ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, January 27, 2010

ਪਾਸ਼ ‘ਤੇ ਪਹਿਲੀ ਫਿਲਮ ਬਣਾਉਣ ਵਾਲਾ ਰਾਜੀਵ,ਕਾਮਰੇਡ ਤੇ ਕਲਾ

“ਆਪਣਾ ਪਾਸ਼” ਵਾਲੇ ਰਾਜੀਵ ਨਾਲ ਗੱਲਾਂ-ਬਾਤਾਂ


ਰਾਜੀਵ ਨਾਲ ਮੇਰੀ ਵਿਚਾਰ ਚਰਚਾ ਪਾਸ਼ ਦੀਆਂ ਦੋਵੇਂ ਫਿਲਮਾਂ "ਅਪਣਾ ਪਾਸ਼" ਤੇ "ਚੌਰਸ ਚਾਂਦ" ਖ਼ਤਮ ਹੋਣ ਤੋਂ ਬਾਅਦ ਹਾਲ 'ਚ ਹੀ ਸ਼ੁਰੂ ਹੋ ਗਈ ਸੀ।ਫਿਰ ਬਾਅਦ 'ਚ ਮੈਂ ਇੰਟਰਵਿਊ ਕਰਨ ਬਾਰੇ ਸੋਚਿਆ।ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਇੰਟਰਵਿਊ ਕੀਤਾ,ਪਰ ਜਿਸ ਤਰ੍ਹਾਂ ਰਾਜੀਵ ਨੇ ਮੇਰੇ ਸਵਾਲਾਂ ਦੇ ਸਪੱਸ਼ਟ ਤੇ ਸਿੱਧੇ ਜਵਾਬ ਦਿੱਤੇ,ਉਸ ਨਾਲ ਇੰਟਰਵਿਊ ਵਿਚਾਰ ਚਰਚਾ 'ਚ ਬਦਲ ਗਈ।ਸ਼ਾਇਦ ਇਹੀ ਕਾਰਨ ਸੀ ਕਿ ਮੇਲੇ ਦੇ ਤੀਜੇ ਦਿਨ ਮੈਂ ਦਫਤਰੋਂ ਛੁੱਟੀ ਮਾਰਕੇ ਮੇਲੇ 'ਚ ਗਿਆ।ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਮੁੱਦਿਆਂ 'ਤੇ ਵਿਚਾਰ ਚਰਚਾ ਕਰਦੇ ਰਹੇ।ਖੈਰ,ਰਾਜੀਵ ਨਾਲ ਇਸ ਸਫਰ ਦਾ ਅਖੀਰਲਾ ਪੜਾਅ ਦਿੱਲੀ 'ਚ ਨਿਜ਼ਾਮੂਦੀਨ ਦੀ ਦਰਗਾਹ ਸੀ।-ਯਾਦਵਿੰਦਰ ਕਰਫਿਊ

ਪੰਜਾਬੀ ਸਿਨੇਮੇ ਨੂੰ ਇਰਾਨੀ ਸਿਨੇਮੇ ਤੋਂ ਸੇਧ ਲੈਣੀ ਚਾਹੀਦੀ ਹੈ,ਇਰਾਨੀ ਸਿਨੇਮਾ ਸਾਡੇ ਲਈ ਆਦਰਸ਼ ਹੋ ਸਕਦਾ ਹੈ।-ਰਾਜੀਵ

ਇਸਟੈਬਲਿਸ਼ਮੈਂਟ ਦਾ ਵਿਰੋਧ ਕਰਦੇ ਕਰਦੇ ,ਕਾਮਰੇਡ ਆਪ ਸੰਸਥਾਗਤ ਹੋ ਗਏ ਹਨ।-ਰਾਜੀਵ

ਕਿਸੇ ਵੀ ਲਹਿਰ ਦਾ ਸਿਰਫ ਤੇ ਸਿਰਫ ਘਟਨਾਵਾਂ ਦੇ ਅਧਾਰ ‘ਤੇ ਵਿਸ਼ਲੇਸ਼ਨ ਨਹੀਂ ਕੀਤਾ ਜਾ ਸਕਦਾ,ਇਸ ਲਈ ਇਕ ਠੋਸ ਰਾਜਨੀਤਿਕ ਸਮਝ ਹੋਣੀ ਜ਼ਰੂਰੀ ਹੈ।-ਰਾਜੀਵਯਾਦਵਿੰਦਰ-1994 ਤੋਂ ਹੁਣ ਤੱਕ ਫਿਲਮਾਂ ਬਣਾਉਣ ਬਾਰੇ ਤੁਹਾਡੇ ਨਜ਼ਰੀਏ ‘ਚ ਕੀ ਫਰਕ ਆਇਆ..?

ਰਾਜੀਵ-ਹਾਂ,ਮੇਰਾ ਨਜ਼ਰੀਆ ਬਦਲਿਆ ਹੈ।ਓਦੋਂ ਮੈਂ ਆਪਣੇ ਲੋਕਾਂ ‘ਚ ਰਹਿਕੇ ਕੰਮ ਕਰਦਾ ਸੀ,ਜੋ ਮੇਰੇ ਵਾਂਗੂੰ ਸੋਚਦੇ ਸੀ।ਪਰ ਪਿਛਲੇ ਲੰਬੇ ਸਮੇਂ ਤੋਂ ਮੈਂ ਨੌਕਰੀ ਕਰਨ ਕਾਰਨ ਬਹੁਰਾਸ਼ਟਰੀ ਕੰਪਨੀਆਂ ਤੇ ਬਹੁਰਾਸ਼ਟਰੀ ਸਮਾਜ ‘ਚ ਘਿਰਿਆ ਹੋਇਆ ਹਾਂ।ਇਹ ਸਮਾਜ ਮੇਰੇ ਲੋਕਾਂ ਦਾ ਨਹੀਂ ਹੈ।ਮੈਂ 30% ਲੋਕਾਂ ਲਈ ਕੰਮ ਕਰ ਰਿਹਾਂ ਹਾਂ।ਬਾਕੀ ਦੇ 70 % ਨੂੰ ਪਤਾ ਨਹੀਂ ਕਿ ਇਹ 30% ਕੀ ਹਨ।ਇਸ ਲਈ ਮੈਂ ਸਮਝਦਾ ਹਾਂ ਕਿ ਹੁਣ ਜੇ ਮੈਂ ਕੋਈ ਫਿਲਮ ਬਣਾਵਾਂਗਾ ਤਾਂ ਉਹ ਫਿਲਮ 70% ਲੋਕਾਂ ਦਾ 30% ਨਾਲ ਡਾਇਲਾਗ ਹੋਵੇਗਾ।ਉਸ ਰਾਹੀਂ ਮੈਂ 30% ਨੂੰ ਇਹ ਦੱਸਾਂਗਾ ਕਿ 70% ਦੀ ਹਾਲਤ ਸਮਾਜ ‘ਚ ਕੀ ਹੈ ਤੇ 70% ਨੂੰ ਇਹ ਵੀ ਦੱਸਾਂਗਾ ਕਿ ਤੁਹਾਡੀ ਹੱਡ ਤੋੜਵੀਂ ਕਮਾਈ ਕਿੱਥੇ ਜਾਂਦੀ ਹੈ।ਇਹੋ ਜਿਹੀ ਇਕ ਫਿਲਮ ਹੈ ਬੈਬੁਲ।ਜਿਸ ‘ਚ ਤਿੰਨ ਪਰਿਵਾਰਕ ਕਹਾਣੀਆਂ ਨਾਲੋ ਨਾਲ ਚਲਦੀਆਂ ਹਨ।ਜਿਨ੍ਹਾਂ ਰਾਹੀਂ ਨਿਰਦੇਸ਼ਕ ਵਿਕਸਤ ਦੇਸਾਂ ਤੇ ਤੀਜੀ ਦੁਨੀਆਂ ਦੀ ਹਾਲਤ ਨੂੰ ਬੜੀ ਸੌਖੀ ਤੇ ਸੁਚੱਜੇ ਢੰਗ ਨਾਲ ਚਿੱਤਰਦਾ ਹੈ।

ਯਾਦਵਿੰਦਰ- ਇਹਦਾ ਮਤਲਬ ਸਮਾਜਿਕ ਦੁਖਾਂਤ ਨੂੰ ਇਕੋ ਪੱਖ ਤੋਂ ਪੇਸ਼ ਕਰਨਾ ਠੀਕ ਨਹੀਂ।

ਰਾਜੀਵ-ਹਾਂ ਪਹਿਲਾਂ ਸਾਨੂੰ ਸਮਝ ਨਹੀਂ ਸੀ,ਪਰ ਸਮੇਂ ਦੇ ਮੁਤਾਬਿਕ ਸਿਨੇਮੇ ਦਾ ਰੂਪ ਬਦਲਣਾ ਬਣਦਾ ਹੈ।ਜਦੋਂ ਤੱਕ ਅਸੀਂ ਆਪਣੀ ਕਲਾ ਰਾਹੀਂ ਕੋਈ ਵੀ ਮੁੱਦਾ ਦੂਜਿਆਂ ਨੂੰ ਸੌਖੇ ਢੰਗ ਨਾਲ ਸਮਝਾਉਣ ‘ਚ ਸਫਲ ਨਹੀਂ ਹੁੰਦੇ,ਉਦੋਂ ਤੱਕ ਉਸਦਾ ਕੋਈ ਬਹੁਤ ਮਤਲਬ ਨਹੀਂ ਰਹਿ ਜਾਂਦਾ।ਮੈਂ ਇਹੀ ਕਹਿ ਰਿਹਾਂ ਕਿ ਬੰਬੇ ਦੇ ਹਾਈ ਫਾਈ ਲੋਕਾਂ ਤੇ ਪਿੰਡ ਦੇ ਕਿਸਾਨ ‘ਚ ਡਾਇਲਾਗ ਸਮੇਂ ਦੀ ਮੁੱਖ ਮੰਗ ਹੈ।ਹੁਣ ਸਿਰਫ ਇਕੋ ਗੱਲ ਕਰਨ ਦਾ ਸਮਾਂ ਨਹੀਂ ਰਿਹਾ।ਬਾਕੀ ਮੈਂ ਸਮਝਦਾ ਹਾਂ ਕਿ ਕਲਾ ਚਾਹੇ ਲੋਕਾਂ ਵਾਸਤੇ ਹੀ ਹੈ,ਪਰ ਕਲਾ ਨੂੰ ਵਿਕਸਤ ਕਰਨਾ ਵੀ ਸਾਡਾ ਫਰਜ਼ ਹੈ।ਕਲਾ ਦਿਖਣ ਨੂੰ ਚੰਗੀ ਲੱਗਣੀ ਚਾਹੀਦੀ ਹੈ।ਚੰਗੀ ਗੱਲ ਜੇ ਕਲਾਤਮਿਕ ਤਰੀਕੇ ਨਾਲ ਕਹੀ ਜਾਵੇ ਤਾਂ ਉਹ ਸਮਾਜ ਨੂੰ ਜ਼ਿਆਦਾ ਪ੍ਰਭਾਵਿਤ ਕਰੇਗੀ।ਇਸ ਮਾਮਲੇ ‘ਚ ਮੈਂ ਇਰਾਨੀ ਸਿਨੇਮੇ ਦਾ ਕਾਇਲ ਹਾਂ ।ਉਸਤੋਂ ਸਿੱਖਣ ਦੀ ਲੋੜ ਹੈ ਕਿ ਕਲਾ ਦਾ ਮਤਲਬ ਕੀ ਹੁੰਦਾ ਹੈ।ਇਹ ਗੱਲ ਮੈਂ ਵਾਰ ਵਾਰ ਕਹੂੰਗਾ ਕਿ ਪੰਜਾਬੀ ਸਿਨੇਮੇ ਨੂੰ ਇਰਾਨੀ ਸਿਨੇਮੇ ਤੋਂ ਸੇਧ ਲੈਣੀ ਚਾਹੀਦੀ ਹੈ।ਇਰਾਨੀ ਸਿਨੇਮਾ ਸਾਡੇ ਲਈ ਆਦਰਸ਼ ਹੋ ਸਕਦਾ ਹੈ।ਜਿਵੇਂ ਪੰਜਾਬੀ ਥੀਏਟਰ ਲੈਟਿਨ ਅਮਰੀਕਾ ਦੇ ਰਾਹ ਪਿਆ ਹੈ,ਉਵੇਂ ਪੰਜਾਬੀ ਸਿਨੇਮਾ ਇਰਾਨੀ ਸਿਨੇਮੇ ਦੇ ਰਾਹ ਪੈਣਾ ਜ਼ਰੁਰੀ ਹੈ।


ਯਾਦਵਿੰਦਰ-“ਆਪਣਾ ਪਾਸ਼” ‘ਚ ਪਾਸ਼ ਦੀ ਸਭਤੋਂ ਮਹੱਤਵਪੂਰਨ ਕਵਿਤਾ “ਕਾਮਰੇਡ ਨਾਲ ਗੱਲਬਾਤ” ਦਾ ਜ਼ਿਕਰ ਨਹੀਂ ਹੈ.ਕੀ ਗੱਲ ਕਾਮਰੇਡਾਂ ਦੇ ਸ਼ਬਦੀ ਹਮਲਿਆਂ ਦਾ ਡਰ ਸੀ..?

ਰਾਜੀਵ-ਹੱਸਕੇ…..ਨਹੀਂ ਇਹੋ ਜਿਹੀ ਕੋਈ ਗੱਲ ਨਹੀਂ।ਅਸਲ ‘ਚ ਪਹਿਲਾਂ ਇਸੇ ਫਿਲਮ ‘ਚ ਉਹ ਸੰਵਾਦ ਸੀ..ਪਰ ਬਾਅਦ ਫਿਲਮ ਦਾ ਪ੍ਰਿੰਟ ਖਰਾਬ ਹੋਣ ਕਾਰਨ ਕੁਝ ਥਾਵਾਂ ਤੋਂ ਫਿਲਮ ਐਡਿਟ(ਕਾਂਟ-ਸਾਂਟ) ਕਰਨੀ ਪਈ,ਜਿਸ ਕਰਕੇ ਉਹ ਹਿੱਸਾ ਐਡਿਟ ਹੋ ਗਿਆ।ਹਾਂ,ਮੈਂ ਉਹ ਵਾਕਿਆ ਜ਼ਰੂਰ ਦੱਸਾਂਗਾ,ਜਿਸ ‘ਚ ਪੰਜਾਬੀ ਕਾਮਰੇਡਾਂ ਨੇ ਸਾਡਾ ਬੇਤੁਕਾ ਵਿਰੋਧ ਕੀਤਾ।ਸਾਡੀ ਟੀਮ ਨੇ ਫਿਲਮ ਤੋਂ ਬਾਅਦ ਪਾਸ਼ ਦੇ ਕੁਝ ਸੌਫਟ ਜਿਹੇ ਗੀਤ ਦੀ ਆਡਿਓ ਕੈਸਟ "ਅੰਬਰਾਂ'ਤੇ" ਕੱਢੀ।ਜਿਸ 'ਚ ਉਸਦੀ ਜ਼ਿੰਦਗੀ ਦੇ ਕਈ ਹੋਰ ਪੱਖ ਸਨ।।ਪਰ ਪੰਜਾਬੀ ਕਾਮਰੇਡਾਂ ਨੁੰ ਪਤਾ ਨਹੀਂ ਕੀ ਸਮਝ ਆਇਆ।ਇਹਨਾਂ ਆਪਮੁਹਾਰਾ ਜਿਹਾ ਵਿਰੋਧ ਤਾਂ ਕੀਤਾ ਹੀ ਤੇ ਕੈਸੇਟ ਵੀ ਨਹੀਂ ਵਿਕਣ ਦਿੱਤੀ।

ਯਾਦਵਿੰਦਰ-ਮੌਤ ਤੋਂ ਬਾਅਦ ਸਾਡਾ ਸਮਾਜ ਮਰਨ ਵਾਲੇ ਦੀ ਅਲੋਚਨਾ ਬਿਲਕੁਲ ਨਹੀਂ ਕਰਦਾ,ਮੈਨੂੰ ਅਜੇ ਤੱਕ ਭਾਰਤੀ ਸਹਿਤ,ਕਲਾ ਤੇ ਰਾਜਨੀਤੀ ਅੰਦਰ ਅਜਿਹੀ ਕੋਈ ਉਦਾਹਰਨ ਨਹੀਂ ਮਿਲੀ।ਜਿਥੇ ਮੌਤ ਤੋਂ ਬਾਅਦ ਕਿਸੇ ਬਾਰੇ ਕੋਈ ਸਿਹਤਮੰਦ ਅਲੋਚਨਾ ਹੋਈ ਹੋਵੇ।..ਕੀ ਵਿਚਾਰਕ ਪੱਖੋਂ ਕਮਜ਼ੋਰ ਸਮਾਜ ਕਹੀਏ ਇਸਨੂੰ ..?

ਰਾਜੀਵ-ਹਾਂ ਤੁਸੀਂ ਕੁਝ ਹੱਦ ਤੱਕ ਸਹੀ ਹੋ।ਸਾਡਾ ਸਮਾਜ ਸ਼ਰਧਾਵਾਨ ਸਮਾਜ ਹੈ।ਮੌਤ ਤੋਂ ਬਾਅਦ ਸਾਰੇ ਕਿਸੇ ਨਾ ਕਿਸੇ ਰੂਪ ‘ਚ ਵਿਚਾਰਵਾਦੀ ਹੋ ਜਾਂਦੇ ਹਨ।ਭਗਤੀ ਭਾਵਨਾ ਸਭ ਅੰਦਰ ਹੈ। "ਅੰਬਰਾਂ'ਤੇ" ਆਡਿਓ ਕੈਸਟ ‘ਚ ਪਾਸ਼ ਦੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਹਨ,ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਮਰੇਡਾਂ ਅੰਦਰ ਭਗਤੀ ਭਾਵਨਾ ਜਾਗ ਪਈ।ਅਲੋਚਨਾ ਦਾ ਤਾਂ ਪਤਾ ਹੀ ਨਹੀਂ,ਮੈਨੂੰ ਲਗਦਾ ਇਥੇ ਤਾਂ ਮੌਤ ਤੋਂ ਬਾਅਦ ਕਿਸੇ ਦੀ ਜ਼ਿੰਦਗੀ ਦੇ ਸਾਰੇ ਪੱਖ ਸੁਣਨ ਲਈ ਸਮਾਜ ਦਾ ਸਭਤੋਂ ਅਗਾਂਹਵਧੂ ਕਹਾਉਂਦਾ ਤਬਕਾ ਤਿਆਰ ਨਹੀਂ।ਸਮਾਜ ਦੀ ਸਹੀ ਪਹੁੰਚ ਨਾ ਹੋਣ ਕਾਰਨ ਹੀ ਭਗਤ ਸਿੰਘ ਪੰਜਾਬ ‘ਚ ਦੇਵਤਾ ਬਣਦਾ ਜਾ ਰਿਹਾ ਹੈ।

ਯਾਦਵਿੰਦਰ-ਕਾਮਰੇਡਾਂ ਦੇ ਕਲਾ ਬਾਰੇ ਨਜ਼ਰੀਏ ਤੋਂ ,ਤੁਸੀਂ ਕਿੰਨੇ ਕੁ ਕਾਇਲ ਹੋ.?

ਰਾਜੀਵ-ਦੇਖੋ ਮੈਂ ਪੰਜਾਬੀ ਕਾਮਰੇਡਾਂ ਦੇ ਕੌੜੇ ਤਜ਼ਰਬੇ ਤੁਹਾਡੇ ਨੂੰ ਜ਼ਰੂਰ ਦੱਸ ਸਕਦਾ ਹਾਂ।ਬਾਕੀ ਦਾ ਨਜ਼ਰੀਆ ਵੱਖਰਾ ਹੈ।ਇਕ ਤਾਂ ਪਾਸ਼ ਦੀ ਟੇਪ ਵਾਲਾ ਮਾਮਲਾ ਦੱਸਿਆ।ਹੋਰ ਵੀ ਨਿੱਕੀਆਂ ਨਿੱਕੀਆਂ ਘਟਨਾਵਾਂ ਬਹੁਤ ਨੇ,ਪਰ ਦਲਜੀਤ ਅਮੀ ਦੀ ਫਿਲਮ “ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ” ਵਾਲਾ ਤਜ਼ਰਬਾ ਬਹੁਤ ਦਿਲ ਝੰਜੋੜਨ ਵਾਲਾ ਰਿਹਾ।ਜਿਸ ਤਰ੍ਹਾਂ ਪੰਜਾਬੀ ਕਾਮਰੇਡਾਂ ਨੇ ਉਸ ਫਿਲਮ ਬਾਰੇ ਆਪਣੀ ਪਹੁੰਚ ਦਿਖਾਈ,ਉਹ ਪੰਜਾਬ ਦੀ ਕਮਿਊਨਿਸਟ ਲਹਿਰ ਮੂਹਰੇ ਵੱਡੇ ਸਵਾਲ ਖੜ੍ਹੇ ਕਰਦੀ ਹੈ।ਇਸਟੈਬਲਿਸ਼ਮੈਂਟ ਦਾ ਵਿਰੋਧ ਕਰਦੇ ਕਰਦੇ ,ਕਾਮਰੇਡ ਆਪ ਕਿੰਨੇ ਸੰਸਥਾਗਤ ਹੋ ਗਏ ਨੇ,ਇਹ ਉਸ ਵਿਰੋਧ ‘ਚੋਂ ਸਾਫ ਨਜ਼ਰ ਆਉਂਦਾ ਹੈ।ਕਲਾ ਬਾਰੇ ਸਮਝ ਵਿਕਿਸਤ ਕਰਨਾ ਦੂਰ ਦੀ ਗੱਲ ,ਇਥੇ ਤਾਂ ਵਿਚਾਰਧਾਰਾ ਦਾ ਕੋਈ ਮਸਲਾ ਹੀ ਨਹੀਂ।ਆਪਣੀਆਂ ਇੰਟਰਵਿਊਆਂ ਤੇ ਆਪਣੇ ਨਾਅਰੇ ਦੀ ਘਟਦੀ ਵਧਦੀ ਗਿਣਤੀ ਵੇਖਕੇ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਸੀ।ਇਸਤੋਂ ਇਲਾਵਾ ਇਹ ਕਲਾ ‘ਚ ਸਿਰਫ ਨਾਅਰੇ ਦੇਖਣਾ ਪਸੰਦ ਕਰਦੇ ਹਨ,ਸ਼ਾਇਦ ਉਹੀ ਕਲਾ ਇਹਨਾਂ ਨੂੰ ਲੋਕਾਂ ਲਈ ਲਗਦੀ ਹੈ।ਮੇਰਾ ਮੰਨਣਾ ਹੈ ਕਿ ਕੋਈ ਵੀ ਚੀਜ਼ ਸਿਰਫ ਪ੍ਰਭਾਸ਼ਾਵਾਂ ਨਾਲ ਹੀ ਨਹੀਂ ਸਮਝ ਜਾ ਸਕਦੀ,ਚੀਜ਼ਾਂ ਦੀਆਂ ਬਹੁਤ ਸਾਰੀਆਂ ਸਮਾਜਿਕ ਭੁਜਾਵਾਂ ਹੁੰਦੀਆਂ ਹਨ।ਪਰ ਇਸ ਤਰ੍ਹਾਂ ਸਮਝਣ ਦੀ ਬਜਾਏ ਸਾਡੇ ਅਗਾਂਹਵਧੂਆਂ ‘ਚ ਰੱਦ ਕਰਨ ਦਾ ਸੱਭਿਆਚਾਰ ਜ਼ਿਆਦਾ ਹੈ।ਇਸਦਾ ਨੁਕਸਾਨ ਨਵੀਂ ਪੀੜੀ ਨੂੰ ਉਠਾਉਣਾ ਪੈਂਦਾ ਹੈ।ਮੈਂ ਇਸ ਗੱਲ ਦਾ ਗਵਾਹ ਹਾਂ ਕਿ ਇਸ ਤਰ੍ਹਾਂ ਦੇ ਵਿਵਹਾਰ ਨੇ ਬਹੁਤ ਸਾਰੇ ਲੋਕਾਂ ਅੰਦਰ ਨਿਰਾਸ਼ਾ ਭਰੀ ਹੈ।

ਯਾਦਵਿੰਦਰ-ਫਿਰ ਕੀ ਲਗਦਾ ਹੈ ਕਿ ਰੈਸ਼ਨਲ ਤੇ ਰੀਅਲ ਸਿਨੇਮੇ ਨੂੰ ਪੰਜਾਬ ‘ਚ ਕਿਵੇਂ ਵਿਕਸਤ ਕੀਤਾ ਜਾ ਸਕਦਾ ਹੈ ?

ਰਾਜੀਵ-ਮੈਨੂੰ ਲੱਗਦਾ ਹੈ ਕਿ ਪਲਸ ਮੰਚ ਵਰਗੇ ਫਰੰਟਾਂ ਅੰਦਰ ਫਿਲਮ/ਸਿਨੇਮੇ ਦੀ ਇਕ ਸੁਤੰਤਰ ਬੌਡੀ ਹੋਣੀ ਚਾਹੀਦੀ ਹੈ।ਜੋ ਆਪਣੇ ਫੈਸਲੇ ਆਪ ਲਵੇ ਤੇ ਗੁਰਸ਼ਰਨ ਭਾਜੀ ਦੇ ਥੀਏਟਰ ਦੀ ਤਰ੍ਹਾਂ ਫਿਲਮ ਨੂੰ ਪਿੰਡਾਂ ਦੀ ਆਮ ਜਨਤਾ ਤੱਕ ਪਹੁੰਚਵੇ।ਜੇ ਅਜਿਹਾ ਨਹੀਂ ਹੁੰਦਾ ਤਾਂ ਸੋਚਣ ਸਮਝਣ ਵਾਲੇ ਫਿਲਮ ਮੇਕਰਾਂ ਨੂੰ ਪੰਜਾਬ ‘ਚ ਇਕ ਵੱਖਰਾ ਮੰਚ ਖੜ੍ਹਾ ਕਰਨ ਦੀ ਜ਼ਰੂਰਤ ਹੈ।ਤਾਂ ਕਿ ਪੰਜਾਬ ‘ਚ ਚੰਗੀਆਂ ਫਿਲਮਾਂ ਬਣ ਸਕਣ।ਵਰਕਸ਼ਾਪਾਂ ਤੇ ਫਿਲਮੀ ਮੇਲਿਆਂ ਰਾਹੀਂ ਪੰਜਾਬ ‘ਚ ਨਵੇਂ ਫਿਲਮਮੇਕਰ ਪੈਦਾ ਕਰਨ ਦੀ ਜ਼ਰੂਰਤ ਹੈ।ਸਿੰਗਲ ਹਾਲ ਸਿਨੇਮੇ ਪੰਜਾਬ ‘ਚੋਂ ਖਤਮ ਹੋ ਰਹੇ ਹਨ,ਉਹਨਾਂ ਦਾ ਬਦਲ ਸਾਨੂੰ ਬਣਨ ਦੀ ਲੋੜ ਹੈ।ਸਾਨੂੰ ਮਿਡਲ ਆਫ ਦੀ ਰੋਡ ਚੱਲਣ ਦੀ ਵੀ ਜ਼ਰੂਰਤ ਹੈ।ਸਿਵਾਏ ਇਸਦੇ ਕੀ ਅਸੀਂ ਫਿਲਮਾਂ ਸਿਧਾਤਾਂ ‘ਤੇ ਕਿਤਾਬਾਂ ਪ੍ਰਕਾਸ਼ਿਤ ਕਰੀ ਜਾਈਏ।ਜਿਵੇਂ ਕਈ ਪ੍ਰਕਾਸ਼ਨਾਂ ਨੇ ਆਈਜ਼ੇਂਸਤਾਈਨ ‘ਤੇ ਕਿਤਾਬਾਂ ਤਾਂ ਪ੍ਰਕਾਸ਼ਿਤ ਕਰ ਦਿੱਤੀਆਂ,,ਪਰ ਫਿਲਮਾਂ ਬਾਰੇ ਅਮਲੀ ਤੌਰ 'ਤੇ ਕੁਝ ਨਹੀਂ ਕੀਤਾ


ਯਾਦਵਿੰਦਰ-ਜਿਸ ਲਹਿਰ ਦੀ ਭੇਂਟ ਪਾਸ਼ ਚੜ੍ਹਿਆ,ਉਸਨੂੰ ਅੱਜ ਲੰਬੇ ਵਕਫੇ ਬਾਅਦ ਕਿਵੇਂ ਵੇਖਦੇ ਹੋ.?

ਰਾਜੀਵ-ਮੈਂ ਪੰਜਾਬ ਦੀ ਖਾਲਿਸਤਾਨੀ ਲਹਿਰ ਨੂੰ ਸਮਝਣਾ ਚਾਹੁੰਦਾ ਹਾਂ।ਮੈਨੂੰ ਲਗਦਾ ਹੈ ਕਿ ਉਸ ਲਹਿਰ,ਸਿੱਖ ਧਰਮ ਤੇ ਪੰਜਾਬ ਦੇ ਸੱਭਿਆਚਾਰ ਦਾ ਆਪਸ ‘ਚ ਕੀ ਰਿਸ਼ਤਾ ਹੈ,ਇਸਨੂੰ ਸਮਝਣ ਦੀ ਲੋੜ ਹੈ।ਮੈਂ ਮੰਨਦਾ ਹਾਂ ਕਿ ਕਿਸੇ ਵੀ ਲਹਿਰ ਦਾ ਸਿਰਫ ਤੇ ਸਿਰਫ ਘਟਨਾਵਾਂ ਦੇ ਅਧਾਰ ‘ਤੇ ਵਿਸ਼ਲੇਸ਼ਨ ਨਹੀਂ ਕੀਤਾ ਜਾ ਸਕਦਾ(ਘਟਨਾਵਾਂ ਪਿੱਛੇ ਏਜੰਸੀਆਂ ਵੀ ਹੋ ਸਕਦੀਆਂ ਹਨ),ਇਸ ਲਈ ਇਕ ਠੋਸ ਰਾਜਨੀਤਿਕ ਸਮਝ ਹੋਣੀ ਜ਼ਰੂਰੀ ਹੈ,ਇਸੇ ‘ਚ ਪੰਜਾਬ ਦੀ ਭਲਾਈ ਹੈ।ਮੇਰੇ ਮੁਤਾਬਿਕ ਪੰਜਾਬ ‘ਚ ਸਿੱਖਾਂ ਨੂੰ ਅੱਡ ਕਰਕੇ ਕੋਈ ਵੀ ਲਹਿਰ ਕਾਮਯਾਬ ਹੋਣੀ ਮੁਸ਼ਕਿਲ ਹੈ।ਮੈਂ ਸਭਤੋਂ ਪਹਿਲਾਂ ਨਕਸਲੀ ਲਹਿਰ ‘ਚੋਂ ਖਾਲਿਸਤਾਨੀ ਲਹਿਰ ‘ਚ ਆਏ ਲੋਕਾਂ ਬਾਰੇ ਸਮਝ ਰਿਹਾਂ ਹਾਂ।ਜੇ ਕਦੇ ਮੌਕਾ ਮਿਲਿਆ ਤਾਂ ਮੈਂ ਪੰਜਾਬ ਦੇ ਕਮਿਊਨਿਸਟਾਂ ਤੇ ਖਾਲਿਸਤਾਨੀਆਂ ‘ਚ ਡਾਇਲਾਗ ਕਰਦੀ ਫਿਲਮ ਜ਼ਰੂਰ ਬਣਾਵਾਂਗਾ।ਮੈਂ ਇਹ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਹਾਂ ਕਿ ਇਹਨਾਂ ਦੋਵੇਂ ਧਿਰਾਂ ਅੰਦਰ ਸਿਹਤਮੰਦ ਡਾਇਲਾਗ ਹੋਣਾ ਚਾਹੀਦਾ ਹੈ।ਮੇਰੇ ਕੋਲ ਇਕ ਸੱਚੀ ਕਹਾਣੀ ਹੈ ,ਜਿਸਨੂੰ ਕਦੇ ਮੌਕਾ ਮਿਲਣ ‘ਤੇ ਫਿਲਮ ਦੇ ਰੂਪ ‘ਚ ਪੇਸ਼ ਕਰਾਂਗਾ।

ਯਾਦਵਿੰਦਰ-ਰਾਜੀਵ,ਮੈਂ ਹੁਣ ਤੱਕ ਦੇ ਮਾਰਕਸਵਾਦੀ ਇਤਿਹਾਸ ਅੰਦਰ ਸਭਤੋਂ ਵੱਧ ਖੁਦਕੁਸ਼ੀਆਂ ਕਲਾਕਾਰਾਂ ਨੂੰ ਕਰਦੇ ਵੇਖਦੇ ਹਾਂ,ਕੋਈ ਲੇਖਕ,ਕੋਈ ਕਵੀ,ਤੇ ਕੋਈ ਚਿੱਤਰਕਾਰ..ਕੀ ਕਾਰਨ ਕਲਾਕਾਰ ਹੀ ਕਿਉਂ ?

ਰਾਜੀਵ..ਮੇਰੇ ਕੋਲ ਕੋਈ ਬਹੁਤਾ ਸਪੱਸ਼ਟ ਜਵਾਬ ਨਹੀਂ,ਪਰ ਮੈਨੂੰ ਲਗਦਾ ਹੈ ਕਿ ਕਲਾਕਾਰ ਦੀ ਦੁਨੀਆਂ ਥੋੜ੍ਹੀ ਸੁਪਨਮਈ ਹੁੰਦੀ ਹੈ।ਕਲਾਕਾਰ ਹਮੇਸ਼ਾ ਆਪੋ ਆਪਣੀ ਵਿਧਾ ਰਾਹੀਂ ਸਮਾਜਿਕ ਦੂਰੀਆਂ ਨੂੰ ਘੱਟ ਕਰਕੇ ਸਮਾਜ ਨੂੰ ਇਕ ਧਾਗੇ ‘ਚ ਪਰੋਣ ਦੀ ਕੋਸ਼ਿਸ਼ ਕਰਦੇ ਹਨ।ਇਥੇ ਉਹ ਪਦਾਰਥਵਾਦੀ ਹੁੰਦਿਆਂ ਹੋਇਆਂ ਵੀ ਅਚੇਤ ‘ਚੋਂ ਯਥਾਰਥਵਾਦੀ ਨਹੀਂ ਹੁੰਦੇ,ਉਹਨਾਂ ਦਾ ਇਕ ਆਪਣਾ ਆਦਰਸ਼ ਸਮਾਜ ਹੁੰਦੈ,ਜਿਸਨੂੰ ਉਹ ਹਮੇਸ਼ਾ ਸਿਰਜਣ ਦੀ ਕੋਸ਼ਿਸ਼ ‘ਚ ਰਹਿੰਦੇ ਹਨ(ਇਥੇ ਕਲਾਕਾਰ ਕੋਈ ਵੀ ਹੋ ਸਕਦੈ),ਪਰ ਜਦੋਂ ਉਹਨਾਂ ਨੂੰ ਆਪਣਾ ਸੁਪਨਾ ਜਾਂ ਸੰਸਾਰ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ ਤਾਂ ਉਹ ਸ਼ਾਇਦ ਸੌਖਾ ਰਾਹ ਚੁਣ ਲੈਂਦੇ ਹਨ।

ਯਾਦਵਿੰਦਰ ਕਰਫਿਊ,
ਮੌ: 09899436972

mail2malwa@gmail.com,mlawa2delhi@yahoo.co.in

Tuesday, January 26, 2010

ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲੇ 'ਚ ਪਾਸ਼ ਦੀ ਹਾਜ਼ਰੀ

ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਯਪ ਵਲੋਂ ਪੰਜਾਬੀ ਦੇ ੳੁੱਘੇ ਕਵੀ ਅਵਤਾਰ ਸਿੰਘ ਪਾਸ਼ ‘ਤੇ ਫਿਲਮ ਬਣਾਏ ਜਾਣ ਕਾਰਨ ਪਾਸ਼ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਫਿਲਮ ਮੇਲੇ ‘ਚ ਪਾਸ਼ ਦੀ ਜ਼ਿੰਦਗੀ ਨਾਲ ਜੁੜੀਆਂ ਦੋ ਦਸਤਾਵੇਜ਼ੀ ਫਿਲਮਾਂ ਦਿਖਾਈਆਂ ਗਈਆਂ।ਨਿਰਦੇਸ਼ਕ “ਰਾਜੀਵ” ਵਲੋਂ 1994 ‘ਚ ‘ਚ ਬਣਾਈ “ਆਪਣਾ ਪਾਸ਼” ਤੇ 2004 ‘ਚ ਆਪਣੇ ਵਿਦਿਆਰਥੀ ਜੀਵਨ ਦੌਰਾਨ ਵਿਭੂ ਪੁਰੀ ਵਲੋਂ ਬਣਾਈ ਗਈ ਫਿਲਮ “ਚੌਰਸ ਚਾਂਦ” ਦਿਖਾਈ ਗਈ।ਸਭਤੋਂ ਤੋਂ ਮਹੱਤਵਪੂਰਨ ਗੱਲ ਇਹ ਰਹੀ ਦੋਵਾਂ ਨਿਰਦੇਸ਼ਕਾਂ ਵਲੋਂ ਆਪਣੇ ਵੱਖੋ ਵੱਖੋ ਨਜ਼ਰੀਏ ਤੋਂ ਬਣਾਈਆਂ ਗਈਆਂ ਫਿਲਮਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।ਮੈਂ ਵੀ ਵਿਚਾਰ ਚਰਚਾ ‘ਚ ਹਿੱਸਾ ਲਿਆ ਤੇ ਦੋਵਾਂ ਹੀ ਨਿਰਦੇਸ਼ਕਾਂ ਨਾਲ ਇੰਟਰਵਿਊ ਕੀਤੀ।-ਯਾਦਵਿੰਦਰ ਕਰਫਿਊ।

“ਚੌਰਸ ਚਾਂਦ” ਵਾਲੇ ਵਿਭੂ ਪੁਰੀ ਨਾਲ ਮੁਲਾਕਾਤ

ਪਾਸ਼ ਨੂੰ ਦੇਸ ਦੇ ਰਿਕਸ਼ੇ ਵਾਲੇ ਤੱਕ ਪਹੁੰਚਾਉਣ ਦੀ ਲੋੜ ਹੈ।-ਵਿਭੂ ਪੁਰੀ


ਯਾਦਵਿੰਦਰ-ਪਾਸ਼ ‘ਤੇ ਫਿਲਮ ਬਣਾਉਣ ਦਾ ਵਿਚਾਰ ਕਿਵੇਂ ਆਇਆ..?

ਵਿਭੂ-ਮੈਂ ਪਾਸ਼ ਨੂੰ ਕਾਲਜ ਦੇ ਦਿਨਾਂ ‘ਚ ਪੜ੍ਹਨਾ ਸ਼ੁਰੂ ਕੀਤਾ।ਇਕ ਕਵੀ ਦੇ ਤੌਰ ‘ਤੇ ਪਾਸ਼ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ।ਪਾਸ਼ ਦੀ ਕਵਿਤਾ ਸਿਰਫ ਕਵਿਤਾ ਨਹੀਂ ਸਗੋਂ ਜੀਵਨ ਜਾਚ ਹੈ।ਜ਼ਿੰਦਗੀ ਦੇ ਇਸੇ ਸਫਰ ‘ਚ ਮੈਂ ਫਿਲਮ ਇੰਸਟੀਚਿਊਟ ਪੂਨੇ ਚਲਾ ਗਿਆ।ਜਿੱਥੇ 4 ਸਾਲਾਂ ਦੇ ਕੋਰਸ ‘ਚ ਦੂਜੇ ਸਾਲ ‘ਚ ਡਾਕੂਮੈਂਟਰੀ ਫਿਲਮ ਦੀ ਅਸਾਈਨਮੈਂਟ ਸੀ।ਮੈਂ ਫਿਕਸ਼ਨ ਦਾ ਬੰਦਾ ਹੋਣ ਕਰਕੇ,ਪਾਸ਼ ਨੂੰ ਡਾਕਿਊ ਡਰਾਮੇ ‘ਚ ਢਾਲਣ ਦੀ ਸੋਚੀ।ਪਰ ਜਦੋਂ ਮੈਂ ਫਿਲਮ ਬਣਾ ਰਿਹਾ ਸੀ ਤੇ ਹੁਣ ਵੀ ਪਾਸ਼ ਨੂੰ ਨਕਸਲੀ ਘੱਟ ਤੇ ਸਿਰਫ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਬੰਦੇ ਵਜੋਂ ਦੇਖਦਾ ਹਾਂ।ਮੈਂ ਇਸ ਫਿਲਮ ਨੂੰ ਵਿਅਕਤੀਗਤ ਫਿਲਮ ਮੰਨਦਾ ਹਾਂ,ਕਿਉਂਕਿ ਪਾਸ਼ ਜਿਵੇਂ ਮੈਨੂੰ ਦਿਖਦਾ ਹੈ ,ਮੈਂ ਉਸ ਨੁੰ ਉਵੇਂ ਹੀ ਵਿਖਾਇਆ।ਮੈਂ ਪਾਸ਼ ਨੂੰ ਰੁਮਾਂਸਵਾਦੀ ਤੇ ਹਰ ਨਿੱਕੀ ਨਿੱਕੀ ਚੀਜ਼ ‘ਚੋਂ ਪਿਆਰ ਲੱਭਣ ਵਾਲੇ ਕਵੀ ਦੇ ਤੌਰ ‘ਤੇ ਵੇਖਦਾ ਹਾਂ।


ਯਾਦਵਿੰਦਰ- ਪਾਸ਼,ਕਲਾ ਤੇ ਇਨਕਲਾਬ ਨੂੰ ਕਿਵੇਂ ਵੇਖਦੇ ਹੋ ?

ਵਿਭੂ-ਪਾਸ਼ ਨੂੰ ਮੈਂ ਆਪਣੀ ਫਿਲਮ ਦੀ ਤਰ੍ਹਾਂ ਵੇਖਦਾ ਹਾਂ।ਹਾਂ ਜਿਥੋਂ ਤੱਕ ਕਲਾ ਤੇ ਰੈਵੋਲੂਸ਼ਨ ਦਾ ਸਬੰਧ ਹੈ।ਮੈਂ ਮੰਨਦਾ ਹਾਂ ਕਿ ਜਦੋਂ ਤੱਕ ਕੋਈ ਸਮਾਜਿਕ ਬਦਲਾਅ ਨਹੀਂ ਆਉਂਦੇ,ਕਲਾ ਅੱਗੇ ਨਹੀਂ ਵਧ ਸਕਦੀ।ਜਦੋਂ ਬਦਲਾਅ ਆਵੇਗਾ ,ਤਦੇ ਹੀ ਆਰਟ ਲਈ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ।ਬਦਲਾਅ ਤੇ ਕਲਾ ਦਾ ਆਪਸ ‘ਚ ਗਹਿਰਾ ਰਿਸ਼ਤਾ ਹੈ।ਪਰ ਦੁਨੀਆਂ ਨੂੰ ਬਦਲਣਾ ਬਹੁਤ ਮੁਸ਼ਕਿਲ ਹੈ,ਇਸ ਲਈ ਮੈਂ ਸਮਝਦਾ ਹਾਂ ਕਿ ਕਲਾਕਾਰ ਦਾ ਕੰਮ ਝੰਡਾ ਚੁੱਕੇ ਨਾਅਰਾ ਲਾਉਣਾ ਨਹੀਂ ਹੁੰਦਾ ਬਲਕਿ ਕਲਾ ਦੇ ਜ਼ਰੀਏ ਹੀ ਲੋਕਾਂ ਨੂੰ ਚੇਤਨ ਕਰਨਾ ਕਰਨਾ ਹੁੰਦਾ ਹੈ।


ਯਾਦਵਿੰਦਰ-ਰਾਜੀਵ ਦੀ “ਆਪਣਾ ਪਾਸ਼” ਬਾਰੇ ਤੁਹਾਡਾ ਕੀ ਵਿਚਾਰ ਹੈ?

ਵਿਭੂ-ਜਦੋਂ ਰਾਜੀਵ ਨੇ ਫਿਲਮ ਬਣਾਈ ਸੀ,ਉਦੋਂ ਘਟਨਾ ਨਵੀਂ ਨਵੀਂ ਸੀ।ਬੜਾ ਭਾਵੁਕ ਤੇ ਸੰਵੇਦਨਸ਼ੀਲ ਮਸਲਾ ਸੀ।ਇਸ ਲਈ ਨਿਰਦੇਸ਼ਕ ਪਾਸ਼ ਨੂੰ ਇਕੋ ਪਹਿਲੂ ਤੋਂ ਵੇਖ ਰਿਹਾ ਸੀ।ਪਰ ਜਦੋਂ ਮੈਂ ਉਸੇ ਪਾਸ਼ ਨੂੰ ਲਗਭਗ 16-17 ਸਾਲਾਂ ਬਾਅਦ ਤਲਵੰਡੀ ਸਲੇਮ ਤੇ ਪੰਜਾਬ ਦੀ ਧਰਤੀ ਤੋਂ ਏਨੀ ਦੂਰ ਪੂਨੇ ਬੈਠਾ ਵੇਖ ਰਿਹਾ ਸਾਂ,ਤਾਂ ਮੇਰੇ ਲਈ ਉਸੇ ਪਾਸ਼ ਦੇ ਹੋਰ ਅਰਥ ਹਨ।

ਯਾਦਵਿੰਦਰ-ਇਕ ਫਿਲਮ ਨਿਰਦੇਸ਼ਕ ਦੇ ਤੌਰ ‘ਤੇ ਅੱਗੇ ਤੋਂ ਕਿਹੋ ਜਿਹੀਆਂ ਫਿਲਮਾਂ ਬਣਾਉਣੀਆਂ ਪਸੰਦ ਕਰੋਗੇ ?

ਵਿਭੂ-ਮੇਰੀ ਅਗਲੀ ਫਿਲਮ “ਚਿਨਾਬ ਗਾਂਧੀ” ਆ ਰਹੀ ਹੈ।ਇਸਦੇ ਪਰਡਿਊਸਰ ਸੰਜੇ ਲੀਲਾ ਭੰਸਾਲੀ ਹਨ ਤੇ ਸਕਰਿਪਟ ਤੇ ਨਿਰਦੇਸ਼ਨ ਮੈਂ ਕਰ ਰਿਹਾ ਹਾਂ।ਅਮਿਤਾਬ ਬਚਨ ਇਸ ਫਿਲਮ ‘ਚ ਮੁੱਖ ਕਿਰਦਾਰ ਵਜੋਂ ਭੂਮਿਕਾ ਨਿਭਾਉਣਗੇ।ਚਿਨਾਬ ਗਾਂਧੀ ਵੀ ਰੈਵੋਲੂਸ਼ਨ ਦੀ ਗੱਲ ਕਰਦੀ ਹੈ।ਚਿਨਾਬ ਗਾਂਧੀ ਦੇ ਰਾਹੀਂ ਮੈਂ ਦੇਸ਼ ਦੀ ਅਜ਼ਾਦੀ ਨੂੰ ਵੱਖਰੇ ਨਜ਼ਰੀਏ ਤੋਂ ਵਿਖਾਉਣਾ ਚਾਹੁੰਦਾ ਹਾਂ।ਮੈਨੂੰ ਲੱਗਦੇ ਹੈ ਕਿ ਬਟਵਾਰੇ ਦੇ ਨਾਲ ਨਾਲ 200 ਦੀ ਗੁਲਾਮੀ ਤੋਂ ਮਿਲੀ ਅਜ਼ਾਦੀ ਨੂੰ ਯਾਦ ਕਰਨਾ ਚਾਹੀਦਾ ਹੈ।ਬਟਵਾਰੇ ਦੀ ਥਾਂ ਅਜ਼ਾਦੀ ਨੂੰ ਤਰਜ਼ੀਹ।ਇਸ ਫਿਲਮ ‘ਚ ਸਾਰਿਆਂ ਦਾ ਸ਼ੰਘਰਸ਼ ਹੋਵੇ।ਮੈਨੂੰ ਲਗਦਾ ਕਿ ਧਰਮ ਦੇ ਅਧਾਰ ‘ਤੇ ਵੰਡ ਦੀ ਰਾਜਨੀਤੀ ਖਤਮ ਹੋਣੀ ਚਾਹੀਦੀ ਹੈ।

ਯਾਦਵਿੰਦਰ-ਪਾਸ਼ ਬਾਰੇ ਵੀ ਕਦੇ ਵੱਡੇ ਬਜਟ ਦੀ ਫਿਲਮ ਬਾਰੇ ਸੋਚਿਆ ਹੈ ..?

ਵਿਭੂ-ਪਾਸ਼ ਬਾਰੇ ਵੱਡੇ ਬਜਟ ਦੀ ਫਿਲਮ ਅਨੁਰਾਗ ਕਸ਼ਯਪ ਨੇ ਅਨਾਉਂਸ ਕੀਤੀ ਹੈ।ਬਹੁਤ ਚੰਗੀ ਗੱਲ ਹੈ।ਕਦੇ ਮੌਕਾ ਮਿਲਿਆ ਤਾਂ ਜ਼ਰੂਰ ਹੀ,ਪਾਸ਼ ‘ਤੇ ਫਿਲਮ ਬਣਾਵਾਂਗਾ। ਪਾਸ਼ ਨੂੰ ਇਸ ਦੇਸ ਦੇ ਰਿਕਸ਼ੇ ਵਾਲੇ ਤੱਕ ਪਹੁੰਚਾਉਣ ਦੀ ਲੋੜ ਹੈ।

ਯਾਦਵਿੰਦਰ-ਕੀ ਕਾਰਨ ਹੈ ਕਿ ਸ਼ਿਆਮ ਬੈਨੇਗਲ ਵਰਗੇ ਨਿਰਦੇਸ਼ਕ,ਜੋ ਇਕ ਦੌਰ ‘ਚ ਚੰਗੀਆਂ ਫਿਲਮਾਂ ਬਣਾਉਦੇ ਰਹੇ ਉਹ ਅੱਜ ਬਿਲਕੁਲ ਕਮਰਸ਼ੀਅਲ ਫਿਲਮਾਂ ਬਣਾਉਣ ਲੱਗ ਪਏ..?

ਵਿਭੂ-ਹਾਲਾਂਕਿ ਇੰਸਡਰੀ ਨੇ ਇਹਨਾਂ ਸਨਮਾਨਯੋਗ ਲੋਕਾਂ ‘ਤੇ ਮੇਰਾ ਕੋਈ ਕੁਮੈਂਟ ਕਰਨਾ ਨਹੀਂ ਬਣਦਾ,ਪਰ ਮੈਂ ਏਨਾ ਜ਼ਰੂਰ ਕਹਾਂਗਾ ਕਿ ਜਿਹੜੇ ਦਰਸ਼ਕ ਸਿਨੇਮਾ ਨੂੰ ਇੰਟਰਟੇਨਮੈਂਟ ਦੇ ਰੂਪ ਦੇ ਮਾਣਦੇ ਹਨ,ਉਹ ਪ੍ਰਵਚਨ ਸੁਣਨਾ ਪਸੰਦ ਨਹੀਂ ਕਰਦੇ।ਤੇ ਇਹਨਾਂ ਦੀ ਇਹੀ ਤਰਾਸ਼ਦੀ ਰਹੀ ਹੈ ਕਿ ਇਹਨਾਂ ਨੇ ਪ੍ਰਵਚਨ ਵਾਲੀ ਲੀਹ ਫੜ੍ਹੀ ਰੱਖੀ ।ਅੰਤ ਉਸਦਾ ਨਤੀਜਾ ਤੁਹਾਡੇ ਸਾਹਮਣੇ ਹੈ।ਮੈਨੂੰ ਲਗਦਾ ਹੈ ਕਿ ਸਾਨੂੰ ਆਪਣੀ ਗੱਲ ਇੰਟਰਟੇਨਮੈਂਟ ਦੇ ਜ਼ਰੀਏ ਕਹਿਣੀ ਚਾਹੀਦੀ ਹੈ।

ਬਹੁਤ ਛੇਤੀ ਅਗਲੀ ਇੰਟਰਵਿਊ “ਆਪਣਾ ਪਾਸ਼” ਵਾਲੇ ਰਾਜੀਵ ਦੀ ਪਬਲਿਸ਼ ਕੀਤੀ ਜਾਵੇਗੀ।

MOB:09899436972

ਭਾਰਤੀ ਗਣਤੰਤਰ ਨੂੰ ਕੁਝ ਜਾਇਜ਼ ਸਵਾਲ


ਅਮਰੀਕਾ ਦੇ ਮਰਹੂਮ ਸਦਰ ਅਬਰਾਹਿਮ ਲਿੰਕਨ ਦੇ ਹਵਾਲੇ ਨਾਲ ਕਿਹਾ ਜਾਂਦਾ ਹੈ ਕਿ 'ਜਮਹੂਰੀਅਤ ਲੋਕਾਂ ਦੁਆਰਾ, ਲੋਕਾਂ ਲਈ ਅਤੇ ਲੋਕਾਂ ਦਾ ਚੁਣਿਆ ਹੋਇਆ ਰਾਜ ਹੁੰਦਾ ਹੈ।' ਕੀ ਇਹ ਵਾਕਅੰਸ਼ ਜਮਹੂਰੀਅਤ ਦੇ ਕਿਰਦਾਰ ਨੂੰ ਮੁਕੰਮਲ ਤੌਰ ਤੇ ਰੂਪਮਾਨ ਕਰਦਾ ਹੈ? ਪੱਕੇ ਰੂਪ ਵਿਚ ਇਸ ਦਾ ਜਵਾਬ ਹਾਂ ਵਿਚ ਦੇਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਹ ਸੱਚ ਹੈ ਕਿ ਗਣਤੰਤਰ ਦੀ ਪ੍ਰਣਾਲੀ ਵਾਲੇ ਦੇਸ਼ਾਂ ਵਿਚ ਜਨਤਾ ਦੇ ਨੁਮਾਇੰਦੇ ਲੋਕਾਂ ਦੀ ਬਾਲਗ ਵੋਟ ਦੇ ਆਧਾਰ 'ਤੇ ਚੁਣੇ ਜਾਂਦੇ ਹਨ। ਪ੍ਰੰਤੂ ਇਹ ਵੀ ਉਨਾ ਹੀ ਕਠੋਰ ਸੱਚ ਹੈ ਕਿ ਇਹ ਕਥਿਤ ਲੋਕ ਨੁਮਾਇੰਦੇ ਲੋਕਾਂ ਦੇ ਅਸਲ ਨੁਮਾਇੰਦੇ ਬਣਨ ਵਿਚ ਅਸਫਲ ਸਾਬਤ ਹੋਏ ਹਨ ਅਤੇ ਨਿੱਤ ਵਧਵੇਂ ਰੂਪ ਵਿਚ ਅਸਫਲ ਸਾਬਤ ਹੋ ਰਹੇ ਹਨ। ਸਾਡੇ ਆਪਣੇ ਮੁਲਕ ਵਿਚ ਪੁਰਾਣੇ ਲੀਡਰਾਂ ਨੂੰ ਛੱਡ ਵੀ ਦੇਈਏ, ਮਰਹੂਮ ਨਰਸਿਮ੍ਹਾ ਰਾਓ ਤੋਂ ਲੈਕੇ ਹਾਕਮਾਂ ਦੇ ਮੌਜੂਦਾ ਸਾਰੇ ਹੀ ਰਵੇ ਤੱਕ ਦੇ ਲੋਕ ਬੇਸ਼ਕ ਚੁਣੇ ਤਾਂ ਲੋਕਾਂ ਵਲੋਂ ਹੀ ਮੰਨੇ ਜਾਂਦੇ ਹਨ, ਪ੍ਰੰਤੂ ਅੰਤਮ ਤੌਰ 'ਤੇ ਹਕੀਕਤ ਵਿਚ ਉਹ ਵਿਦੇਸ਼ੀ ਬਹੁਕੌਮੀ ਕੰਪਨੀਆਂ ਅਤੇ ਭਾਰਤ ਦੀ ਦੇਸੀ ਵੱਡੀ ਸਰਮਾਏਦਾਰੀ ਦੇ ਅਤੇ ਵੱਡੇ ਭੂਮੀਪਤੀਆਂ ਦੇ ਨੁਮਾਇੰਦੇ ਹੀ ਸਾਬਤ ਹੋਏ ਹਨ ।

ਕਿਹਾ ਜਾਂਦਾ ਹੈ ਕਿ ਭਾਰਤ 15 ਅਗਸਤ 1947 ਨੂੰ ਅਜ਼ਾਦ ਹੋ ਗਿਆ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਲੋਕਾਂ ਨੂੰ ਅਜ਼ਾਦੀ ਲੈਕੇ ਦਿੱਤੀ ਹੈ। ਆਜ਼ਾਦੀ ਦੀ ਇਸ ਕਿਸਮ ਬਾਰੇ ਵੀ ਚਿੰਤਕਾਂ ਵਿਚ ਮਤਭੇਦ ਹਨ। ਇਕ ਵਿਚਾਰ ਇਹ ਹੈ ਕਿ ਇਹ ਆਜ਼ਾਦੀ ਅਸਲ ਵਿਚ ਲੋਕਾਂ ਲਈ ਨਹੀਂ, ਬਲਕਿ ਭਾਰਤ ਦੀਆਂ ਦੇਸੀ ਦਲਾਲ ਹਾਕਮ ਜਮਾਤਾਂ ਲਈ ਆਜ਼ਾਦੀ ਹੈ, ਜਦੋਂ ਕਿ ਬਹੁਗਿਣਤੀ ਭਾਰਤੀ ਜਨਤਾ ਨੂੰ ਗਰੀਬੀ ਮੰਦਹਾਲੀ ਅਤੇ ਬੇਕਾਰੀ ਤੋਂ ਬਿਨਾਂ ਕੁਝ ਵੀ ਨਹੀਂ ਮਿਲਿਆ। ਦੂਜਾ ਵਿਚਾਰ ਇਹ ਹੈ ਕਿ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿਚ ਦੇਸ਼ ਆਜ਼ਾਦ ਕਰਾ ਲਿਆ ਗਿਆ ਸੀ। ਅਤੇ ਦੇਸ਼ ਵਿਚ ਵਿਸ਼ਾਲ ਤਰੱਕੀ ਹੋਈ ਹੈ, ਦੇਸ਼ ਹਰ ਖੇਤਰ ਵਿਚ ਆਤਮ ਨਿਰਭਰ ਹੋ ਗਿਆ ਹੈ। ਜਿਹੜੀ ਮਾੜੀ ਮੋਟੀ ਕਸਰ ਬਾਕੀ ਰਹਿੰਦੀ ਹੈ, ਹੁਣ ਨਵੀਆਂ ਆਰਥਿਕ ਨੀਤੀਆਂ, ਖੁੱਲੀ ਮੰਡੀ ਦੀ ਵਿਵਸਥਾ ਅਤੇ ਵਿਸ਼ਵੀਕਰਨ ਦੇ ਮਹੌਲ ਵਿਚ ਪੂਰੀ ਕਰ ਲਈ ਜਾਵੇਗੀ।

ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੀਆਂ ਹਾਲਤਾਂ ਦਾ ਨਿਰਪੱਖ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਪਹਿਲਾ ਵਿਚਾਰ ਦਰੁਸਤ ਦਿਖਾਈ ਦਿੰਦਾ ਹੈ। ਦੇਸ਼ ਦੀ ਰਸਮੀ ਅਜ਼ਾਦੀ ਲਈ ਭਾਵੇਂ ਭਾਰਤੀ ਲੋਕਾਂ ਨੇ ਬਹਾਦਰਾਨਾ ਸੰਘਰਸ਼ ਲੜੇ, ਸ਼ਹੀਦ ਭਗਤ ਸਿੰਘ ਸਮੇਤ ਹਜ਼ਾਰਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਪ੍ਰੰਤੂ ਇਹ ਸਾਰਾ ਕੁਝ ਆਜ਼ਾਦੀ ਦੀ ਪ੍ਰਾਪਤੀ ਲਈ ਕਾਫੀ ਨਹੀਂ ਸੀ। ਇਹ ਗੱਲ ਇਨਕਲਾਬੀ ਖਾੜਕੂ ਸੰਘਰਸ਼ਾਂ ਦੇ ਪ੍ਰਸੰਗ ਵਿਚ ਹੋ ਰਹੀ ਹੈ, ਨਾ ਕਿ ਕਾਂਗਰਸ ਵਲੋਂ ਸਮੇਂ ਸਮੇਂ 'ਤੇ ਅੰਗਰੇਜ਼ਾਂ ਨਾਲ ਸਮਝੌਤੇ ਕਰਕੇ ਕੀਤੇ ਜਾਂਦੇ ਸ਼ਾਂਤਮਈ ਅੰਦੋਲਨਾਂ ਦੀ। ਅੰਗਰੇਜ਼ਾਂ ਦੇ ਭਾਰਤ ਛੱਡ ਜਾਣ ਦਾ ਵੱਡਾ ਕਾਰਨ, ਭਾਰਤੀ ਅੰਦੋਲਨ ਨਹੀਂ ਸਨ ਬੇਸ਼ਕ ਇਹ ਵੀ ਇਕ ਕਾਰਨ ਸਨ, ਸਗੋਂ ਦੂਜੀ ਸੰਸਾਰ ਜੰਗ ਵਿਚ ਬਰਤਾਨਵੀ ਸਾਮਰਾਜ ਦਾ ਬੇਹੱਦ ਕਮਜ਼ੋਰ ਪੈ ਜਾਣਾ ਸੀ। ਹੁਣ ਉਹ ਇਸ ਹਾਲਤ ਵਿਚ ਨਹੀਂ ਸੀ ਰਿਹਾ ਕਿ ਆਪਣੀਆਂ ਬਸਤੀਆਂ 'ਤੇ ਸਿੱਧਾ ਕੰਟਰੋਲ ਕਾਇਮ ਰੱਖ ਸਕੇ। ਦੂਜੇ ਬੰਨ੍ਹੇ ਸੋਵੀਅਤ ਰੂਸ ਦੀ ਜੰਗ ਵਿਚ ਸ਼ਾਨਦਾਰ ਜਿੱਤ ਹੋਣ ਨਾਲ ਦੁਨੀਆਂ ਦੇ ਵੱਡੇ ਹਿੱਸੇ ਦਾ ਸਮਾਜਵਾਦ ਦੇ ਪ੍ਰਭਾਵ ਅਧੀਨ ਆ ਜਾਣਾ ਸੀ। ਜੇ ਭਾਰਤ ਵਿਚ ਵੀ ਖਰੀ ਇਨਕਲਾਬੀ ਪਾਰਟੀ ਹੁੰਦੀ ਤਾਂ ਬਰਤਾਨਵੀ ਸਾਮਰਾਜ ਦੇ ਨਾਲ ਹੀ ਦੇਸੀ ਹਾਕਮਾਂ ਦੀ ਵੀ ਸ਼ਾਮਤ ਆ ਜਾਣੀ ਸੀ। ਇਹ ਸਨ ਉਹ ਬਾਹਰਮੁੱਖੀ ਹਾਲਾਤ ਜਿੰਨਾਂ ਅਧੀਨ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ। ਲੋਕਾਂ ਦੇ ਹੱਥ ਵਿਚ ਆਜ਼ਾਦੀ ਦਾ ਛੁਣਛੁਣਾ ਵੀ ਆ ਗਿਆ, ਦੇਸੀ ਹਾਕਮ ਜਮਾਤਾਂ ਰਾਜਭਾਗ 'ਤੇ ਕਾਬਜ਼ ਹੋ ਗਈਆਂ ਅਤੇ ਸਾਮਰਾਜੀ ਵਿੱਤੀ ਪੂੰਜੀ ਵੀ ਸੁਰੱਖਿਅਤ ਰਹੀ। ਇਸ ਨਾਲ ਕੌਮੀ ਮੁਕਤੀ ਭਾਵ ਹਕੀਕੀ ਆਜ਼ਾਦੀ ਦਾ 'ਸੱਪ' ਵੀ ਮਰ ਗਿਆ ਅਤੇ ਲੁੱਟ ਤੇ ਜਬਰ ਦੀ ਸੋਟੀ ਵੀ ਬਚ ਗਈ।

ਲੋਕਤੰਤਰੀ ਸਰਕਾਰ ਵਿਚ ਲੋਕਾਂ ਦੀ ਸ਼ਮੂਲੀਅਤ ਦੀ ਗੱਲ ਕੀਤੀ ਗਈ ਹੈ। ਮੁੱਢ ਤੋਂ ਹੀ ਭਾਰਤ ਵਿਚ ਇਹ ਕਿਤੇ ਵੀ ਦਿਖਾਈ ਨਹੀਂ ਦਿੰਦੀ। ਆਜ਼ਾਦੀ ਦੀ ਪ੍ਰਾਪਤੀ ਵੱਲ ਪਹਿਲਾ ਕਦਮ ਸੰਵਿਧਾਨ ਘੜਨੀ ਸਭਾ ਦਾ ਗਠਨ ਹੋਣਾ ਸੀ। ਇਸ ਸੰਵਿਧਾਨ ਘੜਨੀ ਸਭਾ ਵਿਚ ਦੇਸੀ ਹਾਕਮ ਵਰਗਾਂ ਦੇ ਸਭੇ ਨੁਮਾਇੰਦੇ ਸ਼ਾਮਲ ਸਨ, ਲੇਕਿਨ ਲੋਕਾਂ ਦੇ ਪ੍ਰਤੀਨਿਧ, ਜੋ ਉਸ ਵਕਤ ਕਿਸੇ ਹੱਦ ਤਕ ਕਮਿਊਨਿਸਟ ਅਤੇ ਸ਼ੋਸ਼ਲਿਸਟ ਸਨ, ਇਸ ਵਿਚ ਸ਼ਾਮਲ ਨਹੀਂ ਕੀਤੇ ਗਏ। ਉਹਨਾਂ ਵਲੋਂ ਵਿਰੋਧ ਕਰਨ ਦੇ ਬਾਵਜੂਦ ਵੀ ਸੰਵਿਧਾਨ ਸਭਾ ਦਾ ਪੁਨਰ ਗਠਨ ਹੋ ਗਿਆ ਸੀ। ਮੁਸਲਿਮ ਲੀਗ ਨੇ ਇਸ ਦਾ ਬਾਈਕਾਟ ਕਰ ਰੱਖਿਆ ਸੀ। ਇਕ ਹੋਰ ਜਥੇਬੰਦੀ ਹਿੰਦੂ ਮਹਾਂਸਭਾ ਨੂੰ ਸਰਕਾਰੀ ਤੌਰ ਤੇ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਲੇਕਨ ਫੇਰ ਵੀ ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਐਮ.ਆਰ.ਜਾਇਕਰ ਵਰਗੇ ਕੱਟੜ ਹਿੰਦੂ ਫਿਰਕਾਪ੍ਰਸਤ ਇਸ ਵਿਚ ਸ਼ਾਮਲ ਸਨ।

ਭਾਰਤ ਦਾ ਸੰਵਿਧਾਨ, ''ਅਸੀਂ ਭਾਰਤ ਦੇ ਲੋਕ ਫਲਾਣਾ ਫਲਾਣਾ ਐਲਾਨ ਕਰਦੇ ਹਾਂ'' ਦੇ ਨਾਲ ਸ਼ੁਰੂ ਹੁੰਦਾ ਹੈ। ਲੇਕਿਨ ਇਹ ਐਲਾਨ ਕਰਨ ਵਾਲੇ ਕੌਣ ਸਨ? ਭਾਰਤ ਦੀ ਸੰਵਿਧਾਨ ਘੜਣੀ ਸਭਾ ਦਾ ਗਠਨ ਖੁਦ ਬਰਤਾਨਵੀ ਬਸਤੀਵਾਦੀਆਂ ਨੇ ਕੀਤਾ ਸੀ, ਜੀਹਦੇ ਵਿਚ 69 ਫੀਸਦੀ ਮੈਂਬਰ ਕਾਂਗਰਸ ਪਾਰਟੀ ਵਿਚੋਂ ਸਨ। ਇਸ ਸਭਾ ਲਈ ਅਧਾਰ 1935 ਦੇ ਐਕਟ ਨੂੰ ਬਣਾਇਆ ਗਿਆ ਸੀ। ਸਭ ਨੂੰ ਪਤਾ ਹੈ ਕਿ ਇਸ ਕਾਨੂੰਨ ਜ਼ਰੀਏ ਨਵੇਂ ਉਭਰ ਰਹੇ ਭਾਰਤੀ ਹਾਕਮ ਵਰਗਾਂ ਨੂੰ ਸਰਕਾਰ ਵਿਚ ਸ਼ਮੂਲੀਅਤ ਕਰਨ ਦੀ ਅਤੇ ਰਾਜਭਾਗ ਦੀ ਸਿਖਲਾਈ ਲੈਣ ਲਈ ਸੀਮਤ ਖੁੱਲ੍ਹ ਦਿੱਤੀ ਗਈ ਸੀ। ਵੋਟ ਪਾਉਣ ਦਾ ਹੱਕ ਵੀ ਅੰਗਰੇਜਾਂ ਦੇ ਵਫ਼ਾਦਾਰਾਂ ਅਤੇ ਜਾਇਦਾਦ ਮਾਲਕਾਂ ਨੂੰ ਹੀ ਪ੍ਰਾਪਤ ਸੀ। ਆਮ ਲੋਕਾਂ ਨੂੰ ਤਾਂ ਵੋਟ ਪਾਉਣ ਦਾ ਹੱਕ ਹੀ ਨਹੀਂ ਸੀ, ਜੇਕਰ ਇਹ ਹੁੰਦਾ ਵੀ ਤਾਂ ਉਹਨਾਂ ਕਿਹੜਾ ਕੋਈ ਜਮਰੌਦ ਦਾ ਕਿਲਾ ਢਾਹ ਲੈਣਾ ਸੀ? 62 ਸਾਲਾਂ ਦੇ ਲੰਬੇ ਦੌਰ ਵਿਚ ਢਾਹੁਣਾ ਤਾਂ ਦੂਰ ਦੀ ਗੱਲ, ਵੋਟਾਂ ਦੀ ਪਰਚੀ ਨਾਲ ਜ਼ਰਾ ਜਿੰਨਾ ਮਘੋਰਾ ਵੀ ਨਹੀਂ ਹੋ ਸਕਿਆ। ਬਕੌਲ ਸ਼ਹੀਦ ਭਗਤ ਸਿੰਘ ਗੋਰਿਆਂ ਦੀ ਥਾਂ ਲੈਣ ਲਈ ਕਾਲੇ ਤਾਂ ਪਹਿਲਾਂ ਹੀ ਡੰਡ ਕੱਢ ਰਹੇ ਸਨ। ਇਸ ਸੰਵਿਧਾਨ ਘੜਣੀ ਸਭਾ ਦੀ ਅਜ਼ਾਦੀ ਬਾਰੇ ਖ਼ੁਦ ਮਹਾਤਮਾ ਗਾਂਧੀ ਨੂੰ ਹੀ ਕਹਿਣਾ ਪਿਆ, ''ਇਹ ਸਭਾ ਸਰਬ ਸ਼ਕਤੀਮਾਨ (ਤਰਡਕਗਕਜਪਅ) ਨਹੀਂ ਹੈ। ਅਸੀਂ ਕਿਸੇ ਹੋਰ ਵੱਲੋਂ ਖੜੀ ਕੀਤੀ ਸੰਸਥਾ ਨੂੰ ਅਜ਼ਾਦ ਕਿਵੇਂ ਕਹਿ ਸਕਦੇ ਹਾਂ?'' ਸੱਤਾ ਬਦਲੀ ਤੋਂ ਬਾਅਦ ਇਸ ਸਭਾ ਵਿਚ ਕਾਂਗਰਸ ਦੇ ਨੁਮਾਇੰਦਿਆਂ ਦੀ ਸੰਖਿਆ 84 ਫੀਸਦੀ ਹੋ ਗਈ। ਪੁਰਾਣੇ ਰਾਜੇ, ਰਜਵਾੜੇ, ਪ੍ਰਿੰਸ, ਵੱਡੇ ਭੂਮੀਪਤੀ ਅਤੇ ਦਲਾਲ ਸਰਮਾਏਦਾਰੀ ਦੇ ਨੁਮਾਇੰਦੇ ਇਸ ਵਿਚ ਸ਼ਾਮਲ ਸਨ, ਲੇਕਿਨ ਲੋਕਾਂ ਦੇ ਪ੍ਰਤੀਨਿਧ ਨਹੀਂ ਸਨ, ਕਿਉਂਕਿ ਲੋਕਾਂ ਨੂੰ ਤਾਂ ਅਜੇ ਵੋਟ ਪਾਉਣ ਦਾ ਹੱਕ ਹੀ ਨਹੀਂ ਮਿਲਿਆ ਸੀ।

ਭਾਰਤ ਵਿਚ ਜੋ ਸੰਵਿਧਾਨ ਘੜਿਆ ਤੇ ਲਾਗੂ ਕੀਤਾ ਗਿਆ, ਇਹ ਵੱਖ ਵੱਖ ਦੇਸ਼ਾਂ ਦੇ ਸੰਵਿਧਾਨਾਂ ਦੀ ਨਕਲ ਹੈ, ਪ੍ਰੰਤੂ ਇਸ ਦਾ ਬੁਨਿਆਦੀ ਆਧਾਰ 1935 ਦਾ ਐਕਟ ਹੀ ਬਣਿਆ ਹੈ। ਇਸ ਸੰਵਿਧਾਨ ਵਿਚ ਉਹ ਸਾਰੇ ਲੱਛਣ ਸ਼ਾਮਲ ਹਨ, ਜੋ ਬਰਤਾਨਵੀ ਕਾਨੂੰਨਾਂ ਵਿਚ ਸਨ। ਅੱਜ ਵੀ ਦੇਸ਼ ਦੇ ਪ੍ਰਮੁੱਖ ਕਾਨੂੰਨ ਜਿਵੇਂ ਕਿ ਪੁਲਿਸ ਐਕਟ, ਕਰੀਮੀਨਲ ਪ੍ਰੋਸੀਜ਼ਰ ਕੋਡ, ਆਫੀਸ਼ੀਅਲ ਸੀਕਰੇਸੀ ਐਕਟ ਅਤੇ ਰੋਲਟ ਐਕਟ ਭਾਵ ਟਾਡਾ, ਪੋਟਾ ਜਿਹੇ ਕਾਨੂੰਨ, ਟਰੇਡ ਯੂਨੀਅਨ ਐਕਟ, ਡਾਕ ਤੇ ਤਾਰ, ਮੁਲਾਜ਼ਮਾਂ ਦੀਆਂ ਸੇਵਾਵਾਂ ਬਾਰੇ ਕਾਨੂੰਨ, ਵਗੈਰਾ ਸਾਰੇ ਹੀ ਬਿਨਾਂ ਕਿਸੇ ਠੋਸ ਤਬਦੀਲੀ ਦੇ ਮੌਜੂਦਾ ਪ੍ਰਸ਼ਾਸਨ ਦਾ ਸ਼ਿੰਗਾਰ ਹਨ। ਫੌਜ, ਪੁਲੀਸ ਅਤੇ ਨੌਕਰਸ਼ਾਹੀ, ਸਿਹਤ ਅਤੇ ਸਿੱਖਿਆ ਪ੍ਰਣਾਲੀ, ਅੱਜ ਵੀ ਉਨਾਂ ਲੀਹਾਂ 'ਤੇ ਚੱਲ ਰਹੀ ਹੈ, ਜੋ ਅੰਗਰੇਜ਼ਾਂ ਨੇ ਭਾਰਤੀ ਬਸਤੀ ਨੂੰ ਕਾਬੂ ਹੇਠ ਰੱਖਣ ਲਈ ਬਣਾਈਆਂ ਸਨ। ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ ਹੈ ਕਿ ਇਸ ਵੇਲੇ, ਵੱਖ ਵੱਖ ਖੇਤਰਾਂ ਨਾਲ ਸਬੰਧਤ, ਅੰਗਰੇਜ਼ਾਂ ਵਲੋਂ ਬਣਾਏ 185 ਦੇ ਕਰੀਬ ਐਕਟ ਉਸੇ ਹੀ ਰੂਪ ਵਿਚ ਭਾਵੇਂ ਮਾਮੂਲੀ ਸੋਧਾਂ ਨਾਲ ਦੇਸ਼ ਵਿਚ ਲਾਗੂ ਹਨ। ਫੇਰ ਉਹ ਕਿਹੜਾ ਅਧਾਰ ਹੈ , ਜਿਸ ਦੀ ਬਿਨ੍ਹਾ 'ਤੇ ਭਾਰਤ ਨੂੰ ਇਕ ਵੱਡੀ ਜਮਹੂਰੀਅਤ ਕਿਹਾ ਜਾਂਦਾ ਹੈ? ਸ਼ਾਇਦ ਇਸ ਦਾ ਕਾਰਨ ਸੰਵਿਧਾਨ ਵਿਚ ਮਿਲੇ ਕੁਝ ਬੁਨਿਆਦੀ ਅਧਿਕਾਰ ਹਨ।

ਧਾਰਾ 14 ਤੋਂ ਸ਼ੁਰੂ ਹੁੰਦਾ ਪਹਿਲਾ ਬੁਨਿਆਦੀ ਹੱਕ ਹੈ ਕਿ ''ਸਟੇਟ ਕਿਸੇ ਵੀ ਖੇਤਰ ਵਿਚ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੀ ਨਜ਼ਰ ਵਿਚ ਬਰਾਬਰਤਾ ਦਾ ਹੱਕ ਦੇਣ ਤੋਂ ਨਾਂਹ ਨਹੀਂ ਕਰੇਗੀ। ਉਨਾਂ ਨੂੰ ਬਰਾਬਰ ਦੀ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। '' ਸਾਰੇ ਵੱਡੇ ਸਿਆਸੀ ਆਗੂਆਂ, ਨੌਕਰਸ਼ਾਹਾਂ ਅਤੇ ਪੁਲੀਸ ਅਫ਼ਸਰਾਂ ਦੇ ਕੇਸ ਆਪਣੇ ਆਪ ਹੀ ਇਸ ਧਾਰਾ 'ਤੇ ਭਿਆਨਕ ਵਿਅੰਗ ਬਣਦੇ ਹਨ। ਅੱਵਲ ਤਾਂ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਸਜ਼ਾ ਨਹੀਂ ਹੋਈ, ਨਾ ਹੋਵੇਗੀ। ਜੇ ਹੋਈ ਵੀ ਤਾਂ ਉਹ ਪੀੜਤ ਧਿਰ ਦੇ ਜਖ਼ਮਾਂ ਨੂੰ ਹੋਰ ਉਚੇੜਣ ਲਈ ਹੋਵੇਗੀ। ਧਾਰਾ 15 ਅਤੇ 16 ਸਾਰੇ ਨਾਗਰਿਕਾਂ ਲਈ ਲਿੰਗ, ਜਾਤ, ਧਰਮ ਜਾਂ ਜਨਮ ਅਸਥਾਨ ਦੇ ਆਧਾਰ 'ਤੇ ਵਿਤਕਰਾ ਕਰਨ ਦੀ ਮਨਾਹੀ ਕਰਦੀਆਂ ਹਨ। ਇਨ੍ਹਾਂ ਦੀਆਂ ਉਪ ਧਾਰਾਵਾਂ ਵਿਚ ਪੱਟੀਦਰਜ ਜਾਤਾਂ ਕਬੀਲਿਆਂ, ਪਛੜੀਆਂ ਸ਼ੇਣੀਆਂ, ਔਰਤਾਂ ਤੇ ਬੱਚਿਆਂ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਦੀ ਵਿਵਸਥਾ ਕੀਤੀ ਗਈ ਹੈ। ਕੀ ਇਹ ਸਾਰਾ ਕੁਝ ਹਾਸਲ ਕਰ ਲਿਆ ਗਿਆ ਹੈ? ਔਰਤਾਂ ਨੂੰ ਬਰਾਬਰ ਕੰਮ ਲਈ ਬਰਾਬਰ ਤਨਖਾਹ ਖਾਸ ਕਰਕੇ ਗੈਰ ਸਰਕਾਰੀ, ਗੈਰ ਜਥੇਬੰਦ ਖੇਤਰ ਵਿਚ ਦਾ ਨਿਯਮ ਅਜੇ ਵੀ ਸੁਪਨਾ ਬਣਿਆ ਹੋਇਆ ਹੈ। ਚੌਦਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਕੋਲੋਂ ਮਜ਼ਦੂਰੀ ਕਰਵਾਉਣਾ, ਕਈ ਸੂਬਿਆਂ ਵਿਚ ਦਲਿਤ ਔਰਤਾਂ ਨੂੰ ਅਨੇਕਾਂ ਤਰੀਕਿਆਂ ਨਾਲ ਜ਼ਲੀਲ ਕਰਨਾ ਸਥਾਪਤ ਪ੍ਰੰਪਰਾ ਬਣੀ ਹੋਈ ਹੈ।

19(1) ਵਰਗੀ 'ਮਹਾਨ' ਧਾਰਾ ਤਾਂ ਬੁਰਜ਼ੂਆ ਚਿੰਤਕਾਂ ਲਈ ਉਹ ਕਸਤੂਰੀ ਹੈ, ਜਿਸਦੇ ਜ਼ਿਕਰ ਬਿਨਾਂ ਭਾਰਤ ਦੇ ਮਹਾਨ ਗਣਤੰਤਰ ਦੀ ਵਡਿਆਈ ਮੁਕੰਮਲ ਨਹੀਂ ਹੁੰਦੀ। ਇਹ ਧਾਰਾ ਦੇਸ਼ ਦੇ ਨਾਗਰਿਕਾਂ ਨੂੰ ਬੋਲਣ, ਇਕੱਠੇ ਹੋਣ, ਯੂਨੀਅਨਾਂ ਬਨਾਉਣ, ਘੁੰਮਣ ਫਿਰਨ, ਕਿਤੇ ਵੀ ਸਥਾਪਤ ਹੋਣ, ਜਾਇਦਾਦ ਖਰੀਦਣ ਵੇਚਣ, ਕੋਈ ਵੀ ਕਿੱਤਾ ਕਰਨ ਵਰਗੇ ਸੱਤ ਅਹਿਮ ਜਮਹੂਰੀ ਹੱਕ ਬਖ਼ਸਦੀ ਹੈ। ਲੇਕਿਨ ਧਾਰਾ 19(2) ਦੇਸ਼ ਦੀ ਅੰਦਰੂਨੀ ਸੁਰੱਖਿਆ, ਸਟੇਟ ਦੀ ਸਲਾਮਤੀ ਜਾਂ ਵਿਦੇਸ਼ੀ ਰਾਜਾਂ ਨਾਲ ਸਬੰਧਾਂ ਨੂੰ ਆਂਚ ਆਉਣ ਦਾ ਬਹਾਨਾ ਲਗਾਕੇ, ਉਸੇ ਹੀ ਸਾਹ ਵਿਚ ਵਿਚ ਇਹ ਸਾਰੇ ਹੱਕ ਖ਼ਤਮ ਕਰ ਦਿੰਦੀ ਹੈ।

ਪਿਛਲੇ 60 ਸਾਲਾਂ ਅੰਦਰ ਸਾਡੇ ਦੇਸ਼ ਵਿਚ ਬਹੁਤ ਕੁੱਝ ਬਦਲਿਆ ਹੈ, ਬਦਲੀ ਨਹੀਂ ਤਾਂ ਹਾਕਮਾਂ ਦੀ ਤਾਸੀਰ ਨਹੀਂ ਬਦਲੀ। ਵਾਅਦੇ ਅਤੇ ਪ੍ਰਾਪਤੀਆਂ ਵਿਚਲੀ ਖਾਈ ਹੋਰ ਚੌੜੀ ਹੁੰਦੀ ਜਾ ਰਹੀ ਹੈ। ਸੰਕਟ ਵੱਧ ਰਿਹਾ ਹੈ ਅਤੇ ਸੰਕਟ ਨਾਲ ਨਿਪਟਣ ਦੀ ਹਾਕਮਾਂ ਦੀ ਅਸਮਰੱਥਾ ਵੀ। ਉਹਨਾਂ ਕੋਲ ਅੰਗਰੇਜ਼ਾਂ ਵਾਂਗ ਵਿਵਸਥਾ ਦੇ ਦੰਦੇ ਤਿੱਖੇ ਕਰਨ ਅਤੇ ਜਨਤਾ ਨੂੰ ਕੁੱਟਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਬਚਿਆ। ਇਸੇ ਦੇ ਐਨ ਉਲਟ ਲੋਕਾਂ ਕੋਲ ਵੀ ਖ਼ਰੀ ਜ਼ਮਹੂਰੀਅਤ ਉਸਾਰਨ ਤੋਂ ਬਿਨਾਂ ਕੋਈ ਬਦਲ ਨਹੀਂ ਰਿਹਾ। ਇਹ ਤਾਂ ਹੁਣ ਇਤਿਹਾਸ ਹੀ ਦੱਸੇਗਾ ਕਿ ਗਣਤੰਤਰ ਦਾ ਦਾਅਵਾ ਕਰਨ ਵਾਲੀਆਂ ਦੋਵੇਂ ਹੀ ਧਿਰਾਂ ਵਿੱਚੋਂ ਅੰਤਿਮ ਜਿੱਤ ਕੀਹਦੀ ਹੁੰਦੀ ਹੈ?

-ਕਰਮ ਬਰਸਟ-

‘ਮਾਂ, ਮੇਰੀ ਵੋਟ ਕਦੋਂ ਬਣੂੰ '


ਏਜੰਡਾ ‘ਕਲਿਆਣ’ ਦਾ ਨਹੀਂ ਹੈ, ਇਕੱਲੀ ‘ਵੋਟ’ ਦਾ ਹੈ। ਫਿਕਰ ਮਨੁੱਖ ਦਾ ਨਹੀਂ, ਉਸਦੀ ‘ਵੋਟ’ ਦਾ ਹੈ। ‘ਵੋਟਰ’ ਵਿਲਕਦਾ ਹੈ, ਕੋਈ ਗੱਲ ਨਹੀਂ। ‘ਵੋਟ’ ਸੁਰੱਖਿਅਤ ਰਹਿਣੀ ਚਾਹੀਦੀ ਹੈ। ਹਕੂਮਤੀ ਲੋਕਾਂ ਦੇ ਜ਼ਿਹਨ ’ਚ ‘ਵੋਟ’ ਵਸੀ ਹੈ, ਵੋਟਰ ਥਾਂ ਨਹੀਂ ਲੈ ਸਕਿਆ ਹੈ। ਪਿੰਡ ’ਚ ਨਵਾਂ ਸ਼ਮਸ਼ਾਨਘਾਟ ਬਣਾਉਣਾ ਹੋਵੇ, ਚਾਹੇ ਨਵਾਂ ਰਾਜ ਬਣਾਉਣਾ ਹੋਵੇ, ਫੈਸਲਾ ‘ਵੋਟ’ ਨੂੰ ਦੇਖ ਕੇ ਲਿਆ ਜਾਂਦਾ ਹੈ, ‘ਲੋੜਾਂ’ ਨੂੰ ਦੇਖ ਕੇ ਨਹੀਂ। ਗੱਲ ਇੱਥੋਂ ਤੱਕ ਪੁੱਜ ਗਈ ਹੈ ਕਿ ਲੀਡਰ ਲੋਕ ਗਮੀ ਮੌਕੇ ਅਫਸੋਸ ਵੀ ‘ਵੋਟ’ ਦੇ ਘਰ ਕਰਨ ਜਾਂਦੇ ਹਨ, ‘ਵੋਟਰ’ ਦੇ ਨਹੀਂ। ਨੇਤਾ ਉਸੇ ਹੀ ਵਿਆਹ ’ਚ ਪੁੱਜਦਾ ਹੈ, ਜਿਥੇ ‘ਵੋਟਾਂ’ ਦੇ ਬੈਂਡ ਵੱਜਦੇ ਹਨ। ਕਲਿਆਣ ‘ਵੋਟਾਂ’ ਦਾ ਹੁੰਦਾ,‘ਵੋਟਰ’ ਨੂੰ ਕੌਣ ਪੁੱਛਦੈ ਹੈ। ਦੇਸ਼ ਦੇ ਜ਼ਮਹੂਰੀ ਪ੍ਰਬੰਧ ਦਾ ਇਹੋ ਜਿਹਾ ਹਾਲ ਹੈ। ਹਰ ਪਾਸੇ ਮਸਲਾ ਵੋਟਾਂ ਦਾ ਹੈ, ਲੋਕਾਂ ਦਾ ਨਹੀਂ। ਪ੍ਰਤੀਨਿਧੀ ਸਰਕਾਰ ਵਲੋਂ ਪੈਂਤੜਾ ਹਰ ਨਾਗਰਿਕ ਦੀ ਬਿਹਤਰੀ ਲਈ ਲਿਆ ਜਾਣਾ ਬਣਦਾ ਹੈ। ਹਰ ਫੈਸਲਾ ‘ਵੋਟ’ ਦੇ ਨਜ਼ਰੀਏ ਤੋਂ ਹੁੰਦਾ ਹੈ। ਲੋਕ ਰਾਜ ’ਚ ਆਏ ਨਿਘਾਰ ਦੇ ਇਹ ਸਿਰਾ ਹੈ। ਜ਼ਮਹੂਰੀਅਤ ਦੀ ਸਭ ਤੋਂ ਛੋਟੀ ਇਕਾਈ ਪਿੰਡ ਹੈ। ਜਿਥੇ ਕਦੇ ਲੋਕ ਵਸਦੇ ਹੁੰਦੇ ਸਨ, ਹੁਣ ‘ਵੋਟਾਂ’ ਵਸਦੀਆਂ ਹਨ। ਕਿਸੇ ਨੂੰ ਕਾਂਗਰਸੀ, ਕਿਸੇ ਨੂੰ ਭਾਜਪਾਈ ਤੇ ਕਿਸੇ ਨੂੰ ਅਕਾਲੀ ਬਣਾ ਦਿੱਤਾ ਗਿਆ ਹੈ। ਇਨ•ਾਂ ‘ਵੋਟਾਂ’ ਦੇ ਚੱਕਰ ’ਚ ਸਮਾਜੀ ਤਾਣੇ ਬਾਣੇ ਨੂੰ ਕਿੰਨੀ ਸੱਟ ਵੱਜੀ ਹੈ, ਲੀਡਰ ਲੋਕ ਨਹੀਂ ਸੋਚਦੇ। ਜੇ ਉਹ ਸੋਚਦੇ ਹਨ ਤਾਂ ਸਿਰਫ ‘ਵੋਟਾਂ’ ਵਾਰੇ ਸੋਚਦੇ ਹਨ।
ਮੁਲਕ ਦੇ ਲੋਕ ਰਾਜ ਦੀ ਉਮਰ 60 ਸਾਲ ਤੋਂ ਉਪਰ ਹੋ ਚੱਲੀ ਹੈ। ਆਬਾਦੀ ਵਧੀ ਹੈ, ਵੋਟਾਂ ਵਧੀਆਂ ਹਨ, ਸੋਚ ਨਹੀਂ ਵਧੀ। ਪ੍ਰਤੀਨਿਧੀ ਲੋਕਾਂ ਦੀ ਸੋਚ ਪਿਛਾਂਹ ਹੋ ਚੱਲੀ ਹੈ। ਲੋਕਾਂ ਦੀ ਸੋਚ ਨੂੰ ‘ਬੇੜੀ’ ਪੈ ਗਈ ਹੈ ਕਿਉਂਕਿ ਏਦਾ ਦਾ ਮਾਹੌਲ ਹੀ ਨਹੀਂ ਉਸਰ ਸਕਿਆ ਕਿ ਲੋਕ ‘ਸੋਚ’ ਤੱਕ ਪੁੱਜ ਸਕਣ। ਉਹ ਤਾਂ ਬੁਨਿਆਦੀ ਮਸਲਿਆਂ ’ਚ ਉਲਝੇ ਪਏ ਹਨ। ਸਰਕਾਰਾਂ ‘ਮਾਡਲ’ ਨਹੀਂ ਬਣ ਸਕੀਆ। ਤਾਹੀਓਂ ਤਾਂ ਨੇਤਾਗਣ ਨੂੰ ਦੇਖ ਕੇ ਹੁਣ ਲੋਕਾਂ ਦੇ ਮਨਾਂ ’ਚ ਸਤਿਕਾਰ ਨਹੀਂ ਜਾਗਦਾ। ਨਵੇਂ ਸੁਆਲ ਉਠਦੇ ਹਨ। ਪਿੰਡ ’ਚ ਆਇਆ ਨੇਤਾ ਵਿਕਾਸ ਦੀ ਗੱਲ ਨਹੀਂ ਕਰਦਾ, ‘ਵੋਟਾਂ’ ਦੀ ਕਰਦਾ ਹੈ। ਪਿੰਡ ਦੀ ਕਿਹੜੀ ਗੱਲ ਪੱਕੀ ਬਣਾਈ ਜਾਣੀ ਹੈ, ਲੋਕਾਂ ਦੀ ਮੁਸ਼ਕਲ ਨੂੰ ਦੇਖ ਕੇ ਫੈਸਲਾ ਨਹੀਂ ਹੁੰਦਾ, ‘ਵੋਟਾਂ’ ਦੀ ਗਿਣਤੀ ਦੇਖ ਕੇ ਗੱਲ ਸਿਰੇ ਲੱਗਦੀ ਹੈ, ਗਲੀ ਵਿਚਲਾ ‘ਨਰਕ’ ਨਹੀਂ ਦੇਖਿਆ ਜਾਂਦਾ। ਪੇਂਡੂ ਗਲੀਆਂ ਵੀ ‘ਅਕਾਲੀ’ ਜਾਂ ‘ਕਾਂਗਰਸੀ’ ਬਣ ਗਈਆਂ ਹਨ। ਇਕਸਾਰ ਵਿਕਾਸ ਦਾ ‘ਮਾਡਲ’ ਨਹੀਂ ਪੇਸ਼ ਕੀਤਾ ਜਾਂਦਾ, ਰਿਊੜੀਆਂ ਵਾਂਗ ਗਰਾਂਟਾਂ ਵੰਡੀਆਂ ਜਾਂਦੀਆਂ ਹਨ। ਕਈ ਦਹਾਕਿਆਂ ਤੋਂ ਪਿੰਡਾਂ ਦੀਆਂ ਗਲੀਆਂ-ਨਾਲੀਆਂ ਵਾਸਤੇ ਗਰਾਂਟਾਂ ਦੀ ਵੰਡ ਹੋ ਰਹੀ ਹੈ। ਬਾਵਜੂਦ ਇਸ ਦੇ ,ਕੋਈ ਪਿੰਡ ਪੱਕਾ ਨਹੀਂ ਹੋ ਸਕਿਆ।
ਪੰਜਾਬ ’ਚ ਦਲਿਤ ਵਰਗ ਲਈ ਸਰਕਾਰ ਕਲਿਆਣਕਾਰੀ ਸਕੀਮ ਇਸ ਨਜ਼ਰ ਤੋਂ ਨਹੀਂ ਬਣਾਉਂਦੀ ਕਿ ਉਨ•ਾਂ ਦੀ ਜ਼ਿੰਦਗੀ ਨੂੰ ਠੁੰਮਣਾ ਦੇਣਾ ਹੈ ਜਾਂ ਫਿਰ ਉਨ•ਾਂ ਦਾ ਰਹਿਣ ਸਹਿਣ ਉਚਾ ਚੁੱਕਦਾ ਹੈ। ਕੇਵਲ ਉਨ•ਾਂ ਚੋਂ ‘ਵੋਟ’ ਦਿੱਖਦੀ ਹੈ, ਤਾਂ ਫੈਸਲੇ ਹੁੰਦੇ ਹਨ। ਵੱਡੀ ਤਰਾਸ਼ਦੀ ਉਨ•ਾਂ ਦੀ ਹੈ, ਜਿਨ•ਾਂ ਦੀ ਵੋਟ ਹੀ ਨਹੀਂ ਬਣੀ। ਕਿਉਂਕਿ ਇਥੇ ਤਾਂ ਸਰਕਾਰਾਂ ‘ਵੋਟਾਂ’ ਵਾਸਤੇ ਚੁੱਲ•ਾ ਤਪਾਉਂਦੀਆਂ ਹਨ। ਵੱਡਾ ਸੰਤਾਪ ਬੱਚਿਆਂ ਨੂੰ ਭੋਗਣਾ ਪੈਂਦਾ ਹੈ। ਪੰਜਾਬ ਦੇ ਰਾਜ ਭਾਗ ਦੀ ਕੁਰਸੀ ’ਤੇ ਕੋਈ ਵੀ ਬੈਠੇ, ਸਕੀਮ ਹਰ ਤਬਕੇ ਲਈ ਤਿਆਰ ਹੁੰਦੀ ਹੈ, ਕਦੇਂ ਬੱਚਿਆਂ ਵਾਰੇ ਨਹੀਂ ਸੋਚਿਆ ਗਿਆ। ਬੱਚਿਆਂ ਦਾ ਇਹੋ ਕਸੂਰ ਹੈ ਕਿ ਉਨ•ਾਂ ਦੀ ਵੋਟ ਨਹੀਂ ਹੁੰਦੀ। ਬੱਚੇ ਤਾਂ ਵਿਚਾਰੇ ਵੋਟਾਂ ਵੇਲੇ ਪਿੰਡ ਚੋਂ ¦ਘਦੀ ਕਾਰ ਜਾਂ ਟੈਂਪੂ ਚੋਂ ਸੁੱਟੇ ਜਾਂਦੇ ‘ਅਪੀਲ’ ਵਾਲੇ ਕਾਗਜ ਚੁੱਕਣ ਜੋਗੇ ਹਨ। ਅਣਭੋਲ ਹਨ, ਬੇਵੱਸ ਹਨ। ਮੁਸ਼ਕਲਾਂ ਤਾਂ ਉਨ•ਾਂ ਦੀਆਂ ਵੀ ਹਨ। ਗਰਮੀ ਤੇ ਸਰਦੀ ਦੀ ਇੱਕੋ ਜਿਨੀ ਮਾਰ ਝੱਲਦੇ ਹਨ। ਕੜਕਦੀ ਠੰਡ ’ਚ ਠੁਰ ਠੁਰ ਕਰਦੇ ਨੰਗੇ ਪੈਰ•ੀਂ ਸਰਕਾਰੀ ਸਕੂਲ ’ਚ ਬੈਠਦੇ ਹਨ। ਕੜਕਦੀ ਧੁੱਪ ਦਾ ਕਹਿਰ ਵੀ ਇਹੋ ਨੰਗੇ ਪੈਰ ਝੱਲਦੇ ਹਨ। ਮਾਪਿਆਂ ਦੀ ਗਰੀਬੀ ’ਚ ਬਰਾਬਰ ਦੇ ਹਿੱਸੇਦਾਰ ਬਣਦੇ ਹਨ। ਕਾਫੀ ਸਕੂਲਾਂ ’ਚ ਬੈਠਣ ਵਾਸਤੇ ਫਰਨੀਚਰ ਤਾਂ ਦੂਰ ਦੀ ਗੱਲ, ਟਾਟ ਵੀ ਨਹੀਂ ਹੈ। ਪੰਜਾਬ ਦੇ ਪ੍ਰਾਇਮਰੀ ਸਕੂਲਾਂ ’ਚ ਪੜਦੇ ਦਲਿਤ ਬੱਚਿਆਂ ਨੂੰ ਅਗਸਤ 2008 ਤੋਂ ਮਗਰੋਂ ਵਜੀਫਾ ਮਿਲਿਆ ਹੀ ਨਹੀਂ। ਜਿਨ•ਾਂ ਦੀ ਪੜਾਈ ਹੀ ਵਜੀਫੇ ਆਸਰੇ ਚੱਲਦੀ ਹੈ, ਉਹ ਸਕੂਲ ਵੀ ਛੱਡ ਜਾਂਦੇ ਹਨ। ਕੀ ਬੱਚਿਆਂ ਵਾਲਾ ਫੰਡ ਮੁੱਕ ਗਿਆ ਹੈ। ਗੱਲ ਇਹ ਨਹੀਂ, ਅਸਲੀਅਤ ਇਹ ਹੈ ਕਿ ਬੱਚੇ ਹਾਲੇ ‘ਵੋਟ’ ਨਹੀਂ ਬਣੇ।
ਬਠਿੰਡਾ ਦੇ ਪਿੰਡ ਕੋਟਫੱਤਾ ਦੇ 12 ਵਰਿ•ਆਂ ਦੇ ਅਣਪੜ ਸੀਰੇ ਦੀ ਨਜ਼ਰ ’ਚ ਸਰਕਾਰੀ ਸਕੂਲ ਨਾਲੋਂ ਆਪਣੇ ਪਿੰਡ ਦੇ ‘ਭੇਡਾਂ ਵਾਲੇ ਸਰਦਾਰ’ ਚੰਗੇ ਹਨ। ਕਿਸੇ ਸਰਕਾਰੀ ਅਧਿਕਾਰੀ ਨੇ ਸੀਰੇ ਦੀ ਹਾਲਤ ਦੇਖ ਕੇ ਆਖਿਆ,‘ਸੀਰੇ, ਤੈਨੂੰ ਸਕੂਲ ਲਾ ਦੇਈਏ।’ ‘ਕਿੰਨੇ ਪੈਸੇ ਦੇਣਗੇ ਸਕੂਲ ਵਾਲੇ’ ਸੀਰੇ ਦੇ ਇਸ ਸੁਆਲ ਦੇ ਜੁਆਬ ’ਚ ਉਸ ਅਧਿਕਾਰੀ ਨੇ ਆਖਿਆ, ‘ਪੰਜਾਹ ਰੁਪਏ’। ਉਸ ਬੱਚੇ ਦਾ ਕਹਿਣਾ ਸੀ ਕਿ ‘ਭੇਡਾਂ ਵਾਲੇ ਸਰਦਾਰ ਤਾਂ 120 ਰੁਪਏ ਦਿੰਦੇ ਨੇ, ਸ਼ਾਮ ਨੂੰ ਦੁੱਧ ਵੀ ਪਿਆਉਂਦੇ ਹਨ, ਫਿਰ ਕਾਹਤੋ ਸਕੂਲ ਲੱਗਾ’। ਖੈਰ ਹੁਣ ਤਾਂ ਵਜੀਫੇ ਵਾਲੇ 50 ਰੁਪਏ ਵੀ ਸਰਕਾਰ ਵੇਲੇ ਸਿਰ ਦੇਣੋ ਹਟ ਗਈ ਹੈ। ਛੇ ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਬਹੁਗਿਣਤੀ ਆਂਗਣਵਾੜੀ ਸੈਂਟਰ ਧਰਮਸਾਲਾਵਾਂ ਤੇ ਦਰੱਖਤਾਂ ਹੇਠ ਚੱਲਦੇ ਹਨ। ਕਿਸੇ ਸੈਂਟਰ ’ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ,ਕਿਸੇ ’ਚ ਬਿਜਲੀ ਦਾ ਇੰਤਜਾਮ ਨਹੀਂ ਤੇ ਕਿਸੇ ’ਚ ਬੈਠਣ ਵਾਸਤੇ ਫਰਨੀਚਰ ਨਹੀਂ। ਇਨ•ਾਂ ਬੱਚਿਆਂ ਵਾਸਤੇ ਕੋਈ ਸਕੀਮ ਨਹੀਂ ਬਣਦੀ। ਬਾਲ ਮਜ਼ਦੂਰੀ ਰੋਕਣ ਵਾਸਤੇ ਕਾਨੂੰਨ ਤਾਂ ਹੈ, ਲਾਗੂ ਨਹੀਂ ਕੀਤਾ ਜਾਂਦਾ। ਸਰਕਾਰ ਬੱਚਿਆਂ ਨੂੰ ਪ੍ਰਬੰਧ ਹੀ ਨਹੀਂ ਦੇ ਸਕੀ, ਕੋਈ ਬਦਲ ਹੀ ਨਹੀਂ ਹੈ। ਬੱਚੇ ਮਜ਼ਦੂਰੀ ਨਹੀਂ ਕਰਨਗੇ ਤਾਂ ਖਾਣਗੇ ਕਿਥੋਂ। ਸਰਕਾਰ ਇੱਧਰ ਧਿਆਨ ਨਹੀਂ ਦਿੰਦੀ। ਬੱਚਿਆ ਦੇ ਇਲਾਜ ਲਈ ਸਰਕਾਰ ਸੁਹਿਰਦ ਨਹੀਂ ਹੈ। ਬੱਚਿਆਂ ਨੂੰ ਵੋਟ ਦਾ ਹੱਕ ਹੁੰਦਾ ਤਾਂ ਅੱਜ ਸਰਕਾਰ ਵਲੋਂ ਚਲਾਏ ਜਾਂਦੇ ਬਾਲ ਘਰਾਂ ਦੀ ਇਹ ਦੁਰਗਤੀ ਨਹੀਂ ਹੋਣੀ ਸੀ।

ਪਿੰਡ ਸਿਵੀਆ ਦਾ ਬਰਜ਼ਿੰਦਰ ਸਕੂਲੋਂ ਹਟ ਗਿਆ। ਉਹ ਹੁਣ ਕੰਟੀਨ ’ਚ ਕੰਮ ਕਰਕੇ ਆਪਣੇ ਛੋਟੇ ਭੈਣ ਭਰਾਵਾਂ ਨੂੰ ਪੜਾ ਰਿਹਾ ਹੈ। ਗੁਰਬਤ ’ਚ ਫਸੇ ਇਸ ਬੱਚੇ ਨੂੰ ਤਾਂ ਆਪਣਾ ਨਾਮ ਵੀ ਚੰਗੀ ਤਰ•ਾਂ ਯਾਦ ਨਹੀਂ। ਪੁੱਛੋ ਤਾਂ ਕਦੇ ਬਰਜ਼ਿੰਦਰ ਦੱਸ ਦਿੰਦੈ ਤੇ ਕਦੇ ਬਲਜ਼ਿੰਦਰ। ਸਰਕਾਰ ਦੇ ਤਾਂ ਕੋਈ ਬਲਜ਼ਿੰਦਰ ਵੀ ਯਾਦ ਨਹੀਂ ਹੈ। ਬਲਜ਼ਿੰਦਰ ਵੋਟ ਹੁੰਦਾ ਤਾਂ ਲੀਡਰਾਂ ਨੇ ਉਸ ਦਾ ਹਾਲ ਚਾਲ ਵੀ ਪੁੱਛਣਾ ਸੀ, ਬੇਸ਼ੱਕ ਪੰਜ ਵਰਿ•ਆਂ ਮਗਰੋਂ ਹੀ ਸਹੀ। ਭੁੱਚੋ ਖੁਰਦ ਦਾ ਕਿਸਾਨ ਬਹਾਦਰ ਸਿੰਘ ਤੇ ਉਸਦੀ ਪਤਨੀ ਨੇ ਕਰਜ਼ੇ ’ਚ ਖੁਦਕਸ਼ੀ ਕਰ ਲਈ। ਪਿਛੇ ਚਾਰ ਬੱਚਿਆਂ ਚੋਂ ਦੋ ਬੱਚੇ ਤਾਂ ਸਕੂਲੋਂ ਪੜਨੋ ਹੀ ਹਟ ਗਏ। ਹੁਣ ਦਾਦਾ ਪੋਤੇ ਪੋਤੀਆਂ ਦੀ ਪਰਵਰਿਸ਼ ਕਰ ਰਿਹਾ ਹੈ। ਆਖਰ ਦਾਦਾ ਵੀ ਕਦੋਂ ਤੱਕ ਇਨ•ਾਂ ਬੱਚਿਆਂ ਦਾ ਭਾਰ ਚੁੱਕੇਗਾ। ਹਜ਼ਾਰਾਂ ਬੱਚੇ ਇਸੇ ਤਰ•ਾਂ ਦੇ ਹਨ ਜਿਨ•ਾਂ ਦੀ ਜ਼ਿੰਦਗੀ ਪਟੜੀ ਤੋਂ ਉਤਰ ਚੁੱਕੀ ਹੈ। ਲੀਡਰਾਂ ਨੇ ਜੋ ਮਾਹੌਲ ਸਿਰਜ ਦਿੱਤਾ ਹੈ, ਉਸ ’ਚ ਹਰ ਬੱਚਾ ਹੀ ਮਾਵਾਂ ਨੂੰ ਇਹੋ ਸੁਆਲ ਕਰਦਾ ਨਜ਼ਰ ਆ ਰਿਹਾ ਹੈ, ‘ਮਾਂ ਮੇਰੀ ਵੋਟ ਕਦੋਂ ਬਣੂ।’ ਹਾਲਾਂਕਿ ਉਹ ਵੀ ਨਰਕ ਹੀ ਭੋਗਦੇ ਹਨ ਜਿਨ•ਾਂ ਪੱਲੇ ਵੋਟ ਹੈ। ਫਰਕ ਏਨਾ ਕੁ ਹੈ ਕਿ ‘ਵੋਟਾਂ’ ਵਾਲੇ ਸਰਕਾਰ ਦੇ ਏਜੰਡੇ ’ਤੇ ਰਹਿੰਦੇ ਹਨ। ਸਰਕਾਰਾਂ ਇਹ ਮਤ ਸੋਚਣ ਕਿ ਬੱਚਿਆਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ, ਅਚੇਤ ਤੇ ਸੁਚੇਤ ਰੂਪ ’ਚ ਲੀਡਰਾਂ ਦੀ ਬੇਈਮਾਨੀ ਤੋਂ ਉਹ ਵੀ ਜਾਣੂ ਹੋ ਰਹੇ ਹਨ। ਇੱਕ ਅਣਪੜ ਦਲਿਤ ਬੱਚੀ ਨੇ ਕੰਧ ’ਤੇ ਲੱਗੇ ਪੋਸਟਰ ’ਚ ਮੁੱਖ ਮੰਤਰੀ ਪੰਜਾਬ ਦੀ ਫੋਟੋ ਦੇਖ ਕੇ ਆਪਣੀ ਦਾਦੀ ਨੂੰ ਆਖਿਆ, ‘ਬੇਬੇ ਆਟਾ ਦਾਲ ਵਾਲਾ ਬਾਦਲ’, ਬਸਤਾ ਚੁੱਕੀ ਖੜਾ ਦੂਸਰਾ ਬੱਚਾ ਝੱਟ ਬੋਲ ਪਿਆ,‘ਆਟਾ ਦਾਲ ਵਾਲਾ ਬਿਜਲੀ ਤਾਂ ਦਿੰਦਾ ਨੀਂ।’

ਬਚਪਨ ਦੇ ਮੂੰਹੋਂ ਨਿਕਲੀ ਗੱਲ ਸਹਿਜ ਨਹੀਂ ਹੈ। ਇਹੋ ਬਚਪਨ ਜਦੋਂ ‘ਵੋਟ’ ਬਣੇਗਾ ਤਾਂ ਆਪਣਾ ਹਿਸਾਬ ਕਿਤਾਬ ਮੰਗੇਗਾ। ਬਚਪਨ ਨੂੰ ਹਾਸ਼ੀਏ ’ਤੇ ਸੁੱਟ ਦਿੱਤਾ ਜਾਏਗਾ ਤਾਂ ਤੰਦਰੁਸਤ ਤੇ ਉਸਾਰੂ ਸਮਾਜ ਦਾ ਸੁਪਨਾ ਕਿਵੇਂ ਲਿਆ ਜਾ ਸਕਦਾ ਹੈ। ਇਨ•ਾਂ ਬੱਚਿਆਂ ਨੇ ਹੀ ਦੇਸ਼ ਦਾ ਭਵਿੱਖ ਬਣਨਾ ਹੈ। ਪਿਛਲੇ ਕੁਝ ਅਰਸੇ ਤੋਂ ਸਰਕਾਰਾਂ ਦੀ ਇਹ ‘ਸੋਚ ਤੇ ਅਪਰੋਚ’ ਬਣ ਗਈ ਹੈ ਕਿ ਲੋਕਾਂ ਲਈ ਜੋ ਵੀ ਕੀਤਾ ਜਾਂਦਾ ਹੈ,ਉਸ ਦਾ ਮੁੱਲ ਵੱਟਣ ਲਈ ਪੂਰਾ ਜ਼ੋਰ ਲਗਾ ਦਿੱਤਾ ਜਾਂਦਾ ਹੈ। ਯਾਦ ਹੈ ਕਿ ਜਦੋਂ ਸਾਲ 1997 ’ਚ ਪੰਜਾਬ ’ਚ ਤੀਸਰੀ ਦਫਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣੀ ਸੀ ਤਾਂ ਉਦੋਂ ਬਠਿੰਡਾ ਇਲਾਕੇ ਦੇ ਇੱਕ ਤਤਕਾਲੀ ਵਜ਼ੀਰ ਵਲੋਂ ਸਕੂਲਾਂ ’ਚ ਬੱਚਿਆਂ ਨੂੰ ਵਜੀਫੇ ਵੀ ਸਮਾਗਮ ਕਰਕੇ ਵੰਡਣੇ ਸ਼ੁਰੂ ਕਰ ਦਿੱਤੇ ਸਨ ਤਾਂ ਜੋ ਵਜੀਫਿਆਂ ਚੋਂ ਵੀ ਵੋਟ ਭਾਲੀ ਜਾ ਸਕੇ। ਸ਼ਗਨ ਸਕੀਮ ਦੀ ਰਾਸ਼ੀ ਸਮਾਗਮ ਕਰਕੇ ਵੰਡਣੀ ਤਾਂ ਹੁਣ ਆਮ ਜਿਹੀ ਗੱਲ ਹੋ ਗਈ ਹੈ। ਸਰਕਾਰ ਕੋਈ ਵੀ ਮੌਕਾ ਖੁੰਂਝਣ ਨਹੀਂ ਦਿੰਦੀੇ। ਉਹ ਦਿਨ ਵੀ ਦੂਰ ਨਹੀਂ ਜਦੋਂ ਸਰਕਾਰ ਮੁਲਾਜ਼ਮਾਂ ਨੂੰ ਤਨਖਾਹ ਵੀ ਸਮਾਗਮ ਕਰਕੇ ਵੰਡਣੀ ਸ਼ੁਰੂ ਕਰ ਦੇਏਗੀ ਕਿਉਂਕਿ ਮਾਮਲਾ ਵੋਟਾਂ ਦਾ ਹੈ।

-ਚਰਨਜੀਤ ਭੁੱਲਰ,ਬਠਿੰਡਾ।

Friday, January 22, 2010

ਗੁਰਬਤ ਭਰੀ ਜ਼ਿੰਦਗੀ ਜਿਉਂ ਰਹੇ ਰੰਗਕਰਮੀ ਸੁਰਜੀਤ ਗਾਮੀ ਦੀ ਮੱਦਦ ਕਰੋ

( ‘ਮਿੱਟੀ’ ਫ਼ਿਲਮ ‘ਚ ਟੁੰਡੇ ਦੇ ਪਿਓ ਦੀ ਭੂਮੀਕਾ ਵਾਲਾ ਅਦਾਕਾਰ)

ਲ਼ੋਕ ਪੱਖੀ ਸਾਹਿਤ ਦੀ ਅਗਵਾਈ ਕਰਨ ਵਾਲੇ ਸ਼ਾਰਤਰ ਨੇ ਦੁਨੀਆਂ ਦੇ ਸਭਤੋਂ ਵੱਡੇ ਨੋਬਲ ਇਨਾਮ ਨੂੰ ਆਲੂਆਂ ਦੀ ਬੋਰੀ ਕਹਿਕੇ ਠੁਕਰਾ ਦਿੱਤਾ ਸੀ। ਇਸ ਕਰਕੇ ਲੋਕ ਪੱਖੀ ਸਾਹਿਤਕਾਰ ਜਾਂ ਕਲਾਕਾਰ ਸਮਾਜ ਦਾ ਸਰਮਾਇਆ ਹੁੰਦੇ ਹਨ।ਉਹ ਸਮਾਜ ਲਈ ਤੇ ਸਮਾਜ ਉਹਨਾਂ ਲਈ ਹੋਣਾ ਚਾਹੀਦਾ ਹੈ।ਪਰ ਪੱਛਮ ਤੇ ਯੂਰਪ ਤੋਂ ਬਿਲਕੁਲ ਉਲਟ ਭਾਰਤ ‘ਚ ਸਾਹਿਤਕਾਰਾਂ ਤੇ ਕਲਾਕਾਰਾਂ ਨੂੰ ਦੁਰਗਤੀ ਦਾ ਸ਼ਿਕਾਰ ਹੋਣਾ ਪੈਂਦਾ ਹੈ।ਇਸਤੋਂ ਵੀ ਜ਼ਿਆਦਾ ਦੁਰਦਸ਼ਾ ਪੰਜਾਬ ਦੀ ਧਰਤੀ ‘ਤੇ ਦੇਖੀ ਜਾ ਸਕਦੀ ਹੈ।ਜਿੱਥੇ ਸੁਰਜੀਤ ਗਾਮੀ ਵਰਗੇ ਪਤਾ ਨਹੀਂ ਕਿੰਨੇ,ਜਿਹੜੇ ਕਲਾ…ਕਲਾ ਲਈ ਨਹੀਂ,ਕਲਾ ਲੋਕਾਂ ਲਈ, ਦੀ ਧਾਰਨਾ ਰੱਖਦੇ ਹਨ ਨੂੰ ਲੋਕਾਂ ਤੇ ਸਮਾਜ ਦੀ ਬੇਰੁਖੀ ਦਾ ਸ਼ਿਕਾਰ ਹੋਣਾ ਪੈਂਦਾ ਹੈ।ਜਿਸ ਤਰ੍ਹਾਂ ਪੰਜਾਬੀ ਸਮਾਜ ‘ਚ ਬਹੁਤ ਸਾਰੇ ਗਾਮੀ ਵਰਗੇ ਲੋਕਾਂ ਦੀ ਦੁਰਦਸ਼ਾ ਹੋ ਰਹੀ ਹੈ,ਉਸਨੂੰ ਵੇਖਕੇ ਨਵੀਂ ਪੀੜੀ ਕਦੇ ਵੀ ਬਦਲਵੀਂ ਕਲਾ ਵੱਲ ਨਹੀਂ ਝਾਕੇਗੀ।ਅਸਲ ‘ਚ ਗੱਲ ਗਾਮੀ ‘ਤੇ ਆਕੇ ਖ਼ਤਮ ਨਹੀਂ ਹੋ ਰਹੀ ਬਲਕਿ ਗਾਮੀ ਦੇ ਜ਼ਰੀਏ ਸ਼ੁਰੂ ਹੋ ਰਹੀ ਹੈ।ਮੱਦਾ ਉਹਨਾਂ ਬਦਲਵੇਂ ਸੰਚਾਰ ਸਾਧਨਾਂ ਦਾ ਹੈ,ਜਿਨ੍ਹਾਂ ਲਈ ਕਦੇ ਬਦਲਵੀਂ ਆਰਥਿਕਤਾ ਵਿਕਸਤ ਕਰਨ ਬਾਰੇ ਸੋਚਿਆ ਨਹੀਂ ਗਿਆ ਤੇ ਨਾ ਸੋਚਿਆ ਜਾ ਰਿਹਾ ਹੈ।ਅਸਲ ‘ਚ ਸਮਾਜਿਕ ਬਦਲਾਅ ਦੇ ਠੇਕੇਦਾਰ ਤੇ ਆਪਣੇ ਆਪ ਨੂੰ ਇਨਕਲਾਬੀ ਕਹਾਉਂਦੀਆਂ ਸ਼ਕਤੀਆਂ ਨੇ, ਸਵਾਏ ਆਪਣੀ ਚੌਧਰ ਤੋਂ ਕਦੇ ਵੀ ਬਦਲਵੇਂ ਸੰਚਾਰ ਮਾਧਿਅਮਾਂ ਦੇ ਰਾਜਨੀਤਿਕ ਅਰਥਸ਼ਾਸ਼ਤਰ ਦੀਆਂ ਬਰੀਕੀਆਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ।ਜਿਸਦੀ ਗਵਾਹੀ ਪੰਜਾਬ ਦੀ ਧਰਤੀ ਭਰਦੀ ਹੈ।ਕਿ ਕਿਸ ਤਰ੍ਹਾਂ ਵੱਖ ਵੱਖ ਸੱਭਿਆਚਾਰਕ ਫਰੰਟ ਇਹਨਾਂ ਅਗਾਂਹਵਧੂਆਂ ਦੀ ਬੇਸਮਝੀ ਦੀ ਭੇਂਟ ਚੜ੍ਹੇ ਨੇ।ਫਿਲਹਾਲ ਮੁੱਦਾ ਗਾਮੀ ਦੀ ਵਿੱਤੀ ਸਹਾਇਤਾ ਦਾ ਹੈ,ਲੰਬੀ ਚਰਚਾ ਕਿਸੇ ਹੋਰ ਥਾਂ ਕਰਾਂਗੇ।ਅਸੀਂ ਦੋਸਤਾਂ ਮਿੱਤਰਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਗਾਮੀ ਬਾਈ ਦੀ ਮੱਦਦ ਕੀਤੀ ਜਾਵੇ।ਸਭਤੋਂ ਪਹਿਲਾਂ ਉਸਦੇ ਮੰਡੇ ਦੇ ਆਪਰੇਸ਼ਨ ਲਈ ਰਾਸ਼ੀ ਦੀ ਜ਼ਰੂਰਤ ਹੈ।ਸਾਨੂੰ ਲਗਦੈ ਕਿ ਅਜਿਹੀ ਉਪਰਾਲਿਆਂ ਨਾਲ ਕਲਾਕਾਰਾਂ ਦੀ ਨਵੀਂ ਪੀੜੀ ਅੰਦਰ ਉਤਸ਼ਾਹ ਵੀ ਆਵੇਗਾ।ਪੱਤਰਕਾਰਾਂ ਦੋਸਤਾਂ ਨੂੰ ਖਾਸ ਕਰਕੇ ਕਹਾਂਗੇ ਕਿ ਉਹ ਗਾਮੀ ਵਰਗਿਆਂ ਨੂੰ ਆਪੋ ਆਪਣੇ ਪਲੇਟਫਾਰਮਾਂ ਜ਼ਰੀਏ ਜਨਤਾ ਦੇ ਰੂਬਰੂ ਕਰਨ।ਜੇ ਸਹਾਇਤਾ ਨੂੰ ਲੈਕੇ ਕਿਸੇ ਦਾ ਕੋਈ ਸਲਾਹ ਮਸ਼ਵਰਾ ਹੋਵੇ ਤਾਂ ਜ਼ਰੂਰ ਦੇਵੇ।--ਗੁਲਾਮ ਕਲਮ

ਮਾਨਸਾ ਸ਼ਹਿਰ ਪੰਜਾਬ ਦੇ ਨਕਸ਼ੇ ‘ਤੇ ਨਵੇਂ ਜ਼ਿਲੇ ਵਜੋਂ ਉਭਰਿਆ ਪਰ ਸਾਹਿਤਕ ਹਲਕਿਆਂ ‘ਚ ਇਹ ਆਪਣੇ ਕੁਝ ਮਿੱਟੀ ਨਾਲ ਜੁੜੇ ਅਸਲ ਜਿੰਦਗੀ ਦੇ ਨਾਇਕਾਂ ਕਰਕੇ ਜਾਣਿਆ ਜਾਂਦਾ ਹੈ, ਜੋ ਕਿ ਮੀਡੀਆ ਤੋਂ ਦੂਰੀ ਹੋਣ ਕਰਕੇ ਆਮ ਲੋਕਾਂ ਵਲੋਂ ਭਾਵੇਂ ਨਾ ਜਾਣੇ-ਪਛਾਣੇ ਜਾਂਦੇ ਹੋਣ ਪਰ ਰੰਗਮੰਚਾਂ, ਡਰਾਮਿਆਂ ਅਤੇ ਨੁੱਕੜ ਨਾਟਕਾਂ ‘ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਕਰਕੇ ਪੂਰੇ ਪੰਜਾਬ ਦੇ ਕਲਾ ਪ੍ਰੇਮੀਆਂ ਦੇ ਸਦਾ ਚਹੇਤੇ ਬਣੇ ਰਹੇ ਹਨ।ਮਾਲਵੇ ਦੇ ਇਨ੍ਹਾਂ ਟਿੱਬਿਆਂ ਦੇ ਰੇਤੇ ਵਿੱਚ ਪਲਿਆ ਇਕ ਅਸਲ ਜਿੰਦਗੀ ਦਾ ਨਾਇਕ ਪਿਛਲੇ ਦਿਨੀਂ ਪ੍ਰਦਰਸ਼ਿਤ ਪੰਜਾਬੀ ਫਿਲਮ ‘ਮਿੱਟੀ’ ਵਿਚ ਆਪਣੇ ਛੋਟੇ ਜਿਹੇ ਰੋਲ ਨਾਲ ਵੱਖਰੀ ਪਛਾਣ ਛੱਡਣ ਕਰਕੇ ਚਰਚਾ ਵਿਚ ਹੈ,ਜਿਸਦੀ ਗੁਰਬਤ ਭਰੀ ਜਿੰਦਗੀ ਨੇ ਇਹ ਸਤਰਾਂ ਲਿਖਣ ਲਈ ਮਜ਼ਬੂਰ ਕੀਤਾ।ਇਸ ਨਾਇਕ ਦਾ ਨਾਮ ਹੈ ‘ਸੁਰਜੀਤ ਗਾਮੀ’,1959 ‘ਚ ਜਨਮਿਆ ਗਾਮੀ ਬਚਪਨ ‘ਚ ਘਰ ਦੀ ਗਰੀਬੀ ਕਾਰਨ ਪੜ੍ਹ ਨਹੀਂ ਸਕਿਆ ਅਤੇ 10 ਸਾਲ ਦੀ ਬਾਲੜੀ ਉਮਰ ਵਿੱਚ ਹੀ ਲੋਂਗੋਵਾਲ ਇਲਾਕੇ ਦੇ ਉਘੇ ਕਾਮਰੇਡ ਮਰਹੂਮ ਵਿੱਦਿਆ ਦੇਵ ਨਾਲ ਨਾਟਕ ਖੇਡਣ ਲੱਗ ਪਿਆ।ਕੁੱਝ ਸਮੇਂ ਬਾਦ ਉਹ ਗੁਰਸ਼ਰਨ ਭਾਅ ਜੀ ਦੇ ਗਰੁੱਪ ਨਾਲ ਨਾਲ ਇਨਕਲਾਬੀ ਨਾਟਕ ਖੇਡਣ ਲੱਗਾ।ਭਾਅ ਜੀ ਨਾਲ ਗਾਮੀ ਨੇ 2 ਸਾਲ ਨਾਟਕ ਖੇਡੇ ਅਤੇ ਉਨੀ ਦਿਨੀਂ ਉਹ ਇਕ ਮਹੀਨੇ ‘ਚ 45-45 ਨਾਟਕ ਵੀ ਖੇਡਦੇ ਸਨ।

ਗਾਮੀ ਜ਼ਿਆਦਾਤਰ ਇਨਕਲਾਬੀ ਨਾਟਕ ਹੀ ਖੇਡਦਾ ਰਿਹਾ ਜਿਸ ਕਰਕੇ ਮੇਰਾ ਇਹ ਪੁੱਛਣਾ ਸੁਭਾਵਿਕ ਹੀ ਸੀ ਕਿ ਫੇਰ ਗ੍ਰਿਫਤਾਰੀ ਕਦੇ ? ਗਾਮੀ ਹੱਸਦਿਆ ਜਵਾਬ ਦਿੰਦਾ 12-14 ਸਾਲ ਦੀ ਉਮਰ ਵਿੱਚ ਸਤਿਆਗ੍ਰਹਿ ਲਹਿਰ ਵੇਲੇ ਮੈਂ ਚੰਡੀਗੜ ਤੋਂ ਗ੍ਰਿਫਤਾਰ ਹੋਇਆ ਸੀ, ਆਪਣੇ ਪੂਰੇ ਗਰੁੱਪ ਨਾਲ ਇਕ ਇਨਕਲਾਬੀ ਨਾਟਕ ਖੇਡਦਿਆਂ ਅਤੇ ਮੈਂ ਸਭ ਤੋਂ ਛੋਟੀ ਉਮਰ ਦਾ ਸੀ । ਉਸਨੇ 2 ਮਹੀਨੇ ਸੰਗਰੂਰ ਜੇਲ੍ਹ ਵਿਚ ਬੀਤਾਏ।ਨਕਸਲਬਾੜੀ ਲਹਿਰ ਵੇਲੇ ਵੀ ਗਾਮੀ ਅਤੇ ਉਸਦਾ ਗਰੁੱਪ ਨਾਟਕ ਖੇਡਦਾ ਰਿਹਾ ਪਰ ਉਹ ਗ੍ਰਿਫਤਾਰ ਨਹੀਂ ਹੋਏ।ਐਮਰਜੈਂਸੀ ਵੇਲੇ ਦੀ ਇਕ ਘਟਨਾ ਦੱਸਦਿਆਂ ਹਾਲੇ ਵੀ ਉਸ ਦੀਆਂ ਅੱਖਾਂ ਚਮਕ ਪੈਂਦੀਆਂ ਨੇ ਜਦ ਉਹ ਦੱਸਦਾ ਕਿ ਇਕ ਵਾਰ ਮਾਨਸਾ ਨੇੜਲੇ ਪਿੰਡ ਮਲਕਪੁਰ ਖਿਆਲਾ ਵਿਚ ਨਾਟਕ ਖੇਡਣ ਪਹੁੰਚਣ ‘ਤੇ ਉਸ ਨੇ ਪਾਇਆ ਕਿ ਸਟੇਜ ਉਲਟਾਈ ਪਈ ਹੈ। ੳਸ ਨੂੰ ਲੋਕਾਂ ਨੇ ਕਾਰਨ ਦੱਸਿਆ ਕਿ ਪੁਲਿਸ ਨੇ ਅਜਿਹਾ ਕੀਤਾ ਤਦ ਉਸਨੇ ਫਿਰ ਵੀ ਇਕ ਨੁੱਕੜ ਨਾਟਕ ਰਾਹੀ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਆਪਣਾ ਬਣਦਾ ਕਾਰਜ ਪੂਰਾ ਕੀਤਾ।ਗਾਮੀ ਅਤੇ ਉਸਦੇ ਸਾਥੀਆ ਨੇ ਮਾਨਸਾ ਦੇ ਮਸ਼ਹੂਰ ਪੰਜਾਬ ਕਲਾ ਮੰਚ ਦੀ ਨੀਂਹ ਰੱਖੀ ਅਤੇ ਉਹਨਾਂ 25 ਕੁ ਸਾਲ ਦਿੱਲੀ, ਬੰਬਈ, ਕਲਕੱਤਾ ਸਮੇਤ ਪੰਜਾਬ ਦੇ ਲਗਭਗ ਹਰੇਕ ਕੋਨੇ ਵਿੱਚ ਨਾਟਕ,ਡਰਾਮੇ ਅਤੇ ਨੁੱਕੜ ਨਾਟਕ ਖੇਡੇ। ਇਸ ਮੰਚ ਵਲੋਂ ਨਾਟਕ ਖੇਡਦਿਆਂ ਗਾਮੀ ਨੇ ਅੰਬਾਲਾ ‘ਚ ਸੋਨੇ ਦਾ ਤਮਗਾ ਅਤੇ ਬਰਨਾਲਾ ਦੇ ਮਸ਼ਹੂਰ ਮਹਾਂ ਸ਼ਕਤੀ ਕਲਾ ਮੰਦਰ ਵਲੋਂ ਕਰਵਾਏ ਜਾਂਦੇ ਨਾਟਕ ਮੁਕਾਬਲਿਆ ਵਿੱਚ ਚਾਂਦੀ ਦਾ ਤਮਗਾ ਜਿੱਤਿਆ।ਪੰਜਾਬ ਕਲਾ ਮੰਚ,ਮਾਨਸਾ ਹੁਣ ਆਪਣੀ ਹੋਂਦ ਗੁਆਕੇ ਬਠਿੰਡਾ ਤਬਦੀਲ ਹੋ ਗਿਆ ਅਤੇ ਇਸਦਾ ਨਾਮ ਬਠਿੰਡਾ ਆਰਟ ਥੀਏਟਰ ਰੱਖਿਆ ਗਿਆ ਜਿਸਦੀ ਰਹਿਨੁਮਾਈ ਅੱਜਕਲ ਸੱਤਪਾਲ ਬਰਾੜ ਕਰ ਰਹੇ ਹਨ। ਮੇਰੇ ਵਿਚਾਰ ਮਤੁਾਬਿਕ ਮਾਨਸਾ ‘ਚ ਇਹਨਾਂ ਨੂੰ ਲੋਕਾਂ ਨੇ ਬਣਦਾ ਸਤਿਕਾਰ ਨਹੀਂ ਦਿੱਤਾ ਸ਼ਾਇਦ ਭਾਵੇਂ ਇਸ ਪਿੱਛੇ ਆਰਥਿਕ ਮੱਦਦ ਦੀ ਅਣਹੋਂਦ ਹੀ ਸੱਭ ਤੋਂ ਵੱਡਾ ਕਾਰਨ ਹੋਵੇਗੀ ਜੋ ਗਾਮੀ ਗੱਲਾਬਾਤਾਂ ‘ਚ ਜ਼ਾਹਿਰ ਕਰ ਗਿਆ ਸੀ ਸ਼ਾਇਦ। ਗਾਮੀ ਨੇ ਮਾਨਸਾ ਦੇ ਪ੍ਰਸਿੱਧ ਨਾਟਕਕਾਰ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਅਜਮੇਰ ਔਲਖ਼ ਨਾਲ ਵੀ ਕਈ ਨਾਟਕ ਖੇਡੇ ਹਨ।

ਸੁਰਜੀਤ ਗਾਮੀ ਨੂੰ ਜਦ ਉਸਦੇ ਸਭ ਤੌ ਪਿਆਰੇ ਨਾਟਕ ਬਾਰੇ ਪੁਛਿਆ ਤਾਂ ਮਸ਼ਹੂਰ ਹਸਤੀਆਂ ਵਾਗੂੰ ਰਟੇ ਰਟਾਏ ਜਵਾਬ ਮੇਰੇ ਲਈ ਤਾਂ ਸਾਰੇ ਇਕੋ ਜਿਹੇ ਹਨ ਦੀ ਥਾਂ ‘ਤੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ।ਆਪਣੀਆਂ ਭਾਵਨਾਵਾਂ ‘ਤੇ ਕਾਬੂ ਕਰਦਿਆਂ ਉਸਨੇ ਕਿਹਾ “ਬਾਈ,ਬਰਾੜ ਛੋਟੇ ਵੀਰ! ਕਿਹੜਾ ਕਿਸੇ ਨੇ ਕੋਈ ਰਿਕਾਰਡ ਬੁੱਕ ‘ਚ ਮੇਰਾ ਨਾਂ ਦਰਜ ਕਰਨੈਂ? ਮੈਂ ਆਪਣੇ ਮਾਨਸਾ ਵਾਲੇ ਦਰਸ਼ਨ ਮਿਤਵਾ (ਮਰਹੂਮ) ਦਾ ਨਾਟਕ ‘ਕੁਰਸੀ ਨਾਚ ਨਚਾਏ’ ਲਗਭਗ 4770 ਵਾਰ ਖੇਡ ਚੁੱਕਾ ਹਾਂ।ਮੈਂ ਕੀ ਦੱਸਾਂ ਤੈਨੂੰ? ਮੇਰਾ ਮੁੰਡਾ ਅੱਖਾਂ ਦੇ ਇਲਾਜ ਖੁਣੋਂ ਸੁਬਕ ਰਿਹਾ।ਮੈਂ ਕਿੱਥੋ ਲਿਆਵਾ ਪੈਸੇ?.....” ਇਹ ਕਹਿੰਦਿਆ ਉਹ ਹੁਬਕੀ ਹੁਬਕੀ ਰੋਣ ਲੱਗ ਪਿਆ। ਮੈਨੂੰ ਉਸਦੀ ਪਤਨੀ ਮਹਿੰਦਰ ਕੌਰ ਦੇ ਚਿਹਰੇ ‘ਤੋਂ ਇੰਝ ਜਾਪਿਆ ਜਿਵੇਂ ਕਹਿੰਦੀ ਹੋਵੇ ਕਿ ਸਾਰੀ ਜਿੰਦਗੀ ਇਸਨੇ ਨਾਟਕਾਂ ਦੇ ਲੇਖੇ ਲਾ ਦਿੱਤੀ ਕੋਈ ਹੋਰ ਕੰਮ ਕਰਦਾ ਤਾਂ ਆਹ ਦਿਨ ਨਾ ਦੇਖਣੇ ਪੈਂਦੇ।ਮੈਂ ੳੇੁਸਦੇ ਸਾਹਮਣੇ ਬੇਬੱਸ ਬੈਠਾ ਸੀ ਇਕ ਕਮਰੇ ਦੇ ਘਰ ਦੇ ਵਿਹੜੇ ‘ਚ ਜਿੱਥੇ ਚੁੱਲ੍ਹੇ ਦਾ ਧੂੰਆਂ ਘਰ ‘ਚ ਸੁੱਕੇ ਬਾਲਣ ਦੀ ਕਮੀ ਯਕੀਨੀ ਤੌਰ ‘ਤੇ ਜ਼ਾਹਿਰ ਕਰਦਾ ਸੀ।ਇਹਨਾ ਗ਼ਮਗੀਨ ਹਾਲਾਤ ‘ਚ ਮੈਂ ਉਸਦੇ ਪ੍ਰੀਵਾਰ ਵਾਰੇ ਇਨਾ ਹੀ ਜਾਣ ਸਕਿਆ ਕਿ ਉਸ ਦੇ 3 ਮੁੰਡੇ ਅਤੇ 2 ਕੁੜੀਆ ਹਨ ਜਿਨਾਂ ਦੇ ਬਾਰੇ ਮੈਂ ਭਾਵੁਕ ਹੋਣ ਕਰਕੇ ਕੁੱਝ ਪੁੱਛਣ ਦੀ ਹਿੰਮਤ ਨਾ ਕਰ ਸਕਿਆ।

ਸੁਰਜੀਤ ਗਾਮੀ ਦਾ ਜ਼ਿਕਰ ‘ਮਿੱਟੀ’ ਪੰਜਾਬੀ ਫ਼ਿਲਮ ‘ਚ ਟੁੰਡੇ ਦੇ ਪਿਓ ( ਦਲਿਤ ਬਾਪ) ਦੀ ਭੂਮਿਕਾ ਕਰਕੇ ਫ਼ਿਲਮ ਦੇ ਪ੍ਰੀਮੀਅਰ ਵਾਲੇ ਦਿਨ ਤੋ ਹੀ ਸ਼ੁਰੂ ਹੋ ਚੁੱਕਾ ਸੀ ਪਰ ਗਾਮੀ ਕਈ ਦਿਨ ਆਪਣੇ ਰੋਜ਼ਾਨਾ ਦੇ ਕਿੱਤੇ ,ਕਲੀ ਜਾਂ ਪੇਂਟ ਦੇ ਕੰਮ, ਦੇ ਸਿਲਸਲੇ ਵਿਚ ਮਾਨਸਾ ਨੇੜਲੇ ਪਿੰਡ ਬੁਰਜ ਹਰੀ ਦਿਹਾੜੀ ਕਰ ਰਿਹਾ ਹੋਣ ਕਰਕੇ ਮਲਾਕਾਤ ਨਹੀਂ ਹੋ ਸਕੀ ਸੀ।ਟੁੰਡੇ ਦੇ ਪਿਓ ਦੀ ਭੂਮਿਕਾ ਲਈ ਗਾਮੀ ਨੂੰ ਚੁਣਨ ਬਾਰੇ ਫ਼ਿਲਮ ਦੇ ਕਾਸਟਿੰਗ ਡਾਇਰੈਕਟਰ ਸੈਮੂਅਲ ਜੌਹਨ (ਜੋ ਖ਼ੁਦ ਇਕ ਪੁਰਾਣੇ ਰੰਗਕਰਮੀ ਹਨ) ਨੇ ਦੱਸਿਆ ਕਿ ਫ਼ਿਲਮ ਦੀ ਪਟਕਥਾ ਹੱਥ ‘ਚ ਆਉਣਸਾਰ ਹੀ ਉਹਨਾਂ ਇਸ ਰੋਲ ਲਈ ਗਾਮੀ ਨੂੰ ਚੁਣ ਲਿਆ ਸੀ ਕਿਉਂਕਿ ਇਸ ਕਿਰਦਾਰ ਨੂੰ ਅਮਰ ਸਿਰਫ਼ ਸੁਰਜੀਤ ਗਾਮੀ ਹੀ ਕਰ ਸਕਦਾ ਸੀ।ਜੋਹਨ ਮੁਤਾਬਿਕ ਉਹਨਾਂ ਨੂੰ ਆਸਟਰੇਲੀਆ ਅਤੇ ਹੋਰ ਕਈ ਮੁਲਕਾਂ ਤੋ ਗਾਮੀ ਦੀਆਂ ਤਾਰੀਫ਼ਾਂ ਕਰਨ ਵਾਲੇ ਸੈਂਕੜੇ ਫੋਨ ਰੋਜ਼ਾਨਾ ਆ ਰਹੇ ਹਨ ਅਤੇ ਲੋਕ ਉਸ ਬਾਰੇ ਜਾਣਨਾ ਚਾਹੁੰਦੇ ਹਨ।ਜਦ ਮੈਂ ਉਹਨਾਂ ਨੂੰ ਗਾਮੀ ਦੀ ਮੰਦੀ ਆਰਥਿਕ ਹਾਲਤ ਅਤੇ ਨਿਰਾਸ਼ਤਾ ਕਾਰਨ ਸ਼ਰਾਬ ਦੀ ਲੱਗੀ ਭੈੜੀ ਲ਼ਤ ਬਾਰੇ ਦੱਸਿਆ ਤਾਂ ਉਹਨਾਂ ਕਿਹਾ ਕਿ ਮੈਨੂੰ ਪਤਾ ਹੈ ਇਸ ਲਈ ਗਾਮੀ ਨੂੰ ਅਸੀਂ ਪੂਰਾ ਮਿਹਨਤਾਨਾ ਦਿੱਤਾ ਸੀ ਅਤੇ ਮੇਰੇ ਕੋਲ ਉਸ ਲਈ ਕਈ ਸੀਰੀਅਲਾਂ ਲਈ ਮੁੰਬਈ ਤੋ ਫੋਨ ਆਏ ਹਨ ਜਿਨਾਂ ਰਾਹੀ ਮੈਂ ਆਪਣੇ ਪੱਧਰ ‘ਤੇ ਉਸ ਮੱਦਦ ਕਰ ਦੇਵਾਗਾਂ।


ਗਾਮੀ ਦੇ ਅਸਲ ਹਾਲਾਤ ਬਹੁਤ ਬਦਤਰ ਹਨ, ਉਸਦੇ ਤੇੜ ਉਪਰ ਇਕ ਚਾਦਰ ਮਸਾਂ ਹੀ ਹੱਡ ਭੰਨਵੀਂ ਠੰਡ ਰੋਕਦੀ ਹੈ ਪਰ ਉਹ ਆਪਣੇ ਪਾਪੀ ਪੇਟ ਲਈ ਰੋਜ਼ਾਨਾ ਮਾਨਸਾ ਦੇ ਮਾਲ ਗੋਦਾਮ ‘ਤੇ ਡੇਅਲੀ ਦਿਹਾੜੀ ‘ਤੇ ਜਾਣ ਵਾਲਿਆਂ ਦੀ ਲੰਬੀ ਲਾਇਨ ‘ਚ ਸ਼ਾਮਿਲ ਹੁੰਦਾ ਹੈ ਅਤੇ ਦਿਹਾੜੀ ਨਾ ਲੱਗਣ ‘ਤੇ ਪੰਜਾਬ ਪੱਲੇਦਾਰ ਯੂਨੀਅਨ ਦਾ ਪ੍ਰਧਾਨ ਉਸ ਦਾ ਪੁਰਾਣਾ ਸਾਥੀ ਹੋਣ ਕਰਕਾ ਸਾਰਾ ਦਿਨ ਚਾਹ ਪਾਣੀ ਪਿਆਉਦਾ ਹੈ ।ਗਾਮੀ ਜਿਸ ਦਿਨ ਕੰਮ ਨਾ ਮਿਲੇ ਆਪਣੇ ਨਾਟਕ ਲਿਖ਼ਦਾ ਹੈ, ਜਿਨ੍ਹਾਂ ‘ਤੇ 2-3 ਵੀਡੀਓ ਫ਼ਿਲਮਾਂ ਵੀ ਬਣ ਚੁੱਕੀਆ ਹਨ। ਲੁਧਿਆਣਾ ਦੇ ਸਿਨੇਮੇ’ਚ ਜਦ ਤਾੜੀਆ ਉਸਦੀ ਭੂਮੀਕਾ ‘ਤੇ ਵੱਜਦੀਆ ਸਨ, ਤਦ ਗਾਮੀ ਦੀ ਅਸਲ ਹਾਲਾਤ ‘ਤੋਂ ਵਾਕਿਫ਼ ਪੰਜਾਬੀ ਫ਼ਿਲਮਾਂ ‘ਚ ਨਵੇਂ,ਕਈ ਤਾਮਿਲ ਫ਼ਿਲਮਾਂ ਕਰ ਚੁੱਕੇ ਅਤੇ ਹਿੰਦੀ ਫ਼ਿਲਮ ਜੋਧਾ ਅਕਬਰ ‘ਚ ਐਸ਼ਵਰੀਆ ਰਾਏ (ਜੋਧਾ ਬਾਈ) ਦੇ ਮੰਗੇਤਰ ਦੀ ਭੂਮਿਕਾ ਨਾਲ ਫ਼ਿਲਮ ਜਗਤ ‘ਚ ਦਾਖ਼ਿਲ ਹੋਏ ਮਾਡਲ ਅਮਨ ਧਾਲੀਵਾਲ ( ਮਾਨਸਾ ਦਾ ਵਸਨੀਕ ) ਦੀਆਂ ਅੱਖਾਂ ਵਿਚ ਵੀ ਹੰਝੂ ਸਨ।ਅਮਨ ਅਤੇ ਪ੍ਰੈੱਸ ਫੋਟੋਗ੍ਰਾਫ਼ਰ ਕੁਲਵੰਤ ਬੰਗੜ ਵਲੋਂ ਵਾਰ ਵਾਰ ਕਹਿਣ ‘ਤੇ ਮੈਂ ਆਪਣੀ ਫੇਸਬੁਕ ਆਈ ਡੀ ‘ਤੇ ਗਾਮੀ ਦੀਆਂ ਕੁੱਝ ਫੋਟੋਆ ਪਾਈਆ ਸਨ, ਪਰ ਕਿਸੇ ਵੀ ਫ਼ਿਲਮ ਜਗਤ ਨਾਲ ਸੰਬੰਧਿਤ ਹਸਤੀ ਨੇ ਇਸ ‘ਤੇ ਗ਼ੌਰ ਨਹੀਂ ਕੀਤੀ ।

ਸੋ, ਹੁਣ ਪੰਜਾਬੀ ਦੇ ਸੂਝਵਾਨ ਪਾਠਕਾਂ ਦੀ ਕਚਿਹਰੀ ‘ਚ ਮੈਂ ਫ਼ਰਿਆਦ ਕਰਦਾ ਹਾਂ ਕਿ ਆਓ ਆਪਾਂ ਰਲ ਕੇ ਪੰਜਾਬ ਦੇ ਇਸ ਰੰਗਕਰਮੀ ਅਤੇ ਚੰਗੇ ਅਦਾਕਾਰ ਨੂੰ ਗ਼ਰੀਬੀ ਅਤੇ ਆਰਥਿਕ ਮੰਦਹਾਲੀ ਵਿਚੋਂ ਬਾਹਰ ਕੱਢਣ ਲਈ ਕੋਈ ਸੁਹਿਰਦ ਯਤਨ ਕਰੀਏ ਤਾਂ ਜੋ ਪੰਜਾਬੀ ਰੰਗਮੰਚ ਜਿੰਦਾ ਰਹੇ ਅਤੇ ਨਵੇਂ ਰੰਗਕਰਮੀਆ ਦਾ ਹੌਸਲਾ ਬਣੇ।ਇਹ ਯਤਨ ਆਪਣੀ ਕਮਾਈ ਦਾ ਨਿਗੂਣਾ ਹਿੱਸਾ ਹੋ ਸਕਦੇ ਹਨ, ਜੋ ਗਾਮੀ ਨੂੰ ਘੱਟੋ-ਘੱਟ ੳਜਰਤ ਦੇ ਬਰਾਬਰ ਪੈਸਾ ਹਰ ਮਹੀਨੇ ਮੁੱਹੀਆ ਕਰੇ, ਪਰ ਉਸ ਦੇ ਬੇਟੇ ਦੇ ਇਲਾਜ਼ ਲਈ ਰਕਮ ਦੀ ਫੋਰਨ ਜ਼ਰੂਰਤ ਹੈ।ਇਸਦੇ ਨਾਲ ਹੀ ਇਹਨਾਂ ਗੱਲਾਂ ਨਾਲ ਕੋਈ ਸਾਰੋਕਾਰ ਨਾ ਰੱਖਣ ਵਾਲੇ ਪੰਜਾਬ ਦੇ ਘਾਗ ਅਕਾਲੀ ਅਤੇ ਅਗਾਂਹਵਧੂ ਕਹਾਉਣ ਵਾਲੇ ਕਾਗਰਸੀ ਨੇਤਾਵਾਂ ਨੂੰ ਇਹ ਬੇਨਤੀ ਵੀ ਕਰਾਗਾਂ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ, ਜੋ ਪਹਿਲਾਂ ਹੀ ਕਰੋੜਾਂ ਕਮਾਂ ਚੁੱਕੇ ਹਨ, ਨੂੰ ਕੌਡੀਆ ਬਦਲੇ ਕਰੋੜਾਂ ਦੀਆਂ ਜ਼ਮੀਨਾਂ ਮੁਫ਼ਤ ਆਪਣੀਆ ਥੀਏਟਰ ਸਿਖਲਾਈ ਸੰਸਥਾਵਾਂ ਬਣਾਉਣ ਲਈ ਦੇਣ ਨਾਲੋਂ ,ਇਹੋ ਜਿਹੇ ਮਾਂ ਬੋਲੀ ਦੇ ਅਸਲ ਸੇਵਕਾਂ ਨੂੰ ਮਾਲੀ ਇਮਦਾਦ ਦੇ ਕੇ ਪੰਜਾਬੀ ਰੰਗਮੰਚ ਅਤੇ ਪੰਜਾਬੀਅਤ ਨਾਲ ਆਪਣਾ ਰਿਸ਼ਤਾ ਨਿਭਾਉਣ।

ਸਹਾਇਤਾ ਲਈ ਫੋਨ ਨੰਬਰ:
ਸੈਮੂਅਲ ਜੌਹਨ,ਪੰਜਾਬੀ ਨਾਟਕਕਾਰ-098156-49941
ਵਿਸ਼ਵਦੀਪ ਬਰਾੜ- 093577-17477
ਯਾਦਵਿੰਦਰ ਕਰਫਿਊ-098994-36972

ਫੋਟੋਆਂ -ਕੁਲਵੰਤ ਬੰਗੜ

ਲੇਖਕ ਸੁਤੰਤਰ ਪੱਤਰਕਾਰ ਹਨ।
ਵਿਸ਼ਵਦੀਪ ਬਰਾੜ,ਪਤਾ:-169,ਵਾਰਡ ਨੰ.10,ਢੱਲ ਸਕੂਲ ਸਟਰੀਟ,ਮਾਨਸਾ,ਪੰਜਾਬ

vishavdeepbrar@gmail.com

Sunday, January 17, 2010

ਢਿੱਡੋ ਭੁੱਖਾ...ਨਾਮ ਅੰਨਦਾਤਾ


‘ਚਪੇੜ’ ਕਿਰਤੀ ਦੇ ਹੀ ਕਿਉਂ ਪੈਂਦੀ ਹੈ। ਟਰੈਫਿਕ ਪੁਲੀਸ ਦਾ ਹੱਥ ਜਦੋਂ ਉਠਦਾ ਹੈ ਤਾਂ ਕੰਨ ਗਰੀਬ ਰਿਕਸ਼ਾ ਚਾਲਕ ਦਾ ਸੁੰਨ ਹੁੰਦਾ ਹੈ। ਕਿਸੇ ਚੌਂਕ ’ਚ ਕਾਰ ਵਾਲੇ ਨੂੰ ਪੁੱਛਿਆ ਨਹੀਂ ਜਾਂਦਾ। ਭੀੜ ਭੜੱਕੇ ਵਾਲੇ ਚੌਂਕ ’ਚ ਗਲਤੀ ਕੋਈ ਵੀ ਕਰੇ, ਭੁਗਤਣਾ ਰਿਕਸ਼ੇ ਵਾਲੇ ਨੂੰ ਹੀ ਪੈਂਦਾ ਹੈ। ਕਿਉਂ ਬੁਲਡੋਜ਼ਰ ਗਰੀਬ ਦੀ ‘ਝੁੱਗੀ’ ਨੂੰ ਦੇਖ ਕੇ ਹੌਸਲਾ ਫੜਦਾ ਹੈ। ਵੱਡੇ ਬਨੇਰਿਆਂ ਨੂੰ ਦੇਖ ਕਿਉਂ ਪਾਸਾ ਵੱਟਦਾ ਹੈ। ਸਿਲਾਈ ਮਸ਼ੀਨ ਲਈ ਤਰਲਾ ਪਾਉਂਦੀ ਵਿਧਵਾ ਬੀਬੀ ਦਾ ਘਸਮੈਲਾ ਚਿਹਰਾ ਦੇਖ ‘ਸਰਕਾਰੀ ਬਾਬੂ’ ਦਾ ਮੂੰਹ ਲਾਲ ਪੀਲਾ ਕਿਉਂ ਹੁੰਦਾ ਹੈ। ਇਹੋ ਮੂੰਹ ‘ਨੀਲੀ’ ਜਾਂ ਫਿਰ ‘ਚਿੱਟੀ’ ਵਾਲਿਆਂ ਨੂੰ ਦੇਖ ਕੇ ਕਿਉਂ ਸੁੱਕਣ ਲੱਗ ਜਾਂਦਾ ਹੈ। ਕਿਸੇ ਆਦਿਵਾਸੀ ਦੀ ਬੱਕਰੀ ਕਿਸੇ ਦਰੱਖਤ ਨੂੰ ਮੂੰਹ ਮਾਰ ਜਾਏ ਤਾਂ ਉਸ ਨੂੰ ਹਰਿਆਲੀ ’ਤੇ ਹਮਲਾ ਸਮਝਿਆ ਜਾਂਦੈ।। ਝੱਟੋ ਝੱਟ ਉਸ ਗਰੀਬ ’ਤੇ ਪੁਲੀਸ ਕੇਸ ਵੀ ਬਣਦਾ ਹੈ। ਉਨ੍ਹਾਂ ਦਾ ਵਾਲ ਵਿੰਗਾ ਕਿਉਂ ਨਹੀਂ ਹੁੰਦਾ ਜੋ ਪੂਰੇ ਦੇ ਪੂਰੇ ਜੰਗਲ ਹਜ਼ਮ ਕਰ ਜਾਂਦੇ ਹਨ। ਵਡਿਆਈ ਅੰਨਦਾਤਾ ਕਹਿ ਕੇ ਕਰਦੇ ਹਾਂ, ਪਿਐ ਖੁਦਕਸ਼ੀ ਦੇ ਰਾਹ, ਕਿਉਂ ? ਕੋਈ ਨਹੀਂ ਸੋਚਦਾ। ਜਿਗਰਾ ਦੇਖੋ, ਖੁਦ ਢਿੱਡੋਂ ਭੁੱਖਾ, ਫਿਰ ਵੀ ਫਿਕਰ ਹਰ ਢਿੱਡ ਦਾ ਕਰਦਾ ਹੈ। ਇਥੇ ਤਾਂ ਇਕੱਲੇ ਸਕੂਲ ਵੱਖੋ ਵੱਖਰੇ ਨਹੀਂ, ਸਕੂਲੀ ਛੁੱਟੀਆਂ ਦੇ ਮਾਹਣੇ ਵੀ ਅੱਡੋ ਅੱਡ ਨੇ। ਤਿੱਖੜ ਗਰਮੀ ’ਚ ਤੀਲਾ ਤੀਲਾ ਇਕੱਠਾ ਕਰਨਾ, ਪੂਰੇ ਵਰ੍ਹੇ ਦੀ ਫੀਸ ਦਾ ਪ੍ਰਬੰਧ ਕਰਨਾ,ਮੋਠੂ ਮਹਿਰੇ ਦੇ ਮੁੰਡੇ ਦੇ ਹਿੱਸੇ ਆਇਆ ਹੈ। ਇਕੱਲਾ ਸਰਪੈਚਾਂ ਦਾ ਮੁੰਡਾ ਹੀ ‘ਪਹਾੜਾਂ’ ਦੀ ਕਿਉਂ ਗੱਲ ਕਰਦੈ ਹੈ।

ਬਾਬੇ ਨਾਨਕ ਦੇ ‘ਕਿਰਤੀ’ ਦਾ ਅੱਜ ਇਹ ਹਾਲ ਹੈ। ਬਾਬਾ ਨਾਨਕ ਹੀ ਸੀ ਜਿਸ ਨੇ ਆਖਿਆ ਸੀ ,‘ਕਿਰਤ ਕਰੋ, ਵੰਡ ਛਕੋ।’ ਇੱਥੇ ਛੱਕਣ ਵਾਲੇ ਹੋਰ ਹਨ, ਕਿਰਤੀ ਤਾਂ ਮਿੱਟੀ ’ਚ ਮਿੱਟੀ ਹੋ ਜਾਂਦਾ ਹੈ। ਚਾਤੁਰ ਲੋਕ ਇਸ ਨੂੰ ਕਰਮਾਂ ਦੀ ਖੇਡ ਆਖ ਛੱਡਦੇ ਹਨ। ਤਾਂ ਜੋ ‘ਕਿਰਤੀ’ ਜਾਗ ਨਾ ਸਕੇ। ਖੈਰ, ਕਿਰਤੀ ਜਾਗੇ ਚਾਹੇ ਨਾ ਜਾਗੇ, ਕਾਨੂੰਨ ਜਾਗ ਪਏ,‘ਅਲਾਮਤਾਂ’ ਦਾ ਹੱਲ ਜ਼ਰੂਰ ਬਣ ਸਕਦੈ। ਕਾਨੂੰਨ ਨੂੰ ਲਾਗੂ ਕਰਨ ਵਾਲਿਆਂ ਦੀ ਜ਼ਮੀਰ ਜਾਗ ਪਏ ਤਾਂ ਫਿਰ ਕੋਈ ਮੁਸ਼ਕਲ ਵੱਡੀ ਨਹੀਂ। ਜਿਨ੍ਹਾਂ ਨੂੰ ਪੂਰੇ 62 ਵਰ੍ਹਿਆਂ ਤੋਂ ਸੌਣ ਦੀ ਆਦਤ ਪਈ ਹੋਈ ਹੈ, ਉਹ ਇੰਝ ਜਾਗਣਗੇ, ਇਹ ਵੀ ਅਸੰਭਵ ਹੈ। ਖੁਦ ਜਾਗਣਾ ਪੈਣਾ ਹੈ ਤੇ ਫਿਰ ਉਨ੍ਹਾਂ ਸੁੱਤੇ ਸਰੀਰਾਂ ਨੂੰ ਹਲੂਣਾ ਦੇਣਾ ਪੈਣਾ ਹੈ ਜੋ ਸਮਾਜ ’ਚ ਲੋਥ ਬਣੇ ਹੋਏ ਹਨ। ਕਮੀ ਕਾਨੂੰਨ ਦੀ ਨਹੀਂ ਹੈ। ਬੱਸ ਲਾਗੂ ਕਰਨ ਦੀ ਹੈ। ਭਾਰਤੀ ਸੰਵਿਧਾਨ ਜਦੋਂ ਬਣਾਇਆ ਗਿਆ ਤਾਂ ਕਈ ਮੁਲਕਾਂ ਦੇ ਸੰਵਿਧਾਨਾਂ ਨੂੰ ਘੋਖਿਆ ਗਿਆ, ਕਈ ਮੁਲਕਾਂ ਦੇ ਸੰਵਿਧਾਨ ਦੇ ਹਰ ਚੰਗੇ ‘ਨਿਚੋੜ’ ਨੂੰ ਮਿਲਾ ਕੇ ਭਾਰਤੀ ਸੰਵਿਧਾਨ ਰਚਿਆ ਗਿਆ। ਸਮੇਂ ਮੁਤਾਬਿਕ ਇਸ ਨੂੰ ਸੋਧਣ ਦੀ ਕਸਰ ਵੀ ਨਹੀਂ ਛੱਡੀ ਗਈ, 395 ਆਰਟੀਕਲਾਂ ਵਾਲੇ ਸੰਵਿਧਾਨ ’ਚ ਸੌ ਤੋਂ ਵੱਧ ਸੋਧਾਂ ਵੀ ਹੋ ਗਈਆਂ ਹਨ। ਮਗਰੋਂ ਵੀ ਨਵੇਂ ਨਵੇਂ ਕਾਨੂੰਨ ਘੜ ਦਿੱਤੇ ਗਏ ਹਨ। ਸੁਆਲ ਏਨਾ ਨੂੰ ਦਿਆਨਤਦਾਰੀ ਨਾਲ ਲਾਗੂ ਕਰਨ ਦਾ ਹੈ। ਇੰਗਲੈਂਡ ਦਾ ਕੋਈ ਲਿਖਤੀ ਸੰਵਿਧਾਨ ਨਹੀਂ,ਉਥੇ ਫਿਰ ਵੀ ਕਾਨੂੰਨ ਦਾ ਰਾਜ ਹੈ।

ਅਮਰੀਕਾ ਦੇ ਸੰਵਿਧਾਨ ਦੇ ਕੇਵਲ ਸੱਤ ਆਰਟੀਕਲ ਹਨ। ਕਰੀਬ ਦੋ ਢਾਈ ਸੌ ਸਾਲਾਂ ’ਚ ਕੇਵਲ 30 ਕੁ ਸੋਧਾਂ ਹੋਈਆਂ ਹਨ। ਕਾਨੂੰਨ ਤੋਂ ਬਿਨ੍ਹਾਂ ਉਥੇ ਪੱਤਾ ਨਹੀਂ ਹਿਲਦਾ। ਇੱਥੇ ਦਰੱਖਤ ਹਿੱਲੀ ਜਾਣ, ਕਾਨੂੰਨ ਨੂੰ ਲਾਗੂ ਕਰਨ ਵਾਲੇ ਟੱਸ ਤੋਂ ਮੱਸ ਨਹੀਂ ਹੁੰਦੇ। ਫਰੀਦਕੋਟ ਦੀ ਅਨਾਜ ਮੰਡੀ ’ਚ ਇੱਕ ਛੋਟੀ ਜਿਹੀ ਮਜ਼ਦੂਰ ਬੱਚੀ ਨੇ ਦੋ ਚਾਰ ਮੁੱਠਾਂ ਕਣਕ ਚੋਰੀ ਕਰਨ ਲਈ। ਸਜਾ ਇਹ ਮਿਲੀ ਕਿ ਉਸ ਨੂੰ ਬਿਜਲੀ ਦੇ ਖੰਭੇ ਨਾਲ ਬੰਨ ਦਿੱਤਾ ਗਿਆ। ਉਹ ਕੁਰਲਾਉਂਦੀ ਰਹੀ,ਸਭ ਤਮਾਸ਼ਾ ਦੇਖਦੇ ਰਹੇ। ਆਖਰ ਮੀਡੀਏ ਦੀ ਬਦੌਲਤ ਉਸ ਦੀ ਜਾਨ ਬਚੀ। ਜੋ ‘ਚੋਰ’ ਬੋਹਲਾਂ ਦੇ ਬੋਹਲ ਛਕ ਜਾਂਦੇ ਹਨ, ਉਨ੍ਹਾਂ ਨੂੰ ਕਦੇ ਕਿਸੇ ਨੇ ਨਹੀਂ ਬੰਨਿਆ। ਸਭ ਅੱਖਾਂ ਮੀਟ ਲੈਂਦੇ ਹਨ। ਦੱਸਦੇ ਹਨ ਕਿ ਪਿਛਲੇ ਦਿਨੀ ‘ਵੱਡੇ ਘਰਾਣੇ’ ਦੀ ਵੱਡੀ ਤੇ ਠੰਡੀ ਬੱਸ ਨੇ ਇੱਕ ਗਰੀਬ ਔਰਤ ਨੂੰ ਕੁਚਲ ਦਿੱਤਾ। ਕੌਣ ਇਨਸਾਫ ਮੰਗੇ ਤੇ ਕਿਸ ਤੋਂ ਮੰਗੇ। ‘ਵੱਡੇ ਘਰਾਣੇ’ ਦੀ ਪੁਲੀਸ ਨੇ ਔਰਤ ਨੂੰ ਪਾਗਲ ਐਲਾਨ ਦਿੱਤਾ। ਮੌਤ ਦੇ ਮਾਮਲੇ ਨੂੰ ਪਲਾਂ ’ਚ ਰਫਾ ਦਫਾ ਕਰ ਦਿੱਤਾ ਗਿਆ। ਇਸੇ ਪੁਲੀਸ ਵਲੋਂ ਉਦੋਂ ਸਭ ਧਾਰਾਵਾਂ ਲਗਾ ਕੇ ਆਈ.ਟੀ.ਆਈ ਦੇ ਮੁੰਡਿਆਂ ’ਤੇ ਕੇਸ ਦਰਜ ਕਰ ਦਿੱਤਾ ਜਿਨ੍ਹਾਂ ਆਪਣੇ ‘ਹੱਕ’ ਮੰਗਦੇ ਹੋਏ ‘ਵੱਡੇ ਘਰਾਣੇ’ ਦੀ ਬੱਸ ਨੂੰ ਘੇਰਨ ਦੀ ਹਿੰਮਤ ਦਿਖਾ ਦਿੱਤੀ ਸੀ। ਗੁੱਸੇ ’ਚ ਆਏ ਮੁੰਡਿਆਂ ਨੇ ਕੁਝ ਸ਼ੀਸ਼ੇ ਵੀ ਤੋੜ ਦਿੱਤੇ ਸਨ।

ਪੰਜਾਬ ’ਚ ਵੀਆਨਾ ਕਾਂਡ ਵਜੋਂ ਜੋ ਹਿੰਸਾ ਹੋਈ ਤਾਂ ਉਦੋਂ ਹਕੂਮਤੀ ਪਰਿਵਾਰ ਦੀ ਹਰ ਬੱਸ ਦੀ ਰਾਖੀ ਕਰਨ ਵਾਸਤੇ ਰਾਜ ਦੀ ਪੁਲੀਸ ਪੱਬਾਂ ਭਾਰ ਰਹੀ। ਮੋਹਾਲੀ, ਬਰਨਾਲਾ ਤੇ ਬਠਿੰਡਾ ਦੀ ਪੁਲੀਸ ਨੇ ਪੁਲੀਸ ਲਾਈਨਾਂ ਆਦਿ ’ਚ ਇਨ੍ਹਾਂ ਬੱਸਾਂ ਨੂੰ ਖੜਾ ਕਰਕੇ ਪਹਿਰਾ ਦਿੱਤਾ ਤਾਂ ਜੋ ਇੱਕ ਪਰਿਵਾਰ ਦੀ ਸੰਪਤੀ ਦਾ ਕੋਈ ਨੁਕਸਾਨ ਨਾ ਹੋ ਜਾਏ। ਉਸੇ ਹਿੰਸਾ ’ਚ ਲੋਕਾਂ ਦੀ ਸੰਪਤੀ ਭਾਵ ਸਰਕਾਰੀ ਬੱਸਾਂ ਸੜਕਾਂ ’ਤੇ ਸੜਦੀਆਂ ਰਹੀਆ, ਕਿਸੇ ਨੂੰ ਕੋਈ ਫਿਕਰ ਨਹੀਂ ਸੀ। ਇੱਥੇ ਨੀਤੀ ਹੀ ਦੋਹਰੀ ਹੈ। ਆਮ ਲੋਕਾਂ ਲਈ ਕਾਨੂੰਨ ਹੋਰ ਹੈ ਤੇ ਖਾਸ ਲੋਕਾਂ ਲਈ ਹੋਰ ਵਿਧੀ ਵਿਧਾਨ ਹਨ। ‘ਆਪਣਿਆਂ’ ਤੇ ‘ਬਿਗਾਨਿਆਂ’ ’ਚ ਇੱਕ ਲੀਕ ਖਿੱਚੀ ਗਈ ਹੈ। ਪਿਸਦੀ ਆਮ ਜਨਤਾ ਹੀ ਹੈ। ਜਮਹੂਰੀ ਰਾਜ ’ਚ ਵਡਿਆਈ ਤਾਂ ਲੋਕਾਂ ਦੀ ਇੱਥੋਂ ਤੱਕ ਕੀਤੀ ਜਾਂਦੀ ਹੈ ਕਿ ਉਹ ‘ਮਾਲਕ’ ਹਨ ਰਾਜ ਭਾਗ ਦੇ। ਕੁਰਸੀ ’ਤੇ ਬੈਠਣ ਵਾਲੇ ਤੇ ਇਹ ਸਭ ਅਫਸਰ ਵਗੈਰਾ ਉਨ੍ਹਾਂ ਦੇ ਸੇਵਕ ਹਨ। ਮਹਾਤਮਾ ਗਾਂਧੀ ਨੇ ਜਨਤਾ ਨੂੰ ਅਸਲੀ ਮਾਲਕ ਦੱਸਿਆ ਸੀ। ਹਕੀਕਤ ਇਹ ਹੈ ਕਿ ਜਨਤਾ ਕੇਵਲ ਇੱਕ ਦਿਨ ਹੀ ‘ਮਾਲਕ’ ਹੁੰਦੀ ਹੈ ਜਿਸ ਦਿਨ ਵੋਟਾਂ ਪੈਂਦੀਆਂ ਹਨ, ਮੁੜ ਪੰਜ ਸਾਲ ਗੁਲਾਮੀ ਹੀ ਹੰਢਾਉਂਦੀ ਹੈ। ਲੋਕ ਰਾਜ ਦੀ ਗੁਲਾਮੀ। ਇਸ ’ਚ ਕੋਈ ਸ਼ੱਕ ਨਹੀਂ ਕਿ ਭਾਰਤ ਵੱਡਾ ਲੋਕ ਰਾਜੀ ਮੁਲਕ ਹੈ। ਲੋਕ ਰਾਜ ਦੀ ਗੱਦੀ ’ਤੇ ਬੈਠਣ ਵਾਲੇ ਕਿੰਨੇ ‘ਵੱਡੇ’ ਬਣ ਜਾਂਦੇ ਹਨ, ਇਸ ਤੋਂ ਵੀ ਕੋਈ ਅਣਜਾਣ ਨਹੀਂ ਹੈ।

ਇਹੋ ‘ਵੱਡੇ’ ਜੋ ਕਰਤੂਤਾਂ ਕਰਦੇ ਹਨ, ਕਿਸੇ ਤੋਂ ਭੁੱਲਿਆ ਨਹੀਂ। ਅਸੈਂਬਲੀ ’ਚ ‘ਪੱਗਾਂ’ ਉਛਲੀ ਜਾਣ, ਕੋਈ ਗੱਲ ਨਹੀਂ। ਮਾਮੂਲੀ ਮਾਮਲਾ ਦੱਸਿਆ ਜਾਂਦਾ ਹੈ। ਜਦੋਂ ਇਹ ਮਾਮੂਲੀ ਹੈ ਤਾਂ ਫਿਰ ‘ਹੱਕ’ ਮੰਗਦੇ ਲੋਕਾਂ ਦਾ ਮੂੰਹ ‘ਡੰਡੇ’ ਨਾਲ ਬੰਦ ਕਰਨਾ ਕਿਵੇਂ ਜਾਇਜ਼ ਹੈ। ਜਦੋਂ ‘ਵੱਡੇ’ ਨੇਤਾ ਦੇ ਜਲਸੇ ’ਚ ‘ਹੱਕਾਂ ਵਾਲੇ’ ਗੱਜਦੇ ਹਨ ਤਾਂ ਉਨ੍ਹਾਂ ਨੂੰ ‘ਖਲੱਲ’ ਪਾਉਣ ਵਾਲੇ ਆਖਿਆ ਜਾਂਦਾ ਹੈ। ਪਾਰਲੀਮੈਂਟ ’ਚ ਉਸੇ ਨੇਤਾ ਵਲੋਂ ਕੀਤਾ ਜੂਤ ਪਤਾਂਗ ‘ਖਲੱਲ’ ਨਹੀਂ, ਦੇਸ਼ ਭਗਤੀ ਅਖਵਾਉਂਦਾ ਹੈ। ਮੁਲਕ ’ਚ ਕਾਨੂੰਨ ਤਾਂ ਇੱਕ ਹੈ, ਲਾਗੂ ਕਰਨ ਵਾਲੇ ‘ਬੰਦੇ’ ਦੀ ਸ਼ਕਲ ਦੇਖਕੇ ਲਾਗੂ ਕਰਦੇ ਹਨ। ਰੁਚਿਕਾ ਗਿਰਹੋਤਰਾ ਦੇ ਮਾਪਿਆਂ ਲਈ ਉਹੋ ਰਾਹ ਹੁਣ ਲਿਫ ਰਹੇ ਹਨ ਜਿਨ੍ਹਾਂ ਰਾਹਾਂ ਦੀ ਖਾਕ ਉਹ ਵਰ੍ਹਿਆਂ ਤੋਂ ਛਾਣ ਰਹੇ ਸਨ। ਕਾਨੂੰਨ ਉਹੀ ਹੈ ਜੋ 19 ਸਾਲ ਪਹਿਲਾਂ ਸੀ। ਫਰਕ ਏਨਾ ਹੈ ਕਿ ਉਦੋਂ ਲੋਕ ਤਾਕਤ ਦੇ ਹੱਥ ਜੁੜੇ ਨਹੀਂ ਸਨ। ਰਾਠੌਰ ਦੀ ਸ਼ਕਲ ਤੋਂ ਕਾਨੂੰਨ ਵੀ ਭੈਅ ਖਾਦਾਂ ਸੀ। ਫਿਰ ਲਾਗੂ ਕਰਨ ਵਾਲਿਆਂ ਦੀ ਕੀ ਮਜ਼ਾਲ। ਉਪਰਲੇ ਸੁਆਲਾਂ ਦਾ ਇਹੋ ਜੁਆਬ ਹੈ। ਕਿਹਾ ਜਾਂਦਾ ਹੈ ਕਿ ਲੋਕ ਰਾਜ ’ਚ ਸਿਰ ਗਿਣੇ ਜਾਂਦੇ ਹਨ। ਸੱਚ ਇਹ ਵੀ ਹੈ ਕਿ ਇਨ੍ਹਾਂ ਸਿਰਾਂ ਦੀ ਰਾਖੀ ਕਰਨ ਵਾਲੇ ਹੱਥ ਜਦੋਂ ਇੱਕ ਤੇ ਇੱਕ ਮਿਲ ਕੇ ਦੋ ਬਣਦੇ ਹਨ ਤਾਂ ਹਕੂਮਤ ਦੀ ਕੁਰਸੀ ਹਿੱਲਣ ਲੱਗ ਜਾਂਦੀ ਹੈ। ਅਫਸੋਸ ਇਹ ਹੈ ਕਿ ਇਸ ਕੁਰਸੀ ’ਤੇ ਬੈਠਣ ਵਾਲਿਆਂ ਨੇ ਇਨ੍ਹਾਂ ਹੱਥਾਂ ਨੂੰ ਅੱਡੋ ਅੱਡ ਰੱਖਣ ਲਈ ਨਿੱਤ ਜਾਲ ਵਿਛਾਏ ਹਨ।

ਇਹ ਜਾਲ ‘ਚੰਦ’ ਟਕਿਆਂ ਦਾ ਵੀ ਹੈ। ਜਾਤ ਪਾਤ ਦਾ ਵੀ ਹੈ। ਫਿਰਕਾਪ੍ਰਸਤੀ ਦਾ ਵੀ ਹੈ। ਨਿੱਤ ਨਵੇਂ ਜਾਲ ਬੁਣੇ ਜਾਂਦੇ ਹਨ। ਢੰਗ ਤਰੀਕੇ ਇਜਾਦ ਕੀਤੇ ਜਾਂਦੇ ਹਨ। ਲੋਕ ਰਾਜ ਦੀ ਮੱਛੀ ਕਿਤੇ ਭੇਤੀ ਨਾ ਹੋ ਜਾਏ, ਇਸੇ ਡਰ ਚੋਂ ਨਵੇਂ ਨਵੇਂ ਜਾਲ ਲਿਆਂਦੇ ਜਾਂਦੇ ਹਨ। ‘ਕਿਰਤੀ’ ਨੂੰ ਤਾਂ ਕਬੀਲਦਾਰੀ ਹੀ ਸਾਹ ਨਹੀਂ ਲੈਣ ਦਿੰਦੀ, ਹੱਕਾਂ ਦੇ ਚੇਤੇ ਦੀ ਵਿਹਲ ਕਿਥੇ। ਜਦੋਂ ਇਹੋ ‘ਕਿਰਤੀ’ ਆਪਣੀ ਕਬੀਲਦਾਰੀ ਦੀ ਗੁੰਝਲ ਦਾ ਰਾਜ ਸਮਝ ਜਾਏਗਾ ਤਾਂ ਫਿਰ ਉਸਦੇ ਬੱਚਿਆਂ ਨੂੰ ਬਾਪ ਦੀ ਰਾਹ ਨਹੀਂ ਤੱਕਣੀ ਪਏਗੀ। ‘ਬਿਰਧ ਬੇਬੇ’ ਨੂੰ ਬੁਢਾਪਾ ਪੈਨਸ਼ਨ ਲੈਣ ਲਈ ‘ਸੰਗਤ ਦਰਸ਼ਨਾਂ’ ’ਚ ਹੱਥ ਜੋੜਣ ਦੀ ਲੋੜ ਨਹੀਂ ਰਹਿਣੀ। ਮਹਿਰੇ ਦਾ ਮੁੰਡਾ ਵੀ ਸਰਪੰਚਾਂ ਦੇ ਮੁੰਡੇ ਵਾਂਗ ਸੋਚੇਗਾ। ਸਭ ਦੇ ਪੇਟ ਭਰਨ ਵਾਲਾ ਅੰਨਦਾਤਾ ਖੁਦਕਸ਼ੀ ਕਰੇਗਾ ਨਹੀਂ,ਖੁਦਕਸ਼ੀ ਬਣੇਗਾ। ਵਿਧਵਾ ਬੀਬੀ ਨੂੰ ਸਿਲਾਈ ਮਸ਼ੀਨ ਵਾਸਤੇ ਇੰਝ ਸਰਕਾਰੀ ਬਾਬੂ ਦੀ ਝਿੜਕ ਨਹੀਂ ਖਾਣੀ ਪਏਗੀ। ਬਿਜਲੀ ਦਾ ਖੰਭਾ ਵੀ ਬੱਚੀ ਨੂੰ ਨਹੀਂ, ਬੋਹਲ ਖਾਣ ਵਾਲਿਆਂ ਨੂੰ ਉਡੀਕੇਗਾ। ਜਾਲ ਚੋਂ ਨਿਕਲਣ ਲਈ ਹਾਲੇ ‘ਵੱਡਾ’ ਸਮਾਂ ਲੱਗੇਗਾ। ਦੇਰ ਹੈ ,ਅੰਧੇਰ ਨਹੀਂ।


- ਚਰਨਜੀਤ ਭੁੱਲਰ, ਬਠਿੰਡਾ।

Monday, January 11, 2010

ਪੰਜਾਬੀ ਦੀ ਵਿਸ਼ਵ ਪੱਧਰੀ ਬੌਧਿਕ ਪਛਾਣ ਦਾ ਮਸਲਾ

ਦੁਨੀਆਂ ਪੱਧਰ ਦੇ ਭਾਸ਼ਾ ਵਿਗਿਆਨੀ ਇਸ ਮੁੱਦੇ 'ਤੇ ਸਹਿਮਤੀ ਜਤਾ ਚੁੱਕੇ ਹਨ ਕਿ ਮਨੁੱਖੀ ਸਮਾਜਿਕ ਵਿਕਾਸ ਦੀ ਬੁਨਿਆਦੀ ਇਕਾਈ ਮਾਤ ਭਾਸ਼ਾ ਹੈ,ਪਰ ਸ਼ਾਇਦ ਸਰਕਾਰਾਂ ਨੂੰ ਮੱਨੁਖੀ ਵਿਕਾਸ ਨਾਲ ਕੋਈ ਬਹੁਤਾ ਸਰੋਕਾਰ ਨਹੀਂ।ਇਹੀ ਕਾਰਨ ਹੈ ਕਿ ਸਰਕਾਰਾਂ ਮਾਂ ਬੋਲੀ ਦੇ ਵਿਕਾਸ ਵਰਗੇ ਸੰਵੇਦਨਸ਼ੀਲ਼ ਮਾਮਲੇ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਫਾਇਦਿਆਂ ਨੁਕਸਾਨਾਂ ਦੀ ਨਿੱਜੀ ਰਾਜਨੀਤਿਕ ਆਰਥਿਕਤਾ 'ਚ ਉਲਝੀਆਂ ਰਹਿੰਦੀਆਂ ਹਨ।

ਮੌਜੂਦਾ ਦੌਰ 'ਚ ਦੁਨੀਆਂ ਪੱਧਰ ੳੁੱਤੇ 69,00 ਤੇ ਭਾਰਤ 'ਚ 427 ਜੁਬਾਨਾਂ ਬੋਲੀਆਂ ਜਾਂਦੀਆਂ ਹਨ।ਇਸੇ ਲਈ ਮਾਂ ਬੋਲੀ ਦਾ ਮੁੱਦਾ,ਭਾਰਤੀ ਰਾਜਨੀਤੀ ਦਾ ਕੇਂਦਰੀ ਧੁਰਾ ਰਿਹਾ ਹੈ।ਅਧੁਨਿਕ ਦੌਰ 'ਚ ਵੀ ਭਾਸ਼ਾ ਰਾਜਨੀਤਿਕ ਗਲਿਆਰਿਆਂ 'ਚ ਸੰਘਰਸ਼ ਤੇ ਸੰਵਾਦ ਦਾ ਪ੍ਰਤੀਕ ਰਹੀ ਹੈ।ਖਾਸ ਕਰ ਭਾਰਤ ਵਰਗੀ ਧਰਤੀ 'ਤੇ ਜਿੱਥੇ ਅਨੇਕਤਾ ਦਾ ਵੱਡਾ ਸੱਭਿਆਚਾਰਕ ਇਤਿਹਾਸ ਹੈ।ਅਜ਼ਾਦੀ ਦੀ ਲਹਿਰ 'ਚ ਵੀ ਹਜ਼ਾਰਾਂ ਵਿਚਾਰਕ ਵਿਰੋਧਾਂ ਦੇ ਬਾਵਜੂਦ ਵੱਖੋ ਵੱਖਰੇ ਭਾਸ਼ਾਈ ਇਲਾਕਿਆਂ ਦਾ ਲੜਾਈ ਅੰਦਰ ਵਿਸ਼ੇਸ਼ ਯੋਗਦਾਨ ਰਿਹਾ ਸੀ।

ਅਜ਼ਾਦੀ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ "ਡਿਸਕਵਰੀ ਆਫ ਇੰਡੀਆ" ਦੇ ਰਾਹੀਂ ਇਸੇ ਭਾਸ਼ਾਈ ਅਨੇਕਤਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ।ਬਟਵਾਰੇ ਤੋਂ ਬਾਅਦ ਦੇਸ਼ ਦੇ ਸੂਬਿਆਂ ਦੀ ਵੰਡ ਮਾਂ ਬੋਲੀ ਦੇ ਅਧਾਰ 'ਤੇ ਕੀਤੀ ਗਈ।ਪਰ ਇਸਦੇ ਬਾਵਜੂਦ ਵੀ ਖੇਤਰੀ ਭਸ਼ਾਵਾਂ ਨੂੰ ਹਮੇਸ਼ਾਂ ਰਾਜਨੀਤਿਕ ਵਿਤਕਰੇਬਾਜ਼ੀ ਦਾ ਸ਼ਿਕਾਰ ਹੋਣਾ ਪਿਆ।ਹੁਣ ਵੀ ਮਨੁੱਖੀ ਵਿਕਾਸ ਦੀ ਦਲੀਲ ਨੂੰ ਸਿਧਾਂਤਕ ਰੂਪ 'ਚ ਮੰਨਣ ਦੇ ਬਾਵਜੂਦ ਅਮਲੀ ਹਾਲਤਾਂ ਕੁਝ ਹੋਰ ਹਨ।ਇਸ ਮਸਲੇ ਨੂੰ ਲੈਕੇ ਦੇਸ਼ ਦੀਆਂ ਰਾਜ ਤੇ ਕੇਂਦਰ ਸਰਕਾਰਾਂ ਦੋਵੇਂ ਹੀ ਗੰਭੀਰ ਨਹੀਂ ਹਨ।

ਤਾਜ਼ਾ ਮੁੱਦਾ ਭਾਰਤ ਦੀ ਮੰਨੀ ਪ੍ਰਮੰਨੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ,ਦਿੱਲੀ ਅੰਦਰ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਦਾ ਹੈ।ਇਸ ਯੂਨੀਵਰਸਿਟੀ ਆਪਣੀ ਬੌਧਿਕ ਪਛਾਣ ਕਰਕੇ ਦੁਨੀਆਂ ਦੀਆਂ ਬੇਹਤਰੀਨ ਵਰਸਿਟੀਆਂ ਦੀ ਸੂਚੀ 'ਚ ਆਉਂਦੀ ਹੈ।ਇਸਦੀ ਸਥਾਪਨਾ 1969 ਸਵਰਗੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਵਲੋਂ ਕੀਤੀ ਗਈ।1971 'ਚ ਅਮਲੀ ਰੂਪ 'ਚ ਵਰਸਿਟੀ ਦੇ ਕੰਮ ਕਾਜ ਸ਼ੁਰੂ ਹੋਏ।ਸਭਤੋਂ ਪਹਿਲਾਂ "ਸਕੂਲ ਆਫ ਇੰਟਰਨੈਸ਼ਨਲ ਸਟੱਡੀਜ਼" ਤੇ "ਰਸ਼ੀਅਨ ਸਟੱਡੀਅਜ਼" ਨਾਂਅ ਦੇ ਦੋ ਵਿਭਾਗ ਹੋਂਦ 'ਚ ਆਏ।ਇਸਤੋਂ ਬਾਅਦ 1974 'ਚ ਭਾਰਤੀ ਭਾਸ਼ਾ ਕੇਂਦਰ ਦੀ ਸਥਾਪਨਾ ਹੋਈ।ਪ੍ਰੰਤੂ 1974 ਤੋਂ 2004 ਤੱਕ ਦੇ ਵਕਫੇ 'ਚ ਦੋ ਭਾਰਤੀ ਭਸ਼ਾਵਾਂ ਹਿੰਦੀ ਤੇ ਉਰਦੂ ਹੀ ਭਾਰਤੀ ਭਾਸ਼ਾ ਕੇਂਦਰ ਦਾ ਹਿੱਸਾ ਬਣ ਸਕੀਆਂ।ਇਸਦਾ ਜਵਾਬ ਕਿਸੇ ਕੋਲ ਨਹੀਂ ਕਿ ਜਿਹੜਾ ਕੇਂਦਰ ਭਾਰਤੀ ਭਸ਼ਾਵਾਂ ਦੇ ਵਿਕਾਸ ਲਈ ਖੋਲਿਆ ਗਿਆ,ਉਸ 'ਚ 30 ਸਾਲਾਂ 'ਚ ਹਿੰਦੀ ਤੇ ਉਰਦੂ ਤੋਂ ਇਲਾਵਾ ਕੋਈ ਹੋਰ ਭਾਸ਼ਾ ਸ਼ੁਰੂ ਕਿਉਂ ਨਹੀਂ ਕੀਤੀ ਗਈ।


2004 'ਚ ਯੁਨੀਵਰਸਿਟੀ ਦੇ ਉਪ ਕੁਲਪਤੀ ਜੀ.ਕੇ ਚੱਢਾ ਦੀ ਰਹਿਮਨੁਮਾਈ 'ਚ 4 ਹੋਰ ਭਸ਼ਾਵਾਂ ਬੰਗਾਲੀ,ਤਾਮਿਲ,ਮਰਾਠੀ ਤੇ ਪੰਜਾਬੀ ਨੂੰ ਭਾਰਤੀ ਭਾਸ਼ਾ ਕੇਂਦਰ ਦਾ ਹਿੱਸਾ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ।ਪਰ ਇਹਨਾਂ ਕੇਂਦਰਾਂ ਨੂੰ ਸ਼ੁਰੂ ਕਰਨ ਦੀ ਯੂਨੀਵਰਸਿਟੀ ਵਲੋਂ ਸ਼ਰਤ ਰੱਖੀ ਗਈ ਕਿ ਸੈਂਟਰਾਂ ਦਾ ਸਾਰਾ ਖਰਚ ਇਹਨਾਂ ਭਸ਼ਾਵਾਂ ਨਾਲ ਜੁੜੀਆਂ ਰਾਜ ਸਰਕਾਰਾਂ ਚੁੱਕਣਗੀਆਂ।ਤਾਮਲਿਨਾਡੂ ਤੇ ਮਹਾਰਾਸ਼ਟਰ ਸਰਕਾਰ ਵਲੋਂ ਯੂਨੀਵਰਸਿਟੀ ਨੂੰ ਕੁਝ ਰਕਮ ਅਦਾ ਕਰਕੇ ਆਪਣੇ ਭਾਸ਼ਾਈ ਕੇਂਦਰ ਚਲਵਾਏ ਗਏ।ਆਪਣੇ ਭਾਸ਼ਾਈ ਪ੍ਰੇਮ ਕਾਰਨ ਵਰਸਿਟੀ ਦੇ ਵਾਈਸ ਚਾਂਸਲਰ ਬੀ.ਬੀ ਭੱਟਾਚਾਰੀਆ ਨੇ ਬੰਗਾਲੀ ਕੇਂਦਰ ਜੇ.ਐੱਨ.ਯੂ ਦੇ ਹੀ ਖਰਚੇ 'ਤੇ ਹੀ ਖੋਲ੍ਹ ਦਿੱਤਾ ਸੀ।ਇਸਤੋਂ ਬਾਅਦ ਯੂ.ਜੀ.ਸੀ. ਦੇ ਖਰਚੇ 'ਤੇ ਅਸਾਮੀ ਭਾਸ਼ਾ ਵੀ ਭਾਸ਼ਾਈ ਕੇਂਦਰ ਦਾ ਹਿੱਸਾ ਬਣੀ।ਯੂ.ਜੀ.ਸੀ. ਵਲੋਂ ਸੈਂਟਰਾਂ ਲਈ ਬਤੌਰ ਪ੍ਰੋਫੈਸਰ ਤੇ ਲੈਕਚਰਰ ਅਸਾਮੀਆਂ ਕੱਢੀਆਂ ਗਈ,ਪਰ ਪੰਜਾਬੀ ਜੇ.ਐਨ.ਯੂ. ਦੇ ਭਾਸ਼ਾਈ ਕੇਂਦਰ 'ਚ ਲਾਚਾਰ,ਬੇਸਹਾਰਾ, ਤੇ ਬੇਚਾਰੀ ਬਣੀ ਮਾਂ ਬੋਲੀ ਹਤੈਇਸ਼ੀ ਕਹਾਉਂਦੇ ਝੰਡਾਬਰਦਾਰਾਂ ਵੱਲ ਵੇਖ ਰਹੀ ਹੈ।
ਜੇ.ਐੱਨ.ਯੂ. 'ਚ ਪੰਜਾਬੀ ਚੇਅਰ ਦੀ ਸਥਾਪਤੀ ਲਈ ਤਤਕਾਲੀ ਅਮਰਿੰਦਰ ਸਿੰਘ ਸਰਕਾਰ ਨੂੰ
ਉਪ ਕੁਲਪਤੀ ਜੀ.ਕੇ. ਚੱਢਾ ਵਲੋਂ ਬਕਾਇਦਾ ਪੱਤਰ ਵੀ ਲਿਖਿਆ ਗਿਆ,ਪਰ ਕੈਪਟਨ ਸਰਕਾਰ ਨੇ ਅਪਣੇ ਸ਼ਾਹੀ ਅੰਦਾਜ਼ 'ਚ ਇਸਦਾ ਕੋਈ ਨੋਟਿਸ ਨਾ ਲਿਆ।ਇਸਤੋਂ ਬਾਅਦ ਭਾਰਤੀ ਭਾਸ਼ਾ ਕੇਂਦਰ ਦੇ ਚੈਅਰਮੈੱਨ ਪ੍ਰੋ. ਚਮਨ ਲਾਲ ਵਲੋਂ ਪੰਜਾਬੀ ਚੇਅਰ ਦੀ ਸਥਾਪਤੀ ਲਈ ਲਗਾਤਾਰ ਉਪਰਾਲੇ ਕੀਤੇ ਗਏ ।ਬਾਦਲ ਸਰਕਾਰ ਨੇ ਇਸ ਮਾਮਲੇ 'ਤੇ ਅਪਣਾ ਥੋੜ੍ਹਾ ਬਹੁਤ ਧਿਆਨ ਜ਼ਰੂਰ ਕੇਂਦਰਿਤ ਕੀਤਾ।ੳੁੱਚ ਸਿੱਖਿਆ ਸੈਕਰੇਟਰੀ ਅੰਜਲੀ ਭਾਵਰਾ ਵਲੋਂ ਡਾ.ਚਮਨ ਲਾਲ ਨਾਲ ਸੰਪਰਕ ਸਾਧਿਆ ਗਿਆ,ਪਰ ਜਦੋਂ ਪ੍ਰੋ.ਚਮਨ ਲਾਲ ਨੇ ਪੰਜਾਬ ਸਰਕਾਰ ਨੂੰ ਯੁੂਨੀਵਰਸਿਟੀ ਦੀ ਵਿੱਤੀ ਮਦਦ ਦੀ ਸ਼ਰਤ ਯਾਦ ਕਰਵਾਈ ਗਈ ਤਾਂ ਬਾਦਲ ਸਰਕਾਰ ਨੇ ਆਪਣੇ ਪੈਰ ਪਿਛਾਂਹ ਖਿੱਚ ਲਏ।ਇਸਤੋਂ ਬਾਅਦ ਪ੍ਰੋ .ਚਮਨ ਲਾਲ ਵਲੋਂ ਹੀ ਇਹ ਮਾਮਲਾ ਪੰਜਾਬ ਦੀ ਸਿੱਖਿਆ ਮੰਤਰੀ ਉਪਿੰਦਰਜੀਤ ਕੌਰ ਦੇ ਧਿਆਨ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ,ਪਰ ਜਿਵੇਂ ਪੰਜਾਬ ਸਰਕਾਰ ਦਾ ਕੋਈ ਵੀ ਅਕਾਲੀ ਮੰਤਰੀ ਬਾਦਲਾਂ ਦੇ ਬਿਆਨ ਤੋਂ ਬਾਅਦ ਕੋਈ ਬਿਆਨ ਜਾਰੀ ਨਹੀਂ ਕਰਦਾ,ਉਸੇ ਤਰ੍ਹਾਂ ਬੀਬੀ ਉਪਿੰਦਰਜੀਤ ਕੌਰ ਨੇ ਵੀ ਯੋਜਨਬੱਧ ਤਰੀਕੇ ਨਾਲ ਮਾਮਲੇ 'ਤੇ ਮੌਨ ਧਾਰੀ ਰੱਖਿਆ।

ਅਸਲ 'ਚ ਮਾਮਲਾ ਸਿਰਫ ਰਾਜ ਸਰਕਾਰ ਤੇ ਯੂਨੀਵਰਸਿਟੀ ਦੇ ਦਰਮਿਆਨ ਹੀ ਖ਼ਤਮ ਨਹੀਂ ਹੋ ਜਾਂਦਾ।ਸਵਾਲ ਦਰ ਸਵਾਲ ਹਨ।ਜੇ ਖੇਤਰੀ ਭਸ਼ਾਵਾਂ ਦੇ ਵਿਕਾਸ ਲਈ ਯੂਨੀਵਰਸਿਟੀ,ਮਨੁੱਖੀ ਸ੍ਰੋਤ ਮੰਤਰਾਲਾ ਤੇ ਯੂ.ਜੀ.ਸੀ. ਸਚਮੁੱਚ ਹੀ ਸੁਹਿਰਦ ਹਨ ਤਾਂ ਪੰਜਾਬੀ ਕੇਂਦਰ ਦੀ ਸਥਾਪਨਾ ਲਈ ਦੇਰੀ ਕਿਉਂ ਕੀਤੀ ਜਾ ਰਹੀ ਹੈ ? ਬੰਗਾਲੀ ਲਈ ਯੂਨੀਵਰਸਿਟੀ ਕੋਲ ਫੰਡ ਹੈ ਤਾਂ ਪੰਜਾਬੀ ਲਈ ਕਿਉਂ ਨਹੀਂ ?ਕੀ ਰਾਜਨੀਤੀ ਦੇ ਗੁਣਾ ਜੋੜ ਭਾਸ਼ਾਈ ਵਿਕਾਸ ਦੇ ਰਾਹ ਦਾ ਰੋੜਾ ਬਣ ਰਹੇ ਹਨ।ਰਾਜਨੀਤੀ ਖੁਦਮੁਖਤਿਆਰੀ ਅਦਾਰਿਆਂ ਨੂੰ ਕਿਸ ਕਦਰ ਅਪਣੇ ਕਲਾਵੇ 'ਚ ਲੈਂਦੀ ਹੈ।ਇਸਦੀ ਪ੍ਰਤੱਖ ਉਦਾਹਰਨ 2004 'ਚ ਯੂਨੀਵਰਸਿਟੀ ਕੈਂਪਸ 'ਚ ਹੀ ਮਿਲੀ ਸੀ।ਜਦੋਂ ਐੱਨ.ਡੀ.ਏ. ਸਰਕਾਰ ਦੇ ਕਾਰਜਕਾਲ 'ਚ ਮਨੁੱਖੀ ਸ੍ਰੋਤ ਮੰਤਰੀ ਹੰਦਿਆਂ ਮੁਰਲੀ ਮਨੋਹਰ ਜ਼ੋਸੀ ਨੇ ਜੇ.ਐਨ.ਯੂ. 'ਚ ਸੰਸਕ੍ਰਿਤ ਤੇ ਜੋਤਿਸ਼ ਸ਼ਾਸ਼ਤਰ ਕੇਂਦਰ ਨੂੰ ਤਰਜ਼ੀਹ ਦਿੱਤੀ ਸੀ।ਜੋਤਿਸ਼ ਸ਼ਾਸ਼ਤਰ ਕੈਂਪਸ ਦੀ ਅੰਦਰੂਨੀ ਵਿਰੋਧਤਾ ਕਰਕੇ ਹੋਂਦ 'ਚ ਨਹੀਂ ਆ ਸਕਿਆ,ਪਰ ਸੰਸਕ੍ਰਿਤ ਜੇ.ਐੱਨ.ਯੂ ਦਾ ਅਜਿਹਾ ਪਹਿਲਾ ਤੇ ਇਕੋ ਇਕ ਵਿਭਾਗ ਹੈ,ਜਿਸਨੂੰ ਵਿਸ਼ੇਸ਼ ਦਰਜ਼ਾ ਮਿਲਿਆ ਹੋਇਆ ਹੈ।ਭਾਸ਼ਾ ਨਾਲ ਸਬੰਧਿਤ ਹੰਦਿਆਂ ਹੋਇਆਂ ਵੀ ਸੰਸਕ੍ਰਿਤ ਵਿਭਾਗ ਭਾਰਤੀ ਭਾਸ਼ਾ ਕੇਂਦਰ ਦਾ ਹਿੱਸਾ ਨਹੀਂ ਹੈ।ਜੇਕਰ ਸੰਸਕ੍ਰਿਤ ਨੂੰ ਕਲਾਸੀਕਲ ਭਾਸ਼ਾ ਦੀ ਦਲੀਲ 'ਤੇ ਵਿਸ਼ੇਸ਼ ਦਰਜ਼ਾ ਦਿੱਤਾ ਗਿਆ ਹੈ ਤਾਂ ਤਾਮਿਲ ਜੋ ਕਿ ਭਾਰਤੀ ਕਲਾਸੀਕਲ ਭਾਸ਼ਾਵਾਂ ਦੀ ਸੂਚੀ 'ਚ ਸ਼ੁਮਾਰ ਹੈ ਨੂੰ ਵਿਸ਼ੇਸ਼ ਦਰਜ਼ਾ ਕਿਉਂ ਨਹੀਂ ਦਿੱਤਾ ਗਿਆ।

ਜੇ.ਐੱਨ.ਯੂ 'ਚ ਖੇਤਰੀ ਚਾਰ ਖੇਤਰੀ ਭਾਸ਼ਾ ਕੇਂਦਰਾਂ ਦੀ ਸਥਾਪਤੀ ਤੋਂ ਬਾਅਦ ਹੁਣ ਹੋਰ ਭਸ਼ਾਵਾਂ ਵੀ ਜੇ.ਐਨ.ਯੂ. 'ਚ ਥਾਂ ਲੈਣ ਲਈ ਤਹੱਈਆਂ ਕਰ ਰਹੀਆਂ ਹਨ।ਪਹਿਲੇ ਪੜਾਅ ਤੋਂ ਬਾਅਦ ਦੂਜੇ ਪੜਾਅ ਲਈ ਕੰਨੜ,ਗੁਜਰਾਤੀ,ਕਸ਼ਮੀਰੀ,ਤੇਲਗੂ,ਉੜੀਆ,ਮਲਿਆਲਮ, ਕੁਝ ਕਬਾਇਲੀ ਤੇ ੳੁੱਤਰੀ ਪੂਰਬੀ ਭਸ਼ਾਵਾਂ ਦੇ ਕੇਂਦਰ ਸਥਾਪਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।ਕੰਨੜ ਭਾਸ਼ਾ ਨੂੰ ਅੰਤਰਰਾਸ਼ਟਰੀ ਪਹਿਚਾਣ ਦਿਵਾਉਣ ਲਈ ਕਰਨਾਟਕ ਸਰਕਾਰ ਜੇ.ਐੱ.ਯੂ. 'ਚ ਭਾਸ਼ਾ ਕੇਂਦਰ ਖਲਵਾਉਣ ਲਈ ਪਹਿਲਾਂ ਤੋਂ ਹੀ ਆਪਣੀ ਇੱਛਾ ਜਤਾ ਚੁੱਕੀ ਹੈ।ਅਸਲ 'ਚ ਵਰਸਿਟੀ ਵਲੋਂ ਵੀ ਇਹਨਾਂ ਸਾਰੀਆਂ ਸਾਰੀਆਂ ਭਸ਼ਾਵਾਂ ਨੂੰ ਹਿੱਸਾ ਬਣਾਉਣ ਦਾ ਮਕਸਦ ਅੰਤਰ-ਸਬੰਧਿਤ ਸੱਭਿਆਚਾਰ ਤੇ ਸਾਹਿਤ ਨੂੰ ਸਮਝਣਾ ਸੀ ਤਾਂਕਿ ਹਾਸ਼ੀਏ 'ਤੇ ਪਈਆਂ ਚੀਜ਼ਾਂ ਨੂੰ ਮੁੱਖ ਧਾਰਾ ਬਣਾਇਆ ਜਾਵੇ।ਪਰ ਖੇਤਰੀ ਰਾਜਨੀਤੀ ਜੋ ਭਸ਼ਾਵਾਂ ਦੀ ਭਾਵੁਕ ਰਾਜਨੀਤਿਕ ਖੇਡ ਦੇ ਜ਼ਰੀਏ ਸੱਤਾ ਦੀਆਂ ਪੌੜੀਆਂ ਚੜਦੀ ਹੈ,ਉਹੀ ਭਾਸ਼ਾ ਨੂੰ ਪੌੜੀ ਦੇ ਅਖੀਰਲੇ ਡੰਡੇ ਤੋਂ ਵੀ ਖਿਚਣ ਲਈ ਤੁਲੀ ਹੈ।ਇਸ ਮਾਮਲੇ ਨੂੰ ਲੈਕੇ ਪ੍ਰੋ.ਚਮਨ ਲਾਲ ਵਲੋਂ ਰਾਜ ਸਭਾ ਮੈਂਬਰ ਐੱਚ.ਕੇ.ਦੂਆ ਤੇ ਤਰਲੋਚਨ ਸਿੰਘ ਨੂੰ ਪੱਤਰ ਲਿਖੇ ਗਏ ਤਾਂ ਕਿ ਕੇਂਦਰ 'ਤੇ ਦਬਾਅ ਬਣਾਇਆ ਜਾ ਸਕੇ।ਐੱਚ.ਕੇ.ਦੂਆ ਵਲੋਂ ਮਾਮਲੇ ਨੂੰ ਉਠਾਉਣ ਦਾ ਭਰੋਸਾ ਦਿਵਾਇਆ ਗਿਆ ਹੈ ਤੇ ਤਰਲੋਚਨ ਸਿੰਘ ਵਲੋਂ ਮਨੁੱਖੀ ਸ੍ਰੋਤ ਮੰਤਰਾਲੇ ਤੇ ਯੂ.ਜੀ.ਸੀ ਨੂੰ ਗੁਹਾਰ ਲਗਾਈ ਹੈ।

ਪੰਜਾਬੀ ਦੀ ਰੋਂਦੀ ਕਰਲਾਉਂਦੀ ਦੇਹ 'ਤੇ ਰੋਟੀਆਂ ਸੇਕਣ ਵਾਲਿਆਂ 'ਚ ਕੇਂਦਰ ਤੋਂ ਰਾਜ ਤੱਕ ਦੀ ਫਹਿਰਿਸ਼ਤ ਬਹੁਤ ਲੰਬੀ ਹੈ,ਪਰ ਵੈਣ ਪਾਉਣ ਜਾਂ ਹਾਅ ਦਾ ਨਾਅਰਾ ਮਾਰਨ ਵਾਲਾ ਇਕ ਵੀ ਨਹੀਂ ਹੈ।ਲੋਕ ਸਭਾ ਤੋਂ ਵਿਧਾਨ ਸਭਾ ਚੋਣਾਂ ਤੱਕ ਭਾਸ਼ਾ ਤੇ ਧਰਮ ਦੇ ਅਧਾਰ ਵੋਟਾਂ ਮੰਗਣ ਵਾਲਿਆਂ 'ਚ ਕਾਂਗਰਸ,ਅਕਾਲੀ ਦਲ ਤੇ ਬੀ.ਜੀ.ਪੀ. ਤੋਂ ਇਲਾਵਾ ਹੋਰ ਵੀ ਨਿੱਕੀਆਂ ਮੋਟੀਆਂ ਪਾਰਟੀਆਂ ਸ਼ਾਮਿਲ ਹਨ।ਲੋਕ ਸਭਾ ਚੋਣਾ ਦੌਰਾਨ ਲੁਧਿਆਣਾ 'ਚ ਮੁਨੀਸ਼ ਤਿਵਾੜੀ ਵਲੋਂ ਰੱਖੀ ਲਈ ਰੈਲੀ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਕ ਪੰਜਾਬੀ ਤੇ ਸਿੱਖ ਦੇ ਤੌਰ 'ਤੇ ਪੇਸ਼ ਹੋਏ।ਚਾਹੇ ਮੀਡੀਆ 'ਚ ਵਿਚਾਰ ਚਰਚਾ ਹੋਣ ਤੋਂ ਬਾਅਦ ਉਹਨਾਂ ਨੇ ਅਪਣਾ ਰੁੱਖ ਬਦਲ ਲਿਆ।ਮੁਨੀਸ਼ ਤਿਵਾੜੀ ਤਾਂ ਉਹਨਾਂ ਤਿੰਨ-ਚਾਰ ਮਹੀਨਿਆਂ 'ਚ ਪੰਜਾਬ,ਪੰਜਾਬੀ ਤੇ ਪੰਜਾਬੀਅਤ ਤੋਂ ਬਿਨਾਂ ਕੋਈ ਗੱਲ ਕਰਦੇ ਹੀ ਨਜ਼ਰ ਨਹੀਂ ਆਏ,ਹਾਲਾਂਕਿ ਦਿੱਲੀ ਦਰਬਾਰ 'ਚ ਜਿੰਨਾ ਉਹਨਾਂ ਦਾ ਅਸਰ ਰਸੂਖ ਹੈ,ਉਸ ਨਾਲ ਉਹ ਮਾਮਲਾ ਨੂੰ ਬੜੇ ਸਚੁੱਜੇ ਢੰਗ ਨਾਲ ਹੱਲ ਕਰਵਾ ਸਕਦੇ ਹਨ।ਪਰ ਸ਼ਾਇਦ ਉਹਨਾਂ ਲਈ ਮੁੱਦਾ ਮਹੱਤਵਹੀਨ ਹੈ।ਇਸੇ ਤਰ੍ਹਾਂ ਆਪਣੀ ਦਿੱਲੀ ਵਿਧਾਨ ਸਭਾ ਚੋਣਾਂ ਵੇਲੇ ਇਕ ਰੈਲੀ ਦੌਰਾਨ ਸਿੱਖ ਤੋਂ ਪੰਜਾਬੀ ਪਾਰਟੀ ਬਣੇ ਅਕਾਲੀ ਦਲ ਬਾਦਲ ਨੇ ਵੀ ਆਪਣੀ ਰਾਜਨੀਤੀ ਹਮੇਸ਼ਾ ਵੋਟ ਬਟੋਰੂ ਸਿਸਟਮ ਤੱਕ ਸੀਮਤ ਰੱਖੀ।ਇਸਤੋਂ ਪਹਿਲਾਂ ਵੀ ਮੁੱਖ ਮੰਤਰੀ ਬਾਦਲ ਲਗਾਤਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਰਹੇ ਹਨ,ਲਗਦੈ ਉਹਨਾਂ ਨੂੰ ਇਹੀ ਭੁਲੇਖਾ ਹੈ ਕਿ ਜਦੋਂ ਰਣਜੀਤ ਸਿੰਘ ਦਾ ਰਾਜ ਬਿਨਾਂ ਪੰਜਾਬੀ ਤੋਂ ਚੱਲ ਸਕਦੈ ਤਾਂ ਬਾਦਲ ਦਲ ਨੂੰ ਕੀ ਸਮੱਸਿਆ ਆ ਸਕਦੀ ਹੈ।(ਰਣਜੀਤ ਸਿੰਘ ਦੇ ਰਾਜ 'ਚ ਪੰਜਾਬੀ ਦਫਤਰੀ ਭਾਸ਼ਾ ਨਹੀਂ ਸੀ)।ਪਰ ਉਹ ਇਹ ਨਹੀਂ ਸਮਝ ਰਹੇ ਕਿ ਹਲਾਤਾਂ 'ਚ ਜ਼ਮੀਨ ਆਸਮਾਨ ਦਾ ਫਰਕ ਆ ਚੁੱਕਿਆ ਹੈ।ਭਾਜਪਾ ਦੇ ਕੁਝ ਲੀਡਰਾਂ ਨੇ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਇਕ ਸਿੱਖ ਛਵੀ ਵਾਲੇ ਅਖਬਾਰ ਦੇ ਦਫਤਰ 'ਚ ਜਾਕੇ ਆਪਣੀ ਪੰਜਾਬੀ ਦਿੱਖ ਬਣਾਉਣ ਦੀ ਕੋਸ਼ਿਸ ਕੀਤੀ।ਮੁੱਖ ਧਾਰਾਈ ਕਾਮਰੇਡਾਂ ਦੀ ਸਮੱਸਿਆ ਇਹ ਹੈ ਕਿ ਉਹਨਾਂ ਨੂੰ ਬੰਗਾਲ ਤੇ ਕੇਰਲ ਤੋਂ ਬਿਨਾਂ ਕੁਝ ਨਜ਼ਰ ਨਹੀਂ ਆਉਂਦਾ ਹੈ।ਭਾਸ਼ਾ ਵਰਗੇ ਮੁੱਦਿਆਂ ਨੂੰ ਉਹ ਸੰਕੀਰਨਤਾ ਵੀ ਮੰਨ ਲੈਂਦੇ ਹਨ,ਕਿਉਂਕਿ ਜਮਾਤ ਪ੍ਰਭਾਸ਼ਿਤ ਕਰਨੀ ਔਖੀ ਹੋ ਜਾਂਦੀ ਹੈ।

ਮੁੱਕਦੀ ਗੱਲ ਇਹ ਹੈ ਕਿ ਜੇ.ਐਨ.ਯੂ. ਅੰਤਰਰਾਸ਼ਟਰੀ ਕੱਦ ਦੀ ਵਰਸਿਟੀ ਹੈ।ਦੁਨੀਆਂ ਦੀਆਂ ਮੰਨੀਆਂ ਪ੍ਰਮੰਨੀਆਂ 71 ਯੁਨੀਵਰਸਿਟੀਆਂ ਨਾਲ ਉਸਦਾ ਦਫਤਰੀ ਤਾਲਮੇਲ ਹੈ।ਜਦੋਂ ਪਾਕਿਸਤਾਨੀ ਤੇ ਭਾਰਤੀ ਪੰਜਾਬ 'ਚ 12 ਕਰੋੜ ਲੋਕਾਂ ਵਲੋਂ ਬੋਲੀ ਜਾਂਦੀ ਦੁਨੀਆਂ ਦੀ 11 ਸਭਤੋਂ ਵੱਡੀ ਭਾਸ਼ਾ ਦੇ ਅਗਲੇ 50 ਸਾਲਾਂ 'ਚ ਖਤਮ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ ਤਾਂ ਪੰਜਾਬੀ ਨੂੰ ਬਚਾਉਣ ਤੇ ਮਾਨ ਸਨਮਾਨ ਦਿਵਾਉਣ ਦਾ ਏਂਦੂ ਵੱਡਾ ਤੇ ਚੰਗਾ ਮੌਕਾ ਕਦੇ ਨਹੀਂ ਹੋ ਸਕਦਾ।ਕਿਉਂਕਿ ਜੇ.ਐੱਨ.ਯੂ 'ਚ ਪੰਜਾਬੀ ਆਉਣ ਨਾਲ ਪੰਜਾਬ ਦਾ ਇਤਿਹਾਸ,ਸਾਹਿਤ, ਸੱਭਿਆਚਾਰ ਪੂਰੀ ਦੁਨੀਆਂ ਦੇ ਬੌਧਿਕ ਹਲਕਿਆਂ ਨਾਲ ਰੂਬਰੂ ਹੋਵੇਗਾ।ਪੰਜਾਬ ਦੇ ਭਵਿੱਖ ਲਈ ਨਵੇਂ ਦਰਵਾਜ਼ੇ ਖੱਲ੍ਹਣਗੇ।ਬਸ਼ਰਤੇ ਸਾਰੀਆਂ ਧਿਰਾਂ ਆਪਣੀ ਦਲੀ ਰਾਜਨੀਤੀ ਚਮਕਾਉਣ ਦੀ ਬਜਾਏ ਪੰਜਾਬੀ ਲਈ ਸਕਰਾਤਮਿਕ ਰੱਖ ਅਪਨਾਉਣ ਨਾਕਿ ਰੋਂਦੀ ਵਿਲਕਦੀ ਪੰਜਾਬੀ ੳੁੱਤੇ ਇੱਲਾਂ ਦੀ ਤਰ੍ਹਾਂ ਮੰਡਰਾਉਣ।ਸੁਣਨ 'ਚ ਆਇਆ ਹੈ ਕਿ ਮਨੁੱਖੀ ਸ੍ਰੋਤ ਮੰਤਰੀ ਕਪਿਲ ਸਿੱਬਲ ਜੋ ਖੁਦ ਪੰਜਾਬੀ ਹਨ,ਆਪਣੀ ਅੰਗਰੇਜ਼ੀ ਕਵਿਤਾਵਾਂ ਦੀ ਕਿਤਾਬ ਪੰਜਾਬੀ ਦੇ ਕਿਸੇ ੳੁੱਘੇ ਅਲੋਚਕ ਤੋਂ ਅਨੁਵਾਦ ਕਰਵਾ ਰਹੇ ਹਨ।ਚਾਹੇ ਉਹ ਪੂਰੇ ਦੇਸ਼ ਦੇ ਮੰਤਰੀ ਹਨ,ਪਰ ਜੇ ਸਚਮੁੱਚ ਹੀ ਪੰਜਾਬੀ ਨਾਲ ਉਹਨਾਂ ਨੂੰ ਐਨਾ ਪਿਆਰ ਹੈ ਤਾਂ ਉਹਨਾਂ ਨੂੰ ਜ਼ਿੰਮੇਂਵਾਰੀ ਨਾਲ ਮਾਂ ਬੋਲੀ ਦਾ ਕਰਜ਼ ਉਤਾਰਣਾ ਤੇ ਬਣਦਾ ਫਰਜ਼ ਅਦਾ ਕਰਨਾ ਚਾਹੀਦਾ ਹੈ।

ਇਹ ਲੇਖ 10 ਜਨਵਰੀ(ਐਤਵਾਰ) ਨੂੰ ਪੰਜਾਬੀ ਟ੍ਰਿਬਿਊਨ 'ਚ ਪ੍ਰਕਾਸ਼ਿਤ ਹੋਇਆ ਸੀ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
09899436972
mail2malwa@gmail.com,malwa2delhi@yahoo.co.in

Saturday, January 9, 2010

ਪਾਸ਼ ਤੇ ਬਾਬਾ ਬੂਝਾ ਸਿੰਘ ਬਾਰੇ ਫ਼ਿਲਮਾਂ ਬਣਨਗੀਆਂ

ਜਸਵੀਰ ਸਮਰ ਪੰਜਾਬੀ ਪੱਤਰਕਾਰੀ ਦਾ ਜਾਣਿਆ ਪਛਾਣਿਆ ਨਾਂਅ ਹੈ।ਪੰਜਾਬੀ ਪੱਤਰਕਾਰੀ ਦੇ ਜ਼ਿੰਮੇਂਵਾਰ ਅਦਾਰੇ ਪੰਜਾਬੀ ਟ੍ਰਿਬਿਊਨ ਨਾਲ ਉਹ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ।ਪੰਜਾਬ ਦੇ ਸਾਹਿਤਕ, ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ਵਾਲੀਆਂ ਵੱਖ ਵੱਖ ਲਿਖਤਾਂ ਰਾਹੀਂ ਉਹ ਪੰਜਾਬੀਆਂ ਨੁੰ ਰੂਬਰੂ ਹੁੰਦੇ ਰਹਿੰਦੇ ਹਨ।ਇਹ ਹੱਥਲੀ ਲਿਖਤ ਕੁਝ ਦਿਨ ਪਹਿਲਾਂ ਉਹਨਾਂ ਨੇ ਪੰਜਾਬੀ ਟ੍ਰਿਬਿਊਨ ‘ਚ ਲਿਖੀ ਸੀ।ਆਪਣੀ ਲਿਖਤ ਭੇਜਣ ਤੇ ਗੁਲਾਮ ਕਲਮ ‘ਚ ਛਪਣ ਦੇ ਕਾਬਿਲ ਸਮਝਣ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ।ਉਮੀਦ ਹੈ ਸਮਰ ਸਾਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ।-ਯਾਦਵਿੰਦਰ ਕਰਫਿਊ

ਪੰਜਾਬੀ ਸ਼ਾਇਰ ਪਾਸ਼ ਅਤੇ ਗ਼ਦਰੀ ਇਨਕਲਾਬੀ ਬਾਬਾ ਬੂਝਾ ਸਿੰਘ ਬਾਰੇ ਫ਼ਿਲਮਾਂ ਬਣਾਉਣ ਦੀ ਕਨਸੋਅ ਸ਼ੁਭ ਸ਼ਗਨ ਤਾਂ ਹੈ ਹੀ, ਅੱਜ ਦੇ ਉੱਤਰ ਆਧੁਨਿਕੀ ਦੌਰ ਵਿਚ ਚਾਲੂ ਪਹੁੰਚ ਨੂੰ ਸਰੋਕਾਰ-ਭਰਪੂਰ ਜਵਾਬ ਵੀ ਹੈ। ਪਾਸ਼ ਬਾਰੇ ਫ਼ਿਲਮ ਬਣਾਉਣ ਦਾ ਐਲਾਨ ਬਾਲੀਵੁੱਡ ਦੇ ਚਰਚਿਤ ਫ਼ਿਲਮਸਾਜ਼ ਅਨੁਰਾਗ ਕਸ਼ਿਅਪ ਨੇ ਕੀਤਾ ਹੈ। ਬਾਬਾ ਬੂਝਾ ਸਿੰਘ ਬਾਰੇ ਫ਼ਿਲਮ ਬਣਾਉਣ ਦਾ ਐਲਾਨ ਇੰਨਾ ਵਿਧੀਵਤ ਢੰਗ-ਤਰੀਕੇ ਨਾਲ ਤਾਂ ਨਹੀਂ ਹੋਇਆ ਪਰ ਫ਼ਿਲਮਾਂ ਨਾਲ ਗਹਿਰੇ ਰੂਪ ਵਿਚ ਜੁੜੇ ਪੱਤਰਕਾਰ ਬਖ਼ਸ਼ਿੰਦਰ ਨੇ ਬਾਬਾ ਬੂਝਾ ਸਿੰਘ ਦੇ ਜੀਵਨ ਸੰਗਰਾਮ ’ਤੇ ਆਧਾਰਿਤ ਪਟਕਥਾ (ਸਕਰਿਪਟ) ‘ਬਾਬਾ ਇਨਕਲਾਬ ਸਿੰਘ’ ਲਿਖ ਲਈ ਹੈ। ਪੂਰੇ ਸੌ ਦ੍ਰਿਸ਼ਾਂ ਵਾਲੀ ਇਸ ਫ਼ਿਲਮ-ਪਟਕਥਾ ਵਿਚ ਬਾਬੇ ਦਾ ਜੋ ਅਕਸ ਬਣਿਆ ਹੈ, ਉਹ ਫ਼ਿਲਮ ਖੇਤਰ ਦੇ ਨਾਲ ਨਾਲ, ਲੋਕਾਂ ਦੇ ਦੁੱਖ-ਦੁਸ਼ਵਾਰੀਆਂ ਕੱਟਣ ਲਈ ਜੂਝ ਰਹੇ ਜੁਝਾਰੂਆਂ ਲਈ ਮਿਸਾਲੀ ਹੋਵੇਗਾ।

ਅਨੁਰਾਗ ਕਸ਼ਿਅਪ ਵੱਲੋਂ ਪਾਸ਼ ਬਾਰੇ ਫ਼ਿਲਮ ਬਣਾਉਣ ਦੇ ਐਲਾਨ ਨਾਲ ਇਕ ਵਾਰ ਫਿਰ ਪਾਸ਼ ਦੀ ਕਵਿਤਾ ਵਿਚਲੇ ਕਣ ਅਤੇ ਉਹਦੇ ਜੀਵਨ ਬਾਬਤ ਚਰਚਾ ਤੁਰ ਪਈ ਹੈ। ਕੁਝ ਲੋਕਾਂ ਨੇ ਇਹ ਫ਼ਿਕਰ ਵੀ ਜ਼ਾਹਿਰ ਕੀਤਾ ਹੈ ਕਿ ਅਨੁਰਾਗ ਪਾਸ਼ ਬਾਰੇ ਭਲਾ ਕਿਹੋ ਜਿਹੀ ਫ਼ਿਲਮ ਬਣਾਏਗਾ ਕਿਉਂਕਿ ਇਤਿਹਾਸਕ ਫ਼ਿਲਮਾਂ ਵਿਚ ਬਹੁਤ ਵਾਰ ਤੱਥਾਂ ਬਾਰੇ ਹੇਰ-ਫੇਰ ਅਕਸਰ ਹੋ ਜਾਂਦਾ ਹੈ। ਪਾਸ਼ ਦੇ ਘਰਦਿਆਂ ਦਾ ਵੀ ਇਹੀ ਫ਼ਿਕਰ ਹੈ। ਉਂਝ ਇਹ ਫ਼ਿਕਰ ਜਾਇਜ਼ ਵੀ ਹੈ ਕਿਉਂਕਿ ਕੁਝ ਲੋਕਾਂ ਨੇ ਆਪਣੇ ਕੁਝ ਮੁਫ਼ਾਦਾਂ ਖ਼ਾਤਿਰ ਪਾਸ਼ ਬਾਰੇ ਮਿਥ ਕੇ ਤੱਥ ਤੋੜਨ-ਮਰੋੜਨ ਦਾ ਯਤਨ ਕੀਤਾ ਹੈ ਪਰ ਸਭ ਤੋਂ ਵੱਧ ਗੌਲਣ ਵਾਲੀ ਗੱਲ ਅਨੁਰਾਗ ਕਸ਼ਿਅਪ ਵੱਲੋਂ ਮਿਸਾਲੀ ਫ਼ਿਲਮਸਾਜ਼ ਗੁਰੂ ਦੱਤ (ਵਸੰਤ ਕੁਮਾਰ ਸ਼ਿਵਸੰਕਰ ਪਾਦੂਕੋਨ) ਦੀ ਥਾਂ ਪਾਸ਼ ਬਾਰੇ ਪ੍ਰਾਜੈਕਟ ਉਲੀਕਣ ਦਾ ਫ਼ੈਸਲਾ ਕਰਨਾ ਹੈ। ਅਨੁਰਾਗ ਕਸ਼ਿਅਪ ਦਾ ਮੁਢਲਾ ਪ੍ਰਾਜੈਕਟ ਗੁਰੂ ਦੱਤ ਬਾਰੇ ਹੀ ਸੀ ਪਰ ਜਦ ਉਸ ਨੇ ਪਹਿਲਾਂ ਪਾਸ਼ ਦੀ ਕਵਿਤਾ ‘ਸਭ ਤੋਂ ਖ਼ਤਰਨਾਕ’ ਅਤੇ ਫ਼ਿਰ ਹੋਰ ਕਵਿਤਾਵਾਂ ਪੜ੍ਹੀਆਂ ਤਾਂ ਗੁਣਾ ਪਾਸ਼ ਉੱਤੇ ਪੈ ਗਿਆ।

ਅਨੁਰਾਗ ਕਸ਼ਿਅਪ ਦੀ ਸਭ ਤੋਂ ਪਹਿਲਾਂ ਚਰਚਾ ਫ਼ਿਲਮ ‘ਸੱਤਿਆ’ ਨਾਲ ਹੋਈ ਸੀ। ਉਸ ਨੇ ਇਸ ਫ਼ਿਲਮ ਦੀ ਪਟਕਥਾ ਲਿਖੀ ਸੀ। ਇਹ ਫ਼ਿਲਮ ਅੰਡਰਵਰਲਡ ਬਾਬਤ ਸੀ। ਅੰਡਰਵਰਲਡ ਬਾਰੇ ਅਨੁਰਾਗ ਨੇ ਇੰਨੇ ਬਾਰੀਕ ਵੇਰਵੇ ਪੇਸ਼ ਕੀਤੇ ਸਨ ਕਿ ਸਭ ਨੇ ਉਂਗਲਾਂ ਮੂੰਹ ਵਿਚ ਪਾ ਲਈਆਂ ਸਨ। ਇਸ ਤੋਂ ਬਾਅਦ ਆਪ, ਬਤੌਰ ਡਾਇਰੈਕਟਰ ਬਣਾਈਆਂ ਫ਼ਿਲਮਾਂ ਵਿਚ ਵੀ ਉਸ ਨੇ ਇਹੀ ਰੰਗ ਛੱਡਿਆ। ਪਾਸ਼ ਨੂੰ ਉਹ ਕਿਸ ਰੰਗ ਵਿਚ ਪੇਸ਼ ਕਰੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਕ ਗੱਲ ਸਪਸ਼ਟ ਹੈ ਕਿ ਫ਼ਿਲਮ ਨਾਲ ਪੰਜਾਬ ਅਤੇ ਪੰਜਾਬੀਅਤ ਬਾਬਤ ਬਹਿਸ ਲਈ ਪਿੜ ਜ਼ਰੂਰ ਤਿਆਰ ਹੋਵੇਗਾ ਅਤੇ ਫਿਰ ਨਿਤਾਰੇ ਮੈਦਾਨ ਵਿਚ ਹੀ ਹੋਣਗੇ। ਪਾਸ਼ ਨੇ ਆਪਣੇ ਵੇਲਿਆਂ ਵਿਚ ਹਰ ਮੁੱਦੇ, ਹਰ ਮਸਲੇ ਨਾਲ ਪੀਡਾ ਸੰਵਾਦ ਰਚਾਇਆ। ਆਸ ਕਰਨੀ ਚਾਹੀਦੀ ਹੈ ਕਿ ਪਾਸ਼ ਬਾਰੇ ਫ਼ਿਲਮ, ਪਾਸ਼ ਅਤੇ ਉਸ ਦੇ ਦੌਰ ਨਾਲ ਇਸੇ ਤਰ੍ਹਾਂ ਦਾ ਸੰਵਾਦ ਰਚਾਏਗੀ!

ਬਾਬਾ ਬੂਝਾ ਸਿੰਘ ਵਾਲੀ ਫ਼ਿਲਮ ‘ਬਾਬਾ ਇਨਕਲਾਬ ਸਿੰਘ’ ਦਾ ਰੰਗ ਬੇਸ਼ੱਕ, ਵੱਖਰਾ ਹੋਣਾ ਹੈ। ਇਸ ਫ਼ਿਲਮ ਦਾ ਆਧਾਰ ਮੁਢੋ-ਸੁਢੋਂ ਤਬਦੀਲੀ ਲਈ ਵਾਰ ਵਾਰ ਉਸਲਵੱਟੇ ਲੈਂਦੀ ਉਹ ਬੇਚੈਨੀ ਹੈ ਜਿਸਦੇ ਲਈ ਗ਼ਦਰੀ ਤਾਂ ਗ਼ਦਰੀ, ਬੱਬਰ ਅਕਾਲੀ, ਭਗਤ ਸਿੰਘ ਤੇ ਉਹਦੇ ਸਾਥੀ, ਕਿਰਤੀ ਪਾਰਟੀ ਵਾਲੇ, ਲਾਲ ਕਮਿਉਨਿਸਟ ਪਾਰਟੀ ਵਾਲੇ, ਕੂਕੇ, ਮਾਰਕਸੀ-ਲੈਨਿਨੀ ਵਿਚਾਰਧਾਰਾ ਨੂੰ ਪ੍ਰਨਾਏ ਲੋਕ ਲਗਾਤਾਰ ਜੂਝਦੇ ਰਹੇ ਹਨ। ਬਾਬਾ ਇਨਕਲਾਬ ਸਿੰਘ ਆਪ ਇਹ ਬੇਚੈਨੀ ਦਿਲ ਵਿਚ ਲਈ ਹਰ ਵਾਰ ਆਪਣੇ ਘਰ ਦੀ ਦਹਿਲੀਜ਼ ਤੋਂ ਪਾਰ ਜਾਂਦਾ ਰਿਹਾ। ਬਖ਼ਸ਼ਿੰਦਰ ਨੇ ਬਾਬੇ ਦੇ ਇਸ ਨੁਕਤੇ ਨੂੰ ਬਹੁਤ ਰੂਹ ਨਾਲ ਫੜਿਆ ਹੈ। ਇਹ ਫ਼ਿਲਮ ਮੁਕੰਮਲ ਹੋਣ ਅਤੇ ਦਰਸ਼ਕਾਂ ਵਿਚ ਜਾਣ ਤੋਂ ਬਾਅਦ, ਬਾਬੇ ਅਤੇ ਇਨਕਲਾਬ ਬਾਰੇ ਹੋ ਰਹੀਆਂ ਗੱਲਾਂ ਅਤੇ ਗੋਸ਼ਟਾਂ ਨੂੰ ਡਾਢੀ ਜ਼ਰਬ ਆਉਣੀ ਤੈਅ ਹੈ। ਇਹ ਪਟਕਥਾ ਬਾਬੇ ਦੇ ਸੰਘਰਸ਼ ਭਰੇ ਜੀਵਨ ਦੇ ਹਾਣ ਦੀ ਹੈ।

ਬਖ਼ਸ਼ਿੰਦਰ ਨੇ ਆਪਣੀ ਪਟਕਥਾ ਦਾ ਆਧਾਰ ਭਾਵੇਂ ਅਜਮੇਰ ਸਿੱਧੂ ਦੀ ਪੁਸਤਕ ‘ਬਾਬਾ ਬੂਝਾ ਸਿੰਘ-ਗ਼ਦਰ ਤੋਂ ਨਕਸਲਬਾੜੀ ਤੱਕ’ ਨੂੰ ਬਣਾਇਆ ਹੈ ਪਰ ਰਚਨਾਤਮਕ ਖੇਤਰ ਵਿਚ ਉਹ ਆਪ ਵਾਹਵਾ ਮੱਲਾਂ ਮਾਰ ਚੁੱਕਾ ਹੈ। ਫ਼ਿਲਮਾਂ ‘ਮਾਹੌਲ ਠੀਕ ਹੈ’ ਤੇ ‘ਜ਼ੋਰਾਵਰ’ ਅਤੇ ਟੈਲੀ ਫ਼ਿਲਮ ‘ਕੰਮੋ’ ਦੀਆਂ ਪਟਕਥਾਵਾਂ ਉਹ ਲਿਖ ਚੁੱਕਾ ਹੈ। ਅੱਜਕੱਲ ਕਾਮੇਡੀ ਫ਼ਿਲਮ ‘ਇਸ਼ਕ ਦੀ ਨਵੀਂਓਂ ਨਵੀਂ ਬਹਾਰ’ ਦੀ ਪਟਕਥਾ ਲਿਖ ਰਿਹਾ ਹੈ। ਕਵਿਤਾ ਦੀ ਕਿਤਾਬ ‘ਮੌਨ ਅਵਸਥਾ ਦੇ ਸੰਵਾਦ’ ਛਪ ਚੁੱਕੀ ਹੈ। ਰੇਡੀਓ ਨਾਟਕ ਲਈ ਉਹਨੇ ਕੌਮੀ ਇਨਾਮ ਵੀ ਜਿੱਤਿਆ। ਉਂਝ, ਫ਼ਿਲਮ ਦੇ ਫਾਇਨਾਂਸ ਬਾਰੇ ਉਹ ਫ਼ਿਕਰਮੰਦ ਹੈ ਪਰ ਨਾਲ ਦੀ ਨਾਲ ਉਹ ਮਸ਼ਹੂਰ ਫ਼ਿਲਮਸਾਜ਼ ਸ਼ਿਆਮ ਬੈਨੇਗਲ ਦੀ ਮਿਸਾਲ ਦਿੰਦਾ ਹੈ ਜਿਸ ਨੂੰ ਫ਼ਿਲਮ ‘ਨਿਸ਼ਾਂਤ’ ਪੂਰੀ ਕਰਨ ਲਈ ਤਿੰਨ ਲੱਖ ਕਿਸਾਨਾਂ ਨੇ ਇਕ-ਇਕ ਰੁਪਇਆ ਦਿੱਤਾ ਸੀ। ਇਹ ਫ਼ਿਲਮ ਕਿਸਾਨਾਂ ਬਾਰੇ ਸੀ। ਇਸੇ ਤਰ੍ਹਾਂ ਫ਼ਿਲਮ ‘ਨੈਕਸਲਾਈਟ’ ਸਿਰੇ ਚਾੜ੍ਹਨ ਲਈ ਚੋਟੀ ਦੇ ਫ਼ਿਲਮਸਾਜ਼ ਖਵਾਜਾ ਅਹਿਮਦ ਅੱਬਾਸ ਨੇ ਆਪਣੇ ਕੈਮਰਾਮੈਨ ਤੇ ਹੋਰ ਸਾਥੀਆਂ ਨੂੰ ਫ਼ਿਲਮ ਦੇ ਖਰਚ ਅਤੇ ਨਫ਼ੇ ਦਾ ਸਾਂਝੀਦਾਰ ਬਣਾ ਲਿਆ ਸੀ।

ਬਖ਼ਸ਼ਿੰਦਰ ‘ਬਾਬਾ ਇਨਕਲਾਬ ਸਿੰਘ’ ਨੂੰ ਆਪਣਾ ਸ਼ਾਹਕਾਰ ਪ੍ਰਾਜੈਕਟ ਮੰਨਦਾ ਹੈ। ਇਹ ਦਰਅਸਲ ਬਖ਼ਸ਼ਿੰਦਰ ਦਾ ਹੀ ਨਹੀਂ, ਪੰਜਾਬ ਦਾ ਸ਼ਾਹਕਾਰ ਪ੍ਰਾਜੈਕਟ ਹੋਵੇਗਾ ਜਿਸ ਵਿਚ ਬਾਬੇ ਦੇ ਬਹਾਨੇ ਪੰਜਾਬੀਆਂ ਦੇ ਔਖੇ ਹਾਲਾਤ ਵਿਚ ਵੀ ਜੀਣ-ਥੀਣ ਦੀ ਲਲ੍ਹਕ ਦੇ ਦੀਦਾਰ ਹੋਣਗੇ।

-ਜਸਵੀਰ ਸਮਰ

Monday, January 4, 2010

ਹੌਲੀਵੁੱਡ: ਫਿਲਮ "ਅਵਤਾਰ",ਮੂਲ ਨਿਵਾਸੀ,ਮਾਓਵਾਦੀ ਤੇ ਵਿਵਸਥਾ

ਪਿਛਲੇ ਦੋ ਦਹਾਕਿਆਂ ਤੋਂ ਹੌਲੀਵੁੱਡ ‘ਚ ਜ਼ਿਆਦਾਤਰ ਅਜਿਹੀਆਂ ਫਿਲਮਾਂ ਬਣੀਆਂ ਨੇ,ਜਿਨ੍ਹਾਂ ‘ਚ ਅਮਰੀਕੀ ਨਾਇਕ ਖਤਰਿਆਂ ‘ਚ ਪਈ ਦੁਨੀਆਂ ਨੂੰ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੇ ਨਜ਼ਰ ਆਉਂਦੇ ਹੈ।ਖਾਸ ਕਰ 9/11 ਤੋਂ ਬਾਅਦ ਅਮਰੀਕਾ ਦੀ “ਵਾਰ ਅਗੈਂਸਟ ਟੈਰੇਰਿਜ਼ਮ” ਮੁਹਿੰਮ ਨੂੰ ਦੁਨੀਆਂ ਦੀਆਂ ਨਜ਼ਰਾਂ ‘ਜਾਇਜ਼ ਠਹਿਰਾਉਣ ਲਈ,ਅਮਰੀਕੀ ਫਿਲਮ ਇੰਡਸਟਰੀ ‘ਤੇ ਬਿਜਲਈ ਮੀਡੀਆ ਵਲੋਂ ਇਕ “ਮਨੋਵਿਗਿਆਨਕ ਲੜਾਈ” ਵਿੱਢੀ ਗਈ।ਜਿਸਦੇ ਅਧੀਨ ਹੌਲੀਵੁੱਡ ‘ਚ ਸੈਂਕੜੇ ਅਜਿਹੀਆਂ ਫਿਲਮਾਂ ਬਣੀਆਂ ਜਿਨ੍ਹਾਂ ‘ਚ ਅਮਰੀਕੀ ਨਾਇਕ ਨੂੰ ਕਹੇ ਜਾਂਦੇ ਅੱਤਵਾਦ ਨਾਲ ਨਜਿੱਠਦਿਆਂ ਤੇ ਉਸਤੇ ਜਿੱਤ ਪਾਉਂਦੇ ਦਿਖਾਇਆ ਗਿਆ ਹੈ।
ਇਸੇ ਦੌਰ ‘ਚ ਜਿਸ ਤਰ੍ਹਾਂ ਮਾਈਕਲ.ਟੀ.ਕਲਾਰ ਨੇ “ਬਲੱਡ ਐਂਡ ਆਇਲ” ਨਾਂਅ ਦੀ ਫਿਲਮ ਬਣਾਕੇ “ਅਮਰੀਕੀ ਸਾਮਰਾਜ” ਨੂੰ ਬੇਨਕਾਬ ਕੀਤਾ ਸੀ,ਉਸੇ ਤਰ੍ਹਾਂ ਜੇਮਜ਼ ਕੈਮੇਰਨ ਨੇ “ਅਵਤਾਰ” ਫਿਲਮ ਦੇ ਰਾਹੀਂ ਸਾਮਰਾਜ ਦੇ ਅਣਮੱਨੁਖੀ ਚਿਹਰੇ ਤੋਂ ਪਰਦਾ ਉਠਾਇਆ ਹੈ।ਫਿਲਮ ਦੀ ਕਾਲਪਨਿਕ ਕਹਾਣੀ ਬ੍ਰਹਿਮੰਡ ਦੀ “ਪੇਂਡੋਰਾ” ਨਾਮਕ ਥਾਂ ਦੀ ਹੈ।ਜਿੱਥੇ ਅਮਰੀਕਾ ਦੇ ਬੇਸ ਕੈਂਪ ਹਨ,ਤੇ ਉਹ ਓਥੋਂ ਦੇ ਮੂਲ ਨਿਵਾਸੀਆਂ ਨੂੰ ਉਜਾੜਕੇ ,ਜੰਗਲ ਦੇ ਬੇਸ਼ਕੀਮਤੀ ਧਾਤਾਂ ਦੇ ਖਜ਼ਾਨਿਆਂ ਨੂੰ ਲੁੱਟਣਾ ਤੇ ਆਪਣਾ ਵਿਸਥਾਰ ਕਰਨਾ ਚਾਹੁੰਦੇ ਹਨ।ਇਸਦੇ ਲਈ ਉਹ ਆਪਣੀ ਸਾਇੰਸ ਨਾਲ ,ਉਹਨਾਂ ਕਬੀਲਾਈ ਲੋਕਾਂ ਵਰਗਾ ਇਕ ਇਨਸਾਨ ਤਿਆਰ ਕਰਕੇ ਓਥੇ ਭੇਜਦੇ ਹਨ,ਤਾਂਕਿ ਉਹਨਾਂ ਲੋਕਾਂ ਦੀ ਜ਼ਿੰਦਗੀ ਤੇ ਰਹਿਣ ਸਹਿਣ ਨੂੰ ਸਮਝਿਆ ਜਾ ਸਕੇ।ਪਰ ਉਹਨਾਂ ਵਲੋਂ ਭੇਜਿਆ ਇਹ ਪ੍ਰਾਣੀ ਉਹਨਾਂ ਦੀ ਕੁਦਰਤੀ ਰਹਿਣ ਸਹਿਣ ਦੀ ਵਿਵਸਥਾ ਤੋਂ ਏਨਾ ਪ੍ਰਭਾਵਿਤ ਹੋ ਜਾਂਦਾ ਹੈ,ਕਿ ਉਹ ਬਾਗੀ ਹੋਕੇ ਸਾਮਰਾਜੀ ਵਿਸਥਾਰਵਾਦ ਖਿਲਾਫ ਲੜਨ ਲੱਗ ਪੈਂਦਾ ਹੈ।ਅੰਤ ‘ਚ ਇਸ ਨੇਕੀ ਤੇ ਬਦੀ ਦੀ ਲੜਾਈ ‘ਚ ਸੱਚ ਦੀ ਜਿੱਤ ਹੁੰਦੀ ਹੈ।


ਬੁਨਿਆਦੀ ਤੌਰ ‘ਤੇ ਫਿਲਮ ਦੀ ਕਹਾਣੀ “ਵਿਕਾਸ” ਦੀ ਜੱਦ ਥੱਲੇ ਹੁੰਦੇ ਵਿਨਾਸ਼ ਦੁਆਲੇ ਘੁੰਮਦੀ ਹੋਈ ਦਰਸ਼ਕਾਂ ਨਾਲ ਸੰਵਾਦ ਰਚਾਉਂਦੀ,ਗੈਰ-ਮਨੁੱਖੀ “ਵਿਕਾਸ” ਦੀ ਪਰਿਭਾਸ਼ਾ ‘ਤੇ ਸਵਾਲੀਆ ਚਿੰਨ੍ਹ ਲਗਾਉਂਦੀ ਹੈ।ਇਸ ਫਿਲਮ ਦੀ ਕਹਾਣੀ ਤੇ ਭਾਰਤ ਦੀ ਮੌਜੂਦਾ ਹਾਲਤ ਲਗਭਗ ਮਿਲਦੀ ਹੈ।ਸ਼ਾਇਦ ਇਹ ਇਤਫਾਕ ਹੈ,ਕਿਉਂਕਿ ਸੁਣਨ ‘ਚ ਆਇਆ ਹੈ ਕਿ ਫਿਲਮ ਦੀ ਸਕਰਿਪਟ ਕਾਫੀ ਪਹਿਲਾਂ ਲਿਖੀ ਗਈ ਸੀ।ਇਸ ਫਿਲਮ ਨਾਲ ਮਿਲਦੀ ਬਿਲਕੁਲ ਸੱਚੀ ਕਹਾਣੀ ਪੱਛਮੀ ਉੜੀਸਾ ਦੇ ਨਿਆਮਗਿਰੀ ਅੰਦਰ ਘਟ ਰਹੀ ਹੈ।“ਅਵਤਾਰ” ‘ਚ ਜੇ ਜੰਗਲ ਦੇ ਲੋਕ ਕੁਦਰਤ ਨੂੰ ਊਰਜਾ ਤੇ “ਏਵਾ” ਨੁੰ ਦੇਵੀ ਦੀ ਰੂਪ ਪੂਜਦੇ ਹਨ ਤਾਂ ਪੱਛਮੀ ਉੜੀਸਾ ਦੇ ਨਿਆਮਗਿਰੀ ਦੇ ਆਦਿਵਾਸੀ ਦੇ ਪਹਾੜਾਂ ‘ਤੇ ਬਹੁਰਾਸ਼ਟਰੀ ਕੰਪਨੀ ਵੇਦਾਂਤਾ ਤੇ ਸਰਕਾਰ ਬਾਕਸਾਈਟ ਦੇ ਜਿਸ ਖਜ਼ਾਨੇ ਲਈ ਕਬਜ਼ਾ ਕਰਨਾ ਚਾਹੁੰਦੀ ਹੈ ,ਕਬਾਇਲੀ ਲੋਕ ਉਸਨੂੰ ਪ੍ਰਮਾਤਮਾ ਦੇ ਰੂਪ ‘ਚ ਪੂਜਦੇ ਹਨ।ਜਿੱਥੇ “ਅਵਤਾਰ” ਦੇ ਕਬੀਲਿਆਂ ਦੀ ਅਗਵਾਈ ਅਮਰੀਕੀ ਬੇਸ ਕੈਂਪ ਦੇ ਕੁਝ ਇਮਾਨਦਾਰ ਤੇ ਬਾਗੀ ਲੋਕ “ਪਰੰਪਰਾ ਤੇ ਆਧੁਨਿਕਤਾ” ਦੇ ਸੁਮੇਲ ਨਾਲ ਕਰਦੇ ਹਨ।ਉਸੇ ਤਰ੍ਹਾਂ ਨਿਆਮਗਿਰੀ ਦੀ ਲੜਾਈ ‘ਚ “ਮਾਓਵਾਦੀ” ਬਾਗੀ, ਕਬਾਇਲੀਆਂ ਦੀ ਲੜਾਈ ‘ਚ ਸ਼ਾਮਿਲ ਹੋਕੇ ਅਗਵਾਈ ਦੇ ਰਹੇ ਹਨ।“ਅਵਤਾਰ” ‘ਚ ਹੈਲੀਕਪਟਰਾਂ ਨਾਲ ਲੈੱਸ ਅਤਿਆਧੁਨਿਕ ਫੌਜ,ਤੀਰ ਕਮਾਨ ਚਲਾਉਣ ਤੇ ਕਹੇ ਜਾਂਦੇ ਅਸੱਭਿਅਕ ਲੋਕਾਂ ਕੋਲੋਂ ਬੁਰੀ ਤਰ੍ਹਾਂ ਹਾਰਦੀ ਹੈ ਤੇ ਭਾਰਤ ਦੀ ਧਰਤੀ ‘ਤੇ ਨਤੀਜੇ ਆਉਣੇ ਬਾਕੀ ਹਨ।ਪਿਛਲੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਹੌਲੀਵੁੱਡ ਫਿਲਮਾਂ ਅੰਦਰ ਤਕਨੀਕ ਨੂੰ ਮਨੁੱਖ ਦੀ ਮਾਂ ਦਿਖਾਇਆ ਜਾ ਰਿਹਾ ਸੀ,ਕੈਮੇਰਨ ਨੇ ਆਪਣੇ ਜ਼ਬਰਦਸਤ ਨਿਰਦੇਸ਼ਨ ਰਾਹੀਂ ਤਕਨੀਕ ਦੇ ਚਪੇੜ ਮਾਰਦੇ ਹੋਏ,ਮਨੁੱਖ ਨੂੰ ਤਕਨੀਕ ਦਾ ਪਿਓ ਸਾਬਿਤ ਕੀਤਾ ਹੈ।

ਫਿਲਮ ਰਲੀਜ਼ ਹੋਣ ਤੋਂ ਬਾਅਦ ਵੱਡਾ ਬਿਜਨੈੱਸ ਕਰ ਚੁੱਕੀ ਹੈ,ਪਰ ਸਿਰਫ ਫਿਲਮ ਦੇ ਬਿਜ਼ਨੈੱਸ ਦੀਆਂ ਖਬਰਾਂ ਤੋਂ ਬਿਨਾਂ,ਭਾਰਤੀ ਮੀਡੀਆ ਅੰਦਰ ਇਸਦੀ ਕੋਈ ਵਿਚਾਰ ਚਰਚਾ ਨਜ਼ਰ ਨਹੀਂ ਹੈ। ਇਸਦੇ ਉਲਟ ਸਿੱਖਿਆ ਸਿਸਟਮ ਦੇ ਬੜੇ ਗੈਰ-ਜ਼ਿੰਮੇਂਵਾਰ ਢੰਗ ਨਾਲ ਕਟਾਸ਼ਕ ਕਰਦੀ ਫਿਲਮ “ਥਿਰੀ ਇਡੀਅਟਸ” ਦੇ ਚਰਚਾ ਜ਼ੋਰਾਂ ‘ਤੇ ਹਨ।ਚੇਤਨ ਭਗਤ ਦੇ “ਥਿਰੀ ਇਡੀਅਟਸ” ‘ਤੇ ਆਈਡਿਆ ਚੋਰੀ ਕਰਨ ਦੇ ਇਲਜ਼ਾਮ,ਮੀਡੀਆ ਲਈ ਮੁੱਦਾ ਬਣੇ ਪਏ ਨੇ।ਪਰ ਪੂਰੀ ਦੁਨੀਆਂ ‘ਚ ਨਾਮਣਾ ਖੱਟ ਚੁੱਕੀ ਫਿਲਮ “ਅਵਤਾਰ” ਬਾਰੇ ਭਾਰਤੀ ਮੀਡੀਆ ਦੀ ਚੁੱਪ ਬਹੁਤ ਕੁਝ ਕਹਿ ਰਹੀ ਹੈ।ਵਿਵਸਥਾ ਤੇ ਮੀਡੀਆ ਦਾ ਆਪਸੀ ਰਿਸ਼ਤਾ ਬਿਆਨ ਕਰ ਰਹੀ ਹੈ।ਜੇ ਇਸ ਤਰ੍ਹਾਂ ਨਹੀਂ ਤਾਂ ਇਤਫਾਕਨ ਹੀ,ਦੇਸ ਦੀਆਂ ਮੌਜੂਦਾ ਪਰਸਥਿਤੀਆਂ ਨੂੰ ਉਭਾਰ ਰਹੀ “ਅਵਤਾਰ” ਬਾਰੇ ਮੀਡੀਆ ਅੰਦਰ ਕੋਈ ਸੰਵਾਦ ਕਿਉਂ ਨਹੀਂ।ਵਿਕਾਸ ਦੀ ਜਿਸ ਪਰਿਭਾਸ਼ਾ ਨੂੰ ਲੈਕੇ ਦੇਸ਼ ਦੇ ਬੁੱਧੀਜੀਵੀ ‘ਚ ਖੇਮਿਆਂ ਬਣੇ ਹਨ,ਉਸ ਵਿਕਾਸ ‘ਤੇ ਫਿਲਮ ਦੇ ਰਾਹੀਂ ਚੰਗੀ ਵਿਚਾਰ ਚਰਚਾ ਹੋ ਸਕਦੀ ਹੈ।

1997 ‘ਚ ਜੇਮਜ਼ ਕੈਮੇਰਨ ਨੇ “ਟਾਈਟੈਨਿਕ” ਬਣਾਈ ਸੀ।ਇਸ ਫਿਲਮਾਂ ‘ਚ ਜਿਸ ਤਰ੍ਹਾਂ ਉਸਨੇ ਜਹਾਜ਼ ਦੀਆਂ ਮੰਜ਼ਿਲਾਂ ਦੇ ਰਾਹੀਂ,ਸਮਾਜਿਕ ਵਰਗ ਵੰਡ ਦਿਖਾਈ ,ਉਹ ਹੌਲੀਵੁੱਡ ਦਾ ਨਵਾਂ ਤਜ਼ਰਬਾ ਸੀ।1997 ਤੋਂ 2009 ਤੱਕ ਹੋਈਆਂ ਗੰਭੀਰ ਸਮਾਜਿਕ,ਆਰਥਿਕ ਤੇ ਰਾਜਨੀਤਿਕ ਤਬਦੀਲੀਆਂ ਕੈਮੇਰਨ ਦੇ ਨਿਰਦੇਸ਼ਨ ‘ਚ ਦਿਖਦੀਆਂ ਹਨ।ਬਹੁਤ ਸਾਰੇ ਅਲੋਚਕ ਇਸਨੂੰ “ਕਲੈਸ਼ ਆਫ ਸਿਵੀਲਾਈਜ਼ੇਸ਼ਨ” ਯਾਨਿ ਕਿ "ਸੱਭਿਆਤਾਵਾਂ ਦੇ ਭੇੜ" ਤੱਕ ਸੀਮਤ ਕਰ ਰਹੇ ਹਨ,ਪਰ ਫਿਲਮ ਇਕ ਨਵੀਂ ਦਿਸ਼ਾ ਦੀ ਗੱਲ ਕਰ ਰਹੀ ਹੈ।ਕੈਮੇਰਨ ਨੇ ਥ੍ਰੀ ਡੀ ਇਫੈਕਟਸ ਤਕਨੀਕ ਨਾਲ ਫਿਲਮ ਇਸ ਤਰ੍ਹਾਂ ਚਿਤਰੀ ਹੈ,ਕਿ ਫਿਲਮ ਵੇਖਦਾ ਸੰਵੇਦਨਸ਼ੀਲ਼ ਦਰਸ਼ਕ “ਅਵਤਾਰ” ਦੀ ਦੁਨੀਆਂ ਅੰਦਰ ਜਿਉਣਾ ਲੋਚਦਾ ਹੈ।ਅਭਨੇਤਰੀ ਜੋਏ ਸਲਦਾਨਾ ਦੀ ਜਿੰਨੀ ਪ੍ਰਸੰਸਾ ਕੀਤੇ ਜਾਵੇ ਓਨੀ ਘੱਟ ਹੈ।ਫਿਲਮ ਦਾ ‘ਬੈਕਰਉਂਡ” ਸੰਗੀਤ ਸ਼ਾਨਦਾਰ ਹੈ।ਮੁੱਖ ਧਾਰਾ ਅੰਦਰ ਅਜਿਹੀਆਂ ਫਿਲਮਾਂ ਦਾ ਬਣਨਾ ਚੰਗੀ ਗੱਲ ਹੈ।ਨਵੇਂ ਦੌਰ ਦੀਆਂ ਨਵੀਂਆਂ ਪਰਿਭਾਸ਼ਾਵਾਂ ‘ਤੇ ਵਿਚਾਰ ਚਰਚਾ ਛਿੜਨੀ ਚਾਹੀਦੀ ਹੈ।ਇਹਨਾਂ ਵਿਚਾਰ ਚਰਚਾਵਾਂ ਛੇੜਣ ਵਾਲੇ ਡਾਇਰੈਕਟਰਾਂ ਮਿੱਲ ਗਿਬਸਨ,ਮਾਈਕਲ ਮੂਰ, ਮਾਈਕਲ.ਟੀ.ਕਲਾਰ ,ਗਿਬੀ ਜ਼ੋਬੇਲ ਤੇ ਜੇਮਜ਼ ਕੈਮੇਰਨ ਵਰਗਿਆਂ ਨੂੰ ਚੰਗੀ ਜ਼ਿੰਮੇਂਵਾਰੀ ਲਈ ਸ਼ਾਬਾਸ਼ ਦੇਣੀ ਬਣਦੀ ਹੈ।ਇਸੇ ਨਵੇਂ ਦੌਰ ਇਕ ਨਵੀਂ ਚੀਜ਼ ਹੋਰ ਵੇਖਣ ਵਾਲੀ ਹੈ ਕਿ ਪੂਰੀ ਦੁਨੀਆਂ ‘ਚ ਕਲਾ ਦੇ ਤਬਕਿਆਂ ਅੰਦਰ ਇਕ ਲਕਸ਼ਮਣ ਰੇਖਾ ਬਣ ਰਹੀ ਹੈ,ਜੋ ਆਉਣ ਵਾਲੇ ਸਮਿਆਂ ਲਈ ਸ਼ੁਭ ਸੰਕੇਤ ਹੋ ਸਕਦੀ ਹੈ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
ਮੌਬ:09899436972
mai2lmalwa@gmail.com,malwa2delhi@yahoo.co.in

Friday, January 1, 2010

ਸਫ਼ਦਰ ਹਾਸ਼ਮੀ : ਝੁੱਗੀਆਂ ਦਾ ਦੀਵਾ,ਝੁੱਗੀਆਂ ਲਈ ਬੁਝਿਆ ਸੀ

ਸਫ਼ਦਰ ਦੀ ਸ਼ਹੀਦੀ ਨੂੰ ਯਾਦ ਕਰਦਿਆਂ

ਸ਼ਫਦਰ ਹਾਸ਼ਮੀ ਦੇ ਕਤਲ ਨੂੰ 21 ਸਾਲ ਹੋ ਚੁੱਕੇ ਹਨ।ਇਹਨਾਂ 21 ਸਾਲਾਂ ‘ਚ ਬਹੁਤ ਕੁਝ ਬਦਲਿਆ।ਹਿੰਦੂਤਵ ਦੀ ਜਿਹੜੀ ਅੱਤਵਾਦੀ ਵਿਚਾਰਧਾਰਾ ਸ਼ਫਦਰ ਦੀ ਮੌਤ ਸਮੇਂ ਤਿੱਖੇ ਰੂਪ ‘ਚ ਪਨਪਣਾ ਸ਼ੁਰੂ ਹੋਈ ਸੀ,ਉਹ ਬਾਬਰੀ ਮਸਜਿਦ,ਗੁਜਰਾਤ ਤੇ ਮਾਲੇਗਾਓਂ ‘ਚ ਨੰਗੇ ਚਿੱਟੇ ਰੂਪ ‘ਚ ਸਮਾਜ ਸਾਹਮਣੇ ਆਈ।ਸ਼ਫਦਰ ਦਾ ਬਿਗੁਲ ਇਹਨਾਂ ਧਾਰਮਿਕ ਫਿਰਕਾਪ੍ਰਸਤ ਤਾਕਤਾਂ ਦੇ ਖਿਲਾਫ ਸੀ।ਉਸਨੇ ਆਪਣੇ ਨਿੱਜੀ ਸੁਆਰਥਾਂ ਨੂੰ ਤਿਆਗਕੇ ਜ਼ਿੰਦਗੀ ਲੋਕਾਂ ਨੂੰ ਸਮਰਪਿਤ ਕੀਤੀ।ਪੱਛਮ ਤੇ ਯੂਰਪ ਦੀ ਤਰਜ਼ ‘ਤੇ ਰੰਗਮਚ ਨੂੰ ਨੁੱਕੜ ਨਾਟਕ ਦੀ ਵਿਧਾ ਰਾਹੀਂ ਦਿੱਲੀ ਦੀਆਂ ਝੁੱਗੀਆਂ-ਝੋਪੜੀਆਂ ਤੱਕ ਪਹੁੰਚਾਇਆ।ਉਸਦੇ ਤਜ਼ਰਬਿਆਂ ਦਾ ਹੀ ਕਮਾਲ ਹੈ ਕਿ ਕਿ ਨੁੱਕੜ ਅੱਜ ਦੇਸ਼ ਦੇ ਕੋਨੇ ਕੋਨੇ ‘ਚ ਖੇਡਿਆ ਜਾਂਦੈ।ਉਸਦੀ ਸ਼ਹੀਦੀ ਤੋਂ ਬਾਅਦ ਬਣੇ “ਸ਼ਫਦਰ ਹਾਸ਼ਮੀ ਮੈਮੋਰੀਅਲ ਟਰੱਸਟ” ਨੇ ਦੇਸ਼ ਭਰ ‘ਚ ਨੁੱਕੜ ਨਾਟਕ ਨੂੰ ਇਕ ਨਵੀਂ ਦਿਸ਼ਾ ਦਿੱਤਾ।ਗੁਲਾਮ ਕਲਮ ਸ਼ਫਦਰ ਦੀ ਸ਼ਹੀਦੀ ਨੂੰ ਨਤਮਸਤਕ ਹੁੰਦੀ ਹੈ।-ਯਾਦਵਿੰਦਰ ਕਰਫਿਊ

ਸਫ਼ਦਰ ਹਾਸ਼ਮੀ ਇੱਕ ਆਮ ਇਨਸਾਨ ਨਹੀਂ ਸਨ, ਉਹ ਇੱਕ ਮਹਾਨ ਰੰਗਕਰਮੀ, ਨਿਰਦੇਸ਼ਕ, ਆਰਟਿਸਟ, ਕਵੀ, ਲੇਖਕ, ਫ਼ੋਟੋਗ੍ਰਾਫ਼ਰ ਆਦਿ ਸਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਕਿਰਤੀ ਜਮਾਤ ਲਈ ਅਮਲੀ ਤੌਰ ’ਤੇ ਕੰਮ ਕਰਦੇ ਸਨ ਅਤੇ ਇਸ ਕਿਰਤੀ ਜਮਾਤ ਲਈ 2 ਜਨਵਰੀ 1989 ਨੂੰ ਸ਼ਹੀਦੀ ਦਾ ਜਾਮ ਪੀ ਗਏ। ਸਫ਼ਦਰ ਹਾਸ਼ਮੀ ਇੱਕ ਅਜਿਹਾ ਮਹਾਨ ਇਨਸਾਨ ਸੀ ਜਿਸ ਦੀ ਰੰਗ ਮੰਚ ਨੂੰ ਗਲੀ ਗਲੀ, ਘਰ ਘਰ ਲੈ ਕੇ ਜਾਣ ਦੀ ਇੱਛਾ ਨੇ ਉਸ ਨੂੰ ਇੱਕ ਪੇਸ਼ੇਵਰ ਰੰਗਕਰਮੀ ਬਣਾਇਆ, ਜਿਸ ਨੇ ਇਹ ਪੈਸੇ ਅਪਣਾਉਂਣ ਲਈ ਚੰਗੇ ਆਹੁਦੇ ਵਾਲੀਆਂ ਨੌਕਰੀਆਂ ਨੂੰ ਲੱਤ ਮਾਰੀ ਅਤੇ ਮੈਦਾਨ ਵਿੱਚ ਨਿੱਤਰ ਪਏ,12 ਅਪ੍ਰੈਲ 1954 ਨੂੰ ਇੱਕ ਗਰੀਬ ਪਰਿਵਾਰ ਵਿੱਚ ਜਨਮੇ ਇਸ ਸਰਵ ਗੁਣੀ ਨੌਜਵਾਨ ਨੂੰ 21 ਸਾਲ ਪਹਿਲਾਂ ਦਿੱਲੀ ਨੇੜੇ ਪੈਂਦੇ ਇੰਡਸਟਰੀਅਲ ਇਲਾਕੇ ਪਿੰਡ ਝੰਡਾਪੁਰ ਵਿੱਚ ਉਸ ਸਮੇਂ ਕਾਂਗਰਸੀ ਸਮਰੱਥਕ ਉਮੀਦਵਾਰ ਅਤੇ ਉਸ ਦੇ ਗੁੰਡੀਆਂ ਵੱਲੋਂ ਸ਼ਹੀਦ ਕਰ ਦਿੱਤਾ,ਜਦੋਂ ਉਹ ਆਪਣੀ ਟੀਮ ਸਮੇਤ 20 ਮਿੰਟਾਂ ਦਾ ਇੱਕ ਨੁੱਕੜ ਨਾਟਕ ‘‘ਹੱਲਾ ਬੋਲ’’ ਖੇਡ ਰਹੇ ਸਨ, ਇਸ ਸਾਹਿਬਾਬਾਦ ਇਲਾਕੇ ਵਿੱਚ ਇਹ ਨਾਟਕ ਇਸ ਘਟਨਾ ਤੋਂ ਪਹਿਲਾ ਅੱਠ ਵਾਰ ਖੇਡਿਆ ਗਿਆ ਸੀ ਤਾਂ ਕਿਰਤੀਆਂ ਦੇ ਜ਼ਬਰਦਸਤ ਇੱਕਠ ਵੇਖਦਿਆ ਕਾਂਗਰਸ ਸਮੱਰਥਣ ਪ੍ਰਾਪਤ ਉਮੀਦਵਾਰ ਨੂੰ ਪਸੀਨੇ ਛੁੱਡਣ ਲੱਗ ਪਏ ਸਨ ਅਤੇ ਪੁਲਿਸ, ਫ਼ੈਕਟਰੀ ਮਾਲਕ ਅਤੇ ਗੁੰਡਾ ਅਨਸਰਾਂ ਦੇ ਗੱਠਜੋੜ ਨੇ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਉਹ ਆਪਣੀ ਮੰਜ਼ਲ ਪ੍ਰਾਪਤ ਕਰਨ ਲਈ ਲਗਾਤਾਰ ਅੱਗੇ ਵੱਧਦੇ ਗਏ।


ਸਾਹਿਬਾਬਾਦ ਸਮੇਤ ਪੂਰੇ ਉੱਤਰੀ ਭਾਰਤ ਵਿੱਚ 27 ਸਾਲਾਂ ਮਗਰੋਂ ਨਗਰ ਨਿਗਮ ਦੀਆਂ ਵੋਟਾਂ ਪੈ ਰਹੀਆਂ ਸਨ, ਸ਼ਹਿਰੀਆਂ ਵਿੱਚ ਕਾਂਗਰਸ ਦਾ ਜ਼ਾਲਮ ਚੇਹਰਾ ਐਨਾ ਨੰਗਾ ਹੋ ਚੁੱਕਿਆ ਸੀ ਕਿ ਉਹ ਆਪਣੇ ਝੰਡੇ ਹੇਠ ਚੋਣ ਲੜਨ ਦੀ ਬਜਾਏ ਅਜ਼ਾਦ ਉਮੀਦਵਾਰਾਂ ਨੂੰ ਸਮਰੱਥਨ ਦੇ ਰਹੀ ਸੀ। ਘਟਨਾ ਵਾਲੇ ਦਿਨ ਜਦੋਂ ਹੱਲਾ ਬੋਲ ਖੇਡਿਆ ਜਾ ਰਿਹਾ ਸੀ ਤਾਂ ਸੱਤਾ ਦੇ ਸ਼ਹਿ ’ਤੇ ਗੁੰਡਿਆਂ ਨੇ ਮਜ਼ਦੂਰਾਂ ’ਤੇ ਜਾਨ ਲੇਵਾ ਹਮਲੇ ਕਰ ਦਿੱਤੇ ਤਾਂ ਸਫ਼ਦਰ ਮੰਚ ਤੋਂ ਮੈਦਾਨ ਵਿੱਚ ਨਿਤਰ ਕੇ ਗੁੰਡਿਆਂ ਦਾ ਮੁਕਾਬਲਾ ਕਰਨ ਲੱਗੇ ਤਾਂ ਉਨ੍ਹਾਂ ਨੂੰ ਵੀ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ,ਰੰਗਮੰਚ ਅਤੇ ਕਿਰਤੀਆਂ ਲਈ ਦਿੱਤੀ ਸਫ਼ਦਰ ਹਾਸ਼ਮੀ ਦੀ ਕੁਰਬਾਨੀ ਨੂੰ ਇਤਿਹਾਸ ਵਿੱਚ ਹਮੇਸ਼ਾ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ, ਉਸ ਦੀ ਜੀਵਨ ਸਾਥਣ ਮਾਲਾਸ਼੍ਰੀ ਹਾਸ਼ਮੀ ਅਤੇ ਭੈਣ ਸਬਨਬ ਹਾਸ਼ਮੀ ਦੀ ਕੁਰਬਾਨੀ ਵੀ ਘੱਟ ਨਹੀਂ, ਜਿਨ੍ਹਾਂ ਨੇ ਉਸ ਦੀ ਸ਼ਹੀਦੀ ਅਜ਼ਾਈ ਨਾ ਜਾਣ ਦਾ ਦਾਅਵਾ ਕਰਦਿਆ ਉਸ ਦੀ ਸ਼ਹੀਦੀ ਤੋਂ ਦੂਜੇ ਦਿਨ ਬਾਅਦ ਘਟਨਾ ਵਾਲੀ ਥਾਂ ’ਤੇ ਜਿੱਥੇ ਅਜੇ ਵੀ ਸ਼ਹੀਦਾਂ ਦਾ ਖ਼ੂਨ ਡੁੱਲਿਆ ਪਿਆ ਸੀ, ਸੱਤਾ ਸਹਿ ਵਾਲੇ ਗੁੰਡਿਆਂ ਨੂੰ ਵੰਗਾਰਦਿਆਂ ਹੱਲਾ ਬੋਲ ਨਾਟਕ ਦਾ ਬਾਕੀ ਹਿੱਸਾ ਖੇਡਿਆ ਅਤੇ ਹਜ਼ਾਰਾਂ ਦਰਸ਼ਕਾਂ ਦਾ ਭਾਰੀ ਇੱਕਠ ਵੇਖ ਕੇ ਗੁੰਡੇ ਅਨਸਰਾਂ ਦੇ ਹੋਸਲੇ ਪਸਤ ਹੋ ਗਏ। ਹਾਸ਼ਮੀ ਦੀ ਪਤਨੀ ਮਾਲਾਸ਼ੀ ਹਾਸ਼ਮੀ ਅਤੇ ਭੈਣ ਸਬਨਬ ਹਾਸ਼ਮੀ ਨੇ ਉਸ ਦੇ ਜਾਣ ਮਗਰੋਂ ਉਸ ਦੀ ਰੰਗਮੰਚ ਵਾਲੀ ਸੋਚ ਨੂੰ ਅੱਗੇ ਵਧਾਉਂਦਿਆ ਦੇਸ਼ ਵਿੱਚ ਨੁੱਕੜ ਨਾਟਕਾਂ ਦਾ ਕੰਮ ਜਾਰੀ ਰੱਖਿਆ ਹੈ।


ਸਫ਼ਦਰ ਹਾਸ਼ਮੀ ਦੁਆਰਾ ਅਣਥੱਕ ਕੀਤੀ ਮਿਹਨਤ ਅਤੇ ਉਸ ਦੀਆਂ ਪ੍ਰਾਪਤੀਆਂ ਦੀ ਕਤਾਰ ਬਹੁਤ ਲੰਬੀ ਹੈ, ਸਫ਼ਦਰ 1975 ਵਿੱਚ ਸੇਂਟ ਸਟੀਫਨ ਕਾਲਜ ਦਿੱਲੀ ਯੂਨੀਵਰਸਿਟੀ ਤੋਂ ਐਮ ਏ ਅੰਗਰੇਜ਼ੀ ਕਰਦਿਆਂ ਹੀ ਰਾਜਨੀਤਕ ਵਿਚਾਰਧਾਰਕ ਤੋਰ ’ਤੇ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਅਤੇ ਸਭਿਆਚਾਰਕ ਗਤੀਵਿਧੀਆਂ ਪੱਖੋਂ ਇੰਡੀਅਨ ਪੀਪਲਜ਼ ਐਸੋਸੀਂਏਸ਼ਨ ਵਿੱਚ ਸਰਗਰਮ ਤੌਰ ’ਤੇ ਕੰਮ ਕਰਨ ਲੱਗ ਪਏ,ਆਪਣੀ ਸੈਂਤੀ ਕੁ ਸਾਲ ਦੀ ਛੋਟੀ ਉਮਰ ਵਿੱਚੋਂ 15 ਤੋਂ ਵੱਧ ਸਾਲ ਉਸ ਨੇ ਦਿਨ ਰਾਤ ਇੱਕ ਕਰਦਿਆਂ ਰੰਗਮੰਚ ਨੂੰ ਸਮਰਪਣ ਕੀਤੇ। ਉਸ ਨੇ ਅਜ਼ਾਦ ਤੌਰ ’ਤੇ ਜਨ ਨਾਟਿਆ ਸੰਘ ਦੀ ਸਥਾਪਨਾ ਕਰਕੇ ਇਸ ਦੇ ਨਾਂ ਹੇਠ ਕੰਮ ਕਰਨਾਂ ਸੁਰੂ ਕਰ ਦਿੱਤਾ, ਰੰਗਮੰਚ ਦੇ ਖ਼ੇਤਰ ਵਿੱਚ ਉਨ੍ਹਾ ਕੀਤੇ ਸਫ਼ਲ ਤਜਰਬੇ ਵੀ ਉਨ੍ਹਾਂ ਦੀ ਯਾਦ ਨੂੰ ਸਿੱਜਦਾ ਰੱਖਣਗੇ, ਦਿੱਲੀ ਵਰਗੇ ਮਹਾਂਨਗਰ ਵਿੱਚ ਹਾਸ਼ਮੀ ਨੇ ਹੀ ਪਹਿਲੀ ਵਾਰ ਨੁੱਕੜ ਨਾਟਕ ਦੀ ਰੀਤ ਪਾਈ, ਕੌਮਾਂਤਰੀ ਪੱਧਰ ਦੇ ਪ੍ਰਸਿੱਧ ਲੇਖਕਾਂ ਵਿੱਚੋਂ ਚੈਖਵ ਵਰਗਿਆਂ ਦੀਆਂ ਮਹਾਨ ਰਚਨਾਵਾਂ ਨੂੰ ਸਫ਼ਲਤਾ ਪੂਰਵਕ ਨਾਟਕੀ ਰੂਪਾਂਤਰਨ ਕੀਤਾ, ਹਾਸ਼ਮੀ ਦੀ ਨਿਰਦੇਸ਼ਨਾਂ ਹੇਠ ਪ੍ਰਬੰਧ ਦੀ ਤ੍ਰਾਸਦੀ ਪੇਸ਼ ਕਰਦੇ ਨਾਟਕ ਮਸ਼ੀਨ, ਔਰਤ, ਪਿੰਡਾਂ ਤੋਂ ਸ਼ਹਿਰ ਤੱਕ, ਰਾਜ਼ੇ ਕਾ ਬਾਜ਼ਾ, ਹੱਤਿਆਰਾਂ ਆਦਿ ਨਾਟਕਾਂ ਨੂੰ ਦਰਜ਼ਨਾਂ ਵਾਰ ਖੇਡਿਆ ਜਾਂਦਾ ਰਿਹਾ। ਨਾਟਕ ਨੂੰ ਗਲੀ ਗਲੀ ਤੱਕ ਪ੍ਰਫੁੱਲਤ ਕਰਨ ਅਤੇ ਆਪਣੀ ਲੋਕ ਪੱਖੀ ਵਿਚਾਰਧਾਰਾ ’ਤੇ ਅਡੋਲ ਹੋਕੇ ਪਹਿਰਾ ਦੇਣ ਲਈ ਹਾਸ਼ਮੀ ਨੇ ਪਹਿਲਾਂ ਜ਼ਾਕਿਰ ਹੁਸੈਨ ਕਾਲਜ ਦਿੱਲੀ ਵਿੱਚੋਂ ਲੈਕਚਰਾਰ ਦੀ ਨੌਕਰੀ ਛੱਡੀ ਅਤੇ ਉਸ ਤੋਂ ਮਗਰੋਂ ਪੱਛਮੀ ਬੰਗਾਲ ਦੇ ਪ੍ਰੈਸ ਇਨਫਾਰਮੇਸ਼ਨ ਅਫ਼ਸਰ ਦੀ ਨੌਕਰੀ ਨੂੰ ਅਲਵਿਦਾ ਕਹਿ ਦਿੱਤਾ, ਉਹ ਵਲਗਣਾਂ ਵਿੱਚ ਰਹਿ ਕੇ ਪ੍ਰਬੰਧ ਦਾ ਪੁਰਜਾ ਬਣਨ ਦੀ ਬਜਾਏ ਲੋਕਾਂ ਲਈ ਹੀ ਜਿਉਣਾ ਚਾਹੁੰਦਾ ਸੀ। ਉਨ੍ਹਾ ਦੀ ਇਸ ਹੱਤਿਆ ਦਾ ਨੇ ਕੇਵਲ ਪੂਰੇ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚੋਂ ਵੀ ਵਿਰੋਧ ਹੋਇਆ, ਉਸ ਦੇ ਪਰਿਵਾਰ ਦੀਆਂ ਇਨ੍ਹਾਂ ਔਰਤਾਂ ਨੇ ਕਾਫ਼ਲਾ ਜਾਰੀ ਰੱਖਿਆ ਹੋਇਆ ਹੈ, ਇਸ ਦੇ ਬਾਵਜੂਦ ਕਿ ਉਨ੍ਹਾਂ ’ਤੇ ਵੀ ਕਈ ਵਾਰ ਹਿੰਦੂ ਮੂਲਵਾਦੀ ਤਾਕਤਾਂ ਨੇ ਹਮਲੇ ਕਰਕੇ ਉਨ੍ਹਾਂ ਦਾ ਕਾਫੀ ਆਰਥਿਕ ਨੁਕਸਾਨ ਕੀਤਾ ਹੈ, ਪਰ ਇਹ ਕਾਫਲਾ ਨਾ ਬਰਾਬਰੀ ਦੇ ਪ੍ਰਬੰਧ ਨੂੰ ਵੰਗਾਰਦਾ ਲਗਾਤਾਰ ਅੱਗੇ ਵੱਧਦਾ ਜਾ ਰਿਹਾ । ਨਾ ਬਰਾਬਰੀ ਵਾਲੀ ਸੱਤਾ ਦੀ ਸਹਿ ’ਤੇ ਕਲਾ ’ਤੇ ਹੋ ਰਹੇ ਮੂਲਵਾਦੀ ਹਮਲਿਆਂ ਦਾ ਉਤਰ ‘ਹੱਲਾ ਬੋਲ’ ਕੇ ਦੇਣਾ ਬਣਦਾ ਹੈ ਇਹੀ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜ਼ਲੀ ਹੋਵੇਗੀ, ਸਫ਼ਦਰ ਨੂੰ ਸਮਪਰਣ ਕਿਸੇ ਕਵੀ ਦੀ ਰਚਨਾ....
ਸਿਰ ਧਰ ਤਲੀ ’ਤੇ

ਗਿਆ ਯਾਰ ਦੀ ਗਲੀ ਉਹ ਮੁੜ ਮੁੜ

ਗਲੀ ਵਿੱਚ ਹਤਿਆਰੀ ਤਾਕਤ ਉਸ ’ਤੇ ਟੁੱਟਦੀ,

ਸੱਪ,ਨਾਗ ਤੇ ਅਜਗਰ ਉਹਨੂੰ ਮੁੜ ਮੁੜ ਡੰਗਦੇ,

ਸਮਝਣ ਸਫ਼ਦਰ ਮੁੱਕ ਗਿਆ ਹੈ

ਪਰ ਸਫ਼ਦਰ ਨਾ ਅੱਜ ਮੁੱਕਿਆ,

ਆਪਣੇ ਲਹੂ ’ਚੋਂ ਸੌ ਸਫ਼ਰ ਬਣ ਉਹ ਹੈ ਉਠਦਾ

ਕਲਮਾਂ ਫ਼ੜ ਮੁੜ ਰਚਨਾ ਕਰਦਾ।


ਬਲਜਿੰਦਰ ਕੋਟਭਾਰਾ
ਲੇਖਕ ਪੱਤਰਕਾਰ ਹਨ।