ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਰਾਜਨੀਤੀ. Show all posts
Showing posts with label ਰਾਜਨੀਤੀ. Show all posts

Tuesday, April 16, 2013

ਉੱਤਰੀ ਕੋਰੀਆ 'ਚ ਯੁੱਧ ਟਾਲਣ ਦੀ ਜ਼ਿੰਮੇਵਾਰੀ : ਫੀਦਲ ਕਾਸਤਰੋ

ਉੱਤਰੀ ਕੋਰੀਆ ਦੀਆਂ ਅਮਰੀਕਾ ਤੇ ਦੱਖਣੀ ਕੋਰੀਆ ਨੂੰ ਪ੍ਰਮਾਣੂ ਯੁੱਧ ਸਬੰਧੀ ਧਮਕੀਆਂ ਜਾਰੀ ਹਨ ਅਜਿਹੇ 'ਚ ਇਕ ਬੇਹੱਦ ਤਜ਼ਰਬੇਕਾਰ ਸਿਆਸਦਾਨ ਤੇ ਸਮਾਜ ਵਿਗਿਆਨੀ ਫੀਦਲ ਕਾਸਤਰੋ ਨੇ ਉੱਤਰੀ ਕੋਰੀਆ ਤੇ ਅਮਰੀਕਾ ਨੂੰ ਕੁਝ ਨੇਕ ਸਲਾਹਾਂ ਦਿੱਤੀਆਂ ਹਨ,ਜਿਸ ਦਾ ਪੰਜਾਬੀ ਤਰਜ਼ਮਾ ਸਿਆਸਤ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਕੀਤਾ ਹੈ।-ਗੁਲਾਮ ਕਲਮ 

ਅੱਜ ਦੇ ਦੌਰ ਵਿੱਚ ਮੁਨੱਖਤਾ ਜਿਹੜੀਆਂ ਵੱਡੀਆਂ ਚਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਮੈਂ ਉਨ੍ਹਾਂ ਦੀ ਚਰਚਾ ਕੁੱਝ ਦਿਨ ਪਹਿਲਾਂ ਹੀ ਕੀਤੀ ਸੀ। ਸਾਡੀ ਧਰਤੀ 'ਤੇ ਬੌਧਿਕ ਜੀਵਨ ਲਗਭਗ 2,00,000 ਸਾਲ ਪਹਿਲਾ ਉਤਪੰਨ ਹੋਇਆ ਸੀ। ਹਾਲਾਂ ਕਿ ਨਵੀਆਂ ਖੋਜਾਂ ਤੋਂ ਕਿਸੇ ਹੋਰ ਹੀ ਗੱਲ ਦਾ ਪਤਾ ਲੱਗਾ ਹੈ। 

ਸਾਨੂੰ ਬੌਧਿਕ ਜੀਵਨ ਅਤੇ ਉਸ ਆਮ ਜੀਵਨ ਦੀ ਹੋਂਦ ਦੇ ਵਿੱਚ ਉਲਝਣਾ ਨਹੀਂ ਚਾਹੀਦਾ, ਜੋ ਆਪਣੇ ਮੁੱਢਲੇ ਰੂਪ ਵਿੱਚ ਸਾਡੇ ਸੌਰ ਮੰਡਲ ਵਿੱਚ ਕਰੋੜਾਂ ਸਾਲ ਪਹਿਲਾਂ ਤੋਂ ਹੀ ਮੌਜੂਦ ਸੀ। 

ਦਰਅਸਲ ਧਰਤੀ ਉੱਤੇ ਜੀਵਨ ਦੇ ਅਣਗਿਣਤ ਰੂਪ ਮੌਜੂਦ ਹਨ। ਦੁਨੀਆ ਦੇ ਬਹੁਤ ਪ੍ਰਸਿੱਧ ਵਿਗਿਆਨੀਆਂ ਨੇ ਬਹੁਤ ਪਹਿਲਾਂ ਹੀ ਆਪਣੀਆਂ ਉੱਚ ਰਚਨਾਵਾਂ ਵਿੱਚ ਇਸ ਵਿਚਾਰ ਦੀ ਕਲਪਨਾ ਕੀਤੀ ਸੀ ਕਿ 13.7 ਅਰਬ ਸਾਲ ਪਹਿਲਾਂ ਬ੍ਰਹਿਮੰਡ ਦੀ ਸ੍ਰਿਸ਼ਟੀ ਵੇਲੇ ਜਿਹੜਾ ਮਹਾਂ ਧਮਾਕਾ ਹੋਇਆ ਸੀ, ਉਸ ਵੇਲੇ ਪੈਦਾ ਹੋਈ ਧੁਨੀ ਨੂੰ ਮੁੜ ਪੈਦਾ ਕੀਤਾ ਜਾ ਸਕਦਾ। 

ਇਹ ਭੂਮਿਕਾ ਕਾਫ਼ੀ ਅਹਿਮ ਹੁੰਦੀ,ਪਰ ਇੱਥੇ ਸਾਡਾ ਮਕਸਦ ਜਿਸ ਤਰ੍ਹਾਂ ਦੀ ਹਾਲਤ ਕੋਰਿਆਈ ਦੀਪ ਸਮੂਹ ਵਿੱਚ ਪੈਦਾ ਹੋਈ ਹੈ, ਉਸ ਵਿੱਚ ਇੱਕ ਅਵਿਸ਼ਵਾਸਯੋਗ ਅਤੇ ਅਸੰਗਤ ਘਟਨਾ ਦੀ ਗੰਭੀਰਤਾ ਨਾਲ ਵਿਆਖਿਆ ਕਰਨਾ ਹੈ, ਜਿਸ ਭੂਗੋਲਿਕ ਖੇਤਰ ਵਿੱਚ ਦੁਨੀਆ ਦੀ ਲੱਗਭਗ ਸੱਤ ਅਰਬ ਆਬਾਦੀ ਵਿੱਚੋਂ ਪੰਜ ਅਰਬ ਆਬਾਦੀ ਰਹਿੰਦੀ ਹੈ। 

ਇਹ ਘਟਨਾ ਅੱਜ ਤੋਂ 50 ਸਾਲ ਪਹਿਲਾਂ,1962 ਵਿੱਚ ਕਊਬਾ ਦੇ ਆਸੇ ਪਾਸੇ ਪੈਦਾ ਹੋਏ ਅਕਤੂਬਰ ਸੰਕਟ ਦੇ ਬਾਅਦ ਪ੍ਰਮਾਣੂ ਯੁੱਧ ਦੀ ਗੰਭੀਰ ਚੁਣੌਤੀ ਨਾਲ ਰਲਦੀ-ਮਿਲਦੀ ਹੈ। 
'1950 ਵਿੱਚ ਉੱਥੇ (ਕੋਰਿਆਈ ਦੀਪ) ਵਿੱਚ ਇੱਕ ਯੁੱਧ ਛੇੜਿਆ ਗਿਆ ਜਿਸਦੀ ਕੀਮਤ ਲੱਖਾਂ ਲੋਕਾਂ ਨੇ ਆਪਣੀ ਜਾਨ ਦੇ ਕੇ ਚੁਕਾਈ।ਅਮਰੀਕਾ ਦੁਆਰਾ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰਾਂ ਦੇ ਨਿਹੱਥ ਲੋਕਾਂ 'ਤੇ ਦੋ ਪ੍ਰਮਾਣੂ ਬੰਬ ਸੁੱਟੇ ਜਾਣ ਦੇ ਕੁੱਝ ਹੀ ਸਕਿੰਟਾਂ ਵਿੱਚ ਲੱਖਾਂ ਲੋਕਾਂ ਦੀ ਜਾਂ ਤਾਂ ਮੌਤ ਹੋਈ ਜਾਂ ਉਹ ਬ-ਕਿਰਨਾਂ ਦੇ ਸ਼ਿਕਾਰ ਹੋਏ ਜਦਕਿ ਇਸ ਘਟਨਾ ਦੇ ਮਹਿਜ ਪੰਜ ਸਾਲਾਂ ਬਾਅਦ ਹੀ ਕੋਰੀਆ 'ਤੇ ਯੁੱਧ ਥੋਪਿਆ ਗਿਆ। 

ਜਨਰਲ ਡਗਲਸ ਮੈਕਾਥਰ ਨੇ ਉਸ ਯੁੱਧ ਦੌਰਾਨ ਵੀ ਕੋਰੀਆ ਜਨਵਾਦੀ ਜਨ ਗਣਰਾਜ 'ਤੇ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨਾ ਚਾਹਿਆ।ਪਰ ਹੈਰੀ ਟਰੂਮੈਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਚੀਨ ਨੇ ਆਪਣੇ ਦੇਸ਼ ਦੀ ਸਰਹੱਦ ਨਾਲ ਲੱਗਦੇ ਇੱਕ ਦੇਸ਼ ਵਿੱਚ ਆਪਣੇ ਦੁਸ਼ਮਣ ਦੀ ਫੌਜ ਦੇ ਪੈਰ ਲੱਗਣ ਤੋਂ ਰੋਕਣ ਲਈ ਕੀਤੇ ਯਤਨ 'ਚ ਆਪਣੇ ਦਸ ਲੱਖ ਬਹਾਦਰ ਫੌਜੀ ਗੁਆ ਦਿੱਤੇ।ਸੋਵੀਅਤ ਫੌਜ ਨੇ ਵੀ ਆਪਣੇ ਵਲੋਂ ਹਥਿਆਰ, ਹਵਾਈ ਫੌਜੀ ਸਹਿਯੋਗ , ਤਕਨੀਕੀ ਅਤੇ ਆਰਥਿਕ ਮਦਦ ਦਿੱਤੀ ਸੀ। 

ਮੈਨੂੰ ਮਾਣ ਹੈ ਕਿ ਮੈਂ ਇੱਕ ਇਤਿਹਾਸਕ ਵਿਅਕਤੀ, ਬੇਹੱਦ ਦਲੇਰ ਤੇ ਕ੍ਰਾਂਤੀਕਾਰੀ ਨੇਤਾ ਕਿਮ ਸੁੰਗ ਨੂੰ ਮਿਲਿਆ ਸੀ। ਜੇ ਉੱਥੇ ਯੁੱਧ ਛਿੜ ਗਿਆ ਤਾਂ ਉਸ ਮਹਾਂਦੀਪ ਦੇ ਦੋਨਾਂ ਪਾਸਿਆਂ ਦੀ ਜਨਤਾ ਨੂੰ ਵੱਡਾ ਬਲੀਦਾਨ ਦੇਣਾ ਪਵੇਗਾ, ਜਦਕਿ ਉਨ੍ਹਾਂ ਵਿੱਚੋਂ ਕਿਸੇ ਨੂੰ ਇਸ ਦਾ ਕੋਈ ਲਾਭ ਨਹੀਂ ਹੋਵੇਗਾ। ਕੋਰੀਆ ਜਨਵਾਦੀ ਜਨ ਗਣਰਾਜ ਹਮੇਸ਼ਾ ਹੀ ਕਿਊਬਾ ਦਾ ਮਿੱਤਰ ਰਿਹਾ ਅਤੇ ਕਿਊਬਾ ਵੀ ਉਸਦੇ ਨਾਲ ਰਿਹਾ ਅਤੇ ਅੱਗੇ ਤੋਂ ਵੀ ਰਹੇਗਾ। 

ਹੁਣ ਜਦ ਕਿਊਬਾ ਨੇ ਵਿਗਿਆਨਿਕ ਅਤੇ ਤਕਨੀਕੀ ਪ੍ਰਾਪਤ ਕਰ ਲਈਆਂ ਹਨ। ਤਦ ਅਸੀਂ ਉਸ ਨੂੰ ਉਨ੍ਹਾਂ ਸਾਰੇ ਮੁਲਕਾਂ ਦੇ ਪ੍ਰਤੀ ਉਸਦੇ ਕਰਤੱਵ ਦੀ ਯਾਦ ਦਿਵਾਉਣਾ ਚਾਹਾਂਗੇ, ਜੋ ਉਸ ਦੇ ਮਹਾਨ ਦੋਸਤ ਰਹੇ ਹਨ।ਉਸ ਦਾ ਇਹ ਭੁੱਲਣਾ ਠੀਕ ਨਹੀਂ ਹੋਵੇਗਾ ਕਿ ਇਸ ਤਰ੍ਹਾਂ ਦਾ ਯੁੱਧ ਖਾਸ ਤੌਰ 'ਤੇ ਇਸ ਗ੍ਰਹਿ ਦੀ ਸੱਤਰ ਫੀਸਦੀ ਆਬਾਦੀ ਨੂੰ ਪ੍ਰਭਾਵਤ ਕਰੇਗਾ। 

ਜੇ ਉੱਥੇ ਇਸ ਤਰ੍ਹਾਂ ਦੀ ਲੜਾਈ ਫੁੱਟ ਪੈਂਦੀ ਹੈ ਤਾਂ ਦੂਜੀ ਵਾਰ ਚੁਣੀ ਗਈ ਬਰਾਕ ਉਬਾਮਾ ਦੀ ਸਰਕਾਰ ਇਸ ਤਰ੍ਹਾਂ ਦੀਆਂ ਦਿੱਖਾਂ ਦੇ ਸੈਲਾਬ 'ਚ ਡੁੱਬ ਜਾਵੇਗੀ ਜੋ ਉਨ੍ਹਾਂ ਨੂੰ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਮਨਹੂਸ ਚਿੱਤਰ ਦੇ ਰੂਪ ਵਿੱਚ ਪੇਸ਼ ਕਰਨਗੇ। ਯੁੱਧ ਨੂੰ ਟਾਲਣਾ ਉਨ੍ਹਾਂ ਦਾ ਅਤੇ ਅਮਰੀਕੀ ਜਨਤਾ ਦੀ ਵੀ ਜ਼ਿੰਮੇਵਾਰੀ ਬਣਦੀ ਹੈ। 

 ਫੀਦਲ ਕਾਸਤਰੋ 


 'ਡਾਏ ਨਿਊਕ' ਸਾਈਟ ਤੋਂ ਪੰਜਾਬੀ ਤਰਜ਼ਮਾ

Thursday, November 1, 2012

ਸਿਆਸੀ ਸਮਾਂ

ਵਿਸਲਾਵਾ ਜ਼ਿਮਬੋਰਸਕਾ 
ਵਿਸਲਾਵਾ ਜ਼ਿਮਬੋਰਸਕਾ ਪੋਲੈਂਡ ਦੀ ਕਵਿੱਤਰੀ,ਲੇਖਿਕਾ ਤੇ ਅਨੁਵਾਦਕ ਸੀ, ਜਿਸ ਨੂੰ 1996 'ਚ ਮਨੁੱਖਤਾ ਨੂੰ ਜੀਵ ਵਿਗਿਆਨ ਤੇ ਇਤਿਹਾਸਕਤਾ ਨਾਲ ਸੁਮੇਲਣ ਦੇ ਸੰਦਰਭ 'ਚ ਕਵਿਤਾ ਲਈ 'ਨੋਬਲ ਸਨਮਾਨ' ਮਿਲਿਆ । 1923 'ਚ ਜਨਮੀ ਵਿਸਲਾਵਾ 2012 'ਚ ਸੰਸਾਰ ਤੋਂ ਰੁਖ਼ਸਤ ਹੋਈ। ਉਨ੍ਹਾਂ ਦੀ ਸਿਆਸਤ ਦੀ ਨਬਜ਼ ਫੜ੍ਹਦੀ ਕਵਿਤਾ ਦਾ ਪੰਜਾਬੀ ਤਰਜ਼ਮਾ ਪੇਸ਼ ਹੈ-ਗੁਲਾਮ ਕਲਮ

ਸਿਆਸੀ ਸਮਾਂ 

ਅਸੀਂ ਜਿਸ ਦੌਰ 'ਚ ਪੈਦਾ ਹੋਏ ਹਾਂ ਇਹ ਇਕ ਸਿਆਸੀ ਸਮਾਂ ਹੈ

ਮੇਰੇ ਤੇਰੇ ਤੇ ਉਨ੍ਹਾਂ ਦੇ ਪੁਰਾਣੇ ਦਿਨ ਤੇ
ਰਾਤ ਭਰ ਦੀਆਂ ਸਾਰੀਆਂ ਘਟਨਾਵਾਂ ਸਿਆਸੀ ਹਨ

ਭਾਵੇਂ ਤੂੰ ਮੰਨੇ ਜਾਂ ਨਾ ਮੰਨੇ
ਪਰ ਤੇਰੀ ਨਸਲ ਦਾ ਇਕ ਸਿਆਸੀ ਇਤਿਹਾਸ ਹੈ
ਤੇਰੀ ਚਮੜੀ ਦੇ ਰੰਗ ਦੀ ਇਕ ਜਾਤ ਹੈ
ਤੇਰੀ ਅੱਖ ਦੇ ਰੰਗ ਦਾ ਇਕ ਸਿਆਸੀ ਝੁਕਾਅ ਹੈ

ਜੇ ਤੁਸੀਂ ਕੁਝ ਕਹੋਗੇ ਤਾਂ ਉਹ ਗੂੰਜੇਗਾ
ਮਾਂ-ਪਿਓ ਨਾਲ ਵਿਸਲਾਵਾ ਦੀ ਕਬਰਗਾਹ
ਤੇ ਤੁਹਾਡਾ ਚੁੱਪ ਰਹਿਣਾ ਵੀ ਇਕ ਸਿਆਸੀ ਬਿਆਨ ਹੈ
ਇਸ ਤਰ੍ਹਾਂ ਦੋਵਾਂ ਹਾਲਤਾਂ 'ਚ ਤੁਸੀਂ ਸਿਆਸਤ ਕਰ ਰਹੇ ਮੰਨੇ ਜਾਓਗੇ

ਇੱਥੇ ਤੱਕ ਕਿ ਜੇ ਤੁਸੀਂ ਜੰਗਲ ਵੱਲ ਜਾਓਗੇ
ਤੇ ਉਹ ਇਕ ਸਿਆਸੀ ਧਰਾਤਲ ਤੇ ਤੇਰਾ ਸਿਆਸੀ ਕਦਮ ਮੰਨਿਆ ਜਾਵੇਗਾ

ਗੈਰ-ਸਿਆਸੀ ਕਵਿਤਾਵਾਂ ਵੀ ਸਿਆਸੀ ਮੰਨੀਆਂ ਜਾਣਗੀਆਂ
ਚੰਦ ਦੀ ਪੂਰੀ ਤਰ੍ਹਾਂ ਚੰਦਰਮੰਡਲ ਦਾ ਨਹੀਂ ਮੰਨਿਆ ਜਾ ਸਕਦਾ 

ਸਾਡੀ ਹੋਂਦ ਰਹੇਗੀ ਜਾਂ ਨਹੀਂ
ਇਹ ਸਵਾਲ ਕੁਝ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ
ਇਸ ਲਈ ਏਸ ਤਰ੍ਹਾਂ ਦੇ ਸਵਾਲ ਉਠਾਉਣਾ ਵੀ ਸਿਆਸਤ ਹੈ

ਸਿਆਸੀ ਮਸਲਾ ਬਣਨ ਦੇ ਲਈ ਮਨੁੱਖ ਹੋਣਾ ਜ਼ਰੂਰੀ ਨਹੀਂ ਹੈ
ਚੀਜ਼ਾਂ ਵੀ ਸਿਆਸੀ ਹੋ ਸਕਦੀਆਂ ਹਨ
ਖਣਿਜ,ਤੇਲ ਜਾਂ ਭੋਜਨ ਵੀ ਸਿਆਸੀ ਮੁੱਦਾ ਬਣ ਸਕਦਾ ਹੈ

ਇਕ ਮੇਜ਼ ਦਾ ਅਕਾਰ ਵੀ ਮੱਹਤਵਪੂਰਨ ਹੋ ਸਕਦਾ ਹੈ
ਗੱਲਬਾਤ ਕਰਨ ਵਾਲੀ ਮੇਜ਼ ਗੋਲ ਹੋਵੇ ਜਾਂ ਚੌਰਸ
ਇਹ ਮੁੱਦਾ ਉਨ੍ਹਾਂ ਲਈ ਸਾਡੀ ਜ਼ਿੰਦਗੀ
ਤੇ ਮੌਤ ਦੇ ਬਾਰੇ ਗੱਲਬਾਤ ਕਰਨ ਤੋਂ ਮਹੱਤਵਪੂਰਨ ਹੋ ਸਕਦਾ ਹੈ

ਇਸ ਦੌਰਾਨ ਲੋਕ ਤਬਾਹ ਹੁੰਦੇ ਰਹੇ
ਜਾਨਵਰ ਮਰ ਗਏ,ਮਕਾਨ ਤਬਾਹ ਹੋ ਗਏ ਤੇ ਖੇਤ ਵਿਰਾਨ ਹੋ ਗਏ

ਜਿਵੇਂ ਲੰਮੇ ਸਮੇਂ ਤੋਂ ਹੋ ਰਿਹਾ ਹੈ
ਪਰ ਇਹ ਮੁੱਦੇ ਸਿਆਸਤ ਦਾ ਹਿੱਸਾ ਨਹੀਂ ਬਣ ਸਕੇ।

ਵਿਸਲਾਵਾ ਜ਼ਿਮਬੋਰਸਕਾ

Friday, June 15, 2012

ਰਾਏਸਿਨਾ ਹਿੱਲਜ਼ ਦੇ ਜੋੜ-ਤੋੜ 'ਚ ਘਿਰੀ ਕਾਂਗਰਸ

ਜਿਨ੍ਹਾਂ ਦਿਨ੍ਹਾਂ 'ਚ ਮੈਂ ਦਿੱਲੀ ਇੱਕ ਨਿਉਜ਼ ਚੈਨਲ 'ਚ ਕੰਮ ਕਰਦਾ ਸੀ, ਉਸ ਵੇਲੇ ਛੁੱਟੀ ਵਾਲੇ ਦਿਨ ਅਸੀਂ ਅਕਸਰ ਘੁੰਮਣ ਲਈ ਰਾਏਸਿਨ੍ਹਾ ਹਿੱਲਜ਼ ਜਾਇਆ ਕਰਦੇ ਸੀ।ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਦੀ ਸੜਕ 'ਤੇ ਘੁੰਮਦੇ ਹੋਏ ਮੈਂ ਅਤੇ ਮੇਰੇ ਮਿੱਤਰ, ਹਿੰਦੁਸਤਾਨ ਦੀ ਰਾਜਨਿਤੀ 'ਤੇ ਆਮ ਚਰਚਾ ਕਰਿਆ ਕਰਦੇ ਸੀ।ਪਰ ਉਸ ਇਮਾਰਤ ਦੇ ਬਾਹਰ ਘੁੰਮਦੇ ਹੋਏ ਕੀਤੀ ਚਰਚਾ ਨਾਲੋਂ ਵੱਖਰੀ ਹੈ, ਆਉਣ ਵਾਲੇ ਸਮੇਂ 'ਚ ਰਾਏਸਿਨ੍ਹਾ ਹਿੱਲਜ਼ ਦੇ ਅੰਦਰ ਜਾਣ ਵਾਲੇ ਸ਼ਖਸ ਦੀ ਚਰਚਾ ਨਾਲੋਂ।ਮੁਲਕ ਦੇ 13ਵੇਂ ਰਾਸ਼ਟਰਪਤੀ ਲਈ ਉਮੀਦਵਾਰ ਚੁਣਨ ਲੱਗੇ, ਸਾਰੇ ਹੀ ਸਿਆਸੀ ਦਲਾਂ ਨਾਲ ਜੱਗੋਂ ਤੇਹਰਵੀਂ ਜਿਹੀ ਸਥਿਤੀ ਬਣੀ ਹੋਈ ਹੈ।ਖਾਸ ਕਰ ਕਾਂਗਰਸ ਨਾਲ।ਜੋੜ ਤੋੜ ਦੇ ਦੌਰ 'ਚ ਕਾਂਗਰਸ ਕਿਸੇ ਵੀ ਨਾਂਅ 'ਤੇ ਹਾਲੇ ਕਿਸੇ ਇੱਕ ਫੈਸਲੇ 'ਤੇ ਨਹੀਂ ਪੁੱਜ ਪਾ ਰਹੀ।ਜਾਂ ਇੰਝ ਮੰਨ ਲਿਆ ਜਾਵੇ ਕਿ ਇੱਕ ਜਨਾਨੀ (ਮਮਤਾ ਬੈਨਰਜੀ) ਨੇ ਦੂਜੀ ਜਨਾਨੀ (ਸੋਨੀਆ ਗਾਂਧੀ) ਦੀ ਬੱਸ ਕਰਵਾ ਰੱਖੀ ਹੈ।ਯੂ.ਪੀ.ਏ. ਕਿਸੇ ਇੱਕ ਨਤੀਜੇ 'ਤੇ ਪੁੱਜੇ, ਇਸ ਤੋਂ ਪਹਿਲਾ ਹੀ ਸਹਿਯੋਗੀ ਦਲਾਂ ਦੀ ਬਗਾਵਤ ਸਾਹਮਣੇ ਆ ਜਾਂਦੀ ਹੈ।ਸਭ ਤੋਂ ਪਹਿਲਾਂ ਮਮਤਾ ਵੱਲੋਂ ਮੁਲਾਇਮ ਸਿੰਘ ਨਾਲ ਮਿਲਕੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਨਾਂਅ ਸੁਝਾਇਆ ਗਿਆ।ਮੰਨਿਆ ਇਹ ਜਾ ਰਿਹਾ ਹੈ ਕਿ ਮਮਤਾ-ਮੁਲਾਇਮ ਦੀ ਇਹ ਦੂਰਅੰਦੇਸ਼ੀ ਚਾਲ ਸੀ।ਮਨਮੋਹਨ ਸਿੰਘ ਨੂੰ ਰਾਸ਼ਟਰਪਤੀ ਭਵਨ ਭੇਜਕੇ ਉਹ ਦੋਵੇਂ ਪ੍ਰਧਾਨਮੰਤਰੀ ਦੀ ਕੁਰਸੀ ਖਾਲੀ ਕਰਵਾਉਣਾ ਚਾਹੁੰਦੇ ਸੀ।ਤਾਂ ਜੋ ਸਿਆਸੀ ਬਿਸਾਤ 'ਤੇ ਅਗਲੀ ਚਾਲ ਖੇਡੀ ਜਾ ਸਕੇ।


ਪ੍ਰਣਬ ਮੁਖਰਜੀ ਮਮਤਾ ਦੀ ਪੰਸਦ ਨਹੀਂ ਸੀ।ਪਰ ਵੀਰਵਾਰ ਨੂੰ ਹੀ ਪ੍ਰੈਸ ਕਾਨਫਰੰਸ ਦੌਰਾਨ ਮਮਤਾ ਨੇ ਇੱਕ ਹੋਰ ਦਾਅ ਵੀ ਖੇਡ ਦਿੱਤਾ।ਪ੍ਰਣਬ ਦੀ ਦਾਵੇਦਾਰੀ ਰੱਦ ਕਰਨ ਨਾਲ ਬੰਗਾਲੀ  ਤੋਂ ਨਾਰਾਜ਼ ਨਾ ਹੋ ਜਾਣ, ਇਸ ਲਈ ਉਸ ਦਾ ਵਿਕਲਪ ਮਮਤਾ ਨੇ ਸੋਮਨਾਥ ਚੈਟਰਜੀ ਦੇ ਦਿੱਤਾ।ਅਸਲ 'ਚ ਮਮਤਾ ਬੈਨਰਜੀ ਹੰਢੀ ਹੋਈ ਸਿਆਸਤਦਾਨ ਵਾਗੂੰ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣਾ ਜਾਣਦੀ ਹੈ।ਰਾਸ਼ਟਰਪਤੀ ਉਮੀਦਵਾਰ ਲਈ ਦਬਾਓ ਬਣਾਕੇ ਮਮਤਾ 'ਦੀਦੀ' ਇੱਕ ਤਾਂ ਕੇਂਦਰ ਸਰਕਾਰ ਤੋਂ ਪੱਛਮੀ ਬੰਗਾਲ ਦੇ ਹਿੱਸੇ ਦਾ ਕਰਜ਼ਾ ਮੁਆਫ ਕਰਵਾਉਣਾ ਚਾਹੁੰਦੀ ਹੈ, ਜਿਸ ਨਾਲ ਉਸ ਦੀ ਸੂਬੇ 'ਚ ਪੈਠ ਬਣ ਜਾਵੇਗੀ।

ਦੂਸਰਾ ਨਿਸ਼ਾਨਾ 2014 ਦੀ ਲੋਕ ਸਭਾ ਚੋਣਾਂ।ਕਾਂਗਰਸ 'ਤੇ ਦਬਾਓ ਦੀ ਰਾਜਨੀਤੀ ਨਾਲ ਮਮਤਾ ਆਪਣਾ ਕੱਦ ਯੂ.ਪੀ.ਏ. ਦੇ ਅੰਦਰ ਹੋਰ ਵੱਡਾ ਕਰ ਲਵੇਗੀ।ਵੱਡਾ ਹੋਣ ਦੀ ਇਹੀ ਹੋੜ ਮੁਲਾਇਮ ਸਿੰਘ 'ਤੇ ਵੀ ਭਾਰੀ ਹੈ।ਸੂਬਾਈ ਰਾਜਨੀਤੀ ਬੇਟੇ ਦੇ ਹਵਾਲੇ ਕਰ ਵਿਹਲੇ ਹੋਏ ਮੁਲਾਇਮ ਕੋਲ ਹੁਣ ਕੇਂਦਰ 'ਚ ਭੰਨ-ਤੋੜ ਕਰਨ ਲਈ ਬੁਹਤ ਸਮਾਂ ਹੈ।

ਉਂਝ ਕਾਂਗਰਸ ਲਈ ਜੋ ਮੁਸੀਬਤਾਂ ਮਮਤਾ ਅਤੇ ਮੁਲਾਇਮ ਖੜੇ ਕਰ ਰਹੇ ਹਨ, ਐਨ.ਡੀ.ਏ. ਅਤੇ ਮਾਇਆਵਤੀ ਫਿਲਹਾਲ ਉਸ ਦਾ ਲੁਤਫ ਉਠਾ ਰਹੇ ਹਨ।ਕਿਉਂਕਿ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਨੇ ਵੀ ਉਮੀਦਵਾਰ ਦੇ ਨਾਂਅ 'ਤੇ ਆਪਣੇ ਪੱਤੇ ਨਹੀਂ ਖੋਲੇ ਹਨ।ਹਾਲਾਂਕਿ ਡਾ.ਏ.ਪੀ.ਜੇ.ਅਬਦੁਲ ਕਲਾਮ ਦੇ ਨਾਂਅ 'ਤੇ ਭਾਜਪਾ ਸਹਿਮਤ ਹੈ, ਪਰ ਜਨਤਾ ਦਲ (ਯੂਨਾਇਟਿਡ) ਵਲੋਂ ਕੋਈ ਹੁੰਗਾਰਾ ਨਹੀਂ ਮਿਲ ਸਕਿਆ।'ਕੋਣ ਬਣੇਗਾ ਰਾਸ਼ਟਰਪਤੀ' ਦੀ ਇਸ ਖੇਡ 'ਚ ਮਾਇਆਵਤੀ ਦਾ ਰੁੱਖ ਵੀ ਕਾਫੀ ਕੁਝ ਸਪਸ਼ਟ ਕਰੇਗਾ।ਵੈਸੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਲੋਕ ਸਭਾ ਸਪੀਕਰ ਪੀ.ਏ ਸੰਗਮਾ ਅਤੇ ਮੌਜੂਦਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਦੇ ਨਾਂਅ ਵੀ ਯੂ.ਪੀ.ਏ. ਦੀ ਪ੍ਰਸਤਾਵਿਤ ਸੂਚੀ 'ਚ ਸ਼ੁਮਾਰ ਹਨ।

 ਭਾਰਤ ਦਾ ਰਾਸ਼ਟਰਪਤੀ ਚੁਣਨ ਲਈ ਸੂਬਿਆਂ ਦੀ ਵਿਧਾਨ ਸਭਾ ਦੇ ਵਿਧਾਇਕ, ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾ ਦਾ ਗੁਣਾਂਕ ਮਤਾਂ ਦੀ ਗਿਣਤੀ ਤੈਅ ਕਰਦਾ ਹੈ।ਸਿਰਫ ਕਾਂਗਰਸ ਦੇ ਆਪਣੇ 3,30,485 ਮਤ ਹਨ, ਜਦਕਿ ਆਪਣੀ ਪੰਸਦ ਦਾ ਰਾਸ਼ਟਰਪਤੀ ਬਣਾਉਨ ਲਈ ਕਾਂਗਰਸ ਨੂੰ 5,49,442 ਮਤਾਂ ਦਾ ਜਾਦੂਈ ਆਂਕੜਾ ਹਾਸਲ ਕਰਨਾ ਪਵੇਗਾ, ਇਸ ਦੇ ਉਲਟ ਭਾਜਪਾ ਦੇ ਸਹਿਯੋਗੀ ਰਲਾਕੇ ਯਾਨੀ ਐਨ.ਡੀ.ਏ. ਕੋਲ 3,04,785 ਮਤ ਹਨ।ਯਾਨੀ ਇੱਕਲੀ ਕਾਂਗਰਸ ਪਾਰਟੀ ਨਾਲੋਂ ਵੀ ਘੱਟ।ਅਜਿਹੇ 'ਚ ਗੇਂਦ ਖੱਬੇ ਪੱਖੀਆ ਅਤੇ ਹੋਰਨਾਂ ਸੂਬਾਈ ਪਾਰਟੀਆਂ ਦੇ ਪਾਲੇ 'ਚ ਹੈ।ਜੇਕਰ ਕਾਂਗਰਸ ਅੰਗਰੇਜ਼ੀ ਦੇ ਤਿੰਨ 'ਐਮ' ਯਾਨੀ ਮਮਤਾ, ਮੁਲਾਇਮ ਅਤੇ ਮਾਇਆਵਤੀ ਦਾ ਵਿਸ਼ਵਾਸ ਵੀ ਹਾਸਲ ਕਰ ਲਵੇ, ਤਾਂ ਵੀ ਰਾਸ਼ਟਰਪਤੀ ਲਈ ਲੋੜੀਂਦੇ ਵੋਟ ਨਹੀਂ ਜੁਟਾ ਪਾਵੇਗੀ।

 ਮਤਲਬ ਸਾਫ ਹੈ, ਕਿ ਰਾਏਸਿਨ੍ਹਾ ਹਿਲਜ਼ ਦੀ ਉਚਾਈ ਨੂੰ ਸਰ ਕਰਨ ਲਈ ਕਾਂਗਰਸ ਨੂੰ ਖੱਬੇਪੱਖੀਆਂ 'ਤੇ ਵੀ ਨਿਰਭਰ ਹੋਣਾ ਪਵੇਗਾ।ਪਰ ਕਿ ਇਹ ਸਾਰੇ ਕਾਂਗਰਸ ਨਾਲ ਇੱਕ ਸੁਰ ਹੋ ਪਾਉਣਗੇ।ਕਹਿਣਾ ਮੁਸ਼ਕਿਲ ਹੈ।ਪਰ ਮੈਨੂੰ ਯਾਦ ਹੈ ਮਈ 2004 ਦਾ ਉਹ ਦਿਨ, ਜਦੋਂ ਲੋਕ ਸਭਾ 'ਚ ਬਹੁਮਤ ਹਾਸਲ ਕਰਨ ਵਾਲੀ ਯੂ.ਪੀ.ਏ. ਕੋਲ ਮੌਕਾ ਸੀ ਪ੍ਰਧਾਨ ਮੰਤਰੀ ਚੁਣਨ ਦਾ, ਅਤੇ ਦਾਵੇਦਾਰਾਂ ਦੀ ਲਿਸਟ ਲੰਬੀ ਸੀ, ਪਰ ਸੋਨੀਆ ਗਾਂਧੀ ਦੀ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਹੋ ਰਹੀ ਮੁਖਾਲਫਤ ਦੇ ਬਾਵਜੂਦ ਉਸਨੇ ਸਮਝਦਾਰੀ ਵਿਖਾਉਂਦੇ ਮਨਮੋਹਨ ਸਿੰਘ ਦੇ ਨਾਂਅ 'ਤੇ ਆਪਣਾ ਉਟਰੰਪ ਕਾਰਡ” ਖੇਡਿਆ ਸੀ।

 ਲੇਖਕ ਗੌਤਮ ਕਪਿਲ ਖੰਨਾ 'ਚ ਜ਼ੀ ਨਿਊਜ਼/ਜ਼ੀ ਪੰਜਾਬੀ ਦਾ ਪੱਤਰਕਾਰ ਹੈ।ਲੰਮੇ ਸਮੇਂ ਤੋਂ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ 'ਚ ਕੰਮ ਕਰ ਰਿਹਾ ਹੈ।
Mob-96460 30599

Thursday, December 15, 2011

ਹਫ਼ਤਾਵਾਰੀ ਸਿਆਸੀ ਤਾਪਮਾਨ:ਸ਼ੁਰੂ ਹੈ ਮੌਸਮ ਦਲ-ਬਦਲੀ ਦਾ

ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਦਲਬਦਲੀਆਂ ਦਾ ਸਿਲਸਿਲਾ ਉਲਟੇ ਸਿਰੇ ਤੋਂ ਵੀ ਸ਼ੁਰੂ ਹੋ ਗਿਐਨਵੰਬਰ ਅਤੇ ਦਸ ੰਬਰ ਮਹੀਨੇ ਵਿਚ ਕਾਂਗਰਸੀ ਅਤੇ ਮਨਪ੍ਰੀਤ ਬਾਦਲ ਦੇ ਸਾਥੀਆਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਸੁਰਖ਼ੀਆਂ ਸਨ।ਬਲਵੰਤ ਸਿੰਘ ਰਾਮੂਵਾਲੀਆ ਦੀ ਦਲਬਦਲੀ ਅਤੇ ਲੋਕ ਭਲਾਈ ਪਾਰਟੀ ਦਾ ਭੋਗ ਪਾਉਣਾ ਵੱਡੀ ਸਿਆਸੀ ਘਟਨਾ ਸੀ।ਅਕਾਲੀ ਦਲ ਦਾ ਇਹ ਵੱਡਾ ਕੈਚ ਸੀ।ਅਕਾਲੀ -ਭਾਜਪਾ ਗਠਜੋੜ ਦੀ ਚੋਣ ਮੁਹਿੰਮ ਲਈ ਉਹ ਇਕ ਗਹਿਣਾ ਸਾਬਤ ਹੋ ਰਿਹੈ।ਉਸਨੂੰ ਅਕਾਲੀ ਮੁਹਾਵਰਾ ਵੀ ਆਉਂਦੈ ਅਤੇ ਸਟੇਜੀ ਕਲਾਕਾਰੀ ਦਾ ਵੀ ਉਹ ਮਾਹਰ ਐ।ਜਿਹੜੀਆਂ ਸਟੇਜਾਂ ਤੋਂ ਉਹ ਅਕਾਲੀ ਨੇਤਾਵਾਂ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਪੋਤੜੇ ਫਰੋਲਣ ਤਕ ਜਾਂਦਾ ਸੀ, ਹੁਣ ਉਥੇ ਖੜ੍ਹੇ ਕੇ ਕੇ ਉਹ ਇਕ ਆਲ੍ਹਾ ਦਰਜੇ ਦੇ ਦਰਬਾਰੀ ਦਾ ਰੋਲ ਨਿਭਾ ਰਿਹੈ।ਭਾਵੇਂ ਕਿਸੇ ਦੀ ਨਿੰਦਾ ਕਰਨੀ ਹੈ ਤੇ ਭਾਵੇਂ ਕਿਸੇ ਦੀ ਚਾਪਲੂਸੀ,ਰਾਮੂਵਾਲੀਏ ਦੀ ਸ਼ਬਦ ਚੋਣ ਅਤੇ ਵਾਕ -ਗੋਂਦ ਕਮਾਲ ਦੀ ਹੁੰਦੀ ਐ।ਹਰ ਚੋਣ ਜਲਸੇ ਵਿਚ ਉਹ ਬਾਦਲ ਜਾਂ ਸੁਖਬੀਰ ਦੇ ਨਾਲ ਜੁੜ ਕੇ ਬੈਠਾ ਹੁੰਦੈ।ਕੁਝ ਇੱਕ ਸੀਨੀਅਰ ਰਵਾਇਤੀ ਆਗੂ ਅੰਦਰੋਂ ਅੰਦਰੀ ਇਸ ਗੱਲ 'ਤੇ ਅੱਚਵੀ ਜਿਹੀ ਵੀ ਮਹਿਸੂਸ ਕਰਨ ਲੱਗੇ ਨੇ।

ਰਾਮੂਵਾਲੀਏ ਦੀ ਇਹ ਸਿਫ਼ਤ ਹੈ ਕਿ ਉਹ ਆਪਣੀ ਮੌਕਪਰਸਤੀ ਨੂੰ ਲੁਕੋਂਦਾ ਵੀ ਨਹੀਂ ।ਪਿਛਲੇ ਹਫ਼ਤੇ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲੋਂ ਕਰਵਾਏ ਚੋਂ ਜਲਸੇ ਵਿਚ ਰਾਮੂਵਾਲੀਆ ਨੇ ਸਪਸ਼ ਕਿਹਾ ।''ਮੈਂ ਬਹੁਤ ਸੋਚ ਸਮਝ ਕੇ ਅਕਾਲੀ ਦਲ ਵਿਚ ਸ਼ਾਮਲ ਹੋਇਆ ਹਾਂ। ਮੈਂ ਤਾਂ ਗਿਣਤੀ- ਮਿਣਤੀ ਅਤੇ ਹਿਸਾਬ ਕਿਤਾਬ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ।ਮੈਂ ਖੱਬਾ ਪੈਰ ਚੁੱਕ ਕੇ ਉਨ੍ਹਾਂ ਚਿਰ ਸੱਜਾ ਪੈਰ ਅੱਗੇ ਨਹੀਂ ਰੱਖਦਾ ਜਿਨ੍ਹਾਂ ਚਿਰ ਮੈਨੂੰ ਕੋਈ ਫ਼ਾਇਦਾ ਨਾ ਦਿੱਸਦਾ ਹੋਵੇ।ਯਕੀਨ ਮੰਨੋ, ਅਕਾਲੀ ਸੱਚੀਂ -ਮੁੱਚੀਂ ਸਰਕਾਰ'ਚ ਵਾਪਸ ਆ ਰਹੇ ਨੇ ।ਮੈਂ ਇਸੇ ਕਰਕੇ ਏਧਰ ਸ਼ਾਮਲ ਹੋਇਆਂ ਹਾਂ।''

ਸਚਮੁੱਚ ਹੀ ਰਾਮੂਵਾਲੀਆ ਸਾਹਿਬ ਨੂੰ ਬਹੁਪੱਖੀ ਲਾਭ ਹੋਇਆ ਹੈ।ਰਾਜਭਾਗ ਵਿੱਚ ਪੂਰੀ ਸੱਦਪੁੱਛ ਹੋਵੇਗੀ।ਟਿਕਟਾਂ, ਅਹੁਦੇ ਤੇ ਝੰਡੀ ਲੱਗਣ ਦੀ ਮੁੜ ਆਸ ਬੱਝ ਗਈ ਹੈ॥ਜਿਨ੍ਹਾਂ ਕਾਮਰੇਡਾਂ ਦੇ ਸਿਰ ਤੇ ਰਾਮੂਵਾਲੀਆ ਹੋਰੀਂ, ਰਾਜ ਸੱਤਾ ਦੀਆਂ ਪੌੜੀਆਂ ਚੜ੍ਹੇ ਅਤੇ ਰਾਜ ਭਾਗ ਦਾ ਆਨੰਦ ਮਾਣਿਆ , ਉਹ ਦੇਖਦੇ ਹੀ ਰਹਿ ਗਏ ਨੇ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਰੂਹ ਪਤਾ ਕਿਵੇਂ ਮਹਿਸੂਸ ਕਰਦੀ ਹੋਊ ,ਇਹ ਨਹੀਂ ਪਤਾ ਪਰ ਉਹ ਖ਼ੁਦ ਵੀ ਜੋੜ- ਤੋੜ ਦੀ ਰਾਜਨੀਤੀ ਹੀ ਕਰਦੇ ਰਹੇ ਸਨ।

ਰਾਮੂਵਾਲੀਆ ਲਈ ਇੱਕ ਲਾਹਾ, ਉਨ੍ਹਾ ਦੇ ਪਰਿਵਾਰ ਵਿਚ ਜੱਦੀ ਜਾਇਦਾਦ ਦੀ ਵੰਡ ਸਬੰਧੀ ਚਲਦੀ ਭਰਾ-ਢਾਹੂ ਲੜਾਈ ਪੱਖੋਂ ਵੀ ਹੋਇਆ ਹੈ।ਇਕਬਾਲ ਰਾਮੂਵਾਲੀਆ ਦੀ ਆਵਾਜ਼ ਦਾ ਅਸਰ ਹੁਣ ਬਲਵੰਤ ਰਾਮੂਵਾਲੀਆ ਦੁਆਲੇ ਚੜ੍ਹੇ ਸਰਕਾਰੀ ਕਵਚ 'ਤੇ ਹੋਣਾ ਮੁਸ਼ਕਲ ਲਗਦੈ।
ਮੌਕਾਪ੍ਰਸਤੀ ਦੀ ਕਮਾਲ

ਲੰਘੇ ਹਫ਼ਤੇ ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ ਇਲਾਕੇ ਦੇ ਧਨਾਢ ਟਰਾਂਸਪੋਰਟਰ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ ਚੰਦੂਰਾਈਆਂ ਅਕਾਲੀ ਦਲ ਛੱਡ ਕੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਵਿਚ ਸ਼ਾਮਲ ਹੋ ਗਏ ਨੇ।ਮੌਕਾਪ੍ਰਸਤੀ ਦੀ ਕਮਾਲ ਦੀ ਮਿਸਾਲ। ਉਹ ਟਿਕਟ ਦੇ ਦਾਅਵੇਦਾਰ ਸਨ। ਟਿਕਟ ਦੀ ਥਾਂ ਉਸਨੂੰ ਇੱਕ ਇੱਕ ਸਰਕਾਰੀ ਅਤੇ ਸੰਵਿਧਾਨਕ ਅਹੁਦਾ ਦੇਣ ਦੀ ਪੇਸ਼ਕਸ਼ ਹੋਈ ।ਡੇਢ ਕੁ ਹਫ਼ਤਾ ਪਹਿਲਾਂ ਹੀ ਉਸ ਦਾ ਨਾਂ ਬਾਦਲ ਸਰਕਾਰ ਵੱਲੋਂ ਸੂਚਨਾ ਕਮਿਸ਼ਨਰ ਲਾਉਣ ਲਈ ਰਾਜਪਾਲ ਪੰਜਾਬ ਨੂੰ ਭੇਜਿਆ ਸੀ।ਹਾਈ ਕੋਰਟ ਨੇ ਇਸ'ਤੇ ਰੋਕ ਲਾ ਦਿੱਤੀ। ਨਤੀਜਾ ਸਾਹਮਣੇ ਹੈ। ਚੰਦੂਅਰਾਈਆਂ ਪਹਿਲਾਂ ਵੀ ਮਲੇਰਕੋਟਲੇ ਤੋਂ ਦੋ ਵਾਰ ਆਜ਼ਾਦ ਚੋਣ ਲੜ ਕੇ ਅਕਾਲੀ ਉਮੀਦਵਾਰਾਂ ਦੀ ਹਾਰ ਦਾ ਕਾਰਨ ਬਣ ਚੁੱਕੇ ਹਨ। ਹੁਣ ਉਹ ਮਨਪ੍ਰੀਤ ਵਾਲੇ ਸਾਂਝੇ ਮੋਰਚੇ ਦੇ ਉਮੀਦਵਾਰ ਹੋਣਗੇ।ਅਕਾਲੀ ਦਲ ਅਤੇ ਕਾਂਗਰਸ ਦੋਹਾਂ ਲਈ ਮਲੇਰਕੋਟਲਾ ਅਤੇ ਅਮਰਗੜ੍ਹ ਦੋਹਾਂ ਹਲਕਿਆਂ ਵਿਚ ਮੁਸ਼ਕਲਾਂ ਖੜ੍ਹੀਆਂ ਕਰਨਗੇ।ਇਸੇ ਤਰ੍ਹਾਂ ਯੂਥ ਅਕਾਲੀ ਵਿੰਗ ਦੇ ਪ੍ਰਧਾਨ ਬਿਕਰਮ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ ਸਰਚਾਂਦ ਸਿੰਘ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਨੇ।ਕੱਲ੍ਹ ਤੱਕ ਉਹ ਮਜੀਠੀਆ ਦੇ ਖ਼ਾਸਮ ਖ਼ਾਸ ਸਨ। ਹੇਠਲੇ ਪੱਧਰ ਤੇ ਵੀ ਦਲ-ਬਦਲੀ ਦਾ ਕਾਰੋਬਾਰ ਵੀ ਸ਼ੁਰੂ ਹੈ। ਅਜੇ ਟਿਕਟਾਂ ਦੀ ਵੰਡ ਹੋਣੀ ਹੈ।ਜਿਨ੍ਹਾਂ ਨੂੰ ਟਿਕਟਾਂ ਨਾ ਮਿਲੀਆਂ, ਉਨ੍ਹਾ ਵਿੱਚੋਂ ਬਹੁਤ ਸਾਰੇ ਦਲ-ਬਦਲੀ ਦੇ ਨਵੇਂ ਦਰ ਖੋਲ੍ਹਣਗੇ।ਕੋਈ ਵਿਚਾਰਧਾਰਾ , ਕੋਈ ਮਿਸ਼ਨ, ਕੋਈ ਨੀਤੀ, ਕੋਈ ਸਿਧਾਂਤ ਜਾਂ ਕੋਈ ਅਸੂਲ ਤੇ ਨਾ ਹੀ ਕੋਈ ਨੈਤਿਕਤਾ,ਇਸ ਦਲਬਦਲੀ ਵਿੱਚ ਅੜਿੱਕਾ ਬਣੇਗੀ।ਤੇ ਦਲਬਦਲੀ ਵਿਰੋਧੀ ਕਾਨੂੰਨ ਤਾਂ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ।

ਇਸ ਵਾਰ ਇੱਕ ਨਵਾਂ ਵਰਤਾਰਾ ਮਨਪ੍ਰੀਤ ਬਾਦਲ ਦੀ ਅਗਵਾਈ ਹੇਠਲਾ ਸਾਂਝਾ ਮੋਰਚਾ ਹੈ।ਬਾਦਲ ਪਰਿਵਾਰ ਦਾ ਇੱਕ ਹਿੱਸਾ ਪਹਿਲੀ ਇੱਕ ਤੀਜੇ ਸਿਆਸੀ ਮੰਚ ਦਾ ਮੋਹਰੀ ਹੈ।ਇਸ ਲਈ ਇਹ ਸਵਾਲ ਅਜੇ ਖੜ੍ਹਾ ਹੈ ਦਲਬਦਲੀਆਂ ਦਾ ਕਿੰਨਾ ਗੱਫਾ ਪੀਪਲਜ਼ ਪਾਰਟੀ ਦੇ ਹਿੱਸੇ ਆਏਗਾ। ਮਾਲਵੇ ਦੇ ਕੁਝ ਜ਼ਿਲ੍ਹਿਆਂ ਵਿਚ ਇਹ ਵਰਤਾਰਾ ਦੇਖਣ ਨੂੰ ਮਿਲ ਰਹੈ ਕਿ ਪਿੰਡਾਂ ਵਿਚ ਮਨਪ੍ਰੀਤ ਦੇ ਨਾਂ ਤੇ ਇੱਕ ਤੀਜਾ ਧੜਾ ਖੜ੍ਹਾ ਹੋ ਗਿਐ ਜੋ ਕਿ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰ ਸਕਦਾ ਹੈ।ਪਰ ਇਹ ਪੱਕਾ ਪਤਾ ਹੈ ਇਸ ਵਾਰ ਦਲਬਦਲੀਆਂ ਹੋਣਗੀਆਂ ਥੋਕ ਵਿਚ।

ਤੇ ਗੱਲ ਕਰੀਏ ਲੋਕਾਂ ਦੀ , ਵੋਟਰਾਂ ਦੀ, ਉਹ ਇਸ ਵਰਤਾਰੇ ਦੇ ਆਦੀ ਹੋ ਰਹੇ ਨੇ।ਬਜ਼ਾਰਮੁਖੀ ਤੇ ਖਪਤਕਾਰ ਰੁਚੀਆਂ ਸਰਵਿਆਪੀ ਹੋ ਰਹੀਆਂ ਨੇ

ਬਲਜੀਤ ਬੱਲੀ

Saturday, November 5, 2011

'ਆਬਾਦੀ ਬੰਬ' ਬਾਰੇ ਬਣਾਈਆਂ ਮਿੱਥਾਂ ਦੇ ਤੂੰਬੇ ਉਡਾਉਣ ਦੀ ਬੇਲਾ

ਮਰਦਸ਼ਮੁਮਾਰੀ ਦੇ ਨਵੇਂ ਅੰਕੜਿਆਂ ਨੇ ਜਿੱਥੇ ਭਾਰਤੀ ਜਨਸੰਖਿਆ ਨੀਤੀ ਦੀ ਨਾਕਾਮਯਾਬੀ ਸਾਬਿਤ ਕਰ ਦਿੱਤੀ ਹੈ, ਉਥੇ ਇਸ ਦੀ ਭਵਿੱਖ ਦੀ ਦਸ਼ਾ ਤੇ ਦਿਸ਼ਾ ਬਾਬਤ ਨਵੇਂ ਸਵਾਲ ਖੜ੍ਹੇ ਕੀਤੇ ਹਨ। ਗਰਭ ਨਿਰੋਧਕ ਜਾਂ ਭਰ-ਪੇਟ ਅੰਨ ਸੁਰੱਖਿਆ, ਪਰਿਵਾਰ ਨਿਯੋਜਨ ਦੇ ਟੀਚਿਆਂ ਦੀ ਪੂਰਤੀ, ਤੇ ਜਾਂ ਪਰਿਵਾਰ ਦੇ ਵੱਧ ਤੋਂ ਵੱਧ ਹੱਥਾਂ ਨੂੰ ਕੰਮ ਸੁਰੱਖਿਆ। ਜੇ ਇਸ ਨੂੰ ਫਲਸਫੇ ਦੇ ਰੂਪ ਵਿੱਚ ਕਿਹਾ ਜਾਵੇ ਤਾਂ ਭਵਿੱਖ ਦਾ ਭਾਰਤ 'ਗਰਭ ਨਿਰੋਧਕ ਸਭ ਤੋਂ ਵੱਡਾ ਵਿਕਾਸ' ਜਾਂ 'ਵਿਕਾਸ ਸਭ ਤੋਂ ਵੱਡਾ ਗਰਭ ਨਿਰੋਧਕ' ਧਾਰਾਵਾਂ ਵਿੱਚੋਂ ਕਿਸੇ ਦੀ ਚੋਣ ਕਰੇ ਕਿ ਇਸ ਦਾ ਜਮਹੂਰੀਅਤ, ਮਨੁੱਖੀ ਜ਼ਿੰਦਗੀ ਦੀ ਕਦਰ ਅਤੇ ਸੰਤੁਲਿਤ ਵਿਕਾਸ ਨਾਲ ਪੀਡਾ ਰਿਸ਼ਤਾ ਪੈਦਾ ਹੋ ਸਕੇ।

ਭਾਰਤ ਦੀ ਸਾਲਾਨਾ ਵਿਕਾਸ ਦਰ ਅੱਠ ਫ਼ੀਸਦੀ ਹੈ। ਓਪਰੀ ਨਜ਼ਰ ਮਾਰਿਆਂ ਕੰਕਰੀਟ ਦੇ ਜੰਗਲਾਂ, ਸ਼ਾਨਦਾਰ ਗੱਡੀਆਂ, ਮੋਬਾਇਲਾਂ ਤੇ ਕੰਪਿਊਟਰਾਂ 'ਤੇ ਆਧਾਰਿਤ ਮਨੁੱਖੀ ਤਰੱਕੀ ਦਾ ਮਿਆਰ ਸਥਾਪਤ ਕਰਦੀ ਸਰਕਾਰ ਸਿਰਜਕ ਨਜ਼ਰ ਆਉਂਦੀ ਹੈ। ਉਨੀ ਸੌ ਸਤਾਲੀ ਦੀ ਸੱਤਾ ਤਬਦੀਲੀ ਤੋਂ ਬਾਅਦ ਅਰਧ-ਜਗੀਰੂ ਖੇਤੀ ਢਾਂਚੇ 'ਤੇ ਨਿਰਭਰ ਦੇਸ਼ ਪ੍ਰਮਾਣੂ ਬੰਬਾਂ, ਚੰਦਰਮਾ, ਮੰਗਲ 'ਤੇ ਕੀਤੀਆਂ ਖੋਜਾਂ ਅਤੇ ਉਚਤਮ ਤਕਨੀਕੀ ਪ੍ਰਬੰਧਕੀ ਅਦਾਰਿਆਂ ਦੇ ਰੂਪ ਵਿੱਚ ਜਾਣਿਆ ਪ੍ਰਚਾਰਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਾਰਤ ਤਾਂ ਗੁਣਾਂ ਦੀ ਗੁਥਲੀ ਹੈ। ਬੱਸ, ਇਸ ਦੀਆਂ ਸੜਕਾਂ ਕੰਢੇ ਪਲਦੀ ਚੀਥਿੜਆਂ ਜਿਹੀ ਆਬਾਦੀ ਇਸ ਨੂੰ ਉਨਤ ਦੇਸ਼ ਨਹੀਂ ਬਣਨ ਦਿੰਦੀ। 'ਵਿਦਵਾਨਾਂ' ਦੀ ਰਾਇ ਹੈ ਕਿ ਭਾਰਤੀ ਗ਼ਰੀਬਾਂ ਨੂੰ ਆਪਣੀ ਗ਼ਰੀਬੀ ਨਾਲ ਮੁਹੱਬਤ ਹੈ। ਨਤੀਜੇ ਦੇ ਤੌਰ 'ਤੇ ਅੱਜ ਭਾਰਤ ਕੋਲ ਆਪਣੀ ਤਿੰਨ ਗੁਣਾਂ ਆਬਾਦੀ ਦਾ ਪੇਟ ਭਰਨ ਲਈ ਅੰਨ ਦਾ ਦਾਣਾ ਵੀ ਨਹੀਂ ਰਿਹਾ। ਇਸ ਧਾਰਨਾ ਦੇ ਖ਼ਿਲਾਫ਼ ਸਰਕਾਰ ਦੇ ਆਪਣੇ ਅੰਕੜੇ ਖੜ੍ਹੇ ਹਨ ਜੋ ਪਿਛਲੇ 60-70 ਸਾਲਾਂ ਦੀਆਂ ਗ਼ੈਰ-ਜ਼ਿੰਮੇਵਾਰ ਨੀਤੀਆਂ ਅਤੇ 'ਤਕੜੇ ਦਾ ਸੱਤੀ ਵੀਹੀ ਸੌ' ਉਤੇ ਖੜ੍ਹੇ ਢਾਂਚੇ ਨੂੰ ਬੇਪਰਦ ਕਰਦੇ ਹਨ।

ਭਾਰਤ ਖੇਤੀ ਆਧਾਰਿਤ ਦੇਸ਼ ਹੈ। ਖੇਤੀ ਹੱਥਾਂ 'ਤੇ ਨਿਰਭਰ ਰਹੀ ਹੈ। ਮਸ਼ੀਨਾਂ, ਖਾਦਾਂ, ਕੀਟਨਾਸ਼ਕਾਂ, ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਦੀਆਂ ਖੇਤੀ ਨੀਤੀਆਂ ਤੋਂ ਪਹਿਲਾਂ ਜ਼ਿਆਦਾ ਪਿੰਡ ਜਾਂ ਇਲਾਕੇ ਆਤਮ-ਨਿਰਭਰ ਸਨ। ਅੱਜ ਖੇਤੀ ਖੇਤਰ ਦੀ ਵਿਕਾਸ ਦਰ ਸਿਰਫ਼ ਦੋ ਫ਼ੀਸਦੀ ਹੈ। ਇਸ ਦਾ ਸਿੱਧਾ ਅਸਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵਰਤਾਰੇ ਵਿੱਚ ਝਲਕਦਾ ਹੈ। ਸਰਕਾਰ ਨਾਗਰਿਕਾਂ ਨੂੰ ਸਮਾਜਿਕ ਸੁਰੱਖਿਆ ਤਾਂ ਕੀ, ਉਨ੍ਹਾਂ ਲਈ ਅਤਿ ਲੋੜੀਂਦੀ ਅਨਾਜ ਵੰਡ ਪ੍ਰਣਾਲੀ ਤੱਕ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਵਿੱਚ ਵੀ ਨਾ-ਕਾਮਯਾਬ ਰਹੀ ਹੈ। ਧਾਰਨਾ ਹੈ ਕਿ ਭਾਰਤ ਆਪਣੀ ਇੰਨੀ ਵੱਡੀ ਆਬਾਦੀ ਦਾ ਢਿੱਡ ਭਰਨ ਵਿੱਚ ਸਮਰੱਥ ਨਹੀਂ। ਉੱਘੀ ਅਰਥਸ਼ਾਸਤਰੀ ਜਯੰਤੀ ਘੋਸ਼ ਮੁਤਾਬਕ ਮੁੱਖ ਮਸਲਾ ਖਾਧ ਪਦਾਰਥਾਂ ਦੀ ਕਮੀ ਦਾ ਨਹੀਂ ਸਗੋਂ 1990 ਤੋਂ ਬਾਅਦ ਲਾਗੂ ਕੀਤੀਆਂ ਆਰਥਿਕ ਨੀਤੀਆਂ ਦੇ ਸਿੱਟੇ ਵਜੋਂ ਇਨ੍ਹਾਂ ਦਾ ਆਮ ਆਦਮੀ ਦੀ ਪਹੁੰਚ ਤੋਂ ਬਾਹਰਾ ਹੋ ਜਾਣਾ ਹੈ। ਭਾਰਤ ਅੱਜ ਅਨਾਜ ਦੀ ਦਰਾਮਦ ਕਰਨ ਵਾਲਾ ਦੇਸ਼ ਹੈ ਪਰ ਦੇਸ਼ ਦੀ ਵੱਡੀ ਗਿਣਤੀ ਵਸੋਂ ਗ਼ਰੀਬੀ, ਬੇਰੁਜ਼ਗਾਰੀ, ਖਾਧ ਪਦਾਰਥਾਂ ਦੀ ਮਾੜੀ ਵੰਡ ਪ੍ਰਣਾਲੀ ਕਾਰਨ ਅਨਾਜ ਖਰੀਦਣ ਤੋਂ ਅਸਮਰੱਥ ਹੈ। ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਫੰਡ ਵਰਗੀਆਂ ਸੰਸਥਾਵਾਂ ਦੇ ਦਬਾਓ ਹੇਠ ਭਾਰਤ ਸਰਕਾਰ ਖੇਤੀ ਖੇਤਰ, ਸਮਾਜਿਕ ਸੁਰੱਖਿਆ, ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਸਹੂਲਤਾਂ, ਸਬਸਿਡੀਆਂ ਅਤੇ ਛੋਟਾਂ ਵਿੱਚ ਕਟੌਤੀ ਕਰ ਰਿਹੀ ਹੈ। ਨਤੀਜਨ, ਭਾਰਤੀਆਂ ਦੀ ਵੱਡੀ ਵੱਸੋਂ ਮਾੜੀ ਸਿਹਤ, ਕੰਮ ਨਾ ਮਿਲਣਾ, ਦੂਜੇ ਦਰਜੇ ਦੀ ਸਿੱਖਿਆ ਅਤੇ ਸਮਾਜਿਕ ਕੰਨੀਆਂ ਵਿੱਚ ਧੱਕੀ ਗਈ ਹੈ।


'ਆਬਾਦੀ ਬੰਬ' ਦੀ ਧਾਰਨਾ ਨਾਲ ਜੁੜੀ ਦੂਜੀ ਮਿੱਥ ਹੈ ਕਿ ਲਗਾਤਾਰ ਵਧਦੀ ਆਬਾਦੀ ਕਾਰਨ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪਾਣੀ ਦੀ ਘਾਟ ਖਤਰਨਾਕ ਰੂਪ ਅਖ਼ਤਿਆਰ ਕਰ ਚੁੱਕੀ ਹੈ। ਇਸ ਬਾਰੇ ਮਨੁੱਖੀ ਵਿਕਾਸ ਰਿਪੋਰਟ (ਸੰਯੁਕਤ ਰਾਸ਼ਟਰ) ਦੀ ਟਿੱਪਣੀ ਧਿਆਂ ਮੰਗਦੀ ਹੈ। ਰਿਪੋਰਟ ਮੁਤਾਬਕ, "ਧਰਤੀ ਉਪਰ ਘਰੇਲੂ ਅਤੇ ਖੇਤੀ/ਸਨਅਤੀ ਖੇਤਰ ਦੀਆਂ ਜ਼ਰੂਰਤਾਂ ਤੋਂ ਕਿਤੇ ਵੱਧ ਪਾਣੀ ਹੈ। ਮੂਲ ਸਮੱਸਿਆ ਹੈ ਆਬਾਦੀ ਦੇ ਗ਼ਰੀਬ ਅਤੇ ਹਾਸ਼ੀਏ 'ਤੇ ਪਏ ਵਰਗਾਂ ਨੂੰ ਪਾਣੀ ਸੋਮਿਆਂ ਦੀ ਮਾਲਕੀ ਤੋਂ ਖਦੇੜਿਆ ਜਾਣਾ। ਇਸ ਵਰਤਾਰੇ ਪਿੱਛੇ ਰਾਜਨੀਤਿਕ ਪੇਸ਼ਬੰਦੀਆਂ ਅਤੇ ਉਨ੍ਹਾਂ ਸੰਸਥਾਵਾਂ ਦਾ ਵੱਡਾ ਰੋਲ ਹੈ ਜਿਨ੍ਹਾਂ ਦਾ ਖ਼ਾਸਾ ਹੀ ਗ਼ਰੀਬ ਵਿਰੋਧੀ ਹੈ। ਜੇ ਸਾਫ਼ ਪਾਣੀ ਦੀ ਪੂਰਤੀ ਦਾ ਅਧਿਐਨ ਕੀਤਾ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਗ਼ਰੀਬ ਆਦਮੀ ਨੂੰ ਪਾਣੀ ਮਿਲਦਾ ਘੱਟ ਹੈ, ਬਦਲੇ ਵਿੱਚ ਉਹ ਭੁਗਤਾਂ ਜ਼ਿਆਦਾ ਕਰਦਾ ਹੈ; ਉਪਰੋਂ ਪਾਣੀ ਦੀ ਕਮੀ ਨਾਲ ਵੀ ਉਸੇ ਨੂੰ ਜੂਝਣਾ ਪੈਂਦਾ ਹੈ। ਇਸ ਨੂੰ ਅੰਕੜਿਆਂ ਰਾਹੀਂ ਦੱਸਣਾ ਹੋਵੇ ਤਾਂ ਯੂਰਪੀ ਬੰਦਾ ਰੋਜ਼ ਔਸਤਨ ਦੋ ਸੌ ਲੀਟਰ ਪਾਣੀ ਵਰਤਦਾ ਹੈ ਅਤੇ ਅਮਰੀਕੀ ਬੰਦਾ ਰੋਜ਼ਾਨਾ ਚਾਰ ਸੌ ਲੀਟਰ। ਪਾਣੀ ਦੀ ਭਿਅੰਕਰ ਕਮੀ ਨਾਲ ਜੂਝਦੇ ਤੀਸਰੀ ਦੁਨੀਆ ਦੇ 1.1 ਅਰਬ ਲੋਕ ਰੋਜ਼ਾਨਾ ਸਿਰਫ਼ ਪੰਜ ਲੀਟਰ ਪਾਣੀ ਵਰਤਦੇ ਹਨ!

ਪਾਣੀ ਦੀ ਕੁਵਰਤੋਂ ਤੋਂ ਇਲਾਵਾ ਪਾਣੀ ਦੇ ਸਰੋਤਾਂ ਜਿਵੇਂ ਬਰਸਾਤੀ ਪਾਣੀ ਦੇ ਭੰਡਾਰਨ ਲਈ ਤਲਾਬਾਂ ਦੇ ਖ਼ਾਤਮੇ ਨੇ ਸ਼ਹਿਰਾਂ ਦੀ ਪਾਣੀ ਦੇ ਮਾਮਲੇ ਵਿੱਚ ਨਿਰਭਰਤਾ ਖ਼ਤਮ ਕਰ ਦਿੱਤੀ ਹੈ। ਕਦੇ ਦਿੱਲੀ ਵਿੱਚ ਅਜਿਹੇ ਚਾਰ ਸੌ ਤਲਾਬ ਸਨ। ਭਾਰਤ ਵਿੱਚ ਸ਼ਹਿਰੀਕਰਨ ਦਾ ਦੂਜਾ ਅਰਥ ਹੈ-ਖੇਤੀਯੋਗ ਜ਼ਮੀਨ ਦੀ ਕੁਵਰਤੋਂ। ਦਿੱਲੀ ਦੇ ਨਾਲ ਖੜ੍ਹੇ ਕੀਤੇ ਨੋਇਡਾ ਅਤੇ ਗਾਜ਼ੀਆਬਾਦ ਅਜਿਹੀ ਜ਼ਮੀਨ 'ਤੇ ਬਣੇ ਹਨ ਜੋ ਹਜ਼ਾਰਾਂ ਲੋਕਾਂ ਦਾ ਢਿੱਡ ਭਰਨ ਦੇ ਸਮਰੱਥ ਸੀ। ਪਾਣੀ ਦਾ ਪੱਧਰ ਵੀ ਤਲਾਬਾਂ, ਖੂਹਾਂ ਤੇ ਨਦੀਆਂ-ਨਾਲਿਆਂ ਕਾਰਨ ਪਹੁੰਚ ਵਿੱਚ ਸੀ। ਇਸ ਨੂੰ ਸੌਖਿਆਂ ਪ੍ਰਾਪਤ ਕੁਦਰਤੀ ਦਾਤ ਤੋਂ 'ਵੇਚਣਯੋਗ' ਬਣਾਉਣ ਪਿੱਛੇ ਸਨਅਤੀ ਘਰਾਣਿਆਂ ਅਤੇ 'ਪਾਣੀ ਮਾਫ਼ੀਏ' ਦਾ ਹੱਥ ਸਪੱਸ਼ਟ ਨਜ਼ਰ ਆਉਂਦਾ ਹੈ।

'ਆਬਾਦੀ ਬੰਬ' ਨਾਲ ਜੁੜੀ ਅਗਲੀ ਮਿੱਥ ਮੁਤਾਬਕ ਧਰਤੀ 'ਤੇ ਵਧਦੀ ਗੰਦਗੀ ਅਤੇ ਪ੍ਰਦੂਸ਼ਣ ਲਈ 'ਗ਼ਰੀਬੀ ਦਾ ਸੱਭਿਆਚਾਰ' ਜ਼ਿੰਮੇਵਾਰ ਹੈ; ਮਤਲਬ ਗ਼ਰੀਬ ਇਸ ਲਈ ਗ਼ਰੀਬ ਹੈ ਕਿਉਂਕਿ ਇਹ ਗ਼ਰੀਬ ਹੀ ਰਹਿਣਾ ਚਾਹੁੰਦਾ ਹੈ। ਇਹ ਮਿੱਥ ਪੇਂਡੂ ਅਤੇ ਕਬੀਲਾਈ ਲੋਕਾਂ ਦੇ ਵਾਤਾਵਰਨ, ਜੰਗਲ, ਜ਼ਮੀਨ, ਪਾਣੀ ਸਰੋਤਾਂ ਅਤੇ ਪਸ਼ੂ-ਪੰਛੀਆਂ ਲਈ ਕੀਤੀ ਜਾ ਰਹੀ ਜੱਦੋਜਹਿਦ ਨੂੰ ਸਿਰੇ ਤੋਂ ਰੱਦ ਕਰਦੀ ਹੈ। ਅਮਰੀਕਾ ਦਾ ਫ਼ੌਜੀ ਆਦਾਰਾ 'ਪੈਂਟਾਗਨ' ਦੁਨੀਆ ਦਾ ਉਹ ਖਪਤਕਾਰ ਹੈ ਜਿਹੜਾ ਕੁੱਲ ਆਲਮੀ ਊਰਜਾ ਦਾ ਸਭ ਤੋਂ ਵੱਡਾ ਹਿੱਸਾ ਵਰਤਦਾ ਹੈ। ਬਦਲੇ ਵਿੱਚ ਉਹ ਟਨਾਂ ਦੇ ਹਿਸਾਬ ਜ਼ਹਿਰੀਲਾ/ਵਾਧੂ/ਵਰਤਿਆ ਕੂੜਾ-ਕਬਾੜ ਧਰਤੀ 'ਤੇ ਖਿਲਾਰਦਾ ਹੈ। ਜੇ ਅੰਕੜਿਆਂ ਰਾਹੀਂ ਸਮਝਣਾ ਹੋਵੇ ਤਾਂ ਅੱਜ ਦੁਨੀਆ ਦੇ ਉਪਰਲੇ ਵੀਹ ਫ਼ੀਸਦੀ ਲੋਕ ਕੁੱਲ ਖਪਤ ਖਰਚ ਦਾ ਛਿਆਸੀ ਫ਼ੀਸਦੀ ਹਿੱਸਾ ਵਰਤਦੇ ਹਨ। ਹੇਠਲੇ ਵੀਹ ਫ਼ੀਸਦੀ ਦੇ ਹਿੱਸੇ ਖਪਤ ਵਸਤੂਆਂ ਦਾ 1.3 ਫ਼ੀਸਦੀ ਹੀ ਆਉਂਦਾ ਹੈ। ਉਪਰਲਾ ਵੀਹ ਫ਼ੀਸਦੀ ਦੁਨੀਆ ਦਾ ਪੰਜਤਾਲੀ ਫ਼ੀਸਦੀ ਮੀਟ ਤੇ ਮੱਛੀ, ਅਠਵੰਜਾ ਫ਼ੀਸਦੀ ਕੁੱਲ ਊਰਜਾ ਦਾ, ਚੌਰਾਸੀ ਫ਼ੀਸਦੀ ਕੁੱਲ ਪੇਪਰ ਦਾ ਵਰਤਦੇ ਹਨ। ਕੁੱਲ ਟੈਲੀਫੋਨ ਸੇਵਾਵਾਂ ਦਾ ਛਿਹੱਤਰ ਫ਼ੀਸਦੀ ਅਤੇ ਕੁੱਲ ਗੱਡੀਆਂ, ਸਕੂਟਰਾਂ, ਕਾਰਾਂ ਦਾ ਚੌਰਾਸੀ ਫ਼ੀਸਦੀ ਇਨ੍ਹਾਂ ਦੇ ਕਬਜ਼ੇ ਹੇਠ ਹੈ। (ਸੰਯੁਕਤ ਰਾਸ਼ਟਰ ਵਿਕਾਸ ਰਿਪੋਰਟ-2003 ਮੁਤਾਬਕ) ਜੇ ਇਸ ਨੂੰ ਭਾਰਤੀ ਪ੍ਰਸੰਗ ਵਿੱਚ ਸਮਝਣਾ ਹੋਵੇ ਤਾਂ ਦੇਸ਼ ਦੀ 1.44 ਫ਼ੀਸਦੀ ਆਬਾਦੀ ਦਾ ਦੇਸ਼ ਦੇ ਤੇਲ ਭੰਡਾਰਾਂ, ਬਿਜਲੀ, ਘਰੇਲੂ ਪੈਦਾਵਾਰ ਦੇ ਪੰਝੱਤਰ ਹਿੱਸੇ 'ਤੇ ਕਬਜ਼ਾ ਹੈ। ਇੱਥੇ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਜੇ ਦੇਸ਼ ਦੇ ਕੁਦਰਤੀ ਅਤੇ ਗ਼ੈਰ-ਕੁਦਰਤੀ ਸਰੋਤਾਂ (ਸੰਪਤੀ ਮਿਲਾ ਕੇ) ਉਤੇ 1.44 ਫ਼ੀਸਦੀ ਆਬਾਦੀ ਦਾ ਕਬਜ਼ਾ ਹੈ ਤਾਂ ਇਨ੍ਹਾਂ ਦੇ ਉਜਾੜੇ ਅਤੇ ਚੌਗਿਰਦੇ ਦੇ ਵਿਗਾੜਾਂ ਲਈ ਉਹ ਲੋਕ ਕਿਵੇਂ ਜ਼ਿੰਮੇਵਾਰ ਹਨ ਜਿਨ੍ਹਾਂ ਲਈ ਇਨ੍ਹਾਂ ਸਾਧਨਾਂ ਬਾਰੇ ਸੋਚਣਾ ਵੀ ਅਮਨ-ਕਾਨੂੰਨ ਦਾ ਮਸਲਾ ਬਣ ਜਾਂਦਾ ਹੈ। ਅਜਿਹੀ ਹਾਲਤ ਵਿੱਚ ਲੋਕਤੰਤਰੀ ਸੰਵਿਧਾਨ ਅਤੇ ਗਣਤੰਤਰੀ ਲੋਕਰਾਜ ਦੇ ਸਿਧਾਂਤਾਂ ਦਾ ਕੀ ਅਰਥ ਰਹਿ ਜਾਂਦਾ ਹੈ? ਜੇ ਦੇਸ਼ ਦੀ ਬਹੁ-ਗਿਣਤੀ ਸਾਧਨਹੀਣ, ਰੋਜ਼ਗਾਰਹੀਣ ਅਤੇ ਜਾਇਦਾਦਹੀਣ ਹੈ ਤਾਂ ਸਰਕਾਰ ਸਿੱਖਿਆ, ਸਿਹਤ, ਜਨਤਕ ਵੰਡ ਪ੍ਰਣਾਲੀ ਨਾਲ ਕਿਵੇਂ ਨਜਿੱਠਦੀ ਹੈ? ਤਜਰਬਾ ਤਾਂ ਇਹੀ ਦੱਸਦਾ ਹੈ ਕਿ ਸਰਕਾਰਾਂ 'ਗ਼ਰੀਬੀ ਖ਼ਤਮ ਕਰਨ ਲਈ ਗ਼ਰੀਬ ਹੀ ਖ਼ਤਮ ਕਰ ਦਿਓ' ਦੇ ਫਾਰਮੂਲੇ 'ਤੇ ਕੰਮ ਕਰਦੀਆਂ ਆ ਰਹੀਆਂ ਹਨ।

ਵਿਕਿਸਤ ਅਤੇ ਅਵਿਕਿਸਤ ਦੇਸ਼ਾਂ ਵਿਚਲੀਆਂ ਖਾਈਆਂ ਬਾਰੇ 2006 ਵਿੱਚ ਛਪੀ ਮਨੁੱਖੀ ਵਿਕਾਸ ਰਿਪੋਰਟ (ਸੰਯੁਕਤ ਰਾਸ਼ਟਰ) ਮੁਤਾਬਕ 2003 ਤੋਂ 2004 ਵਿੱਚ ਜਿੱਥੇ ਜਰਮਨੀ ਨੇ ਆਪਣੇ ਕੁੱਲ ਬਜਟ ਦਾ 8.7 ਫ਼ੀਸਦੀ ਅਤੇ ਫਰਾਂਸ ਨੇ 7.7 ਫ਼ੀਸਦੀ ਸਿਹਤ ਸਹੂਲਤਾਂ 'ਤੇ ਖਰਚ ਕੀਤਾ, ਭਾਰਤ ਨੇ ਸਿਰਫ਼ 1.2 ਫ਼ੀਸਦੀ ਹੀ ਇਸ ਲਈ ਰਾਖਵਾਂ ਰੱਖਿਆ। ਜਰਮਨੀ, ਅਮਰੀਕਾ ਅਤੇ ਜਾਪਾਂ ਦੀ ਸੌ ਫ਼ੀਸਦੀ ਆਬਾਦੀ ਕੋਲ ਸੀਵਰੇਜ/ਟਾਇਲਟ ਦੀ ਸਹੂਲਤ ਹੈ, ਜਦਕਿ ਭਾਰਤ ਵਿੱਚ ਸਿਰਫ਼ ਤੇਤੀ ਫ਼ੀਸਦੀ ਆਬਾਦੀ ਕੋਲ ਹੀ ਇਹ ਮੁੱਢਲੀਆਂ ਸਹੂਲਤਾਂ ਹਨ। ਜਰਮਨੀ ਆਪਣੇ ਕੁੱਲ ਬਜਟ ਦਾ 4.8 ਫ਼ੀਸਦੀ, ਫਰਾਂਸ 6 ਫ਼ੀਸਦੀ , ਅਮਰੀਕਾ 5.9 ਸਿੱਖਿਆ ਸਹੂਲਤਾਂ 'ਤੇ ਖਰਚ ਕਰਦੇ ਹਨ। ਭਾਰਤ ਦੀ ਇਹ ਖ਼ਰਚ ਦਰ ਸਿਰਫ਼ 3.3 ਫ਼ੀਸਦੀ ਹੈ। ਸਵਾਲ ਹੈ ਕਿ ਆਖਿਰ ਉਹ ਕਿਹੜੀ ਅਤਿ ਜ਼ਰੂਰੀ ਸਹੂਲਤ ਹੈ ਜਿਸ ਉਪਰ ਭਾਰਤ ਖੁੱਲ੍ਹੇ ਦਿਲ ਨਾਲ ਖ਼ਰਚ ਕਰਦਾ ਹੈ; ਉਹ ਹੈ ਭਾਰਤ ਦੀ ਜੰਗੀ ਸ਼ਕਤੀ ਜਿਸ ਉਪਰ ਬਜਟ ਦਾ ਸਭ ਤੋਂ ਵੱਡਾ ਹਿੱਸਾ ਵਰਤਿਆ ਜਾਂਦਾ ਹੈ। ਦਿਲਚਸਪ ਤੱਥ ਇਹ ਹੈ ਕਿ ਪਛੜਿਆ ਸਮਝਿਆ ਜਾਂਦਾ ਦੇਸ਼ ਸ੍ਰੀਲੰਕਾ ਆਪਣੇ ਬਜਟ ਦਾ ਵੱਡਾ ਹਿੱਸਾ ਸਿੱਖਿਆ, ਸਿਹਤ ਅਤੇ ਮੁੱਢਲੀਆਂ ਸਹੂਲਤਾਂ ਲਈ ਵਰਤਦਾ ਹੈ ਅਤੇ ਲਗਾਤਾਰ ਖਾਨਾਜੰਗੀ ਵਿੱਚ ਉਲਝੇ ਹੋਣ ਦੇ ਬਾਵਜੂਦ ਆਪਣੇ ਬਜਟ ਦਾ ਸਿਰਫ਼ 2.8 ਫ਼ੀਸਦੀ ਸੈਨਿਕ ਲੋੜਾਂ ਲਈ ਵਰਤਦਾ ਹੈ ਪਰ ਸਿਹਤ, ਸਿੱਖਿਆ ਅਤੇ ਸਾਫ਼ ਪਾਣੀ ਜਿਹੀਆਂ ਮੱਦਾਂ 'ਤੇ ਖਰਚਾ ਕਿਉਂ? ਜੇ ਗ਼ਰੀਬੀ ਦਾ ਕੁਚੱਕਰ ਤੋੜਨ ਦੀ ਸੁਹਿਰਦਤਾ ਹੋਵੇ ਤਾਂ ਇਹ ਸਹੂਲਤਾਂ ਆਮ ਸ਼ਹਿਰੀ ਦਾ ਜ਼ਿੰਦਗੀ ਵਿੱਚ ਯਕੀਨ ਪੈਦਾ ਕਰਦੀਆਂ ਹਨ। ਆਖ਼ਿਰ ਦੇਸ਼ ਭਗਤੀ ਸਿਰਫ਼ ਸਰਹੱਦਾਂ ਦੀ ਸੁਰੱਖਿਆ ਤੱਕ ਹੀ ਕਿਉਂ ਸੀਮਤ ਰਹੇ? ਆਪਣੀ ਜੰਮਣ ਭੋਅ ਨਾਲ ਰਿਸ਼ਤੇ ਵਿੱਚ ਇਹ ਸਹੂਲਤਾਂ ਨਾਗਰਿਕਾਂ ਦੀ ਸੁਰੱਖਿਆ ਅਤੇ ਸ਼ਹਿਰੀ ਅਧਿਕਾਰਾਂ ਤੇ ਸਵੈਮਾਣ ਦੀ ਜ਼ਾਮਨੀ ਭਰਦੀਆਂ ਹਨ। ਨਹੀਂ ਤਾਂ ਇਸ ਜ਼ਾਮਨੀ ਦੀ ਇੱਕੋ-ਇੱਕ ਗਾਰੰਟੀ ਪਰਿਵਾਰਕ ਹੱਥਾਂ ਦੀ ਵੱਧ ਤੋਂ ਵੱਧ ਗਿਣਤੀ ਹੀ ਹੋ ਸਕਦੀ ਹੈ-ਜਿੰਨੇ ਹੱਥ ਉਨਾ ਕੰਮ ਉਨੀ ਖਰੀਦ ਸ਼ਕਤੀ ਅਤੇ ਉਨੀਆਂ ਹੀ ਵੱਧ ਸਹੂਲਤਾਂ ਖਰੀਦਣ ਦੀ ਉਮੀਦ!

ਵਧਦੀ ਆਬਾਦੀ ਨਾਲ ਜੁੜੀ ਚੌਥੀ ਮਿੱਥ ਮੁਤਾਬਕ ਇਕ ਤੋਂ ਬਾਅਦ ਦੂਜਾ, ਫਿਰ ਤੀਜਾ ਬੱਚਾ ਜੰਮਣ ਕਾਰਨ ਔਰਤਾਂ, ਖਾਸ ਕਰਕੇ ਪੇਂਡੂ ਤੇ ਦਲਿਤ ਔਰਤਾਂ ਦੀ ਸਿਹਤ ਲਗਾਤਾਰ ਗਿਰਾਵਟ ਵੱਲ ਜਾਂਦੀ ਰਹਿੰਦੀ ਹੈ ਜਿਸ ਕਾਰਨ ਭਾਰਤੀ ਔਰਤਾਂ ਦੀ ਜਣੇਪਾ-ਮੌਤ ਦਰ ਅਤੇ ਨਵ-ਜਨਮੇ ਬੱਚਿਆਂ ਦੀ ਮੌਤ ਦਰ ਸਭ ਤੋਂ ਉੱਚੀ ਹੈ (ਵਿਸ਼ਵ ਸਿਹਤ ਸੰਸਥਾ ਮੁਤਾਬਕ) ਪਰ ਇਹ ਅੱਧਾ ਸੱਚ ਹੈ। ਅਲੱਗ-ਅਲੱਗ ਖੋਜਾਂ ਦੁਆਰਾ ਇਹ ਸਾਬਿਤ ਹੋ ਚੁੱਕਾ ਹੈ ਕਿ ਜਣੇਪੇ ਦੌਰਾਂ ਹੋਈਆਂ ਮੌਤਾਂ ਦੇ ਕਾਰਨ ਕੁਪੋਸ਼ਣ, ਖਾਸ ਕਰਕੇ ਔਰਤਾਂ ਵਿੱਚ ਸਾਰੀ ਉਮਰ ਖੂਨ ਘੱਟ ਰਹਿਣ, ਲਾਗ ਦੀਆਂ ਬਿਮਾਰੀਆਂ, ਸਿਹਤ ਸਹੂਲਤਾਂ ਤੱਕ ਪਹੁੰਚ ਨਾ ਹੋਣਾ, ਜਣੇਪੇ ਦੌਰਾਂ ਨਿਪੁੰਨ ਤੇ ਤਜਰਬੇਕਾਰ ਜਣੇਪਾ-ਸਹਾਇਕ ਦੀ ਕਮੀ ਅਤੇ ਘਰਾਂ ਵਿੱਚ ਉਨ੍ਹਾਂ ਨਾਲ ਰੋਜ਼ ਹੁੰਦੀ ਸਰੀਰਿਕ/ਮਾਨਸਿਕ ਹਿੰਸਾ ਹਨ। ਇੱਥੇ ਇਹ ਵੀ ਨੋਟ ਕਰਨ ਵਾਲਾ ਨੁਕਤਾ ਹੈ ਕਿ ਲਗਾਤਾਰ ਅਣਚਾਹੇ ਗਰਭਾਂ ਦਾ ਸਿੱਧਾ ਸਬੰਧ ਮਰਦਾਂ ਦੁਆਰਾ ਗਰਭ-ਨਿਰੋਧਕਾਂ ਸਬੰਧੀ ਕੋਈ ਜ਼ਿੰਮੇਵਾਰੀ ਨਾ ਲੈਣ ਅਤੇ ਵਿਆਹਾਂ ਅੰਦਰ ਹੁੰਦੇ ਬਲਾਤਕਾਰਾਂ ਨਾਲ ਜੁੜਿਆ ਹੋਇਆ ਹੈ। ਨਵੇਂ ਜੰਮੇ ਬੱਚਿਆਂ ਵਿੱਚ ਮੌਤ ਦਰ ਉੱਚੀ ਹੋਣ ਦਾ ਕਾਰਨ ਮਾਂ ਦੀ ਮਾੜੀ ਸਿਹਤ, ਸਾਹ-ਛੂਤ ਦੀਆਂ ਬਿਮਾਰੀਆਂ, ਹੈਜ਼ਾ, ਮਲੇਰੀਆ, ਕੁਪੋਸ਼ਣ ਅਤੇ ਵੇਲੇ ਸਿਰ ਡਾਕਟਰੀ ਸਹਾਇਤਾ ਨਾ ਮਿਲਣਾ ਹੈ (ਮੌਤ ਦੇ ਕਾਰਨਾਂ ਦਾ ਸਾਰ: 2001-2003, ਭਾਰਤ ਸਰਕਾਰ) ਇੱਦਾਂ ਉੱਚੀ ਮੌਤ ਦਾ ਸਿੱਧਾ ਸਬੰਧ ਗ਼ਰੀਬਾਂ ਦੁਆਰਾ ਗਰਭ ਨਿਰੋਧਕ/ਪਰਿਵਾਰ ਨਿਯੋਜਨਾਂ ਦੀ ਅਣਦੇਖੀ ਕਰਨ ਨਾਲ ਘੱਟ, ਪਰ ਜਿਉਣ ਦੀਆਂ ਮਾੜੀਆਂ ਹਾਲਤਾਂ ਨਾਲ ਜ਼ਿਆਦਾ ਜੁੜਦਾ ਹੈ। ਮਿਸਾਲ ਵਜੋਂ ਭਾਰਤ ਵਿੱਚ ਚਾਲੀ ਲੱਖ ਲੋਕ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਹਨ; ਭਾਵ ਪਾਣੀ, ਬਿਜਲੀ, ਡਾਕਟਰੀ ਸਹੂਲਤਾਂ, ਸਿੱਖਿਆ ਅਤੇ ਸਾਫ਼ ਸਫਾਈ ਤੋਂ ਬਿਲਕੁਲ ਵਾਂਝੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਜੱਦੀ ਪਿੰਡਾਂ ਦੇ ਉਜਾੜੇ ਦਾ ਦਰਦ ਦਿਲਾਂ ਵਿੱਚ ਸਾਂਭੀ ਬੈਠੇ ਹਨ। ਭਾਰਤ ਦੇ ਗਿਆਰਵੇਂ ਯੋਜਨਾ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਕ ਭਾਰਤੀ ਆਬਾਦੀ ਦੇ ਕਾਮਿਆਂ ਦਾ ਅੱਧ, ਖੇਤੀ ਅਧਾਰਿਤ ਕੰਮਾਂ ਕਾਜਾਂ ਵਿੱਚ ਲੱਗਿਆ ਹੋਇਆ ਹੈ। ਭਾਰਤੀ ਵਿਕਸ ਮਾਡਲ ਦੀ ਸਭ ਤੋਂ ਵੱਡੀ ਅਸਫ਼ਲਤਾ ਇਨ੍ਹਾਂ ਕਾਮਿਆਂ ਨੂੰ ਉਹ ਸਿੱਖਿਆ ਅਤੇ ਹੁਨਰ ਮੁਹਈਆ ਕਰਵਾਉਣਾ ਹੈ ਜਿਸ ਦੇ ਦਮ 'ਤੇ ਇਹ ਹੋਰ ਖੇਤਰਾਂ ਵਿੱਚ ਆਪਣਾ ਹੱਥ ਅਜ਼ਮਾ ਸਕਣਾ। ਅੱਜ ਖੇਤੀ ਹੇਠਲਾ ਰਕਬਾ ਲਗਾਤਾਰ ਘਟਣ ਅਤੇ ਖੇਤੀ ਉਤਪਾਦਨ ਦੀਆਂ ਕੀਮਤਾਂ, ਲਾਗਤਾਂ ਲਗਾਤਾਰ ਵਧਣ ਕਾਰਨ (1982 ਵਿੱਚ 59 ਫ਼ੀਸਦੀ ਪਰਿਵਾਰਾਂ ਕੋਲ ਖੇਤੀ ਰਕਬਾ ਇਕ ਏਕੜ ਤੋਂ ਘੱਟ ਸੀ; 2003-2004 ਤੱਕ ਪਹੁੰਚਦਿਆਂ ਇਹ 70 ਫ਼ੀਸਦੀ ਹੋ ਚੁੱਕਿਆ ਹੈ) ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚਿਆਂ ਦੀਆਂ ਪੋਸ਼ਣ, ਸਿਹਤ, ਸਿੱਖਿਆ, ਸਾਫ਼ ਸਫ਼ਾਈ, ਪੀਣ ਵਾਲੇ ਪਾਣੀ ਬਾਲਣ ਅਤੇ ਮਾਨਸਿਕ ਸੁਤੰਸ਼ਟੀ ਤੇ ਮਾਰੂ ਪ੍ਰਭਾਵ ਪਿਆ ਹੈ। ਦੂਜੇ ਪਾਸੇ ਬੇਰੁਜ਼ਗਾਰੀ ਦੀ ਦਰ ਜਿੱਥੇ 1994-95 ਵਿੱਚ 6.1 ਫ਼ੀਸਦੀ ਸੀ, ਉਥੇ 2004-5 ਵਿੱਚ ਵਧ ਕੇ 8.3 ਫ਼ੀਸਦੀ ਹੋ ਚੁੱਕੀ ਹੈ। ਗੈਰ-ਸੰਗਠਿਤ ਅਤੇ ਅਰਧ-ਨਿਪੁੰਨਤਾ ਵਾਲੇ ਕਿੱਤਿਆਂ ਵਿੱਚ ਜਿੱਥੇ ਰੁਜ਼ਗਾਰ ਵਿੱਚ ਮਾਮੂਲੀ ਵਾਧਾ ਰਿਕਾਰਡ ਕੀਤਾ ਗਿਆ, ਉਥੇ ਨਿੱਜੀ ਤੇ ਸਰਕਾਰੀ ਅਦਾਰਿਆਂ ਵਿੱਚ ਰੋਜ਼ਗਾਰ ਦੀ ਦਰ ਘਟੀ ਹੈ; ਮਤਲਬ ਆਬਾਦੀ ਦਾ ਵੱਡਾ ਹਿੱਸਾ ਜਿੱਥੇ ਖੇਤੀ ਖੇਤਰ ਵਿੱਚੋਂ ਧੱਕਿਆ ਜਾ ਰਿਹਾ ਹੈ, ਉਹ ਅਜਿਹੇ ਖੇਤਰਾਂ ਵਿੱਚ ਕੰਮ ਕਰਨ ਲਈ ਮਜਬੁਰ ਹੈ ਜਿਹੜੇ ਉਸ ਦੇ ਹੱਥ-ਪੈਰ ਚੱਲਣ ਤੱਕ ਉਕੀ-ਪੁੱਕੀ ਮਜ਼ਦੂਰੀ 'ਤੇ ਉਸ ਨੂੰ ਕੰਮ ਦਿੰਦੇ ਹਨ। ਭਾਰਤੀ ਦੀ ਬਹੁ-ਗਿਣਤੀ ਆਬਾਦੀ ਨੌਜਵਾਨਾਂ ਦੀ ਹੋਣ ਦੇ ਬਾਵਜੂਦ 15-29 ਸਾਲ ਦੇ ਉਮਰ ਵਰਗ ਵਿੱਚੋਂ ਸਿਰਫ਼ 20 ਫ਼ੀਸਦੀ ਲੋਕਾਂ ਨੇ ਕੋਈ ਕਿੱਤਾ-ਮੁਖੀ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ। ਉਪਰੋਂ ਰੁਜ਼ਗਾਰਯੋਗ ਆਬਾਦੀ ਦਾ 38.8 ਫ਼ੀਸਦੀ ਹਿੱਸਾ ਕੋਰਾ ਅਨਪੜ੍ਹ ਹੈ।

'ਆਬਾਦੀ ਬੰਬ' ਦੀ ਧਾਰਨਾ ਸਰਲ ਵਿਆਖਿਆ ਦੀ ਵਧੀਆ ਮਿਸਾਲ ਤਾਂ ਹੋ ਸਕਦੀ ਹੈ ਪਰ ਅੰਤ ਵਿੱਚ ਇਹ ਤਰਕ ਸਿੱਧਾ ਸਿੱਧਾ ਗ਼ੈਰ-ਜਮਹੂਰੀ, ਗ਼ੈਰ-ਮਨੁੱਖੀ ਤੇ ਸਾਮਰਾਜਵਾਦੀ ਤਾਕਤਾਂ ਦੇ ਹੱਕ ਵਿੱਚ ਜਾ ਭੁਗਤਦਾ ਹੈ। ਆਬਾਦੀ ਕਿੰਨੀ ਨਾਲੋਂ ਕਿਵੇਂ ਦੀ ਹੈ, ਮਸਲਨ ਵੀਹ ਬੰਦਿਆਂ ਜਿੰਨੀ ਖਪਤ ਕਰਨ ਵਾਲਾ ਇੱਕ ਮਨੁੱਖ ਜਾਂ ਮੁੱਠੀ ਭਰ ਭੋਜਨ ਨਾਲ ਜ਼ਿੰਦਗੀ ਦੀ ਡੋਰ 'ਤੇ ਝੂਲਦੇ 8-10 ਲੋਕਾਂ ਦਾ ਪਰਿਵਾਰ, ਆਖ਼ਿਰ ਇਸ ਦਾ ਤਾਂ ਜਵਾਬ ਮੰਗਿਆ ਹੀ ਜਾਣਾ ਚਾਹੀਦਾ ਹੈ ਕਿ ਖੁੱਲ੍ਹੀ ਮੰਡੀ ਤੇ ਨਿਰਭਰ ਉਦਾਰ ਸਰਕਾਰ ਕਦੋਂ ਤੱਕ ਆਪਣੀ ਅਸਫ਼ਲਤਾ ਅਤੇ ਨਾਅਹਿਲੀਅਤ ਨੂੰ ਆਬਾਦੀ-ਆਬਾਦੀ ਰੂਪੀ ਗਿੱਦੜਸਿੰਗੀ ਪਿੱਛੇ ਲੁਕੋ ਕੇ ਰੱਖੇਗੀ?


ਕੁਲਦੀਪ ਕੌਰ ਔਰਤਾਂ ਨਾਲ ਜੁੜੇ ਸੰਵੇਦਨਸ਼ੀਲ ਮਸਲਿਆਂ 'ਤੇ ਲਿਖਦੇ ਰਹਿੰਦੇ ਹਨ।ਉਹਨਾਂ ਦੀਆਂ ਲਿਖਤਾਂ ਜ਼ਮੀਨੀ ਪੱਧਰ ਤੋਂ ਮਾਮਲੇ ਨੂੰ ਸਮਝਦਿਆਂ ਕੁੱਲ ਦੁਨੀਆਂ ਨੂੰ ਘੋਖਦੀਆਂ ਹਨ|

Saturday, May 14, 2011

ਚੋਣ ਨਤੀਜੇ ਅਤੇ ‘ਵਿਚਾਰਧਾਰਾ ਦਾ ਅੰਤ

ਪੱਛਮੀ ਬੰਗਾਲ ਦੇ ਚੋਣ ਨਤੀਜੇ ਕੌਮੀ ਹੀ ਨਹੀਂ ਸਗੋਂ ਕੌਮਾਂਤਰੀ ਦਿਲਚਸਪੀ ਦਾ ਸਬੱਬ ਬਣੇ ਹਨ। ਮਮਤਾ ਬੈਨਰਜੀ ਦੀ ਜਿੱਤ ਦੀ ਖ਼ੁਸ਼ੀ ਵਿੱਚ ਧੁਰ ਖੱਬੇ-ਪੱਖੀਆਂ ਤੋਂ ਧੁਰ ਸੱਜੇ-ਪੱਖੀਆਂ ਤੱਕ ਸ਼ੁਮਾਰ ਹਨ। ਮਨੁੱਖੀ ਇਤਿਹਾਸ ਵਿੱਚ ਸਭ ਤੋਂ ਲੰਮੀ ਦੇਰ ਚੋਣਾਂ ਰਾਹੀਂ ਸਰਕਾਰ ਚਲਾਉਣ ਵਾਲਾ ਗੱਠਜੋੜ ਹਾਰ ਗਿਆ ਹੈ। ਇਸ ਗੱਠਜੋੜ ਦੀਆਂ ਸ਼ਰਧਾਂਜਲੀਆਂ ਤਾਂ ਕਈ ਸਾਲਾਂ ਤੋਂ ਲਿਖੀਆਂ ਜਾ ਰਹੀਆਂ ਸਨ ਪਰ ਹੁਣ ਨਵੀਂਆਂ-ਪੁਰਾਣੀਆਂ ਸ਼ਰਧਾਂਜਲੀਆਂ ਨੂੰ ਨਸ਼ਰ ਕਰਨ ਦਾ ਸਮਾਂ ਆ ਗਿਆ ਹੈ। ਕੁਝ ਟੈਲੀਵਿਜ਼ਨ ਚੈਨਲਾਂ ਦੇ ‘ਮਾਹਿਰ’ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਨੂੰ ਅਰਬ ਮੁਲਕਾਂ ਦੀਆਂ ਬਗ਼ਾਵਤਾਂ ਅਤੇ ਤਾਨਾਸ਼ਾਹੀ ਦੇ ਡੋਲਦੇ ਤਖ਼ਤਾਂ ਨਾਲ ਜੋੜ ਕੇ ਪੇਸ਼ ਕਰ ਰਹੇ ਹਨ। ਸਾਡੇ ਮੁਲਕ ਦਾ ਵੱਡਾ ਅੰਗਰੇਜ਼ੀ ਅਖ਼ਬਾਰ ਕਈ ਦਿਨਾਂ ਤੋਂ ਬੁੱਧਦੇਵ ਭੱਟਾਚਾਰੀਆ ਨੂੰ ਸਾਬਕਾ ਮੁੱਖ ਮੰਤਰੀ ਲਿਖ ਰਿਹਾ ਹੈ। ਕੇਂਦਰੀ ਸਰਕਾਰ ਇਸ ਜਿੱਤ ਨੂੰ ਆਪਣੀ ਕਾਰਗੁਜ਼ਾਰੀ ਦਾ ਪ੍ਰਮਾਣ ਪੱਤਰ ਬਣਾ ਕੇ ਪੇਸ਼ ਕਰ ਰਹੀ ਹੈ। ਤਾਮਿਲਨਾਡੂ ਵਿੱਚ ਤਾਂ ਪੰਜ ਸਾਲ ਪਰ ਪੱਛਮੀ ਬੰਗਾਲ ਵਿੱਚ 34 ਸਾਲ ਪੁਰਾਣੀ ਸਰਕਾਰ ਹਾਰੀ ਹੈ। ਇਸ ਲਈ ਵੱਡੀ ਜਿੱਤ ਤਾਂ ਕੇਂਦਰ ਸਰਕਾਰ ਦੇ ਹਿੱਸੇ ਹੀ ਆਈ ਹੈ। ਪੱਛਮੀ ਬੰਗਾਲ ਦੀ ਖੱਬੇ ਪੱਖੀ ਸਰਕਾਰ ਦੀਆਂ ਵਧੀਕੀਆਂ, ਵਿਤਕਰੇ ਅਤੇ ਬਦਇੰਤਜ਼ਾਮੀ ਦਾ ਜ਼ਿਕਰ ਤਾਂ ਕਈ ਸਾਲਾਂ ਤੋਂ ਮੀਡੀਆ ਦਾ ਪਸੰਦੀਦਾ ਵਿਸ਼ਾ ਬਣਿਆ ਹੋਇਆ ਹੈ।

ਹੁਲਾਰ ਦੇ ਇਸ ਮਾਹੌਲ ਵਿੱਚ ਕੁਝ ਦਲੀਲਾਂ ਵਿਆਖਿਆ ਦੀ ਮੰਗ ਕਰਦੀਆਂ ਹਨ। ‘ਵਿਚਾਰਧਾਰਾ ਦੇ ਅੰਤ’ ਦਾ ਕੌਮਾਂਤਰੀ ਹੋਕਾ ਹੁਣ ਮੁਕਾਮੀ ਹਾਲਾਤ ਵਿੱਚ ਵਿਚਾਰਿਆ ਜਾਣਾ ਬਣਦਾ ਹੈ। ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਦਾ ਪ੍ਰਮਾਣ ਪੱਤਰ ਪਿਛਲੇ ਸਾਲ ਦੌਰਾਨ ਬੇਪਰਦ ਹੋਏ ਭ੍ਰਿਸ਼ਟਾਚਾਰ ਤੋਂ ਨਿਖੇੜ ਕੇ ਨਹੀਂ ਪੜ੍ਹਿਆ ਜਾ ਸਕਦਾ। ਮਮਤਾ ਬੈਨਰਜੀ ਦੇ ਚੋਣ ਮਨੋਰਥ ਪੱਤਰ ਵਿੱਚੋਂ ਪੱਛਮੀ ਬੰਗਾਲ ਦਾ ਹਵਾਲਾ ਕੱਢ ਦਿੱਤਾ ਜਾਵੇ ਤਾਂ ਇਸ ਦੀਆਂ ਖਾਲੀ ਥਾਵਾਂ ਦੂਜੇ ਸੂਬਿਆਂ ਨਾਲ ਵੀ ਭਰੀਆਂ ਜਾ ਸਕਦੀਆਂ ਹਨ। ਪੱਛਮੀ ਬੰਗਾਲ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਨਿਸ਼ਾਨਦੇਹੀ ਬੇਰੁਜ਼ਗਾਰੀ, ਬੇਵਿਸਾਹੀ, ਹਿੰਸਾ, ਵਿਤਕਰੇ, ਸ਼ੋਸ਼ਣ ਅਤੇ ਗ਼ਲਬੇ ਦੇ ਰੂਪ ਵਿੱਚ ਕੀਤੀ ਗਈ ਹੈ। ਕੀ ਇਹ ਰੁਝਾਨ ਪੱਛਮੀ ਬੰਗਾਲ ਤੱਕ ਹੀ ਮਹਿਦੂਦ ਹੈ? ਜੇ ਦੂਜੇ ਸੂਬੇ ਵੀ ਇਸ ਰੁਝਾਨ ਦੇ ਘੇਰੇ ਵਿੱਚ ਹਨ ਤਾਂ ਇਹ ਸਰਕਾਰ 34 ਸਾਲ ਕਿਵੇਂ ਕਾਇਮ ਰਹੀ ਜਦੋਂ ਕਿ ਗੁਜਰਾਤ, ਹਰਿਆਣਾ, ਬਿਹਾਰ ਅਤੇ ਅਸਾਮ ਤੋਂ ਬਿਨਾਂ ਬਾਕੀ ਸੂਬਿਆਂ ਵਿੱਚ ਸਰਕਾਰਾਂ ਤਕਰੀਬਨ ਹਰ ਪੰਜ ਸਾਲ ਬਾਅਦ ਬਦਲਦੀਆਂ ਰਹੀਆਂ ਹਨ। ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਦੂਜੇ ਸੂਬਿਆਂ ਦੇ ਸਿਆਸਤਦਾਨ ਪੱਛਮੀ ਬੰਗਾਲੀ ਸੁਰ ਲਗਾਉਣ ਦੀ ਕੋਸ਼ਿਸ਼ ਕਿਉਂ ਕਰਦੇ ਰਹੇ ਹਨ? ਇਹ ਸਾਰੇ ਸਵਾਲ ਸੰਜੀਦਾ ਨਜ਼ਰਸਾਨੀ ਦੀ ਮੰਗ ਕਰਦੇ ਹਨ। ਕੁਝ ਤੱਥ ਅਜਿਹੇ ਵੀ ਹਨ ਜਿਨ੍ਹਾਂ ਦਾ ਜਮ੍ਹਾਂਜੋੜ ਮੌਜੂਦਾ ਚੋਣ ਨਤੀਜਿਆਂ ਉੱਤੇ ਅਸਰਅੰਦਾਜ਼ ਹੋਇਆ ਜਾਪਦਾ ਹੈ।

ਤਕਰੀਬਨ ਸਾਢੇ ਤਿੰਨ ਦਹਾਕਿਆਂ ਦਾ ਰਾਜ ਕਿਸੇ ਵੀ ਧਿਰ ਦੀਆਂ ਕਮਜ਼ੋਰੀਆਂ ਨੂੰ ਉਘਾੜਨ ਲਈ ਜਾਂ ਨਵੀਂਆਂ ਪੈਦਾ ਕਰਨ ਲਈ ਬਹੁਤ ਹੁੰਦਾ ਹੈ। ਪੱਛਮੀ ਬੰਗਾਲ ਦੀ ਖੱਬੇ ਪੱਖੀ ਸਰਕਾਰ ਜ਼ਮੀਨ ਸੁਧਾਰ ਮੁਹਿੰਮ ‘ਬਰਗਾ’ ਦੀ ਕਾਮਯਾਬੀ ਨੂੰ ਵਧਾਉਣ ਜਾਂ ਨਵਾਂ ਰੂਪ ਦੇਣ ਵਿੱਚ ਨਾਕਾਮਯਾਬ ਰਹੀ। ਇਸ ਦੌਰਾਨ ਆਲਮੀ ਪੱਧਰ ਉੱਤੇ ਕੁਲ ਘਰੇਲੂ ਉਤਪਾਦਨ ਵਿੱਚੋਂ ਖੇਤੀ ਦਾ ਹਿੱਸਾ ਘਟਦਾ ਗਿਆ ਹੈ। ਉਦਾਰੀਕਰਨ ਦੇ ਦੌਰ ਵਿੱਚ ਪੱਛਮੀ ਬੰਗਾਲ ਦੀ ਖੱਬੇ ਪੱਖੀ ਸਰਕਾਰ ਕੋਈ ਸਪੱਸ਼ਟ ਪੈਂਤੜਾ ਅਖ਼ਤਿਆਰ ਕਰਨ ਵਿੱਚ ਨਾਕਾਮਯਾਬ ਰਹੀ ਹੈ। ਇਹ ਰੁਝਾਨ ਸਮੁੱਚੀਆਂ ਸਿਆਸੀ ਪਾਰਟੀਆਂ ਉੱਤੇ ਅਸਰਅੰਦਾਜ਼ ਹੋਇਆ ਹੈ ਪਰ ਗੰਭੀਰ ਵਿਚਾਰਧਾਰਕ ਸੰਕਟ ਖੱਬੇ ਪੱਖੀ ਹੁਕਮਰਾਨ ਧਿਰ ਲਈ ਹੀ ਬਣਿਆ ਹੈ। ਬਾਕੀ ਸਾਰੀਆਂ ਪਾਰਟੀਆਂ ਜਿਨ੍ਹਾਂ ਨੀਤੀਆਂ ਦਾ ਵਿਰੋਧੀ ਧਿਰ ਵਜੋਂ ਵਿਰੋਧ ਕਰਦੀਆਂ ਹਨ, ਉਨ੍ਹਾਂ ਨੂੰ ਸਰਕਾਰ ਬਣਾ ਕੇ ਲਾਗੂ ਕਰਦੀਆਂ ਹਨ। ਇਸ ਰੁਝਾਨ ਤੋਂ ਕੋਈ ਵੀ ਚੋਣਾਂ ਲੜਨ ਵਾਲੀ ਪਾਰਟੀ ਅਣਭਿੱਜ ਨਹੀਂ। ਇਹ ਮਸਲਾ ਚੋਣ ਨਤੀਜਿਆਂ ਦਾ ਮੁਹਾਣ ਤੈਅ ਕਰਨ ਵਾਲਾ ਅਹਿਮ ਨੁਕਤਾ ਹੋ ਸਕਦਾ ਹੈ ਪਰ ਫ਼ੈਸਲਾਕੁਨ ਨਹੀਂ।

ਪੱਛਮੀ ਬੰਗਾਲ ਦੀ ਖੱਬੇ ਪੱਖੀ ਸਰਕਾਰ ਨੂੰ ਹਰਾਉਣ ਲਈ ਸਾਡੇ ਮੁਲਕ ਦੀਆਂ ਗ਼ੈਰ-ਖੱਬੇ ਪੱਖੀ ਪਾਰਟੀਆਂ ਆਪਣੇ ਵਖਰੇਵਿਆਂ ਦੇ ਬਾਵਜੂਦ ਇੱਕ ਮਤ ਰਹੀਆਂ ਹਨ। ਮਮਤਾ ਬੈਨਰਜੀ ਪਹਿਲੀ ਗ਼ੈਰ-ਕਾਂਗਰਸ, ਗ਼ੈਰ-ਕਮਿਉਨਿਸਟ ਅਤੇ ਗ਼ੈਰ-ਫਿਰਕੂ ਬੰਗਾਲੀ ਪਛਾਣ ਵਾਲੀ ਸਿਆਸਤਦਾਨ ਹੈ ਜੋ ਬੰਗਾਲੀਆਂ ਤੱਕ ਉਨ੍ਹਾਂ ਦੇ ਹੀ ਮੁਹਾਵਰੇ ਵਿੱਚ ਪਹੁੰਚ ਕਰਨ ਵਿੱਚ ਕਾਮਯਾਬ ਹੋਈ ਹੈ। ਇਸ ਪਛਾਣ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਜੇ.ਪੀ. ਦੀ ਕਾਂਗਰਸ ਵਿਰੋਧੀ ਮੁਹਿੰਮ ਵਿੱਚੋਂ ਸਿਆਸਤ ਦੀ ਗੁੜ੍ਹਤੀ ਲੈਣ ਵਾਲੀ ਮਮਤਾ ਬੈਨਰਜੀ 1998 ਤੋਂ ਬਾਅਦ ਉਸ ਰੁਝਾਨ ਦੀ ਦ੍ਰਿੜ੍ਹ ਆਵਾਜ਼ ਬਣ ਕੇ ਸਾਹਮਣੇ ਆਈ ਹੈ ਜਿਸ ਦੀ ਅੱਖ ਹਰ ਹਾਲਤ ਵਿੱਚ ਪੱਛਮੀ ਬੰਗਾਲ ਉੱਤੇ ਟਿਕੀ ਰਹੀ ਹੈ। ਇਸ ਦੌਰਾਨ ਉਸ ਨੇ ਖਰੂਦੀ ਅਤੇ ਗ਼ੈਰ-ਭਰੋਸੇਯੋਗ ਤਿਕੜਮਬਾਜ਼ ਤੋਂ ਇਕਾਗਰ-ਚਿੱਤ ਘਾਗ ਸਿਆਸਤਦਾਨ ਦਾ ਰੂਪ ਧਾਰਿਆ ਹੈ। ਇਸ ਬਦਲਾਅ ਵਿੱਚ ਮੌਜੂਦਾ ਕੇਂਦਰ ਸਰਕਾਰ ਦੀ ਦੂਜੀ ਜਿੱਤ ਨੇ ਅਹਿਮ ਹਿੱਸਾ ਪਾਇਆ ਹੈ। ਦੂਜੀ ਵਾਰ ਮਨਮੋਹਨ ਸਿੰਘ ਦੀ ਸਰਕਾਰ ਬਣੀ ਤਾਂ ਤ੍ਰਿਣਮੂਲ ਕਾਂਗਰਸ ਦਸ ਦੀ ਗਿਣਤੀ ਨਾਲ ਡੀ.ਐਮ.ਕੇ. ਤੋਂ ਬਾਅਦ ਦੂਜੀ ਵੱਡੀ ਧਿਰ ਸੀ। ਲੋਕ ਸਭਾ ਦੀ ਗਿਣਤੀ ਮੁਤਾਬਕ ਕਾਂਗਰਸ ਨੂੰ ਖੱਬੇ ਪੱਖੀ ਧਿਰਾਂ ਦੀ ਲੋੜ ਖ਼ਤਮ ਹੋ ਚੁੱਕੀ ਸੀ। ਸਪਾ ਤੇ ਬਸਪਾ ਉੱਤੇ ਵੀ ਕਾਂਗਰਸ ਦੀ ਕੋਈ ਟੇਕ ਨਹੀਂ ਸੀ। ਸਰਕਾਰ ਅਤੇ ਵਿਰੋਧੀ ਧਿਰ ਦੇ ਵਿਚਕਾਰ ਇੰਨੀ ਕੁ ਗਿਣਤੀ ਬਚਦੀ ਹੈ ਕਿ ਮਮਤਾ ਦੇ ਰਵਾਇਤੀ ਨਖ਼ਰੇ ਬਰਦਾਸ਼ਤ ਕਰਨਾ ਕਾਂਗਰਸ ਦੀ ਮਜਬੂਰੀ ਨਹੀਂ ਰਹੀ। ਇਨ੍ਹਾਂ ਹਾਲਾਤ ਦੀ ਮਜਬੂਰੀ ਨੇ ਮਮਤਾ ਦੇ ਖਰੂਦੀ ਸੁਭਾਅ ਨੂੰ ਸੰਜੀਦਾ ਮੋੜ ਦਿੱਤਾ ਹੈ ਜੋ ਬੰਗਾਲੀਆਂ ਦਾ ਭਰੋਸਾ ਜਿੱਤ ਸਕਣ ਵਿੱਚ ਕਾਮਯਾਬ ਹੋਇਆ ਹੈ।

ਕਾਂਗਰਸ ਅਤੇ ਖੱਬੇ ਪੱਖੀਆਂ ਦੇ ਖਟਮਿੱਠੇ ਰਿਸ਼ਤੇ ਵਿੱਚ ਇਹ ਤੱਥ ਸਪੱਸ਼ਟ ਰਿਹਾ ਹੈ ਕਿ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਬਦਲੇ ਮਾਹੌਲ ਵਿੱਚ ਕਾਂਗਰਸੀਆਂ ਨੇ ਖੱਬੇ ਪੱਖੀਆਂ ਨੂੰ ਖੋਰਾ ਲਗਾਉਣ ਦਾ ਮੌਕਾ ਤਾੜਿਆ ਹੈ। ਸੱਜੇ-ਪੱਖੀਆਂ ਖ਼ਿਲਾਫ਼ ਧਰਮ ਨਿਰਪੱਖਤਾ ਅਤੇ ਲੋਕ ਸਭਾ ਦੀ ਗਿਣਤੀ ਦੀਆਂ ਮਜਬੂਰੀਆਂ ਕਾਰਨ ਸ਼ਹਿ ਲਾਕੇ ਬੈਠੀ ਕਾਂਗਰਸ ਕਦੇ ਵੀ ਪੱਛਮੀ ਬੰਗਾਲ ਵਿੱਚ ਜ਼ੋਰਦਾਰ ਸਿਆਸੀ ਹੱਲਾ ਨਹੀਂ ਕਰ ਸਕੀ। ਕਾਂਗਰਸ ਆਪਣੀਆਂ ਨੀਤੀਆਂ ਦੀ ਨੁਕਤਾਚੀਨੀ ਖ਼ਤਮ ਕਰਨ ਲਈ ਇਸ ਵਾਰ ਕਿਸੇ ਦੋਚਿੱਤੀ ਦਾ ਸ਼ਿਕਾਰ ਨਹੀਂ ਸੀ। ਮਮਤਾ ਬੈਨਰਜੀ ਵੱਲੋਂ ਰੇਲ ਮੰਤਰੀ ਵਜੋਂ ਪੱਛਮੀ ਬੰਗਾਲ ਵੱਲ ਦਿਖਾਈ ਦਰਿਆਦਿਲੀ ਕਾਂਗਰਸ ਦੀ ਸ਼ਹਿ ਵਿੱਚੋਂ ਨਿਕਲੀ ਮਾਤ ਦੀ ਚਾਲ ਸਾਬਤ ਹੋਈ ਹੈ।


ਪੱਛਮੀ ਬੰਗਾਲ ਦੇ ਗੌਣ ਸਿਆਸੀ ਤੱਤ ਵੀ ਬਹੁਤ ਫ਼ੈਸਲਾਕੁਨ ਸਾਬਤ ਹੋਏ ਹਨ। ਸੰਗੂਰ ਅਤੇ ਨੰਦੀਗਰਾਮ ਵਿੱਚ ਮਮਤਾ ਬੈਨਰਜੀ, ਕਾਂਗਰਸ ਅਤੇ ‘ਮਾਓਵਾਦੀ’ ਇੱਕ ਧਿਰ ਵਜੋਂ ਲੜੇ ਸਨ। ‘ਮਾਓਵਾਦੀਆਂ’ ਦੀ ਹਮਾਇਤ ਭਾਵੇਂ ਚੋਣ-ਪ੍ਰਚਾਰ ਦਾ ਹਿੱਸਾ ਨਾ ਰਹੀ ਹੋਵੇ ਪਰ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਜਿਹੀ ਹਮਾਇਤ ਜ਼ਿਆਦਾ ਫਸਵੇਂ ਮੁਕਾਬਲੇ ਵਿੱਚ ਫ਼ੈਸਲਾਕੁਨ ਸਾਬਤ ਹੁੰਦੀ ਹੈ। ਆਂਧਰਾ ਪ੍ਰਦੇਸ਼ ਅਤੇ ਬਿਹਾਰ ਵਿੱਚ ਨਕਸਲਵਾਦੀਆਂ ਵੱਲੋਂ ਅਜਿਹੀ ਯੁੱਧਨੀਤਕ ਹਮਾਇਤ ਦੀਆਂ ਪੁਰਾਣੀਆਂ ਮਿਸਾਲਾਂ ਹਨ। ਇਸ ਤੋਂ ਇਲਾਵਾ ਭਾਜਪਾ ਪੱਛਮੀ ਬੰਗਾਲ ਵਿੱਚੋਂ ਖੱਬੇ ਪੱਖੀਆਂ ਨੂੰ ਹਰਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹੀ ਹੈ। ਭਾਜਪਾ ਨੇ ਕਦੇ ਸਾਰੀਆਂ ਗ਼ੈਰ-ਖੱਬੇ ਪੱਖੀ ਪਾਰਟੀਆਂ ਨੂੰ ਮਹਾਂ-ਗੱਠਜੋੜ ਬਣਾ ਕੇ ਪੱਛਮੀ ਬੰਗਾਲ ਵਿੱਚ ਚੋਣਾਂ ਲੜਨ ਦੀ ਤਜਵੀਜ਼ ਪੇਸ਼ ਕੀਤੀ ਸੀ। ਭਾਜਪਾ ਵੱਲੋਂ ਕਾਂਗਰਸ ਨਾਲ ਅਜਿਹੀ ਸਾਂਝ ਦੀ ਤਜਵੀਜ਼ ਅਮਲੀ ਰੂਪ ਨਹੀਂ ਧਾਰ ਸਕੀ ਪਰ ਸੰਘ ਪਰਿਵਾਰ ਦੀ ਮਮਤਾ ਨੂੰ ਗੌਣ ਹਮਾਇਤ ਤੋਂ ਕੌਣ ਇਨਕਾਰ ਕਰ ਸਕਦਾ ਹੈ? ਇਸ ਹਮਾਇਤ ਦਾ ਪ੍ਰਗਟਾਵਾਂ ਵੀ ਚੋਣ ਪ੍ਰਚਾਰ ਵਿੱਚ ਨਹੀਂ ਹੋ ਸਕਦਾ।

ਉਭਰਵੇਂ ਤੇ ਗੌਣ ਤੱਤਾਂ ਤੋਂ ਇਲਾਵਾ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਤੇ ਕਾਂਗਰਸ ਦੀ ਸਿਆਸਤ ਦਾ ਰੁਝਾਨ ‘ਕੇਂਦਰ ਤੋਂ ਖੱਬੇ ਵੱਲ’ ਹੈ। ਕਾਂਗਰਸ ਜੇ ਗੁਜਰਾਤ ਵਿੱਚ ਆਪਣੇ ਆਪ ਨੂੰ ਬਿਹਤਰ ਹਿੰਦੂ ਸਾਬਤ ਕਰਨ ਦਾ ਪੈਂਤੜਾ ਅਖ਼ਤਿਆਰ ਕਰਦੀ ਹੈ ਤਾਂ ਪੱਛਮੀ ਬੰਗਾਲ ਵਿੱਚ ਗ਼ਰੀਬ-ਗ਼ੁਰਬੇ ਦੇ ਨਾਲ ਹੋਣ ਦਾ ਦਾਅਵਾ ਕਰਦੀ ਹੈ। ਪੱਛਮੀ ਬੰਗਾਲ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਆਪਸ ਵਿੱਚ ਮੇਲ ਖਾਂਦੇ ਹਨ। ਇਸ ਹਾਲਤ ਵਿੱਚ ਇਹ ਫ਼ੈਸਲਾ ਕਰਨਾ ਔਖਾ ਹੈ ਕਿ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਵਿੱਚ ਕਿਸ ਤੱਥ ਦੀ ਕਿੰਨੀ ਅਹਿਮੀਅਤ ਰਹੀ ਹੈ। ਕੁਝ ਤੱਥਾਂ ਤੋਂ ਤਾਂ ਖੱਬੇ ਪੱਖੀ ਮੋਰਚੇ ਦੀ ਆਗੂ ਮਾਰਕਸਵਾਦੀ ਕਮਿਉਨਿਸਟ ਪਾਰਟੀ ਵੀ ਮੁਨਕਰ ਨਹੀਂ ਹਨ। ਪਿਛਲੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਪੜਚੋਲ ਵਿੱਚ ਉਨ੍ਹਾਂ ਨੇ ਆਪ ਕਬੂਲ ਕੀਤਾ ਸੀ ਕਿ ਆਗੂਆਂ ਦਾ ਹੰਕਾਰ ਅਤੇ ਲੋਕਾਂ ਤੋਂ ਦੂਰੀ ਹਾਰ ਦੇ ਅਹਿਮ ਕਾਰਨ ਹਨ। ਇਨ੍ਹਾਂ ਤੋਂ ਬਿਨਾਂ ਖੜੋਤ ਅਤੇ ਅਕੇਵੇਂ ਨੇ ਲੋਕਾਂ ਦੇ ਫ਼ੈਸਲੇ ਵਿੱਚ ਅਹਿਮ ਭੂਮਿਕਾ ਨਿਭਾਈ ਜਾਪਦੀ ਹੈ।

ਪੱਛਮੀ ਬੰਗਾਲ ਵਿੱਚ ਖੱਬੇ ਮੋਰਚੇ ਨੇ ਸਰਕਾਰ ਦੇ ਬਰਾਬਰ ਪਾਰਟੀ ਢਾਂਚਾ ਖੜ੍ਹਾ ਕੀਤਾ ਹੈ। ਇਸ ਢਾਂਚੇ ਵਿਚਲਾ ਕਾਟੋ ਕਲੇਸ਼ ਅਤੇ ਗ਼ੈਰ-ਸਰਕਾਰੀ ‘ਅਫ਼ਸਰਸ਼ਾਹੀ’ ਸਿਰਫ਼ ਲੋਕਾਂ ਦੀ ਮੁਸ਼ਕਲਾਂ ਵਿੱਚ ਵਾਧਾ ਹੀ ਨਹੀਂ ਕਰਦਾ ਸਗੋਂ ਹੁਣ ਦੂਜੀਆਂ ਧਿਰਾਂ ਦਾ ਹਥਿਆਰ ਵੀ ਬਣਿਆ ਹੈ। ਤ੍ਰਿਣਮੂਲ ਦੀ ਹਮਾਇਤ ਕਰਨਾ ਵਾਲਾ ਬਹੁਤ ਸਾਰਾ ਜੁਝਾਰੂ ਨੌਜਵਾਨ ਤਬਕਾ ਪਹਿਲਾਂ ਮਾਰਕਸਵਾਦੀ ਪਾਰਟੀ ਨਾਲ ਜੁੜਿਆ ਰਿਹਾ ਹੈ। ਇਸ ਤਰ੍ਹਾਂ ਮਮਤਾ ਨੇ ਮਾਰਕਸਵਾਦੀਆਂ ਦੇ ਮੁਹਾਵਰੇ ਦੀ ਹੀ ਨਹੀਂ ਸਗੋਂ ਸ਼ੈਲੀ ਦੀ ਵੀ ਨਕਲ ਕੀਤੀ ਹੈ। ਮੁਹਾਵਰੇ ਅਤੇ ਸ਼ੈਲੀ ਉੱਪਰ ਹੁਣ ਖੱਬੇ ਪੱਖੀ ਗ਼ਲਬਾ ਟੁੱਟ ਗਿਆ ਹੈ।

ਪੱਛਮੀ ਬੰਗਾਲ ਦੇ ਚੋਣ ਨਤੀਜੇ ਸਿਰਫ਼ ਹਾਰ-ਜਿੱਤ ਪੱਖੋਂ ਹੀ ਅਹਿਮ ਨਹੀਂ ਹਨ ਸਗੋਂ ਕੌਮੀ ਤੇ ਕੌਮਾਂਤਰੀ ਰੁਝਾਨ ਦੀਆਂ ਕੜੀਆਂ ਵਜੋਂ ਵੀ ਵਿਚਾਰਨਯੋਗ ਹਨ। ਮੌਜੂਦਾ ਵਿਧਾਨ ਸਭਾ ਚੋਣਾਂ ਵਾਲੇ ਪੰਜਾਂ ਸੂਬਿਆਂ ਵਿੱਚ ਸਿਆਸੀ ਵੰਨ-ਸਵੰਨਤਾ ਬਹੁਤ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਛੇ ਪਾਰਟੀਆਂ ਨੇ ਆਪਣੇ ਖਾਤੇ ਖੋਲ੍ਹੇ ਸਨ। ਇਨ੍ਹਾਂ ਤੋਂ ਇਲਾਵਾ ਭਾਜਪਾ, ਬਸਪਾ, ਸਪਾ ਤੇ ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਖਾਤਾ ਖੋਲ੍ਹਣ ਵਿੱਚ ਨਾਕਾਮਯਾਬ ਰਹੀਆਂ ਸਨ। ਇਸੇ ਤਰ੍ਹਾਂ ਤਾਮਿਲਨਾਡੂ ਵਿੱਚ ਨੌ, ਆਸਾਮ ਵਿੱਚ ਸੱਤ, ਕੇਰਲ ਵਿੱਚ ਛੇ ਅਤੇ ਪੁਡੂਚੇਰੀ ਵਿੱਚ ਅੱਠ ਪਾਰਟੀਆਂ ਨੇ ਖਾਤੇ ਖੋਲ੍ਹੇ ਸਨ। ਬਾਕੀ ਸੂਬਿਆਂ ਵਿੱਚ ਚੋਣ ਮੁਕਾਬਲਾ ਦੋ ਕੌਮੀ ਗੁਟਬੰਦੀਆਂ ਤੇ ਇਨ੍ਹਾਂ ਵਿੱਚ ਵੰਡੀਆਂ ਖੇਤਰੀ ਪਾਰਟੀਆਂ ਵਿਚਕਾਰ ਮਹਿਦੂਦ ਹੋ ਕੇ ਰਹਿ ਗਿਆ ਹੈ। ਇਨ੍ਹਾਂ ਚੋਣ ਨਤੀਜਿਆਂ ਤੋਂ ਸਮੁੱਚੇ ਚੋਣ ਅਮਲ ਦੇ ਦੋ ਗੁੱਟਾਂ ਤੱਕ ਸੀਮਤ ਹੋ ਜਾਣ ਦੇ ਰੁਝਾਨ ਦੇ ਅੱਗੇ ਵਧਣ ਦੀ ਪੁਸ਼ਟੀ ਹੁੰਦੀ ਹੈ ਜਾਂ ਇਹ ਮਹਿਜ਼ ਸੰਯੋਗ ਹੈ? ਸਾਡੇ ਮੁਲਕ ਵਿੱਚ ਚੋਣਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੂਬੇ ਵਿੱਚ ਇੱਕ ਧਿਰ ਦੀ ਹਾਰ ਸਮੁੱਚੇ ਮੁਲਕ ਦੀ ਬਾਕੀ ਸਿਆਸੀ ਜਮਾਤ ਦੇ ਜਸ਼ਨ ਦਾ ਸਬੱਬ ਬਣੀ ਹੈ। ਇਸ ਨਾਲ ਖੱਬੇ ਪੱਖੀਆਂ ਉੱਤੇ ਤੰਗਨਜ਼ਰ ਹੋਣ ਦਾ ਇਲਜ਼ਾਮ ਲਗਾਉਣ ਵਾਲੀ ਸਿਆਸੀ ਜਮਾਤ ਦਾ ਕਿਹੋ-ਜਿਹਾ ਖ਼ਾਸਾ ਬੇਪਰਦ ਹੋਇਆ ਹੈ?

ਮਮਤਾ ਬੈਨਰਜੀ ਦੀ ਜਿੱਤ ਪੱਛਮੀ ਬੰਗਾਲ ਦੀ ਸਰਕਾਰ ਦੀਆਂ ਨਾਕਾਮਯਾਬੀਆਂ ਦੇ ਹੁੰਗਾਰੇ ਵਜੋਂ ਵੇਖੀ ਜਾ ਰਹੀ ਹੈ। ਹੁਣ ਨਵੀਂ ਬਣਨ ਵਾਲੀ ਸਰਕਾਰ ਦੀ ਕਾਮਯਾਬੀ ਨੂੰ ਚੋਣ ਨਤੀਜਿਆਂ ਦੀ ਥਾਂ ਕਾਰਗੁਜ਼ਾਰੀ ਨਾਲ ਵੇਖਣ ਦਾ ਮੌਕਾ ਬਣ ਗਿਆ ਹੈ। ਤ੍ਰਿਣਮੂਲ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਦੀ ਯੋਜਨਾਬੰਦੀ ਦਾ ਨਕਸ਼ਾ ਪੇਸ਼ ਕੀਤਾ ਹੋਇਆ ਹੈ। ਕੁਝ ਨਤੀਜੇ ਦੋ ਸੌ ਦਿਨਾਂ ਅਤੇ ਦੂਜੇ ਪੜਾਅ ਹਜ਼ਾਰ ਦਿਨਾਂ ਦਾ ਸਮਾਂ ਤੈਅ ਕੀਤਾ ਗਿਆ ਹੈ। ਇਹ ਸਮਾਂ ਤਾਂ ਮਮਤਾ ਦਾ ਹੱਕ ਬਣਦਾ ਹੈ। ਅਗਲੀਆਂ ਵਿਧਾਨ ਸਭਾ ਚੋਣਾਂ ਵੇਲੇ ਜਦੋਂ ਮਮਤਾ ਆਪਣੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਪੇਸ਼ ਕਰੇਗੀ ਤਾਂ ਪਤਾ ਲੱਗੇਗਾ ਕਿ ਮੌਜੂਦਾ ਚੋਣ ਨਤੀਜਿਆਂ ਵਿੱਚ ਵਿਖਾਈ ਦਿੰਦਾ ਬਦਲਾਅ ਖੱਬੇ ਪੱਖੀਆਂ ਦੀ ਕਮਜ਼ੋਰੀ ਵਿੱਚੋਂ ਨਿਕਲਿਆ ਹੈ ਜਾਂ ਇਸ ਦੇ ਹੋਰ ਵੀ ਕਾਰਨ ਹਨ। ਬਾਕੀ ਸੂਬਿਆਂ ਵਿੱਚ ਹਰ ਪੰਜ ਸਾਲ ਬਾਅਦ ਆਉਣ ਵਾਲਾ ਬਦਲਾਅ ਪੱਛਮੀ ਬੰਗਾਲ ਵਿੱਚ 34 ਸਾਲ ਬਾਅਦ ਆਇਆ ਹੈ। ਇਹ ਬਦਲਾਅ ਲੋਕਾਂ ਦੇ ਬੁਨਿਆਦੀ ਮਸਲਿਆਂ ਦਾ ਜਵਾਬ ਨਹੀਂ ਬਣ ਸਕੇ। ਅਗਲੇ ਸਾਲਾਂ ਵਿੱਚ ਤੈਅ ਹੋਵੇਗਾ ਕਿ ਭਾਰਤੀ ਸਿਆਸਤ ਦੀ ਚੋਣ ਧਾਰਾ ਵਿੱਚ ਖੱਬੇ ਪੱਖੀਆਂ ਦੀ ਕੀ ਭੂਮਿਕਾ ਬਣਦੀ ਹੈ? ਇਹ ਸਵਾਲ ਤਾਂ ਬਹੁਤ ਸਾਰੇ ਹਵਾਲਿਆਂ ਨਾਲ ਪੁੱਛਿਆ ਜਾਂਦਾ ਰਹੇਗਾ ਕਿ ਮੌਜੂਦਾ ਦੌਰ ਫੂਕੋਯਾਮਾ ਦੇ ਕਥਨ ਮੁਤਾਬਕ ‘ਵਿਚਾਰਧਾਰਾ ਦੇ ਅੰਤ’ ਦਾ ਅੰਤਿਮ ਐਲਾਨ ਹੈ ਜਾਂ ਵਿਚਾਰਧਾਰਾ ਦੀ ਨਵੀਂ ਵਿਆਖਿਆ ਦੀ ਮੰਗ ਕਰਦਾ ਹੈ।

ਦਲਜੀਤ ਅਮੀ

ਮੋਬਾਈਲ: 97811-21873

Monday, February 28, 2011

ਮਨਪ੍ਰੀਤ ਬਾਦਲ ਨਾ ਭਵਿੱਖ ਹੈ ਤੇ ਨਾ ਇਤਿਹਾਸ ਬਣੇਗਾ

ਲੇਖ਼ਕ ਹਰਮੀਤ ਸਮਾਘ ਸੌਫਟਵੇਅਰ ਇੰਜੀਨੀਅਰ ਹਨ।ਉਹ ਇਨਕਲਾਬੀ ਨੌਜਵਾਨ ਸਭਾ(
Revolutionary Youth Association)ਦੇ ਸੂਬਾ ਕਮੇਟੀ ਮੈਂਬਰ ਵੀ ਹਨ।ਗੁਲਾਮ ਕਲਮ ਲਈ ਉਹਨਾਂ ਨੇ ਪਹਿਲੀ ਰਚਨਾ ਭੇਜੀ ਹੈ,ਆਸ ਹੈ ਕਿ ਅੱਗੇ ਤੋਂ ਵੀ ਉਨ੍ਹਾਂ ਦਾ ਸਹਿਯੋਗ ਜਾਰੀ ਰਹੇਗਾ।-ਗੁਲਾਮ ਕਲਮ

ਅੱਜ ਕੱਲ ਪੰਜਾਬ ਦੀ ਸਿਆਸਤ,ਸਮਾਜ ਅਤੇ ਮੀਡੀਆ ਵਿਚ ਮਨਪ੍ਰੀਤ ਬਾਦਲ ਦੀ ਚਰਚਾ ਜੋਰਾਂ-ਸ਼ੋਰਾਂ ਨਾਲ ਛਿੜੀ ਹੋਈ ਹੈ।ਮੁੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਆਪਣੇ ਜੋੜਾਂ-ਤੋੜਾਂ ਅਤੇ ਫਾਇਦੇ-ਨੁਕਸਾਨ ਦਾ ਹਿਸਾਬ ਕਿਤਾਬ ਲਾ ਕੇ ਇਸ ਮਨਪ੍ਰੀਤ ਵਰਤਾਰ, ਸਬੰਧੀ ਨਪੀਆਂ ਤੁਲੀਆਂ ਡਿਪਲੋਮੈਟਿਕ ਟਿੱਪਣੀਆਂ ਕਰਨ ਤੱਕ ਹੀ ਸੀਮਤ ਹਨ। ਇਸ ਲਈ ਉਨ੍ਹਾਂ ਕੋਲੋਂ ਇਸ ਨਵੀਂ ਸਿਆਸੀ ਡਿਵੈਲਪਮੈਂਟ ਬਾਰੇ ਕੋਈ ਨਵੀਂ ਜਾਂ ਕੋਈ ਕੰਮ ਦੀ ਗੱਲ ਸੁਨਣ ਦੀ ਆਸ ਲਾਉਣਾ ਫਜ਼ੁਲ ਹੈ।ਕਾਰਪੋਰੇਟ ਮਾਲਕਾਂ ਦੀ ਅਧੀਨਗੀ ਕਬੂਲਦਾ ਹੋਇਆ ਮੇਨਸਟਰੀਮ ਮੀਡੀਆ ਵੀ ਇਸ ਬਹਿਸ ਨੂੰ ਆਪਣੀਆਂ ਸੌੜੀਆਂ ਹੱਦਾਂ ਤੋਂ ਪਾਰ ਲਿਜਾਣ ਵਿੱਚ ਅਸਮਰੱਥ ਹੈ। ਤਾਂ ਬਚਦੀ ਹੈ ਸਿਰਫ ਆਮ ਜਨਤਾ ਜਿਸ ਦੀ ਪਹੁੰਚ ਤੇ ਸਮਝਦਾਰੀ ਦੇ ਆਧਾਰ ਉੱਤੇ ਹੀ ਹਰ ਸਮਾਜਿਕ ਤੇ ਸਿਆਸੀ ਵਰਤਾਰੇ ਦਾ ਭਵਿੱਖ ਟਿਕਿਆ ਹੋਇਆ ਹੈ। ਲੋਕ ਹੀ ਸਮਾਜਿਕ ਤਬਦੀਲੀ ਦਾ ਧੁਰਾ ਹੁੰਦੇ ਹਨ। ਸਦੀਆਂ ਦੀ ਖੜੋਤ ਨੂੰ ਤੋੜ ਕੇ ਦਿਨਾਂ 'ਚ ਇਨਕਲਾਬ ਦੀ ਹਨੇਰੀ ਝੁਲਾਉਣ ਦਾ ਮਾਦਾ ਵੀ ਆਮ ਜਨਤਾ ਹੀ ਰੱਖਦੀ ਹੈ। ਇਸ ਲਈ ਅਸੀਂ ਵੀ ਆਪਣੇ ਕੁਝ ਤੌਖਲੇ, ਖਦਸ਼ੇ, ਸਵਾਲ ਅਤੇ ਸੁਝਾਅ ਲੋਕਾਂ ਦੀ ਕਚਿਹਰੀ ਵਿਚ ਹੀ ਰੱਖਣਾ ਚਾਹੁੰਦੇ ਹਾਂ। ਤਾਂ ਕਿ ਪੰਜਾਬ ਵਿਚ ਹੋ ਰਹੀ ਇਸ ਨਵੀਂ ਹਲਚਲ ਬਾਰੇ ਐਂਵੇ ਲੋਕ-ਲਭਾਊ ਜਜ਼ਬਾਤੀ ਅਤੇ ਹਵਾਈ ਗੱਲਾਂ ਕਰਨ ਦੀ ਬਜਾਏ, ਮਨਪ੍ਰੀਤ ਬਾਦਲ ਨੂੰ ਆਮ ਜਨਤਾ ਦੇ ਹਕੀਕੀ ਮੁੱਦਿਆਂ ਬਾਰੇ ਠੋਸ ਜਵਾਬ ਦੇਣ ਲਈ ਮਜ਼ਬੂਰ ਕੀਤਾ ਜਾ ਸਕੇ।

ਮੈਂ ਅਤੇ ਮੇਰਾ ਪਰਿਵਾਰ ਖੁਦ ਗਿੱਦੜਬਾਹਾ ਦੇ ਹੀ ਵਸਨੀਕ ਹਾਂ। ਗੱਲ 1995 ਦੀ ਹੈ, ਜਦ ਮੇਰੀ ਉਮਰ ਸਿਰਫ 10 ਸਾਲ ਹੀ ਸੀ। ਗਿੱਦੜਬਾਹਾ ਦੀ ਵਿਧਾਨ ਸਭਾ ਸੀਟ ਉਤੇ ਹੋਣ ਵਾਲੀ ਉਪ ਚੋਣ ਨੇ ਸਾਰੇ ਪੰਜਾਬ ਦਾ ਧਿਆਨ ਖਿੱਚਿਆ ਹੋਇਆ ਸੀ। ਗਿੱਦੜਬਾਹਾ ਕੁਰੂਕਸ਼ੇਤਰ ਦਾ ਮੈਦਾਨ ਬਣਿਆ ਹੋਇਆ ਸੀ। ਅਕਾਲੀ ਦਲ (ਬਾਦਲ) ਵਲੋਂ ਉਮੀਦਵਾਰ ਖੜ੍ਹ•ਾ ਕੀਤਾ ਗਿਆ ਮਨਪ੍ਰੀਤ ਬਾਦਲ ਨੂੰ।ਇੰਗਲੈਂਡ ਤੋਂ ਪੜ• ਕੇ ਆਉਣ ਵਾਲੇ ਇਸ ਮੁੰਡੇ ਦੀ ਯੋਗਤਾ ਐਨੀ ਹੀ ਸੀ (ਤੇ ਜੋ ਸ਼ਾਇਦ ਸਭ ਤੋਂ ਮਹੱਤਵਪੂਰਨ ਸੀ) ਕਿ ਉਹ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਸੀ। ਬੱਸ ਹੋਰ ਨਾ ਕੋਈ ਸਵਾਲ, ਨਾ ਕੋਈ ਜਵਾਬ; ਅਕਾਲੀ ਦਲ ਦੀ ਡੈਮੋਕਰੇਸੀ ਜ਼ਿੰਦਾਬਾਦ! ਅੱਜ ਵੀ ਗੱਲਾਂ ਹੁੰਦੀਆਂ ਹਨ ਕਿ ਕਿਵੇਂ ਤਦ ਪੂਰੇ ਹਲਕੇ ਵਿੱਚ ਦੋਵਾਂ ਪਾਰਟੀਆਂ-ਅਕਾਲੀ ਦਲ ਅਤੇ ਕਾਂਗਰਸ-ਵੱਲੋਂ ਪੈਸਾ ਮੀਂਹ ਵਾਂਗ ਵਰ•ਾਇਆ ਗਿਆ। ਮਨਪ੍ਰੀਤ ਬਾਦਲ ਉਹ ਚੋਣਾਂ ਜਿੱਤ ਗਿਆ ਤੇ ਫਿਰ ਸਭ ਕੁਝ ਨਾਰਮਲ ਹੋ ਗਿਆ ਨਾ ਕੋਈ ਵਰਨਣਯੋਗ ਤਬਦੀਲੀ ਗਿੱਦੜਬਾਹਾ 'ਚ ਹੋਈ ਤੇ ਨਾ ਪੰਜਾਬ ਵਿੱਚ। ਤੇ ਉਧਰੋਂ ਪੂਰੇ ਦੇਸ਼ ਵਿੱਚ ਡਾ. ਮਨਮੋਹਨ ਸਿੰਘ ਦੀਆਂ ਨਵੀਆਂ ਆਰਥਿਕ ਨੀਤੀਆਂ ਫੁਲ ਸਪੀਡ 'ਤੇ ਲਾਗੂ ਹੋ ਰਹੀਆਂ ਸਨ। ਬਹੁਗਿਣਤੀ ਲਈ ਸਿੱਖਿਆ, ਸਥਾਈ ਰੁਜ਼ਗਾਰ, ਸਿਹਤ ਸਹੂਲਤਾਂ ਅਤੇ ਸਮਾਜਿਕ ਸੁਰੱਖਿਆ ਇਕ ਸੁਪਨਾ ਬਣਦੇ ਜਾ ਰਹੇ ਸਨ। ਕਰੋੜਾਂ ਦੇਸ਼ ਵਾਸੀਆਂ ਦੀ ਕੰਗਾਲੀ ਦੀ ਕੀਮਤ ਉੱਤੇ ਕੁਝ ਕੁ ਸੋਨੇ ਦੇ ਮਹਿਲ ਉਸਰਨੇ ਸ਼ੁਰੂ ਹੋ ਗਏ ਸਨ। ਈਸਟ ਇੰਡੀਆ ਕੰਪਨੀ ਵਰਗੀਆਂ ਹਜ਼ਾਰਾਂ ਲੋਟੂ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਪਧਾਰਨ ਦੇ ਸੱਦੇ ਭੇਜ ਦਿੱਤੇ ਗਏ ਸਨ। ਜਲਦੀ ਹੀ ਕਾਰਪੋਰੇਟ ਮੀਡੀਏ ਨੇ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦੇਣਾ ਸੀ...ਤੇ ਇਸ ਨਵੇਂ ਤਰ੍ਹਾਂ ਦੇ 'ਵਿਕਾਸ' ਨੂੰ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਰੰਗ ਬਰੰਗੀਆਂ ਸਰਮਾਏਦਾਰ-ਜਗੀਰੂ ਪਾਰਟੀਆਂ ਦੀ ਪੂਰਨ ਹਿਮਾਇਤ ਹਾਸਲ ਸੀ/ਹੈ। ਰਾਜਨੀਤਿਕ ਅਰਥਸ਼ਾਸਤਰ ਦੀ ਸਮਝ ਰੱਖਣ ਵਾਲਿਆਂ ਨੂੰ ਪਤਾ ਸੀ ਕਿ ਇਸ 'ਵਿਕਾਸ' ਦੇ ਆਮ ਜਨਤਾ ਲਈ ਗੰਭੀਰ ਸਿੱਟੇ ਨਿਕਲਣਗੇ। ਕੁਝ ਚੁੱਪ ਹੋ ਗਏ, ਕੁਝ ਵਿਕ ਗਏ ਤੇ ਜਿਹੜੇ ਕੁਝ ਕੁ ਬੋਲੇ, ਉਨ੍ਹਾਂ ਨੂੰ 'ਕਮਿਊਨਿਸਟ' ਤੇ 'ਵਿਕਾਸ ਵਿਰੋਧੀ' ਕਰਾਰ ਦੇ ਕੇ ਗੱਲ ਦੱਬ ਦਿੱਤੀ ਗਈ।

ਖੈਰ, ਇਸ ਪੂਰੇ ਅਤੇ ਲੰਬੇ ਦੌਰ ਵਿਚ ਮਨਪ੍ਰੀਤ ਬਾਦਲ ਵੀ ਚੁੱਪ ਹੀ ਰਹੇ। ਮਾਰਕਸਵਾਦ ਦਾ ਪ੍ਰਭਾਵ ਕਬੂਲਣ ਦਾ ਦਾਹਵਾ ਕਰਨ ਵਾਲੇ ਮਨਪ੍ਰੀਤ ਨੂੰ ਇਨ੍ਹਾਂ ਨੀਤੀਆਂ ਵਿਚ ਕੁਝ ਵੀ ਗਲਤ ਮਹਿਸੂਸ ਨਾ ਹੋਇਆ। ਜਦੋਂ 1999 ਵਿੱਚ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਧੇ ਹੋਏ 'ਵਰਕ ਲੋਡ' ਨੂੰ ਵੰਡਾਉਣ ਲਈ ਅਕਾਲੀ ਦਲ ਵਿਚ ਇਕ ਵਰਕਿੰਗ ਪ੍ਰੈਜ਼ੀਡੈਂਟ ਬਣਾਏ ਜਾਣ ਦੀ ਗੱਲ ਕੀਤੀ ਤਾਂ ਐਨੀ ਜਾਇਜ਼ ਤੇ ਸਧਾਰਨ ਗੱਲ ਬਦਲੇ ਅਕਾਲੀ ਦਲ ਦੇ ਉਸ ਸਭ ਤੋਂ ਸੀਨੀਅਰ ਤੇ ਟਕਸਾਲੀ ਲੀਡਰ ਨੂੰ ਬੇਪੱਤ ਕਰਕੇ ਪਾਰਟੀ ਵਿਚੋਂ ਕੱਢ ਦਿੱਤਾ ਗਿਆ। ਮਨਪ੍ਰੀਤ ਬਾਦਲ ਬਿਲਕੁੱਲ ਨਾ ਬੋਲੇ ਕਿ ਇਹ ਪਾਰਟੀ ਅੰਦਰ ਡੈਮੋਕਰੇਸੀ ਦਾ ਕਤਲ ਹੈ। ਹਿੰਦੂ ਫਾਸ਼ੀਵਾਦ ਦੀ ਵਿਚਾਰਧਾਰਾ ਨਾਲ ਲੈਸ ਬੀਜੇਪੀ ਪਾਰਟੀ ਨੂੰ ਅਕਾਲੀ ਦਲ (ਬਾਦਲ) ਨੇ ਆਪਣਾ ਸਥਾਈ ਭਾਈਵਾਲ ਬਣਾ ਲਿਆ, ਤਾਂ ਮਨਪ੍ਰੀਤ ਨੂੰ ਕੁਝ ਵੀ ਗਲਤ ਨਾ ਲੱਗਾ। ਨਵੀਆਂ ਆਰਥਿਕ ਨੀਤੀਆਂ ਨਾਲ ਪੰਜਾਬ ਦਾ ਸਮਾਜਿਕ-ਆਰਥਿਕ ਤਾਣਾਬਾਣਾ ਤਿੜਕਣ ਲੱਗਾ। ਪੰਜਾਬ ਸਿਰ ਕਰਜ਼ਾ ਛੜੱਪੇ ਮਾਰ ਕੇ ਵੱਧਣ ਲੱਗਾ, ਜੋ ਕਰਜਾ 1991 ਵਿੱਚ ਮਹਿਜ਼ 9-10 ਹਜ਼ਾਰ ਕਰੋੜ ਸੀ, ਨਵੀਆਂ ਆਰਥਿਕ ਨੀਤੀਆਂ ਆਉਣ ਤੋਂ ਬਾਅਦ ਉਸ ਦੀ ਦਰ ਵਿੱਚ ਹੈਰਾਨੀਜਨਕ ਵਾਧਾ ਹੋਣ ਲੱਗਾ (ਅੱਜ 2010 ਵਿਚ ਇਹ ਕਰਜ਼ਾ ਕੋਈ 72 ਹਜ਼ਾਰ ਕਰੋੜ ਰੁਪਏ ਹੈ।) ਵੱਡੀ ਗੱਲ ਇਹ ਵੀ ਹੈ ਕਿ ਇਸ ਦੇ ਨਾਲ ਨਾਲ ਲੋਕਾਂ ਨੂੰ ਦਿੱਤੀ ਜਾਣ ਵਾਲੀ ਸਮਾਜਿਕ ਸੁਰੱਖਿਆ ਵਿਚ ਵੀ ਲਗਾਤਾਰ ਕਟੌਤੀ ਹੁੰਦੀ ਗਈ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੇ ਵਿਕਾਸ ਦੀ ਥਾਂ ਇੰਨਾਂ ਦਾ ਵਿਨਾਸ਼ ਹੋਣ ਲੱਗਾ। ਸਰਕਾਰੀ ਅਦਾਰੇ ਤੇ ਜਾਇਦਾਦਾਂ ਧੜਾਧੜ ਵੇਚ ਕੇ ਦਲਾਲੀ ਖਾਧੀ ਜਾਣ ਲੱਗੀ। ਕਿਸਾਨ ਖੁਦਕੁਸ਼ੀਆਂ ਆਮ ਜਿਹਾ ਵਰਤਾਰਾ ਹੋ ਗਿਆ। ਮਜ਼ਦੂਰਾਂ ਦੀ ਹਾਲਤ ਦਿਨੋ ਦਿਨ ਨਿਘਰਦੀ ਗਈ। ਨੌਜੁਆਨ ਪੀੜ•ੀ ਭਵਿੱਖ ਵਿਚ ਹਨੇਰੇ ਤੋਂ ਸਿਵਾ ਕੁਝ ਹੋਰ ਨਾ ਵਿਖਾਈ ਦੇਣ ਤੇ ਨਸ਼ਿਆਂ ਦੀ ਮਾਰੂ ਲਪੇਟ ਵਿੱਚ ਆਉਣ ਲੱਗੀ। ਲੱਖਾਂ ਰੁਪਏ ਫੀਸਾਂ ਤੇ ਖਰਚੇ ਅਦਾ ਕਰਕੇ ਵੀ ਡਿਗਰੀਆਂ ਦਾ ਕੋਈ ਮੁੱਲ ਨਾ ਰਿਹਾ। ਪੰਜਾਬ ਦੀ ਜਵਾਨੀ ਦਾ ਇੱਕ ਹਿੱਸਾ ਹਰ ਹੀਲੇ ਦੇਸ਼ੋਂ ਬਾਹਰ ਭੱਜਣ ਦੀਆਂ ਸਕੀਮਾਂ ਬਨਾਉਣ ਲੱਗਾ। ਠੱਗ ਏਜੰਟਾਂ ਤੇ ਦਲਾਲਾਂ ਦੇ ਢਾਹੇ ਚੜ ਕੇ ਹਜ਼ਾਰਾਂ ਪੰਜਾਬੀ ਨੌਜਵਾਨ ਗੈਰ ਕਾਨੂੰਨੀ ਢੰਗਾਂ ਨਾਲ ਯੂਰਪ ਦੇ ਬਾਰਡਰਾਂ ਨੂੰ ਪਾਰ ਕਰਨ ਦੇ ਯਤਨਾਂ ਵਿੱਚ ਮਰ ਖਪ ਗਏ ਜਾਂ ਵਿਦੇਸ਼ੀ ਜੇਲ੍ਹਾਂ 'ਚ ਪਹੁੰਚ ਗਏ। ਇਧਰ ਪੰਜਾਬ ਵਿਚ ਰਹਿੰਦੀ ਜਵਾਨੀ ਲਈ ਸੱਤਾਧਾਰੀ ਅਕਾਲੀ-ਕਾਂਗਰਸੀ ਲੀਡਰਾਂ ਅਤੇ ਪੁਲਸ ਦੀ ਮਿਲੀ ਭੁਗਤ ਨਾਲ ਨਸ਼ਿਆਂ ਦੀ ਸਪਲਾਈ ਖੁੱਲ•ੀ ਹੋ ਗਈ। ਮੇਰੇ ਅੱਖੀਂ ਵੇਖਦੇ ਵੇਖਦੇ ਗਿੱਦੜਬਾਹਾ ਵਿਚ ਮੈਡੀਕਲ ਨਸ਼ੇ (ਸ਼ੀਸ਼ੀਆਂ, ਟੀਕੇ, ਆਦਿ) ਕੁਝ ਦੁਕਾਨਾਂ 'ਤੇ ਆਮ ਹੀ ਵਿਕਣੇ ਸ਼ੁਰੂ ਹੋ ਗਏ। ਜੇ ਇਕ ਦੁਕਾਨ ਵਾਲੇ ਦੀ ਨੇੜਤਾ ਕਾਂਗਰਸ ਦੇ ਲੀਡਰ ਨਾਲ ਸੀ, ਤਾਂ ਦੂਜਾ ਅਕਾਲੀਆਂ ਦਾ ਖਾਸਮ-ਖਾਸ ਸੀ। ਮੈਂ ਵੇਖਿਆ ਕਿ ਸਾਡੇ ਆਪਣੇ ਵਾਰਡ ਦੇ ਕਿੰਨੇ ਹੀ ਨੌਜੁਆਨ ਨਸ਼ਿਆਂ ਦੇ ਚੁੰਗਲ ਵਿੱਚ ਪਹੁੰਚ ਚੁੱਕੇ ਹਨ ਤਦ ਮੈਨੂੰ ਮਹਿਸੂਸ ਹੋਇਆ ਕਿ ਪੰਜਾਬ ਦੇ ਪੈਮਾਨੇ 'ਤੇ ਇਹ ਵਰਤਾਰਾ ਭਿਆਨਕ ਰੂਪ ਲੈ ਚੁੱਕਿਆ ਹੈ।

ਇਹ 21ਵੀਂ ਸਦੀ ਦੇ ਨਵੇਂ ਪੰਜਾਬ ਦੀ ਕਾਲੀ ਤਸਵੀਰ ਦਾ ਸਿਰਫ਼ ਇਕ ਪੱਖ ਹੀ ਹੈ! ਨਵਾਂ ਪੰਜਾਬ- ਮਾਫ਼ੀਆ ਪੰਜਾਬ। ਬਿਲਡਰ-ਦਲਾਲ-ਠੇਕੇਦਾਰ-ਕਾਰਪੋਰੇਟ-ਨਸ਼ਿਆਂ ਦੇ ਸੌਦਾਗਾਰਾਂ-ਗੁੰਡਾ-ਸਿਆਸੀ ਗੱਠਜੋੜ ਦੇ ਰੂਪ 'ਚ ਉਭਰੇ ਤਾਕਤਵਰ ਮਾਫੀਆ ਗਿਰੋਹਾਂ ਦੇ ਪੰਜਿਆਂ ਵਿਚ ਤੜਪ ਰਿਹਾ ਪੰਜਾਬ। ਬੱਸ ਹਰ ਪੰਜ ਸਾਲ ਬਾਅਦ ਵੋਟਾਂ ਆਉਂਦੀਆਂ। ਪੂਰੇ ਪੰਜਾਬ ਵਾਂਗ ਗਿੱਦੜਬਾਹਾ ਹਲਕਾ ਵੀ ਚੋਣ ਭੇੜ ਦਾ ਅਖਾੜਾ ਬਣਦਾ। ਅਕਾਲੀ ਕਹਿੰਦੇ ਅਸੀਂ ਪੰਥਕ ਪਾਰਟੀ ਹਾਂ, ਤੁਸੀਂ ਗਿੱਦੜਬਾਹਾ ਵਾਲੇ ਤਾਂ ਸਾਡਾ ਪਰਿਵਾਰ ਓਂ! ਕਾਂਗਰਸ ਕਹਿੰਦੀ ਇਨ੍ਹਾਂ ਬਾਦਲਾਂ ਨੇ ਪੰਜਾਬ ਲੁੱਟ ਲਿਆ, ਵੋਟਾਂ ਸਾਨੂੰ ਪਾਉ। ਅੰਤ ਵੋਟਾਂ ਪੈ ਜਾਂਦੀਆਂ ਅਤੇ ਨਤੀਜੇ ਨਿਕਲ ਆਉਂਦੇ। 1995 ਤੋਂ ਬਾਦ ਹਰ ਵਾਰ ਮਨਪ੍ਰੀਤ ਬਾਦਲ ਹੀ ਗਿੱਦੜਬਾਹੇ ਤੋਂ ਜਿੱਤਦੇ ਰਹੇ। ਕਾਂਗਰਸ ਵੱਲੋਂ ਹਰ ਬਾਰ ਇੱਕੋ ਹੀ ਉਮੀਦਵਾਰ ਮਨਪ੍ਰੀਤ ਖਿਲਾਫ਼ ਖੜ•ਾ ਕੀਤਾ ਜਾਂਦਾ ਰਿਹਾ ਹੈ ਤਾਂ ਉਸ ਬੰਦੇ ਬਾਰੇ ਤੇ ਜਿਨ•ਾਂ ਘੱਟ ਲਿਖੀਏ ਉਨਾ ਹੀ ਚੰਗਾ ਹੈ। ਹਰ ਵਾਰ ਵੋਟਾਂ 'ਚ ਗੁੰਡਾਗਰਦੀ 'ਚ ਸੱਭ ਤੋਂ ਵੱਧ ਨੰਬਰ ਲੈਣ ਵਾਲੇ ਨੂੰ ਉਸਦਾ ਹੱਕੀ 'ਸਨਮਾਨ' ਵੀ ਮਿਲਦਾ। ਇਕ ਵਾਰ ਚੋਣਾਂ ਦੌਰਾਨ ਅਕਾਲੀ ਉਮੀਦਵਾਰ ਮਨਪ੍ਰੀਤ ਦੇ ਹੱਕ ਵਿੱਚ ਗੁੰਡਾਗਰਦੀ 'ਚ ਫਸਟ ਆਉਣ ਵਾਲੇ ਨੂੰ ਸ਼੍ਰੋਮਣੀ ਕਮੇਟੀ ਦੀ ਮੀਤ ਪ੍ਰਧਾਨਗੀ ਮਿਲੀ। ਕਿਸੇ ਅਗਲੀ ਚੋਣ 'ਚ ਮਨਪ੍ਰੀਤ ਦੇ ਹੱਕ 'ਚ ਐਸਾ ਕਰਨ ਵਾਲੇ ਨੂੰ ਟਰੱਕ ਯੂਨੀਅਨ ਦੀ ਪ੍ਰਧਾਨਗੀ ਨਾਲ ਨਿਵਾਜਿਆ ਗਿਆ। ਮਨਪ੍ਰੀਤ ਸਿੰਘ ਬਾਦਲ ਨੂੰ ਇਸ ਸੱਭ ਉੱਤੇ ਕਦੇ ਕੋਈ ਇਤਰਾਜ਼ ਨਾ ਹੋਇਆ। ਉਸ ਲਈ ਸ਼ਾਇਦ ਜੰਗ ਤੇ ਪਿਆਰ ਵਿੱਚ ਇਹ ਸਭ ਜਾਇਜ਼ ਸੀ।

2006 ਦੀਆਂ ਵੋਟਾਂ ਤੋਂ ਬਾਅਦ ਜਦ ਮਨਪ੍ਰੀਤ ਬਾਦਲ ਚੌਥੀ ਵਾਰ ਐਮ. ਐਲ. ਏ ਬਣੇ, ਤਾਂ ਉਸ ਦੇ ਤਾਇਆ ਜੀ ਦੀ ਅਕਾਲੀ-ਬੀ. ਜੇ. ਪੀ. ਸਰਕਾਰ ਵਿਚ ਉਨ੍ਹਾਂ ਨੂੰ ਵਿੱਤ ਮੰਤਰੀ ਦੀ ਕੁਰਸੀ ਦਿੱਤੀ ਗਈ। ''ਸਈਆਂ ਭਏ ਕੋਤਵਾਲ, ਅਬ ਡਰ ਕਾਹੇ ਕਾ''। ਗਿੱਦੜਬਾਹਾ ਵਿੱਚ ਨਜਾਇਜ਼ ਕਬਜਿਆਂ ਦੀਆਂ ਗੱਲਾਂ ਆਮ ਹੋ ਗਈਆਂ। ਮਨਪ੍ਰੀਤ ਬਾਦਲ ਨੇ ਆਪਣੇ ਸਾਲੇ ਨੂੰ ਸ਼ਹਿਰ ਦਾ ਇੰਚਾਰਜ ਲਾ ਦਿੱਤਾ। ਧੱਕੇਸ਼ਾਹੀਆਂ, ਉਗਰਾਹੀਆਂ ਤੇ ਮਨਮਾਨੀਆਂ ਦਾ ਨਵਾਂ ਦੌਰ ਚੱਲ ਪਿਆ। ਮਨਪ੍ਰੀਤ ਬਾਦਲ ਦੇ ਪੀ. ਏ. ਨੇ ਥੋੜ•ੇ ਜਿਹੇ ਸਮੇਂ ਵਿਚ ਬਠਿੰਡੇ ਕੋਲ ਇਕ 'ਸ਼ਾਨਦਾਰ' ਕਾਲਜ ਖੜ•ਾ ਕਰ ਲਿਆ, ਹਿਮਾਚਲ 'ਚ ਫੈਕਟਰੀ ਲਗਾ ਲਈ, ਜ਼ਮੀਨ ਖਰੀਦ ਲਈ ਅਤੇ ਚੰਡੀਗੜ 'ਚ ਫਲੈਟ ਲੈ ਲਿਆ। ਨਵ ਉਦਾਰੀਕਰਨ ਦੇ ਨਵ ਭ੍ਰਿਸ਼ਟਾਚਾਰ ਦੇ ਦਰਸ਼ਨ ਗਿੱਦੜਬਾਹਾ ਵਰਗੇ ਛੋਟੇ ਸ਼ਹਿਰ 'ਚ ਵੀ ਖੁੱਲੇਆਮ ਹੋਣ ਲੱਗੇ। ਜਨਤਕ ਧਨ ਦੀ ਸਥਾਨਕ ਪੱਧਰ ਦੀ ਲੁੱਟ 'ਚੋਂ ਹੱਥ ਰੰਗਣ ਦਾ ਮੌਕਾ ਦੇਣ ਲਈ ਉਨ੍ਹਾਂ ਦੇ ਸਥਾਨਕ ਚਹੇਤਿਆਂ ਨੂੰ ਉਨ੍ਹਾਂ ਦੇ ਇਸ਼ਾਰੇ ਮੁਤਾਬਿਕ ਬਿਨਾਂ ਕਿੰਤੂ ਪਰੰਤੂ ਸੜਕਾਂ, ਗਲੀਆਂ, ਸੀਵਰੇਜ ਆਦਿ ਦੇ ਠੇਕੇ ਅਲਾਟ ਹੋ ਗਏ। ਜਦੋਂ ਵਿੱਤ ਮੰਤਰੀ ਦਾ ਹੱਥ ਸਿਰ ਤੇ ਹੋਵੇ, ਤਾਂ ਲੋਕਾਂ ਜਾਂ ਅਫਸਰਾਂ ਦਾ ਕਿਹੜਾ ਡਰ? ਜਿੰਨ•ਾਂ ਮਰਜ਼ੀ ਲਾਓ, ਜਿੰਨਾ ਮਰਜ਼ੀ ਖਾਓ!

ਆਪਣੇ ਪਾਠਕਾਂ ਨੂੰ ਮਨਪ੍ਰੀਤ ਬਾਦਲ ਦੀ ਸਿਆਸੀ ਕਰਮਭੂਮੀ ਗਿੱਦੜਬਾਹਾ ਉੱਤੇ ਇਹ ਪਿਛਲਝਾਤ ਅਸੀਂ ਇਸ ਲਈ ਪੁਆਈ ਹੈ ਤਾਂ ਜੋ ਉਨ੍ਹਾਂ ਨੂੰ ਭਵਿੱਖ ਦੇ ਸਵਾਲ ਤੇ ਖਦਸੇ ਸਪਸ਼ਟ ਹੋ ਸਕਣ। ਖੈਰ ਹੁਣ ਮਨਪ੍ਰੀਤ ਬਾਦਲ ਨੇ ਆਪਣੀ ਪਾਰਟੀ ਨਾਲੋਂ ਲੱਗਪਗ ਤੋੜ ਵਿਛੋੜਾ ਕਰ ਲਿਆ ਹੈ। ਉਨ੍ਹਾਂ ਨੇ ਕਰਜ਼ਾ ਮੁਆਫੀ ਦੇ ਇਕ ਕੇਂਦਰ ਦੇ ਪ੍ਰਸਤਾਵ (ਇਹ ਅਜੇ ਤੱਕ ਸਾਫ਼ ਨਹੀਂ ਹੋਇਆ ਕਿ ਇਹ ਪ੍ਰਸਤਾਵ ਅਸਲ 'ਚ ਸਰਕਾਰੀ ਤੌਰ ਤੇ ਆਇਆ ਵੀ ਸੀ ਕਿ ਨਹੀਂ) ਨੂੰ ਮੁੱਦਾ ਬਣਾ ਕੇ ਜਨਤਕ ਸਟੈਂਡ ਲਿਆ। ਅਕਾਲੀ ਦਲ (ਬਾਦਲ) ਨੇ ਇਸ ਉੱਤੇ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹੀ ਖਾਰਜ ਕਰ ਦਿੱਤਾ। ਸ਼ੁਰੂ ਵਿੱਚ ਤਾਂ ਮਨਪ੍ਰੀਤ ਬਾਦਲ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਿੱਤੀ ਜਾਂਦੀ ਬਿਜਲੀ, ਪਾਣੀ ਤੇ ਖਾਦ ਆਦਿ ਉਤਲੀ ਸਬਸਿਡੀ ਦਾ ਵਿਰੋਧ ਕੀਤਾ ਸੀ, ਪਰ ਬਾਅਦ 'ਚ ਉਨ੍ਹਾਂ ਨੇ ਆਪਣੀ ਭਾਸ਼ਾ ਕੁਝ ਨਰਮ ਕਰ ਲਈ। ਮਨਪ੍ਰੀਤ ਬਾਦਲ ਦੇ ਸਰਕਾਰ ਅਤੇ ਬਾਦਲ ਦਲ 'ਚੋਂ ਕੱਢੇ ਜਾਣ ਤੋਂ ਬਾਦ ਪੈਦਾ ਹੋਈ ਨਵੀਂ ਸਥਿਤੀ ਵਿੱਚ ਉਨ੍ਹਾਂ ਦੇ ਕਈ ਨਜ਼ਦੀਕੀ ਤਾਂ ਪਾਸਾ ਬਦਲ ਗਏ, ਪਰ ਕਈ ਅਜੇ ਉਨ੍ਹਾਂ ਦੇ ਨਾਲ ਹੀ ਖੜ੍ਹੇ ਨੇ। ਮਨਪ੍ਰੀਤ ਬਾਦਲ ਵੀ ਸਾਫ਼ ਐਲਾਨ ਕਰ ਚੁੱਕਾ ਹੈ ਕਿ ਹੁਣ ਉਸ ਦੇ ਅਕਾਲੀ ਦਲ (ਬਾਦਲ) ਵਿਚ ਵਾਪਸ ਜਾਣ ਦੀ ਕੋਈ ਗੁੰਜਾਇਸ਼ ਨਹੀਂ ਹੈ, ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ-ਸੁਖਬੀਰ ਅਕਾਲੀ ਦਲ ਬਣ ਚੁੱਕਿਆ ਹੈ। ਪਰ ਉਹ ਲਗਾਤਾਰ ਇਹ ਵੀ ਕਹਿ ਰਹੇ ਨੇ ਕਿ ਉਹ ਆਪਣੇ ਤਾਇਆ ਜੀ ਦੀ ਅਜੇ ਵੀ ਪੂਰੀ ਇੱਜ਼ਤ ਕਰਦੇ ਹਨ ਅਤੇ ਉਨ੍ਹਾਂ ਖਿਲਾਫ਼ ਉਹ ਇੱਕ ਵੀ ਸ਼ਬਦ ਨਹੀਂ ਬੋਲਣਗੇ।

ਮਨਪ੍ਰੀਤ ਬਾਦਲ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਇਹ ਦੇਖ ਕੇ ਬੜਾ ਦੁੱਖ ਹੋਇਆ ਕਿ ਐਡੀ ਇਤਿਹਾਸਿਕ ਪਾਰਟੀ ਅੱਜ ਕਿਸ ਹਾਲ 'ਚ ਪਹੁੰਚ ਗਈ ਹੈ ਕਿ ਕੋਈ ਬੰਦਾ ਸੱਚ ਬੋਲਣ ਦੀ ਹਿੰਮਤ ਕਰਦਾ ਹੈ, ਤਾਂ ਪਾਰਟੀ ਅੰਦਰਲਾ ਲੁੰਪਨ ਹਿੱਸਾ ਉਸਦੀ ਆਵਾਜ਼ ਨੂੰ ਦਬਾ ਦਿੰਦਾ ਹੈ। ਉਨ੍ਹਾਂ ਨੂੰ ਦੁੱਖ ਹੈ ਕਿ ਪਾਰਟੀ ਦੇ ਪੁਰਾਣੇ ਜਰਨੈਲ ਅੱਜ ਬਹੁਤ ਹੀ ਤਰਸਯੋਗ ਹਾਲਤ 'ਚ ਪਹੁੰਚ ਚੁੱਕੇ ਹਨ। ਪਾਰਟੀ ਅੰਦਰ ਕਿਸੇ ਤਰ੍ਹਾਂ ਦੀ ਵੀ ਡੈਮੋਕਰੇਸੀ ਨਹੀਂ ਹੈ। ਉਨ੍ਹਾਂ ਦੀਆਂ ਇਨ੍ਹਾਂ ਸਭ ਗੱਲਾਂ 'ਤੇ ਸਾਡਾ ਇਹ ਸਵਾਲ ਬਣਦਾ ਹੈ ਕਿ ਅਕਾਲੀ ਦਲ ਵਿੱਚ ਡੈਮੋਕਰੇਸੀ ਸੀ ਕਦ? ਅਤੇ ਜੋ ਹਾਲਤ ਅੱਜ ਅਕਾਲੀ ਦਲ (ਬਾਦਲ) ਦੀ ਹੈ ਅਤੇ ਜਿਸ ਉੱਤੇ ਮਨਪ੍ਰੀਤ ਨੂੰ ਰੋਣਾ ਆ ਰਿਹਾ ਹੈ, ਉਸ ਬਾਰੇ ਮਨਪ੍ਰੀਤ ਬਾਦਲ ਜੀ ਨੂੰ ਸੁਆਲ ਹੈ ਕਿ ਕੀ ਪਾਰਟੀ ਨੂੰ ਇਸ ਹਾਲਤ 'ਚ ਪਹੁੰਚਾਉਣ ਵਿੱਚ ਸੱਭ ਤੋਂ ਵੱਡਾ ਯੋਗਦਾਨ ਉਸਦੇ 'ਸਤਿਕਾਰਯੋਗ' ਤਾਇਆ ਜੀ ਸ. ਪ੍ਰਕਾਸ਼ ਸਿੰਘ ਬਦਲ ਦਾ ਨਹੀਂ ਹੈ? ਸਵਾਲ ਤਾਂ ਇਹ ਵੀ ਬਣਦਾ ਹੈ ਕਿ ਕੀ ਇਕ ਬਿਲਕੁਲ ਨਵੇਂ ਮੁੰਡੇ ਨੂੰ ਜਿਸ ਨੇ ਪਾਰਟੀ ਲਈ ਹਾਲੇ ਡੱਕਾ ਭੰਨ ਕੇ ਦੂਹਰਾ ਨਾ ਕੀਤਾ ਹੋਵੇ, ਉਸ ਨੂੰ ਪਹਿਲਾਂ ਐਮ. ਐਲ. ਏ. ਲਈ ਪਾਰਟੀ ਟਿਕਟ ਦੇਣਾ ਅਤੇ ਫਿਰ ਕੁਝ ਸਾਲਾਂ ਬਾਅਦ ਤਮਾਮ ਜਰਨੈਲਾਂ ਨੂੰ ਲਾਂਭੇ ਰੱਖਦੇ ਹੋਏ ਵਿੱਤ ਮੰਤਰੀ ਬਣਾ ਦੇਣਾ ਕੀ ਹੱਦ ਦਰਜੇ ਦੀ ਕੁਨਬਾਪ੍ਰਸਤੀ, ਭਾਈ-ਭਤੀਜਾਵਾਦ ਜਾਂ ਪਰਿਵਾਰਵਾਦ ਨਹੀਂ ਸੀ? ਤੇ ਮਨਪ੍ਰੀਤ ਬਾਦਲ ਤਦ ਇਸ ਵਰਤਾਰੇ ਖਿਲਾਫ਼ ਕਿਉਂ ਨਹੀਂ ਬੋਲੇ? ਆਪਣੇ ਸਾਲੇ ਨੂੰ ਆਪਣੇ ਹਲਕੇ ਦਾ ਪਾਰਟੀ ਇੰਚਾਰਜ ਥਾਪ ਦੇਣਾ, ਕੀ ਡੈਮਕਰੇਸੀ ਸੀ ਜਾਂ ਰਾਜਾਸ਼ਾਹੀ? ਕੀ ਮਨਪ੍ਰੀਤ ਜੀ ਨੂੰ ਆਪਣੇ ਨੇੜਲਿਆਂ ਦੀਆਂ ਖੁੱਲ•ੀਆਂ ਮਨਮਾਨੀਆਂ ਤੇ ਕੁਰੱਪਸ਼ਨ ਬਿਲਕੁਲ ਨਜ਼ਰ ਨਹੀਂ ਆਈ, ਜੋ ਉਹ ਅੱਜ ਵੀ ਉਨ੍ਹਾਂ ਨੂੰ ਗਲ ਲਾਈ ਫਿਰਦੇ ਨੇ? ਪੂਰੇ ਪੰਜਾਬ ਦੀ ਗੱਲ ਨਾ ਵੀ ਕਰੀਏ, ਤਾਂ ਕੀ ਉਹ ਦੱਸਣਗੇ ਕਿ ਅੱਜ ਤੱਕ ਗਿੱਦੜਬਾਹਾ ਵਿੱਚ ਹੀ ਨਸ਼ਿਆਂ ਦੀ ਵਿਕਰੀ ਰੋਕਣ ਵਿੱਚ ਉਹ ਕਿਉਂ ਅਸਮਰੱਥ ਰਹੇ ਜਾਂ ਉਨ੍ਹਾਂ ਨੇ ਇਸ ਬਾਰੇ ਕੀ ਠੋਸ ਕਾਰਵਾਈ ਕੀਤੀ, ਜੇ ਨਹੀਂ ਤਾਂ ਕਿਉਂ? ਆਪਣੀਆਂ ਤਮਾਮ ਇਲੈਕਸ਼ਨਾਂ ਵਿਚ ਉਹ ਅੱਜ ਤੱਕ ਕਿਉਂ 'ਮਨੀ' (ਪੈਸਾ) ਤੇ Muscle power ਖੁੱਲ ਕੇ ਵਰਤਦੇ ਰਹੇ? ਕੀ ਇਹ ਚੀਜ਼ਾਂ ਉੱਚੀਆਂ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਲਈ ਜਾਇਜ਼ ਸਨ? ਇਸ ਤਰ੍ਹਾਂ ਦੇ ਹੋਰ ਬਹੁਤ ਸਵਾਲ ਮਨਪ੍ਰੀਤ ਬਾਦਲ ਸਾਹਿਬ ਨੂੰ ਪੁੱਛੇ ਜਾ ਸਕਦੇ ਹਨ, ਪਰ ਉਨ੍ਹਾਂ ਨੇ ਇਹੋ ਜਿਹੇ ਤਮਾਮ ਸਵਾਲਾਂ ਦਾ ਜੋ ਉਨ੍ਹਾਂ ਦੀ ਪਿਛਲੀ ਤੇ ਸਿਆਸੀ ਜ਼ਿੰਦਗੀ ਨਾਲ ਸਬੰਧ ਰੱਖਦੇ ਹਨ ਅੱਜ ਕੱਲ ਇਕੋ ਉੱਤਰ ਘੜਿਆ ਹੋਇਆ ਹੈ। ਉਹ ਕਹਿ ਦਿੰਦੇ ਹਨ ਕਿ ''ਸਾਹਰ ਪੁਰਾਣੀਆਂ ਗੱਲਾਂ ਛੱਡੋ, ਆਉ ਭਵਿੱਖ ਦੀ ਗੱਲ ਕਰੀਏ।''

ਠੀਕ ਹੈ, ਅਸੀਂ ਕਿਸੇ ਨੂੰ ਜਵਾਬ ਦੇਣ 'ਤੇ ਮਜ਼ਬੂਰ ਤਾਂ ਕਰ ਨਹੀਂ ਸਕਦੇ ਤਾਂ ਵੇਖਦੇ ਹਾਂ ਕਿ ਮਨਪ੍ਰੀਤ ਬਾਦਲ ਜੀ ਦਾ ਭਵਿੱਖ ਦਾ ਏਜੰਡਾ ਕੀ ਹੈ? ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਚਾਹੁੰਦੇ ਨੇ ਕਿ ਪੰਜਾਬ ਚੋਂ ਗਰੀਬੀ, ਭ੍ਰਿਸ਼ਟਾਚਾਰ, ਨਸ਼ੇ, ਫ਼ਿਰਕਾਪ੍ਰਸਤੀ, ਕਰਜ਼ੇ ਤੇ ਗਰੀਬੀ ਨੂੰ ਖਤਮ ਕੀਤਾ ਜਾਵੇ, ਤਾਂ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਿਆ ਜਾ ਸਕੇ। ਵਾਹ, ਕਿੰਨੇ ਨੇਕ ਵਿਚਾਰ ਨੇ, ਮਨੁੱਖਤਾ ਨਾਲ ਥੋੜ•ੀ ਜਿਹੀ ਵੀ ਮੁਹੱਬਤ ਕਰਨ ਵਾਲਾ ਹਰ ਇਨਸਾਨ ਚਾਹੁੰਦਾ ਹੈ ਕਿ ਇਹੋ ਜਿਹਾ ਸਮਾਜ ਜ਼ਰੂਰ ਸਿਰਜਿਆ ਜਾਵੇ। ਅਸੀਂ ਵੀ ਇਹੋ ਚਾਹੁੰਦੇ ਹਾਂ ਤੇ ਆਪਣੀਆਂ ਜ਼ਿੰਦਗੀਆਂ ਇਸ ਕਾਜ਼ ਦੇ ਲੇਖੇ ਲਾਈਆਂ ਹੋਈਆਂ ਹਨ। ਐਸਾ ਸਮਾਜ ਸਿਰਜਣਾ ਇਕ ਬਹੁਤ ਮਹਾਨ ਕੰਮ ਹੈ ਪਰ ਨਾਲੋ ਨਾਲ ਔਖਾ ਵੀ। ਭਗਤ ਸਿੰਘ ਖੁਦ ਸਾਨੂੰ ਇਸ ਸੁਪਨੇ ਨੂੰ ਪੂਰਾ ਕਰਨ ਦਾ ਰਾਹ ਦੱਸ ਕੇ ਗਿਆ ਹੈ। ਉਸਦੇ ਮੁਤਾਬਕ ਇਸ ਸਮਾਜ ਦੀਆਂ ਸਭ ਤੋਂ ਦੱਬੀਆਂ ਕੁਚਲੀਆਂ ਜਮਾਤਾਂ, ਮਜ਼ਦੂਰਾਂ ਤੇ ਕਿਸਾਨਾਂ ਨੂੰ ਨਾਲ ਲੈ ਕੇ ਇਕ ਇਨਕਲਾਬੀ ਲੋਕ ਲਹਿਰ ਖੜ•ੀ ਕਰ ਕੇ ਹੀ ਸਮਾਜਿਕ ਤਬਦੀਲੀ ਦੇ ਇਸ ਮਹਾਨ ਪ੍ਰੋਜੈਕਟ ਨੂੰ ਸਿਰੇ ਚਾੜਿਆ ਜਾ ਸਕਦਾ ਹੈ। ਸ਼ਹੀਦ ਭਗਤ ਸਿੰਘ ਦਾ ਸੁਪਨਾ ਸੀ ਆਰਥਿਕ ਤੇ ਸਮਾਜਿਕ ਬਰਾਬਰੀ ਵਾਲਾ ਇਕ ਸਮਾਜ ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ।

ਜੇ ਮਨਪ੍ਰੀਤ ਬਾਦਲ ਦੇ ਕਹਿਣ ਮੁਤਾਬਕ ਉਹ ਵੀ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣਾ ਚਾਹੁੰਦੇ ਹਨ ਤਾਂ ਅਸੀਂ ਨੌਜਵਾਨ ਕੁਝ ਸਵਾਲ ਜ਼ਰੂਰ ਉਨ੍ਹਾਂ ਅੱਗੇ ਤੇ ਜਨਤਾ ਅੱਗੇ ਰੱਖਣੇ ਚਾਹਾਂਗੇ। ਇਨ੍ਹਾਂ ਸਵਾਲਾਂ ਤੇ ਖਦਸ਼ਿਆਂ ਨੂੰ ਉੱਚਾ ਉੱਠਾਉਣ ਪਿੱਛੇ ਸਿਰਫ ਇਕ ਹੀ ਮਨਸ਼ਾ ਹੈ, ਤੇ ਉਹ ਹੈ ਕਿ ਚੀਜ਼ਾਂ ਜਾਂ ਭਵਿੱਖ ਦਾ ਵਿਯਨ ਧੁੰਦਲਾ ਹੋਣ ਦੀ ਬਜਾਏ ਸਪੱਸ਼ਟ ਹੋਵੇ। ਜਨਤਾ ਨੂੰ ਮਹਿਜ਼ ਪਾਪੁਲਰ ਨਾਹਰੇ ਦੇ ਕੇ ਵਰਗਲਾਉਣ ਦੀ ਬਜਾਏ, ਜਨਤਾ ਅੱਗੇ ਸੱਚੀ ਤਸਵੀਰ ਰੱਖੀ ਜਾਵੇ ਤਾਂ ਕਿ ਲੋਕਾਂ ਨੂੰ ਸਾਫ ਹੋ ਸਕੇ ਕਿ ਸਮਾਜ ਦੀਆਂ ਤਮਾਮ ਬੁਰਾਈਆਂ ਤੋਂ ਨਿਜਾਤ ਪਾਉਣ ਦਾ ਦਰੁਸਤ ਸੱਚਾ ਤੇ ਵਿਗਿਆਨਕ ਰਸਤਾ ਕਿਹੜਾ ਹੈ। ਮਨਪ੍ਰੀਤ ਬਾਦਲ ਲਈ ਸਾਡੇ ਕੁਝ ਸਵਾਲ ਇਹ ਹਨ ਅਤੇ ਇਹੀ ਸਾਡੇ ਲੇਖ ਦੀ ਅੰਤਿਕਾ ਹਨ :-

1. ਸ਼ਹੀਦ ਭਗਤ ਸਿੰਘ ਬਾਰੇ ਥੋੜ•ੀ ਜਿਹੀ ਜਾਣਕਾਰੀ ਰੱਖਣ ਵਾਲਾ ਵੀ ਜਾਣਦਾ ਹੈ ਕਿ ਭਗਤ ਸਿੰਘ ਦਾ ਸੁਪਨਾ ਮੁਲਕ ਵਿੱਚ ਸਮਾਜਵਾਦੀ ਨਿਜ਼ਾਮ ਦੀ ਸਥਾਪਨਾ ਕਰਨਾ ਸੀ। ਐਸਾ ਨਿਜ਼ਾਮ ਜਿਸ ਵਿੱਚ ਅਸਲੀ ਅਰਥਾਂ ਵਿਚ ਸਮਾਜਿਕ ਤੇ ਆਰਥਿਕ ਬਰਾਬਰੀ ਹੋਵੇ ਅਤੇ ਭਗਤ ਸਿੰਘ ਦਾ ਸਪਸ਼ਟ ਐਲਾਨ ਸੀ ਕਿ ਐਸਾ ਨਿਜ਼ਾਮ ਇਨਕਲਾਬ ਦੇ ਜ਼ਰੀਏ ਹੀ ਸੰਭਵ ਹੈ। ਤਾਂ ਮਨਪ੍ਰੀਤ ਬਾਦਲ ਕਿਉਂ ਨਹੀਂ ਸਾਫ਼ ਤੇ ਸਪੱਸ਼ਟ ਰੂਪ ਵਿੱਚ ਇਨਕਲਾਬ ਦਾ ਸਮਾਜਵਾਦ ਦੀ ਸਥਾਪਨਾ ਦਾ ਨਾਹਰਾ ਦਿੰਦੇ?

2. ਇਨਕਲਾਬੀ ਸਮਾਜਿਕ ਤਬਦੀਲੀ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ, ਜਮਾਤੀ ਸੰੰਘਰਸ਼ ਬਿਨਾਂ ਸੰਭਵ ਨਹੀਂ ਹੈ, ਕਿਉਂਕਿ ਪੂਰਾ ਸਮਾਜ ਜਮਾਤਾਂ ਵਿੱਚ ਵੰਡਿਆ ਹੋਇਆ ਹੈ। ਜਿੱਥੇ ਕੁਝ ਜਮਾਤਾਂ ਲੁੱਟ ਕਰਦੀਆਂ ਹਨ ਤੇ ਕੁਝ ਜਮਾਤਾਂ ਦੀ ਲੁੱਟ ਹੁੰਦੀ ਹੈ। ਮਨਪ੍ਰੀਤ ਜੀ ਸਾਫ਼ ਸਾਫ਼ ਦੱਸਣ ਕਿ ਉਹ ਕਿਹੜੀਆਂ ਜਮਾਤਾਂ ਦੇ ਨਾਲ ਖੜਨਗੇ ਤੇ ਕਿਹੜੀਆਂ ਜਮਾਤਾਂ ਦੇ ਵਿਰੁੱਧ ਜੰਗ ਛੇੜਣਗੇ?

3. ਸਾਡੇ ਦੇਸ਼ ਦੇ ਹਾਕਮ ਪੂੰਜੀਵਾਦੀ ਆਰਥਿਕ ਨੀਤੀਆਂ ਦੇ ਲੜ ਲੱਗੇ ਹੋਏ ਹਨ। ਦੇਸ਼ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਕਾਂਗਰਸ ਤੇ ਬੀਜੇਪੀ ਸਮੇਤ ਸਾਰੀਆਂ ਸਰਮਾਏਦਾਰ ਪਾਰਟੀਆਂ ਇਨ੍ਹਾਂ ਨੀਤੀਆਂ ਉੱਤੇ ਪੂਰੀ ਆਮ ਸਹਿਮਤੀ ਰੱਖਦੀਆਂ ਹਨ। ਤਾਂ ਮਨਪ੍ਰੀਤ ਜੀ ਗੋਲਮੋਲ ਗੱਲਾਂ ਦੀ ਬਜਾਏ ਸਪੱਸ਼ਟ ਦੱਸਣ ਕਿ ਕੀ ਉਹਨਾਂ ਮੁਤਾਬਕ ਇਨ੍ਹਾਂ ਪੂੰਜੀਵਾਦੀ ਨੀਤੀਆਂ ਅੰਦਰ ਹੀ ਸੁਧਾਰ ਕਰ ਕੇ ਸਮਾਜ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਿਆ ਜਾ ਸਕਦਾ ਹੈ ਜਾਂ ਅੱਜ ਸਾਨੂੰ ਇਨ੍ਹਾਂ ਨੀਤੀਆਂ ਨੂੰ ਰੱਦ ਕਰਕੇ ਬਿਲਕੁਲ ਨਵੀਆਂ ਆਰਥਿਕ ਨੀਤੀਆਂ ਦੀ ਜ਼ਰੂਰਤ ਹੈ?

4. ਮਨਪ੍ਰੀਤ ਜੀ ਦਾ ਕਹਿਣਾ ਹੈ ਕਿ ਉਹ ਤਾਂ ਜੰਮੇ ਹੀ 'ਅਕਾਲੀ' ਸਨ। ਉਹ ਕ੍ਰਿਪਾ ਕਰਕੇ ਦੱਸਣਗੇ ਕਿ 'ਅਕਾਲੀ' ਹੋਣ ਦੀ ਕੀ ਪਰਿਭਾਸ਼ਾ ਹੈ?

5. ਦੇਸ਼ ਜਾਂ ਪੰਜਾਬ ਦਾ ਸਭ ਤੋਂ ਦੱਬਿਆ ਕੁਚਲਿਆ ਹਿੱਸਾ ਹੈ ਛੋਟੇ ਕਿਸਾਨ, ਖੇਤ ਮਜ਼ਦੂਰ ਅਤੇ ਸਨਅਤੀ ਮਜ਼ਦੂਰੀ। ਮਨਪ੍ਰੀਤ ਜੀ ਦਾ ਇਨ੍ਹਾਂ ਦੀ ਭਲਾਈ ਵਾਸਤੇ ਕੀ ਅਜੰਡਾ ਹੈ? ਕੀ ਉਨ੍ਹਾਂ ਅੰਦਰ ਮਜ਼ਦੂਰਾਂ ਕਿਸਾਨਾਂ ਨੂੰ ਗਰਦਨ ਤੋੜ ਕਰਜ਼ੇ ਤੋਂ ਮੁਕਤ ਕਰਾਉਣ ਲਈ ਖੂਨਚੁਸ ਸ਼ਾਹੂਕਾਰਾਂ-ਆੜਤੀਆਂ ਦੇ ਗੈਰ ਕਾਨੂੰਨੀ ਕਰਜ਼ਿਆਂ ਨੂੰ ਰੱਦ ਕਰਨ ਦਾ ਨਾਹਰਾ ਦੇਣ ਦੀ ਹਿੰਮਤ ਹੈ? ਕੀ ਉਹ ਬੰਧੂਆਂ ਮਜ਼ਦੂਰੀ ਤੇ ਵਗਾਰ ਦੇ ਖਾਤਮੇ ਜਾਂ ਮਜ਼ਦੂਰਾਂ ਨੂੰ ਸਰਕਾਰ ਵਲੋਂ ਐਲਾਨੀ ਘੱਟੋ ਘੱਟ ਉਜਰਤ, ਅੱਠ ਘੰਟੇ ਦੀ ਕੰਮ ਦਿਹਾੜੀ ਅਤੇ ਉਜਰਤ ਸਮੇਤ ਹਫਤਾਵਾਰੀ ਛੁੱਟੀ ਵਰਗੀਆਂ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਮੰਗਾਂ ਨੂੰ ਰਸਮੀ ਤੌਰ 'ਤੇ ਵੀ ਆਪਣੇ ਪ੍ਰਚਾਰ ਦਾ ਹਿੱਸਾ ਬਣਾਉਣ ਦੀ ਜੁਅਰਤ ਕਰਨਗੇ?

6. ਕੀ ਉਹ ਪੰਜਾਬ ਦੇ ਲੱਖਾਂ ਨੌਜਵਾਨਾਂ ਤੋਂ ਨਿਗੂਣੀਆਂ ਤਨਖਾਹਾਂ ਬਦਲੇ ਮਨਮਾਨਾ ਸਮਾਂ ਕੰਮ ਕਰਵਾ ਕੇ ਲੁੱਟ ਕਰਨ ਵਾਲੇ ਪ੍ਰਾਈਵੇਟ ਤੇ ਸਰਕਾਰੀ ਠੇਕਾ ਤੰਤਰ ਦਾ ਪੂਰਨ ਖ਼ਾਤਮਾ ਕਰਕੇ, ਸੰਘਰਸ਼ਸ਼ੀਲ ਬੇਰੁਜਗਾਰ ਨੌਜਵਾਨਾਂ ਨੂੰ ਪੂਰੀਆਂ ਤਨਖ਼ਾਹਾਂ ਤੇ ਸਥਾਈ ਰੁਜ਼ਗਾਰ ਦੇਣ ਦੀ ਜਾਇਜ਼ ਮੰਗ ਨੂੰ ਉਭਾਰਨ ਤੇ ਪ੍ਰਚਾਰਨ ਲਈ ਤਿਆਰ ਹਨ?

7. ਕੀ ਉਹ ਲੁੱਟ ਦੇ ਅੱਡੇ ਬਣ ਚੁੱਕੀਆਂ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੇ ਖਿਲਾਫ਼ ਅਤੇ ਇਸ ਦੀ ਬਜਾਏ ਸੱਭ ਲਈ ਮੁਫ਼ਤ, ਇਕਸਾਰ ਤੇ ਬੇਹਤਰ ਵਿਦਿਅਕ ਪ੍ਰਬੰਧ। ਨੀਤੀ ਦੇ ਪੱਖ ਵਿੱਚ ਆਵਾਜ਼ ਉਠਾਉਣਗੇ?

8. ਸ਼ਹੀਦ ਭਗਤ ਸਿੰਘ ਦਾ ਨੌਜਵਾਨਾਂ ਨੂੰ ਸੁਨੇਹਾ ਸੀ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਦੇ ਦੱਬੇ ਕੁੱਚਲੇ ਲੋਕਾਂ ਦੇ ਵਿੱਚ ਜਾ ਕੇ ਕੰਮ ਕਰਨ ਅਤੇ ਉਹਨਾਂ ਲੋਕਾਂ ਨੂੰ ਚੇਤਨ ਕਰਕੇ ਇਸ ਸਮਾਜ ਨੂੰ ਬਦਲ ਦੇਣ ਦੀ ਲਹਿਰ ਪੈਦਾ ਕਰਨ। ਪਰ ਕੀ ਮਨਪ੍ਰੀਤ ਆਪਣੇ ਦੁਆਲੇ ਇਕੱਤਰ ਹੋ ਰਹੇ ਨਵ ਧਨਾਡ ਕਾਕਿਆਂ ਅਤੇ ਸੱਤਾ ਦੀ ਦੌੜ ਵਿਚ ਪਛੜੇ ਹੋਏ ਪਰ ਸੁਆਰਥੀ ਤੇ ਮੌਕਾਪ੍ਰਸਤ ਆਗੂਆਂ ਦੀ ਭੀੜ ਨੂੰ ਅਜਿਹਾ ਸੱਦਾ ਦੇਣ ਦਾ ਜੇਰਾ ਕਰਨਗੇ? ਸ੍ਰੀ ਮਨਪ੍ਰੀਤ ਬਾਦਲ ਆਪਣੇ ਭਾਸ਼ਨਾਂ ਦਾ ਅੰਦਾਜ਼ ਹੈ ਕਿ ਉਹ ਆਪਣੀ ਗੋਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਹਿਣ ਲਈ ਅਕਸਰ ਢੁਕਵੇਂ ਸ਼ੇਅਰਾਂ ਦੀ ਵਰਤੋਂ ਕਰਦੇ ਹਨ, ਸੋ ਅਸੀਂ ਵੀ ਉਨ੍ਹਾਂ ਬਾਰੇ ਆਪਣੀ ਲਿਖਤ ਦਾ ਨਿਚੋੜ ਮਹਾਨ ਸ਼ਾਇਰ ਅਲਾਮਾਇਕ ਬਾਬ ਦੇ ਇਕ ਸ਼ੇਅਰ ਦੇ ਰੂਪ ਵਿੱਚ ਹੀ ਪੇਸ਼ ਕਰਨਾ ਚਾਹਾਂਗੇ-

''ਇਕਬਾਲ ਬੜਾ ਮਨਮੌਜੀ ਹੈ, ਮਨ ਬਾਤੋਂ ਸੇ ਮੋਹ ਲੇਤਾ ਹੈ,
ਗੁਫ਼ਤਾਰ ਕਾ ਗਾਜ਼ੀ ਤੋਂ ਬਨ ਗਿਆ, ਕਿਰਦਾਰ ਕਾ ਗਾਜ਼ੀ ਬਨ ਨਾ ਸਕਾ।''
-(ਗੁਫਤਾਰ ਭਾਵ ਗੱਲਬਾਤ)

ਲੇਖ਼ਕ-ਹਰਮੀਤ ਸਮਾਘ

Sunday, January 30, 2011

ਪੰਜਾਬ ਦੀਆਂ ਤੀਜੀਆਂ ਧਿਰਾਂ ਦਾ ਤੀਜਾ ਬਦਲ

ਭਾਰਤੀ ਲੋਕਤੰਤਰ ਹੁਣ ਠੱਗਾ ਤੇ ਚੋਰਾਂ ਦਾ ਇੱਕਠ ਹੈ ਇਸ ਵਿਚ ਕੋਈ ਸ਼ੱਕ ਨਹੀ ਤੇ ਇਸ ਰਾਹੀਂ ਕਿਸੇ ਬਦਲਾਅ ਬਾਰੇ ਸੋਚਣਾ ਸਭ ਤੋ ਵੱਡੀ ਬੇਵਕੂਫੀ ਹੈ | ਵੋਟਾਂ ਤੇ ਨੋਟਾਂ ਦੇ ਸਿਆਸਤ ਵਿਚ ਪੰਜਾਬ ਦੇ ਲੋਕਾਂ ਨੂੰ ਇਕ ਵਾਰ ਫਿਰ ਸਿਰਫ ਤੇਰਾਂ ਮਹੀਨੇ ਬਆਦ ਆਪਣਾ ਖੂਨ ਪਿਲਉਣ ਲਈ ਰਿੱਛ ਜਾ ਬਘਿਆੜ ਵਿਚੋ ਇੱਕ ਦੀ ਚੋਣ ਕਰਨੀ ਪਵੇਗੀ| ਸਿਆਸੀ ਹਲਕਿਆਂ ਵਿਚ ਆਉਣ ਵਾਲੀਆਂ ਵਿਧਾਨ ਸਭਾ {ਨੁਕਸਾਨ ਸਭਾ} ਦੀਆਂ ਵੋਟਾਂ ਲਈ ਤਿਆਰੀ ਸ਼ੁਰੂ ਹੋ ਚੁੱਕੀ ਹੈ | ਜਿਥੇ ਕਾਂਗਰਸ ਪਾਰਟੀ ਦੀ ਕਮਾਨ ਰਾਜਾ ਸਾਬ ਦੇ ਹੱਥ ਆ ਚੁੱਕੀ ਹੈ ਅਕਾਲੀ ਦਲ ਦੀ ਕਮਾਨ ਵੀ ਸੀਨੀਅਰ ਬਾਦਲ ਤੋ ਖਿਸਕ ਕੇ ਜੂਨੀਅਰ ਬਾਦਲ ਦੇ ਹੱਥ ਆ ਚੁੱਕੀ ਹੈ|ਮੁਖ ਮੰਤਰੀ ਦੀ ਕੁਰਸੀ ਚਾਹੇ ਅਜੇ ਨਸੀਬ ਨਹੀ ਹੋਈ ਜੂਨੀਅਰ ਬਾਦਲ ਨੂੰ ਤੇ ਹੁਣ ਉਮੀਦ ਵੀ ਘੱਟ ਹੀ ਹੈ ਕੀ ਓਹਨਾ ਦੇ ਤਾਜਪੋਸ਼ੀ ਹੋ ਸਕੇਗੀ ,ਕਿਉਂਕਿ ਇਸ ਵੇਲੇ ਪਾਰਟੀ ਵਿਚ ਕੋਈ ਵੀ ਟਕਰਾ ਨੁਕਸਾਨਦਾਇਕ ਹੋਵੇਗਾ| ਦੂਜੇ ਪਾਸੇ ਕੈਪਟਨ ਸਾਬ ਨੂੰ ਵੀ ਪ੍ਰਦੇਸ਼ ਕਾਂਗਰਸ ਵਲੋ ਤਕਰੀਬਨ ਤਕਰੀਬਨ ਪ੍ਰਵਾਨ ਕਰ ਹੀ ਲਿਆ ਗਿਆ ਹੈ, ਭੱਠਲ, ਕੇ.ਪੀ ਤੇ ਜਗਮੀਤ ਬਰਾੜ ਵਰਗੇ ਮਹਾਂਰਥੀ ਵੀ ਸਾਥ ਦੇਣ ਦੇ ਹੀ ਮੂਡ ਵਿਚ ਹੀ ਹਨ ,ਕਿਉਂਕਿ ਇਸ ਸਮੇ ਟਕਰਾ ਦੀ ਕੋਈ ਵੀ ਗੱਲ ਨੁਕਸਾਨ ਦਾਇਕ ਹੀ ਹੋਵੇਗਾ |ਭਾਜਪਾ ਦਾ ਅਕਾਲੀ ਦਲ ਨਾਲ ਬਣੇ ਰਹਿਣਾ ਤੈਅ ਹੈ ਕਿਓ ਹੋਰ ਕੋਈ ਪਾਰਟੀ ਉਨ੍ਹਾ ਦੇ ਫਿਰਕੂ ਢਾਂਚੇ ਵਿਚ ਫਿੱਟ ਨਹੀ ਬੈਠਣ ਵਾਲੀ ,ਹਾਂ ਸੀਟਾਂ ਨੂੰ ਲੈ ਕੇ ਥੋੜਾ ਬਹੁਤਾ ਰੋਲਾ ਰੱਪਾ ਪੈਣਾ ਵੀ ਤੈਅ ਹੈ ਅਕਾਲੀ ਦਲ ਨਾਲ|


ਜੇ ਦੂਜੇ ਨਜ਼ਰੀਏ ਤੋ ਦੇਖਿਆ ਜਾਵੇ ਤਾਂ ਲੋਕਾਂ ਵਿਚ ਦੋਵਾਂ ਪਾਰਟੀ ਦੇ ਚਿਹਰੇ ਨੰਗੇ ਹੋ ਚੁੱਕੇ ਨੇ , ਕੇਂਦਰ ਸਰਕਾਰ ਵਿਚ ਨਿਤ ਦਿਨ ਘਪਲੇ ਜਾਹਰ ਹੋ ਰਹੇ ਨੇ ਤੇ ਪੰਜਾਬ ਸਰਕਾਰ ਕਾਲੇ ਕਾਨੂੰਨ ਬਣਾ ਕੇ ਪੂਰੀ ਹਿਟਲਰਸ਼ਾਹੀ ਕਰਨ ਦੇ ਮੂਡ ਵਿਚ ਹੈ , ਇਸ ਸਭ ਵਿਚ ਲੋਕਾਂ ਲਈ ਕੋਈ ਰਾਹਤ ਵਾਲੀ ਗੱਲ ਨਜਰ ਨਹੀ ਆ ਰਹੀ ,ਕਿਉਂਕਿ ਦੋਵਾਂ ਪਾਰਟੀਆਂ ਦੀਆਂ ਨੀਤੀਆਂ ਵਿਚ ਕੋਈ ਖਾਸ ਫ਼ਰਕ ਨਹੀ |

ਇਸ ਸਭ ਵਿਚ ਫੋਰੀ ਲੋੜ ਕਿਸੇ ਤੀਜੀ ਲੋਕਪੱਖੀ ਸਿਆਸੀ ਧਿਰ ਦੀ ਹੈ ਕਿਉਂਕਿ ਛੋਟੇ ਛੋਟੇ ਸੁਧਾਰ ਬਦਲਾਵ ਲਈ ਜ਼ਰੂਰੀ ਨੇ ਪਰ ਇਹ ਆਖਿਰੀ ਨਿਸ਼ਾਨਾ ਨਹੀ ਹੋਣੇ ਚਾਹੀਦੇ ਪਰ ਇਸ ਦੀ ਉਮੀਦ ਬਹੁਤ ਹੀ ਘੱਟ ਨਜ਼ਰ ਆਉਂਦੀ ਹੈ|ਤੀਜੀ ਧਿਰ ਦਾ ਲੋਕ ਪੱਖੀ ਹੋਣ ਦਾ ਸਵਾਲ ਤਾ ਦੂਰ ਕਿਸੇ ਤੀਜੀ ਧਿਰ ਦੀ ਉਸਾਰੀ ਵੈਸੇ ਹੀ ਅੰਸਭਵ ਲੱਗਦੀ ਹੈ ਤੀਜੀ ਧਿਰ ਦੀ ਅਗਵਾਈ ਕਰਨ ਲਈ ਕੋਈ ਤਿਆਰ ਨਹੀ ਹੈ | ਮਨਪ੍ਰੀਤ ਸ਼ੋ ਦਿਨੋ ਦਿਨ ਫਿਲੋਪ ਹੋ ਰਿਹਾ ਹੈ,ਲੋਕ ਹੁਣ ਇਹ ਸਮਝਣ ਲੱਗੇ ਨੇ ਕੀ ਉਸ ਦੀਆਂ ਨੀਤੀਆਂ ਵੀ ਕਾਰਪੋਰੇਟ ਸੈਕਟਰ ਲਈ ਹੀ ਹਨ ਤੇ ਓਸ ਕੋਲ ਕੋਈ ਜਾਦੂ ਦੀ ਛੜੀ ਨਹੀ ਹੈ ਜਿਸ ਨਾਲ ਆਮ ਲੋਕਾ ਦੀ ਕੋਈ ਮੁਸ਼ਕਿਲ ਹੱਲ ਹੋ ਸੱਕੇ,ਇਸ ਤੋ ਬਿਨਾ ਮੋਜੂਦ ਬਾਕੀ ਪਾਰਟੀਆਂ ਵੀ ਦਾ ਅਧਾਰ ਲੋਕਾ ਵਿਚ ਨਾ ਮਾਤਰ ਹੀ ਹੈ ,ਦਲਿਤਾਂ ਦੇ ਹੱਕ਼ ਵਿਚ ਨਆਰਾ ਮਾਰਨ ਦਾ ਵਾਦਾ ਕਰਨ ਵਾਲੀ ਬਸਪ ਪੂਰੀ ਤਰ੍ਹਾ ਪਟੋ-ਧਾੜੀ ਹੋ ਚੁੱਕੀ ਹੈ ਤੇ ਦਲਿਤਾਂ ਵਿਚੋ ਆਪਣਾ ਅਧਾਰ ਗਵਾ ਚੁੱਕੀ ਹੈ ਦਲਿਤ ਸਮਾਜ ਇਸ ਨੂੰ ਲਗਭਗ ਨਕਾਰ ਚੁੱਕਾ ਹੈ,ਬਾਕੀ ਮੋਜੂਦ ਅਕਾਲੀ ਦਲ ,ਰਵੀਇੰਦਰ ਦਾ ਅਕਾਲੀ ਦਲ 1920 ਅੰਤਿਦਰਪਾਲ ਦਾ ਅਕਾਲੀ ਦਲ {ਇੰਟਰਨੈਸ਼ਨਲ},ਦਲਜੀਤ ਬਿੱਟੂ ਦਾ ਪੰਚ ਪ੍ਰਧਾਨੀ ਤੇ ਲੋਂਗੋਵਾਲ ਦਲ ਸਿਰਫ ਧਾਰਮਿਕ ਜਮਾਤ ਦੀ ਅਗਵਾਈ ਦੇ ਮੂਡ ਵਿਚ ਹੀ ਹਨ |ਸਿਮਰਨਜੀਤ ਮਾਨ ਦਾ ਰਾਗ ਹਮੇਸ਼ਾ ਹੀ ਸਭ ਤੋ ਵੱਖਰਾ ਰਿਹਾ ਹੈ |ਰਾਮੂਵਾਲੀਆ ਲੋਕ ਵਿਚ ਇਕ ਸਾਫ਼ ਸੁਥਰੀ ਸ਼ਖਸ਼ੀਅਤ ਵੱਜੋ ਜਾਣਿਆ ਤਾ ਜਾਂਦਾ ਹੈ ਪਰ ਓਸ ਦੇ ਕਤਾਰ ਦੋ ਦੇ ਲੀਡਰਸ਼ਿਪ ਬਹੁਤ ਕਮਜੋਰ ਹੋਣ ਕਾਰਨ ਲੋਕਾਂ ਵਿਚ ਲੋਕ ਭਲਾਈ ਪਾਰਟੀ ਕੋਈ ਖਾਸ ਪਹਿਚਾਣ ਨਹੀ ਬਣਾ ਸਕੀ ਹੇਠਲਾ ਕੇਡਰ ਲੋਕਾ ਨੂੰ ਭਰੋਸੇ ਵਿਚ ਨਹੀ ਲੈ ਸਕਿਆ| ਉਦਹਾਰਣ ਵਜੋ ਮੇਰੇ ਹਲਕੇ ਕਪੂਰਥਲੇ ਦੀ ਗੱਲ ਲੈ ਲੇਂਦੇ ਹਾ,ਜਿਥੇ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਦਾ ਚੋਣ ਲੜਨਾ ਲਗਭਗ ਤੈਅ ਹੈ ਤੇ ਦੂਜੇ ਪਾਸੇ ਅਕਾਲੀ ਦਲ ਵਲੋ ਸਰਬਜੀਤ ਮੱਕੜ੍ਹ ਦੇ ਨਾਮ ਤੇ ਅਟਕਲਬਾਜ਼ੀ ਚਲ ਰਹੀ ਹੈ ਹੋਰ ਕਿਸੇ ਤੀਜੇ ਨੇਤਾ ਦਾ ਦੂਰ ਦੂਰ ਤਕ ਕੋਈ ਨਾਮੋ ਨਿਸ਼ਾਨ ਨਜਰ ਨਹੀ ਆ ਰਿਹਾ,

ਗੱਲ ਕਰਦੇ ਹਾਂ ਕਮਿਊਨਿਸਟ ਪਾਰਟੀਆਂ ਦੀ CPI ਤੇ CPM ਦਾ ਕੋਈ ਪਤਾ ਕਿਹੜੀ ਸੁਰ ਛੇੜਨੀ ਹੈ ਕਾਂਗਰਸ ਦੇ ਹੱਕ਼ ਵਿਚ ਵੀ ਭੁਗਤ ਸਕਦੇ ਨੇ ਸਮਝੋਤਾ ਹੋ ਸਕਦਾ ਹੈ, ਨਹੀ ਤਾਂ ਸਭ ਨੂੰ ਗਾਲਾਂ ਕੱਢਣ ਵਾਲਾ ਹੱਕ਼ ਤਾ ਰਾਖਵਾਂ ਹੈ ਹੀ ਉਨ੍ਹਾਂ ਕੋਲ |CPML ਤੇ ਪਾਸਲਾ ਗੁਰੱਪ ਦੀ ਲੈਫਟ ਕੋ-ਆਰਡੀਨੇਟ ਦੀ ਤਜਵੀਜ ਕੋਈ ਕਮਾਲ ਦਿਖਾ ਦੇਵੇਗੀ ਉਮੀਦ ਨਹੀ ਹੈ; ਜੇ ਦੇਖਿਆ ਜਾਵੇ ਤਾਂ ਤੀਜੇ ਗਠਜੋੜ ਦੀ ਸੰਭਨਾਵਾਂ ਸਿਰਫ ਕਮਿਊਨਿਸਟ ਪਾਰਟੀਆਂ{ਲੈਫਟ ਕੋ-ਆਰਡੀਨੇਟ },ਲੋਕ ਭਲਾਈ ਪਾਰਟੀ,ਲੋਂਗੋਵਾਲ ਦਲ ਤੇ ਬਸਪ ਵਿਚ ਹੀ ਸੰਭਵ ਹੈ ਪਰ ਇਹ ਵੀ ਬਹੁਤ ਮੁਸ਼ਕਿਲ ਜਾਪ ਰਿਹਾ ਹੈ|

ਲੋਕਾਂ ਵਿਚ ਅਕਾਲੀ ਦਲ ਤੇ ਕਾਂਗਰਸ ਦਾ ਸਭ ਤੋ ਹੇਠਲਾ ਕੇਡਰ ਬਹੁਤ ਹੀ ਮਜਬੂਤ ਹੈ ਜੋ ਉਪਰਲੇ ਲੀਡਰਾਂ ਦੀਆਂ ਕਰਤੂਤਾਂ ਦੇ ਬਾਵਜੂਦ ਨਿਜੀ ਸੰਬਧਾਂ ਤੇ ਹਰ ਸੰਭਵ ਤਰੀਕੇ ਨਾਲ ਵੋਟਰਾਂ ਨੂੰ ਖਿਚਣ ਵਿਚ ਕਮਯਾਬ ਹੋ ਜਾਂਦੇ ਨੇ,ਦੂਜੀ ਗੱਲ ਹੈ ਇਨ੍ਹਾ ਪਾਰਟੀਆਂ ਦਾ ਯੂਥ ਕੇਡਰ ਜੋ ਕਾਫੀ ਮਜਬੂਤ ਹੈ ਜਿਥੇ ਕਾਂਗਰਸ ਵਿਚ ਰਵਨੀਤ ਬਿੱਟੂ ਵਰਗਾ ਤੇਜ਼ ਤਰਾਰ ਨੇਤਾ ਹੈ ਉਥੇ ਹੀ ਅਕਾਲੀ ਦਲ ਵਿਚ ਸੁਖਬੀਰ ਦੀ ਕਮਾਂਡ ਥੱਲੇ ਸੋਹੀ ਦੇ ਯੂਥ ਲੀਡਰ ਤੇ ਗੁਰਪ੍ਰੀਤ ਰਾਜੂ ਖੰਨਾ ਵਰਗੇ ਲੀਡਰ ਮੋਜੂਦ ਨੇ ,ਜਦ ਕੀ ਦੂਜੀਆਂ ਪਾਰਟੀਆਂ ਵਿੱਚ ਦੇਖਿਆ ਜਾਵੇ ਤਾ ਬਸਪਾ ਦੇ ਪਵਨ ਕੁਮਾਰ ਟੀਨੂ ਵੀ ਅਕਾਲੀ ਦਲ ਵਿਚ ਜਾ ਚੁੱਕੇ ਨੇ,ਹੋਰ ਕੋਈ ਬਸਪਾ ਵਿਚ ਕਦਵਾਰ ਯੂਥ ਆਗੂ ਨਜਰ ਨਹੀ ਆਉਂਦਾ,ਅਕਾਲੀ ਦਲ 1920 ਦੇ ਯੂਥ ਆਗੂ ਪਰਮਜੀਤ ਸਹੋਲੀ ਵੀ ਲੱਗਭਗ ਅਲੋਪ ਹੀ ਹੋ ਚੁੱਕੇ ਨੇ, ਮਨਪ੍ਰੀਤ ਬਾਦਲ ਦਾ ਕੁਝ ਕੁ ਅਸਰ ਹੈ,ਦਲਜੀਤ ਬਿੱਟੂ ਦਾ ਜਿਆਦਾ ਸਮਾਂ ਲਗਭਗ ਜੈਲ ਵਿਚ ਹੀ ਗੁਜਰਦਾ ਹੈ,ਬਾਕੀ ਪਾਰਟੀਆਂ ਵਿਚ ਤਾਂ ਅਨਹੋਂਦ ਹੀ ਹੈ ਯੂਥ ਆਗੂਆਂ ਦੀ ,ਕਮਿਊਨਿਸਟ ਪਾਰਟੀਆਂ ਵਿਚ ਕਮਲਜੀਤ ਤੇ ਜਾਮਾਰਾਏ ਵਰਗੇ ਯੂਥ ਆਗੂ ਤਾਂ ਹਨ ਪਰ ਓਹ ਵੀ ਕੋਈ ਬਹੁਤਾ ਉਭਰ ਨਹੀ ਸਕੇ|

ਬਾਕੀ ਇਸ ਸਭ ਨੂੰ ਦੇਖਦੇ ਇਹੀ ਲਗਦਾ ਹੈ ਕੀ ਫਿਲਹਾਲ ਤੀਜੀ ਧਿਰ ਦੀ ਉਸਾਰੀ ਜੇ ਹੁੰਦੀ ਹੈ ਤਾ ਇਹ ਕਿਸੇ ਚਮਤਕਾਰ ਤੋ ਘੱਟ ਨਹੀ ਹੋਵੇਗੀ,ਪੰਜਾਬੀਆਂ ਨੂੰ ਰਿੱਛ ਤੇ ਬਘਿਆੜ ਵਿਚੋ ਕਿਸੇ ਇਕ ਦੀ ਚੋਣ ਦੀ ਉਲਝਣ ਤੋ ਕੱਢਣ ਲਈ ਅਗਾਂਹਵਧੂ ਲੋਕਾਂ ਤੇ ਜਥੇਬੰਦੀਆਂ ਨੂੰ ਇਸ ਸਿਆਸੀ ਮਾਹੌਲ ਦੀ ਵਰਤੋ ਇਨ੍ਹਾਂ ਦੀਆਂ ਕਰਤੂਤਾਂ ਨੂੰ ਲੋਕਾਂ ਵਿਚ ਨਸ਼ਰ ਕਰਨ ਲਈ ਕਰਨੀ ਚਾਹੀਦਾ ਹੈ ਤਾਂ ਕੇ ਆਉਣ ਵਾਲੇ ਕਿਸੇ ਵੀ ਫੈਸਲਾਕੁੰਨ ਸਮੇਂ ਲਈ ਉਨ੍ਹਾਂ ਨੂੰ ਇੱਕ ਫੰਰਟ ਤੇ ਇੱਕਠੇ ਕਰਕੇ ਨਾਲ ਤੋਰਿਆ ਜਾ ਸਕੇ|

ਇੰਦਰਜੀਤ ਸਿੰਘ
ਕਾਲਾ ਸੰਘਿਆਂ
98156 -39091

Thursday, December 23, 2010

ਨਿਤੀਸ਼ ਦੀ ਬਿਹਾਰ ਜਿੱਤ ਤੇ ਭਵਿੱਖ ਦੀਆਂ ਚੁਣੌਤੀਆਂ

ਸ਼ਿਵ ਇੰਦਰ ਪੰਜਾਬੀ ਯੂਨੀਵਰਸਿਟੀ 'ਚ ਪੱਤਰਕਾਰੀ ਦਾ ਵਿਦਿਆਰਥੀ ਹੈ।ਪੰਜਾਬੀ ਦੇ ਸਾਹਿਤਕ ਮੈਗਜ਼ੀਨ "ਹੁਣ" 'ਚ ਲਗਾਤਾਰ ਲਿਖ਼ ਰਿਹਾ ਹੈ।ਜਿੰਨੀ ਡੂੰਘੀ ਰੁਚੀ ਸਾਹਿਤ 'ਚ ਰੱਖਦਾ ਹੈ,ਓਨੀ ਹੀ ਸ਼ਿੱਦਤ ਨਾਲ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ।ਪੰਜਾਬੀ ਯੂਨੀਵਰਸਿਟੀ ਦੇ ਕੌਫੀ ਹਾਊਸ 'ਚ ਉਸ ਨਾਲ ਬੈਠਕੇ ਗੱਲਾਂ ਕਰਦਿਆਂ ਪੰਜਾਬ ਦਾ 70ਵਿਆਂ ਦਾ ਪੜ੍ਹਿਆ-ਸੁਣਿਆ ਮਾਹੌਲ ਤਾਜ਼ਾ ਹੋ ਜਾਂਦਾ ਹੈ।ਅੱਜ ਦੇ ਬੀਮਾਰ ਪੰਜਾਬ ਨੂੰ ਇਹੋ ਜਿਹੇ ਵਿਦਿਆ ਰੱਥੀਆਂ ਦੀ ਲੋੜ ਹੈ।ਜੋ ਸਿੱਖਿਆ ਤੇ ਸਾਹਿਤ ਦੇ ਸਿਆਸਤ ਨਾਲ ਰਿਸ਼ਤੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ।ਨਾ ਕਿ ਇਹੋ ਜਿਹੇ ਸਾਹਿਤਕਾਰਾਂ ਦੀ ਜੋ ਕਵਿਤਾ,ਗਜ਼ਲ ਨੂੰ ਪੜ੍ਹਦੇ ਲਿਖ਼ਦੇ ਕਿਸੇ ਹੋਰ ਦੁਨੀਆਂ 'ਚ ਚਲੇ ਜਾਂਦੇ ਹਨ,ਜਿਹੜੀ ਜ਼ਿੰਦਗੀ ਦੀਆਂ ਤਲਖ਼ ਸੱਚਾਈਆਂ ਦੇ ਰੂਬਰੂ ਨਹੀਂ ਹੋਣਾ ਚਾਹੁੰਦੀ।ਸ਼ਿਵ ਦਾ ਇਹ ਲੇਖ਼ ਬਿਹਾਰ ਦੇ ਚੋਣ ਨਤੀਜਿਆਂ ਤੋਂ ਬਾਅਦ ਦੀਆਂ ਹਾਲਤਾਂ ਨੂੰ ਗਹਿਰਾਈ ਨਾਲ ਘੋਖਦਾ ਹੈ।-ਯਾਦਵਿੰਦਰ ਕਰਫਿਊ
ਬਿਹਾਰ ਦੇ ਅਵਾਮ ਨੇ ਇੱਕ ਵਾਰ ਫਿਰ ਰਾਜ ਮੁਕਟ ਨਿਤੀਸ਼ ਕੁਮਾਰ ਦੇ ਸਿਰ ਧਰਿਆ ਹੈ। ਨਿਤੀਸ਼ ਦੀ ਅਗਵਾਈ 'ਚ ਚੋਣਾਂ ਲੜਨ ਵਾਲੇ ਐੱਨ. ਡੀ. ਏ. (ਕੌਮੀ ਜਮਹੂਰੀ ਗਠਜੋੜ) ਨੇ 243 ਸੀਟਾਂ 'ਚੋਂ 206 ਸੀਟਾਂ ਲੈ ਕੇ (ਜਨਤਾ ਦਲ ਯੂਨਾਈਟਿਡ 115 ਤੇ ਭਾਜਪਾ 91) ਲਾਮਿਸਾਲ ਜਿੱਤ ਹਾਸਲ ਕੀਤੀ ਹੈ। ਇਸਨੂੰ ਵਿਧਾਨ ਸਭਾ ਚੋਣਾਂ ਦੇ ਇਤਿਹਾਸ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਮੰਨਿਆ ਜਾ ਰਿਹਾ ਹੈ। ਪਿਛਲੀ ਵਾਰ ਇਸ ਗੱਠਜੋੜ ਨੂੰ 143 ਸੀਟਾਂ ਪ੍ਰਾਪਤ ਹੋਈਆਂ ਸਨ। ਉੱਧਰ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਈ ਹੈ, ਲਾਲੂ ਪ੍ਰਸ਼ਾਦ ਯਾਦਵ ਦੀ 'ਰਾਸ਼ਟਰੀ ਜਨਤਾ ਦਲ' ਨੂੰ 22, ਰਾਮ ਵਿਲਾਸ ਪਾਸਵਾਨ ਦੀ 'ਲੋਕ ਜਨ ਸ਼ਕਤੀ ਪਾਰਟੀ' ਨੂੰ ਤਿੰਨ ਕਾਂਗਰਸ ਜੋ ਇਸ ਵਾਰ ਆਪਣੇ ਬਲਬੂਤੇ 'ਤੇ ਚੋਣਾਂ ਲੜ ਰਹੀ ਸੀ ਤੇ ਆਪਣੇ ਉੱਚ-ਕੋਟੀ ਦੇ ਨੇਤਾਵਾਂ ਦੇ ਦੌਰਿਆਂ ਦੇ ਬਾਵਜੂਦ ਸਿਰਫ 4 ਸੀਟਾਂ ਹੀ ਲਿਜਾ ਸਕੀ (ਜੇਕਰ ਇਹ ਕਿਹਾ ਜਾਵੇ ਕਿ ਕਾਂਗਰਸ ਤਾਂ ਸਿਰਫ ਹਾਜ਼ਰੀ ਲਵਾਉਣ ਲਈ ਹੀ ਚੋਣਾਂ ਲੜੀ ਸੀ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ।) ਇਸੇ ਤਰ੍ਹਾਂ ਬਿਹਾਰ ਸਿਆਸਤ 'ਚ ਕਿਸੇ ਸਮੇਂ ਆਪਣਾ ਅਸਰ ਰੱਖਣ ਵਾਲੇ ਖੱਬੇ-ਪੱਖੀ ਸਿਰਫ ਇੱਕ ਸੀਟ 'ਤੇ ਹੀ ਸਿਮਟ ਕੇ ਰਹਿ ਗਏ। ਰਾਸ਼ਟਰੀ ਜਨਤਾ ਦਲ ਵਾਸਤੇ ਇਹ ਹੋਰ ਵੀ ਦੁੱਖ ਦੀ ਗੱਲ ਰਹੀ ਕਿ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਤੇ ਲਾਲੂ ਪ੍ਰਸ਼ਾਦ ਦੀ ਪਤਨੀ ਰਾਬੜੀ ਦੇਵੀ ਆਪਣੀਆਂ ਦੋਵੇਂ ਵਿਧਾਨ ਸਭਾ ਸੀਟਾਂ ਤੋਂ ਚੋਣ ਹਾਰ ਗਏ।

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਨਤਾ ਦਲ (ਯੂ) ਤੇ ਭਾਜਪਾ ਗਠਜੋੜ ਦੀ ਜਿੱਤ ਨੂੰ ਵੇਲਾ ਵਿਹਾ ਚੁੱਕੀ ਸਿਆਸਤ 'ਤੇ ਵਿਕਾਸ ਦੀ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, '' ਲੋਕ ਹੁਣ ਧਰਮ ਤੇ ਜਾਤ ਅਧਾਰਤ ਰਾਜਨੀਤੀ ਦੀ ਥਾਂ ਵਿਕਾਸ ਨੂੰ ਪਹਿਲ ਦਿੰਦੇ ਹਨ।'' ਏਥੇ ਇਹ ਗੱਲ ਵੀ ਗੌਰਤਲਬ ਹੈ ਕਿ ਵੋਟਾਂ ਦੇ ਹਿਸਾਬ ਨਾਲ ਨਿਤੀਸ਼ ਦੇ ਗਠਜੋੜ ਨੂੰ ਸਿਰਫ 40 ਫੀਸਦੀ ਹੀ ਵੋਟਾਂ ਪ੍ਰਾਪਤ ਹੋਈਆਂ ਹਨ। ਇਸ ਤੋਂ ਸਾਫ ਜ਼ਾਹਿਰ ਹੈ ਕਿ ਵੋਟਾਂ ਵਿਰੋਧੀ ਧਿਰਾਂ 'ਚ ਇੱਕ-ਜੁਟਤਾ ਨਾ ਹੋਣ ਕਰ ਕੇ ਵੰਡੀਆਂ ਗਈਆਂ।

ਨਿਤੀਸ਼ ਦੀ ਇਸ ਬੇਮਿਸਾਲ ਜਿੱਤ ਦੇ ਰਾਜ਼ ਜਾਨਣ ਲਈ ਸਾਨੂੰ ਬਿਹਾਰ ਦੇ ਰਾਜਨੀਤਕ ਸੁਭਾ 'ਤੇ ਇੱਕ ਉੱਡਦੀ ਝਾਤ ਜ਼ਰੂਰ ਮਾਰਨੀ ਪਵੇਗੀ। ਬਿਹਾਰੀ ਸਿਆਸਤ 'ਚ ਜਾਤ ਦਾ ਮੁੱਦਾ ਹਮੇਸ਼ਾ ਭਾਰੂ ਰਿਹਾ ਹੈ, 1989-90 'ਚ ਲਾਲੂ ਵੀ 'ਜਾਤੀ ਸਿਆਸਤ' ਦੇ ਦਮ 'ਤੇ ਸੱਤਾ ਵਿੱਚ ਆਏ ਸਨ। ਲਾਲੂ ਨੇ ਛੋਟੀਆਂ ਜਾਤਾਂ ਤੇ ਘੱਟ ਗਿਣਤੀਆਂ (ਖਾਸ ਕਰ ਮੁਸਲਿਮ) ਦੀ ਸ਼ਾਨ-ਬਹਾਲ ਕਰਵਾਉਣ ਲਈ ਅਨੇਕਾਂ ਯਤਨ ਕੀਤੇ। ਜਿਸ ਸਦਕਾ ਸਦੀਆਂ ਤੋਂ ਲਿਤਾੜੀਆਂ ਪਛੜੀਆਂ ਜਾਤੀਆਂ 'ਚ ਸਵੈ-ਮਾਣ ਪੈਦਾ ਹੋਇਆ। ਬਾਬਰੀ ਮਸਜਿਦ ਦੇ ਵਿਰੋਧ ਤਹਿਤ ਜਿਨ੍ਹਾਂ ਮੁਸਲਮਾਨਾਂ ਨੂੰ ਧਮਕਾਇਆ ਜਾ ਰਿਹਾ ਸੀ, ਲਾਲੂ ਉਨ੍ਹਾਂ ਲਈ ਢਾਲ ਬਣੇ। ਉਨ੍ਹਾਂ ਪਛੜੀਆਂ ਜਾਤਾਂ ਤੇ ਘੱਟ ਗਿਣਤੀਆਂ ਦੀਆਂ ਵੋਟਾਂ 'ਤੇ ਹੀ ਪੰਦਰਾਂ ਸਾਲ ਰਾਜ ਕੀਤਾ।

ਬਿਹਾਰ ਵਿੱਚ ਚੰਗਾ ਰਾਜ ਸਥਾਪਤ ਕਰਨ ਦੀ ਥਾਂ ਲਾਲੂ ਯਾਦਵ ਦੀ ਪਹਿਲ ਸੱਤਾ ਦੀ ਚਾਬੀ 'ਆਪਣੀ ਜਾਤ' ਨੂੰ ਸੌਂਪਣ ਦੀ ਰਹੀ ਹੈ। ਉਹ ਹੁਣ ਤੱਕ ਇਹੋ ਸੋਚਦੇ ਰਹੇ ਕਿ ਬਿਹਾਰ 'ਚ ਹਮੇਸ਼ਾ 'ਜਾਤੀ-ਪੱਤੇ' ਦੇ ਆਧਾਰ 'ਤੇ ਹੀ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ, ਵਿਕਾਸ ਕੋਈ ਮੁੱਦਾ ਨਹੀਂ ਹੈ। ਇਸੇ ਸੋਚ ਤਹਿਤ ਕੇਂਦਰ ਦਾ ਕਈ ਸੌ ਕਰੋੜ ਰੁਪਏ ਉਹ ਬਿਨਾਂ ਖਰਚੇ ਹੀ ਵਾਪਸ ਕਰ ਦਿੰਦੇ ਸਨ। ਫਲਸਰੂਪ ਰਾਜ 'ਚ ਸਿਹਤ, ਸਿੱਖਿਆ, ਬਿਜਲੀ, ਪਾਣੀ ਜਿਹੀਆਂ ਮੁੱਢਲੀਆਂ ਲੋੜਾਂ/ਸੇਵਾਵਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਲਾਲੂ ਇਸੇ ਭਰਮ 'ਚ ਰਹੇ ਕਿ ਉਹ ਹਰ ਵਾਰ ਆਪਣੀਆਂ ਹਵਾਈ ਗੱਲਾਂ ਕਰਕੇ ਅਤੇ 'ਜਾਤ ਦੀ ਛਤਰੀ' ਓੜ ਕੇ ਸਿੰਘਾਸਨ 'ਤੇ ਬਿਰਾਜਮਾਨ ਹੁੰਦੇ ਰਹਿਣਗੇ।

2005 ਤੱਕ ਪਹੁੰਚਦਿਆਂ 'ਜਾਤ ਦੀ ਛੱਤਰੀ' ਵਿੱਚ ਕਾਫੀ ਛੇਕ ਹੋ ਚੁੱਕੇ ਸਨ ਤੇ ਬਾਰਿਸ਼ ਕਾਫੀ ਮੋਹਲੇਧਾਰ ਹੋ ਗਈ ਸੀ। ਉਦੋਂ ਹੀ ਬਿਹਾਰੀਆਂ ਵੱਲੋਂ ਨਿਤੀਸ਼ ਨੂੰ ਸਿੰਘਾਸਨ 'ਤੇ ਬਿਠਾਉਣਾ ਅਸਲ ਵਿੱਚ ਸੱਤਾ ਤਬਦੀਲੀ ਦੀ ਮੰਗ ਸੀ। ਨਿਤੀਸ਼ ਨੇ ਸੱਤਾ ਸੰਭਾਲਦੇ ਹੋਏ ਸਭ ਤੋਂ ਵੱਡਾ ਕੰਮ ਇਹ ਕੀਤਾ ਕਿ ਬਿਹਾਰ ਦੀ ਰਾਜਨੀਤੀ ਨੂੰ ਪਰੰਪਰਾਵਾਦੀ ਤੇ ਜਗੀਰੂ ਮਾਨਸਿਕਤਾ 'ਚੋਂ ਕੱਢ ਕੇ ਇਸਦਾ ਮੂੰਹ ਸਰਮਾਏਦਾਰੀ ਤੇ ਸਨਅਤੀਕਰਨ ਵੱਲ ਮੋੜਿਆ, ਜਿਸਦੇ ਫਲਸਰੂਪ ਅਰਥ-ਵਿਵਸਥਾ ਦਾ ਫੈਲਾਓ ਹੋਇਆ। ਨਿਤੀਸ਼ ਰਾਜ ਵਿੱਚ ਸਿੱਖਿਆ, ਸਿਹਤ, ਪਾਣੀ, ਬਿਜਲੀ ਤੇ ਸੜਕਾਂ ਤਾਂ ਬਣੀਆਂ ਹੀ, ਸਗੋਂ ਸੜਕਾਂ 'ਤੇ ਦੌੜਨ ਵਾਲੀਆਂ ਗੱਡੀਆਂ ਦੀ ਗਿਣਤੀ ਤੇ ਕਿਸਮਾਂ 'ਚ ਵੀ ਵਾਧਾ ਹੋਇਆ ਹੈ। ਜ਼ਮੀਨ-ਜਾਇਦਾਦ ਨੂੰ ਖਰੀਦਣ ਲਈ ਸ਼ਹਿਰੀ ਬਿਹਾਰੀਆਂ ਨੇ ਖੂਬ ਪੂੰਜੀ ਲਗਾਈ ਹੈ। ਇਹ ਸਭ ਲਾਲੂ ਰਾਜ ਵਿੱਚ ਕਦੇ ਨਹੀਂ ਸੀ ਹੋਇਆ। ਇਓਂ ਵੀ ਕਿਹਾ ਜਾ ਸਕਦਾ ਹੈ ਕਿ ਨਿਤੀਸ਼ ਨੇ ਬਿਹਾਰੀਆਂ ਨੂੰ ਪਾਰੰਪਰਿਕ ਸੋਚ 'ਚੋਂ ਕੱਢ ਕੇ ਉਪਭੋਗਤਾਵਾਦੀ ਮਾਨਸਿਕਤਾ 'ਚ ਢਾਲਿਆ ਹੈ।

ਨਿਤੀਸ਼ ਨੇ ਪਹਿਲੀ ਵਾਰ ਵਿਕਾਸ ਦੇ ਨਾਂ 'ਤੇ ਵੋਟਾਂ ਮੰਗੀਆਂ ਹਨ। ਇਹ ਵਿਕਾਸ ਬਿਹਾਰ ਵਿੱਚ ਦਿਖ ਵੀ ਰਿਹਾ ਹੈ। ਜਿੱਥੇ ਨਿਤੀਸ਼ ਨੇ ਇੱਕ ਲੱਖ ਦੇ ਕਰੀਬ ਨਵੇਂ ਅਧਿਆਪਕ ਭਰਤੀ ਕੀਤੇ, ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ 'ਚ ਵਾਧਾ ਕੀਤਾ, ਪੇਂਡੂ ਖੇਤਰਾਂ 'ਚ ਹਰੇਕ ਘਰ ਨੂੰ ਇੱਕ ਬੱਕਰੀ ਦਿੱਤੀ (ਜੋ ਕਿ ਉੱਥੋਂ ਦੇ ਪਿੰਡਾਂ ਵਿੱਚ ਸਨਮਾਨ ਦਾ ਚਿੰਨ੍ਹ ਮੰਨੀ ਜਾਂਦੀ ਹੈ), ਲੰਮੀਆਂ ਸੜਕਾਂ ਬਣਾਈਆਂ, ਹਸਪਤਾਲਾਂ 'ਚ ਡਾਕਟਰ ਤੇ ਮਰੀਜ਼ ਆਉਣ ਲੱਗੇ, ਉੱਥੇ ਉਸਨੇ ਅਮਨ-ਕਾਨੂੰਨ ਨੂੰ ਵੀ ਸਥਾਪਿਤ ਕੀਤਾ ਹੈ। ਨਿਤੀਸ਼ ਨੇ ਆਪਣੇ ਰਾਜ 'ਚ ਕਰੀਬ 45 ਹਜ਼ਾਰ ਗੁੰਡਾਂ ਅਨਸਰਾਂ ਨੂੰ ਜੇਲ੍ਹ 'ਚ ਡੱਕਿਆ ਹੈ, ਜੋ ਪਹਿਲਾਂ 'ਜਾਤ ਦੀ ਸੱਤਾ' ਜਾਂ 'ਜਾਤ ਦੀ ਸ਼ਕਤੀ' ਦੇ ਨਾਂ 'ਤੇ ਛੁੱਟ ਜਾਂਦੇ ਸਨ। ਰਾਜ ਵਿੱਚ ਤਾਕਤ ਦੀ ਦੁਰਵਰਤੋਂ ਅਗਵਾ ਤੇ ਬਾਹੂਬਲ ਦੇ ਜ਼ੋਰ ਨਾਲ ਬੇਗਾਰ ਨੂੰ ਨੱਥ ਪਈ ਹੈ। ਰਾਜ ਵਿੱਚ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਨਿਤੀਸ਼ ਨੇ ਕਈ ਵਾਰ ਬੜੀ ਸਖ਼ਤੀ ਨਾਲ ਕੰਮ ਲਿਆ ਹੈ। ਇਸਦੀ ਤਾਜ਼ਾ ਮਿਸਾਲ ਮੋਦੀ ਦੇ ਬਿਹਾਰ ਚੋਣ ਪ੍ਰਚਾਰ ਲਈ ਆਉਣ ਵਿਰੁੱਧ ਨਿਤੀਸ਼ ਵੱਲੋਂ ਅਖ਼ਤਿਆਰ ਕੀਤਾ ਸਖ਼ਤ ਰੁਖ਼ ਸੀ। ਬਿਹਾਰ ਚੋਣਾਂ 'ਚ ਇਸ ਵਾਰ ਔਰਤਾਂ ਵੱਲੋਂ ਵੱਧ-ਚੜ ਕੇ ਹਿੱਸਾ ਲੈਣ ਨੂੰ ਇੱਕ ਚੰਗੇ ਸ਼ਗਨ ਵੱਜੋਂ ਲਿਆ ਜਾ ਸਕਦਾ ਹੈ।

ਸ ਸਾਰੇ ਵਰਤਾਰੇ ਤਹਿਤ ਨਿਤੀਸ਼ ਹੀਰੋ ਬਣ ਕੇ ਉੱਭਰੇ ਹਨ। ਉਨ੍ਹਾਂ ਆਪਣੀ ਪਾਰਟੀ ਨੂੰ ਵੀ ਆਪਣੇ ਵਿੱਚ ਸਮੋ ਲਿਆ ਹੈ। ਇਹ ਇੱਕ ਕੌੜਾ ਸੱਚ ਹੈ ਕਿ ਵੋਟਾਂ ਐੱਨ. ਡੀ. ਏ. ਨੂੰ ਨਹੀਂ, ਸਗੋਂ ਨਿਤੀਸ਼ ਨੂੰ ਪਈਆਂ ਹਨ। ਉਨ੍ਹਾਂ ਦੀ ਛਵੀ ਉਸ ਤਰ੍ਹਾਂ ਦੀ ਬਣ ਗਈ ਹੈ, ਜਿਵੇਂ ਪਛੜੀਆਂ ਜਾਤਾਂ ਵਿੱਚ ਲਾਲੂ ਪ੍ਰਸ਼ਾਦ ਯਾਦਵ ਦੀ ਰਹੀ ਹੈ। ਇਸ ਜਿੱਤ ਦੇ ਇੱਕ ਹੋਰ ਰਾਜ਼ ਨੂੰ ਵੀ ਨਜ਼ਰ-ਅੰਦਾਜ਼ ਕਰਨਾ ਸਹੀ ਨਹੀਂ ਹੋਵੇਗਾ, ਭਾਵੇਂ ਨਿਤੀਸ਼ ਕੇਂਦਰ ਦੀ ਯੂ. ਪੀ. ਏ. ਸਰਕਾਰ 'ਤੇ ਬਿਹਾਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਇਲਜ਼ਾਮ ਲਗਾਉਂਦੇ ਰਹੇ ਹਨ ਪਰ ਬਿਹਾਰ ਦੇ ਇੱਕ ਸਮਾਜ ਸੇਵੀ ਅਫ਼ਰੋਜ਼ ਆਲਮ ਸਾਹਿਲ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਨਿਤੀਸ਼ ਦੇ ਦਾਅਵਿਆਂ ਨੂੰ ਝੂਠਾ ਸਾਬਤ ਕਰਦੀ ਹੈ। ਆਰ. ਟੀ. ਆਈ ਰਾਹੀਂ ਪ੍ਰਾਪਤ ਸੂਚਨਾ ਤੋਂ ਪਤਾ ਲੱਗਦਾ ਹੈ ਕਿ ਯੂ. ਪੀ. ਏ ਸਰਕਾਰ ਨੇ ਐੱਨ. ਡੀ. ਏ. ਰਾਜ ਨਾਲੋਂ ਵੱਧ ਰਾਸ਼ੀ ਬਿਹਾਰ ਨੂੰ ਦਿੱਤੀ ਹੈ। ਉਪਰੋਕਤ ਸੂਚਨਾ ਦੱਸਦੀ ਹੈ ਕਿ ਐੱਨ. ਡੀ. ਏ. ਦੇ ਸ਼ਾਸ਼ਨਕਾਲ ਸਾਲ 2003-04 'ਚ ਸੂਬੇ ਨੂੰ ਕੇਂਦਰ ਨੇ 1617.62 ਕਰੋੜ ਰੁਪਏ ਦਿੱਤੇ। ਇਸ ਤੋਂ ਬਾਅਦ ਯੂ. ਪੀ. ਏ ਸਰਕਾਰ ਆਈ, ਉਸਨੇ ਸਾਲ 2005-06 'ਚ 3332.72 ਕਰੋੜ ਰੁਪਏ ਸੂਬਾ ਸਰਕਾਰ ਨੂੰ ਦਿੱਤੇ, ਜੋ ਐੱਨ. ਡੀ. ਏ. ਵੱਲੋਂ ਦਿੱਤੀ ਰਾਸ਼ੀ ਤੋਂ ਦੁੱਗਣੀ ਹੈ।

ਵਿੱਤੀ ਸਾਲ 2006-07 'ਚ 5247.10 ਕਰੋੜ, ਸਾਲ 2007-08 'ਚ 5831.66 ਕਰੋੜ ਤੇ ਵਿੱਤੀ ਸਾਲ 2008-09 'ਚ ਕੇਂਦਰ ਨੇ ਬਿਹਾਰ ਸਰਕਾਰ ਨੂੰ 7962 ਕਰੋੜ ਰੁਪਏ ਦਿੱਤੇ ਹਨ। ਇਸ ਤੋਂ ਇਲਾਵਾ ਬਿਹਾਰ ਸਰਕਾਰ ਨੇ ਵਿਸ਼ਵ ਬੈਂਕ ਕੋਲੋਂ ਵੱਖਰੀ ਰਾਸ਼ੀ ਲਈ ਹੈ। ਨਿਤੀਸ਼ ਨੇ ਭਾਵੇਂ ਇਹ ਜਿੱਤ ਵਿਕਾਸ ਦੇ ਨਾਂ 'ਤੇ ਹਾਸਲ ਕੀਤੀ ਹੈ, ਪਰ ਰਾਜ ਸਿੰਘਾਸਨ ਉਸ ਲਈ ਫੁੱਲਾਂ ਦੀ ਸੇਜ਼ ਨਹੀਂ ਹੈ। ਹੁਣ ਬਿਹਾਰੀ ਅਵਾਮ ਉਸ ਕੋਲੋਂ ਹੋਰ ਸੁਚੱਜੇ ਰਾਜ ਦੀ ਮੰਗ ਕਰੇਗੀ। ਨਿਤੀਸ਼ ਲਈ ਬਹੁਤ ਸਾਰੇ ਸਵਾਲਾਂ ਦੇ ਸਨਮੁੱਖ ਹੋਣਾ ਅਜੇ ਬਾਕੀ ਹੈ। ਰਾਜ ਵਿੱਚ ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਅਜੇ ਵੀ ਮੂੰਹ ਅੱਡੀ ਖੜ੍ਹੀਆਂ ਹਨ। ਬਿਹਾਰ ਦੀ ਸਿਆਸਤ 'ਚ ਅਪਰਾਧੀਕਰਨ ਹਾਲੇ ਵੀ ਕੁਝ ਘਟਿਆ ਨਹੀਂ ਹੈ, ਨਵੀਂ ਚੁਣੀ ਵਿਧਾਨ ਸਭਾ ਵਿੱਚ 141 ਵਿਧਾਇਕ ਮੈਂਬਰ ਅਪਰਾਧੀ ਪਿਛੋਕੜ ਵਾਲੇ ਹਨ। ਇਨ੍ਹਾਂ 'ਚੋਂ 116 ਨਿਤੀਸ਼ ਦੇ ਗਠਜੋੜ ਨਾਲ ਸੰਬੰਧਤ ਹਨ। ਨਿਤੀਸ਼ ਦੇ ਨਵੇਂ ਵਿਕਾਸ ਮਾਡਲ 'ਚ ਖੇਤੀ ਨੂੰ ਕੋਈ ਥਾਂ ਨਹੀਂ ਹੈ। ਖੇਤੀ 'ਤੇ ਸਿਰਫ 18 ਫੀਸਦੀ ਹੀ ਖ਼ਰਚ ਹੋਇਆ ਹੈ, ਜਦਕਿ ਸੂਬੇ ਦੀ 85 ਫੀਸਦੀ ਆਬਾਦੀ ਖੇਤੀ 'ਤੇ ਨਿਰਭਰ ਹੈ। ਮੁੱਖ ਮੰਤਰੀ ਨੂੰ ਲੋਕ-ਕਚਹਿਰੀ ਵਿੱਚ ਇਹ ਵੀ ਜਵਾਬ ਦੇਣਾ ਪਵੇਗਾ ਕਿ ਸਿਰਫ ਸੜਕਾਂ, ਕਾਰਾਂ ਤੇ ਮੋਬਾਇਲ ਟਾਵਰਾਂ ਨਾਲ ਵਿਕਾਸ ਕਿਵੇਂ ਹੋਵੇਗਾ? ਬਿਹਾਰ ਵਰਗਾ ਉਹ ਸੂਬਾ ਜਿੱਥੇ 54 ਫੀਸਦੀ ਲੋਕ ਰੋਜ਼ਾਨਾ 20 ਰੁਪਏ ਤੋਂ ਵੀ ਘੱਟ 'ਤੇ ਗੁਜ਼ਾਰਾ ਕਰਦੇ ਹਨ, ਉੱਥੇ ਪਿਛਲੇ ਚਾਰ ਕੁ ਸਾਲਾਂ ਦੌਰਾਨ ਜ਼ਮੀਨਾਂ ਤੇ ਫਲੈਟਾਂ ਦੇ ਭਾਅ ਅਸਮਾਨ ਛੂਹਣ ਲੱਗੇ ਹਨ। ਪਟਨਾ ਵਰਗੇ ਸ਼ਹਿਰ 'ਚ ਇਨ੍ਹਾਂ ਸਾਲਾਂ ਦੌਰਾਨ ਹੀ 150 ਫੀਸਦੀ ਜ਼ਮੀਨਾਂ ਤੇ ਫਲੈਟਾਂ ਦੇ ਭਾਅ ਵੱਧ ਹਨ। ਨਿਤੀਸ਼ ਦੇ ਵਿਕਾਸ ਮਾਡਲ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਇਸ ਵਿਕਾਸ ਮਾਡਲ ਵਿੱਚ ਆਮ ਜਨਤਾ ਦਾ ਕੀ ਸਥਾਨ ਹੋਵੇਗਾ? ਕਿਤੇ ਇਸ ਵਿਕਾਸ ਨੂੰ ਵਿਸ਼ਵ ਬੈਂਕ ਤੇ ਸੂਚਨਾ ਆਯੋਗ ਤਾਂ ਨਹੀਂ ਤੈਅ ਕਰੇਗਾ? ਨਿਤੀਸ਼ ਨੂੰ ਰਾਜ ਕਰਦੇ ਸਮੇਂ ਹਬੀਬ ਜਾਲਿਬ ਦਾ ਇਹ ਸ਼ਿਅਰ ਹਮੇਸ਼ਾ ਯਾਦ ਰੱਖਣਾ ਹੋਵੇਗਾ—

ਤੁਮ ਸੇ ਪਹਿਲੇ ਵੋ ਜੋ ਏਕ ਸ਼ਖ਼ਸ ਯਹਾਂ
ਤਖ਼ਤ ਨਸ਼ੀਂ ਥਾਂ
ਉਸ ਕੋ ਭੀ ਅਪਨੇ ਖ਼ੁਦਾ ਹੋਨੇ ਕਾ
ਇਤਨਾ ਹੀ ਯਕੀਂ ਥਾ।


ਸ਼ਿਵ ਇੰਦਰ ਸਿੰਘ

Monday, November 8, 2010

ਕਾਸ਼ ! ਬੁੱਤ ਬੋਲ ਪੈਂਦੇ.......

ਅਫਸੋਸ ਇਹੋ ਹੈ ਕਿ ਬੁੱਤ ਬੋਲ ਨਹੀਂ ਸਕਦੇ। ਬੋਲਦੇ ਹੁੰਦੇ ਤਾਂ ਇੰਜ ਨਹੀਂ ਸੀ ਹੋਣਾ। ‘ਸ਼ਹੀਦਾਂ’ ਦੇ ਬੁੱਤ ਤਾਂ ਜਾਣੀ ਜਾਣ ਹਨ। ਉਹ ਹੁਣ ਘੂਰਦੇ ਨਹੀਂ, ਝਿੜਕਦੇ ਨਹੀਂ, ਲਾਹਨਤ ਨਹੀਂ ਪਾਉਂਦੇ, ਝੋਲੀ ਅੱਡਣ ਵਾਲਿਆਂ ਨੂੰ। ਝੋਲੀ ਭਰਨ ਵਾਲਿਆਂ ’ਤੇ ਢਿੱਡੋਂ ਔਖੇ ਹਨ। ਜੋ ਵੱਡੇ ਢਿੱਡਾਂ ਵਾਲੇ ਹਨ, ਉਹ ਤਾਂ ਬੇਸ਼ਰਮ ਹਨ,ਬੇਗੈਰਤ ਹਨ,ਭੁਲੱਕੜ ਹਨ।ਉਨ੍ਹਾਂ ਤੇ ਕਾਹਦਾ ਗਿਲਾ। ਬੁੱਤ ਇਨ੍ਹਾਂ ਤੋਂ ਭੈਅ ਖਾਂਦੇ ਹਨ। ਸਾਲ ਮਗਰੋਂ ਆਉਂਦੇ ਹਨ, ਹਾਰ ਲਿਆਉਂਦੇ ਹਨ, ਗੁਣਗਾਣ ਗਾਉਂਦੇ ਹਨ, ਨਵੇਂ ਲਾਰੇ ਲਾਉਂਦੇ ਹਨ, ਝੋਲੀ ਭਰਨ ਵਾਲਿਆਂ ਨੂੰ, ਫਿਰ ਤੂੰ ਕੌਣ ਤੇ ਮੈਂ ਕੌਣ। ਬੋਲਦੇ ਨਹੀਂ ਤਾਂ ਇਹ ਮਤਲਬ ਨਹੀਂ ਕਿ ਉਨ੍ਹਾਂ ਦੇ ‘ਅਹਿਸਾਸ’ ਮੁੱਕ ਗਏ ਹਨ। ਜਿਨ੍ਹਾਂ ਗੁਲਾਮੀ ਭੋਗੀ, ਉਹ ਤਾਂ ਇਨ੍ਹਾਂ ਬੁੱਤਾਂ ਚੋਂ ਰੂਹਾਂ ਦੇਖਦੇ ਹਨ। ਵਰ੍ਹੇ ਛਿਮਾਹੀ ਆਉਣ ਵਾਲਿਆਂ ਨੂੰ ਤਾਂ ਇਨ੍ਹਾਂ ਬੁੱਤਾਂ ਚੋਂ ਵੀ ਵੋਟ ਦਾ ਝੋਲਾ ਪੈਂਦਾ ਹੈ। ਉਹ ਬੁੱਤਾਂ ਦੀ ਭਾਸ਼ਾ ਜਾਣਦੇ ਹਨ, ਇਸ਼ਾਰੇ ਸਮਝਦੇ ਹਨ, ਰਮਜ਼ ਤੋਂ ਵੀ ਜਾਣੂ ਹਨ। ਜਾਣਦੇ ਹੋਏ ਅਨਜਾਣ ਬਣ ਜਾਂਦੇ ਹਨ। ਵੱਡੇ ਢਿੱਡ ਉਹੋ ਹੀ ਹੁੰਦੇ ਹਨ, ਕੇਵਲ ਉਪਰਲੇ ਬਸਤਰ ਦਾ ਫਰਕ ਹੁੰਦਾ ਹੈ। ਸਭ ਕੁਝ ਦੇਖ ਕੇ ਵੀ ਬੁੱਤ ਰੋਕ ਨਹੀਂ ਸਕਦੇ, ਟੋਕ ਨਹੀਂ ਸਕਦੇ, ਘੋਖ ਨਹੀਂ ਸਕਦੇ। ਸ਼ਾਇਦ ਇਹੋ ਸਮਝ ਬੈਠੇ ਹਨ ਦਰਬਾਰ ਵਾਲੇ। ਬੁੱਤ ਲਾਉਣਾ ਸੌਖਾ ਹੈ। ਬੋਲ ਪੁਗਾਉਣਾ ਔਖਾ ਹੈ। ਇਸ ਜ਼ਮਾਨੇ ’ਚ ਤਾਂ ਹੁਣ ਬੁੱਤਾਂ ਨੂੰ ਵੀ ਖਤਰਾ ਹੈ। ਸਿਆਸਤ ਨੇ ਏਨਾ ਲਪੇਟਾ ਮਾਰ ਲਿਆ ਹੈ ਕਿ ਬੁੱਤਾਂ ’ਤੇ ਵੀ ਅਕਾਲੀ ਜਾਂ ਕਾਂਗਰਸੀ ਹੋਣ ਦੀ ਮੋਹਰ ਲੱਗ ਗਈ ਹੈ।

ਪੰਜਾਬ ਹਰਿਆਣਾ ਸਰਹੱਦ ’ਤੇ ਕਿੱਲਿਆ ਵਾਲੀ ’ਚ ਚੌਧਰੀ ਦੇਵੀ ਲਾਲ ਦਾ ਬੁੱਤ ਹੈ। ਬੁੱਤ ਨੂੰ ਕਿਸ ਤੋਂ ਖਤਰਾ ਹੈ, ਇਹ ਪਤਾ ਨਹੀਂ, ਪਰ ਬੁੱਤ ਦੀ ਰਾਖੀ ਕਾਫ਼ੀ ਸੁਰੱਖਿਆ ਕਰਮੀ ਕਰ ਰਹੇ ਹਨ। ਲੱਖਾਂ ਰੁਪਏ ਦਾ ਖਰਚਾ ਇਕੱਲੇ ਬੁੱਤ ਦੀ ਰਾਖੀ ਦਾ ਹੈ। ਪਟਿਆਲਾ ’ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਦੀ ਰਾਖੀ ’ਚ ਕਾਫ਼ੀ ਸਮਾਂ ਪੁਲੀਸ ਬੈਠੀ ਰਹੀ ਸੀ। ਹਾਲ ਏਹ ਹੈ ਕਿ ਜਦੋਂ ਹਕੂਮਤਾਂ ਬਦਲਦੀਆਂ ਹਨ ਤਾਂ ਉਨ੍ਹਾਂ ਬੁੱਤਾਂ ਨੂੰ ਦੂਸਰੀ ਪਾਰਟੀ ਰਾਮ ਭਰੋਸੇ ਛੱਡ ਦਿੰਦੀ ਹੈ, ਜੋ ਪੁਰਾਣੀ ਸਰਕਾਰ ਨੇ ਲਗਾਏ ਹੁੰਦੇ ਹਨ। ਹਰ ਬੁੱਤ ਅੱਗੇ ਲੱਗਿਆ ਪੱਥਰ ਗਵਾਹ ਬਣਦਾ ਹੈ ਕਿ ਬੁੱਤ ਲਾਇਆ ਕਿਸ ਨੇ ਹੈ। ਬੁੱਤ ਵੀ ਤਾਂ ਇੱਥੇ ਜਲੀਲ ਹੀ ਹੁੰਦੇ ਹਨ। ਮੁਕਤਸਰ ਦੇ ਪਿੰਡ ਭਲਾਈਆਣਾ ਨੂੰ ਬਚਾਉਂਦਾ ਬਚਾਉਂਦਾ ਇੱਕ ਪਾਇਲਟ ਸ਼ਹੀਦ ਹੋ ਗਿਆ। ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਉਸ ਸ਼ਹੀਦ ਦੇ ਨਾਮ ’ਤੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਮਕਰਨ ਹੋਏਗਾ। ਕਾਫ਼ੀ ਸਮਾਂ ਬੀਤ ਗਿਆ, ਕੁਝ ਨਹੀਂ ਹੋਇਆ। ਉਲਟਾ ਪਿੰਡ ਭੁੱਚੋ ਖੁਰਦ ਦੇ ਇੱਕ ਅਕਾਲੀ ਨੇਤਾ ਦੇ ਨਾਮ ’ਤੇ ਰਾਤੋਂ ਰਾਤ ਸਕੂਲ ਦਾ ਨਾਮਕਰਨ ਕਰ ਦਿੱਤਾ ਗਿਆ। ਬੁੱਤ ਨਹੀਂ ਜਾਣਦੇ ਕਿ ਉਸ ਅਕਾਲੀ ਨੇਤਾ ਦੇ ਪਰਿਵਾਰ ਦਾ ਦਬਦਬਾ ਮੁੱਖ ਮੰਤਰੀ ਦੇ ਦਰਬਾਰ ’ਚ ਕਿੰਨਾ ਹੈ। ਸਰਕਾਰੀ ਸੂਚਨਾ ਹੈ ਕਿ ਭਾਜਪਾ ਦੇ ਵਜ਼ੀਰਾਂ ਨੇ ਉਨ੍ਹਾਂ ਵਿੱਦਿਅਕ ਅਦਾਰਿਆਂ ਨੂੰ ਫੰਡਾਂ ਦੇ ਸਰਕਾਰੀ ਗੱਫੇ ਦਿੱਤੇ ਹਨ ਜੋ ਸਿੱਧੇ ਅਸਿੱਧੇ ਰੂਪ ’ਚ ਆਰਐਸਐਸ ਦੇ ਪ੍ਰਭਾਵ ਵਾਲੇ ਹਨ। ਅਕਾਲੀ ਵਜ਼ੀਰਾਂ ਨੇ ਸਿੱਖ ਪ੍ਰਭਾਵ ਵਾਲੇ ਅਦਾਰਿਆਂ ਨੂੰ ਗਰਾਂਟਾਂ ਦੇ ਦਿੱਤੀਆਂ।

ਤੱਥ ਗਵਾਹ ਹਨ ਕਿ ਮੁੱਖ ਮੰਤਰੀ ਪੰਜਾਬ ਨੇ ਪਿੰਡ ਬਾਦਲ ਵਿਚਲੇ ਉਨ੍ਹਾਂ ਪ੍ਰਾਈਵੇਟ ਅਦਾਰਿਆਂ ਨੂੰ ਰਿਓੜੀਆਂ ਵਾਂਗੂ ਫੰਡ ਦਿੱਤੇ ਹਨ, ਜਿਨ੍ਹਾਂਦੇ ਚੇਅਰਮੈਨ ਉਹ ਖੁਦ ਹਨ। ਜੋ ‘ਆਮ ਲੋਕਾਂ’ ਦੇ ਸਰਕਾਰੀ ਸਕੂਲ ਹਨ, ਉਨ੍ਹਾਂ ਦੀ ਵਾਰੀ ਆਉਣ ’ਤੇ ਫੰਡਾਂ ਦਾ ਟੋਟਾ ਕਿਉਂ ਪੈ ਜਾਂਦਾ ਹੈ, ਬੁੱਤ ਇਸ ਗੱਲੋਂ ਵੀ ਹੈਰਾਨ ਹਨ। ਨਗਰ ਸੁਧਾਰ ਟਰੱਸਟ ਬਠਿੰਡਾ ਨੇ ਟਰੱਸਟ ਵਲੋਂ ਬਠਿੰਡਾ ’ਚ ਵਸਾਏ ਨਵੇਂ ਨਗਰ ਦਾ ਨਾਮ ਰੱਖਿਆ ਹੈ ‘ਮਨਮੋਹਨ ਇਨਕਲੇਵ’। ਲੋਕ ਹੈਰਾਨ ਸਨ ਕਿ ਟਰੱਸਟ ’ਤੇ ਕਬਜ਼ਾ ਭਾਜਪਾ ਦਾ, ਇਨਕਲੇਵ ਦਾ ਨਾਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਮ ’ਤੇ ਰੱਖ ਦਿੱਤਾ। ਮਗਰੋਂ ਪਤਾ ਲੱਗਿਆ ਕਿ ਅਸਲ ’ਚ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਪਿਤਾ ਦਾ ਨਾਮ ਮਨਮੋਹਨ ਕਾਲੀਆ ਹੈ। ਬਠਿੰਡਾ ਦੇ ਪੁਰਾਣੇ ਬੱਸ ਅੱਡੇ ’ਚ ਵਿਕਟੋਰੀਆ ਕਰਾਸ ਜੇਤੂ ਸੂਬੇਦਾਰ ਨੰਦ ਸਿੰਘ ਦਾ ਬੁੱਤ ਲੱਗਾ ਹੋਇਆ ਹੈ। ਸਾਲ ਮਗਰੋਂ ਇਸ ’ਤੇ ਰੰਗ ਰੋਗਨ ਹੁੰਦਾ ਹੈ। ਇੱਕ ਦਿਨ ਉਸ ਨੂੰ ਮਿਲਦਾ ਹੈ। ਬਾਕੀ ਸਾਰਾ ਸਾਲ ਲੀਡਰਾਂ ਦੀ ਆਓ ਭਗਤ ਲਈ ਬੰਨੀਆਂ ਜਾਣ ਵਾਲੀਆਂ ਸਵਾਗਤੀ ਝੰਡੀਆਂ ’ਚ ਨੂੜਿਆ ਰਹਿੰਦਾ ਹੈ। ਫਿਰ ਕੌਣ ਵੱਡਾ ਹੋਇਆ, ਸੂਬੇਦਾਰ ਨੰਦ ਸਿੰਘ ਦਾ ਬੁੱਤ ਜਾਂ ਫਿਰ ਝੰਡੀ ਵਾਲੀ ਕਾਰ।

ਸਰਕਾਰੀ ਸੰਪਤੀ ਦੀ ਵੇਚਣ ਦੀ ਜਦੋਂ ਗੱਲ ਚੱਲੀ ਤਾਂ ਸਰਕਾਰ ਦੀ ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ’ਤੇ ਸਿੱਧੀ ਨਿਗ੍ਹਾ ਗਈ ਕਿਉਂਕਿ ਇਸ ਕਾਲਜ ’ਚ ਆਮ ਲੋਕਾਂ ਦੇ ਬੱਚੇ ਪੜ੍ਹਦੇ ਹਨ। ਸਰਕਾਰ ਦੀ ਕਾਲਜ ਦੇ ਸਾਹਮਣੇ ਵਾਲੇ ਉਸ ਡੂਨਜ਼ ਕਲੱਬ ’ਤੇ ਨਜ਼ਰ ਨਹੀਂ ਪਈ ਜੋ ਸਰਕਾਰੀ ਜਗ੍ਹਾ ’ਚ ਉਸਾਰਿਆ ਗਿਆ ਹੈ ਕਿਉਂਕਿ ਇਹ ਅਫਸਰਾਂ ਦਾ ਕਲੱਬ ਹੈ। ਜਦੋਂ ਪਿਛਲੀ ਕਾਂਗਰਸੀ ਹਕੂਮਤ ਸੀ ਤਾਂ ਉਦੋਂ ਸ਼ਰਾਬ ਫੈਕਟਰੀਆਂ ਨੂੰ ਕਰੀਬ 50 ਕਰੋੜ ਰੁਪਏ ਦੇ ਟੈਕਸਾਂ ਤੋਂ ਰਾਤੋਂ ਰਾਤ ਛੋਟ ਦੇ ਦਿੱਤੀ ਗਈ ਸੀ। ਪੰਜਾਬ ਵਿੱਤ ਨਿਗਮ ਨੇ ‘ਵਨ ਟਾਈਮ ਸੈਟਲਮੈਂਟ’ ਸਕੀਮ ਤਹਿਤ ਵਪਾਰੀਆਂ ਦੇ ਕਰੋੜਾਂ ਰੁਪਏ ਮੁਆਫ਼ ਕਰ ਦਿੱਤੇ ਸਨ। ਉਦੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਸ ਕਰਕੇ ਵਜ਼ੀਫਾ ਨਹੀਂ ਮਿਲ ਸਕਿਆ ਸੀ ਕਿ ਖ਼ਜ਼ਾਨਾ ਖ਼ਾਲੀ ਸੀ। ਐਮਪੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਢੱਡੇ ਦੇ ਪ੍ਰਾਈਵੇਟ ਕਾਲਜ ਦੇ ਪ੍ਰਬੰਧਕਾਂ ਨੂੰ ਸਿੱਧਾ ਥਾਣੇ ਬੰਦ ਕਰਵਾ ਦਿੱਤਾ। ਉਨ੍ਹਾਂ ਦਾ ਏਨਾ ਕਸੂਰ ਸੀ ਕਿ ਉਨ੍ਹਾਂ ਨੇ ਕਾਲਜ ਅੱਗੇ ਬੀਬੀ ਦੀ ਗੱਡੀ ਰੋਕ ਕੇ ਇੱਕ ਪੌਦਾ ਉਨ੍ਹਾਂ ਦੇ ਹੱਥੋਂ ਲਗਵਾਉਣ ਦੀ ਗਲਤੀ ਕਰ ਲਈ। ਬੀਬੀ ਬਾਦਲ ਇਸ ਗੱਲੋਂ ਖਫ਼ਾ ਹੋ ਗਏ ਕਿ ਬਿਨ੍ਹਾਂ ਅਗਾਊਂ ਸਮਾਂ ਲਏ ਕਿਉਂ ਰੋਕਿਆ ਗਿਆ। ਬੁੱਤ ਹੁਣ ਪੁੱਛਦੇ ਹਨ ਕਿ ਚੋਣਾਂ ਵੇਲੇ ਲੀਡਰ ਲੋਕ ਬਿਨਾਂ ਸਮਾਂ ਦਿੱਤੇ ਲਏ ਕਿਉਂ ਵਿਚ ਵੱਜਦੇ ਫਿਰਦੇ ਹੁੰਦੇ ਹਨ। ਬੁੱਤ ਇਹ ਨਹੀਂ ਜਾਣਦੇ ਕਿ ਵੋਟਾਂ ਮਗਰੋਂ ਇਨ੍ਹਾਂ ਸਿਆਸੀ ਲੋਕਾਂ ਨੂੰ ਆਮ ਲੋਕ ਵੀ ਬੁੱਤ ਹੀ ਦਿਖਦੇ ਹਨ। ਕਿਉਂਜੋ ਕਿਸੇ ਦੇ ਹੱਥ ਵਸ ਕੁਝ ਨਹੀਂ ਬਚਦਾ, ਸਿਵਾਏ ਅਗਲੇ ਪੰਜ ਸਾਲਾਂ ਦੀ ਉਡੀਕ ਤੋਂ।

ਬੁੱਤਾਂ ਨੂੰ ਇਕੱਲਾ ਸਰਕਾਰਾਂ ਦਾ ਡਰ ਨਹੀਂ, ਵਿਜੀਲੈਂਸ ਦਾ ਵੀ ਭੈਅ ਹੈ। ਬੁੱਤਾਂ ਨੇ ਗਿਆਨੀ ਜੈਲ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਦੇ ਇਮਾਨਦਾਰ ਪ੍ਰੋਫੈਸਰ ਨੂੰ ਜੱਫਾ ਮਾਰਦੇ ਵਿਜੀਲੈਂਸ ਵਾਲੇ ਦੇਖੇ ਹਨ। ਉਹ ਵੀ ਦੇਖੇ ਹਨ ਜੋ ਵਿਜੀਲੈਂਸ ਦੇ ਨੱਕ ਥੱਲੇ ਜੇਬਾਂ ਭਰਦੇ ਹਨ, ਉਧਰ ਵਿਜੀਲੈਂਸ ਦੀ ਨਿਗ੍ਹਾ ਨਹੀਂ ਪੈਂਦੀ। ਉਪਰੋਂ ਹੁਕਮ ਹੋ ਗਏ ਤਾਂ ਵਿਜੀਲੈਂਸ ਨੇ ਬੁੱਤਾਂ ਦੀ ਪੈਮਾਇਸ਼ ਸ਼ੁਰੂ ਕਰ ਦੇਣੀ ਹੈ, ਤਾਹੀਓਂ ਤਾਂ ਅੱਜ ਕੱਲ ਬੁੱਤ ਵੀ ਸਹਿਮੇ ਹੋਏ ਹਨ। ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਭ ਤੋਂ ਪਹਿਲਾਂ ਪੈਮਾਇਸ਼ ਕਰਨ ਵਾਲੇ ਹੀ ਮੁਕਰਦੇ ਹਨ ਜਿਸ ਕਰਕੇ ਬਹੁਤਾ ਭੈਅ ਮੰਨਣ ਦੀ ਵੀ ਲੋੜ ਨਹੀਂ। ਰੋਪੜ ਤੇ ਮੋਹਾਲੀ ਦੀ ਅਦਾਲਤ ’ਚ ਚੱਲੇ ਵੱਡੇ ਕੁਰੱਪਸ਼ਨ ਕੇਸ ’ਚ 31 ਸਰਕਾਰੀ ਗਵਾਹ ਮੁੱਕਰ ਗਏ। ਸਾਲ 2002 ’ਚ ਵਿਜੀਲੈਂਸ ਨੇ ਇਹ ਨੀਤੀ ਬਣਾਈ ਕਿ ਜੋ ਗਵਾਹ ਮੁੱਕਰਦੇ ਹਨ, ਉਨ੍ਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਇਆ ਜਾਵੇ। ਪੰਜਾਬ ’ਚ 2002 ਤੋਂ 2007 ਤੱਕ ਵਿਜੀਲੈਂਸ ਕੇਸਾਂ ’ਚ 70 ਗਵਾਹ ਮੁੱਕਰੇ ਜਿਨ੍ਹਾਂ ’ਚ 37 ਮੁੱਕਰੇ ਗਵਾਹ ਮਾਲਵਾ ਖ਼ਿੱਤੇ ਦੇ ਵੀ ਹਨ। ਵਿਜੀਲੈਂਸ ਨੇ ਮੁੱਕਰੇ ਗਵਾਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤੇ, ਧਾਰਾ 182 ਤਹਿਤ ਕਾਰਵਾਈ ਕੀਤੀ। ਬੁੱਤ ਪੁੱਛਦੇ ਹਨ ਕਿ ਹੁਣ ਜੋ 31 ਮੁੱਕਰੇ ਹਨ, ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਕਿਉਂ ਚੁੱਪ ਹੈ। ਨਵੀਂ ਸਰਕਾਰ ਬਣੇਗੀ ਤਾਂ ਮੁੱਕਰਨ ਵਾਲੇ ਗਵਾਹਾਂ ਦੀ ਗਿਣਤੀ ਹੋਰ ਵਧੇਗੀ।

ਖੈਰ ,ਇਹ ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ ਹਨ। ਇੱਥੇ ਤਾਂ ਸਭ ਕੁਝ ਵੱਡਿਆਂ ਦੇ ਹੱਥ ਹੈ। ਕੋਈ ਨਿਤਾਣਾ ਕਦਮ ਚੁੱਕੇ ਤਾਂ ਉਹ ਜੁਰਮ ਬਣ ਜਾਂਦਾ ਹੈ, ਵੱਡਾ ਚੁੱਕੇ ਤਾਂ ਉਹ ‘ਦੇਸ਼ ਭਗਤੀ’। ਬਰਨਾਲਾ ਦੀ ਇੱਕ ਵੱਡੀ ਫੈਕਟਰੀ ਦੀ ਸੁਆਹ ਤੋਂ ਅੱਕੇ ਛੋਟੀ ਬਸਤੀ ਦੇ ਲੋਕਾਂ ਨੇ ਜਦੋਂ ਸੰਘਰਸ਼ ਵਿੱਢ ਦਿੱਤਾ ਤਾਂ ਜਿਨ੍ਹਾਂ ਸੰਘਰਸ਼ ਦੀ ਅਗਵਾਈ ਕੀਤੀ, ਉਨ੍ਹਾਂ ਨੂੰ ਪੁਰਾਣੇ ਕੇਸਾਂ ’ਚ ਪਾ ਕੇ ਜੇਲ੍ਹੀਂ ਡੱਕ ਦਿੱਤਾ। ਜਦੋਂ ਬੇਕਾਰੀ ਦੇ ਭੰਨੇ ਲੰਬੀ ’ਚ ਟੈਂਟ ਲਾਉਂਦੇ ਹਨ ਤਾਂ ਪੁਲੀਸ ਪੁੱਟ ਦਿੰਦੀ ਹੈ। ਟੈਂਟਾਂ ਨੂੰ ਗ਼ੈਰਕਨੂੰਨੀ ਆਖਿਆ ਜਾਂਦਾ ਹੈ। ਜਦੋਂ ਇਹੋ ਟੈਂਟ ਦਿੱਲੀ ’ਚ ਕੇਂਦਰ ਖ਼ਿਲਾਫ਼ ਲੱਗਦੇ ਹਨ ਤਾਂ ਉਦੋਂ ਸਭ ਕੁਝ ਕਾਨੂੰਨੀ ਕਿਵੇਂ ਬਣ ਜਾਂਦਾ ਹੈ, ਸਮਝੋ ਬਾਹਰ ਹੈ। ਜਦੋਂ ਵੀ ਬੀਤੇ ਸਮੇਂ ’ਚ ਪੰਜਾਬ ’ਚ ਕਿਸੇ ਨਾ ਕਿਸੇ ਮੁੱਦੇ ’ਤੇ ਭੰਨ ਤੋੜ ਹੋਈ, ਉਸ ’ਚ ‘ਆਮ ਲੋਕਾਂ’ ਦੀ ਟਰਾਂਸਪੋਰਟ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਨੂੰ ਸ਼ਿਕਾਰ ਹੋਣਾ ਪਿਆ। ਪੁਲੀਸ ਨੇ ਸਰਕਾਰੀ ਟਰਾਂਸਪੋਰਟ ਦੀ ਰਾਖੀ ਨਹੀਂ ਕੀਤੀ, ਕਿਉਂਕਿ ਇਹੋ ਪੁਲੀਸ ਤਾਂ ਇੱਕ ਵੱਡੇ ਘਰਾਣੇ ਦੀਆਂ ਬੱਸਾਂ ਨੂੰ ਬਚਾਉਣ ਲਈ ਪੁਲੀਸ ਲਾਈਨਾਂ ’ਚ ਪਹਿਰਾ ਦੇ ਰਹੀ ਸੀ।

ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਕੱਲ ਸ਼ਹੀਦਾਂ ਦਾ ਓਟ ਆਸਰਾ ਤੱਕ ਰਹੇ ਹਨ। ਲੋਕਾਂ ਨੂੰ ਕੀਲਣ ਲਈ ਉਹ ਗੱਲ ਗੱਲ ’ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਗੱਲ ਕਰਦੇ ਹਨ। ਇੰਜ ਲੱਗਦਾ ਹੈ ਕਿ ਉਹੋ ਹੀ ਸ਼ਹੀਦਾਂ ਦੇ ਵੱਡੇ ਉਪਾਸਕ ਹਨ। ਜਦੋਂ ਉਹ ਹੁਣ ਗੱਦੀ ਤੋਂ ਥੱਲੇ ਹਨ ਤਾਂ ਸ਼ਹੀਦਾਂ ਦੀ ਕੁਰਬਾਨੀ ਦਾ ਚੇਤਾ ਲੋਕਾਂ ਨੂੰ ਕਰਾ ਰਹੇ ਹਨ। ਇਨ੍ਹਾਂ ਸ਼ਹੀਦਾਂ ਦੇ ਬੁੱਤਾਂ ਦਾ ਇਸ਼ਾਰਾ ਹੈ ਕਿ ਮਨਪ੍ਰੀਤ ਬਾਦਲ ਇਹ ਵੀ ਇਕੱਠਾਂ ’ਚ ਦੱਸਣ ਕਿ ਜਦੋਂ ਖ਼ਜ਼ਾਨੇ ਉਨ੍ਹਾਂ ਦੇ ਹੱਥ ’ਚ ਸੀ ਤਾਂ ਉਨ੍ਹਾਂ ਨੇ ਸ਼ਹੀਦਾਂ ਦੀ ਵਿਰਾਸਤ ਸਾਂਭਣ ਲਈ ਕੀ ਕੀ ਕੁਝ ਕੀਤਾ। ਚੰਗਾ ਹੁੰਦਾ ਮਨਪ੍ਰੀਤ ਸਿੰਘ ਬਾਦਲ ਉਦੋਂ ਉਨ੍ਹਾਂ ਬੱਸ ਮਾਲਕਾਂ ਦਾ ਲੱਖਾਂ ਰੁਪਏ ਦਾ ਕਿਰਾਇਆ ਤਾਰ ਦਿੰਦੇ ਜਿਹੜੇ ਬੱਸ ਮਾਲਕ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਅੰਮ੍ਰਿਤਸਰ ’ਚ ਮਨਾਈ ਜਨਮ ਸ਼ਤਾਬਦੀ ਮੌਕੇ ਆਮ ਲੋਕਾਂ ਨੂੰ ਪਿੰਡਾਂ ਚੋਂ ਲੈ ਕੇ ਗਏ ਸਨ। ਬੁੱਤ ਬੋਲ ਨਹੀਂ ਸਕਦੇ, ਫਿਰ ਕੀ ਹੋਇਆ। ਚੇਤਾ ਤਾਂ ਕਰਾਉਂਦੇ ਹਨ ਉਨ੍ਹਾਂ ਗੱਲਾਂ ਦਾ,ਜਿਨ੍ਹਾਂ ਨੂੰ ਗੱਦੀ ਵਾਲੇ ਭੁੱਲਣ ਲੱਗੇ ਹਨ। ਜੇ ਕਿਤੇ ਇਹ ਬੁੱਤ ਬੋਲ ਪਏ ਤਾਂ ਫਿਰ ਖੈਰ ਨਹੀਂ। ਜ਼ਮੀਰ ਲੋਕਾਂ ਦੀ ਮਰੀ ਹੋਏਗੀ ਪਰ ਇਨ੍ਹਾਂ ਦੀ ਨਹੀਂ। ਹਕੂਮਤਾਂ ਵਾਲੇ ਇਨ੍ਹਾਂ ਬੁੱਤਾਂ ਦੀ ਹੀ ਸ਼ਰਮ ਕਰ ਲੈਣ। ਪਾਣੀ ਸਿਰੋਂ ਲੰਘਣ ਲੱਗਿਆ ਤਾਂ ਫਿਰ ਇਨ੍ਹਾਂ ਨੂੰ ਬੋਲਣਾ ਹੀ ਪੈਣਾ ਹੈ। ਸ਼ਹੀਦਾਂ ਦੇ ਬੁੱਤ ਉਨ੍ਹਾਂ ਲੋਕਾਂ ਦੀ ਤਰਜਮਾਨੀ ਕਰਦੇ ਹਨ,ਜਿਨ੍ਹਾਂ ਨੂੰ ਸਰਕਾਰਾਂ ਮਹਿਜ ਇੱਕ ਵੋਟ ਸਮਝਦੀਆਂ ਹਨ।

ਚਰਨਜੀਤ ਭੁੱਲਰ
ਲੇਖਕ ਪੱਤਰਕਾਰ ਹਨ।

Friday, April 23, 2010

ਬੰਗਾਲ ਦੀ ਕਿਸਾਨ ਬਗ਼ਾਵਤ ਅਤੇ ਕਾਨੂ ਸਾਨਿਆਲ

ਦੇਸ਼ ਦੀ ਆਜ਼ਾਦੀ ਤੋਂ ਦੋ ਦਹਾਕੇ ਬਾਅਦ ਬੰਗਾਲ ਵਿਚ ਕਿਸਾਨਾਂ ਦੇ ਵਿਦਰੋਹ ਅਤੇ ਫਿਰ ਇਸ ਵਿਦਰੋਹ ਨੂੰ ਇਨਕਲਾਬ ਦੇ ਰਾਹ ਤੋਰਨ ਵਾਲੀ ਤਿੱਕੜੀ ਦਾ ਆਖ਼ਰੀ ਸ਼ਾਹਸਵਾਰ ਕਾਨੂ (ਕ੍ਰਿਸ਼ਨ ਕੁਮਾਰ) ਸਾਨਿਆਲ ਵੀ ਆਖ਼ਰੀ ਅਲਵਿਦਾ ਆਖ ਗਿਆ। ਇਸ ਤਿੱਕੜੀ ਦਾ ਮੁੱਖ ਲੀਡਰ ਚਾਰੂ ਮੌਜੂਮਦਾਰ 28 ਜੁਲਾਈ 1972 ਨੂੰ ਪੁਲੀਸ ਹਿਰਾਸਤ ਵਿਚ ਫ਼ੌਤ ਹੋ ਗਿਆ ਸੀ ਅਤੇ ਲੋਕ ਲੀਡਰ ਜੰਗਲ ਸੰਥਾਲ 1981 ਵਿਚ ਸਦਾ ਸਦਾ ਲਈ ਤੁਰ ਗਿਆ ਸੀ। ਇਸ ਤਿੱਕੜੀ, ਇਨ੍ਹਾਂ ਦੇ ਸੰਗੀ-ਸਾਥੀਆਂ ਅਤੇ ਇਨ੍ਹਾਂ ਨਾਲ ਜੁੜੀਆਂ ਸੰਗਤਾਂ ਨੇ ਉਦੋਂ ਦੇਸ਼ ਦੇ ਸਿਆਸੀ ਪਿੜ ਵਿਚ ਅਜਿਹਾ ਵੱਢ ਮਾਰਿਆ ਜਿਸ ਦੀ ਗੂੰਜ ਅੱਜ ਵੀ ਸੁਣਾਈ ਦੇ ਰਹੀ ਹੈ।

ਚਾਰੂ, ਕਾਨੂ ਅਤੇ ਜੰਗਲ ਦਾ ਨਾਂ ਨਕਸਲਬਾੜੀ ਦੀ ਕਿਸਾਨ ਬਗ਼ਾਵਤ ਨਾਲ ਡੂੰਘਾ ਜੁੜਿਆ ਹੋਇਆ ਹੈ। ਤਿੰਨਾਂ ਵਿਚੋਂ ਮੁਕਾਬਲਤਨ ਵੱਧ ਚਰਚਾ ਚਾਰੂ ਦੀ ਹੋਈ। ਕਾਨੂ ਸਾਨਿਆਲ, ਚਾਰੂ ਮੌਜੂਮਦਾਰ ਦੇ ਅਸਰ ਥੱਲੇ ਹੀ ਸੀ.ਪੀ.ਆਈ. ਵਿਚ ਸ਼ਾਮਲ ਹੋਇਆ ਸੀ। ਜਦੋਂ ਉਹ ਸਿਲੀਗੁੜੀ ਦੀ ਅਦਾਲਤ ਵਿਚ ਬਤੌਰ ਕਲਰਕ ਕੰਮ ਕਰਦਾ ਸੀ ਤਾਂ ਮੁੱਖ ਮੰਤਰੀ ਬੀ.ਸੀ. ਰਾਏ ਨੂੰ ਕਾਲਾ ਝੰਡਾ ਦਿਖਾਉਣ ਦੇ ਦੋਸ਼ ਵਿਚ ਉਸ ਨੂੰ ਜਲਪਾਈਗੁੜੀ ਜੇਲ੍ਹ ਅੰਦਰ ਡੱਕਿਆ ਗਿਆ ਸੀ। ਉੱਥੇ ਉਸ ਦੀ ਮੁਲਾਕਾਤ ਚਾਰੂ ਮੌਜੂਮਦਾਰ ਨਾਲ ਹੋਈ ਜੋ ਉਦੋਂ ਸੀ ਪੀ.ਆਈ. ਦੀ ਜ਼ਿਲ੍ਹਾ ਕਮੇਟੀ ਦਾ ਮੈਂਬਰ ਸੀ। ਰਿਹਾਈ ਤੋਂ ਬਾਅਦ ਕਾਨੂ ਵੀ ਸੀ.ਪੀ.ਆਈ. ਵਿਚ ਸ਼ਾਮਲ ਹੋ ਗਿਆ ਅਤੇ 1964 ਵਿਚ ਪਾਰਟੀ ਵਿਚ ਫੁੱਟ ਤੋਂ ਬਾਅਦ ਉਹ ਸੀ ਪੀ.ਆਈ. (ਐੱਮ.) ਨਾਲ ਖੜ੍ਹਿਆ।

ਨਕਸਲਬਾੜੀ ਦੇ ਇਲਾਕੇ ਵਿਚ ਕਿਸਾਨਾਂ ਵਿਚ ਰੋਹ ਦੇ ਭਾਂਬੜ ਬਾਲਣ ਵਾਲਿਆਂ ਵਿਚ ਮੋਹਰੀ ਕਾਨੂ ਅਤੇ ਜੰਗਲ ਸਨ। ਇਹ ਬਗ਼ਾਵਤ ਅਚਾਨਕ ਕੁਝ ਦਿਨਾਂ ਵਿਚ ਪੈਦਾ ਨਹੀਂ ਸੀ ਹੋਈ ਜਿਸ ਤਰ੍ਹਾਂ ਅਕਸਰ ਪੇਸ਼ ਕੀਤਾ ਜਾਂਦਾ ਹੈ। ਕਾਨੂ ਦੀ ਸਤੰਬਰ 1968 ਨੂੰ ਲਿਖੀ 'ਰਿਪੋਰਟ ਆਨ ਦ ਪੀਜ਼ੈਂਟਸ ਮੂਵਮੈਂਟ ਇਨ ਦ ਤਰਾਈ ਰੀਜਨ' (ਤਰਾਈ ਖੇਤਰ ਵਿਚ ਕਿਸਾਨ ਘੋਲ਼ ਬਾਰੇ ਰਿਪੋਰਟ) ਅਤੇ ਫਿਰ ਅਪਰੈਲ 1973 ਵਿਚ ਲਿਖੀ 'ਮੋਰ ਆਨ ਨਕਸਲਬਾੜੀ' (ਨਕਸਲਬਾੜੀ ਬਾਰੇ ਕੁਝ ਹੋਰ ਤੱਥ) ਵਿਚ ਇਸ ਕਿਸਾਨ ਬਗ਼ਾਵਤ ਦਾ ਇਤਿਹਾਸ ਅਤੇ ਪਿਛੋਕੜ ਸਮੋਇਆ ਪਿਆ ਹੈ। ਇਸ ਦੀਆਂ ਜੜ੍ਹਾਂ 1946 ਤੱਕ ਪਸਰੀਆਂ ਹੋਈਆਂ ਹਨ। ਇਸ ਬਗ਼ਾਵਤ ਨੂੰ ਸਮਝਣ ਲਈ ਤੇਭਾਗਾ (ਬੰਗਾਲ) ਅਤੇ ਤਿਲੰਗਾਨਾ (ਆਂਧਰਾ ਪ੍ਰਦੇਸ਼) ਦੇ ਹਥਿਆਰ ਘੋਲ਼ਾਂ ਨੂੰ ਵੀ ਧਿਆਨ ਵਿਚ ਰੱਖਣਾ ਪਵੇਗਾ।

ਇਤਿਹਾਸ ਵਿਚ ਇਸ ਬਗ਼ਾਵਤ ਦੀ ਸ਼ੁਰੂਆਤ ਦਾ ਦਿਨ 25 ਮਈ 1967 ਮੰਨਿਆ ਜਾਂਦਾ ਹੈ ਜਿਸ ਦਿਨ ਪੁਲੀਸ ਨੇ 11 ਲੋਕਾਂ ਨੂੰ ਮਾਰ ਸੁੱਟਿਆ ਸੀ। ਇਨ੍ਹਾਂ ਵਿਚ 8 ਔਰਤਾਂ ਅਤੇ 2 ਬੱਚੇ ਸ਼ਾਮਲ ਸਨ। ਇਕ ਬੱਚਾ ਸਿਰਫ਼ 6 ਮਹੀਨੇ ਦਾ ਸੀ ਜਿਹੜਾ ਆਪਣੀ ਮਾਂ ਦੀ ਗੋਦੀ ਵਿਚ ਹੀ ਤੜਫ਼ਦਾ ਦਮ ਤੋੜ ਗਿਆ। ਉਂਝ ਕਾਨੂ ਬਗ਼ਾਵਤ ਦੀ ਸ਼ੁਰੂਆਤ ਦਾ ਦਿਨ 24 ਮਈ ਮੰਨਦਾ ਹੈ। ਇਸ ਦਿਨ ਪੁਲੀਸ ਪੂਰੀ ਤਿਆਰੀ ਨਾਲ ਪਿੰਡ ਬੋਰੋ-ਝੋਰੋ ਜੋਤ ਵਿਚ ਪੁੱਜੀ। ਇਹਦੀ ਸੂਹ ਸੀ ਕਿ ਇਸ ਪਿੰਡ ਵਿਚ ਇਨਕਲਾਬੀਆਂ ਦੀ ਸਮੁੱਚੀ ਲੀਡਰਸ਼ਿਪ ਪੁੱਜ ਰਹੀ ਹੈ ਪਰ ਉੱਥੇ ਤਾਂ ਆਮ ਕਿਸਾਨਾਂ ਦਾ ਇਕੱਠ ਸੀ। ਇਸੇ ਦੌਰਾਨ ਆਦਿਵਾਸੀਆਂ ਦੇ ਤੀਰ ਨਾਲ ਇਕ ਪੁਲੀਸ ਮੁਲਾਜ਼ਮ ਮਾਰਿਆ ਗਿਆ। ਦੂਜੇ ਦਿਨ ਪੁਲੀਸ ਨੇ ਪਿੰਡ ਪ੍ਰਸਾਦ ਜੋਤ ਵਿਚ ਲੋਕਾਂ ਦੇ ਇਕੱਠ ਉੱਤੇ ਅੰਧਾਧੁੰਦ ਗੋਲੀ ਚਲਾ ਦਿੱਤੀ ਅਤੇ ਗਿਆਰਾਂ ਜਣੇ ਮਾਰੇ ਗਏ। ਇਸ ਤੋਂ ਬਾਅਦ ਨਕਸਲਬਾੜੀ ਇਲਾਕੇ ਵਿਚ ਜੂਝ ਰਹੇ ਇਨ੍ਹਾਂ ਇਨਕਲਾਬੀਆਂ ਅਤੇ ਸੱਤਾਧਾਰੀ ਸੀ.ਪੀ.ਐੱਮ. ਵਿਚਕਾਰ ਪਾੜਾ ਵਧਦਾ ਗਿਆ। ਮਗਰੋਂ ਇਨ੍ਹਾਂ ਇਨਕਲਾਬੀਆਂ ਨੇ ਲਾਮਬੰਦੀ ਕਰਕੇ 'ਆਲ ਇੰਡੀਆ ਕੋਆਰਡੀਨੇਸ਼ਨ ਕਮੇਟੀ ਆਫ਼ ਦ ਕਮਿਉਨਿਸਟ ਰੈਵੋਲਿਊਸ਼ਨਰੀਜ਼' (ਏ.ਆਈ.ਸੀ.ਸੀ.ਸੀ.ਆਰ.) ਬਣਾ ਲਈ। ਬੰਗਾਲ, ਪੰਜਾਬ, ਬਿਹਾਰ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਕੇਰਲ, ਆਸਾਮ, ਉੜੀਸਾ ਅਤੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੇ ਇਸ ਕਮੇਟੀ ਲਈ ਭਰਵਾਂ ਹੁੰਗਾਰਾ ਭਰਿਆ ਅਤੇ ਸੀ.ਪੀ.ਐੱਮ. ਵਿਚਲਾ ਇਨਕਲਾਬੀ ਹਿੱਸਾ ਇਸ ਕਮੇਟੀ ਅਧੀਨ ਲਾਮਬੰਦ ਹੋਣ ਲੱਗ ਪਿਆ। ਇਸ ਕਮੇਟੀ ਦਾ ਹੋਕਾ ਅਤੇ ਟੀਚਾ ਚੋਣ ਸਿਆਸਤ ਛੱਡ ਕੇ ਹਥਿਆਰਬੰਦ ਘੋਲ਼ ਰਾਹੀਂ ਇਨਕਲਾਬ ਵੱਲ ਵਧਣਾ ਸੀ। ਸਾਲ 1969 ਵਿਚ 22 ਅਪਰੈਲ ਨੂੰ ਲੈਨਿਨ ਦੇ ਜਨਮ ਦਿਨ ਮੌਕੇ ਕਲਕੱਤਾ ਵਿਚ ਵੱਡੀ ਰੈਲੀ ਦੌਰਾਨ ਏ.ਆਈ.ਸੀ.ਸੀ.ਸੀ.ਆਰ. ਨੂੰ ਸੀ.ਪੀ.ਆਈ. (ਐੱਮ.ਐੱਲ਼) ਵਿਚ ਬਦਲਣ ਦਾ ਐਲਾਨ ਕਰ ਦਿੱਤਾ ਗਿਆ। ਇਹ ਨਵੀਂ ਕਮਿਉਨਿਸਟ ਪਾਰਟੀ ਬਣਾਉਣ ਦਾ ਐਲਾਨ ਕਾਨੂ ਸਾਨਿਆਲ ਨੇ ਕੀਤਾ ਸੀ।

1967 ਚੜ੍ਹਦਿਆਂ ਹੀ ਉੱਠੀ ਨਕਸਲਬਾੜੀ ਦੇ ਕਿਸਾਨਾਂ ਦੀ ਇਹ ਬਗ਼ਾਵਤ ਛੇਤੀ ਹੀ ਸਿਆਸੀ ਰੁਖ਼ ਅਖ਼ਤਿਆਰ ਕਰ ਗਈ। ਜੂਨ 1967 ਵਿਚ ਚੀਨ ਦੇ ਪੇਇਚਿੰਗ ਰੇਡੀਓ ਅਤੇ ਪੀਪਲਜ਼ ਡੇਲੀ ਅਖ਼ਬਾਰ ਨੇ ਇਸ ਬਗ਼ਾਵਤ ਨੂੰ 'ਭਾਰਤ ਵਿਚ ਬਸੰਤੀ ਗੜ੍ਹਕਾ' ਆਖਿਆ। ਕਾਨੂ ਸਤੰਬਰ 1967 ਵਿਚ ਚੀਨ ਵੀ ਗਿਆ ਅਤੇ ਉੱਥੇ ਚੀਨੀ ਕਮਿਉਨਿਸਟ ਪਾਰਟੀ ਦੇ ਲੀਡਰ ਮਾਓ ਨੂੰ ਮਿਲਿਆ। ਨਕਸਲਬਾੜੀ ਵਿਚ ਭਾਵੇਂ ਮੁੱਖ ਕੰਮ ਕਾਨੂ ਅਤੇ ਜੰਗਲ ਸੰਥਾਲ ਦਾ ਸੀ ਪਰ ਲੀਡਰ ਵਜੋਂ ਚਾਰੂ ਸਿਰ ਕੱਢ ਗਿਆ ਹਾਲਾਂਕਿ ਚਾਰੂ ਦੀ ਸਰਗਰਮੀ ਦਾ ਖੇਤਰ ਇਸਲਾਮਪੁਰ ਇਲਕੇ ਵਿਚ ਸੀ। ਉਂਝ ਘੋਖਿਆ ਜਾਵੇ ਤਾਂ ਇਨ੍ਹਾਂ ਲੀਡਰਾਂ ਦੀ ਲਾਈਨ ਵਿਚ ਫ਼ਰਕ ਪ੍ਰਤੱਖ ਸੀ। ਇਸਲਾਮਪੁਰ ਵਿਚ ਜਿਹੜੀ ਸਰਗਰਮੀ ਹੋਈ, ਉਸ ਦਾ ਆਧਾਰ ਚਾਰੂ ਦੇ ਪਹਿਲੇ ਛੇ ਉਹ ਦਸਤਾਵੇਜ਼ ਸਨ ਜਿਹੜੇ ਬਾਅਦ ਵਿਚ ਦੋ ਹੋਰ ਦਸਤਾਵੇਜ਼ ਜੁੜਨ ਕਾਰਨ ਚਾਰੂ ਦੇ ਅੱਠ ਦਸਤਾਵੇਜ਼ਾਂ ਵਜੋਂ ਮਸ਼ਹੂਰ ਹੋਏ। ਇਸਲਾਮਪੁਰ ਵਿਚ ਸਿਆਸੀ ਪਿੜ ਬੰਨ੍ਹਣ ਦੀ ਥਾਂ ਮੁੱਖ ਸਰਗਰਮੀ ਗੁਰੀਲਾ ਜੱਥਿਆਂ ਰਾਹੀਂ ਖਾੜਕੂ ਕਾਰਵਾਈਆਂ ਹੋ ਰਹੀਆਂ ਸਨ। ਦੂਜੇ ਬੰਨੇ ਨਕਸਲਬਾੜੀ ਵਿਚ ਮਾਸ ਲਾਈਨ ਮੁੱਖ ਸੀ ਅਤੇ ਇਸ ਮਾਸ ਲਾਈਨ ਨੂੰ ਨਾਲੋ ਨਾਲ, ਲੋੜ ਮੁਤਾਬਕ ਹਥਿਆਰਬੰਦ ਹੱਲੇ ਦੀ ਪੁੱਠ ਚਾੜ੍ਹੀ ਜਾ ਰਹੀ ਸੀ। ਕਾਨੂ ਦਾ ਐਲਾਨ ਸੀ ਕਿ ਇਹ ਲੜਾਈ ਹੁਣ ਜ਼ਮੀਨ ਲਈ ਨਹੀਂ ਸੀ ਰਹਿ ਗਈ, ਹੁਣ ਗੱਲ ਸੱਤਾ ਹਾਸਲ ਕਰਨ ਵੱਲ ਮੁੜ ਕੱਟ ਚੁੱਕੀ ਹੈ।૴ਤੇ ਸੱਚਮੁੱਚ ਗੱਲ ਜ਼ਮੀਨ ਦੀ ਨਾ ਰਹੀ। ਗੱਲ ਸੱਤਾ ਖੋਹਣ ਵੱਲ ਮੁੜ ਗਈ ਅਤੇ ਦਿਨਾਂ ਮਹੀਨਿਆਂ ਵਿਚ ਇਹ ਗੱਲ ਦੇਸ਼ ਦੇ ਕੋਨੇ ਕੋਨੇ ਵਿਚ ਹੋਣ ਲੱਗ ਪਈ। ਦੇਸ਼ ਦਾ ਨੌਜਵਾਨ ਤਬਕਾ ਜਿਹੜਾ 1947 ਵਿਚ ਅੰਗਰੇਜ਼ਾਂ ਦੇ ਦੇਸ਼ ਛੱਡਣ ਪਿੱਛੋਂ ਆਜ਼ਾਦੀ ਦੇ ਨਾਲੋ ਨਾਲ ਜਵਾਨ ਹੋਇਆ ਸੀ, ਯੁੱਗ ਪਲਟਾਉਣ ਵਿਚ ਮਸਰੂਫ਼ ਹੋ ਗਿਆ।

ਨੌਜਵਾਨਾਂ ਦੇ ਇਸ ਇਨਕਲਾਬੀ ਹੱਲੇ ਨੇ ਸਿਆਸਤ ਵਿਚ ਕਈ ਰਾਹ ਖੋਲ੍ਹੇ ਅਤੇ ਲੋਕਾਂ ਨੂੰ ਨਵੇਂ ਵਿਚਾਰਾਂ ਨਾਲ ਮਾਲਾਮਾਲ ਕੀਤਾ। ਨੌਜਵਾਨਾਂ ਦੀ ਇਸ ਲਹਿਰ ਦੌਰਾਨ ਤਿੰਨ ਵੱਡੇ ਨੀਤੀਗਤ/ਰਣਨੀਤਕ ਫ਼ੈਸਲੇ ਕੀਤੇ ਗਏ ਜਿਸ ਨੇ ਦੇਸ਼ ਦੀ ਸਿਆਸਤ ਨੂੰ ਬਹੁਤ ਜ਼ਰਬ ਦਿੱਤੀ। ਇਨ੍ਹਾਂ ਦਾ ਅਸਰ ਅੱਜ ਵੀ ਸਿਆਸਤ ਦੇ ਪਿੜ ਵਿਚ ਬਾਖੂਬੀ ਦੇਖਿਆ ਜਾ ਸਕਦਾ ਹੈ। ਪਹਿਲਾਂ ਸੀ, ਚੋਣਾਂ ਰਾਹੀ ਮੁੱਢੋਂ-ਸੁੱਢੋਂ ਤਬਦੀਲੀ ਸੰਭਵ ਨਹੀਂ। ਅੱਜ ਚੋਣ ਢਾਂਚੇ ਵਿਚ ਜਿਸ ਢੰਗ ਦੀਆਂ ਬਦਕਾਰੀਆਂ ਆ ਗਈਆਂ ਹਨ, ਉਸ ਪ੍ਰਸੰਗ ਵਿਚ ਇਸ ਨੁਕਤੇ ਨੂੰ ਘੋਖਣ ਦੀ ਬੜੀ ਅਹਿਮੀਅਤ ਹੈ। ਦੂਜਾ, ਸਮਾਜ ਦਾ ਵਿਸ਼ਲੇਸ਼ਣ ਸੀ। ਕਿਹਾ ਗਿਆ ਕਿ ਭਾਰਤੀ ਤਾਣਾ-ਬਾਣਾ ਅਰਧ-ਜਗੀਰੂ ਅਰਧ-ਬਸਤੀਵਾਦੀ ਹੈ। ਇਕ ਵਾਰ ਫਿਰ ਅੱਜ ਦੇ ਹਾਲਾਤ 'ਤੇ ਨਜ਼ਰ ਮਾਰੀਏ ਤਾਂ ਲੱਭਦਾ ਹੈ ਕਿ ਇਕ ਪਾਸੇ ਬਹੁ-ਕੌਮੀ ਕੰਪਨੀਆਂ ਰਾਹੀਂ ਨਵੀਂ ਤਰਜ਼ ਦਾ ਬਸਤੀਵਾਦ ਭਾਰੂ ਪੈ ਰਿਹਾ ਹੈ ਅਤੇ ਨਾਲ ਹੀ ਹਰਿਆਣਾ ਵਰਗੇ ਸੂਬੇ ਵਿਚ ਜਗੀਰੂ ਧੌਂਸ ਦਾ ਪ੍ਰਗਟਾਵਾ ਖਾਪ ਪੰਚਾਇਤਾਂ ਰਾਹੀ ਹੋ ਰਿਹਾ ਹੈ। ਤੀਜਾ ਦੇਸ਼ ਦੀ ਸਰਮਾਏਦਾਰੀ ਨੂੰ ਸਾਮਰਾਜਵਾਦ ਦੀ ਦਲਾਲ ਮਿਥਣਾ ਸੀ। ਦੇਸ਼ ਦੀ ਸੱਤਾਦਾਰੀ ਸਰਮਾਏਦਾਰ ਜਮਾਤ ਜਿਸ ਢੰਗ ਨਾਲ ਸਾਮਰਾਜਵਾਦ ਨੂੰ ਗਲੇ ਲਾ ਰਹੀ ਹੈ ਅਤੇ ਆਪਣੇ ਲੋਕਾਂ ਦੇ ਗਲੇ ਵੱਢ ਰਹੀ ਹੈ, ਉਸ ਤੋਂ ਜ਼ਾਹਿਰ ਹੀ ਹੈ ਕਿ ਇਹ ਵਿਸ਼ਲੇਸ਼ਣ ਕਿੰਨਾ ਸੱਚਾ ਸੀ।

ਕਾਨੂ ਨੇ ਚਾਰੂ ਦੀ ਜਮਾਤੀ ਸਫ਼ਾਏ ਵਾਲੀ ਲਾਈਨ ਦਾ ਤਿੱਖਾ ਵਿਰੋਧ ਕੀਤਾ। ਅਗਸਤ 1970 ਵਿਚ ਉਸ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ। ਉਸ ਉੱਤੇ ਆਂਧਰਾ ਪ੍ਰਦੇਸ਼ ਅਤੇ ੳੜੀਸਾ ਦੇ ਧਨਾਢ ਕਿਸਾਨਾਂ ਖ਼ਿਲਾਫ਼ ਲਾਮਬੰਦੀ ਕਰਨ ਦਾ ਕੇਸ ਬਣਾਇਆ ਜੋ ਪਾਰਬਤੀਪੁਰਮ ਸਾਜ਼ਿਸ ਕੇਸ ਵਜੋਂ ਚਰਚਿਤ ਹੋੲਆ। ਇਸੇ ਕੇਸ ਤਹਿਤ ਉਹ 7 ਸਾਲ ਵਿਸਾਖਾਪਟਨਮ ਦੀ ਜੇਲ੍ਹ ਵਿਚ ਬੰਦ ਰਿਹਾ। ਇਸੇ ਦੌਰਾਨ ਪਾਰਟੀ ਵਿਚ ਤਕਰਾਰ ਵੀ ਵਧਿਆ। ਜੁਲਾਈ 1972 ਵਿਚ ਚਾਰੂ ਦੀ ਪੁਲੀਸ ਹਿਰਾਸਤ ਵਿਚ ਮੌਤ ਤੋਂ ਬਾਅਦ ਲਹਿਰ ਖਿੰਡਣ ਲੱਗ ਪਈ। ਐਨੀਆਂ ਪਾਰਟੀਆਂ ਬਣ ਗਈਆਂ ਕਿ ਗਿਣਤੀ ਮੁਸ਼ਕਿਲ ਹੋ ਗਈ। ਸਾਲ 1977 ਵਿਚ ਰਿਹਾਅ ਹੋਣ ਤੋਂ ਬਾਅਦ ਕਾਨੂ ਨੇ ਆਰਗੇਨਾਈਜਿੰਗ ਕਮੇਟੀ ਆਫ਼ ਕਮਿਉਨਿਸਟ ਰੈਵੋਲਿਊਸ਼ਨਰੀ (ਓ.ਸੀ.ਸੀ.ਆਰ.) ਬਣਾਈ ਜੋ 1985 ਵਿਚ ਪੰਜ ਧੜਿਆਂ ਦੀ ਏਕਤਾ ਪਿੱਛੋਂ ਕਮਿਉਨਿਸਟ ਆਰਗੇਨਾਈਜੇਸ਼ਨ ਆਫ਼ ਇੰਡੀਆ (ਐੱਮ.ਐੱਲ਼) ਬਣ ਗਈ। ਫਿਰ 2003 ਵਿਚ ਚਾਰ ਐੱਮ.ਐੱਲ਼. ਗਰੁੱਪਾਂ ਦੇ ਰਲੇਵੇਂ ਪਿੱਛੋਂ ਇਸ ਦਾ ਨਾਂ ਸੀ.ਪੀ.ਆਈ. (ਐੱਮ.ਐੱਲ਼)-ਯੂਨਿਟੀ ਇਨੀਸ਼ੀਏਟਿਵ ਰੱਖ ਦਿੱਤਾ ਗਿਆ। 2005 ਵਿਚ ਚੀ. ਰਾਮਚੰਦਰਨ ਦੀ ਸੀ.ਪੀ.ਆਈ. (ਐੱਮ.ਐੱਲ਼)-ਰੈੱਡ ਫਲੈਗ ਨਾਲ ਏਕਤਾ ਤੋਂ ਬਾਅਦ ਪਾਰਟੀ ਦਾ ਨਾਂ ਸੀ.ਪੀ.ਆਈ. (ਐੱਮ.ਐੱਲ਼) ਪ੍ਰਚਾਰਿਆ ਗਿਆ। ਪਿਛਲੇ ਸਾਲ ਇਹ ਏਕਤਾ ਟੁੱਟ ਗਈ । ਮੌਤ ਵੇਲੇ ਉਹ ਸੀ.ਪੀ.ਆਈ. (ਐੱਮ.ਐੱਲ਼) ਦੇ ਜਨਰਲ ਸਕੱਤਰ ਸਨ। ਪਿਛਲੇ ਸਾਲ ਦਸੰਬਰ ਵਿਚ ਕੋਲਕਾਤਾ ਵਿਖੇ ਹੋਈ ਪਾਰਟੀ ਕਾਂਗਰਸ ਦੌਰਾਨ ਉਸ ਨੂੰ ਮੁੜ ਜਨਰਲ ਸਕੱਤਰ ਚੁਣਿਆ ਗਿਆ ਸੀ। ਉਹ ਆਪਣੀ ਜ਼ਿੰਦਗੀ ਦੇ ਆਖ਼ਰੀ ਲਮਹੇ ਤੱਕ ਸਰਗਰਮ ਰਹੇ। ਸਿਲੀਗੁੜੀ ਦੇ ਰੇਲ ਸਟੇਸ਼ਨ ਉੱਤੇ ਦਿੱਲੀ ਜਾ ਰਹੀ ਗੱਡੀ ਰਾਜਧਾਨੀ ਐਕਸਪ੍ਰੈੱਸ ਡੱਕਣ ਦੇ ਦੋਸ਼ ਵਿਚ ਉਸ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਨੇ ਨੰਦੀਗਰਾਮ ਅਤੇ ਸਿੰਗੂਰ ਵਿਚ ਸੀ ਪੀ.ਆਈ. (ਐੱਮ.) ਦੀਆਂ ਨੀਤੀਆਂ ਦਾ ਤਿੱਖਾ ਵਿਰੋਧ ਕੀਤਾ।

ਕਾਨੂ ਦੀ ਮੌਤ ਫ਼ਿਲਹਾਲ ਰਹੱਸ ਬਣ ਗਈ ਹੈ। ਉਹਦੇ ਪਿੰਡ ਹਤੀਘੀਸ਼ਾ ਵਿਚ 23 ਮਾਰਚ ਦੀ ਦੁਪਹਿਰ ਨੂੰ ਉਸ ਦੀ ਦੇਹ ਪੱਖੇ ਨਾਲ ਲਟਕਦੀ ਮਿਲੀ ਸੀ। ਪਾਰਟੀ ਦੇ ਆਗੂਆਂ ਮੁਤਾਬਕ ਕਾਨੂ ਇੰਨਾ ਬਿਮਾਰ ਸੀ ਕਿ ਇਕ ਕਦਮ ਤੁਰਨ ਲਈ ਵੀ ਸਹਾਰੇ ਦੀ ਲੋੜ ਪੈਂਦੀ ਸੀ। ਇੰਨੇ ਬਿਮਾਰ ਬੰਦੇ ਦਾ ਪੱਖੇ ਨਾਲ ਲਟਕਣਾ ਨਾਮੁਮਕਿਨ ਹੈ। ਨਾਲੇ ਉਹਦੇ ਪੈਰ ਤਾਂ ਜ਼ਮੀਨ ਨਾਲ ਲੱਗੇ ਹੋਏ ਸਨ। ਖ਼ੈਰ...ਐਤਕੀਂ 23 ਮਾਰਚ ਦਾ ਦਿਨ ਪਹਿਲੇ ਸਾਲਾਂ ਨਾਲੋਂ ਹੋਰ ਵੀ ਬੋਝਲ ਹੋ ਗਿਆ। ਪੰਜਾਬੀਆਂ ਲਈ 23 ਮਾਰਚ ਦੇ ਅਰਥ ਸਮੁੱਚੇ ਦੇਸ਼ ਨਾਲੋਂ ਵੱਖਰੇ ਹਨ। 79 ਵਰ੍ਹੇ ਪਹਿਲਾਂ ਅੰਗਰੇਜ਼ ਸ਼ਾਸਕਾਂ ਨੇ ਪੰਜਾਬ ਦੇ ਦੋ ਜ਼ਹੀਨ ਪੁੱਤਾਂ-ਭਗਤ ਸਿੰਘ ਤੇ ਸੁਖਦੇਵ ਅਤੇ ਮਹਾਂਰਾਸ਼ਟਰ ਦੇ ਜੁਝਾਰੂ ਨੌਜਵਾਨ ਰਾਜਗੁਰੂ ਨੂੰ ਸਿਆਸੀ ਪਿੜ ਵਿਚ ਆਪਣੀ ਗੱਲ ਠੋਕ ਵਜਾ ਕੇ ਕਹਿਣ ਦੇ ਜੁਰਮ ਵਿਚ ਫ਼ਾਂਸੀ ਉੱਤੇ ਲਟਕਾ ਦਿੱਤਾ ਸੀ। 23 ਮਾਰਚ ਦੀ ਹੀ ਗੱਲ ਕਰੀਏ ਤਾਂ ਇਸੇ ਦਿਨ 1988ਵੇਂ ਸਾਲ ਵਿਚ ਪੰਜਾਬ ਦੇ ਬੁਨਿਆਦਪ੍ਰਸਤਾਂ ਨੇ ਜ਼ਹੀਨ ਪੰਜਾਬੀ ਸ਼ਾਇਰ ਪਾਸ਼ ਨੂੰ ਮਾਰ ਦਿੱਤਾ ਸੀ। ਦੋਹਾਂ ਮਾਮਲਿਆਂ ਵਿਚ ਮਸਲਾ ਬੋਲਣ ਦਾ ਬਣਿਆ ਸੀ। ਜਿਸ ਤਰ੍ਹਾਂ ਸੱਤਾ ਉੱਤੇ ਕੁੰਡਲ ਮਾਰੀ ਬੈਠੇ ਅੰਗਰੇਜ਼ ਸ਼ਾਸਕਾਂ ਨੂੰ ਭਗਤ ਸਿੰਘ ਤੇ ਸਾਥੀਆਂ ਦੀ ਲਲਕਾਰ ਸਵੀਕਾਰ ਨਹੀਂ ਸੀ, ਉਸੇ ਤਰ੍ਹਾਂ ਪੰਜਾਬ ਦੇ ਬੁਨਿਆਦਪ੍ਰਸਤਾਂ ਨੂੰ ਵੀ ਵਿਰੋਧ ਦੀ ਆਵਾਜ਼ ਸਵੀਕਾਰ ਨਹੀਂ ਸੀ। ਉਹ ਆਪਣਾ ਵਿਰਸਾ ਭੁਲਾ ਬੈਠੇ ਸਨ ਕਿ ਬਾਬੇ ਨਾਨਕ ਨੇ ਵਿਰੋਧੀਆਂ ਨਾਲ ਗੋਸ਼ਟਾਂ ਰਚਾਉਣ ਦੀ ਪਿਰਤ ਪਾਈ ਸੀ। ਕਾਨੂ ਸਾਨਿਆਲ ਜਿਸ ਨੇ ਆਪਣੇ ਪਿੰਡ ਹਤੀਘੀਸ਼ਾ ਵਿਚ ਕੱਚੇ ਘਰ ਜਿਹੜਾ ਉਹਦੀ ਪਾਰਟੀ ਦਾ ਹੈੱਡਕੁਆਰਟਰ ਵੀ ਸੀ, ਵਿਚ ਆਖ਼ਰੀ ਸਾਹ ਲਿਆ ਪਰ ਉਹਨੇ ਚੰਗੇਰੀ ਜ਼ਿੰਦਗੀ ਲਈ ਲੜਾਈ ਲੜਦਿਆਂ ਪੈੜਾਂ ਪਾਈਆਂ ਅਤੇ ਉਹਦੇ ਸੰਗੀ-ਸਾਥੀ ਅਤੇ ਸੰਗਤ ਮਤਭੇਦਾਂ ਦੇ ਬਾਵਜੂਦ ਇਨ੍ਹਾਂ ਪੈੜਾਂ ਉੱਤੇ ਚੱਲ ਰਹੀ ਹੈ।

-ਜਸਵੀਰ ਸਮਰ
ਲੇਖਕ ਸੀਨੀਅਰ ਪੱਤਰਕਾਰ ਹਨ।