ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, October 29, 2012

ਪ੍ਰਚੂਨ ਖੇਤਰ 'ਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਪੁੱਠੇ ਪ੍ਰਭਾਵ

ਪਿਛਲੇ ਕੁਝ ਮਹੀਨਿਆਂ ਤੋਂ ਪੱਛਮੀ ਮੀਡੀਆ ਵੱਲੋਂ ਭਾਰਤ ਵਿੱਚ ਆਰਥਿਕ ਸੁਧਾਰਾਂ ਦੀ ਮੱਠੀ ਚਾਲ ਨੂੰ ਮੁੱਦਾ ਬਣਾ ਕੇ ਡਾ.ਮਨਮੋਹਨ ਸਿੰਘ ਨੂੰ ਅਸਫ਼ਲ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤਾ ਗਿਆ। ਯੂ.ਪੀ.ਏ. ਸਰਕਾਰ ਨੇ ਇੱਕਦਮ ਕੋਲਗੇਟ ਅਤੇ ਕਈ ਹੋਰ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਅਤੇ ਸਾਰੀਆਂ ਹੀ ਵਿਰੋਧੀ ਪਾਰਟੀਆਂ ਦੀ ਅੰਦਰੋਂ-ਅੰਦਰੀਂ ਸਹਿਮਤੀ ਅਤੇ ਉੱਪਰੋਂ-ਉੱਪਰੀ ਵਿਰੋਧ ਦੀ ਨੀਤੀ ਨੂੰ ਸਮਝਦੇ ਹੋਏ ਏਅਰਲਾਈਨਾਂ ’ਚ 49 ਫ਼ੀਸਦੀ, ਊਰਜਾ ਵਪਾਰ ਦੇ ਆਦਾਨ-ਪ੍ਰਦਾਨ ’ਚ 49 ਫ਼ੀਸਦੀ, ਪੈਨਸ਼ਨ ਫੰਡ ਵਿੱਚ 49 ਫ਼ੀਸਦੀ, ਬ੍ਰਾਡਕਾਸਟਿੰਗ ਖੇਤਰ ’ਚ 74 ਫ਼ੀਸਦੀ ਅਤੇ ਪ੍ਰਚੂਨ ਬਜ਼ਾਰ ’ਚ 51 ਫ਼ੀਸਦੀ ਸਿੱਧੇ ਵਿਦੇਸ਼ੀ ਪੂੰਜੀ-ਨਿਵੇਸ਼ ਦੀ ਖੁੱਲ੍ਹ ਆਖ਼ਰ ਦੇ ਹੀ ਦਿੱਤੀ। ਇਨ੍ਹਾਂ ਵਿੱਚੋਂ ਪ੍ਰਚੂਨ ਬਾਜ਼ਾਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਮੁੱਦਾ ਸਭ ਤੋਂ ਵੱਧ ਵਿਵਾਦਤ ਬਣਿਆ ਹੋਇਆ ਹੈ। ਸਰਕਾਰ ਦੀਆਂ ਦਲੀਲਾਂ ਹਨ ਕਿ ਸਿੱਧੇ ਵਿਦੇਸ਼ੀ ਨਿਵੇਸ਼ ਨਾਲ ਦੇਸ਼ ਵਿੱਚ ਇੱਕ ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਕਿਸਾਨਾਂ ਅਤੇ ਖਪਤਕਾਰਾਂ ਵਿੱਚੋਂ ਵਿਚੋਲੀਏ ਖ਼ਤਮ ਹੋਣ ਨਾਲ ਦੋਵਾਂ ਨੂੰ ਲਾਭ ਹੋਵੇਗਾ, ਦੇਸ਼ ਦੀ ਦਰਮਿਆਨੀ ਅਤੇ ਛੋਟੀ ਸਨਅਤ ਤੋਂ 30 ਫ਼ੀਸਦੀ ਕੱਚਾ ਮਾਲ ਖ਼ਰੀਦਣ ਕਰਕੇ ਇਨ੍ਹਾਂ ਨੂੰ ਫ਼ਾਇਦਾ ਹੋਵੇਗਾ, ਦੇਸ਼ ਵਿੱਚ ਵੱਡੀ ਪੱਧਰ ’ਤੇ ਪੂੰਜੀ ਆਉਣ ਨਾਲ ਦੇਸ਼ ਦਾ ਵਿਕਾਸ ਹੋਵੇਗਾ, ਖਪਤਕਾਰਾਂ ਨੂੰ ਚੰਗੀ ਕੁਆਲਿਟੀ ਵਾਲਾ ਮਾਲ ਮੁਹੱਈਆ ਹੋਵੇਗਾ, ਮਹਿੰਗਾਈ ਨੂੰ ਨੱਥ ਪਵੇਗੀ, 10 ਲੱਖ ਤੋਂ ਵੱਧ ਵਸੋਂ ਵਾਲੇ 53 ਸ਼ਹਿਰਾਂ ਵਿੱਚ ਸਥਾਪਤ ਹੋਣ ਕਰਕੇ ਇਸਦਾ ਦੇਸ਼ ਦੇ ਵਿਆਪਕ ਪ੍ਰਚੂਨ ਵਿਕਰੇਤਾਵਾਂ ’ਤੇ ਅਸਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਵਿਦੇਸ਼ੀ ਨਿਵੇਸ਼ ਦਾ 50 ਫ਼ੀਸਦੀ ਹਿੱਸਾ ਕੋਲਡ ਸਟੋਰਾਂ, ਵੇਅਰ ਹਾਊਸਾਂ, ਰੈਫਰੀਜਰੇਟਰ ਟਰੱਕਾਂ ਅਤੇ ਖੇਤੀ ਵਸਤਾਂ ਨੂੰ ਪ੍ਰੋਸੈਸਿੰਗ ਕਰਨ ਵਾਲੀ ਤਕਨੀਕ ਮੁਹੱਈਆ ਕਰਨ ਉੱਪਰ ਖਰਚ ਹੋਣ ਕਾਰਨ ਇਸ ਨਾਲ ਖੇਤੀਬਾੜੀ ਕਾਰੋਬਾਰ ਨੂੰ ਹੁੰਗਾਰਾ ਮਿਲੇਗਾ ਅਤੇ ਇਸ ਨਾਲ ਫਲ, ਸ਼ਬਜੀਆਂ ਅਤੇ ਹੋਰ ਜਲਦੀ ਨਸ਼ਟ ਹੋ ਜਾਣ ਵਾਲੀਆਂ ਖੇਤੀ ਵਸਤਾਂ ਨੂੰ ਬਚਾਇਆ ਜਾ ਸਕੇਗਾ।

ਦੁਨੀਆਂ ਦੀਆਂ ਛੇ ਕੰਪਨੀਆਂ-ਵਾਲਮਾਰਟ, ਸੈਂਸਵਰੀਜ਼, ਟੈਸਕੋ, ਅਲਈ, ਕੇਰੇਫੋਰ ਅਤੇ ਮੈਟਰੋ ਸਾਡੀ ਪ੍ਰਚੂਨ ਮੰਡੀ ਵਿੱਚ ਦਾਖ਼ਲ ਹੋਣ ਵਾਲੀਆਂ ਹਨ। ਵਾਲਮਾਰਟ ਦੁਨੀਆਂ ਦੀ ਤੀਜੀ ਵੱਡੀ ਬਹੁਕੌਮੀ ਕੰਪਨੀ ਹੈ ਅਤੇ ਇਸ ਨੂੰ ਪ੍ਰਾਈਵੇਟ ਸੈਕਟਰ ਦੀ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲੀ ਕੰਪਨੀ ਕਿਹਾ ਜਾਂਦਾ ਹੈ। ਇਸ ਦੇ ਕੁੱਲ 22 ਲੱਖ ਮੁਲਾਜ਼ਮ ਹਨ ਜਿਹੜੇ 15 ਦੇਸ਼ਾਂ ਵਿੱਚ 8500 ਸਟੋਰਾਂ ’ਤੇ ਕੰਮ ਕਰਦੇ ਹਨ ਜਿਨ੍ਹਾਂ ਵਿੱਚ 55 ਵੱਖੋ-ਵੱਖਰੇ ਨਾਵਾਂ ਦੇ ਬਰਾਂਡ ਉਪਲਬਧ ਹਨ। ਇਸ ਕੰਪਨੀ ਦਾ ਕੁੱਲ ਵਪਾਰ 420 ਅਰਬ ਡਾਲਰ ਦਾ ਹੈ। ਭਾਰਤੀ ਪ੍ਰਚੂਨ ਅਤੇ ਥੋਕ ਵਪਾਰ ਲਗਪਗ 450 ਅਰਬ ਡਾਲਰ ਦਾ ਹੈ। ਇੱਥੇ ਲਗਪਗ 4.5 ਕਰੋੜ ਲੋਕ ਕੰਮ ਕਰਦੇ ਹਨ। ਪ੍ਰਚੂਨ ਵਪਾਰ ਵਿੱਚ ਭਾਰਤ ਅਤੇ ਵਾਲਮਾਰਟ ਦੀ ਲਗਪਗ ਬਰਾਬਰ ਪੂੰਜੀ ਲੱਗੀ ਹੋਣ ਦੇ ਬਾਵਜੂਦ ਭਾਰਤ ਵਿੱਚ ਵਾਲਮਾਰਟ ਨਾਲੋਂ 21 ਗੁਣਾ ਜ਼ਿਆਦਾ ਰੁਜ਼ਗਾਰ ਮਿਲਿਆ ਹੋਇਆ ਹੈ। ਸਪਸ਼ਟ ਹੈ ਕਿ ਜੇਕਰ ਇਹ ਮੰਡੀ ਵਾਲਮਾਰਟ ਦੇ ਹੱਥਾਂ ਵਿੱਚ ਆ ਗਈ ਤਾਂ ਭਾਰਤੀ ਬੇਰੁਜ਼ਗਾਰਾਂ ਦੀ ਗਿਣਤੀ ’ਚ ਹੋਰ ਵਾਧਾ ਹੋ ਜਾਵੇਗਾ। ਪ੍ਰਸਿੱਧ ਅਰਥਸ਼ਾਸਤਰੀ ਜਯੰਤੀ ਘੋਸ਼ ਅਨੁਸਾਰ ਵਾਲਮਾਰਟ ਦਾ ਇੱਕ ਸਟੋਰ 1400 ਛੋਟੀਆਂ ਪ੍ਰਚੂਨ ਦੁਕਾਨਾਂ ਦਾ ਕੰੰਮ ਖੋਹ ਲੈਂਦਾ ਹੈ ਜਿਸ ਨਾਲ 5000 ਬੰਦੇ ਬੇਰੁਜ਼ਗਾਰ ਹੋ ਜਾਂਦੇ ਹਨ। ਵਾਲਮਾਰਟ ’ਤੇ ਚੀਜ਼ਾਂ ਵੱਡੀ ਗਿਣਤੀ ਵਿੱਚ ਮਿਲਦੀਆਂ ਹੋਣ ਕਾਰਨ ਛੋਟੀਆਂ ਦੁਕਾਨਦਾਰੀਆਂ ਬੰਦ ਹੋ ਜਾਣਗੀਆਂ। ਵਾਲਮਾਰਟ ਦੀ ਇਸ ਨੀਤੀ ਕਰਕੇ 2005 ਵਿੱਚ ਈਓਵਾ, ਅਮਰੀਕਾ ਵਿਖੇ 555 ਕਰਿਆਨਾ ਸਟੋਰ, 288 ਹਾਰਡਵੇਅਰ ਸਟੋਰ, 293 ਇਮਾਰਤ ਸਪਲਾਇਰ, 161 ਵਰਾਇਟੀ ਸਟੋਰ, 158 ਵੋਮਨ ਸਟੋਰ ਅਤੇ 116 ਫਾਰਮੇਸੀਆਂ ਦਾ ਕੰਮ ਬੰਦ ਹੋ ਗਿਆ। ਇੱਥੋਂ ਤਕ ਕਿ ਵਾਸ਼ਿੰਗਟਨ ਅਤੇ ਨਿਊਯਾਰਕ ਦੇ ਲੋਕਾਂ ਨੇ ਵਾਲਮਾਰਟ ਦੇ ਸਟੋਰ ਖੋਲ੍ਹਣ ਤੋਂ ਤੌਬਾ ਕੀਤੀ।

ਜਥੇਬੰਦ ਪ੍ਰਚੂਨ ਪ੍ਰਬੰਧ ਦੇ ਸਭ ਤੋਂ ਵੱਧ ਪਰਪੱਕ ਦੇਸ਼ ਅਮਰੀਕਾ ਅੰਦਰ ਇਹੀ ਕੰਪਨੀਆਂ ਕਈ ਦਹਾਕਿਆਂ ਤੋਂ ਸਰਗਰਮ ਹਨ। ਉੱਥੋਂ ਦਾ ਤਜਰਬਾ ਹੀ ਇਨ੍ਹਾਂ ਦਲੀਲਾਂ ਨੂੰ ਗਲਤ ਸਾਬਤ ਕਰ ਦਿੰਦਾ ਹੈ। ਅਮਰੀਕਾ ਦੇ 22.6 ਫ਼ੀਸਦੀ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਉੱਥੇ 1930 ’ਚ 70 ਲੱਖ ਖੇਤੀ ਫਾਰਮ ਸਨ ਜੋ 1990ਵਿਆਂ ਵਿੱਚ ਘਟ ਕੇ ਸਿਰਫ਼ 18 ਲੱਖ ਰਹਿ ਗਏ ਭਾਵ 52 ਲੱਖ ਕਿਸਾਨ ਖੇਤੀ ਛੱਡ ਗਏ। ਅਮਰੀਕਾ ਵਿੱਚ ਸਾਲ 2008 ਵਿੱਚ ਪਾਸ ਕੀਤੇ ਗਏ ਫਾਰਮ ਬਿੱਲ ਵਿੱਚ ਖੇਤੀਬਾੜੀ ਨੂੰ ਘਾਟੇ ਵਿੱਚ ਜਾਣ ਕਰਕੇ ਅਗਲੇ ਪੰਜ ਸਾਲਾਂ ’ਚ 307 ਅਰਬ ਡਾਲਰ ਦੀ ਰਾਸ਼ੀ ਇਸ ਖੇਤਰ ਨੂੰ ਸਹਾਇਤਾ ਦੇਣ ਲਈ ਰੱਖੀ ਗਈ ਹੈ। ਜੇ ਜਥੇਬੰਦ ਪ੍ਰਚੂਨ ਵਪਾਰ ਦੀ ਨੀਤੀ ਐਨੀ ਹੀ ਫ਼ਾਇਦੇਮੰਦ ਹੈ ਤਾਂ ਐਨੀ ਵੱਡੀ ਸਹਾਇਤਾ ਦੀ ਕੀ ਲੋੜ ਸੀ? ਅਜਿਹਾ ਹੋਣ ਦੇ ਬਾਵਜੂਦ ਵੀ ਯੂਰਪ ਵਿੱਚ ਹਰ ਮਿੰਟ ’ਚ ਇੱਕ ਕਿਸਾਨ ਖੇਤੀਬਾੜੀ ਨੂੰ ਅਲਵਿਦਾ ਆਖ ਰਿਹਾ ਹੈ।

ਜਿੱਥੋਂ ਤਕ ਵਿਦੇਸ਼ੀ ਨਿਵੇਸ਼ ਰਾਹੀਂ ਭਾਰਤ ਅੰਦਰ ਪਰਚੂਨ ਲਈ ਸਹਾਇਕ ਢਾਂਚੇ ਵਿੱਚ 50 ਫ਼ੀਸਦੀ ਖਰਚ ਕਰਕੇ ਕੋਲਡ ਸਟੋਰ ਖੋਲ੍ਹਣ, ਪ੍ਰੋਸੈਸਿੰਗ ਅਤੇ ਕਿਸਾਨਾਂ ਨੂੰ ਉੱਚ ਤਕਨੀਕ ਮੁਹੱਈਆ ਕਰਨ ਦਾ ਸੁਆਲ ਹੈ, ਇਹ ਕੰਪਨੀਆਂ ਆਪਣੇ ਸ਼ੋਅਰੂਮ ਬਣਾਉਣ ਸਮੇਤ ਸਾਰੇ ਖਰਚ ਬੈਕ ਇੰਡ ਇਫਰਾਸਟਰਕਚਰ ਵਿੱਚ ਹੀ ਗਿਣਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਕੰਪਨੀਆਂ ਦਾ ਇੱਕ ਵਿਸ਼ਵ-ਵਿਆਪੀ ਤਾਣਾ-ਬਾਣਾ ਹੋਣ ਕਰਕੇ ਇਨ੍ਹਾਂ ਨੂੰ ਇਸ ਨਿਵੇਸ਼ ਦੀ ਲੋੜ ਨਹੀਂ। ਇਨ੍ਹਾਂ ਨੂੰ ਇੱਕ ਵਾਰ ਭਾਰਤ ਅੰਦਰ ਕਾਨੂੰਨੀ ਖੁੱਲ੍ਹ ਮਿਲਣ ਤੋਂ ਬਾਅਦ ਇਹ ਭਾਰਤ ਸਰਕਾਰ ਉੱਪਰ ਇਨ੍ਹਾਂ ਮਦਾਂ ਨੂੰ ਹਟਾਉਣ ਲਈ ਦਬਾਅ ਪਾਉਣਗੀਆਂ। ਇਸੇ ਕਰਕੇ ਇਨ੍ਹਾਂ ਨੇ 18 ਮਹੀਨੇ ਤਕ ਭਾਰਤ ਆਉਣ ਦਾ ਸਮਾਂ ਰੱਖਿਆ ਹੈ। ਸਰਕਾਰ ਜਲਦੀ ਹੀ ਇਨ੍ਹਾਂ ਮਦਾਂ ਨੂੰ ਵੀ ਵਾਪਸ ਲੈ ਲਵੇਗੀ। ਇਹ ਗੱਲ ਸਿੰਗਲ ਬਰਾਂਡ ਥੋਕ ਫਰਨੀਚਰ ਕੰਪਨੀ ਆਇਕੀਆ ਦੇ ਕੇਸ ਵਿੱਚੋਂ ਹੀ ਸਾਫ਼ ਹੋ ਜਾਂਦੀ ਹੈ। ਭਾਰਤ ਸਰਕਾਰ ਨੇ ਇਸ ਕੰਪਨੀ ਨੂੰ ਮਨਜੂਰੀ ਦੇਣ ਸਮੇਂ ਇਸ ਵੱਲੋਂ 30 ਫ਼ੀਸਦੀ ਮਾਲ ਮਾਈਕਰੋ ਅਤੇ ਛੋਟੀਆਂ ਸਨਅਤਾਂ ਤੋਂ ਖ਼ਰੀਦਣ ਦੀ ਸ਼ਰਤ ਰੱਖੀ ਸੀ ਪਰ ਜਦੋਂ ਇਸ ਕੰਪਨੀ ਨੇ ਸਰਕਾਰ ਉੱਪਰ ਦਬਾਅ ਪਾਇਆ ਤਾਂ ਸਰਕਾਰ ਨੇ ਇਹ ਮਦ ਵਾਪਸ ਲੈ ਲਈ। ਇਹ ਕੰਪਨੀਆਂ ਕਦੇ ਵੀ ਭਾਰਤ ਅੰਦਰ ਸਹਾਇਕ ਢਾਂਚਾ ਨਹੀਂ ਉਸਾਰਨਗੀਆਂ ਕਿਉਂਕਿ ਇਨ੍ਹਾਂ ਕੰਪਨੀਆਂ ਦਾ ਭਾਰਤ ਵਿੱਚ ਆਉਣ ਦਾ ਮੰਤਵ ਹੀ ਚੀਨ ਜਾਂ ਅਮਰੀਕਾ ਵਰਗੇ ਦੇਸ਼ਾਂ ਤੋਂ ਮਾਲ ਚੁੱਕ ਕੇ ਭਾਰਤ ਵਿੱਚ ਵੇਚਣਾ ਹੈ ਜਿਸ ਦਾ ਨੁਕਸਾਨ ਇੱਥੋਂ ਦੀ ਸਨਅਤ ਅਤੇ ਖੇਤੀਬਾੜੀ ਨੂੰ ਹੋਣਾ ਹੈ।

ਸਰਕਾਰ ਕੋਲ ਵਿਦੇਸ਼ੀ ਨਿਵੇਸ਼ ਪਿੱਛੇ ਪੂੰਜੀ ਦੀ ਘਾਟ ਵਾਲੀ ਦਲੀਲ ਵੀ ਤਰਕਹੀਣ ਹੈ ਕਿਉਂਕਿ ਇਸੇ ਸਰਕਾਰ ਨੇ ਪਿਛਲੇ ਤਿੰਨ ਸਾਲਾਂ ’ਚ ਕਾਰਪੋਰੇਟ ਜਗਤ ਨੂੰ ਟੈਕਸਾਂ ਦੇ ਰੂਪ ’ਚ 2 ਲੱਖ ਕਰੋੜ ਤੋਂ ਵੀ ਜ਼ਿਆਦਾ ਛੋਟ ਦਿੱਤੀ ਹੈ ਜੋ ਕਿ ਕੋਲਾ ਘੁਟਾਲੇ ਤੋਂ ਵੀ ਵੱਡੀ ਰਕਮ ਹੈ। ਇਸੇ ਤਰ੍ਹਾਂ ਐਕਸਾਈਜ਼ ਕਰ ’ਚ 4.23 ਲੱਖ ਕਰੋੜ ਅਤੇ ਕਸਟਮ ਡਿਊਟੀ ’ਚ 6.22 ਲੱਖ ਕਰੋੜ ਦੀ ਛੋਟ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਪ੍ਰਚੂਨ ਕਾਰੋਬਾਰ ’ਚ ਖੁੱਲ੍ਹ ਦੇਣ ਦਾ ਆਖ਼ਰੀ ਫ਼ੈਸਲਾ ਲੈਣ ਦਾ ਸਵਾਲ ਸੂਬਾ ਸਰਕਾਰਾਂ ’ਤੇ ਛੱਡ ਦਿੱਤਾ ਹੈ ਪਰ ਕੌਮਾਂਤਰੀ ਵਪਾਰਕ ਕਾਇਦੇ-ਕਾਨੂੰਨਾਂ ਅਨੁਸਾਰ ਮੈਂਬਰ ਦੇਸ਼ਾਂ ਤੋਂ ਹਰ ਥਾਂ ਇੱਕੋ ਜਿਹੇ ਸਲੂਕ ਦੀ ਮੰਗ ਕੀਤੀ ਜਾਂਦੀ ਹੈ। ਭਾਰਤ ਨੇ ਦੁਵੱਲੇ ਪੂੰਜੀ ਨਿਵੇਸ਼ ਦੀ ਤਰੱਕੀ ਅਤੇ ਸੁਰੱਖਿਆ ਸਮਝੌਤੇ ਤਹਿਤ ਪਹਿਲਾਂ ਹੀ 70 ਤੋਂ ਵੱਧ ਦੇਸ਼ਾਂ ਨਾਲ ਅਜਿਹੇ ਇਕਰਾਰਨਾਮੇ ਕੀਤੇ ਹੋਏ ਹਨ ਜਿਨ੍ਹਾਂ ਤਹਿਤ ਇਹ ਉਨ੍ਹਾਂ ਨਾਲ ਇਕਸਾਰ ਕੌਮੀ ਸਲੂਕ ਕਰਨ ਲਈ ਪਾਬੰਦ ਹੈ। ਦਸਤਖਤ ਕਰਨ ਤੋਂ ਬਾਅਦ ਸੂਬਾ ਸਰਕਾਰਾਂ ਤਾਂ ਕੀ ਕੇਂਦਰ ਸਰਕਾਰ ਦੇ ਵੀ ਹੱਥ ਵੱਸ ਕੁਝ ਨਹੀਂ ਰਹਿੰਦਾ।

ਅਗਲੀ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਸਿੱਧੇ ਵਿਦੇਸ਼ੀ ਨਿਵੇਸ਼ ਨਾਲ ਵਿਚੋਲੇ ਖ਼ਤਮ ਹੋ ਜਾਣਗੇ ਜਿਸ ਕਾਰਨ ਉਤਪਾਦਕ ਅਤੇ ਖਪਤਕਾਰ ਦੋਵਾਂ ਨੂੰ ਫ਼ਾਇਦਾ ਹੋ ਜਾਵੇਗਾ। ਇਹ ਦਲੀਲ ਵੀ ਗਲਤ ਹੈ ਕਿਉਂਕਿ ਵਿਚੋਲੇ ਖ਼ਤਮ ਹੋਣ ਦਾ ਫ਼ਾਇਦਾ ਨਾ ਉਤਪਾਦਕਾਂ ਨੂੰ ਹੋਣਾ ਹੈ ਅਤੇ ਨਾ ਹੀ ਖਪਤਕਾਰਾਂ ਨੂੰ ਸਗੋਂ ਵਿਚੋਲਿਆਂ ਵਾਲਾ ਹਿੱਸਾ ਵੀ ਖ਼ੁਦ ਇਹ ਕੰਪਨੀਆਂ ਹੀ ਲੈ ਜਾਣਗੀਆਂ ਅਤੇ ਪ੍ਰਚੂਨ ਵਪਾਰ ’ਤੇ ਵੱਡੀਆਂ ਕੰਪਨੀਆਂ ਦੀ ਇਜਾਰੇਦਾਰੀ ਹੋਣ ਕਰਕੇ ਖਪਤਕਾਰਾਂ ਨੂੰ ਮਾਲ ਮਹਿੰਗਾ ਹੀ ਮਿਲੇਗਾ। ਇੱਕ ਅਧਿਐਨ ਦਰਸਾਉਂਦਾ ਹੈ ਕਿ ਲਾਤੀਨੀ ਅਮਰੀਕਾ, ਅਫ਼ਰੀਕਾ ਅਤੇ ਏਸ਼ੀਆ ਵਿੱਚ ਸੁਪਰ ਬਾਜ਼ਾਰਾਂ ਦੀਆਂ ਕੀਮਤਾਂ ਆਮ ਬਾਜ਼ਾਰ ਨਾਲੋਂ 20-30 ਫ਼ੀਸਦੀ ਵੱਧ ਹੁੰਦੀਆਂ ਹਨ। ਅਨਾਜ ਦੇ ਖਰਾਬ ਹੋਣ ਵਾਲੀ ਗੱਲ ਵਾਲੀ ਵੀ ਵਾਜਬ ਨਹੀਂ ਕਿਉਂਕਿ ਭਾਰਤ ਦੇ ਅਨਾਜ ਭੰਡਾਰਾਂ ਵਿੱਚ ਪਿਛਲੇ 11 ਸਾਲਾਂ ਵਿੱਚ ਸਿਰਫ਼ 0.6 ਫ਼ੀਸਦੀ ਖਰਾਬੀ ਹੀ ਹੋਈ ਹੈ। ਫਲ ਅਤੇ ਸਬਜ਼ੀਆਂ ਦੀ ਖਰਾਬੀ ਨਹੀਂ ਹੁੰਦੀ ਸਗੋਂ ਇਨ੍ਹਾਂ ਦੇ ਮੁੱਲ ਵਿੱਚ ਕਮੀ ਆਉਂਦੀ ਹੈ। ਕੰਪਨੀਆਂ ਦੇ ਆਉਣ ਨਾਲ ਖਰਾਬੀ ਘਟਣ ਦੀ ਥਾਂ ਵਧਣ ਦੀਆਂ ਸੰਭਾਵਨਾਵਾਂ ਹਨ।

ਜਥੇਬੰਦ ਪ੍ਰਚੂਨ ਖੇਤਰ ਦੀਆਂ ਇਨ੍ਹਾਂ ਕੰਪਨੀਆਂ ਦੀਆਂ ਕਾਮਿਆਂ ਵਿਰੋਧੀ ਨੀਤੀਆਂ ਦਾ ਖੁਲਾਸਾ ਅਮਰੀਕਨ ਪਾਰਲੀਮੈਂਟ ਦੀ 2004 ਦੀ ਰਿਪੋਰਟ ਵਿੱਚੋਂ ਹੁੰਦਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਾਲਮਾਰਟ ਦੀ ਸਫ਼ਲਤਾ ਦਾ ਸਿੱਧਾ ਨੁਕਸਾਨ ਮਜ਼ਦੂਰਾਂ ਦੀ ਦਿਹਾੜੀ ਅਤੇ ਸਹੂਲਤਾਂ ਨੂੰ ਹੋਇਆ ਹੈ। ਇਸ ਨਾਲ ਕਾਮਿਆਂ ਦੇ ਅਧਿਕਾਰਾਂ ’ਤੇ ਮਾੜਾ ਅਸਰ ਪਿਆ ਹੈ। ਅਪ੍ਰੈਲ 2012 ਵਿੱਚ ਨਿਊਯਾਰਕ ਟਾਈਮਜ਼ ਨੇ ਇੱਕ ਵੱਡਾ ਸਕੈਂਡਲ ਦਾ ਪਰਦਾਫਾਸ਼ ਕੀਤਾ ਜਿਸ ਵਿੱਚ ਵਾਲਮਾਰਟ ਨੇ ਮੈਕਸੀਕੋ ਵਿੱਚ ਉਸਾਰੀ ਦੇ ਪਰਮਿਟ ਲੈਣ ਲਈ ਕਾਫੀ ਰਕਮ ਵੱਢੀ ਵਜੋਂ ਦਿੱਤੀ ਸੀ। ਮਈ 2012 ਵਿੱਚ ਵਾਲਮਾਰਟ ਦੀ ਫੈਕਟਰੀ ਵਿੱਚ ਬੰਧੂਆਂ ਮਜ਼ਦੂਰਾਂ ਖ਼ਿਲਾਫ਼ ਕੰਬੋਡੀਆ ਅਤੇ ਮਿਆਂਮਾਰ ਵਿੱਚ 2000 ਵਰਕਰਾਂ ਨੇ ਮੁਜ਼ਾਹਰੇ ਕੀਤੇ। ਇੱਥੋਂ ਤਕ ਕਿ ਵਾਲਮਾਰਟ ਦੇ ਸਟੋਰਾਂ ’ਤੇ ਮਨੁੱਖੀ ਤਸਕਰੀ ਦੇ ਕੇਸ ਦੀਆਂ ਰਿਪੋਰਟਾਂ ਵੀ ਮਿਲੀਆਂ ਜਿਨ੍ਹਾਂ ਵਿੱਚ ਵਾਲਮਾਰਟ ਦੇ ਸਟੋਰਾਂ ’ਤੇ ਬੱਚਿਆਂ ਨੂੰ ਕੰੰਮ ਕਰਨ ਲਈ ਵੇਚਿਆ ਜਾਂਦਾ ਸੀ। ਅੱਜ ਵੀ ਅਮਰੀਕਾ ਵਿੱਚ ਵਾਲਮਾਰਟ ਦੇ ਸਟੋਰਾਂ ਅੱਗੇ ਕਾਮਿਆਂ ਦੇ ਪ੍ਰਦਰਸ਼ਨ ਹੋ ਰਹੇ ਹਨ ਜੋ ਉੱਥੋਂ ਦੇ 12 ਸ਼ਹਿਰਾਂ ਵਿੱਚ ਫੈਲ ਗਏ ਹਨ।

ਦੁਨੀਆਂ ਦੇ ਤਜਰਬੇ ਦੱਸਦੇ ਹਨ ਕਿ ਕਾਰਪੋਰੇਟ ਜਗਤ ਵਿੱਚ ਪ੍ਰਚੂਨ ਮੰਡੀ ਵਿੱਚ ਵੱਡੀ ਪੱਧਰ ’ਤੇ ਹੇਰਾਫੇਰੀਆਂ ਕੀਤੀਆਂ ਜਾਂਦੀਆਂ ਹਨ। ਖੋਜ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਸਪਲਾਇਰਾਂ ਨੂੰ ਅਦਾਇਗੀ ਸਮੇਂ ਵਾਧੂ ਫ਼ੀਸਾਂ ਅਤੇ ਚਾਰਜ ਲਗਾਏ ਜਾਂਦੇ ਹਨ। ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾਂਦਾ ਹੈ ਕਿ ਜੇ ਉਨ੍ਹਾਂ ਨੇ ਸਭ ਤੋਂ ਘੱਟ ਕੀਮਤ ’ਤੇ ਵਸਤਾਂ ਮੁਹੱਈਆ ਨਾ ਕੀਤੀਆਂ ਤਾਂ ਉਨ੍ਹਾਂ ਨੂੰ ਡੀ-ਲਿਸਟ ਕਰ ਦਿੱਤਾ ਜਾਵੇਗਾ। ਸਪਲਾਇਰ ਕਿਸੇ ਵੀ ਹਾਲਤ ਵਿੱਚ ‘ਮੁਕਾਬਲੇ ਵਾਲੀ’ ਕੀਮਤ ਤੋਂ ਵੱਧ ਕੀਮਤ ’ਤੇ ਮਾਲ ਨਹੀਂ ਵੇਚ ਸਕਦੇ। ਜੇਕਰ ਕੋਈ ਸਪਲਾਇਰ ਬਾਜ਼ਾਰ ਨਾਲੋਂ ਵੱਧ ਕੀਮਤ ’ਤੇ ਮਾਲ ਵੇਚਦਾ ਹੈ ਤਾਂ ਉਸ ਕੋਲੋਂ ‘ਮਨਫ਼ੀ ਮਾਰਜ਼ਿਨ’ ਉਗਰਾਹਿਆ ਜਾਂਦਾ ਹੈ। ਉਤਪਾਦਕਾਂ ਅਤੇ ਸਪਲਾਇਰਾਂ ਨਾਲ ਲਗਾਤਰ ਧੱਕਾ ਕੀਤਾ ਜਾਂਦਾ ਹੈ। ਵਿਕ ਚੁੱਕੇ ਮਾਲ ਦੀ ਪੇਮੈਂਟ ਦੇਰ ਨਾਲ ਕੀਤੀ ਜਾਂਦੀ ਹੈ। ਕਈ ਵਾਰ ਅਜਿਹਾ ਕੀਤਾ ਜਾਂਦਾ ਹੈ ਕਿ ਜਦੋਂ ਸਪਲਾਇਰ ਮਾਲ ਵੇਚਣ ਲਈ ਉਨ੍ਹਾਂ ਕੋਲ ਪਹੁੰਚਦੇ ਹਨ, ਬਿਲਕੁਲ ਆਖ਼ਰੀ ਸਮੇਂ ਕੰਪਨੀਆਂ ਰੇਟ ਘਟਾ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਕੰਪਨੀਆਂ ਵੱਲੋਂ ਨਿਰਧਾਰਤ ਕੀਤੇ ਗਏ ਰੇਟਾਂ ਮੁਤਾਬਿਕ ਹੀ ਮਾਲ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ। ਕੰਪਨੀਆਂ ਬਿਨਾਂ ਨੋਟਿਸ ਦਿੱਤੇ ਵਸਤੂ ਦੀ ਮਾਤਰਾ ਅਤੇ ਕੁਆਲਿਟੀ ਸਟੈਂਡਰਡ ਵਿੱਚ ਤਬਦੀਲੀ ਕਰ ਦਿੰਦੀਆਂ ਹਨ ਜਿਸ ਰਾਹੀਂ ਵੀ ਉਤਪਾਦਕਾਂ ਅਤੇ ਸਪਲਾਇਰਾਂ ਦੀ ਲੁੱਟ ਹੁੰਦੀ ਹੈ। ਕੰਪਨੀਆਂ ਵੱਲੋਂ ਸਟੋਰੇਜ਼ ਅਤੇ ਹੋਰ ਲਾਗਤਾਂ ਬਚਾਉਣ ਲਈ ‘ਤੁਰੰਤ ਪ੍ਰਣਾਲੀ’ ਜਿਸ ਵਿੱਚ ਮੌਕੇ ’ਤੇ ਹੀ ਵਸਤਾਂ ਉਪਲਬਧ ਕਰਵਾਉਣ ਲਈ ਕਿਹਾ ਜਾਂਦਾ ਹੈ, ਦਾ ਉਪਯੋਗ ਵੀ ਕੀਤਾ ਜਾਂਦਾ ਹੈ। ਜੇਕਰ ਸਪਲਾਇਰ ਵਸਤਾਂ ਦੀ ਪੂਰਤੀ ਨਾ ਕਰ ਸਕਣ ਤਾਂ ਬੜੇ ‘ਸਖ਼ਤ ਕੰਟਰੈਕਟ’ ਅਤੇ ‘ਜੁਰਮਾਨੇ’ ਕੀਤੇ ਜਾਂਦੇ ਹਨ।

ਬਹੁਤ ਸਾਰੀਆ ਕੰਪਨੀਆਂ ਨੂੰ ਕੋਰਟਾਂ ਵਿੱਚ ਭੁਗਤਾਨ ਅਤੇ ਹਰਜਾਨੇ ਭਰਨੇ ਪਏ ਹਨ। ਦੱਖਣੀ ਕੋਰੀਆ ਵਿੱਚ ਕੈਰੀਫੋਰ ਕੰਪਨੀ ਨੂੰ ਸਾਲ 2005 ਵਿੱਚ ਕਾਫ਼ੀ ਜੁਰਮਾਨਾ ਭਰਨਾ ਪਿਆ ਕਿਉਂਕਿ ਉਸਨੇ ਆਪਣੇ ਸਪਲਾਇਰਾਂ ਨੂੰ 10 ਮਹੀਨੇ ਤੋਂ ਵੀ ਵੱਧ ਸਮਾਂ ਵਸਤਾਂ ਦੀਆਂ ਕੀਮਤਾਂ ਘੱਟ ਕਰਨ ਲਈ ਮਜਬੂਰ ਕੀਤਾ ਜਿਸ ਨਾਲ ਕੰਪਨੀ ਨੇ 1.563 ਮਿਲੀਅਨ ਡਾਲਰ ਦੀ ਬਚਤ ਕੀਤੀ। ਇਸੇ ਤਰ੍ਹਾਂ ਇੰਡੋਨੇਸ਼ੀਅਨ ਵਣਜ ਪ੍ਰਤੀਯੋਗਤਾ ਅਥਾਰਿਟੀ ਨੇ ਸਾਲ 2005 ਵਿੱਚ ਕੰਪਨੀ ਵੱਲੋਂ ਲਿਸਟ ਵਾਲੇ ਸਪਲਾਇਰ ਤੋਂ ਵਸਤਾਂ ਨਾ ਖ਼ਰੀਦਣ ਕਰਕੇ 1,70,000 ਡਾਲਰ ਜੁਰਮਾਨਾ ਕੀਤਾ। ਇੱਕ ਅਨੁਮਾਨ ਅਨੁਸਾਰ ਦੁਨੀਆਂ ਭਰ ਵਿੱਚ ਵਾਲਮਾਰਟ ਕੰਪਨੀ ਖ਼ਿਲਾਫ਼ ਰੋਜ਼ਾਨਾ 15 ਤੋਂ ਵੱਧ ਕੇਸ ਦਰਜ ਹੁੰਦੇ ਹਨ। ਇੰਜ ਅਸੀਂ ਦੇਖਦੇ ਹਾਂ ਕਿ ਭਾਰਤੀ ਪ੍ਰਚੂਨ ਵਪਾਰ ਵਿੱਚ ਵਿਦੇਸ਼ੀ ਨਿਵੇਸ਼ ਦਾ ਨਾ ਤਾਂ ਭਾਰਤ ਦੇ ਖਪਤਕਾਰਾਂ ਨੂੰ ਕੋਈ ਫ਼ਾਇਦਾ ਹੋਣਾ ਹੈ ਅਤੇ ਨਾ ਹੀ ਛੋਟੇ ਸਨਅਤਕਾਰਾਂ ਅਤੇ ਕਿਸਾਨਾਂ ਨੂੰ ਸਗੋਂ ਵਿਦੇਸ਼ੀ ਕੰਪਨੀਆਂ ਇੱਥੋਂ ਸੁਪਰ ਮੁਨਾਫ਼ੇ ਕਮਾ ਕੇ ਆਪਣੇ ਦੇਸ਼ਾਂ ਨੂੰ ਭੇਜਣਗੀਆਂ ਜਿਸ ਨਾਲ ਭਾਰਤ ਵਿੱਚੋਂ ਪੈਦਾ ਹੋਣ ਵਾਲੀ ਪੂੰਜੀ ਦਾ ਵਿਦੇਸ਼ਾਂ ਨੂੰ ਨਿਕਾਸ ਹੋਵੇਗਾ।

ਡਾ. ਸੁਖਪਾਲ ਸਿੰਘ
ਲੇਖ਼ਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ।
ਸੰਪਰਕ:98760-63523
ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ

Friday, October 26, 2012

ਜਸਪਾਲ ਭੱਟੀ ਨੇ ਬਚਾਈ ਸੀ ਮੇਰੀ ਨੌਕਰੀ

16 ਮਾਰਚ 2009 ਦਾ ਦਿਨ ਮੇਰੇ ਲਈ ਆਮ ਦਿਨਾਂ ਵਾਂਗ ਹੀ ਚੜ੍ਹਿਆ ਸੀ। ਇਹ ਉਹ ਸਮਾਂ ਸੀ ਜਦੋਂ ਭਾਰਤ ਸਮੇਤ ਪੂਰੀ ਦੁਨੀਆਂ ਮੰਦੇ ਦੇ ਦੌਰ 'ਚੋਂ ਲੰਘ ਰਹੀ ਸੀ ਅਤੇ ਹਰ ਕੋਈ ਆਪੋ-ਆਪਣੀਆਂ ਨੌਕਰੀਆਂ ਬਚਾਉਣ ਲਈ ਹੀਲਾ-ਵਸੀਲਾ ਕਰ ਰਿਹਾ ਸੀ।  ਦੂਜੇ ਹੱਥ ਸਿਆਸੀ ਪਾਰਟੀਆਂ ਮਈ ਮਹੀਨੇ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਰੁੱਝੀਆਂ ਹੋਈਆਂ ਸਨ। ਦੁਪਹਿਰ ਦੇ ਸਮੇਂ ਮੈਨੂੰ ਪਤਾ ਲੱਗਿਆ ਕਿ ਜਸਪਾਲ ਭੱਟੀ ਨੇ ਸੈਕਟਰ 17 ਦੇ ਪਲਾਜ਼ਾ 'ਚ ਕੋਈ 'ਸ਼ਗੂਫਾ' ਛੱਡਣਾ ਹੈ। ਮੈਂ ਗਿਆ ਤਾਂ ਭੱਟੀ ਆਪਣੀ ਪੂਰੀ ਟੀਮ ਸਮੇਤ ਤਕਰੀਬਨ-ਤਕਰੀਬਨ ਪ੍ਰੋਗਰਾਮ ਖਤਮ ਕਰ ਚੁੱਕੇ ਸਨ।  ਜਦ ਮੈਂ ਜਾ ਕੇ ਦੱਸਿਆ ਕਿ ਮੈਂ ਜ਼ੀ ਪੰਜਾਬੀ ਅਤੇ ਜ਼ੀ ਨਿਊਜ਼ ਲਈ ਕੰਮ ਕਰਦਾ ਹਾਂ ਤਾਂ ਉਨ੍ਹਾਂ ਆਪਣੇ ਵਿਅੰਗਮਈ ਅੰਦਾਜ਼ 'ਚ ਕਿਹਾ ਕਿ ਉਨ੍ਹਾਂ ਨੇ ਆਪਣੀ ਸਿਆਸੀ ਪਾਰਟੀ ਬਣਾਈ ਹੈ ਜਿਸਦਾ ਨਾਂ ਰੱਖਿਆ ਹੈ 'ਰਿਸੈਸ਼ਨ ਪਾਰਟੀ' ਭਾਵ ਮੰਦੇ ਵਾਲੀ ਪਾਰਟੀ ਅਤੇ ਉਹ ਚੋਣ ਲੜਕੇ ਜਿੱਤਣ ਤੋਂ ਬਾਅਦ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੀ ਕੋਸ਼ਿਸ਼ ਕਰਨਗੇ।

ਦੇਸ਼ 'ਚ ਮੰਦੇ ਦੀ ਹਾਲਤ ਅਤੇ ਚੋਣਾਂ ਦੇ ਦਿਨਾਂ 'ਤੇ ਵਿਅੰਗ ਕਰਦੇ ਉਨ੍ਹਾਂ ਦੇ ਇਸ ਸਮਾਗਮ ਦੀ ਖਬਰ ਮੈਂ ਨੋਇਡਾ ਮੁੱਖ ਦਫਤਰ ਨੂੰ ਭੇਜ ਦਿੱਤੀ। ਜਸਪਾਲ ਭੱਟੀ ਵੱਲੇ ਛੱਡੇ ਅਜਿਹੇ ਸ਼ਗੂਫਿਆ ਨੂੰ ਨਿਊਜ਼ ਚੈੱਨਲ ਹੱਥੋਂ-ਹੱਥ ਚੁੱਕਦੇ ਸਨ। ਭਾਵੇਂ ਉਸ ਵੱਲੋਂ ਤੇਲ ਦੀਆਂ ਕੀਮਤਾਂ 'ਚ ਕੀਤੇ ਵਾਧੇ ਖਿਲਾਫ ਘੋੜੇ 'ਤੇ ਦਫਤਰ ਜਾਣ ਦੀ ਗੱਲ ਹੋਵੇ, ਭਾਵੇਂ ਸਬਜ਼ੀਆਂ ਦੇ ਭਾਅ ਵੱਧਣ 'ਤੇ ਤਿਉਹਾਰਾਂ ਮੌਕੇ ਪਿਆਜ਼- ਟਮਾਟਰ ਤੋਹਫੇ ਵੱਜੋਂ ਦੇਣ ਦੀ ਗੱਲ ਹੋਵੇ ਜਾਂ ਹਾਕੀ ਦੀ ਦੁਰਦਸ਼ਾ 'ਤੇ ਹਾਕੀ ਦੀ ਸਟਿਕ ਨੂੰ ਕ੍ਰਿਕਟ ਵਾਲੇ ਬੱਲੇ ਦਾ ਰੂਪ ਦੇਣ ਦੀ ਗੱਲ ਹੋਵੇ, ਅਜਿਹੀਆਂ ਖਬਰਾਂ ਤੁਰੰਤ ਪ੍ਰਸਾਰਿਤ ਕਰ ਦਿੱਤੀਆਂ ਜਾਂਦੀਆਂ ਸਨ।


ਇਸ ਮੁਲਾਕਾਤ ਤੋਂ ਪਹਿਲਾਂ ਜਸਪਾਲ ਭੱਟੀ ਨੂੰ ਨਿੱਜੀ ਰੂਪ 'ਚ ਮੈਂ ਕਦੇ ਨਹੀਂ ਮਿਲਿਆ ਸੀ।  ਦੁਪਹਿਰ ਦੇ ਤਿੰਨ ਕੁ ਵਜੇ ਮੈਨੂੰ ਮੁੱਖ ਦਫਤਰੋਂ ਫੋਨ ਆਇਆ ਕਿ 19 ਮਾਰਚ ਨੂੰ ਚੱਲਣ ਵਾਲੇ ਜ਼ੀ ਪੰਜਾਬੀ ਦੇ ਹਫਤਾਵਾਰੀ ਪ੍ਰੋਗਰਾਮ 'ਇਕ ਖਾਸ ਮੁਲਾਕਾਤ' ਦਾ ਐਂਕਰ ਹੁਣ ਤੋਂ ਤੂੰ ਹੋਵੇਗਾ ਕਿਉਂ ਕਿ ਇਹ ਪ੍ਰੋਗਰਾਮ ਕਰਨ ਵਾਲਾ ਬੰਦਾ ਅਚਾਨਕ ਅਸਤੀਫਾ ਦੇ ਗਿਆ ਹੈ। ਇਸ ਲਈ ਅੱਜ ਹੀ ਕੋਈ ਇੰਟਰਵਿਊ ਰਿਕਾਰਡ ਕਰਕੇ ਭੇਜ ਦੇ।ਇਹ ਪ੍ਰੋਗਰਾਮ ਨਵਾਂ ਹੀ ਸੀ ਅਤੇ ਦਰਸ਼ਕਾਂ 'ਚ ਬਹੁਤਾ ਮਕਬੂਲ ਵੀ ਨਹੀਂ ਸੀ। ਜਦੋਂ ਮੈਂ ਇੰਨੇ ਘੱਟ ਸਮੇਂ 'ਚ ਰਿਕਾਰਡਿੰਗ ਕਰਨ ਅਤੇ ਕਿਸੇ ਮਹਿਮਾਨ ਨੂੰ ਸਟੀਡੀਓ ਬਲਾਉਣ ਪ੍ਰਤੀ ਆਪਣੀ ਅਸੱਮਰਥਾ ਪ੍ਰਗਟਾਈ ਤਾਂ ਮੈਨੂੰ ਸਮਝਾਇਆਂ ਗਿਆ ਕਿ ਮੰਦਾ ਚੱਲ ਰਿਹਾ ਹੈ, ਤੈਨੂੰ ਮੌਕਾ ਮਿਲਿਆ ਹੈ, ਆਪਣੀ ਨੌਕਰੀ ਬਚਾ ਤੇ ਜਿਵੇਂ-ਕਿਵੇਂ ਕਰਕੇ ਇੰਟਰਵਿਊ ਕਰ ਲੈ।


ਕੁਝ ਨਹੀਂ ਸੁੱਝ ਰਿਹਾ ਸੀ। ਸਾਢੇ ਕੁ ਤਿੰਨ ਵਜੇ ਜਸਪਾਲ ਭੱਟੀ ਨੂੰ ਮੋਬਾਈਲ ਕੀਤਾ ਕਿ ਜੇਕਰ ਉਹ ਸਟੂਡੀਓ ਆ ਸਕਦੇ ਹਨ ਤਾਂ 'ਰਿਸੈਸ਼ਨ ਪਾਰਟੀ' ਬਾਰੇ ਖੁੱਲ੍ਹੀਆਂ-ਡੁੱਲੀਆਂ ਗੱਲਾਂ ਰਿਕਾਰਡ ਕਰਨੀਆਂ ਹਨ।  ਕਹਿੰਦੇ ਠੀਕ ਹੈ ਮੈਂ ਸ਼ਾਮੀਂ ਸੱਤ ਵਜੇ ਆ ਜਾਵਾਗਾਂ।  ਮੈਂ ਸਟੂਡੀਓ ਦੇ ਟੈਕਨੀਕਲ ਸਟਾਫ ਅਤੇ ਮੇਕਅੱਪ ਆਰਟਿਸਟ ਨੂੰ ਇਸ ਬਾਬਤ ਜਦੋਂ ਜਾਣੂੰ ਕਰਵਾਇਆਂ ਤਾਂ ਸਭ ਨੇ ਮੱਥੇ 'ਤੇ ਹੱਥ ਮਾਰਦਿਆਂ ਕਿਹਾ "ਕਿੱਥੇ ਪੰਗਾ ਲੈ ਲਿਆ? ਭੱਟੀ ਅੱਜ ਤੱਕ ਕਦੇ ਸਟੂਡਿਓ 'ਚ ਟਾਈਮ ਸਿਰ ਨਹੀਂ ਪਹੁੰਚਿਆਂ।" ਤਕਰੀਬਨ ਸਾਰੇ ਜਣੇ ਮੇਰੇ ਤੋਂ ਪਹਿਲਾਂ ਜਸਪਾਲ ਭੱਟੀ ਹੋਰਾਂ ਨਾਲ ਕੰਮ ਕਰ ਚੁੱਕੇ ਸਨ। ਮੈਨੂੰ ਵੀ ਟੈਸ਼ਨ ਹੋ ਗਈ। ਮੈਂ ਕਿਹਾ ਦੇਖੀ ਜਾਊ ਜੋ ਹੋਵੇਗਾ। ਏਨੇ ਚਿਰ ਨੂੰ ਮੈਂ ਜਸਪਾਲ ਭੱਟੀ ਬਾਬਤ ਜਾਣਕਾਰੀ ਇਕੱਠੀ ਕੀਤੀ ਅਤੇ ਸਵਾਲਾਂ ਦੀ ਇਕ ਵੱਡੀ ਸਾਰੀ ਲਿਸਟ ਤਿਆਰ ਕਰ ਲਈ।


ਜਦੋਂ ਜਸਪਾਲ ਭੱਟੀ ਪੌਣੇ ਸੱਤ ਵਜੇ ਸਟੂਡੀਓ ਆ ਗਏ ਤਾਂ ਸਭਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ।  ਜਦੋਂ ਮੈਂ ਭੱਟੀ ਸਾਹਿਬ ਨੂੰ ਇਹ ਗੱਲ ਦੱਸੀ ਤਾਂ ਹੱਸਦੇ ਹੋਏ ਕਹਿੰਦੇ 'ਟਾਈਮ 'ਤੇ ਤਾਂ ਮੈਂ ਅੱਜ ਵੀ ਨਹੀਂ ਪਹੁੰਚਿਆਂ, ਸੱਤ ਵਜੇ ਦਾ ਕਹਿ ਕੇ ਪੌਣੇ ਸੱਤ ਵਜੇ ਆ ਗਿਆ।" ਹਫੜਾ-ਦਫੜੀ ਜਿਹੀ 'ਚ ਤਿਆਰ ਹੋ ਕੇ ਮੈਂ ਸਟੂਡੀਓ 'ਚ ਜਸਪਾਲ ਭੱਟੀ ਦੇ ਸਾਹਮਣੇ ਬੈਠਾ ਸੀ। ਮੈਂ ਕਿਹਾ " ਭਾਅ ਜੀ ਇਸ ਪ੍ਰੋਗਰਾਮ ਲਈ ਇਹ ਮੇਰੀ ਪਹਿਲੀ ਇੰਟਰਵਿਊ ਹੈ, ਸਵਾਲ ਮੈਂ ਉਹ ਕਰਾਂਗਾ ਜੋ ਇਕ ਦਰਸ਼ਕ ਵੱਜੋਂ ਤੁਹਾਨੂੰ ਸਕਰੀਨ 'ਤੇ ਦੇਖਦਿਆਂ ਮੇਰੇ ਦਿਮਾਗ 'ਚ ਆਉਂਦੇ ਹੁੰਦੇ ਸੀ। ਕੋਈ ਰਸਮੀ ਜਿਹੀ ਗੱਲਬਾਤ ਨਹੀਂ ਕਰਾਂਗਾ। ਭੱਟੀ ਸਾਹਿਬ ਕਹਿੰਦੇ ਨਰਿੰਦਰ ਇਸ ਵੇਲੇ ਤੂੰ ਇਕ ਪੱਤਰਕਾਰ ਦੇ ਤੌਰ 'ਤੇ ਮੇਰੇ ਤੋਂ ਕੁਝ ਵੀ ਪੁੱਛ ਸਕਦਾ ਹੈ। ਦਰਸ਼ਕ ਬਣਕੇ ਇੰਟਰਵਿਊ ਕਰੇਗਾ ਤਾਂ ਕਾਮਯਾਬ ਰਹੇਗਾ। ਜੋ ਗੱਲ ਕਰਨੀ ਐ ਕਰ ਲੈ।


ਇੰਟਰਵਿਊ ਰਿਕਾਰਡ ਕਰਕੇ ਰਾਤੀਂ ਨੌਂ ਵਜੇ ਮੈਂ ਤੇ ਕੈਮਰਾਮੈਨ ਜੈਵੀਰ ਚੰਡੀਗੜ੍ਹ ਬੱਸ ਅੱਡੇ 'ਤੇ ਦਿੱਲੀ ਜਾਣ ਵਾਲੀ ਇਕ ਬੱਸ ਦੇ ਕੰਡਕਟਰ ਨੂੰ ਉਹ ਟੇਪ ਫੜ੍ਹਾ ਕੇ ਆਏ। ਮੁੱਖ ਦਫਤਰ ਦੱਸਿਆ ਤੇ ਉਨ੍ਹਾਂ ਦਿੱਲੀ ਬੱਸ ਅੱਡੇ ਤੋਂ 17 ਮਾਰਚ ਦੀ ਸਵੇਰ ਰਿਕਾਰਡਿੰਗ ਵਾਲੀ ਟੇਪ ਪ੍ਰਾਪਤ ਕੀਤੀ। 18 ਮਾਰਚ ਦੁਪਹਿਰ ਤੱਕ ਐਡੀਟਿੰਗ ਹੋ ਕੇ ਐਪੀਸੋਡ ਤਿਆਰ ਸੀ। ਮੁੱਖ ਦਫਤਰ ਵੱਲੋਂ ਮੇਰੇ ਕੱਪੜਿਆਂ, ਫੇਸ ਐਕਸਪ੍ਰੈਸ਼ਨ ਅਤੇ ਦੇਸੀ ਭਾਸ਼ਾ ਬੋਲਣ ਵਰਗੀਆਂ ਕਈ ਗਲਤੀਆਂ ਕੱਢੀਆਂ ਗਈਆਂ ਪਰ ਗੱਲਬਾਤ ਦੇ ਵਿਸ਼ੇ 'ਚ ਕੋਈ ਦੁਆਨੀ ਨੁਕਸ ਵੀ ਨਹੀਂ ਕੱਢ ਸਕਿਆ। ਖੈਰ, ਜਦੋਂ 19 ਮਾਰਚ ਨੂੰ ਰਾਤੀਂ ਸਾਢੇ ਨੌਂ ਵਜੇ ਇਹ ਇੰਟਰਵਿਊ ਪ੍ਰਸਾਰਿਤ ਹੋਈ ਤਾਂ ਪ੍ਰੋਗਰਾਮ ਦੇ ਪਹਿਲੇ ਭਾਗ ਤੋਂ ਬਾਅਦ ਹੀ ਭੱਟੀ ਸਾਹਿਬ ਦਾ ਮੋਬਾਈਲ 'ਤੇ ਮੈਸੇਜ ਆਇਆ 'ਗੁੱਡ ਗੋਈਂਗ' ਭਾਵ ਵਧੀਆਂ ਚੱਲ ਰਿਹਾ ਏ। ਪ੍ਰੋਗਰਾਮ ਖਤਮ ਹੋਣ 'ਤੇ ਉਨ੍ਹਾਂ ਏਨਾ ਹੀ ਲਿਖਿਆ "ਥੈਂਕਸ, ਵੱਖਰੀ ਤਰ੍ਹਾਂ ਦੀ ਇੰਟਰਵਿਊ ਸੀ।" ਮੇਰੇ ਯਾਦ ਨਹੀਂ ਮੈਂ ਉਨ੍ਹਾਂ ਨੂੰ ਕਿੰਨੀਆਂ ਹੀ ਨਿੱਜੀ, ਸਮਾਜਕ, ਉਨ੍ਹਾਂ ਦੀ ਅਕੈਡਮੀ ਅਤੇ ਉਨ੍ਹਾਂ ਦੀ ਵਿਅੰਗ ਸ਼ੈਲੀ ਬਾਰੇ ਗੱਲਾਂ ਪੁੱਛੀਆਂ ਸਨ। ਅਫਸੋਸ ਇਸ ਗੱਲ ਦਾ ਹੈ ਕਿ ਇਸ ਇੰਟਰਵਿਊ ਦਾ ਮੇਰੇ ਕੋਲ ਕੋਈ ਰਿਕਾਰਡ ਵੀ ਨਹੀਂ ਪਿਆ। ਇਸ ਤੋਂ ਬਾਅਦ ਵੀ ਉਹ ਅਕਸਰ ਚੰਡੀਗੜ੍ਹ, ਮੋਹਾਲੀ ਜਾਂ ਫਿਰ ਪ੍ਰੈੱਸ ਕਲੱਬ 'ਚ ਮਿਲਦੇ ਰਹਿੰਦੇ ਸਨ। ਕਦੇ-ਕਦੇ ਐਸ.ਐਮ.ਐਸ. ਵੀ ਆ ਜਾਂਦਾ ਸੀ। ਸਾਲ 2011 'ਚ ਵੀ ਮੈਂ ਉਨ੍ਹਾਂ ਦੀ ਇੰਟਰਵਿਊ ਕਰਨ ਲਈ ਬਹੁਤ ਫੋਨ ਕੀਤੇ ਪਰ ਉਨ੍ਹਾਂ ਦੇ ਰੁਝੇਵਿਆਂ ਕਾਰਣ ਸਮਾਂ ਨਹੀਂ ਮਿਲ ਸਕਿਆ।


'ਇਕ ਖਾਸ ਮੁਲਾਕਾਤ' ਪ੍ਰੋਗਰਾਮ ਮੈਂ ਦੋ ਸਾਲ ਤੋਂ ਵੀ ਜ਼ਿਆਦਾ ਸਮਾਂ ਐਂਕਰ ਕੀਤਾ। 110 ਦੇ ਕਰੀਬ ਐਪੀਸੋਡ ਰਿਕਾਰਡ ਕੀਤੇ ਅਤੇ ਹਰ ਖੇਤਰ ਦੀਆਂ ਸਖਸ਼ੀਅਤਾਂ ਦੀ ਇੰਟਰਵਿਊ ਕੀਤੀ। ਪੰਜਾਬ ਦੇ ਤਕਰੀਬਨ ਸਾਰੇ ਨਾਮੀਂ ਕਾਮੇਡੀਅਨ ਮੇਹਰ ਮਿੱਤਲ, ਜਸਵਿੰਦਰ ਭੱਲਾ, ਭਗਵੰਤ ਮਾਨ, ਜਗਤਾਰ ਜੱਗੀ, ਗੁਰਚੇਤ ਚਿੱਤਰਕਾਰ, ਬੀਨੂੰ ਢਿੱਲੋਂ, ਸੁਰਿੰਦਰ ਸ਼ਰਮਾ, ਗਾਇਕ ਤੇ ਕਾਮੇਡੀਅਨ ਕੇ.ਦੀਪ ਆਦਿ ਦੀ ਇੰਟਰਵਿਊ ਕੀਤੀ ਪਰ ਜਸਪਾਲ ਭੱਟੀ ਦੀ ਗੱਲ ਹੀ ਵੱਖਰੀ ਸੀ। ਉਹ ਕਾਮੇਡੀਅਨ ਨਹੀਂ ਵਿਅੰਗਕਾਰ ਸੀ ਅਤੇ ਜਸਪਾਲ ਭੱਟੀ ਦਾ ਮੰਨਣਾ ਸੀ ਕਿ ਵਿਅੰਗ ਕਰਕੇ ਕਿਸੇ ਨੂੰ ਹਸਾਉਣਾ ਕਾਮੇਡੀ ਕਲਾ ਤੋਂ ਵੱਡੀ ਗੱਲ ਹੈ। ਅੱਜ ਸੋਚ ਰਿਹਾ ਹਾਂ ਕਿ ਉਸ ਸਮੇਂ ਜਸਪਾਲ ਭੱਟੀ ਕਰਕੇ ਨੌਕਰੀ ਬਚ ਗਈ ਸੀ। ਜੇ ਉਹ ਨਾ ਆਉਂਦੇ, ਇੰਟਰਵਿਊ ਨਾ ਰਿਕਾਰਡ ਹੁੰਦੀ, ਪਤਾ ਨਹੀਂ ਮੇਰਾ ਕੀ ਬਣਨਾ ਸੀ? ਉਸ ਦਿਨ ਤਾਂ ਇੰਟਰਵਿਊ ਲਈ ਸਮੇਂ ਸਿਰ ਆ ਗਏ ਸੀ ਪਰ ਦੁਨੀਆਂ 'ਚੋਂ ਜਾਣ ਦਾ ਇਹ ਸਮਾਂ ਠੀਕ ਨਹੀਂ ਸੀ ਭੱਟੀ ਸਾਹਿਬ!


ਨਰਿੰਦਰ ਪਾਲ ਸਿੰਘ ਜਗਦਿਓ
ਲੇਖ਼ਕ ਸਰਗਰਮ ਪੱਤਰਕਾਰੀ ਨੂੰ ਤਲਾਕ ਦੇਣ ਤੋਂ ਬਾਅਦ ਅੱਜਕਲ੍ਹ ਪੰਜਾਬ ਸਰਕਾਰ ਦੇ 'ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ' ਹਨ।

Tuesday, October 23, 2012

ਡੁੱਬਦੇ ਪੰਜਾਬ ਨੂੰ ਡਬੋਂਦੇ ਸਰਕਾਰੀ ਮਲਾਹ

ਜਮਹੂਰੀ ਢਾਂਚੇ ਵਿੱਚ ਤਾਕਤ ਲੋਕਾਂ ਕੋਲ ਹੁੰਦੀ ਹੈ। ਤਾਹੀਓਂ ਤਖ਼ਤ ਡੋਲਣ ਦਾ ਖ਼ਤਰਾ ਕਾਇਮ ਰਹਿੰਦਾ ਹੈ। ਹਕੂਮਤ ਕਰਨ ਵਾਲੇ ਪੰਜ ਵਰ੍ਹਿਆਂ ਮਗਰੋਂ ਭੈਅ ਮੰਨਣ ਲੱਗਦੇ ਹਨ। ਇਸੇ ਕਰਕੇ ਰਾਜ ਭਾਗ ਦੇ ਸੁਪਨੇ ਵੇਖਣ ਵਾਲੇ ਵੋਟਾਂ ਸਮੇਂ ਹੱਥ ਜੋੜਦੇ ਹਨ। ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਫਿਰ ਹੱਥ ਜੋੜਨ ਦੀ ਵਾਰੀ ਲੋਕਾਂ ਦੀ ਹੁੰਦੀ ਹੈ। ਲੋਕ ਰਾਜ ਵਿੱਚ ਲੋਕਾਂ ਦਾ ਕਲਿਆਣ ਸਰਕਾਰ ਦਾ ਮੁੱਖ ਏਜੰਡਾ ਹੁੰਦਾ ਹੈ। ਜਿਸ ਸਰਕਾਰ ਦਾ ਮਕਸਦ ਲੋਕ ਭਲਾਈ ਨਹੀਂ ਹੁੰਦਾ, ਉਸਦਾ ਸਰੂਪ ਕੋਈ ਹੋਰ ਹੁੰਦਾ ਹੈ। ਭਾਰਤ ਦੀ ਵਡਿਆਈ ਪੂਰੇ ਵਿਸ਼ਵ ਵਿੱਚ ਇਸੇ ਗੱਲੋਂ ਹੈ ਕਿ ਏਡਾ ਵੱਡਾ ਲੋਕਰਾਜੀ ਪ੍ਰਬੰਧ ਵਾਲਾ ਕੋਈ ਹੋਰ ਮੁਲਕ ਨਹੀਂ ਹੈ। ਲੋਕਰਾਜੀ ਸਰਕਾਰਾਂ ’ਚੋਂ ਹੁਣ ਵੋਟ-ਰਾਜੀ ਸਰਕਾਰਾਂ ਦਾ ਝਾਉਲਾ ਪੈਣ ਲੱਗਾ ਹੈ। ਅਕਾਲੀ-ਭਾਜਪਾ ਸਰਕਾਰ ਨੂੰ ਦੂਸਰੀ ਦਫ਼ਾ ਲੋਕਾਂ ਨੇ ਤਾਕਤ ਬਖਸ਼ੀ ਹੈ। ਜਦੋਂ ਲੋਕਾਂ ਦਾ ਭਰੋਸਾ ਵੱਡਾ ਹੋਵੇ ਤਾਂ ਸਰਕਾਰ ਨੂੰ ਵੀ ਦਿਲ ਵੱਡਾ ਹੀ ਦਿਖਾਉਣਾ ਪੈਦਾ ਹੈ। ਲੋਕ ਇੱਛਾ ਰੱਖਦੇ ਹਨ ਕਿ ਸਰਕਾਰ ਉਨ੍ਹਾਂ ਦੇ ਦੁੱਖਾਂ ਦਾ ਇਲਾਜ ਹੀ ਨਾ ਕਰੇ ਬਲਕਿ ਦੁੱਖਾਂ ਦੀ ਜੜ੍ਹ ਨੂੰ ਵੀ ਕੱਟੇ। ਲੋਕ ਉਮੀਦਾਂ ਨੂੰ ਬੂਰ ਨਹੀਂ ਪੈਦਾ ਹੈ ਕਿਉਂਕਿ ਕੋਈ ਵੀ ਸਿਆਸੀ ਧਿਰ ਜੜ੍ਹ ਕੱਟਣ ਦੀ ਗਲਤੀ ਨਹੀਂ ਕਰਦੀ ਕਿਉਂਕਿ ਲੋਕ ਮੁਸ਼ਕਿਲਾਂ ਦੀ ਜੜ੍ਹ ਹੀ ਤਾਂ ਸਿਆਸੀ ਧਿਰਾਂ ਦੀ ਜੜ੍ਹ ਲਾਉਂਦੀ ਹੈ।

ਕਲਿਆਣਕਾਰੀ ਰਾਜ ਵਿੱਚ ਲੋਕਾਂ ਦੀ ਭਲਾਈ ਕਰਨਾ ਕੋਈ ਸਰਕਾਰੀ ਅਹਿਸਾਨ ਨਹੀਂ ਹੁੰਦਾ। ਪੰਜਾਬ ਸਰਕਾਰ ਇਹ ਫਰਜ਼ ਕਿੰਨਾ ਕੁ ਨਿਭਾ ਰਹੀ ਹੈ, ਆਉ ਇਸ ’ਤੇ ਇੱਕ ਨਜ਼ਰ ਮਾਰਦੇ ਹਾਂ। ਸਰਕਾਰ ਦਾ ਤਰਕ ਹੈ ਕਿ ਵਿਕਾਸ ਲਈ ਟੈਕਸ ਜ਼ਰੂਰੀ ਹਨ। ਲੋਕ ਰੋਡ ਟੈਕਸ ਭਰਦੇ ਹਨ ਜਿਸ ਵਿੱਚ ਹੁਣ ਵਾਧਾ ਵੀ ਕੀਤਾ ਗਿਆ ਹੈ। ਮਤਲਬ ਕਿ ਸਰਕਾਰ ਲੋਕਾਂ ਨੂੰ ਚੰਗੀ ਸੜਕ ਸਹੂਲਤ ਦੇਣ ਦੀ ਇੱਛਾ ਰੱਖਦੀ ਹੈ। ਪੰਜਾਬ ਮੰਡੀ ਬੋਰਡ ਵੀ ਕਿਸਾਨਾਂ ਨੂੰ ਚੰਗੀਆਂ ਲਿੰਕ ਸੜਕਾਂ ਅਤੇ ਹੋਰ ਮੰਡੀਕਰਨ ਦੀਆਂ ਸਹੂਲਤਾਂ ਦੇਣ ਦਾ ਵਚਨ ਕਰਦਾ ਹੈ ਪਰ ਸਾਰੇ ਵੱਡੇ ਸੜਕ ਮਾਰਗ ਪ੍ਰਾਈਵੇਟ ਕੰਪਨੀਆਂ ਵੱਲੋਂ ਬਣਾਏ ਜਾ ਰਹੇ ਹਨ। ਬਠਿੰਡਾ-ਜੀਰਕਪੁਰ ਕੌਮੀ ਸੜਕ ਮਾਰਗ ਨੂੰ ਪਹਿਲਾਂ ਪ੍ਰਾਈਵੇਟ ਕੰਪਨੀ ਬਣਾਏਗੀ। ਮਗਰੋਂ ਇਹੋ ਕੰਪਨੀ ਸਾਲ 2036 ਤਕ ਲੋਕਾਂ ਤੋਂ ਟੌਲ ਟੈਕਸ ਵਸੂਲ ਕਰੇਗੀ। ਪੰਜਾਬ ਸਰਕਾਰ ਨੇ ਫਿਰ ਆਪਣੇ ਖ਼ਜ਼ਾਨੇ ’ਚੋਂ ਸੜਕੀ ਢਾਂਚੇ ’ਤੇ ਕੀ ਖਰਚ ਕੀਤਾ। ਲੋਕਾਂ ਤੋਂ ਜੋ ਰੋਡ ਟੈਕਸ ਲਿਆ ਜਾਂਦਾ ਹੈ, ਉਹ ਕਿੱਥੇ ਚਲਾ ਜਾਂਦਾ ਹੈ। ਲੋਕਾਂ ਨੇ ਸੜਕਾਂ ’ਤੇ ਟੌਲ ਟੈਕਸ ਦੇ ਕੇ ਹੀ ਸਫ਼ਰ ਕਰਨਾ ਹੈ ਤਾਂ ਲੋਕਰਾਜੀ ਸਰਕਾਰ ਨੇ ਉਨ੍ਹਾਂ ਲਈ ਕੀ ਕੀਤਾ ਹੈ? ਸਰਕਾਰ ਵੱਲੋਂ ਕੇਂਦਰੀ ਸੜਕ ਫੰਡ ਦੀ ਰਾਸ਼ੀ ਨਾਲ ਬਠਿੰਡਾ ਬਾਦਲ ਸੜਕ ਮਾਰਗ ਨੂੰ ਚਹੁੰ ਮਾਰਗੀ ਬਣਾਇਆ ਗਿਆ ਹੈ ਜੋ ਟੌਲ ਟੈਕਸ ਤੋਂ ਰਹਿਤ ਹੈ। ਏਦਾਂ ਦੇ ਬਿਨਾਂ ਟੌਲ ਟੈਕਸ ਵਾਲੇ ਸੜਕ ਮਾਰਗਾਂ ’ਤੇ ਪੰਜਾਬ ਦੇ ਲੋਕਾਂ ਦਾ ਵੀ ਸਫ਼ਰ ਕਰਨ ਨੂੰ ਦਿਲ ਕਰਦਾ ਹੈ। ਸਰਕਾਰ ਦੀ ਬਠਿੰਡਾ ਤੋਂ ਹਵਾਈ ਜਹਾਜ਼ ਉਡਾਉਣ ਅਤੇ ਲੁਧਿਆਣਾ ਵਿੱਚ ਮੈਟਰੋ ਚਲਾਉਣ ਦੀ ਯੋਜਨਾ ਹੈ। ਪੰਜਾਬ ਵਾਸੀ ਆਖਦੇ ਹਨ ਕਿ ਉਨ੍ਹਾਂ ਨੂੰ ਨਾ ਮੈਟਰੋ ਤੇ ਨਾ ਜਹਾਜ਼ਾਂ ’ਤੇ ਇਤਰਾਜ਼ ਹੈ ਪਰ ਸਰਕਾਰ ਪਹਿਲਾਂ ਸੜਕਾਂ ਤੇ ਪਏ ਖੱਡੇ ਜ਼ਰੂਰ ਭਰ ਦੇਵੇ। ਪੰਜਾਬ ਦੇ ਕਿਸਾਨਾਂ ਦੀ ਜਿਣਸ ਤੋਂ ਮੰਡੀ ਬੋਰਡ ਦੇ ਖ਼ਜ਼ਾਨੇ ਵਿੱਚ ਸਾਲਾਨਾ 1200 ਕਰੋੜ ਇਕੱਠੇ ਹੋ ਜਾਂਦੇ ਹਨ। ਫਿਰ ਵੀ ਲਿੰਕ ਸੜਕਾਂ ਲਈ ਪੰਜਾਬ ਦੀਆਂ 134 ਮਾਰਕੀਟ ਕਮੇਟੀਆਂ ਵਾਸਤੇ ਸਾਲ 2011-12 ਦੌਰਾਨ ਬੈਂਕਾਂ ਨੇ 263 ਕਰੋੜ ਰੁਪਏ ਦਾ ਕਰਜ਼ਾ ਪ੍ਰਵਾਨ ਕੀਤਾ ਹੈ। ਜਿਣਸਾਂ ਤੋਂ ਇਕੱਠਾ ਕੀਤਾ ਪੈਸਾ ਕਿੱਥੇ ਜਾਂਦਾ ਹੈ। ਵੱਡੇ ਸਨਅਤਕਾਰਾਂ ਨੂੰ ਦਿਹਾਤੀ ਵਿਕਾਸ ਫੰਡ ਤੋਂ ਛੋਟਾਂ ਵੀ ਦਿੱਤੀਆਂ ਹੋਈਆਂ ਹਨ। ਦੇਸ਼ ਭਰ ’ਚੋਂ ਝੋਨੇ ਅਤੇ ਕਣਕ ’ਤੇ ਸਭ ਤੋਂ ਵੱਧ ਟੈਕਸ ਪੰਜਾਬ ਵਿੱਚ ਹਨ ਜੋ ਕਿ 14.5 ਫ਼ੀਸਦੀ ਹਨ। ਹਰਿਆਣਾ ਵਿੱਚ ਇਹੋ ਟੈਕਸ 11.5 ਫ਼ੀਸਦੀ ਅਤੇ ਆਂਧਰਾ ਪ੍ਰਦੇਸ਼ ਵਿੱਚ 10 ਫ਼ੀਸਦੀ ਹਨ। ਟੈਕਸ ਵੀ ਸਭ ਤੋਂ ਵੱਧ ਲਏ ਜਾ ਰਹੇ ਹਨ ਅਤੇ ਵਿਕਾਸ ਵੀ ਕਰਜ਼ਾ ਚੁੱਕ ਕੇ ਕੀਤਾ ਜਾ ਰਿਹਾ ਹੈ।

ਪੰਜਾਬ ਵਿੱਚ ਪ੍ਰਾਈਵੇਟ ਸੈਕਟਰ ਵਿੱਚ ਤਾਪ ਬਿਜਲੀ ਘਰ ਲੱਗ ਰਹੇ ਹਨ। ਪਾਵਰਕੌਮ ਦੇ ਆਪਣੇ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਤੋਂ ਬਿਜਲੀ ਦੀ ਪੈਦਾਵਾਰ ਪ੍ਰਤੀ ਯੂਨਿਟ 2.44 ਰੁਪਏ ਹੁੰਦੀ ਹੈ ਜਦੋਂ ਕਿ ਸਰਕਾਰ ਨੇ ਸਾਲ 2008- 09 ਵਿੱਚ ਪ੍ਰਾਈਵੇਟ ਵਪਾਰੀਆਂ ਤੋਂ ਬਿਜਲੀ 6.95 ਰੁਪਏ ਪ੍ਰਤੀ ਯੂਨਿਟ ਖ਼ਰੀਦ ਕੀਤੀ ਸੀ। ਪੰਜਾਬ ਵਿੱਚ ਜੋ ਵੱਡੀਆਂ ਪ੍ਰਾਈਵੇਟ ਕਲੋਨੀਆਂ ਨੂੰ ਸਰਕਾਰ ਨੇ ਕਰੋੜਾਂ ਰੁਪਏ ਦੀ ਇਲੈਕਟ੍ਰੀਸਿਟੀ ਡਿਊਟੀ ਤੋਂ ਛੋਟ ਦਿੱਤੀ ਹੋਈ ਹੈ।

ਸਰਕਾਰ ਨੇ ਇੱਕ ਦਹਾਕੇ ਵਿੱਚ 38 ਹਜ਼ਾਰ ਕਰੋੜ ਦੀ ਬਿਜਲੀ ਖ਼ਰੀਦ ਕੀਤੀ ਹੈ ਜਿਸ ਨਾਲ ਪੰਜਾਬ ਵਿੱਚ ਛੇ ਨਵੇਂ ਤਾਪ ਬਿਜਲੀ ਘਰ ਲੱਗ ਜਾਣੇ ਸਨ। ਕਿਸੇ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਖਪਤਕਾਰਾਂ ਦਾ ਕੀ ਕਸੂਰ ਹੈ? ਯੋਜਨਾਬੰਦੀ ਅਤੇ ਪ੍ਰਬੰਧ ਤਾਂ ਸਰਕਾਰਾਂ ਨੇ ਕਰਨਾ ਹੁੰਦਾ ਹੈ। ਖ਼ੁਸ਼ਹਾਲ ਸੂਬੇ ਦੇ ਵਾਸੀ ਬਿਜਲੀ ਬਿੱਲ ਵੀ ਸਮੇਂ ਸਿਰ ਭਰਦੇ ਹਨ ਪਰ ਉਨ੍ਹਾਂ ਨੂੰ ਫਿਰ ਬਿਜਲੀ ਕੱਟ ਝੱਲਣੇ ਪੈਂਦੇ ਹਨ। ਕਲਿਆਣਕਾਰੀ ਰਾਜ ਦਾ ਫਰਜ਼ ਹੈ ਕਿ ਪੰਜਾਬ ਦੇ ਹਰ ਪਿੰਡ ਨੂੰ ਪਿੰਡ ਬਾਦਲ ਵਾਂਗ ਬਿਜਲੀ ਸਪਲਾਈ ਦੇਵੇ।

ਸਿੱਖਿਆ ਦੇ ਖੇਤਰ ਵਿੱਚ ਨਿੱਤ ਨਵੇਂ ਤਜਰਬੇ ਹੁੰਦੇ ਹਨ। ਲੋਕਾਂ ਨੂੰ ਅਧਿਆਪਕਾਂ ਦੀ ਤੋਟ ਤੋਂ ਅੱਕ ਕੇ ਨਿੱਤ ਸਕੂਲਾਂ ਨੂੰ ਜਿੰਦਰੇ ਮਾਰਨੇ ਪੈ ਰਹੇ ਹਨ। ਸਰਕਾਰ ਹੁਣ ਵੱਡੀਆਂ ਕੰਪਨੀਆਂ ਦੀ ਤਲਾਸ਼ ਵਿੱਚ ਹੈ ਜਿਨ੍ਹਾਂ ਦੇ ਹਵਾਲੇ ਪੰਜਾਬ ਦੇ ਸੈਂਕੜੇ ਸਰਕਾਰੀ ਸਕੂਲ ਕੀਤੇ ਜਾਣੇ ਹਨ। ਜੋ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਤਿੰਨ ਤਿੰਨ ਏਕੜ ਜ਼ਮੀਨ ਮੁਫ਼ਤ ਦੇ ਕੇ ਆਦਰਸ਼ ਸਕੂਲ ਬਣਾਏ ਸਨ, ਉਨ੍ਹਾਂ ਨੂੰ ਖ਼ੁਦ ਹੀ ਸਰਕਾਰ ਫੇਲ੍ਹ ਸਿਸਟਮ ਮੰਨ ਰਹੀ ਹੈ।

ਸਿਹਤ ਸਹੂਲਤਾਂ ਦੇ ਮਾਮਲੇ ਵਿੱਚ ਸਰਕਾਰ ਪ੍ਰਾਈਵੇਟ ਹਸਪਤਾਲਾਂ ਨੂੰ ਮਜ਼ਬੂਤ ਕਰਨ ਦੇ ਰਾਹ ਪੈ ਗਈ ਹੈ। ਜਦੋਂ ਲੋਕ ਕੈਂਸਰ ਦੇ ਇਲਾਜ ਲਈ ਬੀਕਾਨੇਰ ਜਾਣੋਂ ਹਟ ਗਏ ਅਤੇ ਕੈਂਸਰ ਦਾ ਹੱਲਾ ਘੱਟ ਗਿਆ ਤਾਂ ਉਦੋਂ ਕਿਹਾ ਜਾ ਸਕੇਗਾ ਕਿ ਪੰਜਾਬ ਵਿੱਚ ਲੋਕ ਪੱਖੀ ਸਰਕਾਰ ਹੈ। ਕਾਂਗਰਸੀ ਹਕੂਮਤ ਸਮੇਂ ਤਾਂ ਪੰਜਾਬ ਵਿੱਚ ਕੈਂਸਰ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਕੋਈ ਹੀਲਾ-ਵਸੀਲਾ ਵੀ ਨਹੀਂ ਹੋਇਆ ਹੈ। ਮੌਜੂਦਾ ਸਰਕਾਰ ਨੇ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਬਣਾ ਕੇ ਚੰਗਾ ਉਪਰਾਲਾ ਕੀਤਾ ਹੈ। ਪੰਜਾਬ ਦੇ ਹਰ ਮੰਤਰੀ ਅਤੇ ਵਿਧਾਇਕ ਨੂੰ ਇਹ ਸਹੂਲਤ ਹੈ ਕਿ ਉਹ ਆਪਣੇ ਸਮੇਤ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਇਲਾਜ ਕਿਤੋਂ ਵੀ ਕਰਵਾ ਸਕਦਾ ਹੈ ਅਤੇ ਸਾਰਾ ਖਰਚਾ ਸਰਕਾਰੀ ਖ਼ਜ਼ਾਨਾ ਝੱਲਦਾ ਹੈ। ਇਲਾਜ ਦੀ ਰਾਸ਼ੀ ਦੀ ਕੋਈ ਸੀਮਾ ਨਹੀਂ ਹੈ। ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਇਲਾਜ ’ਤੇ ਆਉਣ ਵਾਲੇ ਖਰਚੇ ਦੀ ਵੀ ਕੋਈ ਸੀਮਾ ਨਹੀਂ ਹੈ ਅਤੇ ਸਰਕਾਰ ਸਾਰਾ ਖਰਚਾ ਚੁੱਕਦੀ ਹੈ। ਸਰਕਾਰੀ ਮੁਲਾਜ਼ਮ ਵੀ ਆਪਣਾ ਇਲਾਜ ਸਰਕਾਰੀ ਖਰਚੇ ’ਤੇ ਕਰਵਾ ਸਕਦੇ ਹਨ। ਪਿੱਛੇ ਪੰਜਾਬ ਦੇ ਆਮ ਲੋਕ ਬਚਦੇ ਹਨ ਜਿਨ੍ਹਾਂ ਲਈ ਕੋਈ ਰਾਹ ਨਹੀਂ ਹੈ। ਉਨ੍ਹਾਂ ਦੀ ਸਿਹਤ ਲਈ ਕੌਣ ਸੋਚੇਗਾ। ਸਰਕਾਰੀ ਹਸਪਤਾਲਾਂ ’ਚ ਡਾਕਟਰ ਨਹੀਂ, ਦਵਾਈਆਂ ਨਹੀਂ, ਲੋੜੀਂਦੀਆਂ ਸਹੂਲਤਾਂ ਨਹੀਂ। ਜੇ ਆਮ ਬੰਦੇ ਨੇ ਇਲਾਜ ਪ੍ਰਾਈਵੇਟ ਹਸਪਤਾਲਾਂ ’ਚੋਂ ਹੀ ਕਰਵਾਉਣਾ ਹੈ ਤਾਂ ਕਲਿਆਣਕਾਰੀ ਸਰਕਾਰ ਫਿਰ ਕਿਉਂ ਦਮਗਜੇ ਮਾਰਦੀ ਹੈ?

ਪੰਜਾਬ ਦੇ ਕਿਸਾਨਾਂ ਨੂੰ ਦਿੱਤੀ ਮੁਫ਼ਤ ਦੀ ਬਿਜਲੀ ਦਾ ਪ੍ਰਚਾਰ ਵੀ ਸਰਕਾਰ ਜ਼ੋਰ ਨਾਲ ਕਰਦੀ ਹੈ। ਸ਼ਰਾਬ ਸਨਅਤਾਂ ਦੇ ਮਾਲਕਾਂ ਨੂੰ 500 ਕਰੋੜ ਦੀਆਂ ਛੋਟਾਂ ਦੇ ਦਿੱਤੀਆਂ ਗਈਆਂ ਅਤੇ ਵੱਡੇ ਸਨਅਤਕਾਰਾਂ ਦੇ 600 ਕਰੋੜ ਰੁਪਏ ਮੁਆਫ਼ ਕਰ ਦਿੱਤੇ ਗਏ ਹਨ, ਉਨ੍ਹਾਂ ਦੀ ਕਿਸੇ ਸਟੇਜ ਤੋਂ ਚਰਚਾ ਨਹੀਂ ਹੁੰਦੀ ਹੈ। ਪੰਜਾਬ ਦੇ ਸਨਅਤਕਾਰ 3000 ਕਰੋੜ ਰੁਪਏ ਦੇ ਡਿਫਾਲਟਰ ਹਨ ਜਦੋਂ ਕਿ ਹੱਥਕੜੀ ਕਰਜ਼ਾਈ ਕਿਸਾਨਾਂ ਨੂੰ ਹੀ ਲੱਗਦੀ ਹੈ। ਜਦੋਂ ਇੱਕ ਕਿਸਾਨ ਬਿਜਲੀ ਕੱਟਾਂ ਕਾਰਨ ਇੱਕ ਡਰੰਮ ਤੇਲ ਦਾ ਖੇਤਾਂ ਵਿੱਚ ਫੂਕ ਦਿੰਦਾ ਹੈ ਤਾਂ ਉਸ ਲਈ ਮੁਫ਼ਤ ਬਿਜਲੀ ਦਾ ਕੋਈ ਮਾਅਨਾ ਨਹੀਂ ਰਹਿ ਜਾਂਦਾ ਹੈ। ਸਨਅਤੀ ਨਿਵੇਸ਼ ਲਈ ਛੋਟਾਂ ਦਿੱਤੀਆਂ ਜਾਂਦੀਆਂ ਹਨ ਪ੍ਰੰਤੂ ਕਿਸਾਨ ਤੇ ਮਜ਼ਦੂਰ ਦੇ ਪਸੀਨੇ ਦਾ ਕੋਈ ਮੁੱਲ ਨਹੀਂ ਜੋ ਦੇਸ਼ ਦਾ ਢਿੱਡ ਭਰਦਾ ਹੈ। ਪੰਜਾਬ ਦੇ ਖੇਤੀ ਸੈਕਟਰ ਵਿੱਚ 14 ਲੱਖ 89 ਹਜ਼ਾਰ ਖੇਤੀ ਮਜ਼ਦੂਰ ਕੰਮ ਕਰਦੇ ਹਨ। ਕਿਸਾਨਾਂ ਨੇ ਹੀ ਏਡਾ ਵੱਡਾ ਰੁਜ਼ਗਾਰ ਲੱਖਾਂ ਲੋਕਾਂ ਨੂੰ ਦਿੱਤਾ ਹੋਇਆ ਹੈ। ਪੰਜਾਬ ਦੇ ਹਜ਼ਾਰਾਂ ਆੜ੍ਹਤੀਆਂ ਦਾ ਕਾਰੋਬਾਰ ਕਿਸਾਨਾਂ ਦੀ ਜਿਣਸ ਨਾਲ ਚੱਲਦਾ ਹੈ ਅਤੇ ਉਹ ਸਾਲਾਨਾ ਕਰੀਬ 800 ਕਰੋੜ ਰੁਪਏ ਆੜ੍ਹਤ ’ਚੋਂ ਹੀ ਕਮਾ ਲੈਂਦੇ ਹਨ। ਬਠਿੰਡਾ ਰਿਫਾਈਨਰੀ ਨੂੰ ਹਜ਼ਾਰਾਂ ਕਰੋੜਾਂ ਰੁਪਏ ਦੇ ਟੈਕਸਾਂ ਤੋਂ ਛੋਟ ਦਿੱਤੀ ਗਈ ਹੈ ਅਤੇ ਰੁਜ਼ਗਾਰ ਪੰਜਾਬੀ ਨੌਜਵਾਨ ਨੂੰ ਫਿਰ ਵੀ ਨਹੀਂ ਮਿਲਿਆ ਹੈ। ਜਦੋਂ ਪਹਿਲਾਂ ਪੰਜਾਬ ਵਿੱਚ ਵਿਕਾਸ ਪ੍ਰਾਜੈਕਟਾਂ ਲਈ ਜ਼ਮੀਨ ਐਕੁਆਇਰ ਹੁੰਦੀ ਸੀ ਤਾਂ ਉਦੋਂ ਪ੍ਰਭਾਵਿਤ ਕਿਸਾਨਾਂ ਦੇ ਇੱਕ ਜੀਅ ਨੂੰ ਪ੍ਰਾਜੈਕਟ ਵਿੱਚ ਨੌਕਰੀ ਮਿਲ ਜਾਂਦੀ ਸੀ। ਹੁਣ ਸਰਕਾਰਾਂ ਪ੍ਰਾਈਵੇਟ ਕੰਪਨੀਆਂ ਲਈ ਜ਼ਮੀਨ ਤਾਂ ਐਕੁਆਇਰ ਕਰਦੀਆਂ ਹਨ ਪਰ ਕੰਪਨੀਆਂ ਨਾਲ ਪੰਜਾਬੀ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਕੋਈ ਸਮਝੌਤਾ ਨਹੀਂ ਹੁੰਦਾ ਹੈ।

ਸਮਾਜ ਭਲਾਈ ਸਕੀਮਾਂ ਦਾ ਮੁਲਾਂਕਣ ਵੀ ਸਰਕਾਰੀ ਨੀਅਤ ਵਿੱਚ ਟੀਰ ਦੱਸ ਰਿਹਾ ਹੈ। ਪੰਜਾਬ ਸਰਕਾਰ ਨੇ ਸਾਲ 2005-06 ਵਿੱਚ ਸੋਸ਼ਲ ਸਕਿਊਰਿਟੀ ਫੰਡ ਸਥਾਪਤ ਕੀਤਾ ਸੀ ਜਿਸ ਲਈ ਬਿਜਲੀ ਅਤੇ ਜ਼ਮੀਨੀ ਰਜਿਸਟਰੀਆਂ ਉੱਤੇ ਸੈੱਸ ਲਗਾਇਆ ਗਿਆ ਜਿਸ ਤੋਂ 450 ਕਰੋੜ ਰੁਪਏ ਪ੍ਰਾਪਤ ਹੋਣੇ ਸਨ। ਹੁਣ ਇਹ ਫੰਡ 550 ਕਰੋੜ ਦਾ ਹੋ ਗਿਆ ਹੈ। ਮਕਸਦ ਇਹੋ ਸੀ ਕਿ ਬਜ਼ੁਰਗਾਂ ਨੂੰ ਰੈਗੂਲਰ ਬੁਢਾਪਾ ਪੈਨਸ਼ਨ, ਨੌਜਵਾਨਾਂ ਧੀਆਂ ਨੂੰ ਸ਼ਗਨ ਸਕੀਮ ਅਤੇ ਬੱਚਿਆਂ ਨੂੰ ਸਮੇਂ ਸਿਰ ਵਜ਼ੀਫ਼ਾ ਮਿਲਦਾ ਰਹੇ। ਸਰਕਾਰ ਸੈੱਸ ਲਗਾ ਕੇ ਇਹ ਫੰਡ ਤਾਂ ਇਕੱਠਾ ਕਰ ਰਹੀ ਹੈ ਪਰ ਇਸਨੂੰ ਆਰਜ਼ੀ ਤੌਰ ’ਤੇ ਵਰਤ ਹੋਰ ਕੰਮਾਂ ਲਈ ਲੈਂਦੀ ਹੈ ਜਿਸ ਕਰਕੇ ਬਜ਼ੁਰਗ ਬੁਢਾਪਾ ਪੈਨਸ਼ਨ ਕਈ ਕਈ ਮਹੀਨੇ ਉਡੀਕਦੇ ਰਹਿੰਦੇ ਹਨ। ਸਰਕਾਰੀ ਸਕੂਲਾਂ ਦੀਆਂ ਲੜਕੀਆਂ ਨੂੰ ਪੰਜ ਸਾਲਾਂ ’ਚੋਂ ਸਿਰਫ਼ ਇੱਕ ਸਾਲ ਹੀ ਹਾਜ਼ਰੀ ਵਜ਼ੀਫ਼ਾ ਮਿਲਿਆ ਹੈ। ਆਟਾ-ਦਾਲ ਸਕੀਮ ਨੇ ਖ਼ਰੀਦ ਏਜੰਸੀਆਂ ਨੂੰ ਕਰਜ਼ੇ ਨਾਲ ਵਿੰਨ ਦਿੱਤਾ ਹੈ ਪਰ ਸਰਕਾਰ ਨੇ ਇਸ ਸਕੀਮ ਲਈ ਹੁਣ ਤਕ ਸਿਰਫ਼ 200 ਕਰੋੜ ਦਾ ਯੋਗਦਾਨ ਪਾਇਆ ਹੈ। ਕਿੰਨਾ ਸਮਾਂ ਕਰਜ਼ੇ ਲੈ ਲੈ ਕੇ ਗੱਡੀ ਚੱਲੇਗੀ?

ਦਲਿਤ ਲੋਕਾਂ ਨੂੰ ਵੀ ਵਰ੍ਹਿਆਂ ਮਗਰੋਂ ਪੰਜ-ਪੰਜ ਮਰਲੇ ਦੇ ਪਲਾਟ ਨਹੀਂ ਮਿਲੇ। ਪੰਜਾਬ ਸਰਕਾਰ ਹੁਣ ਪੰਜਾਬ ਦੇ ਚਾਰ ਸ਼ਹਿਰਾਂ ਵਿੱਚ ਜਰਮਨ ਦੀ ਕੰਪਨੀ ਨੂੰ ਦਸ-ਦਸ ਏਕੜ ਜ਼ਮੀਨ ਮੁਫ਼ਤ ਵਿੱਚ ਦੇ ਰਹੀ ਹੈ। ਇਸ ਕੰਮ ਵਿੱਚ ਸਰਕਾਰ ਨੇ ਕੋਈ ਢਿੱਲ ਨਹੀਂ ਦਿਖਾਈ ਹੈ। ਮੁੱਖ ਮੰਤਰੀ ਪੰਜਾਬ ਦੇ ਹਲਕੇ ਲੰਬੀ ਦੇ ਪਿੰਡ ਸਿੰਘੇਵਾਲਾ ਵਿੱਚ ਮਜ਼ਦੂਰ ਭੌਰਾ ਰਾਮ ਪਿੰਡ ਦੇ ਇੱਕ ਕਿਸਾਨ ਦੀ ਜਗ੍ਹਾ ਵਿੱਚ ਦੋ ਤੰਬੂ ਲਗਾ ਕੇ ਪਰਿਵਾਰ ਦੇ ਅੱਠ ਜੀਆਂ ਨਾਲ ਰਹਿ ਰਿਹਾ ਹੈ। ਪੰਜ ਮਰਲੇ ਤਾਂ ਦੂਰ ਦੀ ਗੱਲ, ਉਸ ਨੂੰ ਭੋਰਾ ਜ਼ਮੀਨ ਵੀ ਨਸੀਬ ਨਹੀਂ ਹੋਈ ਹੈ। ਪੰਜਾਬ ਦੇ ਹਰ ਪਰਿਵਾਰ ਕਿਸੇ ਨਾ ਕਿਸੇ ਰੂਪ ਵਿੱਚ ਸਰਕਾਰੀ ਖ਼ਜ਼ਾਨੇ ਵਿੱਚ ਯੋਗਦਾਨ ਪਾ ਰਿਹਾ ਹੈ। ਇੱਥੋਂ ਤਕ ਕਿ ਭਿਖਾਰੀ ਵੀ ਟੈਕਸ ਦਿੰਦੇ ਹਨ। ਪੰਜਾਬ ਸਿਰ ਫਿਰ ਵੀ 823 ਬਿਲੀਅਨ ਦਾ ਕਰਜ਼ਾ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ ਵਿੱਚ ਖੇਤੀ ਮੰਤਰੀ ਦਾ ਅਹੁਦਾ ਘੱਟ ਪੜ੍ਹੇ ਲਿਖਿਆਂ ਨੂੰ ਦਿੱਤਾ ਜਾਂਦਾ ਹੈ। ਚਾਹੀਦਾ ਤਾਂ ਇਹ ਹੈ ਕਿ ਪੰਜਾਬ ਵਿੱਚ ਖੇਤੀ ਮੰਤਰੀ ਦਾ ਅਹੁਦਾ ਇੱਕ ਨੰਬਰ ਦਾ ਹੋਵੇ। ਦੋ ਦਹਾਕੇ ਤੋਂ ਇੱਕੋ ਫ਼ਸਲੀ ਚੱਕਰ ਚੱਲ ਰਿਹਾ ਹੈ। ਸਰਕਾਰ ਨੇ ਕੋਈ ਬਦਲ ਨਹੀਂ ਦਿੱਤਾ। ਕਿਸਾਨ ਕਿੱਧਰ ਜਾਣ। ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਵੱਲੋਂ ਸਾਲ 2017 ਤਕ ਜਿਣਸਾਂ ਦੇ ਘੱਟੋ-ਘੱਟ ਸਰਕਾਰੀ ਖ਼ਰੀਦ ਭਾਅ ਵੀ ਖ਼ਤਮ ਕਰ ਦਿੱਤੇ ਜਾਣੇ ਹਨ। ਫਿਰ ਕਿਸਾਨੀ ਦਾ ਕੀ ਬਣੂ?

ਪੰਜਾਬ ਰੂਰਲ ਵਾਟਰ ਐਂਡ ਸੈਨੀਟੇਸ਼ਨ ਪ੍ਰਾਜੈਕਟ ਤਹਿਤ ਪੰਜਾਬ ਵਿੱਚ ਹੋਏ ਇੱਕ ਬੇਸ ਲਾਈਨ ਸਰਵੇ ਅਨੁਸਾਰ ਮਾਲਵੇ ਦੀ ਹਰ ਪੰਜਵੇਂ ਘਰ ਦੀ ਔਰਤ ਨੂੰ ਪੀਣ ਵਾਲਾ ਪਾਣੀ ਸਿਰ ’ਤੇ ਢੋਹਣਾ ਪੈ ਰਿਹਾ ਹੈ। ਯੂਰੇਨੀਅਮ ਨੇ ਪਾਣੀ ਜ਼ਹਿਰ ਬਣਾ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਦਿਖਾਵੇ ਦਾ ਵਿਕਾਸ ਕਰਨ ’ਤੇ ਜ਼ੋਰ ਦਿੱਤਾ ਹੋਇਆ ਹੈ। ਸ਼ਹਿਰਾਂ ਦੇ ਫੁੱਟਪਾਥਾਂ ਦੇ ਉੱਪਰ ਚਮਕ ਮਾਰੀਆਂ ਮਹਿੰਗੀਆਂ ਲਾਈਟਾਂ ਤਾਂ ਲਗਾ ਦਿੱਤੀਆਂ ਹਨ ਪਰ ਫੁੱਟਪਾਥਾਂ ’ਤੇ ਸੌਣ ਵਾਲਿਆਂ ਦਾ ਕੋਈ ਹੱਲ ਨਹੀਂ ਕੀਤਾ ਹੈ। ਪੰਜਾਬ ਦੇ ਉਨ੍ਹਾਂ ਮਾਪਿਆਂ ਨੂੰ ਪੁੱਛੋ ਜਿਨ੍ਹਾਂ ਨੂੰ ਨੀਂਦ ਹੀ ਨਹੀਂ ਆਉਂਦੀ। ਬਹੁਤੇ ਮਾਪਿਆਂ ਦੇ ਜਾਏ ਨਸ਼ਿਆਂ ਵਿੱਚ ਹੜ ਗਏ ਹਨ। ਸ਼ਰਾਬ ਦੇ ਕਾਰੋਬਾਰੀ ਲੋਕਾਂ ਨੇ ਸ਼ਰਾਬ ਦੀ ਬੋਤਲ ਤੇ ਹੁਣ ਭੰਗੜਾ ਪਾਉਂਦੇ ਗੱਭਰੂਆਂ ਦੀ ਤਸਵੀਰ ਲਗਾ ਦਿੱਤੀ ਹੈ। ਇਹੋ ਤਸਵੀਰ ਪਹਿਲਾਂ ਦੇਸੀ ਘਿਓ ਦੇ ਡੱਬਿਆਂ ’ਤੇ ਲੱਗਦੀ ਸੀ। ਪੰਜਾਬ ਵਿੱਚ ਮਾਪੇ ਨਸ਼ਿਆਂ ਦੀ ਰੋਕਥਾਮ ਮੰਗਦੇ ਹਨ। ਉਨ੍ਹਾਂ ਨੂੰ ਸਿਆਸੀ ਡਰਾਮਾ ਹੁਣ ਚੰਗਾ ਨਹੀਂ ਲੱਗਦਾ। ਜਵਾਨ ਧੀਆਂ ਵਾਲੇ ਮਾਪੇ ਤਾਂ ਸ਼ਰੁਤੀ ਕਾਂਡ ਮਗਰੋਂ ਹੋਰ ਵੀ ਸਹਿਮ ਗਏ ਹਨ।

ਪੰਜਾਬ ਵਿੱਚ ਤਾਂ ਪਿੰਡ ਦੀ ਕੁੜੀ ਪੂਰੇ ਪਿੰਡ ਦੀ ਧੀ ਹੁੰਦੀ ਸੀ, ਹੁਣ ਜਦੋਂ ਤਕ ਇਹੋ ਧੀ ਸੁੱਖ ਨਾਲ ਸ਼ਾਮ ਨੂੰ ਘਰ ਨਹੀਂ ਪਰਤ ਆਉਂਦੀ, ਉਦੋਂ ਤਕ ਮਾਪਿਆਂ ਦੇ ਸਾਹ ਸੁੱਕੇ ਰਹਿੰਦੇ ਹਨ। ਜਦੋਂ ਕਿਤੇ ਨੰਨ੍ਹੀ ਛਾਂ ’ਤੇ ਕੋਈ ਬਿਪਤਾ ਪੈਂਦੀ ਹੈ ਤਾਂ ਨੇਤਾ ਲੋਕ ਫ਼ਰੀਦਕੋਟ ਦਾ ਵੀ ਰਾਹ ਭੁੱਲ ਜਾਂਦੇ ਹਨ। ਬਹੁਤੀ ਪੁਲੀਸ ਤਾਂ ਪੂਰਾ ਦਿਨ ਨੇਤਾਵਾਂ ਅਤੇ ਅਫ਼ਸਰਾਂ ਦੇ ਦੌਰਿਆਂ ਅਤੇ ਰਾਖੀ ਵਿੱਚ ਜੁਟੀ ਰਹਿੰਦੀ ਹੈ ਜਿਸ ਕਰਕੇ ਪੁਲੀਸ ਕੋਲ ਆਮ ਲੋਕਾਂ ਦੀ ਸੁਰੱਖਿਆ ਲਈ ਸਮਾਂ ਨਹੀਂ ਬਚਦਾ।

ਪੰਜਾਬ ਦਾ ਵਿਕਾਸ ਹੋਇਆ ਹੈ ਤਾਂ ਇੱਥੋਂ ਦੇ ਲੋਕ ਕਿਉਂ ਅੱਜ ਵੀ ਬੁਨਿਆਦੀ ਲੋੜਾਂ ਨਾਲ ਦੋ ਚਾਰ ਹੋ ਰਹੇ ਹਨ? ਅੱਜ ਲੋੜ ਇਸ ਗੱਲ ਦੀ ਹੈ ਕਿ ਸਿਆਸੀ ਧਿਰਾਂ ਲੋਕਾਂ ਨੂੰ ਵੋਟ ਦੀ ਥਾਂ ਇਨਸਾਨ ਸਮਝਣ। ਵੋਟ ਸਿਆਸਤ ਤੋ ਲਾਂਭੇ ਹੋ ਕੇ ਪੰਜਾਬ ਨੂੰ ਅਸਲੀ ਰੂਪ ਵਿੱਚ ਪੈਰਾਂ ਸਿਰ ਕਰਨ। ਲੋਕਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਵੇ। ਲੋਕਾਂ ਤੋਂ ਪ੍ਰਾਪਤ ਟੈਕਸ ਸਹੀ ਥਾਂ ਤੇ ਲਾਇਆ ਜਾਵੇ। ਸਰਕਾਰ ਖ਼ੁਦ ਸ਼ਾਹੀ ਖ਼ਰਚਿਆਂ ਨੂੰ ਘਟਾਏ ਤੇ ਲੋਕਾਂ ਲਈ ਸਿਹਤ ਅਤੇ ਸਿੱਖਿਆ ਦੀ ਸਹੂਲਤ ਦਾ ਪ੍ਰਬੰਧ ਕਰੇ। ਪੰਜਾਬ ਦੇ ਲੋਕ ਤੰਦਰੁਸਤ ਹੋਣਗੇ ਤਾਂ ਪੰਜਾਬ ਦੀ ਸਿਹਤ ਵੀ ਠੀਕ ਰਹੇਗੀ। ਕਲਿਆਣਕਾਰੀ ਰਾਜ ਹੋਣ ਦਾ ਸਿਹਰਾ ਫਿਰ ਖ਼ੁਦ-ਬ-ਖ਼ੁਦ ਸਰਕਾਰ ਸਿਰ ਬੱਝ ਜਾਏਗਾ।

ਚਰਨਜੀਤ ਭੁੱਲਰ
ਲੇਖ਼ਕ ਸੀਨੀਅਰ ਪੱਤਰਕਾਰ ਹਨ।
94170-11171

Monday, October 22, 2012

ਭੱਜੀਆਂ ਹੋਈਆਂ ਕੁੜੀਆਂ

ਆਲੋਕਧਨਵਾ
ਬਿਹਾਰ ਦੇ ਮੁੰਗੇਰ ਜ਼ਿਲ੍ਹੇ 'ਚ ਜਨਮੇ ਆਲੋਕਧਨਵਾ 70ਵਿਆਂ ਦੇ ਦਹਾਕੇ 'ਚ ਇਕ ਚਰਚਿਤ ਕਵੀ ਦੇ ਰੂਪ 'ਚ ਹਿੰਦੀ ਪੱਟੀ 'ਤੇ ਛਾਏ ਰਹੇ।'ਜਨਤਾ ਦਾ ਆਦਮੀ', 'ਬਰੂਨੋ ਦੀਆਂ ਕੁੜੀਆਂ', 'ਕੱਪੜੇ ਦੇ ਜੁੱਤੇ', 'ਦੁਨੀਆ ਰੋਜ਼ ਬਦਲਦੀ ਹੈ' ਤੇ 'ਭੱਜੀਆਂ ਹੋਈਆਂ ਕੁੜੀਆਂ' ਜਿਹੀਆਂ ਕਵਿਤਾਵਾਂ ਕਾਫੀ ਪ੍ਰਸਿੱਧ ਹੋਈਆਂ।ਪੰਜਾਬ ਦੀ ਧਰਤੀ ਨਾਲ ਉਨ੍ਹਾਂ ਦਾ ਰਾਬਤਾ ਅਮਰਜੀਤ ਚੰਦਨ ਤੇ ਪਾਸ਼ ਜ਼ਰੀਏ ਰਿਹਾ।ਉਨ੍ਹਾਂ ਦੀ ਪਿਆਰ ਵਿਰੁੱਧ ਖੜ੍ਹੀ ਸੱਭਿਅਤਾ ਨੂੰ ਸੰਬੋਧਤ ਲੰਮੀ ਕਵਿਤਾ 'ਭੱਜੀਆਂ ਹੋਈਆਂ ਕੁੜੀਆਂ' ਦੇ ਕੁਝ ਹਿੱਸੇ ਦਾ ਪੰਜਾਬੀ ਤਰਜ਼ਮਾ ਕਰ ਰਹੇ ਹਾਂ।-ਯਾਦਵਿੰਦਰ ਕਰਫਿਊ
ਸੁਪਨੀਲੀ ਉਮਰ 'ਚ ਅਮਰਜੀਤ ਚੰਦਨ,ਮ੍ਰਿਤਯੂਬੋਧ,ਆਲੋਕਧਨਵਾ ਤੇ ਪਾਸ਼(ਨਕੋਦਰ-1973)







ਭੱਜੀਆਂ ਹੋਈਆਂ ਕੁੜੀਆਂ 

ਓਹਨੂੰ ਮਿਟਾਓਗੇ 
ਇਕ ਭੱਜੀ ਹੋਈ ਕੁੜੀ ਨੂੰ ਮਿਟਾਓਗੇ 
ਉਸਦੇ ਹੀ ਘਰ ਦੀ ਹਵਾ 'ਚੋਂ 
ਓਹਨੂੰ ਓਥੋਂ ਵੀ ਮਿਟਾਓਗੇ
ਉਸਦਾ ਜੋ ਬਚਪਨ ਹੈ ਤੁਹਾਡੇ ਅੰਦਰ
ਓਥੋਂ ਵੀ 
ਮੈਂ ਜਾਣਦਾ ਹਾਂ
ਕੁਲੀਨਤਾ ਦੀ ਹਿੰਸਾ!

ਪਰ ਓਹਦੇ ਭੱਜਣ ਦੀ ਗੱਲ
ਯਾਦ 'ਚੋਂ ਨਹੀਂ ਜਾਵੇਗੀ
ਪੁਰਾਣੀਆਂ ਪੌਣ ਚੱਕੀਆਂ ਦੀ ਤਰ੍ਹਾਂ।

ਉਹ ਪਹਿਲੀ ਕੁੜੀ ਨਹੀਂ ਹੈ 
ਜੋ ਭੱਜੀ ਹੈ 
ਤੇ ਨਾ ਉਹ ਆਖਰੀ ਕੁੜੀ ਹੋਵੇਗੀ 
ਅਜੇ ਹੋਰ ਵੀ ਮੁੰਡੇ ਹੋਣਗੇ
 ਤੇ ਕੁੜੀਆਂ ਹੋਣਗੀਆਂ
ਜੋ ਭੱਜਣਗੇ ਮਾਰਚ ਦੇ ਮਹੀਨੇ 'ਚ

ਕੁੜੀ ਭੱਜਦੀ ਹੈ
ਫੁੱਲਾਂ 'ਚ ਗੁਆਚਦੀ ਹੋਈ
ਤੈਰਾਕੀ ਦੀ ਪੁਸ਼ਾਕ 'ਚ ਦੌੜਦੀ ਹੋਈ
ਖਚਾਖਚ ਭਰੇ ਸਟੇਡੀਅਮ 'ਚ

ਜੇ ਇਕ ਕੁੜੀ ਭੱਜਦੀ ਹੈ 
ਤਾਂ ਇਹ ਹਮੇਸ਼ਾਂ ਜ਼ਰੂਰੀ ਨਹੀਂ ਹੈ 
ਕਿ ਕੋਈ ਮੁੰਡਾ ਵੀ ਭੱਜਿਆ ਹੋਵੇਗਾ। 
ਕਈ ਦੂਜੇ ਜੀਵਨ ਪ੍ਰਸੰਗ ਹਨ
ਜਿਨ੍ਹਾਂ ਨਾਲ ਉਹ ਜਾ ਸਕਦੀ ਹੈ।
ਕੁਝ ਵੀ ਕਰ ਸਕਦੀ ਹੈ
ਮਹਿਜ਼ ਜਨਮ ਦੇਣਾ ਔਰਤ ਹੋਣਾ ਨਹੀਂ ਹੈ।

ਤੁਹਾਡੇ ਉਨ੍ਹਾਂ ਟੈਂਕਾਂ ਜਿਹੇ ਬੰਦ ਤੇ ਮਜ਼ਬੂਤ ਘਰਾਂ ਤੋਂ ਬਾਹਰ 
ਕੁੜੀਆਂ ਕਾਫੀ ਬਦਲ ਚੁੱਕੀਆਂ ਹਨ। 
ਮੈਂ ਤੁਹਾਨੂੰ ਇਹ ਇਜਾਜ਼ਤ ਨਹੀਂ ਦੇਵਾਂਗਾ
ਕਿ ਤੁਸੀਂ ਉਸਦੀ ਸੰਭਾਵਨਾ ਦੀ ਵੀ ਤਰੱਕੀ ਕਰੋ
ਉਹ ਕਿਤੇ ਵੀ ਹੋ ਸਕਦੀ ਹੈ
ਡਿੱਗ ਸਕਦੀ ਹੈ
ਖਿੰਡ ਸਕਦੀ ਹੈ
ਪਰ ਉਹ ਖ਼ੁਦ ਸ਼ਾਮਲ ਹੋਵੇਗੀ
ਸਭ ਗਲਤੀਆਂ ਵੀ ਖ਼ੁਦ ਹੀ ਕਰੇਗੀ
ਸਭ ਕੁਝ ਦੇਖੇਗੀ ਸ਼ੁਰੂ ਤੋਂ ਅੰਤ ਤੱਕ
ਆਪਣਾ ਅੰਤ ਵੀ ਦੇਖਦੀ ਹੋਈ ਜਾਵੇਗੀ
ਕਿਸੇ ਦੀ ਮੌਤ ਨਹੀਂ ਮਰੇਗੀ

ਤੁਸੀਂ ਜੋ ਪਤਨੀਆਂ ਨੂੰ ਵੱਖ ਰੱਖਦੇ ਹੋ 
ਵੇਸਬਾਵਾਂ ਤੋਂ 
ਤੇ ਪ੍ਰੇਮਕਾਵਾਂ ਨੂੰ ਵੱਖ ਰੱਖਦੇ ਹੋ ਪਤਨੀਆਂ ਤੋਂ 
ਕਿੰਨਾ ਦਹਿਸ਼ਤਜ਼ਦਾ ਹੁੰਦੇ ਹੋ
ਜਦੋਂ ਔਰਤ ਬੇਖੌਫ ਭਟਕਦੀ ਹੈ
ਲੱਭਦੀ ਹੋਈ ਆਪਣਾ ਵਿਅਕਤੀਤੱਵ
ਇਕੋ ਹੀ ਸਮੇਂ ਵੇਸਬਾਵਾਂ ਤੇ ਪ੍ਰੇਮਕਾਵਾਂ
ਤੇ ਪਤਨੀਆਂ 'ਚ।

ਕਿੰਨੀਆਂ ਹੀ ਕੁੜੀਆਂ ਭੱਜਦੀਆਂ ਨੇ 
ਮਨ ਹੀ ਮਨ 
ਆਪਣੇ ਉਨੀਂਦਰੇ,ਆਪਣੀ ਡਾਇਰੀ 'ਚ
ਸੱਚਮੁੱਚ ਦੀਆਂ ਭੱਜੀਆਂ ਕੁੜੀਆਂ ਤੋਂ
ਉਨ੍ਹਾਂ ਦੀ ਅਬਾਦੀ ਬਹੁਤ ਵੱਡੀ ਹੈ।

Wednesday, October 17, 2012

'ਪਵਿੱਤਰ ਮੀਡੀਆ' ਦੇ ਕਾਲੇ ਕਾਰੋਬਾਰ

'ਟਾਈਮਜ਼ ਆਫ ਇੰਡੀਆ' ਸਮੂਹ ਦੇ ਮੁਖੀ ਜੈਨ ਭਰਾਵਾਂ-ਸਮੀਰ ਤੇ ਵਿਨੀਤ ਬਾਰੇ ਅਮਰੀਕੀ ਪੰਦਰਵਾੜਾ ਪੱਤ੍ਰਿਕਾ 'ਨਿਊ ਯਾਰਕਰ' ਨੇ ਜੋ ਕੁਝ ਕਿਹਾ ਹੈ, ਉਹ ਬਹੁਤੇ ਲੋਕਾਂ ਨੂੰ ਪਤਾ ਹੈ। ਇਸ ਪੱਤ੍ਰਿਕਾ ਦਾ ਏਨਾ ਯੋਗਦਾਨ ਜ਼ਰੂਰ ਹੈ ਕਿ ਇਸ ਨੇ ਇਸ ਸਬੰਧੀ ਸ਼ੰਕਿਆਂ ਨੂੰ ਦੂਰ ਕੀਤਾ ਹੈ ਅਤੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਦੇਸ਼ ਦਾ ਸਭ ਤੋਂ ਵੱਡਾ ਮੀਡੀਆ ਸਮੂਹ ਇਹ ਮੰਨਦਾ ਹੈ ਕਿ ਅਖ਼ਬਾਰ ਦੇ ਪੰਨਿਆਂ ਲਈ ਪਵਿੱਤਰਤਾ ਨਾਂਅ ਦੀ ਕੋਈ ਚੀਜ਼ ਨਹੀਂ ਹੈ ਅਤੇ ਇਸ ਦਾ ਹਰ ਕਾਲਮ ਪੈਸਾ ਲੈ ਕੇ ਵੇਚਿਆ ਜਾ ਸਕਦਾ ਹੈ, ਕਿਉਂਕਿ ਇਸ ਦੇ ਮਾਲਕਾਂ ਲਈ ਅਖ਼ਬਾਰ ਪਾਊਡਰ ਜਾਂ ਦੰਤ ਮੰਜਨ ਦੀ ਤਰ੍ਹਾਂ ਵੇਚਿਆ-ਖਰੀਦਿਆ ਜਾਣ ਵਾਲਾ ਇਕ ਮਾਲ ਹੈ।

ਪਾਠਕ ਨੂੰ ਇਹ ਜਾਣ ਕੇ ਧੱਕਾ ਲੱਗ ਸਕਦਾ ਹੈ ਕਿ ਉਹ ਜਿਨ੍ਹਾਂ ਖ਼ਬਰਾਂ ਨੂੰ ਉਤਸੁਕਤਾ ਨਾਲ ਪੜ੍ਹਦਾ ਹੈ, ਉਨ੍ਹਾਂ ਵਿਚੋਂ ਕਈ, ਕੁਝ ਅਖ਼ਬਾਰਾਂ ਵੱਲੋਂ ਪੈਸਾ ਲੈ ਕੇ ਛਾਪੀਆਂ ਗਈਆਂ ਖ਼ਬਰਾਂ ਹੁੰਦੀਆਂ ਹਨ। ਉਸ ਦੀ ਨਿਰਾਸ਼ਾ ਤੇ ਬੇਵਸੀ ਇਸ ਕਰਕੇ ਹੋਰ ਵਧ ਜਾਂਦੀ ਹੈ ਕਿਉਂਕਿ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਸੇ ਖ਼ਬਰ ਦਾ ਕਿਹੜਾ ਹਿੱਸਾ ਸਹੀ ਅਰਥਾਂ ਵਿਚ ਖ਼ਬਰ ਹੈ ਤੇ ਕਿਹੜਾ ਫਰਜ਼ੀ ਹੈ।

ਸੰਪਾਦਕੀ ਮਰਿਆਦਾ ਨੂੰ ਇਸ ਤਰ੍ਹਾਂ ਤੋੜਨਾ ਜੈਨ ਭਰਾਵਾਂ ਨੂੰ ਪ੍ਰੇਸ਼ਾਨ ਨਹੀਂ ਕਰਦਾ ਕਿਉਂਕਿ ਉਹ ਇਸ ਪੇਸ਼ੇ ਨੂੰ ਪੈਸੇ ਕਮਾਉਣ ਵਾਲੇ ਧੰਦੇ ਵਜੋਂ ਲੈਂਦੇ ਹਨ। ਉਹ ਇਸ ਗੱਲ 'ਤੇ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਕਦਰਾਂ-ਕੀਮਤਾਂ ਨੂੰ ਤਾਰ-ਤਾਰ ਕਰ ਦਿੱਤਾ ਹੈ, ਫਿਰ ਵੀ ਉਹ ਭਾਰਤ ਦੀ ਨੰਬਰ ਇਕ ਅਖ਼ਬਾਰ ਦੇ ਮਾਲਕ ਬਣੇ ਹੋਏ ਹਨ। ਏਨਾ ਹੀ ਨਹੀਂ, ਉਹ ਸ਼ਾਇਦ ਦੁਨੀਆ ਦੀ ਕਿਸੇ ਵੀ ਅਖ਼ਬਾਰ ਤੋਂ ਜ਼ਿਆਦਾ ਪੈਸਾ ਕਮਾ ਰਹੇ ਹਨ। ਰੁਪਰਟ ਮਰਡੌਕ ਦਾ ਮੀਡੀਆ ਸਾਮਰਾਜ 'ਟਾਈਮਜ਼ ਆਫ ਇੰਡੀਆ' ਨਾਲੋਂ 20 ਗੁਣਾ ਵੱਡਾ ਹੈ, ਫਿਰ ਵੀ ਉਸ ਦਾ ਮੁਨਾਫ਼ਾ ਘੱਟ ਹੈ। ਆਪਣੇ 9 ਸਫ਼ਿਆਂ ਦੇ ਲੇਖ ਵਿਚ ਇਸ ਪੱਤ੍ਰਿਕਾ ਨੇ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਜੈਨ ਭਰਾ ਪੱਤਰਕਾਰੀ ਨੂੰ ਮਹਿਜ਼ ਜ਼ਰੂਰੀ ਯੱਬ ਦੀ ਤਰ੍ਹਾਂ ਦੇਖਦੇ ਹਨ ਅਤੇ ਇਸ਼ਤਿਹਾਰ ਦਾਤਿਆਂ ਨੂੰ ਅਸਲੀ ਗਾਹਕ ਮੰਨਦੇ ਹਨ। ਇਸ ਵਿਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਕਿ 'ਟਾਈਮਜ਼ ਆਫ ਇੰਡੀਆ' ਦੀ ਪ੍ਰਿੰਟ ਲਾਈਨ ਵਿਚ ਸੰਪਾਦਕ ਦਾ ਨਾਂਅ ਨਹੀਂ ਛਪਦਾ, ਕਿਉਂਕਿ ਅਖ਼ਬਾਰ ਵਿਚ ਕੋਈ ਸੰਪਾਦਕ ਹੈ ਹੀ ਨਹੀਂ।

ਕਿਸੇ ਨੇ ਬਹੁਤ ਪਹਿਲਾਂ ਕਿਹਾ ਸੀ ਕਿ ਅਖ਼ਬਾਰ ਵਿਚ ਲਿਖਣਾ ਇਸ਼ਤਿਹਾਰ ਦੀ ਪਿੱਠ 'ਤੇ ਲਿਖਣ ਜਿਹਾ ਹੁੰਦਾ ਹੈ। ਜੈਨ ਭਰਾ ਇਸ ਕਥਨ ਦਾ ਪੂਰੀ ਤਰ੍ਹਾਂ ਅਨੁਸਰਨ ਕਰਦੇ ਹਨ। 'ਅਸੀਂ ਜਾਣਦੇ ਸੀ ਕਿ ਅਸੀਂ ਲੋਕ ਸ੍ਰੇਸ਼ਠ ਪਾਠਕਾਂ ਨੂੰ ਇਕੱਠਾ ਕਰਨ ਦੇ ਕਾਰੋਬਾਰ ਵਿਚ ਹਾਂ। ਇਸ ਤੋਂ ਪਹਿਲਾਂ ਅਸੀਂ ਇਸ਼ਤਿਹਾਰ ਦੀ ਜਗ੍ਹਾ ਵੇਚਿਆ ਕਰਦੇ ਸੀ।' 'ਨਿਊ ਯਾਰਕਰ' ਵਿਚ ਜੈਨ ਭਰਾਵਾਂ ਦਾ ਕੋਈ ਸਿੱਧਾ ਹਵਾਲਾ ਨਹੀਂ ਹੈ। ਸ਼ਾਇਦ ਉਨ੍ਹਾਂ ਨੇ ਇੰਟਰਵਿਊ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੋਵੇਗਾ।
ਜੈਨ ਭਰਾ

ਫਿਰ ਵੀ ਉਨ੍ਹਾਂ ਦੇ ਨੌਕਰਾਂ (ਸ਼ੁਕਰ ਹੈ ਕਿ ਇਨ੍ਹਾਂ ਵਿਚ ਸੰਪਾਦਕੀ ਮਹਿਕਮੇ ਦਾ ਕੋਈ ਵੀ ਮੈਂਬਰ ਨਹੀਂ ਸੀ) ਨੇ ਉਨ੍ਹਾਂ ਦੀ ਸੋਚ ਦੀ ਝਲਕ ਦਿਖਾਈ। ਇਕ ਨੌਕਰ ਨੇ ਕਿਹਾ, 'ਸੰਪਾਦਕਾਂ ਦੀ ਉੱਚੇ ਮੰਚ 'ਤੇ ਖੜ੍ਹੇ ਹੋ ਕੇ ਲੰਮੇ-ਲੰਮੇ ਵਾਕ ਬੋਲਣ ਵਾਲੇ ਪਖੰਡੀ ਬਣਨ ਦੀ ਕੋਸ਼ਿਸ਼ ਰਹਿੰਦੀ ਹੈ।' ਵਿਨੀਤ ਜੈਨ ਖ਼ੁਦ ਇਸ ਗੱਲ ਨੂੰ ਲੈ ਕੇ ਸਪੱਸ਼ਟ ਹਨ ਕਿ ਅਖ਼ਬਾਰ ਦੇ ਧੰਦੇ ਵਿਚ ਕਾਮਯਾਬੀ ਹਾਸਲ ਕਰਨ ਲਈ ਤੁਹਾਨੂੰ ਸੰਪਾਦਕ ਦੀ ਤਰ੍ਹਾਂ ਨਹੀਂ ਸੋਚਣਾ ਚਾਹੀਦਾ, 'ਜੇਕਰ ਤੁਸੀਂ ਸੰਪਾਦਕ ਵਰਗਾ ਦਿਮਾਗ ਰੱਖੋਗੇ ਤਾਂ ਫਿਰ ਤੁਸੀਂ ਹਰ ਫ਼ੈਸਲਾ ਗ਼ਲਤ ਲਵੋਗੇ।

' ਸਚਮੁੱਚ, ਜੈਨ ਭਰਾਵਾਂ ਨੇ ਅਖ਼ਬਾਰ ਨੂੰ 'ਖ਼ਬਰ' ਦਾ ਕਾਗਜ਼ ਬਣਾ ਦਿੱਤਾ ਹੈ। ਪਰ ਅਜਿਹਾ ਇਸ ਕਾਰਨ ਹੋਇਆ ਹੈ ਕਿ ਉਹ ਆਪਣੀਆਂ ਅਖ਼ਬਾਰਾਂ ਦੀ ਪੈਕੇਜਿੰਗ, ਕੀਮਤ ਘਟਾਉਣ ਅਤੇ ਇਨ੍ਹਾਂ ਨੂੰ ਪੀਲੀ ਪੱਤਰਕਾਰੀ ਦੀ ਪੱਧਰ ਤੱਕ ਥੱਲੇ ਲਿਆਉਣ ਦੀ ਕਲਾ ਵਿਚ ਮਾਹਿਰ ਬਣ ਚੁੱਕੇ ਹਨ। ਫਿਰ ਵੀ ਉਹ ਕੋਈ ਪ੍ਰਵਾਹ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਪੇਸ਼ੇ ਨੂੰ ਸਨਅਤ ਵਿਚ ਤਬਦੀਲ ਕਰਨ ਦਾ ਹੁਨਰ ਆਉਂਦਾ ਹੈ। ਉਨ੍ਹਾਂ ਨੂੰ ਸੰਪਾਦਕ ਥੋਕ ਵਿਚ ਮਿਲ ਜਾਂਦੇ ਹਨ।

ਮੈਨੂੰ ਯਾਦ ਹੈ, 'ਟਾਈਮਜ਼ ਆਫ ਇੰਡੀਆ' ਦੇ ਤਤਕਾਲੀਨ ਸੰਪਾਦਕ ਗਿਰੀ ਲਾਲ ਜੈਨ ਨੇ ਮੈਨੂੰ ਫੋਨ ਕਰਕੇ ਆਪਣੇ ਮਾਲਕ ਅਸ਼ੋਕ ਜੈਨ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ, ਨਾਲ ਗੱਲ ਕਰਕੇ ਉਨ੍ਹਾਂ ਨੂੰ ਇਹ ਆਖਣ ਨੂੰ ਕਿਹਾ ਸੀ ਕਿ ਸਮੀਰ ਤੋਂ ਗਿਰੀ ਲਾਲ ਦਾ ਪਿੱਛਾ ਛੁਡਵਾ ਦਿਓ। ਗਿਰੀ ਨੇ ਕਿਹਾ ਕਿ ਅਸ਼ੋਕ ਜੈਨ ਦੀਆਂ ਤਰਜੀਹਾਂ ਭਾਵੇਂ ਜੋ ਮਰਜ਼ੀ ਹੋਣ, ਪਰ ਉਹ ਉਸ ਦੇ ਨਾਲ ਚੰਗਾ ਵਿਹਾਰ ਕਰਦੇ ਹਨ। ਪਰ ਸਮੀਰ ਦਾ ਵਿਹਾਰ ਅਪਮਾਨਜਨਕ ਹੁੰਦਾ ਹੈ। ਮੇਰੇ ਗੱਲ ਕਰਨ 'ਤੇ ਅਸ਼ੋਕ ਜੈਨ ਨੇ ਜਵਾਬ ਵਿਚ ਕਿਹਾ ਕਿ ਉਹ ਕਈ ਗਿਰੀ ਲਾਲ ਖਰੀਦ ਲੈਣਗੇ ਪਰ ਇਕ ਵੀ ਸਮੀਰ ਜਿਹਾ ਨਹੀਂ ਲੱਭ ਸਕਣਗੇ, ਜਿਸ ਨੇ ਉਨ੍ਹਾਂ ਦੀ ਆਮਦਨ 8 ਗੁਣਾ ਵਧਾ ਦਿੱਤੀ ਹੈ। ਇਸੇ ਤਰ੍ਹਾਂ ਮਲਹੋਤਰਾ ਨੇ ਇਕ ਵਾਰ ਮੈਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਸੀਨੀਅਰ ਪੱਤਰਕਾਰਾਂ ਨੂੰ ਸਮੀਰ ਜੈਨ ਆਪਣੇ ਕਮਰੇ ਵਿਚ ਜ਼ਮੀਨ 'ਤੇ ਬਿਠਾਉਂਦੇ ਸਨ ਅਤੇ ਉਨ੍ਹਾਂ ਤੋਂ ਅਖ਼ਬਾਰ ਵੱਲੋਂ ਭੇਜੇ ਜਾਣ ਵਾਲੇ ਕਾਰਡਾਂ 'ਤੇ ਨਿਮੰਤ੍ਰਿਤ ਵਿਅਕਤੀਆਂ ਦੇ ਨਾਂਅ ਲਿਖਵਾਉਂਦੇ ਸਨ। ਜੈਨ ਭਰਾਵਾਂ ਨੇ ਆਪਣੇ ਕਾਰੋਬਾਰ ਵਿਚ ਪੈਸਾ ਕਮਾਉਣ ਲਈ ਜੋ ਕੁਝ ਕੀਤਾ ਹੈ, ਉਸ ਦੇ ਕਾਰਨ ਅਖ਼ਬਾਰ ਮਹਿਜ਼ ਇਕ ਗੱਪ-ਸ਼ੱਪ ਦਾ ਪੰਨਾ ਬਣ ਕੇ ਰਹਿ ਗਈ ਹੈ। ਪੱਤਰਕਾਰੀ ਉਨ੍ਹਾਂ ਲਈ ਆਪਣਾ ਧੰਦਾ ਪ੍ਰਫੁੱਲਿਤ ਕਰਨ ਦਾ ਮਾਧਿਅਮ ਹੈ। ਇਹ ਅਖ਼ਬਾਰ ਸਮੂਹ ਪ੍ਰੇਰਨਾ ਦਾ ਸੋਮਾ ਨੌਜਵਾਨਾਂ ਨਾਲ ਸੰਵਾਦ ਰਚਾਉਣ ਨੂੰ ਪਹਿਲ ਦਿੰਦਾ ਹੈ। ਗਰੀਬੀ ਸਬੰਧੀ ਖ਼ਬਰਾਂ ਨੂੰ ਹੇਠਾਂ ਰੱਖਦਾ ਹੈ।

ਪਿਛਲੇ ਕੁਝ ਸਾਲਾਂ ਤੋਂ ਅਖ਼ਬਾਰਾਂ ਵਿਚ ਪ੍ਰਬੰਧਨ ਤੇ ਇਸ਼ਤਿਹਾਰ ਮਹਿਕਮਿਆਂ ਦੀ ਅਹਿਮੀਅਤ ਵਧ ਗਈ ਹੈ। ਮੈਨੂੰ ਲਗਦਾ ਹੈ ਕਿ ਐਮਰਜੈਂਸੀ ਦੌਰਾਨ ਪ੍ਰੈੱਸ ਦਾ ਪਾਲਤੂ ਰਵੱਈਆ ਰਿਹਾ ਹੈ। ਉਸ ਦੇ ਕਾਰਨ ਵੀ ਕਾਰੋਬਾਰੀ ਹਿਤ ਅੱਗੇ ਹੋਏ ਹਨ। ਜਦੋਂ ਇਹ ਦੇਖ ਲਿਆ ਗਿਆ ਕਿ ਪੱਤਰਕਾਰ ਬਿਨਾਂ ਸੰਘਰਸ਼ ਤੋਂ ਝੁਕ ਸਕਦੇ ਹਨ ਤਾਂ ਫਿਰ ਪ੍ਰਬੰਧਕੀ ਮਹਿਕਮਾ ਪੱਤਰਕਾਰਾਂ ਦੀ ਪੁਰਾਣੀ ਅਹਿਮੀਅਤ ਨੂੰ ਘੱਟ ਕਰਨ ਲੱਗਾ। ਪੱਤਰਕਾਰ ਇਸ਼ਤਿਹਾਰ ਮਹਿਕਮੇ ਦੇ ਇਸ਼ਾਰਿਆਂ 'ਤੇ ਨੱਚਣ ਲੱਗੇ। ਅਸੀਂ ਲੋਕ ਜਿਸ ਪ੍ਰੈੱਸ ਨੋਟ 'ਤੇ 'ਬਿਜ਼ਨੈੱਸ ਮਸਟ' ਲਿਖਿਆ ਹੁੰਦਾ ਸੀ, ਉਸ ਨੂੰ ਕੂੜੇਦਾਨ 'ਚ ਸੁੱਟ ਦਿੰਦੇ ਸੀ।

ਬਿਜ਼ਨੈੱਸ ਤੇ ਸੰਪਾਦਕੀ ਮਹਿਕਮੇ ਵਿਚਕਾਰਲੇ ਸਬੰਧ ਫਿੱਕੇ ਪੈਣ ਕਾਰਨ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਪਾਬੰਦੀਆਂ ਲੱਗ ਗਈਆਂ ਹਨ ਤੇ ਰੋਜ਼ਾਨਾ ਦਾ ਦਖ਼ਲ ਵਧ ਗਿਆ ਹੈ। ਇਹ ਬਿਲਕੁਲ ਖੁੱਲ੍ਹਾ ਰਹੱਸ ਹੈ ਕਿ ਬਿਜ਼ਨੈਸ ਜਾਂ ਵਪਾਰ ਵਾਲਾ ਮਹਿਕਮਾ ਆਪਣੇ ਆਰਥਿਕ ਤੇ ਸਿਆਸੀ ਹਿਤਾਂ ਦੇ ਹਿਸਾਬ ਨਾਲ ਹੀ ਖ਼ਬਰ ਲਿਖਵਾਉਂਦਾ ਹੈ। ਅੱਜ ਬਹੁਤ ਸਾਰੇ ਅਖ਼ਬਾਰ ਮਾਲਕ ਰਾਜ ਸਭਾ ਦੇ ਮੈਂਬਰ ਹਨ। ਪਰ ਇਹ ਸਵਾਲ ਓਨਾ ਅਹਿਮ ਨਹੀਂ ਹੈ, ਜਿੰਨਾ ਅਹਿਮ ਇਹ ਤੱਥ ਹੈ ਕਿ ਇਹ ਅਖ਼ਬਾਰ ਲਾਭ ਪਾਉਣ ਲਈ ਰਾਜਨੀਤਕ ਪਾਰਟੀਆਂ ਨਾਲ ਸਬੰਧ ਬਣਾਉਂਦੇ ਹਨ।

ਪਾਰਟੀਆਂ ਜਾਂ ਲਾਭ ਦੇਣ ਵਾਲਿਆਂ ਪ੍ਰਤੀ ਉਨ੍ਹਾਂ ਦੀ ਅਹਿਸਾਨਮੰਦੀ ਤੇ ਨਜ਼ਦੀਕੀ, ਅਖ਼ਬਾਰਾਂ ਦੇ ਕਾਲਮਾਂ ਵਿਚ ਸਾਫ਼ ਝਲਕਦੀ ਹੈ। ਇਹੀ ਰਿਸ਼ਤਾ ਹੁਣ 'ਪੇਡ ਨਿਊਜ਼' (ਵਿਕੀਆਂ ਖ਼ਬਰਾਂ) ਵਿਚ ਬਦਲ ਗਿਆ ਹੈ। ਇਸ ਤਰੀਕੇ ਨਾਲ ਖ਼ਬਰਾਂ ਲਿਖਵਾਈਆਂ ਜਾਂਦੀਆਂ ਹਨ ਕਿ ਕਿਸੇ ਖਾਸ ਵਿਅਕਤੀ ਜਾਂ ਦ੍ਰਿਸ਼ਟੀਕੋਣ ਨੂੰ ਹੀ ਅੱਗੇ ਕੀਤਾ ਜਾ ਸਕੇ। ਪਾਠਕ ਨੂੰ ਕਦੇ-ਕਦਾਈਂ ਹੀ ਪਤਾ ਚਲਦਾ ਹੈ ਕਿ ਖ਼ਬਰ ਵਿਚ ਕਿਥੇ ਪ੍ਰਚਾਰ ਘੁਸਿਆ ਹੋਇਆ ਹੈ।

ਅਖ਼ਬਾਰਾਂ, ਟੀ. ਵੀ. ਤੇ ਰੇਡੀਓ ਚੈਨਲਾਂ ਦੇ ਹਰ ਪਹਿਲੂ 'ਤੇ ਵਿਚਾਰ ਕਰਨ ਲਈ ਮੀਡੀਆ ਕਮਿਸ਼ਨ ਦੇ ਗਠਨ ਦਾ ਸਮਾਂ ਆ ਚੁੱਕਾ ਹੈ। 1977 ਵਿਚ ਜਦੋਂ ਪਿਛਲੇ ਪ੍ਰੈੱਸ ਕਮਿਸ਼ਨ ਦਾ ਗਠਨ ਹੋਇਆ ਸੀ ਤਾਂ ਸਾਡੇ ਕੋਲ ਟੀ. ਵੀ. ਨਹੀਂ ਸਨ। ਮਾਲਕ ਅਤੇ ਸੰਪਾਦਕ, ਪੱਤਰਕਾਰ ਤੇ ਮਾਲਕਾਂ ਵਿਚਕਾਰਲੇ ਸਬੰਧ ਅਤੇ ਟੀ. ਵੀ. ਤੇ ਪ੍ਰਿੰਟ ਮੀਡੀਆ ਦੇ ਰਿਸ਼ਤੇ ਜਿਹੀਆਂ ਤਮਾਮ ਗੱਲਾਂ ਨੂੰ ਤੈਅ ਕਰਨ ਲਈ ਮੀਡੀਆ ਦੇ ਹਰ ਪਹਿਲੂ 'ਤੇ ਵਿਚਾਰ ਕਰਨ ਦੀ ਲੋੜ ਹੈ। ਕਈ ਅਖ਼ਬਾਰ ਮਾਲਕਾਂ ਨੇ ਵਰਕਿੰਗ ਜਰਨਲਿਸਟ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਠੇਕਾ ਪ੍ਰਣਾਲੀ ਸ਼ੁਰੂ ਕਰ ਦਿੱਤੀ ਹੈ। ਅੱਜ ਇਕ ਅਖ਼ਬਾਰ ਮਾਲਕ ਟੀ. ਵੀ. ਜਾਂ ਰੇਡੀਓ ਚੈਨਲ ਦਾ ਮਾਲਕ ਵੀ ਹੋ ਸਕਦਾ ਹੈ। ਇਸ ਕਾਰਨ ਇਕ ਗੁੱਟ ਬਣਨ ਲੱਗਾ ਹੈ ਜਿਸ ਨਾਲ ਅਖੀਰੀ ਤੌਰ 'ਤੇ ਪ੍ਰੈੱਸ ਦੀ ਆਜ਼ਾਦੀ ਪ੍ਰਭਾਵਿਤ ਹੁੰਦੀ ਹੈ।

ਸੱਤਾਧਾਰੀ ਪਾਰਟੀ ਆਪਣੇ ਕਾਰਨਾਂ ਕਰਕੇ ਮੀਡੀਆ ਕਮਿਸ਼ਨ ਬਹਾਲ ਨਹੀਂ ਕਰਨਾ ਚਾਹੁੰਦੀ। ਕੀ ਇਸ ਪਿੱਛੇ ਜੈਨ ਭਰਾਵਾਂ ਦਾ ਪ੍ਰਭਾਵ ਹੈ, ਜਿਨ੍ਹਾਂ ਨੇ ਕਈ ਸਵਾਲਾਂ ਦੇ ਜਵਾਬ ਦੇਣੇ ਹਨ? ਜੈਨ ਭਰਾਵਾਂ ਨੂੰ ਨਿਸਚਿਤ ਤੌਰ 'ਤੇ ਸਮਝਣਾ ਹੋਵੇਗਾ ਕਿ ਪੱਤਰਕਾਰ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਇਸ ਲਈ ਦਿੱਤੀ ਗਈ ਸੀ ਕਿ ਉਹ ਆਪਣੀ ਗੱਲ ਬਿਨਾਂ ਕਿਸੇ ਭੈਅ ਜਾਂ ਪੱਖਪਾਤ ਦੇ ਆਖ ਸਕਣ। ਜੇਕਰ ਸਿਰਫ ਬੰਸਰੀ ਵਜਾਉਣ ਵਾਲੀ ਸਥਿਤੀ ਹੋਵੇਗੀ ਤਾਂ ਇਸ ਨਾਲ ਅਜਿਹੀ ਆਜ਼ਾਦੀ 'ਤੇ ਗੰਭੀਰ ਸਵਾਲ ਉੱਠ ਖੜ੍ਹਾ ਹੋਵੇਗਾ। ਜਮਹੂਰੀ ਰਾਜ ਤੰਤਰ ਜਿਥੇ ਸੁਤੰਤਰ ਸੂਚਨਾ 'ਤੇ ਸੁਤੰਤਰ ਪ੍ਰਤੀਕਰਮ ਦੀ ਮੰਗ ਕਰਦਾ ਹੈ, ਵਿਚ ਪ੍ਰੈੱਸ ਕੁਝ ਲੋਕਾਂ ਦੀ ਮਰਜ਼ੀ ਮੁਤਾਬਿਕ ਨਹੀਂ ਚਲ ਸਕਦੀ। ਨਿਯੰਤ੍ਰਿਤ ਪ੍ਰੈੱਸ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਸੰਵਿਧਾਨਕ ਗਰੰਟੀ ਦੀ ਉਲੰਘਣਾ ਹੈ।

ਕੁਲਦੀਪ ਨਈਅਰ 
ਅਜੀਤ ਤੋਂ ਧੰਨਵਾਦ ਸਹਿਤ

Tuesday, October 16, 2012

ਮਲਾਲਾ 'ਤੇ ਹਮਲਾ:ਤਾਲਿਬਾਨੀ ਦਹਿਸ਼ਤਗਰਦੀ ਦੀ ਕਾਇਰ ਕਰਤੂਤ

ਦੁਨੀਆਂ ਅੰਦਰ ਵਾਪਰਦੇ ਇੱਕ ਤੋਂ ਬਾਅਦ ਇੱਕ ਅੱਤਵਾਦੀ ਹਮਲਿਆਂ ਕਾਰਨ,ਅੱਤਵਾਦੀ ਜੱਥੇਬੰਦੀਆਂ ਦੇ ਸਭ ਤੋਂ ਵੱਡੇ ਸਰਗਨੇ ਤਾਲਿਬਾਨ ਦੀ ਕਾਫੀ ਦਹਿਸ਼ਤ ਬਣੀ ਹੋਈ ਹੈ। ਜਿੱਥੇ ਦੁਨੀਆਂ ਦੇ ਹਰ ਕੋਨੇ ਅੰਦਰ ਅੱਤਵਾਦੀ ਦਹਿਸ਼ਤ ਦਾ ਸਾਇਆ ਲੋਕਾਂ ਨੂੰ ਕੰਬਣੀਆਂ ਛੇੜ ਰਿਹਾ ਹੈ, ਉਹਨਾਂ ਦੇ ਖ਼ਿਲਾਫ ਬੋਲਣ ਦਾ ਖਿਆਲ ਤੱਕ ਲੋਕਾਂ ਨੂੰ ਦਹਿਸ਼ਤਜ਼ਦਾ ਕਰ ਦਿੰਦਾ ਹੈ,ਉੱਥੇ ਤਾਲਿਬਾਨ ਦੇ ਗੜ੍ਹ ਅੰਦਰ ਰਹਿੰਦੇ ਜਨ ਸਧਾਰਨ ਦੀ ਦਸ਼ਾ ਕਿੰਨੀ ਮਾੜੀ ਹੋਵੇਗੀ?, ਕਿਆਸੀ ਵੀ ਨਹੀਂ ਜਾ ਸਕਦੀ।ਜਿੱਥੇ ਅੰਨ੍ਹੇ ਫਿਰਕੂ ਦਹਿਸ਼ਤਗਰਦ ਆਪਣੀਆਂ ਮਨਆਈਆਂ ਕਰਦੇ ਹਨ। ਆਏ ਦਿਨ ਸਧਾਰਨ ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ ਤੇ ਕਤਲ ਕਰਦੇ ਹਨ।ਔਰਤਾਂ ਦੇ ਪੜ੍ਹਨ-ਲਿਖਣ,ਬੋਲਣ ਤੇ ਬੁਰਕਾ ਪਹਿਨੇ ਬਗੈਰ ਘੁੰਮਣ ਤੇ ਪਾਬੰਦੀਆਂ ਮੜ੍ਹਦੇ ਹਨ। ਜਮਹੂਰੀ ਹੱਕਾਂ ਦਾ ਘਾਣ ਕਰਨ ਵਾਲੇ ਫ਼ਤਵੇ ਜਾਰੀ ਕਰਦੇ ਹਨ। ਅਜਿਹੀਆਂ ਦਮਘੋਟੂ ਹਾਲਤਾਂ 'ਚ ਰਹਿ ਰਹੇ ਲੋਕਾਂ ਤੇ ਉਨ੍ਹਾਂ ਦੇ ਬੱਚਿਆਂ ਦੀ ਮਾਨਸਿਕ ਦਸ਼ਾ ਕਿੰਨੀ ਨਪੀੜੀ ਹੋਈ ਹੋਵੇਗੀ?
ਸਵਾਤ ਘਾਟੀ ਤਾਲਿਬਾਨੀਆਂ ਦਾ ਗੜ ਮੰਨੀ ਜਾਂਦੀ ਹੈ। ਇਸ ਖੂਬਸੂਰਤ ਵਾਦੀ ਦੇ ਲੋਕ ਡਰ,ਸਹਿਮ ਤੇ ਚੁੱਪ ਦੇ ਹਨੇਰੇ 'ਚ 'ਜ਼ਿੰਦਗੀ ਕੱਟ' ਰਹੇ ਹਨ। ਇਹਨਾਂ ਹੁਸੀਨ ਵਾਦੀਆਂ 'ਚੋਂ ਦਲੇਰੀ ਤੇ ਹੌਂਸਲੇ ਨਾਲ ਭਰੀ ਹੋਈ ਇੱਕ 14 ਸਾਲਾ ਮਲਾਲਾ ਯੂਸਫ਼ਜ਼ਈ ਦੀ ਅਵਾਜ ਚਿੰਗਆੜੀ ਬਣ ਉੱਠਦੀ ਹੈ ਤੇ ਅੱਤਵਾਦੀ ਗੜ ਅੰਦਰ ਭਾਂਬੜ ਬਾਲ ਦਿੰਦੀ ਹੈ। 1998 'ਚ ਜਨਮੀ ਮਲਾਲਾ ਸਵਾਤ ਘਾਟੀ ਦੇ ਕਸਬੇ ਮੰਗੋਰਾ 'ਚ ਕਵੀ ਪਿਤਾ ਜ਼ਿਆ-ਉੱਦ-ਦੀਨ ਯੂਸਫ਼ਜ਼ਈ ਦੀ ਨਿਡਰ ਸੋਚ ਵਾਲੀ ਜਾਈ ਹੈ। ਉਹ ਬਚਪਨ ਤੋਂ ਹੀ ਸਵਾਤ ਦੀਆਂ ਸੁੰਦਰ ਵਾਦੀਆਂ ਅੰਦਰ ਤਾਲਿਬਾਨੀ ਦਹਿਸ਼ਤ ਦਾ ਨੰਗਾ ਨਾਚ ਅੱਖੀਂ ਵੇਖਦੀ ਆ ਰਹੀ ਹੈ। ਗਲੀਆਂ-ਸੜਕਾਂ ਤੇ ਮਨੁੱਖੀ ਲਾਸ਼ਾਂ ਦੇ ਢੇਰ ਕੋਲੋਂ ਲੰਘਦਿਆਂ,ਘਰਾਂ-ਸਕੂਲਾਂ ਅੰਦਰ ਅਨੇਕਾਂ ਪਾਬੰਦੀਆਂ ਦੇ ਜਾਰੀ ਹੁੰਦੇ ਫ਼ਤਵੇ ਸੁਣਦਿਆਂ,ਉਸਨੇ ਛੋਟੀ ਉਮਰੇ ਅੱਤਵਾਦੀ ਦਹਿਸ਼ਤੀ ਬਰਬਰਤਾ ਨੂੰ ਮਹਿਸੂਸ ਕਰ ਲਿਆ ਸੀ ਪਰ ਉਹ ਨਿਰਮਲ ਬਾਲ ਮਨ ਹਾਲੇ ਨਹੀਂ ਜਾਣਦਾ ਕਿ ਅੱਤਵਾਦ ਦੀ ਜੰਮਣ-ਭੋਂਇ ਤੇ ਇਸਦੀ ਕਬਰ ਕਿਵੇਂ ਪੁੱਟੀ ਜਾ ਸਕਦੀ ਹੈ।


ਮਲਾਲਾ ਨੇ ਆਪਣੇ ਅਨੁਭਵੀ ਵਿਚਾਰ ਬੀ.ਬੀ.ਸੀ. ਦੇ ਇੱਕ ਉਰਦੂ ਬਲਾਗ ਤੇ ਆਪਣੇ ਕਲਮੀ ਨਾਂ 'ਗੁਲ ਮੱਕਈ' ਹੇਠ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੇ ਤੇ ਦਿਨਾਂ 'ਚ ਹੀ ਉਸਦੀ ਅਵਾਜ ਕੌਮੀ-ਕੌਮਾਂਤਰੀ ਮੰਚ ਤੇ ਜਾਣੀ ਜਾਣ ਲੱਗੀ । ਉਸਨੂੰ ਕੌਮੀ-ਕੌਮਾਂਤਰੀ ਸ਼ਾਂਤੀ ਪੁਰਸਕਾਰ ਮਿਲੇ। ਉਸਨੇ ਇੱਕ ਰਾਜਨਿਤਕ ਪਾਰਟੀ ਬਣਾ ਕੇ ਅੱਤਵਾਦ ਖਤਮ ਕਰਕੇ ਅਮਨ-ਸ਼ਾਂਤੀ ਸਥਾਪਤ ਕਰਨ ਦਾ ਸੁਪਨਾ ਪਾਲਿਆ। ਉਸ ਨਿਡਰ ਬੱਚੀ ਦੀ ਅਵਾਜ,ਦਲੇਰੀ ਤੇ ਸੁਪਨਿਆਂ ਨੇ ਤਾਲਿਬਾਨੀ ਧੌਂਸ ਨੂੰ ਬੁਖਲਾ ਦਿੱਤਾ,ਦਹਿਸ਼ਤਗਰਦਾਂ ਨੇ ਆਪਣੇ ਗੈਰ-ਮਨੁੱਖੀ ਕਿਰਦਾਰ ਮੁਤਾਬਕ ਸਕੂਲ ਵੈਨ 'ਚ ਘਰ ਵਾਪਸ ਪਰਤ ਰਹੀ ਮਲਾਲਾ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਮਲਾਲਾ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।ਦੁਨੀਆਂ ਭਰ ਦੇ ਇਨਸਾਫ਼ਪਸੰਦ ਲੋਕ ਉਸਦੀ ਸਿਹਤਯਾਬੀ ਦੀ ਨਿੱਘੀ ਦਿਲੀ ਭਾਵਨਾ ਰੱਖ ਰਹੇ ਹਨ।

ਦੁਨੀਆਂ ਭਰ ਦੇ ਇਨਸਾਫ਼ਪਸੰਦ ਲੋਕਾਂ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ,ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਤੇ ਸਯੁੰਕਤ ਰਾਸ਼ਟਰ ਸੰਘ ਦੇ ਸਕੱਤਰ ਬਾਨ ਕੀ ਮੂ ਵਰਗੀਆ ਹੋਰ ਵੀ ਅਨੇਕਾਂ ਹਸਤੀਆਂ ਨੇ ਇਸ ਘਿਨੌਣੀ ਕਾਰਵਾਈ ਦੀ ਨਿੰਦਾ ਕਰਦਿਆਂ ਆਲਮੀ ਅਮਨ-ਸ਼ਾਂਤੀ ਦੀ ਗੱਲ ਕੀਤੀ ਹੈ। ਅੱਤਵਾਦ ਤੇ ਧਾਰਮਿਕ ਮੂਲਵਾਦ ਦੇ ਜਨਮਦਾਤੇ,ਵਿਸ਼ਵ ਜੰਗਾਂ ਛੇੜਣ ਤੇ ਆਪਣੀਆਂ ਕਠਪੁਤਲੀ ਸਰਕਾਰਾਂ ਬਣਾਉਣ ਵਾਲੀਆਂ ਇਹ ਲੋਕ ਵਿਰੋਧੀ ਤਾਕਤਾਂ ਅਜਿਹਾ ਕਰਕੇ ਮਗਰਮੱਛ ਦੇ ਹੰਝੂ ਵਹਾ ਰਹੀਆਂ ਹਨ। ਕਿਸੇ ਦੌਰ ਅੰਦਰ ਸਮਾਜਵਾਦੀ ਸੋਵੀਅਤ ਯੂਨੀਅਨ ਨੂੰ ਕੁਚਲਣ ਲਈ ਇਹਨਾਂ ਸਾਮਰਾਜੀ ਤਾਕਤਾਂ ਨੇ ਅੱਤਵਾਦ ਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਪੈਦਾ ਕੀਤਾ ਸੀ। ਉਹਨਾਂ ਨੂੰ ਹਥਿਆਰ ਮੁਹੱਈਆ ਕਰਵਾਏ,ਟ੍ਰੇਨਿੰਗ ਦਿੱਤੀ ਤੇ ਸਾਮਰਾਜੀ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਕੁਚਲਨ ਲਈ, ਮੋਹਰੇ ਵਜੋਂ ਵਰਤਿਆ ਗਿਆ।

ਸੋਵੀਅਤ ਯੂਨੀਅਨ ਦੇ ਖਿੰਡਣ ਮਗਰੋਂ ਅਮਰੀਕੀ ਸਾਮਰਾਜ ਵੱਲੋਂ ਪੈਦਾ ਕੀਤੀ ਅੱਤਵਾਦ ਦੀ ਇਹ ਬਲਾ ਖੁਦ ਇਹਨਾਂ ਸਾਮਰਾਜੀ ਗੜਾਂ ਤੇ ਹਮਲੇ ਕਰਨ ਲੱਗੀ। ਇੱਥੇ ਸਾਮਰਾਜੀ-ਪੂੰਜੀਵਾਦੀਏ ਦੋ ਮੂੰਹੀਂ ਚਾਲ ਚੱਲ ਰਹੇ ਹਨ,ਇੱਕ ਪਾਸੇ ਉਹ ਆਪਣੀਆਂ ਲੋਕਦੋਖੀ ਨੀਤੀਆਂ ਨੂੰ ਲੋਕਾਂ ਉਪਰ ਮੜ੍ਹਨ ਤੇ ਵਿਰੋਧ ਵਜੋਂ ਉੱਠਣ ਵਾਲੇ ਅੰਦੋਲਨਾਂ ਨੂੰ ਖਤਮ ਕਰਨ ਲਈ ਅੱਤਵਾਦ ਤੇ ਧਾਰਮਿਕ ਮੂਲਵਾਦ ਦਾ ਖਤਰਾ ਮੰਡਰਾਉਂਦਾ ਰੱਖਣਾ ਚਾਹੁੰਦੇ ਹਨ ਤੇ ਦੂਜੇ ਪਾਸੇ ਬੇਮੁਹਾਰੇ ਹੋਏ ਅੱਤਵਾਦੀ ਤੱਤਾਂ ਨੂੰ ਖਤਮ ਕਰਨ ਦੇ ਰਾਹ ਪਏ ਹੋਏ ਹਨ।ਪੰਜਾਬ ਅੰਦਰ ਖਾਲਿਸਤਾਨੀ ਦਹਿਸ਼ਤਗਰਦੀ ਨੂੰ ਪੈਦਾ ਤੇ ਖਤਮ ਕਰਨ ਦੀ ਖੇਡ ਵੀ ਇਸੇ ਨੀਤੀ ਤਹਿਤ ਚੱਲੀ ਸੀ ਤੇ ਹਾਕਮ ਅੱਗੋਂ ਵੀ ਇਸਨੂੰ ਚੱਲਦੀ ਰੱਖਣ ਦੇ ਮਨਸੂਬੇ ਰੱਖਦੇ ਹਨ। ਲੋਕਦੋਖੀ ਹਾਕਮ ਜਮਾਤਾਂ ਨੂੰ ਉਨ੍ਹਾਂ ਚਿਰ ਅੱਤਵਾਦ ਤੋਂ ਕੋਈ ਖਤਰਾ ਨਹੀਂ ਹੁੰਦਾ ਜਿੰਨਾਂ ਚਿਰ ਉਹ ਆਮ ਸਧਾਰਨ ਜਨਤਾ ਦਾ ਖੂਨ ਡੋਲ ਰਿਹਾ ਹੁੰਦਾ ਹੈ,ਇਸ ਲਈ ਖਤਰੇ ਦੀ ਸਥਿਤੀ ਸਿਰਫ ਉਦੋਂ ਹੀ ਬਣਦੀ ਹੈ ਜਦੋਂ ਇਹ ਸੱਤਾ ਦੇ ਗਲਿਆਰਿਆਂ 'ਚ ਜਾ ਵੜਦਾ ਹੈ। ਸਾਮਰਾਜੀ-ਪੂੰਜੀਵਾਦੀ ਤਾਕਤਾਂ ਅੱਤਵਾਦ ਦਾ ਹੋ-ਹੱਲਾ ਉਦੋਂ ਜਿਆਦਾ ਪਾਉਦੀਆਂ ਹਨ ਜਦੋਂ ਲੋਕ ਹੱਕਾਂ ਲਈ ਉੱਠੀਆਂ ਅਵਾਜਾਂ ਨੂੰ ਬੰਦ ਕਰਵਾਉਣ ਲਈ ਕੋਈ ਨਵਾਂ ਕਾਲਾ ਕਾਨੂੰਨ ਬਣਾਉਣਾ ਹੁੰਦਾ ਹੈ।

ਅੱਤਵਾਦ ਤੇ ਧਾਰਮਿਕ ਮੂਲਵਾਦ ਦੀਆਂ ਜਨਮਦਾਤੀਆਂ ਸਾਮਰਾਜੀ-ਪੂੰਜੀਵਾਦੀ ਤਾਕਤਾਂ ਇਹਨਾਂ ਨੂੰ ਦੁਨੀਆਂ ਲਈ ਵੱਡਾ ਖਤਰਾ ਪੇਸ਼ ਕਰਦੀਆਂ ਹੋਈਆਂ ਲੋਕਾਂ ਦਾ ਧਿਆਨ ਅਸਲ ਦੁਸ਼ਮਣ (ਸਾਮਰਾਜੀ-ਪੂੰਜੀਵਾਦੀ ਲੁਟੇਰੇ ਪ੍ਰਬੰਧ) ਤੋਂ ਵਟਾਉਣਾ ਚਾਹੁੰਦੀਆਂ ਹਨ। ਆਲਮੀ ਮਨੁੱਖਤਾ ਲਈ ਦਰਪੇਸ਼ ਸਭਨਾਂ ਬੁਰਾਈਆਂ ਦਾ ਖਾਤਮਾ ਕਰਨ ਲਈ,ਮਲਾਲਾ ਨੂੰ ਸੱਚ ਬੋਲਣ ਦੀ ਸਜਾ ਦੇਣ ਵਾਲੇ ਅੱਤਵਾਦੀ ਦਹਿਸ਼ਤਗਰਦਾਂ ਦੇ ਖਾਤਮੇ ਲਈ,ਮਲਾਲਾ ਸਮੇਤ ਅਨੇਕਾਂ ਅਤਿਆਚਾਰਾਂ ਦੀ ਸ਼ਿਕਾਰ ਲੋਕਾਈ ਦੀ ਭਲਾਈ ਲਈ ਚੇਤੰਨ ਤੇ ਇਨਸਾਫਪਸੰਦ ਲੋਕਾਂ ਦੁਆਰਾ ਸਾਮਰਾਜੀ-ਪੂੰਜੀਵਾਦੀ ਵਿਰੋਧੀ ਸੰਘਰਸ਼ਾਂ ਦੇ ਰਾਹ ਚੱਲਦਿਆਂ ਲੋਕਪੱਖੀ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਵੱਲ ਵਧਣ ਤੇ ਹੀ ਇਹਨਾਂ ਕਰੂਰ ਅਲਾਮਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਜਿਹੜੀ ਤਾਲਿਬਾਨੀ ਦਹਿਸ਼ਤੀ ਧੌਂਸ ਨੂੰ ਉਸੇ ਦੇ ਗੜ ਅੰਦਰ 14 ਸਾਲਾ ਬੱਚੀ ਦੀ ਅਵਾਜ਼ ਕੰਬਣੀਆਂ ਛੇੜ ਸਕਦੀ ਹੈ,ਉਸਦੇ ਖੋਖਲੇਪਣ ਦੀ ਇਸਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ। ਆਪਣੇ ਹਸ਼ਰ ਨੂੰ ਜਾਣਦਿਆਂ ਅੱਤਵਾਦ ਨਾਲ ਟੱਕਰ ਲੈਣ ਵਾਲੀ ਹਸਪਤਾਲ ਵਿੱਚ ਜ਼ੇਰੇ ਇਲਾਜ ਬੱਚੀ ਮਲਾਲਾ ਦੀ ਇਹ ਕੁਰਬਾਨੀ ਆਪਣੇ-ਆਪ 'ਚ ਇਕ ਸਵਾਲ ਉਭਾਰਦੀ ਹੈ ਕਿ ਤੁਸੀਂ ਜੋ ਚੰਗੇ ਮਿਹਨਤੀ-ਇਮਾਨਦਾਰ ਇਨਸਾਨ ਹੋ, ਤੁਸੀਂ ਹਰ ਤਰਾਂ੍ਹ ਦੇ ਲੁੱਟ-ਜ਼ਬਰ ਤੇ ਅਨਿਆਂ ਦੇ ਜਿੰਮੇਵਾਰ ਕਾਰਨਾਂ ਨੂੰ ਖਤਮ ਕਰਨ ਲਈ ਕੀ ਕਰ ਰਹੇ ਹੋ?

ਮਨਦੀਪ
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ।
ਮੌਬ: 98764-42052

Sunday, October 14, 2012

ਨੋਬਲ ਜੇਤੂ ਮੋ ਯਾਨ: ਸੈਂਸਰਸ਼ਿਪ ਸਾਹਿਤ ਸਿਰਜਣ ਲਈ ਬੇਹਤਰ ਹੈ

2012 ਦਾ ਨੋਬਲ ਸਾਹਿਤ ਸਨਮਾਨ  ਚੀਨੀ ਲੇਖਕ  ਮੋ ਯਾਨ ਨੂੰ ਦਿੱਤੇ ਜਾਣ ਦਾ ਐਲਾਨ ਹੋਇਆ ਹੈ, ਉਨ੍ਹਾਂ ਨੂੰ ਬਿਰਤਾਂਤਜਨਕ ਯਥਾਰਥਵਾਦ ਦੇ ਨਾਲ ਲੋਕ ਕਥਾਵਾਂ,ਇਤਿਹਾਸ ਅਤੇ ਸਮਕਾਲੀ ਜੀਵਨ ਨੂੰ ਮਿਲਾਉਣ ਦੇ ਲਈ ਇਹ ਸਨਮਾਨ ਦਿੱਤਾ ਗਿਆ। ਯਾਨ ਨੇ ਚੀਨੀ ਸੱਭਿਆਚਾਰਕ ਕ੍ਰਾਂਤੀ ਦੌਰਾਨ ਸਕੂਲ ਛੱਡ ਦਿੱਤਾ ਸੀ ਤੇ ਬਾਅਦ 'ਚ ਡੰਗਰ ਵੀ ਚਾਰਦਾ  ਰਹੇ। ਨੋਬਲ ਮਿਲਣ ਤੋਂ ਪਹਿਲਾਂ ਲੰਦਨ ਪੁਸਤਕ ਮੇਲੇ ਵਿੱਚ 'ਗ੍ਰਾਂਟਾ' ਦੇ ਸੰਪਾਦਕ ਜਾਨ ਫ੍ਰੀਮੈਨ ਨੇ ਉਨ੍ਹਾਂ ਨਾਲ ਗੱਲ ਬਾਤ ਕੀਤੀ ਸੀ,ਉਸ ਗੱਲਬਾਤ ਦਾ ਅੰਮ੍ਰਿਤਪ੍ਰੀਤ ਮਾਨਸਾ ਨੇ ਪੜ੍ਹਦੇ-ਪੜ੍ਹਦੇ ਬਲੌਗ ਤੋਂ ਪੰਜਾਬੀ ਤਰਜ਼ਮਾ ਕੀਤਾ ਹੈ। ਅੰਮ੍ਰਿਤਪ੍ਰੀਤ ਲਾਅ ਗਰੈਜੂਏਟ ਹੋਣ ਦੇ ਨਾਲ ਨਾਲ ਸਮਾਜਿਕ-ਸਿਆਸੀ ਤੇ ਸਾਹਿਤਕ ਖੇਤਰਾਂ 'ਚ ਵਿਸ਼ੇਸ਼ ਰੁਚੀ ਰੱਖਦਾ ਹੈ।--ਯਾਦਵਿੰਦਰ ਕਰਫਿਊ

ਜਾਨ ਫ੍ਰੀਮੈਨ: ਤੁਹਾਡੇ ਕਈ ਨਾਵਲਾਂ ਦੀ ਪਿੱਠਭੂਮੀ ਗੋਯਮੀ ਦੇ ਆਪਣੇ ਘਰੇਲੂ ਕਸਬੇ ਤੇ ਅਧਾਰਤ ਅਰਧ-ਕਾਲਪਨਿਕ ਸ਼ਹਿਰ ਦੀ ਹੈ, ਇੱਕ ਤਰਾ੍ਹਂ ਨਾਲ ਉਸੇ ਤਰ੍ਹਾਂ ਜਿਵੇਂ ਕਿ ਫੋਕਨਰ ਦਾ ਅਮਰੀਕੀ ਦੱਖਣ ਅਜਿਹਾ ਕੀ ਹੈ ਜੋ ਤੁਹਾਨੂੰ ਇਸ ਅਰਧ ਕਾਲਪਨਿਕ ਸਮਾਜ ਵੱਲ ਮੁੜਨ ਦੇ ਲਈ ਮਜ਼ਬੂਰ ਕਰਦਾ ਹੈ ਅਤੇ ਆਲਮੀ ਪੱਧਰ ਦੇ ਪਾਠਕ ਵਰਗ ਨੇ ਕੀ ਇਸ ਫੋਕਸ ਨੂੰ ਕੁਝ ਬਦਲਿਆ ਹੈ?

ਮੋ ਯਾਨ : ਜਦੋਂ ਮੈਂ ਪਹਿਲੇ ਪਹਿਲ ਲਿਖਣਾ ਸ਼ੁਰੂ ਕੀਤਾ ਤਾਂ ਲਿਖਣ ਦਾ ਮਹੌਲ ਸੀ, ਬਿਲਕੁਲ ਯਥਾਰਥਕ ਅਤੇ ਕਥਾਨਕ ਮੇਰੇ ਨਿੱਜੀ ਅਨੁਭਵ ਤੇ ਅਧਾਰਿਤ ਹੋਇਆ ਕਰਦੇ ਸੀ, ਪਰ ਜਿਵੇਂ ਜਿਵੇਂ ਮੇਰੀਆਂ ਕਿਤਾਬਾਂ ਛਪਦੀਆਂ ਗਈਆਂ, ਮੇਰੇ ਦਿਨ ਪ੍ਰਤੀ ਦਿਨ ਦੇ ਅਨੁਭਵ ਖਤਮ ਹੋਣ ਲੱਗੇ ਅਤੇ ਇਸ ਲਈ ਮੈਨੂੰ ਥੋੜੀ ਜਿਹੀ ਕਲਪਨਾ ਅਤੇ ਇੱਥੋਂ ਤੱਕ ਕਿ ਕਦੇ ਕਦੇ ਮਨਮੌਜੀ ਦੀ ਜ਼ਰੂਰਤ ਪੈਣ ਲੱਗੀ।

ਪ੍ਰਸ਼ਨ: ਤੁਹਾਡੀਆਂ ਕੁਝ ਰਚਨਾਵਾਂ ਗੂੰਟਰ ਗ੍ਰਾਸ, ਵਿਲੀਅਮ ਫਾਕਨਰ ਅਤੇ ਗਾਬ੍ਰਿੲਲ ਗਾਸ੍ਰਿਆ ਮਾਰਕੇਜ਼ ਦੀਆਾਂ ਰਚਨਾਵਾਂ ਦੀ ਯਾਦ ਦਿਵਾਉਂਦੀਆਂ ਹਨ। ਕੀ ਸ਼ੁਰੂ ਸ਼ੁਰੂ ਵਿੱਚ ਤੁਹਾਨੂੰ ਚੀਨ ਵਿੱਚ ਇਨ੍ਹਾਂ ਲੇਖਕਾਂ ਦੀਆਂ ਕਿਤਾਬਾਂ ਉਪਲਬਧ ਸਨ? ਉਹਨਾਂ ਲੋਕਾਂ ਦੇ ਬਾਰੇ ਕੁਝ ਦੱਸੋ ਜਿਨ੍ਹਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ ?

ਉੱਤਰ: 1981 ਦੀ ਗੱਲ ਹੈ, ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਤਾਂ ਮੈਂ ਗਾਸ੍ਰਿਆ ਮਾਰਕੇਜ਼ ਜਾਂ ਫਾਕਨਰ ਦੀ ਕੋਈ ਕਿਤਾਬ ਨਹੀਂ ਪੜ੍ਹੀ ਸੀ। ਮੈਂ ਸਭ ਤੋਂ ਪਹਿਲਾਂ 1984 ਵਿੱਚ ਉਹਨਾਂ ਨੂੰ ਪੜ੍ਹਿਆ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਰ ਮੇਰੀ ਲਿਖਤ ਤੇ ਇਹਨਾਂ ਦੋਵਾਂ ਲੇਖਕਾਂ ਦਾ ਬਹੁਤ ਪ੍ਰਭਾਵ ਪਿਆ। ਮੈਨੂੰ ਜਾਣਿਆ ਕਿ ਮੇਰੇ ਜੀਵਨ ਦੇ ਅਨੁਭਵ ਉਹਨਾਂ ਦੇ ਅਨੁਭਵਾਂ ਨਾਲ ਕਾਫੀ ਮਿਲਦੇ ਜੁਲਦੇ ਹਨ। ਪਰ ਇਸਦਾ ਪਤਾ ਮੈਨੂੰ ਬਾਦ ਵਿੱਚ ਹੀ ਲੱਗ ਸਕਿਆ, ਜੇਕਰ ਮੈਂ ਉਨ੍ਹਾਂ ਨੂੰ ਥੋੜ੍ਹਾ ਪਹਿਲਾਂ ਪੜ੍ਹਿਆ ਹੁੰਦਾ ਤਾਂ ਉਨ੍ਹਾਂ ਦੀ ਤਰ੍ਹਾਂ ਮੈਂ ਵੀ ਹੁਣ ਤੱਕ ਇੱਕ ਮਾਸਟਰਪੀਸ ਲਿਖ ਚੁੱਕਾ ਹੁੰਦਾ।

ਪ੍ਰਸ਼ਨ: 'ਰੈਡ ਸੋਰਘਮ' ਜਿਹੇ ਸ਼ੁਰਆਤੀ ਨਾਵਲ ਪ੍ਰਗਟ ਰੂਪ ਵਿੱਚ ਇਤਿਹਾਸਕ, ਜਾਂ ਕੁਝ ਲੋਕਾਂ ਨੂੰ ਤਾਂ 'ਰੋਮਾਂਸ' ਤੱਕ ਲੱਗਦੇ ਹਨ, ਜਦੋਂ ਕਿ ਅੱਜ ਕੱਲ ਤੁਹਾਡੇ ਨਾਵਲ ਵਧੇਰੇ ਪ੍ਰਗਟ ਰੂਪ ਵਿੱਚ ਸਮਕਾਲੀਨ ਜਗਤ ਅਤੇ ਵਿਸ਼ਾ ਵਸਤੂਆਂ ਦੇ ਵੱਲ ਆਏ ਹਨ। ਕੀ ਇਹ ਜਾਣ ਬੁਝਕੇ ਕੀਤੀ ਗਈ ਇੱਕ ਚੋਣ ਹੈ?

ਉੱਤਰ: ਜਦੋਂ ਮੈਂ 'ਰੇਡ ਸੋਰਘਮ' ਲਿਖਿਆ ਸੀ ਉਸ ਸਮੇਂ ਮੈਂ 30 ਸਾਲ ਤੋਂ ਵੀ ਘੱਟ ਉਮਰ ਦਾ ਨੌਜਵਾਨ ਸੀ ਉਸ ਸਮੇਂ ਮੇਰੀ ਜ਼ਿੰਦਗੀ, ਮੇਰੇ ਪੁਰਖਿਆਂ ਦੀ ਜ਼ਿੰਦਗੀ ਵੇਖਦੇ ਹੋਏ ਰੁਮਾਨੀ ਚੀਜਾਂ ਨਾਲ ਭਰੀ ਸੀ, ਮੈਂ ਉਹਨਾਂ ਦੇ ਜੀਵਨ ਦੇ ਬਾਰੇ ਲਿਖ ਰਿਹਾ ਸੀ ਪਰ ਉਨ੍ਹਾਂ ਬਾਰੇ ਮੈਂ ਜ਼ਿਆਦਾ ਕੁਝ ਜਾਣਦਾ ਨਹੀਂ ਸੀ।ਇਸ ਲਈ ਉਹ ਪਾਤਰਾਂ ਵਿੱਚ ਬਹੁਤ ਸਾਰੀਆਂ ਕਲਪਨਾਵਾਂ ਭਰ ਦਿੱਤੀਆਂ। ਜਦੋਂ ਮੈਂ 'ਲਾਇਫ ਐਂਡ ਡੈੱਥ ਆਰ ਵਿਯਰਿੰਗ ਮੀ ਆਊਟ' ਲਿਖਿਆ , ਉਸ ਸਮੇਂ ਮੈਂ 40 ਸਾਲ ਤੋਂ ਵੱਧ ਉਮਰ ਦਾ ਸੀ ਤਾਂ ਇੱਕ ਨੌਜਵਾਨ ਅੱਧਖੜ ਵਿਅਕਤੀ ਵਿੱਚ ਬਦਲ ਚੁੱਕਿਆ ਸੀ । ਮੇਰੀ ਜ਼ਿੰਦਗੀ ਵੱਖ ਹੈ, ਮੇਰੀ ਜ਼ਿੰਦਗੀ ਜ਼ਿਆਦਾ ਸਮਕਾਲੀ ਹੈ ਅਤੇ ਸਾਡੇ ਸਮਕਾਲੀਨ ਸਮੇਂ ਦੀ ਗਲਾਕੱਟ ਕਰੂਰਤਾਂ ਨੇ ਮੇਰੇ ਉਸ ਰੋਮਾਂਸ ਤੇ ਲਗਾਮ ਲੱਗਾ ਦਿੱਤੀ ਹੈ ਜਿਸ ਨੂੰ ਮੈਂ ਕਦੀ ਮਹਿਸੂਸ ਕਰਿਆ ਕਰਦਾ ਸੀ।

ਪ੍ਰਸ਼ਨ: ਤੁਸੀਂ ਹਮੇਸ਼ਾ ਸਥਾਨਕ ਲਾਓਬਾਕਿਸੰਗ ਭਾਸ਼ਾ ਅਤੇ ਖਾਸ ਤੋਰ ਤੇ ਸ਼ੈਨਤੁੰਗ ਬੋਲੀ ਵਿੱਚ ਲਿਖਦੇ ਹੋ ਜੋ ਤੁਹਾਡੇ ਵਾਰਤਕ ਨੂੰ ਇੱਕ ਤਿੱਖੀ ਧਾਰ ਦਿੰਦੀ ਹੈ, ਕੀ ਤੁਸੀਂ ਇਹ ਸੋਚਕੇ ਨਿਰਾਸ਼ ਹੁੰਦੇ ਕਿ ਕੁਝ ਮੁਹਾਵਰੇ ਅਤੇ ਸਿਰਲੇਖ ਸ਼ਾਇਦ ਅੰਗਰੇਜ਼ੀ ਅਨੁਵਾਦ ਵਿੱਚ ਠੀਕ ਠੀਕ ਨਾ ਆ ਸਕਦੇ ਹੋਣ ਜਾਂ ਕੀ ਤੁਸੀ ਅਪਣੇ ਅਨੁਵਾਦਕ ਹੋਵਰਡ ਗੋਲਡਬਲਾਟ ਦੇ ਨਾਲ ਉਸਦਾ ਹੱਲ ਕੱਢਣ ਨਿਪੁੰਨ ਹੋ ਪਾਉਂਦੇ ਹਨ?

ਉੱਤਰ: ਹਾਂ ਇਹ ਸੱਚ ਹੈ ਕਿ ਅਪਣੀਆਂ ਸ਼ੁਰੂਆਤੀ ਰਚਨਾਵਾਂ ਵਿੱਚ ਮੈਂ ਸਥਾਨਕ ਭਾਸ਼ਾ, ਮੁਹਾਵਰੇ ਅਤੇ ਸਿਰਲੇਖਾਂ ਦਾ ਕਾਫੀ ਇਸਤੇਮਾਲ ਕਰਿਆ ਕਰਦਾ ਸੀ ਕਿਉਂਕਿ ਉਸ ਸਮੇਂ ਮੈਂ ਅਜਿਹਾ ਸੋਚਦਾ ਵੀ ਨਹੀਂ ਸੀ ਕਿ ਮੇਰੀ ਰਚਨਾ ਦਾ ਦੂਜੀਆਂ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋਵੇਗਾ ਬਾਦ ਵਿੱਚ ਮੈਂ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਦੀ ਭਾਸ਼ਾ ਤਰਜ਼ਮਾਕਾਰ ਦੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਦੀ ਹੈ ਪਰ ਸਥਾਨਕ ਭਾਸ਼ਾ, ਮੁਹਾਵਰੇ ਅਤੇ ਸਿਰਲੇਖਾਂ ਦਾ ਇਸਤੇਮਾਲ ਨਾ ਕੀਤਾ ਜਾਣਾ ਮੇਰੇ ਲਈ ਕੰਮ ਨਹੀ ਕਰਦਾ ਕਿਉਂਕਿ ਮੁਹਾਵਰੇ ਦਾਰ ਭਾਸ਼ਾ ਜੀਵੰਤ ਅਤੇ ਅਰਥਪੂਰਨ ਲੇਖਕ ਵਿਸ਼ੇਸ਼ ਦੀ ਸਿਗਨੇਚਰ ਭਾਸ਼ਾ ਦਾ ਸਭ ਤੋਂ ਮਹਤੱਵਪੂਰਨ ਹਿੱਸਾ ਹੁੰਦੀ ਹੈ, ਇਸ ਲਈ ਜਿਥੱੇ ਇੱਕ ਪਾਸੇ ਆਪਣੇ ਕੁਝ ਸਿਰਲੇਖਾਂ ਅਤੇ ਮੁਹਾਵਰਿਆਂ ਦੇ ਵਰਤੋਂ ਨੂੰ ਮੈਂ ਸੋਧਤ ਅਤੇ ਸਮਾਂਬੱਧ ਕਰ ਸਕਦਾ ਹਾਂ, ਉੱਥੇ ਦੂਜੇ ਪਾਸੇ ਮੈਂ ਉਮੀਦ ਕਰਦਾ ਹਾਂ ਕਿ ਸਾਡੇ ਅਨੁਵਾਦਕ ਅਪਣੇ ਕੰਮ ਦੇ ਦੌਰਾਨ ਮੇਰੇ ਵਰਤੋਂ ਕੀਤੇ ਗਏ ਸਿਰਲੇਖਾਂ ਨੂੰ ਦੂਸਰੀ ਭਾਸ਼ਾ ਵਿੱਚ ਉਤਾਰ ਸਕਦੇ ਹਨ ૶ ਆਦਰਸ਼ ਹਾਲਤ ਇਹੀ ਹੈ।

ਪ੍ਰਸ਼ਨ: ਤੁਹਾਡੇ ਕਈ ਨਾਵਲਾਂ ਦੇ ਕੇਂਦਰ ਵਿੱਚ ਸ਼ਕਤੀ ਸਪੰਨ ਔਰਤਾਂ ਹਨ, ਜਿਵੇਂ ਕਿ 'ਬਿੱਗ ਬ੍ਰੇਸਟਸ ਐਂਡ ਵਾਇਡ ਹਿਪਸ', ' ਲਾਇਫ ਐਂਡ ਡੈੱਥ ਆਰ ਬਿਅਰਿੰਗ ਵੀ ਆਊਟ' ਅਤੇ 'ਫ੍ਰਾਗ' ਵਿੱਚ ਕੀ ਤੁਸੀਂ ਖੁਦ ਨੂੰ ਨਾਰੀਵਾਦੀ ਮੰਨਦੇ ਹੋ ਜਾਂ ਬਸ ਇੱਕ ਔਰਤ ਦੇ ਨਜ਼ਰੀਏ ਤੋਂ ਲਿਖਣ ਵਿੱਚ ਤੁਹਾਡੀ ਦਿਲਚਸਪੀ ਹੈ?

ਉੱਤਰ: ਸਭ ਤੋਂ ਪਹਿਲਾਂ ਇਹ ਕਿ ਮੈਂ ਔਰਤਾਂ ਦੀ ਸਰਾਹਣਾ ਅਤੇ ਸਨਮਾਨ ਕਰਦਾ ਹਾਂ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਮਹਾਨ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਜੀਵਨ ਅਨੁਭਵ ਭਾਵ ਸਹਿਨਸ਼ਕਤੀ ਹਮੇਸ਼ਾ ਕਿਸੇ ਪੁਰਸ਼ ਤੋਂ ਬਹੁਤ ਜ਼ਿਆਦਾ ਹੁੰਦੀ ਹੈ। ਬੜੀਆਂ ਔਕੜਾਂ ਨਾਲ ਸਾਡਾ ਸਾਹਮਣਾ ਹੋਣ 'ਤੇ ਔਰਤਾਂ ਸਦਾ ਪੁਰਸ਼ਾ ਤੋਂ ਜ਼ਿਆਦਾ ਬਹਾਦਰ ਸਾਬਤ ਹੁੰਦੀਆਂ ਹਨ, ਮੇਰੇ ਖਿਆਲ ਨਾਲ ਉਨ੍ਹਾਂ ਦੀ ਯੋਗਤਾ ਉਹਨਾਂ ਵਿੱਚ ਇਸ ਕਾਰਨ ਹੁੰਦੀ ਹੈ ਕਿਉਂਕਿ ਉਹ ਮਾਂ ਵੀ ਹੁੰਦੀ ਹੈ, ਇਸਦੇ ਕਾਰਨ ਜੋ ਤਾਕਤ ਆਉਂਦੀ ਹੈ, ਉਸਦੀ ਅਸੀਂ ਕਲਪਣਾ ਵੀ ਨਹੀ ਕਰ ਸਕਦੇ, ਆਪਣੀਆਂ ਕਿਤਾਬਾਂ ਵਿੱਚ ਮੈਂ ਖੁਦ ਨੂੰ ਔਰਤ ਦੀ ਥਾਂ ਰੱਖ ਕੇ ਵੇਖਣ ਦਾ ਯਤਨ ਕਰਦਾ ਹਾਂ, ਇਸ ਦੁਨੀਆ ਨੂੰ ਮੈਂ ਔਰਤਾਂ ਦੇ ਨਜ਼ਰੀਏ ਤੋਂ ਸਮਝਣ ਅਤੇ ਵਿਸ਼ਲੇਸ਼ਤ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਸਚਾਈ ਹੈ ਕਿ ਮੈਂ ਔਰਤ ਨਹੀਂ ਹਾਂ, ਮੈਂ ਇੱਕ ਪੁਰਸ਼ ਲੇਖਕ ਹਾਂ, ਮੈਂ ਆਪਣੀਆਂ ਕਿਤਾਬਾਂ ਵਿੱਚ ਜਿਸ ਦੁਨੀਆ ਦਾ ਬਿਆਨ ਮੈਂ ਇਸ ਤਰਾ੍ਹਂ ਕੀਤਾ ਹੈ ਕਿ ਮੰਨੋ ਮੈਂ ਇੱਕ ਔਰਤ ਹੋਵਾਂ, ਉਸਨੂੰ ਸ਼ਾਇਦ ਖੁਦ ਇਸਤਰੀਆਂ ਦੁਆਰਾ ਠੀਕ ਨਾ ਮੰਨਿਆ ਜਾਵੇ, ਪਰ ਇਹ ਅਜਿਹੀ ਚੀਜ਼ ਨਹੀਂ ਹੈ ਜਿਸਦੇ ਬਾਰੇ ਮੈਂ ਕੁਝ ਕਰ ਸਕਦਾ ਹਾਂ। ਔਰਤਾਂ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਉਹਨਾਂ ਦੀ ਸਰਾਹਣਾ ਕਰਦਾ ਹਾਂ, ਪਰ ਫਿਰ ਵੀ ਮੈਂ ਇੱਕ ਪੁਰਸ਼ ਹੀ ਹਾਂ।

ਪ੍ਰਸ਼ਨ: ਕੀ ਸੈਂਸਰਸ਼ਿਪ ਤੋਂ ਬਚਣਾ ਬਾਰੀਕੀ ਦਾ ਇੱਕ ਸਵਾਲ ਹੈ, ਅਤੇ ਜਾਦੁਈ ਯਥਾਰਥਵਾਦ ਰਾਹੀਂ ਖੋਲ੍ਹੇ ਗਏ ਰਾਹਾਂ ਦੇ ਨਾਲ ਨਾਲ ਵਰਣਨ ਦੀਆਂ ਪ੍ਰੰਪਰਾਗਤ ਤਕਨੀਕਾਂ ਬਿਨ੍ਹਾਂ ਵਾਦ ਵਿਵਾਦ ਦਾ ਸਹਾਰਾ ਲਏ ਕਿਸ ਸੀਮਾ ਤੱਕ ਇੱਕ ਲੇਖਕ ਨੂੰ ਅਪਣੀਆਂ ਸਭ ਤੋਂ ਡੂੰਘੀਆਂ ਚਿੰਤਾਵਾਂ ਪ੍ਰਗਟ ਕਰਨ ਦੀ ਆਗਿਆ ਦਿੰਦੀਆਂ ਹਨ?

ਉੱਤਰ: ਹਾਂ ਸੱਚ ਵਿੱਚ ਸਾਹਿਤ ਦੀ ਬਹੁਤ ਸਾਰੀਆਂ ਵਿਧੀਆਂ ਦੇ ਰਾਜਨੀਤਿਕ ਆਚਰਨ ਹੁੰਦੇ ਹਨ, ਉਦਾਹਰਨ ਦੇ ਲਈ ਸਾਡੇ ਵਾਸਤਵਿਕ ਜੀਵਨ ਵਿੱਚ ਕੁਝ ਤਿੱਖੇ ਅਤੇ ਸੰਵੇਦਨਸ਼ੀਲ ਮੁੱਦੇ ਹੋ ਸਕਦੇ ਹਨ ਅਤੇ ਉਹ ਛੂਹੇ ਜਾਣਦੇ ਯਤਨ ਨਹੀਂ ਕਰਦੇ, ਇਸ ਤਰ੍ਹਾਂ ਕਿਸੇ ਮੋੜ ਉਪਰ ਇੱਕ ਲੇਖਕ ਉਹਨਾਂ ਨੂੰ ਅਸਲ ਦੁਨੀਆਂ ਤੋਂ ਅਲੱਗ ਕਰਨ ਦੇ ਲਈ ਅਪਣੀ ਕਲਪਣਾ ਦਾ ਪ੍ਰਯੋਗ ਕਰਦਾ ਹੈ ਜਾਂ ਉਹ ਸਥਿਤੀ ਨੂੰ ਵਧਾ ਚੜ੍ਹਾਕੇ ਵੀ ਕਹਿ ਸਕਦੇ ਹਨ ਇਹ ਮੰਨਦੇ ਹੋਏ ਕਿ ਇਹ ਨਿਰਭੀਕ, ਜੀਵੰਤ ਅਤੇ ਸਾਡੀ ਵਾਸਤਵਿਕ ਦੁਨੀਆਂ ਦੀ ਪਹਿਚਾਣ ਲਏ ਹੋਏ ਹੋਣ ਇਸ ਲਈ ਅਸਲ ਵਿੱਚ ਮੇਰਾ ਮੰਨਣਾ ਹੈ ਕਿ ਇਹ ਸੀਮਾਵਾਂ ਜਾਂ ਸੈਂਸਰਸ਼ਿਪ ਸਾਹਿਤ ਸਿਰਜਣ ਦੇ ਲਈ ਬੇਹਤਰ ਹੀ ਹੈ।

ਪ੍ਰਸ਼ਨ: ਅੰਗਰੇਜ਼ੀ ਵਿੱਚ ਛਪੀ ਤੁਹਾਡੀ ਪਿਛਲੀ ਕਿਤਾਬ ਜੋ 'ਡੇਮੋਕਰੇਸੀ' ਨਾਮਕ ਇੱਕ ਛੋਟੇ ਜਿਹਾ ਉਲੇਖ ਹੈ , ਇੱਕ ਨੌਜਵਾਨ ਅਤੇ ਅਧਖੱੜ ਵਿਅਕਤੀ ਦੇ ਰੂਪ ਵਿੱਚ ਅਪਣੇ ਅਨੁਭਵਾਂ ਦੇ ਮਾਧਿਅਮ ਨਾਲ ਚੀਨ ਦੇ ਅੰਦਰੂਨੀ ਇੱਕ ਯੁੱਗ ਦੀ ਸਮਾਪਤੀ ਦਾ ਵਰਣਨ ਕਰਦੀ ਹੈ ਇਸਦਾ ਲਹਿਜਾ ਕੁਝ ਵਿਸ਼ਾਦਪੂਰਨ ਹੈ ਜੋ ਪੱਛਮ ਦੇ ਲਿਹਾਜ ਨਾਲ ਇੱਕ ਹੱਦ ਤੱਕ ਹੈਰਾਨੀ ਜਨਕ ਹੈ, ਅਸੀ ਇਹ ਮੰਨਦੇ ਹਾਂ ਕਿ ਪ੍ਰਗਤੀ ਦਾ ਮਤਲਬ ਬੇਹਤਰੀ ਹੀ ਹੁੰਦਾ ਹੈ ਪਰ ਤੁਹਾਡੇ ਉਲੇਖ ਤੋਂ ਲੱਗਦਾ ਹੈ ਕਿ ਕੁਝ ਖੋਹ ਗਿਆ ਹੈ, ਕੀ ਇਹ ਸੱਚਾ ਵਰਨਣ ਹੈ?

ਉੱਤਰ: ਹਾਂ, ਜਿਸ ਉਲੇਖ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਮੇਰੇ ਨਿਜੀ ਅਨੁਭਵਾਂ ਅਤੇ ਮੇਰੇ ਰੋਜ਼ਾਨਾ ਦੇ ਜੀਵਨ ਨਾਲ ਭਰਿਆ ਹੈ, ਦਰਅਸਲ ਇਸ ਵਿੱਚ ਕੁਝ ਕਾਲਪਨਿਕ ਵੀ ਪੇਸ਼ ਕੀਤਾ ਗਿਆ ਹੈ, ਵਿਸ਼ਾਦਪੂਰਨ ਦੇ ਬਾਰੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਕਹਾਣੀ ਵਿੱਚ 40 ਸਾਲ ਦਾ ਆਦਮੀ ਹੈ, ਜੋ ਅਜਿਹੀ ਨੌਜਵਾਨ ਅਵਸਥਾ ਨੂੰ ਯਾਦ ਕਰ ਰਿਹਾ ਹੈ ਜੋ ਹੁਣ ਜਾ ਚੁੱਕੀ ਹੈ, ਉਦਾਹਰਨ ਦੇ ਲਈ ਜਦ ਤੁਸੀਂ ਨੌਜਵਾਨ ਸੀ ਤਾਂ ਹੋ ਸਕਦਾ ਹੈ ਕਿ ਤੁਸੀਂ ਕਦੇ ਕਿਸੇ ਕੁੜੀ ਦੇ ਪਿਆਰ ਵਿੱਚ ਪਾਗਲ ਰਹੇ ਹੋ ਪਰ ਕਿਸੇ ਕਾਰਨ ਅੱਜ ਉਹ ਕੁੜੀ ਕਿਸੇ ਹੋਰ ਦੀ ਪਤਨੀ ਅਤੇ ਹੁਣ ਇਹ ਯਾਦ ਅਸਲ ਵਿੱਚ ਦੁਖਦ ਹੀ ਹੋਵੇਗੀ । ਪਿਛਲੇ 30 ਸਾਲਾਂ ਤੋਂ ਅਸੀਂ ਚੀਨ ਨੂੰ ਜ਼ਬਰਦਸਤ ਪ੍ਰਗਤੀ ਦੇ ਦੌਰ ਤੋਂ ਗੁਜ਼ਰਦੇ ਵੇਖਿਆ ਹੈ ਭਾਵੇਂ ਇਹ ਨਾਗਰਿਕਾਂ ਦੇ ਜੀਵਨ ਸਤਰ ਵਿੱਚ ਹੋਈ ਹੋਵੇ ਜਾਂ ਉਹਨਾਂ ਦੇ ਬੌਧਿਕ ਜਾਂ ਆਧਿਆਤਕ ਪੱਧਰ ਤੇ ਵਿਕਾਸ ਤਾਂ ਪ੍ਰਤੱਖ ਹੈ ਪਰ ਬੇਸ਼ੱਕ ਸਾਰੀਆਂ ਚੀਜਾਂ ਹਨ ਜਿਨ੍ਹਾਂ ਨੂੰ ਲੈਕੇ ਅਪਣੇ ਰੋਜ਼ਾਨਾ ਦੇ ਜੀਵਨ ਤੋਂ ਅਸੀਂ ਸੰਤੁਸ਼ਟ ਨਹੀਂ ਹਾਂ। ਇਹ ਸੱਚ ਹੈ ਕਿ ਚੀਨ ਨੇ ਵਿਕਾਸ ਕੀਤਾ ਹੈ ਪਰ ਵਿਕਾਸ ਖੁਦ ਹੀ ਸਾਰੇ ਮੁੱਦੇ ਲੈਕੇ ਆਂਉਦਾ ਹੈ, ਜਿਵੇਂ ਕਿ ਵਾਤਾਵਰਣ ਅਤੇ ਉੱਚ ਨੈਤਿਕ ਪੱਧਰ ਵਿੱਚ ਗਿਰਾਵਟ ਦੇ ਮੁੱਦੇ। ਇਸ ਲਈ ਜਿਸ ਵਿਸ਼ਾਦ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ, ਉਹ ਦੋ ਕਾਰਨਾਂ ਵਿੱਚ ਹੈ- ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਨੌਜਵਾਨ ਅਵਸਥਾ ਖਤਮ ਹੋ ਚੁੱਕੀ ਹੈ ਅਤੇ ਦੂਸਰੀ ਮੈਂ ਚੀਨ ਦੀ ਵਰਤਮਾਨ ਯਥਾਸਥਿਤੀ ਤੋਂ ਚਿੰਤਤ ਹਾਂ, ਖਾਸਕਰ ਉਹਨਾਂ ਗੱਲਾਂ ਤੋਂ ਜਿਨ੍ਹਾਂ ਤੋਂ ਮੈਂ ਸੰਤੁਸ਼ਟ ਨਹੀਂ ਹਾਂ।

ਪ੍ਰਸ਼ਨ: ਅੰਗ੍ਰੇਜ਼ੀ ਵਿੱਚ ਤੁਹਾਡੀ ਅਗਲੀ ਕਿਤਾਬ ਕਿਹੜੀ ਹੋਵੇਗੀ?

ਉੱਤਰ: ਸੈਂਡਲਵੁਡ ਪੈਨਾਲਟੀ

ਪੰਜਾਬੀ ਤਰਜ਼ਮਾ--ਅੰਮ੍ਰਿਤਪ੍ਰੀਤ  ਮਾਨਸਾ
ਪੜ੍ਹਦੇ ਪੜ੍ਹਦੇ ਬਲੌਗ ਤੋਂ ਜਨਤਕ ਚੋਰੀ

Monday, October 8, 2012

'ਸਿੱਧਾ ਵਿਦੇਸ਼ੀ ਨਿਵੇਸ਼' ਸਮਾਜ 'ਤੇ ਸਿੱਧਾ ਹਮਲਾ


ਪ੍ਰਚੂਨ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (ਐਫਡੀਆਈ) ਦੇ ਮੁੱਦੇ ਉੱਤੇ ਦੇਸ਼ ਪੂਰੀ ਤਰ੍ਹਾਂ ਦੋ ਧੜਿਆਂ ਵਿੱਚ ਵੰਡਿਆ ਦਿਖਾਈ ਦੇ ਰਿਹਾ ਹੈ। ਪ੍ਰਮਾਣੂ ਸਮਝੌਤੇ ਦੀ ਤਰ੍ਹਾਂ ਹੀ ਸਾਂਝੇ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਸਭ ਕੁੱਝ ਦਾਅ ਉੱਤੇ ਲਾਉਣ ਲਈ ਤਿਆਰ ਹੈ। ਇਸ ਦੀ ਭਾਈਵਾਲ ਤ੍ਰਿਣਮੂਲ ਸਾਥ ਛੱਡ ਗਈ ਹੈ ਅਤੇ ਡੀਐਮਕੇ ਨੇ ਵੀ ਇਸ ਦਾ ਵਿਰੋਧ ਖੁੱਲ੍ਹੇਆਮ ਕੀਤਾ ਹੈ। ਇਸ ਦੇ ਬਾਵਜੂਦ ਸਰਕਾਰ ਨੇ ਐਫਡੀਆਈ ਨੂੰ ਹਰੀ ਝੰਡੀ ਦੇ ਦਿੱਤੀ ਹੈ।ਇਨ੍ਹਾਂ ਦਿਨਾਂ ਵਿੱਚ ਐਫਡੀਆਈ ਬਹਿਸ ਅਤੇ ਸਰਗਰਮੀ ਦੇ ਸਭ ਤੋਂ ਵੱਡੇ ਮੁੱਦਿਆਂ ਵਿੱਚ ਸ਼ਾਮਲ ਹੈ।

ਕੀ ਹੈ ਐਫਡੀਆਈ?- ਵਿਦੇਸ਼ੀ ਕੰਪਨੀਆਂ ਨੂੰ ਸਿੱਧੇ ਤੌਰ ਉੱਤੇ ਪ੍ਰਚੂਨ ਬਜ਼ਾਰ ਵਿੱਚ ਵਪਾਰ ਕਰਨ ਦਾ ਮੌਕਾ ਦੇਣ ਦੀ ਇਜਾਜ਼ਤ ਨੂੰ ਸਿੱਧਾ ਵਿਦੇਸ਼ੀ ਨਿਵੇਸ਼ (ਐਫਡੀਆਈ) ਕਿਹਾ ਜਾਂਦਾ ਹੈ। ਹਾਲਾਂਕਿ ਥੋਕ ਵਿੱਚ ਭਾਰਤੀ ਕੰਪਨੀਆਂ ਨਾਲ ਮਿਲ ਕੇ ਪਹਿਲਾਂ ਹੀ ਵਿਦੇਸ਼ੀ ਕੰਪਨੀਆਂ ਕੰਮ ਕਰ ਰਹੀਆਂ ਹਨ। ਹੁਣ ਥੋਕ ਵਿੱਚ ਸੌ ਫੀਸਦੀ ਅਤੇ ਪ੍ਰਚੂਨ ਵਿੱਚ ਵੀ 51 ਫੀਸਦੀ ਨਿਵੇਸ਼ ਨਾਲ ਉਹ ਆਪਣੇ ਸਟੋਰ ਖੋਲ੍ਹ ਸਕਣਗੀਆਂ। ਇਸ ਲਈ ਸਰਕਾਰ ਨੇ ਕੁੱਝ ਸ਼ਰਤਾਂ ਤੈਅ ਕੀਤੀਆਂ ਹਨ। ਐਫਡੀਆਈ ਦੇ ਤਹਿਤ ਹਰੇਕ ਕੰਪਨੀ ਨੂੰ ਘੱਟ ਤੋਂ ਘੱਟ 10 ਮਿਲੀਅਨ ਡਾਲਰ ਨਿਵੇਸ਼ ਕਰਨਾ ਹੋਵੇਗਾ, ਇਸ ਦਾ 50 ਫੀਸਦੀ ਹਿੱਸਾ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਉੱਤੇ ਖਰਚ ਹੋਵੇਗਾ ਅਤੇ ਕੁੱਲ ਖਰੀਦੀਆਂ ਜਾਣ ਵਾਲੀਆਂ ਵਸਤੂਆਂ ਦਾ ਘੱਟੋ ਘੱਟ 30 ਪ੍ਰਤੀਸ਼ਤ ਹਿੱਸਾ ਛੋਟੇ ਅਤੇ ਮੱਧਵਰਗੀ ਕਿਸਾਨਾਂ ਜਾਂ ਉਦਯੋਗਾਂ ਤੋਂ ਖਰੀਦਣਾ ਹੋਵੇਗਾ। ਖੇਤੀ ਵਸੂਤਆਂ ਖਰੀਦਣ ਵਿੱਚ ਸਰਕਾਰ ਦਾ ਪਹਿਲਾ ਅਧਿਕਾਰ ਰਹੇਗਾ। ਐਲਾਨ ਕੀਤੀ ਨੀਤੀ ਦੇ ਤਹਿਤ ਕਿਸੇ ਕੰਪਨੀ ਨੂੰ 70 ਪ੍ਰਤੀਸ਼ਤ ਹਿੱਸਾ ਆਯਾਤ (ਵਿਦੇਸ਼ਾਂ ਤੋਂ ਮੰਗਵਾਉਣ) ਦੀ ਖੁੱਲ੍ਹ ਹੋਵੇਗੀ। ਸ਼ੁਰੂ ਵਿੱਚ ਸਟੋਰ ਦੇਸ਼ ਦੇ ਦਸ ਲੱਖ ਜਾਂ ਇਸ ਤੋਂ ਵੱਧ ਆਬਾਦੀ ਵਾਲੇ 53 ਸ਼ਹਿਰਾਂ ਵਿੱਚ ਖੁੱਲ੍ਹ ਸਕਣਗੇ।

ਫੈਸਲੇ ਦਾ ਪਿਛੋਕੜ- ਕਾਰਪੋਰੇਟ ਮਾਡਲ ਦੇ ਮੁਕਤ ਬਜ਼ਾਰ (ਫ੍ਰੀ ਮਾਰਕਿਟ) ਦੇ ਸਿਧਾਂਤ ਨੂੰ ਅੱਗੇ ਵਧਾਉਂਦੇ ਹੋਏ ਪੂੰਜੀ ਅਤੇ ਵਸਤੂਆਂ ਦੀ ਮੂਵਮੈਂਟ ਉੱਤੇ ਰੋਕ ਹਟਾਉਣ ਉੱਤੇ ਅਮਲ ਕਰਨ ਵੱਜੋਂ ਭਾਰਤ ਵਿੱਚ ਵੀ ਇੱਕ ਪ੍ਰੋਜੈਕਟ ਦੇ ਆਧਾਰ ਉੱਤੇ ਜਨਵਰੀ 1997 ਵਿੱਚ ਥੋਕ ਖੇਤਰ ਵਿੱਚ ਕੈਸ਼ ਐਂਡ ਕੈਰੀ ਵਪਾਰ ਨੂੰ ਮਨਜ਼ੂਰੀ ਦੇ ਦਿੱਤੀ ਸੀ। ਪਰ ਐਨ.ਕੇ. ਸਿੰਘ ਕਮੇਟੀ ਨੇ 2002 ਵਿੱਚ ਪ੍ਰਚੂਨ ਖੇਤਰ ਉੱਤੇ ਰੋਕ ਜਾਰੀ ਰੱਖਣ ਦੀ ਸਿਫਾਰਿਸ਼ ਕੀਤੀ ਸੀ। ਇਸ ਦੇ ਚੱਲਦੇ ਦਸਵੀਂ ਪੰਜ ਸਾਲਾ ਯੋਜਨਾ ਵਿੱਚ ਵੀ ਪ੍ਰਚੂਨ ਵਿੱਚ ਐਫਡੀਆਈ ਦੀ ਸਿਫਾਰਿਸ਼ ਨਹੀਂ ਕੀਤੀ ਗਈ। ਪਹਿਲੀ ਬਾਰ 2003 ਵਿੱਚ ਬੈਂਗਲੌਰ ਚ ਜਰਮਨ ਸੁਪਰ ਮਾਰਕਿਟ ਚੇਨ ਤਹਿਤ ਥੋਕ ਦਾ ਸਟੋਰ ਖੋਲਣ ਰਾਹੀਂ ਭਾਰਤ ਵਿੱਚ ਵਿਦੇਸ਼ੀ ਕੰਪਨੀ ਦਾ ਦਾਖਲਾ ਹੋਇਆ। 2006 ਵਿੱਚ ਇੱਕਹਰੇ ਬ੍ਰਾਂਡ ਪ੍ਰਚੂਨ ਵਪਾਰ ਵਿੱਚ 51 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਗਈ। ਇਸ ਖੇਤਰ ਦੀਆਂ ਵੱਡੀਆਂ ਕੰਪਨੀਆਂ ਵਾਲਮਾਰਟ, ਮੈਟਰੋ, ਕੈਰੇਫੋਰ ਆਦਿ ਭਾਰਤ ਵਿੱਚ ਸਟੋਰ ਖੋਲ੍ਹਣ ਲੱਗੀਆਂ। ਵਾਲਮਾਰਟ ਨੇ ਭਾਰਤੀ ਨਾਲ ਹਿੱਸੇਦਾਰੀ ਰਾਹੀਂ 14 ਥੋਕ ਸਟੋਰ ਖੋਲ੍ਹੇ ਹੋਏ ਹਨ। ਇਹ ਭਾਰਤੀ ਪ੍ਰਚੂਨ ਨੂੰ ਵਸਤੂਆਂ ਸਪਲਾਈ ਕਰਦੀਆਂ ਹਨ ਅਤੇ ਦੇਸ਼ ਵਿੱਚ 150 ਸਟੋਰ ਚੱਲ ਰਹੇ ਹਨ, ਇਨ੍ਹਾਂ ਵਿੱਚੋਂ 14 ਪੰਜਾਬ ਵਿੱਚ ਹਨ। ਆਲਮੀ ਪੱਧਰ ਦੀ ਇੱਕ ਹੋਰ ਕੰਪਨੀ ਮੈਟਰੋ ਕੈਸ਼ ਐਂਡ ਕੈਰੀ ਵੀ 15 ਸਟੋਰ ਦੇਸ਼ ਵਿੱਚ ਖੋਲ੍ਹ ਰਹੀ ਹੈ ਅਤੇ ਇਨ੍ਹਾਂ ਵਿੱਚੋਂ ਛੇ ਪੰਜਾਬ ਵਿੱਚ ਹਨ। ਲੁਧਿਆਣਾ ਅਤੇ ਜਲੰਧਰ ਵਿੱਚ ਸਟੋਰ ਚੱਲ ਰਹੇ ਹਨ ਅਤੇ ਬਠਿੰਡਾ, ਪਟਿਆਲਾ, ਅਮ੍ਰਿਤਸਰ ਅਤੇ ਜ਼ੀਰਕਪੁਰ ਵਿੱਚ ਨਿਰਮਾਣ ਅਧੀਨ ਹਨ।

24 ਨਵੰਬਰ 2011 ਨੂੰ ਕੇਂਦਰੀ ਕੈਬਿਨੇਟ ਨੇ ਸੰਸਦ ਜਾਂ ਰਾਜ ਸਰਕਾਰਾਂ ਅਤੇ ਪ੍ਰਚੂਨ ਵਪਾਰ ਨਾਲ ਸੰਬੰਧਿਤ ਵੱਖ ਵੱਖ ਦਾਵੇਦਾਰਾਂ ਨਾਲ ਚਰਚਾ ਤੋਂ ਬਿਨਾਂ ਹੀ ਪ੍ਰਚੂਨ ਖੇਤਰ ਵਿੱਚ 51 ਪ੍ਰਤੀਸ਼ਤ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਉੱਤੇ ਹੋਏ ਭਾਰੀ ਵਿਰੋਧ ਖਾਸ ਤੌਰ ਉੱਤੇ ਸੱਤਾ ਵਿੱਚ ਭਾਈਵਾਲ ਤ੍ਰਿਣਮੂਲ ਕਾਂਗਰਸ ਵੱਲੋਂ ਯੂਪੀਏ ਸਰਕਾਰ ਤੋਂ ਹਮਾਇਤ ਵਾਪਸ ਲੈਣ ਦੀ ਧਮਕੀ ਦੇ ਕਾਰਨ ਸਰਕਾਰ ਨੇ ਵੱਖ ਵੱਖ ਰਾਜਨੀਤਿਕ ਪਾਰਟੀਆਂ, ਰਾਜ ਸਰਕਾਰਾਂ ਅਤੇ ਪ੍ਰਚੂਨ ਖੇਤਰ ਦੇ ਦਾਅਵੇਦਾਰਾਂ ਵਿੱਚ ਆਮ ਸਹਿਮਤੀ ਬਣਾਉਣ ਤੱਕ ਇਸ ਫੈਸਲੇ ਨੂੰ ਲਾਗੂ ਕਰਨ ਉੱਤੇ ਰੋਕ ਲਗਾ ਦਿੱਤੀ।

ਐਫਡੀਆਈ ਦੀ ਮਜ਼ਬੂਰੀ ਦਾ ਪੇਸ਼ ਕੀਤਾ ਜਾ ਰਿਹਾ ਪੱਖ- ਯੂਪੀਏ ਸਰਕਾਰ ਅਤੇ ਪ੍ਰਚੂਨ ਖੇਤਰ ਵਿੱਚ ਐਫਡੀਆਈ ਦੀ ਵਕਾਲਤ ਕਰਨ ਵਾਲੇ ਇਸ ਨੂੰ ਲਿਆਉਣ ਦੀ ਮਜ਼ਬੂਰੀ ਅਤੇ ਜ਼ਰੂਰਤ ਬਾਰੇ ਕਈ ਦਲੀਲਾਂ ਅਤੇ ਤੱਥ ਪੇਸ਼ ਕਰ ਰਹੇ ਹਨ। ਭਾਰਤੀ ਇੰਟਰਪ੍ਰਾਈਜਿਜ਼ ਦੇ ਉਪ ਪ੍ਰਧਾਨ ਰਾਕੇਸ਼ ਭਾਰਤੀ ਮਿੱਤਲ ਦੇ ਅਨੁਸਾਰ ਦੇਸ਼ ਵਿੱਚ ਫਲ ਅਤੇ ਸਬਜੀਆਂ ਨੂੰ ਸੰਭਾਲਣ ਲਈ ਕੋਲਡ ਚੇਨ ਇਸ ਨਾਲ ਸੰਬੰਧਿਤ ਸਪਲਾਈ ਚੇਨ ਆਦਿ ਬੁਨਿਆਦੀ ਢਾਂਚਾ ਨਾ ਹੋਣ ਕਰਕੇ 35 ਤੋਂ 40 ਪ੍ਰਤੀਸ਼ਤ ਫਲ ਅਤੇ ਸਬਜੀਆਂ ਖਰਾਬ ਹੋ ਜਾਂਦੀਆਂ ਹਨ। ਇਸੇ ਤਰ੍ਹਾਂ 5 ਤੋਂ 7 ਪ੍ਰਤੀਸ਼ਤ ਅਨਾਜ ਵੀ ਕਟਾਈ ਤੋਂ ਬਾਅਦ ਬਰਬਾਦ ਹੋ ਜਾਂਦਾ ਹੈ। ਇਸ ਨਾਲ ਦੇਸ਼ ਵਿੱਚ ਲੱਗਭੱਗ ਇੱਕ ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਕਿਸਾਨਾਂ ਨੂੰ ਵਾਜਬ ਰੇਟ ਵੀ ਨਹੀਂ ਮਿਲਦਾ। ਭਾਰਤੀ-ਵਾਲਮਾਰਟ ਦੇ ਇਸ ਖੇਤਰ ਵਿੱਚ ਦਾਖਲੇ ਨਾਲ ਪਿਛਲੇ ਕੁੱਝ ਸਾਲਾਂ ਵਿੱਚ ਕਿਸਾਨਾਂ ਦੀ ਆਮਦਨ 7 ਤੋਂ 10 ਪ੍ਰਤੀਸ਼ਤ ਵਧੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪ੍ਰਚੂਨ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨਾਲ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਅਤੇ ਬਰਬਾਦੀ ਘਟ ਜਾਵੇਗੀ। ਕਿਸਾਨਾਂ ਨੂੰ ਵਾਜ਼ਬ ਰੇਟ ਮਿਲਣਗੇ। ਵਿਚੋਲੇ ਨੂੰ ਕੱਢਣ ਨਾਲ ਖਪਤਕਾਰਾਂ ਨੂੰ ਵੀ ਵਸੂਤਆਂ ਘੱਟ ਰੇਟ ਉੱਤੇ ਮਿਲਣਗੀਆਂ। ਇਸ ਤੋਂ ਇਲਾਵਾ ਅਗਲੇ ਤਿੰਨ ਸਾਲਾਂ ਵਿੱਚ ਦੇਸ਼ ਭਰ ਵਿੱਚ ਇੱਕ ਕਰੋੜ ਦੇ ਕਰੀਬ ਨਵੇਂ ਰੋਜਗਾਰ ਪੈਦਾ ਹੋਣਗੇ। ਅਸਲੀਅਤ ਕੀ ਹੈ?ਜਵਾਹਰ ਲਾਲ ਨਹਿਰੂ ਯੂਨੀਵਰਸਿਟੀ,ਦਿੱਲੀ ਦੀ ਅਰਥ ਸ਼ਾਸਤਰ ਵਿਭਾਗ ਦੀ ਪ੍ਰੋਫੈਸਰ ਜਿਯੰਤੀ ਘੋਸ਼ ਦਾ ਤਰਕ ਹੈ ਕਿ ਵਾਲਮਾਰਟ ਦਾ ਇੱਕ ਸਟੋਰ 1400 ਛੋਟੇ ਪ੍ਰਚੂਨ ਦੁਕਾਨਦਾਰਾਂ ਨੂੰ ਵਿਹਲੇ ਕਰ ਦਿੰਦਾ ਹੈ। ਇਸ ਨਾਲ ਪੰਜ ਹਜ਼ਾਰ ਲੋਕਾਂ ਦਾ ਰੋਜ਼ਗਾਰ ਚਲਾ ਜਾਂਦਾ ਹੈ। ਇਹ ਮੰਨਣਾ ਸੰਭਵ ਨਹੀਂ ਹੈ ਕਿ ਪੂੰਜੀ ਅਧਾਰਿਤ ਸਪਲਾਈ ਚੇਨ ਉਚੱ ਉਤਪਾਦਿਕਤਾ ਪੈਦਾ ਕਰੇਗੀ। ਇਸ ਨਾਲ ਕੁੱਝ ਸ਼ੁਰੂਆਤੀ ਸਾਲਾਂ ਵਿੱਚ ਲਾਭ ਹੋ ਸਕਦਾ ਹੈ ਕਿਉਂਕਿ ਮੁਕਾਬਲੇ ਦੇ ਹੋਰ ਖਿਡਾਰੀਆਂ ਨੂੰ ਬਾਹਰ ਕੱਢਣ ਲਈ ਵੱਡੀ ਕੰਪਨੀ ਕੁੱਝ ਰਿਆਇਤਾਂ ਦੇ ਸਕਦੀ ਹੈ।

ਵਾਲਮਾਰਟ ਦੀ ਲੱਗਭੱਗ 450 ਅਰਬ ਡਾਲਰ (23 ਲੱਖ ਕਰੋੜ) ਦੀ ਟਰਨਓਵਰ ਹੈ ਅਤੇ ਇਸ ਵਿੱਚ 21 ਲੱਖ ਵਰਕਰ ਹਨ। ਜਦਕਿ ਭਾਰਤ ਵਿੱਚ 460 ਅਰਬ ਡਾਲਰ (24 ਲੱਖ ਕਰੋੜ) ਦੀ ਪ੍ਰਚੂਨ ਮਾਰਕਿਟ ਵਿੱਚ ਲੱਗਭੱਗ 4.40 ਕਰੋੜ ਲੋਕਾਂ ਦਾ ਸਿੱਧਾ ਰੁਜ਼ਗਾਰ ਜੁੜਿਆ ਹੈ। ਵਾਲਮਾਰਟ ਉੱਤੇ ਆਪਣੇ ਹੀ ਕਰਮਚਾਰੀਆਂ ਨੂੰ ਘੱਟ ਪੈਸੇ ਦੇਣ ਅਤੇ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ਬਾਰ ਬਾਰ ਲੱਗ ਰਿਹਾ ਹੈ। ਇੱਕ ਅਨੁਮਾਨ ਦੇ ਅਨੁਸਾਰ ਕੰਪਨੀ ਦੇ ਖਿਲਾਫ ਰੋਜ਼ਾਨਾ 17 (ਸਾਲਾਨਾ ਪੰਜ ਹਜਾਰ )ਮਾਮਲੇ ਦੁਨੀਆਂ ਭਰ ਵਿੱਚ ਦਰਜ ਹੁੰਦੇ ਹਨ। ਕੈਲੇਫਰਨੀਆ ਯੂਨੀਵਰਸਿਟੀ ਦੀ ਖੋਜ ਅਨੁਸਾਰ ਵਾਲਮਾਰਟ ਵਿੱਚ ਕੰਮ ਕਰਦੇ ਅਮਰੀਕਾ ਦੇ ਪ੍ਰਚੂਨ ਖੇਤਰ ਵਿੱਚ ਲੱਗੇ ਵਰਕਰਾਂ ਨੂੰ ਹੋਰਨਾਂ ਪ੍ਰਚੂਨ ਕੰਪਨੀਆਂ ਦੇ ਕਾਮਿਆਂ ਤੋਂ ਲੱਗਭੱਗ 12.4 ਪ੍ਰਤੀਸ਼ਤ ਘੱਟ ਕਮਾਈ ਹੁੰਦੀ ਹੈ। ਅਮਰੀਕਾ ਵਿੱਚ ਹੀ ਹੋਰਨਾਂ ਕੰਪਨੀਆਂ ਦੇ ਕਾਮਿਆਂ ਦੇ ਮੁਕਾਬਲੇ ਵਾਲਮਾਰਟ ਦੇ ਕਾਮਿਆਂ ਨੂੰ 14.5 ਫੀਸਦੀ ਘੱਟ ਤਨਖਾਹ ਮਿਲਦੀ ਹੈ।

ਇੱਕ ਮੋਟੀ ਗੱਲ ਹੀ ਸਾਫ ਦਰਸਾ ਸਕਦੀ ਹੈ ਕਿ ਪੂੰਜੀ ਕੇਂਦਰਤ ਸੰਗਠਿਤ ਪ੍ਰਚੂਨ ਖੇਤਰ ਮੌਜੂਦਾ ਮਜ਼ਦੂਰ ਕੇਂਦਰਤ ਤਰੀਕੇ ਨਾਲੋਂ ਜ਼ਿਆਦਾ ਰੋਜ਼ਗਾਰ ਕਿਸ ਤਰ੍ਹਾਂ ਪੈਦਾ ਕਰ ਸਕਦਾ ਹੈ? ਕੀ ਅੱਜ ਤੱਕ ਕਿਸੇ ਪੂੰਜੀ ਅਤੇ ਤਕਨੀਕ ਕੇਂਦਰਤ ਖੇਤਰ ਨੇ ਰੋਜ਼ਗਾਰ ਕੇਂਦਰਿਤ ਖੇਤਰ ਨਾਲੋਂ ਜ਼ਿਆਦਾ ਰੋਜ਼ਗਾਰ ਪੈਦਾ ਕੀਤਾ ਹੈ?

ਕਿਸਾਨ ਅਤੇ ਖੇਤੀ ਲਈ ਲਾਹੇਵੰਦ ਹੋਣ ਦੀ ਦਲੀਲ-ਇਹ ਦਲੀਲ ਬੜੇ ਜ਼ੋਰ ਸ਼ੋਰ ਨਾਲ ਉਭਾਰੀ ਜਾ ਰਹੀ ਹੈ ਕਿ ਪ੍ਰਚੂਨ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨਾਲ ਖੇਤੀ ਅਤੇ ਕਿਸਾਨੀ ਨੂੰ ਲਾਭ ਹੋਵੇਗਾ। ਅਮਰੀਕਾ ਜਿੱਥੇ ਵਾਲਮਾਰਟ 50 ਸਾਲਾਂ ਤੋਂ ਪ੍ਰਚੂਨ ਖੇਤਰ ਵਿੱਚ ਕੰਮ ਕਰ ਰਹੀ ਹੈ, ਜੇਕਰ ਕਿਸਾਨਾਂ ਨੂੰ ਮੁਨਾਫੇ ਬਖਸ਼ ਆਮਦਨ ਹੋਣ ਲੱਗੀ ਹੈ ਤਾਂ ਕਿਸਾਨਾਂ ਦੀ ਗਿਣਤੀ ਘਟ ਕੇ ਆਬਾਦੀ ਦਾ 1 ਪ੍ਰਤੀਸ਼ਤ ਤੋਂ ਵੀ ਘੱਟ ਕਿਉਂ ਰਹਿ ਗਈ ਹੈ? ਅਮਰੀਕਾ ਦੇ ਕਿਸਾਨ ਵਾਲਮਾਰਟ ਕਰਕੇ ਨਹੀਂ ਬਲਕਿ ਵੱਡੀਆਂ ਸਬਸਿਡੀਆਂ ਕਰਕੇ ਬਚੇ ਹੋਏ ਹਨ। 1997 ਅਤੇ 2008 ਦੇ ਦੌਰਾਨ 12.60 ਲੱਖ ਕਰੋੜ ਦੀ ਸਬਸਿਡੀ ਕਿਸਾਨਾਂ ਨੂੰ ਮਿਲੀ ਹੈ। ਯੂਐਨ ਕਾਨਫਰੰਸ ਆਨ ਟ੍ਰੇਡ ਐਡ ਡਵੇਲਪਮੈਂਟ ਦੇ ਅਧਿਐਨ ਅਨੁਸਾਰ ਜੇਕਰ ਸਬਸਿਡੀਆਂ ਹਟਾ ਲਈਆਂ ਜਾਣ ਤਾਂ ਅਮਰੀਕਨ ਖੇਤੀ ਬਰਬਾਦ ਹੋ ਜਾਵੇਗੀ। ਯੂਰਪ ਵਿੱਚ ਵੀ ਵੱਡੇ ਰਿਟੇਲਰਾਂ ਦੀ ਮੌਜੂਦਗੀ ਦੇ ਬਾਵਜੂਦ ਹਰ ਮਿੰਟ ਇੱਕ ਕਿਸਾਨ ਖੇਤੀ ਛੱਡ ਦਿੰਦਾ ਹੈ। ਜਦਕਿ ਯੂਰਪ ਅਪਣੇ ਕਿਸਾਨਾਂ ਨੂੰ ਸਭ ਤੋਂ ਵੱਧ ਸਬਸਿਡੀਆਂ ਦਿੰਦਾ ਹੈ। ਕਿਉਂਕਿ 74 ਪ੍ਰਤੀਸ਼ਤ ਸਬਸਿਡੀ ਦਾ ਹਿੱਸਾ ਵੱਡੀਆਂ ਕੰਪਨੀਆਂ ਅਤੇ ਵੱਡੇ ਕਿਸਾਨ ਲੈ ਜਾਂਦੇ ਹਨ, ਇਸ ਲਈ ਛੋਟੇ ਖੇਤੀ ਛੱਡ ਰਹੇ ਹਨ।

ਕਹਿੰਦੇ ਹਨ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਪੰਜਾਬ ਵਿੱਚ ਕਰੀਬ ਢਾਈ ਦਹਾਕੇ ਪਹਿਲਾਂ ਪੈਪਸੀਕੋ ਨੂੰ ਬਾਗਬਾਨੀ ਕ੍ਰਾਂਤੀ ਦੇ ਲਈ ਪੰਜਾਬ ਵਿੱਚ ਲਿਆਂਦਾ ਗਿਆ ਸੀ। ਇਸ ਮੌਕੇ ਵੀ ਇਸ ਨੂੰ ਇਨਕਲਾਬੀ ਕਦਮ ਮੰਨਿਆ ਗਿਆ ਅਤੇ ਖੂਬ ਚਰਚਾ ਹੋਈ ਕਿ ਪੈਪਸੀਕੋ ਪੰਜਾਬ ਵਿੱਚ ਨਿਵੇਸ਼ ਕਰੇਗੀ, ਖੇਤੀ ਤਕਨੀਕ ਸੁਧਾਰੇਗੀ ਅਤੇ ਖੋਜ ਚ ਵਾਧਾ ਕਰੇਗੀ, ਸਪਲਾਈ ਚੇਨ ਪੈਦਾ ਕਰਕੇ ਬੁਨਿਆਦੀ ਢਾਂਚਾ ਮਜਬੂਤ ਕਰੇਗੀ ਅਤੇ ਕਿਸਾਨਾਂ ਨੂੰ ਲਾਹੇਵੰਦ ਭਾਅ ਦੇਵੇਗੀ। ਕਿਸਾਨਾਂ ਦੇ ਆਲੂ, ਮਿਰਚ ਅਤੇ ਟਮਾਟਰ ਕਿਸ ਭਾਅ ਵਿਕੇ ਅਤੇ ਪੰਜਾਬ ਵਿੱਚ ਬਾਗਬਾਨੀ ਕ੍ਰਾਂਤੀ ਦੀ ਜੋ ਸਥਿਤੀ ਹੈ ਇਹ ਸਭ ਦੇ ਸਾਹਮਣੇ ਹੈ। ਪੈਪਸੀਕੋ ਵੱਲੋਂ ਦਿਖਾਏ ਸੁਪਨੇ ਅਸਫਲ ਰਹੇ ਪਰ ਇਸ ਦੀ ਸਜ਼ਾ ਕਿਸਾਨਾਂ ਨੇ ਭੁਗਤੀ।

ਵੈਸੇ ਵੀ ਕੌਮਾਂਤਰੀ ਪੱਧਰ ਦੇ ਵੱਡੇ ਵੱਡੇ ਦਿਓਕੱਦ ਵਪਾਰਕ ਘਰਾਣਿਆਂ ਨਾਲ ਛੋਟੇ ਅਤੇ ਮੱਧਵਰਗੀ ਕਿਸਾਨ ਸੌਦਾ ਕਰਨ ਦੀ ਹੈਸੀਅਤ ਵਿੱਚ ਕਿਵੇਂ ਹੋਣਗੇ? ਤੀਹ ਫੀਸਦੀ ਹਿੱਸਾ ਛੋਟੇ ਕਿਸਾਨਾਂ ਤੋਂ ਖਰੀਦਣ ਤੋਂ ਵੀ ਜੇਕਰ ਕੰਪਨੀ ਮਨਾ ਕਰ ਦੇਵੇ ਤਾਂ ਕਿਸਾਨ ਕੀ ਮੁਕੱਦਮੇਬਾਜੀ ਰਾਹੀਂ ਜਿੱਤ ਹਾਸਲ ਕਰ ਸਕੇਗਾ? ਇਸ ਤੋਂ ਬਿਨਾਂ ਜੇਕਰ 70 ਫੀਸਦੀ ਵਿਦੇਸ਼ੀ ਸਮਾਨ ਇਨ੍ਹਾਂ ਮੰਡੀਆਂ ਵਿੱਚ ਢੇਰ ਹੋ ਜਾਵੇਗਾ ਤਾਂ ਇੱਥੋਂ ਦੇ ਉਤਪਾਦਕਾਂ ਲਈ ਕਿਹੜਾ ਰਾਹ ਰਹੇਗਾ? ਦੇਸ਼ ਵਿੱਚ ਕਿਸੇ ਕਿਸਮ ਦੇ ਸਖਤ ਰੈਗੂਲੇਟਿੰਗ ਮਕੈਨਿਜਮ ਦੀ ਅਣਹੋਂਦ ਵਿੱਚ ਸ਼ੇਰ ਦੇ ਮੂਹਰੇ ਬੱਕਰੀ ਨੂੰ ਸੁੱਟ ਦੇਣ ਤੋਂ ਵੱਧ ਮਾਮਲਾ ਕੁੱਝ ਨਹੀਂ ਹੋਵੇਗਾ।

ਨਿਵੇਸ਼ ਨਾਲ ਬੁਨਿਆਦੀ ਢਾਂਚਾ ਵਿਕਸਤ ਹੋਣ ਦਾ ਤਰਕ- ਇਹ ਤਰਕ ਬੜੇ ਜ਼ੋਰ ਸ਼ੋਰ ਨਾਲ ਦਿੱਤਾ ਜਾ ਰਿਹਾ ਹੈ ਕਿ ਹਰ ਇੱਕ ਕੰਪਨੀ ਘੱਟ ਤੋਂ ਘੱਟ 100 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਇਹ ਨਿਵੇਸ਼ ਕਿਸ ਲਈ ਹੋਵੇਗਾ, ਮੁਨਾਫੇ ਲਈ ਜਾਂ ਸਮਾਜਿਕ ਸਰੋਕਾਰਾਂ ਲਈ? ਜੇਕਰ ਮੁੱਖ ਧੁਰਾ ਮੁਨਾਫਾ ਹੋਵੇਗਾ ਤਾਂ ਇਸ ਤਰ੍ਹਾਂ ਦਾ ਨਿਵੇਸ਼ ਤਾਂ ਪਹਿਲਾਂ ਵੀ ਦੇਸ਼ ਵਿੱਚ ਜੋ ਹੋ ਰਿਹਾ ਹੈ, ਇਸ ਦਾ ਆਮ ਆਦਮੀ ਲਈ ਕਿੰਨਾ ਲਾਭ ਹੋ ਰਿਹਾ ਹੈ? ਚੰਡੀਗੜ ਸਥਿਤ ਇੰਸਟੀਚਿਊਟ ਆਫ ਡਵੈਲਪਮੇਂਟ ਐੰਡ ਕਮਿਊਨੀਕੇਸ਼ਨ (ਆਈਡੀਸੀ) ਦੇ ਮੁਖੀ ਡਾ. ਪ੍ਰਮੋਦ ਕੁਮਾਰ ਨੇ ਐਫਡੀਆਈ ਉੱਤੇ ਲਿਖੇ ਆਰਟੀਕਲ ਵਿੱਚ ਅਜਿਹੇ ਵਿਕਾਸ ਦੇ ਕਾਰਨ ਜੈ ਜੈ ਕਾਰ ਕਰਵਾ ਰਹੇ ਗੁਜਰਾਤ ਦੀ ਕਹਾਣੀ ਬਿਆਨ ਕੀਤੀ ਹੈ। ਉਹ ਪੰਜਾਬ ਸਰਕਾਰ ਦੀ ਤਰਫੋਂ ਉੱਥੇ ਅਧਿਐਨ ਵੀ ਕਰਕੇ ਆਏ ਹਨ। ਗੁਜਰਾਤ ਮਾਡਲ ਅਜਿਹਾ ਹੀ ਹੈ, ਕੀ ਇਹ ਇਨਕਲਿਊਸਿਵ ਵਿਕਾਸ ਹੈ? ਇਕ ਅਧਿਐਨ ਅਨੁਸਾਰ ਕਿਰਤੀਆਂ ਨੂੰ ਕਮਾਈ ਦਾ 8.3 ਫੀਸਦੀ ਹਿੱਸਾ ਮਿਲਦਾ ਹੈ ਅਤੇ ਬਾਕੀ ਸਭ ਮੁਨਾਫਾਖੋਰਾਂ ਕੋਲ ਜਾਂਦਾ ਹੈ। ਇਸ ਤੋਂ ਤਾਂ ਹੋਰ ਰਾਜ ਵਧੀਆ ਕਰ ਰਹੇ ਹਨ, ਕਿਰਤੀ ਦੇ ਹਿੱਸੇ ਦੇ ਤੌਰ ਉੱਤੇ ਕੇਰਲ 22.24 ਪ੍ਰਤੀਸ਼ਤ, ਪੱਛਮੀ ਬੰਗਾਲ 21.9 ਪ੍ਰਤੀਸ਼ਤ, ਤਾਮਿਲਨਾਡੂ 16.37 ਪ੍ਰਤੀਸ਼ਤ ਅਤੇ ਪੰਜਾਬ 15.27 ਪ੍ਰਤੀਸ਼ਤ ਹਿੱਸਾ ਦੇ ਰਹੇ ਹਨ।(ਦਾ ਹਿੰਦੂ, 27 ਸਿਤੰਬਰ 2012) ਇਸ ਲਈ ਵੱਡੇ ਪੱਧਰ ਉੱਤੇ ਬੱਚੇ ਅਤੇ ਔਰਤਾਂ ਸਰੀਰ ਵਿੱਚ ਜਰੂਰੀ ਤੱਤਾਂ ਦੀ ਕਮੀ ਦਾ ਸ਼ਿਕਾਰ ਹਨ।

ਫਸਲ ਦੀ ਕਟਾਈ ਤੋਂ ਬਾਅਦ ਹੋ ਰਹੀ ਬਰਬਾਦੀ ਨੂੰ ਰੋਕਣ ਦਾ ਤਰਕ-ਪ੍ਰਚੂਨ ਵਿੱਚ ਵੱਡੇ ਪੱਧਰ ਦੇ ਨਿਵੇਸ਼ ਲਈ ਇੱਕ ਮਹੱਤਵਪੂਰਨ ਤਰਕ ਇਹ ਦਿੱਤਾ ਜਾਂਦਾ ਹੈ ਕਿ ਭਾਰਤ ਵਿੱਚ ਫਸਲ ਦੀ ਕਟਾਈ ਅਤੇ ਖਪਤ ਦੇ ਵਿਚਕਾਰ 30 ਫੀਸਦੀ ਤੋਂ ਜਿਆਦਾ ਨਾਸ਼ਵਾਨ ਵਸਤੂਆਂ ਅਤੇ 5 ਤੋਂ 7 ਫੀਸਦੀ ਅਨਾਜ ਬਰਬਾਦ ਹੋ ਜਾਂਦਾ ਹੈ। ਪ੍ਰਚੂਨ ਵਿੱਚ ਕਾਰਪੋਰੇਟ ਘਰਾਣਿਆਂ ਦੇ ਦਖਲ ਦੇ ਨਾਲ ਇਸ ਵਿੱਚ ਕਮੀ ਆਵੇਗੀ। ਕੀ ਕਟਾਈ ਅਤੇ ਇਸ ਤੋਂ ਬਾਅਦ ਬਰਬਾਦੀ ਦਾ ਇਹੀ ਕਾਰਨ ਹੈ ਕਿ ਇੱਥੇ ਕੋਲਡ ਸਟੋਰੇਜ ਨਹੀਂ ਜਾਂ ਸਾਡੇ ਰਾਜਨੀਤਿਕ ਅਤੇ ਪ੍ਰਸਾਸ਼ਨਿਕ ਢਾਂਚੇ ਦੀ ਇਸ ਵਿੱਚ ਵੱਡੀ ਜਿੰਮੇਵਾਰੀ ਹੈ? ਕੀ ਫਸਲ ਕਿਸਾਨ ਦੇ ਖੇਤ ਵਿੱਚ ਬਰਬਾਦ ਹੋ ਜਾਂਦੀ ਹੈ ਜਾਂ ਮੰਡੀ ਵਿੱਚ ਆ ਰਹੀਆਂ ਮੁਸ਼ਕਿਲਾਂ ਅਤੇ ਉਸ ਤੋਂ ਬਾਅਦ ਦੀ ਸੰਭਾਲ ਦੀ ਅਣਦੇਖੀ ਕਾਰਨ ਹੈ? ਅਸਲ ਵਿੱਚ ਪ੍ਰਸਾਸ਼ਨਿਕ ਅਤੇ ਰਾਜਨੀਤਿਕ ਬਦਦਿਆਨਤਦਾਰੀ ਅਤੇ ਭ੍ਰਿਸ਼ਟਾਚਾਰ ਇਸ ਸਭ ਲਈ ਪ੍ਰਮੁੱਖ ਤੌਰ ਉੱਤੇ ਜਿੰਮੇਵਾਰ ਹਨ।

ਵਿਚੋਲੇ ਖਤਮ ਕਰਨ ਦਾ ਤਰਕ- ਪ੍ਰਚੂਨ ਵਿੱਚ ਸੰਗਠਿਤ ਨਿਵੇਸ਼ ਨਾਲ ਵਿਚੋਲੇ ਖਤਮ ਹੋ ਜਾਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਇਹ ਠੀਕ ਹੈ ਕਿ ਮੌਜੂਦਾ ਸਮੇਂ ਵਿਚੋਲਿਆਂ ਤੋਂ ਪਰੇਸ਼ਾਨੀ ਹੈ। ਇਹ ਵੀ ਕਿ ਉਤਪਾਦਕ ਨੂੰ ਘੱਟ ਪੈਸਾ ਮਿਲਦਾ ਹੈ ਅਤੇ ਖਪਤਕਾਰ ਨੂੰ ਵੀ ਵਸਤੂ ਸਸਤੀ ਨਹੀਂ ਮਿਲਦੀ ਹੈ। ਇਸ ਵਿੱਚ ਵਿਚੋਲੇ ਨੂੰ ਜਿੰਮੇਵਾਰ ਮੰਨਿਆ ਜਾਂਦਾ ਹੈ ਅਤੇ ਸੁਭਾਵਿਕ ਦੇਖਣ ਨਾਲ ਇਹ ਦਲੀਲ ਸਹੀ ਲੱਗਣ ਲੱਗ ਜਾਂਦੀ ਹੈ ਕਿ ਮੌਜੂਦਾ ਵਿਚੋਲਿਆਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਠੀਕ ਹੈ। ਮੌਜੂਦਾ ਵਿਚੋਲੇ ਨੂੰ ਖਤਮ ਕਰਨਾ ਜਾਂ ਉਸ ਦੀ ਭੂਮਿਕਾ ਨੂੰ ਘਟਾਉਣਾ ਸਮੇਂ ਦੀ ਮੁੱਖ ਜਰੂਰਤ ਹੈ ਲੇਕਿਨ ਪ੍ਰਚੂਨ ਵਿੱਚ ਵਿਦੇਸ਼ੀ ਜਾਂ ਦੇਸ਼ੀ ਕਾਰਪੋਰੇਟ ਦਾ ਨਿਵੇਸ਼ ਇੱਕ ਵਿਚੋਲਾ ਘਟਾ ਕੇ ਕਈ ਨਵੇਂ ਵਿਚੋਲੇ ਪੈਦਾ ਕਰ ਦੇਵੇਗਾ। ਇਸ ਨਾਲ ਕੁਆਲਟੀ ਕੰਟਰੋਲਰ, ਚੀਜਾਂ ਦੇ ਮਿਆਰੀਕਰਨ (ਸਟੇਂਡਰਡਾਈਜਰ), ਪ੍ਰਮਾਣ ਪੱਤਰ ਪ੍ਰਦਾਨ ਕਰਨ( ਸਟੀਫਿਕੇਸ਼ਨ ਏਜੰਸੀ), ਪ੍ਰੋਸੇਸਰ ਆਦਿ ਨਵੇਂ ਵਿਚੋਲੇ ਆ ਜਾਣਗੇ ਅਤੇ ਕਿਸਾਨਾਂ ਦੀ ਫਸਲ ਉਨ੍ਹਾਂ ਦੇ ਸਰਟੀਫਿਕੇਟਾਂ ਉੱਤੇ ਨਿਰਭਰ ਕਰੇਗੀ। ਖਪਤਕਾਰ ਨੂੰ ਵਸਤਾਂ ਸਸਤੇ ਭਾਅ ਮਿਲਣ ਬਾਰੇ- ਆਮ ਤੌਰ ਉੱਤੇ ਖਪਤਕਾਰ ਇਸ ਗੱਲ ਦੇ ਵੀ ਕਾਇਲ ਹਨ ਕਿ ਉਨ੍ਹਾਂ ਨੂੰ ਤਾਂ ਘੱਟ ਕੀਮਤ ਉੱਤੇ ਚੀਜਾਂ ਮਿਲ ਪਾਉਣਗੀਆਂ। ਪ੍ਰੰਤੂ ਕੁੱਝ ਸਮੇਂ ਲਈ ਤਾਂ ਬੇਸ਼ੱਕ ਚੀਜਾਂ ਘੱਟ ਕੀਮਤ ਉੱਤੇ ਉਪਲਬਧ ਹੋ ਸਕਦੀਆਂ ਹਨ ਕਿਉਂਕਿ ਵੱਡੇ ਖਿਡਾਰੀ ਵੱਲੋਂ ਛੋਟਿਆਂ ਨੂੰ ਮੈਦਾਨ ਚੋਂ ਖਦੇੜਨ ਲਈ ਕੁੱਝ ਚਿਰ ਲਈ ਘਾਟਾ ਵੀ ਸਹਿਣ ਕਰਨ ਨੂੰ ਮਾਰਕਿਟ ਰਣਨੀਤੀ ਦਾ ਹਿੱਸਾ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਕਾਇਮ ਕੀਤੇ ਏਕਾਧਿਕਾਰ ਨਾਲ ਮਨਮਾਨੀ ਕਰਨ ਦਾ ਲਾਈਸੈਂਸ ਵੀ ਉਸ ਦੇ ਹੱਥ ਆ ਜਾਂਦਾ ਹੈ।

ਵਾਤਾਵਰਣਕ ਅਤੇ ਮਨੁੱਖੀ ਅਸਰ- ਪ੍ਰਚੂਨ ਵਿੱਚ ਕਾਰਪੋਰੇਟ ਨਿਵੇਸ਼ ਨਾਲ ਇੱਕ ਹੋਰ ਗੱਲ ਦਾ ਵੀ ਖਤਰਾ ਬਣਿਆ ਰਹੇਗਾ। ਬੇਸ਼ੱਕ ਇਹ ਮਿਆਰੀਕਰਨ ਅਤੇ ਸੁਰੱਖਿਅਤ ਭੋਜਨ ਦੇ ਅਧਿਕਾਰ ਦੀ ਰਟ ਲਗਾਉਂਦਾ ਹੈ ਪਰ ਇਸ ਦੇ ਚੱਲਦੇ ਹੀ ਵਿਕਸਤ ਦੇਸ਼ਾਂ ਵਿੱਚ ਲੋਕਾਂ ਦੀਆਂ ਤਾਜ਼ੇ ਭੋਜਨ ਵਾਲੀਆਂ ਆਦਤਾਂ ਤਬਦੀਲ ਹੋਈਆਂ ਹਨ। ਬਦਲੀ ਤਰਜ਼-ਏ ਜ਼ਿੰਦਗੀ ਦਾ ਕਾਰਨ ਹੀ ਹੈ ਕਿ ਅਮਰੀਕਾ ਵਿੱਚ ਭਾਰਤ ਨਾਲੋਂ ਵੀ ਕੈਂਸਰ ਦੇ ਪੰਜ ਗੁਣਾ ਜ਼ਿਆਦਾ ਮਰੀਜ਼ ਹਨ। ਉਹ ਇਲਾਜ ਦੇ ਬੇਹਤਰ ਤਰੀਕੇ ਤਾਂ ਤਲਾਸ਼ ਰਿਹਾ ਹੈ ਪਰ ਬਿਮਾਰੀ ਪੈਦਾ ਨਾ ਹੋਣ ਦੇ ਕਾਰਨ ਲੱਭਣ ਵਿੱਚ ਕਾਮਯਾਬ ਨਹੀਂ ਹੋ ਰਿਹਾ। ਮੁਨਾਫੇ ਦਾ ਅੰਨ੍ਹਾਪਣ ਕੁਦਰਤੀ ਵਸੀਲਿਆਂ ਉੱਤੇ ਵੀ ਬੁਰਾ ਅਸਰ ਪਾਉਂਦਾ ਹੈ। ਹਰ ਚੀਜ ਦੀ ਪੈਕੇਜਿੰਗ ਕਰਨ ਅਤੇ ਕਈ ਤਰ੍ਹਾਂ ਦੇ ਤਰੀਕਿਆਂ ਨਾਲ ਵਸਤਾਂ ਨੂੰ ਲੰਬਾ ਸਮਾਂ ਬਚਾਏ ਰੱਖਣ ਦੇ ਤਰੀਕੇ ਵੀ ਕਿਸੇ ਨਾ ਕਿਸੇ ਤਰ੍ਹਾਂ ਸਿਹਤ ਅਤੇ ਵਾਤਾਵਰਣਕ ਵਿਗਾੜਾਂ ਦਾ ਕਾਰਨ ਬਣ ਜਾਂਦੇ ਹਨ। ਹੁਣ ਵੀ ਵਿਗਾੜਾਂ ਦਾ ਵੱਡਾ ਹਿੱਸੇਦਾਰ ਕਾਰਪੋਰੇਟ ਹੈ ਪਰ ਇਸ ਦੀ ਕੀਮਤ ਆਮ ਆਦਮੀ ਨੂੰ ਹੀ ਤਾਰਨੀ ਪੈਂਦੀ ਹੈ।

ਕਾਰਪੋਰੇਟ ਖੇਤੀ ਵੱਲ ਕਦਮ ਪ੍ਰਚੂਨ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਕਾਰਪੋਰੇਟ ਖੇਤੀ ਵੱਲ ਕਦਮ ਹੈ। ਵਿਕਸਤ ਦੇਸ਼ਾਂ ਵਿੱਚ ਤਾਂ ਪਹਿਲਾਂ ਹੀ ਲੋਕਾਂ ਦੀ ਖੇਤੀ ਉੱਤੇ ਨਿਰਭਰਤਾ ਘਟ ਗਈ ਹੈ। ਉੱਥੇ ਰੋਜ਼ਗਾਰ ਦੇ ਹੋਰ ਵਸੀਲੇ ਪੈਦਾ ਕਰਨ ਦੇ ਪਿੱਛੇ ਵੀ ਆਬਾਦੀ ਦੇ ਮੁਕਾਬਲੇ ਸਾਧਨਾਂ ਦੀ ਬਹੁਤਾਤ ਅਤੇ ਉਨ੍ਹਾਂ ਵਿੱਚ ਵੀ ਹੋਰਨਾਂ ਵਿਕਾਸਸ਼ੀਲ ਅਤੇ ਘੱਟ ਵਿਕਸਤ ਦੇਸ਼ਾਂ ਦੇ ਕੁਦਰਤੀ ਅਤੇ ਮਨੁੱਖੀ ਸੋਮਿਆਂ ਦੀ ਵਰਤੋਂ (ਲੁੱਟ) ਦਾ ਵੱਡਾ ਹਿੱਸਾ ਸ਼ਾਮਿਲ ਹੈ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਅੱਜ ਵੀ 52 ਫੀਸਦੀ ਕੰਮ ਕਰਨ ਵਾਲੀ ਮਨੁੱਖੀ ਸ਼ਕਤੀ ਸਿੱਧੇ ਤੌਰ ਉੱਤੇ ਖੇਤੀ ਉੱਤੇ ਨਿਰਭਰ ਹੈ ਅਤੇ ਤੁਰੰਤ ਇਨ੍ਹਾਂ ਲਈ ਹੋਰਨਾਂ ਥਾਵਾਂ ਉੱਤੇ ਰੋਜ਼ਗਾਰ ਦੇ ਮੌਕੇ ਵੀ ਨਹੀਂ ਹਨ। ਇਹ ਤਰੀਕਾ ਰਾਜਨੀਤਿਕ ਅਤੇ ਸਮਾਜਿਕ ਉਥਲ ਪੁਥਲ ਦਾ ਕਾਰਨ ਵੀ ਬਣ ਸਕਦਾ ਹੈ। ਚੱਲਦੇ ਚੱਲਦੇ ਖੇਤ ਕਾਰਪੋਰੇਟਾਂ ਦੇ ਹਵਾਲੇ ਹੋ ਜਾਣਗੇ ਅਤੇ ਕਿਸਾਨ ਕੇਵਲ ਇਨ੍ਹਾਂ ਪ੍ਰਚੂਨ ਦੇ ਸਟੋਰਾਂ ਦੇ ਕਾਮਿਆਂ ਦੀ ਤਰ੍ਹਾਂ ਖੇਤਾਂ ਵਿੱਚ ਮਾਲਕ ਦੇ ਤੌਰ ਉੱਤੇ ਨਹੀਂ ਬਲਕਿ ਕਰਿੰਦੇ ਦੇ ਤੌਰ ਉੱਤੇ ਕੰਮ ਕਰ ਸਕਣਗੇ।

ਰਾਜਾਂ ਦੇ ਅਧਿਕਾਰ ਦਾ ਮਸਲਾ- ਕੇਂਦਰ ਸਰਕਾਰ ਇਹ ਤਰਕ ਦਿੰਦੀ ਹੈ ਕਿ ਪ੍ਰਚੂਨ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਦਾ ਫੈਸਲਾ ਰਾਜਾਂ ਉੱਤੇ ਥੋਪਿਆ ਨਹੀਂ ਜਾਵੇਗਾ। ਜੋ ਰਾਜ ਚਾਹੁਣ ਉਹ ਇਸ ਨੂੰ ਲਾਗੂ ਨਾ ਕਰਨ ਦਾ ਫੈਸਲਾ ਲੈ ਸਕਦੇ ਹਨ। ਇਹ ਸਭ ਪਹਿਲਾਂ ਹੀ ਨਾਮਾਤਰ ਅਤੇ ਕਮਜ਼ੋਰ ਕਿਸਮ ਦੇ ਸੰਘੀ ਢਾਂਚੇ ਦਾ ਵੀ ਮਜ਼ਾਕ ਉਡਾਉਣ ਦੇ ਬਰਾਬਰ ਹੈ। ਖੇਤੀ ਰਾਜਾਂ ਦੇ ਦਾਇਰੇ ਦਾ ਵਿਸ਼ਾ ਹੈ ਤਾਂ ਖੇਤੀ ਉੱਤੇ ਰਣਨੀਤਿਕ ਅਸਰ ਪਾਉਣ ਵਾਲੇ ਇਸ ਵੱਡੇ ਫੈਸਲੇ ਤੋਂ ਪਹਿਲਾਂ ਰਾਜਾਂ ਦੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ? ਦੇਸ਼ ਦੀ ਪਾਰਲੀਮੈਂਟ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ। ਲੋਕਾਂ ਨਾਲ ਚਰਚਾ ਦੀ ਤਾਂ ਗੱਲ ਹੀ ਦੂਰ ਹੈ। ਇਹ ਉਹੀ ਤਰੀਕਾ ਹੋਵੇਗਾ ਜਿਵੇਂ ਅੰਤਰ ਰਾਸਟਰੀ ਪੱਧਰ ਉੱਤੇ ਕਾਰਪੋਰੇਟ ਘਰਾਣੇ ਨਿਵੇਸ਼ ਲਈ ਸ਼ਰਤਾਂ ਲਗਾਉਂਦੇ ਹਨ ਅਤੇ ਇਨ੍ਹਾਂ ਸ਼ਰਤਾਂ ਅੱਗੇ ਕੇਂਦਰ ਸਰਕਾਰ ਝੁਕ ਜਾਂਦੀ ਹੈ। ਇਸੇ ਤਰ੍ਹਾਂ ਕੇਂਦਰ ਸਰਕਾਰ ਵੀ ਗ੍ਰਾਂਟਾਂ ਨੂੰ ਐਫਡੀਆਈ ਨਾਲ ਜੋੜ ਕੇ ਰਾਜ ਸਰਕਾਰਾਂ ਦੀ ਮਜਬੂਰੀ ਬਣਾ ਸਕਦੀ ਹੈ ਕਿ ਉਹ ਜਾਂ ਤਾਂ ਐਫਡੀਆਈ ਲਾਗੂ ਕਰਨ ਨਹੀਂ ਤਾਂ ਫਿਰ ਗ੍ਰਾਂਟਾਂ ਲੈਣ ਤੋਂ ਵਾਂਝੇ ਰਹਿਣ। ਅਜਿਹੀਆਂ ਕਿੰਨੀਆਂ ਹੀ ਸ਼ਰਤਾਂ ਜਵਾਹਰ ਲਾਲ ਨਹਿਰੂ ਅਰਬਨ ਰਿਨਿਯੂਲ ਮਿਸ਼ਨ ਸਮੇਤ ਕਈ ਯੋਜਨਾਵਾਂ ਵਿੱਚ ਕੀਤਾ ਜਾ ਰਿਹਾ ਹੈ। ਹਾਲਾਂਕਿ ਕੌਮੀ ਅਤੇ ਖੇਤਰੀ ਵੀ ਜਿਆਦਾਤਰ ਪਾਰਟੀਆਂ ਇਸ ਦਾ ਵਿਰੋਧ ਕਾਰਪੋਰੇਟ ਮਾਡਲ ਵਿਰੋਧੀ ਮਾਨਸਿਕਤਾ ਜਾਂ ਸਿਧਾਂਤ ਚੋਂ ਨਹੀਂ ਬਲਕਿ ਸਰਕਾਰ ਦਾ ਵਿਰੋਧ ਕਰਕੇ ਰਾਜਨੀਤਿਕ ਲਾਹਾ ਮਿਲਣ ਦੇ ਤਰਕ ਚੋਂ ਹੀ ਕਰ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਤੋਂ ਵੀ ਵੱਡੀ ਉਮੀਦ ਨਹੀਂ ਰੱਖੀ ਜਾ ਸਕਦੀ।

ਬਦਲਵਾਂ ਵਿਕਾਸ ਮਾਡਲ ਜ਼ਰੂਰੀ-ਵੱਧ ਤੋਂ ਵੱਧ ਮੁਨਾਫਾ ਕਮਾਉਣ ਦੇ ਸਿਧਾਂਤ ਉੱਤੇ ਉਸਰੇ ਵਿਕਾਸ ਦੇ ਕਾਰਪੋਰੇਟ ਮਾਡਲ ਨਾਲ ਮਾਨਵਤਾ ਦੋ ਬੜੇ ਰਣਨੀਤਿਕ ਸੰਕਟਾਂ ਨਾਲ ਜੂਝ ਰਹੀ ਹੈ। ਇੱਕ ਪਾਸੇ ਕੁਦਰਤੀ ਸਾਧਨਾਂ ਦੀ ਬਰਬਾਦੀ ਦੇ ਕਾਰਨ ਪੂਰੇ ਜੈਵਿਕ ਜੀਵਨ ਲਈ ਖਤਰਾ ਪੈਦਾ ਹੋ ਰਿਹਾ ਹੈ ਅਤੇ ਦੂਸਰੇ ਪਾਸੇ ਗਰੀਬ ਅਤੇ ਅਮੀਰ ਵਿਚਲਾ ਪਾੜਾ ਪਹਿਲੇ ਕਿਸੇ ਵੀ ਸਮੇਂ ਤੋਂ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਂਕਿ ਇਸ ਵਿਕਾਸ ਮਾਡਲ ਦੇ ਰਹਿਬਰ ਵੀ 2008 ਤੋਂ ਬਾਅਦ ਆਰਥਿਕ ਸੰਕਟ ਦਾ ਸ਼ਿਕਾਰ ਹਨ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਤੋਂ ਪਿੱਛਾ ਛੁਡਵਾਉਣ ਦੀ ਕੋਸ਼ਿਸ਼ ਵਿੱਚ ਹਨ। ਇਸ ਨਾਲ ਮੁਕਤ ਬਾਜਾਰ ਦੇ ਸਿਧਾਂਤ ਉੱਤੇ ਇਸ ਦੇ ਪੈਰੋਕਾਰਾਂ ਦਾ ਇੱਕ ਧੜਾ ਵੀ ਸਵਾਲ ਉਠਾਉਣ ਲੱਗਿਆ ਹੈ।

ਦੇਸ਼ਾਂ ਦੀ ਅੰਤਰ ਨਿਰਭਰਤਾ ਦੇ ਇਸ ਪੜਾਅ ਉੱਤੇ ਕੌਮੀ ਰਾਜਾਂ ਦੀ ਪ੍ਰਭੂਸੱਤਾ ਦੀ ਧਾਰਨਾ ਕਮਜ਼ੋਰ ਪੈਂਦੀ ਜਾ ਰਹੀ ਹੈ। ਇਸ ਲਈ ਜਰੂਰਤ ਤਾਂ ਅੰਤਰ ਨਿਰਭਰ ਕੌਮੀ ਰਾਜਾਂ ਦੀ ਹਕੀਕਤ ਦੇ ਅਨੁਸਾਰ ਇੱਕ ਬਰਾਬਰੀ ਅਤੇ ਇਨਸਾਫ ਆਧਾਰਿਤ ਸੰਸਾਰ ਪ੍ਰਬੰਧ ਵੱਲ ਅੱਗੇ ਵਧਣ ਦੀ ਹੈ ਪਰ ਅੱਜ ਜ਼ਰੂਰਤ ਅਤੇ ਹਿੱਸੇਦਾਰੀ ਦੇ ਬਜਾਇ ਸਾਧਨਾਂ ਅਤੇ ਸੱਤਾ ਉੱਤੇ ਕਬਜ਼ੇ ਦੀ ਧਾਰਨਾ ਦੇ ਤਹਿਤ ਪੂੰਜੀ ਦੀ ਇੱਕਜੁੱਟਤਾ, ਇਕੱਠਾਕਰਨ ਅਤੇ ਆਰਥਿਕ ਏਕਾਧਿਕਾਰ ਕਾਇਮ ਕਰਨ ਦੀ ਦਿਸ਼ਾ ਵਿੱਚ ਸੰਸਾਰ ਦਾ ਪ੍ਰਬੰਧ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਪ੍ਰਚੂਨ ਮਾਰਕਿਟ ਵਿੱਚ ਦੇਸ਼ੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਦਖਲ ਵੀ ਇਸੇ ਦਿਸ਼ਾ ਵੱਲ ਕਦਮ ਹੈ।

ਇਸ ਦੇ ਬਦਲ ਦੇ ਤੌਰ ਉੱਤੇ ਕੁਦਰਤ ਅਤੇ ਮਨੁੱਖ ਪੱਖੀ ਵਿਕਾਸ ਮਾਡਲ ਦੀ ਜ਼ਰੂਰਤ ਹੈ। ਇਸ ਦਿਸ਼ਾ ਵਾਲੇ ਮਾਡਲ ਦੇ ਸ਼ਾਨਦਾਰ ਪ੍ਰਬੰਧ ਦੀ ਝਲਕ ਸਾਨੂੰ ਮਨੁੱਖੀ ਸਰੀਰ ਦੀ ਰਚਨਾ ਅਤੇ ਕ੍ਰਿਆ ਵਿਗਿਆਨ ਤੋਂ ਮਿਲ ਸਕਦੀ ਹੈ। ਕੁਦਰਤ ਵਿੱਚ ਸਮਰੱਥਾ ਅਨੁਸਾਰ ਕੰਮ ਅਤੇ ਲੋੜ ਅਨੁਸਾਰ ਹਾਸਿਲ ਕਰਨ ਦਾ ਅਦੁੱਤੀ ਪ੍ਰਬੰਧ ਹੈ। ਸਰੀਰ ਦਾ ਹਰ ਅੰਗ ਆਪਣੀ ਸਮਰੱਥਾ ਅਨੁਸਾਰ ਕੰਮ ਕਰਦਾ ਅਤੇ ਲੋੜ ਅਨੁਸਾਰ ਲੈਂਦਾ ਹੈ। ਦਿਲ ਜਨਮ ਤੋਂ ਲੈ ਕੇ ਮੌਤ ਤੱਕ ਲਗਾਤਾਰ ਧੜਕਦਾ ਹੈ। ਬੇ ਰੋਕ ਕੰਮ ਕਰਨ ਦੇ ਬਾਵਜੂਦ ਇਸ ਦੀ ਲੋੜ ਬਹੁਤ ਹੀ ਘੱਟ ਹੈ। ਕਈ ਹੋਰ ਅੰਗ ਥੱਕ ਵੀ ਜਾਂਦੇ ਹਨ ਇਸ ਲਈ ਆਰਾਮ ਕਰਦੇ ਅਤੇ ਉਨ੍ਹਾਂ ਦੀ ਖੁਰਾਕੀ ਜ਼ਰੂਰਤ ਵੀ ਜ਼ਿਆਦਾ ਹੈ। ਲੱਤਾਂ ਇਸ ਦੀ ਮਿਸਾਲ ਹਨ ਜੋ ਥੱਕ ਜਾਂਦੀਆਂ ਹਨ ਪਰ ਸਭ ਤੋਂ ਜ਼ਿਆਦਾ ਖੁਰਾਕ ਮੰਗਦੀਆਂ ਹਨ।

ਕੁਦਰਤ ਨੇ ਅਜਿਹਾ ਪ੍ਰਬੰਧ ਸਿਰਜਿਆ ਹੈ ਕਿ ਵਰਤਾਉਣ ਵਾਲਾ ਜਾਂ ਭੰਡਾਰੀ ਠੱਗੀ ਨਹੀਂ ਕਰ ਸਕਦਾ। ਦੂਜਿਆਂ ਨੂੰ ਸੁਵਿਧਾ ਤੋਂ ਵਾਂਝੇ ਰੱਖ ਕੇ ਅਪਣੀ ਲੋੜ ਪੂਰੀ ਨਹੀਂ ਕਰ ਸਕਦਾ। ਜਿਵੇਂ ਦਿਲ ਅਪਣੇ ਅੰਦਰੋਂ ਅਪਣੇ ਲਈ ਵੀ ਖੂਨ ਨਹੀਂ ਲੈ ਸਕਦਾ। ਫੇਫੜਾ ਅਪਣੇ ਜੋਗੀ ਆਕਸੀਨ ਅੰਦਰੋ ਸਿੱਧੀ ਨਹੀਂ ਲੈ ਸਕਦਾ। ਕੰਮ ਚੋਰੀ ਵੀ ਨਹੀਂ ਹੋ ਸਕਦੀ। ਜੇਕਰ ਇਸ ਮਾਮਲੇ ਵਿੱਚ ਠੱਗੀ ਜਾਂ ਕੰਮ ਚੋਰੀ ਹੋਵੇ ਤਾਂ ਅਜਿਹਾ ਕਰਨ ਵਾਲੇ ਨੂੰ ਵੀ ਓਨਾ ਹੀ ਵੱਡਾ ਨੁਕਸਾਨ ਹੁੰਦਾ ਹੈ ਜਿੰਨਾ ਕਿ ਉਸ ਦੀ ਠੱਗੀ ਜਾਂ ਕੰਮਚੋਰੀ ਨਾਲ ਹੋਰ ਨੂੰ ਹੁੰਦਾ ਹੈ। ਪਰ ਸਾਡੇ ਸਮਾਜ ਵਿੱਚ ਠੱਗੀ ਚੋਰੀ ਵਾਲੇ ਵਧ ਫੁੱਲ ਰਹੇ ਹਨ ਅਤੇ ਠੱਗੀ ਦਾ ਸ਼ਿਕਾਰ ਲੋਕ ਪੀੜ੍ਹਤ ਹਨ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ।

ਮਨੁੱਖੀ ਸਰੀਰ ਦੇ ਇੱਕ ਹਿੱਸੇ ਦੀ ਤਕਲੀਫ ਪੂਰੇ ਸਰੀਰ ਦੀ ਤਕਲੀਫ ਬਣ ਜਾਂਦੀ ਹੈ। ਪਰ ਮੌਜੂਦਾ ਸਮਾਜ ਵਿੱਚ ਇਸ ਤਰ੍ਹਾਂ ਨਹੀਂ ਹੋ ਰਿਹਾ। ਬੇਸ਼ੱਕ ਸਾਡਾ ਸਮਾਜ ਪੂਰਨ ਰੂਪ ਵਿੱਚ ਮਨੁੱਖੀ ਸਰੀਰ ਜਾਂ ਕੁਦਰਤ ਦੀ ਨਕਲ ਨਹੀਂ ਪਰ ਇਸਦਾ ਮੁੱਖ ਹਿੱਸਾ ਕੁਦਰਤ ਅਤੇ ਮਨੁੱਖੀ ਸਰੀਰ ਦੀ ਤਰ੍ਹਾਂ ਹੀ ਨਿਯਮਤ (ਰੈਗੂਲੇਟ) ਹੋ ਸਕਦਾ ਹੈ। ਕਿਉਂ ਕਿ ਚਿਰ ਸੱਥਾਈ ਖੁਸ਼ਹਾਲ ਸਮਾਜ ਵੀ ਕੁਦਰਤ, ਜੀਵਾਂ ਅਤੇ ਮਨੁੱਖਾਂ ਨਾਲ ਸੰਤੁਲਨ ਲੁੱਟ ਖਸੁੱਟ ਤੋਂ ਮੁਕਤ ਹੋਣਾ ਜ਼ਰੂਰੀ ਹੈ। ਜਿਸ ਵਿੱਚ ਟਕਰਾਅ ਦੀ ਬਜਾਇ ਵੰਨ ਸੁਵੰਨਤਾ ਲਈ ਜਗ੍ਹਾ, ਸਹਿਹੋਂਦ, ਆਪਸੀ ਤਾਲਮੇਲ, ਲਾਲਚ ਦੀ ਜਗਾਰ ਜ਼ਰੂਰਤ ਅਨੁਸਾਰ ਲੈਣ ਅਤੇ ਸਮਰੱਥਾ ਅਨੁਸਾਰ ਕੰਮ ਕਰਨ, ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਖੇਤਰਾਂ ਵਿੱਚ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਸੰਭਵ ਹੱਦ ਤੱਕ ਭਾਗੀਦਾਰੀ ਸੰਭਵ ਹੋਵੇ। ਅਜਿਹਾ ਮੁਨਾਫੇ ਆਧਾਰਿਤ ਸਮਾਜ ਉੱਤੇ ਉਸਰੇ ਆਰਥਿਕ ਏਕਾਧਿਕਾਰ, ਰਾਜਨੀਤਿਕ ਤਾਨਾਸ਼ਾਹੀ, ਅਤੇ ਵੱਖ ਵੱਖ ਸਮਾਜਿਕ ਅਤੇ ਸੱਭਿਆਚਾਰਕ ਪਹਿਚਾਣਾਂ ਨੂੰ ਖਤਰਾ ਪੈਦਾ ਕਰਨ ਵਾਲੇ ਤਰੀਕੇ ਨਾਲ ਸੰਭਵ ਨਹੀਂ ਹੈ। ਇਹ ਕਾਰਪੋਰੇਟ ਦੇ ਬਜਾਇ ਸਹਿਕਾਰੀ ਆਰਥਿਕ, ਸਮਾਜਿਕ ਅਤੇ ਅਸਲੀ ਜਮਹੂਰੀਅਤ ਵਾਲੇ ਸਿਆਸੀ ਪ੍ਰਬੰਧ ਰਾਹੀਂ ਹੀ ਸੰਭਵ ਹੈ।

ਹਮੀਰ ਸਿੰਘ
ਲੇਖ਼ਕ ਸੀਨੀਅਰ ਪੱਤਰਕਾਰ ਹਨ ਤੇ ਚੰਡੀਗੜ੍ਹ 'ਅਮਰ ਉਜਾਲਾ' ਦੇ ਪੰਜਾਬ ਬਿਊਰੋ 'ਚ ਕੰਮ ਕਰਦੇ ਹਨ।ਵਿਦਿਆਰਥੀ ਜੀਵਨ ਤੋਂ ਸਮਾਜਿਕ ਤੇ ਸਿਆਸੀ ਸਰਗਰਮੀਆਂ 'ਚ ਹਿੱਸਾ ਲੈਂਦੇ ਰਹੇ ਹਨ।      ਫੋਨ-96460-12426

Saturday, October 6, 2012

ਪਿਕਾਸੋ ਦੀਆਂ ਸੱਤ ਪ੍ਰੇਮਕਾਵਾਂ

ਪਿਕਾਸੋ ਦਾ ਪ੍ਰੇਮ ਜੀਵਨ ਬਹੁਤ ਡਰਾਉਣਾ ਹੈ। ਪਿਕਾਸੋ ਨੇ ਕਈ ਵਾਰ ਪ੍ਰੇਮ ਕੀਤਾ ਤੇ ਹਰ ਵਾਰ ਉਹ ਖੁਦ ਪ੍ਰੇਮ ਤੋਂ ਦੂਰ ਹੋਏ। ਕਈ ਵਾਰ ਮੈਨੂੰ ਲੱਗਦਾ ਹੈ ਕਿ ਪ੍ਰੇਮ ਵੀ ਉਹਨਾਂ ਲਈ ਇਕ ਪ੍ਰਸੰਗ ਸੀ। ਉਹ ਪਤਾ ਨਹੀਂ ਕਿਸ ਚੀਜ਼ ਦੀ ਤਲਾਸ਼ ਕਰ ਰਹੇ ਸਨ।ਉਹਨਾਂ ਦੇ ਜੀਵਨ 'ਚ ਕਈ ਪ੍ਰੇਮ ਪ੍ਰਸੰਗ ਆਏ, ਪਰੰਤੂ ਸੱਤ ਪ੍ਰੇਮਕਾਵਾਂ ਨੇ ਉਹਨਾਂ ਦੀ ਕਲਾ ਉਪਰ ਵੀ ਗਹਿਰਾ ਪ੍ਰਭਾਵ ਪਾਇਆ। ਪਿਕਾਸੋ ਦੇ ਕਲਾਤਮਕ ਜੀਵਨ ਵਿੱਚ ਆਲੋਚਕ ਸੱਤ ਮੋੜ ਮੰਨਦੇ ਹਨ- ਦ ਬਲਯੂ ਪੀਰੀਅਡ, ਦ ਰੋਜ਼ ਪੀਰੀਅਡ ਭਾਵ ਗੁਲਾਬ ਕਾਲ, ਦ ਨਿਊਡ, ਕਿਊਬਿਜ਼ਮ, ਅਫਰੀਕਾ ਤੋਂ ਪ੍ਰਭਾਵਿਤ ਕਾਲ, ਕਲਾਸਿਕ ਦੌਰ ਅਤੇ ਸੁਰਰੀਅਲਿਸਟਿਕ ਆਦਿ ਹਿੱਸੇ। ਹਰ ਪ੍ਰੇਮ ਤੋਂ ਬਾਦ ਪਿਕਾਸੋ ਦੇ ਚਿੱਤਰਾਂ 'ਚ ਬਦਲਾਵ ਆਇਆ।                                                                                                                                                                                               

1904--ਫਰਨਾਂਦੇ ਓਲੀਵਰ, ਪਿਕਾਸੋ ਦੀ ਪਹਿਲੀ ਪ੍ਰੇਮਿਕਾ ਸੀ। ਉਸ ਨਾਲ ਰਹਿ ਕੇ ਪਿਕਾਸੋ ਨੇ 'ਦ ਰੋਜ਼ ਪੀਰੀਅਡ' ਉੱਤੇ ਕੰਮ ਕੀਤਾ। ਉਸ ਦੌਰ ਦੀਆਂ ਬਹੁਤੀਆਂ ਪੇਂਟਿੰਗਜ਼ ਵਿੱਚ ਜਿਸ ਔਰਤ ਦੀ ਝਲਕ ਹੈ, ਉਹ ਓਲੀਵਰ ਹੀ ਹੈ। ਦੋਵੇਂ 9 ਸਾਲ ਤੱਕ ਇਕੱਠੇ ਰਹੇ। ਪਿਕਾਸੋ ਬਹੁਤ ਈਰਖਾਲੂ ਅਤੇ ਪੌਜੈਸਿਵ ਪ੍ਰੇਮੀ ਸਨ। ਓਲੀਵਰ 'ਤੇ ਏਨੀ ਸ਼ੱਕ ਕਰਦੇ ਸਨ ਕਿ ਕੁਝ ਘੰਟਿਆਂ ਲਈ ਵੀ ਕਿੱਧਰੇ ਬਾਹਰ ਜਾਣਾ ਹੁੰਦਾ ਤਾਂ ਓਲੀਵਰ ਨੂੰ ਕਮਰੇ 'ਚ ਬੰਦ ਕਰਕੇ ਬਾਹਰੋਂ ਜਿੰਦਰਾਂ ਮਾਰ ਦਿੰਦੇ । ਅਜਿਹਾ ਵਰਿ•ਆਂ ਤੱਕ ਚੱਲਦਾ ਰਿਹਾ, ਜਦੋਂ ਤੱਕ ਕਿ ਉਹਨਾਂ ਦੇ ਜੀਵਨ ਵਿੱਚ ਏਵਾ ਗੂਲ ਨਾ ਆ ਗਈ। 

1913-----ਏਵਾ ਗੂਲ ਦੇ ਨਾਲ ਵੀ ਪਿਕਾਸੋ ਓਲੀਵਰ ਵਾਂਗ ਹੀ ਰਹਿਣਾ ਚਾਹੁੰਦੇ ਸਨ, ਲੇਕਿਨ ਇੱਥੇ ਟਕਰਾਅ ਹੋ ਗਿਆ। ਉਹਨਾਂ ਦਾ ਪ੍ਰੇਮ ਸੰਬੰਧ ਬਹੁਤ ਛੋਟਾ ਰਿਹਾ। ਏਵਾ ਨੇ ਦੂਰ ਹੋਣ ਦੀ ਧਮਕੀ ਦਿੱਤੀ ਤਾਂ ਪਿਕਾਸੋ ਖੁਦ ਹੀ ਦੂਰ ਹੋ ਗਏ। ਏਵਾ ਇਹਨੂੰ ਸਹਿਣ ਨਾ ਕਰ ਪਾਈ। ਉਸਨੂੰ ਟੀ.ਬੀ. ਹੋ ਗਈ। ਮਨੋਰੋਗ ਅਤੇ ਅਵਸਾਦ ਨਾਲ ਗ੍ਰਸਤ 1915 ਵਿੱਚ ਮੌਤ ਦੇ ਮੂੰਹ ਜਾ ਪਈ। ਉਸਦੀ ਮੌਤ ਨੇ ਪਿਕਾਸੋ ਨੂੰ ਤੋੜ ਦਿੱਤਾ। ਕਿਉਬਿਜ਼ਮ ਵਿੱਚ ਪਿਕਾਸੋ ਪੈਸ਼ਨ ਨਾਲ ਭਰੇ ਹੋਏ ਸਨ।                                                                                                                                                    1918--ਰੂਸੀ ਨਰਤਕੀ ਓਲਗਾ ਕੋਕਲੋਵਾ ਨਾਲ ਵਿਆਹ ਕਰਨ ਤੋਂ ਪਹਿਲਾਂ ਪਿਕਾਸੋ ਓਲਗਾ ਦੀਆਂ ਕਈ ਸਹੇਲੀਆਂ ਦੇ ਪ੍ਰੇਮ 'ਚ ਰਿਹਾ। ਓਲਮਾ ਰੂਸੀ ਨਰਤਕੀ ਸੀ ਅਤੇ ਯੂਰਪ ਦੇ ਧਨਾਡਾਂ 'ਚ ਉਸਦੀ ਗਹਿਰੀ ਪੈਂਠ ਸੀ। ਉਸਨੇ ਪਿਕਾਸੋ ਨੂੰ ਕਈ ਹਾਈ ਪ੍ਰੋਫਾਈਲ ਲੋਕਾਂ ਨਾਲ ਮਿਲਾਇਆ। ਉਹਨਾਂ ਦੀ ਕਲਾ ਨੂੰ ਪੈਰਿਸ ਦੇ ਈਲੀਟ ਵਿੱਚ ਪੇਸ਼ ਕੀਤਾ। ਪਿਕਾਸੋ, ਮੂਲ ਰੂਪ 'ਚ ਬੋਹੇਮਿਅਨ ਸੁਭਾਅ ਦੇ ਸਨ ਅਤੇ ਓਲਗਾ ਪੂਰੀ ਤਰ੍ਹਾਂ ਈਲੀਟ। ਦੋਵਾਂ ਵਿਚਾਲੇ ਤਣਾਅ ਸੀ। ਨਹੀਂ ਬਣੀ। ਓਲਗਾ ਨਾਲ ਮੁਲਾਕਾਤ ਹੀ ਉਹ ਸਮਾਂ ਸੀ, ਜਦੋਂ ਪਿਕਾਸੋ ਨੇ ਬੈਲੇਰਿਨਾ ਵਿੱਚ ਪੇਂਟਿੰਗ ਦੇ ਪ੍ਰਭਾਵਾਂ ਨੂੰ ਬਦਲ ਦਿੱਤਾ। ਉਸੇ ਦੌਰਾਨ ਫਿਲਮਕਾਰ ਜਿਆਂ ਕੋਕਤਿਊ ਨਾਲ ਉਹਨਾ ਦੀ ਮਿੱਤਰਤਾ ਗਹਿਰੀ ਹੋਈ। ਕੋਕਤਿਊ ਨੇ ਕਿਤੇ ਲਿਖਿਆ, 'ਪਿਕਾਸੋ ਮੈਨੂੰ ਹਰ ਰੋਜ਼ ਹੈਰਾਨੀ 'ਚ ਪਾ ਦਿੰਦਾ ਹੈ। ਉਹ ਕਈ ਸੁੰਦਰ ਅਕਾਰ ਬਣਾਉਂਦਾ ਹੈ ਅਤੇ ਘੋਸ਼ਿਤ ਸੁੰਦਰਤਾ ਤੋਂ ਕੁਰੂਪ ਅਕਾਰਾਂ ਵੱਲ ਵਧਦਾ ਹੈ। ਫਿਰ ਉਹ ਸੁੰਦਰ, ਸਰਲ ਅਕਾਰਾਂ, ਚਿਤਰਾਂ ਨੂੰ ਰਿਜੈਕਟ ਕਰ ਦਿੰਦਾ ਹੈ।'
 

                                   
                                                                                                                                                                       ਪਿਕਾਸੋ ਨੇ ਇੱਥੇ ਇੱਕ ਨਵਾਂ ਸੌਦ੍ਰੀਯ ਸ਼ਾਸਤ ਘੜਿਆ ਸੀ। ਲੋਕਾਂ ਨੇ ਜਦੋਂ ਉਸਨੂੰ ਦੇਖਿਆ, ਤਾਂ ਹੈਰਾਨ ਰਹਿ ਗਏ ਸਨ। ਉਸਨੂੰ ਤੁਰੰਤ ਮਾਨਤਾ ਨਹੀਂ ਸੀ ਮਿਲੀ। ਇਹ ਓਲਗਾ ਨਾਲ ਪਿਕਾਸੋ ਦੇ ਕੌੜੇ ਸੰਬੰਧਾਂ ਦਾ ਫਲ਼ ਸੀ। ਇਸ ਵਿੱਚ ਪਿਕਾਸੋ ਦਾ ਰੰਗ ਪ੍ਰਯੋਗ ਬਹੁਤ ਹਮਲਾਵਰ ਕਿਸਮ ਦਾ ਹੋ ਗਿਆ ਸੀ। ਉਥੇ ਓਲਗਾ ਵੀ ਇਕੱਲ ਤੇ ਪਾਗਲਪਨ ਵਿੱਚ ਘਿਰ ਰਹੀ ਸੀ। 17 ਸਾਲ ਇਕੱਠੇ ਰਹਿਣ ਤੋਂ ਬਾਦ ਦੋਵੇਂ ਅਲੱਗ ਹੋ ਗਏ। ਓਲਗਾ ਨੂੰ ਨਰਵਸ ਬ੍ਰੇਕਡਾਊਨ ਹੋ ਗਿਆ। ਉਹ ਅਧਮੋਈ ਹੋ ਗਈ। ਉਹ ਹਮੇਸ਼ਾ ਉਹਦਾ ਇੰਤਜ਼ਾਰ ਕਰਦੀ ਰਹੀ। ਓਲਗਾ ਨੂੰ ਜਦੋਂ ਵੀ ਇਹ ਲਗਦਾ ਕਿ ਪਿਕਾਸੋ ਦਾ ਪ੍ਰੇਮ ਹੁਣ ਫਲਾਂ ਕੁੜੀ ਨਾਲ ਚੱਲ ਰਿਹਾ ਹੈ, ਤਾਂ ਉਹ ਉਸ ਕੁੜੀ ਨਾਲ ਸੰਪਰਕ ਕਰਦੀ ਅਤੇ ਪਿਕਾਸੋ ਤੋਂ ਦੂਰ ਰਹਿਣ ਲਈ ਧਮਕੀਆਂ ਦਿੰਦੀ। ਧਮਕਾਉਂਦਿਆਂ-ਧਮਕਾਉਂਦਿਆਂ ਰੋਣ ਲੱਗਦੀ ਅਤੇ ਬੇਨਤੀ ਕਰਦੀ, 'ਮੈਨੂੰ ਮੇਰਾ ਪਾਬਲੋ ਮੋੜ ਦਿਓ।' ਪਿਕਾਸੋ ਨੇ ਉਸਨੂੰ ਨਹੀਂ ਲੱਭਿਆ, ਕਿਉਂਕਿ ਅਜਿਹਾ ਕਰਨ ਨਾਲ ਜਾਇਦਾਦ ਦਾ ਅੱਧਾ ਹਿੱਸਾ ਉਸਨੂੰ ਦੇਣਾ ਪੈਂਦਾ। ਪਿਕਾਸੋ ਧੰਨ ਦੇ ਮਾਮਲੇ ਵਿੱਚ ਬੇਹੱਦ ਕੰਜੂਸ ਸੀ। ਓਲਗਾ ਆਪਣੀ ਮੌਤ ਤੱਕ ਪਿਕਾਸੋ ਦੀ ਪਤਨੀ ਬਣੀ ਰਹੀ।


1927  
45 ਸਾਲ ਦੇ ਪਿਕਾਸੋ ਦੇ ਜੀਵਨ ਵਿੱਚ 17 ਸਾਲ ਦੀ ਮੈਰੀ ਵਾਲਟਰ ਆਈ। ਦੋਵਾਂ ਨੇ ਆਪਣਾ ਪ੍ਰੇਮ ਤੇ ਰਿਸ਼ਤਾ ਗੁਪਤ ਰੱਖਿਆ। ਪਿਕਾਸੋ ਉਸ ਸਮੇਂ ਓਲਗਾ ਨਾਲ ਰਹਿ ਰਹੇ ਸਨ। ਉਹ ਕਿਸੇ ਵੀ ਤਰ੍ਹਾਂ ਇਸ ਰਿਸ਼ਤੇ ਨੂੰ ਲੁਕੋ ਲੈਣਾ ਚਾਹੁੰਦੇ ਸਨ। ਪਰੰਤੂ ਉਹ ਹੁਣ ਤੱਕ ਸੈਲੀਬ੍ਰਿਟੀ ਬਣ ਚੁੱਕੇ ਸਨ ਅਤੇ ਅਜਿਹਾ ਹੋਣਾ ਮੁਸ਼ਕਿਲ ਸੀ। ਉਹ ਉਹਨਾਂ ਦੀਆਂ ਪੇਂਟਿੰਗਜ਼ ਲਈ ਮਾਡਲ ਦਾ ਕੰਮ ਕਰਨ ਲੱਗੀ। ਪਿਕਾਸੋ ਨੇ ਆਪਣੇ ਘਰ ਦੇ ਸਾਹਮਣੇ ਇੱਕ ਮਕਾਨ ਲੈ ਕੇ ਮੈਰੀ ਨੂੰ ਦਿੱਤਾ। ਕੁਝ ਹੀ ਵਰ੍ਹਿਆਂ ਮਗਰੋਂ ਉਹਨਾਂ ਨੇ ਇੱਕ ਮਹਿਲਨੁਮਾ ਸਟੁਡੀਓ ਬਣਾਇਆ ਅਤੇ ਮੈਰੀ ਉਸ 'ਚ ਰਹਿਣ ਲੱਗੀ।

1935 ਵਿੱਚ ਮੈਰੀ ਨੇ ਪਿਕਾਸੋ ਦੀ ਬੇਟੀ ਨੂੰ ਜਨਮ ਦਿੱਤਾ। ਇਸ ਤੋਂ ਬਾਦ ਓਲਗਾ ਸਮੇਂਤ ਸਾਰਿਆਂ ਨੂੰ ਪਿਕਾਸੋ ਦੇ ਇਸ ਸੰਬੰਧ ਬਾਰੇ ਪਤਾ ਲੱਗ ਗਿਆ। ਓਲਗਾ ਨੇ ਇਸੇ ਘਟਨਾ ਤੋਂ ਬਾਦ ਪਿਕਾਸੋ ਨੂੰ ਛੱਡ ਦਿੱਤਾ। ਮੈਰੀ ਹਮੇਸ਼ਾ ਪਿਕਾਸੋ ਨਾਲ ਵਿਆਹ ਕਰਨਾ ਚਾਹੁੰਦੀ ਸੀ। 'ਗੋਰਨਿਕਾ' ਬਣਾਉਣ ਤੋਂ ਠੀਕ ਪਹਿਲਾਂ ਕਰੀਬ ਪੰਜ ਵਰ੍ਹਿਆਂ ਤੱਕ ਪਿਕਾਸੋ ਦੀ ਪੇਂਟਿੰਗਜ਼ 'ਚ ਬਹੁਤ ਚਮਕੀਲੇ ਰੰਗ, ਪ੍ਰਸੰਨ ਚਿਹਰੇ ਵਾਲੀ ਇੱਕ ਕੁੜੀ ਅਤੇ ਆਹਲਾਦ ਦੇ ਸਟ੍ਰੋਕ ਦਿਖਾਈ ਦਿੰਦੇ ਹਨ, ਉਹ ਸਾਰੇ ਮੈਰੀ ਵਾਲਟਰ ਦੇ ਚਿੱਤਰ ਹਨ। ਚਿਤਰਾਂ 'ਚ ਅਨੁਵਾਦ ਪ੍ਰੇਮ। ਬੇਟੀ ਦੇ ਜਨਮ ਤੋਂ ਦੋ ਸਾਲ ਬਾਦ ਪਿਕਾਸੋ ਦਾ ਇੱਕ ਹੋਰ ਪ੍ਰੇਮ ਹੋਣਾ ਸੀ ਡੋਰਾ ਮਾਰ ਨਾਲ। ਇਸ ਪ੍ਰੇਮ ਬਾਰੇ ਜਾਣਕਾਰੀ ਮਿਲਦੇ ਹੀ ਮੈਰੀ ਬਹੁਤ ਦੁਖੀ ਹੋਈ। ਉਹ ਆਪਣੀ ਬੇਟੀ ਦੇ ਨਾਲ ਦੂਰ ਰਹਿਣ ਚਲੇ ਗਈ।  

ਪਿਕਾਸੋ ਨੇ ਕਦੇ ਉਸ ਨਾਲ ਵਿਆਹ ਨਾ ਕੀਤਾ। ਪਰੰਤੂ, ਹਮੇਸ਼ਾ ਉਸਦੀ ਮਦਦ ਕਰਦਾ ਰਿਹਾ। 1977 ਵਿੱਚ, ਪਿਕਾਸੋ ਦੀ ਮੌਤ ਦੇ ਸਾਲ ਬਾਦ, ਵਰ੍ਹਿਆਂ ਲੰਬੀ ਇਕੱਲਤਾ ਤੋ ਪਰੇਸ਼ਾਨ ਹੋ ਕੇ ਮੈਰੀ ਨੇ ਗਲ਼ 'ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।

ਲੇਖਕ ਗੀਤ ਚਤੁਰਵੇਦੀ ਹਿੰਦੀ ਦੇ ਜਾਣੇ ਪਛਾਣੇ ਸਾਹਿਤਕਾਰ ਹਨ।
(ਦੇਸ ਰਾਜ ਕਾਲੀ ਦੇ ਰਸਾਲੇ ' ਖਬਰ ਸਿਲਸਿਲਾ' ਤੋ ਧੰਨਵਾਦ ਸਹਿਤ)

Friday, October 5, 2012

ਅੰਗਰੇਜ਼ੀ ਦੇ ਪੁਆੜੇ

ਮੇਰੇ ਅੱਜ ਤੱਕ ਅੰਗਰੇਜ਼ੀ ਭਾਸ਼ਾ ਦੀਆਂ ਕਈ ਗੱਲਾਂ ਸਮਝ ਨਹੀਂ ਆਈਆਂ। ਸਾਇਕੋਲੋਜ਼ੀ (psychology) ਸ਼ਬਦ (ਮਨੋਵਿਗਿਆਨ) ਪੀ ਅੱਖਰ ਤੋਂ ਕਿਉਂ ਸ਼ੁਰੂ ਹੁੰਦਾ ਹੈ? ਅਜਿਹੇ ਹੋਰ ਵੀ ਕਈ ਸ਼ਬਦ ਹਨ ਜੋ ਲਿਖੇ ਹੋਰ ਤਰ੍ਹਾਂ ਜਾਂਦੇ ਹਨ ਅਤੇ ਬੋਲੇ ਹੋਰ ਤਰ੍ਹਾਂ। ਚਾਕਲੇਟ (chocolate) ਸ਼ਬਦ ਨੂੰ ਜੇ ਪੜ੍ਹੀਏ ਤਾਂ ਇਹ ਚੋਕੋਲੇਟ ਬਣਦਾ ਹੈ। ਜਦੋਂ ਪ੍ਰਾਇਮਰੀ ਕਲਾਸਾਂ 'ਚ ਪੜ੍ਹਦੇ ਹੁੰਦੇ ਸੀ ਤਾਂ ਮੇਰਾ ਇਕ ਸਹਿਪਾਠੀ ਹੁੰਦਾ ਸੀ ਕੰਵਲਜੀਤ। ਮੇਰਾ ਇਕ ਹੋਰ ਦੋਸਤ ਉਸ ਨੂੰ ਕਨਵਲਜੀਤ ਕਹਿੰਦਾ ਹੁੰਦਾ ਸੀ। ਕਲਾਸ ਮੈਡਮ ਨੇ ਕਹਿਣਾ ਇਸ ਦੇ ਨਾਂ ਵਿਚਲਾ ਐਨ (kanwaljeet) ਅੱਖਰ 'ਸਾਇਲੈਂਟ' ਹੈ ਇਸ ਲਈ ਕਨਵਲ ਨਹੀਂ ਕੰਵਲ ਕਿਹਾ ਕਰੋ। ਅਸੀਂ ਤਾਂ ਸਾਰੇ ਸਿਖਾਏ ਅਨੁਸਾਰ ਸ਼ਬਦਾਂ ਨੂੰ ਜੋੜ ਕੇ ਜੋ ਬਣਦਾ ਸੀ ਉਹ ਬੋਲ ਦਿੰਦੇ ਸੀ।

ਏ.ਐਸ. ਕਾਲਜ ਖੰਨਾ 'ਚ ਬੀ.ਕਾਮ ਭਾਗ ਪਹਿਲਾ 'ਚ ਸਾਨੂੰ ਅੰਗਰੇਜ਼ੀ ਪ੍ਰੋ. ਝਾਂਜੀ ਪੜ੍ਹਾਇਆ ਕਰਦੇ ਸੀ। ਉਨ੍ਹਾਂ ਨੇ ਕਲਾਸ 'ਚ ਆਉਂਦੇ ਹੀ ਕਹਿਣਾ, ਹਾਂ ਬਈ ਅੰਗਰੇਜ਼ੀ ਦੇ ਮੈਂ ਕੁਝ ਸ਼ਬਦ ਬੋਲੂ, ਤੁਸੀਂ ਲਿਖ ਕੇ ਦਿਖਾਇਓ। ਬੋਗਨਵਿਲਾ (bougainvillea) , ਸ਼ੌਫਰ (chauffeur) , ਐਟੀਕੇਟ (etiquette) , ਟ੍ਰੀਮੈਂਡਸ (tremendous) , ਸਕਾਰਫ (scarf) ਆਦਿ-ਆਦਿ। ਤੇ ਅਸੀਂ ਲਿਖਣ ਬੈਠ ਜਾਣਾ boganvilla, sauffer, atticates ਆਦਿ ਆਦਿ।ਬੜੀ ਕਮਾਲ ਐ ਅੰਗਰੇਜ਼ੀ!

ਮੁੱਢਲੀ ਪੜ੍ਹਾਈ ਮੈਂ ਅੰਗਰੇਜ਼ੀ ਮਾਧਿਅਮ 'ਚ ਹੀ ਕੀਤੀ ਹੈ। ਹਾਲਾਂਕਿ ਪੰਜਾਬੀ ਲਿਖਣ,ਪੜ੍ਹਨ ਅਤੇ ਬੋਲਣ 'ਚ ਮੈਂ ਵਧੇਰੇ ਸਹਿਜ ਮਹਿਸੂਸ ਕਰਦਾ ਹਾਂ। ਮੇਰੇ ਯਾਦ ਹੈ ਕਿ ਅੰਗਰੇਜ਼ੀ ਨੂੰ ਇਕ ਭਾਸ਼ਾ ਦੇ ਰੂਪ 'ਚ ਪੜ੍ਹਨ ਨਾਲੋਂ ਬਹੁਤੇ ਵਿਸ਼ਿਆਂ ਨੂੰ ਰੱਟਾ ਮਾਰਨ ਨੂੰ ਹੀ ਤਰਜੀਹ ਦਿੱਤੀ ਜਾਂਦੀ ਰਹੀ ਹੈ। ਅੰਗਰੇਜ਼ੀ 'ਚ ਪੜ੍ਹੇ ਹਿਸਾਬ, ਸਾਇੰਸ ਅਤੇ ਸਮਾਜਿਕ ਸਿੱਖਿਆ 'ਚ ਵਰਤੇ ਜਾਂਦੇ ਸ਼ਬਦਾਂ ਦੇ ਅਰਥ ਸਮਝਨ ਨਾਲੋਂ ਬਸ ਯਾਦ ਕਰ ਲੈਣ ਨੂੰ ਹੀ ਪਹਿਲ ਦਿੱਤੀ ਜਾਂਦੀ ਸੀ। ਇਹ ਵਰਤਾਰਾ ਅੱਜ ਵੀ ਇਓ ਹੀ ਚੱਲ ਰਿਹਾ ਹੈ। ਨਿੱਕੇ-ਨਿੱਕੇ ਬੱਚੇ ਅੰਗਰੇਜ਼ੀ 'ਚ ਰੱਟੀਆਂ ਕਵਿਤਾਵਾਂ ਇੰਝ ਸੁਣਾਉਣਗੇ ਜਿਵੇਂ ਟੇਪ-ਰਿਕਾਰਡਰ ਬੋਲ ਰਿਹਾ ਹੋਵੇ। ਬੱਚਿਆਂ ਦੀ ਸਕੂਲ ਦੀ ਭਾਸ਼ਾ ਹੋਰ ਹੈ ਅਤੇ ਸਕੂਲ ਤੋਂ ਬਾਹਰ ਦੀ ਹੋਰ। ਜ਼ਾਹਿਰ ਹੈ ਕਿ ਸਕੂਲ ਤੋਂ ਬਾਹਰ ਤਾਂ ਪੰਜਾਬੀ ਹੀ ਬੋਲਦੇ ਹੋਣਗੇ! ਵੈਸੇ ਬਹੁਤਿਆਂ ਬੱਚਿਆਂ ਦੇ ਮਾਪੇ ਧੱਕੇ ਨਾਲ ਉਨ੍ਹਾਂ ਨੂੰ ਹਿੰਦੀ ਜਾਂ ਅੰਗਰੇਜ਼ੀ ਬੋਲਣ ਲਈ ਅੱਖਾਂ ਕੱਢਦੇ ਰਹਿੰਦੇ ਹਨ।

ਇਕ ਵਿਆਹ 'ਚ ਅਸੀਂ ਕਈ ਦੋਸਤ ਇਕੱਠੇ ਬੈਠੇ ਸੀ। ਇਕ ਸਟਾਲ 'ਤੇ ਕਈ ਤਰ੍ਹਾਂ ਦੇ ਫਲ ਪਏ ਦੇਖ ਕੇ ਮੇਰੇ ਦੋਸਤ ਦਾ ਯੂ.ਕੇ.ਜੀ. 'ਚ ਪੜ੍ਹਦਾ ਮੁੰਡਾ ਕਹਿੰਦਾ ਮੰਮਾ ਸਿਓ ਖਾਣਾ ਏ। ਅੱਗੋਂ ਅੱਖਾਂ ਕੱਢ ਕੇ ਦੋਸਤ ਦੀ ਪਤਨੀ ਕਹਿੰਦੀ ਬੇਟਾ ਅਭੀ ਲਾਈ ਮੈਂ ਤੁਮਾਹਰੇ ਲੀਏ ਐਪਲ। ਇਸ ਤੋਂ ਬਾਅਦ ਮੁੰਡਾ ਟੁੱਟੀ-ਭੱਜੀ ਜਿਹੀ ਹਿੰਦੀ-ਅੰਗਰੇਜ਼ੀ ਬੋਲਣ ਲੱਗਾ। ਖਿਆਲਾਂ ਦਾ ਜੋ ਵਹਾਅ ਮਾਤ ਭਾਸ਼ਾ 'ਚ ਹੁੰਦਾ ਹੈ ਉਹ ਹੋਰ ਭਾਸ਼ਾਵਾਂ 'ਚ ਕਿਵੇਂ ਹੋ ਸਕਦਾ ਹੈ? ਅੰਗਰੇਜ਼ੀ 'ਚ ਲਿਖਣ ਵਾਲੇ ਬਹੁਤੇ ਪੰਜਾਬੀ ਲਿਖਾਰੀ ਵੀ ਇਹ ਗੱਲ ਮੰਨਦੇ ਹਨ ਕਿ ਸੋਚਦੇ ਉਹ ਪੰਜਾਬੀ 'ਚ ਹੀ ਹਨ ਭਾਵੇਂ ਲਿਖਣ ਵੇਲੇ ਅੰਗਰੇਜ਼ੀ ਅੱਖਰਾਂ ਦਾ ਇਸਤੇਮਾਲ ਕਰਦੇ ਹੋਣ। ਆਪ ਮੁਹਾਰੇ ਜੋ ਭਾਸ਼ਾ ਮੂੰਹੋਂ ਨਿਕਲਦੀ ਹੈ ਉਹੀਂ ਤਾਂ ਮਾਂ ਬੋਲੀ ਹੁੰਦੀ ਹੈ। ਇਕ ਉਦਾਹਰਣ ਯਾਦ ਆ ਰਹੀ ਹੈ। ਸ਼ਾਇਦ ਬੀਰਬਲ ਦੇ ਕਿੱਸਿਆ 'ਚੋਂ ਹੈ।

ਕਿਸੇ ਦੇਸ਼ 'ਚ ਇਕ ਵਿਦਵਾਨ ਬੰਦਾ ਆ ਗਿਆ। ਕਈ ਦੇਸ਼ਾਂ ਦੀਆਂ ਉਹ ਭਾਸ਼ਾਵਾਂ ਬੋਲੇ। ਜਨਤਾ ਨੂੰ ਸਮਝ ਨਾ ਆਵੇ ਕਿ ਇਹ ਆਇਆ ਕਿੱਥੋਂ ਹੈ। ਵਿਦਵਾਨ ਬੰਦਾ ਕਹਿੰਦਾ ਇਹ ਕੋਈ ਨਹੀਂ ਬੁੱਝ ਸਕਦਾ ਕਿ ਮੈਂ ਕਿੱਥੋਂ ਦਾ ਵਾਸੀ ਹਾਂ ਤੇ ਮੇਰੀ ਮੂਲ ਭਾਸ਼ਾ ਕਿਹੜੀ ਹੈ। ਕਈ ਦੇਸ਼ਾਂ ਤੋਂ ਲੋਕ ਬੁਲਾਏ ਗਏ। ਵਿਦਵਾਨ ਬੰਦਾ ਹਰੇਕ ਨਾਲ ਹੀ ਉਸ ਦੀ ਭਾਸ਼ਾ 'ਚ ਗੱਲ ਕਰੀ ਜਾਵੇ। ਆਖਿਰ ਉਸ ਦੇਸ਼ ਦੇ ਇਕ ਸਿਆਣੇ ਨੇ ਇਹ ਜ਼ਿੰਮਾ ਆਪਣੇ ਹੱਥ ਲਿਆ ਅਤੇ ਕਿਹਾ ਕਿ ਉਹ ਦੋ ਦਿਨ ਬਾਅਦ ਦੱਸ ਦੇਵੇਗਾ ਕਿ ਵਿਦਵਾਨ ਸਾਹਿਬ ਕਿੱਥੋਂ ਆਏ ਹਨ। ਵਿਦਵਾਨ ਹੋਰ ਜ਼ਿਆਦਾ ਚੌਕਸ ਹੋ ਗਿਆ। ਰਾਤ ਨੂੰ ਜਦੋਂ ਵਿਦਵਾਨ ਸੁੱਤਾ ਪਿਆ ਸੀ ਤਾਂ ਉਸ ਦੇਸ਼ ਦੇ ਸਿਆਣੇ ਬੰਦੇ ਨੇ ਠੰਡੇ ਪਾਣੀ ਦੀ ਭਰੀ ਬਾਲਟੀ ਉਸ 'ਤੇ ਉਲਟਾ ਦਿੱਤੀ। ਬੌਂਦਲਿਆ ਜਿਹਾ ਵਿਦਵਾਨ ਇਹ ਬੋਲਦਾ ਉੱਠ ਖੜਾ ਹੋਇਆ 'ਓ ਮਾਰ 'ਤਾ ਸਾਲਿਓ, ਥੋਡੀ...।' ਉਸ ਦੇਸ਼ ਦਾ ਸਿਆਣਾ ਬੰਦਾ ਕਹਿੰਦਾ, ਵਿਦਵਾਨ ਸਾਹਿਬ ਪੰਜਾਬੀ ਨੇ ਜੀ।

ਇਕ ਹੋਰ ਗੱਲ। ਲੁਧਿਆਣਾ ਦੇ ਹਾਈ-ਫਾਈ ਇਲਾਕੇ 'ਚ ਕਿਸੇ ਡਾਕਟਰ ਕੋਲ ਦਵਾਈ ਲੈਣ ਗਿਆ। ਉਹ ਜਾਂ ਤਾਂ ਅੰਗਰੇਜ਼ੀ 'ਚ ਗੱਲ ਕਰ ਰਿਹਾ ਸੀ ਜਾਂ ਹਿੰਦੀ 'ਚ। ਮੇਰੇ ਨਾਲ ਵੀ ਉਸ ਨੇ ਗੱਲਾਂ ਇਨ੍ਹਾਂ ਦੋ ਭਾਸ਼ਾਵਾਂ 'ਚ ਹੀ ਸ਼ੁਰੂ ਕੀਤੀਆਂ। ਮੈਂ ਜਵਾਬ ਪੰਜਾਬੀ 'ਚ ਦੇਈ ਜਾਵਾਂ। ਡਾਕਟਰ ਸਾਹਿਬ ਵੀ ਸ਼ੁੱਧ ਪੰਜਾਬੀ 'ਚ ਗੱਲ ਕਰਨ ਲੱਗ ਪਏ। ਨਾਲ ਦਾ ਬਹੁਤ ਹੈਰਾਨ। ਕਹਿੰਦਾ ਅੱਜ ਤੱਕ ਮੈਂ ਡਾਕਟਰ ਕਦੇ ਪੰਜਾਬੀ ਬੋਲਦਾ ਨੀ ਸੁਣਿਆਂ। ਮੈਂ ਕਿਹਾ ਹੋ ਸਕਦੈ ਡਾਕਟਰ ਦੀ ਭਾਸ਼ਾ ਸੁਣ ਕੇ ਮਰੀਜ਼ ਵੀ ਉਸ ਨਾਲ ਹਿੰਦੀ-ਅੰਗਰੇਜ਼ੀ ਹੀ ਬੋਲਦੇ ਹੋਣ। ਪੰਜਾਬ 'ਚ ਰਹਿਣ ਵਾਲੇ ਨੂੰ ਪੰਜਾਬੀ ਨਾ ਆਵੇ, ਇਹ ਕਿੱਦਾਂ ਹੋ ਸਕਦੈ?

ਕੁਝ ਸਮਾਂ ਪਹਿਲਾਂ ਕਿਸੇ ਮਹਿਕਮੇ 'ਚ ਤਬਦੀਲ ਹੋ ਕੇ ਆਏ ਇਕ ਆਈ.ਏ.ਐਸ. ਅਫਸਰ ਕੋਲ ਉਸ ਦੇ ਮਹਿਕਮੇ ਦਾ ਕਰਮਚਾਰੀ 'ਮਤਲਬ ਰਹਿਤ ਅੰਗਰੇਜ਼ੀ' 'ਚ ਉਸ ਨੂੰ ਕੁਝ ਦੱਸ ਰਿਹਾ ਸੀ ਤੇ ਲਖਨਊ ਦੇ ਜੰਮੇ ਅਤੇ ਪੜ੍ਹੇ-ਲਿਖੇ ਉਸ ਅਫਸਰ ਨੇ ਕਿਹਾ ਬਾਊ ਜੀ ਮੈਂ ਪੰਜਾਬੀ ਬਹੁਤ ਚੰਗੀ ਤਰ੍ਹਾਂ ਸਮਝ ਤੇ ਬੋਲ ਲੈਂਦਾ ਹਾਂ। ਪੰਜਾਬੀ 'ਚ ਦੱਸ ਦਿਓ। ਕੋਲ ਬੈਠਾ ਮੈਂ ਬਹੁਤ ਪ੍ਰਭਾਵਿਤ ਹੋਇਆ। ਆਖਰੀ ਗੱਲ। ਪੰਜਾਬੀ 'ਚ ਲਿਖੀ ਮੇਰੀ ਕੋਈ ਕਵਿਤਾ ਪੜ੍ਹ ਕੇ ਫੇਸਬੁੱਕ 'ਤੇ ਕਿਸੇ ਨੇ ਤਾਰੀਫ ਕਰਨ ਲਈ ਕੁਮੈਂਟ ਕੀਤਾ 'ਭਾਅ ਜੀ ਆਰ ਯੂ ਏ ਗ੍ਰੇਟ ਰਾਈਟਰ' (ਕੀ ਤੁਸੀਂ ਮਹਾਨ ਲੇਖਕ ਹੋ?)। ਉਸਦੀ ਭਾਵਨਾ ਮੈਂ ਸਮਝ ਤਾਂ ਗਿਆ ਸੀ ਪਰ ਇਸ ਗੱਲੋਂ ਹੱਸਿਆ ਵੀ ਕਿ ਤਾਰੀਫ ਜੇ ਪੰਜਾਬੀ 'ਚ ਲਿਖ ਦਿੱਤੀ ਜਾਂਦੀ ਤਾਂ ਕੀ ਫਰਕ ਪੈ ਜਾਣਾ ਸੀ? ਐਵੇਂ ਅੰਗਰੇਜ਼ੀ ਲਿਖ ਕੇ ਤਾਰੀਫ ਦੀ ਜਗ੍ਹਾਂ ਮੇਰੀ ਲੇਖਣੀ 'ਤੇ ਸਵਾਲ ਹੀ ਖੜ੍ਹਾ ਕਰ ਦਿੱਤਾ।

ਨਰਿੰਦਰ ਪਾਲ ਸਿੰਘ ਜਗਦਿਓ
ਲੇਖ਼ਕ ਸਰਗਰਮ ਪੱਤਰਕਾਰੀ ਨੂੰ ਤਲਾਕ ਦੇਣ ਤੋਂ ਬਾਅਦ ਅੱਜਕਲ੍ਹ ਪੰਜਾਬ ਸਰਕਾਰ ਦੇ 'ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ' ਹਨ।