ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label women. Show all posts
Showing posts with label women. Show all posts

Monday, February 16, 2015

'ਕੁਦੇਸਣ' : ਔਰਤ ਦੇ ਵਜੂਦ ਦੀ ਕਹਾਣੀ


ਅੰਮ੍ਰਿਤਾ ਪ੍ਰੀਤਮ ਆਪਣੇ ਨਾਵਲ ਪਿੰਜਰ ਦੇ ਪਾਤਰ 'ਪੂਰੋ' ਹਵਾਲੇ ਨਾਲ ਲਿਖਦੀ ਹੈ ਕਿ ਜਦੋਂ ਵੀ ਕੋਈ ਕੁੜੀ ਦੋਵਾਂ ਪਾਸਿਓਂ(ਭਾਰਤ-ਪਾਕਿਸਤਾਨ) ਆਪਣੇ ਘਰ ਸਹੀ ਠਿਕਾਣੇ 'ਤੇ ਪਹੁੰਚ ਗਈ ਸਮਝਣਾ ਪੂਰੋ ਦੀ ਆਤਮਾ ਵੀ ਨਾਲ ਪਹੁੰਚ ਗਈ।ਇਹ ਮਨੁੱਖਤਾ ਦੇ ਉਸ ਵਾਸੇ ਦੀ ਅਰਦਾਸ ਹੈ ਜੋ ਅੰਮ੍ਰਿਤਾ ਪ੍ਰੀਤਮ ਨੇ ਕੀਤੀ। ਅਜਿਹੀਆਂ ਹਜ਼ਾਰਾਂ ਹੀ ਔਰਤਾਂ ਆਪਣੇ ਉਸ ਸਹੀ ਠਿਕਾਣੇ ਨੂੰ ਲੱਭਦੀਆਂ ਹਨ।ਇਹ ਠਿਕਾਣੇ ਜ਼ਰੂਰੀ ਨਹੀਂ ਭੂਗੋਲਿਕ ਹੱਦਾਂ 'ਚ ਹੋਵੇ। ਔਰਤ ਲਈ ਇਹ ਸਨਮਾਨ,ਪਛਾਣ ਤੇ ਵਸੇਬੇ ਦਾ ਸੰਘਰਸ਼ ਹੈ ਜੋ ਉਹ ਘਰ ਘਰ ਕਰ ਰਹੀ ਹੈ।ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਜੋ ਉੜੀਸਾ ਦੀਆਂ ਸੜਕਾਂ 'ਤੇ ਗ਼ਰੀਬੀ ਨਾਲ ਜੂਝਦੀਆਂ ਭੋਗ ਵਾਸਨਾ ਲਈ ਲੋਕ ਖਰੀਦਦੇ ਹਨ। ਇਹ ਉਹੀ ਔਰਤ ਹੈ ਜੋ ਸੁੰਨੀਆ ਗਲੀਆਂ 'ਚ ਚਿੱਥੜੇ ਹੋ ਚੁੱਕੇ ਆਪਣੇ ਸਰੀਰਾਂ ਚੋਂ ਖੇਰੂ ਹੋਈ ਆਤਮਾ ਨੂੰ ਮੁੜ ਸਮੇਟਦੀਆਂ ਸਮਾਜ ਦੀਆਂ ਟਿੱਚਰਾਂ ਚੋਂ ਆਪਣਾ ਵਜੂਦ ਲੱਭਦੀਆਂ ਹਨ। ਇਹ ਉਹੀ ਔਰਤ ਹੈ ਜੋ ਜਾਨ ਨਹੀਂ,ਹੱਡ-ਮਾਸ ਦਾ ਮਨੁੱਖ ਨਹੀਂ ਮਹਿਜ਼ ਇੱਕ ਵਸਤੂ ਬਣਕੇ ਰਹਿ ਜਾਂਦੀ ਹੈ ਜਦੋਂ ਕੋਈ ਇਹਨੂੰ ਆਪਣਾ ਘਰ ਵਧਾਉਣ ਲਈ ਮੁੱਲ਼ ਦੀ ਤੀਵੀਂ ਬਣਾ ਖਰੀਦਦਾ ਹੈ।ਇਸ ਤੜਪ,ਸੰਤਾਪ,ਹਿਜਰ 'ਚ ਵਾਵਰੋਲੇ ਖਾਂਦੀ ਔਰਤ ਮਨ ਦੀ ਕਹਾਣੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਨਿਰਦੇਸ਼ਕ ਜੀਤ ਮਠਾਰੂ ਨੇ ਆਪਣੀ ਫ਼ਿਲਮ ਕੁਦੇਸਣ-ਵੂਮੈਨ ਫਰੋਮ ਦੀ ਈਸਟ ਦੇ ਮਾਰਫਤ।  ਕੁਦੇਸਣ ਫ਼ਿਲਮ ਜਤਿੰਦਰ ਬਰਾੜ ਦੇ ਲਿਖੇ ਨਾਟਕ 'ਕੁਦੇਸਣ' 'ਤੇ ਅਧਾਰਤ ਹੈ ਅਤੇ ਇਹ ਫ਼ਿਲਮ ਟੋਰਾਂਟੋ ਪੰਜਾਬੀ ਫ਼ਿਲਮ ਫੈਸਟੀਵਲ ਤੇ ਹੋਰ ਪੁਰਸਕਾਰਾਂ 'ਚ ਖਾਸ ਖਿੱਚ ਦਾ ਕੇਂਦਰ ਬਣੀ ਹੋਈ ਹੈ। ਯਕੀਨਣ ਇਹ ਫ਼ਿਲਮ ਪੰਜਾਬੀ ਸਿਨੇਮਾ ਦੇ ਲਿਹਾਜ਼ ਨਾਲ ਇੱਕ ਚੰਗੀ ਫ਼ਿਲਮ ਬਣਾਈ ਗਈ ਹੈ।  ਪੰਜਾਬੀ ਤੇ ਹਿੰਦੀ ਦੋ-ਭਾਸ਼ੀ ਫ਼ਿਲਮ ਦੇ ਜ਼ਰੀਏ ਜੀਤ ਮਠਾਰੂ ਨਿਰਦੇਸ਼ਕੀ ਅੱਖ ਤੋਂ ਕੀ ਨਜ਼ਰੀਆ ਰੱਖਦਾ ਹੈ,ਇਸ ਸਦੰਰਭ 'ਚ ਹਰਪ੍ਰੀਤ ਸਿੰਘ ਕਾਹਲੋਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। 

ਕੁਦੇਸਣ ਫ਼ਿਲਮ ਨੂੰ ਲੈ ਕੇ ਕਨੇਡਾ 'ਚ ਟੋਰਾਂਟੋ ਪੰਜਾਬੀ ਫ਼ਿਲਮ ਉਤਸਵ ਦਾ ਤਜ਼ਰਬਾ ਕਿਹੋ ਜਿਹਾ ਰਿਹਾ? 

:ਮੈਂ ਦੱਸਣਾ ਚਾਹਵਾਂਗਾ ਕਿ ਫਿਲਮ ਦੇ ਪ੍ਰੀਮਿਅਰ ਤੋਂ ਪਹਿਲਾਂ ਹੀ ਫ਼ਿਲਮ ਚਰਚਾ 'ਚ ਆ ਚੁੱਕੀ ਸੀ।ਯੂ ਟਿਊਬ 'ਤੇ ਕੁਦੇਸਣ-ਵੂਮੈਨ ਫਰੋਮ ਦੀ ਈਸਟ ਦੀਆਂ ਝਲਕੀਆਂ ਨੂੰ ਬਹੁਤ ਪਸੰਦ ਕੀਤਾ ਗਿਆ।ਉੱਥੇ ਜੋ ਸਨੀ ਗਿੱਲ,ਚੋਪੜਾ ਸਾਹਬ ਤੇ ਹੋਰਾਂ ਨੇ ਮਿਲਕੇ ਇਹ ਫੈਸਟੀਵਲ ਓਰਗਨਾਈਜ਼ ਕੀਤਾ ਤਾਂ ਇਹ ਪੰਜਾਬੀ ਸਿਨੇਮਾ ਦੇ ਮਿਜਾਜ਼ 'ਚ ਬਹੁਤ ਸੁਖਾਂਵਾ ਮਹਿਸੂਸ ਹੋ ਰਿਹਾ ਹੈ।ਉੱਥੇ ਮੇਰੀ ਫ਼ਿਲਮ ਕੁਦੇਸਣ ਨੂੰ ਵੇਖ ਕੇ ਲੋਕਾਂ ਨੇ ਮੈਨੂੰ ਖੜ੍ਹੇ ਹੋ ਕੇ ਸ਼ਾਬਾਸ਼ੀ ਦਿੱਤੀ।ਮੈਨੂੰ ਬਹੁਤ ਸਾਰੇ ਲੋਕਾਂ ਤੋਂ ਇਹ ਸੁਨਣ ਨੂੰ ਮਿਲਿਆ ਕਿ ਅਜਿਹੀਆਂ ਫ਼ਿਲਮਾਂ ਵੇਖਕੇ ਸਾਨੂੰ ਪੰਜਾਬੀ ਸਿਨੇਮਾ 'ਤੇ ਮਾਣ ਹੁੰਦਾ ਹੈ। 

ਕੁਦੇਸਣ ਫ਼ਿਲਮ ਦਾ ਵਿਸ਼ਾ ਚੁਨਣ ਦਾ ਵਿਚਾਰ ਕਿਵੇਂ ਬਣਿਆ? 

 :ਅਸਲ 'ਚ ਇਸ ਤੋਂ ਪਹਿਲਾਂ ਮੈਂ ਇੱਕ ਫ਼ਿਲਮ 'ਅੱਡੀ ਟੱਪਾ' ਬਣਾਈ ਸੀ ਜੋ ਕਿ ਵਪਾਰਕ ਪੱਖੋਂ ਬਹੁਤੀ ਚੱਲੀ ਨਹੀਂ ਪਰ ਇਹ ਪੰਜਾਬੀ ਸਿਨੇਮਾ 'ਚ ਸੰਸਪੈਂਸ ਜੋਨਰ ਦੀ ਵੱਖਰੀ ਫ਼ਿਲਮ ਆਈ ਸੀ।ਇਸ ਤੋਂ ਬਾਅਦ ਅਸੀ ਕਾਫੀ ਸੰਭਲਕੇ ਕੰਮ ਸ਼ੁਰੂ ਕੀਤਾ।ਅਸੀ ਅੰਮ੍ਰਿਤਸਰ ਪੰਜਾਬੀ ਨਾਟ ਸ਼ਾਲਾ ਵੱਲੋਂ ਖੇਡਿਆ ਗਿਆ ਜਤਿੰਦਰ ਬਰਾੜ ਹੁਣਾਂ ਦਾ ਨਾਟਕ 'ਕੁਦੇਸਣ' ਵੇਖਿਆ।ਮੇਰੇ ਮਨ 'ਚ ਇਸ ਨਾਟਕ ਨੂੰ ਸਿਨੇਮਾਈ ਰੁਪਾਂਤਰਣ ਕਰਨ ਦਾ ਵਿਚਾਰ ਆਇਆ। ਮੈਂ ਤੇ ਮੇਰੇ ਭਾਈਵਾਲ ਸੁਰੇਸ਼ ਵਰਸਾਨੀ (ਜੋ ਲੰਡਨ ਰਹਿੰਦੇ ਹਨ) ਦੇ ਮਨ 'ਚ ਸੀ ਕਿ ਅਸੀ ਪੰਜਾਬੀ 'ਚ ਕੋਈ ਸੰਸਾਰ ਪੱਧਰ ਦੀ ਫ਼ਿਲਮ ਬਣਾਈਏ।ਸੋ ਅਸੀ ਕੁਦੇਸਣ ਫਿਲਮ ਦੇ ਸਕ੍ਰੀਨਪਲੇ ਨੂੰ ਲਿਖਦੇ ਹੋਏ ਅਸੀ 2009 'ਚ ਕੰਮ ਸ਼ੁਰੂ ਕੀਤਾ ਸੀ। 

ਕੁਦੇਸਣ-ਵੂਮੈਨ ਫਰੋਮ ਦੀ ਈਸਟ ਬਣਾਉਂਦੇ ਹੋਏ ਆਮ ਫ਼ਿਲਮਾਂ ਨਾਲੋਂ ਜ਼ਿਆਦਾ ਸਮਾਂ ਖਪਤ ਹੋਈ ਹੈ,ਅਜਿਹਾ ਲੱਗਦਾ ਹੈ? 

 :ਉਹ ਇਸ ਲਈ ਕਿ ਜਦੋਂ ਅਸੀਂ ਇਹ ਫ਼ਿਲਮ ਸ਼ੁਰੂ ਕੀਤੀ ਸੀ ਤਾਂ ਇਸ ਫ਼ਿਲਮ 'ਚ ਮੁੱਖ ਅਦਾਕਾਰਾ ਕੋਈ ਹੋਰ ਸੀ।ਜਦੋਂ ਅਸੀਂ ਲੱਗਭਗ ਸਾਰੀ ਫ਼ਿਲਮ ਖਤਮ ਕਰ ਕਲਾਈਮੈਕਸ ਦੇ ਨੇੜੇ ਪਹੁੰਚੇ ਸਾਂ ਤਾਂ ਅਸੀ ਕੁਝ ਬਦਲਾਅ ਕਰਨੇ ਜ਼ਰੂਰੀ ਸਮਝੇ ਪਰ ਇਸ ਸਭ ਲਈ ਸਬੰਧਤ ਅਦਾਕਾਰਾ ਵੱਲੋਂ ਸਾਨੂੰ ਤਾਰੀਖ਼ਾਂ ਉਪਲਬਧ ਨਹੀਂ ਕਰਵਾਈਆਂ ਗਈਆਂ।ਇਸ ਸਬੰਧੀ ਉਹਦੇ ਅਤੇ ਉਹਦੀ ਮਾਂ ਦੇ ਕਾਰਨ ਵੀ ਬਹੁਤ ਅਜੀਬ ਸਨ ਜੋ ਮੈਂ ਇੱਥੇ ਦੱਸਣਾ ਜ਼ਰੂਰੀ ਨਹੀਂ ਸਮਝਦਾ।ਇਸ ਕਰਕੇ ਸਾਨੂੰ ਇਹ ਫਿਲਮ ਮੁੜ ਤੋਂ ਨਵੀਂ ਅਦਾਕਾਰਾ ਨਾਲ ਸ਼ੂਟ ਕਰਨੀ ਪਈ।ਫਿਰ ਅਸੀਂ ਭੋਜਪੁਰੀ ਫਿਲਮਾਂ ਦੀ ਸਟਾਰ ਅਦਾਕਾਰਾ ਪਾਖੀ ਹੇਗੜੇ ਨੂੰ ਲੈਕੇ ਇਸ ਫਿਲਮ ਦਾ ਦੁਬਾਰਾ ਫਿਲਮਾਂਕਣ ਕੀਤਾ।ਹਾਂ ਇਹ ਜ਼ਰੂਰ ਹੈ ਕਿ ਪਾਖੀ ਦਾ ਕੰਮ ਵੇਖਕੇ ਅਤੇ ਫ਼ਿਲਮ ਪ੍ਰਤੀ ਦਰਸ਼ਕਾਂ ਦੀ ਪ੍ਰਤੀਕਿਰਿਆ ਵੇਖਕੇ ਸਾਨੂੰ ਇੰਝ ਲੱਗਦਾ ਹੈ ਕਿ ਜੋ ਹੁੰਦ ਹੈ ਚੰਗੇ ਲਈ ਹੀ ਹੁੰਦਾ ਹੈ।ਸੋ 2010 'ਚ ਮੁੜ ਫ਼ਿਲਮ ਬਣਾਉਣ ਕਰਕੇ ਸਾਡਾ ਬਜਟ ਵੀ ਡਗਮਗਾ ਗਿਆ ਜਿਸ ਕਾਰਣ ਅਸੀਂ ਇਸ ਫ਼ਿਲਮ ਨੂੰ ਬਣਾਉਂਦੇ ਹੋਏ ਕਾਫੀ ਸਮਾਂ ਲੈ ਗਏ। 

ਕੁਦੇਸਣ ਫ਼ਿਲਮ ਨੂੰ ਵੇਖਦੇ ਹੋਏ ਦਰਸ਼ਕਾਂ ਦੀ ਕੋਈ ਖਾਸ ਟਿੱਪਣੀ ਜੋ ਤੁਹਾਨੂੰ ਯਾਦ ਰਹਿ ਗਈ ਹੋਵੇ? 

 :ਬਹੁਤ ਸਾਰੀਆਂ ਟਿੱਪਣੀਆਂ ਯਾਦਗਾਰ ਹਨ ਪਰ ਦੋ ਦਾ ਜ਼ਿਕਰ ਮੈਂ ਇੱਥੇ ਜ਼ਰੂਰ ਕਰਨਾ ਚਾਹਵਾਂਗਾ। ਕੁਦੇਸਣ ਫ਼ਿਲਮ ਵੇਖਣ ਤੋਂ ਬਾਅਦ ਮੇਰੇ ਕੋਲ ਇੱਕ ਸੱਜਣ ਆਏ ਅਤੇ ਉਹਨਾਂ ਕਿਹਾ ਕਿ ਕੁਦੇਸਣ ਵੇਖਣ ਤੋਂ ਬਾਅਦ ਮੈਨੂੰ ਨਰਗਿਸ ਦੱਤ ਦੀ ਫ਼ਿਲਮ 'ਮਦਰ ਇੰਡੀਆ' ਯਾਦ ਆ ਗਈ। ਇੱਕ ਹੋਰ ਦਰਸ਼ਕ ਨੇ ਮੇਰੇ ਕੋਲ ਆ ਕੇ ਆਪਣੇ ਮਨ ਦੀ ਗੱਲ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਤੁਹਾਡੀ ਫ਼ਿਲਮ ਵੇਖਦੇ ਹੋਏ ਮੈਨੂੰ ਬਿਮਲ ਰਾਏ ਤੇ ਸਤਿਆਜੀਤ ਰੇ ਦੀਆਂ ਫ਼ਿਲਮਾਂ ਯਾਦ ਆ ਜਾਂਦੀ ਹਨ। 

ਅਜਿਹੀ ਟਿੱਪਣੀਆਂ 'ਚ ਤੁਹਾਡੀ ਫ਼ਿਲਮ ਦੀ ਚਰਚਾ ਵੀ ਹੋ ਰਹੀ ਹੈ।ਗੁਰਵਿੰਦਰ ਸਿੰਘ ਦੀ ਫ਼ਿਲਮ ਅੰਨ੍ਹੇ ਘੋੜੇ ਦਾ ਦਾਨ ਫ਼ਿਲਮ ਬਾਰੇ ਵੀ ਕੁਝ ਅਜਿਹੀ ਟਿੱਪਣੀਆਂ ਹੋਈਆਂ ਕਿ ਸਾਨੂੰ ਪੰਜਾਬੀ ਸਿਨੇਮਾ ਦਾ ਸਤਿਆਜੀਤ ਰੇ ਮਿਲ ਗਿਆ।ਇਹ ਚੰਗਾ ਸੰਕੇਤ ਹੈ ਜਾਂ ਅਸੀ ਅਜਿਹੀ ਚੀਜ਼ ਨੂੰ ਸਥਾਪਤ ਕਰਨ ਦੀ ਕਾਹਲੀ ਕਰ ਰਹੇ ਹਾਂ? 

 :ਨਹੀਂ ਕੋਈ ਅਜਿਹਾ ਕਹਿ ਰਿਹਾ ਹੈ ਤਾਂ ਇਹ ਸਾਡੇ ਲਈ ਚੰਗੀ ਗੱਲ ਹੈ।ਹਾਂ ਸੁਧਾਰ ਦੀ ਗੁੰਜਾਇਸ਼ ਸਦਾ ਰਹਿਣੀ ਚਾਹੀਦੀ ਹੈ ਅਜੇ ਬਹੁਤ ਸਾਰੇ ਕੰਮ ਕਰਨੇ ਹਨ।ਅਸੀ ਉਹਨਾਂ ਮਹਾਨ ਫ਼ਿਲਮਸਾਜ਼ਾਂ ਦੇ ਬਰਾਬਰ ਤਾਂ ਨਹੀਂ ਪਹੁੰਚੇ ਪਰ ਅਜਿਹਾ ਕਿਸੇ ਚੀਜ਼ ਨੂੰ ਸਥਾਪਿਤ ਕਰਨ ਲਈ ਨਹੀਂ ਕਿਹਾ ਜਾ ਰਿਹਾ ਸਗੋਂ ਇਹ ਤਾਂ ਹੌਂਸਲਾ ਅਫਜ਼ਾਈ ਹੈ।'ਅੰਨ੍ਹੇ ਘੋੜੇ ਦਾ ਦਾਨ' ਫ਼ਿਲਮ ਮੈਂ ਖੁਦ ਵੇਖੀ ਸੀ ਟੋਰਾਂਟੋ ਫ਼ਿਲਮ ਫੈਸਟੀਵਲ ਦੌਰਾਨ,ਇਹ ਫ਼ਿਲਮ ਬਹੁਤ ਹੀ ਵਧੀਆ ਫ਼ਿਲਮ ਹੈ। 

ਕੁਦੇਸਣ ਫ਼ਿਲਮ ਦੀ ਕਹਾਣੀ ਔਰਤ ਮਨ ਦੀ ਸੰਵੇਦਨਾ ਨੂੰ ਕਿੰਝ ਬੁਣਦੀ ਹੈ?

:ਇਹ ਕਹਾਣੀ ਇੱਕ ਕੁੜੀ ਦੁਆਲੇ ਘੁੰਮਦੀ ਹੈ ਜਿਹਦਾ ਪਿਓ ਬਿਹਾਰ 'ਚ ਰਹਿੰਦਾ ਹੈ ਤੇ ਗ਼ਰੀਬੀ ਕਰਕੇ ਆਪਣੀ ਕੁੜੀ ਨੂੰ ਪੰਜਾਬ ਵੇਚ ਦਿੰਦਾ ਹੈ।ਇਸ ਤੋਂ ਪਹਿਲਾਂ ਵੀ ਉਹਨੇ ਇੱਕ ਕੁੜੀ ਵੇਚੀ ਹੁੰਦੀ ਹੈ।ਏਧਰ ਪੰਜਾਬ 'ਚ ਪਾਲਾ ਸਿੰਘ ਨਾਮ ਦਾ ਕਿਰਦਾਰ ਹੁੰਦਾ ਹੈ ਜੋ ਕਾਫੀ ਬਿਰਧ ਹੋ ਚੁੱਕਾ ਹੈ।ਉਸ ਘਰ ਕੋਈ ਮੁੰਡਾ ਨਹੀਂ ਹੈ ਅਤੇ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਕੋਈ ਮੁੰਡਾ ਤਾਂ ਦੇ ਨਹੀਂ ਸਕਦੀ ਸੋ ਮੈਨੂੰ ਤਾਂ ਆਪਣੀ ਜ਼ਮੀਨ ਲਈ ਸੰਤਾਨ ਚਾਹੀਦੀ ਹੈ।ਕਿਉਂ ਕਿ ਉਹਦੀ ਦੋ ਕੁੜੀਆਂ ਹੀ ਸਨ ਜੋ ਵਿਆਹ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਨੂੰ ਆਪਣੇ ਚਾਰ ਕਿਲੇ ਜ਼ਮੀਨ ਲਈ ਵਾਰਸ ਚਾਹੀਦਾ ਹੈ।ਫਿਰ ਉਹਦੀ ਘਰ ਵਾਲੀ ਉਹਨੂੰ ਸਲਾਹ ਦਿੰਦੀ ਹੈ ਕਿ ਤੂੰ ਬਿਹਾਰ ਤੋਂ ਕੁੜੀ ਖਰੀਦ ਲਿਆ।ਇਹ ਕੁੜੀ 10 ਹਜ਼ਾਰ ਦੀ ਮੱਝ ਵੇਚਕੇ 6 ਹਜ਼ਾਰ ਦੇ ਮੁੱਲ ਨਾਲ ਲਿਆਈ ਜਾਂਦੀ ਹੈ। ਇੰਝ ਉਹ ਫਿਰ ਆਪਣੀ ਮੱਝ ਵੇਚ ਕੇ ਕੁੜੀ ਖਰੀਦਕੇ ਲਿਆਉਂਦੇ ਹਨ ਤਾਂ ਕਿ ਸੰਤਾਨ ਪ੍ਰਾਪਤੀ ਹੋ ਸਕੇ।ਸੋ ਇਹ ਫ਼ਿਲਮ ਇੱਕ ਔਰਤ ਦੇ ਜਜ਼ਬਾਤ ਉਹਦੀ ਤੜਪ ਨੂੰ ਬਿਆਨ ਕਰਦੀ ਹੋਈ ਸਾਡੇ ਸਾਹਮਣੇ ਕਈ ਸਵਾਲ ਪੇਸ਼ ਕਰਦੀ ਹੈ।  

ਫ਼ਿਲਮ ਨੂੰ ਬਣਾਉਣ ਦੌਰਾਨ ਔਰਤਾਂ ਨਾਲ ਜੁੜੇ ਮਸਲਿਆਂ ਨੂੰ ਤੁਸੀਂ ਕਾਫੀ ਨੇੜੇ ਤੋਂ ਸਮਝਿਆ ਹੋਵੇਗਾ? 

:ਜਦੋਂ ਅਸੀ ਔਰਤਾਂ ਨਾਲ ਜੁੜੇ ਮਸਲਿਆ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਸੰਸਾਰ ਦਾ ਸਭ ਤੋਂ ਵੱਡਾ ਕ੍ਰਿਮਿਨਲ ਟ੍ਰੇਡ ਹੈ ਔਰਤਾਂ ਦੀ ਖਰੀਦੋ ਫਰੋਖ਼ਤ।ਪਹਿਲਾਂ ਨਸ਼ਾਖੋਰੀ ਨੂੰ ਲੈਕੇ ਧੰਦਾ ਤੇ ਉਸ ਤੋਂ ਬਾਅਦ ਔਰਤਾਂ ਦੀ ਖਰੀਦੋ ਫਰੋਖ਼ਤ।ਇਹ ਹੁਣ ਤੋਂ ਨਹੀਂ ਬਹੁਤ ਪੁਰਾਣਾ ਚਲਿਆ ਆ ਰਿਹਾ ਹੈ ਅਤੇ ਇਹਦੀਆਂ ਜੜ੍ਹਾ ਸਿਰਫ ਪੰਜਾਬ ਜਾਂ ਬਿਹਾਰ ਤੱਕ ਨਹੀਂ ਸਗੋਂ ਪੂਰੇ ਸੰਸਾਰ 'ਚ ਔਰਤਾਂ ਦੀ ਖਰੀਦੋ ਫਰੋਖ਼ਤ ਇੱਕ ਦੇਸ਼ ਤੋਂ ਦੂਜੇ ਦੇਸ਼ ਬਹੁਤ ਵੱਡੇ ਪੱਧਰ 'ਤੇ ਹੁੰਦੀ ਹੈ। ਇਹ ਪੂਰਾ ਸਿਸਟਮ ਬਹੁਤ ਲੈਅਬੱਧ ਤਰੀਕੇ ਨਾਲ ਚਲਾਇਆ ਜਾਂਦਾ ਹੈ।ਅਜਿਹੇ 'ਚ ਬਾਬਾ ਨਾਨਕ ਦੀ ਕਹੀ ਗੱਲ ਔਰਤ ਦੇ ਹੱਕ 'ਚ ਸਭ ਬੇਮਾਇਨੇ ਹੋ ਜਾਂਦੀ ਹੈ ਕਿਉਂ ਕਿ ਅਜਿਹੇ ਵਪਾਰੀਕਰਨ ਨੂੰ ਲੈਕੇ ਕੋਈ ਗੰਭੀਰ ਕਦਮ ਨਹੀਂ ਚੁੱਕੇ ਗਏ ਅਤੇ ਇਸ 'ਚ ਪ੍ਰਸਾਸ਼ਨਕ ਹੱਲਾਸ਼ੇਰੀ ਨਾ ਮਿਲਦੀ ਹੋਵੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।ਇਸ ਬਾਰੇ ਇੱਕ ਹੋਰ ਨੁਕਤਾ ਸਾਨੂੰ ਬੇਚੈਨ ਕਰੇਗਾ ਕਿ ਵੂਮੈਨ ਟੈਫਕਿੰਗ ਜਾਂ ਟ੍ਰੇਡਿੰਗ ਪਹਿਲਾਂ ਨਾਲੋਂ ਘੱਟ ਨਹੀਂ ਹੋਈ ਸਗੋਂ ਹੋਰ ਵਧੀ ਹੈ।ਮੇਰਾ ਕਹਿਣ ਦਾ ਅਰਥ ਇਹੋ ਸੀ ਕਿ ਇਸ ਫ਼ਿਲਮ ਜ਼ਰੀਏ ਮੈਂ ਇਹੋ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਔਰਤ ਜੋ ਕੇ ਕੋਈ ਦੂਜੀ ਪ੍ਰਾਣੀ ਨਹੀਂ ਹੈ ਉਹ ਬੰਦੇ ਦੇ ਬਰਾਬਰ ਹੈ ਅਸੀਂ ਉਸ ਨੂੰ ਕਿਵੇਂ ਵੇਚ ਸਕਦੇ ਹਾਂ।ਕਿਉਂ ਕਿ ਉਸ 'ਚ ਵੀ ਜਾਨ ਹੈ ਅਤੇ ਉਹ ਕੋਈ ਨਿਰਜੀਵ ਵਸਤੂ ਨਹੀਂ ਹੈ ਉਹ ਹੱਡ ਮਾਸ ਦੀ ਇੱਕ ਜ਼ਿੰਦਗੀ ਹੈ। 

ਔਰਤਾਂ ਦੀ ਖਰੀਦੋ ਫਰੋਖ਼ਤ ਦੇ ਤਾਣੇ ਬਾਣੇ ਨੂੰ ਸਮਝਦੇ ਹੋਏ ਇਹ ਸਮਝਨ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ? :

ਮੈਨੂੰ ਲੱਗਦਾ ਹੈ ਕਿ ਇਹ ਅਜਿਹਾ ਵੀ ਨਹੀਂ ਕਿ ਇਸ 'ਤੇ ਕਾਬੂ ਨਾ ਪਾਇਆ ਜਾ ਸਕੇ।ਇਸ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ।ਹਾਲ ਹੀ 'ਚ ਚਰਚਾ 'ਚ ਰਿਹਾ ਆਮਿਰ ਖ਼ਾਨ ਦੇ ਸ਼ੋਅ 'ਚ ਮੈਨੂੰ ਉਹਦੀ ਇੱਕ ਕਹੀ ਗੱਲ ਬਹੁਤ ਸੋਹਣੀ ਲੱਗੀ।ਉਹਨੇ ਕਿਹਾ ਸੀ ਕਿ ਤੁਸੀ ਇਹ ਸੋਚੋ ਕਿ ਸਾਡੇ ਕੋਲ ਇੱਕ ਜਾਦੂ ਦੀ ਛੜੀ ਹੈ ਅਤੇ ਇਹ ਛੜੀ ਕੋਈ ਹੋਰ ਨਹੀਂ ਸਗੋਂ ਅਸੀਂ ਖੁਦ ਹਾਂ।ਜਦੋਂ ਤੱਕ ਅਸੀ ਖੁਦ ਪਹਿਲ ਨਹੀਂ ਕਰਦੇ ਉਦੋਂ ਤੱਕ ਸਮਾਜ 'ਚ ਕੁਝ ਵੀ ਬਦਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।ਕਿਉਂ ਕਿ ਪੂਰੇ ਦਾ ਪੂਰਾ ਸਿਸਟਮ ਜੇ ਸਾਡੇ ਲਈ ਹੈ ਤਾਂ ਇਸ ਨੂੰ ਵੀ ਅਸੀਂ ਰੱਦ ਨਹੀਂ ਕਰ ਸਕਦੇ ਕਿ ਪੂਰਾ ਸਿਸਟਮ ਬਣਦਾ ਤਾਂ ਸਾਡੇ ਤੋਂ ਹੈ।ਸ਼ੁਰੂਆਤ ਹਮੇਸ਼ਾ ਕਦਮ ਅੱਗੇ ਵਧਾਉਣ ਨਾਲ ਹੀ ਹੁੰਦੀ ਹੈ ਹੁਣ ਇਹ ਸਾਡੇ 'ਤੇ ਹੈ ਕਿ ਅਸੀ ਉਹ ਕਦਮ ਵਧਾ ਰਹੇ ਹਾਂ ਕਿ ਨਹੀਂ।ਇਸ ਲਈ ਉਨ੍ਹਾਂ ਇਲਾਕਿਆਂ 'ਚ ਗ਼ਰੀਬੀ ਸਭ ਤੋਂ ਵੱਡਾ ਕਾਰਨ ਹੈ ਜਦੋਂ ਤੱਕ ਸਰਕਾਰਾਂ ਇਸ ਗ਼ਰੀਬੀ ਨੂੰ ਦੂਰ ਕਰਨ ਬਾਰੇ ਨਹੀਂ ਸੋਚਣਗੀਆਂ ਉਦੋਂ ਤੱਕ ਕੁਝ ਬਦਲ ਦੀ ਕਲਪਣਾ ਸੰਭਵ ਨਹੀਂ ਹੈ।ਤੁਸੀ ਅਕਸਰ ਵੇਖਦੇ ਹੋ ਕਿ ਨੇਪਾਲ ਲੋਕ ਜਾਂਦੇ ਹਨ ਅਤੇ ਉਧਰੋਂ ਟੈਂਪੂ 'ਤੇ ਕੁੜੀ ਬਿਠਾ ਲਿਆਉਂਦੇ ਹਨ।ਇਹ ਸਾਰਾ ਕੁਝ ਇੰਨਾ ਸੌਖਾ ਹੈ ਕਿ ਕਿਸੇ ਨੂੰ ਇਸ 'ਤੇ ਸ਼ੱਕ ਵੀ ਨਹੀਂ ਹੁੰਦਾ। 

ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਤੁਸੀਂ ਸੰਗੀਤ 'ਚ ਵੀ ਯਥਾਰਥ ਨੂੰ ਸਿਰਜਣ ਲਈ ਬਹੁਤ ਨਵੇਕਲਾ ਪ੍ਰਯੋਗ ਕੀਤਾ ਹੈ?

:ਇਸ ਸਭ ਲਈ ਮੇਰੇ ਮਨ 'ਚ ਇੱਕੋ ਗੱਲ ਸੀ ਕਿ ਮੈਂ ਸੰਗੀਤ ਦੇ ਵਪਾਰਕ ਪੱਖ ਨੂੰ ਨਹੀਂ ਸੀ ਵੇਖ ਰਿਹਾ ਸਗੋਂ ਮੈਂ ਕਹਾਣੀ ਦੇ ਮਿਜਾਜ਼ ਅਤੇ ਕਿਰਦਾਰਾਂ ਦੀ ਰੂਹਦਾਰੀ ਮੁਤਾਬਕ ਸੰਗੀਤ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਹੈ।ਜਿਵੇਂ ਕਿ ਫ਼ਿਲਮ ਵਿਚਲੀ ਮੁੱਖ ਜਨਾਨੀ ਕਿਰਦਾਰ ਬਿਹਾਰ ਦੀ ਹੈ ਅਤੇ ਉਹਦੇ ਸੰਤਾਪ ਨੂੰ ਬਿਆਨ ਕਰਨ ਲਈ ਮੈਂ ਉਹਦੀ ਮਾਨਸਿਕ ਦਸ਼ਾ ਮੁਤਾਬਕ ਹੀ ਸੰਗੀਤ ਨੂੰ ਵਰਤਿਆ ਹੈ।ਇਸੇ ਲਈ ਕੁਦੇਸਣ ਪੰਜਾਬੀ ਫ਼ਿਲਮ ਹੋਣ ਦੇ ਬਾਵਜੂਦ ਸੰਗੀਤ ਪੱਖੋਂ ਭੋਜਪੁਰੀ ਹੈ।ਕਿਉਂ ਕਿ ਗੀਤ ਸਮਾਜ ਦੇ ਕਿਰਦਾਰ ਦੀ ਸਿਰਜਣਾ ਹੁੰਦੇ ਹਨ।ਫ਼ਿਲਮ 'ਚ ਜਦੋਂ ਮੈਂ ਪੰਜਾਬੀ ਕਿਰਦਾਰਾਂ ਦੀ ਖੁਸ਼ੀ ਵਿਖਾਉਂਦਾ ਹਾਂ ਤਾਂ ਮੈਂ ਸੰਗੀਤ ਵੀ ਪੰਜਾਬੀ ਲੋਕ ਸੱਭਿਆਚਾਰ ਦਾ ਹੀ ਰੱਖਦਾ ਹਾਂ।ਜਦੋਂ ਫ਼ਿਲਮ ਦੀ ਮੁੱਖ ਜਨਾਨੀ ਕਿਰਦਾਰ ਦੇ ਜਜ਼ਬਾਤ ਨੂੰ ਵਿਖਾਉਣਾ ਹੋਵੇ ਤਾਂ ਸੰਗੀਤ ਵੀ ਭੋਜਪੁਰੀ 'ਚ ਹੋ ਜਾਂਦਾ ਹੈ।ਕਿਉਂ ਕਿ ਇਸ ਕਿਰਦਾਰ ਦੀਆਂ ਦੁੱਖ ਤਕਲੀਫਾਂ,ਸੰਤਾਪ,ਖੁਸ਼ੀ ਚੋਂ ਹੀ ਉਹਦੇ ਲੋਕ ਗੀਤ ਪੈਦਾ ਹੋਏ ਹਨ।ਫ਼ਿਲਮ ਨੂੰ ਜ਼ਮੀਨੀ ਸੱਚਾਈ ਦੇ ਨੇੜੇ ਲਿਆਉਣ ਲਈ ਮੈਂ ਅਜਿਹਾ ਜ਼ਰੂਰੀ ਸਮਝਿਆ। 

ਇਸ ਤੋਂ ਬਾਅਦ ਕੀ ਵਿਉਂਤਬੰਦੀਆਂ ਹੋ ਰਹੀਆਂ ਹਨ? 

:ਮੈਂ ਇੱਕ ਹਿੰਦੀ ਫ਼ਿਲਮ ਬਣਾਉਣ ਜਾ ਰਿਹਾ ਹਾਂ ਜੋ ਕਿ ਪਤੀ ਪਤਨੀ ਦੀ ਇੱਕ ਅਪਾਰਟਮੈਂਟ 'ਚ ਹੋ ਰਹੇ ਘਟਨਾਕ੍ਰਮ ਦੀ ਸਸਪੈਂਸ ਥ੍ਰਿਲਰ ਫ਼ਿਲਮ ਹੈ ਅਤੇ ਇੱਕ ਮੈਂ ਬਹੁਤ ਹੀ ਪਿਆਰੀ ਪ੍ਰੇਮ ਕਹਾਣੀ ਬਣਾਉਣੀ ਚਾਹੁੰਦਾ ਹਾਂ।ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਵੇਗੀ ਇਹ ਮੇਰਾ ਯਕੀਨ ਹੈ ਕਿਉਂ ਕਿ ਇਸ ਨੂੰ ਵੇਖਕੇ ਦਰਸ਼ਕਾਂ ਨੂੰ ਗੁਲਜ਼ਾਰ ਸਾਹਬ ਦੀ ਫ਼ਿਲਮ 'ਕੋਸ਼ਿਸ਼' ਜ਼ਰੂਰ ਯਾਦ ਆਵੇਗੀ।

ਮੁਲਾਕਾਤੀ--ਹਰਪ੍ਰੀਤ ਸਿੰਘ ਕਾਹਲੋਂ

Sunday, June 16, 2013

ਮੇਰੀ ਚਗਾਠ 'ਤੇ ਸ਼ਰੀਂ ਦੇ ਪੱਤੇ ਕਿਉਂ ਨਹੀਂ

ਹਰਪ੍ਰੀਤ ਦਾ ਫੋਨ ਆਇਆ।'ਰੂਪ-ਇਨਾਇਤ' ਘਰ ਆਈ ਹੈ।ਮੈਂ ਤਾਇਆ ਬਣ ਗਿਆ।ਸੋਚਿਆ 'ਹਰਪ੍ਰੀਤ ਨੇ ਸਾਡੀ ਧੀ ਦਾ ਨਾਂਅ ਕੁਦਰਤ 'ਚ ਪਰੋ ਦਿੱਤਾ। ਨਾਨਕ ਦੀ ਕੁਦਰਤ ਬਾਰੇ ਲੰਮੀ ਕੁਮੈਂਟਰੀ ਹੈ। ਮੈਂ ਲਿਖਦਾ ਹਾਂ 'ਬਾਈ ਨਾਨਕ ਦੀ ਵੇਈ ਦੇ ਕੰਢੇ ਰਹਿੰਦੈ' ਤੇ ਸ਼ਾਇਦ ਸਾਡੀ ਧੀ ਦੇ ਨਾਂਅ ਦਾ ਅਚੇਤ ਬੇਈ ਦੇ ਕੰਢੇ ਹੈ। ਇਹ ਅਚੇਤ ਵਿਚਾਰ 'ਚ ਨਹੀਂ ਅਮਲ 'ਚ ਪਿਆ ਹੈ। ਨਾਨਕ ਦੀ ਵਿਚਾਰਧਾਰਾ ਸਾਡੀ ਧੀ ਨਾਲ ਖੜ੍ਹੀ ਹੈ ਤੇ ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ। ਮੇਰੀ ਰੂਪ ਨਾਲ ਮੁਲਾਕਤ ਨਹੀਂ ਹੋਈ। ਓਹਦੇ ਬਚਪਨ ਦੀ ਜਗੀਰ ਖਿਡੋਣਿਆਂ ਨਾਲ ਮਿਲਾਂਗਾ।ਮੈਨੂੰ ਲੱਗਿਆ ਜੇ ਕਿਸੇ ਪੱਤਰਕਾਰ ਦੇ ਵਿਆਹ 'ਤੇ ਵੱਡੇ ਅਖ਼ਬਾਰ 'ਚ ਸੰਪਾਦਕੀ ਲਿਖੀ ਜਾ ਸਕਦੀ ਹੈ,ਤਾਂ ਮੈਂ ਤੇ ਹਰਪ੍ਰੀਤ ਸਾਡੀ ਧੀ ਨੂੰ ਬਲੌਗ ਤੇ 'ਜੀ ਆਇਆਂ ਨੂੰ' ਤਾਂ ਕਹਿ ਹੀ ਸਕਦੇ ਹਾਂ।-ਯਾਦਵਿੰਦਰ ਕਰਫਿਊ

“ਤਾਈ ਜੀ ਨਾਲੇ ਕਹਿੰਦੇ ਨੇ ਬੂਹੇ 'ਤੇ ਸ਼ਰੀ ਜਾਂ ਨਿੰਮ ਦੇ ਪੱਤੇ ਲਾਈਦੇ ਨੇ।

ਮੇਰੇ ਬੂਹੇ 'ਤੇ ਕਿਉਂ ਨਹੀਂ ਜਦੋਂ ਕਿ ਮੇਰੇ ਘਰ ਵੀ ਨਵਾਂ ਜੀਅ ਆਇਐ।” (ਸ਼ਰੀ ਜਾਂ ਨਿੰਮ ਦੇ ਪੱਤੇ ਪਹਿਲਾਂ ਪਹਿਲ ਉਸ ਘਰ ਟੰਗੇ ਜਾਂਦੇ ਸਨ ਜਿਸ ਘਰ ਨਵਜੰਮੇ ਬੱਚੇ ਦੀਆਂ ਕਿਲਕਾਰੀਆਂ ਗੂੰਜਦੀਆਂ ਸਨ।ਅਸਲ 'ਚ ਇਹਦਾ ਵਿਗਿਆਨਕ ਅਧਾਰ ਸੀ,ਉਹਨਾਂ ਸਮਿਆਂ 'ਚ ਕੋਈ ਅਜਿਹਾ ਤਰਲ ਜਾˆ ਹੋਰ ਰਸਾਇਣ(ਸਾਬਣ,ਵਾਸ਼ਿੰਗ ਜੈੱਲ) ਨਹੀਂ ਸੀ ਜਿਹੜਾ ਹੱਥਾਂ ਜਾਂ ਮੂੰਹ ਨੂੰ ਸਾਫ ਸੁੱਥਰਾ ਰੱਖ ਸਕੇ।ਸੋ ਸ਼ਰੀ ਜਾਂ ਨਿੰਮ ਦੇ ਪੱਤੇ ਦੋ ਤਰ੍ਹਾਂ ਦੇ ਕੰਮ ਕਰਦੇ ਸਨ।ਪਹਿਲਾ ਕਿ ਇਹ ਬਾਹਰੋਂ ਆਏ ਬੰਦੇ ਨੂੰ ਪਤਾ ਦੱਸਦੇ ਸਨ ਕਿ ਇਸ ਘਰ ਕੋਈ ਨਵਾਂ ਜੀਅ ਆਇਆ ਹੈ ਸੋ ਉਹ ਧਿਆਨ ਨਾਲ ਪਹਿਲਾਂ ਆਪਣੇ ਸਰੀਰਕ ਤਾਪਮਾਨ ਨੂੰ ਸਹੀ ਕਰਦਾ ਸੀ ਫਿਰ ਜਾਕੇ ਅੰਦਰ ਨਵੇਂ ਬੱਚੇ ਨੂੰ ਮਿਲਦਾ ਸੀ।ਦੂਜਾ ਸ਼ਰੀਂ ਜਾਂ ਨਿੰਮ ਦੇ ਪੱਤੇ ਐਂਟੀਬਾਇਓਟਿਕ ਮੰਨੇ ਜਾਂਦੇ ਹਨ ਅਤੇ ਇਹ ਮਾਂ ਅਤੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚਾਉਂਦੇ ਹਨ।ਇਹਦਾ ਇੱਕ ਹੋਰ ਕਾਰਨ ਵੀ ਸੀ ਕਿ ਬੱਚੇ ਦੇ ਜਨਮ ਦੌਰਾਨ ਮਾਂ ਦੀਆਂ ਸਰੀਰਕ ਕਮਜ਼ੋਰੀਆਂ ਦੇ ਨਾਲ ਨਾਲ ਅੱਖਾਂ 'ਤੇ ਵੀ ਅਸਰ ਪੈਂਦਾ ਹੈ।ਸੋ ਇਸ ਦੌਰਾਨ ਜਦੋਂ ਉਹ ਬੂਹੇ 'ਤੇ ਟੰਗੇ ਪੱਤਿਆਂ ਦੀ ਹਰਿਆਵਲ ਨੂੰ ਵੇਖੇ ਤਾਂ ਅੱਖਾਂ ਲਈ ਇਹ ਇੱਕ ਚੰਗਾ ਨੁਸਖਾ ਸਿੱਧ ਹੁੰਦਾ ਸੀ।ਕਿਉਂ ਕਿ ਸੂਤਕ ਦੌਰਾਨ ਮਾਂ ਨੂੰ ਬਾਹਰ ਅੰਦਰ ਆਉਣ ਜਾਣ ਦੀ ਕਾਫੀ ਪਾਬੰਧੀ ਹੁੰਦੀ ਸੀ ਅਤੇ ਉਹਦੇ ਅਰਾਮ ‘ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੀ।ਹੁਣ ਇਹ ਨਹੀਂ ਪਤਾ ਕਿ ਇਹ ਕਦੋਂ ਸਿਰਫ ਮੁੰਡੇ ਵਾਰੀ ਰਹਿ ਗਿਆ ਅਤੇ ਕੁੜੀ ਵਾਰੀ ਅਲੋਪ ਹੋ ਗਿਆ)

“ਪੁੱਤ ਉਹ ਤਾਂ ਮੁੰਡਾ ਹੋਣ ‘ਤੇ ਲਾਈਦੈ” “ਕਿਉਂ ਕੁੜੀ ਦਾ ਹੋਣਾ ਕੋਈ ਨਵੇਂ ਜੀਅ ਦਾ ਆਉਣਾ ਕਿਉਂ ਨਹੀਂ ? 

ਆਖਰ ਇਹਨਾਂ ਸਾਰੀਆਂ ਗੱਲਾਂ 'ਚ ਮੈਂ ਪੂਰਨੇ ਪਏ ਉਹਨਾਂ ਪ੍ਰਤੀਕਾਂ ਨਾਲ ਜੂਝ ਰਿਹਾ ਹਾਂ ਜੋ ਸਮਾਜ ਅੰਦਰ ‘ਲਿੰਗ ਸਮਾਨਤਾ’ ਨੂੰ ਢਾਅ ਲਾਉਂਦੇ ਹਨ।ਮੇਰੇ ਹੱਡਾਂ 'ਚ ਰਚਿਆ ਸਿੱਖ ਫਲਸਫਾ ਮੈਨੂੰ ਦੱਸਦਾ ਹੈ ਕਿ ਲਿੰਗ ਫਰਕ ਨਾ ਦੀ ਕੋਈ ਸ਼ੈਅ ਹੈ ਹੀ ਨਹੀਂ।ਸਿੰਘ ਦਾ ਅਰਥ ਵੀ ਸ਼ੇਰ ਅਤੇ ਕੌਰ ਦਾ ਅਰਥ ਵੀ ਸ਼ੇਰ ਹੈ।ਪਰ ਪੰਜਾਬ ਗ੍ਰੰਥਾਂ ‘ਚ ਜਾਂ ਪ੍ਰੋ ਪੂਰਨ ਸਿੰਘ ਦੇ ਪੰਜਾਬ ਜਿਊਂਦਾ ਗੁਰਾਂ ਦੇ ਨਾਮ ‘ਤੇ ਦੀ ਸ਼ਾਹਦੀ ਤਾਂ ਖੂਬ ਭਰਦਾ ਹੈ ਪਰ ਅਮਲੀ ਬਣਤਰ ਅਜੇ ਤੱਕ ਕਾਇਮ ਨਹੀਂ ਹੋਈ। “ਨਹੀਂ ਤਾਈ ਜੀ ਹੋਰਾਂ ਦਾ ਮੈਨੂੰ ਪਤਾ ਨਹੀਂ ਮੇਰੇ ਘਰ ਤਾਂ ਸ਼ਰੀਂ ਦੇ ਪੱਤੇ ਟੰਗੇ ਹੀ ਜਾਣਗੇ।ਪਿੰਡ 'ਚ ਭਾਜੀਆਂ ਵੀ ਵੰਡੀਆਂ ਜਾਣਗੀਆਂ।”

ਮਾਤਾ ਜੀ ਬੋਲੇ ਪੁੱਤ ਸ਼ਰੀਂ ਦੇ ਪੱਤੇ ਤਾਂ ਠੀਕ ਏ ਪਰ ਭਾਜੀ ਰਹਿਣ ਦੇ ਐਵੇਂ ਲੋਕ ਹੱਸਣਗੇ।ਮੇਰੇ ਮੰਨ 'ਚ ਉਸ ਸਮੇਂ ਇਹੋ ਆ ਰਿਹਾ ਸੀ ਕੀ ਮੈਨੂੰ ਸਮਾਜ ਅੰਦਰ ਪਈਆਂ ਪਿਰਤਾਂ ਦੀ ਪਰਵਾਹ ਕਰਨੀ ਚਾਹੀਦੀ ਹੈ? ਅਸਲ 'ਚ ਮੇਰੀ ਮਾਂ ਨੂੰ ਬਹੁਤ ਖੁਸ਼ੀ ਸੀ ਨਵੇਂ ਜੀਅ ਦੇ ਆਉਣ ਦੀ ਪਰ ਸਮਾਜ ਅੰਦਰਲੀਆਂ ਪਿਰਤਾਂ ਖਿਲਾਫ ਉਹ ਜਾਣਾ ਨਹੀਂ ਸੀ ਚਾਹੁੰਦੀ।ਉਸ ਸਮੇਂ ਮੈਨੂੰ ਸਿਰਫ ਬਾਬਾ ਨਾਨਕ ਯਾਦ ਆਇਆ ਅਤੇ ਇਹ ਵੀ ਜ਼ਰੂਰ ਸੋਚਿਆ ਕਿ ਮੈਂ ਤਾਂ ਇੱਕ ਛੋਟੀ ਜਿਹੀ ਗੱਲ ਨੂੰ ਮਨਾਉਣ ਲਈ ਏਨੀ ਜਦੋਜਹਿਦ ਕਰ ਰਿਹਾ ਹਾਂ ਬਾਬੇ ਨਾਨਕ ਨੇ ਤਾਂ ਹਜ਼ਾਰਾਂ ਪਿਰਤਾਂ ਨੂੰ ਤੋੜਿਆ ਆਖਰ ਏਨੀ ਮਗਜਮਾਰੀ ਸਮਾਜ ਨਾਲ ਕਰਨ ਲਈ ਕਿੰਨਾ ਜਿਗਰਾ ਚਾਹੀਦਾ ਹੋਵੇਗਾ।ਫਿਰ ਬਾਬਾ ਨਾਨਕ ਹੀ ਮੇਰੀ ਤਾਕਤ ਬਣਦੇ ਨੇ ਅਤੇ ਮੈਨੂੰ ਕਹਿੰਦੇ ਨੇ ਸਿੱਖੀ ਦਾ ਅਸਲ ਫਲਸਫਾ ਬਾਹਰੀ ਸਰੂਪ 'ਚ ਨਹੀਂ ਸਗੋਂ ਉਸ ਤੋਂ ਪਹਿਲਾਂ ਅੰਦਰਲੇ ਜਜ਼ਬੇ 'ਚ ਹੈ।ਮੈਂ ਦਾਅਵਾ ਨਹੀਂ ਕਰਦਾ ਕਿ ਮੈਂ ਸਮਾਜ ਅੰਦਰਲੀਆਂ ਹਰ ਨਾਸੂਰ ਹੋਏ ਪ੍ਰਤੀਕ ਖਤਮ ਕਰਨ ਦਾ ਦਮ ਰੱਖਦਾ ਹਾਂ ਪਰ ਕੁਝ ਨਾ ਹੋਣ ਨਾਲੋਂ ਚੰਗਾ ਹੈ ਕਿ ਕੁਝ ਕੁ ਹੋ ਜਾਣਾ।ਕੰਨਿਆਂ ਭਰੂਣ ਹੱਤਿਆ ਤੋਂ ਲੈਕੇ ਔਰਤਾਂ ਖਿਲਾਫ ਘਰੇਲੂ ਹਿੰਸਾ,ਬਲਾਤਕਾਰ,ਸ਼ੌਸ਼ਨ,ਦਾਜ ਪ੍ਰਥਾ ਆਦਿ ਦਾ ਇੱਕੋ ਹੱਲ ਇੱਥੇ ਹੀ ਹੈ ਕਿ ਅਸੀ ਕੁੜੀ ਦੇ ਜਨਮ ਨੂੰ ਮੁੱਢਲੇ ਰੂਪ ‘ਚ ਕਿੰਝ ਲੈਂਦੇ ਹਾਂ।ਜਿਸ ਦਿਨ ਮੁੰਡੇ ਜਾਂ ਕੁੜੀ ਦੇ ਜਾਲਿਆਂ ਨੂੰ ਅਸੀ ਸਾਫ ਕਰਕੇ ਲਿੰਗ ਸਮਾਨਤਾ ਦਾ ਜਜ਼ਬਾ ਸਮਝ ਗਏ ਉਸ ਦਿਨ ਸਾਨੂੰ ਬਹੁਤ ਸਾਰੇ ਪਹਿਲੂਆਂ ਦਾ ਹੱਲ ਮਿਲ ਜਾਵੇਗਾ।

ਮੇਰੀ ਬੇਟੀ ਨੂੰ ਮਿਲਣ ਆਉਣ ਵਾਲਿਆਂ ਦੇ ਅੰਬਾਰ ‘ਚ ਮੈਂ ਉਹੀ ਸੰਵਾਦ ਸੁਣ ਰਿਹਾ ਹਾ ਜੋ ਮੈਂ ਹਰ ਬੇਟੀ ‘ਤੇ ਹੋਣ ‘ਤੇ ਦੂਜਿਆਂ ਦੇ ਘਰੋਂ ਸੁਣਦਾ ਆਇਆ ਹਾਂ।

 “ਚਲੋ ਧੀਆਂ ਵੀ ਕਿਹੜੀਆਂ ਮਾੜੀਆਂ ਹੁੰਦੀਆਂ ਨੇ, ਸਾਡੇ ਘਰ ਲੱਛਮੀ ਆਈ ਏ, ਪੁੱਤਾਂ ਨਾਲੋਂ ਜ਼ਿਆਦਾ ਧੁੱਖ ਵੰਢਾਉਂਦੀਆਂ ਨੇ ਧੀਆਂ,

ਇਹਨਾਂ ਗੱਲਾਂ ‘ਚ ਧੀਆਂ ਨੂੰ ਲੈ ਕੇ ਕੀਤਾ ਜਾਣ ਵਾਲੀ ਕਥਨੀ ‘ਚ ਇੱਕ ਵੀ ਸਾਰਥਕ ਕਥਨ ਨਹੀਂ ਹੈ।ਇਹ ਸਾਰਿਆਂ ਚੋਂ ਪਰਗਟ ਹੋਣ ਵਾਲਾ ਜਜ਼ਬਾਤ ਇਹੋ ਹੈ ਕਿ ਉਮੀਦ ਤਾਂ ਅਸੀ ਮੁੰਡੇ ਦੀ ਕੀਤੀ ਸੀ ਚੱਲੋ ਕੋਈ ਨਾ ਇਹ ਵੀ ਚੰਗਾ ਹੈ।ਬੇਸ਼ੱਕ ਬੁਜ਼ਰਗਾਂ ਦੇ ਕਥਨ ‘ਚ ਅਜਿਹੇ ਜ਼ਿਕਰ ਨੂੰ ਬੁਰਾ ਨਹੀਂ ਮੰਨਦਾ ਜਦੋਂ ਉਹ ਇਹ ਕਹਿੰਦੇ ਹਨ ਕਿ ਉਹ ਨਾਰ ਸੁੱਲਖਣੀ ਜਿੰਨ੍ਹੇ ਪਹਿਲਾਂ ਜਾਈ ਲੱਛਮੀ।ਪਰ ਮੇਰੇ ਮਨ ‘ਚ ਇੱਕ ਗੱਲ ਸਾਫ ਹੈ।ਸਾਡੀ ਬੇਟੀ ਨੂੰ ਰੱਬ ਦੀ ਨਿਰਾਰਥਕ ਰਜ਼ਾ ਨਾ ਕਹੋ।ਉਹਦਾ ਹੋਣਾ ਉਹਦੀ ਆਪਣੀ ਇਬਾਰਤ ਹੋਵੇਗੀ।ਹਾਂ ਸਭ ਤੋਂ ਖਾਸ ਇਹ ਹੈ ਕਿ ਮੇਰੀ ਬੇਟੀ ਲੱਛਮੀ ਵੀ ਨਹੀਂ,ਮਾਈ ਭਾਗੋ ਵੀ ਨਹੀਂ ਉਹ 'ਰੂਪ ਇਨਾਇਤ ਕੌਰ' ਹੈ।ਉਹਦਾ ਆਪਣਾ ਵਜੂਦ ਹੈ ਅਤੇ ਆਪਣਾ ਨਾਮ ਹੈ।ਮੁੰਡੇ ਕੁੜੀ ਨੂੰ ਲੈਕੇ ਚੱਲਣ ਵਾਲੇ ਤਮਾਮ ਸੰਵਾਦ ਤਾਂ ਅਸੀ ਪਹਿਲੇ ਦਿਨੋਂ ਹੀ ਫਰਕ ਪਾਕੇ ਖੱੜ੍ਹੇ ਕਰ ਦਿੱਤੇ ਹਨ।ਸੋ ਜੋ ਮੇਰੀ ਬੇਟੀ ਦਾ ਅਫਸੋਸ ਕਰਨਾ ਚਾਹੁੰਦਾ ਹੈ ਉਹ ਬੇਸ਼ੱਕ ਘਰ ਨਾ ਆਵੇ।ਉਹਦਾ ਸਵਾਗਤ ਨਹੀਂ ਕੀਤਾ ਜਾਵੇਗਾ।

ਬਾਕੀ ਦੁਨੀਆ ਦੀ ਕੰਡੀਸ਼ਨਿੰਗ ਏਨੀ ਜ਼ਿਆਦਾ ਹੋ ਗਈ ਹੈ ਕਿ ਕੁੜੀ ਲਈ ਤਮਾਮ ਗੱਲਾਂ ਵੀ ਮੌਨਸੂਨੀ ਬਣਕੇ ਨਿਕਲ ਰਹੀਆਂ ਹਨ।ਇਹਨਾˆ ਦਿਨਾਂ 'ਚ ਮੀਂਹ ਵਾਲਾ ਮੌਸਮ ਬਣ ਰਿਹਾ ਹੈ।ਇਸ ਦੌਰਾਨ ਕੋਈ ਆਕੇ ਕਹਿ ਜਾਂਦਾ ਹੈ ਹਨੇਰੀ ਆ ਗਈ ਤਾਂ ਮੇਰੀ ਮਾਂ ਸਖਤੀ ਨਾਲ ਕਹਿ ਦਿੰਦੀ ਹੈ ਕਿ ਹਨੇਰੀ ਨਹੀਂ ਠੰਡਾ ਮੀਂਹ ਵਰ੍ਹਿਆ ਹੈ।

ਮੈਨੂੰ ਇੰਝ ਲੱਗਦਾ ਹੈ ਕਿ ਜਿਹੜੇ ਸੋਚਦੇ ਹਨ ਕਿ ਮੁੰਡੇ ਨਾਲ ਮੇਰੇ ਖਾਨਦਾਨ ਦਾ ਵਾਧਾ ਹੈ ਤਾਂ ਇੱਥੇ ਥੋੜ੍ਹਾ ਜਿਹਾ ਵਿਚਾਰਾਂ ਦਾ ਮੋੜ ਹੈ।ਵਿਰਾਸਤਾਂ ਇਹ ਨਹੀਂ ਹੁੰਦੀਆਂ।ਵਿਰਾਸਤਾਂ ਵਿਚਾਰਾਂ ਦੀਆਂ ਜਾਂ ਸ਼ਬਦ ਦੀਆਂ ਤੁਰਨੀਆਂ ਚਾਹੀਦੀਆਂ ਹਨ ਨਾਂ ਕਿ ਇਸ ਰੂਪ 'ਚ।ਮੈਂ ਆਪਣਾ ਨਾਮ ਆਪ ਕਮਾਕੇ ਜਾਵਾਂਗਾ…ਮੇਰਾ ਹੋਣਾ ਜਾਂ ਮੈਨੂੰ ਯਾਦ ਕਰਨਾ ਮੇਰੇ ਆਪਣੇ ਵਿਹਾਰ 'ਤੇ ਹੈ।ਮੇਰੇ ਮਾਂ ਪਿਓ ਦਾ ਮੇਰੇ 'ਤੇ ਕੋਈ ਕਰਜ਼ ਨਹੀਂ ਅਤੇ ਮੇਰੇ ਬੱਚਿਆ 'ਤੇ ਮੇਰਾ ਕੋਈ ਕਰਜ਼ ਨਹੀਂ।ਉਹਨਾਂ ਆਪਣੀ ਜ਼ਿੰਦਗੀ ਜਿਊਣੀ ਹੈ ਮੈਂ ਆਪਣੀ ਜਿਊਣੀ ਹੈ।ਮੈਨੂੰ ਨਹੀਂ ਪਤਾ ਕਿ ਮੇਰੇ ਪੜਾਦਾਦੇ ਤੋਂ ਪਹਿਲਾਂ ਕੌਣ ਸੀ।ਪਰ ਮੈਂ ਇਹ ਗੱਲਾਂ ਹੀ ਕਿਉਂ ਕਰ ਰਿਹਾ ਹਾਂ ਮੈਨੂੰ ਲੱਗਦਾ ਹੈ ਕਿ ਇਹ ਕੋਈ ਉਪਲਬਧੀ ਨਹੀਂ।ਤੁਹਾਡੇ ਵਿਚਾਰਾਂ ਨੇ ਸਮਾਜ ਨੂੰ ਕੀ ਨਵੀਂ ਉਮੀਦ ਦਿੱਤੀ ਇਹ ਅਸਲ ਉਪਲਬਧੀ ਹੈ।ਅਸਲ ‘ਚ ਸਾਰਾ ਖਾਸਾ ਹੀ ਅਜੀਬ ਹੈ।ਥੌੜ੍ਹਾ ਜਿਹਾ ਹੱਟਕੇ ਵੇਖਦਾ ਹਾਂ ਤਾਂ ਸਮਾਜ ਅੰਦਰ ਛੋਟੇ ਤੋਂ ਛੋਟਾ ਰੂਪ ਬਹੁਤ ਅਜੀਬੋ ਗਰੀਬ ਵਿਚਰ ਰਿਹਾ ਹੈ।ਇੱਕ ਸੋਢੀ ਨੂੰ ਇਸ ਲਈ ਰਸ਼ਕ ਹੈ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਸੋਢੀ ਸਨ ਜਾਂ ਸੰਧੂ ਨੂੰ ਇਸ ਕਰਕੇ ਰਸ਼ਕ ਹੈ ਕਿਉਂ ਕਿ ਭਗਤ ਸਿੰਘ ਸੰਧੂ ਸੀ।ਉਹ ਵਿਚਾਰ,ਉਹ ਫਲਸਫਾ,ਉਹ ਸੋਚ ਅਤੇ ਇਸ ਦੁਆਲੇ ਜੁਟੇ ਹੋਏ ਮਕਸਦ ਸਭ ਛਿੱਕੇ ‘ਤੇ ਟੰਗਕੇ ਸਮਾਜ ਅੰਦਰ ਵਰਤਾਰੇ ਚੱਲਦੇ ਆ ਰਹੇ ਹਨ।

ਗੌਰ ਕਰੋ ਮਨੁੱਖਤਾ ਦਾ ਖਾਨਦਾਨ ਤਾਂ ਔਰਤ ਤੋਂ ਹੀ ਚਲੇਗਾ। ਔਰਤ ਨਹੀਂ ਹੋਵੇਗੀ ਤਾਂ ਕਾਹਲੋਂ ਖਾਨਦਾਨ ਦੀ ਕਲਪਨਾ ਵੀ ਨਹੀਂ ਹੋ ਸਕਦੀ। ਤਮਾਮ ਅਲਾਮਤਾਂ ਨੂੰ ਦੂਰ ਕਰਨ ਲਈ ਸੋਚ ਨੂੰ ਵੱਡਾ ਕਰਨਾ ਪਵੇਗਾ ਅਤੇ ਇਸ ਲਈ ਕੋਈ ਪੱਛਮੀ ਵਿਚਾਰਧਾਰਾ ਪੱੜ੍ਹਣ ਦੀ ਲੋੜ ਨਹੀਂ ਜਾਂ ਨਾਰੀਵਾਦੀ ਹੋਣ ਦੀ ਲੋੜ ਨਹੀਂ।ਉਹਨਾਂ ਨਾਲੋਂ ਜ਼ਿਆਦਾ ਬੇਹਤਰ 'ਤੇ ਮਹਾਨ ਫਲਸਫਾ ਮੇਰੇ ਗੁਰਮਤਿ ਫਲਸਫੇ 'ਚ ਹੈ।ਮੇਰੇ ਪੰਜਾਬ ਦੇ ਗੂਰੂਆਂ ਪੀਰਾਂ ਨੇ ਦਿੱਤਾ ਹੋਇਆ ਹੈ। ਧੰਨਵਾਦ ਮੇਰੇ ਦਾਦਾ ਦਾਦੀ ਦਾ ਜਿੰਨ੍ਹਾਂ ਨੇ ਮੈਨੂੰ ਨਵੀਂ ਸੋਚ ਲਈ ਉਤਸ਼ਾਹਿਤ ਕੀਤਾ। ਕੁੜੀਆਂ ਨੂੰ ਬਰਾਬਰ ਰੱਖਣ ਲਈ ਜ਼ਰੂਰੀ ਹੈ ਕਿ ਗੁਰੂ ਸਾਹਬ ਦੇ ਫਲਸਫਿਆਂ ਨੂੰ ਗੌਰ ਨਾਲ ਵੇਖਿਆ ਜਾਵੇ।ਮੁੰਡੇ ਜਾਂ ਕੁੜੀ ਦੇ ਰੂਪ 'ਚ ਨਾ ਵੇਖਕੇ ਇੱਕ ਜ਼ਿੰਦਗੀ,ਇੱਕ ਮਨੁੱਖ ਦੀ ਤਰ੍ਹਾਂ ਵੇਖੀਏ।

ਅਖੀਰ ਵਿੱਚ…………………………

ਪਿਆਰੀ 'ਰੂਪ ਇਨਾਇਤ ਕੌਰ' 
ਮੇਰੇ ਸਾਹਵਾਂ ਦਾ ਹੋਣਾ ਮੇਰੇ ਪਿਓ ਲਈ ਕੀ, 
ਇਹ ਨਹੀਂ ਪਤਾ ਸੀ ਮੈਨੂੰ... 
ਤੇਰਾ ਸਾਹਵਾਂ ਦਾ ਹੋਣਾ ਮੈਨੂੰ ਆਪਣੇ ਪਿਓ ਦੇ ਜ਼ਿਆਦਾ ਨੇੜੇ ਕਰ ਗਿਆ 
 ਤੇਰਾ ਧੰਨਵਾਦ ਕਿ ਤੂੰ ਮੇਰਾ ਤੇ ਮੇਰੀ ਦਾ ਹੋਣਾ ਹੈ 
ਧੰਨਵਾਦ ਜਨਰੇਸ਼ਨ ਗੈਪ ਘਟਾਉਣ ਲਈ

ਹਰਪ੍ਰੀਤ ਸਿੰਘ ਕਾਹਲੋਂ 

Saturday, June 15, 2013

ਔਰਤ ਦੇ ਪਿੰਡੇ ਉੱਤੇ ਮੰਡੀ ਉਸਾਰਦਾ ਆਲਮੀਕਰਨ

ਦਿੱਲੀ ਜਬਰ-ਜਨਾਹ ਤੇ ਕਤਲ ਦੇ ਮਾਮਲੇ ਤੋਂ ਬਾਅਦ ਔਰਤਾਂ ਦੀ ਅਸੁਰੱਖਿਆ, ਹੋਂਦ ਅਤੇ ਸਮਾਜਕ ਹਾਲਤ ਬਾਰੇ ਜਨ ਸੰਚਾਰ ਸਾਧਨਾਂ ਅਤੇ ਸਮਾਜਕ ਘੇਰਿਆਂ ਵਿੱਚ ਬਹਿਸਾਂ, ਦਲੀਲਾਂ ਅਤੇ ਪੜਚੋਲ ਦਾ ਦੌਰ ਜਾਰੀ ਹੈ। ਜਦੋਂ ਇਨ੍ਹਾਂ ਸਾਰੇ ਮਸਲਿਆਂ ਨੂੰ ਅਸੀਂ ਔਰਤਾਂ ਦੇ ਸ਼ਹਿਰੀ ਅਤੇ ਮਨੁੱਖੀ ਹਕੂਕ ਨਾਲ ਜੋੜ ਕੇ ਦੇਖਦੇ ਹਾਂ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਔਰਤਾਂ ਵਿਰੁਧ ਹਿੰਸਾ ਜ਼ਿਆਦਾਤਰ ਉਨ੍ਹਾਂ ਘੇਰਿਆਂ ਵਿੱਚ ਹੁੰਦੀ ਹੈ, ਜਿੱਥੇ ਸੰਵਿਧਾਨ, ਕਾਨੂੰੰਨ ਅਤੇ ਰਾਜ ਸੱਤਾ ਦੇ ਬਾਕੀ ਢਾਂਚੇ ਸਿਰਫ਼ ਡੰਗ-ਟਪਾਉ ਪੱਧਰ 'ਤੇ ਕੰਮ ਕਰ ਰਹੇ ਹਨ। ਇਸ ਹਿੰਸਾ ਨੂੰ ਸਮਝਣ ਲਈ ਇਸ ਨਾਲ ਸਬੰਧਤ ਅਤੇ ਬਹੁਤ ਹੱਦ ਤੱਕ ਇਸ ਹਿੰਸਾ ਨੂੰ ਘੜਨ ਵਾਲੇ ਚਾਰ ਰੁਝਾਨਾਂ ਦੀਆਂ ਤੈਹਾਂ ਫਰੋਲਣੀਆਂ ਪੈਣੀਆਂ ਹਨ। ਇਹ ਚਾਰ ਰੁਝਾਨ ਨਾ ਸਿਰਫ਼ ਇੱਕ ਦੂਜੇ ਨਾਲ ਜੁੜੇ ਹੋਏ ਹਨ ਬਲਿਕ ਇਹ ਸਿੱਧੇ-ਅਸਿੱਧੇ ਢੰਗ ਨਾਲ ਮੌਜੂਦਾ ਹਿੰਸਾ ਦੀ ਸਿਆਸਤ ਦੀਆਂ ਚੂਲਾਂ ਹਨ।

ਸਭ ਤੋਂ ਪਹਿਲਾ ਤੇ ਮਹੱਤਵਪੂਰਨ ਰੁਝਾਨ ਆਲਮੀਕਰਨ ਦਾ ਹੈ ਜਿਸ ਨੂੰ ਬਹੁਤ ਵਾਰ ਆਰਥਿਕ ਜਾਂ ਸਿਆਸੀ ਪੱਖਾਂ ਤੱਕ ਮਹਿਦੂਦ ਕਰ ਦਿੱਤਾ ਜਾਂਦਾ ਹੈ। ਅਸਲ ਵਿੱਚ ਇਹ ਮੌਜੂਦਾ ਯੁੱਗ ਦਾ ਸਭ ਤੋਂ ਗੁੰਝਲਦਾਰ ਸਮਾਜਕ ਰੁਝਾਨ ਹੈ। ਇਹ ਇੱਕ ਪਾਸੇ ਤਾਂ ਪਹਿਲਾਂ ਤੋਂ ਹੀ ਵਿਕਿਸਤ ਤੇ ਵਿਕਾਸ ਕਰ ਰਹੇ ਮੁਲਕਾਂ ਵਿਚਾਲੇ ਆਰਥਿਕ-ਸਮਾਜਕ ਪਾੜੇ ਨੂੰ ਹੋਰ ਵਧਾ ਰਿਹਾ ਹੈ ਅਤੇ ਦੂਜੇ ਪਾਸੇ ਬੰਦੇ ਦੀ ਹੋਂਦ ਵੀ ਉਸ ਦੀ ਸਮਾਜਕ, ਸਿਆਸੀ, ਆਰਥਿਕ ਤੇ ਸੱਭਿਆਚਾਰਕ ਮੁਨਾਫਿਆਂ ਮੁਤਾਬਕ ਤੈਅ ਕਰਦਾ ਹੈ। ਸ਼ਹਿਰੀ ਵਜੋਂ ਔਰਤ ਦੀ ਹੋਂਦ ਅਤੇ ਵਿਚਰਨ ਦਾ ਸਾਰਾ ਦਾਰੋਮਦਾਰ ਪਹਿਲਾਂ ਹੀ ਉਸ ਦੀ ਸਮਾਜਕ, ਆਰਥਿਕ, ਸਿਆਸੀ ਤੇ ਸੱਭਿਆਚਾਰਕ ਪਛਾਣ ਨਾਲ ਜੁੜਿਆ ਹੈ। ਮਸਲਨ ਉਹ ਭਾਰਤੀ ਸ਼ਹਿਰੀ ਤਾਂ ਹੈ ਹੀ, ਪਰ ਕੀ ਉਹ ਦਲਿਤ ਵੀ ਹੈ, ਜਾਂ ਪੱਛੜੀ ਜਾਤੀ ਨਾਲ ਸਬੰਧਤ ਵੀ ਹੈ? ਜਾਂ ਉਹ ਗ਼ਰੀਬ ਪੇਂਡੂ ਵਿਧਵਾ ਹੈ? ਜਾਂ ਕਿਸੇ ਕੌਮਾਂਤਰੀ ਕੰਪਨੀ ਦੀ ਮੁਖੀ ਹੈ? ਇਹ ਵੀ ਬਹੁਤ ਵੱਡੇ ਸਵਾਲ ਹਨ। ਦੂਜਾ ਨੁਕਤਾ ਹੈ, ਜਿਸ ਮੁਲਕ ਦੀ ਉਹ ਸ਼ਹਿਰੀ ਹੈ, ਕੀ ਉਥੇ ਸਿਆਸੀ ਜਮਹੂਰੀਅਤ ਦੇ ਨਾਲ ਨਾਲ ਆਰਥਿਕ, ਸਮਾਜਕ, ਸਭਿਆਚਾਰਕ, ਧਾਰਮਿਕ ਅਤੇ ਮਰਦ-ਔਰਤ ਦੇ ਆਪਸੀ ਰਿਸ਼ਤਿਆਂ ਦਾ ਵੀ ਜਮਹੂਰੀਕਰਨ ਹੋਇਆ ਹੈ? ਇੱਥੇ ਮਰਦ-ਔਰਤ ਦੇ ਆਪਸੀ ਰਿਸ਼ਤਿਆਂ ਦਾ ਪਾਸਾਰ ਪਿਉ-ਧੀ ਦਾ ਰਿਸ਼ਤਾ, ਭੈਣ-ਭਰਾ ਦਾ ਰਿਸ਼ਤਾ ਵੀ ਹੈ ਅਤੇ ਸੱਸ-ਨੂੰਹ ਦਾ ਰਿਸ਼ਤਾ ਵੀ। ਇਸੇ ਦਲੀਲ ਨੂੰ ਥੋੜ੍ਹਾ ਹੋਰ ਵਿਸਥਾਰ ਦੇਈਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਔਰਤਾਂ ਨਾ ਤਾਂ ਕਿਸੇ ਇੱਕੋ ਜਿਹੇ ਹਾਲਾਤ ਅਤੇ ਸਾਧਨਾਂ ਦੀ ਮਾਲਕੀ ਵਾਲੇ ਮੇਲ ਦਾ ਨਾਂ ਹੈ ਅਤੇ ਨਾ ਹੀ ਔਰਤ ਦੀ ਕੋਈ ਇਕਹਿਰੀ ਪਛਾਣ ਹੈ। ਜਿੱਥੇ ਉਸ ਦੀ ਹਾਲਤ ਵੱਖ-ਵੱਖ ਆਰਥਿਕ, ਸਮਾਜਕ ਤੇ ਧਾਰਮਿਕ ਸਮੂਹਾਂ ਨਾਲ ਜੁੜ ਕੇ ਬਦਲ ਜਾਂਦੀ ਹੈ, ਉੱਥੇ ਸਭਿਆਚਾਰ ਤੇ ਇਲਾਕਾਈ ਪਛਾਣ ਦੇ ਮਸਲੇ ਉਸ ਦੇ ਜੀਵਨ ਦਾ ਮਿਆਰ ਤੈਅ ਕਰਦੇ ਹਨ। ਮਸਲਨ ਕੌਮਾਂਤਰੀ ਸੰਸਥਾ ਵਿੱਚ ਮੁਖੀ ਦੇ ਤੌਰ 'ਤੇ ਕੰਮ ਕਰ ਰਹੀ ਅਤੇ ਸੜਕ ਉੱਤੇ ਰੋੜੀ ਕੁੱਟ ਰਹੀ ਔਰਤ ਦੇ ਮਸਲੇ ਸਰੀਰਕ ਪੱਧਰ 'ਤੇ ਤਾਂ ਇੱਕੋ ਜਿਹੇ ਜਾਪ ਸਕਦੇ ਹਨ ਪਰ ਉਨ੍ਹਾਂ ਨਾਲ ਜੁੜੇ ਬਾਕੀ ਮਸਲਿਆਂ ਦੇ ਨਸਲ-ਮੁਖੀ, ਖਿੱਤਾ-ਮੁਖੀ, ਧਰਮ-ਮੁਖੀ, ਉਮਰ-ਮੁਖੀ ਪੱਖ ਵੀ ਜ਼ਰੂਰ ਹੁੰਦੇ ਹਨ ਜਿਸ ਨਾਲ ਨਾ ਸਿਰਫ਼ ਔਰਤਾਂ ਖ਼ਿਲਾਫ਼ ਹਿੰਸਾ ਦਾ ਹਵਾਲਾ ਬਦਲ ਜਾਂਦਾ ਹੈ, ਬਲਕਿ ਨਿਆਂ, ਜਮਹੂਰੀ ਕਦਰਾਂ-ਕੀਮਤਾਂ ਤੇ ਜੀਵਨ ਮੁੱਲਾਂ ਦੇ ਅਰਥ ਵੀ ਇੱਕੋ ਜਿਹੇ ਨਹੀਂ ਰਹਿੰਦੇ। ਅਗਲਾ ਨੁਕਤਾ ਇਹ ਹੈ ਕਿ ਔਰਤਾਂ ਵਿਰੁਧ ਹਿੰਸਾ ਦੀਆਂ ਕਈ ਪਰਤਾਂ, ਕਈ ਦਿਸ਼ਾਵਾਂ ਨੂੰ ਸਮਝੇ ਬਿਨਾਂ ਨਿਆਂ, ਬਰਾਬਰੀ ਤੇ ਕਾਨੂੰਨ ਦੇ ਅਰਥ ਬੇਮਾਅਨੇ ਹੋ ਜਾਂਦੇ ਹਨ। ਔਰਤ ਨਾਲ ਹਿੰਸਾ ਕਿਉਂ, ਕਿਵੇਂ ਤੇ ਕਿਹੜੇ ਹਾਲਾਤ ਵਿੱਚ ਹੁੰਦੀ ਹੈ; ਇਸ ਦਾ ਉਸ ਦੇ ਅਮੀਰ-ਗ਼ਰੀਬ ਹੋਣ, ਬਹੁਗਿਣਤੀ-ਘੱਟਗਿਣਤੀ ਹੋਣ, ਉਚ ਜਾਤ ਜਾਂ ਨੀਵੀਂ ਜਾਤ ਹੋਣ ਨਾਲ ਤਾਂ ਜੁੜਦਾ ਹੀ ਹੈ ਪਰ ਇਸ ਦਾ ਸਿੱਧਾ ਸਬੰਧ, ਰਾਜ, ਸਮਾਜ ਤੇ ਘਰਾਂ ਦੀਆਂ ਜਮਹੂਰੀ ਕਦਰਾਂ ਨਾਲ ਵੀ ਜੁੜਿਆ ਹੁੰਦਾ ਹੈ।

ਆਲਮੀਕਰਨ ਸਮਕਾਲੀ ਦੌਰ ਵਿੱਚ ਨਾ ਸਿਰਫ਼ ਆਲਮੀ ਨਾਬਰਾਬਰੀ ਵਧਾਉਣ ਦਾ ਅਮਲ ਹੈ, ਸਗੋਂ ਇਸ ਨੇ ਸਮਾਜਕ ਮੌਕਿਆਂ ਦੀ ਨਾਬਰਾਬਰੀ, ਸਰਕਾਰਾਂ/ਸਿਆਸੀ ਨੀਤੀਆਂ ਬਣਾਉਣ ਵਿੱਚ ਲੱਗੇ ਹੱਥਾਂ ਦੀ ਨਾਬਰਾਬਰੀ ਤੇ ਸਿਆਸੀ ਹਿੱਸੇਦਾਰੀ ਦੀ ਨਾਬਰਾਬਰੀ ਨੂੰ ਕਈ ਗੁਣਾਂ ਜਰਬ ਦਿੱਤੀ ਹੈ। ਆਲਮੀਕਰਨ ਦੇ ਇਸ ਦੂਜੇ ਦੌਰ ਵਿੱਚ ਔਰਤਾਂ ਨਾਲ ਕੀ ਵਾਪਰਿਆ ਹੈ? ਔਰਤਾਂ ਬਹੁਤ ਹੱਦ ਤੱਕ ਆਲਮੀਕਰਨ ਦੀ ਰੀੜ੍ਹ ਦੀ ਹੱਡੀ ਵਾਂਗ ਹਨ। ਤਾਜ਼ਾ ਅਧਿਐਨਾਂ ਮੁਤਾਬਕ ਇਸ ਸਮੇਂ ਭਾਰਤ ਵਿੱਚ 397 ਲੱਖ ਕਾਮੇ ਹਨ ਜਿਨ੍ਹਾਂ ਵਿੱਚੋਂ 123 ਲੱਖ ਔਰਤਾਂ ਹਨ। ਇਨ੍ਹਾਂ ਵਿੱਚੋਂ 96 ਫ਼ੀਸਦੀ ਔਰਤਾਂ ਗ਼ੈਰ-ਜਥੇਬੰਦ ਖੇਤਰ ਵਿੱਚ ਕੰਮ ਕਰਦੀਆਂ ਹਨ; ਮਤਲਬ ਔਰਤਾਂ ਆਲਮੀਕਰਨ ਦਾ ਕੱਚਾ ਮਾਲ ਹਨ। ਇਸ ਦੇ ਨਾਲ ਹੀ ਔਰਤਾਂ ਆਲਮੀਕਰਨ ਨਾਲ ਸਬੰਧਤ ਹਰ ਕਿਸਮ ਦੀ ਬਹਿਸ-ਚਰਚਾ ਵਿੱਚੋਂ ਗ਼ੈਰ-ਹਾਜ਼ਰ ਹਨ। ਇਨ੍ਹਾਂ ਨੂੰ ਘੱਟ ਤਨਖ਼ਾਹ ਦੇਣ ਨਾਲ ਸਰ ਜਾਂਦਾ ਹੈ। ਇਹ ਜਥੇਬੰਦ ਵੀ ਨਹੀਂ। ਇਹ ਸਿਆਸੀ ਤੌਰ 'ਤੇ ਚੇਤਨ ਤਬਕਾ ਨਹੀਂ। ਇਨ੍ਹਾਂ ਨੂੰ ਕੰਮ ਨਾਲ ਜੁੜੀਆਂ ਹੋਈਆਂ ਹੋਰ ਸਹੂਲਤਾਂ ਜਿਵੇਂ ਆਰਾਮ ਦੇ ਘੰਟੇ, ਮਨੋਰੰਜਨ ਦੇ ਸਥਾਨ ਅਤੇ ਸਮਾਜਕ ਸੁਰੱਖਿਆ ਭੱਤਾ ਦੇਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਇਹ ਤਬਕਾ ਇਤਿਹਾਸਕ ਤੌਰ 'ਤੇ ਇਸੇ ਤਰ੍ਹਾਂ ਦੇ ਕੰਮ-ਸਭਿਆਚਾਰ ਦਾ ਆਦੀ ਬਣਾ ਦਿੱਤਾ ਗਿਆ ਹੈ। ਇਸ ਬਾਰੇ ਦੋ ਸਨਅਤਾਂ ਆਟੋ ਮੋਬਾਇਲ ਅਤੇ ਸੂਚਨਾ ਤਕਨਾਲੋਜੀ ਦੀ ਚਰਚਾ ਕੀਤੀ ਜਾ ਸਕਦੀ ਹੈ। ਇਨ੍ਹਾਂ ਸਨਅਤਾਂ ਨੂੰ ਅਕਸਰ ਆਧੁਨਿਕ ਕੰਮ-ਸਭਿਆਚਾਰ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਸਨਅਤਾਂ ਵਿੱਚ ਕਾਮਿਆਂ ਦਾ ਵੱਡਾ ਹਿੱਸਾ ਔਰਤਾਂ ਹਨ। ਇਨ੍ਹਾਂ ਦੇ ਕੰਮ ਕਰਨ ਦੇ ਅੰਦਾਜ਼ਨ ਘੰਟੇ ਦਸ ਤੋਂ ਬਾਰ੍ਹਾਂ ਤੱਕ ਪ੍ਰਤੀ ਦਿਹਾੜੀ ਹਨ। ਇਹ ਘੰਟੇ ਕਈ ਵਾਰ ਚੌਦਾਂ ਤੋਂ ਸੌਲ੍ਹਾਂ ਤੱਕ ਵੀ ਚਲੇ ਜਾਂਦੇ ਹਨ। ਹੁਣ ਇਹ ਕਿਸੇ ਵੀ ਮੰਚ 'ਤੇ ਮਨੁੱਖੀ ਜਾਂ ਸ਼ਹਿਰੀ (ਸਿਵਲ) ਹਕੂਕ ਦਾ ਮੁੱਦਾ ਨਹੀਂ ਬਣਦਾ। ਆਖ਼ਰ ਸਿਰਫ਼ ਸਰੀਰਕ ਸ਼ੋਸ਼ਣ ਨੂੰ ਹੀ ਜ਼ਲਾਲਤ ਅਤੇ ਮਨੁੱਖੀ ਅਣਖ ਦਾ ਮਸਲਾ ਕਿਉਂ ਮੰਨਿਆ ਜਾਵੇ? ਜਾਂ ਦੂਜੇ ਅਰਥਾਂ ਵਿੱਚ ਬੌਧਿਕਤਾ ਨਾਲ ਜੁੜੇ ਖੇਤਰਾਂ ਵਿੱਚ ਹੁੰਦਾ ਸ਼ੋਸ਼ਣ ਅੱਖੋਂ ਪਰੋਖੇ ਕਿਉਂ ਕੀਤਾ ਜਾਵੇ?

ਅਗਲਾ ਨੁਕਤਾ ਨਿੱਜੀਕਰਨ ਅਤੇ ਸੰਸਥਾਗਤ ਹਿੰਸਾ ਦੇ ਆਪਸੀ ਰਿਸ਼ਤਾ ਦਾ ਹੈ। ਨਿੱਜੀਕਰਨ ਖ਼ਿਲਾਫ਼ ਅਹਿਮ ਦਲੀਲ ਹੈ ਕਿ ਇਹ ਰਾਜ ਤੇ ਸਮਾਜ ਦਾ ਚਰਿੱਤਰ ਬਦਲ ਦਿੰਦਾ ਹੈ। ਜੇ ਇਸ ਨੂੰ ਮਿਸਾਲ ਦੇ ਕੇ ਸਪੱਸ਼ਟ ਕਰਨਾ ਹੋਵੇ ਤਾਂ ਸਿਹਤ-ਤੰਤਰ ਦੇ ਨਿੱਜੀਕਰਨ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਸਿਹਤ-ਤੰਤਰ ਮਨੁੱਖੀ ਜ਼ਿੰਦੜੀਆਂ ਦੀ ਸੰਭਾਲ ਦਾ ਖੇਤਰ ਹੈ। ਇਹ ਲੋਹੇ ਦੇ ਔਜ਼ਾਰ ਤਿਆਰ ਕਰਨ ਦੀ ਸਨਅਤ ਵਾਂਗ ਨਹੀਂ ਚੱਲ ਸਕਦਾ ਅਤੇ ਨਾ ਹੀ ਇਹ ਮੁਨਾਫ਼ਾ ਕਮਾਉਣ ਦਾ ਜ਼ਰੀਆ ਬਣਾ ਕੇ ਸਰਕਾਰੀ-ਜਮਹੂਰੀਅਤ ਦਾ ਦਾਅਵਾ ਕਰਨ ਜੋਗਾ ਰਹਿੰਦਾ ਹੈ ਪਰ ਸਿਹਤ-ਤੰਤਰ ਦਾ ਨਿੱਜੀਕਰਨ ਮਨੁੱਖੀ ਪੀੜ ਅਤੇ ਸੰਵੇਦਨਾ ਦੇ ਵਪਾਰ ਦਾ ਕਰੂਰ ਨਮੂਨਾ ਹੈ। ਭਾਰਤ ਵਿੱਚ ਸਿਰਫ਼ ਨਿੱਜੀਕਰਨ ਹੀ ਨਹੀਂ ਹੋਇਆ ਸਗੋਂ ਇਸ ਨੇ ਮਰੀਜ਼ ਨੂੰ ਮਹਿਜ਼ ਖ਼ਪਤਕਾਰ ਬਣਾ ਦਿੱਤਾ ਹੈ। ਤਾਮੀਰਦਾਰੀ ਨੂੰ ਬਾਜ਼ਾਰੀ ਵਸਤੂ ਦੇ ਤੌਰ 'ਤੇ ਸਥਾਪਿਤ ਕਰ ਦਿੱਤਾ ਹੈ। ਇਸ ਦਾ ਸਾਰਾ ਅਮਲ ਤੇ ਪ੍ਰਬੰਧ ਹੌਲੀ ਹੌਲੀ ਗਿਣਤੀ ਦੀਆਂ ਕੁਝ ਦਵਾ-ਕੰਪਨੀਆਂ ਅਤੇ ਮੈਡੀਕਲ ਟੂਰਜ਼ਿਮ ਸੰਸਥਾਵਾਂ ਦੇ ਹੱਥਾਂ ਵਿੱਚ ਆ ਚੁੱਕਿਆ ਹੈ। ਔਰਤਾਂ ਦੀ ਸਿਹਤ-ਤੰਤਰ ਤੱਕ ਪਹੁੰਚ ਦੇ ਸਾਰੇ ਪੁੱਲ, ਭਾਵੇਂ ਉਹ ਪਿੰਡ ਦੀ ਡਿਸਪੈਂਸਰੀ ਹੈ ਤੇ ਭਾਵੇਂ ਦਾਈਆਂ ਖ਼ਤਮ ਕਰ ਦਿੱਤੇ ਗਏ ਹਨ। ਇਲਾਜ ਦਾ ਖਰਚਾ ਅਜਿਹੀ ਮਦ ਹੈ ਜਿਸ ਨੇ ਨਾ ਸਿਰਫ਼ ਲੱਖਾਂ ਪਰਿਵਾਰਾਂ ਨੂੰ ਨੱਕੋ-ਨੱਕ ਗ਼ਰੀਬੀ ਵਿੱਚ ਧੱਕ ਦਿੱਤਾ ਹੈ ਬਲਕਿ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਵਿੱਚ ਵੀ ਮਾਰੂ ਭੂਮਿਕਾ ਨਿਭਾਈ ਹੈ। ਪਛੜੇ, ਗ਼ਰੀਬ ਖੇਤਰਾਂ ਦੀਆਂ ਸੱਤਾ ਦੇ ਕੇਂਦਰਾਂ ਤੋਂ ਦੂਰ ਔਰਤਾਂ ਦੀਆਂ ਬੀਮਾਰੀਆਂ ਨਿੱਜੀਕਰਨ ਤਹਿਤ ਸਰਕਾਰ ਵੱਲੋਂ ਦਿੱਤੀ ਸਜ਼ਾ ਦਾ ਐਲਾਨ ਹੈ।

ਸੰਨ 1991 ਤੋਂ ਬਾਅਦ ਜ਼ਿਆਦਾਤਰ ਅਰਧ ਵਿਕਸਿਤ ਮੁਲਕਾਂ ਵੱਲੋਂ ਅਪਣਾਈਆਂ ਗਈਆਂ ਨਵ-ਉਦਾਰਵਾਦੀ ਤੇ ਖੁੱਲ੍ਹੀ ਮੰਡੀ ਦੀ ਦਲੀਲ ਵਾਲੀਆਂ ਨੀਤੀਆਂ ਨੇ ਜਿੱਥੇ ਆਲਮੀ ਬੈਂਕ, ਆਲਮੀ ਮੁਦਰਾ ਫੰਡ (ਆਈ.ਐਮ.ਐਫ਼.) ਅਤੇ ਕਾਰਪੋਰੇਟ ਦੀ ਸਰਦਾਰੀ ਪੱਕੇ ਪੈਰੀਂ ਕਰ ਦਿੱਤੀ ਹੈ, ਉਥੇ ਆਲਮੀਕਰਨ ਦੀ ਦਰ ਨੂੰ ਵੀ ਜਰਬ ਦਿੱਤੀ ਹੈ। ਇਸ ਨੇ ਔਰਤਾਂ ਨੂੰ ਤਿੰਨ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਪਹਿਲਾ, ਇਨ੍ਹਾਂ ਨੀਤੀਆਂ ਦਾ ਧੁਰਾ ਹੈ ਉਤਪਾਦਨ; ਜਿਸ ਦਾ ਮੰਤਰ 'ਮੁਨਾਫ਼ਾ ਵਧਾਓ ਤੇ ਕੀਮਤ ਘਟਾਓ' ਹੈ। ਇਸ ਦੀ ਦਲੀਲ ਇਹ ਹੈ ਕਿ ਕਿਸੇ ਵੀ ਪੱਧਰ 'ਤੇ ਜਿਹੜੀ ਮਨੁੱਖੀ ਪੂੰਜੀ ਹੈ ਜਾਂ ਮਨੁੱਖੀ ਸਮੂਹ ਹਨ, ਉਨ੍ਹਾਂ ਵਿੱਚ ਸਿਆਸੀ ਤੌਰ 'ਤੇ ਸਰਕਾਰ ਨੂੰ ਨਿਵੇਸ਼ ਕਰਨ ਦੀ ਕੋਈ ਜ਼ਰੂਰਤ ਨਹੀਂ। ਇਸ ਦਾ ਔਰਤਾਂ ਲਈ ਇਹ ਅਰਥ ਬਣਿਆ ਕਿ ਘਰ ਦਾ ਕੰਮ ਧੰਦਾ ਕਰਨ, ਬੱਚੇ ਪੈਦਾ ਕਰਨ ਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ, ਬਜ਼ੁਰਗਾਂ ਦੀ ਸਾਂਭ ਸੰਭਾਲ ਬਾਰੇ ਸਰਕਾਰ ਦੀ ਕੋਈ ਜਵਾਬਦੇਹੀ ਨਹੀਂ ਬਣਦੀ ਅਤੇ ਨਾ ਹੀ ਕੋਈ ਜ਼ਿੰਮੇਵਾਰੀ ਤੈਅ ਕੀਤੀ ਜਾ ਸਕਦੀ ਹੈ। ਇਸ ਵਿੱਚ ਸਭ ਤੋਂ ਵੱਡੀ ਮਿਸਾਲ ਪ੍ਰਜਨਨ ਵਿਗਿਆਨ ਦੇ ਖੇਤਰਾਂ ਵਿੱਚ ਔਰਤਾਂ ਲਈ ਸੁਰੱਖਿਅਤ ਗਰਭ ਨਿਰੋਧਕਾਂ ਦੀ ਖੋਜ ਦੀ ਦਿੱਤੀ ਜਾ ਸਕਦੀ ਹੈ ਜਿਹੜੀ ਅੱਜ ਵੀ ਸਰਕਾਰ ਦੇ ਪਿਤਾ ਪੁਰਖੀ ਖਾਸੇ ਨੂੰ ਉਘਾੜਦੀ ਹੈ।

ਦੂਜਾ, ਇਨ੍ਹਾਂ ਨੀਤੀਆਂ ਅਤੇ ਆਲਮੀਕਰਨ ਦਾ ਰੁਝਾਨ ਔਰਤਾਂ ਅਤੇ ਮਰਦਾਂ ਵਿਚਲੇ ਸਮਾਜਕ, ਸੱਭਿਆਚਾਰਕ ਤੇ ਆਰਥਿਕ ਪਾੜੇ ਨੂੰ ਮੂਲੋਂ ਹੀ ਵਿਸਾਰ ਦਿੰਦਾ ਹੈ। ਹਰ ਖਾਸ ਤਬਕੇ ਜਾਂ ਨਸਲ ਜਾਂ ਕਬੀਲੇ ਵਾਂਗ। ਸਮੂਹ ਵਾਂਗ ਔਰਤਾਂ ਲਈ ਵੀ ਇਹ ਪਾੜਾ ਜਾਂ ਵੰਨ-ਸਵੰਨਤਾ ਹੀ ਉਨ੍ਹਾਂ ਦੀ ਕੰਮ ਦੀ ਕਿਸਮ ਤੈਅ ਕਰਦੀਆਂ ਹਨ। ਜਿੱਥੇ ਮਰਦਾਂ ਦੇ ਕੰਮ ਦੀ ਸਮਾਜਕ, ਸੱਭਿਆਚਾਰਕ ਤੇ ਆਰਥਿਕ ਵੁੱਕਅਤ ਤੇ ਵਟਕ ਹੁੰਦੀ ਹੈ, ਉੱਥੇ ਔਰਤਾਂ ਦਾ ਕੰਮ ਭਾਵੇਂ ਉਹ ਖਾਣਾ ਬਣਾਉਣ ਦਾ ਹੋਵੇ, ਬਾਲਣ ਇਕੱਠਾ ਕਰਨ ਦਾ ਜਾਂ ਪਾਣੀ ਭਰਨ ਦਾ; ਉਹਨੂੰ ਔਰਤਪੁਣੇ ਦੇ ਸਾਧਾਰਨ ਮਾਪ ਨਾਲ ਉਕਾ ਹੀ ਰੱਦ ਕਰ ਦਿੱਤਾ ਜਾਂਦਾ ਹੈ।

ਤੀਜਾ, ਆਲਮੀਕਰਨ ਦਾ ਰੁਝਾਨ ਮੁੱਖ ਰੂਪ ਵਿੱਚ ਚਾਰ ਸਮਾਜਕ ਅਦਾਰਿਆਂ ਦੇ ਦਮ 'ਤੇ ਟਿਕਿਆ ਹੋਇਆ ਹੈ; ਘਰ, ਸਰਕਾਰ, ਕੰਪਨੀਆਂ ਅਤੇ ਮੰਡੀ। ਹੁਣ ਜਦੋਂ ਆਲਮੀਕਰਨ ਦਾ ਰੁਝਾਨ ਔਰਤਾਂ ਦੇ ਸ਼ਕਤੀਕਰਨ ਦੀ ਗੱਲ ਕਰਦਾ ਹੈ ਜਾਂ ਉਨ੍ਹਾਂ ਨੂੰ ਸਰਵ-ਸਮਰੱਥਾਵਾਂ ਬਣਾਉਣ ਦੀ ਉਮੀਦ ਵੇਚਦਾ ਹੈ ਤਾਂ ਇਨ੍ਹਾਂ ਅਦਾਰਿਆਂ ਵਿੱਚ ਔਰਤਾਂ ਦੀ ਸਾਧਨਾਂ 'ਤੇ ਮਾਲਕੀ, ਖੁਦ ਫ਼ੈਸਲੇ ਕਰਨ ਦੀ ਸਮਰੱਥਾ, ਬੁਨਿਆਦੀ ਹਕੂਕ ਬਾਰੇ ਪਹੁੰਚ ਨੂੰ ਕੰਨੀਆਂ ਵਿੱਚ ਖਿਸਕਾ ਦਿੰਦਾ ਹੈ। ਨਤੀਜੇ ਵਜੋਂ ਆਲਮੀਕਰਨ, ਹਿੱਤਾਂ ਦੀ ਸਿਆਸਤ ਖੇਡਦਾ ਕਾਬਜ਼ ਤੇ ਮਾਰੂ ਧਿਰ ਦੇ ਹੱਕ ਵਿੱਚ ਭੁਗਤ ਜਾਂਦਾ ਹੈ। ਇਨ੍ਹਾਂ ਚਾਰਾਂ ਅਦਾਰਿਆਂ ਵਿੱਚ ਔਰਤ ਪ੍ਰਤੀ ਵਿਤਕਰੇ ਦਾ ਇਤਿਹਾਸ ਤੇ ਮਾਨਸਿਕਤਾ ਸਮਝੇ ਬਿਨਾਂ ਔਰਤ ਵਿਰੁਧ ਹਿੰਸਾ ਦੀ ਗੱਲ ਨਹੀਂ ਕੀਤੀ ਜਾ ਸਕਦੀ। ਇਸ ਤਰ੍ਹਾਂ ਇਹ ਮਸਲਾ ਇੱਕ ਪਾਸੇ ਤਾਂ ਔਰਤ-ਹਕੂਕ ਦੀ ਪ੍ਰਾਪਤੀ ਨਾਲ ਜਾ ਜੁੜਦਾ ਹੈ, ਦੂਜੇ ਪਾਸੇ ਇਹ ਇਨ੍ਹਾਂ ਅਦਾਰਿਆਂ ਵਿੱਚ ਔਰਤ-ਹਕੂਕ ਪ੍ਰਤੀ ਸੋਚ ਦੇ ਰੁਝਾਨ ਉੱਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ।

ਔਰਤਾਂ ਵਿਰੁਧ ਹਿੰਸਾ ਅਤੇ ਉਦਾਰੀਕਰਨ/ਖੁੱਲ੍ਹੀ ਮੰਡੀ ਦੀਆਂ ਨੀਤੀਆਂ ਮਿਲ ਕੇ ਔਰਤਾਂ ਦੇ ਜਿਉਣ ਢਾਂਚੇ ਉੱਤੇ ਕਿਵੇਂ ਅਸਰ ਪਾਉਂਦੀਆਂ ਹਨ? ਇਨ੍ਹਾਂ ਦਾ ਸਭ ਤੋਂ ਗਹਿਰਾ ਅਸਰ ਘਰਾਂ 'ਤੇ ਪੈਂਦਾ ਹੈ। ਅੱਜ ਦੇ ਦੌਰ ਦੇ ਘਰ ਸਹਿਯੋਗ ਅਤੇ ਉਤਪਾਦਨ ਦੀਆਂ ਇਕਾਈਆਂ ਤਾਂ ਮੰਨ ਲਏ ਗਏ ਹਨ ਪਰ ਇਨ੍ਹਾਂ ਨੂੰ ਲਿੰਗਕ ਰਿਸ਼ਤਿਆਂ ਦੇ ਵਿਰੋਧ ਦੀ ਜਗ੍ਹਾ ਮੰਨਣ ਤੋਂ ਰਾਜ, ਸਮਾਜ ਤੇ ਸਿਆਸਤ ਮੁਨਕਰ ਹਨ। ਘਰ ਆਰਥਿਕ ਢਾਂਚੇ ਦੀ ਪਰਿਭਾਸ਼ਾ ਜੋ ਇਕੱਠੇ ਰਹਿ ਕੇ ਪੈਸਾ ਕਮਾਉਣ ਨਾਲ ਸਬੰਧਤ ਹੈ, ਮੁਤਾਬਕ ਪਰਿਭਾਸ਼ਿਤ ਹੋ ਗਏ ਹਨ। ਇਨ੍ਹਾਂ ਦੀ ਸਮਾਜਕ ਸਾਰਥਿਕਤਾ ਦਿਨੋ-ਦਿਨ ਖੁਰ ਰਹੀ ਹੈ। ਇਸ ਦਾ ਦੂਜਾ ਪਹਿਲੂ ਇਹ ਹੈ ਕਿ ਇਨ੍ਹਾਂ ਹੀ ਘਰਾਂ ਵਿੱਚ ਜਦੋਂ ਗ਼ਰੀਬੀ, ਬੇਰੁਜ਼ਗਾਰੀ, ਭੁੱਖ ਤੇ ਨਸ਼ਿਆਂ ਦਾ ਜ਼ਲਜ਼ਲਾ ਆਉਂਦਾ ਹੈ ਤਾਂ ਇਸ ਦਾ ਖਮਿਆਜ਼ਾ ਔਰਤਾਂ ਭੁਗਤਦੀਆਂ ਹਨ।

ਰੀਤੀ-ਰਿਵਾਜ਼ਾਂ ਵਿਚਲੀਆਂ ਔਰਤ ਵਿਰੋਧੀ ਰੁਚੀਆਂ ਨੂੰ ਵੀ ਆਲਮੀਕਰਨ ਅਤੇ ਖੁੱਲ੍ਹੀ ਮੰਡੀ ਸੱਭਿਆਚਾਰਕ ਵਸਤ ਦੇ ਤੌਰ 'ਤੇ ਵੇਚਦੀ ਹੈ। ਘਰਾਂ ਵਿੱਚ ਸਭ ਤੋਂ ਮਗਰੋਂ, ਸਭ ਤੋਂ ਘੱਟ ਖਾਣ ਦਾ ਰਿਵਾਜ਼ ਆਧੁਨਿਕਤਾ ਦੀਆਂ ਦਲੀਲਾਂ ਅੱਗੇ ਅੱਜ ਵੀ ਸਾਬਤ ਸਬੂਤ ਖੜ੍ਹਾ ਹੈ। ਆਲਮੀਕਰਨ ਇਸ ਸੱਭਿਆਚਾਰਕ 'ਦਰੁਸਤੀ' ਨੂੰ ਔਰਤਪੁਣੇ ਦਾ ਧੁਰਾ ਬਣਾ ਕੇ ਪੇਸ਼ ਕਰਦਾ ਹੈ। ਅਜਿਹੇ ਘੜੇ-ਘੜਾਏ ਸੱਭਿਆਚਾਰਕ ਖਾਚਿਆਂ ਵਿੱਚ ਔਰਤਾਂ ਜਾਣੇ-ਅਣਜਾਣੇ ਆਪਣੇ ਖ਼ਿਲਾਫ਼ ਹੀ ਭੁਗਤ ਜਾਂਦੀਆਂ ਹਨ। ਜਿਹੜੇ ਜਗੀਰੂ ਸਮਾਜਾਂ ਵਿੱਚ ਔਰਤਾਂ ਦੇ ਤਸੱਵਰ 'ਹੀਰਾਂ' ਤੇ 'ਸੋਹਣੀਆਂ' ਦੇ ਰੂਪ ਵਿੱਚ ਹੀ ਸਵੀਕਾਰੇ ਜਾਣ, ਤੇ ਆਮ ਔਰਤ ਦੇ ਘਰਾਂ/ਸਮੂਹਾਂ/ਸਮਾਜਾਂ ਲਈ ਕੁੱਟੀਆਂ ਚੂਰੀਆਂ ਅਤੇ ਢਾਕਾਂ 'ਤੇ ਢੋਏ ਘੜਿਆਂ ਦੇ ਪਾਣੀ ਚੇਤਿਆਂ ਵਿੱਚੋਂ ਕਿਰ ਜਾਣ, ਉਥੇ ਸਮਾਜਕ ਕਦਰਾਂ-ਕੀਮਤਾਂ ਦਾ ਨਰੋਈਆਂ ਤੇ ਨਿੱਗਰ ਹੋਣਾ ਸੁਪਨਾ ਹੀ ਬਣ ਕੇ ਰਹਿ ਸਕਦਾ ਹੈ। ਹੀਰਾਂ ਅਤੇ ਸੋਹਣੀਆਂ ਦੀਆਂ ਅਜਿਹੀਆਂ ਮਿੱਥਾਂ ਕਾਰਨ ਹੀ ਭਾਰਤੀ ਸਮਾਜ ਵਿੱਚ ਜਾਤ, ਧਰਮ ਤੇ ਬੋਲੀ ਤੋਂ ਵੀ ਵੱਡਾ ਨਸਲੀ ਵਿਤਕਰਾ ਔਰਤ ਦੀ ਨਸਲ ਨਾਲ ਉਸ ਦੇ ਰੰਗ, ਉਸ ਦੇ ਕੱਦ, ਉਸ ਦੇ ਵਾਲਾਂ, ਉਸ ਦੀ ਤੋਰ, ਉਸ ਦੇ ਹੱਸਣ-ਖੇਡਣ, ਮਿਲਣ-ਜੁਲਣ; ਅਰਥਾਤ ਉਸ ਦੇ ਸਾਹ ਲੈਣ ਤੱਕ ਦੇ ਢੰਗਾਂ ਨੂੰ ਲੈ ਕੇ ਲੱਖਾਂ ਘਰਾਂ ਵਿੱਚ ਵਾਪਰਦਾ ਹੈ। ਇਹ ਪਲੇਗ ਵਾਂਗੂੰ ਸੋਚਣ-ਸਮਝਣ ਨੂੰ ਖੁੰਢਾ ਅਤੇ ਮੌਲਣ ਵਿਗਸਣ ਨੂੰ ਬੌਣਾ ਬਣਾ ਦਿੰਦਾ ਹੈ। ਹੁਣ ਸਰਕਾਰ ਜਦੋਂ ਖ਼ੁਰਾਕ ਸਬਸਿਡੀਆਂ 'ਤੇ ਕਟੌਤੀ ਦਾ ਐਲਾਨ ਕਰਦੀ ਹੈ, ਜਾਂ ਜਦੋਂ ਕੋਈ ਧਾਰਮਿਕ ਨੇਤਾ ਸਲਵਾਰ ਕਮੀਜ਼ ਨੂੰ ਧਰਮ ਨਾਲ ਜੋੜ ਕੇ ਦੇਖਦਾ ਹੈ ਤਾਂ ਉਹ ਅਸਲ ਵਿੱਚ ਸਭਿਅਤਾ ਦੇ ਵਿਕਾਸ ਦੀ ਧੁਰੀ ਨੂੰ ਉਲਟਾ ਗੇੜ ਦੇਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ।ਖ਼ੁਰਾਕ ਸਬਸਿਡੀ ਦੀ ਕਟੌਤੀ ਔਰਤ ਦੀ ਥਾਲੀ 'ਤੇ ਲੱਗਦੀ ਹੈ ਅਤੇ ਪਹਿਰਾਵੇ ਦਾ ਸੰਦ ਮਰਦਾਵੀਂ ਸੱਤਾ ਦੇ ਤਾਨਾਸ਼ਾਹੀ ਖ਼ਾਸੇ ਦੀ ਗਵਾਹੀ ਹੈ।

ਜੇ ਪੰਜਾਬੀ ਘਰਾਂ ਦੇ ਹਵਾਲੇ ਨਾਲ ਆਲਮੀਕਰਨ, ਖੁੱਲ੍ਹੀ ਮੰਡੀ ਅਤੇ ਨਵ-ਉਦਾਰਵਾਦ ਨੂੰ ਸਮਝਣਾ ਹੋਵੇ ਤਾਂ ਇਸ ਨੂੰ ਹਰੇ ਇਨਕਲਾਬ ਦੀ ਵਕਤੀ ਕਾਮਯਾਬੀ ਤੇ ਚਿਰਕਾਲੀ ਨਾਕਾਮਯਾਬੀ, ਸਮਾਜਕ ਢਾਂਚੇ ਦੀ ਉਥਲ-ਪੁਥਲ ਅਤੇ ਘਰਾਂ ਵਿੱਚ ਔਰਤਾਂ ਦੀ ਸਿਮਟ ਰਹੀ ਹੋਂਦ ਵਜੋਂ ਪੜ੍ਹਿਆ ਜਾ ਸਕਦਾ ਹੈ। ਪੰਜਾਬੀ ਔਰਤਾਂ ਵਿਕਾਸ ਦੇ ਇਸ ਨਵ-ਪੂੰਜੀਵਾਦੀ ਮਾਡਲ ਕਾਰਨ ਖੇਤੀ ਸੈਕਟਰ ਵਿੱਚੋਂ ਬਾਹਰ ਧੱਕ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਉਚ-ਜਾਤੀ ਦੀਆਂ ਵੱਡੀ ਕਿਸਾਨੀ ਵਾਲੇ ਘਰਾਂ ਦੀਆਂ ਔਰਤਾਂ ਤਾਂ ਸ਼ਾਮਲ ਹਨ ਹੀ, ਇਸ ਤੋਂ ਬਿਨਾਂ ਖੇਤੀ ਮਜ਼ਦੂਰਾਂ ਦੀਆਂ ਕੁੜੀਆਂ, ਵਹੁਟੀਆਂ ਅਤੇ ਮਾਂਵਾਂ-ਭੈਣਾਂ ਵੀ ਸ਼ਾਮਿਲ ਹਨ। 'ਉੱਚੇ' ਘਰਾਂ ਦੀਆਂ ਔਰਤਾਂ ਤੋਂ ਉਨ੍ਹਾਂ ਦੀ ਪਰੰਪਰਾਗਤ ਖੇਤੀ ਸਿਖਲਾਈ, ਸਮਝ ਤੇ ਸਿਆਣਪ ਖੋਹ ਲਈ ਗਈ ਹੈ। ਛੋਟੀ ਤੇ ਦਰਮਿਆਨੀ ਕਿਸਾਨੀ ਤੇ ਖੇਤ ਮਜ਼ਦੂਰ ਦੇ ਘਰਾਂ ਦੀਆਂ ਔਰਤਾਂ ਲਈ ਜਿਉਂਦੇ ਰਹਿ ਸਕਣਾ ਹੀ ਸਭ ਤੋਂ ਵੱਡਾ ਤਰੱਦਦ ਹੋ ਨਿਬੜਿਆ ਹੈ। ਖੇਤੀ ਦਾ ਮਸ਼ੀਨੀਕਰਨ ਪੂਰੀ ਤਰ੍ਹਾਂ ਪਿਤਾ-ਪੁਰਖੀ ਹੈ, ਖੁੱਲ੍ਹੀ ਮੰਡੀ ਦਾ ਰੁਝਾਨ ਮਰਦ-ਮੁਖੀ ਹੈ ਅਤੇ ਕਾਰਪੋਰੇਟ ਖੇਤੀ ਦਾ ਸਾਰਾ ਪ੍ਰਬੰਧ ਮਰਦਾਵੇਂ ਮੇਲ ਦੀ ਮਾਲਕੀ ਨੂੰ ਪੱਕਾ ਕਰਦਾ ਹੈ। ਉਪਰੋਂ ਸਮਾਜਕ ਤੌਰ 'ਤੇ ਦਾਜ ਦਹੇਜ, ਘਰੇਲੂ ਹਿੰਸਾ, ਮਾਨਸਿਕ ਤਸ਼ੱਦਦ ਅਤੇ ਘਰਦਿਆਂ ਨੂੰ ਵਿਦੇਸ਼ਾਂ ਵਿੱਚ ਪੱਕੇ ਕਰਨ ਦਾ ਬੋਝ ਸਮਾਜਕ ਅਰਾਜਕਤਾ ਨੂੰ ਜਨਮ ਦੇ ਚੁੱਕਿਆ ਹੈ। ਹੁਣ ਕਿਉਂਕਿ ਔਰਤਾਂ ਘਰਾਂ, ਮੰਡੀਆਂ, ਸਰਕਾਰਾਂ ਤੇ ਕੰਪਨੀਆਂ ਵਿੱਚ ਕੰਨੀਆਂ ਉੱਤੇ ਹਨ, ਉਨ੍ਹਾਂ ਦਾ ਸਰੀਰ ਹੀ ਇੱਕੋ ਇੱਕ ਅਜਿਹੀ ਜਾਇਦਾਦ ਹੈ ਜਿਸ ਦੀ ਨਵ-ਉਦਾਰਵਾਦੀ ਮੰਡੀ ਵਿੱਚ ਕੋਈ ਕੀਮਤ ਤੈਅ ਹੋ ਸਕਦੀ ਹੈ। ਮੈਰਿਜ ਪੈਲੇਸ ਵਿੱਚ ਨੱਚਦੀਆਂ ਮਜ਼ਦੂਰ ਕੁੜੀਆਂ ਅਤੇ ਮਾਮਿਆਂ, ਚਾਚਿਆਂ, ਭਰਾਵਾਂ, ਭਤੀਜਿਆਂ ਨਾਲ ਵਿਆਹ ਕਰਾ ਕੇ ਜਹਾਜ਼ੇ ਚੜ੍ਹਦੀਆਂ ਕੁੜੀਆਂ ਇੱਕੋ ਲੜੀ ਦੀਆਂ ਦੋ ਤੰਦਾਂ ਹਨ। ਇੱਕ ਵੱਡਾ ਖੱਪਾ ਉਸ ਬੇਲਾਗ਼ਪੁਣੇ ਅਤੇ ਸਮਾਜਕ ਗੈਰ-ਜ਼ਿੰਮੇਵਾਰੀ ਨੇ ਪੈਦਾ ਕੀਤਾ ਹੈ ਜਿਥੇ ਪੂੰਜੀ, ਸਾਰੀਆਂ ਬੌਧਿਕ ਤੇ ਸਮਾਜਕ ਕਾਰਗੁਜ਼ਾਰੀਆਂ ਦਾ ਧੁਰਾ ਹੋ ਨਿਬੜੀ ਹੈ।

ਸਰਕਾਰਾਂ ਦੇ ਪ੍ਰਸੰਗ ਵਿੱਚ ਖੁੱਲ੍ਹੀ ਮੰਡੀ, ਆਲਮੀਕਰਨ ਅਤੇ ਨਵ-ਉਦਾਰਵਾਦ ਕਿਵੇਂ ਕੰਮ ਕਰਦਾ ਹੈ, ਇਸ ਦਾ ਸਪੱਸ਼ਟ ਜਵਾਬ ਇਹੀ ਹੋ ਸਕਦਾ ਹੈ ਕਿ ਹੁਣ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਜਗਤ ਸਿਰਫ਼ ਸਰਕਾਰ ਦੇ ਸੂਤਰਧਾਰ ਨਹੀਂ, ਬਲਿਕ ਹੁਣ ਇਹ ਹੀ ਸਰਕਾਰ ਹਨ ਅਤੇ ਇਹ ਹੀ ਕਾਨੂੰੰਨ ਦੇ ਕਰਤਾ ਧਰਤਾ ਹਨ। ਨੀਤੀਆਂ ਭਾਵੇਂ ਉਹ ਸਿਆਸੀ ਹਨ, ਸਿਹਤ ਨਾਲ ਜੁੜੀਆਂ ਹੋਈਆਂ, ਸਿੱਖਿਆ ਨਾਲ ਸਬੰਧਤ ਜਾਂ ਔਰਤਾਂ ਦੇ ਮੁੱਦਿਆਂ ਬਾਰੇ ਹਨ, ਕਾਰਜਕਾਰੀ ਖਾਕਾ ਬਹੁਕੌਮੀ ਕੰਪਨੀਆਂ ਅਤੇ ਉਸ ਦੇ ਕਾਰਪੋਰੇਟ ਘਰਾਣੇ ਜਾਂ ਦਲਾਲ ਹੀ ਖਿੱਚਦੇ ਹਨ। ਇਸ ਦੀ ਔਰਤਾਂ ਪ੍ਰਤੀ ਕੀ ਪਹੁੰਚ ਹੈ? ਨੀਤੀਗਤ ਤੌਰ 'ਤੇ ਇਸ ਵਿੱਚ ਔਰਤਾਂ ਦੀ ਸਾਖ਼ਰਤਾ ਦਰ ਵਧਾਉਣ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਉਣ ਨੂੰ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਅੰਤਿਮ ਹੱਲ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ। ਇਸ ਸਿੱਖਿਆ ਢਾਂਚੇ ਦਾ ਸਾਰਾ ਦਾਰੋਮਦਾਰ ਪ੍ਰਬੰਧਕੀ ਹੁਨਰ ਉੱਤੇ ਟਿਕਿਆ ਹੈ। ਪ੍ਰਬੰਧਕੀ ਹੁਨਰ ਭਾਵੇਂ ਇਹ ਆਰਥਿਕ ਖੇਤਰ ਵਿੱਚ ਹੈ, ਸਿਆਸੀ ਖੇਤਰ ਵਿੱਚ ਤੇ ਜਾਂ ਫਿਰ ਸਮਾਜਕ ਖੇਤਰ ਵਿੱਚ, ਇਹ ਨਿੱਜੀ ਭੋਗਵਾਦੀ ਹੁਨਰ ਹੈ। ਇਸ ਵਿੱਚੋਂ ਸਮਾਜਕ ਸਰੋਕਾਰਾਂ ਦੀ ਨੈਤਿਕਤਾ ਅਤੇ ਦਲੀਲ ਨਦਾਰਦ ਹਨ। ਇਹ ਇੱਕ ਤਰ੍ਹਾਂ ਨਾਲ ਅੰਕੜਿਆਂ ਜਾਂ ਤੱਥਾਂ ਦਾ ਸਮੂਹੀਕਰਨ ਹੈ। ਇਸ ਦਾ ਗਿਆਨ ਪ੍ਰਾਪਤੀ ਜਾਂ ਚੇਤਨਾ ਦੀ ਚਿਣਗ ਨਾਲ ਕੋਈ ਵਾਸਤਾ ਨਹੀਂ। ਇਹ ਸਿੱਧੇ-ਅਸਿੱਧੇ ਤਰੀਕੇ ਨਾਲ ਮੰਡੀ ਦਾ ਢਿੱਡ ਭਰਨ ਦੇ ਹੁਨਰ ਤੱਕ ਮਹਿਦੂਦ ਹੈ ਤੇ ਇੱਦਾਂ ਮਾੜੇ ਧੀੜਿਆਂ/ਨਿਤਾਣਿਆਂ ਦੇ ਹੱਕਾਂ ਦੀ ਚੀਕ ਸਿਰਫ਼ ਹਵਾ ਵਿੱਚ ਹੀ ਲਟਕ ਕੇ ਖ਼ਤਮ ਹੋ ਜਾਂਦੀ ਹੈ, ਕੋਈ ਇਤਿਹਾਸਕ ਦਸਤਾਵੇਜ਼ ਨਹੀਂ ਬਣਦੀ। ਇਨ੍ਹਾਂ ਦੀ ਅੱਧੀ ਆਬਾਦੀ ਔਰਤਾਂ ਹੀ ਹਨ।

ਮੰਡੀਆਂ ਦੇ ਸਬੰਧ ਵਿੱਚ ਇਸ ਨੂੰ ਵਿਕਾਸ ਮਾਡਲ ਦੀ ਤ੍ਰਾਸਦੀ ਹੀ ਕਿਹਾ ਜਾ ਸਕਦਾ ਹੈ ਕਿ ਇਹ ਮਾਡਲ ਇਹ ਮੰਨ ਕੇ ਚੱਲ ਰਿਹਾ ਕਿ ਸਾਰੀਆਂ ਸਮਾਜਕ ਸਮੱਸਿਆਵਾਂ ਦੇ ਹੱਲ ਖੁੱਲ੍ਹੀ ਮੰਡੀ ਕੋਲ ਹਨ। ਇਥੇ ਅਹਿਮ ਦਲੀਲ ਇਹ ਹੈ ਕਿ ਮੰਡੀ ਲਈ ਬਾਸ਼ਿੰਦੇ ਸ਼ਹਿਰੀ ਨਹੀਂ, ਸਗੋਂ ਖਪਤਕਾਰ ਹਨ। ਮੰਡੀ ਤੋਂ ਇਹ ਤਵੱਕੋ ਕਰਨੀ ਕਿ ਉਹ ਆਪਣੀ ਸਮਾਜਕ ਜ਼ਿੰਮੇਵਾਰੀ ਤੈਅ ਕਰੇ ਜਾਂ ਸ਼ੋਸ਼ਿਤ ਤਬਕਿਆਂ ਲਈ ਜਵਾਬਦੇਹ ਬਣੇ, ਆਪਣੇ-ਆਪ ਵਿੱਚ ਹਾਸੋਹੀਣੀ ਗੱਲ ਹੈ। ਜਿਹੜੀ ਖੁੱਲ੍ਹੀ ਮੰਡੀ ਅਤੇ ਨਵ-ਉਦਾਰਵਾਦੀ ਢਾਂਚਾ ਹੈ, ਉਸ ਵਿੱਚ ਮੁਨਾਫ਼ੇ ਦਾ ਸ਼ਿਕਾਰ ਸਿਰਫ਼ ਸਿਹਤ, ਸਿੱਖਿਆ ਅਤੇ ਹੋਰ ਮਨੁੱਖੀ ਅਧਿਕਾਰ ਹੀ ਨਹੀਂ ਹੁੰਦੇ, ਸਗੋਂ ਇਸ ਤੋਂ ਵੀ ਅਗਾਂਹ ਇਹ ਪਾਣੀ, ਹਵਾ ਅਤੇ ਧਰਤੀ ਨੂੰ ਵਸਤੂ ਵਿੱਚ ਬਦਲ ਕੇ ਮੰਡੀ ਵਿੱਚ ਭਾਅ ਤੈਅ ਕਰਦੀ ਹੈ। ਇੱਥੋਂ ਤੱਕ ਕਿ ਕੁਦਰਤ ਨੂੰ ਵੀ ਭੋਗਣ ਵਾਲੀ ਵਸਤ ਬਣਾਇਆ ਜਾਂਦਾ ਹੈ। ਜਿਨ੍ਹਾਂ ਮੁਲਕਾਂ ਵਿੱਚ ਖੁੱਲ੍ਹੀ ਮੰਡੀ ਵਾਲਾ ਨਵ-ਉਦਾਰਵਾਦੀ ਢਾਂਚਾ ਹੈ, ਉੱਥੋਂ ਦੇ ਅਧਿਐਨਾਂ ਮੁਤਾਬਕ ਨਾ ਸਿਰਫ਼ ਪ੍ਰਦੂਸ਼ਣ ਖ਼ਤਰਨਾਕ ਹੱਦ ਤੱਕ ਵਧਿਆ ਹੈ, ਬਲਕਿ ਉੱਥੋਂ ਦੂਜੇ ਖਿੱਤਿਆਂ ਵੱਲ ਪਰਵਾਸ ਹੋਣ ਦੀ ਦਰ ਵੀ ਵਧੀ ਹੈ। ਇਥੇ ਪ੍ਰਸਿੱਧ ਸਮਾਜ ਸ਼ਾਸਤਰੀ ਵੰਦਨਾ ਸ਼ਿਵਾ ਦੀ ਇਹ ਟਿੱਪਣੀ ਬਹੁਤ ਅਹਿਮ ਹੈ ਕਿ ਇਸ ਮੰਡੀ ਮੁਖੀ ਵਿਕਾਸ ਮਾਡਲ ਵਿੱਚ ਦੱਸੇ ਜਾਂਦੇ ਗ਼ਰੀਬ ਲੋਕ ਵਿਕਾਸ ਪੱਖੋਂ ਪਿੱਛੇ ਹੀ ਨਹੀਂ ਰਹੇ, ਬਲਕਿ ਉਨ੍ਹਾਂ ਨੂੰ ਹਰ ਪੱਧਰ 'ਤੇ ਲੁੱਟਿਆ ਤੇ ਨੋਚਿਆ ਗਿਆ ਹੈ। ਇਹ ਲੁੱਟ ਜੰਗਲ ਦੀ ਲੁੱਟ ਵੀ ਹੈ, ਜ਼ਮੀਨ ਦੀ ਵੀ, ਕਿਰਤ ਦੀ ਵੀ ਹੈ, ਇਥੋਂ ਤੱਕ ਕਿ ਵਿਚਾਰਾਂ ਦੀ ਵੀ।

ਔਰਤਾਂ ਖ਼ਿਲਾਫ਼ ਹਿੰਸਾ ਬਾਰੇ ਅਗਲਾ ਅਹਿਮ ਮੁੱਦਾ ਸੱਭਿਆਚਾਰਕ ਸਾਮਰਾਜਵਾਦ ਜਾਂ ਆਲਮੀਕਰਨ ਦੀ ਸੱਭਿਆਚਾਰਕ ਸਨਅਤ ਦਾ ਹੈ। ਇਸ ਦਾ ਜਿਹੜਾ ਸਭ ਤੋਂ ਮਾਰੂ ਅਸਰ ਵੱਖ-ਵੱਖ ਸਮੂਹਾਂ ਜਾਂ ਤਬਕਿਆਂ 'ਤੇ ਪਿਆ ਹੈ, ਉਸ ਨੇ ਵਿਰੋਧ ਕਰਨ ਦੀਆਂ ਰਵਾਇਤਾਂ ਹੀ ਖ਼ਤਮ ਕਰ ਦਿੱਤੀਆਂ ਹਨ। ਇਹ ਕੋਈ ਖਾਸ ਕਿਸਮ ਦਾ ਗਾਇਨ, ਕਲਾ ਜਾਂ ਨਵੀਆਂ ਸੰਚਾਰ ਪ੍ਰਣਾਲੀਆਂ ਰਾਹੀਂ ਰਾਤੋ-ਰਾਤ ਵਾਪਰੀ ਤ੍ਰਾਸਦੀ ਨਹੀਂ, ਸਗੋਂ ਇਸ ਦੀਆਂ ਜੜ੍ਹਾਂ ਸਿੱਖਿਆ ਢਾਂਚੇ, ਕੌਮੀ ਚੇਤਨਾ ਤੇ ਸੂਝ-ਬੂਝ ਘੜਨ ਦੇ ਢਾਂਚੇ ਅਤੇ ਜਮਹੂਰੀ ਕਦਰਾਂ-ਕੀਮਤਾਂ ਖ਼ਿਲਾਫ਼ ਭੁਗਤ ਰਹੀਆਂ ਸੱਭਿਆਚਾਰਕ ਇਕਾਈਆਂ ਵਿੱਚ ਹਨ। ਇਨ੍ਹਾਂ ਢਾਂਚਿਆਂ ਅਤੇ ਅਦਾਰਿਆਂ ਦਾ ਕਾਰ-ਵਿਹਾਰ ਅਤੇ ਕੰਮ-ਤੰਤਰ ਗਿਆਨ, ਕਲਾ, ਸੂਝ-ਬੂਝ ਅਤੇ ਚੇਤਨਾ ਨੂੰ ਉਤਪਾਦਨ ਦੀ ਕਿਸੇ ਵੀ ਹੋਰ ਵੰਨਗੀ ਵਾਂਗ ਹੀ ਪਰਖਦਾ ਹੈ। ਅੱਜ ਜਦੋਂ ਇਸ ਦਾ ਗੱਠਜੋੜ ਸਾਫ਼ਟ ਪਾਵਰ, ਅਰਥਾਤ ਨਵੀਂ ਸੰਚਾਰ ਪ੍ਰਣਾਲੀ ਨਾਲ ਹੋ ਚੁੱਕਿਆ ਹੈ ਤਾਂ ਕਈ ਮੰਦਭਾਗੇ ਰੁਝਾਨ ਸਾਹਮਣੇ ਆਏ ਹਨ। ਇਸ ਦਾ ਇੱਕ ਸਿਰਾ ਇਰਾਕ ਜੰਗ ਦੌਰਾਨ ਦਿਸਦਾ ਹੈ ਜਦੋਂ ਸੀ.ਐਨ.ਐਨ. ਅਤੇ ਬੀ.ਬੀ.ਸੀ. ਤੇਲ ਖਾਤਰ ਲੜੀ ਜਾ ਰਹੀ ਜੰਗ ਨੂੰ ਜਮਹੂਰੀਅਤ ਦੀ ਅਤੇ ਜਮਹੂਰੀਅਤ ਲਈ ਜੰਗ ਵਿੱਚ ਬਦਲ ਦਿੰਦੇ ਹਨ। ਔਰਤਾਂ ਦੇ ਮਾਮਲੇ ਵਿੱਚ ਇਸ ਦੀਆਂ ਪਰਤਾਂ ਹੋਰ ਵੀ ਗੁੰਝਲਦਾਰ ਹਨ। ਤੇਜ਼ੀ ਨਾਲ ਤਰੱਕੀ ਕਰ ਰਹੀ ਇਸ਼ਤਿਹਾਰਾਂ ਦੀ ਸਨਅਤ ਨੇ ਜਿੱਥੇ ਔਰਤਾਂ ਦੇ ਸਰੀਰ ਅਤੇ ਬੌਧਿਕਤਾ ਨਾਲ ਜੁੜੀਆਂ ਮਿੱਥਾਂ, ਧਾਰਨਾਵਾਂ ਅਤੇ ਵਿਤਕਰਿਆਂ ਨੂੰ ਹੂ-ਬ-ਹੂ ਕਾਇਮ ਰੱਖਿਆ ਹੈ, ਉੱਥੇ ਮੰਡੀ ਦੀਆਂ ਲੋੜਾਂ ਨਾਲ ਸਬੰਧਤ ਖ਼ਪਤਕਾਰ ਵਤੀਰੇ ਨੂੰ ਔਰਤ ਦੀ ਤਰੱਕੀ ਦਾ ਰਾਹ ਬਣਾ ਧਰਿਆ ਹੈ। ਇਸ ਖ਼ਪਤਕਾਰ ਵਤੀਰੇ ਦੀ ਸੰਰਚਨਾ ਔਰਤ ਸਰੀਰ ਨੂੰ ਤਸ਼ੱਦਦ ਦੀ ਹੱਦ ਤੱਕ ਡਿਜ਼ਾਈਨ ਤੇ ਅਸਾਧਾਰਨ ਹੱਦ ਤੱਕ 'ਖ਼ੂਬਸੂਰਤ' ਹੋਣ ਦੀ ਗ਼ੈਰ-ਜ਼ਰੂਰੀ ਧਾਰਨਾ ਨਾਲ ਜੁੜੀ ਹੁੰਦੀ ਹੈ। ਇਸ ਦੀਆਂ ਦੋ ਮਿਸਾਲਾਂ ਅਧਖੜ੍ਹ ਉਮਰ ਦੀ ਫ਼ਿਲਮੀ ਅਦਾਕਾਰਾ ਬਿਪਾਸ਼ਾ ਬਾਸੂ ਦੀ 'ਫਿੱਟ' ਰਹਿਣ ਦੀ ਯੋਗਤਾ ਅਤੇ ਕਰੀਨਾ ਕਪੂਰ ਦਾ 'ਸਾਈਜ਼ ਜ਼ੀਰੋ' ਰੂਪੀ ਪ੍ਰਚਾਰ ਸੀ। ਇਸ ਦੀ ਤੀਜੀ ਮਿਸਾਲ ਮਾਂ ਬਣਨ ਤੋਂ ਬਾਅਦ ਐਸ਼ਵਰਿਆ ਰਾਏ ਬਾਰੇ ਸਾਹਮਣੇ ਆਇਆ ਵਿਹਾਰ ਹੈ ਜੋ ਘਟੀਆਪਣ ਦੀ ਹੱਦ ਤੱਕ ਔਰਤ ਨੂੰ ਸਿਰਫ਼ ਸਰੀਰ ਦੇ ਚੌਖਟੇ ਤੱਕ ਮਹਿਦੂਦ ਕਰ ਦਿੰਦਾ ਹੈ। ਸਰੀਰ ਦਾ ਇਹ ਚੌਖਟਾ ਖਾਣ-ਪੀਣ ਤੋਂ ਲੈ ਕੇ ਸੋਚਣ ਤੱਕ ਲਈ ਮੰਡੀ ਦੇ ਬਣੇ-ਬਣਾਏ ਰੁਝਾਨ ਨੂੰ ਅਪਨਾਉਂਦਾ ਹੈ। ਮੰਡੀ ਸਿੱਧੀ-ਸਿੱਧੀ ਪਿੱਤਰ-ਮੁਖੀ ਤੱਕਣੀ ਅਤੇ ਮਰਦ ਦੀਆਂ ਸਰੀਰਕ ਲੋੜਾਂ ਦੀ ਇਸ਼ਤਿਹਾਰਬਾਜ਼ੀ ਦੀ ਮੰਡੀ ਹੈ। ਇੱਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਮਰਦ ਦਾ ਸਰੀਰ ਵੀ ਲੋੜ ਪੈਣ 'ਤੇ ਮੁਨਾਫ਼ੇ ਦੇ ਚਾਰੇ ਲਈ ਵਰਤਿਆ ਜਾਂਦਾ ਹੈ। ਇਹ ਮਨੁੱਖੀ ਤੱਕਣੀ ਨੂੰ ਖਪਤਕਾਰੀ ਤੱਕਣੀ ਵਿੱਚ ਤਬਦੀਲ ਕਰਨ ਦੀ ਮੰਡੀ ਹੈ, ਜਿੱਥੇ ਕੋਈ ਕਾਇਦਾ-ਕਾਨੂੰਨ ਨਹੀਂ। ਇਸ ਦੀ ਕੋਈ ਕਦਰ-ਕੀਮਤ ਨਹੀਂ।

ਇਸ 'ਸੱਭਿਆਚਾਰਕ' ਮੰਡੀ ਵਿੱਚ ਸਭ ਤੋਂ ਘੱਟ ਮੁੱਲ ਸੰਵੇਦਨਾ, ਮਮਤਾ, ਕਲਾ ਤੇ ਸੁਹਜ ਦਾ ਹੈ। ਜਿੱਦਾਂ ਆਰਥਿਕ ਤੌਰ 'ਤੇ ਨਵ-ਉਦਾਰਵਾਦੀ, ਆਲਮੀਕਰਨ ਮਨੁੱਖਾਂ ਦੇ ਸਰੀਰਾਂ ਨੂੰ ਨਪੀੜਦਾ ਹੈ, ਉਸੇ ਤਰ੍ਹਾਂ ਸੱਭਿਆਚਾਰਕ ਤੌਰ 'ਤੇ ਇਹ ਮਨੁੱਖਤਾ ਦੀ ਰੂਹ ਚੋਰੀ ਕਰ ਲੈਂਦੇ ਹਨ। ਹੁਣ 'ਪਿਆਰ' ਦਾ ਆਲਮੀਕਰਨ ਹੈ, 'ਦਰਦਮੰਦੀ' ਦਾ ਆਲਮੀਕਰਨ ਹੈ। 'ਸੋਚਣ' ਦਾ, 'ਥੀਣ' ਦਾ, 'ਜੀਣ' ਦਾ ਆਲਮੀਕਰਨ ਹੈ। ਸਭ ਤੋਂ ਵਧ ਕੇ ਇਹ ਮਨੁੱਖ 'ਹੋਣ ਦੀ ਭਾਵਨਾ' ਦਾ ਆਲਮੀਕਰਨ ਹੈ।

ਕੁਲਦੀਪ ਕੌਰ
ਲੇਖਿਕਾ ਔਰਤਾਂ ਨਾਲ ਜੁੜੇ ਸੰਵੇਦਨਸ਼ੀਲ ਮਸਲਿਆਂ ਬਾਰੇ ਲਗਾਤਾਰ ਲਿਖਦੇ ਰਹਿੰਦੇ ਹਨ। ਉਹ ਅੱਜਕਲ੍ਹ ਪੰਜਾਬੀ ਯੂਨੀਵਰਸਿਟੀ 'ਚ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਦੇ ਰਿਸਰਚ ਸਕਾਲਰ ਹਨ।
 ਮੌਬਾਇਲ: 98554-04330

Monday, May 6, 2013

ਸੁਰਿੰਦਰ ਨੀਰ ਦਾ ਨਾਵਲ : 'ਮਾਇਆ'

ਸ਼ਿਕਾਰਗਾਹ ਤੋਂ ਬਾਅਦ ਲੇਖਿਕਾ ਸੁਰਿੰਦਰ ਨੀਰ ਦਾ ਨਵਾਂ ਨਾਵਲ 'ਮਾਇਆ' ਸਾਹਿਤਕ ਹਲਕਿਆਂ 'ਚ ਚਰਚਾ ਦਾ ਵਿਸ਼ਾ ਹੈ।ਇਹ ਪੰਜਾਬੀ ਦਾ ਸਭ ਤੋਂ ਲੰਬਾ ਨਾਵਲ ਹੈ। ਇਸੇ ਬਾਰੇ ਹੀ 'ਫ਼ਿਲਹਾਲ' ਰਸਾਲੇ ਦੇ ਸੰਪਾਦਕ ਗੁਰਬਚਨ ਹੋਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਗੁਰਬਚਨ ਛੇਤੀ ਹੀ ਆਪਣੇ ਬਲਾਗ 'ਏਜੰਡਾ ਪੰਜਾਬ' ਦਾ ਲੋਕ ਅਰਪਣ ਕਰਨਗੇ। 'ਫ਼ਿਲਹਾਲ' ਦੀ ਵੈਬਸਾਈਟ ਵੀ ਉਸਾਰੀ ਅਧੀਨ ਹੈ ਤੇ ਛੇਤੀ ਹੀ ਤਹਾਨੂੰ 'ਫ਼ਿਲਹਾਲ' ਦੀਆਂ ਰਚਨਾਵਾਂ ਪੜ੍ਹਨ ਲਈ ਊਂਗਲਾਂ ਕੀਅ ਬੋਰਡ 'ਤੇ ਲਿਜਾਣੀਆਂ ਪੈਣਗੀਆਂ।-ਗੁਲਾਮ ਕਲਮ 

ਪੰਜਾਬੀ 'ਚ ਏਨਾ ਲੰਮਾ ਨਾਵਲ ਪਹਿਲਾਂ ਨਹੀਂ ਲਿਖਿਆ ਗਿਆ। ਕਰੜੀ ਮਿਹਨਤ ਦਾ ਨਤੀਜਾ ਹੈ ਇਹ। ਪੰਜਾਬੀ ਲੇਖਕ ਮਿਹਨਤ ਕਰਨੀ ਭੁਲ ਚੁੱਕਾ ਹੈ। ਫ਼ਿਲਮ ਜਗਤ 'ਚੋਂ ਇਕ ਮਿਸਾਲ ਲੈਂਦਾ ਹਾਂ। ਰਾਜ ਕਪੂਰ ਦੀ ਫ਼ਿਲਮ 'ਮੇਰਾ ਨਾਮ ਜੋਕਰ' ਬਹੁਤ ਲੰਮੀ ਸੀ। ਬੜੀ ਮਿਹਨਤ ਕੀਤੀ ਗਈ। ਗਾਣੇ ਖਿੱਚ ਪਾਉਣ ਵਾਲੇ ਸਨ,ਪਰ ਫ਼ਿਲਮ ਪਿੱਟ ਗਈ। ਰਾਜ ਕਪੂਰ ਨੇ ਕਿਹਾ, ''ਫੁੱਟੇਜ ਨੇ ਹਮ ਕੋ ਡੁਬੋ ਦੀਆ।''(ਫੁੱਟੇਜ=ਲੰਮਾਈ) 

ਮੈਨੂੰ ਲੱਗਦਾ, ਲੰਬਾਈ ਨੇ ਸੁਰਿੰਦਰ ਨੀਰ ਦੇ ਨਾਵਲ 'ਮਾਇਆ' ਨੂੰ ਡੋਬ ਦਿੱਤਾ ਹੈ। ਅਜਿਹਾ ਕਿਉਂ ਹੋਇਆ ਹੈ? ਆਓ ਦੇਖੀਏ, ਸੰਭਾਵਨਾਵਾਂ ਨਾਲ ਭਰੀ ਨਾਵਲ ਦੀ ਸਮੱਗਰੀ ਕਿਵੇਂ ਢਹਿੰਦੀ ਹੈ; ਕਿਵੇਂ ਸਾਰਥਿਕਤਾ ਗੁਵਾਂਦੀ ਹੈ। ਕਿਵੇਂ ਇਸ ਨਾਵਲ ਨੂੰ ਪੜ੍ਹਦਿਆਂ ਸੰਵੇਦਨਾ ਵਾਲਾ ਪਾਠਕ ਹਤਾਸ਼ ਮਹਿਸੂਸ ਕਰਦਾ ਹੈ। ਫ਼ਿਲਮ ਦਾ ਹਵਾਲਾ ਦੇਣ ਦਾ ਕਾਰਣ ਇਹ ਹੈ ਕਿ ਮਾਇਆ ਰਚਨਾਤਮਿਕ ਬਿਰਤਾਂਤ ਨਹੀਂ ਹੈ। ਇਹ ਪਾਪੂਲਰ ਫ਼ਿਲਮੀ ਸ਼ੈਲੀ 'ਚ ਲਿਖਿਆ ਗਿਆ ਕਥਾ ਬਿਆਨ ਹੈ ਜੋ ਟੈਲੀ ਸੀਰੀਅਲ ਦੀ ਤਕਨੀਕ ਵੀ ਅਪਣਾਂਦਾ ਹੈ। 

ਮਾਇਆ ਦਾ ਕਿਰਦਾਰ ਪਿਤਾ ਪੁਰਖੀ ਸਥਾਪਨਾ 'ਚ ਖਲਲ ਪੈਦਾ ਕਰਦਾ ਹੈ। ਉਹ ਘਰਤੋਂ ਬਾਹਰ ਵਲ ਤੁਰ ਪੈਂਦੀ ਹੈ, ਅੰਨ੍ਹੀ ਗਲੀ ਵਲ। ਚਿੱਤ ਵਿਚ ਪੇਂਟਿੰਗ ਸਿਖਣ, ਕਲਾ ਸੰਸਾਰ ਦੀ ਟੀਸੀ 'ਤੇ ਪੁੱਜਣ ਦਾ ਭੂਤ ਸਵਾਰ ਹੈ। ਘਰ ਤੋਂ ਬਾਹਰ ਜੋ ਸਪੇਸ ਹੈ ਉੱਥੇ 'ਬਘਿਆੜ' ਹਨ। 'ਔਰਤ ਬਨਾਮ ਮਰਦ ਸੰਸਾਰ' ਦਾ ਪ੍ਰਾਬਲਮੈਟਿਕ ਸਾਹਮਣੇ ਆਉਂਦਾ ਹੈ। ਪਰ ਲੇਖਿਕਾ ਦੀ ਰਵਾਇਤੀ ਪੱਧਰ ਦੀ ਨਾਵਲੀ ਸੂਝ ਇਹਦੇ ਨਾਲ ਇਨਸਾਫ਼ ਨਹੀਂ ਕਰ ਸਕਦੀ। 

ਨੀਰ ਦੀ ਸੀਮਾ ਦਾ ਪਤਾ 'ਸ਼ਿਕਾਰਗਾਹ' 'ਚ ਲੱਗਾ ਸੀ। ਇਸ ਨਾਵਲ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਮਨਸ਼ਾ ਕੁਝ ਹੋਰ ਸੀ। ਉਨ੍ਹਾਂ ਇਹਨੂੰ ਲਾਸਾਨੀ ਰਚਨਾ ਦਾ ਦਰਜਾ ਦਿੱਤਾ ਤੇ ਲੇਖਿਕਾ ਨੂੰ ਕੁਰਾਹੇ ਪਾ ਦਿੱਤਾ। ਨਤੀਜਾ ਪੰਜਾਬੀ ਨਾਵਲਕਾਰੀ ਲਈ ਚੰਗਾ ਨਹੀਂ ਨਿਕਲਿਆ। ਇਹਦਾ ਪਤਾ ਨਾਵਲ 'ਮਾਇਆ' ਤੋਂ ਲੱਗਦਾ ਹੈ। ਇਸ ਨਾਵਲ ਨੂੰ ਵੱਡੇ ਕੈਨਵਸ 'ਤੇ ਫੈਲਾਣ ਦਾ ਯਤਨ ਕੀਤਾ ਗਿਆ ਹੈ, ਪਰ ਕਲਾਤਮਿਕ ਸੀਮਾਵਾਂ ਲੇਖਿਕਾ ਦੀ ਵਿਰਾਟ ਪੱਧਰ ਦੀ ਮਹਤਵ ਅਕਾਂਖਿਆ ਵਿਰੁੱਧ ਖੜ ਜਾਂਦੀਆਂ ਹਨ ਤੇ ਨਾਵਲ ਸੂਝਵਾਨ ਅਤੇ ਆਮ ਪਾਠਕ ਦੋਨਾਂ ਲਈ ਅਪੜ੍ਹਣਯੋਗ ਰਚਨਾ ਬਣ ਜਾਂਦਾ ਹੈ। 

ਨੀਰ ਦੀ ਅਸਲ ਤਾਕਤ ਕਸ਼ਮੀਰੀ ਪਿਛੋਕੜ ਦਾ ਹੋਣ 'ਚ ਹੈ। ਉਸ ਖਿੱਤੇ ਵਿਚ ਸਿੱਖ ਸਭਿਆਚਾਰ 'ਚ ਪਰੁੱਚੇ ਭਾਈਚਾਰੇ ਦਾ ਅੰਗ ਹੋਣਾ ਵੀ ਉਹਨੂੰ ਵੱਖਰਿਆਂਦਾ ਹੈ। ਇਸ ਸਭਿਆਚਾਰ ਦਾ ਆਪਣਾ ਜੋ ਜੀਣ ਥੀਣ ਹੈ ਉਸ ਵਿਚ ਉਹਦੀ ਆਸਥਾ ਹੈ। ਉਹ ਆਪਣੀ ਸਥਾਨਿਕਤਾ ਦੇ ਸੰਕਟਾਂ ਨੂੰ ਸਮਝਦੀ ਹੈ। ਨਾਵਲਕਾਰ ਵਜੋਂ ਇਹ ਉਹਦੀ 'ਪੂੰਜੀ' ਹੈ। 'ਸ਼ਿਕਾਰਗਾਹ' 'ਚ ਉਹ ਇਸ 'ਪੂੰਜੀ' ਨੂੰ ਜਿੰਨਾ ਕੁ ਵਰਤਦੀ ਹੈ, ਨਾਵਲ ਉੱਨਾ ਕੁ ਵੱਖਰਾ ਦਿੱਸਦਾ ਹੈ। ਪਹਿਲੇ 30-40 ਸਫ਼ੇ ਇਹਦੀ ਮਿਸਾਲ ਹਨ। ਫਿਰ ਨਾਵਲ ਦੀ ਤੋਰ ਰਵਾਇਤੀ ਘਿਸ ਦਾ ਸ਼ਿਕਾਰ ਹੋ ਜਾਂਦੀ ਹੈ, ਤੇ ਨਾਵਲ ਦੀ ਸੀਮਾ ਪ੍ਰਗਟ ਹੁੰਦੀ ਹੈ। ਕਸ਼ਮੀਰੀ ਲੋਕਾਂ ਦੀ ਆਜ਼ਾਦ ਹਸਤੀ ਬਾਰੇ ਤੜਪ ਨੂੰ ਉਹ ਕੇਂਦਰੀ ਸੱਤਾ ਦੀ ਭਾਸ਼ਾ ਰਾਹੀਂ ਸਮਝਦੀ ਹੈ। ਕੁੱਲ ਮਿਲਾ ਕੇ 'ਸ਼ਿਕਾਰਗਾਹ' ਸਾਧਾਰਣ ਰਚਨਾ ਬਣ ਜਾਂਦਾ ਹੈ। 

ਮਾਇਆ ਦਾ ਬੁਨਿਆਦੀ ਸੰਕਟ ਇਹ ਹੈ ਕਿ ਲੇਖਿਕਾ ਰਵਾਇਤੀ ਘਿਸ ਜੁਗਤਾਂ ਨੂੰ ਤੀਬਰਤਾ ਨਾਲ ਵਰਤਦੀ ਹੈ। ਹੁਣ ਉਹਦੇ ਕੋਲ ਨਾਵਲ ਦੀ ਲੰਮਾਈ ਵਾਲਾ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਦੀ ਪੂਰਤੀ ਲਈ ਉਹ ਨਾਵਲ ਨੂੰ ਸਕੀਮੀਪਣ ਦਾ ਸ਼ਿਕਾਰ ਬਣਾਂਦੀ ਹੈ। ਅੰਤ ਇਹ ਕਲਾਤਮਿਕ ਬਿਰਤਾਂਤ ਵਜੋਂ ਫੇਲ ਹੋ ਜਾਂਦਾ ਹੈ। 

ਬਿੱਲੀ/ਬਲਬੀਰ ਦਾ ਘਰੋਂ ਨਿਕਲਣਾ ਏਨਾ ਵਾਸਤਵਿਕ ਨਹੀਂ ਹੈ ਜਿੰਨਾ ਲੇਖਿਕਾ ਦੀ ਤੈਅਸ਼ੁਦਾ ਸਕੀਮ ਅਨੁਕੂਲ ਹੈ। ਉਹ ਘਰੋਂ ਨਿਕਲਦੀ ਹੈ, ਨਾਵਲ ਦੇ ਅੰਤ ਤੱਕ ਵਾਪਿਸ ਨਹੀਂ ਪਰਤਦੀ। ਆਪਣੇ ਰਾਹ ਦੀ ਤਲਾਸ਼ ਕਰਦੀ ਹੈ। ਨਾਵਲ ਇਸ ਸਥਿਤੀ ਨੂੰ ਮਸਲਾ-ਗ੍ਰਸਤ ਕਰਨ ਦੇ ਯਤਨ 'ਚ 700 ਤੋਂ ਵੱਧ ਸਫ਼ਿਆਂ ਤੱਕ ਫੈਲ ਜਾਂਦਾ ਹੈ, ਤੇ ਚਲੰਤ+ਘਿਸ ਜੁਗਤਾਂ ਦਾ ਸ਼ਿਕਾਰ ਹੋ ਜਾਂਦਾ ਹੈ। 

ਬਲਬੀਰ ਜਿਸ ਅੰਨ੍ਹੀ ਗਲੀ 'ਚ ਪੁੱਜਦੀ ਹੈ, ਜਿਸ ਤਰ੍ਹਾਂ ਪਹਿਲੀ ਰਾਤ ਉਹਦਾ 'ਰੇਪ' ਹੁੰਦੀ ਹੈ ਤੇ ਜਿਸ ਹਾਈਪਰ ਲਹਿਜ਼ੇ 'ਚ ਇਹ ਵਾਰਦਾਤ ਵਾਪਰਦੀ ਹੈ, ਤੇ ਜਿਵੇਂ ਉਹ ਮਰਨ ਲਈ ਤਿਆਰ ਹੁੰਦੀ ਗੁਰਬਾਣੀ 'ਚੋਂ ਸਲੋਕ ਨੂੰ ਸੁਣਦੀ ਹੈ, ਤੇ ਉਹਦੇ 'ਤੇ ਜੋ ਅਸਰ ਹੁੰਦਾ ਹੈ, ਇਹ ਸਭ ਬੜਾ ਤੇਜ਼ੀ ਨਾਲ ਵਾਪਰਦਾ ਹੈ। ਅਜਿਹਾ ਘਟਨਾ-ਕ੍ਰਮ ਨਾਵਲ ਦੀ ਟੋਨ ਨੂੰ ਸੈੱਟ ਕਰ ਦੇਂਦਾ ਹੈ। ਪਤਾ ਚਲਦਾ ਹੈ ਨਾਵਲ ਨੇ ਝਟਕੇ ਵਾਲੀ ਘਟਨਾਕਾਰੀ ਰਾਹੀਂ ਹੀ ਤੁਰਨਾ ਹੈ। ਇਹਨੇ ਕਿਸੇ ਸਥਿਤੀ ਦੀਆਂ ਅੰਤ੍ਰੀਵੀ ਤੈਹਾਂ ਵਲ ਦੇਖਣਾ ਨਹੀਂ ਹੈ। ਸਤਹੀ ਲਿਖਣਕਾਰੀ ਦੇ ਇਸ ਪੈਰਾਡਾਈਮ ਦੀ ਲੇਖਿਕਾ ਸ਼ਿਕਾਰ ਦਿਸਦੀ ਹੈ, ਪਰ ਉਹਦੇ ਕੋਲ ਹੁਣ ਇਹੀ ਰਸਤਾ ਹੈ। ਕਲਾਤਮਿਕ ਦ੍ਰਿਸ਼ਟੀ ਦੀ ਅਣਹੋਂਦ ਦਾ ਆਰੰਭ ਤੋਂ ਹੀ ਪਤਾ ਲੱਗ ਜਾਂਦਾ ਹੈ। ਉਹਦੀ ਨਾਵਲਕਾਰੀ ਦਾ ਰਾਹ ਤੈਅ ਹੋ ਜਾਂਦਾ ਹੈ। ਇਸ ਰਾਹ ਨੇ ਲੇਖਿਕਾ ਸਮੇਤ ਬਿਰਤਾਂਤਕ ਗਤੀ ਅਤੇ ਪਾਤਰਾਂ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਹੈ। ਬੇਸ਼ੱਕ ਇਸ ਲਪੇਟ ਵਿਚ ਆਉਣ ਦੀ ਪਾਠਕ ਨੂੰ ਲਾਚਾਰੀ ਨਹੀਂ ਹੈ। ਪਰ ਜੇ ਉਹ ਇਹਨੂੰ ਵਿਚਾਲੇ ਨਹੀਂ ਛੱਡਦਾ ਤਾਂ ਅੰਤ ਤੱਕ ਪੁੱਜਦਿਆਂ ਉਹਦਾ ਉਹੀ ਹਾਲ ਹੋਣਾ ਹੈ ਜੋ ਲੰਮੇ ਟੈਲੀ ਸੀਰੀਅਲ ਦੇਖ ਕੇ ਹੁੰਦਾ ਹੈ। 

ਲੇਖਿਕਾ ਕੋਲ ਬਿਰਤਾਂਤ ਨੂੰ ਤੇਜ਼ ਗਤੀ 'ਚ ਰੱਖਣ ਲਈ ਇਹੀ ਜੁਗਤ ਹੈ। ਇਸ ਜੁਗਤ ਵਿਚ ਲਕੀਰਤਾ (horizontality) ਹੈ, ਉਸਾਰ (verticality) ਨਹੀਂ। ਇਹ ਮਹੀਨ ਬੁੱਨਤਰ ਨੂੰ ਬਾਈਪਾਸ ਕਰਦੀ ਹੈ ਜਦ ਕਿ ਬੁੱਨਤਰ ਹੀ ਬਿਰਤਾਂਤਕਾਰੀ ਨੂੰ ਕਥਾਕਾਰੀ ਤੋਂ ਵਖਰਿਆਂਦੀ ਹੈ। ਪਾਠਕ ਮਨੁੱਖੀ ਸਥਿਤੀ ਦੀਆਂ ਤੈਹਾਂ ਤੱਕ ਇਹਦੇ ਰਾਹੀਂ ਪੁੱਜਦਾ ਹੈ।ਮਹੀਨ ਬੁੱਨਤਰ ਬਿਰਤਾਂਤ ਨੂੰ ਸ਼ਿਲਪਕਾਰੀ ਦੇ ਨਿਕਟ ਕਰਦੀ ਹੈ ਤੇ ਨਾਵਲੀ ਬਿਰਤਾਂਤ ਸਹਿਜ ਤੇ ਸੰਤੁਲਤ ਗਤੀ 'ਚ ਰਹਿੰਦਾ ਹੈ। ਭਾਸ਼ਾ ਰਚਨਾਤਮਿਕ ਹੁੰਦੀ ਹੈ, ਘਟਨਾਵਾਂ ਦਾ ਵਾਹਣ ਹੋਣ ਤੱਕ ਸੀਮਤ ਨਹੀਂ ਰਹਿੰਦੀ। ਅਰਥ ਸੱਕ ਵਾਂਗ ਨਿਕਲਦੇ ਹਨ। ਅਜਿਹੀ ਭਾਸ਼ਾ ਵਾਲੀ ਚਰਨਾਕਾਰੀ ਵਲ ਦੋਬਾਰਾ ਪਰਤਨ ਦਾ ਮਨ ਕਰਦਾ ਰਹਿੰਦਾ ਹੈ। ਕਲਾਤਮਿਕ ਬਿਰਤਾਂਤ ਇਸੇ ਨੂੰ ਕਹਿੰਦੇ ਹਨ। ਨਾਵਲ 'ਮਾਇਆ' 'ਚ ਭਾਸ਼ਾ ਦੀ ਸੁਰ ਉੱਚੀ ਹੈ। ਜਿਸ ਮੈਲੋਡਰਾਮੈਟਿਕ ਢੰਗ ਨਾਲ ਰੇਪ ਦੀ ਵਾਰਦਾਤ ਘਟਦੀ ਹੈ, ਉਹ ਪਾਪੂਲਰ ਸਿਨੇਮੇ ਦੀ ਭਾਸ਼ਾ ਹੈ। ਜਿਵੇਂ ਬਲਬੀਰ ਚੰਡੀਗੜ੍ਹ ਪੁੱਜਦੀ ਹੈ, ਬਲਬੀਰ ਤੋਂ ਮਾਇਆ ਬਣਦੀ ਹੈ, ਸਮੀਰ ਨਾਲ ਨੇੜਤਾ ਪੈਦਾ ਹੁੰਦੀ ਹੈ, ਨੇੜਤਾ ਖੌਫ਼ ਪੈਦਾ ਕਰਦੀ ਹੈ, ਇਹ ਸਕੀਮ ਦੀ ਅਨੁਸਾਰੀ ਬਣਤ ਹੈ। ਜੇ ਇਹੀ ਨਾਵਲਕਾਰ ਦੀ ਪਾਠਗਤ ਨੀਤੀ (textual strategy) ਹੈ ਤਾਂ ਔਰਤ ਦੀ ਆਜ਼ਾਦੀ ਦਾ ਸਮੱਸਿਆਕਾਰ ਪਸਤ ਹੋ ਜਾਂਦਾ ਹੈ। ਪਾਤਰਾਂ ਦਾ ਵਜੂਦ ਲੇਖਿਕਾ ਦੇ ਕਬਜ਼ੇ 'ਚ ਆ ਜਾਂਦਾ ਹੈ। ਬਲਬੀਰ ਪਿਤਾ ਪੁਰਖੀ ਸਥਾਪਨਾ ਤੋਂ ਬਰੀ ਹੋਣਾ ਚਾਹੁੰਦੀ ਹੈ ਤੇ ਆਣ ਡਿੱਗਦੀ ਹੈ ਲੇਖਿਕਾ ਦੀ ਬਾਜ਼ਾਰੀ ਪਾਠਗਤ ਨੀਤੀ ਦੇ ਟ੍ਰੈਪ 'ਚ। ਸੁਰਿੰਦਰ ਨੀਰ ਦੀ 'ਵਿਯਨ', ਜਿਵੇਂ ਨਾਵਲ 'ਚ ਪ੍ਰਗਟ ਹੈ, ਮਿਡਲ ਕਲਾਸੀ ਰਵਾਇਤੀ ਔਰਤਾਂ ਵਾਲੀ ਹੈ। ਮਾਇਆ ਦਾ ਕਿਰਦਾਰ ਇਸ ਵਿਯਨ ਦਾ ਪਰਤੌ ਬਣਦਾ ਹੈ। 

ਕਲਾ ਦੇ ਪਿੜ ਵਿਚ ਮਾਇਆ ਦਾ ਦਾਖਲਾ ਕਲਾ ਦੀ ਮੰਡੀ ਰਾਹੀਂ ਹੁੰਦਾ ਹੈ। ਮੰਡੀ ਦੇ ਦਲਾਲ ਉਹਦਾ ਸ਼ੋਸ਼ਨ ਕਰਨਾ ਚਾਹੁੰਦੇ ਹਨ, ਉਹਦੇ ਜਿਸਮ ਅਤੇ ਆਰਟ ਦੋਨਾਂ ਦਾ। ਉਨ੍ਹਾਂ ਨਾਲ ਉਹ ਬੇਖੌਫ਼ ਹਿੱਸੇਦਾਰੀ ਪਾਉਂਦੀ ਹੇ। ਉਹ ਜੋ ਕਰਦੀ ਹੈ ਉਹਦੀ ਸਫ਼ਾਈ 'ਚ ਲੇਖਕੀ ਟਿੱਪਣੀ+ਤਬਸਰਾ ਮੁਹੱਈਆ ਹੋਈ ਜਾਂਦਾ ਹੈ। ਉਹਦੇ ਕੋਲ ਆਪਣੀ ਅਕਾਂਖਿਆ ਦੀ ਪੂਰਤੀ ਦਾ ਹੋਰ ਕੋਈ ਰਾਹ ਨਹੀਂ ਹੈ। ਬਦਲੇ 'ਚ ਉਹ 'ਯੂਜ਼ ਐਂਡ ਥਰੋਅ' ਦੀ ਨੀਤੀ ਦੀ ਵਰਤੋਂ ਕਰਦੀ ਹੈ। ਝੂਠ ਬੋਲ ਕੇ, ਪਬਲਿਕ ਰਿਲੇਸ਼ਨੀ ਜੁਗਤਾਂ ਰਾਹੀਂ 'ਅਗਾਂਹ' ਨਿਕਲ ਜਾਣ 'ਚ ਸਫ਼ਲ ਹੁੰਦੀ ਹੈ। ਲੇਖਿਕਾ ਸੰਭਵ/ਅਸੰਭਵ ਘਟਨਾਵਾਂ ਨੂੰ ਬਣਾਵਟੀ ਵਾਸਤਵਿਕਤਾ (contrived reality) 'ਚ ਬੰਨ੍ਹਦੀ ਹੈ। ਨਾਵਲ ਦੀ ਸਿਰਜੀ ਜਾਅਲੀ ਵਾਸਤਵਿਕਤਾ 'ਚ ਮਾਇਆ ਦਾ ਇਕੋ ਦਿਨ 'ਚ ਪਾਸਪੋਰਟ ਬਣਦਾ ਹੈ ਤੇ ਅਮਰੀਕਾ ਦਾ ਵੀਜ਼ਾ ਵੀ ਲੱਗ ਜਾਂਦਾ ਹੈ। ਅਮਰੀਕਾ ਜਾ ਕੇ ਉਹ ਹੋਰ ਠਹਿਰਣਾ ਚਾਹੁੰਦੀ ਹੈ ਤਾਂ ਉਸ ਦਾ ਨਵਾਂ ਪੈਟਰਨ ਕਹਿੰਦਾ, ''ਮੈਂ ਇੰਡੀਅਨ ਗੌਰਮਿੰਟ ਤੋਂ ਵੀਜ਼ਾ ਲਗਵਾ ਦੇਨਾਂ। (ਕੀ ਅਮਰੀਕੀ ਵੀਜ਼ਾ ਭਾਰਤ ਸਰਕਾਰ ਦੇਂਦੀ ਹੈ?) 

ਔਰਤ ਬਨਾਮ ਪਿਤਾ ਪੁਰਖੀ ਸਥਾਪਨਾ ਵਾਲਾ ਸੰਸਾਰ। ਸੰਭਾਵਨਾਵਾਂ ਵਾਲਾ ਇਹ ਜੋ ਸਮੱਸਿਆਕਾਰ ਹੈ, ਉਹ ਕੁਰਾਹੇ ਪੈ ਚੁੱਕਾ ਹੈ। ਪਿਤਾ ਪੁਰਖੀ ਹੈਜਮਨੀ ਤੇ ਨਾਵਲਕਾਰ ਦੀ ਪਾਠਗਤ ਨੀਤੀ 'ਚ ਫਰਕ ਨਹੀਂ ਦਿਖਦਾ। ਦੋਨਾਂ ਦੀ ਮੰਡੀ ਨਾਲ ਲੜਾਈ ਨਹੀਂ।

ਚੰਡੀਗੜ੍ਹ/ਦਿੱਲੀ ਵਾਲੇ ਲੋਕੈਲ 'ਚ ਮਾਇਆ ਤੀਬਰ ਢੰਗ ਨਾਲ ਵਾਪਰਦੀ ਹੈ ਤੇ ਉਹਦੇ ਰਾਹੀਂ ਲੇਖਿਕਾ ਵਾਪਰਦੀ ਦਿਸਦੀ ਹੈ, ਕਿਉਂਕਿ ਲੇਖਿਕਾ ਦਰਸ਼ਕ ਨਹੀਂ ਮਾਇਆ ਦੀ ਧਿਰ ਹੈ। ਜੇ ਦਰਸ਼ਕ ਹੁੰਦੀ ਤਾਂ ਮਾਇਆ ਨੂੰ ਸੁਤੰਤਰ ਵਿਅਕਤੀ ਬਣਾਂਦੀ। ਤਦ ਮਾਇਆ ਲੇਖਿਕਾ ਵਿਰੁੱਧ ਬਗ਼ਾਵਤ ਕਰ ਦੇਂਦੀ। ਬਗ਼ਾਵਤ ਦਾ ਤੰਤ ਉਸ ਵਿਚ ਲੇਖਿਕਾ ਨੇ ਰਹਿਣ ਨਹੀਂ ਦਿੱਤਾ, ਸਿਰਫ਼ ਚੁਸਤੀ ਨਾਲ 'ਯੂਜ਼ ਐਂਡ ਥਰੋਅ' ਦੀ ਜੁਗਤ ਵਰਤਣ ਦੀ ਜਾਚ ਸਿਖੀ ਹੈ। ਨਾਵਲ ਦੀਆਂ ਤੈਹਾਂ ਫਰੋਲਦਿਆਂ ਦਿਸਦਾ ਹੈ ਕਿ ਇਹ ਮੰਡੀ ਦੀ ਸਿਧਾਂਤਕੀ ਅਨੁਕੂਲ ਰਚਿਆ ਗਿਆ ਹੈ। ਮਾਇਆ ਉਹੀ ਕੁਝ ਬੋਲਦੀ ਹੈ ਜੋ ਲੇਖਿਕਾ ਨਿਰਦੇਸ਼ਿਤ ਕਰਦੀ ਹੈ। ਜਾਂ ਲੇਖਿਕਾ ਦਾ ਉਹੀ ਸਟੈਂਡ ਹੈ ਜੋ ਮਾਇਆ ਦਾ ਹੈ। ਬਿਰਤਾਂਤ ਦੋਨਾਂ ਦੀ ਓਵਰਲੈਪਿੰਗ ਵਾਲੀ ਲੀਲਾ ਵਿਚ ਤਬਦੀਲ ਹੁੰਦਾ ਦਿਖਦਾ ਹੈ। 

ਮਾਇਆ ਚੰਡੀਗੜ੍ਹ ਦਿੱਲੀ ਅਮਰੀਕਾ ਰਾਣੀਖੇਤ ਘੁੰਮਦੀ ਹੈ ਤੇ ਲੇਖਿਕਾ ਉਹਦਾ ਪ੍ਰਛਾਵਾਂ ਬਣ ਕੇ ਨਾਲ ਰਹਿੰਦੀ ਹੈ। ਬਾਕੀ ਪਾਤਰ, ਜੋ ਮਾਇਆ ਨਾਲ ਮੋਹ ਦੇ ਰਿਸ਼ਤੇ 'ਚ ਜੁੜਦੇ ਹਨ, ਉਹ ਵੀ ਇਸ ਟ੍ਰੈਪ 'ਚ ਹਨ। ਉਸੇ ਤਰ੍ਹਾਂ ਦੀ ਬੋਲੀ ਬੋਲਦੇ ਹਨ ਜਿਵੇਂ ਮਾਇਆ ਬੋਲਦੀ ਹੈ ਜਾਂ ਲੇਖਿਕਾ ਬੋਲਦੀ ਹੈ। ਸ਼ਬਦਾਂ ਦੀ ਚੋਣ ਵੀ ਉਹੀ ਹੈ। ਇਵੇਂ ਘਟਨਾਕਾਰੀ ਦਾ ਕੇਂਦਰੀਕਰਨ ਹੋਈ ਜਾਂਦਾ ਹੈ। ਸਭ ਨੇ ਉੱਥੇ ਪੁੱਜਣਾ ਹੈ ਜਿੱਥੇ ਲੇਖਿਕਾ ਪਹੁੰਚਾਣਾ ਚਾਹੁੰਦੀ ਹੈ। ਸਭ ਦਾ ਲਕਸ਼ ਲੇਖਿਕਾ ਦੀ ਰੁਮਾਂਸੀ ਦ੍ਰਿਸ਼ਟੀ ਅਨੁਕੂਲ ਹੈ। 

ਸ਼ਿਵ ਮੈਨਨ ਦਾ ਮਿਲਣਾ, ਦਿੱਲੀ ਜਾਣ ਤੇ ਉਹਦੇ ਨਾਲ ਬਜ਼ਨਸੀ ਤੇ ਸੇਜ਼ ਸਾਂਝ ਦਾ ਨਾਤਾ ਆਦਿ, ਫਿਰ ਅਚਾਨਕ ਅਮਰੀਕਾ ਲਈ ਜਾਣ ਦਾ ਕਹਾਣੀ ਮੋੜ, ਏਅਰਪੋਰਟ 'ਤੇ ਆਰਟ ਕ੍ਰਿਟਿਕ ਦਾ ਮਿਲਣਾ ਤੇ ਦੁਨੀਆਂ ਦੇ ਆਰਟ ਕੇਂਦਰਾਂ ਦਾ ਰਟਣ! ਜਾਂ ਪਾਤਰਾਂ ਦਾ ਇਕ ਦੂਜੇ ਨਾਲ ਪਿਆਰ ਮਿਲਾਪ ਜਾਂ ਸ਼ਾਦੀ ਆਦਿ ਇੱਕੋ ਪੈਰਾਡਾਈਮ ਦੇ ਅਨੁਸਾਰੀ ਹਨ। ਬਾਖ਼ਤਿਨ ਦੇ ਸੰਵਾਦੀ ਬਿਰਤਾਂਤ ਦਾ ਹਵਾਲਾ ਦੇਣਾ ਹੋਵੇ ਤਾਂ ਕਹਾਂਗੇ ਇਹ ਸੰਵਾਦੀ ਦੀ ਜਗ੍ਹਾ ਇਕਾਲਾਪੀ ਰਚਨਾ ਹੈ। ਨਾਵਲ ਲਿਖਣ ਦਾ ਇਹ ਮਾੱਡਲ ਜੇ ਭਾਈ ਵੀਰ ਸਿੰਘ ਜਾਂ ਨਾਨਕ ਸਿੰਘ ਅਨੁਕੂਲ ਮੰਨ ਲਈਏ ਤਾਂ ਸਮੱਸਿਆ ਹਲ ਨਹੀਂ ਹੁੰਦੀ। ਭਾਈ ਸਾਹਿਬ ਤੇ ਨਾਨਕ ਸਿੰਘ ਨੂੰ ਉਸ ਸੰਸਾਰ ਦੀਆਂ ਕਲਪਨਾਵਾਂ ਦੀ ਸੋਝੀ ਸੀ – ਰੁਮਾਂਸੀ ਤੇ ਆਦਰਸ਼ਕ ਕਲਪਨਾਵਾਂ ਦੀ ਜੋ ਉਹ ਚਿਤਰ ਰਹੇ ਸਨ। ਆਪਣੀ ਸੀਮਾ ਦੇ ਅੰਦਰਵਾਰ ਰਹਿ ਕੇ ਉਹ ਰੁਮਾਂਸੀ ਨਾਵਲ ਦਾ ਜੋ ਸਿਰਜਣ ਕਰਦੇ ਹਨ ਉਹਦੀ ਅੰਤਰ-ਲੈਅ ਹੈ। 

ਮਾਇਆ 'ਚ ਅੰਤਰ-ਲੈਅ ਖੰਡਿਤ ਹੈ ਕਿਉਂ ਜੋ ਲੇਖਿਕਾ ਸੀਮਤ ਅਨੁਭਵ ਰਾਹੀਂ ਅਸੀਮ ਫੈਲਾਅ ਦੇ ਰਾਹੇ ਪਈ ਹੋਈ ਹੈ। ਦੋ ਨਾਵਲਾਂ ਦਾ ਮਸੌਦਾ ਇੱਕੋ 'ਚ ਫਿਟ ਹੁੰਦਾ ਹੈ। ਦੋ ਲੋਕੈਲਾਂ 'ਤੇ ਕਹਾਣੀ ਦੀ ਸਮਾਨਾਂਤਰਤਾ ਨੂੰ ਕਾਇਮ ਰੱਖਣਾ ਨਵੀਂ ਕਾਢ ਨਹੀਂ ਹੈ, ਪਰ ਇਸ ਅੰਤਰ-ਜੋੜ ਲਈ ਵਿਧੀਰਵਾਇਤੀ ਜਾਂ ਯੰਤਰੀ ਸਫ਼ਲ ਨਹੀਂ ਹੁੰਦੀ। ਮਾਇਆ 'ਚ ਸਮਾਨਾਂਤਰ ਲੋਕੈਲ 'ਚ ਵਾਪਰਣ ਵਾਲੀਆਂ ਘਟਨਾਵਾਂ ਨੂੰ ਸਿਰਫ਼ ਸਾਹਿਬਜੀਤ ਜੋੜਨ ਵਾਲਾ ਹੈ ਜਾਂ ਕਿਸੇ ਹੱਦ ਤੱਕ ਮਾਇਆ ਆਪ। ਪਰ ਲੇਖਿਕਾ ਦੀਆਂ ਟਿੱਪਣੀਆਂ ਕਿਤੇ ਜ਼ਿਆਦਾ ਜੋੜਦੀਆਂ ਹਨ ਜੋ ਮਕਾਨਕੀ ਕਵਾਇਦ ਹੈ। ਨਾਵਲ 'ਚ 1984 ਦੀ ਸਿੱਖ ਖਾੜਕੂਵਾਦ ਦੇ ਹਵਾਲੇ ਨਾਲ ਮੌਜੂਦ ਸਮੱਗਰੀ ਧਿਆਨ ਖਿੱਚਦੀ ਹੈ। ਓਪ੍ਰੇਸ਼ਨ ਬਲੂ ਸਟਾਰ ਤੇ ਓਪ੍ਰੇਸ਼ਨ ਬਲੈਕ ਥੰਡਰ ਦਾ ਜ਼ਿਕਰ ਹੈ, ਪਰ ਇਸ ਜ਼ਿਕਰ ਪਿੱਛੇ 'ਸਿੱਖ ਕੌਮ ਦੀ ਆਜ਼ਾਦੀ' ਦਾ ਹਵਾਲਾ ਜੋ ਦੱਸਿਆ ਗਿਆ ਹੈ, ਉਹਦੇ ਆਰ ਜਾਂ ਪਾਰ ਦਾ ਕੋਈ ਜ਼ਿਕਰ ਨਹੀਂ ਹੈ। ਕੀ ਪੰਜਾਬ ਦੇ ਪਿੰਡੇ ਨੂੰ ਲੂਹਣ ਵਾਲੀਆਂ ਘਟਨਾਵਾਂ ਨੂੰ ਸਰਸਰੀ ਹਵਾਲੇ ਨਾਲ ਦੇਖਿਆ ਜਾਣਾ ਚਾਹੀਦਾ ਹੈ? ਇਹਦੀ ਰਾਜਨੀਤੀ, ਇਹਦੀ ਸਿਧਾਂਤਕੀ ਨੂੰ ਬਿਨਾਂ ਛੋਹਿਆਂ ਇਹਦਾ ਜੋ ਬਿਆਨ ਹੈ, ਇਹਦੇ ਅਰਥ ਕੀ ਹਨ? 'ਕੌਮ ਦੀ ਆਜ਼ਾਦੀ' ਦਾ ਹਵਾਲਾ ਹੈ, ਇਹਦਾ ਸਿਆਸੀ ਤਰਕ ਕਿਤੇ ਨਹੀਂ ਹੈ। 

ਸਾਹਿਬਜੀਤ ਵਰਗਾ ਪਾਤਰ, ਜੋ ਪਹਿਲਾਂ ਖਾੜਕੂ ਸਿਧਾਂਤਕੀ ਅਨੁਸਾਰ ਬੋਲਦਾ ਹੈ, ਬਾਅਦ ਵਿਚ ਮਲੂਕੜਾ ਰੁਮਾਂਸੀ ਤੇ ਸਿਆਸੀ ਮੋੜਾਂ ਤੋਂ ਬੇਲਾਗ ਕਿਵੇਂ ਰਹਿੰਦਾ ਹੈ? ਉਹ ਵੀ ਮਾਇਆ ਦੀ ਭਾਸ਼ਾ ਬੋਲਣ ਲੱਗਦਾ ਹੈ। ਸਿੱਖ ਰਹਿਤਲ ਨੂੰ ਨਾਵਲੀ ਪੇਸ਼ਕਾਰੀ 'ਚ ਅਹਮੀਅਤ ਹੈ। ਇਹ ਸਾਰੀਆਂ ਗੱਲਾਂ ਇਸ ਨਾਵਲ ਵਲ ਧਿਆਨ ਖਿੱਚਦੀਆਂ ਹਨ, ਜਿਵੇਂ ਸਾਹਿਬਜੀਤ ਦਾ ਕਿਰਦਾਰ ਹੋਰਾਂ ਸਭ ਕਿਰਦਾਰਾਂ ਤੋਂ ਵੱਧ ਅਹਿਮੀਅਤ ਵਾਲਾ ਬਣਦਾ ਹੈ। ਪਰ ਗੱਲ ਵਿਚਾਲੇ ਰਹਿ ਜਾਂਦੀ ਹੈ। ਮਸਲਾ ਤਦ ਇਹ ਹੈ ਕਿ ਨਾਵਲ ਵਿਚ ਜੋ ਅਲਪ ਪੱਧਰ 'ਤੇ ਪ੍ਰਮਾਣਿਕ ਛੋਹਾਂ ਵਾਲਾ ਹਿੱਸਾ ਹੈ ਉਹ ਅਪ੍ਰਮਾਣਿਕ ਫੈਲਾਅ ਹੇਠ ਦੱਬ ਜਾਂਦਾ ਹੈ। ਜੰਮੂ ਵਾਲੀ ਸਥਾਨਿਕਤਾ ਦਾ ਜੋ ਨਾਵਲ ਵਿਚ ਹਿੱਸਾ ਹੈ, ਉਹਦੇ ਸਾਹਮਣੇ ਚੰਡੀਗੜ੍ਹ ਜਾਂ ਦਿੱਲੀ ਜਾਂ ਅਮਰੀਕਾ ਵਾਲੀ ਸਥਾਨਿਕਤਾ, ਜੋ ਮਾਇਆ ਦੇ ਕਿਰਦਾਰ ਦਾ ਵੱਖਰਾ ਰੂਪ ਪ੍ਰਸਤੁਤ ਕਰਦੀ ਹੈ, ਅਪ੍ਰਮਾਣਿਕ ਹੈ। ਜ਼ਾਹਿਰ ਹੈ, ਨਾਵਲ ਦਾ ਜ਼ਿਆਦਾ ਹਿੱਸਾ ਚਾਲੂ/ਅਪ੍ਰਮਾਣਿਕ ਚਿਤਰਪਟ ਨੇ ਮੱਲਿਆ ਹੋਇਆ ਹੈ ਜਿਸ ਕਰਕੇ ਜੰਮੂ ਵਾਲੀ ਸਥਾਨਿਕਤਾ ਦਾ ਕਾਰਜ-ਕਰਮ ਤੇ ਘਟਨਾਵਲੀ ਦੂਜੈਲੀ ਥਾਂ 'ਤੇ ਜਾ ਖੜਦਾ ਹੈ। ਨਾਵਲ ਚੂੰਕਿ ਮਾਇਆ 'ਤੇ ਕੇਂਦ੍ਰਿਤ ਹੈ ਤਾਂ ਜੰਮੂ ਵਾਲੀ ਸਥਾਨਿਕਤਾ ਸਮੁੱਚੇ ਪ੍ਰਸੰਗ 'ਚ ਅਰਥ ਗੰਵਾ ਦੇਂਦੀ ਹੈ ਕਿਉਂਕਿ ਮਾਇਆ ਨੇ ਜੰਮੂ ਨੂੰ ਲਗਪਗ ਹਮੇਸ਼ਾਂ ਲਈ ਤਿਆਗ ਦਿੱਤਾ ਹੈ। ਜੰਮੂ, ਦਿੱਲੀ (ਅਮਰੀਕਾ) ਅਤੇ ਅੰਤ ਵਿਚ ਮਕਲੋਡਗੰਜ। ਤਿੰਨਾ ਦੇ ਬਿਰਤਾਂਤ ਵਿਚ ਜੋ ਖੋਲ ਹਨ ਉਹ ਲੇਖਿਕਾ ਦੀਆਂ ਟਿੱਪਣੀਆਂ/ਤਬਸਰੇ ਰਾਹੀਂ ਹੀ ਪੁਰ ਹੁੰਦੇ ਹਨ। ਲੇਖਿਕੀ over-presence ਬਿਰਤਾਂਤ ਲਈ ਉਸੇ ਤਰ੍ਹਾਂ ਅਸਹਿ ਹੈ ਜਿਵੇਂ ਬਲਬੀਰ ਲਈ ਪਿਤਾ ਪੁਰਖੀ ਫ਼ਾਸ਼ੀਵਾਦ। 

600 ਸਫ਼ਿਆਂ ਤੋਂ ਬਾਅਦ ਜੇ ਮਾਇਆ ਮਕਲੋਡਗੰਜ ਦੇ ਨਿਮਨਾਂ 'ਚ ਰਹਿ ਕੇ, ਮਦਰ ਟੀਰੇਸਾ ਵਾਂਗ, ਪੀੜਤਾਂ ਦੀ ਪੀੜਾ ਹਰਨ ਕਰਦੀ ਹੈ ਤਾਂ ਇਹ ਸ਼ੁਰੂ ਤੋਂ ਤੁਰੀ ਆ ਰਹੀ ਯੰਤਰਤਾ ਦੀ ਆਖਰੀ ਕਿਸ਼ਤ ਬਣੇ ਬਗ਼ੈਰ ਨਹੀਂ ਰਹਿ ਸਕਦੀ। ਮਾਇਆ ਦਾ ਵਿਚਾਰਧਾਰਕ ਮੋੜ ਕਿਸੇ ਤਰ੍ਹਾਂ ਦੀ ਨਵੀਂ ਅੰਤਰ-ਲੈਅ ਪੈਦਾ ਕਰਨ ਦੇ ਸਮਰਥ ਨਹੀਂ ਰਹਿੰਦਾ। ਜੇ ਲੇਖਿਕਾ ਨੇ ਅਜਿਹਾ ਅੰਤ ਕਰਨਾ ਸੀ ਤਾਂ ਉਹਨੂੰ ਤਿੰਨ ਚੌਥਾਈ ਹਿੱਸੇ ਦੀ ਬਣਾਵਟ ਵਲ ਧਿਆਨ ਦੇ ਕੇ ਨਾਵਲ ਨੂੰ ਮੁੜ ਤੋਂ ਲਿਖਣਾ ਚਾਹੀਦਾ ਸੀ। ਨਤੀਜਾ ਇਹ ਕਿ ਅਖੀਰਲੇ ਭਾਗ ਦੀ ਘਟ ਅਸ਼ਾਂਤ ਸੁਰ ਪਹਿਲੇ ਵੱਡੇ ਹਿੱਸੇ ਦੀ ਅਪਾਰ ਪੱਧਰ ਦੀ ਅਸ਼ਾਂਤ ਸੁਰ (hyper tonality) ਦੇ ਮੁਕਾਬਲੇ ਸਿੱਥਲ ਦਿਖਦੀ ਹੈ। ਨਿਮਨਾਂ ਦੀ ਪੀੜਾ ਹਰਨ ਕਰਨ ਦਾ ਮੋੜ ਅਖਤਿਆਰ ਕਰਕੇ ਜ਼ਿੰਦਗੀ ਦੀ ਸੰਪੂਰਤਾ ਪ੍ਰਾਪਤ ਕਰਨ ਦਾ ਇਲਹਾਮ ਵੀ ਝਟਕੇ ਵਾਂਗ ਹੁੰਦਾ ਹੈ। ਕੁੱਲ ਮਿਲਾ ਕੇ, ਨਾਵਲ 'ਚ ਕੁਝ ਟੁਕੜੀਆਂ ਬਹੁਤ ਚੰਗੀਆਂ ਹਨ, ਪਰ ਇਹ ਨਾਵਲ ਨੂੰ ਬਚਾਉਣ 'ਚ ਕਾਮਯਾਬ ਨਹੀਂ ਹੁੰਦੀਆਂ। ਨਾ ਮਕਲੋਡਗੰਜ ਦਾ ਅੰਤ ਪਹਿਲੇ ਛੇਅ ਸੌ ਸਫ਼ਿਆਂ ਦੀ hyper tension ਦੇ ਮੁਕਾਬਲੇ ਖੜ ਸਕਦਾ ਹੈ। 

ਸ਼ਿਕਾਰਗਾਹ ਜਿਵੇਂ ਰਿਲੀਜ਼ ਹੋਇਆ, ਤੇ ਹੁਣ ਮਾਇਆ ਬਾਰੇ ਜੋ ਪ੍ਰਮੋਸ਼ਨੀ ਏਜੰਡਾ ਤਿਆਰ ਹੈ, ਉਸ ਦੇ ਕੇਂਦਰ ਵਿਚ ਲੇਖਿਕਾ ਸੁਰਿੰਦਰ ਨੀਰ ਹੈ। ਨਾਵਲ 'ਚ ਮਾਇਆ ਅਗਾਂਹ ਜਾਣ ਲਈ ਸਮਝੋਤਾ ਕਰਦੀ ਹੈ, ਕਲਾ ਦੀ ਮੰਡੀ ਅੰਦਰ ਜਾ ਖੁੱਭਦੀ ਹੈ, ਕਲਾ ਸੰਸਾਰ ਦੀ ਟੀਸੀ 'ਤੇ ਪੁੱਜਣਾ ਚਾਹੁੰਦੀ ਹੈ। ਜ਼ਾਹਿਰ ਹੈ ਲੇਖਿਕਾ ਕੋਲ ਮੰਡੀ ਦਾ ਪੁੱਖਤਾ ਵਿਕਲਪ ਨਹੀਂ ਹੈ, ਜਿਵੇਂ ਉਹਦੇ ਕਿਰਦਾਰ ਮਾਇਆ ਕੋਲ ਵੀ ਨਹੀਂ ਹੈ ਭਾਵੇਂ ਅੰਤ ਵਿਚ ਉਹ ਤਬਦੀਲ ਹੁੰਦੀ ਦਿਖਦੀ ਹੈ। ਜੇ ਇਹ ਗੱਲ ਹੈ ਤਾਂ ਏਥੇ ਔਰਤ ਦੀ ਆਜ਼ਾਦ ਹਸਤੀ ਦਾ ਤਸੱਵਰ ਬੇਜ਼ਮੀਨਾ ਹੋ ਜਾਂਦਾ ਹੈ, ਕਿਉਂਕਿ ਵਿਸ਼ਵੀਕਰਨ ਦੇ ਇਸ ਯੁੱਗ ਵਿਚ ਸਾਹਿਤ/ਕਲਾ ਦੀ ਮੰਡੀ ਵਿਚ ਔਰਤ ਅਤੇ ਕਲਾ ਦੋਨਾਂ ਨੂੰ ਵਸਤੂ ਹੀ ਸਮਝਿਆ ਜਾਂਦਾ ਹੈ। 

ਮਾਇਆ ਨਾਵਲ ਦੇ ਪਿਛਲੇ ਪਾਸੇ ਦਿੱਤੀ ਗਈ ਲੇਖਿਕ ਦੀ ਤਸਵੀਰ ਦੀ ਚਿਹਨਕਤਾ ਅਤੇ ਸ਼ਿਕਾਰਗਾਹ 'ਚ ਮੌਜੂਦ ਭੂਮਿਕਾ ਅਤੇ ਜੈਕਟ ਕਵਰ 'ਤੇ ਟੀਸੀਮੁਖ ਬਿਆਨ ਇਸ ਪ੍ਰਸੰਗ 'ਚ ਅਰਥਾਂ ਤੋਂ ਖਾਲੀ ਨਹੀਂ ਹੈ। 

 -ਗੁਰਬਚਨ

Friday, April 19, 2013

ਬਲਾਤਕਾਰ ਦੀ ਸਿਆਸਤ ਅਤੇ ਮਨੁੱਖੀ ਜਿਸਮ


ਭਾਰਤ ਨੂੰ ਸੰਵਿਧਾਨਿਕ ਤੇ ਕਾਨੂੰਨੀ ਤੌਰ ਤੇ ਜਮਹੂਰੀ ਮੁਲਕ ਮੰਨਿਆ ਜਾਂਦਾ ਹੈ। ਇਸ ਦੇ ਵੱਖ-ਵੱਖ ਸੂਬਿਆਂ ਦੀਆਂ ਬਹੁਤ ਸਾਰੀਆਂ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਤੰਦਾਂ ਸਾਂਝੀਆਂ ਹਨ। ਆਰਥਿਕਤਾ ਦਾ ਧੁਰਾ ਖੇਤੀ ਹੈ ਅਤੇ ਸਿਆਸੀ ਤੌਰ ਤੇ ਬਹੁਤੇ ਸੂਬੇ ਜਾਤ-ਪਾਤ,ਵਰਗ ਵਿਤਕਰੇ ਅਤੇ ਪੂੰਜੀ ਦੇ ਦਮ ਤੇ ਟਿਕੇ ਹੋਏ ਹਨ। ਇਹ ਮੰਨਣਾ ਮਹਿਜ਼ ਖੁਸ਼ਫਹਿਮੀ ਹੈ ਕਿ ਇਹਨਾਂ ਸੂਬਿਆਂ ਵਿੱਚ ਜਮਹੂਰੀ ਮੁੱਲਾਂ ਅਤੇ ਪ੍ਰੰਪਰਾਵਾਂ ਦੇ ਪਨਪਣ ਦਾ ਸੋਮਾ ਇਹਨਾਂ ਵਿੱਚ ਰਹਿ ਰਹੀ ਲੋਕਾਈ ਹੈ। ਬਹੁਤੇ ਸੂਬਿਆਂ ਨੇ 'ਜ਼ਰ,ਜ਼ੋਰੂ ਤੇ ਜ਼ਮੀਨ'ਨੂੰ ਸਮਾਜਿਕ ਸੱਤਾ ਅਤੇ ਮਰਦਾਨਗੀ ਦੀ ਚੂਲ ਮੰਨਦਿਆਂ ਨਾ ਤਾਂ ਹੁਣ ਤੱਕ ਪਨਪੀਆਂ ਆਧੁਨਿਕ ਵਿਚਾਰਧਰਾਵਾਂ ਨਾਲ ਕੋਈ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਮੌਜੂਦਾ ਵਿਕਾਸ ਮਾਡਲਾਂ ਵਿੱਚ ਪਈ ਲੁਪਤ ਹਿੰਸਾ ਤੇ ਕੋਈ ਕਾਰਵਾਈ ਕਰਣ ਦਾ ਤਰਦੱਦ ਕੀਤਾ ਹੈ। ਜਦੋਂ ਇਹਨਾਂ ਸੂਬਿਆਂ ਦਾ ਸੱਤਾ-ਤੰਤਰ ਚੌਧਰ ,ਹੈਂਕੜ ਅਤੇ ਪੂੰਜੀ ਦੀ ਟੀਰੀ ਮਾਨਸਿਕਤਾ ਨਾਲ ਲੈਸ ਹੋ ਕੇ ਸਮਾਜਿਕ ਭਲਾਈ, ਸਮਾਨਤਾ, ਨਿਆਂ ਅਤੇ ਸਹਿਹੋਂਦ ਵਰਗੀਆਂ ਧਾਰਨਾਵਾਂ ਨਾਲ ਦੋ-ਚਾਰ ਹੁੰਦਾ ਹੈ ਤਾਂ ਇਸ ਦਾ ਸਾਰਾ ਨੰਗੇਜ਼ ਉਘੜ ਆਉਂਦਾ ਹੈ। ਇਸ ਦੀ ਇੱਕ ਝਲਕ ਹੁਣੇ- ਹੁਣੇ ਮੁਲਕ ਦੀ ਰਾਜਧਾਨੀ ਦਿੱਲੀ ਵਿੱਚ ਦੇਖਣ ਨੂੰ ਮਿਲੀ ਜਿੱਥੇ ਸੜਕਾਂ ਤੇ ਨਿਕਲੇ ਲੋਕਾਂ ਨੂੰ ਇਲਮ ਹੋਇਆ ਕਿ ਹੁਣ ਤੱਕ ਉਹ ਜਮਹੂਰੀਅਤ ਦੇ ਨਾਮ ਤੇ ਇੱਕ ਅਜਿਹੇ ਵਰਗ ਨੂੰ ਹੱਥ ਕੱਟਕੇ ਦੇ ਚੁੱਕੇ ਹਨ ਜੋ ਚਿਰਾਂ ਤੋਂ ਲੋਕਾਈ ਨੂੰ ਬੇਵਿਸਾਹੀ,ਬੇਬਸੀ,ਇੱਕਲਤਾ ਅਤੇ ਸਰੀਰਾਂ ਦੇ ਵਿਅਕਤੀਗਤ ਜ਼ਸਨਾਂ ਦੇ ਮਹਾਂਦੀਪਾਂ ਵੱਲ ਧੱਕ ਰਿਹਾ ਹੈ।

ਮਨਮੋਹਣ ਸਿੰਘ ਦੇ ਅਮਰੀਕੀ ਤਰਜ਼ ਦੇ ਆਰਥਿਕ ਸੁਧਾਰਾਂ ਨੂੰ ਲਾਗੂ ਕਰਦਾ ਸੱਤਾ-ਤੰਤਰ ਭੁੱਖ,ਗਰੀਬੀ,ਬੇਬਸੀ ਤੇ ਜ਼ਲ਼ਾਲਤ ਦੇ ਜ਼ਜ਼ੀਰਿਆਂ ਤੇ ਆਯਾਸ਼ੀ ਦੇ ਟਾਪੂ ਉਸਾਰਦਾ ਹਰਿਆਣਾ ਵਿੱਚ ਲਗਾਤਾਰ ਹੋ ਰਹੇ ਬਲਾਤਕਾਰਾਂ ਅਤੇ ਪੰਜਾਬ ਵਿੱਚ ਨਿੱਤ ਦਿਨ ਵਾਪਰ ਰਹੀਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਰਾਹੀ ਅਗਲੀ ਸ਼ਕਲ ਬਦਲਦਾ ਹੈ। ਜੇਕਰ ਇਹਨਾਂ ਘਟਨਾਵਾਂ ਨੂੰ ਆਪਸ ਵਿੱਚ ਜੋੜਕੇ ਸਮਝਿਆ ਜਾਵੇ ਤਾਂ ਸ਼ੱਪਸ਼ਟ ਹੋ ਜਾਦਾ ਹੈ ਕਿ ਇਹਨਾਂ ਦੀ ਪਟਕਥਾ ਸਿਆਸੀ ਸੱਤਾ ਲਿਖਦੀ ਹੈ।

ਇਸ ਸੱਤਾ ਦਾ ਧੁਰਾ ਬੇਥਵੀ ਤੇ ਲੋਕਾਈ ਦਾ ਗਲਾ ਕੱਟ ਕੇ ਇਕੱਠੀ ਕੀਤੀ ਪੂੰਜੀ ਹੈ। ਇਸ ਪੂੰਜੀ ਦਾ ਆਪਣਾ ਮਨੋਵਿਗਿਆਨ ਹੈ । ਇਸ ਮਨੋਵਿਗਿਆਨ ਦੀ ਕਥਨੀ ਤੇ ਕਰਨੀ ਬਜ਼ਾਰ ਤੈਅ ਕਰਦਾ ਹੈ ਤੇ ਇਸ ਦੀ ਹੋਂਦ ਉਹਨਾਂ ਸਮਾਜਿਕ ਵਰਤਾਰਿਆਂ ਤੇ ਟਿਕੀ ਹੈ ਜੋ ਆਰਥਿਕ ,ਧਾਰਿਮਕ, ਸਮਾਜਿਕ, ਸਰੀਰਿਕ ਜਾਂ ਜਾਤੀ ਆਧਾਰ ਤੇ ਸਧਾਰਨ ਲੋਕਾਈ ਨੂੰ ਲਗਾਤਾਰ ਜ਼ਲ਼ਾਲ਼ਤ ਵਿੱਚ ਜਿਊਣ ਲਈ ਮਜ਼ਬੂਰ ਕਰਦੇ ਹਨ। ਇਸ ਤਰਕ ਨੂੰ ਸਮਝਣ ਲਈ ਹੁਣੇ-ਹੁਣੇ ਚੁਣੀ ਗਈ ਮੋਦੀ ਸਰਕਾਰ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਗੁਜਰਾਤ ਚੋਣ ਕਮਿਸ਼ਨ ਅਨੁਸਾਰ ਇਸ ਮੋਦੀ ਸਭਾ ਦੇ 57 ਮੈਂਬਰਾਂ ਖਿਲਾਫ ਬਲਾਤਕਾਰ,ਕਤਲ,ਅਗਵਾ ਕਰਣ ਅਤੇ ਫਿਰੌਤੀ ਵਸੂਲਣ ਦੇ ਮੁਕੱਦਮੇ ਚਲ ਰਹੇ ਹਨ। ਹੁਣ ਜੇਕਰ ਜਮਹੂਰੀਅਤ ਦਾ ਭੁਲ਼ੇਖਾ ਪਾਲੀ ਬੈਠੀ ਲੋਕਾਈ ਆਪਣੇ ਆਪ ਨੂੰ ਸਿਰਫ ਕਾਗਜ਼ ਦੇ ਇੱਕ ਟੁਕੜੇ ਅਰਥਾਤ ਵੋਟ ਤੱਕ ਮਹਿਦੂਦ ਕਰਕੇ ਇਹਨਾਂ ਹੀ ਅਪਰਾਧੀਆਂ ਤੋਂ ਬਲਾਤਕਾਰ,ਕਤਲ,ਅਗਵਾ ਕਰਣ ਅਤੇ ਫਿਰੌਤੀ ਵਸੂਲਣ ਦੇ ਵਿਰੁੱਧ ਨਿਆਂ ਦੀ ਉਮੀਦ ਰੱਖਦੀ ਹੈ ਤਾਂ ਇਹ ਤੈਅ ਹੈ ਕਿ ਇਸ ਰਾਸ਼ਟਰ ਦੀ ਸਿਆਸੀ ਚੇਤਨਾ ਮਰ ਚੁੱਕੀ ਹੈ।

ਜੁਰਮ ਅਤੇ ਨਿਆਂ ਦਾ ਮਸਲਾ ਅਕਸਰ ਕਾਨੂੰਨ ਅਤੇ ਸਜ਼ਾ ਨਾਲ ਜੋੜ ਕੇ ਸਮਝਿਆ ਜਾਂਦਾ ਹੈ। ਇਸ ਫੌਰੀ ਹੱਲ ਦੀਆ ਕੁਝ ਲੁਪਤ ਪਰਤਾਂ ਹਨ। ਪਹਿਲੀ ਜੁਰਮ ਦਾ ਸਿੱਧਾ ਸਬੰਧ ਪੀੜਿਤ ਧਿਰ ਦੀ ਨਾਬਰਾਬਰੀ ਨਾਲ ਹੁੰਦਾ ਹੈ। ਮਸਲਨ ਬਲਾਤਕਾਰਾਂ ਦੇ ਮਾਮਲੇ ਵਿੱਚ ਇਹ ਨਾਬਰਾਬਰੀ ਔਰਤ ਹੋਣਾ ਹੋ ਸਕਦਾ ਹੈ। ਔਰਤ ਦਾ ਦਲਿਤ ਹੋਣਾ,ਘੱਟ-ਗਿਣਤੀ ਨਾਲ ਸਬੰਧਿਤ ਹੋਣਾ,ਗਰੀਬ ਹੋਣਾ,ਆਦਿਵਾਸੀ ਹੋਣਾ, ਬਲਾਤਕਾਰਾਂ ਦਾ ਅਨੁਪਾਤ ਵੱਧਣ ਨਾਲ ਸਿੱਧਾ ਸਬੰਧਿਤ ਹੈ। ਦਿਲਚਸਪ ਤੱਥ ਹੈ ਕਿ ਔਰਤਾਂ ਦਾ ਉਪਰੋਕਤ ਵਰਗ ਹੀ ਸਿੱਖਿਆਂ,ਸਿਹਤ ਤੇ ਬਾਕੀ ਸਿਆਸੀ-ਸਮਾਜਿਕ ਸਹੂਲਤਾਂ ਦੇ ਮਾਮਲੇ ਵਿੱਚ ਹਾਸ਼ੀਏ ਤੇ ਹੈ । ਕੀ ਉਪਰੋਕਤ ਵਰਗ ਦੀਆਂ ਔਰਤਾਂ ਦੇ ਸਰੀਰਾਂ ਖਿਲਾਫ ਹੁੰਦੀ ਇਸ ਸਿਆਸਤ ਨੂੰ ਸਿਰਫ ਜੁਰਮ ਅਤੇ ਨਿਆਂ ਦੀਆਂ ਧਾਰਨਾਵਾਂ ਰਾਹੀ ਸਮਝਿਆਂ ਜਾ ਸਕਦਾ ਹੈ? ਦੂਜੀ ਪਰਤ ਅਨੁਸਾਰ ਜੁਰਮ ਅਤੇ ਨਿਆਂ ਦੋਵੇਂ ਧਾਰਨਾਵਾਂ ਨਿਰਪੱਖ ਨਹੀਂ ਹਨ ਸਗੋਂ ਇਹਨਾਂ ਦੀ ਘਾੜਤ ਸਿਆਸੀ,ਆਰਥਿਕ,ਧਾਰਿਮਕ ਤੇ ਸਭਿਆਚਾਰਕ ਵਰਤਾਰਿਆਂ ਦੁਆਰਾ ਘੜੀ ਜਾਦੀ ਹੈ ਅਤੇ ਇਹ ਹਮੇਸ਼ਾ ਮਾੜੇ-ਨਿਤਾਣੇ ਜਨਾਂ ਖਿਲਾਫ ਭੁਗਤਦੀ ਹੈ। ਤੀਜਾ ਬਲਾਤਕਾਰ ਰੂਪੀ ਜੁਰਮ ਸਾਬਿਤ ਕਰਦਾ ਹੈ ਕਿ ਜਿਹੜਾ ਵਰਗ (ਇਸ ਮੁੱਦੇ ਵਿੱਚ ਔਰਤ) ਸਿਆਸੀ,ਆਰਥਿਕ,ਧਾਰਿਮਕ ਤੇ ਸਭਿਆਚਾਰਕ ਢਾਂਚਿਆਂ ਦੀ ਬਣਤਰ ਅਤੇ ਸੰਚਾਲਣ ਵਿੱਚ ਸੱਤਾਹੀਣ ਹੈ ਉਹ ਕਿਸੇ ਵੀ ਤਰ੍ਹਾਂ ਦੀ ਸੱਤਾ (ਇਸ ਮੁੱਦੇ ਵਿੱਚ ਮਰਦ ਸੱਤਾ ਕਿਹਾ ਜਾ ਸਕਦਾ ਹੈ) ਵਿੱਚ ਨਾ ਸਿਰਫ ਸ਼ੋਸ਼ਿਤ ਰਹੇਗਾ ਸਗੋਂ ਆਪਣੀ ਸਰੀਰਿਕ ਹੋਂਦ ਬਚਾਉਣ ਲਈ ਆਪਣੇ ਵਰਗ ਖਿਲਾਫ ਵੀ ਭੁਗਤੇਗਾ।


ਬਲਾਤਕਾਰ ਸਰੀਰਿਕ ਦਰਿੰਦਗੀ ਹੈ ਪਰ ਇਹੀ ਦਰਿੰਦਗੀ ਜਦੋਂ ਔਰਤਾਂ ਨਾਲ ਦਾਜ ਕਾਰਣ ਹੁੰਦੀਆਂ ਮੌਤਾਂ (ਜਿਸ ਨੂੰ ਹੁਣ ਸ਼ਾਇਦ ਕੁਦਰਤੀ ਮੌਤ ਹੀ ਮੰਨ ਲਿਆ ਗਿਆ ਹੈ) ਘਰੇਲੂ ਹਿੰਸਾ ਕਾਰਣ ਹੋਈਆ ਮੌਤਾਂ,ਅਣਖ ਕਾਰਣ ਕੀਤੇ ਕਤਲਾਂ ਅਤੇ ਰਾਜਤੰਤਰ ਦੁਆਰਾ ਅਮਨ-ਕਾਨੂੰਨ ਦੇ ਲੁਬਾਦੇ ਹੇਠ ਕੀਤੇ ਕਤਲਾਂ ਦੇ ਰੂਪ ਵਿੱਚ ਹੁੰਦੀ ਹੈ ਤਾਂ ਇਸ ਨੂੰ ਮਿਲਿਆ ਸਮਾਜਿਕ ਸੱਤਾ ਦਾ ਨੈਤਿਕ ਹੁੰਗਾਰਾ ਅਜਿਹੇ ਕਤਲਾਂ ਦੀ ਲੜੀ ਨਹੀਂ ਟੁੱਟਣ ਦਿੰਦਾ। ਸਮਾਜਿਕ ਸੱਤਾ ਦਾ ਧੁਰਾ ਕੁਦਰਤੀ ਤੇ ਮਨੁੱਖੀ ਸਾਧਨਾਂ ਤੇ ਕਾਬਜ਼ ਕਲੀਨ ਵਰਗ, ਜਾਤ-ਧਰਮ ਦੇ ਨਾਮ ਤੇ ਫਿਰਕੂਪੁਣੇ ਤੇ ਗੈਰਮਨੁੱਖੀ ਰਵਾਇਤਾਂ ਨੂੰ ਜ਼ਿੰਦਾ ਰੱਖਦੇ ਟੋਲੇ ਅਤੇ ਇਹਨਾਂ ਦੀ ਹੋਂਦ ਲਈ ਆਕਸੀਜਨ ਦਾ ਕੰਮ ਦਿੰਦੇ ਵਿਆਹ,ਸਿੱਖਿਆਂ-ਸੰਸਥਾਂਵਾਂ, ਕੰਮ-ਕਾਜ ਦੇ ਸਥਾਨ,ਬਜ਼ਾਰ,ਕਲਾ ਤੇ ਸੱਭਿਆਚਾਰ ਰੂਪੀ ਅਦਾਰੇ ਹਨ। ਕੋਈ ਮਨੂੱਖੀ ਸਰੀਰ ਕਿਵੇਂ ਦੇਖਿਆ,ਵਰਤਿਆ,ਵੇਚਿਆਂ, ਸਾਂਭਿਆਂ,ਵੱਢਿਆ,ਰੋਲਿਆ ਜਾਵੇਗਾ ਇਹ ਇਹੀ ਸਮਾਜਿਕ ਸੱਤਾ ਤੈਅ ਕਰਦੀ ਹੈ। ਇਸ ਸਮਾਜਿਕ ਸੱਤਾ ਦਾ ਹੀ ਇੱਕ ਹਿੱਸਾ ਸਿਆਸੀ ਸੱਤਾ ਹੈ ਜੋ ਇਸ ਦਾ ਕਾਰਜਕਾਰੀ ਅੰਗ ਹੈ। ਹੁਣ ਜੇਕਰ ਇਹ ਸਮਾਜਿਕ ਸੱਤਾ ਹੀ ਗੈਰ-ਜਮਹੂਰੀ ਹੈ ਤਾਂ ਕੀ ਇਹ ਸੰਭਵ ਹੈ ਕਿ ਇਸ ਦਾ ਕਾਰਜਕਾਰੀ ਅੰਗ ਅਰਥਾਤ ਸਿਆਸੀ ਸੱਤਾ ਆਪਣੇ ૶ਆਪ ਹੀ ਜਮਹੂਰੀ ਹੋ ਜਾਵੇ? ਇੱਥੇ ਇੱਕ ਮਹਤੱਵਪੂਰਨ ਨੁਕਤਾ ਸਮਾਜਿਕ ਸੱਤਾ ਦੀ ਹੋਂਦ ਨੂੰ ਜ਼ਿੰਦਾ ਰੱਖਦੇ ਗੈਰ-ਜਮਹੂਰੀ ਤੇ ਗੈਰ-ਵਿਗਿਆਨਕ ਵਰਤਾਰਿਆਂ ਬਾਰੇ ਹੈ।

ਉਦਾਹਰਣ ਦੇ ਤੌਰ ਤੇ ਔਰਤ-ਵਰਗ ਦੀ ਹਰ ਅਦਾਰੇ ਅਤੇ ਇਕਾਈ ਵਿੱਚ ਅੱਧ ਦੀ ਹਾਜ਼ਰੀ ਪੂਰੀ ਕਰਣ ਦਾ ਕੋਈ ਅਰਥ ਨਹੀਂ ਜੇਕਰ ਉਹ ਗੈਰ-ਜਮਹੂਰੀ ਤੇ ਗੈਰ-ਵਿਗਿਆਨਕ ਵਰਤਾਰਿਆਂ ਨੂੰ ਬਦਲਣ ਦੀ ਬਿਜਾਏ ਸਮਾਜਿਕ ਸੱਤਾ ਦੇ ਵਰਤੋਂ-ਵਿਹਾਰ ਨੂੰ ਇੰਨ-ਬਿੰਨ ਹੀ ਲਾਗੂ ਕਰਨ ਲੱਗ ਜਾਵੇ। ਹਜ਼ਾਰਾਂ ਮਾਇਆਵਤੀਆਂ,ਸ਼ੀਲਾਂ-ਦੀਕਸ਼ਿਤਾਂ ਤੇ ਮਮਤਾਵਾਂ ਦੇ ਹੱਥ ਵਿੱਚ ਦਿੱਤੀ ਸਿਆਸੀ ਸੱਤਾ ਔਰਤ-ਵਰਗ ਦਾ ਕੁਝ ਨਹੀਂ ਸੌਰ ਸਕਦੀ ਜਦ ਤੱਕ ਉਹ ਸਮਾਜਿਕ ਸੱਤਾ ਦੇ ਜਮਹੂਰੀਕਰਣ ਦਾ ਹਥਿਆਰ ਨਹੀਂ ਚੁੱਕਦੀਆਂ।

ਸਮਾਜਿਕ ਸੱਤਾ ਦੇ ਜਮਹੂਰੀਕਰਣ ਦਾ ਅਮਲ ਨਾ ਤਾਂ ਮਰਦ-ਵਰਗ ਖਿਲਾਫ ਨਫਰਤ ਤੇ ਹਿੰਸਾ ਨਾਲ ਸਰ ਹੋ ਸਕਦਾ ਹੈ ਅਤੇ ਨਾ ਹੀ ਵੱਖ-ਵੱਖ ਵਰਗਾਂ ਦੀ ਸਮਾਜਿਕ ਸੱਤਾ ਵਿੱਚ ਬਰਾਬਰੀ ਤੋਂ ਬਿਨਾਂ ਹੱਲ ਹੀ ਸਕਦਾ ਹੈ। ਇਹ ਤਾਂ ਤੈਅ ਹੀ ਹੈ ਕਿ ਸਿਆਸੀ ਚੇਤੰਨਤਾ ਤੋਂ ਵਿਹੂਣੀ ਲੋਕਾਈ ਜਮਹੂਰੀਅਤ ਲਈ ਲੜਣ ਦੀ ਥਾਂ ਉਮਰ ਭਰ ਰੋਟੀ,ਕੁੱਲ਼ੀ ਤੇ ਜੁੱਲੀ ਲਈ ਜੂਝਦਿਆਂ ਹੀ ਕੱਢ ਦਿੰਦੀ ਹੈ ।ਇਹ ਜਮਹੂਰੀਅਤ ਨੂੰ ਸਰੀਰ ਬਚਾਉਣ ਤੱਕ ਸੀਮਿਤ ਕਰਣ ਦੀ ਸਿਆਸਤ ਹੈ ।ਬਲਾਤਕਾਰ ਦੀ ਸੰਰਚਨਾ ਭੁੱਖਮਰੀ ਨਾਲ ਹੁੰਦੀਆਂ ਮੌਤਾਂ,ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵਰਤਾਰੇ ਅਤੇ ਸਾਧਨ-ਵਿਹੂਣੀਆਂ ਜ਼ਿੰਦੜੀਆਂ ਦੀ ਜ਼ਲਾਲਤ ਨਾਲੋਂ ਕਿਸੇ ਤਰ੍ਹਾਂ ਵੀ ਤੋੜ ਕੇ ਨਹੀਂ ਸਮਝੀ ਜਾ ਸਕਦੀ।

ਕੁਲਦੀਪ ਕੌਰ
ਲੇਖਿਕਾ ਔਰਤਾਂ ਨਾਲ ਜੁੜੇ ਸੰਵੇਦਨਸ਼ੀਲ ਮਸਲਿਆਂ  ਬਾਰੇ ਲਗਾਤਾਰ ਲਿਖਦੇ ਰਹਿੰਦੇ ਹਨ। ਉਹ ਅੱਜਕਲ੍ਹ ਪੰਜਾਬੀ ਯੂਨੀਵਰਸਿਟੀ 'ਚ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਦੇ ਰਿਸਰਚ ਸਕਾਲਰ ਹਨ।

Tuesday, March 19, 2013

ਔਰਤਾਂ ਖਿਲਾਫ ਹਿੰਸਾ ਦੀ ਸਿਆਸੀ-ਸਮਾਜਿਕਤਾ

ਪਿਛਲੀ ਸਦੀ ਨੂੰ ਜਿੱਥੇ ਬਸਤੀਵਾਦ,ਉੱਤਰ ਆਧੁਨਿਕਵਾਦ,ਪਰਵਾਸ ਤੇ ਜੰਗਾਂ ਦੀ ਸਦੀ ਦੇ ਤੌਰ ਤੇ ਜਾਣਿਆ ਜਾਵੇਗਾ ਉੱਥੇ ਦੱਖਣ-ਏਸ਼ਿਆਈ ਖਿੱਤੇ ਦੇ ਆਵਾਮ ਦੇ ਚੇਤਿਆਂ ਵਿੱਚ ਇਹ ਸਦੀ ਜਮਹੂਰੀ ਤਜਰਬਿਆਂ,ਖਾਨਾਜੰਗੀਆਂ,ਤਾਨਾਸ਼ਾਹਾਂ,ਉਜਾੜਿਆਂ ਅਤੇ ਕਾਨੂੰਨਾਂ ਦੀ ਸਦੀ ਦੇ ਰੂਪ ਵਿੱਚ ਦਰਜ ਹੋਵੇਗੀ।ਇਸ ਖਿੱਤੇ ਦੇ ਆਵਾਮ ਦੀਆਂ ਆਪਸ ਵਿੱਚ ਬਹੁਤ ਸਾਰੀਆਂ ਸਿਆਸੀ,ਆਰਥਿਕ,ਸੱਭਿਆਚਾਰਕ,ਧਾਰਮਿਕ ਤੇ ਭਾਵਨਾਤਮਿਕ ਸਾਂਝਾ ਹਨ।ਇਹਨਾਂ ਸਾਂਝਾ ਦੇ ਬਾਵਜੂਦ ਖਿੱਤੇ ਦੇ ਜ਼ਿਆਦਾਤਰ ਦੇਸਾਂ ਦੀ ਬਸਤੀਆਂ ਦੇ ਰੂਪ ਵਿੱਚ ਹੋਈ ਲੁੱਟ-ਖਸੁੱਟ ਅਤੇ ਆਧੁਨਿਕ ਵਿਕਾਸ ਦੀ ਅਣਹੋਂਦ ਕਾਰਨ ਇਸ ਖਿੱਤੇ ਦਾ ਆਵਾਮ ਗਰੀਬੀ,ਭੁੱਖਮਰੀ,ਥੁੱੜ੍ਹਾਂ ਅਤੇ ਹਮਸਾਇਆ-ਹਮਵਤਨਾਂ ਪ੍ਰਤੀ ਰੰਜ਼ ਵਿੱਚ ਪਲਦਾ ਤੇ ਸੋਚਦਾ ਹੈ।ਇਹ ਰੰਜ਼ ਜਿੱਥੇ ਤਰਕ,ਜਮਹੂਰੀਅਤ,ਵਿਗਿਆਨਕ ਸੋਚ ਤੇ ਮਨੁੱਖੀ ਦਰਦ ਨਾਲ ਪ੍ਰਣਾਈ ਸਿਆਸਤ ਦੇ ਹੱਥਾਂ ਵਿੱਚ ਆਵਾਮ ਲਈ ਤਰੱਕੀ ਦੀਆਂ ਨਵੀਆਂ ਰਾਹਾਂ ਘੜ੍ਹ ਸਕਦਾ ਸੀ ਉੱਥੇ ਬਸਤੀਵਾਦੀ ਲੀਹਾਂ ਤੇ ਕੰਮ ਕਰ ਰਹੀਆਂ ਇਸ ਖਿੱਤੇ ਦੀਆਂ ਸਰਕਾਰਾਂ ਦੇ ਹੱਥਾਂ ਵਿੱਚ ਇਹ ਸਮਾਜ ਦੇ ਸਾਧਨ-ਹੀਣ ਤੇ ਹਾਸ਼ੀਏ ਤੇ ਪਏ ਵਰਗਾਂ ਦੀ ਸਿੱਧੀ-ਅ ਸਿੱਧੀ ਲੁੱਟ ਦਾ ਸੰਦ ਬਣ ਚੁੱਕਾ ਹੈ।ਇਥੇ ਸਰਕਾਰਾਂ ਦਾ ਅਰਥ ਵੀ ਕੁਝ ਘਰਾਣਿਆਂ ਦੀ ਸਾਰੇ ਸਾਧਨਾਂ ਤੇ ਮਾਲਕੀ ਤੇ ਹਿੰਸਾਤਮਕ ਸੱਤਾ ਪ੍ਰਾਪਤੀ ਤੱਕ ਸਿਮਟ ਜਾਦਾਂ ਹੈ।

ਸੱਤਾ ਪ੍ਰਾਪਤੀ ਦੀ ਇਹ ਪ੍ਰਕ੍ਰਿਆ ਆਰਥਿਕ ਇਜਾਰੇਦਾਰੀ,ਬੌਧਿਕ ਨਿਪੁੰਨਸਕਤਾ,ਧਾਰਿਮਕ ਫਿਰਕਾਪ੍ਰਸਤੀ,ਸਮਾਜਿਕ ਵਿਤਕਰਿਆਂ ਤੇ ਸੱਭਿਆਚਾਰਕ ਅਰਾਜਕਤਾ ਤੋਂ ਬਿਨਾਂ ਸੰਭਵ ਹੀ ਨਹੀ।ਅੱਜ ਇਸ ਖਿੱਤੇ ਦਾ ਆਵਾਮ ਨਾ ਸਿਰਫ ਉਪਰੋਕਤ ਹਿੰਸਾ ਨਾਲ ਲਗਾਤਾਰ ਦੋ ਚਾਰ ਹੋ ਰਿਹਾ ਹੈ ਸਗੋਂ ਉਸ ਤੋਂ ਸਾਹ ਲੈਣ ਲਈ ਸਾਫ ਹਵਾ,ਪੀਣ ਲਈ ਸਾਫ ਪਾਣੀ,ਖਾਣ ਲਈ ਪੇਟ ਭਰ ਭੋਜਨ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਖੋਹੀਆ ਜਾ ਰਹੀਆਂ ਹਨ।ਇਸ ਹਿੰਸਾਤਮਕ ਤੇ ਅਣਮਨੁੱਖੀ ਵਰਤਾਰੇ ਦੀ ਹੋਂਦ ਉਹਨਾਂ ਸੰਸਥਾਵਾਂ ਦੇ ਦਮ ਤੇ ਟਿਕੀ ਹੋਈ ਹੈ ਜੋ ਨਾਬਰਾਬਰੀ,ਜ਼ਲਾਲਤ,ਸਮਾਜਿਕ ਵਰਗੀਕਰਣ,ਵਿਤਕਰਿਆਂ ਤੇ ਗੈਰ-ਜਮਹੂਰੀ ਰਿਸ਼ਤਿਆਂ ਦੇ ਸਿਰ ਤੇ ਸਥਾਪਿਤ ਹਨ।ਇਹਨਾਂ ਵਿੱਚੋਂ ਰਾਜ,ਧਰਮ,ਸੱਭਿਆਚਾਰ ਤੇ ਘਰ ਮੁੱਖ ਹਨ ਤੇ ਇਹ ਸੰਸਥਾਵਾਂ ਹੁਣ ਉਦਾਰੀਕਰਣ,ਨਵ-ਬਸਤੀਵਾਦ ਤੇ ਆਲਮੀਕਰਣ ਨਾਲ ਜ਼ਰਬ ਖਾ ਚੁੱਕੀਆ ਹਨ।ਇਸ ਪੂਰੇ ਵਰਤਾਰੇ ਵਿੱਚ ਉਹ ਲੋਕਾਈ ਜਿਹੜੀ ਇੱਕ ਸੰਗਠਿਤ ਦਬਾੳ-ਸਮੂਹ ਦੇ ਰੂਪ ਵਿੱਚ ਨਹੀਂ ਵਿਚਰ ਰਹੀ ਜਾਂ ਨਹੀਂ ਵਿਚਰ ਸਕਦੀ ਭਾਵੇ ਉਹ ਔਰਤਾਂ ਹੋਣ,ਬੱਚੇ ਹੋਣ,ਦਲਿਤ ਹੋਣ,ਗਰੀਬ ਕਿਸਾਨ ਹੋਣ,ਆਦਿਵਾਸੀ ਹੋਣ,ਪਿੱਛੜੇ ਵਰਗ ਹੋਣ ਉਹਨਾਂ ਖਿਲਾਫ ਹਿੰਸਾ ਨੂੰ ਇੱਕ ਅਣਕਹੀ ਸਹਿਮਤੀ ਮਿਲ ਜਾਂਦੀ ਹੈ।ਔਰਤਾਂ ਖਿਲਾਫ ਹਿੰਸਾ ਨੂੰ ਇਸੇ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ।

ਦੱਖਣੀ-ਏਸ਼ਿਆਈ ਦੇਸ਼ਾਂ ਦੀਆਂ ਔਰਤਾਂ ਦਾ ਪਾਲਣ-ਪੋਸ਼ਣ ਧਾਰਮਿਕ ਅਕੀਦਿਆਂ,ਸੱਭਿਆਚਾਰਕ ਰਵਾਇਤਾਂ ਅਤੇ ਪਿਤਾ-ਪੁਰਖੀ ਰਿਵਾਜਾਂ ਅਨੁਸਾਰ ਹੁੰਦਾ ਹੈ।ਬੁੱਧ,ਕਨਫਿਉਸਿਅਸ਼,ਹਿੰਦੂ,ਇਸਲਾਮਿਕ,ਸਿੱਖ ਤੇ ਇਸਾਈ ਰਹੁ-ਰੀਤਾਂ ਦਾ ਮਰਦਾਵਾਂ ਖਾਸਾ ਜਦੋਂ ਨਾਬਰਾਬਰੀ,ਥੁੜਾਂ ਤੇ ਗੈਰ-ਜਮਹੂਰੀਅਤ ਵਿੱਚ ਜਿਉਂ ਰਹੇ ਸਮਾਜਾਂ ਨਾਲ ਜਰਬ ਖਾਂਦਾ ਹੈ ਤਾਂ ਰਾਜ ਤੇ ਸਮਾਜ ਦੀ ਪਹਿਲੀ ਕੜੀ ਅਰਥਾਤ ਘਰ ਵਿੱਚ ਹੀ ਸਾਰੇ ਰਿਸ਼ਤੇ ਪੂੰਜੀ ਉਪਜਾੳਣ ਦੀ ਸਮਰੱਥਾ ਤੇ ਮਾਲਿਕੀ ਨਾਲ ਤੈਅ ਹੋਣ ਲੱਗਦੇ ਹਨ।ਔਰਤਾਂ ਖਿਲਾਫ ਹੁੰਦੀ ਹਿੰਸਾ ਇਸੇ ਸੱਤਾ ਦੀ ਮਾਲਿਕੀ ਦਾ ਸੰਦ ਹੈ ਜੋ ਨਾ ਸਿਰਫ ਉਹਨਾਂ ਦੀ ਸਮਾਜਿਕ ਸਥਿਤੀ ਨੂੰ ਤੈਅ ਕਰਦਾ ਹੈ ਬਲਿਕ ਉਹਨਾਂ ਦੇ ਮਨੁੱਖੀ ਅਧਿਕਾਰਾਂ,ਵਿਕਾਸ ਦੇ ਮੌਕਿਆਂ ਅਤੇ ਜਿਊਣ ਦੇ ਹੱਕ ਨੁੰ ਸਰੀਰਿਕ ਹੋਂਦ ਬਚਾਉਣ ਤੱਕ ਸੀਮਿਤ ਕਰ ਦਿੰਦਾ ਹੈ।ਹਿੰਸਾ ਦਾ ਇਹੀ ਵਰਤਾਰਾ ਰਾਜ ਤੇ ਸਮਾਜ ਦੇ ਕਾਰ-ਵਿਹਾਰ ਤੇ ਨੀਤੀਆਂ ਵਿੱਚ ਝਲਕਦਾ ਹੈ।

ਇੱਕ ਅਧਿਐਨ ਅਨੁਸਾਰ ਦੱਖਣ-ਏਸ਼ਿਆਈ ਦੇਸ਼ ਲੱਗਭੱਗ ਹਰ ਸਾਲ ਇੱਕ-ਦੂਸਰੇ ਦੇ ਖਿਲਾਫ 15 ਅਰਬ ਅਮਰੀਕੀ ਡਾਲਰ ਸਰਹੱਦਾਂ ਦੀ ਸੁਰੱਖਿਆ ਤੇ ਖਰਚ ਕਰਦੇ ਹਨ।ਇਹ ਰਕਮ ਇਕੱਠੀ ਕਰਣ ਲਈ ਸਿਹਤ,ਸਮਾਜਿਕ ਸਹੂਲਤਾਂ,ਸਿੱਖਿਆ ਤੇ ਰੋਜ਼ਮਰ੍ਹਾਂ ਦੀਆ ਚੀਜ਼ਾਂ ਤੇ ਸਬਸਿਡੀਆਂ ਘਟਾਕੇ ਤੇ ਟੈਕਸ ਲਗਾ ਕੇ ਆਵਾਮ ਨੂੰ ਅਸੁਰੱਖਿਆਂ ਤੇ ਗਰੀਬੀ ਦੇ ਟਾਪੂਆਂ ਵਿੱਚ ਧੱਕ ਦਿੱਤਾ ਜਾਂਦਾ ਹੈ।ਇਹਨਾਂ ਟਾਪੂਆਂ ਵਿੱਚ ਜ਼ਿੰਦਗੀ ਦੀ ਜੰਗ ਵਿੱਚ ਸਭ ਤੋਂ ਸਾਧਨ-ਹੀਣ ਤੇ ਨਿਤਾਣੇ ਹੁੰਦੇ ਹਨ ਔਰਤਾਂ ਤੇ ਬੱਚੇ।ਰਾਜ ਤੇ ਸਮਾਜ ਦਾ ਢਾਂਚਾਂ ਜਿੱਥੇ ਉਤਪਾਦਨ ਦੇ ਸਾਧਨਾਂ ਦੀ ਮਾਲਕੀ ਤੈਅ ਕਰਦੀ ਹੈ,ਉੱਥੇ ਬਰਾਬਰੀ ,ਇਨਸਾਫ,ਆਜ਼ਾਦੀ,ਜਮਹੂਰੀਅਤ ਜਿਹੇ ਮਨੁੱਖੀ ਅਧਿਕਾਰਾਂ ਦੀ ਹੋਣੀ ਵੀ ਸੱਤਾ ਦੇ ਕਾਬਜ਼ ਵਰਗ ਦੇ ਹੱਥਾਂ ਵਿੱਚ ਸਿਮਟ ਜਾਂਦੀ ਹੈ।

ਇਸ ਸਮਝ ਤੇ ਜ਼ਰੂਰਤ ਨੂੰ ਘੜ੍ਹਣ ਵਿੱਚ ਖਿੱਤੇ ਦਾ ਇਤਿਹਾਸ,ਸਾਹਿਤ,ਸੱਭਿਆਚਾਰ ਤੇ ਕੰਮ-ਕਾਰ ਮੁੱਖ ਰੋਲ ਅਦਾ ਕਰਦੇ ਹਨ।ਇੱਥੇ ਇਹ ਸਮਝਣਾ ਮਹੱਤਵਪੂਰਨ ਹੈ ਕਿ ਔਰਤਾਂ ਖਿਲਾਫ ਹਿੰਸਾ ਨੂੰ ਇਸ ਖਿੱਤੇ ਦੇ ਮਰਦਾਵੇ ਖਾਸੇ ਵਾਲੇ ਇਤਿਹਾਸ,ਪਿਤਾ-ਪੁਰਖੀ ਸਾਹਿਤ, ਔਰਤ ਨੂੰ ਸਰੀਰ ਤੱਕ ਸੀਮਿਤ ਕਰਦੀ ਮਰਦਾਵੀਂ ਕਲਪਣਾ ਦੇ ਸੱਭਿਆਚਾਰ ਅਤੇ ਹਰ ਤਰਾਂ ਦੇ ਕੰਮ-ਕਾਰ ਵਿੱਚ ਉਸਨੂੰ ਦੂਜੇ ਦਰਜੇ ਦਾ ਕਾਮਾ ਮੰਨਣ ਦੀ ਸਮਜਿਕਤਾ ਨੂੰ ਸੰਬੋਧਿਤ ਹੋਏ ਬਿਨਾਂ ਨਹੀਂ ਸਮਝਿਆ ਜਾ ਸਕਦਾ।ਔਰਤਾਂ ਖਿਲਾਫ ਵੱਧ ਰਹੀ ਹਿੰਸਾ ਅਸਲ ਵਿੱਚ ਗਰੀਬੀ,ਬੇਰੁਜ਼ਗਾਰੀ,ਬਿਮਾਰੀ,ਥੁੱੜ੍ਹਾਂ,ਜ਼ਲਾਲਤਾਂ ਤੇ ਔੜਾਂ ਵਿੱਚ ਘਿਰੇ ਸਮਾਜਾਂ ਦਾ ਆਪਾ-ਮਾਰੂ ਰੂਪ ਹੈ।ਹਿੰਸਾ ਦੀ ਇਸ ਰਾਜਨੀਤਿਕ-ਸਮਾਜਿਕਤਾ ਨੂੰ ਰੱਦ ਕੀਤੇ ਬਿਨਾਂ ਇਸ ਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ।

ਕੁਲਦੀਪ ਕੌਰ
ਲੇਖਿਕਾ ਔਰਤਾਂ ਨਾਲ ਜੁੜੇ ਸੰਵੇਦਨਸ਼ੀਲ ਮਸਲਿਆਂ ਬਾਰੇ ਲਗਾਤਾਰ ਲਿਖਦੇ ਰਹਿੰਦੇ ਹਨ। ਉਹ ਅੱਜਕਲ੍ਹ ਪੰਜਾਬੀ ਯੂਨੀਵਰਸਿਟੀ 'ਚ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਦੇ ਰਿਸਰਚ ਸਕਾਲਰ ਹਨ। 
ਮੌਬਾਇਲ: 98554-04330

Thursday, January 17, 2013

ਬਲਾਤਕਾਰੀ ਮਾਨਸਿਕਤਾ ਦੇ ਕਾਰਨਾਂ ਵਿਰੁੱਧ ਲੜੋ--ਜਮਹੂਰੀ ਅਧਿਕਾਰ ਸਭਾ

ਵਹਿਸ਼ੀਆਨਾ ਬਲਾਤਕਾਰ ਅਤੇ ਰਾਕਸ਼ੀ ਵਿਓਹਾਰ ਵਿਰੁੱਧ ਬਹਾਦਰੀ ਨਾਲ ਸੰਘਰਸ਼ ਕਰਦੀ ਹੋਈ 23 ਸਾਲਾ-ਦਾਮਨੀ, 13 ਦਿਨ ਜ਼ਿੰਦਗੀ ਮੌਤ ਨਾਲ ਜੂਝਦੀ ਹੋਈ ਭਾਵੇਂ ਦਮ ਤੋੜ ਗਈ। ਪਰ ਇਸਨੇ ਇਕ ਪਾਸੇ ਸਮਾਜ ਵਿਚ ਪਸਰ ਰਹੀ ਮਨੁੱਖਾਂ ਦੀ ਪਸ਼ੂ ਬਿਰਤੀ ਅਤੇ ਦੂਜੇ ਪਾਸੇ ਸੱਤਾ ਦੀ ਨਾਲਾਇਕੀ ਦੇ ਵਿਰੁੱਧ ਚੇਤਨਾ ਦਾ ਨਵਾਂ ਅਧਿਆਏ ਖੋਹਲ ਦਿੱਤਾ ਹੈ। ਉਸਨੇ ਜਿਸ ਬਹਾਦਰੀ ਅਤੇ ਹਿੰਮਤ ਨਾਲ ਵਹਿਸ਼ੀ ਦਰਿੰਦਿਆਂ ਦਾ ਮੁਕਾਬਲਾ ਕੀਤਾ ਇਸ ਨਾਲ ਔਰਤਾਂ ਤੇ ਸਮਾਜ ਨੂੰ ਇਕ ਨਵਾਂ ਸੰਦੇਸ਼ ਤੇ ਚੇਤਨਾ ਵੀ ਦਿੱਤੀ ਹੈ। 16 ਦਸੰਬਰ ਤੋਂ ਪਿੱਛੋਂ ਲਗਾਤਾਰ ਦਿੱਲੀ ਵਿਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿਚ ਇਸ ਗ਼ੈਰਮਾਨਵੀ ਘਟਨਾ ਦੇ ਵਿਰੁੱਧ ਜਿੱਥੇ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਅੰਦਰ ਨਫ਼ਰਤ ਤੇ ਰੋਹ ਸੜਕਾਂ 'ਤੇ ਭਾਂਬੜ ਬਣਕੇ ਫੁੱਟਿਆ ਹੈ ਉਥੇ ਦੇਸ਼ ਦੀ ਹਕੂਮਤ ਨੇ ਇਸ ਵਿਰੁੱਧ, ਵਿਸ਼ੇਸ਼ ਕਰਕੇ ਲੜਕੀਆਂ ਅਤੇ ਔਰਤਾਂ ਉੱਤੇ ਜਿਸ ਢੰਗ ਨਾਲ ਜਬਰ ਕੀਤਾ ਉਸ ਨਾਲ ਉਸ ਦਾ ਔਰਤ ਤੇ ਇਨਸਾਨ ਵਿਰੋਧੀ ਵਿਵਹਾਰ ਹੋਰ ਨੰਗਾ ਹੋਇਆ ਹੈ। ਦਾਮਨੀ ਇਕ ਸੁਨਾਮੀ ਵਾਂਗ ਔਰਤਾਂ ਤੇ ਜ਼ੁਲਮਾਂ ਵਿਰੁੱਧ ਸਮਾਜਕ ਸਚਾਈ ਦੀ ਚੇਤਨਾ ਬਣਕੇ ਉੱਭਰੀ ਹੈ।

ਔਰਤਾਂ ਵਿਰੁੱਧ ਅੱਤਿਆਚਾਰਾਂ ਦਾ ਇਤਹਾਸ ਬਹੁਤ ਲੰਬਾ ਤੇ ਵਿਸਥਾਰਤ ਹੈ। ਦਿੱਲੀ 'ਚ 1984 'ਚ ਸਿੱਖਾਂ ਦਾ ਕਤਲੇਆਮ, ਮੁੰਬਈ 'ਚ ਬਾਬਰੀ ਮਸਜਿਦ ਢਾਹੇ ਜਾਣ ਪਿੱਛੋਂ ਅਤੇ ਗੁਜਰਾਤ 'ਚ 2002 'ਚ ਮੁਸਲਮਾਨਾਂ ਦੇ ਕਤਲੇਆਮ ਸਮੇਂ ਸਮੂਹਕ ਬਲਾਤਕਾਰਾਂ 'ਚ ਰਾਜ ਮਸ਼ੀਨਰੀ ਕਿਸੇ ਨਾ ਕਿਸੇ ਤਰਾਂ ਜ਼ਿੰਮੇਵਾਰ ਸੀ। ਜੰਮੂ ਕਸ਼ਮੀਰ, ਆਸਾਮ, ਨਾਗਾਲੈਂਡ, ਮਨੀਪੁਰ ਜਾਂ ਛੱਤੀਸਗੜ, ਝਾਰਖੰਡ, ਉੜੀਸਾ ਅਤੇ ਆਂਧਰਾ ਪ੍ਰਦੇਸ ਵਿਚ ਆਦਿਵਾਸੀ ਤੇ ਹੋਰ ਸੰਘਰਸ਼ਸ਼ੀਲ਼ ਲੋਕਾਂ ਉਤੇ ਪੁਲੀਸ, ਫ਼ੌਜ ਤੇ ਨੀਮ ਫ਼ੌਜੀ ਦਸਤਿਆਂ ਵਲੋਂ ਸਮੂਹਕ ਬਲਾਤਕਾਰ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਹਨ। ਕੁਝ ਸਾਲ ਪਹਿਲਾਂ ਮਨੀਪੁਰ 'ਚ ਫੌਜ ਵੱਲੋਂ ਲਗਾਤਾਰ ਕੀਤੇ ਗਏ ਸਮੂਹਕ ਬਲਾਤਕਾਰਾਂ ਦੇ ਵਿਰੁੱਧ ਕੁਝ ਜਮਹੂਰੀ ਔਰਤ ਕਾਰਕੁੰਨਾਂ ਨੇ ਨਿਰਵਸਤਰ ਹੋਕੇ ਸਮਾਜ ਤੇ ਰਾਜ ਨੂੰ ਸ਼ਰਮਿੰਦਗੀ ਦੇਣ ਲਈ ਪ੍ਰਰਦਸ਼ਨ ਕੀਤਾ ਸੀ । ਸੱਤਾਧਾਰੀ ਜਾਂ ਵਿਰੋਧੀ ਧਿਰ ਦਾ ਕੋਈ ਆਗੂ ਇਸ 'ਤੇ ਨਾ ਤਾਂ ਸ਼ਰਮਸ਼ਾਰ ਹੋਇਆ ਅਤੇ ਨਾ ਹੀ ਕਿਸੇ ਨੇ ਮੂੰਹ ਖੋਲ੍ਹਿਆ। ਬਲਾਤਕਾਰ ਇਕ ਜਾਂਗਲੀ ਮਾਨਸਿਕਤਾ ਦਾ ਪ੍ਰਗਟਾਅ ਹੈ। ਉਹ ਭਾਵੇਂ ਇਕ ਆਮ ਨਾਗਰਿਕ ਵੱਲੋਂ ਹੋਵੇ ਜਾਂ ਕਿਸੇ ਖ਼ਾਸ ਧਰਮ ਦੇ ਗ੍ਰੋਹ ਜਾਂ ਰਾਜਕੀ ਮਸ਼ੀਨਰੀ ਪੁਲਸ, ਫ਼ੌਜ ਜਾਂ ਨੀਮ ਫ਼ੌਜੀ ਦਸਤਿਆਂ ਵੱਲੋਂ। ਰਾਜ ਮਸ਼ੀਨਰੀ ਵੱਲੋਂ ਕੀਤਾ ਗਿਆ ਇਹ ਗੁਨਾਹ ਤਾਂ ਹੋਰ ਵੀ ਨਾ-ਕਾਬਲੇ-ਮੁਆਫ਼ ਹੈ। ਸੁਰੱਖਿਆ ਬਲਾਂ ਅਤੇ ਫ਼ੌਜ ਨੂੰ ਨਾ ਸਿਰਫ਼ ਅਜਿਹੇ ਅਣਮਨੁੱਖੀ ਜੁਰਮ ਕਰਨ 'ਤੇ ਕਾਰਵਾਈ ਤੋਂ ਕਾਨੂੰਨੀ ਛੋਟ ਹੈ ਸਗੋਂ ਉਹਨਾਂ ਨੂੰ ਬਹਾਦਰੀ ਦੇ ਇਨਾਮ ਤੇ ਤਰੱਕੀਆਂ ਦਿੱਤੀਆਂ ਜਾਂਦੀਆਂ ਹਨ। ਕਸ਼ਮੀਰ, ਛੱਤੀਸਗੜ੍ਹ ਜਾਂ ਮਨੀਪੁਰ-ਅਸਾਮ 'ਚ ਸ਼ਾਇਦ ਹੀ ਕਿਸੇ ਦੋਸ਼ੀ ਸੁਰਿਖੀਆ ਕਰਮੀ ਨੂੰ ਕੋਈ ਸਜ਼ਾ ਹੋਈ ਹੋਵੇ। ਜੰਮੂ ਕਸ਼ਮੀਰ ਦੇ ਪਿੰਡ ਕੁਨਨ-ਪੌਸ਼ਪੁਰਾ 'ਚ ਇਕੋ ਰਾਤ 'ਚ ਭਾਰਤੀ ਫ਼ੌਜ ਵਲੋਂ 53 ਔਰਤਾਂ (ਹਿਊਮਨ ਰਾਈਟਸ ਵਾਚ ਅਨੁਸਾਰ 100 ਦੇ ਕਰੀਬ) ਨਾਲ ਸਮੂਹਕ ਬਲਾਤਕਾਰ ਦੇ ਕਾਂਡ ਨੂੰ ਮੀਡੀਆ ਸਮੇਤ ਜਾਂਚ ਏਜੰਸੀਆਂ ਨੇ ਸੱਚ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ। ਜਿਨਾਂ ਔਰਤਾਂ ਦੇ ਪਿਛੋਂ ਬੱਚੇ ਪੈਦਾ ਹੋਏ ਉਹਨਾਂ ਨੂੰ ਅੱਜ ਵੀ ਤ੍ਰਿਸਕਾਰ ਨਾਲ ਵੇਖਿਆ ਜਾਂਦਾ ਹੈ। ਜੰਮੂ ਕਸ਼ਮੀਰ 'ਚ ਤਾਂ 2011 'ਚ ਬਲਾਤਕਾਰ ਦੇ ਕੇਸਾਂ ਚੋਂ ਸਿਰਫ਼ઠ8.28%, ਆਂਧਰਾ (11.02%), ਪੱਛਮੀ ਬੰਗਾਲ (11.52%), ਤ੍ਰਿਪੁਰਾ (11.88%), ਗੁਜਰਾਤ (14.69%) ਨੂੰ ਹੀ ਦੋਸ਼ੀ ਠਹਿਰਾਇਆ ਗਿਆ। ਦਰ ਅਸਲ ਸੱਤਾ ਵਲੋਂ ਬਲਾਤਕਾਰ ਨੂੰ ਸੰਘਰਸ਼ਸ਼ੀਲ ਦੱਬੇ-ਕੁਚਲੇ ਵਰਗਾਂ ਦਾ ਮਨੋਬਲ ਤੋੜਨ ਲਈ ਉਨ੍ਹਾਂ ਵਿਰੁੱਧ ਇਕ ਹਥਿਆਰ ਵਜੋਂ ਸੋਚ-ਸਮਝਕੇ ਵਰਤਿਆ ਜਾ ਰਿਹਾ ਹੈ।

ਛੱਤੀਸਗੜ ਦੇ ਸੋਨੀ ਸੋਰੀ ਕਾਂਡ 'ਚ ਉਹਦੇ ਗੁਪਤ ਅੰਗਾਂ ਵਿੱਚ ਪੱਥਰ ਧੱਕਣ ਵਾਲੇ ਐਸਐਸਪੀ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕਰਨਾ ਅਤੇ ਫ਼ਰੀਦਕੋਟ ਦੀ ਸ਼ਰੂਤੀ ਅਗਵਾ ਕਾਂਡ 'ਚ ਘਟੀਆ ਭੂਮਿਕਾ ਨਿਭਾਉਣ ਵਾਲੇ ਦੋਸ਼ੀ ਪੁਲਸ ਅਧਿਕਾਰੀਆਂ ਨੂੰ ਸਰਕਾਰ ਵਲੋਂ ਤਰੱਕੀਆਂ ਦੇਣਾ ਇਹ ਸਾਬਤ ਕਰਦਾ ਹੈ ਕਿ ਰਾਜ ਅਜਿਹੇ ਵਰਤਾਰੇ ਨੂੰ ਹੱਲਾਸ਼ੇਰੀ ਦਿੰਦਾ ਹੈ। ਇਸ ਦੇ ਨਾਲ ਹੀ ਪੁਲਸ ਅਧਿਕਾਰੀਆਂ ਦੇ ਇਹ ਬਿਆਨ ਕਿ ਬਲਾਤਕਾਰ ਦੀਆਂ ਝੂਠੀਆਂ ਸ਼ਿਕਾਇਤਾਂ ਦਰਜ਼ ਕਰਵਾਉਣ 'ਤੇ ਸ਼ਿਕਾਇਤ ਕਰਤਾ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ, ਉਹ ਡਰਾਵਾ ਹੈ ਜੋ ਅਜਿਹੇ ਮਾਮਲਿਆਂ ਨੂੰ ਦਬਾਉਣ ਦਾ ਸਾਧਨ ਬਣ ਰਿਹਾ ਹੈ। ਇਹ ਔਰਤ ਨੂੰ ਸਮਾਜੀ ਨਿਆਂ ਤੋਂ ਅਨਕਾਰੀ ਦਾ ਢੰਗ ਹੈ ।ਅੋਰਤਾਂ, ਆਦਿਵਾਸੀ , ਦਲਿਤ ਤੇ ਦੂਸਰੇ ਪਛੜੇ ਤਬਕਿਆਂ ਨੂੰ ਦਬਾਉਣ ਲਈ ਰਾਜ ਗ਼ੈਰ ਸਰਕਾਰੀ ਗ੍ਰੋਹਾਂ ਦੀ ਵਰਤੋਂ ਵੀ ਕਰਦਾ ਰਹਿੰਦਾ ਹੈ। ਇਸ ਦੀ ਮਿਸਾਲ ਛੱਤੀਸਗੜ ਵਿਚ ਸਲਵਾ ਜੁਡਮ ਦਾ ਵਰਤਾਰਾ ਬਹੁਤ ਹੀ ਉਭਰਵਾਂ ਹੈ। ਇਸ ਤਰਾਂ ਦੇ ਗ੍ਰੋਹਾਂ ਦੀ ਹਰੇਕ ਸੂਬੇ ਵਿਚ ਵਰਤੋਂ ਹੁੰਦੀ ਹੈ। ਦਲਿਤਾਂ ਵਲੋਂ ਉੱਚੀਆ ਜਾਤਾਂ ਦੇ ਜਾਤ ਹੰਕਾਰ ਦੇ ਖਿਲਾਫ ਵਿਰੋਧ ਕਾਰਨ ਬਠਾਨੀ ਟੋਲਾ (ਬਿਹਾਰ) ਅਤੇ ਖੈਰਲਾਂਜੀ (ਮਹਾਰਾਸ਼ਟਰ) ਦੀਆਂ ਦਲਿਤ ਔਰਤਾਂ ਦੇ ਸਮੂਹਕ ਬਲਾਤਕਾਰ ਤੇ ਕਤਲੇਆਮ ਵਿਰੋਧ ਕੁਚਲਣ ਦੇ ਹਥਿਆਰ ਵਜੋਂ ਵਰਤੇ ਜਾਣઠ ਦੀਆਂ ਮਿਸਾਲਾਂ ਹਨ।ઠ ਹਿਸਾਰ ਜ਼ਿਲ੍ਹੇ ਦੇ ਪਿੰਡ ਡਾਬਰਾ ਵਿਚ ਤਾਂ ਹੋਰ ਵੀ ਨਿੱਘਰੀ ਮਾਨਸਿਕਤਾ ਸਾਹਮਣੇ ਆਈ ਜਦੋਂ ਇਕ ਦਲਿਤ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ ਕਰਕੇ ਇਸ ਸ਼ਰਮਨਾਕ ਘਟਨਾ ਦਾ ਵੀਡੀਓ ਜਨਤਕ ਕੀਤਾ ਗਿਆ ਜਿਸ ਦੀ ਮਾਨਸ ਪੀੜਾ ਨਾ ਝਲਦੇ ਹੋਏ ਕੁੜੀ ਦੇ ਪਿਤਾ ਵੱਲੋਂ ਖ਼ੁਦਕਸ਼ੀ ਕਰ ਲਈ ਗਈ। ਜਾਤ-ਪਾਤ ਦੇ ਦਾਬੇ ਵਿਚ ਦਲਿਤ ਔਰਤਾਂ ਸਭ ਤੋਂ ਜ਼ਿਆਦਾ ਸਮੂਹਕ ਬਲਾਤਕਾਰਾਂ ਤੇ ਅੱਤਿਆਚਾਰਾਂ ਦਾ ਸ਼ਿਕਾਰ ਹੁੰਦੀਆਂ ਹਨ।

ਰਾਜਸੀ ਪਾਰਟੀਆਂ ਦੇ ਲੀਡਰ ,ਪੁਲੀਸ ਅਫਸਰ ਤੇ ਗੈਰਸਮਾਜੀ ਅੰਸਰਾਂ ਦੀ ਮਿਲੀ ਭੁਗਤ ਨਾਲ ਪੰਜਾਬ ਵਿਚ ਵੀઠ ਅੋਰਤਾਂ ਸਮਾਜੀ ਅਨਿਆ ਦਾ ਸਿਕਾਰ ਹੇ ਰਹੀਆਂ ਹਨ ਜਿਵੇਂ ਸ਼ਰੂਤੀ ਅਗਵਾ ਕਾਂਡ, ਅੰਮ੍ਰਿਤਸਰ ਵਿਚ ਧੀ ਨਾਲ ਛੇੜਛਾੜ ਦਾ ਵਿਰੋਧ ਕਰਨ ਵਾਲੇ ਪੁਲਸ ਅਧਿਕਾਰੀ ਦਾ ਕਤਲ, ਹੁਸ਼ਿਆਰਪੁਰ ਵਿਚ ਲੜਕੀਆਂ ਨੂੰ ਕਾਰ ਹੇਠ ਕੁਚਲਣਾ ਆਦਿ ਕਈ ਘਟਨਾਵਾਂ ਹੋਇਆਂ ਹਨ ਤੇઠ ਹੋ ਰਹੀਆਂ ਹਨ। ਔਰਤਾਂ ਵਿਰੁੱਧ ਅਪਰਾਧਾਂ ਦਾ ਗਰਾਫ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਕੌਮੀ ਜੁਰਮ ਰਿਕਾਰਡ ਬਿਊਰੋ ਮੁਤਾਬਕ ਸਾਲ 1973 'ਚ ਦੇਸ਼ 'ਚ ਬਲਾਤਕਾਰ ਦੇ 2919 ਕੇਸ ਦਰਜ਼ ਹੋਏ ਸਨ। ਜਦੋਂ ਕਿ ਇਕੱਲੇ ਸਾਲ 2011 'ਚ 24206 ਕੇਸਾਂ ਦੀ ਗਿਣਤੀ ਤੱਕ ਪਹੁੰਚ ਗਏ। ਪਿਛਲੇ ਪੰਜ ਸਾਲਾਂ 'ਚ ਦੇਸ਼ 'ਚ ਬਲਾਤਕਾਰਾਂ ਦੇ 109979 ਕੇਸ ਹੋਏ ਹਨ। ਸਰਕਾਰੀ ਅੰਕੜਿਆਂ ਅਨੁਸਾਰ ਇਸ ਦੇਸ਼ 'ਚ ਹਰ 22 ਮਿੰਟ 'ਚ ਇਕ ਔਰਤ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ। ਹਾਲਾਂ ਕਿ ਹਕੀਕਤ ਇਸ ਤੋਂ ਵਧੇਰੇ ਗੰਭੀਰ ਹੈ। ਕਿਉਂਕਿ ਸਮਾਜਿਕ ਨਮੋਸ਼ੀ ਤੇ ਬਦਨਾਮੀ ਕਾਰਨ ਅਤੇ ਪੁਲਿਸ ਵਲੋਂ ਜੁਰਮਾਂ ਦੀ ਗਿਣਤੀ ਘੱਟ ਦਿਖਾਉਣ ਲਈ ਰਿਪੋਰਟਾਂ ਦਰਜ਼ ਨਾ ਕਰਨ ਕਾਰਨ ਲਗਭਗ 80 ਫੀਸਦੀ ਘਟਨਾਵਾਂ ਦਬਾ ਦਿੱਤੀਆਂ ਜਾਂਦੀਆਂ ਹਨ। ਦੱਬੇ ਕੁਚਲੇ ਹਿੱਸਿਆਂ ਦੇ ਮਾਮਲੇ 'ਚ ਤਾਂ ਪੁਲੀਸ ਕੇਸ ਦਰਜ਼ ਹੀ ਨਹੀਂ ਕਰਦੀ। ਗ੍ਰਹਿ ਮੰਤਰੀ ਮੁਤਾਬਕ 10 ਪੀੜਤ ਅੋਰਤਾਂ ਵਿਚੋ ਸਿਰਫ ਇਕ ਹੀ ਪੁਲੀਸ ਰੀਪੋਰਟ ਕਰਨ ਪੁਹੰਚ ਦੀ ਹੈ ।

ਅਦਾਲਤੀ ਪ੍ਰਕਿਰਆਂ ਹੋਰ ਵੀ ਨਿਰਾਸ਼ਾਜਨਕ ਹੈ। ਸਾਲਾਂ ਬੱਧੀ ਚਲਦੇ ਕੇਸਾਂ ਵਿਚ ਅਕਸਰ ਹੀ ਅਪਰਾਧੀ ਸਾਫ਼ ਬਰੀ ਹੋ ਜਾਂਦੇ ਹਨ। ਪੀੜਤ ਨੂੰ ਜ਼ਲਾਲਤ ਦਾ ਸੰਤਾਪ ਵੱਖਰਾ ਝੱਲਣਾ ਪੈਂਦਾ ਹੈ। ਪਰਵਾਰ ਤੇ ਲੜਕੀ ਲੰਮਾ ਸਮਾਂ ਅਦਾਲਤਾਂ 'ਚ ਜ਼ਲੀਲ ਹੁੰਦੇ ਸ਼ਰਮ, ਨਮੋਸ਼ੀ ਅਤੇ ਦਹਿਸ਼ਤ ਦੇ ਸਾਏ ਹੇਠ ਜਿਉਣ ਲਈ ਮਜਬੂਰ ਹੋ ਜਾਂਦੇ ਹਨ। ਨਿਆਂਇਕ ਪ੍ਰਬੰਧ ਦੀ ਹਾਲਤ ਇਹ ਹੈ ਕਿ ਸਾਲ 1990 'ਚ ਬਲਾਤਕਾਰ ਦੇ 10068 ਕੇਸਾਂ ਚੋਂ 44 ਫ਼ੀਸਦੀ ਹੀ ਦੋਸ਼ੀ ਠਹਿਰਾਏ ਗਏ ਸਨ। ਪਰ ਸਾਲ 2011'ਚ ਕੇਵਲ 26 ਫੀਸਦੀ ਪੀੜਤਾਂ ਨੂੰ ਨਿਆਂ ਮਿਲ ਸਕਿਆ ਭਾਵ ਸਿਰਫ ਚੌਥਾ ਹਿੱਸਾ ਹੀ ਕਾਨੂੰਨ ਦੀ ਮਾਰ ਹੇਠ ਆਏ ਹਨ। ਰਾਜਸਥਾਨ ਦੇ ਬਹੁ ਚਰਚਿਤ ਭੰਵਰੀ ਦੇਵੀ ਕਾਂਡ ਵਿਚ ਅਦਾਲਤ ਨੇ ਦੋਸ਼ੀਆਂ ਨੂੰ ਉਚੀਆਂ ਜਾਤੀਆਂ ਨਾਲ ਸਬੰਧਤ ਹੋਣ ਦੇ ਅਧਾਰ 'ਤੇ ਬਰੀ ਕਰ ਦਿੱਤਾ ਸੀ।

ਅੰਕੜੇ ਦੱਸਦੇ ਹਨ ਕਿ ਤਫਤੀਸ਼ ਕਰਨ ਤੋਂ ਲੈ ਕੇ ਇਨਸਾਫ ਤਕ ਦਾ ਢਾਂਚਾ ਹੀ ਗੈਰਸੰਜੀਦਾ, ਦਿਸ਼ਾਹੀਨ ਤੇ ਗੈਰਜਿਮੇਵਾਰਾਨਾ ਹੈ। ਸਾਰੇ ਢਾਚੇ ਨੂੰ ਸੰਵਾਰੇ ਬਗੈਰ ਸਖਤ ਕਾਂਨੂਨ ਤੇ ਸਖ਼ਤ ਸਜ਼ਾ ਦੀ ਮੰਗ ਅਰਥਹੀਣ ਹੋ ਕਿ ਰਹਿ ਜਾਵੇਗੀ । ਤਰਕਸੰਗਤਾ ਤਾਂ ਇਹ ਹੈ ਕਿ ਤਪਤੀਸ਼ ਦੀ ਪਰਕਿਰਆ ਵਿਗਿਆਨਕ , ਅੋਰਤਾਂ ਪ੍ਰਤੀ ਸੰਵੇਦਨ ਸ਼ੀਲ਼ ਹੋਵੇ । ਜੋ ਤਾਂ ਹੀ ਸੰਭਵ ਹੋ ਸਕਦੀ ਹੈ ਜੇ ਤਪਤੀਸ਼ ਇਕ ਵਿਸ਼ੇਸ਼ ਵਿਗਿਆਨਕ ਸਿਖਲਾਈ ਯਾਫਤਾ ਅਧਿਕਾਰੀ ਦੀ ਜਿਮੇਵਾਰੀ ਹੋਏ , ਤੇ ਬਗੈਰ ਦੇਰੀ ਕੀਤੀ ਜਾਵੇ । ਤਪਤੀਸ਼ੀ ਅਧਿਕਾਰੀ ਅਜਾਦਾਨਾ ਜਿਮੇਵਾਰੀ ਨਿਭਾ ਸਕਦਾ ਹੋਵੇ। ਕਿਉਂਕਿ ਏਥੇ ਅੋਰਤ ਦੀ ਪਰਾਇਵੇਸੀ ਦਾ ਸਵਾਲ ਹੈ ਇਸ ਕਰਕੇ ਅੋਰਤ ਅਧਿਕਾਰੀઠ ਇਸ ਨੂੰ ਬਾਖੂਬੀ ਨਿਭਾ ਸਕਦੀ ਹੈ।ਇਨ੍ਹਾਂ ਘਟਨਾਵਾਂ ਨੇ ਜੋ ਪ੍ਰਤੀਰੋਧ ਖੜਾ ਕੀਤਾ ਹੈ ਉਸ ਨੇ ਸਮਾਜ ਵਿਚ ਇਕ ਵਿਚਾਰ ਮੰਥਨ ਨੂੰ ਜਨਮ ਦਿਤਾ ਹੈ। ਇਸ ਨਾਲ ਸਮਾਜਿਕ ਜਾਗਰੂਕਤਾ ਦਾ ਅਮਲ ਸ਼ੁਰੂ ਹੋ ਸਕਦਾ ਹੈ । ਪਰ ਲੋਕਾਂ ਦੇ ਉਭਾਰ ਨੂੰ ਗ਼ਲਤ ਦਲੀਲ ਉੱਤੇ ਕੇਂਦਰਤ ਕਰਕੇ ਰਾਜ ਕਰਦੀਆਂ ਜਮਾਤਾਂ ਅਪਣੀ ਜਕੜ ਵਧਾਉਣ ਲਈ ਵਰਤਣਗੀਆਂ । ਇਸੇ ਕਰਕੇ ਭਗਤ ਸਿੰਘ ਹੋਰਾਂ ਦੇ ਇਹ ਸ਼ਬਦ ਬਹੁਤ ਢੁਕਵੇਂ ਹਨ ਕਿ ਸੰਘਰਸ਼ ਵਿਚ ਜੋਸ਼ ਦੇ ਨਾਲੋ ਨਾਲ ਹੋਸ਼ ਨੂੰ ਕਾਇਮ ਰੱਖਣਾ ਜਰੂਰੀ ਹੈ।

ਜਦ ਕਿ ਦਾਮਨੀ ਵਲੌ ਜਿਸ ਬਹਾਦਰੀ ਨਾਲ ਹਮਲਾਵਾਰਾਂ ਦਾ ਮੁਕਾਬਲਾ ਕੀਤਾ ਜੋ ਪ੍ਰਤੀਰੋਧ ਦੀ ਇਕ ਮਿਸਾਲ ਬਣੀ ।ਪਰ ਸਥਾਪਤੀ ਦੀ ਦਲੀਲ ਹੈ ਕਿ ਜਾਲਮ ਦਾ ਵਿਰੋਧ ਨਾ ਕਰਕੇ ਹਾਲਾਤ ਨਾਲ ਸਮਝੋਤਾ ਕਰੋ। ਇਹੀ ਦਲੀਲ ਇਕ ਸਮਾਜ ਵਿਗਿਆਨੀ ਨੇ ਮੱਧ ਪ੍ਰਦੇਸ 'ਚ ਪੁਲੀਸ ਦੇ ਸੈਮੀਨਾਰ ਵਿਚ ਦਿਤੀ ਕਿ ਜੇ ਦਾਮਨੀ ਵਿਰੋਧ ਨਾ ਕਰਦੀ ਤਾਂ ਉਸਦੀ ਹਾਲਤ ਨਾਜੁਕ ਹੌਣ ਦੀ ਨੌਬਤ ਨਾ ਆਉਂਦੀ। ਅਜੇਹੀ ਦਲੀਲ ਆਸਾਰਾਮ ਨੇ ਵੀ ਦਿਤੀ ਹੈ । ਇਹ ਵਿਚਾਰਧਾਰਾ ਵਿਰੋਧ ਨੂੰ ਖਤਮ ਕਰਦੀ ਹੈ।

ਜੋ ਲੋਗ ਮਰਿਆਦਾ ਦਾ ਰਾਗ ਅਲਾਪਦੇ ਨੇ ੳਹ ਜਿਥੇ ਸਥਾਪਤੀ ਦੀ ਪਰੋੜਤਾ ਕਰਦੇ ਹਨ ਉਥੇ ਰਾਜਕਰਦੀਆ ਜਮਾਤਾਂ ਦਾ ਹਿਤ ਵੀ ਪੂਰਦੇ ਹਨ। ਲੜਕੀਆਂ ਨੂੰ ਵਾਪਸ ਘਰ ਵਿਚ ਬੰਦ ਰਖਣ , ਪਹਿਰਾਵੇ ਤੇ ਬੰਦਸ਼ ਲਗਾਉਣ ਦੀ ਦਲੀਲ ਤਾਲਬਾਨੀ ਮਾਨਸਕਤਾ ਦਾ ਇਜਹਾਰ ਹੈ ਪਰ ਮੂੰਹ ਦੁਜੇ ਪਾਸੇ ਕਰਕੇ ਤਾਲਬਾਨਾਂ ਦੀ ਨਿੰਦਾ ਕਰਦੇ ਹਨ। ਇਹ ਮਾਨਸਿਕਤਾ ਦੀ ਨਜਰ ਵਿਚ ਅੋਰਤ ਨੂੰ ਹੀ ਦੋਸ਼ੀઠ ਠਹਿਰਾਇਆ ਜਾਂਦਾ ਹੈ । ਆਰ ਐਸ ਐਸ ਦੇ ਸੰਚਾਲਕ ਦਾ ਬਿਆਨ ਕਿ ਬਲਾਤਕਾਰ ਦਾ ਕਾਰਨ ਲੜਕੀਆਂ ਦਾ ਮਰਿਆਦਾ ਦੀ ਲਛਮਣ ਰੇਖਾ ਟੱਪਣਾ ਹੈ, ਪਰ ੳਹ ਕਿਸ ਮਰਿਆਦਾ ਦੀ ਗਲ ਕਰ ਰਹੇ ਨੇ, ਗਰਭਵਤੀ ਸੀਤਾ ਮਾਤਾ ਨੂੰ ਘਰੋਂ ਕੱਢਣ ਦੀ ।

ਧਾਰਮਿਕ ਮਖੌਟੇ ਪਾ ਕਿ ਬਲਾਤਕਾਰੀ ਚੇਹਰੇ ਲਕੋਈ ਫਿਰਦੇ ਲੋਕਾਂ ਦੇ ਅੋਰਤ ਵਿਰੋਧੀ ਚਿਰਿਤਰ ਨੂੰ ਸਮਝਕੇ ਸ਼ੰਡਣ ਦੀ ਲੋੜ ਹੈ । ਇਥੇ ਦਰਜ ਘਟਨਾ ਇਸ ਦਾ ਸਬੂਤ ਦਿੰਦੀ ਹੈ। ਮੰਗਲੌਰ (ਕਰਨਾਟਕਾ)'ਚ ਇੱਕ ਡਾਂਸ ਕਲੱਬ ਉੱਤੇ 'ਰਾਮ ਭਗਤਾਂ' ਨੇ ਪਿਛਲੇ ਸਾਲ ਵੈਲਨਟਾਈਨ ਦਿਵਸ ਦੇ ਵਿਰੋਧ 'ਚ ਹਮਲਾ ਕੀਤਾ ਸੀ। ਜਾਰੀ ਹੋਈਆਂ ਤਸਵੀਰਾਂ 'ਚ ਇਨ੍ਹਾਂ ਰਾਮ ਭਗਤਾਂ ਨੇ ਪਿਛਲੇ ਪਾਸਿਉਂ ਹੱਥ ਪਾਕੇ ਡਾਂਸਰਾਂ ਦੀਆਂ ਛਾਤੀਆਂ ਫੜੀਆਂ ਹੋਈਆਂ ਸਨ। ਕੁਝ ਹੋਰ ਉਹਦੇ ਜਿਸਮ ਨਾਲ ਛੇੜਛਾੜ ਕਰ ਰਹੇ ਸਨ। ਅਖ਼ਬਾਰਾਂ ਅਤੇ ਚੈਨਲਾਂ 'ਤੇ ਪ੍ਰਸਾਰਤ ਹੋਣ ਪਿੱਛੋਂ ਵੀ ਪੁਲੀਸ ਨੇ ਇਹ ਅਸ਼ਲੀਲ ਹਰਕਤ ਕਰਨ ਵਾਲਿਆਂ ਖ਼ਿਲਾਫ਼ ਪਰਚਾ ਦਰਜ਼ ਨਹੀਂ ਕੀਤਾ ਕਿਉਂਕਿ ਦੇਸ਼ 'ਚ ਧਰਮ ਦੇ ਨਾਮ ਹੇਠ ਸਭ ਕੁਕਰਮ ਜਾਇਜ਼ ਹਨ।

ਇਕ ਹੋਰ ਖ਼ਤਰਨਾਕ ਮਾਨਸਿਕਤਾ ਜਿਸ ਨੂੰ ਉਲਟਾਉਣ ਦੀઠ ਲੋੜ ਹੈ। ਉਹ ਹੈ ਕਿ ਸਮਾਜੀ ਸ਼ਰਮਿੰਦਗੀ ਨੂੰ ਪੀੜਤ ਔਰਤ ਉੱਪਰ ਥੋਪਿਆ ਜਾਂਦਾ ਹੈ, ਗੁਨਾਹਗਾਰ ਨੂੰ ਸ਼ਰਮਿੰਦਾ ਨਹੀ ਕੀਤਾ ਜਾਂਦਾ। ਇਸੇ ਮਾਨਸਿਕਤਾ ਦਾ ਦੂਸਰਾ ਹਿਸਾ ਹੈ ਜਦ ਪਿੰਡ ਦੇ ਚੌਧਰੀ ਇਹ ਕਿਹੰਦੇ ਹਨ ਕਿ ਬਲਾਤਕਾਰ ਦੀ ਪੀੜਤ ਅੋਰਤ ਨੇ ਥਾਣੇ ਸ਼ਕਾਇਤ ਕਰਕੇ ਪਿੰਡ ਦੀ ਨਮੋਸ਼ੀ ਕਰਾਈ ਹੈ।ਜਦ ਕਿ ਬਲਾਤਕਾਰੀ ਨਮੋਸ਼ੀ ਦਾ ਕਾਰਣ ਹੋਣਾ ਚਾਹਦਿਾ ਹੈ।ਸਮਾਜੀ ਸ਼ਰਮਿੰਦਗੀ ਦਾ ਪੈਂਤੜਾ ਇਸ ਤਰਾਂ ਬਲਾਤਕਾਰੀਆਂ ਨੂੰ ਉਤਸ਼ਾਹਤ ਕਰਨ ਦਾ ਸੰਦ ਹੌ ਨਿਬੜਦਾ ਹੈ।

ਕੁਝ ਮਹੀਨੇ ਪਹਿਲਾਂ ਕੇਂਦਰੀ ਮੰਤਰੀ ਜਾਇਸਵਾਲ ਨੇ ਔਰਤਾਂ ਉੱਤੇ ਇਕ ਅਸ਼ਲੀਲ ਟਿਪਣੀ ਕੀਤੀ ਸੀ ਜਿਸਦਾ ਕੌਮੀ ਮਹਿਲਾ ਅਯੋਗ ਨੇ ਨੋਟਿਸ ਲੈਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲਿਖਿਆ। ਪ੍ਰਧਾਨ ਮੰਤਰੀ ਨੇ ਦੁਬਾਰਾ ਅਜਿਹੀ ਟਿੱਪਣੀ ਨਾ ਕਰਨ ਦੀ ਸਲਾਹ ਨਾਲ ਹੀ ਟਾਲ ਦਿਤਾ। ਹੁਣ ਵੀ ਦਿੱਲੀ ਬਲਾਤਕਾਰ ਕਾਂਡ ਨਾਲ ਸਬੰਧਤ ਦੇਸ਼ ਦੇ ਸੰਸਦਾਂ, ਵਿਧਾਇਕਾਂ ਅਤੇ ਕੁਝ ਰਾਜਸੀ ਨੇਤਾਵਾਂ ਨੇ ਔਰਤਾਂ ਸਬੰਧੀ ਅਸ਼ਲੀਲ ਭਾਸ਼ਾ ਵਰਤੀ ਤੇ ਔਰਤ ਵਿਰੋਧੀ ਮਾਨਸਿਕਤਾ ਵਾਲੀਆਂ ਟਿੱਪਣੀਆਂ ਕੀਤੀਆਂ ਹਨ। ਇਹੋ ਜਿਹੇ ਕੰਗਾਲ ਮਾਨਸਿਕਤਾ ਵਾਲੇ ਰਾਜ ਨੇਤਾਵਾਂ ਤੋਂ ਕਿਹੋ ਜਿਹੇ ਰਾਜ ਪਰਬੰਦ ਦੀ ਆਸ ਕੀਤੀ ਜਾ ਸਕਦੀ ਹੈ , ਜੋ ਅੋਰਤ ਦੀ ਬਰਾਬਰਤਾ ਵਿਚ ਵਿਸ਼ਵਾਸ ਨਹੀ ਰਖਦੇ।ਜਦ ਜਨਤਾ ਠੰਡ ਵਿਚ ਨਿਆ ਲਈ ਸੜਕਾਂ ਉਤੇ ਸਨ ਤਾਂ ਕੋਈ ਰਾਜਸੀ ਨੇਤਾ ਆਪਣੇ ਗਰਮ ਕਮਰਿਆਂ ਵਿੱਚੋਂ ਬਾਹਰ ਨਹੀਂ ਆਈਆ। ਕਿਉ ਕਿ ਅੋਰਤਾਂ ਦੀ ਸੁਰਖਿਆ ਉਹਨਾਂ ਲਈ ਕੋਈ ਮੁਦਾ ਨਹੀ ਸੀ । ਪਰ ਟੀ ਵੀ ਤੇ ਇਕ ਦੂਸਰੇ ਦੀਆਂ ਲਤਾ ਖਿਚਣ ਦੀ ਰਾਜਨੀਤੀ ਚਲਾਉਂਦੇ ਰਹੇ।

ਦਾਮਨੀ-ਕਾਂਡ ਨਾਲ ਨਾ ਸਿਰਫ ਦਿੱਲੀ ਸਗੋਂ ਪੂਰੇ ਦੇਸ਼ 'ਚ ਨਵੀਂ ਪੀੜੀ ਅੰਦਰ ਜਿਹੜਾ ਨਫਰਤ, ਗੁੱਸੇ ਤੇ ਰੋਹ ਦਾ ਪ੍ਰਗਟਾਅ ਭਾਬੜ ਬਣ ਕੇ ਫੁੱਟਿਆ, ਇਹ ਰਾਜ ਦੇ ਉਸ ਅਰਾਜਿਕ ਵਿਹਾਰ ਦਾ ਸਿੱਟਾ ਹੈ , ਜਿਸਨੇ ਆਰਥਕ ਪੀੜਤਾ ਪੈਦਾ ਤਾਂ ਕੀਤੀ ਹੀ ਹੈ ਪਰ ਅਪਰਾਧਾਂ ਵਿਸ਼ੇਸ਼ ਕਰਕੇ ਅੋਰਤਾਂ ਵਿਰੁੱਧ ਨੂੰ ਉਤਸ਼ਾਹਤ ਕਰਨ ਵਿੱਚ ਵੀ ਅਹਿਮ ਭੁਮਿਕਾ ਨਿਭਾਈ ਹੈ । ਰਾਜ ਜਦੋਂ ਪਿਛਲੇਰੇ 65 ਸਾਲਾਂ 'ਚ ਲੋਕਾਈ ਨੂੰ ਸੁਰੱਖਿਆ ਤੇ ਨਿਆਂਦੇਣ ਵਾਲੀ ਵਿਵਸਥਾ ਹੀ ਨਹੀਂ ਸਿਰਜ ਸਕਿਆ ਤਾਂ ਉਹਨਾਂ ਅੰਦਰ ਜਜਬਾਤੀ ਭਾਵਕਤਾ 'ਚ 'ਮੌਤ ਦੀ ਸਜ਼ਾ' ਦੀ ਮੰਗ ਉ੍ਰਠਣਾ ਸੁਭਾਵਕ ਸੀ। ਪਰ ਇਸ ਭਾਵਕਤਾ ਨੂੰ ਕੁੱਝ ਅਨਸਰਾਂ ਵੱਲੋਂ ਦੰਗਈ ਮਾਨਸਕਤਾ ਵਿੱਚ ਢਾਲਣ ਦੀ ਵੀ ਕੋਸ਼ਿਸ ਕੀਤੀ ਗਈ ਹੈ। ਅਤੇ ਦੇਸ਼ ਭਰ 'ਚ ਨੂੰ ਫਾਂਸ਼ੀ ਦੀ ਸਜਾ ਦਾ ਮੱਦਾ ਉਛਾਲਿਆ ਗਿਆ ਹੈ, ਜਿਸ ਵਿੱਚ ਹੁਣ ਰਾਜਾਂ ਦੇ ਮੁੱਖ ਮੰਤਰੀ ਵੀ ਪਿਛੇ ਨਹੀਂ।ਇਹ ਸੁਰ ਇੱਕ ਭਵਕਾੳ ਮਾਨਸਕਤਾ ਦੀ ਉਪਜ ਹੈ। ਉਹੀ ਦੰਗਈ (ਭਵਕਾਉ) ਮਾਨਸਕਤਾ ਜਿਸਦਾ ਪ੍ਰਗਟਾਅ ਅਸੀਂ 1984 (ਦਿੱਲੀ ਤੇ ਹੋਰ ਥਾਵਾਂ) ,2002 'ਚ ਗੁਜਰਾਤ ,ਹੁਣ ਅਸਾਮ ਆਦਿ ਕਈ ਥਾਵਾਂ ਤੇ ਕਈ ਰੂਪਾਂ ਵਿੱਚ ਵੇਖ ਚੁੱਕੇ ਹਾਂ। ਅਜਿਹੇ ਨਾਹਰਿਆਂ ਦਾ ਉਠਣਾ ਵੀ ਬਿਮਾਰ ਸਮਾਜ ਦੀ ਨਿਸ਼ਾਨੀ ਹੈ। ਇਹ ਬਲਾਤਕਾਰ ਵਰਗੀਆਂ ਘ੍ਰਿਨਣਤ ਸਮੱਸਿਆਵਾਂ ਦਾ ਹੱਲ ਨਹੀਂ। ਇਹ ਵਿਚਾਰਣ ਦੀ ਲੋੜ ਹੈ ਕਿ ਇਨਸਾਫ ਕਦੇ ਭੀੜ ਨਹੀ ਕਰਦੀ , ਸਮਾਜ ਦੇ ਵਿਕਾਸ ਨੇ ਇਕ ਵਿਗਿਆਨਕઠ ਨਿਆਕ ਤਰੀਕੇ ਨੂੰ ਵਿਕਸਤ ਕੀਤਾ ਹੈ, ਜਿਸ ਨੂੰ ਮਜਬੂਤ ਕਰਕੇ ਹੀ ਸਭਿਆ ਸਮਾਜ ਵਾਂਗ ਜਨਤਾ ਲਈ ਇਨਸਾਫ ਨਿਸਚਿਤ ਕੀਤਾ ਜਾ ਸਕਦਾ ਹੈ।ਇਸ ਗਲ ਦਾ ਖਿਆਲ ਰਖਣ ਦੀ ਲੌੜ ਹੈ ਕਿ ਰਾਜ ਪਰਬੰਧ ਵੀ ਅਜੇਹੀ ਮੰਗ ਨੂੰ ਨਿਆ ਪਰਨਾਲੀ ਨੂੰ ਖੋਰਾ ਲਾੳਣ ਲਈ ਵਰਤ ਸਕਦਾ ਹੈ।

ਇਕ ਮਸ਼ਹੂਰ ਅਮਰੀਕੀ ਮਨੋਵਿਗਿਆਨੀਂ ਐਰਿਕ ਫਰਾਮ ਮੁਤਾਬਕ '' ਬਾਹਰੀ ਮਨੁੱਖੀ ਸੁਭਾਅ ਸਮਾਜਿਕ ਪ੍ਰਕਿਰਿਆ ਦੀ ਪੈਦਾਵਾਰ ਹੈ।'' ਇਸ ਲਈ ਜੋ ਮਨੁਖੀ ਦਰਿੰਦਗੀ ਸਾਹਮਣੇ ਆ ਰਹੀ ਹੈ ਉਸ ਦੀ ਜੜ੍ਹ ਨੂੰ ਸਮਾਜਿਕ ਵਰਤਾਰੇ ਵਿਚੋਂ ਸਮਝਣ ਦੀ ਵੀ ਲੋੜ ਹੈ।

ਪਿਛਲੇ 25 ਸਾਲ ਦੇ ਸਮੇਂ ਨੇ ਇਕ ਪਾਸੇ ਤਾਂ ਆਰਥਕ ਵਾਧੇ ਦਾ ਭਰਮ ਪੈਦਾ ਕੀਤਾ ਹੈ, ਪਰ ਦੂਸਰੇ ਪਾਸੇ ਇਕ ਖ਼ਾਸ ਮਾਨਸਿਕਤਾ ਨੂੰ ਵੀ ਵਧਾਇਆ ਹੈ ਜਿਸ ਵਿਚ ਸਮੂਹਕ ਸਮਾਜਿਕ ਹਿੱਤਾਂ ਨੂੰ ਲਤਾੜਦੇ ਹੋਏ ਵਿਅਕਤੀਵਾਦੀ ਹਿੱਤਾਂ ਦੀ ਪੂਰਤੀ ਨੂੰ ਪਹਿਲ ਦੈਣਾ ਹੈ।ઠ ਇਸੇ ਸਮੇ ਵਿਚ ਪਿੰਡਾਂ ਨੂੰ ਉਜੜਣ ਦੇ ਰਾਹ ਪਾ ਕੇ ਵੱਡੀ ਪੇਂਡੂ ਵਸੋਂ ਨੂੰ ਸ਼ਹਿਰਾਂ ਵਿਚ ਅਣਮਨੁੱਖੀ ਹਾਲਤਾਂ ਵਿਚ ਜਿਊਣ ਦੀ ਮਜਬੂਰੀ ਵੀ ਇਸੇ ਸਮੇਂ ਦੀ ਪੈਦਾਵਾਰ ਹੈ। ਇਸ ਜਿੰਦਗੀ ਦੀ ਤਲਖੀ ਮਨੁਖ ਨੂੰ ਮੂਲ ਮਨੁਖੀ ਗੂਣਾ ਨੂੰ ਖੁੰਡੇ ਕਰ ਕਿઠ ਹੈਵਾਨੀਅਤ ਵਲ ਧਕਦੀ ਹੈ । ਗੈਰ ਮਨੁਖੀ ਮਾਨਸਿਕਤਾ ਵਿਚ ਵਧਾਰੇ ਨੂੰ ਇਸ ਵਰਤਾਰੇ ਨਾਲ ਜੌੜ ਕਿ ਵੀ ਸਮਝਣ ਦੀ ਲੋੜઠ ਹੈ।

ਸੋ 90 ਵਿਆਂ ਤੋਂ ਅਪਣਾਈਆਂ ਗਈਆਂ ਮੰਡੀ ਅਧਾਰਤ ਨਵੀਆਂ ਆਰਥਕ ਨੀਤੀਆਂ ਨੇ ਇਕ ਪਾਸੇ ਯੋਜਨਾਬੱਧ ਢੰਗ ਨਾਲ ਖ਼ਪਤਵਾਦੀ ਸੱਭਿਆਚਾਰ ਪ੍ਰੋਸਿਆ ਹੈ ਜਿਸ ਨਾਲ ਜਗੀਰੂ ਮਾਨਸਿਕਤਾ ਅਤੇ ਭੋਗਵਾਦੀ ਮਾਨਸਿਕਤਾ ਘੁਲਮਿਲ ਗਈਆਂ ਹਨ। ਅਤੇ ਦੂਜੇ ਪਾਸੇ ਰੁਜ਼ਗਾਰ ਦੇ ਮੌਕੇ ਖੋਹ ਕੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵਿਚ ਧਕਕੇ, ਨਸ਼ਿਆਂ ਅਤੇ ਕਾਮ ਉਕਸਾਊ ਸੱਭਿਆਚਾਰ ਵੱਲ ਧੱਕਿਆ ਹੈ । ਇਹ ਲਚਰ ਸਭਿਆਚਾਰ ਔਰਤ ਦੀ ਸਮਾਜਿਕ ਅਜ਼ਾਦੀ 'ਤੇ ਵੱਡਾ ਹਮਲਾ ਹੈ, ਇਸ ਨੇ ਔਰਤ ਨੂੰ ਭੋਗਣ ਵਾਲੀ ਵਸਤੂ ਵਾਂਗ ਪੇਸ਼ ਕੀਤਾ ਹੈ। ਇਸ ਸਮੇ ਵਿਚ ਵਿਸ਼ਵ ਵਪਾਰ ਸੰਸਥਾ ਦੀ ਸਥਾਪਤੀ ਦੇ ਨਾਲઠ ਵਿਦੇਸ਼ੀ ਸ਼ਰਾਬ ਦੇ ਖੁੱਲ੍ਹੇ ਵੇਚਣ ਲਈ ਹਰ ਸਹੂਲਤ ਦਿਤੀ ਗਈ ,ਅਤੇ ਨਸ਼ੀਆਂ ਦਾ ਚਲਨ ਵੀ ਵਡੇ ਪੈਮਾਨੇ ਤੇ ਵਧਿਆ ਹੈ ਜਿਸ ਦਾ ਅਸਰ ਸਮਾਜੀ ਜੀਵਨ ਤੇ ਮਾਰੂ ਪਿਆ ਹੈ।ਖੇਡ੍ਹਾਂ ਦੇ ਨਾਂ ਹੇਠ ਵੀ ਅਸ਼ਲੀਲ ਸੱਭਿਆਚਾਰ ਨੂੰ ਹੀ ਪ੍ਰੋਸਿਆ ਜਾ ਰਿਹਾ ਹੈ।

ਇਹਨਾਂ ਨੀਤੀਆਂ ਦੀ ਮੁਢਲੀ ਦਲੀਲ ਇਹ ਹੈ ਕਿ ਸਰਕਾਰ ਦੀ ਦਖਲ ਅੰਦਾਜ਼ੀ ਘੱਟ ਹੋਣੀ ਚਾਹੀਦੀ ਹੈ। ਆਪਣੇ ਨਾਗਰਿਕਾਂ ਪ੍ਰਤੀ ਰਾਜ ਪਰਬੰਧ ਦੀ ਮੁਡਲੀ ਜ਼ਿਮੇਵਾਰੀ ਹੈ ਕਿ ਉਹ ਉਨਾਂ ਲਈઠ ਸਿਹਤ, ਵਿਦਿਆ ,ਰੁਜ਼ਗਾਰ , ਰਾਹਇਸ਼ ਅਤੇ ਸੁਰਖਿਆ ਯਕੀਨੀ ਬਣਾਏ । ਸਰਕਾਰ ਦੀ ਦਖਲ ਅੰਦਾਜ਼ੀ ਘਟਾਉਣ ਦੇ ਬਹਾਨੇ ਪਹਿਲੇ ਚਾਰ ਹੱਕਾਂ ਤੋਂ ਅਪਣਾ ਹੱਥ ਪਿੱਛੇ ਖਿੱਚ ਹੀ ਲਿਆ ਸੀ ।

ਜਮਹੂਰੀ ਅਧਿਕਾਰ ਸਭਾઠ ਸਮਝਦੀ ਹੈ ਕਿ ਔਰਤਾਂ ਉਪਰ ਜੁਲਮਾਂ ਤੇ ਹਿੰਸਾ ਲਈ ,ਸਾਡੇ ਸਮਾਜ ਵਿਚ ਵਿਚਰ ਰਹੀ ਜਗੀਰੂ ਮਾਨਸਕਤਾ ਤੇ ਖੁਲ੍ਹੀ ਮੰਡੀ ਮਾਰਕਾ ਖਪਤ ਵਾਦੀ ਸਭਿਆਚਾਰ ਜ਼ਿੰਮੇਵਾਰ ਹੈ।ਇਸ ਵਿਰੁਧ ਸਚੇਤ ਮੁਹਿੰਮ ਤੋਂ ਬਿਨਾਂ ਇਸ ਵਰਤਾਰੇ ਨੂੰ ਠਲ ਨਹੀਂ ਪਾਈ ਜਾ ਸਕਦੀ । ਔਰਤਾਂ ਦੀ ਬਰਾਬਰ ਹੈਸੀਅਤ ਦਾ ਪ੍ਰਗਟਾਅ ਹੋਵੇ।

ਅੱਜ ਲੋੜ ਹੈ ਕਿ ਭਾਰਤੀ ਸਮਾਜ ਵਿਚ ਅਜਿਹਾ ਸੱਭਿਆਚਾਰ ਸਿਰਜਿਆ ਜਾਵੇ ਜਿਹੜਾ ਹਰ ਇਕ ਨੂੰ ਵਿਸ਼ੇਸ਼ ਕਰਕੇ ਔਰਤ ਮਰਦ ਨੂੰ ਬਰਾਬਰ ਦੇ ਇਨਸਾਨ ਹੋਣ ਦੀ ਭੋਂਇ ਤਿਆਰ ਕਰੇ।ਇਕਾ ਦੁਕਾ ਬਲਾਤਕਾਰਾਂ ਦੇ ਨਾਲ ਨਾਲ ਰਾਜਤੰਤਰ ਤੇ ਪਰਿਵਾਰਕ ਦਾਇਰੇ ਅੰਦਰ ਬਲਾਤਕਾਰਾਂ ਤੇ ਘਰੇਲੂ ਹਿੰਸਾ ਖਿਲਾਫ ਬਰਾਬਰ ਮੁਹਿੰਮ ਚਲਾਉਣੀ ਹੋਵੇਗੀ।ઠਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਭਲਾ ਚਾਹੁਣ ਵਾਲੇ ਕਿੰਨੇ ਵੀ ਸੱਚੇ ਸੁੱਚੇ ਹੋਣ ਸਮਾਜ ਦਾ ਕੁਝ ਵੀ ਸੁਆਰ ਨਹੀਂ ਸਕਦੇ। ਸਮਾਜਿਕ ਤਬਦੀਲੀ ਤਾਂ ਵਿਗਿਆਨਕ ਸੋਚ ਵਾਲੀ ਗਤੀਸ਼ੀਲ ਸ਼ਕਤੀ ਹੀ ਲਿਆ ਸਕਦੀ ਹੈ।

ਪ੍ਰੋਫੈਸਰ ਜਗਮੋਹਨ ਸਿੰਘ 
ਸੂਬਾ ਕਮੇਟੀ ਜਨਰਲ ਸਕੱਤਰ, ਜਮਹੂਰੀ ਅਧਿਕਾਰ ਸਭਾ
ਪੰਜਾਬ। 

Tuesday, January 8, 2013

ਖਪਤਕਾਰੀ ਸੱਭਿਆਚਾਰ,ਲੱਚਰਤਾ ਤੇ ਸਿਆਸੀ ਆਗੂ

ਦਿੱਲੀ ਵਿੱਚ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਦੁਖਦ ਘਟਨਾ ਵਿਰੁੱਧ ਸਾਰੇ ਦੇਸ਼ ਅੰਦਰ ਬਵਾਲ ਉਠ ਖੜ੍ਹਾ ਹੋਇਆ ਸੀ ।ਪਰ ਇਸ ਦੇ ਬਾਵਜੂਦ ਦੇਸ਼ ਦੇ ਕੋਨੇ ਕੋਨੇ ਤੋਂ ਲੜਕੀਆਂ ਨਾਲ ਬਲਾਤਕਾਰ, ਛੇੜਛਾੜ ਅਤੇ ਹਿੰਸਾ ਦੀਆਂ ਘਟਨਾਵਾਂ ਵਿੱਚ ਕਮੀ ਨਹੀਂ ਆਈ । ਅਸਲ 'ਚ ਇਨ੍ਹਾਂ ਘਟਨਾਵਾਂ ਦੇ ਵਧਣ ਦਾ ਇਕ ਵੱਡਾ ਕਾਰਨ ਪਿਛਲੇ ਦੋ ਦਹਾਕਿਆਂ ਤੋਂ ਨਵ-ਉਦਾਰਵਾਦੀ ਨੀਤੀਆਂ ਰਾਹੀਂ ਵੱਡੇ ਪੱਧਰ 'ਤੇ ਆਇਆ ਖਪਤਕਾਰ ਸਭਿਆਚਾਰ ਹੈ । ਇਸ ਖਪਤਕਾਰ ਸੱਭਿਆਚਾਰ ਨੂੰ ਬੜਾਵਾ ਦੇਣ ਲਈ ਵੱਡੀਆਂ ਕੰਪਨੀਆਂ ਵੱਡੇ ਪੱਧਰ ਤੇ ਭੋਲੇ ਲੋਕਾਂ 'ਚ ਅਸ਼ਲੀਲ ਅਤੇ ਲੱਚਰ ਸੱਭਿਆਚਾਰ ਨੂੰ ਪਰੋਸ ਰਹੀਆਂ ਹਨ । ਦੇਸ਼ ਦੀਆਂ ਪਾਰਲੀਮਾਨੀ ਪਾਰਟੀਆਂ ਵੀ ਲੋਕਾਂ ਤੋਂ ਵੋਟਾਂ ਲਈ ਵੱਡੇ ਇਕੱਠ ਕਰਨ ਲਈ ਅਸ਼ਲੀਲ ਗੀਤ ਸੰਗੀਤ ਦੇਣ ਵਾਲੇ ਕਲਾਕਾਰਾਂ ਨੂੰ ਲੱਖਾਂ-ਕਰੋੜਾਂ ਰੁਪਏ ਦੇ ਕੇ ਬੁਲਾਉਂਦੀਆਂ ਹਨ ।


ਸੁਖਬੀਰ ਬਾਦਲ ਵੱਲੋਂ ਇਕ ਪਾਸੇ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਅਤੇ ਉਨ੍ਹਾਂ ਦੀ ਸਿਹਤ ਸੰਭਾਲ ਲਈ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਨਾਂ 'ਤੇ ਹਰ ਸਾਲ ਕਬੱਡੀ ਟੂਰਨਾਮੈਂਟ ਕਰਵਾਏ ਜਾਂਦੇ ਹਨ । ਪਰ ਦੂਜੇ ਪਾਸੇ ਅਕਸ਼ੈ ਕੁਮਾਰ, ਕੈਟਰੀਨਾ ਕੈਫ, ਦਲਜੀਤ ਦੁਸਾਂਝ ਵਰਗੇ ਕਲਾਕਾਰਾਂ ਤੋਂ ਅਸ਼ਲੀਲ ਗੀਤਾਂ ਅਤੇ ਡਾਂਸ ਕਰਾਏ ਜਾਂਦੇ ਹਨ ਅਤੇ ਇਨ੍ਹਾਂ ਪਰੋਗਰਾਮਾਂ ਨੂੰ ਬੁੱਢਾ ਬਾਦਲ ਵੀ ਬੈਠਾ ਮਾਣ ਰਿਹਾ ਹੁੰਦਾ ਹੈ । 'ਮੈਂ ਹੂੰ ਬਾਲਤਕਾਰੀ..' ਗੀਤ ਗਾਉਣ ਵਾਲੇ ਬਦਨਾਮ ਜੋ ਜੋ ਹਨੀ ਸਿੰਘ ਨਾਲ ਮੁੱਖ ਮੰਤਰੀ ਸ਼ੀਲਾ ਦੀਖਸ਼ਿਤ ਅਤੇ ਉਸ ਦੀ ਇਕ ਹੋਰ ਮੰਤਰੀ ਦਿੱਲੀ ਵਿੱਚ ਇਕ ਫੰਕਸ਼ਨ ਵਿੱਚ ਡਾਂਸ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ ।ਰਾਜਸਥਾਨ ਵਿੱਚ ਭੰਵਰੀ ਦੇਵੀ ਦੇ ਰਾਜਸੀ ਗਲਿਆਰਿਆਂ ਤੱਕ ਸਬੰਧ ਜੱਗ ਜ਼ਾਹਰ ਹੋਣ ਤੋਂ ਬਾਅਦ ਉਸ ਦੇ ਪਿੰਜਰ ਹੀ ਮਿਲਦੇ ਹਨ ।ਕਰਨਾਟਕਾ ਦੀ ਅਸੈਂਬਲੀ ਅੰਦਰ ਬੈਠੇ ਭਾਜਪਾ ਦੇ ਵਿਧਾਇਕ ਇਕ ਅਸ਼ਲੀਲ ਵੀਡੀਓ ਦਾ ਜਾਇਕਾ ਲੈਂਦੇ ਵੀ ਦੇਖੇ ਜਾ ਸਕਦੇ ਹਨ । ਹੁਣੇ ਹੁਣੇ ਬੰਗਾਲ ਦੀ ਤ੍ਰਿਣਾਮੂਲ ਕਾਂਗਰਸ ਪਾਰਟੀ ਨੇ ਆਪਣੀ ਸਰਕਾਰ ਦੀ ਸਾਲਗਿਰ੍ਹਾ ਮਨਾਈ ਹੈ । ਇਸ ਮੌਕੇ ਵੀ ਪਾਰਟੀ ਲੀਡਰਾਂ ਨੇ ਅਸ਼ਲੀਲ ਪਰੋਗਰਾਮ ਕਰਾਏ ਜਿਸ ਤੋਂ ਮਮਤਾ ਬੈਨਰਜ਼ੀ ਨੂੰ ਪੱਲਾ ਝਾੜਨਾ ਪਿਆ । ਅਕਾਲੀ ਪਾਰਟੀ ਦੇ ਆਗੂਆਂ ਵੱਲੋਂ ਸ਼ਰੂਤੀ ਨੂੰ ਅਗਵਾ ਅਤੇ ਬਲਾਤਕਾਰ ਕਰਨ ਅਤੇ ਏ. ਐਸ. ਆਈ. ਦੇਵਿੰਦਰਪਾਲ ਦੀ ਲੜਕੀ ਨਾਲ ਛੇੜਛਾੜ ਕਰਨ ਦੀਆਂ ਘਟਨਾਵਾ ਵਾਪਰੀਆਂ ਹਨ । ਬਾਅਦ ਵਿੱਚ ਅਸੈਂਬਲੀ ਦੇ ਸਮਾਗਮ ਸਮੇਂ ਬਿਕਰਮ ਸਿੰਘ ਮਜੀਠੀਆ ਅਤੇ ਰਾਣਾ ਗੁਰਜੀਤ ਸਿੰਘ ਵਿੱਚਕਾਰ ਜੋ ਅਸ਼ਲੀਲ ਗਾਲੀ ਗਲੋਚ ਹੋਈ , ਉਸ ਨੇ ਤਾਂ ਸਾਰਿਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ । ਹਰਿਆਣਾ ਦੇ ਇਕ ਮੰਤਰੀ ਕਾਂਡਾ ਨਾਬਾਲਗ ਲੜਕੀ ਗੀਤਿਕਾ ਨਾਲ ਹਰ ਕਿਸਮ ਦੇ ਸਬੰਧ ਬਣਾ ਲੈਂਦਾ ਹੈ ਪਰ ਬਾਅਦ ਵਿੱਚ ਕਾਂਡਾ ਤੋਂ ਤੰਗ ਆ ਕੇ ਉਸ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ।

ਅਮਰਿੰਦਰ ਸਿੰਘ ਪਾਕਿਸਤਾਨ ਦੀ ਇਕ ਔਰਤ ਅਰੂਸਾ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ।ਇਸ ਤੋਂ ਇਲਾਵਾ ਕਿੰਨੇ ਹੀ ਮਾਮਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਪੁਸ਼ਤਪਨਾਹੀ ਸਾਡੇ ਦੇਸ਼ ਦੇ ਆਗੂਆਂ ਵੱਲੋ ਕੀਤੀ ਜਾਂਦੀ ਹੈ ।ਪਰ ਜਦੋਂ ਦਿੱਲੀ ਵਰਗੀ ਸੰਗੀਨ ਘਟਨਾ ਵਾਪਰ ਜਾਂਦੀ ਹੈ ਤਾਂ ਦੇਸ਼ ਦੇ ਆਗੂਆਂ ਵੱਲੋਂ ਮਗਰਮੱਛ ਦੇ ਹੰਝੂ ਵਹਾਏ ਜਾ ਰਹੇ ਹਨ, ਪੀੜਤ ਨੂੰ ਪੂਰਾ ਇਨਸਾਫ਼ ਦੇਣ ਲਈ ਕਦਮ ਪੁੱਟਣ ਦੇ ਵਾਅਦੇ ਕੀਤੇ ਜਾਂਦੇ ਹਨ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ । ਲੋਕਾਂ ਨੂੰ ਪਤਾ ਹੈ ਕਿ ਇਹ ਕੋਈ ਨਵਾ ਵਰਤਾਰਾ ਨਹੀਂ ਹੈ। ਹਰ ਵੱਡੀ ਘਟਨਾ ਤੋਂ ਬਾਅਦ ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਏਹੀ ਦੁਹਰਾਇਆ ਜਾਂਦਾ ਹੈ ਪਰ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ । ਦੇਸ਼ ਦੇ ਰਾਜ ਪ੍ਰਬੰਧ ਵਿੱਚ ਗਿਰਾਵਟ ਤੇਜੀ ਨਾਲ ਵਧਦੀ ਜਾ ਰਹੀ ਹੈ ਅਤੇ ਇਸ ਨਿਘਰ ਚੁੱਕੀ ਵਿਵਸਥਾ ਨੂੰ ਦਰੁਸਤ ਕਰਨ ਦੀ ਇੱਛਾ-ਸ਼ਕਤੀ ਸਾਡੇ ਦੇਸ਼ ਦੇ ਆਗੂ ਗੁਆ ਚੁੱਕੇ ਹਨ ਅਤੇ ਇਸ ਨੂੰ ਦਰੁਸਤ ਕਰਨ ਦਾ ਬੀੜਾ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਚੁੱਕਣਾ ਪਵੇਗਾ ।

'ਗੈਂਗ ਰੇਪ ਲਈ ਦਾਮਿਨੀ ਹੀ ਜਿੰਮੇਂਵਾਰ': ਇਕ ਵਿਗਿਆਨਕ 

ਦਿੱਲੀ ਸਮੂਹਿਕ ਬਲਾਤਕਾਰ ਦੀ ਵਹਿਸ਼ੀ ਘਟਨਾ ਖ਼ਿਲਾਫ਼ ਦੇਸ਼ ਦੇ ਹਰ ਹਿੱਸੇ ਅੰਦਰ ਵੱਖ ਵੱਖ ਢੰਗਾਂ ਰਾਹੀਂ ਵਿਆਪਕ ਰੋਸ ਅਤੇ ਗੁਸੇ ਦਾ ਪ੍ਰਗਟਾਅ ਹੋਇਆ ਹੈ । ਇਹ ਪ੍ਰਤੀਰੋਧ ਦੇਸ਼ ਭਰ ਅੰਦਰ ਔਰਤਾਂ ਨਾਲ ਹਰ ਰੋਜ ਹੋ ਰਹੇ ਬਲਾਤਕਾਰ, ਛੇੜਛਾੜ ਅਤੇ ਹਿੰਸਾ ਵਿਰੁੱਧ ਉੱਠੇ ਰੋਹ ਦੇ ਬੱਝਵੇਂ ਇਜ਼ਹਾਰ ਦਾ ਰੂਪ ਵੀ ਹੈ। ਪਰ ਭਾਰਤ ਅੰਦਰ ਅਜਿਹੇ ਸਨਕੀ ਵਿਅਕਤੀਆਂ ਦੀ ਵੀ ਘਾਟ ਨਹੀਂ ਹੈ ਜੋ ਔਰਤਾਂ ਨਾਲ ਹੋ ਰਹੇ ਅਨਿਆਂ ਦਾ ਭਾਂਡਾ ਵੀ ਔਰਤਾਂ ਸਿਰ ਭੰਨਦੇ ਹਨ । ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੜਕੀਆਂ ਦੇ ਵਿਆਹ ਦੀ ਉਮਰ ਘਟਾ ਦੇਣੀ ਚਾਹੀਦੀ ਹੈ, ਲੜਕੀਆਂ ਨੂੰ ਭੜਕੀਲਾ ਲਿਬਾਸ ਨਹੀਂ ਪਾਉਣਾ ਚਾਹੀਦਾ, ਉਨ੍ਹਾਂ ਨੂੰ ਜੀਨਾਂ ਅਤੇ ਸਕੱਰਟਾਂ ਨਹੀਂ ਪਾਉਣੀਆਂ ਚਾਹੀਦੀਆਂ, ਉਨ੍ਹਾਂ ਲਈ ਸਕੂਲਾਂ ਵਿੱਚ ਕਮੀਜ਼ ਸਲਵਾਰ ਦੀ ਵਰਦੀ ਹੋਣੀ ਚਾਹੀਦੀ ਹੈ, ਲੜਕੀਆਂ ਲਈ ਮੋਬਾਈਲ ਵਰਤਣ 'ਤੇ ਮਨਾਹੀ ਹੋਣੀ ਚਾਹੀਦੀ ਹੈ, ਉਨ੍ਹਾਂ ਨੂੰ ਚੁੰਨੀ ਨਾਲ ਸਰੀਰ ਕੱਜਣਾ ਚਾਹੀਦਾ ਆਦਿ । ਅਜਿਹੀ ਹੀ ਮਾਨਸਿਕਤਾ ਦਾ ਇਜ਼ਹਾਰ ਦਿੱਲੀ ਦੀ ਡਾ: ਅਨੀਤਾ ਸ਼ੁਕਲਾ ਨੇ ਕੀਤਾ ਜੋ ਖੇਤੀ ਖੋਜ ਕੇਂਦਰ ਦੀ ਇਕ ਵਿਗਿਆਨਕ ਹੈ ਅਤੇ ਲਾਇਨਜ਼ ਕਲੱਬ ਦੀ ਪ੍ਰਧਾਨ ਹੈ । ਜਦੋਂ ਉਹ 'ਔਰਤਾਂ ਪ੍ਰਤੀ ਸੰਵੇਦਨਸ਼ੀਲਤਾ' ਦੇ ਵਿਸ਼ੇ 'ਤੇ ਇਕ ਸੈਮੀਨਰ ਵਿੱਚ ਬੋਲਦੀ ਹੋਈ ਕਹਿ ਰਹੀ ਸੀ ਕਿ ਦਿੱਲੀ ਸਮੂਹਿਕ ਬਲਾਤਕਾਰ ਕਾਂਡ ਦੀ ਪੀੜਤ ਲੜਕੀ ਖੁਦ ਹੀ ਇਸ ਦੁਸ਼ਕਰਮ ਲਈ ਜਿੰਮੇਂਵਾਰ ਸੀ । ਉਸ ਨੇ ਕਿਹਾ, 'ਰਾਤ ਦੇ 10 ਵਜੇ ਲੜਕੀ ਘਰ ਤੋਂ ਬਾਹਰ ਕੀ ਕਰ ਰਹੀ ਸੀ ? ਬੁਆਏ ਫਰੈਂਡ ਦੇ ਨਾਲ ਰਾਤ ਨੂੰ ਜੇ ਕੋਈ ਲੜਕੀ ਘਰੋਂ ਬਾਹਰ ਨਿਕਲੇਗੀ ਤਾਂ ਉਸ ਨਾਲ ਏਹੀ ਕੁਝ ਹੋਊਗਾ' ।ਬਾਪੂ ਆਸਾ ਰਾਮ ਬੇਸ਼ਰਮੀ ਦੀ ਹੱਦ ਪਾਰ ਕਰਕੇ (ਉਸਤੋਂ ਤਾਂ ਹੋਰ ਕੋਈ ਉਮੀਦ ਵੀ ਨਹੀਂ) ਲੜਕੀ ਨੂੰ ਦੋਸ਼ੀ ਮੰਨਦਾ ਹੋਇਆ ਉਸਨੂੰ ''ਦਰਿੰਦਿਆਂ ਨੂੰ ਧਰਮ ਦੇ ਭਾਈ ਕਹਿਣ ਦੀ ਦੁਹਾਈ ਪਾਉਣ ਤੇ ਉਸ ਸਮੇਂ ਸਰਸਵਤੀ ਮੰਤਰ ਦਾ ਜਾਪ ਕਰਨ ਦਾ ਉਪਦੇਸ਼ ਦੇ ਰਿਹਾ ਹੈ।''

ਜਿਥੇ ਦੇਸ਼ ਭਰ ਅੰਦਰ ਉਸ ਲੜਕੀ ਵੱਲੋਂ ਦੋਸ਼ੀਆਂ ਵਿਰੁੱਧ ਕੀਤੇ ਗਏ ਸਾਹਸੀ ਪ੍ਰਤੀਰੋਧ ਦੀ ਦਾਦ ਦਿੱਤੀ ਜਾ ਰਹੀ, ਉਸ ਨੂੰ ਵੀਰਾਂਗਨਾ ਵਾਲਾ ਰੁਤਬਾ ਪ੍ਰਦਾਨ ਕੀਤਾ ਜਾ ਰਿਹਾ ਹੈ, ਉਸ ਨੂੰ ਆਪਣਾ ਰੋਲ ਮਾਡਲ ਮੰਨਿਆ ਜਾ ਰਿਹਾ ਹੈ, ਉਸ ਦੀ ਮੌਤ ਸਮੇੇਂ ਉਸ ਨੂੰ 'ਸਿਵਿਆਂ ਵਿੱਚ ਬਲੀ ਇਕ ਮਸ਼ਾਲ' ਕਿਹਾ ਜਾ ਰਿਹਾ ਹੈ, ਉਥੇ ਇਸ ਵਿਗਿਆਨੀ ਨੇ ਉਸ ਨੂੰ ਕਾਇਰ ਕਰਾਰ ਦਿੰਦਿਆਂ ਕਿਹਾ, 'ਹਾਥ ਪਾਂਵ ਮੇਂ ਦਮ ਨਹੀਂ, ਹਮ ਕਿਸੀ ਸੇ ਕਮ ਨਹੀਂ ।' ਛੇ ਲੋਕਾਂ 'ਚ ਘਿਰਨ ਤੋਂ ਬਾਅਦ ਲੜਕੀ ਨੇ ਜੇ ਆਤਮ-ਸਮੱਰਪਣ ਕਰ ਦਿੱਤਾ ਹੁੰਦਾ ਤਾਂ ਉਸ ਦੀਆਂ ਅੰਤੜੀਆਂ ਨਿਕਾਲਣ ਦੀ ਨੌਬਤ ਨਾ ਆਉਂਦੀ'। ਇਸ ਵਿਗਿਆਨਕ ਔਰਤ ਨੇ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀਆਂ ਖੁਲ੍ਹਾਂ ਦਾ ਇਹ ਕਹਿਕੇ ਵਿਰੋਧ ਕੀਤਾ ਕਿ ਔਰਤਾਂ ਨੇ ਇਨ੍ਹਾਂ ਦੀ ਨਜਾਇਜ਼ ਵਰਤੋਂ ਕੀਤੀ ਹੈ, ਉਸ ਨੇ ਕਿਹਾ, 'ਔਰਤਾਂ ਨੇ ਸਹੂਲਤਾਂ ਅਤੇ ਅਧਿਕਾਰਾਂ ਦਾ ਗਲਤ ਇਸਤੇਮਾਲ ਕੀਤਾ ਹੈ'। ਕਮਾਲ ਦੀ ਗੱਲ ਇਹ ਸੀ ਕਿ ਇਸ ਔਰਤ ਨੂੰ ਸੈਮੀਨਾਰ ਵਿੱਚ ਹਾਜਰ ਆਹਲਾ ਅਫ਼ਸਰ ਚੁੱਪ ਚਾਪ ਸੁਣਦੇ ਰਹੇ ਜਿਨ੍ਹਾਂ ਵਿੱਚ ਬਹੁਤੇ ਪੁਲਸੀਏ ਸਨ ।

ਭਾਰਤ ਉਹ ਦੇਸ਼ ਹੈ ਜਿਥੇ ਪਾਰਲੀਮੈਂਟ ਵਿੱਚ ਔਰਤਾਂ ਨੂੰ 33 ਪ੍ਰਤੀਸ਼ਤ ਰਾਖਵਾਂ ਕਰਨ, ਔਰਤਾਂ ਦੇ ਸ਼ਕਤੀਕਰਨ, ਔਰਤ ਮਰਦ ਦੀ ਬਰਾਬਰੀ, ਔਰਤ ਦੀ ਸੁਰੱਖਿਆ ਲਈ ਅਨੇਕਾਂ ਕਾਨੂੰਨ ਬਣੇ ਹੋਏ ਹਨ । ਪਰ ਇਹ ਸਾਰੇ ਕਾਨੂੰਨ ਕਾਗਜ਼ਾਂ ਦਾ ਸ਼ਿੰਗਾਰ ਬਣੇ ਹੋਏ ਹਨ । ਭਾਰਤ ਅੰਦਰ ਅਜੇ ਵੀ ਪੈਤਰਕ ਪਰੰਪਰਾਵਾਂ ਭਾਰੂ ਹਨ । ਔਰਤ ਨੂੰ ਅਜੇ ਵੀ ਬੱਚੇ ਪੈਦਾ ਕਰਨ ਅਤੇ ਮਰਦ ਦੀ ਕਾਮਵਾਸਨਾ ਪੂਰੀ ਕਰਨ ਵਾਲੀ ਵਸਤੂ ਦੇ ਤੌਰ 'ਤੇ ਲਿਆ ਜਾਂਦਾ ਹੈ । ਔਰਤਾਂ ਨਾ ਘਰ ਅੰਦਰ ਅਤੇ ਨਾ ਘਰੋਂ ਬਾਹਰ ਸੁਰੱਖਿਅਤ ਹਨ । ਦਰਅਸਲ ਔਰਤਾਂ ਉਪਰ ਵੱਖ ਵੱਖ ਕਿਸਮ ਦੀਆਂ ਬੰਦਸ਼ਾਂ ਲਾਉਣ ਦੀ ਬਜਾਏ ਲੋੜ ਤਾਂ ਇਸ ਗੱਲ ਦੀ ਕਿ ਸਾਡੇ ਸਮਾਜ ਅੰਦਰ ਅਜਿਹੀਆਂ ਹਾਲਤਾਂ ਪੈਦਾ ਕੀਤੀਆਂ ਜਾਣ ਕਿ ਜਿਥੇ ਮਰਦ ਅਤੇ ਔਰਤਾਂ ਨੂੰ ਬਰਾਬਰ ਦਾ ਰੁਤਬਾ ਪ੍ਰਦਾਨ ਹੋਵੇ, ਉਹ ਰਾਤ ਦਿਨ ਬੇਖੌਫ ਤੁਰ ਫਿਰ ਸਕਣ, ਆਪਣੀ ਜਿੰਦਗੀ ਦਾ ਖੁਦ ਫੈਸਲਾ ਕਰ ਸਕਣ, ਆਪਣੀ ਮਰਜ਼ੀ ਨਾਲ ਜਿਓਂ ਸਕਣ, ਹਰ ਵਿਅਕਤੀ ਨੂੰ ਪੂਰਨ ਸ਼ਹਿਰੀ ਆਜ਼ਾਦੀਆਂ ਹੋਣ ਅਤੇ ਸਾਡੇ ਸਮਾਜ ਦਾ ਪੂਰਨ ਜਮਹੂਰੀਕਰਨ ਹੋਵੇ । ਅਜਿਹਾ ਕਰਨ ਲਈ ਮੌਜੂਦਾ ਵਿਵਸਥਾ ਨੂੰ ਮੁੱਢੋਂ ਸੁੱਢੋਂ ਤਬਦੀਲ ਕਰਨ ਦੀ ਲੋੜ ਹੈ ।

ਮਨਦੀਪ
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ। 98
98764-42052

Wednesday, January 2, 2013

ਰੋਣਾ ਛੱਡੋ ਤੇ ਜ਼ੁਲਮ ਦਾ ਟਾਕਰਾ ਕਰੋ

ਦਿੱਲੀ ਵਾਲੀ ਲੜਕੀ ਨਾਲ ਬਲਾਤਕਾਰ ਦੀ ਮੰਦਭਾਗੀ ਦੁਰਘਟਨਾ ਨੇ ਜਿੱਥੇ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਭਾਰਤੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉੱਥੇ ਕੌਮਾਂਤਰੀ ਪੱਧਰ 'ਤੇ ਵੀ ਭਾਰਤ ਨੂੰ ਇੱਕ ਔਰਤ ਵਾਸਤੇ ਨਾ ਮਹਿਫੂਜ਼ ਦੇਸ਼ ਗਰਦਾਨ ਦਿੱਤਾ ਹੈ। ਕਿਸੇ ਦੇਸ਼ ਦਾ ਟੀ ਵੀ ਜਾਂ ਰੇਡੀਓ ਸਟੇਸ਼ਨ ਲਾ ਲਓ ਬੱਸ ਪਹਿਲੀ ਖ਼ਬਰ ਉਸ ਮੰਦਭਾਗੀ ਲੜਕੀ ਦੀ ਹੀ ਅੱਜ ਤੱਕ ਹੁੰਦੀ ਆਈ ਹੈ ।


ਇਹ ਸਾਰੀ ਘਟਨਾ 'ਤੇ ਜੇ ਸਰਸਰੀ ਜਿਹਾ ਧਿਆਨ ਮਾਰਿਆ ਜਾਵੇ ਤਾਂ ਸੱਭ ਤੋਂ ਮੁੱਖ ਦੋਸ਼ੀ ਬੱਸ ਦਾ ਡਰਾਇਵਰ ਅਤੇ ਉਸਦਾ ਭਰਾ ਹੈ। ਜਿੰਨ੍ਹਾਂ ਨੇ ਬਾਕੀ ਚਾਰ ਜਣਿਆਂ ਦਾ ਸਾਥ ਦਿੱਤਾ। ਇਹ ਕਾਰਾ ਕਰਨ ਤੋਂ ਪਹਿਲਾਂ ਉਹਨੀਂ ਕਿਸੇ ਗਰੀਬ ਰੇੜ੍ਹੀ ਵਾਲੇ ਨੂੰ ਵੀ ਕੁੱਟ ਮਾਰ ਕਰਕੇ ਲੁੱਟਿਆ। ਫਿਰ ਸ਼ਰਾਬ ਵਗੈਰਾ ਪੀ ਕੇ ਜਾਂ ਹੋਰ ਕੋਈ ਨਸ਼ਾ ਕਰਕੇ ਬਾਕੀ ਦੋਸ਼ੀਆਂ ਨਾਲ ਰਲਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜੇ ਬੱਸਾਂ ਗੱਡੀਆਂ ਵਾਲੇ ਹੀ ਬੇਈਮਾਨ ਹੋ ਜਾਣ ਤਾਂ ਫੇਰ ਲੋਕਾਂ ਨੂੰ ਭਰੋਸਾ ਹੋਰ ਕਿਸ ਸਵਾਰੀ ਵਾਲੇ 'ਤੇ ਹੋ ਸਕਦਾ ਹੈ ?

ਸਜ਼ਾ ਕਿਹੋ ਜਿਹੀ ਹੋਵੇ: ਹੁਣ ਰਹੀ ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ, ਉਹ ਕਈ ਤਰਾਂ ਦੇ ਸੁਝਾਅ ਲੋਕ ਦੇ ਰਹੇ ਹਨ ਆਪੋ ਆਪਣੀ ਬੁੱਧੀ ਅਨੁਸਾਰ। ਪੀੜਿਤ ਲੜਕੀ ਦਾਮਿਨੀ ਦੀ ਮੌਤ ਤੋਂ ਬਾਦ ਦੋਸ਼ੀਆਂ 'ਤੇ ਕਨੂੰਨ ਦੀ ਧਾਰਾ ਵੀ ਬਦਲ ਦਿੱਤੀ ਗਈ ਹੈ ਜਿਸ ਵਿੱਚ ਹੁਣ ਬਲਾਤਕਾਰ ਦੇ ਨਾਲ ਕਤਲ ਵੀ ਜੋੜ ਦਿੱਤਾ ਗਿਆ ਹੈ। ਕੋਈ ਇਨ੍ਹਾਂ ਨੂੰ ਨਿਪੁੰਸਕ ਕਰਨ ਨੂੰ ਕਹਿੰਦਾ ਹੈ,ਕੋਈ ਤੀਹ ਸਾਲ ਦੀ ਲੰਬੀ ਸਜ਼ਾ ਜੇਲ੍ਹ ਵਿੱਚ ਰੱਖਣ ਲਈ ਕਹਿ ਰਿਹਾ ਹੈ ਅਤੇ ਬਹੁੱਤੇ ਲੋਕ ਇਨ੍ਹਾਂ ਦੇ ਗਲ਼ ਵਿੱਚ ਫੰਦਾ ਪਾਉਣ ਨੂੰ ਕਹਿ ਰਹੇ ਹਨ ।

ਹੁਣ ਪਹਿਲੀ ਸਜ਼ਾ ਨਿਪੁੰਸਕ ਵਾਲੀ ਇਨ੍ਹਾਂ 'ਤੇ ਲਾਗੂ ਨਹੀਂ ਹੁੰਦੀ ਕਿਉਂਕਿ ਇਨ੍ਹਾਂ ਦੋਸ਼ੀਆਂ ਨੇ ਉਸ ਲੜਕੀ ਨਾਲ ਇਕੱਲਾ ਬਲਾਤਕਾਰ ਹੀ ਨਹੀਂ ਕੀਤਾ ਸਗੋਂ ਅੱਤ ਦਰਜੇ ਦੇ ਤਸੀਹੇ ਦੇ ਕੇ ਉਸ ਨੂੰ ਅਤੇ ਉਸਦੇ ਦੋਸਤ ਲੜਕੇ ਨੂੰ ਅੱਧੀ ਰਾਤ ਨੂੰ ਨਗਨ ਅਵਸਥਾ ਵਿੱਚ ਮਰਿਓ ਸਮਝਕੇ ਜਾਂ ਮਰਨ ਲਈ ਇੰਨੀ ਜ਼ਿਆਦਾ ਸਰਦੀ ਵਿੱਚ ਉੱਚੇ ਪੁੱਲ ਦੇ ਉੱਤੋਂ ਬੱਸ ਵਿੱਚੋਂ ਭੁੰਜੇ ਵਗਾ ਮਾਰਿਆ। ਜੋ ਘੱਟੋ-ਘੱਟ ਇੱਕ ਘੰਟੇ ਦੇ ਕਰੀਬ ਜ਼ਿੰਦਗੀ ਮੌਤ ਨਾਲ ਇੰਨੀ ਠੰਡ ਵਿੱਚ ਤੜਫਦੇ ਰਹੇ।


ਦੂਜੀ ਤੀਹ ਸਾਲ ਵਾਲੀ ਲੰਬੀ ਸਜ਼ਾ ਵੀ ਇਨ੍ਹਾਂ ਦੇ ਕਾਲ਼ੇ ਕਾਰਨਾਮੇ ਲਈ ਥੋੜ੍ਹੀ ਹੈ। ਨਾਲੇ ਉਸ ਸਜਾ ਵਿੱਚ ਕਿਤੇ ਨਾ ਕਿਤੇ ਚਾਣਸ ਜੇਹਲੋਂ ਛੁੱਟ ਜਾਣ ਦਾ ਹੁੰਦਾ ਹੈ। ਇਹੋ ਜਿਹੇ ਸੰਗੀਨ ਜੁਰਮਾਂ ਦੇ ਕਰਿੰਦੇ ਫਿਰ ਉਹੀ ਕਾਰੇ ਕਰਨ 'ਤੇ ਉੱਤਰ ਆਉਂਦੇ ਹਨ, ਜਿਹੋ ਜਿਹੇ ਉਹ ਪਹਿਲਾਂ ਕਰਕੇ ਜੇਲ੍ਹ ਵਿੱਚ ਗਏ ਹੁੰਦੇ ਹਨ।

ਇਸ ਕਰਕੇ ਇਨ੍ਹਾਂ ਸਾਰੇ ਅਪਰਾਧੀਆਂ ਨੂੰ ਸਜ਼ਾ-ਏ-ਮੌਤ ਲਾਜ਼ਮੀ ਮਿਲਣੀ ਚਾਹੀਦੀ ਹੈ। ਉਹ ਵੀ ਸ਼ਰੇਆਮ ਦਿੱਨ ਨੂੰ ਚੁਰਾਹੇ ਦੇ ਵਿੱਚ ਕਿਸੇ ਉੱਚੀ ਚੀਜ ਨਾਲ ਟੰਗ ਕੇ ਜਿਵੇਂ ਕਰੇਨ ਵਗੈਰਾ ਨਾਲ (ਜਿਵੇਂ ਏਸ਼ੀਆ ਦਾ ਇੱਕ ਦੇਸ਼ ਕਰਦਾ ਹੈ ਇੱਥੇ ਨਾਂ ਲਿਖਣਾ ਜ਼ਰੂਰੀ ਨਹੀਂ ) ਇਸ ਤਰਾਂ ਟੰਗ ਕੇ ਮਾਰਨ ਤੋਂ ਬਾਦ ਉਹਨਾਂ ਦੀਆਂ ਲਾਸ਼ਾਂ ਘੱਟੋ-ਘੱਟ ਸੱਤ ਦਿੱਨ ਲਮਕਦੀਆਂ ਰਹਿਣ ਦੇਣੀਆਂ ਚਾਹੀਦੀਆਂ ਹਨ। ਨਾਲੇ ਦੇਸ਼ ਦੇ ਸਾਰੇ ਟੀ-ਵੀ ਚੈਨਲਾਂ ਨੂੰ ਹਦਾਇਤਾਂ ਦਿੱਤੀਆਂ ਜਾਣ ਕਿ ਤੁਸੀਂ ਸੱਤੇ ਦਿੱਨ ਸਿਰਫ ਇਹੋ ਹੀ ਮੁੱਖ ਖ਼ਬਰ ਪਹਿਲਾਂ ਦਿਖਾਉਣੀ ਹੈ। ਖ਼ਾਸ ਕਰਕੇ ਉਨ੍ਹਾਂ ਚੈਨਲਾਂ 'ਤੇ ਇੱਕ ਦਿੱਨ ਜ਼ਿਆਦਾ ਦਿਖਾਉਣ ਦੀ ਹਦਾਇਤ ਕਰਨੀ ਚਾਹੀਦੀ ਹੈ। ਜੋ ਸਾਰਾ ਦਿੱਨ ਸਿਰਫ ਬਲਾਤਾਕਾਰ 'ਤੇ ਕਤਲਾਂ ਵਾਲੀਆਂ ਫਿਲਮਾਂ ਦਿਖਾਉਂਦੇ ਰਹਿੰਦੇ ਹਨ। ਜੇ ਕਰ ਇਨ੍ਹਾਂ ਦੋਸ਼ੀਆਂ ਲਈ ਇਸ ਤਰਾਂ ਸ਼ਰੇਆਮ ਫਾਂਸੀ ਟੰਗਣ ਲਈ ਕੋਈ ਜਲਾਦ ਨਾ ਮੰਨੇ ਤਾਂ ਜੇ ਕੋਈ ਨਵੰਬਰ 1984 ਵਿੱਚ ਕੀਤੇ ਗਏ ਨਿਰਦੋਸ਼ ਸਿੱਖਾਂ ਦੇ ਕਾਤਲ ਲੱਭ ਪਏ ਹੋਣ ਤਾਂ ਇਹ ਸੇਵਾਵਾਂ ਉਨ੍ਹਾਂ ਤੋਂ ਲਈਆਂ ਜਾਣ। ਜਿਸ ਦੇ ਇਵਜ਼ ਬਦਲੇ ਉਹਨਾਂ ਦੇ ਉੱਨੇ ਕਤਲ ਕੇਸ ਮਾਫ ਕਰ ਦਿੱਤੇ ਜਾਣ ਜਿੰਨੇ ਦੋਸ਼ੀਆਂ ਨੂੰ ਉਹ ਇਸ ਚਰਾਹੇ ਵਿੱਚ ਲੱਗੀ ਫਾਂਸੀ 'ਤੇ ਲਟਕਾਉਣਗੇ।

ਕਿਉਂ ਹੁੰਦੇ ਹਨ ਇਹੋ ਜਿਹੇ ਅਪਰਾਧ: ਅੱਜ ਦੇਸ਼ ਦਾ ਸਾਰਾ ਢਾਂਚਾ ਭਰਿਸ਼ਟ ਹੋ ਚੁੱਕਾ ਹੈ। ਜਦੋਂ ਚੋਣਾਂ ਹੁੰਦੀਆਂ ਹਨ ਤਾਂ ਅਪਰਾਧੀ ਕਿਸਮ ਦੇ ਲੋਕ ਪੈਸੇ ਦੇ ਬਲਬੂਤੇ ਅਪਣੀਆਂ ਪਾਰਟੀਆਂ ਤੋਂ ਟਿਕਟਾਂ ਖਰੀਦਦੇ ਹਨ, ਜਿਨ੍ਹਾਂ 'ਤੇ ਕਤਲ, ਬਲੈਕ ਅਤੇ ਧੋਖਾਧੜੀ ਦੇ ਕੇਸ ਚੱਲਦੇ ਹੁੰਦੇ ਹਨ। ਕਨੂੰਨ, ਅਦਾਲਤਾਂ ਅਤੇ ਪਾਰਟੀਆਂ ਇਹ ਕਹਿੰਦੀਆਂ ਹਨ ਕਿ “ ਹਾਲੇ ਕਿਹੜਾ ਇਹ ਕੇਸ ਇਨ੍ਹਾਂ ਉੱਤੇ ਸਿੱਧ ਹੋਏ ਹਨ ਜਦੋਂ ਸਿੱਧ ਹੋ ਗਏ ਉਦੋਂ ਇਨ੍ਹਾਂ ਨੂੰ ਵਾਪਸ ਬੁਲਾ ਲਵਾਂਗੇ''। ਇੱਥੋਂ ਹੀ ਚੋਰ ਮੋਰੀਆਂ ਕਾਰਨ ਅਪਰਾਧੀ ਪਨਪਦੇ ਰਹਿੰਦੇ ਹਨ।

ਮਾਪਿਆਂ ਵਲੋਂ ਸਿੱਖਿਆ ਦੀ ਘਾਟ: ਅੱਜ ਦਾ ਯੁੱਗ ਖ਼ਬਤ ਦਾ ਯੁੱਗ ਹੈ ਇਸ ਕਰਕੇ ਬਹੁੱਤ ਸਾਰਿਆਂ ਨੂੰ ਇਹ ਹੀ ਫਿਕਰ ਲੱਗਾ ਰਹਿੰਦਾ ਹੈ ਕਿ ਕਿਵੇਂ ਵੱਧ ਤੋਂ ਵੱਧ ਗਲਤ ਢੰਗ ਨਾਲ ਪੈਸੇ ਜਾਂ ਮੁਨਾਫਾ ਕਮਾਇਆ ਜਾਵੇ। ਮਾਪਿਆਂ ਨੂੰ ਆਪਣੇ ਬੱਚਿਆਂ ਦਾ ਪੂਰਾ ਪੂਰਾ ਖਿਆਲ ਰੱਖਣਾ ਚਾਹੀਦਾ ਨਾਲੇ ਚੰਗੀ 'ਤੇ ਮਿਆਰੀ ਉੱਚੀ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਦੇਸ਼ ਦੇ ਚੰਗੇ ਸ਼ਹਿਰੀ ਬਣਨ ਅਤੇ ਦੇਸ਼ ਦੀ ਉਸਾਰੀ ਵਿੱਚ ਆਪਣਾ ਬਣਦਾ ਸਰਦਾ ਯੋਗਦਾਨ ਪਾ ਸਕਣ ।

ਸਕੂਲਾਂ ਵਿੱਚ ਮਿਆਰੀ ਸਿੱਖਿਆ ਦੀ ਘਾਟ : ਸਾਰੇ ਸਕੂਲਾਂ ਵਿੱਚ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਉਚਿੱਤ ਸਿੱਖਿਆ ਦੇਣ ਕਿੳਂਕਿ ਬੱਚਿਆਂ ਨੇ ਆਪਣੇ ਮਾਪਿਆਂ ਤੋਂ ਬਾਦ ਉਹੀ ਕੁੱਝ ਗ੍ਰਹਿਣ ਕਰਨਾ ਹੁੰਦਾ ਹੈ ਜੋ ਉਨ੍ਹਾਂ ਨੇ ਵਿੱਦਿਆ ਦੇ ਮੰਦਰਾਂ 'ਚੋਂ ਸਿੱਖਣਾ ਹੁੰਦਾ ਹੈ। ਬਹੁਤ ਵਾਰੀ ਇਹੋ ਜਿਹੀਆਂ ਖ਼ਬਰਾਂ ਪੜ੍ਹਨ/ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਵਿੱਚ ਸਕੂਲ ਦੇ ਕਿਸੇ ਅਧਿਆਪਕ ਵਲੋਂ ਆਪਣੇ ਸਕੂਲ ਵਿੱਚ ਪੜ੍ਹਦੀ ਕਿਸੇ ਬੱਚੀ ਨਾਲ ਮੂੰਹ ਕਾਲਾ ਕੀਤਾ ਹੁੰਦਾ ਹੈ। ਇਸ ਕਰਕੇ ਅਧਿਆਪਕਾਂ ਨੂੰ ਇੱਕ ਚੰਗਾ ਚਰਿੱਤਰ ਪੇਸ਼ ਕਰਨਾ ਚਾਹੀਦਾ ਹੈ ਆਪਣੇ ਸਕੂਲ ਦੇ ਵਿੱਦਿਆਰਥੀਆਂ ਦੇ ਸਾਹਮਣੇ।

ਪੁਲਿਸ ਅਤੇ ਫੌਜ਼ ਦਾ ਸਹੀ ਕਿਰਦਾਰ: ਪੁਲਿਸ ਅਤੇ ਫੌਜ਼ ਦਾ ਉੱਚਾ ਚਰਿੱਤਰ ਹੋਣਾ ਚਾਹੀਦਾ ਹੈ। ਤਾਂ ਕਿ ਲੋਕਾਂ ਨੂੰ ਇਨ੍ਹਾਂ 'ਤੇ ਯਕੀਨ ਹੀ ਨਾ ਹੋਵੇ ਬਲਕਿ ਪੱਕਾ ਵਿਸ਼ਵਾਸ ਹੋਵੇ ਕਿ ਇਹ ਲੋਕ ਸਾਡੀ ਸੁਰੱਖਿਆ ਵਾਸਤੇ ਹਨ ਇਹ ਸਾਡੇ ਹੀ ਭੈਣ/ਭਰਾ ਹਨ। ਫਿਰ ਹੀ ਸਮਾਜ ਵਿੱਚ ਇਹੋ ਜਿਹੀਆਂ ਨਾ ਪੱਖੀ ਘਟਨਾਵਾਂ ਨੂੰ ਠੱਲ ਪਾਈ ਜਾ ਸਕਦੀ ਹੈ। ਪਰ ਕਈ ਵਾਰ ਦੇਖਣ/ਸੁਣਨ ਵਿੱਚ ਅਇਆ ਹੈ ਕਿ ਇਹ ਦੋਵੇਂ ਸੁਰੱਖਿਆ ਕਰਮੀ ਆਪ ਇੰਨੇ ਇਖ਼ਲਾਕੀ ਤੌਰ 'ਤੇ ਗਿਰ ਜਾਂਦੇ ਹਨ ਛੋਟੇ ਤੋਂ ਵੱਡੇ ਅਫਸਰ ਤੱਕ ਕਿ, ਨਾ ਸਿਰਫ ਆਪ ਇਹ ਕਿਸੇ ਨਿਰਦੋਸ਼ ਅੱਬਲਾ ਨਾਲ ਬਲਾਤਕਾਰ ਹੀ ਕਰਦੇ ਹਨ ਸਗੋਂ ਉਸ ਨਿਮਾਣੀ ਅਬਲਾ ਦੇ ''ਪੇਟ'' ਵਿੱਚ ਪੱਥਰ ਵੀ ਘਸੋੜ ਦਿੰਦੇ ਹਨ ਤਾਂ ਕਿ ਇਹੋ ਜਿਹਾ ਦਿੱਲ ਹਲੂਣਾ ਮੰਜ਼ਰ ਦੇਖ/ਸੁਣਕੇ ਹੋਰ ਜੋ ਆਪਣੇ ਹੱਕਾਂ ਲਈ ਅਬਲਾਵਾਂ ਸੰਘਰਸ਼ ਕਰ ਰਹੀਆਂ ਹਨ ਉਹ ਬੰਦ ਕਰ ਦੇਣ ਜਾਂ ਫਿਰ ਆਪਣੇ ਸੰਘਰਸ਼ ਨੂੰ ਕਿਸੇ ਗਾਂਧੀਵਾਧੀ ਰਸਤੇ ਵੱਲ ਮੋੜ ਲੈਣ ਤਾਂ ਜੋ ਉਨ੍ਹਾਂ ਦੀ ਸਿਰ ਦਰਦੀ ਹੀ ਜਾਂਦੀ ਲੱਗੇ। ਉਪਰੋਂ ਸਿਤਮ ਇਹ ਹੈ ਕਿ ਇਹੋ ਜਿਹੇ ਗੰਦੇ ਅਫਸਰਾਂ ਨੂੰ ਕਈ ਵਾਰ ਸਰਕਾਰਾਂ ਚੰਗੇ ਚਰਿੱਤਰ ਦਾ ਸਰਟੀਫਿਕੇਟ ਦੇ ਕੇ ਤਰੱਕੀਆਂ ਵੀ ਬਖ਼ਸ਼ ਦਿੰਦੀਆਂ ਹਨ।

ਕਈ ਵਾਰ ਪੁਲਿਸ ਵਾਲੇ ਕਿਸੇ ਬਲਾਤਕਾਰ ਦੀ ਪੀੜਿਤ ਅੱਬਲਾ ਜੋ ਆਪਣੇ ਨਾਲ ਇਸ ਹੋਏ ਕੁਕਰਮ ਦੀ ਐਫ-ਆਈ-ਆਰ ਪੁਲਿਸ ਸਟੇਸ਼ਨ (ਥਾਣੇ) ਵਿੱਚ ਲਿਖਵਾਉਣ ਜਾਂਦੀ ਹੈ; ਉਸ ਨਾਲ ਪਹਿਲਾਂ ਆਪ ਦੱਬਕੇ ਮੂੰਹ ਕਾਲਾ ਕਰਦੇ ਹਨ ਫਿਰ ਵਿਰੋਧੀ ਧਿਰ ਵਲੋਂ ਮਾਇਆ ਦੇ 'ਖੁੱਲ੍ਹੇ ਗੱਫੇ' ਲਇਓ ਹੋਣ ਕਾਰਣ ਉਸ ਅੱਬਲਾ ਅਤੇ ਉਹਦੇ ਸਕੇ-ਸਬੰਧੀਆਂ ਉੱਤੇ ਰਾਜ਼ੀਨਾਮਾ ਕਰਨ ਨੂੰ ਦਬਾਅ ਪਾਉਂਦੇ ਹਨ। ਕਈ ਵਾਰ ਕਿਸੇ ਪਾਸੇ ਸੁਣਵਾਈ ਨਾ ਹੁੰਦੀ ਦੇਖ ਇਸ ਤਰਾਂ ਦੇ ਮਾਮਲਿਆਂ ਵਿੱਚ ਉਨ੍ਹਾਂ ਅਬਲਾਵਾਂ ਵਲੋਂ ਆਤਮ ਹੱਤਿਆਵਾਂ ਵੀ ਕਰ ਲਈਆਂ ਜਾਂਦੀਆਂ ਹਨ। ਚੋਣਾਂ ਵੇਲੇ ਸਹੀ ਨੁਮਾਇੰਦਿਆਂ ਦੀ ਚੋਣ: ਕਹਿੰਦੇ ਹਨ ਕਿ ਲੋਕ ਸਭਾ ਜਾਂ ਵਿਧਾਨ ਸਭਾਵਾਂ ਦੇ ਮੈਂਬਰ ਉਸ ਦੇਸ਼ ਜਾਂ ਸਟੇਟ ਦੇ 'ਸਿਰ' ਹੁੰਦੇ ਹਨ ਪਰ ਜੇ ਇਨ੍ਹਾਂ ਦੀ ਚੋਣ ਹੀ ਗਲ਼ਤ ਢੰਗ ਨਾਲ ਹੋਈ ਹੋਵੇ ਤਾਂ ਫਿਰ ਇਹ 'ਨੇਤਾਗਣ'ਉੱਥੇ ਜਾ ਕੇ ਜੋ ਕੜੀ ਘੋਲ ਦੇ ਹਨ। ਇਹੋ ਜਿਹਾ ਘਟੀਆ ਦਰਿਸ਼ ਦੇਖ ਕੇ ਕਈ ਵਾਰ ਉੱਲਟੀ ਆਉਣ ਨੂੰ ਦਿੱਲ ਕਰਦਾ ਹੈ, ਜਿਸ ਦ੍ਰਿਸ਼ ਵਿੱਚ ਇਹ ਇੱਕ ਦੂਜੇ ਦੇ ਕੁਰਸੀਆਂ ਚੁੱਕ-ਚੁੱਕ ਕੇ ਮਾਰਦੇ ਹੋਣ, ਮਾਂਵਾਂ ਭੈਣਾਂ ਦੀਆਂ ਗੰਦੀਆਂ ਗਾਹਲਾਂ ਕੱਢਦੇ ਹੋਣ ਜਾਂ ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ ਹੋਣ।

ਇਹ ਨੇਤਾ ਸਿਰਫ ਪੈਸੇ ਦੇ ਬਲਬੂਤੇ 'ਤੇ ਇਹਨਾਂ ਪਵਿੱਤਰ ਸਥਾਨਾਂ ਵਿੱਚ ਗਏ ਹੁੰਦੇ ਹਨ। ( ਲੈਨਿਨ ਨੇ ਸ਼ਾਇਦ ਇਸ ਤਰਾਂ ਦੇ ਕਿਸੇ ਗੰਦੇ ਦ੍ਰਿਸ਼ ਨੂੰ ਦੇਖ ਕੇ ਹੀ ਪਾਰਲੀਮੈਂਟ ਨੂੰ ਸੂਰਾਂ ਦਾ ਵਾੜਾ ਕਿਹਾ ਹੋਵੇ ) ਚੋਣਾਂ ਵੇਲੇ ਇਹ ਰੱਜ ਕੇ ਧਰਮ ਨੂੰ, ਜਾਤੀਵਾਦ ਨੂੰ, ਨਸ਼ਿਆਂ ਨੂੰ ਅਤੇ ਭਾਈ-ਭਤੀਜਾ ਵਾਦ ਨੂੰ ਵਰਤਦੇ ਹਨ । ਕਿਸ ਤਰਾਂ ਲੋਕਾਂ ਦਿਆਂ ਜਜ਼ਬਾਤਾਂ ਨਾਲ ਖਿਲਵਾੜ ਕਰਦੇ ਹਨ ਇਹ ਕਿਸੇ ਤੋਂ ਭੁੱਲਿਆ ਹੋਇਆ ਨਹੀਂ। ਸਿੋ ਜਦ ਤੱਕ ਵੋਟਰ ਸੂਝਵਾਨ ਨਹੀਂ ਬਣਦੇ, ਆਪਣੀ ਸੋਚ ਨੂੰ ਸਮੇਂ ਦੇ ਹਾਣ ਦੀ ਨਹੀਂ ਬਣਾਉਂਦੇ ਉਦੋਂ ਤੱਕ ਸਮਾਜ ਵਿੱਚ ਇਹ ਗੰਧਲਾਪਣ ਜਾਰੀ ਰਹੇਗਾ।

ਉਸਾਰੂ ਸੱਭਿਆਚਾਰ ਦੀ ਉਸਾਰੀ: ਇਸ ਵੇਲੇ ਸਾਡੇ ਸਮਾਜ ਨੂੰ ਇੱਕ ਉਸਾਰੂ ਸੱਭਿਆਚਾਰ ਦੀ ਬਹੁਤ ਸਖ਼ਤ ਲੋੜ ਹੈ, ਜੇ ਕਰ ਇਸ ਦੀ ਉਸਾਰੀ ਚੰਗੇ ਢੰਗ ਨਾਲ ਨਹੀਂ ਹੁੰਦੀ ਤਾਂ ਉਦੋਂ ਤੱਕ ਸਾਡਾ ਸਮਾਜ ਢਾਹੂ ਕਦਰਾਂ/ਕੀਮਤਾਂ ਵੱਲ ਹੀ ਜਾਂਦਾ ਰਹੇਗਾ। ਜਿਸ ਤਰਾਂ ਦੀ ਉਪੱਰੋਕਤ ਦਿੱਲ ਹਿਲਾਉਣ ਵਾਲੀ ਘਟਨਾ ਹੋਈ ਹੈ ਜੇ ਕਿਤੇ ਅੱਜ ਸ: (ਭਾਅ ਜੀ) ਗੁਰਸ਼ਰਨ ਸਿੰਘ ਜੀ ਜਿਊਂਦੇ ਹੁੰਦੇ ਤਾਂ ਉਹਨਾਂ ਨੇ ਉੱਥੇ ਦਿੱਲ੍ਹੀ ਹੀ ਤੱਟ-ਫੱਟ ਨਾਟਕ ਲਿਖ ਕੇ ਖੇਡਣ ਵਾਸਤੇ ਚਲਾ ਜਾਣਾ ਸੀ ਆਪਣੀ ਨਾਟਕ ਟੀਮ ਲੈ ਕੇ। ਸੋ ਇਸ ਤਰਾਂ ਦੇ ਕਲਾਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਨਾ ਕਿ ਮਗਰਮੱਛੀ ਹੰਝੂ ਵਹਾਉਣ ਵਾਲਿਆਂ ਨੂੰ।

ਅੱਜ ਜਿਸ ਤਰਾਂ ਕੰਜਰ ਕਲਮਾਂ ਵਲੋਂ ਆਪਣੀ ਮਾਂ ਬੋਲੀ ਦੀ ਸੇਵਾ ਦੇ ਨਾਂ 'ਤੇ ਗੰਦ ( ਆਪਣੀ ਮਾਂ ਨੂੰ ਬੋਲੀ 'ਤੇ ਲਾ ਕੇ ਆਪਣੇ ਗਲ਼ ਵਿੱਚ ਪੌਣਾਂ-ਪੌਣਾਂ ਕਿਲੋ ਦੀ ਸੰਗਲੀ ਪਾਈ ਦੱਸਦੇ ਹਨ ਸਟੇਜਾਂ 'ਤੇ ਆਪਣਾ ਸੰਗ ਪਾੜ-ਪਾੜ ਕੇ ਆਪਣੇ ਗੀਤਾ ਰਾਹੀਂ) ਪਾਇਆ ਜਾ ਰਿਹਾ ਹੈ, ਜਾਤ-ਪਾਤ ਦੀ ਗੰਦੀ ਸੋਚ ਨੂੰ ੳਭਾਰਿਆ ਜਾ ਰਿਹਾ ਹੈ। ਗੰਡਾਸਿਆਂ ਨਾਲ ਕੋਰਟਾਂ-ਕਚਿਹਰੀਆਂ ਵਿੱਚ ਰੌਣਕਾਂ ਲਾਈਆਂ ਦੱਸਦੇ ਹਨ, ਹਰ ਵੇਲੇ ਗਲ਼ 'ਚ ਦੁਨਾਲੀ ਬਾਰਾਂ ਬੋਰ ਦੀ ਦਾ ਆਪਣੇ ਕੱਟੇ ਦੇ ਅੜਿੰਗਣ ਵਰਗੀ ਅਵਾਜ਼ ਨਾਲ ( ਪਿਉ ਨੇ ਭਾਵੇਂ ਕੁੱਤੇ ਦੇ ਸੋਟਾ ਨਾ ਮਾਰਿਆ ਹੋਵੇ) ਲੋਕਾਂ ਦੇ ਮਨਾਂ ਵਿੱਚ ਪ੍ਰਦੂਸ਼ਣ ਭਰਿਆ ਜਾ ਰਿਹਾ ਹੈ। ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਕਿਸਾਨ 'ਤੇ ਮਜ਼ਦੂਰ ਵਿਚਾਰਾ ਤਾਂ ਗਲ਼ ਵਿੱਚ ਕਰਜ਼ੇ ਹੱਥੋਂ ਤੰਗ ਆ ਕੇ ਫਾਹੇ ਪਾ ਰਿਹਾ ਹੈ ਤਹਾਨੂੰ ਅਕਲ ਦਿਆਂ ਅੰਨਿਆਂ ਨੂੰ ਉਹ ਨਹੀ ਦਿਸਦਾ। ਫਿਰ ਤੁਸੀਂ ਕਿਸ ਕਿਸਾਨ (ਜੱਟ) ਦੀ ਗੱਲ ਕਰਦੇ ਹੋ ? ਉਸ ਹੈਂਕੜਬਾਜ ਜੱਟ ਦੀ ਜਿਹੜਾ ਬਲੈਕੀਆ ਹੈ। ਜਾਂ ਕਿਸੇ ਹੋਰ ਗਲ਼ਤ ਢੰਗ ਨਾਲ ਪੈਸੇ ਕਮਾ ਕੇ ਆਪਣੇ ਗਲ਼ਾਂ ਵਿੱਚ ਦੁਨਾਲੀਆਂ ਪਾਈ ਫਿਰਦਾ ਹੈ?

ਉੱਪਰ ਹੋਈ ਅੱਤ ਨਿੰਦਣਯੋਗ ਦੁਰਘਟਨਾ ਵਰਗੀਆਂ ਹੋਰ ਘਟਨਾਵਾਂ ਹੋਣ ਤੋਂ ਰੋਕਣ ਲਈ ਸਾਬਤ ਕਦਮੀਂ ਇਕੱਠੇ ਹੋ ਕੇ ਟਾਕਰਾ ਕਰਨ ਲਈ ਅੱਜ ਮੈਦਾਨ ਵਿੱਚ ਨਿੱਤਰੋ। ਕਿਤੇ ਇਹ ਨਾ ਹੋਵੇ ਜਰਮਨ ਦੇ ਕਿਸੇ ਪ੍ਰਸਿੱਧ ਸ਼ਾਇਰ  ਪਾਸਟਰ ਨਿਮੋਲਰ ਦੀ ਇਹ ਕਵਿਤਾ ਸੱਚ ਹੋ ਜਾਵੇ ਕਿ ,
ਪਹਿਲਾਂ ਉਹ ਯਹੂਦੀਆਂ ਲਈ ਆਏ
ਤੇ ਮੈਂ ਕੁਝ ਨਾ ਬੋਲਿਆ,
ਕਿਉਂਕਿ ਮੈਂ ਯਹੂਦੀ ਨਹੀ ਸੀ।
ਫਿਰ ਉਹ ਕਮਿਊਨਿਸਟਾਂ ਲਈ ਆਏ
ਤੇ ਮੈਂ ਕੁਝ ਨਾ ਬੋਲਿਆ,
ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ।
ਫਿਰ ਉਹ ਟਰੇਡ ਯੂਨੀਅਨ ਵਾਲਿਆਂ ਲਈ ਆਏੇ,
ਤੇ ਮੈਂ ਕੁਝ ਨਾ ਬੋਲਿਆ,
ਕਿਉਂਕਿ ਮੈਂ ਟਰੇਡ ਯੂਨੀਅਨ ‘ਚ ਨਹੀਂ ਸੀ।
ਫਿਰ ਉਹ ਮੇਰੇ ਲਈ ਆਏ,
ਉਦੋਂ ਕੋਈ ਨਹੀਂ ਸੀ,
ਜੋ ਮੇਰੇ ਲਈ ਬੋਲਦਾ।


ਸੋ ਅੱਜ ਵੇਲਾ ਏਕੇ ਨਾਲ ਨਿੱਤਰਨ ਦਾ ਹੈ ਨਹੀਂ ਤਾਂ ਖੁੰਜਿਆ ਵਕ਼ਤ ਹੱਥ ਨਹੀਂ ਆਉਣਾ !!!

ਸੁੱਚਾ ਸਿੰਘ ਨਰ ( ਜਰਮਨੀ )