
ਮਾਲਵੇ ਦੀ ਜਾਨ ਤੇ ਪੰਜਾਬ ਦੀ ਸ਼ਾਨ ਕਿਹਾ ਜਾਂਦਾ ਨਾਵਲਕਾਰ ਰਾਮ ਸਰੂਪ ਅਣਖੀ ਨਹੀਂ ਰਿਹਾ।ਉਸਦੀ ਜ਼ਿੰਦਗੀ ਦਾ ਸਫ਼ਰ 78 ਸਾਲਾਂ ਦਾ ਰਿਹਾ।ਅਣਖੀ ਜਿਸਦੇ ਨਾਂ ਨਾਲ ਬਰਨਾਲਾ ਜਾਣਿਆ ਜਾਂਦਾ ਹੈ।ਅਣਖੀ ਜੋ ਹਰ ਨਵੇਂ ਪੁਰਾਣੇ ਸਾਹਿਤਕਾਰ ਦੀ ਬਾਂਹ ਫੜਨ ਲਈ ਹਮੇਸ਼ਾਂ ਤਿਆਰ ਰਹਿੰਦਾ ਸੀ।ਜਿਸਨੇ ਪਿੰਡਾਂ ਦੇ ਆਮ ਲੋਕਾਂ ਦੀ ਗੱਲ ਆਪਣੇ ਪਾਤਰਾਂ ਰਾਹੀ ਸਮੇਂ ਨੂੰ ਸਮਝਾਈ ਸੀ।ਜਿਸਦੇ ਪਾਤਰ ਉਸਦੀ ਕਲਮ ਦੇ ਜ਼ੋਰ ‘ਤੇ ਪਿੰਡਾਂ ਚੋਂ ਉਠ ਕੇ ਟੀ.ਵੀ ਤੱਕ ਜਾ ਪਹੁੰਚੇ।ਪਹਿਲਾਂ ਟੀ.ਆਰ ਵਿਨੋਦ,ਫਿਰ ਸੰਤੋਖ ਸਿੰਘ ਧੀਰ ਤੇ ਹੁਣ ਰਾਮ ਸਰੂਪ ਅਣਖੀ।ਪੰਜਾਬੀ ਸਾਹਿਤ ਵਿਚ ਆਮ ਲੋਕਾਈ ਦੀ ਗੱਲ ਠੋਕ ਵਜਾ ਕੇ ਕਰਨ ਵਾਲੀ ਇਕ ਪੂਰੀ ਪੀੜੀ,ਜੋ ਰੇਤ ਵਾਂਗ ਸਾਡੇ ਹੱਥਾਂ ਚੋਂ ਕਿਰਦੀ ਜਾ ਰਹੀ ਹੈ।ਵਿਸ਼ਵੀਕਰਨ ਦੇ ਇਸ ਸਮੇਂ ਵਿਚ ਜਦੋਂ ਨੌਂਜਵਾਨ ਲੇਖਕਾਂ ਦਾ ਗੰਭੀਰ ਲੋਕ ਪੱਖੀ ਲੇਖਣੀ ਵੱਲ ਰੁਝਾਨ ਘੱਟ ਰਿਹਾ ਹੈ ਤਾਂ ਹੁਣ ਬਚੇ ਥੋੜੇ ਬਹੁਤਿਆਂ ਦੇ ਸਿਰ ਤੇ ਹੱਥ ਰੱਖਣ ਵਾਲੇ ਸਾਡੇ ਬਜ਼ੁਰਗ ਸਾਹਿਤਕਾਰ ਇਕ-2 ਕਰਕੇ ਸੰਸਾਰ ਨੂੰ ਅਲਵਿਦਾ ਆਖ ਰਹੇ ਹਨ।ਕੌਣ ਕਿੰਨਾ ਸਮਰੱਥ ਸੀ ਤੇ ਕਿੰਨਾਂ ਠੀਕ ਸੀ ਮਸਲਾ ਇਹ ਨਹੀਂ ਹੈ ,ਮਸਲਾ ਤਾਂ ਇਹ ਹੈ ਕਿ ਇਹਨਾਂ ਬਾਬਿਆਂ ਦੇ ਚਲੇ ਜਾਣ ਤੋਂ ਬਾਅਦ ਜੋ ਖਲਾਅ ਪੈਦਾ ਹੋ ਗਿਆ,ਇਸਨੂੰ ਭਰਨ ਵਿਚ ਪਤਾ ਨਹੀਂ ਕਿੰਨਾਂ ਸਮਾਂ ਲੱਗੇਗਾ।

ਇਕ ਸਮਾਂ ਸੀ ਜਦੋਂ ਪੰਜਾਬੀ ਸਾਹਿਤ ਵਿਚ ਪੇਂਡੂਪਣੇ ਦੇ ਨਾਂ ਤੇ ਸਾਹਿਤਕਾਰਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ।ਪੰਜਾਬੀ ਸਾਹਿਤ ਵਿਚ ਪਿੰਡਾਂ ਦੀ ਗੱਲ ਤਾਂ ਹੁੰਦੀ ਸੀ ਪਰ ਓਵੇਂ ਨਹੀਂ ਜਿਵੇਂ ਹੋਣੀ ਚਾਹੀਦੀ ਸੀ।ਇਕ ਪੰਜਾਬੀ ਦਾ ਮਹਾਨ ਕਵੀ ਪਾਸ਼ ਸੀ ਜਿਸਨੇ ਅਖੌਤੀ ਸ਼ਹਿਰੀਕਰਨ ਦੇ ਨਾਂ ਤੇ ਪਿੰਡਾਂ ਦੇ ਜ਼ਮੀਨ ਨਾਲ ਜੁੜੇ ਸੱਭਿਆਚਾਰ ਨੂੰ ਉਡਾਏ ਜਾਂਦੇ ਮਖੌਲ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ।ਪੰਜਾਬੀ ਨਾਵਲ ਅਤੇ ਕਹਾਣੀ ਦੇ ਖੇਤਰ ਵਿਚ ਦੂਜਾ ਰਾਮ ਸਰੂਪ ਅਣਖੀ ਸੀ,ਜਿਸਨੇ ਇਹ ਸਾਬਤ ਕਰ ਦਿੱਤਾ ਕਿ ਪਿੰਡ ਹੀ ਨੇ ਜੋ ਜ਼ਮੀਨ ਨਾਲ ਜੁੜੇ ਨੇ, ਕਿ ਪਿੰਡਾਂ ਬਿਨਾਂ ਪੰਜਾਬ ਦੇ ਕਿਸੇ ਵੀ ਪੱਖ ਨੂੰ ਸੋਚਿਆ ਜਾਂ ਸਮਝਿਆ ਜਾਣਾ ਮੁਸ਼ਕਿਲ ਹੈ।ਬਹੁਤ ਸਾਰੇ ਲੋਕ ਨੇ,ਜਿੰਨਾਂ ਪਿੰਡਾਂ ਤੋਂ ਸ਼ਹਿਰਾਂ ਵੱਲ ਪਰਵਾਸ ਕਰਕੇ ਵਿਕਸਿਤ ਸਮਾਜ ਵਿਚ ਆਪਣੀ ਥਾਂ ਬਣਾਈ ਹੈ,ਪਰ ਬਹੁਤੇ ਲੋਕ ਆਪਣੇ ਇਸ ਪੇਂਡੂ ਪਿਛੋਕੜ ਨੂੰ ਲੁਕਾਉਂਦੇ ਨਜ਼ਰ ਆਉਂਦੇ ਹਨ।ਅਣਖੀ ਨੇ ਪ੍ਰਸਿੱਧੀ ਦੇ ਇਸ ਮੁਕਾਮ ਤੇ ਪਹੁੰਚ ਕੇ ਵੀ ਨਾਂ ਤਾਂ ਆਪਣੇ ਪੇਂਡੂ ਗਰੀਬ ਪਿਛੋਕੜ ਨੂੰ ਲੁਕਾਇਆ ਤੇ ਨਾ ਹੀ ਸ਼ਹਿਰੀਕਰਨ ਨੂੰ ਅੰਨੇਵਾਹ ਗਾਹਲਾਂ ਕੱਢੀਆਂ ਜਿਵੇਂ ਪੰਜਾਬੀ ਸਾਹਿਤ ਵਿਚ ਕਾਫੀ ਲੋਕ ਕਲਮ ਘਸਾਈ ਕਰ ਚੁੱਕੇ ਹਨ।ੳਨੇ ਪਿੰਡਾਂ ਦੀ ਬਾਤ ਪਾਈ ਹੈ, ਆਪਣੀਆਂ ਲਿਖਤਾਂ ਵਿਚ ।ਬਹੁਤ ਹੀ ਸਹਿਜੇ ਜਿਹੇ ਉਹ ਆਪਣੇ ਨਾਵਲਾਂ ਵਿਚ ਸਮਾਜਿਕ ਰਿਸ਼ਤਿਆਂ ਨੂੰ ਬਿਆਨ ਕਰਦਾ ਹੈ।ਕਈ ਲੋਕ ਅਣਖੀ ਨੂੰ ਸਿਰਫ ਇਸ ਕਰਕੇ ਮਾਨਤਾ ਨਹੀਂ ਦਿੰਦੇ ਕਿ ਅਣਖੀ ਆਪਣੇ ਨਾਵਲਾਂ ਕਹਾਣੀਆਂ ਵਿਚ ਜਮਾਤੀ ਸੰਘਰਸ਼ ਦੀ ਸਿੱਧੀ ਗੱਲ ਨਹੀਂ ਕਰਦਾ।ਉਂਜ ਅਣਖੀ ਦਾ ਆਖਰੀ ਪ੍ਰਕਾਸ਼ਿਤ ਹੋਇਆ ਨਾਵਲ “ਭੀਮਾ” ਇਸ ਤੱਥ ਨੂੰ ਵੀ ਗਲਤ ਸਾਬਤ ਕਰਦਾ ਹੈ।ਹਾਲਾਂਕਿ ਇਹ ਵੀ ਨਹੀਂ ਹੈ ਕਿ 1970 ਵਿਚ ਆਪਣਾ ਪਹਿਲਾ ਨਾਵਲ ਲਿਖਣ ਵੇਲੇ ਪੰਜਾਬ ਦਾ ਜੋ ਰਾਜਨੀਤਿਕ ਦ੍ਰਿਸ਼ ਸੀ,ਉਸ ਤੇ ਅਣਖੀ ਨੇ ਸਿਧਮ ਸਿੱਧਾ ਕੁਝ ਨਹੀਂ ਲਿਖਿਆ,ਪਰ ਅਜਿਹਾ ਵੀ ਨਹੀਂ ਹੈ ਕਿ ਉਸਦੀਆਂ ਲਿਖਤਾਂ ਇਹਨਾਂ ਸੱਚਾਈਆਂ ਤੋਂ ਕੋਰੀਆਂ ਹਨ।ਅਣਖੀ ਦੀ ਆਲੋਚਨਾ,ਕਦੇ ਰਾਜਨੀਤੀ ਤੋਂ ਦੂਰ ਰਹਿਣ ਕਰਕੇ ਕੀਤੀ ਗਈ ਤੇ ਕਦੇ ਉਸਦੀਆਂ ਲਿਖਤਾਂ ਵਿਚ ਸਰੀਰਕ ਸਬੰਧਾਂ ਦੇ ਵਿਸ਼ੇਸ਼ ਜਿਕਰ ਕਰਕੇ।ਅਣਖੀ ਵਰਗਾ ਸਾਹਿਤਕਾਰ ਕਿਸੇ ਰਾਜਨੀਤਿਕ ਵਿਸ਼ੇ ਤੇ ਕੀ ਸਮਝ ਰਖਦਾ ਸੀ ਇਹ ਅੱਡ ਗੱਲ ਹੈ ਪਰ ਇਸ ਵੀ ਇਕ ਸੱਚਾਈ ਹੈ ਕਿ ਪੰਜਾਬ ਵਿਚ ਵਿਅਕਤੀਗਤ ਕਮੀਆਂ ਨੂੰ ਚੁੱਕ ਕੇ ਕਿਸੇ ਦੀ ਵੀ ਅਹੀ ਤਹੀ ਫੇਰਨ ਦਾ ਰਿਵਾਜ ਹਾਲੇ ਗਿਆ ਨਹੀਂ ਹੈ।ਇਸਦਾ ਸ਼ਿਕਾਰ ਸ਼ਾਇਦ ਕਿਤੇ ਨਾ ਕਿਤੇ ਅਣਖੀ ਦੀਆਂ ਲਿਖਤਾਂ ਨੂੰ ਵੀ ਹੋਣਾ ਪਿਆ ਹੈ।
ਅਜਿਹੀ ਹੀ ਆਲੋਚਨਾ ਅਜਮੇਰ ਔਲ਼ਖ ਦੀ ਹੁੰਦੀ ਰਹੀ ਹੈ ਕਿ ਔਲਖ ਸਮੱਸਿਆ ਤਾਂ ਦੱਸਦਾ ਹੈ ਪਰ ਹੱਲ ਨਹੀਂ ਦੱਸਦਾ।ਮੰਨਣ ਵਾਲੇ ਤਾਂ ਪ੍ਰੋ ਗੁਰਦਿਆਲ ਸਿੰਘ ਵਰਗੇ ਪੰਜਾਬੀ ਨਾਵਲ ਦੇ ਧੁਰੇ ਨੂੰ ਵੀ ਸਮਰੱਥ ਨਾਵਲਕਾਰ ਨਹੀਂ ਮੰਨਦੇ।ਪਰ ਇਸ ਗੱਲ ਨਾਲ ਇਸ ਤੱਥ ਨੂੰ ਕੀ ਫਰਕ ਪੈਂਦਾ ਹੈ ਕਿ ਪੰਜਾਬ ਦੀ ਰਾਜਨੀਤਿਕ ,ਧਾਰਮਿਕ ,ਸੱਭਿਆਚਾਰਕ ਹੋਂਦ ਕਿਸੇ ਦੇ ਵੀ ਵਿਚਾਰਾਂ ਜਾਂ ਖਿਆਲਾਂ ਤੋਂ ਪਰੇ ਹੋਂਦ ਵਿਚ ਹੈ।ਅਜਿਹੀ ਸੋਚ ਰੱਖਣ ਵਾਲਿਆਂ ਨੂੰ ਸੁਮੱਤ ਬਖਸ਼ਣ ਲਈ ਹੀ ਲੈਨਿਨ ਨੇ ਟਾਲਸਟਾਏ ਦੀਆਂ ਲਿਖਤਾਂ ਨੂੰ ਰੂਸੀ ਸਮਾਜ ਦਾ ਸੀਸ਼ਾ ਕਿਹਾ ਸੀ। ਅਣਖੀ ਨੇ ਆਪਣੀਆਂ ਲਿਖਤਾਂ ਵਿਚ ਇਹੋ ਕੰਮ ਕੀਤਾ ਹੈ। ਪੇਂਡੂ ਸੱਭਿਆਚਾਰ ਨੂੰ ਅਣਖੀ ਨੇ ਜਿਵੇਂ ਦੇਖਿਆ ਹੰਡਾਇਆ ਬੇਬਾਕੀ ਨਾਲ ਸਮਝਿਆ ਤੇ ਉਸਨੂੰ ਸਫਿਆਂ ‘ਤੇ ਉਤਾਰ ਦਿਤਾ।ਹਾਂ ਪਾਤਰਾਂ ਨਾਲ ਆਪਣੀ ਸੋਚ ਮੁਤਾਬਕ ਖੇਡਣ ਦਾ ਕੰਮ ਤਾਂ ਹਰ ਨਾਵਲਕਾਰ ਕਰਦਾ ਹੈ।ਜਵਾਨੀ ਦੇ ਆਖਰੀ ਪਹਿਰੇ ਨਾਵਲ ਦੀ ਵਿਧਾ ਵਿਚ ਪੈਰ ਧਰਨ ਵਾਲੇ ਅਣਖੀ ਨੇ ਹਰ ਨੌਂਜਵਾਨ ਵਾਂਗ ਆਪਣੀ ਲੇਖਣੀ ਦੀ ਸ਼ੁਰੂਆਤ ਕਵਿਤਾ ਤੋਂ ਕੀਤੀ ਸੀ।ਤੇ ਆਖਰ ਕਹਾਣੀ ਲਿਖਦੇ ਲਿਖਦੇ ਅਣਖੀ ਨੇ ਨਾਵਲਕਾਰ ਦੇ ਤੌਰ ਤੇ ਆਪਣੀ ਪਹਿਚਾਣ ਬਣਾਈ।
ਪਿੰਡ ਧੌਲੇ ‘ਚ 1932 ‘ਚ ਜਨਮੇ ਅਣਖੀ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਦੇ ਸੀ,ਪਰ ਉਹਨਾਂ ਦੀਆਂ ਲਿਖਤਾਂ ਵਿਚੋਂ ਬ੍ਰਾਹਮਣਵਾਦ ਕਦੀ ਨਹੀਂ ਝਲਕਿਆ।ਅਣਖੀ ਬਾਰੇ ਬਹੁਤ ਕੁਝ ਗਲਤ ਮਲਤ ਪ੍ਰਚਾਰ ਕੀਤਾ ਗਿਆ ਹੈ ,ਜਿਵੇਂ ਕਿ ਉਸਦੇ ਵਿਆਹੁਤਾ ਰਿਸ਼ਤਿਆਂ ਬਾਰੇ, ਉਸਦੀ ਲੇਖਣੀ ਵਿਚ ਸੈਕਸ ਦੇ ਵਿਸ਼ੇ ਬਾਰੇ ਤੇ ਕੁਰੱਖਤ ਸੁਭਾਅ ਬਾਰੇ।ਨਿੱਜੀ ਤੌਰ ਤੇ ਮੇਰਾ ਵਾਹ ਅਣਖੀ ਨਾਲ ਜਦੋਂ ਪਿਆ ਸੀ ਤਾਂ ਅਜਿਹਾ ਕੁਝ ਵੀ ਉਸ ਵਿਚ ਦੇਖਣ ਨੂੰ ਨਹੀਂ ਮਿਲਿਆ।ਇਕ ਸਧਾਰਨ ਨੌਜਵਾਨ ਨਾਲ ਗੱਲ ਕਰਦਿਆਂ ਅਣਖੀ ਨਾ ਤਾਂ ਅਸਿਹਜ ਸੀ ਨਾ ਗਰੂਰ ਵਿਚ ਤੇ ਨਾ ਕਿਸੇ ਬਣਾਵਟੀ ਪਣੇ ਵਿਚ। ਉਹ ਜੋ ਸੀ,ਉਹੀ ਹੈ ਸੀ, ਤੇ ਜੋ ਉਹ ਨਹੀਂ ਸੀ ਉਸਦਾ ਉਸਨੇ ਕਦੇ ਦਾਅਵਾ ਜਾਂ ਦਿਖਾਵਾ ਨਹੀਂ ਕੀਤਾ।ਇਕ ਸੰਖੇਪ ਜਿਹੀ ਇੰਟਰਵਿਊ ਵਿਚ ਅਣਖੀ ਨੇ ਬੜੇ ਮਜ਼ਾਕੀਆਂ ਲਹਿਜੇ ਵਿਚ ਆਪਣੇ ਬਚਪਨ ਦੀ ਗਰੀਬੀ ਦਾ ਜ਼ਿਕਰ ਕਰਦਿਆਂ ਵਕਤਾਂ ਨਾਲ ਸਿਰੇ ਚਾੜੀ ਪੜ੍ਹਾਈ ਦਾ ਜ਼ਿਕਰ ਵੀ ਕੀਤਾ ਸੀ।ਇਸ ਪਹਿਲੀ ਅਤੇ ਆਖਰੀ ਰਸਮੀ ਮੁਲਾਕਾਤ ਵਿਚ ਅਣਖੀ ਨੇ ਆਪਣੇ ਪਿੰਡ ਦੇ ਮਰਾਸੀਆਂ ਦੇ ਘਰਾਂ ਵਿਚ ਬਿਤਾਏ ਦਿਨਾਂ ਨੂੰ ਬੜੇ ਚਾਅ ਨਾਲ ਯਾਦ ਕੀਤਾ ਸੀ।ਅਣਖੀ ਨੂੰ ਇਹ ਵੀ ਚੰਗੀ ਤਰਾਂ ਯਾਦ ਸੀ ਕਿ ਕਿੰਨੀ ਵਾਰੀ ਉਸਨੂੰ ਮਾਪਿਆਂ ਤੋਂ ਕੁੱਟ ਖਾਣੀ ਪਈ ਸੀ ਕਿ ਉਹ ਵਿਹੜੇ ਵਾਲਿਆਂ ਦੇ ਘਰੋਂ ਰੋਟੀ ਖਾ ਆਉਂਦਾ ਸੀ।ਅਣਖੀ ਨੇ ਆਪਣੀਆਂ ਲਿਖਤਾਂ ਵਿਚ ਪੇਂਡੂ ਜੀਵਨ ਦੀਆਂ ਕਠਿਨਾਈਆਂ, ਔਕੜਾਂ ,ਖੁਸ਼ੀਆਂ ਅਤੇ ਟੁੱਟਦੇ ਬਣਦੇ ਸਮਾਜਿਕ ਰਿਸ਼ਤਿਆਂ ਦਾ ਜ਼ਿਕਰ ਕੀਤਾ ਹੈ, ਨਿਸ਼ਚੇ ਹੀ ਇਸ ਵਿਚ ਉਹ ਵਿਸ਼ਾ ਵੀ ਸ਼ਾਮਲ ਹੈ ਜਿਸਨੂੰ ਸਾਹਿਤ ਵਿਚ ਚਰਚਾ ਦਾ ਵਿਸ਼ਾ ਬਣਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ।
ਮਲਵਈ ਪੇਂਡੂ ਜੀਵਨ ਦਾ ਸਫਲ ਚਿਤਰਨ ਕਰਨ ਵਾਲੇ ਅਣਖੀ ਹੁਣ ਸਾਡੇ ਵਿਚਕਾਰ ਨਹੀਂ ਰਹੇ।30 ਤੋਂ ਵੀ ਵੱਧ ਲਿਖਤਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਣ ਵਾਲਾ ਬੁੱਢਾ ਨੌਜਵਾਨ ਹੁਣ ਸਦਾ ਲਈ ਸਾਡੇ ਨਾਲੋਂ ਵਿਛੜ ਗਿਆ ਹੈ।ਆਪਣੇ ਜੀਵਨ ਦੇ ਅੰਤਲੇ ਘੰਟਿਆਂ ਵਿਚ ਵੀ ਉਹ ਆਪਣਾ ਨਵਾਂ ਨਾਵਲ ਲਿਖ ਰਿਹਾ ਸੀ,ਜਦੋਂ ਅਚਾਨਕ ਉਸਦੇ ਦਿਲ ਦੀ ਧੜਕਨ ਉਸਦਾ ਸਾਥ ਛੱਡ ਗਈ।ਸਾਹਿਤ ਅਕਾਦਮੀ ਐਵਾਰਡ ਅਤੇ ਸ਼੍ਰੋਮਣੀ ਸਾਹਿਤਕਾਰ ਐਵਾਰਡ ਸਮੇਤ ਅਨੇਕਾਂ ਐਵਾਰਡ ਜਿੱਤਣ ਵਾਲਾ ਇਹ ਸਮਰੱਥ ਲੇਖਕ ਜਿਸਨੇ ਜ਼ਿੰਦਗੀ ਦੇ ਅੱਠ ਦਹਾਕੇ ਇਸ ਸੰਸਾਰ ਤੇ ਪੰਜਾਬੀ ਦੀ ਸੇਵਾ ਵਿਚ ਬਤੀਤ ਕੀਤੇ,ਹੁਣ ਸਦਾ ਲਈ ਖਾਮੋਸ਼ ਹੋ ਗਿਆ ਹੈ।ਪਰ ਉਸਦੀਆਂ ਕਹਾਣੀਆਂ ਅਤੇ ਨਾਵਲਾਂ ਵਿਚਲੇ ਉਹ ਪਾਤਰ ਜਿਉਂਦੇ ਰਹਿਣਗੇ,ਜਿੰਨਾਂ ਨੂੰ ਅਣਖੀ ਨੇ ਆਮ ਪੇਂਡੂ ਧਰਾਤਲ ਤੋਂ ਚੁੱਕ ਕੇ ਵਕਤ ਨਾਲ ਅੱਖ ਮੇਲਣੀ ਸਿਖਾਈ ਸੀ।ਕਿਸੇ ਵੀ ਲੇਖਕ ਕਲਾਕਾਰ ਨੂੰ ਸਮਾਜਿਕ ਬੰਧਨਾਂ ਦੇ ਢਾਂਚੇ ਵਿਚ ਢਾਲਿਆ ਨਹੀਂ ਜਾ ਸਕਦਾ,ਪਰ ਇਸਦਾ ਇਹ ਮਤਲਬ ਵੀ ਨਹੀਂ ਹੈ ਕਿ ਉਸਦੀ ਰਾਜਨੀਤਿਕ ਜਾਂ ਸਾਹਿਤਕ ਸਮਾਜਿਕ ਪੱਖ ਤੋਂ ਆਲੋਚਨਾਤਮਕ ਘੋਖ ਨਾ ਕੀਤੀ ਜਾਵੇ।ਪਰ ਵਿਛੋੜੇ ਦੀ ਇਸ ਘੜੀ ‘ਚ ਸਮੂਹ ਪੰਜਾਬੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਅਣਖੀ ਵਰਗੇ ਲੋਕਾਂ ਦੇ ਵਿਚਾਰਾਂ ਤੋਂ ਸੇਧ ਲੈਂਦੇ ਹੋਏ ਮਾਂ ਬੋਲੀ ਤੇ ਪੰਜਾਬੀ ਸਾਹਿਤ ਦੇ ਵਿਕਾਸ ਦੀਆਂ ਜ਼ਿੰਮੇਂਵਾਰੀਆਂ ਨੂੰ ਆਪਣੇ ਮੋਢਿਆਂ ‘ਤੇ ਚੁੱਕਣ,ਇਹੀ ਅਣਖੀ,ਧੀਰ ਤੇ ਵਿਨੋਦ ਵਰਗੇ ਲੋਕਾਂ ਨੂੰ ਸੱਚੀ ਸ਼ਰਧਾਂਜ਼ਲੀ ਹੋ ਸਕਦੀ ਹੈ।
ਲੇਖਕ-ਸੁੱਖੀ ਬਰਨਾਲਾ