ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, February 28, 2013

ਚੰਡੀਗੜ੍ਹ: 'ਲੋਕ ਪਹਿਲਕਦਮੀ' ਮਸ਼ਹੂਰ ਲੇਖ਼ਕ ਇਸ਼ਤਿਆਕ ਅਹਿਮਦ ਨੂੰ ਕਰੇਗੀ ਰੂਬਰੂ

'ਇਸ਼ਤਿਆਕ ਅਹਿਮਦ' ਦੀ ਕਿਤਾਬ  ਦਾ ਕਵਰ
ਦਿਨ ਐਤਵਾਰ,ਤਰੀਕ-3 ਮਾਰਚ 
ਸਥਾਨ-ਪ੍ਰੈਸ ਕਲੱਬ,ਚੰਡੀਗੜ੍ਹ,ਸੈਕਟਰ-27 
ਸਮਾਂ-1 ਤੋਂ 4

'ਲੋਕ ਪਹਿਲਕਦਮੀ'(Peoples’s Initative) ਵਲੋਂ ਸਟੌਕਹੋਮ ਯੂਨੀਵਰਸਿਟੀ ਦੇ ਪ੍ਰਫੈਸਰ,ਸਿਆਸੀ ਵਿਗਿਆਨੀ ਤੇ 1947 ਦੀ ਵੰਡ 'ਤੇ ਲਿਖੀ ਮਸ਼ਹੂਰ ਕਿਤਾਬ 'Punjab: Bloodied,Patitioned and cleansed’ ਦੇ ਲੇਖਕ 'ਇਸ਼ਤਿਆਕ ਅਹਿਮਦ' ਨੂੰ ਕਿਤਾਬ ਤੇ ਵੰਡ ਉੱਤੇ ਵਿਚਾਰ-ਚਰਚਾ ਬਾਰੇ ਚੰਡੀਗੜ੍ਹ ਪ੍ਰੈਸ ਕਲੱਬ (ਕਾਨਫਰੰਸ ਹਾਲ, ਸੈਕਟਰ-27) ਵਿਖੇ 3 ਮਾਰਚ ਦਿਨ ਐਤਵਾਰ ਨੂੰ ਸੱਦਿਆ ਗਿਆ ਹੈ।ਉਹ ਦੁਪਿਹਰ 1 ਤੋਂ 4 ਵਜੇ ਤੱਕ ਭਾਰਤ-ਪਾਕਿਸਤਾਨ ਵੰਡ ਬਾਰੇ ਆਪਣੇ ਵਿਚਾਰ ਰੱਖਣਗੇ ਤੇ ਦੋਸਤਾਂ-ਮਿੱਤਰਾਂ ਦੇ ਸਵਾਲਾਂ ਦੇ ਰੂਬਰੂ ਹੋਣਗੇ।ਅਸੀਂ ਸਾਰੇ ਦੋਸਤਾਂ-ਮਿੱਤਰਾਂ ਨੂੰ ਪਹੁੰਚਣ ਦਾ ਸੱਦਾ ਦਿੰਦੇ ਹਾਂ।

ਇਹ 'ਲੋਕ ਪਹਿਲਕਦਮੀ' ਦਾ ਪਹਿਲਾ ਉਪਰਲਾ ਹੈ। ਅਸੀਂ ਆਉਣ ਵਾਲੇ ਦਿਨਾਂ ਕਿਤਾਬਾਂ,ਫਿਲਮਾਂ ਤੇ ਲੋਕ ਕਲਾਵਾਂ ਜ਼ਰੀਏ ਲੋਕ ਸੰਵਾਦ ਸਥਾਪਤ ਕਰਨ ਦੀ ਕੋਸ਼ਿਸ਼ ਕਰਾਂਗੇ,ਜਿਸ ਨਾਲ 'ਅਮਲੀ ਜਮਹੂਰੀ' ਕਦਰਾਂ-ਕਮੀਤਾਂ ਵਾਲਾ ਸੱਭਿਆਚਾਰ ਮਜ਼ਬੁਤ ਹੋ ਸਕੇ। ਲੋਕ ਸਹਿਯੋਗ ਨਾਲ ਅੱਗੇ ਵੀ ਇਸ ਤਰ੍ਹਾਂ ਦੀਆਂ ਪਹਿਕਦਮੀਆਂ ਜਾਰੀ ਰਹਿਣਗੀਆਂ।ਫਿਲਹਾਲ 'ਲੋਕ ਪਹਿਕਦਮੀ' ਦੀ ਆਰਜ਼ੀ ਟੀਮ ਗਠਿਤ ਕੀਤੀ ਹੈ ਤੇ ਸਾਡੇ ਵਲੋਂ ਇਸ ਟੀਮ ਦਾ ਹਿੱਸਾ ਬਣਨ ਦਾ ਸਭ ਨੂੰ ਖੁੱਲ੍ਹਾ ਸੱਦਾ ਹੈ।

'ਲੋਕ ਪਹਿਲਕਦਮੀ' ਟੀਮ

ਨੈਨਇੰਦਰ ਸਿੰਘ--------98761-10958
ਜਸਦੀਪ ਸਿੰਘ---------99886-38850
ਰਮਨਜੀਤ ਸਿੰਘ--------98788-80137
ਯਾਦਵਿੰਦਰ ਕਰਫਿਊ------95308--95198

ਯੂ. ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ

ਯੂ. ਬੀ. ਸੀ.(ਯੂਨੀਵਰਸਿਟੀ ਆਫ ਬ੍ਰਿਟਿਸ਼ ਕਲੰਬੀਆ(ਵੈਨਕੁਵਰ) ਦੇ ਏਸ਼ੀਅਨ ਸਟੱਡੀਜ਼ ਵਿਭਾਗ ਵੱਲੋਂ ਹਰ ਸਾਲ ਬੀ ਸੀ ਦੇ ਇਕ ਪੰਜਾਬੀ ਲੇਖਕ ਨੂੰ ਦਿੱਤਾ ਜਾਣ ਵਾਲਾ ਇਨਾਮ ਇਸ ਸਾਲ ਅਜਮੇਰ ਰੋਡੇ ਨੂੰ ਉਹਨਾਂ ਦੀ ਸਮੁੱਚੀ ਸਾਹਿਤਕ ਦੇਣ ਲਈ ਦਿੱਤਾ ਜਾਵੇਗਾ। ਹਰਜੀਤ ਕੌਰ ਸਿੱਧੂ ਦੀ ਯਾਦ ਵਿੱਚ ਹਰ ਸਾਲ ਦਿੱਤੇ ਜਾਂਦੇ ਇਸ ਇਨਾਮ ਵਿੱਚ ਲੇਖਕ ਨੂੰ ਇਕ ਸਨਮਾਨ ਚਿੰਨ ਅਤੇ ਇਕ ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ। ਉਹਨਾਂ ਨੂੰ ਇਨਾਮ ਦੇਣ ਦਾ ਇਹ ਫੈਸਲਾ ਲੇਖਕਾਂ ਅਤੇ ਸਾਹਿਤ ਪਾਰਖੂਆਂ ਦੀ ਇਕ ਤਿੰਨ ਮੈਂਬਰੀ ਕਮੇਟੀ ਨੇ ਕੀਤਾ ਹੈ।

ਪੰਜਾਬੀ ਸਾਹਿਤਕ ਜਗਤ ਵਿੱਚ ਅਜਮੇਰ ਰੋਡੇ ਦਾ ਨਾਂ ਇਕ ਜਾਣਿਆਂ ਪਛਾਣਿਆਂ ਨਾਂ ਹੈ। ਉਹ ਪਿਛਲੇ ਚਾਰ ਦਹਾਕਿਆਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਉਹਨਾਂ ਦੀ ਪਹਿਲੀ ਕਿਤਾਬ "ਵਿਸ਼ਵ ਦੀ ਨੁਹਾਰ" ਸੰਨ 1966 ਵਿੱਚ ਪ੍ਰਕਾਸ਼ਤ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਇਕ ਦਰਜਨ ਤੋਂ ਵੱਧ ਕਿਤਾਬਾਂ ਪ੍ਰਕਾਸ਼ਤ ਕਰਵਾ ਚੁੱਕੇ ਹਨ। ਉਹ ਬਹੁਤ ਹੀ ਵਧੀਆ ਕਵੀ,ਨਾਟਕਕਾਰ ਅਤੇ ਵਾਰਤਕ ਲੇਖਕ ਹਨ। ਉਹਨਾਂ ਦੀਆ ਕੁਝ ਚੋਣਵੀਆਂ ਕਿਤਾਬਾਂ ਦੇ ਨਾਂ ਹਨ: ਲੀਲਾ (ਨਵਤੇਜ ਭਾਰਤੀ ਨਾਲ ਸਾਂਝੀ), ਸ਼ੁਭ ਚਿੰਤਨ, ਪੋਇਮਜ਼ ਐਟ ਮਾਈ ਡੋਰ ਸਟੈੱਪ, ਕਾਮਾਗਾਟਾਮਾਰੂ, ਦੂਜਾ ਪਾਸਾ ਅਤੇ ਸੁਰਤੀ।

ਇਹ ਇਨਾਮ ਹਰਜੀਤ ਕੌਰ ਸਿੱਧੂ ਦੀ ਯਾਦ ਵਿੱਚ ਹਰ ਸਾਲ ਦਿੱਤਾ ਜਾਂਦਾ ਹੈ। ਹਰਜੀਤ ਕੌਰ ਸਿੱਧੂ (1937-2007) ਇਕ ਚੰਗੀ ਪਤਨੀ, ਮਾਂ ਤੇ ਅਧਿਆਪਕਾ ਸੀ ਅਤੇ ਵਿਦਿਆ, ਪੰਜਾਬੀ ਬੋਲੀ ਅਤੇ ਸੱਭਿਆਚਾਰ ਅਤੇ ਨਾਰੀਆਂ ਦੇ ਹੱਕਾਂ ਦੀ ਸਮਰਥਕ ਸੀ।

ਅਜਮੇਰ ਰੋਡੇ ਨੂੰ ਇਹ ਇਨਾਮ 7 ਮਾਰਚ 2013 ਨੂੰ ਯੂ.ਬੀ.ਸੀ. ਵਿੱਚ ਹੋਣ ਜਾ ਰਹੇ ਪੰਜਾਬੀ ਬੋਲੀ ਦੇ ਜਸ਼ਨ ਦੌਰਾਨ ਦਿੱਤਾ ਜਾਵੇਗਾ। ਏਸ਼ੀਅਨ ਸਟੱਡੀਜ਼ ਡਿਪਾਰਟਮੈਂਟ ਵਲੋਂ ਕਰਵਾਇਆ ਜਾ ਰਿਹਾ ਇਹ ਸਮਾਗਮ ਸ਼ਾਮ ਦੇ 5:00 ਵਜੇ ਤੋਂ ਲੈ ਕੇ 8:00 ਵਜੇ ਵਿਚਕਾਰ ਹੋਵੇਗਾ। ਅਜਮੇਰ ਰੋਡੇ ਨੂੰ ਇਨਾਮ ਦੇਣ ਤੋਂ ਇਲਾਵਾ ਇਸ ਸਮਾਗਮ ਵਿੱਚ ਅਮਰੀਕਾ (ਯੂਨੀਵਰਸਿਟੀ ਆਫ ਕੈਲੇਫੋਰਨੀਆ, ਸੰਤਾ ਕਰੂਜ਼) ਤੋਂ ਇਕ ਵਿਦਵਾਨ ਗੁਰਇਕਬਾਲ ਸਿੰਘ ਸਹੋਤਾ ਰਾਜਿੰਦਰ ਸਿੰਘ ਬੇਦੀ ਦੇ ਸਾਹਿਤ ਬਾਰੇ ਇਕ ਭਾਸ਼ਨ ਦੇਣਗੇ। ਉਹਨਾਂ ਦੇ ਭਾਸ਼ਨ ਦਾ ਸਿਰਲੇਖ ਹੈ: "ਰਾਜਿੰਦਰ ਸਿੰਘ ਬੇਦੀ ਐਜ਼ ਮੌਰਲ ਫਿਲਾਸਫਰ: ਡੁਮਿਸਟਿਸਿਟੀ ਐਜ਼ ਪੁਲੀਟੀਕਲ ਫਰੰਟੀਅਰ"। ਇਸ ਦੇ ਨਾਲ ਨਾਲ ਪੰਜਾਬੀ ਲੇਖ ਮੁਕਾਬਲਿਆਂ ਵਿੱਚ ਪਹਿਲੇ ਨੰਬਰ'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ ਅਤੇ ਯੂ.ਬੀ.ਸੀ. ਵਿੱਚ ਪੰਜਾਬੀ ਪੜ੍ਹ ਰਹੇ ਵਿਦਿਆਰਥੀ ਆਪਣੇ ਸਕਿੱਟ ਅਤੇ ਹੋਰ ਪੇਸ਼ਕਾਰੀਆਂ ਪੇਸ਼ ਕਰਨਗੇ। ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਨਾਲ ਮੋਹ ਰੱਖਣ ਵਾਲੇ ਸਾਰੇ ਲੋਕਾਂ ਨੂੰ ਇਸ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ।ਹੋਰ ਜਾਣਕਾਰੀ ਲਈ 604-644-2470 'ਤੇ ਫੋਨ ਕਰੋ ਜਾਂ anne.murphy@ubc.ca 'ਤੇ ਈ-ਮੇਲ ਕਰੋ।

ਵੈਨਕੁਵਰ ਤੋਂ ਸੁਖਵੰਤ ਹੁੰਦਲ ਦੀ ਰਪਟ

Tuesday, February 26, 2013

ਕਨੇਡਾ: ਪਲੀ ਦਾ 10ਵਾਂ ਸਲਾਨਾ ਮਾਂ-ਬੋਲੀ ਦਿਨ ਗਦਰ ਲਹਿਰ ਨੂੰ ਸਮਰਪਿਤ

ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ(ਪਲੀ) ਵੱਲੋਂ ਦਸਵਾਂ ਮਾਂ-ਬੋਲੀ ਦਿਨ 23 ਫਰਵਰੀ ਨੂੰ ਨੌਰਥ ਡੈਲਟਾ ਰੈਕ ਸੈਂਟਰ ਨੌਰਥ ਡੈਲਟਾ ਵਿਖੇ ਮਨਾਇਆ ਗਿਆ। ਇਸ ਵਾਰ ਇਹ ਦਿਨ ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿੱਤ ਕੀਤਾ ਗਿਆ। ਇਸ ਸਮਾਰੋਹ ਵਿਚ ਗ੍ਰੇਟਰ ਵੈਨਕੂਵਰ ਦੇ ਇਲਾਕੇ ਵਿੱਚੋਂ ਦੋ ਸੌ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸਥਾਨਕ ਸਕੂਲਾਂ ਵਿਚ ਪੰਜਾਬੀ ਪੜ੍ਹਦੇ ਵਿਦਿਆਰਥੀਆਂ ਦੀ ਵੀ ਚੋਖੀ ਗਿਣਤੀ ਸੀ।

ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਪੰਜਾਬੀ ਸਬੰਧੀ ਮਹੱਤਵਪੂਰਨ ਅੰਕੜਿਆਂ ਦਾ ਵਿਸਥਾਰ ਵਿਚ ਜ਼ਿਕਰ ਕੀਤਾ। ਹੋਰ ਮੁੱਦਿਆਂ ਦੇ ਨਾਲ ਨਾਲ ਉਨ੍ਹਾਂ ਦੱਸਿਆ ਕਿ ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬੀ ਹਵਾਈ ਜਹਾਜ਼ਾਂ ਵਿਚ ਸਫਰ ਕਰਦੇ ਹਨ ਪਰ ਕੋਈ ਵੀ ਹਵਾਈ ਕੰਪਨੀ ਪੰਜਾਬੀ ਸਵਾਰੀਆਂ ਦੀ ਸਹੂਲਤ ਲਈ ਕੋਈ ਵਿਸ਼ੇਸ਼ ਤਰੱਦਦ ਨਹੀਂ ਕਰਦੀਆਂ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਹਾਜ਼ਾਂ ਵਿੱਚ ਪੰਜਾਬੀ ਅਖਬਾਰ, ਰਸਾਲੇ ਅਤੇ ਪੰਜਾਬੀ ਜ਼ੁਬਾਨ ਵਿਚ ਸੂਚਨਾਵਾਂ ਆਦਿ ਦੇਣ ਬਾਰੇ ਏਅਰ ਲਾਈਨਾਂ ਨੂੰ ਪ੍ਰੇਰਨਾ ਚਾਹੀਦਾ ਹੈ।


ਪ੍ਰਸਿੱਧ ਇਤਿਹਾਸਕਾਰ ਸੋਹਣ ਸਿੰਘ ਪੂਨੀ ਨੇ ਆਪਣੇ ਭਾਸ਼ਣ ਵਿਚ ਕਨੇਡਾ ਵਿਚ ਪੰਜਾਬੀ ਬੋਲੀ ਨੂੰ ਗਦਰ ਲਹਿਰ ਦੀ ਦੇਣ ਬਾਰੇ ਗੱਲ ਕੀਤੀ। ਪੂਨੀ ਨੇ ਦੱਸਿਆ ਕਿ ਕਨੇਡਾ ਵਿਚ 1908 ਵਿਚ ਗੁਰਦੁਆਰੇ ਵਿਚ ਪੰਜਾਬੀ ਪੜ੍ਹਾਉਣ ਦੀ ਸ਼ੁਰੂਆਤ ਭਾਈ ਬਲਵੰਤ ਸਿੰਘ ਅਤੇ ਹਾਕਮ ਸਿੰਘ ਬੱਠਲ ਨੇ ਕੀਤੀ। ਹਿੰਦੁਸਤਾਨ ਤੋਂ ਬਾਹਰ ਪਹਿਲਾ ਪੰਜਾਬੀ ਅਖਬਾਰ ਸੁਦੇਸ਼ ਸੇਵਕ 1910 ਵਿਚ ਵੈਨਕੂਵਰ ਵਿਚ ਸ਼ੁਰੂ ਹੋਇਆ ਅਤੇ ਭਾਈ ਮੁਨਸ਼ਾ ਸਿੰਘ ਦੁਖੀ ਦੀ ਕਿਤਾਬ 'ਦੁਸ਼ਮਣ ਦੀ ਖੋਜ-ਭਾਲ' 1914 ਵਿਚ ਕਨੇਡਾ ਵਿਚ ਛਪਣ ਵਾਲੀ ਪਹਿਲੀ ਪੰਜਾਬੀ ਦੀ ਕਿਤਾਬ ਸੀ। ਉਨ੍ਹਾਂ ਕਿਹਾ ਕਿ ਗਦਰ ਲਹਿਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਖਾਹਿਸ਼ ਅਤੇ ਖਾਸ ਕਰਕੇ ਗਦਰ ਦੀ ਕਵਿਤਾ ਪੜ੍ਹਨ ਲਈ ਬਹੁਤ ਸਾਰੇ ਪੰਜਾਬੀਆਂ ਨੇ ਗੁਰਮੁਖੀ ਲਿਪੀ ਸਿੱਖੀ।


ਸਾਧੂ ਬਿਨਿੰਗ ਨੇ ਆਪਣੀ ਤਕਰੀਰ ਵਿਚ ਫਿਕਰ ਜ਼ਾਹਿਰ ਕੀਤਾ ਕਿ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਈ ਬੀ ਸੀ ਵਿਚ ਜਿਹੜੀਆਂ ਸੰਭਾਵਨਾਵਾਂ 1994 ਵਿਚ ਪੈਦਾ ਹੋਈਆਂ ਸਨ ਅਸੀਂ ਉਨ੍ਹਾਂ ਤੋਂ ਪੂਰੀ ਤਰ੍ਹਾਂ ਫਾਇਦਾ ਨਹੀਂ ਲੈ ਰਹੇ। ਉਨ੍ਹਾਂ ਨੇ ਸਕੂਲਾਂ ਵਾਸਤੇ ਸਲੇਬਸ ਤਿਆਰ ਕਰਨ ਲਈ ਸੈਕੂਲਰ ਲੀਹਾਂ 'ਤੇ ਚੱਲਣ 'ਤੇ ਜ਼ੋਰ ਪਾਇਆ। ਕਨੇਡਾ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਸਬੰਧੀ ਅਜੇ ਬਹੁਤ ਸਾਰੇ ਮਸਲੇ ਉਠਾਉਣ ਵਾਲੇ ਹਨ। ਏਥੇ ਲਿਖੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਤੌਰ 'ਤੇ ਇਸ ਨੂੰ ਕਨੇਡੀਅਨ ਸਾਹਿਤ ਦਾ ਹਿੱਸਾ ਨਹੀਂ ਸਮਝਿਆ ਜਾਂਦਾ। ਇਸ ਦਾ ਸਿਰਫ ਲੇਖਕਾਂ ਨੂੰ ਹੀ ਨਹੀਂ ਆਮ ਪੰਜਾਬੀਆਂ ਨੂੰ ਵੀ ਹੋਣਾ ਚਾਹੀਦਾ ਹੈ।


ਜਸ ਲੇਹਲ ਨੇ ਸਲਾਈਡਾਂ ਨਾਲ ਪੇਸ਼ਕਾਰੀ ਵਿਚ ਬੀ ਸੀ ਦੇ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਦੀ ਸਥਿਤੀ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਆਪਣੀ ਖੋਜ ਦਾ ਅਧਾਰ ਪਬਲਿਕ ਸਕੂਲ, ਪ੍ਰਾਈਵੇਟ ਸਕੂਲ ਅਤੇ ਗੁਰਦਾਆਰਿਆਂ ਨੂੰ ਬਣਾਇਆ। ਉਨ੍ਹਾਂ ਨੇ ਪੜ੍ਹਾਈ ਲਈ ਲੋਂੜੀਦੀ ਖੋਜ, ਢੁੱਕਵਾਂ ਸਲੇਬਸ ਅਤੇ ਪੰਜਾਬੀ ਅਧਿਆਪਕ ਤਿਆਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਕਨੇਡੀਅਨ ਮਰਦਮਸ਼ੁਮਾਰੀ ਵਿਭਾਗ ਵਿਚ ਕੰਮ ਕਰਦੇ ਅਸ਼ੋਕ ਮਾਥੁਰ ਅਤੇ ਪੀਟਰ ਲੀਆਂਗ ਨੇ ਆਪਣੀ ਸਲਾਈਡ ਪੇਸ਼ਕਾਰੀ ਵਿਚ ਕਨੇਡਾ ਵਿਚ ਪੰਜਾਬੀ ਬੋਲੀ ਦੀ ਸਥਿਤੀ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਅੰਕੜਿਆ ਰਾਹੀਂ ਦਿਖਾਇਆ ਕਿ ਪੰਜਾਬੀ ਕਨੇਡਾ ਵਿਚ ਤੀਜੀ ਵੱਡੀ ਬੋਲੀ ਹੈ; ਇਹ ਬੀ ਸੀ ਵਿਚ 193,000, ਓਂਟੇਰੀਓ ਵਿਚ 174,000 ਅਤੇ ਅਲਬਰਟਾ ਵਿਚ 50,000 ਲੋਕਾਂ ਵੱਲੋਂ ਬੋਲੀ ਜਾਂਦੀ ਹੈ। ਪੰਜਾਬੀ ਬੋਲਣ ਵਾਲੇ ਲੋਕ ਕਨੇਡਾ ਦੇ ਮਹਾਂਨਗਰਾਂ ਵਿਚ ਜ਼ਿਆਦਾ ਰਹਿੰਦੇ ਹਨ। ਪੰਜਾਬੀ ਲੇਖਕ ਗਿਆਨ ਸਿੰਘ ਕੋਟਲੀ ਨੇ ਆਪਣੀ ਕਵਿਤਾ 'ਇਹ ਤਾਂ ਟੌਹਰ ਹੈ ਸਾਰੇ ਪੰਜਾਬੀਆਂ ਦੀ' ਦਾ ਪਾਠ ਕੀਤਾ।


ਇਸ ਸਮਾਗਮ ਵਿਚ ਲੋਅਰ ਮੇਨਲੈਂਡ ਦੇ ਵੱਖ ਵੱਖ ਸਕੂਲਾਂ ਵਿਚ ਪੰਜਾਬੀ ਪੜ੍ਹਦੇ 40 ਦੇ ਕਰੀਬ ਵਿਦਿਆਰਥੀਆਂ ਨੇ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਹਰਦੀਪ ਵਿਰਕ ਨੇ ਗੁਰਦਾਸ ਮਾਨ ਦੇ ਦੋ ਗੀਤ ਪੇਸ਼ ਕੀਤੇ। ਬੀਵਰ ਕਰੀਕ ਐਲੀਮੈਂਟਰੀ ਸਕੂਲ ਦੇ ਪੰਜਵੀਂ ਕਲਾਸ ਦੇ ਬੱਚਿਆਂ ਨੇ 'ਮਾਂ ਬੋਲੀ ਪੰਜਾਬੀ' ਪੇਸ਼ ਕੀਤੀ। ਛੇਵੀਂ ਕਲਾਸ ਦੇ ਬੱਚਿਆਂ ਨੇ 'ਚੰਗਾ ਬੱਚਾ' ਅਤੇ 'ਫੁੱਲਾਂ ਦਾ ਗੁਲਦਸਤਾ' ਕਵਿਤਾਵਾਂ ਸੁਣਾਈਆਂ। ਸੱਤਵੀ ਕਲਾਸ ਦੇ ਬੱਚਿਆਂ ਨੇ 'ਅਸੀਂ ਪੰਜਾਬੀ ਕਿਓਂ ਪੜ੍ਹਦੇ ਹਾਂ' ਕਵਿਤਾ ਦਾ ਪਾਠ ਕੀਤਾ। ਨੌਰਥ ਡੈਲਟਾ ਸੈਕੰਡਰੀ ਸਕੂਲ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਹਰਲੀਨ ਧਾਮੀ ਨੇ 'ਪਹਿਲੇ ਸ਼ਬਦ' ਕਵਿਤਾ ਪੜ੍ਹੀ ਅਤੇ ਗੁਰਲੀਨ ਧਾਮੀ ਨੇ ਔਰਤਾਂ ਨਾਲ ਹੁੰਦੇ ਧੱਕੇ ਬਾਰੇ ਆਪਣਾ ਲੇਖ ਪੜਿਆ। ਪ੍ਰਿੰਸਿਸ ਮਾਰਗਰੇਟ ਸਕੂਲ ਦੇ ਬੱਚਿਆਂ ਨੇ 'ਅੱਜ ਦੀ ਆਵਾਜ਼, ਪਗੜੀ, ਮਾਂ, ਅਤੇ ਪੰਜਾਬੀ ਬੋਲੀ' ਕਵਿਤਾਵਾਂ ਸੁਣਾਈਆਂ। ਇਮਰੋਜਪਾਲ ਮੌੜ ਨੇ ਗ਼ਜ਼ਲ ਅਤੇ ਰਿੱਕ ਮੌੜ ਨੇ 'ਬੀਬਾ ਰਾਣਾ' ਕਵਿਤਾ ਸੁਣਾਈ।


ਇਸ ਸਮਾਰੋਹ ਦੌਰਾਨ ਬੀ ਸੀ ਵਿਚ ਪੰਜਾਬੀ ਦੀ ਪੜਾਈ ਸਕੂ਼ਲਾਂ ਵਿਚ ਚਾਲੂ ਕਰਵਾਉਣ ਲਈ ਪਾਏ ਯੋਗਦਾਨ ਬਦਲੇ ਕੁਝ ਸਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਹ ਸ਼ਖਸ਼ੀਅਤਾਂ ਹਨ: ਇੰਦਰ ਮੇਟ੍ਹ, ਅੰਮ੍ਰਿਤ ਮਾਨ, ਰਜਿੰਦਰ ਪੰਧੇਰ ਅਤੇ ਪਾਲ ਬਿਨਿੰਗ। ਇੰਦਰ ਮੇਟ੍ਹ ਨੇ ਪ੍ਰਸ਼ਨ ਉਠਾਇਆ ਕਿ ਕਨੇਡਾ ਵਿਚ ਅੰਗ੍ਰੇਜ਼ੀ ਅਤੇ ਫਰਾਂਸੀਸੀ ਭਾਸ਼ਾ ਮੁਖ ਭਾਸ਼ਵਾਂ ਕਿਓਂ ਬਣੀਆਂ ਅਤੇ ਪੰਜਾਬੀ ਤੇ ਮੈਂਡਰਿਨ ਵਰਗੀਆਂ ਭਾਸ਼ਾਵਾਂ ਦੂਜੀਆਂ ਭਾਸ਼ਾਵਾਂ ਕਿਓਂ ਬਣੀਆਂ? ਉਨ੍ਹਾਂ ਨੇ ਇਤਿਹਾਸ ਨੂੰ ਘੋਖਣ ਦੀ ਲੋੜ 'ਤੇ ਜ਼ੋਰ ਦਿੱਤਾ। ਰਜਿੰਦਰ ਪੰਧੇਰ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਇਸ ਗੱਲ ਦੀ ਮਿਸਾਲ ਹਨ ਕਿ ਪੰਜਾਬੀ ਸਿੱਖ ਕੇ ਬੇਹਤਰ ਨੌਕਰੀ ਮਿਲ ਸਕਦੀ ਹੈ। ਪਾਲ ਬਿਨਿੰਗ ਨੇ ਕਿਹਾ ਕਿ ਮੇਰੇ ਅੰਦਰ ਮਾਂ-ਬੋਲੀ ਦੀ ਸੇਵਾ ਕਰਨ ਦਾ ਜਜ਼ਬਾ ਹੈ ਅਤੇ ਮੈਂ ਕਰੀ ਜਾਨਾ। ਅੰਮ੍ਰਿਤ ਮਾਨ ਨੇ ਆਪਣੀ ਨਵੀਂ ਛਪੀ ਕਿਤਾਬ 'ਕੁਸੰਭੜਾ ਅੱਜ ਖਿੜਿਆ' ਪਲੀ ਨੂੰ ਭੇਂਟ ਕੀਤੀ। ਪੰਜਾਬੀ ਲੇਖਕ ਅਜਮੇਰ ਰੋਡੇ ਨੇ ਕਿਤਾਬ ਬਾਰੇ ਕੁਝ ਸ਼ਬਦ ਕਹੇ।


ਅੰਤ ਵਿਚ ਬਲਵੰਤ ਸਿੰਘ ਸੰਘੇੜਾ ਨੇ ਆਏ ਮਹਿਮਾਨਾਂ ਦੇ ਨਾਲ ਨਾਲ ਪੰਜਾਬੀ ਮੀਡੀਏ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਮਾਇਕ ਸਹਾਇਤਾ ਲਈ ਸੁੱਖੀ ਬਾਧ ਮੋਟਰਜ਼, ਪਰਮਜੀਤ ਸਿੰਘ ਸੰਧੂ, ਹਾਕਮ ਸਿੰਘ ਭੁੱਲਰ, ਰਾਏ ਬੈਂਸ ਅਤੇ ਦੀਪਕ ਬਿਨਿੰਗ ਫਾਊਂਡੇਸ਼ਨ ਦਾ ਧੰਨਵਾਦ ਕੀਤਾ। ਇਸ ਸਮਾਗਮ ਨੂੰ ਸਿਰੇ ਚੜ੍ਹਾਉਣ ਲਈ ਪਲੀ ਦੇ ਮੈਂਬਰ: ਸਾਧੂ ਬਿਨਿੰਗ, ਪਾਲ ਬਿਨਿੰਗ, ਪਰਵਿੰਦਰ ਧਾਰੀਵਾਲ, ਰਜਿੰਦਰ ਪੰਧੇਰ, ਰਮਿੰਦਰਜੀਤ ਧਾਮੀ, ਰਣਬੀਰ ਜੌਹਲ, ਹਰਮੋਹਨਜੀਤ ਪੰਧੇਰ, ਸੁਖਵੰਤ ਹੁੰਦਲ, ਜਸ ਲੇਹਲ, ਦਯਾ ਜੌਹਲ ਅਤੇ ਹੋਰ ਬਹੁਤ ਸਾਰੇ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ।


ਸਮਾਗਮ ਦਾ ਸੰਚਾਲਨ ਪ੍ਰਭਜੋਤ ਕੌਰ ਸਿੰਘ, ਜੋ ਕਨੇਡਾ ਵਿਚ ਜੰਮੀ ਪਲ਼ੀ ਵਿਦਿਆਰਥਣ ਹੈ, ਨੇ ਬਹੁਤ ਹੀ ਵਧੀਆ ਨਿਭਾਇਆ ਅਤੇ ਆਪਣੀ ਬੋਲੀ ਅਤੇ ਲਿਆਕਤ ਨਾਲ ਸਭ ਨੂੰ ਪ੍ਰਭਾਵਤ ਕੀਤਾ। ਉਸ ਦੇ ਇਸ ਕੰਮ ਵਿਚ ਪਲੀ ਦੀ ਸਕੱਤਰ ਪਰਵਿੰਦਰ ਧਾਰੀਵਾਲ ਨੇ ਮਹੱਤਵਪੂਰਨ ਰੋਲ ਨਿਭਅਇਆ।

ਕਨੇਡਾ ਤੋਂ ਹਰਪ੍ਰੀਤ ਸੇਖਾ ਦੀ ਰਪਟ

Monday, February 25, 2013

'ਬ੍ਰਾਹਮਣਵਾਦੀ-ਜੱਟਵਾਦੀ' ਪ੍ਰਬੰਧ ’ਚ ਗੁਰੂ ਰਵੀਦਾਸ ਦੇ ਚਿੰਤਨ ਦੀ ਸਾਰਥਿਕਤਾ

ਬ੍ਰਾਹਮਣ ਬੈਸ ਸੂਦ ਅਰੁ ਖਤ੍ਰੀ, ਡੇਮ ਚੰਡਾਲ ਮਲੇਛ ਮਨ ਸੋਇ॥ 
ਹੋਇ ਪੁਨੀਤ ਭਗਵੰਤ ਭਜਨ ਤੇ, ਆਪੁ ਤਾਰਿ ਤਾਰੇ ਕੁਲ ਦੋਇ॥ 
ਪੰਡਿਤ ਸੂਰ ਛਤ੍ਰਪਤਿ ਰਾਜਾ, ਭਗਤ ਬਰਾਬਰਿ ਅਉਰ ਨ ਕੋਇ॥ 
ਜੈਸੇ ਪੁਰੈਨ ਪਾਤ ਰਹੈ ਜਲ ਸਮੀਪ, ਭਨਿ ਰਵਿਦਾਸ ਜਨਮੇ ਜਗਿ ਓਇ॥(ਪੰਨਾ 858)

'ਬਨਾਰਸ', ਜੋ ਬ੍ਰਾਹਮਣ ਤੇ ਹਿੰਦੂ ਸੰਸਕ੍ਰਿਤੀ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ ਅਤੇ ਅਜੋਕੇ ਸਮੇਂ ਵਿੱਚ ਵੀ ਹੈ। ਉਸ ਬਨਾਰਸ ਦੇ ਗੰਗਾ ਕੰਡਿਓ ਕਈ ਵਿਚਾਰਧਾਰਾਵਾਂ ਦੇ ਪਰਵਾਹ ਨੇ ਜਨਮ ਲਿਆ, ਕੁਝ ਵਿਚਾਰਧਾਰਾਵਾਂ ਜੀਵਨ ਵਿਕਾਸ ਵਜੋਂ ਉਭਰੀਆਂ ਤੇ ਕਈ ਵਿਚਾਰਧਾਰਾਵਾਂ ਉਹ ਸਨ, ਜਿਹਨਾਂ ਨੇ ਸਮਾਜ ਵਿੱਚ ਇੱਕ ਨਵੀਂ ਸੋਚ ਤੇ ਇੱਕ ਮਾਰੂ ਹੜ੍ਹ ਦਾ ਕੰਮ ਕੀਤਾ, ਜਿਸ ਵਿੱਚ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਨੂੰ ਹਿਲਾ ਕੇ ਰੱਖ ਦਿੱਤਾ। ਜਾਤਪਾਤ, ਧਰਮਿਕ ਕਰਮ ਕਾਂਡ, ਛੁਆ-ਛਾਤ ਇਹ ਉਹ ਅੰਨਾਪਣ ਸੀ, ਜੋ ਬ੍ਰਾਹਮਣਵਾਦੀ ਸੋਚ ਅਤੇ ਹਿੰਦੂ ਧਰਮ ਦੀ ਵਿਚਾਰਧਾਰਾ ਵਿੱਚੋਂ ਨਿਕਲਿਆ ਸੀ। ਇਹਨਾਂ ਮਨੌਤਾਂ ਤੇ ਵਿਚਾਰਾਂ ਨਾਲ ਜੋ ਵਿਚਾਰਧਾਰਾ ਦਾ ਟਕਰਾਅ ਹੋਇਆ ਅਤੇ ਜਿਸਨੇ ਇਹਨਾਂ ਨੂੰ ਆਪਣੀ ਤਰਕ ਦੀ ਸੱਟ ਨਾਲ ਵੰਗਾਰਿਆ, ਉਹਨਾਂ ਵਿਚਾਰਧਾਰਾਵਾਂ ਦੇ ਮੁੱਖ ਮੋਢੀ ਸਨ 'ਸੰਤ ਕਬੀਰ ਜੀ' ਅਤੇ 'ਗੁਰੁ ਰਵੀਦਾਸ ਜੀ' ਇਹ ਉਹ ਮਹਾਂਪੁਰਖ, ਵਿਚਾਰਕ ਅਤੇ ਤਰਕਵਾਦੀ ਸਨ, ਜਿਨ੍ਹਾਂ ਨੇ ਸਦੀਆਂ ਤੋਂ ਲਤਾੜੀ ਹੋਈ ਸ਼ੂਦਰ ਜਾਤੀ ਨੂੰ ਅਵਾਜ਼ ਦਿੱਤੀ। ਸੰਤ ਕਬੀਰ ਜੀ ਅਤੇ ਗੁਰੁ ਰਵੀਦਾਸ ਜੀ ਦੋਂਵੇ ਹੀ ਇਹਨਾਂ ਲਤਾੜੀਆਂ ਹੋਈਆਂ ਕੌਮਾਂ ਨਾਲ ਸਬੰਧ ਰਖਦੇ ਸੀ, ਜਿਹਨਾਂ ਨੇ ਆਪਣੀ ਕਲਮ ਦੀ ਤਰਕ ਸ਼ਕਤੀ ਨਾਲ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਨੂੰ ਵੰਗਾਰਿਆ ਤੇ ਇੱਕ ਨਵੀਂ ਸੋਚ ਅਤੇ ਦਿਸ਼ਾ ਨਾਲ ਲੋਕਾਂ ਨੂੰ ਲਾਮਬੰਦ ਕੀਤਾ। ਸੰਤ ਕਬੀਰ ਜੀ ਗੁਰੁ ਰਵੀਦਾਸ ਜੀ ਦੇ ਸਮਕਾਲੀ ਸਨ, ਉਹਨਾਂ ਨੇ ਵੀ ਗੁਰੁ ਰਵੀਦਾਸ ਜੀ ਦੀ ਵਿਚਾਰਧਾਰਾ ਦੀ ਉਸਤਤ ਕਰਦੇ ਹੋਏ ਫਰਮਾਇਆ ਹੈ,,,,


ਸਾਧਨ ਮੇ ਰਵੀਦਾਸ ਸੰਤ ਹੈ ਸੁਪਰ ਰਿਸਿ ਸੋ ਮਾਨਿਆ॥ 
ਹਿੰਦੂ ਤੁਰਕ ਹੁਈ ਦੀਨ ਬਨੇ ਹੈਂ ਕੁਛ ਨਹੀ ਪਹਿਚਾਨਿਆ॥ 

ਗੁਰੂ ਰਵੀਦਾਸ ਜੀ ਦੀ ਰਚੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਸ਼੍ਰੀ ਗੁਰੁ ਅਰਜਨ ਦੇਵ ਜੀ ਨੇ ਗੁਰੁ ਰਵੀਦਾਸ ਜੀ ਦੀ ਸੋਚ ਨੂੰ ਸੱਚੀ ਹਮੇਸ਼ਾ ਲਈ ਜੀਵਤ ਕਰ ਦਿੱਤਾ।ਇਸ ਤੋਂ ਅਸੀ ਇੱਕ ਗੱਲ ਸਾਫ ਕਹਿ ਸਕਦੇ ਹਾਂ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਕਿਸੇ ਇੱਕ ਧਰਮ ਜਾਂ ਜਾਤੀ ਦਾ ਨਾਂ ਹੋ ਕਿ ਸੰਪੂਰਨ ਮਨਾਵਤਾ ਦਾ ਗਰੰਥ ਹੈ ਅਤੇ ਸਭ ਦਾ ਸਾਂਝਾ ਹੈ। ਸ਼੍ਰੀ ਗੁਰੁ ਰਾਮਦਾਸ ਜੀ ਨੇ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਤੇ ਸੋਚ ਦੀ ਉਸਤਤ ਕਰਦੇ ਹੋਏ ਫਰਮਾਇਆ ਹੈ,,,

ਰਵਿਦਾਸੁ ਚਮਾਰੁ ਉਸਤਿਤ ਕਰੇ ਹਰਿ ਕੀਰਤਿ ਨਿਮਖ ਇਕ ਗਾਇ?? 
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ?? (ਪੰਨਾ 733)

ਗੁਰੁ ਰਵੀਦਾਸ ਜੀ ਦੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ 16 ਰਾਗਾਂ ਵਿੱਚ 40 ਸ਼ਬਦ ਅਤੇ ਇੱਕ ਸਲੋਕ ਪ੍ਰਵਾਨ ਚੜੇ ਹਨ? ਉਹਨਾਂ ਦੀ ਇਸ ਰਚੀ ਬਾਨੀ ਦੇ ਅਧਾਰ ਤੇ ਹੀ ਅਸੀਂ ਊਹਨਾਂ ਦੇ ਜੀਵਨ ਅਤੇ ਵਿਚਾਰਧਾਰਾ ਦਾ ਅਨੁਮਾਨ ਲਗਾ ਸਕਦੇ ਹਾਂ। ਭਾਂਵੇ ਕਿ ਗੁਰੁ ਰਵੀਦਾਸ ਜੀ ਦੀ ਰਚਨਾ ਸਾਨੂੰ ਕੁਝ ਕੁ ਬਾਹਰੋਂ ਵੀ ਮਿਲਦੀ ਹੈ,ਪਰ ਉਸ ਉਪਰ ਅਸੀਂ ਪੂਰਨ ਤੌਰ ਤੇ ਯਕੀਨ ਨਹੀ ਕਰ ਸਕਦੇ ਕਿ ਇਹ ਗੁਰੂ ਰਵੀਦਾਸ ਜੀ ਦੇ ਹੀ ਹੈ? ਕਿਉਂਕਿ ਉਸ ਰਚਨਾ ਵਿੱਚ ਬ੍ਰਾਹਮਣਵਾਦੀ ਸੋਚ ਦਾ ਝਲਕ ਦਿਖਾਈ ਦਿੰਦੀ ਹੈ, ਜਿਸਦਾ ਵਿਰੋਧ ਉਹਨਾਂ ਨੇ ਹਮੇਸ਼ਾ ਕੀਤਾ ਹੈ।


ਬ੍ਰਾਹਮਣਵਾਦੀ ਹਿੰਦੂਵਾਦੀਆਂ ਦੀ 'ਸਿਆਸੀ ਸ਼ਰਾਰਤ'
ਗੁਰੁ ਰਵੀਦਾਸ ਜੀ ਦੇ ਜੀਵਨ ਅਤੇ ਉਹਨਾਂ ਦੀ ਰਚਨਾ ਦੀ ਗੱਲ ਕਰੀਏ ਤਾਂ, ਗੁਰੂ ਰਵੀਦਾਸ ਜੀ ਇੱਕ ਸਧਾਰਨ ਅਤੇ ਨਿਮਰਤਾ ਵਾਲੇ ਵਿਅਕਤੀ ਸਨ ਅਤੇ ਚਮਾਰ ਜਾਤੀ ਭਾਵ ਸ਼ੂਦਰ ਜਾਤੀ ਨਾਲ ਸਬੰਧ ਰਖਦੇ ਸਨ। ਉਹਨਾਂ ਨੇ ਹਮੇਸ਼ਾ ਕਿਰਤ ਦੀ ਰੋਟੀ ਨੂੰ ਸਵੀਕਾਰਿਆ ਅਤੇ ਇਸ ਵਿੱਚ ਹੀ ਵਿਸ਼ਵਾਸ ਕੀਤਾ। ਭਾਂਵੇ ਕਿ ਲ਼ੋਕਾਂ ਨੇ ਉਹਨਾਂ ਨੂੰ ਬਹੁਤ ਕੁਝ ਦਾਨ ਦਿੱਤਾ ਪਰ ਉਹਨਾਂ ਨੇ ਹਮੇਸ਼ਾ ਕਿਰਤ ਨੂੰ ਹੀ ਸਿਰ ਮੱਥੇ ਮੰਨਿਆ। ਉਹਨਾਂ ਨੇ ਆਪਨੇ ਜੀਵਨ ਵਿੱਚ ਕਿਰਤ ਦੀ ਰੋਟੀ ਅਤੇ ਪ੍ਰਭੂ ਭਗਤੀ ਨੂੰ ਪਹਿਲਾ ਦਰਜਾ ਦਿੱਤਾ ।  ਉਹਨਾਂ  ਨੇ ਹਮੇਸ਼ਾ ਸਿਰ ਇੱਕੋ ਪਰਮਾਤਮਾ ਰੂਪੀ ਰੱਬੀ ਸ਼ਕਤੀ ਦੀ ਹੋਂਦ ਨੂੰ ਸਵੀਕਾਰ ਕੀਤਾ ਅਤੇ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਅਤੇ ਬਹੁ ਦੇਵੀ-ਦੇਵਤਿਆਂ ਦਾ ਖੰਡਨ ਕੀਤਾ।ਗੁਰੂ ਰਵੀਦਾਸ ਜੀ ਹਿੰਦੂ ਦੇਵੀ ਦੇਵਤਿਆਂ ਦਾ ਵਿਰੋਧ ਕਰਦੇ ਫਰਮਾਂਉਦੇ ਹਨ।

ਹਰਿ ਜਪਤ ਤੋਊ ਜਨਾ ਪਦਮ ਕਵਲਾਸ ਪਤਿ' ਤਾਸ ਸਮ ਤੁਲਿ ਨਹੀ ਆਨ ਕੋਊ?? (ਪੰਨਾ1293)

ਭਾਵ ਪਰਮਾਤਮਾ ਸਭ ਤੋਂ ਉਪਰ ਤੇ ਸ਼ਕਤੀਵਾਨ ਹੈ, ਇਥੋਂ ਤੱਕ ਕਿ ਪਦਮਾ ਪਤਿ(ਵਿਸ਼ਨੂੰ) ਅਤੇ ਪਤਿ (ਸ਼ਿਵਜੀ) ਵੀ ਉਸ ਤੋਂ ਬਹੁਤ ਨੀਵੇ ਹਨ।

ਉਸ ਸਮੇ ਜੋ ਸਮਾਜਿਕ ਹਾਲਤ ਸੀ, ਉਸ ਵਿੱਚ ਨੀੰਵੀ ਜਾਤ ਨਾਲ ਜਾਨਵਰਾਂ ਤੋਂ ਵੀ ਬੁਰਾ ਸਲੂਕ ਕੀਤਾ ਜਾਂਦਾ ਸੀ। ਜੇ ਕੋਈ ਨੀਵੀ ਜਾਤ ਵਾਲਾ ਭਾਵ ਸ਼ੂਦਰ ਜਾਤੀ ਦਾ ਵਿਅਕਤੀ ਕੋਈ ਗਿਆਨ ਜਾਂ ਕੁਝ ਪੜਨ ਦੀ ਕੋਸ਼ਿਸ਼ ਕਰਦਾ ਫੜਿਆ ਜਾਂਦਾ ਤਾਂ ਉਸ ਦੀ ਜੀਭ ਕੱਟ ਦਿੱਤੀ ਜਾਂਦੀ ਸੀ। ਜੇ ਕੋਈ ਗਿਆਨ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦਾ ਫੜਿਆ ਜਾਂਦਾ ਤਾਂ ਉਸ ਦੇ ਕੰਨ ਵਿੱਚ ਗਰਮ ਕਰਕੇ ਸਿੱਕਾ ਢਾਲ ਦਿੱਤਾ ਜਾਂਦਾ ਸੀ।ਅਜਿਹੇ ਕਠੋਰ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਰਮ ਦੇ ਚਲਦੇ ਗੁਰੂ ਰਵੀਦਾਸ ਜੀ ਨੇ ਤਰਕ ਤੇ ਕਿਰਤ ਦੇ ਅਧਾਰ ਤੇ ਇਕ ਅਜਿਹੀ ਵਿਚਾਰਧਾਰਾ ਨੂੰ ਉ?ਪਜਿਆ, ਜਿਸਨੇ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਨੂੰ ਹਿੱਲਾ ਕੇ ਰੱਖ ਦਿੱਤਾ। ਉਹਨਾਂ ਦੀ ਵਿਚਾਰਧਾਰਾ ਨੇ ਸਭ ਲੋਕਾਂ ਨੂੰ ਇੱਕ ਕਤਾਰ ਵਿੱਚ ਖੜਾ ਕਰ ਦਿੱਤਾ ਸੀ, ਜਿਥੇ ਨਾ ਕੋਈ ਜਾਤ ਪਾਤ ਨਾ ਹੀ ਕੋਈ ਊਚ-ਨੀਚ ਸੀ, ਅਤੇ ਸਾਰੇ ਬਰਾਬਰਤਾ ਦਾ ਹੱਕ ਰੱਖਦੇ ਸਨ। ਜਿਸ ਕਰਕੇ ਬਹੁ ਗਿਣਤੀ ਸ਼ੂਦਰ ਸਮਾਜ ਉਹਨਾਂ ਦਾ ਉਪਾਸਕ ਬਣ ਗਿਆ । ਪਰ ਇਸਦੇ ਨਾਲ ਹੀ ਕੁਝ ਉਚੇ ਵਰਗ ਦੇ ਲੋਕ ਵੀ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋਣ ਲੱਗੇ ਜਿਵੇਂ ਕਿ 'ਮੀਰਾ ਬਾਈ'।ਮੀਰਾ ਬਾਈ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ, ਜਿਸ ਕਾਰਨ ਉਹ ਗੁਰੂ ਰਵੀਦਾਸ ਜੀ ਦੀ ਉਪਾਸਕ ਬਣ ਗਈ। ਪਰ ਸਮੇਂ ਦੇ ਬ੍ਰਾਹਮਣੀ ਸਮਾਜ ਤੇ ਚਲਾਕ ਸੋਚ ਨੇ ਮੀਰਾ ਬਾਈ ਨੂੰ ਅਲੱਗ ਰੂਪ ਵਿੱਚ ਪੇਸ਼ ਕਰ ਛਡਿਆ ਹੈ। ਗੁਰੂ ਰਵੀਦਾਸ ਜੀ ਦੇ ਉਹ ਵਿਚਾਰ ਹੀ ਸਨ, ਜਿਹਨਾਂ ਕਾਰਣ ਬਨਾਰਸ ਦੀ ਸੱਤਾ ਅਤੇ ਹਿੰਦੂ ਧਰਮ ਦੀ ਕੰਧਾ ਹਿਲ ਗਈਆਂ ਸਨ, ਜਿਸ ਕਾਰਨ ਉਸ ਸਮੇਂ ਦੀ ਸੱਤਾ ਅਤੇ ਬ੍ਰਾਹਮਣਵਾਦੀ ਲੋਕਾਂ ਨੇ ਉਹਨਾਂ ਨੂੰ ਖੁਦ ਦੇ ਰੰਬੀ ਮਾਰਕੇ ਕਤਲ ਦਾ ਹੁਕਮ ਸੁਣਾ ਦਿੱਤਾ ਸੀ। ਅਖਿਰ ਗੁਰੂ ਸਾਹਿਬ ਨੇ ਬੇ-ਝਿਝਕ, ਅਤੇ ਨਿਡਰਤਾ ਨਾਲ ਆਪਣੀ ਵਿਚਾਰਧਾਰਾ ਦੀ ਲੌਅ ਦਿਖਾ, ਹੁਕਮ ਅਨੁਸਾਰ ਖੁਦ ਜੋਤਿ ਜੋਤ ਸਮਾ ਗਏ? ਅਕਸਰ ਲੋਕਾਂ ਤੋਂ ਕਹਿੰਦੇ ਸੁਣਿਆ ਹੈ ਕਿ ਉਹਨਾਂ ਨੇ ਰੰਬੀ ਮਾਰ ਅਪਣੇ ਅੰਦਰੋ ਜੇਨਿਊ ਕੱਢ ਕੇ ਵਿਖਾਇਆ ਸ਼ੀ. ਪਰ ਇਹ ਗੱਲ ਬਿਲਕੁਲ ਗਲਤ ਹੈ, ਕਿਉਂਕਿ ਉਹ ਕਦੀ ਵੀ ਚਮਤਕਾਰ ਵਿੱਚ ਵਿਸ਼ਵਾਸ ਨਹੀ ਰੱਖਦੇ ਸਨ ਅਤੇ ਤੇ ਨਾ ਹੀ ਉਹ ਇਹੋ ਜਿਹੀਆਂ ਹਿੰਦੂ ਮਨੌਤਾਂ ਵਿੱਚ ਵਿਸ਼ਵਾਸ ਕਰਦੇ ਸਨ, ਸਗੋਂ ਉਹਨਾਂ ਨੇ ਤੇ ਹਮੇਸ਼ਾ ਇਸਦਾ ਵਿਰੋਧ ਕੀਤਾ ਸ਼ੀ।

ਗੁਰੂ ਰਵੀਦਾਸ ਖਿਲਾਫ ਬ੍ਰਹਮਣਵਾਦੀ ਤਸਵੀਰੀ ਸਾਜਿਸ਼--ਫੋਟੋ--ਤਸਵੀਰਘਰ ਸਾਈਟ ਤੋਂ
ਉਹਨਾਂ ਦੀ ਵਿਚਾਰਧਾਰਾ ਦੀ ਲੋਅ ਜੋ ਬਨਾਰਸ ਤੋਂ ਚੱਲ ਪੂਰੇ ਭਾਰਤ ਵਿੱਚ ਰੋਸ਼ਨਾਈ ਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਾ ਬਿਰਾਜੀ ਗਈ? ਜਿਸ ਸਦਕਾ ਅੱਜ ਇਹ ਸਮੂਹ ਲੋਕਾਂ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ।ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਸਦਕਾ ਹੀ ਅਜ ਇਸ ਲੋਅ ਨੂੰ ਹਮੇਸ਼ਾ ਬਲਦੀ ਰਹਿਣ ਦਾ ਰੁਤਬਾ ਹਾਸਲ ਹੋਇਆ। ਗੁਰੂ ਰਵੀਦਾਸ ਜੀ ਦੀ ਕੁਝ ਕੁ ਬਾਨੀ ਜੋ ਸਾਨੂੰ ਬਾਹਰੋਂ ਵੀ ਮਿਲਦੀ ਹੈ, ਪਰ ਉਹ ਸ਼ੱਕੀ ਜਾਪਦੀ ਹੈ, ਕਿਉਂਕਿ ਗੁਰੂ ਰਵੀਦਾਸ ਜੀ ਨੇ ਜਿਸ ਚੀਜ਼ ਦਾ ਵਿਰੋਧ ਕੀਤਾ ਸੀ, ਉਸ ਨੂੰ ਹੀ ਇਸ ਬਾਨੀ ਵਿੱਚ ਪ੍ਰੱਮਖ ਵਿਖਾਇਆ ਗਿਆ ਹੈ। ਇਸ ਤੋਂ ਇੱਕ ਗੱਲ ਤੇ ਜਰੂਰ ਸਾਬਤ ਹੁੰਦੀ ਹੈ ਕਿ ਇਹ ਬਾਹਰਲੀ ਬਾਨੀ ਸ਼ੱਕੀ ਹੈ ਅਤੇ ਬ੍ਰਾਹਮਣ ਅਤੇ ਹਿੰਦੂ ਧਰਮ ਦੇ ਪ੍ਰਭਾਵ ਹੇਠਾਂ ਨਵੀ ਲਿਖੀ ਗਈ ਹੈ ਅਤੇ ਗੁਰੂ ਰਵੀਦਾਸ ਜੀ ਦੇ ਨਾਮ ਹੁੇਠਾਂ ਗਲਤ ਤੌਰ ਤੇ ਛਾਪੀ ਗਈ ਹੈ।

ਅਜੋਕੇ ਸਮੇਂ ਵਿੱਚ ਗੁਰੂ ਰਵੀਦਾਸ ਜੀ ਦੇ ਉਪਾਸਕ ਭਾਂਵੇ ਬਹੁਤ ਗਿਣਤੀ ਵਿੱਚ ਹਨ, ਪਰ ਇਹ ਸਭ ਹੁਣ ਇਸ ਵਿਚਾਰਧਾਰਾ ਨੂੰ ਨਿੱਜੀ ਬਣਾਉਂਦੇ ਜਾ ਰਹੇ ਹਨ, ਜਦ ਕਿ ਕੋਈ ਵੀ ਉਹਨਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਨਹੀ ਕਰ ਰਿਹਾ। ਗੁਰੂ ਰਵੀਦਾਸ ਜੀ ਨੇ ਸਭ ਨੂੰ ਬਰਾਬਰਤਾ ਦਾ ਪਾਠ ਪੜਾਇਆ, ਪਰ ਅਫਸੋਸ ਇਸਦੇ ਅਜੋਕੇ ਸਮੇ ਦੇ ਉਪਾਸਕ ਇਸ ਨੂੰ ਅਲੱਗ ਜਾਤ ਅਤੇ ਵਰਗ ਵਿੱਚ ਸਮੇਟ ਰਹੇ ਹਨ।ਗੁਰੂਰਵੀਦਾਸ ਜੀ ਨੇ ਕਦੀ ਵੀ ਨਹੀ ਕਿਹਾ ਕਿ ਇਹ ਵਿਚਾਰਧਾਰਾ ਅਤੇ ਬਾਣੀ ਕਿਸੇ ਖਾਸ ਵਰਗ ਜਾਂ ਜਾਤ ਲਈ ਹੇ, ਉਹਨਾਂ ਨੇ ਇਸਨੂੰ ਸਭ ਮਨੁੱਖਤਾ ਲਈ ਸਮਰਪਿਤ ਕੀਤਾ ਹੈ।ਜਦ ਕਿ ਅੱਜ ਗੁਰੂ ਰਵੀਦਾਸ ਜੀ ਨੂੰ ਵੀ ਨਿੱਜੀ ਗੁਰੂ ਵਜੌਂ ਪੇਸ਼ ਕੀਤਾ ਜਾ ਰਿਹਾ ਹੈ। ਭਾਵੇਂ ੁਿਕ ਅੱਜ ਇਸ ਵਰਗ ਦੇ ਲੋਕ ਬਹੁਤ ਪੜ੍ਹ ਲਿਖ ਰਹੇ ਹਨ, ਪਰ ਫਿਰ ਵੀ ਉਹ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਤੇ ਸੋਚ ਤੋਂ ਬਹੁਤ ਦੂਰ ਹਨ। ਜੋ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਦਾ ਗੁਰੂ ਰਵੀਦਾਸ ਜੀ ਨੇ ਵਿਰੋਧ ਕੀਤਾ ਸੀ, ਜਿਵੇਂ ਕਿ ਮੂਰਤੀ ਪੂਜਾ, ਬਹੁ ਦੇਵੀ ਦੇਵਤਿਆਂ ਨੂੰ ਮੰਨਣਾ, ਆਰਤੀ ਕਰਨੀ ਆਦਿ, ਉਹਨਾਂ ਹੀ ਕਰਮ ਕਾਂਡਾ ਅਤੇ ਅੰਧ-ਵਿਸ਼ਵਾਸ ਦੁਬਾਰਾ ਫਸਦੇ ਜਾ ਰਹੇ ਹਨ। ਸਮੇਂ ਦੀ ਬ੍ਰਾਹਮਣਵਾਦੀ ਸੋਚ ਨੇ ਗੁਰੂ ਰਵੀਦਾਸ ਜੀ ਦੀ ਸੋਚ ਨੂੰ ਹਮੇਸ਼ਾ ਬਦਲਣਾ ਚਾਹਿਆ ਹੈ ਅਤੇ ਬਹੁਤ ਹੱਦ ਤੱਕ ਕਾਮਯਾਬ ਵੀ ਹੋ ਗਈ ਹੈ, ਇਸ ਵਿੱਚ ਕੋਈ ਸ਼ੱਕ ਨਹੀ ਹੈ।ਅਜੋਕੇ ਸਮੇਂ ਵਿੱਚ ਜੋ ਇਸ ਵਿਚਾਰਧਾਰਾ ਦਾ ਘਾਣ ਕਰ ਰਹੀ ਹੈ ਉਹ ਹੈ ਹਿੰਦੂ ਸ਼ੰਸਥਾ ਆਰ.ਐਸ,ਐਸ.।ਇਹ ਉਹ ਸੰਸਥਾ ਹੈ ਜਿਸ ਨੇ ਹਮੇਸ਼ਾ ਹੀ ਬ੍ਰਾਹਮਣਵਾਦੀ ਸੋਚ ਨੂੰ ਅਪਣਾਕੇ ਲੋਕਾਂ ਨੂੰ ਇੱਕ ਦੂਸਰੇ ਖਿਲਾਫ ਖੜਾ ਕੀਤਾ ਹੈ ਅਤੇ ਜਾਤ ਤੇ ਧਰਮ ਦੇ ਅਧਾਰ ਤੇ ਲੋਕਾਂ ਵਿੱਚ ਵੰਡੀਆਂ ਪਾਕੇ ਕਤਲੇਆਮ ਕੀਤਾ ਹੈ। ਇਸ ਸੰਸਥਾ ਦੀ ਕਾਰਗੁਜਾਰੀ ਹੀ ਹੈ ਕਿ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਦਾ ਹਿੰਦੂਕਰਨ ਹੋ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਇਹ ਰਿਹਾ ਹੈ ਕਿ ਇਸ ਨੂੰ ਇੱਕ ਖਾਸ ਜਾਤ ਤੇ ਵਰਗ ਦੀ ਵਿਚਾਰਧਾਰਾ ਤੇ ਇੱਕ ਜਾਤ ਤੇ ਵਰਗ ਦਾ ਗੁਰੂ ਬਣਾਇਆ ਜਾ ਰਿਹਾ ਹੈ।

ਹੁਣ ਹਾਲਾਤ ਇਸ ਤਰੀਕੇ ਦੇ ਹੋ ਗਏ ਹਨ ਕਿ ਗੁਰੂ ਰਵੀਦਾਸ ਜੀ ਦੇ ਮੰਦਰ ਤੇ ਮੂਰਤੀਆਂ ਤੱਕ ਦੀ ਸਥਾਪਣਾ ਕੀਤੀ ਜਾ ਰਹੀ ਹੈ ਅਤੇ ਆਰਤੀਆਂ ਹੋਣ ਲਗ ਗਈਆਂ ਹਨ। ਸਭ ਤੋਂ ਮੰਦਭਾਗੀ ਗੱਲ ਜੋ ਇਸ ਸਮੇਂ ਹੋਈ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਨੀ ਕੱਢ ਇੱਕ ਅਲੱਗ ਗਰੰਥ ਨੂੰ ਤਿਆਰ ਕਰਨਾ। ਇਹ ਸਭ ਕੁਝ ਅਪਣੇ ਆਪ ਨਹੀ ਹੋ ਰਿਹਾ ਇਸ ਵਿੱਚ ਬ੍ਰਾਹਮਣਵਾਦੀ ਚਲਾਕ ਸੋਚ ਤੇ ਆਰ.ਐਸ.ਐਸ ਦਾ ਵੱਡਮੁਲਾ ਹਥ ਹੈ।ਜਿਸ ਕਾਰਣ ਅੱਜ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਨੂੰ ਇੱਕ ਖਾਸ ਵਰਗ ਨਾਲ ਜੋੜਕੇ ਵੇਖਿਆ ਜਾ ਰਿਹਾ ਹੈ।

ਗੁਰੂ ਰਵੀਦਾਸ ਜੀ ਦੇ ਅਜੋਕੇ ਉਪਾਸਕ ਭਾਵ ਚਮਾਰ ਜਾਂ ਰਵੀਦਾਸੀਆ ਜਾਤੀ ਦੇ ਲੋਕਾਂ ਦਾ ਗੁਰਦੁਆਰਿਆਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋਣ ਜਾਂ ਕਰਣ ਪਿਛੱੇ ਵੀ ਆਰ.ਐਸ.ਐਸ, ਦਾ ਵਿਸ਼ੇਸ਼ ਹੱਥ ਹੈ, ਕਿਉਂਕਿ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਹਨਾਂ ਜਾਤਾਂ ਨੂੰ ਕਦੀ ਵੀ ਕੋਈ ਸਥਾਨ ਨਹੀ ਦਿੱਤਾ ਗਿਆ ਅਤੇ ਗੁਰਦੁਆਰਿਆਂ ਵਿੱਚ ਅਤੇ ਸਿੱਖ ਧਰਮ ਵਿੱਚ ਵੀ ਹੁਣ ਇਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ 'ਚੌਥੇ ਪੌੜੇ' ਵਾਲੇ ਕਹਿ ਕੇ ਅਲਗ ਕਤਾਰ ਵਿੱਚ ਬਠਾਇਆ ਜਾ ਰਿਹਾ ਹੈ? ਅਜੋਕਾ ਸਿਖ ਧਰਮ ਦੀ ਬਾਗਡੋਰ ਧਨਾਡ ਹਿੰਦੂ ਸੋਚ ਰੱਖਣ ਵਾਲੇ ਜੱਟਵਾਦੀ ਲੋਕਾਂ ਕੋਲ ਹੈ, ਜੋ ਆਰ.ਐਸ.ਐਸ ਦੇ ਇਸ਼ਾਰਿਆਂ ਦੇ ਚਲਦੇ ਹਨ ਅਤੇ ਜੋ ਇਹਨਾਂ ਨਿਚਲੀ ਜਾਤ ਵਾਲਿਆਂ ਨਾਲ ਘਿਰਣਾ ਕਰਦੇ ਹਨ?ਇਸ ਦਾ ਜਿਊਂਦਾ ਜਾਗਦਾ ਸਬੂਤ ਹੈ, ਇਹ ਹੈ ਕਿ ਜਦ ਗੁਰੂ ਰਵੀਦਾਸ ਜੀ ਦੀ ਤਸਵੀਰ ਨੂੰ ਹਰਿਮੰਦਰ ਸਾਹਿਬ ਵਿੱਚ ਲਾਉਣ ਦੀ ਗੱਲ ਚੱਲੀ ਤਾਂ ਅਕਾਲ ਤਖਤ ਦੇ ਜੱਥੇਦਾਰਾਂ ਨੇ ਛੋਟੀ ਜਾਤ ਦਾ ਹੋਣ ਕਾਰਣ ਇਹ ਬਹਾਨਾ ਕੱਢ ਮਾਰਿਆ ਕਿ ਤੁਹਾਡੇ ਰਵੀਦਾਸ ਜੀ ਦਾ ਸਿਰ ਨੰਗਾ ਹੈ।ਇਸ ਤੋਂ ਇਹ ਗੱਲ ਤੇ ਸਾਫ ਹੁੰਦੀ ਹੈ, ਅਕਾਲ ਤਖਤ ਦੇ ਜੱਥੇਦਾਰ ਕਿੰਨੀ ਕੁ ਅਕਲ ਤੇ ਸਿਖਿਆ ਵਾਲੀ ਗੱਲ ਕਰ ਸਕਦੇ ਹਨ, ਇਸ ਤੋ ਵੱਡੀ ਸ਼ਰਮਨਾਕ ਗੱਲ ਕੀ ਹੋਵੇਗੀ? ਫਿਰ ਤੇ ਇਹਨਾਂ ਨੂੰ ਕਾਗਜ਼ੀ ਰੁਪਿਆਂ ਤੇ ਵੀ ਰੋਕ ਲਾਉਣੀ ਚਾਹੀਦੀ ਹੈ, ਕਿਉਂਕਿ ਗਾਂਧੀ ਦੇ ਕਿਹੜਾ ਕੋਈ ਪਗ ਬੰਨ੍ਹੀ ਹੁੰਦੀ ਹੈ।ਇਥੋਂ ਪਤਾ ਲਗਦਾ ਹੈ ਕਿ ਇਹ ਕਿੰਨਾ ਕਿ ਨੀਵੀਆਂ ਜਾਤਾਂ ਨਾਲ ਹਮਦਰਦੀ ਅਤੇ ਭਾਈਚਾਰੇ ਵਾਲਾ ਸਲ਼ੂਕ ਰਖਦੇ ਹਨ।ਇਸ ਕਾਰਣ ਇਸ ਜਾਤ ਦੇ ਲੋਕਾਂ ਵਲੋਂ ਇੱਕ ਅਲੱਗ ਜਾਤ ਦੇ ਅਧਾਰ ਤੇ ਵਿਚਾਰਧਾਰਾ ਦੀ ਹੋਂਦ ਉਪਜੀ ਹੈ। ਮੈਂ ਇੱਥੇ ਇਕ ਗੱਲ ਸਾਫ ਕਰਨੀ ਚਾਹੁੰਦਾ ਹਾਂ ਕਿ ਇਹਨਾਂ ਦੁਆਰਾ ਖੜਿਆ ਕੀਤੇ ਜਾਣ ਵਾਲਾ ਅਲੱਗ ਧਰਮ ਜਾਂ ਰਾਹ ਗਲਤ ਨਹੀ ਹੈ ਪਰ ਇਹਨਾਂ ਦੁਆਰਾ ਵਰਤੇ ਜਾ ਰਹੇ ਕਰਮ ਕਾਂਡ ਹਿੰਦੂਵਾਦੀ ਹਨ, ਜਿਹਨਾਂ ਦਾ ਖੁਦ ਗੁਰੂ ਰਵੀਦਾਸ ਜੀ ਨੇ ਵਿਰੋਧ ਕੀਤਾ ਹੈ।

ਅੱਜ ਦੇ ਸਮੇ ਵਿੱਚ ਗੁਰੂ ਰਵੀਦਾਸ ਜੀ ਨੂੰ ਚਮਤਕਾਰਾਂ ਨਾਲ ਜੋੜਕੇ ਵਿਖਾਇਆ ਜਾ ਰਿਹਾ ਹੈ, ਜਿਵੇਂ ਕਿ ਉਹਨਾਂ ਦਾ ਰਾਮਾਨੰਦ ਨੂੰ ਗੁਰੂ ਧਾਰਨਾ, ਗੰਗਾ ਵਲੋਂ ਸੋਨੇ ਦੇ ਕੰਗਨ ਕੱਢਕੇ ਦੇਣਾ, ਮੂਰਤੀਆਂ ਪਾਣੀ ਉਪਰ ਚਲਣਾ ਲਾਉਣਾ, ਕ੍ਰਿਸ਼ਨ ਦੀ ਭਗਤੀ ਕਰਨੀ ਅਤੇ ਹੋਰ ਕਈ।ਗੁਰੂ ਰਵੀਦਾਸ ਜੀ ਇਕ ਤਰਕਵਾਦੀ ਵਿਚਾਰਧਾਰਕ ਸਨ, ਉਹਨਾਂ ਨੇ ਹਮੇਸ਼ਾ ਸਮੇਂ ਦੀ ਸੱਤਾ ਤੇ ਬ੍ਰਾਹਮਣਵਾਦੀ ਸੋਚ ਨਾਲ ਅਪਣੀ ਤਰਕ ਦੇ ਅਧਾਰ ਤੇ ਟੱਕਰ ਲਈ ਹੈ, ਨਾ ਕਿ ਕੋਈ ਚਮਤਕਾਰ ਵਿਖਾਕੇ।ਇਹ ਜੋ ਉਪਰੋਕਤ ਚਮਤਕਾਰ ਤੇ ਗੱਲਾਂ ਜੋੜ ਗੁਰੂ ਰਵੀਦਾਸ ਜੀ ਨੂੰ ਪੇਸ਼ ਕੀਤਾ ਜਾ ਰਿਹਾ ਹੈ, ਇਹ ਚਲਾਕ ਬ੍ਰਾਹਮਣਵਾਦੀ ਅਤੇ ਆਰ.ਐਸ.ਐਸ ਦਾ ਨਤੀਜਾ ਹੈ। ਜੋ ਕਿ ਰਵੀਦਾਸ ਜੀ ਦੇ ਅਸਲ ਵਿਚਾਰਾਂ ਨੂੰ ਖਤਮ ਕਰ ਇਸਦਾ ਹਿੰਦੂਕਰਨ ਕਰ ਰਹੇ ਹਨ।

ਆਖਿਰ ਵਿੱਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਗੁਰੂ ਰਵੀਦਾਸ ਜੀ ਦੀ ਸੋਚ ਨੂੰ ਇੱਕ ਵਰਗ ਨਾਲ ਨਾ ਜੋੜਕੇ ਵੇਖਿਆ ਜਾਵੇ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਸਮਝਿਆ ਜਾਵੇ ਅਤੇ ਫੈਲਾਏ ਜਾ ਰਹੇ ਝੂਠੇ ਚਮਤਕਾਰਾਂ ਤੇ ਕਰਮ ਕਾਂਡਾ ਦਾ ਖੰਡਨ ਕਰ ਬੇਗਮਪੁਰੇ ਦੀ ਨੀਂਹ ਰੱਖੀ ਜਾਵੇ, ਜੋ ਸਭ ਦਾ ਸਾਂਝਾ ਤੇ ਮਨੁੱਖਤਾਵਾਦੀ ਹੋਵੇ।

ਅੰਮ੍ਰਿਤਪਾਲ ਸਿੰਘ ਪ੍ਰੀਤ 9417943606
ਲੇਖਕ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਲਾਅ ਗਰੈਜੁਏਟ ਹਨ ਤੇ ਅੱਜਕਲ੍ਹ ਨਿਜੀ ਤੇ ਸੱਭਿਆਚਾਰਕ-ਸਿਆਸੀ ਸਰਗਰਮੀਆਂ  ' ਮਸ਼ਰੂਫ ਹਨ
Mob--94179-43606

Thursday, February 21, 2013

ਪ੍ਰਭਾਕਰਨ ਦੇ ਪੁੱਤ ਦਾ ਵਹਿਸ਼ੀਆਨਾ ਕਤਲ

ਇਕ ਬਰਤਾਨਵੀ ਚੈਨਲ ਨੇ ਅਜਿਹੀ ਦਸਤਾਵੇਜ਼ੀ ਫ਼ਿਲਮ ਜਾਰੀ ਕੀਤੀ ਹੈ ਜਿਸ ਵਿਚ ਐਲ.ਟੀ.ਟੀ.ਈ. (ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ) ਦੇ ਮੁਖੀ ਵੇਲੁਪੇਲਈ ਪ੍ਰਭਾਕਰਨ ਦੇ 12 ਵਰ੍ਹਿਆਂ ਦੇ ਪੁੱਤਰ ਨੂੰ ਕਥਿਤ ਤੌਰ 'ਤੇ ਬੜੀ ਬੇਕਿਰਕੀ ਨਾਲ ਕਤਲ ਕੀਤੇ ਜਾਣ ਦੀਆਂ ਤਸਵੀਰਾਂ ਹਨ। ਇਹ ਦਸਤਾਵੇਜ਼ੀ ਫ਼ਿਲਮ ਸ੍ਰੀਲੰਕਾ ਸਰਕਾਰ ਵੱਲੋਂ ਬੀਤੇ ਸਮੇਂ ਵਿਚ ਐਲ.ਟੀ.ਟੀ.ਈ. ਨਾਮੀ ਖਾੜਕੂ ਜਥੇਬੰਦੀ ਜੋ ਸ੍ਰੀਲੰਕਾ ਵਿਚ ਤਾਮਿਲ ਨਸਲ ਦੇ ਲੋਕਾਂ ਲਈ ਖ਼ੁਦਮੁਖ਼ਤਿਆਰ ਖਿੱਤੇ ਦੀ ਮੰਗ ਨੂੰ ਲੈ ਕੇ ਗੁਰਿੱਲਾ ਯੁੱਧ ਲੜ ਰਹੀ ਹੈ, ਦੀਆਂ ਸਰਗਰਮੀਆਂ ਨੂੰ ਠੱਲ੍ਹ ਪਾਉਣ ਦੇ ਨਾਂਅ ਹੇਠ ਜੋ ਤਾਮਿਲ ਲੋਕਾਂ ਦੀ ਨਸਲਕੁਸ਼ੀ ਕੀਤੀ ਗਈ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ, ਉਸ ਨੂੰ ਭਲੀ-ਭਾਂਤ ਦਰਸਾਉਂਦੀ ਹੈ। ਜਦੋਂ ਕਿ ਸ੍ਰੀਲੰਕਾ ਸਰਕਾਰ ਨੇ ਇਸ ਫ਼ਿਲਮ ਵਿਚ ਜੋ ਕੁਝ ਦਿਖਾਇਆ ਗਿਆ, ਉਸ ਦਾ ਖੰਡਨ ਕਰਦਿਆਂ ਇਸ ਨੂੰ 'ਝੂਠ, ਅਧੂਰੇ ਸੱਚ ਅਤੇ ਅਨੇਕਾਂ ਤਰ੍ਹਾਂ ਦੇ ਅੰਦਾਜ਼ੇ' ਕਰਾਰ ਦਿੱਤਾ ਹੈ। 'ਨੋ ਵਾਰ ਜ਼ੋਨ-ਦ ਕਿਲਿੰਗ ਫੀਲਡਸ ਆਫ ਸ੍ਰੀਲੰਕਾ' ਨਾਮਕ ਇਹ ਦਸਤਾਵੇਜ਼ੀ ਫ਼ਿਲਮ ਚੈਨਲ-4 ਵੱਲੋਂ ਤਿਆਰ ਕੀਤੀ ਗਈ ਹੈ। ਇਹ ਫ਼ਿਲਮ ਜਨੇਵਾ ਵਿਖੇ ਮਾਰਚ ਵਿਚ ਹੋਣ ਵਾਲੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ ਅਗਲੇ ਸੈਸ਼ਨ ਵਿਚ ਵਿਖਾਈ ਜਾਵੇਗੀ। ਇਨ੍ਹਾਂ ਤਸਵੀਰਾਂ ਨੇ ਤਾਮਿਲ ਬਾਗੀਆਂ ਖਿਲਾਫ਼ ਜਾਰੀ ਆਪ੍ਰੇਸ਼ਨ ਵਿਚ ਸ੍ਰੀਲੰਕਾ ਦੀਆਂ ਹਥਿਆਰਬੰਦ ਫ਼ੌਜਾਂ ਵੱਲੋਂ ਕੀਤੇ ਜਾ ਰਹੇ ਵਿਹਾਰ 'ਤੇ ਇਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਆਪ੍ਰੇਸ਼ਨ ਇਸ ਸਮੇਂ ਆਪਣੇ ਆਖਰੀ ਦੌਰ ਵਿਚ ਹੈ। ਨਾਲ ਹੀ ਇਹ ਤਸਵੀਰਾਂ ਉਸ ਅਹਿਮ ਮਤੇ ਸਬੰਧੀ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਲਈ ਵੀ ਵੱਡੇ ਧੱਕੇ ਵਾਂਗ ਹਨ, ਜਿਸ ਦਾ ਸਰਕਾਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਚ ਸਾਹਮਣਾ ਕਰਨਾ ਪੈਣਾ ਹੈ। 

ਇਕ ਤਸਵੀਰ ਵਿਚ ਦਿਖਾਇਆ ਗਿਆ ਹੈ ਕਿ ਬਾਲਚੰਦਰਨ ਪ੍ਰਭਾਕਰਨ ਇਕ ਬੰਕਰ ਵਿਚ ਸ੍ਰੀਲੰਕਨ ਫ਼ੌਜੀਆਂ ਦੀ ਹਿਰਾਸਤ 'ਚ ਜਿਊਂਦਾ-ਜਾਗਦਾ ਅਤੇ ਸਹੀ ਸਲਾਮਤ ਬੈਠਾ ਹੋਇਆ ਹੈ। ਕੁਝ ਘੰਟਿਆਂ ਬਾਅਦ ਖਿੱਚੀ ਗਈ ਦੂਜੀ ਤਸਵੀਰ ਵਿਚ ਉਸ ਦੀ ਮ੍ਰਿਤਕ ਦੇਹ ਜ਼ਮੀਨ 'ਤੇ ਪਈ ਹੋਈ ਹੈ ਅਤੇ ਉਸ ਦੀ ਛਾਤੀ ਗੋਲੀਆਂ ਨਾਲ ਵਿੰਨ੍ਹੀ ਨਜ਼ਰ ਆਉਂਦੀ ਹੈ। ਸ੍ਰੀਲੰਕਨ ਫ਼ੌਜ ਨੇ ਇਸ ਦਾ ਖੰਡਨ ਕਰਦਿਆਂ ਦਸਤਾਵੇਜ਼ੀ ਫ਼ਿਲਮ ਵਿਚ ਦਿਖਾਈਆਂ ਗਈਆਂ ਤਸਵੀਰਾਂ ਨੂੰ 'ਝੂਠ, ਅਧੂਰੇ ਸੱਚ ਅਤੇ ਅਨੇਕਾਂ ਤਰ੍ਹਾਂ ਦੇ ਅੰਦਾਜ਼ੇ' ਕਰਾਰ ਦਿੱਤਾ। ਤਸਵੀਰਾਂ ਬਾਰੇ ਟਿੱਪਣੀ ਕਰਦਿਆਂ ਫ਼ੌਜ ਦੇ ਬੁਲਾਰੇ ਬ੍ਰਿਗੇਡੀਅਰ ਰੁਵਾਨ ਵਨਿੰਗਾ ਸੂਰੀਆ ਨੇ ਕਿਹਾ, 'ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਸ੍ਰੀਲੰਕਨ ਫ਼ੌਜਾਂ ਖਿਲਾਫ਼ ਬੇਤੁਕੇ ਇਲਜ਼ਾਮ ਲਾਏ ਗਏ ਹੋਣ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਅਜਿਹੇ ਇਲਜ਼ਾਮ ਉਦੋਂ ਸਾਹਮਣੇ ਆਉਂਦੇ ਹਨ, ਜਦੋਂ ਸਾਡੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨਾਲ ਮੀਟਿੰਗ ਹੋਣ ਵਾਲੀ ਹੁੰਦੀ ਹੈ ਅਤੇ ਬਾਅਦ ਵਿਚ ਖ਼ਤਮ ਹੋ ਜਾਂਦੇ ਹਨ।' ਉਨ੍ਹਾਂ ਕਿਹਾ ਕਿ 'ਕੋਈ ਠੋਸ ਸਬੂਤ ਸਾਡੇ ਸਾਹਮਣੇ ਪੇਸ਼ ਨਹੀਂ ਕੀਤੇ ਗਏ, ਜਿਨ੍ਹਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ ਜਾ ਸਕੇ। ਅਜਿਹਾ ਜਾਪਦਾ ਹੈ ਕਿ ਇਸ ਤਰ੍ਹਾਂ ਦੇ ਆਧਾਰਹੀਣ ਦੋਸ਼ ਲਾਉਣ ਵਾਲੀਆਂ ਧਿਰਾਂ ਚਾਹੁੰਦੀਆਂ ਹੀ ਨਹੀਂ ਕਿ ਜਾਂਚ ਹੋਵੇ ਜਾਂ ਸਚਾਈ ਸਾਹਮਣੇ ਆਵੇ। ਉਹ ਦੇਸ਼ ਦੇ ਅਕਸ ਨੂੰ ਵਿਗਾੜਨ ਲਈ ਭੇਦ ਬਣਾਈ ਰੱਖਣਾ ਚਾਹੁੰਦੀਆਂ ਹਨ ਕਿਉਂਕਿ ਉਨ੍ਹਾਂ ਦੇ ਏਜੰਡੇ ਨੂੰ ਇਹੀ ਸੂਤ ਬੈਠਦਾ ਹੈ।' 

ਇਸ ਦਸਤਾਵੇਜ਼ੀ ਫ਼ਿਲਮ ਰਾਹੀਂ ਭਾਰਤ ਦੀ ਵੀ ਪਰਖ ਹੋਵੇਗੀ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਚ ਸ੍ਰੀਲੰਕਾ ਖਿਲਾਫ਼ ਲਿਆਂਦੇ ਜਾਣ ਵਾਲੇ ਮਤੇ ਸਬੰਧੀ ਭਾਰਤ ਦਾ ਅਗਲਾ ਕਦਮ ਕੀ ਹੋਵੇਗਾ? ਚੈਨਲ-4 ਦੀ ਦਸਤਾਵੇਜ਼ੀ ਫ਼ਿਲਮ ਦੀ ਨਿਰਦੇਸ਼ਕ ਕੈਲਮ ਮੈਕਰੇ ਨੇ ਕਿਹਾ ਕਿ ਭਾਰਤ ਨੇ ਪਿਛਲੇ ਵਰ੍ਹੇ ਦੇ ਮਤੇ ਵਿਚ ਸ੍ਰੀਲੰਕਾ ਖਿਲਾਫ਼ ਵੋਟ ਦਿੱਤੀ ਸੀ। ਮੈਕਰੇ ਨੇ ਕਿਹਾ ਕਿ ਫ਼ਿਲਮ ਵਿਚ ਦਿਖਾਏ ਗਏ ਇਸ ਨਵੇਂ ਸਬੂਤ ਨਾਲ ਯਕੀਨੀ ਤੌਰ 'ਤੇ ਭਾਰਤ ਸਰਕਾਰ 'ਤੇ ਨਾ ਸਿਰਫ ਮਤੇ ਦੀ ਹਮਾਇਤ ਕਰਨ ਦਾ ਦਬਾਅ ਪਵੇਗਾ, ਸਗੋਂ ਸ੍ਰੀਲੰਕਾ ਵਿਚ ਜਾਰੀ ਆਪਹੁਦਰੇਪਨ ਨੂੰ ਖ਼ਤਮ ਕਰਨ ਵਾਸਤੇ ਅੰਤਰਰਾਸ਼ਟਰੀ ਕਾਰਵਾਈ ਲਈ ਪ੍ਰਭਾਵਸ਼ਾਲੀ ਯੋਜਨਾਬੰਦੀ ਯਕੀਨੀ ਬਣਾਉਣ ਦੀ ਲੋੜ ਵੀ ਮਹਿਸੂਸ ਹੋਵੇਗੀ। 

'ਅਜੀਤ' ਤੋਂ ਧੰਨਵਾਦ ਸਾਹਿਤ

ਹੈਲੀਕਾਪਟਰ ਘਪਲਾ ਨਵੀਆਂ ਆਰਥਿਕ ਨੀਤੀਆਂ ਦੀ ਪੈਦਾਇਸ਼

ਗਸਤ 2011 ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਸ਼ੁਰੂ ਕੀਤੀ ਗਈ 'ਭ੍ਰਿਸ਼ਟਾਚਾਰ ਖਿਲਾਫ਼ ਨੌਜਵਾਨ ਮੁਹਿੰਮ' ਕਮੇਟੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ 'ਦੇਸ਼ ਦੇ ਵੱਡੇ ਧਨ ਕੁਬੇਰ ਅਤੇ ਬਹੁਕੌਮੀ ਕੰਪਨੀਆਂ ਭ੍ਰਿਸ਼ਟਾਚਾਰ ਦਾ ਵੱਡਾ ਸਰੋਤ ਬਣ ਰਹੀਆਂ ਹਨ . . . ਨਿੱਜੀਕਰਨ ਅਤੇ ਸੰਸਾਰੀਕਰਨ ਦੇ ਨਾਮ ਥੱਲੇ ਲੋਕਾਂ 'ਤੇ ਮੜ੍ਹੀਆਂ ਜਾ ਰਹੀਆਂ ਨਵੀਆਂ ਆਰਥਿਕ ਨੀਤੀਆਂ ਦੇ ਧਾਵੇ ਰਾਹੀਂ ਦੇਸ਼ ਦੇ ਮਾਲ ਖਜ਼ਾਨੇ ਦੇਸੀ ਵਿਦੇਸ਼ੀ ਧਨਾਢਾਂ ਵੱਲੋਂ ਲੁੱਟੇ ਜਾ ਰਹੇ ਹਨ . . . ਭ੍ਰਿਸ਼ਟਾਚਾਰ ਦੇ ਵਰਤਾਰੇ ਦੀਆਂ ਜੜ੍ਹਾਂ ਦੇਸ਼ ਅੰਦਰ ਉੱਚੇ ਅਹੁਦਿਆਂ ਤੇ ਬਿਰਾਜਮਾਨ ਸਿਆਸਤਦਾਨਾਂ ਅਤੇ ਵੱਡੀ ਅਫ਼ਸਰਸ਼ਾਹੀ ਕੋਲ ਅਥਾਹ ਸ਼ਕਤੀਆਂ 'ਚ ਵੀ ਮੌਜੂਦ ਹਨ। ਉਹ ਦੇਸ਼ ਦੀ ਆਰਥਿਕਤਾ ਸਬੰਧ ਵੱਡੇ ਫੈਸਲੇ ਲੈ ਸਕਦੇ ਹਨ ਤੇ ਇਹਨਾਂ ਨੂੰ ਜਨਤਾ ਦੀਆਂ ਨਜ਼ਰਾਂ ਤੋਂ ਉਹਲੇ ਰੱਖ ਸਕਦੇ ਹਨ। ਵੱਡੀਆਂ ਵਿਦੇਸ਼ੀ ਕੰਪਨੀਆਂ ਨਾਲ ਹਥਿਆਰਾਂ ਦੇ ਸੌਦਿਆਂ 'ਚ ਦਲਾਲੀ ਛਕ ਸਕਦੇ ਹਨ . . .

ਫਰਵਰੀ ਦੇ ਪਹਿਲੇ ਅੱਧ ਵਿੱਚ ਨਸ਼ਰ ਹੋਇਆ ਹੈਲੀਕਾਪਟਰ ਘਪਲਾ ਇਹਨਾਂ ਤੱਥਾਂ ਦੀ ਹੀ ਮੂੰਹ ਬੋਲਦੀ ਤਸਵੀਰ ਹੈ। ਹਵਾਈ ਸੈਨਾ ਦੇ ਸਾਬਕਾ ਮੁਖੀ ਦਾ ਨਾਮ ਇਸ ਘੁਟਾਲੇ ਵਿੱਚ ਬੋਲਦਾ ਹੈ। ਭਾਰਤ ਦੇ ਵੀ. ਵੀ. ਆਈ. ਪੀ. ਵਿਅਕਤੀਆਂ ਲਈ 3600 ਕਰੋੜ ਰੁਪਿਆ ਖਰਚ ਕੇ ਬ੍ਰਿਟਿਸ਼-ਇਤਾਲਵੀ ਕੰਪਨੀ ਆਗਸਤਾ ਵੈਸਟਲੈਂਡ ਤੋਂ ਖਰੀਦੇ ਜਾਣ ਵਾਲੇ 12 ਹੈਲੀਕਾਪਟਰਾਂ ਲਈ ਕੰਪਨੀ ਵੱਲੋਂ 362 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਹੈ। ਇਸ ਰਿਸ਼ਵਤ ਦੇ ਇਵਜ ਵੱਲੋਂ ਹੈਲੀਕਾਪਟਰਾਂ ਲਈ ਤੈਅ ਮਾਪਦੰਡਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਇਹੋ ਜਿਹੀਆਂ ਮਦਾਂ ਜੋੜੀਆਂ ਗਈਆਂ ਹਨ ਕਿ ਜਾਰੀ ਕੀਤੇ ਟੈਂਡਰ ਨੂੰ ਹੁੰਗਾਰਾ ਭਰਨ ਵਾਲੀਆਂ ਤਿੰਨ ਕੰਪਨੀਆਂ ਵਿੱਚੋਂ ਸਿਰਫ਼ ਇਤਾਲਵੀ-ਬ੍ਰਿਟਿਸ਼ ਕੰਪਨੀ ਆਗਸਤਾ ਵੈਸਟਲੈਂਡ ਹੀ ਉਹਨਾਂ ਮਦਾਂ 'ਤੇ ਖਰਾ ਉੱਤਰੀ ਹੈ। ਭਾਰਤ ਦੇ ਅਖੌਤੀ 'ਸੁਰੱਖਿਆ ਸਰੋਕਾਰ' ਜਿਨ੍ਹਾਂ ਬਾਰੇ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਦੁਹਾਈ ਪਾਉਣੋਂ ਨਹੀਂ ਹਟਦੀਆਂ ਵਿੱਚ ਆਸਾਨੀ ਨਾਲ ਜੋੜ ਘਟਾਉ ਕੀਤਾ ਗਿਆ ਹੈ। ਟੈਂਡਰ ਦੀਆਂ ਮਦਾਂ ਵਿੱਚ ਇਹ ਬਦਲਾਅ ਹਵਾਈ ਸੈਨਾ ਮੁਖੀ ਐਸ. ਪੀ. ਤਿਆਗੀ ਦੇ ਕਾਰਜਕਾਲ ਸਮੇਂ ਵਾਪਰਿਆ ਹੈ। ਕੁੰਜੀਵਤ ਗਵਾਹ ਨੇ ਬਿਆਨ ਦਿੱਤਾ ਹੈ ਕਿ ਉਹ ਇਹਨਾਂ ਮਾਪਦੰਡਾਂ 'ਚ ਤਬਦੀਲੀ ਕਰਾਉਣ ਲਈ ਉਹ ਆਪ 6-7 ਵਾਰ ਹਵਾਈ ਸੈਨਾ ਮੁਖੀ ਨੂੰ ਮਿਲਿਆ ਹੈ। ਰਿਸ਼ਵਤ ਦਾ ਪੈਸਾ ਹਵਾਈ ਸੈਨਾ ਮੁਖੀ ਦੇ ਚਚੇਰੇ ਭਰਾਵਾਂ ਰਾਹੀਂ ਉਸ ਤੱਕ ਪਹੁੰਚਾਇਆ ਗਿਆ ਹੈ। ਮਾਪਦੰਡਾਂ ਦੀ ਇਸ ਤਬਦੀਲੀ ਨੂੰ ਸੁਰੱਖਿਆ ਮੰਤਰਾਲੇ, ਭਾਰਤੀ ਹਵਾਈ ਸੈਨਾ, ਪ੍ਰਧਾਨ ਮੰਤਰੀ ਦਫ਼ਤਰ, ਐਸ. ਪੀ. ਜੀ ਅਤੇ ਐਨ. ਐਸ. ਏ. ਕੌਮੀ ਸੁਰੱਖਿਆ ਏਜੰਸੀ ਨੇ ਪ੍ਰਵਾਨ ਕੀਤਾ ਹੈ। 362 ਕਰੋੜ ਵਿੱਚੋਂ ਸਪੈਸ਼ਨ ਰੱਖਿਆ ਗਰੁੱਪ 40 ਫੀਸਦੀ ਵਿਚੋਲਿਆਂ ਦਾ ਹਿੱਸਾ ਹੈ। ਬਾਕੀ ਬਚਦੇ ਵਿੱਚੋਂ ਕਿਸਨੂੰ ਕਿੰਨਾ ਮਿਲਿਆ ਹੈ, ਅਜੇ ਖੁਲਾਸਾ ਹੋਣਾ ਹੈ।

ਇਹ ਘੁਟਾਲਾ ਨਾ ਪਹਿਲਾ ਹੈ ਤੇ ਨਾ ਹੀ ਆਖ਼ਰੀ। ਭਾਰਤ ਦਾ ਲੋਕ ਦੁਸ਼ਮਣ ਪ੍ਰਬੰਦ ਇਹਨਾਂ ਘੁਟਾਲਿਆਂ ਦਾ ਜਨਮਦਾਤਾ ਹੈ। ਨਵੀਆਂ ਆਰਥਿਕ ਨੀਤੀਆਂ ਦੇ ਲਾਗੂ ਹੋਣ ਨੇ ਇਹਨਾਂ ਘੁਟਾਲਿਆਂ ਦੀ ਗਿਣਤੀ 'ਚ ਬੇਥਾਹ ਵਾਧਾ ਕੀਤਾ ਹੈ। ਬਹੁਕੌਮੀ ਕੰਪਨੀਆਂ ਨੂੰ ਵੱਡੇ ਮੁਨਾਫ਼ੇ ਪੁਹੰਚਾਉਣਾ, ਲੋਕਾਂ ਤੋਂ ਸਭ ਸਹੂਲਤਾਂ, ਰੋਟੀ ਰੁਜ਼ਗਾਰ ਖੋਹ ਕੇ ਮੁਲਕ ਦਾ ਕੁੱਲ ਸਰਮਾਇਆ ਇਹਨਾਂ ਸਾਮਰਾਜੀ ਕੰਪਨੀਆਂ ਦੇ ਕਦਮਾਂ 'ਚ ਪੇਸ਼ ਕਰਨਾ ਅਤੇ ਇਉਂ ਕਰਕੇ ਏਥੋਂ ਦੇ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਵੱਲੋਂ ਆਪਣੀਆਂ ਕੁਰਸੀਆਂ, ਦਲਾਲੀਆਂ ਤੇ ਜਾਇਦਾਦਾਂ 'ਚ ਅੰਨ੍ਹੇ ਵਾਧੇ ਦੇ ਰੂਪ ਵਿੱਚ ਸੇਵਾਦਾਰੀ ਹਾਸਲ ਕਰਨਾ ਇਹਨਾਂ ਨੀਤੀਆਂ ਦਾ ਨਿਚੋੜ ਹੈ। ਇਸ ਕਰਕੇ ਏਥੇ ਸਿੱਧੇ ਅਸਿੱਧੇ ਹਰ ਰੂਪ ਵਿੱਚ ਲੋਕਾਂ ਨਾਲ ਧੋਖਾਧੜੀ ਅਤੇ ਲੁੱਟ ਜਾਇਜ਼ ਹੈ। 1991 'ਚ ਇਹਨਾਂ ਨਵੀਆਂ ਆਰਥਿਕ ਨੀਤੀਆਂ ਦੇ ਲਾਗੂ ਹੋਣ ਬਾਅਦ ਸਕੈਡਲਾਂ ਤੇ ਘਪਲਿਆਂ ਦੀ ਗਿਣਤੀ 'ਚ ਵਾਧਾ ਦੇਖਣਯੋਗ ਹੈ। 1947 ਤੋਂ 1990 ਤੱਕ ਦੇ 43 ਸਾਲਾਂ ਵਿੱਚ ਭਾਰਤ ਅੰਦਰ ਨਸ਼ਰ ਹੋਏ ਘੁਟਾਲਿਆਂ ਦੀ ਗਿਣਤੀ 10 ਸੀ। 1991 ਤੋਂ 2000 ਤੱਕ ਸਿਰਫ਼ 10 ਸਾਲਾਂ ਵਿੱਚ ਇਹ ਗਿਣਤੀ 13 ਸੀ। 2000 ਤੋਂ 2009 ਤੱਕ ਦੇ 10 ਸਾਲਾਂ ਵਿੱਚ 27 ਘੁਟਾਲੇ ਹੋਏ। ਇਕੱਲੇ 2010 ਵਿੱਚ ਘੁਟਾਲਿਆਂ ਦੇ 9 ਕੇਸ ਸਾਹਮਣੇ ਆਏ ਜਿਹਨਾਂ ਦੀ ਗਿਣਤੀ 2011 ਵਿੱਚ ਵਧਕੇ 23 ਹੋ ਗਈ। ਸਾਲ 2012 ਵਿੱਚ ਕੱਲ ਨਸ਼ਰ ਘੁਟਾਲਿਆਂ ਦੀ ਗਿਣਤੀ 41 ਬਣਦੀ ਹੈ। ਜਿਨ੍ਹਾਂ ਵਿੱਚੋਂ 13 ਕੇਂਦਰ ਸਰਕਾਰ ਨਾਲ ਸਬੰਧਤ ਹਨ ਅਤੇ ਬਾਕੀ ਰਾਜ ਸਰਕਾਰਾਂ ਨਾਲ। ਇਹਨਾਂ 41 ਘੁਟਾਲਿਆਂ ਵਿੱਚੋਂ ਸਿਰਫ਼ ਤਿੰਨ ਵੱਡੇ ਘੁਟਾਲਿਆਂ ਵਿੱਚ ਹੀ ਲੋਕਾਂ ਨਾਲ 5186 ਲੱਖ ਕਰੋੜ ਦੀ ਠੱਗੀ ਵੱਜ ਗਈ ਹੈ। ਸਿਆਸਦਾਨ, ਕਾਰਪੋਰੇਟ ਲਾਬੀ, ਬਹੁਕੌਮੀ ਕੰਪਨੀਆਂ, ਅਫਸਰਸ਼ਾਹੀ ਇਹਨਾਂ ਘੁਟਾਲਿਆਂ 'ਚ ਮੁੱਖ ਧਿਰਾਂ ਬਣਦੀਆਂ ਰਹੀਆਂ ਹਨ। ਮੌਜੂਦਾ ਹੈਲੀਕਾਪਟਰ ਘਪਲਾ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ। ਭ੍ਰਿਸ਼ਟਾਚਾਰ ਦੇ ਇਸ ਭਿਅੰਕਰ ਵਰਤਾਰੇ ਨੂੰ ਠੱਲ੍ਹਣ ਲਈ ਜ਼ਰੂਰੀ ਹੈ ਕਿ--

1. ਨਿੱਜੀਕਰਨ ਸੰਸਾਰੀਕਰਨ ਦੇ ਨਾਮ ਹੇਠ ਹੋ ਰਹੀ ਸਰਕਾਰੀ ਕਾਰੋਬਾਰਾਂ, ਜ਼ਮੀਨਾਂ ਜਾਇਦਾਦਾਂ, ਸੰਸਥਾਵਾਂ ਦੀ ਥੋਕ ਨਿਲਾਮੀ - ਜੋ ਕਿ ਭ੍ਰਿਸ਼ਟਾਚਾਰ ਦਾ ਵੱਡਾ ਸਾਧਨ ਹੈ - ਬੰਦ ਕੀਤੀ ਜਾਵੇ। 
2. ਵੱਡੀਆਂ ਵਿਦੇਸ਼ੀ ਕੰਪਨੀਆਂ ਜਿਨ੍ਹਾਂ ਕੋਲ ਅਰਬਾਂ ਖਰਬਾਂ ਦੇ ਕੇ ਸਰਕਾਰਾਂ ਨੂੰ ਖਰੀਦਣ ਦੀ ਤਾਕਤ ਹੈ ਮੁਲਕ ਤੋਂ ਦੂਰ ਰੱਖੀਆਂ ਜਾਣ। 
3. ਉੱਚ ਅਫ਼ਸਰਾਂ ਅਤੇ ਵਜ਼ੀਰਾਂ ਕੋਲ ਵੱਡੇ ਕਾਰੋਬਾਰਾਂ ਨਾਲ ਗੁਪਤ ਸੌਦਿਆਂ ਰਾਹੀਂ ਹੱਥ ਰੰਗਣ ਦੀਆਂ ਤਾਕਤਾਂ ਹਨ। ਉਹਨਾਂ ਦੇ ਖੰਭ ਕਤਰੇ ਜਾਣ ਅਤੇ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ। 
4. ਕਾਰੋਬਾਰਾਂ ਦੀ ਨਿਯਮ ਮੁਕਤੀ ਤੇ ਖੁੱਲ੍ਹਾਂ ਭ੍ਰਿਸ਼ਟਾਚਾਰ ਦਾ ਕਾਨੂੰਨੀਕਰਨ ਹਨ। ਇਹਨਾਂ ਨੂੰ ਨੱਥ ਪਾਈ ਜਾਵੇ।

ਵਲੋਂ:ਪਾਵੇਲ ਕੁੱਸਾ,ਜਥੇਬੰਦਕ ਸਕੱਤਰ,ਨੌਜਵਾਨ ਭਾਰਤ ਸਭਾ ਤੇ ਟੀਮ

Monday, February 18, 2013

ਅਫ਼ਜ਼ਲ ਦੀ ਫਾਂਸੀ ਤੋਂ ਪੰਜਾਬ ਦੀਆਂ ਮੰਗਾਂ ਤੱਕ 'ਹਿੰਦੂ ਸਟੇਟ' ਦੇ ਪੈਂਤੜੇ

ਦੁਨੀਆ ਭਰ ਦੇ ਲੋਕਤੰਤਰਕ ਦੇਸ਼ਾਂ ਅੰਦਰ ਹਰ ਇਨਸਾਨ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਅਤੇ ਰੋਸ ਵਿਖਾਵੇ ਕਰਨ ਦਾ ਪੂਰਾ ਹੱਕ ਹੈ ਬਸ਼ਰਤੇ ਇਹ ਰੋਸ ਵਿਖਾਵੇ ਹਿੰਸਾਤਮਕ ਨਾ ਹੋਣ।ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਕ ਅਖਵਾਉਣ ਵਾਲੇ ਮੁਲਕ ਅੰਦਰ ਹਰ ਸਟੇਟ ਦੀ ਆਪਣੀ ਬੋਲੀ ,ਆਪਣਾ ਸੱਭਿਆਚਾਰ ਅਤੇ ਧਾਰਮਿਕ ਹੱਦ-ਬੰਨੇ ਹਨ। ਦੇਸ਼ ਦੀ ਹਿੰਦੂ ਬਹੁਗਿਣਤੀ ਵਲੋਂ ਹਮੇਸ਼ਾਂ ਹੀ ਧਾਰਮਿਕ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣ ਦਾ ਫਾਰਮੂਲਾ ਕੋਈ ਨਵਾਂ ਨਹੀਂ ਹੈ ਸਗੋਂ ਸਦੀਆਂ ਪੁਰਾਣਾ ਹੈ।

2005 ਤੋਂ ਫਾਂਸੀ ਦੀ ਉਡੀਕ ਕਰ ਰਹੇ ਅਫ਼ਜ਼ਲ ਗੁਰੂ ਨੂੰ ਫਾਹੇ ਲਾ ਕੇ ਜਿਸ ਤਰਾਂ ਇੱਕਦਮ ਕਾਹਲੀ ਵਿੱਚ ਸ਼ਾਸ਼ਕ ਪਾਰਟੀ ਨੇ ਹਿੰਦੂਵਾਦੀ ਤਾਕਤਾਂ ਕੋਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹਿੰਦੂਤਵਤਾ ਵਾਲਾ ਮੁੱਦਾ ਖੋਹਣ ਦੀ ਕੋਸ਼ਿਸ਼ ਕੀਤੀ ਹੈ , ਬਿਨਾਂ ਸ਼ੱਕ ਇਹ ਸ਼ਰਮਨਾਕ ਹੈ। ਕੀ ਇਸ ਦੇਸ਼ ਅੰਦਰ ਧਾਰਮਿਕ ਘੱਟ ਗਿਣਤੀਆਂ ਨੂੰ ਅੱਖੋਂ ਪਰੋਖੇ ਕਰਕੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ?

ਕਸ਼ਮੀਰ ਹੀ ਨਹੀਂ ਸਗੋਂ ਦੇਸ਼ ਦੇ ਹੋਰ ਸੂਬਿਆਂ ਪੰਜਾਬ , ਅਸਾਮ ,ਬੰਗਾਲ , ਬਿਹਾਰ ਅੰਦਰ ਵੀ ਵੱਖੋ-ਵੱਖ ਗਰੁੱਪਾਂ ਵਲੋਂ ਧਰਮ , ਬੋਲੀ ਅਤੇ ਬਹੁਗਿਣਤੀ ਦੇ ਅਧਾਰ ਉੱਤੇ ਬਾਗੀ ਸੁਰਾਂ ਉੱਠਦੀਆਂ ਰਹੀਆਂ ਹਨ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਹਿੰਸਾਤਮਕ ਸੰਘਰਸ਼ਾਂ ਦਾ ਅੰਤ ਆਖਰ ਗੱਲਬਾਤ ਰਾਹੀਂ ਹੀ ਹੋਇਆ ਹੈ। ਕਸ਼ਮੀਰ ਦੇ ਮਾਮਲੇ ਵਿੱਚ ਗੱਲਬਾਤ ਵਾਲੀ ਪਹੁੰਚ ਨਾ ਅਪਨਾਉਣ ਕਾਰਨ ਕਸ਼ਮੀਰ ਮਸਲੇ ਨੇ ਅੰਤਰ-ਰਾਸ਼ਟਰੀ ਰੂਪ ਧਾਰ ਲਿਆ ਹੈ। ਇੱਕ ਪਾਸੇ ਪਾਕਿਸਤਾਨ ਕਸ਼ਮੀਰ ਉੱਤੇ ਆਪਣਾ ਹੱਕ ਜਤਾ ਰਿਹਾ ਹੈ ਤੇ ਦੂਜੇ ਪਾਸੇ ਭਾਰਤ ਇਸ ਖਿੱਤੇ ਨੂੰ ਆਪਣਾ ਅਟੁੱਟ ਅੰਗ ਮੰਨ ਰਿਹਾ ਹੈ।ਜਿੱਥੇ ਪਾਕਿਸਤਾਨ ਮੁਸਲਿਮ ਦੇਸ਼ ਹੋਣ ਕਾਰਨ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ ਉੱਥੇ ਭਾਰਤ ਦੀ ਸੱਤਾ ਤੇ ਕਾਬਜ ਹਿੰਦੂ ਮਾਨਸਿਕਤਾ ਇਨਾਂ ਨਾਗਰਿਕਾਂ ਨੂੰ ਦੋ ਨੰਬਰ ਦੇ ਸ਼ਹਿਰੀ ਮੰਨ ਕੇ ਉਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਆ ਰਹੀ ਹੈ।ਕਸ਼ਮੀਰੀ ਲੋਕ ਨਾਂ ਤਾਂ ਪਾਕਿਸਤਾਨ ਨਾਲ ਰਹਿਣਾ ਚਾਹੁੰਦੇ ਹਨ ਤੇ ਨਾ ਹੀ ਭਾਰਤ ਨਾਲ ਜਿਸ ਕਰਕੇ ਉੱਥੇ ਹਾਲਾਤ ਹਮੇਸ਼ਾਂ ਵਿਸਫੋਟਕ ਰਹੇ ਹਨ।

ਜੇਕਰ ਹਾਲਾਤ ਕਾਬੂ ਹੇਠ ਹਨ ਤਾਂ ਇੱਕ ਅਫ਼ਜ਼ਲ ਗੁਰੂ ਨੂੰ ਫਾਹੇ ਟੰਗਣ ਸਮੇਂ ਦੇਸ਼ ਜਾਂ ਕਸ਼ਮੀਰ ਨੂੰ ਕੀ ਹੋ ਜਾਣਾ ਸੀ? ਕਸ਼ਮੀਰ ਅੰਦਰ ਸੱਭ ਅੱਛਾ ਨਹੀਂ ਹੈ , ਕਿਉਂਕਿ ਕਸ਼ਮੀਰੀ ਖਾੜਕੂਆਂ ਵਲੋਂ ਲਗਾਤਾਰ ਕੀਤੇ ਜਾ ਰਹੇ ਬੰਬ ਧਮਾਕੇ ਅਤੇ ਅੱਤਵਾਦੀ ਸੰਗਠਨਾਂ ਵਲੋਂ ਦਿੱਤੇ ਜਾ ਰਹੇ ਬਿਆਨ ਸਿੱਧ ਕਰਦੇ ਹਨ ਕਿ ਜਬਰ ਨਾਲ ਲਿਆਦੀ ਸ਼ਾਂਤੀ ਚਿਰ ਸਥਾਈ ਨਹੀਂ ਹੁੰਦੀ।

ਕਾਂਗਰਸ ਪਾਰਟੀ ਹਮੇਸ਼ਾਂ ਇੱਕੋ ਰਾਗ ਅਲਾਪਦੀ ਰਹੀ ਹੈ ਕਿ ਇਹ ਇੱਕ ਧਰਮ-ਨਿਰਪੱਖ ਪਾਰਟੀ ਹੈ ਪਰ ਜਦੋਂ ਇਸਦੇ ਕਾਰਕੁੰਨ ਦਿੱਲੀ ਵਿੱਚ ਸਿੱਖ ਕਤਲੇਆਮ ਕਰਦੇ ਹਨ ਤਾਂ ਧਰਮ-ਨਿਰਪੱਖਤਾ ਦੇ ਚਿਹਰੇ ਹੇਠਲਾ ਹਿੰਦੂਵਾਦੀ ਚਿਹਰਾ ਸਾਹਮਣੇ ਜਾਂਦਾ ਹੈ। ਜਦੋਂ ਇਸ ਦੇਸ਼ ਦੀ ਕਾਂਗਰਸ ਪਾਰਟੀ ਦੇ ਸਾਬਕਾ ਵਿੱਤ ਮੰਤਰੀ ਅਤੇ ਮੌਜੂਦਾ ਰਾਸ਼ਟਰਪਤੀ ਇੱਕਦੱਮ ਫਾਂਸੀ ਦੀ ਸਜਾ ਖਿਲਾਫ ਕੀਤੀ ਗਈ ਰਹਿਮ ਦੀ ਅਪੀਲ ਨੂੰ ਖਾਰਜ ਕਰਕੇ ਫਾਂਸੀ ਦੇਣ ਦਾ ਹੁਕਮ ਸਿਰਫ ਧਰਮ-ਨਿਰਪੱਖਤਾ ਦਾ ਮੁਖੋਟਾ ਪਾਈ ਕਾਂਗਰਸ ਪਾਰਟੀ ਨੂੰ ਖੁਸ਼ ਕਰਨ ਲਈ ਕਰਦਾ ਹੈ ਤਾਂ ਦੇਸ਼ ਦਾ ਲੋਕਤੰਤਰੀ ਢਾਂਚਾ ਸ਼ਰਮਸਾਰ ਹੋ ਜਾਂਦਾ ਹੈ। ਇੰਨਾ ਹੀ ਨਹੀਂ ਇਸ ਦੇਸ਼ ਦੀ ਸਰਵਉੱਚ ਅਦਾਲਤ ਫੈਸਲਾ ਗਵਾਹਾਂ ਜਾਂ ਕਨੂੰਨ ਮੁਤਾਬਕ ਨਹੀਂ ਸਗੋਂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਕਰਦਾ ਹੈ ਤੇ ਦੇਸ਼ ਦੀਆਂ ਭਾਵਨਾਵਾਂ ਸਿਰਫ ਇਹੋ ਹਨ ਕਿ ਇਸ ਦੇਸ਼ ਨੂੰ ਪੂਰੀ ਤਰਾਂ ਹਿੰਦੂ ਰਾਸ਼ਟਰ ਬਨਾਉਣਾ ਹੈ। ਇਸਾਈਆਂ , ਬੋਧੀਆਂ , ਸਿੱਖਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਦੇ ਲੋਕਾਂ ਨੂੰ ਕਤਲ ਕਰਨ ਵਾਲਿਆਂ ਲਈ ਕਨੂੰਨ ਹੋਰ ਅਤੇ ਹਿੰਦੂਵਾਦੀ ਸੰਗਠਨਾਂ ਦੇ ਸਰਗਣੇ 2005 ਵਿੱਚ ਮਾਲੇਗਾਂਵ ਬੰਬ ਧਮਾਕੇ ਜਿਸ ਵਿੱਚ 6 ਲੋਕਾਂ ਦੀ ਮੌਤ ਤੇ 100 ਤੋਂ ਜਿਆਦਾ ਜਖਮੀਆਂ ਲਈ ਜਿੰਮੇਵਾਰ ਸਾਧਵੀ ਪ੍ਰਗਿਆ ਅਤੇ ਬਾਬਰੀ ਢਾਹੁਣ ਵਾਲੇ ਹਿੰਦੂ ਸੰਗਠਨਾਂ ਲਈ ਕਨੂੰਨ ਹੋਰ।

ਪੰਜਾਬ ਦੀ ਰਾਜਧਾਨੀ ਚੰਡੀਗੜ ਦਾ ਮਸਲਾ ਅੱਜ ਵੀ ਜਿਉਂ ਦਾ ਤਿਉਂ ਹੈ , ਜਿੱਥੇ ਨਾਂ ਤਾਂ ਕੇਂਦਰ ਸਰਕਾਰਾਂ ਤੇ ਨਾਂ ਹੀ ਸੂਬਾ ਸਰਕਾਰਾਂ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਹੈ। ਪੰਜਾਬ ਵਿੱਚ 1978 ਤੋਂ 1995 ਤੱਕ ਦਾ ਸਮਾਂ ਰਾਜਨੀਤੀਵਾਨਾਂ ਦੀ ਸੌੜੀ ਸੋਚ ਦਾ ਹੀ ਨਤੀਜਾ ਸੀ। ਪਾਣੀਆਂ ਦੀ ਵੰਡ ਅਤੇ ਰਾਜਧਾਨੀ ਚੰਡੀਗੜ ਨੂੰ ਪੂਰਨ ਰੂਪ ਵਿੱਚ ਪੰਜਾਬ ਹਵਾਲੇ ਕਰਨ ਦੀ ਮੰਗ ਤੇ ਅਮਲ ਕਰਨ ਦੀ ਬਜਾਏ ਇਨਾਂ ਮੰਗਾਂ ਨੂੰ ਫਿਰਕੂ ਰੰਗਤ ਦੇ ਕੇ ਪੰਜਾਬ ਨੂੰ ਲੰਗੜਾ ਕਰਨ ਵਿੱਚ ਕਾਂਗਰਸ ਪਾਰਟੀ ਦਾ ਵੱਢਾ ਹੱਥ ਰਿਹਾ ਹੈ। ਤੇ ਹੁਣ ਕਾਂਗਰਸ ਨੇ ਆਪਣੇ ਆਪਨੂੰ ਪੂਰੀ ਤਰਾਂ ਭਗਵੇਂ ਰੰਗ ਵਿੱਚ ਰੰਗ ਕੇ ਹਿੰਦੂਤਵੀ ਏਜੰਡਾ ਆਪਣੇ ਹੱਥ ਵਿੱਚ ਲੈ ਲਿਆ ਹੈ ਤੇ ਇਹੋ ਕਾਰਨ ਹੈ ਜਦੋਂ ਅਫਜਲ ਗੁਰੂ ਨੂੰ ਫਾਂਸੀ ਦੇਣ ਨਾਲ ਇੱਕ ਤੀਰ ਅਤੇ ਕਈ ਨਿਸ਼ਾਨੇ ਕਾਂਗਰਸ ਨੇ ਸਾਧੇ ਹਨ , ਜਿਨਾਂ ਵਿੱਚ ਇੱਕ ਨਿਸ਼ਾਨਾ ਪੰਜਾਬ ਵਿੱਚ ਲਗਾਤਾਰ ਦੂਜੀ ਵਾਰ ਸਰਕਾਰ ਬਨਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਹੱਥੋਂ ਦੂਜੀ ਵਾਰ ਮਾਤ ਖਾ ਕੇ ਪੰਜਾਬ ਦੇ ਮਾਹੌਲ ਨੂੰ ਮੁੜ ਖਰਾਬ ਕਰਨ ਲਈ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਹੱਤਿਆ ਵਿੱਚ ਹੱਥ ਹੋਣ ਵਿੱਚ ਫਾਂਸੀ ਦੀ ਸਜਾਯਾਫਤਾ ਬਲਵੰਤ ਸਿੰਘ ਰਾਜੋਆਣਾ ਨੂੰ ਫਾਹੇ ਟੰਗਣ ਲਈ ਸਾਧਿਆ ਹੈ।

ਅਫ਼ਜ਼ਲ ਗੁਰੂ ਤਾਂ ਹਿੰਦੂਤਵ ਦੀ ਭੇਂਟ ਚੜਿਆ ਹੈ ਨਾਂ ਕਿ ਸੰਸਦ ਉੱਤੇ ਹਮਲੇ ਦੀ ਯੋਜਨਾ ਘੜਨ ਦੇ ਦੋਸ਼ ਵਿੱਚ। ਉਸਦੀ ਫਾਂਸੀ ਦੀ ਆੜ ਹੇਠ ਕਾਂਗਰਸ ਦੇ ਮਨਸੂਬੇ ਦੇਸ਼ ਦੀ ਸੰਸਦ ਉੱਤੇ ਕਾਬਜ ਰਹਿਣ ਲਈ ਇੱਕ ਤੀਰ ਨਾਲ ਕਈ ਨਿਸ਼ਾਨੇ ਸਾਧ ਕੇ ਜਿੱਥੇ ਹਿੰਦੂਆਂ ਦੇ ਇੱਕ ਤਬਕੇ ਨੂੰ ਖੁਸ਼ ਕੀਤਾ ਹੈ , ਉੱਥੇ ਪੰਜਾਬ ਦੇ ਫਾਂਸੀਯਾਫਤਾ ਬਲਵੰਤ ਸਿੰਘ ਰਾਜੋਆਣਾ , ਹਵਾਰਾ ਅਤੇ ਭਿਉਰਾ ਨੂੰ ਵੀ ਨਿਸ਼ਾਨਾ ਬਨਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਪੰਜਾਬ ਅੰਦਰ ਮੁੜ ਅੱਤਵਾਦ ਦੇ ਬਹਾਨੇ ਸਮੱਸਿਆ ਦਾ ਸਥਾਈ ਹੱਲ ਕੱਢਣ ਦੀ ਬਜਾਏ ਮੌਜੂਦਾ ਸ਼ਾਂਤੀ ਨੂੰ ਅੱਗ ਲਾਈ ਜਾਵੇ।

ਬਲਦੇਵ ਝੱਲੀ

ਕਿਤਾਬਾਂ ਦੀ ਫ਼ੋਟੋ ਕਾਪੀ ਲਈ ਜ਼ੁਰਮਾਨਾ ?

ਸਾਡੀ ਸਿੱਖਿਆ ਪ੍ਰਣਾਲੀ 'ਚ ਆਏ ਸਾਲ ਨਵੇਂ-ਨਵੇਂ ਕੋਰਸ ਸਾਹਮਣੇ ਆ ਰਹੇ ਹਨ ਤੇ ਉਹਨਾਂ ਕੋਰਸਾਂ ਦੇ ਭਾਰੀ, ਬੋਝਲ ਤੇ ਵੱਖਰੇ ਸਿਲੇਬਸ ਵੀ।ਇਹਨਾਂ ਸਿਲੇਬਸਾਂ ਨੂੰ ਭਾਂਤ-ਭਾਂਤ ਦੀਆਂ ਅਕਾਦਮਿਕ ਪਾਠ-ਪੁਸਤਕਾਂ ਵਿਚ ਦਰਜ਼ ਕੀਤਾ ਜਾਦਾ ਹੈ।ਵੱਖ-ਵੱਖ ਕੋਰਸਾਂ ਦੌਰਾਨ ਵਿਦਿਆਰਥੀਆਂ ਨੂੰ ਇਕ ਵਿਸ਼ੇ ਨਾਲ ਸਬੰਧਤ ਸਵਾਲ ਦਾ ਉੱਤਰ ਤਿਆਰ ਕਰਨ ਲਈ ਕਈ-ਕਈ ਪੁਸਤਕਾਂ ਦਾ ਸਹਾਰਾ ਲੈਣਾ ਪੈਂਦਾ ਹੈ।ਸਿੱਖਿਆਂ ਸੰਸਥਾਵਾਂ ਵਿਚ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਵਿਦਿਆਰਥੀ ਜਿੰਨੀਆਂ ਜਿਆਦਾ ਪੁਸਤਕਾਂ ਦੇ ਹਵਾਲੇ ਨਾਲ ਸਵਾਲ ਤਿਆਰ ਕਰਦਾ ਹੈ ਉਸਦਾ ਨਤੀਜਾ ਵੀ ਉਨ੍ਹਾ ਹੀ ਵਧੀਆਂ ਮੰਨਿਆਂ ਜਾਦਾ ਹੈ।ਇਸ ਤਰ੍ਹਾਂ ਵਧੀਆ ਸਵਾਲ ਤਿਆਰ ਕਰਨ ਲਈ ਇਕ ਤਾਂ ਵਿਦਿਆਰਥੀ ਨੂੰ ਇਕ ਵਿਸ਼ੇ ਬਾਰੇ ਭਰਵੀਂ ਜਾਣਕਾਰੀ ਲਈ ਕਈ ਪੁਸਤਕਾਂ ਦੀ ਲੋੜ ਪੈਂਦੀ ਹੈ ਦੂਸਰਾ ,ਸਿਲੇਬਸਾਂ 'ਚ ਹੁੰਦੀਆਂ ਤਬਦੀਲੀਆਂ ਕਾਰਨ ਪੁਸਤਕਾਂ ਦਾ ਕਾਫ਼ੀ ਹਿੱਸਾ ਕਿਸੇ ਕੰਮ ਦਾ ਨਹੀਂ ਰਹਿੰਦਾ ।

ਹੁਣ ਵਿਦਿਆਰਥੀਆਂ ਸਾਹਮਣੇ ਦੋ ਹੀ ਰਸਤੇ ਹੁੰਦੇ ਹਨ ਇਕ ਤਾਂ ਇਹ ਕਿ ਉਹ ਨਵੇਂ ਐਡੀਸ਼ਨ ਦੀ ਪੁਸਤਕ ਖਰੀਦਣ ਜਿਸਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ ਦੂਸਰਾ ਉਹ ਤਬਦੀਲ ਹੋਏ ਵਿਸ਼ਿਆਂ ਨੂੰ ਲਾਈਬ੍ਰੇਰੀ ਚੋਂ ਪੁਸਤਕ ਹਾਸਲ ਕਰਕੇ ਸਮੂਹਿਕ ਤੌਰ ਤੇ ਘੱਟ ਰੇਟ ਤੇ ਫੋਟੋ ਕਾਪੀ ਕਰਵਾਉਣ।ਆਮ ਤੌਰ ਤੇ ਸਾਡੇ ਵਿਦਿਆਰਥੀ ਦੂਸਰਾ ਰਸਤਾ ਹੀ ਅਪਣਾਉਂਦੇ ਹਨ।ਅਧਿਆਪਕ ਵੀ ਵਿਦਿਆਰਥੀਆਂ ਨੂੰ ਮਹਿੰਗੇ ਪ੍ਰਕਾਸ਼ਨਾਂ ਦੁਆਰਾ ਲਾਹੀ ਜਾਂਦੀ ਛਿੱਲ ਤੋਂ ਬਚਾਉਣ ਲਈ ਪੁਸਤਕ ਦਾ ਸਬੰਧਤ ਹਿੱਸਾ ਫੋਟੋ ਕਾਪੀ ਕਰਵਾਉਣ ਦੀ ਹੀ ਸਲਾਹ ਦਿੰਦੇ ਹਨ।ਪ੍ਰੰਤੂ ਪ੍ਰਕਾਸ਼ਕਾਂ ਦੀਨਵੀਂ ਨੀਤੀ ਦੇ ਲਾਗੂ ਹੁਣ ਤੇ ਇਹ ਸਸਤਾ ਨੁਸਖਾ ਹੁਣ ਕਾਫ਼ੂਰ ਹੋਣ ਜਾ ਰਿਹਾ ਹੈ।ਪਿਛਲੇ ਦਿਨੀਂ ਕੌਮਾਂਤਰੀ ਪੱਧਰ ਤੇ ਤਿੰਨ ਵੱਡੇ ਪ੍ਰਕਾਸ਼ਕਾਂ-ਆਕਸਫ਼ੋਰਡ ਯੂਨੀਵਰਸਿਟੀ ਪ੍ਰੈਸ,ਕੈਂਬਰਿਜ਼ ਯੂਨੀਵਰਸਿਟੀ ਪ੍ਰੈਸ ਅਤੇ ਟੇਲਰ ਐਂਡ ਫਰਾਂਸਿਸ ਵੱਲੋਂ ਦਿੱਲੀ ਦੀ ਇਕ ਉੱਚ ਆਦਲਤ ਵਿਚ ਦਿੱਲੀ ਦੀ ਇਕ ਯੂਨੀਵਰਸਿਟੀ ਅੱਗੇ ਇਕ ਫੋਟੋਕਾਪੀ ਕਰਨ ਵਾਲੀ ਦੁਕਾਨ ਦੇ ਖਿਲਾਫ਼ 65 ਲੱਖ ਰੁਪਏ ਜ਼ੁਰਮਾਨੇ ਦਾ ਮੁੱਕਦਮਾ ਦਰਜ਼ ਕੀਤਾ ਹੈ।ਉਹਨਾਂ ਦਾ ਤਰਕ ਹੈ ਕਿ ਫੋਟੋ ਕਾਪੀ ਕਰਨ ਵਾਲੀ ਦੁਕਾਨ 'ਚ ਪਾਠਕ੍ਰਮ ਨਾਲ ਸਬੰਧਤ ਉਹਨਾਂ ਦੀਆਂ ਪੁਸਤਕਾਂ 'ਚੋ ਵੱਖ-ਵੱਖ ਵਿਸ਼ਿਆਂ ਦੇ ਸੈੱਟ ਬਣਾਕੇ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ ਜਿਸ ਨਾਲ ਉਹਨਾਂ ਦੇ ਕਾਪੀਰਾਇਟ ਦੀ ਉਲੰਘਣਾ ਕੀਤੀ ਗਈ ਹੈ।

ਇਸ ਕੇਸ ਦੇ ਸਾਹਮਣੇ ਆਉਣ ਤੇ ਦਿੱਲੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵਿਚ ਚਰਚਾ ਚੱਲ ਪਈ ਹੈ ਕਿ ਅਕਾਦਮਿਕ ਪੁਸਤਕਾਂ 'ਚ ਦਰਜ਼ ਪਾਠਕ੍ਰਮ ਦੀ ਫੋਟੋਕਾਪੀ ਕਰਵਾਉਣੀ 'ਚੋਰੀ' ਹੈ ਜਾਂ 'ਅਧਿਕਾਰ'? ਭਾਰਤੀ ਸੰਵਿਧਾਨ 'ਚ ਵੀ ਇਸ ਦੀ ਪੂਰਨ ਵਿਆਖਿਆਂ ਨਹੀ ਮਿਲਦੀ।ਸੰਵਿਧਾਨ ਵਿਚ ਇਕ ਪਾਸੇ ਪ੍ਰਕਾਸ਼ਨਾਂ ਨੂੰ ਕਾਪੀਰਇਟ ਦੇ ਅਧਿਕਾਰ ਦੀ ਵਜਾਹਤ ਪ੍ਰਾਪਤ ਹੁੰਦੀ ਹੈ ਤੇ ਦੂਸਰੇ ਪਾਸੇ ਧਾਰਾ 52(1) ਅਨੁਸਾਰ 'ਅਧਿਐਨ ਦੌਰਾਨ ਕਿਸੇ ਵੀ ਰਚਨਾ ਦੇ ਪੁਨਰ-ਉਤਪਾਦਨ' ਦੀ ਵਿਦਿਆਰਥੀਆਂ ਨੂੰ ਇਜ਼ਾਜਤ ਹੈ।ਅੱਗੇ 52(1)(ਏ) ਅਨੁਸਾਰ ਵਿਅਕਤੀਗਤ ਵਰਤੋਂ ਲਈ (ਜਿਸ ਵਿਚ ਰਿਸਰਚ ਕਾਰਜ਼ ਵੀ ਸ਼ਾਮਿਲ ਹੈ) ਕਿਸੇ ਵੀ ਰਚਨਾ (ਜਿਸ ਵਿਚ ਕੰਪਿਊਟਰ ਸ਼ਾਮਿਲ ਨਹੀ ਹੈ) ਨਾਲ ਉਚਿਤ ਵਿਵਹਾਰ ਦੀ ਗੱਲ ਕੀਤੀ ਗਈ ਹੈ।ਕਾਨੂੰਨ ਦੀਆਂ ਇਹ ਦੋਵੇਂ ਧਰਾਵਾਂ ਅਕਾਦਮਿਕ ਪੁਸਤਕਾਂ ਦੀ ਵਰਤੋਂ ਸਬੰਧੀ ਸਪੱਸ਼ਟ ਵਿਆਖਿਆਂ ਨਹੀਂ ਕਰਦੀਆਂ।

ਸਾਡੀ ਸਿੱਖਿਆ ਪ੍ਰਣਾਲੀ ਅੰਦਰ ਪਾਠਪੁਸਤਕਾਂ ਪ੍ਰਕਾਸ਼ਿਤ ਕਰਨ ਵਾਲੇ ਨਿੱਜੀ ਪ੍ਰਕਾਸ਼ਨਾਂ ਦਾ ਮਕਸਦ ਸਮਾਜ ਦਾ ਅਹਿਮ ਹਿੱਸਾ ਬਣਦੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਾ ਨਹੀਂ ਬਲਕਿ ਆਪਣੇ ਮੁਨਾਫ਼ੇ ਦੇ ਬਾਜ਼ਾਰ ਨੂੰ ਗਰਮ ਰੱਖਣਾ ਹੈ ਤੇ ਉੱਤੋਂ ਸਿਤਮਜ਼ਰੀਫੀ ਇਹ ਹੈ ਕਿ ਦੇਸ਼ ਦੇ ਹਾਕਮ ਤੇ ਕਾਨੂੰਨ ਲੰਮੀਆਂ ਤਾਣੀ ਪਏ ਹਨ।ਪ੍ਰਕਾਸ਼ਕ ਮਨਮਰਜੀਆਂ ਕਰ ਰਹੇ ਹਨ।ਉਧਰ ਸਾਲਾਂਬੱਧੀ ਮਿਹਨਤ ਕਰਕੇ ਕਿਤਾਬਾਂ ਲਿਖਣ ਵਾਲੇ ਲੇਖਕਾਂ ਦਾ ਕਹਿਣਾ ਹੈ ਕਿ ਅਕਾਦਮਿਕ ਪ੍ਰਕਾਸ਼ਕ ਸਾਡੇ ਕੋਲੋਂ ਕਿਤਾਬਾਂ ਲਿਖਵਾਕੇ ਕੇਵਲ 5-7 ਫੀਸਦੀ ਰਾਇਲਟੀ ਹੀ ਦਿੰਦੇ ਹਨ ਬਾਕੀ ਉਹ ਆਪਣੇ ਪੇਟੇ ਪਾਉਂਦੇ ਹਨ।ਉਹਨਾਂ ਲਈ ਕੋਈ ਨਿਯਮ ਕਾਨੂੰਨ ਨਹੀਂ।ਇਸੇ ਤਰਾਂ੍ਹ ਵਿਦਿਆਰਥੀਆਂ ਦੀ ਹਾਲਤ ਇਹ ਹੈ ਕਿ ਪਹਿਲਾਂ ਹੀ ਵੱਡਾ ਹਿੱਸਾ ਵਿਦਿਆਰਥੀ ਪ੍ਰਾਇਵੇਟ ਸਕੂਲਾਂ-ਕਾਲਜਾਂ ਦੀ ਮਹਿੰਗੀ ਫੀਸ ਹੀ ਮੁਸ਼ਕਲ ਨਾਲ ਤਾਰ ਪਾਉਂਦੇ ਹਨ ਤੇ ਉੱਪਰੋਂ ਪਾਠਪੁਸਤਕਾਂ ਦੀਆਂ ਲਗਾਤਾਰ ਵੱਧਦੀਆਂ ਕੀਮਤਾਂ, ਲਾਇਬਰੇਰੀਆਂ 'ਚ ਪ੍ਰਾਪਤ ਹੁੰਦੀਆਂ ਸੀਮਿਤ ਪੁਸਤਕਾਂ ਤੇ ਲੰਮੇ-ਚੌੜੇ ਸਿਲੇਬਸਾਂ ਕਾਰਨ ਉਹਨਾਂ ਕੋਲ ਫੋਟੋਕਾਪੀ ਕਰਵਾਉਣ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਹੁੰਦਾ।ਕਈ ਪੁਸਤਕਾਂ ਦੇ ਨਵੇਂ ਸੰਸਕਰਣ ਦੁਬਾਰਾ ਪ੍ਰਕਾਸ਼ਿਤ ਨਾ ਹੋਣ ਦੀ ਹਾਲਤ 'ਚ ਉਹਨਾਂ ਲਈ ਲਾਈਬਰੇਰੀ ਤੋਂ ਪ੍ਰਾਪਤ ਸਪੈਸੀਮਨ ਕਾਪੀ ਤੋਂ ਫੋਟੋਕਾਪੀ ਕਰਵਾਉਣ ਤੋਂ ਬਿਨਾਂ ਕੋਈ ਦੂਸਰਾ ਰਸਤਾ ਹੀ ਨਹੀਂ ਬਚਦਾ। ਪ੍ਰਾਇਵੇਟ ਪ੍ਰਕਾਸ਼ਨਾਂ ਨੂੰ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਗਿਆਨ ਪ੍ਰਸਾਰ ਕਰਨ ਨਾਲ ਕੋਈ ਸਰੋਕਾਰ ਨਹੀਂ ਹੈ ਬਲਕਿ ਇਹ ਪ੍ਰਕਾਸ਼ਨ ਆਪਣੇ ਵੱਲੋਂ ਤਿਆਰ ਪੁਸਤਕਾਂ ਦੀ ਵੱਧ ਤੋਂ ਵੱਧ ਵਿਕਰੀ ਦੇ ਨਵੇਂ ਤੇ ਲੁਭਾਉਣੇ ਫਾਰਮੂਲੇ ਘੜਣ ਵਿਚ ਮਸ਼ਰੂਫ਼ ਰਹਿੰਦੇ ਹਨ।ਕੌਮਾਂਤਰੀ ਪੱਧਰ ਤੇ ਤਿੰਨ ਵੱਡੇ ਪ੍ਰਕਾਸ਼ਨਾਂ ਵੱਲੋਂ ਫੋਟੋਕਾਪੀ ਕਰਵਾਉਣ ਤੇ ਕਾਪੀਰਾਇਟ ਦੀ ਉਲੰਘਣਾ ਸਬੰਧੀ ਦਰਜ ਕੀਤਾ ਕੇਸ ਵੱਡੇ ਹਮਲੇ ਦਾ ਇਕ ਛੋਟਾ ਤੇ ਸ਼ੁਰੂਆਤੀ ਨਮੂਨਾ ਮਾਤਰ ਹੈ।

ਇਹਨਾਂ ਪ੍ਰਕਾਸ਼ਨਾਂ ਦਾ ਮਨਸ਼ਾ ਫੋਟੋ ਕਾਪੀ ਕਰਵਾਉਣ ਨੂੰ ਮੂਲੋਂ ਰੱਦ ਕਰਵਾਉਂਦਿਆਂ ਵੱਡੇ ਪੱਧਰ ਤੇ ਮਹਿੰਗੀਆਂ ਕੀਮਤਾਂ ਤੇ ਆਪਣੀਆਂ ਪੁਸਤਕਾਂ ਵੇਚਣਾ ਤੇ ਵਿਦਿਆਰਥੀਆਂ ਦੀ ਲੁੱਟ ਕਰਨਾ ਹੈ।ਇਹ 90ਵਿਆਂ ਦੀਆਂ ਨਵੀਆਂ ਅਰਥਿਕ ਨੀਤੀਆਂ ਤਹਿਤ ਮਿਲੀਆਂ ਖੁੱਲਾ ਦਾ ਹੀ ਜ਼ਾਹਰਾ ਰੂਪ ਹੈ ਜਿਸਨੇ ਕਾਰਪੋਰੇਟਰਸ਼ਾਹੀ ਨੂੰ ਹੋਰ ਵੱਧ ਉਤਸ਼ਾਹਿਤ ਤੇ ਪ੍ਰਫੁਲਿਤ ਕੀਤਾ ਹੈ।ਇਸ ਮੁਨਾਫੇਖੋਰ ਤੇ ਗਿਆਨ ਪ੍ਰਸਾਰ ਵਿਰੋਧੀ ਨੀਤੀ ਦਾ ਸਭਨਾ ਵਿਦਿਆਰਥੀ, ਅਧਿਆਪਕਾਂ, ਮਾਪਿਆਂ ਤੇ ਹੋਰ ਅਗਾਂਹਵਧੂ ਹਿੱਸਿਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ।ਨਾਰੀਵਾਦੀ ਇਤਿਹਾਸਕਾਰ ਪ੍ਰੋਫੈਸਰ ਉਮਾ ਚੱਕਰਵਰਤੀ ਨੇ ਇਸਦਾ ਵਿਰੋਧ ਕਰਦਿਆਂ ਕਿਹਾ ਹੈ ਕਿ 'ਕਿ ਅਕਾਦਮਿਕ ਦੇ ਲਈ ਫੋਟੋਕਾਪੀ ਦੀ ਕ੍ਰਾਂਤੀ ਉਦਯੋਗਿਕ ਕ੍ਰਾਂਤੀ ਜਿੰਨੀ ਹੀ ਜਾਂ ਉਸਤੋਂ ਵੀ ਜਿਆਦਾ ਅਹਿਮੀਅਤ ਰੱਖਦੀ ਹੈ।ਮੇਰੀਆਂ ਕਿਤਾਬਾਂ ਜਿੰਨੀਆਂ ਵੱਧ ਪੜ੍ਹੀਆਂ ਜਾਣਗੀਆਂ ਉਨ੍ਹੀ ਹੀ ਮੈਂ ਵੱਧ ਖੁਸ਼ੀ ਮਹਿਸੂਸ ਕਰੂੰਗੀ।ਕਾਪੀਰਾਇਟ ਜਾਏ ਢੱਠੇ ਖੂਹ 'ਚ।'ਇਸੇ ਤਰ੍ਹਾਂ ਸਿਖਿਆ ਪ੍ਰਤੀ ਸੁਹਿਰਦ ਹਿੱਸੇ ਇਸਦਾ ਲਗਾਤਾਰ ਵਿਰੋਧ ਕਰ ਰਹੇ ਹਨ ਪਰ ਸਰਕਾਰ ਵਿਦਿਆਰਥੀ, ਅਧਿਆਪਕਾਂ ਤੇ ਮਾਪਿਆਂ ਦੀ ਵੱਡੀ ਪੱਧਰ ਤੇ ਹੋਣ ਜਾ ਰਹੀ ਲੁੱਟ ਦੇ ਇਸ ਮਾਮਲੇ ਪ੍ਰਤੀ ਕੋਈ ਸੰਜੀਦਗੀ ਨਹੀਂ ਦਿਖਾ ਰਹੀ।ਸਿੱਧੇ-ਅਸਿੱਧੇ ਤੌਰ ਤੇ ਇਸਦੇ ਸ਼ਿਕਾਰ ਹੋਣ ਜਾ ਰਹੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ।
98764-42052

Sunday, February 17, 2013

ਕਨੇਡਾ 'ਚ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹਾਂ ਦੀਆਂ ਤਿਆਰੀਆਂ ਮੁਕੰਮਲ

ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵੱਲੋਂ ਗ਼ਦਰ ਪਾਰਟੀ ਦੀ 100ਵੀਂ ਵਰ੍ਹੇਗੰਢ ਮਨਾਉਣ ਸਬੰਧੀ ਬਹੁਤ ਸਾਰੀਆਂ ਮੀਟਿੰਗਾਂ ਵਿੱਚ ਬੜੀ ਹੀ ਸੋਚ ਵਿਚਾਰ ਉਪਰੰਤ ਫੈਸਲਾ ਕੀਤਾ ਗਿਆ ਹੈ ਕਿ ਗ਼ਦਰ ਪਾਰਟੀ ਦੀ ਸਥਾਪਨਾ ਦਾ 100ਵਾਂ ਵਰ੍ਹਾ ਬੜੇ ਹੀ ਉਤਸ਼ਾਹ ਅਤੇ ਜੋਸ਼ ਭਰਪੂਰ ਸਮਾਗਮਾਂ ਰਾਹੀਂ ਮਨਾਇਆ ਜਾਵੇ।ਇਨ੍ਹਾਂ ਸਮਾਗਮਾਂ ਦਾ ਮੁੱਖ ਮੰਤਵ ਗ਼ਦਰ ਪਾਰਟੀ ਦੀ ਸੋਚ ਨੂੰ ਅੱਗੇ ਲੋਕਾਂ ਵਿੱਚ ਲਿਜਾਣਾ ਹੋਵੇਗਾ।ਇਹ ਪ੍ਰੋਗਰਾਮ ਬੀ.ਸੀ. ਸੂਬੇ ਦੇ ਲੋਅਰ ਮੇਨਲੈਂਡ ਖੇਤਰ ਵਿੱਚ ਖਾਸ ਤੌਰ ਤੇ ਕੇਂਦਰਤ ਹੋਣਗੇ।ਇਨ੍ਹਾਂ ਪ੍ਰੋਗਰਾਮਾਂ ਦੀ ਵਿਸਥਾਰ ਪੂਰਵਕ ਰੂਪ ਰੇਖਾ ਵੀ ਤਿਆਰ ਕੀਤੀ ਜਾ ਚੁੱਕੀ ਹੈ ਜੋ ਇਸ ਪ੍ਰਕਾਰ ਹੈ।

ਇਹ ਸਮਾਗਮ 10 ਮਾਰਚ 2013 ਨੂੰ ਗਰੈਂਡ ਤਾਜ਼ ਬੈਂਕੁਇਟ ਹਾਲ ਵਿੱਚ ਇੱਕ ਡਿਨਰ ਪਾਰਟੀ ਰਾਹੀਂ ਫੰਡ ਇਕੱਠਾ ਕਰਨ ਨਾਲ ਸ਼ੁਰੂ ਹੋਣਗੇ। ਕਵੀ ਦਰਬਾਰ 16 ਜੂਨ ਨੂੰ ਸਵੇਰ ਦੇ 11 ਵਜੇ ਗਰੈਂਡ ਤਾਜ਼ ਬੈਂਕੁਇਟ ਹਾਲ ਵਿੱਚ ਹੋਵੇਗਾ। ਜੂਨ ਵਿੱਚ ਸੈਮੀਨਾਰ, ਬੱਚਿਆਂ ਦੇ ਲੇਖ 'ਤੇ ਭਾਸ਼ਨ ਮੁਕਾਬਲੇ ਹੋਣਗੇ। 6 ਜੁਲਾਈ ਸ਼ਨੀਵਾਰ ਐਬਸਫੋਰਡ ਆਰਟ ਸੈਂਟਰ ਅਤੇ 7 ਜੁਲਾਈ ਐਤਵਾਰ ਨੂੰ ਸਭਿਆਚਾਰਕ ਪ੍ਰੋਗਰਾਮ ਬੈੱਲ ਪ੍ਰਫਾਰਮਿੰਗ ਆਰਟ ਸੈਂਟਰ ਸਰ੍ਹੀ ਵਿੱਚ ਹੋਣਗੇ ਜਿਸ ਵਿੱਚ ਸੰਗਰਾਮੀ ਗਿੱਧਾ ਤੇ ਗਦਰ ਲਹਿਰ ਨਾਲ ਸਬੰਧਤ ਨਾਟਕ ਦਰਸਾਏ ਜਾਣਗੇ। ਪ੍ਰੋਗਰਾਮ 14 ਜੁਲਾਈ 2013 ਨੂੰ ਬੱੈਲ ਪ੍ਰਫਾਰਮਿੰਗ ਆਰਟ ਸੈਂਟਰ ਸਰ੍ਹੀ ਵਿਖੇ ਇੱਕ ਵੱਡੀ ਪਬਲਿਕ ਰੈਲੀ ਰਾਹੀਂ ਸਿਖਰ ਤੇ ਪਹੁੰਚਣਗੇ।ਇਨ੍ਹਾਂ ਪ੍ਰੋਗਰਾਮਾਂ ਤੋਂ ਬਿਨਾ ਇੱਕ ਪ੍ਰਦਰਸ਼ਨੀ ਅਤੇ ਇੱਕ ਡਾਕੂਮੈਂਟਰੀ ਫਿਲਮ ਵੀ ਤਿਆਰ ਕੀਤੀ ਜਾਵੇਗੀ ਜੋ ਕਿ ਉਪਰੋਕਤ ਪ੍ਰੋਗਰਾਮਾਂ ਦੌਰਾਨ ਦਿਖਾਈ ਜਾਵੇਗੀ।ਇਹ ਪ੍ਰਦਰਸ਼ਨੀ ਅਤੇ ਡਾਕੂਮੈਂਟਰੀ ਹੋਰਨਾਂ ਸਹਿਯੋਗੀ ਸੰਸਥਾਵਾਂ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ, ਖੇਡ ਮੇਲਿਆਂ ਅਤੇ ਨਗਰ ਕੀਰਤਨਾਂ ਦੌਰਾਨ ਵੀ ਪ੍ਰਦਰਸ਼ਤ ਕੀਤੀ ਜਾਵੇਗੀ।ਇਹ ਸਮਾਗਮ ਸਾਰਾ ਸਾਲ ਚੱਲਦੇ ਰਹਿਣਗੇ। ਅਜਿਹੇ ਪ੍ਰੋਗਰਾਮ ਐਡਮਿੰਟਨ, ਕੈਲਗਿਰੀ ਅਤੇ ਵਿਨੀਪੈੱਗ ਸ਼ਹਿਰਾਂ ਵਿੱਚ ਵੀ ਸ਼ਤਾਬਦੀ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਹਨ।
ਕੈਲੇਫੋਰਨੀਆ ਦੇ ਗੁਰਦੁਆਰੇ 'ਚ ਜੁੜੇ ਗਦਰੀਆਂ ਦੀ ਤਸਵੀਰ

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗ਼ਦਰ ਪਾਰਟੀ ਦੀ ਸਥਾਪਨਾ ਇੱਕ ਸਦੀ ਪਹਿਲਾਂ ਬਹੁਤ ਸਾਰੇ ਦੇਸ਼ ਭਗਤਾਂ ਜਿਵੇਂ ਕਿ ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਕੇਸਰ ਸਿੰਘ, ਕਾਂਸ਼ੀ ਰਾਮ ਮੰਢੋਲੀ, ਠਾਕਰ ਦਾਸ ਧੂਰੀ, ਕਰੀਮ ਬਖਸ਼ ਆਦਿ ਦੁਆਰਾ ਸੈਕੁਲਰ ਲੀਹਾਂ ਤੇ ਕੀਤੀ ਗਈ ਸੀ, ਇਹੀ ਵਜ੍ਹਾ ਸੀ ਕਿ ਇਹ ਕਮੇਟੀ ਸਮਾਜ ਦੇ ਵੱਖ ਵੱਖ ਧਰਮਾਂ ਵਿੱਚ ਵਿਸ਼ਵਾਸ਼ ਰੱਖਣ ਵਾਲੇ ਲੋਕਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫ਼ਲ ਰਹੀ।ਇਸ ਪਾਰਟੀ ਨੇ ਬ੍ਰਿਟਿਸ਼ ਬਸਤੀਵਾਦੀ ਸਿਸਟਮ ਦੇ ਖ਼ਿਲਾਫ ਹਥਿਆਰਬੰਦ ਅੰਦੋਲਨ ਅਰੰਭਿਆ।ਇਸ ਪਾਰਟੀ ਦਾ ਮੁੱਖ ਟੀਚਾ ਸਮਾਜਿਕ ਤੇ ਆਰਥਿਕ ਬਰਾਬਰੀ ਵਾਲਾ ਸਮਾਜ ਸਥਾਪਤ ਕਰਨਾ ਅਤੇ ਔਰਤਾਂ ਨਾਲ ਹੁੰਦੇ ਵਿਤਕਰੇ ਨੂੰ ਰੋਕਣਾ ਸੀ।ਕੈਨੇਡਾ ਵਿੱਚ ਭਾਈ ਬਲਵੰਤ ਸਿੰਘ, ਭਾਈ ਭਾਗ ਸਿੰਘ ਭਿੱਖੀਵਿੰਡ, ਡਾ. ਤਾਰਕ ਨਾਥ ਦਾਸ, ਜੀ. ਡੀ. ਕੁਮਾਰ ਅਤੇ ਰਹੀਮ ਹੁਸੈਨ ਵਰਗੇ ਦੇਸ਼ ਭਗਤਾਂ ਨੇ ਭਾਰਤੀਆਂ ਨਾਲ ਹੋ ਰਹੇ ਨਸਲੀ ਵਿਤਕਰੇ ਤੇ ਇੰਮੀਗਰੇਸ਼ਨ ਦੇ ਨਸਲੀ ਕਾਨੂੰਨਾਂ ਦੇ ਖਿਲਾਫ਼ ਲੋਕਾਂ ਨੂੰ ਜਥੇਬੰਦ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ।ਆਪਣੇ ਨਿਸ਼ਾਨੇ ਦੀ ਪੂਰਤੀ ਲਈ ਗ਼ਦਰ ਪਾਰਟੀ ਦੇ ਮੈਂਬਰਾਂ ਨੇ ਅਨੇਕਾਂ ਤਰ੍ਹਾਂ ਦੇ ਤਸੀਹੇ ਝੱਲਣ ਦੇ ਨਾਲ ਨਾਲ ਫ਼ਾਂਸੀਆਂ ਦੇ ਰੱਸਿਆਂ ਨੂੰ ਚੁੰਮਿਆ।ਉਨ੍ਹਾਂ ਨੂੰ ਅੰਡੇਮਾਨ, ਨਿਕੋਬਾਰ ਦੀਆਂ ਜੇਲ੍ਹਾਂ ਵਿੱਚ ਦੇਸ਼ ਨਿਕਾਲ਼ਾ ਦੇ ਕੇ ਡੱਕ ਦਿੱਤਾ ਗਿਆ।ਜਿੱਥੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾਂਦਾ ਰਿਹਾ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਤੱਕ ਵੀ ਜ਼ਬਤ ਕਰ ਲਈਆਂ ਗਈਆਂ।

ਅਸੀਂ ਗ਼ਦਰੀ ਬਾਬਿਆਂ ਦੇ ਸਦਾ ਰਿਣੀ ਰਹਾਂਗੇ ਕਿ ਉਨ੍ਹਾਂ ਸਾਡਾ ਭਵਿੱਖ ਸੰਵਾਰਨ ਲਈ ਅਪਣਾ ਸਭ ਕੁੱਝ ਦਾਅ ਤੇ ਲਾ ਦਿੱਤਾ ਤਾਂ ਜੋ ਅਸੀਂ ਆਪਣੀ ਹੋਣੀ ਦੇ ਮਾਲਕ ਆਪ ਬਣ ਸਕੀਏ।ਪ੍ਰੰਤੂ ਅੱਜ ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੇ ਸੁਪਨੇ ਹਾਲੇ ਵੀ ਅਧੂਰੇ ਪਏ ਹਨ, ਦਿਨੋ ਦਿਨ ਅਮੀਰ ਗ਼ਰੀਬ ਦਾ ਪਾੜਾ ਵਧ ਰਿਹਾ ਹੈ।ਭਾਰਤੀਆਂ ਖ਼ਿਲਾਫ ਭੇਦ ਭਾਵ ਨੰਗੇ ਚਿੱਟੇ ਰੂਪ ਵਿੱਚ ਭਾਵੇਂ ਘੱਟਿਆ ਹੈ ਪਰ ਲੁਕਵੇਂ ਰੂਪ ਵਿੱਚ ਉਵੇਂ ਚੱਲ ਰਿਹਾ ਹੈ। ਔਰਤਾਂ ਖ਼ਿਲਾਫ ਇਹ ਹਾਲੇ ਵੀ ਜਾਰੀ ਹੈ।ਨਾ ਹੀ ਭਾਰਤੀ ਸਰਕਾਰ 'ਤੇ ਨਾ ਹੀ ਕੈਨੇਡੀਅਨ ਸਰਕਾਰ ਨੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਕੋਈ ਮੁੱਲ ਪਾਇਆ ਹੈ ਸਗੋਂ ਬ੍ਰਿਟਿਸ਼ ਸਰਕਾਰ ਦੇ ਬਸਤੀਵਾਦੀ ਪ੍ਰਬੰਧ ਦੀ ਹੀ ਤੂਤੀ ਬੋਲਦੀ ਹੈ, ਆਰਥਿਕ ਵਿਤਕਰਾ ਵੀ ਉਸੇ ਤਰ੍ਹਾਂ ਜਾਰੀ ਹੈ।ਇਸਤੋਂ ਵੀ ਗੰਭੀਰ ਮੁੱਦਾ ਇਹ ਹੈ ਕਿ ਕੁੱਝ ਮੂਲਵਾਦੀ ਜਥੇਬੰਦੀਆਂ ਨੇ ਗ਼ਦਰੀ ਬਾਬਿਆਂ ਨੂੰ ਫਿਰਕੂ ਲੀਹਾਂ ਤੇ ਵੰਡਣਾ ਸ਼ੁਰੂ ਕਰ ਦਿੱਤਾ ਹੈ, ਜਿਹੜਾ ਉਹਨਾਂ ਦੀ ਸੋਚ ਨਾਲ ਸਰਾਸਰ ਧੱਕਾ ਹੈ॥ਇਸ ਲਈ ਅੱਜ ਸਮੇਂ ਦੀ ਗੰਭੀਰ ਲੋੜ ਹੈ ਕਿ ਅਸੀਂ ਉਨ੍ਹਾਂ ਦੇ ਅਧੂਰੇ ਪਏ ਕੰਮਾਂ ਨੂੰ ਪੂਰਾ ਕਰਨ ਅਤੇ ਗ਼ਦਰ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਨੂੰ ਹਰ ਇੱਕ ਆਦਮੀ ਤੱਕ ਪਹੁੰਚਦਾ ਕਰਨ ਲਈ ਉੱਠ ਖੜ੍ਹੇ ਹੋਈਏ ਜਿਹੜਾ ਕਿ ਸਾਡਾ ਮੁਢਲਾ ਫ਼ਰਜ਼ ਹੈ।ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵਿੱਚ ਹੇਠ ਲਿਖੀਆਂ ਸੰਸਥਾਵਾਂ ਹਿੱਸਾ ਲੈ ਰਹੀਆਂ ਹਨ।

ਤਰਕਸ਼ੀਲ਼ ਸਭਿਆਚਾਰਕ ਸੁਸਾਇਟੀ ਆਫ ਕਨੇਡਾ, ਸਾਹਿਤ ਸਭਾ ਸਰ੍ਹੀ, ਈਸਟ ਇੰਡੀਅਨ ਡੀਫੈਂਸ ਕਮੇਟੀ, ਕੇਂਦਰੀ ਪੰਜਾਬੀ ਲਿਖਾਰੀ ਸਭਾ ਨੌਰਥ ਅਮਰੀਕਾ,ਕਮਿਊਨਿਸਟ ਪਾਰਟੀ ਆਫ਼ ਕਨੇਡਾ (ਬੀ ਸੀ), ਖਾਲਸਾ ਦਿਵਾਨ ਸੁਸਾਇਟੀ (ਐਬਸਫੋਰਡ), ਇੰਡੋ ਕਨੇਡੀਅਨ ਯੂਥ ਕਲੱਬ, ਲੋਕ ਵਿਰਸਾ ਕਲਚਰਲ ਐਸੋਸੀਏਸ਼ਨ, ਪੰਜਾਬੀ ਸਾਹਿਤ ਸਭਾ ਰਜਿਸਟਰਡ, ਸ਼ਹੀਦ ਭਗਤ ਸਿੰਘ ਮੈਮੋਰੀਅਲ ਰਨ ਸੁਸਾਇਟੀ, ਫਰੇਜ਼ਰ ਵੈਲੀ ਪੀਸ ਕੌਂਸਲ, ਸਕਿਉਰਟੀ ਪ੍ਰੋਫੈਸ਼ਨਲਜ਼ ਵੈੱਲਫੇਅਰ ਐਸੋਸੀਏਸ਼ਨ, ਸੋਹਣ ਸਿੰਘ ਪੂਨੀ (ਇਤਿਹਾਸਕਾਰ), ਦਵਿੰਦਰ ਬਚਰਾ (ਸਰਗਰਮ ਮੈਂਬਰ), ਮਨਜੀਤ ਨਾਗਰਾ (ਸਰਗਰਮ ਮੈਂਬਰ), ਸਾਹਿਤ ਅਕੈਡਮੀ ਲੁਧਿਆਣਾ, ਲੋਕ ਮੰਚ, ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਕਨੈਡੀਅਨਜ਼, ਸਾਂਝਾ ਵਿਹੜਾ ਐਸੋਸੀਏਸ਼ਨ, ਮਮਤਾ ਫਾਊਂਡੇਸ਼ਨ ਆਫ਼ ਕਨੇਡਾ, ਪ੍ਰੋਗਰੈਸਿਵ ਨਾਰੀ ਕਲਚਰਲ ਐਸੋਸੀਏਸ਼ਨ,ਸੰਗਮ ਸਿਸਟਰਜ਼ ਸੁਸਾਇਟੀ, ਸੀਨੀਅਰ ਸਿਟੀਜ਼ਨਜ਼ (ਐਬਸਫੋਰਡ), ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਔਰਗੇਨਾਈਜ਼ੇਸ਼ਨ।

ਅਸੀਂ ਬੜੀ ਹੀ ਫ਼ਰਾਖ਼ ਦਿਲੀ ਨਾਲ ਗ਼ਦਰ ਪਾਰਟੀ ਦੀ ਸਥਾਪਨਾ ਸਬੰਧੀ ਸੰਸਾਰ ਪੱਧਰ ਤੇ ਗ਼ਦਰੀਆਂ ਦੀ ਸੋਚ ਤੇ ਪਹਿਰਾ ਦਿੰਦਿਆ ਉਸੇ ਹੀ ਸਪਿਰਟ ਅਨੁਸਾਰ ਕਰਵਾਏ ਜਾ ਰਹੇ ਸਮਾਗਮਾਂ ਦਾ ਭਰਪੂਰ ਸਵਾਗਤ ਕਰਦੇ ਹਾਂ। ਅਸੀਂ ਹਰ ਸ਼ਖਸ਼ੀਅਤ ਅਤੇ ਸੰਸਥਾ ਨੂੰ ਇਸ ਉਦੇਸ਼ ਲਈ ਬਣੀ ਕਮੇਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ ਤਾਂ ਜੋ ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ।ਵਧੇਰੇ ਜਾਣਕਾਰੀ ਅਤੇ ਪ੍ਰੋਗਰਾਮ ਦੀ ਸਹਾਇਤਾ ਲਈ ਹੇਠ ਲ਼ਿਖੇ ਨੰਬਰਾਂ ਤੇ ਤਾਲਮੇਲ ਕੀਤਾ ਜਾਵੇ।

ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ(ਸੁਸਾਇਟੀ) ਕਨੇਡਾ 
ਅਵਤਾਰ ਗਿੱਲ 604-728-7011, ਪਰਮਿੰਦਰ ਸਵੈਚ 604-760-4794
ਲਖਵੀਰ ਖੁਨਖੁਨ 604-209-8794, ਦਵਿੰਦਰ ਬਚਰਾ 604-219-1184

Saturday, February 16, 2013

ਅਫਜ਼ਲ ਨੂੰ ਫਾਂਸੀ ਕੌਮਾਂਤਰੀ ਮਨੁੱਖੀ ਅਧਿਕਾਰ ਚਾਰਟਰ ਦਾ ਘਾਣ – ਜਮਹੂਰੀ ਅਧਿਕਾਰ ਸਭਾ


16 ਫਰਵਰੀ ਨੂੰ ਜਮਹੂਰੀ ਅਧਿਕਾਰ ਸਭਾ (ਪੰਜਾਬ) ਵਲੋਂ ਕਸ਼ਮੀਰੀ ਨੌਜਵਾਨ ਅਫ਼ਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੇ ਵਿਰੋਧ ‘ਚ ਲੁਧਿਆਣਾ ‘ਚ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਜਮਹੂਰੀ ਹੱਕਾਂ ਦੇ ਕਾਰਕੁੰਨ ਤੇ ਆਗੂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਭਾਈ ਬਾਲਾ ਚੌਂਕ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਕੋਲ ਰੈਲੀ ਕੀਤੀ ਗਈ ਇਸ ਉਪਰੰਤ ਇੱਥੋਂ ਲੈ ਕੇ ਭਾਰਤ ਨਗਰ ਚੌਂਕ ਹੁੰਦਿਆਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ। ਇੱਥੇ ਰੈਲੀ ਕਰਕੇ ਅਫ਼ਜ਼ਲ ਗੁਰੂ ਨੂੰ ਫਾਂਸੀ ਅਤੇ ਮੌਤ ਦੀ ਸਜ਼ਾ ਦੇ ਵਿਰੋਧ ‘ਚ ਆਵਾਜ਼ ਬੁਲੰਦ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਅਫ਼ਜ਼ਲ ਗੁਰੂ ਨੂੰ ਇਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਸੰਸਦ ਉੱਪਰ ਹਮਲੇ ਦੇ ਕੇਸ ਵਿਚ ਫਸਾਇਆ ਗਿਆ। ਹਿਰਾਸਤ ‘ਚ ਉਸ ਨੂੰ ਘੋਰ ਅਣਮਨੁੱਖੀ ਤਸੀਹੇ ਦੇ ਕੇ ਉਸ ਦਾ ਇਕਬਾਲੀਆ ਬਿਆਨ ਮੀਡੀਆ ‘ਚ ਉਛਾਲਿਆ ਗਿਆ। ਅਤੇ ਇਸ ਨੂੰ ਅਧਾਰ ਬਣਾਕੇ ਉਸ ਦੀ ਜਾਨ ਲੈਣ ਦਾ ਮਨਸੂਬਾ ਰਚਿਆ ਗਿਆ। ਨਾ ਤਾਂ ਉਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਗਈ ਅਤੇ ਨਾ ਰਾਸ਼ਟਰਪਤੀ ਵਲੋਂ ਰਹਿਮ ਦੀ ਅਰਜ਼ੀ ਖਾਰਜ਼ ਕੀਤੇ ਜਾਣ ‘ਤੇ ਉਸ ਨੂੰ ਮੌਤ ਦੀ ਸਜ਼ਾ ਘੱਟ ਕਰਨ ਲਈ ਜੁਡੀਸ਼ੀਅਲ ਰੀਵਿਊ ਕਰਨ ਦਾ ਹੱਕ ਦਿੱਤਾ ਗਿਆ।

ਭਾਰਤ ਦੇ ਗ੍ਰਹਿ ਮੰਤਰਾਲੇ ਦੀ ਸਰਪ੍ਰਸਤੀ ਹੇਠ ਐਸ ਟੀ ਐਫ ਦੀ ਇਸ ਮਾਮਲੇ ਵਿਚ ਭੂਮਿਕਾ ਬਾਰੇ ਅਫਜ਼ਲ ਵਲੋਂ ਜੋ ਸਵਾਲ ਉਠਾਏ ਸਨ ਉਹ ਅੱਜ ਵੀ ਹੁਕਮਰਾਨਾਂ ਤੋਂ ਜਵਾਬ ਦੀ ਮੰਗ ਕਰਦੇ ਹਨ। ਬਿਨਾ ਕੋਈ ਠੋਸ ਸਬੂਤ ਪੇਸ਼ ਕੀਤੇ ”ਕੌਮ ਦੀਆਂ ਸਮੂਹਿਕ ਭਾਵਨਾਵਾਂ ਨੂੰ ਸ਼ਾਂਤ ਕਰਨ” ਦੀ ਸਿਰੇ ਦੀ ਤਰਕਹੀਣ ਦਲੀਲ ਦੇ ਕੇ ਸਿਰਫ਼ ਇਕ ਕਸ਼ਮੀਰੀ ਅਤੇ ਮੁਸਲਮਾਨ ਹੋਣ ਕਾਰਨ ਉਸ ਨੂੰ ਚੁੱਪਚੁਪੀਤੇ ਫਾਹੇ ਲਾ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਅਫਜ਼ਲ ਨੂੰ ਫਾਂਸੀ ਕੌਮਾਂਤਰੀ ਮਨੁਖੀ ਅਧਿਕਾਰ ਚਾਰਟਰ ਦੀ ਘੋਰ ਉਲੰਘਣਾ ਹੈ। ਪੁਲਿਸ ਹਿਰਾਸਤ ਵਿਚ ਅਫਜ਼ਲ ਦੇ ਬਿਆਨਾਂ ਨੂੰ ਉਸਨੂੰ ਫਾਂਸੀ ਦੇਣ ਲਈ ਉਸਦੇਖਿਲਾਫ ਗਵਾਹੀ ਵਜੋਂ ਵਰਤਣਾ ਨਿਆਂਇਕ ਅਸੂਲਾਂ ਦੀ ਉਲੰਘਣਾ ਅਤੇ ਨਾਵਾਜਬ ਅਮਲ ਹੈ ਅਤੇ ਐਤਵਾਰ ਨੂੰ ਰਾਸ਼ਟਰਪਤੀ ਵਲੋਂ ਰਹਿਮ ਦੀ ਅਪੀਲ ਖਾਰਜ਼ ਕਰਨ ਤੋਂ ਵੀ ਉਸ ਨੂੰ ਬੇਬੁਨਿਆਦ ਫਾਂਸੀ ਲਾਉਣ ਦੀ ਹਕੂਮਤ ਦੀ ਕਾਹਲ ਦਿਖਾਈ ਦਿੰਦੀ ਹੈ।


ਬੁਲਾਰਿਆਂ ਨੇ ਕਿਹਾ ਕਿ ਫਾਂਸੀ ਬਾਰੇ ਉਸ ਦੇ ਪਰਿਵਾਰ ਨੂੰ ਸੁਚਿਤ ਨਾ ਕਰਨਾ ਅਤੇ ਉਸ ਦੀ ਮ੍ਰਿਤਕ ਦੇਹ ਵੀ ਉਸ ਦੇ ਵਾਰਿਸਾਂ ਦੇ ਹਵਾਲੇ ਨਾ ਕਰਨਾ ਭਾਰਤੀ ਹੁਕਮਰਾਨਾਂ ਦਾ ਪੂਰੀ ਤਰ੍ਹਾਂ ਅਣਮਨੁੱਖੀ ਰਵੱਈਆ ਹੈ। ਦਰਅਸਲ ਭਾਰਤੀ ਰਾਜ ਇਕ ਜਮਹੂਰੀਅਤ ਨਾ ਹੋ ਕੇ ਆਪਣੇ ਹੀ ਨਾਗਰਿਕਾਂ ਦੀਆਂ ਜਾਨਾਂ ਲੈਣ ਵਾਲੀ ਮਸ਼ੀਨ ਦੀ ਭੂਮਿਕਾ ਨਿਭਾ ਰਿਹਾ ਹੈ। ਬੁਲਾਰਿਆਂ ਵਲੋਂ ਜਿੱਥੇ ਮੌਤ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਜਾਹਲ ਕਰਾਰ ਦਿੰਦਿਆਂ ਇਸ ਨੂੰ ਸੰਵਿਧਾਨਕ ਤੌਰ ‘ਤੇ ਖ਼ਤਮ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਗਈ ਉੱਥੇ ਨਾਲ ਹੀ ਦਿੱਲੀ ਵਿਚ ਅਫ਼ਜ਼ਲ ਗੁਰੂ ਦੀ ਫਾਂਸੀ ਵਿਰੁੱਧ ਰੋਸ ਪ੍ਰਗਟਾ ਰਹੀਆਂ ਕਸ਼ਮੀਰੀ ਕੁੜੀਆਂ ਤੇ ਹੋਰ ਕਾਰਕੁੰਨਾਂ ਨਾਲ ਬਜਰੰਗ ਦਲ ਦੇ ਗੁੰਡਿਆਂ ਵਲੋਂ ਪੁਲਿਸ ਦੀ ਮਿਲੀਭੁਗਤ ਤਹਿਤ ਬਦਤਮੀਜ਼ੀ ਕਰਨ ਅਤੇ ਮਨੁੱਖੀ ਹੱਕਾਂ ਦੇ ਬਹੁਤ ਹੀ ਮਕਬੂਲ ਆਗੂ ਗੌਤਮ ਨਵਲੱਖਾ ਦੇ ਮੂੰਹ ‘ਤੇ ਕਾਲਖ ਮਲਣ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਹ ਫਾਸ਼ੀਵਾਦੀ ਹਰਕਤ ਕਰਨ ਵਾਲੇ ਅਨਸਰਾਂ ਅਤੇ ਇਸ ਨੂੰ ਸ਼ਹਿ ਦੇਣ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਮੁਜ਼ਾਹਰੇ ਨੂੰ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ, ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਏ.ਕੇ ਮਲੇਰੀ,ਪੈੱਸ ਸਕੱਤਰ ਬੂਟਾ ਸਿੰਘ, ਨਰਭਿੰਦਰ ਸਿੰਘ, ਪ੍ਰਿਤਪਾਲ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਲੇਖਕ ਅਭੇ ਸਿੰਘ, ਮਾਸਟਰ ਤਰਸੇਮ ਲਾਲ, ਨਾਮਦੇਵ ਭੁਟਾਲ, ਦਰਸ਼ਨ ਸਿੰਘ ਮੋਗਾ, ਡਾਕਟਰ ਤੇਜਪਾਲ, ਗੁਰਪ੍ਰੀਤ ਕੌਰ ਸੰਗਰੂਰ ਸਮੇਤ ਜ਼ਿਲ੍ਹਾ ਆਗੂ ਤੇ ਹੋਰ ਜਨਤਕ ਜਮਹੂਰੀ ਕਾਰਕੁਨ ਹਾਜ਼ਰ ਸਨ।

ਬੂਟਾ ਸਿੰਘ 
ਸੂਬਾ ਪ੍ਰੈੱਸ ਸਕੱਤਰ, ਜਮਹੂਰੀ ਅਧਿਕਾਰ ਸਭਾ,ਪੰਜਾਬ 
Mob: 94634-74342

Thursday, February 14, 2013

'ਧਾਰਮਿਕ ਫਿਰਕਾਪ੍ਰਸਤ' ਕੁੜੀ ਦੀ ਯਾਦ...?

ਸੁੱਚੇ ਸ਼ਬਦ ਪਿਆਰ ਤੇ ਪ੍ਰੇਸ਼ਾਨ ਬਰਾਬਰ ਕਰਦੇ ਹਨ।ਇਤਿਹਾਸ ਤੇ ਵਰਤਮਾਨ ਦੀ ਤਰਾਸਦੀ ਇਕੋ ਲਾਈਨ 'ਚ ਕਹਿ ਜਾਂਦੇ ਨੇ ਤੇ ਕੌੜਾ ਅਮਲ ਕਿਸੇ ਕੌੜੀ ਸੱਚਾਈ ਨੂੰ ਸਰਸਰੀ 'ਚ ਬਿਆਨ ਕਰ ਸਕਦਾ ਹੈ,ਪਰ ਔਖੀ ਚੀਜ਼ ਨਾਲੋਂ ਸਰਸਰੀ ਚੀਜ਼ ਨੂੰ ਫੜਨ/ਸਮਝਣ ਦੇ ਕਾਬਲ ਹੋਣਾ ਔਖਾ ਹੈ।

ਘਟਨਾਵਾਂ ਦੀ ਲੜੀ ਥਾਵਾਂ ਨਾਲ ਜੁੜਦੀ ਹੈ।ਅਫਜ਼ਲ ਤੇ ਮਨੁੱਖੀ ਅਧਿਕਾਰ ਕਾਰਕੁੰਨ ਗੌਤਮ ਨਵਲਖਾ ਦੀ ਤਸਵੀਰ(ਮੂੰਹ 'ਤੇ ਕਾਲਸ ਮਲੀ) ਨੇ ਕਈ ਘਟਨਾਵਾਂ ਤੇ ਥਾਵਾਂ ਮੁੜ ਜੋੜ ਦਿੱਤੀਆਂ।

ਗੌਤਮ ਨਵਲਖਾ ਦੀ ਤਸਵੀਰ ਦੇਖ ਕੇ ਮੈਂ ਸਤੰਬਰ 2008 'ਚ ਚਲਾ ਗਿਆ।ਅਸੀਂ ਦੋਵੇਂ ਦਿੱਲੀ ਦੇ ਝੂਠੇ ਜਾਮੀਆ ਨਗਰ ਬਟਲਾ ਹਾਊਸ ਐਨਕਾਉਂਟਰ ਦੇ ਵਿਰੋਧ 'ਚ ਸ਼ਾਮਲ ਸੀ। ਗੌਤਮ ਨਵਲਖਾ ਦੇ ਮੂੰਹ 'ਤੇ ਕਾਲਸ ਮਲਣ ਦੀ ਤਰ੍ਹਾਂ ਸੰਘੀਆਂ(ਆਰ ਐਸ ਐਸ) ਦੀ ਫੌਜ ਨੇ ਸਾਡੇ 50-60 ਜਣਿਆਂ ਦੇ ਧੜੇ 'ਤੇ ਧਾਵਾ ਬੋਲਿਆ ਸੀ, ਪਰ ਅਸੀਂ ਸਾਰੇ ਇਕ ਜਥੇਬੰਦਕ ਵਿਰੋਧ ਕਰਨ ਤੋਂ ਬਾਅਦ ਸਭ ਸੁਖ ਸ਼ਾਂਤੀ ਨਾਲ ਘਰਾਂ,ਕਮਰਿਆਂ, ਹੋਸਟਲਾਂ ਤੇ ਦਫ਼ਤਰਾਂ 'ਚ ਪਰਤ ਗਏ।


ਕੀ ਮੈਂ ਧਾਰਮਿਕ ਫਿਰਕਾਪ੍ਰਸਤ ਹਾਂ ? ਮੈਨੂੰ ਮੇਰੀ ਮੁਸਲਮਾਨ ਦੋਸਤ ਦੀ ਇਕੋ ਲਾਈਨ ਵਾਰ ਵਾਰ ਪ੍ਰੇਸ਼ਾਨਕਰ ਰਹੀ ਸੀ...।ਜਿਸਨੂੰ ਮੈਂ ਹੁਣ ਤੱਕ ਵੀ 'ਘੱਟਗਿਣਤੀ ਅਚੇਤ ਮਾਨਸਿਕਤਾ' ਦੇ ਸੰਦਰਭ 'ਚ ਸਮਝਣ ਦੀ ਕੋਸ਼ਿਸ਼ ਕਰਦਾ ਹਾਂ।ਕਿ ਕਿਵੇਂ ਪ੍ਰਚਾਰ ਪ੍ਰਭਾਵ 'ਚ ਚੰਗੀ ਮਨੁੱਖੀ 
ਮਾਨਸਿਕਤਾ ਖਿੰਡ ਜਾਂਦੀ ਹੈ।

ਉਹ ਸੰਘੀਆਂ(ਆਰ ਐਸ ਐਸ) ਤੇ ਹੋਰ ਹਿੰਦੂ ਸੰਸਥਾਵਾਂ ਦੇ ਧਾਵੇ ਤੋਂ ਬਾਅਦ ਰੱਜ ਕੇ ਹਿੰਦੂਆਂ ਖ਼ਿਲਾਫ ਬੋਲੀ ਸੀ।ਕਿਉਂ ਹਿੰਦੂ ਭਾਈਚਾਰੇ ਦੇ ਲੋਕ ਝੂਠੇ ਬਟਲਾ ਹਾਊਸ ਦੇ ਬੇਗੁਨਾਹ ਮੁਸਲਮਾਨਾਂ ਲਈ ਹਾਅ ਦਾ ਨਾਅਰਾ ਨਹੀਂ ਮਾਰ ਰਹੇ ?ਕੀ ਹਿੰਦੂਆਂ ਦੀ ਚੁੱਪ ਸਾਜਿਸ਼ 'ਚ ਸ਼ਾਮਲ ਹੈ।ਯਾਦਵਿੰਦਰ, ਮੈਨੂੰ ਦਿੱਲੀ 'ਚ ਡਰ ਲੱਗਦਾ ਹੈ ਕਿ ਕਿਤੇ ਮੈਂ ਵੀ ਸਾਜ਼ਿਦ(17 ਸਾਲ) ਤੇ ਆਤਿਫ ਅਮੀਨ (ਬਟਲਾ ਹਾਊਸ 'ਚ ਜਾਮੀਆ ਯੂਨੀਵਰਸਟੀ ਦੇ ਮਾਰੇ ਵਿਦਿਆਰਥੀ) ਵਾਂਗ ਇੰਡੀਅਨ ਮੁਜ਼ਾਹੀਦੀਨ ਜਾਂ ਲਸ਼ਕਰ ਦੀ ਅਗਲੀ ਅੱਤਵਾਦੀ ਨਾ ਹੋਵਾਂ ? ਇਨ੍ਹਾਂ ਕੈਫੀ ਆਜ਼ਮੀ ਦੀ ਧਰਤੀ(ਆਜ਼ਮਗੜ੍ਹ) ਦੇ ਬੇਕਸੂਰ ਸਪੂਤ ਨਹੀਂ ਬਖ਼ਸ਼ੇ ? ਦਿੱਲੀ ਬਾਹਰੀ ਮੁਸਲਮਾਨਾਂ ਲਈ ਖਤਰਨਾਕ ਥਾਂ ਹੈ। ਉਹ ਆਪਣੀ ਤੋਰ ਦੀ ਕਾਹਲੀ ਦੇ ਰਿਦਮ ਨਾਲ ਇਸੇ ਤਰ੍ਹਾਂ ਦੀਆਂ ਕਿੰਨੀਆਂ ਹੀ ਗੱਲਾਂ ਸ਼ਹਿਰੀ ਲਹਿਜੇ ਦੀ ਹਿੰਦੀ ਤੇ ਅੰਗਰੇਜ਼ੀ 'ਚ ਕਰ ਰਹੀ ਸੀ।

ਆਟੋ 'ਚ ਬੈਠ ਥੋੜ੍ਹੀ ਦੇਰ ਲਈ ਸ਼ਾਂਤ ਹੋ ਗਈ।ਕੁਝ ਸਫਰ ਤੋਂ ਬਾਅਦ ਫਿਰ ਬੋਲੀ, ਕਦੇ ਕਦੇ ਮੈਨੂੰ ਲੱਗਦੈ,ਮੈਂ ਧਾਰਮਿਕ ਫਿਰਕਾਪ੍ਰਸਤ ਹੋ ਗਈ ਹਾਂ? ਤੈਨੂੰ ਕੀ ਲੱਗਦੈ? ਤੂੰ ਮੈਨੂੰ ਐਨੇ ਸਮੇਂ ਦਾ ਜਾਣਦਾ ਤੇ ਸੁਣ ਰਿਹਾ ਹੈਂ।ਕੀ ਮੈਂ ਧਾਰਮਿਕ ਫਿਰਕਾਪ੍ਰਸਤ ਹਾਂ ?ਮੇਰੇ ਮਾਂ-ਪਿਓ ਨੇ ਮੈਨੂੰ ਹਮੇਸ਼ਾ ਚੰਗੀ ਮਨੁੱਖ ਬਣਨ ਦਾ ਪਾਠ ਪੜ੍ਹਾਇਆ।ਮੈਂ ਵੀ ਧਰਮ ਨਿਰਪੱਖ ਸਿਆਸਤ ਦੀ ਘੋਰ ਹਮਾਇਤੀ ਰਹੀ ਹਾਂ,ਪਰ ਸ਼ਾਇਦ ਮੈਂ ਭਾਰਤੀ 'ਧਰਮ-ਨਿਰਪੱਖਤਾ' ਨੂੰ ਸਮਝਦੀ-ਸਮਝਦੀ 'ਧਾਰਮਿਕ ਫਿਰਕਾਪ੍ਰਸਤ' ਹੋ ਗਈ ਹਾਂ'।ਮੇਰਾ ਕਿਸੇ ਹਿੰਦੂ ਨਾਲ ਨਿਜੀ ਵੈਰ-ਵਿਰੋਧ ਨਹੀਂ,ਪਰ ਸਮੂਹਿਕਤਾ 'ਚ ਜੋ ਸਾਡੇ ਨਾਲ 
ਹੋ ਰਿਹੈ,ਓਹਦੇ ਸਾਹਮਣੇ ਸਭ ਫੋਕੀਆਂ ਦਲੀਲਾਂ ਫੇਲ੍ਹ ਹੋ ਜਾਂਦੀਆਂ ਨੇ।

ਮੇਰੇ 'ਚ ਇਹ ਨਫਰਤ ਕਿਵੇਂ ਭਰ ਗਈ?ਮੈਂ ਅਜਿਹੀ ਤਾਂ ਨਹੀਂ ਸੀ। ਉਹ ਲਗਾਤਾਰ ਬੋਲੀ ਜਾ ਰਹੀ ਸੀ।ਮੈਂ ਕਿਹਾ ਇਹ 'ਯੂਰਪੀਅਨ ਸੈਕੁਲਰਿਜ਼ਮ ਫੋਬੀਏ' 'ਚੋਂ ਬਾਹਰ ਆ। ਤੂੰ ਕੱਲ੍ਹ ਵੀ ਚੰਗੀ ਇਨਸਾਨ ਸੀ ਤੇ ਅੱਜ ਵੀ ਚੰਗੀ ਇਨਸਾਨ ਹੈਂ'।ਹਲਾਤ ਹੀ ਅਜਿਹੇ ਹਨ।


ਮੈਂ ਸੋਚਿਆ 'ਘੱਟਗਿਣਤੀ ਦੀ ਮਾਨਸਿਕ ਕੰਡੀਸ਼ਨਿੰਗ ਕਿਹੋ ਜਿਹੀ ਹੋ ਜਾਂਦੀ ਹੈ,ਇਹ ਉਸਦੀ ਇਕ ਉਦਾਹਰਨ ਹੈ।'ਤੁਹਾਨੂੰ ਗੈਰ-ਫਿਰਕਾਪ੍ਰਸਤ ਹੁੰਦਿਆਂ ਹੋਇਆਂ ਵੀ ਆਪਣਾ ਆਪ ਫਿਰਕਾਪ੍ਰਸਤ ਲੱਗਦਾ ਹੈ ਤੇ ਇਸ 'ਚ ਵੱਡਾ ਰੋਲ ਕਹੇ ਜਾਂਦੇ ਬੁੱਧੀਜੀਵੀ ਲਾਣੇ ਦੇ ਬੇ-ਜ਼ਮੀਨੇ ਫਿਰਕਾਪ੍ਰਸਤ ਵਿਸ਼ਲੇਸ਼ਨਾਂ ਦਾ ਵੀ ਹੈ।ਪੀੜ੍ਹਤ ਤੇ ਦੋਸ਼ੀ ਦੀ ਚੋਣ 'ਚ ਇਤਿਹਾਸਕ ਸਮੱਸਿਆ ਰਹੀ ਹੈ।

ਯੂਰਪੀਅਨ/ਪੱਛਮੀ ਆਧੁਨਕਿਤਾ ਦੇ ਅੰਨ੍ਹੇ ਪ੍ਰਭਾਵ 'ਚ(ਜਿਵੇਂ ਫਰਾਂਸਸੀ ਮੁਸਲਮਾਨ ਔਰਤਾਂ ਦਾ ਬੁਰਕਾ ਲਹਾਉਣ ਦੀ ਆਧੁਨਿਕ ਮੁਹਿੰਮ) ਪੀੜ੍ਹਤ ਨੂੰ ਦੋਸ਼ੀ ਬਣਾ ਕੇ 'ਚੰਗਾ ਪੀੜ੍ਹਤ' ਹੋਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।ਆਧੁਨਿਕਤਾ ਦਾ ਸਫਰ ਡਾਂਗ ਦੇ ਭੈਅ ਨਾਲ ਤੈਅ ਨਹੀਂ ਹੁੰਦਾ ਹੈ।ਇਹ 'ਸਹਿਜ ਸਮਾਜਿਕ ਬਦਲਾਅ' ਦੇ ਵੱਡੇ ਪੜਾਅ 'ਚ ਹੋ ਕੇ ਗੁਜ਼ਰਦਾ ਹੈ।ਡਾਂਗ ਵਾ
ਲੇ ਸਮਾਜਿਕ ਬਦਲਾਅ ਦੀ ਉਮਰ ਥੋੜ੍ਹੀ ਤੇ ਮੌਤ ਨਿਸ਼ਚਤ ਹੁੰਦੀ ਹੈ।ਇਸੇ ਲਈ ਧਰਮ,ਨਸਲ,ਸੱਭਿਆਚਾਰ,ਭਾਸ਼ਾ ਆਦਿ ਮਸਲੇ ਬਰੀਕ ਪੜਚੋਲ ਮੰਗਦੇ ਹਨ।

ਜਿਸ ਧਰਤੀ 'ਤੇ ਘੱਟਗਿਣਤੀ ਦਾ ਮਤਲਬ 'ਅੱਤਵਾਦੀ' ਤੇ 'ਅੱਤਵਾਦ' ਦਾ ਮਤਲਬ ਘੱਟਗਿਣਤੀ ਹੋ ਜਾਵੇ,ਓਥੇ ਯੂਰਪੀ ਸੈਕੁਲਰਿਜ਼ਕ ਦੀ ਪਰਿਭਾਸ਼ਾ ਦਾ ਕੋਈ ਮਤਲਬ ਰਹਿ ਵੀ ਜਾਂਦਾ ਹੈ,ਇਹ ਸੋਚਣ ਦੀ ਲੋੜ ਹੈ।ਆਮ ਘੱਟਗਿਣਤੀ ਲੋਕਾਂ ਨੂੰ ਧਰਮ-ਨਿਰਪੱਖ ਹੁੰਦਿਆਂ ਵੀ ਅਚੇਤ-ਚੇਤ 'ਚ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਅਸੀਂ ਫਿਰਕਾਪ੍ਰਸਤ ਹਾਂ,ਪਰ ਬਹੁਗਿਣਤੀ ਦੇ ਕੁਝ ਲੋਕਾਂ ਨੂੰ ਫਿਰਕਾਪ੍ਰਸਤ ਹੁੰਦਿਆਂ ਵੀ ਨਹੀਂ ਲੱਗਦਾ ਕਿ ਉਹ ਫਿਰਕਾਪ੍ਰਸਤ ਹਨ।ਅਕਾਲ ਤਖ਼ਤ ਸਾਹਿਬ ਦੇ ਹਮਲੇ ਤੇ ਹੋਰ ਅਨੇਕਾਂ ਗੁਰਦੁਆਰੇ(1984) ,ਬਾਬਰੀ-ਗੁਜਰਾਤ,ਕੰਧਮਾਲ ਦੇ ਸੱਤਾਈ ਅੱਤਵਾਦ ਤੋਂ ਬਾਅਦ ਵੀ ਹਰ ਆਮ ਸਿੱਖ,ਮੁਸਲਮਾਨ ਤੇ ਇਸਾਈ ਨੂੰ ਵਾਰ ਵਾਰ ਬੋਲ ਕੇ (ਦੇਸ਼ਾਂ-ਵਿਦੇਸ਼ਾਂ ਤੱਕ)ਸਾਬਤ ਕਰਨਾ ਪੈਂਦਾ ਹੈ ਕਿ ਉਹ ਅੱਤਵਾਦੀ ਨਹੀਂ,ਦੇਸ਼ਭਗਤ ਹੈ।(ਉਸ ਭਾਰਤ ਦਾ ਜੀਹਦਾ ਕੋਈ ਇਤਿਹਾਸਕ ਵਜੂਦ ਨਹੀਂ ਹੈ)।ਬਹੁਗਿਣਤੀ ਭਾਈਚਾਰੇ ਦੇ ਕੁਝ ਲੋਕ ਤੇ ਜਥੇਬੰਦੀਆਂ ਅੱਤਵਾਦੀ ਕਾਰਵਾਈਆਂ 'ਚ ਸ਼ਾਮਲ ਹੋ ਵੀ ਆਪਣੇ ਆਪ ਨੂੰ ਸਭ ਤੋਂ ਵੱਡੇ ਦੇਸ਼ ਭਗਤ ਦੱਸਦੀਆਂ ਹਨ।


ਉਹ ਪੜ੍ਹੇ-ਲਿਖੇ ਉੱਚ ਮੱਧਵਰਗੀ ਮੁਸਲਮਾਨ ਪਰਿਵਾਰ ਦੀ ਕੁੜੀ ਸੀ। ਲੇਡੀ ਸ਼੍ਰੀ ਰਾਮ ਕਾਲਜ ਤੋਂ ਬਾਅਦ ਜਵਾਹਰ ਲਾਲ ਨਹਿਰੂ ਵਰਸਿਟੀ ਦਿੱਲੀ ਪੁੱਜੀ ਸੀ।ਆਲੇ-ਦੁਆਲੇ ਬੰਗਾਲੀ ਇਲੀਟ ਬੁੱਧੀਜੀਵੀਆਂ ਦਾ ਇਕ ਘੇਰਾ ਸੀ,ਜਿਨ੍ਹਾਂ ਦੀ ਸਮਝ ਸੀ ਕਿ 'ਅਤੀ ਅਗਾਂਹਵਧੂ ਲੋਕ ਪੁਰਾਣੇ ਘਸੇ-ਪਿਟੇ ਜਾਤ-ਪਾਤ ਜਾਂ ਧਰਮ ਆਦਿ ਦੇ ਮਸਲਿਆਂ ਦੇ ਝੰਜਟ 'ਚ ਨਹੀਂ ਪੈਂਦੇ ਹੁੰਦੇ ।ਨਾਲੇ ਜਦੋਂ ਹਰ ਮਸਲੇ ਦਾ ਹੱਲ/ਅੰਤ ਜਮਾਤੀ ਸੰਘਰਸ਼ ਨਾਲ ਹੋਣਾ ਹੈ ਤਾਂ ਦੂਜੀਆਂ-ਤੀਜੀਆਂ ਗੱਲਾਂ 'ਤੇ ਸਮਾਂ ਬਰਬਾਦ ਕਿਉਂ ਕੀਤਾ ਜਾਵੇ ? ਪਹਿਲੀ ਗੱਲ ਕਰਕੇ ਅਗਾਂਹਵਧੂਤਾ ਦੀ ਕਤਾਰ 'ਚ ਪਹਿਲੇ ਨੰਬਰ 'ਤੇ ਹਾਜ਼ਰੀ ਲਗ
ਵਾਈ ਜਾਵੇ।ਜਿਵੇਂ ਮਲਾਲਾ ਯੂਸਫ ਦੇ ਮਾਮਲੇ 'ਚ ਸਿਰਫ ਮਲਾਲਾ(ਅਮਰੀਕੀ ਮੀਡੀਆ ਤਰਜ਼ 'ਤੇ) ਦੇ ਹਮਲੇ ਦੀ ਹੀ ਗੱਲ ਹੋਵੇ,ਪਰ ਅਮਰੀਕੀ ਡਰੋਨਾਂ ਨਾਲ ਰੋਜ਼ ਮਰ ਰਹੀਆਂ ਮਲਾਲਾਵਾਂ/ਮਲਾਲਿਆਂ ਦੀ ਗੱਲ ਨਾ ਕੀਤੀ ਜਾਵੇ ਕਿਉਂਕਿ ਉਹ ਡਰੋਨ ਹਮਲੇ ਤਾਂ 'ਕੱਟੜਵਾਦੀ/ਪਿਛਾਂਹਖਿੱਚੂ/ਮੱਧਯੁਗੀ' ਤਾਲਿਬਾਨਾਂ ਲਈ ਹੋਏ ਹਨ।ਇਸੇ ਤਰ੍ਹਾਂ ਅਫ਼ਜ਼ਲ ਦੀ ਫਾਂਸੀ ਤੋਂ ਕੁਝ ਦਿਨ ਪਹਿਲਾਂ ਕਸ਼ਮੀਰੀ ਕੁੜੀਆਂ ਦੇ ਰੌਕ ਬੈਂਡ 'ਤੇ ਪਾਬੰਦੀ ਦਾ ਵਿਰੋਧ ਕਰਨ ਵਾਲਾ (ਜੋ ਹੋਣਾ ਚਾਹੀਦਾ ਹੈ) ਵੱਡਾ ਬੁੱਧੀਜੀਵੀ ਲਾਣਾ ਅਫਜ਼ਲ ਗੁਰੁ ਦੇ ਫਾਂਸੀ ਬਾਰੇ ਇਕ ਵੀ ਸ਼ਬਦ ਬੋਲਣ ਨੂੰ ਤਿਆਰ ਨਹੀਂ ਹੈ।ਇਹ ਸਮਝਣ ਦੀ ਲੋੜ ਹੈ ਕਿ ਦੁਨੀਆਂ ਭਰ ਦੀਆਂ ਘੱਟਗਿਣਤੀਆਂ-ਕੌਮੀਅਤਾਂ ਸੱਤਾ ਦੀ ਥੋਪੀ ਹੋਈ ਲੜਾਈ ਲੜ੍ਹਦੀਆਂ/ਲੜ ਰਹੀਆਂ ਹਨ ਤੇ ਘੱਟਗਿਣਤੀਆਂ ਦੇ 'ਹੀਰੋ'(ਬਹੁਗਣਤੀ ਦੇ 'ਵਿਲੀਅਨ') ਵੀ ਥੋਪੀਆਂ ਹੋਈਆਂ ਲੜਾਈਆਂ ਕਾਰਨ ਪੈਦਾ ਹੋਏ ਹੁੰਦੇ ਹਨ।ਇਨਸਾਫਪਸੰਦ ਸਮਾਜ ਨੂੰ ਘੱਟੋ ਘੱਟ ਦੋਸਤ ਤੇ ਦੁਸ਼ਮਣ ਦੀ ਚੋਣ 'ਚ ਇਤਿਹਾਸ ਦੀਆਂ ਗਲਤੀਆਂ ਨਹੀਂ ਦਹੁਰਾਉਣੀਆਂ ਚਾਹੀਦੀਆਂ।

ਮੁੱਦੇ/ਮਸਲੇ ਪਾਰਟੀਆਂ ਤੇ ਵਿਚਾਰਧਰਾਵਾਂ 
ਮੁਤਾਬਕ ਨਹੀਂ ਚੱਲਦੇ ਹੰਦੇ ਸਗੋਂ ਪਾਰਟੀਆਂ ਤੇ ਵਿਚਾਰਧਰਾਵਾਂ ਮਸਲਿਆਂ ਨੂੰ ਸਮਝਦੀਆਂ-ਲੜਦੀਆਂ ਮਸਲਿਆਂ ਦੇ ਆਸਰੇ ਅੱਗੇ ਵਧਦੀਆਂ ਹਨ।ਜਿੱਥੇ ਮਸਲਿਆਂ ਨਾਲੋਂ ਅਹਿਮ ਪਾਰਟੀਆਂ ਤੇ ਵਿਚਾਰਧਾਰਾਵਾਂ ਹੋ ਜਾਣ,ਓਥੇ ਲੋਕਾਂ ਨੂੰ ਵੀ ਵਰਤਮਾਨ ਤੇ ਭਵਿੱਖ ਦੀ ਖੜੋਤ ਸਮਾਜਿਕ ਕੈਨਵਸ 'ਤੇ ਨਜ਼ਰ ਆਉਣ ਲੱਗਦੀ ਹੈ।

ਸਮਾਜ ਦੀ ਕੰਨ੍ਹੀ 'ਤੇ ਪਏ ਲੋਕਾਂ ਦੇ ਘਟਨਾਵਾਂ-ਹਾਦਸਿਆਂ 'ਤੇ ਪੁੱਠੇ-ਸਿੱਧੇ ਰੀਐਕਸ਼ਨ ਆਉਣਾ ਤਾਂ ਸਿਰਫ ਇਕ ਸਬੱਬ ਹੁੰਦਾ ਹੈ।ਦਰ ਅਸਲ ਮਸਲੇ ਦੇ ਅਚੇਤ 'ਚ ਤਾਂ ਇਤਿਹਾਸਕ ਬੇਇੰਸਾਫੀ ਤੇ ਗੈਰ-ਬਰਾਬਰੀ ਪਈ ਹੁੰਦੀ ਹੈ।ਇਸੇ ਲਈ ਸਮਾਜ ਨੂੰ ਫਿਲਾਸਫੀ+ਇਤਿਹਾਸ ਦੇ ਨੁਕਤੇ ਨਿਗਾਹ ਤੋਂ ਬਰੀਕ ਵਿਸ਼ਲੇਸ਼ਨ ਦੀ ਲੋੜ ਹੈ।


ਫੇਰ ਸ਼ਾਇਦ ਕਿਸੇ 'ਧਾਰਮਿਕ ਫਿਰਕਾਪ੍ਰਸਤ' ਕੁੜੀ ਤੇ ਹੋਰ ਖ਼ੁਦ ਨੂੰ ਦੋਸ਼ੀ ਨਾ ਠਹਿਰਾਉਣ ਤੇ ਲਿਖ਼ਣ ਵਾਲਿਆਂ ਨੂੰ ਕੰਪਿਊਟਰ ਦੇ ਕੀਅ ਬੋਰਡ 'ਤੇ ਥੱਪ-ਥੱਪ ਨਾ ਕਰਨੀ ਪਵੇ।'ਧਾਰਮਿਕ ਫਿਰਕਾਪ੍ਰਸਤੀ' ਤੋਂ ਸਮਾਜਿਕ ਸਦਭਾਵਨਾ ਦੀ ਲ਼ੜਾਈ ਲੰਮੀ ਹੈ ਪਰ ਇਨਸਾਫਪਸੰਦ ਤੇ ਸਮਾਜਿਕ ਬਰਾਬਰੀ ਚਾਹੁਣ ਵਾਲਿਆਂ ਦੀ ਜਿੱਤ 
ਵੀ ਯਕੀਨੀ ਹੈ

ਯਾਦਵਿੰਦਰ ਕਰਫਿਊ
mail2malwa@gmail.com 
Mob-95308-95198

Wednesday, February 13, 2013

ਅਫ਼ਜ਼ਲ ਤੇ ਭਗਤ ਸਿੰਘ ਦੀ ਫਾਂਸੀ ਇਤਿਹਾਸ ਦੇ ਇਕੋ ਪੰਨੇ 'ਤੇ

ਸੰਸਦ ਉੱਤੇ ਹਮਲੇ ਦੇ ਮਾਮਲੇ ਵਿੱਚ 'ਦੋਸ਼ੀ' ਕਰਾਰ ਦਿੱਤੇ ਗਏ ਅਫਜ਼ਲ ਗੁਰੂ ਨੂੰ ਫਾਂਸੀ 'ਤੇ ਲਟਕਾਉਣ ਦਾ ਪਤਾ ਉਸ ਵੇਲੇ ਲੱਗਾ ਜਦੋਂ ਮੈਂ ਦਫ਼ਤਰ ਪਹੁੰਚਣ ਦੀ ਕਾਹਲੀ ਵਿੱਚ ਆਪਣੇ ਸਰੀਰ ਦੀ ਸਾਜ-ਸਜਾਵਟ ਵਿੱਚ ਲੱਗਾ ਹੋਇਆ ਸੀ। ਫੋਨ ਉੱਤੇ ਮੈਸੇਜ ਮਿਲਦੇ ਹੀ ਟੀਵੀ ਉੱਤੇ ਚੱਲ ਰਹੀ ਗੁਰਬਾਣੀ ਤੋਂ ਭੁੱਲ ਦੀ ਮਾਫੀ ਮੰਗਦੇ ਹੋਏ ਤੁਰੰਤ ਖਬਰੀਆ ਚੈਨਲ ਚਲਾ ਲਿਆ।

ਖਬਰਸਾਜ਼ ਦੱਸ ਰਹੇ ਸਨ ਕਿ ਅਫਜ਼ਲ ਗੁਰੂ ਨੂੰ ਸਰਕਾਰ ਵੱਲੋਂ ਚੁੱਪਚਾਪ ਸਵੇਰੇ ਅੱਠ ਵਜੇ ਫਾਂਸੀ 'ਤੇ ਲਟਕਾ ਦਿੱਤਾ ਗਿਆ ਹੈ ਅਤੇ ਹੁਣ ਆਲਾ ਅਧਿਕਾਰੀ ਅਫਜ਼ਲ ਗੁਰੂ ਦੀ ਲਾਸ਼ ਬਾਰੇ ਫੈਸਲਾ ਲੈਣ ਲਈ ਬੈਠਕ ਵਿੱਚ ਰੁੱਝੇ ਹੋਏ ਹਨ। ਖਬਰਸਾਜ਼ਾਂ ਵੱਲੋਂ ਹੋਰ ਵੀ ਕਈ ਤੱਥ ਬਿਆਨ ਕੀਤੇ ਗਏ, ਪਰ ਮੇਰੀ ਘੁੰਡੀ ਇੱਕੋ ਸ਼ਬਦ 'ਗੁੱਪ-ਚੁੱਪ ਤਰੀਕੇ ਨਾਲ ਫਾਂਸੀ' ਉੱਤੇ ਹੀ ਅਟਕ ਗਈ।


ਆਪਣੇ ਸ਼ਹਿਰ ਤੋਂ ਚੰਡੀਗੜ੍ਹ ਤੱਕ ਦੇ ਸਫਰ ਦੌਰਾਨ ਵੀ ਮਨ ਵਿੱਚ ਇਹੋ ਖਿਆਲ ਕੜ੍ਹਦਾ ਰਿਹਾ ਕਿ ਗੁਪਚੁੱਪ ਫਾਂਸੀ ਕਿਉਂ ਦਿੱਤੀ ਗਈ? ਦਫ਼ਤਰ ਪੁੱਜ ਕੇ ਸਾਥੀਆਂ ਨਾਲ ਗੱਲਬਾਤ ਹੋਈ ਤੇ ਫਿਰ ਤੋਂ ਖਬਰਸਾਜ਼ਾਂ ਦੇ ਚਿਹਰੇ ਤੱਕਣ ਲੱਗ ਪਿਆ। ਇਸ ਵੇਲੇ ਸੂਚਨਾ ਚੱਲ ਰਹੀ ਸੀ ਕਿ ਗੁਰੂ ਦੀ ਲਾਸ਼ ਨੂੰ ਤਿਹਾੜ ਜੇਲ੍ਹ ਵਿੱਚ ਹੀ ਪਹਿਲਾਂ ਤੋਂ ਤਿਆਰ ਕੀਤੀ ਗਈ ਕਬਰ ਵਿੱਚ ਪੂਰੀਆਂ ਧਾਰਮਿਕ ਪਰੰਪਰਾਵਾਂ ਨਾਲ ਦਫਨਾ ਦਿੱਤਾ ਗਿਆ ਹੈ।

ਅਚਾਨਕ ਹੀ ਮਨ ਵਿੱਚ 'ਸ਼ਹੀਦ ਭਗਤ ਸਿੰਘ' ਦੀ ਫਾਂਸੀ ਸਬੰਧੀ ਪੜ੍ਹੇ ਹੋਏ ਲੇਖ ਅਤੇ ਹੋਰ ਸਮੱਗਰੀ ਹਿਲੋਰੇ ਮਾਰਨ ਲੱਗ ਪਈ। ਸ਼ਹੀਦ ਭਗਤ ਸਿੰਘ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਅਸੈਂਬਲੀ ਬੰਬ ਧਮਾਕੇ ਵਿੱਚ ਹਾਲਾਂਕਿ 14 ਸਾਲ ਸਜ਼ਾ ਸੁਣਾਈ ਸੀ, ਪਰ ਸਾਂਡਰਸ ਦੇ ਕਤਲ ਦੇ ਮਾਮਲੇ ਵਿੱਚ ਤੱਤਕਾਲੀਨ ਨਿਆਂ ਪ੍ਰਣਾਲੀ ਵਿੱਚ ਮਨ-ਮਾਫਕ ਬਦਲਾਅ ਕਰਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਬ੍ਰਿਟਿਸ਼ ਸਰਕਾਰ ਨੇ ਲੋਕਾਂ ਦੇ ਸਮਰਥਨ ਤੋਂ ਡਰਦਿਆਂ ਭਗਤ ਸਿੰਘ ਨੂੰ ਤੈਅ ਕੀਤੇ ਗਏ ਸਮੇਂ ਤੋਂ ਪਹਿਲਾਂ ਹੀ ਫਾਂਸੀ ਲਗਾਉਣ ਤੋਂ ਬਾਅਦ ਉਸਦੀ ਲਾਸ਼ ਨੂੰ ਵੀ ਚੁੱਪਚਾਪ ਦਰਿਆ ਦੇ ਕੰਡੇ ਸਾੜ ਦਿੱਤਾ ਸੀ। ਸ਼ਾਇਦ ਲੋਕਾਂ ਵਿੱਚ ਰੋਹ ਫੈਲਣ ਦੇ ਡਰੋਂ ਹੀ ਹੁਣ ਦੀ ਭਾਰਤ ਸਰਕਾਰ ਨੇ ਵੀ ਅਫਜ਼ਲ ਗੁਰੂ ਨੂੰ ਫਾਂਸੀ ਤੋਂ ਬਾਅਦ ਉਸਦੀ ਲਾਸ਼ ਨੂੰ ਚੁੱਪਚਾਪ ਤਿਹਾੜ ਜੇਲ੍ਹ ਵਿੱਚ ਹੀ ਦਫਨਾ ਦਿੱਤਾ।

ਦੋਵੇਂ ਮਾਮਲੇ 'ਸੰਸਦ' ਉੱਤੇ ਹੋਏ 'ਦਹਿਸ਼ਤਗਰਦ' ਹਮਲੇ ਨਾਲ ਵੀ ਸਬੰਧਤ ਸਨ। ਭਗਤ ਸਿੰਘ ਦੇ ਮਾਮਲੇ ਵਿੱਚ ਪੁਲਿਸ ਵੱਲੋਂ 'ਵੇਜਿੰਗ ਵਾਰ ਅਗੇਂਸਟ ਦ ਕਿੰਗ' ਦਾ ਮਾਮਲਾ ਬਣਾਇਆ ਗਿਆ ਅਤੇ ਅਫਜ਼ਲ ਦੇ ਮਾਮਲੇ ਵਿੱਚ ਵੀ 'ਵੇਜਿੰਗ ਵਾਰ ਅਗੇਂਸਟ ਕੰਟਰੀ' ਦਾ ਮਾਮਲਾ ਬਣਿਆ। ਅੰਗਰੇਜ਼ਾਂ ਵੱਲੋਂ ਦਹਿਸ਼ਤਗਰਦ ਗਰਦਾਨੇ ਗਏ ਸ਼ਹੀਦ ਭਗਤ ਸਿੰਘ ਨੇ ਆਪਣੀ ਕਾਰਵਾਈ ਨੂੰ 'ਅਜ਼ਾਦੀ' ਦੀ ਲੜਾਈ ਕਰਾਰ ਦਿੱਤਾ ਸੀ ਅਤੇ ਭਗਤ ਸਿੰਘ ਨੂੰ ਕਾਫੀ ਵੱਡੀ ਗਿਣਤੀ ਲੋਕਾਂ ਦਾ ਸਮਰਥਨ ਵੀ ਹਾਸਲ ਸੀ। ਹਾਲਾਂਕਿ ਅਫਜ਼ਲ ਗੁਰੂ ਵੀ ਕਸ਼ਮੀਰ ਦੇ ਗੜਬੜੀ ਵਾਲੇ ਦਿਨ੍ਹਾਂ ਦੌਰਾਨ 'ਕਸ਼ਮੀਰ ਦੀ ਅਜ਼ਾਦੀ' ਦੇ ਮਕਸਦ ਲਈ ਰਾਹ ਤੋਂ ਭਟਕ ਕੇ ਪਾਕਿਸਤਾਨ ਵਿੱਚ ਜਾ ਵੜਿਆ ਸੀ ਪਰ ਬਾਅਦ ਵਿੱਚ ਮੁੱਖ ਧਾਰਾ 'ਚ ਮੁੜ ਆਇਆ ਅਤੇ ਸੁਰੱਖਿਆ ਬਲਾਂ ਅੱਗੇ ਆਤਮ-ਸਮਰਪਣ ਕਰ ਦਿੱਤਾ।ਸ਼ਹੀਦ ਭਗਤ ਸਿੰਘ ਨੂੰ ਸਾਂਡਰਸ ਦੇ ਕਤਲ ਦੇ ਮਾਮਲੇ ਵਿੱਚ ਛੇਤੀ ਫਾਂਸੀ ਉੱਤੇ ਟੰਗਣ ਲਈ ਕਾਹਲੀ ਬ੍ਰਿਟਿਸ਼ ਸਰਕਾਰ ਨੇ ਤਤਕਾਲੀਨ ਨਿਆਂਪ੍ਰਣਾਲੀ ਵਿੱਚ ਬਦਲਾਅ ਕਰਦੇ ਹੋਏ ਟ੍ਰਿਬਿਊਨਲ ਗਠਿਤ ਕੀਤਾ ਅਤੇ ਪ੍ਰਾਸੀਕਿਉਸ਼ਨ ਨੂੰ ਕਈ ਤਰ੍ਹਾਂ ਦੀਆਂ ਛੋਟਾਂ ਵੀ ਦਿੱਤੀਆਂ ਤਾਂ ਕਿ 'ਨਿਆਂ' ਹੋ ਸਕੇ, ਇਸੇ ਤਰ੍ਹਾਂ ਅਫਜ਼ਲ ਗੁਰੂ ਨੂੰ ਅਦਾਲਤ ਵਿੱਚ ਸਹੀ ਤਰੀਕੇ ਨਾਲ ਆਪਣਾ ਪੱਖ ਨਾ ਪੇਸ਼ ਕਰਨ ਦੇਣ ਦੀ ਗੱਲ ਨੂੰ ਲੈ ਕੇ ਵੀ ਕਈ ਚਿੰਤਤ ਮਨੁੱਖੀ ਅਧਿਕਾਰ ਜਥੇਬੰਦੀਆਂ ਲਗਾਤਾਰ ਪ੍ਰਦਰਸ਼ਨ ਕਰਦੇ ਰਹੇ, ਪਰ ਅਫ਼ਜ਼ਲ ਨੂੰ ਉਸ ਵੱਲੋਂ ਸੁਝਾਏ ਗਏ ਵਕੀਲ ਨਾ ਦਿੱਤੇ ਗਏ ਅਤੇ ਉਸਦਾ ਕੇਸ ਗਵਾਹੀਆਂ ਦੇ ਅਹਿਮ ਪੜਾਅ ਮੌਕੇ ਵੀ ਅਫ਼ਜ਼ਲ ਦੇ ਪੱਖ ਤੋਂ ਸੱਖਣਾ ਹੀ ਰਹਿ ਗਿਆ।

ਸਰਕਾਰ ਭਾਵੇਂ ਬ੍ਰਿਟਿਸ਼ ਤੋਂ ਇੰਡੀਅਨ ਹੋ ਚੁੱਕੀ ਹੈ, ਪਰ ਕਾਨੂੰਨ ਤਾਂ ਉਸੇ ਸਮੇਂ ਦੇ ਚੱਲਦੇ ਆ ਰਹੇ ਹਨ।ਭਗਤ ਸਿੰਘ ਦਾ ਗੋਰੇ ਤੋਂ ਕਾਲਾ ਅੰਗਰੇਜ਼ਾਂ ਵਾਲੀ ਗੱਲ ਸਹੀ ਸਾਬਤ ਹੋ ਰਹੀ ਹੈ।


ਦਰਅਸਲ ਦਿਨੋ ਦਿਨ ਮਜ਼ਬੂਤ ਹੁੰਦੀ ਸੱਤਾ ਨੂੰ ਸਮਝਣ-ਪਰਖ਼ਣ ਦੀ ਸਖ਼ਤ ਜ਼ਰੂਰਤ ਹੈ ਤੇ ਅਗਲਾ ਸਵਾਲ ਮਨੁੱਖੀ ਅਧਿਕਾਰ ਜਥੇਬੰਦੀਆਂ ਤੇ ਲੋਕ ਪੱਖੀ ਤਾਕਤਾਂ ਸਾਹਮਣੇ ਹੈ ਕਿ ਉਹ ਭਗਤ ਸਿੰਘ ਤੋਂ ਅਫਜ਼ਲ ਗੁਰੁ ਤੱਕ ਬਦਲੀਆਂ ਹਾਲਤਾਂ 
ਮੁਤਾਬਕ ਸੱਤਾ ਵਿਰੋਧੀ ਲੜਾਈਆਂ ਦੀ ਸਾਂਝੀ ਸਹਿਮਤੀ ਕਿਵੇਂ ਕਾਇਮ ਕਰਦੀਆਂ ਹਨ?

ਰਮਨਜੀਤ ਸਿੰਘ

ਲੇਖ਼ਕ ਚੰਡੀਗੜ੍ਹ 'ਚ 'ਜਾਗਰਣ' ਅਖ਼ਬਾਰ ਦੇ ਪੰਜਾਬ ਬਿਊਰੋ 'ਚ ਕੰਮ ਕਰਦੇ ਹਨ ਤੇ ਸਮਾਜਿਕ-ਸਿਆਸੀ ਮਸਲਿਆਂਦੇ ਵਿਲੇਸ਼ਨ 'ਚ ਵਿਸ਼ੇਸ਼ ਰੁਚੀ ਰੱਖਦੇ ਹਨ।
Mob: 987-888-0137

Monday, February 11, 2013

ਅਫ਼ਜ਼ਲ ਦੀ ਫਾਂਸੀ ਨਾਲ 'ਹਿੰਦੂ-ਕਾਰਪੋਰੇਟ ਸਟੇਟ' ਮੁੜ ਬੇਨਕਾਬ

ਅਜ਼ਾਦੀ ਪਸੰਦ ਕਸ਼ਮੀਰੀ ਨੌਜਵਾਨ ਮੁਹੰਮਦ ਅਫ਼ਜ਼ਲ ਨੂੰ ਅਖ਼ੀਰ ਫਾਂਸੀ ਦੇ ਹੀ ਦਿੱਤੀ ਗਈ। ਉਸ ਦੀ ਫਾਂਸੀ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਭਾਰਤ ਸਰਕਾਰ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣਿਆ ਰਿਹਾ ਹੈ ਤੇ ਕੁਝ ਸਮਾਂ ਪਹਿਲਾਂ ਦਿੱਲੀ ਹਾਈਕੋਰਟ ਵਿਚ ਹੋਏ ਬੰਬ ਧਮਾਕਿਆਂ ਦੀ ਤਾਰ ਵੀ ਖ਼ਬਰਾਂ ਮੁਤਾਬਕ ਇਸ ਮਾਮਲੇ ਨਾਲ ਜੁੜੀ ਸੀ। ਖ਼ਬਰਾਂ ਮੁਤਾਬਕ ਇਸਲਾਮੀ ਖਾੜਕੂ ਜਥੇਬੰਦੀ ਹਰਕਤ-ਉਲ-ਜਿਹਾਦੀ ਇਸਲਾਮੀ (ਹੂਜੀ) ਨੇ ਇਸ ਦਹਿਸ਼ਤੀ ਕਾਰਵਾਈ ਦੀ ਜ਼ਿੰਮੇਵਾਰੀ ਲੈਣ ਸਬੰਧੀ ਜੋ ਈ-ਮੇਲ ਰਾਹੀਂ ਸੁਨੇਹਾ ਭੇਜਿਆ ਸੀ, ਉਸ ਵਿਚ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਗਈ ਸੀ ਕਿ ਸਰਕਾਰ ਅਫ਼ਜ਼ਲ ਗੁਰੂ ਦੀ ਫਾਂਸੀ ਦੀ ਸਜ਼ਾ ਰੱਦ ਕਰੇ। ਇਹਨਾਂ ਬੰਬ ਧਮਾਕਿਆਂ ਦੇ ਮੱਦੇਨਜ਼ਰ ਵੱਖ-ਵੱਖ ਧਿਰਾਂ ਭਾਰਤ ਸਰਕਾਰ ਨੂੰ ਇਹ ਆਖ ਕੇ ਕੋਸਦੀਆਂ ਰਹੀਆਂ ਹਨ ਕਿ ਉਸ ਦੀ ਇਸ ਦਿਸ਼ਾ ਵਿਚ ਦਿਖਾਈ ਢਿੱਲ-ਮੱਠ ਕਾਰਨ ਹੀ ਦੇਸ਼ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੀਆਂ ਹਿੰਦੂ ਸੱਜੇ-ਪੱਖੀ ਸਫ਼ਾਂ ਫਾਸ਼ੀਵਾਦੀ ਲੀਹਾਂ 'ਤੇ ਚੱਲ ਕੇ ਅਫ਼ਜ਼ਲ ਨੂੰ ਜਲਦ ਤੋਂ ਜਲਦ ਫਾਂਸੀ ਦੇਣ ਦੀ ਜ਼ੋਰਦਾਰ ਢੰਗ ਨਾਲ ਮੰਗ ਕਰਦੀਆਂ ਰਹੀਆਂ ਹਨ ਤੇ ਉਸ ਨੂੰ ਫਾਂਸੀ ਲੱਗਣ ਤੋਂ ਬਾਅਦ ਸ਼ਾਹਾਨਾ ਜਸ਼ਨ ਮਨਾ ਰਹੀਆਂ ਹਨ। ਦੂਜੇ ਪਾਸੇ ਜੰਮੂ-ਕਸ਼ਮੀਰ ਦੀਆਂ ਖੇਤਰੀ ਸਿਆਸੀ ਪਾਰਟੀਆਂ ਅਤੇ ਕਾਂਗਰਸ ਨਾਲ ਸਬੰਧਿਤ ਕਈ ਕਸ਼ਮੀਰੀ ਆਗੂਆਂ ਦੀ ਵੀ, ਸ਼ੁਰੂ ਤੋਂ ਇਹ ਮੰਗ ਰਹੀ ਹੈ ਕਿ ਉਸ ਦੀ ਸਜ਼ਾ ਨੂੰ ਨਰਮ ਕੀਤਾ ਜਾਵੇ। ਉਨ੍ਹਾਂ ਵੱਲੋਂ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਜਾਂਦੀ ਰਹੀ ਹੈ ਕਿ ਜੇਕਰ ਅਫ਼ਜ਼ਲ ਨੂੰ ਫਾਂਸੀ ਦਿੱਤੀ ਗਈ ਤਾਂ ਕਸ਼ਮੀਰ ਦੇ ਹਾਲਾਤ ਵਿਗੜ ਸਕਦੇ ਹਨ। (ਪਰ ਹਿੰਦੂ ਰਾਸ਼ਟਰਵਾਦ ਨੂੰ ਪ੍ਰਣਾਏ ਭਾਰਤੀ ਹੁਕਮਰਾਨ ਹਿੰਦੂ ਬਹੁ-ਗਿਣਤੀ ਦੀ ਖੁਸ਼ੀ ਲਈ ਕਸ਼ਮੀਰ ਦੇ ਹਾਲਾਤ ਜਾਂ ਇੰਜ ਕਹਿ ਲਉ ਕਿ ਸੰਘਰਸ਼ਸ਼ੀਲ ਘੱਟ ਗਿਣਤੀ ਕੌਮਾਂ ਦੀ ਬਲੀ ਦੇਣਾ ਕੋਈ ਵੱਡੀ ਗੱਲ ਨਹੀਂ ਸਮਝਦੇ, ਤੇ ਹੋਇਆ ਵੀ ਇੰਜ ਹੀ।)

ਇਸ ਤੋਂ ਇਲਾਵਾ, ਕਸ਼ਮੀਰ ਦੀਆਂ 'ਗਰਮ-ਖਿਆਲੀ' ਧਿਰਾਂ ਤਾਂ ਅਫ਼ਜ਼ਲ ਦੀ ਫਾਂਸੀ ਰੱਦ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਕਰਦੀਆਂ ਰਹੀਆਂ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਦੀ ਸਿਵਿਲ ਸੁਸਾਇਟੀ ਦਾ ਇਕ ਗ਼ੈਰ-ਮੁਸਲਿਮ ਤੇ ਗ਼ੈਰ-ਕਸ਼ਮੀਰੀ ਮਨੁੱਖੀ ਅਧਿਕਾਰਾਂ ਦਾ ਮੁੱਦਈ ਵਰਗ ਵੀ ਅਫ਼ਜ਼ਲ ਗੁਰੂ ਦੀ ਫਾਂਸੀ ਦੀ ਵਿਰੋਧਤਾ ਕਰਦਾ ਰਿਹਾ ਹੈ। ਇਸ ਵਰਗ ਵਿਚ ਅਰੁੰਧਤੀ ਰਾਏ ਵਰਗੀ ਮਸ਼ਹੂਰ ਲੇਖਿਕਾ, ਪ੍ਰਫੁੱਲ ਬਿਦਵਈ ਵਰਗੇ ਕਾਲਮਨਵੀਸ, ਨੰਦਿਤਾ ਹਕਸਾਰ ਵਰਗੀ ਵਕੀਲ ਆਦਿ ਦੇ ਨਾਂਅ ਪ੍ਰਮੁੱਖ ਰੂਪ 'ਚ ਵਰਣਨਯੋਗ ਹਨ। 

ਜੰਮੂ-ਕਸ਼ਮੀਰ ਦੀ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ. ਡੀ. ਪੀ.) ਦੀ ਆਗੂ ਮੁਫ਼ਤੀ ਮੁਹੰਮਦ ਸਈਅਦ ਨੇ ਇਕ ਵਾਰ ਕਿਹਾ ਸੀ ਕਿ ਜੇ ਪਾਕਿਸਤਾਨ ਵਿਚ ਫਾਂਸੀ ਨੂੰ ਉਡੀਕ ਰਹੇ ਸਰਬਜੀਤ ਸਿੰਘ ਦੇ ਭਾਰਤੀ ਸ਼ਹਿਰੀ ਹੋਣ ਦੇ ਨਾਤੇ ਉਸ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਅਫ਼ਜ਼ਲ ਲਈ ਵੀ ਅਜਿਹੀ ਅਪੀਲ ਕੀਤੀ ਜਾਣੀ ਲੋੜੀਂਦੀ ਹੈ ਕਿਉਂਕਿ ਉਹ ਵੀ ਭਾਰਤੀ ਸ਼ਹਿਰੀ ਹੈ। ਕੁਝ ਸਮਾਂ ਪਹਿਲਾਂ, ਤਾਮਿਲਨਾਡੂ ਵਿਧਾਨ ਸਭਾ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ 'ਚ ਨਾਮਜ਼ਦ ਤਿੰਨ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਾਉਣ ਦੀ ਦਿਸ਼ਾ ਵਿਚ ਪ੍ਰਵਾਨ ਕੀਤੇ ਮਤੇ ਦੇ ਸੰਦਰਭ ਵਿਚ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਆਏ ਉਸ ਬਿਆਨ 'ਤੇ ਵੱਡੀ ਚਰਚਾ ਹੋਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ 'ਜੇ ਜੰਮੂ-ਕਸ਼ਮੀਰ ਵਿਧਾਨ ਸਭਾ ਅਫ਼ਜ਼ਲ ਗੁਰੂ ਦੇ ਹੱਕ ਵਿਚ ਅਜਿਹਾ ਮਤਾ ਪਾਸ ਕਰਦੀ ਹੈ ਤਾਂ ਭਾਰਤ ਸਰਕਾਰ ਦਾ ਕੀ ਪ੍ਰਤੀਕਰਮ ਹੋਵੇਗਾ?' ਬਾਅਦ ਵਿਚ ਇਕ ਅਜ਼ਾਦ ਕਸ਼ਮੀਰੀ ਵਿਧਾਇਕ ਦੀ ਪਹਿਲਕਦਮੀ ਨਾਲ ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਅਫ਼ਜ਼ਲ ਦੇ ਹੱਕ ਵਿਚ ਮਤਾ ਪਕਾਉਣ ਦੀ ਕੋਸ਼ਿਸ਼ ਵੀ ਹੋਈ ਪਰ ਕਸ਼ਮੀਰੀਆਂ ਦੀ ਗ਼ੁਲਾਮੀ ਦੇ ਮੁੱਦਈ ਭਾਜਪਾ ਤੇ ਪੈਂਥਰਜ਼ ਪਾਰਟੀ ਦੇ ਹਿੰਦੂ ਬਹੁ-ਗਿਣਤੀ ਵਾਲੇ ਜੰਮੂ ਖੇਤਰ ਨਾਲ ਸਬੰਧਿਤ ਵਿਧਾਇਕਾਂ ਵੱਲੋਂ ਖ਼ਲਲ ਪਾਉਣ ਕਰਕੇ ਇਹ ਕੋਸ਼ਿਸ਼ ਸਿਰੇ ਨਹੀਂ ਚੜ੍ਹ ਸਕੀ 

2004 ਨੂੰ ਸੁਪਰੀਮ ਕੋਰਟ ਵੱਲੋਂ ਉਸ ਲਈ ਫਾਂਸੀ ਦੀ ਸਜ਼ਾ ਮੁਕੱਰਰ ਕੀਤੀ ਗਈ ਸੀ ਜੋ 20 ਅਕਤੂਬਰ, 2006 ਨੂੰ ਦਿੱਤੀ ਜਾਣੀ ਤੈਅ ਹੋਈ ਸੀ ਪਰ ਉਸ 'ਤੇ ਵਕਤੀ ਤੌਰ 'ਤੇ ਰੋਕ ਲਾ ਦਿੱਤੀ ਗਈ। ਇਸ ਵਿਚ ਸੁਪਰੀਮ ਕੋਰਟ ਦਾ ਵੀ ਪੱਖਪਾਤੀ ਰਵੱਈਆ ਜਗ ਜ਼ਾਹਰ ਹੋ ਗਿਆ ਸੀ ਜਿਸ ਨੇ ਨਿਰੋਲ ਗੈਰ-ਕਨੂੰਨੀ ਅਧਾਰਾਂ 'ਤੇ ਅਫ਼ਜ਼ਲ ਦੀ ਫਾਂਸੀ ਦੇ ਹੱਕ ਵਿਚ ਆਪਣਾ ਫਤਵਾ ਦਿੱਤਾ।ਜੇਕਰ ਅਫ਼ਜ਼ਲ ਗੁਰੂ ਵਿਰੁੱਧ ਚੱਲੇ ਮੁਕੱਦਮੇ ਦੇ ਸਮੁੱਚੇ ਅਮਲ ਦੀ ਤਹਿ ਤੱਕ ਜਾਈਏ ਤਾਂ ਇਸ ਸਬੰਧੀ ਭਾਰਤੀ ਸੁਰੱਖਿਆ ਏਜੰਸੀਆਂ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿਚ ਆ ਜਾਂਦੀ ਹੈ ਤੇ ਨਿਆਂਪਾਲਿਕਾ ਦੇ ਵਤੀਰੇ 'ਤੇ ਵੀ ਕਈ ਸਵਾਲ ਉੱਠ ਖੜ੍ਹੇ ਹੁੰਦੇ ਹਨ। ਇਸ ਸਮੁੱਚੇ ਮਾਮਲੇ ਦੇ ਸਬੰਧ ਵਿਚ ਹੁਣ ਤੱਕ ਕਈ ਕਿਤਾਬਾਂ ਵੀ ਛਪ ਚੁੱਕੀਆਂ ਹਨ ਜਿਨ੍ਹਾਂ ਦੇ ਵੱਖ-ਵੱਖ ਭਾਸ਼ਾਵਾਂ 'ਚ ਤਰਜ਼ਮੇ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਇਹ ਲਿਖਤਾਂ ਇਸ ਮਾਮਲੇ ਪਿੱਛੇ ਲੁਕੀ ਅਸਲੀਅਤ ਨੂੰ ਉਜਾਗਰ ਕਰਦੀਆਂ ਹਨ।

ਇਸ ਮਾਮਲੇ ਵਿਚ ਮੁੱਖ ਰੂਪ ਵਿਚ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਅਫ਼ਜ਼ਲ ਵਿਰੁੱਧ ਮੁਕੱਦਮੇ ਦਾ ਅਮਲ ਉਚਿਤ ਤਰੀਕੇ ਨਾਲ ਨਹੀਂ ਚਲਾਇਆ ਗਿਆ। ਉਸ ਨੂੰ ਆਪਣੇ ਆਪ ਨੂੰ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਉੱਘੀ ਵਕੀਲ ਨੰਦਿਤਾ ਹਕਸਾਰ ਦਾ ਤਾਂ ਇਹ ਕਹਿਣਾ ਹੈ ਕਿ ਇਹੀ ਤੱਥ ਉਸ ਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰਨ ਲਈ ਕਾਫ਼ੀ ਸੀ। ਅਫ਼ਜ਼ਲ ਵਿਰੁੱਧ ਮੁਕੱਦਮਾ ਚਲਾਉਣ ਵਾਲੀ ਸੈਸ਼ਨ ਅਦਾਲਤ ਦਾ ਰਿਕਾਰਡ ਇਹ ਭਲੀਭਾਂਤ ਤੱਥ ਉਭਾਰਦਾ ਹੈ ਕਿ ਅਫ਼ਜ਼ਲ ਨੂੰ ਉਚਿਤ ਮੁਕੱਦਮੇਬਾਜ਼ੀ ਤੋਂ ਵਾਂਝੇ ਰੱਖਿਆ ਗਿਆ। ਉਸ ਨੂੰ ਕੋਈ ਵਕੀਲ ਨਹੀਂ ਮਿਲਿਆ ਕਿਉਂਕਿ ਉਸ ਕੋਲ ਵਕੀਲ ਦੀ ਫੀਸ ਜੋਗੇ ਪੈਸੇ ਨਹੀਂ ਸਨ। ਮਾਮਲੇ ਦੇ ਹੋਰ ਤੱਥਾਂ ਨੂੰ ਵਿਚਾਰੀਏ ਤਾਂ ਅਫ਼ਜ਼ਲ ਸੰਸਦ ਭਵਨ 'ਤੇ ਹੋਏ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਜਾਂ ਮੁੱਖ ਹਮਲਾਵਰ ਨਹੀਂ ਹੋ ਨਿਬੜਦਾ। ਨਾ ਹੀ ਉਸ ਨੇ ਵਿਅਕਤੀਗਤ ਤੌਰ 'ਤੇ ਕੋਈ ਕਤਲ ਕੀਤਾ ਜਾਂ ਉਸ ਹਮਲੇ ਵਿਚ ਸ਼ਾਮਿਲ ਹੋਇਆ, ਫਿਰ ਵੀ ਉਸ ਨੂੰ ਕਤਲ ਦੀ ਧਾਰਾ, ਦੇਸ਼ ਧਰੋਹ ਦੀ ਧਾਰਾ ਅਤੇ ਅਪਰਾਧਕ ਸਾਜ਼ਿਸ਼ ਰਚਣ ਸਬੰਧੀ ਧਾਰਾ ਤਹਿਤ ਮੌਤ ਦੀ ਸਜ਼ਾ ਸੁਣਾਈ ਗਈ। ।

ਵੇਖਣ ਵਾਲੀਆਂ ਕੁਝ ਹੋਰ ਗੱਲਾਂ ਵੀ ਹਨ ਜਿਵੇਂ ਕਿ ਸਾਰੇ ਮਾਮਲੇ ਦੀ ਜਾਂਚ ਬਹੁਤ ਥੋੜ੍ਹੇ ਜਿਹੇ ਸਮੇਂ ਵਿਚ ਭਾਵ ਸਿਰਫ਼ 17 ਦਿਨਾਂ ਵਿਚ ਮੁਕੰਮਲ ਕਰ ਲਈ ਗਈ ਜੋ ਕਿ ਇਕ ਹੈਰਾਨੀ ਵਾਲੀ ਗੱਲ ਹੈ। ਇਹ ਜਾਂਚ ਦਿੱਲੀ ਪੁਲਿਸ ਦੇ ਅੱਤਵਾਦ ਵਿਰੋਧੀ ਵਿਸ਼ੇਸ਼ ਸੈੱਲ ਦੇ ਸਹਾਇਕ ਕਮਿਸ਼ਨਰ ਰਾਜਬੀਰ ਸਿੰਘ ਨੇ ਕੀਤੀ, ਜਿਸ ਦਾ ਰਿਕਾਰਡ ਬਹੁਤਾ ਚੰਗਾ ਨਹੀਂ ਹੈ। ਰਾਜਬੀਰ ਸਿੰਘ 'ਪੁਲਿਸ ਮੁਕਾਬਲਿਆਂ ਦੇ ਮਾਹਿਰ' ਵਜੋਂ ਮਸ਼ਹੂਰ ਹੈ। ਉਸ ਵਿਰੁੱਧ ਭ੍ਰਿਸ਼ਟਾਚਾਰ ਦੇ ਵੀ ਕਈ ਮਾਮਲੇ ਚਲਦੇ ਰਹੇ ਹਨ। ਇਸ ਜਾਂਚ ਦੇ ਤੱਥਾਂ ਅਤੇ ਮੁਕੱਦਮੇ ਦੀ ਕਾਰਵਾਈ ਨੂੰ ਦੇਖਿਆ ਜਾਵੇ ਤਾਂ ਘਟਨਾਵਾਂ ਦੀ ਲੜੀ ਵਿਚ ਤੇ ਅਨੇਕਾਂ ਥਾਵਾਂ ਵਿਚ ਵੱਡਾ ਪਾੜਾ ਨਜ਼ਰ ਆਉਂਦਾ ਹੈ। ਜਿਵੇਂ ਅਫ਼ਜ਼ਲ ਤੇ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਕਰਾਰ ਦਿੱਤੇ ਗਏ ਜੈਸ਼-ਏ-ਮੁਹੰਮਦ ਦੇ ਮਸੂਦ ਅਜ਼ਹਰ, ਗਾਜ਼ੀ ਬਾਬਾ ਅਤੇ ਤਾਰਿਕ ਅਹਿਮਦ ਵਿਚਕਾਰ ਕੋਈ ਸਿੱਧੇ ਸੰਪਰਕ ਦੀ ਗੱਲ ਸਥਾਪਿਤ ਨਹੀਂ ਕੀਤੀ ਜਾ ਸਕੀ। ਅਪਰਾਧੀਆਂ ਦੀ ਪਛਾਣ ਅਤੇ ਸਾਜ਼ਿਸ਼ ਦੇ ਵੇਰਵਿਆਂ ਵਿਚ ਵੀ ਪੁਲਿਸ ਦੇ ਦਾਅਵੇ ਸ਼ੱਕ ਤੋਂ ਮੁਕਤ ਨਹੀਂ ਹਨ। ਦਿੱਲੀ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਰਿਕਾਰਡ ਵਿਚ ਵੱਖ-ਵੱਖ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਦੇ ਸਮੇਂ ਆਦਿ ਸਬੰਧੀ ਵੇਰਵੇ ਇਕ-ਦੂਜੇ ਨਾਲ ਬਿਲਕੁਲ ਮੇਲ ਨਹੀਂ ਖਾਂਦੇ। ਅਜਿਹੇ ਹੀ ਕਈ ਹੋਰ ਨੁਕਸ ਵੀ ਹਨ। 

ਸੰਸਦ ਭਵਨ 'ਤੇ ਹਮਲੇ ਸਬੰਧੀ ਅਫ਼ਜ਼ਲ ਦੇ 'ਇਕਬਾਲੀਆ ਬਿਆਨ' ਬਾਰੇ ਸੁਪਰੀਮ ਕੋਰਟ ਨੇ ਹੀ ਇਹ ਗੱਲ ਕਹੀ ਸੀ ਕਿ ਇਸ 'ਤੇ ਨਿਰਭਰ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ 'ਚ ਟੈਲੀਫੋਨ ਕਾਲਾਂ ਦੇ ਇਕੱਠੇ ਕੀਤੇ ਗਏ ਰਿਕਾਰਡ 'ਤੇ ਵੀ ਕਈ ਸ਼ੱਕ ਖੜ੍ਹੇ ਹੁੰਦੇ ਹਨ। ਖ਼ੈਰ, ਹੋਰ ਵੀ ਇਸ ਮਾਮਲੇ ਨਾਲ ਜੁੜੀਆਂ ਕਈ ਸ਼ੱਕੀ ਗੱਲਾਂ ਹਨ ਜੋ ਕਾਫੀ ਵਿਸਥਾਰਤ ਹੋਣ ਕਾਰਨ ਉਨ੍ਹਾਂ ਸਾਰੀਆਂ ਦਾ ਇਥੇ ਜ਼ਿਕਰ ਕਰ ਸਕਣਾ ਮੁਸ਼ਕਿਲ ਹੈ। ਇਹ ਸਾਰੀਆਂ ਗੱਲਾਂ ਅਫ਼ਜ਼ਲ ਨੂੰ ਫਾਂਸੀ ਲਾਉਣ ਦੇ ਅਦਾਲਤੀ ਫੈਸਲੇ 'ਤੇ ਸਵਾਲੀਆ ਚਿੰਨ੍ਹ ਲਾਉਂਦੀਂਆਂ ਸਨ। 

ਇਸ ਤਰ੍ਹਾਂ ਅਫ਼ਜ਼ਲ ਦੀ ਫਾਂਸੀ ਕਾਰਨ ਦੇਸ਼ 'ਚ ਬਣੇ ਦਹਿਸ਼ਤੀ ਮਾਹੌਲ ਲਈ ਕੁੱਲ ਮਿਲਾ ਕੇ ਭਾਰਤੀ ਸੁਰੱਖਿਆ ਏਜੰਸੀਆਂ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਇਹ ਮਾਮਲਾ ਸੁਲਝਾਉਣ ਦੇ ਨਾਂਅ ਹੇਠ ਇਸ ਸਾਰੇ ਮਾਮਲੇ ਨੂੰ ਅਣਉਚਿਤ ਢੰਗ ਨਾਲ ਲਿਆ ਤੇ ਅਦਾਲਤੀ ਫੈਸਲਾ ਵੀ ਏਨਾ ਸੰਤੁਲਤ ਤੇ ਦਰੁਸਤ ਨਹੀਂ ਸੀ।

ਇਸ ਸਬੰਧ 'ਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ 'ਇਸ ਘਟਨਾ ਜਿਸ ਨੇ ਡੂੰਘੇ ਜ਼ਖ਼ਮ ਦਿੱਤੇ, ਨੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਸਮਾਜ ਦੀ ਸਮੂਹਿਕ ਭਾਵਨਾ ਤਾਂ ਹੀ ਸ਼ਾਂਤ ਹੋਵੇਗੀ ਜੇ ਅਪਰਾਧੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।' ਸੁਪਰੀਮ ਕੋਰਟ ਦੇ ਅਜਿਹੇ ਵਿਚਾਰ ਦੀ ਤਰਜ਼ਮਾਨੀ ਕਰਦਾ ਹਫ਼ਤਾਵਰੀ ਮੈਗਜ਼ੀਨ 'ਇੰਡੀਆ ਟੂਡੇ' ਵੱਲੋਂ ਇਸ ਸਬੰਧੀ ਕਰਾਇਆ ਇਕ ਸਰਵੇਖਣ ਛਾਪਿਆ ਗਿਆ ਸੀ ਜਿਸ ਵਿਚ ਇਹ ਦਰਸਾਇਆ ਗਿਆ ਕਿ 78 ਫੀਸਦੀ ਭਾਰਤੀ ਅਫ਼ਜ਼ਲ ਦੀ ਫਾਂਸੀ ਦੇ ਹੱਕ 'ਚ ਹਨ। 

ਹੁਣ ਕੀ ਅਫ਼ਜ਼ਲ ਦੀ ਫਾਂਸੀ ਨੂੰ ਇਸ ਅਧਾਰ 'ਤੇ ਨਿਆਂਸੰਗਤ ਠਹਿਰਾਉਣਾ ਚਾਹੀਦਾ ਸੀ ਕਿ ਦੇਸ਼ ਦੇ ਬਹੁ-ਗਿਣਤੀ ਲੋਕ ਜਾਂ ਲੋਕਾਂ ਦੀ 'ਸਮੂਹਿਕ ਭਾਵਨਾ' ਇਸ ਫੈਸਲੇ ਦੇ ਹੱਕ ਵਿਚ ਸੀ? ਅਸਲ ਵਿਚ ਸੁਪਰੀਮ ਕੋਰਟ ਦਾ ਉਪਰੋਕਤ ਵਿਚਾਰ ਹੀ ਨਿਆਂਸੰਗਤ ਨਹੀਂ ਹੈ ਤੇ ਦੇਸ਼ ਦੇ ਬਹੁ-ਕੌਮੀ ਸਰੂਪ ਨੂੰ ਸੱਟ ਮਾਰਦਾ ਹੈ। ਦੇਸ਼ ਦੀ ਹਰੇਕ ਕੌਮੀਅਤ ਦੀ ਆਪਣੀ-ਆਪਣੀ ਸਮੂਹਿਕ ਭਾਵਨਾ ਹੈ ਤੇ 'ਬਹੁ-ਗਿਣਤੀ' ਵਾਲਾ ਮਾਪਦੰਡ ਵੀ ਕਿਸੇ ਕੌਮੀਅਤ 'ਤੇ ਵਿਅਕਤੀਗਤ ਰੂਪ 'ਚ ਲਾਗੂ ਹੁੰਦਾ ਹੈ। ਕਸ਼ਮੀਰੀ ਕੌਮ ਦੀ ਆਪਣੀ ਸਮੂਹਿਕ ਭਾਵਨਾ ਹੈ, ਜਿਸ 'ਤੇ ਭਾਰਤ ਦੇ ਬਾਕੀ ਲੋਕਾਂ (ਜਿਨ੍ਹਾਂ ਵਿਚ ਬਹੁ-ਗਿਣਤੀ ਹਿੰਦੂਆਂ ਦੀ ਹੈ) ਦੀ 'ਸਮੂਹਿਕ ਭਾਵਨਾ' ਨੂੰ ਬਿਲਕੁਲ ਵੀ ਠੋਸਿਆ ਨਹੀਂ ਜਾ ਸਕਦਾ। ਇਸੇ ਸੰਦਰਭ ਵਿਚ ਫਾਂਸੀ ਦੀ ਸਜ਼ਾਯਾਫ਼ਤਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਸਿੱਖ ਕੌਮ ਦੀ ਭਾਵਨਾ ਦੀ ਮਿਸਾਲ ਵੀ ਦਿੱਤੀ ਜਾ ਸਕਦੀ ਹੈ। 

ਇਹ ਆਖ ਕੇ ਕਿਸੇ ਦੀ ਰਹਿਮ ਦੀ ਅਪੀਲ ਨੂੰ ਰੱਦ ਕਰਨਾ ਜ਼ਾਲਮਾਨਾ ਸੋਚ ਦਾ ਸਿਰਾ ਹੈ ਕਿ ਅੱਤਵਾਦ ਨਾਲ ਜੁੜੇ ਮਾਮਲੇ ਹਮਦਰਦੀ ਦੇ ਕਾਬਲ ਨਹੀਂ ਹਨ। ਸੁਰੱਖਿਆ ਏਜੰਸੀਆਂ ਤਾਂ ਕਿਸੇ ਨੂੰ ਵੀ ਇਸ ਤਰ੍ਹਾਂ ਚੱਕ ਕੇ ਅੱਤਵਾਦੀ ਬਣਾ ਸਕਦੀਆਂ ਹਨ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ 'ਚ ਵੀ ਗ੍ਰਹਿ ਮੰਤਰੀ ਦਾ ਇਹੀ ਕਹਿਣਾ ਸੀ, 'ਕਿਉਂਕਿ ਭੁੱਲਰ ਅੱਤਵਾਦੀ ਕਾਰਵਾਈ 'ਚ ਸ਼ਾਮਿਲ ਸੀ, ਇਸ ਲਈ ਉਸ ਦਾ ਮਾਮਲਾ ਬਾਕੀ ਮਾਮਲਿਆਂ ਨਾਲੋਂ ਵੱਖਰਾ ਹੈ। ਇਸ ਲਈ ਉਹ ਰਹਿਮ ਦੇ ਕਾਬਲ ਨਹੀਂ ਹੈ। ਚਾਹੇ ਉਸ ਵਿਰੁੱਧ ਚੱਲੇ ਮੁਕੱਦਮੇ ਦੇ ਅਮਲ 'ਚ ਜੋ ਮਰਜ਼ੀ ਨੁਕਸ ਹੋਣ।' ਅਜਿਹੀ ਸੋਚ ਵਾਲੇ ਹਾਕਮਾਂ ਤੋਂ ਇੰਨਸਾਫ਼ ਦੀ ਆਸ ਕਿੱਥੋਂ ਰੱਖੀ ਜਾ ਸਕਦੀ ਹੈ? 

ਭਾਰਤੀ ਹਾਕਮਾਂ ਦੀ ਅਜਿਹੀ ਅਨਿਆਂਪੂਰਨ ਜ਼ਹਿਨੀਅਤ ਹੀ ਭਾਰਤ ਦਾ ਸਭ ਤੋਂ ਵੱਡਾ ਸੁਰੱਖਿਆ ਸਰੋਕਾਰ ਹੈ। ਗੱਲ ਮਨੁੱਖੀ ਹੱਕਾਂ ਦੀ ਹੈ, ਜੋ ਮੁਢਲੇ ਤੌਰ 'ਤੇ ਇਸ ਗੱਲ ਉਪਰ ਜ਼ੋਰ ਦਿੰਦੀ ਹੈ ਕਿ ਹਰੇਕ ਨਾਲ ਉਚਿਤ ਕਾਨੂੰਨਾਂ ਤਹਿਤ ਇਮਾਨਦਾਰਾਨਾ ਵਿਵਹਾਰ ਕੀਤਾ ਜਾਵੇ ਜਾਂ ਮੁਕੱਦਮਾ ਚਲਾਇਆ ਜਾਵੇ, ਚਾਹੇ ਉਹ ਕਥਿਤ ਅੱਤਵਾਦੀ ਹੋਵੇ ਜਾਂ ਹੋਰ ਕੋਈ। ਜੇਕਰ ਕਥਿਤ ਅੱਤਵਾਦ ਨਾਲ ਸਿੱਜਣ ਲਈ ਅਜਿਹਾ ਵਤੀਰਾ ਧਾਰਨ ਕੀਤਾ ਜਾਂਦਾ ਹੈ ਤਾਂ ਇਹ ਘਟਣ ਦੀ ਬਜਾਏ ਸਗੋਂ ਵਧੇਗਾ ਹੀ। ਜਦੋਂ ਕਿਸੇ ਮੁਜ਼ਰਮ ਵਿਰੁੱਧ ਹੋਈ ਕਾਨੂੰਨੀ ਕਾਰਵਾਈ 'ਤੇ ਸਵਾਲ ਉੱਠਦੇ ਹੋਣ ਤਾਂ ਉਸ ਨੂੰ ਘੱਟੋ-ਘੱਟ ਫਾਂਸੀ ਨਹੀਂ ਲਾਈ ਜਾ ਸਕਦੀ। 

ਸੁਰਜੀਤ ਸਿੰਘ ਗੋਪੀਪੁਰ 
ਲੇਖਕ 'ਅਜੀਤ' ਅਖ਼ਬਾਰ 'ਚ ਸਬ ਐਡੀਟਰ ਹਨ। ਮਨੁੱਖੀ ਹੱਕਾਂ ਤੇ ਘੱਟਗਿਣਤੀਆਂ-ਕੌਮੀਅਤਾਂ ਦੇ  ਮਸਲਿਆਂ  'ਤੇ ਲਗਾਤਾਰ ਲਿਖਦੇ ਰਹਿੰਦੇ ਹਨ। 
ਈਮੇਲ-ssgopipur@gmail.com

Sunday, February 10, 2013

ਅਫ਼ਜ਼ਲ ਨੂੰ ਫਾਂਸੀ: ਸਮੂਹਿਕ ਚੇਤਨਾ(ਬਹੁਗਿਣਤੀ ਭਾਵਨਾ) ਵਾਲਾ ਅਸੰਤੁਸ਼ਟ 'ਖੂਨੀ ਰਾਸ਼ਟਰ'--ਅਰੁੰਧਤੀ ਰਾਏ

ਲੋਕਤੰਤਰ ਲਈ ਮੁਕੰਮਲ ਦਿਨ-ਅਰੁੰਧਤੀ ਰਾਏ

ਅਰੁੰਧਤੀ ਰਾਏ ਨੇ ਇਹ ਲੇਖ਼ ਅੰਗਰੇਜ਼ੀ ਦੇ ਪ੍ਰਮੁੱਖ ਅਖ਼ਬਾਰ 'ਦ ਹਿੰਦੂ' 'ਚ  ਲਿਖਿਆ ਹੈ,ਜਿਸ ਦਾ ਪੰਜਾਬੀ ਤਰਜ਼ਮਾ ਸਾਡੇ ਘਰੇਲੂ ਕਮਿਊਨ ਦੀ ਦੋਸਤ ਵੀਰਪਾਲ ਕੌਰ ਨੇ ਕੀਤਾ ਹੈ।'ਲਾਂਸਰ' ਗੀਤ ਦੀ ਚਰਚਾ ਬਾਰੇ ਪਰਮਜੀਤ ਕੱਟੂ ਦਾ ਲੇਖ ਵੀ ਆਇਆ ਹੋਇਆ ਹੈ।ਅਫ਼ਜ਼ਲ ਦੀ ਫਾਂਸੀ ਦੇ ਕਾਰਨ ਉਸ ਨੂੰ ਅਗਲੇ ਦਿਨਾਂ 'ਚ ਛਾਪਾਂਗੇ।ਦੋਸਤਾਂ ਨੂੰ ਅਪੀਲ ਹੈ ਕਿ ਉਹ ਅਫ਼ਜ਼ਲ ਦੀ ਫਾਂਸੀ ਦੇ ਵੱਖ ਵੱਖ ਪਹਿਲੂਆਂ ਨੂੰ ਸਮਝਣ ਤੇ ਸਮਾਜ 'ਚ ਵੱਖ ਵੱਖ ਮਾਧਿਅਮਾਂ ਜ਼ਰੀਏ ਲੈ ਕੇ ਜਾਣ,ਇਹੀ ਅਫ਼ਜ਼ਲ ਨੂੰ ਸੱਚੀ ਸਰਧਾਂਜ਼ਲੀ ਹੋਵੇਗੀ।ਗੁਲਾਮ ਕਲਮ ਵਲੋਂ ਹਰ ਰਚਨਾ ਦਾ ਸਵਾਗਤ ਹੈ।-ਯਾਦਵਿੰਦਰ ਕਰਫਿਊ 

ਹੀਂ ਸੀ ਕੀ?ਕੱਲ੍ਹ ਦਾ ਦਿਨ।ਦਿੱਲੀ 'ਚ ਬਸੰਤ ਨੇ ਦਸਤਕ ਦਿੱਤੀ ਦਿੱਤੀ।ਸੂਰਜ ਨਿਕਲਿਆ ਸੀ ਤੇ ਕਨੂੰਨ ਨੇ ਆਪਣਾ ਕੰਮ ਕੀਤਾ। ਨਾਸ਼ਤੇ ਤੋਂ ਠੀਕ ਪਹਿਲਾਂ,2001 ਦੇ ਸੰਸਦ ਹਮਲੇ ਦੇ ਮੁੱਖ ਮੁਲਜ਼ਮ ਅਫਜ਼ਲ ਗੁਰੂ ਨੂੰ ਖੁਫੀਆ ਤਰੀਕੇ ਨਾਲ ਫਾਂਸ਼ੀ ਦੇ ਦਿੱਤੀ ਗਈ ਤੇ ਉਨ੍ਹਾਂ ਦੀ ਲਾਸ਼ ਨੂੰ ਤਿਹਾੜ ਜੇਲ੍ਹ ਦੀ ਮਿੱਟੀ 'ਚ ਦਬਾ ਦਿੱਤਾ ਗਿਆ।ਕੀ ਉਨ੍ਹਾਂ ਨੂੰ ਮਕਬੂਲ ਭੱਟ ਦੀ ਕਬਰ ਦੇ ਨਾਲ ਹੀ ਦਬਾਇਆ ਗਿਆ ਹੈ ?(ਇਕ ਕਸ਼ਮੀਰੀ ਜਿਸਨੂੰ 1984 'ਚ ਤਿਹਾੜ 'ਚ ਫਾਂਸੀ ਦਿੱਤੀ ਗਈ ਸੀ।ਕੱਲ੍ਹ ਕਸ਼ਮੀਰ ਉਨ੍ਹਾਂ ਦੀ ਸ਼ਹਾਦਕ ਦੀ ਬਰਸੀ ਮਨਾਵੇਗਾ) ਅਫਜ਼ਲ ਦੀ ਪਤਨੀ ਤੇ ਬੇਟੇ ਨੂੰ ਕੋਈ ਇਤਲਾਹ ਨਹੀਂ ਦਿੱਤੀ ਗਈ।ਅਧਿਕਾਰੀਆਂ ਨੇ ਸਪੀਡ ਪੋਸਟ ਤੇ ਰਜਿਸਟਰਡ ਪੋਸਟ ਜ਼ਰੀਏ ਪਰਿਵਾਰ ਵਾਲਿਆਂ ਨੂੰ ਸੂਚਨਾ ਭੇਜ ਦਿੱਤੀ ਹੈ।ਗ੍ਰਹਿ ਸਕੱਤਰ ਨੇ ਪ੍ਰੈਸ ਨੂੰ ਦੱਸਿਆ ਕਿ 'ਜੰਮੂ ਕਸ਼ਮੀਰ ਪੁਲੀਸ ਦੇ ਮਹਾਂ ਨਿਰਦੇਸ਼ਕ(ਡੀ ਜੀ ਪੀ) ਨੂੰ ਕਿਹਾ ਗਿਆ ਹੈ ਕਿ ਉਹ ਪਤਾ ਕਰੇ ਕਿ ਉਨ੍ਹਾਂ ਨੂੰ ਸੂਚਨਾ ਮਿਲ ਗਈ ਹੈ ਕਿ ਨਹੀਂ ਉਹ ਤਾਂ ਬੱਸ ਇਕ ਕਸ਼ਮੀਰੀ ਦਹਿਸ਼ਤਗਰਦ ਦੇ ਪਰਿਵਾਰ ਵਾਲੇ ਹਨ'।

ਏਕਤਾ ਦੇ ਦੁਰਲੱਭ ਪਲ 'ਚ ਰਾਸ਼ਟਰ ਜਾਂ ਘੱਟ ਤੋਂ ਘੱਟ ਇਸਦੇ ਮੁੱਖ ਸਿਆਸੀ ਦਲ ਕਾਂਗਰਸ,ਭਾਜਪਾ ਤੇ ਸੀ ਪੀ ਐਮ(ਸੰਸਦੀ ਕਮਿਊਨਿਸਟ) ਕਨੂੰਨ ਦੀ ਰਾਇ ਦੀ ਜਿੱਤ ਦੇ ਜਸ਼ਨ ਮਨਾਉਣ ਦੇ ਲਈ ਇਕਜੁੱਟ ਹਨ।ਰਾਸ਼ਟਰ ਦੀ ਚੇਤਨਾ ਨੇ,ਜਿਸਨੂੰ ਇਨ੍ਹੀਂ ਦਿਨੀਂ ਟੈਲੀਵਿਜ਼ਨ ਸਟੂਡਿਓ ਦੇ ਜ਼ਰੀਏ ਸਿੱਧਾ ਪ੍ਰਸਾਰਤ ਕੀਤਾ ਜਾਂਦਾ ਹੈ,ਅਪਣੀ ਸਮੂਹਿਕ ਸਮਝ ਸਾਡੇ 'ਤੇ ਲੱਦ ਤੀ।ਧਰਮਾਤਮਾਵਾਂ ਜਿਹੇ ਸਿਖਰ ਤੇ ਤੱਥਾਂ ਦੀ ਨਜ਼ੁਕਤਾ ਦੀ ਹਮੇਸ਼ਾਂ ਦੀ ਤਰ੍ਹਾਂ ਖਿਚੜੀ। ਇੱਥੋਂ ਤੱਕ ਕਿ ਉਹ ਇਨਸਾਨ ਮਰ ਚੁੱਕਿਆ ਸੀ ਤੇ ਚਲਾ ਗਿਆ ਸੀ।ਪਰ ਝੁੰਡ 'ਚ ਸ਼ਿਕਾਰ ਖੇਡਣ ਵਾਲੇ ਬੁਜ਼ਦਿਲਾਂ ਦੀ ਤਰ੍ਹਾਂ ਉਨ੍ਹਾਂ ਨੂੰ ਇਕ ਦੂਜੇ ਦਾ ਹੌਂਸਲਾ ਵਧਾਉਣ ਦੀ ਲੋੜ ਪੈ ਰਹੀ ਹੈ।ਸ਼ਾਇਦ ਆਪਣੇ ਮਨ ਦੀ ਡੂੰਘਾਈ ਤੋਂ ਉਹ ਜਾਣਦੇ ਹਨ ਕਿ ਉਹ ਸਭ ਇਕ ਭਿਆਨਕ ਰੂਪ 'ਚ ਗਲਤ ਕੰਮ ਲਈ ਜੁਟੇ ਹੋਏ ਹਨ।

ਤੱਥ ਕੀ ਹਨ? 

13 ਦਸੰਬਰ 2001 ਨੂੰ ਪੰਜ ਹਥਿਆਰਬੰਦ ਲੋਕ ਇਮਪਰੋਵਾਈਜ਼ਡ ਐਕਸਪਲੋਸਿਵ ਡਿਵਾਇਸ ਦੇ ਨਾਲ ਇਕ ਚਿੱਟੀ ਐਮਬੈਸਡਰ ਕਾਰ ਨਾਲ ਸੰਸਦ ਭਵਨ ਦੇ ਦਰਵਾਜ਼ੇ ਤੋਂ ਦਾਖਲ ਹੋਏ।ਜਦੋਂ ਉਨ੍ਹਾਂ ਨੂੰ ਲਲਕਾਰਿਆ ਗਿਆ ਤਾਂ ਉਹ ਕਾਰ ਤੋਂ ਬਾਹਰ ਨਿਕਲ ਆਏ ਤੇ ਗੋਲੀਆਂ ਚਲਾਉਣ ਲੱਗੇ।ਉਨ੍ਹਾਂ ਨੇ ਅੱਟ ਸੁਰੱਖਿਆ ਕਰਮੀਆਂ ਤੇ ਮਾਲੀ ਨੂੰ ਮਾਰ ਦਿੱਤਾ।ਇਸ ਤੋਂ ਬਾਅਦ ਹੋਈ ਗੋਲੀਬਾਰੀ 'ਚ ਪੰਜੇ ਹਮਲਾ ਵਰ ਮਾਰੇ ਗਏ। ਪੁਲੀਸ ਹਿਰਾਸਤ 'ਚ ਦਿੱਤੇ ਕਈ ਕਈ ਇਕਾਬਲੀਆ ਬਿਆਨਾਂ 'ਚੋਂ ਅਫਜ਼ਲ ਗੁਰੁ ਨੇ ਉਨ੍ਹਾਂ ਲੋਕਾਂ ਨੂੰ ਪਛਾਣ ਮੁਹੰਮਦ,ਰਾਣਾ,ਰਾਜਾ,ਹਮਜ਼ਾ ਤੇ ਹੈਦਰ ਦੇ ਰੂਪ 'ਚ ਕੀਤੀ।ਅੱਜ ਤੱਕ ਵੀ ਅਸੀਂ ਉਨ੍ਹਾਂ ਲੋਕਾਂ ਬਾਰੇ ਕੁੱਲ ਮਿਲਾ ਕੇ ਐਨਾ ਹੀ ਜਾਣਦੇ ਹਾਂ।ਉਦੋ ਦੇ ਗ੍ਰਹਿ ਮੰਤਰੀ ਐਲ ਕੇ ਅਡਵਾਨੀ ਨੇ ਕਿਹਾ ਸੀ ਕਿ 'ਉਹ ਪਾਕਿਸਤਾਨੀਆਂ ਵਾਂਗ ਦਿਖਦੇ ਹਨ'।(ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਠੀਕ ਠਾਕ ਪਾਕਿਸਤਾਨੀ ਦੀ ਤਰ੍ਹਾਂ ਦਿਖਣਾ ਕੀ ਹੁੰਦਾ ਹੈ,ਕਿਉਂਕਿ ਉਹ ਖੁਦ ਇਕ ਸਿੰਧੀ ਹਨ)।ਸਿਰਫ ਅਫਜ਼ਲ ਦੇ ਕਬੂਲਨਾਮੇ ਦੇ ਅਧਾਰ 'ਤੇ (ਜਿਸਨੂੰ ਸੁਪਰੀਮ ਕੋਰਟ ਨੇ ਬਾਅਦ 'ਚ ਕਈ ਖਾਮੀਆਂ ਤੇ ਕਾਰਵਾਈ ਸਬੰਧੀ ਕਨੂੰਨੀ ਸੁਰੱਖਿਆ ਮਤਿਆਂ ਦੀ ਉਲੰਘਣਾ ਦੇ ਅਧਾਰ 'ਤੇ ਖਾਰਜ਼ ਕਰ ਦਿੱਤਾ ਸੀ'।ਸਰਕਾਰ ਨੇ ਪਾਕਿਸਤਾਨ ਤੋਂ ਆਪਣਾ ਰਾਜਦੂਤ ਵਾਪਸ ਬੁਲਾ ਲਿਆ ਸੀ ਤੇ ਪੰਜ ਲੱਖ ਫੌਜੀਆਂ ਨੂੰ ਪਾਕਿਸਤਾਨ ਦੀ ਸਰਹੱਦ 'ਤੇ ਤੈਨਾਤ ਕਰ ਦਿੱਤਾ ਸੀ।ਪ੍ਰਮਾਣੂ ਯੁੱਧ ਦੀਆਂ ਗੱਲਾਂ ਹੋਣ ਲੱਗੀਆਂ ਸਨ।ਵਿਦੇਸ਼ੀ ਦੂਤਵਾਸ ਨੇ ਯਾਤਰਾ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ ਤੇ ਦਿੱਲੀ ਤੋਂ ਆਪਣੇ ਕਰਮਚਾਰੀਆਂ ਨੂੰ ਬੁਲਾ ਲਿਆ ਸੀ। ਅਸਮੰਜਸ ਦੀ ਇਹ ਹਾਲਤ ਕਈ ਮਹੀਨਿਆਂ ਤੱਕ ਚੱਲੀ ਤੇ ਭਾਰਤ ਦੇ ਹਜ਼ਾਰਾਂ ਕਰੋੜਾਂ ਰੁਪਏ ਖ਼ਰਚ ਹੋਏ।
ਸਮਾਜਿਕ ਸਿਆਸੀ ਕਾਰਕੁੰਨ  ਗੌਤਮ ਨਵਲਖਾ 'ਤੇ ਸੰਘੀਆਂ ਦੀ ਬੇਹੁਦਾ ਕਾਰਵਾਈ

14 ਦਸੰਬਰ 2001 ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈਲ ਨੇ ਦਾਅਵਾ ਕੀਤਾ ਕਿ ਉਸ ਨੇ ਮਾਮਲੇ ਨੂੰ ਸੁਲਝਾ ਲਿਆ ਹੈ।੧੫ ਦਸੰਬਰ ਨੂੰ ਉਸਨੇ ਦਿੱਲੀ ਦੇ ਮਾਸਟਰਮਾਈਡ ਪ੍ਰੋਫੈਸਰ ਐਸ ਏ ਆਰ ਗਿਲਾਨੀ ਤੇ ਸ਼੍ਰੀ ਨਗਰ 'ਚ ਫਲ ਬਜ਼ਾਰ 'ਚੋਂ ਸ਼ੌਕਤ ਗੁਰੁ ਤੇ ਅਫਜ਼ਲ ਗੁਰੁ ਨੂੰ ਗ੍ਰਿਫਤਾਰ ਕਰ ਲਿਆ।ਬਾਅਦ 'ਚ ਉਨ੍ਹਾਂ ਸ਼ੌਕਤ ਗੁਰੁ ਦੀ ਪਤਨੀ ਅਫਸ਼ਾਂ ਗੁਰੂ ਗ੍ਰਿਫਤਾਰ ਕੀਤਾ। ਮੀਡੀਆਂ ਨੇ ਪੂਰੇ ਜੋਸ਼ ਨਾਲ ਸਪੈਸ਼ਲ ਸੈਲ ਦੀ ਕਹਾਣੀ ਦਾ ਪ੍ਰਚਾਰ ਕੀਤੀ।ਕੁਝ ਸੁਰਖੀਆਂ ਅਜਿਹੀਆਂ ਸਨ: 'ਡੀ ਯੂ ਲੈਕਚਰਰ ਵਾਜ਼ ਟੈਰਰ ਪਲਾਨ ਹੱਬ' 'ਵਰਸਿਟੀ ਡਾਨ ਗਾਇਡਡ ਫਿਦਾਇਨ' 'ਡਾਨ ਲੈਕਚਰਰ ਆਨ ਟੈਰਰ ਇਨ ਫਰੀ ਟਾਈਮ.'।ਜ਼ੀ ਟੀ ਵੀ ਨੇ ਦਿਸੰਬਰ 13 ਨਾਂਅ ਤੋਂ ਇਕ ਡਾਕੂਡਰਾਮਾ ਪ੍ਰਸਾਰਤ ਕੀਤਾ,ਜੋ ਕਿ ਪੁਲੀਸ ਦੇ ਇਲਜ਼ਾਮ ਪੱਤਰ 'ਤੇ ਅਧਾਰਤ ਸੱਚਾਈ ਹੋਣ ਦਾ ਦਾਅਵਾ ਕਰਦੇ ਹੋਏ ਉਸਨੂੰ ਪ੍ਰਸਤੁਤ ਕਰਦਾ ਸੀ।(ਜੇ ਪੁਲੀਸ ਦੀ ਕਹਾਣੀ ਸਹੀ ਹੈ ਤਾਂ ਅਦਾਲਤਾਂ ਕਿਸ ਲਈ ਹਨ) ਉਦੋਂ ਪ੍ਰਧਾਨ ਮੰਤਰੀ ਵਾਜਪਾਈ ਤੇ ਅਡਵਾਨੀ ਨੇ ਫਿਲਮ ਦੀ ਭਰਪੂਰ ਪ੍ਰਸ਼ੰਸਾ ਕੀਤੀ।ਸਰਬ ਉੱਚ ਅਦਾਲਤ ਨੇ ਇਸ ਫਿਲਮ ਨੂੰ ਪ੍ਰਦਰਸ਼ਿਤ ਕਰਨ 'ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਮੀਡੀਆ ਜੱਜਾਂ ਨੂੰ ਪ੍ਰਭਾਵਤ ਨਹੀਂ ਕਰੇਗਾ'।ਫਿਲਮ ਫਾਸਟ ਟਰੈਕ ਕੋਰਟ ਵਲੋਂ ਅਫਜ਼ਲ,ਸ਼ੌਕਤ ਤੇ ਗਿਲਾਨੀ ਨੂੰ ਸਜ਼ਾ ਸੁਣਾਏ ਜਾਣ ਤੋਂ ਕੁਝ ਦਿਨ ਪਹਿਲਾਂ ਦਿਖਾਈ ਗਈ ਸੀ।ਦਿੱਲੀ ਹਾਈ ਕੋਰਟ ਨੇ 'ਮਾਸਟਰਮਾਈਂਡ' ਪ੍ਰੋਫੈਸਰ ਐਸ ਏ ਆਰ ਗਿਲਾਨੀ ਤੇ ਅਫਸ਼ਾਂ ਗੁਰੁ ਨੂੰ ਬਰੀ ਕਰ ਦਿੱਤਾ।ਸਰਬ ਉੱਚ ਅਦਾਲਤ ਨੇ ਉਨ੍ਹਾਂ ਦੀ ਰਿਹਾਈ ਨੂੰ ਬਰਕਰਾਰ ਰੱਖਿਆ,ਪਰ ੫ ਅਗਸਤ 2005 ਨੂੰ ਆਪਣੇ ਫੈਸਲੇ 'ਚ ਅਦਾਲਤ ਨੇ ਮੁਹੰਮਦ ਅਫਜ਼ਲ ਗੁਰੁ ਨੂੰ ਤੀਹਰੀ ਉਮਰ ਕੈਦ ਤੇ ਦੂਹਰੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ।

ਕੁਝ ਸੀਨੀਅਰ ਪੱਤਰਕਾਰਾਂ ਦੁਆਰਾ,ਜਿਨ੍ਹਾਂ ਨੂੰ ਬੇਹਤਰ ਪਤਾ ਹੋਵੇਗਾ,ਫੈਲਾਏ ਜਾਣ ਵਾਲੇ ਝੂਠਾਂ ਦੇ ਉਲਟ, ਅਫਜ਼ਲ ਗੁਰੁ '13 ਦਸੰਬਰ,2001 ਨੂੰ ਸੰਸਦ ਭਵਨ 'ਤੇ ਹਮਲਾ ਕਰਨ ਵਾਲਿਆਂ ਅੱਤਵਾਦੀਆਂ 'ਚੋਂ ਨਹੀਂ ਸਨ ਨਾ ਹੀ ਉਹ ਉਨ੍ਹਾਂ ਲੋਕਾਂ 'ਚੋਂ ਸੀ ਜਿਨ੍ਹਾਂ ਨੇ ਸੁਰੱਖਿਆ ਕਰਮੀਆਂ 'ਤੇ ਗੋਲੀ ਚਲਾਈ'।(ਇਹ ਗੱਲ ਭਾਜਪਾ ਦੇ ਰਾਜ ਸਭਾ ਮੈਂਬਰ ਚੰਦਨ ਮਿੱਤਰਾ ਨੇ 7 ਅਕਤੂਬਰ 2006 ਦੇ 'ਦ ਪਾਇਨੀਅਰ' ਅਖ਼ਬਾਰ 'ਚ ਲਿਖੀ ਸੀ।) ਇੱਥੋਂ ਤੱਕ ਕਿ ਪੁਲੀਸ ਦਾ ਇਲਜ਼ਾਮ ਪੱਤਰ ਵੀ ਉਨ੍ਹਾਂ ਨੂੰ ਦੋਸ਼ੀ ਨਹੀਂ ਸਾਬਤ ਕਰਦਾ ਸੀ।

ਸਰਬ ਉੱਚ ਅਦਾਲਤ ਦਾ ਫੈਸਲਾ ਕਹਿੰਦਾ ਹੈ ਕਿ 'ਸਬੂਤ ਸੰਯੋਗਵੱਸ ਹੈ'।ਜ਼ਿਆਦਾਤਰ ਸਾਜਿਸ਼ਾਂ ਦੀ ਤਰ੍ਹਾਂ,ਅਪਰਾਧਿਕ ਸਾਜਿਸ਼ ਦੇ ਮੁਕੰਮਲ ਸਬੂਤ ਨਹੀਂ ਹਨ ਤੇ ਨਾ ਹੋ ਸਕਦਾ ਹੈ'।ਪਰ ਉਸਨੇ ਅੱਗੇ ਕਿਹਾ 'ਹਮਲਾ,ਜਿਸਦਾ ਨਤੀਜਾ ਭਾਰੀ ਨੁਕਸਾਨ ਰਿਹਾ ਹੈ ਤੇ ਜਿਸਨੇ ਸੰਪੂਰਨ ਰਾਸ਼ਟਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਸਮਾਜ ਦੀ ਸਮੂਹਿਕ ਚੇਤਨਾ(ਬਹੁਗਿਣਤੀ ਭਾਵਨਾਵਾਂ-ਗੁਲਾਮ ਕਲਮ) ਤਾਂ ਹੀ ਸੰਤੁਸ਼ਟ ਹੋ ਸਕਦੀਆਂ ਹਨ ,ਜੇ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ'। 

ਸੰਸਦ ਹਮਲੇ 'ਚ ਸਾਡੀ ਸਮੂਹਿਕ ਚੇਤਨਾ ਦਾ ਨਿਰਮਾਣ ਕਿਸਨੇ ਕੀਤਾ'।ਕੀ ਇਹ ਉਹ ਤੱਥ ਹੰਦੇ ਹਨ,ਜਿਨ੍ਹਾਂ ਨੂੰ ਅਸੀਂ ਅਖ਼ਬਾਰਾਂ/ਮੀਡੀਆ ਰਾਹੀਂ ਹਾਸਲ ਕਰਦੇ ਹਾਂ'।ਫਿਲਮਾਂ,ਜਿਨ੍ਹਾਂ ਨੂੰ ਟੀ ਵੀ 'ਤੇ ਦੇਖਦੇ ਹਾਂ? ਕੁਝ ਲੋਕ ਇਹ ਦਲੀਲ ਦੇਣਗੇ ਕਿ ਕਿ ਠੀਕ ਇਹੀ ਤੱਥ ,ਕਿ ਅਦਾਲਤ ਨੇ ਐਸ ਏ ਆਰ ਗਿਲਾਨੀ ਨੂੰ ਛੱਡ ਦਿੱਤਾ ਤੇ ਅਫਜ਼ਲ ਨੂੰ ਦੋਸ਼ੀ ਠਹਿਰਾਇਆ,ਇਹ ਸਾਬਤ ਕਰਦਾ ਹੈ ਕਿ ਸੁਣਵਾਈ ਨਿਰਪੱਖ ਸੀ। ਕੀ ਸੱਚੀਂ ਸੀ?

ਫਾਸਟ ਟਰੈਕ ਕੋਰਟ 'ਚ ਮਈ 2002 'ਚ ਸੁਣਵਾਈ ਸ਼ੁਰੂ ਹੋਈ ਸੀ।ਦੁਨੀਆਂ 9-11 ਤੋਂ ਬਾਅਦ ਸਿਖ਼ਰ 'ਤੇ ਸੀ।ਅਮਰੀਕੀ ਸਰਕਾਰ ਅਫਗਾਨਿਸਤਾਨ 'ਚ ਅਪਣੀ 'ਜਿੱਤ' 'ਤੇ ਤਰਲੋਮੱਛੀ ਹੋਈ ਪਈ ਸੀ।ਗੁਜਰਾਤ ਦੀ 'ਸਮੂਹਿਕ ਕਤਲੋਗਾਰਦ ਜਾਰੀ ਸੀ।ਤੇ ਸੰਸਦ 'ਤੇ ਹੋਏ ਹਮਲੇ ਦੇ ਮਾਮਲੇ 'ਚ ਕਨੂੰਨ ਆਪਣੀ ਰਾਹ ਚੱਲ ਰਿਹਾ ਸੀ।ਇਕ ਅਪਰਾਧਕ ਮਾਮਲੇ ਦੇ ਸਭ ਤੋਂ ਅਹਿਮ ਹਿੱਸੇ 'ਚ ਜਦੋਂ ਸਬੂਤ ਪੇਸ਼ ਕੀਤੇ ਜਾਂਦੇ ਹਨ।ਜਦੋਂ ਗਵਾਹਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਹਨ।ਜਦ ਦਲੀਲਾਂ ਦੀ ਬੁਨਿਆਦ ਰੱਖੀ ਜਾਂਦੀ ਹੈ।ਉੱਚ ਅਦਾਲਤ ਤੇ ਸਰਬ ਉੱਚ ਅਦਾਲਤ 'ਚ ਤੁਸੀਂ ਸਿਰਫ ਕਨੂੰਨੀ ਨੁਕਤਿਆਂ 'ਤੇ ਬਹਿਸ ਕਰਦੇ ਹੋਂ ਤੇ ਤੁਸੀਂ ਨਵੇਂ ਸਬੂਤ ਪੇਸ਼ ਨਹੀਂ ਕਰ ਸਕਦੇ।ਉਸ ਮੌਕੇ ਅਫਜ਼ਲ ਗੁਰੁ ਭਾਰੀ ਸੁਰੱਖਿਆ ਵਾਲੀ ਕਾਲਕੋਠੜੀ 'ਚ ਬੰਦ ਸਨ।ਉਨ੍ਹਾਂ ਕੋਲ ਕੋਈ ਵਕੀਲ ਨਹੀਂ ਸੀ।ਅਦਾਲਤ ਦੁਆਰਾ ਨਿਯੁਕਤ ਜੂਨੀਅਰ ਵਕੀਲ ਇਕ ਵਾਰ ਵੀ ਜੇਲ੍ਹ 'ਚ ਆਪਣੇ ਮਵੱਕਿਲ ਨੂੰ ਨਹੀਂ ਮਿਲਿਆ,ਉਸਨੇ ਅਫਜ਼ਲ ਦੇ ਬਚਾਅ 'ਚ ਇਕ ਵੀ ਗਵਾਹ ਨਹੀਂ ਬੁਲਾਇਆ ਤੇ ਨਾ ਹੀ ਦੂਜੇ ਪੱਖ ਵਲੋਂ ਪੇਸ਼ ਕੀਤੇ ਗਵਾਹਾਂ ਨੂੰ ਕੋਈ ਕਰਾਸ ਸਵਾਲ-ਜਵਾਬ ਕੀਤੇ ਗਏ। ਜੱਜ ਦੇ ਅਜਿਹੀ ਹਾਲਤ ਬਾਰੇ ਕੁਝ ਸਮਝਣ 'ਚ ਆਪਣੀ ਅਸਮਰੱਥਾ ਜ਼ਾਹਰ ਕੀਤੀ।

ਤਾਂ ਵੀ ਸ਼ੁਰੂਆਤ 'ਚ ਹੀ ਕੇਸ ਖਿੰਡ ਗਿਆ।ਅਨੇਕਾਂ ਮਿਸਾਲਾਂ 'ਚੋਂ ਕੁਝ ਇਹ ਹਨ: ਪੁਲੀਸ ਅਫਜ਼ਲ ਤੱਕ ਕਿਵੇਂ ਪੁੱਜੀ?ਉਸਦਾ ਕਹਿਣਾ ਹੈ ਕਿ 'ਐਸ ਏ ਆਰ ਗਿਲਾਨੀ ਨੇ ਅਫਜ਼ਲ ਬਾਰੇ ਦੱਸਿਆ।ਪਰ ਅਦਾਲਤ ਦੇ ਰਿਕਾਰਡ ਦਿਖਾਉਂਦੇ ਹਨ ਕਿ ਅਫਜ਼ਲ ਦੀ ਗ੍ਰਿਫਤਾਰੀ ਦਾ ਸੁਨੇਹਾ ਗਿਲਾਨੀ ਨੂੰ ਉਠਾਉਣ ਤੋਂ ਪਹਿਲਾਂ ਹੀ ਆ ਗਿਆ ਸੀ।ਹਾਈਕੋਰਟ ਨੇ ਇਸਨੂੰ 'ਭੌਤਿਕ ਵਿਰੋਧਾਭਾਸ' ਕਿਹਾ ਪਰ ਇਸਨੂੰ ਉਵੇਂ ਹੀ ਕਾਇਮ ਰਹਿਣ ਦਿੱਤਾ।

ਅਫਜ਼ਲ ਦੇ ਖ਼ਿਲਾਫ ਸਭ ਤੋਂ ਜ਼ਿਆਦਾ ਇਲਜ਼ਾਮ ਲਗਾਉਣ ਵਾਲੇ ਦੋ ਸਬੂਤ ਕਿ ਮੋਬਾਇਲ ਤੇ ਲੈਪਟਾਪ ਸੀ,ਜਿਨ੍ਹਾਂ ਨੂੰ ਉਸਦੀ ਗ੍ਰਿਫਤਾਰੀ ਸਮੇਂ ਜ਼ਬਤ ਕੀਤਾ ਗਿਆ ਸੀ। ਗ੍ਰਿਫਤਾਰੀ ਮੀਮੋ 'ਤੇ ਦਿੱਲੀ ਦੇ ਬਿਸਮਿੱਲਾਹ ਦੇ ਦਸਤਖ਼ਤ ਸੀ ਜੋ ਗਿਲਾਨੀ ਦੇ ਭਰਾ ਹਨ।ਸੀਜ਼ਰ ਮੀਮੇ 'ਤੇ ਜੰਮੂ ਕਸ਼ਮੀਰ ਦੇ ਦੋ ਪੁਲੀਸ ਵਾਲਿਆਂ ਦੇ ਦਸਤਖ਼ਤ ਸਨ ਜਿਸ 'ਚੋਂ ਇਕ ਅਫਜ਼ਲ ਦੇ ਉਨ੍ਹਾਂ ਦਿਨਾਂ ਦਾ ਉਤਪੀੜਕ ਸੀ ਜਦੋਂ ਉਹ ਆਤਮਸਮਰਪਣ ਕੀਤਾ ਹੋਇਆ 'ਕੱਟੜਪੰਥੀ' ਹੁੰਦਾ ਸੀ।ਲੈਪਟਾਪ ਤੇ ਮੋਬਾਇਲ ਨੂੰ ਸੀਲ ਨਹੀਂ ਕੀਤਾ ਗਿਆ ਸੀ,ਜਿਵੇਂ ਕਿ ਅਜਿਹੇ ਸਬੂਤ ਦੇ ਮਾਮਲੇ 'ਚ ਕੀਤਾ ਜਾਂਦਾ ਹੈ।ਸੁਣਵਾਈ ਦੇ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਕਿ ਕਿ ਲੈਪਟਾਪ ਦੇ ਹਾਰਡ ਡਿਸਕ ਨੂੰ ਗ੍ਰਿਫਤਾਰੀ ਤੋਂ ਬਾਅਦ ਵਰਤੋਂ 'ਚ ਲਿਆਂਦਾ ਗਿਆ ਹੈ।ਇਸ ਗ੍ਰਹਿ ਮੰਤਰਾਲੇ ਦੇ ਜਾਅਲੀ ਪਾਸ ਤੇ ਜਾਅਲੀ ਪਛਾਣ ਪੱਤਰ ਸੀ ਜਿਨ੍ਹਾਂ ਨੂੰ ਅੱਤਵਾਦੀਆਂ ਨੇ ਸੰਸਦ 'ਚ ਵੜ੍ਹਨ ਲਈ ਵਰਤਿਆ ਸੀ। ਤੇ ਸੰਸਦ ਭਵਨ ਦਾ ਇਕ ਜ਼ੀ ਟੀ ਵੀ ਦਾ ਕਿਲੱਪ।ਇਸ ਤਰ੍ਹਾਂ ਪੁਲੀਸ ਦੇ ਮੁਤਾਬਕ ਅਫਜ਼ਲ ਨੇ ਸਾਰੀਆਂ ਸੂਚਨਾਵਾਂ ਡਲੀਟ(ਖ਼ਤਮ) ਕਰ ਦਿੱਤੀਆਂ।ਬੱਸ ਸਭ ਤੋਂ ਜ਼ਿਆਦਾ ਦੋਸ਼ੀ ਠਹਿਰਾਏ ਜਾਣ ਵਾਲੀਆਂ ਚੀਜ਼ਾਂ ਰਹਿਣ ਦਿੱਤੀਆਂ ਤੇ ਉਹ ਇਸਨੂੰ ਗਾਜ਼ੀ ਬਾਬਾ ਨੂੰ ਦੇਣ ਜਾ ਰਿਹਾ ਸੀ ਜਿਸਨੂੰ ਇਲਜ਼ਾਮ ਪੱਤਰ 'ਚ 'ਅਪਰੇਸ਼ਨ ਮੁਖੀ' ਕਿਹਾ ਗਿਆ।

ਸਰਕਾਰੀ ਪੱਖ ਦੇ ਗਵਾਹ ਕਮਲ ਕਿਸ਼ੋਰ ਨੇ ਅਫਜ਼ਲ ਦੀ ਪਛਾਣ ਕੀਤੀ ਤੇ ਅਦਾਲਤ ਨੂੰ ਦੱਸਿਆ ਕਿ 4 ਦਸੰਬਰ 2001 ਨੂੰ ਉਸਨੇ ਉਹ ਮਹੱਤਵਪੂਰਨ ਸਿੱਮ ਕਾਰਡ ਅਫਜ਼ਲ ਨੂੰ ਵੇਚਿਆ ਸੀ ਜਿਸ ਨਾਲ ਮਾਮਲੇ ਦੇ ਸਾਰੇ ਦੋਸ਼ੀ ਉਸਦੇ ਸੰਪਰਕ 'ਚ ਸੀ,ਪਰ ਸਰਕਾਰੀ ਪੱਖ ਦੇ ਆਪਣੇ ਰਿਕਾਰਡ ਦਿਖਾਉਂਦੇ ਹਨ ਕਿ ਸਿੱਮ ਕਾਰਡ 6 ਦਸੰਬਰ 2001 ਤੋਂ ਕੰਮ ਕਰ ਰਿਹਾ ਸੀ। ਅਜਿਹੀਆਂ ਹੀ ਹੋਰ ਗੱਲਾਂ ਹਨ ਤੇ ਗੱਲਾਂ,ਝੂਠਾਂ ਦੀ ਪੰਡ ਤੇ ਮਨਘੜਤ ਸਬੂਤਾਂ।ਅਦਾਲਤ ਨੇ ਉਨ੍ਹਾਂ 'ਤੇ ਗੌਰ ਕੀਤਾ ਤੇ ਪੁਲੀਸ ਨੇ ਆਪਣੀ ਮਿਹਨਤ ਦੇ ਲਈ ਇਕ ਹਲਕੀ ਜਿਹੀ ਝਿੜਕ ਤੋਂ ਜ਼ਿਆਦਾ ਕੁਝ ਨਹੀਂ ਮਿਲਿਆ।ਇਸ ਤੋਂ ਜ਼ਿਆਦਾ ਕੁਝ ਨਹੀਂ।

ਫਿਰ ਤਾਂ ਉਹ ਪੁਰਾਣੀ ਕਹਾਣੀ ਹੈ।ਜ਼ਿਆਦਾਤਰ ਆਤਮ-ਸਮਰਪਣ ਕਰ ਚੁੱਕੇ ਅੱਤਵਾਦੀਆਂ ਦੀ ਤਰ੍ਹਾਂ ਅਫਜ਼ਲ ਕਸ਼ਮੀਰ ਦਾ ਅਸਾਨ ਸ਼ਿਕਾਰ ਸੀ।ਟਾਰਚਰ,ਬਲੈਕਮੇਲ ਤੇ ਵਸੂਲੀ ਤੋਂ ਪੀੜ੍ਹਤ।ਜਿਸਨੂੰ ਸੰਸਦ ਦੇ ਹਮਲੇ ਦੀ ਰਹੱਸ ਦੀ ਗੁੱਥੀ ਸਲਝਾਉਣ ਦੀ ਸਚਮੁੱਚ ਦਿਲਚਸਪੀ ਹੋਵੇ,ਉਸਨੂੰ ਸਬੂਤਾਂ ਦੀ ਭਰੀ ਰਾਹਹ ਤੋਂ ਗੁਜ਼ਰਨਾ ਹੋਵੇਗਾ,ਜੋ ਕਸ਼ਮੀਰ ਦੇ ਇਕ ਧੁੰਦਲੇ ਜਾਲ ਵੱਲ ਲੈ ਜਾਂਦੀ ਹੈ।ਜੋ ਕੱਟੜਪੰਥੀਆਂ ਨੂੰ ਆਤਮ-ਸਮਰਪਣ ਕਰ ਚੁੱਕੇ ਕੱਟੜਪੰਥੀਆਂ,ਗਦਾਰਾਂ ਨੂੰ ਸਪੈਸ਼ਲ ਸੈਲ ਅਫਸਰਾਂ ਨਾਲ,ਸਪੈਸ਼ਲ ਅਪਰੇਸ਼ਨ ਗਰੁੱਪ ਨੂੰ ਸਪੈਸ਼ਲ ਟਾਸਕ ਫੋਰਸ ਨਾਲ ਜੋੜਦੀ ਹੈ।ਤੇ ਇਹ ਰਾਹ ਹੋਰ ਉੱਪਰ ਜਾਂਦਾ ਹੈ ਤੇ ਹੋਰ ਅੱਗੇ ਵੱਲ ਵਧ ਜਾਂਦਾ ਹੈ।ਉੱਪਰ ਹੋਰ ਅੱਗੇ ਵੱਲ।

ਪਰ ਹੁਣ ਇਸ ਗੱਲ ਨਾਲ ਕਿ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ।ਮੈਂ ਉਮੀਦ ਕਰਦੀ ਹਾਂ ਕਿ ਸਾਡੀ ਸਮੂਹਿਕ ਚੇਤਨਾ(ਬਹੁਗਿਣਤੀ ਭਾਵਨਾ) ਸੰਤੁਸ਼ਟ ਹੋ ਗਈ ਹੋਵੇਗੀ।ਜਾਂ ਸਾਡੇ ਖੂਨ ਦਾ ਕਟੋਰਾ ਅਜੇ ਵੀ ਅੱਧਾ ਹੈ।

ਲੇਖਿਕਾ:ਅਰੁੰਧਤੀ ਰਾਏ 
ਪੰਜਾਬੀ ਤਰਜ਼ਮਾ:ਵੀਰਪਾਲ ਕੌਰ
ਇਹ ਲੇਖ ਬਿਨਾਂ ਪੁੱਛੇ ਕਿਤੇ ਵੀ ਛਾਪਿਆ ਜਾ ਸਕਦਾ ਹੈ।