਮੇ ਸਮੇਂ ਤੋਂ ਰੋਕੀ ਲਾਲਸਾ ਬਾਰੇ ਚੁੱਪ ਵੱਟੀ ਹੋਈ‏ ਹੈ। ਉਹ ਹੈ ਪੂਰੀ ਤਰ•ਾਂ ਵਿਕਸਤ ਨਵਾਂ ਅਮਰੀਕੀ ਪ੍ਰਮਾਣੂ ਪ੍ਰਬੰਧ, ਜਿਸ ਨੂੰ ਪੁਰਾਣੇ ਦੀ ਥਾਂ ਨਵੇਂ ਭਰੋਸੇਯੋਗ ਹਥਿਆਰ ਲਿਆਉਣਾ ਕਿਹਾ ਜਾਂਦਾ ਹੈ, ਜੋ ਰਵਾਇਤੀ ਯੁੱਧ ਅਤੇ ਪ੍ਰਮਾਣੂ ਯੁੱਧ ਦਰਮਿਆਨ ਨਿਖੇੜੇ ਨੂੰ ਮੇਟਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਇਸ ਦੌਰਾਨ ਇਰਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਵਿਚ ਮੀਡੀਆ ਲਗਭਗ ਉਹੀ ਭੂਮਿਕਾ ਨਿਭਾ ਰਿਹਾ ਹੈ ਜੋ ਇਰਾਕ ਉੱਪਰ ਹਮਲੇ ਤੋਂ ਪਹਿਲਾਂ ਨਿਭਾਈ ਗਈ ਸੀ। ਜ਼ਰਾ ਦੇਖੋ, ਬਰਾਕ ਓਬਾਮਾ ਡੈਮੋਕਰੇਟਾਂ ਲਈ ਕਿਵੇਂ ਬਦੇਸ਼ੀ ਸਬੰਧਾਂ ਬਾਰੇ ਕੌਂਸਲ ਦਾ ਬੁਲਾਰਾ ਬਣ ਗਿਆ ਹੈ, ਜੋ ਵਾਸ਼ਿੰਗਟਨ ਸਥਿਤ ਪੁਰਾਣੀ ਉਦਾਰਵਾਦੀ ਸਥਾਪਤੀ ਲਈ ਪ੍ਰਚਾਰ ਦੀ ਘਾੜਤ ਘੜਨ ਵਾਲਾ ਇਕ ਪ੍ਰਮੁੱਖ ਅੰਗ ਹੈ। ਓਬਾਮਾ ਲਿਖਦਾ ਹੈ ਕਿ ਉਹ ਫ਼ੌਜਾਂ ਦੀ ਵਾਪਸੀ ਚਾਹੁੰੰਦਾ ਹੈ, ''ਅਸੀਂ ਲੰਮੇ ਸਮੇਂ ਤੋਂ ਸਾਡੇ ਵਿਰੋਧੀ ਇਰਾਨ ਅਤੇ ਸੀਰੀਆ ਵਿਰੁੱਧ ਫ਼ੌਜੀ ਤਾਕਤ ਜ਼ਰੀਏ ਹਮਲਾ ਨਹੀਂ ਕਰਾਂਗੇ।'' ਉਦਾਰ ਓਬਾਮਾ ਦੇ ਮੂੰਹੋਂ ਹੋਰ ਸੁਣੋ, ''ਪਿਛਲੀ ਸਦੀ 'ਚ ਮਹਾਂ ਖ਼ਤਰਿਆਂ ਦੇ ਪਲਾਂ 'ਚ ਸਾਡੇ ਆਗੂਆਂ ਨੇ ਦਿਖਾਇਆ ਕਿ ਅਮਰੀਕਾ ਨੇ ਆਪਣੀ ਕਰਨੀ ਅਤੇ ਮਿਸਾਲਾਂ ਰਾਹੀਂ ਦੁਨੀਆ ਦੀ ਅਗਵਾਈ ਕੀਤੀ ਅਤੇ ਇਸ ਨੂੰ ਉੱਚਾ ਚੁੱਕਿਆ, ਕਿ ਅਸੀਂ ਕਰੋੜਾਂ ਲੋਕਾਂ ਦੀ ਚਹੇਤੀ ਆਜ਼ਾਦੀ ਦੀ ਖ਼ਾਤਰ, ਉਨ੍ਹਾਂ ਦੇ ਖੇਤਰ ਦੀਆਂ ਹੱਦਾਂ ਤੋਂ ਅੱਗੇ ਜਾਕੇ ਲੜਦੇ ਰਹੇ ਅਤੇ ਉਨ•ਾਂ ਦੇ ਨਾਲ ਖੜ•ੇ।'' ਪ੍ਰਚਾਰ ਦੀ ਇਹੀ ਧੋਖਾਧੜੀ ਹੈ, ਜੇ ਤੁਸੀਂ ਚਾਹੋ ਤਾਂ ਇਹ ਤੁਹਾਡੀ ਸੋਚ ਦੀ ਪੱਟੀ ਮੇਸ ਸਕਦੀ ਹੈ, ਜਿਸ ਨੇ ਹਰ ਅਮਰੀਕੀ ਅਤੇ ਸਾਡੇ ਵਰਗੇ ਕਈ ਗ਼ੈਰ-ਅਮਰੀਕੀਆਂ ਦੀ ਜ਼ਿੰਦਗੀ ਨੂੰ ਜਕੜਿਆ ਹੋਇਆ ਹੈ। ਸੱਜੇਪੱਖੀਆਂ ਤੋਂ ਖੱਬੇਪੱਖੀਆਂ ਤੱਕ, ਧਰਮਨਿਰਪੇਖ ਤੋਂ ਲੈਕੇ ਰੱਬ ਨੂੰ ਮੰਨਣ ਵਾਲਿਆਂ ਤੱਕ ਬਹੁਤ ਘੱਟ ਲੋਕ ਹਨ ਜੋ ਇਹ ਜਾਣਦੇ ਹਨ ਕਿ ਅਮਰੀਕਾ ਦੇ ਪ੍ਰਸ਼ਾਸਨ ਪੰਜਾਹ ਸਰਕਾਰਾਂ ਦਾ ਰਾਜ ਪਲਟਾ ਕਰ ਚੁੱਕਾ ਹੈ ਅਤੇ ਇਨ•ਾਂ ਵਿਚੋਂ ਜ਼ਿਆਦਾਤਰ ਜਮਹੂਰੀ ਤੌਰ 'ਤੇ ਚੁਣੀਆਂ ਹੋਈਆਂ ਸਨ। ਇਸ ਅਮਲ 'ਚ ਤੀਹ ਮੁਲਕਾਂ ਉੱਪਰ ਹਮਲੇ ਅਤੇ ਬੰਬਾਰੀ ਕੀਤੀ ਗਈ ਜਿਨ•ਾਂ ਵਿਚ ਬੇਸ਼ੁਮਾਰ ਲੋਕਾਂ ਦੀਆਂ ਜਾਨਾਂ ਗਈਆਂ। ਬੁਸ਼ ਨੇ ਹਮਲਾ ਬਹੁਤ ਗੱਜ-ਵੱਜਕੇ ਕੀਤਾ ਅਤੇ ਇਸ ਨੂੰ ਜਾਇਜ਼ ਠਹਿਰਾਇਆ। ਪਰ ਜਿਸ ਪਲ ਅਸੀਂ ਡੈਮੋਕਰੇਟਾਂ ਵਲੋਂ ਕਰੋੜਾਂ ਲੋਕਾਂ ਦੀ ਮਹਿਬੂਬ ਆਜ਼ਾਦੀ ਲਈ ਲੜਨ ਅਤੇ ਉਨ੍ਹਾਂ ਦੇ ਹੱਕ 'ਚ ਖੜ•ਨ ਦੇ ਬਕਵਾਸ ਅਤੇ ਉਨ੍ਹਾਂ ਦੇ ਸ਼ਾਤਰ ਸੱਦੇ ਨੂੰ ਮੰਨ ਲੈਂਦੇ ਹਾਂ, ਇਤਿਹਾਸ ਦੀ ਲੜਾਈ ਹਾਰ ਜਾਂਦੀ ਹੈ ਅਤੇ ਅਸੀਂ ਖ਼ੁਦ ਵੀ ਚੁੱਪ ਵੱਟ ਲੈਂਦੇ ਹਾਂ। ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ‏ਹੈ?

ਜਦੋਂ ਵੀ ਮੈਂ ਇਕੱਠਾਂ ਨੂੰ ਸੰਬੋਧਨ ਕਰਨ ਜਾਂਦਾ ਹਾਂ ਇਹ ਸਵਾਲ ਅਕਸਰ ਪੁੱਛਿਆ ਜਾਂਦਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਸ ਕਾਨਫਰੰਸ ਵਰਗੇ ਵੱਧ ਜਾਣਕਾਰੀ ਰੱਖਦੇ ਇਕੱਠਾਂ 'ਚ ਵੀ ਇਹੀ ਸਵਾਲ ਪੁੱਛਿਆ ਜਾਂਦਾ ਹੈ। ਮੇਰਾ ਆਪਣਾ ਤਜਰਬਾ ਹੈ ਕਿ ਤੀਜੀ ਦੁਨੀਆ ਕਹਾਉਂਦੇ ਮੁਲਕਾਂ ਦਾ ਅਵਾਮ ਸ਼ਾਇਦ ਹੀ ਇਸ ਤਰ•ਾਂ ਦੇ ਸਵਾਲ ਪੁੱਛਦਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਕੀ ਕਰਨਾ ਹੈ। ਅਤੇ ਕਈਆਂ ਨੂੰ ਆਪਣੀ ਆਜ਼ਾਦੀ ਅਤੇ ਜ਼ਿੰਦਗੀ ਦੀ ਕੀਮਤ ਤਾਰਨੀ ਪੈਂਦੀ ਹੈ। ਇਹ ਇਕ ਐਸਾ ਸਵਾਲ ਹੈ ਜਿਸ ਦਾ ਜਵਾਬ ਹਾਲੇ ਕਈ ਜਮਹੂਰੀ ਖੱਬੇਪੱਖੀਆਂ ਨੇ ਵੀ ਦੇਣਾ ਹ‏ੈ।ਹਾਲੇ ਵੀ ਕਈ ਸੱਚੀਆਂ, ਵਿਦਰੋਹੀ ਸੂਚਨਾਵਾਂ ਸਾਰਿਆਂ ਲਈ ਸਭ ਤੋਂ ਵੱਧ ਤਾਕਤਵਰ ਚੀਜ਼ ਹਨ-ਅਤੇ ਮੇਰਾ ਵਿਸ਼ਵਾਸ ਹ‏ੈ ਸਾਨੂੰ ਇਸ ਬਹਿਕਾਵੇ 'ਚ ਨਹੀਂ ਆਉਣਾ ਚਾਹੀਦਾ ਕਿ ਮੀਡੀਆ ਅਵਾਮ ਲਈ ਬੋਲਦਾ ਹੈ। ਇਹ ਸਤਾਲਿਨਵਾਦੀ ਚੈਕੋਸਲੋਵੈਕੀਆ 'ਚ ਸੱਚ ਨਹੀਂ ਸੀ ਅਤੇ ਇਹ ਅਮਰੀਕਾ 'ਚ ਵੀ ਸੱਚ ਨਹੀਂ ਹੈ। ਆਪਣੀ ਸਾਰੀ ਜ਼ਿੰਦਗੀ ਮੈਂ ਇਕ ਪੱਤਰਕਾਰ ਰਿਹਾ ਹਾਂ। ਮੈਂ ਨਹੀਂ ਜਾਣਦਾ ਕਿ ਅਵਾਮ ਦੀ ਚੇਤਨਾ ਕਦੇ ਵੀ ਐਨੀ ਤੇਜ਼ੀ ਨਾਲ ਵਧੀ ਹੈ ਜਿੰਨੀ ਅੱਜ ਵਧ ਰਹੀ ਹੈ। ਹਾਲਾਂਕਿ ਇਸ ਦਾ ਅਕਾਰ ਅਤੇ ਇਸ ਦੀ ਸੇਧ ਬਹੁਤੀ ਸਪਸ਼ਟ ਨਹੀਂ ਹੈ। ਕਿਉਂਕਿ, ਇਕ ਤਾਂ ਅਵਾਮ ਨੂੰ ਸਿਆਸੀ ਬਦਲਾਂ ਬਾਰੇ ਘੋਰ ਸ਼ੱਕ ਹੈ ਅਤੇ ਦੁਜਾ ਡੈਮੋਕਰੇਟਿਕ ਪਾਰਟੀ ਚੋਣਾਂ 'ਚ ਹਿੱਸਾ ਲੈਣ ਵਾਲੇ ਖੱਬੇਪੱਖੀਆਂ ਨੂੰ ਭਰਮਾਉਣ ਅਤੇ ਪਾੜਨ 'ਚ ਕਾਮਯਾਬ ਹੋ ਜਾਂਦੀ ਹੈ। ਫਿਰ ਵੀ ਅਵਾਮ ਦੀ ਵਧ ਰਹੀ ਆਲੋਚਨਾਤਮਕ ਸੋਝੀ ਵੱਧ ਅਹਿਮ ਹੈ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਲੋਕ ਵੱਡੇ ਪੈਮਾਨੇ 'ਤੇ ਸਿਧਾਂਤਹੀਣਤਾ, ਜ਼ਿੰਦਗੀ ਜਿਊਣ ਦੇ ਸਰਬੋਤਮ ਰਾਹ ਦੇ ਮਿੱਥ-ਸ਼ਾਸਤਰ ਦੇ ਰੰਗ 'ਚ ਰੰਗੇ ਜਾ ਰਹੇ ਹਨ ਅਤੇ ਮੌਜੂਦਾ ਮਿੱਥਕੇ ਬਣਾਏ ਭੈਅ ਦੇ ਹਾਲਾਤ 'ਚ ਜੀਅ ਰਹੇ ਹਨ।ਪਿਛਲੇ ਸਾਲ, ਨਿਊਯਾਰਕ ਟਾਈਮਜ਼ ਆਪਣੇ ਸੰਪਾਦਕੀ 'ਚ ਸਪਸ਼ਟ ਢੰਗ ਨਾਲ ਸਾਹਮਣੇ ਕਿਓਂ ਆਇਆ? ਇਸ ਲਈ ਨਹੀਂ ਕਿ ਇਹ ਯੁੱਧ ਦਾ ਵਿਰੋਧ ਕਰਦਾ ਹੈ-ਜ਼ਰਾ ਇਰਾਨ ਦੀ ਕਵਰੇਜ਼ 'ਤੇ ਨਜ਼ਰ ਮਾਰ ਲਓ। ਉਹ ਸੰਪਾਦਕੀ ਬਹੁਤ ਹੀ ਔਖ ਨਾਲ ਮੰਨਿਆ ਸੱਚ ਸੀ ਕਿਅਵਾਮ ਮੀਡੀਆ ਦੀ ਲੁੱਕਵੀਂ ਭੂਮਿਕਾ ਨੂੰ ਸਮਝਣ ਲੱਗ ਗਿਆ ਹੈ ਅਤੇ ਲੋਕ ''ਸਤਰਾਂ ਵਿਚਾਲੇ ਦੇ ਅਰਥਾਂ'' ਨੂੰ ਸਮਝਣਾ ਸਿੱਖ ਰਹੇ ਹਨ। ਜੇ ਇਰਾਨ ਉੱਪਰ ਹਮਲਾ ਕੀਤਾ ਗਿਆ ਤਾਂ ਇਸ ਦੇ ਪ੍ਰਤੀਕਰਮ ਅਤੇ ਉੱਥਲ-ਪੁੱਥਲ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕੌਮੀ ਸੁਰੱਖਿਆ ਅਤੇ ਘਰੇਲੂ ਸੁਰੱਖਿਆ ਲਈ ਰਾਸ਼ਟਰਪਤੀ ਨੂੰ ਮਿਲੇ ਦਿਸ਼ਾ-ਨਿਰਦੇਸ਼, ਰਾਸ਼ਟਰਪਤੀ ਨੂੰ ਹੰਗਾਮੀ ਹਾਲਤ 'ਚ ਹਰ ਤਰ•ਾਂ ਦੀ ਤਾਕਤ ਬਖ਼ਸ਼ਦੇ ਹਨ। ਇਹ ਅਸੰਭਵ ਨਹੀਂ ਹੈ ਕਿ ਸੰਵਿਧਾਨ ਹੀ ਬਰਖ਼ਾਸਤ ਕਰ ਦਿੱਤਾ ਜਾਵੇ-ਸੈਂਕੜੇ ਹਜ਼ਾਰਾਂ ਅਖੌਤੀ ਦਹਿਸ਼ਤਪਸੰਦਾਂ ਅਤੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਅਤੇ ਉਨ•ਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਵਾਲੇ ਸਾਰੇ ਕਾਨੂੰਨ ਪਹਿਲਾਂ ਹੀ ਕਿਤਾਬਾਂ 'ਚ ਠੱਪ ਕਰ ਦਿੱਤੇ ਗਏ ਹਨ।

ਮੈਨੂੰ ਲਗਦਾ ਹੈ ਕਿ ਅਵਾਮ ਇਨ•ਾਂ ਖ਼ਤਰਿਆਂ ਨੂੰ ਸਮਝ ਰਿਹਾ ਹੈ, ਜਿਨ•ਾਂ ਨੇ 9/11 ਤੋਂ ਬਾਦ ਲੰਮਾ ਪੈਂਡਾ ਤੈਅ ਕੀਤਾ ਹੈ ਅਤੇ ਸੱਦਾਮ ਹੁਸੈਨ ਅਤੇ ਅਲਕਾਇਦਾ ਦਰਮਿਆਨ ਰਿਸ਼ਤਿਆਂ ਦੇ ਪ੍ਰਚਾਰ ਤੋਂ ਬਾਦ ਲੰਮਾ ਪੈਂਡਾ ਤੈਅ ਕਰ ਲਿਆ ਹੈ। ਇਸ ਲਈ ਇਨ•ਾਂ ਨੇ ਡੈਮੋਕਰੇਟਾਂ ਨੂੰ ਸਿਰਫ਼ ਠੱਗੇ ਜਾਣ ਲਈ ਵੋਟ ਪਾਈ। ਉਨ੍ਹਾਂ ਨੂੰ ਸੱਚ ਚਾਹੀਦਾ ਹੈ ਅਤੇ ਪੱਤਰਕਾਰ ਨੂੰ ਸੱਚ ਦਾ ਮਾਧਿਅਮ ਬਨਣਾ ਚਾਹੀਦਾ ਹੈ, ਸੱਤਾ ਦਾ ਦਰਬਾਰੀ ਨਹੀਂ। ਮੇਰਾ ਮੰਨਣਾ ਹੈ ਕਿ ਪੰਜਵਾਂ ਥੰਮ ਸੰਭਵ ਹੈ, ਅਵਾਮੀ ਲਹਿਰ ਨਾਲ ਖੜ•ਨ ਵਾਲੇ ਪੱਤਰਕਾਰ ਕਾਰਪੋਰੇਟ ਮੀਡੀਆ ਦੀਆਂ ਧੱਜੀਆਂ ਉਡਾ ਦੇਣਗੇ, ਜਵਾਬ ਦੇਣਗੇ ਅਤੇ ਰਾਹ ਦਿਖਾਉਣਗੇ। ਹਰ ਯੂਨੀਵਰਸਿਟੀ, ਹਰ ਮੀਡੀਆ ਕਾਲਜ, ਹਰ ਨਿਊਜ਼ ਰੂਮ ਵਿਚ, ਪੱਤਰਕਾਰੀ ਦੇ ਉਸਤਾਦਾਂ, ਖ਼ੁਦ ਪੱਤਰਕਾਰਾਂ ਨੂੰ ਝੂਠੀ ਸੱਚਾਈ ਦੇ ਨਾਂ ਹੇਠ ਜਾਰੀ ਖ਼ੂਨ-ਖਰਾਬੇ ਦੇ ਦੌਰ 'ਚ ਆਪਣੇ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਬਾਰੇ ਸਵਾਲ ਕਰਨ ਦੀ ਜ਼ਰੂਰਤ ਹੈ। ਖ਼ੁਦ ਮੀਡੀਆ 'ਚ ਇਸ ਤਰ•ਾਂ ਦੀ ਲਹਿਰ ਇਕ ਪਰੈਸਤ੍ਰੋਇਕਾ (ਖੁੱਲ•ਾਪਣ) ਦੀ ਅਗਵਾਣੂ ਹੋਵੇਗੀ ਜਿਸ ਬਾਰੇ ਅਸੀਂ ਕੁਝ ਨਹੀਂ ਜਾਣਦੇ। ਇਹ ਸਭ ਸੰਭਵ ਹੈ। ਖ਼ਾਮੋਸ਼ੀਆਂ ਤੋੜੀਆਂ ਜਾ ਸਕਦੀਆਂ ਹਨ। ਬਰਤਾਨੀਆ 'ਚ ਕੌਮੀ ਪੱਤਰਕਾਰ ਸੰਘ ਨੇ ਜ਼ਬਰਦਸਤ ਬਦਲਾਅ ਲਿਆਂਦਾ ਹੈ ਅਤੇ ਇਸਰਾਇਲ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਮੀਡੀਆਲੈਨਜ਼ ਡਾਟ ਆਰਗ ਨਾਂ ਦੀ ਵੈੱਬਸਾਈਟ ਨੇ ਇਕੱਲੀ ਨੇ ਹੀ ਬੀ ਬੀ ਸੀ ਨੂੰ ਜ਼ਿੰਮੇਵਾਰੀ ਤੋਂ ਕੰਮ ਲੈਣ ਦੀ ਸੁਣਾਉਣੀ ਕੀਤੀ ਹੈ। ਅਮਰੀਕਾ ਵਿਚ ਆਜ਼ਾਦ ਵਿਦਰੋਹੀ ਭਾਵਨਾ ਵਾਲੀਆਂ ਵੈੱਬਸਾਈਟਾਂ ਦੁਨੀਆ ਭਰ 'ਚ ਹਰਮਨਪਿਆਰੀਆਂ ਹੋ ਰਹੀਆਂ ਹਨ। ਟਾਮ ਫੀਲੇਅ ਦੀ ਇੰਟਰਨੈਸ਼ਨਲ ਕਲੀਰਿੰਗ ਹਾਊਸ ਤੋਂ ਲੈ ਕੇ, ਮਾਈਕ ਅਲਬਰਟ ਦੀ ਜ਼ੈੱਡਨੈੱਟ, ਕਾਊਂਟਰਪੰਚ ਆਨ ਲਾਈਨ, ਅਤੇ ਫੇਅਰ ਦੇ ਸ਼ਾਨਦਾਰ ਕੰਮਾਂ ਤੱਕ, ਮੈਂ ਇਥੇ ਸਾਰਿਆਂ ਦਾ ਜ਼ਿਕਰ ਨਹੀਂ ਕਰ ਸਕਦਾ। ਇਰਾਕ ਉੱਪਰ ਸਭ ਤੋਂ ਬਿਹਤਰੀਨ ਰਿਪੋਰਟਿੰਗ ਡਾਹਰ ਜਮੈਲ ਦੀ ਨਿਧੜਕ ਪੱਤਰਕਾਰੀ ਹੈ ਅਤੇ ਜੋਏ ਵਾਇਲਡਿੰਗ ਵਰਗੇ ਨਾਗਰਿਕ ਪੱਤਰਕਾਰ, ਜਿਨ•ਾਂ ਨੇ ਫਲੂਜਾ ਸ਼ਹਿਰ ਤੋਂ ਫਲੂਜਾ ਦੀ ਘੇਰਾਬੰਦੀ ਦੀ ਰਿਪੋਰਟਿੰਗ ਕੀਤੀ, ਇਹ ਬਿਹਤਰੀਨ ਰਿਪੋਰਟਿੰਗ ਸਿਰਫ਼ ਵੈੱਬ ਉੱਪਰ ਹੀ ਨਸ਼ਰ ਹੋਈ ਹੈ। ਵੈਨਜ਼ੁਏਲਾ 'ਚ, ਗ੍ਰੈਗ ਵਿਲਪਰਟ ਦੀ ਜਾਂਚ ਰਿਪੋਰਟ ਹੁਣ ਹਿਓਗੋ ਸ਼ਾਵੇਜ਼ ਨੂੰ ਨਿਸ਼ਾਨਾ ਬਣਾਉਣ ਲਈ ਤਿੱਖਾ ਪ੍ਰਚਾਰ ਵੱਧ ਬਣ ਗਈ ਹੈ। ਗ਼ਲਤੀ ਨਾ ਕਰ ਬੈਠਿਓ, ਵੈਨਜ਼ੁਏਲਾ ਵਿਚ ਬਹੁਮੱਤ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਪੱਛਮ ਵਿਚ ਖ਼ਤਰੇ ਦੀ ਘੰਟੀ ਵਜੋਂ ਲਿਆ ਜਾ ਰਿਹਾ ਹੈ। ਭ੍ਰਿਸ਼ਟ ਆਰ ਸੀ ਟੀਵੀ ਦੀ ਤਰਫ਼ੋਂ ਪੱਛਮ ਵਿਚ ਵੈਨਜ਼ੁਏਲਾ ਖ਼ਿਲਾਫ਼ ਧੂੰਆਂਧਾਰ ਮੁਹਿੰਮ ਪਿੱਛੇ ਇਹੀ ਝੂਠ ਮੌਜੂਦ ਹੈ। ਸਾਡੇ ਬਾਕੀ ਲੋਕਾਂ ਲਈ ਇਹ ਚੁਣੌਤੀ ਹੈ ਕਿ ਇਸ ਗੁੰਮਰਾਹਕੁਨ ਜਾਣਕਾਰੀ ਦਾ ਭਾਂਡਾ ਭੰਨਿਆ ਜਾਵੇ ਅਤੇ ਇਸ ਨੂੰ ਆਮ ਲੋਕਾਂ 'ਚ ਲਿਜਾਇਆ ਜਾਵੇ। ਇਹ ਸਾਰਾ ਕੁਝ ਸਾਨੂੰ ਛੇਤੀ ਹੀ ਕਰਨਾ ਪਵੇਗਾ। ਉਦਾਰਵਾਦੀ ਜਮਹੂਰੀਅਤ ਹੁਣ ਕਾਰਪੋਰੇਟ ਤਾਨਾਸ਼ਾਹੀ ਵੱਲ ਵਧ ਰਹੀ ਹੈ। ਇਹ ਇਕ ਇਤਿਹਾਸਕ ਬਦਲਾਅ ਹੈ ਅਤੇ ਮੀਡੀਆ ਨੂੰ ਇਸ ਦਾ ਮਖੌਟਾ ਬਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।ਸਗੋਂ ਇਸ ਨੂੰ ਹਰਮਨਪਿਆਰਾ, ਭਖਦਾ ਮੁੱਦਾ ਬਣਾਕੇ ਸਿੱਧੀ ਕਾਰਵਾਈ ਦਾ ਵਿਸ਼ਾ ਬਣਾਉਣਾ ਚਾਹੀਦਾ ਹੈ। ਜਾਗਦੇ ਰਹੋ ਦਾ ਹੋਕਾ ਦੇਣ ਵਾਲੇ ਮਹਾਨ ਟਾਮ ਪੇਨ ਨੇ ਚੇਤਾਵਨੀ ਦਿੱਤੀ ਸੀ ਕਿ 'ਜੇ ਜ਼ਿਆਦਾਤਰ ਲੋਕ ਸੱਚ ਅਤੇ ਸੱਚੇ ਵਿਚਾਰਾਂ ਤੋਂ ਇਨਕਾਰੀ ਹੋਣਾ ਸ਼ੁਰੂ ਕਰ ਦੇਣਗੇ ਤਾਂ ਭਿਅੰਕਰ ਤੂਫ਼ਾਨਾਂ ਦਾ ਦੌਰ ਹੋਵੇਗਾ ਜਿਸ ਨੂੰ ਉਨ੍ਹਾਂ ਨੇ ''ਸ਼ਬਦਾਂ ਦੀ ਜੇਲ•'' ਕਿਹਾ ਸੀ। ਹੁਣ ਉਹੀ ਸਮਾਂ ਹੈ।

-ਜੌਹਨ ਪਿਲਜਰ