ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਪ੍ਰੇਮ ਪੱਤਰ. Show all posts
Showing posts with label ਪ੍ਰੇਮ ਪੱਤਰ. Show all posts

Wednesday, December 11, 2013

ਨੈਲਸਨ ਮੰਡੇਲਾ ਦਾ ਪ੍ਰੇਮ ਪੱਤਰ--ਮੈਂ ਤੈਨੂੰ ਪ੍ਰਮਾਤਮਾ ਦੀ ਤਰ੍ਹਾਂ ਪਿਆਰ ਕਰਦਾਂ

ਮੈਨੂੰ ਲਗਦੈ ਕਿ ਦੁਨੀਆਂ ‘ਚ ਸਭ ਤੋਂ ਵੱਧ ਪਿਆਰ ਬਾਰੇ ਲਿਖ਼ਿਆ,ਬੋਲਿਆ,ਗਾਇਆ ਤੇ ਫਿਲਮਾਇਆ ਗਿਆ ਹੋਣਾ ਹੈ।ਪਰ ਪਿਛਲੇ ਕੁਝ ਸਮੇਂ ਤੋਂ ਪਿਆਰ ਦੇ ਵਿਸ਼ੇ ਨੁੰ ਫਰੋਲਦਿਆਂ ਕੁਝ ਹੀ ਵਜ਼ਨਦਾਰ ਕਿਤਾਬਾਂ,ਲੇਖ ਤੇ ਇੱਕਾ ਦੁੱਕਾ ਫਿਲਮਾਂ ਮੇਰੇ ਹੱਥ ਲੱਗੀਆਂ।ਪਿਆਰ ਦੀ ਕੋਈ ਸਦੀਵੀ ਪਰਿਭਾਸ਼ਾ  ਹੋ ਸਕਦੀ ਹੈ ਜਾਂ ਮਨੁੱਖੀ ਸਮਾਜਿਕ ਵਿਕਾਸ ਤੇ ਸਮਾਜਿਕ-ਆਰਥਿਕ ਢਾਂਚਿਆਂ ਦੇ ਬਦਲਦੇ ਪੜ੍ਹਾਵਾਂ ਨਾਲ ਇਸਦੀ ਪਰਿਭਾਸ਼ਾ ਵੀ ਬਦਲਦੀ ਹੈ..?ਅਜਿਹੇ ਬਹੁਤ ਸਾਰੇ ਹੋਰ ਸਵਾਲਾਂ ਦੇ ਜਵਾਬ ਏਰਿਕ ਫਰੋਮ ਦੀ ਕਿਤਾਬ “ ਆਰਟ ਆਫ ਲਵਿੰਗ” (THE ART OF LOVING)ਤੇ ਹੋਰ ਲੇਖ਼ਕਾਂ ਨੂੰ ਪੜ੍ਹਦਿਆਂ ਸਮਝਦਿਆਂ ਮਿਲੇ।ਪ੍ਰਮਾਤਮਾ ਤੋਂ ਲੈ ਕੇ ਸਮੂਹਿਕ ਤੇ ਵਿਅਕਤੀਗਤ ਪਿਆਰ ਦੇ ਦਵੰਦ ਨੂੰ ਜਿਸ ਤਰ੍ਹਾਂ ਏਰਿਕ ਪੇਸ਼ ਕਰਦਾ ਹੈ,ਉਹ ਬਾ-ਕਮਾਲ ਹੈ।ਸਿਗਮੰਡ ਫਰਾਇਡ ਦੀ ਸੈਕਸ ਥਿਊਰੀ ਦੀ ਅਲੋਚਨਾ ਕਰਦਿਆਂ ਏਰਿਕ ਨੇ ਚੁਣੌਤੀਪੂਰਨ ਸਵਾਲ ਕੀਤੇ ਹਨ।ਪਿਆਰ ਬਾਰੇ ਪੜ੍ਹਦਿਆਂ ਹੀ ਮੇਰੇ ਹੱਥ ਨੈਲਸਨ ਮੰਡੇਲਾ ਦੇ ਪ੍ਰੇਮ ਪੱਤਰ ਲੱਗੇ।ਜਿਨ੍ਹਾਂ ‘ਚੋਂ ਇਕ ਦਾ ਤਰਜ਼ਮਾ ਕਰ ਰਹੇ ਹਾਂ।ਗੋਰਿਆਂ ਦੀ ਰੁਬੇਨ ਆਇਸਲੈਂਡ ਜੇਲ੍ਹ ‘ਚੋਂ ਪਿਆਰ ਦੇ ਇਹ ਖ਼ਤ ਉਦੋਂ ਲਿਖੇ ਗਏ ਜਦੋਂ ਜੇਲ੍ਹਾਂ ‘ਚ ਸਾਲ ‘ਚ ਦੋ ਮੁਲਾਕਾਤਾਂ ਤੇ ਦੋ ਚਿੱਠੀ ਪੱਤਰ ਹੀ ਭੇਜੇ ਜਾ ਸਕਦੇ ਸਨ।ਨੈਲਸਨ ਪਿਆਰ ਦਾ ਜਸ਼ਨ ਪੱਤਰਾਂ ਨਾਲ ਮਨਾਉਂਦੇ ਸੀ ਤੇ ਆਪਣੀ ਪਤਨੀ ਵਿਨੀ ਨੂੰ ਲਿਖੇ ਪੱਤਰਾਂ ‘ਚ ਉਹਨਾਂ ਦੀ ਨਿਰਾਸ਼ਾ,ਦਰਦ ਇਕੱਲਤਾ ਤੇ ਦਰਿਆਦਿਲੀ ਵਿਖਦੀ ਹੈ।ਵਿਨੀ ਤੇ ਨੈਲਸਨ ਲਈ ਇਹੋ ਖ਼ਤੋ-ਖ਼ਤਾਬਤ ਇਕ ਸਹਾਰਾ ਸੀ।-ਯਾਦਵਿੰਦਰ ਕਰਫਿਊ(Feb 8, 2012)


5 april-1976-ਅੱਜ ਤੂੰ ਬੇਹੱਦ ਸੋਹਣੀ ਲੱਗ ਰਹੀ ਸੀ।ਉਹੀ ਔਰਤ ਜਿਸ ਨਾਲ ਮੈਂ ਵਿਆਹ ਕੀਤਾ ਸੀ,ਨਾ ਜਾਣੇ ਉਹ ਕਿਵੇਂ ਦਿਨ ਬ ਦਿਨ ਖੂਬਸੂਰਤ ਹੁੰਦੀ ਜਾ ਰਹੀ ਹੈ ? ਤੇਰੇ ਚਿਹਰੇ ‘ਤੇ ਇਕ ਲਾਲੀ ਸੀ।ਓਹ ਗੁੱਸੇਖੋਰਾ ਸੁਭਾਅ ਤੇ ਅੱਖਾਂ ਦੀ ਉਦਾਸੀ ਕਿਤੇ ਖੋਈ ਹੋਈ ਸੀ,ਜੋ ਤੇਰੇ ਜ਼ਿਆਦਾ ਪਰਹੇਜ਼ ਦੇ ਦਬਾਅ ਕਾਰਨ ਆ ਜਾਂਦੀ ਹੈ।ਹਾਲਾਂਕਿ ਹਮੇਸ਼ਾ ਦੀ ਤਰ੍ਹਾਂ ਮੈਂ ਤੈਨੂੰ ਮਾਂ ਬਲਾਉਂਦਾ ਰਿਹਾ,ਪਰ ਮੇਰਾ ਸਰੀਰ ਮੈਨੂੰ ਵਾਰ ਵਾਰ ਕਹਿ ਰਿਹਾ ਸੀ ਕਿ ਸਾਹਮਣੇ ਇਕ ਖੂਬਸੂਰਤ ਔਰਤ ਬੈਠੀ ਹੈ।ਮੇਰਾ ਮਨ ਤੈਨੂੰ ਵੇਖਕੇ ਗੀਤ ਗਾਉਣ ਨੂੰ ਕਰ ਰਿਹਾ ਸੀ।ਸਿਰਫ ਹਨੋਲੂਲਿਆ ਹੀ ਸਹੀ।

ਪਿਛਲੀ ਵਾਰ ਤੂੰ ਆਪਣੇ ਲਿਬਾਸ ‘ਚ ਸੱਚੀਂ-ਮੁੱਚੀ ਬਹੁਤ ਸੋਹਣੀ ਲੱਗ ਰਹੀ ਸੀ,ਖਾਸ ਕਰ ਐਤਵਾਰ ਨੂੰ।ਕਿਤੋਂ ਵੀ ਅਜਿਹਾ ਜ਼ਾਹਰ ਨਹੀਂ ਹੁੰਦਾ ਕਿ ਜੇਨੀ ਜਾਂ ਜ਼ਿੰਦੂਜੀ ਨੇ ਤੇਰੀ ਜਵਾਨੀ ਜਾਂ ਸਰੀਰਕ ਸੁੰਦਰਤਾ ਨੂੰ ਖੋਹ ਲਿਆ ਹੈ।

22 novwmber 1979-ਪਿਛਲੇ ਮਹੀਨੇ ਤੇਰੀ ਯਾਤਰਾ ਅਦਿੱਖ ਸੀ ਤੇ ਸ਼ਾਇਦ ਏਹੀ ਕਾਰਨ ਹੈ ਕਿ ਮੈਨੂੰ ਐਨੀ ਜ਼ਿਆਦਾ ਖ਼ੁਸੀ ਹੋਈ ਸੀ।ਮੇਰੇ ਉਮਰ ‘ਚ ਮੇਰੇ ਜਵਾਨ ਭਾਵਾਂ ਨੂੰ ਫਿੱਕਾ ਹੋ ਜਾਣਾ ਚਾਹੀਦਾ ਹੈ,ਪਰ ਅਜਿਹਾ ਲੱਗਦਾ ਨਹੀਂ।ਤੇਰੇ ਕੋਲ ਹੋਣ ਦਾ ਅਹਿਸਾਸ,ਇੱਥੋਂ ਤੱਕ ਕਿ ਤੇਰਾ ਖ਼ਿਆਲ ਹੀ ਮੇਰੇ ਅੰਦਰ ਹਜ਼ਾਰਾਂ ਦੀਵਿਆਂ ਨੂੰ ਜਗਾ ਦਿੰਦਾ ਹੈ।

31 march 1983-ਹਾਲਾਂਕਿ ਉਨ੍ਹੀ ਫਰਵਰੀ ਨੂੰ ਤੂੰ ਖੁਸ਼ ਸੀ,ਪਰ ਫਿਰ ਵੀ ਥੋੜ੍ਹੀ ਬੀਮਾਰ ਲੱਗ ਰਹੀ ਸੀ ਤੇ ਤੇਰੀਆਂ ਅੱਖਾਂ ‘ਚ ਪਾਣੀ ਦੇ ਛੋਟੇ ਜਿਹੇ ਸਮੁੰਦਰ ‘ਚ ਪਿਆਰ ਤੇ ਕੋਮਲਤਾ ਹਮੇਸ਼ਾ ਦੀ ਤਰ੍ਹਾਂ ਡੁੱਬੀ ਹੋਈ ਸੀ।ਪਰ ਪਿਛਲੇ 20 ਸਾਲਾਂ ‘ਚ ਸਰੀਰਕ ਬਿਮਾਰੀ ਦੇ ਬਾਵਜੂਦ ਜੋ ਖੁਸ਼ੀ ਮੈਂ ਹਾਸਲ ਕੀਤੀ ਹੈ।ਉਹ ਤੇਰਾ ਪਿਆਰ ਹੀ ਹੈ,ਜੋ ਸਰੀਰਕ ਕਮਜ਼ੋਰੀ ਮੈਨੂੰ ਹਰਾ ਨਹੀਂ ਸਕੀ।

19 ਸਤੰਬਰ ਨੂੰ ਆਪਣੀ ਗੂੜ੍ਹੀ ਹਰੀ ਪੁਸ਼ਾਕ ‘ਚ ਤੂੰ ਇਕ ਰਾਣੀ ਦੀ ਤਰ੍ਹਾਂ ਲੱਗ ਰਹੀ ਸੀ।ਤੇ ਮੈਂ ਸੋਚਿਆ ਤੂੰ ਭਾਗਾਂਵਾਲੀ ਹੈ ਕਿ ਜੋ ਮੈਂ ਮੇਰੇ ਅੰਦਰ ਮਹਿਸੂਸ ਕਰ ਰਿਹਾ ਹਾਂ ,ਉਹ ਤੇਰੇ ਤੱਕ ਨਹੀਂ ਪਹੁੰਚ ਸਕਦਾ।ਕਦੇ ਕਦੇ ਮੈਂ ਆਪਣੇ ਆਪ ਨੂੰ ਕਿਸੇ ਕਿਨਾਰੇ ‘ਤੇ ਪੜ੍ਹਾ ਮਹਿਸੂਸ ਕਰਦਾ ਹਾਂ,ਜਿਸਨੇ ਆਪਣੀ ਜ਼ਿੰਦਗੀ ਹੀ ਖੋਹ ਦਿੱਤੀ ਹੈ।

21 january 1979-ਸਵੇਰੇ ਤੇਰੇ ਨਾਲ ਕੰਮ ‘ਤੇ ਜਾਣਾ,ਦਿਨ ‘ਚ ਫੋਨ ਕਰਨਾ,ਤੇਰੇ ਘਰ ‘ਚ ਉੱਪਰ ਥੱਲੇ ਆਉਂਦੇ ਜਾਂਦੇ,ਤੈਨੂੰ ਛੂਹਣਾ,ਗਲੇ ਲਾਉਣਾ,ਤੇਰੇ ਬਣਾਏ ਸੁਆਦ ਪਕਵਾਨਾਂ ਦੀ ਮਜ਼ਾ।ਸੌਣ ਵਾਲੇ ਕਮਰੇ ‘ਚ ਗੁਜ਼ਾਰੇ ਉਹ ਖੂਬਸੂਰਤ ਪਲਾਂ,ਇਹਨਾਂ ਸਭ ਨੇ ਜ਼ਿੰਦਗੀ ਨੂੰ ਸ਼ਹਿਦ ਜਿਹਾ ਬਣਾ ਦਿੱਤਾ ਸੀ,ਇਹ ਚੀਜ਼ਾਂ ਮੈਂ ਕਦੇ ਨਹੀਂ ਭੁੱਲ ਸਕਦਾ।

10 february 1980-ਮੈਂ ਹਰ ਪਲ ਤੈਨੂੰ ਪਿਆਰ ਕਰਦਾ ਹਾਂ।ਪੋਹ ਮਾਘ ਦੇ ਸਿਆਲ ਦੀ ਠੰਢ ਹੋਵੇ,ਜਾਂ ਹਾੜ ਜੇਠ ਭਿਆਨਕ ਗਰਮੀ।ਖੂਬਸੂਰਤ ਗਰਮਾਹਟ,ਤੇਰੇ ਹਾਸੇ ਖੇਡੇ ਤੋਂ ਮੈਨੂੰ ਮਿਲਣ ਵਾਲੀ ਖ਼ੁਸ਼ੀ ਦੀ ਕੋਈ ਹੱਦ ਨਹੀਂ।ਮੈਂ ਹਮੇਸ਼ਾ ਤੈਨੂੰ ਐਂਵੇ ਹੀ ਯਾਦ ਕਰਦਾ ਹਾਂ।ਹਰ ਹਾਲਤ ‘ਚ ਚਿਹਰੇ ‘ਤੇ ਮੁਸਕਰਾਹਟ ਨਾਲ,ਆਪਣੇ ਆਪ ਨੁੰ ਹਮੇਸ਼ਾ ਕੰਮ ਕਾਰ ਦੇ ਰਝੇਵਿਆਂ ‘ਚ ਰੱਖਣ ਵਾਲੀ ਸਾਡੀ ਮਾਂ।

30 ਅਗਸਤ ਨੂੰ ਮੈਂ ਯਾਤਰੀ ਕਮਰੇ ‘ਚੋਂ ਬਾਹਰ ਆਇਆ ਹੀ ਸੀ ਤੇ ਆਪਣੀ ਕੋਠੜੀ ‘ਚ ਜਾਂਦਾ ਹੋਇਆ ਤੇਰੇ ਬਾਰੇ ਸੋਚ ਰਿਹਾ ਸੀ।ਮੈਂ ਆਪਣੇ ਆਪ ਨੂੰ ਕਿਹਾ,ਆਹ ਲਓ ਫਿਰ ਤੋਂ ਇਕ ਪੰਛੀ ਦੀ ਤਰ੍ਹਾਂ,ਜੰਗਲ ‘ਚ,ਜੰਗਲੀ ਦੁਨੀਆਂ ‘ਚ ਚਲਾ ਗਿਆ।ਮੈਂ ਤੈਨੂੰ ਕਿਸੇ ਪ੍ਰਮਾਤਮਾ ਦੀ ਤਰ੍ਹਾਂ ਪਿਆਰ ਕਰਦਾ ਹਾਂ।

Wednesday, February 6, 2013

ਮੁਕੰਮਲ ਔਰਤ ਕਿਸੇ-ਕਿਸੇ ਨੂੰ ਮਿਲਦੀ ਹੈ...

ਉਨ੍ਹਾਂ ਦਿਨਾਂ 'ਚ ਅਸੀਂ ਦੋਵੇਂ ਦਿੱਲੀ ਸੀ। ਮੋਬਾਇਲ 'ਤੇ ਇਮਰਾਨ ਦੀ ਘੰਟੀ ਖੜ੍ਹਕਦੀ ਹੈ।ਇਮਰੋਜ਼ ਨਾਲ ਮੁਲਾਕਾਤ ਕਰਨੀ ਹੈ,ਚੱਲ੍ਹੇਂ-ਗਾ।ਮੈਂ ਕਿਹਾ, ਮੁਲਾਕਾਤ ਤੋਂ ਪਹਿਲਾਂ ਕੇ.ਸਟਾਲਿਨ ਦੀ ਫਿਲਮ 'ਇੰਡੀਆ ਅਨਟੱਚਡ'(INDIA UNTOUCHED) (ਜਾਤ ਦੇ ਵਿਸ਼ੇ 'ਤੇ ਅਹਿਮ ਫਿਲਮ) ਦੇਖਣੀ ਪਊ। 'ਕਾਮਨ ਮਿਨੀਮਮ ਪ੍ਰੋਗਰਾਮ' ਬਣ ਜਾਂਦਾ ਹੈ।ਹੌਜ਼ ਖਾਸ ਦੇ ਨੇੜੇ ਇਕ ਸਮਾਜ ਸੇਵੀ ਜਥੇਬੰਦੀ ਦੇ ਦਫਤਰ 'ਚ ਫਿਲਮ ਦੇਖਣ ਤੋਂ ਬਾਅਦ ਇਮਰੋਜ਼ ਨਾਲ ਪੁਰਾਣੇ ਹੌਜ਼ ਖਾਸ ਵਾਲੇ ਘਰ 'ਚ ਮੁਲਾਕਾਤ ਹੰਦੀ ਹੈ। ਮੈਂ ਉਨ੍ਹਾਂ ਦਿਨਾਂ 'ਚ ਫਰਾਂਸ ਦੀ ਨਾਰੀਵਾਦੀ ਆਗੂ ਸਿਮੋਨ ਦੀ ਕਿਤਾਬ ' ਦ ਸੈਂਕੇਡ ਸੈਕਸ' ਤੇ ਉਸ ਦੀਆਂ ਕੁਝ ਹੋਰ ਲਿਖ਼ਤਾਂ ਤਾਜ਼ੀਆਂ-ਤਾਜ਼ੀਆਂ ਪੜ੍ਹੀਆਂ ਸੀ।ਇਮਰਾਨ ਨੇ ਇਮਰੋਜ਼ ਨਾਲ ਲੰਮੀ ਰਸਮੀ ਮੁਲਕਾਤ ਕੀਤੀ। ਮੈਂ ਇਮਰੋਜ਼ ਤੋਂ ਅੰਮ੍ਰਿਤਾ-ਇਮਰੋਜ਼ ਦੇ ਰਿਸ਼ਤੇ ਨੂੰ ਸਿਮੋਨ-ਸਾਰਤਰ ਦੀ ਖੁੱਲ੍ਹੀ ਕਿਤਾਬ ਵਰਗੀ ਜ਼ਿੰਦਗੀ ਦੇ ਸੰਦਰਭ 'ਚ ਸਮਝਣ ਦੀ ਕੋਸ਼ਿਸ਼ ਕੀਤੀ।ਫਰਾਂਸ, ਦਿੱਲੀ,ਪੈਰਿਸ,ਲਾਹੌਰ,ਪੰਜਾਬ ਦੇ ਭੂਗੋਲਿਕ,ਸਾਹਿਤਕ,ਸੱਭਿਆਚਾਰਕ ਤੇ ਸਿਆਸੀ ਪੱਖਾਂ ਦਾ ਤੁਲਣਾਤਮਿਕ ਅਧਿਐਨ ਕਾਫੀ ਦਿਲਚਸ ਲੱਗਿਆ।ਮੈਂ ਸੋਚਿਆ,ਇਸ 'ਤੇ ਥੋੜ੍ਹੀ ਹੋਰ ਮਿਹਨਤ ਕਰਕੇ ਯੂਰਪੀਅਨਾਂ ਤੋਂ ਪੰਜਾਬੀਆਂ ਤੱਕ ਦੇ ਔਰਤ-ਮਰਦ ਸਬੰਧਾਂ ਦੀਆਂ ਡੂੰਘਾਈਆਂ ਨੂੰ ਪੀੜ੍ਹੀਆਂ ਦੇ ਵਕਫਿਆਂ ਦੇ ਸਫਰ ਨਾਲ ਮਾਪਿਆ ਜਾ ਸਕਦਾ ਹੈਕੁਦਰਤੀ ਹੀ ਲਿਖਣ ਦਾ ਕਦੇ ਸਬੱਬ ਨਹੀਂ ਬਣਿਆ। ਇਮਰਾਨ ਨੇ ਉਸੇ ਸਮੇਂ ਕਿਸੇ ਹਿੰਦੀ ਅਖ਼ਬਾਰ ਲਈ ਇਹ ਮੁਲਾਕਾਤ ਲਿਖੀ,ਜਿਸ ਦੇ ਕੁਝ ਹਿੱਸੇ ਦੇਸ ਰਾਜ ਕਾਲੀ ਦੇ ਰਸਾਲੇ 'ਖ਼ਬਰ ਸਿਲਸਿਲਾ' 'ਚ ਛਪੇ ਹਨ।-ਯਾਦਵਿੰਦਰ ਕਰਫਿਊ


1958 'ਚ ਅੰਮ੍ਰਿਤਾ-ਇਮਰੋਜ਼
ਰਤ ਸਰੀਰ ਤੋਂ ਵੀ ਬਹੁਤ ਅੱਗੇ ਹੈ ਤੇ ਪੂਰੀ ਔਰਤ ਕਿਸੇ-ਕਿਸੇ ਨੂੰ ਹੀ ਮਿਲਦੀ ਹੈ। ਪੂਰੀ ਔਰਤ ਸਿਰਫ ਉਸ ਨੂੰ ਮਿਲਦੀ ਹੈ ਜਿਸ ਨੂੰ ਉਹ ਪਿਆਰ ਕਰਦੀ ਹੈ ਤੇ ਪਿਆਰ ’ਤੇ ਕੋਈ ਪਹਿਰਾ ਨਹੀਂ ਲਾਇਆ ਜਾ ਸਕਦਾ। ਇਹ ਕਹਿਣਾ ਹੈ ਮਸ਼ਹੂਰ ਆਰਟਿਸਟ ਇਮਰੋਜ਼ ਦਾ। ਉਹ ਕਹਿੰਦੇ ਹਨ ਇਸ਼ਕ ਅਤੇ ਧਰਮ ਇਨਸਾਨ ਦੇ ਬੇਹਦ ਨਿੱਜੀ ਮਸਲੇ ਹਨ। ਇਸ ’ਤੇ ਕੋਈ ਪਾਬੰਦੀ ਨਹੀਂ ਲਾ ਸਕਦਾ। ਕੁੜੀ ਨੇ ਕਿਸ ਨਾਲ ਜ਼ਿੰਦਗੀ ਬਿਤਾਉਣੀ ਹੈ, ਇਹ ਉਸ ’ਤੇ ਛੱਡ ਦਿਉ। ਲੱਖ ਕੋਸ਼ਿਸ਼ਾਂ ਕਰਕੇ ਵੀ ਤੁਸੀਂ ਉਸ ਦੇ ਮਨ ਨੂੰ ਬੰਨ੍ਹ ਨਹੀਂ ਸਕਦੇ। ਜੇ ਦਬਾਅ ’ਚ ਕੁੜੀ ਨੇ ਤੁਹਾਡੀ ਗੱਲ ਮੰਨ ਵੀ ਲਈ ਤਾਂ ਸਾਰੀ ਉਮਰ ਉਸ ਨੂੰ ਸਮਝੌਤੇ ਹੀ ਕਰਣੇ ਪੈਣਗੇ ਤੇ ਜਦੋਂ ਉਸ ਦੇ ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਨਾਜਾਇਜ਼ ਸੰਬੰਧ ਆਖਦੇ ਹੋ। ਆਮ ਲੋਕਾਂ ਲਈ ਅੰਮ੍ਰਿਤਾ ਭਾਵੇਂ ਇਸ ਦੁਨੀਆਂ ’ਚ ਨਹੀਂ ਪਰ ਉਹ ਅੱਜ ਵੀ ਜਿੰਦਾ ਹੈ। ਜੇਕਰ ਤੁਸੀਂ ਉਨ੍ਹਾਂ ਨਾਲ ਮਿਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਮਰੋਜ਼ ਨਾਲ ਮਿਲਣਾ ਪਵੇਗਾ। ਉਨ੍ਹਾਂ ਵਿਚ ਅੰਮ੍ਰਿਤਾ ਵੀ ਜ਼ਿੰਦਾ ਹੈ। ਉਹ ਕਹਿੰਦੇ ਹਨ ਅੰਮ੍ਰਿਤਾ ਹੈ, ਅਸੀਂ ਇਸ ਤੋਂ ਕਿਵੇਂ ਇਨਕਾਰ ਕਰ ਸਕਦੇ ਹਾਂ। ਇਸੇ ਲਈ ਗੱਲਬਾਤ ਦੌਰਾਨ ਉਹ ਅੰਮ੍ਰਿਤਾ ਵਾਸਤੇ ‘ਹੈ’ ਸ਼ਬਦ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਨਾਲ ਹੋਈ ਲੰਮੀ ਮੁਲਾਕਾਤ ਦੇ ਕੁਝ ਖਾਸ ਹਿੱਸੇ।-ਇਮਰਾਨ ਖ਼ਾਨ

ਤੁਸੀਂ ਇਕ ਕਲਾਕਾਰ ਹੋ,ਪਰ ਤੁਸੀਂ ਅੱਜ ਤੱਕ ਆਪਣੀ ਕੋਈ ਪੇਂਟਿੰਗ ਵੇਚੀ ਨਹੀਂ ਤੇ ਨਾ ਹੀ ਕੋਈ ਪ੍ਰਦਰਸ਼ਨੀ ਲਾਈ, ਅਜਿਹਾ ਕਿਉਂ?
ਮੈਂ ਇਕ ਕਲਾਕਾਰ ਹਾਂ, ਇਹ ਗੱਲ ਮੈਨੂੰ ਪਤਾ ਹੈ। ਮੈਂ ਇਹ ਲੋਕਾਂ ਨੂੰ ਕਿਉਂ ਦੱਸਾਂ ਕਿ ਮੈਂ ਇਕ ਕਲਾਕਾਰ ਹਾਂ। ਜਿਸ ਨੂੰ ਮੇਰੀ ਪੇਂਟਿੰਗ ਪਸੰਦ ਹੋਵੇਗੀ ਉਹ ਆ ਕੇ ਲੈ ਜਾਵੇਗਾ। ਨਾ ਮੈਨੂੰ ਸ਼ੌਕ ਹੈ ਕਿ ਲੋਕ ਮੇਰੇ ਬਾਰੇ ਜਾਣਨ ਤੇ ਨਾ ਹੀ ਅੰਮ੍ਰਿਤਾ ਨੂੰ। ਜੇਕਰ ਅਸੀਂ ਪ੍ਰਦਰਸ਼ਨੀ ਲਾਉਂਦੇ ਵੀ ਹਾਂ ਤਾਂ ਉਥੇ ਅਜਿਹੇ ਲੋਕ ਆਉਂਦੇ ਹਨ ਜੋ ਸਾਨੂੰ ਜਾਣਦੇ ਨਹੀਂ, ਇਸ ਦਾ ਕੀ ਫਾਇਦਾ ਹੈ? ਇਹ ਸਬ ਫਿਜ਼ੂਲ ਹੈ। ਮੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਕ ਕਲਾਕਾਰ ਹਾਂ ਹੋਰ ਕਿਸੇ ਨੂੰ ਪਤਾ ਹੋਣ ਜਾਂ ਨਾ ਹੋਣ ਨਾਲ ਕੀ ਫਰਕ ਪੈਂਦਾ ਹੈ। ਮੈਂ ਤੇ ਅੰਮ੍ਰਿਤਾ ਦੋਵੇਂ ਇਸੇ ਤਰ੍ਹਾਂ ਹੀ ਰਹਿੰਦੇ ਹਾਂ। ਬਹੁਤੇ ਲੇਖਕਾਂ ਦੀਆਂ ਕਿਤਾਬਾਂ ਦੇ ਪਹਿਲੇ 4-5 ਪੰਨਿਆਂ ’ਚ ਭੂਮਿਕਾ ਹੁੰਦੀ ਹੈ ਜੋ ਦੂਜੇ ਲੋਕਾਂ ਨੇ ਲਿਖੀ ਹੁੰਦੀ ਹੈ। ਇਹ ਸਿੱਧੇ ਤੌਰ ’ਤੇ ਲੇਖਕ ਨੂੰ ਔਬਲਾਈਜ਼ ਕਰਣ ਵਾਲੀ ਗੱਲ ਹੈ। ਅੰਮ੍ਰਿਤਾ ਦੀਆਂ ਤਕਰੀਬਨ 75 ਕਿਤਾਬਾਂ ਛਪੀਆਂ ਹਨ, ਮੈਂ ਉਨ੍ਹਾਂ ’ਤੇ ਅਜਿਹਾ ਕੁਝ ਨਹੀਂ ਵੇਖਿਆ। ਅਸੀਂ ਸਿਰਫ ਆਪਣੇ ਲਈ ਜ਼ਿੰਦਗੀ ਗੁਜ਼ਾਰੀ ਹੈ। ਮੈਂ ਅੰਮ੍ਰਿਤਾ ਨੂੰ ਜਾਣਦਾ ਹਾਂ ਤੇ ਅੰਮ੍ਰਿਤਾ ਮੈਨੂੰ। ਦੁਨੀਆਂ ’ਚ ਇਕ ਹੀ ਵਿਅਕਤੀ ਕਾਫੀ ਹੈ ਤੁਹਾਨੂੰ ਜਾਣਨ ਲਈ। ਮੈਂ ਅੰਮ੍ਰਿਤਾ ਦਾ ਸਮਾਜ ਹਾਂ ਤੇ ਉਹ ਮੇਰਾ। ਬਾਕੀ ਸਾਨੂੰ ਕਿਸੇ ਤੋਂ ਕੁਝ ਲੈਣਾ-ਦੇਣਾ ਨਹੀਂ।

ਜਿਹੜੇ ਮਾਂ-ਬਾਪ ਪਿਆਰ ’ਤੇ ਪਾਬੰਦੀ ਲਾਉਂਦੇ ਹਨ, ਉਨ੍ਹਾਂ ਬਾਰੇ ਕੀ ਸੋਚਦੇ ਹੋ?

ਪਿਆਰ ’ਤੇ ਕੋਈ ਪਾਬੰਦੀ ਨਹੀਂ ਲਾਈ ਜਾ ਸਕਦੀ। ‘ਲਵ ਇਜ਼ ਗੌਡ’ ਤੁਸੀਂ ਹੀ ਤਾਂ ਕਹਿੰਦੇ ਹੋ ਤੇ ਪਿਆਰ ’ਤੇ ਪਾਬੰਦੀ ਦੀ ਗੱਲ ਵੀ ਕਰਦੇ ਹੋ। ਜੇ ਦੋ ਇਨਸਾਨ ਇਕ-ਦੂਜੇ ਨੂੰ ਪਿਆਰ ਕਰਦੇ ਹਨ ਤਾਂ ਦੁਨੀਆਂ ਦਾ ਕੋਈ ਫੈਸਲਾ ਉਨ੍ਹਾਂ ’ਤੇ ਲਾਗੂ ਨਹੀਂ ਹੁੰਦਾ। ਜਿਹੜੇ ਮਾਪਿਆਂ ਨੂੰ ਲਗਦਾ ਹੈ ਕਿ ਉਹ ਪਿਆਰ ’ਤੇ ਪਹਿਰਾ ਲਾ ਸਕਦੇ ਹਨ ਇਹ ਉਨ੍ਹਾਂ ਦੀ ਬੜੀ ਵੱਡੀ ਭੁੱਲ ਹੈ। ਜਿਵੇਂ ਫੁੱਲ ਨੂੰ ਕੋਈ ਖਿੜ੍ਹਣ ਤੋਂ ਰੋਕ ਨਹੀਂ ਸਕਦਾ ਉਸੇ ਤਰ੍ਹਾਂ ਪਿਆਰ ਕਰ ਵਾਲਿਆਂ ’ਤੇ ਕੋਈ ਪਹਿਰਾ ਨਹੀਂ ਲਾਇਆ ਜਾ ਸਕਦਾ। ਮਾਪੇ ਅਜਿਹਾ ਇਸ ਕਰਕੇ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਵਿਆਹ ਵੀ ਇਸੇ ਤਰ੍ਹਾਂ ਹੋਇਆ ਹੁੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੋਸਾਇਟੀ ਨੂੰ ਵੀ ਜਵਾਬ ਦੇਣਾ ਹੁੰਦਾ ਹੈ। ਇਨਸਾਨ ਆਪਣੇ ਲਈ ਨਹੀਂ ਸੋਸਾਇਟੀ ਲਈ ਜੀ ਰਿਹਾ ਹੈ। ਦੋ ਨੌਜਵਾਨ ਲੋਕਾਂ ਦਾ ਇਹ ਨਿੱਜੀ ਮਸਲਾ ਹੈ ਕਿ ਉਹ ਕਿਸ ਨਾਲ ਰਹਿਣਾ ਪਸੰਦ ਕਰਦੇ ਹਨ।

ਤੁਹਾਡਾ ਰਹਿਣ-ਸਹਿਣ ਕਿਵੇਂ ਦਾ ਸੀ? 

ਅਸੀਂ ਸਾਦੀ ਜ਼ਿੰਦਗੀ ’ਚ ਯਕੀਨ ਰੱਖਦੇ ਹਾਂ। ਮੈਂ ਤੇ ਅੰਮ੍ਰਿਤਾ ਕਿਸੇ ਨੂੰ ਡਿਨਰ ’ਤੇ ਨਹੀਂ ਬੁਲਾਉਂਦੇ। ਇਹ ਤਾਂ ਸਾਡੀ ਮਰਜ਼ੀ ’ਤੇ ਹੈ ਕਿ ਅਸੀਂ ਕਿਸ ਨੂੰ ਬੁਲਾਉਣਾ ਹੈ ਤੇ ਕਿਸ ਨੂੰ ਨਹੀਂ। ਅਸੀਂ ਦੋਵੇਂ ਇਕੋ ਸਬਜ਼ੀ ਨਾਲ ਰੋਟੀ ਖਾਉਂਦੇ ਹਾਂ। ਜੇਕਰ ਅਸੀਂ ਕਿਸੇ ਨੂੰ ਬੁਲਾਈਏ ਤਾਂ ਸਾਨੂੰ ਉਸ ਵਾਸਤੇ ਸਬਜ਼ੀ ਵੀ ਬਨਾਉਣੀ ਪਵੇਗੀ। ਕੀ ਲੋੜ ਹੈ ਇਹ ਕਰਣ ਦੀ? ਲੋਕ ਨੌਕਰ ਕਿਉਂ ਰਖਦੇ ਹਨ, ਕਿਉਂਕਿ ਉਹ ਉਨ੍ਹਾਂ ਨੂੰ ਅਰਾਮ ਦਿੰਦੇ ਹਨ। ਮੈਂ ਆਪਣੇ ਕਮਰੇ ’ਚ ਪੇਂਟਿੰਗ ਬਣਾ ਰਿਹਾ ਹੁੰਦਾ ਹਾਂ ਤੇ ਅੰਮ੍ਰਿਤਾ ਆਪਣੇ ਕਮਰੇ ’ਚ ਲਿਖ ਰਹੀ ਹੁੰਦੀ ਹੈ ਤੇ ਸਾਨੂੰ ਨੌਕਰ ਦਾ ਧਿਆਣ ਰੱਖਣਾ ਪੈਂਦਾ ਹੈ ਕਿ ਉਹ ਕੀ ਕਰ ਰਿਹਾ ਹੈ। ਇਸੇ ਲਈ ਅਸੀਂ ਨੌਕਰ ਨਹੀਂ ਰਖਦੇ। ਜੇਕਰ ਔਰਤ ਘਰ ’ਚ ਰਹਿੰਦੀ ਹੈ ਤਾਂ ਉਸ ਨੂੰ ਖੁਦ ਰੋਟੀ ਬਨਾਉਣੀ ਚਾਹੀਦੀ ਹੈ। ਅੰਮ੍ਰਿਤਾ ਖੁਦ ਖਾਣਾ ਬਨਾਉਂਦੀ ਹੈ। ਅਸੀਂ ਦੋਵੇਂ ਰੱਲ ਕੇ ਰਸੋਈ ਦਾ ਸਾਰਾ ਕੰਮ ਕਰਦੇ ਹਾਂ।

ਤੁਸੀਂ ਤੇ ਅੰਮ੍ਰਿਤਾ ਮੁਸ਼ਾਇਰੇ ’ਚ ਨਹੀਂ ਜਾਂਦੇ, ਕਿਉਂ?

ਮੁਸ਼ਾਇਰਾ ਹੋਰ ਮੂਡ ਦਾ ਹੁੰਦਾ ਹੈ। ਅਸੀਂ ਉਸ ’ਚ ਫਿੱਟ ਨਹੀਂ ਬੈਠਦੇ। ਮੈਂ ਕਦੇ ਮੁਸ਼ਾਇਰੇ ’ਚ ਨਹੀਂ ਜਾਉਂਦਾ, ਅੰਮ੍ਰਿਤਾ ਸ਼ਾਇਦ ਇਕ ਵਾਰ ਗਈ ਹੈ। ਸ਼ਾਇਰ ਪਰਦੇ ਦੇ ਪਿੱਛੇ ਸ਼ਰਾਬ ਪੀ ਰਹੇ ਹੁੰਦੇ ਹਨ ਤੇ ਫਿਰ ਸ਼ਾਇਰੀ ਸੁਨਾਉਂਦੇ ਹਨ। ਛੋਟੇ-ਮੋਟੇ ਸ਼ਾਇਰਾਂ ਨੂੰ ਪਹਿਲਾਂ ਮੌਕਾ ਦਿੱਤਾ ਜਾਂਦਾ ਹੈ। ਵੱਡੇ ਸ਼ਾਇਰ ਬਾਅਦ ਵਿਚ ਆਉਂਦੇ ਹਨ ਤਾਂ ਜੋ ਭੀੜ ਬਣੀ ਰਹੇ। ਅਜਿਹਾ ਕਰ ਦੀ ਕੀ ਲੋੜ ਹੈ ਕਿਉਂ ਨਾ ਚੰਗੇ ਸ਼ਾਇਰਾਂ ਦੀਆਂ ਹੀ ਜ਼ਿਆਦਾ ਨਜ਼ਮਾਂ ਸੁਣ ਲਈਆਂ ਜਾਣ।
ਇਮਰਾਨ ਤੇ ਇਮਰੋਜ਼ ਹੌਜ਼ ਖ਼ਾਸ ਵਾਲੇ ਘਰ 'ਚ

ਤੁਸੀਂ ਖੁਦਾ ’ਚ ਯਕੀਨ ਰੱਖਦੇ ਹੋ?

ਲੋਕ ਮੰਦਰ, ਮਸਜਿਦ ਜਾਂ ਗੁਰਦਵਾਰੇ ਕਿਉਂ ਜਾਂਦੇ ਹਨ? ਕਿਉਂਕਿ ਉਨ੍ਹਾਂ ਨੇ ਖੁਦਾ ਤੋਂ ਕੁਝ ਮੰਗੁਣਾ ਹੁੰਦਾ ਹੈ। ਕੀ ਭਗਵਾਨ ਕਿਸੇ ਦਾ ਨੌਕਰ ਹੈ? ਉਹ ਕਿਸ-ਕਿਸ ਦੇ ਕੰਮ ਕਰਦਾ ਰਹੇਗਾ। ਤੁਸੀਂ ਭਗਵਾਨ ਕੋਲ ਸਿਰਫ ਮੰਗਣ ਜਾਂਦੇ ਹੋ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਨਹੀਂ ਜਾਉਂਦੇ। ਤੁਸੀਂ ਅਜਿਹਾ ਕਿਉਂ ਕਹਿੰਦੇ ਹੋ ਕਿ ਜੇਕਰ ਸਾਡਾ ਇਹ ਕੰਮ ਹੋ ਜਾਵੇਗਾ ਤਾਂ ਅਸੀਂ ਹਵਨ ਕਰਵਾਵਾਂਗੇ ਜਾਂ ਹੋਰ ਕੁਝ। ਤੁਸੀਂ ਸਿੱਧੇ ਤੌਰ ’ਤੇ ਭਗਵਾਨ ਨੂੰ ਰਿਸ਼ਵਤ ਦੇ ਰਹੇ ਹੋ। ਭਗਵਾਨ ਨੂੰ ਤਾਂ ਛੱਡ ਦਿਉ। ਕੋਈ ਕਹਿੰਦਾ ਹੈ ਭਗਵਾਨ ਮੇਰਾ ਵਿਆਹ ਕਰਵਾ ਦਿਉ, ਕੋਈ ਕਹਿੰਦਾ ਹੈ ਮੈਨੂੰ ਪਾਸ ਕਰਵਾ ਦਿਉ ਅਤੇ ਚੋਰ ਕਹਿੰਦਾ ਹੈ ਕਿ ਭਗਵਾਨ ਮੇਰੀ ਚੋਰੀ ’ਤੇ ਪਰਦਾ ਪਾਈੰ ਰੱਖੀਂ। ਚੋਰ ਇਹ ਨਹੀਂ ਕਹਿੰਦਾ ਕਿ ਭਗਵਾਨ ਚੋਰੀ ਦੀ ਆਦਤ ਛਡਵਾ ਦੇ। ਜੇਕਰ ਤੁਸੀਂ ਸੋਚਦੇ ਹੋ ਕਿ ਖੁਦਾ ਹੈ ਤਾਂ ਤੁਸੀਂ ਸਾਰੀਆਂ ਚੀਜ਼ਾਂ ਉਸ ’ਤੇ ਛੱਡ ਦਿੰਦੇ ਹੋ। ਜੇਕਰ ਸੋਚਦੇ ਹੋ ਕਿ ਉਹ ਨਹੀਂ ਹੈ ਤਾਂ ਤੁਸੀਂ ਦੋ ਤਰੀਕਿਆਂ ਨਾਲ ਸੋਚਦੇ ਹੋ। ਲੋਕ ਕਹਿੰਦੇ ਹਨ ਕਿ ਸਾਰਾ ਕੁਝ ਭਗਵਾਨ ਦੀ ਮਰਜ਼ੀ ਨਾਲ ਹੁੰਦਾ ਹੈ। ਜੇਕਰ ਕਿਸੇ ਦਾ ਕਤਲ ਹੁੰਦਾ ਹੈ ਤਾਂ ਉਹ ਵੀ ਭਗਵਾਨ ਦੀ ਮਰਜ਼ੀ ਨਾਲ ਹੋਇਆ ਹੈ। ਫਿਰ ਕਾਤਲ ਨੂੰ ਕਿਉਂ ਫੜਦੇ ਹੋ, ਭਗਵਾਨ ਨੂੰ ਫੜੋ ਜਾ ਕੇ। ਕਤਲ ’ਤੇ ਆ ਕੇ ਗੱਲ ਬਦਲ ਜਾਂਦੀ ਹੈ। ਤੁਸੀਂ ਸਿਰਫ ਆਪਣੇ ਫਾਇਦੇ ਲਈ ਭਗਵਾਨ ਨੂੰ ਇਸਤੇਮਾਲ ਕਰਦੇ ਹੋ।

ਤੁਸੀਂ ਲਗਭਗ 40 ਸਾਲ ਇਕੱਠੇ ਰਹੇ, ਫਿਰ ਵੀ ਕਦੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ?

ਇਜ਼ਹਾਰ ਕਰਣ ਦੀ ਲੋੜ ਹੀ ਕੀ ਹੈ। ਜੇਕਰ ਕੋਈ ਬਿਨਾ ਕੁਝ ਦੱਸੇ ਹੀ ਸੱਭ ਕੁਝ ਕਹਿ ਦੇਵੇ ਤਾਂ ਦੱਸਣ ਦੀ ਕੀ ਲੋੜ ਹੈ। 40 ਸਾਲਾਂ ’ਚ ਅਸੀਂ ਇਕ ਦੂਜੇ ਨੂੰ ‘ਆਈ ਲਵ ਯੂ’ ਨਹੀਂ ਕਿਹਾ। ਪਿਆਰ ਹੈ ਤਾਂ ਹੈ, ਦੱਸਣ ਦੀ ਕੀ ਲੋੜ ਹੈ। ਜੇਕਰ ਕੋਈ ਮੈਨੂੰ ਖੂਬਸੂਰਤ ਲਗਦਾ ਹੈ ਤਾਂ ਲਗਦਾ ਹੈ, ਉਸ ਨੂੰ ਆਪਣੇ ਆਪ ਅਹਿਸਾਸ ਹੋ ਜਾਵੇਗਾ। ਜੇਕਰ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤਾਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਤੂੰ ਵੀ ਮੈਨੂੰ ਪਿਆਰ ਕਰ। ਪਿਆਰ ਨੂੰ ਇਜ਼ਹਾਰ ਦੀ ਜ਼ਰੂਰਤ ਨਹੀਂ। ਇਜ਼ਹਾਰ ਤਾਂ ਕੋਸ਼ਿਸ਼ ਹੈ ਪਿਆਰ ਬਨਾਉਣ ਦੀ।

ਅੰਮ੍ਰਿਤਾ ਜੀ ਦਾ ਕਮਰਾ ਘਰ ਦੀ ਸ਼ੁਰੂਆਤ ’ਚ ਸੀ ਤੇ ਤੁਹਾਡਾ ਅਖੀਰ ’ਚ, ਅਜਿਹਾ ਕਿਉਂ?

ਮੈਂ ਇਕ ਕਲਾਕਾਰ ਹਾਂ ਤੇ ਉਹ ਲੇਖਿਕਾ। ਪਤਾ ਨਹੀਂ ਕਦੋਂ ਉਹ ਲਿਖਣਾ ਸ਼ੁਰੂ ਕਰ ਦੇਵੇ ਤੇ ਮੈਂ ਪੇਂਟਿੰਗ ਬਨਾਉਣਾ। ਇੰਨਾ ਵੱਡਾ ਘਰ ਹੁੰਦਾ ਹੈ ਫਿਰ ਵੀ ਪਤੀ-ਪਤਨੀ ਇਕ ਬਿਸਤਰੇ ’ਤੇ ਕਿਉਂ ਸੋਂਦੇ ਹਨ? ਉਨ੍ਹਾਂ ਦਾ ਮਕਸਦ ਕੁਝ ਹੋਰ ਹੁੰਦਾ ਹੈ, ਸਾਡਾ ਅਜਿਹਾ ਕੋਈ ਮਕਸਦ ਨਹੀਂ ਇਸ ਲਈ ਅਸੀਂ ਅਲਗ ਸੌਂਦੇ ਹਾਂ। ਜੇਕਰ ਅਸੀਂ ਇਕੱਠੇ ਸੌਂਦੇ ਤਾਂ ਜੇਕਰ ਮੈਂ ਹਿਲਦਾ ਤਾਂ ਉਸ ਨੂੰ ਪਰੇਸ਼ਾਨੀ ਹੋਣੀ ਸੀ ਤੇ ਜੇਕਰ ਉਹ ਹਿਲਦੀ ਤਾਂ ਮੈਨੂੰ। ਅਸੀਂ ਇਕ ਦੂਜੇ ਨੂੰ ਪਰੇਸ਼ਾਨੀ ਨਹੀਂ ਦੇਣਾ ਚਾਹੁੰਦੇ। ਅੱਜਕਲ ਵਿਆਹ ਸਿਰਫ ਔਰਤ ਦੇ ਸਰੀਰ ਵਾਸਤੇ ਹੁੰਦੇ ਹਨ। ਮਰਦ ਵਾਸਤੇ ਔਰਤ ਸਿਰਫ ਸਰਵਿੰਗ ਵੂਮੈਨ ਹੈ, ਕਿਉਂਕਿ ਉਹ ਨੌਕਰ ਤੋਂ ਸਸਤੀ ਹੈ। ਆਮ ਵਿਅਕਤੀ ਨੂੰ ਔਰਤ ਸਿਰਫ ਸਰੀਰ ਤੱਕ ਹੀ ਮਿਲਦੀ ਹੈ, ਪਿਆਰ ਤਾਂ ਕਿਸੇ-ਕਿਸੇ ਨੂੰ ਹੀ ਮਿਲਦਾ ਹੈ।

ਤੁਸੀਂ ਅੰਮ੍ਰਿਤਾ ਜੀ ਨਾਲ ਆਪਣਾ ਜਨਮਦਿਨ ਪਹਿਲੀ ਵਾਰ ਮਨਾਇਆ ਸੀ। ਕਿਹੋ ਜਿਹਾ ਮਹਿਸੂਸ ਹੋਇਆ ਸੀ?

ਚੰਗਾ ਲੱਗਾ। ਉਹ ਤਾਂ ਬਾਈਚਾਂਸ ਹੀ ਮਨਾ ਲਿਆ। ਉਸਦੇ ਤੇ ਮੇਰੇ ਘਰ ’ਚ ਸਿਰਫ ਇਕ ਸੜਕ ਦਾ ਫਾਸਲਾ ਸੀ। ਮੈਂ ਉਸ ਨਾਲ ਮਿਲਣ ਜਾਂਦਾ ਰਹਿੰਦਾ ਸਾਂ। ਉਸ ਦਿਨ ਅਸੀਂ ਇਕੱਠੇ ਬੈਠੇ ਸੀ। ਮੈਂ ਉਸ ਨੂੰ ਦੱਸਿਆ ਕਿ ਅੱਜ ਦੇ ਦਿਨ ਹੀ ਮੈਂ ਪੈਦਾ ਹੋਇਆ ਸੀ। ਉਹ ਉਠ ਕੇ ਬਾਹਰ ਗਈ ਤੇ ਕੁਝ ਚਿਰ ਬਾਅਦ ਆ ਕੇ ਬੈਠ ਗਈ। ਸਾਡੇ ਪਿੰਡ ਜਨਮ ਦਿਨ ਮਨਾਉਣ ਦਾ ਰਿਵਾਜ਼ ਨਹੀਂ। ਪੈਦਾ ਹੋ ਗਏ ਤਾਂ ਹੋ ਗਏ। ਇਹ ਰਿਵਾਜ਼ ਤਾਂ ਅੰਗਰੇਜ਼ਾਂ ਦਾ ਹੈ। ਥੋੜੀ ਦੇਰ ਬਾਅਦ ਇਕ ਵਿਅਕਤੀ ਕੇਕ ਲੈ ਕੇ ਆਇਆ। ਉਸ ਨੇ ਕੇਕ ਕੱਟਿਆ। ਥੋੜ੍ਹਾ ਮੈਨੂੰ ਦਿੱਤਾ ਤੇ ਥੋੜ੍ਹਾ ਆਪ ਖਾਦਾ। ਨਾ ਉਸ ਨੇ ਮੈਨੂੰ ਹੈਪੀ ਬਰਥਡੇ ਕਿਹਾ ਨਾ ਮੈ ਥੈਂਕਯੂ। ਬੱਸ ਅਸੀਂ ਇਕ ਦੂਜੇ ਨੂੰ ਵੇਖਦੇ ਤੇ ਮੁਸਕੁਰਾਉਂਦੇ ਰਹੇ।

ਅੱਜ ਕਲ ਤੁਹਾਡੇ ਕੀ ਰੁਝਾਨ ਹਨ? 

ਹੁਣ ਮੈਂ ਘਰ ਹੀ ਰਹਿੰਦਾ ਹਾਂ। ਕੀ ਲੋੜ ਹੈ ਬਾਹਰ ਜਾਣ ਦੀ। ਕਵਿਤਾਵਾਂ ਲਿਖਦਾ ਹਾਂ, ਪੇਂਟਿੰਗ ਕਰਦਾ ਹਾਂ, ਖੁਸ਼ ਹਾਂ ਆਪਣੀ ਜ਼ਿੰਦਗੀ ਤੋਂ। ਕਦੇ-ਕਦੇ ਬਾਹਰ ਸਬਜ਼ੀ ਲੈਣ ਚਲਾ ਜਾਂਦਾ ਹਾਂ।

ਇਸ ਸਮੇਂ ਦੇ ਲੋਕਾਂ ਬਾਰੇ ਕੀ ਕਹੋਗੇ?

ਅੱਜ ਕਲ ਕੋਈ ਜ਼ਿੰਦਾ ਨਹੀਂ। ਸਭ ਡੈਡ ਹੋ ਚੁੱਕੇ ਹਨ। ਜੋ ਮੁਆਫੀ ਨਹੀਂ ਮੰਗਦਾ, ਉਹ ਮਰ ਚੁੱਕਿਆ ਹੈ। ਜ਼ਿੰਦਾ ਇਨਸਾਨ ਨੂੰ ਕਦੇ ਨਾ ਕਦੇ ਇਕ ਵਾਰ ਆਪਣੀ ਗਲਤੀ ਦਾ ਅਹਿਸਾਸ ਤਾਂ ਹੁੰਦਾ ਹੀ ਹੈ। ਗੁਜਰਾਤ ਦੇ ਦੰਗਿਆਂ ’ਚ ਇਕ ਹਜ਼ਾਰ ਤੋਂ ਵੱਧ ਮੁਸਲਮਾਨ ਮਾਰੇ ਗਏ ਪਰ ਅੱਜ ਤੱਕ ਉਥੇ ਦੇ ਕਿਸੇ ਬੰਦੇ ਨੇ ਗਲਤੀ ਨਹੀਂ ਮੰਨੀ। ਕਿਉਂ? ਕਿਉਂਕਿ ਉਹ ਮਰ ਚੁੱਕੇ ਨੇ। ਅੱਜ ਕੋਈ ਵੀ ਮਜ਼ਹਬ ਇਨਸਾਨ ਨਹੀਂ ਬਣਾ ਰਿਹਾ। ਸਾਰੇ ਆਪਣੇ ਇਸਤੇਮਾਲ ਲਈ ਭੀੜ ਇਕੱਠੀ ਕਰ ਰਹੇ ਹਨ। ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ ਦੂਜਿਆਂ ਨਾਲੋਂ ਚੰਗੇ ਹਾਂ ਕਿਉਂਕਿ ਸਭ ਵਹਿਸ਼ੀ ਹੋ ਚੁੱਕੇ ਹਨ।

ਇਮਰਾਨ ਖ਼ਾਨ
Mob: 9888265007

Friday, April 27, 2012

ਇਕ ਬੇਵਫਾ ਦਾ ਪ੍ਰੇਮ ਪੱਤਰ

ਜੈਕ ਲੰਦਨ 
ਜੈਕ ਲੰਦਨ (1876 – 1916)ਅਮਰੀਕਾ ਦੇ ਸਭ ਤੋਂ ਚਰਚਿਤ ਲੇਖਕਾਂ 'ਚੋਂ ਇਕ ਸੀ। ਉਸਨੇ ਆਪਣੀ ਇਕ ਰੋਮਾਂਟਿਕ ਕਿਤਾਬ ਲਿਖਣ ਦੇ ਤਜ਼ਰਬਿਆਂ ਲਈ ਬਹੁਤ ਸਾਰੀਆਂ ਨੌਕਰੀਆਂ ਕੀਤੀਆਂ।ਉਹ ਪੱਛਮੀ ਸਾਹਿਤ  ' 'ਚ ਆਪਣੇ ਨਾਵਲ 'ਕਾਲ ਆਫ ਦ ਵਾਈਲਡ' ਕਰਕੇ ਕਾਫੀ ਮਸ਼ਹੂਰ ਰਿਹਾ।ਆਪਣੇ ਵਿਆਹ ਤੋਂ ਥੋੜ੍ਹਾ ਸਮਾਂ ਬਾਅਦ ਉਸਨੂੰ ਰੂਸ 'ਚ ਜਨਮੀ ਅੰਨਾ ਸਤ੍ਰੰਸਕੀ ਨਾਲ ਪਿਆਰ ਹੋ ਗਿਆ।ਅੰਨਾ ਨੌਂ ਸਾਲ ਦੀ ਉਮਰ 'ਚ ਸਨ-ਫਰਾਂਸਿਸਕੋ ਆਈ ਸੀ ਤੇ ਜਵਾਨ ਹੋਣ ਤੱਕ ਸ਼ਹਿਰ ਦੀ ਪ੍ਰਸਿੱਧ ਹਸਤੀ ਬਣ ਚੁੱਕੀ ਸੀ।ਕਿਹਾ ਜਾਂਦਾ ਹੈ ਕਿ ਉਹ ਸੁਭਾਅ ਦੀ ਐਨੀ ਨਿੱਘੀ ਸੀ ਜੋ ਵੀ ਉਸ ਨਾਲ ਇਕ ਮੁਲਾਕਾਤ ਕਰ ਲੈਂਦਾ ਸੀ ਉਹ ਉਸ ਨੂੰ ਭੁਲਾ ਨਹੀਂ ਸਕਦਾ ਸੀ।ਜੈਕ ਤੇ ਅੰਨਾ ਦੀ ਪ੍ਰੇਮ ਕਹਾਣੀ ਉਸਦੀ ਪਤਨੀ ਨੂੰ ਪਤਾ ਲੱਗ ਗਈ ਤੇ ਹਨੀਮੂਨ ਤੋਂ ਤੁਰੰਤ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਜੈਕ ਦੇ ਇਸ ਪ੍ਰੇਮ ਪੱਤਰ 'ਚ ਪ੍ਰੇਮੀ ਦੇ ਨਾਲ ਨਾਲ ਇਕ ਪੇਸ਼ੇਵਾਰ ਲਿਖਾਰੀ ਦੀ ਦਿੱਖ ਨਜ਼ਰ ਆਉਂਦੀ ਹੈ।ਜੈਕ ਦਾ ਪ੍ਰੇਮ ਪੱਤਰ  ਸਮਝਾਉਂਦਾ ਹੈ ਕਿ ਪਿਆਰ ਨੂੰ ਲੋਕ ਕਿਸ ਕਿਸ ਤਰ੍ਹਾਂ ਮਹਿਸੂਸ ਕਰ  ਸਕਦੇ ਹਨ

ਪਿਆਰੀ ਅੰਨਾ,
ਕੀ ਮੈਂ ਕਦੇ ਇਹ ਕਿਹਾ ਕਿ ਸਾਨੂੰ ਇਨਸਾਨਾਂ ਨੂੰ ਵੀ ਵਰਗਾਂ 'ਚ ਵੰਡਿਆ ਜਾ ਸਕਦਾ ਹੈ।ਠੀਕ ਹੈ,ਜੇ ਮੈਂ ਕਦੇ ਪਹਿਲਾਂ ਅਜਿਹਾ ਕਿਹਾ ਤਾਂ ਮੈਂ ਹੁਣ ਕਹਿੰਦਾ ਹਾਂ ਕਿ ਸਭ ਨੂੰ ਨਹੀਂ ਵੰਡਿਆ ਜਾ ਸਕਦਾ।ਤੂੰ ਮੈਨੂੰ ਟਾਲਦੀ ਰਹਿੰਦੀ ਹੈਂ।ਮੈਂ ਤੈਨੂੰ ਲੱਭ ਨਹੀਂ ਪਾਉਂਦਾ,ਮੈਂ ਤੈਨੂੰ ਸਮਝ ਨਹੀਂ ਪਾਉਂਦਾ।ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਮੈਂ ਦਸ 'ਚੋਂ ਨੌਂ ਇਨਸਾਨਾਂ ਬਾਰੇ ਸਕਦਾ ਹਾਂ ਕਿ ਉਹ ਕਿਸ ਹਾਲਤ 'ਚ ਕੀ ਕਹਿਣਗੇ ਜਾਂ ਕਿਹੋ ਜਿਹਾ ਵਰਤਾਅ ਕਰਨਗੇ।ਮੈਂ ਇਨ੍ਹਾਂ ਲੋਕਾਂ ਨੂੰ ਦਿਲ ਦੀ ਨਬਜ਼ ਨਾਲ ਵੀ ਪਛਾਣ ਸਕਦਾ ਹਾਂ,ਪਰ ਦਸਵੇਂ ਇਨਸਾਨ ਬਾਰੇ ਮੈਂ ਕਹਿੰਦਾ ਹਾਂ ਕਿ ਮੈਂ ਕੁਝ  ਨਹੀਂ ਜਾਣ ਪਾਉਂਦਾ ਤੇ ਤੂੰ ਉਹ ਦਸਵੀਂ ਇਨਸਾਨ ਹੈਂ।

ਕੀ ਕਦੀ ਇਵੇਂ ਹੋਇਆ ਕਿ ਦੋ ਗੂੰਗੀਆਂ ਤੇ ਬਿਲਕੁਲ ਵੱਖਰੀਆਂ ਆਤਮਾਵਾਂ ਆਪ 'ਚ ਪਿਆਰ ਕਰ ਬੈਠੀਆਂ ਹੋਣ ?ਸਾਨੂੰ ਸ਼ਾਇਦ ਲੱਗੇ ਕਿ ਸਾਡੇ 'ਚ ਕੋਈ ਸਮਾਨਤਾ ਨਹੀਂ ਹੈ ਤੇ ਸਾਨੂੰ ਅਕਸਰ ਅਜਿਹਾ ਲੱਗਦਾ ਵੀ ਹੈ।ਜਦੋਂ ਵੀ ਸਾਨੂੰ ਅਜਿਹਾ ਲੱਗਦਾ ਹੈ ਫਿਰ ਵੀ ਅਸੀਂ ਇਕ ਦੂਜੇ ਨੂੰ ਸਮਝ ਪਾਉਂਦੇ ਹਾਂ।ਹਾਲਾਂਕਿ ਉਸ ਸਮੇਂ ਸਾਡੀ ਬੋਲੀ ਵੱਖਰੀ ਹੁੰਦੀ ਹੈ ਤੇ ਅਸੀਂ ਬੋਲਣ ਲਈ ਸ਼ਬਦ ਨਹੀਂ ਲੱਭ ਪਾਉਂਦੇ।ਸ਼ਾਇਦ ਪ੍ਰਮਾਤਮਾ ਸਾਡੀ ਇਸ ਹਾਲਤ 'ਤੇ ਹੱਸਦਾ ਹੋਵੇਗਾ।

ਪਰ ਇਨ੍ਹਾਂ ਹਾਲਤਾਂ 'ਚ ਆਸ ਦੀ ਕਿਰਨ ਇਹ ਹੈ ਕਿ ਅਸੀਂ ਆਪਣੀ ਮਾਨਸਿਕ ਨਿਪੰਨਤਾ ਦੇ ਜ਼ਰੀਏ ਇਕ ਦੂਜੇ ਨੂੰ ਸਮਝ ਲੈਂਦੇ ਹਾਂ।ਇਹ ਵੀ ਸੱਚ ਹੈ ਕਿ ਅਸੀਂ ਇਕ ਦੂਜੇ ਅਸਪੱਸ਼ਟ ਤਰੀਕਿਆਂ ਤੇ ਅਸਪੱਸ਼ਟ ਮਾਅਨਿਆਂ 'ਚ ਸਮਝ ਪਾਉਂਦੇ ਹਾਂ ਤੇ ਇਹ ਸਮਝ ਉਨ੍ਹਾਂ ਭੂਤਾਂ ਦੀ ਤਰ੍ਹਾਂ ਹੁੰਦੀ ਹੈ ਜੋ ਆਪਣੀ ਸੱਚਾਈ ਸਾਨੂੰ ਅਕਸਰ ਡਰਾਉਂਦੇ ਹਨ।ਫਿਰ ਵੀ ਮੈਂ ਮੰਨਦਾ ਹਾਂ ਕਿ ਤੂੰ ਹੀ ਉਹ ਦਸਵੀਂ ਇਨਸਾਨ ਹੈਂ ਇਸ ਬਾਰੇ ਮੈਂ ਕੁਝ ਨਹੀਂ ਜਾਣਦਾ।ਸ਼ਾਇਦ ਮੈਨੂੰ ਹੀ ਸਮਝਣਾ ਮੁਸ਼ਕਲ ਹੈ ?ਮੈਂ ਨਹੀਂ ਜਾਣਦਾ,ਸ਼ਾਇਦ ਇਹੀ ਸੱਚ ਹੈ।ਸ਼ਾਇਦ ਮੈਂ ਹੀ ਉਹ ਭਾਸ਼ਾ ਨਹੀਂ ਲੱਭ ਪਾਉਂਦਾ,ਜਿਸ ਨਾਲ ਤੈਨੂੰ ਆਪਣੀ ਗੱਲ ਕਹਿ ਸਕਾਂ।

ਸਾਡੇ ਦੋਵਾਂ ਦਾ ਮਾਨਸਿਕ ਰੂਪ 'ਚ ਨਿਪੁੰਨ ਹੋਣਾ ਹੀ ਸਾਨੂੰ ਇਕ ਦੂਜੇ ਦੇ ਨੇੜੇ ਲਿਆਉਂਦਾ ਹੈ। ਸ਼ਾਇਦ ਇਹੀ ਉਹ ਚੀਜ਼ ਹੈ ਜੋ ਸਭ ਨੂੰ ਇਕ ਦੂਜੇ ਦੇ ਨੇੜੇ ਲਿਆaੁਂਦੀ ਹੈ।ਤੂੰ ਤੇ ਮੈਂ ਇਸ ਬ੍ਰਹਿਮੰਡ ਦਾ ਛੋਟਾ ਜਿਹਾ ਹਿੱਸਾ ਹੀ ਹਾਂ,ਇਸੇ ਲਈ ਇਕ ਦੂਜੇ ਵੱਲ ਅਕਰਸ਼ਿਤ ਹੋਏ ਹਾਂ,ਪਰ ਫੇਰ ਵੀ ਇਕ ਦੂਜੇ ਤੋਂ ਐਨੇ ਵੱਖਰੇ ਹਾਂ।ਜਦੋਂ ਮੈਂ ਤੈਨੂੰ ਉਤਸ਼ਾਹਿਤ ਦੇਖਦਾ ਹਾਂ ਤਾਂ ਮੈਨੂੰ ਤੇਰੇ 'ਤੇ ਬਹੁਤ ਹਾਸੀ ਆਉਂਦੀ ਹੈ,ਪਰ ਇਹ ਮੁਸਕਰਾਹਟ ਤੈਨੂੰ ਮੁਆਫ ਕਰਨ ਵਾਲੀ ਹੁੰਦੀ ਹੈ,ਨਹੀਂ ਇਹ ਮੇਰੀ ਈਰਖਾ ਭਰੀ ਮੁਸਕਰਾਹਟ ਹੁੰਦੀ ਹੈ।

ਮੈਨੂੰ ਪੱਚੀ ਸਾਲ ਦਬਾ ਕੇ ਰੱਖਿਆ ਗਿਆ।ਮੈਂ ਬੱਸ ਇਹੀ ਸਿੱਖਿਆ ਕਿ ਉਤਸ਼ਾਹਿਤ ਹੋਣਾ ਠੀਕ ਨਹੀਂ ਹੈ। ਹੁਣ ਇਹ ਸਭ ਭੁੱਲਣਾ ਬਹੁਤ ਮੁਸ਼ਕਲ ਹੈ।ਮੈਂ ਭੁੱਲਣਾ ਸ਼ੁਰੂ ਕੀਤਾ ਹੈ ਪਰ ਬਹੁਤ ਹੌਲੀ ਹੌਲੀ।ਮੈਂ ਬਹੁਤ ਖੁਸ਼ ਹਾਂ ਕਿ ਮੈਂ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਸਿੱਖ ਰਿਹਾ ਹਾਂ।ਦੂਜੀਆਂ ਚੀਜ਼ਾਂ ਤੋਂ ਸਿੱਖ ਰਿਹਾ ਹਾਂ,ਪਰ ਜੋ ਚੀਜ਼ਾਂ ਮੇਰੀਆਂ ਆਪਣੀਆਂ ਤੇ ਨੇੜਲੀਆਂ ਹਨ ਉਨ੍ਹਾਂ ਤੋਂ ਦੁੱਗਣਾ ਸਿੱਖ ਰਿਹਾ ਹਾਂ।ਕੀ ਮੈਂ ਆਪਣੇ ਆਪ ਨੂੰ ਸਮਝ ਪਾਇਆ ? ਕੀ ਤੂੰ ਮੇਰੀ ਆਵਾਜ਼ ਸੁਣ ਰਹੀ ਐਂ ?ਮੈਨੂੰ ਲੱਗਦੈ ਤੂੰ ਨਹੀਂ ਸੁਣ ਰਹੀ।



ਦੋ ਹੋਰ ਪ੍ਰੇਮ ਪੱਤਰ

ਕਾਫਕਾ:ਇਕ ਅਰਥਹੀਣ ਲੇਖ਼ਕ ਦਾ ਪ੍ਰੇਮ-ਪੱਤਰ

ਮੈਂ ਤੈਨੂੰ ਪ੍ਰਮਾਤਮਾ ਦੀ ਤਰ੍ਹਾਂ ਪਿਆਰ ਕਰਦਾ ਹਾਂ-ਨੈਲਸਨ ਮੰਡੇਲਾ ਦਾ ਪ੍ਰੇਮ ਪੱਤਰ