ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, September 28, 2011

ਭਾਅ ਜੀ, ਮੈਂ ਤਕੜੇ ਰਹਿਣ ਦਾ ਯਤਨ ਕਰਾਂਗੀ…

ਰਾਤੀਂ ਦੂਜੇ ਐਡੀਸ਼ਨ ਲਈ ਮੇਰੀ ਡਿਊਟੀ ਸੀ। ਰਾਤ ਦੇ ਸਾਢੇ ਗਿਆਰਾਂ ਹੋ ਰਹੇ ਸਨ, ਡਿਊਟੀ ਮੁੱਕ ਰਹੀ ਸੀ। ਸਫ਼ੇ ਬਣਾਉਂਦਿਆਂ ਤੇ ਰੂਮ ‘ਚ ਪੁੱਜਦਿਆਂ ਪੈੱਨ, ਐਨਕਾਂ ਤੇ ਹੋਰ ਨਿੱਕ-ਸੁੱਕ ਸਾਂਭਦਿਆਂ 12 ਵੱਜ ਗਏ। ਮੈਨੂੰ ਘਰ ਜਾਣ ਦੀ ਤਰਲੋਮੱਛੀ ਲੱਗੀ ਹੋਈ ਸੀ ਤੇ ਮੇਰੀ ਸੁਤਾਅ ਵਾਰ-ਘਰ ‘ਚ ਉਡੀਕ ਰਹੇ ਇਕੱਲੇ ਪੁੱਤਰ ਵੱਲ ਜਾ ਰਹੀ ਸੀ। ਨਿਊਜ਼ ਐਡੀਟਰ ਨਾਲ ਕੋਈ ਗੱਲ ਕਰਦਿਆਂ ਮੇਰੇ ਫੋਨ ਦੀ ਘੰਟੀ ਵੱਜੀ ਤੇ ਉਸ ਵੇਲੇ ਸ਼ਬਦੀਸ਼ ਦਾ ਫੋਨ ਦੇਖ ਕੇ ਮੈਨੂੰ ਹੈਰਾਨੀ ਹੋਈ। ਉਹ ਕਹਿ ਰਿਹਾ ਸੀ, ”ਦੀਦੀ, ਭਾਜੀ ਗੁਰਸ਼ਰਨ ਦੇ ਘਰੋਂ ਬੋਲ ਰਿਹਾਂ।” ”ਦੀਦੀ, ਭਾਅ ਜੀ ਚਲੇ ਗਏ…।” ਮੇਰਾ ਹੁੰਗਾਰਾ ਹੈਂਅ ਸੀ। ਫਿਰ ਫੌਰੀ ‘ਧੀ ਦੇ ਨਾਲ-ਨਾਲ ਪੱਤਰਕਾਰੀ’ ਵੀ ਜਾਗ ਪਈ ਤੇ ‘ਕਦੋਂ’, ਭਾਅ ਜੀ ਦੀ ਉਮਰ ਕਿੰਨੀ ਹੋ ਗਈ ਸੀ, ਕਿਵੇਂ ਹੋਇਆ… ਜਿਹੇ ਕਈ ਸੁਆਲ ਮੈਂ ਇੱਕੋ ਸਾਹ ਕਰ ਦਿੱਤੇ। ਨਿਊਜ਼ ਐਡੀਟਰ ਨੂੰ ਵੀ ਭਾਅ ਜੀ ਦੇ ਜਾਣ ਦਾ ਇਲਮ ਹੋ ਗਿਆ। ਉਹ ਵੀ ਫੌਰੀ ਪਹਿਲੇ ਸਫ਼ੇ ਤੋਂ ਕੋਈ ਖ਼ਬਰ ਬਦਲਣ ਦੀ ਤਿਆਰੀ ‘ਚ ਧਿਆਨ ਮਗਨ ਸਨ। ਘਰਾਂ ਨੂੰ ਜਾਣ ਦੀ ਤਿਆਰੀ ਕਰ ਰਹੇ ਅਸੀਂ ਥੱਕੇ ਅਲਸਾਏ ਜਿਹੇ ਇੱਕਦਮ ਚੌਕਸ ਹੋ ਗਏ ਸਾਂ। ਮੇਰਾ ਧਿਆਨ ਹੁਣ ਘਰੋਂ ਮੁੜ ਕੇ ਭਾਅ ਜੀ ਤੇ ਫਿਰ ਵਾਰ-ਵਾਰ ਸਰਵਮੀਤ ਤੇ ਉਹ ਦੀ ਚਰਚਿਤ ਕਹਾਣੀ ‘ਕਲਾਣ’ ਵੱਲ ਜਾ ਰਿਹਾ ਸੀ। ਖ਼ੈਰ ਖ਼ਬਰ ਵਾਲਾ ਕੰਮ ਨਿਬੇੜ ਕੇ ਮੈਂ ਨਿਊਜ਼ ਰੂਮ ‘ਚੋਂ ਬਾਹਰ ਹੁੰਦੀ ‘ਨਿੱਜੀ’ ਦੁਨੀਆਂ ਵਿੱਚ ਦਾਖ਼ਲ ਹੋਣ ਲੱਗੀ। ਦਫ਼ਤਰ ਦੇ ਵਿਹੜਿਓਂ ਬਾਹਰ ਹੁੰਦਿਆਂ ਤਕ ਮੇਰਾ ਸਰਵਮੀਤ ਨਾਲ ਸੰਵਾਦ ਸ਼ੁਰੂ ਹੋ ਜਾਂਦਾ ਹੈ। ਸਵਾ ਪੰਜ ਸਾਲ ਪਹਿਲਾਂ ਰੁਖ਼ਸਤ ਹੋ ਚੁੱਕੇ ਸਰਵਮੀਤ ਨੂੰ ‘ਹੈ’ ਤੋਂ ‘ਸੀ’ ਕਹਿਣਾ ਮੇਰੇ ਲਈ ਬਹੁਤ ਔਖਾ ਹੈ। ਮੈਨੂੰ ਜ਼ਿੰਦਗੀ ਦੀਆਂ ਸਭ ਦੁਸ਼ਵਾਰੀਆਂ, ਮਾਇਕ ਥੁੜ੍ਹਾਂ ਤੇ ਔਖਾਂ ਤੇ ਸਰਵਮੀਤ ਦੀਆਂ ਯੋਜਨਾਵਾਂ ਦੀਆਂ ਗੱਲਾਂ ਚੇਤੇ ਆਉਣ ਲੱਗ ਪੈਂਦੀਆਂ ਹਨ।

ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਨੂੰ ਮੈਂ ਬਹੁਤਾ ਨਹੀਂ ਮਿਲੀ ਸੀ। ਮੈਂ ਉਨ੍ਹਾਂ ਨੂੰ ਟੀ.ਵੀ., ਰੰਗਮੰਚ ਰਾਹੀਂ ਹੀ ਜਾਣਿਆ ਸੀ ਤੇ ਆਦਰਸ਼ਾਂ ‘ਚ ਸ਼ੁਮਾਰ ਕੀਤਾ ਸੀ। ਉਨ੍ਹਾਂ ਨੇ ਸਰਵਮੀਤ ਦੀ ਕਹਾਣੀ ‘ਚਲਾਣ’ ਨੂੰ ‘ਨਵਾਂ ਜਨਮ’ ਨਾਟਕ ਦੇ ਰੂਪ ਵਿੱਚ ਪੰਜਾਬ ਦੇ ਪਿੰਡ-ਪਿੰਡ ਤੇ ਸੱਥ-ਸੱਥ ‘ਚ ਪਹੁੰਚਾਇਆ ਸੀ। ਵਿਦੇਸ਼ਾਂ ‘ਚ ਇਸ ਨਾਟਕ ਦੇ ਪਤਾ ਨਹੀਂ ਕਿੰਨੇ ਸ਼ੋਅ ਹੋਏ? ਪਹਿਲੀ ਵਾਰ ਚੰਡੀਗੜ੍ਹ ਦੇ ਟੈਗੋਰ ਥੀਏਟਰ ‘ਚ ਭਾਅ ਜੀ ਦੀ ਟੀਮ ਵੱਲੋਂ ਖੇਡਿਆ ਇਹ ਨਾਟਕ ਦੇਖਣ ਮਗਰੋਂ ਮੈਂ ਆਪਣੇ ਸਾਲ ਕੁ ਦੇ ਪੁੱਤਰ ਅਨਹਦ ਨੂੰ ਢਾਕ ‘ਤੇ ਚੁੱਕ ਕੇ ਸਟੇਜ ‘ਤੇ ਹੀ ਭਾਅ ਜੀ ਨੂੰ ਮਿਲਣ ਤੁਰ ਪਈ ਸੀ। ਸਰਵਮੀਤ ਦੀ ਪਤਨੀ ਵਜੋਂ ਉਨ੍ਹਾਂ ਨੂੰ ਆਪਣੇ ਬਾਰੇ ਦੱਸਿਆ। ਉਨ੍ਹਾਂ ਨੇ ਬੜੇ ਖ਼ਲੂਸ ਨਾਲ ਮੇਰਾ ਸਿਰ ਪਲੋਸਿਆ ਤੇ ਫਿਰ ਅਨਹਦ ਨੂੰ ਪੁਚਕਾਰ ਕੇ ਕਹਿਣ ਲੱਗੇ, ”ਉਏ! ਇਹ ਤਾਂ ਸਾਡਾ ਸ਼ਿੱਬੂ ਏ… ਸ਼ਿੱਬੂ ਕੀ ਹਾਲ ਏ ਤੇਰਾ…” ਮੇਰੇ ਬੱਚੇ ਨੇ ਪੂਰੇ ਰੋਅਬ ਨਾਲ ਉਨ੍ਹਾਂ ਦੀ ਬਾਂਹ ਪਰ੍ਹਾਂ ਕਰਦਿਆਂ ਕਿਹਾ, ”ਮੈਂ ਤਾਂ ਐਨੀ ਆਂ…” ਬੱਚੇ ਦੀ ਗੜਕਦੀ ਆਵਾਜ਼ ਸੁਣ ਕੇ ਭਾਅ ਜੀ ਦੇ ਨੀਲੇ ਅੰਬਰ ਜਿਹੇ ਮੋਹ ਨਾਲ ਭਰੇ ਨੈਣਾਂ ‘ਚ ਹੋਰ ਮੋਹ ਉਤਰਦਾ ਮੈਨੂੰ ਨਜ਼ਰੀਂ ਪਿਆ ਸੀ। ਮੇਰੇ ਲਈ ਸਰਵਮੀਤ ਦੀ ਕਹਾਣੀ ‘ਤੇ ਆਧਾਰਤ ਨਾਟਕ ਦੇਖਣਾ, ਭਾਅ ਜੀ ਨੂੰ ਮਿਲਣਾ ਉਸ ਦੇ ਹੋਰ ਨੇੜੇ ਹੋਣ ਦਾ ਉਪਰਾਲਾ ਸੀ।

ਭਾਅ ਜੀ ਨੂੰ ਸਰਵਮੀਤ ਤੋਂ ਬੜੀਆਂ ਆਸਾਂ ਸਨ। ਕਮਾਲ ਦੀ ਭਾਸ਼ਾ ਲਿਖ ਸਕਣ ਦੇ ਸਮਰੱਥ ਤੇ ਸਿਰਜਣਸ਼ੀਲ ਸਰਵਮੀਤ ਨੂੰ ਉਨ੍ਹਾਂ ਨੇ ਵੱਡੇ ਹੁੰਦਿਆਂ, ਕਹਾਣੀਕਾਰ ਤੇ ਕਾਬਲ ਪੱਤਰਕਾਰ ਬਣਦਿਆਂ ਦੇਖਿਆ ਮਾਣਿਆ ਸੀ। ਉਨ੍ਹਾਂ ਵੱਲੋਂ ਸਥਾਪਤ ਬਲਰਾਜ ਸਾਹਨੀ ਪ੍ਰਕਾਸ਼ਨ ਨੇ ਹੀ ਸਰਵਮੀਤ ਦੀ ਕਿਤਾਬ ‘ਤਰਲੋਮੱਛੀ ਕਾਇਨਾਤ’ ਪ੍ਰਕਾਸ਼ਿਤ ਕੀਤੀ ਸੀ। ਮਿੰਨੀ ਮਹਾਂਨਗਰੀ ਚੰਡੀਗੜ੍ਹ ਆ ਕੇ ਭਾਅ ਜੀ ਦੇ ਲਾਡਲੇ ਇਸ ਜ਼ਹੀਨ ਕਹਾਣੀਕਾਰ ਪੱਤਰਕਾਰ ਦੀ ਨਾਬਰੀ ਕਿਵੇਂ ਪ੍ਰਤੱਖ ਰੂਪ ‘ਚ ਕੇਵਲ ਸ਼ਰਾਬੀ ਬੁਲਬੁਲੀ ਤੇ ਨੰਗੀਆਂ ਗਾਲ੍ਹਾਂ ਬਣ ਕੇ ਰਹਿ ਗਈ, ਇਸ ਗੱਲੋਂ ਉਹ ਨਿਰਾਸ਼ ਸਨ, ਤਾਂ ਹੀ ਤਾਂ ਸਰਵਮੀਤ ਦੇ ਭੋਗ ‘ਤੇ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੇ ਨਿਰਾਸ਼ਾ ‘ਚ ਹੱਥ ਮਾਰ ਰਹੇ ਸਨ। ਸਿਰ ਫੇਰ ਰਹੇ ਸਨ।

ਭਾਅ ਜੀ, ਨਾਲ ਅਕਸਰ ਵੱਖ-ਵੱਖ ਥਾÂੀਂ ਮੇਲ ਹੁੰਦਾ ਰਹਿੰਦਾ। ਸਮਾਂ ਅਕਸਰ ਹੀ ਮੇਰੇ ‘ਤੇ ਕਹਿਰਵਾਨ ਰਿਹਾ। ਜਦੋਂ ਕਦੇ ਅੱਕ ਜਾਂਦੀ ਤਾਂ ਜੀਅ ਕਰਦਾ ਕਿ ਭਾਅ ਜੀ ਕੋਲ ਜਾ ਕੇ ਆਪਣੀ ਵੇਦਨਾ ਦੱਸਾਂ ਕਿ ਕਿਵੇਂ ਮੇਰੇ ਭਰੋਸੇ ਨੂੰ ਠੱਗਿਆ ਗਿਆ। ਇੱਕ ਦਿਨ ਕਿਸੇ ਘਰੇਲੂ ਸਮਾਗਮ ‘ਚ ਕੁਰਸੀ ‘ਤੇ ਬੈਠੇ ਭਾਅ ਜੀ ਨੇ ਕੁਝ ਇਸ ਤਰ੍ਹਾਂ ਹਾਲ ਪੁੱਛਿਆ ਸੀ ਕਿ ਮੈਂ ਉਨ੍ਹਾਂ ਦੇ ਗੋਡਿਆਂ ‘ਤੇ ਸਿਰ ਧਰ ਕੇ ਰੋ ਪਈ ਸੀ। ਉਨ੍ਹਾਂ ਸਿਰ ‘ਤੇ ਹੱਥ ਧਰ ਕੇ ਕਿਹਾ ਸੀ, ”ਦਵੀ ਧੀਏ ਤਕੜੀ ਹੋ ਜਾ…।” ਮੈਨੂੰ ਉਦੋਂ ਹੀ ਪਤਾ ਲੱਗਿਆ ਸੀ ਕਿ ਮੇਰੀ ਹੋਣੀ ਬਾਰੇ ਉਨ੍ਹਾਂ ਨੂੰ ਸਾਰਾ ਇਲਮ ਸੀ। ਆਖ਼ਰ ਇੱਕ ਅਹਿਸਾਸਮੰਦ ਬਾਬਲ ਧੀਆਂ ਦੀ ਵੇਦਨਾ ਕਿਵੇਂ ਨਾ ਸਮਝਦਾ?

ਰਾਤੀਂ ਦੇਰ ਨਾਲ ਸਰਵਮੀਤ ਦੀ ਮਿੱਤਰ ਮੰਡਲੀ ‘ਵੱਡੀਆਂ ਗੱਡੀਆਂ’ ‘ਚ ਉਹਨੂੰ ਬੂਹੇ ਅੱਗੇ ਲਾਹ ਜਾਂਦੀ। ਕਦੇ-ਕਦੇ ਕੋਈ ਸ਼ਰਾਬੀ ਮਸ਼ਕਰੀ ਸੁਣਾਈ ਦਿੰਦੀ,”ਯਾਰ, ਸੁਣਿਐ ਮਲਵੈਣ ਬੜੀ ਡਾਢੀ ਐ-ਝੱਟ ਲੜ ਪੈਂਦੀ ਐ…।”

ਫਿਰ ਇਸੇ ਤਰਜ਼ ਦੇ ਹੋਰ ਠਹਾਕੇ ਸੁਣਨ ਨੂੰ ਮਿਲਦੇ। ਅਜਿਹੇ ਕਿਸੇ ਵੇਲੇ ਫਿਰ ਮੇਰਾ ਭਾਅ ਜੀ ਨੂੰ ਹੀ ਦੱਸਣ ਨੂੰ ਜੀਅ ਕਰਦਾ ਕਿ ਮੇਰੇ ਬਾਰੇ ਕਿਵੇਂ-ਕਿਵੇਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇੱਕ ਨੇ ਇਹ ਗੱਲਾਂ ਅਖ਼ਬਾਰ ‘ਚ ਵੀ ਲਿਖ ਦਿੱਤੀਆਂ।

ਇਸੇ ਕਰਕੇ ਇੱਕ ਵਾਰ ਮੈਂ ਤਪੀ ਹੋਈ ਨੇ ਇੱਕ ਭਰੀ ਹੋਈ ਸਭਾ ‘ਚ ਭਾਅ ਜੀ ਤੇ ਕਾਮਰੇਡ ਸੁਰਿੰਦਰ ਧੰਜਲ ਨੂੰ ਸੁਆਲ ਕੀਤਾ ਸੀ ਕਿ ਸਾਹਿਤਕ ਸਮਾਗਮਾਂ ‘ਚ ਵੀ ਸੁਖਨਵਰਾਂ ਵੱਲੋਂ ਹਰ ਗੱਲ ‘ਚ ਮਾਵਾਂ-ਭੈਣਾਂ ਕਿਉਂ ਪੁਣੀਆਂ ਜਾਂਦੀਆਂ ਹਨ? ਕਿਉਂ ਇਹ ਸਮਾਗਮ ਅੰਤ ‘ਚ ਦਾਰੂ ਦੇ ਦੌਰ ‘ਚ ਖਿੱਲਰ ਜਾਂਦੇ ਹਨ? ਉਸ ਦਿਨ ਵੀ ਭਾਅ ਜੀ ਨੇ ਤਕੜੇ ਹੋਣ ਦੀ ਤਾਕੀਦ ਕੀਤੀ ਸੀ ਤੇ ਫਿਰ ਮਗਰੋਂ ਸਿਰ ‘ਤੇ ਹੱਥ ਧਰ ਕੇ ਅਜਿਹੇ ਨਿੱਕੇ-ਮੋਟੇ ਮਾਨਸਿਕ ਤੌਰ ‘ਤੇ ਗ਼ਰੀਬ ਲੋਕਾਂ ਦੀ ਪਰਵਾਹ ਨਾ ਕਰਨ ਦੀ ਨਸੀਹਤ ਦਿੱਤੀ ਸੀ।

ਸ਼ਬਦੀਸ਼ ਦਾ ਫੋਨ ਮੈਨੂੰ 27-28 ਸਤੰਬਰ ਦੀ ਰਾਤ ਦੇ 12.03 ਵਜੇ ਆਇਆ। ਭਾਅ ਜੀ, ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਆਗਾਜ਼ ਤੋਂ ਅੱਧਾ ਘੰਟਾ ਪਹਿਲਾਂ ਤੁਰ ਗਏ। ਦਲੇਰ ਤੇ ਜ਼ਿੰਦਗੀ ਦੇ ਆਸ਼ਕ ਲੋਕਾਂ ਦੇ ਦਿਨ ਤਿੱਥ ਨਾਲੋ-ਨਾਲ ਨਿਭੇ।

ਮੈਂ ਘਰ ਪੁੱਜ ਗਈ ਹਾਂ। ਘੜੀ ਦੀਆਂ ਸੂਈਆਂ ਕਦੋਂ ਦੀਆਂ ਸਾਢੇ ਬਾਰਾਂ ਪਾਰ ਕਰ ਚੁੱਕੀਆਂ ਹਨ। ਮੇਰਾ ਬੱਚਾ ਮਾਂ ਨੂੰ ਉਡੀਕਦਾ ਸੌਂ ਗਿਆ। ਮੇਰਾ ਮਨ ਡੋਲ ਰਿਹਾ ਸੀ। ਮੈਂ ਹਨੇਰੇ ਕਮਰੇ ‘ਚ ਇਕੱਲੀ ਖੜ੍ਹੀ ਸੀ। ਇੱਕ ਵਾਰ ਫਿਰ ਤੜਫ਼ ਕੇ ਸਰਵਮੀਤ ਨੂੰ ਮੁਖ਼ਾਤਿਬ ਹੋਈ…

”ਪਾਸ਼, ਭਗਤ ਸਿੰਘ, ਚੀ ਗੁਵੇਰਾ ਤੇ ਗੁਰੂ ਗੋਬਿੰਦ ਸਿੰਘ ਜਿਹਿਆਂ ਦੀਆਂ ਗੱਲਾਂ ਦਾਰੂ ਨਾਲ ਡੱਕ ਕੇ ਨਹੀਂ ਕੀਤੀਆਂ ਜਾ ਸਕਦੀਆਂ। ਇਹ ਨਾਬਰੀ ਨਹੀਂ। ਇਹਦੇ ਲਈ ਤਾਂ ਅੰਦਰਲੀ ਖ਼ੁਮਾਰੀ ਤੇ ਸਦਾ ਜਾਗਣ ਦੀ ਲੋੜ ਹੁੰਦੀ ਹੈ। ਬਾਹਰਲੇ ਨਸ਼ਿਆਂ ਦੀ ਲੋੜ ਤਾਂ ਨਕਲੀ ਲੋਕਾਂ ਨੂੰ ਪੈਂਦੀ ਹੈ। ਸਰਵਮੀਤ ਤੂੰ ਤਾਂ ਇੰਜ ਦਾ ਨਹੀਂ ਸੀ।” ਭਾਅ ਜੀ ਮੈਂ ਤਕੜੇ ਰਹਿਣ ਦਾ ਯਤਨ ਕਰਾਂਗੀ। ਆਪਣੇ ਮੋਹ ਦੇ ਅੰਬਰਾਂ ‘ਚੋਂ ਮੇਰੇ ਸਿਰ ‘ਤੇ ਹੱਥ ਧਰੀ ਰੱਖਣਾ।

ਦਵੀ ਦਵਿੰਦਰ ਕੌਰ
ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ

Sunday, September 25, 2011

ਟੁਕੜਿਆਂ 'ਚ ਵੰਡੀ ਕਹਾਣੀ 'ਮੌਸਮ'

ਪਿਆਰ ਦੀ ਰਵਾਨਗੀ ਸਿਆਸੀ ਤ੍ਰਾਸਦੀ,ਧਾਰਮਿਕ ਖਲਾਅ ‘ਚ ਵਿਚਰਦੀ ਮਨੁੱਖਤਾ ਦੇ ਦਰਦ ਨੂੰ ਇੱਕੋ ਧਾਗੇ ‘ਚ ਪਰੋਂਦੀ ਹੋਈ ਬਿਆਨ ਕਰੇ ਤਾਂ ਅੰਦਾਜ਼ ਖੂਬਸੂਰਤ ਲੱਗਦਾ ਹੈ ਪਰ ਇਹ ਹਵਾ ‘ਚ ਲਿਖੇ ਹਰਫਾਂ ਦੀ ਤਰ੍ਹਾਂ ਹੀ ਹੈ ਜਿਨ੍ਹਾਂ ਦੀ ਸ਼ਾਹਿਦਗੀ ਹਰ ਦਿਲ ਤੱਕ ਪਹੁੰਚੇ ਤਾਂ ਅਰਥ ਸਾਰਥਕ ਹਨ।ਪਰ ਅਫਸੋਸ ਕਿ ਫ਼ਿਲਮ ‘ਮੌਸਮ’ ਪਹਿਲੇ ਦਿਨ ਦੇ ਚੰਗੇ ਵਪਾਰਕ ਅੰਕੜੇ ਜਟਾਉਣ ਦੇ ਬਾਵਜੂਦ ਇਸ ਸਾਲ ਦੀ ਯਾਦਗਾਰ ਫ਼ਿਲਮ ਨਹੀਂ ਕਹੀ ਜਾ ਸਕਦੀ।ਇਹ ਫ਼ਿਲਮ ਨਾਂ ਤਾਂ ਦਰਸ਼ਕ ਦੀ ਪਸੰਦ ਵੱਜੋਂ ਯਾਦ ਰੱਖੀ ਜਾ ਸਕਦੀ ਹੈ ਤੇ ਨਾ ਹੀ ਪੰਕਜ ਕਪੂਰ ਦੀ ਪਹਿਲੀ ਫ਼ਿਲਮ ਵੱਜੋਂ ਯਾਦ ਕੀਤੀ ਜਾ ਸਕਦੀ ਹੈ।

ਫ਼ਿਲਮ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ।ਹੈਰੀ(ਸ਼ਾਹਿਦ ਕਪੂਰ) ਇੱਕ ਸਿੱਖ ਪੰਜਾਬੀ ਮੁੰਡਾ ਹੈ ਜੋ ਆਇਤ(ਸੋਨਮ ਕਪੂਰ) ਨੂੰ ਪਿਆਰ ਕਰਦਾ ਹੈ।ਫ਼ਿਲਮ ਦੇ ਸ਼ੁਰੂਆਤ ਦੇ ਪਿੰਡ ਦ੍ਰਿਸ਼ ਚੋਂ ਹੈਰੀ ਦੇ ਇਜ਼ਹਾਰ ਨੂੰ ਸਹਿਮਤੀ ਦੇਣ ਦੇ ਅਗਲੇ ਦਿਨ ਦੇ ਵਾਅਦੇ ਨੂੰ ਕੀਤੇ ਜਾਣ ਤੋਂ ਬਾਅਦ ਬਿਨਾਂ ਮਿਲਿਆ ਹੀ ਆਇਤ ਪਿੰਡ ਤੋਂ ਚਲੇ ਜਾਂਦੀ ਹੈ।ਫਿਰ ਹੈਰੀ ਸਕਵਾਇਡਨ ਲੀਡਰ ਬਣ ਜਾਂਦਾ ਹੈ ਤੇ ਏਅਰ ਫੋਰਸ ਵੱਲੋਂ ਸਕਾਟਲੈਂਡ ਜਾਂਦਾ ਹੈ ਜਿੱਥੇ ਉਹਦੀ ਮੁਲਾਕਾਤ ਮੁੜ ਆਇਤ ਨਾਲ ਹੁੰਦੀ ਹੈ।ਇਸ ਵਾਰ ਹਲਾਤ ਕੁਝ ਇੰਝ ਬਦਲੇ ਹਨ ਕਿ ਆਇਤ ਦਾ ਫੁੱਫੜ ਮੁੰਬਈ ਬੰਬ ਧਮਾਕਿਆ ‘ਚ ਮਾਰਿਆ ਜਾਂਦਾ ਹੈ।ਆਇਤ ਇੱਥੇ ਆਪਣੇ ਚਾਚਾ,ਪਿਤਾ ਤੇ ਭੂਆ ਨਾਲ ਰਹਿ ਰਹੀ ਹੈ।ਇੱਥੇ ਵੀ ਹੈਰੀ ਦੇ ਪਿਆਰ ਨੂੰ ਹਾਮੀ ਦੇਣ ਦਾ ਵਾਅਦਾ ਅਗਲੇ ਦਿਨ ‘ਤੇ ਪਾਕੇ ਆਇਤ ਰਵਾਨਗੀ ਲੈਂਦੀ ਹੈ ਪਰ ਇਸ ਵਾਰ ਫਿਰ ਸਮੇਂ ਤੋਂ ਖੁੰਝਿਆ ਹੈਰੀ ਕਾਰਗਿਲ ਦੀ ਜੰਗ ਛਿੜਨ ‘ਤੇ ਫੌਰੀ ਭਾਰਤ ਆ ਜਾਦਾ ਹੈ ਤੇ ਆਇਤ ਤੇ ਹੈਰੀ ਦਾ ਮਿਲਾਪ ਫਿਰ ਟੱਲ ਜਾਂਦਾ ਹੈ।ਹੁਣ ਆਇਤ ਦੇ ਪਿਤਾ ਵੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ।ਆਇਤ ਹੁਣ ਆਪਣੀ ਭੂਆ ਨਾਲ ਰਹਿ ਰਹੀ ਹੈ।ਹੈਰੀ ਆਇਤ ਨੂੰ ਲੱਭਦਾ ਆਉਂਦਾ ਹੈ ਪਰ ਆਇਤ ਸਕਾਟਲੈਂਡ ਤੋਂ ਅਮਰੀਕਾ ਚਲੇ ਗਈ ਹੁੰਦੀ ਹੈ।ਹੈਰੀ ਉੱਥੇ ਵੀ ਜਾਂਦਾ ਹੈ ਪਰ ਆਇਤ ਨਾਲ ਮਿਲਾਪ ਨਹੀਂ ਹੁੰਦਾ।ਇੰਝ ਨਿੱਕੇ ਵੱਡੇ ਘਟਨਾਕ੍ਰਮ ਚੋਂ ਲੰਗਦੀ ਕਹਾਣੀ ਅਹਿਮਦਾਬਾਦ ਆਕੇ ਪੂਰੀ ਹੁੰਦੀ ਹੈ।ਇਹ ਕਹਾਣੀ ਦਾ ਸੰਖੇਪ ਹੈ ਜਿਸ ‘ਚ ਦਰਸ਼ਕ ਮਨ ‘ਚ ਅਜਿਹੀ ਨਿਰਾਸ਼ਾ ਨੂੰ ਲਈ ਫ਼ਿਲਮ ਵੇਖ ਰਿਹਾ ਹੈ ਕਿ ਇੱਕ ਚੰਗੀ ਕਹਾਣੀ ਕਿਵੇਂ ਆਪਣੇ ਆਪ ਨੂੰ ਖੜ੍ਹਾ ਨਹੀਂ ਰੱਖ ਪਾਉਂਦੀ।

ਪੰਕਜ ਕਪੂਰ ਦੇ ਨਿਰਦੇਸ਼ਨ ਦੀ ਪਲੇਠੀ ਫ਼ਿਲਮ ‘ਮੌਸਮ’ ਚੰਗੀ ਹੁੰਦਿਆ ਹੋਇਆ ਵੀ ਤਮਾਮ ਉਣਤਾਈਆਂ ਦੀ ਸ਼ਿਕਾਰ ਬਣ ਗਈ।ਇੰਝ ਲੱਗਦਾ ਹੈ ਕਿ ਜਿੱਥੇ ਜਿੱਥੇ ਨਿਰਦੇਸ਼ਕ ਪੰਕਜ ਕਪੂਰ ਫ਼ਿਲਮ ‘ਚ ਆਪਣਾ ਤੁਜਰਬਾ ਸਾਂਝਾ ਕਰਦਾ ਹੈ ਉੱਥੇ ਤਾਂ ਫ਼ਿਲਮ ਆਪਣਾ ਪ੍ਰਭਾਵ ਪਾਉਂਦੀ ਹੈ ਪਰ ਜਿੱਥੇ ਪੰਕਜ ਕਪੂਰ ਵਪਾਰਕ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਮਸਾਲਾ ਦੀ ਚੱਟਣੀ ਘੋਲਦਾ ਹੈ ਉੱਥੇ ਹੀ ਫ਼ਿਲਮ ਆਪਣਾ ਪ੍ਰਭਾਵ ਗਵਾ ਦਿੰਦੀ ਹੈ।ਇੰਝ ਫ਼ਿਲਮ ਨਾ ਮੁੱਦੇ ਦੀ ਗੱਲ ਸਾਫ ਤੌਰ ‘ਤੇ ਕਰਦੀ ਹੈ ਤੇ ਨਾ ਹੀ ਮਸਾਲਾ ਫ਼ਿਲਮ ਦੇ ਰੂਪ ‘ਚ ਦਰਸ਼ਕਾਂ ਦਾ ਮਨੋਰੰਜਨ ਸਾਫ ਤੌਰ ‘ਤੇ ਕਰ ਪਾਉਂਦੀ ਹੈ।ਮੌਸਮ ਪ੍ਰਤੀਕਾਤਮਕ ਤੌਰ ‘ਤੇ ਮੌਸਮ ਦੀ ਵੱਖ ਵੱਖ ਵੰਨਗੀ ‘ਚ ਕਿਰਦਾਰਾਂ ਦੇ ਵਿਚਰਣ ਦੀ ਕਹਾਣੀ ਹੈ।ਇਹ ਉਹ ਕਿਰਦਾਰ ਹਨ ਜੋ ਸਮਾਜ ਦੇ ਉਹਨਾਂ ਘੱਟ ਤਬਕਿਆਂ ਦੇ ਪ੍ਰਤੀਕਾਤਮਕ ਰੂਪ ਹਨ ਜੋ ਆਪਣੀ ਹਿਜਰਤ ਨੂੰ ਸੰਸਾਰ ਭਰ ‘ਚ ਜਾਰੀ ਰੱਖੇ ਹੋਏ ਹਨ ਪਰ ਉਹਨਾਂ ਦੀ ਮੰਜ਼ਿਲ ਹਮੇਸ਼ਾ ਅੱਧੀ ਹੈ।ਸ਼ਾਹਿਦ ਕਪੂਰ ਇੱਕ ਪੰਜਾਬੀ ਮੁੰਡਾ ਹਰਿੰਦਰ ਸਿੰਘ ਹੈ ਜੋ ਸਕਵਾਇਡਨ ਲੀਡਰ ਹੈ ਤੇ ਸਾਬਤ ਕਰਦਾ ਹੈ ਕਿ ਉਹ ਦੇਸ਼ ਲਈ ਕੁਰਬਾਨ ਹੋਣ ਵਾਲਾ ਪੰਜਾਬੀ ਸਿੱਖ ਹੈ।ਪਰ ਉਸ ਦੀ ਹਿਜਰਤ ਹਮੇਸ਼ਾ ਚੱਲਦੀ ਹੈ ਤਲਾਸ਼ ਨੂੰ ਲੈਕੇ,ਭਟਕਣ ਨੂੰ ਲੈਕੇ,ਪਿਆਸ ਨੂੰ ਲੈਕੇ,ਪਿਆਰ ਨੂੰ ਲੈਕੇ।


ਫ਼ਿਲਮ ਦੇ ਇਹ ਕਿਰਦਾਰ 1984 ਦੇ ਕਾਲੇ ਦਿਨਾਂ ਦੇ ਪੰਜਾਬ ਦਾ ਪ੍ਰਭਾਵ ਦੇ ਇਸ਼ਾਰੇ ਨੂੰ ਲਈ(ਫ਼ਿਲਮ ਦਾ ਸੰਵਾਦ-ਪਹਿਲਾਂ ਚੌਰਾਸੀ ਤੇ ਹੁਣ ਇਹ ਅਯੁੱਧਿਆ),ਕਸ਼ਮੀਰ ਪੰਡਿਤਾ ਦੇ ਬੇਚਾਰਗੀ,6 ਦਸੰਬਰ
1992 ਦੀ ਬਾਬਰੀ ਮਸੀਤ ਤੇ 1993 ਦੇ ਮੁੰਬਈ ਬੰਬ ਧਮਾਕਿਆ ਦੇ ਗਵਾਹ ਹਨ।ਇਹਨਾਂ ਕਿਰਦਾਰਾਂ ਨੇ 1999 ਦੀ ਕਾਰਗਿਲ ਜੰਗ ਨੂੰ ਵੀ ਭੋਗਿਆ ਹੈ ਤੇ 11 ਸਤੰਬਰ 2001 ਦੇ ਵਰਲਡ ਟਰੇਡ ਸੈਂਟਰ ਦੇ ਤਹਿਸ ਨਹਿਸ ਦਾ ਸੰਤਾਪ ਵੀ ਇਹ ਭੁਗਤ ਰਹੇ ਹਨ।ਇਹਨਾਂ ਦੀ ਹਿਜਰਤ ਇੱਥੇ ਹੀ ਨਹੀਂ ਮੁੱਕਦੀ ਇਹ 2002 ਦੇ ਗੁਜਰਾਤ ‘ਚ ਵੀ ਆਪਣੀ ਜ਼ਿੰਦਗੀ ਦੇ ਸਫਿਆਂ ਨੂੰ ਭਿਆਨਕ ਦੈਂਤ ਤੋਂ ਬਚਾ ਨਹੀਂ ਸਕਦੇ।ਸਿੱਖ ਅੱਜ ਵੀ ਇਨਸਾਫ ਲਈ ਸੰਘਰਸ਼ ਕਰ ਰਹੇ ਹਨ ਤੇ ਮੁਸਲਮਾਨਾਂ ਨੂੰ ਭਾਰਤ ਦੇਸ਼ ਪ੍ਰਤੀ ਆਪਣੀ ਸ਼ਰਧਾ ਦਾ ਸਬੂਤ ਦੇਣਾ ਪੈਂਦਾ ਹੈ।ਸੋਨਮ ਕਪੂਰ ਦਾ ਕਿਰਦਾਰ(ਆਇਤ) ਉਹਨਾਂ ਮੁਸਲਮਾਨਾਂ ਦੀ ਹਿਜਰਤ ਦਾ ਪ੍ਰਤੀਕ ਹੈ।ਇੱਕ ਪਾਸੇ ਪੰਜਾਬੀ ਤੇ ਇੱਕ ਪਾਸੇ ਮੁਸਲਮਾਨ ਆਪੋ ਆਪਣੇ ਮੌਸਮ ਨੂੰ ਬਿਆਨ ਕਰਦੇ ਹਨ।ਦੋਵੇਂ ਕਿਰਦਾਰ(ਸ਼ਾਹਿਦ ਤੇ ਸੋਨਮ) ਇੱਕ ਦੂਜੇ ਨਾਲ ਸੰਵਾਦ ਕਰਦੇ ਹਨ ਕਿ ਪੰਜਾਬ ‘ਚ ਕੀ ਸੀ ਤੇ ਇਹ ਗੁਜਰਾਤ ‘ਚ ਕੀ ਹੈ।ਹੱਲ ਪਹੁੰਚਦਾ ਹੈ ਕਿ ਦੋਵੇਂ ਸਮਿਆਂ ‘ਚ ਉਹ ਭਿਆਨਕ ਪਰਛਾਵੇਂ ਸਨ।ਹੱਲ ਮਿਲਦਾ ਹੈ ਕਿ ਥੌੜ੍ਹਾ ਤੂੰ (ਮੁਸਲਮਾਨ) ਗਵਾਇਆ ਹੈ ਥੌੜ੍ਹਾ ਮੈਂ (ਸਿੱਖ) ਗਵਾਇਆ ਹੈ ਤੇ ਚਲੋ ਮਿਲਕੇ ਨਵੀਂ ਦੁਨੀਆ ਵਸਾਈਏ।(ਆਖਰ ਘੱਟ ਗਿਣਤੀਆਂ ਨੂੰ ਇੱਕ ਹੋਣ ‘ਚ ਹੀ ਹੱਲ ਮਿਲ ਸਕਦਾ ਹੈ,ਨਹੀਂ ਤਾਂ ਇਨਸਾਫ ਦੀਆਂ ਤਖਤੀਆਂ ‘ਤੇ ਕਿਹੜੀਆਂ ਇਬਰਾਤਾਂ ਗੁਹਾਰ ਲਗਾ ਰਹੀਆਂ ਹਨ ਇਹ ਕਿਸੇ ਤੋਂ ਲੁਕਿਆ ਨਹੀਂ।ਪਰ ਇਹ ਘਟਨਾਕ੍ਰਮ ਸੰਵਾਦ ਨਹੀਂ ਰਚਾਉਂਦੇ ਬੱਸ ਇੱਕ ਰੈਪਿਡ ਫਾਇਰ ਰਾਉਂਡ ਹੀ ਖੇਡਦੇ ਹਨ।

ਕਹਾਣੀ ਪੰਜਾਬ ਦੇ ਇੱਕ ਪਿੰਡ ਤੋਂ ਸ਼ੁਰੂ ਹੁੰਦੀ ਹੈ।ਇਸ ਪਿੰਡ ਦਾ ਦ੍ਰਿਸ਼ ਪੰਜਾਬ ਦੀ ਖੂਬਸੂਰਤੀ ਨੂੰ ਬਹੁਤ ਚੰਗੀ ਤਰ੍ਹਾਂ ਬਿਆਨ ਕਰਦਾ ਹੈ।ਮੈਂ ਮਹਿਸੂਸ ਕਰਦਾ ਹਾਂ ਕਿ ਫ਼ਿਲਮ ‘ਵੀਰਜ਼ਾਰਾ,ਲਵ ਆਜ ਕੱਲ੍ਹ,ਹੀਰੋਜ਼,ਲੰਡਨ ਡ੍ਰੀਮਜ਼,ਤਨੂ ਵੇਡਸ ਮੰਨੂ,ਬਾਡੀਗਾਰਡ,ਪਾਰਟੀਸ਼ਨ,ਮੌਸਮ ਦੇ ਨਾਲ ਪੰਜਾਬ ‘ਚ ਸ਼ੂਟਿੰਗ ਲਈ ਵਧੀਆ ਲੋਕੇਸ਼ਨ ਮੁਹੱਈਆ ਹੋ ਰਹੀਆਂ ਹੈ ਤਾਂ ਪੰਜਾਬ ਦੇ ਸੈਰ ਸਪਾਟੇ ਰਾਹੀ ਆਮਦਨੀ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ ਤੇ ਇਸ ਸਬੰਧੀ ਹੋਰ ਵੀ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ।ਮੈਂ ਇਹ ਮੰਨਦਾ ਤਾਂ ਹਾਂ ਕਿ ਸਿਨੇਮਾ ਸਮਾਜ ਦਾ ਅਕਸ ਹੁੰਦਾ ਹੈ ਤੇ ਇਸੇ ਚੀਜ਼ ਨੂੰ ਮੌਸਮ ਨੇ ਪੁਖਤਾ ਹੀ ਕੀਤਾ ਹੈ।ਪੰਜਾਬੀ ਲੋਕਾਂ ਦੀ ਉਹ ਪ੍ਰਹਾਉਣਾਚਾਰੀ ਜੋ ਦਿਨ ਤਿਉਹਾਰ ਨੂੰ ਪੈਲੇਸ ‘ਚ ਮਨਾਉਣ ਤੋਂ ਬਾਅਦ ਲੱਗਭਗ ਅਲੋਪ ਹੀ ਹੋ ਗਈ ਹੈ ਨੂੰ ਮੁੜ ਵੇਖਣਾ ਖੁਸ਼ੀ ਦੇ ਰਿਹਾ ਸੀ।ਫ਼ਿਲਮ ਦਾ ਨਾਇਕ ਹੈਰੀ ਆਪਣੀ ਭੈਣ ਦੇ ਵਿਆਹ ‘ਤੇ ਬਿਸਤਰੇ ਇੱਕਠੇ ਕਰ ਰਿਹਾ ਹੈ।ਟਰੈਕਟਰ ‘ਤੇ ਪ੍ਰਹਾਉਣਿਆਂ ਨੂੰ ਲਿਆਂਦਾ ਜਾ ਰਿਹਾ ਹੈ।ਸਭ ਤੋਂ ਖਾਸ ਗੱਲ ਪੰਜਾਬ ‘ਚ ਡੇਰੇ ਵੀ ਘਰਾਂ ਦਾ ਅਨਖਿੜਵਾਂ ਅੰਗ ਬਣ ਗਏ ਹਨ ਇਸ ਦੀ ਸ਼ਾਹਿਦਗੀ ਭਰਦੀ ‘ਰਾਧਾ ਸੁਆਮੀ’ ਦੀ ਕੰਧ ‘ਤੇ ਲੱਗੀ ਫੋਟੋ ਵੀ ਹੈ।ਕੁਝ ਚੀਜ਼ਾਂ ਫਿਲਮ ‘ਚ ਬਹੁਤ ਹੀ ਮੁਸਕਰਾਹਟੀ ਅੰਦਾਜ਼ ‘ਚ ਪੇਸ਼ ਹੋਈਆਂ ਹਨ।ਉਹ ਸਾਈਕਲ,ਹਲਵਾਈ ਦੀ ਦੁਕਾਨ,ਰਜੋ ਦਾ ਪਿਆਰ,ਟਾਂਗੇ ਵਾਲਾ ਦਾ ਤਰੱਕੀ ਕਰਨਾ ਤੇ ਵਰਤਮਾਨ ਤੱਕ ਪਹੁੰਚਦਿਆਂ ਹੋਇਆ ਹੁਣ ਆਟੋਮੋਬਾਈਲ ਦੇ ਯੁੱਗ ‘ਚ ਟੈਂਪੂ ਨੂੰ ਆਪਣੇ ਰਿਜਕ ਦਾ ਹਿੱਸਾ ਬਣਾਉਣਾ ਸਮੇਂ ਦੀ ਚਲਾਇਮਾਨ ਦ੍ਰਿਸ਼ਟੀ ਨੂੰ ਬਾਖੂਬੀ ਬਿਆਨ ਕਰਦਾ ਹੈ।ਪਰ ਹੈਰਾਨੀ ਇਸ ਗੱਲ ਤੋਂ ਹੁੰਦੀ ਹੈ ਕਿ ਪਰਭਾਤ ਵੇਲੇ ਨੂੰ ਪੇਸ਼ ਕਰਨ ਵੇਲੇ ਗੁਰਬਾਣੀ ਦਾ ਸੁਨਣਾ ਜਾਇਜ਼ ਹੈ ਤੇ ਖੋਪੀਏ ਵੇਲੇ ਗੁਰਬਾਣੀ ਦਾ ਕੰਨਾ ‘ਚ ਪੈਣਾ ਪੰਜਾਬ ਦੀ ਉਸ ਮਿਸਾਲ ਨੂੰ ਜ਼ਿੰਦਾ ਕਰਦਾ ਹੈ ਜਿਸ ਨੂੰ ਪ੍ਰੋ: ਪੂਰਨ ਸਿੰਘ ‘ਪੰਜਾਬ ਜਿਉਂਦਾ ਗੁਰਾਂ ਦੇ ਨਾਮ ‘ਤੇ’ ਕਹਿੰਦਾ ਹੈ।ਪਰ ਇਸ ਤੋਂ ਇਲਾਵਾ ਵੀ ਕੁਝ ਦ੍ਰਿਸ਼ਾ ‘ਚ ਗੁਰਬਾਣੀ ਦਾ ਕਿਸੇ ਸਮੇਂ ਪ੍ਰਭਾਵ ਤੋਂ ਬਿਨਾਂ ਪੇਸ਼ ਕਰਨਾ ਸਮਝ ਨਹੀਂ ਆਉਂਦਾ।ਕੀ ਇਹ ਹੋ ਸਕਦਾ ਹੈ ਕਿ ਮੈਂ ਚਿਤੇ ਪ੍ਹੈਰ ਗੁਰਬਾਣੀ ਸਿਮਰਨਾ ਕਰਦਾ ਹੋਇਆ ਕੋਈ ਪਿੰਡ ਪਹਿਲੀ ਵਾਰ ਵੇਖਿਆ ਹੋਵੇ।

ਪਰ ਪੂਰੀ ਫ਼ਿਲਮ ਨੂੰ ਗਹੁ ਨਾਲ ਵੇਖੀਏ ਤਾਂ ਦਰਸ਼ਕਾਂ ਨੂੰ ਸਭ ਤੋਂ ਵਧੀਆ ਅਹਿਸਾਸ ਹੀ ਫ਼ਿਲਮ ਦਾ ਇਹੋ ਹਿੱਸਾ ਹੀ ਦਿੰਦਾ ਹੈ।ਇਸ ਦਾ ਇਹ ਵੀ ਕਾਰਨ ਹੈ ਕਿ ਪੰਜਾਬ ਛੋਹ ਦਾ ਕੋਈ ਵੀ ਦ੍ਰਿਸ਼ ਕਿਸੇ ਵੀ ਫ਼ਿਲਮ ‘ਚ ਹੋਵੇ ਉਹ ਫ਼ਿਲਮ ਦਾ ਸਭ ਤੋਂ ਮਜ਼ਬੂਤ ਹਿੱਸਾ ਹੁੰਦਾ ਹੈ।ਇਹ ਭਾਵਨਾਤਮਕ ਤੌਰ ‘ਤੇ ਦਰਸ਼ਕਾਂ ਨੂੰ ਪੰਜਾਬੀਆਂ ਦੀ ਜ਼ਿੰਦਾਦਿਲੀ ਦਾ ਅਹਿਸਾਸ ਕਰਾਉਂਦਾ ਹੈ।ਜੋ ਦਰਸ਼ਕਾਂ ਨੂੰ ਕੰਮਕਾਰ ਦੇ ਮਾਨਸਿਕ ਤਨਾਓ ਤੋਂ ਥੌੜ੍ਹਾ ਅਰਾਮ ਦਵਾਉਂਦਾ ਹੈ।ਇਸ ‘ਚ ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬਾਲੀਵੁੱਡ ਫ਼ਿਲਮਾਂ ਤਾਂ ਸਫਲਤਾ ਮੰਤਰ ਹੀ ਬਣ ਚੁੱਕਾ ਹੈ।ਕਿਉਂ ਕਿ ਵਿਦੇਸ਼ਾਂ ‘ਚ ਇਹਨਾਂ ਫਿਲਮਾਂ ਦੇ ਦਰਸ਼ਕ ਪੰਜਾਬੀ ਜਾਂ ਗੁਜਰਾਤੀ ਸਭ ਤੋਂ ਵੱਧ ਹਨ।ਐੱਨ.ਆਰ.ਆਈ ਖਿੱਚ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।ਇਸ ਦੇ ਲਈ ਪੰਜਾਬੀ ਸਰਜ਼ਮੀਨ ‘ਤੇ ਕਥਾ ਨੂੰ ਘੜਿਆ ਜਾਂਦਾ ਹੈ ਤੇ ਜੇ ਕੋਈ ਫਿਲਮ ਪੰਜਾਬੀ ਕਥਾਨਕ ‘ਤੇ ਨਾ ਵੀ ਹੋਵੇ ਤਾਂ ਉਸ ‘ਚ ਪੰਜਾਬੀ ਗੀਤ ਨੂੰ ਜ਼ਰੂਰ ਬਤੌਰ ਆਈਟਮ ਪੇਸ਼ ਕੀਤਾ ਜਾਂਦਾ ਹੈ।

ਪੰਕਜ ਕਪੂਰ ਫ਼ਿਲਮ ਨਿਰਮਾਣ ਦੌਰਾਨ ਮੁੱਦਿਆ ਨੂੰ ਵਿਖਾਉਂਦਾ ਹੋਇਆ ਵੀ ਉਹਨਾਂ ਮੁੱਦਿਆ ਨੂੰ ਬਿਆਨ ਕਰਨ ਤੋਂ ਖੁੰਝ ਜਾਂਦਾ ਹੈ।ਇਸ ਸਾਰੇ ਦਾ ਅਸਰ ਇਹ ਪਿਆ ਹੈ ਕਿ ਫ਼ਿਲਮ ਨਾ ਤਾਂ ਪੂਰੀ ਤਰ੍ਹਾਂ ਪ੍ਰੇਮ ਕਹਾਣੀ ਬਣ ਸਕੀ ਤੇ ਨਾ ਹੀ ਪੂਰੀ ਤਰ੍ਹਾਂ ਕਿਸੇ ਮੁੱਦੇ ‘ਤੇ ਗੱਲ ਕਰਦੀ ਵਿਚਾਰਾਤਮਕ ਫ਼ਿਲਮ ਬਣੀ।ਫ਼ਿਲਮ ਦੀ ਕਹਾਣੀ ਪੰਜਾਬ ਤੋਂ ਸ਼ੁਰੂ ਹੋਕੇ ਸਕਾਟਲੈਂਡ,ਕਸ਼ਮੀਰ,ਅਮਰੀਕਾ,ਸਿਵਜ਼ਰਲੈਂਡ ਤੇ ਅਹਿਮਦਾਬਾਦ ‘ਚ ਘੁੰਮਦੀ ਹੈ।ਪਰ ਜੇ ਇਸ ਫ਼ਿਲਮ ਦੀ ਕਹਾਣੀ ਪੰਜਾਬ ਦੇ 1984 ਤੋਂ ਗੁਜਰਾਤ ਦੇ 2002 ਦੇ ਸਮੇਂ ‘ਚ ਵਿਚਰਦੀ ਮੁੱਖ ਕਿਰਦਾਰਾਂ ਦੀ ਪ੍ਰੇਮ ਕਹਾਣੀ ਹੁੰਦੀ ਤਾਂ ਵਧੀਆ ਪ੍ਰਭਾਵ ਪਾ ਸਕਦੀ ਸੀ।ਆਖਰ ਕਿਰਦਾਰਾਂ ਤੇ ਹਲਾਤਾਂ ਦਾ ਕੁਝ ਪਾਉਣ ਦਾ ਇਹ ਸਫਰ,ਕਿਰਦਾਰਾਂ ਦੀ ਇਹ ਪ੍ਰੇਮ ਗਾਥਾ ਭਾਰਤ ਦੇ ਹਲਾਤਾਂ ‘ਚ ਸਮਝਾਈ ਜਾ ਸਕਦੀ ਸੀ।ਇਸ ਲਈ ਅਮਰੀਕਾ,ਸਕਾਟਲੈਂਡ ਜਾਂ ਸਿਵਜ਼ਰਲੈਂਡ ‘ਚ ਫ਼ਿਲਮ ਦੇ ਕਥਾਨਕ ਨੂੰ ਲੈਜਾਣਾ ਫ਼ਿਲਮ ਨੂੰ ਕਮਜ਼ੋਰ ਕਰਦਾ ਹੈ।ਫ਼ਿਲਮ ਦੀ ਕਹਾਣੀ ਬਹੁਤ ਖੂਬਸੂਰਤ ਬੁਣੀ ਵੀ ਜਾ ਸਕਦੀ ਸੀ ਤੇ ਉਸ ਦੀ ਪੇਸ਼ਕਾਰੀ ਵੀ ਵਧੀਆ ਹੋ ਸਕਦੀ ਸੀ।ਫ਼ਿਲਮ ਦੀ ਕਮਜ਼ੋਰੀ ਹੀ ਇਸੇ ‘ਚ ਹੈ ਕਿ ਫ਼ਿਲਮ ਇਸ਼ਾਰਾ ਤਾਂ ਵਧੀਆ ਕਰਦੀ ਹੈ ਪਰ ਨਿਸ਼ਾਨੇ ਤੋਂ ਹਮੇਸ਼ਾ ਖੁੰਝ ਜਾਂਦੀ ਰਹੀ ਹੈ।9/11 ਦਾ ਵਰਲਡ ਟਰੇਡ ਹਾਦਸਾ ਵਿਖਾਇਆ ਤਾਂ ਹੈ ਪਰ ਮੁਸਲਮਾਨਾਂ ਦਾ ਉਸ ‘ਤੇ ਅਸਰ ਕਿਸ ਰੂਪ ‘ਚ ਪਿਆ ਜਾ ਇਹ ਹਾਦਸਾ ਕਿਰਦਾਰਾਂ ‘ਤੇ ਕਿੰਝ ਅਸਰ ਪਾ ਰਿਹਾ ਹੈ ਇਸ ਨੂੰ ਸੁੱਚਜੇ ਰੂਪ ‘ਚ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਿਆ।ਗੁਜਰਾਤ ਦੰਗੇ ਬਿਆਨ ਤਾਂ ਕੀਤੇ ਗਏ ਪਰ ਇੰਝ ਲੱਗਿਆ ਕਿ ਕਿਰਦਾਰਾਂ ਹਲਾਤਾਂ ਦੇ ਮੁਤਾਬਕ ਨਹੀਂ ਵਿਚਰ ਰਹੇ ਸਗੋਂ ਹਲਾਤਾਂ ਕਿਰਦਾਰਾਂ ਨੂੰ ਮਿਲਾਉਣ ਲਈ ਵਾਪਰ ਰਹੇ ਹਨ।ਸਭ ਤੋਂ ਹਾਸੋਹੀਣਾ ਵੀ ਇਹੋ ਹੈ ਕਿ ਗੁਜਰਾਤ ਦੰਗਿਆ ‘ਚ ਸ਼ਾਹਿਦ ਤੇ ਸੋਨਮ ਦਾ ਮਿਲਾਪ ਵੀ ਨਾਟਕੀ ਢੰਗ ਨਾਲ ਹੁੰਦਾ ਹੈ।(ਚੱਲੋ ਇਸ ਨੂੰ ਇਤਫਾਕੀਆ ਸਹੀ ਮੰਨ ਸਕਦੇ ਹਾਂ)ਦੰਗਿਆ ਦੌਰਾਨ ਮੇਲੇ ਦਾ ਦ੍ਰਿਸ਼ ਤਹਿਸ ਨਹਿਸ ਹੋਇਆ ਜੋ ਬਿਆਨ ਕਰਨਾ ਚਾਹੁੰਦਾ ਹੈ ਉਥੋਂ ਤੱਕ ਤਾਂ ਸਹੀ ਪਰ ਯਥਾਰਥਕ ਮਾਹੌਲ ‘ਚ ਹੀਰੋ ਵੱਲੋਂ ਇੱਕ ਬੱਚੇ ਨੂੰ ਹਿੰਡੋਲੇ ਤੋਂ ਬਚਾਉਣਾ(ਉਹ ਵੀ ਪੈਰਾਲਾਈਜ਼ ਸ਼ਰੀਰ ਨਾਲ) ਨਾਇਕ ਦੀ ਫ਼ਿਲਮ ‘ਚ ਸੁਪਰਮੈਨ ਸ਼ਖਸੀਅਤ ਨੂੰ ਮਸਾਲਾ ਅੰਦਾਜ਼ ‘ਚ ਹੀ ਪੇਸ਼ ਕਰਦਾ ਹੈ ਜੋ ਫ਼ਿਲਮ ਨੂੰ ਆਪਣੇ ਅੰਜਾਮ ਤੱਕ ਪਹੁੰਚਕੇ ਕਮਜ਼ੋਰ ਕਰ ਦਿੰਦਾ ਹੈ।

ਅਸਲ ‘ਚ ਕਿਸੇ ਫ਼ਿਲਮ ਦੇ ਕਿਰਦਾਰ ਜਦੋਂ ਲੰਮੀ ਯਾਤਰਾ ਕਰਦੇ ਹੋਏ ਕਹਾਣੀ ਕਹਿਣ ਤਾਂ ਫ਼ਿਲਮ ਦੇ ਸੰਤੁਲਣ ਵੱਲ ਖਾਸ ਧਿਆਨ ਰੱਖਣਾ ਪੈਂਦਾ ਹੈ।ਪਾਕਿਸਤਾਨੀ ਫ਼ਿਲਮ ‘ਖ਼ੁਦਾ ਕੇ ਲੀਏ’ ਇਸ ਦੀ ਬੇਮਿਸਾਲ ਉਦਾਹਰਨ ਹੈ।ਭਾਰਤੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਪੰਕਜ ਕਪੂਰ ਨੂੰ ਕਿਰਦਾਰਾਂ ਦੇ ਸਫਰੀ ਅੰਦਾਜ਼ ਨੂੰ ਨਿਰਦੇਸ਼ਕ ਇਮਤਿਆਜ਼ ਅਲੀ ਦੀਆਂ ਫ਼ਿਲਮਾਂ ਤੋਂ ਜ਼ਰੂਰ ਸਿੱਖਣਾ ਚਾਹੀਦਾ ਸੀ।ਇਮਤਿਆਜ਼ ਦੀਆਂ ਫ਼ਿਲਮਾਂ ਦੇ ਕਿਰਦਾਰ ਵੀ ਅਜਿਹੀਆਂ ਲੰਮੀਆਂ ਯਾਤਰਾਵਾਂ ਰਾਹੀ ਹੀ ਆਪਣੇ ਪਿਆਰ ਨੂੰ ਬਿਆਨ ਕਰਦੇ ਹਨ।ਸੋਚਾ ਨਾ ਥਾ,ਜਬ ਵੀ ਮੈੱਟ,ਲਵ ਆਜ ਕੱਲ੍ਹ ਫ਼ਿਲਮਾਂ ਇਸਦੀ ਉਦਾਹਰਨ ਹਨ।ਪਰ ਉਹਨਾਂ ਫ਼ਿਲਮਾਂ ਨੇ ਦਰਸ਼ਕਾਂ ਦੇ ਮਨ ‘ਚ ਆਪਣੀ ਅਮਿੱਟ ਛਾਪ ਛੱਡੀ ਹੈ।

ਫ਼ਿਲਮ ‘ਮੌਸਮ’ ‘ਚ ਸ਼ਾਹਿਦ ਕਪੂਰ ਦਾ ਬਤੌਰ ਸਕਵਾਇਡਨ ਲੀਡਰ ਹੋਣਾ ਫ਼ਿਲਮ ਦੀ ਖਾਸ ਖਿੱਚ ਸੀ ਪਰ ਇੱਤੇ ਉਣਤਾਈ ਹੀ ਇਸੇ ਗੱਲ ‘ਚ ਹੈ ਕਿ ਜੰਗ ਅਧਾਰਿਤ ਦ੍ਰਿਸ਼ਾਂ ‘ਚ ਉਹ ਪੁਖਤਾਪਣ ਨਹੀਂ ਝਲਕਦਾ ਜਿਸ ਤੋਂ ਜੰਗ ਨੂੰ ਮਹਿਸੂਸ ਕੀਤਾ ਜਾ ਸਕੇ।ਇਸ ਫ਼ਿਲਮ ਦੇ ਪ੍ਰਦਰਸ਼ਿਤ ਹੋਣ ਤੋਂ ਪਹਿਲਾ ਫ਼ਿਲਮ ਦੇ ਜੰਗੀ ਜਹਾਜ਼ ਦੇ ਦ੍ਰਿਸ਼ ਫ਼ਿਲਮਾਉਣ ਨੂੰ ਲੈਕੇ ਕਾਫੀ ਚਰਚਾ ਕੀਤੀ ਜਾ ਰਹੀ ਸੀ ਪਰ ਇਹ ਦਰਸ਼ਕਾਂ ਨੂੰ ਭਾਵਨਾਤਮਕ ਤੌਰ ‘ਤੇ ਆਪਣੇ ਨਾਲ ਜੋੜਨ ‘ਚ ਫੇਲ੍ਹ ਹੀ ਰਹੇ ਹਨ।ਦੇਸ਼ ਭਗਤੀ ਵੀ ਮਨੋਜ ਕੁਮਾਰ ਦੀਆਂ ਫ਼ਿਲਮਾਂ ਵਰਗੀ ਨਾਟਕੀ ਹੀ ਜਾਪਦੀ ਸੀ।(ਜਦੋਂ ਹੈਰੀ(ਸ਼ਾਹਿਦ ਕਪੂਰ) ਆਪਣੀ ਭੈਣ ਨੂੰ ਆਇਤ(ਸੋਨਮ ਕਪੂਰ) ਕੋਲ ਜਾਕੇ ਉਸ ਨੂੰ ਉਸ ਦੇ ਹਲਾਤਾਂ ਬਾਰੇ ਜਾਣਕਾਰੀ ਦੇਣ ਬਾਰੇ ਫੋਨ ਕਰਦਾ ਹੈ ਤਾਂ ਸ਼ਾਹਿਦ ਆਪਣੀ ਭੈਣ ਨਾਲ ਅਸਲ ਮੁੱਦਈ ਸੰਵਾਦ ਤੋਂ ਵੱਖ ਹੋਕੇ ਦੇਸ਼ ਭਗਤੀ ਦਾ ਭਾਸ਼ਣੀ ਸੰਵਾਦ ਬੋਲਦਾ ਹੈ,ਜੋ ਕਿ ਹਾਸੋ ਹੀਣਾ ਹੀ ਲੱਗਦਾ ਹੈ)
ਫ਼ਿਲਮ ਦੇ ਗੀਤ ਬਹੁਤ ਪਿਆਰੇ ਹਨ ਜੋ ਨਹਾਇਤ ਹੀ ਅਦਬੀ ਹਰਫਾਂ ਨਾਲ ਬੁਣੇ ਗਏ ਹਨ।ਪੇਂਡੂ ਦ੍ਰਿਸ਼ ਦੀ ਪੇਸ਼ਕਾਰੀ ਕਲਾ ਨਿਰਦੇਸ਼ਨ ਪੱਖੋਂ ਸ਼ਲਾਘਾਯੋਗ ਹੈ।ਫ਼ਿਲਮ ਦਾ ਕੈਮਰਾ ਬਹੁਤ ਸੋਹਣਾ ਵਰਤਿਆ ਗਿਆ ਹੈ ਇਸ ਲਈ ਸਿਨੇਮੈਟੋਗ੍ਰਾਫਰ ‘ਬਿਨੋਦ ਪਰਧਾਣ’ ਦੀ ਸ਼ਾਬਾਸ਼ੀ ਬਣਦੀ ਹੈ।

ਫ਼ਿਲਮ ਦੀ ਸ਼ੁਰੂਆਤ ਹੀ ਸਭ ਤੋਂ ਖੂਬਸੂਰਤ ਹੈ ਤੇ ਇਸੇ ਨੂੰ ਹੀ ਵਧੀਆ ਬੁਣਿਆ ਜਾ ਸਕਦਾ ਸੀ।ਇਸ ‘ਚ ਜਾਂ ਤਾਂ ਹਲਾਤਾਂ ਦੀ ਪੇਸ਼ਕਾਰੀ ਵਿਖਾਉਂਦੇ ਹੋਏ ਕਿਰਦਾਰ ਕਿੰਜ ਵਿਚਰ ਰਹੇ ਹਨ ਵਿਖਾਇਆ ਜਾ ਸਕਦਾ ਸੀ ਜਾਂ ਕਿਰਦਾਰ ਦੀ ਕਹਾਣੀ ਸੀਮਤ ਹਲਾਤਾਂ ਨੂੰ ਲੈਕੇ (ਬਹੁਤਾ ਵੱਡਾ ਸੰਸਾਰੀ ਕੈਨਵਸ ਤੇ ਹਲਾਤ ਨਾ ਵਿਖਾਕੇ) ਵਿਖਾਇਆ ਜਾ ਸਕਦਾ ਸੀ।ਫ਼ਿਲਮ ਆਪਣੇ ਇੱਕ ਗੀਤ ‘ਪੂਰੇ ਸੇ ਜ਼ਰਾ ਸਾ ਕੰਮ ਹੈ’ ਦੀ ਤਰ੍ਹਾਂ ਹੀ ਆਪਣੀ ਮਕਬੂਲੀਅਤ ਤੋਂ ਖੁੰਝ ਗਈ ਹੈ।ਫ਼ਿਲਮ ‘ਮੌਸਮ’ ਕਲਾਤਮਕ ਤੇ ਮੁੱਖਧਾਰਾ ਦੇ ਸਿਨੇਮਾ ਦੀ ਸੁਮੇਲਤਾ ਤੋਂ ਖੁੰਝਦੀ ਹੈ।

ਹਰਪ੍ਰੀਤ ਸਿੰਘ ਕਾਹਲੋਂ ਪੱਤਰਕਾਰ ਹੈ,ਪਰ ਪੱਤਰਕਾਰੀ ਨਾਲੋਂ 1000 ਗੁਣਾ ਵੱਧ ਰੁਚੀ ਸਿਨੇਮੇ 'ਚ ਰੱਖਦਾ ਹੈ।

Thursday, September 22, 2011

ਸ਼੍ਰੋਮਣੀ ਕਮੇਟੀ ਦੇ ਚੋਣ ਨਤੀਜਿਆਂ 'ਤੇ ਤਿਰਛੀ ਨਜ਼ਰ

ਬਾਦਲ ਦਲ ਦੇ ਹੋਂਸਲੇ ਬੁਲੰਦ ਪਰ ਬਹੁਤ ਸਖ਼ਤ ਹੋਵੇਗਾ ਵਿਧਾਨ ਸਭਾ ਚੋਣ ਮੁਕਾਬਲਾ
ਬੋਗਸ ਵੋਟਾਂ ਅਤੇ ਬੇਨਿਯਮੀਆਂ ਦਾ ਕਾਲਾ ਪ੍ਰਛਾਂਵਾਂ
ਗੁਰਦੁਆਰਾ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ 'ਤੇ ਉੱਠੇ ਸਵਾਲ

ਸ਼੍ਰੋਮਣੀ ਕਮੇਟੀ ਦੀਆਂ ਚੋਣਾ ਵਿਚ ਅਕਾਲੀ ਦਲ ਬਾਦਲ ਅਤੇ ਸੰਤ ਸਮਾਜ ਦੇ ਸਾਂਝੇ ਗੱਠਜੋੜ ਦੀ ਹੋਈ ਉਮੀਦ ਨਾਲੋਂ ਵੱਡੀ ਜਿੱਤ ਨੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਨੇ। ਇੰਨ੍ਹਾ ਚੋਣਾ ਵਿਚ ਕਈ ਹਲਕਿਆਂ ਵਿਚ ਹੋਈਆਂ ਬੇਨਿਯਮੀਆਂ, ਪਤਿਤ ਅਤੇ ਮੋਨੇ ਸਿੱਖਾਂ ਵੱਲੋਂ ਵੋਟਾਂ ਪਏ ਜਾਣ ਦੀਆਂ ਘਟਨਾਵਾਂ ਅਤੇ ਸ਼ਿਕਾਇਤਾਂ ਅਤੇ ਇਨ੍ਹਾ ਤੇ ਢੁੱਕਵੀਂ ਕਾਰਵਾਈ ਕਰਨ ਪੱਖੋਂ ਗੁਰਦੁਆਰਾ ਚੋਣ ਕਮਿਸ਼ਨ ਦੀ ਨਾਕਾਮੀ ਵੀ ਸਾਹਮਣੇ ਆਈ। 1979 ਤੋਂ ਬਾਅਦ ਇਹ ਪਹਿਲੀਆਂ ਸ਼ਰੋਮਣੀ ਕਮੇਟੀ ਚੋਣਾ ਸਨ ਜੋ ਅਕਾਲੀ ਰਾਜ ਦੌਰਾਨ ਹੋਈਆਂ ਹਨ ।2004 ਨਾਲੋਂ ਇਸ ਵਾਰ ਲਗਭਗ 10 ਫ਼ੀਸਦੀ ਵੱਧ ਪੋਲਿੰਗ ਹੋਈ ਹੈ।ਰਾਜਭਾਗ ਅਤੇ ਸਾਧਨਾ ਦਾ ਜ਼ਾਇਜ਼ -ਨਜ਼ਾਇਜ਼ ਲਾਹਾ ਤਾਂ ਅਕਾਲੀ ਦਲ ਨੇ ਲੈਣਾ ਹੀ ਸੀ। ਮੇਰੇ ਸਾਹਮਣੇ ਜੁਲਾਈ 2004 ਦੇ ਅਖ਼ਬਾਰਾਂ ਦੀਆਂ ਉਹ ਖ਼ਬਰਾਂ ਪਈਆਂ ਹਨ ਜਿਨ੍ਹਾਂ ਵਿਚ ਹੁਣ ਵਾਂਗ ਹੀ ਮੋਨੇ ਅਤੇ ਪਤਿਤ ਸਿੱਖਾਂ ਵੱਲੋਂ ਵੋਟਾਂ ਪੈ ਜਾਣ ਦੀਆਂ ਖ਼ਬਰਾਂ ਛਪੀਆਂ ਸਨ ਜਦੋਂ ਕਿ ਉਸ ਵੇਲੇ ਅਮਰਿੰਦਰ ਸਿੰਘ ਸਰਕਾਰ ਸੀ।

ਦੇਸ਼- ਵਿਦੇਸ਼ ਵਿਚ ਵਸੇ ਪ੍ਰਵਾਸੀ ਸਿੱਖਾਂ ਦਾ ਇੱਕ ਹਿੱਸਾ ਇਨ੍ਹਾ ਖ਼ਬਰਾਂ ਅਤੇ ਚੋਣ ਨਤੀਜਿਆਂ ਤੋਂ ਬਹੁਤ ਦੁਖੀ ਹੈ ਪਰ ਇਨ੍ਹਾ ਦੋਸ਼ਾਂ ਦੇ ਬਾਵਜੂਦ ਇਸ ਗੱਲ ਤੇ ਫਿਰ ਮੋਹਰ ਲੱਗ ਗਈ ਹੈ ਕਿ ਇਸ ਖ਼ਿੱਤੇ ਦਾ ਬਹੁਗਿਣਤੀ ਸਿੱਖ ਭਾਈਚਾਰਾ ਅਕਾਲੀ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਨੂੰ ਆਪਣੀ ਨੁਮਾਇੰਦਾ ਸਿਆਸੀ ਮੁੱਖ ਧਾਰਾ ਮੰਨਦਾ ਹੈ। ਸਿੱਖਾਂ ਦੇ ਅਸਲੀ ਰਾਜਨੀਤਿਕ ਨੁਮਾਇੰਦੇ ਹੋਣ ਦਾ ਦਾਅਵਾ ਕਰਨ ਵਾਲੇ ਨੇਤਾ - ਪਰਮਜੀਤ ਸਿੰਘ ਸਰਨਾ, ਸੁਰਜੀਤ ਸਿੰਘ ਬਰਨਾਲਾ ਅਤੇ ਸੁਰਜੀਤ ਕੌਰ ਬਰਨਾਲਾ, ਰਵੀ ਇੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ-ਇਸ ਪੱਖੋਂ ਪ੍ਰਕਾਸ਼ ਸਿੰਘ ਬਾਦਲ ਹੱਥੋਂ ਫੇਰ ਮਾਤ ਖਾ ਗਏ ਹਨ।ਅਕਾਲੀ ਨੇਤਾ ਪੰਥਕ ਮੋਰਚੇ ਅਤੇ ਇਨ੍ਹਾ ਨੇਤਾਵਾਂ ਨੂੰ ਕਾਂਗਰਸ ਦੇ ਪ੍ਰੌਕਸੀ ਨੇਤਾਵਾਂ ਵੱਜੋਂ ਪੇਸ਼ ਕਰਨ ਵਿਚ ਸਫਲ ਰਹੇ।ਚੋਣ ਨਤੀਜਿਆਂ ਨੇ ਇਕੋ ਸੱਟੇ ਬਾਦਲ ਦਲ ਦੀ ਲੀਡਰਸ਼ਿਪ ਨੂੰ ਦਰਪੇਸ਼ ਕਈ ਮਸਲੇ ਹੱਲ ਕਰ ਦਿੱਤੇ ਹਨ।ਸ਼ਰੋਮਣੀ ਅਕਾਲੀ ਦਲ ਪ੍ਰਧਾਨ ਵਜੋਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸਰਦਾਰੀ ਹੋਰ ਪੱਕੀ ਹੋ ਗਈ ਹੈ।ਮਾਇਆ ਅਤੇ ਜ਼ੋਰਾ-ਜ਼ਰਬੀ ਦੇ ਪ੍ਰਭਾਵ ਹੇਠ ਜੋੜ -ਤੋੜ ਅਤੇ ਤਿਕੜਮ ਬਾਜ਼ੀ ਵਾਲੀ ਮੌਜੂਦਾ ਸਿਆਸਤ ਵਿਚ ਉਸਦੀ ਜਥੇਬੰਦਕ ਸਮਰੱਥਾ,ਚੋਣ ਮੁਹਿੰਮ ਦੀ ਲਾਮਬੰਦੀ ਕਰਨ ਅਤੇ ਇੱਕ ਸਫ਼ਲ ਚੋਣ ਮੈਨੇਜਰ ਵਾਲਾ ਸਿੱਕਾ ਹੋਰ ਜੰਮ ਗਿਆ ਹੈ।ਅਕਾਲੀ ਨੇਤਾਵਾਂ ਅਤੇ ਵਰਕਰਾਂ ਨੂੰ ਇਹ ਯਕੀਨ ਹੋ ਗਿਐ ਹੈ ਕਿ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨਾਲੋਂ ਸਿਆਸੀ ਕਾਰਜ ਸ਼ੈਲੀ ਅਤੇ ਸੁਭਾਅ ਦੇ ਵਖਰੇਵੇਂ ਦੇ ਬਾਵਜੂਦ ਕਿਸੇ ਚੋਣ ਮੁਹਿੰਮ ਦੀ ਅਸਰਦਾਰ ਅਗਵਾਈ ਕਰਨ ਦੀ ਕਾਰਾਗਰੀ ਸੁਖਬੀਰ ਬਾਦਲ ਜਿੰਨੀ ਹੋਰ ਕਿਸੇ ਅਕਾਲੀ ਨੇਤਾ ਵਿਚ ਨਹੀਂ।ਅਕਾਲੀ ਦਲ ਦਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਇਹ ਪਹਿਲੀ ਸ਼੍ਰੋਮਣੀ ਕਮੇਟੀ ਚੋਣ ਸੀ। ਪੰਥਕ ਮੁਹਾਂਦਰੇ ਵਾਲੀ ਇਹ ਚੋਣ ਆਪਣੇ ਆਪ ਵਿਚ ਸੁਖਬੀਰ ਲਈ ਇੱਕ ਚੁਨੌਤੀ ਸੀ।ਸਿੱਟਾ ਇਹ ਹੈ ਕਿ ਬਾਦਲ ਵਾਂਗ ਹੀ ਸੁਖਬੀਰ ਸੀ ਕਿੰਤੂ ਰਹਿਤ ਇਕਹਿਰੀ ਕਮਾਂਡ ਲਈ ਰਾਹ ਪੱਧਰਾ ਹੋ ਗਿਐ ਇਸ ਦਾ ਅੰਦਰੂਨੀ ਫ਼ਾਇਦਾ ਵਿਧਾਨ ਸਭਾ ਚੋਣਾ ਪੱਖੋਂ ਉਸ ਨੂੰ ਹੋਵੇਗਾ। ਇਹ ਮਸਲਾ ਵੱਖਰਾ ਹੈ ਅਸਲੀ ,ਪੰਥਕ ,ਧਾਰਮਿਕ ,ਰਹਿਤ ਮਰਿਆਦਾ ਅਤੇ ਗੁਰਦੁਆਰਾ ਪਰਬੰਧ ਅਤੇ ਸਿੱਖ ਕਦਰਾ ਕੀਮਤਾਂ ਵਿਚ ਓਾਏਵਿਚਲੇ ਨਿਘਾਰ ਨਾਲ ਸਬੰਧਤ ਅਹਿਮ ਮੁੱਦੇ ਸ਼ਰੋਮਣੀ ਕਮੇਟੀ ਚੋਣ ਦਾ ਮੁੱਖ ਏਜੰਡਾ ਨਹੀਂ ਬਣੇ ।ਪ੍ਰਚਾਰ ਤਵੇ ਦੀ ਸੂਈ ਕੈਪਟਨ ਅਮਰਿੰਦਰ ਸਿੰਘ ਤੇ ਹੀ ਟਿੱਕੀ ਰਹੀ। ਪੰਜਾਬ ਵਿਚੋਂ ਫ਼ਿਰਕੂ ਵੰਡ ਦੀ ਰਾਜਨੀਤੀ ਲਗਭਗ ਮਨਫ਼ੀ ਹੋ ਗਈ ਹੈ। ਇਹ ਲੋਹੜੇ ਦੀ ਤਬਦੀਲੀ ਹੈ ਕਿ ਸ਼੍ਰੋਮਣੀ ਕਮੇਟੀ ਚੋਣਾ ਤੋਂ ਦੋ ਦਿਨ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਕੱਟੜ ਹਿੰਦੂ ਨੇਤਾ ਦੇ ਅਕਸ ਵਾਲੇ ਗੁਜਰਾਤ ਦੇ ਮੁੱਖ ਮੰਤਰੀ ਦੇ ਵਰਤ ਮੌਕੇ ਪੁੱਜ ਕੇ ਉਸਦੀ ਖੁੱਲ੍ਹੀ ਹਮਾਇਤ ਕਰਦੇ ਹਨ ਜਿਸ ਦਾ ਬਹੁਗਿਣਤੀ ਸਿੱਖ ਵੋਟਰ ਬੁਰਾ ਨਹੀਂ ਮਨਾਉਂਦੇ ਅਤੇ ਦਲ ਦੇ ਹੱਕ ਵਿਚ ਡੱਟ ਕੇ ਵੋਟਾਂ ਪਾਉਂਦੇ ਹਨ।

ਬਾਦਲ ਬਾਗੋ ਬਾਗ਼-ਹੁੱਡਾ ਲਈ ਰਾਹਤ

ਸ਼੍ਰੋਮਣੀ ਕਮੇਟੀ ਤੇ ਮੁੜ ਕਾਬਜ਼ ਹੋਕੇ ਅਗਲੇ 5 ਸਾਲਾਂ ਲਈ ਨਿਸਚਿੰਤ ਹੋਣ ਤੋਂ ਇਲਾਵਾ ਸਿੱਖ ਸਿਆਸਤ ਪੱਖੋਂ ਬਾਦਲ ਦਲ ਲਈ ਸਭ ਤੋਂ ਵੱਡਾ ਲਾਭ ਹਰਿਆਣੇ ਦੀ ਵੱਖਰੀ ਸ਼ਰੋਮਣੀ ਕਮੇਟੀ ਦੀ ਮੰਗ ਦੀ ਸੰਭਾਵੀ ਸਿਆਸੀ ਮੌਤ ਹੈ। ਜਿਸ ਵੱਡੇ ਫ਼ਰਕ ਨਾਲ ਇਸ ਕਮੇਟੀ ਦੇ ਵਕੀਲ ਜਗਦੀਸ਼ ਸਿੰਘ ਝੀਂਡਾ ਅਤੇ ਦੀਦਾਰ ਸਿੰਘ ਨਲਵੀ ਇਹ ਚੋਣ ਹਾਰੇ ਹਨ ਅਤੇ 11 ਵਿੱਚੋਂ 8 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਹਨ, ਇਸ ਨਾਲ ਇਸ ਮੰਗ ਦੀ ਵਾਜਬੀਅਤ ਨਹੀਂ ਰਹੇਗੀ।ਹਰਿਆਣੇ ਵਿੱਚ ਤਾਂ ਬੇਨਿਯਮੀਆਂ ਅਤੇ ਜ਼ੋਰਜ਼ਰਬੀ ਦੇ ਦੋਸ਼ ਵੀ ਨਹੀਂ ਲੱਗ ਸਕਦੇ ਕਿਉਂਕਿ ਉਥੇ ਤਾਂ ਕਾਂਗਰਸ ਦੀ ਸਰਕਾਰ ਹੈ ਜਿਸਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਖਰੀ ਕਮੇਟੀ ਦੇ ਹਮਾਇਤੀ ਹਨ।

ਮੇਰੀ ਰਾਏ ਇਹ ਹੈ ਇਨ੍ਹਾ ਚੋਣ ਨਤੀਜਿਆਂ 'ਤੇ ਮਨੋਂ ਤਾਂ ਮੁੱਖ ਮੰਤਰੀ ਹੁੱਡਾ ਵੀ ਖ਼ੁਸ਼ ਹੋਣੇ ਚਾਹੀਦੇ ਨੇ। ਉਨ੍ਹਾ ਨੇ ਆਪਣੇ ਚੋਣ ਮੈਨੀਫੈੱਸਟੋ ਲਗਾਤਾਰ ਦੋ ਵਿਧਾਨ ਸਭਾ ਚੋਣਾ ਵਿਚ ਇਹ ਵਾਅਦਾ ਕੀਤਾ ਕਿ ਹਰਿਆਣੇ ਲਈ ਵੱਖਰੀ ਐੱਸ ਜੀ ਪੀ ਸੀ ਬਣਾਈ ਜਾਏਗੀ ਪਰ ਮੁਸੀਬਤ ਇਹ ਕਿ ਸੋਨੀਆ- ਮਨਮੋਹਨ ਜੋੜੀ ਦੀ ਅਗਵਾਈ ਹੇਠਲੀ ਕਾਂਗਰਸ ਲੀਡਰਸ਼ਿਪ ਮੁਲਕ ਦੇ ਘੱਟਗਿਣਤੀ ਸਿੱਖ ਜਗਤ ਨਾਲ ਸਬੰਧਤ ਅਜਿਹੇ ਸੰਵੇਦਨਸ਼ੀਲ ਮਾਮਲੇ ਤੇ ਇਸ ਤਰ੍ਹਾਂ ਦਾ ਕੋਈ ਨਵਾਂ ਪੰਗਾ ਲੈਣ ਦੀ ਇਜ਼ਾਜ਼ਤ ਨਹੀਂ ਦੇ ਰਹੀ।ਹੁੱਡਾ ਖ਼ੁਦ ਬਹੁਤ ਫਸੇ ਹੋਏ ਸਨ ਅਤੇ ਕਮੇਟੀਆਂ ਬਣਾ ਕੇ ਇਸ ਮੁੱਦੇ ਨੂੰ ਟਾਲਦੇ ਚਲੇ ਆ ਰਹੇ ਨੇ।ਤਾਜ਼ਾ ਚੋਣ ਨਤੀਜਿਆਂ ਤੋਂ ਬਾਅਦ ਉਨ੍ਹਾਂ ਲਈ ਇਸ ਨੂੰ ਟਾਲਣਾ ਹੋ ਆਸਾਨ ਹੋ ਗਿਐ।

ਗਰਮ ਖ਼ਿਆਲੀ ਵਿਚਾਰਧਾਰਾ ਰੱਦ

ਵੱਖਰੇ ਸਿੰਘ ਰਾਜ ਦੇ ਸਟੈਂਡ ਤੇ ਅੜੇ ਹੋਏ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਪਾਰਲੀਮਾਨੀ ਸਿਆਸਤ ਵਿਚ ਤਾਂ ਪਹਿਲਾਂ ਹੀ ਮਾਰ ਖਾ ਚੁੱਕਾ ਸੀ ਹੁਣ ਸ਼ਰੋਮਣੀ ਕਮੇਟੀ ਦੀ ਸਿੱਖ ਸਿਆਸਤ ਦਰਵਾਜ਼ੇ ਵੀ ਇਸ ਲਈ ਬੰਦ ਹੋ ਗਏ ਨੇ।ਪਾਰਟੀ ਦੇ ਨਾਲ ਨਾਲ ਉਨ੍ਹਾ ਦੀ ਅਤੇ ਉਨ੍ਹਾ ਦੇ ਪੁੱਤਰ ਦੀ ਹਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਬਹੁਗਿਣਤੀ ਸਿੱਖ ਵੀ ਖਾਲਿਸਤਾਨੀ ਵਿਚਾਰਧਾਰਾ ਨੂੰ ਵਾਰ ਵਾਰ ਰੱਦ ਕਰ ਚੁੱਕੇ ਹਨ।

ਦਿਲਚਸਪ ਪਹਿਲੂ ਇਹ ਵੀ ਹੈ ਕਿ ਦੂਜੇ ਪਾਸੇ ਗਰਮ ਖ਼ਿਆਲੀ ਸਮਝੀ ਜਾਂਦੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਵਿਰਾਸਤ ਵਾਲੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਅਤੇ ਉਨ੍ਹਾ ਦੀ ਅਗਵਾਈ ਹੇਠਲੇ ਸੰਤ ਸਮਾਜ ਨੂੰ ਬਾਦਲ ਦਲ ਨੇ ਆਪਣੇ ਕਲਾਵੇ ਵਿਚ ਲੈ ਲਿਆ ਹੈ।ਮਾਡਰੇਟ ਅਕਾਲੀ ਲੀਡਰਸ਼ਿਪ ਟਕਸਾਲੀ ਸੰਤ ਸਮਾਜ ਦੀ ਆਪਸੀ ਸਹਿਹੋਂਦ ਪਹਿਲੀ ਵਾਰੀ ਹੋਈ ਹੈ।ਅਕਾਲੀ ਦਲ ਲਈ ਇਸ ਨਵੇਕਲੇ ਸੁਮੇਲ ਦਾ ਸਫ਼ਲ ਨਤੀਜਾ ਸਾਹਮਣੇ ਹੈ ਹਾਲਾਂਕਿ ਧਾਰਮਿਕ ਮਰਿਆਦਾ ਪੱਖੋਂ ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਲੀਡਰਸ਼ਿਪ ਨੂੰ ਕਾਫ਼ੀ ਸਮਝੌਤਾਵਾਦੀ ਕੀਮਤ ਚੁਕਾਉਣੀ ਪਈ ਹੈਇਸ ਚੋਣ ਨਤੀਜੇ ਨਾਲ ਬਾਦਲ ਦਲ ਦੇ 150 ਦੇ ਕਰੀਬ ਨੇਤਾਵਾਂ ਨੂੰ ਸੱਤਾ ਦਾ ਪ੍ਰਤੀਕ ਇੱਕ ਅਹੁਦਾ ਮਿਲ ਗਿਆ ਜੋ ਅਗਲੇ ਦਿਨਾਂ ਵਿਚ ਦਲ ਲਈ ਇੱਕ ਫੋਰਸ ਦਾ ਕੰਮ ਵੀ ਕਰਨਗੇ ਤੇ ਵਿਧਾਨ ਸਭਾ ਦੀ ਉਮੀਦਵਾਰੀ ਦੇ ਦਾਅਵੇਦਾਰ ਵੀ ਨਹੀਂ ਰਹਿਣਗੇ।

ਅਮਰਿੰਦਰ ਅਤੇ ਮਨਪ੍ਰੀਤ ਵੀ ਉਲਝੇ

ਕਾਂਗਰਸ ਪਾਰਟੀ ਵੱਲੋਂ ਇਨ੍ਹਾ ਚੋਣਾ ਵਿਚ ਹਿੱਸਾ ਨਾ ਲੈਣ ਦੇ ਬਾਵਜੂਦ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਹਿਜਧਾਰੀ ਵੋਟਾਂ, ਗੁਰਦੁਆਰਾ ਪਰਬੰਧ ਅਤੇ ਚੋਣ ਪ੍ਰਕਿਰਿਆ ਬਾਰੇ ਲਗਾਤਾਰ ਆਪਣਾ ਪ੍ਰਤੀਕਰਮ ਬਿਆਨਾ ਰਹੀ ਜ਼ਾਹਰ ਕਰਦੇ ਆ ਰਹੇ ਨੇ ਜਿਵੇਂ ਚੋਂ ਲੜਨ ਵਾਲੀ ਕੋਈ ਧਿਰ ਕਰਦੀ ਹੈ।ਆਪਣੇ ਆਪ ਨੂੰ ਸਿੱਖ ਮੁੱਦਿਆਂ ਨਾਲ ਜੋੜਨ ਦਾ ਉਨ੍ਹਾ ਦਾ ਇਹ ਸੁਭਾਵਕ ਪੈਤੜਾ , ਵਿਧਾਨ ਸਭ ਚੋਂ ਪੱਖੋਂ ਸਿਆਸੀ ਤੌਰ ਤੇ ਲਾਹੇਵੰਦ ਹੋਵੇਗਾ ਜਾਂ ਨੁਕਸਾਨਦੇਹ,ਇਸ ਬਾਰੇ ਕਾਂਗਰਸੀ ਵੀ ਇਕਮੱਤ ਨਹੀਂ , ਪਰ ਬਾਦਲ ਵਿਰੋਧੀ ਧੜਿਆਂ ਨੂੰ ਸ਼ਰੋਮਣੀ ਕਮੇਟੀ ਚੋਣ ਵਿਚ ਇਸਦਾ ਨੁਕਸਾਨ ਜ਼ਰੂਰ ਹੋਇਆ।ਅਮਰਿੰਦਰ ਸਿੰਘ ਦੇ ਇਸ ਰੁੱਖ ਅਤੇ ਸਹਿਜਧਾਰੀ ਵੋਟ ਮੁੱਦੇ ,ਅਨੰਦ ਮੈਰਿਜ ਐਕਟ ਬਾਰੇ ਮਨਮੋਹਨ ਸਰਕਾਰ ਦੀ ਨਾਲਾਇਕੀ ਕਰਨ ਪੈਦਾ ਹੋਏ ਭੰਬਲਭੂਸੇ ਕਰਨ ਅਕਾਲੀ ਨੇਤਾਵਾਂ ਨੂੰ ਇਹ ਪਰਚਾਰਨ ਦਾ ਮੌਕਾ ਮਿਲ ਗਿਆ ਕਿ ਕਾਂਗਰਸ ਪਾਰਟੀ ਹੀ ਅਕਾਲੀ ਦਲ ਦੇ ਮੁਕਾਬਲੇ ਖੜ੍ਹੀ ਹੈ।

ਇਨ੍ਹਾ ਚੋਂ ਨਤੀਜਿਆਂ ਦਾ ਸਿਆਸੀ ਨੁਕਸਾਨ ਪੰਜਾਬ ਪੀਪਲਜ਼ ਪਾਰਟੀ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਹੋਇਆ।ਉਨ੍ਹਾਂ ਦੀ ਪਾਰਟੀ ਵੀ ਇਸ ਚੋਣ ਵਿਚ ਸਿੱਧੇ ਤੌਰ ਤੇ ਹਿੱਸਾ ਨਹੀਂ ਸੀ ਲੈ ਰਹੀ ਪਰ ਫਿਰ ਵੀ ਉਹ ਅਤੇ ਉਨ੍ਹਾ ਦੇ ਸਾਥੀ ਮਾਲਵੇ ਦੇ ਕੁਝ ਹਲਕਿਆਂ ਵਿਚ ਬਾਦਲ -ਵਿਰੋਧੀ ਉਮੀਦਵਾਰਾਂ ਦੇ ਸਰਗਰਮ ਹਮਾਇਤੀਆਂ ਵੱਜੋਂ ਸਾਹਮਣੇ ਆਏ। ਮਨਪ੍ਰੀਤ ਦੇ ਗੜ੍ਹ ਸਮਝੇ ਜਾਂਦੇ ਗਿੱਦੜਬਾਹਾ , ਮਲੋਟ ਅਤੇ ਮੁਕਤਸਰ ਦੇ ਦੋਦਾ ਵਰਗੇ ਹਲਕਿਆਂ ਵਿਚ ਬਾਦਲ ਦਲ ਦੇ ਉਮੀਦਵਾਰਾਂ ਦੀ ਹੋਈ ਰਿਕਾਰਡ ਤੋੜ ਜਿੱਤ ਦਾ ਮਾੜਾ ਸਿਆਸੀ ਪਰਛਾਵਾਂ ਪੈਣਾ ਕੁਦਰਤੀ ਸੀ।ਗਿੱਦੜਬਾਹੇ ਵਿੱਚੋਂ ਬਾਦਲ ਦਲ ਦਾ ਉਮੀਦਵਾਰ ਗੁਰਪਾਲ ਸਿੰਘ ਗੋਰਾ 35 ਹਾਜ਼ਰ ਵੋਟਾਂ ਦੇ ਰਿਕਾਰਡ ਫ਼ਰਕ ਨਾਲ ਜੇਤੂ ਰਿਹਾ ਹੈ।

ਵਿਧਾਨ ਸਭਾ ਚੋਣਾ ਤੇ ਅਸਰ

ਪੰਜਾਬ ਕਾਂਗਰਸ ਦੇ ਨੇਤਾਵਾਂ , ਮਨਪ੍ਰੀਤ ਬਾਦਲ, ਪਰਮਜੀਤ ਸਿੰਘ ਸਰਨਾ ਅਤੇ ਹੋਰ ਬਾਦਲ ਵਿਰੋਧੀ ਆਗੂ ਜੇਕਰ ਇਹੀ ਸਮਝਦੇ ਨੇ ਕਿ ਬਾਦਲ ਦਲ ਨੇ ਸਿਰਫ਼ ਧੱਕੇ ਅਤੇ ਬੇਨਿਯਮੀਆਂ (ਕੁਝ ਹੱਦ ਤੱਕ ਉਹ ਸਹੀ ਵੀ ਹਨ) ਦੇ ਸਿਰ ਤੇ ਚੋਣ ਜਿੱਤੀ ਹੈ ਤਾਂ ਉਹ ਵੱਡੀ ਗ਼ਲਤਫ਼ਹਿਮੀ ਵਿੱਚ ਨੇ।

ਦੂਜੇ ਪਾਸੇ ਸ਼੍ਰੋਮਣੀ ਕਮੇਟੀ ਚੋਣਾ ਵਿਚ ਅਕਾਲੀ ਦਲ ਦੀ ਹੋਈ ਰਿਕਾਰਡ ਜਿੱਤ ਤੋਂ ਇਹ ਨਤੀਜਾ ਕੱਢਣਾ ਅਨਾੜੀਪਣ ਹੋਏਗਾ ਜਾਂ ਸਿਰੇ ਦੀ ਬੇਸਮਝੀ ਕਿ ਇਹੀ ਰੁਝਾਨ ਵਿਧਾਨ ਸਭਾ ਚੋਣਾਂ ਵਿਚ ਵੀ ਰਹੇਗਾ [ਇਸ ਚੋਣ ਨੂੰ ਵਿਧਾਨ ਸਭਾ ਦਾ ਸੈਮੀ- ਫਾਈਨਲ ਕਰਾਰ ਦੇਣਾ ਹਕੀਕਤ ਤੋਂ ਮੁਨਕਰ ਹੋਣਾ ਹੈ.ਇਹ ਠੀਕ ਹੈ ਕਿ ਉੱਪਰ ਤੋਂ ਹੇਠਾਂ ਤੱਕ ਅਕਾਲੀ ਦਲ ਦੀ ਲਾਮਬੰਦੀ ਹੋ ਗਈ ਹੈ ਅਤੇ ਸਮੁੱਚੀ ਪਾਰਟੀ ਚੜ੍ਹਦੀ ਕਲਾ ਦੇ ਰੌਂ ਨਾਲ ਚੋਣ ਮੈਦਾਨ ਵਿਚ ਕੁੱਦੇਗੀ।ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਚੋਣ ਸਿਰਫ਼ ਕੇਸਾਧਾਰੀ ਸਿੱਖ ਵੋਟਰਾਂ ਵਿਚ ਹੋਈ ਹੈ । ਪੰਜਾਬ ਵੋਟਰਾਂ ਦੀ ਕੁੱਲ ਗਿਣਤੀ 52 ਲੱਖ ਦੇ ਕਰੀਬ ਸੀ ਜਿਸ ਵਿਚੋਂ 65 ਫ਼ੀਸਦੀ ਦੇ ਕਰੀਬ ਵੋਟਾਂ ਭੁਗਤੀਆਂ ਹਨ।ਜਦੋਂ ਕਿ ਵਿਧਾਨ ਸਭ ਚੋਂ ਲਈ ਪੰਜਾਬ ਦੇ ਕੁੱਲ ਗਿਣਤੀ 1 ਕਰੋੜ 69 ਲੱਖ ਦੇ ਕਰੀਬ ਹੈ ।ਇਸ ਤਰ੍ਹਾਂ ਸ਼ਰੋਮਣੀ ਕਮੇਟੀ ਲਈ ਬਣੀ ਕੁੱਲ ਸਿੱਖ ਵੋਟ , ਵਿਧਾਨ ਸਭਾ ਦੀਆਂ ਕੁੱਲ ਵੋਟਾਂ ਦੇ ਤੀਜੇ ਹਿੱਸੇ ਤੋਂ ਘੱਟ ਹੈ।ਫੇਰ ਸਿੱਖ ਵੋਟ ਵਿੱਚੋਂ ਵੀ ਇੱਕ ਹਿੱਸਾ ਬਾਦਲ ਵਿਰੋਧੀ ਉਮੀਦਵਾਰਾਂ ਨੂੰ ਮਿਲਿਆ ਹ ਅਤੇ ਕੁਝ ਹਲਕਿਆਂ ਵਿਚ ਜਿੱਤ ਦਾ ਫ਼ਰਕ ਕਾਫ਼ੀ ਥੋੜ੍ਹਾ ਹੈ।ਵੋਟ ਗਿਣਤੀ ਤੋਂ ਇਲਾਵਾ ਵੀ ਵਿਧਾਨ ਸਭਾ ਚੋਣਾ ਦਾ ਘੇਰਾ ਬਹੁਤ ਵਿਸ਼ਾਲ ਹੁੰਦੈ।ਉਦੋਂ ਚੋਣ ਮੁੱਦੇ ਵੀ ਵੱਖਰੇ ਹੋਣਗੇ। ਉਸ ਵੇਲੇ ਸਾਰੀ ਸਰਕਾਰੀ ਮਸ਼ੀਨਰੀ ਭਾਰਤੀ ਚੋਣ ਕਮਿਸ਼ਨ ਦੇ ਕੰਟਰੋਲ ਅਤੇ ਨਿਗਰਾਨੀ ਹੇਠ ਹੁੰਦੀ ਹੈ।ਅਜਿਹੀ ਹਾਲਤ ਵਿਚ ਮੌਜੂਦਾ ਸਰਕਾਰ ਦਾ ਸਿਆਸੀ ਅਤੇ ਪ੍ਰਸ਼ਾਸ਼ਨਿਕ ਦਾਬਾ ਅਤੇ ਧੌਂਸ ਵੀ ਨਹੀਂ ਰਹਿੰਦੀ।ਸਰਕਾਰ ਅਤੇ ਨੇਤਾਵਾਂ ਨਾਲ ਗ਼ੁੱਸੇ -ਗਿਲੇ ਅਤੇ ਸਰਕਾਰੀ ਧੱਕੇ-ਧੋੜੇ ਜਾਂ ਲਾਪਰਵਾਹੀ ਦਾ ਸ਼ਿਕਾਰ ਹੋਏ ਲੋਕਾਂ ਵਿਚ ਪੈਦਾ ਹੋਈ ਸਥਾਪਤੀ ਵਿਰੋਧੀ ਭਾਵਨਾ ਵੀ ਅਹਿਮ ਰੋਲ ਨਿਭਾਉਂਦੀ ਹੈ।ਵਿਧਾਨ ਸਭਾ ਚੋ ਮੌਕੇ ਸਿਆਸੀ ਪਾਲੇਬੰਦੀ ਵੀ ਵੱਖਰੀ ਕਿਸਮ ਦੀ ਹੁੰਦੀ ਹੈ।ਇਹ ਚੋਣ ਨਤੀਜੇ ਵਿਰੋਧੀ ਧਿਰ ਅਤੇ ਖ਼ਾਸ ਕਰਕੇ ਪੰਜਾਬ ਕਾਂਗਰਸ ਦੀ ਅੰਦਰੂਨੀ ਹਾਲਾਤ ਅਤੇ ਇਸ ਵਲੋਂ ਕੀਤੀ ਜਾਣ ਵਾਲੀ ਸਿਆਸੀ ਪਹਿਲਕਦਮੀ ਤੇ ਵੀ ਨਿਰਭਰ ਕਰਦੇ ਹਨ।ਪਰ ਫਿਰ ਵੀ ਸ਼ਰੋਮਣੀ ਕਮੇਟੀ ਦੇ ਨਤੀਜਿਆਂ ਤੋਂ ਸਿਆਸੀ ਹਲਕਿਆਂ ਅਤੇ ਖ਼ਾਸ ਕਰਕੇ ਅਫ਼ਸਰਸ਼ਾਹੀ ਵਿੱਚ ਵਿਧਾਨ ਸਭਾ ਚੋਣਾ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।ਕੁਝ ਅਫ਼ਸਰਾਂ ਨੇ ਤਾਂ ਵੱਡੇ ਅਤੇ ਛੋਟੇ ਬਾਦਲ ਅੱਗੇ ਮੁੜ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਵੀ ਸ਼ੁਰੂ ਕਰ ਦਿੱਤੀ ਹੈ।ਇਸ ਲਈ ਅਜੇ ਵਿਧਾਨ ਸਭਾ ਚੋਣਾ ਦੇ ਮਾਹੌਲ ਅਤੇ ਸਿੱਟਿਆਂ ਬੜੇ ਕੋਈ ਅਨੁਮਾਨ ਲਾਉਣਾ ਠੀਕ ਨਹੀਂ।

ਬਲਜੀਤ ਬੱਲੀ
ਸੰਪਾਦਕੀ ਸਲਾਹਕਾਰ
ਪੀ ਟੀ ਸੀ ਨਿਊਜ਼
ਚੰਡੀਗੜ੍ਹ

Wednesday, September 21, 2011

ਬੁਸ਼-ਓਬਾਮਾ ਦੀ ਤਰਜ਼ ਉਤੇ ਮਨਮੋਹਨ-ਮੋਦੀ

ਨਰਿੰਦਰ ਮੋਦੀ ਨੇ ਸਰਵਉੱਚ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਗੁਜਰਾਤੀਆਂ ਦੇ ਨਾਮ ਖੁੱਲ੍ਹਾ ਖ਼ਤ ਲਿਖਿਆ ਅਤੇ ਆਪਣੇ ਜਨਮ ਦਿਨ ਮੌਕੇ ਤਿੰਨ ਦਿਨਾਂ ਦੇ ਵਰਤ ਦਾ ਆਲੀਸ਼ਾਨ ਸਮਾਗਮ ਕੀਤਾ। ਭਾਜਪਾ ਦੇ ਕੱਦਾਵਰ ਆਗੂਆਂ ਦੇ ਨਾਲ-ਨਾਲ ਪੱਕੀਆਂ ਭਾਈਵਾਲ ਪਾਰਟੀਆਂ ਦੇ ਆਗੂ ਇਸ ਮੌਕੇ ਅਹਿਮਦਾਬਾਦ ਪਹੁੰਚੇ। ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਵਾਅਦਾ ਕਰ ਕੇ ਨਹੀਂ ਪਹੁੰਚ ਸਕੀ ਪਰ ਦੂਜੇ ਤਾਮਿਲ ਆਗੂਆਂ ਨੇ ਉਸ ਦੀ ਨੁਮਾਇੰਦਗੀ ਕੀਤੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ੂਨ ਤੋਂ ਪਕੇਰੀ ਪਰਿਵਾਰਕ ਸਾਂਝ ਦਾ ਸਬੂਤ ਦੇਣ ਪਹੁੰਚੇ। ਭਾਜਪਾ ਦੇ ਟਕਸਾਲੀ ਆਗੂ ਐਲ.ਕੇ. ਅਡਵਾਨੀ ਨੇ ਅਮਰੀਕਾ ਦੇ ਗ੍ਰਹਿ ਮੰਤਰਾਲੇ ਦੀ ਰਪਟ ਆਪਣੇ ਬਲੌਗ ਉੱਤੇ ਛਾਪ ਦਿੱਤੀ ਜਿਸ ਵਿਚ ਨਰਿੰਦਰ ਮੋਦੀ ਦੀ ਗੁਜਰਾਤ ਦੇ ਕਾਮਯਾਬ ਮੁੱਖ ਮੰਤਰੀ ਵਜੋਂ ਸਿਫ਼ਤ ਕੀਤੀ ਗਈ ਹੈ। ਇਸ ਤਰ੍ਹਾਂ ਅਮਰੀਕਾ ਅਤੇ ਅਡਵਾਨੀ ਇਕਸੁਰ ਹੋ ਕੇ ਭਾਰਤ ਦੇ ਪ੍ਰਧਾਨਮੰਤਰੀ ਵਜੋਂ ਨਰਿੰਦਰ ਮੋਦੀ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਨਰਿੰਦਰ ਮੋਦੀ ਦੇ ਖੁੱਲ੍ਹੇ ਖ਼ਤ ਅਤੇ ਇਸ ਸਮਾਗਮ ਦੀ ਸਿਆਸਤ ਅਦਾਲਤੀ ਫ਼ੈਸਲੇ ਦਾ ਫ਼ੌਰੀ ਜਸ਼ਨ ਹੋਣ ਦੇ ਨਾਲ-ਨਾਲ ਚਿਰਕਾਲੀ ਵਿਉਂਤਬੰਦੀ ਦੀ ਠੋਸ ਪਹਿਲਕਦਮੀ ਜਾਪਦੀ ਹੈ।

ਅਦਾਲਤੀ ਫ਼ੈਸਲੇ, ਮੋਦੀ ਦੇ ਵਰਤ, ਮੀਡੀਆ ਮਸ਼ਕ ਅਤੇ ਅਮਰੀਕੀ ਕਵਾਇਦ ਇਸ ਵੇਲੇ ਫੈਲੀ ਬੇਤਰਤੀਬੀ ਵਿਚੋਂ ਉਘੜਦੀ ਤਰਤੀਬ ਦੀ ਦੱਸ ਪਾਉਂਦੇ ਹਨ। ਗੁਜਰਾਤ ਵਿਚ ਹੋਏ ਫਿਰਕੂ ਕਤਲੇਆਮ ਬਾਬਤ ਮੁਕੱਦਮਿਆਂ ਦੀ ਕਾਰਵਾਈ ਲਗਾਤਾਰ ਚੱਲ ਰਹੀ ਹੈ। ਗਵਾਹਾਂ ਉੱਤੇ ਦਬਾਅ, ਸਬੂਤ ਮਿਟਾਉਣ ਦੀ ਸਰਕਾਰੀ ਮਸ਼ਕ ਅਤੇ ਪੁਲੀਸ ਦੀ ਤਰਫ਼ਦਾਰੀ ਦੇ ਬਾਵਜੂਦ ਰਪਟਾਂ ਦਰਜ ਕਰਵਾਉਣ ਵਿਚ ਕਾਮਯਾਬ ਹੋਏ ਪੀੜਤਾਂ ਦੀ ਇਨਸਾਫ਼ ਲਈ ਭੱਜ-ਦੌੜ 2002 ਤੋਂ ਜਾਰੀ ਹੈ। ਸ਼ੁਰੂ ਤੋਂ ਹੀ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਗੁਜਰਾਤ ਤੋਂ ਬਾਹਰ ਕਰਨ ਦੀ ਮੰਗ ਹੁੰਦੀ ਰਹੀ ਹੈ। ਕੁਝ ਮਾਮਲਿਆਂ ਵਿਚ ਅਜਿਹਾ ਹੋਇਆ ਵੀ ਹੈ। ਇਸ ਦੌਰਾਨ ਸੀ.ਬੀ.ਆਈ. ਅਤੇ ਵਿਸ਼ੇਸ਼ ਜਾਂਚ ਟੀਮ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਦੀਆਂ ਜਾਂਚਾਂ ਕੁਝ ਸਮੇਂ ਲਈ ਸਨਸਨੀ ਪੈਦਾ ਕਰਨ ਅਤੇ ਵਕਤੀ ਆਸ ਜਗਾਉਣ ਤੋਂ ਜ਼ਿਆਦਾ ਕੁਝ ਨਹੀਂ ਕਰ ਸਕੀਆਂ। ਮੁੱਖ ਮੰਤਰੀ ਨਰਿੰਦਰ ਖ਼ਿਲਾਫ਼ ਮੌਕੇ ਸਿਰ ਕਾਰਵਾਈ ਨਾ ਕਰਨ, ਦੰਗਿਆਂ ਨੂੰ ਨਜ਼ਰਅੰਦਾਜ਼ ਕਰਨ ਅਤੇ ਦੰਗਾਬਾਜ਼ਾਂ ਦੀ ਸਰਕਾਰੀ ਸਰਪ੍ਰਸਤੀ ਕਰਨ ਦੇ ਇਲਜ਼ਾਮ ਲਗਾਤਾਰ ਲੱਗਦੇ ਰਹੇ ਹਨ। ਇਸੇ ਦੌਰਾਨ ਗੁਜਰਾਤ ਦੀ ਔਰਤ ਤੇ ਬਾਲ ਕਲਿਆਣ ਮੰਤਰੀ ਮਾਇਆਬੇਨ ਕੋਦਨਾਨੀ ਨੂੰ ਕਈ ਦਿਨ ਮਫ਼ਰੂਰ ਰਹਿਣ ਤੋਂ ਬਾਅਦ ਪੁਲੀਸ ਹਵਾਲੇ ਹੋਣ ਪਿਆ। ਜਾਂਚਾਂ ਅਤੇ ਅਦਾਲਤੀ ਫ਼ੈਸਲਿਆਂ ਰਾਹੀਂ ਚੱਲ ਰਿਹਾ ਪਸ਼ੇਮਾਨੀਆਂ ਅਤੇ ਰਾਹਤਾਂ ਦਾ ਦੌਰ ਪੀੜਤਾਂ ਲਈ ਇਨਸਾਫ਼ ਦਾ ਸਬੱਬ ਨਹੀਂ ਬਣ ਸਕਿਆ। ਇਸ ਦੌਰਾਨ ਦੋਵਾਂ ਧਿਰਾਂ ਨੂੰ ‘ਸੱਚ ਦੀ ਜਿੱਤ’ ਦਾ ਐਲਾਨ ਕਰਨ ਦੇ ਮੌਕੇ ਮਿਲੇ।

ਨਰਿੰਦਰ ਮੋਦੀ ਖ਼ਿਲਾਫ਼ ਲੋਕ ਸਭਾ ਦੇ ਸਾਬਕਾ ਮੈਂਬਰ ਅਹਿਸਾਨ ਜ਼ਾਫ਼ਰੀ ਦੀ ਵਿਧਵਾ ਜ਼ਕੀਆ ਜ਼ਾਫ਼ਰੀ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ। ਅਹਿਸਾਨ ਜ਼ਾਫ਼ਰੀ ਨੂੰ ਅਹਿਮਦਾਬਾਦ ਦੀ ਗੁਲਬਰਗ ਸੁਸਾਇਟੀ ਦੇ ਕਤਲੇਆਮ ਦੌਰਾਨ ਕਤਲ ਕੀਤਾ ਗਿਆ ਸੀ। ਉਨ੍ਹਾਂ ਨੇ ਮਰਨ ਤੋਂ ਪਹਿਲਾਂ ਮੁੱਖ ਮੰਤਰੀ ਨਰਿੰਦਰ ਮੋਦੀ ਤੱਕ ਟੈਲੀਫੋਨ ਰਾਹੀਂ ਪਹੁੰਚ ਕੀਤੀ ਸੀ ਪਰ ਸਰਕਾਰ ਨੇ ਮੌਕੇ ਉੱਤੇ ਕਾਰਵਾਈ ਨਹੀਂ ਕੀਤੀ। ਨਤੀਜੇ ਵਜੋਂ ਅਹਿਸਾਨ ਜ਼ਾਫ਼ਰੀ ਸਮੇਤ 37 ਜੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਜਾਇਦਾਦ ਤਬਾਹ ਕਰ ਦਿੱਤੀ ਗਈ ਸੀ। ਜ਼ਕੀਆ ਜ਼ਾਫ਼ਰੀ ਨੇ ਇਸ ਮਾਮਲੇ ਵਿਚ ਮੋਦੀ ਖ਼ਿਲਾਫ਼ ਪੁਲੀਸ ਰਪਟ ਦਰਜ ਕਰਵਾਉਣ ਲਈ ਸਰਵਉੱਚ ਅਦਾਲਤ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਦੀ ਦਲੀਲ ਸੀ ਕਿ ਅਹਿਮਦਾਬਾਦ ਦੀ ਅਦਾਲਤ ਤੋਂ ਮੋਦੀ ਦੇ ਅਸਰ-ਰਸੂਖ਼ ਤੇ ਰੁਤਬੇ ਕਾਰਨ ਨਿਰਪੱਖਤਾ ਦੀ ਆਸ ਨਹੀਂ ਕੀਤੀ ਜਾ ਸਕਦੀ। ਸਰਵਉੱਚ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਤਬਦੀਲ ਨਾ ਕਰਨ ਦਾ ਫ਼ੈਸਲਾ ਸੁਣਾਇਆ ਹੈ ਅਤੇ ਸੈਸ਼ਨ ਅਦਾਲਤ ਨੂੰ ਅਗਲੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਹੈ। ਇਸ ਫ਼ੈਸਲੇ ਨਾਲ ਬੁਨਿਆਦੀ ਮਾਮਲਾ ਜਿਉਂ ਦਾ ਤਿਉਂ ਕਾਇਮ ਹੈ। ਨਰਿੰਦਰ ਮੋਦੀ ਨੇ ਇਸ ਫ਼ੈਸਲੇ ਨੂੰ ਆਪਣੇ ਖੁੱਲ੍ਹੇ ਖ਼ਤ ਵਿਚ ‘ਗੁਜਰਾਤ ਵਿਚ ਗੰਧਲਾ ਮਾਹੌਲ ਪੈਦਾ ਕਰਨ ਵਾਲੇ ਬੇਬੁਨਿਆਦ ਇਲਜ਼ਾਮਾਂ ਦਾ ਅੰਤ’ ਕਰਾਰ ਦਿੱਤਾ ਹੈ। ਗੁਜਰਾਤ ਦੇ ਸਾਬਕਾ ਪੁਲੀਸ ਅਫ਼ਸਰ ਅਤੇ ਦੰਗਿਆਂ ਦੇ ਮਾਮਲੇ ਵਿਚ ਅਹਿਮ ਗਵਾਹ ਮੰਨੇ ਜਾਂਦੇ ਸੰਜੀਵ ਭੱਟ ਨੇ ਜਵਾਬੀ ਖੁੱਲ੍ਹੇ ਖ਼ਤ ਵਿਚ ਲਿਖਿਆ ਹੈ, “ਸਰਵਉੱਚ ਅਦਾਲਤ ਦੇ ਫ਼ੈਸਲੇ ਵਿਚ ਕੋਈ ਧੁੰਦਲਾ ਜਿਹਾ ਇਸ਼ਾਰਾ ਤੱਕ ਨਹੀਂ ਹੈ ਕਿ ਜ਼ਕੀਆ ਜ਼ਾਫ਼ਰੀ ਦੀ ਸ਼ਿਕਾਇਤ ਬੇਬੁਨਿਆਦ ਜਾਂ ਝੂਠੀ ਹੈ।” ਭੱਟ ਨੇ ਅਦਾਲਤ ਦੇ ਫ਼ੈਸਲੇ ਦੀ ਤਫ਼ਸੀਲ ਰਾਹੀਂ ਸਾਬਤ ਕੀਤਾ ਹੈ ਕਿ ਦਰਅਸਲ ਇਹ ਫ਼ੈਸਲਾ ਅਦਾਲਤੀ ਕਾਰਵਾਈ ਨੂੰ ਅੱਗੇ ਤੋਰਨ ਵਿਚ ਸਹਾਈ ਹੋਣ ਵਾਲਾ ਹੈ। ਬਾਅਦ ਵਿਚ ਭੱਟ ਨੇ ਟਿੱਪਣੀ ਕੀਤੀ ਹੈ, “ਛੇ ਕਰੋੜ ਗੁਜਰਾਤੀਆਂ ਵਿਚ ਸ਼ਾਮਿਲ ਹੋਣ ਦੇ ਨਾਤੇ ਮੈਨੂੰ ਇਸ ਗੱਲ ਦੀ ਤਕਲੀਫ਼ ਹੋਈ ਹੈ ਕਿ ਤੁਸੀਂ (ਨਰਿੰਦਰ ਮੋਦੀ) ਜਾਣੇ-ਅਣਜਾਣੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਆਪਣੇ ਨਿਸ਼ਾਨਿਆਂ ਦੀ ਪੂਰਤੀ ਲਈ ਤੁਸੀਂ ਝੂਠ ਦਾ ਆਸਰਾ ਲੈ ਕੇ ਲੋਕਾਂ ਨਾਲ ਠੱਗੀ ਮਾਰ ਰਹੇ ਹੋ। ਨਾਜ਼ੀਆਂ ਵੇਲੇ ਜਰਮਨ ਦੇ ਤਾਨਾਸ਼ਾਨ ਅਡੌਲਫ਼ ਹਿਟਲਰ ਦੇ ਸਭ ਤੋਂ ਨੇੜਲੇ ਸਾਥੀਆਂ ਵਿਚ ਗਿਣੇ ਜਾਂਦੇ ਪ੍ਰਾਪੇਗੰਡਾ ਮੰਤਰੀ ਪਾਲ ਜੌਸਫ਼ ਗੋਬਲਜ਼ ਨੂੰ ਇਸ ਕਵਾਇਦ ਦੀ ਮੁਹਾਰਤ ਸੀ। ਅਜਿਹੀ ਪ੍ਰਚਾਰ ਮੁਹਿੰਮ ਕੁਝ ਦੇਰ ਲਈ ਤਾਂ ਬਹੁਗਿਣਤੀ ਅਵਾਮ ਉੱਤੇ ਅਸਰਅੰਦਾਜ਼ ਹੋ ਸਕਦੀ ਹੈ। ਇਤਿਹਾਸ ਦੇ ਤਜਰਬੇ ਤੋਂ ਅਸੀਂ ਸਾਰੇ ਜਾਣਦੇ ਹਾਂ ਕਿ ਗੋਬਲਜ਼ੀ ਤਰਜ਼ ਦੇ ਪ੍ਰਚਾਰ ਨਾਲ ਸਦਾ ਲਈ ਸਮੁੱਚੇ ਅਵਾਮ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ।”

ਭੱਟ ਨੇ ਮੋਦੀ ਵਾਂਗ ਹੀ ਛੇ ਕਰੋੜ ਗੁਜਰਾਤੀਆਂ ਨੂੰ ਖੁੱਲ੍ਹਾ ਖ਼ਤ ਲਿਖਿਆ ਹੈ। ਉਸ ਨੇ ਲਿਖਿਆ ਹੈ, “ਮੈਂ ਤੁਹਾਡੇ ਇਸ ਅਹਿਸਾਸ ਨਾਲ ਸਹਿਮਤ ਹਾਂ ਕਿ ‘ਨਫ਼ਰਤ ਨੂੰ ਨਫ਼ਰਤ ਨਾਲ ਨਹੀਂ ਹਰਿਆ ਜਾ ਸਕਦਾ‘। ਇਹ ਸਾਥੋਂ ਵੱਧ ਹੋਰ ਕੋਈ ਨਹੀਂ ਜਾਣ ਸਕਦਾ ਕਿਉਂਕਿ ਤੁਸੀਂ ਦਸਾਂ ਸਾਲਾਂ ਤੋਂ ਸੂਬੇ ਦੇ ਮੁੱਖ ਮੰਤਰੀ ਹੋ ਅਤੇ ਮੈਂ 23 ਸਾਲ ਭਾਰਤੀ ਪੁਲੀਸ ਸੇਵਾ ਵਿਚ ਕੰਮ ਕੀਤਾ ਹੈ। ਮੰਦੇਭਾਗੀਂ ਮੈਂ 2002 ਦੇ ਉਨ੍ਹਾਂ ਦਿਨਾਂ ਦੌਰਾਨ ਤੁਹਾਡੇ ਨਾਲ ਸੇਵਾ ਨਿਭਾਅ ਰਿਹਾ ਸਾਂ ਜਦੋਂ ਨਫ਼ਰਤ ਦਾ ਨੰਗਾ ਨਾਚ ਗੁਜਰਾਤ ਦੇ ਵੱਖ-ਵੱਖ ਇਲਾਕਿਆਂ ਵਿਚ ਹੋਇਆ ਸੀ। ਮੈਂ ਜਾਣਦਾ ਹਾਂ ਕਿ ਉਸ ਸਮੇਂ ਦੌਰਾਨ ਸਾਡੀ ਭੂਮਿਕਾ ਦੀਆਂ ਤਫ਼ਸੀਲਾਂ ਅਤੇ ਦਲੀਲਾਂ ਪੇਸ਼ ਕਰਨ ਲਈ ਇਹ ਢੁਕਵਾਂ ਮੰਚ ਨਹੀਂ ਹੈ। ਮੈਨੂੰ ਯਕੀਨ ਹੈ ਕਿ ਸਾਨੂੰ ਦੋਵਾਂ ਨੂੰ ਢੁਕਵੀਂ ਥਾਂ ਉੱਤੇ ਉਸ ਸਮੇਂ ਬਾਬਤ ਜਾਣਕਾਰੀ ਅਤੇ ਸਮਝ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣ ਦਾ ਮੌਕਾ ਮਿਲੇਗਾ। ਉਸੇ ਥਾਂ ਉੱਤੇ ਅਸੀਂ ਗੁਜਰਾਤੀ ਸਿਆਸਤ ਵਿਚ ਗੁਝੀ ਨਫ਼ਰਤ ਦੀਆਂ ਪੇਚੀਦਗੀਆਂ ਖੋਲ੍ਹ ਸਕਾਂਗੇ।”

ਗੁਜਰਾਤੀਆਂ ਦੇ ਨਾਂ ਲਿਖੇ ਇਨ੍ਹਾਂ ਖੁੱਲ੍ਹੇ ਖ਼ਤਾਂ ਵਿਚ ਕੁਝ ਮਸਲੇ ਸਾਫ਼ ਹਨ। ਮੋਦੀ ਦਾ ਦਾਅਵਾ ਭਾਵੇਂ ਤੱਥਾਂ ਦੀ ਬੁਨਿਆਦ ਉੱਤੇ ਨਹੀਂ ਟਿਕਿਆ ਹੋਇਆ ਪਰ ਇਤਿਹਾਸ ਦਾ ਤਜਰਬਾ ਉਨ੍ਹਾਂ ਦੀ ਹਮਾਇਤ ਕਰਦਾ ਹੈ। ਉਹ ਜਾਣਦੇ ਹਨ ਕਿ ਅਜਿਹੇ ਮਾਮਲੇ ਅਦਾਲਤ ਦੇ ਤਕਨੀਕੀ ਨੁਕਤਿਆਂ ਤੱਕ ਮਹਿਦੂਦ ਰਹਿੰਦੇ ਹਨ ਅਤੇ ਅਸਰ-ਰਸੂਖ਼ ਵਾਲੇ ਸਿਆਸੀ ਬੰਦਿਆਂ ਦੀ ਵਕਤੀ ਤੌਣੀ ਦਾ ਸਬੱਬ ਤਾਂ ਬਣ ਸਕਦੇ ਹਨ ਪਰ ਘਾਤਕ ਨਹੀਂ ਹੋ ਸਕਦੇ। ਦਿੱਲੀ ਦੇ ਦੰਗਿਆਂ ਤੋਂ ਮੁੰਬਈ ਰਾਹੀਂ ਗੁਜਰਾਤ ਤੋਂ ਕੰਧਮਾਲ ਤੱਕ ਦਾ ਸਫ਼ਰ ਇਸੇ ਤਜਰਬੇ ਦੀਆਂ ਠੋਸ ਮਿਸਾਲਾਂ ਨਾਲ ਭਰਿਆ ਪਿਆ ਹੈ। ਇਸ ਵੇਲੇ ਦਿੱਲੀ ਦੰਗਿਆਂ ਦੇ ਅਹਿਮ ਮੁਲਜ਼ਮਾਂ ਦੇ ਮੁੰਡੇ ਕੇਂਦਰੀ ਮੰਤਰੀ ਹੋਣ ਤੱਕ ਦਾ ਸੁੱਖ ਮਾਣ ਰਹੇ ਹਨ।

ਇਸ ਵੇਲੇ ਮੋਦੀ ਭਾਵੇਂ ਗੁਜਰਾਤ ਦੇ ਮੁੱਖ ਮੰਤਰੀ ਹਨ ਪਰ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਦੀਆਂ ਸੰਭਾਵਨਾਵਾਂ ਹਨ। ਇਸ ਤੱਥ ਨੂੰ ਜਾਂਚ ਏਜੰਸੀਆਂ, ਨਿਆਂਪਾਲਿਕਾ ਅਤੇ ਕਾਰਜਪਾਲਿਕਾ ਨਜ਼ਰਅੰਦਾਜ਼ ਨਹੀਂ ਕਰਦੇ। ਮੋਦੀ ਨੂੰ ਯਕੀਨ ਹੈ ਕਿ ਕੁਝ ਤਕਨੀਕੀ ਨੁਕਤੇ ਉਨ੍ਹਾਂ ਲਈ ਵਕਤੀ ਪਸ਼ੇਮਾਨੀ ਦਾ ਸਬੱਬ ਤਾਂ ਬਣ ਸਕਦੇ ਹਨ ਪਰ ਕਿਸੇ ਘਾਤਕ ਨੁਕਸਾਨ ਦਾ ਕਾਰਨ ਨਹੀਂ ਬਣ ਸਕਦੇ। ਪੂਰੀ ਦੁਨੀਆਂ ਉੱਤੇ ਵਿਕਾਸ ਦਰ ਅਤੇ ਨਿਵੇਸ਼ ਦੇ ਵਾਧੇ ਨੂੰ ਚੰਗੇ ਰਾਜ ਪ੍ਰਬੰਧ ਦੇ ਗੁਣਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਅਮਰੀਕਾ ਦੀ ਅਗਵਾਈ ਵਿਚ ਅਵਾਮ ਨੂੰ ਖ਼ਪਤਕਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਹਾਲਾਤ ਵਿਚ ਇਨਸਾਫ਼, ਸਮਾਜਿਕ ਬਰਾਬਰੀ ਅਤੇ ਸਰਕਾਰੀ ਤਸ਼ੱਦਦ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਇਸੇ ਲਈ ਮੋਦੀ ਨੂੰ ਨਸਲਕੁਸ਼ੀ ਵਿਚ ਸ਼ਰੀਕ ਹੋਣ ਦੇ ਇਲਜ਼ਾਮਾਂ ਤਹਿਤ ਵੀਜ਼ਾ ਦੇਣ ਤੋਂ ਇਨਕਾਰ ਕਰ ਦੇਣ ਦਾ ਦਾਅਵਾ ਕਰਨ ਵਾਲੇ ਅਮਰੀਕੀ ਅਦਾਰੇ ਉਨ੍ਹਾਂ ਦਾ ਗੁਣਗਾਣ ਕਰ ਰਹੇ ਹਨ। ਜਦੋਂ ਮਿਤਸੂਵਿਸ਼ੀ ਅਤੇ ਜਨਰਲ ਮੋਟਰਜ਼ ਵਰਗੀਆਂ ਅਮਰੀਕੀ ਕੰਪਨੀਆਂ ਨੂੰ ਗੁਜਰਾਤ ਵਿਚ ਸਾਜ਼ਗਾਰ ਮਾਹੌਲ ਮੁਹੱਈਆ ਕੀਤਾ ਗਿਆ ਹੈ ਤਾਂ ਸ਼ੁਕਰਗੁਜ਼ਾਰ ਹੋਣਾ ਅਮਰੀਕਾ ਦਾ ਫ਼ਰਜ਼ ਬਣਦਾ ਹੈ। ਜੇ ਇਨ੍ਹਾਂ ਕੰਪਨੀਆਂ ਦੇ ਹਿੱਤਾਂ ਦੀ ਰਾਖੀ ਲਈ ‘ਜਮਹੂਰੀਅਤ ਦੀ ਬਹਾਲੀ’ ਅਤੇ ‘ਅਤਿਵਾਦ ਖ਼ਿਲਾਫ਼ ਜੰਗ’ ਦੇ ਨਾਂ ਉੱਤੇ ਹਮਲੇ ਕੀਤੇ ਜਾ ਸਕਦੇ ਹਨ ਤਾਂ ਘੱਟਗਿਣਤੀਆਂ ਦੇ ਕਤਲੇਆਮ ਨੂੰ ਨਜ਼ਰਅੰਦਾਜ਼ ਕਰਨਾ ਤਾਂ ਵੱਡੀ ਗੱਲ ਨਹੀਂ ਹੈ। ਮੋਦੀ ਨੇ ਕਾਰਪੋਰੇਟ ਜਗਤ ਲਈ ਰਿਆਇਤਾਂ ਅਤੇ ਛੋਟਾਂ ਦੇ ਖੁੱਲ੍ਹੇ ਗੱਫ਼ੇ ਵੰਡੇ ਹਨ। ਇਸੇ ਲਈ ਅਨਿਲ ਅੰਬਾਨੀ ਅਤੇ ਸੁਨੀਲ ਮਿੱਤਲ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦੀ ਦਾਅਵੇਦਾਰੀ ਪੇਸ਼ ਕਰਦੇ ਹਨ। ਮੋਦੀ ਦੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਭਾਜਪਾ ਦੇ ਕੌਮੀ ਆਗੂ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਤਾਮਿਲਨਾਡੂ ਦੀ ਮੁੱਖ ਮੰਤਰੀ ਦੇ ਨੁਮਾਇੰਦੇ ਅਹਿਮਦਾਬਾਦ ਦੇ ਆਲੀਸ਼ਾਨ ਵਰਤ ਦੀ ਸ਼ੋਭਾ ਵਧਾਉਣ ਪਹੁੰਚਦੇ ਹਨ। ਅਮਰੀਕਾ ਉਨ੍ਹਾਂ ਦੀ ਭ੍ਰਿਸ਼ਟਾਚਾਰ ਮੁਕਤ ਰਾਜ ਮੁਹੱਈਆ ਕਰਨ ਅਤੇ ਕਾਰਪੋਰੇਟ ਲਈ ਸਾਜ਼ਗਾਰ ਬਣਾਉਣ ਲਈ ਸਿਫ਼ਤ ਕਰ ਰਿਹਾ ਹੈ। ਇਸ ਤਰ੍ਹਾਂ ਉਹ ਮੌਜੂਦਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਵਿਰੋਧੀ ਹੋਣ ਦੇ ਨਾਲ-ਨਾਲ ਮੁੱਦਈ ਹੋ ਨਿਬੜਦਾ ਹੈ।

ਇਸ ਨੁਕਤੇ ਨੂੰ ਬਾਰੀਕੀ ਨਾਲ ਸਮਝਣ ਲਈ ਅਮਰੀਕਾ ਵਿਚ ਗਿਆਰਾਂ ਸਤੰਬਰ 2001 ਦੇ ਅਤਿਵਾਦੀ ਹਮਲੇ ਦੀ ਦਸਵੀਂ ਵਰ੍ਹੇਗੰਢ ਦੇ ਸਮਾਗਮ ਮੌਕੇ ਅਖ਼ਬਾਰਾਂ ਵਿਚ ਬੁਸ਼ ਅਤੇ ਓਬਾਮਾ ਦੀਆਂ ਘਰਵਾਲੀਆਂ ਸਮੇਤ ਛਪੀ ਤਸਵੀਰ ਮਦਦਗ਼ਾਰ ਹੋ ਸਕਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਵਜੋਂ ਬਰਾਕ ਓਬਾਮਾ ਨੂੰ ਸਿਆਹਫਾਮ ਮੁਸਲਮਾਨ ਅਤੇ ਬੁਸ਼ ਦੇ ਵਿਰੋਧੀ ਵਜੋਂ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦੇ ਰਾਜ ਦੌਰਾਨ ਅਮਰੀਕੀ ਵਿਦੇਸ਼ ਨੀਤੀ ਨੇ ਬੁਸ਼ ਦੇ ਦੌਰ ਤੋਂ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੈ। ਅਮਰੀਕਾ ਵਿਚ ਨਸਲਵਾਦ ਮਜ਼ਬੂਤ ਹੋਇਆ ਹੈ। ਅਮਰੀਕਾ ਵਿਚ ਸਿਆਹਫਾਮ, ਹਿਸਪੈਕਿਨ, ਮੁਸਲਮਾਨ ਅਤੇ ਪਰਵਾਸੀ ਤਬਕੇ ਸ਼ੱਕ ਦੇ ਸੁੰਗੜਦੇ ਘੇਰੇ ਵਿਚ ਆਏ ਹੋਏ ਹਨ। ਇਨ੍ਹਾਂ ਹਾਲਾਤ ਵਿਚ ਓਬਾਮਾ ਨੂੰ ਬੁਸ਼ ਦੇ ਵਿਰੋਧੀ ਵਜੋਂ ਨਹੀਂ ਸਗੋਂ ਡੈਮੋਕਰੇਟ ਹੁੰਦੇ ਹੋਏ ਵੀ ਰਿਪਬਲਿਕਨ ਪਾਰਟੀ ਦੀ ਲਗਾਤਾਰਤਾ ਵਿਚ ਵੇਖਿਆ ਜਾ ਸਕਦਾ ਹੈ। ਇਸੇ ਵਿਚਾਰ ਦੀ ਨੁਮਾਇੰਦਗੀ ਗਿਆਰਾਂ ਸਤੰਬਰ ਵਾਲੀ ਤਸਵੀਰ ਵਿਚੋਂ ਹੁੰਦੀ ਹੈ ਜੋ ਅਮਰੀਕੀ ਵਿਦੇਸ਼ ਤੇ ਘਰੇਲੂ ਨੀਤੀਆਂ ਦੀ ਲਗਾਤਾਰਤਾ ਦਰਸਾਉਣ ਲਈ ਢੁਕਵੇਂ ਸਮੇਂ ਤੇ ਸਥਾਨ ਦੀ ਚੋਣ ਕਰਦੀ ਹੈ। ਇਸੇ ਆਲਮੀ ਰੁਝਾਨ ਦੀ ਭਾਰਤੀ ਤੰਦ ਅਹਿਮਦਾਬਾਦ ਦੇ ਆਲੀਸ਼ਾਨ ਵਰਤ ਸਮਾਗਮ ਨਾਲ ਜੁੜੀ ਹੋਈ ਹੈ। ਭਾਜਪਾ ਦੀ ਅਕਸ ਬਦਲਣ ਦੀ ਮਸ਼ਕ ਬੁਨਿਆਦਪ੍ਰਸਤੀ ਨੂੰ ਗੌਣ ਮੁੱਦਾ ਬਣਾ ਕੇ ਵਿਕਾਸ ਨੂੰ ਤਰਜੀਹ ਦਿੰਦੀ ਜਾਪਦੀ ਹੈ। ਭਾਜਪਾ ਹੁਣ ਕੇਂਦਰ ਵਿਚ ਸਰਕਾਰ ਬਣਾਉਣ ਦੀ ਲਾਲਸਾ ਮਨਮੋਹਨ ਸਿੰਘ ਦੇ ਵਿਰੋਧ ਦੀ ਥਾਂ ਉਨ੍ਹਾਂ ਦੀ ਲਗਾਤਾਰਤਾ ਵਿਚੋਂ ਪੂਰੀ ਕਰਨਾ ਲੋਚਦੀ ਹੈ। ਇਸ ਮੌਕੇ ਸੱਤਾ ਸੁੱਖ ਦੇ ਇਕ ਨੁਕਾਤੀ ਟੀਚੇ ਤਹਿਤ ‘ਖ਼ੂਨ ਨਾਲੋਂ ਪਕੇਰੀ ਪਰਿਵਾਰਕ ਸਾਂਝ’ ਦਾ ਮੇਲ ਖੇਤਰੀ ਖੁਦਮੁਖ਼ਤਿਆਰੀ ਦੇ ਮੁੱਦੇ ਨੂੰ ਠੰਢੇ ਬਸਤੇ ਵਿਚ ਪਾ ਕੇ ਜੁੜਿਆ ਹੈ।

ਆਲਮੀ ਸਿਆਸਤ ਵਿਚ ਦਰੁਸਤ ਬਿਆਨਬਾਜ਼ੀ ਰਾਹੀਂ ਨਰਮਦਲੀ ਸੋਚ ਅਤੇ ਖੁੱਲ੍ਹਦਿਲੀ ਸਿਆਸੀ ਦਿੱਖ ਪੇਸ਼ ਕਰਨ ਦੀ ਲੋਕ ਸੰਪਰਕ ਮੁਹਿੰਮ ਭਾਰੂ ਹੈ। ਆਸਟਰੇਲੀਆਈ, ਉੱਤਰੀ ਅਮਰੀਕਾ ਅਤੇ ਯੂਰਪ ਦੀਆਂ ਸਰਕਾਰਾਂ ਲਗਾਤਾਰ ਸਭਿਆਚਾਰਕ ਵੰਨ-ਸਵੰਨਤਾ ਦਾ ਗੱਲ ਕਰਦੀਆਂ ਹਨ ਪਰ ਮੂੰਹਜ਼ੋਰ ਹੋ ਰਹੇ ਨਸਲੀ ਰੁਝਾਨ ਨੂੰ ਨਜ਼ਰਅੰਦਾਜ਼ ਕਰਦੀਆਂ ਹਨ। ਇਸ ਰੁਝਾਨ ਦੀ ਕੜੀ ਵਜੋਂ ਨਰਿੰਦਰ ਮੋਦੀ ਦੀ ਲੋਕ ਸੰਪਰਕ ਮੁਹਿੰਮ ਆਲੀਸ਼ਾਨ ਵਰਤ ਸਮਾਗਮ ਵਿਚ ਸਲੀਬਾਂ, ਕਲੰਦਰੀ ਟੋਪੀਆਂ ਅਤੇ ਬੁਰਕਿਆਂ ਦੀ ਨੁਮਾਇਸ਼ ਕਰਦੀ ਹੈ। ਲੋਕ ਸੰਪਰਕ ਮਹਿਕਮਾ ਘੱਟਗਿਣਤੀ ਦੇ ਨੁਮਾਇੰਦਿਆਂ ਦੀ ਇਨ੍ਹਾਂ ਨਿਸ਼ਾਨੀਆਂ ਸਮੇਤ ਨੁਮਾਇਸ਼ ਯਕੀਨੀ ਬਣਾਉਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਤਕਰੀਰ ਵੇਲੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲੱਗਦੇ ਹਨ। ਮੁਸਲਮਾਨਾਂ ਦੀ ਹਾਜ਼ਰੀ ਦਰਜ ਕਰਨ ਲਈ ਅੱਲਾ-ਹੂ-ਅਕਬਰ ਦੇ ਆਵਾਜ਼ੇ ਗੂੰਜਦੇ ਹਨ। ਇਸੇ ਦੌਰਾਨ ਦੰਗਿਆਂ ਦੇ ਅਤੁੱਲ ਵੈਦਿਆ ਅਤੇ ਜੈਦੀਪ ਪਟੇਲ ਵਰਗੇ ਮੁਲਜ਼ਮ ਸਮਾਗਮ ਵਿਚ ਹਾਜ਼ਰੀ ਭਰਦੇ ਹਨ। ਸੰਜੀਵ ਭੱਟ ਖ਼ਿਲਾਫ਼ ਸੂਬਾ ਸਰਕਾਰ ਵੱਲੋਂ ਦੋਸ਼ ਪੱਤਰ ਜਾਰੀ ਕੀਤਾ ਜਾਂਦਾ ਹੈ। ਸਮਾਗਮ ਦੇ ਬਾਹਰ ਰੋਹ ਪ੍ਰਗਟ ਕੀਤੇ ਜਾਣ ਦੀ ਸੰਭਾਵਨਾ ਖ਼ਤਮ ਕਰਨ ਲਈ ਦੰਗਾ ਪੀੜਤਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਉਰਦੂ ਅਖ਼ਬਾਰਾਂ ਵਿਚ ਸਰਕਾਰੀ ਇਸ਼ਤਿਹਾਰ ਮੋਦੀ ਦੇ ਵਰਤ ਨੂੰ ਰੋਜ਼ੇ ਕਰਾਰ ਦਿੰਦੇ ਹਨ। ਸ਼੍ਰੋਮਣੀ ਕਮੇਟੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰਨ ਵਾਲੇ ਅਤੇ ਰਾਜੀਵ ਗਾਂਧੀ ਦੇ ਕਤਲ ਵਿਚ ਮੁਜਰਮ ਕਰਾਰ ਦਿੱਤੇ ਤਾਮਿਲਾਂ ਦੀ ਸਜ਼ਾ ਘੱਟ ਕਰਵਾਉਣ ਲਈ ਵਿਧਾਨ ਸਭਾ ਵਿਚ ਮਤਾ ਪਾਸ ਕਰਨ ਵਾਲੇ ਮੋਦੀ ਦਾ ਗੁਣਗਾਣ ਕਰਦੇ ਹਨ। ਜਦੋਂ ਫਾਕੇ ਵਰਤਾੳੇਣ ਵਾਲੀ ਸਰਕਾਰ ਦੇ ਮੁਖੀ ਆਪਣੇ ਨੁਮਾਇਸ਼ੀ ਵਰਤਾਂ ਨੂੰ ਰੋਜ਼ੇ ਕਰਾਰ ਦਿੰਦੇ ਹਨ ਤਾਂ ਭੁੱਖਮਰੀ ਅਤੇ ਭੁੱਖ-ਹੜਤਾਲ ਨਾਲ ਕੋਝਾ ਮਜ਼ਾਕ ਹੁੰਦਾ ਹੈ। ਨਾਇਨਸਾਫ਼ੀ ਅਤੇ ਨਾਬਰਾਬਰੀ ਦੇ ਦੌਰ ਵਿਚ ਅਜਿਹੇ ਥਾਵਾਂ ਤੋਂ ਆਉਂਦੀ ਵੰਨ-ਸਵੰਨੇ ਜੈਕਾਰਿਆਂ ਦੀ ਆਵਾਜ਼ ਸਮਾਜਿਕ ਸਾਂਝ ਜਾਂ ਮਨੁੱਖੀ ਅਹਿਸਾਸ ਜਾਂ ਦਰਦਮੰਦੀ ਦੀ ਥਾਂ ਮੌਕਾਪ੍ਰਸਤਸਿਆਸੀ ਮੇਲ ਦੀ ਮੂੰਹਜ਼ੋਰ ਲੱਚਰਤਾ ਦੀ ਨੁਮਾਇੰਦਗੀ ਕਰਦੀ ਹੈ।

ਭੁੱਖ ਹੜਤਾਲ ਦਰਦਮੰਦੀ ਨੂੰ ਅੱਕਲਕਾਨ ਹੋ ਕੇ ਮਾਰੀ ਗਈ ਆਵਾਜ਼ ਹੈ। ਜਦੋਂ ਮਨੁੱਖ ਇਸ ਜੁਗਤ ਦੀ ਵਰਤੋਂ ਕਰਦਾ ਹੈ ਤਾਂ ਇਹ ਧਾਰਨਾ ਕਾਰਜਸ਼ੀਲ ਹੁੰਦੀ ਹੈ ਕਿ ਦਰਦਮੰਦੀ ਦੇ ਅਹਿਸਾਸ ਤਹਿਤ ਸੁਣਵਾਈ ਹੋਏਗੀ। ਜੇਲ੍ਹ ਸੁਧਾਰਾਂ ਦੇ ਇਤਿਹਾਸ ਵਿਚ ਭੁੱਖ ਹੜਤਾਲ ਸਭ ਤੋਂ ਕਾਰਗਰ ਹਥਿਆਰ ਸਾਬਤ ਹੋਈ ਹੈ। ਸਲਾਖਾਂ ਅਤੇ ਬੇੜੀਆਂ ਵਿਚ ਜਕੜਿਆ ਮਨੁੱਖ ਮੁਲਜ਼ਮ ਜਾਂ ਮੁਜਰਮ ਕਰਾਰ ਦਿੱਤਾ ਹੋਣ ਦੇ ਬਾਵਜੂਦ ਜੇਲ੍ਹ ਅੰਦਰ ਆਪਣੇ ਹਕੂਕ ਦੀ ਲੜਾਈ ਜਾਰੀ ਰੱਖ ਸਕਿਆ ਹੈ। ਜੇਲ੍ਹ ਸੁਧਾਰ ਅਤੇ ਭੁੱਖ ਹੜਤਾਲ ਦੇ ਖ਼ਾਸੇ ਬਾਬਤ ਉਘੜਵੀਆਂ ਮਿਸਾਲਾਂ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਸਵੈ-ਜੀਵਨੀ ‘ਜੀਵਨ ਸੰਗਰਾਮ’ ਵਿਚ ਦਰਜ ਕੀਤੀਆਂ ਹਨ। ਕਾਲੇ ਪਾਣੀ ਦੀ ਸਜ਼ਾ ਕੱਟਣ ਤੋਂ ਬਾਅਦ ਬਾਬਾ ਜੀ ਦਾ ਤਬਾਦਲਾ ਯਰਵਾਦਾ ਜੇਲ੍ਹ (ਪੂਨੇ) ਵਿਚ ਹੋਇਆ। ਉੱਥੇ ਸਿੱਖ ਕੈਦੀਆਂ ਨੂੰ ਪੰਜਾਬ ਸਰਕਾਰ ਤੋਂ ਮਨਜ਼ੂਰਸ਼ੁਦਾ ਹੋਣ ਦੇ ਬਾਵਜੂਦ ਪੱਗਾਂ ਅਤੇ ਕੱਛੇ ਉਤਾਰਨ ਦਾ ਹੁਕਮ ਸੁਣਾਇਆ ਗਿਆ। ਜਦੋਂ ਪੱਗਾਂ ਅਤੇ ਕੱਛੇ ਜ਼ਬਰਦਸਤੀ ਉਤਾਰੇ ਗਏ ਤਾਂ ਰੋਹ ਵਜੋਂ ਭੁੱਖ ਹੜਤਾਲ ਕਰ ਦਿੱਤੀ ਗਈ। ਪਰਮਾਨੰਦ ਝਾਂਸੀ ਅਤੇ ਹਿਰਦੇ ਰਾਮ ਨੂੰ ਰੋਕਿਆ ਗਿਆ ਪਰ ਉਨ੍ਹਾਂ ਨੇ ਧਾਰਮਿਕ ਸਵਾਲ ਨੂੰ ਏਕਤਾ ਦੇ ਪੱਖ ਤੋਂ ਦੇਖਦਿਆਂ ਭੁੱਖ ਹੜਤਾਲ ਵਿਚ ਸ਼ਮੂਲੀਅਤ ਕੀਤੀ। ਦੂਜੀ ਮਿਸਾਲ ਲਾਹੌਰ ਜੇਲ੍ਹ ਦੀ ਹੈ ਜਿੱਥੇ ਭਗਤ ਸਿੰਘ ਆਪਣੇ ਸਾਥੀਆਂ ਸਮੇਤ ਕੈਦ ਸਨ। ਰਿਹਾਈ ਤੋਂ ਪਹਿਲਾਂ ਬਾਬਾ ਭਕਨਾ ਦਾ ਤਬਾਦਲਾ ਲਾਹੌਰ ਜੇਲ੍ਹ ਵਿਚ ਹੋ ਗਿਆ। ਭਗਤ ਸਿੰਘ ਹੋਰੀ ਸਿਆਸੀ ਕੈਦੀਆਂ ਦੇ ਹਕੂਕ ਲਈ ਭੁੱਖ ਹੜਤਾਲ ਕਰ ਰਹੇ ਸਨ। ਹਮਦਰਦ ਵਜੋਂ ਬਾਬਾ ਜੀ ਨੇ ਵੀ ਜੇਲ੍ਹ ਵਾਲਿਆਂ ਨੂੰ ਭੁੱਖ ਹੜਤਾਲ ਦਾ ਨੋਟਿਸ ਭੇਜ ਦਿੱਤਾ। ਬਾਬਾ ਜੀ ਦੇ ਸ਼ਬਦਾਂ ਵਿਚ “ਜਦ ਭਗਤ ਸਿੰਘ ਨੂੰ ਪਤਾ ਲੱਗਿਆ ਤਾਂ ਉਸ ਨੇ ਕਈ ਸੁਨੇਹੇ ਭੇਜੇ ‘ਬਾਬਾ ਜੀ, ਤੁਸੀਂ ਪਹਿਲਾਂ ਹੀ ਬਹੁਤ ਕਸ਼ਟ ਉਠਾ ਚੁੱਕੇ ਹੋ, ਹੁਣ ਭੁੱਖ ਹੜਤਾਲ ਨਾ ਕਰੋ।’ ਮੈਂ ਪਿਆਰ ਨਾਲ ਜਵਾਬ ਦਿੱਤਾ, ‘ਭਗਤ ਸਿੰਘ, ਜਦ ਤੁਸੀਂ ਨੌਜਵਾਨ ਦੂਜਿਆਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਕੁਰਬਾਨੀ ਦੇ ਰਹੇ ਹੋ ਤਾਂ ਮੈਂ ਬੁੱਢੀ ਉਮਰ ਵਿਚ ਜੋ ਖ਼ਤਮ ਹੋਣ ‘ਤੇ ਹੈ, ਬਾਹਰ ਬੈਠਾ ਕਿਸ ਤਰ੍ਹਾਂ ਤਮਾਸ਼ਾ ਦੇਖ ਸਕਦਾ ਹਾਂ?’ ਸੋ ਮੈਂ ਭੁੱਖ ਹੜਤਾਲ ਕਰ ਦਿੱਤੀ ਤੇ ਆਖ਼ਰ ਤੱਕ ਭੁੱਖ ਹੜਤਾਲ ਵਿਚ ਸ਼ਾਮਿਲ ਰਿਹਾ।”

ਇਨ੍ਹਾਂ ਮਿਸਾਲਾਂ ਵਿਚੋਂ ਸਪਸ਼ਟ ਹੈ ਕਿ ਭੁੱਖ ਹੜਤਾਲ ਉੱਤੇ ਬੈਠੇ ਮਨੁੱਖ ਦੀ ਹਾਲਤ ਦਰਦਮੰਦੀ ਦਾ ਅਹਿਸਾਸ ਜਗਾਉਂਦੀ ਹੈ। ਇਹ ਅਹਿਸਾਸ ਸਾਥੀਆਂ ਦੀ ਸਾਂਝ ਮਜ਼ਬੂਤ ਕਰਦਾ ਹੈ ਅਤੇ ਸਾਹਮਣੀ ਧਿਰ ਨੂੰ ਸੁਣਵਾਈ ਲਈ ਮਜਬੂਰ ਕਰਦਾ ਹੈ। ਜੇਲ੍ਹ ਵਿਚ ਕੈਦੀਆਂ ਦੀਆਂ ਬੀਮਾਰੀਆਂ ਅਤੇ ਹੋਰ ਤਕਲੀਫ਼ਾਂ ਨੂੰ ਨਜ਼ਰਅੰਦਾਜ਼ ਕਰਨ ਗਿੱਝਿਆ ਪ੍ਰੰਬਧਕੀ ਲਾਣਾ ਕੁਝ ਹਿਲਦਾ ਜ਼ਰੂਰ ਹੈ। ਸਿਆਸੀ ਮੰਚ ਤੋਂ ਬਿਨਾਂ ਭੁੱਖ ਹੜਤਾਲ ਬੇਮਾਅਨਾ ਹੈ। ਜੇ ਭੁੱਖ ਹੜਤਾਲੀ ਦੀ ਪਹੁੰਚ ਅਵਾਮ ਤੱਕ ਹੋਵੇਗੀ ਤਾਂ ਅਵਾਮੀ ਦਰਦਮੰਦੀ ਅਤੇ ਨੈਤਿਕ ਦਬਾਅ ਹੇਠ ਸਰਕਾਰ ਸੁਣਵਾਈ ਕਰੇਗੀ। ਸਮੇਂ ਦੇ ਨਾਲ ਸਰਕਾਰਾਂ ਨੇ ਇਸ ਨੈਤਿਕ ਪੈਂਤੜੇ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਮੌਜੂਦਾ ਦੌਰ ਵਿਚ ਤਾਂ ਸਰਕਾਰਾਂ ਅਵਾਮ ਨੂੰ ਖਪਤਕਾਰ ਵਜੋਂ ਦੇਖਦੀਆਂ ਤਾਂ ਉਨ੍ਹਾਂ ਦੀਆਂ ਤਕਲੀਫ਼ਾਂ (ਭੁੱਖ ਹੜਤਾਲਾਂ) ਸਰਕਾਰੀ ਦਰਦਮੰਦੀ ਦਾ ਸਬੱਬ ਕਿਵੇਂ ਬਣ ਸਕਦੀਆਂ ਹਨ? ਇਹ ਸ਼ਬਦ ਸਰਕਾਰੀ ਸ਼ਬਦਕੋਸ਼ਾਂ ਵਿਚੋਂ ‘ਲੋਕ ਕਲਿਆਣ’ ਅਤੇ ‘ਸਮਾਜਿਕ ਇਨਸਾਫ਼’ ਵਾਂਗ ਮਿਟਾ ਦਿੱਤਾ ਗਿਆ ਹੈ। ਹੁਣ ਸਰਕਾਰਾਂ ਅਖ਼ਤਿਆਰਾਂ ਦੀ ਬੋਲੀ ਸਮਝਦੀਆਂ ਹਨ। ਇਨ੍ਹਾਂ ਹਾਲਾਤ ਵਿਚ ਨੈਤਿਕਤਾ ਨਾਲ ਸਰਕਾਰੀ ਹੁੰਗਾਰੇ ਦਾ ਕੋਈ ਰਿਸ਼ਤਾ ਨਹੀਂ ਹੈ। ਜੇ ਅਜਿਹਾ ਹੁੰਦਾ ਤਾਂ ਸ਼ਰਮੀਲਾ ਇਰੋਮ ਦਸ ਸਾਲਾਂ ਤੋਂ ਭੁੱਖ ਹੜਤਾਲ ਉੱਤੇ ਨਾ ਬੈਠੀ ਹੁੰਦੀ। ਇਨ੍ਹਾਂ ਹਾਲਾਤ ਵਿਚ ਮੋਦੀ ਦਾ ਆਲੀਸ਼ਾਨ ਵਰਤ ਕੀ ਮਾਅਨੇ ਰੱਖਦਾ ਹੈ?

ਵਰਤ ਨੂੰ ਤਿਆਗ ਅਤੇ ਆਪੇ ਨੂੰ ਕਾਬੂ ਵਿਚ ਕਰਨ ਦੀ ਜੁਗਤ ਵਜੋਂ ਰਿਸ਼ੀਆਂ-ਮੁਨੀਆਂ ਅਤੇ ਤਿਆਗੀਆਂ ਨੇ ਵਰਤਿਆ ਹੈ। ਇਹ ਉਨ੍ਹਾਂ ਦੇ ਟਿਚਿਆਂ ਨੂੰ ਸਿੱਧ ਕਰਨ ਵਿਚ ਕਾਮਯਾਬ ਵੀ ਹੋਇਆ ਹੈ। ਸਿਹਤਯਾਬੀ ਲਈ ਕਈ ਵਾਰ ਡਾਕਟਰ ਵਰਤ ਦੀ ਸਿਫ਼ਾਰਿਸ਼ ਕਰਦੇ ਹਨ ਜੋ ਮਰੀਜ਼ ਦੀ ਰਾਹਤ ਦਾ ਸਬੱਬ ਬਣਦੇ ਹਨ। ਇਸ ਤੋਂ ਬਿਨਾਂ ਵਰਤ ਨੂੰ ਗੁਰਬਾਣੀ ਵਿਚ ਪਾਖੰਡ ਕਰਾਰ ਦਿੱਤਾ ਗਿਆ ਹੈ। ਮੋਦੀ ਦੇ ਵਰਤ ਦਾ ਐਲਾਨੀਆ ਟੀਚਾ ਸਦਭਾਵਨਾ ਮਜ਼ਬੂਤ ਕਰਨਾ ਹੈ। ਜੇ ਮੋਦੀ ਦੇ ਵਰਤ ਨਾਲ ਸਦਭਾਵਨਾ ਮਜ਼ਬੂਤ ਹੁੰਦੀ ਹੈ ਤਾਂ ਉਨ੍ਹਾਂ ਅਤੇ ਮਨਮੋਹਨ ਸਿੰਘ ਦੀ ਸਹਿਮਤੀ ਨਾਲ ਚੱਲ ਰਹੀਆਂ ਨੀਤੀਆਂ ਇਹ ਕੰਮ ਜ਼ਿਆਦਾ ਕਾਰਗਰ ਢੰਗ ਨਾਲ ਕਰ ਸਕਦੀਆਂ ਸਨ। ਇਸ ਵੇਲੇ ਸਮੁੱਚੇ ਮੁਲਕ ਦੇ 77 ਫ਼ੀਸਦੀ ਲੋਕ 20 ਰੁਪਏ ਤੋਂ ਘੱਟ ਰੋਜ਼ਾਨਾ ਆਮਦਨ ਨਾਲ ਗੁਜ਼ਾਰਾ ਕਰ ਰਹੇ ਹਨ। ਇਨ੍ਹਾਂ ਦੀ ਹਾਲਤ ਸਦੀਵੀ ਅੱਧ-ਭੁੱਖਮਰੀ ਵਾਲੀ ਹੈ। ਇਸ ਤਬਕੇ ਤੋਂ ਸਦਭਾਵਨਾ ਦੀ ਥਾਂ ਹਿੰਸਾ, ਲੁੱਟਮਾਰ ਅਤੇ ਬਦਜਨੀ ਦਾ ਖ਼ਦਸ਼ਾ ਜ਼ਿਆਦਾ ਮੰਨਿਆ ਜਾਂਦਾ ਹੈ। ਨੈਸ਼ਨਲ ਸੈਂਪਲ ਸਰਵੇਖਣ 2005-6 ਮੁਤਾਬਕ ਗੁਜਰਾਤ ਵਿਚ ਪੈਦਾ ਹੋਣ ਵਾਲੇ 22 ਫ਼ੀਸਦੀ ਬੱਚਿਆਂ ਦਾ ਵਜ਼ਨ ਢਾਈ ਕਿਲੋ ਤੋਂ ਘੱਟ ਹੁੰਦਾ ਹੈ। ਗੁਜਰਾਤ ਦੇ 4.5 ਫ਼ੀਸਦੀ ਬੱਚਿਆਂ ਨਾਲ ਟੀਕਾਕਰਨ ਨਾਲ ਕੋਈ ਵਾਹ ਨਹੀਂ ਪੈਂਦਾ ਅਤੇ 36.4 ਫ਼ੀਸਦੀ ਬੱਚਿਆਂ ਦਾ ਟੀਕਾਕਰਨ ਦਾ ਕਾਰਡ ਨਹੀਂ ਬਣਦਾ। ਟੀਕਾਕਰਨ ਦੇ ਘੇਰੇ ਵਿਚ 45.2 ਫ਼ੀਸਦੀ ਬੱਚੇ ਆਉਂਦੇ ਹਨ। ਵਿਦੇਸ਼ੀ ਨਿਵੇਸ਼ ਦੇ ਮਾਮਲੇ ਵਿਚ ਮੋਹਰੀ ਹੋਣ ਦੀਆਂ ਟਾਹਰਾਂ ਮਾਰਨ ਵਾਲੇ ਗੁਜਰਾਤ ਦਾ ਟੀਕਾਕਰਨ ਦੇ ਮਾਮਲੇ ਵਿਚ ਸੂਬਿਆਂ ਵਿਚ ਹੇਠੋਂ 10ਵਾਂ ਥਾਂ ਹੈ। ਕਪੋਸ਼ਣ ਕਾਰਨ ਛੇ ਸਾਲ ਤੋਂ ਘੱਟ ਉਮਰ ਵਿਚ ਗੁਜਰਾਤ ਦੇ 51.7 ਫ਼ੀਸਦੀ ਬੱਚਿਆਂ ਦਾ ਕੱਦ, 18.7 ਫ਼ੀਸਦੀ ਦਾ ਕੱਦ ਦੇ ਮੁਕਾਬਲੇ ਵਜ਼ਨ ਅਤੇ 44.6 ਫ਼ੀਸਦੀ ਦਾ ਉਮਰ ਦੇ ਮੁਕਾਬਲੇ ਵਜ਼ਨ ਘੱਟ ਹੈ। ਛੇ ਤੋਂ 59 ਮਹੀਨੇ ਦੀ ਉਮਰ ਦੇ 69.7 ਫ਼ੀਸਦੀ ਗੁਜਰਾਤੀ ਬੱਚੇ ਖ਼ੂਨ ਦੀ ਕਮੀ ਦਾ ਸ਼ਿਕਾਰ ਹਨ। ਗੁਜਰਾਤ ਵਿਚ 53.3 ਫ਼ੀਸਦੀ ਔਰਤਾਂ ਅਤੇ 22.2 ਫ਼ੀਸਦੀ ਮਰਦ ਖ਼ੂਨ ਦੀ ਕਮੀ ਦਾ ਸ਼ਿਕਾਰ ਹਨ। ਡਾ. ਵਿਨਾਇਕ ਸੈਨ ਕੁਪੋਸ਼ਣ ਨੂੰ ਮੌਜੂਦਾ ਦੌਰ ਦਾ ਸਭ ਤੋਂ ਘਾਤਕ ਪਰ ਨਜ਼ਰਅੰਦਾਜ਼ ਕੀਤਾ ਕਤਲੇਆਮ ਕਰਾਰ ਦਿੰਦੇ ਹਨ ਜਿਸ ਦੀਆਂ ਜੜ੍ਹਾਂ ਮੌਜੂਦਾ ਰਾਜਤੰਤਰੀ ਢਾਂਚੇ ਵਿਚ ਲੱਗੀਆਂ ਹੋਈਆਂ ਹਨ। ਇਨ੍ਹਾਂ ਹਾਲਾਤ ਵਿਚ ਆਲੀਸ਼ਾਨ ਵਰਤ ਸਮਾਗਮ ਦੇ ਕੀ ਮਾਅਨੇ ਹਨ?

ਅਮਰੀਕਾ ਵੱਲੋਂ ਮੋਦੀ ਦੀ ਗੁਜਰਾਤ ਵਿਚ ਭ੍ਰਿਸ਼ਟਾਚਾਰ ਮੁਕਤ ਰਾਜ ਮੁਹੱਈਆ ਕਰਨ ਲਈ ਤਾਰੀਫ਼, ਅੰਨਾ ਹਜ਼ਾਰੇ ਵੱਲੋਂ ਮੋਦੀ ਦੀ ਸਿਫ਼ਤ, ਵਿਸ਼ਵ ਬੈਂਕ ਵੱਲੋਂ ਆਲਮੀ ਪੱਧਰ ਉੱਤੇ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮਾਂ ਦੀ ਵਿੱਤੀ ਇਮਦਾਦ ਅਤੇ ਭਾਜਪਾ ਦੀ ਅਕਸ ਬਦਲੀ ਦੀ ਮਸ਼ਕ ਇਕੋ ਰੁਝਾਨ ਦੀਆਂ ਕੜੀਆਂ ਜਾਪਦੀਆਂ ਹਨ। ਮੌਜੂਦਾ ਇਕ ਧਰੁਵੀ ਆਲਮ ਵਿਚ ਆਗੂਆਂ, ਸਿਆਸੀ ਪਾਰਟੀਆਂ ਅਤੇ ਕੰਪਨੀਆਂ ਦੇ ਬਦਲ ਹਨ ਪਰ ਸਿਆਸੀ ਸੋਚ ਇਕੋ ਹੈ। ਮਨੁੱਖ ਦੀ ਖਪਤਕਾਰ ਵਜੋਂ ਪਛਾਣ ਨਾਲ ਜੁੜਿਆ ਰਾਜਤੰਤਰ ਸਾਰੇ ਸਿਆਸੀ ਇਤਫ਼ਰਕਿਆਂ ਨੂੰ ਮਿਟਾਉਣ ਲਈ ਮੁਨਾਫ਼ੇ ਅਤੇ ਵਿਕਾਸ ਦਰ ਦਾ ਰੰਦਾ ਫੇਰ ਰਿਹਾ ਹੈ। ਇਸ ਨਾਲ ਬੁਸ਼-ਓਬਾਮਾ ਦੀ ਤਰਜ਼ ਉੱਤੇ ਮਨਮੋਹਨ-ਨਰਿੰਦਰ ਮੋਦੀ ਦਾ ਫ਼ਰਕ ਮਿਟ ਗਿਆ ਹੈ। ਅਕਸ ਬਦਲੀ ਦੀ ਮਸ਼ਕ ਇਸ ਮਨਸੂਈ ਫ਼ਰਕ ਨੂੰ ਧੁੰਧਲਾ ਕਰਨ ਦਾ ਤਰਦੱਦ ਨਹੀਂ ਤਾਂ ਹੋਰ ਕੀ ਹੈ?

ਦਲਜੀਤ ਅਮੀ
ਲੇਖ਼ਕ ਪੰਜਾਬੀ ਟ੍ਰਿਬਿਊਨ ਦੇ ਅਸਿਸਟੈਂਟ ਐਡੀਟਰ ਰਹੇ ਹਨ ਤੇ ਪੰਜਾਬ ਦੇ ਜਾਣੇ ਪਛਾਣੇ ਦਸਤਾਵੇਜ਼ੀ ਫਿਲਮਸਾਜ਼ ਹਨ।

Sunday, September 18, 2011

ਤੂੰ ਦਾਤਾ ਦਾਤਾਰੁ ਤੇਰਾ ਦਿੱਤਾ ਖਾਵਣਾ !

ਮਨੁੱਖ ਨੂੰ ਉਹਦੇ ਆਪਣੇ ਹੱਥਾਂ ਨੇ ਸਿਰਜਿਆ ਹੈ। ਕਿਰਤੀ ਮਨੁੱਖ ਆਖਦੇ ਹਨ, ‘ਅਪਨਾ ਹਾਥ ਜਗਨਨਾਥ’, ਭਾਵ ਆਪਣੇ ਹੱਥ ਹੀ ਭਗਵਾਨ ਹਨ ! ਬਹੁਤ ਸਾਰੇ ਲੋਕ ਸਵੇਰ ਵੇਲੇ ਆਪਣੇ ਹੱਥ ਸਾਹਮਣੇ ਕਰ ਕੇ ਅੱਖਾਂ ਖੋਲਦੇ ਹਨ ਅਤੇ ਸਭ ਤੋਂ ਪਹਿਲਾਂ ਆਪਣੇ ਹੀ ਹੱਥਾਂ ਦੇ ਦਰਸ਼ਨ-ਦੀਦਾਰ ਕਰਦੇ ਹਨ। ਧਾਰਮਿਕ ਲੋਕ ਆਪਣੇ ਹੱਥਾਂ ਦੀ ਸ਼ਕਤੀ ਵਿਚ ਪ੍ਰਮਾਤਮਾ ਨੂੰ ਵੀ ਹਿੱਸੇਦਾਰ ਬਣਾ ਲੈਂਦੇ ਹਨ ਅਤੇ ਧੰਨਵਾਦੀ ਹੋ ਕੇ ਆਖਦੇ ਹਨ, ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ! ਉਹਨਾਂ ਦਾ ਕਹਿਣਾ ਹੈ ਕਿ ਇਸ ਧਰਤੀ ਉੱਤੇ ਅੰਨ-ਪਾਣੀ, ਫਲ-ਫਲੂਟ, ਜੋ ਕੁਛ ਵੀ ਹੈ, ਉਸੇ ਦਾ ਹੀ ਉਪਜਾਇਆ ਹੋਇਆ ਹੈ। ਇਸ ਲਈ ਮਨੁੱਖ ਦੇ ਹੱਥਾਂ ਦੀ ਕਰਾਮਾਤ ਦੇ ਬਾਵਜੂਦ ਇਹ ਸਭ ਉਸੇ ਦੀ ਦੇਣ ਤੇ ਕਿਰਪਾ ਹੈ! ਉਹ ਕਿਰਪਾਲੂ ਹੈ, ਉਹਦੀ ਕਿਰਪਾ ਦਾ ਆਨੰਦ ਮਾਨਣ ਵਿਚ ਸੰਗ-ਝਿਜਕ ਕਾਹਦੀ!

ਪਿਛਲੇ ਦਿਨੀਂ ਬਠਿੰਡੇ ਦੇ ਇਕ ਪੱਤਰਕਾਰ ਚਰਨਜੀਤ ਭੁੱਲਰ ਨੇ ਸੂਚਨਾ-ਅਧਿਕਾਰ ਕਾਨੂੰਨ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਥੇਦਾਰ ਅਵਤਾਰ ਸਿੰਘ ਮੱਕੜ ਜੀ ਦੀ ਕਾਰ ਦੇ ਤੇਲ ਦੇ ਖਰਚੇ ਦੀ ਜਾਣਕਾਰੀ ਮੰਗੀ। ਕਮੇਟੀ ਦੇ ਪੱਤਰ ' 60115 ਅਨੁਸਾਰ ਮਿਲੀ ਅਧਿਕਾਰਿਤ ਸੂਚਨਾ ਦਸਦੀ ਹੈ ਕਿ 1 ਅਪਰੈਲ 2006 ਤੋਂ 31 ਮਾਰਚ 2011 ਤੱਕ ਦੇ ਪੰਜ ਸਾਲਾਂ ਵਿਚ ਜਥੇਦਾਰ ਜੀ ਦੀ ਕਾਰ ਇਕ ਕਰੋੜ ਚੌਂਹਠ ਲੱਖ ਚੁਰਾਨਵੇਂ ਹਜ਼ਾਰ ਪੰਜ ਸੌ ਦਸ ਰੁਪਏ ਦਾ ਤੇਲ ਪੀ ਗਈ। ਜੇ ਤੇਲ ਦਾ ਇਸ ਸਮੇਂ ਦਾ ਔਸਤ ਭਾਅ 50 ਰੁਪਏ ਪ੍ਰਤੀ ਲਿਟਰ ਲਾਈਏ ਅਤੇ ਕਾਰ ਲਿਟਰ ਵਿਚ ਦਸ ਕਿਲੋਮੀਟਰ ਵੀ ਕਢਦੀ ਮੰਨੀਏ, ਕੁੱਲ ਸਫ਼ਰ 32,98,902 ਕਿਲੋਮੀਟਰ ਹੋ ਜਾਵੇਗਾ। ਧਰਤੀ ਦਾ ਵੱਡੇ ਤੋਂ ਵੱਡਾ ਘੇਰਾ ਭੂਮੱਧਰੇਖਾ ਉੱਤੇ 40,030 ਕਿਲੋਮੀਟਰ ਹੈ। ਜੇ ਜਥੇਦਾਰ ਜੀ ਭੂਮੱਧਰੇਖਾ ਉੱਤੇ ਸਿੱਧੇ ਤੁਰੇ ਜਾਂਦੇ, ਧਰਤੀ ਦੀ ਸਾਢੇ ਬਿਆਸੀ ਵਾਰ ਪਰਕਰਮਾ ਕਰ ਲੈਂਦੇ। ਜੇ ਉਹਨਾਂ ਨੂੰ 3,84,403 ਕਿਲੋਮੀਟਰ ਦੂਰ ਵਸਦੇ ਚੰਦ ਮਾਮਾ ਜੀ ਦਾ ਮੋਹ ਜਾਗਦਾ, ਉਹ ਚਾਰ ਵਾਰ ਆ-ਜਾ ਸਕਦੇ ਸਨ ਅਤੇ ਪੰਜਵੀਂ ਵਾਰ ਉਥੇ ਜਾ ਕੇ ਟਿਕ ਸਕਦੇ ਸਨ!

ਚਲੋ, ਪੰਜ ਸਾਲਾਂ ਦਾ ਲੰਮਾ-ਚੌੜਾ ਹਿਸਾਬ-ਕਿਤਾਬ ਛੱਡੀਏ ਅਤੇ 1 ਅਪਰੈਲ 2010 ਤੋਂ 31 ਮਾਰਚ 2011 ਤੱਕ ਦੇ ਸੱਜਰੇ ਇਕ ਸਾਲ ਦੀ ਗੱਲ ਕਰੀਏ। ਇਸ ਇਕ ਸਾਲ ਵਿਚ ਜਥੇਦਾਰ ਮੱਕੜ ਦੀ ਕਾਰ ਦੀ ਟੈਂਕੀ ਵਿਚ ਸੰਤਾਲੀ ਲੱਖ ਚਰਵੰਜਾ ਹਜ਼ਾਰ ਸੱਤ ਸੌ ਛੱਬੀ ਰੁਪਏ ਦਾ ਤੇਲ ਪਿਆ। ਲਗਦਾ ਹੈ, ਜਥੇਦਾਰ ਜੀ ਨੇ ਟੈਂਕੀ ਉਤਰਵਾ ਕੇ ਕਾਰ ਵਿਚ ਟੈਂਕ ਫਿੱਟ ਕਰਵਾ ਲਿਆ ਹੈ! ਖੈਰ, ਜੇ ਇਸ ਸਾਲ ਦਾ ਤੇਲ ਦਾ ਭਾਅ 60 ਰੁਪਏ ਲਿਟਰ ਲਾਈਏ, ਕੁੱਲ ਸਫ਼ਰ 7,92,288 ਕਿਲੋਮੀਟਰ ਬਣ ਜਾਂਦਾ ਹੈ, ਭਾਵ ਇਸ ਇਕ ਸਾਲ ਵਿਚ ਜਥੇਦਾਰ ਜੀ ਧਰਤੀ ਦੀ 20 ਵਾਰ ਪਰਕਰਮਾ ਕਰ ਸਕਦੇ ਸਨ ਅਤੇ ਚੰਦ ਮਾਮਾ ਜੀ ਨੂੰ ਵੀ ਘੱਟੋ-ਘੱਟ ਇਕ ਵਾਰ ਮਿਲ ਕੇ ਆ ਸਕਦੇ ਸਨ! ਇਸ ਸਾਲ ਜਥੇਦਾਰ ਜੀ ਦਾ ਰੋਜ਼ ਦਾ ਸਫ਼ਰ 2,170 ਕਿਲੋਮੀਟਰ ਬਣਦਾ ਹੈ। ਜੇ ਉਹਨਾਂ ਦੀ ਕਾਰ ਉੱਕਾ ਰੁਕੀ ਹੀ ਨਾ ਹੋਵੇ ਤਾਂ ਉਹ ਵਾਹੋਦਾਹ 60 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਹਰ ਰੋਜ਼ 36 ਘੰਟੇ ਚੱਲੀ ਹੋਵੇਗੀ! ਇਥੇ ਆ ਕੇ ਮੇਰੇ ਵਰਗਾ ਅਧਾਰਮਿਕ ਬੰਦਾ ਬੌਂਦਲ ਜਾਂਦਾ ਹੈ ਅਤੇ ਉਹਨੂੰ ਕਈ ਸਵਾਲਾਂ ਦਾ ਕੋਈ ਜਵਾਬ ਨਹੀਂ ਸੁਝਦਾ।

ਪਹਿਲਾ ਸਵਾਲ ਤਾਂ ਇਹ ਕਿ ਜ਼ਿਲਾ ਬਠਿੰਡਾ ਵਾਲੇ ਮੇਰੇ ਪਿੰਡ ਪਿੱਥੋ ਅਤੇ ਨਿਵਾਸ ਵਾਲੇ ਮੇਰੇ ਸ਼ਹਿਰ ਦਿੱਲੀ ਵਿਚ ਤਾਂ ਦਿਨ-ਰਾਤ ਘਟਦੇ-ਵਧਦੇ ਰਹਿਣ ਦੇ ਬਾਵਜੂਦ ਸਦਾ ਚੌਵੀ ਘੰਟਿਆਂ ਦੇ ਹੀ ਰਹਿੰਦੇ ਹਨ। ਮੈਂ ਵੱਖ ਵੱਖ ਪਿੰਡਾਂ, ਸ਼ਹਿਰਾਂ, ਸੂਬਿਆਂ ਵਿਚ ਵਸਦੇ ਅਨੇਕ ਦੋਸਤਾਂ-ਮਿੱਤਰਾਂ ਤੋਂ, ਇਥੋਂ ਤੱਕ ਕਿ ਅਮਰੀਕਾ, ਰੂਸ, ਇੰਗਲੈਂਡ, ਵਗੈਰਾ ਤੋਂ ਵੀ ਫੋ ਕਰ ਕੇ ਪਤਾ ਕੀਤਾ ਹੈ, ਦਿਨ-ਰਾਤ ਹਰ ਥਾਂ ਚੌਵੀ ਘੰਟੇ ਦੇ ਹੀ ਰਹਿੰਦੇ ਹਨ। ਮੈਂ ਸਕੂਲ ਤੋਂ ਅੱਗੇ ਕਾਲਜ ਵਿਚ ਵੀ ਗਣਿਤ ਪੜਿਆ ਹੈ ਪਰ ਸਾਡਾ ਹਰ ਅਧਿਆਪਕ ਤੇ ਪਰੋਫੈ ਸਾਨੂੰ 24 ਬਰਾਬਰ ਹੈ 24 ਹੀ ਪੜ•ਾਉਂਦਾ ਰਿਹਾ। ਇਹ 24 ਘੰਟੇ ਦਾ ਦਿਨ-ਰਾਤ ਜਥੇਦਾਰ ਮੱਕੜ ਨੇ ਧਰਮ ਦੀ ਸ਼ਕਤੀ ਨਾਲ ਡੇਢਾ ਵੱਡਾ, ਭਾਵ 36 ਘੰਟੇ ਦਾ ਬਣਾ ਕੇ ਨਵਾਂ ਗਣਿਤ-ਵਿਗਿਆਨ ਸਿਰਜ ਦਿੱਤਾ ਹੈ। ਜੇ ਉਹ ਯਤਨ ਕਰਨ, ਇਸ ਕਾਢ ਸਦਕਾ ਨੋਬਲ ਇਨਾਮ ਜਿੱਤ ਸਕਦੇ ਹਨ ਅਤੇ ਪਹਿਲੇ ਸਿੱਖ ਨੋਬਲ ਇਨਾਮ ਜੇਤੂ ਬਣ ਸਕਦੇ ਹਨ!

ਦੂਜੀ ਗੱਲ, ਜੇ ਜਥੇਦਾਰ ਜੀ ਪੰਜ ਸਾਲਾਂ ਤੋਂ ਬਿਲਕੁਲ ਹੀ ਰੁਕੇ ਬਿਨਾਂ ਕਾਰ-ਸਵਾਰ ਘੁੰਮਦੇ ਰਹੇ ਹਨ, ਇਹ ਤਾਂ ਮੰਨ ਲੈਂਦੇ ਹਾਂ ਕਿ ਪੰਥ ਦੀ ਸੇਵਾ ਨੂੰ ਸਮਰਪਿਤ ਹੋ ਕੇ ਉਹਨਾਂ ਨੇ ਘਰ-ਪਰਿਵਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਹੋਵੇਗਾ ਪਰ ਇਉਂ ਤਾਂ ਉਹ ਏਨੇਂ ਸਾਲਾਂ ਤੋਂ ਇਕ ਸਕਿੰਟ ਲਈ ਵੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਨਹੀਂ ਗਏ ਅਤੇ ਨਾ ਹੀ ਹੋਰ ਕਿਸੇ ਇਕੱਤਰਤਾ, ਬੈਠਕ ਜਾਂ ਕਾਨਫ਼ਰੰਸ ਵਿਚ ਸ਼ਾਮਲ ਹੋਏ ਹਨ। ਫੇਰ ਉਹਨਾਂ ਦੇ ਪ੍ਰਧਾਨ ਵਾਲੇ ਫ਼ਰਜ਼ ਕਿਵੇਂ ਨਿਭਦੇ ਰਹੇ? ਅਖ਼ਬਾਰਾਂ ਵਿਚ ਅਨੇਕ ਥਾਂਵਾਂ ਉੱਤੇ ਉਹਨਾਂ ਦੇ ਵਿਚਰਨ ਤੇ ਠਹਿਰਨ ਦੀਆਂ ਖ਼ਬਰਾਂ ਆਮ ਹੀ ਛਪਦੀਆਂ ਰਹਿੰਦੀਆਂ ਹਨ। ਤਾਂ ਕੀ ਮੱਕੜ ਜੀ ਦੋ ਹਨ? ਕੀ ਉਹ ਆਪ ਤਾਂ ਕਾਰ-ਸਵਾਰ ਰਹਿੰਦੇ ਹਨ ਅਤੇ ਆਪਣੀ ਧਾਰਮਿਕ ਸ਼ਕਤੀ ਨਾਲ ਆਪਣਾ ਇਕ ਹੋਰ ਰੂਪ ਘੜ ਕੇ ਪ੍ਰਧਾਨਗੀ ਦੇ ਕਾਰਜ ਨਿਭਾਉਣ ਲਈ ਛੱਡ ਜਾਂਦੇ ਹਨ?

ਹੋਰ ਗੱਲਾਂ ਤਾਂ ਛੱਡੋ, ਸੈਟੇਲਾਈਟਾਂ ਵਿਚ ਧਰਤੀ ਦੁਆਲੇ ਘੁੰਮਦੇ ਰਹੇ ਰੂਸੀਆਂ ਤੇ ਅਮਰੀਕੀਆਂ ਵਾਂਗ ਜਥੇਦਾਰ ਜੀ ਏਨੇਂ ਸਾਲਾਂ ਤੋਂ, ਰੁਕੇ ਬਿਨਾਂ, ਕਾਰ ਵਿਚ ਹੀ ਕਿਉਂ ਘੁੰਮ ਰਹੇ ਹਨ? ਆਖ਼ਰ ਕਾਰ-ਯਾਤਰਾ ਨੂੰ ਕਿਤੇ ਤਾਂ ਖ਼ਤਮ ਹੋਣਾ ਚਾਹੀਦਾ ਹੈ? ਉਹ ਕਿਸ ਮੰਤਵ ਲਈ ਕਿਥੇ ਜਾਣ ਵਾਸਤੇ ਪੰਜ ਸਾਲਾਂ ਤੋਂ ਕਾਰ-ਸਵਾਰ ਭੱਜੇ ਫਿਰਦੇ ਹਨ? ਅਜਿਹੇ ਲਗਾਤਾਰ ਸਫ਼ਰ ਵਿਚ ਜਥੇਦਾਰ ਜੀ ਨੂੰ ਬਦਲ ਬਦਲ ਕੇ ਸਟੇਅਰਿੰਗ ਸੰਭਾਲਣ ਵਾਲੇ ਕਿੰਨੇ ਡਰਾਈਵਰ ਨਾਲ ਰੱਖਣ ਦੀ ਲੋੜ ਪੈਂਦੀ ਹੋਵੇਗੀ? ਮੈਂ ਇਕ ਅਕਾਲੀ ਮਿੱਤਰ ਨੂੰ ਪੁੱਛਿਆ ਤਾਂ ਉਹ ਤਿਉੜੀ ਪਾ ਕੇ ਬੋਲਿਆ, ਜ਼ਰੂਰੀ ਹੈ, ਜਥੇਦਾਰ ਜੀ ਆਪ ਹੀ ਹੋਣ, ਉਹਨਾਂ ਦੀ ਕਾਰ ਕੋਈ ਹੋਰ ਵੀ ਤਾਂ ਲਿਜਾ ਸਕਦਾ ਹੈ? ਮੈਂ ਹੱਥ ਬੰਨ• ਕੇ ਬੇਨਤੀ ਕੀਤੀ, ਭਾਈ ਸਾਹਿਬ, ਦਿਨ ਤਾਂ ਫੇਰ ਵੀ ਛੱਤੀ ਘੰਟੇ ਦਾ ਹੀ ਰਿਹਾ? ਉਹ ਕਚੀਚੀ ਵੱਟ ਕੇ ਪਰ•ੇ ਨੂੰ ਤੁਰਦਾ ਬੋਲਿਆ, ਤੁਸੀਂ ਨਾਸਤਿਕ ਕੌਮਨਿਸਟ ਧਰਮ ਦੀ ਸ਼ਕਤੀ ਨੂੰ ਨਹੀਂ ਸਮਝ ਸਕਦੇ! ਮੱਕੜ ਜੀ ਨੇ ਆਪ ਵੀ ਇਸ ਸੰਬੰਧ ਵਿਚ ਕਾਂਗਰਸੀਆਂ ਨੂੰ ਗਾਲ਼ਾਂ ਦੇ ਕੇ ਕਿਹਾ ਹੈ ਕਿ ਇਕ ਨਹੀਂ, ਉਹਨਾਂ ਦੀਆਂ ਤਿੰਨ ਕਾਰਾਂ ਚਲਦੀਆ ਰਹੀਆਂ ਹਨ। ਇਸ ਹਿਸਾਬ ਇਕ ਕਾਰ ਛੱਤੀ ਘੰਟੇ ਰੋਜ਼ ਚੱਲਣ ਦੀ ਥਾਂ ਤਿੰਨ ਕਾਰਾਂ ਬਾਰਾਂ-ਬਾਰਾਂ ਘੰਟੇ ਰੋਜ਼ ਚਲਦੀਆਂ ਰਹੀਆਂ। ਮਤਲਬ ਇਹ ਕਿ ਜਥੇਦਾਰ ਜੀ ਦੀਆਂ ਤਿੰਨ ਕਾਰਾਂ ਏਨੇਂ ਚਿਰ ਤੋਂ ਰਾਤ ਨੂੰ ਸੌਣ ਦਾ ਸਮਾਂ ਛੱਡ ਕੇ ਬਾਰਾਂ ਘੰਟੇ ਰੋਜ਼ ਹਫ਼ਦੀਆਂ-ਹੌਂਕਦੀਆਂ ਤਾਬੜਤੋੜ ਭੱਜੀਆਂ ਫਿਰ ਰਹੀਆਂ ਹਨ! ਜੇ ਇਹਨਾਂ ਕਾਰਾਂ ਵਿਚ ਪਟਰੌਲ ਦੀ ਥਾਂ ਡੀਜ਼ਲ ਪੈਂਦਾ ਹੋਇਆ,ਘੰਟੇ ਹੋਰ ਵੀ ਵਧ ਜਾਣਗੇ ਤੇ ਹਿਸਾਬ ਹੋਰ ਵੀ ਵਿਗੜ ਜਾਵੇਗਾ! ਹਾਂ, ਜਥੇਦਾਰ ਜੀ ਦੀ ਇਕ ਗੱਲੋਂ ਜ਼ਰੂਰ ਪ੍ਰਸੰਸਾ ਕਰਨੀ ਪਵੇਗੀ ਤੇ ਉਹਨਾਂ ਨੂੰ ਧੰਨਵਾਦ ਵੀ ਦੇਣਾ ਪਵੇਗਾ ਕਿ ਏਨੇਂ ਸਾਲਾਂ ਤੋਂ ਸਾਹੋਸਾਹ ਭੱਜੀਆਂ ਫਿਰਦੀਆਂ ਉਹਨਾਂ ਦੀਆਂ ਕਾਰਾਂ ਨੇ ਇਕ ਵੀ ਐਕਸੀਡੈਂਟ ਨਹੀਂ ਕੀਤਾ। ਧਰਮ ਵਿਚ ਠੀਕ ਹੀ ਬੜੀ ਸ਼ਕਤੀ ਹੈ!

ਪੰਜਾਬ ਵਿਚ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਸੀ, ਸਾਡੀ ਨਾਭਾ ਰਿਆਸਤ ਵਿਚ ਰਾਜਾ ਹੀਰਾ ਸਿੰਘ ਦਾ ਜਸ ਸੀ। ਨਾਭਾ ਰਿਆਸਤ ਦੇ ਕਿਸੇ ਬਜ਼ੁਰਗ ਤੋਂ ਪੁੱਛ ਲਵੋ, ਉਹ ਹੀਰਾ ਸਿੰਘ ਦਾ ਗੁਣਗਾਣ ਸ਼ੁਰੂ ਕਰ ਦੇਵੇਗਾ। ਰਾਜਾ ਹਰ ਰੋਜ਼ ‘ਸੰਗਤ ਦਰਸ਼ਨ’ ਵੀ ਦਿੰਦਾ ਸੀ। ਲੋਕ ਫ਼ਰਿਆਦਾਂ ਤਾਂ ਕਰਦੇ ਹੀ, ਇਨਾਮ ਦੀ ਝਾਕ ਵਿਚ ਆਪਣੇ ਆਪਣੇ ਗੁਣ ਜਾਂ ਹੁਨਰ ਦਾ ਵਿਖਾਲਾ ਵੀ ਪਾਉਂਦੇ। ‘ਮਹਾਨ ਕੋਸ਼’ ਦੇ ਰਚੈਤਾ ਭਾਈ ਕਾਨ• ਸਿੰਘ ਦੇ ਪਿਤਾ, ਮੇਰੇ ਪਿੰਡ ਪਿੱਥੋ ਦੇ ਵਸਨੀਕ ਭਾਈ ਨਰਾਇਣ ਸਿੰਘ ਨੇ ਇਕ ਅਜਿਹੇ ਸੰਗਤ ਦਰਸ਼ਨ ਵਿਚ ਹੀ ਹੀਰਾ ਸਿੰਘ ਨੂੰ ਕਿਹਾ ਸੀ ਕਿ ਉਹ ਚੌਂਕੜਾ ਮਾਰ ਕੇ ਬੈਠਦਿਆਂ ਇਕੱਲਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰੇਗਾ। ਮਗਰੋਂ ਜਦੋਂ ਉਹਨੇ ਆਪਣਾ ਦਾਅਵਾ ਹੈਰਾਨ ਹੋਏ ਰਾਜੇ ਅੱਗੇ ਪੂਰਾ ਕਰ ਕੇ ਦਿਖਾਇਆ ਤਾਂ ਹੀਰਾ ਸਿੰਘ ਨੇ ਉਹਨੂੰ ਮਹਿਲ ਵਿਚਲੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਥਾਪ ਦਿੱਤਾ। ਇਕ ਵਿਦਵਾਨ ਵਜੋਂ ਭਾਈ ਕਾਨ• ਸਿੰਘ ਦਾ ਵਿਕਾਸ ਇਸੇ ਮਾਹੌਲ ਦੀ ਦੇਣ ਸੀ। ਖ਼ੈਰ, ਜਿਹੜੀ ਗੱਲ ਮੈਂ ਕਰਨ ਲੱਗਿਆ ਸੀ, ਉਹ ਇਹ ਕਿ ਚੋਟੀਆਂ ਪਿੰਡ ਦਾ ਕੋਈ ਬੰਦਾ ਕਿਸੇ ਕੰਮ ਲਈ ਸੰਗਤ ਦਰਸ਼ਨ ਵਿਚ ਹਾਜ਼ਰ ਹੋਇਆ ਤਾਂ ਹੀਰਾ ਸਿੰਘ ਬੋਲਿਆ, ਬਈ ਤੇਰੀ ਗੱਲ ਤਾਂ ਫੇਰ ਸੁਣਾਂਗੇ, ਤੂੰ ਗੁਰਮੁਖਾਂ ਵਾਲੀ ਦਸਤਾਰ ਕਮਾਲ ਦੀ ਸਜਾਈ ਹੋਈ ਹੈ! ਤੇ ਉਹਨੇ ਵਜ਼ੀਰ ਨੂੰ ਹੁਕਮ ਦਿੱਤਾ, ਇਹਨੂੰ ਪੱਚੀ ਰੁਪਏ ਇਨਾਮ ਦੇ ਦਿਉ। ਉਹ ਆਦਮੀ ਹੱਥ ਬੰਨ• ਕੇ ਬੋਲਿਆ, ਮਹਾਰਾਜ, ਅਜੇ ਤਾਂ ਇਹ ਸਫ਼ਰ ਕਰਕੇ ਕੱਲ• ਦੀ ਬੰਨ•ੀ ਹੋਈ ਹੈ, ਜੇ ਅੱਜ ਬੰਨ•ਦਾ, ਹੋਰ ਵੀ ਸੋਹਣੀ ਹੁੰਦੀ। ਹੀਰਾ ਸਿੰਘ ਦੇ ਤੌਰ ਇਕਦਮ ਬਦਲ ਗਏ, ''ਗੁਰੂ ਦੇ ਸਿੱਖ ਲਈ ਤਾਂ ਰੋਜ਼ ਦਸਤਾਰ ਨੂੰ ਟੋਪੀ ਵਾਂਗ ਨਹੀਂ, ਇਕ ਇਕ ਪੇਚ ਕਰ ਕੇ ਉਤਾਰਨਾ, ਇਸ਼ਨਾਨ ਕਰਨਾ ਤੇ ਫੇਰ ਦਸਤਾਰ ਸਜਾਉਣਾ ਜ਼ਰੂਰੀ ਹੈ। ਇਹਦਾ ਮਤਲਬ, ਤੂੰ ਅੱਜ ਅਜਿਹਾ ਕੁਛ ਵੀ ਨਹੀਂ ਕੀਤਾ?.....ਵਜ਼ੀਰ ਸਾਹਿਬ, ਇਹਤੋਂ ਪੰਜਾਹ ਰੁਪਏ ਜੁਰਮਾਨਾ ਵਸੂਲ ਕਰ ਕੇ ਖ਼ਜ਼ਾਨੇ ਵਿਚ ਜਮਾਂ• ਕਰਵਾ ਦਿਉ! ਜੇ ਜਥੇਦਾਰ ਮੱਕੜ ਏਨੇਂ ਸਾਲਾਂ ਤੋਂ ਉੱਕਾ ਹੀ ਰੁਕੇ ਬਿਨਾਂ ਬੱਸ ਘੁੰਮਦੇ ਹੀ ਘੁੰਮਦੇ ਰਹਿੰਦੇ ਹਨ, ਉਹ ਨ•ਾਉਣ-ਧੋਣ ਦੀ ਸਿੱਖੀ ਮਰਯਾਦਾ ਕਦੋਂ ਤੇ ਕਿਵੇਂ ਪੂਰੀ ਕਰਦੇ ਹੋਣਗੇ?

ਦੋਸਤਾਂ ਵਿਚ ਬੈਠਿਆਂ ਮੱਕੜ ਜੀ ਦਾ ਹਿਸਾਬ-ਕਿਤਾਬ ਮੇਲਣ ਦੇ ਯਤਨ ਹੋ ਰਹੇ ਸਨ ਤਾਂ ਇਕ ਘੋਰ ਨਾਸਤਿਕ ਸੱਜਨ ਬੋਲਿਆ, ਇਕ ਕਥਾ ਸੁਣੋ। ਸਾਡੇ ਪਿੰਡ ਦੂਰੋਂ-ਨੇੜਿਉਂ ਮੇਰਾ ਇਕ ਤਾਇਆ ਹੁੰਦਾ ਸੀ। ਚੌਵੀ ਘੰਟੇ ਬੰਦਗੀ ਵੱਲ ਧਿਆਨ। ਨਾ ਕਾਹੂੰ ਨਾਲ ਦੋਸਤੀ, ਨਾ ਕਾਹੂੰ ਨਾਲ ਵੈਰ। ਚਾਹ-ਪਾਣੀ ਲਈ ਉਹਨੇ ਬੱਕਰੀ ਰੱਖੀ ਹੋਈ ਸੀ। ਦੋ ਵੇਲੇ ਉਹ ਵੱਟਾਂ-ਡੌਲਾਂ ਉੱਤੇ ਘੁਮਾ ਕੇ ਬੱਕਰੀ ਨੂੰ ਘਾਹ ਚਾਰਦਾ। ਬੱਕਰੀ ਦਾ ਪੇਟ ਕਿੰਨਾ ਹੀ ਚਿਰ ਲਾ ਕੇ ਭਰਦਾ। ਇਕ ਦਿਨ ਤਾਏ ਦੀ ਲਿਵ ਰੱਬ ਨਾਲ ਲੱਗ ਗਈ ਤੇ ਬੱਕਰੀ ਤਾਏ ਨੂੰ ਬੇਧਿਆਨਾ ਦੇਖ ਕੇ ਕਿਸੇ ਦੀ ਹਰੀ-ਕਚੂਰ ਕਣਕ ਵਿਚ ਵੜ ਗਈ। ਪੰਜ-ਸੱਤ ਮਿੰਟਾਂ ਵਿਚ ਰੱਜ ਕੇ ਉਹਨੇ ਮਿਆਂ ਬੋਲਦਿਆਂ ਤਾਏ ਨੂੰ ਕਿਹਾ, ਮੈਂ ਤਾਂ ਰੱਜ ਗਈ, ਚਲੋ ਘਰ ਚੱਲੀਏ! ਤਾਏ ਨੂੰ ਵੀ ਚਾਨਣ ਹੋ ਗਿਆ ਕਿ ਵੱਟਾਂ-ਡੌਲਾਂ ਉੱਤੇ ਗੇੜੇ ਕੱਢਣ ਦਾ ਕੀ ਫ਼ਾਇਦਾ? ਅਗਲੇ ਦਿਨ ਉਹਨੇ ਬੱਕਰੀ ਸਿੱਧੀ ਕਣਕ ਵਿਚ ਜਾ ਛੱਡੀ ਤੇ ਪੰਜ-ਦਸ ਮਿੰਟਾਂ ਵਿਚ ਕੰਮ ਮੁਕਾ ਕੇ ਘਰ ਆ ਗਿਆ। ਰੋਜ਼ ਮੁੱਛੀ ਜਾਂਦੀ ਕਣਕ ਦਾ ਭੇਤ ਜਾਨਣ ਲਈ ਖੇਤ ਵਾਲਾ ਕਿਸਾਨ ਕਣਕ ਵਿਚ ਲੁਕ ਕੇ ਬੈਠ ਗਿਆ। ਜਿਉਂ ਹੀ ਤਾਏ ਨੇ ਬੱਕਰੀ ਕਣਕ ਵਿਚ ਵਾੜੀ, ਉਹ ਖੜ•ਾ ਹੋ ਕੇ ਬੋਲਿਆ, ਵਾਹ ਬਈ ਵਾਹ, ਬਿਗਾਨੀਆਂ ਫਸਲਾਂ ਵਿਚ ਬੱਕਰੀ ਚਾਰਦਾ ਐਂ, ਅਸ਼ਕੇ ਤੇਰੀ ਬੰਦਗੀ ਦੇ! ਤਾਇਆ ਇਕ ਮਿੰਟ ਤਾਂ ਘਬਰਾਇਆ ਪਰ ਸੰਭਲ ਕੇ ਬੋਲਿਆ, ਉਇ ਭਾਈ, ਬੱਕਰੀ ਨੇ ਤਾਂ ਹਰਾ ਹੀ ਚਰਨਾ ਹੋਇਆ, ਇਹ ਬੰਦਗੀ ਤਾਂ ਚਰਨੋਂ ਰਹੀ!

ਕਥਾ ਸੁਣਾ ਕੇ ਉਹ ਭੇਤਭਰੀਆਂ ਨਜ਼ਰਾਂ ਨਾਲ ਝਾਕਣ ਲੱਗਿਆ। ਮੈਂ ਹੈਰਾਨ ਕਿ ਕਿਥੇ ਮੱਕੜ ਜੀ ਦੀ ਕਾਰ ਤੇ ਕਿਥੇ ਤਾਏ ਦੀ ਬੱਕਰੀ! ਆਖ਼ਰ ਮੈਂ ਪੁੱਛ ਹੀ ਲਿਆ, ਇਹ ਜਥੇਦਾਰ ਜੀ ਦੀ ਕਾਰ ਵਿਚ ਬੱਕਰੀ ਕਿਥੋਂ ਆ ਵੜੀ? ਉਹ ਸੱਜਨ ਮਹਿਫ਼ਲ ਵਿਚੋਂ ਉਠਦਿਆਂ ਤਿਉੜੀ ਪਾ ਕੇ ਬੋਲਿਆ, ਵੱਡਾ ਲੇਖਕ ਬਣਿਆ ਫਿਰਦਾ ਐਂ, ਸਿੱਧੀ-ਸਾਦੀ ਪੰਜਾਬੀ ਵਿਚ ਸੁਣਾਈ ਗੱਲ ਸਮਝ ਨਹੀਂ ਆਈ? ਉਹਦੇ ਮਿਹਣੇ ਦੇ ਬਾਵਜੂਦ ਜਥੇਦਾਰ ਦੀ ਕਾਰ ਨਾਲ ਤਾਏ ਦੀ ਬੱਕਰੀ ਦੀ ਸਾਕ-ਸਕੀਰੀ ਤਾਂ ਮੇਰੀ ਸਮਝ ਵਿਚ ਨਾ ਆਈ ਪਰ ਅੱਧੀ ਸਦੀ ਪਹਿਲਾਂ ਦੇ ਆਪਣੇ ਪਿੰਡ ਦੇ ਲੋਕ ਜ਼ਰੂਰ ਚੇਤੇ ਆ ਗਏ!

ਬਿਜਲੀ ਅਜੇ ਆਈ ਨਹੀਂ ਸੀ। ਕੱਚੇ ਘਰ ਉਦੋਂ ਅਜੇ ਖਿੜਕੀਆਂ, ਰੌਸ਼ਨਦਾਨਾਂ ਤੋਂ ਵਿਰਵੇ, ਬੰਦ ਜਿਹੇ ਹੁੰਦੇ ਸਨ। ਗਰਮੀਆਂ ਦੀਆਂ ਦੁਪਹਿਰਾਂ ਨੂੰ ਵਿਹਲੇ ਲੋਕ ਪਿੱਪਲਾਂ-ਬੋਹੜਾਂ ਦੀ ਛਾਂਵੇਂ ਜਾ ਬੈਠਦੇ। ਕਈ ਲੋਕ ਗੁਰਦੁਆਰਾ ਸਾਹਿਬ ਦੀ ਖੂਹੀ ਕੋਲ ਪਿੱਪਲ ਦੀ ਛਾਂਵੇਂ ਡੇਰਾ ਲਾ ਲੈਂਦੇ ਅਤੇ ਪੁਰਾਣੇ ਸਤਿਜੁਗੀ ਭਲੇ ਵੇਲਿਆਂ ਦੀਆਂ, ਹੁਣ ਆ ਗਏ ਕਲਜੁਗੀ ਮਾੜੇ ਸਮੇਂ ਦੀਆਂ, ਬੰਦੇ ਦੇ ਆਦਿ-ਅੰਤ ਦੀਆਂ, ਸੱਚੀ ਦਰਗਾਹ ਵਿਚ ਦੇਣੇ ਪੈਣੇ ਲੇਖੇ ਦੀਆਂ, ਸੱਚਿਆਂ ਨੂੰ ਚਰਨਾਂ ਵਿਚ ਨਿਵਾਸ ਮਿਲਣ ਦੀਆਂ ਤੇ ਝੁਠਿਆਂ ਨੂੰ ਅੱਗ ਵਿਚ ਭੁੰਨੇ ਜਾਣ ਤੇ ਤੇਲ ਵਿਚ ਤਲੇ ਜਾਣ ਦੀਆਂ ਦਾਰਸ਼ਨਿਕ ਗੱਲਾਂ ਕਰਦੇ। ਜਦੋਂ ਸੂਰਜ ਸਿਖਰ ਤੋਂ ਪੱਛਮ ਵੱਲ ਤਿਲ•ਕਦਾ, ਭਾਈ ਜੀ ਗੁਰਦੇਵ ਸਿੰਘ ਆਖਦਾ, ਭਾਈ ਸਿੰਘੋ, ਚਾਹਟਾ ਤਿਆਰ ਕਰਨ ਲੱਗੇ ਆਂ, ਜਿਹੜੇ ਜਿਹੜੇ ਸਿੰਘ ਨੇ ਛਕਣਾ ਹੋਵੇ.....

ਮੇਰੇ ਪਿੰਡ ਦੇ ਸਿੱਧੇ-ਸਾਦੇ, ਅਣਪੜ•, ਗੰਵਾਰ, ਬਾਣੀ ਪੜ•ਨ-ਸਮਝਣ ਤੋਂ ਅਸਮਰੱਥ ਪਰ ਸੱਚੇ-ਸੁੱਚੇ, ਕੱਚੇ ਦੁੱਧ ਵਰਗੇ ਪਵਿੱਤਰ ਲੋਕ ਆਪਣੇ ਆਪਣੇ ਹੇਠਾਂ ਵਿਛਾਏ ਹੋਏ ਪਰਨੇ ਝਾੜ ਕੇ ਮੋਢਿਆਂ ਉੱਤੇ ਰਖਦੇ ਅਤੇ ਤੁਰਨ ਲੱਗੇ ਆਖਦੇ, ''ਭਾਈ ਜੀ, ਤੁਸੀਂ ਛਕੋ ਆਨੰਦ ਨਾਲ, ਅਸੀਂ ਤਾਂ ਘਰ ਜਾ ਕੇ ਪੀਵਾਂਗੇ। ਗੁਰਦੁਆਰੇ ਦਾ ਖਾ-ਪੀ ਕੇ ਅਗਲੀ ਦਰਗਾਹ ਅੱਗ ਵਿਚ ਕਿਉਂ ਭੁੱਜੀਏ ਤੇ ਉਬਲਦੇ ਤੇਲ ਵਿਚ ਕਿਉਂ ਸੜੀਏ?” ਅੱਜ ਮੈਂ ਸੋਚਦਾ ਹਾਂ, ਉਹ ਭੋਲੇ-ਭਾਲੇ ਲੋਕ ਆਪਣੇ ਸਮੇਂ ਨੂੰ ‘ਕਲਜੁਗੀ ਮਾੜਾ ਸਮਾਂ’ ਕਿਉਂ ਆਖਦੇ ਸਨ? ਉਹ ਤਾਂ ਸਤਿਜੁਗੀ ਸਮਾਂ ਸੀ ਜਿਸ ਵਿਚ ਲੋਕ ਗੁਰਦੁਆਰੇ ਵਰਗੀਆਂ ਸਾਂਝੀਆਂ ਥਾਂਵਾਂ ਨੂੰ ਦਿੰਦੇ ਹੀ ਦਿੰਦੇ ਸਨ ਤੇ ਉਥੋਂ ਚਾਹ-ਪਾਣੀ ਵੀ ਨਹੀਂ ਸਨ ਛਕਦੇ। ਕਲਜੁਗੀ ਮਾੜਾ ਸਮਾਂ ਤਾਂ ਹੁਣ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਕਾਰ ਗੁਰਦੁਆਰਿਆਂ ਦੀ ਮਾਇਆ ਨਾਲ ਕਿੰਨੇ ਸਾਲਾਂ ਤੋਂ ਲਗਾਤਾਰ ਦਿਨ-ਰਾਤ ਦੇ ਚੌਵੀ ਘੰਟਿਆਂ ਵਿਚੋਂ ਛੱਤੀ ਘੰਟੇ ਬਿਨਾਂ-ਰੁਕਿਆਂ ਘੁੰਮ ਰਹੀ ਹੈ!

ਗੁਰਬਚਨ ਸਿੰਘ ਭੁੱਲਰ
ਲੇਖ਼ਕ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਹਨ।
(011-65736868)

Sunday, September 11, 2011

ਭਾਰਤ 'ਚ ਮੁਸਲਮਾਨ ਹੋਣ ਦੀ ਪੀੜ

ਦੁਨੀਆਂ ਦੇ 'ਸਭ ਤੋਂ ਵੱਡੇ ਲੋਕਤੰਤਰ' 'ਚ ਘੱਟਗਿਣਤੀਆਂ ਹੋਣ ਦਾ ਮਤਲਬ ਕੀ ਹੈ?-ਪੜ੍ਹੋ ਤੇ ਸਮਝੋ

ਭਾਰਤ 'ਚ ਹਰ ਅੱਤਵਾਦੀ ਹਮਲੇ ਤੋਂ ਬਾਅਦ ਮੁਸਲਮਾਨ ਨੌਜੁਆਨਾਂ ਦੇ ਮਨਾਂ 'ਚ ਤੌਖਲਾ ਉੱਠਦਾ ਐ—ਪੁਲਿਸ ਮੁਕਾਬਲੇ ਦਾ, ਗ਼ੈਰਕਾਨੂੰਨੀ ਹਿਰਾਸਤਾਂ ਦਾ ਅਤੇ ਤਸ਼ੱਦਦ ਦਾ ਇੱਕ ਆਮ ਮੁਸਲਮਾਨ ਕਦੋਂ ਤੱਕ ਅੱਤਵਾਦੀ ਹੋਣ ਜਾਂ ਅੱਤਵਾਦ ਦਾ ਸਾਥ ਦੇਣ ਦੇ ਸ਼ੱਕ ਦੇ ਘੇਰੇ ਹੇਠ ਜੀਵੇ? 'ਅਸੁਰੱਖਿਆ ਦਾ ਅਹਿਸਾਸ ਸਾਡੀਆਂ ਜ਼ਿੰਦਗੀਆਂ ਦਾ ਹਿੱਸਾ ਬਣ ਚੁਕਾ ਹੈ' ਇਹ ਮਹਿਤਾਬ ਆਲਮ ਦਾ ਮੰਨਣਾ ਹੈ..


"ਦਿੱਲੀ 'ਚ ਸੀਰੀਅਲ ਬੰਬ ਧਮਾਕੇ, ਕਿੱਥੇ ਐਂ ਤੂੰ?, ਠੀਕ ਐਂ?" ਮੇਰੇ ਮੋਬਾਈਲ 'ਤੇ ਦੋਸਤ ਦਾ ਐੱਸ.ਐੱਮ.ਐੱਸ ਵੱਜਿਆ13 ਸਤੰਬਰ 2008 ਦੀ ਦੇਰ ਸ਼ਾਮ ਦਾ ਸਮਾਂ ਸੀ "ਬਹੁਤ ਮਾੜੀ ਹੋਈ, ਮੈਂ ਤਾਂ ਠੀਕ ਐਂ, ਬਿਹਾਰ 'ਚ ਬੈਠਾਂ. ਉਮੀਦ ਐ ਤੂੰ ਤੇ ਤੇਰਾ ਪਰਿਵਾਰ ਵੀ ਠੀਕ ਹੋਊਗਾ" ਓਹਦੇ ਸੁਆਲ ਨੂੰ ਹੋਰਾਂ ਕੋਲ ਪਾਉਣ ਤੋਂ ਪਹਿਲੋਂ ਮੈਂ ਓਹਨੂੰ ਜੁਆਬ ਲਿਖਿਆ ਸੀ ਮੈਂ ਓਹਨੀ ਦਿਨੀਂ ਕੋਸੀ ਦਰਿਆ ਕਰਕੇ ਬਿਹਾਰ 'ਚ ਆਏ ਹੜ੍ਹਾਂ ਕਾਰਨ ਹੋਈ ਤਬਾਹੀ ਦਾ ਸਰਵੇਖਣ ਕਰਨ ਗਿਆ ਹੋਇਆ ਸੀ

13 ਸਤੰਬਰ २००८ ਸੂਰਜ ਦਿੱਲੀ 'ਚ ਬੰਬਾਂ ਦੇ ਧਮਾਕਿਆਂ ਨਾਲ ਡੁੱਬਿਆ ਸੀ26 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ, 30 ਮਿੰਟਾਂ 'ਚ 5 ਬੰਬ ਧਮਾਕਿਆਂ ਨੇ ਦਿੱਲੀ ਸਣੇ ਪੂਰੇ ਮੁਲਕ ਦੇ ਦਿਲ ਹਿਲਾ ਦਿੱਤੇ ਸਨ ਮੇਰੇ ਹਰ ਐੱਸ.ਐੱਮ.ਐੱਸ ਦਾ ਜੁਆਬ ਸੁਖਦ ਮਿਲਿਆ ਤਾਂ ਕੁਝ ਸਾਹ ਆਇਆ ਸਾਰੇ ਮਿੱਤਰ ਠੀਕ ਸਨਅਖੀਰਲਾ ਜੁਆਬ ਅੱਧੀ ਰਾਤ ਨੂੰ ਮੇਰੇ ਸੀਨੀਅਰ ਸਾਥੀ ਅਤੇ ਚੌਗਿਰਦਾ ਵਿਗਿਆਨ ਦੇ ਸਾਬਕਾ ਪ੍ਰੋਫੈਸਰ ਏ.ਆਰ.ਆਗਵਾਨ ਦਾ ਆਇਆ ਜਿਹਦੇ ਨਾਲ ਮੈਂ ਮੁਲਕ ਦੇ ਕਈ ਹਿੱਸਿਆਂ 'ਚ ਮਨੁੱਖੀ ਅਧਿਕਾਰਾਂ ਸਬੰਧੀ ਵਰਕਸ਼ਾਪਾਂ ਲਾ ਚੁੱਕਿਆ ਸੀ ਓਹਨੇ ਦੇਰ ਨਾਲ ਇਸ ਲਈ ਜੁਆਬ ਦਿੱਤਾ ਕਿਓਂਕਿ ਓਹ ਸੁੱਤਾ ਰਹਿ ਗਿਆ ਸੀ

ਏਧਰ ਪੂਰੀ ਖਬਰ ਤੋਂ ਬੁਰੀ ਤਰਾਂ ਹਿੱਲ ਚੁੱਕਿਆ ਮੈਂ ਕਿਸੇ ਤਰਾਂ ਕੰਮ 'ਚ ਜੀਅ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਖੁਦ ਨੂੰ ਧਰਵਾਸਾ ਦੇ ਰਿਹਾ ਕੇ ਸੀ ਜਿੰਨੀ ਬੁਰੀ ਹੋਣੀ ਸੀ ਓਹ ਹੋ ਚੁੱਕੀ ਪਰ ਮੈਂ ਛੇਤੀ ਗ਼ਲਤ ਸਾਬਤ ਹੋ ਗਿਆ ਇੱਕ ਕਾਹਲ ਭਰੀ ਫੋਨ ਕਾਲ ਆਈ ਐਸੋਸੀਏਸ਼ਨ ਫੋਰ ਪ੍ਰੋਟੈਕਸ਼ਨ ਔਫ ਸਿਵਲ ਰਾਈਟਸ (ਏ.ਪੀ.ਸੀ.ਆਰ) ਦੇ ਸਕੱਤਰ ਦੀ ਇਹ ਦਿੱਲੀ ਦਾ ਮਨੁੱਖੀ ਅਧਿਕਾਰ ਗਰੁੱਪ ਐ ਜਿਹਦੇ ਨਾਲ ਮੈਂ ਬਤੌਰ ਕੋ-ਆਰਡੀਨੇਟਰ ਕੰਮ ਕਰਦਾ ਹਾਂ ਅਵਾਜ਼ ਤਣਾਅ ਭਰਪੂਰ ਸੀ ਅਤੇ ਕਾਲ ਦੀ ਰਿਸੀਵਿੰਗ ਵੀ ਠੀਕ ਨਾਂ ਹੋਣ ਕਾਰਨ ਹੋਰ ਵੀ ਔਖਾ ਹੋ ਰਿਹਾ ਸੀ ਸਿਰਫ ਏਨਾ ਈ ਸਮਝ ਆਇਆ ਕਿ ਦੱਖਣੀ ਦਿੱਲੀ ਦੇ ਮੁਸਲਿਮ ਅਬਾਦੀ ਵਾਲੇ ਜਾਮੀਆ ਨਗਰ 'ਚ ਹਲਾਤ ਕਾਫੀ ਖਰਾਬ ਸੀਸਾਰੇ ਇਲਾਕੇ 'ਚ ਡਰ ਫੈਲਿਆ ਹੋਇਆ ਸੀਪੁਲਿਸ ਮੁਸਲਮਾਨਾਂ ਨੂੰ ਚੁੱਕ ਰਹੀ ਸੀ, ਮੈਂ ਛੇਤੀ ਦਿੱਲੀ ਪੁੱਜਾਂ

ਜਾਣਕਾਰੀ ਦੇ ਘਬਰਾਹਟ ਪੈਦਾ ਕੀਤੀ ਤਾਂ ਮੈਂ ਏ.ਆਰ.ਆਗਵਾਨ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਓਹ ਓਸੇ ਇਲਾਕੇ 'ਚ ਰਹਿੰਦਾ ਸੀਸਾਰੀ ਦਿਹਾੜੀ २० ਦੇ ਕਰੀਬ ਕਾਲਾਂ ਦਾ ਕੋਈ ਜੁਆਬ ਨਹੀਂ ਆਇਆ ਤਾਂ ਚਿੰਤਾ ਵਧ ਗਈਆਗਵਾਨ ਕਦੇ ਏਦਾਂ ਨਹੀਂ ਕਰਦਾਇਫਤਾਰ ਤੋਂ ਬਾਅਦ (ਰਮਜ਼ਾਨ ਦਾ ਮਹੀਨਾ ਸੀ) ਮੈਂ ਨੇੜਲੇ ਕੈਫੇ ਗਿਆ ਟਿਕਟ ਬੁੱਕ ਕਰਾਉਣ ਲਈ ਈ.ਮੇਲ ਆਈ ਹੋਈ ਸੀਏ.ਆਰ.ਆਗਵਾਨ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਚੁੱਕ ਲਿਆ ਸੀ, ਸਪੈਅਲ ਸੈੱਲ ਜਿਹਨੂੰ ਅੱਤਵਾਦ ਵਿਰੋਧੀ ਕਾਰਵਾਈ ਦੀਆਂ ਤਾਕਤਾਂ ਨੇ

ਆਗਵਾਨ ਮੰਨਿਆ ਪ੍ਰਮੰਨਿਆ ਮਨੁੱਖੀ ਅਧਿਕਰਨ ਕਾਰਕੁੰਨ ਸੀ ਅਤੇ ਕਈ ਜਾਣੀ ਪਛਾਣੀਆਂ, ਵੱਕਾਰੀ ਜਥੇਬੰਦੀਆਂ ਨਾਲ ਜੁੜਿਆ ਹੋਇਆ ਸੀ ਓਹਦਾ ਰਿਕਾਰਡ ਸਾਫ ਸੀ ਤੇ ਈਮਾਨ ਓਸਤੋਂ ਵੀ ਸਾਫ, ਓਹਦੀ ਗ੍ਰਿਫਤਾਰੀ ਨੇ ਮੁਸਲਿਮ ਭਾਈ ਚਾਰੇ ਨਮੂ ਜ਼ਬਰਦਸਤ ਝਟਕਾ ਦਿੱਤਾਮੁਸਲਿਮ ਆਗੂ ਖਾਸੇ ਗੁੱਸੇ 'ਚ ਸਨ ਇਸ ਗ੍ਰਿਫਤਾਰੀ ਕਾਰਨ ਆਗਬਾਨ ਦੇ ਗੁਆਂਢੀਆਂ ਨੂੰ ਸਮਝ ਨਹੀਂ ਆਈ ਓਹ ਕੀ ਕਰਨ ਪੜਤਾਲ ਕਰਨ 'ਤੇ ਪਤਾ ਲੱਗਾ ਕਿ 3 ਹੋਰ ਕਾਰਕੁੰਨ ਇਲਾਕੇ 'ਚੋਂ ਫੜੇ ਗਏ ਨੇਸਮਾਜਕ, ਧਾਰਮਕ ਅਤੇ ਮਨੁੱਖੀ ਅਧਾਕਰ ਜਥੇਬੰਦੀਆਂ ਦਾ ਰੌਲਾ ਵਧਿਆ ਤਾਂ ਆਗਵਾਨ ਨੂੰ ਛੱਡ ਦਿੱਤਾ ਗਿਆ ਪਬਲਿਸ਼ਿੰਗ ਦਾ ਨਿੱਕਾ ਮੋਟਾ ਕੰਮ ਚਲਾਉਣ ਵਾਲੇ ਲਗਭਗ २८ ਸਾਲਾ ਅਦਨਾਨ ਫਾਹਦ ਨੂੰ ਵੀ ਛੱਡਿਆ ਗਿਆਸਵੇਰੇ 11 ਵਜੇ ਇਹਨਾਂ ਨੂੰ ਫੜਿਆ ਸੀ ਅਤੇ ਰਾਤ ਸਾਢੇ ਸੱਤ ਵਜੇ ਛੱਡਿਆ ਜੇ ਲੋਕਾਂ ਦਾ ਦਬਾਅ ਨਾਂ ਹੁੰਦਾ ਤਾਂ ਇਹ ਗ਼ੈਰਕਾਨੂੰਨੀ ਗ੍ਰਿਫਤਾਰੀ ਲੰਮੀ ਹੋ ਸਕਦੀ ਸੀ

19 ਸਤੰਬਰ ਨੂੰ ਦਿੱਲੀ ਮੁੜਦਿਆਂ ਮੈਂ ਪਹਿਲੋਂ ਆਗਵਾਨ ਕੋਲ ਗਿਆ, ਜ਼ਿੰਦਗੀ ਦਾ ਸਭ ਤੋਂ ਨਮੋਸ਼ੀ ਭਰਪੂਰ ਸਮਾਂ ਸਹਿ ਚੁੱਕਿਆ ਇਹ ਸ਼ਖ਼ਸ ਹਾਲੇ ਵੀ ਸਦਮੇ ਦੇ ਆਲਮ 'ਚ ਸੀਓਹਨੂੰ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਕਿ ਓਹਨੂੰ ਚੁੱਕਿਆ ਕਿਓਂ ਗਿਆ"ਮੈਥੋਂ ਮੇਰੀ ਸਰਗਰਮੀ ਪੁੱਛੀ ਗਈ ਧਮਾਕੇ ਵਾਲੇ ਦਿਨ ਦੀ, ਸ਼ਾਮ ਦੀ ਵੀ ਮੈਂ ਦੱਸਿਆ ਮੈਂ ਘਰ ਸੀ ਹੈਦਰਾਬਾਦ ਤੋਂ ਆਏ ੨ ਗ਼ੈਰ ਮੁਸਲਿਮ ਮਿੱਤਰਾਂ ਨਾਲ ਮੌਜੂਦ ਸੀ ਓਹ ਲੋਕ ਐੱਨਜੀਓ ਸ਼ੁਰੂ ਕਰਨ ਲਈ ਵਿਚਾਰ ਵਟਾਂਦਰੇ ਵਾਸਤੇ ਆਏ ਸਨਫਿਰ ਮੈਨੂੰ 'ਸਿਮੀ' (ਸਟੂਡੈਂਟਜ਼ ਫੌਰ ਇਸਲਾਮਿਕ ਮੂਵਮੈਂਟ ਇੰਨ ਇੰਡੀਆ) ਦੇ ਲੋਕਾਂ ਬਾਰੇ ਪੁੱਛਣ ਲੱਗ ਪਏਮੈਥੋਂ ਮੇਰੇ ਇਲਾਕੇ ਦੇ ਸਿਮੀ ਕਾਰਕੁੰਨਾਂ ਦੇ ਪਤੇ ਪੁੱਛਣ ਲੱਗੇ ਮੈਂ ਦੱਸਿਆ ਮੈਨੂੰ ਕਿਸੇ ਦਾ ਨਹੀਂ ਪਤਾ ਪਰ ਓਹ ਲਗਾਤਾਰ ਏਸੇ ਸੁਆਲ 'ਤੇ ਦਬਾਅ ਬਣਾ ਰਹੇ ਸਨ" ਪੜਤਾਲੀਆ ਅਫਸਰਾਂ ਨੇ ਆਗਵਾਨ ਤੋਂ ਅਬੁਲ ਬਸ਼ਰ ਬਾਰੇ ਵੀ ਪੁੱਛਿਆ ਸੀ ਅਬੁਲ ਬਸ਼ਰ, ਮਦਰੱਸੇ ਦੇ ਪੜ੍ਹੇ ਡਿਗਰੀ ਧਾਰਕ ਨੂੰ ਮਹੀਨਾ ਪਹਿਲੋਂ ਆਜ਼ਮਗੜ੍ਹ ਤੋਂ ਫੜਿਆ ਗਿਆ ਸੀ ਤੇ ਫੇਰ ਅਹਿਮਦਾਬਾਦ ਸੀਰੀਅਲ ਧਮਾਕਿਆਂ ਦਾ ਦੋਸ਼ੀ ਬਣਾ ਕੇ ਪੇਸ਼ ਕੀਤਾ ਗਿਆ ਸੀ"ਮੈਂ ਓਹਨਾਂ ਨੂੰ ਦੱਸਿਆ ਕਿ ਮੈਨੂੰ ਬਸ਼ਰ ਬਾਰੇ ਓਨਾਂ ਹੀ ਪਤੈ ਜਿੰਨਾ ਮੀਡੀਆ ਨੇ ਦੱਸਿਐ" ਓਹਦੇ ਜੁਆਬ ਤੋਂ ਸ਼ਾਂਤ ਨਾਂ ਹੋ ਰਹੇ ਅਫਸਰਾਂ ਨੇ ਓਸ 'ਤੇ ਬਸ਼ਰ ਨੂੰ ਘਰ 'ਚ ਪਨਾਹ ਦੇਣ ਦਾ ਇਲਜ਼ਾਮ ਲਾਇਆ ਤੇ ਇਹ ਵੀ ਕਿਹਾ ਕਿ ਬਸ਼ਰ ਕੋਲ ਓਹਦਾ ਨੰਬਰ ਹੈ ਆਗਵਾਨ ਨੇ ਜਦੋਂ ਸਾਫ ਨਾਂਹ ਕੀਤੀ ਇਹਨਾਂ ਇਲਜ਼ਾਮਾਂ ਤੋਂ ਤਾਂ ਓਹ ਔਖੇ ਹੋ ਗਏ "ਸ਼ਬਦ ਮੇਰੇ ਮੂੰਹ 'ਚ ਤੁੰਨ
ਣ ਦੀ ਕੋਸ਼ਿਸ਼ ਹੋ ਰਹੀ ਸੀ ਓਹ ਗੱਲ ਮਨਵਾਉਣਾ ਚਾਹੁੰਦੇ ਸਨ ਜਿਹਦਾ ਮੇਰੇ ਨਾਲ ਕੋਈ ਰਿਸ਼ਤਾ ਹੈ ਈ ਨਹੀਂ ਸੀਐਦਾਂ ਲੱਗਾ ਜਿਵੇਂ ਮੁਲਕ ਦਾ ਕਾਨੂੰਨ ਕੁਝ ਨਹੀਂ ਤੇ ਪੁਲਿਸ ਜੋ ਕਰੇ ਓਹੀ ਕਾਨੂੰਨ ਹੈ" ਆਗਵਾਨ ਦੱਸ ਰਿਹਾ ਸੀ "ਜਦੋਂ ਪੱਕਾ ਹੋ ਗਿਆ ਕਿ ਹੁਣ ਓਹ ਮੈਨੂੰ ਬਹੁਤੀ ਦੇਰ ਹਿਰਾਸਤ 'ਚ ਨਹੀਂ ਰੱਖ ਸਕਦੇ ਤਾਂ ਕਹਿਣ ਲੱਗੇ ਕਿ ਚੱਲ ਤੈਨੂੰ ਘਰ ਛੱਡ ਆਉਨੇ ਆਂ ਮੈਂ ਨਾਂਹ ਕਰ ਦਿੱਤੀ, ਪਤਾ ਨਹੀਂ ਰਾਹ 'ਚ ਕੀ ਕਰ ਦੇਣ, ਪਤਾ ਨਹੀਂ ਕਿਤੇ ਲੈਜਾ ਕੇ ਕੁੱਟ ਮਾਰ ਕਰਕੇ ਫੇਰ ਮਨਾਉਣ ਦੀ ਕੋਸ਼ਿਸ਼ ਕਰਨ ਜਿੱਦਾਂ ਇਸ ਮੁਲਕ 'ਚ ਸੈਂਕੜਿਆਂ ਹੋਰਾਂ ਨਾਲ ਹੋਇਐ ਮੈਂ ਕਿਹਾ ਮੇਰੇ ਪਰਿਵਾਰ ਨੂੰ ਕਹੋ ਮੈਨੂੰ ਲੈ ਜਾਣ ਆ ਕੇ"

ਆਗਵਾਨ ਨੇ ਜਿਹੜੇ ਡਰ ਦੇ ਮਹਿਸੂਸ ਹੋਣ ਦੀ ਗੱਲ ਆਖੀ ਓਹ ਇਹੋ ਜਿਹਾ ਸੀ ਜਿੱਦਾਂ ਦਾ ਮੈਂ ਹੈਦਰਾਬਾਦ 'ਚ ਸੁਣਿਆ ਸੀ ਲੋਕਾਂ ਦੇ ਅਜ਼ਾਦ ਟ੍ਰਿਬਿਊਨਲ 'ਚ 'ਅੱਤਵਾਦ ਵਿਰੁੱਧ ਕਾਰਵਾਈ ਦੇ ਨਾਂ 'ਤੇ ਘੱਟ ਗਿਣਤੀਆਂ 'ਤੇ ਹੋਏ ਤਸ਼ੱਦਦ' ਦੇ ਮਾਮਲਿਆਂ ਦੀ ਸੁਣਵਾਈ ਸੀ ਅਗਸਤ २००९ 'ਚ'ਅੱਤਵਾਦ ਖਿਲਾਫ ਜੰਗ' ਦੇ ਸ਼ਿਕਾਰ ਲੋਕਾਂ ਦੀ ਕਹਾਣੀ ਰੀੜ ਦੀ ਹੱਡੀ 'ਚ ਝੁਣਝੁਣੀ ਛੇੜ ਦਿੰਦੀ ਹੈ ਮਨੁੱਖੀ ਅਧਿਕਾਰ ਕਾਰਕੁੰਨ ਅਤੇ ਜੇਲ੍ਹਾਂ 'ਚ ਬੰਦ ਲੋਕਾਂ ਦੇ ਪਰਿਵਾਰਕ ਮੈਂਬਰਾਂ ਦਾ ਦਰਦ ਲੋਕਾਂ ਨੂੰ ਤੋੜ ਕੇ ਆਪਣੀ ਕਹੀ ਮਨਵਾਉਣ ਲਈ ਪੁਲਿਸ ਵੱਲੋਂ ਮੁੱਕਿਆਂ, ਥੱਪੜਾਂ, ਗਾਲਾਂ ਅਤੇ ਬੁਰੀ ਤਰਾਂ ਕੁੱਟਮਾਰ ਦੀ ਸ਼ਿਕਾਇਤ ਆਮ ਸੀਕਈ ਕਈ ਘੰਟੇ ਓਹਨਾਂ ਨੂੰ ਖੜੇ ਰੱਖਿਆ ਜਾਂ
ਦਾ ਜਾਂ ਫੇਰ ਪੁੱਠੇ ਟੰਗ ਦਿੰਦੇਮੁੱਢਲੀਆਂ ਸਹੂਲਤਾਂ ਕੋਈ ਨਹੀਂ ਤੇ ਪੀਣ ਲਈ ਪਾਣੀ ਪਖਾਨੇ 'ਚੋਂ ਲੈਣ ਨੂੰ ਮਜਬੂਰ ਕਰਦੇ ਕਈਆਂ ਨੂੰ ਬਿਜਲੀ ਦੇ ਝਟਕੇ ਦੇ ਕੇ ਪੁਲਿਸ ਦੀਆਂ ਦੱਸੀਆਂ ਗੱਲਾ ਦਾ ਰੱਟਾ ਮਰਵਾਇਆ ਜਾਂਦਾ "ਰਾਤ ਇੱਕ ਵਜੇ ਤੋਂ ਸਵੇਰ ਤੜਕਸਾਰ ਤੱਕ ਗਾਲਾਂ ਅਤੇ ਗੰਦੀ ਸ਼ਬਦਾਵਲੀ ਦੀ ਵਰਤੋਂ ਮੇਰੇ 'ਤੇ ਹੁਮਦਿ ਰਹੀ ਕੁੱਟਮਾਰ ਦੇ ਨਾਲ ਈ" ਇੱਕ ਬੰਦਾ ਯਾਦ ਕਰ ਰਿਹਾ ਸੀਆਮ ਤੌਰ 'ਤੇ ਪਹਿਲਾ ਸੁਆਲ ਹੁੰਦਾ ਸੀ "ਮੁਲਕ ਦੇ ਖ਼ਿਲਾਫ ਕੀ ਸਾਜ਼ਸ਼ਾਂ ਕਰਦੇ ਓਂ ਸਾਲਿਓ ਪਾਕਿਸਤਾਨੀਓ?"

ਤਸ਼ੱਦਦ ਸਿਰਫ ਗ੍ਰਿਫਤਾਰ ਹੋਏ ਲੋਕਾਂ ਤੱਕ ਮਹਿਦੂਦ ਨਹੀਂ ਸੀ, ਪਰਿਵਾਰ ਵੀ ਨਹੀਂ ਸੀ ਬਖਸ਼ੇ ਜਾਂਦੇ੬੫ ਸਾਲ ਦੇ ਕਰੀਬ ਦੀ ਉਮਰ ਦਾ ਅਤੌਰ ਰਹਿਮਾਨ ਮੁੰਬਈ 'ਚ ਰਹਿੰਦੈ ਅਤੌਰ ਦੇ ਇੰਜੀਨੀਅਰ ਪੁੱਤਰ 'ਤੇ ਜੁਲਾਈ ੨੦੦੬ ਦੇ ਧਮਾਕਿਆਂ ਦਾ ਇਲਜ਼ਾਮ ਲੱਗਾ ਸੀ"ਰਾਤੀ ਆਏ ਓਹ, ਮੈਨੂੰ ਪਤਾ ਨਹੀਂ ਕਿੱਥੇ ਲੈ ਗਏ, ਕਈ ਦਿਨ ਗ਼ਾਇਬ ਰੱਖ ਕੇ ੨੭ ਜੁਲਾਈ ਦੀ
ਗ੍ਰਿਫਤਾਰੀ ਪਾਈਮੈਨੂੰ, ਮੇਰੀ ਧੀ ਨੂੰ, ਮੇਰੀ ਪਤਨੀ ਤੇ ਨੂੰਹ ਨੂੰ ਗਾਲਾਂ ਕੱਢਦਿਆਂ ਸਾਡੇ ਪੁੱਤਰਾਂ ਮੁਹਰੇ ਪਰੇਡ ਕੀਤਾ ਗਿਆ ਮੈਨੂੰ ਤੇ ਮੇਰੇ ਪੁੱਤ ਨੂੰ ਇੱਕ ਦੂਏ ਮੁਹਰੇ ਕੁੱਟਿਆ ਗਿਆ ਘਰ ਦੀਆਂ ਔਰਤਾਂ ਨੂੰ ਰੋਜ਼ ਏ.ਟੀ.ਐੱਸ ਵਾਲੇ ਸਾਡੇ ਸਾਹਮਣੇ ਕਰਦੇ ਤੇ ਬੁਰਕੇ ਲੁਹਾਉਂਦੇ ਸਾਨੂੰ ਘਰ ਦੀਆਂ ਔਰਤਾਂ ਸਾਹਵੇਂ ਗੰਦੀਆਂ ਗਾਲਾਂ ਕੱਢ ਕੇ ਬੇਇੱਜ਼ਤ ਕਰਦੇਕਦੇ ਸਾਨੂੰ ਔਰਤਾਂ ਦੇ ਸਾਹਮਣੇ ਨੰਗਿਆਂ ਕਰਨ ਦੀ ਧਮਕੀ ਦਿੰਦੇ ਤੇ ਕਦੇ ਹੋਰ ਮੁਲਜ਼ਮਾਂ ਸਾਹਮਣੇ ਕੱਪੜੇ ਲਾਹੇ ਜਾਂਦੇ......

੧੩ ਸਤੰਬਰ ਦੇ ਧਮਾਕਿਆਂ ਬਾਅਦ ਮੁਸਲਮਾਨਾਂ ਦੀ ਬੇਪਤੀ ਹੋਰ ਤੇਜ਼ ਹੋਈ ਤੇ ਫੇਰ ਹੋਇਆ ਬਦਨਾਮ ਬਾਟਲਾ ਹਾਊਸ 'ਐਨਕਾਊਂਟਰ' ੨੩ ਸਤੰਬਰ ਨੂੰ ਵਕੀਲਾਂ, ਕਾਰਕੁੰਨਾਂ, ਕੌਮੀ ਆਗੂਆਂ, ਪੱਤਰਕਾਰਾਂ, ਬੁੱਧੀਜੀਵੀਆਂ ਦੀ ਬੈਠਕ ਸੱਦੀ ਗਈ ਸੀਹਲਾਤਾਂ 'ਤੇ ਵਿਚਾਰ ਕਰਨ ਲਈ ਜਦੋਂ ਖਬਰ ਆਈ ਕਿ ੧੭ ਸਾਲਾਂ ਦੇ ਸਾਕਿਬ ਨੂੰ ਚੁੱਕ ਲਿਆ ਹੈ ਚੁੱਕਣ ਵਾਲਿਆਂ ਦੀ ਕਿਸੇ ਨੁੰ ਪਛਾਣ ਨਹੀਂ ਸੀ ਸੋ ਅਸੀਂ ਸਥਾਨਕ ਥਾਣੇ ਪੁੱਜੇ ਸ਼ਿਕਾਇਤ ਲਿਖਾਉਣ ਪੁਲਿਸ ਨੇ ਪਹਿਲੋਂ ਨਾਂਹ ਕੀਤੀ ਪਰ ਵਕੀਲਾਂ ਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਦਬਾਅ 'ਤੇ ਪਤਾ ਲੱਗਾ ਕਿ ਓਹਨੁੰ ਸਪੈਸ਼ਲ ਸੈੱਲ ਵਾਲੇ ਲੈ ਗਏ ਨੇ ਜਦੋਂ ਸੁਪਰੀਮ ਕੋਰਟ ਦੇ ਵਕੀਲ ਕੋਲਿਨ ਗੋਂਜ਼ਾਲਵੇਜ਼ ਨੇ ਓਹਨੁੰ ਰਿਹਾਅ ਕਰਾਉਣ ਲਈ ਪਹੁੰਚ ਕੀਤੀ ਤਾਂ ਇੱਕ ਹੋਰ ਹੈਰਾਨਕੁੰਨ ਗੱਲ ਕਹੀ ਗਈ ਪੁਲਿਸ ਵੱਲੋਂ, "ਇਹਦਾ ਭਰਾ ਦੇ ਜਾਓ, ਤੇ ਇਹਨੂੰ ਲੈ ਜਾਓ"

ਬਾਟਲਾ ਹਾਊਸ ਐਨਕਾਊਂਟਰ ਦੇ ਤਿੰਨ ਸਾਲਾਂ ਬਾਅਦ ਵੀ ਸਥਾਨਕ ਲੋਕ ਦਹਿਸ਼ਤ ਦੇ ਪਰਛਾਵੇਂ ਹੇਠ ਜਿਓਂਦੇ ਨੇਅਜਿਹੇ ਹਲਾਤ ਪੈਦਾ ਕੀਤੇ ਗਏ ਨੇ ਜਿਹਨਾਂ 'ਚ ਜੇ ਹਰ ਮੁਸਲਮਾਨ ਅੱਤਵਾਦੀ ਨਹੀਂ ਤਾਂ ਵੀ ਸ਼ੱਕੀ ਤਾਂ ਹੈ ਇੱਕ ਬਦਨਾਮ ਐੱਸ.ਐੱਮ.ਐੱਸ ਚੱਲਿਆ ਸੀ, "ਹਰ ਮੁਸਲਮਾਨ ਅੱਤਵਾਦੀ ਨਹੀਂ, ਪਰ ਹਰ ਅੱਤਵਾਦੀ ਮੁਸਲਮਾਨ ਜ਼ਰੂਰ ਹੈ" ਯਾਨੀ ਕਿ ਅਸਿੱਧੇ ਰੂਪ 'ਚ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਿ ਹਰ ਮੁਸਲਮਾਨ ਅੱਤਵਾਦੀ ਹੋਣ ਦਾ ਮਾਦਾ ਰੱਖਦਾ ਹੈ ਫੇਰ ਚਾਹੇ ਓਹ ਧਾਰਮਿਕ ਬਿਰਤੀ ਦਾ ਹੋਵੇ, ਸੁਆਲੀਆ ਬਿਰਤੀ ਦਾ ਜਾਂ ਨਾਸਤਿਕ

ਕੇ.ਕੇ.ਸ਼ਾਈਨਾ ਦੀ ਉਦਾਹਰਣ ਲਓ, ਓਹ ਪੱਤਰਕਾਰ ਜਿਹਨੂੰ ਹੁਣੇ ਜਿਹੇ ਸਨਮਾਨਤ ਕੀਤਾ ਗਿਆ, ਐਲਾਨ ਕਰ ਰਹੀ ਸੀ "ਵੇਖ ਲਓ ਮੈਂ ਮੁਸਲਮਾਨ ਆਂ, ਪਰ ਅੱਤਵਾਦੀ ਨਹੀਂ" ਸ਼ਾਈਨਾ ਨੁੰ ਮੁਸਲਮਾਨ ਹੋਣ ਕਾਰਨ ਸ਼ੱਕ ਦੇ ਨਜ਼ਰੀਏ ਨਾਲ ਵੇਖੇ ਜਾਣ ਦਾ ਜ਼ਾਤੀ ਤਜੁਰਬਾ ਹੈ ਅਬਦੁਲ ਨਸੀਰ ਮਦਾਨੀ ਦੇ ਕੇਸ 'ਚ ਓਹਦੇ 'ਤੇ ਗਵਾਹਾਂ ਨੂੰ ਧਮਕਾਉਣ ਦਾ ਕੇਸ ਪਾ ਦਿੱਤਾ ਸੀ, ਕਿਓਂਕਿ ਓਹ ਕੇਰਲਾ 'ਚ ਪੀ.ਡੀ.ਪੀ ਦੇ ਆਗੂ ਮਦਾਨੀ ਜਿਹਨੂੰ ਬੰਗਲੌਰ ਧਮਾਕਿਆਂ ਦਾ ਮੁਲਜ਼ਮ ਬਣਾਇਆ ਹੈ, ਦੇ ਮਾਮਲੇ ਦੀ ਰਿਪੋਰਟ ਬਣਾ ਰਹੀ ਸੀ ਸ਼ਾਈਨਾ ਨੇ ਤਹਿਲਕਾ ਮੈਗ਼ਜ਼ੀਨ 'ਚ ਇੱਕ ਆਰਟੀਕਲ 'ਚ ਪੁੱਛਿਆ ਸੀ ਕਿ ਇਹ ਬੰਦਾ ਹਾਲੇ ਤੱਕ ਜੇਲ੍ਹ 'ਚ ਕਿਓਂ ਹੈ? ਮਦਾਨੀ ੧੦ ਸਾਲ ਕੈਦ ਕੱਟ ਚੁੱਕਾ ਸੀ ਤੇ ੨੦੦੭ 'ਚ ਓਹਨੂੰ ਬਾਇੱਜ਼ਤ ਬਰੀ ਵੀ ਕੀਤਾ ਗਿਆ ਸੀਏਦਾਂ ਈ ਇੱਕ ਹੋਰ ਵੱਡੇ ਮੈਗਜ਼ੀਨ ਲਈ ਕੰਮ ਕਰਦੀ ਮੁਸਲਿਮ ਪੱਤਰਕਾਰ ਤੋਂ ਕਈ ਵਾਰ ਪੁੱਛ ਪੜਤਾਲ ਕੀਤੀ ਗਈ ਹੈ

ਖੁਦ ਮੈਂ (ਲੇਖਕ) ਵੀ ਇਸ ਦਾ ਸ਼ਿਕਾਰ ਹੋਇਆਂਝਾਰਖੰਡ ਦੀ ਗਿਰੀੜ ਜੇਲ੍ਹ 'ਚ ਤੱਥ ਪੜਤਾਲ ਕਮੇਟੀ ਨਾਲ ਗਏ ਨੂੰ ਮੈਨੂੰ ਮਾਓਵਾਦੀ ਦਾ ਖਿਤਾਬ ਦਿੱਤਾ ਗਿਆ, ਗਿਰੀੜ ਦੇ ਐੱਸ.ਪੀ ਮੁਰਾਰੀ ਲਾਲ ਮੀਣਾ ਨੇ ੫ ਘੰਟੇ ਮੈਨੂੰ ਤਾੜੀ ਰੱਖਿਆ ਓਹ ਹੁਣ ਡੀ.ਆਈ.ਜੀ ਬਣਾਇਆ ਗਿਐ, ਝਾਰਖੰਡ ਪੁਲਿਸ ਦੀ ਸਪੈਸ਼ਲ ਬ੍ਰਾਂਚ ਦਾ "ਇਹ ਬਿਹਾਰ ਦੇ ਸਰਹੱਦੀ ਇਲੱਕੇ ਦਾ ਰਹਿਣ ਵਾਲਾ ਐ, ਜਾਮੀਆ ਯੂਨੀਵਰਸਿਟੀ 'ਚ ਪੜ੍ਹਿਐ ਦਿੱਲੀ 'ਚ, ਇਹ ਪੱਕਾ ਅੱਤਵਾਦੀ ਹੋਊ", ਓਹਨੇ ਮੈਨੂੰ ਛੁਡਾਉਣ ਆਏ ਮੇਰੇ ਸਾਥੀ ਨੂੰ ਕਿਹਾ ਸੀ ਓਹਨੇ ਸਾਨੂੰ ਓਸੇ ਜੇਲ੍ਹ 'ਚ ਪੂਰਾ ਸਾਲ ਬਗ਼ੈਰ ਜ਼ਮਾਨਤ ਬੰਦ ਕਰਨ ਦੀ ਧਮਕੀ ਦੇ ਦਿੱਤੀ ਸੀ

ਇਸੇ ਸਾਲ ਜੁਲਾਈ 'ਚ ਮੁੰਬਈ ਧਮਾਕਿਆਂ ਤੋਂ ਕੁਝ ਦਿਨ ਪਹਿਲੋਂ, ਇੱਕ ਮਿੱਡ ਡੇਅ ਲਈ ਕੰਮ ਕਰਦੇ ਮੁਸਲਿਮ ਫੋਟੋ ਪੱਤਰਕਾਰ ਸਈਅਦ ਸਮੀਰ ਅਬੇਦੀ ਨੂੰ ਟ੍ਰੈਫਿਕ ਅਤੇ ਹਵਾਈ ਜਹਾਜ਼ ਦੀਆਂ ਫੋਟੋਆਂ ਲੈਣ ਦੇ ਜੁਰਮ 'ਚ ਫੜ ਲਿਆ ਸੀ ਤੇ ਸਿਰਫ ਮੁਸਲਿਮ ਨਾਮ ਹੋਣ ਕਾਰਨ ਅੱਤਵਾਦੀ ਕਹਿ ਕੇ ਸੱਦਿਆ ਗਿਆ ਮਿੱਡ ਡੇਅ ਨੇ ਛਾਪਿਆ 'ਅਬੇਦੀ ਨੇ ਜਦੋਂ ਸਾਰਾ ਮਾਮਲਾ ਸਾਫ ਕਰਨਾ ਚਾਹਿਆ ਤੇ ਆਪਣੀ ਪਛਾਣ ਦੱਸੀ ਤਾਂ ਸਬ-ਇੰਸਪੈਕਟਰ ਅਸ਼ੋਕ ਪਾਰਥੀ ਦਾ ਕਹਿਸਾ ਸੀ,"ਬਕਵਾਸ ਬੰਦ ਕਰ, ਤੇ ਸੁਣ ਮੈਂ ਕੀ ਕਹਿ ਰਿਹਾਂ, ਤੂੰ ਅੱਤਵਾਦੀ ਜਾਂ ਪਾਕਿਸਤਾਨੀ ਕੁਝ ਵੀ ਹੋ ਸਕਦੈਂ ਕਿਓਂਕਿ ਤੇਰਾ ਨਾਮ ਸਈਅਦ ਐ"

ਇਹ ਸੋਚ ਸਿਰਫ ਪੁਲਸੀਆ ਦਿਮਾਗ ਤੱਕ ਮਹਿਦੂਦ ਨਹੀਂ ਐ ਆਮ ਲੋਕਾਂ 'ਚ ਵੀ ਇਹ ਧਾਰਨਾ ਘਰ ਕਰ ਰਹੀ ਐ ਕਿ ਹਰ ਹਮਲਾ ਮੁਸਲਮਾਨ ਕਰਦੇ ਨੇ ਦੁਨੀਆ ਭਰ 'ਚ ਆਪਣੀ ਸਿੱਖਿਆ ਤੇ ਖਾਸ ਤੌਰ 'ਤੇ ਪੱਤਰਕਾਰਤਾ ਲਈ ਮਸ਼ਹੂਰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨੂੰ ਮੇਰੇ ਜਾਨਣ ਵਾਲੇ ਕਈ ਮਦਰੱਸਾ ਹੀ ਸਮਝਦੇ ਨੇ

ਹਮੇਸ਼ਾਂ ਸ਼ੱਕ ਦੀ ਨਜ਼ਰ 'ਚ ਰਹਿਣ ਵਾਲੇ ਹਾਲ ਨੇਪਿਛਲੇ ਤਿੰਨ ਸਾਲਾਂ 'ਚ ਮੈਂ ਖੁਦ ਨੂੰ ਕਈ ਵਾਰ ਪੁੱਛਿਐ ਕਿ ਕੀ ਮੈਂ ਸੁਰੱਖਿਅਤ ਹਾਂ? ਸੱਚ ਦੱਸਾਂ ਤਾਂ ਮੈਨੂੰ ਇਸ ਗੱਲ 'ਤੇ ਸ਼ੱਕ ਹੈ ਤੇ ਵੱਡੀ ਮੁਸ਼ਕਲ ਇਹ ਐ ਕਿ ਆਮ ਮੁਸਲਮਾਨ ਜਿਹਦਾ ਕੋਈ ਪੜ੍ਹਿਆ ਲਿਖਿਆ ਮਿੱਤਰ ਜਾਂ ਸਿਫਾਰਿਸ਼ ਨਹੀਂ ਐ ਓਹ ਹੋਰ ਵੀ ਖਤਰੇ 'ਚ ਐ

ਹਰ ਧਮਾਕੇ ਤੋਂ ਬਾਅਦ ਨੌਜੁਆਨ ਮੁਸਲਮਾਨ ਘਬਰਾ ਜਾਂਦੇ ਨੇ ਕਿ ਓਹਨਾਂ 'ਚੋਂ ਕਿਸੇ ਦਾ ਮੁਕਾਬਲਾ ਨਾਂ ਬਣ ਜਾਵੇਇਹ ਅਹਿਸਾਸ ਸਾਡੀਆਂ ਜ਼ਿੰਦਗੀਆਂ ਦਾ ਹਿੱਸਾ ਬਣ ਗਿਐ ਇਹ ਸਭ ਕੁਝ ਕਦੋਂ ਮੁੱਕੂ?, ਮੇਰੇ ਇੱਕ ਅਧਿਆਪਕ ਨੇ ਪੁੱਛਿਆ ਸੀ ਜਦੋਂ ਆਜ਼ਮਗੜ੍ਹ ਦੇ ਇਜੀਨੀਅਰਿੰਗ ਵਿਦਿਆਰਥੀ ਮੁਹੰਮਦ ਅਰਸ਼ਦ ਨਮੂ ਗ਼ੈਰਕਾਨੂੰਨੀ ਚੁੱਕਿਆ ਗਿਆ ਸੀਮੈਂ ਸਿਰਫ ਦੁਆ ਈ ਕਰ ਸਕਦਾਂ ਜਾਂ ਸੁਪਨਾ ਵੇਖ ਸਕਦਾਂ ਕਿ ਇਸ ਸੁਆਲ ਦਾ ਜੁਆਬ ਮੈਂ 'ਛੇਤੀ ਹੀ' ਕਹਿ ਕੇ ਦੇਵਾਂ

ਲੇਖ਼ਕ ਮਹਿਤਾਬ ਆਲਮ ਦਿੱਲੀ 'ਚ ਅਜ਼ਾਦ ਪੱਤਰਕਾਰ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਹੈ।

(ਇਸ ਲਿਖ਼ਤ ਦਾ ਪੰਜਾਬੀ ਤਰਜ਼ਮਾ ਕਰਨ ਲਈ ਦਵਿੰਦਰ ਪਾਲ ਪੀ ਟੀ ਸੀ ਨਿਊਜ਼ ਦਾ ਬਹੁਤ ਧੰਨਵਾਦ)

Sunday, September 4, 2011

ਪੰਜਾਬ ਬਨਾਮ ਕੈਨੇਡਾ

ਪੰਜਾਬ ਤੋਂ ਕੈਨੇਡਾ ਜਾਣ ਵਾਲੇ ਸਭ ਜਾਣਦੇ ਹਨ ਕਿ ਇੱਥੇ ਦਿਨ ਤੇ ਉਥੇ ਰਾਤ ਹੁੰਦੀ ਹੈ। ਸਾਡੇ ਨਾਲੋਂ 9 ਘੰਟੇ 30 ਮਿੰਟ ਪਿੱਛੇ। ਅਸੀਂ ਸੜਕ ਤੇ ਖੱਬੇ ਚਲਦੇ ਹਾਂ ਤੇ ਉਹ ਸੱਜੇ। ਇੱਥੇ ਲਾਈਟਾਂ ਦੀਆਂ ਸਵਿੱਚਾ ਹੇਠਾਂ ਦੱਬਿਆਂ ਚਲਦੀਆਂ ਹਨ ਉਥੇ ਉਪਰ ਚੁੱਕਿਆਂ। ਉਹ ਤਰਲ ਪਦਾਰਥ ਪੈਟਰੋਲ ਨੂੰ ਗੈਸ ਆਖਦੇ ਹਨ ਅਤੇ ਵੱਡੀ ਕਾਰ ਨੂੰ ਟਰੱਕ। ਕੈਨੇਡਾ ਨਾਲ ਉਚਤਾਸਵੱਛਤਾ,ਚੰਗਿਆਈ ਦਾ ਭਾਵ ਜੋੜਦਿਆਂ ਉਥੋਂ ਦੇ ਘਰਾਂ ਦੀ ਸਫਾਈ,ਸੜਕਾਂ ਦੀ ਚੌੜਾਈ, ਇਮਾਰਤਾਂ ਦੀ ਉਚਾਈ, ਟਰੈਫਿਕ ਨਿਯਮਾਂ ਦੀ ਪਾਲਣਾ ਵਿਚ ਕਰੜਾਈ ਆਦਿ ਦਾ ਮਹਿਮਾ ਗਾਇਨ ਕੀਤਾ ਜਾ ਸਕਦਾ ਹੈ। ਅਚੇਤੇ ਹੀ ਮੇਰੇ ਭਾਰਤ ਮਹਾਨ ਨਾਲ ਤੁਲਨਾ ਵੀ ਹੁੰਦੀ ਰਹਿੰਦੀ ਹੈ। ਬਹੁਤੇ ਕੈਨੇਡੀਅਨ ਪੰਜਾਬੀ ਤੇ ਇੱਥੋਂ ਸੈਰ ਕਰਨ ਗਏ ਪੰਜਾਬੀ ਭਾਰਤ ਦੀ ਤੁਲਨਾ ਵਿਚ ਕੈਨੇਡਾ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਪਰ ਇਹ ਕੁਝ ਕਰਨ ਦੇ ਨਾਲ ਨਾਲ ਸਾਨੂੰ ਕੁਝ ਤੱਥਾਂ ਵੱਲ ਵੀ ਝਾਤ ਮਾਰ ਲੈਣੀ ਚਾਹੀਦੀ ਹੈ। ਕੈਨੇਡਾ ਦੀ ਆਬਾਦੀ 34,569,000 ਹੈ ਅਤੇ ਭਾਰਤ ਦੀ 1,210,193,422 ਲਗਭਗ 35 ਗੁਣਾ ਜਿ਼ਆਦਾ,ਇਕੱਲੇ ਪੰਜਾਬ ਦੀ ਹੀ 27,704,236 ਹੈ। ਕੈਨੇਡਾ ਦਾ ਖੇਤਰਫਲ 9,984,670 ਵਰਗ ਕਿਲੋਮੀਟਰ ਹੈ ਅਤੇ ਇਹ 3,287,240 ਵਰਗ ਕਿਲੋਮੀਟਰ ਭਾਰਤ ਨਾਲੋਂ 3ਗੁਣਾ ਅਤੇ 50,362 ਵਰਗ ਕਿਲੋਮੀਟਰ ਪੰਜਾਬ ਨਾਲੋਂ 200 ਗੁਣਾ ਵੱਡਾ ਹੈ। ਪੰਜਾਬ ਤੋਂ ਵੱਡੀਆਂ ਤਾਂ ਉਥੋਂ ਦੀਆਂ ਝੀਲਾਂ ਹਨ ਜਿਨ੍ਹਾਂ ਦਾ ਖੇਤਰਫਲ਼ ਪੰਜਾਬ ਤੋਂ ਜਿ਼ਆਦਾ 891,163 ਵਰਗ ਕਿਲੋਮੀਟਰ ਹੈ। ਪੰਜਾਬੋਂ ਪਹਿਲੀ ਵਾਰ ਗਏ ਵਿਅਕਤੀ ਨੂੰ ਕਿਸੇ ਨੇ ਪੁੱਛਿਆ ਕਿ ਕੈਨੇਡਾ ਕਿਵੇਂ ਲੱਗਾ? ਤਾਂ ਉਸ ਨੇ ਭੋਲ਼ੇਭਾਅ ਉਤਰ ਦਿੱਤਾ ਕਿ ਇਥੇ ਜੰਗਲਪਾਣੀ ਬਹੁਤ ਹੈ। ਸੱਚਮੁੱਚ ਕੈਨੇਡਾ ਵਿਚ ਜੰਗਲਾਂ ਹੇਠ ਬਹੁਤ ਜਿ਼ਆਦਾ ਰਕਬਾ ਹੈ ਅਤੇ ਸਾਫ ਪਾਣੀ ਦੀਆਂ ਝੀਲਾਂ ਵੀ ਦੁਨੀਆਂ ਵਿਚ ਸਭ ਤੋਂ ਵੱਧ ਕੈਨੇਡਾ ਵਿਚ ਹਨ । ਇਕ ਤਰ੍ਹਾਂ ਨਾਲ ਇਹ ਮੁਲਕ ਕੁਦਰਤੀ ਸਾਧਨਾਂ ਨਾਲ ਵਰੋਸਾਇਆ ਹੋਇਆ ਹੈ। ਉਥੇ ਟਰੈਫਿਕ ਕੇਵਲ ਲੋਕਾਂ ਦੇ ਅਨੁਸਾਸ਼ਤ ਹੋਣ ਕਰਕੇ ਹੀ ਨਹੀਂ ਸਗੋਂ ਖੁੱਲ੍ਹੀਆਂ ਸੜਕਾਂ ਕਰਕੇ ਵੀ ਹੈ ਜੋ ਥਾਂ ਖੁੱਲ੍ਹੀ ਹੋਣ ਕਰਕੇ ਸੰਭਵ ਹੈ। ਸਾਡੇ ਦੇਸ਼ ਵਿਚ ਜਿੰਨੀ ਥਾਂ ਦੀ ਕਮੀ ਹੈ, ਉਸ ਲਿਹਾਜ ਨਾਲ ਅਸੀਂ ਕਿਤੇ ਵੱਧ ਅਨੁਸਾਸ਼ਤ ਹਾਂ। ਇਹੋ ਗੱਲ ਸਫਾਈ ਤੇ ਵੀ ਢੁਕਦੀ ਹੈ।

ਕੈਨੇਡਾ ਦੀ ਜਿ਼ੰਦਗੀ ਜਿਵੇਂ ਵੇਖਣ ਨੂੰ ਲਗਦੀ ਹੈ,ਅਸਲੀਅਤ ਵਿਚ ਓਵੇਂ ਨਹੀਂ ਹੈ। ਇਸ ਬਾਰੇ ਮੈਡਮ ਬਰਾੜ (ਡਾ ਬਲਵਿੰਦਰ ਕੌਰ ਬਰਾੜ) ਚੁਟਕਲਾ ਸੁਣਾਉਂਦੇ ਹਨ ਕਿ ਇਕ ਵਾਰ ਇਕ ਬੰਦਾ ਮਰ ਕੇ ਧਰਮ ਰਾਜ ਕੋਲ ਚਲਾ ਗਿਆ ਤਾਂ ਉਸਦੇ ਚੰਗੇਮੰਦੇ ਕਰਮਾਂ ਦਾ ਹਿਸਾਬ ਕਿਤਾਬ ਬਰਾਬਰ ਨਿਕਲਿਆ। ਉਸ ਨੂੰ ਖੁੱਲ੍ਹ ਦਿੱਤੀ ਗਈ ਕਿ ਉਹ ਸਵਰਗ ਨਰਕ ਵਿਚੋਂ ਆਪਣੀ ਮਰਜੀ ਨਾਲ ਚੋਣ ਕਰ ਸਕਦਾ ਹੈ। ਉਸ ਨੇ ਦੋਵੇਂ ਵੇਖਣ ਦੀ ਚਾਹਨਾ ਪਰਗਟ ਕੀਤੀ। ਉਸ ਨੇ ਵੇਖਿਆ ਕਿ ਸਵਰਗ ਵਿਚ ਚੁੱਪਚਾਪ ਸਫੈਦ ਕੱਪੜੇ ਪਹਿਨੀ ਬੈਠੇ ਬੰਦੇ ਭਗਤੀ ਵਿਚ ਮਗਨ ਸਨ। ਕੋਈ ਹਿਲਜੁਲ ਜਾਂ ਸ਼ੋਰਸ਼ਰਾਬਾ ਨਹੀਂ ਸੀ। ਉਸ ਨੂੰ ਇਹ ਜਗਤ ਬੜਾ ਬੋਰ ਲੱਗਿਆ। ਦੂਜੇ ਪਾਸੇ ਨਰਕ ਵਿਚ ਸ਼ਰਾਬ ਦੀਆਂ ਨਦੀਆਂ ਸਨ, ਕਬਾਬ ਦੀ ਮਹਿਕ ਸੀ, ਹੁਸਨ ਦੇ ਜਲਵੇ ਸਨ, ਰੰਗਰਾਗ ਸੀ, ਜਿ਼ੰਦਗੀ ਧੜਕਦੀ ਸੀ। ਹਰ ਪਾਸੇ ਖੁਸ਼ੀ ਹੀ ਖੁਸ਼ੀ ਸੀ। ਉਸ ਨੇ ਝੱਟਪੱਟ ਨਰਕ ਲਈ ਹਾਂ ਕਰ ਦਿੱਤੀ। ਜਿਉਂ ਹੀ ਸਵਰਗ ਨਰਕ ਨੂੰ ਵੰਡਦਾ ਦਰਵਾਜਾ ਬੰਦ ਹੋਇਆ ਤਾਂ ਸਾਰੀਆਂ ਸੁਖ ਸਹੂਲਤਾਂ ਛਾਈਂਮਾਈਂ ਹੋ ਗਈਆਂ। ਉਸ ਨੂੰ ਚੱਕੀ ਪੀਸਣ ਬਿਠਾ ਦਿੱਤਾ ਗਿਆ ਅਤੇ ਕਹਿ ਦਿੱਤਾ ਗਿਆ ਜਦੋਂ ਤਕ ਕੋਈ ਹੋਰ ਨਹੀਂ ਆ ਜਾਂਦਾ, ਬੈਠ ਕੇ ਚੱਕੀ ਪੀਹ। ਜਦੋਂ ਉਸ ਨੇ ਰੌਲ਼ਾ ਪਾਇਆ ਕਿ ਮੈਨੂੰ ਦਿਖਾਇਆ ਤਾਂ ਹੋਰ ਸੀ ਪਰ ਹੁਣ ਕੋਈ ਹੋਰ ਕੰਮ ਕਰਵਾਈ ਜਾਂਦੇ ਹੋ? ਤਾਂ ਜਮਦੂਤਾਂ ਨੇ ਦੱਸਿਆ ਕਿ ਉਦੋਂ ਤੂੰ ਵਿਜ਼ਟਰ ਵੀਜ਼ੇ ਤੇ ਆਇਆ ਸੀ। ਹੁਣ ਪੱਕਾ ਵਸਨੀਕ ਏਂ। ਕੰਮ ਦੀ ਚੱਕੀ ਤਾਂ ਅਗਲੀ ਸਿ਼ਫਟ ਤਕ ਪੀਸਣੀ ਪਵੇਗੀ ! ਇਹ ਚੁਟਕਲਾ ਪਰਵਾਸੀ ਕੈਨੇਡੀਅਨ ਦੀ ਸਾਰੀ ਅਸਲੀਅਤ ਨੂੰ ਪਰਗਟ ਕਰ ਦਿੰਦਾ ਹੈ। ਬਿਨਾ ਸ਼ੱਕ ਸਾਡੇ ਪੰਜਾਬੀ ਉਥੇ ਜਾ ਕੇ ਸਖਤ ਮਿਹਨਤ ਕਰਦੇ ਹਨ ਅਤੇ ਸੁਖ ਸਹੂਲਤਾਂ ਵੀ ਮਾਣਦੇ ਹਨ ਪਰ ਇਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਉਹ ਇਹੀ ਸਖਤ ਮਿਹਨਤ ਪੰਜਾਬ ਵਿਚ ਕਰਨੋਂ ਕਿਉਂ ਕਤਰਾਉਂਦੇ ਹਨ? ਇਸ ਦਾ ਜਵਾਬ ਇਕੋ ਮਿਲਦਾ ਹੈ ਕਿ ਇਥੇ ਮਿਹਨਤ ਦਾ ਮੁੱਲ ਨਹੀਂ ਪੈਂਦਾ। ਪਰ ਕੀ ਉਥੇ ਮਿਹਨਤ ਦਾ ਪੂਰਾ ਮੁੱਲ ਪੈਂਦਾ ਹੈ? ਕੀ ਉਥੇ ਸੋਸ਼ਣ ਨਹੀਂ ਹੁੰਦਾ? ਜਾਂ ਕੀ ਇਥੇ ਮਿਹਨਤ ਦਾ ਪੂਰਾ ਮੁੱਲ ਲੈਣ ਲਈ ਸੰਘਰਸ਼ ਕਰਨਾ ਨਹੀਂ ਬਣਦਾ? ਇਹ ਪ੍ਰਸ਼ਨ ਉਸ ਸਮੇਂ ਹੋਰ ਵੀ ਮੂੰਹਜ਼ੋਰ ਹੋ ਜਾਂਦੇ ਹਨ। ਜਦੋਂ ਦੇਖੀਦਾ ਹੈ ਕਿ ਪੰਜਾਬ ਦੇ ਬਹੁਤ ਸੰਘਰਸ਼ਸ਼ੀਲ ਭਗੌੜੇ ਹੋ ਕੇ ਕੈਨੇਡਾ ਵਿਚ ਪਨਾਹ ਲਈ ਬੈਠੇ ਹਨ।

ਪੰਜਾਬੋਂ ਇਕ ਨਵਾਂ ਗਿਆ ਮਿੱਤਰ ਘਰ ਦੇ ਅੰਦਰ ਦਰਵਾਜੇ ਕੋਲ ਜੋੜੇ ਉਤਾਰੇ ਦੇਖ ਕੇ ਛੇਤੀ ਛੇਤੀ ਜੁੱਤੀ ਉਤਾਰਕੇ ਸਿਰ ਤੇ ਰੁਮਾਲ ਬੰਨਣ ਲੱਗ ਪਿਆ ਤੇ ਪੁੱਛਣ ਲੱਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਹੜੇ ਕਮਰੇ ਵਿਚ ਹੈ? ਘਰਦਿਆਂ ਨੇ ਦੱਸਿਆ ਕਿ ਆਪਣੇ ਘਰ ਤਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਹੀ ਨਹੀਂ ! ਤਾਂ ਉਹ ਪੁੱਛਣ ਲੱਗਾ ਭਾਈ ਫੇਰ ਜੋੜੇ ਕਾਹਤੋਂ ਬਾਹਰ ਲਾਹੇ ਹਨ? ਅਸਲ ਵਿਚ ਸਾਰੇ ਕੈਨੇਡੀਅਨ ਘਰਾਂ ਵਿਚ ਰਿਵਾਜ ਹੈ ਕਿ ਜੁੱਤੀਆਂ ਬਾਹਰ ਦਰਵਾਜੇ ਕੋਲ ਉਤਾਰ ਕੇ ਅੰਦਰ ਜਾਇਆ ਜਾਂਦਾ ਹੈ। ਇਸ ਨਾਲ ਘਰ ਵਿਚ ਸਫਾਈ ਰਹਿੰਦੀ ਹੈ। ਇਹ ਅਕਸਰ ਆਖਿਆ ਜਾਂਦਾ ਹੈ ਕਿ ਦੁਨੀਆਂ ਭਰ ਦੇ ਲੋਕ ਇਹੀ ਸੋਚਦੇ ਰਹਿੰਦੇ ਹਨ ਕਿ ਸਫਾਈ ਕਰਨ ਦੇ ਸੌਖੇ ਤੋਂ ਸੌਖੇ ਤਰੀਕੇ ਕਿਵੇਂ ਲੱਭੇ ਜਾਣ ਪਰ ਜਪਾਨੀ ਲੋਕ ਸਦਾ ਇਹ ਸੋਚਦੇ ਹਨ ਕਿ ਗੰਦ ਕਿਵੇਂ ਘੱਟ ਤੋਂ ਘੱਟ ਪਾਇਆ ਜਾਵੇ। ਪਤਾ ਨਹੀਂ ਵਿਚਾਰ ਕਿਵੇਂ ਕੈਨੇਡਾ ਵਾਲਿ਼ਆਂ ਨੇ ਅਪਣਾ ਲਿਆ। ਸ਼ਾਇਦ ਇਸਦਾ ਕਾਰਨ ਇਹ ਹੋਵੇ ਕਿ ਇੰਡੀਆ ਵਾਂਗ ਉਥੇ ਮੱਧਵਰਗੀ ਘਰਾਂ ਵਿਚ ਮਾਈਆਂ ਤਾਂ ਰੱਖਣੀਆਂ ਸੰਭਵ ਨਹੀਂ ਪਰ ਸਫਾਈ ਆਪ ਜ਼ਰੂਰ ਕਰਨੀ ਪੈਂਦੀ ਹੈ। ਇਹ ਗੱਲ ਲਿਖਦਿਆਂ ਸ਼ਰਮ ਆਉਂਦੀ ਹੈ ਕਿ ਇਹ ਗੱਲ ਉਨ੍ਹਾਂ ਤੋਂ ਸਿੱਖਣ ਦੀ ਜ਼ਰੂਰਤ ਹੈ ਕਿਉਂਕਿ ਆਧੁਨਿਕਤਾ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਘਰਾਂ ਵਿਚ ਵੀ ਇਹੋ ਰਿਵਾਜ ਸੀ ਕਿ ਚੌਂਕੇ ਵਿਚ ਜੁੱਤੀ ਲੈ ਕੇ ਚੜ੍ਹਨਾ ਵਰਜਿਤ ਸੀ। ਸ਼ਾਇਦ ਅਸੀਂ ਇਹ ਗੱਲ ਭੁੱਲ ਚੁੱਕੇ ਹਾਂ। ਚਲੋ ਮੁੜ ਅਪਣਾ ਲੈਣ ਵਿਚ ਕੀ ਹਰਜ਼ ਹੈ?

ਉਥੋਂ ਦੀਆਂ ਉੱਚੀਆਂ ਇਮਾਰਤਾਂ ਪਹਿਲੀ ਨਜ਼ਰੇ ਵਿਅਕਤੀ ਨੂੰ ਹੈਰਾਨ ਕਰਦੀਆਂ ਹਨ ਪਰ ਜਦੋਂ ਤੁਸੀਂ ਉਨ੍ਹਾਂ ਨੂੰ ਲਗਾਤਾਰ ਇਕ ਟਕ ਦੇਖਦੇ ਹੋ ਤਾਂ ਛੇਤੀ ਹੀ ਤੁਹਾਡਾ ਚਿੱਤ ਉਕਤਾਉਣ ਲੱਗ ਪੈਂਦਾ ਹੈ। ਸੰਸਾਰ ਦੀ ਕਦੇ ਸਭ ਤੋਂ ਉਚੀ ਅਤੇ ਹੁਣ ਦੂਜੇ ਨੰਬਰ ਦੀ ਇਮਾਰਤ ਸੀਐਨਟਾਵਰ ਤੇ ਚੜ੍ਹ ਕੇ ਹੇਠਾਂ ਦੇਖਿਆਂ ਸ਼ੀਸ਼ੇ ਦੀਆਂ ਡੱਬੀਆਂ ਵਰਗੀਆਂ ਇਕੋ ਜਿਹੀਆਂ ਇਮਾਰਤਾਂ ਕਲਾ ਪੱਖੋਂ ਊਣੀਆਂ ਜਾਪਦੀਆਂ ਹਨ। ਕੰਕਰੀਟ,ਸਟੀਲ ਅਤੇ ਸ਼ੀਸ਼ੇ ਨਾਲ ਬਣਾਈਆਂ ਇਹ ਇਮਾਰਤਾਂ ਕਲਾਤਮਿਕ ਸੁਹਜ ਤੋਂ ਸੱਖਣੀਆਂ ਮਸ਼ੀਨੀ ਸਭਿਅਤਾ ਦਾ ਪ੍ਰਤੀਕ ਜਾਪਦੀਆਂ ਹਨ ਜਿਸ ਵਿਚ ਕੁਝ ਵੀ ਸੁਹਜਾਤਮਿਕ ਨਹੀਂ। ਭਾਰਤ ਵਿਚ ਸਰਕਾਰੀ ਕਲੋਨੀਆਂ ਅਤੇ ਚੰਡੀਗੜ੍ਹ ਨੂੰ ਛੱਡ ਕੇ ਸਭ ਕੁਝ ਰੰਗਬਿਰੰਗਾ ਹੈ ਜਿਸ ਵਿਚ ਹਰ ਵਿਅਕਤੀ ਨੇ ਆਪਣੀ ਕਲਾਤਮਿਕ ਸੁਹਜ ਨਾਲ ਰੰਗ ਭਰੇ ਹਨ। ਉਥੇ ਆਮ ਕਰਕੇ ਘਰਾਂ,ਫੈਕਟਰੀਆਂ ਅਤੇ ਸ਼ਾਪਿੰਗ ਮਾਲਾਂ ਵਿਚ ਬਾਹਰੋਂ ਵੇਖਣ ਨੂੰ ਕੋਈ ਫਰਕ ਨਹੀਂ। ਵਿਅਕਤੀਗਤ ਘਰ ਅਤੇ ਬੰਗਲੇ ਜ਼ਰੂਰ ਕੁਝ ਵੱਖਰੇ ਹਨ ਪਰ ਆਮ ਕਰਕੇ ਨਿੱਜੀ ਘਰ ਵੀ ਕੰਪਨੀਆਂ ਨੇ ਬਣਾਏ ਹੋਣ ਕਰਕੇ ਉਪਯੋਗੀ ਭਾਵੇਂ ਕਿੰਨੇ ਮਰਜੀ ਹੋਣ ਪਰ ਸੁਹਜਾਤਮਿਕ ਪੱਖੋਂ ਮਨ ਨੂੰ ਟੁੰਬਦੇ ਨਹੀਂ। ਮੌਜੂਦਾ ਸਮੇਂ ਵਿਚ ਜਿਵੇਂ ਅਸੀਂ ਉਨ੍ਹਾਂ ਤੋਂ ਟਾਊਨ ਪਲੈਨਿੰਗ ਦਾ ਗੁਰ ਸਿੱਖ ਰਹੇ ਹਾਂ ਉਸੇ ਤਰ੍ਹਾਂ ਉਨ੍ਹਾਂ ਨੂੰ ਸਾਡੇ ਮੁਲਕ ਤੋਂ ਵਿਅਕਤੀਗਤ ਸੁਹਜ ਪਸੰਦੀ ਸਿੱਖਣ ਦੀ ਜ਼ਰੂਰਤ ਹੈ।

ਕੈਨੇਡਾ ਵਿਚ ਇਸ ਸਮੇਂ ਸਮਾਜ ਨੂੰ ਪ੍ਰਬੰਧ ਨੇ ਲੱਗਭਗ ਬੇਦਖਲ ਕਰ ਦਿੱਤਾ ਹੈ। ਸਾਡਾ ਸ਼ਾਇਰ ਮਿੱਤਰ ਸੁਖਪਾਲ ਇਸ ਗੱਲੋਂ ਬਹੁਤ ਦੁਖੀ ਸੀ।ਉਥੇ ਕੋਈ ਸੜਕ ਐਕਸੀਡੈਂਟ ਸਮੇਂ ਡਿੱਗੇ ਨੂੰ ਨਹੀਂ ਚੁੱਕਦਾ ਸਗੋਂ ਬੰਦੇ ਨੂੰ ਚੁੱਕਣ ਪ੍ਰਬੰਧ ਪਹੁੰਚਦਾ ਹੈ। ਪ੍ਰਬੰਧ ਅੰਦਰ ਤਰਸ ਨਹੀਂ ਜਿ਼ੰਮੇਵਾਰੀ ਹੁੰਦੀ ਹੈ। ਇਨਸਾਨੀਅਤ ਨਹੀਂ ਡਿਉਟੀ ਹੁੰਦੀ ਹੈ।ਇਸੇ ਤਰ੍ਹਾਂ ਕਿਸੇ ਮੁਸੀਬਤ ਸਮੇਂ ਕੋਈ ਗੁਆਂਢੀ ਨਹੀਂ ਪਹੁੰਚਦਾ ਸਗੋਂ ਪੁਲਿਸ ਜਾਂ ਐਂਬੂਲੈਂਸ ਪਹੁੰਚਦੀ ਹੈ ਤਾਂ ਗੁਆਂਢੀਆਂ ਨੂੰ ਪਤਾ ਲਗਦਾ ਹੈ ਕਿ ਗੁਆਂਢੀਆਂ ਤੇ ਕੋਈ ਮੁਸੀਬਤ ਆਈ ਸੀ। ਨਿਸ਼ਚੇ ਹੀ ਵਿਅਕਤੀ ਸਹਾਇਤਾ ਕਰੇ ਨਾ ਕਰੇ ਪ੍ਰਬੰਧ ਸਹਾਇਤਾ ਕਰਦਾ ਹੈ। ਪ੍ਰਬੰਧ ਵਿਅਕਤੀ ਨਾਲੋਂ ਵਧੇਰੇ ਸਬੰਧਤ ਕੰਮ ਵਿਚ ਮੁਹਾਰਤ ਵੀ ਰਖਦਾ ਹੈ ਅਤੇ ਇਸ ਦੇ ਬਾਵਜੂਦ ਪ੍ਰਬੰਧ ਮਾਨਵੀ ਛੁਹ ਤੋਂ ਕੋਰਾ ਹੁੰਦਾ ਹੈ। ਸਰੀਰਕ ਤੌਰ ਤੇ ਅਸਮਰਥ ਵਿਅਕਤੀਆਂ ਲਈ ਪ੍ਰਬੰਧ ਨੇ ਐਨੇ ਪ੍ਰਬੰਧ ਕਰ ਰੱਖੇ ਹਨ ਕਿ ਹਰ ਥਾਂ ਤੇ ਉਹ ਪਹੁੰਚ ਸਕਦੇ ਹਨ। ਹਰ ਥਾਂ ਤੇ ਉਨ੍ਹਾਂ ਦੀ ਕਾਰ ਜਾਂ ਵੀਲ਼ ਚੇਅਰ ਜਾਣ ਦਾ ਪ੍ਰਬੰਧ ਹੈ। ਇਸਦੇ ਬਾਵਜੂਦ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰਦਾ ਅਤੇ ਇਸ ਲਈ ਇਹ ਤਰਕ ਦਿੱਤਾ ਜਾਂਦਾ ਹੈ ਕਿ ਇਉਂ ਉਨ੍ਹਾਂ ਦੀ ਸਹਾਇਤਾ ਕਰਨ ਤੇ ਸਵੈਮਾਣ ਤੇ ਸੱਟ ਵਜਦੀ ਹੈ। ਸ਼ਾਇਦ ਇਹ ਗੱਲ ਇਉਂ ਹੀ ਹੋਵੇ ਪਰ ਮੈਨੂੰ ਇਹ ਬੰਦੇ ਤੋਂ ਬੰਦੇ ਨੂੰ ਤੋੜਨ ਵਾਲ਼ੀ ਗੱਲ ਲੱਗੀ। ਸੋ ਕੈਨੇਡਾ ਵਿਚ ਪੰਜਾਬ ਦੀ ਤਰ੍ਹਾਂ ਬੰਦਾ ਹੀ ਬੰਦੇ ਦਾ ਦਾਰੂ ਨਹੀਂ ਸਗੋਂ ਪ੍ਰਬੰਧ ਦਾਰੂ ਹੈ। ਉਥੋਂ ਦੇ ਲੋਕਾਂ ਨੂੰ ਪ੍ਰਬੰਧ ਤੇ ਵਧੇਰੇ ਭਰੋਸਾ ਹੈ। ਇਹ ਗੱਲ ਬੜੀ ਅਜੀਬ ਜਾਪੀ ਕਿ ਜਿੱਥੇ ਸਾਡੇ ਦੇਸ਼ ਵਿਚ ਬੰਦਿਆਂ ਨੂੰ ਸਰਕਾਰ ਤੇ ਭੋਰਾ ਭਰ ਵੀ ਯਕੀਨ ਨਹੀਂ। ਉਥੇ ਕੈਨੇਡੀਅਨ ਲੋਕ ਸਰਕਾਰ ਤੇ ਏਨਾ ਯਕੀਨ ਕਰਦੇ ਹਨ ਕਿ ਇਸ ਗੱਲ ਦੇ ਯਕੀਨ ਕਰਨਾ ਔਖਾ ਹੋ ਜਾਂਦਾ ਹੈ। ਮੈਨੂੰ ਆਪਣੀ ਕੈਨੇਡਾ ਫੇਰੀ ਦੌਰਾਨ ਬਹੁਤੇ ਗ਼ੈਰਪੰਜਾਬੀਆਂ ਨੂੰ ਤਾਂ ਮਿਲਣ ਦਾ ਮੌਕਾ ਨਹੀਂ ਮਿਲਿਆ। ਸੋ ਉਨ੍ਹਾਂ ਦੇ ਵਿਚਾਰ ਤਾਂ ਅਖ਼ਬਾਰਾਂ ਤੇ ਟੈਲੀਵਿਜ਼ਨ ਰਾਹੀਂ ਹੀ ਪ੍ਰਾਪਤ ਹੋਏ ਹਨ ਪਰ ਸਾਡੇ ਬਹੁਤੇ ਕੈਨੇਡੀਅਨ ਪੰਜਾਬੀ ਭਰਾਵਾਂ ਨੂੰ ਤਾਂ ਰੱਬ ਤੋਂ ਵੱਧ ਕੈਨੈਡੀਅਨ ਪ੍ਰਬੰਧ ਤੇ ਯਕੀਨ ਹੈ।

ਮੈਨੂੰ ਜਾਪਦਾ ਹੈ ਕਿ ਕਿਤੇ ਨਾ ਕਿਤੇ ਗੜਬੜੀ ਹੈ। ਉਹ ਪ੍ਰਬੰਧ ਦੇ ਅੰਦਰ ਦੀ ਸੋਸ਼ਣਕਾਰੀ ਨੂੰ ਪਛਾਣਨ ਤੋਂ ਹੀ ਅਸਮਰਥ ਹਨ। ਜੇ ਕੇਵਲ ਖਾਣ ਵਾਲੀਆਂ ਵਸਤਾਂ ਦੀ ਗੱਲ ਕਰੀਏ ਤਾਂ ਕੁਝ ਸਾਲ ਪਹਿਲਾਂ ਫਿਸ਼ਰੀ ਮਨਿਸਟਰ ਫਰੇਜ਼ਰ ਨੇ ਸਭ ਕੁਝ ਜਾਣਦੇ ਹੋਏ ਗਲੀਸੜੀ ਟੂਨਾ ਮੱਛੀ ਜੋ ਜਾਨਵਰਾਂ(ਬਿੱਲੀਆਂ)ਦੇ ਖਾਣ ਯੋਗ ਵੀ ਨਹੀਂ ਸੀ, ਮਨੁੱਖਾਂ ਨੂੰ ਖਾਣ ਲਈ ਯੋਗ ਕਰਾਰ ਦੇ ਦਿੱਤੀ। ਇਸ ਸਕੈਂਡਲ ਦੇ ਨੰਗਾ ਹੋ ਜਾਣ ਨਾਲ ਮੰਤਰੀ ਨੂ੍ਵੰ ਉਸ ਵੇਲੇ ਤਾਂ ਭਾਵੇਂ ਅਸਤੀਫਾ ਦੇਣਾ ਪਿਆ ਪਰ ਕੁਝ ਸਾਲਾਂ ਬਾਅਦ ਉਸੇ ਮੰਤਰੀ ਨੂੰ ਹਾਊਸ ਆਫ਼ ਕਾਮਨ ਦਾ ਸਪੀਕਰ ਬਣਾ ਦਿੱਤਾ ਗਿਆ ਪਰ ਸਬੰਧਤ ਸਿਟਾਰਕਿਸਟ ਕੰਪਨੀ ਦੇ ਬੰਦ ਹੋਣ ਕਾਰਨ ਚਾਰ ਸੌ ਵਰਕਰ ਨੌਕਰੀ ਗੁਆ ਬੈਠੇ।

ਅਸੀਂ ਸਿਰਫ ਬਾਹਰੀ ਦਿੱਖ ਨੂੰ ਹੀ ਸਭ ਕੁਝ ਸਮਝ ਬੈਠਦੇ ਹਨ। ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਅਮਰੀਕਾ ਦਾ ਰਾਸ਼ਟਰਪਤੀ ਆਪਣੇ ਹੀ ਦਫਤਰ ਦੀ ਕੱਚੀ ਮੁਲਾਜ਼ਮ ਨਾਲ ਕਿਹੋ ਜਿਹੇ ਚੰਨ ਚਾੜ੍ਹਦਾ ਰਿਹਾ। ਕੈਨੇਡਾ ਦੀ ਜੱਜ ਸਾਡੇ ਪੰਜਾਬੀ ਭਰਾ ਨਾਲ ਅੱਖ ਮਟੱਕੇ ਅਧੀਨ ਗਲਤ ਫੈਸਲੇ ਕਰਦੀ ਰਹੀ। ਕਿਵੇਂ ਵਾਟਰ ਗੇਟ ਸਕੈਂਡਲ ਹੋਏ, ਕਿਵੇਂ ਹੁਣ ਵੀ ਵੱਡਾ ਮਾਫੀਆ ਗ਼ੈਰਕਾਨੂੰਨੀ ਡਰੱਗ, ਸ਼ਹਿਰੀ ਜਾਇਦਾਦਾਂ, ਹਥਿਆਰਾਂ ਦਾ ਕਾਰੋਬਾਰ ਕਰ ਰਿਹਾ ਹੈ ਅਤੇ ਕਿਵੇਂ ਵੱਡੀ ਪੱਧਰ ਤੇ ਸਮੂਹਿਕ ਕੈਨੇਡੀਅਨ ਕਾਮਿਆਂ ਦਾ ਵਖ ਵਖ ਥਾਵਾਂ ਤੇ ਸੋਸ਼ਣ ਹੋ ਰਿਹਾ ਹੈ। ਆਪਣੇ ਬਹੁਤੇ ਲੋਕ ਸਿਰਫ ਪਟਵਾਰੀ, ਥਾਣੇਦਾਰ ਅਤੇ ਕਲਰਕ ਵੱਲੋਂ ਲਈ ਹੇਠਲੀ ਪੱਧਰ ਤੇ ਰਿਸ਼ਵਤ ਰੁਕ ਜਾਣ ਤੇ ਹੀ ਖੁਸ਼ ਹਨ। ਬਿਨਾ ਸ਼ੱਕ ਹਰ ਪੱਧਰ ਤੇ ਬੇਈਮਾਨੀ, ਨਾਇਨਸਾਫੀ, ਰਿਸ਼ਵਤਖੋਰੀ ਬੰਦ ਹੋਣੀ ਚਾਹੀਦੀ ਹੈ ਪਰ ਸਿਰਫ ਹੇਠਲੇ ਪੱਧਰ ਤੇ ਖਤਮ ਕਰਕੇ ਉਪਰਲੇ ਪੱਧਰ ਤੇ ਲਈ ਜਾਣ ਨੂੰ ਚੰਗਾ ਪ੍ਰਬੰਧ ਸਮਝਣਾ ਮੂਰਖਾਂ ਦੇ ਬਹਿਸ਼ਤ ਵਿਚ ਰਹਿਣ ਵਾਲ਼ੀ ਗੱਲ ਹੈ।

ਕੈਨੇਡਾ ਵਿਚ ਗੁਰਦੁਆਰਿਆਂ ਨੂੰ ਗੁਰੂ ਘਰ ਕਹਿਣ ਦਾ ਰਿਵਾਜ ਹੈ। ਇਹ ਗੁਰੂ ਘਰ ਕੇਵਲ ਧਾਰਮਿਕ ਸਥਾਨ ਹੀ ਨਹੀਂ ਸਗੋਂ ਪੰਜਾਬੀਆਂ ਦੀ ਸਮਾਜਿਕ ਜਿ਼ੰਦਗੀ ਦਾ ਧੁਰਾ ਰਹੇ ਹਨ ਅਤੇ ਪਹਿਲੀ ਪੀੜ੍ਹੀ ਨੂੰ ਮਾਨਸਿਕ ਸਹਾਰੇ ਦੇ ਨਾਲ ਨਾਲ ਸਿਰ ਲਈ ਓਟਆਸਰਾ ਵੀ ਦਿੱਤਾ। ਉਥੋਂ ਦੇ ਗੁਰੂ ਘਰਾਂ ਵਿਚ ਨਿਸ਼ਾਨ ਸਾਹਿਬ ਹਾਈਡਰੌਲਿਕ ਮਸ਼ੀਨ ਨਾਲ ਜੁੜੇ ਹੁੰਦੇ ਹਨ। ਸਿੱਟੇ ਵਜੋਂ ਨਿਸ਼ਾਨ ਸਾਹਿਬ ਦਾ ਚੋਲ਼ਾ ਚੜ੍ਹਾਉਣ ਸਮੇਂ ਸੌਖਿਆਈ ਰਹਿੰਦੀ ਹੈ। ਪੰਜਾਬ ਵਿਚ ਲੱਗਭਗ ਹਰ ਸਾਲ ਕਿਤੇ ਨਾਲ ਕਿਤੇ ਚੋਲਾ਼ ਚੜ੍ਹਾਉਣ ਸਮੇਂ ਹਾਦਸਾ ਹੋ ਕੇ ਦੁਖਦਾਈ ਘਟਨਾ ਵਾਪਰ ਜਾਂਦੀ ਹੈ। ਇਸ ਪੱਖੋਂ ਇਹ ਸਿਸਟਮ ਅਪਣਾ ਲੈਣਾ ਚੰਗਾ ਹੋਵੇਗਾ। ਇਹ ਗੱਲ ਵੀ ਬੜੀ ਚੰਗੀ ਲੱਗੀ ਕਿ ਟਰਾਂਟੋ ਦੇ ਸਿੱਖਾਂ ਨੇ ਦਾਨ ਦੇ ਕੇ ਇਕ ਹਸਪਤਾਲ ਦੀ ਐਮਰਜੈਂਸੀ ਦਾ ਨਾਂ ਗੁਰੂ ਨਾਨਕ ਐਮਰਜੈਂਸੀ ਰਖਵਾਇਆ। ਮੈਨੂੰ ਇਹ ਵੇਖ ਕੇ ਮਾਲਟਨ ਜਾਂ ਡਿਕਸੀ ਦੇ ਵੱਡੇ ਗੁਰੂ ਘਰਾਂ ਨਾਲੋਂ ਵੀ ਵੇਖਣ ਤੋਂ ਵੱਧ ਸਕੂਨ ਮਿਲਿਆ। ਸਾਨੂੰ ਅਜਿਹੀਆਂ ਪਰੰਪਰਾਵਾਂ ਦਾ ਅਨੁਕਰਨ ਕਰਨਾ ਚਾਹੀਦਾ ਹੈ।

ਆਪਣੇ ਪੰਜਾਬੀ ਭਾਈਵੰਦ ਨੇ ਅੰਗਰੇਜ਼ ਕੌਮ ਬਾਰੇ ਇਕ ਹਾਸੇ ਵਿਚ ਗੱਲ ਸੁਣਾਈ ਕਿ ਇਹ ਬੱਚੇ ਦਾ ਗੰਦ ਤਾਂ ਬੱਚੇ ਨੂੰ ਚੁਕਾਈ ਰਖਦੇ ਹਨ ਪਰ ਕੁੱਤਿਆਂ ਦਾ ਖੁਦ ਚੁੱਕੀ ਫਿਰਦੇ ਹਨ। ਉਸ ਦਾ ਇਸ਼ਾਰਾ ਇਸ ਗੱਲ ਵੱਲ ਸੀ ਕਿ ਕੰਮਕਾਜੀ ਔਰਤਾਂ ਲੰਮਾ ਸਮਾਂ ਬੱਚਿਆਂ ਦੇ ਡਾਇਪਰ ਬੰਨ੍ਹੀ ਰਖਦੀਆਂ ਹਨ ਪਰ ਸਵੇਰੇ ਕੁੱਤਿਆਂ ਨੂੰ ਸੈਰ ਕਰਾਉਂਦੀਆਂ ਮੇਮਾਂ ਪੋਲੀਥੀਨ ਦਾ ਲਿਫਾਫਾ ਨਾਲ ਚੁੱਕੀ ਫਿਰਦੀਆਂ ਹਨ ਕਿਉਂਕਿ ਉਥੋਂ ਦੇ ਕਾਨੂੰਨ ਅਨੁਸਾਰ ਕੁੱਤੇ ਦੀ ਟੱਟੀ ਨੂੰ ਡਸਟਬਿਨ ਵਿਚ ਪਾਉਣਾ ਕੁੱਤੇ ਦੇ ਮਾਲਕ ਦੀ ਜਿ਼ੰਮੇਵਾਰੀ ਹੈ। ਅਕਸਰ ਉਥੇ ਬੱਚਿਆਂ ਨੂੰ ਸੰਗਲੀ ਪਾ ਕੇ ਰੱਖਣ ਦਾ ਰਿਵਾਜ ਹੈ ਪਰ ਫੁੱਟਪਾਥਾਂ ਤੇ ਸਿੱਖੇ ਕੁੱਤੇ ਮਾਲਕ ਨਾਲ ਅਠਖੇਲੀਆਂ ਕਰਦੇ ਹਨ। ਵੈਸੇ ਤਾਂ ਬੱਚੇ ਦੀ ਸੁਰੱਖਿਆ ਲਈ ਸੰਗਲੀ ਪਾ ਲੈਣੀ ਵਿਹਾਰਕ ਤੌਰ ਤੇ ਯੋਗ ਹੋਵੇਗੀ ਸ਼ਾਇਦ ਇਸੇ ਲਈ ਕਿਸੇ ਅੰਗਰੇਜ਼ੀ ਫਿਲਮ ਵਿਚ ਰਾਮ ਤੇ ਸ਼ਾਮ ਦੇ ਵਿਛੜਨ ਦੀ ਕਹਾਣੀ ਨਹੀਂ ਬਣਦੀ ਪਰ ਹੈ ਤਾਂ ਇਹ ਅਜੀਬ ਗੱਲ, ਤੁਸੀਂ ਸੋਚ ਕੇ ਵੇਖੋ।

ਜਿ਼ਆਦਾ ਖੇਤਰਫਲ ਅਤੇ ਘੱਟ ਆਬਾਦੀ ਕਾਰਨ ਵੈਸੇ ਤਾਂ ਕੈਨੇਡਾ ਦਾ ਵਾਤਾਵਰਨ ਬੜਾ ਸ਼ੁੱਧ ਹੈ ਪਰ ਉਹ ਇਸ ਨੂੰ ਹੋਰ ਵੀ ਸ਼ੁੱਧ ਰੱਖਣ ਲਈ ਬਹੁਤ ਚੇਤਨ ਹਨ ਅਤੇ ਇਹ ਵੀ ਸਮਝਦੇ ਹਨ ਕਿ ਦੁਨੀਆਂ ਭਰ ਵਿਚ ਹੀ ਵਾਤਾਵਰਨ ਪ੍ਰਤੀ ਚੇਤਨਾ ਹੋਣੀ ਚਾਹੀਦੀ ਹੈ। ਇਸ ਲਈ ਬੜੇ ਪ੍ਰੇਰਨਾਦਾਇਕ ਅਤੇ ਕਰੜੇ ਕਾਨੂੰਨ ਹਨ। ਉਨ੍ਹਾਂ ਵਿਚੋਂ ਕੁਝ ਅਨੁਕਰਨਯੋਗ ਹਨ। ਉਥੇ ਕੁਝ ਸੜਕਾਂ ਉਪਰ ਕੁਝ ਲੇਨਾਂ ਵਿਚ ਕੇਵਲ ਉਹੀ ਗੱਡੀਆਂ ਚੱਲ ਸਕਦੀਆਂ ਹਨ ਜਿਨ੍ਹਾਂ ਵਿਚ ਇਕ ਤੋਂ ਵਧੇਰੇ ਬੰਦੇ ਬੈਠੇ ਹੋਣ। ਉਨ੍ਹਾਂ ਦੇ ਇਸ ਕਾਨੂੰਨ ਦਾ ਮੰਤਵ ਲੋਕਾਂ ਨੂੰ ਇਕੋ ਕਾਰ ਵਿਚ ਸਫਰ ਕਰਨ ਲਈ ਉਤਸ਼ਾਹਿਤ ਕਰਨਾ ਹੈ। ਕਿਉਂਕਿ ਅਜੇ ਇਸ ਲੇਨ ਵਿਚ ਟ੍ਰੈਫਿਕ ਘੱਟ ਹੁੰਦਾ ਹੈ ਅਤੇ ਵਿਅਕਤੀ ਮੰਜ਼ਲ ਤੇ ਜਲਦੀ ਪਹੁੰਚਦਾ ਹੈ। ਇਸੇ ਪ੍ਰਕਾਰ ਪਲਾਸਟਿਕ ਦੀ ਬਜਾਏ ਘਰੋਂ ਥੈਲਾ ਲੈ ਕੇ ਜਾਣ ਵਾਲੇ ਵਿਅਕਤੀਆਂ ਨੂੰ ਥੈਲਾ ਦਿਖਾਉਣ ਤੇ ਬਿਲ ਵਿਚ ਛੋਟ ਦਿੱਤੀ ਜਾਂਦੀ ਹੈ। ਇਸ ਦਾ ਮੰਤਵ ਵੀ ਯੂਜ਼ ਐਂਡ ਥਰੋ ਦੀ ਰੁਚੀ ਨੂੰ ਘਟਾ ਕੇ ਮੁੜ ਵਰਤੋਂ ਦੀ ਆਦਤ ਪਾਉਣਾ ਹੈ। ਇਥੇ ਫਿਰ ਮੈਨੂੰ ਆਪਣਾ ਪੁਰਾਣਾ ਪੰਜਾਬ ਯਾਦ ਆਇਆ ਕਿ ਅੱਜ ਤੋਂ ਤੀਹ ਸਾਲ ਪਹਿਲਾਂ ਸਾਰਾ ਪੰਜਾਬ ਸੌਦਾ ਲੈਣ ਲਈ ਘਰੋਂ ਝੋਲਾ ਲੈ ਕੇ ਜਾਂਦਾ ਸੀ। ਮਾਲਵੇ ਦੇ ਦੇ ਬੰਦੇ ਤਾਂ ਮੂਕੇ ਜਾਂ ਸਮੋਸੇ ਲੜ ਹੀ ਸਾਰਾ ਬਾਜ਼ਾਰ ਬੰਨ੍ਹ ਲਿਆਉਂਦੇ ਸਨ। ਬਹੁਕੌਮੀ ਕੰਪਨੀਆਂ ਦੇ ਪਰਚਾਰ ਕਰਦੇ ਇਕ ਵੰਨੀ ਦੇ ਲੋਗੋਆਂ ਦੀ ਥਾਵੇਂ ਪੰਜਾਬਣਾਂ ਦੇ ਰੀਝਾਂ ਨਾਲ ਕੱਢਾ ਮੋਰ ਤੋਤਿਆਂ ਦੇ ਝੋਲੇ ਅਜੇ ਵੀ ਸੰਦੂਕਾਂ ਵਿਚ ਪਏ ਹੋਣਗੇ। ਆਧੁਨਿਕਤਾ ਦੀ ਗੱਡੀ ਚੜ੍ਹੇ ਪੰਜਾਬ ਨੂੰ ਕੈਨੇਡਾ ਵੱਲ ਵੇਖ ਕੇ ਹੀ ਆਪਣਾ ਪੁਰਾਤਨ ਵਿਰਸਾ ਮੁੜ ਸੁਰਜੀਤ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ।

ਕੈਨੇਡਾ ਦੀ ਇਕ ਗੱਲ ਮੈਨੂੰ ਚੰਗੀ ਨਹੀਂ ਲੱਗੀ ਕਿ ਉਹ ਨਿੱਤਪ੍ਰਤੀ ਦੀ ਕਿਰਿਆ ਸੋਧਦਿਆਂ ਹੱਦੋਂ ਵੱਧ ਕਾਗਜ਼ ਖਰਾਬ ਕਰਦੇ ਹਨ। ਪਤਾ ਨਹੀਂ ਮੇਰੇ ਮਨ ਵਿਚ ਇਹ ਕਿਉਂ ਬੈਠਾ ਹੈ ਕਿ ਪਾਣੀ ਬਿਨਾ ਸਫਾਈ ਅਧੂਰੀ ਹੁੰਦੀ ਹੈ। ਪਬਲਿਕ ਥਾਵਾਂ ਤੇ ਹੱਥ ਸੁਕਾਉਣ ਲਈ ਜਿੰਨਾ ਕਾਗਜ਼ ਖਰਾਬ ਕੀਤਾ ਜਾਂਦਾ ਹੈ, ਉਸ ਦਾ ਕੋਈ ਹੱਲ ਹੋਣਾ ਚਾਹੀਦਾ ਹੈ। ਇਲੈਕਟ੍ਰਿਕ ਹੈਂਡ ਡਰਾਇਰ ਹੱਦੋਂ ਵੱਧ ਸ਼ੋਰ ਪਾਉਂਦੇ ਹਨ, ਬਿਜਲੀ ਦੀ ਖਪਤ ਕਰਦੇ ਹਨ ਅਤੇ ਹੱਥ ਸੁਕਾਉਣ ਵਿਚ ਫੇਰ ਵੀ ਦੇਰ ਹੁੰਦੀ ਹੈ। ਇਸ ਦੇ ਉਲਟ ਕਪੜੇ ਦਾ ਰੁਮਾਲ ਤੁਰਦਿਆਂ ਤੁਰਦਿਆਂ ਘੱਟ ਸਮੇਂ ਵਿਚ ਵੱਧ ਚੰਗੀ ਤਰ੍ਹਾਂ ਸੁਕਾਉਂਦਾ ਹੈ। ਸ਼ਾਇਦ ਇਸ ਨੂੰ ਹਾਈਜੈਨਿਕ ਨਹੀਂ ਮੰਨਿਆ ਜਾਂਦਾ ਪਰ ਮੇਰੇ ਖਿਆਲ ਵਿਚ ਹਰ ਰੋਜ਼ ਧੋਤਾ ਆਪਣਾ ਰੁਮਾਲ ਹਾਈਜੈਨਿਕ ਹੀ ਹੁੰਦਾ ਹੈ।

ਕੈਨੇਡਾ ਵਿਚ ਇਸ ਸਮੇਂ ਲੱਗਭਗ ਹਰ ਕਾਰ ਵਿਚ ਲੱਗਿਆ ਲਗਾਇਆ ਜੀਪੀਐਸਸਿਸਟਮ ਆਉਂਦਾ ਹੈ ਅਤੇ ਪੁਰਾਣੀਆਂ ਵਿਚ ਇਹ ਜੰਤਰ ਬਾਹਰੋਂ ਲਗਾਇਆ ਜਾਂਦਾ ਹੈ। ਇਸ ਨਾਲ ਕਿਸੇ ਵੀ ਐਡਰੈਸ ਤੇ ਪਹੁੰਚਿਆ ਜਾ ਸਕਦਾ ਹੈ। ਸਕਰੀਨ ਉਪਰ ਨਕਸ਼ਾ ਵੀ ਆਉਂਦਾ ਰਹਿੰਦਾ ਹੈ ਅਤੇ ਸਪੀਕਰ ਰਾਹੀਂ ਆਵਾਜ਼ ਵੀ ਆਉਂਦੀ ਹੈ। ਭਾਰਤ ਵਿਚ ਅਜੇ ਇਹ ਪ੍ਰਚੱਲਤ ਨਹੀਂ ਹੋਇਆ। ਭਾਵੇਂ ਨਵੇਂ ਫੋਨਾਂ ਵਿਚ ਇਹ ਸੁਵਿਧਾ ਹੈ। ਇਸ ਜੰਤਰ ਦਾ ਨਾਂ ਪੰਜਾਬੀ ਕੈਨੇਡੀਅਨਾਂ ਨੇ ਗੁਰ ਪ੍ਰਤਾਪ ਸਿੰਘ(ਜੀਪੀਐਸ) ਰੱਖਿਆ ਹੋਇਆ ਹੈ। ਉਹ ਆਖਦੇ ਹਨ ਕਿ ਭਾਰਤ ਵਿਚ ਇਹੀ ਜੰਤਰ ਵਾਲਾ ਕੰਮ ਰਿਕਸ਼ੇ ਵਾਲ਼ਾ ਕਰ ਦਿੰਦਾ ਹੈ।

ਕੈਨੇਡਾ ਵਿਚ ਪਹਿਲੀ ਪੰਜਾਬੀ ਪੀੜ੍ਹੀ ਲੱਗਭਗ ਖਾਲੀ ਹੱਥ ਗਈ ਸੀ,ਅੱਜ ਉਹ ਚੰਗੀਆਂ ਜਾਇਦਾਦਾਂ ਦੇ ਮਾਲਕ ਹਨ ਅਤੇ ਚੰਗੀਆਂ ਸੁੱਖ ਸਹੂਲਤਾਂ ਮਾਣ ਰਹੇ ਹਨ। ਔਸਤਨ ਪੰਜਾਬੀ ਭਾਰਤ ਦੇ ਮੱਧ ਵਰਗੀ ਜੀਵਨ ਸ਼ੈਲੀ ਵਿਚ ਜੀਅ ਰਿਹਾ ਹੈ। ਕੁਝ ਪੰਜਾਬੀਆਂ ਨੇ ਤਰੱਕੀ ਕਰਕੇ ਉਥੋਂ ਦੀ ਆਰਥਿਕ ਤੌਰ ਤੇ ਅਮੀਰ ਸ਼੍ਰੇਣੀ ਅਤੇ ਸਿਆਸੀ ਸਭਿਆਚਾਰਕ ਖੇਤਰਾਂ ਵਿਚ ਪ੍ਰਭਾਵਸ਼ਾਲੀ ਵਿਅਕਤੀਆਂ ਵਿਚ ਆਪਣੀ ਥਾਂ ਬਣਾਈ ਹੈ। ਪੰਜਾਬੀਆਂ ਦੀ ਇਸ ਉਨਤੀ ਦਾ ਕਾਰਨ ਮੁਕਾਬਲਤਨ ਸਖਤ ਮਿਹਨਤ,ਸਾਂਝਾ ਪਰਿਵਾਰ ਅਤੇ ਬੱਚਿਆਂ ਦੀ ਸਿੱਖਿਆ ਵੱਲ ਧਿਆਨ ਦੇਣਾ ਹੈ। ਜਿੱਥੇ ਆਮ ਕੈਨੇਡੀਅਨ ਪਰਿਵਾਰਾਂ ਵਿਚ ਹਾਈ ਸਕੂਲ ਤੋਂ ਬਾਅਦ ਮਾਪੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਨਹੀਂ ਚੁੱਕਦੇ ਉਥੇ ਪੰਜਾਬੀ ਮਾਪੇ ਮਰਦੇ ਦਮ ਤਕ ਬੱਚਿਆਂ ਦੀ ਸਹਾਇਤਾ ਕਰਦੇ ਹਨ। ਇਸ ਫੈਕਟਰ ਨੇ ਵੀ ਪਰਿਵਾਰਾਂ ਨੂੰ ਅੱਗੇ ਵਧਣ ਵਿਚ ਸਹਾਇਤਾ ਕੀਤੀ ਹੈ। ਅੱਜ ਵੈਨਕੂਵਰ,ਟਰਾਂਟੋ ਵਰਗੇ ਸ਼ਹਿਰਾਂ ਵਿਚ ਪੰਜਾਬੀਆਂ ਦੀ ਗਿਣਤੀ ਏਨੀ ਕੁ ਹੈ ਕਿ ਉਹ ਆਪਣੇ ਧਾਰਮਿਕ ਸਮਾਗਮਾ, ਸਭਿਆਚਾਰਕ ਪ੍ਰੋਗਰਾਮਾਂ, ਖੇਡ ਮੇਲਿਆਂ ਅਤੇ ਹੋਰ ਪ੍ਰੋਗਰਾਮਾਂ ਵਿਚ ਹਜ਼ਾਰਾਂ ਦਾ ਇਕੱਠ ਕਰ ਲੈਂਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਹਰ ਪੱਧਰ ਉਪਰ ਹੀ ਧੜੇਬੰਦੀ ਪੰਜਾਬ ਨਾਲੋਂ ਵੀ ਵੱਧ ਹੈ। ਇਕੋ ਦਿਨ ਇਕੋ ਸਮੇਂ ਜਿਦ ਜਿਦ ਕੇ ਟੂਰਨਾਮੈਂਟ ਹੁੰਦੇ ਹਨ। ਇਕ ਦੂਜੇ ਦੇ ਸਮਾਗਮਾਂ ਵਿਚ ਜਾਣ ਦੀ ਬਜਾਏ, ਨਾ ਜਾਣ ਲਈ ਸੁਨੇਹੇਂ ਲਗਦੇ ਹਨ। ਸ਼ਾਇਦ ਇਸ ਵਿਰੋਧ ਵਿਚੋਂ ਵਿਕਾਸ ਵੀ ਹੁੰਦਾ ਹੋਵੇਗਾ ਪਰ ਮੈਨੂੰ ਜਾਪਦਾ ਹੈ ਕਿ ਅਜੇ ਪੰਜਾਬੀਆਂ ਨੂੰ ਇਕ ਜੁੱਟ ਹੋ ਕੇ ਮੁੱਖ ਧਾਰਾ ਦੇ ਮੁਕਾਬਲੇ ਆਪਣੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਤੇ ਜੀਵਨ ਸ਼ੈਲੀ ਨੂੰ ਸਥਾਪਤ ਕਰਨਾ ਚਾਹੀਦਾ ਹੈ।

ਜਾਣਨਾ ਤਾਂ ਆਪਣਾ ਦੇਸ਼ ਹੀ ਬੜਾ ਮੁਸ਼ਕਲ ਹੈ। ਏਨੇ ਥੋੜ੍ਹੇ ਸਮੇਂ ਵਿਚ ਕਿਸੇ ਬਿਗਾਨੇ ਮੁਲਕ ਬਾਰੇ ਕੀ ਦੱਸਿਆ ਜਾ ਸਕਦਾ ਹੈ। ਐਵੇਂ ਬੱਸ ਮਨ ਵਿਚ ਜਿਨ੍ਹਾਂ ਗੱਲਾਂ ਦੀ ਤੁਲਨਾ ਆਈ ਕਰ ਦਿੱਤੀ। ਇਹ ਮੇਰੇ ਨਿੱਜੀ ਅਨੁਭਵ ਹਨ ਪਰ ਜੇ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਅਗਾਊਂ ਮੁਆਫੀ।ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਬਹੁਤ ਸਾਰੀਆਂ ਗੱਲਾਂ ਕੈਨੇਡਾ ਤੋਂ ਸਿੱਖ ਸਕਦਾ ਹੈ ਪਰ ਕੁਝ ਗੱਲਾਂ ਸਾਡੇ ਕੋਲ਼ ਪਹਿਲਾਂ ਹੀ ਸਨ। ਅਸੀਂ ਉਹ ਆਧੁਨਿਕਤਾ ਦੀ ਮਾਰ ਹੇਠ ਆ ਕੇ ਛੱਡ ਦਿੱਤੀਆਂ ਹਨ, ਉਨ੍ਹਾਂ ਨੂੰ ਪੁਨਰਸੁਰਜੀਤ ਕਰਨ ਦੀ ਲੋੜ ਹੈ। ਕੈਨੇਡਾ ਵਿਚ ਵੀ ਸਭ ਅੱਛਾ ਨਹੀਂ ਅਤੇ ਸਾਡੇ ਦੇਸ਼ ਵੀ ਸਾਰਾ ਬੁਰਾ ਨਹੀਂ। ਜੋ ਕੁਝ ਬਾਹਰ ਚੰਗਾ ਹੈ ਉਹ ਅਪਣਾ ਲੈਣਾ ਚਾਹੀਦਾ ਹੈ ਅਤੇ ਜੋ ਇਥੇ ਬੁਰਾ ਹੈ, ਉਸ ਨੂੰ ਹੂੰਝ ਦੇਣਾ ਚਾਹੀਦਾ ਹੈ। ਸਭਿਆਚਾਰ ਕੇ ਵਿਕਾਸ ਦਾ ਇਹੀ ਮਾਡਲ ਹੈ। ਆਪਣੇ ਲੋਕਾਂ ਨੂੰ ਪ੍ਰੇਰਨਾ ਦੇਣ ਲਈ ਤਾਂ ਇਹ ਗੱਲ ਚੰਗੀ ਹੈ ਕਿ ਕੈਨੇਡਾ ਦੇ ਸੁਚੱਜੇ ਪ੍ਰਬੰਧ ਦੀਆਂ ਸਿਫਤਾਂ ਕੀਤੀਆਂ ਜਾਣ ਪਰ ਧਿਆਨ ਦੇਣ ਦੀ ਲੋੜ ਹੈ ਕਿ ਕਿਤੇ ਇਉਂ ਕਰਦਿਆਂ ਕੈਨੇਡਾ ਦਾ ਸੋਸ਼ਣਕਾਰੀ ਪ੍ਰਬੰਧ ਅੱਖੋਂ ਓਹਲੇ ਨਾ ਹੋ ਜਾਵੇ ਅਤੇ ਭਾਰਤ ਦੇ ਲੋਕਾਂ ਵਿਚ ਇਹ ਹੀਣਤ ਨਾ ਭਰੀ ਜਾਵੇ ਕਿ ਇੱਥੇ ਕੁਝ ਨਹੀਂ ਹੋ ਸਕਦਾ। ਭਾਵੇਂ ਕੁਝ ਭਰਾ ਬਾਹਰ ਜਾ ਕੇ ਚੰਗੀ ਜਿ਼ੰਦਗੀ ਬਸ਼ਰ ਕਰ ਸਕਦੇ ਹਨ ਅਤੇ ਅੱਜ ਜਦੋਂ ਸੰਸਾਰ ਇਕ ਹੋਣ ਜਾ ਰਿਹਾ ਹੈ ,ਸਰਮਾਇਆ ਮੁਲਕੋ ਮੁਲਕੀ ਖੁੱਲ੍ਹਾ ਫਿਰਦਾ ਹੈ, ਉਦੋਂ ਬੰਦੇ ਦੇ ਪਰਵਾਸ ਤੇ ਵੀ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ, ਉਸ ਨੂੰ ਵੀ ਆਪਣੇ ਮਨਮਰਜੀ ਦੇ ਥਾਂ ਜਾ ਕੇ ਰੋਟੀ ਕਮਾਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਪਰ ਇਕ ਗੱਲ ਪੱਕੀ ਹੈ ਕਿ ਬਹੁਗਿਣਤੀ ਪੰਜਾਬੀਆਂ ਨੇ ਇੱਥੇ ਹੀ ਰਹਿਣਾ ਹੈ ਤੇ ਉਨ੍ਹਾਂ ਨੂੰ ਇੱਥੇ ਹੀ ਚੰਗੇਰੀ ਜਿ਼ੰਦਗੀ ਲਈ ਸੋਚਣਾ ਪਵੇਗਾ।

ਪ੍ਰੋ:ਰਜਿੰਦਰ ਪਾਲ ਬਰਾੜ
ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੰਜਾਬੀ ਵਿਭਾਗ ਦੇ ਮੁਖੀ ਹਨ।

Thursday, September 1, 2011

ਭ੍ਰਿਸ਼ਟਾਚਾਰ ਦਾ ਵਰਤਾਰਾ: ਲੋਕ ਚੇਤਨਾ ਅਤੇ ਸੰਘਰਸ਼ ਹੀ ਹੱਲ

ਨਵੀਆਂ ਆਰਥਿਕ ਨੀਤੀਆਂ ਦੇ ਹਮਲੇ ਨੇ ਸਭਨਾਂ ਮਿਹਨਤਕਸ਼ ਤਬਕਿਆਂ ਦਾ ਕਚੂੰਮਰ ਕੱਢਿਆ ਹੋਇਆ ਹੈ। ਲੋਕਾਂ ਦਾ ਗੁਜ਼ਾਰੇ ਦੇ ਸਾਧਨਾਂ ਤੋਂ ਉਜਾਡ਼ਾ ਹੋ ਰਿਹਾ ਹੈ ਤੇ ਵੱਡੇ ਧਨ ਕੁਬੇਰਾਂ ਦੇ ਧੌਲਰ ਉੱਸਰ ਰਹੇ ਹਨ। ਅਸਮਾਨੀਂ ਚੜੀ ਮਹਿੰਗਾਈ ਨੇ ਕਿਰਤ ਕਰਕੇ ਢਿੱਡ ਭਰਨ ਵਾਲੇ ਸਭਨਾਂ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਲੋਕ ਸਮੂਹਾਂ ਅੰਦਰ ਭਾਰੀ ਔਖ ਅਤੇ ਬੇਚੈਨੀ ਹੈ।ਮਹਿੰਗਾਈ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ, ਭ੍ਰਿਸ਼ਟਾਚਾਰ ਦੇ ਪੁਡ਼ਾਂ 'ਚ ਪਿਸਦੇ ਲੋਕਾਂ ਦਾ ਗੁੱਸਾ ਆਏ ਦਿਨ ਵਧਦਾ ਜਾ ਰਿਹਾ ਹੈ।


ਪਿਛਲੇ ਕੁਝ ਅਰਸੇ 'ਚ ਇੱਕ ਤੋਂ ਬਾਅਦ ਦੂਜੇ ਸਕੈਂਡਲਾਂ ਦੇ ਬੇਨਕਾਬ ਹੋਣ ਨੇ ਲੋਕਾਂ ਦੇ ਮਨਾਂ 'ਚ ਮੁਲਕ ਅੰਦਰ ਫੈਲੀ ਭ੍ਰਿਸ਼ਟਾਚਾਰ ਦੀ ਬਿਮਾਰੀ ਖਿਲਾਫ਼ ਔਖ ਨੂੰ ਹੋਰ ਤਿੱਖਾ ਕੀਤਾ ਹੈ। ਕਾਮਨਵੈਲਥ ਖੇਡਾਂ, ਆਦਰਸ਼ ਸੁਸਾਇਟੀ ਘੁਟਾਲਾ ਅਤੇ 2ਜੀ-ਸਪੈਕਟਰਮ ਘੁਟਾਲਾ ਸਾਹਮਣੇ ਆਉਣ, ਨੀਰਾ ਰਾਡੀਆ ਟੇਪਾਂ ਲੀਕ ਹੋਣ ਅਤੇ ਵਿਕੀਲੀਕਸ ਖੁਲਾਸਿਆਂ ਤੋਂ ਬਾਅਦ ਭ੍ਰਿਸ਼ਟ ਹਾਕਮਾਂ ਖਿਲਾਫ਼ ਲੋਕਾਂ ਦੇ ਮਨਾਂ 'ਚ ਜਮ੍ਹਾਂ ਹੋਇਆ ਗੁੱਸਾ ਫੁੱਟਿਆ ਹੈ। ਮੁਲਕ ਭਰ 'ਚ ਭ੍ਰਿਸ਼ਟਾਚਾਰ ਦੇ ਵਰਤਾਰੇ ਨੂੰ ਠੱਲ੍ਹਣ ਦੀਆਂ ਆਵਾਜ਼ਾਂ ਉੱਠੀਆਂ ਹਨ। ਏਸੇ ਦੌਰਾਨ ਭ੍ਰਿਸ਼ਟਾਚਾਰ ਰੋਕਣ ਲਈ ਮੁਲਕ ਦੀ ਪਾਰਲੀਮੈਂਟ 'ਚ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਅੰਨਾ ਹਜ਼ਾਰੇ ਵੱਲੋਂ ਰੱਖੇ ਮਰਨ ਵਰਤ ਨੇ ਲੋਕਾਂ 'ਚ ਵਾਹਵਾ ਚਰਚਾ ਛੇਡ਼ੀ ਹੈ। ਉਹਦੀ ਮਹਿੰਮ ਨੂੰ ਹੁੰਗਾਰਾ ਦਿੰਦਿਆਂ, ਹਮਾਇਤ 'ਚ ਲੋਕ ਹਰਕਤਸ਼ੀਲ ਹੋਏ ਹਨ। ਭ੍ਰਿਸ਼ਟਾਚਾਰ ਦੇ ਵਰਤਾਰੇ ਨੂੰ ਨੱਥ ਮਾਰਨ ਦੀ ਲੋਕਾਂ ਦੀ ਮੰਗ ਮਸ਼ਾਲ ਮਾਰਚਾਂ, ਈ-ਮੇਲ ਮੁਹਿੰਮਾਂ ਤੇ ਦਸਤਖਤ ਮੁਹਿੰਮਾਂ ਵਰਗੇ ਵੱਖੋ ਵੱਖਰੇ ਢੰਗਾਂ ਰਾਹੀਂ ਸਾਹਮਣੇ ਆਈ ਹੈ। ਇਸਤੋਂ ਬਿਨਾਂ ਰਾਮਦੇਵ ਵੱਲੋਂ ਵਿਦੇਸ਼ੀ ਬੈਂਕਾਂ 'ਚ ਜਮ੍ਹਾਂ ਪਏ ਭਾਰਤੀ ਧਨਾਢਾਂ ਦੇ ਕਾਲੇ ਧਨ ਨੂੰ ਮੁਲਕ 'ਚ ਵਾਪਸ ਮੰਗਾਉਣ ਤੇ ਕੌਮੀ ਸੰਪਤੀ ਐਲਾਨਣ ਦੀ ਮੰਗ ਕੀਤੀ ਹੈ। ਦਿੱਲੀ 'ਚ ਉਹਦੇ ਵੱਲੋਂ ਰੱਖੀ ਭੁੱਖ ਹੜਤਾਲ ਨੇ ਪਹਿਲਾਂ ਹੀ ਕਾਲੇ ਧਨ ਦੇ ਮੁੱਦੇ 'ਤੇ ਚਲਦੀ ਚਰਚਾ ਨੂੰ ਤੇਜ਼ ਕੀਤਾ ਹੈ। ਖਰਬਾਂ ਦੀਆਂ ਇਹ ਰਕਮਾਂ ਦੇਸ਼ ਦੇ ਲੋਕਾਂ ਦੇ ਲੇਖੇ ਲੱਗਣ ਦੀਆਂ ਆਵਾਜ਼ਾਂ ਉੱਚੀਆਂ ਹੋਈਆਂ ਹਨ।

ਇਸ ਸਾਰੀ ਚਰਚਾ ਦੌਰਾਨ ਕੇਂਦਰ ਦੀ ਕਾਂਗਰਸੀ ਹਕੂਮਤ ਦਾ ਭ੍ਰਿਸ਼ਟਾਚਾਰ ਰੋਕਣ ਦੇ ਮਸਲੇ 'ਤੇ ਵਤੀਰਾ ਜੱਗ-ਜ਼ਾਹਰ ਹੋਇਆ ਹੈ। ਪੂਰੀ ਢੀਠਤਾਈ ਨਾਲ ਸਰਕਾਰ ਆਪਣੇ ਮੰਤਰੀਆਂ ਨੂੰ ਬਚਾਉਣ ਲਈ ਹਰ ਹੀਲਾ ਵਰਤਦੀ ਰਹੀ ਹੈ। ਪਹਿਲਾਂ ਅੰਨਾ ਹਜ਼ਾਰੇ ਵੱਲੋਂ ਰੱਖੇ ਮਰਨ ਵਰਤ ਦੌਰਾਨ, ਪੰਜ ਸੂਬਿਆਂ ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਨਰਮੀ ਨਾਲ ਪੇਸ਼ ਆਈ। ਅੰਨਾ ਹਜ਼ਾਰੇ ਤੇ ਸਾਥੀਆਂ ਵੱਲੋਂ ਲੋਕਪਾਲ ਕਾਨੂੰਨ ਬਣਾਉਣ ਤੇ ਉਹਦੇ ਖਰ
ੜੇ ਨੂੰ ਤਿਆਰ ਕਰਨ 'ਚ ਸਰਕਾਰ ਤੋਂ ਬਿਨਾਂ ਜਨਤਾ 'ਚੋਂ ਨੁਮਾਇੰਦੇ ਸ਼ਾਮਿਲ ਕਰਨ ਦੀ ਮੰਗ ਮੰਨ ਲਈ ਗਈ ਅਤੇ ਆਪਣੀ ਮਜ਼ਬੂਰੀ ਨੂੰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸੁਹਿਰਦਤਾ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਬਾਬਾ ਰਾਮਦੇਵ ਨੇ ਕਾਲੇ ਧਨ ਦੇ ਮੁੱਦੇ 'ਤੇ ਅੰਦੋਲਨ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਚੋਣਾਂ ਲੰਘ ਗਈਆਂ ਸਨ, ਹਕੂਮਤੀ ਮਜ਼ਬੂਰੀ ਦਾ ਸਮਾਂ ਬੀਤ ਗਿਆ ਸੀ। ਫਿਰ ਕਾਂਗਰਸ ਹਕੂਮਤ ਆਪਣੇ ਅਸਲ ਰੰਗ 'ਚ ਸਾਹਮਣੇ ਆਈ। ਕਾਲੇ ਧਨ ਨੂੰ ਵਾਪਸ ਮੁਲਕ 'ਚ ਲਿਆਉਣ ਦੀ ਮੰਗ ਕਰ ਰਹੇ ਲੋਕਾਂ 'ਤੇ ਅੱਧੀ ਰਾਤ ਨੂੰ ਲਾਠੀਚਾਰਜ ਕਰਕੇ ਖਦੇੜਆ ਗਿਆ। ਰਾਤ ਭਰ ਬੁਰੀ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਗਿਆ। ਕਈਆਂ ਨੂੰ ਕੁੱਟ ਕੇ ਜ਼ਖਮੀਂ ਕੀਤਾ ਗਿਆ। ਹੁਣ ਕਾਂਗਰਸ ਸਰਕਾਰ ਵੱਲੋਂ ਅੰਨਾ ਹਜ਼ਾਰੇ ਦਾ ਹਸ਼ਰ ਵੀ ਬਾਬਾ ਰਾਮਦੇਵ ਵਰਗਾ ਕਰਨ ਦੀ ਧਮਕੀ ਦਿੱਤੀ ਗਈ ਹੈ। ਹਕੂਮਤ ਦੇ ਇਸ ਵਿਹਾਰ ਨੇ ਸਪੱਸ਼ਟ ਦਰਸਾ ਦਿੱਤਾ ਹੈ ਕਿ ਉਹ ਵੱਡੇ ਧਨਾਢਾਂ ਨੂੰ ਗੱਫ਼ੇ ਲਵਾਉਣ ਦਾ ਸਾਧਨ ਬਣਨ ਵਾਲੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਉਠਦੀ ਕਿਸੇ ਵੀ ਆਵਾਜ਼ ਨੂੰ ਸੁਣਨ ਲਈ ਤਿਆਰ ਨਹੀਂ ਸਗੋਂ ਡੰਡੇ ਦੇ ਜ਼ੋਰ ਦਬਾਉਣ ਦਾ ਇਰਾਦਾ ਰੱਖਦੀ ਹੈ। ਇਹ ਆਵਾਜ਼ ਚਾਹੇ ਕੋਈ ਲੋਕ ਪੱਖੀ ਸ਼ਕਤੀ ਲੋਕਾਂ ਨੂੰ ਅਸਲ ਅਰਥਾਂ 'ਚ ਰਾਹਤ ਦੇਣ ਲਈ ਉਠਾਵੇ ਜਾਂ ਕੋਈ ਵੀ ਹੋਰ ਸ਼ਕਤੀ ਆਪਣੇ ਮੰਤਵਾਂ ਨੂੰ ਵੀ ਵਿੱਚ ਸ਼ਾਮਲ ਕਰਕੇ ਚੱਲਦੀ ਹੋਵੇ। ਸਰਕਾਰ ਦਾ ਸੰਕੇਤ ਸਾਫ਼ ਹੈ ਕਿ ਭ੍ਰਿਸ਼ਟਾਚਾਰ ਖਿਲਾਫ਼ ਲੜਈ ਦਾ ਇਰਾਦਾ ਤਿਆਗ ਦਿਓ ਜਾਂ ਫੇਰ ਰਾਮਦੇਵ ਅਤੇ ਸਮਰਥਕਾਂ ਵਰਗੇ ਹਸ਼ਰ ਲਈ ਤਿਆਰ ਹੋਵੋ। ਵਿਦੇਸ਼ੀ ਖਾਤਾ ਧਾਰਕਾਂ ਦੇ ਨਾਮ ਵੀ ਨਸ਼ਰ ਨਾ ਕਰਨ 'ਤੇ ਅਡ਼ੀ ਹੋਈ ਹਕੂਮਤ ਦੇ ਇਸ ਦਮਨਕਾਰੀ ਵਤੀਰੇ ਦਾ ਵਿਰੋਧ ਹੋਣਾ ਚਾਹੀਦਾ ਹੈ ਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਜੱਦੋਜਹਿਦ ਹੋਣੀ ਚਾਹੀਦੀ ਹੈ। ਸਭਨਾਂ ਲੋਕਾਂ ਨੂੰ ਇਹ ਮੰਗ ਜ਼ੋਰ ਨਾਲ ਉਠਾਉਣੀ ਚਾਹੀਦੀ ਹੈ।

ਇਸ ਜੱਦੋਜਹਿਦ ਦੌਰਾਨ ਕੁਝ ਅਹਿਮ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਇਸ ਜੱਦੋਜਹਿਦ 'ਚ ਕਈਤਰ੍ਹਾਂ ਦੀਆਂ ਸ਼ਕਤੀਆਂ ਸ਼ਾਮਲ ਹਨ। ਖਰੀਆਂ ਲੋਕ ਪੱਖੀ ਤਾਕਤਾਂ ਵੀ ਅਤੇ ਆਪਣੇ ਸੌਡ਼ੇ ਮੰਤਵਾਂ ਨੂੰ ਲੈ ਕੇ ਸ਼ਾਮਿਲ ਹੋਏ ਹਿੱਸੇ ਵੀ। ਇਸ ਦੌਰਾਨ ਵੱਡੇ ਧਨਾਢਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਇਸ ਮੁਹਿੰਮ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਮੁਲਕ 'ਚ ਫੈਲੇ ਭ੍ਰਿਸ਼ਟਾਚਾਰ ਦਾ ਵੱਡਾ ਸਰੋਤ ਇਹ ਕਾਰਪੋਰੇਟ ਜਗਤ ਹੀ ਬਣਦਾ ਹੈ। ਹੁਣ ਤੱਕ ਮੁਲਕ ਭਰ 'ਚ ਹੋਏ ਵੱਡੇ ਘਪਲੇ ਇਹਨਾਂ ਧਨ ਕੁਬੇਰਾਂ ਦੀ ਮੁਨਾਫ਼ੇ ਕਮਾਉਣ ਦੀ ਹਵਸ ਨਾਲ ਜੁਡ਼ ਕੇ ਵਾਪਰੇ ਹਨ। ਉਹ ਚਾਹੇ ਕਈ ਵਰ੍ਹੇ ਪਹਿਲਾਂ ਵਾਪਰਿਆ ਜੈਨ ਹਵਾਲਾ ਕਾਂਡ ਹੋਵੇ ਜਾਂ ਹੁਣੇ ਵਾਪਰਿਆ 2ਜੀ-ਸਪੈਕਟਰਮ ਘੁਟਾਲਾ। ਇਹਨਾਂ ਸਭਨਾਂ 'ਚ ਵੱਡੀਆਂ ਕੰਪਨੀਆਂ ਤੇ ਵੱਡੇ ਧਨਾਢਾਂ ਨੂੰ ਗੱਫ਼ੇ ਮਿਲੇ ਹਨ।

ਅਸਲ 'ਚ ਭ੍ਰਿਸ਼ਟਾਚਾਰ ਖਿਲਾਫ਼ ਸੰਘਰਸ਼ ਦੀ ਧਾਰ ਇਹਨਾਂ ਵੱਡੇ ਮਗਰਮੱਛਾਂ ਖਿਲਾਫ਼ ਸੇਧਣ ਦੀ ਮਹੱਤਤਾ ਹੈ, ਹਕੂਮਤ ਵੱਲੋਂ ਇਹਨਾਂ ਨੂੰ ਬਖਸ਼ੀਆਂ ਜਾਂਦੀਆਂ ਰਿਆਇਤਾਂ ਤੇ ਪੂਰੇ ਰਾਜ ਪ੍ਰਬੰਧ 'ਚ ਇਹਨਾਂ ਦੇ ਇਹਨਾਂ ਦੇ ਬੋਲਬਾਲੇ ਖਿਲਾਫ਼ ਆਵਾਜ਼ ਉੱਠਣੀ ਚਾਹੀਦੀ ਹੈ। ਇਹਨਾਂ ਤਾਕਤਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ 'ਚ ਸ਼ਾਮਲ ਕਰਨਾ ਜਾਂ ਹਮਾਇਤੀ ਵਜੋਂ ਪੇਸ਼ ਹੋਣ ਦੇਣਾ, ਇਹਨਾਂ ਅੰਦੇਲਨਾਂ ਨੂੰ ਲੀਹੋਂ ਲਾਹ ਕੇ ਮਕਸਦੋਂ ਭਟਕਾਉਣ ਦਾ ਸਾਧਨ ਬਣ ਸਕਦਾ ਹੈ। ਭ੍ਰਿਸ਼ਟਾਚਾਰ ਖਿਲਾਫ਼ ਸੰਘਰਸ਼ ਦੌਰਾਨ ਇਹ ਸਪੱਸ਼ਟ ਸਮਝ ਵੀ ਪੱਲੇ ਬੰਨ੍ਹ ਕੇ ਤੁਰਨ ਦੀ ਜ਼ਰੂਰਤ ਹੈ ਕਿ ਮੌਜੂਦਾ ਸਮੇਂ 'ਚ ਨਵੀਆਂ ਆਰਥਿਕ ਨੀਤੀਆਂ ਤਹਿਤ ਲਿਆਂਦਾ ਜਾ ਰਿਹਾ ਵਿਕਾਸ ਮਾਡਲ ਵੀ ਭ੍ਰਿਸ਼ਟਾਚਾਰ ਦਾ ਹੀ ਸਾਧਨ ਹੈ। ਬਹੁ-ਕਰੋ
ੜੀ ਪ੍ਰੋਜੈਕਟਾਂ ਅਤੇ ਬਹੁਕੌਮੀ ਕੰਪਨੀਆਂ ਦੇ ਵਿਸ਼ੇਸ਼ ਆਰਥਿਕ ਜੋਨਾਂ ਰਾਹੀਂ ਕੀਤਾ ਜਾ ਰਿਹਾ ਵਿਕਾਸ ਅਸਲ 'ਚ ਵੱਡੀਆਂ ਕੰਪਨੀਆਂ ਵੱਲੋਂ ਮੁਲਕ ਦੇ ਸਰੋਤਾਂ ਦੀ ਲੁੱਟ ਦਾ ਸਾਧਨ ਬਣਦਾ ਹੈ। ਸਭ ਨਿਯਮ ਕਾਨੂੰਨ ਛਿੱਕੇ ਟੰਗ ਕੇ ਵੱਡੇ ਠੇਕੇ ਹਾਸਲ ਕੀਤੇ ਜਾਂਦੇ ਹਨ। ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦੀਆਂ ਜੇਬਾਂ ਭਰਦੀਆਂ ਹਨ, ਵੱਡੀਆਂ ਕੰਪਨੀਆਂ ਮਾਲਾਮਾਲ ਹੁੰਦੀਆਂ ਹਨ। ਇਉਂ ਇਹ ਵਿਕਾਸ ਅਤੇ ਭ੍ਰਿਸ਼ਟਾਚਾਰ ਇੱਕੋ ਸਿੱਕੇ ਦੇ ਦੋ ਪਾਸੇ ਬਣੇ ਹੋਏ ਹਨ। ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨਾਂ ਦੌਰਾਨ ਇਹਨਾਂ ਵਿਕਾਸ ਮਾਡਲਾਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣ ਦੀ ਥਾਂ ਇਹਨਾਂ ਦਾ ਵਿਰੋਧ ਕਰਨ ਦੀ ਜ਼ਰੂਰਤ ਹੈ ਤੇ ਇਹ ਵਿਕਾਸ ਮਾਡਲ ਵੀ ਲੋਕ ਸੰਘਰਸ਼ਾਂ ਦਾ ਨਿਸ਼ਾਨਾ ਬਣਨਾ ਚਾਹੀਦਾ ਹੈ। ਇਹਤੋਂ ਬਿਨਾਂ ਇਹਨਾਂ ਸੰਘਰਸ਼ਾਂ ਨੂੰ ਫ਼ਿਰਕੂ ਰੰਗਤ ਦੇ ਕੇ ਲੀਹੋਂ ਲਾਹੁਣ ਦੀਆਂ ਕੋਸ਼ਿਸ਼ਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਮੁਲਕ 'ਚ ਅਕਸਰ ਹੀ ਅਜਿਹੇ ਮੌਕਿਆਂ 'ਤੇ ਫ਼ਿਰਕੂ ਜ਼ਹਿਰ ਦਾ ਪਸਾਰਾ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਆਈਆਂ ਹਨ ਤੇ ਲੋਕ ਅੰਦੋਲਨਾਂ ਨੂੰ ਫੇਟ ਮਾਰਦੀਆਂ ਰਹੀਆਂ ਹਨ।

ਮੌਜੂਦਾ ਅੰਦੋਲਨ ਦੀ ਮੰਗ ਮੰਨੇ ਜਾਣ ਵਜੋਂ ਜੇਕਰ ਭ੍ਰਿਸ਼ਟਾਚਾਰ ਰੋਕਣ ਲਈ ਕਾਨੂੰਨ ਬਣ ਵੀ ਜਾਂਦਾ ਹੈ ਤਾਂ ਪਹਿਲਾਂ ਉਹ ਚੋਰ ਮੋਰੀਆਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਹਨਾਂ ਨੇ ਪਹਿਲਾਂ ਤੋਂ ਮੌਜੂਦ ਅਜਿਹੇ ਕਾਨੂੰਨਾਂ ਨੂੰ ਬੇਅਸਰ ਕੀਤਾ ਹੋਇਆ ਹੈ। ਦੇਸ਼ 'ਚ ਕੇਂਦਰੀ ਚੌਕਸੀ ਕਮਿਸ਼ਨ ਵਰਗੀਆਂ ਸੰਸਥਾਵਾਂ ਜੋ ਭ੍ਰਿਸ਼ਟਾਚਾਰ ਰੋਕਣ ਲਈ ਸਥਾਪਿਤ ਕੀਤੀਆਂ ਗਈਆਂ ਸਨ ਖੁਦ ਭ੍ਰਿਸ਼ਟਾਚਾਰ 'ਚ ਬੁਰੀ ਤਰ੍ਹਾਂ ਲਿੱਬਡ਼ੀਆਂ ਹੋਈਆਂ ਹਨ। ਕਈ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਹੋਣ ਦੇ ਬਾਵਜੂਦ ਲਗਾਤਾਰ ਵੱਡੇ ਘਪਲੇ ਵਾਪਰਦੇ ਹਨ ਤੇ ਦੋਸ਼ੀ ਸ਼ਰੇਆਮ ਸਜ਼ਾਵਾਂ ਤੋਂ ਬਚ ਨਿਕਲਦੇ ਹਨ। ਅਜਿਹਾ ਕਾਨੂੰਨ ਬਣਨ ਦੀ ਹਾਲਤ 'ਚ, ਇਹਦੀ ਅਸਰਕਾਰੀ ਲਈ ਜਨਤਾ ਦੀ ਜਥੇਬੰਦਕ ਤਾਕਤ ਦੀ ਚੇਤਨ ਪਹਿਰੇਦਾਰੀ ਹੀ ਅਸਲ ਗਰੰਟੀ ਬਣਦੀ ਹੈ। ਇਹਦੀ ਗ਼ੈਰ-ਮੌਜੂਦਗੀ 'ਚ ਨਵਾਂ ਬਣਿਆ ਕਾਨੂੰਨ ਵੀ ਪਹਿਲਿਆਂ ਵਰਗੇ ਹਸ਼ਰ ਦਾ ਸਰਾਪ ਨਾਲ ਹੀ ਲੈ ਕੇ ਆਵੇਗਾ। ਭ੍ਰਿਸ਼ਟਾਚਾਰ ਮੌਜੂਦਾ ਰਾਜ ਪ੍ਰਬੰਧ ਦੀ ਜਮਾਂਦਰੂ ਬਿਮਾਰੀ ਹੈ। ਨਵੀਆਂ ਆਰਥਿਕ ਨੀਤੀਆਂ ਦੇ ਹਮਲੇ ਨੇ ਇਹਨੂੰ ਹੋਰ ਵਧਾਇਆ ਹੈ। ਮੁਲਕ ਨੂੰ ਵੱਡੀਆਂ ਕੰਪਨੀਆਂ ਮੂਹਰੇ ਚੂੰਡਣ ਲਈ ਪਰੋਸ ਦਿੱਤਾ ਗਿਆ ਹੈ। ਮੁਲਕ ਦੇ ਧਨ ਦੌਲਤਾਂ, ਜ਼ਮੀਨਾਂ, ਕੀਮਤੀ ਧਾਤਾਂ ਤੇ ਹੋਰਨਾਂ ਸਾਧਨਾ ਨੂੰ ਲੁੱਟਣ ਦੀ ਲੱਗੀ ਦੌਡ਼ 'ਚੋਂ ਹੀ ਨਿੱਤ ਨਵੇਂ ਸਕੈਂਡਲ ਜਨਮ ਲੈਂਦੇ ਹਨ ਤੇ ਮੁਲਕ 'ਚ ਫੈਲੇ ਭ੍ਰਿਸ਼ਟਾਚਾਰ ਵਜੋਂ ਜ਼ਾਹਰ ਹੁੰਦੇ ਹਨ। ਪਰ ਜਦੋਂ ਨਵੇਂ ਕਾਨੂੰਨ ਬਣਾ ਕੇ ਹੀ ਕੰਪਨੀਆਂ ਨੂੰ ਗੱਫ਼ੇ ਲਵਾਏ ਜਾਂਦੇ ਹਨ ਤਾਂ ਇਹ ਭ੍ਰਿਸ਼ਟਾਚਾਰ ਨਹੀਂ ਗਿਣਿਆ ਜਾਂਦਾ। ਪਰ ਮਾਮਲਾ ਮੁਲਕ ਦੇ ਮਾਲ- ਖਜ਼ਾਨਿਆਂ ਨੂੰ ਲੁੱਟਣ ਦਾ ਹੈ। ਉਹ ਚਾਹੇ ਕਾਨੂੰਨ ਤਹਿਤ ਲੁੱਟੇ ਜਾਣ ਜਾਂ ਕਾਨੂੰਨ ਉਲੰਘ ਕੇ, ਇਹ ਸਭ ਕੁਝ ਭ੍ਰਿਸ਼ਟਾਚਾਰ ਹੀ ਹੈ। ਇਸਲਈ ਭ੍ਰਿਸ਼ਟਾਚਾਰ ਖਿਲਾਫ਼ ਸੰਘਰਸ਼ ਨਵੀਆਂ ਨੀਤੀਆਂ ਖਿਲਾਫ਼ ਲਡ਼ੇ ਜਾ ਰਹੇ ਸੰਘਰਸ਼ ਦਾ ਅੰਗ ਬਣ ਕੇ ਹੀ ਚੱਲਣਾ ਚਾਹੀਦਾ ਹੈ।

ਹੇਠਲੇ ਪੱਧਰਾਂ 'ਤੇ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਣ ਦਾ ਸਾਧਨ ਲੋਕਾਂ ਦੀ ਚੇਤਨਾ ਸਿਰ 'ਤੇ ਉੱਸਰੀ ਜਥੇਬੰਦਕ ਤਾਕਤ ਹੀਬਣਦੀ ਹੈ। ਲੋਕ ਏਕਤਾ ਦੇ ਜ਼ੋਰ, ਪ੍ਰਬੰਧਕੀ ਕੰਮਾਂ ਕਾਰਾਂ 'ਚ ਅਸਰਦਾਰ ਦਖ਼ਲਅੰਦਾਜ਼ੀ ਨਾਲ ਹੀ ਭ੍ਰਿਸ਼ਟ ਅਧਿਕਾਰੀਆਂ ਨੂੰ ਘੇਰਿਆ ਜਾ ਸਕਦਾ ਹੈ ਤੇ ਇਸ ਵਰਤਾਰੇ ਮੂਹਰੇ ਅੜਿਆ ਜਾ ਸਕਦਾ ਹੈ। ਜਿਵੇਂ ਸੱਤਰਵਿਆਂ ਦੇ ਦਹਾਕੇ 'ਚ ਨੌਜਵਾਨ ਭਾਰਤ ਸਭਾ ਦੀ ਅਗਵਾਈ 'ਚ ਜਥੇਬੰਦ ਹੋਏ ਚੇਤਨ ਨੌਜਵਾਨਾਂ ਦੇ ਕਾਫ਼ਲੇ ਸਰਕਾਰੀ ਰਾਸ਼ਨ ਡੀਪੂਆਂ 'ਤੇ ਜਮ੍ਹਾਂ ਕੀਤਾ ਰਾਸ਼ਨ ਵੰਡਾਉਂਦੇ ਰਹੇ ਹਨ। ਗੁਦਾਮਾਂ 'ਚ ਜ਼ਖੀਰੇਬਾਜ਼ੀ ਰਾਹੀਂ ਸਾਂਭਿਆ ਅਨਾਜ ਕੱਢ ਕੇ ਗ਼ਰੀਬਾਂ ਨੂੰ ਪਹੁੰਚਾਉਣਾ ਯਕੀਨੀ ਕਰਵਾਉਂਦੇ ਰਹੇ ਹਨ। ਅੱਜ ਵੀ ਪਿੰਡਾਂ ਦੇ ਮਜ਼ਦੂਰਾਂ ਕਿਸਾਨਾਂ ਦੀ ਜਥੇਬੰਦ ਹੋਈ ਤਾਕਤ ਬਿਜਲੀ ਬੋਰਡ ਦੇ ਭ੍ਰਿਸ਼ਟ ਅਧਿਕਾਰੀਆਂ ਨੂੰ ਨਿਯਮਾਂ ਅਨੁਸਾਰ ਕੁਨੈਕਸ਼ਨ ਦੇਣ ਤੇ ਹੋਰ ਜ਼ਿੰਮੇਵਾਰੀਆਂ ਨਿਭਾਉਣ ਲਈ ਮਜ਼ਬੂਰ ਕਰਦੀ ਹੈ, ਭ੍ਰਿਸ਼ਟ ਬੈਂਕ ਅਧਿਕਾਰੀਆਂ ਨੂੰ ਗੋਡਣੀਏ ਕਰਦੀ ਹੈ। ਜਥੇਬੰਦ ਲੋਕ ਹਿੱਸੇ ਆਪਣੀ ਜਥੇਬੰਦ ਤਾਕਤ ਦੇ ਸਿਰ 'ਤੇ ਬਿਨਾਂ ਰਿਸ਼ਵਤ ਦਿੱਤਿਆਂ ਸਰਕਾਰੀ ਅਦਾਰਿਆਂ 'ਚੋਂ ਆਪਣੇ ਕੰਮ ਕਰਵਾਉਂਦੇ ਹਨ। ਏਸੇ ਚੇਤਨਾ ਅਤੇ ਸੰਘਰਸ਼ ਰਾਹੀਂ ਹੀ ਭ੍ਰਿਸ਼ਟਾਚਾਰ ਦੇ ਵਰਤਾਰੇ ਖਿਲਾਫ਼ ਡਟਣਾ ਚਾਹੀਦਾ ਹੈ।

ਪਾਵੇਲ ਕੁੱਸਾ

ਲੇਖਕ ਨੌਜਵਾਨ ਭਾਰਤ ਸਭਾ ਦੇ ਆਗੂ ਹਨ।
Mob-9417054015