ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਚਮਕਦੀ ਤਸਵੀਰ ਤੇ ਕੌੜਾ ਸੱਚ. Show all posts
Showing posts with label ਚਮਕਦੀ ਤਸਵੀਰ ਤੇ ਕੌੜਾ ਸੱਚ. Show all posts

Friday, March 15, 2013

ਲਾਲਚੀ-ਤੰਤਰ ਦੇ ਲਾਚਾਰ ਲੋਕ

ਮਹੂਰੀ ਕਦਰਾਂ ਕੀਮਤਾਂ ਦਾ ਘਾਣ,ਸਿਆਸੀ ਲੋਕਾਂ ਦੀ ਐਸ਼ ਪ੍ਰਸਤੀ ਤੇ ਗਰੀਬਾਂ, ਦਲਿਤਾਂ-ਆਦਿਵਾਸੀਆਂ ਦੇ ਹੱਕਾਂ 'ਤੇ ਡਾਕਾ।ਬਸ, ਮੌਜੂਦਾ ਦੌਰ ਦੀ ਇਹੀ ਕਹਾਣੀ ਬਣ ਚੁੱਕੀ ਹੈ।ਕਈ ਵਾਰ ਰਾਹ ਜਾਂਦੇ ਜਦੋਂ ਕਿਸੇ ਲਾਚਾਰ ਤੇ ਬੇਬਸ ਜਹੇ ਬੰਦੇ 'ਤੇ ਨਜ਼ਰ ਪੈਂਦੀ ਹੈ, ਤਾਂ ਉਸਦੇ ਮਾਸੂਮ ਚਿਹਰੇ ਤੇ ਉਸਦੀਆਂ ਬੁੱਝੀਆਂ ਹੋਈਆਂ ਅੱਖਾਂ ਵਿੱਚਲੇ ਦਰਦ ਨੂੰ ਭਾਂਪਣ ਦੇ ਵਿਚਾਰ ਦਿਮਾਗ 'ਚ ਘੁੰਮਣ ਲੱਗ ਪੈਂਦੇ ਹਨ।ਫਿਰ ਸੋਚਦਾ ਹਾਂ ਕਿ ਆਖਰ ਕੀਤਾ ਵੀ ਕੀ ਜਾ ਸਕਦਾ ਹੈ।

ਮੌਜੂਦਾ ਦੌਰ ਦੇ ਸਮਾਜ ਦਾ ਤਾਣਾ-ਬਾਣਾ ਹੀ ਕੁੱਝ ਇਹੋ ਜਿਹਾ ਬਣ ਗਿਆ ਹੈ ਕਿ ਹਰ ਪਾਸੇ ਅਮੀਰ ਦੀ ਅਮੀਰੀ ਦੇ ਹੀ ਚਰਚੇ ਸੁਣਨ ਤੇ ਵੇਖਣ ਨੂੰ ਮਿਲਦੇ ਹਨ।ਗਰੀਬਾਂ, ਬੇਸਹਾਰਾਂ, ਲੋੜਵੰਦਾਂ ਤੇ ਵਕਤ ਦੇ ਹੱਥੋਂ ਸਤਾਏ ਹੋਏ ਮਜ਼ਬੂਰ ਲੋਕਾਂ ਦੀ ਬਾਤ ਪੁੱਛਣ ਵਾਲਾ ਹੁਣ ਕੋਈ ਨਹੀਂ ਰਿਹਾ।ਪਿਆਰ, ਦਿਆ, ਹਮਦਰਦੀ ਤੇ ਅਪਣੱਤ ਵਰਗੇ ਲਫਜ਼ ਵੀ ਹੁਣ ਬੇਗਾਨੇ ਹੋਣ ਦਾ ਅਹਿਸਾਸ ਕਰਵਾਉਂਦੇ ਮਹਿਸੂਸ ਹੁੰਦੇ ਹਨ।ਵੈਸੇ ਤਾਂ ਅਮੀਰ૶ਗਰੀਬ ਦੇ ਪਾੜੇ ਵਿੱਚਲਾ ਖੱਪਾ ਪੂਰਨ ਬਾਰੇ ਸੋਚਿਆ ਜ਼ਰੂਰ ਜਾਂਦਾ ਹੈ, ਵੱਡੀਆਂ-ਵੱਡੀਆਂ, ਮਹਿੰਗੀਆਂ ਤੇ ਖਰਚੀਲੀਆਂ ਨੀਤੀਆਂ ਵੀ ਬਹੁਤ ਬਣਾਈਆਂ ਜਾਂਦੀਆਂ ਹਨ, ਪਰ ਅੱਜ ਅਮੀਰ ਤੇ ਗਰੀਬ ਵਿਚਲੀ ਖਾਈ ਦਿਨੋਂ-ਦਿਨ ਹੋਰ ਡੂੰਘੀ ਤੇ ਮਜ਼ਬੂਤ ਹੁੰਦੀ ਜਾ ਰਹੀ ਹੈ।ਇਹ ਖੱਪਾ ਹੁਣ ਸ਼ਾਇਦ ਹੀ ਕਦੇ ਭਰ ਸਕੇ।

ਵੱਡੇ-ਵੱਡੇ ਸਫੈਦ ਪੋਸ਼ ਸਿਆਸਤਦਾਨਾਂ ਦੇ ਲੱਛੇਦਾਰ ਤੇ ਜੋਸ਼ੀਲੇ ਭਾਸ਼ਣ, ਕੀ, ਕਦੇ ਗਰੀਬਾਂ ਦਾ ਕੁੱਝ ਸਵਾਰ ਸਕਣਗੇ? ਨਹੀਂ।


ਸਿਆਸਤ ਦੇ ਮਹਾਂਰਥੀ ਬਣਨ ਦੀ ਦੌੜ 'ਚ ਸ਼ਾਮਲ ਨੇਤਾ ਵੋਟਾਂ ਤੇ ਅਖਬਾਰਾਂ ਦੀਆਂ ਸੁਰਖੀਆਂ ਬਣਨ ਲਈ ਕਦੇ ਕਿਸੇ ਗਰੀਬ ਜਾਂ ਦਲਿਤ ਦੇ ਘਰ ਇਕ ਰਾਤ ਕੀ ਗੁਜ਼ਾਰ ਲੈਣ, ਸਾਰੇ ਪਾਸੇ ਉਸ ਗੁਜ਼ਾਰੀ ਗਈ ਰਾਤ ਤੇ ਖਾਧੀ ਹੋਈ ਰੋਟੀ ਦੇ ਹੀ ਨਾ ਮੁੱਕ ਸਕਣ ਵਾਲੇ ਚਰਚੇ ਚੱਲ ਪੈਂਦੇ ਹਨ।ਪਰ ਉਸ ਵਿਚਾਰੇ ਗਰੀਬ ૶ਦਲਿਤ ਤੇ ਸਹੂਲਤਾਂ ਤੋਂ ਸੱਖਣੇ ਬੰਦੇ ਦੀ ਸਾਰ ਲੈਣ ਦਾ ਕਦੇ ਕੋਈ ਈਮਾਨਦਾਰਾਨਾ ਯਤਨ ਕਰਨਾ ਮੁਨਾਸਬ ਨਹੀਂ ਸਮਝਿਆ ਜਾਂਦਾ।ਗਰੀਬਾਂ ਲਈ ਬਣਦੀਆਂ ਸਰਕਾਰੀ ਯੋਜਨਾਵਾਂ ਦਾ ਵੱਡਾ ਹਿੱਸਾ ਅਸਲ ਲੋੜਵੰਦਾਂ ਤੱਕ ਪੁੱਜਣ ਤੋਂ ਪਹਿਲਾਂ ਰਾਹ 'ਚ ਹੀ ਡਕਾਰ ਲਿਆ ਜਾਂਦਾ ਹੈ ਪਰ ਫਿਰ ਵੀ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੇ ਥੋਥੇ ਤੇ ਬੇਕਾਰ ਨਾਹਰਿਆਂ ਦੀ ਗੰਦੀ ਰਾਜਨੀਤੀ ਦੇ ਨਾਂ ਹੇਠ ਇਕ ਵਾਰ ਫਿਰ ਕਰੋੜਾਂ ਤੇ ਅਰਬਾਂ ਰੁਪਏ ਪੇਂਡੂ ਤੇ ਗਰੀਬ ਲੋਕਾਂ ਲਈ ਬਿਨਾਂ ਕਿਸੇ ਪਰੇਸ਼ਾਨੀ ਦੇ ਬੜੀ ਆਸਾਨੀ ਦੇ ਨਾਲ ਬਜਟ ਦੇ ਨਾਂਅ ਹੇਠਾਂ ਪਾਸ ਕਰਵਾ ਲਏ ਜਾਂਦੇ ਹਨ।ਨਾਲ ਹੀ ਉਸ ਨੂੰ ਹੜੱਪਣ ਦੇ ਤਰੀਕੇ ਵੀ ਇਜ਼ਾਦ ਕਰ ਲਏ ਜਾਂਦੇ ਹਨ।ਹੈ ਨਾ ਕਮਾਲ।

ਦੇਸ਼ 'ਚ ਹੋ ਰਹੇ ਵੱਡੇ-ਵੱਡੇ ਘਪਲਿਆਂ 'ਚ ਤੁਹਾਨੂੰ ਕਿਸੇ ਗਰੀਬ ਦਾ ਨਾਂ ਬਿਲਕੁਲ ਵੀ ਸੁਣਨ ਨੂੰ ਨਹੀਂ ਮਿਲੇਗਾ।ਹਾਂ, ਨਾਂਅ ਤੇ ਚਿਹਰੇ ਸਿਰਫ ਉਨ੍ਹਾਂ ਲੋਕਾਂ ਦੇ ਹੀ ਸਾਹਮਣੇ ਆਉਂਦੇ ਹਨ ਜਿਹੜੇ ਪਹਿਲਾਂ ਹੀ ਰੱਜੇ-ਪੁੱਜੇ ਤੇ ਸਾਰੀਆਂ ਸੁੱਖ-ਸਹੂਲਤਾਂ ਨੂੰ ਮਾਣ ਰਹੇ ਹੁੰਦੇ ਹਨ।ਫਿਰ ਹੁੰਦੇ ਹਨ ਵਿਰੋਧੀ ਧਿਰ ਵਲੋਂ ਦੇਸ਼ ਹਿਤ 'ਚ ਪੜਤਾਲਾਂ ਕਰਵਾਉਣ ਦੇ ਰੌਲੇ-ਰੱਪੇ ਤੇ ਸੰਸਦ ਦੀਆਂ ਕਾਰਵਾਈਆਂ ਠੱਪ ਕਰਨ ਵਰਗੇ ਬੇਹੂਦਾ ਤੇ ਬੇਸ਼ਰਮੀ ਭਰੇ ਕਾਰਨਾਮੇ।ਇਹ ਸਾਰੀ ਖੇਡ ਵੀ ਇਹ ਕਹਿ ਕੇ ਹੀ ਖੇਡੀ ਜਾਂਦੀ ਹੈ ਕਿ, ਜੀ, ਇਹ ਤਾਂ ਗਰੀਬਾਂ, ਲੋੜਵੰਦਾਂ ਤੇ ਬੇਸਹਾਰਾ ਲੋਕਾਂ ਦੇ ਹੱਕ ਦਾ ਬਣਦਾ ਹਿੱਸਾ ਖਾ ਗਿਆ ਹੈ।ਜਦ ਕਿ ਬਾਰ-ਬਾਰ ਗਰੀਬ, ਲਾਚਾਰ ਤੇ ਦੇਸ਼ ਦੇ ਆਮ ਲੋਕਾਂ ਦਾ ਨਾਂ ਲੈ ਕੇ ਖੇਡੀ ਜਾ ਰਹੀ ਸਾਰੀ ਖੇਡ ਮਗਰੋਂ ਉਸੇ ਗਰੀਬ, ਲਾਚਾਰ, ਬੇਸਹਾਰਾ ਤੇ ਆਮ ਆਦਮੀ ਨੂੰ ਬੜੀ ਆਸਾਨੀ ਤੇ ਬੇਸ਼ਰਮੀ ਨਾਲ ਹਾਸ਼ੀਏ ਵੱਲ ਨੂੰ ਧੱਕ ਦਿਤਾ ਜਾਂਦਾ ਹੈ।


ਆਖਰ ਅੱਜ ਉਹ ਕਿਹੜੀ ਚੀਜ਼ ਹੈ ਜਿਸ ਤੱਕ ਗਰੀਬਾਂ ਦੀ ਪਹੁੰਚ ਸੌਖਿਆਂ ਹੀ ਹੋਵੇ।ਨਾ ਤਾਂ ਉਹ ਚੰਗਾ ਖਾ ਸਕਦੇ ਹਨ ਤੇ ਨਾ ਹੀ ਚੰਗਾ ਪਹਿਣ ਸਕਦੇ ਹਨ।ਸਿਹਤ ਤੇ ਸਿਖਿਆ ਵਰਗੇ ਮੁੱਢਲੇ ਤੇ ਬੁਨਿਆਦੀ ਹੱਕ ਹੁਣ ਉਨ੍ਹਾਂ ਦੇ ਜੀਵਨ ਦਾ ਸੁਪਨਾ ਬਣਨ ਦੇ ਵੀ ਲਾਇਕ ਨਹੀਂ ਰਹੇ।ਉਤੋਂ ਪੁਲਿਸ ਤੇ ਕਾਨੂੰਨ ਵੀ ਉਨ੍ਹਾਂ ਲਈ ਨਾ ਹੋਇਆਂ ਵਰਗੇ ਹੀ ਹਨ।ਹੈ ਨਾ, ਇਕੀਵੀਂ ਸੱਦੀ ਦੇ ਖੁਸ਼ਹਾਲ ਤੇ ਵਿਕਾਸਸ਼ੀਲ ਭਾਰਤ ਦੀ ਵਿਲੱਖਣ ਤੇ ਸੁਨਹਿਰੀ ਤਸਵੀਰ।ਜਿਸ ਭਾਰਤ ਨੂੰ ਅਜ਼ਾਦੀ ਤੋਂ ਪਹਿਲਾਂ ਤੋਂ ਹੀ ਖੁਸ਼ਹਾਲ ਤੇ ਮਜ਼ਬੂਤ ਭਾਰਤ ਬਨਾਉਣ ਦੇ ਸੁਪਨੇ ਵੇਖੇ ਜਾਂਦੇ ਸਨ ਤੇ ਅੱਜ ਵੀ ਨਾਅਰੇ ਲਾਏ ਜਾ ਰਹੇ ਹਨ ਪਰ ਅੱਜ ਉਸ ਇੱਕੀਵੀਂ ਸੱਦੀ ਦੇ ਭਾਰਤੀ ਰੱਥ ਦੇ ਰੱਥਵਾਨਾਂ ਦੀਆਂ ਕਮਜ਼ੋਰ ਤੇ ਪੱਖ-ਪਾਤੀ ਨੀਤੀਆਂ ਹੀ ਸੱਚਾਈ ਤੋਂ ਮੂੰਹ ਮੋੜ ਕੇ ਘੜੀਆਂ ਜਾ ਰਹੀਆਂ ਹਨ, ਜਿਨ੍ਹਾਂ ਕਰਕੇ ਕਿਸੇ ਗਰੀਬ ਨੂੰ ਉੱਤੇ ਉਠਣ ਦਾ ਮੌਕਾ ਹੀ ਨਹੀਂ ਮਿਲਦਾ ਤੇ ਦੂਜੇ ਪਾਸੇ ਭਾਰਤੀ ਤੇ ਬਹੁਰਾਸ਼ਟਰੀ ਕਾਰਪੋਰੇਟਾਂ ਦੇ ਹਿੱਤ ਧੜੱਲੇ ਨਾਲ ਪੂਰੇ ਜਾ ਰਹੇ ਹਨ।

ਇਹੀ ਤਾਂ ਮੰਦਾ ਹਾਲ ਹੈ ਪੇਂਡੂ ਕਿਸਾਨੀ ਦੇ ਮਾਮਲੇ 'ਚ ਸਰਕਾਰੀ ਨੀਤੀਆਂ ਦਾ।ਇਹ ਸੱਚਾਈ ਵੀ ਸਮਝ ਤੇ ਪ੍ਰਵਾਨ ਕਰ ਲੈਣੀ ਚਾਹੀਦੀ ਹੈ ਕਿ ਫਿਰਕੂ-ਸ਼ਕਤੀਆਂ ਵੀ ਦੇਸ਼ ਦੀ ਤਰੱਕੀ ਤੇ ਵਿਕਾਸ ਦੇ ਰਾਹ 'ਚ ਵੱਡਾ ਰੋੜਾ ਹਨ ਜਿਨ੍ਹਾਂ ਤੋਂ ਛੁਟਕਾਰਾ ਪਾਏ ਬਿਨਾਂ ਦੇਸ਼ ਕਦੇ ਵੀ ਪੂਰੀ ਤਰ੍ਹਾਂ ਖੁਸ਼ਹਾਲ ਨਹੀਂ ਬਣ ਸਕਦਾ।


ਅਜਿਹੀ ਸਾਰੀ ਸਿਆਸਤ ਜੋ ਲੋਕਾਂ ਦੇ ਹੱਕਾਂ 'ਤੇ ਹਮਲਾ ਕਰ ਹੀ ਹੈ ਨੂੰ ਟੱਕਰ ਦੇਣ ਲਈ ਸਮੂਹ ਲੋਕ ਪੱਖੀ ਧਿਰਾਂ ਨੂੰ ਸਾਂਝੇ ਉਪਾਰਲੇ ਕਰਨ ਦੀ ਲੋੜ ਮਹਿਸੂਸ ਕਰਨੀ ਚਾਹੀਦੀ ਹੈ।ਨਹੀਂ ਤਾਂ ਗੱਲ ਹੱਥ 'ਚੋਂ ਨਿਕਲ ਜਾਵੇਗੀ।


ਅਮਨਦੀਪ ਸਿੰਘ, ਦਿੱਲੀ 

ਮੌਬ:-098718-60789ઠ

Saturday, January 21, 2012

ਪਾਰਟੀਆਂ ਦਾ 'ਵਿਕਾਸ ਏਜੰਡਾ' ਬਨਾਮ ਪੰਜਾਬ ਦਾ ਵਿਕਾਸ

ਮੌਜੂਦਾ ਦੌਰ 'ਚ ਸਿਆਸਤ ਤੇ ਅੰਕੜਾ ਵਿਗਿਆਨ ਦਾ ਰਿਸ਼ਤਾ ਗੂੜ੍ਹਾ ਹੋਇਆ ਹੈ।ਇਸੇ ਲਈ ਸਿਆਸੀ ਪਾਰਟੀਆਂ ਵਿਕਾਸ ਨੂੰ ਹੁਣ ਸਿਰਫ ਅੰਕੜਿਆਂ ਜ਼ਰੀਏ ਪੇਸ਼ ਕਰਦੀਆਂ ਹਨ।ਅਸਲ 'ਚ ਮੁੱਖ ਧਾਰਾ ਦੇ ਸਿਆਸੀ ਆਗੂ ਤੇ ਸਿਆਸਤ ਜ਼ਮੀਨੀ ਮਸਲਿਆਂ ਤੋਂ ਐਨੀ ਦੂਰ ਹੋ ਗਈ ਹੈ ਕਿ ਸਿਆਸੀ ਦਿਖਾਵਾ ਕਰਨ ਲਈ ਜ਼ਮੀਨੀ ਹਾਲਤਾਂ ਤੋਂ ਦੂਰ ਵਿਕਾਸ ਦੀ ਪਰਿਭਾਸ਼ਾ ਅੰਕੜਿਆਂ ਜ਼ਰੀਏ ਘੜ੍ਹੀ ਜਾਂਦੀ ਹੈ।

ਸਵਾਲ ਇਹ ਪੈਦਾ ਹੁੰਦੇ ਹਨ ਕਿ ਜਦੋਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਚੋਣ ਏਜੰਡੇ ਤੇ ਪਾਰਟੀ ਪ੍ਰੋਗਰਾਮਾਂ 'ਚ ਵਿਕਾਸ ਨੂੰ ਐਨੀ ਤਰਜ਼ੀਹ ਦਿੱਤੀ ਜਾਂਦੀ ਹੈ ਤਾਂ ਦੇਸ਼ ਤੇ ਸੂਬਿਆਂ ਦੀ ਮਾਲੀ ਤੇ ਸਮਾਜਿਕ ਹਾਲਤ ਦਿਨੋਂ ਦਿਨ ਕਿਉਂ ਨਿੱਘਰ ਰਹੀ ਹੈ?ਸਰਕਾਰਾਂ ਦੇ 'ਵਿਕਾਸ ਮਾਡਲ' ਦੇ ਘੇਰੇ 'ਚ ਸਮਾਜ ਦੀ ਕੰਨ੍ਹੀ 'ਤੇ ਪਈ 70 ਫੀਸਦੀ ਅਬਾਦੀ ਕਿਉਂ ਨਹੀਂ ਆ ਰਹੀ? ਪਾਰਟੀਆਂ ਦਾ ਵਿਕਾਸ ਏਜੰਡਾ ਕੁਦਰਤ ਤੇ ਮਨੁੱਖਤਾ ਵਿਰੋਧੀ ਕਿਉਂ ਹੈ?ਭੁੱਖਮਰੀ ਤੇ ਅਮੀਰੀ-ਗਰੀਬੀ ਦਾ ਪਾੜਾ ਲਗਾਤਾਰ ਕਿਉਂ ਵਧ ਰਿਹਾ ਹੈ?ਐਨੇ 'ਵਿਕਾਸ' ਦੇ ਬਾਵਜੂਦ ਜਨਤਾ ਮੁੱਢਲੀ ਸਹੂਲਤਾਂ ਤੋਂ ਅਜੇ ਤੱਕ ਵੀ ਸੱਖਣੀ ਕਿਉਂ ਹੈ?

ਚੋਣਾਂ ਦੇ ਦੌਰ 'ਚ ਇਹ ਸਵਾਲ ਹੋਰ ਵੀ ਅਹਿਮ ਇਸ ਲਈ ਹੋ ਜਾਂਦੇ ਹਨ ਕਿਉਂਕਿ ਸੱਤਾ ਧਿਰ ਤੇ ਵਿਰੋਧੀ ਧਿਰ ਦੋਵੇਂ ਹੀ ਵਿਕਾਸ ਦੇ ਏਜੰਡੇ 'ਤੇ ਚੋਣ ਲੜ ਰਹੀਆਂ ਹਨ।ਅਜਿਹੇ 'ਚ ਇਹ ਚਰਚਾ ਕਰਨੀ ਬਣਦੀ ਹੈ ਕਿ ਅਜਿਹੀ ਕਿਹੜੀ ਸਮੱਸਿਆ ਹੈ,ਜਿਹੜੀ ਪਾਰਟੀ ਲਈ ਵਿਕਾਸ ਅੰਕੜਾ ਤਾਂ ਖੜ੍ਹਾ ਕਰ ਦਿੰਦੀ ਹੈ ਪਰ ਮਨੁੱਖੀ ਸਮਾਜਿਕ ਵਿਕਾਸ ਨੂੰ ਪਿੱਛੇ ਧੱਕ ਰਹੀ ਹੈ।ਭਾਰਤੀ ਸਮਾਜ ਦੀ ਬਹੁਗਿਣਤੀ ਤੇ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਕਿਸਾਨ ਤੇ ਮਜ਼ਦੂਰ ਦਿਨੋ ਦਿਨ ਕੰਗਾਲ ਕਿਉਂ ਹੋ ਰਹੇ ਹਨ?ਕਿਸਾਨ ਖੁਦਕੁਸ਼ੀਆਂ ਦੀ ਗਾਥਾ ਮਹਾਰਾਸ਼ਟਰ ਤੋਂ ਪੰਜਾਬ ਆਉਂਦੀ-ਆਉਂਦੀ ਸਕੇ ਭਰਾਵਾਂ ਦਾ ਰਿਸ਼ਤਾ ਕਿਉਂ ਧਾਰ ਲੈਂਦੀ ਹੈ?

ਪੰਜਾਬ ਦੀਆਂ 2007 ਤੇ 2012 ਦੀਆਂ ਚੋਣਾਂ ਬੜੀ ਸ਼ਿੱਦਤ ਨਾਲ ਵਿਕਾਸ ਏਜੰਡੇ 'ਤੇ ਲੜੀਆਂ ਜਾ ਰਹੀਆਂ ਹਨ।ਫਰਕ ਐਨਾ ਹੈ ਕਿ 2007 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੇ ਪੰਜਾਬ 'ਚ 'ਵਿਕਾਸ ਯਾਤਰਾ' ਦਾ ਟੋਲਾ ਲੈ ਕੇ ਤੁਰੇ ਸਨ ਤੇ 2012 ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਮੀਡੀਆ,ਖ਼ਬਰਾਂ ਤੇ ਇਸ਼ਤਿਹਾਰਾਂ ਜ਼ਰੀਏ ਵਿਕਾਸ ਦੇ ਅੰਕੜਿਆਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ।ਆਰਥਿਕ ਵਿਕਾਸ ਦੇ ਮਾਡਲ ਨੂੰ ਲੈ ਦੋਵਾਂ ਪਾਰਟੀਆਂ ਦੀ ਸਮਝ 'ਚ ਰੱਤੀ ਭਰ ਵੀ ਫਰਕ ਨਹੀਂ ਹੈ,ਪਰ ਦੋਵੇਂ ਹੀ ਆਪੋ ਆਪਣੇ ਸਮੇਂ 'ਚ ਹੋਏ ਵਿਕਾਸ ਦਾ ਸਿਹਰਾ ਆਪਣੇ ਸਿਰ ਬੰਨ੍ਹਣੋ ਨਹੀਂ ਖੁੰਝਦੀਆਂ।ਇਸੇ ਤਰ੍ਹਾਂ ਪੰਜਾਬ ਦੀ ਸਿਆਸਤ ਦੀ ਤੀਜੀ ਧਿਰ ਬਣੇ ਮਨਪ੍ਰੀਤ ਬਾਦਲ ਭਾਵੇਂ ਆਪਣੀ ਗੱਲ ਇਨਕਲਾਬ ਤੋਂ ਸ਼ੁਰੂ ਕਰ ਕੇ ਇਨਕਲਾਬ 'ਤੇ ਹੀ ਖ਼ਤਮ ਕਰਦੇ ਹਨ,ਪਰ 'ਵਿਕਾਸ ਦੇ ਮਾਡਲ' ਬਾਰੇ ਉਨ੍ਹਾਂ ਦੀ ਸਮਝ ਇਨ੍ਹਾਂ ਪਾਰਟੀਆਂ ਤੋਂ ਕਿਤੇ ਵੀ ਵੱਖਰੀ ਨਹੀਂ ਹੈ।ਸਗੋਂ ਉਹ ਤਾਂ 'ਦੂਨ ਸਕੂਲ' ਦੇ ਨਜ਼ਰੀਏ ਨਾਲ ਸੰਸਾਰ ਬੈਂਕ ਦੇ ਪ੍ਰਚਲਤ ਵਿਕਾਸ ਮਾਡਲ ਦੀ ਹਾਮੀ ਠੋਕ ਵਜੇ ਕੇ ਭਰਦੇ ਹਨ।ਉਨ੍ਹਾਂ ਦਾ ਕਿਸਾਨਾਂ ਦੀਆਂ ਸਬਸਿਡੀਆਂ ਖ਼ਤਮ ਕਰਨ ਦਾ ਨੁਕਤਾ 30 ਫੀਸਦੀ ਸਮਾਜ ਦੇ ਉੱਘੜ ਦੁੱਘੜੇ ਵਿਕਾਸ ਦੀ ਗੱਲ ਨੂੰ ਅੱਗੇ ਤੋਰਦਾ ਹੈ।

ਦੋਵਾਂ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੇ ਬਾਵਜੂਦ ਖੇਤੀ ਪ੍ਰਧਾਨ ਸੂਬੇ ਦੇ ਕਿਸਾਨ ਤੇ ਮਜ਼ਦੂਰ ਵੱਡੇ ਪੱਧਰ 'ਤੇ ਖੁਦਕੁਸ਼ੀਆਂ ਕਰ ਰਹੇ ਹਨ।ਸਮਾਜ ਦੇ ਸਭ ਤੋਂ ਮੁੱਢਲੇ ਖੇਤਰਾਂ ਸਿਹਤ ਤੇ ਸਿੱਖਿਆ ਦਾ ਹਾਲ ਐਨਾ ਮਾੜਾ ਹੈ ਕਿ ਇਸ਼ਤਿਹਾਰੀ ਅੰਕੜੇ ਕਿਤੇ ਨੇ ਤੇ ਸਿਹਤ ਤੇ ਸਿੱਖਿਆ ਖੇਤਰ ਕਿਤੇ ਹੋਰ ਖੜ੍ਹੇ ਵਿਲਕ ਰਹੇ ਹਨ।

ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਅੰਕੜਿਆਂ ਮੁਤਾਬਕ 1970 'ਚ ਸੂਬੇ 'ਚ 14 ਲੱਖ ਪਰਿਵਾਰਾਂ ਕੋਲ ਜ਼ਮੀਨ ਸੀ,ਜੋ 2010 'ਚ ਘਟ ਕੇ 10 ਲੱਖ ਪਰਿਵਾਰਾਂ ਕੋਲ ਰਹਿ ਗਈ।ਇਸੇ ਤਰ੍ਹਾਂ 4 ਲੱਖ ਕਿਸਾਨ ਸਿੱਧੇ ਤੌਰ 'ਤੇ ਬੇਜ਼ਮੀਨੇ ਹੋਏ।ਇਸ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 40 ਪਿੰਡਾਂ ਦੇ ਸਰਵੇਖਣ ਮੁਤਾਬਕ ਸੂਬੇ ਦੇ 10 ਫੀਸਦੀ ਕਿਸਾਨ ਖੇਤੀਬਾੜੀ ਧੰਦੇ 'ਚੋਂ ਬਾਹਰ ਹੋਏ ਹਨ।ਜ਼ਮੀਨਾਂ ਦੀ ਵੰਡ ਹੋਣ ਕਾਰਨ ਛੋਟੀ ਕਿਸਾਨੀ ਦੀ ਤਦਾਦ ਹਮੇਸ਼ਾ ਵਧਦੀ ਹੈ,ਪਰ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਛੋਟੀ ਕਿਸਾਨੀ ਦੀ ਤਦਾਦ ਘਟੀ ਹੈ।1991 'ਚ ਸੂਬੇ 'ਚ 5 ਲੱਖ ਛੋਟੇ ਕਿਸਾਨ ਸੀ ਤੇ 2005 'ਚ ਆਉਂਦਿਆ ਇਹ ਤਿੰਨ ਲੱਖ ਰਹਿ ਰਹਿ ਗਏ ਹਨ,ਜਦੋਂਕਿ ਪੂਰੇ ਭਾਰਤ 'ਚ ਇਹ ਦੀ ਗਿਣਤੀ 11 ਕਰੋੜ ਤੋਂ 12 ਕਰੋੜ ਹੋਈ ਹੈ।ਇਸ ਦਾ ਸਿੱਧਾ ਕਾਰਨ ਛੋਟੇ ਕਿਸਾਨਾਂ ਨੂੰ ਸਰਕਾਰ ਵਲੋਂ ਮੁੱਢਲੀਆਂ ਸਹੂਲਤਾਂ ਨਾ ਦੇਣਾ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਇਕ ਸਟੱਡੀ ਮੁਤਾਬਕ ਪਿਛਲੇ 11 ਸਾਲਾਂ ਦੌਰਾਨ 10,000 ਲਗਭਗ ਹਜ਼ਾਰ ਮਜ਼ਦੂਰਾਂ ਤੇ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ।ਸੂਬੇ 'ਚ ਸਭ ਤੋਂ ਵੱਧ 2,890 ਖੁਦਕੁਸ਼ੀਆਂ ਸੰਗਰੂਰ ਤੇ ਬਠਿੰਡੇ ਜ਼ਿਲ੍ਹੇ ਦੇ ਕਿਸਾਨਾਂ ਨੇ ਕੀਤੀਆਂ ਹਨ।ਇਸ ਸਬੰਧੀ ਜਦੋਂ ਖੇਤੀਬਾੜੀ ਯੂਨੀਵਰਸਿਟੀ ਦੀ ਟੀਮ ਨੇ ਰਿਪੋਟਰ ਜਨਤਕ ਕੀਤੀ ਸੀ ਤਾਂ ਪੰਜਾਬ ਸਰਕਾਰ ਦੀ ਕੈਬਨਿਟ ਨੇ 2009 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰ ਕਿਸਾਨ ਨੂੰ 2-2 ਲੱਖ ਰੁਪਇਆ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਸੀ,ਪਰ ਇਸ ਸਬੰਧੀ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਵੀ ਅੱਜ ਤੱਕ ਇਕ ਵੀ ਕਿਸਾਨ ਨੂੰ ਪੈਸੇ ਨਹੀਂ ਮਿਲੇ ਹਨ।

ਦਲਿਤ-ਮਜ਼ਦੂਰ ਪਰਿਵਾਰਾਂ ਲਈ ਸਹਾਰਾ ਬਣੀ ਕੇਂਦਰ ਸਰਕਾਰ ਦੀ 'ਨਰੇਗਾ' ਸਕੀਮ 'ਚ ਪੰਜਾਬ ਸਰਕਾਰ ਦਾ ਰਵੱਈਆ ਸਿੱਧਾ ਮਜ਼ਦੂਰ ਵਿਰੋਧੀ ਝਲਕਦਾ ਹੈ।ਇਸ 'ਚ ਕੋਈ ਸ਼ੱਕ ਨਹੀਂ ਸਮਾਜਿਕ ਤੇ ਆਰਥਿਕ ਤੌਰ 'ਤੇ ਟੁੱਟੇ ਪਏ ਦਲਿਤ ਪਰਿਵਾਰਾਂ ਨੂੰ ਨਰੇਗਾ ਸਕੀਮ ਨੇ ਇਕ ਹੱਦ ਤੱਕ ਸ਼ਕਤੀ ਦਿੱਤੀ ਹੈ।ਦਲਿਤ ਮਜ਼ਦੂਰ ਔਰਤਾਂ ਲਈ ਨਰੇਗਾ ਕਿਸੇ 'ਅਵਤਾਰ' ਤੋਂ ਘੱਟ ਨਹੀਂ ਹੈ,ਕਿਉਂਕਿ ਹੋਰਾਂ ਸੂਬਿਆਂ ਦੀ ਤਰ੍ਹਾਂ ਪੰਜਾਬ 'ਚ ਵੀ ਔਰਤਾਂ ਨੂੰ ਮਰਦ ਮਜ਼ਦੂਰਾਂ ਦੇ ਮੁਕਾਬਲੇ ਬਹੁਤ ਘੱਟ ਦਿਹਾੜੀ ਦਿੱਤੀ ਜਾਂਦੀ ਹੈ।ਇਸ ਗੱਲ ਨੂੰ ਕਿਸੇ ਵਿਧਵਾ ਦਲਿਤ ਔਰਤ ਦੇ ਘਰ ਜਾ ਕੇ ਜ਼ਿਆਦਾ ਸਮਝਿਆ ਜਾ ਸਕਦਾ ਹੈ।ਪੰਜਾਬ ਦਾ ਗੁਆਂਢੀ ਰਾਜ ਹਰਿਆਣਾ 2006 ਤੋਂ ਨਰੇਗਾ ਸਕੀਮ ਦੇ ਅਧੀਨ ਮਜ਼ਦੂਰਾਂ ਨੂੰ 179 ਰੁਪਏ ਦਿਹਾੜੀ ਦੇ ਰਿਹਾ ਹੈ,ਪਰ ਪੰਜਾਬ 'ਚ ਮਜ਼ਦੂਰ ਜਥੇਬੰਦੀਆਂ ਦੇ ਲੰਮੇ ਸੰਘਰਸ਼ ਤੋਂ ਬਾਅਦ ਹੀ ਸਰਕਾਰ ਨੇ ਜੁਲਾਈ 2011 'ਚ ਦਿਹਾੜੀ 123 ਤੋਂ ਦਿਹਾੜੀ ਵਧਾ ਕੇ 153 ਰੁਪਏ ਹੀ ਕੀਤੀ ਹੈ,ਜੋ ਪੰਜਾਬ ਦੀ ਆਮ ਦਿਹਾੜੀ ਨਾਲੋਂ ਕਿਤੇ ਘੱਟ ਹੈ।

ਸਿਹਤ ਵਰਗੇ ਮਹੱਤਵਪੂਰਨ ਬੁਨਿਆਦੀ ਸਹੂਲਤ ਨਾਲ ਜੁੜੇ ਖੇਤਰ 'ਚ ਸਰਕਾਰਾਂ ਕੋਲ ਅੰਕੜੇ ਜ਼ਮੀਨ ਹਾਲਤਾਂ ਤੋਂ ਦੂਰ ਹਨ।ਵਿੱਤ ਵਿਭਾਗ ਦੇ ਅੰਕੜਿਆਂ ਮੁਤਾਬਕ 1990 'ਚ ਪੰਜਾਬ 'ਚ 2,153 ਸਰਕਾਰੀ ਹਸਪਤਾਲ ਸਨ,ਜਿਨ੍ਹਾਂ 'ਚ ਉਸ ਸਮੇਂ 24,179 ਬੈਡ ਸਨ,ਪਰ 2010 ਤੱਕ ਆਉਂਦਿਆਂ ਇਨ੍ਹਾਂ ਦੀ ਗਿਣਤੀ ਵਧਣ ਦੇ ਬਜਾਏ ਘਟੀ ਹੈ।2010 'ਚ ਪੰਜਾਬ 'ਚ 2,059 ਹਸਪਤਾਲ ਤੇ 21,520 ਬੈਡ ਹਨ,ਜਦੋਂ 1990 'ਚ ਪੰਜਾਬ ਦੀ ਅਬਾਦੀ 2 ਕਰੋੜ 2ਲੱਖ ਸੀ ਤੇ 2010 'ਚ ਇਹ ਵਧ ਕੇ 2 ਕਰੋੜ 77 ਲੱਖ ਹੋਈ ਹੈ।ਅਬਾਦੀ ਵਧੀ,ਬਿਮਾਰੀਆਂ ਵਧੀਆਂ,ਪਰ ਸਰਕਾਰੀ ਹਸਪਤਾਲ ਘਟੇ।ਸਰਕਾਰ ਨੇ ਘਾਬਦਾਂ ਜਿਹੇ ਟੀ ਬੀ ਹਸਪਤਾਲ ਬੰਦ ਕਰਕੇ ਮਰੀਜ਼ਾਂ ਨੂੰ ਬਠਿੰਡਾ ਮੈਕਸ,ਮੋਹਾਲੀ ਫੋਰਟੀਜ਼ ਤੇ ਹੋਰ ਨਿਜੀ ਹਸਪਤਾਲਾਂ 'ਚ ਛਿੱਲ ਲਹਾਉਣ ਲਈ ਮਜ਼ਬੂਰ ਕੀਤਾ।

ਸਿਹਤ ਦੇ ਰੋਗਾਂ ਦਾ ਮੁੱਢਲਾ ਕਾਰਨ ਕੁਦਰਤ ਨਾਲ ਮਨੁੱਖ ਦਾ ਗੈਰ ਕੁਦਰਤੀ ਰਿਸ਼ਤਾ ਹੈ।'ਸੰਸਾਰ ਸਿਹਤ ਸੰਸਥਾ' ਮੁਤਾਬਕ ਦਰਿਆਵਾਂ ਦੀ ਧਰਤੀ ਪੰਜਾਬ ਕੋਲ 2009 ਤੱਕ ਸੂਬੇ ਦੇ ਕੁੱਲ 12,295 ਪਿੰਡਾਂ 'ਚ ਪੀਣ ਯੋਗ ਪਾਣੀ ਨਹੀਂ ਹੈ।ਪਾਣੀ ਸਿਹਤ ਦੇ ਰੋਗਾਂ ਦਾ ਵੱਡਾ ਕਾਰਨ ਬਣਦਾ ਹੈ।ਰੌਚਿਕ ਗੱਲ ਇਹ ਹੈ ਕਿ 1980 'ਚ 12,188 ਪਿੰਡਾਂ ਚੋਂ 3,712 ਤੇ 1990 'ਚ 12,342 'ਚੋਂ 6,287 ਪਿੰਡਾਂ ਕੋਲ ਪੀਣਯੋਗ ਪਾਣੀ ਸੀ,ਪਰ 2009 ਤੱਕ ਦੇ ਪੰਜਾਬ ਸਰਕਾਰ ਦੇ ਆਪਣੇ ਅੰਕੜਿਆਂ ਮੁਤਾਬਕ ਕੁੱਲ 12,295 ਪਿੰਡਾਂ 'ਚੋਂ ਸਾਰਿਆਂ ਕੋਲ ਹੀ ਪੀਣ ਯੋਗ ਪਾਣੀ ਨਹੀਂ ਸੀ।ਇਹ ਹਾਲਤ 90ਵਿਆਂ ਤੋਂ 2009 ਤੱਕ ਆਉਂਦੀ ਬੇਹੱਦ ਖਰਾਬ ਹੋਈ ਹੈ।ਇਸੇ ਕਾਰਨ ਪੰਜਾਬ ਦੇ ਛੋਟੇ ਸ਼ਹਿਰਾਂ,ਕਸਬਿਆਂ ਤੇ ਪਿੰਡਾਂ 'ਚ ਕੈਂਪਰਾਂ ਤੇ ਵੱਡੀਆਂ ਬੋਤਲਾਂ 'ਚ ਮੁੱਲ ਦਾ ਪਾਣੀ ਵਿਕਣ ਲੱਗਾ ਹੈ।ਆਰ.ਓ ਸਿਸਟਮ ਲਗਾ ਕੇ ਪਾਣੀ ਵੇਚਣਾ ਲਗਾਤਾਰ ਵਧਦੇ ਧੰਦੇ ਦੇ ਰੂਪ 'ਚ ਨਵਾਂ ਰੁਝਾਨ ਪੈਦਾ ਹੋਇਆ ਹੈ।ਇਸ ਦਾ ਸਿੱਧਾ ਮਤਲਬ ਹੈ ਕਿ ਸੂਬੇ ਦਾ ਸਥਾਨਕ ਸਰਕਾਰਾਂ ਵਿਭਾਗ ਲੋਕਾਂ ਨੂੰ ਪੀਣਯੋਗ ਪਾਣੀ ਉਪਲੱਬਧ ਕਰਵਾਉਣ ਤੋਂ ਹੱਥ ਖੜ੍ਹੇ ਕਰ ਚੁੱਕਿਆ ਹੈ।ਪਾਣੀ ਦੀ ਵੱਡੀ ਸਮੱਸਿਆ ਕਾਰਨ ਹੀ ਹਰਕਿਸ਼ਨਪੁਰਾ ਤੇ ਮੱਲ ਸਿੰਘ ਵਾਲਾ ਜਿਹੇ ਪਿੰਡਾਂ ਨੇ ਆਪਣੇ ਆਪ ਨੂੰ ਵਿਕਾਊ ਐਲਾਨਿਆ ਹੈ।

ਪੰਜਾਬ ਦਾ 'ਪਾਣੀ ਚੌਥੇ' ਦਰਜ਼ੇ ਦਾ ਹੋਣ ਲਈ ਸਨਅਤਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ,ਕਿਉਂਕਿ ਵਾਟਰ ਟ੍ਰੀਟਮੈਂਟ ਪਲਾਟਾਂ ਨੂੰ ਕੋਈ ਸਹੀ ਢੰਗ ਨਾਲ ਨਹੀਂ ਵਰਤਿਆ ਜਾਂਦਾ।ਸਰਕਾਰ ਕਿਸਾਨਾਂ 'ਤੇ ਝੋਨੇ ਤੇ ਕਣਕ ਦੇ ਨਾੜ ਫੂਕਣ ਤੇ ਝੋਨਾ ਲਾਉਣ ਸਬੰਧੀ ਕਾਰਵਾਈ ਕਰਦੀ ਹੈ(ਜੋ ਠੀਕ ਹੈ),ਪਰ ਸਨਅਤਕਾਰਾਂ ਤੋਂ ਕੋਈ ਜਵਾਬ ਨਹੀਂ ਮੰਗਿਆ ਜਾਂਦਾ ਹੈ।ਕੈਂਸਰ ਹੋਣ ਤੋਂ ਰੋਕਣ ਦਾ ਕੋਈ ਪ੍ਰਬੰਧ ਨਹੀਂ ਹੈ,ਪਰ ਕੈਂਸਰ ਦੇ ਮਰੀਜ਼ਾਂ ਨੂੰ ਤਿਆਰ ਕਰ ਕੇ ਉਨ੍ਹਾਂ ਦੇ ਪੈਸੇ ਲਟਾਉਣ ਲਈ ਨਿਜੀ ਹਸਪਤਾਲ ਜ਼ਰੂਰ ਖੋਲ੍ਹ ਦਿੱਤੇ ਹਨ।

ਸਿੱਖਿਆ ਖੇਤਰ ਜੋ ਮਨੁੱਖੀ ਸਮਾਜਿਕ ਵਿਕਾਸ ਦੀ ਨੀਂਹ ਹੁੰਦਾ ਹੈ,ਦੀ ਤਸਵੀਰ ਵੀ ਇਸ਼ਤਿਹਾਰੀ ਅੰਕੜਿਆਂ 'ਚ ਹੋਰ ਤੇ ਅਸਲ ਤਸਵੀਰ ਹੋਰ ਹੈ।1990 'ਚ ਪੰਜਾਬ ਸਰਕਾਰ ਸਿੱਖਿਆ 'ਤੇ ਕੁੱਲ ਬਜਟ ਦਾ 18 ਫੀਸਦੀ ਖ਼ਰਚ ਕਰਦੀ ਸੀ ਤੇ 2009-10 ਦੇ ਬਜਟ 'ਚ ਸਿੱਖਿਆ 'ਤੇ 12.5 ਫੀਸਦੀ ਖਰਚ ਕੀਤਾ ਹੈ।ਵਿੱਤ ਵਿਭਾਗ ਦੇ ਹੀ ਅੰਕੜਿਆਂ ਮੁਤਾਬਕ 1990 'ਚ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ 18 ਲੱਖ 70 ਹਜ਼ਾਰ ਬੱਚੇ ਪੜ੍ਹਦੇ ਸਨ,ਪਰ 2010 'ਚ ਇਨ੍ਹਾਂ ਦੀ ਗਿਣਤੀ ਘਟ ਕੇ 12 ਹਜ਼ਾਰ 69 ਲੱਖ,126 ਰਹਿ ਗਈ,ਜਦੋਂਕਿ ਇਨ੍ਹਾਂ ਸਕੂਲਾਂ 'ਚ ਪੜ੍ਹਦੇ 6 ਤੋਂ 11 ਸਾਲਾਂ ਦੇ ਬੱਚਿਆਂ ਦੀ ਅਬਾਦੀ 'ਚ 10 ਲੱਖ ਦਾ ਵਾਧਾ ਹੋਇਆ।ਆਰ ਟੀ ਆਈ ਕਾਰਕੁੰਨ ਪਿਆਰੇ ਮੋਹਨ ਸ਼ਰਮਾ ਨੇ ਸਿੱਖਿਆ ਵਿਭਾਗ ਤੋਂ 6 ਤੋਂ 14 ਸਾਲ ਦੀ ਸਿੱਖਿਆ 'ਚ ਹਿੱਸੇਦਾਰੀ ਬਾਰੇ ਬੱਚਿਆਂ ਬਾਰੇ ਮੰਗੀ ਸੂਚਨਾ 'ਚ ਸੂਬੇ ਦੇ 38 ਲੱਖ ਬੱਚੇ ਹੀ ਸਕੂਲਾਂ 'ਚ ਆ ਰਹੇ ਹਨ,ਜਦੋਂਕਿ ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਹੀ ਪੰਜਾਬ ਇਸ ਉਮਰ ਦੇ 54 ਲੱਖ ਬੱਚੇ ਹਨ।ਸਰਕਾਰ ਵਲੋਂ ਸਭ ਨੂੰ ਸਿੱਖਿਆ ਦੇਣ ਦੇ ਵਾਅਦੇ ਦੇ ਬਾਵਜੂਦ 16 ਲੱਖ ਬੱਚੇ ਭੱਠਿਆਂ,ਢਾਬਿਆਂ ਤੇ ਫੈਕਟਰੀਆਂ 'ਚ ਰੁਲ ਰਹੇ ਹਨ।

ਇਸੇ ਤਰ੍ਹਾਂ ਪਿੰਡ ਪੱਧਰ 'ਤੇ ਸੂਬੇ 'ਚ ਸਿੱਖਿਆ ਦਾ ਬੁਰਾ ਹਾਲ ਹੈ।ਪੰਜਾਬ 'ਚ 63 ਫੀਸਦੀ ਅਬਾਦੀ ਪਿੰਡ 'ਚ ਵਸਦੀ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰਫੈਸਰ ਤੇ ਅਰਥਸਾਸ਼ਤਰੀ ਡਾ ਆਰ ਐਸ ਘੁੰਮਣ ਦੀ ਅਗਵਾਈ 'ਚ ਹੋਏ ਇਕ ਅਧਿਐਨ ਮੁਤਾਬਕ ਪੰਜਾਬ ਦੀਆਂ ਚਾਰ ਯੂਨੀਵਰਸਿਟੀਆਂ (ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਜਾਬ ਯੂਨੀਵਰਸਿਟੀ,ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ,ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਦੇ ਕੁੱਲ ਵਿਦਿਆਰਥੀਆਂ 'ਚ ਪੇਂਡੂ ਪਿਛੋਕੜ ਨਾਲ ਸਬੰਧ ਰੱਖਦੇ ਸਿਰਫ 4 ਫੀਸਦੀ ਵਿਦਿਆਰਥੀ ਯੂਨੀਵਰਸਿਟੀਆਂ 'ਚ ਪੁੱਜ ਰਹੇ ਹਨ।ਇਸੇ ਤਰ੍ਹਾਂ ਤਕਨੀਕੀ ਤੇ ਕਿੱਤਾਕਾਰੀ ਸਿੱਖਿਆ 3.7 ਫੀਸਦੀ ਪੇਂਡੂ ਵਿਦਿਆਰਥੀ ਦੇ ਹਿੱਸੇ ਹੀ ਆ ਰਹੀ ਹੈ।ਇਕ ਹੋਰ ਸਰਵੇਖਣ ਮੁਤਾਬਕ ਪੰਜਾਬ ਦੇ 90 ਫੀਸਦੀ ਪੇਂਡੂ ਦਲਿਤ-ਮਜ਼ਦੂਰ ਪਰਿਵਾਰਾਂ 'ਚ ਇਕ ਵੀ ਬੰਦਾ ਮੈਟ੍ਰਿਕ ਪਾਸ ਨਹੀਂ ਹੈ।

ਪੰਜਾਬ ਦੀਆਂ ਦੋਵਾਂ ਮੁੱਖ ਪਾਰਟੀਆਂ ਵਲੋਂ ਅਪਣਾਇਆ ਮੌਜੂਦਾ ਵਿਕਾਸ ਮਾਡਲ ਕਿਸਾਨਾਂ,ਮਜ਼ਦੂਰਾਂ ਤੇ ਸਮਾਜ ਦੀ ਕੰਨ੍ਹੀ 'ਤੇ ਪਏ ਲੋਕਾਂ ਨੂੰ ਆਰਥਿਕ ਤੇ ਸਮਾਜਿਕ ਬਲੀ ਚੜਾਉਣ ਦੀ ਕੀਮਤ 'ਤੇ ਵੱਡੀ ਪੂੰਜੀ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ।ਇਹ ਵੱਡੀ ਪੂੰਜੀ ਉਦਾਰਕਰਨ,ਨਿਜੀਕਰਨ ਤੇ ਸੰਸਾਰੀਕਰਨ ਦੀ ਨੀਤੀਆਂ ਨਾਂਅ ਹੇਠਾਂ ਵੱਖ ਵੱਖ ਖੇਤਰਾਂ 'ਚ ਲਿਆਂਦੀ ਗਈ ਤੇ ਜਾ ਰਹੀ ਹੈ।ਕਿਤੇ ਇਸ ਦਾ ਨਾਂਅ ਨਿਗਮੀਕਰਨ ਹੈ ਤੇ ਕਿਤੇ 'ਪਬਲਿਕ ਪ੍ਰਾਈਵੇਟ ਪਾਰਟਨਰਸ਼ਿੱਪ'(ਪੀ ਪੀ ਪੀ) ਹੈ।ਇਸੇ ਲਈ ਹੀ ਟਰਾਈਟੈਂਡ ਤੋਂ ਲੈ ਕੇ ਰੈਡ ਬੁੱਲ ਕੰਪਨੀ ਲਈ ਧੌਲੇ ਤੇ ਗੋਬਿੰਦਪੁਰੇ ਦੀ ਕਿਸਾਨਾਂ 'ਤੇ ਜ਼ੁਲਮ ਢਾਹ ਕੇ ਜ਼ਮੀਨ ਐਕੁਵਾਇਰ ਕੀਤੀ ਜਾਂਦੀ ਹੈ।ਪੰਜਾਬ ਕਾਂਗਰਸ ਤਾਂ ਕੇਂਦਰ ਦੇ ਦਿਸ਼ਾ ਨਿਰਦੇਸ਼ ਹੇਠ ਚੱਲਦੀ ਹੈ ਪਰ ਕੇਂਦਰ ਸਰਕਾਰ ਦੀਆਂ ਪੰਜਾਬ ਨਾਲ ਧੱਕੇਸ਼ਾਹੀਆਂ ਦੀ ਗੱਲ ਵਾਰ ਵਾਰ ਕਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ 'ਮਨਮੋਹਨ ਇਕਨਾਮਿਕਸ' ਹਮਾਇਤੀ ਹੋਣਾ ਅੰਤਰਵਿਰੋਧੀ ਹੈ।

ਚੋਣਾਂ ਮੇਲਾ ਹਨ,ਜਿਸ 'ਚ ਸਿਆਸੀ ਪਾਰਟੀਆਂ ਤੇ ਆਗੂਆਂ ਦੀ ਬਾਂਹ ਫੜ੍ਹਕੇ ਸੌਖਿਆਂ ਸਵਾਲ ਪੁੱਛੇ ਜਾ ਸਕਦੇ ਹਨ।ਲੋਕ ਆਪਣੇ ਪੱਧਰ 'ਤੇ ਕੁਝ ਨਾ ਕੁਝ ਕਰ ਰਹੇ ਹਨ ਪਰ ਕੁਝ ਇਤਫਾਕਾਂ ਨੂੰ ਛੱਡ ਕੇ 'ਮਾਸ ਮੀਡੀਆ' (ਟੈਲੀਵੀਜ਼ਨ,ਪ੍ਰਿੰਟ ਆਦਿ) ਬਹੁਗਿਣਤੀ ਤਰਾਸਦ ਵਰਗਾਂ ਤੋਂ ਦੂਰ ਹੈ,ਕਿਉਂਕਿ 'ਮਾਸ ਮੀਡੀਆ' ਨੂੰ ਵੀ ਇਸੇ ਵਿਕਾਸ ਮਾਡਲ ਦੇ ਚਲਦਿਆਂ ਪਾਠਕ ਤੇ ਦਰਸ਼ਕ ਨਾਲੋਂ ਵੱਧ ਉਪਭੋਗਤਾ ਪੈਦਾ ਕਰਨ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਹੈ।

ਵਿਕਾਸ ਦੇ ਹਰ ਮਾਡਲ ਦੇ ਕੇਂਦਰ 'ਚ ਮਨੁੱਖ ਤੇ ਕੁਦਰਤ ਹੋਣੀ ਚਾਹੀਦੀ ਹੈ,ਪਰ ਮੌਜੂਦਾ ਵਿਕਾਸ ਮਾਡਲਾਂ ਦੇ ਕੇਂਦਰ 'ਚ ਕੁਦਰਤ ਤੇ ਮਨੁੱਖ ਨਹੀਂ ਬਲਕਿ ਮੁਨਾਫਾ ਹੈ।70 ਫੀਸਦੀ ਲੋਕਾਂ ਦੀ ਕੀਮਤ 'ਤੇ 30 ਫੀਸਦੀ ਲੋਕਾਂ ਲਈ ਸਹੂਲਤਾਂ ਦਾ ਮਤਲਬ ਵਿਕਾਸ ਹੋ ਗਿਆ ਹੈ।ਇਸੇ ਲਈ ਸਮਾਜ ਅੱਜ ਇਤਿਹਾਸ ਦੇ ਸਭ ਤੋਂ ਹਿੰਸਕ ਤੇ ਅਸੁਰੱਖਿਅਤ ਦੌਰ 'ਚੋਂ ਗੁਜ਼ਰ ਰਿਹਾ ਹੈ।ਮੱਧ ਯੁੱਗ ਦੀ ਸਭ ਤੋਂ ਵੱਧ ਕਹੀ ਜਾਂਦੀ ਹਿੰਸਾ ਮੁਕਾਬਲੇ ਮੁਨਾਫਾ ਅਧਾਰਤ ਵਿਕਾਸ ਮਾਡਲਾਂ ਨੇ ਮਨੁੱਖ ਨੂੰ ਪੂਰੀ ਦੁਨੀਆ ਬਰਬਾਦ ਕਰਨ ਦੇ ਬੰਬ ਤਿਆਰ ਕਰਵਾ ਦਿੱਤੇ ਹਨ।ਜੇ ਕਹੇ ਜਾਂਦੇ ਆਧੁਨਿਕ ਵਿਕਾਸ ਦਾ ਮਤਲਬ ਵਿਨਾਸ਼ਕਾਰੀ ਪ੍ਰਮਾਣੂ ਬੰਬ ਤਿਆਰ ਕਰਨਾ ਹੈ ਤਾਂ ਅਜਿਹੀ ਅਧੁਨਿਕਤਾ ਨੂੰ ਮੁੜ ਪਰਿਭਾਸ਼ਤ ਕਰਨ ਦੀ ਲੋੜ ਹੈ।

ਅੱਜ ਬਿਮਾਰ ਪੰਜਾਬ ਨੂੰ ਮੁੜ ਸਿਹਤਯਾਬ
ਬਣਾਉਣ ਲਈ ਸਮੂਹ ਪੰਜਾਬੀਆਂ ਤੇ ਵਿਚਾਰਧਾਰਾਵਾਂ ਨੂੰ ਬਦਲਵੇਂ ਵਿਕਾਸ ਮਾਡਲ 'ਤੇ ਵਿਚਾਰ ਚਰਚਾ ਤੇ ਸੰਵਾਦ ਰਚਾਉਣਾ ਚਾਹੀਦਾ ਹੈ।ਇਸ ਦੌਰ 'ਚ ਪੰਜਾਬੀ ਅਮਲੀ ਤੌਰ 'ਤੇ ਆਪਣੇ ਮਹਾਨ ਮਨੁੱਖ ਬਾਬੇ ਨਾਨਕ ਦੇ ਫਲਸਫੇ ਦੇ ਸਿਖਰ ਵਿਰੋਧ 'ਚ ਖੜ੍ਹੇ ਹਨ।ਪੰਜਾਬ ਨੂੰ ਇਤਿਹਾਸਕ ਅਮਲ ਦੀ ਧਾਰਾ
ਨਾਲ ਗੂੜ੍ਹਾ ਰਿਸ਼ਤਾ ਬਣਾਉਣ ਦੀ ਲੋੜ ਹੈ।ਸੂਬੇ ਕੋਲ ਹੋਰ ਮਾਡਲਾਂ ਤੋਂ ਇਲਾਵਾ ਬਾਬੇ ਨਾਨਕ ਦਾ ਕੁਦਰਤ ਤੇ ਸਮਾਜ ਪੱਖੀ ਵਿਕਾਸ ਮਾਡਲ ਹੈ।ਬਾਬੇ ਦੇ ਆਲਮੀ ਕੁਦਰਤ ਪੱਖੀ ਵਿਕਾਸ ਮਾਡਲ ਤੇ ਉਨ੍ਹਾਂ ਦੀ ਬਾਣੀ ਨਾਲ ਪੰਜਾਬੀਆਂ ਦੀ ਸਾਂਝ ਉਦੋਂ ਹੀ ਪੈਦਾ ਹੋ ਸਕਦੀ ਹੈ ਜਦੋਂ ਉਹ ਕਹੀ ਜਾਂਦੀ ਅਧੁਨਿਕਤਾ ਦੇ ਨਸ਼ੇ 'ਚੋਂ ਬਾਹਰ ਆ ਕੇ 14ਵੀਂ ਸਦੀਂ 'ਚ ਖੜ੍ਹੇ ਬਾਬੇ
ਦੇ ਫਲਸਫੇ ਦੀ ਮਹੱਤਤਾ ਨੂੰ 21 ਸਦੀਂ 'ਚ ਸਮਝਣ ਦੀ ਕੋਸ਼ਿਸ਼ ਕਰਨਗੇ।ਭਾਈ ਲਾਲੋਆਂ ਲਈ ਕੁਦਰਤ ਤੇ ਮਨੁੱਖਤਾ ਪੱਖੀ ਵਿਕਾਸ ਮਾਡਲ ਦੀ ਗੱਲ ਕਰਨਾ ਸਮੇਂ ਦੀ ਲੋੜ ਹੈ,ਨਹੀਂ ਤਾਂ ਪੰਜਾਬ ਸਾਡੇ ਸਮਿਆਂ ਦੇ ਇਤਿਹਾਸ 'ਤੇ ਪ੍ਰਸ਼ਨਚਿੰਨ੍ਹ ਲਗਾ ਦੇਵੇਗਾ।

ਯਾਦਵਿੰਦਰ ਕਰਫਿਊ
mail2malwa@gmail.com
095308-95198

Sunday, August 15, 2010

ਤ੍ਰੇਹਟ ਸਾਲ ਦੀ ਆਜ਼ਾਦੀ ਹੋਈ, ਆਟਾ ਦਾਲ ਫਿਰੇ ਵੰਡਦੀ।’

ਪੂਰੇ ਤ੍ਰੇਹਟ ਵਰ੍ਹਿਆਂ ਦੀ ਆਜ਼ਾਦੀ ਹੋ ਗਈ ਹੈ। ਵਰ੍ਹਿਆਂ ਦਾ ਸਫਰ ਬਹੁਤਾ ਚੰਗਾ ਨਹੀਂ ਰਿਹਾ। ਵਰ੍ਹਿਆਂ ਮਗਰੋਂ ਵੀ ‘ਆਟਾ ਦਾਲ’ ਤੋਂ ਗੱਲ ਅੱਗੇ ਨਹੀਂ ਵਧੀ। ਗਰੀਬ ਦੀ ਕਮਜ਼ੋਰੀ ਉਸ ਦਾ ਪੇਟ ਹੈ। ਜੋ ਨਹੀਂ ਜਾਣਦਾ ਕਿ ਏਥੇ ‘ਪਸੀਨੇ’ ਦਾ ਨਹੀਂ, ‘ਵੋਟ ਦਾ ਮੁੱਲ’ ਮਿਲਦਾ ਹੈ। ਕੋਈ ‘ਮਹਿੰਗਾਈ’ ਦਾ ਪੱਤਾ ਖੇਡਦਾ ਹੈ। ਕੋਈ ਫਿਰਕਾਪ੍ਰਸਤੀ ਦਾ। ਕੋਈ ‘ਆਮ ਆਦਮੀ’ ਦਾ ਸਿਪਾਹੀ ਹੋਣ ਦਾ ਢੌਂਗ ਰਚਦਾ ਹੈ। ਕੋਈ ‘ਦਲਿਤ ਦੀ ਬੇਟੀ’ ਹੋਣ ਦਾ ਚਿਹਰਾ ਦਿਖਾ ਰਹੀ ਹੈ। ਕੋਈ ਮੁਲਕ ਨੂੰ ਖਤਰਾ ਦੱਸ ਰਿਹਾ ਹੈ ਤੇ ਕੋਈ ਧਰਮ ਨੂੰ। ਅਸਲ ’ਚ ਵੱਡਾ ਖਤਰਾ ਇਹੋ ਲੋਕ ਹਨ। ਆਜ਼ਾਦੀ ਹੁਣ ਕਿਸ ਕੋਲ ਰੋਵੇਂ ਆਪਣਾ ਦੁੱਖ। ਏਹੋ ਦੁੱਖ ਹੈ ਕਿ ਕੋਈ ਦੁੱਖ ਵੰਡਾਉਣ ਵਾਲਾ ਵੀ ਨਹੀਂ ਬਚਿਆ। ਇੰਝ ਕਿੰਨਾ ਕੁ ਵਕਤ ਚੱਲੇਗਾ। ਗਰੀਬ ‘ਆਟਾ ਦਾਲ’ ਨਹੀਂ ਮੰਗਦਾ,ਉਹ ਤਾਂ ਮਾਹੌਲ ਮੰਗਦਾ ਹੈ ਕਿ ਕਿਸੇ ਵੱਲ ਹੱਥ ਅੱਡਣਾ ਹੀ ਨਾ ਪਵੇ। ਕਿਸਾਨ ਬਿਜਲੀ ਮੰਗਦਾ ਹੈ, ਮੁਫਤਖੋਰੀ ਨਹੀਂ। ਡਿਗਰੀਆਂ ਵਾਲੇ ਨੌਕਰੀ ਮੰਗਦੇ ਹਨ, ਡਾਂਗਾ ਨਹੀਂ। ਵਿਧਵਾ ਬੁਢਾਪੇ ਦਾ ਸਹਾਰਾ ਮੰਗਦੀ ਹੈ, ਸਿਲਾਈ ਮਸ਼ੀਨ ਨਹੀਂ। ਕੁਦਰਤੋਂ ਹਾਰੇ ‘ਅੰਗਹੀਣ’ ਚੱਲਣ ਲਈ ਰਾਹ ਮੰਗਦੇ ਹਨ, ਟਰਾਈ ਸਾਇਕਲ ਨਹੀਂ। ਅਣਚਾਹੀ ‘ਬੱਚੀ’ ਪੰਘੂੜਾ ਨਹੀਂ, ਮਾਪਿਆਂ ਲਈ ਸਜ਼ਾ ਮੰਗਦੀ ਹੈ। ਅਦਾਲਤਾਂ ’ਚ ਵਰ੍ਹਿਆਂ ਤੋਂ ਖੜੇ ਬਿਰਖ ‘ਇਨਸਾਫ’ ਮੰਗਦੇ ਹਨ, ਤਰੀਕ ਨਹੀਂ। ਲੋਕ ਰਾਜ ਆਜ਼ਾਦੀ ਦੀ ਲਾਜ ਰੱਖਦਾ ਤਾਂ ਇੰਝ ਨਹੀਂ ਹੋਣਾ ਸੀ। ਗੱਡੀ ਲੀਹ ’ਤੇ ਚੱਲਦੀ ਤਾਂ ਲੋਕ ਵੋਟਾਂ ਵਾਲਾ ਵਰ੍ਹਾ ਨਹੀਂ, ਚਿੱਤੋਂ ਪਹਿਰ ਲੀਡਰਾਂ ਨੂੰ ਉਡੀਕਦੇ। ਅਫਸੋਸ ਕਿ ਵਿਰੋਧੀ ਧਿਰ ਵੀ ਹੁਣ ਲੋਕਾਂ ਦੀ ਧਿਰ ਨਹੀਂ ਰਹੀ। ਸਭ ਇੱਕੋ ਥਾਲੀ ਦੇ ਚੱਟੇ ਵੱਟੇ ਹਨ। ਸਭ ਪੰਜ ਵਰ੍ਹਿਆਂ ਮਗਰੋਂ ਚਿਹਰਾ ਦਿਖਾਉਣ ਵਾਲੇ ਹਨ।

ਕੋਈ ‘ਸੰਗਤ ਦਰਸ਼ਨ’ ਕਰਦਾ ਨਹੀਂ ਥੱਕਦਾ। ਕੋਈ ਮਹਿਲਾ ਚੋਂ ਨਹੀਂ ਨਿਕਲਦਾ। ਇਕੱਲੇ ‘ਦਰਸ਼ਨ’ਵੀ ਝੋਲੀ ਨਹੀਂ ਭਰਦੇ ,ਇਕੱਲੇ ਮਹਿਲ ਵੀ ਸਹਾਰਾ ਨਹੀਂ ਬਣਦੇ। ਜਿਨ੍ਹਾਂ ਆਜ਼ਾਫ ਫਿਜ਼ਾ ਦੇ ਨਕਸ਼ ਤਰਾਸੇ ਹੋਣਗੇ, ਉਨ੍ਹਾਂ ਨੇ ਇੰਝ ਨਹੀਂ ਸੋਚਿਆ ਹੋਣਾ। ਜੋ ਚਲ ਵਸੇ ,ਉਹ ਦੇਖਦੇ ਤਾਂ ਉਨ੍ਹਾਂ ਨੂੰ ਏਦਾ ਦੀ ਆਜ਼ਾਦੀ ’ਤੇ ਅਫਸੋਸ ਹੋਣਾ ਸੀ। ਕੋਈ ਟੈਂਕੀ ’ਤੇ ਚੜਿਆ ਹੋਇਆ ਹੈ। ਕੋਈ ਬੁਢਾਪਾ ਪੈਨਸ਼ਨ ਲਈ ਸਰਪੰਚ ਦੇ ਬੂਹੇ ਖੜਾ ਹੈ। ਹੁਣ ਤਾਂ ਸ਼ਹੀਦਾਂ ਦੇ ਬੁੱਤ ਵੀ ਸ਼ਰਮਿੰਦਾ ਹੋ ਗਏ ਹਨ। ਨਾ ਵਿਚਾਰਾਂ ਦੀ ਆਜ਼ਾਦੀ ਤੇ ਨਾ ਇਨ੍ਹਾਂ ਦੇ ਪ੍ਰਗਟਾਵੇ ਦੀ। ਆਜ਼ਾਦੀ ਨੇ ਲਾਲਗੜ ਵੀ ਦੇਖਿਆ ਹੈ ਤੇ ਦਾਂਤੇਵਾੜਾ ਵੀ। ਇਸ ਨੇ ਸ਼ਹੀਦ ਊਧਮ ਸਿੰਘ ਦਾ ਢਹਿ ਢੇਰੀ ਹੋਇਆ ਜੱਦੀ ਪੁਸ਼ਤੀ ਘਰ ਵੀ ਦੇਖਿਆ ਹੈ। ਦੇਖਿਆ ਤਾਂ ਚੌਧਰੀ ਦੇਵੀ ਲਾਲ ਦਾ ਚਮਕਾਂ ਮਾਰਦਾ ਸਮਾਰਕ ਵੀ ਹੈ, ਵੱਸ ਚੱਲਦਾ ਤਾਂ ਆਜ਼ਾਦੀ ਇਸ ਸਮਾਰਕ ਤੋਂ ਨੇੜੇ ਪੈਂਦੇ ਪਿੰਡ ਬਾਦਲ ਵੀ ਜਾਂਦੀ। ਸ਼ੁਕਰ ਹੈ ਨਹੀਂ ਗਈ, ਜਾਂਦੀ ਤਾਂ ਉਸ ਨੂੰ ਭਰਮ ਹੋ ਜਾਣਾ ਸੀ ਕਿ ਪੰਜਾਬ ਦੇ ਪਿੰਡਾਂ ਦੀ ਏਨੀ ਤਰੱਕੀ। ਭੋਲੀ ਆਜ਼ਾਦੀ ਨੂੰ ਕੀ ਪਤੈ, ਪਿੰਡ ਬਾਦਲ ’ਚ ਇਕੱਲਾ ਬਠਿੰਡਾ ਦੇ ਕਿਲੇ ਲਈ ਆਇਆ ਪੈਸਾ ਨਹੀਂ ਲੱਗਿਆ ਬਲਕਿ ਇੱਥੋਂ ਦੇ ਵਿਕਾਸ ’ਤੇ ਤਾਂ ‘ਹੜ ਪੀੜਤਾਂ’ ਵਾਲੀ ਰਾਸ਼ੀ ਵੀ ਲੱਗੀ ਹੈ। ਇਸ ਨੂੰ ਨਹੀਂ ਪਤਾ ਕਿ ਤਰੱਕੀ ਦੀ ਹੁੰਦੀ ਹੈ। ਸਰਕਾਰਾਂ ਲਈ ਤਰੱਕੀ ਦੇ ਮਾਅਣੇ ਹੋਰ ਹਨ। ਸਿਵਿਆ ਦੀ ਕੰਧ ਵਲਣਾ ਤਰੱਕੀ ਨਹੀਂ। ਛੱਪੜ ਦੀ ਕੰਧ ਕੱਢ ਦੇਣਾ ਵਿਕਾਸ ਨਹੀਂ। ਨਾ ਹੀ ਧਰਮਸ਼ਾਲਾ ਨੂੰ ਕਲੀ ਕੂਚੀ ਕਰਨ ’ਤੇ ਤਰੱਕੀ ਦੇ ਰਾਹ ਖੁੱਲ੍ਹਦੇ ਨੇ।

ਟੈਂਕੀਆਂ ’ਤੇ ਚੜਣ ਵਾਲਿਆਂ ਦਾ ਕੀ ਹੱਲ ਕੱਢਿਐ ? ਡੀ.ਜੀ.ਪੀ ਪੰਜਾਬ ਨੇ ਜੁਆਬ ਦਿੱਤਾ, ਦੋ ਬਟਾਲੀਅਨਾਂ ਬਠਿੰਡਾ ਨੂੰ ਦੇ ਦਿੱਤੀਆਂ ਹਨ ਜਿਨ੍ਹਾਂ ਚੋਂ ਇੱਕ ਬਟਾਲੀਅਨਾਂ ਇਨ੍ਹਾਂ ਲਈ ਹੈ। ਚਾਰ ਮਹੀਨੇ ਤੋਂ ਪੇਂਡੂ ਸਿਹਤ ਕੇਂਦਰ ਦਵਾਈ ਉਡੀਕ ਰਹੇ ਹਨ। ਸਿਹਤ ਕੇਂਦਰਾਂ ’ਚ ਨਵੇਂ ਫਰਿੱਜ ਆਏ ਹਨ, ਦਵਾਈ ਨਹੀਂ। ਆਜ਼ਾਦੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਵੇਰੇ ਚਾਹ ਵਾਲੀ ਦੁਕਾਨ ਖੁੱਲ੍ਹਣ ਤੋਂ ਪਹਿਲਾਂ ਸ਼ਰਾਬ ਵਾਲੇ ਠੇਕੇ ਖੁੱਲ੍ਹ ਜਾਂਦੇ ਨੇ। ਇਸ ਨੂੰ ਤਾਂ ਇਹ ਵੀ ਸਮਝ ਨਹੀਂ ਪੈਂਦੀ ਕਿ ਪਟਿਆਲੇ ਵਾਲਾ ਰਾਜਾ ਪ੍ਰਧਾਨਗੀ ਦੀ ਕਲਗੀ ਬਿਨਾਂ ਕਿਉਂ ਮਹਿਲਾ ਚੋਂ ਨਿਕਲਣ ਨੂੰ ਤਿਆਰ ਨਹੀਂ। ਇਸ ਦੇ ਸਮਝੋ ਬਾਹਰ ਹੈ ਕਿ ਭਾਜਪਾ ਵਾਲੇ ਅਕਾਲੀਆਂ ਤੋਂ ਜੂਤ ਪਤਾਂਗ ਕਰਾ ਕੇ ਵੀ ਚੁੱਪ ਕਿਉਂ ਨੇ। ਡੇਰਿਆਂ ਨੇ ਤਾਂ ਆਜ਼ਾਦੀ ਨੂੰ ਭੰਬਲਭੂਸੇ ’ਚ ਹੀ ਪਾ ਦਿੱਤਾ ਹੈ। ਉਸ ਨੇ ਅਸੈਂਬਲੀ ਚੋਣਾਂ ਮਗਰੋਂ ਡੇਰਾ ਪ੍ਰੇਮੀਆਂ ’ਤੇ ਵਰਦੀ ਡਾਂਗ ਵੀ ਵੇਖੀ ਹੈ। ਉਹ ‘ਯੂ ਟਰਨ’ ਵੀ ਵੇਖਿਆ ਹੈ ਜੋ ਅਕਾਲੀਆਂ ਨੇ ਬਠਿੰਡਾ ਦੀ ਸੰਸਦੀ ਚੋਣ ਵੇਲੇ ਲਿਆ। ਪ੍ਰੇਮੀਆਂ ਦੀ ਵੋਟਾਂ ਲੈਂਦੇ ਕਾਂਗਰਸੀ ਵੀ ਵੇਖੇ ਨੇ। ਪ੍ਰੰਤੂ ਇਹ ਕਾਂਗਰਸੀ ਮੁੜ ਕੇ ਕਦੇ ਨਹੀਂ ਵੇਖੇ। ਖਾਸ ਕਰਕੇ ਡੇਰਾ ਪੈਰੋਕਾਰਾਂ ’ਤੇ ਪਈ ਬਿਪਤਾ ਵੇਲੇ। ਰਣਇੰਦਰ ਦਾ ਇੱਕ ਹਮਾਇਤੀ ਆਖਦੈ, ਰਣਇੰਦਰ ਦੀ ਬੇੜੀ ਤਾਂ ਪ੍ਰੇਮੀਆਂ ਨੇ ਡੋਬਤੀ। ਉਹ ਹਮਾਇਤੀ ਐਮ.ਐਲ.ਏ ਇਹ ਭੁੱਲ ਬੈਠਾ ਹੈ ਕਿ ਉਸ ਦੀ ਕਿਸ਼ਤੀ ਕਿਸ ਨੇ ਪਾਰ ਲਾਈ ਸੀ। ਸਾਰਾ ਕੁਝ ਦੇਖ ਕੇ ਲੱਗਦੈ ਕਿ ਹੁਣ ਇੱਕ ਹੋਰ ‘ਸੀਚੇਵਾਲ’ ਦੀ ਲੋੜ ਹੈ ਜੋ ਕਿ ਪੰਜਾਬ ’ਚ ਪਏ ਇਸ ਗੰਦ ਮੰਦ ਦੀ ਸਫਾਈ ਲਈ ‘ਕਾਰ ਸੇਵਾ’ ਸ਼ੁਰੂ ਕਰੇ। ਕੁਆਰੀਆਂ ਕੁੜੀਆਂ ਤੋਂ ਸਰਕਾਰ ਸ਼ਗਨ ਵਾਰ ਰਹੀ ਹੈ। ਇੱਧਰ ਉਨ੍ਹਾਂ ਧੀਆਂ ਨੂੰ ਸ਼ਗਨ ਹਾਲੇ ਤੱਕ ਨਹੀਂ ਮਿਲੇ ,ਜਿਨ੍ਹਾਂ ਦੀ ਗੋਦੀ ਜੁਆਕ ਖੇਡਣ ਵੀ ਲੱਗ ਗਏ ਹਨ। ਮਾਲਵੇ ਦੀ ਤਰਾਸ਼ਦੀ ਦੇਖੋ ਕਿ ਇੱਥੇ ਤਾਂ ਬਹੁਤੇ ਜੁਆਕਾਂ ਨੂੰ ਖੇਡਣ ਦਾ ਮੌਕਾ ਹੀ ਨਹੀਂ ਮਿਲਦਾ। ਬਚਪਨ ਤੋਂ ਪਹਿਲਾਂ ਕੈਂਸਰ ਪੁੱਜ ਜਾਂਦਾ ਹੈ। ਹਰ ਕਿਸੇ ’ਚ ਵਿਦੇਸੀ ਇਲਾਜ ਦੀ ਵੀ ਤਾਂ ਪਹੁੰਚ ਨਹੀਂ ਹੁੰਦੀ।

ਕੁਦਰਤੀ ਆਫਤਾਂ ਵਾਲੇ ਰਾਹਤ ਫੰਡ ਦੀ ਕੋਈ ਤੋਟ ਨਹੀਂ। ਹੜ੍ਹ ਦੀ ਰੋਕਥਾਮ ਵਾਲੇ ਫੰਡ ਮੁੱਕੇ ਹੋਏ ਹਨ। ਇੱਕ ਹੜ੍ਹ ਅੱਜ ਕੱਲ ਡਾਇਰੈਕਟਰ ਜਨਰਲ (ਸਿੱਖਿਆ ਵਿਭਾਗ) ਵਲੋਂ ਭੇਜੇ ਜਾਂਦੇ ਪੱਤਰਾਂ ਦਾ ਆਇਆ ਹੋਇਆ ਹੈ। ਉਨੇ ਫੰਡ ਨਹੀਂ ਮਿਲਦੇ ,ਜਿਨੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਦੇ ਪੱਤਰ ਅਧਿਆਪਕਾਂ ਨੂੰ ਮਿਲ ਜਾਂਦੇ ਨੇ। ਬੰਦਾ ਤਾਂ ਚੰਗੈ, ਪਰ ਮਾਸਟਰਾਂ ਨੂੰ ਵਾਹਣੀ ਪਾ ਰੱਖਿਐ ਹੈ। ਚਲੋ ਇਹ ਤਾਂ ਸਰਕਾਰੀ ਬਾਤਾਂ ਨੇ। ਪਰ ਇਹ ਬਾਤ ਨਹੀਂ, ਸੱਚੀ ਗੱਲ ਹੈ ਕਿ ਕਾਂਗਰਸੀ ਐਮ.ਐਲ.ਏ ਸਰਕਾਰ ਤੋਂ ‘ਹਲਕਾ ਭੱਤਾ’ ਤਾਂ ਲੈਂਦੇ ਨੇ ਪਰ ਹਲਕੇ ’ਚ ਜਾਂਦੇ ਨਹੀਂ। ਕਾਂਗਰਸ ਦੇ ਕਈ ਕਾਕਾਸ਼ਾਹੀ ਐਮ.ਐਲ.ਏ ਤਾਂ ਚੋਰੀ ਛਿਪੇ ਆਖ ਦਿੰਦੇ ਨੇ, ਸਾਨੂੰ ਤਾਂ ਲੋਕਾਂ ਚੋਂ ਬੋਅ ਆਉਂਦੀ ਹੈ। ਉਪਰੋਂ ਦੇਖਣ ’ਚ ਇਹ ਨੀਲੇ ਚਿੱਟੇ ਲੱਗਦੇ ਨੇ, ਅੰਦਰੋਂ ਮੁਖੜਾ ਇੱਕੋ ਹੈ। ਸਰਕਾਰ ਵਲੋਂ ਕਮਿਸ਼ਨਾਂ ਦੇ ਜੋ ਚੇਅਰਮੈਨ ਜਾਂ ਮੈਂਬਰ ਨਿਯੁਕਤ ਕੀਤੇ ਜਾਂਦੇ ਹਨ,ਉਨ੍ਹਾਂ ਦੀ ਨਿਯੁਕਤੀ ਲਈ ਵਿਰੋਧੀ ਧਿਰ ਦੀ ਆਗੂ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ। ਕਦੇ ਵੀ ਵਿਰੋਧੀ ਧਿਰ ਨੇ ਕਿਸੇ ਨਿਯੁਕਤੀ ਦਾ ਬੁਰਾ ਨਹੀਂ ਮਨਾਇਆ। ਸਰਕਾਰ ਕੋਈ ਵੀ ਹੋਵੇ, ਆਜ਼ਾਦੀ ਦਿਹਾੜਾ ਮਨਾਉਣਾ ਨਹੀਂ ਭੁੱਲਦੀ। ਇਹ ਵੱਖਰੀ ਗੱਲ ਹੈ ਕਿ ਕੋਈ ਦਿਹਾੜਾ ਵੀ ਹੁਣ ਲੋਕਾਂ ਦੇ ਦੁੱਖਾਂ ਦੀ ਦਾਰੂ ਨਹੀਂ ਬਣਦਾ। ਟਰਾਈ ਸਾਇਕਲ ਵੰਡੇ ਜਾਂਦੇ ਹਨ,ਸਿਲਾਈ ਮਸੀਨਾਂ ਦੀ ਵੰਡ ਹੁੰਦੀ ਹੈ, ਚਹੁੰ ਜਣਿਆ ਨੂੰ ਸਨਮਾਨ ਦਿੱਤਾ ਜਾਂਦੈ ਹੈ। ਬੱਸ ਇਹੋ ਜਿਹਾ ਹੁੰਦਾ ਹੈ ਆਜ਼ਾਦੀ ਦਿਹਾੜੇ ਦਾ ਜਸ਼ਨ।

ਦੇਖਿਆ ਜਾਵੇ ਤਾਂ ‘ਆਮ ਆਦਮੀ’ ਤਾਂ ਕਿਸੇ ਜਸ਼ਨ ਜੋਗਾ ਵੀ ਨਹੀਂ ਰਿਹਾ। ਮਹਿੰਗਾਈ ਨੇ ਪੀਪੇ ਖਾਲੀ ਕਰ ਦਿੱਤੇ ਹਨ। ਗਰੀਬ ਨੂੰ ਤਾਂ ਸੋਚਣ ਦੀ ਵਿਹਲ ਵੀ ਨਹੀਂ ਮਿਲਦੀ। ਜੋ ਵਿਹਲੇ ਹਨ,ਉਹ ਸਮਾਜ ਸੇਵੀ ਬਣੇ ਹੋਏ ਹਨ। ਬਠਿੰਡਾ ਸ਼ਹਿਰ ’ਚ ਇੱਕ ਅਧਿਆਪਕ ਉਨ੍ਹਾਂ ਸਮਾਂ ਸਮਾਜ ਸੇਵਾ ਨਹੀਂ ਕਰਦਾ ਜਿਨ੍ਹਾਂ ਸਮਾਂ ਉਹ ਸਾਇਕਲ ’ਤੇ ਪ੍ਰੈਸ ਨੋਟ ਵੰਡਣ ’ਚ ਲਾ ਦਿੰਦਾ ਹੈ। ਸਕੂਲ ’ਚ ਬੱਚੇ ਉਡੀਕ ਰਹੇ ਹੁੰਦੇ ਹਨ, ਇੱਧਰ ਮਾਸਟਰ ਜੀ ਤੁਲਸੀ ਦੇ ਪੌਦੇ ਵੰਡ ਰਹੇ ਹੁੰਦੇ ਨੇ, ਸਿੱਖਿਆ ਕੌਣ ਵੰਡੂ, ਇਸ ਨੂੰ ਕੋਈ ਪੁੱਛਣ ਵਾਲਾ ਨਹੀਂ ਕਿਉਂਕਿ ਡੀ.ਈ.ਓ ਸਾਹਿਬ ਦਾ ਉਸ ਨੂੰ ਅਸ਼ੀਰਵਾਦ ਪ੍ਰਾਪਤ ਹੈ। ਆਜ਼ਾਦੀ ਦਿਹਾੜਾ ਹੈ,ਉਸ ‘ਯੋਗ ਗੁਰੂ’ ਦੀ ਵੀ ਸੁਣੋ, ਜੋ ਸਰਕਾਰੀ ਮੁਲਾਜ਼ਮ ਹੈ। ਦਫਤਰ ਜਾਣਾ ਭੁੱਲ ਸਕਦੈ ਲੇਕਿਨ ਅਫਸਰਾਂ ਨੂੰ ਘਰੋਂ ਘਰੀ ਜਾ ਕੇ ਯੋਗਾ ਕਰਾਉਣਾ ਨਹੀਂ ਭੁੱਲਦਾ। ਜੋ ਸੱਚੀ ਸਮਾਜ ਸੇਵਾ ਕਰਦੇ ਨੇ, ਉਹ ਪ੍ਰੈਸ ਨੋਟ ਨਹੀਂ ਵੰਡਦੇ ਕਿਉਂਕਿ ਉਨ੍ਹਾਂ ਦੇ ਨੋਟ ਲੋਕਾਂ ਦੇ ਦਿਲਾਂ ’ਤੇ ਲਿਖੇ ਜਾਂਦੇ ਹਨ, ਅਖਬਾਰਾਂ ’ਚ ਨਹੀਂ।

ਚਰਨਜੀਤ ਭੁੱਲਰ,ਬਠਿੰਡਾ
ਲੇਖਕ ਪੱਤਰਕਾਰ ਹਨ।

Saturday, June 12, 2010

ਮੀਡੀਆ ਦਾ ਗ੍ਰੀਨਹੰਟ !--ਅਰੁੰਧਤੀ ਰਾਏ


ਅਰੁੰਧਤੀ ਰਾਏ ਬੁਕਰ ਸਨਮਾਨ ਪ੍ਰਾਪਤ ਲੇਖਿਕਾ ਤੇ ਸਮਾਜਿਕ ਕਾਰਕੁੰਨ ਹੈ।ਉਹ ਮਨੁੱਖੀ ਅਧਿਕਾਰਾਂ ਦੇ ਪੱਖ 'ਚ ਹਮੇਸ਼ਾਂ ਬੋਲਦੀ ਰਹੀ ਹੈ।ਜਿਸ ਕਰਕੇ ਸੱਤਾ ਨੁੰ ਉਸਦੀ ਬੋਲੀ ਕਦੇ ਰਾਸ ਨਹੀਂ ਆਈ।ਪਿਛਲੇ ਸਮੇਂ ਉਹ ਸੁਤੰਤਰ ਪੱਤਰਕਾਰ ਦੇ ਤੌਰ 'ਤੇ ਲਾਲ ਗਲਿਆਰੇ 'ਚ ਘੁੰਮਕੇ ਆਈ ਤੇ ਅੰਗਰੇਜ਼ੀ ਦੇ ਮੰਨੀ ਪ੍ਰਮੰਨੀ ਮੈਗਜ਼ੀਨ 'ਚ ਇਕ ਲੇਖ ਲਿਖਿਆ ਸੀ।ਜਿਸਤੋਂ ਬਾਅਦ ਵੀ ਉਸਨੂੰ ਕਨੂੰਨੀ ਅੜਚਣਾਂ 'ਚ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।ਦਿੱਲੀ ਦੇ ਬਟਲਾ ਹਾਊਸ ਐਨਕਾਉਂਟਰ ਨੂੰ ਜਦੋਂ ਉਸਨੇ ''ਫਰਜ਼ੀ ਮੁਕਾਬਲਾ'' ਕਿਹਾ ਤਾਂ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ।ਉਦੋਂ ਵੀ ਇਸ ਵਾਰ ਦੀ ਤਰ੍ਹਾਂ ਪੀ ਟੀ ਆਈ ਨੇ ਅਰੁੰਧਤੀ ਦੇ ਮੁਆਫੀ ਮੰਗਣ ਦੀ ਝੂਠੀ ਖ਼ਬਰ ਛਾਪੀ ਸੀ।ਅਰੁੰਧਤੀ ਨੇ ਪਿਛਲੇ ਦਿਨੀਂ ਮੁੰਬਈ 'ਚ ਇਕ ਜਮਹੂਰੀ ਹੱਕਾਂ ਦੀ ਰਾਖੀ ਲਈ ਬਣੀ ਕਮੇਟੀ ਦੇ ਪ੍ਰੋਗਰਾਮ 'ਚ ਮਾਓਵਾਦੀ ਲਹਿਰ ਤੇ ਉਸਦੇ ਆਲੇ ਦੁਆਲੇ ਦੀਆਂ ਹਾਲਤਾਂ ਬਾਰੇ ਭਾਸ਼ਨ ਦਿੱਤਾ ਸੀ,ਜਿਸਨੂੰ ਖ਼ਬਰ ਏਜੰਸੀ ਪੀ ਟੀ ਆਈ ਤੋੜ ਮਰੋੜਕੇ ਇਕ ਖ਼ਬਰ ਬਣਾਈ।ਪੀ ਟੀ ਆਈ ਦੀ ਹਰਕਤ ਨੇ ਇਹ ਫਿਰ ਸਿੱਧ ਕਰ ਦਿੱਤਾ ਕਿ ਖ਼ਬਰ ਤੇ ਸੱਚ ਦਾ ਕੋਈ ਰਿਸ਼ਤਾ ਨਹੀਂ ਹੁੰਦਾ।ਅਰੁੰਧਤੀ ਨੇ ਮੀਡੀਆ ਦੀ ਇਸ ਸਿਆਸਤ ਨੂੰ ਬੇਨਕਾਬ ਕਰਦਾ ਇਕ ਲੇਖ ਲਿਖਿਆ ਹੈ।ਜੋ ਸਾਨੂੰ ਦੋਸਤਾਂ ਤੱਕ ਪਹੁੰਚਾਉਣਾ ਜ਼ਰੂਰੀ ਲੱਗਿਆ।--ਗੁਲਾਮ ਕਲਮ

ਭਾਰਤ ਸਰਕਾਰ ਜਦੋਂ ਇਕ ਪਾਸੇ ਦੇਸ਼ ਦੇ ਪਿੰਡਾਂ 'ਚ ਫੌਜ ਤੇ ਹਵਾਈ ਸੈਨਾ ਨੂੰ ਭੇਜ ਨੂੰ ਲੋਕਾਂ ਦੇ ਸੰਘਰਸ਼ ਨੂੰ ਖਤਮ ਕਰ ਰਹੀ ਹੈ ਤਾਂ ਦੂਜੇ ਪਾਸੇ ਸ਼ਹਿਰਾਂ 'ਚ ਕੁਝ ਵਿਲੱਖਣ ਤਰ੍ਹਾਂ ਦੀਆਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ।

ਬੀਤੇ 2 ਜੂਨ ਨੂੰ ਮੈਂ ਮੁੰਬਈ 'ਚ ਕਮੇਟੀ ਫਾਰ ਪ੍ਰੋਟੈਕਸ਼ਨ ਆਫ ਡੈਮੋਕਟੇਟਿਕ ਰਾਈਟਸ(ਸੀ ਪੀ ਡੀ ਆਰ)(ਜਮਹੂ੍ਰਰੀ ਹੱਕਾਂ ਦੀ ਰਾਖੀ ਦੀ ਕਮੇਟੀ) ਵਲੋਂ ਕਰਵਾਏ ਗਏ ਇਕ ਪ੍ਰੋਗਰਾਮ ਨੂੰ ਸੰਬੋਧਤ ਕੀਤਾ।ਅਗਲੇ 'ਚ ਦਿਨ ਬਹੁਤ ਸਾਰੇ ਅਖ਼ਬਾਰਾਂ ਤੇ ਚੈਨਲਾਂ 'ਤੇ ਇਸਦੀ ਸਹੀ ਕਵਰੇਜ਼ ਹੋਈ।ਇਸੇ ਦਿਨ ਖ਼ਬਰ ਏਜੰਸੀ ਪੀ ਟੀ ਆਈ ਨੇ ਮੇਰੇ ਭਾਸ਼ਨ ਨੂੰ ਤੋੜ ਮਰੋੜਕੇ ਇਕ ਖ਼ਬਰ ਚਲਾਈ,ਜਿਸਨੂੰ ਸਭ ਤੋਂ ਪਹਿਲਾਂ ਇੰਡੀਅਨ ਐਕਸਪ੍ਰੈਸ ਨੇ ਆਨਲਾਈਨ ਪੋਸਟ ਕੀਤਾ।ਇਸਦੀ ਸੁਰਖੀ ਸੀ ''ਅਰੁੰਧਤੀ ਨੇ ਕੀਤਾ ਮਾਓਵਾਦੀਆਂ ਦਾ ਸਮਰਥਨ,ਖੁਦ ਨੂੰ ਗ੍ਰਿਫਤਾਰ ਕਰਨ ਦੀ ਚੁਣੌਤੀ ਦਿੱਤੀ''। ਖ਼ਬਰ ਦੀਆਂ ਕੁਝ ਪੰਕਤੀਆਂ ਵੇਖੋ:

''ਲੇਖਿਕਾ ਅਰੁੰਧਤੀ ਰਾਏ ਨੇ ਮਾਓਵਾਦੀਆਂ ਦੇ ਹਥਿਆਰਬੰਦ ਸੰਘਰਸ਼ ਦਾ ਸਮਰਥਨ ਕੀਤਾ ਹੈ ਤੇ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਇਸ ਸਮਰਥਨ ਲਈ ਉਸਨੂੰ ਗ੍ਰਿਫਤਾਰ ਕਰਕੇ ਦਿਖਾਵੇ''।

'ਨਕਸਲੀ ਸੰਘਰਸ਼ ਹਥਿਆਰਬੰਦ ਲਹਿਰ ਤੋਂ ਬਿਨਾਂ ਸੰਭਵ ਨਹੀਂ ਹੈ।ਮੈਂ ਹਿੰਸਾ ਦਾ ਸਮਰਥਨ ਨਹੀਂ ਕਰ ਰਹੀ ,ਪਰ ਮੈਂ ਬੇਇੱਜ਼ਤੀਨੁਮਾ ਉਤਪੀੜਨ 'ਤੇ ਟਿਕੇ ਸਿਆਸੀ ਵਿਸ਼ਲੇਸ਼ਨ ਦੇ ਖਿਲਾਫ ਹਾਂ'।

'ਇਸ ਤਰ੍ਹਾਂ ਹਥਿਆਰਬੰਦ ਸੰਘਰਸ਼ ਹੋਣਾ ਤੈਅ ਸੀ।ਪ੍ਰਤੀਰੋਧ ਦਾ ਗਾਂਧੀਵਾਦੀ ਤਰੀਕਾ ਇਕ ਅਜਿਹੇ ਭਾਈਚਾਰੇ ਦੀ ਮੰਗ ਕਰਦਾ ਹੈ,ਜੋ ਉਸਦਾ ਗਵਾਹ ਬਣ ਸਕੇ।ਪਰ ਇਹ ਇਥੈ ਮੌਜੂਦ ਨਹੀਂ ਹੈ।ਸੰਘਰਸ਼ ਦੇ ਇਸ ਤਰੀਕੇ ਨੂੰ ਚੁਣਨ ਤੋਂ ਪਹਿਲਾਂ ਲੋਕਾਂ ਨੇ ਕਾਫੀ ਬਹਿਸ ਮੁਹਾਬਸੇ ਕੀਤੇ ਹਨ।ਜਿਨ੍ਹਾਂ ਨੇ ਮਾਓਵਾਦੀਆਂ ਦੁਆਰਾ ਸੀ ਆਰ ਪੀ ਐਫ ਤੇ ਪੁਲੀਸ ਦੇ 76 ਜਵਾਨਾਂ ਦੇ ਕਤਲ ਤੋਂ ਬਾਅਦ ''ਦਾਂਤੇਵਾੜਾ ਦੇ ਲੋਕਾਂ'' ਨੂੰ ਸਲਾਮੀ ਦਿੱਤੀ ਸੀ,ਨੇ ਕਿਹਾ 'ਮੈਂ ਬਾੜ ਦੇ ਇਸ ਪਾਸੇ ਹਾਂ।ਮੈਨੂੰ ਫਰਕ ਨਹੀਂ ਪੈਦਾ..ਤੁਸੀਂ ਮੈਨੂੰ ਜੇਲ੍ਹ 'ਚ ਸੁੱਟ ਦਿਓ।-ਇੰਡੀਅਨ ਐਕਸਪ੍ਰੈਸ

ਮੈਂ ਆਪਣੀ ਗੱਲ ਇਸ ਖ਼ਬਰ ਦੇ ਅੰਤ 'ਚੋਂ ਸ਼ੁਰੂ ਕਰਦੀ ਹਾਂ।ਇਹ ਗੱਲ ਕਿ ਮੈਂ ਮਾਓਵਾਦੀਆਂ ਦੁਆਰਾ ਸੀ ਆਰ ਪੀ ਐਫ ਤੇ ਪੁਲੀਸ ਦੇ 76 ਜਵਾਨਾਂ ਦੇ ਕਤਲ ਤੋਂ ਬਾਅਦ ''ਦਾਂਤੇਵਾੜਾ ਦੇ ਲੋਕਾਂ'' ਨੂੰ ਸਲਾਮੀ ਦਿੱਤੀ ਸੀ,ਅਪਰਾਧਕ ਉਲੰਘਣਾ ਦਾ ਮਾਮਲਾ ਹੈ।ਮੈਂ ਸਾਫ ਕੀਤਾ ਸੀ ਕਿ ਸੀ ਆਫ ਪੀ ਐਫ ਦੇ ਜਵਾਨਾਂ ਦੀ ਮੌਤ ਨੂੰ ਮੈਂ ਇਕ ਤ੍ਰਾਸਦੀ ਦੇ ਰੂਪ 'ਚ ਵੇਖਦੀ ਹਾਂ ਤੇ ਮੈਂ ਮੰਨਦੀ ਹਾਂ ਕਿ ਉਹ ਗਰੀਬਾਂ ਖਿਲਾਫ ਅਮੀਰਾਂ ਦੀ ਲੜਾਈ 'ਚ ਵਰਤੇ ਜਾ ਰਹੇ ਮੋਹਰੇ ਹਨ।ਮੈਂ ਮੁੰਬਈ ਦੀ ਬੈਠਕ 'ਚ ਕਿਹਾ ਸੀ ਕਿ ਜਿਵੇਂ ਜਿਵੇਂ ਇਹ ਸੰਘਰਸ਼ ਅੱਗੇ ਵਧ ਰਿਹਾ ਹੈ,ਦੋਨੇਂ ਪਾਸਿਓਂ ਹੋ ਰਹੀ ਹਿੰਸਾ ਦਾ ਕੋਈ ਵੀ ਨੈਤਿਕ ਸੁਨੇਹਾ ਲੱਭਣਾ ਔਖਾ ਹੋ ਰਿਹਾ ਹੈ।ਮੈਂ ਸਾਫ ਕੀਤਾ ਸੀ ਕਿ ਮੈਂ ਨਾ ਤਾਂ ਓਥੇ ਸਰਕਾਰ ਤੇ ਨਾ ਹੀ ਮਾਓਵਾਦੀਆਂ ਵਲੋਂ ਕੀਤੇ ਜਾ ਰਹੇ ਨਿਰਦੋਸ਼ ਕਤਲਾਂ ਦਾ ਬਚਾਅ ਕਰਨ ਆਈ ਹਾਂ।

ਪੀ ਟੀ ਆਈ ਦੀ ਰਿਪੋਰਟ ਦਾ ਬਾਕੀ ਹਿੱਸਾ ਬੈਠਕ ਦੀ ਕਾਰਵਾਈ ਦੀ ਮਨਘੜਤ ਕਹਾਣੀ ਸੀ।ਮੈਂ ਕਿਹਾ ਸੀ ਕਿ ਜ਼ਮੀਨ ਦੀ ਕਾਰਪੋਰੇਟ ਲੁੱਟ ਦੇ ਖਿਲ਼ਾਫ ਲੋਕਾਂ ਦਾ ਸੰਘਰਸ਼ ਕਈ ਵਿਚਾਰਧਰਾਵਾਂ ਨਾਲ ਚੱਲ ਰਿਹਾ ਹੈ,ਜਿਸ 'ਚ ਮਾਓਵਾਦੀ ਸਭ ਤੋਂ ਜ਼ਿਆਦਾ ਖਾੜਕੂ ਹਨ।ਮੈਂ ਕਿਹਾ ਸੀ ਕਿ ਸਰਕਾਰ ਹਰ ਕਿਸਮ ਦੇ ਸੰਘਰਸ਼ਸ਼ੀਲ ਅੰਦੋਲਨਾਂ ਤੇ ਹਰ ਸੰਘਰਸ਼ਸ਼ੀਲ ਮਨੁੱਖ ਨੂੰ ਮਾਓਵਾਦੀ ਕਰਾਰ ਦੇ ਰਹੀ ਹੈ ਤਾਂਕਿ ਉਹਨਾਂ ਨਾਲ ਦਮਨਕਾਰੀ ਤਰੀਕਿਆਂ ਨਾਲ ਨਿਪਟਿਆ ਜਾ ਸਕੇ।ਮੈਂ ਕਲਿੰਗਨਗਰ ਤੇ ਜਗਤਸਿੰਘਪੁਰ ਦੇ ਲੋਕਾਂ ਵੱਲ ਧਿਆਨ ਦਵਾਇਆ,ਜੋ ਸ਼ਾਂਤੀਪੂਰਨ ਅੰਦੋਲਨ ਚਲਾ ਰਹੇ ਹਨ,ਪਰ ਉਹਨਾਂ 'ਤੇ ਗੋਲੀਆਂ ਤੇ ਡਾਂਗਾਂ ਚਲਾਈਆਂ ਗਈਆਂ।ਮੈਂ ਦੱਸਿਆ ਸੀ ਕਿ ਸਥਾਨਕ ਲੋਕਾਂ ਨੇ ਪ੍ਰਤੀਰੋਧ ਦੀ ਸਿਆਸਤ ਚੁਣਨ ਤੋਂ ਪਹਿਲਾਂ ਕਾਫੀ ਵਿਚਾਰ ਚਰਚਾ ਕੀਤੀ ਸੀ।ਮੈਂ ਕਿਹਾ ਸੀ ਕਿ ਭਰੇ ਜੰਗਲਾਂ 'ਚ ਰਹਿ ਰਹੇ ਲੋਕ ਗਾਂਧੀਵਾਦੀ ਸੰਘਰਸ਼ ਦਾ ਤਰੀਕਾ ਕਿਉਂ ਨਹੀ ਅਪਣਾ ਸਕਦੇ,ਕਿਉਂਕਿ ਉਸਦੇ ਲਈ ਭਾਵਨਾਤਮਿਕ ਭਾਈਚਾਰੇ ਦੀ ਜ਼ਰੂਰਤ ਹੁੰਦੀ ਹੈ।ਮੈਂ ਸਵਾਲ ਕੀਤਾ ਸੀ ਕਿ ਜਿਹੜੇ ਲੋਕ ਪਹਿਲਾਂ ਹੀ ਭੁੱਖਮਰੀ ਦਾ ਸ਼ਿਕਾਰ ਹਨ ,ਉਹ ਭੁੱਖ ਹੜਤਾਲ 'ਤੇ ਕਿਸ ਤਰ੍ਹਾਂ ਬੈਠ ਸਕਦੇ ਹਨ।ਮੈਂ ਕਦੇ ਇਹ ਨਹੀਂ ਕਿਹਾ ਕਿ 'ਹਥਿਆਰਬੰਦ ਸੰਘਰਸ਼ ਹੋਣਾ ਹੀ ਸੀ।

ਮੈਂ ਕਿਹਾ ਸੀ ਕਿ ਅੱਜ ਹਜ਼ਾਰਾਂ ਮੱਤਭੇਦਾਂ ਦੇ ਬਾਵਜੂਦ ਜੋ ਅੰਦੋਲਨ ਚੱਲ ਰਹੇ ਹਨ,ਉਹ ਇਕ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ,ਕਿ ਉਹਨਾਂ ਦਾ ਵਿਰੋਧੀ ਇਕ ਹੈ।ਇਸ ਲਈ ਉਹ ਬਾੜ ਦੇ ਇਕ ਪਾਸੇ ਤੇ ਮੈਂ ਉਹਨਾਂ ਦੇ ਨਾਲ ਖੜ੍ਹੀ ਹਾਂ।ਇਸਤੋਂ ਬਾਅਦ ਮੈਂ ਕਿਹਾ ਕਿ ਭਾਵੇਂ ਪ੍ਰਤੀਰੋਧ ਦਾ ਗਾਂਧੀਵਾਦੀ ਤਰੀਕਾ ਓਨਾ ਪ੍ਰਭਾਵੀ ਨਾ ਰਿਹਾ ਹੋਵੇ ,ਪਰ ਨਰਮਦਾ ਬਚਾਓ ਅੰਦੋਲਨ ਜਿਹਾ ''ਵਿਕਾਸ'' ਦਾ ਇਕ ਕ੍ਰਾਂਤੀਕਾਰੀ ਤੇ ਬਦਲਵਾਂ ਨਜ਼ਰੀਆ ਹੈ।ਜਦਕਿ ਮੈਨੂੰ ਸ਼ੱਕ ਹੁੰਦਾ ਹੈ ਕਿ ਪ੍ਰਤੀਰੋਧ ਦਾ ਮਾਓਵਾਦੀ ਤਰੀਕਾ ਚਾਹੇ ਪ੍ਰਭਾਵੀ ਹੋਵੇ,ਪਰ ਉਹ ਕਿਹੋ ਜਿਹਾ ਵਿਕਾਸ ਚਾਹੁੰਦੇ ਹਨ,ਇਹ ਸਪੱਸ਼ਟ ਨਹੀਂ ਹੈ।ਕੀ ਉਹ ਬਾਕਸਾਈਟ ਨੂੰ ਪਹਾੜਾਂ'ਚ ਹੀ ਛੱਡ ਦੇਣਗੇ ਜਾਂ ਸੱਤਾ ਦੇ ਆਉਣ 'ਤੇ ਉਸ ਨੂੰ ਕੱਢ ਲੈਣਗੇ।

ਪੀ ਟੀ ਆਈ ਦੀ ਇਹ ਰਿਪੋਰਟ ਕਈ ਭਸ਼ਾਵਾਂ ਦੇ ਅਖ਼ਬਾਰਾਂ 'ਚ ਛਪੀ ਤੇ 4 ਜੂਨ ਨੂੰ ਟੈਲੀਵੀਜ਼ਨ 'ਤੇ ਚੱਲੀ।ਜਦਕਿ ਇਹਨਾਂ ਅਖ਼ਬਾਰਾਂ ਤੇ ਚੈਨਲਾਂ ਦੇ ਪੱਤਰਕਾਰ ਖ਼ੁਦ ਇਸ ਬੈਠਕ ਨੂੰ ਕਵਰ ਕਰਨ ਆਏ ਸਨ ਤੇ ਜਾਣਦੇ ਸੀ ਕਿ ਪੀ ਟੀ ਆਈ ਦੀ ਖ਼ਬਰ ਝੂਠੀ ਹੈ।ਮੈਨੂੰ ਹੈਰਾਨੀ ਹੁੰਦੀ ਹੈ ਕਿ ਕਿਉਂ ਅਖ਼ਬਾਰ ਤੇ ਚੈਨਲ ਇਕ ਹੀ ਖ਼ਬਰ ਨੂੰ ਦੋ ਵਾਰ ਚਲਾਉਣਗੇ..ਇਕ ਵਾਰ ਸਹੀ ਤੇ ਦੂਜੀ ਵਾਰ ਗਲਤ !

4 ਜੂਨ ਦੀ ਸ਼ਾਮ ਦੇ ਲਗਭਗ 7 ਵਜੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਮੇਰੇ ਦਿੱਲੀ ਸਥਿਤ ਨਿਵਾਸ'ਤੇ ਆਏ।ਇਕ ਪੱਥਰ ਤਾਂ ਇਕ ਬੱਚੇ ਨੂੰ ਲੱਗ ਗਿਆ ਸੀ।ਲੋਕ ਬਹੁਤ ਗੁੱਸੇ ਨਾਲ ਇਕੱਠੈ ਹੋਏ ਤੇ ਉਹ ਭੱਜ ਗਏ।ਕੁਝ ਹੀ ਮਿੰਟਾਂ ਅੰਦਰ ਓਥੇ ਟਾਟਾ ਇੰਡੀਕਾ ਗੱਡੀ ਪਹੁੰਚੀ।ਗੱਡੀ 'ਚ ਬੈਠਾ ਵਿਅਕਤੀ ਜੋ ਖ਼ੁਦ ਨੂੰ ਜ਼ੀ ਨਿਊਜ਼ ਦਾ ਪੱਤਰਕਾਰ ਦੱਸ ਰਿਹਾ ਸੀ।ਉਸਨੇ ਪੁੱਛਿਆ ਕਿ ਇਹ ਅਰੁੰਧਤੀ ਰਾਏ ਦਾ ਘਰ ਇਹੀ ਹੈ,ਕੋਈ ਗੜਬੜ ਹੋਈ ਹੈ ?ਜਾਹਿਰ ਹੈ ਇਹ ਘੜਿਆ ਹੋਇਆ ਡਰਾਮਾ ਸੀ।''ਜਨਤਕ ਗੁੱਸੇ'' ਦਾ ਨਾਟਕੀ ਪ੍ਰਦਰਸ਼ਨ,ਜਿਸਦੀ ਟੀ ਵੀ ਚੈਨਲਾਂ ਨੂੰ ਹਮੇਸ਼ਾਂ ਤਲਾਸ਼ ਰਹਿੰਦੀ ਹੈ।ਖੁਸ਼ਕਿਸਮਤੀ ਨਾਲ ਇਹ ਸ਼ਾਮ ਨਾਟਕ ਨਾਕਾਮ ਰਿਹਾ।5 ਜੂਨ ਨੂੰ ਇਕ ਅਖ਼ਬਾਰ ਨੇ ਖ਼ਬਰ ਲਾਈ ''ਹਿੰਮਤ ਹੈ ਤਾਂ ਏ ਸੀ ਕਮਰਾ ਛੱਡਕੇ ਜੰਗਲ ਆਵੇ ਅਰੁੰਧਤੀ' ਜਿਸ 'ਚ ਛੱਤੀਸਗੜ੍ਹ ਦੇ ਡੀ ਜੀ ਪੀ ਮੈਨੂੰ ਚੁਣੌਤੀ ਦੇ ਰਹੇ ਹਨ।ਛੱਤੀਸਗੜ੍ਹ ਦੀ ਇਕ ਭਾਜਪਾ ਆਗੂ ਨੇ ਇਸ ਤੋਂ ਵੀ ਅੱਗੇ ਵਧਕੇ ਪ੍ਰੈਸ 'ਚ ਐਲਾਨ ਕੀਤਾ ਕਿ ਮੈਨੂੰ ਚੁਰਾਹੇ 'ਚ ਖੜ੍ਹਾਕੇ ਗੋਲੀ ਮਾਰ ਦੇਣੀ ਚਾਹੀਦੀ ਹੈ।

ਕੀ ਇਹ ਆਪਰੇਸ਼ਨ ਗ੍ਰੀਨ ਹੰਟ ਦਾ ਸ਼ਹਿਰੀ ਰੂਪ ਹੈ,ਜਿਸ 'ਚ ਭਾਰਤ ਦੀ ਪ੍ਰਮੁੱਖ ਖ਼ਬਰ ਏਜੰਸੀ ਉਹਨਾਂ ਲੋਕਾਂ ਖਿਲਾਫ ਮਾਮਲੇ ਬਣਾਉਣ 'ਚ ਸਰਕਾਰ ਦੀ ਮਦਦ ਕਰਦੀ ਹੈ,ਜਿਨ੍ਹਾਂ ਖਿਲਾਫ ਕੋਈ ਸਬੂਤ ਨਹੀਂ ਹੈ।ਕੀ ਉਹ ਸਾਡੇ ਵਰਗੇ ਕੁਝ ਲੋਕਾਂ ਨੂੰ ਵਹਿਸ਼ੀ ਭੀੜ ਦੇ ਹਵਾਲੇ ਕਰ ਦੇਣਾ ਚਾਹੁੰਦੀ ਹੈ ਤਾਂ ਕਿ ਸਾਨੂੰ ਮਾਰਨ ਤੇ ਗ੍ਰਿਫਤਾਰ ਕਰਨ ਦਾ ਕਲੰਕ ਵੀ ਸਰਕਾਰ ਦੇ ਸਿਰ ਨਾ ਆਵੇ।ਜਾਂ ਇਹ ਸਮਾਜ 'ਚ ਧਰੁਵੀਕਰਨ ਪੈਦਾ ਕਰਨ ਦੀ ਸਾਜਿਸ਼ ਹੈ ਕਿ ਜੇ ਤੁਸੀਂ ਸਾਡੇ ਨਾਲ ਨਹੀਂ ਤਾਂ ਮਾਓਵਾਦੀ ਹੋਂ।

26 ਜੂਨ ਨੂੰ ਐਮਰਜੈਂਸੀ ਦੀ 35ਵੀਂ ਸਲਾਨਾ ਯਾਦ ਮਨਾਈ ਜਾ ਰਹੀ ਹੈ।ਭਾਰਤ ਦੇ ਲੋਕਾਂ ਨੂੰ ਸ਼ਾਇਦ ਇਹ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਦੇਸ਼ ਐਮਰਜੈਂਸੀ ਦੀ ਹਾਲਤ 'ਚ ਹੈ(ਕਿਉਂਕਿ ਸਰਕਾਰ ਤਾਂ ਅਜਿਹਾ ਕਰਨੋਂ ਰਹੀ) ਇਸ ਵਾਰ ਸਿਰਫ ਸੈਂਸਰਸ਼ਿਪ ਹੀ ਮਸਲਾ ਨਹੀਂ,ਖ਼ਬਰਾਂ ਦਾ ਲਿਖਿਆ ਜਾਣਾ ਕਿਤੇ ਵੱਡੀ ਸਮੱਸਿਆ ਹੈ।

Sunday, January 18, 2009

ਸਲੱਮਡੌਗ ਮਿਲੇਨੀਅਰ-ਸੱਚ ਤੋਂ ਭੱਜਦੇ "ਮਹਾਂਨਾਇਕ"

ਨਿਰਮਲਪ੍ਰੀਤ ਕੌਰ ਟੀ.ਵੀ. ਪੱਤਰਕਾਰੀ ਨਾਲ ਜੁੜੇ ਹੋਏ ਹਨ।ਫਿਲਮੀ ਦੁਨੀਆਂ ਬਾਰੇ ਉਹ ਹਮੇਸ਼ਾਂ ਗੱਲੀਂਬਾਤੀਂ ਬਹਿਸ ਮੁਹਾਬਸਾ ਕਰਦੇ ਰਹਿੰਦੇ ਹਨ।"ਸਲੱਮਡੌਗ ਮਿਲੇਨੀਅਰ" 'ਤੇ ਹੁੰਦੀ ਸੱਭਿਅਕ ਸਮਾਜ ਦੀ ਬਹਿਸ ਨੂੰ ਨਿਰਮਲ ਨੇ ਬੜੇ ਚੰਗੇ ਢੰਗ ਨਾਲ ਪੇਸ਼ ਕੀਤਾ ਹੈ।ਸਾਨੂੰ ਉਮੀਦ ਹੈ ਅੱਗੇ ਤੋਂ ਉਹਨਾਂ ਦੀ ਕਲਮ ਦਾ "ਗੁਲਾਮ ਕਲਮ" ਨੂੰ ਸਹਿਯੋਗ ਮਿਲਦਾ ਰਹੇਗਾ।.... ਹਰਪ੍ਰੀਤ ਰਠੌੜ ਤੇ ਯਾਦਵਿੰਦਰ ਕਰਫਿਊ


ਸਿਨੇਮਾ ਜਾਂ ਫਿਲਮਾਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਨੇ....ਜੇ ਇਹ ਗੱਲ ਸੱਚ ਹੈ ਤਾਂ ਫਿਰ ਅੱਜ ਦੇ ਦੌਰ 'ਚ ਜੋ ਫਿਲਮਾਂ ਭਾਰਤ 'ਚ ਬਣਦੀਆ ਨੇ,ਓਹ ਕਿਹੜੇ ਸਮਾਜ ਨੂੰ ਦਰਸਾਉਂਦੀਆਂ ਨੇ..? ਫਿਲਮਾਂ ਵਿੱਚ ਤਾਂ ਇੱਕ ਆਮ, ਬੇਰੁਜ਼ਗਾਰ ਨੌਜਵਾਨ ਮੁੰਡੇ ਨੂੰ ਵੀ ਸੂਟ- ਬੂਟ ਪਾਈ ਤੇ ਕੁੜੀ ਨਾਲ ਬਾਹਾਂ 'ਚ ਬਾਹਾਂ ਪਾਈ ਮਸਤੀ ਨਾਲ ਗਾਉਂਦੇ ਤੇ ਨੱਚਦੇ ਟਪਦੇ ਵਿਖਾਇਆ ਜਾਂਦੈ।ਪਰ ਕੀ ਇਹ ਸਾਡੇ ਸਮਾਜ ਦੀ ਹਕੀਕਤ ਏ..? ਨਹੀਂ।ਫਿਰ ਅਸੀਂ ਕਿਉਂ ਨਿਰਾਸ਼ ਹੁੰਦੇ ਹਾਂ ਜਦੋਂ ਸਾਡੀਆਂ ਫਿਲਮਾਂ ਨੂੰ ਕੌਮਾਂਤਰੀ ਪੱਧਰ 'ਤੇ ਸਰਾਹਿਆ ਨਹੀਂ ਜਾਂਦਾ? ਉਹਨਾਂ ਨੂੰ ਵੱਡੇ ਮਹੱਤਵਪੂਰਨ ਕੌਮਾਂਤਰੀ ਐਵਾਰਡ ਨਹੀਂ ਮਿਲਦੇ? ਕਿਉਂਕਿ ਅਸੀਂ ਕਦੇ ਸੱਚਾਈ ਤੇ ਹਕੀਕਤ ਬਿਆਨ ਕਰਦੀਆਂ ਫਿਲਮਾਂ ਬਣਾਈਆਂ ਹੀ ਨਹੀਂ। ਕੁੱਝ ਬਣਾਈਆਂ ਵੀ ਸੀ,ਪਰ ਉਹ "ਵਿਕੀਆਂ" ਨਹੀਂ।ਨਾ ਹੀ ਅਪਣੀ ਕੋਈ ਖਾਸ ਪਛਾਣ ਬਣਾ ਸਕੀਆਂ। ਅਪਣੀ ਪਛਾਣ ਬਣੇਗੀ ਕਿਵੇਂ,ਜਦ ਹਰ ਦੂਜੀ ਫਿਲਮ ਪੱਛਮੀ ਫਿਲਮਾਂ ਤੋਂ ਪ੍ਰਭਾਵਿਤ ਹੋਵੇਗੀ ..? ਭਾਰਤੀ ਫਿਲਮਕਾਰਾਂ ਨੇ ਕਦੇ ਹਿੰਮਤ ਨਹੀਂ ਵਿਖਾਈ ਭਾਰਤ ਦੀ ਅਸਲ ਤਸਵੀਰ ਨੂੰ ਦੁਨੀਆਂ ਸਾਹਮਣੇ ਲਿਆਉਣ ਦੀ,ਇਸ ਲਈ ਸ਼ਾਇਦ ਇੱਕ ਬਰਤਾਨਵੀ ਨਿਰਦੇਸ਼ਕ ਨੂੰ ਅੱਗੇ ਆਉਣਾ ਪਿਆ।"ਡੈਨੀ ਬੋਆਇਲ" ਨੇ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ-ਝੋਂਪੜੀ ਬਸਤੀ ਧਾਰਾਵੀ ਅਤੇ ਏਥੇ ਰਹਿੰਦੇ ਬੱਚਿਆਂ ਦੀ ਅਸਲੀ ਜ਼ਿੰਦਗੀ ਨੂੰ ਅਪਣੀ ਫਿਲਮ "ਸਲੱਮਡਾਗ ਮਿਲੇਨੀਅਰ" 'ਚ 'ਚ ਪੇਸ਼ ਕੀਤਾ। ਮਕਸਦ ਭਾਂਵੇ ਕੋਈ ਵੀ ਰਿਹਾ ਹੋਵੇ,ਪਰ ਡੈਨੀ ਨੇ "ਸੱਲਮਡਾਗ" ਰਾਹੀਂ ਭਾਰਤ ਦੀ ਇੱਕ ਵੱਖਰੀ ਹੀ ਤਸਵੀਰ ਲੋਕਾਂ ਸਾਹਮਣੇ ਲਿਆਂਦੀ ਹੈ।


ਫਿਲਮ ਨੂੰ ਭਾਰਤ 'ਚ ਰੀਲੀਜ਼ ਹੋਣ ਤੋਂ ਪਹਿਲਾਂ ਹੀ ਕੌਮਾਂਤਰੀ ਪੱਧਰ ਦੇ ਕਈ ਫਿਲਮ ਫੈਸਟੀਵਲਾਂ 'ਚ ਸਰਾਹਿਆ ਗਿਆ ਅਤੇ ਫਿਰ ਫਿਲਮ ਨੇ "ਗੋਲਡਨ ਗਲੋਬ ਐਵਾਰਡਸ" ਦੀਆਂ 4 ਸ਼੍ਰੇਣੀਆ 'ਚ ਅਵਾਰਡ ਜਿੱਤੇ ਹਨ। ਹੁਣ ਤਿਆਰੀ "ਓਸਕਰ" ਦੀ ਏ।ਏਨੀ ਖ਼ੁਸ਼ੀ ਤੋਂ ਬਾਅਦ ਦੁੱਖ ਓਦੋਂ ਲੱਗਿਆ ਜਦੋਂ ਭਾਰਤੀ ਫਿਲਮਕਾਰਾਂ ਅਤੇ ਏਸ ਕਿੱਤੇ ਨਾਲ ਜੁੜੇ ਲੋਕਾਂ ਨੇ ਖੁਸ਼ ਹੋਣ ਦੀ ਬਜਾਏ,ਫਿਲਮ "ਸੱਲਮਡਾਗ" 'ਚ ਭਾਰਤ ਦੀ "ਅਸਲ" ਤਸਵੀਰ ਦੁਨੀਆਂ ਸਾਹਮਣੇ ਪੇਸ਼ ਵਾਲੇ "ਡੈਨੀ" ਦੀ ਆਲੋਚਨਾ ਕੀਤੀ ਗਈ।ਵੈਸੇ ਲੋਕਤੰਤਰਿਕ ਸਮਾਜ 'ਚ ਕਿਸੇ ਵੀ ਚੀਜ਼ ਦੀ ਅਲੋਚਨਾ ਕਰਨਾ ਹਰ ਮਨੁੱਖ ਦਾ ਬੁਨਿਆਦੀ ਹੱਕ ਹੈ,ਪਰ ਮੀਡੀਆ ਵਲੋਂ ਬਣਾਏ "ਸਦੀ ਦੇ ਮਹਾਂਨਾਇਕ" ਨੇ ਜਿਸ ਪੱਧਰ ਦੀ ਅਲੋਚਨਾ ਕੀਤੀ,ਉਹ ਉਸਨੂੰ "ਮਹਾਂਨਲਾਇਕ" ਸਾਬਿਤ ਕਰਦੀ ਹੈ।ਭਾਰਤੀ ਸਿਨੇਮਾ ਦੇ ਇਹਨਾਂ ਪੰਡਿਤਾਂ ਮੁਤਾਬਿਕ ਡੈਨੀ ਨੂੰ ਅਜਿਹੀ ਫਿਲਮ ਨਹੀਂ ਬਣਾਉਣੀ ਚਾਹੀਦੀ ਸੀ।ਇਹ ਸੋਚ ਹੈ ਐਵਾਰਡਸ ਦੇ ਭੁੱਖੇ ਇਹਨਾਂ ਲੋਕਾਂ ਦੀ ! ਦਰਅਸਲ ਇਹ ਲੋਕ ਜੋ ਖੁਦ ਨੂੰ ਭਾਰਤੀ ਸਿਨੇਮਾ ਦੇ ਸਰਤਾਜ ਮੰਨਦੇ ਨੇ,ਕਿਸੇ ਬਾਹਰੀ ਵਿਅਕਤੀ ਵੱਲੋਂ ਬਣਾਈ ਭਾਰਤੀ ਫਿਲਮ ਦੀ ਕਾਮਯਾਬੀ,ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ। ਕਿਉਂ ਜੋ ਕੰਮ ਅੱਜ ਤੱਕ ਕੋਈ ਬੱਚਨ ਜਾਂ ਖਾਨ ਨਹੀਂ ਕਰ ਸਕਿਆ,ਓਹ ਇਕ ਬਰਤਾਨਵੀ ਨੇ ਕਰ ਵਿਖਾਇਆ ਤੇ ਇਸ ਨਾਲ ਇਹਨਾਂ ਦੇ ਅਹਿਮ(ਇਗੋ) ਨੂੰ ਸੱਟ ਵੱਜੀ ਏ।ਇਹ ਲੋਕ ਚਾਹੁੰਦੇ ਨੇ ਕਿ ਜੋ ਭੁਲੇਖਾ ਇਹ ਭਾਰਤੀ ਸਮਾਜ ਦਾ ਅਪਣੀਆਂ ਫਿਲਮਾਂ 'ਚ ਪਾਉਂਦੇ ਨੇ,ਓਸ ਤੋਂ ਪਰਦਾ ਨਾ ਹਟੇ ਜਾਂ ਕਹੀਏ ਇਹਨਾਂ ਦਾ ਚਿਹਰਾ ਕਿਤੇ ਬੇਨਕਾਬ ਨਾ ਹੋ ਜਾਵੇ।ਇਹਨਾਂ ਕਹੇ ਜਾਂਦੇ ਸੂਪਰਸਟਾਰਜ਼ ਨੇ ਏਸੇ ਲਈ ਤਾਂ ਸਲੱਮਡਾਗ ਦੇ ਨਿਰਮਤਾਵਾਂ ਦੀ ਤਾਰੀਫ ਕਰਣ ਦੀ ਬਜਾਏ ਹੋਰ ਹੀ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਮੁੱਦਾ ਚੁੱਕਿਆ ਭਾਰਤ ਦੀ ਇਮੇਜ਼(ਦਿੱਖ) ਦਾ।ਪਰ ਸਮਝ ਨਹੀਂ ਆ ਰਿਹਾ "ਮਹਾਂਨਾਇਕ" ਕਿਹੜੇ ਭਾਰਤ ਦੀ ਇਮੇਜ਼ ਦੀ ਗੱਲ ਕਰ ਰਹੇ ਹਨ।ਸ਼ਾਇਦ,ਇਹਨਾਂ ਨੂੰ "ਭਾਰਤ" ਸ਼ਬਦ ਨਾਲ ਪਿਆਰ ਹੋ ਗਿਆ ਹੈ।ਭਾਰਤੀ ਦਰਸ਼ਕ ਚਾਹੁੰਦੇ ਨੇ ਕਿ ਅਜਿਹੀਆਂ ਫਿਲਮਾਂ ਸਾਡੇ ਮੁਲਕ 'ਚ ਹੋਰ ਵੀ ਬਣਨੀਆਂ ਚਾਹੀਦੀਆਂ ਨੇ ਤਾਂ ਜੋ ਸਿਲਵਰ ਸਕਰੀਨ ਰਾਹੀਂ ਮਹਾਂਨਗਰੀ ਰੰਗੀਨੀਆਂ,ਸੱਤਿਅਮ ਦੀ ਸੂਚਨਾ ਕ੍ਰਾਂਤੀ,ਮਨਮੋਹਨ ਦੇ ਉਦਾਰੀਕਰਨ,ਮੋਦੀ ਤੇ ਬੀ.ਜੇ.ਪੀ. ਦੇ ਸ਼ਾਈਨਿੰਗ ਇੰਡੀਆ ਦਾ ਸੱਚ ਵੀ ਮੱਧ ਵਰਗੀ ਸਮਾਜ ਸਾਹਮਣੇ ਆ ਸਕੇ।

ਨਿਰਮਲਪ੍ਰੀਤ ਕੌਰ
nirmalpmaan@gmail.com

Saturday, January 3, 2009

NOW SITUATION IS DIFFER


"ਗੁਲਾਮ ਕਲਮ" ਨੂੰ ਮਿਲੇ ਭਰਪੂਰ ਸੁਨੇਹਿਆਂ 'ਚ ਚਰਜਨੀਤ ਸਿੰਘ ਤੇਜਾ ਦੀ ਕਵਿਤਾ ਵੀ ਮਿਲੀ ਹੈ,ਜੋ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਮੌਜੂਦਾ ਸਮਾਜ ਦੀਆਂ ਕੌੜੀਆਂ ਸੱਚਾਈਆਂ ਨੂੰ ਬੜੇ ਚੰਗੇ ਢੰਗ ਨਾਲ ਪੇਸ਼ ਕਰਦੀ ਹੈ।ਤੇਜਾ ਚਾਹੇ ਪਿਛਲੇ ਕੁਝ ਸਮੇਂ ਤੋਂ ਹੀ ਪੰਜਾਬੀ ਸਾਹਿਤ ਤੇ ਪੱਤਰਕਾਰੀ ਨਾਲ ਜੁੜਿਆ ਹੈ, ਪਰ ਉਹ ਪੰਜਾਬੀ ਪੱਤਰਕਾਰੀ ਦਾ ਇੱਕ ਸੁਹਿਰਦ ਕਰਤਾ ਹੈ, ਜੋ ਹਜ਼ਾਰਾ ਤਰ੍ਹਾਂ ਤਰ੍ਹਾਂ ਦੇ ਦਬਾਆਂ ਦੇ ਬਾਵਜੂਦ ਮਿਆਰੀ ਪੱਤਰਕਾਰੀ 'ਤੇ ਪਹਿਰਾ ਦਿੰਦਾ ਰਿਹਾ ਹੈ। ਪੇਸ਼ ਹੈ ਇਕ ਰਚਨਾ-ਹਰਪ੍ਰੀਤ ਰਠੌੜ


NOW SITUATION IS DIFFER

ਬਾਬਾ, ਮੈਂ ਕਿਰਤ ਕਰਨੀ ਨਹੀਂ ਛੱਡੀ
ਨਾ ਕੋਈ ਦੋ ਨੰ: ਦਾ ਕੰਮ
ਨਾ ਰਿਸ਼ਵਤ ਨਾ ਵੱਡੀ ,
ਮੈਂ ਸਰਦਾ ਬਣਦਾ ਵੰਡ ਵੀ ਛਕਿਆ
ਤੇਰੀ ਰਜ਼ਾ ‘ਚ ਰਾਜ਼ੀ ਰਿਹਾ
ਭਾਵੇਂ ਨਾਮ ਨੂਮ ਨੀਂ ਜੱਪ ਸਕਿਆ,
ਪਰ ਬਾਬਾ NOW SITUATION IS DIFFER
ਹੁਣ ਤਾਂ,ਹਰ ਦੂਏ ਤੀਏ ਸਾਲ
ਇੱਕ ਇਮਤਿਹਾਨ ਜਿਆ ਆਵੇ
ਮਲਿਕ ਭਾਗੋ ਪਏ ਵੋਟਾਂ ਮੰਗਣ
ਦੱਸ! ਲਾਲੋ ਵੋਟ ਕੇਸ ਨੂੰ ਪਾਵੇ..?
ਇੱਕ ਪਾਸੇ ਪਾਪ ਦੇ ਜਾਝੀ
ਦੂਜੇ ਅਗਦ ਪੜਦੇ ਸ਼ੈਤਾਨ
ਇਕਨਾ ਅਕਾਲ ਭੰਗਵੇ ‘ਚ ਡੋਬਤਾ
ਦੂਏ ਦਿੱਲੀ ਦਾ ਹੁਕਮ ਵਜਾਣ,
ਦੋਹੀ ਘਰੀਂ ਬਾਬਾ ਲਹੂ ਦੀ ਰੋਟੀ
ਕਿਰਤੀ ਦਾ ਕੋਧਰਾ ਨਜ਼ਰ ਨਾ ਆਵੇ
ਮਲਿਕ ਭਾਗੋ ਪਏ ਵੋਟਾਂ ਮੰਗਣ
ਦੱਸ! ਲਾਲੋ ਵੋਟ ਕੇਸ ਨੂੰ ਪਾਵੇ..?
ਇਕਨਾਂ ਧਰਮ ਸਿਰ ਨੀਲੀ ਬੱਧੀ
ਧਰਮ ਜਾਪੇ ਬੇਜਾਨ ਹੋ ਗਿਆ
ਇੱਕਨਾ ਪਾਖੰਡ ਸਿਰ ਚਿੱਟੀ ਪੋਚਤੀ
ਦੋਹੀਂ ਕੂੜ ਪ੍ਰਧਾਨ ਹੋ ਗਿਆ
ਕਿਸੇ ਭਾਗੋ ਦੇ ਰਿਜਾਟਸ ਉਸਰਗੇ
ਕਿਸੇ ਦਾ ਮਹਿਲ ਵਿਕਾਸ ਦਰਸਾਵੇ
ਮਲਿਕ ਭਾਗੋ ਪਏ ਵੋਟਾਂ ਮੰਗਣ
ਦੱਸ! ਲਾਲੋ ਵੋਟ ਕੇਸ ਨੂੰ ਪਾਵੇ..?

ਬਾਬਾ, ਆ ਵੇਖ ਲਾਲੋ ਦੇ ਹਾਣੀ
ਨਿੱਤ ਮਰਦੇ ਨੇ ਫਾਹੇ ਲੈ ਕੇ
ਭਾਗੋਆ ਖਿਲਾਫ ਹਥਿਆਰ ਸੁੱਟ ਗਏ
ਫੋਟੋ ਖਿਚਾਉਦੇ ਕੋਲੇ ਬਹਿ ਕੇ
ਕਿਸੇ ਨੂੰ ਨੋਟ,ਕਿਸੇ ਸ਼ਰਾਬ ਦੀ ਕੈਨੀ
ਗਰਜਾਂ ਪਿਛੇ ‘ਤੇਜਾ’ ਵਿੱਕ ਜਾਵੇ
ਮਲਿਕ ਭਾਗੋ ਪਏ ਵੋਟਾਂ ਮੰਗਣ
ਦੱਸ! ਲਾਲੋ ਵੋਟ ਕੇਸ ਨੂੰ ਪਾਵੇ..?

ਚਰਨਜੀਤ ਸਿੰਘ ‘ਤੇਜਾ’
ਪਿੰਡ ਤੇ ਡਾਕ ਵੀਲ੍ਹਾ ਤੇਜਾ
ਜ਼ਿਲ੍ਹਾ-ਗੁਰਦਾਸਪੁਰ
09888861871