ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਅਨੋਖਾ ਲੋਕਤੰਤਰ. Show all posts
Showing posts with label ਅਨੋਖਾ ਲੋਕਤੰਤਰ. Show all posts

Wednesday, April 10, 2013

ਮੌਜੂਦਾ ਪ੍ਰਬੰਧ ਆਮ ਲੋਕਾਂ ਨਾਲ ਨਿਆਂ ਨਹੀਂ ਕਰਦਾ: ਪ੍ਰਸ਼ਾਂਤ ਭੂਸ਼ਣ

ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ ਨਾਲ ਕੁਲਦੀਪ ਅਰੋੜਾ ਦੀ ਵਿਸ਼ੇਸ਼ ਮੁਲਾਕਾਤ 

ਭਾਰਤੀ ਸੰਸਦੀ ਲੋਕਤੰਤਰ ਦਾ 65 ਸਾਲ ਤੋਂ ਵੱਧ ਦਾ ਤਜਰਬਾ ਕਿਹੋ ਜਿਹਾ ਰਿਹਾ ਹੈ?
-ਤੁਹਾਡੇ ਸਵਾਲ ਦੇ ਜਵਾਬ ਦੇ ਦੋ ਪੱਖ ਹਨ। ਪਹਿਲਾ ਇਸ ਦੇ ਸਾਰਥਕ ਪੱਖ ਦੀ ਗੱਲ ਕਰਦੇ ਹਾਂ। ਉਹ ਇਹ ਹੈ ਕਿ ਸਾਡੀ ਪਾਰਲੀਮਾਨੀ ਜਮਹੂਰੀਅਤ ਵਿਚ ਲੋਕਾਂ ਨੂੰ ਸਰਕਾਰ ਬਦਲਣ ਦਾ ਮੌਕਾ 5 ਸਾਲਾਂ ਤੋਂ ਬਾਅਦ ਮਿਲ ਹੀ ਜਾਂਦਾ ਹੈ। ਪਰ ਤੁਹਾਡੇ ਕੋਲ ਬੜੀ ਸੀਮਤ ਚੋਣ ਹੈ ਕਿਉਂਕਿ ਤੁਹਾਨੂੰ ਪ੍ਰਮੁੱਖ ਰਾਜਸੀ ਪਾਰਟੀਆਂ ਵਿਚੋਂ ਇਕ ਨੂੰ ਤਾਂ ਚੁਣਨਾ ਹੀ ਪੈਣਾ ਹੈ, ਜਿਹੜੀਆਂ ਕਿ 3-4 ਤੋਂ ਜ਼ਿਆਦਾ ਨਹੀਂ ਹਨ। ਦੂਜਾ ਪੱਖ ਇਹ ਹੈ ਕਿ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਸੰਸਦ ਮੈਂਬਰ ਕੌਮੀ ਪੱਧਰ 'ਤੇ ਬਹੁਤੀ ਵਧੇਰੇ ਅਹਿਮੀਅਤ ਹੀ ਨਹੀਂ ਰੱਖਦੇ। ਜੇ ਉਹ ਮਿਲ ਕੇ ਕੋਈ ਮੋਰਚਾ ਵੀ ਬਣਾ ਲੈਣ ਤਾਂ ਉਹ ਵੀ ਜ਼ਿਆਦਾ ਦੇਰ ਸੱਤਾ ਵਿਚ ਨਹੀਂ ਟਿਕਦਾ।

ਪਾਰਲੀਮਾਨੀ ਜਮਹੂਰੀ ਮਾਡਲ ਦਾ ਸਾਡੇ ਰਾਜਸੀ ਅਤੇ ਪ੍ਰਸ਼ਾਸਨਿਕ ਢਾਂਚੇ 'ਤੇ ਕੀ ਪ੍ਰਭਾਵ ਪਿਆ ਹੈ? -
ਇਸ ਮਾਡਲ ਦਾ ਸਭ ਤੋਂ ਮਾੜਾ ਪੱਖ ਇਹ ਰਿਹਾ ਹੈ ਕਿ ਸੱਤਾਧਾਰੀ ਜਮਾਤਾਂ ਨੇ ਆਪਣੇ ਹਿਤਾਂ ਦੀ ਰਾਖੀ ਲਈ ਹੀ ਕਾਨੂੰਨ ਬਣਾਏ ਹਨ ਅਤੇ ਪ੍ਰਸ਼ਾਸਨਿਕ ਢਾਂਚਾ ਵੀ ਉਸੇ ਉਦੇਸ਼ ਨੂੰ ਮੁੱਖ ਰੱਖ ਕੇ ਅਮਲ ਵਿਚ ਲਿਆਂਦਾ ਗਿਆ ਹੈ। ਸੱਤਾ ਦਾ ਕੇਂਦਰੀਕਰਨ ਹੋ ਗਿਆ ਹੈ। ਨਤੀਜੇ ਵਜੋਂ ਆਮ ਲੋਕਾਂ ਅਤੇ ਸਥਾਨਕ ਜਨਤਾ ਦੇ ਹਿਤਾਂ ਦੀ ਅਣਦੇਖੀ ਹੋਈ ਹੈ। ਲੋਕ ਕਾਨੂੰਨ ਬਣਾਉਣ ਅਤੇ ਅਹਿਮ ਫ਼ੈਸਲਿਆਂ ਦੇ ਅਮਲ ਵਿਚੋਂ ਬਾਹਰ ਧੱਕੇ ਗਏ ਹਨ।

ਸੱਤਾ ਦੇ ਕੇਂਦਰ ਵਿਚ ਆਮ ਲੋਕ ਅਤੇ ਆਮ ਆਦਮੀ ਕਿਵੇਂ ਆ ਸਕਦੇ ਹਨ? -
ਸਾਡੇ ਰਾਜਸੀ ਮਾਡਲ ਦਾ ਜ਼ਮੀਨੀ ਨਿਰੀਖਣ ਕੀਤਿਆਂ ਪਤਾ ਲਗਦਾ ਹੈ ਕਿ ਇਸ ਵਾਸਤੇ ਸੰਸਦ ਅਤੇ ਵਿਧਾਨ ਸਭਾਵਾਂ ਲਈ ਚੁਣੇ ਜਾਣ ਵਾਲੇ ਲੋਕ ਪ੍ਰਤੀਨਿਧੀਆਂ ਦੀ ਚੋਣ ਵਿਚ ਬੁਨਿਆਦੀ ਤਬਦੀਲੀ ਕਰਨੀ ਪਵੇਗੀ।

ਕੀ ਇਸ ਸਬੰਧੀ ਦੇਸ਼ ਵਿਚ ਕੋਈ ਪਹਿਲ ਹੋਈ ਹੈ? -

ਕਿਉਂ ਨਹੀਂ। ਇਸੇ ਉਦੇਸ਼ ਲਈ ਅਸੀਂ 'ਆਮ ਆਦਮੀ ਪਾਰਟੀ' ਬਣਾਈ ਹੈ। ਇਹ ਪਾਰਟੀ ਮੁੱਖਧਾਰਾ ਦੀਆਂ ਰਾਜਸੀ ਪਾਰਟੀਆਂ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਪੂਰੇ ਸ਼ਾਸਨ ਤੰਤਰ ਦੀ ਨਾਕਾਮਯਾਬੀ ਅਤੇ ਇਸ ਦੇ ਕਾਰਨਾਂ ਨੂੰ ਬੇਨਕਾਬ ਕਰ ਰਹੀ ਹੈ। ਅਸੀਂ ਦੇਸ਼ਵਾਸੀਆਂ ਨੂੰ ਇਹ ਦੱਸਣ ਵਿਚ ਕਾਮਯਾਬ ਰਹੇ ਹਾਂ ਕਿ ਰਾਜਸੀ ਪਾਰਟੀਆਂ, ਕੇਂਦਰੀ, ਸੂਬਾਈ ਸਰਕਾਰਾਂ ਉਤੇ ਬਹੁ-ਰਾਸ਼ਟਰੀ ਅਤੇ ਵੱਡੀਆਂ ਦੇਸ਼ੀ ਕੰਪਨੀਆਂ ਦਾ ਕਬਜ਼ਾ ਹੋ ਗਿਆ ਹੈ। ਇਸ ਸੰਦਰਭ ਵਿਚ ਦੇਸ਼ ਦੀ ਨਾਮਵਰ ਆਡਿਟ ਸੰਸਥਾ 'ਕੈਗ' ਵੱਲੋਂ 2-ਜੀ ਸਪੈਕਟ੍ਰਮ ਅਤੇ ਹੋਰ ਵੱਡੇ ਘੁਟਾਲਿਆਂ, ਦਿੱਲੀ ਅਤੇ ਗੁਜਰਾਤ ਸਰਕਾਰਾਂ ਵੱਲੋਂ ਜ਼ਰੂਰੀ ਵਸਤੂਆਂ ਮੁਹੱਈਆ ਕਰਨ ਦੇ ਨਾਂਅ 'ਤੇ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਜਨਤਕ ਪੈਸੇ ਦੀ ਸ਼ਰੇਆਮ ਲੁੱਟ ਦੀ ਇਜਾਜ਼ਤ ਸਬੰਧੀ ਹੋਏ ਤਾਜ਼ਾ ਖੁਲਾਸੇ ਇਸ ਦੀਆਂ ਉਦਾਹਰਨਾਂ ਹਨ।

1991 ਤੋਂ ਬਾਅਦ ਕੇਂਦਰੀ ਸਰਕਾਰਾਂ ਨੇ ਦੇਸ਼ ਦੀ ਜਨਤਾ ਦੀ ਇੱਛਾ ਦੇ ਵਿਰੁੱਧ ਜਿਹੜੀਆਂ ਉਦਾਰਵਾਦੀ ਅਤੇ ਲੋਕ-ਵਿਰੋਧੀ ਆਰਥਿਕ ਨੀਤੀਆਂ ਅਪਣਾਈਆਂ ਹਨ, ਉਨ੍ਹਾਂ ਦਾ ਕਾਨੂੰਨੀ ਅਤੇ ਸੰਵਿਧਾਨਕ ਪਹਿਲੂ ਕੀ ਹੈ? -

ਇਹ ਬੜਾ ਹੀ ਮੂਲ ਪ੍ਰਸ਼ਨ ਤੁਸੀਂ ਪੁੱਛਿਆ ਹੈ। ਦਰਅਸਲ ਸੱਤਾਧਾਰੀ ਪਾਰਟੀਆਂ ਦੀ ਇਹ ਦਲੀਲ ਹੈ ਕਿ ਪ੍ਰਤੀਨਿਧੀ ਲੋਕਤੰਤਰ ਵਿਚ ਚੁਣੀਆਂ ਹੋਈਆਂ ਸਰਕਾਰਾਂ ਭਾਵ ਸੰਸਦਾਂ ਹੀ ਕਾਨੂੰਨ ਬਣਾਉਂਦੀਆਂ ਹਨ ਅਤੇ ਨੀਤੀਆਂ ਤੈਅ ਕਰਦੀਆਂ ਹਨ। ਉਹ ਕਹਿੰਦੇ ਹਨ ਕਿ ਸਾਡੀ ਇਹੋ ਸਮਝ ਅਤੇ ਮਰਜ਼ੀ ਹੈ।

ਪਰ ਤੁਹਾਨੂੰ ਨਹੀਂ ਲਗਦਾ ਕਿ ਇਨ੍ਹਾਂ ਨੀਤੀਆਂ ਕਾਰਨ ਆਰਥਿਕ ਪਾੜਾ ਬਹੁਤ ਵਧ ਗਿਆ ਹੈ, ਮਜ਼ਦੂਰਾਂ-ਕਿਸਾਨਾਂ ਅਤੇ ਆਮ ਆਦਮੀ ਦਾ ਜੀਣਾ ਮੁਹਾਲ ਹੋ ਗਿਆ ਹੈ। ਮਹਿੰਗਾਈ ਅਤੇ ਭ੍ਰਿਸ਼ਟਾਚਾਰ ਕਾਰਨ ਲੋਕਾਂ ਦਾ ਇਸ ਰਾਜਸੀ ਸ਼ਾਸਨ ਤੰਤਰ ਤੋਂ ਮੋਹ-ਭੰਗ ਹੋ ਰਿਹਾ ਹੈ?
-ਤੁਹਾਡੇ ਇਹ ਸਾਰੇ ਤਰਕ ਅਤੇ ਦੇਸ਼ਵਾਸੀਆਂ ਦੀ ਨਿਰਾਸ਼ਾ, ਹਤਾਸ਼ਾ ਅਤੇ ਗੁੱਸਾ ਜਾਇਜ਼ ਹਨ। ਪਰ ਇਸ ਦਾ ਚੰਗਾ ਪੱਖ ਇਹ ਵੀ ਹੈ ਕਿ ਲੋਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਸਰਕਾਰਾਂ ਲੋਕ ਇੱਛਾ ਦੇ ਖਿਲਾਫ਼ ਵੱਡੀਆਂ ਵਿਦੇਸ਼ੀ ਅਤੇ ਦੇਸ਼ੀ ਕੰਪਨੀਆਂ ਤੋਂ ਵੱਢੀ ਲੈ ਕੇ ਨੀਤੀਆਂ ਬਣਾ ਰਹੀਆਂ ਹਨ।

ਇਸ ਦਾ ਕੋਈ ਬਦਲ ਤਾਂ ਆਖਰ ਹੋਵੇਗਾ?
-ਕਿਉਂ ਨਹੀਂ। ਅਸੀਂ ਇਸ ਦਾ ਬਦਲ ਜ਼ਰੂਰ ਦਿਆਂਗੇ। ਇਸ ਉਦੇਸ਼ ਲਈ ਜਨਤਾ ਦੀਆਂ ਇੱਛਾਵਾਂ, ਉਮੀਦਾਂ ਅਤੇ ਲੋੜਾਂ ਮੁਤਾਬਿਕ ਸਿੱਧੇ ਲੋਕਤੰਤਰ ਦੀ ਸਥਾਪਨਾ ਕਰਨੀ ਪਵੇਗੀ। ਮੌਜੂਦਾ ਸੱਤਾਧਾਰੀ ਪਾਰਟੀਆਂ ਕੋਲ ਅਜਿਹੀ ਇੱਛਾ ਸ਼ਕਤੀ ਨਹੀਂ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਉਦੇਸ਼ ਲਈ ਸੰਵਿਧਾਨ ਵਿਚ ਤਰਮੀਮ ਕਰਨੀ ਪਵੇਗੀ।

ਬਹੁਗਿਣਤੀ ਲੋਕ ਦੇਸ਼ ਦੇ ਨਿਆਂਇਕ ਢਾਂਚੇ ਤੋਂ ਬੁਰੀ ਤਰ੍ਹਾਂ ਨਿਰਾਸ਼ ਹਨ। ਤੁਸੀਂ ਇਸ ਬਾਰੇ ਕੀ ਕਹਿੰਦੇ ਹੋ?
-ਇਹ ਗੱਲ ਬੜੀ ਕੌੜੀ ਹੈ ਪਰ ਸੱਚੀ ਹੈ ਕਿ ਜਿਥੋਂ ਤੱਕ ਸਾਡੇ ਨਿਆਂਇਕ ਢਾਂਚੇ ਦੀ ਕਾਰਗੁਜ਼ਾਰੀ ਦਾ ਸਵਾਲ ਹੈ, ਮਸਾਂ ਹੀ ਇਕ ਫ਼ੀਸਦੀ ਲੋਕਾਂ ਨੂੰ ਹੀ ਇਨਸਾਫ਼ ਮਿਲਦਾ ਹੈ। ਉਹ ਵੀ ਬੜੀ ਦੇਰ ਨਾਲ। 80 ਫ਼ੀਸਦੀ ਲੋਕ ਵਕੀਲਾਂ ਦੀਆਂ ਮਹਿੰਗੀਆਂ ਫੀਸਾਂ ਹੀ ਨਹੀਂ ਦੇ ਸਕਦੇ। ਬਾਕੀ 20 ਫ਼ੀਸਦੀ ਦਰ-ਦਰ ਭਟਕਦੇ ਰਹਿੰਦੇ ਹਨ। ਪੈਸਾ ਵੱਖਰਾ ਖਰਚ ਹੁੰਦਾ ਹੈ। ਭ੍ਰਿਸ਼ਟਾਚਾਰ ਏਨਾ ਫੈਲਿਆ ਹੋਇਆ ਹੈ ਕਿ ਬਹੁਤੀ ਵਾਰੀ ਗ਼ਲਤ ਨਤੀਜੇ ਹੀ ਮਿਲਦੇ ਹਨ। ਸਮੁੱਚੇ ਨਿਆਂਇਕ ਢਾਂਚੇ ਵਿਚ ਫੌਰੀ ਸੁਧਾਰ ਦੀ ਲੋੜ ਹੈ।

ਦੇਸ਼ ਦੀਆਂ ਮੌਜੂਦਾ ਸਮਾਜਿਕ, ਆਰਥਿਕ ਅਤੇ ਰਾਜਸੀ ਸਥਿਤੀਆਂ ਵਿਚ ਆਮ ਆਦਮੀ ਅਤੇ ਮੱਧ ਸ਼੍ਰੇਣੀ ਦੀ ਕੀ ਭੂਮਿਕਾ ਦੇਖਦੇ ਹੋ? ਕੀ ਉਨ੍ਹਾਂ ਲਈ ਉਮੀਦ ਦੀ ਕੋਈ ਕਿਰਨ ਹੈ?
-ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡਾ ਦੇਸ਼ ਬਰਬਾਦੀ ਅਤੇ ਰਸਾਤਲ ਵੱਲ ਜਾ ਰਿਹਾ ਹੈ। ਪਰ ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਆਮ ਆਦਮੀ, ਜਿਸ ਨੇ ਸੱਤਾ ਦੇ ਧੱਕਿਆਂ ਅਤੇ ਜ਼ੁਲਮਾਂ ਵਿਰੁੱਧ ਆਵਾਜ਼ ਉਠਾਉਣੀ ਹੈ ਅਤੇ ਲੋਕ ਸੰਘਰਸ਼ ਆਰੰਭਣਾ ਹੈ, ਉਸ ਨੂੰ ਆਪਣੇ ਜਿਊਂਦੇ ਰਹਿਣ ਦੀ ਜੱਦੋ-ਜਹਿਦ ਤੋਂ ਹੀ ਵਿਹਲ ਨਹੀਂ ਮਿਲਦੀ। ਉਸ ਦੀ ਸਭ ਤੋਂ ਵੱਡੀ ਚਿੰਤਾ ਤਾਂ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਹੀ ਹੈ ਪਰ ਅਜਿਹਾ ਨਹੀਂ ਕਿ ਆਮ ਲੋਕੀ ਸਾਰੀਆਂ ਕਠਿਨਾਈਆਂ ਦੇ ਬਾਵਜੂਦ ਨਵਾਂ ਸਮਾਜ ਸਿਰਜਣ ਲਈ ਬਾਹਰ ਨਹੀਂ ਨਿਕਲ ਰਹੇ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਲੋਕ ਸੰਘਰਸ਼ ਜਾਰੀ ਹਨ।

ਤੇ ਮੱਧ ਸ਼੍ਰੇਣੀ ਦੀ ਮੌਜੂਦਾ ਸੋਚ ਅਤੇ ਸਮਾਜਿਕ ਵਰਤਾਰੇ ਬਾਰੇ ਕੀ ਕਹੋਗੇ, ਜਿਹੜੀ ਅਕਸਰ ਹੀ ਨਵੇਂ ਇਨਕਲਾਬਾਂ ਦੀ ਅਗਵਾਈ ਕਰਦੀ ਹੈ ਪਰ ਹੁਣ ਆਮ ਲੋਕਾਂ ਦੇ ਦੁੱਖ-ਦਰਦਾਂ ਨਾਲੋਂ ਟੁੱਟ ਗਈ ਜਾਪਦੀ ਹੈ?
-ਇਸ ਦਾ ਮੁੱਖ ਕਾਰਨ ਤਾਂ ਇਹ ਹੈ ਕਿ ਮੱਧ ਸ਼੍ਰੇਣੀ ਵਾਲੇ ਆਰਥਿਕ ਪੱਧਰ 'ਤੇ ਸੌਖੇ ਹੋ ਗਏ ਹਨ। ਖਪਤਵਾਦੀ ਸੱਭਿਆਚਾਰ ਨੇ ਉਨ੍ਹਾਂ ਨੂੰ ਮੁੱਖ ਮੁੱਦਿਆਂ ਤੋਂ ਭਟਕਾਅ ਦਿੱਤਾ ਹੈ। ਪਰ ਫਿਰ ਵੀ ਇਨ੍ਹਾਂ ਸ਼੍ਰੇਣੀਆਂ 'ਚੋਂ ਇਨਕਲਾਬੀ ਸੋਚ ਵਾਲੇ ਵਿਅਕਤੀ ਸਮਾਜ ਦੀ ਬਿਹਤਰੀ ਲਈ ਅੱਗੇ ਵਧ ਰਹੇ ਹਨ।

ਨਿਆਂਇਕ ਪ੍ਰਣਾਲੀ ਵਿਚ ਸੁਧਾਰਾਂ ਬਾਰੇ ਤੁਹਾਡੀ ਕੀ ਧਾਰਨਾ ਹੈ? 'ਨਿਆਂਇਕ ਜਵਾਬਦੇਹੀ ਅਤੇ ਨਿਆਂਇਕ ਸੁਧਾਰ ਲਈ ਮੁਹਿੰਮ' ਨੇ ਇਸ ਉਦੇਸ਼ ਲਈ ਕੀ ਕੰਮ ਕੀਤਾ ਹੈ?
-ਪਹਿਲਾਂ ਤਾਂ ਮੈਂ ਤੁਹਾਨੂੰ ਇਹ ਗੱਲ ਸਪੱਸ਼ਟ ਕਰ ਦਿਆਂ ਕਿ ਨਿਆਂਇਕ ਪ੍ਰਣਾਲੀ ਵਿਚ ਫੈਲੇ ਹੋਏ ਭ੍ਰਿਸ਼ਟਾਚਾਰ ਦੀ ਜੜ੍ਹ ਵਿਚ ਜੱਜਾਂ ਦੀ ਨਿਯੁਕਤੀ ਹੀ ਹੈ। ਸਾਡਾ ਇਹ ਮੰਨਣਾ ਹੈ ਕਿ ਇਸ ਸਿਲਸਿਲੇ ਵਿਚ ਇਕ ਸੁਤੰਤਰ ਸੰਸਥਾ ਕਾਇਮ ਹੋਣੀ ਚਾਹੀਦੀ ਹੈ, ਜਿਸ ਵਿਚ ਜੱਜ ਤੋਂ ਇਲਾਵਾ ਵਿਰੋਧੀ ਧਿਰਾਂ ਦੇ ਮੈਂਬਰ, ਪਾਰਲੀਮੈਂਟ ਮੈਂਬਰ, ਸਰਕਾਰ ਦੇ ਨੁਮਾਇੰਦੇ ਅਤੇ ਜਨਤਕ ਸ਼ਖ਼ਸੀਅਤਾਂ ਵੀ ਹੋਣ। ਵਰਤਮਾਨ ਵਿਚ ਜੱਜਾਂ ਦੀ ਨਿਯੁਕਤੀ ਸੁਤੰਤਰ ਅਤੇ ਨਿਰਪੱਖ ਨਹੀਂ ਹੈ। ਇਸ ਮੁੱਦੇ 'ਤੇ ਅਸੀਂ ਜਨਤਕ ਮੀਟਿੰਗਾਂ ਵੀ ਕੀਤੀਆਂ ਹਨ ਅਤੇ ਜਨਤਕ ਚੇਤਨਾ ਪੈਦਾ ਕਰ ਰਹੇ ਹਾਂ। ਇਸ ਬਾਰੇ ਅਸੀਂ ਇਕ ਬਿੱਲ ਦਾ ਖਰੜਾ ਵੀ ਤਿਆਰ ਕੀਤਾ ਹੈ।

ਅਜੀਤ ਤੋਂ ਧੰਨਵਾਦ ਸਹਿਤ

Tuesday, November 20, 2012

ਲੋਕ ਵਿਰੋਧੀ ਵਿਕਾਸ ਮਾਡਲ ਦਾ ਵਿਰੋਧ ਜ਼ਰੂਰੀ--ਜਮਹੂਰੀ ਅਧਿਕਾਰ ਸਭਾ

''ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸੂਬਾਈ ਅਜਲਾਸ ਦਾ ਕਾਮਯਾਬੀ ਨਾਲ ਨੇਪਰੇ ਚੜ੍ਹਨਾ ਲੋਕ ਵਿਰੋਧੀ ਆਰਥਕ ਵਿਕਾਸ ਮਾਡਲ ਵਿਰੁੱਧ ਪੂਰੇ ਮੁਲਕ ਦੇ ਜਮਹੂਰੀ ਅੰਦੋਲਨ ਨੂੰ ਵੱਡਾ ਹੁਲਾਰਾ ਦੇਵੇਗਾ।''

ਇਹ ਗੱਲ ਅਗਰਵਾਲਾ ਧਰਮਸ਼ਾਲਾ ਬਰਨਾਲਾ 'ਚ ਹੋਏ ਜਮਹੂਰੀ ਅਧਿਕਾਰ ਸਭਾ ਦੇ ਦੋ ਦਿਨ ਦੇ ਸੂਬਾਈ ਅਜਲਾਸ ਦੀ ਸਮਾਪਤੀ ਸਮੇਂ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਕਹੀ। ਉਨ੍ਹਾਂ ਕਿਹਾ ਕਿ ਸਭਾ ਦੀ ਸਥਾਪਨਾ ਕੀਤੇ ਜਾਣ ਦੇ ਸਮੇਂ ਤੋਂ ਹੀ ਇਸਦਾ ਜਮਹੂਰੀ ਹੱਕਾਂ ਦੀ ਉਲੰਘਣਾ ਵਿਰੁੱਧ ਆਵਾਜ਼ ਉਠਾਉਣ ਅਤੇ ਇਸ ਪੱਖੋਂ ਅਵਾਮ ਨੂੰ ਜਾਗਰੂਕ ਕਰਨ ਦਾ ਲੰਮਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ।

ਸਭਾ ਨੇ ਕਾਲੇ ਦੌਰ ਦੇ ਸੰਤਾਪ ਸਮੇਂ ਵੀ ਸਾਵੀਂ ਸੋਚ ਅਪਣਾਕੇ ਹਕੂਮਤੀ ਦਹਿਸ਼ਤਗਰਦੀ ਅਤੇ ਫਿਰਕੂ ਅੱਤਵਾਦ ਦੇ ਘਿਨਾਉਣੇ ਚਿਹਰੇ ਅਤੇ ਇਸ ਪਿੱਛੇ ਕਾਰਜਸ਼ੀਲ ਫੈਕਟਰਾਂ ਦੀ ਸੌੜੀ ਭੂਮਿਕਾ ਨੂੰ ਨੰਗਾ ਕੀਤਾ। ਪ੍ਰਧਾਨਗੀ ਮੰਡਲ ਵਲੋਂ ਉੱਘੇ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲੱਖ ਨੇ ਕਿਹਾ ਕਿ ਸਭਾ ਦਾ ਗ਼ੈਰਸਰਗਰਮ ਰਹਿਣਾ ਹਰ ਜਮਹੂਰੀਅਤਪਸੰਦ ਲਈ ਚਿੰਤਾ ਦਾ ਵਿਸ਼ਾ ਸੀ। ਸੱਜਰੇ ਹੰਭਲੇ ਨੇ ਇਹ ਨਾਖੁਸ਼ਗਵਾਰ ਹਾਲਤ ਬਦਲ ਦਿੱਤੀ ਹੈ ਅਤੇ ਨਵੀਂ ਆਗੂ ਟੀਮ ਦੀ ਅਗਵਾਈ ਹੇਠ ਸਭਾ ਸਮਕਾਲੀ ਹਾਲਾਤ 'ਚ ਪ੍ਰਭਾਵਸ਼ਾਲੀ ਦਖ਼ਲਅੰਦਾਜ਼ੀ ਕਰਨ ਦੇ ਸਮਰੱਥ ਹੋਈ ਹੈ। ਹੁਣ ਹਾਕਮ ਜਮਾਤਾਂ ਦੀ ਆਰਥਕ ਨੀਤੀਆਂ, ਕਾਲੇ ਕਾਨੂੰਨਾਂ ਅਤੇ ਪੁਲਿਸ ਤੇ ਨੀਮ ਫ਼ੌਜੀ ਤਾਕਤਾਂ ਰਾਹੀਂ ਲੋਕਾਂ ਵਿਰੁੱਧ ਵਿੱਢੀ ਜੰਗ ਵਿਰੁੱਧ ਪਾਏਦਾਰ ਭੂਮਿਕਾ ਨਿਭਾਏ ਜਾਣ ਦੀ ਆਸ ਬੱਝੀ ਹੈ।

ਅਜਲਾਸ 'ਚ ਪਾਸ ਕੀਤੇ ਮਤਿਆਂ 'ਚ ਹੁਕਮਰਾਨਾਂ ਦੇ ਮੌਜੂਦਾ ਵਿਕਾਸ ਮਾਡਲ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਵਾਪਸ ਲੈਣ, ਯੂ ਏ ਪੀ ਏ, ਅਫਸਪਾ ਸਮੇਤ ਸਾਰੇ ਕਾਲੇ ਕਾਨੂੰਨ ਖ਼ਤਮ ਕਰਨ, ਓਪਰੇਸ਼ਨ ਗ੍ਰੀਨ ਹੰਟ ਸਮੇਤ ਹਰ ਤਰ੍ਹਾਂ ਦੇ ਹਮਲੇ ਬੰਦ ਕਰਨ, ਸ਼ਰੁਤੀ ਨੂੰ ਉਸਦੇ ਮਾਪਿਆਂ ਦੇ ਹਵਾਲੇ ਕਰਨ ਅਤੇ ਹਕੂਮਤ ਤੇ ਗੁੰਡਿਆਂ ਦੇ ਨਾਪਾਕ ਗੱਠਜੋੜ ਨੂੰ ਬੇਨਕਾਬ ਕਰਨ ਲਈ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਤੋਂ ਕਰਾਉਣ, ਸਿਆਸੀ ਵਿਚਾਰਾਂ ਦੇ ਅਧਾਰ 'ਤੇ ਅਤੇ ਆਪਣੇ ਰੋਜ਼ੀ ਦੇ ਸਾਧਨਾਂ ਲਈ ਸੰਘਰਸ਼ ਕਰਦੇ ਲੋਕਾਂ ਵਿਰੁੱਧ ਦਰਜ਼ ਦੇਸ਼ਧ੍ਰੋਹ ਤੇ ਹੋਰ ਮੁਕੱਦਮੇ ਤੁਰੰਤ ਰੱਦ ਕਰਨ, ਸਾਰੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ, ਮਨੀਪੁਰ 'ਚ 13 ਸਾਲ ਤੋਂ ਅਫਸਪਾ ਕਾਨੂੰਨ ਹਟਾਉਣ ਦੀ ਮੰਗ ਲੈ ਕੇ ਮਰਨ ਵਰਤ 'ਤੇ ਬੈਠੀ ਇਰੋਮ ਸ਼ਰਮੀਲਾ ਦੀ ਮੰਗ ਤੁਰੰਤ ਮੰਨਣ, ਲੱਚਰ ਸੱਭਿਆਚਾਰ ਅਤੇ ਨਸ਼ਿਆਂ ਰਾਹੀਂ ਸਮਾਜਿਕ ਤਾਣੇ-ਬਾਣੇ ਨੂੰ ਪਲੀਤ ਕਰਨ ਦਾ ਅਮਲ ਬੰਦ ਕਰਨ ਅਤੇ ਰਜਬ ਅਲੀ ਦੀਆਂ ਰਚਨਾਵਾਂ ਛਾਪਣ ਵਾਲੇ ਪ੍ਰਕਾਸ਼ਕਾਂ ਤੇ ਸੰਪਾਦਕਾਂ ਵਿਰੁੱਧ ਦਰਜ਼ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਸਭਾ ਨੂੰ ਅਗਵਾਈ ਦੇਣ ਲਈ 35 ਮੈਂਬਰੀ ਸੂਬਾਈ ਕਾਰਜਕਾਰਨੀ ਦੀ ਚੋਣ ਕੀਤੀ ਗਈ ਜਿਸ ਦੇ ਪ੍ਰਧਾਨ ਪ੍ਰੋਫੈਸਰ ਅਜਮੇਰ ਸਿੰਘ ਔਲੱਖ ਨੂੰ ਪ੍ਰਧਾਨ, ਪ੍ਰੋਫੈਸਰ ਜਗਮੋਹਣ ਸਿੰਘ ਨੂੰ ਜਨਰਲ ਸਕੱਤਰ ਨੂੰ ਚੁਣਿਆ ਗਿਆ।

ਇਨ੍ਹਾਂ ਦੇ ਨਾਲ-ਨਾਲ ਬੱਗਾ ਸਿੰਘ ਬਠਿੰਡਾ ਨੂੰ ਮੀਤ ਪ੍ਰਧਾਨ, ਪ੍ਰੋਫੈਸਰ ਏ ਕੇ ਮਲੇਰੀ ਨੂੰ ਦਫ਼ਤਰ ਸਕੱਤਰ, ਮਾਸਟਰ ਤਰਸੇਮ ਲਾਲ ਨੂੰ ਵਿੱਤ ਸਕੱਤਰ, ਨਰਭਿੰਦਰ ਸਿੰਘ ਨੂੰ ਜਥੇਬੰਦਕ ਸਕੱਤਰ, ਬੂਟਾ ਸਿੰਘ ਨਵਾਂਸ਼ਹਿਰ ਨੂੰ ਪ੍ਰੈੱਸ ਸਕੱਤਰ, ਪ੍ਰਿਤਪਾਲ ਸਿੰਘ ਨੂੰ ਪਬਲੀਕੇਸ਼ਨ ਸਕੱਤਰ, ਡਾਕਟਰ ਪਰਮਿੰਦਰ ਸਿੰਘ ਨੂੰ ਤਾਲਮੇਲ ਸਕੱਤਰ ਚੁਣਕੇ 9 ਮੈਂਬਰੀ ਸਕੱਤਰੇਤ ਬਣਾਇਆ ਗਿਆ। ਗੁਰਮੇਲ ਸਿੰਘ ਠੁੱਲੀਵਾਲ ਅਤੇ ਸੋਹਣ ਸਿੰਘ (ਕ੍ਰਮਵਾਰ ਜ਼ਿਲ੍ਹਾ ਪ੍ਰਧਾਨ ਤੇ ਸਕੱਤਰ) ਵਲੋਂ ਸਮੂਹ ਡੈਲੀਗੇਟਾਂ ਤੇ ਵਾਲੰਟੀਅਰਾਂ ਨੂੰ ਅਜਲਾਸ ਦੀ ਕਾਮਯਾਬੀ ਲਈ ਵਧਾਈ ਦਿੰਦਿਆਂ ਧੰਨਵਾਦ ਕੀਤਾ ਗਿਆ।

ਜਾਰੀ ਕਰਤਾ
ਪ੍ਰੋਫੈਸਰ ਜਗਮੋਹਣ ਸਿੰਘ, (ਜਨਰਲ ਸਕੱਤਰ) ਜਮਹੂਰੀ ਅਧਿਕਾਰ ਸਭਾ (ਪੰਜਾਬ), ਫ਼ੋਨ 98140-01836
ਬੂਟਾ ਸਿੰਘ (ਸੂਬਾ ਪ੍ਰੈੱਸ ਸਕੱਤਰ), ਫ਼ੋਨ : 94634-74342

Friday, June 15, 2012

ਰਾਏਸਿਨਾ ਹਿੱਲਜ਼ ਦੇ ਜੋੜ-ਤੋੜ 'ਚ ਘਿਰੀ ਕਾਂਗਰਸ

ਜਿਨ੍ਹਾਂ ਦਿਨ੍ਹਾਂ 'ਚ ਮੈਂ ਦਿੱਲੀ ਇੱਕ ਨਿਉਜ਼ ਚੈਨਲ 'ਚ ਕੰਮ ਕਰਦਾ ਸੀ, ਉਸ ਵੇਲੇ ਛੁੱਟੀ ਵਾਲੇ ਦਿਨ ਅਸੀਂ ਅਕਸਰ ਘੁੰਮਣ ਲਈ ਰਾਏਸਿਨ੍ਹਾ ਹਿੱਲਜ਼ ਜਾਇਆ ਕਰਦੇ ਸੀ।ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਦੀ ਸੜਕ 'ਤੇ ਘੁੰਮਦੇ ਹੋਏ ਮੈਂ ਅਤੇ ਮੇਰੇ ਮਿੱਤਰ, ਹਿੰਦੁਸਤਾਨ ਦੀ ਰਾਜਨਿਤੀ 'ਤੇ ਆਮ ਚਰਚਾ ਕਰਿਆ ਕਰਦੇ ਸੀ।ਪਰ ਉਸ ਇਮਾਰਤ ਦੇ ਬਾਹਰ ਘੁੰਮਦੇ ਹੋਏ ਕੀਤੀ ਚਰਚਾ ਨਾਲੋਂ ਵੱਖਰੀ ਹੈ, ਆਉਣ ਵਾਲੇ ਸਮੇਂ 'ਚ ਰਾਏਸਿਨ੍ਹਾ ਹਿੱਲਜ਼ ਦੇ ਅੰਦਰ ਜਾਣ ਵਾਲੇ ਸ਼ਖਸ ਦੀ ਚਰਚਾ ਨਾਲੋਂ।ਮੁਲਕ ਦੇ 13ਵੇਂ ਰਾਸ਼ਟਰਪਤੀ ਲਈ ਉਮੀਦਵਾਰ ਚੁਣਨ ਲੱਗੇ, ਸਾਰੇ ਹੀ ਸਿਆਸੀ ਦਲਾਂ ਨਾਲ ਜੱਗੋਂ ਤੇਹਰਵੀਂ ਜਿਹੀ ਸਥਿਤੀ ਬਣੀ ਹੋਈ ਹੈ।ਖਾਸ ਕਰ ਕਾਂਗਰਸ ਨਾਲ।ਜੋੜ ਤੋੜ ਦੇ ਦੌਰ 'ਚ ਕਾਂਗਰਸ ਕਿਸੇ ਵੀ ਨਾਂਅ 'ਤੇ ਹਾਲੇ ਕਿਸੇ ਇੱਕ ਫੈਸਲੇ 'ਤੇ ਨਹੀਂ ਪੁੱਜ ਪਾ ਰਹੀ।ਜਾਂ ਇੰਝ ਮੰਨ ਲਿਆ ਜਾਵੇ ਕਿ ਇੱਕ ਜਨਾਨੀ (ਮਮਤਾ ਬੈਨਰਜੀ) ਨੇ ਦੂਜੀ ਜਨਾਨੀ (ਸੋਨੀਆ ਗਾਂਧੀ) ਦੀ ਬੱਸ ਕਰਵਾ ਰੱਖੀ ਹੈ।ਯੂ.ਪੀ.ਏ. ਕਿਸੇ ਇੱਕ ਨਤੀਜੇ 'ਤੇ ਪੁੱਜੇ, ਇਸ ਤੋਂ ਪਹਿਲਾ ਹੀ ਸਹਿਯੋਗੀ ਦਲਾਂ ਦੀ ਬਗਾਵਤ ਸਾਹਮਣੇ ਆ ਜਾਂਦੀ ਹੈ।ਸਭ ਤੋਂ ਪਹਿਲਾਂ ਮਮਤਾ ਵੱਲੋਂ ਮੁਲਾਇਮ ਸਿੰਘ ਨਾਲ ਮਿਲਕੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਨਾਂਅ ਸੁਝਾਇਆ ਗਿਆ।ਮੰਨਿਆ ਇਹ ਜਾ ਰਿਹਾ ਹੈ ਕਿ ਮਮਤਾ-ਮੁਲਾਇਮ ਦੀ ਇਹ ਦੂਰਅੰਦੇਸ਼ੀ ਚਾਲ ਸੀ।ਮਨਮੋਹਨ ਸਿੰਘ ਨੂੰ ਰਾਸ਼ਟਰਪਤੀ ਭਵਨ ਭੇਜਕੇ ਉਹ ਦੋਵੇਂ ਪ੍ਰਧਾਨਮੰਤਰੀ ਦੀ ਕੁਰਸੀ ਖਾਲੀ ਕਰਵਾਉਣਾ ਚਾਹੁੰਦੇ ਸੀ।ਤਾਂ ਜੋ ਸਿਆਸੀ ਬਿਸਾਤ 'ਤੇ ਅਗਲੀ ਚਾਲ ਖੇਡੀ ਜਾ ਸਕੇ।


ਪ੍ਰਣਬ ਮੁਖਰਜੀ ਮਮਤਾ ਦੀ ਪੰਸਦ ਨਹੀਂ ਸੀ।ਪਰ ਵੀਰਵਾਰ ਨੂੰ ਹੀ ਪ੍ਰੈਸ ਕਾਨਫਰੰਸ ਦੌਰਾਨ ਮਮਤਾ ਨੇ ਇੱਕ ਹੋਰ ਦਾਅ ਵੀ ਖੇਡ ਦਿੱਤਾ।ਪ੍ਰਣਬ ਦੀ ਦਾਵੇਦਾਰੀ ਰੱਦ ਕਰਨ ਨਾਲ ਬੰਗਾਲੀ  ਤੋਂ ਨਾਰਾਜ਼ ਨਾ ਹੋ ਜਾਣ, ਇਸ ਲਈ ਉਸ ਦਾ ਵਿਕਲਪ ਮਮਤਾ ਨੇ ਸੋਮਨਾਥ ਚੈਟਰਜੀ ਦੇ ਦਿੱਤਾ।ਅਸਲ 'ਚ ਮਮਤਾ ਬੈਨਰਜੀ ਹੰਢੀ ਹੋਈ ਸਿਆਸਤਦਾਨ ਵਾਗੂੰ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣਾ ਜਾਣਦੀ ਹੈ।ਰਾਸ਼ਟਰਪਤੀ ਉਮੀਦਵਾਰ ਲਈ ਦਬਾਓ ਬਣਾਕੇ ਮਮਤਾ 'ਦੀਦੀ' ਇੱਕ ਤਾਂ ਕੇਂਦਰ ਸਰਕਾਰ ਤੋਂ ਪੱਛਮੀ ਬੰਗਾਲ ਦੇ ਹਿੱਸੇ ਦਾ ਕਰਜ਼ਾ ਮੁਆਫ ਕਰਵਾਉਣਾ ਚਾਹੁੰਦੀ ਹੈ, ਜਿਸ ਨਾਲ ਉਸ ਦੀ ਸੂਬੇ 'ਚ ਪੈਠ ਬਣ ਜਾਵੇਗੀ।

ਦੂਸਰਾ ਨਿਸ਼ਾਨਾ 2014 ਦੀ ਲੋਕ ਸਭਾ ਚੋਣਾਂ।ਕਾਂਗਰਸ 'ਤੇ ਦਬਾਓ ਦੀ ਰਾਜਨੀਤੀ ਨਾਲ ਮਮਤਾ ਆਪਣਾ ਕੱਦ ਯੂ.ਪੀ.ਏ. ਦੇ ਅੰਦਰ ਹੋਰ ਵੱਡਾ ਕਰ ਲਵੇਗੀ।ਵੱਡਾ ਹੋਣ ਦੀ ਇਹੀ ਹੋੜ ਮੁਲਾਇਮ ਸਿੰਘ 'ਤੇ ਵੀ ਭਾਰੀ ਹੈ।ਸੂਬਾਈ ਰਾਜਨੀਤੀ ਬੇਟੇ ਦੇ ਹਵਾਲੇ ਕਰ ਵਿਹਲੇ ਹੋਏ ਮੁਲਾਇਮ ਕੋਲ ਹੁਣ ਕੇਂਦਰ 'ਚ ਭੰਨ-ਤੋੜ ਕਰਨ ਲਈ ਬੁਹਤ ਸਮਾਂ ਹੈ।

ਉਂਝ ਕਾਂਗਰਸ ਲਈ ਜੋ ਮੁਸੀਬਤਾਂ ਮਮਤਾ ਅਤੇ ਮੁਲਾਇਮ ਖੜੇ ਕਰ ਰਹੇ ਹਨ, ਐਨ.ਡੀ.ਏ. ਅਤੇ ਮਾਇਆਵਤੀ ਫਿਲਹਾਲ ਉਸ ਦਾ ਲੁਤਫ ਉਠਾ ਰਹੇ ਹਨ।ਕਿਉਂਕਿ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਨੇ ਵੀ ਉਮੀਦਵਾਰ ਦੇ ਨਾਂਅ 'ਤੇ ਆਪਣੇ ਪੱਤੇ ਨਹੀਂ ਖੋਲੇ ਹਨ।ਹਾਲਾਂਕਿ ਡਾ.ਏ.ਪੀ.ਜੇ.ਅਬਦੁਲ ਕਲਾਮ ਦੇ ਨਾਂਅ 'ਤੇ ਭਾਜਪਾ ਸਹਿਮਤ ਹੈ, ਪਰ ਜਨਤਾ ਦਲ (ਯੂਨਾਇਟਿਡ) ਵਲੋਂ ਕੋਈ ਹੁੰਗਾਰਾ ਨਹੀਂ ਮਿਲ ਸਕਿਆ।'ਕੋਣ ਬਣੇਗਾ ਰਾਸ਼ਟਰਪਤੀ' ਦੀ ਇਸ ਖੇਡ 'ਚ ਮਾਇਆਵਤੀ ਦਾ ਰੁੱਖ ਵੀ ਕਾਫੀ ਕੁਝ ਸਪਸ਼ਟ ਕਰੇਗਾ।ਵੈਸੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਲੋਕ ਸਭਾ ਸਪੀਕਰ ਪੀ.ਏ ਸੰਗਮਾ ਅਤੇ ਮੌਜੂਦਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਦੇ ਨਾਂਅ ਵੀ ਯੂ.ਪੀ.ਏ. ਦੀ ਪ੍ਰਸਤਾਵਿਤ ਸੂਚੀ 'ਚ ਸ਼ੁਮਾਰ ਹਨ।

 ਭਾਰਤ ਦਾ ਰਾਸ਼ਟਰਪਤੀ ਚੁਣਨ ਲਈ ਸੂਬਿਆਂ ਦੀ ਵਿਧਾਨ ਸਭਾ ਦੇ ਵਿਧਾਇਕ, ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾ ਦਾ ਗੁਣਾਂਕ ਮਤਾਂ ਦੀ ਗਿਣਤੀ ਤੈਅ ਕਰਦਾ ਹੈ।ਸਿਰਫ ਕਾਂਗਰਸ ਦੇ ਆਪਣੇ 3,30,485 ਮਤ ਹਨ, ਜਦਕਿ ਆਪਣੀ ਪੰਸਦ ਦਾ ਰਾਸ਼ਟਰਪਤੀ ਬਣਾਉਨ ਲਈ ਕਾਂਗਰਸ ਨੂੰ 5,49,442 ਮਤਾਂ ਦਾ ਜਾਦੂਈ ਆਂਕੜਾ ਹਾਸਲ ਕਰਨਾ ਪਵੇਗਾ, ਇਸ ਦੇ ਉਲਟ ਭਾਜਪਾ ਦੇ ਸਹਿਯੋਗੀ ਰਲਾਕੇ ਯਾਨੀ ਐਨ.ਡੀ.ਏ. ਕੋਲ 3,04,785 ਮਤ ਹਨ।ਯਾਨੀ ਇੱਕਲੀ ਕਾਂਗਰਸ ਪਾਰਟੀ ਨਾਲੋਂ ਵੀ ਘੱਟ।ਅਜਿਹੇ 'ਚ ਗੇਂਦ ਖੱਬੇ ਪੱਖੀਆ ਅਤੇ ਹੋਰਨਾਂ ਸੂਬਾਈ ਪਾਰਟੀਆਂ ਦੇ ਪਾਲੇ 'ਚ ਹੈ।ਜੇਕਰ ਕਾਂਗਰਸ ਅੰਗਰੇਜ਼ੀ ਦੇ ਤਿੰਨ 'ਐਮ' ਯਾਨੀ ਮਮਤਾ, ਮੁਲਾਇਮ ਅਤੇ ਮਾਇਆਵਤੀ ਦਾ ਵਿਸ਼ਵਾਸ ਵੀ ਹਾਸਲ ਕਰ ਲਵੇ, ਤਾਂ ਵੀ ਰਾਸ਼ਟਰਪਤੀ ਲਈ ਲੋੜੀਂਦੇ ਵੋਟ ਨਹੀਂ ਜੁਟਾ ਪਾਵੇਗੀ।

 ਮਤਲਬ ਸਾਫ ਹੈ, ਕਿ ਰਾਏਸਿਨ੍ਹਾ ਹਿਲਜ਼ ਦੀ ਉਚਾਈ ਨੂੰ ਸਰ ਕਰਨ ਲਈ ਕਾਂਗਰਸ ਨੂੰ ਖੱਬੇਪੱਖੀਆਂ 'ਤੇ ਵੀ ਨਿਰਭਰ ਹੋਣਾ ਪਵੇਗਾ।ਪਰ ਕਿ ਇਹ ਸਾਰੇ ਕਾਂਗਰਸ ਨਾਲ ਇੱਕ ਸੁਰ ਹੋ ਪਾਉਣਗੇ।ਕਹਿਣਾ ਮੁਸ਼ਕਿਲ ਹੈ।ਪਰ ਮੈਨੂੰ ਯਾਦ ਹੈ ਮਈ 2004 ਦਾ ਉਹ ਦਿਨ, ਜਦੋਂ ਲੋਕ ਸਭਾ 'ਚ ਬਹੁਮਤ ਹਾਸਲ ਕਰਨ ਵਾਲੀ ਯੂ.ਪੀ.ਏ. ਕੋਲ ਮੌਕਾ ਸੀ ਪ੍ਰਧਾਨ ਮੰਤਰੀ ਚੁਣਨ ਦਾ, ਅਤੇ ਦਾਵੇਦਾਰਾਂ ਦੀ ਲਿਸਟ ਲੰਬੀ ਸੀ, ਪਰ ਸੋਨੀਆ ਗਾਂਧੀ ਦੀ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਹੋ ਰਹੀ ਮੁਖਾਲਫਤ ਦੇ ਬਾਵਜੂਦ ਉਸਨੇ ਸਮਝਦਾਰੀ ਵਿਖਾਉਂਦੇ ਮਨਮੋਹਨ ਸਿੰਘ ਦੇ ਨਾਂਅ 'ਤੇ ਆਪਣਾ ਉਟਰੰਪ ਕਾਰਡ” ਖੇਡਿਆ ਸੀ।

 ਲੇਖਕ ਗੌਤਮ ਕਪਿਲ ਖੰਨਾ 'ਚ ਜ਼ੀ ਨਿਊਜ਼/ਜ਼ੀ ਪੰਜਾਬੀ ਦਾ ਪੱਤਰਕਾਰ ਹੈ।ਲੰਮੇ ਸਮੇਂ ਤੋਂ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ 'ਚ ਕੰਮ ਕਰ ਰਿਹਾ ਹੈ।
Mob-96460 30599

Friday, May 25, 2012

ਸਵੀਡਿਸ਼ ਲੇਖਕ ਜਾਨ ਮਿਰਡਲ 'ਤੇ ਪਾਬੰਦੀ ਖ਼ਿਲਾਫ ਉੱਠੀਆਂ ਅਵਾਜ਼ਾਂ


ਜੰਗਲ 'ਚ ਮਾਓਵਾਦੀਆਂ ਨਾਲ ਜਾਨ ਮਿਰਡਲ
ਲੁਧਿਆਣਾ ਫੇਰੀ ਦੀ ਫੋਟੋ
ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਪ੍ਰੋਫੈਸਰ ਏ ਕੇ ਮਲੇਰੀ ਨੇ ਭਾਰਤ  ਦੇ ਗ੍ਰਹਿ ਮੰਤਰਾਲੇ ਵਲੋਂ ਪ੍ਰਸਿੱਧ ਸਵੀਡਿਸ਼ ਚਿੰਤਕ ਤੇ ਲੇਖਕ ਜਾਨ ਮਿਰਡਲ ਦੀ ਕਿਸੇ ਭਵਿੱਖੀ ਫੇਰੀ 'ਤੇ ਪਾਬੰਦੀ ਲਾਉਣ ਦੀ ਤਜਵੀਜ਼ ਨੂੰ ਚਿੰਤਾਜਨਕ ਅਤੇ ਗ਼ੈਰਜਮਹੂਰੀ ਕਰਾਰ ਦਿੱਤਾ ਹੈ। ਯਾਦ ਰਹੇ ਕਿ ਜਾਨ ਮਿਰਡਲ ਵਲੋਂ ਇਸ ਸਾਲ ਫਰਵਰੀ ਮਹੀਨੇ ਕਲਕੱਤਾ,ਹੈਦਰਾਬਾਦ, ਦਿੱਲੀ ਅਤੇ ਲੁਧਿਆਣਾ 'ਚ ਬੁੱਧੀਜੀਵੀਆਂ, ਲੇਖਕਾਂ ਅਤੇ ਪੱਤਰਕਾਰਾਂ ਨਾਲ ਰੂ-ਬ-ਰੂ ਸਮਾਗਮਾਂ ਵਿਚ ਆਪਣੇ ਨਿੱਜੀ ਤਜ਼ਰਬੇ ਦੇ ਅਧਾਰ 'ਤੇ ਭਾਰਤ ਦੇ ਮੌਜੂਦਾ ਹਾਲਾਤ  ਉੱਤੇ ਆਪਣੇ ਵਿਚਾਰ ਬੇਬਾਕੀ ਨਾਲ ਪੇਸ਼ ਗਏ ਸਨ। ਉਨ੍ਹਾਂ ਨੇ ਸਾਡੇ ਮੁਲਕ ਦੇ ਯਥਾਰਥ ਦੀ ਸੱਚੀ ਤਸਵੀਰ ਪੇਸ਼ ਕਰਦਿਆਂ ਕਿਹਾ ਸੀ ਕਿ ਭਾਰਤੀ ਰਾਜ ਵਲੋਂ ਆਦਿਵਾਸੀ ਲੋਕਾਂ ਵਿਰੁੱਧ 'ਓਪਰੇਸ਼ਨ ਗਰੀਨ ਹੰਟ' ਅਤੇ ਹੋਰ ਓਪਰੇਸ਼ਨ, ਕਾਰਪੋਰੇਟ ਜਗਤ ਦੇ ਮੁਨਾਫ਼ੇ ਅਤੇ ਲਾਲਚ ਦੇ ਨਿਰੋਲ ਆਰਥਕ ਤਰਕ ਚੋਂ ਲੋਕਾਂ ਭਾਰਤੀ ਲੋਕਾਂ ਉੱਪਰ ਥੋਪੇ ਜਾ ਰਹੇ ਹਨ। ਅਫਸੋਸ ਕਿ ਸਰਕਾਰ ਨੇ ਆਪਣੀ ਇਸ ਸੋਚਣੀ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਰਾਜ ਪ੍ਰਬੰਧ ਨੂੰ ਆਮ ਜਨਤਾ ਦੇ ਹਿੱਤ ਲਈ ਨਹੀਂ ਸਗੋਂ ਚੰਦ ਅਮੀਰਾਂ ਦੇ ਹਿੱਤ ਵਿਚ ਚਲਾ ਰਹੀ ਹੈ। 


ਸਭਾ ਦੇ ਆਗੂਆਂ ਨੇ ਇਕ ਸਮਝੌਤਾ ਰਹਿਤ ਸਾਮਰਾਜ ਵਿਰੋਧੀ ਚਿੰਤਕ ਵਜੋਂ ਜਾਨ ਮਿਰਡਲ ਦੀ 60 ਸਾਲ ਲੰਮੀ ਘਾਲਣਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੀਅਤਨਾਮ ਉੱਪਰ ਅਮਰੀਕਾ ਵਲੋਂ ਥੋਪੀ ਧਾੜਵੀ ਜੰਗ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਉਹ ਮੁੱਖ ਸ਼ਖਸੀਅਤ ਹਨ। 80 ਤੋਂ ਵੱਧ ਤਰੱਕੀਪਸੰਦ ਕਿਤਾਬਾਂ ਦੇ ਲੇਖਕ ਤੇ ਪ੍ਰਸਿੱਧ ਕਾਲਮਨਵੀਸ ਅਤੇ ਦੁਨੀਆ ਭਰ ਵਿਚ  ਸ਼ਹਿਰੀ ਆਜ਼ਾਦੀਆਂ ਤੇ ਮਨੁੱਖੀ ਹੱਕਾਂ ਦੀ ਰਾਖੀ ਦੇ ਮੁਜੱਸਮੇ ਵਜੋਂ ਜਾਣੇ ਜਾਂਦੇ ਜਾਨ ਮਿਰਡਲ ਦੀ ਸਾਡੇ ਮੁਲਕ ਵਿਚ ਆਮਦ ਨੂੰ ਰੋਕਣਾ ਘੋਰ ਗ਼ੈਰ-ਜਮਹੂਰੀ ਕਦਮ ਹੈ ਜੋ ਦਰਸਾਉਂਦਾ ਹੈ ਕਿ ਮੁਲਕ ਦੇ ਹੁਕਮਰਾਨ ਐਸੀ ਕਿਸੇ ਵੀ ਆਵਾਜ਼ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਹਨ ਜੋ ਭਾਰਤੀ ਰਾਜ ਦੀਆਂ ਕਾਰਪੋਰੇਟ ਸਰਮਾਏਦਾਰੀ ਪੱਖੀ ਨੀਤੀਆਂ ਦੀ ਆਲੋਚਨਾ ਕਰਦੀ ਹੋਵੇ। 


ਭਾਰਤੀ ਰਾਜ ਵਲੋਂ ਕਿਸੇ ਤਰ੍ਹਾਂ ਦੇ ਜਮਹੂਰੀ ਵਿਰੋਧ ਨੂੰ ਮੁਜਰਮਾਨਾ ਬਣਾ ਦੇਣ ਅਤੇ ਸਥਾਪਤੀ ਦੇ ਵਿਰੋਧ ਦਾ ਗਲਾ ਘੁੱਟਣ ਦੇ ਤਿੱਖੇ ਹੋ ਰਹੇ ਤੇਵਰ ਸਾਡੇ ਸਮਾਜ ਅਤੇ ਜਮਹੂਰੀ ਕਦਰਾਂ-ਕੀਮਤਾਂ ਲਈ ਖ਼ਤਰੇ ਦੀ ਘੰਟੀ ਹਨ। ਇਸ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਮਨੁੱਖ ਦੇ ਬਿਹਤਰ ਜ਼ਿੰਦਗੀ ਲਈ ਜੂਝਣ ਅਤੇ ਰਾਜ ਪ੍ਰਬੰਧ ਦੀਆਂ ਗ਼ਲਤ ਨੀਤੀਆਂ ਨੂੰ ਰੱਦ ਕਰਨ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਸਭਨਾਂ ਜਮਹੂਰੀ ਤਾਕਤਾਂ ਨੂੰ ਇਕ ਆਵਾਜ਼ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਾਨ ਮਿਰਡਲ ਉੱਪਰ ਪਾਬੰਦੀ ਲਾਏ ਜਾਣ ਦੀ ਤਜਵੀਜ਼ ਤੁਰੰਤ ਰੱਦ ਕੀਤੀ ਜਾਵੇ।


ਜਾਰੀ ਕਰਤਾ:
ਪ੍ਰੋਫੈਸਰ ਜਗਮੋਹਣ ਸਿੰਘ (98140-01836)
ਪ੍ਰੋਫੈਸਰ ਏ ਕੇ ਮਲੇਰੀ (98557-0031)

Tuesday, May 22, 2012

ਕਦੋਂ ਮਿਟੇਗਾ ਆਮ-ਖਾਸ ਵਿਚਲਾ ਪਾੜਾ ?

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਤਾਰ ਵਿਚ ਖੜ੍ਹੋ ਕੇ ਇਕ ਦੁਕਾਨ ਤੋਂ ਬਰਗਰ ਖਰੀਦਣ ਦੀ ਤਸਵੀਰ ਜਦੋਂ ਕੁਝ ਸਮਾਂ ਪਹਿਲਾਂ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਈ ਸੀ ਤਾਂ ਬੜੇ ਲੋਕਾਂ ਤੋਂ ਇਸ ਗੱਲ ਦੀ ਚਰਚਾ ਸੁਣੀ ਸੀ ਕਿ ਉਨ੍ਹਾਂ ਦੇਸ਼ਾਂ 'ਚ ਤਾਂ ਵੱਡੀਆਂ-ਵੱਡੀਆਂ ਹਸਤੀਆਂ ਵੀ ਆਮ ਲੋਕਾਂ ਵਾਂਗ ਹੀ ਵਿਚਰਦੀਆਂ ਹਨ।


ਇੰਗਲੈਂਡ ਤੋਂ ਵਾਪਸ ਆਏ ਮੇਰੇ ਇਕ ਮਿੱਤਰ ਨੇ ਕਈ ਵਾਰ ਦੱਸਿਆ ਏ ਕਿ ਟੋਨੀ ਬਲੇਅਰ ਨੂੰ ਇਕ ਆਮ ਬੰਦੇ ਵਾਂਗ ਘੁੰਮਦਿਆਂ ਉਸਨੇ ਕਈ ਵਾਰ ਦੇਖਿਆ ਹੈ। ਹੋਰ ਤਾਂ ਹੋਰ ਕੈਨੇਡਾ-ਅਮਰੀਕਾ 'ਚ ਜਿੰਨੇ ਪੰਜਾਬੀ/ਭਾਰਤੀ ਮੂਲ ਦੇ ਐਮ.ਪੀ./ ਐਮ.ਐਲ.ਏ. ਹਨ ਉਹ ਖੁਦ ਦੱਸਦੇ ਹਨ ਕਿ ਉਨ੍ਹਾਂ ਦੇਸ਼ਾਂ 'ਚ ਉਹ ਆਪਣਾ ਕੰਮ ਖੁਦ ਕਰਨ 'ਚ ਕੋਈ ਸੰਗ ਮਹਿਸੂਸ ਨਹੀਂ ਕਰਦੇ। ਕੈਨੇਡਾ ਰਹਿੰਦੇ ਮੇਰੇ ਇਕ ਜਾਣਕਾਰ ਨੇ ਦੱਸਿਆ ਕਿ ਇਕ ਵਾਰ ਜਦੋਂ ਉਹ ਉਸ ਸਮੇਂ ਦੇ ਐਮ.ਪੀ. ਗੁਰਬਖਸ਼ ਮੱਲ੍ਹੀ ਨੂੰ ਕੁਝ ਸਾਥੀਆਂ ਨਾਲ ਮਿਲਣ ਗਿਆ ਤਾਂ ਘਰ ਦਾ ਦਰਵਾਜ਼ਾ ਵੀ ਖੁਦ ਮੱਲ੍ਹੀ ਨੇ ਖੋਲ੍ਹਿਆ ਸੀ। ਦੋ ਕੁ ਸਾਲ ਪਹਿਲਾਂ ਮੈਂ ਉਸ ਸਮੇਂ ਦੇ ਸਰੀ (ਕੈਨੇਡਾ) ਹਲਕੇ ਦੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਦੀ ਟੀ.ਵੀ. ਇੰਟਰਵਿਊ ਕੀਤੀ ਤਾਂ ਉਨ੍ਹਾਂ ਦੱਸਿਆ ਸੀ ਕਿ ਕੈਨੇਡਾ ਅਤੇ ਭਾਰਤ ਦੀ ਰਾਜਨੀਤੀ ਅਤੇ ਸਿਆਸੀ ਸ਼ਖਸੀਅਤਾਂ 'ਚ ਜ਼ਮੀਨ-ਆਸਮਾਨ ਦਾ ਫਰਕ ਹੈ। ਉਨ੍ਹਾਂ ਕਿਹਾ ਕਿ ਕੈਨੇਡਾ 'ਚ ਬੰਦੇ ਨੂੰ ਬੰਦੇ ਸਮਝਿਆ ਜਾਂਦਾ ਹੈ ਉਸਨੂੰ ਆਮ ਜਾਂ ਖਾਸ ਸ਼੍ਰੇਣੀਆਂ 'ਚ ਨਹੀਂ ਰੱਖਿਆ ਜਾਂਦਾ ਜਿਵੇਂ ਕਿ ਭਾਰਤ 'ਚ ਹੈ ਅਤੇ ਜੇਕਰ ਉੱਚ ਅਹੁਦੇ ਵਾਲੀਆਂ ਸ਼ਖਸੀਅਤਾਂ ਨੂੰ 'ਖਾਸ' ਤਵੱਜੋਂ ਦੇਣੀ ਵੀ ਹੁੰਦੀ ਹੈ ਤਾਂ ਇਸ ਨਾਲ ਬਾਕੀ ਲੋਕਾਂ ਨੂੰ 'ਆਮ' ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ ਜਾਂਦਾ। ਪਿਛਲੇ ਦਿਨੀਂ ਹੀ ਮੇਰੇ ਕੁਝ ਸਾਥੀ ਥਾਈਲੈਂਡ ਜਾ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਨਾ ਤਾਂ ਉੱਥੇ ਸੜਕਾਂ 'ਤੇ ਹੂਟਰ ਮਾਰਦੀਆਂ ਕੋਈ ਗੱਡੀਆਂ ਦਿਖਦੀਆਂ ਹਨ ਅਤੇ ਨਾ ਹੀ ਸੜਕਾਂ 'ਤੇ ਹਾਰਨ ਮਾਰੇ ਜਾਂਦੇ ਹਨ। ਤੁਰਨ ਵਾਲੇ ਲੋਕਾਂ ਨੂੰ ਖਾਸ ਤਵੱਜੋਂ ਦਿੱਤੀ ਜਾਂਦੀ ਹੈ ਅਤੇ ਜੇਕਰ ਕੋਈ ਸੜਕ ਪਾਰ ਕਰ ਰਿਹਾ ਹੁੰਦਾ ਹੈ ਤਾਂ 'ਖਾਸ ਬੰਦੇ' ਵੀ ਗੱਡੀ ਰੋਕ ਕੇ ਉਸ ਦੇ ਲੰਘਣ ਦਾ ਇੰਤਜ਼ਾਰ ਕਰਦੇ ਹਨ।



ਯੂਰਪ ਦੇ ਬਹੁਤ ਸਾਰੇ ਦੇਸ਼ਾਂ 'ਚ ਜੇਕਰ ਉੱਥੋਂ ਦੇ ਪ੍ਰਧਾਨ ਮੰਤਰੀ/ਰਾਸ਼ਟਰਪਤੀ ਜਾਂ ਉੱਚ ਅਹੁਦਿਆਂ 'ਤੇ ਬੈਠੀਆਂ ਸਿਆਸੀ ਹਸਤੀਆਂ ਤੱਕ ਕੋਈ ਸ਼ਿਕਾਇਤ/ਸੁਝਾਅ ਪਹੁੰਚਾਉਣਾ ਹੋਵੇ ਤਾਂ ਜਨਤਕ ਕੀਤੇ ਈ-ਮੇਲ ਪਤੇ 'ਤੇ ਤੁਸੀਂ ਆਪਣੀ ਗੱਲ ਭੇਜ ਸਕਦੇ ਹੋ ਅਤੇ ਉਸ ਦਾ ਤੁਹਾਨੂੰ ਪ੍ਰਤੀਕਰਮ ਵੀ ਮਿਲੇਗਾ ਅਤੇ ਕੀਤੀ ਗਈ ਸ਼ਿਕਾਇਤ ਜਾਂ ਸੁਝਾਅ 'ਤੇ ਅਮਲ ਵੀ ਹੋਵੇਗਾ। ਕੈਨੇਡਾ-ਅਮਰੀਕਾ ਵਰਗੇ ਦੇਸ਼ਾਂ 'ਚ ਤਾਂ ਬਹੁਤੇ ਐਮ.ਪੀ./ਐਮ.ਐਲ.ਏ. ਨੇ ਆਪਣੀ ਵੈੱਬਸਾਈਟਾਂ ਬਣਾਈਆਂ ਹੋਈਆਂ ਹਨ ਜਿਨ੍ਹਾਂ 'ਤੇ ਲਾਗਆਨ ਕਰਕੇ ਤੁਸੀਂ ਉਨ੍ਹਾਂ ਦੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਹਾਸਿਲ ਕਰ ਸਕਦੇ ਹੋ ਅਤੇ ਇਸੇ ਜ਼ਰੀਏ ਉਨ੍ਹਾਂ ਨਾਲ ਰਾਬਤਾ ਵੀ ਬਣਾ ਸਕਦੇ ਹੋ। ਭਾਰਤ 'ਚ 'ਆਮ' ਜਨਤਾ ਵੱਲੋਂ ਚੁਣੇ ਗਏ ਨੇਤਾ 'ਖਾਸ' ਕਿਉਂ ਬਣ ਜਾਂਦੇ ਹਨ? ਇਹ ਸਵਾਲ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਇਕ ਚਰਚਾ ਦਾ ਵਿਸ਼ਾ ਹੈ। ਲੋਕਾਂ ਦੀ ਕਮਾਈ ਨਾਲ ਬਣਾਈਆਂ ਸੜਕਾਂ 'ਤੇ ਚੱਲਣ ਮੌਕੇ ਵੀ ਸਿਆਸੀ ਬੰਦਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਰੁਤਬਾ ਵੀ ਵੋਟਰਾਂ ਨਾਲੋਂ 'ਖਾਸ' ਤੇ ਉੱਚਾ ਰੱਖਿਆ ਜਾਂਦਾ ਹੈ। ਲਾਲ ਬੱਤੀਆਂ ਖਾਸ ਲੋਕਾਂ ਕੋਈ ਮਾਅਨੇ ਨਹੀਂ ਰੱਖਦੀਆਂ। ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ ਜਦੋਂ ਲਾਲ ਬੱਤੀ ਟੱਪਦਿਆਂ ਕਿਸੇ ਸਿਆਸੀ ਨੇਤਾ ਦਾ ਚਲਾਨ ਕੱਟਿਆ ਗਿਆ ਹੋਵੇ। ਬਹੁਤੇ ਸਿਆਸੀ ਆਗੂਆਂ ਤੱਕ ਪੁਹੰਚਣ ਲਈ ਰੱਬ ਦੀਆਂ ਸ਼ਿਫਾਰਸ਼ਾਂ ਵੀ ਕਈ ਵਾਰ ਕੰਮ ਨਹੀਂ ਆਉਂਦੀਆਂ। ਪੰਜਾਬ ਦੇ ਸੰਦਰਭ 'ਚ ਗੱਲ ਕਰੀਏ ਤਾਂ ਇੱਥੇ ਅਜਿਹਾ ਕੋਈ ਤੰਤਰ ਨਹੀਂ ਜਿਸ ਜ਼ਰੀਏ ਲੋਕ ਆਪਣੇ ਮੁੱਖ ਮੰਤਰੀ ਤੱਕ ਸੌਖੀ ਪਹੁੰਚ ਰੱਖ ਸਕਣ। ਮੇਰੇ ਇਕ ਜਾਣਕਾਰ ਵੱਲੋਂ ਲਿਖਤੀ ਰੂਪ 'ਚ ਮੁੱਖ ਮੰਤਰੀ ਦਫਤਰ ਨੂੰ ਭੇਜੀ ਕੋਈ ਸ਼ਿਕਾਇਤ ਵੱਖ-ਵੱਖ ਦਫਤਰਾਂ 'ਚੋਂ ਹੁੰਦੀ ਹੋਈ ਸਵਾ ਸਾਲ ਬਾਅਦ ਜਦੋਂ ਸਥਾਨਕ ਪੁਲਿਸ ਰਾਹੀਂ ਉਸ ਕੋਲ ਪਹੁੰਚੀ ਉਦੋਂ ਤੱਕ ਮਸਲਾ ਹੱਲ ਵੀ ਹੋ ਚੁੱਕਿਆ ਸੀ। ਸਾਡੇ ਇੱਥੇ ਤਾਂ ਵਿਧਾਇਕਾਂ ਨੂੰ ਮਿਲਣ ਲਈ ਵੀ ਉਨ੍ਹਾਂ ਦੇ ਚਮਚਿਆਂ ਨੂੰ ਤਰਲੇ ਮਾਰਨੇ ਪੈਂਦੇ ਹਨ।


ਵਿਅਕਤੀ ਵਿਸ਼ੇਸ਼ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਾਂਗਰਸੀ ਵਰਕਰਾਂ ਤੋਂ ਇਹ ਗਿਲਾ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਸਾਡੇ ਸਿਆਸੀ ਨੇਤਾਵਾਂ ਦੁਆਲੇ ਸੁਰੱਖਿਆ ਘੇਰੇ ਹੀ ਇਸ ਤਰ੍ਹਾਂ ਦੇ ਬਣਾਏ ਹੋਏ ਹਨ ਕਿ ਹਰੇਕ 'ਆਮ' ਬੰਦੇ ਤੋਂ ਉਨ੍ਹਾਂ ਨੂੰ ਖਤਰਾ ਮਹਿਸੂਸ ਹੁੰਦਾ ਹੈ। ਇਹੀ ਸੁਰੱਖਿਆ ਚੋਣਾਂ ਦੇ ਦਿਨਾਂ 'ਚ ਰਫੂ ਚੱਕਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਿਆਸੀ ਨੇਤਾਵਾਂ ਦੁਆਲੇ ਉਨ੍ਹਾਂ ਲੋਕਾਂ ਦੀ ਭੀੜ ਵੀ ਬੇਹਿਸਾਬ ਹੁੰਦੀ ਹੈ ਜੋ 'ਆਮ' ਲੋਕਾਂ ਨੂੰ ਉਨ੍ਹਾਂ ਤੱਕ ਪੁੱਜਣ ਹੀ ਨਹੀਂ ਦਿੰਦੇ। ਇਹ ਹੋਰ ਮਸਲਾ। ਸਾਡੇ ਇੱਥੇ ਪੁਲਿਸ ਭੈਅ ਪਾਉਣ ਲਈ ਰੱਖੀ ਹੋਈ ਹੈ, ਸੁਰੱਖਿਆ ਪ੍ਰਦਾਨ ਕਰਨ ਲਈ ਨਹੀਂ! ਬਹੁਤੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਜਾਂਦੇ 'ਸੰਗਤ ਦਰਸ਼ਨ' ਦੇ ਸਥਾਨ ਉੱਤੇ ਪਹੁੰਚ ਕੇ ਜਣਾ-ਖਣਾ ਫਰਿਆਦੀ ਉਨ੍ਹਾਂ ਨੂੰ ਨਹੀਂ ਮਿਲ ਸਕਦਾ। ਇਸ ਮਕਸਦ ਲਈ ਪਹਿਲਾਂ ਤੋਂ ਹੀ ਨਿਰਧਾਰਤ ਕੀਤਾ ਹੁੰਦਾ ਹੈ ਕਿ ਸੰਗਤ ਦਰਸ਼ਨ 'ਚ ਕਿਸ ਪਿੰਡ ਦੀ ਪੰਚਾਇਤ ਨੂੰ ਕਿੰਨੀ ਗ੍ਰਾਂਟ ਦੇਣੀ ਹੈ, ਕਿਸ ਨੂੰ ਮਿਲਣ ਦੇਣਾ ਹੈ। ਕੋਈ ਮਾਹਤੜ ਤੇ ਕਰਮਾਂ ਵਾਲਾ ਹੀ ਹੋਵੇਗਾ ਜੋ ਮੁੱਖ ਮੰਤਰੀ ਦੀ ਸੁਰੱਖਿਆ ਛਤਰੀ ਤੋੜ ਕੇ ਉਨ੍ਹਾਂ ਤੱਕ ਬਿਨ ਬੁਲਾਏ ਹੀ ਪਹੁੰਚ ਜਾਵੇ! ਚੋਣਾਂ ਦੇ ਦਿਨਾਂ 'ਚ ਜਿਹੜੇ ਨੇਤਾ 'ਆਮ' ਬੰਦਾ ਬਣਕੇ ਲੋਕਾਂ ਦੇ ਘਰਾਂ 'ਚ ਰੋਟੀਆਂ ਖਾਂਦੇ ਫਿਰਦੇ ਹਨ, ਸਧਾਰਣ ਹਾਲਤਾਂ 'ਚ ਜਨਤਾ ਉਨ੍ਹਾਂ ਨੂੰ ਦੇਖਣ ਲਈ ਵੀ ਤਰਲੋ-ਮੱਛੀ ਹੁੰਦੀ ਰਹਿੰਦੀ ਹੈ। ਸਾਡੇ ਦੇਸ਼ 'ਚ ਹੁੰਦੇ ਵੱਖ-ਵੱਖ ਸਮਾਗਮਾਂ ਵਿਚ 'ਖਾਸ' ਬੰਦਿਆਂ ਲਈ ਵੀ.ਵੀ.ਆਈ.ਪੀ ਕੁਰਸੀਆਂ ਅਲੱਗ ਹੁੰਦੀਆਂ ਹਨ ਤੇ 'ਆਮ' ਕੁਰਸੀਆਂ ਅਲੱਗ ਹੁੰਦੀਆਂ ਹਨ ਜਦਕਿ ਯੂਰਪ/ਅਮਰੀਕਾ/ਕੈਨੇਡਾ 'ਚ ਜਿਨ੍ਹਾਂ ਕੁਰਸੀਆਂ 'ਤੇ 'ਖਾਸ' ਬੰਦਿਆਂ ਨੂੰ ਬੈਠਾਉਣਾ ਹੁੰਦਾ ਹੈ ਉਨ੍ਹਾਂ 'ਤੇ 'ਮਹਿਮਾਨਾਂ ਲਈ' ਲਿਖਿਆ ਹੁੰਦਾ ਹੈ।

ਜੇਕਰ ਕਿਸੇ ਵਿਭਾਗ ਦੇ ਮੰਤਰੀ ਤੱਕ ਕੋਈ ਕੰਮ ਨਿਕਲ ਆਵੇ ਤਾਂ ਚੰਡੀਗੜ੍ਹ ਸਕੱਤਰੇਤ 'ਚ ਦਾਖਿਲ ਹੋਣਾ ਆਮ ਬੰਦੇ ਲਈ ਪਾਕਿਸਤਾਨ ਦੀ ਸਰਹੱਦ ਟੱਪਣ ਜਿੰਨਾ ਹੀ ਔਖਾ ਹੈ। ਜਨਤਾ ਲਈ ਕੰਮ ਕਰਦੇ ਕਰਮਚਾਰੀਆਂ (ਸਰਕਾਰੀ ਮੁਲਾਜ਼ਮਾਂ) ਨੂੰ ਜਵਾਬਦੇਹ ਬਣਾਉਣ ਲਈ ਤਾਂ ਕਈ ਨਿਯਮ ਬਣਾਏ ਗਏ ਹਨ ਪਰ ਜਨਤਾ ਦੇ ਸੇਵਕਾਂ (ਸਿਆਸੀ ਆਗੂਆਂ) ਨੂੰ ਜਵਾਬਦੇਹ ਬਣਾਉਣ ਲਈ ਕੋਈ ਨੀਤੀ ਨਹੀਂ। ਇਹੀ ਕਾਰਣ ਹੈ ਕਿ ਅੰਨਾ ਹਜ਼ਾਰੇ ਦੀ ਮੁਹਿੰਮ ਨੂੰ ਆਮ ਲੋਕਾਂ ਨੇ ਹੱਥੋਂ-ਹੱਥ ਚੁੱਕ ਲਿਆ ਹੋਇਆ ਹੈ। ਆਮ ਅਤੇ ਖਾਸ ਵਿਚਲਾ ਇਹੀ ਫਰਕ ਦੇਸ਼ 'ਚ ਭ੍ਰਿਸ਼ਟਾਚਾਰੀ, ਬੇਰੁਜ਼ਗਾਰੀ, ਮਹਿੰਗਾਈ, ਜ਼ੁਰਮਾਂ 'ਚ ਵਾਧੇ ਅਤੇ ਕਾਲੇ ਧਨ ਦੇ ਵਾਧੇ ਲਈ ਕਿਤੇ ਨਾ ਕਿਤੇ ਜ਼ਿੰਮੇਵਾਰ ਜ਼ਰੂਰ ਹੈ।ਇਹ ਮਸਲਾ ਸਿਰਫ ਸਿਆਸੀ ਲੋਕਾਂ ਤੱਕ ਹੀ ਮਹਿਦੂਦ ਨਹੀਂ। ਬਾਕੀ ਖੇਤਰਾਂ ਦੀਆਂ ਅਹਿਮ ਹਸਤੀਆਂ ਨੂੰ ਵੀ 'ਖਾਸ' ਬਣਾਉਣ ਵਾਲਿਆਂ ਤੱਕ ਆਮ ਬੰਦੇ ਦਾ ਪਹੁੰਚਣਾ ਮੁਮਕਿਨ ਨਹੀਂ ਤਾਂ ਅਤਿ ਮੁਸ਼ਕਿਲ ਜ਼ਰੂਰ ਹੈ।

ਨਰਿੰਦਰ ਪਾਲ ਸਿੰਘ ਜਗਦਿਓ
ਲੇਖ਼ਕ ਪੱਤਰਕਾਰ ਹੈ।ਪ੍ਰਿੰਟ ਤੇ ਇਲੈਟ੍ਰੋਨਿਕ ਮੀਡੀਆ ਦਾ ਲੰਮਾ ਤਜ਼ਰਬਾ ਹੈ।

Friday, May 4, 2012

ਮਾਓਵਾਦੀਆਂ ਦਾ 'ਸਲਵਾ ਜੁਡਮ' ਵਿਰੋਧ ਤੇ ਸੁਪਰੀਮ ਕੋਰਟ ਦਾ ਇਤਿਹਸਾਕ ਫੈਸਲਾ

ਸਲਵਾ ਜੁਡਮ ਮੁੜ ਚਰਚਾ 'ਚ ਹੈ ਕਿਉਂਕਿ ਛੱਤੀਸਗੜ੍ਹ 'ਚ ਮਾਓਵਾਦੀ ਨੇ ਜਿਸ ਆਈ ਏ ਐਸ ਅਲੈਕਸ ਪੌਲ ਮੈਨਨ ਨੂੰ ਅਗਵਾ ਕੀਤਾ ਸੀ ਉਸ  ਦੌਰਾਨ ਵੀ  ਸਲਵਾ ਜੁਡਮ(ਸਰਕਾਰੀ ਪੈਸਿਆਂ ਦੇ ਚੱਲਦੀ ਨਿਜੀ ਫੌਜ,ਜੋ ਮਾਓਵਾਦੀਆਂ ਦੇ ਨਾਂਅ 'ਤੇ ਆਦਿਵਾਸੀਆਂ ਦੇ ਪਿੰਡਾਂ ਦੇ ਪਿੰਡ ਉਜਾੜ ਰਹੀ ਹੈ)ਤੇ ਅਪਰੇਸ਼ਨ ਗ੍ਰੀਨ ਹੰਟ ਬੰਦ ਕਰਨ ਦੀ ਗੱਲ ਕਹੀ ਹੈ।ਸਲਵਾ ਜੁਡਮ ਸਬੰਧੀ ਇਕ ਫੈਸਲਾ ਸੁਪਰੀਮ ਕੋਰਟ ਨੇ 5 ਜੁਲਾਈ 2011 ਨੂੰ ਨੂੰ ਸੁਣਾਇਆ ਸੀ ਤੇ ਉਸ ਦੇ ਪਹਿਲੇ ਹਿੱਸੇ ਦਾ ਪੰਜਾਬੀ ਤਰਜਮਾ ਹੁਣ  ਬੂਟਾ ਸਿੰਘ ਨੇ ਕੀਤਾ ਹੈ ,ਜੋ ਦੋਸਤਾਂ ਨਾਲ ਸਾਂਝਾ ਕਰ ਰਹੇ ਹਾਂ।ਦੱਸਣਯੋਗ ਹੈ ਕਿ  ਭਾਰਤ ਦੀ ਸਰਵਉੱਚ ਅਦਾਲਤ ਵਲੋਂ 5 ਜੁਲਾਈ 2011 ਨੂੰ ਮਾਣਯੋਗ ਜਸਟਿਸ ਬੀ ਸੁਦਰਸ਼ਨ ਰੈਡੀ ਅਤੇ ਜਸਟਿਸ ਸੁਰਿੰਦਰ ਸਿੰਘ ਨਿੱਜਰ ਵਲੋਂ ਦਿੱਤੇ ਗਏ ਇਤਿਹਾਸਕ ਫ਼ੈਸਲੇ ਸਬੰਧੀ   ਰਿੱਟ ਪਟੀਸ਼ਨ  ਨੰਦਨੀ ਸੁੰਦਰ( ਦਿੱਲੀ ਯੂਨੀਵਰਸਿਟੀ 'ਚ ਸ਼ੌਸੋਲਿਜੀ ਦੀ ਪ੍ਰੋਫੈਸਰ ਤੇ ਸਮਾਜਿਕ ਕਾਰਕੁੰਨ) ਹੋਰਾਂ ਵਲੋਂ ਪਾਈ ਗਈ ਸੀ।- ਗੁਲਾਮ ਕਲਮ


1. ਅਸੀਂ, ਯਾਨੀ ਇਕ ਰਾਸ਼ਟਰ ਵਜੋਂ ਲੋਕਾਂ ਨੇ, ਖ਼ੁਦ ਨੂੰ ਕੁਲ-ਇਖ਼ਤਿਆਰ (sovereign) ਜਮਹੂਰੀ ਗਣਰਾਜ ਵਜੋਂ ਜਥੇਬੰਦ ਕੀਤਾ ਹੈ। ਸਾਡਾ ਮਕਸਦ ਇਹੀ ਰਿਹਾ ਹੈ ਕਿ ਅਸੀਂ ਸੰਵਿਧਾਨ ਦੇ ਦਾਇਰੇ 'ਚ, ਇਸਦੇ ਨਿਸ਼ਾਨਿਆਂ ਅਤੇ ਕਦਰਾਂ-ਕੀਮਤਾਂ ਅਨੁਸਾਰ ਆਪਣੀਆਂ ਕਾਰਵਾਈਆਂ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਮਹੂਰੀ ਹਿੱਸੇਦਾਰੀ ਦਾ ਫ਼ਾਇਦਾ ਸਾਡੇ ਤੱਕਂ ਸਾਡੇ ਸਾਰਿਆਂ ਤੱਕਂਪਹੁੰਚੇ। ਅਜਿਹਾ ਹੋਣ 'ਤੇ ਅਸੀਂ ਆਪਣੀ ਵਿਰਾਸਤ ਅਤੇ ਸਮੂਹਿਕ ਸੂਝ ਦੇ ਹਿਸਾਬ ਨਾਲ ਕੌਮਾਂ ਦੇ ਸਮੂਹ 'ਚ ਆਪਣੇ ਲਈ ਚੰਗੀ ਜਗ੍ਹਾ ਹਾਸਲ ਕਰ ਸਕਦੇ ਹਾਂ। ਇਸ ਲਈ, ਸਾਨੂੰ ਸੰਵਿਧਾਨਵਾਦ ਦੇ ਜ਼ਾਬਤੇ ਅਤੇ ਸਖ਼ਤੀ ਦਾ ਵੀ ਪਾਲਣ ਕਰਨਾ ਚਾਹੀਦਾ ਹੈ। ਇਸ ਦਾ ਮੂਲ ਤੱਤ ਸੱਤਾ ਦੀ ਜਵਾਬਦੇਹੀ ਹੈ। ਇਸ ਵਿਚ ਲੋਕ-ਸੱਤਾ ਰਾਜ ਦੇ ਅੰਗਾਂ ਅਤੇ ਉਸਦੇ ਕਰਤਿਆਂ (ਏਜੰਟਾਂ) 'ਚ ਸਮੋਈ ਹੁੰਦੀ ਹੈ। ਇਸ ਸੱਤਾ ਦੀ ਵਰਤੋਂ ਸਿਰਫ਼ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਦ੍ਰਿਸ਼ਟੀ ਨੂੰ ਅੱਗੇ ਵਧਾਉਣ ਲਈ ਹੀ ਕੀਤੀ ਜਾ ਸਕਦੀ ਹੈ। ਇਹ ਮਾਮਲਾ ਦਿਖਾਉਂਦਾ ਹੈ ਕਿ ਜਮਹੂਰੀਅਤ ਵਿਚ ਸੱਤਾ ਦੀ ਸੰਵਿਧਾਨਕ ਅਮਲਦਾਰੀ ਦੇ ਵਾਅਦੇ ਅਤੇ ਛੱਤੀਸਗੜ੍ਹ ਦੇ ਅਸਲ ਹਾਲਾਤ ਦਰਮਿਆਨ ਕਿੰਨਾ ਡੂੰਘਾ ਪਾੜਾ ਹੈ। ਇਸ ਮਾਮਲੇ ਦੇ ਜਵਾਬਦੇਹਪੱਖ, ਛੱਤੀਸਗੜ੍ਹ ਰਾਜ ਦਾ ਇਹ ਦਾਅਵਾ ਹੈ ਕਿ ਉਸ ਨੂੰ ਸੰਵਿਧਾਨ ਨੇ ਇਹ ਹੱਕ ਦਿੱਤਾ ਹੋਇਆ ਹੈ ਕਿ ਉਹ ਲਗਾਤਾਰ ਅਤੇ ਅਨੰਤ ਰੂਪ 'ਚ ਮਨੁੱਖੀ ਹੱਕਾਂ ਦਾ ਘੋਰ ਉਲੰਘਣ ਕਰੇ। ਉਸਦੇ ਮੁਤਾਬਿਕ, ਉਹ ਚਾਹੇ ਤਾਂ ਇਸ ਖ਼ਾਤਰ ਮਾਓਵਾਦੀ/ਨਕਸਲਵਾਦੀ ਅੱਤਵਾਦੀਆਂ ਦੇ ਤਰੀਕੇ ਵੀ ਅਪਣਾ ਸਕਦਾ ਹੈ। ਛੱਤੀਸਗੜ੍ਹ ਸੂਬੇ ਦਾ ਇਹ ਦਾਅਵਾ ਹੈ ਕਿ ਉਸ ਕੋਲ ਇਹ ਤਾਕਤ ਹੈ ਕਿ ਉਹ ਅਖੌਤੀ ਮਾਓਵਾਦੀ ਅੱਤਵਾਦੀਆਂ ਖ਼ਿਲਾਫ਼ ਲੜਾਈ ਲੜਨ ਲਈ ਆਦਿਵਾਸੀ ਖੇਤਰਾਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਹਥਿਆਰਾਂ ਨਾਲ ਲੈਸ ਕਰ ਸਕਦਾ ਹੈ। ਇਨ੍ਹਾਂ ਨੌਜਵਾਨਾਂ ਵਿਚੋਂ ਜ਼ਿਆਦਾਤਰ ਅਨਪੜ੍ਹ ਹਨ ਜਾਂ ਬਹੁਤ ਹੀ ਘੱਟ ਪੜ੍ਹੇ ਹੋਏ ਹਨ। ਇਨ੍ਹਾਂ ਨੂੰ ਬਿਨਾ ਕਿਸੇ ਸਿਖਲਾਈ ਦੇ ਜਾਂ ਬਹੁਤ ਥੋੜ੍ਹੀ ਸਿਖਲਾਈ ਦੇ ਆਰਜੀ ਪੁਲਿਸ ਅਫ਼ਸਰ ਲਾਇਆ ਗਿਆ ਹੈ। ਇਨ੍ਹਾਂ ਨੂੰ ਇਸ ਬਾਰੇ ਬਹੁਤ ਘੱਟ ਇਲਮ ਹੈ ਕਿ ਪੁਲਿਸ ਤਾਕਤ ਦੀਆਂ ਕਾਰਵਾਈਆਂ ਨੂੰ ਕੰਟਰੋਲ ਕਰਨ ਲਈ 'ਚੇਨ  ਆਫ ਕਮਾਂਡ' ਜਾਂ ਆਦੇਸ਼ਾਂ ਦਾ ਸਿਲਸਿਲਾ ਕਿਵੇਂ ਕੰਮ ਕਰਦਾ ਹੈ।



2. ਜਦੋਂ ਅਸੀਂ, ਸਾਡੇ ਸਾਹਮਣੇ ਆਏ ਇਨ੍ਹਾਂ ਮਾਮਲਿਆਂ ਬਾਰੇ ਵਿਚਾਰ ਕਰ ਰਹੇ ਸੀ ਤਾਂ ਸਾਨੂੰ ਜੋਸਫ ਕੋਨਾਰਡ ਦਾ ਮਸ਼ਹੂਰ ਨਾਵਲ 'ਹਾਰਟ ਆਫ ਡਾਰਕਨੈੱਸ' ਚੇਤੇ ਆ ਗਿਆ।ਕੋਨਾਰਡ ਨੇ ਅੰਧਕਾਰ ਦੇ ਤਿੰਨ ਪੜਾਵਾਂ ਦੀ ਕਲਪਨਾ ਕੀਤੀ ਹੈ: (i) ਜੰਗਲ ਦਾ ਅੰਧਕਾਰ, ਜੋ ਜ਼ਿੰਦਗੀ ਅਤੇ ਅਲੌਕਿਕ ਦਰਮਿਆਨ ਸੰਘਰਸ਼ ਦੀ ਨੁਮਾਇੰਦਗੀ ਕਰਦਾ ਹੈ; (ii)ਵਸੀਲਿਆਂ ਲਈ ਬਸਤੀਵਾਦੀ ਪਸਾਰੇ ਦਾ ਅੰਧਕਾਰ; ਅਤੇ ਅੰਤ 'ਚ (iii) ਅਜਿਹਾ ਅੰਧਕਾਰ, ਜਿਸਦੀ ਨੁਮਾਇੰਦਗੀ ਗ਼ੈਰਇਨਸਾਨੀਅਤ ਅਤੇ ਬੁਰਾਈ ਕਰਦੀ ਹੈ। ਫਰਜ਼ ਕਰੋ ਕਿਸੇ ਨੂੰ ਸਰਵਉੱਚ ਤਾਕਤ ਦੇ ਦਿੱਤੀ ਜਾਂਦੀ ਹੈ ਜਿਸ ਲਈ ਉਹ ਕਿਸੇ ਨੂੰ ਜਵਾਬਦੇਹ ਨਹੀਂ ਹੈ। ਇਸਦੇ ਨਾਲ ਹੀ ਬੇਅੰਤ ਹੱਕ ਹਾਸਲ ਕਰ ਲੈਣ ਵਾਲੇ ਨੂੰ ਇਹ ਘੁਮੰਡ ਹੋ ਜਾਂਦਾ ਹੈ ਕਿ ਉਹ ਜੋ ਕਹਿ ਰਿਹਾ ਹੈ ਉਹੀ ਸਭ ਤੋਂ ਵਿਹਾਰਕ ਅਤੇ ਲਾਜ਼ਮੀ ਹੈ। ਇੰਞ ਉਹ ਇਸ ਤੀਜੇ ਅੰਧਕਾਰ ਦਾ ਸ਼ਿਕਾਰ ਹੋ ਜਾਂਦਾ ਹੈ। ਜੋਸਫ ਕੋਨਾਰਡ ਦੇ ਨਾਵਲ ਦਾ ਪਿਛੋਕੜ ਅਫਰੀਕਾ ਦੇ ਗਰਮ-ਖੇਤਰੀ ਜੰਗਲਾਂ ਦਾ ਵਸੀਲਿਆਂ ਨਾਲ ਭਰਪੂਰ ਅੰਧਕਾਰ ਹੈ। ਉੱਥੇ ਯੂਰਪੀ ਤਾਕਤਾਂ ਆਪਣੀਆਂ ਸਾਮਰਾਜਵਾਦੀ-ਸਰਮਾਏਦਾਰਾ ਅਤੇ ਵਿਸਤਾਰਵਾਦੀ ਨੀਤੀਆਂ ਤਹਿਤ ਸਰਗਰਮ ਹਨ।ਇਹ ਤਾਕਤਾਂ ਹਾਥੀ ਦੰਦ ਦੇ ਆਪਣੇ ਵਹਿਸ਼ੀ ਵਪਾਰ ਨੂੰ ਹੋਰ ਫੈਲਾਉਣ ਲਈ ਯਤਨਸ਼ੀਲ ਹਨ। ਜੋਸਫ ਕੋਨਾਰਡ ਇਹ ਦਸਦੇ ਹਨ ਕਿ ਇਸ ਕੰਮ ਨੂੰ ਸਹੀ ਠਹਿਰਾਉਣ ਵਾਲੇ ਲੋਕਾਂ ਦੀ ਦਿਮਾਗੀ ਹਾਲਤ ਕਿਹੋ ਜਹੀ ਹੁੰਦੀ ਹੈ। ਕੋਨਾਰਡ ਅਨੁਸਾਰ ਇਨ੍ਹਾਂ ਦੀ ਦਿਮਾਗੀ ਹਾਲਤ ਬਹੁਤ ਹੀ ਭਿਆਨਕ ਅਤੇ ਘਿਣਾਉਣੀ ਹੁੰਦੀ ਹੈ। ਇਹ ਲੋਕ ਆਪਣੀ ਤਾਕਤ ਵਰਤਣ ਸਮੇਂ ਕਿਸੇ ਬੁੱਧੀ, ਮਨੁੱਖਤਾ ਜਾਂ ਤਵਾਜ਼ਨ ਦੀ ਪ੍ਰਵਾਹ ਨਹੀਂ ਕਰਦੇ। ਨਾਵਲ ਦਾ ਮੁੱਖ ਪਾਤਰ ਕੁਟਰਚ ਮਰਦੇ ਵਕਤ ਕਹਿੰਦਾ ਹੈ 'ਭਿਆਨਕ! ਭਿਆਨਕ!'1 ਕੋਨਾਰਡ ਆਪਣੇ ਨਿੱਜੀ ਤਜ਼ਰਬਿਆਂ ਦੇ ਅਧਾਰ 'ਤੇ 1890 ਤੋਂ 1910 ਦਰਮਿਆਨ ਕਾਂਗੋ ਦੇ ਅਸਲ ਹਾਲਾਤ ਬਾਰੇ ਦੱਸਦਾ ਹੈ। ਉਨ੍ਹਾਂ ਅਨੁਾਸਾਰ, ਇਹ 'ਮਨੁੱਖੀ ਚੇਤਨਾ ਦੇ ਇਤਿਹਾਸ ਨੂੰ ਕਲੰਕਤ ਕਰਨ ਵਾਲੀ ਸਭ ਤੋਂ ਭ੍ਰਿਸ਼ਟ ਲੁੱਟ ਸੀ।'2

3. ਅਸੀਂ ਛੱਤੀਸਗੜ੍ਹ ਦੇ ਹਾਲਾਤ ਬਾਰੇ ਜਵਾਬਦੇਹ (ਸਰਕਾਰੀ) ਪੱਖ ਵਲੋਂ ਦਿੱਤੀਆਂ ਗਈਆਂ ਦਲੀਲਾਂ ਵਿਸਤਾਰ 'ਚ ਸੁਣੀਆਂ। ਇਸ ਨਾਲ ਸਾਨੂੰ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਕਿ ਜਵਾਬਦੇਹ ਪੱਖ ਨੇ ਰਾਜ ਦੇ ਕੰਮ ਕਰਨ ਦੇ ਅਜਿਹੇ ਤਰੀਕੇ ਅਪਣਾਏ ਹਨ ਜਿਸ ਨਾਲ ਸੰਵਿਧਾਨਕ ਕਦਰਾਂ-ਕੀਮਤਾਂ ਦੀ ਗੰਭੀਰ ਉਲੰਘਣਾ ਹੋਈ ਹੈ। ਇਸ ਨਾਲ ਕੌਮੀ ਹਿੱਤ ਦਾ ਗੰਭੀਰ ਨੁਕਸਾਨ ਹੋ ਸਕਦਾ ਹੈ। ਖ਼ਾਸ ਤੌਰ 'ਤੇ ਇਸ ਨਾਲ ਮਨੁੱਖੀ ਮਾਣ-ਸਨਮਾਨ, ਭਾਈਚਾਰਿਆਂ ਦਰਮਿਆਨ ਭਰੱਪਣ ਅਤੇ ਕੌਮੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਦੇ ਇਸਦੇ ਨਿਸ਼ਾਨਿਆਂ ਨੂੰ ਬੱਜਰ ਸੱਟ ਪੈ ਸਕਦੀ ਹੈ। ਮਨੁੱਖਤਾ ਦੇ ਸਾਂਝੇ ਤਜ਼ਰਬੇ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਅਸੀਮਤ ਸੱਤਾ ਖ਼ੁਦ ਆਪਣਾ ਸਿਧਾਂਤ ਬਣ ਜਾਂਦੀ ਹੈ।ਆਪਣੀ ਸੱਤਾ ਦੀ ਵਰਤੋਂ ਹੀ ਇਸਦਾ ਮਕਸਦ ਬਣ ਜਾਂਦਾ ਹੈ। ਇਸਦਾ ਸਿੱਟਾ ਲੋਕਾਂ ਨੂੰ ਅਣਮਨੁੱਖੀ ਬਣਾਉਣ ਦੇ ਰੂਪ 'ਚ ਸਾਹਮਣੇ ਆਇਆ ਹੈ। ਇਸ ਕਾਰਨ ਸਾਮਰਾਜੀ ਤਾਕਤਾਂ
ਨੇ ਕੁਦਰਤੀ ਵਸੀਲਿਆਂ ਲਈ ਧਰਤੀ ਦੀ ਬੇਹੱਦ ਲੁੱਟਮਾਰ ਕੀਤੀ ਹੈ। ਦਰਅਸਲ, ਇਸੇ ਕਾਰਨ ਦੁਨੀਆ ਨੂੰ ਦੋ ਭਿਆਨਕ ਸੰਸਾਰ ਜੰਗਾਂ ਦਾ ਸਾਹਮਣਾ ਕਰਨਾ ਪਿਆ ਹੈ। ਅਸੀਮਤ ਸੱਤਾ ਬਾਰੇ ਮਨੁੱਖਤਾ ਦੇ ਇਸ ਸਾਂਝੇ ਅਨੁਭਵ ਨੂੰ ਦੇਖਦੇ ਹੋਏ ਆਧੁਨਿਕ ਸੰਵਿਧਾਨਵਾਦ ਇਹ ਮੰਨਕੇ ਚਲਦਾ ਹੈ ਕਿ ਰਾਜ ਸੱਤਾ ਦਾ ਇਸਤੇਮਾਲ ਕਰਨ ਵਾਲੇ ਇਹ ਦਾਅਵਾ ਨਹੀਂ ਕਰ  ਸਕਦੇ ਕਿ ਰਾਜ ਕਾਨੂੰਨੀ ਰੋਕ-ਟੋਕ ਦੀ ਪ੍ਰਵਾਹ ਨਾ ਕਰਕੇ ਕਿਸੇ ਦੇ ਖਿਲਾਫ਼ ਵੀ ਹਿੰਸਾ ਕਰ ਸਕਦਾ ਹੈ; ਉਨ੍ਹਾਂ ਨੂੰ ਆਪਣੇ ਨਾਗਰਿਕਾਂ ਦੇ ਖਿਲਾਫ਼ ਇਸ ਤਰ੍ਹਾਂ ਦਾ ਦਾਅਵਾ ਕਰਨ ਦੀ ਇਜਾਜ਼ਤ ਹਰਗਿਜ਼ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਇਲਾਵਾ, ਆਧੁਨਿਕ ਸੰਵਿਧਾਨਵਾਦ ਨੇ ਇਹ ਧਾਰਨਾ ਵੀ ਅਪਣਾਈ ਹੈ ਕਿ ਹਰ ਨਾਗਰਿਕ ਦਾ ਸੁਭਾਵਿਕ ਮਨੁੱਖੀ ਮਾਣ-ਸਨਮਾਨ ਹੁੰਦਾ ਹੈ। ਇਸ ਮਾਮਲੇ ਦੀ ਸੁਣਵਾਈ ਨਾਲ ਛੱਤੀਸਗੜ੍ਹ ਦੇ ਕੁਝ ਜ਼ਿਲ੍ਹਿਆਂ ਦੀਆਂ ਘਟਨਾਵਾਂ ਅਤੇ ਹਾਲਾਤ ਦੀ ਇਕ ਧੁੰਦਲੀ ਤਸਵੀਰ ਸਾਹਮਣੇ ਆ ਜਾਂਦੀ ਹੈ। ਇਸਤੋਂ
ਅਸੀਂ ਸਿਰਫ਼ ਇਸ ਸਿੱਟੇ 'ਤੇ ਪਹੁੰਚੇ ਕਿ ਜਵਾਬਦੇਹ ਪੱਖ ਸਾਨੂੰ ਸੰਵਿਧਾਨਕ ਕਾਰਵਾਈ ਦੇ ਅਜਿਹੇ ਰਾਹ 'ਤੇ ਲਿਜਾ ਰਿਹਾ ਹੈ, ਜਿੱਥੇ ਇਸ ਸਭ ਕਾਸੇ ਦੇ ਅਖ਼ੀਰ 'ਚ ਸਾਨੂੰ ਵੀ ਇਹ ਕਹਿਣਾ ਪਵੇਗਾ 'ਭਿਆਨਕ, ਭਿਆਨਕ'।

4. ਲੋਕ ਰਾਜ ਸੱਤਾ ਵਿਰੁਧ ਜਾਂ ਹੋਰ ਲੋਕਾਂ ਵਿਰੁਧ ਬਿਨਾ ਵਜ੍ਹਾ ਜਥੇਬੰਦ ਹੋਕੇ ਹਥਿਆਰ ਨਹੀਂ ਚੁੱਕਦੇ। ਅਸੀਂ ਆਪਣੀ ਹੋਂਦ ਬਣਾਈ ਰੱਖਣ ਦੀ ਖਾਹਸ਼ ਮੁਤਾਬਿਕ ਚਲਦੇ ਹਾਂ; ਅਤੇ ਥਾਮਸ ਹਾਬਸ ਅਨੁਸਾਰ, ਸਾਡੀ ਸਮੂਹਿਕ ਚੇਤਨਾ 'ਚ ਇਹ ਡਰ ਡੂੰਘਾ ਘਰ ਕਰ ਜਾਂਦਾ ਹੈ ਕਿ ਕੋਈ ਅਜਿਹੀ ਹਾਲਤ ਨਾ ਆ ਜਾਵੇ ਜਿਸ ਵਿਚ ਕੋਈ ਕਾਨੂੰਨ ਹੀ ਨਾ ਹੋਵੇ। ਇਸ ਲਈ ਅਸੀਂ ਇਕ ਵਿਵਸਥਾ ਚਾਹੁੰਦੇ ਹਾਂ। ਪਰ ਮੰਨ ਲਓ ਅਜਿਹੀ ਵਿਵਸਥਾ ਲੋਕਾਂ ਨੂੰ ਅਣਮਨੁੱਖੀ ਬਣਾਉਣ ਦੀ ਕੀਮਤ 'ਤੇ ਲਿਆਂਦੀ ਜਾਂਦੀ ਹੈ ਅਤੇ ਇਸ ਨਾਲ ਨਿਤਾਣੇ, ਗ਼ਰੀਬ ਅਤੇ ਵਾਂਝੇ ਲੋਕਾਂ ਨਾਲ ਹਰ ਤਰ੍ਹਾਂ ਦਾ ਅਨਿਆਂ ਹੁੰਦਾ ਹੈ। ਅਜਿਹੇ ਹਾਲਾਤ 'ਚ ਲੋਕ ਬਗ਼ਾਵਤ ਕਰ ਦਿੰਦੇ ਹਨ। ਇਹ ਗੱਲ ਸਾਰੇ ਜਾਣਦੇ ਹਨ ਕਿ ਛੱਤੀਸਗੜ੍ਹ ਸੂਬੇ ਦਾ ਵੱਡਾ ਖੇਤਰ ਮਾਓਵਾਦੀ ਸਰਗਰਮੀਆਂ ਤੋਂ ਪ੍ਰਭਾਵਿਤ ਰਿਹਾ ਹੈ। ਵੱਡੇ ਪੱਧਰ 'ਤੇ ਇਹ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ ਕਿ ਛੱਤੀਸਗੜ੍ਹ ਦੇ ਇਨ੍ਹਾਂ ਇਲਾਕਿਆਂ ਦੇ ਬਾਸ਼ਿੰਦਿਆਂ ਨੂੰ ਮਾਓਵਾਦੀਆਂ ਦੀਆਂ ਬਾਗ਼ੀ ਸਰਗਰਮੀਆਂ ਅਤੇ ਰਾਜ ਵਲੋਂ ਇਸ ਬਗ਼ਾਵਤ ਨੂੰ ਕੁਚਲਣ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਨਾਲ ਬਹੁਤ ਜ਼ਿਆਦਾ ਤਕਲੀਫ਼ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ, ਛੱਤੀਸਗੜ੍ਹ ਸੂਬੇ ਦੇ ਹਾਲਾਤ ਅਜਿਹੇ ਹਨ ਕਿ ਇਸ ਨਾਲ ਕੋਈ ਵੀ ਸੰਵੇਦਨਸ਼ੀਲ ਵਿਅਕਤੀ ਬਹੁਤ ਦੁਖੀ ਮਹਿਸੂਸ ਕਰਦਾ ਹੈ। ਸਾਨੂੰ ਇਸ ਗੱਲੋਂ ਦੂਹਰੀ ਨਿਰਾਸ਼ਾ ਹੋਈ ਕਿ ਜਵਾਬਦੇਹ ਪੱਖ ਨੇ ਇਸ ਗੱਲ 'ਤੇ ਲਗਾਤਾਰ ਜ਼ੋਰ ਦਿੱਤਾ ਕਿ ਰਾਜ ਕੋਲ ਇਹੀ ਇਕੋ ਇਕ ਬਦਲ ਹੈ ਕਿ ਉਹ ਜਬਰ ਸਹਾਰੇ ਰਾਜ ਕਰੇ। ਇਸ  ਨਾਲ ਅਜਿਹਾ ਪ੍ਰਬੰਧ ਸਥਾਪਤ ਹੋ ਗਿਆ ਜਿਸ ਵਿਚ ਹਰ ਬੰਦੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਸਕਦਾ ਹੈ। ਇਸ ਵਿਚ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ ਹਰ ਬੰਦੇ ਨੂੰ ਸ਼ੱਕੀ ਅਤੇ ਮਾਓਵਾਦੀ ਐਲਾਨ ਦਿੱਤਾ ਜਾਂਦਾ ਹੈ। ਇਸ ਮਾਮਲੇ 'ਚ ਜਵਾਬਦੇਹ ਪੱਖ ਵਲੋਂ ਪੇਸ਼ ਕੀਤੇ ਇਸ ਖ਼ਤਰਨਾਕ ਅਤੇ ਜ਼ਹਿਰੀਲੇ ਨਜ਼ਰੀਏ ਤੋਂ ਇਹ ਸਿੱਟਾ ਸਾਹਮਣੇ ਆਉਂਦਾ ਹੈ ਕਿ ਇਤਿਹਾਸਕਾਰ ਰਾਜਚੰਦਰ ਗੁਹਾ, ਮਸ਼ਹੂਰ ਸਿਖਿਆ ਵਿਗਿਆਨੀ ਨੰਦਨੀ ਸੁੰਦਰ, ਸਿਵਲ ਸੁਸਾਇਟੀ ਦੇ ਆਗੂ ਸਵਾਮੀ ਅਗਨੀਵੇਸ਼, ਸਾਫ਼-ਸੁਥਰੇ ਅਕਸ ਵਾਲੇ ਸਾਬਕਾ ਨੌਕਰਸ਼ਾਹ ਈ  ਏ ਐੱਸ ਸ਼ਰਮਾ, ਇਨ੍ਹਾਂ ਸਾਰਿਆਂ ਨਾਲ ਮਾਓਵਾਦੀ ਜਾਂ ਮਾਓਵਾਦੀ ਦੇ ਹਮਦਰਦਾਂ ਵਰਗਾ ਵਰਤਾਓ ਕੀਤਾ ਜਾਣਾ ਚਾਹੀਦਾ ਹੈ। ਅਸੀਂ ਇਹ ਸਾਫ਼ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਇਹ  ਦੇਖਕੇ ਬਹੁਤ ਹੈਰਾਨੀ ਹੋਈ ਕਿ ਛੱਤੀਸਗੜ੍ਹ ਰਾਜ ਅਤੇ ਇਸਦੇ ਕੁਝ ਵਕੀਲਾਂ ਨੂੰ ਸੰਵਿਧਾਨਕ ਸੀਮਾਵਾਂ ਬਾਰੇ ਬਹੁਤ ਹੀ ਘੱਟ ਜਾਣਕਾਰੀ ਹੈ। ਛੱਤੀਸਗੜ੍ਹ ਰਾਜ ਨੇ ਇਹ ਦਾਅਵਾ ਕੀਤਾ ਕਿ ਸੂਬੇ ਦੇ ਬਹੁਤ ਸਾਰੇ ਇਲਾਕਿਆਂ 'ਚ ਮੌਜੂਦ ਅਣਮਨੁੱਖੀ ਹਾਲਤ ਬਾਰੇ ਸਵਾਲ ਕਰਨ ਵਾਲਾ ਹਰ ਬੰਦਾ ਹੀ ਮਾਓਵਾਦੀ ਜਾਂ ਮਾਓਵਾਦੀਆਂ ਦਾ ਹਮਦਰਦ ਸਮਝਿਆ ਜਾਣਾ ਚਾਹੀਦਾ ਹੈ। ਪਰ ਇਸਦੇ ਨਾਲ ਹੀ ਇਸਨੇ ਇਹ ਦਾਅਵਾ ਕੀਤਾ ਕਿ ਇਸ ਨੂੰ ਕਾਨੂੰਨ ਦਾ ਰਾਜ ਕਾਇਮ ਕਰਨ ਲਈ ਛੱਤੀਸਗੜ੍ਹ ਦੇ ਲੋਕਾਂ ਵਿਰੁੱਧ ਬੇਰਹਿਮ ਹਿੰਸਾ ਦੀਆਂ ਨੀਤੀਆਂ ਲਾਗੂ ਕਰਨ ਲਈ ਸੰਵਿਧਾਨਕ ਮਾਨਤਾ ਦੀ ਜ਼ਰੂਰਤ ਹੈ।

5. ਸਾਨੂੰ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੈ ਅਤੇ ਜ਼ਿਆਦਾਤਰ ਸੂਝਵਾਨ ਲੋਕ ਵੀ ਸਾਡੇ ਨਾਲ ਸਹਿਮਤ ਹੋਣਗੇ ਕਿ ਛੱਤੀਸਗੜ੍ਹ ਦੇ ਲੋਕ ਸਮੱਸਿਆ ਨਹੀਂ ਹਨ। ਇਹ ਗੱਲ  ਵਿਆਪਕ ਤੌਰ 'ਤੇ ਮੰਨੀ ਗਈ ਹੈ ਕਿ ਛੱਤੀਸਗੜ੍ਹ ਦੇ ਲੋਕਾਂ ਦੇ ਮਨੁੱਖੀ ਹੱਕਾਂ ਦਾ ਵੱਡੇ ਪੱਧਰ 'ਤੇ ਘਾਣ ਕੀਤਾ ਗਿਆ ਹੈ। ਇਕ ਪਾਸੇ ਮਾਓਵਾਦੀਆਂ/ਨਕਸਲੀਆਂ ਨੇ ਅਤੇ ਦੂਜੇ ਪਾਸੇ ਰਾਜ ਅਤੇ ਇਸਦੇ ਕੁਝ ਏਜੰਟਾਂ ਨੇ ਇਨ੍ਹਾਂ ਦੇ ਮਨੁੱਖੀ ਹੱਕਾਂ ਦਾ ਘੋਰ ਉਲੰਘਣ ਕੀਤਾ ਹੈ। ਅਸੀਂ ਇਹ ਵੀ ਮੰਨਦੇ ਹਾਂ ਕਿ ਇਸ ਹਾਲਾਤ ਬਾਰੇ ਲਗਾਤਾਰ ਸਵਾਲ ਪੁੱਛਣ ਵਾਲੇ ਨੇਕ ਇਰਾਦੇ ਵਾਲੇ, ਸੂਝਵਾਨ ਅਤੇ ਸਿਆਣੇ ਲੋਕਾਂ ਨਾਲ ਵੀ ਕੋਈ ਸਮੱਸਿਆ ਨਹੀਂ ਹੈ। ਦਰਅਸਲ, ਰਾਜ ਵਲੋਂ ਅਪਣਾਇਆ ਗਿਆ ਬਦਕਾਰ ਆਰਥਕ ਪ੍ਰਬੰਧ ਅਤੇ ਇਸ ਵਿਚੋਂ ਪੈਦਾ ਹੋਈ  ਇਨਕਲਾਬੀ ਸਿਆਸਤ ਹੀ ਅਸਲ ਮਸਲਾ ਹੈ। ਹੁਣੇ ਜਹੇ ਛਪੀ ਇਕ ਕਿਤਾਬ 'ਦੀ ਡਾਕ ਸਾਈਡ ਆਫ ਗਲੋਬਲਾਈਜੇਸ਼ਨ'1 ਵਿਚ ਇਹ ਦਸਿਆ ਗਿਆ ਹੈ ਕਿ:''ਛੇ ਦਹਾਕਿਆਂ ਦੀ ਸੰਸਦੀ ਸਿਆਸਤ ਤੋਂ ਬਾਦ ਵੀ ਭਾਰਤ ਵਿਚ 'ਨਕਸਲਵਾਦ' ਅਤੇ ਮਾਓਵਾਦ ਦੀ ਸਿਆਸਤ ਮੌਜੂਦ ਹੈ। ਇਹ ਜਮਹੂਰੀ 'ਸਮਾਜਵਾਦੀ' ਭਾਰਤ ਦਾ ਇਕ ਸਪਸ਼ਟ  ਵਿਰੋਧਾਭਾਸ ਹੈ.....। ਭਾਰਤ ਇਕ ਅਜਿਹੇ ਦਹਾਕੇ ਨੂੰ ਪਿੱਛੇ ਛੱਡਕੇ ਇਕੀਵੀਂ ਸਦੀ 'ਚ ਦਾਖ਼ਲ ਹੋਇਆ ਹੈ ਜਿਸ ਵਿਚ ਨਹਿਰੂਵਾਦੀ ਸਮਾਜਵਾਦੀ ਦੀ ਥਾਂ ਖੁੱਲ੍ਹੀ ਮੰਡੀ ਦਾ ਬਦਲ  ਅਪਣਾਇਆ ਗਿਆ। ਤੇਜ਼ੀ ਨਾਲ ਵਿਸ਼ਵੀ ਬਣਾਈ ਗਈ ਆਰਥਿਕਤਾ ਨੇ ਆਰਥਕ ਵਾਧੇ ਦੇ ਨਾਲ-ਨਾਲ ਨਵੀਂ ਕਿਸਮ ਦੇ ਅਤੇ (ਨਵੇਂ ਖੇਤਰਾਂ 'ਚ) ਵਾਂਝੇਪਣ ਦੀ ਹਾਲਤ ਪੈਦਾ ਕੀਤੀ ਹੈ। ਇੰਞ ਇਕੋ ਜਹੇ ਮੁੱਦਿਆਂ ਖ਼ਾਸ ਤੌਰ 'ਤੇ ਜ਼ਮੀਨ ਨਾਲ ਜੁੜੇ ਮੁੱਦਿਆਂ ਵਾਲੀ ਟਾਕਰੇ ਦੀ ਸਿਆਸਤ ਅਤੇ ਹਿੰਸਕ ਲਹਿਰਾਂ 'ਚ ਵਾਧਾ ਹੋਇਆ ਹੈ। ਇਨ੍ਹਾਂ ਕਾਰਨਾਂ ਨੇ ਹਥਿਆਰਬੰਦ ਬਗ਼ਾਵਤਾਂ ਲਈ ਵੀ ਬਲਦੀ 'ਤੇ ਤੇਲ ਦਾ ਕੰਮ ਕੀਤਾ....। ਕੀ ਭਾਰਤ ਵਿਚ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਇਸ ਤਰ੍ਹਾਂ ਦੀ ਸਿਆਸਤ ਨੂੰ ਪ੍ਰਫੁੱਲਤ ਕਰਨ ਵਾਲੀ ਸਮਾਜੀ-ਆਰਥਕ ਗਤੀਸ਼ੀਲਤਾ ਨੂੰ ਸਮਝਣ ਦੇ ਸਮਰੱਥ ਹਨ ਜਾਂ ਫਿਰ ਉਹ ਇਕ ਅਜਿਹੇ ਸੁਰੱਖਿਆਵਾਦੀ ਨਜ਼ਰੀਏ ਨਾਲ ਬੱਝ ਗਏ ਹਨ, ਜੋ ਇਸ ਤਰ੍ਹਾਂ ਦੀ ਸਿਆਸਤ ਨੂੰ ਹੋਰ ਵੱਧ ਭੜਕਾਉਣ ਦਾ ਕੰਮ ਕਰਦਾ ਹੈ?''

6. ਇਹ ਮੰਨਿਆ ਜਾਂਦਾ ਹੈ ਕਿ ਭਾਰਤ ਦੇ ਵੱਖੋ-ਵੱਖਰੇ ਹਿੱਸਿਆਂ 'ਚ ਚਲ ਰਹੀਆਂ ਲਹਿਰਾਂ ਅਤੇ ਹਥਿਆਰਬੰਦ ਬਗ਼ਾਵਤਾਂ ਦੀ ਸਿਆਸਤ ਦਾ ਸਮਾਜੀ-ਆਰਥਕ ਹਾਲਾਤ, ਸਥਾਨਕ ਨਬਰਾਬਰੀਆਂ ਅਤੇ ਇਨ੍ਹਾਂ ਨਬਰਾਬਰੀਆਂ ਦਾ ਸ਼ੋਸ਼ਣ ਕਰਨ ਵਾਲੇ ਇਕ ਭ੍ਰਿਸ਼ਟ ਅਤੇ ਸਮਾਜੀ ਅਤੇ ਸਿਆਸੀ ਪ੍ਰਬੰਧ ਨਾਲ ਬਹੁਤ ਹੀ ਨੇੜਲਾ ਸਬੰਧ ਹੈ। ਦਰਅਸਲ, ਇਸ  ਤਰ੍ਹਾਂ ਦੇ ਸਬੰਧ ਬਾਰੇ ਭਾਰਤੀ ਸੰਘ ਨੂੰ ਲਗਾਤਾਰ ਚੇਤਾਵਨੀ ਵੀ ਦਿੱਤੀ ਜਾਂਦੀ ਰਹੀ ਹੈ। ਪਿੱਛੇ ਜਹੇ, ਭਾਰਤ ਦੇ ਯੋਜਨਾ ਕਮਿਸ਼ਨ ਵਲੋਂ ਬਣਾਏ ਗਏ ਮਾਹਰਾਂ ਦੇ ਗਰੁੱਪ ਨੇ 'ਅੱਤਵਾਦ ਪ੍ਰਭਾਵਿਤ ਇਲਾਕਿਆਂ 'ਚ ਵਿਕਾਸ ਦੀਆਂ ਚੁਣੌਤੀਆਂ' ਸਿਰਲੇਖ ਵਾਲੀ ਆਪਣੀ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਦੇ ਅਖ਼ੀਰ 'ਚ ਇਹ ਟਿੱਪਣੀਆਂ ਕੀਤੀਆਂ ਗਈਆਂ ਹਨ:''ਆਜ਼ਾਦੀ ਤੋਂ ਬਾਦ ਵਿਕਾਸ ਦਾ ਜੋ ਨਮੂਨਾ ਅਪਣਾਇਆ ਗਿਆ, ਉਸਨੇ ਸਮਾਜ 'ਚ ਹਾਸ਼ੀਏ 'ਤੇ ਧੱਕੇ ਹਿੱਸਿਆਂ ਵਿਚ ਪਹਿਲਾਂ ਹੀ ਮੌਜੂਦ ਬੇਚੈਨੀ ਨੂੰ ਹੋਰ ਵਧਾਇਆ....। ਨੀਤੀ-ਘਾੜਿਆਂ ਵਲੋਂ ਤੈਅ ਕੀਤਾ ਗਿਆ ਵਿਕਾਸ ਦਾ ਨਮੂਨਾ ਇਨ੍ਹਾਂ ਭਾਈਚਾਰਿਆਂ ਉੱਪਰ ਥੋਪ ਦਿੱਤਾ ਗਿਆ...ਇਸ ਨਾਲ ਇਨ੍ਹਾਂ ਲੋਕਾਂ ਨੂੰ ਨਾ ਪੂਰਿਆ ਹੋਣ ਵਾਲਾ ਨੁਕਸਾਨ ਝੱਲਣਾ ਪਿਆ। ਵਿਕਾਸ ਦੇ ਇਸ ਨਮੂਨੇ ਦੀ ਕੀਮਤ ਲੋਕਾਂ ਨੂੰ ਦੇਣੀ ਪਈ ਹੈ। ਪਰ ਇਸਦੇ ਜ਼ਿਆਦਾਤਰ ਫ਼ਾਇਦਿਆਂ ਉੱਪਰ ਸਮਾਜ ਦਾ ਰਸੂਖ਼ ਵਾਲਾ ਤਬਕਾ ਕਬਜ਼ਾ ਜਮਾਉਂਦਾ ਰਿਹਾ ਹੈ ਅਤੇ ਗ਼ਰੀਬਾਂ ਨੂੰ ਬਹੁਤ ਹੀ ਥੋੜ੍ਹਾ ਫ਼ਾਇਦਾ ਮਿਲਿਆ ਹੈ। ਦਰਅਸਲ, ਵਿਕਾਸ ਇਨ੍ਹਾਂ ਭਾਈਚਾਰਿਆਂ ਦੀਆਂ ਲੋੜਾਂ ਪ੍ਰਤੀ ਸੰਵੇਦਨਹੀਣ ਹੀ ਰਿਹਾ ਹੈ। ਇਸ ਕਾਰਨ ਇਨ੍ਹਾਂ ਨੂੰ ਲਾਜ਼ਮੀ ਤੌਰ 'ਤੇ ਉਜਾੜੇ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਹ ਇਕ ਤਰਾ੍ਹਂ ਨਾਲ ਇਨਸਾਨ ਤੋਂ ਭੈੜੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਗਏ ਹਨ। ਖ਼ਾਸ ਤੌਰ 'ਤੇ ਆਦਿਵਾਸੀਆਂ ਦੇ ਮਾਮਲੇ 'ਚ ਇਸਦਾ ਅਸਰ ਬਹੁਤ ਹੀ ਨਾਂਪੱਖੀ ਰਿਹਾ ਹੈ। ਇਸਨੇ ਉਨ੍ਹਾਂ ਦੇ ਸਮਾਜਿਕ ਤਾਣੇਬਾਣੇ, ਸੱਭਿਆਚਾਰਕ ਪਛਾਣ ਅਤੇ ਵਸੀਲੇ ਤਬਾਹ ਕਰ ਦਿੱਤੇ ਹਨ। ਇਸ ਸਭ ਕਾਸੇ ਦੀ ਵਜ੍ਹਾ ਨਾਲ ਉਨ੍ਹਾਂ ਦੀ ਲੁੱਟ ਹੋਰ ਵੀ ਸੁਖਾਲੀ ਹੋ ਗਈ ਹੈ...ਵਿਕਾਸ ਦੇ ਨਮੂਨੇ ਅਤੇ ਇਸ ਨੂੰ ਲਾਗੂ ਕੀਤੇ ਜਾਣ ਨੇ ਅਫ਼ਸਰਸ਼ਾਹੀ ਦਾ ਭ੍ਰਿਸ਼ਟ ਵਿਹਾਰ ਅਤੇ ਠੇਕੇਦਾਰਾਂ, ਦਲਾਲਾਂ,ਵਪਾਰੀਆਂ ਅਤੇ ਵਿਸ਼ਾਲ ਸਮਾਜ ਦੇ ਲੋਭੀ ਤਬਕਿਆਂ ਵਲੋਂ ਕੀਤੀ ਜਾਣ ਵਾਲੀ ਖ਼ੂੰਖਾਰ ਲੁੱਟਮਾਰ 'ਚ ਹੋਰ ਵੀ ਵਧੇਰੇ ਵਾਧਾ ਕਰ ਦਿੱਤਾ ਹੈ। ਇਹ ਸਾਰੇ ਇਸ ਵਿਕਾਸ ਵਿਚੋਂ ਆਪੋ-ਆਪਣਾ ਹਿੱਸਾ ਭਾਲਦੇ ਹਨ। ਇਨ੍ਹਾਂ ਸਾਰਿਆਂ ਦਾ ਮਕਸਦ ਇਨ੍ਹਾਂ ਦੇ ਵਸੀਲਿਆਂ ਉੱਪਰ ਕਬਜ਼ਾ ਕਰਨਾ ਅਤੇ ਵਾਂਝੇ ਲੋਕਾਂ ਦੇ ਮਾਣ-ਸਨਮਾਨ ਨੂੰ ਦਰੜਣਾ ਹੈ।'' (ਪੈਰਾ 1.18.1 ਅਤੇ 1.18.2,
ਵਾਕਾਂ ਉੱਪਰ ਜ਼ੋਰ ਸਾਡੇ ਵਲੋਂ)

7. ਲੋਕ ਇਹ ਤੱਥ ਵੀ ਭਲੀਭਾਂਤ ਜਾਣਦੇ ਹਨ ਕਿ ਸਰਕਾਰੀ ਰਿਪੋਰਟਾਂ 'ਚ ਬੋਚਵੀਂ ਭਾਸ਼ਾ ਵਰਤਕੇ ਅਸਲ ਹਾਲਤ ਨੂੰ ਬਹੁਤ ਘਟਾਕੇ ਪੇਸ਼ ਕੀਤਾ ਜਾਂਦਾ ਹੈ। ਇਸਦੇ ਬਾਵਜੂਦ ਭਾਰਤ  ਸਰਕਾਰ ਦੇ ਯੋਜਨਾ ਕਮਿਸ਼ਨ ਵਲੋਂ ਬਣਾਈ ਇਕ ਕਮੇਟੀ ਨੇ ਆਪਣੀ ਰਿਪੋਰਟ ਵਿਚ 'ਖ਼ੂੰਖਾਰ' ਲਫਜ਼ ਵਰਤਿਆ ਹੈ। ਇਸ ਵਲੋਂ ਇਹ ਦਸਿਆ ਗਿਆ ਹੈ ਕਿ ਬੇਹੱਦ ਲਾਲਚ ਨੂੰ ਅੰਜਾਮ  ਦੇਣ ਲਈ ਕਿਸ ਤਰ੍ਹਾਂ ਦੀ ਲੁੱਟਮਾਰ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਰੋਜ਼ੀ ਖੋਹੀ ਜਾ ਰਹੀ ਹੈ। ਇਹ ਸਾਡੇ ਆਪਣੇ ਹਮ-ਵਤਨੀਆਂ ਦੇ ਇਕ ਵੱਡੇ ਹਿੱਸੇ ਦੇ ਦੁੱਖ ਅਤੇ ਦਰਦ ਨੂੰ ਉਜਾਗਰ ਕਰਦਾ ਹੈ। ਮਾਹਰਾਂ ਦੀ ਕਮੇਟੀ ਨੇ ਭਾਰਤ ਦੇ ਵੱਡੇ ਹਿੱਸਿਆਂ 'ਚ ਰਹਿਣ ਵਾਲੇ ਸਾਡੇ ਹਮ-ਵਤਨੀਆਂ ਦੀ ਜ਼ਿੰਦਗੀ ਦਾ ਪੱਧਰ ਬਿਆਨ ਕਰਦਿਆਂ ਇਸ ਨੂੰ ਆਮ ਮਨੁੱਖੀ ਜ਼ਿੰਦਗੀ ਤੋਂ ਭੈੜੀ ਜ਼ਿੰਦਗੀ ਕਿਹਾ ਹੈ। ਇਸ ਤੋਂ ਇਹ ਸਾਫ਼ ਇਸ਼ਾਰਾ ਮਿਲਦਾ ਹੈ ਕਿ ਸਿਰਫ਼ ਪਹਿਲਾਂ ਤੋਂ ਮੌਜੂਦ ਆਰਥਕ ਵਾਂਝੇਪਣ ਦੇ ਕਾਰਨ ਹੀ ਇਨ੍ਹਾਂ ਦੀ ਇਹ ਹਾਲਤ ਨਹੀਂ ਹੋਈ।
ਅਸਲ ਵਿਚ, ਰਾਜ ਵਲੋਂ ਅਖ਼ਤਿਆਰ ਕੀਤੇ ਵਿਕਾਸ ਦੇ ਨਮੂਨੇ ਦੀਆਂ ਤਾਕਤਾਂ ਅਤੇ ਇਸਦੇ ਸਾਧਨਾਂ ਨੇ ਸਹਿਜੇ-ਸਹਿਜੇ ਇਨ੍ਹਾਂ ਲੋਕਾਂ ਤੋਂ ਮਨੁੱਖੀ ਮਾਣ-ਸਨਮਾਨ ਲਈ ਜ਼ਰੂਰੀ ਸਾਰੇ ਬੁਨਿਆਦੀ ਤੱਤ ਖੋਹ ਲਏ ਹਨ। ਇਹ ਗੱਲ ਵੀ ਬਹੁਤ ਅਹਿਮ ਹੈ ਕਿ ਭਾਰਤੀ ਰਾਜ ਨੇ ਇਸ ਬਾਬਤ ਆਏ ਸੁਝਾਅ ਹਮੇਸ਼ਾ ਅਣਡਿੱਠ ਹੀ ਕੀਤੇ ਹਨ। ਯੋਜਨਾ ਕਮਿਸ਼ਨ ਵਲੋਂ ਬਣਾਈ  ਮਾਹਰਾਂ ਦੀ ਕਮੇਟੀ ਨੇ ਵੀ ਇਸ ਪ੍ਰਸੰਗ 'ਚ ਕੁਝ ਸੁਝਾਅ ਦਿੰਦਿਆਂ ਲਿਖਿਆ ਹੈ ਕਿ:''ਇਸ ਤਰ੍ਹਾਂ ਅਜੋਕੇ ਭਾਰਤ ਦੇ ਵੱਡੇ ਹਿੱਸੇ 'ਚ ਮੌਜੂਦ ਸਮਾਜੀ-ਆਰਥਕ ਹਾਲਾਤ ਦੇ ਵੱਖੋ-ਵੱਖਰੇ ਪਹਿਲੂਆਂ ਦਾ ਸਾਡੇ ਵਲੋਂ ਸੰਖੇਪ ਲੇਖਾਜੋਖਾ ਇੱਥੇ ਖ਼ਤਮ ਹੁੰਦਾ ਹੈ। ਇਹ ਵੱਖੋ-ਵੱਖਰੇ ਪਹਿਲੂ ਭਾਰੀ ਬੇਚੈਨੀ ਪੈਦਾ ਕਰਦੇ ਹਨ। ਅਸਲ ਵਿਚ, ਇਹ ਸਮਾਜੀ-ਆਰਥਕ ਪ੍ਰਸੰਗ ਨਕਸਲੀ ਲਹਿਰ ਵਰਗੀ ਸਿਆਸਤ ਲਈ ਸਹਾਈ ਹੋ ਸਕਦਾ ਹੈ ਜਾਂ ਕਿਸੇ ਹੋਰ ਸ਼ਕਲ 'ਚ ਸਾਹਮਣੇ ਆ ਸਕਦਾ ਹੈ। ਇਹ ਗੱਲ ਮੰਨਣੀ ਚਾਹੀਦੀ ਹੈ ਕਿ ਵੱਖੋ-ਵੱਖਰੀਆਂ ਲਹਿਰਾਂ ਮੌਜੂਦ ਹਨ। ਆਮ ਤੌਰ 'ਤੇ, ਇਨ੍ਹਾਂ ਸਾਰੀਆਂ ਨੂੰ 'ਅਸ਼ਾਂਤੀ' ਜਾਂ ਅਮਨ-ਕਾਨੂੰਨ ਦੇ ਮਸਲੇ ਵਜੋਂ ਦੇਖਣਾ ਸਹੀ ਨਹੀਂ ਹੈ। ਦਰਅਸਲ, ਇਹ ਇਨ੍ਹਾਂ ਨੂੰ ਤਾਕਤ ਦੇ ਜ਼ੋਰ ਕੁਚਲਣ ਦਾ ਬਹਾਨਾ ਲੱਭਣ ਤੋਂ ਥੋੜ੍ਹਾ ਹੀ ਬਿਹਤਰ ਹੈ। ਇਹ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀ ਬੇਚੇਨੀ ਨੂੰ ਸਮਾਜੀ, ਆਰਥਕ ਅਤੇ ਸਿਆਸੀ ਪਿਛੋਕੜ ਦੇ ਪ੍ਰਸੰਗ 'ਚ ਦੇਖਿਆ ਜਾਵੇ; ਲੋੜ ਇਸ ਗੱਲ ਦੀ ਹੈ ਕਿ ਗੁਜ਼ਾਰੇ ਦੇ ਹੱਕ, ਜ਼ਿੰਦਗੀ ਅਤੇ ਇਕ ਮਾਣ-ਇੱਜ਼ਤ ਵਾਲੀ ਹੋਂਦ ਦੇ ਹੱਕ ਵਰਗੇ ਲੋਕ ਮੁੱਦਿਆਂ ਨੂੰ ਦੁਬਾਰਾ ਏਜੰਡੇ ਉੱਪਰ ਲਿਆਂਦਾ ਜਾਵੇ। ਰਾਜ ਨੂੰ ਖ਼ੁਦ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਇਹ ਸੰਵਿਧਾਨ ਦੀ ਭੂਮਿਕਾ, ਮੂਲ ਹੱਕਾਂ ਅਤੇ ਨਿਰਦੇਸ਼ਕ  ਸਿਧਾਂਤਾਂ ਵਿਚ ਦਿੱਤੇ ਗਏ ਜਮਹੂਰੀ ਅਤੇ ਮਨੁੱਖੀ ਹੱਕਾਂ ਅਤੇ ਮਨੁੱਖੀ ਉਦੇਸ਼ਾਂ ਪ੍ਰਤੀ ਵਚਨਬਧ ਹੈ। ਰਾਜ ਨੇ ਕਾਨੂੰਨ ਦੇ ਰਾਜ ਦਾ ਸਖ਼ਤੀ ਨਾਲ ਪਾਲਣ ਕਰਨਾ ਹੈ। ਸਚਾਈ ਇਹ ਹੈ ਕਿ ਰਾਜ ਕੋਲ ਰਾਜ ਕਰਨ ਲਈ ਇਨ੍ਹਾਂ ਤੋਂ ਇਲਾਵਾ ਕੋਈ ਹੋਰ ਅਥਾਰਟੀ ਨਹੀਂ ਹੈ....। ਸਰਕਾਰ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਵਿਰੋਧ ਜਾਂ ਅਸਹਿਮਤੀ ਜਾਂ ਬੇਚੈਨੀ ਦਾ ਇਜ਼ਹਾਰ  ਜਮਹੂਰੀਅਤ ਦੀ ਇਕ ਹਾਂਪੱਖੀ ਖ਼ੂਬੀ ਹੈ। ਇਸ ਨੂੰ ਇਹ ਵੀ ਮੰਨਣਾ ਚਾਹੀਦਾ ਹੈ ਕਿ ਅਕਸਰ 'ਅਸ਼ਾਂਤੀ' ਹੀ ਅਜਿਹੀ ਇਕੋ ਇਕ ਚੀਜ਼ ਹੁੰਦੀ ਹੈ ਜੋ ਸਰਕਾਰ ਉੱਪਰ ਆਪਣਾ ਕੰਮ ਕਰਨ ਅਤੇ ਆਪਣੇ ਵਾਅਦੇ ਪੂਰੇ ਕਰਨ ਦਾ ਦਬਾਅ ਬਣਦੀ ਹੈ। ਜਦਕਿ, ਅਥਾਰਟੀਆਂ ਅਕਸਰ ਹੀ ਵਿਰੋਧ ਕਰਨ ਦੇ ਹੱਕ, ਇੱਥੋਂ ਤੱਕ ਕਿ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨ ਦੇ ਹੱਕ ਨੂੰ ਵੀ ਮਾਨਤਾ ਨਹੀਂ ਦਿੰਦੀਆਂ। ਇਸ ਲਈ ਅਹਿੰਸਕ ਲਹਿਰਾਂ ਨੂੰ ਵੀ ਬਹੁਤ ਸਖ਼ਤੀ ਨਾਲ ਕੁਚਲਿਆ ਜਾਂਦਾ ਹੈ....। ਇਹ ਤੱਥ ਹੈਰਾਨ ਨਹੀਂ ਕਰਦਾ ਕਿ ਕਿੰਨੀ ਬੇਚੈਨੀ ਹੈ, ਸਗੋਂ ਹੈਰਾਨੀ ਇਸ ਗੱਲ ਦੀ ਹੈ ਕਿ ਰਾਜ ਇਸ ਤੋਂ ਸਹੀ ਸਿੱਟਾ ਕੱਢਣ 'ਚ ਕਾਮਯਾਬ ਨਹੀਂ ਹੋ ਰਿਹਾ। ਅਧਿਕਾਰਤ ਨੀਤੀ ਦਸਤਾਵੇਜ਼ਾਂ 'ਚ ਇਹ ਗੱਲ ਮੰਨੀ ਜਾਂਦੀ ਹੈ ਕਿ ਅੱਤਵਾਦ ਅਤੇ ਗ਼ਰੀਬੀ 'ਚ ਸਿੱਧਾ ਸਬੰਧ ਹੈ...ਜਾਂ ਇਹ ਵੀ ਮੰਨ ਲਿਆ ਜਾਂਦਾ ਹੈ ਕਿ ਆਦਿਵਾਸੀਆਂ ਅਤੇ ਜੰਗਲਾਂ ਦਰਮਿਆਨ ਵੀ ਡੂੰਘਾ ਲਗਾਓ ਹੈ। ਪਰ ਵਿਹਾਰਕ ਤੌਰ 'ਤੇ ਸਰਕਾਰ ਨੇ 'ਅਸ਼ਾਂਤੀ' ਨੂੰ ਸਿਰਫ਼ ਅਮਨ-ਕਾਨੂੰਨ ਦੇ ਮਸਲੇ ਵਜੋਂ ਹੀ ਲਿਆ ਹੈ। ਇਸ ਸੋਚ ਨੂੰ ਬਦਲਣਾ ਅਤੇ ਨੀਤੀ ਤੇ ਇਸ ਨੂੰ ਲਾਗੂ ਕੀਤੇ ਜਾਣ ਨੂੰ ਸੁਮੇਲਣਾ ਬਹੁਤ ਜ਼ਰੂਰੀ ਹੈ। ਸਮਾਜ ਵਿਚ ਹਰ ਕਿਸੇ ਲਈ ਬਰਾਬਰੀ, ਨਿਆਂ ਅਤੇ ਮਾਣ-ਇੱਜ਼ਤ ਹੋਣ 'ਤੇ ਹੀ ਸ਼ਾਂਤੀ, ਸਦਭਾਵਨਾ ਅਤੇ ਸਮਾਜੀ ਵਿਕਾਸ ਹੋ ਸਕਦਾ ਹੈ।'' (ਪੈਰਾ 1.18.3 ਅਤੇ 1.18.4, ਲਫਜ਼ਾਂ 'ਤੇ ਜ਼ੋਰ ਸਾਡਾ)

8. ਰਾਜ ਸਾਡੇ ਸੰਵਿਧਾਨ ਦੀ ਸਮਝ ਨੂੰ ਦਰਸਾਉਣ ਵਾਲੇ ਇਸ ਤਰ੍ਹਾਂ ਦੇ ਸੁਝਾਵਾਂ ਵੱਲ ਤਵੱਜੋਂ ਨਹੀਂ ਦੇ ਰਿਹਾ। ਇਸ ਦੀ ਬਜਾਏ, ਇਸ ਗੱਲ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਰਾਜ  ਦਾ ਮਜ਼ਬੂਤ ਅਤੇ ਹਿੰਸਕ ਹੋਣਾ ਬਹੁਤ ਜ਼ਰੂਰੀ ਹੈ। ਮੌਜੂਦਾ ਮਾਮਲੇ ਦੀ ਸੁਣਵਾਈ 'ਚ ਵੀ ਵਾਰ-ਵਾਰ ਇਹੀ ਸਾਹਮਣੇ ਆਉਂਦਾ ਰਿਹਾ ਹੈ। ਛੱਤੀਸਗੜ੍ਹ ਸਰਕਾਰ ਇਸੇ ਨਜ਼ਰੀਏ ਨਾਲ
ਦਾਂਤੇਵਾੜਾ ਅਤੇ ਇਸਦੇ ਗੁਆਂਢੀ ਜ਼ਿਲ੍ਹਿਆਂ ਦੇ ਹਾਲਾਤ ਬਾਰੇ ਫ਼ੈਸਲੇ ਲੈ ਰਹੀ ਹੈ। ਇਹ ਮਾਓਵਾਦੀ/ਨਕਸਲੀ ਬਗ਼ਾਵਤ ਨੂੰ ਦਬਾਉਣ ਲਈ ਕਾਨੂੰਨ ਨੂੰ ਨਜ਼ਰ-ਅੰਦਾਜ਼ ਕਰਕੇ ਸਿਰਫ਼ ਹਿੰਸਾ ਦਾ ਆਸਰਾ ਲੈ ਰਹੀ ਹੈ। ਉਸਨੇ ਇਸ ਸਚਾਈ ਤੋਂ ਹੀ ਅੱਖਾਂ ਮੀਟ ਲਈਆਂ ਹਨ ਕਿ ਇਸ ਤਰ੍ਹਾਂ ਦੀ ਨੀਤੀ ਨਾਲ ਨਾ ਤਾਂ ਮਸਲੇ ਹੱਲ ਹੁੰਦੇ ਹਨ ਅਤੇ ਨਾ ਹੀ ਹੱਲ ਹੋਣਗੇ। ਇਸ  ਨਾਲ ਸਿਰਫ਼ ਹਿੰਸਕ ਬਗ਼ਾਵਤਾਂ ਅਤੇ ਬਗ਼ਾਵਤਾਂ ਨੂੰ ਕੁਚਲਣ ਦਾ ਸਿਲਸਿਲਾ ਹੋਰ ਵੀ ਡੂੰਘਾ ਅਤੇ ਵਿਆਪਕ ਹੁੰਦਾ ਜਾਵੇਗਾ। ਖ਼ੁਦ ਛੱਤੀਸਗੜ੍ਹ ਸਰਕਾਰ ਵਲੋਂ ਪੇਸ਼ ਕੀਤੇ ਗਏ ਮੌਤਾਂ ਦੇ ਅੰਕੜੇ ਵੀ ਇਸੇ ਤੱਥ ਨੂੰ ਦਰਸਾਉਂਦੇ ਹਨ। ਹਿੰਸਾ ਅਤੇ ਜਵਾਬੀ ਹਿੰਸਾ ਦਾ ਇਹ ਸਿਲਸਿਲਾ ਤਕਰੀਬਨ ਪਿਛਲੇ ਇਕ ਦਹਾਕੇ ਤੋਂ ਚਲ ਰਿਹਾ ਹੈ। ਇਸ ਤੋਂ ਕੋਈ ਵੀ ਸੂਝਵਾਨ ਬੰਦਾ ਇਸ ਸਿੱਟੇ 'ਤੇ ਪਹੁੰਚ ਸਕਦਾ ਹੈ ਕਿ ਯੋਜਨਾ ਕਮਿਸ਼ਨ ਦੀ ਮਾਹਰਾਂ ਦੀ ਕਮੇਟੀ ਵਲੋਂ ਕਹੀਆਂ ਗੱਲਾਂ ਸਹੀ ਹਨ।

9. ਅਸਲ ਵਿਚ, ਮਸਲੇ ਦੇ ਬੁਨਿਆਦੀ ਕਾਰਨ ਕਿਤੇ ਹੋਰ ਪਏ ਹਨ। ਇਨ੍ਹਾਂ ਕਾਰਨਾਂ ਉੱਪਰ ਵਿਚਾਰ ਕਰਕੇ ਹੀ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ। ਆਧੁਨਿਕ ਨਵਉਦਾਰਵਾਦੀ ਆਰਥਕ ਵਿਚਾਰਧਾਰਾ ਨੇ ਬੇਹੱਦ ਖ਼ੁਦਗਰਜ਼ੀ ਅਤੇ ਲਾਲਚ ਦੇ ਸੱਭਿਆਚਾਰ ਨੂੰ ਵਧਾਇਆ ਹੈ। ਇਸ ਵਿਚ ਇਹ ਝੂਠਾ ਵਾਅਦਾ ਵੀ ਕੀਤਾ ਜਾਂਦਾ ਹੈ ਕਿ ਖਪਤ ਲਗਾਤਾਰ ਵਧਣ ਨਾਲ ਆਰਥਕ ਵਾਧਾ ਹੁੰਦਾ ਹੈ ਜਿਸ ਨਾਲ ਹਰ ਕਿਸੇ ਦੀ ਹਾਲਤ ਸੁਧਰਦੀ ਹੈ। ਇਸ ਅਧਾਰ 'ਤੇ ਆਮ ਤੌਰ 'ਤੇ ਭਾਰਤ ਵਿਚ ਅਤੇ ਖ਼ਾਸ ਤੌਰ 'ਤੇ ਛੱਤੀਸਗੜ੍ਹ ਦੇ ਜ਼ਿਆਦਾਤਰ ਇਲਾਕਿਆਂ ਵਿਚ ਸਮਾਜੀ, ਸਿਆਸੀ ਅਤੇ ਆਰਥਕ ਪੱਖੋਂ ਅਸਥਿਰ ਹਾਲਾਤ ਬਣਾ ਦਿੱਤੇ ਗਏ ਹਨ। ਇਹ ਦਸਿਆ ਗਿਆ ਹੈ ਕਿ:''ਕਾਰਪੋਰੇਟ ਜਗਤ ਤਰਲੋਮੱਛੀ ਹੋ ਰਿਹਾ ਹੈ ਕਿ ਇਹ ਤੇਜ਼ੀ ਨਾਲ ਵਿਕਸਤ ਹੋ ਰਹੇ ਮੱਧ ਵਰਗ ਤੱਕ ਆਪਣੀ ਪੈਦਾਵਾਰੀ ਸਮਰੱਥਾ ਦਾ ਵਿਸਤਾਰ ਕਰ ਲਵੇ। ਇਸ ਦਾ ਭਾਵ ਹੈ ਪੈਦਾਵਾਰ ਅਤੇ ਵਪਾਰ ਲਈ ਵੱਧ ਤੋਂ ਵੱਧ ਜ਼ਮੀਨ ਦੀ ਲੋੜ। ਕਿਸਾਨ ਅਤੇ ਆਦਿਵਾਸੀ ਜ਼ਮੀਨਾਂ ਖੋਹੇ ਜਾਣ ਅਤੇ ਉਜਾੜੇ ਦੇ ਸੁਭਾਵਿਕ ਸ਼ਿਕਾਰ ਹੁੰਦੇ ਆ ਰਹੇ ਹਨ। ਖਾਣਾਂ ਖੋਦਣ ਦੀਆਂ
ਕਾਰਵਾਈਆਂ ਦਾ ਪਸਾਰਾ ਕੀਤੇ ਜਾਣ ਨੇ ਜੰਗਲ ਦੇ ਇਲਾਕੇ ਹਥਿਆ ਲਏ ਹਨ....। ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੱਧ ਲੋਹਾ, ਸੀਮੈਂਟ ਅਤੇ ਊਰਜਾ ਦੀ ਲੋੜ ਹੁੰਦੀ ਹੈ। ਪੂਰਬੀ ਭਾਰਤ ਦੇ ਘੱਟ ਆਮਦਨੀ ਵਾਲੇ ਸੂਬਿਆਂ ਦੇ ਜਨਤਕ ਖੇਤਰ 'ਚ ਇਸ ਨੂੰ ਬਣਾਉਣ ਦੀ ਸਮਰੱਥਾ ਨਹੀਂ ਹੈ। ਪਰ ਇਨ੍ਹਾਂ ਸੂਬਿਆਂ ਵਿਚ ਬੇਸ਼ੁਮਾਰ ਕੁਦਰਤੀ ਵਸੀਲੇ ਹਨ। ਇਸ ਕਾਰਨ  ਇਨ੍ਹਾਂ ਸੂਬਿਆਂ ਨੇ ਭਾਰਤੀ ਅਤੇ ਬਹੁਕੌਮੀ ਕੰਪਨੀਆਂ ਨੂੰ ਖਾਣਾਂ ਖੋਦਣ ਅਤੇ ਜ਼ਮੀਨ ਦੇ ਹੱਕ ਬਖਸ਼ ਦਿੱਤੇ ਹਨ...। ਜ਼ਿਆਦਾਤਰ ਕੁਦਰਤੀ ਵਸੀਲੇ ਉਨ੍ਹਾਂ ਇਲਾਕਿਆਂ ਵਿਚ ਹਨ ਜਿੱਥੇ ਗ਼ਰੀਬ ਆਦਿਵਾਸੀ ਰਹਿੰਦੇ ਹਨ ਅਤੇ ਇਨ੍ਹਾਂ ਇਲਾਕਿਆਂ ਵਿਚ ਨਕਸਲੀ ਸਰਗਰਮ ਹਨ। ਛੱਤੀਸਗੜ੍ਹ ਪੂਰਬੀ ਭਾਰਤ ਦਾ ਇਕ ਸੂਬਾ ਹੈ। ਭਾਰਤ ਦੇ ਕੁਲ ਕੱਚੇ ਲੋਹੇ ਦਾ 23 ਫ਼ੀ ਸਦੀ ਹਿੱਸਾ ਇੱਥੇ ਹੈ। ਇਸ ਤੋਂ ਇਲਾਵਾ, ਇੱਥੇ ਬਹੁਤ ਜ਼ਿਆਦਾ ਮਾਤਰਾ 'ਚ ਕੋਲਾ ਵੀ ਹੈ। ਇਸਨੇ ਟਾਟਾ ਸਟੀਲ, ਆਰਸੈਲਰ-ਮਿੱਤਲ, ਡੀ ਬੀਅਰਜ਼ ਕਾਨਸਾਲੀਡੇਟਿਡ ਮਾਈਨਜ਼,ਬੀ ਐੱਚ ਪੀ ਮਿਲੀਅਨ ਅਤੇ ਰਿਓ ਟਿੰਟੋ ਨਾਲ ਅਰਬਾਂ ਰੁਪਏ ਦੇ ਇਕਰਾਰਨਾਮਿਆਂ ਅਤੇ ਹੋਰ ਸਮਝੌਤਿਆਂ 'ਤੇ ਦਸਖ਼ਤ ਕੀਤੇ ਹਨ....। ਇਨ੍ਹਾਂ ਇਲਾਕਿਆਂ 'ਚ ਅਨੰਤ ਕਾਲ ਤੋਂ ਰਹਿ ਰਹੇ ਆਦਿਵਾਸੀ ਖਾਣਾਂ ਖੋਦਣ ਵਾਲਿਆਂ, ਉਸਾਰੀ ਮਜ਼ਦੂਰਾਂ ਅਤੇ ਟਰੱਕਾਂ ਨੂੰ ਦੇਖਕੇ ਬਹੁਤ ਜ਼ਿਆਦਾ ਭੈਭੀਤ ਹੋ ਗਏ ਹਨ।''10. ਭਾਰਤ ਵਿਚ ਵਿਕਾਸ ਦੇ ਨਵਉਦਾਰਵਾਦੀ ਮਾਡਲ ਦੇ ਪੁਰਾਣੇ ਅਤੇ ਨਵੇਂ ਹਮਾਇਤੀਆਂ ਵਲੋਂ ਅਕਸਰ ਹੀ ਬਹੁਤ ਹੀ ਘਾਤਕ ਅੰਦਾਜ਼ 'ਚ ਇਕ ਖ਼ਾਸ ਕਿਸਮ ਦੀ ਦਲੀਲ ਦਿੱਤੀ ਜਾਂਦੀ ਹੈ। ਇਸ ਤਰਕ ਅਨੁਸਾਰ, ਜਦੋਂ ਤੱਕ ਕੁਦਰਤੀ ਵਸੀਲਿਆਂ ਦੀ ਤੇਜ਼ੀ ਨਾਲ ਲੁੱਟਮਾਰ ਕਰਕੇ ਵਿਕਾਸ ਨਹੀਂ ਕੀਤਾ ਜਾਂਦਾ, ਓਦੋਂ ਤੱਕ ਭਾਰਤ ਆਲਮੀ ਪੱਧਰ 'ਤੇ ਮੁਕਾਬਲਾ ਨਹੀਂ ਕਰ ਸਕੇਗਾ; ਅਤੇ ਇਸ ਤਰ੍ਹਾਂ ਦੇ ਵਿਕਾਸ ਤੋਂ ਬਗ਼ੈਰ ਇਹ ਗ਼ਰੀਬੀ, ਅਨਪੜ੍ਹਤਾ, ਭੁੱਖਮਰੀ ਅਤੇ ਦਲਿੱਦਰ ਵਰਗੇ ਬੇਅੰਤ ਅਤੇ ਬੇਕਾਬੂ ਦਿਖਾਈ ਦਿੰਦੇ ਮਸਲਿਆਂ ਦਾ ਸਾਹਮਣਾ ਨਹੀਂ ਕਰ ਸਕੇਗਾ। ਇਸ ਗੱਲ ਬਾਰੇ ਕਈ ਦਫ਼ਾ ਬਹਿਸ ਹੁੰਦੀ ਹੈ ਕਿ ਇਸ ਤਰ੍ਹਾਂ ਕੁਦਰਤੀ ਵਸੀਲਿਆਂ ਦੀ ਲੁੱਟਮਾਰ ਉਸ ਖੇਤਰ ਦੇ ਪੌਣਪਾਣੀ ਜਾਂ ਸਮਾਜੀ ਬਣਤਰ ਦੇ ਪੱਖੋਂ ਪਾਏਦਾਰ ਵੀ ਹੈ ਜਾਂ ਨਹੀਂ। ਪਰ ਇਹ ਵੀ ਸੱਚ ਹੈ ਕਿ ਇਸ ਤਰ੍ਹਾਂ ਦੀ ਬਹਿਸ ਜ਼ਿਆਦਾ ਅੱਗੇ ਨਹੀਂ ਵਧਦੀ ਅਤੇ ਛੇਤੀ ਹੀ ਦਮ ਤੋੜ ਜਾਂਦੀ ਹੈ। ਇਸ ਸਬੰਧ 'ਚ ਭਾਰਤ ਦੇ ਨੀਤੀ ਘਾੜਿਆਂ ਜਾਂ ਕੁਲੀਨ ਵਰਗ ਕੋਲ ਕੋਈ ਤਸੱਲੀਬਖਸ਼ ਜਵਾਬ ਨਹੀਂ ਹੈ। ਅਸਲ ਵਿਚ, ਇਹ ਉਨ੍ਹਾਂ ਲੋਕਾਂ ਦੇ ਦਰਦ ਤੋਂ ਪੂਰੀ ਤਰ੍ਹਾਂ ਅਟੰਕ ਹੋ ਗਏ ਹਨ ਜੋ ਉਜਾੜੇ ਅਤੇ ਸਭ ਕੁਝ  ਖੁਸ ਜਾਣ ਦਾ ਦਰਦ ਸਹਿ ਰਹੇ ਹਨ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਹ ਇਸ ਇਤਿਹਾਸਕ ਸਬੂਤ ਨੂੰ ਅਣਡਿੱਠ ਕਰ ਰਹੇ ਹਨ ਕਿ ਕੁਦਰਤੀ ਵਸੀਲਿਆਂ ਦੀ ਲੁੱਟਮਾਰ 'ਤੇ ਅਧਾਰਤ ਵਿਕਾਸ ਮਾਡਲ ਵਾਲੇ ਜ਼ਿਆਦਾਤਰ ਰਾਜ ਨਾਕਾਮਯਾਬ ਹੀ ਸਾਬਤ ਹੋਏ ਹਨ। ਇਸ ਦੀ ਵਜ੍ਹਾ ਨਾਲ ਲੱਖਾਂ ਲੋਕ ਦੁੱਖ ਅਤੇ ਅਣਗੌਲੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ  ਹਨ।

11. ਬਹੁਤ ਸਾਰੇ ਨਾਮਵਰ ਚਿੰਤਕਾਂ ਨੇ 'ਵਸੀਲਿਆਂ ਦੇ ਸਰਾਪ'1 ਬਾਰੇ ਲਿਖਿਆ ਹੈ। ਇਹ ਅਜਿਹਾ ਵਰਤਾਰਾ ਹੈ ਜੋ ਉਨ੍ਹਾਂ ਮੁਲਕਾਂ ਜਾਂ ਖੇਤਰਾਂ 'ਚ ਵਾਪਰਦਾ ਹੈ ਜਿਨ੍ਹਾਂ ਕੋਲ ਭਰਪੂਰ ਵਸੀਲੇ ਹੁੰਦੇ ਹਨ, ਪਰ ਮਨੁੱਖੀ ਵਿਕਾਸ ਦੇ ਵੱਖੋ-ਵੱਖਰੇ ਸੂਚਕਾਂ ਪੱਖੋਂ ਇਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਮਾੜੀ ਹੁੰਦੀ ਹੈ। ਬਹੁਤ ਸਾਰੇ ਮੁਲਕ ਖੇਤੀਬਾੜੀ ਬਰਾਮਦਾਂ ਉੱਪਰ ਨਿਰਭਰ ਹੁੰਦੇ ਹਨ ਜਾਂ ਉਨ੍ਹਾਂ ਦਾ ਵਿਕਾਸ ਦਾ ਨਮੂਨਾ ਵਸੋਂ ਦੇ ਸਾਰੇ ਹਿੱਸਿਆਂ ਦੇ ਵਿਆਪਕ ਵਿਕਾਸ 'ਤੇ ਅਧਾਰਤ ਹੁੰਦਾ ਹੈ। ਇਨ੍ਹਾਂ ਮੁਲਕਾਂ ਦੇ ਮੁਕਾਬਲੇ ਭਰਪੂਰ ਕੁਦਰਤੀ ਵਸੀਲਿਆਂ ਵਾਲੇ ਮੁਲਕਾਂ 'ਚ 'ਬਹੁਤ ਗ਼ਰੀਬੀ ਹੈ, ਸਿਹਤ ਸੇਵਾਵਾਂ ਦੀ ਹਾਲਤ ਮਾੜੀ ਹੈ, ਵਿਆਪਕ ਕੁਪੋਸ਼ਣ ਹੈ, ਬੱਚਿਆਂ ਦੀ ਮੌਤ ਦਰ ਬਹੁਤ ਜ਼ਿਆਦਾ ਹੈ, ਔਸਤ ਉਮਰ ਥੋੜ੍ਹੀ ਹੈ ਅਤੇ ਸਿਖਿਆ ਪ੍ਰਬੰਧ ਦੀ ਹਾਲਤ ਬਹੁਤ ਭੈੜੀ ਹੈ।'2

12. ਰਾਜ ਨੇ ਸਿੱਧੇ ਤੌਰ 'ਤੇ ਸੰਵਿਧਾਨਕ ਮਿਆਰਾਂ ਅਤੇ ਕਦਰਾਂ-ਕੀਮਤਾਂ ਦਾ ਉਲੰਘਣ ਕਰਕੇ ਸਰਮਾਏਦਾਰੀ ਦੇ ਧਾੜਵੀ ਰੂਪਾਂ ਦੀ ਹਾਮੀ ਭਰੀ ਹੈ ਅਤੇ ਇਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਹੈ। ਅਕਸਰ ਇਸ ਤਰ੍ਹਾਂ ਦੀ ਸਰਮਾਏਦਾਰੀ ਨੇ ਖਾਣਾਂ ਖੋਦਣ 'ਤੇ ਅਧਾਰਤ ਸਨਅਤਾਂ ਦੇ ਨੇੜੇ-ਤੇੜੇ ਡੂੰਘੀਆਂ ਜੜ੍ਹਾਂ ਲਾ ਲਈਆਂ ਹਨ। ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਸੀਲਿਆਂ ਨਾਲ ਭਰਪੂਰ ਖੇਤਰਾਂ ਵਿਚ ਬੀਤੇ ਅਤੇ ਵਰਤਮਾਨ ਦੋਵਾਂ ਸਮਿਆਂ ਵਿਚ ਹੀ ਸਮਾਜੀ ਬੇਚੈਨੀ ਨੂੰ ਜਨਮ ਦੇਣ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਦਰਅਸਲ, ਇਹ ਉਹੀ ਇਲਾਕੇ ਹਨ ਜਿੱਥੇ ਮਨੁੱਖੀ ਵਿਕਾਸ ਦਾ ਪੱਧਰ ਬਹੁਤ ਨੀਵਾਂ ਹੈ। ਇਸ ਤੋਂ ਇਹ ਪਤਾ ਲਗਦਾ ਹੈ ਕਿ ਇਹ ਦਲੀਲ ਬਹੁਤ ਹੀ ਥੋਥੀ ਹੈ ਕਿ ਅਜਿਹਾ ਵਿਕਾਸ ਮਾਡਲ ਜ਼ਰੂਰੀ ਹੈ ਅਤੇ ਇਸ ਦੇ ਸਿੱਟੇ ਲਾਜ਼ਮੀ ਸਾਹਮਣੇ ਆਉਂਦੇ ਹਨ। ਸੰਵਿਧਾਨ 'ਚ ਐਨ ਸਾਫ਼ ਲਫਜ਼ਾਂ 'ਚ ਮੰਗ ਕੀਤੀ ਗਈ ਹੈ ਕਿ ਰਾਜ ਨੂੰ ਇਹ ਲਗਾਤਾਰ ਯਤਨ ਕਰਨਾ ਚਾਹੀਦਾ ਹੈ ਕਿ ਉਸਦੇ ਨਾਗਰਿਕਾਂ 'ਚ ਭਰੱਪਣ ਵਧੇ-ਫੁੱਲੇ। ਇਸ ਸਮੁੱਚੇ ਅਮਲ ਵਿਚ, ਹਰ ਨਾਗਰਿਕ ਦਾ ਮਾਣ-ਇੱਜ਼ਤ ਮਹਿਫੂਜ਼ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਪ੍ਰਫੁੱਲਤ ਕੀਤਾ ਜਾਣਾ ਚਾਹੀਦਾ ਹੈ। ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਅਧਾਰ ਬਣਾਕੇ ਅਦਾਲਤਾਂ ਦਾ ਦਰਵਾਜ਼ਾ ਨਹੀਂ ਖੜਕਾਇਆ ਜਾ ਸਕਦਾ। ਇਸ ਦੇ ਬਾਵਜੂਦ 'ਦੇਸ਼ ਦਾ ਪ੍ਰਸ਼ਾਸਨ ਚਲਾਉਣ 'ਚ ਇਨ੍ਹਾਂ ਦੀ ਬੁਨਿਆਦੀ ਅਹਿਮੀਅਤ ਹੈ।' ਇਹ ਰਾਜ ਨੂੰ ਇਹ ਨਿਰਦੇਸ਼ ਦਿੰਦੇ ਹਨ ਕਿ ਉਹ ਭਾਈਚਾਰਿਆਂ ਦੇ ਪਦਾਰਥਕ ਵਸੀਲਿਆਂ ਦਾ ਇਸਤੇਮਾਲ ਸਾਰਿਆਂ ਦੇ ਭਲੇ
ਲਈ ਕਰੇ। ਰਾਜ ਨੂੰ ਇਨ੍ਹਾਂ ਵਸੀਲਿਆਂ ਦਾ ਇਸਤੇਮਾਲ ਸਿਰਫ਼ ਅਮੀਰ ਅਤੇ ਡਾਹਢੇ ਲੋਕਾਂ ਦੇ ਭਲੇ ਲਈ ਨਹੀਂ ਕਰਨਾ ਚਾਹੀਦਾ। ਉਸ ਨੂੰ ਇਹ ਧਿਆਨ ਵੀ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਵਸੀਲਿਆਂ ਦੇ ਨਿਕਾਸ ਲਈ ਕਿਨ੍ਹਾਂ ਲੋਕਾਂ ਨੂੰ ਬੇਦਖ਼ਲ ਕੀਤਾ ਜਾ ਰਿਹਾ ਹੈ ਅਤੇ ਨਿਤਾਣੇ ਬਣਾਇਆ ਜਾ ਰਿਹਾ ਹੈ। ਸਾਡਾ ਸੰਵਿਧਾਨ ਸਾਰੇ ਨਾਗਰਿਕਾਂ ਲਈ ਮੁਕੰਮਲ ਨਿਆਂ ਭਾਵ ਸਮਾਜੀ, ਆਰਥਕ ਅਤੇ ਸਿਆਸੀ ਨਿਆਂ ਦਾ ਵਚਨ ਦਿੰਦਾ ਹੈ। ਅਜਿਹਾ ਵਚਨ, ਆਪਣੀ ਸਭ ਤੋਂ ਕਮਜ਼ੋਰ ਸ਼ਕਲ 'ਚ ਵੀ ਉਨ੍ਹਾਂ ਨੀਤੀਆਂ ਨੂੰ ਅਣਡਿੱਠ ਨਹੀਂ ਕਰ ਸਕਦਾ ਜੋ ਸਪਸ਼ਟ ਤੌਰ 'ਤੇ ਵਸੋਂ ਦੇ ਇਕ ਵੱਡੇ ਹਿੱਸੇ ਲਈ ਭਾਰੀ ਮੁਸੀਬਤਾਂ ਦਾ ਕਾਰਨ ਬਣਦੀਆਂ ਹਨ।

13. ਨਿੱਜੀ ਖੇਤਰ ਵਲੋਂ ਵਸੀਲਿਆਂ ਦੀ ਤੇਜ਼ੀ ਨਾਲ ਲੁੱਟਮਾਰ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੀ ਲੁੱਟਮਾਰ 'ਚ ਲਾਗਤਾਂ ਅਤੇ ਫ਼ਾਇਦਿਆਂ ਦੀ ਬਰਾਬਰ ਵੰਡ ਦੀ ਕੋਈ ਭਰੋਸੇਯੋਗ ਵਚਨਬਧਤਾ ਨਹੀਂ ਹੁੰਦੀ। ਇਸ ਤੋਂ ਇਲਾਵਾ, ਇਸ ਵਿਚ ਪੌਣਪਾਣੀ ਦੇ ਟਿਕਾਊਪਣ ਵੱਲ ਵੀ ਧਿਆਨ ਨਹੀਂ ਦਿੱਤਾ ਜਾਂਦਾ। ਯਕੀਨਨ ਹੀ, ਇਹ ਨੀਤੀਆਂ ਉਨ੍ਹਾਂ ਸਿਧਾਂਤਾਂ ਦਾ ਉਲੰਘਣ ਕਰਦੀਆਂ ਹਨ ਜਿਨ੍ਹਾਂ ਨੂੰ 'ਗਵਰਨੈਂਸ ਦੀ ਬੁਨਿਆਦ' ਮੰਨਿਆ ਜਾਂਦਾ ਹੈ। ਜਦੋਂ ਬਹੁਤ ਵੱਡੇ ਪੱਧਰ 'ਤੇ ਇਸ ਤਰ੍ਹਾਂ ਦਾ ਉਲੰਘਣ ਕੀਤਾ ਜਾਂਦਾ ਹੈ ਤਾਂ ਇਹ ਧਾਰਾ 14 ਅਤੇ ਧਾਰਾ 21 ਵਿਚ ਕੀਤੀਆਂ ਗਈਆਂ ਪੇਸ਼ਬੰਦੀਆਂ ਦਾ ਉਲੰਘਣ ਕਰਦਾ ਹੈ। ਯਾਦ ਰਹੇ ਕਿ ਧਾਰਾ 14 'ਚ ਕਾਨੂੰਨ ਦੀ ਨਜ਼ਰ 'ਚ ਬਰਾਬਰੀ ਅਤੇ ਕਾਨੂੰਨ ਦੀ ਬਰਾਬਰ ਸੁਰੱਖਿਆ ਅਤੇ ਧਾਰਾ 21 'ਚ ਜ਼ਿੰਦਗੀ ਦੇ ਮਾਣ-ਸਨਮਾਨ ਦੀ ਵਿਵਸਥਾ ਹੈ। ਇਹ ਸਚਾਈ ਹੈ ਕਿ ਵਸੀਲਿਆਂ ਦੀ ਲੁੱਟਮਾਰ ਕਰਨ ਵਾਲੀਆਂ ਸਨਅਤਾਂਂਜਿਨ੍ਹਾਂ ਨੂੰ ਕੁਝ ਥਾਈਂ ਖਾਣ ਮਾਫ਼ੀਆ ਵੀ ਕਿਹਾ ਜਾਂਦਾ ਹੈਂਅਤੇ ਰਾਜ ਦੇ ਕੁਝ ਦਲਾਲਾਂ ਦਾ ਘਿਣਾਉਣਾ ਗੱਠਜੋੜ ਰਾਜ ਦੀ ਇਖ਼ਲਾਕੀ ਅਥਾਰਟੀ ਨੂੰ ਬੇਅਸਰ ਬਣਾ ਦਿੰਦਾ ਹੈ। ਇਸ ਨਾਲ ਧਾਰਾ 14 ਅਤੇ ਧਾਰਾ 21 ਦੀ ਹੋਰ ਜ਼ਿਆਦਾ ਅਣਦੇਖੀ ਕੀਤੀ ਜਾਂਦੀ ਹੈ। ਯੋਜਨਾ ਕਮਿਸ਼ਨ ਦੀ ਮਾਹਰਾਂ ਦੀ ਕਮੇਟੀ ਨੇ ਵੀ ਇਹ ਮੰਨਿਆ ਹੈ ਕਿ ਜੇ ਰਾਜ ਆਪਣੇ ਵਿਰੋਧ ਨੂੰ ਮਹਿਜ਼ ਅਮਨ-ਕਾਨੂੰਨ ਦਾ ਮਸਲਾ ਮੰਨਕੇ ਕਦਮ ਚੁੱਕਦਾ ਹੈ ਅਤੇ ਸਥਾਨਕ ਲੋਕਾਂ ਦੇ ਖਿਲਾਫ਼ ਵੱਡੇ ਪੱਧਰ 'ਤੇ ਹਿੰਸਾ ਵਧਾਉਂਦਾ ਹੈ, ਤਾਂ ਇਸ ਨਾਲ ਸਿਰਫ਼ ਹੋਰ ਬਗ਼ਾਵਤ ਹੀ ਸਾਹਮਣੇ ਆਵੇਗੀ। ਕੁਝ ਵਿਦਵਾਨਾਂ ਨੇ ਭਾਰਤ ਵਿਚ ਵੱਖੋ-ਵੱਖਰੀ ਤਰ੍ਹਾਂ ਦੀ ਸਿਆਸੀ ਹਿੰਸਾ ਦੀਆਂ ਪੇਚੀਦਗੀਆਂ ਬਾਰੇ ਲਿਖਿਆ ਹੈ ਕਿ:''ਮੁਲਕ ਦੇ ਆਰਥਕ ਸਬੰਧ ਅਤੇ ਦਰਜੇਵਾਰ ਢਾਂਚਾਬੰਦੀ, ਦੋਵੇਂ ਹੀ ਹਿੰਸਾ ਦੀ ਬੁਨਿਆਦ ਹਨ....। ਸਥਾਪਤ ਜਗੀਰੂ ਉਸਾਰ, ਉੱਭਰ ਰਹੇ ਵਪਾਰਕ ਹਿੱਤ ਅਤੇ ਸਥਾਪਤ ਪ੍ਰਬੰਧ,ਨਵੇਂ ਹਿੱਤ, ਸਿਆਸੀ ਕੁਲੀਨ ਵਰਗ ਅਤੇ ਨੌਕਰਸ਼ਾਹੀ ਦਰਮਿਆਨ ਘਿਣਾਉਣਾ ਗੱਠਜੋੜ ਅਤੇ ਜਨਤਕ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੀ ਅਣਹੋਂਦ ਲੁੱਟ ਨੂੰ ਸਥਾਈ ਰੂਪ ਦੇ ਦਿੰਦੀ ਹੈ। ਇਸ ਦੇ ਕਾਰਨ ਵਸੋਂ ਦੇ ਇਨ੍ਹਾਂ ਹਿੱਸਿਆਂ ਦੀ ਹਾਲਤ ਐਨੀ ਦਰਦਨਾਕ ਹੋ ਜਾਂਦੀ ਹੈ ਕਿ ਇਨਕਲਾਬੀ ਸਿਆਸਤ ਦੇ ਸੱਦੇ ਉਨ੍ਹਾਂ ਨੂੰ ਧੂਹ ਪਾਉਣੀ ਸ਼ੁਰੂ ਕਰ ਦਿੰਦੇ ਹਨ ...।ਭਾਰਤ ਦੇ ਵਿਕਾਸ ਸਬੰਧੀ ਵਿਰੋਧਾਭਾਸਾਂ ਨੇ ਲੋਕਾਂ ਦੀ ਲੀਹ 'ਤੇ ਚਲ ਰਹੀ ਜ਼ਿੰਦਗੀ ਨੂੰ ਹਿਲਾਕੇ ਰੱਖ ਦਿੱਤਾ ਹੈ। ਭਾਰਤ ਵਿਚ ਪਿਛਲੇ ਕਈ ਦਹਾਕਿਆਂ 'ਚ ਵਿਕਾਸ ਪ੍ਰਾਜੈਕਟਾਂ ਕਾਰਨ ਲੱਖਾਂ ਲੋਕ ਉੱਜੜੇ ਹਨ। ਭਾਰਤੀ ਰਾਜ ਇਨ੍ਹਾਂ ਲੋਕਾਂ ਨੂੰ ਗੁਜ਼ਾਰੇ ਦੇ ਬਦਲਵੇਂ ਵਸੀਲੇ ਮੁਹੱਈਆ ਕਰਾਉਣ 'ਚ ਨਾਕਾਮ ਰਿਹਾ ਹੈ। ਇਕ ਅੰਦਾਜ਼ੇ ਅਨੁਸਾਰ 1950 ਤੋਂ 1990 ਦਰਮਿਆਨ ਵਿਕਾਸ ਪ੍ਰਾਜੈਕਟਾਂ ਕਾਰਨ ਸੂਚੀਦਰਜ ਜਾਤਾਂ ਦੇ 85 ਲੱਖ ਲੋਕਾਂ ਦਾ ਉਜਾੜਾ ਹੋਇਆ। ਇਹ ਕੁਲ ਉਜਾੜੇ ਗਏ ਲੋਕਾਂ ਦਾ 40 ਫ਼ੀ ਸਦੀ ਹਿੱਸਾ ਹੈ। ਇਨ੍ਹਾਂ ਵਿਚੋਂਸਿਰਫ਼ 25 ਫ਼ੀ ਸਦੀ ਲੋਕਾਂ ਨੂੰ ਹੀ ਮੁੜ ਵਸਾਇਆ ਗਿਆ...। ਇਸ ਬਾਰੇ ਕੋਈ ਪੱਕਾ ਅੰਕੜਾ ਤਾਂ ਨਹੀਂ ਮਿਲਦਾ ਪਰ ਇਹ ਮੰਨਿਆ ਜਾਂਦਾ ਹੈ ਕਿ ਮਾਓਵਾਦੀਆਂ ਦੇ ਪੈਦਲ ਸੈਨਿਕਾਂ ਵਿਚ ਦਲਿਤਾਂ ਅਤੇ ਆਦਿਵਾਸੀਆਂ ਦਾ ਤਨਾਸਬ ਬਹੁਤ ਜ਼ਿਆਦਾ ਹੈ...। ਸਮਾਜ ਦੇ ਇਨ੍ਹਾਂ ਦੋ ਤਬਕਿਆਂ ਖਿਲਾਫ਼ ਹੋਣ ਵਾਲੇ ਜ਼ੁਲਮਾਂ ਦੇ ਇਕ ਅਧਿਐਨ ਤੋਂ ਇਹ ਗੱਲ ਉਜਾਗਰ
ਹੁੰਦੀ ਹੈ ਕਿ ਜਿਨ੍ਹਾਂ ਖੇਤਰਾਂ ਵਿਚ ਜ਼ਿਆਦਾ ਜ਼ੁਲਮ ਹੋਏ, ਉੱਥੇ ਹੀ ਨਕਸਲਵਾਦ ਵੱਧ ਵਧਿਆ-ਫੈਲਿਆ ਹੈ...। ਇਹ ਕਮਜ਼ੋਰ ਤਬਕੇ ਹਾਲੇ ਵੀ ਨਕਸਲਵਾਦ ਦੇ ਫੈਲਾਅ ਦੇ ਸਭ ਤੋਂ ਸੰਵੇਦਨਸ਼ੀਲ ਖੇਤਰ ਹਨ। ਇਸ ਦੀ ਵਜ੍ਹਾ ਇਹ ਹੈ ਕਿ ਭਾਰਤੀ ਆਰਥਿਕਤਾ ਦੇ ਉਦਾਰੀਕਰਨ, ਵਪਾਰੀਕਰਨ ਅਤੇ ਵਿਸ਼ਵੀਕਰਨ ਦੇ ਨਵੇਂ ਉੱਭਰ ਰਹੇ ਹਾਲਾਤ ਨੇ ਪਹਿਲਾਂ ਹੀ ਕਾਇਮ ਗ਼ਲਬਾ ਪਾਊ ਤੰਤਰ 'ਚ ਨਵੇਂ ਪਸਾਰ ਜੋੜ ਦਿੱਤੇ ਹਨ।''1

14. ਸਾਡੇ ਰਾਸ਼ਟਰ ਦੀ ਸੁਰੱਖਿਆ ਅਤੇ ਏਕਤਾ, ਸਾਡੇ ਸਾਰੇ ਲੋਕਾਂ ਦੀ ਭਲਾਈ ਅਤੇ ਸੰਵਿਧਾਨ ਦੀ ਪਾਵਨ ਦ੍ਰਿਸ਼ਟੀ ਅਤੇ ਨਿਸ਼ਾਨਿਆਂ ਨੂੰ ਇਸ ਤੋਂ ਬਹੁਤ ਹੀ ਡੂੰਘਾ ਖ਼ਤਰਾ ਹੈ ਕਿ ਰਾਜ ਹਰ ਗੱਲ ਤੋਂ ਗ਼ਲਤ ਸਿੱਟੇ ਕੱਢ ਰਿਹਾ ਹੈ। ਅਸਲ ਵਿਚ, ਇਹ ਇਕ ਬਹੁਤ ਹੀ ਕੁਲਹਿਣਾ ਸੰਕੇਤ ਹੈ। ਪਿੱਛੇ ਅਸੀਂ ਯੋਜਨਾ ਕਮਿਸ਼ਨ ਦੀ ਜਿਸ ਮਾਹਰਾਂ ਦੀ ਕਮੇਟੀ ਦਾ ਜ਼ਿਕਰ  ਕੀਤਾ ਹੈ, ਉਸ ਦਾ ਮੰਨਣਾ ਵੀ ਇਹੀ ਹੈ। ਭਾਰਤੀ ਰਾਜ ਮਸਲੇ ਨੂੰ ਹਕੀਕੀ ਸਮਾਜੀ-ਆਰਥਕ ਹਾਲਾਤ ਦੇ ਪ੍ਰਸੰਗ 'ਚ ਨਹੀਂ ਦੇਖ ਰਿਹਾ। ਉਹ ਇਹ ਵੀ ਮਹਿਸੂਸ ਨਹੀਂ ਕਰ ਰਿਹਾ ਕਿ ਉਸਨੇ ਵਿਕਾਸ ਦੇ ਜਿਸ ਝੂਠੇ ਨਮੂਨੇ ਨੂੰ ਉਤਸ਼ਾਹਤ ਕੀਤਾ ਹੈ, ਉਸਦਾ ਕੋਈ ਮਨੁੱਖੀ ਚਿਹਰਾ ਨਹੀਂ ਹੈ। ਇਸ ਨਾਲ ਲੋਕਾਂ ਦੇ ਮਨਾਂ 'ਚ ਇਹ ਭਾਵਨਾ ਡੂੰਘੀ ਘਰ ਕਰ ਗਈ ਹੈ ਉਹ ਬੇਵਸ ਹਨ। ਦੂਜੇ ਪਾਸੇ, ਸੱਤਾਧਾਰੀ ਲੋਕਾਂ ਵਲੋਂ ਲਗਾਤਾਰ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਹਰ ਹੀਲੇ ਵੱਧ ਤੋਂ ਵੱਧ ਆਰਥਕ ਵਾਧਾ ਕਰਨਾ ਹੀ ਇਕੋ ਇਕ ਰਾਹ ਹੈ। ਇਸ ਮਾਡਲ
ਕਾਰਨ ਗ਼ਰੀਬ ਅਤੇ ਵਾਂਝੇ ਲੋਕਾਂ ਨੂੰ ਬਹੁਤ ਜ਼ਿਆਦਾ ਬੋਝ ਅਤੇ ਕਸ਼ਟ ਝੱਲਣਾ ਪੈ ਰਿਹਾ ਹੈ। ਪਰ ਸੱਤਾ 'ਚ ਬੈਠੇ ਲੋਕ ਇਹ ਦਲੀਲ ਦੇ ਰਹੇ ਹਨ ਕਿ ਵਿਕਾਸ ਦੇ ਇਸ ਮਾਡਲ 'ਚ ਅਜਿਹੀ ਹਾਲਤ ਤੋਂ ਬਚਿਆ ਨਹੀਂ ਜਾ ਸਕਦਾ। ਪ੍ਰਸਿੱਧ ਅਰਥਸ਼ਾਸਤਰੀ ਅਮਿਤ ਭਾਦੁੜੀ ਨੇ ਇਸ ਬਾਰੇ ਲਿਖਿਆ ਹੈ:''ਜੇ ਅਸੀਂ ਆਪਣੇ ਮੱਧ ਵਰਗੀ ਦਾਇਰੇ ਅਤੇ ਮੁੱਖਧਾਰਾ ਮੀਡੀਆ ਵਲੋਂ ਦਿਖਾਈ ਜਾ ਰਹੀ ਦੁਨੀਆ ਤੋਂ ਥੋੜ੍ਹਾ ਬਾਹਰ ਨਿਕਲਕੇ ਦੇਖੀਏ, ਤਾਂ ਅਸੀਂ ਇਹ ਦੇਖਾਂਗੇ ਕਿ ਸਾਡੇ ਮੁਲਕ ਦੀ ਤਸਵੀਰ ਬਹੁਤੀ ਵਧੀਆ ਨਹੀਂ ਹੈ.....। ਜੇ ਤੁਸੀਂ ਵਿਸ਼ਵੀਕਰਨ, ਉਦਾਰੀਕਰਨ ਅਤੇ ਵਪਾਰੀਕਰਨ ਦੀਆਂ ਨਿਆਮਤਾਂ ਦਾ ਲਾਹਾ ਲੈਣ ਵਾਲੇ ਵਿਸ਼ੇਸ਼-ਅਧਿਕਾਰ ਪ੍ਰਾਪਤ ਨਿੱਕੇ ਜਹੇ ਤਬਕੇ ਦੇ ਦਾਇਰੇ ਤੋਂ ਬਾਹਰ ਨਿਕਲਦੇ ਹੋ, ਤਾਂ ਤੁਸੀਂ ਮਹਿਸੂਸ ਕਰੋਗੇ ਕਿ ਸਾਰੀਆਂ ਚੀਜ਼ਾਂ ਬਹੁਤ ਹੀ ਬੇਯਕੀਨੀਆਂ ਹਨ। ਗ੍ਰਹਿ ਮੰਤਰਾਲੇ ਦੇ ਇਕ ਅੰਦਾਜ਼ੇ ਅਨੁਸਾਰ ਦੇਸ਼ ਦੇ ਕੁਲ 607 ਜ਼ਿਲ੍ਹਿਆਂ ਵਿਚੋਂ 120 ਤੋਂ ਲੈ ਕੇ 160 ਜ਼ਿਲ੍ਹੇ 'ਨਕਸਲ ਪ੍ਰਭਾਵਤ' ਹਨ। ਇਹ ਲਹਿਰ ਸਾਧਨਾਂ ਤੋਂ ਵਾਂਝੇ ਅਤੇ ਦੁਖੀ ਕਿਸਾਨਾਂ ਦੀ ਹਮਾਇਤ ਨਾਲ ਭਾਰਤ ਦੇ ਤਕਰੀਬਨ ਇਕ-ਚੌਥਾਈ ਇਲਾਕੇ ਵਿਚ ਫੈਲ ਗਈ ਹੈ। ਇਸਦੇ ਬਾਵਜੂਦ ਇਹ ਸਰਕਾਰ ਲੋਕਾਂ ਦੇ ਰੋਹ ਅਤੇ ਨਿਰਾਸ਼ਾ ਦੇ ਉਨ੍ਹਾਂ ਕਾਰਨਾਂ ਵੱਲ ਧਿਆਨ ਨਹੀਂ ਦੇ ਰਹੀ ਜਿਨ੍ਹਾਂ ਦੀ ਵਜ੍ਹਾ ਨਾਲ ਇਸ ਤਰ੍ਹਾਂ ਦੀ ਲਹਿਰ ਵਧਦੀ-ਫੁੱਲਦੀ ਹੈ; ਇਸ ਦੀ ਬਜਾਏ, ਇਹ ਇਸ ਨੂੰ ਇਕ ਅਜਿਹੇ ਖ਼ਤਰੇ, ਯਾਨੀ ਅਮਨ-ਕਾਨੂੰਨ ਦੇ ਮਸਲੇ ਵਜੋਂ ਦੇਖ ਰਹੀ ਹੈ....। ਇਸ ਦੇ ਲਈ ਇਹ ਇਕ ਅਜਿਹਾ ਖ਼ਤਰਾ ਹੈ ਜਿਸ ਨੂੰ ਰਾਜਕੀ ਹਿੰਸਾ ਰਾਹੀਂ ਜੜ੍ਹੋਂ ਪੁੱਟਣਾ ਹੋਵੇਗਾ। ਇਹ ਰੋਹ ਭਰੇ ਗ਼ਰੀਬਾਂ ਦੇ ਟਾਕਰੇ ਨੂੰ ਆਪਣੀ ਹਿੰਸਾ ਨਾਲ ਕੁਚਲਦੀ ਹੈ; ਅਤੇ ਫਿਰ ਇਸ ਕੰਮ ਲਈ ਆਪਣੀ ਪਿੱਠ ਆਪੇ ਥਾਪੜਦੀ ਹੈ.....। ਵੱਧ ਆਰਥਕ ਵਾਧੇ ਦੀ ਖ਼ਾਤਰ ਗ਼ਰੀਬਾਂ ਨੂੰ ਬੇਰਹਿਮ ਆਲਮੀ ਮੰਡੀ ਅੱਗੇ ਕੁਪੋਸ਼ਤ, ਅਨਪੜ੍ਹ, ਅਣਸਿਖਿਅਤ ਅਤੇ ਪੂਰੀ ਤਰ੍ਹਾਂ ਬੇਸਹਾਰਾ ਛੱਡ ਦਿੱਤਾ ਗਿਆ ਹੈ। ਅਤੇ ਇਨ੍ਹਾਂ ਗ਼ਰੀਬਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ...। ਇਹ ਮਹਿਜ਼ ਇਕ ਅਨਿਆਂ ਦਾ ਅਮਲ ਨਹੀਂ ਹੈ। ਇਸ ਤਰ੍ਹਾਂ ਨਾਲ ਹਾਸਲ ਕੀਤਾ ਜਾਣ ਵਾਲਾ ਆਰਥਕ ਵਾਧਾ ਸਿਰਫ਼ ਆਮਦਨੀ ਦੇ ਵੰਡ ਦੇ ਸਵਾਲ ਨੂੰ ਹੀ ਨਜ਼ਰ-ਅੰਦਾਜ਼ ਨਹੀਂ ਕਰਦਾ ਇਸ ਦੀ ਹਕੀਕਤ ਹੋਰ ਵੀ ਭੈੜੀ ਹੈ। ਇਹ ਵਿਕਾਸ ਦੇ ਨਾਂ ਹੇਠ ਗ਼ਰੀਬਾਂ ਨੂੰ ਵਹਿਸ਼ੀ
ਹਿੰਸਾ ਦੀ ਘੁਰਕੀ ਦਿੰਦਾ ਹੈ। ਇਹ ਇਕ ਤਰ੍ਹਾਂ ਦਾ ''ਵਿਕਾਸ ਦਾ ਦਹਿਸ਼ਤਵਾਦ'' ਹੈ। ਇਸ ਵਿਚ ਰਾਜ ਵਲੋਂ ਵਿਕਾਸ ਦੇ ਨਾਂ 'ਤੇ ਗ਼ਰੀਬਾਂ ਖਿਲਾਫ਼ ਲਗਾਤਾਰ ਹਿੰਸਾ ਕੀਤੀ ਜਾ ਰਹੀ ਹੈ। ਰਾਜ ਮੁੱਖ ਰੂਪ 'ਚ ਕਾਰਪੋਰੇਟ ਰਾਠਸ਼ਾਹੀ ਦੇ ਹਿੱਤ 'ਚ ਕੰਮ ਕਰ ਰਿਹਾ ਹੈ। ਇਸ ਕੰਮ 'ਚ ਇਸ ਨੂੰ ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਬੈਂਕ ਦੇ ਨਾਲ-ਨਾਲ ਖ਼ੁਦਗਰਜ਼ ਸਿਆਸੀ ਜਮਾਤ ਦੀ ਹਮਾਇਤ ਵੀ ਹਾਸਲ ਹੈ। ਸਿਆਸੀ ਕੋੜਮੇ ਵਲੋਂ ਇਸ ਵਿਕਾਸ ਦੀ ਦਹਿਸ਼ਤਗ਼ਰਦੀ ਨੂੰ ਹੀ ਤਰੱਕੀ ਦੱਸਿਆ ਜਾ ਰਿਹਾ ਹੈ। ਅਕਾਦਮਿਕ ਅਤੇ ਮੀਡੀਆ ਨਾਲ ਜੁੜੇ ਲੋਕ ਵੀ ਸਿਆਸੀ ਕੋੜਮੇ ਮਗਰ ਲਗੇ ਹੋਏ ਹਨ। ਉਹ ਵੀ ਇਸ ਗੱਲ ਉੱਪਰ ਜ਼ੋਰ ਦੇ ਰਹੇ ਹਨ ਕਿ ਗ਼ਰੀਬ ਅਤੇ ਵਾਂਝੇ ਲੋਕਾਂ ਦਾ ਦਰਦ ਵਿਕਾਸ ਦੀ ਲਾਜ਼ਮੀ ਕੀਮਤ ਹੈ। ਇੰਞ ਲਗਦਾ ਹੈ ਕਿ ਇਸ ਦੌਰ ਵਿਚ ਇਹ ਗੱਲ ਪੂਰੀ ਤਰ੍ਹਾਂ ਮੰਨ ਲਈ ਗਈ ਹੈ ਕਿ ਕੋਈ ਹੋਰ ਬਦਲ ਹੈ ਹੀ ਨਹੀਂ...। ਫਿਰ ਵੀ ਸਚਾਈ ਇਹ ਹੈ ਕਿ ਵਿਕਾਸ ਦੇ ਜਿਸ ਮਾਡਲ ਉੱਪਰ ਐਨੀ ਵਿਆਪਕ
ਸਹਿਮਤੀ ਬਣ ਚੁੱਕੀ ਹੈ, ਉਹ ਪੂਰੀ ਤਰ੍ਹਾਂ ਗ਼ਲਤ ਹੈ। ਸਾਡੀ ਜਮਹੂਰੀ ਸਿਆਸਤ ਨੇ ਇਸ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਨੂੰ ਹੋਰ ਵੀ ਵੱਧ ਮਜ਼ਬੂਤੀ ਨਾਲ ਰੱਦ ਕਰੇਗੀ। 'ਵਿਕਾਸ ਦਹਿਸ਼ਤਵਾਦ' ਦਾ ਸਾਹਮਣਾ ਕਰਨ ਵਾਲੇ ਗ਼ਰੀਬ ਵੀ ਆਪਣੇ ਸਿੱਧੇ ਟਾਕਰੇ ਜ਼ਰੀਏ ਇਸ ਨੂੰ ਰੱਦ ਕਰ ਦੇਣਗੇ।''

15. ਜਿਵੇਂ ਇੰਨਾ ਹੀ ਕਾਫ਼ੀ ਨਾ ਹੋਵੇ, ਹੁਣ ਸਾਡੇ ਨੀਤੀ-ਘਾੜੇ ਸੰਵਿਧਾਨਕ ਸੂਝ ਅਤੇ ਕਦਰਾਂ-ਕੀਮਤਾਂ ਤੋਂ ਵੀ ਤੇਜ਼ੀ ਨਾਲ ਪਾਸਾ ਵੱਟਣ ਲੱਗੇ ਹਨ। ਸਰਕਾਰੀ ਕਾਰਵਾਈਆਂ ਤੋਂ ਇਸ ਤਰ੍ਹਾਂ ਦੇ ਖ਼ਤਰਨਾਕ ਇਸ਼ਾਰੇ ਮਿਲਦੇ ਹਨ। ਇਕ ਪਾਸੇ ਸਰਕਾਰ ਨਿੱਜੀ ਖੇਤਰ ਨੂੰ ਟੈਕਸ ਛੋਟ ਦੇ ਰੂਪ 'ਚ ਲਗਾਤਾਰ ਸਬਸਿਡੀ ਦੇ ਰਹੀ ਹੈ, ਨਾਲ ਹੀ ਇਹ ਵੀ ਕਹਿ ਰਹੀ ਹੈ ਕਿ ਉਸ ਕੋਲ ਇੰਨਾ ਖਜ਼ਾਨਾ ਨਹੀਂ ਹੈ ਕਿ ਉਹ ਸਮਾਜ ਭਲਾਈ ਪ੍ਰੋਗਰਾਮਾਂ ਰਾਹੀਂ ਗ਼ਰੀਬਾਂ ਦੀ ਮਦਦ ਕਰਨ ਦੀਆਂ ਆਪਣੀਆਂ ਜ਼ਿੰਮੇਦਾਰੀਆਂ ਨਿਭਾ ਸਕੇ। ਦੂਜੇ ਪਾਸੇ, ਸਰਕਾਰ ਗ਼ਰੀਬਾਂ ਦੀ ਬੇਚੈਨੀ ਅਤੇ ਗੁੱਸੇ ਨੂੰ ਕੁਚਲਣ ਲਈ ਗ਼ਰੀਬ ਨੌਜਵਾਨਾਂ ਦਾ ਹੀ ਸਹਾਰਾ ਲੈ ਰਹੀ ਹੈ ਅਤੇ ਉਨ੍ਹਾਂ ਦੇ ਹੱਥ ਬੰਦੂਕਾਂ ਦੇ ਰਹੀ ਹੈ।

16. ਇੰਞ ਲਗਦਾ ਹੈ ਕਿ ਰਾਜ ਦੀ ਸੁਰੱਖਿਆ ਅਤੇ ਆਰਥਕ ਨੀਤੀ ਬਾਰੇ ਫ਼ੈਸਲੇ ਲੈਣ ਵਾਲੇ ਲੋਕਾਂ ਦਾ ਨਵਾਂ ਮੰਤਰ ਇਹੀ ਹੈ ਕਿ ਅਮੀਰਾਂ ਨੂੰ ਟੈਕਸਾਂ ਤੋਂ ਛੋਟ ਦਿਓ ਅਤੇ ਗ਼ਰੀਬ ਨੌਜਵਾਨਾਂ ਦੇ ਇਕ ਹਿੱਸੇ ਨੂੰ ਬੰਦੂਕ ਫੜਾ ਦਿਓ, ਤਾਂ ਕਿ ਗ਼ਰੀਬ ਆਪੋ ਵਿਚ ਹੀ ਲੜਕੇ ਮਰਦੇ ਰਹਿਣ। ਇਹ ਇਕ ਅਜਿਹੀ ਕੌਮ ਦੇ ਵਿਕਾਸ ਦੀ ਦ੍ਰਿਸ਼ਟੀ ਹੈ ਜਿਸਨੇ ਖ਼ੁਦ ਨੂੰ ਕੁਲ-ਇਖ਼ਤਿਆਰ, ਧਰਮਨਿਰਪੱਖ, ਸਮਾਜਵਾਦੀ ਤੇ ਜਮਹੂਰੀ ਗਣਰਾਜ ਵਜੋਂ ਸੰਗਠਿਤ ਕੀਤਾ ਹੈ। ਸੰਵਿਧਾਨ ਦੀ ਦ੍ਰਿਸ਼ਟੀ ਅਤੇ ਕਦਰਾਂ-ਕੀਮਤਾਂ ਰਾਜ ਨੂੰ ਇਹ ਹਾਂ ਪੱਖੀ ਜ਼ਿੰਮੇਦਾਰੀ ਸੌਂਪਦੇ ਹਨ ਕਿ ਉਹ ਹਰ ਨਾਗਰਿਕ ਦਾ ਮਾਣ-ਸਨਮਾਨ ਯਕੀਨੀ ਬਣਾਏ। ਇਸ ਲਈ ਸੁਭਾਵਿਕ ਰੂਪ 'ਚ ਇਹ ਸੁਆਲ ਸਾਹਮਣੇ ਆਉਂਦਾ ਹੈ ਕਿ ਕੀ ਸੱਤਾਧਾਰੀ ਨੀਤੀ-ਘਾੜੇ ਸੰਵਿਧਾਨ ਦੀ ਦ੍ਰਿਸ਼ਟੀ, ਕਦਰਾਂ-ਕੀਮਤਾਂ ਅਤੇ ਹੱਦਾਂ ਤੋਂ ਨਿਰਦੇਸ਼ ਲੈਕੇ ਚਲ ਰਹੇ ਹਨ?

17. ਆਹਲਾ ਮਿਆਰੀ ਨੀਤੀਆਂ ਤੈਅ ਕਰਨ ਵਾਲੇ ਲੋਕ ਇਹ ਭੁੱਲ ਜਾਂਦੇ ਹਨ ਕਿ ਸਮਾਜ ਇਕ ਜੰਗਲ ਨਹੀਂ ਹੈ ਕਿ ਜੰਗਲ ਵਿਚ ਇਕ ਪਾਸੇ ਲੱਗੀ ਅੱਗ ਨੂੰ ਦੂਜੇ ਪਾਸਿਓਂ ਅੱਗ ਲਾਕੇ ਬੁਝਾਇਆ ਜਾ ਸਕਦਾ ਹੋਵੇ। ਮਨੁੱਖ ਸੁੱਕੇ ਘਾਹ ਦੀਆਂ ਵੱਖੋ-ਵੱਖਰੀਆਂ ਪੱਤੀਆਂ ਵਾਂਗ ਨਹੀਂ ਹੁੰਦੇ। ਉਹ ਸੁਚੇਤ ਪ੍ਰਾਣੀ ਵਜੋਂ ਆਪਣੀ ਆਜ਼ਾਦ ਰਜ਼ਾ ਅਨੁਸਾਰ ਵਿਚਰਦੇ ਹਨ। ਜੇ ਲੋਕਾਂ ਦੇ ਇਕ ਹਿੱਸੇ ਨੂੰ ਹਥਿਆਰ ਦੇ ਦਿੱਤੇ ਜਾਣ ਤਾਂ ਹੋ ਸਕਦਾ ਹੈ ਉਹ ਹੋਰ ਨਾਗਰਿਕਾਂ ਅਤੇ ਖ਼ੁਦ ਰਾਜ ਦੇ ਖਿਲਾਫ਼ ਖੜ੍ਹੇ ਹੋ ਜਾਣ ਅਤੇ ਅਕਸਰ ਅਜਿਹਾ ਹੋਇਆ ਵੀ ਹੈ। ਅਜੋਕੇ ਇਤਿਹਾਸ 'ਚ ਰਾਜ ਦੀ ਸਰਪ੍ਰਸਤੀ ਅਤੇ ਹਮਾਇਤ ਦੀ ਆੜ ਹੇਠ ਕੰਮ ਕਰਨ ਵਾਲੇ ਹਥਿਆਰਬੰਦ ਚੌਕਸੀ ਗਰੋਹਾਂ ਦੇ ਖ਼ਤਰਿਆਂ ਨੂੰ ਦਰਸਾਉਂਦੀਆਂ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਣਗੀਆਂ।

18. ਨੀਤੀ-ਘਾੜਿਆਂ ਵਿਚੋਂ ਕੁਝ ਲੋਕ ਬਹੁਤ ਹੀ ਜੋਰ-ਸ਼ੋਰ ਨਾਲ ਅਤੇ ਦੰਭੀ ਤਰੀਕੇ ਨਾਲ ਇਸ ਤਰ੍ਹਾਂ ਦੀਆਂ ਭਰਮਗ੍ਰਸਤ ਨੀਤੀਆਂ ਦਾ ਪੱਖ ਲੈਂਦੇ ਹਨ। ਪਰ ਇਹ ਨੀਤੀਆਂ ਸਾਡੇ ਸੰਵਿਧਾਨ ਦੀ ਦ੍ਰਿਸ਼ਟੀ ਅਤੇ ਆਦਰਸ਼ਾਂ ਦੇ ਬਿਲਕੁਲ ਉਲਟ ਹਨ। ਸਾਡਾ ਸੰਵਿਧਾਨ ਇਹ ਮੰਗ ਕਰਦਾ ਹੈ ਕਿ ਲੋਕਾਂ ਵਲੋਂ ਰਾਜ ਨੂੰ ਸੌਂਪੀ ਗਈ ਸੱਤਾ ਦੀ ਵਰਤੋਂ ਸਿਰਫ਼ ਲੋਕ ਭਲਾਈ  ਲਈ ਹੀ ਹੋਣੀ ਚਾਹੀਦੀ ਹੈਂਭਾਵ ਇਸਦੀ ਵਰਤੋਂ ਅਮੀਰ ਅਤੇ ਗ਼ਰੀਬ ਸਾਰਿਆਂ ਦੇ ਭਲੇ ਲਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਇਹ ਭਾਈਚਾਰਿਆਂ ਦਰਮਿਆਨ ਭਰੱਪਣ ਦੇ ਦਾਇਰੇ 'ਚ  ਰਹਿਕੇ ਸਾਰਿਆਂ ਲਈ ਮਨੁੱਖੀ ਮਾਣ-ਸਨਮਾਨ ਦੀ ਹਾਲਤ ਯਕੀਨੀ ਬਣਾਉਣ ਦਾ ਯਕੀਨ ਦਿਵਾਉਂਦਾ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਰਾਜ ਵਲੋਂ ਅਪਣਾਈਆਂ ਨੀਤੀਆਂ ਦਾ ਧਾਰਾ 14 ਅਤੇ ਧਾਰਾ 21 ਉੱਪਰ ਕੋਈ ਅਸਰ ਹੀ ਨਹੀਂ ਪੈਂਦਾ। ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੈ ਕਿ ਇਸ ਤਰ੍ਹਾਂ ਦੀਆਂ ਨੀਤੀਆਂ ਨਾਲ ਇਨ੍ਹਾਂ ਦਾ ਪੂਰੀ ਤਰ੍ਹਾਂ ਉਲੰਘਣ ਹੁੰਦਾ ਹੈ। ਇਨ੍ਹਾਂ ਨੀਤੀਆਂ ਦੀ ਵਜ੍ਹਾ ਨਾਲ ਹੀ ਇਕ ਅਜਿਹਾ ਜ਼ਹਿਰੀਲਾ ਮਾਹੌਲ ਤਿਆਰ ਹੋ ਜਾਂਦਾ ਹੈ ਜਿਸ ਵਿਚ ਸਮਾਜ ਦੇ ਵਾਂਝੇ ਹਿੱਸਿਆਂ ਦੇ ਨੌਜਵਾਨਾਂ ਦਾ ਪੂਰੀ ਤਰ੍ਹਾਂ ਗ਼ੈਰਇਨਸਾਨੀਕਰਨ  ਹੋ ਜਾਂਦਾ ਹੈ। ਰਾਜ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਕਿਤਾਬਾਂ ਦੇਣ ਦੀ ਬਜਾਏ ਇਨ੍ਹਾਂ ਨੂੰ ਬੰਦੂਕਾਂ ਫੜਾ ਦਿੱਤੀਆਂ ਗਈਆਂ ਹਨ ਅਤੇ ਜੰਗਲਾਂ ਦੀ ਲੁੱਟਮਾਰ 'ਚ ਪਹਿਰੇਦਾਰ ਬਣਕੇ ਖੜ੍ਹੇ ਰਹਿਣ ਦਾ ਕੰਮ ਦੇ ਦਿੱਤਾ ਗਿਆ ਹੈ। ਦਰਅਸਲ, ਇਹ ਚੀਜ਼ਾਂ ਕੌਮ ਨੂੰ ਤਬਾਹ ਕਰ ਦੇਣਗੀਆਂ। ਇੱਥੇ ਇਹ ਗੱਲ ਨੋਟ ਕਰਨ ਦੀ ਲੋੜ ਹੈ ਕਿ ਇਸ ਅਦਾਲਤ ਨੇ ਦਖ਼ਲ ਦਿੰਦਿਆਂ ਛੱਤੀਸਗੜ੍ਹ ਸਰਕਾਰ ਨੂੰ ਇਹ ਆਦੇਸ਼ ਦਿੱਤਾ ਸੀ ਕਿ ਜਿਨ੍ਹਾਂ ਸਕੂਲਾਂ ਅਤੇ ਹੋਸਟਲਾਂ 'ਚ ਸੁਰੱਖਿਆ ਤਾਕਤਾਂ ਰਹਿ ਰਹੀਆਂ ਹਨ, ਉਨ੍ਹਾਂ ਨੂੰ ਉੱਥੋਂ ਹਟਾਇਆ ਜਾਵੇ। ਪਰ ਇਸ ਤਰ੍ਹਾਂ ਦੇ ਆਦੇਸ਼ ਦੇ ਬਾਵਜੂਦ ਬਹੁਤ ਸਾਰੇ ਸਕੂਲ ਅਤੇ ਹੋਸਟਲ ਹਾਲੇ ਵੀ ਸੁਰੱਖਿਆ ਤਾਕਤਾਂ ਦੇ ਕਬਜ਼ੇ 'ਚ ਹੀ ਹਨ। ਛੱਤੀਸਗੜ੍ਹ ਵਿਚ ਸਮਾਜ ਅਤੇ ਜ਼ਿੰਦਗੀ ਦੇ ਨਿਘਾਰ ਦਾ
ਇਹ ਹਾਲ ਹੈ। ਖ਼ੁਦ ਤੱਥ ਹਾਲਾਤ ਨੂੰ ਬਿਆਨ ਕਰ ਰਹੇ ਹਨ।

19. ਹਾਵਰਡ ਯੂਨੀਵਰਸਿਟੀ ਦੇ ਕੈਨੇਡੀ ਸਕੂਲ ਦੇ ਇਕ ਪ੍ਰੋਫੈਸਰ ਰਾਬਰਟ ਰਾਟਬਰਡ ਨੇ ਇਨ੍ਹਾਂ ਦਹਾਕਿਆਂ 'ਚ ਬਹੁਤ ਸਾਰੇ ਕੌਮੀ ਰਾਜਾਂ ਦੀ ਨਾਕਾਮੀ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਨੇ ਇਹ ਵਿਚਾਰ ਪ੍ਰਗਟਾਇਆ ਹੈ ਕਿ 'ਕੌਮੀ-ਰਾਜਾਂ ਦੀ ਹੋਂਦ ਇਸ ਲਈ ਹੁੰਦੀ ਹੈ ਕਿ ਉਹ ਇਕ ਮਿਥੀ ਹੱਦ ਅੰਦਰ ਰਹਿਣ ਵਾਲੇ ਲੋਕਾਂ ਨੂੰ ਵਿਕੇਂਦਰੀਕ੍ਰਿਤ ਤਰੀਕੇ ਨਾਲ ਸਿਆਸੀ (ਜਨਤਕ) ਚੀਜ਼ਾਂ ਮੁਹੱਈਆ ਕਰਾਉਣ.... । ਅਕਸਰ ਉਹ ਕੌਮੀ ਟੀਚਿਆਂ ਅਤੇ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਦੌਰਾਨ ਆਪਣੇ ਲੋਕਾਂ ਦੇ
ਹਿੱਤਾਂ ਨੂੰ ਸੰਗਠਤ ਕਰਦੇ ਹਨ ਅਤੇ ਉਨ੍ਹਾਂ ਨੂੰ ਸਾਹਮਣੇ ਲਿਆਉਂਦੇ ਹਨ। ਪਰ ਉਹ ਇਹੀ ਉਚੇਚਾ ਕੰਮ ਨਹੀਂ ਕਰਦੇ।' ਕੌਮੀ-ਰਾਜ ਦੇ ਨਾਗਰਿਕਾਂ ਵਲੋਂ ਇਨ੍ਹਾਂ ਤੋਂ ਸੁਚੱਜੇ ਢੰਗ ਨਾਲ ਇਹ ਉਦੇਸ਼ ਨੇਪਰੇ ਚਾੜ੍ਹਨ ਦੀ ਆਸ ਕੀਤੀ ਜਾਂਦੀ ਹੈ। ਇਸ ਵਿਚ 'ਬਾਹਰੀ ਤਾਕਤਾਂ ਅਤੇ ਪ੍ਰਭਾਵਾਂ' ਦਾ ਮੁਕਾਬਲਾ ਜਾਂ ਆਪਣੇ ਹਿੱਤ ਲਈ ਇਨ੍ਹਾਂ ਦੀ ਵਰਤੋਂ ਸ਼ਾਮਲ ਹੈ। ਇਨ੍ਹਾਂ ਤੋਂ ਇਹ ਉਮੀਦ ਵੀ ਕੀਤੀ ਜਾਂਦੀ ਹੈ ਕਿ ਉਹ ਬਾਹਰੀ ਅਤੇ ਕੌਮਾਂਤਰੀ ਤਾਕਤਾਂ ਵਲੋਂ ਲਾਈਆਂ ਜਾਂਦੀਆਂ 'ਬੰਦਸ਼ਾਂ ਅਤੇ ਚੁਣੌਤੀਆਂ' ਅਤੇ 'ਅੰਦਰੂਨੀ ਸਮਾਜੀ, ਆਰਥਕ, ਸਿਆਸੀ ਹਕੀਕਤਾਂ' ਦੀ ਗਤੀਸ਼ੀਲਤਾ ਨੂੰ ਇਕਸੁਰ ਕਰਨ। ਉਹ ਲਿਖਦੇ ਹਨ ਕਿ:''ਰਾਜ ਇਨ੍ਹਾਂ ਸਾਰੇ ਪਸਾਰਾਂ ਜਾਂ ਇਨ੍ਹਾਂ ਵਿਚੋਂ ਕੁਝ ਪਸਾਰਾਂ 'ਚ ਸਫ਼ਲ ਜਾਂ ਅਸਫ਼ਲ ਹੋਏ ਹਨ। ਇਨ੍ਹਾਂ ਪਸਾਰਾਂ ਦੇ ਪ੍ਰਸੰਗ 'ਚ ਰਾਜਾਂ ਦੀ ਕਾਰਗੁਜ਼ਾਰੀ ਭਾਵ ਸਭ ਤੋਂ ਅਹਿਮ
ਸਿਆਸੀ ਚੀਜ਼ਾਂ ਮੁਹੱਈਆ ਕਰਾਉਣ ਦੀ ਉਨ੍ਹਾਂ ਦੀ ਸਮਰੱਥਾ ਦੇ ਅਧਾਰ 'ਤੇ ਹੀ ਮਜ਼ਬੂਤ ਰਾਜਾਂ ਦਾ ਕਮਜ਼ੋਰ ਰਾਜਾਂ ਤੋਂ ਅਤੇ ਕਮਜ਼ੋਰ ਰਾਜਾਂ ਦਾ ਅਸਫ਼ਲ ਜਾਂ ਬਰਬਾਦ ਰਾਜਾਂ ਤੋਂ ਨਿਖੇੜਾ ਕੀਤਾ ਜਾਂਦਾ ਹੈ....। ਸਿਆਸੀ ਚੀਜ਼ਾਂ ਦੀ ਵੀ ਇਕ ਤਰ੍ਹਾਂ ਨਾਲ ਦਰਜੇਬੰਦੀ ਹੁੰਦੀ ਹੈ। ਕੋਈ ਸਿਆਸੀ ਚੀਜ਼ ਸੁਰੱਖਿਆ, ਖ਼ਾਸ ਕਰਕੇ ਮਨੁੱਖੀ ਸੁਰੱਖਿਆ, ਮੁਹੱਈਆ ਕਰਾਉਣ ਤੋਂ ਵੱਧ ਅਹਿਮ ਨਹੀਂ ਹੈ। ਵਿਅਕਤੀ ਕੁਝ ਖ਼ਾਸ ਹਾਲਾਤ 'ਚ ਇਕੱਲੇ ਆਪਣੀ ਹਿਫਾਜ਼ਤ ਕਰਨ ਦਾ ਯਤਨ ਕਰ ਸਕਦੇ ਹਨ। ਜਾਂ ਵਿਅਕਤੀਆਂ ਦੇ ਸਮੂਹ ਇਕ ਦੂਜੇ ਨਾਲ ਮਿਲਕੇ ਜਥੇਬੰਦ ਹੋ ਸਕਦੇ ਹਨ ਅਤੇ ਅਜਿਹੀਆਂ ਚੀਜ਼ਾਂ ਜਾਂ ਸੇਵਾਵਾਂ ਖ਼ਰੀਦ ਸਕਦੇ ਹਨ ਜੋ ਉਨ੍ਹਾਂ ਦੀ ਸੁਰੱਖਿਆ ਦੀ ਭਾਵਨਾ ਨੂੰ ਵਧਾਉਣ। ਜਦਕਿ, ਰਵਾਇਤੀ ਤੌਰ 'ਤੇ ਅਤੇ ਆਮ ਤੌਰ 'ਤੇ ਵਿਅਕਤੀਆਂ ਜਾਂ ਸਮੂਹਾਂ ਵਲੋਂ ਨਿੱਜੀ ਸੁਰੱਖਿਆ ਲਈ ਕਈ ਕਦਮ ਚੁੱਕੇ ਜਾਂਦੇ ਰਹੇ ਹਨ। ਪਰ ਇਹ ਕਦਮ ਸਰਕਾਰੀ ਸੁਰੱਖਿਆ ਦੇ ਵਿਆਪਕ ਪ੍ਰਬੰਧ ਦੀ ਥਾਂ ਨਹੀਂ ਲੈ ਸਕਦੇ। ਰਾਜ
ਦਾ ਸਭ ਤੋਂ ਪ੍ਰਮੁੱਖ ਕੰਮ ਇਹ ਹੈ ਕਿ ਉਹ ਹਰ ਕਿਸੇ ਨੂੰ ਸੁਰੱਖਿਆ ਦੀ ਸਿਆਸੀ ਚੀਜ਼ ਮੁਹੱਈਆ ਕਰਾਏ, ਸਰਹੱਦ ਦੇ ਪਾਰੋਂ ਹੋਣ ਵਾਲੀ ਘੁਸਪੈਠ ਨੂੰ ਰੋਕੇ, ਘਰੋਗੀ ਖ਼ਤਰਿਆਂ ਅਤੇ ਕੌਮੀ ਏਕਤਾ ਅਤੇ ਸਮਾਜੀ ਢਾਂਚੇ ਉੱਪਰ ਹਮਲਿਆਂ ਨੂੰ ਖ਼ਤਮ ਕਰੇ...। ਨਾਗਰਿਕਾਂ ਅੰਦਰ ਭਰੋਸਾ ਕਾਇਮ ਕਰਨਾ ਵੀ ਰਾਜ ਦਾ ਕੰਮ ਹੈ। ਰਾਜ ਨੂੰ ਲੋਕਾਂ ਅੰਦਰ ਇਹ ਭਾਵਨਾ ਭਰਨੀ ਚਾਹੀਦੀ ਹੈ ਕਿ ਉਹ ਹਥਿਆਰਾਂ ਜਾਂ ਬਾਹੂਬਲ ਦਾ ਸਹਾਰਾ ਲਏ ਬਗ਼ੈਰ ਹੀ ਰਾਜ ਅਤੇ ਹੋਰ ਲੋਕਾਂ ਨਾਲ ਆਪਣੇ ਰੱਟਿਆਂ ਨੂੰ ਹੱਲ ਕਰਨ।''1

20. ਰਾਜ ਦਾ ਪਹਿਲਾ ਕੰਮ ਇਹ ਹੈ ਕਿ ਮਨੁੱਖੀ ਮਾਣ-ਸਨਮਾਨ ਦਾ ਉਲੰਘਣ ਕੀਤੇ ਬਗ਼ੈਰ ਸਾਰੇ ਨਾਗਰਿਕਾਂ ਨੂੰ ਸੁਰੱਖਿਆ ਮੁਹੱਈਆ ਕਰਾਵੇ। ਨਿਸ਼ਚਿਤ ਤੌਰ 'ਤੇ ਇਸਦਾ ਭਾਵ ਇਹ ਹੈ ਕਿ ਰਾਜ ਨੂੰ ਇਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਲੋਕਾਂ 'ਚ ਕੁਦਰਤੀ ਵਸੀਲਿਆਂ ਦੀ ਲੁੱਟਮਾਰ ਅਤੇ ਵੰਡ ਕਾਰਨ ਬੇਚੈਨੀ ਪੈਦਾ ਨਾ ਹੋਵੇ। ਉਸ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਮਾਜਿਕ ਕਾਰਵਾਈ ਦੀ ਵਿਉਂਤਬੰਦੀ ਸਹੀ ਢੰਗ ਨਾਲ ਹੋਵੇ ਅਤੇ ਇਸ ਦੇ ਫ਼ਾਇਦਿਆਂ ਅਤੇ ਲਾਗਤਾਂ ਦੀ ਵੰਡ ਸਹੀ ਢੰਗ ਨਾਲ ਹੋਵੇ ਤਾਂ ਜੋ ਲੋਕ ਇਹ ਮਹਿਸੂਸ ਨਾ ਕਰਨ ਕਿ ਉਨ੍ਹਾਂ ਨਾਲ ਅਨਿਆਂ ਹੋਇਆ ਹੈ। ਸਾਡੇ ਸੰਵਿਧਾਨ 'ਚ ਦਿੱਤੇ ਗਏ ਰਾਜ ਦੇ ਨੀਤੀ-ਨਿਰਦੇਸ਼ਕ ਤੱਤਾਂ 'ਚ ਇਹ ਗੱਲ ਸਪਸ਼ਟ ਰੂਪ 'ਚ ਦਰਸਾਈ ਗਈ ਹੈ।ਸਾਡਾ ਸੰਵਿਧਾਨ ਇਹ ਮੰਨਦਾ ਹੈ ਕਿ ਜਦੋਂ ਤੱਕ ਅਸੀਂ ਆਪਣੇ ਨਾਗਰਿਕਾਂ ਲਈ ਸਮਾਜੀ, ਆਰਥਕ ਅਤੇ ਸਿਆਸੀ ਨਿਆਂ ਹਾਸਲ ਨਹੀਂ ਕਰ ਲੈਂਦੇ, ਓਦੋਂ ਤੱਕ ਅਸੀਂ ਆਪਣੇ ਨਾਗਰਿਕਾਂ
ਦਾ ਮਨੁੱਖੀ ਮਾਣ-ਸਨਮਾਨ ਯਕੀਨੀ ਨਹੀਂ ਬਣਾ ਸਕਦੇ। ਅਜਿਹੀ ਹਾਲਤ 'ਚ ਅਸੀਂ ਭਾਈਚਾਰਿਆਂ ਦਰਮਿਆਨ ਭਰੱਪਣ ਦੀ ਭਾਵਨਾ ਵੀ ਪ੍ਰਫੁੱਲਤ ਨਹੀਂ ਕਰ ਸਕਦੇ। ਜਿਹੜੀਆਂ ਨੀਤੀਆਂ ਇਸ ਬੁਨਿਆਦੀ ਸਚਾਈ ਨਾਲ ਮੇਲ ਨਹੀਂ ਖਾਂਦੀਆਂ ਉਹ ਯਕੀਨਨ ਹੀ ਕੌਮੀ ਏਕਤਾ ਅਤੇ ਅਖੰਡਤਾ ਲਈ ਤਬਾਹਕੁੰਨ ਹਨ। ਸਾਡਾ ਸੰਵਿਧਾਨ ਗ਼ਰੀਬਾਂ 'ਚ ਬੇਚੈਨੀ ਪੈਦਾ ਕਰਨ ਅਤੇ ਹਿੰਸਕ ਸਿਆਸਤ ਦੇ ਹਾਲਾਤ ਤਿਆਰ ਕਰਨ ਵਾਲੀਆਂ ਸਮਾਜੀ-ਆਰਥਕ ਨੀਤੀਆਂ ਅਪਣਾਏ ਜਾਣ ਦੇ ਵਿਚਾਰ ਨੂੰ ਪੂਰਾ ਤਰ੍ਹਾਂ ਨਕਾਰਦਾ ਹੈ। ਦਰਅਸਲ, ਰਾਜ ਵਲੋਂ ਇਸ ਤਰ੍ਹਾਂ ਦੀਆਂ ਨੀਤੀਆਂ ਅਪਣਾਉਣ ਕਾਰਨ ਹੀ ਇਹ ਹਾਲਤ ਬਣੀ ਹੈ। ਇਸ ਤੋਂ ਬਾਦ, ਜੇ ਰਾਜ ਇਹ ਦਾਅਵਾ ਕਰਦਾ ਹੈ ਕਿ ਉਸਦੇ ਕੋਲ ਸੰਵਿਧਾਨਕ ਕਦਰਾਂ-ਕੀਮਤਾਂ ਦੇ ਚੌਖਟੇ ਅੰਦਰ ਅਸ਼ਾਂਤੀ ਅਤੇ ਹਿੰਸਾ ਦਾ ਸਾਹਮਣਾ ਕਰਨ ਲਈ ਜ਼ਰੂਰੀ ਵਸੀਲੇ ਨਹੀਂ ਹਨ, ਤਾਂ ਇਸਦਾ ਭਾਵ ਹੈ ਕਿ ਉਹ ਆਪਣੀ ਸੰਵਿਧਾਨਕ ਜ਼ਿੰਮੇਦਾਰੀ ਤੋਂ ਭੱਜ ਰਿਹਾ ਹੈ। ਇਹ
ਦਾਅਵਾ ਕੀਤਾ ਜਾਂਦਾ ਹੈ ਕਿ ਵਸੀਲਿਆਂ ਨੂੰ ਦਬਾਕੇ ਰੱਖਣ ਨਾਲ ਰਾਜ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੀ ਸਮਰੱਥਾ ਵਿਕਸਤ ਨਹੀਂ ਕਰ ਸਕਦਾ। ਭਾਵ ਰਾਜ ਕੋਲ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਸੰਵਿਧਾਨਕ ਚੌਖਟੇ ਦੇ ਅੰਦਰ ਕੰਮ ਕਰਨ ਵਾਲੀਆਂ ਅਤੇ ਵਧੀਆ ਸਿਖਲਾਈਯਾਫ਼ਤਾ ਪੁਲਿਸ ਅਤੇ ਸੁਰੱਖਿਆ ਤਾਕਤਾਂ ਨੂੰ ਸੰਗਠਿਤ ਕਰੇ।ਦਰਅਸਲ, ਇਸ ਤਰ੍ਹਾਂ ਦੀ ਦਲੀਲ ਰਾਜ ਦੇ ਮੂਲ ਕਾਰਜ ਨੂੰ ਤਿਲਾਂਜਲੀ ਦੇਣ ਬਰਾਬਰ ਹੈ। ਰਾਜ ਵਲੋਂ ਗ਼ਰੀਬਾਂ ਦੀ ਬੇਚੈਨੀ ਨੂੰ ਦਬਾਉਣ ਲਈ ਗ਼ਰੀਬਾਂ ਦੇ ਹੀ ਇਕ ਹਿੱਸੇ ਦੇ ਬਹੁਤ  ਹੀ ਥੋੜ੍ਹੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਬੰਦੂਕਾਂ ਦੇਣ ਦੀ ਨੀਤੀ ਅਪਣਾਈ ਜਾਂਦੀ ਹੈ। ਇਹ ਖ਼ੁਦਕੁਸ਼ੀ ਦੀਆਂ ਗੋਲੀਆਂ ਦੀ ਫ਼ਸਲ ਬੀਜਣ ਦੇ ਬਰਾਬਰ ਹੈ। ਇਸ ਨਾਲ ਸਾਡਾ ਸਮਾਜ ਫੁੱਟ ਅਤੇ ਤਬਾਹੀ ਦਾ ਸ਼ਿਕਾਰ ਹੋ ਸਕਦਾ ਹੈ। ਸਾਡੇ ਨੌਜਵਾਨ ਸਾਡਾ ਸਭ ਤੋਂ ਬਹੁਮੁੱਲਾ ਸਰਮਾਇਆ ਹਨ। ਇਕ ਬਿਹਤਰ ਭਲਕ ਲਈ ਸਾਨੂੰ ਇਨ੍ਹਾਂ ਨੂੰ ਸਹੀ ਢੰਗ ਨਾਲ ਪੜ੍ਹਾਉਣ-
ਲਿਖਾਉਣ ਦੀ ਲੋੜ ਹੈ। ਇਹ ਇਕ ਤੱਥ ਹੈ ਕਿ ਸਾਡੇ ਮੁਲਕ ਵਿਚ ਹੱਦੋਂ ਵੱਧ ਨਬਰਾਬਰੀ ਹੈ; ਇਸ ਤੋਂ ਇਲਾਵਾ, ਵਸੋਂ ਦੇ ਲਿਹਾਜ਼ ਨਾਲ ਸਾਡੀ ਵਸੋਂ 'ਚ ਨੌਜਵਾਨਾਂ ਦਾ ਅਨੁਪਾਤ ਤੇਜ਼ੀ ਨਾਲ ਵਧ ਰਿਹਾ ਹੈ। ਅਜਿਹੀ ਹਾਲਤ 'ਚ, ਇਸ ਤਰ੍ਹਾਂ ਦੀ ਨੀਤੀ ਇਕ ਕੌਮੀ ਆਫ਼ਤ ਬਣ ਸਕਦੀ ਹੈ।

21. ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਸਾਡਾ ਸੰਵਿਧਾਨ 'ਕੌਮੀ ਖ਼ੁਦਕੁਸ਼ੀ ਦਾ ਸਮਝੌਤਾ' ਨਹੀਂ ਹੈ। ਘੱਟੋਘੱਟ ਇਸ ਦੀ ਦ੍ਰਿਸ਼ਟੀ ਸਾਨੂੰ ਏਨਾ ਸਮਰੱਥ ਬਣਾਉਂਦੀ ਹੈ ਕਿ ਅਸੀਂ ਸੰਵਿਧਾਨਕ ਫ਼ੈਸਲਾ ਲੈਣ ਵਾਲਿਆਂ ਵਜੋਂ ਪੁਲਿਸ ਮਾਡਲ ਦੇ ਉਭਾਰ ਅਤੇ ਇਸਦੇ ਸੰਸਥਾਕਰਨ ਨੂੰ ਸਮਝੀਏ ਅਤੇ ਇਸਨੂੰ ਰੋਕੀਏ। ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਇਹ ਪੂਰੀ ਕੌਮ  ਨੂੰ ਆਪਣੀ ਲਪੇਟ 'ਚ ਲੈ ਸਕਦਾ ਹੈ, ਜਿਸ ਨਾਲ ਪੂਰੀ ਕੌਮ ਨੂੰ ਇਹ ਕਹਿਣਾ ਪੈ ਸਕਦਾ ਹੈਂ 'ਭਿਆਨਕ! ਭਿਆਨਕ!)

22. ਉੱਪਰ ਵਰਨਣ ਕੀਤੀਆਂ ਗੱਲਾਂ ਦੀ ਰੋਸ਼ਨੀ 'ਚ ਹੀ ਸਾਨੂੰ ਅੱਗੇ ਦਿੱਤੇ ਗਏ ਮੁੱਦਿਆਂ ਬਾਰੇ ਵਿਚਾਰ ਕਰਨਾ ਹੋਵੇਗਾ ਅਤੇ ਢੁੱਕਵਾਂ ਆਦੇਸ਼ ਦੇਣਾ ਹੋਵੇਗਾ।............

ਪੰਜਾਬੀ ਤਰਜਮਾ: ਬੂਟਾ ਸਿੰਘ, (ਫ਼ੋਨ-94634-74342)

Thursday, January 5, 2012

ਚੋਣਾਂ: ਭਾਰਤੀ ਲੋਕ-ਤੰਤਰ ਦਾ ਘਾਣਤੰਤਰ

ਅਮ੍ਰਿਤਪਾਲ ਸਿੰਘ ਸਿਆਸਤ ਦੀ ਅੱਧ-ਪਚੱਧੀ ਐਮ ਏ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ 'ਚ ਵਕੀਲੀ ਦਾ ਵਿਦਿਆਰਥੀ ਰਿਹਾ ਤੇ ਅੱਜਕਲ੍ਹ ਮਾਨਸਾ 'ਚ ਵਕੀਲੀ ਕਰ ਰਿਹਾ ਹੈ।ਪੰਜਾਬੀ ਯੂਨਵਰਸਿਟੀ ਪਟਿਆਲਾ ਦੇ ਦੌਰ 'ਚ ਮੇਰਾ ਹੋਸਟਲ ਗੁਆਂਢੀ ਹੁੰਦਾ ਸੀ ਤੇ ਉਦੋਂ ਤੋਂ ਹੁਣ ਤੱਕ ਇਕੋ ਗੱਲ ਦਾ ਫਰਕ ਹੈ ਕਿ ਉਹ ਵਿਆਹੁਤਾ ਹੈ ਤੇ ਮੇਰੀ ਤੇ ਮੱਖਣ ਨਮੋਲ ਵਰਗੇ ਛੜਿਆਂ ਦੀ ਛੜੀ ਜ਼ਿੰਦਗੀ ਅਜੇ ਵੀ ਜ਼ਿੰਦਾਬਾਦ ਹੈ।ਅੰਮ੍ਰਿਤ ਨੇ ਗੁਲਾਮ 'ਤੇ ਪਹਿਲਾ ਲੇਖ਼ ਲਿਖ਼ਿਆ,ਉਮੀਦ ਹੈ ਅੱਗੇ ਤੋਂ ਓਹਦੇ ਲੇਖ਼ ਜਾਰੀ ਰਹਿਣਗੇ-ਯਾਦਵਿੰਦਰ ਕਰਫਿਊ

'ਚੋਣਾਂ, ਜਿਸ ਰਾਹੀਂ ਸਮਾਜ ਵਿੱਚ ਰਹਿੰਦੇ ਲੋਕ ਅਪਣੇ ਲਈ ਇੱਕ ਸਾਫ ਸੁਥਰਾ ਤੇ ਲੋਕ ਹਿੱਤ ਆਗੂ ਦੀ ਚੋਣ ਕਰਦੇ ਹਨ।'ਇਹ ਸ਼ਬਦ ਅਕਸਰ ਸਾਨੂੰ ਕਿਤਾਬਾਂ ਦੇ ਵਿੱਚ ਵੇਖਣ ਲਈ ਮਿਲਦੇ ਹਨ, ਪਰ ਹਕੀਕਤ ਵਿੱਚ ਇਹ ਕਿੰਨੇ ਸਾਰਥਕ ਹਨ, ਇਹ ਦੱਸਣਾ ਕੁਝ ਮੁਸ਼ਕਲ ਨਹੀਂ ਹੋਵੇਗਾ।ਇਸ ਨੂੰ ਯਥਾਰਥ ਪੱਖ ਤੋਂ ਵੇਖਿਆ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ,'ਚੋਣਾਂ, ਸਿਆਸੀ ਪਾਰਟੀਆਂ ਦਾ ਅਖਾੜਾ ਹੈ,ਜਿਸ ਵਿੱਚ ਸਮਾਜ ਵਿਚ ਰਹਿੰਦ ਲੋਕਾਂ ਦਾ ਮੁੱਲਲਗਾਇਆ ਜਾਂਦਾ ਹੈ, ਜਿਸ ਵਿੱਚ ਹਰ ਉਹ ਹੱਥ–ਕੰਡਾ ਅਪਣਾਇਆ ਜਾਂਦਾ ਹੈ, ਜਿਸ ਨਾਲ ਉਹ ਸੱਤਾ ਦੀ ਡੋਰ ਅਪਣੇ ਹੱਥ ਵਿੱਚ ਕਰ ਸਕਣ ਤੇ ਅਪਣੀ ਮਨਮਾਨੀ ਕਰ ਸਕਣ।' ਚੋਣਾਂ ਨੂੰ ਜੇਕਰ ਅਜੋਕੇ ਸਮੇਂ ਵਿੱਚ ਵੇਖਿਆ ਜਾਵੇ ਤੇ ਇਹ ਢੁਕਵੀਂ ਪਰਿਭਾਸ਼ਾ ਹੋਵੇਗੀ, ਇਸ ਨੂੰ ਵੇਖਣ ਲਈ।ਚੋਣਾਂ ਜਿਸਨੂੰ ਭਾਰਤੀ ਸੰਵਿਧਾਨ ਅੰਦਰ ਇੱਕ ਅਧਿਕਾਰ ਵਜੋਂ ਅਤੇ ਖ਼ਾਸ ਪ੍ਰਣਾਲੀ ਵਜੋਂ ਤਰਜੀਹ ਦਿੱਤੀ ਗਈ ਹੈ,ਪਰ ਅਸਲ਼ ਕਿਤਾਬੀ ਦੁਨੀਆ ਤੋਂ ਬਾਹਰ ਆਕੇ ਇਸਦੇ ਅਰਥ ਤੇ ਕਿਰਦਾਰ ਬਿਲਕੁਲ ਅਲਗ ਫਰਕ ਜਿਹਾ ਪੈ ਜਾਂਦਾ ਹੈ।

ਅਜੋਕੇ ਸਮੇਂ ਦੀ ਚੋਣ ਵਿਵਸਥਾ ਦੀ ਗੱਲ ਕਰੀਏ ਤਾਂ ਸਾਨੂੰ ਇਸ ਵਿੱਚ ਕਿਤੇ ਵੀ ਲੋਕ ਹਿੱਤ ਦਿਖਾਈ ਨਹੀਂ ਦਿੰਦਾ। ਅੱਜ ਆਮ ਆਦਮੀ ਚੋਣਾਂ ਵਿੱਚ ਭਾਗ ਲੈਣ ਤੋਂ ਡਰਦਾ ਹੈ ਤੇ ਰਾਜਨੀਤੀ ਤੋਂ ਗੁਰੇਜ਼ ਕਰਦਾ ਹੈ,ਇਸ ਦਾ ਇਹ ਮਤਲਬ ਨਹੀਂ ਹੈ, ਕਿ ਆਮ ਆਦਮੀ ਸਿਆਸਤ ਦਾ ਚਾਹਵਾਨ ਨਹੀਂ, ਇਸ ਦਾ ਮਤਲਬ ਇਹ ਹੈ ਕਿ ਸਾਡੇ ਸਰਕਾਰੀ ਢਾਂਚੇ 'ਚੋਣ ਕਮਿਸ਼ਨ 'ਤੇ ਸਿਆਸੀ ਪਾਰਟੀਆਂ ਨੇ ਚੋਣਾਂ ਨੂੰ ਐਨਾ ਗੁੰਝਲ਼ਦਾਰ ਤੇ ਮਹਿੰਗਾ ਕਰ ਦਿੱਤਾ ਹੈ,ਕਿ ਆਮ ਆਦਮੀ ਨੂੰ ਇਸ ਤੋਂ ਕੋਹਾਂ ਦੂਰ ਕਰ ਦਿੱਤਾ ਗਿਆ ਹੈ।ਅਤੇ ਗਰੀਬ ਤੇ ਕਦੀ ਇਸ ਬਾਰੇ ਸੋਚ ਵੀ ਨਹੀਂ ਸਕਦਾ।ਇਸ ਕਰਕੇ ਚੋਣਾਂ ਨੂੰ ਅਮੀਰ ਲੋਕਾਂ ਦੀ ਖੇਡ ਕਿਹਾ ਜਾਂਦਾ ਹੈ। ਇਹ ਅਮੀਰ ਲੋਕ,ਸਾਡੇ ਸਿਆਸੀ ਆਗੂ ਜੋ ਚੋਣਾਂ ਵਿੱਚ ਸਾਊ, ਮਿੱਠ-ਬੋਲੜੇ, ਤੇ ਦਾਨੀ ਲਗਗੇ ਹਨ, ਜਿੰਨਾ ਇਹ ਚੋਣਾਂ ਦੌਰਾਨ ਖ਼ਰਚ ਕਰਦੇ ਹਨ ਤੇ ਵਿਖਾਵਾ ਕਰਦੇ ਹਨ ਅਤੇ ਚੋਣ ਕਮਿਸ਼ਨ ਜੋ ਹਰ ਵਾਰ ਚੌਣਾਂ ਉਪਰ ਕਰੌੜਾਂ ਰੁਪਏ ਖਰਚ ਕਰਦਾ ਹੈ,ਇਹ ਹੋਰ ਕਿਤੋਂ ਨਹੀ ਸਗੋਂ ਆਮ ਲੋਕਾਂ ਦੀ ਜੇਬ ਵਿੱਚੋਂ ਹੀ ਜਾਂਦੇ ਹਨ ਪਰ ਫਰਕ ਐਨਾ ਹੈ ਕਿ ਕੋਈ ਨਾ ਇਸ ਨੂੰ ਵੇਖਣਾ ਚਹੁੰਦਾ ਹੈ ਤੇ ਨਾ ਕੋਈ ਇਸਨੂੰ ਵਿਖਾਉਣਾ ਚਾਹੁੰਦਾ ਹੈ ।

ਹਰ ਵਾਰ ਕਰੋੜਾਂ ਰੁਪਏ ਚੋਣਾਂ ਦੀ ਭੇਂਟ ਚਾੜ ਦਿੱਤਾ ਜਾਂਦਾ ਹੈ,ਅਸਲ ਵਿਚ ਚੋਣਾਂ ਨਹੀਂ ਘਾਣ ਹੈ ਜੋ ਆਮ ਤੇ ਗਰੀਬ ਲੋਕਾਂ ਦਾ ਕੀਤਾ ਜਾਂਦਾ ਹੈ,ਚੋਣਾਂ ਤੋਂ ਪਹਿਲਾਂ ਵੀ ਤੇ ਬਾਦ ਵਿੱਚ ਵੀ ਅਜੋਕੇ ਸਮੇਂ ਚੋਣਾਂ ਦੀ ਗੱਲ ਕਰੀਏ ਤਾਂ ਆਮ ਤੇ ਗਰੀਬ ਆਦਮੀ ਦੀ ਮਾਨਸਿਕਤਾ ਨੂੰ ਇਹਨਾਂ ਸਿਆਸੀ ਪਾਰਟੀਆਂ ਨੇ ਗੁਲਾਮ ਕੀਤਾ ਹੋਇਆ ਹੈ, ਅਤੇ ਇਸ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਆਮ ਤੇ ਗਰੀਬ ਆਦਮੀ ਇਸ ਤੋਂ ਅਜ਼ਾਦ ਹੀ ਨਹੀਂ ਹੋਣਾ ਚਾਹੁੰਦਾ ।ਉਦਾਹਰਨ ਲਈਏ ਤਾਂ ਪੰਜਾਬ ਚੋਣਾਂ 'ਚ ਹਮੇਸ਼ਾ ਦੋ ਪਾਰਟੀਆਂ ਸੱਤਾ 'ਤੇ ਕਾਬਜ਼ ਰਹੀਆਂ ਹਨ।ਕਾਂਗਰਸ ਤੇ ਦੂਸਰੀ ਸ਼੍ਰੋਮਣੀ ਅਕਾਲੀ ਦਲ (ਬਾਦਲ)।ਇਸ ਵਾਰ ਵੀ ਪੰਜਾਬ ਦਾ ਰਲਵਾਂ ਮਿਲਵਾਂ ਲੋਕ ਹੁੰਗਾਰਾ ਇਹਨਾਂ ਦੋਵਾਂ ਪਾਰਟੀਆਂ ਨੂੰ ਮਿਲ ਰਿਹਾ ਹੈ।

ਇਹਨਾਂ ਦੋਵਾਂ ਪਾਰਟੀਆਂ ਦੇ ਅਜੋਕੇ ਕਿਰਦਾਰ ਤੇ ਨਜ਼ਰ ਮਾਰੀਏ ਤਾਂ ਦੋਵੇਂ ਹੀ ਸੱਤਾ ਉੱਪਰ ਕਾਬਜ ਰਹੀਆਂ ਹਨ ਤੇ ਦੋਵੇਂ ਵਿੱਚ ਅਮੀਰ ਪਰਿਵਾਰਵਾਦ ਛਾਇਆ ਹੋਇਆ ਹੈ।ਕਾਂਗਰਸ ਜੋ ਕੇਂਦਰ ਵਿਚ ਸੱਤਾ ਤੇ ਕਾਬਜ਼ ਹੈ ਇਸ ਦੀ ਰਹਿਨੁਮਾਈ ਹੇਠ ਪਹਿਲਾਂ ਭ੍ਰਿਸ਼ਟਾਚਾਰ ਤੇ ਫਿਰ ਮਹਿੰਗਾਈ ਤੇ ਫਿਰ ਲੋਕ ਮਾਰੂ ਨੀਤੀਆਂ,ਫਿਰ ਘੁਟਾਲੇ ਹੋਏ। ਆਮ ਤੇ ਗਰੀਬ ਦੀ ਰੋਟੀ ਨੂੰ ਦਰ ਤੋਂ ਬਦੱਤਰ ਕਰ ਦਿੱਤਾ ਗਿਆ ਅਤੇ ਮਹਿੰਗਾਈ ਦੇ ਟੀਕੇ ਅਜੇ ਵੀ ਲੋਕਾਂ ਦਿਨੋ ਦਿਨ ਲੱਗ ਰਹੇ ਨੇ, ਅਤੇ ਇਹਨਾਂ ਦੇ ਮੰਤਰੀ ਦਿਨੋ ਦਿਨ ਅਮੀਰ ਹੁੰਦੇ ਜਾ ਰਹੇ ਨੇ ।ਦੂਜੇ ਪਾਸੇ ਵੇਖਿਆ ਜਾਵੇ ਤੇ ਅਕਾਲੀ ਦਲ ਜਿਸਨੇ ਆਪਣੇ ੫ ਸਾਲ ਹੁਣ ਪੂਰੇ ਕੀਤੇ ਹਨ ਤੇ ਦੁਬਾਰਾ ਸੱਤਾ ਹਾਸਲ ਕਰਨਾ ਚਾਹੁੰਦੀ ਹੈ, ਇਸ ਦਾ ਕਿਰਦਾਰ ਵੀ ਕੇਂਦਰ ਦੀ ਕਾਂਗਰਸ ਵਾਂਗ ਹੀ ਰਿਹਾ ਹੈ, ਇਸ ਨੇ ਸਰਕਾਰੀ ਚੀਜ਼ਾਂ ਅਤੇ ਥਾਂਵਾਂ ਨੂੰ ਵੇਚਿਆ ਹੀ ਨਹੀਂ ਸਗੋਂ ਨਾਲ ਹੀ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥੇ ਚਾੜ ਦਿੱਤਾ। ਅਕਾਲੀ ਸਰਕਾਰ ਦੀ ਰਹੁਨਮਾਈ ਹੇਠ ਮਹਿੰਗਾਈ ਤੇ ਵਧੀ ਹੀ ਨਾਲ ਹੀ ਬੇਰੁਗ਼ਾਰੀ ਵੀ ਵਧੀ। ਬੇਰੁਜ਼ਗਾਰ ਨੋਜਆਣਾਂ, ਅਧਿਆਪਕਾਂ ਨੂੰ ਕੁੱਟਣਾ-ਮਾਰਨਾ ਤੇ ਅਪਣੀਆਂਕਾਰਾਂ ਹੇਠ ਦੇਣਾ, ਕਿਸਾਨਾਂ ਦੀਆਂ ਜਮੀਨਾਂ ਉਪਰ ਜ਼ਬਰੀ ਕਬਜ਼ਾ ਕਰਕੇ ਪ੍ਰਾਇਵੇਟ ਕੰਪਨੀਆਂ ਨੂ ਵੇਚਨਾ,ਸਰਕਾਰੀਆਂ ਅਦਾਰਿਆਂ ਨੂ ਪ੍ਰਾਇਵੇਟ ਕਰਨਾ, ਲੋਕ ਮਾਰੂ ਨੀਤੀਆਂ ਨੂ ਲੈਕੇ ਆਉਣਾ, ਗੁੰਡਾਗਰਦੀ ਤੇ ਝੂਠੇ ਕੇਸ, ਹੋਰ ਕਿੰਨੇ ਕੁ ਕੰੰਮ ਇਨ੍ਹਾਂ ਦੀ ਰਹੁਨਮਾਈ ਹੇਠ ਹੋਏ।ਵੇਖਿਆ ਜਾਵੇ ਤੇ ਕਾਂਗਰਸ ਤੇ ਅਕਾਲੀ ਦਲ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ, ਨਾ ਕੁਝ ਘੱਟ ਨਾ ਕੁਝ ਵੱਧ।ਪੰਜਾਬ ਦੇ ਲੋਕ ਅੱਜ ਭਾਵਂੇ ਤਰੱਕੀ ਕਰਨ ਜਾਂ ਹੋਣ ਦੇ ਦਾਵੇ ਕਰ ਰਹੇ ਹਨ, ਪਰ ਅਸਲ ਵਿਚ ਉਹ ਹਕੀਕਤ ਤੇ ਸਹੀ ਸੋਚ ਦੀ ਲੜਾਈ ਤੋਂ ਕੋਹਾਂ ਦੂਰ ਭੱਜ ਰਹੇ ਹਨ,ਜਿਸ ਦਾ ਫਾਇਦਾ ਸਿਆਸੀ ਪਰਟੀਆਂ ਚੱਕ ਰਹੀਆਂ ਹਨ।

ਹੈਰਾਨੀ ਦੀ ਗੱਲ ਇਹ ਨਹੀਂ ਕਿ ਇਹਨਾਂ ਸਿਆਸੀ ਪਾਰਟੀਆਂ ਦੇ ਕਿਰਦਾਰ ਇਹੋ ਜਿਹੇ ਨੇ, ਕਿਉਂਕਿ ਪੰਜਾਬ ਹੀ ਨਹੀਂ ਪੂਰੇ ਭਾਰਤ ਦੀਆਂ ਸਾਰੀਆਂ ਪਾਰਟੀਆਂ ਦਾ ਹੀ ਇਹੋ ਹਾਲ ਹੈ,ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਜਾਣਦੇ ਹੋਏ ਵੀ ਪੰਜਾਬ ਦੇ ਲੋਕ ਮੁੜ ਇਨ੍ਹਾਂ ਪਾਰਟੀਆਂ ਪਿਛੇ ਲਗ ਹੋਏ ਨੇ, ਇਨ੍ਹਾਂ ਦੀ ਹਕੀਕਤ ਵੇਖਕੇ ਵੀ ਸਭ ਅਣਵੇਖਿਆ ਕਰ ਰਹੇ ਨੇ ।

ਅੱਜ ਦੀ ਸੱਤਾ,ਸਿਆਸੀ ਪਾਰਟੀਆਂ ਤੇ ਚੋਣਾਂ ਇਹ ਸਭ ਆਮ ਤੇ ਗਰੀਬ ਲੋਕਾਂ ਦਾ ਕਰ ਰਹੀਆਂ ਹਨ ਤੇ ਕਰਦੀਆ ਰਹਿਣਗੀਆਂ।ਜੇਕਰ ਇਨ੍ਹਾਂ ਨੂੰ ਸਮਝਿਆ ਤੇ ਰੋਕਿਆ ਨਾ ਗਿਆ ਤਾਂ ਸ਼ਾਇਦ ਹੋ ਸਕਦਾ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਲਾਹਨਤ ਪਾਉਣ।ਹੋਰ ਕਿੰਨਾ ਕਿ ਦੇਰ ਅਸੀਂ ਕਬੂਤਰੀ ਭਾਸ਼ਾ ਪੜ੍ਹਦੇ ਰਹਾਂਗੇ। ਅੱਜ ਸਾਰੀ ਦੁਨੀਆ ਇਨਕਲਾਬੀ ਦੌਰ ਵਿਚੋਂ ਦੀ ਗੁਜ਼ਰ ਰਹੀ ਹੈ ਪਰ ਅਸੀਂ ਇਹ ਸਭ ਕੁਝ ਅਖ਼ਬਾਰ ਦੀਆਂ ਸੁਰਖੀਆਂ ਵਿੱਚ ਵੇਖਕੇ ਹੀ ਖੁਸ਼ ਹੋ ਰਹੇ ਹਾਂ।ਇਹ ਅਮੀਰਾਂ ਦੀ ਖੇਡ ਵਿੱਚ ਆਮ ਲੋਕਾਂ ਦਾ ਕੁਝ ਵੀ ਨਹੀਂ ਹੈ ਜੇ ਹੈ ਤਾਂ ਕੁਝ ਖੋਣ ਨੂੰ ਹੈ ਜੋ ਚੋਣਾਂ ਦੇ ਬਾਦ ਇਹ ਅਮੀਰ ਸਿਆਸੀ ਲੋਕ ਹੌਲੀ ਹੌਲੀ ਲੁੱਟਣਗੇ ਤੇ ਖੋਹਣਗੇ।ਭਾਵੇਂ ਕਿਤਾਬੀ ਭਾਸ਼ਾ ਵਿਚ ਕਿਹਾ ਜਾਂਦਾ ਹੈ ਕਿ ਚੋਣਾਂ ਦੁਆਰਾ ਚੁਣੀ ਸਰਕਾਰ ਲੋਕਾਂ ਵਲੋਂ, ਲੋਕਾਂ ਦੀ, ਲੋਕਾਂ ਲਈ ਹੁੰਦੀ ਹੈ, ਪਰ ਅਸਲ ਹਕੀਕਤ ਇਹ ਹੈ ਕਿ ਇਸ ਵੋਟਾਂ ਵਿਚ ਸਭ ਕੁਝ ਉਨ੍ਹਾਂ ਦਾ ਹੋ ਕੇ ਵੀ ਕੁਝ ਵੀ ਨਹੀਂ ਹੁੰਦਾ।ਜਦ ਤੱਕ ਇਹ ਸਿਸਟਮ ਆਮ ਲੋਕਾਂ ਦੇ ਹੱਥ ਵਿੱਚ ਨਹੀਂ ਆਉਂਦਾ,ਉਹਨਾਂ ਚਿਰ ਕੁਝ ਹੋਣਾ ਜਾਂ ਬਦਲਣਾਂ ਸੰਭਾਵੀ ਨਹੀਂ।ਪਰ ਇਹ ਸਭ ਲਈ ਇੱਕ ਸੋਚ ਤੇ ਦਿਸ਼ਾ ਦੀ ਲੋੜ ਹੈ, ਜੋ ਸ਼ਾਇਦ ਅਜੇ ਕਿਤੇ ਦੂਰ
ਖੜ੍ਹੀ ਹੈ।

ਅੰਮ੍ਰਿਤਪਾਲ ਸਿੰਘ ਪ੍ਰੀਤ

Thursday, November 10, 2011

ਲੋਕ ਕਲਾਕਾਰ ਜੀਤਨ ਮਾਰੰਡੀ ਨੂੰ ਸਜ਼ਾ-ਏ-ਮੌਤ ਦੀ ਸਾਜ਼ਿਸ਼

ਜਦੋਂ ਪਿੱਛੇ ਜਹੇ ਛੱਤੀਸਗੜ੍ਹ ਦੇ ਮਨੁੱਖੀ ਅਧਿਕਾਰ ਕਾਰਕੁਨ ਡਾ. ਬਿਨਾਇਕ ਸੇਨ ਨੂੰ ਰਾਏਪੁਰ ਦੀ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤਾਂ ਦੁਨੀਆ ਦੇ ਕੋਨੇ-ਕੋਨੇ ਤੋਂ ਇਸ ਦਾ ਵਿਰੋਧ ਹੋਇਆ ਸੀ। ਬਾਅਦ 'ਚ ਸਰਵਉੱਚ ਅਦਾਲਤ ਵਲੋਂ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ। ਹੁਣ 23 ਜੂਨ 2011 ਨੂੰ ਝਾਰਖੰਡ ਦੇ ਗਿਰਡੀਹ ਜ਼ਿਲ੍ਹੇ ਦੀ ਸੈਸ਼ਨ ਅਦਾਲਤ ਨੇ ਝਾਰਖੰਡ ਦੇ ਲੋਕ ਕਲਾਕਾਰ ਜੀਤਨ ਮਾਰੰਡੀ ਸਮੇਤ ਚਾਰ ਵਿਅਕਤੀਆਂ ਮਨੋਜ ਰਜਵਾਰ, ਛਤਰਪਤੀ ਮੰਡਲ ਅਤੇ ਅਨਿਲ ਰਾਮ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ।

ਇਹ ਸਜ਼ਾ 26 ਅਕਤੂਬਰ 2007 ਨੂੰ ਗਿਰਡੀਹ ਜ਼ਿਲ੍ਹੇ ਦੇ ਚਿਲਖਾਰੀ ਪਿੰਡ 'ਚ ਹੋਏ ਕਤਲ ਕਾਂਡ ਦੇ ਸਿਲਸਿਲੇ 'ਚ ਸੁਣਾਈ ਗਈ ਹੈ ਜਿਸ ਵਿਚ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਾਰੰਡੀ ਦੇ ਪੁੱਤਰ ਅਨੂਪ ਮਾਰੰਡੀ ਸਮੇਤ 19 ਵਿਅਕਤੀ ਮਾਰੇ ਗਏ ਸਨ। ਕਿਹਾ ਜਾਂਦਾ ਹੈ ਕਿ ਇਹ ਕਤਲ ਕਾਂਡ ਮਾਓਵਾਦੀਆਂ ਨੇ ਕੀਤਾ ਸੀ। ਇਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਹੋਰ ਗੱਲ ਹੈ ਪਰ ਜੇ ਇਸ ਜੁਰਮ ਹੇਠ ਨਿਰਦੋਸ਼ ਲੋਕਾਂ ਨੂੰ ਸਜ਼ਾ ਭੁਗਤਣੀ ਪਵੇ ਤਾਂ ਇਹ ਸਿਰੇ ਦੀ ਘਟੀਆ ਤੇ ਨਿੰਦਣਯੋਗ ਕਾਰਵਾਈ ਹੈ।

ਇਸ ਕਾਂਡ ਤੋਂ ਬਾਅਦ 28 ਅਕਤੂਬਰ 2007 ਨੂੰ ਬਾਬੂਲਾਲ ਮਾਰੰਡੀ ਦੇ ਭਰਾ ਨੁਨੂਲਾਲ ਮਾਰੰਡੀ ਦੇ ਅੰਗ ਰੱਖਿਅਕ ਪੂਰਨ ਕਿਸਕੂ ਨੇ ਦੇਵਰੀ ਥਾਣੇ ਵਿਚ ਰਪਟ ਦਰਜ ਕਰਾਕੇ ਕਿਸੇ ਜੀਤਨ ਮਾਰੰਡੀ ਸਮੇਤ ਦਸ ਵਿਅਕਤੀਆਂ ਨੂੰ ਇਸ ਕਾਂਡ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਸ ਵਿਚ ਕਿਸੇ ਦੋਸ਼ੀ ਦੇ ਪਿੰਡ ਜਾਂ ਬਾਪ ਦਾ ਨਾਂ ਨਹੀਂ ਦੱਸਿਆ ਗਿਆ ਸੀ। ਇਸ ਤੋਂ ਬਾਅਦ ਰਾਂਚੀ ਤੋਂ ਛਪਦੇ ''ਪ੍ਰਭਾਤ ਖ਼ਬਰ'' ਦੇ 29 ਅਕਤੂਬਰ ਅੰਕ 'ਚ ''ਹਮਲਾਵਰ ਨਕਸਲੀਆਂ ਦੀ ਸ਼ਨਾਖ਼ਤ ਹੋ ਗਈ'' ਸਿਰਲੇਖ ਹੇਠ ਖ਼ਬਰ ਛਪੀ ਸੀ ਕਿ ਉਹ ਜੀਤਨ ਮਾਰੰਡੀ ਹੀ ਕਤਲ ਕਾਂਡ ਨੂੰ ਅੰਜ਼ਾਮ ਦੇਣ ਵਾਲੇ ਦਸਤੇ ਦੀ ਅਗਵਾਈ ਕਰ ਰਿਹਾ ਸੀ ਜੋ ਪਿਛਲੇ ਦਿਨੀਂ ਸਿਆਸੀ ਕੈਦੀਆਂ ਦੀ ਰਿਹਾਈ ਲਈ ਲਈ ਰਾਂਚੀ 'ਚ ਆਯੋਜਤ ਕੀਤੀ ਰੈਲੀ 'ਚ ਸ਼ਾਮਲ ਸੀ। ਨਾਲ ਹੀ ਉਸਦੀ ਤਸਵੀਰ ਵੀ ਛਾਪੀ ਗਈ ਸੀ। ਫਿਰ ਦੂਸਰੇ ਹੀ ਦਿਨ 30 ਅਕਤੂਬਰ ਦੇ ਅੰਕ 'ਚ ਉਸ ਖ਼ਬਰ ਦੀ ਭੁੱਲ ਦੀ ਸੋਧ ਛਾਪੀ ਗਈ ਕਿ ''ਹਮਲਾਵਰ ਨਕਸਲੀਆਂ ਦੀ ਸ਼ਨਾਖ਼ਤ ਹੋ ਗਈ'' ਸਿਰਲੇਖ ਵਾਲੀ ਜਿਸ ਖ਼ਬਰ ਵਿਚ ਜੋ ਜੀਤਨ ਮਾਰੰਡੀ ਦੀ ਤਸਵੀਰ ਛਪੀ ਸੀ ਉਹ ਚਿਲਖਾਰੀ ਕਾਂਡ ਦੀ ਐੱਫ ਆਈ ਆਰ 'ਚ ਦਰਜ ਜੀਤਨ ਮਾਰੰਡੀ ਨਹੀਂ ਹੈ। ਇਹ ਤਸਵੀਰ ਉਸ ਜੀਤਨ ਮਾਰੰਡੀ ਦੀ ਹੈ ਜਿਸ ਨੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਰਾਂਚੀ 'ਚ ਆਯੋਜਤ ਰੈਲੀ 'ਚ ਤਕਰੀਰ ਕੀਤੀ ਸੀ ਅਤੇ ਉਹ ਅਕਸਰ ਹੀ ਅਜਿਹੇ ਪ੍ਰ੍ਰੋਗਰਾਮਾਂ 'ਚ ਸ਼ਾਮਲ ਹੁੰਦਾ ਹੈ। ਅਖ਼ਬਾਰ ਨੇ ਇਸ ਭੁੱਲ 'ਤੇ ਅਫਸੋਸ ਜ਼ਾਹਰ ਕੀਤਾ।

ਪ੍ਰਭਾਤ ਖ਼ਬਰ ਨੇ ਆਪਣੀ ਭੁੱਲ ਸੁਧਾਰਨ ਦੇ ਨਾਲ-ਨਾਲ ਇਹ ਵੀ ਸਪਸ਼ਟ ਕਰ ਦਿੱਤਾ ਕਿ ਜੀਤਨ ਮਾਰੰਡੀ ਨਾਂ ਦੇ ਦੋ ਵਿਅਕਤੀ ਹਨ। ਇਸ ਨਾਲ ਪੁਲਿਸ ਮਹਿਕਮੇ 'ਚ ਖਲਬਲੀ ਮੱਚ ਗਈ। ਪੁਲਿਸ ਵਲੋਂ ਦੋਸ਼ੀਆਂ ਦੀ ਸ਼ਨਾਖ਼ਤ ਕਰ ਲਏ ਜਾਣ ਦੇ ਦਾਅਵੇ 'ਤੇ ਸਵਾਲੀਆ ਚਿੰਨ ਲਗ ਗਿਆ। ਹੋਰ ਅਖ਼ਬਾਰਾਂ 'ਚ ਵੀ ਇਹ ਕੁਝ ਛਪ ਗਿਆ। ਫੇਰ ਮਾਮਲਾ ਦੱਬ ਗਿਆ।

ਅਚਾਨਕ ਪੰਜ ਮਹੀਨੇ ਬਾਅਦ 5 ਅਪ੍ਰੈਲ 2008 ਨੂੰ ਰਾਂਚੀ ਦੇ ਰਾਤੂ ਰੋਡ ਤੋਂ ਸਾਦੇ ਕੱਪੜਿਆਂ 'ਚ ਪੁਲਿਸ ਨੇ ਉਸ ਜੀਤਨ ਮਾਰੰਡੀ ਨੂੰ ਫੜ ਲਿਆ ਜਿਸਨੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਪ੍ਰੋਗਰਾਮ 'ਚ ਤਕਰੀਰ ਕੀਤੀ ਸੀ। ਭੜਕਾਊ ਤਕਰੀਰ ਕਰਨ ਅਤੇ ਸੜਕ 'ਤੇ ਜਾਮ ਲਾਉਣ ਦੇ ਦੋਸ਼ ਤਹਿਤ 1 ਅਕਤੂਬਰ 2009 ਦੇ ਇਕ ਪੁਰਾਣੇ ਮਾਮਲੇ 'ਚ ਉਸਦੀ ਗ੍ਰਿਫ਼ਤਾਰੀ ਦਿਖਾਈ ਗਈ। ਉਸਨੂੰ ਰਾਂਚੀ ਹਟਵਾਰ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿ ਇਸ ਮਾਮਲੇ 'ਚ ਉਸ ਦੀ ਜ਼ਮਾਨਤ ਹੋ ਜਾਂਦੀ, 12 ਅਪ੍ਰੈਲ ਨੂੰ ਗਿਰਡੀਹ ਪੁਲਿਸ ਨੇ ਉਸਦਾ ਚਿਲਖਾਰੀ ਕਾਂਡ 137/07 'ਚ ਰਿਮਾਂਡ ਲੈ ਲਿਆ। ਪ੍ਰਭਾਤ ਖ਼ਬਰ ਦੀ ਭੁੱਲ ਦੀ ਸੋਧ ਨੂੰ ਟਿੱਚ ਜਾਣਦੇ ਹੋਏ ਕਲਾਕਾਰ ਜੀਤਨ ਮਾਰੰਡੀ ਨੂੰ ਇਸ ਕਾਂਡ ਦਾ ਮੁਜਰਮ ਬਣਾ ਦਿੱਤਾ ਗਿਆ।

ਜੀਤਨ ਮਾਰੰਡੀ ਦੀ ਪਤਨੀ ਅਪਰਨਾ
ਮਾਰੰਡੀ ਸਮੇਤ ਝਾਰਖੰਡ ਦੇ ਵੱਖ-ਵੱਖ ਹਿੱਸਿਆਂ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਜੀਤਨ ਮਾਰੰਡੀ ਨੂੰ ਸਾਜ਼ਿਸ਼ ਤਹਿਤ ਇਸ ਮਾਮਲੇ 'ਚ ਫਸਾਇਆ ਗਿਆ ਹੈ ਅਤੇ ਉਹ ਨਿਰਦੋਸ਼ ਹੈ। ਇਹ ਦਾਅਵੇ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਹੁਤ ਪਹਿਲਾਂ ਤੋਂ ਕੀਤੇ ਜਾ ਰਹੇ ਹਨ। ਉਸਦੀ ਗ੍ਰਿਫ਼ਤਾਰੀ ਦੇ ਸਮੇਂ ਤੋਂ ਹੀ ਇਹ ਆਵਾਜ਼ ਉੱਠਦੀ ਰਹੀ ਹੈ ਕਿ ਉਸ ਨੂੰ ਇਕ ਅਧਾਰ 'ਤੇ ਇਸ ਮਾਮਲੇ 'ਚ ਫਸਾਇਆ ਗਿਆ ਕਿਉਂਕਿ ਉਸ ਦਾ ਨਾਂ ਜੀਤਨ ਨਾਂ ਦੇ ਇਕ ਨਕਸਲੀ ਨਾਲ ਮਿਲਦਾ ਜੁਲਦਾ ਹੈ। ਝਾਰਖੰਡ ਵਿਕਾਸ ਮੋਰਚਾ ਦੇ ਕੇਂਦਰੀ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਡਾ. ਸਵਾ ਅਹਿਮਦ ਨੇ ਚਿਲਖਾਰੀ ਕਾਂਡ ਦੀ ਸੀ ਆਈ ਡੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ''ਪੁਲਿਸ ਨੇ ਕਿਸੇ ਹੋਰ ਜੀਤਨ ਮਾਰੰਡੀ ਦੇ ਬਦਲੇ ਸੱਭਿਆਚਾਰਕ ਕਾਮੇ ਜੀਤਨ ਮਾਰੰਡੀ ਨੂੰ ਜੇਲ੍ਹ 'ਚ ਡੱਕ ਦਿੱਤਾ। ਆਪਣੀ ਚਮੜੀ ਬਚਾਉਣ ਲਈ ਨਿਰਦੋਸ਼ ਜੀਤਨ ਮਾਰੰਡੀ ਨੂੰ ਅੱਧੀ ਦਰਜਨ ਤੋਂ ਵੱਧ ਨਕਸਲੀ ਵਾਰਦਾਤਾਂ 'ਚ ਮੁਜਰਮ ਬਣਾ ਦਿੱਤਾ ਗਿਆ।'' ਇਹ ਸਾਰੇ ਦਾਅਵੇ ਮਹਿਜ਼ ਖੋਖਲੇ ਨਹੀਂ ਹਨ। ਨਾਟਕੀ ਢੰਗ ਨਾਲ ਕੀਤੀ ਗਈ ਉਸ ਦੀ ਗ੍ਰਿਫ਼ਤਾਰੀ ਤੋਂ ਲੈਕੇ ਪੁਲਿਸ ਡਾਇਰੀ, ਮਾਮਲੇ ਦੀ ਸੁਣਵਾਈ, ਗਵਾਹੀਆਂ ਆਦਿ ਪੂਰੇ ਸਿਲਸਿਲੇ ਵੱਲ ਗ਼ੌਰ ਕੀਤਾ ਜਾਵੇ ਤਾਂ ਬਹੁਤ ਕੁਝ ਸਪਸ਼ਟ ਹੋ ਜਾਂਦਾ ਹੈ।

ਦੇਵਰੀ ਕਾਂਡ ਨੰਬਰ 167/07 ਦੇ ਰੋਜ਼ਨਾਮਚੇ ਦੇ ਪੈਰਾ 37 'ਚ ਲਿਖਿਆ ਗਿਆ ਹੈ ਕਿ, ''ਇਸ ਕਾਂਡ 'ਚ ਦੇਵਰੀ ਥਾਣਾ ਦੇ ਪੱਤਰ ਨੰਬਰ 205/08 ਮਿਤੀ 21.2.08 ਰਾਹੀਂ ਇਕ ਰਿਪੋਰਟ ਥਾਣਾ ਮੁਖੀ ਨਿਮਿਆਘਾਟ ਜ਼ਿਲ੍ਹਾ ਗਿਰਡੀਹ ਲਈ ਤਿਆਰ ਕੀਤੀ ਗਈ, ਜਿਸ ਰਾਹੀਂ ਕਾਂਡ ਦੇ ਮੁਜਰਮ ਜੀਤਨ ਮਾਰੰਡੀ ਉਰਫ਼ ਸ਼ਿਆਮ ਲਾਲ ਕਿਸਕੂ ਵਲਦ ਕਾਟੀ ਕਿਸਕੂ ਪਿੰਡ ਥੋਸਾਫੁਲੀ, ਟੋਲਾ ਜੋਗਨੀ ਆਟਾ, ਥਾਣਾ ਨਿਮਿਆਘਾਟ ਜ਼ਿਲ੍ਹਾ ਗਿਰਡੀਹ ਦੇ ਵਿਰੁੱਧ ਕੁਰਕੀ ਕਰਨ ਲਈ ਕਿਹਾ ਗਿਆ ਅਤੇ ਨਾਲ ਹੀ ਵਾਰੰਟ ਤੇ ਕੁਰਕੀ ਨਾਲ ਲਗਾ ਦਿੱਤੀ ਗਈ।'' ਹੁਣ ਸਪਸ਼ਟ ਹੈ ਪੁਲਿਸ ਨੂੰ ਜਿਸ ਜੀਤਨ ਮਾਰੰਡੀ ਦੀ ਤਲਾਸ਼ ਸੀ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਸ ਜੀਤਨ ਮਾਰੰਡੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੇ ਬਾਪ ਦਾ ਨਾਂ ਬੁਧਨ ਮਾਰੰਡੀ ਹੈ ਅਤੇ ਪਿੰਡ ਕਰੰਦੋ (ਚਿਲਗਾ) ਥਾਣਾ ਪੀਰਟਾਂਡ ਜ਼ਿਲ੍ਹਾ ਗਿਰਡੀਹ ਹੈ।

ਉਸ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਇਕ ਨਵੀਂ ਕਹਾਣੀ ਤਿਆਰ ਕੀਤੀ ਜਾਂਦੀ ਹੈ। 25.2.08 ਨੂੰ ਤਿੰਨ ਨਵੇਂ ਗਵਾਹ ਮੋਤੀ ਰਾਮ, ਪਤੀ ਰਾਏ ਅਤੇ ਸੁਖਦੇਵ ਮਾਰੰਡੀ ਭੁਗਤਾਏ ਜਾਂਦੇ ਹਨ । ਇਹ ਪੁਲਿਸ ਸਾਹਮਣੇ ਦਿੱਤੇ ਗਏ ਬਿਆਨਾਂ 'ਚ ਦੋ ਜੀਤਨ ਮਾਰੰਡੀ ਦੇ ਨਾਂ ਲੈਂਦੇ ਹਨ, ਇਕ ਜੀਤਨ ਮਾਰੰਡੀ ਨਿਮਿਆਘਾਟ ਦਾ ਅਤੇ ਦੂਜਾ ਪੀਰਟਾਂਡ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਜੋ ਝਾਰਖੰਡ ਏ-ਵਨ (ਸੱਭਿਆਚਾਰਕ ਜਥੇਬੰਦੀ) ਚਲਾਉਂਦਾ ਹੈ। ਇਸ ਤਰ੍ਹਾਂ ਉਸ ਜੀਤਨ ਮਾਰੰਡੀ ਦਾ ਨਾਂ ਉਸ ਕਾਂਡ ਵਿਚ ਘੜੀਸ ਲਿਆਂਦਾ ਗਿਆ ਜਿਸ ਬਾਰੇ ਪ੍ਰਭਾਤ ਖ਼ਬਰ ਨੇ ਪਹਿਲਾਂ ਹੀ ਗ਼ਲਤੀ ਮੰਨ ਲਈ ਸੀ। ਹਾਲਾਂਕਿ ਪਹਿਲੇ ਗਵਾਹਾਂ ਨੇ ਸਿਰਫ਼ ਇਕ ਹੀ ਜੀਤਨ ਮਾਰੰਡੀ ਦਾ ਨਾਂ ਲਿਆ ਸੀ। ਜਿਸ ਨਾਲ ਉਸ ਦੇ ਬਾਪ ਜਾਂ ਸਰਨਾਵੇਂ ਦਾ ਕੋਈ ਜ਼ਿਕਰ ਨਹੀਂ ਸੀ। ਇਸੇ ਅਨੁਸਾਰ ਮੈਜਿਸਟ੍ਰੇਟ ਮੂਹਰੇ ਬਿਆਨ ਨੰ. 164 ਵੀ ਦਰਜ ਕੀਤਾ ਜਾ ਚੁੱਕਾ ਹੈ।

ਇਸ ਤਰ੍ਹਾਂ ਨਵੇਂ ਸਿਰਿਓਂ ਪੀਰਟਾਂਡ ਦੇ ਜੀਤਨ ਮਾਰੰਡੀ ਨੂੰ ਮੁਜਰਮਾਂ ਦੀ ਸੂਚੀ 'ਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਗਈ। ਇਸ ਤੋਂ ਬਾਅਦ 12 ਅਪ੍ਰੈਲ 08 ਨੂੰ ਗਿਰਡੀਹ ਪੁਲਿਸ ਨੇ ਉਨ੍ਹਾਂ ਨੂੰ ਫਟਾਫਟ ਹਿਰਾਸਤ 'ਚ ਲੈਕੇ 30.06.08 ਨੂੰ ਯਾਨੀ ਤੀਹ ਦਿਨਾਂ ਦੇ ਅੰਦਰ ਦੋਸ਼ਪੱਤਰ ਦਾਖ਼ਲ ਕਰਕੇ ਜ਼ਮਾਨਤ ਦੀ ਗੁੰਜਾਇਸ਼ ਹੀ ਖ਼ਤਮ ਕਰ ਦਿੱਤੀ। ਉਹ ਸਾਰੇ ਮੁਕੱਦਮੇ ਉਸ ਉੱਪਰ ਪਾ ਦਿੱਤੇ ਗਏ ਜੋ ਉਸ ਜੀਤਨ ਮਾਰੰਡੀ ਉੱਪਰ ਲੱਗੇ ਹੋਏ ਸਨ ਜਿਸਦੀ ਪੁਲਿਸ ਨੂੰ ਪਹਿਲਾਂ ਤੋਂ ਭਾਲ ਸੀ। ਇਹ ਸਾਰੇ ਮੁਕੱਦਮੇ ਝੂਠੇ ਸਾਬਤ ਹੁੰਦੇ ਹਨ। ਕਿਉਂਕਿ ਇਹ ਮੁਕੱਦਮੇ ਕਿਸੇ ਹੋਰ ਜੀਤਨ ਮਾਰੰਡੀ ਉੱਪਰ ਦਰਜ ਕੀਤੇ ਗਏ ਸਨ। ਜਿਵੇਂ ਪੀਰਟਾਂਡ ਥਾਣਾ ਵਾਰਦਾਤ ਨੰਬਰ 42/08 ਦਾ ਮੁਕੱਦਮਾ ਉਸ ਉੱਪਰ ਪਾਇਆ ਗਿਆ ਜਦਕਿ ਇਸ ਕਾਂਡ ਵਕਤ ਉਹ ਪਹਿਲਾਂ ਹੀ ਇਕ ਹੋਰ ਮਾਮਲੇ 'ਚ ਜੇਲ੍ਹ ਵਿਚ ਸੀ। ਦੂਸਰਾ ਮੁਕੱਦਮਾ ਤੀਸਰੀ ਥਾਣਾ ਵਾਰਦਾਤ ਨੰਬਰ 44/03 ਪਾਇਆ ਗਿਆ ਜਿਸ ਸਮੇਂ ਉਹ ਇਕ ਜਨਤਕ ਪ੍ਰੋਗਰਾਮ 'ਚ ਹਿੱਸਾ ਲੈਂਦੇ ਹੋਏ ਗ੍ਰਿਫ਼ਤਾਰ ਹੋਣ ਉਪਰੰਤ ਆਦਰਸ਼ ਕੇਂਦਰੀ ਜੇਲ੍ਹ ਬੇਉਰ, ਪਟਨਾ 'ਚ ਬੰਦ ਸੀ। ਇਸ ਸਾਰੇ ਕੁਝ ਦੇ ਬਾਵਜੂਦ ਸਾਰੇ ਮੁਕੱਦਮਿਆਂ 'ਚ ਐੱਸ ਪੀ ਦੀ ਨਜ਼ਰਸਾਨੀ ਦਾ ਹਵਾਲਾ ਦੇ ਕੇ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਮੁਕੱਦਮੇ 'ਚ ਫਸਾ ਦਿੱਤਾ ਗਿਆ।

ਮੁਕੱਦਮੇ ਦੌਰਾਨ ਗਵਾਹੀਆਂ ਦਾ ਅਮਲ ਹੋਰ ਵੀ ਸਾਜ਼ਿਸ਼ ਭਰਿਆ ਰਿਹਾ। ਜਿਨ੍ਹਾਂ ਤਿੰਨ ਗਵਾਹਾਂ ਰਾਹੀਂ ਦੋ ਵੱਖ-ਵੱਖ ਜੀਤਨ ਮਾਰੰਡੀ ਦੇ ਨਾਂ ਅਤੇ ਸਰਨਾਵੇਂ ਸਾਹਮਣੇ ਲਿਆਂਦੇ ਗਏ ਸਨ ਉਹ ਗਵਾਹ ਅਦਾਲਤ 'ਚ ਆਕੇ ਇੱਥੋਂ ਤੱਕ ਮੁਕਰੇ ਕਿ ਕਿਸੇ ਦਾ ਨਾਂ ਨਹੀਂ ਲਿਆ। ਕਿਉਂਕਿ ਪੁਲਿਸ ਨੇ ਇਨ੍ਹਾਂ ਗਵਾਹਾਂ ਤੋਂ ਮੈਜਿਸਟ੍ਰੇਟ ਮੂਹਰੇ ਬਿਆਨ ਨਹੀਂ ਕਰਾਇਆ ਸੀ ਇਸ ਨਾਲ ਉਨ੍ਹਾਂ ਦੇ ਮੁੱਕਰ ਜਾਣ ਦਾ ਰਾਹ ਵੀ ਖੁੱਲ੍ਹਾ ਰੱਖਿਆ ਗਿਆ। ਇਹ ਪੂਰਾ ਅਮਲ ਪੁਲਿਸ ਦੀ ਗਿਣੀਮਿੱਥੀ ਚਾਲ ਕਹੀ ਜਾ ਸਕਦੀ ਹੈ। ਅਸਲ ਵਿਚ ਇਨ੍ਹਾਂ ਗਵਾਹਾਂ ਦੀ ਜ਼ਰੂਰਤ ਤਾਂ ਬਸ ਇੰਨੀ ਸੀ ਕਿ ਇਨ੍ਹਾਂ ਜ਼ਰੀਏ ਦੋ ਜੀਤਨ ਮਾਰੰਡੀ ਦੇ ਨਾਂ ਸਾਹਮਣੇ ਲਿਆਕੇ ਪੀਰਟਾਂਡ ਦੇ ਜੀਤਨ ਮਾਰੰਡੀ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਹੁਣ ਜਦੋਂ ਸਿਰਫ਼ ਇਕ ਜੀਤਨ ਮਾਰੰਡੀ ਯਾਨੀ ਪੀਰਟਾਂਡ ਵਾਲੇ ਜੀਤਨ ਮਾਰੰਡੀ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ ਤਾਂ ਅਦਾਲਤ 'ਚ ਦੋ ਜੀਤਨ ਮਾਰੰਡੀ ਦੇ ਸ਼ਾਮਲ ਰਹਿਣ ਸਬੰਧੀ ਗਵਾਹੀਆਂ ਦਾ ਤੱਥ ਪੁਲਿਸ ਵਲੋਂ ਦਾਖ਼ਲ ਕੀਤੀ ਚਾਰਜਸ਼ੀਟ ਉੱਪਰ ਹੀ ਸਵਾਲ ਖੜ੍ਹੇ ਕਰ ਦਿੰਦਾ ਹੈ। ਮਹਿਜ਼ ਇਨ੍ਹਾਂ ਤੋਂ ਗਵਾਹੀ ਦੀ ਖ਼ਾਨਾਪੂਰਤੀ ਕਰਵਾਕੇ ਇਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।

ਹੁਣ ਬਾਕੀ ਦੇ ਉਹ ਦੋ ਗਵਾਹ ਅਹਿਮ ਹੋ ਗਏ ਜਿਨ੍ਹਾਂ ਨੂੰ ਬਿਆਨ 'ਚ ਸਿਰਫ਼ ਇਕ ਜੀਤਨ ਮਾਰੰਡੀ ਦਾ ਨਾਂ ਰਟਾਇਆ ਗਿਆ ਸੀ। ਕਿਉਂਕਿ ਇਨ੍ਹਾਂ ਗਵਾਹਾਂ ਨੇ ਨਾ ਤਾਂ ਜੀਤਨ ਮਾਰੰਡੀ ਦੇ ਬਾਪ ਦਾ ਨਾਂ ਦੱਸਿਆ ਸੀ ਅਤੇ ਨਾ ਹੀ ਉਸਦਾ ਸਰਨਾਵਾਂ ਦੱਸਿਆ ਸੀ। ਇਸ ਕਚਘਰੜ ਬਿਆਨ ਨੂੰ ਮੁਕੰਮਲ ਸਾਬਤ ਕਰਨ ਲਈ ਜ਼ਰੂਰੀ ਸੀ ਇਨ੍ਹਾਂ ਗਵਾਹਾਂ ਤੋਂ ਜੀਤਨ ਮਾਰੰਡੀ ਦੀ ਸ਼ਨਾਖ਼ਤ ਕਰਾਈ ਜਾਵੇ। ਪੁਲਿਸ ਨੇ ਗਵਾਹਾਂ ਤੋਂ ਇਹੀ ਕੁਝ ਕਰਾਇਆ। ਪਰ ਇਹ ਸ਼ਨਾਖ਼ਤ ਸ਼ਨਾਖ਼ਤੀ ਪਰੇਡ ਜ਼ਰੀਏ ਨਹੀਂ ਕਰਾਈ ਗਈ ਜਿਵੇਂ ਕਿ ਆਮ ਤੌਰ 'ਤੇ ਕੀਤਾ ਜਾਂਦਾ ਹੈ। ਬਲਕਿ ਸਰਕਾਰੀ ਗਵਾਹਾਂ ਕੋਲੋਂ ਅਦਾਲਤ ਦੇ ਕਟਹਿਰੇ ਵਿਚ ਖੜ੍ਹੇ ਜੀਤਨ ਦੀ ਪਛਾਣ ਕਰਾਈ।

ਇਸ ਸਬੰਧੀ ਜੀਤਨ ਮਾਰੰਡੀ ਵਲੋਂ ਅਦਾਲਤ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਸੂਚਿਤ ਕੀਤਾ ਗਿਆ ਹੈ ਕਿ ਅਦਾਲਤ 'ਚ ਪੇਸ਼ੀ ਤੋਂ ਪਹਿਲਾਂ ਹੀ ਗਵਾਹਾਂ ਨੂੰ ਉਨ੍ਹਾਂ ਦੀ ਸ਼ਨਾਖ਼ਤ ਕਰਵਾ ਦਿੱਤੀ ਗਈ ਸੀ ਜੋ ਬਹੁਤ ਹੀ ਅਨਿਆਂ ਭਰਿਆ ਰਵੱਈਆ ਹੈ। ਉਸ ਨੇ ਇਸ ਦਾ ਵੇਰਵਾ ਇੰਞ ਦਿੱਤਾ, ''ਜਦੋਂ 24 ਮਾਰਚ 09 ਨੂੰ ਦੇਵਰੀ ਥਾਣਾ ਕਾਂਡ ਨੰਬਰ 167/07 ਭਾਵ ਸੈਸ਼ਨ ਟਰਾਇਲ ਨੰਬਰ 170/08 ਵਿਚ ਪੇਸ਼ੀ ਲਈ ਸਾਰੇ ਨਜ਼ਰਬੰਦ ਅਦਾਲਤ 'ਚ ਲਿਆਂਦੇ ਗਏ ਸਨ, ਸਾਰੇ ਕੈਦੀ ਸੈਸ਼ਨ ਹਵਾਲਾਤ 'ਚ ਬੈਠੇ ਹੋਏ ਸਨ, ਇਸ ਦੌਰਾਨ ਗਿਰਡੀਹ ਟਾਊਨ ਥਾਣਾ ਦੇ ਮੁਖੀ ਆਏ ਅਤੇ ਉਨ੍ਹਾਂ ਨੇ ਮੈਨੂੰ ਸੱਦਕੇ ਨਾਂ ਵਗੈਰਾ ਪੁੱਛਿਆ। ਇਸ ਤੋਂ ਬਾਅਦ ਮੈਂ ਵੀ ਉਨ੍ਹਾਂ ਦੀ ਪਛਾਣ ਪੁੱਛੀ ਤਾਂ ਉਨ੍ਹਾਂ ਨੇ ਖ਼ੁਦ ਨੂੰ ਟਾਊਨ ਥਾਣਾ ਦਾ ਮੁਖੀ ਦੱਸਿਆ ਜਦਕਿ ਉਹ ਸਾਦੀ ਵਰਦੀ 'ਚ ਸਨ ਅਤੇ ਉਨ੍ਹਾਂ ਦੇ ਅਹੁਦੇ ਦੀ ਕੋਈ ਪਛਾਣ ਨਹੀਂ ਸੀ। ਕੁਝ ਦੇਰ ਬਾਅਦ ਬਾਕੀ ਬੰਦੀਆਂ ਨੂੰ ਛੱਡਕੇ ਸਿਰਫ਼ ਮੈਨੂੰ ਅਦਾਲਤ 'ਚ ਪੇਸ਼ੀ ਲਈ ਬਾਹਰ ਕੱਢਿਆ ਗਿਆ। ਇਸ ਸਬੰਧੀ ਮੈਂ ਜਦੋਂ ਸਿਪਾਹੀ ਤੋਂ ਪੁੱਛਿਆ ਤਾਂ ਉਸਨੇ ਕਿਹਾ ''ਸਵਾਲ ਨਾ ਕਰ ਤੁਰਿਆ ਚਲ''। ਜਿਉਂ ਹੀ ਮੈਨੂੰ ਸੈਸ਼ਨ ਹਵਾਲਾਤ ਤੋਂ ਬਾਹਰ ਲਿਆਂਦਾ ਗਿਆ ਉੱਥੇ ਬਾਹਰ ਖੜ੍ਹੇ ਲੋਕਾਂ ਵਿਚ ਟਾਊਨ ਥਾਣੇ ਦਾ ਮੁਖੀ ਵੀ ਸੀ। ਉਸਨੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਸਾਰੇ ਲੋਕਾਂ ਨੂੰ ਕਿਹਾ ''ਇਹੀ ਹੈ ਜੀਤਨ ਮਾਰੰਡੀ ਇਸ ਨੂੰ ਚੰਗੀ ਤਰ੍ਹਾਂ ਪਛਾਣ ਲਓ''। ਇਸ ਤੋਂ ਬਾਅਦ ਉੱਥੇ ਖੜ੍ਹੇ ਲੋਕ ਮੇਰੇ ਪਿੱਛੇ-ਪਿੱਛੇ ਮਾਨਯੋਗ ਜੱਜ ਮੁਹੰਮਦ ਕਾਸਿਮ ਅੰਸਾਰੀ ਦੀ ਅਦਾਲਤ ਤੱਕ ਆਏ। ਫਿਰ ਉੱਥੇ ਵੀ ਮੈਨੂੰ ਪੂਰੇ ਧਿਆਨ ਨਾਲ ਦਿਖਾਇਆ ਗਿਆ। ਕੋਰਟ 'ਚ ਦਸਤਖ਼ਤ ਕੀਤੇ ਬਗ਼ੈਰ ਜਦੋਂ ਅਦਾਲਤੀ ਕਾਰਿੰਦੇ ਨੇ ਮੈਨੂੰ ਵਾਪਸ ਭੇਜਣਾ ਚਾਹਿਆ ਤਾਂ ਮੈਂ ਥੋੜ੍ਹੀ ਉੱਚੀ ਆਵਾਜ਼ 'ਚ ਉਸ ਨੂੰ ਪੁੱਛਿਆ ਕਿ ਫਿਰ ਮੈਨੂੰ ਲਿਆਂਦਾ ਕਿਓਂ ਗਿਆ ਸੀ? ਇਸ 'ਤੇ ਮਾਨਯੋਗ ਜੱਜ ਸਾਹਿਬਾਨ ਦੀ ਤਾੜਨਾ ਵੀ ਮੈਨੂੰ ਸੁਨਣੀ ਪਈ। ਇਸ ਤੋਂ ਬਾਅਦ ਮੈਂ ਆਪਣੀ ਗ਼ਲਤੀ ਮੰਨਦੇ ਹੋਏ ਮਾਫ਼ੀ ਮੰਗੀ। ਓਦੋਂ ਤੱਕ ਬਾਕੀ ਨਜ਼ਰਬੰਦ ਵੀ ਅਦਾਲਤ 'ਚ ਲਿਆਂਦੇ ਗਏ। ਦਸਤਖ਼ਤ ਕਰਕੇ ਸਾਨੂੰ ਮੁੜ ਸੈਸ਼ਨ ਹਵਾਲਾਤ 'ਚ ਲਿਆਂਦਾ ਗਿਆ। ਸੈਸ਼ਨ ਹਵਾਲਾਤ ਵਾਪਸ ਆਉਣ ਤੋਂ ਬਾਅਦ ਮੇਰੇ ਨਾਲਦਿਆਂ ਨੇ ਮੈਨੂੰ ਦੱਸਿਆ ਕਿ ਉੱਥੇ ਖੜ੍ਹੇ ਉਹ ਸਾਰੇ ਬੰਦੇ ਸੈਸ਼ਨ ਟਰਾਇਲ ਨੰਬਰ 170/08 'ਚ ਬਣਾਏ ਗਵਾਹ ਸਨ। ਕਿਉਂਕਿ ਇਨ੍ਹਾਂ ਵਿਚੋਂ ਕੁਝ ਬੰਦੇ ਨਜ਼ਰਬੰਦਾਂ ਦੇ ਗੁਆਂਢੀ ਹਨ। ਇਸ ਤੋਂ ਬਾਅਦ 1 ਅਪ੍ਰੈਲ 09 ਨੂੰ ਉਸੇ ਕਾਂਡ ਦੀ ਗਵਾਹੀ ਸੀ। ਗਵਾਹੀ ਦੇਣ ਲਈ ਮੋਤੀ ਸਾਵ ਅਤੇ ਸੁਬੋਧ ਸਾਵ ਨਾਂ ਦੇ ਗਵਾਹ ਆਏ ਅਤੇ ਅਦਾਲਤ 'ਚ ਉਨ੍ਹਾਂ ਗਵਾਹਾਂ ਨੇ ਮੇਰੀ ਸ਼ਨਾਖ਼ਤ ਕੀਤੀ।''

ਜੀਤਨ ਮਾਰੰਡੀ ਵਲੋਂ ਦਿੱਤੇ ਗਏ ਵੇਰਵੇ 'ਚ ਇਸ ਲਈ ਦਮ ਹੈ ਕਿ ਅਦਾਲਤ 'ਚ ਉਸ ਦੀ ਸ਼ਨਾਖ਼ਤ ਕਰਨ ਵਾਲੇ ਸਾਰੇ ਗਵਾਹ ਵਾਰਦਾਤ ਵਾਲੀ ਥਾਂ ਤੋਂ ਜਾਂ ਜੀਤਨ ਦੇ ਪਿੰਡ ਤੋਂ ਕੋਹਾਂ ਦੂਰ ਤਿਸਰੀ ਅਤੇ ਗਾਵਾਨ ਪਿੰਡਾਂ ਦੇ ਹਨ। ਜੇ ਪਹਿਲਾਂ ਨਾ ਦੇਖਿਆ ਹੋਵੇ ਤਾਂ ਉਨ੍ਹਾਂ ਲਈ ਜੀਤਨ ਦੀ ਸ਼ਨਾਖ਼ਤ ਕਰ ਸਕਣਾ ਅਸੰਭਵ ਸੀ। ਜਿਰਹਾ ਵਿਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਜੀਤਨ ਮਾਰੰਡੀ ਨੂੰ ਕਿਵੇਂ ਸਿਆਣਦੇ ਹਨ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਜੀਤਨ ਅਕਸਰ ਉਨ੍ਹਾਂ ਦੇ ਪਿੰਡ ਵਿਚ ਦਸਤੇ ਨਾਲ ਆਉਂਦਾ ਰਹਿੰਦਾ ਸੀ। ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਸੱਚ ਸੀ ਤਾਂ ਉਨ੍ਹਾਂ ਨੇ ਇਸ ਸਬੰਧੀ ਪਹਿਲਾਂ ਕਦੇ ਪੁਲਿਸ ਨੂੰ ਸੂਚਨਾ ਕਿਓਂ ਨਾ ਦਿੱਤੀ? ਇਨ੍ਹਾਂ ਗਵਾਹਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸਾਰੇ ਬੰਦੇ ਝਾਰਖੰਡ ਵਿਕਾਸ ਮੋਰਚਾ ਦੇ ਕਾਰਕੁਨ ਹਨ ਜਿਸ ਜਥੇਬੰਦੀ ਦੇ ਆਗੂ ਖ਼ੁਦ ਬਾਬੂਲਾਲ ਮਾਰੰਡੀ ਹਨ। ਇੰਨਾ ਹੀ ਨਹੀਂ, ਇਨ੍ਹਾਂ ਵਿਚੋਂ ਕੁਝ ਉੱਪਰ ਕਈ ਜੁਰਮ ਦਰਜ ਹਨ ਅਤੇ ਕੁਝ ਕਈ ਮੁਕੱਦਮਿਆਂ 'ਚ ਗਵਾਹ ਬਣਕੇ ਭੁਗਤਦੇ ਰਹੇ ਹਨ।

ਸਵਾਲ ਪੈਦਾ ਹੁੰਦਾ ਹੈ ਕਿ ਪੁਲਿਸ ਨੇ ਚੁਣ-ਚੁਣਕੇ ਅਜਿਹੇ ਲੋਕਾਂ ਨੂੰ ਹੀ ਕਿਓਂ ਗਵਾਹ ਬਣਾਇਆ? ਕੀ ਚਿਲਖਾਰੀ ਪਿੰਡ 'ਚੋਂ ਜਾਂ ਦੇਵਰੀ ਥਾਣਾ ਖੇਤਰ ਵਿਚ ਇਕ ਵੀ ਐਸਾ ਵਿਅਕਤੀ ਨਹੀਂ ਜੋ ਕਾਂਡ ਦਾ ਚਸ਼ਮਦੀਦ ਗਵਾਹ ਹੋਵੇ? ਇੱਥੋਂ ਤੱਕ ਕਿ ਜਿਨ੍ਹਾਂ ਜ਼ਖ਼ਮੀਆਂ ਨੇ ਅਦਾਲਤ 'ਚ ਬਿਆਨ ਦਿੱਤੇ, ਕਿਸੇ ਨੇ ਕਿਸੇ ਦੋਸ਼ੀ ਦਾ ਨਾਂ ਨਹੀਂ ਲਿਆ। ਐੱਫ ਆਈ ਆਰ ਦਰਜ ਕਰਾਉਣ ਵਾਲੇ ਪੂਰਨ ਕਿਸਕੂ ਨੇ ਵੀ ਕਿਸੇ ਦੋਸ਼ੀ ਦਾ ਸ਼ਨਾਖ਼ਤ ਨਹੀਂ ਕੀਤੀ। ਅਦਾਲਤ ਨੇ ਉਨ੍ਹਾਂ ਗਵਾਹਾਂ ਦੀਆਂ ਗਵਾਹੀਆਂ ਨੂੰ ਬਿਨਾ ਕਿਸੇ ਉਜ਼ਰ ਮੰਨ ਲਿਆ ਜਿਨ੍ਹਾਂ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ।

ਇਹ ਨੁਕਤਾ ਧਿਆਨ ਦੇਣ ਵਾਲਾ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਜੀਤਨ ਮਾਰੰਡੀ ਪੁਲਿਸ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਝੂਠ ਮੁਕੱਦਮੇ 'ਚ ਫਸਾਏ ਜਾਣ ਬਾਰੇ ਵੱਖ-ਵੱਖ ਢੰਗਾਂ ਰਾਹੀਂ ਆਪਣਾ ਪੱਖ ਪੇਸ਼ ਕਰਦਾ ਰਿਹਾ ਹੈ। ਜੇਲ੍ਹ ਤੋਂ ਵੀ ਉਸਨੇ ਗਿਰਡੀਹ ਸੈਸ਼ਨ ਕੋਰਟ ਦੇ ਮੁੱਖ ਜੱਜ, ਜ਼ਿਲ੍ਹਾ ਮੈਜਿਸਟ੍ਰੇਟ, ਐੱਸ ਪੀ , ਜੇਲ੍ਹ ਆਈ ਜੀ, ਮੁੱਖ ਜੱਜ ਉੱਚ ਅਦਾਲਤ ਰਾਂਚੀ, ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨਵੀਂ ਦਿੱਲੀ ਨੂੰ ਦਰਖ਼ਾਸਤਾਂ ਭੇਜਕੇ ਨਿਆਂ ਦੀ ਮੰਗ ਕਰਦਾ ਰਿਹਾ ਹੈ। ਪਰ ਉਸਦੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਕਿਸੇ ਪੱਧਰ 'ਤੇ ਮਾਮਲੇ ਦੀ ਜਾਂਚ ਕਰਨ ਦੀ ਪਹਿਲਕਦਮੀ ਕੀਤੀ ਗਈ।

ਅਹਿਮ ਸਵਾਲ ਹੈ ਕਿ ਜੀਤਨ ਮਾਰੰਡੀ ਨੂੰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੇ ਨਿਸ਼ਾਨਾ ਕਿਓਂ ਬਣਾਇਆ? ਹੁਣ ਤੱਕ ਲੋਕ ਉਸਨੂੰ ਲੋਕ ਕਲਾਕਾਰ ਦੇ ਰੂਪ 'ਚ ਹੀ ਜਾਣਦੇ ਹਨ। ਲੋਕਾਂ ਨੇ ਉਸ ਨੂੰ ਡਫਲੀ ਦੀ ਤਾਲ 'ਤੇ ਨੱਚਦੇ ਗਾਉਂਦੇ ਦੇਖਿਆ ਹੈ। ਬੱਚੇ-ਬੱਚੀਆਂ ਦੇ ਹਜੂਮ ਨਾਲ ਪਿੰਡ ਤੋਂ ਸ਼ਹਿਰ ਤੱਕ ਕਲਾ ਦਾ ਛੱਟਾ ਦੇਣ ਵਾਲਾ ਇਹ ਕਲਾਕਾਰ, ਲੋਕਾਂ ਦੇ ਮਨ ਮੋਹ ਲੈਂਦਾ ਹੈ। ਉਸ ਦੇ ਖੋਰਠਾ, ਸੰਥਾਲੀ-ਨਾਗਪੁਰੀ ਗੀਤਾਂ ਦੀਆਂ ਕੈਸਟਾਂ ਟੋਲਿਆਂ-ਮੁਹੱਲਿਆਂ 'ਚ ਅਕਸਰ ਵੱਜਦੀਆਂ ਸੁਣੀਆਂ ਜਾ ਸਕਦੀਆਂ ਹਨ। ਇਸ ਬੰਦੇ ਨੂੰ ਕਿਓਂ ਬੰਦੂਕਧਾਰੀ ਮਾਓਵਾਦੀ ਐਲਾਨ ਕੀਤਾ ਗਿਆ?

ਦਰਅਸਲ ਉਸ ਦੀਆਂ ਪੇਸ਼ਕਾਰੀਆਂ ਅਤੇ ਉਸ ਦੇ ਯੁੱਗ ਪਲਟਾਊ ਖ਼ਿਆਲ ਹੀ ਕੁਲ ਮੁਸੀਬਤਾਂ ਦੀ ਜੜ੍ਹ ਹਨ। ਉਸ ਦੇ ਲੇਖਾਂ ਅਤੇ ਗੀਤਾਂ 'ਚ ਝਾਰਖੰਡ ਦੀ ਭੁੱਖਮਰੀ, ਬਦਹਾਲੀ, ਲੁੱਟ ਅਤੇ ਉਜਾੜੇ ਦਾ ਦਰਦ ਹੈ ਤੇ ਉਸਦੇ ਗੀਤ ਤੇ ਪੇਸ਼ਕਾਰੀਆਂ ਇਸ ਸਭ ਕਾਸੇ ਦੇ ਜ਼ਿੰਮੇਵਾਰ ਸੱਤਾ ਅਤੇ ਪ੍ਰਬੰਧ 'ਤੇ ਸਿੱਧਾ ਹਮਲਾ ਕਰਦੇ ਹਨ। ਉਸਦੇ ਗੀਤ ਲੋਕ ਟਾਕਰੇ ਦੀ ਸੱਦ ਸਾਬਤ ਹੁੰਦੇ ਹਨ। ਇਹੀ ਉਸ ਦੀ ਹਰਮਨਪਿਆਰਤਾ ਦਾ ਰਾਜ਼ ਹੈ ਅਤੇ ਇਹੀ ਸਰਕਾਰ ਦੇ ਗੁੱਸੇ ਦੀ ਵਜਾ੍ਹ ਹੈ। ਕਦੀ ਉਸਨੂੰ ਮਜ਼ਦੂਰ ਅੰਦੋਲਨ ਦੀ ਰਾਹਨੁਮਾਈ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ, ਕਦੇ ਸਰਕਾਰ ਵਿਰੋਧੀ ਜਲੂਸ ਸਮੇਂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਅਤੇ ਕਦੀ ਭੜਕਾਊ ਤਕਰੀਰਾਂ ਕਰਨ ਦਾ ਦੋਸ਼ ਲਾਇਆ ਗਿਆ। ਫਿਰ ਵੀ ਉਸ ਦੀ ਲੋਕਾਂ ਨੂੰ ਚੇਤਨ ਕਰਨ ਦੀ ਮੁਹਿੰਮ ਜਾਰੀ ਰਹੀ। ਉਜਾੜੇ ਦਾ ਮੁੱਦਾ ਹੋਵੇ ਜਾਂ ਕਾਰਪੋਰੇਟ ਘਰਾਣਿਆਂ ਦੁਆਰਾ ਲੁੱਟ ਦਾ ਵਿਰੋਧ ਹੋਵੇ, ਜੀਤਨ ਮਾਰੰਡੀ ਆਪਣੀ ਸੰਗੀਤ ਮੰਡਲੀ ਨਾਲ ਹਰ ਥਾਂ ਹਾਜ਼ਰ ਮਿਲਦੇ ਸਨ। ਸਿਆਸੀ ਕੈਦੀਆਂ ਦੀ ਰਿਹਾਈ ਲਈ ਜੱਦੋਜਹਿਦ 'ਚ ਜੀਤਨ ਮਾਰੰਡੀ ਸ਼ਾਮਲ ਸਨ। ਝਾਰਖੰਡੀ ਜਨਤਾ ਦੇ ਅੰਦੋਲਨ ਦਾ ਪ੍ਰਤੀਕ ਬਣ ਚੁੱਕੇ ਜੀਤਨ ਮਾਰੰਡੀ ਨੂੰ ਸਹਿਣ ਕਰਨਾ ਹੁਣ ਸ਼ਾਇਦ ਸੱਤਾ ਲਈ ਮੁਸ਼ਕਲ ਹੋ ਗਿਆ ਸੀ। ਵਿਰੋਧੀ ਆਵਾਜ਼ ਨੂੰ ਖ਼ਾਮੋਸ਼ ਕਰ ਦੇਣਾ ਜ਼ਰੂਰੀ ਹੋ ਗਿਆ ਸੀ। ਦੇਸੀ-ਬਦੇਸੀ ਕੰਪਨੀਆਂ ਵਲੋਂ ਜਲ-ਜੰਗਲ-ਜ਼ਮੀਨ ਅਤੇ ਖਣਿਜ ਦੌਲਤ ਦੀ ਲੁੱਟ ਦੇ ਖ਼ਿਲਾਫ਼ ਉਸਦੀ ਆਵਾਜ਼ ਟਾਕਰੇ ਦਾ ਹਥਿਆਰ ਸਾਬਤ ਹੋ ਰਹੀ ਸੀ ਇਸ ਕਾਰਨ ਇਹ ਹੋਰ ਵੀ ਜ਼ਰੂਰੀ ਹੋ ਗਿਆ ਸੀ। ਹਰ ਜਬਰ ਨਾਲ ਉਸ ਦੀ ਆਵਾਜ਼ ਨੂੰ ਹੋਰ ਵੀ ਤਾਕਤਵਰ ਬਣਦੀ ਜਾ ਰਹੀ ਸੀ। ਇਹੀ ਜੀਤਨ ਮਾਰੰਡੀ ਦੇ ਖ਼ਿਲਾਫ਼ ਸਾਜ਼ਿਸ਼ ਦਾ ਸੱਚ ਹੈ, ਇਹੀ ਮੌਜੂਦਾ ਝਾਰਖੰਡ ਦਾ ਸੱਚ ਹੈ।

ਬੂਟਾ ਸਿੰਘ

ਲੇਖ਼ਕ ਸਮਾਜਿਕ -ਸਿਆਸੀ ਕਾਰਕੁੰਨ ਹਨ।ਕਈ ਅਹਿਮ ਕਿਤਾਬਾਂ ਦਾ ਪੰਜਾਬੀ ਚ ਤਰਜ਼ਮਾ ਕਰ ਚੁੱਕੇ ਹਨ।ਪੰਜਾਬ 'ਚ ਅਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਚ 'ਐਂਟੀ ਗ੍ਰੀਨ ਹੰਟ ਫੋਰਮ' ਬਣਾਉਣ ਦੀ ਪਹਿਲਕਦਮੀ ਕਰਨ ਵਾਲਿਆਂ ਚੋਂ ਇਕ ਹਨ।