ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਫ਼ਿਲਮ. Show all posts
Showing posts with label ਫ਼ਿਲਮ. Show all posts

Sunday, October 13, 2013

ਅਜੈ ਭਾਰਦਵਾਜ ਦੀ ਫ਼ਿਲਮਸਾਜ਼ੀ : ਕਲਾ ਦੀ ਸਦੀਵੀ ਪ੍ਰਸੰਗਕਿਤਾ

ਅਜੈ ਭਾਰਦਵਾ ਦੀ ਫ਼ਿਲਮ ਕਲਾ ਤੇ ਫਲਸਫੇ ਬਾਰੇ ਯਾਦਵਿੰਦਰ ਕਰਫਿਊ ਦਾ ਟੁਕੜਾ ਕੁਝ ਕਾਂਟ ਛਾਂਟ ਤੋਂ ਬਾਅਦ ਸ਼ਨਿਚਵਾਰ ਨੂੰ 'ਪੰਜਾਬੀ ਟ੍ਰਿਬਿਊਨ' 'ਚ ਛਪਿਆ ਸੀਸੰਪਾਦਤ ਹੋਣ ਕਾਰਨ ਕੁਝ ਗੱਲਾਂ ਦੇ ਪੂਰਨ ਅਰਥ ਸਮਝ ਨਹੀਂ ਆਏ। ਪੂਰਾ ਟੁਕੜਾ ਤੁਹਾਡੇ ਸਾਹਮਣੇ ਹੈ।-ਗੁਲਾਮ ਕਲਮ

ਦੀਵੀ ਅਰਥਾਂ ਵਾਲੀ ਕਲਾ ਮਨੁੱਖੀ ਸੱਭਿਅਤਾ ਦੇ ਕਲਾਤਮਿਕ ਇਤਿਹਾਸ ਦੀ ਨੀਂਹ ਮਜ਼ਬੂਤ ਕਰਦੀ ਹੈ। ਫ਼ਿਲਮਸਾਜ਼ ਅਜੈ ਭਾਰਦਵਾਜ ਆਪਣੀਆਂ ਫ਼ਿਲਮਾਂ 'ਕਿਤੇ ਮਿਲ ਵੇ ਮਾਹੀ', 'ਰੱਬਾ ਹੁਣ ਕੀ ਕਰੀਏ' ਅਤੇ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਦੇ ਜ਼ਰੀਏ ਪੰਜਾਬ ਨੂੰ ਸਦੀਵੀ ਪ੍ਰਸੰਗਿਕਤਾ ਵਾਲੀ ਕਲਾ ਨਾਲ ਜੋੜਦਾ ਹੈ।

ਇਹ ਫਿਲਮਾਂ 1947 ਦੀ ਵੰਡ ਤੇ ਸੂਫੀਵਾਦ ਦੇ ਹਵਾਲੇ ਨਾਲ ਪੰਜਾਬ ਦੇ ਸਾਂਝੇ ਸੱਭਿਆਚਾਰ ਦੀਆਂ ਜੜ੍ਹਾਂ ਲੱਭਦੀਆਂ ਹਨ। ਇਹ ਦਰਸ਼ਕ ਦੀ ਸਾਂਝ 'ਜੋੜਨ ਵਾਲੇ ਫਲਸਫੇ' ਨਾਲ ਪਵਾਉਂਦੀਆਂ ਹਨ ਅਤੇ ਗ਼ੈਰ-ਕੁਦਰਤੀ ਸਿਆਸੀ ਪਹੁੰਚ ਨਾਲ ਹੋਣ ਵਾਲੀ ਸਮਾਜਿਕ ਤੇ ਸੱਭਿਆਚਾਰਕ ਤਬਾਹੀ ਬਾਰੇ ਖ਼ਬਰਦਾਰ ਕਰਦੀਆਂ ਹਨ। ਇਸਲਾਮ ਤੇ ਸੂਫੀਵਾਦ ਦੀ ਰੂਹਾਨੀਅਤ ਨਾਲ ਜੋ ਪੰਜਾਬ ਦਾ ਅਤੁੱਟ ਨਾਤਾ ਹੈ, ਇਨਾਂ ਫ਼ਿਲਮਾਂ ਰਾਹੀਂ ਗੂੜ੍ਹਾ ਹੁੰਦਾ ਹੈ ਅਤੇ ਪੰਜਾਬ ਦਾ ਸਾਂਝਾ ਸੱਭਿਆਚਾਰ ਜਸ਼ਨੀ ਅੰਦਾਜ਼ 'ਚ ਉਘੜਦਾ ਹੈ। ਇਸਲਾਮ ਤੇ ਸੂਫ਼ੀ ਸੰਤਾਂ ਦੀਆਂ ਦਰਗਾਹਾਂ ਮਨੁੱਖੀ ਸਾਂਝਾਂ ਦੀ ਗਵਾਹ ਬਣ ਕੇ ਪੇਸ਼ ਹੁੰਦੀਆਂ ਹਨ।

ਫ਼ਿਲਮਾਂ ਦੇ ਸੰਵਾਦ ਦਾ ਮੁੱਖ ਧੁਰਾ ਸੱਭਿਆਚਾਰ ਹੈ। ਮਾਲਵੇ(ਵੰਡ ਤੋਂ ਪਹਿਲਾਂ) ਦੇ ਮਸ਼ਹੂਰ ਕਵੀਸ਼ਰ ਮਰਹੂਮ ਬਾਬੂ ਰਜਬ ਅਲੀ, ਮਸਕੀਨ ਅਤੇ ਮਰਹੂਮ ਪ੍ਰੋ: ਕਰਮ ਸਿੰਘ ਜਿਹੇ ਲੋਕ ਕਲਾਕਾਰ ਪੰਜਾਬ ਦੀ ਅਮੀਰ ਵਿਰਾਸਤ ਨੂੰ ਕਾਇਨਾਤੀ ਪ੍ਰਸੰਗਾਂ ਨਾਲ ਜੋੜਦੇ ਹਨ ਅਤੇ ਆਪਣੀ ਲੋਕ ਕਲਾ ਰਾਹੀਂ ਹੀ ਸਿਆਸਤ ਦੀ ਤੈਹ 'ਚ ਪਈ ਅਣਮਨੁੱਖੀ ਖਿੱਚੋਤਾਨ ਨੂੰ ਬੇਨਕਾਬ ਵੀ ਕਰੀ ਜਾਂਦੇ ਹਨ।

ਫ਼ਿਲਮਾਂ 1947  ਦੇ ਮਹਾਂ-ਦੁਖਾਂਤ ਤੱਕ ਸੀਮਤ ਨਹੀਂ ਹਨ ਬਲਕਿ ਮਨੁੱਖ ਨੂੰ ਜੱਦ ਵਿਚ ਲੈਣ ਵਾਲੇ ਨਿੱਕੇ-ਵੱਡੇ ਸਾਰੇ ਦੁਖਾਂਤਾਂ ਦੀ ਨਬਜ਼ ਫੜ੍ਹਦੀਆਂ ਹਨ। ਇਨ੍ਹਾਂ 'ਚ ਮਨੁੱਖੀ ਵਜੂਦ ਦਾ ਕੁਦਰਤੀ ਧੁਰਾ ਫੜਨ ਦਾ ਯਤਨ ਹੈ, ਕਿ ਮਨੁੱਖ ਮਨੁੱਖ ਵਜੋਂ ਖੜਦਾ ਕਿੱਥੇ ਹੈ, ਤੇ ਉਹਨੂੰ ਆਪਣੇ ਅਸਲੇ ਤੋਂ ਤੋੜਨ ਵਾਲੇ ਸੰਦ ਕਿਹੜੇ ਹਨ। ਫਿਲਮਾਂ ਪਾਤਰਾਂ ਤੇ ਵਜੂਦ ਲੱਭਦੀਆਂ ਥਾਵਾਂ ਜ਼ਰੀਏ ਬਿਰਤਾਂਤ ਬੁਣਦੀਆਂ ਹਨ ਤੇ ਮਨੁੱਖ ਅੰਦਰ ਬਹੁਪਰਤੀ,ਬਹੁ-ਭੁਜਾਵੀਂ ਤੇ ਬਹੁਦਿਸ਼ਾਵੀਂ ਅਧਿਐਨ ਤੇ ਸੰਵਾਦ ਦੀ ਸੂਖਮ ਚਿਣਗ ਜਗਾਉਂਦੀਆਂ ਹਨ'।

ਇਸ ਤਰ੍ਹਾਂ ਮਨੁੱਖੀ ਅੰਤਰਮੁਖਤਾ ਤੇ ਬਾਹਰਮੁਖਤਾ ਇਕ ਦੂਜੇ ਦੇ ਸਾਹਮਣੇ ਆਣ ਖੜ੍ਹਦੀਆਂ ਹਨ ਤੇ ਇਤਿਹਾਸਕ ਮਹਾਂ-ਦੁਖਾਤਾਂ ਦੀ ਸਹਿਜ ਸਵੈ ਪੜਚੋਲ ਕਰਨ ਲਈ ਕਹਿੰਦੀਆਂ ਹਨ। ਉੱਤਮ ਕਲਾ ਸੰਕੇਤਕ ਤੇ ਚੁੱਪ ਦੀ ਭਾਸ਼ਾ ਰਾਹੀਂ ਮਨੁੱਖੀ ਸੰਵੇਦਨਾ ਨੂੰ ਛੁੰਹਸਦੀ ਹੈ। ਅਜੈ ਦੀ ਫ਼ਿਲਮਸਾਜ਼ੀ ਅਜਿਹੀ ਕਲਾ ਦਾ ਨਮੂਨਾ ਹੈ। ਉਸਨੂੰ ਤਸਵੀਰਾਂ/ਦ੍ਰਿਸ਼ਾ ਨਾਲ ਬਿਰਤਾਂਤ ਸਿਰਜਣ ਵਾਲਾ ਫ਼ਿਲਮਸਾਜ਼ ਕਿਹਾ ਜਾ ਸਕਦਾ ਹੈ'।

ਨ੍ਹਾਂ ਦਸਤਾਵੇਜ਼ੀ ਫ਼ਿਲਮਾਂ ਦਾ ਫ਼ਿਲਮਾਂਕਣ ਅਜਿਹਾ ਹੈ ਜੋ ਦਰਸ਼ਕ ਦੀਆਂ ਚੇਤ-ਅਚੇਤ ਖੁੰਦਰਾਂ ਦਾ ਲੱਖਣ ਸਾਹਮਣੇ ਆ ਜਾਂਦਾ ਹੈ। ਅਜਿਹੀ ਪੇਸ਼ਕਾਰੀ ਦਸਤਾਵੇਜ਼ੀ ਫਿਲਮਾਂ ਦੀ ਸੀਮਾ ਤੋਂ ਪਾਰ ਕਲਾਤਮਿਕ ਫ਼ਿਲਮਸਾਜ਼ੀ ਦੇ ਘੇਰੇ ਵਿਚ ਆ ਜਾਂਦੀ ਹੈ। ਫ਼ਿਲਮ ਦਾ ਦ੍ਰਿਸ਼: 'ਕਾਂ ਦੀ ਪਿੱਛਵਰਤੀ ਅਵਾਜ਼ ਅਜਿਹਾ ਪ੍ਰਭਾਵ ਸਿਰਜਦੀ ਹੈ, ਜਿਵੇਂ ਕਾਂ ਉਜੜੇ ਬਾਬਿਆਂ ਦਾਦਿਆਂ ਨੂੰ ਪਰਤ ਆਉਣ ਲਈ ਕਹਿ ਰਿਹਾ ਹੋਵੇ। ਇਸੇ ਤਰ੍ਹਾਂ ਧੂਣੀ 'ਚ ਬਲਦੀਆਂ ਪਾਥੀਆਂ, ਦੀਵੇ ਦੀ ਲੋਅ, ਜ਼ੁਲਮ ਦੀਆਂ ਗਵਾਹ ਥਾਵਾਂ 'ਤੇ ਅੱਗ ਦੇ ਦ੍ਰਿਸ਼, ਆਦਿ, ਸਿਨੇਮਾ ਦੀ ਭਾਸ਼ਾ ਦਾ ਉੱਤਮ ਨਮੂਨਾ ਹਨ। ਇਕ ਦ੍ਰਿਸ਼ ਵਿਚ ਗੁਰਦਆਰੇ ਨੂੰ ਮਸੀਤ ਤੋਂ ਤਿੰਨ ਵਾਰ ਦੂਰ ਹੁੰਦਾ (ਯੂਮ-ਆਉਟ) ਵਿਖਾਇਆ ਗਿਆ ਹੈ। ਸੁਰਤ ਨੂੰ ਜ਼ਖ਼ਮ ਕਰਨ ਵਾਲੇ ਬਿੰਬਾਂ ਦਾ ਅਜਿਹਾ ਬਿਰਤਾਂਤ ਹੀ ਦਰਸ਼ਕਾਂ 'ਤੇ ਗਹਿਰਾ ਅਸਰ ਛੱਡਦਾ ਹੈ।

ਫ਼ਿਲਮਾਂ ਪੰਜਾਬ ਦੀ ਸਥਾਨਿਕਤਾ ਨਾਲ ਮੱਛੀ-ਪਾਣੀ ਵਾਲਾ ਰਿਸ਼ਤਾ ਕਾਇਮ ਕਰਦੀਆਂ ਹਨ ਤੇ ਇਕ ਤਰ੍ਹਾਂ ਸਥਾਨਕਤਾ ਨਾਲ ਆਲਮੀ ਸੰਵਾਦ ਲਈ ਸਪੇਸ ਤਿਆਰ ਕਰਦੀਆਂ ਹਨ। ਫ਼ਿਲਮ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਵਿਚ ਮਸਕੀਨ ਜੰਗ ਦੇ ਵਿਰੋਧ 'ਚ ਅਮਨ ਦਾ ਪਾਠ ਕਰਦਾ ਹੈ, ਜੀਹਦੇ ਨਾਲ ਨੇਸ਼ਨ ਸਟੇਟ ਦੀ ਜੰਗੀ ਸਿਆਸੀ ਆਰਥਿਕਤਾ ਦੇ ਵਿਰੋਧ 'ਚ ਆਲਮੀ ਅਮਨ ਲਹਿਰ ਦਾ ਪੈਗ਼ਾਮ ਮਜ਼ਬੂਤ ਹੁੰਦਾ ਹੈ।

ਫ਼ਿਲਮਾਂ ਮਨੁੱਖ ਨੂੰ ਸਥਾਨਤਕਾ ਨਾਲ ਮੋਹ ਭਰਿਆ ਰਿਸ਼ਤਾ ਬਨਾਉਣ ਲਈ ਪ੍ਰੇਰਦੀਆਂ ਹਨ ਤੇ ਕਹੀ ਜਾਂਦੀ ਆਧੁਨਿਕਤਾ ਸਹਾਰੇ ਦਿਨੋ ਦਿਨੋ ਮਸ਼ੀਨੀ ਹੋ ਰਹੇ ਮਨੁੱਖ ਲਈ ਸੱਭਿਆਚਰਕ ਰੂਹ ਦੀ ਖੁਰਾਕ ਦਾ ਕੰਮ ਕਰਦੀਆਂ ਹਨ। ਇਨ੍ਹਾਂ ਵਿਚ ਠੋਸ ਕਲਾ ਹੈ, ਜੋ ਕਾਇਨਾਤ ਦੀ ਭਰਪੂਰਤਾ ਨਾਲ ਮਨੁੱਖ ਨੂੰ ਆਧੁਨਿਕ ਜ਼ਿੰਦਗੀ ਦੇ ਖਾਲੀਪਣ ਦਾ ਅਹਿਸਾਸ ਕਰਵਾਉਂਦੀ ਕੁਦਰਤੀ ਸੱਭਿਆਚਾਰ ਨਾਲ ਜੁੜਨ ਲਈ ਕਹਿੰਦੀ ਹੈ'।

ਇਹ ਫ਼ਿਲਮਾਂ ਮਨੁੱਖ 'ਚ ਗਰਮ-ਦਲੀ ਪ੍ਰਵਚਨੀ ਕਲਾ ਵਾਂਗ ਵਕਤੀ ਗਰਮੀ ਪੈਦਾ ਨਹੀਂ ਕਰਦੀਆਂ। ਇਹ ਮਨੁੱਖ ਅੰਦਰ ਲੋਕਾਈ, ਪਿਆਰ, ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਸਦੀਵੀ ਭੁੱਖ ਜਗਾਉਂਦੀਆਂ ਹਨ। ਮਨੁੱਖ ਨੂੰ ਹੰਕਾਰ ਮੁਕਤ ਹੋਣ, ਗਲਤੀ ਕਬੂਲਣ ਤੇ ਮੁਆਫ ਕਰਨ ਦਾ ਬਲ ਬਖਸ਼ਦੀਆਂ ਹਨ। ਇਨ੍ਹਾਂ ਫ਼ਿਲਮਾਂ ਦੀ ਕਲਾਤਮਿਕ ਅਮੀਰੀ ਅਜੈ ਦੀ ਫ਼ਿਲਮਸਾਜ਼ੀ ਨੂੰ ਆਲਮੀ ਪੱਧਰ ਤੱਕ ਪਹੁੰਚਾਉਂਦੀ ਹੈ, ਜਿੱਥੇ 'ਕਲਾ ਕਲਾ ਲਈ' ਜਾਂ 'ਕਲਾ ਲੋਕਾਂ ਲਈ' ਵਿਚਲਾ ਦੋਫ਼ਾੜ ਮਿੱਟ ਜਾਂਦਾ ਹੈ। 'ਕਲਾ ਕਲਾ ਲਈ ਵੀ' ਵੀ ਹੈ ਅਤੇ 'ਕਲਾ ਮਨੁੱਖਤਾ ਲਈ ਵੀ' ਹੈ ਦਾ ਮਿਲਵਾਂ ਤਸੱਵਰ ਸਾਹਮਣੇ ਆਉਂਦਾ ਹੈ।

ਅਜੈ ਦੀ ਫ਼ਿਲਮਸਾਜ਼ੀ ਗਿਆਨ ਦੇ ਕੇਂਦਰੀਕਰਨ ਦੇ ਖ਼ਿਲਾਫ ਹੈ। ਇਹ ਕਲਾ ਨੂੰ ਮਨੁੱਖੀ ਜ਼ਿੰਦਗੀ ਨਾਲ ਅਡੈਂਟੀਫਾਈ ਕਰਦੀ ਹੈ। ਸਨਅੱਤੀ ਤਰਜ਼ ਦੇ ਗਿਆਨੀ ਲਾਣੇ ਤੋਂ ਦੂਰ ਇਹ ਗਿਆਨ ਦੇ ਸੁਭਾਵਕ ਸਰੋਤਾਂ ਤੇ ਜ਼ਿੰਦਗੀ 'ਚ ਡੁੱਬੇ ਲੋਕਾਂ ਦੀਆਂ ਸਾਦੀਆਂ ਗੱਲਾਂ ਜ਼ਰੀਏ ਦਰਸ਼ਕਾਂ ਨਾਲ ਅਮੀਰ ਸੰਵਾਦ ਰਚਾਉਂਦੀ ਹੈ।ਇਹੀ ਗੱਲ ਅਜੈ ਨੂੰ ਰਵਾਇਤੀ ਦਸਤਾਵੇਜ਼ੀ ਫਿਲਮਸਾਜ਼ੀ ਤੋਂ ਵੱਖਰਾ ਕਰਦੀ ਹੈ। ਅਜੈ ਦਾ ਇਸਲਾਮ ਤੇ ਸੂਫੀਵਾਦ 'ਤੇ ਕੇਂਦਰਤ ਇਹ ਪ੍ਰਾਜੈਕਟ ਸਾਮਰਾਜੀ ਹੈਜਮਨੀ ਤੇ ਧਾਰਮਿਕ ਫ਼ਾਸ਼ੀਵਾਦ ਨੂੰ ਵੰਗਾਰਦਾ ਹੈ। ਅੱਜ ਅਮਰੀਕੀ ਸਾਮਰਾਜ ,ਆਰ ਐਸ ਐਸ ਤੇ ਭਾਰਤੀ ਮੀਡੀਆ 'ਇਸਲਾਮਿਕ ਫੋਬੀਆ' ਮੁਹਿੰਮ ਮਜ਼ਬੂਤ ਕਰਨ ਦਾ ਜ਼ੋਰ ਲਗਾ ਰਿਹਾ ਹੈ ਤੇ ਅਜੈ ਦੀ ਫਿਲਮਸਾਜ਼ੀ ਦਾ ਪ੍ਰਾਜੈਕਟ ਇਨ੍ਹਾਂ ਗ਼ੈਰ-ਮਨੁੱਖੀ ਮੁਹਾਜ਼ਾ ਦੇ ਖ਼ਿਲਾਫ ਖੜ੍ਹਦਾ ਹੈ।

ਅਜੈ ਦੀ ਫ਼ਿਲਮਸਾਜ਼ੀ ਦਾ ਕੋਈ ਤੈਅਸ਼ੁਦਾ ਹਲਕਾ ਨਹੀਂ ਹੈ। ਇਸੇ ਲਈ ਅਜੈ ਦੀ ਕਲਾ ਦਾ ਕੈਨਵੱਸ ਵਸੀਹ ਤੇ ਸਦੀਵੀ ਹੁੰਦਾ ਜਾ ਰਿਹਾ ਹੈ,ਜੋ ਸਬਜੈਕਟਿਵ ਹਾਲਤਾਂ ਦੀ ਜੜ੍ਹ ਫਰੋਲਦੀ ਮਸਲਿਆਂ ਨੂੰ ਉਦੇਸ਼ਆਤਮਿਕਤਾ ਵੱਲ ਲਿਜਾਂਦੀ ਹੈ। ਉਹ 'ਮਾਨਤਾ ਪ੍ਰਾਪਤ' ਸੰਸਥਾਗਤ ਸਿਆਸੀ-ਸੱਭਿਆਚਾਰਕ ਹਲਕਿਆਂ ਤੋਂ ਮਾਨਤਾ ਲੈਣ ਦੇ 'ਚੱਕਰਵਿਊ ਸੱਭਿਆਚਾਰ' ਦਾ ਸ਼ਿਕਾਰ ਨਹੀਂ ਹੋਇਆ, ਸ਼ਾਇਦ ਇਸੇ ਲਈ ਅਜੇ ਤੱਕ ਉਹਨੂੰ ਬਣਦਾ ਮਾਣ ਸਤਿਕਾਰ ਵੀ ਨਹੀਂ ਮਿਲਿਆ।ਨਿਰਸੰਦੇਹ ਉਹ ਪੰਜਾਬ ਦਾ ਉੱਤਮ ਪਰ ਅਣਗੌਲਿਆ ਫਿਲਮਸਾਜ਼ ਹੈ।

ਕਹੇ ਜਾਂਦੇ ਸਿਆਸੀ ਮਹਾਂਰਥੀਆਂ ਨੂੰ ਸ਼ਾਇਦ ਇਹ ਫ਼ਿਲਮਾਂ ਚੰਗੀਆਂ ਨਾ ਲੱਗਣ ਕਿਉਂਕਿ ਇਹ ਸਿਆਸਤ ਨੂੰ ਵਕਤੀ ਆਕਸੀਜਨ ਦੇਣ ਅਤੇ ਕਲਾ-ਸਿਆਸਤ ਦੇ ਗੈਰ ਦਵੰਦਵਾਦੀ ਸੱਭਿਆਚਾਰ ਨੂੰ ਪ੍ਰਫੁੱਲਤ ਨਹੀਂ ਕਰਦੀਆਂ ਸਗੋਂ 90 ਡਿਗਰੀ ਸੱਭਿਆਚਾਰ(ਨੱਕ ਦੀ ਸੇਧ) ਦੇ ਉਲਟ ਪੂਰੇ ਵਰਤਾਰੇ ਨੂੰ 360 ਡਿਗਰੀ' ਤੋਂ ਸਮਝਦੀਆਂ ਹਨ।

ਅਜੈ ਸਥਾਪਤੀ ਨੂੰ ਵੰਗਾਰਨ ਵਾਲਾ ਫਕੀਰ ਫਿਲਮਸਾਜ਼ ਹੈ।ਫਕੀਰੀ ਓਹਦੀ ਫ਼ਿਲਮਸਾਜ਼ੀ ਦੇ ਅਚੇਤ 'ਚ ਹੈ।ਇਸੇ ਲਈ ਅਜੈ ਦੀ ਫ਼ਿਲਮ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਦੇ ਆਖਰੀ ਦ੍ਰਿਸ਼ਾਂ ਦਾ ਇਕ ਪਾਤਰ ਕ੍ਰਾਂਤੀ ਤੇ ਫਕੀਰੀ ਦੇ ਦਵੰਦਵਾਦੀ ਰਿਸ਼ਤੇ ਦੀ ਗੱਲ ਕਰਦਾ ਹੈ। ਫਕੀਰੀ ਦੇ ਸਥਾਪਤੀ ਵਿਰੋਧੀ ਫਲਸਫੇ ਦੀ ਗੱਲ ਕਰਦਾ ਹੈ। ਕ੍ਰਾਂਤੀਕਾਰੀ ਦੇ ਫਕੀਰ ਤੇ ਫਕੀਰ ਦੇ ਕ੍ਰਾਂਤੀਕਾਰੀ ਹੋਣ ਦੇ ਸਫ਼ਰ ਵਿਚਲੀ ਬਰੀਕ ਗੱਲ ਸਮਝਾਉਂਦਾ ਹੈ।

ਯਾਦਵਿੰਦਰ ਕਰਫਿਊ
ਮੋਬ: 95308-95198

ਅਜੈ ਭਾਰਦਵਾ ਦਾ ਸੰਪਰਕ:09968283665

Tuesday, September 18, 2012

ਤਿੱਤਲੀ ਜਿਹੀ ਚੰਚਲ ਤੇ ਬੱਚੇ ਜਿੰਨੀ ਮਾਸੂਮ ਹੈ ਬਰਫੀ

ਫਿਲਮ ਬਰਫੀ ਨੂੰ ਵੇਖਣ ਲਈ ਅੱਖਾਂ ਨਾਲੋਂ ਜ਼ਿਆਦਾ ਦਿਲ ਦਾ ਮਾਲੂਕ ਹੋਣਾ ਜ਼ਰੂਰੀ ਹੈ।ਇਸ਼ਕ ਦੀਆਂ ਰੁਬਾਈਆਂ ਅੰਬਰਾਂ 'ਚ ਤੈਰ ਰਹੀਆਂ ਹਨ ਅਤੇ ਮਹਿਸੂਸ ਹੋ ਰਿਹਾ ਹੈ ਕਿ ਪਿਆਰ ਦੇ ਅਜਿਹੇ ਰੂਪ ਨੂੰ ਸੌ ਵਾਰ ਸਲਾਮ ਕਰਨ ਨੂੰ ਦਿਲ ਕਰਦਾ ਹੈ।ਇਸ਼ਕ ਦੀ ਅਜਿਹੀ ਕਹਾਣੀ ਜੋ ਦਾਰਜਲਿੰਗ ਦੀ ਨੈਰੋ ਗੇਜ਼ ਰੇਲਗੱਡੀ ਤੋਂ ਨਿਕਲਦੀ ਹੋਈ ਬ੍ਰਾਡ ਮਾਈਂਡਡ ਆਧੁਨਿਕ ਦਿਲਾਂ ਨੂੰ ਕੁਝ ਕਹਿ ਰਹੀ ਹੈ ਇਸ ਨੂੰ ਬਹੁਤ ਧਿਆਨ ਲਾ ਕੇ ਸੁਣਨਾ ਪਵੇਗਾ।ਚੰਚਲ ਤਿਤਲੀ ਨਾਲ ਖੇਡਦੇ ਹੋਏ ਇੱਕ ਬੱਚਾ ਇਸੇ ਲਈ ਸਹਿਜ ਹੁੰਦਾ ਹੈ ਕਿਉਂ ਕਿ ਉਸ 'ਚ ਤਿਤਲੀ ਜਿੰਨੀ ਹੀ ਮਾਸੂਮੀਅਤ ਹੁੰਦੀ ਹੈ।ਬਰਫੀ ਬਾਰੇ ਲਿਖਦੇ ਹੋਏ ਮੈਂ ਸਿਆਸੀ ਚੀਰ ਫਾੜ ਨਹੀਂ ਕਰਨਾ ਚਾਹੁੰਦਾ ਸਗੋਂ ਦੋ ਜਜ਼ਬਾਤੀ ਸਲਾਈਆਂ 'ਚ ਰੇਸ਼ਮ ਜ਼ਿੰਦਗੀ ਨੂੰ ਬੁਨਣਾ ਚਾਹੁੰਦਾ ਹੈ।

ਬਰਫੀ ਆਪਣੀ ਸ਼ੁਰੂਆਤ ਤੋਂ ਹੀ ਤੁਹਾਨੂੰ ਚੁਲਬੁਲੇ ਢੰਗ ਨਾਲ ਹਦਾਇਤਾਂ ਦਿੰਦੀ ਹੋਈ ਆਪਣੇ ਨਾਲ ਜੋੜ ਲਵੇਗੀ।"ਹੋ ਗਈ ਪਿਕਚਰ ਸ਼ੁਰੂ' ਇੰਝ ਜਾਪੇਗਾ ਜਿਵੇਂ ਤੁਸੀ ਬੱਚੇ ਨਾਲ ਆਪ ਬੱਚੇ ਬਣ ਖੇਡਨ ਲੱਗ ਪਏ ਹੋ।ਫਿਰ ਬਰਫੀ ਸ਼ੁਰੂਆਤ 'ਚ ਬਿਆਨ ਕਰਦੀ ਹੈ ਕਿ ਅੱਜ ਦੀ ਮਹੁੱਬਤ ਕੀ ਹੈ ਜੋ ਕਿ "ਆਜ ਕਾ ਪਿਆਰ ਐਸਾ…ਟੂ ਮਿਨਟ ਨਿਊਡਲ ਜੈਸਾ" ਜੋ ਕੋਰਟ 'ਚ ਜਾਕੇ ਮਰ ਜਾਂਦਾ ਹੈ।ਵੈਸੇ ਤਾਂ ਇਸ ਸਮੇਂ ਜੋ ਫ਼ਿਲਮਾਂ ਸਾਨੂੰ ਵਿਖ ਰਹੀਆਂ ਹਨ ਉਹ ਜਾਂ ਤਾਂ 'ਏ' ਸਰਟੀਫਿਕੇਟਡ ਹਨ ਜਾਂ ਯੂ/ਏ ਸਰਟੀਫਿਕੇਟਡ ਪਰ ਸ਼ੁੱਧ ਰੂਪ 'ਚ 'ਯੂ' ਸਰਟੀਫਿਕੇਟਡ ਫਿਲਮ ਜਿਹਨੂੰ ਕਿ ਪਰਿਵਾਰਕ ਮੰਨਿਆ ਜਾਂਦਾ ਹੈ ਬਹੁਤ ਘੱਟ ਕੀ ਉਮੀਦ ਤੋਂ ਬਾਹਰ ਹਨ ਉੱਥੇ 'ਬਰਫੀ' ਖਾਲਸ ਪਰਿਵਾਰਕ ਫਿਲਮ ਆਈ ਹੈ।ਵੈਸੇ ਨਿਜੀ ਤੌਰ 'ਤੇ ਮੈਨੂੰ ਨਹੀਂ ਲੱਗਦਾ ਕਿ ਦਰਸ਼ਕ ਅਜਿਹੇ ਸਰਟੀਫਿਕੇਟ ਵੱਲ ਧਿਆਨ ਦਿੰਦੇ ਵੀ ਹਨ।ਕਿਉਂ ਕਿ ਜੋ ਪਸੰਦ ਹੈ ਉਹ ਹੈ,ਇਸ ਲਈ ਕੋਈ ਹੱਦਬੰਦੀ ਜਾਂ ਕਿੰਤੂ ਪ੍ਰੰਤੂ ਨਹੀਂ ਹੈ।

ਬਰਫੀ ਕਹਾਣੀ ਮਰਫੀ (ਰਣਬੀਰ ਕਪੂਰ) ਝਿਲਮਿਲ (ਪ੍ਰਿਅੰਕਾ ਚੋਪੜਾ) ਅਤੇ ਮਿਸੇਜ਼ ਸੇਨਗੁਪਤਾ ਸ਼ਰੂਤੀ (ਇਲੇਨਾ ਡਿਕਰੂਜ਼) ਦੀ ਹੈ।ਮਰਫੀ ਬਹਿਰਾ ਤੇ ਗੂੰਗਾ ਹੈ।ਝਿਲਮਿਲ ਅੋਟਿਸਮ ਦੀ ਬਿਮਾਰੀ ਨਾਲ ਗ੍ਰਸਤ ਹੈ ਅਤੇ ਸ਼ਰੂਤੀ ਆਮ ਲੋਕਾਂ ਦੀ ਤਰ੍ਹਾਂ ਸਧਾਰਨ ਹੈ।ਪਰ ਮਰਫੀ ਆਪਣੇ ਅਧੂਰੇਪਣ ਕਰਕੇ ਵੀ ਕਮਜ਼ੋਰ ਨਹੀਂ ਹੈ ਅਤੇ ਪਿਆਰ ਦਾ ਸਭ ਤੋਂ ਉੱਤਮ ਪ੍ਰਗਟਾਵਾ ਵੀ ਉਹੀ ਕਰਦਾ ਹੈ ਅਤੇ ਪ੍ਰਿਅੰਕਾ ਵੀ ਬਿਮਾਰੀ ਦੇ ਬਾਵਜੂਦ ਪਿਆਰ ਨੂੰ ਮਹਿਸੂਸ ਕਰਦੀ ਅਤੇ ਸ਼ਰੂਤੀ ਸਧਾਰਨ ਹੋਣ ਦੇ ਬਾਵਜੂਦ(ਜਿਹਦੇ ਕੋਲ ਸੁਨਣ,ਬੋਲਣ ਦੀ ਸਮਰੱਥਾ ਹੈ) ਵੀ ਆਪਣੇ ਜਜ਼ਬਾਤ ਪ੍ਰਗਟ ਨਹੀਂ ਕਰ ਸਕਦੀ।ਅਜਿਹੇ ਕਿਰਦਾਰਾਂ ਨਾਲ ਚਲਦੀ ਬਰਫੀ ਆਪਣੀ ਇਸ ਧਾਰਨਾ ਨੂੰ ਮਜ਼ਬੂਤ ਕਰਦੀ ਹੈ ਕਿ ਪਿਆਰ ਕਰਨ ਲਈ ਸੋਚਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਨਾ ਹੀ ਇਹ ਕੋਈ ਪਦਾਰਥਕ ਵਸਤੂ ਹੈ ਜਿਸ ਬਾਰੇ ਤੁਸੀ ਪਹਿਲਾਂ ਉਹਦੇ ਗੁਣ,ਫਾਇਦਾ,ਸਮਾਂ,ਵਜ਼ਨ ਨੂੰ ਜਾਂਚਦੇ ਪਰਖਦੇ ਰਹੋ।

ਅਸਲ 'ਚ ਇਹ ਫਿਲਮ 70 ਦੇ ਦਹਾਕੇ 'ਚ ਆਪਣੀ ਕਹਾਣੀ ਨੂੰ ਪੇਸ਼ ਕਰਦਾ 2012 ਤੱਕ ਆਉਂਦੇ ਹੋਵੇ ਆਧੁਨਿਕਤਾ ਨਾਲ ਪਿਆਰ ਦੇ ਬਦਲੇ ਪਦਾਰਥਕ ਵਰਤਾਰੇ ਨੂੰ ਵੀ ਬਿਆਨ ਕਰਦਾ ਜਾਂਦਾ ਹੈ।ਮਰਫੀ ਸ਼ਰੂਤੀ ਨੂੰ ਪਿਆਰ ਕਰਦਾ ਹੈ ਪਰ ਸ਼ਰੂਤੀ ਪਿਆਰ ਕਰਨ ਦੇ ਬਾਵਜੂਦ ਤਰਕ-ਵਿਤਰਕ 'ਚ ਸੋਚਦੀ ਵਿਹਾਰਕ ਸੋਚਦੀ ਉਸ ਪਿਆਰ ਨੂੰ ਰੱਦ ਕਰਦੀ ਹੈ ਅਤੇ ਇੱਛਾ ਦੇ ਉਲਟ ਕਿਸੇ ਹੋਰ ਨਾਲ ਵਿਆਹ ਕਰਦੀ ਹੈ।ਸ਼ਰੂਤੀ ਉਸ ਲਕੀਰ ਦਾ ਪਾਤਰ ਹੈ ਜੋ ਬਣੀ ਬਣਾਈ ਲਕੀਰ 'ਤੇ ਚੱਲਦੀ ਹੈ।ਜਿਵੇਂ ਕਿ ਬਹੁਮਤ ਲੋਕ ਅਜਿਹੀ ਲਕੀਰ ਦੇ ਫਕੀਰ ਹੀ ਹਨ।ਪੂਰੀ ਫ਼ਿਲਮ 'ਚ ਇਸ ਨੂੰ ਬਹੁਤ ਸਹਿਜ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਹ ਵੀ ਬਿਆਨ ਕੀਤਾ ਗਿਆ ਹੈ ਕਿ ਕਿੰਝ ਕਿਰਦਾਰ ਆਪਣੇ ਦਿਲ ਨੂੰ ਤਸੱਲੀ ਦੇਣ ਲਈ ਝੂਠੇ ਖਾਨਿਆਂ 'ਚ ਜਿਊਂਦੇ ਹਨ।ਸ਼ਰੂਤੀ ਨੂੰ ਬਾਰ ਬਾਰ ਮੌਕਾ ਮਿਲਦਾ ਹੈ ਪਰ ਉਹ ਕਿਰਦਾਰ ਆਪਣੇ ਮਨ ਦੀ ਡੋਰ ਨੂੰ ਅਜ਼ਾਦ ਨਹੀਂ ਰੱਖਦਾ ਅਤੇ ਮਹਿਜ਼ ਇੱਕ ਅਜਿਹੀ ਪਤੰਗ ਬਣਦਾ ਹੈ ਜਿਹਦੀ ਡੋਰ ਕਿਸੇ ਹੋਰ ਹੱਥ ਹੈ।ਜਦੋਂ ਉਹ ਫੈਸਲਾ ਲੈਂਦੀ ਹੈ ਉਦੋਂ ਬਹੁਤ ਦੇਰ ਹੋ ਚੁੱਕੀ ਹੈ।

ਬਰਫੀ ਕਹਾਣੀ ਇੱਕ ਦੂਜੇ ਲਈ ਸਵਾਰਥ ਤੋਂ ਉੱਪਰ ਉੱਠਕੇ ਤਿਆਗ ਦੀ ਕਹਾਣੀ ਹੈ ਅਤੇ ਹੋਸ਼ ਵਾਲੀ ਦੁਨੀਆਂ 'ਚ ਇੱਕ ਮਿਸਾਲ ਦੀ ਤਰ੍ਹਾਂ ਵਿਚਰਦੇ ਹਨ।ਝਿਲਮਿਲ ਔਟਿਸਮ ਦੀ ਮਰੀਜ਼ ਹੋਣ ਦੇ ਬਾਵਜੂਦ ਮਰਫੀ ਅਤੇ ਸ਼ਰੂਤੀ ਨੂੰ ਇੱਕਠੇ ਵੇਖਕੇ ਆਪਣੇ ਆਪ ਨੂੰ ਮਰਫੀ ਤੋਂ ਜੁਦਾ ਕਰਦੀ ਹੈ।ਫਿਰ ਜਦੋਂ ਮਰਫੀ ਝਿਲਮਿਲ ਨੂੰ ਲੱਭਦਾ ਹੋਇਆ ਮੁਸਕਾਨ ਆਸ਼ਰਮ 'ਚ ਜਾਂਦਾ ਹੈ ਅਤੇ ਨਾ ਲੱਭਣ 'ਤੇ ਵਾਪਸ ਜਾਣ ਲੱਗਦਾ ਹੈ ਉਸ ਸਮੇਂ ਦਾ ਦ੍ਰਿਸ਼ ਮਹਿਸੂਸ ਕਰੋ।ਮਰਫੀ ਨੂੰ ਝਿਲਮਿਲ ਪਿੱਛੋਂ ਅਵਾਜ਼ ਮਾਰ ਰਹੀ ਹੈ ਪਰ ਬਹਿਰਾ ਤੇ ਗੂੰਗਾ ਹੈ।ਸ਼ਰੂਤੀ ਚਾਹੁੰਦੀ ਤਾਂ ਮਰਫੀ ਨੂੰ ਬਿਨਾਂ ਦੱਸੇ ਝਿਲਮਿਲ ਤੋਂ ਦੂਰ ਲੈਕੇ ਜਾ ਸਕਦੀ ਸੀ ਪਰ ਸ਼ਰੂਤੀ ਹੀ ਮਰਫੀ ਨੂੰ ਦੱਸਦੀ ਹੈ ਕਿ ਤੇਰੀ ਮਹੁੱਬਤ ਤੈਨੂੰ ਪਿੱਛੋਂ ਅਵਾਜ਼ ਮਾਰ ਰਹੀ ਹੈ।ਅਸਲ 'ਚ ਬਰਫੀ ਪੂਰੀ ਫ਼ਿਲਮ ਹੀ ਮਹੁੱਬਤ ਨੂੰ ਮਹੁੱਬਤ ਦੇ ਹੱਥਾਂ 'ਚ ਸੌਂਪਨ ਦੀ ਦਾਸਤਾਨ ਹੈ।ਜ਼ਰਾ ਇਹਦੇ ਗਾਣਿਆ ਨੂੰ ਧਿਆਨ ਨਾਲ ਸੁਣਕੇ ਤਾਂ ਵੇਖੋ।
ਫਿਰ ਲੇ ਆਇਆ ਦਿਲ ਮਜਬੂਰ ਕਿਆ ਕੀਜੈ 
ਰਾਸ ਨਾ ਆਇਆ ਰਹਿਣਾ ਦੂਰ ਕਿਆ ਕੀਜੈ 
ਦਿਲ ਕਹਿ ਰਹਾ ਹੈ, ਉਸੇ ਮਕੁੰਮਲ ਕਰ ਭੀ ਆਓ 
ਵੋ ਜੋ ਅਧੂਰੀ ਸੀ ਬਾਤ ਬਾਕੀ ਹੈ 
ਵੋ ਜੋ ਅਧੂਰੀ ਸੀ ਯਾਦ ਬਾਕੀ ਹੈ 

ਬਰਫੀ ਫ਼ਿਲਮ ਅਸਧਾਰਨ ਪਾਤਰਾਂ ਰਾਹੀਂ ਸਧਾਰਨ ਗੱਲ ਨੂੰ ਬਹੁਤ ਸਹਿਜਤਾ ਨਾਲ ਸਮਝਾ ਰਹੀ ਹੈ।ਫਿਲਮ ਦੇ ਮੁੱਖ ਕਿਰਦਾਰਾਂ ਤੋਂ ਇਲਾਵਾ ਬਾਕੀ ਕਿਰਦਾਰ ਵੀ ਬਹੁਤ ਕੁਝ ਪੇਸ਼ ਕਰਦੇ ਹਨ।ਤੁਹਾਨੂੰ ਫਿਲਮ ਵੇਖਦੇ ਹੋਏ ਸ਼ਰੂਤੀ ਦੀ ਮਾਂ(ਰੂਪਾ ਗਾਂਗੁਲੀ) ਚੋਂ ਮੈਟਰੀਲਿਸਟਕ ਵਿਹਾਰ ਦਾ ਦਵੰਦ ਵੀ ਨਜ਼ਰ ਆਏਗਾ ਅਤੇ ਉਸ ਕਿਰਦਾਰ ਦਾ ਵਿਖੰਡਨ ਵੀ ਨਜ਼ਰ ਆਏਗਾ।ਜੋ ਦੁਨਿਆਵੀ ਚੀਜ਼ਾਂ ਬਦਲੇ ਆਪਣੇ ਫੈਸਲੇ ਨੂੰ ਸਹੀ ਵੀ ਠਹਿਰਾ ਰਿਹਾ ਹੈ ਅਤੇ ਅੰਦਰੋ ਅੰਦਰ ਸੱਚੇ ਪਿਆਰ ਜਾਂ ਆਪਣੇ ਸਹਿਜ ਹੋਣ ਲਈ ਛਟਪਟਾ ਵੀ ਰਿਹਾ ਹੈ।ਸੋਰਭ ਸ਼ੁਕਲਾ ਦੇ ਪਾਤਰ ਨਾਲ ਤੁਹਾਨੂੰ ਪਿਆਰ ਹੋ ਜਾਵੇਗਾ।ਪੂਰੀ ਫ਼ਿਲਮ 'ਚ ਇੰਝ ਜਾਪਦਾ ਹੈ ਜਿਵੇਂ ਨਿਰਦੇਸ਼ਕ ਅਨੁਰਾਗ ਬਾਸੂ ਅਸਧਾਰਨ ਪਾਤਰਾਂ ਰਾਹੀਂ ਸਧਾਰਨ ਦੁਨੀਆਂ ਨੂੰ ਉਹਨਾਂ ਦਾ ਅਕਸ ਵਿਖਾ ਰਹੇ ਹੋਣ।ਬਤੌਰ ਨਿਰਦੇਸ਼ਕ ਅਨੁਰਾਗ ਬਾਸੂ ਦੀਆਂ ਪਿਛਲੀਆਂ ਫਿਲਮਾਂ ਵੱਲ ਝਾਤ ਮਾਰੀਏ ਤਾਂ ਮਰਡਰ ਬੇਸ਼ੱਕ ਹਾਲੀਵੁੱਡ ਫਿਲਮ ਅਨਫੇਥਫੁੱਲ ਦੀ ਨਕਲ ਹੋ ਸਕਦੀ ਹੈ ਜਾਂ ਗੈਂਗਸਟਰ ਫ਼ਿਲਮ ਮਹੇਸ਼ ਭੱਟ ਦੇ ਪ੍ਰਭਾਵਿਤ ਕੈਂਪ ਦੀ ਮਹਿਸੂਸ ਹੁੰਦੀ ਹੈ ਪਰ ਕਾਈਟਸ ਤੇ ਮੈਟਰੋ ਤੋਂ ਅਨੁਰਾਗ ਬਾਸੂ ਆਪਣੀ ਪਛਾਣ ਨੂੰ ਗੂੜ੍ਹਾ ਕਰਦਾ ਜਾਂਦਾ ਹੈ।ਮੈਟਰੋ ਹੋਵੇ ਜਾਂ ਕਾਈਟਸ ਜਾਂ ਬਰਫੀ ਅਨੁਰਾਗ ਦੀਆਂ ਫਿਲਮਾਂ ਦੁਨਿਆਈ ਜੱਦੋਜਹਿਦ 'ਚ ਜ਼ਿੰਦਗੀ ਦਾ ਫਲਸਫਾ ਤਲਾਸ਼ਦੀਆਂ ਫ਼ਿਲਮਾਂ ਹਨ ਜੋ ਆਪਣੇ ਕਿਰਦਾਰਾਂ ਨੂੰ ਅਸਧਾਰਨ ਰੱਖਕੇ ਵੀ ਸਧਾਰਨ ਰੰਗ 'ਚ ਰੱਖਦੀਆਂ ਹਨ।

ਨਿਖਿਲ ਅਡਵਾਨੀ ਨੇ ਸਲਾਮ-ਏ-ਇਸ਼ਕ ਫਿਲਮ ਬਣਾਈ ਸੀ ਅਨੁਰਾਗ ਨੇ ਮੈਟਰੋ।ਦੋਵਾਂ 'ਚ ਪੇਸ਼ਕਾਰੀ ਦਾ ਮਸੌਦਾ ਇੱਕ ਹੋਣ ਦੇ ਬਾਵਜੂਦ ਅਨੁਰਾਗ ਨੇ ਪੇਸ਼ਕਾਰੀ ਦੇ ਤਰੀਕੇ ਨੂੰ ਖਾਸ ਬਣਾਇਆ।ਇਸੇ ਤਰ੍ਹਾਂ ਸੰਜੇ ਲੀਲਾ ਬੰਸਾਲੀ ਨੂੰ ਵੀ ਬਰਫੀ ਫ਼ਿਲਮ ਤੋਂ ਬਾਅਦ ਸਿੱਖਣਾ ਚਾਹੀਦਾ ਹੈ ਕਿ ਬਲੈਕ ਜਾਂ ਗੁਜ਼ਾਰਿਸ਼ ਰੱਚਦੇ ਹੋਏ ਉਹ ਕਿਰਦਾਰਾਂ ਨਾਲ ਓਵਰ ਇਮੋਸ਼ਨਲ ਹੋਣ ਤੋਂ ਕਿਵੇਂ ਦਰਸ਼ਕਾਂ ਨੂੰ ਬਚਾਵੇ।ਅਨੁਰਾਗ ਦੀ ਬਰਫੀ ਦੇ ਕਿਰਦਾਰ ਵਿਕਲਾਂਗ ਹੁੰਦੇ ਹੋਏ ਵੀ ਰਹਿਮ ਦੀ ਦਰਕਾਰ ਨਹੀਂ ਰੱਖਦੇ ਉਹ ਆਮ ਲੋਕਾਂ ਦੀ ਤਰ੍ਹਾਂ ਦੁਨੀਆਂ 'ਚ ਵਿਚਰਦੇ ਹਨ।ਮਰਫੀ ਨੂੰ ਪੁਲਿਸ ਆਮ ਬੰਦੇ ਦੀ ਤਰ੍ਹਾਂ ਹੀ ਪੇਸ਼ ਹੁੰਦੀ ਹੈ ਅਤੇ ਇਹਨਾਂ ਕਿਰਦਾਰ ਦਾ ਰੋਜ਼ਾਨਾ ਜੀਵਨ ਅਤੇ ਰਹਿਣ ਸਹਿਣ ਵੀ ਆਮ ਲੋਕਾਂ ਦੀ ਤਰ੍ਹਾਂ ਹੀ ਹੈ।ਕਿਰਦਾਰ ਨਾਲ ਅਸੀ ਜੁੜਦੇ ਹਾਂ,ਭਾਵਨਾਤਮਕ ਹੁੰਦੇ ਹਾਂ ,ਹੱਸਦੇ ਹਾਂ ਪਰ ਕਿਸੇ ਵੀ ਜਜ਼ਬਾਤ 'ਚ ਅਤਿ ਨਹੀਂ ਹੈ।

ਰਣਬੀਰ ਕਪੂਰ ਦਾ ਰਾਕਸਟਾਰ ਤੋਂ ਬਾਅਦ ਕੀ ਹੋ ਸਕਦਾ ਸੀ ਅਤੇ ਹੁਣ ਬਰਫੀ ਤੋਂ ਬਾਅਦ ਰਣਬੀਰ ਤੋਂ ਉਮੀਦ ਇਹ ਹੋਵੇਗੀ ਕਿ ਉਹ ਇਸ ਤੋਂ ਅੱਗੇ ਕੀ ਕਰੇਗਾ।ਰਣਬੀਰ ਰਿਸ਼ੀ ਕਪੂਰ ਦਾ ਮੁੰਡਾ ਹੈ ਅਤੇ ਕਪੂਰ ਖਾਨਦਾਨ ਦਾ ਚਿਰਾਗ ਪਰ ਮੈਨੂੰ ਇਹ ਕਹਿਣ 'ਚ ਬਿਲਕੁਲ ਵੀ ਝਿਜਕ ਨਹੀਂ ਕਿ ਅਦਾਕਾਰੀ ਪੱਖੋਂ ਉਹ ਬਹੁਤ ਪ੍ਰਤਿਭਾਵਾਨ ਹੈ।ਬਰਫੀ ਨੂੰ ਜ਼ਿੰਦਾ ਕਰਨਾ ਉਹ ਵੀ ਪੂਰੀ ਫਿਲਮ 'ਚ ਬਿਨਾਂ ਸੰਵਾਦ ਬੋਲੇ ਇਹ ਉਸ ਦਾ ਘਾਲਣਾ ਨੂੰ ਵਿਖਾਉਂਦਾ ਹੈ।ਰਣਬੀਰ ਨੂੰ ਬਰਫੀ 'ਚ ਵੇਖਦੇ ਹੋਏ ਸ਼ਮੀ ਕਪੂਰ ਜਾਂ ਚਾਰਲੀ ਚੈਪਲਿਨ ਮਹਿਸੂਸ ਹੁੰਦੇ ਹਨ।ਇੱਥੇ ਮੇਰਾ ਮਤਲਬ ਨਕਲ ਤੋਂ ਬਿਲਕੁਲ ਨਹੀਂ ਹੈ।ਰਣਬੀਰ ਦਾ ਪੁਤਲੇ ਨਾਲ ਸੰਵਾਦ ਰਚਾਉਣਾ ਜਾਂ ਪੂਰੀ ਫ਼ਿਲਮ 'ਚ ਉਹਦੀ ਚੰਚਲਤਾ ਜਾਂ ਮੀਂਹ 'ਚ ਕੁੜੀ ਦੇ ਮਾਪਿਆਂ ਤੋਂ ਕੁੜੀ ਦਾ ਹੱਥ ਮੰਗਣ ਤੋਂ ਬਾਅਦ ਕੁੜੀ ਨਾਲ ਜਜ਼ਬਾਤੀ ਸੰਵਾਦ…ਜ਼ਿਕਰ ਸ਼ਬਦਾਂ 'ਚ ਸਮੇਟ ਨਹੀਂ ਸਕਦੇ।

ਬਰਫੀ ਫ਼ਿਲਮ ਦੀ ਸਭ ਤੋਂ ਵੱਧ ਖੂਬਸੂਰਤੀ ਇਹੋ ਹੈ ਕਿ ਬਲੈਕ ਜਾਂ ਗੁਜ਼ਾਰਿਸ਼ ਦੀ ਤਰ੍ਹਾਂ ਇਹ ਕੁਝ ਕਹਿਣ ਦਾ ਯਤਨ ਨਹੀਂ ਕਰਦੀ।ਇਹ ਗੁਲਜ਼ਾਰ ਦੀ ਫ਼ਿਲਮ ਕੋਸ਼ਿਸ਼ ਦੀ ਤਰ੍ਹਾਂ ਹੈ ਜੋ ਕਿ ਸਹਿਜ ਹੈ।ਇਹ ਗੁਲਜ਼ਾਰ ਦੀ ਕੋਸ਼ਿਸ਼ ਤੋਂ ਅੱਗੇ ਦਾ ਕਦਮ ਹੈ।ਬਰਫੀ ਦੇ ਪਾਤਰ ਨੈਤਿਕ ਅਨੈਤਿਕ ਦੀ ਬਹਿਸ 'ਚ ਨਹੀਂ ਪੈਂਦਾ।ਜਿਵੇਂ ਦੀ ਦੁਨੀਆਂ ਹੈ ਉਸੇ ਤਰ੍ਹਾਂ ਦਾ ਇਹਦੇ ਪਾਤਰਾਂ ਦਾ ਵਰਤਾਰਾ ਹੈ।ਪ੍ਰੀਤਮ ਨੇ ਆਪਣੇ ਅੰਦਾਜ਼ ਤੋਂ ਹੱਟਕੇ ਰੂਹਦਾਰੀ ਵਾਲੇ ਸੰਗੀਤ ਦੀ ਰੱਚਣਾ ਕੀਤੀ ਹੈ।ਬਹੁਤ ਦੇਰ ਬਾਅਦ ਇੱਕ ਅਜਿਹੀ ਫ਼ਿਲਮ ਵੇਖਣ ਨੂੰ ਮਿਲੀ ਜੋ ਵੇਖਣ ਤੋਂ ਬਾਅਦ ਸਿਰਫ ਨਜ਼ਰ ਨਹੀਂ ਆਉਂਦੀ ਸਗੋਂ ਮਹਿਸੂਸ ਹੁੰਦੀ ਹੈ।

ਇਸ ਫ਼ਿਲਮ ਅੰਦਰਲੇ ਪਿਆਰ ਨੂੰ ਤਰਕ ਵਿਤਰਕ ਰਾਹੀਂ ਗਲਤਾਨ ਨਹੀਂ ਕੀਤਾ ਜਾ ਸਕਦਾ।1970 ਦੀ ਇਹ ਮਹੁੱਬਤ 2012 ਦੀ ਦੁਨੀਆਂ ਨੂੰ ਕੁਝ ਇਸ਼ਾਰੇ ਕਰ ਰਹੀ ਹੈ।ਆਖਰ ਕਵੀ ਦੀ ਕਲਪਨਾ ਚੋਂ ਪ੍ਰੇਮ ਗੀਤ ਦੂਰ ਨਾ ਹੋ ਜਾਵੇ ਜਾਂ ਵਿਚਰ ਰਹੇ ਕਿਰਦਾਰਾਂ 'ਚ ਪਿਆਰ ਸਿਰਫ ਕਾਮਰੇਡੀ ਨਜ਼ਰੀਏ ਨਾਲ ਰੁੱਖਾ ਨਾ ਹੋ ਜਾਵੇ।ਡਾ. ਜਿਵਾਗੋ ਵੇਖੋਗੇ ਤਾਂ ਸਮਝ ਆ ਜਾਵੇਗਾ।

ਹਰਪ੍ਰੀਤ ਸਿੰਘ ਕਾਹਲੋਂ 
ਲੇਖਕ ਨੌਜਵਾਨ ਫਿਲਮ ਅਲੋਚਕ ਹੈ ਤੇ ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।
ਮੌਬ-94641-41678

Wednesday, May 30, 2012

ਪੰਜਾਬੀ ਫਿਲਮਕਾਰੀ ਨੂੰ ਗੁਰਵਿੰਦਰ ਸਿੰਘ ਦਾ ਮਹਾਂਦਾਨ - ਵਰਿਆਮ ਸਿੰਘ ਸੰਧੂ

ਵਰਿਆਮ  ਸਿੰਘ ਸੰਧੂ ਪੰਜਾਬੀ ਦੇ ਮੰਨੇ ਪ੍ਰਮੰਨੇ ਕਹਾਣੀਕਾਰ ਨੇ, ਪਿਛਲੀ 21 ਮਈ ਨੂੰ ਟੋਰਾਂਟੋ ਵਿਖੇ  ਉਨ੍ਹਾਂ  ਨੇ ਫਿਲਮ ' ਅੰਨ੍ਹੇ ਘੋੜੇ ਦਾ ਦਾਨ' ਦੇਖੀ | ਉਨ੍ਹਾਂ  ਦਾ ਇਹ ਲੇਖ  ਫ਼ਿਲਮ, ਫ਼ਿਲਮਕਾਰ ਤੇ ਫ਼ਿਲਮ ਦਰਸ਼ਕਾਂ ਦੀ ਭਾਵਪੂਰਨ ਪੜਚੋਲ ਕਰਦਾ ਹੈ। -ਜਸਦੀਪ ਸਿੰਘ



ਵਰਿਆਮ ਸਿੰਘ ਸੰਧੂ ਤੋਂ ਧੰਨਵਾਦ ਸਹਿਤ 

Wednesday, March 21, 2012

ਮੇਰਾ ਸਿਨੇਮਾ ਪੰਜਾਬ ਦੀਆਂ ਹੱਦਾਂ 'ਚ ਕੈਦ ਨਹੀਂ--ਗੁਰਵਿੰਦਰ ਸਿੰਘ

ਨਜ਼ਰੀਆ:-

ਗੁਰਦਿਆਲ ਸਿੰਘ,ਨਾਵਲਕਾਰ-"ਅੰਨ੍ਹੇ ਘੋੜੇ ਦਾ ਦਾਨ ਨਾਵਲ 'ਤੇ ਅਧਾਰਿਤ ਪੰਜਾਬੀ ਫ਼ਿਲਮ ਦਾ ਬਣਨਾ ਤੇ ਉਹ ਪਹਿਲੀ ਫ਼ਿਲਮ ਹੋਵੇ ਕੌਮਾਂਤਰੀ ਪੁਰਸਕਾਰਾਂ 'ਚ ਸ਼ਿਰਕਤ ਕਰਦੀ ਤਾਂ ਖੁਸ਼ੀ ਮਹਿਸੂਸ ਤਾਂ ਹੁੰਦੀ ਹੈ।"

ਸੈਮੁਅਲ ਜੌਨ੍ਹ,ਅਦਾਕਾਰ-"ਮੈਂ ਫ਼ਿਲਮਾਂ 'ਚ ਕਦੀ ਕੰਮ ਨਹੀਂ ਕਰਦਾ ਕਿਉਂ ਕਿ ਜਿਸ ਤਰ੍ਹਾਂ ਦੀਆਂ ਫ਼ਿਲਮਾਂ ਦੇ ਵਿਸ਼ੇ ਹੁੰਦੇ ਹਨ ਉਹਨਾਂ ਮੈਨੂੰ ਕਦੀ ਬਹੁਤਾ ਪ੍ਰੇਰਿਆ ਨਹੀਂ ਪਰ ਮੈਂ ਅੰਨ੍ਹੇ ਘੋੜੇ ਦਾ ਦਾਨ ਫ਼ਿਲਮ ਵਾਰ ਅਜਿਹਾ ਨਹੀਂ ਕਰ ਸਕਿਆ।ਇਸ ਫ਼ਿਲਮ ਦੇ ਵਿਸ਼ੇ ਨੇ ਮੈਨੂੰ ਪ੍ਰਭਾਵਿਤ ਕੀਤਾ।"

ਜਸਦੀਪ ਸਿੰਘ,ਐਡੀਸ਼ਨਲ ਡਾਇਲਾਗ ਰਾਈਟਰ-ਇਸ ਫ਼ਿਲਮ ਨੂੰ ਇਨਾਮ ਮਿਲਣ 'ਤੇ ਪੰਜਾਬੀ ਫ਼ਿਲਮਾਂ ਨੂੰ ਹੁੰਗਾਰਾ ਮਿਲਿਆ ਹੈ ਜੋ ਕਿ ਮੇਰੇ ਲਈ ਇਸ ਫ਼ਿਲਮ ਦਾ ਹਿੱਸਾ ਹੋਣ ਕਰਕੇ ਖੁਸ਼ੀ ਦਾ ਸਬੱਬ ਹੈ।ਇਹ ਫ਼ਿਲਮ ਵਿਸ਼ਾ ਵਸਤੂ ਪੱਖੋਂ ਦਰਸ਼ਕਾਂ ਨੂੰ ਛੂਹੇਗੀ।


ਗੁਰਵਿੰਦਰ ਨਾਲ ਪੰਛੀ ਝਾਤ ਮੁਲਾਕਾਤ

ਤੁਸੀ ਇੱਕ ਫ਼ਿਲਮਸਾਜ਼ ਹੋਣ ਦੇ ਨਾਲ ਨਾਲ ਇੱਕ ਚਿੱਤਰਕਾਰ ਵੀ ਹੋ ਕਿਹੜੀ ਭੂਮਿਕਾ ਜ਼ਿਆਦਾ ਟੁੰਬਦੀ ਹੈ?

:ਰਚਨਾਤਮਕ ਪੱਖ ਤੋਂ ਜੇ ਮੈਂ ਦੋਵੇਂ ਕਲਾਵਾਂ ਨਾਲ ਜੁੜਿਆ ਹਾਂ ਤਾਂ ਦੋਵੇਂ ਹੀ ਮੇਰੇ ਲਈ ਇੱਕੋ ਜਿਹੀਆਂ ਹਨ।ਪੇਟਿੰਗ ਮੈਂ ਬਚਪਨ ਤੋਂ ਹੀ ਕਰਦਾ ਆਇਆ ਹਾਂ ਪਰ ਮੈਂ ਇਹਨਾਂ ਪੇਟਿੰਗਜ਼ ਨੂੰ ਕਦੀ ਵੇਚਿਆ ਨਹੀਂ।ਮੇਰੇ ਲਈ ਕਲਾ ਇੱਕ ਸੰਵਾਦ ਕਰਨ ਦਾ ਜ਼ਰੀਆ ਹੈ ਤੇ ਮੈਂ ਦੋਵਾਂ ਰੂਪਾਂ 'ਚ ਅਜਿਹਾ ਕਰਦਾ ਹਾਂ।ਦੋਵਾਂ 'ਚ ਰਚਨਾਤਮਕਤਾ ਵੱਖਰੀ ਤਰ੍ਹਾਂ ਕੰਮ ਕਰਦੀ ਹੈ।

ਇੱਕ ਫ਼ਿਲਮਸਾਜ਼ ਹੋਣ ਨਾਤੇ ਤੁਹਾਡਾ ਨਜ਼ਰੀਆ ਕਿਸ ਤਰ੍ਹਾਂ ਕੰਮ ਕਰਦਾ ਹੈ?

:ਕਿਸੇ ਫ਼ਿਲਮ ਨੂੰ ਬਣਾਉਣ ਵੇਲੇ ਮੇਰੇ ਨਜ਼ਰੀਏ 'ਚ ਹਮੇਸ਼ਾ ਇਹ ਰਹਿੰਦਾ ਹੈ ਕਿ ਕਹਾਣੀ ਨੂੰ ਕਿੰਝ ਕਿਹਾ ਜਾ ਰਿਹਾ ਹੈ ਨਾ ਕਿ ਕੀ ਕਹਿਣਾ ਹੈ।ਜੇ ਤੁਸੀ ਕਹਾਣੀ ਨੂੰ ਕਹਿ ਰਹੇ ਹੋ ਤਾਂ ਇਹ ਆਪਣੇ ਆਪ ਹੀ ਆਪਣਾ ਕੰਮ ਕਰ ਜਾਵੇਗੀ।

ਤੁਹਾਡੀ ਪਹਿਲੀ ਫ਼ਿਲਮ ਪੁਰਸਕਾਰਾਂ ਦੀ ਚੌਖੀਆਂ ਉਪਲਬਧੀਆਂ 'ਤੇ ਬੈਠੀ ਹੈ,ਇਸ ਸਭ ਬਾਰੇ ਸੋਚ ਕੇ ਕਿੰਝ ਮਹਿਸੂਸ ਹੁੰਦਾ ਹੈ?

:ਜਦੋਂ ਫ਼ਿਲਮ ਬਣਾ ਰਹੇ ਸੀ ਤਾਂ ਇਸ ਬਾਰੇ ਸੋਚਿਆ ਨਹੀਂ ਸੀ।ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ 'ਚ ਚੰਗੇ ਅਨੁਸ਼ਾਸ਼ਨ 'ਚ ਕੰਮ ਹੋਇਆ ਹੈ।ਇਸ ਦੇ ਨਤੀਜੇ ਜੇ ਅਜਿਹੇ ਆ ਰਹੇ ਹਨ ਤਾਂ ਖੁਸ਼ੀ ਹੁੰਦੀ ਹੈ।ਫ਼ਿਲਮ ਨੂੰ ਬਣਾਉਣ ਵੇਲੇ ਸਿਨੇਮਾ ਦੀ ਇਤਿਹਾਸਕ ਸਮਝ ਨੇ ਮੇਰੇ ਲਈ ਕੰਮ ਕੀਤਾ ਹੈ।ਬੇਸ਼ੱਕ ਫ਼ਿਲਮ ਦੇ ਸੈਟ ਜਾਂ ਕਿਰਦਾਰ ਪੰਜਾਬ ਦੇ ਹਨ ਪਰ ਇਹ ਕੌਮਾਂਤਰੀ ਤੌਰ 'ਤੇ ਕੁਝ ਪੇਸ਼ ਕਰ ਰਹੇ ਹਨ ਤੇ ਕਲਾ 'ਤੇ ਫ਼ਿਲਾਸਫੀ ਨੂੰ ਅਸੀ ਜੋੜ ਕੇ ਕਾਵਿਕ ਅੰਦਾਜ਼ ਨਾਲ ਪੇਸ਼ ਕੀਤਾ ਹੈ।ਇਹ ਫ਼ਿਲਮ ਬਣਾਉਣ ਵੇਲੇ ਫ਼ਿਲਮ ਦਾ ਮਕਸਦ ਦੂਜੀਆਂ ਫ਼ਿਲਮਾਂ ਦੀ ਤਰ੍ਹਾਂ ਸਿਰਫ ਮਨੋਰੰਜਨ ਦੀ ਖੋਖਲੀ ਬੁਨਿਆਦ 'ਤੇ ਨਹੀਂ ਟਿਕਿਆ ਸੀ।

ਅਮਰਜੀਤ ਚੰਦਨ ਤੁਹਾਡੇ ਬਹੁਤ ਨੇੜੇ ਹਨ,ਇਸ ਫ਼ਿਲਮ ਨੂੰ ਲੈ ਕੇ ਉਹਨਾਂ ਦੀ ਭੂਮਿਕਾ ਕਿੰਨੀ ਕੁ ਰਹੀ?

:ਉਹਨਾਂ ਲਈ ਮੇਰੇ ਮਨ 'ਚ ਬਹੁਤ ਇੱਜ਼ਤ ਹੈ ਤੇ ਉਹਨਾਂ ਦੇ ਹਰ ਸੁਝਾਅ ਸਾਡੇ ਲਈ ਮਾਇਨੇ ਰੱਖਦੇ ਹਨ ਪਰ ਫ਼ਿਲਮ ਬਣਾਉਣਾ ਤਾਂ ਮੇਰਾ ਸੁੰਤਤਰ ਕੰਮ ਸੀ।

ਅੰਨ੍ਹੇ ਘੋੜੇ ਦਾ ਦਾਨ ਦੀ ਉਪਲਬਧੀਆਂ ਨੂੰ ਲੈਕੇ ਪੰਜਾਬੀ ਸਿਨੇਮਾ ਦਾ ਭਵਿੱਖ ਤੁਹਾਡੀ ਨਜ਼ਰ 'ਚ ਕੀ ਹੈ?

:ਮੈਂ ਅੱਗੇ ਵੀ ਪੰਜਾਬੀ ਫ਼ਿਲਮਾਂ ਹੀ ਬਣਾਵਾਗਾਂ,ਪੰਜਾਬੀ ਫ਼ਿਲਮਾਂ ਦਾ ਭੱਵਿਖ ਬਹੁਤ ਵਧੀਆ ਹੈ।ਬਾਕੀ ਮੇਰਾ ਸਿਨੇਮਾ ਪੰਜਾਬ ਦੀ ਹੱਦ ਤੱਕ ਨਹੀਂ,ਇਹ ਤਾਂ ਪੂਰੇ ਸਿਨੇਮਾ ਦੇ ਇਤਿਹਾਸ ਚੋਂ ਨਿਕਲਿਆ ਹੀ ਵਿਸਥਾਰ ਹੈ।

ਪਰ ਤੁਹਾਡੀ ਫ਼ਿਲਮ ਕਲਾਈਮੈਕਸ 'ਤੇ ਆਕੇ ਕੋਈ ਸਪੱਸ਼ਟ ਅਰਥ ਪੇਸ਼ ਨਹੀਂ ਕਰਦੀ,ਕਿਉਂ ਕਿ ਮੂਲ ਨਾਵਲ ਦੀ ਕਹਾਣੀ 'ਚ ਨਾਵਲਕਾਰ ਉਹਨਾਂ ਲੋਕਾਂ ਨੂੰ ਸਾਰਥਕ ਅਵਾਜ਼ ਦੇ ਰਿਹਾ ਹੈ,ਕਲਾਈਮੈਕਸ ਦੇ ਕਮਜ਼ੋਰ ਹੋਣ ਬਾਰੇ ਕੀ ਕਹੋਗੇ?

:ਨਹੀਂ ਮੇਰਾ ਸਿਨੇਮਾ ਕਦੀ ਵੀ ਅਜਿਹੀ ਉਬਜੈਕਟੀਵਿਟੀ ਪਿਛੇ ਨਹੀਂ ਦੋੜਦਾ।ਮੇਰਾ ਮੰਨਣਾ ਹੈ ਕਿ ਸਭ ਕੁਝ ਸਪੱਸ਼ਟ ਨਹੀਂ ਹੋਣਾ ਚਾਹੀਦਾ,ਕੁਝ ਮਿਸਟਰੀ ਵੀ ਰਹਿਣਾ ਚਾਹੀਦਾ ਹੈ,ਇਹਨਾਂ ਲੁਕੀਆਂ ਚੀਜ਼ਾਂ ਚੋਂ ਹੀ ਅਰਥ ਨਿਕਲਦੇ ਹਨ।ਜਿਵੇਂ ਅਖੀਰ ਦੇ ਦ੍ਰਿਸ਼ ਕਾਵਿਕ ਢੰਗ ਦੇ ਹਨ,ਵੇਖਣ ਵਾਲੇ ਨੂੰ ਵਿਖ ਰਿਹਾ ਹੈ ਕਿ ਮੇਲੂ ਵੀ ਆ ਗਿਆ ਹੈ ਤੇ ਅੰਨੇ ਘੋੜੇ ਦੇ ਦਾਨ ਮੰਗਣ ਵਾਲੇ ਨੂੰ ਕੋਈ ਬੰਦਾ ਗਲੀ 'ਚ ਖੜੋ ਕੇ ਕੀ ਕਹਿ ਰਿਹਾ ਹੈ।ਇਹ ਸਾਰੀਆਂ ਚੀਜ਼ਾਂ ਆਪਸ 'ਚ ਕੁਝ ਬਿਆਨ ਕਰ ਰਹੀਆਂ ਹੁੰਦੀਆਂ ਹਨ।

ਆਮ ਲੋਕਾਂ ਦੀ ਗੱਲ ਕਰਦੀ ਇਹ ਫ਼ਿਲਮ ਆਮ ਲੋਕਾਂ ਦੀ ਪਹੁੰਚ ਤੋਂ ਹੀ ਬਾਹਰ ਹੈ,ਕੀ ਇਹ ਫ਼ਿਲਮ ਪੁਰਸਕਾਰਾਂ ਲਈ ਹੀ ਬਣਾਈ ਗਈ ਸੀ?

:ਮੈਂ ਤਾਂ ਚਾਹੁੰਦਾ ਹਾਂ ਕਿ ਫ਼ਿਲਮ ਨੂੰ ਰੀਲੀਜ਼ ਕੀਤਾ ਜਾਵੇ ਪਰ ਇਹ ਮੇਰੇ ਹੱਥ ਨਹੀਂ ਹੈ।ਮੈਂ ਫ਼ਿਲਮ ਦਾ ਨਿਰਦੇਸ਼ਕ ਹਾਂ ਤੇ ਮੇਰਾ ਕੰਮ ਫ਼ਿਲਮ ਬਣਾਉਣਾ ਸੀ ਤੇ ਇਸ ਫ਼ਿਲਮ ਨੂੰ ਹੁਣ ਰੀਲੀਜ਼ ਕਰਨਾ ਐੱਨ.ਐੱਫ.ਡੀ ਦੇ ਹੱਥ ਹੈ।

ਫ਼ਿਲਮ ਬਣਾਉਣ ਵੇਲੇ ਜਿਸ ਤਰ੍ਹਾਂ ਗਤੀ,ਧੁਨੀ,ਪ੍ਰਕਾਸ਼ ਤੇ ਹਰ ਫ੍ਰੇਮ ਦੇ ਕੈਨਵਸ 'ਤੇ ਧਿਆਨ ਦਿੰਦਿਆ ਬਠਿੰਡੇ ਸ਼ਹਿਰ ਦੇ ਚੱਪੇ ਚੱਪੇ ਨੂੰ ਬਹੁਤ ਕਮਾਲ ਨਾਲ ਵਰਤਿਆ ਗਿਆ ਹੈ,ਅਜਿਹੇ ਕੌਸ਼ਲ ਬਾਰੇ ਕੀ ਕਹੋਗੇ?

:ਇਹ ਪਹਿਲੀ ਵਾਰ ਹੀ ਹੈ ਇਸ ਤੋਂ ਪਹਿਲਾਂ ਕਦੀ ਕਿਸੇ ਨੇ ਅੱਜ ਤੱਕ ਪੰਜਾਬ ਦੇ ਕਿਸੇ ਪਿੰਡ ਜਾਂ ਸ਼ਹਿਰ ਨੂੰ ਇੰਝ ਵਿਖਾਉਣ ਦੀ ਕੌਸ਼ਿਸ਼ ਹੀ ਨਹੀਂ ਕੀਤੀ।ਅੰਬਰਸਰ ਦੀ ਹੀ ਗੱਲ ਕਰੀਏ ਤਾਂ ਦਰਬਾਰ ਸਾਹਿਬ ਦੇ ਚਾਰ ਕਲੋਜ਼ ਅਪ ਨਾਲ ਹੀ ਪੰਜਾਬ ਨੂੰ ਬਿਆਨ ਕਰ ਦਿੰਦੇ ਹਨ।ਇਹੋ ਤਾਂ ਬੁਰੀ ਗੱਲ ਹੈ ਕਿ ਪੰਜਾਬ ਦੀ ਕਹਾਣੀ ਕਹਿਣ ਵੇਲੇ ਦ੍ਰਿਸ਼ ਪੰਜਾਬ ਦੇ ਲੱਗਦੇ ਹੀ ਨਹੀਂ ਹਨ।ਇਹ ਸਭ ਕੁਝ ਮਿਹਲਤ ਨਾਲ ਇੱਕਠਾ ਕਰਨਾ ਪੈਂਦਾ ਹੈ।

ਪੂਨੇ ਫ਼ਿਲਮ ਇੰਸਟੀਚਿਊਟ ਤੋਂ ਨਿਕਲਕੇ ਫ਼ਿਲਮ ਬਣਾਉਣ ਲਈ ਦਸ ਸਾਲ ਦਾ ਵਕਫਾ ਕਿਉਂ?

:ਮੈਂ ਇਸ ਤੋਂ ਪਹਿਲਾਂ ਕੁਝ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਹਨ ਤੇ ਉਸ ਦੌਰਾਨ ਮੈਂ ਪੰਜਾਬ ਦੇ ਸਮਾਜਿਕ,ਸਿਆਸੀ ਤੇ ਧਾਰਮਿਕ ਸੱਭਿਆਚਾਰ ਨੂੰ ਜਾਣਿਆ।ਮੇਰਾ ਮੰਨਣਾ ਹੈ ਕਿ ਇਹ ਕੋਈ ਰਿਕਾਰਡ ਬਣਾਉਣ ਦਾ ਸਾਧਨ ਨਹੀਂ ਹੈ।ਫ਼ਿਲਮ ਵਿਧਾ ਨੂੰ ਸਿੱਖਣ ਲਈ ਸਾਨੂੰ ਲੰਮਾ ਸਮਾਂ ਦੇਣਾ ਚਾਹੀਦਾ ਹੈ।ਜੇ ਮੈਂ ਅੱਜ ਤੋਂ ਪੰਜ ਸਾਲ ਪਹਿਲਾਂ ਇਹ ਫ਼ਿਲਮ ਬਣਾਉਂਦਾ ਤਾਂ ਸ਼ਾਇਦ ਮੈਂ ਇਹ ਇੰਝ ਨਾ ਬਣਾ ਸਕਦਾ।

ਤੁਸੀ ਗੁਰਦਿਆਲ ਸਿੰਘ ਦੇ ਨਾਵਲ 'ਤੇ ਫ਼ਿਲਮ ਬਣਾਈ ਹੈ ਤਾਂ ਉਹਨਾਂ ਦੀ ਸਾਹਿਤ ਸਿਰਜਣਾ ਬਾਰੇ ਕੀ ਵਿਚਾਰ ਰੱਖਦੇ ਹੋ?

:ਉਹਨਾਂ ਦੇ ਨਾਵਲਾਂ ਦੀ ਇਹ ਬਹੁਤ ਪਿਆਰੀ ਖੂਬਸੂਰਤੀ ਹੈ ਕਿ ਉਹ ਮਾਹੌਲ ਨੂੰ ਬਹੁਤ ਸੋਹਣਾ ਪੈਦਾ ਕਰਦੇ ਹਨ।ਉਹਨਾਂ ਨੂੰ ਪੱੜ੍ਹਕੇ ਮੈਨੂੰ ਤਾਲਸਤਾਏ ਦੀ ਯਾਦ ਆਉਂਦੀ ਹੈ।ਗੁਰਦਿਆਲ ਸਿੰਘ ਹੁਣਾਂ ਦੀ ਇਹ ਵਧੀਆ ਸਾਹਿਤਕ ਸਿਰਜਣਾ ਹੈ ਕਿ ਉਹ ਕਿਰਦਾਰਾਂ ਦੇ ਨਾਲ ਨਾਲ ਕੁਦਰਤ ਦਾ ਚਿਤਰਨ ਵੀ ਬਹੁਤ ਵਧੀਆ ਕਰਦੇ ਹਨ।

ਅਜਿਹੀ ਫ਼ਿਲਮ ਦਾ ਨਿਰਮਾਣ ਤਾਂ ਐੱਨ.ਐੱਫ.ਡੀ ਨੇ ਕਰ ਦਿੱਤਾ ਜੋ ਕਿ ਨੋ ਪਰੋਫਿਟ ਨੋ ਲੋਸ 'ਤੇ ਨਿਰਮਾਣ ਕਰ ਗਈ ਪਰ ਜਿਸ ਤਰ੍ਹਾਂ ਦੀਆਂ ਤੁਸੀ ਫ਼ਿਲਮਾਂ ਬਣਾ ਰਹੇ ਹੋ ਉਹਨਾਂ ਦੀ ਵਿਤੀ ਮਜ਼ਬੂਤੀ ਨੂੰ ਲੈਕੇ ਥੌੜ੍ਹਾ ਸ਼ਸ਼ੋਪੰਜ ਹੈ?

:ਨਹੀਂ ਅਜਿਹਾ ਨਹੀਂ ਹੈ,ਚੰਗੀ ਫ਼ਿਲਮ ਚਾਹੇ ਕਲਾਤਮਕ ਹੋਵੇ ਚਲਦੀ ਜ਼ਰੂਰ ਹੈ ਬਾਕੀ ਸਿਨੇਮਾ ਦੀ ਕੋਈ ਹੱਦਬੰਦੀ ਨਹੀਂ ਹੈ,ਇਹ ਪੂਰੇ ਵਿਸ਼ਵ ਨੇ ਵੇਖਣੀ ਹੁੰਦੀ ਹੈ।ਪੰਜਾਬੀ ਫ਼ਿਲਮ ਦਾ ਬਜਟ ਬਹੁਤ ਘੱਟ ਹੁੰਦਾ ਹੈ ਸੋ ਉਸ ਦੀ ਭਰਪਾਈ ਹੋਣੀ ਔਖੀ ਨਹੀਂ ਹੈ।

ਆਉਣ ਵਾਲੇ ਸਮੇਂ 'ਚ ਕਿਹੜੀ ਯੋਜਨਾਵਾਂ ਦੀ ਵਿਉਂਤਬੰਦੀ ਕਰ ਰਹੇ ਹੋ?

:ਮੇਰਾ ਦੋ ਤਿੰਨ ਪ੍ਰੋਜੈਕਟਾਂ 'ਤੇ ਕੰਮ ਚਲ ਰਿਹਾ ਹੈ।ਮੈਂ ਵਰਿਆਮ ਸੰਧੂ ਦੀਆਂ ਦੋ ਰਚਨਾਵਾਂ 'ਮੈਂ ਹੁਣ ਠੀਕ ਠਾਕ ਹਾਂ' ਤੇ 'ਚੌਥੀ ਕੁੱਟ' 'ਤੇ ਫਿਲਮ ਬਣਾਉਣ ਜਾ ਰਿਹਾ ਹਾਂ।ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਅੱਤਵਾਦ ਦੇ ਸਮੇਂ 'ਚ ਜਿਸ ਤਰ੍ਹਾਂ ਮਨੁੱਖਤਾ ਨੇ ਸੰਤਾਪ ਨੂੰ ਭੋਗਿਆ ਹੈ ਉਸ ਦੀ ਗੱਲ ਹੋਣੀ ਚਾਹੀਦੀ ਹੈ।ਉਹਨਾਂ ਸਮਿਆਂ 'ਚ ਅੰਮ੍ਰਿਤਸਰ ਦਰਬਾਰ ਸਾਹਿਬ 'ਤੇ ਹਮਲਾ ਆਪਣੀਆਂ ਹੀ ਫੌਜਾਂ ਵੱਲੋਂ ਕਰਨਾ ਬਹੁਤ ਦੁਖਦਾਈ ਸੀ।ਕੀ ਕਦੀ ਸੁਣਿਆ ਹੈ ਕਿ ਵੈਟੀਕਨ ਸਿਟੀ ਜਾਂ ਮੱਕੇ 'ਤੇ ਉਹਨਾਂ ਦੀਆਂ ਆਪਣੀਆਂ ਹੀ ਫੋਜਾਂ ਨੇ ਹਮਲੇ ਕੀਤੇ ਹੋਣ…

ਮੁਲਾਕਾਤੀ ਹਰਪ੍ਰੀਤ ਸਿੰਘ ਕਾਹਲੋਂ ਨੌਜਵਾਨ ਫਿਲਮ ਅਲੋਚਕ ਹੈ।ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਰਾਹੀ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।
MOB-94641-41678

Sunday, March 18, 2012

ਗੁਰੀਲਾ ਕ੍ਰਾਂਤੀ ਦੇ ਜਜ਼ਬਾਤਾਂ ਦੀ ਹਵਾੜ ‘ਅੰਨ੍ਹੇ ਘੋੜੇ ਦਾ ਦਾਨ’

ਜੇ ਹਿੰਦੀ ਸਿਨੇਮਾ ‘ਚ ਸਿਲਕ ਸਮਿਤਾ ਦੀ ਜ਼ਿੰਦਗੀ ਨੂੰ ਲੈਕੇ ‘ਦੀ ਡਰਟੀ ਪਿਕਚਰ’ ਜਾਂ ‘ਕੋਲਾਵਰੀ ਡੀ’ ਗਾਣਾ ਦੱਖਣ ਨੂੰ ਕੇਂਦਰ ‘ਚ ਲਿਆ ਸਕਦਾ ਹੈ ਤਾਂ ਪਿਛਲੇ ਸਾਲ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਨੇ ਪੰਜਾਬੀ ਫ਼ਿਲਮ ਇੰਡਸਟਰੀ ਜਾਂ ਪੰਜਾਬੀ ਫ਼ਿਲਮਾਂ ਨੂੰ ਮੁੱਖਧਾਰਾ ਨਾਲ ਜੋੜਨ ਦੀ ਕੌਸ਼ਿਸ਼ ਕੀਤੀ ਹੈ।ਇਹ ਫ਼ਿਲਮ ਗੁਰਵਿੰਦਰ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲ ‘ਤੇ ਅਧਾਰਿਤ ਹੈ ਜਿਸ ਨੂੰ ਵੀਨਸ ਫ਼ਿਲਮ ਫੈਸਟੀਵਲ ‘ਚ ਪਹੁੰਚਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਵੱਜੋਂ ਜਾਣਿਆ ਜਾਵੇਗਾ।ਇਸ ਫ਼ਿਲਮ ਨੂੰ ਹਾਲ ਹੀ ‘ਚ ਨੈਸ਼ਨਲ ਫ਼ਿਲਮ ਅਵਾਰਡ 2012 ‘ਚ ਸਰਵੋਤਮ ਪੰਜਾਬੀ ਫ਼ਿਲਮ,ਬੈਸਟ ਡਾਇਰੈਕਟਰ ਤੇ ਬੈਸਟ ਸਿਨਮੈਟੋਗ੍ਰਾਫੀ ਦੇ ਪੁਰਸਕਾਰ ਨਾਲ ਐਲਾਨਿਆ ਗਿਆ ਹੈ।ਇਸ ਤੋਂ ਅੱਗੇ ਗੁਰਵਿੰਦਰ ਸਿੰਘ ਦੇ ਨਿਰਦੇਸ਼ਕੀ ਕੌਸ਼ਲ ‘ਚ ਆਉਣ ਵਾਲੀ ਫ਼ਿਲਮ ਬਾਰੇ ਸਿਨੇਮਾ ਦੇ ਦਰਸ਼ਕ ਜ਼ਰੂਰ ਉਡੀਕ ਕਰਨਗੇ।

ਬੇਸ਼ੱਕ ਕਿਹਾ ਜਾਂਦਾ ਹੋਵੇ ਕਿ ਪੰਜਾਬੀ ਫ਼ਿਲਮਾਂ ਦਾ ਸੁਨਹਿਰਾ ਦੌਰ ਮਨਮੋਹਨ ਸਿੰਘ ਦੇ ਸਿਨੇਮਾ ਤੋਂ ਮੁੜ ਵਾਪਸ ਆਇਆ ਹੈ ਤੇ ਇਸ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ।ਪੰਜਾਬੀ ਫ਼ਿਲਮਾਂ ‘ਚ ਉਸ ਸ਼ੈਲੀ ਦੀਆਂ ਫ਼ਿਲਮਾਂ ਦੀ ਵੀ ਆਪਣੀ ਜਗ੍ਹਾ ਜ਼ਰੂਰਤ ਹੈ ਪਰ ਫ਼ਿਲਮ ਦੀ ਕਲਾ ਕਹਾਣੀ ਕਹਿਣ ਦੀ ਕਲਾ ਹੈ ਜਿਸ ‘ਚ ਹਰ ਦ੍ਰਿਸ਼ ਆਪਣੀ ਜ਼ੁਬਾਨ ਲੈਕੇ ਪੈਦਾ ਹੁੰਦਾ ਹੈ ਤੇ ਅਜਿਹੀ ਫ਼ਿਲਮ ਨਾਲ ਸੰਵਾਦ ਛੇੜਣ ਦੀ ਸਾਰਥਕ ਕੌਸ਼ਿਸ਼ ਹੈ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਅੰਨ੍ਹੇ ਘੋੜੇ ਦਾ ਦਾਨ ਫਿਲਮ ‘ਚ ਸਰਮਾਏਦਾਰੀ ਦੀ ਦਹਿਸ਼ਤ ਨੂੰ ਪਛੜੇ ਲੋਕਾਂ ਦੀ ਖ਼ਾਮੋਸ਼ੀ ‘ਚ ਹੀ ਸਮਝਿਆ ਜਾ ਸਕਦਾ ਹੈ।ਅਜਿਹਾ ਸੰਵਾਦ ਪਹਿਲਾਂ ਨਦਿੰਤਾ ਦਾਸ ਦੀ ਫ਼ਿਲਮ ਫ਼ਿਰਾਕ ‘ਚ ਵੀ ਮੈਨੂੰ ਮਹਿਸੂਸ ਹੋਇਆ ਸੀ।ਅੰਨੇ ਘੋੜੇ ਦਾ ਦਾਨ ਫ਼ਿਲਮ ‘ਚ ਇਸ ਨਜ਼ਰੀਏ ਨੂੰ ਕਿਸੇ ਸੰਵਾਦ ‘ਚ ਪੇਸ਼ ਨਹੀਂ ਕੀਤਾ ਗਿਆ ਪਰ ਇਹ ਦ੍ਰਿਸ਼ ਦਰ ਦ੍ਰਿਸ਼ ਮੇਲੂ ‘ਚ,ਉਹਦੇ ਪਿਓ ‘ਚ ਤੇ ਉਹਦੇ ਭਾਈਚਾਰੇ ਦੇ ਲੋਕਾਂ ‘ਚ ਮਹਿਸੂਸ ਕੀਤਾ ਗਿਆ ਹੈ।ਇਹ ਗੁਰਵਿੰਦਰ ਦਾ ਦ੍ਰਿਸ਼ਟੀਕੋਣ ਹੀ ਹੈ ਕਿ ਦਬੇ ਕੁੱਚਲੇ ਲੋਕਾਂ ਦੇ ਅੰਦਰਲਾ ਗੁੱਸਾ ਬਦਲਾਅ ਤੇ ਤੜਪ ਨੂੰ ਉਹ ਆਪਣੇ ਫ਼ਿਲਮਾਂਕਣ ‘ਚ ਬਿਨਾਂ ਕੋਈ ਸੰਵਾਦ ਕਹਾਏ ਪੇਸ਼ ਕਰ ਰਿਹਾ ਹੈ।ਪੂਰੀ ਫ਼ਿਲਮ ‘ਚ ਮਹਿਸੂਸ ਹੁੰਦਾ ਹੈ ਕਿ ਮੁਫ਼ਲਿਸੀ ਦੇ ਇਹਨਾਂ ਲੋਕਾਂ ਅੰਦਰ ਉਬਾਲ ਤਾਂ ਹੈ ਪਰ ਸਰਮਾਏਦਾਰੀ ਦੀ ਦਹਾੜ ਹੀ ਇੰਨੀ ਭਾਰੂ ਹੈ ਕਿ ਉਹਨਾਂ ਦੀ ਕ੍ਰਾਂਤੀ ਅੰਦਰੋ ਅੰਦਰ ਖ਼ਾਮੋਸ਼ ਹੈ।ਗੁਰਵਿੰਦਰ ਦਾ ਨਿਰਦੇਸ਼ਕੀ ਕੌਸ਼ਲ ਇਸ ਨੂੰ ਆਪਣੀ ਫ਼ਿਲਮ ਦੇ ਹਰ ਦ੍ਰਿਸ਼ ‘ਚ ਕਾਵਿਕ ਨਜ਼ਰੀਏ ਤੋਂ ਪੇਸ਼ ਕਰਦਾ ਹੈ।ਉਹ ਇਸ ਦੇ ਬਕਾਇਦਾ ਸੰਕੇਤ ਵੀ ਦਿੰਦਾ ਹੈ ਕਿ ਬਦਲਾਅ ਕਿੰਝ ਆ ਰਿਹਾ ਹੈ।ਫ਼ਿਲਮ ਦਾ ਅਖੀਰਲਾ ਦ੍ਰਿਸ਼ ਅਜਿਹਾ ਹੀ ਕਾਵਿਕ ਸੰਕੇਤ ਹੈ।ਇਹ ਇੱਕ ਤੋਂ ਬਾਅਦ ਇੱਕ ਕੱਟ ਟੂ ਕੱਟ ਪੇਸ਼ ਕੀਤਾ ਗਿਆ ਹੈ।ਅੰਨ੍ਹੇ ਘੋੜੇ ਦਾ ਦਾਨ ਮੰਗਦੇ ਬੰਦੇ ਨੂੰ ਗਲੀ ‘ਚ ਕੋਈ ਕਹਿ ਰਿਹਾ ਹੈ ਕਿ ਬੰਦ ਕਰੋ,ਕਦੋਂ ਤੱਕ ਇਹ ਦਾਨ ਮੰਗਦੇ ਰਹੋਗੇ,ਦੂਜੇ ਪਾਸੇ ਮੇਲੂ ਦਾ ਪਿਓ ਤੇ ਉਹਦਾ ਮਿੱਤਰ ਸ਼ਹਿਰ ਵੱਲ ਨੂੰ ਜਾ ਰਹੇ ਹਨ ਤੇ ਤੀਜੇ ਪਾਸੇ ਮੇਲੂ ਪਿੰਡ ਆ ਗਿਆ ਹੈ।ਇਸ ਨੂੰ ਕਿੰਝ ਸਮਝਿਆ ਜਾ ਸਕਦਾ ਹੈ ਕਿ ਹੁਣ ਸਭ ਇੱਕ ਜੁੱਟ ਹੋ ਰਹੇ ਹਨ?ਕੀ ਇਹ ਉਹਨਾਂ ਦੀ ਨਵੀਂ ਸ਼ੁਰੂਆਤ ਹੈ?ਮੇਲੂ ਦੀ ਭੈਣ ਗਲੀ ‘ਚ ਮੇਲੂ ਨੂੰ ਮਿਲਦੀ ਹੈ ਤੇ ਕਹਿੰਦੀ ਹੈ ਕਿ ਬਾਹਰ ਨੂੰ ਸੈਰ ਕਰਨ ਆ ਗਈ ਕਿ ਘਰ ‘ਚ ਜੀਅ ਘਬਰਾ ਰਿਹਾ ਸੀ।ਕੀ ਇਹ ਉਹਨਾਂ ਘਰਾਂ ਦੀ ਅੰਦਰਲੀ ਸਲਾਬ ਹੈ ਜੋ ਉਹਨਾਂ ਦੇ ਜਜ਼ਬਾਤ ਨੂੰ ਬਾਹਰ ਆਉਣ ਦੀ ਕਹਾਲ ਪਾਉਂਦਾ ਹੈ।ਇਹੋ ਤਾਂ ਨਕਸ਼ ਦੀ ਤਰਾਸ਼ ਹੈ ਜੋ ਜਜ਼ਬਾਤ ਦੇ ਪਰਵਾਜ਼ ਨੂੰ ਸਮਝ ਰਹੀ ਹੈ।

ਕਹਿੰਦੇ ਨੇ ਸਦੀਆਂ ਪਹਿਲਾਂ ਦਾ ਕਰਜ਼ ਹੈ,ਜੋ ਮਿਥਿਹਾਸ ਦਾ ਅੰਸ਼ ਸਮਝਿਆ ਜਾਂਦਾ ਰਿਹਾ ਹੈ ਪਰ ਕਦੋਂ ਯਥਾਰਥ ‘ਚ ਦੱਬੇ ਕੁਚਲੇ ਲੋਕਾਂ ਦਾ ਹਿੱਸਾ ਬਣ ਗਿਆ ਇਸ ਤਾਰੀਖ਼ ਦਾ ਪਤਾ ਹੀ ਨਹੀਂ ਚਲਿਆ।ਕਿਸੇ ਬੁੱਧੀਜੀਵੀ ਦੀ ਸੰਵੇਦਨਾ ਜਾਂ ਜਾਗਰੂਕ ਲੋਕਾਂ ਦੇ ਜਜ਼ਬਾਤ ਬੇਸ਼ੱਕ ਇਸ ਧੱਕੇ ਬਾਰੇ ਜਾਣੂ ਹਨ ਪਰ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਉਹਨਾਂ ਲੋਕਾਂ ਦੀ ਸੰਵੇਦਨਾ ਨਹੀਂ ਜਾਗਦੀ ਜੋ ਇਸ ਦਾ ਸੰਤਾਪ ਭੁਗਤ ਰਹੇ ਹਨ।ਜਦੋਂ ਤੱਕ ਉਹਨਾਂ ਅੰਦਰ ਇਹ ਇੱਛਾ ਨਹੀਂ ਜਾਗਦੀ ਕਿ ਅਸੀ ਕੌਣ ਹਾਂ ਅਤੇ ਸਾਨੂੰ ਵਰਤਿਆ ਕਿੰਝ ਜਾ ਰਿਹਾ ਹੈ।ਉਦੋਂ ਤੱਕ ਇਹ ਇੰਝ ਹੀ ਚਲਦਾ ਰਹੇਗਾ।ਇਸ ਮਿੱਥ ਨੂੰ ਤੋੜ ਕੇ ਨਾਵਲਕਾਰ ਗੁਰਦਿਆਲ ਸਿੰਘ ਉਹਨਾਂ ਲੋਕਾਂ ਨੂੰ ਇਸ ਗੱਲ ਨਾਲ ਸੰਬੋਧਿਤ ਹੁੰਦਾ ਹੈ ਕਿ ਕਦੋਂ ਤੱਕ ਤੁਸੀ ਇਹ ਅੰਨ੍ਹੇ ਘੋੜੇ ਦਾ ਦਾਨ ਮੰਗਦੇ ਰਹੋਗੇ।ਇੱਕ ਬੇਹਤਰ ਜ਼ਿੰਦਗੀ ਜਿਊਣਾ ਤੁਹਾਡਾ ਹੱਕ ਹੈ।ਇਹਦੀਆਂ ਜੜ੍ਹਾਂ ਬਹੁਤ ਪੁਰਾਣੀਆਂ ਹਨ ਅਤੇ ਜੇ ਇਸ ਨੂੰ ਗੁਰਦਿਆਲ ਸਿੰਘ ਨੇ ਕਲਮਬੱਧ ਕੀਤਾ ਹੈ ਤਾਂ ਇਸ ਦਾ ਸਿਨੇਮਾਈ ਤਰਜ਼ੁਮਾ ਕਰਕੇ ਪੇਸ਼ ਕਰਨ ਲਈ ਗੁਰਵਿੰਦਰ ਨੂੰ ਸਰਾਹੁਣਾ ਤਾਂ ਬਣਦਾ ਹੈ।

ਫ਼ਿਲਮ ਦਾ ਇੱਕ ਆਪਣਾ ਵਿਆਕਰਨ ਹੁੰਦਾ ਹੈ।ਫ਼ਿਲਮ ਨੇ ਕਹਾਣੀ ਨੂੰ ਕਹਿਣਾ ਹੁੰਦਾ ਹੈ ‘ਤੇ ਦ੍ਰਿਸ਼ਾਤਮਕ ਲਿਪੀਬੱਧ ਹੋਈ ਗੱਲ ਨੂੰ ਵਿਜ਼ੂਅਲੀ ਪੇਸ਼ ਕਰਨਾ ਹੁੰਦਾ ਹੈ।‘ਅੰਨ੍ਹੇ ਘੋੜੇ ਦਾ ਦਾਨ’ ਦੀ ਕਹਾਣੀ ‘ਚ ਫ਼ਿਲਮ ਆਪਣੀ ਗਤੀ,ਪ੍ਰਕਾਸ਼,ਧੁਨੀ,ਦ੍ਰਿਸ਼ਾਵਲੀ ਦੀ ਸੁਮੇਲਤਾ ਨਾਲ ਗ਼ਜ਼ਬ ਦਾ ਪ੍ਰਭਾਵ ਛੱਡਦੀ ਹੈ।ਇਸ ਫ਼ਿਲਮ ਨੂੰ ਵੇਖਕੇ ਇਹ ਭਲੀਭਾਂਤ ਸਮਝਿਆ ਜਾ ਸਕਦਾ ਹੈ ਕਿ ਆਖਰ ਇਸ ਫਿਲਮ ਨੂੰ ਵੀਨਸ ਫਿਲਮ ਫੈਸਟੀਵਲ ਤੋਂ ਲੈਕੇ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ,ਆਬੂ ਦਾਬੀ ਤੇ ਲਾਹੌਰ ‘ਚ ਕਿਉਂ ਸਰਾਹਿਆ ਗਿਆ।

ਇਸ ਫ਼ਿਲਮ ‘ਚ ਬਹੁਤ ਸੂਖ਼ਮ ਕਿਸਮ ਦੇ ਇਸ਼ਾਰੇ ਹਨ ਜੋ ਮੌਜੂਦਾ ਪ੍ਰਬੰਧ ਦੀ ਹਵਾੜ ਨੂੰ ਮਹਿਸੂਸ ਕਰਾਉਂਦੇ ਹਨ।ਜਿਵੇਂ ਕਿ ਫਾਟਕ ਲੱਗਿਆ ਹੋਇਆ ਹੈ ਤੇ ਬੱਸ ਖੱੜ੍ਹੋਤੀ ਹੋਈ ਹੈ।ਰੇਲਗੱਡੀ ਸੀਟੀ ਮਾਰਦੀ ਲੰਘ ਜਾਂਦੀ ਹੈ।ਇਸ ਦ੍ਰਿਸ਼ ਦੀ ਵੀ ਇੱਕ ਆਪਣੀ ਜ਼ੁਬਾਨ ਹੈ।ਕਿੰਝ ਮਸ਼ੀਨੀਕਰਨ ‘ਚ ਵੱਡੀ ਮਸ਼ੀਨਰੀ ਰੂਪੀ ਪ੍ਰਬੰਧ ਫਾਟਕ ਲਗਾਉਂਦੀ ਹੈ ਤੇ ਛੋਟੇ ਤਬਕਿਆਂ(ਬੱਸ ਇੱਕ ਪ੍ਰਤੀਕ ਹੈ) ਨੂੰ ਫਾਟਕ ਲਾ ਕੇ ਰੋਕਿਆ ਜਾਂਦਾ ਹੈ ਕਿ ਆਪਣੀ ਵਾਰੀ ਦੀ ਉਡੀਕ ਕਰੋ।ਇਸੇ ਤਰ੍ਹਾਂ ਰਿਕਸ਼ੇ ਚਲਾਉਂਦਾ ਜਾ ਰਿਹਾ ਮੇਲੂ ‘ਤੇ ਰਾਤ ਦੇ ਮੀਂਹ ਪੈਣ ਤੋਂ ਪਹਿਲਾਂ ਦੇ ਮਾਹੌਲ ‘ਚ ਥਰਮਲ ਪਲਾਂਟ ਦਾ ਦ੍ਰਿਸ਼ ਇੱਕ ਦੈਂਤ ਦੀ ਤਰ੍ਹਾਂ ਪੇਸ਼ ਹੁੰਦਾ ਹੈ।ਥਰਮਲ ਪਲਾਂਟ ਨੂੰ ਵਿਖਾਉਣ ਵੇਲੇ ਉਦਯੋਗੀਕਰਨ ‘ਚ ਸਮਾਜ ਦੀ ਬਰਾਬਰ ਤਰੱਕੀ ਨੂੰ ਕਿੰਝ ਵਿਉਂਤਬੰਦੀ ਤੋਂ ਦੂਰ ਰੱਖਿਆ ਗਿਆ ਤੇ ਉਸ ਦਾ ਸਿੱਧਾ ਫਾਇਦਾ ਸਰਮਾਏਦਾਰੀ ਨੂੰ ਹੁੰਦਾ ਰਿਹਾ ‘ਚ ਕਲਿਆਣਕਾਰੀ ਨਜ਼ਰੀਏ ਦੀ ਅਣਹੋਂਦ ਵੀ ਫ਼ਿਲਮ ਦੇ ਹਰ ਦ੍ਰਿਸ਼ ‘ਚ ਬਿਆਨ ਹੁੰਦੀ ਹੈ।ਬਠਿੰਡਾ ‘ਚ ਥਰਮਲ ਪਲਾਂਟ ਦੇ ਦ੍ਰਿਸ਼ ਅਤੇ ਰਿਕਸ਼ੇ ‘ਤੇ ਜਾਂਦੇ ਮੇਲੂ(ਸੈਮੁਅਲ ਜੌਨ੍ਹ) ਦੀ ਖਾਮੋਸ਼ੀ ਆਧੁਨਿਕਤਾ ਦੀ ਖੁਲ੍ਹੀ ਮੰਡੀ ‘ਚ,ਇਹਨਾਂ ਅਵਾਜ਼ਾਰ ਹਯਾਤੀਆਂ ਦੀ ਬੇਬੱਸੀ ਕਿਸ ਰੂਪ ‘ਚ ਵਿਚਰ ਰਹੀ ਹੈ ਇਹ ਸੰਵਾਦ ਪੂਰੀ ਫਿਲਮ ‘ਚ ਪਸਰਿਆ ਨਜ਼ਰ ਆਉਂਦਾ ਹੈ।

ਫਿਲਮ ਦੇ ਹਰ ਫ੍ਰੇਮ ਨੂੰ ਬਹੁਤ ਹੀ ਖੂਬਸੂਰਤੀ ਨਾਲ ਬੁਣਿਆ ਗਿਆ ਹੈ।ਜਿਵੇਂ ਕਿ ਕਿਸੇ ਸ਼ਹਿਰ ‘ਚ ਮੇਲੂ ਦੇ ਗੁਆਂਢੀ ਦੇ ਘਰ ਦਾ ਚਿਤਰਨ ਕਰਨ ਵੇਲੇ ਕਮਾਲ ਦਾ ਨਿਰਦੇਸ਼ਕੀ ਕੌਸ਼ਲ ਵੇਖਣ ਨੂੰ ਮਿਲਦਾ ਹੈ।ਬੈਠਕ ਦਾ ਇੱਕ ਦ੍ਰਿਸ਼ ਪੇਸ਼ ਕੀਤਾ ਗਿਆ ਹੈ।ਕੈਮਰਾ ਆਪਣੀ ਅੱਖ ਨਾਲ ਬੈਠਕ ਅੰਦਰ ਬੈਠੇ ਕਿਰਦਾਰ ਨੂੰ ਦੂਰੋਂ ਵਿਖਾਉਂਦਾ ਹੈ।ਉਹ ਕਿਰਦਾਰ ਉੱਪਰ ਨੂੰ ਵੇਖ ਰਿਹਾ ਹੈ।ਕੈਮਰਾ ਜਿਉਂ ਜਿਉਂ ਅੰਦਰ ਜਾਂਦਾ ਹੈ ਤਾਂ ਪਤਾ ਚਲਦਾ ਹੈ ਕਿ ਉਹ ਅੰਦਰ ਕੀ ਵੇਖ ਰਿਹਾ ਹੈ।ਬੈਠਕ ‘ਚ ਉਹ ਕੰਧ ‘ਤੇ ਲਗੀ ਫਿਲਮੀ ਅਦਾਕਾਰ ਦੀ ਤਸਵੀਰ ਵੇਖ ਰਿਹਾ ਹੈ।ਆਖਰ ਗ਼ਰੀਬ ਘਰਾਂ ਦੇ ਪ੍ਰਹਾਉਣਿਆ ਦਾ ਮਨੋਰੰਜਨ ਦਾ ਸਾਧਣ ਤਾਂ ਅਜਿਹਾ ਹੀ ਹੁੰਦਾ ਹੈ।ਕੰਧ ‘ਤੇ ਟੰਗਿਆ ਸਾਈਕਲ ਤਾਂ ਮਨ ‘ਚ ਟੀਸ ਨੂੰ ਉਭਾਰਕੇ ਪੇਸ਼ ਕਰ ਜਾਂਦਾ ਹੈ।ਹਮਾਤੜਾ ਦੇ ਘਰ ਸਾਈਕਲ(ਮਹਿੰਗੀ ਚੀਜ਼) ਬੱਚੇ ਦੇ ਚਾਅ ਪੂਰੀ ਕਰਦੀ ਜੇ ਲਿਆ ਵੀ ਦਿੱਤੀ ਜਾਵੇ ਤਾਂ ਉਸ ਨੂੰ ਇੰਝ ਸਾਂਭ ਕੇ ਰੱਖਿਆ ਜਾਂਦਾ ਹੈ ਕਿ ਮੰਨੋ ਦੇਸ਼ ਦਾ ਕੋਈ ਪਰਮਾਣੂ ਹਥਿਆਰ ਹੈ।ਅਜਿਹੀ ਹੱਦ ਤੋਂ ਵੱਧ ਸਾਂਭ ਵੀ ਇਸ ਲਈ ਕਿ ਉਂਝ ਤਾਂ ਅਜਿਹੀ ਚੀਜ਼ਾਂ ਲਿਆਦੀਆਂ ਨਹੀਂ ਜਾਂਦੀਆਂ ਪਰ ਜੇ ਆ ਜਾਵੇ ‘ਤੇ ਟੁੱਟ ਭੱਜ ਤੋਂ ਬਾਅਦ ਮੁਰੰਮਤ ਦੇ ਡਰ ਤੋਂ ਫਿਰ ਵੀ ਕਈ ਤਰ੍ਹਾਂ ਦੀਆਂ ਸੁਰੱਖਿਆ ਕਾਇਮ ਕੀਤੀ ਜਾਂਦੀ ਹੈ।

ਸ਼ਹਿਰ ‘ਚ ਰਿਕਸ਼ਿਆ ਦੀ ਹੜਤਾਲ ਤੇ ਮਸ਼ੀਨੀਕਰਨ ਦਾ ਇਹਨਾਂ ਮਜ਼ਦੂਰਾਂ ‘ਤੇ ਅਸਰ ਕੈਮਰੇ ਦੀ ਮੂਵਮੈਂਟ ਨਾਲ ਬਹੁਤ ਸੋਹਣਾ ਬਿਆਨ ਕੀਤਾ ਗਿਆ ਹੈ।ਨਾਵਲ ਦੀ ਕਹਾਣੀ ‘ਚ ਇਹ ਘਟਨਾਕ੍ਰਮ ਪੂਰਾ ਵਿਸਥਾਰ ਸਹਿਤ ਹੈ ਪਰ ਫ਼ਿਲਮ ‘ਚ ਗੁਰਵਿੰਦਰ ਸਿਰਫ ਇਸ਼ਾਰੇ ਦਿੰਦਾ ਹੈ।ਗੁਰਵਿੰਦਰ ਦੀ ਇਹ ਖੂਬੀ ਰਹੀ ਹੈ ਕਿ ਉਹ ਕਿਸੇ ਖਲਾਅ ਨੂੰ ਬਿਆਨ ਕਰਨ ਲਈ ਭਾਸ਼ਣ ‘ਚ ਨਹੀਂ ਪੈਂਦਾ।ਉਸਦੀ ਫਿਲਮ ਦਾ ਦ੍ਰਿਸ਼ ਹੀ ਪੂਰੇ ਦਾ ਪੂਰਾ ਬੋਲਦਾ ਹੈ।ਕਿਰਦਾਰਾਂ ਦੇ ਚਿਹਰਿਆਂ ‘ਤੇ ਹੀ ਭੈਅ ਦੇ ਨਿਸ਼ਾਨ,ਮੁਫਲਿਸੀ ਦਾ ਸੰਤਾਪ ਉੱਭਰਕੇ ਸਾਹਮਣੇ ਆਉਂਦਾ ਹੈ।ਹੋਰ ਕਿੰਨਾ ਕਿੰਨਾ ਪਹਿਲੂਆਂ ਦੀ ਗੱਲ ਕੀਤੀ ਜਾਵੇ ਫ਼ਿਲਮ ‘ਚ ਹਜ਼ਾਰਾਂ ਕਹਾਣੀਆਂ ਵਿਖਦੀਆਂ ਹਨ।ਬੰਦੇ ਨੂੰ ਬੰਦਾ ਸਮਝਨ ਦੀ ਸਾਂਝ,ਦਰਦ ਨੂੰ ਦਰਦ ਦੀ ਸਾਂਝ,ਅਵਾਜ਼ਾਰੀ ਨੂੰ ਅਵਾਜ਼ਾਰੀ ਦੀ ਸਾਂਝ,ਹੌਂਸਲੇ ਨੂੰ ਹੌਂਸਲੇ ਦੀ ਸਾਂਝ ਵੇਖਣੀ ਹੋਵੇ ਤਾਂ ਬਿਹਾਰ ਦੇ ਮਜ਼ਦੂਰ ਤੇ ਮੇਲੂ ਦੇ ਦ੍ਰਿਸ਼ ਵੇਖਦੇ ਹੀ ਰਹਿ ਜਾਈਦਾ ਹੈ।

ਉਂਝ ਤਾਂ ਪਿੰਡ ਸ਼ਾਂਤ ਹੁੰਦੇ ਹਨ ਪਰ ਗੁਰਵਿੰਦਰ ਨੇ ਫ਼ਿਲਮ ‘ਚ ਧੁਨੀ ਨੂੰ ਬਹੁਤ ਉੱਚਾ ਸੁਣਾਇਆ ਹੈ ਚਾਹੇ ਉਹ ਘੁੜੱਕੇ ਦੀ ਅਵਾਜ਼ ਹੋਵੇ ਜਾਂ ਕਦਮਾਂ ਦੀ ਥਾਪ ਹੋਵੇਂ ਜਾਂ ਪਾਵਾਂ ਘੜਨ ਦੀ ਅਵਾਜ਼ ਹੋਵੇ।ਹਾਂ ਮਹਿਸੂਸ ਕਰਨਾ ਹੋਵੇ ਤਾਂ ਜ਼ਰੂਰ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਕੁਦਰਤ ਦਾ ਹਰ ਜ਼ੱਰਾ ਬਗ਼ਾਵਤੀ ਲੱਗਦਾ ਹੈ।ਅਜਿਹਾ ਵੀ ਇੱਕ ਨਜ਼ਰੀਆ ਹੈ ਪਰ ਜਿੱਥੇ ਪੂਰੀ ਫ਼ਿਲਮ ਸੂਖ਼ਮ ਇਸ਼ਾਰੇ ਦਿੰਦੀ ਹੋਈ ਗੱਲ ਕਰ ਰਹੀ ਹੈ ਉੱਥੇ ਅਜਿਹੀ ਐਮਬੀਅਸ ਕਿਤੇ ਕਿਤੇ ਖਲਲ ਪਾਉਂਦੀ ਹੈ।

ਇੱਕ ਹੋਰ ਦ੍ਰਿਸ਼ ‘ਚ ਗੁਰਵਿੰਦਰ ਭਾਰਤੀ ਸਮਾਜ ਦੇ ਜਾਤੀ ਵਰਗੀਕਰਨ ਨੂੰ ਬਿਨਾਂ ਕਿਸੇ ਸੰਵਾਦ ਦੇ ਹੀ ਆਪਣੀ ਫਿਲਮ ‘ਚ ਪੇਸ਼ ਕਰ ਜਾਂਦਾ ਹੈ,ਜਿਸ ‘ਚ ਉਹ ਪੈਦਲ ਚਲ ਰਹੇ ਪਿੰਡ ਦੇ ਬੰਦਿਆ ਦੇ ਪੈਰਾਂ ‘ਤੇ ਕੈਮਰੇ ਨੂੰ ਕੇਂਦਰਿਤ ਕਰਦਾ ਹੈ,ਜਿਸ ‘ਚ ਪਹਿਲਾਂ ਪੈਰੀ ਚੰਗੀਆਂ ਜੁਤੀਆਂ ਪਾਈ ਹੋਏ ਲੋਕ ਹਨ,ਫਿਰ ਰਲਵੇ ਮਿਲਵੇਂ ਤੇ ਅਖੀਰ ‘ਚ ਨੰਗੇ ਪੈਰੀ ਜਾਂ ਚੱਪਲਾਂ ‘ਚ ਤੁਰ ਰਹੇ ਲੋਕਹਨ।ਭਾਰਤੀ ਸਮਾਜ ‘ਚ ਅਗੁਵਾਈ ਦਾ ਅਜਿਹਾ ਸਿਆਸੀ ਤੇ ਸਮਾਜਿਕ ਚਿਤਰਣ ਪਹਿਲਾਂ ਕਦੇ ਕਿਸੇ ਪੰਜਾਬੀ ਫਿਲਮਾਂ ‘ਚ ਨਹੀਂ ਵੇਖਿਆ ਗਿਆ।ਇੱਕ ਚਿੱਤਰਕਾਰ ਹੋਣ ਕਰਕੇ ਵੀ ਗੁਰਵਿੰਦਰ ਆਪਣੇ ਨਿਰਦੇਸ਼ਕ ‘ਚ ਅਜਿਹਾ ਕਰ ਸਕਿਆ ਹੈ।

ਮਨੁੱਖਤਾ ਕਿੰਝ ਲਹੂ ਲੁਹਾਣ ਹੋ ਰਹੀ ਹੈ ਤੇ ਇਹ ਲਹੂ ਕਿੰਝ ਸਮਾਜ ‘ਚ ਪਸਰਿਆ ਹੋਇਆ ਹੈ,ਇਸ ਨੂੰ ਪੂਰੀ ਫ਼ਿਲਮ ‘ਚ ਕਿਸੇ ਕਿਰਦਾਰ ਦੀ ਹਿੰਸਾਤਮਕ ਪ੍ਰਤੀਕਿਰਿਆ ਤੋਂ ਪੇਸ਼ ਨਹੀਂ ਕੀਤਾ।ਇਹ ਅਜਿਹਾ ਹੀ ਖੂਨ ਖਰਾਬਾ ਹੈ ਜੋ ਸਿਰਫ ਇਸ਼ਾਰਿਆਂ ਨਾਲ ਮਹਿਸੂਸ ਹੁੰਦਾ ਹੈ ਤੇ ਸਿੱਧੀ ਪ੍ਰਤੀਕਿਰਿਆ ਨਾਲੋਂ ਅੀਜਹੇ ਇਸ਼ਾਰੇ ਜ਼ਿਆਦੇ ਚੋਬ ਮਾਰਦੇ ਹਨ।

ਪਰ ਇਸ ਦਾ ਮਿਸਟੀਰਅਸ ਅੰਤ ਕਹਾਣੀ ਦੇ ਅਰਥਾਂ ਨੂੰ ਯਕਦਮ ਉਭਾਰਦਾ ਨਹੀਂ ਹੈ।ਜਿਹੜਾ ਨਜ਼ਰੀਆ ਗੁਰਦਿਆਲ ਸਿੰਘ ਆਪਣੇ ਨਾਵਲ ‘ਚ ਸਾਫ ਕਰਕੇ ਪੂਰੇ ਨਾਵਲ ‘ਚ ਸੰਬੋਧਿਤ ਹੁੰਦਾ ਹੈ ਅਜਿਹੇ ਅਰਥ ਫ਼ਿਲਮ ਦੇ ਅੰਤ ‘ਚ ਕਾਵਿਕ ਢੰਗ ਨਾਲ ਪੇਸ਼ ਹੋਏ ਹਨ।ਪੂਰੀ ਫਿਲਮ ਨੂੰ ਵੇਖਦੇ ਹੋਏ ਇਹ ਹੁਣ ਗੁਰਵਿੰਦਰ ਦੀ ਸੋਚ ਦਾ ਹੀ ਵਿਸ਼ਾ ਹੈ ਕਿ ਇਸ ਫਿਲਮ ਦਾ ਵਿਜ਼ੂਅਲੀ ਪ੍ਰਭਾਵ ਵਧੀਆ ਹੋਣ ਦੇ ਬਾਵਜੂਦ ਉਹ ਨਾਵਲ ਦੇ ਕੇਂਦਰ ਬਿੰਦੂ ਦਾ ਸਿਨੇਮਾਈ ਰੁਪਾਂਤਰਨ ਨੂੰ ਅਜਿਹਾ ਪੇਸ਼ ਕਰਦਾ ਹੈ।ਨਾਵਲ ‘ਚ ਜਿਸ ਨਜ਼ਰੀਏ ਨੂੰ ਸ਼ੁਰੂ ‘ਚ ਬਿਆਨਿਆ ਗਿਆ ਹੈ,ਉਸ ਬਾਰੇ ਗੁਰਵਿੰਦਰ ਬਿਲਕੁਲ ਕਾਵਿਕ ਹੈ।ਕਹਾਣੀ ਨੂੰ ਕਹਿਣਾ ਹੀ ਸਿਨੇਮਾ ਦਾ ਪਹਿਲਾ ਅਧਾਰ ਹੋ ਸਕਦਾ ਹੈ ਪਰ ਕਹਾਣੀ ‘ਚ ਕੀ ਹੈ ਇਸ ਨੂੰ ਉਭਾਰਨਾਂ ਵੀ ਨਿਰਦੇਸ਼ਕ ਦਾ ਇੱਕ ਹਿੱਸਾ ਹੋ ਸਕਦਾ ਹੈ।ਅਜਿਹੀਆਂ ਉਨੀ ਇੱਕੀ ਗੱਲਾਂ ‘ਚ ਇਹ ਜ਼ਰੂਰ ਹੈ ਕਿ ਫ਼ਿਲਮ ਦੀ ਆਤਮਾ ‘ਤੇ ਸ਼ੱਕ ਨਹੀਂ ਕੀਤਾ ਸਕਦਾ।ਅਖੀਰ ‘ਚ ਗੁਰਵਿੰਦਰ ਨੂੰ ਇਸ ਲਈ ਵਧਾਈ ਅਤੇ ਇਹ ਫ਼ਿਲਮ ਵੇਖਦੇ ਹੋਏ ਮੈਨੂੰ ਆਪਣੀ ਲਿਖੀ ਇੱਕ ਕਵਿਤਾ ਜ਼ਰੂਰ ਯਾਦ ਆਈ।
_____________________ਰੌਸ਼ਨ ਵਜੂਦ
ਆਖ਼ਰ ਮੈਨੂੰ ਸਮਝ ਆਈ,
ਕਿ ਵਜੂਦ ਕੀ ਹੈ।
ਸਦੀਆਂ ਤੋਂ ਦੱਬਿਆ ਹਿੱਕ ‘ਚ
ਬਾਰੂਦ ਕੀ ਹੈ।

ਇਸ ਰੂਹ ਦਾ ਹਰ ਤਿਣਕਾ,
ਗ਼ੁਲਾਮ ਸੀ ਜੋ…
ਅਜ਼ਾਦ ਕਰ ਬੈਠਾ ਹਾਂ,
ਹਰ ਖ਼ਿਆਲ ਹੁਣ।
ਪਹੁੰਚੀ ਹੈ ਪਰਵਾਜ਼,
ਵਿਹੜੇ ਦੀ ਡਿਊੜੀ,
ਪਰਛਾਂਵੇ ਨਹੀਂ ਖੱੜ੍ਹਦੇ,
ਬਣਕੇ ਸਵਾਲ ਹੁਣ।

ਸਰਪ੍ਰਸਤੀ ਦਾ ਮੁੱਦਾ,
ਜੋ ਜ਼ੁਬਾਨ ‘ਤੇ ਸੀ।
ਤ੍ਰਿਸਕਾਰ ਦੇ ਜੋ ਤੀਰ,
ਕਮਾਨ ‘ਤੇ ਸੀ।
ਸਭ ਮਿਟਾ ਦਿੱਤੇ ਮੈਂ ਜਦੋਂ,
ਲਹੂ ਸਿੰਝ ਕੇ,
ਖੁਸ਼ੀ ਹੋਈ ਜਦੋਂ ਲਗਿਆ ਪਤਾ,
ਮੈਂ ਵੀ ਜਹਾਨ ‘ਤੇ ਸੀ।

ਆਖਰ ਜਾਤਾਂ ‘ਚ ਵੰਡਿਆ
ਇਹ ਸ਼ਹਿਰ ਕਿਉਂ ਹੈ?
ਹੱਡ ਮਾਸ ਦਾ ਹੂ ਬੂ ਹੂ,
ਫਿਰ ਕਹਿਰ ਕਿਉਂ ਹੈ?
ਮੰਜ਼ਿਲਾ ਦੇ ਰਾਹ ਜੇ,
ਧੁਰ ਮਿਲਦੇ ਨੇ ਕਿਤੇ,
ਫਿਰ ਤੇਰੇ ਤੇਵਰਾਂ ‘ਚ,
ਜ਼ਹਿਰ ਕਿਉਂ ਹੈ?

ਪਾਉਂਦੇ ਹੋ ਜੋ ਵੰਡੀਆਂ,
ਤਾਂ ਸੂਝ ਕੀ ਹੈ?
ਇੱਕ ਹੋ ਜਾਤ ਮਾਨਸ ਕੀ,
ਤਾਂ ਦੂਜ ਕੀ ਹੈ?

ਹਰਪ੍ਰੀਤ ਸਿੰਘ ਕਾਹਲੋਂ ਨੌਜਵਾਨ ਫਿਲਮ ਅਲੋਚਕ ਹੈ।ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਰਾਹੀ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।

Friday, December 9, 2011

Ocean of Pearls:ਪਛਾਣ ਨਾਲ ਜੁੜਨ-ਟੁੱਟਣ ਦੇ ਸੰਘਰਸ਼ ਦੀਆਂ ਜੜ੍ਹਾਂ ਨੂੰ ਫਰੋਲਦੀ ਫਿਲਮ

ਮਰ ਜਾਵਾਂ ਮੈਨੂੰ ਡਰ ਨਹੀਂ ਮੇਰੀ ਆਤਮਾ ਮਰ ਜਾਵੇ,ਅਸਲੀ ਮੌਤ ਹੈ।
ਇਹਨਾਂ ਹਰਫਾਂ 'ਚ ਕੁਝ ਤਾਂ ਲੁੱਕਿਆ ਹੈ ਜੋ ਇਹਨਾਂ ਸਤਰਾਂ ਨੂੰ ਦੁਹਰਾਉਣ 'ਤੇ ਹਰ ਸ਼ਖਸ ਦੇ ਅੰਦਰ ਤੋਂ ਜਵਾਬ ਮੰਗਣ ਲੱਗ ਪੈਂਦਾ ਹੈ।ਅਸੀ ਇਹਨੂੰ ਸਿੱਧੇ ਸ਼ਬਦਾਂ 'ਚ ਕਹੀਏ ਤਾਂ ਇਹੋ ਹੈ ਆਪਣੇ ਵਜੂਦ ਨੂੰ ਤਲਾਸ਼ ਕਰਨ ਦੀ ਜਦੋਜਹਿਦ।ਇਹ ਉਹ ਕਿਨਾਰਾ ਹੈਜਿੱਥੇ ਇੱਕ ਆਦਮੀ ਆਪਣੇ ਵਿਰਾਸਤ ਆਪਣੀਆਂ ਸੱਭਿਆਚਾਰਕ ਜੜ੍ਹਾਂ ਤੇ ਆਪਣੀ ਪਹਿਲ ਨੂੰ ਪ੍ਰਭਾਸ਼ਤ ਕਰਨ 'ਚ ਸੰਘਰਸ਼ ਕਰ ਰਿਹਾ ਹੈ।ਇਹ ਅਜੋਕੇ ਸਮਾਜ 'ਚ ਆਮ ਵਰਤਾਰਾ ਹੈ ਜੋ ਕਿਸੇ ਨਾ ਕਿਸੇ ਰੂਪ 'ਚ ਸਾਨੂੰ ਵਿਖਦਾ ਹੈ।ਇੱਕ ਪੂਰਬ ਬਨਾਮ ਪੱਛਮ,ਦੂਜਾ ਨਵਾਂ ਬਨਾਮ ਪੁਰਾਣਾ,ਤੀਜਾ ਅਮਰੀਕਾ ਬਨਾਮ ਪੰਜਾਬ ਜਾਂ ਵਿਦੇਸ਼ ਬਨਾਮ ਦੇਸ਼।ਹਰ ਕੋਈ ਅਧੂਰਾ ਹੀ ਅਧੂਰਾ ਘੁੰਮ ਰਿਹਾ ਹੈ।

ਇਸ ਜਦੋ ਜਹਿਦ ਨੂੰ ਲੈਕੇ ਹੀ ਕਿਤੇ ਸੱਭਿਅਤਾਵਾਂ ਦੇ ਭੇੜ ਨੂੰ ਲੈਕੇ ਵਿਚਾਰ ਚਰਚਾ ਹੋ ਰਹੀ ਤੇ ਕਿਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਨੂੰ ਲੈਕੇ ਸੰਘਰਸ਼ ਹੋ ਰਿਹਾ ਹੈ।ਇਹਨਾਂ ਸਾਰੀਆਂ ਗੱਲਾਂ ਦੇ ਤਾਣੇ ਬਾਣੇ 'ਚ ਕਨੇਡਾ ਦੀ ਇੱਕ ਅਜਿਹੀ ਫ਼ਿਲਮ ਕੌਮਾਂਤਰੀ ਮੰਚ 'ਤੇ ਖ਼ੂਬ ਸਫ਼ਲ ਹੋਈ ਹੈ।ਫ਼ਿਲਮ ਹੈ ਸਰਬ ਸਿੰਘ ਨੀਲਮ ਦੁਆਰਾ ਨਿਰਦੇਸ਼ਤ ਕੀਤੀ ਗਈ 'ਓਸ਼ੀਅਨ ਆਫ ਪਰਲਸ' ਮੋਤੀਆਂ ਦੇ ਇਸ ਸਮੁੰਦਰ 'ਚ ਪਛਾਨ ਦਾ ਸੰਘਰਸ਼ ਕੀ ਹੈ ਤੇ ਇਸ ਰਾਹੀ ਸਾਡੀਆਂ ਮੁੱਢਲੀਆਂ ਚਣੌਤੀਆਂ ਕੀ ਹਨ,ਫਿਲਮ ਇਸ ਦਾ ਬਾਖੂਬੀ ਵਿਸ਼ਲੇਸ਼ਨ ਕਰਦੀ ਹੈ।ਇਸ ਫ਼ਿਲਮ ਨੇ ਆਪਣੇ ਕਥਾਨਕ ਨਾਲ ਇਹਨਾਂ ਦਾ ਹੱਲ ਲੱਭਣ 'ਚ ਸਫ਼ਲਤਾ ਪਾਈ ਹੈ।

ਸਿਨੇਮਾ ਦੇ ਲਿਹਾਜ ਤੋਂ ਇਹ ਫ਼ਿਲਮ ਬਹੁਤ ਸਾਰੀਆਂ ਗੱਲਾਂ ਕਰਕੇ ਚਰਚਾ ਦਾ ਵਿਸ਼ਾ ਬਣਦੀ ਹੈ।ਹੁਣ ਤੱਕ ਬਾਲੀਵੁੱਡ ਫ਼ਿਲਮਾਂ 'ਚ ਸਿੱਖ ਜਾਂ ਸਰਦਾਰ ਕਿਰਦਾਰ ਨੂੰ ਕਦੀ ਵੀ ਆਮ ਜ਼ਿੰਦਗੀ ਦਾ ਸਹਿਜਤਾ ਅਧੀਨ ਵਿਚਰਦਾ ਕਿਰਦਾਰ ਨਹੀਂ ਵਿਖਾਇਆ ਗਿਆ।ਰਾਕੇਟ ਸਿੰਘ-ਸੇਲਸਮੈਨ ਆਫ ਦੀ ਈਅਰ ਇਸ ਦਾ ਅਪਵਾਦ ਜ਼ਰੂਰ ਹੈ।ਹਿੰਦੀ ਫ਼ਿਲਮਾਂ 'ਚ ਜਾਂ ਭਾਰਤੀ ਫ਼ਿਲਮਾਂ 'ਚ ਸਿੱਖ ਹੀਰੋ ਹਮੇਸ਼ਾ ਮਜ਼ਾਕੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ।ਓਸ਼ੀਅਨ ਆਫ ਪਰਲਸ ਫ਼ਿਲਮ 'ਚ 'ਓਮੀਡ ਅਬਤਾਹੀ' ਨੇ ਜਿਸ ਅੰਦਾਜ਼ ਦਾ ਸਿੱਖ ਕਿਰਦਾਰ ਜ਼ਿੰਦਾ ਕੀਤਾ ਹੈ ਉਹ ਪੂਰੀ ਫ਼ਿਲਮ ਦੀ ਖ਼ੂਬਸੂਰਤੀ ਹੈ।ਸਿੱਖ ਜੀਵਨ ਜਾਂਚ ਨੂੰ ਕੇਂਦਰਤ ਕਰਦੀ ਵੀ ਇਹ ਹੁਣ ਤੱਕ ਦੀ ਪਹਿਲੀ ਫ਼ਿਲਮ ਹੈ।ਇਸ ਫ਼ਿਲਮ ਨੂੰ ਆਮ ਦਰਸ਼ਕਾਂ ਤੋਂ ਲੈਕੇ ਆਲੋਚਕਾਂ ਨੇ ਵੀ ਬਹੁਤ ਸਰਾਹਿਆ ਹੈ।


ਫ਼ਿਲਮ ਦੀ ਕਹਾਣੀ ਡਾ. ਅੰਮ੍ਰਿਤ ਸਿੰਘ ਦੀ ਹੈ।ਜੋ ਮੈਡੀਕਲ ਖੇਤਰ 'ਚ ਤਰੱਕੀ ਪਾਉਣਾ ਚਾਹੁੰਦਾ ਹੈ।ਕਿਉਂ ਕਿ ਉਹ ਇੱਕ ਨੌਜਵਾਨ ਹੈ ਠੀਕ ਅਜਿਹਾ ਨੌਜਵਾਨ ਜੋ ਸੁਫ਼ਨੇ ਵੇਖਦਾ ਹੈ,ਜਜ਼ਬਾ ਰੱਖਦਾ ਹੈ ਅੱਗੇ ਵੱਧਣਾ ਚਾਹੁੰਦਾ ਹੈ।ਉਸ ਦੇ ਲਈ ਇਸ ਦੁਨੀਆਂ 'ਚ ਆਪਣੀ ਪਛਾਨ ਤੇ ਆਪਣੀਆਂ ਜ਼ਰੂਰਤਾਂ ਦਰਮਿਆਨ ਜ਼ਿੰਦਗੀ 'ਚ ਵਿਚਰਨ ਨੂੰ ਲੈਕੇ ਸੰਘਰਸ਼ ਹੈ।ਡਾ. ਅੰਮ੍ਰਿਤ ਸਿੰਘ ਨੂੰ ਕੇਸ ਧਾਰਨ ਕਰਨੇ ਪੱਗ ਨੂੰ ਸਿਰ 'ਤੇ ਸਜਾਉਣਾ ਇੱਕ ਰੁਕਾਵਟ ਦੀ ਤਰ੍ਹਾਂ ਮਹਿਸੂਸ ਹੋ ਰਿਹਾ ਹੈ।ਕਿਉਂ ਕਿ ਉਹ ਆਪਣੇ ਬਾਕੀ ਅੰਗਰੇਜ਼ ਦੋਸਤਾਂ ਦੇ ਨਾਲ ਕਲੱਬ 'ਚ ਦਾਖਲ ਨਹੀਂ ਹੋ ਸਕਦਾ ਕਿਉਂ ਕਿ ਦਾਖਲ ਹੋਣ ਤੋਂ ਪਹਿਲਾਂ ਉਸ ਨੂੰ ਪੱਗ ਉਤਾਰ ਕੇ ਤਲਾਸ਼ੀ ਕਰਾਉਣ ਲਈ ਕਿਹਾ ਜਾਂਦਾ ਹੈ।ਏਅਰਪੋਰਟ 'ਤੇ ਉਸ ਨੂੰ ਸੁਰੱਖਿਆ ਕਾਰਨਾਂ ਕਰਕੇ ਪੱਗ ਉਤਾਰਨ ਲਈ ਕਿਹਾ ਜਾਂਦਾ ਹੈ।

'ਓਸ਼ੀਅਨ ਆਫ ਪਰਲਸ' ਦੀ ਸ਼ੁਰੂਆਤ ਹੀ ਬਹੁਤ ਦਾਰਸ਼ਨਿਕ ਲਹਿਜੇ ਨਾਲ ਹੁੰਦੀ ਹੈ।ਫ਼ਿਲਮ ਥੌੜ੍ਹਾ ਆਤਮ ਕਥਾਤਮਕ ਲਹਿਜੇ ਦੀ ਹੈ।ਫ਼ਿਲਮ ਦਾ ਨਾਇਕ ਆਪਣੇ ਬਾਰੇ ਦੱਸਦਾ ਹੋਇਆ ਸ਼ੁਰੂਆਤ 'ਚ ਹੀ ਸਵਾਲ ਪਾਉਂਦਾ ਹੈ ਕਿ ਜ਼ਿੰਦਗੀ ਦੇ ਇਸ ਚੱਕਰ ਬਾਰੇ ਕੀ ਕਦੀ ਸੋਚਿਆ ਹੈ।ਅਸੀ ਆਪਣੇ ਮਾਂ ਪਿਓ ਦੇ ਘਰ ਹੀ ਉਹਨਾਂ ਲਈ ਕਿਉਂ ਪੈਦਾ ਹੁੰਦੇ ਹੈ।ਇਸ ਸੰਸਾਰ 'ਚ ਇੰਨੀ ਧਰਤੀ ਹੈ ਪਰ ਅਸੀ ਆਪਣੇ ਦੇਸ਼ ਆਪਣੇ ਸ਼ਹਿਰ ਹੀ ਕਿਉਂ ਪੈਦਾ ਹੋਏ।ਨਾਇਕ 'ਤੇ ਉਸਦੀ ਮੰਗੇਤਰ ਦਾ ਪਰਿਵਾਰ 1960 'ਚ ਕਨੇਡਾ ਆਏ ਸਨ।

ਇੱਥੇ ਨਾਇਕ ਕਹਿੰਦਾ ਹੈ ਕਿ ਉਸ ਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਕਿਉਂ ਕੋਈ ਨਵੀਂ ਦੁਨੀਆ 'ਚ ਆਕੇ ਪੁਰਾਣੇ ਨੂੰ ਜ਼ਿੰਦਾ ਰੱਖਣ ਲਈ ਸੰਘਰਸ਼ ਕਰਦਾ ਰਹਿੰਦਾ ਹੈ।ਇਹ ਸੰਘਰਸ਼ ਹਰ ਬੰਦੇ ਦੇ ਅੰਦਰ ਚਲ ਰਿਹਾ ਹੈ।ਬੇਸ਼ੱਕ ਸਿਆਣੇ ਕਹਿੰਦੇ ਹਨ ਕਿ, "ਅੱਜ ਦੀ ਗਲਤੀ,ਕੱਲ੍ਹ ਦਾ ਸੱਭਿਆਚਾਰ,ਪਰਸੋਂ ਦਾ ਕਾਨੂੰਨ"ਇਹ ਇੰਝ ਹੀ ਚਲਦਾ ਹੈ।ਇਸੇ 'ਚ ਪੁਰਾਣੇ ਤੋਂ ਨਵੇਂ ਤੱਕ ਦਾ ਸੰਘਰਸ਼ ਹੈ।ਪੀੜ੍ਹੀ ਪਾੜਾ ਹੈ।ਸੱਭਿਆਤਾਵਾਂ ਦਾ ਅੰਤਰ ਹੈ।ਇਹ ਹਰ ਉਸ ਚੀਜ਼ 'ਚ ਹੈ ਜਿੱਥੇ ਪਰਵਾਸ ਹੈ।ਬਿਹਾਰ ਦਾ ਪੰਜਾਬ 'ਚ ਵਜੂਦ ਦਾ ਸੰਘਰਸ਼ ਹੈ।ਪੰਜਾਬੀ ਦਾ ਬਾਹਰ ਵਜੂਦ ਦਾ ਸੰਘਰਸ਼ ਹੈ।ਕਿਉਂ ਕਿ ਭੂਗੋਲਿਕ ਤੇ ਜਜ਼ਬਾਤੀ ਜੁੜਾਅ ਸਰੀਰ ਤੇ ਮਨ ਨੂੰ ਇੱਕਸੁਰਤਾ 'ਚ ਨਹੀਂ ਰੱਖ ਰਿਹਾ।ਅਮਰੀਕਾ 'ਚ ਪਲਿਆ ਵਧਿਆ ਡਾ. ਅੰਮ੍ਰਿਤ ਸਿੰਘ ਆਪਣੇ ਧਾਰਮਿਕ ਤੇ ਸੱਭਿਆਚਾਰਕ ਵਜੂਦ ਨੂੰ ਆਪਣੇ ਅੱਜ ਦੇ ਨਾਲ ਜੋੜਕੇ ਨਹੀਂ ਰੱਖ ਪਾ ਰਿਹਾ।ਪੱਗ ਤੇ ਸਿੱਖੀ ਜੀਵਨ ਜਾਚ ਦਾ ਅੰਦਰੂਨੀ ਭਾਵ ਉਸ ਦੇ ਦੁਨਿਆਵੀ ਸੰਘਰਸ਼ ਨਾਲ ਟਕਰਾ ਰਿਹਾ ਹੈ।ਇਸ ਤਰ੍ਹਾਂ ਦੇ ਮਾਨਸਿਕ ਤਾਣੇ-ਬਾਣੇ 'ਚ ਅੰਮ੍ਰਿਤ ਸਿੰਘ ਆਪਣੇ ਕੇਸ ਕਟਵਾ ਲੈਂਦਾ ਹੈ।ਕਿਉਂ ਕਿ ਉਸਦੇ ਸਿੱਖ ਹੋਣ ਕਰਕੇ,ਪੱਗੜੀਧਾਰੀ ਹੋਣ ਕਰਕੇ ਉਸ ਨੂੰ ਆਪਣੇ ਮੈਡੀਕਲ ਕਿੱਤੇ ਵਿੱਚ ਉਹਨਾਂ ਸਹੂਲਤਾਂ ਤੋਂ ਵਾਂਝਾ ਰਹਿਣਾ ਪਿਆ ਜਿਹਨਾਂ ਦਾ ਉਹ ਹੱਕਦਾਰ ਸੀ।

ਫ਼ਿਲਮ ਦਾ ਸਭ ਤੋਂ ਖੂਬਸੂਰਤ ਪੱਖ ਇਹ ਹੈ ਕਿ ਇਹ ਫ਼ਿਲਮ ਕਿਸੇ ਵੀ ਤਰ੍ਹਾਂ ਉਪਦੇਸ਼ ਸ਼ੈਲੀ ਦੇ ਪ੍ਰਭਾਵ 'ਚ ਪਏ ਬਗੈਰ ਆਪਣਾ ਸੰਦੇਸ਼ ਦਿੰਦੀ ਹੈ। ਫ਼ਿਲਮ ਸਿੱਖੀ ਦੇ ਅਸੂਲਾਂ ਵੱਲ ਇਸ਼ਾਰਾ ਕਰਦੀ ਹੈ।ਫ਼ਿਲਮ ਦੱਸਦੀ ਹੈ ਕਿ ਕਿੰਝ ਵਿਰਾਸਤੀ ਚਿੰਨ੍ਹ ਸਾਡੀ ਸ਼ਖਸੀਅਤ ਤੋਂ ਅਸੀ ਵੱਖ ਨਹੀਂ ਕਰ ਸਕਦੇ।ਅਸੀ ਆਪਣੀ ਪਛਾਣ ਕਿੰਨੀ ਵੀ ਬਦਲ ਲਈਏ ਪਰ ਸਾਡਾ ਉਜਾਗਰੀ ਸਰੋਤ ਹਮੇਸ਼ਾ ਸਾਡੇ ਨਾਲ ਚਲੇਗਾ।ਇਹ ਦੁਨੀਆ 'ਚ ਇੱਕ ਸਹਿਜ ਵਰਤਾਰਾ ਹੈ।

ਡਾ. ਅੰਮ੍ਰਿਤ ਸਿੰਘ ਦਾ ਪਿਤਾ ਉਸ ਨੂੰ ਦੱਸਦਾ ਹੈ ਕਿ ਮਸਲਾ ਨਿਜ ਨੂੰ ਜ਼ਮੀਨੀ ਪੱਧਰ 'ਤੇ ਸੰਤੁਸ਼ਟ ਕਰਨਾ ਨਹੀਂ ਹੈ।ਸਮਝੌਤੇ ਜਾਂ ਮੌਕਿਆ 'ਚ ਜ਼ਿਆਦਾ ਮਾਇਨੇ ਰੱਖਦੀ ਗੱਲ ਇਹੋ ਹੈ ਕਿ ਬੰਦਾ ਇਹਨਾਂ ਨੂੰ ਡਿੱਗਕੇ ਪਾਉਂਦਾ ਹੈ ਜਾਂ ਗਰਵ ਦੀ ਨਜ਼ਰਸਾਨੀ ਕਰਦਾ ਹੈ।ਉਸ ਦਾ ਪਿਤਾ ਦੱਸਦਾ ਹੈ ਕਿ ਬਹੁਤ ਸਾਰੇ ਖ਼ੌਫ਼ਨਾਕ ਪਲ ਆਏ ਹਨ ਪਰ ਕੀ ਉਹਨਾਂ 'ਚ ਆਪਣੇ ਵਜੂਦ ਨੂੰ ਮਿਟਾਕੇ ਆਉਣਾ ਸਹੀ ਬਚਾਅ ਨਹੀਂ ਸੀ।ਉਹ ਕਹਿੰਦੇ ਹਨ ਕਿ, "ਮੈਂ ਮਰ ਜਾਵਾਂ ਮੈਨੂੰ ਡਰ ਨਹੀਂ,ਮੇਰੀ ਆਤਮਾ ਮਰ ਜਾਵੇ ਅਸਲ ਮੌਤ ਹੈ।"

ਫ਼ਿਲਮ ਦਾ ਅਧਾਰ ਇਹ ਜ਼ਰੂਰ ਹੈ ਪਰ ਕਿਸੇ ਵਿਅਕਤੀ ਲਈ ਪਛਾਣ ਕੀ ਹੈ? ਇਸ ਦੀ ਕਹਾਣੀਆਂ ਬਹੁਤ ਸਾਰੀਆਂ ਪੇਚਦਗੀਆਂ ਚੋਂ ਨਿਕਲਕੇ ਨਿਜ ਤੱਕ ਪਹੁੰਚਦੀਆਂ ਹਨ।ਆਖਰ ਇੱਕ ਮਨੁੱਖ ਦਾ ਅਸਲ ਜੁੜਾਵ ਕਿੱਥੇ ਹੋਵੇਗਾ ਜਿੱਥੇ ਦੇ ਬਹੁਮਤ ਭਰੇ ਭੂਗੋਲਿਕ,ਸਮਾਜਿਕ ਤੇ ਆਰਥਿਕ ਵਰਤਾਰੇ 'ਚ ਉਹ ਵਿਚਰ ਰਿਹਾ ਹੈ ਜਾਂ ਉੱਥੇ ਜਿੱਥੇ ਉਹਦੇ ਪੂਰਵਜ਼ਾਂ ਦਾ ਉਦੈ ਹੈ।ਚਿੰਤਾ 'ਚ ਦੋਵੇਂ ਸਬੱਬ ਹਨ ਕਿ ਚਿੰਤਾ ਨਾ ਕਰੋ ਤੇ ਇਹ ਸੁਭਾਵਿਕ ਮੰਨੋ ਜੇ ਉਹ ਆਪਣਾ ਨਾਮ ਗੁਰਵਿੰਦਰ ਤੋਂ ਗੈਰੀ ਕਰ ਰਿਹਾ ਹੈ ਜਾਂ ਜਸਮੀਤ ਨੂੰ ਜੈਸੀ ਕਹਾਉਣਾ ਵਧੇਰੇ ਪਸੰਦ ਹੈ।ਕਿਉਂ ਕਿ ਪਛਾਣ ਦੀ ਮੂਰਤ ਵਧੇਰੇ ਤਾਂ ਉਘੜਦੀ ਹੈ ਜੇ ਭਾਵਨਾਤਮਕ ਅਧਾਰ ਮਜ਼ਬੂਤ ਹੋਵੇ।ਇਸਨੂੰ ਠੀਕ ਉਸੇ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਬਿਹਾਰ ਦੇ ਲੋਕ ਗੀਤਾਂ ਨਾਲ ਉਥੋਂ ਦੇ ਵਸਨੀਕਾਂ ਦਾ ਜੁੜਾਅ ਹੀ ਹੋਵੇਗਾ ਚਾਹੇ ਉਹ ਪੰਜਾਬ 'ਚ ਰਹਿ ਰਿਹਾ ਹੋਵੇ ਪਰ ਕਿਸੇ ਬਿਹਾਰ ਤੋਂ ਆਏ ਵਸਨੀਕ ਦੀ ਸੰਤਾਨ ਦਾ ਪਾਲਨ ਪੋਸ਼ਣ ਜੇ ਪੰਜਾਬ 'ਚ ਹੋਇਆ ਹੋਵੇ ਤਾਂ ਮਿਕਦਾਰੀ ਪੱਖੋਂ ਉਹ ਪੰਜਾਬ ਦੇ ਲੋਕ ਜੀਵਨ ਦੇ ਜ਼ਿਆਦਾ ਨੇੜੇ ਹੋ ਜਾਵੇਗਾ।ਇਹ ਵਰਤਾਰਾ ਸਿਰਫ ਪੰਜਾਬੀ ਜਾਂ ਸਿੱਖ ਪਛਾਣ 'ਚ ਹੀ ਨਹੀਂ ਦੁਨੀਆ ਦੀ ਹਰ ਸਮਾਜਿਕ ਇਕਾਈ 'ਚ ਵਰਤ ਰਿਹਾ ਹੈ।

ਪਰ ਇਸ ਸਾਰੇ ਵਰਤਾਰੇ 'ਚ ਅਹਿਮ ਫ਼ਰਜ਼ ਇਹ ਵੀ ਹੈ ਕਿ ਕੋਈ ਜ਼ਿੰਮੇਵਾਰੀ ਕਿਵੇਂ ਨਿਭਾ ਰਿਹਾ ਹੈ।ਵਿਦੇਸ਼ਾਂ 'ਚ ਵੱਸਦੇ ਪਰਿਵਾਰ ਬਹੁਤ ਸਾਰੇ ਅਜਿਹੇ ਹਨ ਜੋ ਵਿਦੇਸ਼ੀ ਧਰਤੀ 'ਤੇ ਆਪਣੀ ਹੋਂਦ ਨੂੰ ਆਪਣੇ ਪਿਛੋਕੜ ਦੇ ਸੰਦਰਭ 'ਚ ਜ਼ਿੰਦਾ ਰੱਖਦੇ ਆ ਰਹੇ ਹਨ।ਮੌਜ਼ੂ
ਪਛਾਣ ਨੂੰ ਤਲਾਸ਼ ਕਰਦੀ ਜ਼ਿੰਦਗੀ ਦਾ ਹੀ ਹੈ।ਕੋਈ ਇਸ ਤੋਂ ਵੱਖ ਹੋਕੇ ਨਵੀਂ ਪਛਾਣ ਨਾਲ ਵਿਚਰਕੇ ਖੁਸ਼ ਹੈ ਤੇ ਕੋਈ ਆਪਣੇ ਪਿਛੋਕੜ ਦੀ ਪਛਾਣ ਨਾਲ ਜੁੜਕੇ ਖੁਸ਼ ਹੈ।

ਹਰਪ੍ਰੀਤ ਸਿੰਘ ਕਾਹਲੋਂ ਪੱਤਰਕਾਰ ਹੈ,ਪਰ ਪੱਤਰਕਾਰੀ ਨਾਲੋਂ 1000 ਗੁਣਾ ਵੱਧ ਰੁਚੀ ਸਿਨੇਮੇ 'ਚ ਰੱਖਦਾ ਹੈ।

Thursday, October 13, 2011

ਔਰਤਾਂ ਦੇ ਮੁੱਦੇ ਅਤੇ ਔਰਤ ਫ਼ਿਲਮਸਾਜ਼

ਕੁਲਦੀਪ ਕੌਰ ਔਰਤਾਂ ਨਾਲ ਜੁੜੇ ਸੰਵੇਦਨਸ਼ੀਲ ਮਸਲਿਆਂ 'ਤੇ ਲਿਖਦੇ ਰਹਿੰਦੇ ਹਨ।ਉਹਨਾਂ ਦੀਆਂ ਲਿਖਤਾਂ ਜ਼ਮੀਨੀ ਪੱਧਰ ਤੋਂ ਮਾਮਲੇ ਨੂੰ ਸਮਝਦਿਆਂ ਕੁੱਲ ਦੁਨੀਆਂ ਅੰਦਰ ਔਰਤ ਦੀ ਹਾਲਤ ਨੂੰ ਘੋਖਦੀਆਂ ਹਨ|

ਭਾਰਤੀ ਫ਼ਿਲਮ ਸਨਅਤ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਮਨੋਰੰਜਨ ਫੈਕਟਰੀ ਮੰਨਿਆ ਜਾਂਦਾ ਹੈ। ਕਰੋੜਾਂ ਰੁਪਏ ਦੇ ਕਾਲੇ ਪੈਸੇ ਦੇ ਕਾਰੋਬਾਰ ਅਤੇ ਕੁਝ ਘਰਾਣਿਆਂ ਦੀ ਇਜਾਰੇਦਾਰੀ ‘ਤੇ ਖੜ੍ਹੀ ਇਸ ਫੈਕਟਰੀ ਦਾ ਉਤਪਾਦਨ ਮੁਨਾਫ਼ੇ ਅਤੇ ਹਰ ਹਾਲਤ ਵਿਚ ਸਫ਼ਲਤਾ ਦੇ ਮੂਲ ਮੰਤਰ ਨਾਲ ਕੀਤਾ ਜਾਂਦਾ ਹੈ। ਸੰਨ 1990 ਤੋਂ ਬਾਅਦ ਤੀਜੀ ਦੁਨੀਆਂ ਦੇ ਹੋਰ ਮੁਲਕਾਂ ਵਾਂਗ ਭਾਰਤੀ ਫ਼ਿਲਮ ਸਨਅਤ ਨੂੰ ਵੀ ਖੁੱਲ੍ਹੀ ਮੰਡੀ, ਉਦਾਰਵਾਦ ਅਤੇ ਪੱਛਮ-ਮੁਖੀ ਵਿਕਾਸ ਢਾਂਚੇ ਦੀ ਨੀਤੀਆਂ ਨੇ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ। ਹੁਣ ਫ਼ਿਲਮ ਚਕਾਚੌਂਧ ਕਰ ਦੇਣ ਵਾਲੇ ਇਸ਼ਿਤਹਾਰ ਵਾਂਗ ਹੈ ਜਿਸ ਨੂੰ ਦਰਸ਼ਕ ਸਾਹੋ-ਸਾਹ ਹੋਇਆ ਦੇਖਦਾ ਹੈ।

ਭਾਰਤੀ ਰਾਜਨੀਤੀ ਵਾਂਗ ਭਾਰਤੀ ਫ਼ਿਲਮ ਸਨਅਤ ਹਾਸ਼ੀਏ ‘ਤੇ ਪਏ ਵਰਗਾਂ ਦੀ ਨਿਸ਼ਾਨਦੇਹੀ ਤਾਂ ਕਰਦੀ ਹੈ ਪਰ ਉਨ੍ਹਾਂ ਦਿਆਂ ਮੁੱਦਿਆਂ ਬਾਰੇ ਕੋਈ ਸਾਰਥਿਕ ਕਦਮ ਚੁੱਕਣ ਜਾਂ ਸੰਵਾਦ ਤੋਰਨ ਦਾ ਹੀਆ ਨਹੀਂ ਕਰਦੀ। ਭਾਰਤੀ ਫ਼ਿਲਮਾਂ ਦੀ ਖਰੀਦ-ਵੇਚ ਦਾ ਮੁੱਖ ਨੁਕਤਾ ਔਰਤ ਦਾ ਸਰੀਰ ਰਿਹਾ ਹੈ। ਦਿਲਚਸਪ ਗੱਲ ਹੈ ਕਿ ਭਾਰਤੀ ਸਮਾਜ ਵੀ ਨੈਤਿਕਤਾ, ਇੱਜ਼ਤ, ਮਾਣ-ਮਰਿਆਦਾ ਅਤੇ ਭੋਗ ਵਿਲਾਸ ਦਾ ਤਾਣਾ-ਬਾਣਾ ਔਰਤ ਦੇ ਸਰੀਰ ਦੁਆਲੇ ਬੁਣਦਾ ਹੈ। ਇਸ ਦੀ ਹਰ ਤੰਦ ਉਸ ਨੂੰ ਨਾ ਸਿਰਫ਼ ਕੁੱਖ ਦੇ ਤੌਰ ‘ਤੇ ਮਹਿਦੂਦ ਕਰਦੀ ਹੈ ਬਲਿਕ ਉਸ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਵੀ ਰੱਦ ਕਰਦੀ ਹੈ। ਜੇ ਇਸ ਨੂੰ ਸਿਰਫ਼ ਮਰਦ ਫ਼ਿਲਮਸਾਜ਼ਾਂ ਵਿਚ ਸੰਵੇਦਨਸ਼ੀਲਤਾ ਦੀ ਘਾਟ ਦਾ ਮੁੱਦਾ ਮੰਨਿਆ ਜਾਵੇ ਤਾਂ ਸਵਾਲ ਇਹ ਬਣਦਾ ਹੈ ਕਿ, ਕੀ ਔਰਤ ਫ਼ਿਲਮ ਨਿਰਦੇਸ਼ਕਾਵਾਂ ਕੁਝ ਅਜਿਹਾ ਸਿਰਜ ਸਕੀਆਂ ਹਨ ਜੋ ਮਰਦ ਤੱਕਣੀ ਤੇ ਮੁਨਾਫ਼ਾ-ਧਾਰਨਾ ਤੋਂ ਹੱਟ ਕੇ ਹੈ?


ਅੱਜ ਦੀਆਂ ਦੋ ਫ਼ਿਲਮ ਨਿਰਦੇਸ਼ਕਾਵਾਂ ਫਰਾਹ ਖ਼ਾਨ ਅਤੇ ਏਕਤਾ ਕਪੂਰ ਨੇ ਇਸ ਸਬੰਧੀ ਨਿਰਾਸ਼ ਹੀ ਨਹੀਂ ਕੀਤਾ ਸਗੋਂ ਫਰਾਹ ਖ਼ਾਨ ਨੇ ਤਾਂ ਪਹਿਲੀ ਵਾਰ ਮਰਦ ਸਰੀਰ ਦਾ ਵਪਾਰੀਕਰਨ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ (ਮਿਸਾਲ ਵਜੋਂ ਫ਼ਿਲਮ ‘ਓਮ ਸ਼ਾਂਤੀ ਓਮ’ ਦਾ ਗਾਣਾ-’ਦਿਲ ਮੇਂ ਮੇਰੇ ਹੈ ਦਰਦੇ-ਡਿਸਕੋ’ ਵਿਚ ਸ਼ਾਹਰੁਖ ਦਾ ਸਰੀਰ)। ਔਰਤ ਸਰੀਰ ਨੂੰ ‘ਸ਼ੀਲਾ ਕੀ ਜਵਾਨੀ’ ਵਰਗੇ ਕੁਚੱਜੇ ਤਰੀਕੇ ਨਾਲ ਪੇਸ਼ ਕਰਨਾ ਉਸ ਨੂੰ ਸੁਹਜ ਅਤੇ ਕਲਾ ਤੋਂ ਕੋਰੀ ਫ਼ਿਲਮਸਾਜ਼ ਸਾਬਤ ਕਰਦਾ ਹੈ ਜੋ ਉਨ੍ਹਾਂ ਔਰਤਾਂ ਦੇ ਸੰਘਰਸ਼ ‘ਤੇ ਸਿੱਧਾ ਵਾਰ ਕਰਦੀ ਹੈ ਜੋ ਨਿੱਤ ਦਿਨ ਜ਼ਿੰਦਗੀ ਤਰਾਸ਼ਣ ਦੇ ਤਰਦੱਦ ਵਿਚ ਹਨ। ਏਕਤਾ ਕਪੂਰ ਇਸ ਤੋਂ ਵੀ ਇਕ ਕਦਮ ਅਗਾਂਹ ਜਾਂਦੀ ਹੈ ਅਤੇ ਸਮਾਜ ਵਿਚ ਔਰਤਾਂ ਵਿਰੁੱਧ ਵਧ ਰਹੀ ਹਿੰਸਾ ਨੂੰ ਮੁਨਾਫ਼ਾ ਕਮਾਉਣ ਵਾਲੀ ਫ਼ਿਲਮ (ਰਾਗਿਨੀ ਐਮ.ਐਮ.ਐਸ.) ਬਣਾਉਣ ਲਈ ਵਰਤਦੀ ਹੈ। ਦੋਵੇਂ, ਔਰਤ ਨਾਲ ਹੁੰਦੀ ਕਲਾ-ਹਿੰਸਾ ਦੇ ਵਰਤਾਰੇ ਦੀਆਂ ਪ੍ਰਤੱਖ ਮਿਸਾਲਾਂ ਹਨ। ਦੋਵੇ ਇਹ ਵੀ ਸਾਬਿਤ ਕਰਦੀਆਂ ਹਨ ਕਿ ਸਿਆਸੀ ਬੁਰਛਾਗਰਦੀ, ਗ਼ਰੀਬੀ, ਬੇਕਾਰੀ ਤੇ ਸਮਾਜਿਕ ਅਸਰੁੱਖਿਆ ਦਾ ਸ਼ਿਕਾਰ ਲੋਕਾਂ ਦੀ ਬਾਤ ਪਾਉਣ ਦੇ ਸਮਿਆਂ ਵਿਚ ਕਲਾ ਤੇ ਸਿਰਜਣਾ ਨੂੰ ਕਿਵੇਂ ਮੰਡੀ ਵਿਚ ਵੇਚਿਆ ਜਾਂਦਾ ਹੈ।

ਬੰਗਾਲੀ ਫ਼ਿਲਮਸਾਜ਼ ਅਪਰਣਾ ਸੇਨ ਮੁੱਖ ਧਾਰਾ ਦੀਆਂ ਇਨ੍ਹਾਂ ਵਿਚਾਰਧਾਰਾਹੀਣ ਫ਼ਿਲਮਾਂ ਨੂੰ ਵੱਢ ਮਾਰਦੀ ਹੈ। ਉਹਦੀਆਂ ਫ਼ਿਲਮਾਂ ਉਸ ਦਰਦ ਅਤੇ ਇਕੱਲੇਪਣ ਦਾ ਸੰਜੀਵ ਚਿੱਤਰ ਖਿੱਚਦੀਆਂ ਹਨ ਜੋ ਔਰਤ ਦੇ ਸਰੀਰ ਵਿਚ ਪੈਦਾ ਹੋਏ ਇਨਸਾਨ ਦੀ ਹੋਣੀ ਸਮਝਿਆ ਜਾਂਦਾ ਹੈ। ਉਹ ਕਹਿੰਦੀ ਹੈ, “ਮੇਰੀਆਂ ਫ਼ਿਲਮਾਂ ਦਰਦ ਅਤੇ ਇਕੱਲ ਦੀਆਂ ਫ਼ਿਲਮਾਂ ਹਨ ਜੋ ਅਸੀਂ ਰੋਜ਼ ਹੰਢਾਉਦੇ ਹਾਂ।” ਉਸ ਇਕੱਲ ਨੂੰ ਭਰਨ ਲਈ ਉਹ ਖ਼ਪਤਵਾਦੀ ਕਦਰਾਂ-ਕੀਮਤਾਂ, ਮੰਡੀ ਵੱਲੋਂ ਤੈਅ ਕੀਤੀ ਨੈਤਿਕਤਾ ਅਤੇ ਬਾਜ਼ਾਰੀ ਮਾਪਦੰਡਾਂ ਦਾ ਸਹਾਰਾ ਨਹੀ ਲੈਂਦੀ।


ਇਸ ਬਾਰੇ ਉਹਦੀ ਫ਼ਿਲਮ ’15 ਪਾਰਕ ਐਵਿਨਊ’ ਦਾ ਜ਼ਿਕਰ ਜ਼ਰੂਰੀ ਹੈ। ਫ਼ਿਲਮ ਪੱਤਰਕਾਰ ਲੜਕੀ ਦੁਆਲੇ ਘੁੰਮਦੀ ਹੈ ਜੋ ਹੌਲੀ ਹੌਲੀ ਸਕਿਜ਼ੋਫ਼ਰੇਨੀਆ ਵੱਲ ਵਧ ਰਹੀ ਹੈ। ਉਹਦੀ ਵੱਡੀ ਭੈਣ ਭੌਤਿਕ ਵਿਗਿਆਨ ਦੀ ਪ੍ਰੋਫ਼ੈਸਰ ਹੈ ਪਰ ਉਹਦੀ ਜ਼ਿੰਦਗੀ ਘਰ ਵਿਚ ਇਕ ਮਾਨਸਿਕ ਰੋਗੀ, ਬੁੱਢੀ ਮਾਂ ਅਤੇ ਅੰਧਵਿਸ਼ਵਾਸੀ ਨੌਕਰਾਣੀ ਕਾਰਨ ਦੁਬਿਧਾ ਵਿਚ ਘਿਰੀ ਰਹਿੰਦੀ ਹੈ। ਫ਼ਿਲਮ ਵਿਚ ਮਿਤਾਲੀ (ਕੋਂਕਣਾ ਸੇਨ ਵੱਲੋਂ ਖ਼ੂਬਸੂਰਤੀ ਨਾਲ ਨਿਭਾਇਆ ਕਿਰਦਾਰ) ਚੋਣ-ਪ੍ਰਚਾਰ ਦੀ ਕਵਰੇਜ ਦੌਰਾਨ ਬਲਾਤਕਾਰ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਕਾਰਨ ਉਸ ਦੀ ਸਕਿਜ਼ੋਫ਼ਰੇਨੀਆ ਦੀ ਬਿਮਾਰੀ ਕਈ ਗੁਣਾਂ ਵਧ ਜਾਂਦੀ ਹੈ। ਪਰਿਵਾਰ ‘ਤੇ ਮਾਨਸਿਕ ਬਿਮਾਰੀ ਦੇ ਪਏ ਅਸਰਾਂ ਦਾ ਵਿਸਥਾਰ ਕਰਦਿਆਂ ਫ਼ਿਲਮਸਾਜ਼ ਸਵਾਲ ਖੜ੍ਹਾ ਕਰਦੀ ਹੈ ਕਿ ਕੌਣ ਹੈ ਜੋ ਸਦਮਿਆਂ, ਕਲਪਨਾਵਾਂ, ਖੁਦ ਸਿਰਜੇ ਭਰਮਾਂ ਤੋਂ ਮੁਕਤ ਹੈ? ਆਖ਼ਰ ਸਮਰੱਥ ਤੇ ਅਸਮਰੱਥ ਬੰਦੇ ਵਿਚਲਾ ਫਰਕ ਕੌਣ ਤੈਅ ਕਰਦਾ ਹੈ? ਵਿਚਾਰ ਨੂੰ ਸਪਸ਼ਟ ਕਰਨ ਲਈ ਉਹ ਮਿਤਾਲੀ ਦੀ ਵੱਡੀ ਭੈਣ ਅੰਜਲੀ (ਸ਼ਬਾਨਾ ਆਜ਼ਮੀ ਦਾ ਯਾਦਗਾਰੀ ਕਿਰਦਾਰ) ਦਾ ਪਾਤਰ ਘੜਦੀ ਹੈ ਜੋ ਮਿੱਤਾਲੀ ਦੀ ’15 ਪਾਰਕ ਐਵਿਨਊ’ ਦੀ ਖੋਜ ਨੂੰ ਸਹੀ ਮੰਨਦੀ ਹੈ। ਉਹ ਇਸ ਨੂੰ ਪਾਗਲਪਣ ਮੰਨਣ ਦੀ ਬਿਜਾਏ ਪੁੱਛਦੀ ਹੈ ਕਿ ਕੀ ਅਸੀਂ ਸਾਰੇ ਉਸੇ ਤਲਾਸ਼ ਵਿਚ ਤਾਂ ਨਹੀ ਹਾਂ? ਫ਼ਿਲਮ ਬਹੁਤ ਖ਼ੂਬਸੂਰਤੀ ਨਾਲ ਜੋਜੋ ਨਾਂ ਦੇ ਆਦਮੀ ਦੀਆ ਗੁੰਝਲਦਾਰ ਤਕਲੀਫ਼ਾਂ ਨੂੰ ਚਿਤਰਦੀ ਹੈ ਜੋ ਮਿਤਾਲੀ ਨੂੰ ਪਿਆਰ ਤਾਂ ਕਰਦਾ ਹੈ ਪਰ ਬਿਮਾਰੀ ਅਤੇ ਬਲਾਤਕਾਰ ਤੋਂ ਘਬਰਾ ਕੇ ਉਮਰ ਭਰ ਗਿਲਾਨੀ ਵਿਚ ਜਿਉਂਦਾ ਹੈ। ਕੀ ਮਿਤਾਲੀ ਵੀ ਉਸ ਨਾਲ ਇੰਜ ਹੀ ਵਰਤਦੀ? ਫ਼ਿਲਮ ਦੇ ਪਾਤਰ ਉੱਚ ਵਰਗ ਨਾਲ ਸਬੰਧਿਤ ਹਨ ਪਰ ਫ਼ਿਲਮ ਸਪਸ਼ਟ ਕਰਦੀ ਹੈ ਕਿ ਜਦੋਂ ਸਧਾਰਨ ਪਰਿਵਾਰਾਂ ਵਿਚ ਔਰਤਾਂ ਦੇ ਸਰੀਰ ਅਤੇ ਮਨ ਨਾਲ ਕੁੱਝ ਅਣਚਾਹਿਆ ਹੁੰਦਾ ਹੈ ਤਾਂ ਤ੍ਰਾਸਦੀ ਕਿੰਨੇ ਗੁਣਾਂ ਵੱਧ ਭਿਆਨਕ ਹੁੰਦੀ ਹੈ।

ਅਪਰਣਾ ਸੇਨ ਦੀ ਇਕ ਹੋਰ ਫ਼ਿਲਮ ‘ਮਿਸਟਰ ਐਂਡ ਮਿਸਜ਼ ਆਇਅਰ’ ਦੀ ਕਹਾਣੀ ਭਾਰਤ ਦੀ ਧਰਮ-ਨਿਰਪੱਖਤਾ, ਜਾਤ-ਪਾਤ ਨਾਲ ਸਬੰਧਤ ਸਿਆਸਤ ਅਤੇ ਮਨੁੱਖੀ ਹਮਦਰਦੀ ਦੀਆਂ ਸੰਭਾਵਨਾਵਾਂ ਦੀ ਚੀਰ-ਫਾੜ ਕਰਦੀ ਹੈ। ਫ਼ਿਲਮ ਦੀ ਸ਼ੁਰੂਆਤ ਵਿਚ ਅਪਰਣਾ ਦਰਸ਼ਕਾਂ ਅੱਗੇ 11 ਸਤੰਬਰ ਦੇ ਹਮਲਿਆਂ, ਪੱਤਰਕਾਰ ਡੇਨੀਅਲ ਪਰਲ ਦੇ ਕਤਲ, ਇਰਾਕ ਦੀ ਜੰਗ ਅਤੇ 2002 ਦੇ ਗੁਜਰਾਤ ਦੰਗਿਆਂ ਨਾਲ ਸਬੰਧਤ ਖਬਰਾਂ ਦਾ ਸਵਾਲ ਪਾਉਂਦੀ ਹੈ। ਦਰਸ਼ਕ ਦੇ ਦਿਮਾਗ ਵਿਚ ਫ਼ਿਲਮ ਤਰਥੱਲੀ ਮਚਾ ਦਿੰਦੀ ਹੈ। ਉਹ ਇਸ ਫ਼ਿਲਮ ਨੂੰ ਪਾਪਕਾਰਨ ਖਾਂਦੇ ਹੋਏ ਜਾਂ ਪੈਪਸੀ-ਕੋਕ ਦੇ ਘੁੱਟ ਭਰਦਿਆਂ ਨਹੀਂ ਦੇਖ ਸਕਦਾ। ਫ਼ਿਲਮ ਵਿਚ ਮੀਨਾਕਸ਼ੀ ਪ੍ਰੰਪਰਾਗਤ ਤਮਿਲ ਬ੍ਰਾਹਮਣ ਹੈ ਜੋ ਆਪਣੇ ਇਕ ਸਾਲ ਦੇ ਬੱਚੇ ਨਾਲ ਬੱਸ ਰਾਹੀਂ ਪਤੀ ਕੋਲ ਰਹਿਣ ਜਾ ਰਹੀ ਹੈ। ਬੱਸ ਵਿਚ ਉਸ ਦੀ ਮੁਲਾਕਾਤ ਰਾਜਾ ਨਾਮ ਦੇ ਫੋਟੋ-ਪੱਤਰਕਾਰ ਨਾਲ ਹੁੰਦੀ ਹੈ। ਬੱਚੇ ਦੀ ਸੰਭਾਲ ਵਿਚ ਰਾਜਾ ਦੀ ਮਦਦ ਨਾਲ ਕਈ ਬਰੀਕ ਤੰਦਾਂ ਉਸਰਦੀਆਂ ਹਨ ਜੋ ਰਾਜਾ ਦੇ ਮੁਸਲਿਮ ਹੋਣ ਦਾ ਪਤਾ ਲੱਗਦਿਆਂ ਹੀ ਮੀਨਾਕਸ਼ੀ ਝਟਕੇ ਨਾਲ ਤੋੜ ਦਿੰਦੀ ਹੈ। ਮਨੁੱਖੀ ਮਮਤਾ ਨੂੰ ਬਹੁਤੀ ਵਾਰ ਧਰਮਾਂ ਦੇ ਲਬਾਦੇ ਦੀ ਜ਼ਰੂਰਤ ਨਹੀਂ ਹੁੰਦੀ, ਇਸੇ ਨੂੰ ਸਾਬਿਤ ਕਰਦਿਆਂ ਜਦੋਂ ਹਿੰਦੂ ਫਿਰਕਾਪ੍ਰਸਤ ਬੱਸ ਵਿਚੋਂ ਮੁਸਲਿਮ ਸਵਾਰੀਆਂ ਨੂੰ ਕੱਢ ਕੇ ਮਾਰਨਾ ਸ਼ੁਰੂ ਕਰਦੇ ਹਨ ਤਾਂ ਮੀਨਾਕਸ਼ੀ ਆਪਣਾ ਪਤੀ ਹੋਣ ਦੀ ਝੂਠੀ ਪਛਾਣ ਦੇ ਕੇ ਰਾਜਾ ਨੂੰ ਬਚਾ ਲੈਂਦੀ ਹੈ। ਉਸੇ ਬੱਸ ਵਿਚ ਸਫ਼ਰ ਕਰ ਰਹੇ ਬੁੱਢੇ ਮੁਸਲਿਮ ਜੋੜੇ ਦੇ ਕਤਲ ਦਾ ਚਿਤਰਨ ਸਾਡੀ ਨਿਸ਼ਾਨਦੇਹੀ ਉਨ੍ਹਾਂ ਕੌਮਾਂ ਵਜੋਂ ਕਰਦਾ ਹੈ ਜੋ ਇਮਾਰਤਾਂ ਦੀ ਰਾਖੀ ਲਈ ਇਨਸਾਨਾਂ ਦਾ ਕਤਲ ਕਰਦੀਆਂ ਹਨ। ਅਜਿਹੇ ਹਾਦਸੇ ਮੌਜੂਦਾ ਦੌਰ ਵਿਚ ਜਾਰੀ ਹਨ। ਕੀ ਇਨਸਾਨ ਸਭ ਤੋਂ ਵੱਡੀ ਵਿਰਾਸਤ ਨਹੀਂ ਹੁੰਦਾ? ਫ਼ਿਲਮ ਦੀ ਸਾਰਥਿਕਤਾ ਉਸ ਖ਼ੂਬਸੂਰਤੀ ਨੂੰ ਸਾਕਾਰ ਕਰਨਾ ਹੈ ਜਦ ਇਨਸਾਨ ਧਰਮਾਂ, ਜਾਤਾਂ ਅਤੇ ਲਿੰਗ ਸਬੰਧਤ ਬੇੜੀਆਂ ਸਿਰਾਂ ਤੋਂ ਉਤਾਰ ਕੇ ਖੜ੍ਹਾ ਹੁੰਦਾ ਹੈ। ਸ਼ਾਇਦ ਮੁਕਤੀ ਦਾ ਇਹੋ ਰਾਹ ਹੈ। ਇਹ ਸ਼ੰਵੇਦਨਸ਼ੀਲ ਫ਼ਿਲਮਸਾਜ਼ ਦਾ ਸਮਾਜ ਲਈ ਸਿਰਜਿਆ ਸੁਫਨਾ ਹੈ।

ਉਪਰੋਕਤ ਫ਼ਿਲਮਾਂ ਵਾਂਗ ਅਪਰਣਾ ਸੇਨ ਦੀਆਂ ਬਾਕੀ ਫ਼ਿਲਮਾਂ ਜਿਵੇਂ ‘ਪਰੋਮਿੱਤਰ ਕਾ ਏਕ ਦਿਨ’ ਬੰਗਾਲ ਦੇ ਮੌਜੂਦਾ ਸਮਾਜਿਕ ਤਣਾਵਾਂ ਦੀ ਨਾ ਸਿਰਫ਼ ਨਿਸ਼ਾਨਦੇਹੀ ਕਰਦੀਆਂ ਹਨ ਸਗੋਂ ਦਰਸ਼ਕ ਨੂੰ ਆਪਣੇ ਆਸ-ਪਾਸ ਨਾਲ ਜੋੜਨ ਦਾ ਕੰਮ ਵੀ ਕਰਦੀਆਂ ਹਨ। ‘ਪਰੋਮਿੱਤਰ ਕਾ ਏਕ ਦਿਨ’ ਪਿਤਾ-ਪੁਰਖੀ ਸਮਾਜ ਵਿਚ ਵਿਆਹ ਕੇ ਲਿਆਂਦੀਆਂ ਦੋ ਔਰਤਾਂ ਦੀ ਬਾਤ ਪਾਉਂਦੀ ਹੈ। ਦੋਵੇਂ ਘੁਟ ਘੁਟ ਕੇ ਜਿਉਣ ਲਈ ਮਜਬੂਰ ਹਨ ਪਰ ਦੋਵਾਂ ਨੇ ਸਾਂਝਾ ਹੱਲ ਲੱਭ ਲਿਆ ਹੈ-ਦੋਸਤੀ ਦਾ। ਫ਼ਿਲਮ ਔਰਤ ਹੀ ਔਰਤ ਦੀ ਦੁਸ਼ਮਣ ਰੂਪੀ ਧਾਰਨਾ ਨੂੰ ਮੁੱਢੋਂ ਰੱਦ ਕਰਕੇ ਸੱਸ-ਨੂੰਹ ਦਾ ਵੱਖਰਾ ਸੰਸਾਰ ਸਿਰਜਦੀ ਹੈ ਜਿਥੇ ਦੋਵੇਂ ਇਕ-ਦੂਜੇ ਨੂੰ ਕਵਿਤਾਵਾਂ ਸੁਣਾ ਸਕਦੀਆਂ ਹਨ, ਇਕੱਠੀਆਂ ਘੁੰਮ ਸਕਦੀਆਂ ਹਨ ਤੇ ਇਕਸੁਰ ਵਿਚ ਆਪਣੀ ਜ਼ਿੰਦਗੀ ਦਾ ਗੀਤ ਗਾ ਸਕਦੀਆਂ ਹਨ। ਇਹ ਬੇਗਰਜ਼ ਦੋਸਤੀ ਹੈ ਜੋ ਉਮਰਾਂ, ਪੜ੍ਹਾਈ, ਕਿੱਤੇ ਅਤੇ ਰਿਸ਼ਤਿਆਂ ਦੇ ਘੇਰਿਆਂ ਵਿਚ ਬੰਦੀ ਹੋ ਕੇ ਨਹੀਂ ਉਗਮਦੀ।

ਅਪਰਣਾ ਸੇਨ ਦੀਆਂ ਫ਼ਿਲਮਾਂ ਉਨ੍ਹਾਂ ਫ਼ਿਲਮਸਾਜ਼ਾਂ ਨੂੰ ਵੰਗਾਰ ਹਨ ਜੋ ਨਾਇਕਾਵਾਂ ਨੂੰ ਖੇਤਾਂ ਦੇ ਬੰਨਿਆਂ ‘ਤੇ ਅੱਗ ਲਾਉਣ ਲਈ ਰਾਖਵੀਂ ਰੱਖ ਛੱਡਦੇ ਹਨ ਜਾਂ ਸਾਰੀ ਫ਼ਿਲਮ ਵਿਚ ਨਾਇਕ ਨਾਲ ਵਿਆਹ ਲਈ ਤਿਆਰ ਕਰਦਿਆਂ, ਉਹਨੂੰ ਮੂਰਤੀ ਬਣਾ ਧਰਦੇ ਹਨ। ਉਹ ਨਾ ਸੋਚ ਸਕਦੀ ਹੈ ਤੇ ਨਾ ਉਸ ਨੂੰ ਵਿਆਹ ਤੋਂ ਬਿਨਾਂ ਜ਼ਿੰਦਗੀ ਵਿਚ ਕੋਈ ਹੋਰ ਦਿਲਚਸਪੀ ਹੈ। ਇਹ ਉਸੇ ਮਨੁੱਖ-ਵਿਰੋਧੀ ਸੋਚ ਦੀ ਲੜੀ ਸਾਬਿਤ ਹੁੰਦੀ ਹੈ ਜਿੱਥੇ ਦਲਿਤ ਹੋਣ ਦਾ ਮਤਲਬ ਦਿਮਾਗ ਘੱਟ ਹੋਣਾ, ਕਾਲੀ ਨਸਲ ਦਾ ਖ਼ਾਸਾ, ਜੁਰਮ ਨੂੰ ਖੇਡ ਸਮਝਣਾ, ਘੱਟਗਿਣਤੀ ਹੋਣਾ, ਆਦਿ ਦੀ ਪਛਾਣ ਅਤਿਵਾਦ ਹੈ।

ਦੀਪਾ ਮਹਿਤਾ ਦੀਆਂ ਫ਼ਿਲਮਾਂ ਵੱਖਰੀ ਤਰ੍ਹਾਂ ਦੀ ਰਹਿਤਲ ‘ਤੇ ਵਿਚਰਦੀਆਂ ਹਨ। ਤਿੰਨ ਫ਼ਿਲਮਾਂ ਦੀ ਲੜੀ ‘ਵਾਟਰ’, ‘ਫਾਇਰ’ ਅਤੇ ‘ਅਰਥ’ ਰਾਹੀਂ ਉਹ ਤਿੰਨ ਵੱਖ ਵੱਖ ਸਮਿਆਂ ਵਿਚ ਜੀਅ ਰਹੀਆਂ ਔਰਤਾਂ ਦੀ ਸਮਾਜਿਕ ਹਾਲਾਤ ਲਈ ਕਸੂਰਵਾਰ ਕਾਰਨਾਂ ਦੀ ਨਿਸ਼ਾਨਦੇਹੀ ਕਰਦੀ ਹੈ। ਉਹਦੀਆਂ ਫ਼ਿਲਮਾਂ ਮਿੱਥਾਂ, ਭਰਮਾਂ ਤੇ ਔਰਤ ਸਰੀਰ ਨਾਲ ਜੁੜੀ ਨੈਤਿਕਤਾ ‘ਤੇ ਤਿੱਖਾ ਵਿਅੰਗ ਹਨ। ਵਾਟਰ ਫ਼ਿਲਮ ਵਿਚ ਦੀਪਾ ਉਨ੍ਹਾਂ ਵਿਧਵਾਵਾਂ ਦੀ ਬਾਤ ਪਾਉਂਦੀ ਹੈ ਜਿਨ੍ਹਾਂ ਦਾ ਬਚਪਨ, ਜਵਾਨੀ ਤੇ ਬੁਢਾਪਾ ਸਮਾਜੀ ਨੱਕ-ਨਜੂਮ ਲਈ ਹਾਸ਼ੀਏ ‘ਤੇ ਸੁੱਟ ਦਿੱਤਾ ਜਾਂਦਾ ਹੈ। ਫ਼ਿਲਮ ਵਿਚ ਅੱਠ ਸਾਲ ਦੀ ਬੱਚੀ ਨੂੰ ਜਦੋਂ ਉਸ ਦਾ ਪਿਤਾ ਦੱਸਦਾ ਹੈ ਕਿ ਉਹ ਵਿਧਵਾ ਹੋ ਗਈ ਹੈ ਤਾਂ ਉਸ ਦਾ ਸਵਾਲ ਹੈ ਕਿ ਬਾਬਾ ਕਦੋਂ ਤੱਕ? ਜਵਾਨ ਵਿਧਵਾ ਨੂੰ ਹਾਣ ਲੱਭਣ ਉੱਤੇ ਖ਼ੁਦਕੁਸ਼ੀ ਕਰਨੀ ਪੈਂਦੀ ਹੈ ਪਰ ਰੋਜ਼ ਰਾਤ ਉਹਦਾ ਕਿਸੇ ਉੱਚ ਜਾਤੀ ਬ੍ਰਾਹਮਣ ਵੱਲੋਂ ਖਰੀਦਿਆ ਜਾਣਾ ਕਿਸੇ ਨੂੰ ਵੀ ਨਹੀਂ ਰੜਕਦਾ। ਸਮਾਜ ਦਾ ਉਹੀ ਟੀਰ ਸਾਧਨਾਂ ਦੀ ਘਾਟ ਨਾਲ ਜੂਝਦੇ ਹਰੇਕ ਤਬਕੇ ਦੀ ਹੋਣੀ ਹੈ। ਫ਼ਿਲਮ ਪਾਪ-ਪੁੰਨ ਤੇ ਫ਼ਰਜ਼ ਦੇ ਫ਼ਲਸਫ਼ੇ ਨੂੰ ਔਰਤ ਦੇ ਨਜ਼ਰੀਏ ਤੋਂ ਪਰਖਦੀ ਹੈ।

‘ਫਾਇਰ’ ਫ਼ਿਲਮ ਦਾ ਧੁਰਾ ਸਮਲਿੰਗਤਾ ਹੈ ਪਰ ਸਵਾਲ ਵਿਆਹ-ਸੰਸਥਾ ਵਿਚ ਹੁੰਦੀ ਹਿੰਸਾ ‘ਤੇ ਖੜ੍ਹਾ ਹੁੰਦਾ ਹੈ। ਫ਼ਿਲਮਸਾਜ਼ ਦਾ ਕੈਮਰਾ ਫ਼ਿਲਮ ਵਿਚ ਕੰਧਾਂ ‘ਤੇ ਚਿਪਕੇ ਮਰਦਾਨਗੀ ਵਧਾਉਣ ਦੇ ਫਾਰਮੂਲਿਆਂ, ਰੰਗ ਗੋਰਾ ਕਰਨ ਦੀਆਂ ਕਰੀਮਾਂ ਅਤੇ ਸੈਕਸ ਅਤੇ ਹਿੰਸਾ ਭਰਪੂਰ ਇਸ਼ਤਿਹਾਰਾਂ ‘ਤੇ ਜਾ ਖੜ੍ਹਦਾ ਹੈ। ਕੀ ਇਹ ਜਮਹੂਰੀ ਮੁਲਕ ਦੇ ਸਮਾਨ-ਲਿੰਗ ਅਧਿਕਾਰਾਂ ਵੱਲ ਵਧ ਰਹੇ ਸਮਾਜ ਦੀਆਂ ਕੰਧਾਂ ਹਨ? ਨਵ-ਬਸਤੀਵਾਦ ਵਿਚੋਂ ਗੁਜ਼ਰ ਰਹੇ ਦੇਸ਼ ਵਿਚ ਆਪਸੀ ਰਿਸ਼ਤੇ ਵਿਸ਼ਵਾਸ, ਇਮਾਨਦਾਰੀ ਅਤੇ ਸਮਾਨਤਾ ‘ਤੇ ਕਿਵੇਂ ਟਿਕੇ ਰਹਿ ਸਕਦੇ ਹਨ? ਫ਼ਿਲਮ ਸਵਾਲ ਖੜ੍ਹਾ ਕਰਦੀ ਹੈ ਕਿ ਕਿਉਂ ਖੁੱਲੀ ਮੰਡੀ ਦਾ ਸੰਦ ਬਣਨ ਤੋਂ ਇਨਕਾਰ ਕਰਨ ‘ਤੇ ਜ਼ਿੰਦਗੀ ਵੱਲ ਜਾਂਦੀਆਂ ਰਾਹਾਂ ਅੱਗ ਦਾ ਸਫ਼ਰ ਤੈਅ ਕਰਦੀਆਂ ਹਨ। ‘ਫਾਇਰ’ ਅਤੇ ‘ਵਾਟਰ’ ਦੋਵਾਂ ਫ਼ਿਲਮਾਂ ਦਾ ਕੱਟੜਵਾਦੀਆਂ ਵੱਲੋਂ ਕੀਤਾ ਤਿੱਖਾ ਵਿਰੋਧ ਇਸ ਗੱਲ ਦੀ ਜ਼ਾਮਨੀ ਹੈ ਕਿ ਕਿਵੇਂ ਸਮਾਜਿਕ ਪੌੜੀ ਦੇ ਹੇਠਲੇ ਡੰਡਿਆਂ ਤੇ ਲਟਕੇ ਲੋਕਾਂ ਦੇ ਮਸਲਿਆਂ ਦਾ ਜ਼ਿਕਰ ਤੱਕ ਮੁੱਖਧਾਰਾ ਨੂੰ ਨਾ-ਗਵਾਰ ਗੁਜ਼ਰਦਾ ਹੈ।

ਬਰਤਾਨਵੀ ਫ਼ਿਲਮਸਾਜ਼ ਗੁਰਿੰਦਰ ਚੱਢਾ ਦੀ ਫ਼ਿਲਮ ‘ਬੈੰਡ ਇਟ ਲ਼ਾਈਕ ਬੈਕਹੈਮ’ ਕਾਮੇਡੀ ਹੋਣ ਦੇ ਬਾਵਜੂਦ ਵਿਸ਼ਵੀਕਰਨ, ਆਧੁਨਿਕਤਾ ਅਤੇ ਜ਼ਿੰਦਗੀ ਨੂੰ ਖੁਦ ਘੜਨ ਦੀ ਜ਼ਿੱਦ ‘ਤੇ ਅੜੀਆਂ ਕੁੜੀਆਂ ਨਾਲ ਸੰਵਾਦ ਛੇੜਦੀ ਹੈ। ਕਿਸੇ ਖਿੱਤੇ ਦਾ ਸੱਭਿਆਚਾਰ ਕਿਵੇਂ ਔਰਤਾਂ ਦੇ ਰੋਲ ਨੂੰ ਪੀੜ੍ਹੀ ਦਰ ਪੀੜ੍ਹੀ ਪਰਿਭਾਸ਼ਤ ਕਰਦਾ ਹੈ ਤੇ ਅਕਸਰ ਧਾੜਵੀ ਧਿਰ ਦੇ ਹੱਕ ਵਿਚ ਭੁਗਤਦਾ ਹੈ। ਫ਼ਿਲਮ ਵਿਸ਼ਵੀਕਰਨ ਕਾਰਨ ਬਣ ਰਹੇ ਵੱਖ ਵੱਖ ਨਸਲਾਂ ਤੇ ਧਰਮਾਂ ਦੇ ਲੋਕਾਂ ਦੇ ਰਿਸ਼ਤਿਆਂ ਦੇ ਪੱਖ ਵਿਚ ਜ਼ੋਰਦਾਰ ਹੁੰਗਾਰਾ ਭਰਦੀ ਹੈ।

‘ਸਲਾਮ ਬੰਬੇ’ ਵਰਗੀ ਯਾਦਗਾਰੀ ਫ਼ਿਲਮ ਬਣਾਉਣ ਵਾਲੀ ਮੀਰਾ ਨਾਇਰ ਜਦੋਂ ‘ਕਾਮਸੂਤਰ’ ਵਰਗੀ ਫ਼ਿਲਮ ਬਣਾਉਂਦੀ ਹੈ ਤਾਂ ਉਹਦੀ ਅੱਖ ਤੋਂ ਸਮਾਜਿਕ ਢਾਂਚੇ ਦੇ ਚਿੱਬ ਅਤੇ ਸੱਤਾ ਦਾ ਸਰੀਰਾਂ ਨਾਲ ਰਿਸ਼ਤਾ ਲੁਕਦਾ ਨਹੀਂ। ਉਹਦੇ ਪਾਤਰ ਪੱਲੇ ਪੈ ਗਈ ਹੋਣੀ ਜਿਉਂਦਿਆਂ ਵੀ ਉਹਨੂੰ ਆਪਣੇ-ਆਪ ‘ਤੇ ਹਾਵੀ ਨਹੀਂ ਹੋਣ ਦਿੰਦੇ। ਮੀਰਾ ਨਾਇਰ ਦੀਆਂ ਫ਼ਿਲਮਾਂ ਦੀ ਖ਼ੂਬਸੂਰਤੀ ਦੁਖਾਂਤ ਨੂੰ ਭੋਗ ਰਹੀਆਂ ਜ਼ਿੰਦਗੀਆਂ ਨੂੰ ਉਨ੍ਹਾਂ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਨਾ ਹੈ। ਇਨ੍ਹਾਂ ਸਾਰੀਆਂ ਫ਼ਿਲਮਸਾਜ਼ ਭਾਰਤੀ ਫ਼ਿਲਮ ਸਨਅਤ ਦੇ ਰੂੜ ਮੰਤਰਾਂ ਨੂੰ ਰੱਦ ਕਰਦੀਆਂ ਹਨ। ਕਲਾ ਨਾਲ ਸਮਾਜ ਦੇ ਰਿਸ਼ਤੇ ਦਾ ਸਾਵਾਂ ਰਾਹ ਇਨ੍ਹਾਂ ਦੇ ਕੈਮਰੇ ਦੀ ਅੱਖ ਹੀ ਤਰਾਸ਼ੇਗੀ।

Cross posted from ਪੰਜਾਬੀ ਕਲਾ ਵੇਅਰ

Sunday, September 25, 2011

ਟੁਕੜਿਆਂ 'ਚ ਵੰਡੀ ਕਹਾਣੀ 'ਮੌਸਮ'

ਪਿਆਰ ਦੀ ਰਵਾਨਗੀ ਸਿਆਸੀ ਤ੍ਰਾਸਦੀ,ਧਾਰਮਿਕ ਖਲਾਅ ‘ਚ ਵਿਚਰਦੀ ਮਨੁੱਖਤਾ ਦੇ ਦਰਦ ਨੂੰ ਇੱਕੋ ਧਾਗੇ ‘ਚ ਪਰੋਂਦੀ ਹੋਈ ਬਿਆਨ ਕਰੇ ਤਾਂ ਅੰਦਾਜ਼ ਖੂਬਸੂਰਤ ਲੱਗਦਾ ਹੈ ਪਰ ਇਹ ਹਵਾ ‘ਚ ਲਿਖੇ ਹਰਫਾਂ ਦੀ ਤਰ੍ਹਾਂ ਹੀ ਹੈ ਜਿਨ੍ਹਾਂ ਦੀ ਸ਼ਾਹਿਦਗੀ ਹਰ ਦਿਲ ਤੱਕ ਪਹੁੰਚੇ ਤਾਂ ਅਰਥ ਸਾਰਥਕ ਹਨ।ਪਰ ਅਫਸੋਸ ਕਿ ਫ਼ਿਲਮ ‘ਮੌਸਮ’ ਪਹਿਲੇ ਦਿਨ ਦੇ ਚੰਗੇ ਵਪਾਰਕ ਅੰਕੜੇ ਜਟਾਉਣ ਦੇ ਬਾਵਜੂਦ ਇਸ ਸਾਲ ਦੀ ਯਾਦਗਾਰ ਫ਼ਿਲਮ ਨਹੀਂ ਕਹੀ ਜਾ ਸਕਦੀ।ਇਹ ਫ਼ਿਲਮ ਨਾਂ ਤਾਂ ਦਰਸ਼ਕ ਦੀ ਪਸੰਦ ਵੱਜੋਂ ਯਾਦ ਰੱਖੀ ਜਾ ਸਕਦੀ ਹੈ ਤੇ ਨਾ ਹੀ ਪੰਕਜ ਕਪੂਰ ਦੀ ਪਹਿਲੀ ਫ਼ਿਲਮ ਵੱਜੋਂ ਯਾਦ ਕੀਤੀ ਜਾ ਸਕਦੀ ਹੈ।

ਫ਼ਿਲਮ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ।ਹੈਰੀ(ਸ਼ਾਹਿਦ ਕਪੂਰ) ਇੱਕ ਸਿੱਖ ਪੰਜਾਬੀ ਮੁੰਡਾ ਹੈ ਜੋ ਆਇਤ(ਸੋਨਮ ਕਪੂਰ) ਨੂੰ ਪਿਆਰ ਕਰਦਾ ਹੈ।ਫ਼ਿਲਮ ਦੇ ਸ਼ੁਰੂਆਤ ਦੇ ਪਿੰਡ ਦ੍ਰਿਸ਼ ਚੋਂ ਹੈਰੀ ਦੇ ਇਜ਼ਹਾਰ ਨੂੰ ਸਹਿਮਤੀ ਦੇਣ ਦੇ ਅਗਲੇ ਦਿਨ ਦੇ ਵਾਅਦੇ ਨੂੰ ਕੀਤੇ ਜਾਣ ਤੋਂ ਬਾਅਦ ਬਿਨਾਂ ਮਿਲਿਆ ਹੀ ਆਇਤ ਪਿੰਡ ਤੋਂ ਚਲੇ ਜਾਂਦੀ ਹੈ।ਫਿਰ ਹੈਰੀ ਸਕਵਾਇਡਨ ਲੀਡਰ ਬਣ ਜਾਂਦਾ ਹੈ ਤੇ ਏਅਰ ਫੋਰਸ ਵੱਲੋਂ ਸਕਾਟਲੈਂਡ ਜਾਂਦਾ ਹੈ ਜਿੱਥੇ ਉਹਦੀ ਮੁਲਾਕਾਤ ਮੁੜ ਆਇਤ ਨਾਲ ਹੁੰਦੀ ਹੈ।ਇਸ ਵਾਰ ਹਲਾਤ ਕੁਝ ਇੰਝ ਬਦਲੇ ਹਨ ਕਿ ਆਇਤ ਦਾ ਫੁੱਫੜ ਮੁੰਬਈ ਬੰਬ ਧਮਾਕਿਆ ‘ਚ ਮਾਰਿਆ ਜਾਂਦਾ ਹੈ।ਆਇਤ ਇੱਥੇ ਆਪਣੇ ਚਾਚਾ,ਪਿਤਾ ਤੇ ਭੂਆ ਨਾਲ ਰਹਿ ਰਹੀ ਹੈ।ਇੱਥੇ ਵੀ ਹੈਰੀ ਦੇ ਪਿਆਰ ਨੂੰ ਹਾਮੀ ਦੇਣ ਦਾ ਵਾਅਦਾ ਅਗਲੇ ਦਿਨ ‘ਤੇ ਪਾਕੇ ਆਇਤ ਰਵਾਨਗੀ ਲੈਂਦੀ ਹੈ ਪਰ ਇਸ ਵਾਰ ਫਿਰ ਸਮੇਂ ਤੋਂ ਖੁੰਝਿਆ ਹੈਰੀ ਕਾਰਗਿਲ ਦੀ ਜੰਗ ਛਿੜਨ ‘ਤੇ ਫੌਰੀ ਭਾਰਤ ਆ ਜਾਦਾ ਹੈ ਤੇ ਆਇਤ ਤੇ ਹੈਰੀ ਦਾ ਮਿਲਾਪ ਫਿਰ ਟੱਲ ਜਾਂਦਾ ਹੈ।ਹੁਣ ਆਇਤ ਦੇ ਪਿਤਾ ਵੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ।ਆਇਤ ਹੁਣ ਆਪਣੀ ਭੂਆ ਨਾਲ ਰਹਿ ਰਹੀ ਹੈ।ਹੈਰੀ ਆਇਤ ਨੂੰ ਲੱਭਦਾ ਆਉਂਦਾ ਹੈ ਪਰ ਆਇਤ ਸਕਾਟਲੈਂਡ ਤੋਂ ਅਮਰੀਕਾ ਚਲੇ ਗਈ ਹੁੰਦੀ ਹੈ।ਹੈਰੀ ਉੱਥੇ ਵੀ ਜਾਂਦਾ ਹੈ ਪਰ ਆਇਤ ਨਾਲ ਮਿਲਾਪ ਨਹੀਂ ਹੁੰਦਾ।ਇੰਝ ਨਿੱਕੇ ਵੱਡੇ ਘਟਨਾਕ੍ਰਮ ਚੋਂ ਲੰਗਦੀ ਕਹਾਣੀ ਅਹਿਮਦਾਬਾਦ ਆਕੇ ਪੂਰੀ ਹੁੰਦੀ ਹੈ।ਇਹ ਕਹਾਣੀ ਦਾ ਸੰਖੇਪ ਹੈ ਜਿਸ ‘ਚ ਦਰਸ਼ਕ ਮਨ ‘ਚ ਅਜਿਹੀ ਨਿਰਾਸ਼ਾ ਨੂੰ ਲਈ ਫ਼ਿਲਮ ਵੇਖ ਰਿਹਾ ਹੈ ਕਿ ਇੱਕ ਚੰਗੀ ਕਹਾਣੀ ਕਿਵੇਂ ਆਪਣੇ ਆਪ ਨੂੰ ਖੜ੍ਹਾ ਨਹੀਂ ਰੱਖ ਪਾਉਂਦੀ।

ਪੰਕਜ ਕਪੂਰ ਦੇ ਨਿਰਦੇਸ਼ਨ ਦੀ ਪਲੇਠੀ ਫ਼ਿਲਮ ‘ਮੌਸਮ’ ਚੰਗੀ ਹੁੰਦਿਆ ਹੋਇਆ ਵੀ ਤਮਾਮ ਉਣਤਾਈਆਂ ਦੀ ਸ਼ਿਕਾਰ ਬਣ ਗਈ।ਇੰਝ ਲੱਗਦਾ ਹੈ ਕਿ ਜਿੱਥੇ ਜਿੱਥੇ ਨਿਰਦੇਸ਼ਕ ਪੰਕਜ ਕਪੂਰ ਫ਼ਿਲਮ ‘ਚ ਆਪਣਾ ਤੁਜਰਬਾ ਸਾਂਝਾ ਕਰਦਾ ਹੈ ਉੱਥੇ ਤਾਂ ਫ਼ਿਲਮ ਆਪਣਾ ਪ੍ਰਭਾਵ ਪਾਉਂਦੀ ਹੈ ਪਰ ਜਿੱਥੇ ਪੰਕਜ ਕਪੂਰ ਵਪਾਰਕ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਮਸਾਲਾ ਦੀ ਚੱਟਣੀ ਘੋਲਦਾ ਹੈ ਉੱਥੇ ਹੀ ਫ਼ਿਲਮ ਆਪਣਾ ਪ੍ਰਭਾਵ ਗਵਾ ਦਿੰਦੀ ਹੈ।ਇੰਝ ਫ਼ਿਲਮ ਨਾ ਮੁੱਦੇ ਦੀ ਗੱਲ ਸਾਫ ਤੌਰ ‘ਤੇ ਕਰਦੀ ਹੈ ਤੇ ਨਾ ਹੀ ਮਸਾਲਾ ਫ਼ਿਲਮ ਦੇ ਰੂਪ ‘ਚ ਦਰਸ਼ਕਾਂ ਦਾ ਮਨੋਰੰਜਨ ਸਾਫ ਤੌਰ ‘ਤੇ ਕਰ ਪਾਉਂਦੀ ਹੈ।ਮੌਸਮ ਪ੍ਰਤੀਕਾਤਮਕ ਤੌਰ ‘ਤੇ ਮੌਸਮ ਦੀ ਵੱਖ ਵੱਖ ਵੰਨਗੀ ‘ਚ ਕਿਰਦਾਰਾਂ ਦੇ ਵਿਚਰਣ ਦੀ ਕਹਾਣੀ ਹੈ।ਇਹ ਉਹ ਕਿਰਦਾਰ ਹਨ ਜੋ ਸਮਾਜ ਦੇ ਉਹਨਾਂ ਘੱਟ ਤਬਕਿਆਂ ਦੇ ਪ੍ਰਤੀਕਾਤਮਕ ਰੂਪ ਹਨ ਜੋ ਆਪਣੀ ਹਿਜਰਤ ਨੂੰ ਸੰਸਾਰ ਭਰ ‘ਚ ਜਾਰੀ ਰੱਖੇ ਹੋਏ ਹਨ ਪਰ ਉਹਨਾਂ ਦੀ ਮੰਜ਼ਿਲ ਹਮੇਸ਼ਾ ਅੱਧੀ ਹੈ।ਸ਼ਾਹਿਦ ਕਪੂਰ ਇੱਕ ਪੰਜਾਬੀ ਮੁੰਡਾ ਹਰਿੰਦਰ ਸਿੰਘ ਹੈ ਜੋ ਸਕਵਾਇਡਨ ਲੀਡਰ ਹੈ ਤੇ ਸਾਬਤ ਕਰਦਾ ਹੈ ਕਿ ਉਹ ਦੇਸ਼ ਲਈ ਕੁਰਬਾਨ ਹੋਣ ਵਾਲਾ ਪੰਜਾਬੀ ਸਿੱਖ ਹੈ।ਪਰ ਉਸ ਦੀ ਹਿਜਰਤ ਹਮੇਸ਼ਾ ਚੱਲਦੀ ਹੈ ਤਲਾਸ਼ ਨੂੰ ਲੈਕੇ,ਭਟਕਣ ਨੂੰ ਲੈਕੇ,ਪਿਆਸ ਨੂੰ ਲੈਕੇ,ਪਿਆਰ ਨੂੰ ਲੈਕੇ।


ਫ਼ਿਲਮ ਦੇ ਇਹ ਕਿਰਦਾਰ 1984 ਦੇ ਕਾਲੇ ਦਿਨਾਂ ਦੇ ਪੰਜਾਬ ਦਾ ਪ੍ਰਭਾਵ ਦੇ ਇਸ਼ਾਰੇ ਨੂੰ ਲਈ(ਫ਼ਿਲਮ ਦਾ ਸੰਵਾਦ-ਪਹਿਲਾਂ ਚੌਰਾਸੀ ਤੇ ਹੁਣ ਇਹ ਅਯੁੱਧਿਆ),ਕਸ਼ਮੀਰ ਪੰਡਿਤਾ ਦੇ ਬੇਚਾਰਗੀ,6 ਦਸੰਬਰ
1992 ਦੀ ਬਾਬਰੀ ਮਸੀਤ ਤੇ 1993 ਦੇ ਮੁੰਬਈ ਬੰਬ ਧਮਾਕਿਆ ਦੇ ਗਵਾਹ ਹਨ।ਇਹਨਾਂ ਕਿਰਦਾਰਾਂ ਨੇ 1999 ਦੀ ਕਾਰਗਿਲ ਜੰਗ ਨੂੰ ਵੀ ਭੋਗਿਆ ਹੈ ਤੇ 11 ਸਤੰਬਰ 2001 ਦੇ ਵਰਲਡ ਟਰੇਡ ਸੈਂਟਰ ਦੇ ਤਹਿਸ ਨਹਿਸ ਦਾ ਸੰਤਾਪ ਵੀ ਇਹ ਭੁਗਤ ਰਹੇ ਹਨ।ਇਹਨਾਂ ਦੀ ਹਿਜਰਤ ਇੱਥੇ ਹੀ ਨਹੀਂ ਮੁੱਕਦੀ ਇਹ 2002 ਦੇ ਗੁਜਰਾਤ ‘ਚ ਵੀ ਆਪਣੀ ਜ਼ਿੰਦਗੀ ਦੇ ਸਫਿਆਂ ਨੂੰ ਭਿਆਨਕ ਦੈਂਤ ਤੋਂ ਬਚਾ ਨਹੀਂ ਸਕਦੇ।ਸਿੱਖ ਅੱਜ ਵੀ ਇਨਸਾਫ ਲਈ ਸੰਘਰਸ਼ ਕਰ ਰਹੇ ਹਨ ਤੇ ਮੁਸਲਮਾਨਾਂ ਨੂੰ ਭਾਰਤ ਦੇਸ਼ ਪ੍ਰਤੀ ਆਪਣੀ ਸ਼ਰਧਾ ਦਾ ਸਬੂਤ ਦੇਣਾ ਪੈਂਦਾ ਹੈ।ਸੋਨਮ ਕਪੂਰ ਦਾ ਕਿਰਦਾਰ(ਆਇਤ) ਉਹਨਾਂ ਮੁਸਲਮਾਨਾਂ ਦੀ ਹਿਜਰਤ ਦਾ ਪ੍ਰਤੀਕ ਹੈ।ਇੱਕ ਪਾਸੇ ਪੰਜਾਬੀ ਤੇ ਇੱਕ ਪਾਸੇ ਮੁਸਲਮਾਨ ਆਪੋ ਆਪਣੇ ਮੌਸਮ ਨੂੰ ਬਿਆਨ ਕਰਦੇ ਹਨ।ਦੋਵੇਂ ਕਿਰਦਾਰ(ਸ਼ਾਹਿਦ ਤੇ ਸੋਨਮ) ਇੱਕ ਦੂਜੇ ਨਾਲ ਸੰਵਾਦ ਕਰਦੇ ਹਨ ਕਿ ਪੰਜਾਬ ‘ਚ ਕੀ ਸੀ ਤੇ ਇਹ ਗੁਜਰਾਤ ‘ਚ ਕੀ ਹੈ।ਹੱਲ ਪਹੁੰਚਦਾ ਹੈ ਕਿ ਦੋਵੇਂ ਸਮਿਆਂ ‘ਚ ਉਹ ਭਿਆਨਕ ਪਰਛਾਵੇਂ ਸਨ।ਹੱਲ ਮਿਲਦਾ ਹੈ ਕਿ ਥੌੜ੍ਹਾ ਤੂੰ (ਮੁਸਲਮਾਨ) ਗਵਾਇਆ ਹੈ ਥੌੜ੍ਹਾ ਮੈਂ (ਸਿੱਖ) ਗਵਾਇਆ ਹੈ ਤੇ ਚਲੋ ਮਿਲਕੇ ਨਵੀਂ ਦੁਨੀਆ ਵਸਾਈਏ।(ਆਖਰ ਘੱਟ ਗਿਣਤੀਆਂ ਨੂੰ ਇੱਕ ਹੋਣ ‘ਚ ਹੀ ਹੱਲ ਮਿਲ ਸਕਦਾ ਹੈ,ਨਹੀਂ ਤਾਂ ਇਨਸਾਫ ਦੀਆਂ ਤਖਤੀਆਂ ‘ਤੇ ਕਿਹੜੀਆਂ ਇਬਰਾਤਾਂ ਗੁਹਾਰ ਲਗਾ ਰਹੀਆਂ ਹਨ ਇਹ ਕਿਸੇ ਤੋਂ ਲੁਕਿਆ ਨਹੀਂ।ਪਰ ਇਹ ਘਟਨਾਕ੍ਰਮ ਸੰਵਾਦ ਨਹੀਂ ਰਚਾਉਂਦੇ ਬੱਸ ਇੱਕ ਰੈਪਿਡ ਫਾਇਰ ਰਾਉਂਡ ਹੀ ਖੇਡਦੇ ਹਨ।

ਕਹਾਣੀ ਪੰਜਾਬ ਦੇ ਇੱਕ ਪਿੰਡ ਤੋਂ ਸ਼ੁਰੂ ਹੁੰਦੀ ਹੈ।ਇਸ ਪਿੰਡ ਦਾ ਦ੍ਰਿਸ਼ ਪੰਜਾਬ ਦੀ ਖੂਬਸੂਰਤੀ ਨੂੰ ਬਹੁਤ ਚੰਗੀ ਤਰ੍ਹਾਂ ਬਿਆਨ ਕਰਦਾ ਹੈ।ਮੈਂ ਮਹਿਸੂਸ ਕਰਦਾ ਹਾਂ ਕਿ ਫ਼ਿਲਮ ‘ਵੀਰਜ਼ਾਰਾ,ਲਵ ਆਜ ਕੱਲ੍ਹ,ਹੀਰੋਜ਼,ਲੰਡਨ ਡ੍ਰੀਮਜ਼,ਤਨੂ ਵੇਡਸ ਮੰਨੂ,ਬਾਡੀਗਾਰਡ,ਪਾਰਟੀਸ਼ਨ,ਮੌਸਮ ਦੇ ਨਾਲ ਪੰਜਾਬ ‘ਚ ਸ਼ੂਟਿੰਗ ਲਈ ਵਧੀਆ ਲੋਕੇਸ਼ਨ ਮੁਹੱਈਆ ਹੋ ਰਹੀਆਂ ਹੈ ਤਾਂ ਪੰਜਾਬ ਦੇ ਸੈਰ ਸਪਾਟੇ ਰਾਹੀ ਆਮਦਨੀ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ ਤੇ ਇਸ ਸਬੰਧੀ ਹੋਰ ਵੀ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ।ਮੈਂ ਇਹ ਮੰਨਦਾ ਤਾਂ ਹਾਂ ਕਿ ਸਿਨੇਮਾ ਸਮਾਜ ਦਾ ਅਕਸ ਹੁੰਦਾ ਹੈ ਤੇ ਇਸੇ ਚੀਜ਼ ਨੂੰ ਮੌਸਮ ਨੇ ਪੁਖਤਾ ਹੀ ਕੀਤਾ ਹੈ।ਪੰਜਾਬੀ ਲੋਕਾਂ ਦੀ ਉਹ ਪ੍ਰਹਾਉਣਾਚਾਰੀ ਜੋ ਦਿਨ ਤਿਉਹਾਰ ਨੂੰ ਪੈਲੇਸ ‘ਚ ਮਨਾਉਣ ਤੋਂ ਬਾਅਦ ਲੱਗਭਗ ਅਲੋਪ ਹੀ ਹੋ ਗਈ ਹੈ ਨੂੰ ਮੁੜ ਵੇਖਣਾ ਖੁਸ਼ੀ ਦੇ ਰਿਹਾ ਸੀ।ਫ਼ਿਲਮ ਦਾ ਨਾਇਕ ਹੈਰੀ ਆਪਣੀ ਭੈਣ ਦੇ ਵਿਆਹ ‘ਤੇ ਬਿਸਤਰੇ ਇੱਕਠੇ ਕਰ ਰਿਹਾ ਹੈ।ਟਰੈਕਟਰ ‘ਤੇ ਪ੍ਰਹਾਉਣਿਆਂ ਨੂੰ ਲਿਆਂਦਾ ਜਾ ਰਿਹਾ ਹੈ।ਸਭ ਤੋਂ ਖਾਸ ਗੱਲ ਪੰਜਾਬ ‘ਚ ਡੇਰੇ ਵੀ ਘਰਾਂ ਦਾ ਅਨਖਿੜਵਾਂ ਅੰਗ ਬਣ ਗਏ ਹਨ ਇਸ ਦੀ ਸ਼ਾਹਿਦਗੀ ਭਰਦੀ ‘ਰਾਧਾ ਸੁਆਮੀ’ ਦੀ ਕੰਧ ‘ਤੇ ਲੱਗੀ ਫੋਟੋ ਵੀ ਹੈ।ਕੁਝ ਚੀਜ਼ਾਂ ਫਿਲਮ ‘ਚ ਬਹੁਤ ਹੀ ਮੁਸਕਰਾਹਟੀ ਅੰਦਾਜ਼ ‘ਚ ਪੇਸ਼ ਹੋਈਆਂ ਹਨ।ਉਹ ਸਾਈਕਲ,ਹਲਵਾਈ ਦੀ ਦੁਕਾਨ,ਰਜੋ ਦਾ ਪਿਆਰ,ਟਾਂਗੇ ਵਾਲਾ ਦਾ ਤਰੱਕੀ ਕਰਨਾ ਤੇ ਵਰਤਮਾਨ ਤੱਕ ਪਹੁੰਚਦਿਆਂ ਹੋਇਆ ਹੁਣ ਆਟੋਮੋਬਾਈਲ ਦੇ ਯੁੱਗ ‘ਚ ਟੈਂਪੂ ਨੂੰ ਆਪਣੇ ਰਿਜਕ ਦਾ ਹਿੱਸਾ ਬਣਾਉਣਾ ਸਮੇਂ ਦੀ ਚਲਾਇਮਾਨ ਦ੍ਰਿਸ਼ਟੀ ਨੂੰ ਬਾਖੂਬੀ ਬਿਆਨ ਕਰਦਾ ਹੈ।ਪਰ ਹੈਰਾਨੀ ਇਸ ਗੱਲ ਤੋਂ ਹੁੰਦੀ ਹੈ ਕਿ ਪਰਭਾਤ ਵੇਲੇ ਨੂੰ ਪੇਸ਼ ਕਰਨ ਵੇਲੇ ਗੁਰਬਾਣੀ ਦਾ ਸੁਨਣਾ ਜਾਇਜ਼ ਹੈ ਤੇ ਖੋਪੀਏ ਵੇਲੇ ਗੁਰਬਾਣੀ ਦਾ ਕੰਨਾ ‘ਚ ਪੈਣਾ ਪੰਜਾਬ ਦੀ ਉਸ ਮਿਸਾਲ ਨੂੰ ਜ਼ਿੰਦਾ ਕਰਦਾ ਹੈ ਜਿਸ ਨੂੰ ਪ੍ਰੋ: ਪੂਰਨ ਸਿੰਘ ‘ਪੰਜਾਬ ਜਿਉਂਦਾ ਗੁਰਾਂ ਦੇ ਨਾਮ ‘ਤੇ’ ਕਹਿੰਦਾ ਹੈ।ਪਰ ਇਸ ਤੋਂ ਇਲਾਵਾ ਵੀ ਕੁਝ ਦ੍ਰਿਸ਼ਾ ‘ਚ ਗੁਰਬਾਣੀ ਦਾ ਕਿਸੇ ਸਮੇਂ ਪ੍ਰਭਾਵ ਤੋਂ ਬਿਨਾਂ ਪੇਸ਼ ਕਰਨਾ ਸਮਝ ਨਹੀਂ ਆਉਂਦਾ।ਕੀ ਇਹ ਹੋ ਸਕਦਾ ਹੈ ਕਿ ਮੈਂ ਚਿਤੇ ਪ੍ਹੈਰ ਗੁਰਬਾਣੀ ਸਿਮਰਨਾ ਕਰਦਾ ਹੋਇਆ ਕੋਈ ਪਿੰਡ ਪਹਿਲੀ ਵਾਰ ਵੇਖਿਆ ਹੋਵੇ।

ਪਰ ਪੂਰੀ ਫ਼ਿਲਮ ਨੂੰ ਗਹੁ ਨਾਲ ਵੇਖੀਏ ਤਾਂ ਦਰਸ਼ਕਾਂ ਨੂੰ ਸਭ ਤੋਂ ਵਧੀਆ ਅਹਿਸਾਸ ਹੀ ਫ਼ਿਲਮ ਦਾ ਇਹੋ ਹਿੱਸਾ ਹੀ ਦਿੰਦਾ ਹੈ।ਇਸ ਦਾ ਇਹ ਵੀ ਕਾਰਨ ਹੈ ਕਿ ਪੰਜਾਬ ਛੋਹ ਦਾ ਕੋਈ ਵੀ ਦ੍ਰਿਸ਼ ਕਿਸੇ ਵੀ ਫ਼ਿਲਮ ‘ਚ ਹੋਵੇ ਉਹ ਫ਼ਿਲਮ ਦਾ ਸਭ ਤੋਂ ਮਜ਼ਬੂਤ ਹਿੱਸਾ ਹੁੰਦਾ ਹੈ।ਇਹ ਭਾਵਨਾਤਮਕ ਤੌਰ ‘ਤੇ ਦਰਸ਼ਕਾਂ ਨੂੰ ਪੰਜਾਬੀਆਂ ਦੀ ਜ਼ਿੰਦਾਦਿਲੀ ਦਾ ਅਹਿਸਾਸ ਕਰਾਉਂਦਾ ਹੈ।ਜੋ ਦਰਸ਼ਕਾਂ ਨੂੰ ਕੰਮਕਾਰ ਦੇ ਮਾਨਸਿਕ ਤਨਾਓ ਤੋਂ ਥੌੜ੍ਹਾ ਅਰਾਮ ਦਵਾਉਂਦਾ ਹੈ।ਇਸ ‘ਚ ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬਾਲੀਵੁੱਡ ਫ਼ਿਲਮਾਂ ਤਾਂ ਸਫਲਤਾ ਮੰਤਰ ਹੀ ਬਣ ਚੁੱਕਾ ਹੈ।ਕਿਉਂ ਕਿ ਵਿਦੇਸ਼ਾਂ ‘ਚ ਇਹਨਾਂ ਫਿਲਮਾਂ ਦੇ ਦਰਸ਼ਕ ਪੰਜਾਬੀ ਜਾਂ ਗੁਜਰਾਤੀ ਸਭ ਤੋਂ ਵੱਧ ਹਨ।ਐੱਨ.ਆਰ.ਆਈ ਖਿੱਚ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।ਇਸ ਦੇ ਲਈ ਪੰਜਾਬੀ ਸਰਜ਼ਮੀਨ ‘ਤੇ ਕਥਾ ਨੂੰ ਘੜਿਆ ਜਾਂਦਾ ਹੈ ਤੇ ਜੇ ਕੋਈ ਫਿਲਮ ਪੰਜਾਬੀ ਕਥਾਨਕ ‘ਤੇ ਨਾ ਵੀ ਹੋਵੇ ਤਾਂ ਉਸ ‘ਚ ਪੰਜਾਬੀ ਗੀਤ ਨੂੰ ਜ਼ਰੂਰ ਬਤੌਰ ਆਈਟਮ ਪੇਸ਼ ਕੀਤਾ ਜਾਂਦਾ ਹੈ।

ਪੰਕਜ ਕਪੂਰ ਫ਼ਿਲਮ ਨਿਰਮਾਣ ਦੌਰਾਨ ਮੁੱਦਿਆ ਨੂੰ ਵਿਖਾਉਂਦਾ ਹੋਇਆ ਵੀ ਉਹਨਾਂ ਮੁੱਦਿਆ ਨੂੰ ਬਿਆਨ ਕਰਨ ਤੋਂ ਖੁੰਝ ਜਾਂਦਾ ਹੈ।ਇਸ ਸਾਰੇ ਦਾ ਅਸਰ ਇਹ ਪਿਆ ਹੈ ਕਿ ਫ਼ਿਲਮ ਨਾ ਤਾਂ ਪੂਰੀ ਤਰ੍ਹਾਂ ਪ੍ਰੇਮ ਕਹਾਣੀ ਬਣ ਸਕੀ ਤੇ ਨਾ ਹੀ ਪੂਰੀ ਤਰ੍ਹਾਂ ਕਿਸੇ ਮੁੱਦੇ ‘ਤੇ ਗੱਲ ਕਰਦੀ ਵਿਚਾਰਾਤਮਕ ਫ਼ਿਲਮ ਬਣੀ।ਫ਼ਿਲਮ ਦੀ ਕਹਾਣੀ ਪੰਜਾਬ ਤੋਂ ਸ਼ੁਰੂ ਹੋਕੇ ਸਕਾਟਲੈਂਡ,ਕਸ਼ਮੀਰ,ਅਮਰੀਕਾ,ਸਿਵਜ਼ਰਲੈਂਡ ਤੇ ਅਹਿਮਦਾਬਾਦ ‘ਚ ਘੁੰਮਦੀ ਹੈ।ਪਰ ਜੇ ਇਸ ਫ਼ਿਲਮ ਦੀ ਕਹਾਣੀ ਪੰਜਾਬ ਦੇ 1984 ਤੋਂ ਗੁਜਰਾਤ ਦੇ 2002 ਦੇ ਸਮੇਂ ‘ਚ ਵਿਚਰਦੀ ਮੁੱਖ ਕਿਰਦਾਰਾਂ ਦੀ ਪ੍ਰੇਮ ਕਹਾਣੀ ਹੁੰਦੀ ਤਾਂ ਵਧੀਆ ਪ੍ਰਭਾਵ ਪਾ ਸਕਦੀ ਸੀ।ਆਖਰ ਕਿਰਦਾਰਾਂ ਤੇ ਹਲਾਤਾਂ ਦਾ ਕੁਝ ਪਾਉਣ ਦਾ ਇਹ ਸਫਰ,ਕਿਰਦਾਰਾਂ ਦੀ ਇਹ ਪ੍ਰੇਮ ਗਾਥਾ ਭਾਰਤ ਦੇ ਹਲਾਤਾਂ ‘ਚ ਸਮਝਾਈ ਜਾ ਸਕਦੀ ਸੀ।ਇਸ ਲਈ ਅਮਰੀਕਾ,ਸਕਾਟਲੈਂਡ ਜਾਂ ਸਿਵਜ਼ਰਲੈਂਡ ‘ਚ ਫ਼ਿਲਮ ਦੇ ਕਥਾਨਕ ਨੂੰ ਲੈਜਾਣਾ ਫ਼ਿਲਮ ਨੂੰ ਕਮਜ਼ੋਰ ਕਰਦਾ ਹੈ।ਫ਼ਿਲਮ ਦੀ ਕਹਾਣੀ ਬਹੁਤ ਖੂਬਸੂਰਤ ਬੁਣੀ ਵੀ ਜਾ ਸਕਦੀ ਸੀ ਤੇ ਉਸ ਦੀ ਪੇਸ਼ਕਾਰੀ ਵੀ ਵਧੀਆ ਹੋ ਸਕਦੀ ਸੀ।ਫ਼ਿਲਮ ਦੀ ਕਮਜ਼ੋਰੀ ਹੀ ਇਸੇ ‘ਚ ਹੈ ਕਿ ਫ਼ਿਲਮ ਇਸ਼ਾਰਾ ਤਾਂ ਵਧੀਆ ਕਰਦੀ ਹੈ ਪਰ ਨਿਸ਼ਾਨੇ ਤੋਂ ਹਮੇਸ਼ਾ ਖੁੰਝ ਜਾਂਦੀ ਰਹੀ ਹੈ।9/11 ਦਾ ਵਰਲਡ ਟਰੇਡ ਹਾਦਸਾ ਵਿਖਾਇਆ ਤਾਂ ਹੈ ਪਰ ਮੁਸਲਮਾਨਾਂ ਦਾ ਉਸ ‘ਤੇ ਅਸਰ ਕਿਸ ਰੂਪ ‘ਚ ਪਿਆ ਜਾ ਇਹ ਹਾਦਸਾ ਕਿਰਦਾਰਾਂ ‘ਤੇ ਕਿੰਝ ਅਸਰ ਪਾ ਰਿਹਾ ਹੈ ਇਸ ਨੂੰ ਸੁੱਚਜੇ ਰੂਪ ‘ਚ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਿਆ।ਗੁਜਰਾਤ ਦੰਗੇ ਬਿਆਨ ਤਾਂ ਕੀਤੇ ਗਏ ਪਰ ਇੰਝ ਲੱਗਿਆ ਕਿ ਕਿਰਦਾਰਾਂ ਹਲਾਤਾਂ ਦੇ ਮੁਤਾਬਕ ਨਹੀਂ ਵਿਚਰ ਰਹੇ ਸਗੋਂ ਹਲਾਤਾਂ ਕਿਰਦਾਰਾਂ ਨੂੰ ਮਿਲਾਉਣ ਲਈ ਵਾਪਰ ਰਹੇ ਹਨ।ਸਭ ਤੋਂ ਹਾਸੋਹੀਣਾ ਵੀ ਇਹੋ ਹੈ ਕਿ ਗੁਜਰਾਤ ਦੰਗਿਆ ‘ਚ ਸ਼ਾਹਿਦ ਤੇ ਸੋਨਮ ਦਾ ਮਿਲਾਪ ਵੀ ਨਾਟਕੀ ਢੰਗ ਨਾਲ ਹੁੰਦਾ ਹੈ।(ਚੱਲੋ ਇਸ ਨੂੰ ਇਤਫਾਕੀਆ ਸਹੀ ਮੰਨ ਸਕਦੇ ਹਾਂ)ਦੰਗਿਆ ਦੌਰਾਨ ਮੇਲੇ ਦਾ ਦ੍ਰਿਸ਼ ਤਹਿਸ ਨਹਿਸ ਹੋਇਆ ਜੋ ਬਿਆਨ ਕਰਨਾ ਚਾਹੁੰਦਾ ਹੈ ਉਥੋਂ ਤੱਕ ਤਾਂ ਸਹੀ ਪਰ ਯਥਾਰਥਕ ਮਾਹੌਲ ‘ਚ ਹੀਰੋ ਵੱਲੋਂ ਇੱਕ ਬੱਚੇ ਨੂੰ ਹਿੰਡੋਲੇ ਤੋਂ ਬਚਾਉਣਾ(ਉਹ ਵੀ ਪੈਰਾਲਾਈਜ਼ ਸ਼ਰੀਰ ਨਾਲ) ਨਾਇਕ ਦੀ ਫ਼ਿਲਮ ‘ਚ ਸੁਪਰਮੈਨ ਸ਼ਖਸੀਅਤ ਨੂੰ ਮਸਾਲਾ ਅੰਦਾਜ਼ ‘ਚ ਹੀ ਪੇਸ਼ ਕਰਦਾ ਹੈ ਜੋ ਫ਼ਿਲਮ ਨੂੰ ਆਪਣੇ ਅੰਜਾਮ ਤੱਕ ਪਹੁੰਚਕੇ ਕਮਜ਼ੋਰ ਕਰ ਦਿੰਦਾ ਹੈ।

ਅਸਲ ‘ਚ ਕਿਸੇ ਫ਼ਿਲਮ ਦੇ ਕਿਰਦਾਰ ਜਦੋਂ ਲੰਮੀ ਯਾਤਰਾ ਕਰਦੇ ਹੋਏ ਕਹਾਣੀ ਕਹਿਣ ਤਾਂ ਫ਼ਿਲਮ ਦੇ ਸੰਤੁਲਣ ਵੱਲ ਖਾਸ ਧਿਆਨ ਰੱਖਣਾ ਪੈਂਦਾ ਹੈ।ਪਾਕਿਸਤਾਨੀ ਫ਼ਿਲਮ ‘ਖ਼ੁਦਾ ਕੇ ਲੀਏ’ ਇਸ ਦੀ ਬੇਮਿਸਾਲ ਉਦਾਹਰਨ ਹੈ।ਭਾਰਤੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਪੰਕਜ ਕਪੂਰ ਨੂੰ ਕਿਰਦਾਰਾਂ ਦੇ ਸਫਰੀ ਅੰਦਾਜ਼ ਨੂੰ ਨਿਰਦੇਸ਼ਕ ਇਮਤਿਆਜ਼ ਅਲੀ ਦੀਆਂ ਫ਼ਿਲਮਾਂ ਤੋਂ ਜ਼ਰੂਰ ਸਿੱਖਣਾ ਚਾਹੀਦਾ ਸੀ।ਇਮਤਿਆਜ਼ ਦੀਆਂ ਫ਼ਿਲਮਾਂ ਦੇ ਕਿਰਦਾਰ ਵੀ ਅਜਿਹੀਆਂ ਲੰਮੀਆਂ ਯਾਤਰਾਵਾਂ ਰਾਹੀ ਹੀ ਆਪਣੇ ਪਿਆਰ ਨੂੰ ਬਿਆਨ ਕਰਦੇ ਹਨ।ਸੋਚਾ ਨਾ ਥਾ,ਜਬ ਵੀ ਮੈੱਟ,ਲਵ ਆਜ ਕੱਲ੍ਹ ਫ਼ਿਲਮਾਂ ਇਸਦੀ ਉਦਾਹਰਨ ਹਨ।ਪਰ ਉਹਨਾਂ ਫ਼ਿਲਮਾਂ ਨੇ ਦਰਸ਼ਕਾਂ ਦੇ ਮਨ ‘ਚ ਆਪਣੀ ਅਮਿੱਟ ਛਾਪ ਛੱਡੀ ਹੈ।

ਫ਼ਿਲਮ ‘ਮੌਸਮ’ ‘ਚ ਸ਼ਾਹਿਦ ਕਪੂਰ ਦਾ ਬਤੌਰ ਸਕਵਾਇਡਨ ਲੀਡਰ ਹੋਣਾ ਫ਼ਿਲਮ ਦੀ ਖਾਸ ਖਿੱਚ ਸੀ ਪਰ ਇੱਤੇ ਉਣਤਾਈ ਹੀ ਇਸੇ ਗੱਲ ‘ਚ ਹੈ ਕਿ ਜੰਗ ਅਧਾਰਿਤ ਦ੍ਰਿਸ਼ਾਂ ‘ਚ ਉਹ ਪੁਖਤਾਪਣ ਨਹੀਂ ਝਲਕਦਾ ਜਿਸ ਤੋਂ ਜੰਗ ਨੂੰ ਮਹਿਸੂਸ ਕੀਤਾ ਜਾ ਸਕੇ।ਇਸ ਫ਼ਿਲਮ ਦੇ ਪ੍ਰਦਰਸ਼ਿਤ ਹੋਣ ਤੋਂ ਪਹਿਲਾ ਫ਼ਿਲਮ ਦੇ ਜੰਗੀ ਜਹਾਜ਼ ਦੇ ਦ੍ਰਿਸ਼ ਫ਼ਿਲਮਾਉਣ ਨੂੰ ਲੈਕੇ ਕਾਫੀ ਚਰਚਾ ਕੀਤੀ ਜਾ ਰਹੀ ਸੀ ਪਰ ਇਹ ਦਰਸ਼ਕਾਂ ਨੂੰ ਭਾਵਨਾਤਮਕ ਤੌਰ ‘ਤੇ ਆਪਣੇ ਨਾਲ ਜੋੜਨ ‘ਚ ਫੇਲ੍ਹ ਹੀ ਰਹੇ ਹਨ।ਦੇਸ਼ ਭਗਤੀ ਵੀ ਮਨੋਜ ਕੁਮਾਰ ਦੀਆਂ ਫ਼ਿਲਮਾਂ ਵਰਗੀ ਨਾਟਕੀ ਹੀ ਜਾਪਦੀ ਸੀ।(ਜਦੋਂ ਹੈਰੀ(ਸ਼ਾਹਿਦ ਕਪੂਰ) ਆਪਣੀ ਭੈਣ ਨੂੰ ਆਇਤ(ਸੋਨਮ ਕਪੂਰ) ਕੋਲ ਜਾਕੇ ਉਸ ਨੂੰ ਉਸ ਦੇ ਹਲਾਤਾਂ ਬਾਰੇ ਜਾਣਕਾਰੀ ਦੇਣ ਬਾਰੇ ਫੋਨ ਕਰਦਾ ਹੈ ਤਾਂ ਸ਼ਾਹਿਦ ਆਪਣੀ ਭੈਣ ਨਾਲ ਅਸਲ ਮੁੱਦਈ ਸੰਵਾਦ ਤੋਂ ਵੱਖ ਹੋਕੇ ਦੇਸ਼ ਭਗਤੀ ਦਾ ਭਾਸ਼ਣੀ ਸੰਵਾਦ ਬੋਲਦਾ ਹੈ,ਜੋ ਕਿ ਹਾਸੋ ਹੀਣਾ ਹੀ ਲੱਗਦਾ ਹੈ)
ਫ਼ਿਲਮ ਦੇ ਗੀਤ ਬਹੁਤ ਪਿਆਰੇ ਹਨ ਜੋ ਨਹਾਇਤ ਹੀ ਅਦਬੀ ਹਰਫਾਂ ਨਾਲ ਬੁਣੇ ਗਏ ਹਨ।ਪੇਂਡੂ ਦ੍ਰਿਸ਼ ਦੀ ਪੇਸ਼ਕਾਰੀ ਕਲਾ ਨਿਰਦੇਸ਼ਨ ਪੱਖੋਂ ਸ਼ਲਾਘਾਯੋਗ ਹੈ।ਫ਼ਿਲਮ ਦਾ ਕੈਮਰਾ ਬਹੁਤ ਸੋਹਣਾ ਵਰਤਿਆ ਗਿਆ ਹੈ ਇਸ ਲਈ ਸਿਨੇਮੈਟੋਗ੍ਰਾਫਰ ‘ਬਿਨੋਦ ਪਰਧਾਣ’ ਦੀ ਸ਼ਾਬਾਸ਼ੀ ਬਣਦੀ ਹੈ।

ਫ਼ਿਲਮ ਦੀ ਸ਼ੁਰੂਆਤ ਹੀ ਸਭ ਤੋਂ ਖੂਬਸੂਰਤ ਹੈ ਤੇ ਇਸੇ ਨੂੰ ਹੀ ਵਧੀਆ ਬੁਣਿਆ ਜਾ ਸਕਦਾ ਸੀ।ਇਸ ‘ਚ ਜਾਂ ਤਾਂ ਹਲਾਤਾਂ ਦੀ ਪੇਸ਼ਕਾਰੀ ਵਿਖਾਉਂਦੇ ਹੋਏ ਕਿਰਦਾਰ ਕਿੰਜ ਵਿਚਰ ਰਹੇ ਹਨ ਵਿਖਾਇਆ ਜਾ ਸਕਦਾ ਸੀ ਜਾਂ ਕਿਰਦਾਰ ਦੀ ਕਹਾਣੀ ਸੀਮਤ ਹਲਾਤਾਂ ਨੂੰ ਲੈਕੇ (ਬਹੁਤਾ ਵੱਡਾ ਸੰਸਾਰੀ ਕੈਨਵਸ ਤੇ ਹਲਾਤ ਨਾ ਵਿਖਾਕੇ) ਵਿਖਾਇਆ ਜਾ ਸਕਦਾ ਸੀ।ਫ਼ਿਲਮ ਆਪਣੇ ਇੱਕ ਗੀਤ ‘ਪੂਰੇ ਸੇ ਜ਼ਰਾ ਸਾ ਕੰਮ ਹੈ’ ਦੀ ਤਰ੍ਹਾਂ ਹੀ ਆਪਣੀ ਮਕਬੂਲੀਅਤ ਤੋਂ ਖੁੰਝ ਗਈ ਹੈ।ਫ਼ਿਲਮ ‘ਮੌਸਮ’ ਕਲਾਤਮਕ ਤੇ ਮੁੱਖਧਾਰਾ ਦੇ ਸਿਨੇਮਾ ਦੀ ਸੁਮੇਲਤਾ ਤੋਂ ਖੁੰਝਦੀ ਹੈ।

ਹਰਪ੍ਰੀਤ ਸਿੰਘ ਕਾਹਲੋਂ ਪੱਤਰਕਾਰ ਹੈ,ਪਰ ਪੱਤਰਕਾਰੀ ਨਾਲੋਂ 1000 ਗੁਣਾ ਵੱਧ ਰੁਚੀ ਸਿਨੇਮੇ 'ਚ ਰੱਖਦਾ ਹੈ।