ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਬਾਬਾ ਬੂਝਾ ਸਿੰਘ. Show all posts
Showing posts with label ਬਾਬਾ ਬੂਝਾ ਸਿੰਘ. Show all posts

Friday, August 17, 2012

ਸਰਘੀਆਂ ਦੇ ਬੋਲਾਂ ਦਾ ਮਘਦਾ ਸੂਰਜ ਦਰਸ਼ਨ ਦੁਸਾਂਝ

"ਛਿੜ ਪਈ ਚਰਚਾ ਹੈ ਕਿਸਦੀ 
ਕੌਣ ਹੈ ਉਹ ਸੂਰਮਾ । 
ਸਰਘੀਆਂ ਦੇ ਬੋਲ 
ਜੋ ਖੇਤਾਂ 'ਚ ਸਾਡੇ ਗਾ ਰਿਹਾ।

"ਸਰਘੀਆਂ ਦੇ ਬੋਲਾਂ ਰਾਹੀ ਖੇਤਾਂ, ਕਾਰਖਨਿਆਂ , ਮਿੱਲ੍ਹਾਂ 'ਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਭੱਠਾ ਮਜ਼ਦੂਰਾਂ,ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲਾ ਦਰਸ਼ਨ ਦੁਸਾਂਝ ਨਕਸਲਵਾੜੀ ਲਹਿਰ ਦਾ ਉਹ ਜਾਂਬਾਜ਼ ਸਿਪਾਹੀ ਸੀ ,ਜੋ ਬੰਗਾਲ ਦੀ ਧਰਤੀ ਤੇ ਜੰਮਿਆ ਆਪਣੀ ਜਨਮ ਦਾਤੀ ਤੋਂ ਐਸਾ ਵਿਛੜਿਆਂ ਕਿ ਬੱਦਲਾਂ ਵਾਂਗੂੰ ਭਟਕਦਾ ਹੀ ਰਿਹਾ।ਉਹ ਅਕਸਰ ਹੀ ਗੱਲ ਕਰਦੇ ਕਾਸ਼ ਉਹ ਆਪਣੀ ਮਾਂ ਨੂੰ ਲੱਭ ਸਕਦਾ ,ਉਸ ਦਾ ਕੋਈ ਨਾਲ ਦਾ ਜੰਮਿਆ ਭਰਾ ਹੁੰਦਾ।ਭਾਵੇਂ ਮਾਤਾ ਹਰਨਾਮ ਕੌਰ ਤੇ ਪਿਤਾ ਹਜ਼ਾਰਾ ਸਿੰਘ ਨੇ ਉਸ ਨੂੰ ਪਿਆਰ ਨਾਲ ਪਾਲਿਆ ਸੀ ਪਰ ਉਹ ਜਦ ਵੀ ਕਦੇ ਬੰਗਾਲ ਜਾਂਦਾ ਤਾਂ ਉਸ ਮਿੱਟੀ ਪ੍ਰਤੀ ਉਸ ਦਾ ਮੋਹ ਜਾਗ ਪੈਂਦਾ ਤੇ ਉਸ ਨੂੰ ਲੱਗਦਾ ਕਿ ਇੱਥੇ ਉਸ ਦਾ ਕੁਝ ਗਵਾਚਿਆ ਹੈ।ਦਰਸ਼ਨ ਹਮੇਸ਼ਾਂ ਨਿਤਾਣਿਆਂ ਤੇ ਮਜ਼ਲੂਮਾਂ ਦੇ ਹੱਕ ਵਿੱਚ ਖੜ੍ਹਦਾ।ਪਰਤਾਪ ਸਿੰਘ ਕੈਰੋਂ ਦੀ ਸਰਕਾਰ ਵੱਲੋਂ ਖੁਸ਼ਹੈਸੀਅਤੀ ਟੈਕਸ ਲਗਾਉਣ ਤੇ ਉਸ ਨੇ ਨਰਿੰਦਰ ਦੁਸਾਂਝ ਦੀ ਨਿਰਦੇਸ਼ਨਾਂ ਹੇਠ 'ਜੋਰੀ ਮੰਗੇ ਦਾਨ ਵੇ ਲਾਲੋ' ਨਾਟਕ ਖੇਡਿਆ ਪਿੱਛੋਂ ਪੁਲਿਸ ਫੜ ਕੇ ਲੈ ਗਈ।ਫਿਰ ਲੋਕਾਂ ਦੇ ਦਬਾਅ ਕਾਰਨ ਛੱਡ ਦਿੱਤਾ।ਰੰਗ ਮੰਚ ਦੇ ਨਾਲ ਨਾਲ ਉਹ ਸਿਆਸੀ ਸੂਝ ਵੀ ਲੈਣ ਲੱਗਾ। ਉਹ ਪੁਰਾਣੇ ਦੇਸ਼ ਭਗਤ ਕਮਿਊਨਿਸਟਾਂ, ਗਦਰੀ ਬਾਬਿਆਂ ਅਤੇ ਕਿਰਤੀ ਕਾਮਰੇਡਾਂ ਦੇ ਨੇੜੇ ਰਹਿ ਇਹ ਸਿੱਖ ਗਿਆ ਸੀ, ਕਿ ਪੀੜਤ ਵਰਗ ਦੀ ਮੁਕਤੀ ਤੇ ਅਜ਼ਾਦ ਫ਼ਿਜ਼ਾ ਲਈ ਇੱਕੋ -ਇੱਕ ਹੱਲ ਸੰਪੂਰਨ ਇਨਕਲਾਬ ਹੀ ਹੈ ਤੇ ਜੋ ਮਾਰਕਸਵਾਦੀ ਵਿਚਾਰਧਾਰਾ ਅਧੀਨ ਹੀ ਕੀਤਾ ਜਾ ਸਕਦਾ ਹੈ ਮਾਰਕਸਵਾਦ ਹੀ ਇੱਕ ਅਜਿਹੀ ਵਿਗਿਆਨਕ ਵਿਚਾਰਧਾਰਾ ਹੈ ਜੋ ਸਭ ਦੇ ਭਲੇ ਲਈ ਰਾਹ ਦਸੇਰਾ ਹੈ।ਉਹ ਪਹਿਲਾ ਨਰਿੰਦਰ ਦੁਸਾਂਝ, ਜੋਗਿੰਦਰ ਬਾਹਰਲਾ ਤੇ ਫਿਰ ਅੰਮ੍ਰਿਤਸਰ ਆਤਮਜੀਤ ਦੀ ਨਿਰਦੇਸ਼ਨਾਂ ਹੇਠ ਡਰਾਮਾ ਸਕੁਐਡ ਨਾਲ ਕੰਮ ਕਰਨ ਲੱਗਾ, ਜਿੱਥੇ ਉਸ ਦੀ ਮਿੱਤਰਤਾ ਆਤਮਜੀਤ ਨਾਲ ਹੋਈ, ਉੱਥੇ ਉਸ ਦਾ ਰਿਸ਼ਤਾ ਦੁਆਬੀਆ ਹੋਣ ਕਰਕੇ ਮਹਿੰਦਰ ਕੌਰ, ਆਤਮਜੀਤ ਦੀ ਪਤਨੀ ਨਾਲ ਵੀ ਐਸਾ ਜੁੜਿਆ ਕਿ ਉਮਰ ਭਰ ਇਸ ਰਿਸ਼ਤੇ ਨੇ ਮੋਹ ਦੀਆਂ ਤੰਦਾਂ ਨੂੰ ਪੀਡੀਆਂ ਕੀਤਾ ।ਭੈਣ ਹੋਣ ਨਾਤੇ ਮਹਿੰਦਰ ਕੌਰ ਦਰਸ਼ਨ ਦੀ ਗ੍ਰਿਫਤਾਰੀ ਸਮੇਂ ਪੁਲਿਸ ਦੀਆਂ ਬਦਸਲੂਕੀਆਂ ਸਹਿੰਦੀ ਰਹੀ ।ਦਰਸ਼ਨ ਨੂੰ ਹੌਂਸਲਾ ਦਿੰਦੀ "ਅਸਲੀ ਇਨਸਾਨ ਦੀ ਕਹਾਣੀ" ਵਰਗੀ ਕਿਤਾਬ ਦੇ ਕੇ ਦੁਸ਼ਮਣ ਦੇ ਘੇਰੇ ਵਿੱਚ ਵੀ ਸਿਦਕਦਿਲੀ ਨਾਲ ਜਿਉਂਣ ਦੀ ਜਾਂਚ ਸਿਖਾਉਂਦੀ ਰਹੀ। ਜਿੰਦਗੀ ਦੇ ਹਰ ਮੋੜ ਤੇ ਮਹਿੰਦਰ ਕੌਰ ਦਾ ਪਰਿਵਾਰ ਦਰਸ਼ਨ ਲਈ ਮੋਹ ਪਿਆਰ ਦਾ ਆਸਰਾ ਬਣਿਆ। ਦਰਸ਼ਨ ਨੇ ਵੀ ਆਤਮਜੀਤ ਦੀ ਮੌਤ ਤੋਂ ਬਾਅਦ ਆਪਣੇ ਭਾਣਜਿਆਂ ਨੂੰ ਪਾਲ਼ਿਆ-ਪੜ੍ਹਾਇਆ ਤੇ ਉਨ੍ਹਾਂ ਦੇ ਹੱਥੀਂ ਵਿਆਹ ਕੀਤੇ। ਦਰਸ਼ਨ ਕਹਿਣੀ ਤੇ ਕਥਨੀ ਦਾ ਪੂਰਾ ਸੀ, ਕਿ ਇੱਕ ਕਮਿਊੁਨਿਸਟ ਇਨਕਲਾਬੀ ਦੀ ਕੋਈ ਗੋਤ, ਜਾਤ, ਧਰਮ ਜਾਂ ਇਲਾਕਾ ਨਹੀਂ ਹੁੰਦਾ ਉਸ ਨੇ ਆਪਣੇ ਚਾਰੇ ਭਾਣਜਿਆ ਦੇ ਅੰਤਰਜਾਤੀ ਵਿਆਹ ਕੀਤੇ ।

ਉਹ ਵਿਤਕਰਿਆਂ ਤੋਂ ਬਿਨ੍ਹਾਂ ਬਰਾਬਰੀ ਦਾ ਸਮਾਜ ਸਿਰਜਣਾ ਚਾਹੁੰਦਾ ਸੀ। ਇਨਕਲਾਬ ਉਸ ਦਾ ਅਕੀਦਾ ਸੀ, ਮੰਜ਼ਿਲ ਸੀ । ਜਿਸ ਨੂੰ ਪਾਉਣ ਲਈ ਉਸ ਨੇ ਪੰਜਾਬ ਦੀ ਬੰਦ-ਬੰਦ ਕਟਵਾਉਣ ਦੀ ਪੰਰਪਰਾ ਨੂੰ ਆਪਣੇ ਪਿੰਡੇ ਤੇ ਹੰਡਾਇਆ ।ਜਿੱਥੇ ਉਹ ਕੇਰਲਾ ਦੀ ਇਨਕਲਾਬੀ ਕੁੜੀ ਅਜੀਤਾ ਨਰਾਇਨ ਤੋਂ ਪ੍ਰਭਾਵਿਤ ਹੋ ਕੇ ਨਕਸਲਵਾੜੀ ਲਹਿਰ ਵਿੱਚ ਸ਼ਾਮਿਲ ਹੋਇਆ ਓਥੇ ਉਸ ਦੇ ਪ੍ਰੇਰਨਾ ਸ੍ਰੋਤ ਬਾਬਾ ਬੂਝਾ ਸਿੰਘ ਜੀ ਵੀ ਸਨ। ਜਿਨ੍ਹਾਂ ਬਿਆਸੀ ਸਾਲਾਂ ਦੀ ਉਮਰ ਵਿੱਚ ਸ਼ਹੀਦੀ ਦੇ ਕੇ ਦਰਸ਼ਨ ਦਾ ਮਾਰਗ ਦਰਸ਼ਨ ਕੀਤਾ। ਉਹ ਅਕਸਰ ਹੀ ਬਾਬਾ ਜੀ ਦੀ ਅੱਸੀ ਸਾਲਾ ਦੀ ਉਮਰ ਵਿੱਚ ਸਾਇਕਲ ਚਲਾਉਣ ਤੇ ਮਾਰਕਸਵਾਦ ਪੜ੍ਹਾਉਣ ਦੀ ਸਰਲ ਵਿਧੀ ਦੀ ਚਰਚਾ ਕਰਦੇ ਰਹਿੰਦੇ, ਕਿ ਜੋ ਵੀ ਇੱਕ ਵਾਰੀ ਬਾਬਾ ਜੀ ਦੀ ਸਕੂਲਿੰਗ ਵਿੱਚ ਬੈਠ ਜਾਂਦਾ ਉਹ ਮੁੜ ਪਿੱਛੇ ਨਾ ਦੇਖਦਾ। ਉਨ੍ਹਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਕੀਲ ਲੈਣ ਦੀ ਸਮਰੱਥਾ ਸੀ ।ਜਦੋਂ ਦਰਸ਼ਨ ਦੁਸਾਂਝ, ਜੋਗਿੰਦਰ ਸਿੰਘ ਦੇ ਖੂਹ ਤੋਂ ਫੜ੍ਹਿਆ ਗਿਆ ਤਾਂ ਪੁਲਿਸ ਬੰਗੇ ਥਾਣੇ ਲੈ ਗਈ ।ਪੁੱਛ-ਗਿੱਛ ਕੀਤੀ, ਪੱਲੇ ਕੁਝ ਨਾ ਪਿਆ ਤਾਂ ਤਸ਼ੱਦਦ ਸ਼ੁਰੂ ਹੋ ਗਿਆ... ਬੇਰਹਿਮ ਲਾਠੀਚਾਰਜ, ਮਾਨਸਿਕ ਦਬਾਅ, ਕੈਦ ਵਿੱਚ ਇਕੱਲੇ ਰੱਖਣਾ, ਪਿਸ਼ਾਬ ਨਾਲ਼ ਭਰੇ ਮੱਟ ਕੋਲ ਖੜ੍ਹੇ ਰੱਖਣਾ, ਨਹੁੰ ਉਖਾੜ ਦੇਣੇ, ਸੂਈਆਂ ਨਾਲ਼ ਸਰੀਰ ਦੇ ਅੰਗਾਂ ਨੂੰ ਵਿੰਨਣਾ, ਹੱਥ ਪੈਰ ਬੰਨ੍ਹ ਕੇ ਛੱਤ ਨਾਲ਼ ਟੰਗੀ ਰੱਖਣਾ, ਬਿਜਲੀ ਦੇ ਝਟਕੇ ਦੇਣੇ ਅਤੇ ਅਜਿਹੇ ਹੋਰ ਬਹੁਤ ਸਾਰੇ ਅਕਿਹ ਤਸੀਹੇ ਦੇਣੇ। ਹਕੂਮਤੀ ਜਬਰ ਅੱਗੇ ਡੋਲਣ ਤੋਂ ਬਚਾਉਣ ਲਈ ਉਸ ਅੱਗੇ ਇਤਿਹਾਸ ਦੇ ਕਈ ਨਾਇਕ, ਬਾਬਾ ਬੂਝਾ ਸਿੰਘ, ਗਦਰੀ ਬਾਬੇ, ਤੇਲੰਗਾਨਾ ਘੋਲ ਦੇ ਮਹਾਨ ਮਰਜੀਵੜੇ ਤੇ ਅਜੀਤਾ ਨਰਾਇਨ ਵਰਗੀ ਇਨਕਲਾਬੀ ਕੁੜੀ ਆ ਜਾਂਦੀ ।ਉਸ ਨੇ ਕੁਝ ਵੀ ਨਾ ਦੱਸਣ ਦਾ ਪ੍ਰਣ ਕਰ ਲਿਆ। ਉਹ ਸੂਰਮਾਂ ਬਣ ਗਿਆ। ਸ਼ਰਾਬੀ ਪੁਲਸੀਆਂ ਨੇ ਕੁੱਟ-ਕੁੱਟ ਕੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ। ਥੜੇ ਉੱਤੇ ਲਿਟਾ ਕੇ ਥਾਣੇਦਾਰ ਇੱਟਾਂ ਮਾਰਨ ਲੱਗ ਪਿਆ ਤੇ ਲੱਤਾਂ ਦਾ ਕਚਰਾ ਬਣਾ ਦਿੱਤਾ। ਪੁਲਿਸ ਦੇ ਤਸ਼ੱਦਦ ਬਾਰੇ ਪ੍ਰਸਿੱਧ ਜੁਝਾਰਵਾਦੀ ਕਵੀ ਦਰਸ਼ਨ ਖਟਕੜ ਆਪਣੀ ਕਵਿਤਾ ਵਿੱਚ ਲਿਖਦਾ ਹੈ:

"ਚਿਣੇ ਨੀਹਾਂ ਵਿੱਚ ਜਾਇਏ 
ਜਾਂ ਲੱਤਾਂ ਚੂਰ ਕਰਵਾਇਏ 
ਸਰਹੰਦ ਦੀ ਦੀਵਾਰ ਹੋਵੇ
 ਜਾਂ ਥਾਣਾ ਬੰਗਿਆਂ ਦਾ"

ਬੰਗਾ ਥਾਣੇ ਤੋਂ ਬਾਅਦ ਦੁਸਾਂਝ ਨੂੰ ਵੱਖ-ਵੱਖ ਤਸੀਹਾ ਕੇਂਦਰਾਂ ਵਿੱਚ ਘੁਮਾਇਆ ਗਿਆ।ਵੱਖ-ਵੱਖ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਤਸੀਹੇ ਦਿੱਤੇ ਜਾਂਦੇ। ਜੋ ਕਾਮਰੇਡ ਨੇ ਹੱਗਣਾ ਮੂਤਣਾ, ਉਹ ਗੰਦ ਕੱਪੜੇ ਵਿੱਚ ਰੱਖ ਕੇ ਉਸ ਦੇ ਮੂੰਹ ਤੇ ਬੰਨ੍ਹ ਦੇਣਾ। ਇਸ ਤੋਂ ਬਾਅਦ ਦਰਸ਼ਨ ਨੂੰ ਜੁਡੀਸ਼ੀਅਲ ਹਵਾਲਾਤ ਜਲੰਧਰ ਭੇਜ ਦਿੱਤਾ। ਉਹ ਦਰਦਾਂ ਨਾਲ ਕਰਾਹ ਰਿਹਾ ਸੀ। ਰੌਲਾ ਪਾਉਂਦਾ, ਚੀਕਾਂ ਮਾਰਦਾ। ਤੀਜੇ ਦਿਨ ਹਸਪਤਾਲ ਲੈ ਕੇ ਗਏ। ਇੱਕ ਲੱਤ ਲਟਕ ਰਹੀ ਸੀ, ਉਸ ਦਾ ਪਲਾਸਤਰ ਕੀਤਾ, ਦੂਜੀ ਲੱਤ ਬਾਰੇ ਕਿਹਾ ਕਿ ਟੁੱਟੀ ਹੋਈ ਹੈ। ਪਰ ਜੋੜ ਪੈ ਚੁੱਕਾ, ਆਪੇ ਠੀਕ ਹੋ ਜਾਵੇਗੀ। ਦਰਸ਼ਨ ਦੇ ਅੰਗ-ਅੰਗ ਵਿੱਚ ਪੈਂਦੀਆ ਚੀਸਾਂ ਨੂੰ ਕੇਵਲ ਕੌਰ ਨੇ ਪਿਆਰ-ਹਮਦਰਦੀ ਦੇ ਫਹੇ ਲਾਏ, ਹੌਂਸਲਾ ਬੁਲ਼ੰਦ ਕੀਤਾ, ਤੇ ਨਿੱਤ ਵਰਤੋਂ ਦਾ ਜ਼ਰੂਰੀ ਸਮਾਨ ਦਿੱਤਾ ਅਤੇ ਇਹ ਦੱਸਿਆ ਕਿ ਦਰਬਾਰਾ ਸਿੰਘ ਢਿੱਲੋਂ ਉਸ ਦਾ ਕੇਸ ਮੁਫ਼ਤ ਵਿੱਚ ਲੜੇਗਾ । ਉਸ ਨੇ ਇਹ ਵੀ ਦੱਸਿਆ ਕਿ ਐਡਵੋਕੇਟ ਹਰਭਜਨ ਸੰਘਾ ਤੇ ਐਡਵੋਕੇਟ ਹਰਦਿਆਲ ਵੀ ਨਕਸਲੀਆਂ ਦੇ ਮੁਫ਼ਤ ਕੇਸ ਲੜ ਰਹੇ ਹਨ। ਦਰਸ਼ਨ ਦਾ ਦਰਬਾਰਾ ਸਿੰਘ ਢਿੱਲੋਂ ਤੇ ਬਾਕੀਆਂ ਪ੍ਰਤੀ ਸਤਿਕਾਰ ਵੱਧ ਗਿਆ ।ਦਰਸ਼ਨ ਦੀ ਜਿਉਣ ਦੀ ਆਸ ਜ਼ਿੰਦਾ ਹੋ ਗਈ।ਭਾਵਂੇ ਕਿ ਪੁਲਿਸ ਵੱਲ਼ੋਂ ਦਰਬਾਰਾ ਸਿੰਘ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਡਰਿਆ ਨਹੀਂ ਸਗੋਂ ਦਲੇਰੀ ਨਾਲ ਜਵਾਬ ਦਿੱਤਾ। ਦੁਸਾਂਝ ਅਕਸਰ ਦਰਬਾਰਾ ਸਿੰਘ ਦੀ ਬਹਾਦਰੀ ਦੀਆਂ ਗੱਲਾਂ ਕਰਦੇ ਸਨ। ਸੰਨ 2005 ਵਿੱਚ ਦਰਬਾਰਾ ਸਿੰਘ ਢਿੱਲ਼ੋਂ ਦਾ ਨਵਾਂਸ਼ਹਿਰ ਵਿਖੇਂ ਸਨਮਾਨ ਕੀਤਾ ਗਿਆ। ਉਸ ਨੇ ਸਨਮਾਨ ਦੀ ਰਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ। ਪਰ ਸਨਮਾਨ ਦਾ ਸ਼ਾਲ ਲੈ ਕੇ ਬਹੁਤ ਖੁਸ਼ ਹੋਇਆ। ਉਸ ਦੇ ਕੀਤੇ ਕੰਮ ਨੂੰ ਲੋਕੀ ਸਦੀਆਂ ਤੱਕ ਯਾਦ ਰੱਖਣਗੇ। ਦਰਸ਼ਨ ਦੁਸਾਂਝ ਉੱਪਰ ਢਾਹੇ ਜ਼ੁਲਮ ਦੀਆਂ ਗੱਲਾਂ ਘਰ-ਘਰ ਦੰਦ-ਕਥਾਵਾਂ ਬਣ ਹੋ ਰਹੀਆ ਸਨ। ਕਹਿੰਦੇ ਕਿ ਉਸ ਦੀਆਂ ਲੱਤਾਂ ਲੋਹੇ ਦੀਆਂ ਆ.. ਨਲਕੇ ਦੇ ਹੈਂਡਲ ਨਾਲ ਵੀ ਨਾ ਟੁੱਟੀਆਂ, ਉਹਦੇ ਕੋਲ ਗੁਰੂਆਂ ਵਾਲੀ ਸ਼ਕਤੀ ਹੈਂ, ਉਸ ਨੇ ਥਾਣੇਦਾਰ ਨੂੰ ਦਬਕਾ ਮਾਰਿਆ ਉਸ ਦਾ ਮੂਤ ਨਿਕਲ ਗਿਆ ।ਅੱਤ ਦੀ ਕੁੱਟ ਖਾ ਕੇ ਵੀ ਉਹ ਥਾਣੇਦਾਰ ਨੂੰ ਕਹਿੰਦਾ 'ਕਾਹਨੂੰ ਜਵਾਈ ਨੂੰ ਮਾਰਦਾ ਏਂ'। ਕਈ ਜੁਝਾਰਵਾਦੀ ਕਵੀਆਂ ਨੇ ਉਸ ਤੇ ਕਵਿਤਾਵਾਂ ਲਿਖੀਆਂ

"ਹਾਂ ਤੇ ਬਾਬਾ ਦੀਪ ਸਿੰਘ 
ਆਪਣਾ ਤੇ ਕੁਝ ਵੀ ਵੰਡਿਆ ਨਹੀਂ 
ਜਾਂਚ  ਤਾਂ ਦੱਸ 
ਸੀਸ ਤਲੀ ਤੇ ਕਿੰਝ ਧਰੀਦਾ ਏ" 

ਪੁਲਿਸ ਵਾਲ਼ੇ ਉਸ ਨੂੰ ਤਰੀਕ ਭੁਗਤਾਉਣ ਨਵਾਂਸ਼ਹਿਰ ਕਚਹਿਰੀ ਵਿੱਚ ਲੈ ਕੇ ਆਉਂਦੇ। ਕਾਲਜਾਂ ਦੇ ਵਿਦਿਆਰਥੀ ਉਸ ਨੂੰ ਦੇਖਣ ਆਉਂਦੇ। ਉਸ ਤੋਂ ਤੁਰਿਆ ਨਾ ਜਾਣਾ, ਦੋ ਸਿਪਾਹੀਆ ਨੇ ਸਹਾਰਾ ਦੇ ਕੇ ਚੁੱਕਿਆ ਹੋਣਾ। ਬੇੜੀਆਂ ਤੇ ਹੱਥਕੜੀਆਂ ਵਿੱਚ ਜਕੜਿਆ ਹੋਣਾ, ਇਸ ਦੇ ਬਾਵਜੂਦ ਵੀ ਉਹ ਨਾਅਰੇ ਮਾਰਦਾ ਕਚਿਹਰੀ ਵਿੱਚ ਆਉਂਦਾ ਤੇ ਨਾਅਰੇ ਮਾਰਦਾ ਵਾਪਸ ਜਾਂਦਾ। ਉਸ ਦੌਰ ਵਿੱਚ ਅੰਮ੍ਰਿਤਸਰ ਦਾ ਇੰਟੈਰੋਗੇਸ਼ਨ ਸੈਂਟਰ ਬਹੁਤ ਮਸ਼ਹੂਰ ਸੀ ਤਸ਼ਦੱਦ ਲਈ। ਦੁਸਾਂਝ ਤੇ ਉਸ ਦੇ ਸਾਥੀ ਅਜੀਤ ਰਾਹੀ ਨੂੰ ਵੀ ਇੱਥੇ ਲਿਆਂਦਾ। ਉਨ੍ਹਾਂ ਧਮਕਾਉਂਦਿਆਂ ਦੁਸਾਂਝ ਨੂੰ ਕਿਹਾ, "ਦੇਖ ਜੋ ਪੁੱਛੀਏ... ਬੰਦੇ ਦਾ ਪੁੱਤ ਬਣ ਕੇ ਦੱਸ ਦੇਵੀਂ, ਝੂਠ ਬੋਲਿਆ ਤਾਂ ਬਹੁਤ ਤੰਗ ਹੋਵੇਂਗਾ, ਇੱਥੇ ਅਸੀਂ ਕੰਧਾਂ ਤੋਂ ਵੀ ਸੱਚ ਪੁੱਛ ਲੈਂਦੇ ਆਂ"। ਉਨਾਂ੍ਹ ਤਸੀਹੇ ਯੰਤਰਾਂ ਦੀ ਜਾਣਕਾਰੀ ਦੇ ਡਰਾਉਣ ਦੀ ਕੋਸ਼ਿਸ਼ ਕੀਤੀ। ਹਰ ਰੋਜ਼ ਉਹਦਾ ਗੂੰਹ ਉਹਦੇ ਮੂੰਹ ਤੇ ਬੰਨ ਦੇਣਾ, ਜਾਗੇ ਦੀ ਸਜ਼ਾ ਦੇਣੀ, ਮੋਮਬੱਤੀਆਂ ਨਾਲ ਚਮੜੀ ਵੀ ਸਾੜੀ। ਪਰ ਉਹ ਸੂਰਮਾਂ ਡੋਲਿਆਂ ਨਾ। ਬਾਬਾ ਬੂਝਾ ਸਿੰਘ ਦੀ ਸ਼ਹੀਦੀ ਉਸ ਦੀਆਂ ਅੱਖਾਂ ਵਿੱਚ ਖੂਨ ਲੈ ਆਉਂਦੀ, ਉਹ ਅਡੋਲ ਹੋ ਜਾਂਦਾ। ਸਾਰੀ ਜਿੰਦਗੀ ਉਹ ਪੁਲਸੀ ਜਰਵਾਣਿਆਂ ਨੂੰ ਨਫ਼ਰਤ ਕਰਦਾ ਰਿਹਾ। ਰੋਜ਼ੀ ਰੋਟੀ ਲਈ ਭਰਤੀ ਹੋਏ ਪੁਲਿਸ ਮੁਲਾਜ਼ਮ ਉਸ ਦੀ ਬਹੁਤ ਇੱਜ਼ਤ ਕਰਦੇ ਸਨ। ਪਰ ਉਸ ਦੇ ਜਿਸਮ ਦੀ ਪੀੜ ਉਸ ਨੂੰ ਤੜਫਾਉਂਦੀ ਰਹੀ। ਉਹ ਉਨ੍ਹਾਂ ਤੇ ਵਿਸ਼ਵਾਸ਼ ਨਾ ਕਰਦਾ। ਉਹ ਜ਼ਰਵਾਣਿਆ ਦੇ ਜੁਲਮ ਨੂੰ ਸਾਰੀ ਜ਼ਿੰਦਗੀ ਭੁੱਲ ਨਾ ਸਕਿਆ। ਉਸ ਦਾ ਇਹ ਇਨਕਲਾਬ ਪ੍ਰਤੀ ਮੋਹ ਹੀ ਸੀ ਕਿ ਉਹ ਲਗਾਤਾਰ ਕਈ ਕਈ ਦਿਨ ਮੀਟਿੰਗਾਂ ਕਰਵਾਉਂਦਾ। ਸਾਇਕਲ ਤੇ ਇੱਕ ਲੱਤ ਦੇ ਸਹਾਰੇ ਬਹੁਤ ਦੂਰ-ਦੂਰ ਤੱਕ ਜਾਂਦਾ। ਛੇਤੀ-ਛੇਤੀ ਸਾਇਕਲ ਬਦਲ ਦਿੰਦਾ। ਸਾਡੇ ਘਰ ਉਹ ਮੇਰੇ ਸੁਰਤ ਸੰਭਾਲਣ ਤੋਂ ਪਹਿਲਾਂ ਦੇ ਆਉਂਦੇ ਸਨ। ਨਕਸਲਵਾੜੀ ਲਹਿਰ ਵਿੱਚ ਸਾਡੇ ਪਿੰਡ ਦੇ ਤਿੰਨ ਮੁੰਡੇ ਸ਼ਹੀਦ ਹੋਏ ਸਨ। ਪਾਸ਼ ਨੇ ਆਪਣੇ ਗੀਤ "ਕਿਰਤੀ ਦੀਏ ਕੁੱਲੀਏ" ਵਿੱਚ ਮੰਗੂਵਾਲ ਨੂੰ ਕਮਿਊਨਿਸਟਾਂ ਦੀ ਰਾਜਧਾਨੀ ਕਿਹਾ ਸੀ। ਮੰਗੂਵਾਲ ਦੇ ਸ਼ਹੀਦਾਂ ਦੇ ਸ਼ਹੀਦੀ ਦਿਨ ਮਨਾਏ ਜਾਂਦੇ, ਅਸੀ ਭਾਸ਼ਨ ਸੁਣਦੇ, ਗੀਤ ਗਾਉਂਦੇ। 

ਮੇਰੇ ਡੈਡੀ ਜੀ ਦੇ ਵਿਦੇਸ਼ ਜਾਣ ਤੋਂ ਬਾਅਦ ਮੇਰੇ ਡੈਡੀ ਜੀ ਨੇ ਮੇਰੀ ਮੰਮੀ ਜੀ ਨੂੰ ਕਿਹਾ ਸੀ, "ਮੇਰੇ ਦੋਸਤਾਂ ਦਾ ਪਹਿਲਾ ਵਾਂਗ ਹੀ ਸਤਿਕਾਰ ਕਰਨਾ। ਉਹ ਸੱਚੇ ਸੁੱਚੇ ਦੇਸ਼ ਭਗਤ ਹਨ। ਸਾਡੇ ਘਰ ਲਗਭਗ ਸਾਰੇ ਇਨਕਲਾਬੀ ਗਰੁੱਪਾਂ ਦੇ ਕਾਮਰੇਡ ਆਉਂਦੇ। ਉਨ੍ਹਾਂ ਸਾਨੂੰ ਹਮੇਸ਼ਾ ਕਹਿਣਾ ਤੁਸੀਂ ਸਭ ਦੀ ਸੇਵਾ ਕਰਿਆ ਕਰੋ, ਜੋ ਵੀ ਇਨਕਲਾਬ ਲਈ ਤੁਰਿਆ ਹੋਇਆ ਹੈ। ਉਹ ਸਾਨੂੰ ਮਾਰਕਸਵਾਦ ਬਾਰੇ ਸਿੱਖਿਆ ਦਿੰਦੇ। ਪਤਾ ਹੀ ਨਹੀਂ ਲੱਗਾ ਕਦੋਂ ਅਸੀ ਵੀ ਉਨਾਂ ਨੂੰ ਪਿਆਰ ਕਰਨ ਲੱਗ ਪਏ। ਉਨ੍ਹਾਂ ਜਦੋਂ ਕੁਝ ਲਿਖਣਾ ਮੈਨੂੰ ਤੇ ਮੇਰੇ ਭਰਾ ਨੂੰ ਸੁਣਾਉਣਾ ਸਾਨੂੰ ਸਾਹਿਤ ਦੀ ਛੋਟੇ ਹੋਣ ਕਰਕੇ ਜ਼ਿਆਦਾ ਸਮਝ ਨਹੀਂ ਸੀ। ਕਈ ਵਾਰੀ ਅਸੀਂ ਹੱਸ ਪੈਣਾ ਤਾਂ ਉਨ੍ਹਾਂ ਸਾਨੂੰ ਝਿੜ੍ਹਕਾਂ ਮਾਰਨੀਆਂ ਪਿਆਰ ਵੀ ਬਹੁਤ ਕਰਨਾ। ਚੰਗਾ ਸਾਹਿਤ ਪੜ੍ਹਨ ਲਿਖਣ ਲਈ ਪ੍ਰੇਰਤ ਹੀ ਨਹੀਂ ਕਰਨਾ ਸਗੋਂ ਚੰਗੀਆਂ ਕਿਤਾਬਾਂ ਲਿਆ ਕੇ ਦੇਣੀਆਂ। ਕੁਝ ਲਿਖਣਾ ਤਾਂ ਉਤਸ਼ਾਹਿਤ ਕਰਨਾ, ਗਲਤੀਆਂ ਦੱਸਣੀਆਂ, ਜੀਵਨ ਜਾਂਚ ਸਿਖਾਉਣੀ। ਮਨੁੱਖਤਾਂ ਦਾ ਦਰਦ ਸਮਝਣ ਦੀ ਸੋਝੀ ਦੇਣੀ। ਉਨ੍ਹਾਂ ਦਾ ਦਿਲ ਬਹੁਤ ਹੀ ਨਰਮ ਸੀ। ਨੰਦ ਲਾਲ ਸਹਿਗਲ ਨੂੰ ਮਾਰਨ ਸਮੇਂ ਜਦੋਂ ਨਕਸਲੀਆਂ ਨੇ ਗੋਲੀ ਚਲਾਈ ਤਾਂ ਚਾਹ ਦੀ ਦੁਕਾਨ ਕਰਦਾ ਇੱਕ ਨਿਹੰਗ ਸਿੰਘ ਇਨ੍ਹਾਂ ਮਗਰ ਕਿਰਪਾਨ ਕੱਢ ਕੇ ਮਗਰ ਦੌੜ ਪਿਆ। ਇਹਨਾਂ ਨੇ ਆਪਣੇ ਬਚਾਅ ਲਈ ਉਹਦੇ ਵੱਲ ਗੋਲੀ ਚਲਾ ਦਿੱਤੀ, ਉਹ ਡਿੱਗ ਪਿਆ। ਦੁਸਾਂਝ ਨੂੰ ਸਾਰੀ ਰਾਤ ਨੀਂਦ ਨਾ ਆਈ ਕਿ ਕਿਤੇ ਮਜ਼ਦੂਰ ਆਦਮੀ ਮਰ ਨਾ ਗਿਆ ਹੋਵੇ। ਪਰ ਉਹਦੇ ਗੋਲ਼ੀ ਲੱਗੀ ਨਹੀਂ ਸੀ। ਇਸ ਤਰ੍ਹਾਂ ਹੀ ਦਰਸ਼ਨ ਦੁਸਾਂਝ ਦੀ ਗ੍ਰਿਫਤਾਰੀ ਸਮੇਂ ਸੋਹਣ ਲਾਲ ਜੋਸ਼ੀ ਨੂੰ ਸ਼ੱਕ ਦੀ ਬਿਨਾਹ ਤੇ ਬਿਨ੍ਹਾਂ ਪੜਤਾਲ਼ ਕੀਤਿਆ ਸ਼ਹੀਦ ਕਰ ਦਿੱਤਾ। ਜਦੋਂ ਦਰਸ਼ਨ ਨੂੰ ਜੇਲ੍ਹ ਵਿੱਚ ਪਤਾ ਲੱਗਾ ਤਾਂ ਉਹ ਸੁੰਨ ਹੋ ਗਿਆ। ਉਸ ਦਾ ਭਰਾ ਮੋਹਣੀ ਜੇਲ੍ਹ ਵਿੱਚ ਬੰਦ ਸੀ। ਜਦੋਂ ਸੋਹਣ ਦੀ ਮਾਂ ਤੇ ਮਾਸੀ ਮਿਲਣ ਆਉਂਦੀਆਂ ਤਾਂ ਦਰਸ਼ਨ ਨੂੰ ਕਹਿੰਦੀਆਂ "ਸੋਹਣ ਨੂੰ ਮਿਲਿਆ ਬੜਾ ਚਿਰ ਹੋ ਗਿਆ, ਪੁੱਤ ਨੂੰ ਆਖੀਂ ਕਿਤੇ ਮਿਲ ਜਾਵੇ"।

ਮਾਂ ਦਾ ਤਰਲਾ ਦੇਖ ਦਰਸ਼ਨ ਦਾ ਗਚ ਭਰ ਆਉਂਦਾ। ਇਸ ਤਰਾਂ ਹੀ ਕਾਮਰੇਡ ਰਾਮ ਕਿਸ਼ਨ ਕਿਸ਼ੂ 'ਆਪਣਿਆਂ' ਦੀ ਗੋਲੀ ਦਾ ਸ਼ਿਕਾਰ ਹੋ ਭੇਦ ਭਰੀ ਹਾਲਤ ਵਿੱਚ ਸ਼ਹੀਦ ਹੋ ਗਿਆ। ਦਰਸ਼ਨ ਨੇ ਜੇਲ੍ਹ ਤੋਂ ਬਾਹਰ ਆ ਕੇ, ਪੜਤਾਲ ਕਮੇਟੀਆਂ ਬਿਠਾ ਕੇ ਦੋਨ੍ਹਾਂ ਨੂੰ ਨਿਰਦੋਸ਼ ਕਰਾਰ ਦਿਵਾ, ਸ਼ਹੀਦ ਦਾ ਦਰਜਾ ਦੁਆਇਆ। ਸਾਰੀ ਜਿੰਦਗੀ ਉਸ ਦੀਆਂ ਅੱਖਾਂ ਅੱਗੇ ਸੋਹਣ ਦੀ ਮਾਂ ਦਾ ਤਰਲਾ ਘੁੰਮਦਾ ਰਿਹਾ ਤੇ ਯਾਦ ਕਰ ਉਹ ਉਦਾਸ ਹੋ ਜਾਂਦਾ। ਉਹ ਆਪਣੇ ਉਨ੍ਹਾਂ ਸਾਥੀਆਂ ਨੂੰ, ਜੋ ਪੁਲਿਸ ਦੀ ਗੋਲੀ ਨਾਲ ਸ਼ਹੀਦ ਨਹੀਂ ਹੋਏ ਪਰ ਲਹਿਰ ਲਈ ਮੀਲ ਪੱਥਰ ਬਣਨ ਦਾ ਕੰਮ ਕੀਤਾ ਸੀ, ਹਮੇਸ਼ਾ ਯਾਦ ਕਰਦੇ ਰਹਿੰਦੇ। ਉਨ੍ਹਾਂ ਦੀਆਂ ਜੀਵਨੀਆਂ ਦੇ ਅਧਾਰਿਤ 'ਅਮਿੱਟ ਪੈੜਾਂ' ਕਿਤਾਬ ਲਿਖੀ। ਕਦੇ ਕਦੇ ਉਹ ਪਾਰਟੀ ਫੁੱਟਾਂ ਤੋਂ ਉਦਾਸ ਹੋ ਕਹਿਣ ਲੱਗਦੇ ਲਹਿਰ ਉਸਰ ਨਹੀਂ ਰਹੀ, ਮੰਜ਼ਿਲ ਦਿੱਸਦੀ ਨਹੀਂ; ਚੰਗਾ ਹੁੰਦਾ ਕਿ ਮੈਂ ਪੁਲਿਸ ਦੀ ਗੋਲੀਂ ਨਾਲ਼ ਹੀ ਸ਼ਹੀਦ ਹੋ ਜਾਂਦਾ। ਤੇ ਫਿਰ ਇੱਕ ਦਮ ਉਹ ਆਪਣੇ ਵਿੱਚ ਉਤਸ਼ਾਹ ਭਰ ਕੇ ਕਹਿੰਦੇ ਕਿ ਇੱਕ ਸੱਚਾ ਇਨਕਲਾਬੀ ਕਦੇ ਹਾਰਦਾ ਨਹੀਂ। ਉਹ ਹਰ ਜਬਰ-ਜ਼ੁਲਮ ਦਾ ਮੁਕਾਬਲਾ ਅਡੋਲ ਹੋ ਕਰਦਾ ਹੈ। ਉਹ ਸੁਭਾਅ ਦੇ ਸ਼ਰਮਾਕਲ ਸਨ। ਜਿਆਦਾ ਛੇਤੀ ਕਿਸੇ ਨਾਲ਼ ਘੁਲਦੇ-ਮਿਲਦੇ ਨਹੀਂ ਸਨ। ਘਰ ਦੀਆਂ ਸੁਆਣੀਆਂ ਦੀ ਇੱਜਤ ਕਰਦੇ, ਪਿਆਰ ਸਤਿਕਾਰ ਕਰਦੇ। ਉਹ ਉਨ੍ਹਾਂ ਤੋਂ ਦੂਰੀ ਵੀ ਬਣਾਈ ਰੱਖਦੇ। ਉਹ ਕਹਿੰਦੇ ਸਨ ਕਿ ਹਰ ਕਮਿਊਨਿਸਟ ਵਿਅਕਤੀ ਦਾ ਇਮਾਨ ਤੇ ਇਖਲਾਕ ਹਮੇਸ਼ਾ ਉੱਚਾ ਰਹਿਣਾ ਚਾਹੀਦਾ ਹੈ। ਉਹ ਚਾਹੁੰਦੇ ਸਨ ਕਿ ਹੋ ਸਕੇ ਤਾਂ ਰੋਟੀ-ਪਾਣੀ ਦੇਣ ਲਈ ਕੋਈ ਮੇਲ ਮੈਂਬਰ ਆਵੇ। ਕਾਮਰੇਡਾਂ ਦਾ ਲੋਕਾਂ ਦੇ ਚੁੱਲ੍ਹਿਆਂ ਚੌਂਕਿਆਂ ਵਿੱਚ ਘੁੰਮਣਾ ਉਨ੍ਹਾਂ ਨੂੰ ਪਸੰਦ ਨਹੀਂ ਸੀ। ਉਹ ਸਮਝੌਤਾਵਾਦੀ ਨਹੀਂ ਸਨ। ਉਹ ਅਕਸਰ ਹੀ ਕਹਿੰਦੇ ਸਨ ਕਿ ਮੈਂ ਨਿੰਮ ਵਰਗਾ ਕੌੜਾ ਹਾਂ। ਨਿੰਮ ਕੌੜੀ ਜਰੂਰ ਹੁੰਦੀ ਹੈ, ਪਰ ਖੁਨ ਸਾਫ਼ ਕਰ ਦਿੰਦੀ ਹੈ।

ਬਰਸਾਤਾਂ ਦੇ ਦਿਨਾਂ ਵਿੱਚ ਉਨ੍ਹਾਂ ਦੀ ਲੱਤ ਗਲ਼ ਜਾਣੀ, ਪਾਕ ਪੈ ਜਾਣੀ। ਉਨ੍ਹਾਂ ਘੁੱਟ ਕੇ ਪਿਸ ਕੱਢਣੀ, ਗਰਮ ਪਾਣੀ ਨਾਲ ਧੋਹ ਕੇ ਕਦੇ ਨਾਰੀਅਲ ਦਾ ਤੇਲ ਲਾਉਣਾ, ਕਦੇ ਨਿਊਸਪਰੀਨ ਪਾਊਡਰ ਲਾਉਣਾ, ਪੱਟੀ ਕਰਨੀ। ਮੇਰੇ ਦਾਦਾ, ਦਾਦੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ। ਜੇ ਉਨ੍ਹਾਂ ਕੁਝ ਦਿਨ ਨਾ ਆਉਣਾ ਤਾਂ ਮੇਰੀ ਦਾਦੀ ਜੀ ਨੇ ਕਾਂ ਉਡਾਉਣੇ ਕਿ ਦਰਸ਼ਨ ਠੀਕ ਹੋਵੇ ਆਇਆ ਨਹੀਂ। ਉਹ ਆਪਣੇ ਕੋਲ ਹੋਮੀਓਪੈਥੀ ਦੀਆਂ ਕਿਤਾਬਾਂ ਤੇ ਦੁਆਈਆਂ ਰੱਖਦੇ ਸਨ। ਜੇਕਰ ਮੇਰੀ ਦਾਦੀ ਦੀ ਕੋਈ ਸਹੇਲੀ ਬਿਮਾਰ ਹੋ ਜਾਂਦੀ ਤਾਂ ਦੁਸਾਂਝ ਅੰਕਲ ਉਸ ਨੂੰ ਦੁਆਈ ਦਿੰਦੇ। ਅਸੀਂ ਹੱਸੀ ਜਾਣਾ ਕਿ ਅੰਕਲ ਡਾਕਟਰ ਬਣੇ ਹੋਏ ਆ। ਇੱਕ ਵਾਰੀ ਉਨ੍ਹਾਂ ਨੇ ਕਵਿਤਾ ਲਿਖੀ "ਮੈਂ ਕੱਲਰ ਦਾ ਫੁੱਲ ਓ ਯਾਰਾ" ਸੁਣ ਕੇ ਮੈਂ ਉਦਾਸ ਹੋ ਗਈ। ਮੈਂ ਸੁੱਤੇ ਸਿੱਦ ਹੀ ਕਿਹਾ, "ਅੰਕਲ ਜੀ, ਤੁਸੀਂ ਕੱਲਰ ਦਾ ਫੁੱਲ ਨਹੀਂ, ਮੈਂ ਤੁਹਾਡੀ ਧੀ ਹਾਂ", ਤਾਂ ਉਨ੍ਹਾਂ ਉਦਾਸ ਲਹਿਜੇ ਵਿੱਚ ਕਿਹਾ, "ਕੌਣ ਬਣਦਾ ਧੀ? ਕਹਿਣਾ ਸੌਖਾ ਨਿਭਾਉਣਾ ਬੜਾ ਔਖਾ"। ਮੈਂ ਫਿਰ ਕਿਹਾ, "ਮੈਂ ਨਿਭਾਵਗੀ"। ਮੈਂ ਉਨ੍ਹਾਂ ਦੀ ਡਾਇਰੀ ਤੇ ਲਿਖ ਦਿੱਤਾ ਕਿ ਅੱਜ ਤੋਂ ਮੈਂ ਤੁਹਾਡੀ ਧੀ ਮੈਂ ਹਰ ਦੁੱਖ ਸੁੱਖ ਵਿੱਚ ਸਾਥ ਦੇਵਾਂਗੀ ਤੇ ਸਾਡਾ ਰਿਸ਼ਤਾ ਉਨ੍ਹਾਂ ਦੇ ਜਿਉਂਦਿਆਂ ਤੱਕ ਨਿਭਿਆ। ਉਹ ਕਹਿੰਦੇ ਸਨ ਕਿ ਮੇਰਾ ਸੰਸਕਾਰ ਵੀ ਮੰਗੂਵਾਲ ਹੀ ਕਰੀਂ ਤਿੰਨਾਂ ਸਹੀਦਾਂ ਨਾਲ, ਪਰ ਦੁਸਾਂਝ ਕਲਾਂ ਵਾਲੇ ਨਹੀਂ ਮੰਨੇ। ਬਿਮਾਰੀਆਂ ਦਾ ਚੁਤਰਫਾ ਹਮਲਾ ਨਾ ਸਹਾਰਦੇ ਹੋਏ, ਉਹ 15 ਅਗਸਤ,2000 ਨੂੰ ਨਈਅਰ ਹਸਪਤਾਲ ਅੰਮ੍ਰਿਤਸਰ, ਸਾਡੇ ਕੋਲੋਂ ਸਦਾ ਲਈ ਵਿਛੜ ਗਏ।

ਅੱਜ ਉਨ੍ਹਾਂ ਨੂੰ ਸਾਡੇ ਕੋਲੋਂ ਗਿਆਂ ਬਾਰਾਂ ਸਾਲ ਹੋ ਗਏ। ਸੋ ਆਓ ਸੋਚੀਏ ਕੀ ਬਦਲਿਆ ਇਨ੍ਹਾਂ ਸਾਲਾਂ ਵਿੱਚ? ਕੀ ਸਿਰਜ ਹੋਇਆਂ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ? ਬਿਲਕੁਲ ਨਹੀਂ, ਅੱਜ ਵੀ ਮੇਹਨਤਕਸ਼ ਭੁੱਖਾ ਮਰਦਾ ਹੈ, ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ, ਲੋਕਾਂ ਦੀ ਚੁਣੀ ਹੋਈ ਸਰਕਾਰ ਮੁਲਾਜ਼ਮ ਵਰਗ ਤੇ ਅੱਤਿਆਚਾਰ ਢਾਉਂਦੀ ਤੇ ਫਤਵੇ ਲਾਉਂਦੀ ਹੈ। ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੈ ਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਔਰਤਾਂ ਦੀ ਬੇਪੱਤੀ ਹੋ ਰਹੀ ਹੈ। ਗੰਦੇ ਸੱਭਿਆਚਾਰ ਨੂੰ ਫੈਲਾਇਆ ਜਾ ਰਿਹਾ ਹੈ।ਜਾਤ, ਧਰਮ ਦੇ ਨਾਂ ਤੇ ਨਿੱਤ ਦਿਨ ਦੰਗੇ ਹੋ ਰਹੇ ਹਨ।ਅਮੀਰ ਗਰੀਬ ਦਾ ਪਾੜਾ ਵੱਧ ਗਿਆ ਹੈ ।ਅੱਜ ਵੀ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਹਨ । ਅੱਜ ਵੀ ਸਲਵਾ ਜੁਡਮ ਰਾਹੀਂ ਪਿੰਡਾਂ ਦੇ ਪਿੰਡ ਉਜਾੜੇ ਤੇ ਤਬਾਹ ਕੀਤੇ ਜਾ ਰਹੇ ਹਨ। ਅੱਜ ਵੀ ਸਰਕੇਗੁਡਾ ਵਿੱਚ ਪੁਲਿਸ ਵੱਲੋਂ ਮਾਉਵਾਦੀਆਂ ਦੇ ਸਫਾਏ ਦੇ ਨਾਂ ਹੇਠ ਆਦਿਵਾਸੀਆਂ ਤੇ ਕਹਿਰ ਢਾਹਿਆ ਗਿਆ। ਪੰਦਰ੍ਹਾਂ ਸੋਲ੍ਹਾਂ ਸਾਲਾਂ, ਇੱਥੋਂ ਤੱਕ ਅੱਠ ਸਾਲਾਂ ਦੇ ਬੱਚਿਆਂ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਅੱਜ ਵੀ ਸੋਨੀ ਸੋਰੀ ਵਰਗੀਆਂ ਅਨੇਕਾਂ ਔਰਤਾਂ ਤੇ ਅਣਮਨੁੱਖੀ ਜੁਲਮ ਢਾਹੇ ਜਾਂਦੇ ਹਨ।

ਅਸੀਂ ਹਰ ਜਾਇਜ਼ ਨਜਾਇਜ਼ ਤਰੀਕੇ ਨਾਲ ਦੁਨੀਆਂ ਦੇ ਸਭ ਤੋਂ ਵਿਕਸਤ ਮੁਲਕਾਂ ਵਿੱਚ ਆਏ ਹਾਂ। ਜਿਸ ਨੂੰ ਧਰਤੀ ਤੇ ਸਵਰਗ ਕਿਹਾ ਜਾਂਦਾ ਹੈ। ਕੀ ਇੱਥੇ ਸਭ ਕੁਝ ਠੀਕ ਹੈ? ਜੇਕਰ ਦੁਸਾਂਝ ਇੱਥੇ ਹੁੰਦਾ ਤਾਂ ਉਸ ਨੂੰ ਇੱਥੋਂ ਦੀਆਂ ਅਲਾਮਤਾਂ ਨਾ ਦਿਸਦੀਆਂ, ਤਾਂ ਇਹ ਝੂਠ ਹੋਵੇਗਾ। ਦਰਸ਼ਨ ਤੇ ਹਰ ਸੂਝਵਾਨ ਮਨੁੱਖ ਨੂੰ ਇੱਥੋਂ ਦੀਆਂ ਸਮੱਸਿਆਵਾਂ ਭਲੀ ਭਾਂਤੀ ਦਿਸਦੀਆਂ ਤਾਂ ਹਨ ਪਰ ਬਹੁਤ ਵਾਰੀ ਅਸੀਂ ਦੇਖ ਕੇ ਅੱਖਾਂ ਮੀਟ ਲੈਂਦੇ ਹਾਂ, ਜੋ ਦਰਸ਼ਨ ਸ਼ਾਇਦ ਨਾ ਕਰਦਾ ਉਹ ਜਰੂਰ ਜਾਣ ਜਾਂਦਾ ਇੱਥੋਂ ਦੇ ਮੂਲ ਵਾਸੀਆਂ ਦੀ ਹਾਲਤ, ਕਿ ਉਨ੍ਹਾਂ ਨੂੰ ਨਸ਼ਿਆਂ ਦੇ ਆਦੀ ਬਣਾਇਆ ਜਾ ਰਿਹਾ ਹੈ ਜਿੱਥੇ ਉਹ ਰਹਿੰਦੇ ਖਾਣ-ਪੀਣ ਦਾ ਸਮਾਨ ਮਹਿੰਗਾ ਹੈ ਅਤੇ ਸ਼ਰਾਬ ਤੇ ਹੋਰ ਨਸ਼ੇ ਆਮ ਮਿਲ ਜਾਂਦੇ ਹਨ।ਸਾਫ਼ ਪਾਣੀ ਦੀ ਸਮੱਸਿਆ ਹੈ ਤੇ ਰਹਿਣ-ਸਹਿਣ ਦਾ ਪੱਧਰ ਬਹੁਤ ਨੀਵਾਂ ਹੈ ਤੀਜੇ ਦਰਜੇ ਦੇ ਦੇਸ਼ਾਂ ਵਾਂਗੂੰ। ਉਨਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਇੱਥੇ ਵੀ ਆਰਥਿਕ ਮੰਦੀ ਦਾ ਦੈਂਤ ਮੂੰਹ ਅੱਡੀ ਖੜਾ੍ਹ ਹੈ। ਇੱਥੇ ਵੀ ਬਹੁਤ ਸਾਰੇ ਲੋਕ ਆਪਣੀ ਯੋਗਤਾ ਅੁਨਸਾਰ ਨੌਕਰੀਆਂ ਨਹੀਂ ਪ੍ਰਾਪਤ ਕਰ ਸਕਦੇ। ਇੱਥੇ ਵੀ ਸਰੀ ਫੂਡ ਬੈਂਕ ਤੇ ਵਿਨੀਪੈੱਗ ਹਾਰਵੈਸਟ ਮੂਹਰੇ ਖਾਣਾ ਪ੍ਰਾਪਤ ਕਰਨ ਲਈ ਲੰਬੀਆਂ ਲਾਇਨਾਂ ਲੱਗੀਆਂ ਹੁੰਦੀਆਂ ਹਨ । ਇੱਥੇ ਵੀ ਲੋਕ ਗਾਰਬੇਜ਼ ਬਿੰਨ ਫਰੋਲਦੇ ਆਮ ਦਿਖ ਜਾਂਦੇ ਹਨ ਕਿ ਕੋਈ ਖਾਣ ਵਾਲੀ ਚੀਜ਼ ਮਿਲ ਜਾਵੇ। ਇੱਥੇ ਵੀ ਬੱਚਿਆਂ ਨੂੰ ਭੁੱਖੇ ਢਿੱਡ ਸਕੂਲ ਜਾਣਾ ਪੈਦਾਂ ਹੈ। ਇੱਥੇ ਵੀ ਲੋਕਾਂ ਨੂੰ ਨਜਾਇਜ਼ ਜੰਗਾਂ ਵਿੱਚ ਝੋਕਿਆ ਜਾਂਦਾ ਹੈ। ਇੱਥੇ ਵੀ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਦੋ ਵੇਲੇ ਦੀ ਰੋਟੀ ਨਹੀਂ ਮਿਲਦੀ। ਸੋ ਜੇਕਰ ਦਰਸ਼ਨ ਦੁਸਾਂਝ ਇੱਥੇ ਹੁੰਦਾ ਤਾਂ ਉਹ ਕਦੇ ਚੁੱਪ ਨਾ ਬੈਠਦਾ, ਜਰੂਰ ਆਪਣੇ ਹਿੱਸੇ ਦੀ ਲੜਾਈ ਲੜ ਸਮਾਜ ਨੂੰ ਬਰਾਬਰਤਾ ਵਾਲ਼ਾ ਤੇ ਮਨੁੱਖਤਾ ਦੇ ਰਹਿਣ ਯੋਗ ਬਣਾਉਦਾ ਸੋ ਦਰਸ਼ਨ ਦੇ ਵਾਰਸਾ ਦਾ ਵੀ ਇਹ ਹੀ ਫਰਜ਼ ਹੈ। ਸੋ ਆਓ ਦਰਸ਼ਨ ਦੇ ਸੁਪਨਿਆਂ ਦਾ ਸਮਾਜ ਸਿਰਜਨ ਲਈ ਧਰਤੀ ਦੇ ਹਰ ਖਿੱਤੇ ਤੇ ਹਰ ਪ੍ਰਕਾਰ ਦੀ ਨਾਬਰਾਬਰੀ ਵਿਰੁੱਧ ਸੰਘਰਸ਼ ਕਰੀਏ।

ਦਰਸ਼ਨ ਦੁਸਾਂਝ ਦਾ ਸ਼ਰਧਾਂਜ਼ਲੀ ਸਮਾਗਮ

ਕਨੇਡਾ ਦੇ ਸ਼ਹਿਰ ਵਿੱਨੀਪੈੱਗ ਦੇ 90 ਸਿਨਕਲੇਅਰ ਸਟਰੀਟ ਵਿਖੇ 15 ਅਕਤੂਬਰ, 2012 ਨੂੰ ਹੋ ਰਿਹਾ ਹੈ। ਦਰਸ਼ਨ ਦੁਸਾਂਝ ਨਕਸਲਵਾੜੀ ਲਹਿਰ ਦਾ ਉਹ ਜ਼ਿੰਦਾ ਸ਼ਹੀਦ ਹੈ, ਜੋ ਹਕੂਮਤੀ ਜਬਰ ਜ਼ੁਲਮ ਨੂੰ ਆਪਣੇ ਪਿੰਡੇ ਤੇ ਹੰਢਾਉਂਦਾ ਰਿਹਾ ਪਰ ਇਨਕਲਾਬ ਨੂੰ ਆਪਣਾ ਅਕੀਦਾ, ਆਪਣੀ ਮੰਜ਼ਿਲ ਬਣਾਈ ਰੱਖਿਆ। ਉਹ ਇੱਕ ਰਾਜਨੀਤੀਵਾਨ, ਜਥੇਬੰਦਕ, ਲੇਖਕ, ਰੰਗਕਰਮੀ ਅਤੇ ਸਮੇਂ-ਸਮੇਂ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣ ਦੀਆਂ ਮਿਸਾਲੀ ਪਿਰਤਾਂ ਪਾਉਣ ਵਾਲਾ ਮਹਾਨ ਯੋਧਾ ਸੀ।ਸਾਰੇ ਹੀ ਅਗਾਂਹਵਧੂ ਤੇ ਪ੍ਰਗਤੀਸ਼ੀਲ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਸੂਰਮੇ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਕਰਦੇ ਹੋਏ ਇਸ ਮਹਾਨ ਇਨਕਲਾਬੀ ਨੂੰ ਸ਼ਰਧਾਜ਼ਲੀ ਦੇਣ ਲਈ ਉਪਰੋਕਤ ਪਤੇ 'ਤੇ 2 ਵਜੇ ਬਾਅਦ ਦੁਪਹਿਰ ਇਕੱਠੇ ਹੋਈਏ। 

ਲੇਖਿਕਾ--ਜਸਵੀਰ ਕੌਰ ਮੰਗੂਵਾਲ 
 ਮੌਬ:12048814955

Wednesday, July 28, 2010

ਇਨਕਲਾਬ ਦੀ ਪਰਿਕਰਮਾ: ਬਾਬਾ ਬੂਝਾ ਸਿੰਘ

ਮਿਸਾਲੀ ਗ਼ਦਰੀ ਬਾਬੇ ਅਤੇ ਨਕਸਲਵਾਦੀ ਅੰਦੋਲਨ ਵੇਲੇ 82 ਸਾਲ ਦੀ ਉਮਰ ਵਿਚ ਸ਼ਹੀਦ ਹੋਏ ਬੂਝਾ ਸਿੰਘ ਦੇ 40ਵੇਂ ਸ਼ਹਾਦਤ ਦਿਨ ਮੌਕੇ 27 ਜੁਲਾਈ ਨੂੰ ਪਿੰਡ ਚੱਕ ਮਾਈਦਾਸ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਚ ਬਾਬਾ ਬੂਝਾ ਸਿੰਘ ਯਾਦਗਾਰ ਉੱਤੇ ਫ਼ਿਲਮ 'ਬਾਬਾ ਇਨਕਲਾਬ ਸਿੰਘ' ਦਾ ਮਹੂਰਤ ਸ਼ਾਟ ਲਿਆ ਗਿਆ।ਇਸ ਮੌਕੇ ਪੰਜਾਬੀ ਦੇ ਉੱਘੇ ਕਵੀ ਦਰਸ਼ਨ ਖਟਕੜ ਨੇ ਕੌਮਾਂਤਰੀ ਪੱਧਰ 'ਤੇ ਮਸ਼ਹੂਰ ਫ਼ਿਲਮ 'ਉਮਰ ਮੁਖ਼ਤਾਰ' (ਦ ਲੋਇਨ ਆਫ਼ ਡੈਜ਼ਰਟ) ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਫ਼ਿਲਮ ਵੀ ਉਸੇ ਤਰ੍ਹਾਂ ਦਾ ਇਤਿਹਾਸ ਸਿਰਜ ਚੁੱਕੇ ਨਾਇਕ ਦੀ ਜੀਵਨ ਕਹਾਣੀ 'ਤੇ ਆਧਰਿਤ ਹੈ ਅਤੇ ਇਹ ਰਵਾਇਤੀ ਪੰਜਾਬੀ ਸਿਨੇਮੇ ਵਿਚ ਨਿੱਗਰ ਵਾਧਾ ਹੋਵੇਗੀ। ਉਮਰ ਮੁਖ਼ਤਾਰ ਲਿਬੀਆ ਦੀ ਆਜ਼ਾਦੀ ਖ਼ਾਤਿਰ ਸੰਘਰਸ਼ ਕਰਦਿਆਂ 80 ਸਾਲ ਦੀ ਉਮਰ ਵਿਚ ਫ਼ਾਂਸੀ ਚੜ੍ਹ ਗਿਆ ਸੀ।

ਫ਼ਿਲਮ 'ਬਾਬਾ ਇਨਕਲਾਬ ਸਿੰਘ' ਬਾਬਾ ਬੂਝਾ ਸਿੰਘ ਦੇ ਜੀਵਨ 'ਤੇ ਆਧਰਿਤ ਹੈ ਜਿਸ ਨੇ ਸਾਰੀ ਉਮਰ ਲੋਕਾਂ ਘੋਲ਼ਾਂ ਦੇ ਲੇਖੇ ਲਾ ਦਿੱਤੀ। ਇਸ ਦੀ ਪਟਕਥਾ ਪੱਤਰਕਾਰ-ਫ਼ਿਲਮਸਾਜ਼ ਬਖ਼ਸ਼ਿੰਦਰ ਨੇ ਲਿਖੀ ਹੈ। ਖੋਜ ਕਾਰਜ ਕਹਾਣੀਕਾਰ ਅਜਮੇਰ ਸਿੱਧੂ ਦਾ ਹੈ। ਇਸ ਫ਼ਿਲਮ ਦੀ ਖਾਸੀਅਤ ਇਹ ਹੈ ਕਿ ਇਸ ਦੇ ਨਿਰਮਾਤਾ ਲੋਕ ਹਨ ਭਾਵ ਫ਼ਿਲਮ ਲੋਕਾਂ ਵੱਲੋਂ ਇਕੱਠੇ ਕੀਤੇ ਜਾ ਰਹੇ ਪੈਸਿਆਂ ਨਾਲ ਮੁਕੰਮਲ ਕੀਤੀ ਜਾਵੇਗੀ। ਜਸਵੀਰ ਸਮਰ ਦੇ ਇਸ ਲੇਖ ਵਿਚ ਬਾਬਾ ਬੂਝਾ ਸਿੰਘ ਦੇ ਵੱਖ ਵੱਖ ਪੱਖਾਂ ਬਾਰੇ ਗੱਲ ਕੀਤੀ ਗਈ ਹੈ। ਬਾਬਾ ਜੀ ਜੀਵਨ ਦਾ ਸਭ ਤੋਂ ਵਿਲੱਖਣ ਅਤੇ ਮੌਲਿਕ ਪੱਖ ਇਹ ਰਿਹਾ ਕਿ ਇਨਕਲਾਬ ਹਮੇਸ਼ਾ ਉਸ ਦੇ ਏਜੰਡੇ 'ਤੇ ਰਿਹਾ। ਵੱਖ ਵੱਖ ਸਮੇਂ ਚੱਲੀਆਂ ਲਹਿਰਾਂ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਇਸੇ ਜ਼ਾਵੀਏ ਤੋਂ ਫੜਨ ਦੀ ਲੋੜ ਹੈ। ਬਾਬਾ ਅੰਤ ਤੱਕ ਅਡੋਲ ਰਿਹਾ ਅਤੇ ਸ਼ਹੀਦੀ ਜਾਮ ਪੀ ਗਿਆ।
-ਗੁਲਾਮ ਕਲਮ

ਗ਼ਦਰੀ ਬਾਬੇ ਬੂਝਾ ਸਿੰਘ ਦੀ ਕਥਾ ਕਰਨੀ ਤੇ ਸੁਣਨੀ ਪੰਜਾਬ ਦੀਆਂ, ਤਕਰੀਬਨ ਪੌਣੀ ਸਦੀ ਦੀਆਂ ਅਹਿਮ ਸਰਗਰਮੀਆਂ ਉੱਤੇ ਝਾਤੀ ਮਾਰਨੀ ਹੈ। ਬਾਬਾ ਬੂਝਾ ਸਿੰਘ, ਆਮ ਬੰਦੇ ਦੀ ਜ਼ਿੰਦਗਾਨੀ ਸੌਖੇਰੀ ਬਣਾਉਣ ਲਈ ਜੂਝ ਰਹੇ ਲੋਕਾਂ ਲਈ ਬਹੁਤ ਵੱਡੇ ਸਵਾਲ ਛੱਡ ਗਿਆ ਹੈ। ਉਹ ਆਪਣੀ ਪਿਛਲੀ ਉਮਰ ਵਿਚ ਵੀ, 70ਵਿਆਂ ਵਿਚ ਉੱਠੇ ਹਥਿਆਰਬੰਦ ਸੰਘਰਸ਼ ਦੇ ਜ਼ਰੀਏ ਇਨਕਲਾਬ ਲਿਆਉਣ ਉੱਤੇ ਟੇਕ ਰੱਖਦਾ ਹੈ। ਇੱਥੇ ਸਵਾਲਾਂ ਦਾ ਸਵਾਲ ਤਾਂ ਇਹ ਹੈ ਕਿ ਸਾਰੀ ਉਮਰ ਲੋਕ ਲਹਿਰਾਂ ਦੇ ਲੇਖੇ ਲਾਉਣ ਵਾਲਾ ਬੰਦਾ ਪਿਛਲੀ ਉਮਰੇ ਜਦੋਂ ਉਹ ਸੌਖ ਨਾਲ ਰਹਿ ਸਕਦਾ ਸੀ, ਇਹ ਰਾਹ ਕਿਉਂ ਅਖਤਿਆਰ ਕਰਦਾ ਹੈ? ਪਿਛਲੀ ਉਮਰ ਵਿਚ ਜਦੋਂ ਆਮ ਤੌਰ ’ਤੇ ਸਰੀਰਕ ਹੀ ਨਹੀਂ, ਮਾਨਸਿਕ ਵੇਗ ਵੀ ਮੱਠਾ ਪੈ ਜਾਂਦਾ ਹੈ ਤਾਂ ਬੂਝਾ ਸਿੰਘ ਇਕ ਵਾਰ ਫ਼ਿਰ, ਇਨਕਲਾਬ ਲਈ ਲੰਗੋਟ ਕੱਸ ਕੇ ਪੂਰੇ ਤਾਣ ਨਾਲ ਮੈਦਾਨ ਵਿਚ ਕੁੱਦ ਪੈਂਦਾ ਹੈ।

ਇਸ ਪ੍ਰਸੰਗ ਵਿਚ ਭਗਤ ਸਿੰਘ ਦੀ ਗੱਲ ਕਰਨੀ ਬਣਦੀ ਹੈ। ਭਗਤ ਸਿੰਘ ਦੀ ਚਰਚਾ, ਵੱਖਰੇ ਵੱਖਰੇ ਨੁਕਤਿਆਂ ਮੁਤਾਬਕ ਹਥਿਆਰਬੰਦ ਸੰਗਰਾਮੀਏ, ਕੌਮੀ ਨਾਇਕ ਅਤੇ ਚਿੰਤਕ ਵਜੋਂ ਹੁੰਦੀ ਹੈ। ਦੇਖਣ ਅਤੇ ਸਮਝਣ ਵਾਲੀ ਗੱਲ ਇਹ ਹੈ ਕਿ ਭਗਤ ਸਿੰਘ ਵੱਖ ਵੱਖ ਸਮਿਆਂ ’ਤੇ ਵੱਖਰੇ-ਵੱਖਰੇ ਰੂਪ ਵਿਚ ਅਤੇ ਵੱਖਰੀ-ਵੱਖਰੀ ਸਮਝ ਨਾਲ ਸਾਡੇ ਸਾਹਮਣੇ ਆਉਂਦਾ ਹੈ, ਪਰ ਇਹ ਸਾਰੇ ਰੂਪ ਆਪਸ ਵਿਚ ਖਹਿੰਦੇ ਨਹੀਂ, ਇਨ੍ਹਾਂ ਦਾ ਆਪਸ ਵਿਚ ਕੋਈ ਤਕਰਾਰ ਨਹੀਂ ਦਿਸਦਾ, ਨਾ ਉਹ ਆਪ ਇਕ-ਦੂਜੇ ਨੂੰ ਰੱਦ ਕਰਦੇ ਹਨ, ਸਗੋਂ ਉਹ ਇਕ-ਦੂਜੇ ਦੇ ਪੂਰਕ ਹਨ। ਇਨ੍ਹਾਂ ਦੇ ਸੁਮੇਲ ਤੋਂ ਭਗਤ ਸਿੰਘ ਦਾ ਜਿਹੜਾ ਅਕਸ ਉੱਭਰਦਾ ਹੈ, ਉਸ ਨੂੰ ਸਮਝਣ ਲਈ ਸਮੁੱਚਤਾ (ਠੋਟੳਲਟਿੇ) ਵਿਚ ਗੱਲ ਕਰਨੀ ਦਰਕਾਰ ਹੈ। ਦਰਅਸਲ ਇਹ ਰੂਪ ਭਗਤ ਸਿੰਘ ਦੇ ਭੱਥੇ ਵਿਚ ਪਏ ਉਹ ਤੀਰ ਹਨ, ਜਿਨ੍ਹਾਂ ਨੂੰ ਉਹ ਵੱਖ-ਵੱਖ ਮੌਕਿਆਂ ’ਤੇ ਆਪਣੀ ਸਹੂਲਤ ਅਤੇ ਪਹੁੰਚ ਮੁਤਾਬਕ ਵਰਤਦਾ ਹੈ। ਇਹੀ ਗੱਲ ਬਾਬਾ ਬੂਝਾ ਸਿੰਘ ਉੱਤੇ ਢੁੱਕਦੀ ਹੈ। ਜਦ ਵੀ ਕਦੀ ਇਨਕਲਾਬ ਦਾ ਹੋਕਾ ਲਗਦਾ ਹੈ, ਉਹ ਆਪਣੇ ਭੱਥੇ ਵਿਚੋਂ ਲੋੜ ਮੁਤਾਬਕ ਤੀਰ ਕੱਢ ਲੈਂਦਾ ਹੈ ਅਤੇ ਇਨਕਲਾਬ ਲਈ ਪਿੜ ਤਿਆਰ ਕਰਨ ਲੱਗਦਾ ਹੈ। 70ਵਿਆਂ ਵਿਚ ਜਦੋਂ ਇਨਕਲਾਬ ਦਾ ਹੋਕਾ ਲੱਗਿਆ ਤਾਂ ਉਹ ਆਪਣੀ ਜ਼ਿੰਦਗੀ ਦੇ 80 ਭਰਪੂਰ ਵਰ੍ਹੇ ਹੰਢਾ ਚੁੱਕਾ ਸੀ ਅਤੇ ਉਸ ਪੱਕੀ ਉਮਰੇ ਵੀ ਜਿਹੜੇ ਵੀ ਨੌਜਵਾਨ ਨੇ ਇਕ ਵਾਰ ਉਸ ਦਾ ਸਕੂਲ ਲਾ ਲਿਆ, ਉਹ ਰਾਤੋ-ਰਾਤ ਮੋਢੇ ਉੱਤੇ ਸਲੀਬ ਚੁੱਕ ਕੇ ਤੁਰ ਪਿਆ। ਇਹ ਉਸ ਸ਼ਖ਼ਸ ਦੀ ਕਥਾ ਹੈ, ਜਿਹੜਾ ਹਲ਼ ਵਾਹੁਣ ਵੇਲ਼ੇ ਵੀ ਕਦੀ ਬਲ਼ਦ ਦੇ ਪ੍ਰੈਣੀ ਨਹੀਂ ਸੀ ਮਾਰਦਾ। ਇਸ ਸੂਰਤ ਵਿਚ ਹਿੰਸਾ ਦੇ ਅਰਥ, ਉਹ ਨਹੀਂ ਰਹਿੰਦੇ, ਜੋ ਅਕਸਰ ਅਤੇ ਆਮ ਤੌਰ ’ਤੇ ਪ੍ਰਚਾਰੇ-ਪ੍ਰਸਾਰੇ ਜਾਂਦੇ ਹਨ। ਨਾਲੇ ਇਸ ਹਿੰਸਾ ਦੀ ਗੱਲ ਕਰਨ ਵਾਲੇ, ਉਸ ਹਿੰਸਾ ਦੀ ਗੱਲ ਤੋਰਦੇ ਹੀ ਨਹੀਂ, ਜੋ ਬਹੁਤ ਸੂਖਮ ਢੰਗ ਨਾਲ ਲੋਕਾਂ ਉੱਤੇ ਵਰ੍ਹ ਰਹੀ ਹੁੰਦੀ ਹੈ।

ਪੰਜਾਬ ਦਾ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ, ਪਰ ਜਦੋਂ ਬੂਝਾ ਸਿੰਘ ਵਰਗਾ ਬਜ਼ੁਰਗ ਇਹ ਰਸਤਾ ਅਖ਼ਤਿਆਰ ਕਰਦਾ ਹੈ ਤਾਂ ਇਸ ਦੇ ਅਰਥਾਂ ਨੂੰ ਡਾਢੀ ਜ਼ਰਬ ਆ ਜਾਂਦੀ ਹੈ ਅਤੇ ਇਹ ਮਸਲਾ ਵਿਚਾਰਨ ਲਈ ਫ਼ਿਰ ਤੁਹਾਨੂੰ ਪੁਰਾਣੇ ਮੀਟਰ ਲਾਂਭੇ ਰੱਖਣੇ ਪੈਂਦੇ ਹਨ।ਇਸ ਤਰ੍ਹਾਂ ਹੀ ਜ਼ਿੰਦਗੀ ਦੇ ਮੋਕਲੇ ਪਿੜ ਵਿਚ ਵਿਚਰਦੇ, ਅਜਿਹੇ ਨਾਇਕਾਂ ਨਾਲ ਇਨਸਾਫ਼ ਕੀਤਾ ਜਾ ਸਕਦਾ ਹੈ। ਬਾਬਾ ਜਿੱਥੇ ਵੀ ਜਾਂਦਾ ਹੈ, ਆਪਣੀਆਂ ਪੈੜਾਂ ਛੱਡਦਾ ਜਾਂਦਾ ਹੈ। ਉਹ, ਨੇਤਾ ਜੀ ਸੁਭਾਸ਼ ਚੰਦਰ ਬੋਸ ਵਰਗੇ ਚੋਟੀ ਦੇ ਲੀਡਰ ਨੂੰ ਰੂਸੀ ਲੀਡਰਾਂ ਨਾਲ ਗੱਲਬਾਤ ਚਲਾਉਣ ਲਈ ਪ੍ਰੇਰ ਲੈਂਦਾ ਹੈ ਅਤੇ ਉਸ ਨੂੰ ਆਪਣੇ ਨਾਲ ਰੂਸ ਜਾਣ ਲਈ ਰਾਜ਼ੀ ਕਰ ਲੈਂਦਾ ਹੈ। ਇਸੇ ਤਰ੍ਹਾਂ ਵਿਦੇਸ਼ ਵਿਚ ਜਦੋਂ ਗ਼ਦਰੀਆਂ ਦੀ ਯਾਦਗਾਰ (ਦੇਸ਼ ਭਗਤ ਯਾਦਗਾਰ ਹਾਲ) ਲਈ ਫੰਡ ਇਕੱਠਾ ਕਰਨ ਗਏ ਸਾਥੀਆਂ ਨੂੰ ਦਿੱਕਤ ਆਉਂਦੀ ਹੈ ਤਾਂ ਦੇਸ ਤੋਂ ਬੂਝਾ ਸਿੰਘ ਨੂੰ ਹੀ ਉੱਥੇ ਬੁਲਾਇਆ ਜਾਂਦਾ ਹੈ ਅਤੇ ਉਹ ਪੈਸਿਆਂ ਦੇ ਢੇਰ ਲਾ ਦਿੰਦਾ ਹੈ ਕਿਉਂ ਕਿ ਉਸ ਦੀ ਸ਼ਖ਼ਸੀਅਤ ਬਹੁਤ ਹੀ ਮਿਕਨਾਤੀਸੀ ਸੀ। ਇਸ ਦੇ ਨਾਲ ਹੀ ਬਾਬਾ ਉਨ੍ਹਾਂ ਲੋਕਾਂ ਨੂੰ ਵੀ ਸਵਾ ਸੇਰ ਹੋ ਕੇ ਟੱਕਰਦਾ ਹੈ, ਜਿਹੜੇ ਉਸ ਯਾਦਗਾਰ ਨੂੰ ‘ਕਮਿਊਨਿਸਟਾਂ ਤੇ ਕਮਿਊਨਿਜ਼ਮ ਦੀ ਕਬਰ’ ਦੱਸ ਕੇ ਹੁੱਜਤਾਂ ਕਰਦੇ ਹਨ। ਅੰਗਰੇਜ਼ਾਂ ਨੇ ਜਦੋਂ ਉਸ ਨੂੰ ਪਿੰਡ ਵਿਚ ਜੂਹ ਬੰਦ ਕੀਤਾ ਤਾਂ ਉਹ, ਉਸ ਦੀ ਨਿਗਰਾਨੀ ਕਰਨ ਲਈ ਬਿਠਾਏ ਹੋਏ ਸਿਪਾਹੀਆਂ ਨੂੰ ਆਪਣੇ ਵਿਚਾਰਾਂ ਨਾਲ ਪ੍ਰੇਰ ਕੇ, ਰਾਤ ਨੂੰ ਪਿੰਡੋਂ ਨਿਕਲ ਜਾਂਦਾ ਸੀ ਅਤੇ ਰਾਤ ਭਰ ਹੋਰ ਪਿੰਡਾਂ ਵਿਚ ਸਕੂਲਿੰਗ ਕਰਨ ਤੋਂ ਬਾਅਦ, ਦਿਨ ਚੜ੍ਹਨ ਤੋਂ ਪਹਿਲਾਂ ਫਿਰ ਪਿੰਡ ਮੁੜ ਆਉਂਦਾ ਸੀ। ਆਪਣੇ ਵਿਹਾਰ ਨਾਲ ਉਸ ਨੇ ਉਨ੍ਹਾਂ ਸਿਪਾਹੀਆਂ ਦਾ ਦਿਲ ਵੀ ਜਿੱਤ ਲਿਆ ਸੀ।

ਸਿਆਸੀ ਸਮਝ ਬਾਰੇ ਬਾਬੇ ਦੀਆਂ ਦੋ ਗੱਲਾਂ ਬਹੁਤ ਅਹਿਮ ਹਨ ਅਤੇ ਉਚੇਚਾ ਧਿਆਨ ਮੰਗਦੀਆਂ ਹਨ। ਇਨ੍ਹਾਂ ਦੋਹਾਂ ਦਾ ਬਾਅਦ ਦੀ ਸੰਸਾਰ ਸਿਆਸਤ ਉੱਤੇ ਡਾਢਾ ਅਸਰ ਪਿਆ। ਪਹਿਲੀ, ਰੂਸ ਅਤੇ ਚੀਨ ਬਾਰੇ ਸਮਝ ਸੀ। ਉਸ ਮੁਤਾਬਕ ਭਾਰਤੀ ਕਮਿਊਨਿਸਟਾਂ ਨੂੰ ,ਰੂਸ-ਚੀਨ ਕੈਂਪ ਦੇ ਹੇਠਾਂ ਲੱਗਣ ਦੀ ਥਾਂ ਬਰਾਬਰੀ ਦੇ ਆਧਾਰ ’ਤੇ ਜਮਹੂਰੀ ਇਨਕਲਾਬੀ ਫਰੰਟ ਬਣਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ। ਇਹ, ਅਸਲ ਵਿਚ ਪਿਛਲੱਗੂਪੁਣੇ ਨੂੰ ਸਦਾ ਸਦਾ ਲਈ ਅਲਵਿਦਾ ਆਖਣ ਦਾ ਹੋਕਾ ਸੀ। ਦੂਜੀ ਗੱਲ ਇਹ ਸੀ ਕਿ ਬਾਬਾ ਬੂਝਾ ਸਿੰਘ ਨੇ ਸੋਵੀਅਤ ਸੰਘ ਟੁੱਟਣ ਬਾਰੇ ਪੇਸ਼ੀਨਗੋਈ 1956 ਵਿਚ ਹੀ ਕਰ ਦਿੱਤੀ ਸੀ। ਉਦੋਂ ਲੰਡਨ ਵਿਚ ਕਮਿਊਨਿਸਟ ਇੰਟਰਨੈਸ਼ਨਲ ਦੀ 20ਵੀਂ ਕਾਂਗਰਸ ਦੌਰਾਨ ਪੇਸ਼ ਕੀਤੀ ਗਈ, ਰਜਨੀ ਪਾਮਦੱਤ ਦੀ ਰਿਪੋਰਟ ਬਾਰੇ ਚਰਚਾ ਕਰਦਿਆਂ ਉਸ ਨੇ ਕਿਹਾ ਸੀ,“ਨਵੀਂ ਲਾਈਨ ਨਾਲ ਸੋਵੀਅਤ ਸੰਘ ਸਮਾਜਵਾਦੀ ਦੇਸ਼ ਨਹੀਂ ਰਿਹਾ। ਸਮਾਜਵਾਦ ਦੇ ਮਾਡਲ ਦੇ ਤੌਰ ’ਤੇ ਦੁਨੀਆਂ ਭਰ ਵਿਚ ਜਾਣਿਆ ਜਾਂਦਾ ਸੋਵੀਅਤ ਸੰਘ, ਆਉਣ ਵਾਲੇ ਸਮੇਂ ਵਿਚ ਢਹਿ ਢੇਰੀ ਹੋ ਜਾਵੇਗਾ।”

ਬੂਝਾ ਸਿੰਘ ਦਾ ਸਾਰਾ ਜੀਵਨ ਘਟਨਾਵਾਂ ਭਰਪੂਰ ਸੀ। ਸਾਧਾਰਨ ਕਿਸਾਨ ਟੱਬਰ ਵਿਚ ਜੰਮਿਆ-ਪਲਿਆ ਬੂਝਾ ਸਿੰਘ ਛੇਤੀ ਹੀ ਬਾਪੂ-ਬੇਬੇ ਨੂੰ ਨਿਕੰਮਾ ਦਿਸਣ ਲੱਗ ਪੈਂਦਾ ਹੈ। ਉਸ ਨੂੰ ਲੀਹੇ ਪਾਉਣ ਲਈ ਉਸ ਨੂੰ ਪਿੰਡ ਦੇ ਇਕ ਡੇਰੇ ਭੇਜਿਆ ਜਾਂਦਾ ਹੈ। ਡੇਰੇ ਜਾ ਕੇ ਉਹ ਡੇਰੇ ਜੋਗਾ ਹੀ ਹੋ ਜਾਂਦਾ ਹੈ, ਉਸ ਦੇ ਪ੍ਰਵਚਨ ਕਰਨ ਵੇਲੇ ਪਰਿੰਦੇ ਹੀ ਪਰ ਮਾਰਨੋਂ ਨਹੀਂ ਹਟ ਜਾਂਦੇ ਸਨ, ਪੱਤੇ ਵੀ ਹਿਲਣੋਂ ਹਟ ਜਾਂਦੇ ਹਨ। ਲੋਕਾਂ ਨੂੰ ਇਕਾਗਰ ਕਰ ਕੇ ਉਹ ਇਸ ਤਰ੍ਹਾਂ ਬੰਨ੍ਹ-ਬਹਾਉਂਦਾ ਹੈ ਕਿ ਉਸ ਦੇ ਪਿੰਡ ਦੇ ਇਕ ਗ਼ਦਰੀ ਨੂੰ ਜਾਪਦਾ ਹੈ ਕਿ ਲੋਕਾਂ ਨੂੰ ਇੰਨਾ ਬੰਨ੍ਹਣ ਵਾਲਾ ਇਹ ਬੰਦਾ ਤਾਂ ਗ਼ਦਰੀਆਂ ਦੇ ਕੰਮ ਦਾ ਹੈ। ਫ਼ਿਰ ਹੋਰ ਗ਼ਦਰੀਆਂ ਵਾਂਗ ਉਹ ਵੀ ਟੱਬਰ ਖ਼ਾਤਰ, ਕਮਾਈ ਕਰਨ ਪਰਦੇਸੀ ਹੁੰਦਾ ਹੈ। ਜਦੋਂ ਘਰ ਪਰਤਦਾ ਹੈ ਤਾਂ ਘਰਦਿਆਂ ਦੀ ਆਸ ਦੇ ਉਲਟ ਉਹਦੇ ਪੱਲੇ ਵਿਚੋਂ ਅਮਰੀਕੀ ਡਾਲਰਾਂ ਦੀ ਥਾਂ, ਇਨਕਲਾਬ ਦੀਆਂ ਚੰਗਿਆੜੀਆਂ ਨਿੱਕਲਦੀਆਂ ਹਨ। ਉਹ ਤਾਂ ਆਪਣੇ ਟੱਬਰ ਦੀ ਥਾਂ, ਕੁੱਲ ਜਹਾਨ ਦੇ ਗ਼ਰੀਬਾਂ ਦੀ ਕਬੀਲਦਾਰੀ ਨਜਿੱਠਣ ਤੁਰ ਪਿਆ ਸੀ। ਕੋਈ ਇਸ ਨੂੰ ਆਪਣੇ ਟੱਬਰ ਤੋਂ ਮੂੰਹ ਮੋੜਨਾ ਵੀ ਕਹਿ ਸਕਦਾ ਹੈ, ਉਸ ਉੱਤੇ ਮਾੜਾ ਪਤੀ, ਮਾੜਾ ਪਿਓ, ਮਾੜਾ ਭਰਾ ਹੋਣ ਦੇ ਇਲਜ਼ਾਮ ਵੀ ਲਾ ਸਕਦਾ ਹੈ, ਪਰ ਕੀ ਬੂਝਾ ਸਿੰਘ ਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਅਜਿਹੀਆਂ ਗੱਲਾਂ ਗ਼ੈਰ-ਦਿਆਨਤਦਾਰੀ ਵਾਲੀਆਂ ਨਹੀਂ? ਕਿਸੇ ਇਨਕਲਾਬੀ ਨਾਲ ਇਉਂ ਇਨਸਾਫ਼ ਕੀਤਾ ਜਾ ਸਕਦਾ ਹੈ? ਬਾਬੇ ਦੇ ਘਰੋਂ ਜਾਣ ਤੋਂ ਬਾਅਦ ਉਹਦੀ ਪਤਨੀ ਧੰਤੀ ਹੀ ਘਰ ਸਾਂਭਦੀ ਹੈ, ਆਪਣੇ ਦਿਓਰਾਂ, ਨਣਦਾਂ ਤੇ ਧੀਆਂ ਦੇ ਵਿਆਹ ਕਰਦੀ ਹੈ। ਬਾਬਾ ਬੂਝਾ ਸਿੰਘ ਅਤੇ ਉਸ ਦੇ ਪਰਿਵਾਰ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਮੁੱਢਲੀ ਜੀਵਨ ਸਰਗਰਮੀ ‘ਸਾਧਾਂ ਦੇ ਡੇਰੇ’ ਤੋਂ ਲੈ ਕੇ ‘ਨਕਸਲਬਾੜੀ ਲਹਿਰ’ ਤੱਕ ਦਾ ਸਫ਼ਰ ਬਾਬਾ ਬੂਝਾ ਸਿੰਘ ਦਾ ਜੀਵਨ ਸਫ਼ਰ ਹੀ ਨਹੀਂ, ਸਗੋਂ ਪੰਜਾਬ ਦੀ ਕਮਿਊਨਿਸਟ ਲਹਿਰ ਦੀ ਸਾਰਥਕ ਝਾਕੀ ਹੋ ਨਿਬੜਦਾ ਹੈ। ਗ਼ਦਰ ਲਹਿਰ, ਕਿਰਤੀ ਲਹਿਰ, ਪੈਪਸੂ ਮੁਜਾਰਾ ਲਹਿਰ, ਲਾਲ ਪਾਰਟੀ, ਕਮਿਊਨਿਸਟ ਪਾਰਟੀ ਵਿਚ ਬਾਬਾ ਪੂਰੀ ਜ਼ਿੰਮੇਵਾਰੀ, ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਕੁੱਦਦਾ ਹੈ। ਇਉਂ ਬਾਬੇ ਦਾ ਵਾਸਤਾ, ਸਮੇਂ ਦੀਆਂ ਉਨ੍ਹਾਂ ਲਹਿਰਾਂ ਨਾਲ ਰਿਹਾ, ਜਿਹੜੀਆਂ ਸੱਤਾ ਨੂੰ ਵੰਗਾਰ ਰਹੀਆਂ ਸਨ।ਦਰਅਸਲ ਬਾਬੇ ਦਾ ਮੁੱਖ ਏਜੰਡਾ ਹਰ ਵਕਤ ਇਨਕਲਾਬ ਹੀ ਰਿਹਾ ਅਤੇ ਇਸੇ ਮੁਤਾਬਕ ਉਸ ਦੀ ਹਰ ਸਰਗਰਮੀ ਚੱਲਦੀ ਸੀ।

‘ਬਾਬਾ ਇਨਕਲਾਬ ਸਿੰਘ’ ਸਿਰਲੇਖ ਵਾਲੀ ਇਹ ਫ਼ਿਲਮ ਜਿਸ ਦੇ ਲੇਖਕ ਤੇ ਨਿਰਦੇਸ਼ਕ ਪੱਤਰਕਾਰ-ਫ਼ਿਲਮਸਾਜ਼ ਬਖ਼ਸ਼ਿੰਦਰ ਹਨ, ਆਉਣ ਵਾਲੀਆਂ ਪੀੜ੍ਹੀਆਂ ਨੂੰ ਉਂਗਲ ਲਾ ਕੇ ਤੋਰੇਗੀ। ਇਸ ਫ਼ਿਲਮ ਦੀ ਪਟਕਥਾ ਪੜ੍ਹ-ਸੁਣ ਕੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬਾਬੇ ਨਾਲ ਮੇਲਾ ਹੋ ਗਿਆ ਹੈ ਜਾਂ ਤੁਸੀਂ ਬਾਬੇ ਦਾ ਸਕੂਲ ਲਾ ਲਿਆ ਹੈ ਜਾਂ ਕੁੱਝ ਸਮਾਂ ਬਾਬੇ ਨਾਲ ਸਫ਼ਰ ਕਰ ਲਿਆ ਹੈ। ਬਾਬੇ ਦਾ ਸਕੂਲ ਲਾ ਕੇ ਇਸ ਬਿਖੜੇ ਪੈਂਡੇ ਉੱਤੇ ਚੱਲਣ ਵਾਲਾ ਕਿਰਪਾਲ ਸਿੰਘ ਬੀਰ, ਬਾਬੇ ਬਾਰੇ ਬਹੁਤ ਹੁੱਬ ਕੇ ਗੱਲਾਂ ਕਰਦਾ ਹੈ। ਅਖੇ, ਸਕੂਲ ਲਾਉਣ ਤੋਂ ਬਾਅਦ ਬਾਬਾ ਟੈਸਟ ਵੀ ਲੈਂਦਾ ਸੀ। ਆਪ ਲਾਏ ਸਕੂਲ ਦਾ ਜ਼ਿਕਰ ਕਰਦਿਆਂ ਬੀਰ ਦੱਸਦਾ ਹੈ-ਪੰਜ ਜਣਿਆਂ ਦਾ ਲਿਖਤੀ ਟੈਸਟ ਹੋਇਆ ਜਿਸ ਵਿਚੋਂ ਦੋ ਪਾਸ ਹੋਏ ਤੇ ਤਿੰਨ ਫੇਲ੍ਹ। ਪਾਸ ਹੋਣ ਵਾਲੇ ਦੋਵੇਂ ਜਣੇ ਆਖ਼ਰ ਤੱਕ ਇਨਕਲਾਬੀ ਘੋਲ਼ਾਂ ਵਿਚੋਂ ਵੀ ਲਗਾਤਾਰ ਪਾਸ ਹੁੰਦੇ ਰਹੇ।

ਇਹ ਫ਼ਿਲਮ ਅਸਲ ਵਿਚ ਬਾਬੇ ਦੇ ਸਿਰੜ ਦੀ ਕਹਾਣੀ ਹੈ। ਜਦੋਂ ਬਾਬੇ ਦਾ ਪੁਲੀਸ ਮੁਕਾਬਲਾ ਬਣਾਇਆ ਗਿਆ ਤਾਂ ਉਸ ਦੀ ਉਮਰ ਬਿਆਸੀਆਂ ਨੂੰ ਢੁੱਕ ਚੁੱਕੀ ਸੀ। ਉਸ ਦਾ ਸਰੀਰ ਅੱਗੇ ਨੂੰ ਰਤਾ ਕੁ ਲਿਫ ਗਿਆ ਸੀ ਤੇ ਨਜ਼ਰ ਕਮਜ਼ੋਰ ਹੋ ਗਈ ਸੀ। ਇਕ ਤੋਂ ਦੂਜੀ ਥਾਂ ਜਾਣ ਲਈ ਉਸ ਨੂੰ ਕਿਸੇ ਨਾ ਕਿਸੇ ਸਾਥੀ ਦਾ ਸਹਾਰਾ ਲੋੜੀਦਾ ਸੀ। ਫ਼ਿਰ ਵੀ ਵੇਲੇ ਦੀ ਸਰਕਾਰ ਨੂੰ ਬਾਬੇ ਤੋਂ ਖ਼ਤਰਾ ਸੀ। ਦਰਸ਼ਨ ਸਿੰਘ ਖਟਕੜ ਨੂੰ ਦੁੱਖ ਹੈ ਤੇ ਉਹ ਕਹਿੰਦਾ ਹੈ ਕਿ ਸਰਕਾਰ ਬਾਬੇ ਨੂੰ ਨਜ਼ਰਬੰਦ ਕਰ ਸਕਦੀ ਸੀ, ਝੂਠੇ ਮੁਕੱਦਮੇ ਬਣਾ ਕੇ ਜੇਲ੍ਹ ਅੰਦਰ ਡੱਕ ਸਕਦੀ ਸੀ, ਪਰ ਜਿਵੇਂ ਨਹਿਰੂ ਦੀ ਜੇਲ੍ਹ ਵਿਚੋਂ ਕੁੱਬੇ ਹੋ ਕੇ ਆਏ ਬਾਬਾ ਸੋਹਣ ਸਿੰਘ ਭਕਨਾ ਨੇ ਕਿਹਾ ਸੀ ਕਿ ਅੰਗਰੇਜ਼ ਤਾਂ ਉਨ੍ਹਾਂ ਨੂੰ ਸਾਰੀ ਉਮਰ ਝੁਕਾਅ ਨਾ ਸਕੇ, ‘ਆਪਣੀ’ ਸਰਕਾਰ ਨੇ ਝੁਕਾਅ (ਕੁੱਬੇ ਕਰ) ਦਿੱਤਾ। ਉਵੇਂ ਹੀ ਬਾਬੇ ਦਾ ਪ੍ਰਸੰਗ ਹੈ। ਬਾਬੇ ਨੂੰ ਇਸ ਹੋਣੀ ਬਾਰੇ ਪੂਰਾ ਇਲਮ ਸੀ। ਉਸ ਨੂੰ ਪਤਾ ਸੀ, ਉਹ ਕੀ ਕਰ ਰਿਹਾ ਹੈ ਅਤੇ ਉਸ ਨੂੰ ਇਸ ਦੀ ਕੀ ਕੀਮਤ ਤਾਰਨੀ ਪੈਣੀ ਹੈ। ਇਸੇ ਲਈ ਜਦੋਂ ਸਰਕਾਰ ਵੱਲੋਂ ਉਸ ਨੂੰ ਮਾਰਨ ਦਾ ਫ਼ੈਸਲਾ ਕਰ ਲੈਣ ਦੀ ਸੂਹ ਮਿਲਦੀ ਹੈ ਤਾਂ ਸਾਥੀਆਂ ਵੱਲੋਂ ਉਸ ਨੂੰ ਉਹ ਇਲਾਕਾ ਛੱਡ ਕੇ ਇਧਰ-ੳੁੱਧਰ ਹੋ ਜਾਣ ਲਈ ਦਿੱਤੀ ਹੋਈ ਸਲਾਹ ਰੱਦ ਕਰਦਿਆਂ ਉਹਨੇ ਕਿਹਾ ਕਿ ਜਿਨ੍ਹਾਂ ਮੁੰਡਿਆਂ ਨੂੰ ਉਹ ਇਨਕਲਾਬ ਲਈ ਤਿਆਰ ਕਰ ਗਿਆ ਹੈ, ਉਨ੍ਹਾਂ ਨੂੰ ਏਦਾਂ ਮੈਦਾਨ ਵਿਚ ਛੱਡ ਕੇ ਨਹੀਂ ਜਾਵੇਗਾ। ਉਹ ਕੀ ਸੋਚਣਗੇ ਕਿ ਭੀੜ ਪਈ ਤਾਂ ਲਾਂਭੇ ਹੋ ਗਿਆ।…ਸਾਬਤ ਕਦਮੀਂ ਤੁਰਨ ਦਾ ਇਹ ਜਲੌਅ ਬਾਬਾ ਬੂਝਾ ਸਿੰਘ ਦੇ ਹਿੱਸੇ ਆਇਆ ਹੈ ਅਤੇ ਇਹ ਕੁਰਬਾਨੀ ਇਨਕਲਾਬਪਸੰਦਾਂ ਨੂੰ ਪ੍ਰੇਰਦੀ ਰਹੇਗੀ। ਬਖ਼ਸ਼ਿੰਦਰ ਦੀ ਇਹ ਫ਼ਿਲਮ ‘ਬਾਬਾ ਇਨਕਲਾਬ ਸਿੰਘ’ ਇਸ ਪ੍ਰੇਰਨਾ ਨੂੰ ਨਵੀਂ ਪੀੜ੍ਹੀ ਤੱਕ ਅਪੜਾਉਣ ਦਾ ਜ਼ਰੀਆ ਬਣੇਗੀ।

-ਜਸਵੀਰ ਸਮਰ
ਲੇਖਕ ਸੀਨੀਅਰ ਪੱਤਰਕਾਰ ਹਨ।

Saturday, May 8, 2010

ਬਾਬਾ ਬੂਝਾ ਸਿੰਘ ਨੂੰ ਲੋਕਾਂ ਦੇ ਦਿਲਾਂ 'ਤੇ ਲਿਖਣ ਵਾਲ਼ੀ ਫ਼ਿਲਮ


'ਬਾਬਾ ਬੂਝਾ ਸਿੰਘ: ਗ਼ਦਰ ਤੋਂ ਨਕਸਲਬਾੜੀ ਤੱਕ' ਛਪੀ ਤਾਂ ਇਸ ਦੀਆਂ ਕੁਝ ਕਾਪੀਆਂ ਮੇਰੇ ਝੋਲੇ ਵਿਚ ਆ ਗਈਆਂ। ਇਨ੍ਹਾਂ ਵਿਚੋਂ ਇਕ ਦਾ ਗਾਹਕ ਮੇਰਾ ਸਹਿਕਰਮੀ ਬਖ਼ਸ਼ਿੰਦਰ ਬਣਿਆ। ਤੀਜੇ ਦਿਨ ਫ਼ੋਨ ਖੜਕਿਆ, ''ਬਾਬੇ ਦਾ ਜੀਵਨ ਤਾਂ ਬੜਾ ਨਾਟਕ ਭਰਪੂਰ ਹੈ।'' ਮੈਂ ਖ਼ੁਸ਼ ਸੀ ਕਿ ਮੇਰੀ ਵੇਚੀ ਕਿਤਾਬ ਲੋਕਾਂ ਨੂੰ ਪਸੰਦ ਆ ਰਹੀ ਹੈ। ਹਫ਼ਤੇ ਕੁ ਬਾਅਦ ਫ਼ਿਰ ਟਰਨ-ਟਰਨ-ਟਰਨ। ਮੋਬਾਇਲ ਦੀ ਸਕਰੀਨ ਉੱਤੇ ਉਹੀ ਨਾਂ: ਬਖ਼ਸ਼ਿੰਦਰ।
''ਹਾਂ ਬਈ ਸਮਰ! ਮੈਂ ਬਾਬੇ ਬਾਰੇ ਫਿਲਮ ਦੀ ਪਟਕਥਾ ਲਿਖਾਂਗਾ।''

ਮੈਂ ਉਸ ਨੂੰ ਦੱਸਿਆ ਨਹੀਂ ਕਿ ਮੈਂ ਇਹ ਕੰਮ ਕਰਨ ਲਈ ਉਸ ਨੂੰ ਕਹਿਣ ਹੀ ਵਾਲਾ ਸਾਂ। ਪੂਰਾ ਹਫ਼ਤਾ ਬਾਬੇ ਦੀ ਸ਼ਖ਼ਸੀਅਤ ਬਾਬਤ ਹੀ ਗੱਲਾਂ ਹੋਈਆਂ ਸਨ। ਕੁਝ ਦਿਨਾਂ ਬਾਅਦ ਉਹਨੇ 17 ਸਫ਼ਿਆਂ ਦਾ ਪੁਲੰਦਾ ਮੇਰੇ ਹੱਥ ਲਿਆ ਫੜਾਇਆ। ਇਹਦਾ ਸਿਰਲੇਖ ਸੀ: ਬਾਬਾ ਇਨਕਲਾਬ ਸਿੰਘ ૶ ਪਟਕਥਾ ਲਈ ਨਾਟਕੀ ਅੰਸ਼। ਨਾਲ ਹੁਕਮ ਸੀ ਕਿ ਅਜਮੇਰ ਸਿੱਧੂ ਨਾਲ ਵਿਚਾਰ ਕਰ ਕੇ ਦ੍ਰਿਸ਼ਾਂ ਬਾਰੇ ਗੱਲ ਕਰਨੀ ਹੈ: ਕੋਈ ਕਾਂਟ-ਛਾਂਟ, ਕੋਈ ਵਾਧਾ-ਘਾਟਾ। ਅਜਮੇਰ ਨਾਲ ਗੱਲ ਹੋਈ ਤਾਂ ਇਨ੍ਹਾਂ ਦ੍ਰਿਸ਼ਾਂ ਦੀ ਰੂਪ ਰੇਖਾ ਵਿਚ ਤਬਦੀਲੀ ਕਰਨ ਯੋਗ ਦੱਸਣ ਲਈ ਕੁਝ ਨਹੀਂ ਲੱਗਿਆ। ਲਗਦਾ ਸੀ ਕਿਤਾਬ ਵਾਲੀਆਂ ਸਾਰੀਆਂ ਗੱਲਾਂ ਇਨ੍ਹਾਂ 17 ਸਫ਼ਿਆਂ ਵਿਚ ਸਿਮਟ ਗਈਆਂ ਹਨ। ਬਖ਼ਸ਼ਿੰਦਰ ਪਟਕਥਾ ਬਾਰੇ ਰੋਜ਼ ਗੱਲ ਕਰਦਾ। ਮੈਂ ਪਹਿਲੀ ਵਾਰ ਦੇਖ ਰਿਹਾ ਸਾਂ ਕਿ ਕਿਸੇ ਨੂੰ ਕੋਈ ਲਿਖਤ ਇਉਂ ਦਾਰੂ ਵਾਂਗ ਵੀ ਚੜ੍ਹ ਸਕਦੀ ਹੈ। ਪਾਤਰਾਂ ਬਾਬਤ ਉਹ ਰੋਜ਼ ਕੁਝ ਨਾ ਕੁਝ ਨਵਾਂ ਦੱਸਦਾ। ਕੁਝ ਦਿਨਾਂ ਬਾਅਦ ਹੀ ਉਹਨੇ ਸਿੱਧਿਆਂ, ਕੰਪਿਊਟਰ ਉੱਤੇ ਪਟਕਥਾ ਲਿਖਣੀ ਸ਼ੁਰੂ ਕਰ ਲਈ। ਪਹਿਲਾ ਦ੍ਰਿਸ਼ ਲਿਖ ਕੇ ਉਸ ਨੇ ਫ਼ੋਨ ਖੜਕਾਇਆ, ''ਤੈਨੂੰ ਇਕ ਚੀਜ਼ ਦਿਖਾਉਣੀ ਆ।'' ਉਸ ਨੇ ਕੋਈ ਹੋਰ ਗੱਲ ਕਰਨ ਤੋਂ ਪਹਿਲਾਂ ਕੰਪਿਊਟਰ ਦਾ ਬਟਨ ਦੱਬਿਆ। ਸਕਰੀਨ ਉੱਤੇ ਆਮ ਛੋਟੇ ਅੱਖਰਾਂ ਵਿਚ 'ਪਟਕਥਾ' ਸ਼ਬਦ ਤੋਂ ਬਾਅਦ ਮੋਟੇ ਅੱਖ਼ਰਾਂ ਵਿਚ 'ਬਾਬਾ ਇਨਕਲਾਬ ਸਿੰਘ' ਲਿਖਿਆ ਹੋਇਆ ਦਿਸਿਆ ਤੇ ਮੈਂ ਸਮਝਿਆ ਕਿ ਉਸ ਤੋਂ 'ਬਾਬਾ ਬੂਝਾ ਸਿੰਘ' ਦਾ ਨਾਂ ਗ਼ਲਤ ਲਿਖਿਆ ਗਿਆ ਹੈ। ਮੈਂ ਕੁੱਝ ਕਹਿਣ ਹੀ ਲੱਗਿਆ ਸਾਂ ਕਿ ਉਹ ਬੋਲਿਆ, ''ਫ਼ਿਲਮ ਦਾ ਟਾਈਟਲ ਇਹੋ ਹੋਵੇਗਾ।

ਮੈਨੂੰ ਕੰਪਿਊਟਰ ਅੱਗੇ ਕੁਰਸੀ 'ਤੇ ਬਿਠਾ ਉਹ ਚਾਹ ਬਣਾਉਣ ਰਸੋਈ 'ਚ ਚਲਾ ਗਿਆ ਅਤੇ ਉੱਥੋਂ ਕੁਝ ਨਾ ਕੁਝ ਬੋਲੀ ਗਿਆ। ਮੈਂ ਸੀਨ ਪੜ੍ਹ ਰਿਹਾ ਸਾਂ ਤਾਂ ਇਉਂ ਲੱਗ ਰਿਹਾ ਸੀ ਕਿ ਅੱਖਾਂ ਅੱਗੇ ਫ਼ਿਲਮ ਚੱਲ ਰਹੀ ਹੈ। ਜਦੋਂ ਤੱਕ ਚਾਹ ਆਈ, ਮੈਂ ਪਹਿਲਾ ਸੀਨ ਪੜ੍ਹ ਚੁੱਕਾ ਸਾਂ। ਦੋਹਾਂ ਦੀਆਂ ਨਜ਼ਰਾਂ ਮਿਲੀਆਂ। ਅਗਲੇ ਹੀ ਪਲ ਅਸੀਂ ਇਕ ਦੂਜੇ ਦੀ ਗਲਵਕੜੀ 'ਚ ਸਾਂ। ਇਸ ਤੋਂ ਅੱਗੇ ਬਾਬਾ ਸੀ ਤੇ ਬਖ਼ਸ਼ਿੰਦਰ ਸੀ। ਸੀਨ ਦਰ ਸੀਨ ਕੰਪਿਊਟਰ ਵਿਚ ਬੰਦ ਹੋਣ ਲੱਗੇ। ਇਕ ਦਿਨ ਪਤਾ ਲੱਗਿਆ ਕਿ ਉਹ ਉਚੇਚਾ ਬਾਬੇ ਦੇ ਪਿੰਡ ਚੱਕ ਮਾਈਦਾਸ ਵੀ ਹੋ ਆਇਆ ਹੈ। ਮੋਬਾਈਲ ਨਾਲ ਖਿੱਚੀ ਬਾਬੇ ਦੀ ਸਮਾਧ ਦੀ ਫੋਟੋ ਦੇਖੀ ਤਾਂ ਮੇਰਾ ਦਿਲ ਵੀ ਵਲੂੰਧਰਿਆ ਗਿਆ। ਝਾੜ-ਝੁੰਡੇ। ਉੱਚਾ ਸੁੱਕਿਆ ਘਾਹ ਬਾਬੇ ਨੂੰ ਮਖੌਲ਼ ਕਰ ਰਿਹਾ ਜਾਪਦਾ ਸੀ।૴ਬਖ਼ਸ਼ਿੰਦਰ ਪਟਕਥਾ ਵਾਂਗ ਫਿਰ ਚਿੱਤਰ ਖਿੱਚਣ ਲੱਗ ਪਿਆ।...ਪਿੰਡ ਦੇ ਰਾਹ ਵੱਲ ਜਾਂਦਿਆਂ ਉਹਨੂੰ ਇਕ ਬਜ਼ੁਰਗ ਔਰਤ ਦਿਸੀ। ਇਤਫ਼ਾਕਨ ਉਹ ਬਾਬੇ ਦੀ ਰਿਸ਼ਤੇਦਾਰੀ ਵਿਚੋਂ ਸੀ। ਮੈਂ ਬਾਬੇ ਦੀ ਪਟਕਥਾ ਵਾਂਗ ਇਹ ਕਥਾ ਵੀ ਸੁਣੀ। ਫਿਰ ਕਹਿਣ ਲੱਗਿਆ, ''ਆਪਾਂ ਅਜਮੇਰ ਸਿੱਧੂ ਨਾਲ ਗੱਲ ਕਰ ਕੇ, ਸਮਾਧ ਦੀ ਸਫ਼ਾਈ ਕਰਾ ਕੇ ਫੁੱਲਾਂ ਦੇ ਦੋ-ਚਾਰ ਬੂਟੇ ਨਾ ਲਗਾ ਦੇਈਏ?"

ਦੋ ਮਹੀਨੇ ਵੀ ਨਹੀਂ ਲੰਘੇ ਹੋਣੇ ਕਿ ਫ਼ਿਲਮ ਦਾ ਆਖ਼ਰੀ ਸੀਨ ਵੀ ਲਿਖਿਆ ਗਿਆ। ਇਹ ਸੀਨ ਬਾਬੇ ਦੀ ਸਮਾਧ ਉੱਤੇ ਮੁੱਕਦਾ ਹੈ। ਆਖ਼ਰੀ ਸੀਨ ਸੁਣ ਕੇ ਹਟਿਆ ਤਾਂ ਲੱਗਿਆ ਕਿ ਫ਼ਿਲਮ ਦੇਖ ਕੇ ਹਟਿਆ ਹਾਂ। ਪਟਕਥਾ ਵਿਚੋਂ ਬਾਬਾ ਬੂਝਾ ਸਿੰਘ ਦੇ ਦਰਸ਼ਨ ਜਿਸ ਤਰ੍ਹਾਂ ਹੋਏ ਹਨ, ਉਸ ਤੋਂ ਲੱਗਿਆ, ਜੇ ਉਹ ਕਿਸੇ ਦਿਨ ਕਿਸੇ ਰਾਹ ਜਾਂਦਾ ਦਿਸਿਆ ਤਾਂ ਮੈਂ ਉਸ ਨੂੰ ਝੱਟ ਪਛਾਣ ਲਵਾਂਗਾ। ਦਿਲ ਵਿਚ ਉਬਾਲ ਜਿਹਾ ਉੱਠਿਆ ਕਿ ਫ਼ਿਲਮ ਛੇਤੀ ਬਣਨੀ ਚਾਹੀਦੀ ਹੈ। ਵਿਦੇਸ਼ ਵਸਦੇ ਬਾਬੇ ਦੇ ਰਿਸ਼ਤੇਦਾਰ ਅਤੇ ਸੰਤ ਰਾਮ ਉਦਾਸੀ ਟਰੱਸਟ ਦੇ ਪ੍ਰਧਾਨ ਸੁਖਵਿੰਦਰ ਕੰਧੋਲਾ ਨੇ ਫ਼ਿਲਮ ਬਣਾਉਣ ਬਾਰੇ ਗੱਲ ਚਲਾਈ, ਪਰ ਉਹ ਵੀ ਪੱਛਮ ਵਿਚ ਪਏ ਮੰਦਵਾੜੇ ਦੀ ਲਪੇਟ ਵਿਚ ਆ ਗਿਆ। ਬਖ਼ਸ਼ਿੰਦਰ ਅਜੇ ਵੀ ਆਪਣੇ ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਿਆ ਦੇਖਣ ਲਈ ਜੂਝ ਰਿਹਾ ਹੈ। ਉਹ ਅਕਸਰ ਕਹਿੰਦਾ ਹੈ, ''ਇਹ ਪ੍ਰਾਜੈਕਟ ਸਿਰੇ ਚੜ੍ਹਨ ਤੋਂ ਭਾਵੇਂ ਅਗਲੇ ਦਿਨ ਹੀ ਮਰ ਜਾਵਾਂ, ਏਦਾਂ ਸਮਝਾਂਗਾ ਕਿ ਜ਼ਿੰਦਗੀ ਵਿਚ ਕੁਝ ਕਰ ਚੱਲਿਆ ਹਾਂ।'' ਮੈਂ ਫਿਰ ਤੜਫ਼ਦਾ ਹਾਂ।
ਬਖ਼ਸ਼ਿੰਦਰ, ਮਸ਼ਹੂਰ ਫ਼ਿਲਮਸਾਜ਼ ਸ਼ਿਆਮ ਬੈਨੇਗਲ ਦੀ ਮਿਸਾਲ ਦਿੰਦਾ ਹੈ, ਜਿਸ ਨੂੰ ਫ਼ਿਲਮ 'ਨਿਸ਼ਾਂਤ' ਪੂਰੀ ਕਰਨ ਲਈ ਤਿੰਨ ਲੱਖ ਕਿਸਾਨਾਂ ਨੇ ਇਕ-ਇਕ ਰੁਪੱਈਆ ਦਿੱਤਾ ਸੀ। ਇਸੇ ਤਰ੍ਹਾਂ ਫ਼ਿਲਮ 'ਨੈਕਸਲਾਈਟ' ਸਿਰੇ ਚਾੜ੍ਹਨ ਲਈ ਖਵਾਜਾ ਅਹਿਮਦ ਅੱਬਾਸ ਨੇ ਆਪਣੇ ਕੈਮਰਾਮੈਨ ਤੇ ਹੋਰ ਸਾਥੀਆਂ ਨੂੰ ਫ਼ਿਲਮ ਦੇ ਖਰਚ ਅਤੇ ਨਫ਼ੇ ਦੇ ਸਾਂਝੀਦਾਰ ਬਣਾ ਲਿਆ ਸੀ। ਉਹ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਦਾ ਹੈ, ''ਬਾਬੇ ਦੇ ਇੰਨੇ ਕੁ ਖ਼ੈਰ-ਖ਼ਵਾਹ ਤਾਂ ਜ਼ਰੂਰ ਹੋਣਗੇ ਕਿ ਇਕ ਫ਼ਿਲਮ ਫਾਇਨਾਂਸ ਕਰ ਸਕਣ?'' ਮੈਂ ਉਸ ਵੱਲੋਂ ਦਿੱਤੀਆਂ ਇਨ੍ਹਾਂ ਦਲੀਲਾਂ ਤੋਂ ਕਾਇਲ ਹੋਣ ਬਗ਼ੈਰ ਨਾ ਰਹਿ ਸਕਿਆ ਤੇ ਕਹਿੰਦਾ ਹਾਂ,''ਮੇਰੇ ਵੱਲੋਂ ਦਸ ਹਜ਼ਾਰ ਰੁਪਏ। ਤੁਸੀਂ ਖਾਤਾ ਖੋਲ੍ਹ ਕੇ ਮਹੂਰਤ ਕਰੋ।'' ਕੋਲ ਬੈਠਾ ਗੁਰਮੇਲ ਸਰਾ ਜਿਹੜਾ ਸਾਡੀਆਂ ਗੱਲਾਂ ਨੀਝ ਲਾ ਕੇ ਸੁਣ ਰਿਹਾ ਸੀ, ਬੋਲਿਆ,''ਮੇਰਾ ਵੀ ਦਸ ਹਜ਼ਾਰ।'' ਮੈਨੂੰ ਫ਼ਿਲਮ ਦੀ ਸ਼ੂਟਿੰਗ ਹੋ ਰਹੀ ਦਿਸਣ ਲੱਗੀ। ਕੁਝ ਚਿਰ ਪਿੱਛੋਂ ਬਖ਼ਸ਼ਿੰਦਰ ਦੀ ਆਵਾਜ਼ ਆਉਣ ਲਗਦੀ ਹੈ,''ਇਸ ਫ਼ਿਲਮ ਉੱਤੇ ਖਰਚੀ ਜਾਣ ਵਾਲੀ ਇਕ ਇਕ ਪਾਈ ਦਾ ਹਿਸਾਬ ਰੱਖਿਆ ਹੀ ਨਹੀਂ ਜਾਵੇਗਾ, ਸਭ ਨੂੰ ਦੱਸਿਆ ਵੀ ਜਾਵੇਗਾ। ਬੈਂਕ ਵਿਚ ਖਾਤਾ ਖੋਲ੍ਹ ਕੇ ਅਸੀਂ 'ਫੇਸਬੁੱਕ' ਰਾਹੀਂ ਸਭ ਨੂੰ ਸੂਚਿਤ ਕਰਾਂਗੇ।'' ਜਿਹੜੀ ਗੱਲ ਮੈਂ ਕਹਿਣ ਨੂੰ ਫਿਰਦਾ ਸਾਂ, ਬਖ਼ਸ਼ਿੰਦਰ ਨੇ ਆਪ ਕਰ ਦਿੱਤੀ।

ਉਸ ਨੇ ਤਾਂ 'ਫੇਸਬੁੱਕ' ਉੱਤੇ 'ਬਾਬਾ ਇਨਕਲਾਬ ਸਿੰਘੀਏ' ਦੇ ਨਾਂ ਹੇਠ ਗਰੁੱਪ ਵੀ ਖੜ੍ਹਾ ਕਰ ਲਿਆ ਹੈ ਅਤੇ ਹੋਕਾ ਦੇ ਰਿਹਾ ਹੈ ਕਿ ਬਾਬੇ ਦੀ ਕੁਰਬਾਨੀ ਦਾ ਮੁੱਲ ਪਾਉਣ ਲਈ ਸਾਂਝਾ ਹੰਭਲਾ ਮਾਰਿਆ ਜਾਵੇ। ਬਿਲਕੁਲ ਉਸੇ ਤਰ੍ਹਾਂ, ਜਿਸ ਤਰ੍ਹਾਂ ਬਾਬਾ ਬੂਝਾ ਸਿੰਘ ਇਸ ਪਟਕਥਾ ਦੇ ਦ੍ਰਿਸ਼ ਨੰਬਰ 41 ਵਿਚ ਆਪਣੀ ਪਤਨੀ ਨਾਲ ਗੱਲਾਂ ਕਰਦਾ ਆਖਦਾ ਹੈ, ''ਮੈਂ ਸਾਰੇ ਜਹਾਨ ਦੀ ਕਬੀਲਦਾਰੀ ਸਹੇੜ ਲਈ ਆ૴ਮੈਂ ਸਾਰੀ ਦੁਨੀਆ ਦੇ ਦੁੱਖ-ਦਲਿੱਦਰ ਦੂਰ ਕਰਨੇ ਚਾਹੁੰਨਾਂ।''

ਜੱਗ-ਜਹਾਨ ਦੇ ਦੁੱਖ-ਦਲਿੱਦਰ ਦੂਰ ਕਰਨ ਲਈ ਘਰ ਦੀ ਦਹਿਲੀਜ਼ ਟੱਪਣ ਵਾਲਾ ਬੂਝਾ ਸਿੰਘ ਤਾਉਮਰ ਘਰ ਨਹੀਂ 'ਪਰਤ' ਸਕਿਆ। 41ਵੇਂ ਸੀਨ ਵਿਚ ਉਸ ਦੀ ਪਤਨੀ ਧੰਤੀ ਉਹਨੂੰ ਇਨਕਲਾਬ ਲਈ ਤੋਰਦੀ ਆਖਦੀ ਹੈ, ''ਤੂੰ ਜਿਹੜੇ ਰਾਹੇ ਪੈ ਗਿਆ ਏਂ, ਇਹ ਪਰ'ਪਕਾਰ ਦਾ ਰਾਹ ਆ, ਸੰਤਾਂ-ਮਹਾਪੁਰਖਾਂ ਦਾ ਰਾਹ ਆ। ਇਸ ਰਾਹ ਪਿਆ ਏਂ ਸਰਦਾਰ ਜੀ ਤਾਂ ਫਤਿਹ ਕਰ ਕੇ ਮੁੜੀਂ ਤੇ ਮੈਨੂੰ ਲੋਕਾਂ ਵਲੋਂ ਕੋਈ ਉਲ੍ਹਾਮਾ ਨਾ ਦੁਆਵੀਂ ।''૴ਤੇ ਬੂਝਾ ਸਿੰਘ ਨੇ ਧੰਤੀ ਨੂੰ ਕੋਈ ਉਲ੍ਹਾਮਾ ਨਹੀਂ ਦਿਵਾਇਆ। ਉਹ ਆਪ ਇਨਕਲਾਬ ਦੇ ਰਾਹ ਚੱਲਿਆ ਅਤੇ ਦੂਜਿਆਂ ਨੂੰ ਵੀ ਪ੍ਰੇਰਿਆ। ਉਹਦੇ ਲਾਏ ਪਾਰਟੀ ਸਕੂਲਾਂ ਵਿਚ ਜਿਹੜਾ ਵੀ ਗਿਆ, ਉਮਰ ਭਰ ਭੁੱਲ ਨਹੀਂ ਸਕਿਆ। ਜਦੋਂ ਜਾਨ 'ਤੇ ਆਣ ਪਈ ਤਾਂ ਰਣ ਤੱਤੇ ਵਿਚ ਜੂਝ ਮਰਿਆ। ਇਸ ਪਟਕਥਾ ਵਿਚ ਬਾਬੇ ਦੇ ਇਨਕਲਾਬੀ ਨੈਣ-ਨਕਸ਼ ਖੂਬ ਉਘੜੇ ਹਨ। ਕੋਈ ਦਾਅਵਾ ਨਹੀਂ ਸਗੋਂ ਯਕੀਨ ਹੈ ਕਿ ਜੇ ਇਸ ਪਟਕਥਾ ਦੇ ਆਧਾਰ 'ਤੇ ਬਣੀ ਫ਼ਿਲਮ ਲੋਕਾਂ ਨੇ ਦੇਖ ਲਈ ਤਾਂ ਬਾਬਾ ਬੂਝਾ ਸਿੰਘ ਉਸ ਫ਼ਿਲਮ ਰਾਹੀ ਲੋਕਾਂ ਦੇ ਦਿਲਾਂ ਉੱਤੇ ਲਿਖਿਆ ਜਾਵੇਗਾ। #

ਬਾਬਾ ਇਨਕਲਾਬ ਸਿੰਘ
ਸੀਨ-40
ਇਨ ਡੋਰ ਬੂਝਾ ਸਿੰਘ ਦਾ ਘਰ ਦਿਨ


(ਸੀਨ ਨੰਬਰ 39 ਵਿਚ ਵੱਜੇ ਠਹਾਕੇ ਵਿਚ ਹੀ ਬੂਝਾ ਸਿੰਘ ਦੇ ਭਰਾ ਤੇ ਪਰਿਵਾਰ ਦੇ ਹੋਰ
ਜੀਆਂ ਦਾ ਠਹਾਕਾ ਰਲ ਜਾਂਦਾ ਹੈ।ਇਉਂ ਲੱਗਦੈ ਜਿਵੇਂ ਕਿਸੇ ਨੇ ਕੋਈ ਗੱਲ ਕੀਤੀ ਹੋਵੇ
ਤੇ ਸਾਰੇ ਜਣੇ ਉਸ 'ਤੇ ਹੱਸੇ ਹੋਣ। ਬੂਝਾ ਸਿੰਘ ਇਕ ਮੰਜੇ ਉੱਤੇ ਬੈਠਾ ਹੈ ਤੇ ਸਾਰਾ
ਪਰਿਵਾਰ ਉਸ ਦੇ ਦੁਆਲੇ ਬੈਠਾ ਹੈ। ਬੂਝਾ ਸਿੰਘ ਦੇ ਭਰਾਵਾਂ ਵਿਚੋਂ ਇਕ ਦਾ ਮੁੰਡਾ
ਕਾਕੂ ਕਹਿੰਦਾ ਹੈ)
ਕਾਕੂ -ਕੁਛ ਵੀ ਆ, ਤਾਇਆ ਪਹਿਲਾਂ ਨਾਲੋਂ ਗੋਰਾ ਹੋ ਕੇ ਆਇਐ।
ਧੰਤੀ -ਚੁੱਪ ਕਰ ਵੇ ਕਾਕੂ ਵੱਡਿਆਂ ਨੂੰ ਐਂ ਨਹੀਂ ਬੋਲੀਦਾ।
ਅਮਰ ਸਿੰਘ -ਓਦਾਂ ਭਾਬੀ, ਕਾਕੂ ਦੀ ਗੱਲ ਤਾਂ ਠੀਕ ਹੀ ਆ। ਜਦੋਂ ਭਾਅ ਆਹ ਵੱਡਾ ਸਾਰਾ ਟਰੰਕ ਚੁੱਕੀ
ਅੰਦਰ ਵੜਿਆ ਤਾਂ ਮੈਂ ਤਾਂ ਇਹੋ ਲੱਖਣ ਲਾਇਆ ਬਈ ਕੋਈ ਓਪਰਾ ਬੰਦਾ ਆ ਵੜਿਆ ਸਾਡੇ
ਘਰ।
ਧੰਤੀ -ਨਾ ਬਈ ਅਮਰ ਸਿੰਹਾਂ ਤੈਨੂੰ ਲੱਗਿਆ ਹੋਊ ਏਦਾਂ। ਮੈਂ ਤਾਂ ਦਰ ਟੱਪਦੇ ਨੂੰ ਸਿਆਣ ਲਿਆ ਸੀ
ਕਿ ਇਹ ਤਾਂ ਸਾਡਾ ਹੀ ਵਲਾਇਤੀਆ ਰਾਹ ਭੁੱਲ ਆਇਐ।
ਬੂਝਾ ਸਿੰਘ -ਮਿਹਣੇ ਨਾ ਮਾਰ ਸਰਦਾਰਨੀਏ, ਰਾਹ ਭੁੱਲਿਆ ਨਹੀਂ, ਸਹੀ ਰਾਹ ਪੈ ਕੇ ਮੁੜਿਆਂ।
ਧੰਤੀ -ਸਾਨੂੰ ਕੀ ਇਲਮ, ਅਸੀਂ ਤਾਂ ਉਹੀ ਕਿਹਾ, ਜੋ ਸਾਡੇ ਨਾਲ ਹੋਇਆ-ਬੀਤਿਐ।
ਅਮਰ ਸਿੰਘ ૶ਚਲੋ ਤੁਸੀਂ ਆਪਣਾ ਨਿਆਂ ਫੇਰ ਕਰਦੇ ਰਿਹੋ। ਮੈਂ ਚੱਲਿਆਂ ਖੂਹ ਨੂੰ, ਬਾਪੂ ਨੂੰ ਭਾਅ ਦੇ ਆਉਣ
ਦੀ ਖ਼ਬਰ ਦੇਣ। ਉਨ੍ਹੇ ਕਹਿਣਾ ਮੈਨੂੰ ਸਾਰੇ ਪਿੰਡ ਨੂੰ ਖ਼ਬਰ ਹੋਣ ਤੋਂ ਮਗਰੋਂ ਦੱਸਿਐ। ਭਾਅ ਤੂੰ ਵੀ
ਹੱਥ-ਮੂੰਹ ਸੁੱਚਾ ਕਰ ਕੇ, ਅੰਨ-ਪਾਣੀ ਛਕ ਕੇ ਘੜੀ ਸਰਾਮ ਕਰ ਲੈ, ਲੰਮਾ ਪੈਂਡਾ ਕਰ ਕੇ
ਥੱਕਿਆ ਹੋਵੇਂਗਾ। ਮੈਂ ਗਿਆ ਤੇ ਆਇਆ। ਫੇਰ ਸੁਣਾਂਗੇ ਸਾਰੇ ਜਣੇ ਬੈਠ ਕੇ ਤੇਰੇ ਸਫ਼ਰ ਦਾ
ਚਿੱਠਾ।(ਇਹ ਕਹਿ ਕੇ ਉਹ ਤੁਰਨ ਹੀ ਲੱਗਦਾ ਹੈ ਕਿ ਬਾਪੂ ਧਰਮ ਸਿੰਘ ਵੀ ਬੂਹੇ ਆ ਵੜਦਾ ਹੈ
ਤੇ ਕਹਿੰਦਾ ਹੈ)
ਧਰਮ ਸਿੰਘ ૶ਓਏ ਤੇਰੇ ਆਉਣ ਦੀਆਂ ਵਧਾਈਆਂ ਦੇਣ ਵਾਲੇ ਤਾਂ ਮੈਨੂੰ ਖੂਹ 'ਤੇ ਵੀ ਜਾ ਮਿਲੇ, ਤੇਰਾ ਚਿੱਤ
ਨਾ ਕੀਤਾ ਮੈਨੂੰ ਮਿਲਣ ਨੂੰ? (ਇੰਨਾ ਕਹਿੰਦਾ ਹੀ ਉਹ ਉੱਠ ਕੇ ਖੜ੍ਹੇ ਹੋ ਗਏ ਬੂਝਾ ਸਿੰਘ ਨੂੰ
ਕਲਾਵੇ ਵਿਚ ਲੈ ਲੈਂਦਾ ਹੈ ਤੇ ਬੂਝਾ ਸਿੰਘ ਕਲਾਵਾ ਢਿੱਲਾ ਹੁੰਦੇ ਹੀ ਝੁਕ ਕੇ ਬਾਪੂ ਦੇ ਗੋਡੀਂ ਹੱਥ
ਲਾ ਕੇ ਕਹਿੰਦਾ ਹੈ)
ਬੂਝਾ ਸਿੰਘ -ਅਜੇ ਤਾਂ ਆ ਕੇ ਜੁੱਤੀ ਲਾਹੀ ਆ ਬਾਪੂ, ਅਮਰ ਸਿਹੁੰ ਤੈਨੂੰ ਦੱਸਣ ਜਾਣ ਲਈ ਤੁਰਨ
ਹੀ ਲੱਗਿਆ ਸੀ ਖੂਹ ਨੂੰ ਕਿ ਤੂੰ ਆ ਗਿਆ। ਮੈਨੂੰ ਆਏ ਨੂੰ ਕਿਹੜਾ ਦਸ ਦਿਨ ਹੋ ਗਏ।
ਧਰਮ ਸਿੰਘ -ਤੂੰ ਤਾਂ ਕੋਹੜਿਆ ਮੂਲੋਂ ਹੀ ਨਿਰਮੋਹਾ ਹੋ ਗਿਆ, ਜਾ ਕੇ ਕੋਈ ਚਿੱਠੀ ਨਾ ਚੀਰਾ।
ਬੂਝਾ ਸਿੰਘ -ਉਹ ਵੀ ਸਾਰੀਆਂ ਗੱਲਾਂ ਕਰਾਂਗੇ ਬਾਪੂ, ਪਹਿਲਾਂ ਇਹ ਦੱਸ ਤੇਰੀ ਸਿਹਤ ਕਿੱਦਾਂ ਰਹਿੰਦੀ ਆ
ਹੁਣ?
ਧਰਮ ਸਿੰਘ -ਤੂੰ ਮੇਰੀ ਸਿਹਤ ਦਾ ਫਿਕਰ ਕਦੋਂ ਦਾ ਕਰਨ ਲੱਗ ਪਿਐਂ? ਤੂੰ ਤਾਂ ਲਾਂਭੇ ਹੋ ਗਿਆ, ਤੈਨੂੰ ਕੀ
ਕੋਈ ਮਰੇ ਕੋਈ ਜੀਵੇ।
ਬੂਝਾ ਸਿੰਘ -ਤੂੰ ਹੁਣ 'ਸਾਨ ਲਾਉਣੇ ਛੱਡ ਵੀ ਦੇ।
ਧਰਮ ਸਿੰਘ -ਤੇਰੇ 'ਤੇ ਕਾਹਦੇ 'ਸਾਨ ਮੱਲਾ, ਏਸ ਬੇਗਾਨੀ ਧੀ ਵੱਲ ਦੇਖ, ਜਿਹੜੀ ਮੇਰੀ ਨੂੰਹ ਨਹੀਂ, ਧੀ ਵੀ
ਬਣੀ ਤੇ ਪੁੱਤ ਵੀ। ਇਕ ਤੂੰ ਏਂ ਜਿਹੜਾ ਪੁੱਤ ਹੋ ਕੇ ਵੀ...
(ਧਰਮ ਸਿੰਘ ਦਾ ਗੱਚ ਭਰ ਆਉਂਦਾ ਹੈ ਤੇ ਧੰਤੀ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਕਹਿੰਦੀ ਹੈ)
ਧੰਤੀ -ਬੱਸ ਵੀ ਕਰ ਬਾਪੂ ਜੀ ਕਿਹਦੇ ਅੱਗੇ ਬੀਨ ਵਜਾਉਣ ਡਿਹਾ ਏਂ।
ਬੂਝਾ ਸਿੰਘ ૶ਲੈ ਹੁਣ ਇਹ ਵੀ ਪਾਛੂ ਬਣ ਗਈ ਆ। ਓ ਯਾਰ, ਮੈਂ ਹੁਣ ਏਥੇ ਹੀ ਆਂ, ਟੰਗ ਲਿਓ ਜਿਹੜੇ
ਫਾਹੇ ਟੰਗਣਾ ਹੋਇਆ।
ਧਰਮ ਸਿੰਘ -ਫਾਹੇ ਤਾਂ ਸਾਨੂੰ ਤੂੰ ਟੰਗ ਕੇ ਟਿਭ ਗਿਆ।
ਅਮਰ ਸਿੰਘ ૶ਚੁੱਪ ਕਰ ਜਾ ਬਾਪੂ! ਭਾਅ, ਤੂੰ ਹੀ ਕੁਛ ਸਿਆਣਾ ਬਣ। ਜਹਾਨ ਕੀ ਕਹੂ ਪਈ ਆਉਣ ਸਾਰ
ਹੀ ਝੰਜੂਆੜਾ ਪੈ ਗਿਆ। ਭਾਬੀ ਤੂੰ ਤਾਂ ਏਨੀ ਸਿਆਣੀ ਹੋ ਕੇ ਵੀ૴ਮੈਂ ਤੈਨੂੰ ਸਮਝਾਉਂਦਾ ਚੰਗਾ
ਲੱਗਦਾਂ? ਜਾ ਅੰਦਰ ਜਾ ਕੇ ਕੋਈ ਰੋਟੀ ਟੁਕ ਦਾ ਆਹਰ ਕਰੋ ਭਾਅ ਲਈ। ਇਹ ਗੱਲਾਂ ਕਰਨ
ਨੂੰ ਬਥੇਰੀ ਉਮਰ ਪਈ ਆ। ਬਹਿ ਗਏ ਖੂਹ 'ਚ ਡਿੱਗੇ ਨੂੰ૴।
(ਇੰਨੇ ਨੂੰ ਅਮਰ ਸਿੰਘ ਦੇ ਘਰ ਵਾਲੀ ਘੁੰਡ ਕੱਢੀ ਆ ਕੇ ਬੂਝਾ ਸਿੰਘ ਅੱਗੇ ਰੋਟੀ
ਦੀ ਥਾਲੀ ਰੱਖ ਕੇ ਉਸ ਦੇ ਪੈਰੀਂ ਹੱਥ ਲਾ ਜਾਂਦੀ ਹੈ ਤਾਂ ਅਮਰ ਸਿੰਘ ਮਾਹੌਲ
ਬਦਲਣ ਲਈ ਕਹਿੰਦਾ ਹੈ)
-ਚੱਲ ਤੂੰ ਚੰਗੇ ਵੇਲੇ ਚਾਂਦ ਮਾਰੀ ਕਰ ਗਈ, ਨਹੀਂ ਤਾਂ ਓਦਾਂ ਕਿਹੜਾ ਭਾਅ ਨੇ ਤੈਨੂੰ ਆਪਣੇ ਪੈਰਾਂ
ਤਕ ਪਹੁੰਚਣ ਦੇਣਾ ਸੀ।
(ਨਾ ਚਾਹੁੰਦਿਆਂ ਵੀ ਸਾਰਿਆਂ ਦਾ ਹਾਸਾ ਨਿਕਲ ਜਾਂਦਾ ਹੈ ਤੇ ਅਮਰ ਸਿੰਘ ਕਹਿੰਦਾ ਹੈ)
-ਹੁਣ ਮੋਟੀ ਮੋਟੀ ਭੁੱਖ ਮਾਰ ਲਾ ਭਾਅ, ਰੋਟੀ ਤਾਂ ਆਪਾਂ ਖੂਹ ਦਾ ਗੇੜਾ ਮਾਰ ਕੇ ਆ ਕੇ ਹੀ
ਖਾਵਾਂਗੇ। ਕੱਟ

ਸੀਨ-41
ਇਨ ਡੋਰ ਬੂਝਾ ਸਿੰਘ ਦੇ ਘਰ ਦੀ ਇਕ ਬੈਠਕ ਰਾਤ

(ਧੰਤੀ ਆਪਣੇ ਘਰ ਦੇ ਇਕ ਕਮਰੇ ਵਿਚ ਮੰਜੇ ਬਿਸਤਰੇ ਵਿਛਾ ਰਹੀ ਹੈ।ਇੰਨੇ
ਵਿਚ ਬੂਝਾ ਸਿੰਘ, ਜਿਸ ਨੇ ਉਹੋ ਹੀ ਲਿਬਾਸ ਪਾਇਆ ਹੋਇਆ ਹੈ, ਜੋ ਉਸ ਨੇ
ਸੀਨ 40 ਵਿਚ ਵਿਦੇਸ਼ ਤੋਂ ਆਉਣ ਸਮੇਂ ਤੇ ਅਮਰ ਸਿੰਘ ਨਾਲ ਖੂਹ ਨੂੰ ਜਾਣ
ਸਮੇਂ ਪਾਇਆ ਹੋਇਆ ਸੀ, ਅੰਦਰ ਵੜਦਾ ਹੈ।ਉਸ ਵਲੋਂ ਬੂਹਾ ਖੋਲ੍ਹਣ ਨਾਲ
ਹੋਇਆ ਖੜਾਕਾ ਸੁਣ ਕੇ ਧੰਤੀ ਕਹਿੰਦੀ ਹੈ)
ਧੰਤੀ -ਹੋ ਗਿਆ ਮੇਲ ਮਿਲਾਪ ਤੋਂ ਵਿਹਲਾ ਸਰਦਾਰ ਜੀ?
ਬੂਝਾ ਸਿੰਘ -ਵਿਹਲਾ ਹੋ ਗਿਆ ਜਾਂ ਨਹੀਂ, ਤੂੰ ਇਹ ਦੱਸ ਤੇਰੇ ਕੋਲ ਵਿਹਲ ਹੈਗਾ ਮੇਰੇ ਕੋਲ ਦੋ ਪਲ
ਬੈਠਣ ਜੋਗਾ?
ਧੰਤੀ -ਵਿਹਲ ਈ ਵਿਹਲ ਆ, ਆਪਾਂ ਨੂੰ ਉੱਥੇ ਕਿਹੜਾ ਕੋਈ ਕੰਮ ਆ। ਕਰਨ-ਕਰਾਉਣ ਵਾਲੇ
ਆਪੇ ਹੀ ਬਥੇਰਾ ਕੰਮ ਕਰੀ ਜਾਂਦੇ ਆ।
ਬੂਝਾ ਸਿੰਘ -ਦੇਖ, ਜੇ ਏਦਾਂ ਟਾਂਚਾਂ-ਟਕੋਰਾਂ ਹੀ ਮਾਰੀ ਜਾਏਂਗੀ ਤਾਂ ਗੱਲ ਨਹੀਂ ਬਣਨੀ।
ਧੰਤੀ -ਹੁਣ ਤਕ ਓਦਾਂ ਵੀ ਗੱਲ ਕਿੰਨੀ ਕੁ ਬਣੀ ਹੋਈ ਆ ਸਰਦਾਰਾ? ਰਹਿੰਦੀ-ਖੂੰਹਦੀ ਤੇਰੇ
ਟਰੰਕ ਨੇ ਬਣਾ ਦਿੱਤੀ, ਜਿਸ ਵਿਚੋਂ ਤੇਰੇ ਮੈਲ਼ੇ ਲੀੜਿਆਂ ਤੋਂ ਬਿਨਾਂ ਕੁਛ ਨਹੀਂ
ਨਿਕਲਿਆ।
ਬੂਝਾ ਸਿੰਘ -ਅੱਛਾ ਟਰੰਕ ਦੀ ਤਲਾਸ਼ੀ ਤਾਂ ਤੂੰ ਲੈ ਹੀ ਹਟੀ ਏਂ, ਇਸ ਬੰਦੇ ਦਾ ਮਨ ਵੀ ਟੋਹ ਲਾ
ਹੁਣ।(ਇਹ ਕਹਿੰਦਾ ਬੂਝਾ ਸਿੰਘ, ਧੰਤੀ ਦੇ ਮੋਢੇ 'ਤੇ ਹੱਥ ਰੱਖਣ ਲੱਗਦਾ ਹੈ ਤਾਂ ਧੰਤੀ
ਤ੍ਰਬਕ ਕੇ ਪਿੱਛੇ ਹਟ ਜਾਂਦੀ ਹੈ)
ਧੰਤੀ -ਹੱਥ ਨਾ ਲਾਈਂ ਮੈਨੂੰ, ਜਿਹੜੀ ਗੱਲ ਕਰਨੀ ਆ, ਪਰ੍ਹਾਂ ਬੈਠਾ ਈ ਕਰੀ ਚੱਲ।
ਬੂਝਾ ਸਿੰਘ -ਦੇਖ ਤੂੰ ਮੈਨੂੰ ਉਸ ਗੁਨਾਹ ਦੀ ਸਜ਼ਾ ਦੇਈ ਜਾਨੀ ਏਂ, ਜਿਹੜਾ ਮੈਂ ਕੀਤਾ ਈ ਨਹੀਂ।
ਧੰਤੀ -ਗੁਨਾਹ? ਤੂੰ ਤਾਂ ਤਿੰਨ ਨਿਆਣਿਆਂ ਦਾ ਪੇ ਬਣ ਕੇ ਘਰੋਂ ਤੁਰ ਗਿਆ ਸੀ, ਮੈਨੂੰ ਇੱਥੇ ਸੱਤ
ਨਿਆਣਿਆਂ ਦੀ ਮਾਂ ਬਣਨਾ ਪੈ ਗਿਆ। ਮੈਂ ਆਪਣੇ ਪਾਲਦੀ ਕਿ ਬਾਪੂ ਦੇ ਵਿਆਹੁੰਦੀ-
ਨਜਿੱਠਦੀ?
ਬੂਝਾ ਸਿੰਘ -ਮੈਨੂੰ ਇਨ੍ਹਾਂ ਗੱਲਾਂ ਦਾ ਤੇਰੇ ਦੱਸਣ ਨਾਲੋਂ ਵੱਧ ਪਤੈ। ਤੂੰ ਆਪਣੀ ਤੇ ਬਾਪੂ ਦੀ ਕਬੀਲਦਾਰੀ
ਬਾਰੇ ਹੀ ਸੋਚਦੀ ਏਂ, ਮੈਂ ਸਾਰੇ ਜਹਾਨ ਦੀ ਕਬੀਲਦਾਰੀ ਸਹੇੜ ਲਈ ਆ।
ਧੰਤੀ -ਕਿਉਂ, ਤੂੰ ਕੋਈ ਹੋਰ ਟੱਬਰ ਕਰ ਲਿਆ ਆ?
ਬੂਝਾ ਸਿੰਘ -ਏਨੀ ਸਿਆਣੀ ਹੋ ਕੇ ਵੀ ਤੂੰ ਗੱਲ ਸਮਝਦੀ ਕਿਉਂ ਨਹੀਂ ਧੰਤ ਕੋਰੇ? ਮੈਨੂੰ ਸਾਰਾ ਜਹਾਨ
ਆਪਣਾ ਟੱਬਰ ਲੱਗਦੈ, ਮੈਂ ਸਾਰੀ ਦੁਨੀਆਂ ਦੇ ਦੁੱਖ-ਦਲਿੱਦਰ ਦੂਰ ਕਰਨੇ ਚਾਹੁੰਨਾ।
ਧੰਤੀ -ਜਿਹੜਾ ਬੰਦਾ ਆਪਣਾ ਘਰ ਨਾ ਸੁਆਰ ਸਕੇ, ਉਹ ਜੱਗ-ਜਹਾਨ ਦੇ ਦੁੱਖ ਕਿੱਦਾਂ ਤੋੜ ਦਊ
ਭਲਾ?
ਬੂਝਾ ਸਿੰਘ -ਇਹੋ ਤਾਂ ਗੱਲ ਆ ਜਿਹੜੀ ਮੈਂ ਤੈਨੂੰ ਸਮਝਾਉਣੀ ਚਾਹੁੰਨਾ।
ਧੰਤੀ -ਮੇਰੇ ਗੋਲ ਖਾਨੇ ਨਹੀਂ ਪੈਂਦੀਆਂ ਤੇਰੀਆਂ ਇਹ ਚਾਰ ਖੂੰਜੀਆਂ।
ਬੂਝਾ ਸਿੰਘ -ਤੇਰੇ ਹੀ ਨਹੀਂ, ਹਾਲੇ ਇਹ ਹੋਰ ਬਹੁਤਿਆਂ ਦੇ ਨਹੀਂ ਪੈਣੀਆਂ। ਪਹਿਲਾਂ ਸਾਨੂੰ ਇਹੋ ਕੰਮ
ਕਰਨਾ ਪੈਣਾ ਆ।
ਧੰਤੀ -ਸਾਨੂੰ? ਕੋਈ ਹੋਰ ਵੀ ਆ ਤੇਰੇ ਨਾਲ?
ਬੂਝਾ ਸਿੰਘ ૶ਆਹੋ, ਸਾਡੀ ਪਾਰਟੀ ਆ, ਉਸ ਦੇ ਲੀਡਰ ਆ। ਤੂੰ ਪਹਿਲਾਂ ਮੇਰੀ ਇਕ ਗੱਲ ਧਿਆਨ
ਨਾਲ ਸੁਣ। ਆਪਾਂ ਆਪਣੇ ਘਰ ਦਾ ਕੂੜਾ ਸੁੰਭਰ ਕੇ ਨਾਲ ਦੇ ਘਰ ਦੀ ਮੁੱਖ ਨਾਲ ਲਾ ਕੇ
ਇਹ ਸਮਝਦੇ ਹਾਂ ਕਿ ਸਾਡਾ ਘਰ ਸੁਥਰਾ ਹੋ ਗਿਆ। ਅਸਲ ਵਿਚ ਹੁੰਦਾ ਕੀ ਆ ਕਿ
ਅਸੀਂ ਉਹ ਕੂੜਾ ਆਪਣੇ ਘਰੋਂ ਕੱਢ ਕੇ ਕਿਸੇ ਹੋਰ ਦੇ ਘਰ ਨੇੜੇ ਰੱਖ ਦਿੱਤਾ, ਇਸ ਨਾਲ
ਗੰਦ ਖ਼ਤਮ ਤਾਂ ਨਾ ਹੋਇਆ ਨਾ?
ਧੰਤੀ -ਨਾ ਹੋਵੇ, ਸਾਡਾ ਘਰ ਤਾਂ ਸੁਥਰਾ ਹੋ ਈ ਗਿਆ।
ਬੂਝਾ ਸਿੰਘ ૶ਇਹੋ ਤਾਂ ਉਹ ਸੋਚ ਆ, ਜਿਸ ਨੂੰ ਬਦਲਣ ਦੀ ਲੋੜ ਆ। ਜੇ ਤੇਰੀ ਗੁਆਂਢਣ ਉਹ ਕੂੜਾ
ਤੇ ਆਪਣੇ ਘਰ ਦਾ ਕੂੜਾ ਹੂੰਝ ਕੇ ਤੀਜੇ ਘਰ ਦੀ ਮੁੱਖ ਨਾਲ ਲਾ ਆਵੇ ਤਾਂ ਤੀਜੇ ਘਰ ਵਾਲ਼ੀ
ਨੂੰ ਆਪਣੇ ਸਣੇ ਤਿੰਨ ਘਰਾਂ ਦਾ ਕੂੜਾ ਹੂੰਝਣਾ ਪੈ ਜਾਊ। ਏਦਾਂ ਹੀ ਇਸ ਬੀਹੀ ਦੇ ਅਖੀਰਲੇ
ਘਰ ਵਾਲ਼ੀ ਨੂੰ ਸਾਰੀ ਬੀਹੀ ਦਾ ਕੂੜਾ ਚੁੱਕਣਾ/ਹੂੰਝਣਾ ਨਾ ਪੈ ਜਾਊ?
ਧੰਤੀ -ਫੇਰ ਤਾਂ ਏਦਾਂ ਹੀ ਹੋਊ।
ਬੂਝਾ ਸਿੰਘ ૶ਉਸ ਅਖੀਰਲੇ ਘਰ ਵਾਲੀ ਨੂੰ ਇਸ ਜਹਿਮਤ ਤੋਂ ਬਚਾਇਆ ਜਾ ਸਕਦੈ।
ਧੰਤੀ -ਉਹ ਕਿੱਦਾਂ?
ਬੂਝਾ ਸਿੰਘ ૶ਜੇ ਸਾਰੇ ਘਰਾਂ ਦੀਆਂ ਤੀਮੀਆਂ ਆਪਣੇ-ਆਪਣੇ ਘਰ ਦਾ ਕੂੜਾ ਇਕ-ਦੂਜੀ ਦੇ ਘਰ
ਦੀਆਂ ਮੁੱਖਾਂ ਨਾਲ ਲਾਉਣ ਦੀ ਥਾਂ 'ਕੱਠੀਆਂ ਹੋ ਕੇ ਸਾਰੀ ਬੀਹੀ ਸੁੰਭਰ ਲੈਣ ਤਾਂ ਕੰਮ ਤਾਂ
ਓਨਾ ਹੀ ਹੋਊ, ਰਲ ਕੇ ਕਰਦਿਆਂ ਕਿਸੇ ਨੂੰ ਵੀ ਭਾਰਾ ਨਾ ਲੱਗੂ ਤੇ ਆਪਸ ਵਿਚ
ਭਾਈਚਾਰਾ ਵੀ ਵਧੂਗਾ।
ਧੰਤੀ -ਚਲੋ, ਤੁਹਾਡੀ ਇਹ ਗੱਲ ਮੰਨ ਲਈ, ਪਰ ਸਾਰੀ ਬੀਹੀ ਦੀਆਂ ਤੀਮੀਆਂ ਨੂੰ 'ਕੱਠੀਆਂ
ਕੌਣ ਕਰੂ?
ਬੂਝਾ ਸਿੰਘ ૶ਇਹ ਕੰਮ ਹੁਣ ਤੂੰ ਕਰ ਸਕਦੀ ਏਂ।ਬੱਸ ਇਹੋ ਜਿਹੀਆਂ ਕੁਛ ਗੱਲਾਂ ਸਿੱਖ ਕੇ ਆਇਆਂ। ਜੇ
ਮੈਂ ਤੇ ਮੇਰੇ ਨਾਲਦੇ, ਲੋਕਾਂ ਤੋਂ ਇਹੋ ਜਿਹੀਆਂ ਗੱਲਾਂ ਉੱਤੇ ਅਮਲ ਕਰਾਉਣ 'ਚ ਕਾਮਯਾਬ
ਹੋ ਗਏ ਤਾਂ ਇਸ ਜਹਾਨ ਤੋਂ ਸਾਰਾ ਹੀ ਕੂੜਾ ਤੇ ਦੁੱਖ-ਦਲਿੱਦਰ ਥੋੜ੍ਹੇ ਜਿਹੇ ਸਮੇਂ ਵਿਚ ਹੀ
ਹੂੰਝਿਆ ਜਾਊ ਤੇ ਇਸੇ ਕੰਮ ਨੂੰ ਹੀ ਇਨਕਲਾਬ ਕਹਿੰਦੇ ਹਨ।
(ਕੁਝ ਚਿਰ ਚੁੱਪ ਕਰ ਕੇ ਧੰਤੀ 'ਤੇ ਆਪਣੀ ਗੱਲ ਦਾ ਅਸਰ ਹੁੰਦਾ ਦੇਖਦਾ
ਹੈ। ਧੰਤੀ, ਜੋ ਹੁਣ ਤਕ ਉਸ ਤੋਂ ਪਰ੍ਹਾਂ ਦੂਜੇ ਮੰਜੇ ਉੱਤੇ ਬੈਠੀ ਹੁੰਦੀ ਹੈ,
ਉਸ ਦੇ ਨੇੜੇ ਆ ਕੇ ਗ਼ੌਰ ਨਾਲ ਉਸ ਦਾ ਚਿਹਰਾ ਇਸ ਤਰ੍ਹਾਂ ਦੇਖਦੀ ਹੈ,
ਜਿੱਦਾਂ ਉਸ ਨੂੰ ਪਛਾਨਣ ਦਾ ਯਤਨ ਕਰ ਰਹੀ ਹੋਵੇ। ਧੰਤੀ ਦੇ ਚਿਹਰੇ ਦੇ
ਪ੍ਰਭਾਵਾਂ ਵਿਚ ਆਈ ਨਰਮੀ ਮਹਿਸੂਸ ਕਰ ਕੇ ਬੂਝਾ ਸਿੰਘ ਉਸ ਨੂੰ ਬਹੁਤ
ਹੀ ਪੁਖ਼ਤਾ ਤੇ ਪ੍ਰਭਾਵਸ਼ਾਲੀ ਸੁਰ ਵਿਚ ਕਹਿੰਦਾ ਹੈ)
ਬੂਝਾ ਸਿੰਘ -ਤੇ ਮੈਂ ਇਨਕਲਾਬ ਲਿਆਉਣਾ ਆ, ਇਨਕਲਾਬ ਲਿਆ ਕੇ ਹੀ ਦਮ ਲੈਣਾ ਆ।
ਧੰਤੀ -ਹੁਣ ਬਹਿ ਗਈ ਆ ਮੇਰੇ ਵੀ ਖਾਨੇ ਗੱਲ।
ਬੂਝਾ ਸਿੰਘ -ਏਦਾਂ ਹੀ ਹਰ ਹਿੰਦੁਸਤਾਨੀ ਦੇ ਖਾਨੇ ਵਿਚ ਇਹ ਗੱਲ ਬਹਾਉਣ ਲਈ ਮੈਂ ਭਲਕੇ-ਪਰਸੋਂ
ਤੁਰ ਜਾਣਾ ਆ। ਹੁਣ ਮੈਂ ਤੇਰੇ ਘਰ ਕਦੇ-ਕਦਾਈਂ ਦਾ ਪ੍ਰਾਹੁਣਾ ਹੀ ਹੋਇਆ ਕਰੂੰ ਧੰਤ
ਕੋਰੇ।
ਧੰਤੀ -ਇਕ ਗੱਲ ਮੇਰੀ ਵੀ ਸੁਣ ਲਾ ਸਰਦਾਰ ਜੀ, ਤੇਰੀਆਂ ਦੋਵੇਂ ਧੀਆਂ ਵਿਆਹੁਣ ਯੋਗ ਆ
ਸੁੱਖ ਨਾਲ, ਤੂੰ ਉਨ੍ਹਾਂ ਦੇ ਹੱਥ ਪੀਲੇ ਕਰ ਜਾ ਆਪਣੀ ਹਾਜਰੀ 'ਚ, ਬਾਕੀ ਮੈਂ ਜਾਣਾ, ਮੇਰਾ
ਕੰਮ।
ਬੂਝਾ ਸਿੰਘ ૶ਤੇਰਾ ਕਿਹਾ ਸਿਰ ਮੱਥੇ।
ਧੰਤੀ -ਇਕ ਗੱਲ ਹੋਰ, ਤੂੰ ਜਿਹੜੇ ਰਾਹੇ ਪੈ ਗਿਆ ਏਂ, ਇਹ ਪਰ'ਪਕਾਰ ਦਾ ਰਾਹ ਆ, ਸੰਤਾਂ-
ਮਹਾਪੁਰਖਾਂ ਦਾ ਰਾਹ ਆ। ਇਸ ਰਾਹ ਪਿਆ ਏਂ ਸਰਦਾਰ ਜੀ ਤਾਂ ਫਤਿਹ ਕਰ ਕੇ ਮੁੜੀਂ
ਤੇ ਮੈਨੂੰ ਲੋਕਾਂ ਵਲੋਂ ਕੋਈ ਉਲ੍ਹਾਮਾ ਨਾ ਦੁਆਵੀਂ। ਕੱਟ

#
ਹੁਣ ਤੋਂ ਅਗਲੀ ਗੱਲ: 27 ਜੁਲਾਈ, 2010 ਨੂੰ ਬਾਬਾ ਬੂਝਾ ਸਿੰਘ ਨੂੰ ਸ਼ਹੀਦ ਹੋਇਆਂ 40 ਸਾਲ ਹੋ ਜਾਣਗੇ। ਕਿੰਨੀ ਚੰਗੀ ਗੱਲ ਹੋਵੇ ਜੇ ਇਸੇ ਦਿਨ ਬਾਬਾ ਜੀ ਨੂੰ 'ਬਾਬਾ ਇਨਕਲਾਬ ਸਿੰਘ' ਦੇ ਰੂਪ ਵਿਚ ਸਾਕਾਰ ਕਰਨ ਦਾ ਅਮਲ ਵਿੱਢ ਲਿਆ ਜਾਵੇ।
ਤੁਹਾਡਾ ਕੀ ਖਿਆਲ ਹੈ?

-ਜਸਵੀਰ ਸਮਰ
ਲੇਖਕ ਸੀਨੀਅਰ ਪੱਤਰਕਾਰ ਹਨ।


ਹੁਣ ਤੋਂ ਧੰਨਵਾਦ ਸਾਹਿਤ

Saturday, January 9, 2010

ਪਾਸ਼ ਤੇ ਬਾਬਾ ਬੂਝਾ ਸਿੰਘ ਬਾਰੇ ਫ਼ਿਲਮਾਂ ਬਣਨਗੀਆਂ

ਜਸਵੀਰ ਸਮਰ ਪੰਜਾਬੀ ਪੱਤਰਕਾਰੀ ਦਾ ਜਾਣਿਆ ਪਛਾਣਿਆ ਨਾਂਅ ਹੈ।ਪੰਜਾਬੀ ਪੱਤਰਕਾਰੀ ਦੇ ਜ਼ਿੰਮੇਂਵਾਰ ਅਦਾਰੇ ਪੰਜਾਬੀ ਟ੍ਰਿਬਿਊਨ ਨਾਲ ਉਹ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ।ਪੰਜਾਬ ਦੇ ਸਾਹਿਤਕ, ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ਵਾਲੀਆਂ ਵੱਖ ਵੱਖ ਲਿਖਤਾਂ ਰਾਹੀਂ ਉਹ ਪੰਜਾਬੀਆਂ ਨੁੰ ਰੂਬਰੂ ਹੁੰਦੇ ਰਹਿੰਦੇ ਹਨ।ਇਹ ਹੱਥਲੀ ਲਿਖਤ ਕੁਝ ਦਿਨ ਪਹਿਲਾਂ ਉਹਨਾਂ ਨੇ ਪੰਜਾਬੀ ਟ੍ਰਿਬਿਊਨ ‘ਚ ਲਿਖੀ ਸੀ।ਆਪਣੀ ਲਿਖਤ ਭੇਜਣ ਤੇ ਗੁਲਾਮ ਕਲਮ ‘ਚ ਛਪਣ ਦੇ ਕਾਬਿਲ ਸਮਝਣ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ।ਉਮੀਦ ਹੈ ਸਮਰ ਸਾਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ।-ਯਾਦਵਿੰਦਰ ਕਰਫਿਊ

ਪੰਜਾਬੀ ਸ਼ਾਇਰ ਪਾਸ਼ ਅਤੇ ਗ਼ਦਰੀ ਇਨਕਲਾਬੀ ਬਾਬਾ ਬੂਝਾ ਸਿੰਘ ਬਾਰੇ ਫ਼ਿਲਮਾਂ ਬਣਾਉਣ ਦੀ ਕਨਸੋਅ ਸ਼ੁਭ ਸ਼ਗਨ ਤਾਂ ਹੈ ਹੀ, ਅੱਜ ਦੇ ਉੱਤਰ ਆਧੁਨਿਕੀ ਦੌਰ ਵਿਚ ਚਾਲੂ ਪਹੁੰਚ ਨੂੰ ਸਰੋਕਾਰ-ਭਰਪੂਰ ਜਵਾਬ ਵੀ ਹੈ। ਪਾਸ਼ ਬਾਰੇ ਫ਼ਿਲਮ ਬਣਾਉਣ ਦਾ ਐਲਾਨ ਬਾਲੀਵੁੱਡ ਦੇ ਚਰਚਿਤ ਫ਼ਿਲਮਸਾਜ਼ ਅਨੁਰਾਗ ਕਸ਼ਿਅਪ ਨੇ ਕੀਤਾ ਹੈ। ਬਾਬਾ ਬੂਝਾ ਸਿੰਘ ਬਾਰੇ ਫ਼ਿਲਮ ਬਣਾਉਣ ਦਾ ਐਲਾਨ ਇੰਨਾ ਵਿਧੀਵਤ ਢੰਗ-ਤਰੀਕੇ ਨਾਲ ਤਾਂ ਨਹੀਂ ਹੋਇਆ ਪਰ ਫ਼ਿਲਮਾਂ ਨਾਲ ਗਹਿਰੇ ਰੂਪ ਵਿਚ ਜੁੜੇ ਪੱਤਰਕਾਰ ਬਖ਼ਸ਼ਿੰਦਰ ਨੇ ਬਾਬਾ ਬੂਝਾ ਸਿੰਘ ਦੇ ਜੀਵਨ ਸੰਗਰਾਮ ’ਤੇ ਆਧਾਰਿਤ ਪਟਕਥਾ (ਸਕਰਿਪਟ) ‘ਬਾਬਾ ਇਨਕਲਾਬ ਸਿੰਘ’ ਲਿਖ ਲਈ ਹੈ। ਪੂਰੇ ਸੌ ਦ੍ਰਿਸ਼ਾਂ ਵਾਲੀ ਇਸ ਫ਼ਿਲਮ-ਪਟਕਥਾ ਵਿਚ ਬਾਬੇ ਦਾ ਜੋ ਅਕਸ ਬਣਿਆ ਹੈ, ਉਹ ਫ਼ਿਲਮ ਖੇਤਰ ਦੇ ਨਾਲ ਨਾਲ, ਲੋਕਾਂ ਦੇ ਦੁੱਖ-ਦੁਸ਼ਵਾਰੀਆਂ ਕੱਟਣ ਲਈ ਜੂਝ ਰਹੇ ਜੁਝਾਰੂਆਂ ਲਈ ਮਿਸਾਲੀ ਹੋਵੇਗਾ।

ਅਨੁਰਾਗ ਕਸ਼ਿਅਪ ਵੱਲੋਂ ਪਾਸ਼ ਬਾਰੇ ਫ਼ਿਲਮ ਬਣਾਉਣ ਦੇ ਐਲਾਨ ਨਾਲ ਇਕ ਵਾਰ ਫਿਰ ਪਾਸ਼ ਦੀ ਕਵਿਤਾ ਵਿਚਲੇ ਕਣ ਅਤੇ ਉਹਦੇ ਜੀਵਨ ਬਾਬਤ ਚਰਚਾ ਤੁਰ ਪਈ ਹੈ। ਕੁਝ ਲੋਕਾਂ ਨੇ ਇਹ ਫ਼ਿਕਰ ਵੀ ਜ਼ਾਹਿਰ ਕੀਤਾ ਹੈ ਕਿ ਅਨੁਰਾਗ ਪਾਸ਼ ਬਾਰੇ ਭਲਾ ਕਿਹੋ ਜਿਹੀ ਫ਼ਿਲਮ ਬਣਾਏਗਾ ਕਿਉਂਕਿ ਇਤਿਹਾਸਕ ਫ਼ਿਲਮਾਂ ਵਿਚ ਬਹੁਤ ਵਾਰ ਤੱਥਾਂ ਬਾਰੇ ਹੇਰ-ਫੇਰ ਅਕਸਰ ਹੋ ਜਾਂਦਾ ਹੈ। ਪਾਸ਼ ਦੇ ਘਰਦਿਆਂ ਦਾ ਵੀ ਇਹੀ ਫ਼ਿਕਰ ਹੈ। ਉਂਝ ਇਹ ਫ਼ਿਕਰ ਜਾਇਜ਼ ਵੀ ਹੈ ਕਿਉਂਕਿ ਕੁਝ ਲੋਕਾਂ ਨੇ ਆਪਣੇ ਕੁਝ ਮੁਫ਼ਾਦਾਂ ਖ਼ਾਤਿਰ ਪਾਸ਼ ਬਾਰੇ ਮਿਥ ਕੇ ਤੱਥ ਤੋੜਨ-ਮਰੋੜਨ ਦਾ ਯਤਨ ਕੀਤਾ ਹੈ ਪਰ ਸਭ ਤੋਂ ਵੱਧ ਗੌਲਣ ਵਾਲੀ ਗੱਲ ਅਨੁਰਾਗ ਕਸ਼ਿਅਪ ਵੱਲੋਂ ਮਿਸਾਲੀ ਫ਼ਿਲਮਸਾਜ਼ ਗੁਰੂ ਦੱਤ (ਵਸੰਤ ਕੁਮਾਰ ਸ਼ਿਵਸੰਕਰ ਪਾਦੂਕੋਨ) ਦੀ ਥਾਂ ਪਾਸ਼ ਬਾਰੇ ਪ੍ਰਾਜੈਕਟ ਉਲੀਕਣ ਦਾ ਫ਼ੈਸਲਾ ਕਰਨਾ ਹੈ। ਅਨੁਰਾਗ ਕਸ਼ਿਅਪ ਦਾ ਮੁਢਲਾ ਪ੍ਰਾਜੈਕਟ ਗੁਰੂ ਦੱਤ ਬਾਰੇ ਹੀ ਸੀ ਪਰ ਜਦ ਉਸ ਨੇ ਪਹਿਲਾਂ ਪਾਸ਼ ਦੀ ਕਵਿਤਾ ‘ਸਭ ਤੋਂ ਖ਼ਤਰਨਾਕ’ ਅਤੇ ਫ਼ਿਰ ਹੋਰ ਕਵਿਤਾਵਾਂ ਪੜ੍ਹੀਆਂ ਤਾਂ ਗੁਣਾ ਪਾਸ਼ ਉੱਤੇ ਪੈ ਗਿਆ।

ਅਨੁਰਾਗ ਕਸ਼ਿਅਪ ਦੀ ਸਭ ਤੋਂ ਪਹਿਲਾਂ ਚਰਚਾ ਫ਼ਿਲਮ ‘ਸੱਤਿਆ’ ਨਾਲ ਹੋਈ ਸੀ। ਉਸ ਨੇ ਇਸ ਫ਼ਿਲਮ ਦੀ ਪਟਕਥਾ ਲਿਖੀ ਸੀ। ਇਹ ਫ਼ਿਲਮ ਅੰਡਰਵਰਲਡ ਬਾਬਤ ਸੀ। ਅੰਡਰਵਰਲਡ ਬਾਰੇ ਅਨੁਰਾਗ ਨੇ ਇੰਨੇ ਬਾਰੀਕ ਵੇਰਵੇ ਪੇਸ਼ ਕੀਤੇ ਸਨ ਕਿ ਸਭ ਨੇ ਉਂਗਲਾਂ ਮੂੰਹ ਵਿਚ ਪਾ ਲਈਆਂ ਸਨ। ਇਸ ਤੋਂ ਬਾਅਦ ਆਪ, ਬਤੌਰ ਡਾਇਰੈਕਟਰ ਬਣਾਈਆਂ ਫ਼ਿਲਮਾਂ ਵਿਚ ਵੀ ਉਸ ਨੇ ਇਹੀ ਰੰਗ ਛੱਡਿਆ। ਪਾਸ਼ ਨੂੰ ਉਹ ਕਿਸ ਰੰਗ ਵਿਚ ਪੇਸ਼ ਕਰੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਕ ਗੱਲ ਸਪਸ਼ਟ ਹੈ ਕਿ ਫ਼ਿਲਮ ਨਾਲ ਪੰਜਾਬ ਅਤੇ ਪੰਜਾਬੀਅਤ ਬਾਬਤ ਬਹਿਸ ਲਈ ਪਿੜ ਜ਼ਰੂਰ ਤਿਆਰ ਹੋਵੇਗਾ ਅਤੇ ਫਿਰ ਨਿਤਾਰੇ ਮੈਦਾਨ ਵਿਚ ਹੀ ਹੋਣਗੇ। ਪਾਸ਼ ਨੇ ਆਪਣੇ ਵੇਲਿਆਂ ਵਿਚ ਹਰ ਮੁੱਦੇ, ਹਰ ਮਸਲੇ ਨਾਲ ਪੀਡਾ ਸੰਵਾਦ ਰਚਾਇਆ। ਆਸ ਕਰਨੀ ਚਾਹੀਦੀ ਹੈ ਕਿ ਪਾਸ਼ ਬਾਰੇ ਫ਼ਿਲਮ, ਪਾਸ਼ ਅਤੇ ਉਸ ਦੇ ਦੌਰ ਨਾਲ ਇਸੇ ਤਰ੍ਹਾਂ ਦਾ ਸੰਵਾਦ ਰਚਾਏਗੀ!

ਬਾਬਾ ਬੂਝਾ ਸਿੰਘ ਵਾਲੀ ਫ਼ਿਲਮ ‘ਬਾਬਾ ਇਨਕਲਾਬ ਸਿੰਘ’ ਦਾ ਰੰਗ ਬੇਸ਼ੱਕ, ਵੱਖਰਾ ਹੋਣਾ ਹੈ। ਇਸ ਫ਼ਿਲਮ ਦਾ ਆਧਾਰ ਮੁਢੋ-ਸੁਢੋਂ ਤਬਦੀਲੀ ਲਈ ਵਾਰ ਵਾਰ ਉਸਲਵੱਟੇ ਲੈਂਦੀ ਉਹ ਬੇਚੈਨੀ ਹੈ ਜਿਸਦੇ ਲਈ ਗ਼ਦਰੀ ਤਾਂ ਗ਼ਦਰੀ, ਬੱਬਰ ਅਕਾਲੀ, ਭਗਤ ਸਿੰਘ ਤੇ ਉਹਦੇ ਸਾਥੀ, ਕਿਰਤੀ ਪਾਰਟੀ ਵਾਲੇ, ਲਾਲ ਕਮਿਉਨਿਸਟ ਪਾਰਟੀ ਵਾਲੇ, ਕੂਕੇ, ਮਾਰਕਸੀ-ਲੈਨਿਨੀ ਵਿਚਾਰਧਾਰਾ ਨੂੰ ਪ੍ਰਨਾਏ ਲੋਕ ਲਗਾਤਾਰ ਜੂਝਦੇ ਰਹੇ ਹਨ। ਬਾਬਾ ਇਨਕਲਾਬ ਸਿੰਘ ਆਪ ਇਹ ਬੇਚੈਨੀ ਦਿਲ ਵਿਚ ਲਈ ਹਰ ਵਾਰ ਆਪਣੇ ਘਰ ਦੀ ਦਹਿਲੀਜ਼ ਤੋਂ ਪਾਰ ਜਾਂਦਾ ਰਿਹਾ। ਬਖ਼ਸ਼ਿੰਦਰ ਨੇ ਬਾਬੇ ਦੇ ਇਸ ਨੁਕਤੇ ਨੂੰ ਬਹੁਤ ਰੂਹ ਨਾਲ ਫੜਿਆ ਹੈ। ਇਹ ਫ਼ਿਲਮ ਮੁਕੰਮਲ ਹੋਣ ਅਤੇ ਦਰਸ਼ਕਾਂ ਵਿਚ ਜਾਣ ਤੋਂ ਬਾਅਦ, ਬਾਬੇ ਅਤੇ ਇਨਕਲਾਬ ਬਾਰੇ ਹੋ ਰਹੀਆਂ ਗੱਲਾਂ ਅਤੇ ਗੋਸ਼ਟਾਂ ਨੂੰ ਡਾਢੀ ਜ਼ਰਬ ਆਉਣੀ ਤੈਅ ਹੈ। ਇਹ ਪਟਕਥਾ ਬਾਬੇ ਦੇ ਸੰਘਰਸ਼ ਭਰੇ ਜੀਵਨ ਦੇ ਹਾਣ ਦੀ ਹੈ।

ਬਖ਼ਸ਼ਿੰਦਰ ਨੇ ਆਪਣੀ ਪਟਕਥਾ ਦਾ ਆਧਾਰ ਭਾਵੇਂ ਅਜਮੇਰ ਸਿੱਧੂ ਦੀ ਪੁਸਤਕ ‘ਬਾਬਾ ਬੂਝਾ ਸਿੰਘ-ਗ਼ਦਰ ਤੋਂ ਨਕਸਲਬਾੜੀ ਤੱਕ’ ਨੂੰ ਬਣਾਇਆ ਹੈ ਪਰ ਰਚਨਾਤਮਕ ਖੇਤਰ ਵਿਚ ਉਹ ਆਪ ਵਾਹਵਾ ਮੱਲਾਂ ਮਾਰ ਚੁੱਕਾ ਹੈ। ਫ਼ਿਲਮਾਂ ‘ਮਾਹੌਲ ਠੀਕ ਹੈ’ ਤੇ ‘ਜ਼ੋਰਾਵਰ’ ਅਤੇ ਟੈਲੀ ਫ਼ਿਲਮ ‘ਕੰਮੋ’ ਦੀਆਂ ਪਟਕਥਾਵਾਂ ਉਹ ਲਿਖ ਚੁੱਕਾ ਹੈ। ਅੱਜਕੱਲ ਕਾਮੇਡੀ ਫ਼ਿਲਮ ‘ਇਸ਼ਕ ਦੀ ਨਵੀਂਓਂ ਨਵੀਂ ਬਹਾਰ’ ਦੀ ਪਟਕਥਾ ਲਿਖ ਰਿਹਾ ਹੈ। ਕਵਿਤਾ ਦੀ ਕਿਤਾਬ ‘ਮੌਨ ਅਵਸਥਾ ਦੇ ਸੰਵਾਦ’ ਛਪ ਚੁੱਕੀ ਹੈ। ਰੇਡੀਓ ਨਾਟਕ ਲਈ ਉਹਨੇ ਕੌਮੀ ਇਨਾਮ ਵੀ ਜਿੱਤਿਆ। ਉਂਝ, ਫ਼ਿਲਮ ਦੇ ਫਾਇਨਾਂਸ ਬਾਰੇ ਉਹ ਫ਼ਿਕਰਮੰਦ ਹੈ ਪਰ ਨਾਲ ਦੀ ਨਾਲ ਉਹ ਮਸ਼ਹੂਰ ਫ਼ਿਲਮਸਾਜ਼ ਸ਼ਿਆਮ ਬੈਨੇਗਲ ਦੀ ਮਿਸਾਲ ਦਿੰਦਾ ਹੈ ਜਿਸ ਨੂੰ ਫ਼ਿਲਮ ‘ਨਿਸ਼ਾਂਤ’ ਪੂਰੀ ਕਰਨ ਲਈ ਤਿੰਨ ਲੱਖ ਕਿਸਾਨਾਂ ਨੇ ਇਕ-ਇਕ ਰੁਪਇਆ ਦਿੱਤਾ ਸੀ। ਇਹ ਫ਼ਿਲਮ ਕਿਸਾਨਾਂ ਬਾਰੇ ਸੀ। ਇਸੇ ਤਰ੍ਹਾਂ ਫ਼ਿਲਮ ‘ਨੈਕਸਲਾਈਟ’ ਸਿਰੇ ਚਾੜ੍ਹਨ ਲਈ ਚੋਟੀ ਦੇ ਫ਼ਿਲਮਸਾਜ਼ ਖਵਾਜਾ ਅਹਿਮਦ ਅੱਬਾਸ ਨੇ ਆਪਣੇ ਕੈਮਰਾਮੈਨ ਤੇ ਹੋਰ ਸਾਥੀਆਂ ਨੂੰ ਫ਼ਿਲਮ ਦੇ ਖਰਚ ਅਤੇ ਨਫ਼ੇ ਦਾ ਸਾਂਝੀਦਾਰ ਬਣਾ ਲਿਆ ਸੀ।

ਬਖ਼ਸ਼ਿੰਦਰ ‘ਬਾਬਾ ਇਨਕਲਾਬ ਸਿੰਘ’ ਨੂੰ ਆਪਣਾ ਸ਼ਾਹਕਾਰ ਪ੍ਰਾਜੈਕਟ ਮੰਨਦਾ ਹੈ। ਇਹ ਦਰਅਸਲ ਬਖ਼ਸ਼ਿੰਦਰ ਦਾ ਹੀ ਨਹੀਂ, ਪੰਜਾਬ ਦਾ ਸ਼ਾਹਕਾਰ ਪ੍ਰਾਜੈਕਟ ਹੋਵੇਗਾ ਜਿਸ ਵਿਚ ਬਾਬੇ ਦੇ ਬਹਾਨੇ ਪੰਜਾਬੀਆਂ ਦੇ ਔਖੇ ਹਾਲਾਤ ਵਿਚ ਵੀ ਜੀਣ-ਥੀਣ ਦੀ ਲਲ੍ਹਕ ਦੇ ਦੀਦਾਰ ਹੋਣਗੇ।

-ਜਸਵੀਰ ਸਮਰ