ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਨਰਮੇ ਕਪਾਹ. Show all posts
Showing posts with label ਨਰਮੇ ਕਪਾਹ. Show all posts

Wednesday, February 10, 2010

‘ਜੱਗਾ ਜੱਟ’ ਹਾਲੋਂ-ਬੇਹਾਲ

ਖੇਤਾਂ ਦਾ ‘ਜੱਗਾ ਜੱਟ ਸੁੰਨ ਹੈ। ਮਰਿਆ ਨਹੀਂ ਤਾਂ ਜਿਉਂਦਾ ਵੀ ਨਹੀਂ। ਭਾਣਾ ਰਾਤੋਂ ਰਾਤ ਨਹੀਂ ਵਾਪਰਿਆ। ਕਈ ਵਰ੍ਹੇ ਲੱਗੇ ਹਨ। ਆਖਰ ਖੇਤਾਂ ਚੋਂ ਤਕਦੀਰ ਫਰੋਲਦਾ ਉਹ ਖੁਦ ਮਿੱਟੀ ਬਣ ਗਿਆ ਹੈ। ਰੁੱਸੇ ਹੋਏ ਖੇਤ ਹੁਣ ਫਸਲਾਂ ਦਾ ਨਹੀਂ, ‘ਖੁਦਕਸ਼ੀ’ ਦਾ ਝਾੜ ਦਿੰਦੇ ਹਨ। ਕਪਾਹੀ ਦੇ ਫੁੱਲਾਂ ਨਾਲ ਲੱਦੇ ਹੋਏ ਖੇਤ ਖੁਸ਼ੀ ਨਹੀਂ,ਸਾਹੂਕਾਰ ਦੀ ਵਹੀ ਦਾ ਲੇਖਾ ਚੇਤੇ ਕਰਾਉਂਦੇ ਹਨ। ਦੇਖਦਿਆਂ ਦੇਖਦਿਆਂ ‘ਧੰਨੇ ਭਗਤ’ ਦੇ ਹੱਥੋਂ ਜ਼ਮੀਨ ਇੰਝ ਕਿਰ ਗਈ ਜਿਵੇਂ ਮੁੱਠੀ ਚੋਂ ਰੇਤ। ਜਮਾਂਬੰਦੀਆਂ ’ਚ ਤਾਂ ਹੁਣ ‘ਸਾਹੂਕਾਰਾਂ’ ਦੇ ਨਾਮ ਵੀ ਬੋਲਣ ਲੱਗੇ ਹਨ। ਇੱਥੇ ਤਾਂ ਜੰਮਦੇ ਬੱਚਿਆਂ ਸਿਰ ਕਰਜ਼ੇ ਹਨ। ਖੇਤਾਂ ਦੇ ਮਾਲਕ ‘ਲੇਬਰ ਚੌਂਕਾਂ’ ’ਚ ਖੜਣ ਲੱਗੇ ਹਨ। ਖੇਤ ਮੁੱਕ ਗਏ ਹਨ, ਕਰਜਾ ਨਹੀਂ ਮੁੱਕਿਆ। ਡੋਲੀ ’ਚ ਬੈਠਣ ਵਾਲੀ ਮੁਟਿਆਰ ਧੀਅ ਇਕੱਲੀ ਨਹੀਂ,ਬਾਪ ਦੇ ਦੁੱਖਾਂ ਦੀ ਪੰਡ ਨੂੰ ਵੀ ਨਾਲ ਲਿਜਾਂਦੀ ਹੈ। ਖੇਤਾਂ ਚੋਂ ਇਹ ਸੁਨੇਹੇ ਕਦੋਂ ਤੱਕ ਮਿਲਣਗੇ ‘ਜੈਲਾ ਸਿਓਂ ਨੇ ਏਉਂ ਨਹੀਂ ਸੀ ਕਰਨੀ’। ਫਿਰ ਕੀ ਕਰਦਾ ਜੈਲਾ ਸਿਓਂ,ਸੁਆਲ ਇਹ ਹੈ। ਸਫਰ ਮੁੱਕਾ ਨਹੀਂ,ਸ਼ੁਰੂ ਹੋਇਆ ਹੈ। ਲੋੜ ਪਹਿਚਾਣ ਦੀ ਹੈ, ਇਹ ਉਹੀ ‘ਜੱਗਾ ਜੱਟ’ ਹੈ, ਜਿਸ ਦੀ ਵਡਿਆਈ ‘ਹਰੀ ਕਰਾਂਤੀ ਦਾ ਮੋਹਰੀ’ ਕਹਿ ਕੇ ਹੋਈ ਸੀ। ਅੱਜ ਕੋਈ ਬਾਂਹ ਫੜਣ ਨੂੰ ਤਿਆਰ ਨਹੀਂ। ‘ਅੰਨ ਦੀ ਥੁੜ’ ਪਈ ਤਾਂ ਪੂਰਾ ਮੁਲਕ ਰਜਾ ਦਿੱਤਾ। ਹੁਣ ਖੁਦ ਦਾ ਢਿੱਡ ਇੱਕ ਸਮੱਸਿਆ ਬਣ ਗਿਆ ਹੈ। ਦੁੱਖ ਇਕੱਲਾ ਖੇਤਾਂ ਦਾ ਨਹੀਂ,ਚੁੱਲੇ ਚੌਂਕੇ ਵਾਲੀ ਦਾ ਵੀ ਹੈ ਜਿਸ ਨੂੰ ਕੈਂਸਰ ਨੇ ਮੌਤ ਦੇ ਨੇੜੇ ਕਰ ਦਿੱਤਾ ਹੈ। ਫਿਕਰ ਮੁੰਡਿਆਂ ਦਾ ਵੀ ਹੈ ਜੋ ਪੜ ਲਿਖ ਕੇ ਵੀ ‘ਨਾ ਘਰ ਦੇ ਰਹੇ ਨਾ ਘਾਟ ਦੇ’।

ਪੰਜਾਬ ਦੀ ਮਾਲਵਾ ਪੱਟੀ ਦੇ ਖੇਤ ਐਵੇਂ ਨਹੀਂ ਰੁੁੱਸੇ। ਬੱਸ ਕਿਸੇ ਨੇ ਮਨਾਉਣ ਵਾਰੇ ਸੋਚਿਆ ਹੀ ਨਹੀਂ। ਇਹੋ ਆਖ ਕੇ ਪੱਲਾ ਝਾੜਦੇ ਰਹੇ ‘ਖੇਤੀ ਮੁਨਾਫੇ ਵਾਲਾ ਧੰਦਾ ਨਹੀਂ ਰਹੀ।’ ਕਹਿਣ ਵਾਲਿਆਂ ਨੇ ਵੇਲੇ ਸਿਰ ਬਾਂਹ ਫੜੀ ਹੁੰਦੀ ਤਾਂ ਮਾਲਵੇ ਦੇ ਕਿਸਾਨ ਨੂੰ ਆਹ ਦਿਨ ਨਹੀਂ ਦੇਖਣੇ ਪੈਣੇ ਸਨ। ਖੇਤੀ ਸੰਕਟ ਦਾ ਮੁਢ ਵੀ ਇਸੇ ਮਾਲਵੇ ਚੋਂ ਬੱਝਾ ਹੈ ਜਿਸ ਦੇ ਵੱਡੇ ਰਕਬੇ ’ਚ ਕਪਾਹਾਂ ਦੇ ਫੁੱਲ ਖਿੜਦੇ ਹਨ। ਇਨ੍ਹਾਂ ਫੁੱਲਾਂ ’ਤੇ ਪਹਿਲਾ ਹੱਲਾ ਅਮਰੀਕਨ ਸੁੰਡੀ ਨੇ ਹੀ ਬੋਲਿਆ ਜਿਸ ਨੇ ਪੂਰੇ ਮਾਲਵੇ ਦਾ ਅਰਥਚਾਰਾ ਹਿਲਾ ਕੇ ਰੱਖ ਦਿੱਤਾ। ਇੱਕੋ ਸੁੰਡੀ ਦਾ ਇਲਾਜ ਨਹੀਂ ਹੋ ਸਕਿਆ। ਖੇਤੀ ਪ੍ਰਧਾਨ ਸੂਬੇ ’ਚ ਖੇਤੀ ਖੋਜ ਤੇ ਖੇਤੀ ਵਿਭਿੰਨਤਾ ਵਾਸਤੇ ਕੋਈ ਉਪਰਾਲਾ ਹੁੰਦਾ ਤਾਂ ਸ਼ਾਇਦ ‘ਜੱਗਾ ਜੱਟ’ ਸੁੰਨ ਨਾ ਹੁੰਦਾ। ਕੋਈ ਵੀ ਸਰਕਾਰ ਕੋਈ ਬਦਲ ਪੇਸ਼ ਨਹੀਂ ਕਰ ਸਕੀ। ਹੈਰਾਨੀ ਵਾਲੀ ਗੱਲ ਹੈ ਕਿ ਜਿਸ ਸੂਬੇ ਦਾ ਪੂਰਾ ਤਾਣਾ ਬਾਣਾ ਖੇਤੀ ’ਤੇ ਟਿੱਕਿਆ ਹੋਵੇ, ਉਥੋਂ ਦੇ ਹਾਕਮ ਇੰਝ ਚੁੱਪ ਬੈਠੇ ਰਹਿਣ, ਸਧਾਰਨ ਗੱਲ ਨਹੀਂ ਹੈ। ਠੀਕ ਹੈ ਕਿ ਕੇਂਦਰ ਵਾਲਿਆਂ ਨੂੰ ਇਕੱਲਾ ‘ਵਿਦਰਭਾ’ ਦਿੱਸਦਾ ਹੈ, ਮਾਲਵਾ ਨਹੀਂ। ਸੂਬਾ ਸਰਕਾਰ ਦੇ ਵੀ ਫਰਜ਼ ਹੁੰਦੇ ਹਨ। ਜਾਅਲੀ ਬੀਜ,ਜਾਅਲੀ ਖਾਦਾਂ ਤੇ ਜਾਅਲੀ ਕੀਟਨਾਸਕ ਕਈ ਵਰ੍ਹੇ ਵਿਕਦੇ ਰਹੇ। ਖੇਤੀ ਮਹਿਕਮਾ ਖੁਦ ਦੱਸਦਾ ਹੈ ਕਿ ਜਾਅਲੀ ਕਾਰੋਬਾਰ ਵਾਲੇ ਫੜੇ ਬਹੁਤ ਪ੍ਰੰਤੂ ਹਜ਼ਾਰਾਂ ਚੋਂ ਸਜਾ ਇਕੱਲੇ ਇੱਕ ਦੋ ਡੀਲਰਾਂ ਨੂੰ ਹੋਈ ਹੈ, ਬਾਕੀ ਬਚ ਸਭ ਗਏ। ਕਿਵੇਂ ਬਚ ਗਏ, ਹਰ ਨਿਆਣਾ ਸਿਆਣਾ ਜਾਣਦਾ ਹੈ। ਸਫਰ ਦੀ ਸ਼ੁਰੂਆਤ ਹਰੀ ਕਰਾਂਤੀ ਤੋਂ ਹੀ ਹੁੰਦੀ ਹੈ। ਸੱਤਰ ਦੇ ਦਹਾਕੇ ’ਚ ਜਦੋਂ ਕੌਮਾਂਤਰੀ ਪੱਧਰ ’ਦੇ ਅੰਨ ਦੀ ਸੁਰੱਖਿਆ ਦਾ ਮਸਲਾ ਖੜਾ ਹੋਇਆ ਤਾਂ ਮੁਲਕਾਂ ਦੇ ਸਿਰ ਇਕੱਠੇ ਹੋਏ। ਇਸੇ ਚੋਂ ਹਰੀ ਕਰਾਂਤੀ ਨਿਕਲੀ। ਹਰੀ ਕਰਾਂਤੀ ਸੱਚਮੁੱਚ ਖੇਤੀ ਦੀ ਕਰਾਂਤੀ ਸੀ ਜਿਸ ਨੇ ਇੱਕਦਮ ਖੇਤਾਂ ਚੋਂ ਸੋਨਾ ਪੈਦਾ ਕਰ ਦਿੱਤਾ। ਰੂੜੀ ਦੀ ਖਾਦ ਦੀ ਥਾਂ ਰਸਾਇਣਕ ਖਾਦਾਂ ਨੇ ਲੈ ਲਈ। ਜਿਸ ਨੇ ਫਸਲਾਂ ਦੇ ਝਾੜ ਨੂੰ ਹਲੂਣ ਦਿੱਤਾ। ਹਲ ਪੰਜਾਲੀ ਦੀ ਥਾਂ ਟਰੈਕਟਰਾਂ ਨੇ ਲੈ ਲਈ। ਦਿਨ੍ਹਾਂ ਦੇ ਕੰਮ ਘੰਟਿਆਂ ’ਚ ਹੋਣ ਲੱਗ ਪਏ। ਨਵੀਂ ਤਕਨੀਕ ਤੇ ਨਵੇਂ ਬੀਜਾਂ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਖੇਤਾਂ ’ਚ ਖੁਸ਼ੀਆ ਖੇੜਿਆਂ ਦੀ ਸਰਦਾਰੀ ਹੋ ਗਈ। ਫਸਲਾਂ ਦੇ ਮੁਨਾਫੇ ਵੱਧ ਗਏ। ਸਾਲ 1970-80 ਵਾਲਾ ਦਹਾਕਾ ਇੱਕ ਖੁਸ਼ਹਾਲੀ ਦਾ ਦਹਾਕਾ ਸੀ। ਇਸ ਸਮੇਂ ਦੌਰਾਨ ਫਸਲਾਂ ਦਾ ਝਾੜ ਨਹੀਂ, ਫਸਲਾਂ ਦੇ ਭਾਅ ਵੀ ਕਾਫੀ ਸਨ। ਲਾਗਤ ਖਰਚੇ ਨਿਗੂਣੇ ਸਨ। ਬੱਚਤ ਹੀ ਬੱਚਤ ਸੀ। ਸਾਲ 1980-90 ਦਾ ਸਮਾਂ ਸਥਿਰਤਾ ਦਾ ਸੀ। ਇਸ ਸਮੇਂ ਦੌਰਾਨ ਫਸਲਾਂ ਦੇ ਝਾੜ ਸਥਿਰ ਹੋਣ ਲੱਗ ਪਏ। ਉਪਰੋਂ ਲਾਗਤ ਖਰਚੇ ਵੱਧਣੇ ਸ਼ੁਰੂ ਹੋ ਗਏ। ਨਤੀਜੇ ਵਜੋਂ ਬੱਚਤ ਘੱਟਣੀ ਸ਼ੁਰੂ ਹੋ ਗਈ। ਇਹ ਮਾੜਾ ਨਹੀਂ ਸੀ ਪ੍ਰੰਤੂ ਸਰਕਾਰਾਂ ਦਾ ਇੱਥੋਂ ਹੀ ਸੋਚਣਾ ਬਣਦਾ ਸੀ। ਸਾਲ 1990-2000 ਦੇ ਸਮਾਂ ‘ਸੰਕਟਾਂ’ ਦਾ ਸੀ। ਝਾੜ ਵੀ ਘਟਿਆ,ਫਸਲਾਂ ਦੇ ਭਾਅ ਨੂੰ ਵੀ ਬਰੇਕ ਲੱਗ ਗਈ ਤੇ ਉਪਰੋਂ ਲਾਗਤ ਖਰਚੇ ਇੱਕਦਮ ਵੱਧ ਗਏ।

ਮਾਲਵੇ ਨੂੰ ਇੱਕੋ ਇੱਕ ਨਰਮੇ ਕਪਾਹ ਦੀ ਫਸਲ ਨੇ ਵੱਡੀ ਸੱਟ ਮਾਰੀ। ਕੋਈ ਦਿਨ ਸਨ ਜਦੋਂ ਕਿਸਾਨਾਂ ਦੇ ਘਰ ਫਸਲ ਰੱਖਣ ਵਾਸਤੇ ਛੋਟੇ ਪੈ ਜਾਂਦੇ ਸਨ। ਕਪਾਹ ਮੰਡੀਆਂ ’ਚ ਚਿੱਟੇ ਸੋਨੇ ਦੇ ਢੇਰ ਦੂਰੋਂ ਸਨੋ ਫਾਲ ਦਾ ਭੁਲੇਖਾ ਪਾਉਂਦੇ ਸਨ। ਇਸੇ ਸਮੇਂ ’ਚ ਸਾਲ 1995 ਦੇ ਆਸ ਪਾਸ ਚਿੱਟੀਆਂ ਫੁੱਟੀਆਂ ਨੂੰ ਅਮਰੀਕਨ ਸੁੰਡੀ ਪੈ ਗਈ। ਅਸਲ ’ਚ ਇਹ ਸੁੰਡੀ ‘ਜੱਗੇ ਜੱਟ’ ਦੀ ਕਿਸਮਤ ਨੂੰ ਹੀ ਪਈ। ਵਪਾਰਿਕ ਫਸਲ ਹੋਣ ਕਰਕੇ ਕਿਸਾਨਾਂ ਦਾ ਇੱਹੋ ਫਸਲ ਘਰ ਪੂਰਾ ਕਰਦੀ ਸੀ। ਚਾਰ ਪੈਸਿਆਂ ਦੀ ਬੱਚਤ ਇਹੋ ਫਸਲ ਕਰਦੀ ਸੀ। ਵਪਾਰਿਕ ਫਸਲ ਹੋਣ ਕਰਕੇ ਸਰਕਾਰਾਂ ਨੂੰ ਇਸ ਫਸਲ ਦੇ ਸਰਕਾਰੀ ਭਾਅ ਵਧਾਉਣ ’ਚ ਕੋਈ ਮੁਸ਼ਕਲ ਵੀ ਨਹੀਂ ਸੀ ਪ੍ਰੰਤੂ ਭਾਅ ਵਧੇ ਨਹੀਂ। ਸੁੰਡੀ ਨੇ ਕਿਸਾਨਾਂ ਸਿਰ ਕਰਜ਼ੇ ਚਾੜ ਦਿੱਤੇ। ਫਸਲਾਂ ਨੂੰ ਬਚਾਉਣ ਵਾਸਤੇ ਕਿਸਾਨਾਂ ਨੇ ਸਪਰੇਆਂ ਵਾਸਤੇ ਕਰਜੇ ਚੁੱਕੇ। ਵੀਹ ਵੀਹ ਸਪਰੇਆਂ ਇੱਕੋ ਫਸਲ ’ਤੇ ਹੋਣ ਲੱਗੀਆਂ। ਇਕੱਲੀ ਕਪਾਹ ਪੱਟੀ ’ਚ ਕੰਪਨੀਆਂ ਦੀ ਹਰ ਸਾਲ 400 ਕਰੋੜ ਰੁਪਏ ਦੀ ਸਪਰੇਅ ਵਿਕਣ ਲੱਗੀ। ਸਾਹੂਕਾਰਾਂ ਨੇ ਵਿਆਜ ਦਰਾਂ ਵਧਾ ਲਈਆਂ। ਸਾਲ 2002 ਤੱਕ ਕਰਜੇ ਦੀ ਪੰਡ ਵੱਧਦੀ ਹੀ ਗਈ। ਮੁਨਾਫੇ ਦੀ ਥਾਂ ਹਰ ਸਾਲ ਨਰਮੇ ਕਪਾਹ ਦੀ ਫਸਲ ਨਵਾਂ ਕਰਜਾ ਸਿਰ ਚਾੜ ਦਿੰਦੀ ਸੀ। ਇਸੇ ਸਮੇਂ ’ਚ ਕਿਸਾਨ ਕਰਜੇ ਉਤਾਰਨ ਵਾਸਤੇ ਜ਼ਮੀਨ ਵੇਚਣ ਲੱਗ ਪਏ। ਸਾਹੂਕਾਰ ਵੀ ਵੱਡੇ ਪੱਧਰ ’ਤੇ ਖੇਤਾਂ ਦੇ ਮਾਲਕ ਬਣ ਗਏ। ਕਰਜ਼ਿਆਂ ’ਚ ਫਸੇ ਕਿਸਾਨ ਨੇ ਭੌਂ ਦੇ ਭਾਅ ਆਪਣੇ ਖੇਤ ਵੇਚ ਦਿੱਤੇ।


ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਗਈ। ਸਾਲ 1990 ਤੋਂ ਮਗਰੋਂ ਖੇਤੀ ਖੋਜਾਂ ਦੇ ਕੰਮਾਂ ’ਚ ਖੜੋਤ ਆ ਗਈ। ਹੁਣ ਤਾਂ ਪੰਜਾਬ ਖੇਤੀ ਵਰਸਿਟੀ ਦਾ ਕੁੱਲ ਬਜਟ ਚੋਂ ਇਕੱਲਾ ਤਨਖਾਹਾਂ ਆਦਿ ’ਤੇ ਹੀ 90 ਫੀਸਦੀ ਬਜਟ ਲੱਗ ਜਾਂਦਾ ਹੈ। ਸਰਕਾਰਾਂ ਨੇ ਖੇਤੀ ਖੋਜ ਦੇ ਖੇਤਰ ’ਚ ਵਾਧਾ ਤਾਂ ਕੀ ਕਰਨਾ ਸੀ। ਖੇਤੀ ਖੋਜਾਂ ਵਾਸਤੇ ਜੋ ਬਠਿੰਡਾ ’ਚ 25 ਏਕੜ ਜ਼ਮੀਨ ਪਈ ਸੀ, ਉਹ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਾਸਤੇ ਦੇ ਦਿੱਤੀ। ਅਖੀਰ ਹੁਣ ਖੋਜਾਂ ਦਾ ਕੰਮ ਤਾਂ ਸਰਕਾਰਾਂ ਨੇ ਬਹੁਕੌਮੀ ਕੰਪਨੀਆਂ ਸਿਰ ਹੀ ਪਾ ਦਿੱਤਾ ਗਿਆ ਹੈ। ਇਨ੍ਹਾਂ ਕੰਪਨੀਆਂ ਵਲੋਂ ਹੀ ਬੀ.ਟੀ.ਬੀਜ ਲਿਆਂਦਾ ਗਿਆ। ਜਿਸ ਨੇ ਮਾਲਵੇ ਦੇ ਕਿਸਾਨ ਨੂੰ ਵੱਡਾ ਠੁੰਮਣਾ ਦਿੱਤਾ। ਸਾਲ 2002 ’ਚ ਗੈਰਕਾਨੂੰਨੀ ਤੌਰ ’ਤੇ ਬੀ.ਟੀ.ਬੀਜ ਆਉਣ ਲੱਗਾ ਅਤੇ ਸਾਲ 2005 ’ਚ ਕਾਨੂੰਨੀ ਤੌਰ ’ਤੇ ਬੀ.ਟੀ ਬੀਜ ਆ ਗਿਆ ਸੀ। ਇਸ ਨਾਲ ਸਪਰੇਆਂ ਦੀ ਗਿਣਤੀ ਘਟੀ। ਕੰਪਨੀਆਂ ਦਾ ਸਪਰੇਆਂ ਦਾ ਕਾਰੋਬਾਰ 400 ਕਰੋੜ ਰੁਪਏ ਤੋਂ ਘੱਟ ਕੇ 250 ਕਰੋੜ ਰੁਪਏ ਦਾ ਰਹਿ ਗਿਆ। ਲਾਗਤ ਖਰਚੇ ਘੱਟ ਗਏ ਤੇ ਝਾੜ ਵੱਧ ਗਏ। ਕੁਝ ਹੱਦ ਤੱਕ ਦਰਮਿਆਨੇ ਕਿਸਾਨਾਂ ਨੇ ਤਾਂ ਕਰਜੇ ਵੀ ਮੋੜਨਾ ਦਾ ਉਪਰਾਲਾ ਕੀਤਾ। ਇਸ ਦੇ ਬਾਵਜੂਦ ਕਿਸਾਨਾਂ ਦੇ ਕਰਜੇ ਦੀ ਪੰਡ ਹੌਲੀ ਨਹੀਂ ਹੋਈ। ਇਨ੍ਹਾਂ ਸੰਕਟਾਂ ਚੋਂ ਬਹੁਕੌਮੀ ਕੰਪਨੀਆਂ ਨੇ ਆਪਣੇ ਮੁਨਾਫੇ ’ਚ ¦ਮਾ ਚੌੜਾ ਵਾਧਾ ਕਰ ਲਿਆ ਹੈ। ਜੈਵਿਕ ਖੇਤੀ ਵਾਲੇ ਤਾਂ ਆਖਦੇ ਹਨ ਕਿ ਬੀ.ਟੀ ਵਾਲੀ ਫਸਲ ਬਹੁਤੀ ਦੇਰ ਟਿੱਕਣ ਵਾਲੀ ਨਹੀਂ ,ਆਖਰ ਇਸੇ ਫਸਲ ਨੇ ਕਿਸਾਨ ਨੂੰ ਲੈ ਡੁੱਬਣਾ ਹੈ। ਉਨ੍ਹਾਂ ਦੇ ਵੱਖਰੋ ਵੱਖਰੇ ਤਰਕ ਹਨ। ਉਹ ਬੀ.ਟੀ ਦੀ ਫਸਲ ਨੂੰ ਪਈ ਮਿੱਲੀ ਬਿੱਗ ਦਾ ਹਵਾਲਾ ਵੀ ਦਿੰਦੇ ਹਨ। ਕਿਸਾਨ ਨੂੰ ਫਿਰ ਫਿਕਰ ਸਤਾਉਣ ਲੱਗਾ ਹੈ।

ਮਾਲਵੇ ਦੇ ਕਿਸਾਨ ਨੂੰ ਵੱਡੀ ਸਮੱਸਿਆ ਪਿਛਲੇ ਸਮੇਂ ਤੋਂ ਮੰਡੀਕਰਨ ਦੀ ਵੀ ਬਣਨ ਲੱਗੀ ਹੈ। ਪਤਾ ਨਹੀਂ ਲੱਗਦਾ ਕਦੋਂ ਕਿਸਾਨ ਨੂੰ ਆਪਣੀ ਫਸਲ ਮਿੱਟੀ ਦੇ ਭਾਅ ਸੁੱਟਣੀ ਪੈ ਜਾਏ। ਜਿਣਸ ਵੇਚਣ ਵਾਸਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਪੀ ਪਿਆ ਹੈ । ਕਿਸਾਨ ਧਿਰਾਂ ਮੰਗ ਕਰਦੀਆਂ ਆ ਰਹੀਆਂ ਹਨ ਕਿ ਸਰਕਾਰ ਮੰਡੀਕਰਨ ਯਕੀਨੀ ਬਣਾਵੇ ਅਤੇ ਸੂਦਖੋਰੀ ਨੂੰ ਨਿਯਮਤ ਕਰੇ। ਪਿਛਲੇ ਕੁਝ ਸਾਲਾਂ ਤੋਂ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਖੁਸਣ ਦਾ ਡਰ ਵੀ ਬਣਿਆ ਹੈ। ਕਿਸਾਨ ਜ਼ਮੀਨਾਂ ਐਕਵਾਇਰ ਕਰਨ ਦੇ ਰਾਹ ਪਈ ਹੈ ਜਿਸ ਦਾ ਕਿਸਾਨ ਧਿਰਾਂ ਵਲੋਂ ਵਿਰੋਧ ਵੀ ਹੋਇਆ ਹੈ। ਅਗਰ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਮਾਮਲੇ ’ਚ ਸਰਕਾਰੀ ਪੱਖ ਦੇਖੀਏ ਤਾਂ ਕੇਂਦਰ ਸਰਕਾਰ ਵਲੋਂ ਕੌਮੀ ਕਿਸਾਨ ਕਮਿਸ਼ਨ ਬਣਾਇਆ ਗਿਆ ਜਿਸ ਦੀ ਰਿਪੋਰਟ ਡਾ.ਐਮ.ਐਸ ਸਵਾਮੀਨਾਥਨ ਵਲੋਂ ਦਿੱਤੀ ਗਈ। ਪੰਜਾਬ ਸਰਕਾਰ ਵਲੋਂ ਪੰਜਾਬ ਸਟੇਟ ਫਾਰਮਰ ਕਮਿਸ਼ਨ ਬਣਾਇਆ ਗਿਆ ਜਿਸ ਦੀ ਰਿਪੋਰਟ ਡਾ.ਜੀ.ਐਸ.ਕਾਲਕਟ ਵਲੋਂ ਦਿੱਤੀ ਗਈ। ਕਮਿਸ਼ਨਾਂ ਨੇ ਜੋ ਸਿਫਾਰਸ਼ ਕੀਤਾ ,ਉਹ ਨਾ ਕੇਂਦਰ ਸਰਕਾਰ ਨੇ ਅਤੇ ਨਾ ਹੀ ਰਾਜ ਸਰਕਾਰ ਨੇ ਲਾਗੂ ਕੀਤਾ। ਕੇਵਲ ਇੱਕਾ ਦੁੱਕਾ ਸਿਫਾਰਸ਼ਾਂ ਲਾਗੂ ਹੋ ਸਕੀਆਂ ਹਨ। ਕੇਂਦਰ ਵਲੋਂ ਕਰਜਾ ਮੁਆਫੀ ਦਿੱਤੀ ਗਈ ਜਿਸ ਦਾ ਲਾਹਾ ਲੈਣ ਤੋਂ ਪੰਜਾਬ ਦੇ ਕਿਸਾਨ ਵਾਂਝੇ ਰਹਿ ਗਏ ਹਨ।

ਸਰਕਾਰਾਂ ਅਲਾਮਤਾਂ ਦੇ ਝੰਬੇ ਕਿਸਾਨ ਵਾਸਤੇ ਨਵੇਂ ਸਿਰਿਓ ਵਿਉਂਤਬੰਦੀ ਕਰਨ। ਇਹ ਯੋਜਨਾਬੰਦੀ ਕੋਈ ਡੰਗ ਟਪਾਊ ਨਹੀਂ ਹੋਣੀ ਚਾਹੀਦੀ ਹੈ। ਕਰਜ਼ਿਆਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ, ਮੰਡੀਕਰਨ ਦੇ ਪ੍ਰਬੰਧਾਂ ਤੋਂ ਬਿਨ੍ਹਾਂ ਜਿਣਸਾਂ ਦੇ ਵਾਜਬ ਭਾਅ ਮਿਲਣੇ ਚਾਹੀਦੇ ਹਨ। ਸਾਹੂਕਾਰਾਂ ਦਾ ਕਰਜਾ ਨਿਯਮਤ ਹੋਣਾ ਚਾਹੀਦਾ ਹੈ। ਕਿਸਾਨਾਂ ਦੇ ਲਾਗਤ ਖਰਚੇ ਘਟਾਉਣ ਵਾਸਤੇ ਨਵੀਆਂ ਸਕੀਮਾਂ ਬਣਨੀਆਂ ਚਾਹੀਦੀਆਂ ਹਨ। ਮਾਲਵੇ ’ਚ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਸੰਕਟ ਝੱਲਣੇ ਪੈ ਰਹੇ ਹਨ। ਕਰਜ਼ੇ ਦੀ ਸਮੱਸਿਆ, ਸਾਹੂਕਾਰਾ ਲੁੱਟ,ਫਸਲਾਂ ਦੀ ਵੇਚ ਵੱਟਤ,ਕੈਂਸਰ ਵਰਗੀ ਅਲਾਮਤ ’ਚ ਵਾਧਾ, ਡੂੰਘੇ ਹੋ ਰਹੇ ਪਾਣੀ, ਬਿਜਲੀ ਪਾਣੀ ਦਾ ਸੰਕਟ,ਘੱਟ ਰਹੀਆਂ ਜੋਤਾਂ, ਬੇਕਾਰੀ ਦੀ ਸਮੱਸਿਆ,ਨਸ਼ਿਆਂ ਦਾ ਪਸਾਰਾ ਤੇ ਅਣਪੜਤਾ ਆਦਿ ਹਨ। ਮਾਲਵਾ ਦੇ ਕਿਸਾਨ ਇਸ ਵਕਤ ਹਾਲੋਂ ਬੇਹਾਲ ਹੈ ਅਤੇ ਉਹ ਇਸ ਵੇਲੇ ਕਿਸੇ ਅਜਿਹੇ ਸਰ ਛੋਟੂ ਰਾਮ ਦੀ ਉਡੀਕ ’ਚ ਹੈ ਜੋ ਕਿ ਉਸ ਦੇ ਦੁੱਖਾਂ ਦਰਦਾਂ ਦੀ ਦਵਾ ਬਣ ਸਕਦਾ ਹੋਵੇ।

ਨਿਲਾਮ ਹੋ ਰਹੇ ਖੇਤ

ਪੰਜਾਬ ’ਚ ਕਰੀਬ 10 ਲੱਖ ਕਿਸਾਨ ਪਰਿਵਾਰ ਹਨ ਜਿਨ੍ਹਾਂ ਚੋਂ ਪੰਜ ਲੱਖ ਛੋਟੇ ਕਿਸਾਨ ਹਨ। ਪਿਛਲੇ ਕੁਝ ਅਰਸੇ ’ਚ ਛੋਟੇ ਕਿਸਾਨਾਂ ਚੋਂ ਦੋ ਲੱਖ ਕਿਸਾਨ ਤਾਂ ਖੇਤੀ ਦੇ ਧੰਦੇ ਚੋਂ ਹੀ ਬਾਹਰ ਹੋ ਗਏ ਹਨ। ਖੇਤੀ ਮਾਹਿਰਾਂ ਦੀ ਰਿਪੋਰਟ ਹੈ ਕਿ ਦੋ ਲੱਖ ਕਿਸਾਨ ਖੇਤੀ ਛੱਡ ਗਏ ਹਨ,ਜਿਨ੍ਹਾਂ ’ਚ ਵੱਡਾ ਹਿੱਸਾ ਮਾਲਵਾ ਖਿੱਤੇ ਦਾ ਹੈ। ਪਿਛਲੇ ਸਮੇਂ ਦੌਰਾਨ ਕਰੀਬ 72 ਹਜ਼ਾਰ ਕਿਸਾਨਾਂ ਦੀ ਪੂਰੀ ਦੀ ਪੂਰੀ ਜ਼ਮੀਨ ਨਿਲਾਮ ਹੋ ਗਈ ਹੈ। ਸਾਲ 1991 ਦੀ ਜਨਗਣਨਾ ਵੇਲੇ 11.17 ਕਿਸਾਨ ਪਰਿਵਾਰ ਸਨ ਜਿਨ੍ਹਾਂ ਚੋਂ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੀ ਗਿਣਤੀ ਪੰਜ ਲੱਖ ਦੇ ਕਰੀਬ ਸੀ। ਅਗਲੀ 2001 ਦੀ ਜਨਗਣਨਾ ਵੇਲੇ 9.97 ਲੱਖ ਕਿਸਾਨ ਪਰਿਵਾਰ ਰਹਿ ਗਏ ਸਨ ਅਤੇ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੀ ਗਿਣਤੀ 3 ਲੱਖ ਰਹਿ ਗਈ ਸੀ। ਕਰਜ਼ਿਆਂ ਦੇ ਫੰਦੇ ਨੇ ਕਿਸਾਨਾਂ ਨੂੰ ਖੇਤਾਂ ਚੋਂ ਬਾਹਰ ਕਰ ਦਿੱਤਾ ਹੈ। ਸਾਲ 1997 ’ਚ ਪ੍ਰੋ. ਐਸ.ਐਚ.ਸ਼ੇਰਗਿੱਲ ਦੀ ਰਿਪੋਰਟ ਅਨੁਸਾਰ ਪੰਜਾਬ ਦੋ ਕਿਸਾਨਾਂ ਸਿਰ 5700 ਕਰੋੜ ਦਾ ਕਰਜਾ ਸੀ। ਪੰਜਾਬ ਖੇਤੀ ਵਰਸਿਟੀ ਲੁਧਿਆਣਾ ਵਲੋਂ ਸਾਲ 2003 ’ਚ ਕੀਤੇ ਸਰਵੇ ਅਨੁਸਾਰ ਕਿਸਾਨਾਂ ਸਿਰ ਕਰਜਾ ਵੱਧ ਕੇ ਕਰੀਬ 9800 ਕਰੋੜ ਰੁਪਏ ਦਾ ਹੋ ਗਿਆ ਸੀ। ਪੰਜਾਬ ਖੇਤੀ ਵਰਸਿਟੀ ਦੇ ਸੀਨੀਅਰ ਅਰਥਸਾਸਤਰੀ ਡਾ.ਸੁਖਪਾਲ ਸਿੰਘ ਵਲੋਂ ਜੋ ਸਾਲ 2007 ’ਚ ਕਰਜ਼ਿਆਂ ਦੀ ਸਟੱਡੀ ਕੀਤੀ ਹੈ, ਉਸ ਅਨੁਸਾਰ ਪੰਜਾਬ ਦੇ ਕਿਸਾਨਾਂ ਸਿਰ ਕਰਜਾ ਵੱਧ ਕੇ 21064 ਹੋ ਗਿਆ ਹੈ। ਜੋ ਤਾਜਾ ਅਨੁਮਾਨ ਹੈ, ਉਸ ਅਨੁਸਾਰ ਸਾਲ 2010 ’ਚ ਪੰਜਾਬ ਦੇ ਕਿਸਾਨਾਂ ਸਿਰ ਇਹ ਕਰਜੇ ਦੀ ਪੰਡ 30 ਹਜਾਰ ਕਰੋੜ ਰੁਪਏ ਦੀ ਹੋ ਗਈ ਹੈ।

ਡਾ. ਸੁਖਪਾਲ ਸਿੰਘ ਦੀ ਰਿਪੋਰਟ ਅਨੁਸਾਰ ਕਿਸਾਨਾਂ ਸਿਰ 62 ਫੀਸਦੀ ਕਰਜ਼ਾ ਤਾਂ ਬੈਂਕਾਂ ਦਾ ਹੈ ਜਦੋਂ ਕਿ 38 ਫੀਸਦੀ ਪ੍ਰਾਈਵੇਟ ਕਰਜਾ ਹੈ ਜਿਸ ਚੋਂ 32 ਫੀਸਦੀ ਕਰਜਾ ਇਕੱਲਾ ਆੜਤੀਆਂ ਦਾ ਹੈ। ਰਿਪੋਰਟ ਅਨੁਸਾਰ ਮਾਲਵੇ ਦੇ 93 ਫੀਸਦੀ ਕਿਸਾਨਾਂ ਸਿਰ ਕਰਜਾ ਹੈ ਜਦੋਂ ਕਿ ਪੰਜਾਬ ਦੇ 89 ਫੀਸਦੀ ਕਿਸਾਨ ਕਰਜ਼ਾਈ ਹੈ। ਬੈਂਕਾਂ ਦੇ ਕਰਜ਼ੇ ਦੀ ਗੱਲ ਕਰੀਏ ਤਾਂ ਇਕੱਲੇ ਖੇਤੀ ਵਿਕਾਸ ਬੈਂਕਾਂ ਦੇ ਡਿਫਾਲਟਰ ਕਿਸਾਨਾਂ ਦੀ ਗਿਣਤੀ 70 ਹਜ਼ਾਰ ਇਕੱਲੇ ਮਾਲਵੇ ’ਚ ਹੈ। ਇਸੇ ਕਰਜ਼ੇ ਕਾਰਨ ਐਤਕੀਂ ਤਾਂ 75 ਕਿਸਾਨਾਂ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਹੈ। ਪਹਿਲਾਂ ਸਾਲ 2004 ’ਚ ਕਰਜ਼ਾਈ ਕਿਸਾਨਾਂ ਨੂੰ ਹੱਥਕੜੀ ਲੱਗੀ ਸੀ। ਸਰਹੱਦੀ ਜ਼ਿਲੇ ਫਿਰੋਜਪੁਰ ਦੇ ਕਿਸਾਨਾਂ ਸਿਰ ਭਾਰੀ ਕਰਜਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲੇ ਮੁਕਤਸਰ ’ਚ ਕਿਸਾਨਾਂ ਸਿਰ ਘੱਟ ਕਰਜਾ ਨਹੀਂ ਹੈ। ਇਸ ਜ਼ਿਲੇ ’ਚ ਕਿਸਾਨਾਂ ਨੂੰ ਸੇਮ ਦੀ ਸਮੱਸਿਆ ਨੇ ਝੰਬ ਰੱਖਿਆ ਹੈ। ਕਰਜ਼ੇ ਕਾਰਨ ਬਠਿੰਡਾ ਜ਼ਿਲਾ ਦਾ ਪਿੰਡ ਹਰਕਿਸ਼ਨਪੁਰਾ ਵਿਕਾਊ ਹੋ ਚੁੱਕਾ ਹੈ। ਮਾਨਸਾ ਜ਼ਿਲੇ ਚੋਂ ਵੀ ਇਹੋ ਜਿਹੀ ਖਬਰ ਆਉਂਦੀ ਰਹੀ ਹੈ। ਹ

ਖੁਦਕਸ਼ੀ ਦੀ ਫਸਲ ਮਾਲਵਾ ਪੱਟੀ ਲਈ ਖੁਦਕਸ਼ੀ ਤੇ ਕਰਜਾ ਸ਼ਬਦ ਓਪਰੇ ਨਹੀਂ ਹਨ। ਕਰਜ਼ੇ ਦੇ ਜਾਲ ਨੇ ਹੀ ਸਾਲ 1995 ਤੋਂ ਖੁਦਕਸ਼ੀ ਦੇ ਰਾਹ ਤੁਰਨ ਵਾਸਤੇ ਮਜ਼ਬੂਰ ਕੀਤਾ। ਸਰਕਾਰਾਂ ਹੁਣ ਤੱਕ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਸਰਵੇ ’ਚ ਉਲਝੀਆਂ ਹੋਈਆਂ ਹਨ। ਮੱਦਦ ਕਰਨੀ ਤਾਂ ਦੂਰ ਦੀ ਗੱਲ, ਖੁਦਕਸ਼ੀ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ ਦੀ ਗੱਲ ਸਿਰੇ ਨਹੀਂ ਚੜ ਰਹੀ ਹੈ। ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦਾ ਜਮਹੂਰੀ ਅਧਿਕਾਰ ਸਭਾ ਤਰਫੋਂ ਡਾ. ਸੁੱਚਾ ਸਿੰਘ ਗਿੱਲ ਹੋਰਾਂ ਨੇ ਸਟੱਡੀ ਕੀਤੀ ਸੀ। ਸਾਲ 2002 ਅਤੇ ਸਾਲ 2006 ’ਚ ਆਈ.ਡੀ.ਸੀ ਵਲੋਂ ਖੁਦਕਸ਼ੀ ਵਾਲੇ ਪਰਿਵਾਰਾਂ ਦਾ ਸਰਵੇ ਕੀਤਾ ਗਿਆ। ਸਾਲ 2001 ’ਚ ਪੰਜਾਬ ਸਰਕਾਰ ਤਰਫੋਂ ਪਹਿਲੀ ਦਫਾ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਮੱਦਦ ਵਾਸਤੇ ਬਜਟ ’ਚ 2 ਲੱਖ ਰੁਪਏ ਪ੍ਰਤੀ ਪਰਿਵਾਰ ਦੇਣ ਦੀ ਵਿਵਸਥਾ ਕੀਤੀ ਗਈ ਸੀ। ਮਗਰੋਂ ਕਾਂਗਰਸ ਸਰਕਾਰ ਆ ਗਈ ਜਿਸ ਨੇ ਕੁਝ ਨਾ ਕੀਤਾ। ਸਾਲ ਕੁ ਪਹਿਲਾਂ ਮੌਜੂਦਾ ਸਰਕਾਰ ਤਰਫੋਂ ਡਿਪਟੀ ਕਮਿਸ਼ਨਰਾਂ ਰਾਹੀਂ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦੀ ਇੱਕ ਸਾਲ ਦੀ ਰਿਪੋਰਟ ਲਈ ਗਈ ਜੋ ਕਿ ਕਰੀਬ 129 ਕਿਸਾਨਾਂ ਦੀ ਸੀ। ਆਖਰ ਪੰਜਾਬ ਸਰਕਾਰ ਨੇ ਪੰਜਾਬ ਖੇਤੀ ਵਰਸਿਟੀ ਤੋਂ ਸਾਲ 2009 ’ਚ ਬਠਿੰਡਾ ਤੇ ਸੰਗਰੂਰ ਜ਼ਿਲੇ ਦੇ ਖੁਦਕਸ਼ੀ ਕਰਨ ਵਾਲੇ ਕਿਸਾਨ ਤੇ ਮਜ਼ਦੂਰ ਪਰਿਵਾਰਾਂ ਦਾ ਸਰਵੇ ਕਰਾਇਆ। ਡਾ.ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਰਿਪੋਰਟ ਅਨੁਸਾਰ ਦੋਹਾਂ ਜ਼ਿਲਿਆਂ ’ਚ 2890 ਕਿਸਾਨਾਂ ਤੇ ਮਜ਼ਦੂਰਾਂ ਨੇ ਸਾਲ 2000 ਤੋਂ 2008 ਤੱਕ ਖੁਦਕਸ਼ੀ ਕੀਤੀ ਹੈ। ਸਰਕਾਰ ਤਰਫੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਮਾਲੀ ਮੱਦਦ ਦੇਣ ਦੀ ਕੋਸ਼ਿਸ਼ ਵੀ ਕੀਤੀ ਸੀ। ਚੋਣ ਕਮਿਸ਼ਨ ਨੇ ਰੋਕ ਦਿੱਤਾ। ਚੋਣਾਂ ਮਗਰੋਂ ਸਰਕਾਰ ਨੇ ਕੁਝ ਟਾਵੇਂ ਪਰਿਵਾਰਾਂ ਦੀ ਮੱਦਦ ਕੀਤੀ ਅਤੇ ਫਿਰ ਚੁੱਪ ਵੱਟ ਲਈ।

ਬਠਿੰਡਾ ਤੇ ਸੰਗਰੂਰ ’ਚ ਹਰ ਸਾਲ ਔਸਤਨ 200 ਕਿਸਾਨ ਤੇ ਮਜ਼ਦੂਰ ਖੁਦਕਸ਼ੀ ਕਰ ਜਾਂਦੇ ਹਨ। ਸਰਕਾਰੀ ਰਿਪੋਰਟ ਹੈ ਕਿ ਪੰਜਾਬ ਦੀ 19 ਫੀਸਦੀ ਛੋਟੀ ਕਿਸਾਨ ਅੱਜ ਵੀ ਖੁਦਕਸ਼ੀ ਦੇ ਕੰਢੇ ’ਤੇ ਖੜੀ ਹੈ ਜਿਨ੍ਹਾਂ ਦੀ ਆਮਦਨ ਨਾਲੋਂ ਦੋ ਗੁਣਾ ਜਿਆਦਾ ਕਰਜਾ ਹੈ। ਅਸਲ ’ਚ ਪੰਜਾਬ ’ਚ ਜੋਤਾਂ ਦੇ ਅਕਾਰ ਘੱਟ ਰਹੇ ਹਨ ਅਤੇ ਪਰਿਵਾਰਾਂ ਦੀ ਗਿਣਤੀ ਵੱਧ ਰਹੀ ਹੈ। ਖੇਤਾਂ ਚੋਂ ਬਾਹਰ ਹੋਏ 22 ਫੀਸਦੀ ਕਿਸਾਨ ਤਾਂ ਲੇਬਰ ਚੌਂਕਾਂ ’ਚ ਖੜਨ ਲੱਗ ਪਏ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤਰਫੋਂ ਖੁਦ ਵੀ ਮਾਲਵੇ ’ਚ ਖੁਦਕਸ਼ੀ ਕਰਨ ਵਾਲੇ ਪਰਿਵਾਰਾਂ ਦਾ ਸਾਲ 2006 ’ਚ ਸਰਵੇ ਕੀਤਾ ਸੀ। ਇਸ ਕਿਸਾਨ ਧਿਰ ਅਨੁਸਾਰ ਕਪਾਹ ਪੱਟੀ ’ਚ ਡੇਢ ਦਹਾਕੇ ਦੌਰਾਨ 245 ਪਿੰਡਾਂ ਦੇ 2662 ਕਿਸਾਨ ਖੁਦਕਸ਼ੀ ਦੇ ਰਾਹ ਗਏ ਹਨ।


ਅਸੀਂ ਜੀਣਾ ਹੈ, ਮਰਨਾ ਨਹੀਂ।

ਮਾਲਵੇ ਦੇ ਬਹੁਤੇ ਪਿੰਡਾਂ ’ਚ ਵਿਧਵਾ ਔਰਤਾਂ ਦੀ ਗਿਣਤੀ ਵੱਧਣ ਲੱਗੀ ਹੈ। ਜਿਨ੍ਹਾਂ ਪਿੰਡਾਂ ’ਤੇ ‘ਖੁਦਕਸ਼ੀ’ ਦਾ ਪਹਾੜ ਡਿੱਗਾ ਹੈ, ਉਨ੍ਹਾਂ ’ਚ ਦੁੱਖਾਂ ਦੇ ਦਰਿਆ ਵਗਦੇ ਹਨ। ਫਿਰ ਵੀ ਇਨ੍ਹਾਂ ਔਰਤਾਂ ਨੇ ਹਾਰ ਨਹੀਂ ਮੰਨੀ ਹੈ। ਪਿੰਡ ਚੱਠੇਵਾਲਾ ਦੀ ਵਿਧਵਾ ਔਰਤ ਬਲਵਿੰਦਰ ਕੌਰ ਦੀ ਅੱਖ ਦੇ ਹੰਝੂੇ ਕਦੇ ਮੁੱਕੇ ਹੀ ਨਹੀਂ। ਪਤੀ ਦੀ ਕੁਦਰਤੀ ਮੌਤ ਹੋ ਗਈ ਤੇ ਫਿਰ ਵੱਡਾ ਲੜਕਾ ਮੌਤ ਦੇ ਮੂੰਹ ਚਲਾ ਗਿਆ। ਜਦੋਂ ਦੂਸਰੇ ਨੌਜਵਾਨ ਲੜਕੇ ਦਲਜੀਤ ਸਿੰਘ ਨੇ ਪੰਜ ਸਾਲ ਪਹਿਲਾਂ ਘਰ ਦੀ ਤੰਗੀ ਤੁਰਸ਼ੀ ਤੋਂ ਹਾਰ ਕੇ ਖੁਦਕਸ਼ੀ ਕਰ ਲਈ ਤਾਂ ਘਰ ’ਤੇ ਮੁਸ਼ੀਬਤਾਂ ਦੀ ਝੜੀ ਲੱਗ ਗਈ। ਦਲਜੀਤ ਦੀ ਵਿਧਵਾ ਪਤਨੀ ਰਣਜੀਤ ਕੌਰ ਤੇ ਉਸਦੇ ਦੋ ਬੱਚਿਆਂ ਦੀ ਪਰਵਰਿਸ਼ ਦਾ ਵੱਡਾ ਸੁਆਲ ਬਣ ਗਿਆ। ਬੈਂਕਾਂ ਦੇ ਨਿਲਾਮੀ ਵਾਲੇ ਨੋਟਿਸਾਂ ਨੇ ਹਾਲੇ ਵੀ ਖਹਿੜਾ ਨਹੀਂ ਛੱਡਿਆ। ਵਿਧਵਾ ਔਰਤ ਬਲਵਿੰਦਰ ਕੌਰ ਭਾਵੇਂ ਸੰਕਟਾਂ ਚੋਂ ਉਭਰ ਤਾਂ ਨਹੀਂ ਸਕੀ ਪ੍ਰੰਤੂ ਉਸਨੇ ਸੂਤ ਅਟੇਰਨ ਦਾ ਕੰਮ ਕਰਕੇ ਪ੍ਰਵਾਰ ਤੋਰਨਾ ਸ਼ੁਰੂ ਕਰ ਦਿੱਤਾ। ਨੂੰਹ ਰਣਜੀਤ ਕੌਰ ਮਿੱਟੀ ਦੇ ਚੁੱਲ੍ਹੇ ਬਣਾਉਣ ਲੱਗ ਪਈ। ਇਨ੍ਹਾਂ ਔਰਤਾਂ ਨੇ ਦੱਸਿਆ ਕਿ ਇੱਕ ਚੁੱਲ੍ਹੇ ਤੋਂ 25 ਰੁਪਏ ਦੀ ਕਮਾਈ ਹੁੰਦੀ ਹੈ। ਵਿਧਵਾ ਨੂੰਹ ਰਣਜੀਤ ਕੌਰ ਨੇ ਦੱਸਿਆ ਕਿ ਪ੍ਰਵਾਰ ਤਾਂ ਚੱਲ ਪਿਐ ਹੈ। ਬੱਚਿਆਂ ਦੀ ਫੀਸ ਭਰਨ ਜੋਗੇ ਵੀ ਪੈਸੇ ਨਹੀਂ।

ਜ਼ਿਲਾ ਮਾਨਸਾ ਦੇ ਪਿੰਡ ਬੁਰਜ ਹਰੀ ਦੀ ਵਿਧਵਾ ਗੁਰਮੇਲ ਕੌਰ ਸਾਹਮਣੇ ਬੱਚਿਆਂ ਦੀ ਪੜਾਈ ਦਾ ਵੱਡਾ ਫਿਕਰ ਹੈ। ਜਦੋਂ ਕਰਜਾ ਸਿਰ ਚੜ ਗਿਆ ਤੇ ਜਵਾਨ ਧੀਅ ਦੇ ਵਿਆਹ ਦਾ ਚੇਤਾ ਆਇਆ ਤਾਂ ਗੁਰਮੇਲ ਕੌਰ ਦੇ ਪਤੀ ਨੇ ਆਪਣੀ ਜ਼ਿੰਦਗੀ ਦੀ ਲੀਲਾ ਖਤਮ ਕਰ ਲਈ। ਰਿਸ਼ਤੇਦਾਰਾਂ ਦੀ ਮੱਦਦ ਨਾਲ ਧੀਅ ਬੂਹੇ ਤੋਂ ਤਾਂ ਉਠੀ ਪਰ ਉਦੋਂ ਡੋਲੀ ਤੋਰਨ ਵਾਲਾ ਬਾਬਲ ਨਹੀਂ ਸੀ। ਵਿਧਵਾ ਗੁਰਮੇਲ ਕੌਰ ਦੇ ਦੋ ਲੜਕੇ ਹਨ ਜੋ ਸਰਕਾਰੀ ਸਕੂਲ ਚ ਪੜਦੇ ਹਨ। ਗੁਰਮੇਲ ਕੌਰ ਦੱਸਦੀ ਹੈ ਕਿ ਇੱਕ ਦਿਨ ਬੱਚਿਆਂ ਨੇ ਮੈਨੂੰ ਆਖਿਆ, ‘ਮਾਂ ਸਾਨੂੰ ਵੀ ਮਰ ਜਾਣਾ ਚਾਹੀਦਾ ਹੈ, ਅਸੀਂ ਤਾਂ ਚੱਪਲਾਂ ਵੀ ਖਰੀਦ ਨਹੀਂ ਸਕਦੇ।’ ਮਾਂ ਨੇ ਢਾਰਸ ਦਿੱਤੀ, ਨਹੀਂ, ਅਸੀਂ ਮਰਨਾ ਨਹੀਂ, ਜੀਣਾ ਹੈ। ਜ਼ਿਲਾ ਬਠਿੰਡਾ ਦੇ ਪਿੰਡ ਕੋਟਸ਼ਮੀਰ ਦੀ ਵਿਧਵਾ ਕੁਲਦੀਪ ਕੌਰ ਵੀ ਇਹੋ ਸੋਚ ਰੱਖਦੀ ਹੈ। ਉਸਦੇ ਹਿੱਸੇ ਵੀ ਕੋਈ ਥੋੜੇ ਦੁੱਖ ਨਹੀਂ ਆਏ ਸਨ। ਪੂਰੇ ਨੌ ਸਾਲ ਪਹਿਲਾਂ ਜਦੋਂ ਪਤੀ ਸਪਰੇਅ ਪੀ ਗਿਆ ਤਾਂ ਉਹ ਇਕੱਲੀ ਹੋ ਗਈ।

ਕੁਲਦੀਪ ਕੌਰ ਸਾਹਮਣੇ ਬੱਚਿਆਂ ਦੀ ਪਰਵਰਿਸ਼ ਤੇ ਸਿਰ ਖੜਾ ਲੱਖਾਂ ਕਰਜਾ ਚਣੌਤੀ ਸੀ। ਇਸ ਵਿਧਵਾ ਔਰਤ ਨੇ ਘਰ ਦੀ ਚਾਰ ਏਕੜ ਚੋਂ ਦੋ ਏਕੜ ਜ਼ਮੀਨ ਵੇਚੀ ਤੇ ਨਾਲ ਟਰੈਕਟਰ ਵੇਚ ਕੇ ਕਾਫੀ ਕਰਜਾ ਉਤਾਰ ਦਿੱਤਾ। ਬਾਕੀ ਜ਼ਮੀਨ ਠੇਕੇ ’ਤੇ ਦੇ ਦਿੱਤੀ। ਹੱਥ ਖੱਡੀ ਦਾ ਕੰਮ ਸ਼ੁਰੂ ਕਰ ਲਿਆ। ਮੱਝਾਂ ਦਾ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਤਾਂ ਜੋ ਬੱਚਿਆਂ ਨੂੰ ਪੜਾ ਸਕੇ। ਤਲਵੰਡੀ ਸਾਬੋ ਇਲਾਕੇ ਦੀ ਬਿਰਧ ਚਤਿੰਨ ਕੌਰ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ’ਤੇ ਹੈ। ਉਸਦਾ ਆਸਰਾ ਇੱਕੋ ਇੱਕ ਚਰਖਾ ਹੈ ਜਿਸ ’ਤੇ ਕੱਤ ਕੱਤ ਕੇ ਆਪਣੇ ਪੋਤਿਆਂ ਨੂੰ ਪਾਲ ਰਹੀ ਹੈ। ਜਦੋਂ ਜਵਾਨ ਪੁੱਤ ਨੇ ਖੁਦਕਸ਼ੀ ਕਰ ਲਈ ਤਾਂ ਉਸਦੀ ਜ਼ਿੰਦਗੀ ਦੀ ਆਖਰੀ ਤੰਦ ਵੀ ਟੁੱਟ ਗਈ। ਪਹਿਲਾਂ ਉਸਦੀ ਨੂੰਹ ਇਸ ਜਹਾਨੋ ਚਲੀ ਗਈ। ਦੋ ਬੱਚਿਆਂ ਲਈ ਹੁਣ ਬਿਰਧ ਦਾਦੀ ਹੀ ਢਾਰਸ ਹੈ। ਇਸ ਪਰਿਵਾਰ ਦੀ ਕਰਜ਼ਿਆ ਵਿੱਚ ਸਭ ਜ਼ਮੀਨ ਵਿਕ ਚੁੱਕੀ ਹੈ। ਵਿਆਜ ਨਾਲੋ ਮੂਲ ਪਿਆਰਾ,ਸ਼ਾਇ²ਦ ਇਸ ਅਖਾਣ ’ਤੇ ਪਹਿਰਾ ਦੇ ਰਹੀ ਦਾਦੀ ਮਾਂ ਹੁਣ ਮੂਲ ਨੂੰ ਹੱਥੋ ਕਿਰਦਾ ਨਹੀਂ ਦੇਖਣਾ ਚਾਹੁੰਦੀ। ਬਜ਼ੁਰਗ ਔਰਤ ਹੁਣ ਮਰਨਾ ਨਹੀਂ ਚਾਹੁੰਦੀ, ਜੀਣਾ ਚਾਹੁੰਦੀ ਹੈ ਤਾਂ ਜੋ ਉਹ ਆਪਣੇ ਪੋਤਿਆਂ ਦਾ ਸਹਾਰਾ ਬਣੀ ਰਹਿ ਸਕੇ। ਹਜ਼ਾਰਾਂ ਘਰਾਂ ਦੀ ਇਸੇ ਤਰ੍ਹਾਂ ਦੀ ਕਹਾਣੀ ਹੈ ਜਿਨ੍ਹਾਂ ਦੇ ਕਮਾਊ ਜੀਅ ਖੁਦਕਸ਼ੀ ਦੇ ਰਾਹ ਤੁਰ ਗਏ ਹਨ।

-ਲੇਖਕ ਪੱਤਰਕਾਰ ਹਨ--ਚਰਨਜੀਤ ਭੁੱਲਰ,ਬਠਿੰਡਾ।

ਫੋਟੋਆਂ--ਕੁਲਬੀਰ ਬੀਰਾ