ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਸਆਦਤ ਹਸਨ ਮੰਟੋ. Show all posts
Showing posts with label ਸਆਦਤ ਹਸਨ ਮੰਟੋ. Show all posts

Monday, April 29, 2013

ਸਾਹਿਰ : ਯਿਹ ਦੁਨੀਆ ਅਗਰ ਮਿਲ਼ ਭੀ ਜਾਏ ਤੋ ਕਯਾ ਹੈ


ਕੁਲਵਿੰਦਰ ਦਾ ਸਾਹਿਰ ਬਾਰੇ ਲੇਖ ਦੋਸਤਾਂ ਮਿੱਤਰਾਂ ਦੀ ਮੰਗ ਨੂੰ ਧਿਆਨ 'ਚ ਰੱਖਦਿਆਂ ਛਾਪਿਆ ਜਾ ਰਿਹਾ ਹੈ। ਇਹ ਪੰਜਾਬੀ ਦੇ ਸਾਹਿਤਕ ਤੇ ਵਿਚਾਰਕ ਰਸਾਲੇ 'ਫ਼ਿਲਹਾਲ' ਦੇ ਇਸੇ ਅੰਕ 'ਚ ਛਪਿਆ ਸੀ।ਇਸ ਦੀ ਕਾਪੀ ਮੈਗਜ਼ੀਨ ਦੇ ਸੰਪਾਦਕ ਗੁਰਬਚਨ ਹੁਰਾਂ ਨੂੰ ਬੇਨਤੀ ਕਰਕੇ ਮੰਗਵਾਈ ਹੈ।-ਗੁਲਾਮ ਕਲਮ

ਗੁਰੂ ਦੱਤ ਦੀ ਫ਼ਿਲਮ 'ਪਿਆਸਾ' (1957) ਦੀ ਸਿਖ਼ਰ 'ਤੇ ਰਫ਼ੀ ਦੀ ਅਵਾਜ਼ ਵਿਚ ਸਾਹਿਰ ਦੀ ਰਚਨਾ ਅਤੇ ਐਸ. ਡੀ. ਬਰਮਨ ਦੀ ਧੁਨ ਗੂੰਜਦੀ ਹੈ -
ਯਿਹ ਮਹਿਲੋ ਯਿਹ ਤਖ਼ਤੋਂ, ਯਿਹ ਤਾਜੋਂ ਕੀ ਦੁਨੀਆ 
ਯਿਹ ਇਨਸਾਂ ਕੇ ਦੁਸ਼ਮਣ ਸਮਾਜੋਂ ਕੀ ਦੁਨੀਆ 
ਯਿਹ ਦੌਲਤ ਕੇ ਭੂਖੇ ਰਿਵਾਜੋਂ ਕੀ ਦੁਨੀਆ 
ਯਿਹ ਦੁਨੀਆ ਅਗਰ ਮਿਲ਼ ਭੀ ਜਾਏ ਤੋ ਕਯਾ ਹੈ 

ਆਡੀਟੋਰੀਅਮ ਦੇ ਦਰਵਾਜ਼ੇ ਤੇ ਖੜ੍ਹੇ ਵਿਜੇ (ਗੁਰੂ ਦੱਤ) ਵਿਚ ਸੂਲੀ ਟੰਗੇ ਈਸਾ ਦੀ ਝਲਕ ਵੀ ਮਿਲ਼ਦੀ ਹੈ ਅਤੇ ਸਾਹਿਰ ਦੀ ਪਰਛਾਈਂ ਵੀ।

ਸਾਹਿਰ ਦੇ ਅਸਲੀ ਨਾਂ ਅਬਦੁਲ ਹਈ ਬਾਰੇ ਵੀ ਸ਼ਾਨਦਾਰ ਕਿੱਸਾ ਹੈ। ਅੱਖੜ ਜਗੀਰਦਾਰ ਫ਼ਜ਼ਲ ਮੁਹੰਮਦ ਦੀ ਗਿਆਰਵੀਂ ਪਤਨੀ ਸਰਦਾਰ ਬੇਗਮ ਨੇ 8 ਮਾਰਚ, 1921 ਨੂੰ ਮੁੰਡੇ ਨੂੰ ਜਨਮ ਦਿੱਤਾ। ਬਾਪ ਨੇ ਨਾਂ ਰੱਖਿਆ ਅਬਦੁਲ ਹਈ। ਅਬਦੁਲ ਹਈ ਫ਼ਜ਼ਲ ਮੁਹੰਮਦ ਦੇ ਗੁਆਂਢ ਵਿਚ ਵਸਦੇ ਦੁਸ਼ਮਣ ਦਾ ਨਾਂ ਸੀ। ਰੋਜ਼ ਸ਼ਾਮ ਸਾਹਿਰ ਦਾ ਬਾਪ ਗੁਆਂਢੀ ਨੂੰ ਗਾਲ੍ਹਾਂ ਕੱਢਦਾ। ਇਤਰਾਜ਼ ਕਰਨ 'ਤੇ ਉਸ ਦਾ ਜੁਆਬ ਹੁੰਦਾ ਕਿ ਉਹ ਤਾਂ ਆਪਣੇ ਬੇਟੇ ਨੂੰ ਗਾਲ੍ਹਾਂ ਕੱਢ ਰਿਹਾ ਹੈ। ਘਰ ਵਿਚ ਇਕੱਲਾ ਮੁੰਡਾ ਹੋਣ ਕਾਰਣ ਸਾਹਿਰ ਦਾ ਬਚਪਨ ਬੜਾ ਵਧੀਆ ਬੀਤਿਆ। ਸਭ ਕੁਝ ਉਲ਼ਟ ਪੁਲਟ ਗਿਆ ਜਦ ਸਾਹਿਰ ਦੇ ਮਾਂ ਬਾਪ ਵਿਚ ਅਨਬਣ ਹੋ ਗਈ। ਆਪਣੀਆਂ ਜਗੀਰੂ ਰੁਚੀਆਂ ਕਾਰਣ ਬਾਪ ਉਸ ਨੂੰ ਅੱਯਾਸ਼ੀ ਪੱਠਾ ਬਨਾਉਣਾ ਚਾਹੁੰਦਾ ਸੀ। ਮਾਂ ਸਾਹਿਰ ਨੂੰ ਪੜ੍ਹਾ ਲਿਖਾ ਕੇ ਚੰਗਾ ਇਨਸਾਨ ਬਨਾਉਣਾ 'ਤੇ ਅੜੀ ਹੋਈ ਸੀ। ਦੋਨਾਂ ਵਿਚਕਾਰ ਖਿੱਚੋਤਾਨ ਏਨੀ ਵੱਧ ਗਈ ਕਿ ਸਰਦਾਰ ਬੇਗ਼ਮ ਨੇ ਅਦਾਲਤ ਦੀ ਜਾ ਸ਼ਰਣ ਲਈ। ਅਦਾਲਤ ਨੇ ਮਾਂ ਜਾਂ ਬਾਪ ਦੋਵਾਂ ਚੋਂ ਇਕ ਨੂੰ ਚੁਣਨ ਦੀ ਸਾਹਿਰ ਦੀ ਖਾਹਿਸ਼ ਪੁੱਛੀ ਤਾਂ ਉਹਨੇ ਮਾਂ ਨੂੰ ਚੁਣਿਆ। 

ਉਸ ਨੂੰ ਮਾਲਵਾ ਖਾਲਸਾ ਹਾਈ ਸਕੂਲ ਵਿਚ ਦਾਖਲ ਕਰਾ ਦਿੱਤਾ ਗਿਆ। ਉਹ ਵੱਡਾ ਹੋ ਕੇ ਵਕੀਲ ਬਣਨਾ ਚਾਹੁੰਦਾ ਸੀ। ਪੜ੍ਹਾਈ ਲਿਖਾਈ ਤਾਂ ਸ਼ੁਰੂ ਹੋ ਗਈ ਪਰ ਜੀਵਨ ਵਿਚ ਤੰਗੀਆਂ ਤੁਰਸ਼ੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਨੇ ਸਾਹਿਰ ਨੂੰ ਇਰਦ ਗਿਰਦ ਬਾਰੇ ਸੋਚਵਾਨ ਬਣਾ ਦਿੱਤਾ। ਉਸ ਨੂੰ ਜਗੀਰੂ ਕਦਰਾਂ ਕੀਮਤਾਂ ਨਾਲ਼ ਨਫ਼ਰਤ ਹੋ ਗਈ। 

ਸਕੂਲ ਤੋਂ ਬਾਅਦ ਉਸ ਨੇ ਲੁਧਿਆਣੇ ਦੇ ਗੌਰਮਿੰਟ ਕਾਲਿਜ ਵਿਚ ਦਾਖਲਾ ਲਿਆ। ਜੁਆਨੀ ਤੇ ਪੈਰ ਧਰਦਿਆਂ ਆਪਣੇ ਬਾਗ਼ੀ ਸੁਭਾ ਕਾਰਣ ਉਸ ਦੇ ਕੋਮਲ ਹਿਰਦੇ ਨੇ ਮਨੁੱਖੀ ਭਾਵਨਾਵਾਂ ਅਤੇ ਜ਼ਾਲਮ ਸਮਾਜ ਵਿਚਲੇ ਦਵੰਦ ਨੂੰ ਸ਼ਿਅਰਾਂ ਦੇ ਰੂਪ ਵਿਚ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਇਕਬਾਲ ਦਾ ਸ਼ਿਅਰ 'ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲ-ਏ-ਮੀਰਾਜ਼ ਭੀ, ਸੈਂਕੜੋ ਸਾਹਿਰ ਭੀ ਹੋਂਗੇ, ਸਾਹਿਬ-ਏ-ਏਜਾਜ਼ ਭੀ' ਪੜ੍ਹਿਆ। ਉਨ੍ਹਾਂ ਸੈਂਕੜਿਆਂ ਚੋਂ ਆਪਣੇ ਆਪ ਨੂੰ ਇੱਕ ਸਮਝਦਿਆਂ ਅਬਦੁਲ ਹਈ ਸ਼ੇਅਰ ਲਿਖਦਾ 'ਸਾਹਿਰ' ਲੁਧਿਆਣਵੀ ਬਣ ਗਿਆ। 

ਇਹ ਦੌਰ ਵੀ ਸਮਾਜੀ ਉਥਲ-ਪੁਥਲ ਦਾ ਸੀ। ਦੇਸ਼ ਨੂੰ ਅਜ਼ਾਦ ਕਰਾਉਣ ਦੀ ਅਵਾਜ਼ ਫ਼ਿਜ਼ਾ ਵਿਚ ਗੂੰਜ ਰਹੀ ਸੀ। ਕਮਿਊਨਿਸਟ ਲਹਿਰ ਪੂਰੀ ਚੜ੍ਹਤ 'ਤੇ ਸੀ। ਸਾਹਿਰ ਮਾਰਕਸਵਾਦੀ ਵਿਚਾਰਧਾਰਾ ਵਲ ਖਿੱਚਿਆ ਗਿਆ। ਉਹਨੇ ਬਰਤਾਨਵੀ ਸਾਮਰਾਜ ਅਤੇ ਭਾਰਤੀ ਜਗੀਰਦਾਰੀ ਦੇ ਖਿਲਾਫ਼ ਨਜ਼ਮਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀਆਂ ਕਈ ਰਚਨਾਵਾਂ 'ਕਿਰਤੀ' ਅਤੇ ਹੋਰਨਾਂ ਖੱਬੇਪੱਖੀ ਰਸਾਲਿਆਂ ਵਿਚ ਛਪਣ ਲੱਗੀਆਂ। ਬਲਵੰਤ ਗਾਰਗੀ ਦੇ ਸ਼ਬਦਾਂ ਵਿਚ, ''ਉਸ (ਸਾਹਿਰ) ਨੂੰ ਪਤਾ ਸੀ ਕਿ ਉਹ ਵੱਡਾ ਸ਼ਾਇਰ ਹੈ। ਇਸ ਗੱਲ ਦਾ ਗਿਆਨ ਉਸ ਨੂੰ 22 ਸਾਲ ਦੀ ਉਮਰ ਵਿਚ ਹੀ ਹੋ ਗਿਆ ਸੀ।'' ਉਹ ਵਿਦਿਆਰਥੀ ਯੂਨੀਅਨ ਦਾ ਆਗੂ ਬਣ ਗਿਆ। 

ਇਸ ਦੇ ਨਾਲ਼ ਹੀ ਉਸ ਦੇ ਇਸ਼ਕਾਂ ਦੇ ਕਿੱਸੇ ਵੀ ਮਸ਼ਹੂਰ ਹੋਣ ਲੱਗੇ। ਪਹਿਲਾ ਕਿੱਸਾ ਮਹਿੰਦਰ ਚੌਧਰੀ ਨਾਲ਼ ਉਸ ਦੇ ਪ੍ਰੇਮ ਦਾ ਹੈ। ਪਰ ਬਿਮਾਰੀ ਨਾਲ਼ ਮਹਿੰਦਰ ਚੌਧਰੀ ਦੀ ਮੌਤ ਹੋ ਗਈ। ਇਸ ਮੌਤ ਨੇ ਸਾਹਿਰ ਨੂੰ ਇਕ ਵਾਰ ਤਾਂ ਹਿਲਾ ਕੇ ਰੱਖ ਦਿੱਤਾ। ਇਹ ਸ਼ੇਅਰ ਉਸ ਦੀ ਮਨੋਦਸ਼ਾ ਨੂੰ ਬਿਆਨ ਕਰਦਾ ਹੈ - 
ਕੋਸਰ ਮੇਂ ਵੁਹ ਧੁਲੀ ਹੋਈ ਬਾਂਹੇਂ ਭੀ ਜਲ ਗਈ 
ਜੋ ਦੇਖਤੀ ਥੀਂ ਮੁਝ ਕੋ ਵੁਹ ਨਿਗਾਹੋਂ ਭੀ ਜਲ ਗਈ 


ਉਸ ਦਾ ਜਿਗਰੀ ਦੋਸਤ ਕ੍ਰਿਸ਼ਨ ਅਦੀਬ ਲਿਖਦਾ ਹੈ, ''ਮੈਂ ਸਾਹਿਰ ਦੇ ਸੁਭਾ ਨੂੰ ਜਾਣਦਾ ਸੀ। ਕਈ ਵਾਰ ਮੈਨੂੰ ਪਹਿਲਾਂ ਵੀ ਤਜਰਬਾ ਹੋ ਚੁਕਿਆ ਸੀ। ... ਕੁਝ ਦਿਨ ਹੋਰ ਲੰਘ ਗਏ। ਮਹਿੰਦਰ ਦਾ ਤਸੱਵਰ ਸਾਹਿਰ ਦੇ ਦਿਲ ਅਤੇ ਦਿਮਾਗ਼ ਤੋਂ ਉੱਡ ਗਿਆ।''  

ਤਦ ਸਾਹਿਰ ਦਾ ਇਸ਼ਕ ਆਪਣੇ ਕਾਲਿਜ ਦੀ ਇਕ ਹੋਰ ਵਿਦਿਆਰਥਣ ਈਸ਼ਰ ਕੌਰ ਨਾਲ਼ ਹੋ ਗਿਆ। ਕੁਝ ਦਿਨਾਂ ਬਾਅਦ ਈਸ਼ਰ ਕੌਰ ਨੇ ਆਪਣੀ ਮਜਬੂਰੀ ਜ਼ਾਹਿਰ ਕਰ ਦਿੱਤੀ। ਸਾਹਿਰ ਫਿਰ ਆਪਣੇ ਸਫ਼ਰ ਤੇ ਇਕੱਲਾ ਸੀ। ਇਸ ਤੋੜ ਵਿਛੋੜੇ ਦਾ ਜ਼ਿਕਰ ਸਾਹਿਰ ਦੀ ਇਕ ਹੋਰ ਨਜ਼ਮ 'ਕਿਸੀ ਕੋ ਉਦਾਸ ਦੇਖ ਕਰ' ਵਿਚ ਮਿਲਦਾ ਹੈ। ਇਸ਼ਕ ਦੀ ਅਸਫ਼ਲਤਾ ਦੇ ਨਾਲ਼ ਹੀ ਸਾਹਿਰ ਵਿਚ ਆਈ ਵਿਚਾਰਧਾਰਕ ਤਬਦੀਲੀ ਦੀ ਝਲਕ ਇਸ ਨਜ਼ਮ ਵਿਚ ਮਿਲ਼ਦੀ ਹੈ। ਉਹ ਇਸ਼ਕ ਦੀ ਅਸਫ਼ਲਤਾ ਦੇ ਗ਼ਮ ਨੂੰ ਸਮਾਜੀ ਪ੍ਰਬੰਧ ਨਾਲ਼ ਜੋੜਦਾ ਹੈ 
ਗਲੀ ਗਲੀ ਮੇਂ ਯਿਹ ਬਿਕਤੇ ਹੂਏ ਜਵਾਂ ਚਿਹਰੇ ਹਸੀਨ ਆਖੋਂ ਮੇਂ ਯਿਹ ਆਫ਼ਸੁਰਦਗੀ 1 ਸੀ ਛਾਈ ਹੂਈ 
ਯਿਹ ਜੰਗ ਔਰ ਯਿਹ ਮੇਰੇ ਵਤਨ ਕੇ ਸ਼ੋਖ ਜਵਾਂ 
ਖ਼ਰੀਦੀ ਜਾਤੀ ਹੈ ਉਠਤੀ ਜਵਾਨੀਆਂ ਜਿਨ ਕੀ 
ਯਿਹ ਬਾਤ ਬਾਤ ਪੇ ਕਾਨੂਨ-ਓ-ਜ਼ਾਬਤੇ ਕੀ ਗਰਿਫ਼ਤ 
ਯਿਹ ਜ਼ਿੱਲਤੇਂ, ਯਿਹ ਗ਼ੁਲਾਮੀ, ਯਿਹ ਦੌਰੇ ਮਜਬੂਰੀ 
ਯਿਹ ਗ਼ਮ ਬਹੁਤ ਹੈ ਮਿਰੀ ਜ਼ਿੰਦਗੀ ਕੇ ਮਿਟਾਨੇ ਕੋ 
ਉਦਾਸ ਰਹਿ ਕੇ ਮਿਰੇ ਦਿਲ ਕੋ ਔਰ ਰੰਜ ਨ ਦੋ 
1 ਨਿਰਾਸ਼ਾ 
  
ਲਾਹੌਰ ਦਾ ਦਿਆਲ ਸਿੰਘ ਕਾਲਜ ਉਹਦੀ ਅਗਲੀ ਮੰਜ਼ਿਲ ਬਣਿਆ। ਕੌਮੀ ਤੇ ਕੌਮਾਂਤਰੀ ਦੋਵਾਂ ਪੱਧਰਾਂ 'ਤੇ ਹਲਚਲ ਦਾ ਸਿਲਸਿਲਾ ਜਾਰੀ ਸੀ। ਉਹ ਪ੍ਰੋਗਰੇਸਿਵ ਰਾਈਟਰਜ਼ ਐਸੋਸ਼ੀਏਸ਼ਨ ਦਾ ਮੈਂਬਰ ਬਣ ਗਿਆ। 1945 ਵਿਚ ਤਰੱਕੀਪਸੰਦ ਲੇਖਕਾਂ ਦੀ ਹੈਦਰਾਬਾਦ ਵਿਚ ਹੋਈ ਕਾਨਫਰੰਸ ਵਿਚ ਪੰਜਾਬ ਤੋਂ ਸ਼ਾਮਲ ਹੋਣ ਵਾਲ਼ਾ ਲੇਖਕ ਸਿਰਫ਼ ਸਾਹਿਰ ਹੀ ਸੀ। ਉਹਦੀਆਂ ਰਚਨਾਵਾਂ ਲੋਕਾਂ ਵਿਚ ਮਕਬੂਲ ਹੋ ਰਹੀਆਂ ਸਨ। ਇਕ ਪਾਸੇ ਇਨਕਲਾਬੀ ਨਜ਼ਮਾਂ, ਦੂਜੇ ਪਾਸੇ ਉਹਦੇ ਇਸ਼ਕਾਂ ਦੇ ਕਿੱਸੇ। ਚੱਕਰ ਐਸਾ ਚੱਲਿਆ ਕਿ ਉਹ ਪਹਿਲਾਂ ਗੌਰਮਿੰਟ ਕਾਲਜ ਲੁਧਿਆਣਾ ਤੇ ਫਿਰ ਦਿਆਲ ਸਿੰਘ ਕਾਲਜ ਲਾਹੌਰ 'ਚੋਂ ਕੱਢਿਆ ਗਿਆ। ਉਹ ਲਾਹੌਰ ਤੋਂ ਨਿਕਲਦੇ ਅਦਬੀ ਰਸਾਲੇ 'ਅਦਬ-ਏ-ਲਤੀਫ਼' ਦਾ ਸੰਪਾਦਕ ਬਣ ਗਿਆ। 

ਲਾਹੌਰ ਵਿਚ ਆਪਣੀਆਂ ਨਜ਼ਮਾਂ ਨੂੰ ਛਪਾਉਣ ਲਈ ਸਾਹਿਰ ਦੋ ਸਾਲ ਕੋਸ਼ਿਸ਼ ਕਰਦਾ ਰਿਹਾ। ਸੰਨ 1945 ਵਿਚ ਉਸ ਦੀਆਂ ਆਸਾਂ ਨੂੰ ਬੂਰ ਪਿਆ। ਪਹਿਲਾ ਕਾਵਿ ਸੰਗ੍ਰਿਹ 'ਤਲਖ਼ੀਆਂ' ਛਪਿਆ। ਇਸ ਕਿਤਾਬ ਦੇ ਛਪਦੇ ਸਾਰ ਹੀ ਸਾਹਿਰ ਪੂਰੇ ਹਿੰਦੋਸਤਾਨ ਵਿਚ ਮਸ਼ਹੂਰ ਹੋ ਗਿਆ। ਤਲਖ਼ੀਆਂ ਦੀਆਂ ਕਈ ਨਜ਼ਮਾਂ ਮਕਬੂਲ ਹੋਈਆਂ। ਤਾਜ ਮਹਿਲ ਬਾਰੇ ਲਿਖੀ ਉਹਦੀ ਨਜ਼ਮ ਤਰੱਕੀ-ਪਸੰਦ ਹਲਕਿਆਂ 'ਚ ਬਹੁਤ ਚਰਚਿਤ ਹੋਈ - 
ਇਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ
ਹਮ ਗਰੀਬੋਂ ਕੀ ਮੁਹਬਤ ਕਾ ਉਡਾਇਆ ਹੈ 
ਮਜ਼ਾਕ ਮੇਰੀ ਮਹਿਬੂਬ! ਕਹੀਂ ਔਰ ਮਿਲਾ ਕਰ ਮੁਝਸੇ। 

ਦਿਲਚਸਪ ਗੱਲ ਇਹ ਹੈ ਕਿ ਸਾਹਿਰ ਨੇ ਅਜੇ ਤੱਕ ਤਾਜ ਮਹਿਲ ਨਹੀਂ ਸੀ ਦੇਖਿਅ। ਬਕੌਲ ਸਾਹਿਰ, ਉਸ ਦੇ ਲਈ ''ਆਗਰੇ ਜਾਣ ਦੀ ਕੀ ਲੋੜ ਸੀ? ਕਾਰਲ ਮਾਰਕਸ ਦਾ ਫਲਸਫਾ ਪੜ੍ਹਿਆ ਹੋਇਆ ਸੀ ਅਤੇ ਜੁਗਰਾਫ਼ੀਆ ਵੀ ਯਾਦ ਸੀ। ਇਹ ਵੀ ਪਤਾ ਸੀ ਕਿ ਤਾਜ ਮਹਿਲ ਜਮਨਾ ਦੇ ਕੰਢੇ, ਸ਼ਾਹਜਹਾਂ ਨੇ ਆਪਣੀ ਬੇਗ਼ਮ ਮੁਮਤਾਜ਼ ਮਹਿਲ ਲਈ ਬਣਵਾਇਆ ਸੀ। ਇਸ ਨਜ਼ਮ ਬਾਰੇ ਬਲਵੰਤ ਗਾਰਗੀ ਬਾਖੂਬ ਲਿਖਦਾ ਹੈ, ''ਸਾਹਿਰ ਵਿਚ ਦਿਵਯ ਗਿਆਨ ਸੀ, ਤੀਜੀ ਅੱਖ! ਸ਼ਾਇਰ ਦਾ ਅਹਿਸਾਸ, ਤਖ਼ਈਅਲ ਤੇ ਸਮਾਜੀ ਚੇਤਨਾ! ਕਈ ਲੋਕ ਤਾਜ ਮਹਿਲ ਦੇ ਅੰਦਰ ਬੈਠੇ ਤਾਜ ਮਹਿਲ ਨਹੀਂ ਦੇਖ ਸਕਦੇ, ਸਾਹਿਰ ਲਾਹੌਰ ਬੈਠਾ ਤਾਜ ਮਹਿਲ ਉਸਾਰ ਸਕਦਾ ਹੈ।

'' ਖੈਰ! ਸ਼ਾਇਰ ਵਜੋਂ ਸਾਹਿਰ ਪ੍ਰਸਿੱਧੀ ਦੀਆਂ ਨਵੀਆਂ ਪੋੜੀਆਂ ਚੜ੍ਹਦਾ ਜਾ ਰਿਹਾ ਸੀ ਪਰ ਘਰੇਲੂ ਤੰਗੀਆਂ ਮੂੰਹ ਅੱਡੀ ਖੜ੍ਹੀਆਂ ਸਨ। ਉਹਨੂੰ ਲੱਗਦਾ ਬੰਬਈ ਦੀ ਫ਼ਿਲਮ ਇੰਡਸਟਰੀ ਉਹਨੂੰ ਬੁਲਾ ਰਹੀ ਹੈ। ਉਸ ਵੇਲੇ ਦੀ ਅਦਬੀ ਦੁਨੀਆਂ ਵਿਚ ਫ਼ਿਲਮੀ ਸ਼ਾਇਰੀ ਨੂੰ ਚੰਗਾ ਨਹੀਂ ਸੀ ਮੰਨਿਆ ਜਾਂਦਾ। ਇਸ ਸੰਕੋਚ ਕਰਕੇ ਉਹ ਲਾਹੌਰ ਵਿਚ ਹੀ ਟਿਕਿਆ ਆ ਰਿਹਾ ਸੀ। ਅਚਾਨਕ ਇਕ ਦਿਨ ਉਹ ਗੱਡੀ 'ਚ ਬੈਠ ਬੰਬਈ ਜਾ ਪਹੁੰਚਾ। ਇਹ 1945 ਦੀ ਗੱਲ ਹੈ।

ਬੰਬਈ ਵਿਚ ਕਲਾ ਮੰਦਰ ਫ਼ਿਲਮਜ਼ ਦੇ ਬੈਨਰ ਤੇ ਲਲਿਤ ਮਹਿਤਾ ਦੇ ਨਿਰਦੇਸ਼ਨ ਹੇਠ 'ਅਜ਼ਾਦੀ ਕੀ ਰਾਹ ਪਰ' ਨਾਂ ਦੀ ਫ਼ਿਲਮ ਬਣ ਰਹੀ ਸੀ। 24 ਸਾਲ ਦੇ ਸਾਹਿਰ ਨੂੰ ਇਸ ਫ਼ਿਲਮ ਦੇ ਗੀਤ ਲਿਖਣ ਦਾ ਮੌਕਾ ਮਿਲ਼ਿਆ। ਇਸ ਫ਼ਿਲਮ ਦਾ ਨਾਇਕ ਪ੍ਰਿਥਵੀ ਰਾਜ ਕੂਪਰ ਸੀ। ਸਾਹਿਰ ਦੇ ਚਾਰ ਗਾਣੇ ਇਸ ਫ਼ਿਲਮ ਵਿਚ ਲਏ ਗਏ, ਜਿਨ੍ਹਾਂ ਵਿਚੋਂ 'ਬਦਲ ਰਹੀ ਹੈ ਜ਼ਿੰਦਗੀ' ਮਸ਼ਹੂਰ ਹੋਇਆ। ਕੁਝ ਅਰਸਾ ਗੁਜ਼ਰਿਆ ਤਾਂ ਬੰਬਈ ਦੀ ਜ਼ਿੰਦਗੀ ਉਹਨੂੰ ਅਵਾਜ਼ਾਰ ਕਰਨ ਲੱਗ ਪਈ, ਉਹਦੇ ਅੰਦਰਲੀ ਤੜਪ ਉਹਨੂੰ ਬੇਚੈਨ ਕਰੀ ਰੱਖਦੀ ਸੀ। ਉਹ ਦਿੱਲੀ ਆ ਗਿਆ ਜਿੱਥੇ ਉਸ ਨੇ 'ਸ਼ਾਹਰਾਹ' ਨਾਂ ਦਾ ਪਰਚਾ ਕੱਢਿਆ। 

ਦਿੱਲੀ 'ਚ ਵੀ ਉਹਦੇ ਲਈ ਕੁਝ ਨਹੀਂ ਸੀ ਪਿਆ ਹੋਇਆ। ਉਹ ਫਿਰ ਬੰਬਈ ਵਾਪਸ ਚਲਾ ਗਿਆ। ਸੰਨ 1947 ਵਿਚ ਅਜ਼ਾਦੀ ਆਉਣ ਦੇ ਨਾਲ਼ ਮੁਲਕ ਵੰਡਿਆ ਗਿਆ। ਸਾਹਿਰ ਬੰਬਈ ਛੱਡ ਲਾਹੌਰ ਚਲਿਆ ਗਿਆ। ਉੱਥੇ ਚੌਧਰੀ ਨਜ਼ੀਰ ਨੇ ਦੁਮਾਸਿਕ ਰਸਾਲਾ 'ਸਵੇਰਾ' ਕੱਢਿਆ ਤਾਂ ਉਹਨੇ ਅਹਿਮਦ ਨਦੀਮ ਕਾਸਮੀ ਅਤੇ ਸਾਹਿਰ ਨੂੰ ਸੰਪਾਦਕੀ ਬੋਰਡ ਵਿਚ ਸ਼ਾਮਲ ਕੀਤਾ। 'ਸਵੇਰਾ ' ਖੱਬੇਪੱਖੀ ਰਸਾਲਾ ਸੀ ਅਤੇ ਹਕੂਮਤ ਦੇ ਖਿਲਾਫ਼ ਅਵਾਜ਼ ਬੁਲੰਦ ਕਰਦਾ ਸੀ। ਸਾਹਿਰ ਦੇ ਕੁਝ ਲੇਖਾਂ ਤੋਂ ਪਾਕਿਸਤਾਨ ਦੀ ਹਾਕਮ ਜਮਾਤ ਘਬਰਾ ਗਈ। ਉਹਦੇ ਖਿਲਾਫ਼ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਹੋ ਗਏ। ਸਾਹਿਰ ਮਾਂ ਨੂੰ ਲੈ ਕੇ ਦਿੱਲੀ ਪਹੁੰਚ ਗਿਆ। 

ਦਿੱਲੀ ਵਿਚ ਉਹਨੇ ਕੁਝ ਦੇਰ 'ਪ੍ਰੀਤਲੜੀ', ਜਦ ਗੁਰਬਖ਼ਸ਼ ਸਿੰਘ ਤੇ ਨਵਤੇਜ ਸਿੰਘ ਕੁਝ ਅਰਸੇ ਲਈ ਪ੍ਰੀਤਨਗਰ ਛੱਡ ਕੇ ਮਹਿਰੋਲੀ ਰਹਿਣ ਲੱਗ ਪਏ ਸਨ, ਵਿਚ ਕੰਮ ਕੀਤਾ। ਬਾਅਦ ਵਿਚ ਯੂਸਫ਼ ਦਿਹਲਵੀ ਦੇ 'ਸ਼ਾਹਰਾਹ' ਦੇ ਸੰਪਾਦਨ ਨਾਲ਼ ਜੁੜ ਗਿਆ। 'ਸ਼ਾਹਰਾਹ' ਦੌਰਾਨ ਸਾਹਿਰ ਨੇ ਚਿੱਲੀ ਦੇ ਸ਼ਾਇਰ ਪਾਬਲੋ ਨੈਰੂਦਾ ਅਤੇ ਸਪੇਨ ਦੇ ਕਵੀ ਲੋਰਕਾ ਉਤੇ ਲੇਖ ਲਿਖੇ, ਜੋ ਬਹੁਤ ਮਕਬੂਲ ਹੋਏ। ਉਦੋਂ ਅਮਨ ਤਹਿਰੀਕ ਤੇ ਕਮਿਊਨਿਸਟ ਲਹਿਰ ਦਾ ਜ਼ੋਰ ਸੀ। ਹਾਲਾਤ ਸੁਖਾਵੇਂ ਨਹੀਂ ਸਨ। ਫੜੋ-ਫੜਾਈ ਚਲ ਰਹੀ ਸੀ। 'ਅਜ਼ਾਦੀ ਕੀ ਰਾਹ ਪਰ' ਫ਼ਿਲਮ, ਜੋ 1949 ਵਿਚ ਰਲੀਜ਼ ਹੋਈ ਸੀ, ਸਫ਼ਲ ਨਹੀਂ ਹੋਈ। ਸਾਹਿਰ ਦੀ ਆਰਥਿਕ ਤੰਗੀ ਤੇ ਪ੍ਰੇਸ਼ਾਨੀ ਵਧਣ ਲੱਗੀ। 

ਵਿਚਾਰਧਾਰਕ ਪੱਖੋਂ ਪ੍ਰੋੜ ਹੋ ਚੁਕੇ ਸਾਹਿਰ ਨੂੰ ਪਤਾ ਸੀ ਕਿ ਸਰਮਾਏਦਾਰੀ ਪ੍ਰਬੰਧ ਵਿਚ ਹਰ ਚੀਜ਼ ਜਿਣਸ ਬਣ ਜਾਂਦੀ ਹੈ। ਤਲਖ਼ੀਆਂ ਵਿਚ ਸ਼ਾਮਲ ਨਜ਼ਮ 'ਫ਼ਨਕਾਰ' ਵਿਚ ਸਾਹਿਰ ਨੇ ਇਨਸਾਨੀ ਰਿਸ਼ਤਿਆਂ ਅਤੇ ਕਲਾਤਮਕ ਪ੍ਰਤਿਭਾ ਦੇ ਜਿਣਸ ਬਣ ਜਾਣ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ - 
ਮੈਂ ਨੇ ਜੋ ਗੀਤ ਤਿਰੇ ਪਿਆਰ ਕੀ ਖਾਤਿਰ ਲਿਖੇ 
ਆਜ ਉਨ ਗੀਤੋਂ ਕੋ ਬਾਜ਼ਾਰ ਮੇਂ ਲੇ ਆਇਆ ਹੂੰ 
ਆਜ ਦੁੱਕਾਨ ਪੇ ਨੀਲਾਮ ਉਠੇਗਾ ਉਨ ਕਾ 
ਤੂ ਨੇ  ਜਿਨ ਗੀਤੋਂ ਪੇ ਰੱਖੀ ਥੀ ਮੁਹੱਬਤ ਕੀ ਅਸਾਸ 1 
ਜ ਚਾਂਦੀ ਕੇ ਤਰਾਜ਼ੂ ਮੇਂ ਤੁਲੇਗੀ ਹਰ ਚੀਜ਼ 
ਮੇਰੇ ਅਫ਼ਕਾਰ, ਮਿਰੀ ਸ਼ਾਇਰੀ ਮਿਰਾ ਅਹਿਸਾਸ 
ਜੋ ਤਿਰੀ ਜ਼ਾਤ ਸੇ ਮਨਸੂਬ ਥੇ ਉਨ ਗੀਤੋਂ ਕੋ 
ਮੁਫ਼ਲਿਸੀ 2 ਜਿਨਸ ਬਨਾਨੇ ਪੇ ਉਤਰ ਆਈ ਹੈ 
ਭੂਕ, ਤਿਰੇ ਰੁਖ਼ੇ ਰੰਗੀਂ ਕੇ ਫ਼ਸਾਨੋ ਕੇ ਇਵਜ਼ 
ਚੰਦ ਅਸ਼ੀਆਏ-ਜ਼ਰੂਰਤ 3 ਤਮੰਨਾਈ 4 ਹੈ 
ਦੇਖ, ਇਸ ਕਾਰਗਹੇ-ਮਿਹਨਤੋ-ਸਰਮਾਇਆ 5 ਮੇਂ 
ਮੇਰੇ ਨਗ਼ਮੇਂ ਭੀ ਮਿਰੇ ਪਾਸ ਨਹੀਂ ਰਹਿ ਸਕਤੇ। 
ਤੇਰੇ ਜਲਵੇ ਕਿਸੀ ਜ਼ਰਦਾਰ ਕੀ ਮੀਰਾਸ 6 ਸਹੀ 
ਤੇਰੇ ਖ਼ਾਕੇ ਭੀ ਮਿਰੇ ਪਾਸ ਨਹੀਂ ਰਹ ਸਕਤੇ। 
 ਆਜ ਉਨ ਗੀਤੋਂ ਕੋ ਬਾਜ਼ਾਰ ਮੇਂ ਲੇ ਆਇਆ ਹੂੰ 
ਮੈਂਨੇ ਜੋ ਗੀਤ ਤਿਰੇ ਪਿਆਰ ਕੀ ਖਾਤਿਰ ਲਿਖੇ 
  1 ਬੁਨਿਆਦ 2 ਗ਼ਰੀਬੀ 3 ਲੋੜੀਂਦੀਆਂ 4 ਚਾਹਵਾਨ 5 ਮਿਹਨਤ ਤੇ ਪੈਸੇ ਦਾ ਕਾਰਖ਼ਾਨਾ 6 ਵਿਰਾਸਤ 

'ਸ਼ਾਹਰਾਹ' ਦੇ ਦੋ ਕੁ ਅੰਕ ਛਪਣ ਬਾਅਦ ਸਾਹਿਰ ਨੇ ਤੀਜੇ ਅੰਕ ਦਾ ਖਰੜਾ ਝੋਲੇ ਵਿਚ ਪਾਇਆ ਤੇ ਬੰਬਈ ਵਲ ਦੋਬਾਰਾ ਚਾਲੇ ਪਾ ਲਏ। ਹਾਲਾਤ ਦਾ ਵਿਅੰਗ ਇਹ ਸੀ ਕਿ ਬੰਬਈ ਦੇ ਨਿਰਮਾਤਾ ਸਾਹਿਰ ਦੀ ਚੰਗੇ ਸ਼ਾਇਰ ਵਜੋਂ ਇੱਜ਼ਤ ਤਾਂ ਕਰਦੇ ਸਨ ਪਰ ਉਸ ਨੂੰ ਕੰਮ ਦੇਣ ਦਾ ਜੋਖ਼ਮ ਉਠਾਉਣਾ ਲਈ ਤਿਆਰ ਨਾ ਹੁੰਦੇ। ਚੰਦ ਰੁਪਿਆਂ ਦੀ ਖਾਤਿਰ ਸਾਹਿਰ ਨੂੰ ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਨੂੰ ਖੁਸ਼ਖਤ ਕਰਕੇ ਲਿਖਣਾ ਪੈਂਦਾ। ਹੱਦ ਤਾਂ ਇਹ ਹੋ ਗਈ ਕਿ ਜਦ ਉੱਘੇ ਨਿਰਮਾਤਾ ਨਿਰਦੇਸ਼ਕ ਸ਼ਾਹਿਦ ਲਤੀਫ਼ ਨੇ ਸਾਹਿਰ ਤੋਂ ਫ਼ਿਲਮੀ ਗੀਤ ਲਿਖਾਉਣ ਤੋਂ ਇਨਕਾਰ ਕਰਦਿਆਂ ਕਿਹਾ, ''ਸਾਹਿਰ ਸਾਹਿਬ! ਜੇ ਤੁਹਾਡੀ ਆਰਥਿਕ ਦਸ਼ਾ ਚੰਗੀ ਨਹੀਂ ਤਾਂ ਤੁਸੀਂ ਬਿਨਾਂ ਕਿਸੇ ਤੱਕਲਫ਼ ਦੇ ਸਾਡੇ ਘਰ ਦੋ ਵੇਲੇ ਰੋਟੀ ਖਾ ਸਕਦੇ ਹੋ।'' ਦੋ ਵੇਲੇ ਦੀ ਰੋਟੀ ਖਾਤਿਰ ਸਾਹਿਰ ਨੂੰ ਮਾਂ ਦੇ ਗਹਿਣੇ ਵੇਚਣੇ ਪਏ।
ਜਾਨ ਨਿਸਾਰ ਖਾਨ,ਸਾਹਿਰ ਤੇ ਮਹਿੰਦਰ ਰੰਧਾਵਾ

ਉਹਨੇ ਹਾਰ ਨਹੀਂ ਮੰਨੀ। ਇਹ ਵੀ ਤਾਂ ਇਕ ਲੜਾਈ ਸੀ। ਉਹ ਆਪਣੀ ਵਿਚਾਰਧਾਰਾ ਤੇ ਗ਼ੈਰਤ ਦੀ ਖਾਤਿਰ ਭਟਕ ਰਿਹਾ ਸੀ। ਏਨਾ ਬੁਲੰਦ ਸ਼ਾਇਰ ਹਾਰ ਕਿਵੇਂ ਮੰਨ ਸਕਦਾ ਸੀ? ਲੁਧਿਆਣੇ ਦਿਨ ਦੇ ਗਿਆਰਾਂ ਵਜੇ ਉੱਠਣ ਵਾਲਾ ਸਾਹਿਰ ਬੰਬਈ ਵਿਚ ਸਵੇਰੇ ਛੇ ਵਜੇ ਉਠ ਕੰਮ ਦੀ ਤਲਾਸ਼ ਵਿਚ ਜੁਟ ਜਾਂਦਾ। ਮੋਢੇ ਤੇ ਕਾਮਰੇਡੀ ਝੋਲ਼ਾ ਲਟਕਾ ਸਟੂਡੀਓ ਸਟੂਡੀਓ ਹੋਕਾ ਦੇਂਦਾ, ''ਗੀਤ ਲਿਖਵਾ ਲਓ!'' ਫ਼ਿਲਮ ਨਿਰਮਾਤਾ ਗੀਤ ਸੁਣਦੇ, ਸਲਾਹੁੰਦੇ, ਪਰ ਆਪਣੀ ਫ਼ਿਲਮ ਲਈ ਉਨ੍ਹਾਂ ਨੂੰ ਚੁਣਨ ਤੋਂ ਇਨਕਾਰ ਕਰ ਦੇਂਦੇ। ਕੋਈ ਨਾ ਕੋਈ ਬਹਾਨਾ, ਕੋਈ ਡਰ, ਕੋਈ ਘੁਣਤਰ ਉਨ੍ਹਾਂ ਕੋਲ ਹੁੰਦੀ। ਸਾਹਿਰ ਕਦੇ ਆਪਣੇ ਗੀਤਾਂ ਵਲ ਦੇਖਦਾ ਕਦੇ ਫ਼ਿਲਮ ਨਿਰਮਾਤਾਵਾਂ ਦੇ ਚਿਹਰਿਆਂ ਵਲ। ਚਿਹਰੇ ਜੋ ਨੋਟਾਂ ਨਾਲ ਤੂਸੇ ਹੁੰਦੇ। 

ਇਕ ਨਿਰਮਾਤਾ ਨੇ ਜਦ ਸਾਹਿਰ ਨੂੰ ਬਾਰ ਬਾਰ ਚੱਕਰ ਲਗਵਾਏ ਤਾਂ ਤੰਗ ਆ ਕੇ ਸਾਹਿਰ ਨੇ ਆਪਣਾ ਗੀਤ ਇਹ ਕਹਿੰਦਿਆਂ ਪਾੜ ਸੁਟਿਆ - ''ਕੀ ਤੁਸੀਂ ਮੇਰੇ ਗੀਤ ਯੂ.ਐਨ. ਓ ਵਿਚ ਫੈਸਲਾ ਕਰਾਉਣ ਲਈ ਭੇਜ ਰਹੇ ਹੋ?'' 

ਫ਼ਿਲਮੀ ਜਗਤ 'ਚ ਇਹ ਕੋਈ ਨਵੀਂ ਗੱਲ ਨਹੀਂ ਸੀ। ਏਥੇ ਟੇਲੰਟ ਪਹਿਲਾਂ ਰੁਲਦੀ ਹੈ, ਜਾਂ ਉਹਨੂੰ ਰੋਲਿਆ ਜਾਂਦਾ, ਫਿਰ ਅਚਾਨਕ ਜਿਵੇਂ ਕੋਈ ਧਮਾਕਾ ਪੈਦਾ ਹੋ ਜਾਂਦਾ। ਰੁਲਣ ਵਾਲਾ ਮਹਾਨ ਬਣ ਜਾਂਦਾ। ਉਹਦਾ ਗੁਣ ਗਾਇਨ ਹੋਣ ਲੱਗਦਾ। ਸਾਹਿਰ ਨੂੰ ਉਸ ਧਮਾਕੇ ਦੀ ਉਡੀਕ ਸੀ। ਅਜਿਹਾ ਦੌਰ ਜਰਮਨ ਨਾਟਕਕਾਰ ਬਰਤੋਲਤ ਬ੍ਰੈਖ਼ਤ ਤੇ ਵੀ ਆਇਆ ਸੀ ਜਦ ਉਸ ਨੂੰ ਜਰਮਨ ਛੱਡ ਅਮਰੀਕਾ ਜਾਣਾ ਪਿਆ ਸੀ। ਬ੍ਰੈਖ਼ਤ ਹੌਲੀਵੁੱਡ ਵਿਚ ਰੁਜ਼ਗਾਰ ਦੇ ਇਸ ਸੰਘਰਸ਼ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ - 
ਨਿਤ ਮੈਂ ਆਪਣੀ ਰੋਜ਼ੀ ਲਈ ਜਾਂਦਾ ਹਾਂ 
ਬਜ਼ਾਰ ਵਿਚ, ਜਿਥੇ ਝੂਠ ਵਿਕਦੇ ਨੇ 

ਹੌਲੀਵੁੱਡ ਦੀ ਤਰਜ਼ ਤੇ ਬੌਲੀਵੁੱਡ ਕਹੀ ਜਾਂਦੀ ਬੰਬਈ ਦੀ ਮਾਇਆ ਨਗਰੀ ਵਿਚ ਸਾਹਿਰ ਦੀ ਹਾਲਤ ਅਜਿਹੀ ਹੀ ਸੀ। ਨਿਰਮਾਤਾ ਨਿਰਦੇਸ਼ਕ ਮੋਹਨ ਸਹਿਗਲ ਦੀ ਸਲਾਹ 'ਤੇ ਸਾਹਿਰ ਸੰਗੀਤਕਾਰ ਐਸ. ਡੀ. ਬਰਮਨ ਨੂੰ ਮਿਲਿਆ। ਐਸ. ਡੀ. ਬਰਮਨ ਨੂੰ ਅਜਿਹੇ ਗੀਤਕਾਰ ਦੀ ਲੋੜ ਸੀ ਜੋ ਉਸ ਦੀਆਂ ਬਣਾਈਆਂ ਧੁਨਾਂ 'ਤੇ ਗੀਤ ਰਚ ਸਕੇ। ਸਾਹਿਰ ਐਸ. ਡੀ. ਬਰਮਨ ਦੀ ਕਸਵਟੀ ਤੇ ਪੂਰਾ ਉਤਰਿਆ। 1951 ਵਿਚ ਆਈ ਫ਼ਿਲਮ 'ਨੌਜੁਆਨ'' ਫ਼ਿਲਮ ਨੇ ਸਾਹਿਰ ਲਈ ਭਵਿੱਖ ਦੇ ਰਾਹ ਖੋਲ੍ਹ ਦਿੱਤੇ। ਇਸੇ ਹੀ ਸਾਲ ਆਈ ਗੁਰੂ ਦੱਤ ਦੀ ਫ਼ਿਲਮ ''ਬਾਜ਼ੀ'' ਨੇ ਸਾਹਿਰ ਨੂੰ ਫ਼ਿਲਮੀ ਗੀਤਕਾਰ ਵਜੋਂ ਸਥਾਪਤ ਕਰ ਦਿੱਤਾ। ਸਾਹਿਰ-ਬਰਮਨ ਦੀ ਜੋੜੀ ਕਾਇਮ ਹੋ ਚੁੱਕੀ ਸੀ। ਇਕ ਤੋਂ ਬਾਅਦ ਦੂਜੀ ਫ਼ਿਲਮ, ਸਭ ਹਿੱਟ। ਇਤਿਹਾਸ ਰਚ ਦਿੱਤਾ। ਪਰ ਨਿੱਜੀ ਹਉਮੈ ਨੇ ਦੋਵਾਂ ਵਿਚ ਦੂਰੀਆਂ ਵੀ ਪੈਦਾ ਕਰ ਦਿੱਤੀਆਂ। ਦੋਵੇਂ ਫ਼ਿਲਮਾਂ ਦੀ ਸਫ਼ਲਤਾ ਲਈ ਆਪਣੇ ਆਪਣੇ ਦਾਅਵੇ ਠੋਕਣ ਲੱਗੇ। ਮੌਕਾਪ੍ਰਸਤਾਂ ਨੇ ਇਸ ਨੂੰ ਹਵਾ ਦਿੱਤੀ। ਗੁਰੂ ਦੱਤ ਦੀ 'ਪਿਆਸਾ'' (1957) ਇਸ ਵਿਵਾਦ ਦੀ ਸਿਖ਼ਰ ਹੋ ਨਿੱਬੜੀ। ਐਸ. ਡੀ. ਬਰਮਨ ਦਾ ਕਹਿਣਾ ਸੀ ਕਿ ਉਸ ਦੇ ਸੰਗੀਤ ਨੇ ਫ਼ਿਲਮ ਨੂੰ ਏਨੀ ਬੁਲੰਦੀ 'ਤੇ ਪਹੁੰਚਾਇਆ ਹੈ, ਪਰ ਸਾਰੇ ਪਾਸਿਆਂ ਤੋਂ ਸਿਫ਼ਤਾਂ ਸਾਹਿਰ ਦੇ ਗੀਤਾਂ ਦੀਆਂ ਹੋ ਰਹੀਆਂ ਹਨ। ਅੰਤ, ਸਾਹਿਰ ਅਤੇ ਬਰਮਨ ਨੇ ਵੱਖੋ ਵੱਖਰੇ ਰਾਹ ਫੜ ਲਏ। 

ਤਦ ਸਾਹਿਰ ਫ਼ਿਲਮ ਨਿਰਮਾਤਾ ਬੀ.ਆਰ.ਚੋਪੜਾ ਦੇ ਖੇਮੇ ਦਾ ਅਤੁੱਟ ਅੰਗ ਬਣ ਗਿਆ। ਚੋਪੜਾ ਦੀ ਫ਼ਿਲਮ 'ਨਇਆ ਦੌਰ' ਵਿਚ ਸਾਹਿਰ ਦੇ ਗੀਤਾਂ ਨੂੰ ਓ.ਪੀ.ਨਈਅਰ ਨੇ ਸੰਗੀਤ ਨਾਲ ਸਜਾਇਆ। ਸਾਰੇ ਗਾਣੇ ਹਿੱਟ ਹੋ ਗਏ, ਖਾਸ ਕਰਕੇ ਗਾਣਾ 'ਮਾਂਗ ਕੇ ਸਾਥ ਤੁਮ੍ਹਾਰਾ ਮੈਂ ਨੇ ਮਾਂਗ ਲੀਆ ਸੰਸਾਰ' ਤੇ 'ਉੜੇਂ ਜਬ ਜਬ ਜ਼ੁਲਫ਼ੇਂ ਤੇਰੀ ਕਆਰਿਓਂ ਕਾ ਦਿਲ ਫਿਸਲੇ. ..।' ਸਾਹਿਰ ਤਾਂ ਸਵੈਮਾਨੀ ਸੀ ਹੀ, ਓ ਪੀ ਨੱਈਅਰ ਵੀ ਕਿਸੇ ਗੱਲੋਂ ਆਪਣੇ ਆਪ ਨੂੰ ਘਟ ਨਹੀਂ ਸੀ ਸਮਝਦਾ। ਦੋਨਾਂ ਦੀ ਜੋੜੀ ਨੇ ਹਿੱਟ ਗੀਤ ਤਾਂ ਦਿੱਤੇ ਪਰ ਦੋਵਾਂ ਵਿਚਕਾਰ ਠੰਨ ਗਈ। ਇਹ ਗੱਲ ਧਿਆਨ ਮੰਗਦੀ ਹੈ ਕਿ ਸਾਹਿਰ ਦੀ ਸ਼ਾਇਰੀ ਜਜ਼ਬਿਆਂ ਨਾਲ਼ ਲਬਰੇਜ਼ ਹੁੰਦੀ ਪਰ ਕਾਰੋਬਾਰੀ ਮਾਮਲੇ ਵਿਚ ਉਹ ਕਠੋਰ ਹੋ ਜਾਂਦਾ। ਜ਼ਿੰਦਗੀ ਦੇ ਤਲਖ਼ ਤਜਰਬਿਆਂ ਨੇ ਉਸ ਨੂੰ ਇਸ ਖਾਤੇ 'ਚ ਅੜੀਅਲ ਬਣਾ ਦਿੱਤਾ ਸੀ। ਕਾਮਯਾਬੀ ਦੀ ਸਿਖਰ 'ਤੇ ਪੁੱਜਦਿਆਂ ਉਹਨੇ ਫ਼ਿਲਮ ਨਿਰਮਾਤਾਵਾਂ 'ਤੇ ਆਪਣੀਆਂ ਸ਼ਰਤਾਂ ਠੋਕਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸ਼ਰਤਾਂ ਮੁਆਵਜ਼ੇ ਦੀਆਂ ਵੀ ਹੁੰਦੀਆਂ ਅਤੇ ਸੰਗੀਤਕਾਰਾਂ ਤੇ ਗਾਇਕਾਂ ਦੀ ਚੋਣ ਦੀਆਂ ਵੀ। ਉਹਦੇ ਫ਼ਨ ਅਤੇ ਦਰਸ਼ਕਾਂ ਵਿਚ ਉਹਦੀ ਮਕਬੂਲੀਅਤ ਦਾ ਏਨਾ ਸਿੱਕਾ ਜੰਮ ਚੁੱਕਾ ਸੀ ਕਿ ਨਿਰਮਾਤਾ ਉਸ ਦੀਆਂ ਸ਼ਰਤਾ ਅੱਗੇ ਸਿਰ ਝੁਕਾਉਣ ਲਈ ਤਿਆਰ ਹੋ ਜਾਂਦੇ। ਸਾਹਿਰ ਨੇ ਨਿਰਮਾਤਾਵਾਂ ਨੂੰ ਕਿਹਾ ਕਿ ਉਹ ਉਸ ਨੂੰ ਸੰਗੀਤਕਾਰ ਨਾਲ਼ੋਂ ਵੱਧ ਪੈਸਾ ਦੇਣ, ਉਹ ਤਿਆਰ ਹੋ ਗਏ। ਉਹਦੇ ਜ਼ੋਰ ਦੇਣ 'ਤੇ ਰੇਡੀਓ ਦੇ ਗੀਤਾਂ ਵੇਲੇ ਗੀਤਕਾਰ ਦੇ ਨਾਂ ਨਾਲ ਗੀਤਕਾਰ ਦਾ ਨਾਂ ਵੀ ਦੱਸਿਆ ਜਾਣ ਲੱਗਿਆ। ਬੰਬਈ ਦੀ ਪ੍ਰਥਾ ਰਹੀ ਸੀ ਕਿ ਗੀਤਕਾਰ ਸੰਗੀਤਕਾਰ ਦੇ ਕੋਲ਼ ਜਾ ਕੇ ਉਸਦੀ ਸਿਰਜੀ ਧੁਨ ਅਨੁਸਾਰ ਆਪਣੇ ਗੀਤ ਨੂੰ ਅੰਤਮ ਰੂਪ ਦਿੰਦਾ ਸੀ। ਸਾਹਿਰ ਨੇ ਫ਼ਿਲਮ ਨਿਰਮਾਤਾਵਾਂ ਨੂੰ ਕਿਹਾ ਕਿ ਸੰਗੀਤਕਾਰ ਉਸ ਦੇ ਘਰ ਜਾ ਕੇ ਗੀਤ ਨੂੰ ਅੰਤਮ ਰੂਪ ਦੇਣ। ਉਹਦੇ ਮਾਮਲੇ 'ਚ ਅਜਿਹਾ ਹੀ ਹੋਣ ਲੱਗਾ। 

ਲਾਚਾਰੀ-ਵੱਸ ਫ਼ਿਲਮ ਨਿਰਮਾਤਾਵਾਂ ਨੂੰ ਨੌਸ਼ਾਦ, ਐਸ.ਡੀ.ਬਰਮਨ ਅਤੇ ਓ.ਪੀ. ਨਈਅਰ ਜਿਹੇ ਪਹਿਲੀ ਪਾਲ ਦੇ ਸੰਗੀਤਕਾਰਾਂ ਦੀ ਥਾਂ ਖੱਯਾਮ, ਰਵੀ ਅਤੇ ਐਨ ਦੱਤਾ ਜਿਹੇ ਸੰਗੀਤਕਾਰਾਂ ਨੂੰ ਲੈਣਾ ਪਿਆ। ਉਹੀ ਸਾਹਿਰ ਦੀ ਅੜੀ ਪੁਗਾਣ ਲਈ ਤਿਆਰ ਹੋਏ। ਪਹਿਲੀ ਕਤਾਰ ਵਾਲਿਆਂ ਨੇ ਵੀ ਆਪਣੇ ਸਵੈ-ਅਭਿਮਾਨ ਦੀ ਰਾਖੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹਦਾ ਨਤੀਜਾ ਦੂਜੀ ਪਾਲ ਵਾਲੇ ਸੰਗੀਤਕਾਰਾਂ ਲਈ ਚੰਗਾ ਨਿਕਲਿਆ। ਸਾਹਿਰ ਦੇ ਗੀਤਾਂ ਦੇ ਆਸਰੇ ਉਨ੍ਹਾਂ ਦਾ ਵਕਾਰ ਵੀ ਵਧਣ ਲੱਗਾ। ਫਿਰ ਸਾਹਿਰ ਨੇ ਐਲਾਨ ਕੀਤਾ - ''ਬਰਨਾਰਡ ਸ਼ਾਅ ਨੂੰ ਮਾਣ ਸੀ ਕਿ ਉਹ ਆਪਣੇ ਇੱਕ ਲਫ਼ਜ਼ ਦੀ ਕੀਮਤ ਇਕ ਪੌਂਡ ਲੈਂਦਾ ਹਾਂ। ਮੈਂ ਇਕ ਆਪਣੇ ਇਕ ਗੀਤ ਦਾ ਮੁਆਵਜ਼ਾ ਦਸ ਹਜ਼ਾਰ ਰੁਪਏ ਵਸੂਲ ਕਰਦਾ ਹਾਂ ਤੇ ਮੈਂ ਇਕ ਸਿਗਰਟ ਦੇ ਦਸਾਂ ਕਸ਼ਾਂ ਵਿਚ ਗਾਣਾ ਲਿਖ ਲੈਂਦਾ ਹਾਂ। ਇਸ ਦਾ ਮਤਲਬ ਇਹ ਹੋਇਆ ਕਿ ਮੇਰੇ ਸਿਗਰਟ ਦੇ ਇਕ ਕਸ਼ ਦੀ ਕੀਮਤ ਇਕ ਹਜ਼ਾਰ ਰੁਪਿਆ ਹੁੰਦੀ ਹੈ।'' ਉਂਝ ਬਲਵੰਤ ਗਾਰਗੀ ਕੋਲ਼ ਉਸ ਨੇ ਮੰਨਿਆ, ''ਮੇਰਾ ਰੇਟ ਐਂਵੇ ਹੀ ਵਧ ਗਿਆ। ਦਰਅਸਲ ਮੈਂ ਬਹੁਤੀਆਂ ਫ਼ਿਲਮਾਂ ਲਈ ਲਿਖਣਾ ਨਹੀਂ ਸੀ ਚਾਹੁੰਦਾ। ਮੇਰਾ ਰੇਟ ਇਕ ਗੀਤ ਦਾ ਪੰਜ ਹਜ਼ਾਰ ਸੀ। ਇਕ ਮਾਲਦਾਰ ਪ੍ਰੋਡੀਊਸਰ ਆਇਆ ਤੇ ਉਸ ਨੇ ਕਿਹਾ ਕਿ ਸਾਹਿਰ ਸਾਹਿਬ ਅਸੀਂ ਤਾਂ ਤੁਹਾਥੋਂ ਹੀ ਗੀਤ ਲਿਖਵਾਂਗੇ। ਮੈਂ ਆਖਿਆ, ਮੇਰਾ ਰੇਟ ਤਾਂ ਦਸ ਹਜ਼ਾਰ ਰੁਪਏ ਇਕ ਗੀਤ ਦਾ ਹੈ। ਸੋਚਿਆ ਸੀ ਇਨੇ ਪੈਸੇ ਕੌਣ ਦੇਵੇਗਾ। ਪਰ ਉਹ ਸੇਠ ਪ੍ਰੋਡੀਊਸਰ ਮੰਨ ਗਿਆ। ਉਸ ਨੇ ਆਖਿਆ ਮਨਜ਼ੂਰ ਹੈ। ਇਸ ਤਰ੍ਹਾਂ ਮੇਰਾ ਰੇਟ ਦਸ ਹਜ਼ਾਰ ਰੁਪਏ ਫ਼ੀ ਗੀਤ ਹੋ ਗਿਆ। '' ਸਾਹਿਰ ਦੇ ਇਸ ਵਤੀਰੇ ਤੋਂ ਉਸ ਦੇ ਕਰੀਬੀ ਦੋਸਤ ਵੀ ਅਛੂਤੇ ਨਹੀਂ ਰਹੇ। ਆਪਣੀ ਗਜ਼ਲ ਦੀ ਧੁਨ ਪੂਰੀ ਕਰਨ ਲਈ ਸਾਹਿਰ ਦੇ ਬਚਪਨ ਦਾ ਸਾਥੀ ਸੰਗੀਤਕਾਰ ਜੈ ਦੇਵ ਉਸ ਤੋਂ ਇਕ ਸ਼ਿਅਰ ਦੀ ਗੁਜ਼ਾਰਿਸ਼ ਕਰਦਾ ਰਿਹਾ। ਪਰ ਸਾਹਿਰ ਨੇ ਉਸ ਦੀ ਇਹ ਮੰਗ ਪੂਰੀ ਨਹੀਂ ਕੀਤੀ। 

ਸ਼ੌਹਰਤ ਦਾ ਸਿਰ ਵੀ ਘੁੰਮਾ ਦਿੱਤਾ। ਸਾਰਾ ਦਿਨ ਸਾਹਿਰ ਆਪਣੇ ਮਿੱਤਰਾਂ ਦੀ ਜੁੰਡਲੀ ਵਿਚ ਘਿਰਿਆ ਰਹਿੰਦਾ। ਗੱਲ ਭਾਵੇਂ ਲਤਾ ਮੰਗੇਸ਼ਕਰ ਦੀ ਸੁਰੀਲੀ ਆਵਾਜ਼ ਤੋਂ ਸ਼ੁਰੂ ਹੁੰਦੀ ਜਾਂ ਮਦਰਾਸੀ ਡੋਸੇ ਦੇ ਸੁਆਦ ਤੋਂ, ਪਰ ਮੁਕਣਾ ਇਹਨੇ ਇਸ ਮੁੱਦੇ 'ਤੇ ਹੁੰਦਾ ਕਿ ਇਸ ਦੌਰ ਨੇ ਜੇ ਉਰਦੂ ਦਾ ਕੋਈ ਸ਼ਾਇਰ ਪੈਦਾ ਕੀਤਾ ਹੈ ਤਾਂ ਉਹ ਸਾਹਿਰ ਹੈ।' ਉਨ੍ਹਾਂ ਦਿਨਾਂ ਬਾਰੇ ਸਾਹਿਰ ਦਾ ਇਕ ਹੋਰ ਦੋਸਤ ਪ੍ਰਕਾਸ਼ ਪੰਡਤ ਵਿਅੰਗ ਨਾਲ਼ ਲਿਖਦਾ ਹੈ, ''ਕੰਧਾਂ ਦੇ ਕੰਨ ਤਾਂ ਹੁੰਦੇ ਹਨ ਪਰ ਜ਼ੁਬਾਨ ਨਹੀਂ', ਇਸ ਲਈ ਆਪਣੀਆਂ ਕਦੇ ਖਤਮ ਨਾ ਹੋਣ ਵਾਲ਼ੀਆਂ ਗੱਲਾਂ ਨੂੰ ਸੁਣਾਉਣ ਅਤੇ ਹਾਮੀ ਭਰਵਾਉਣ ਲਈ ਸਾਹਿਰ ਇਕ ਅੱਧੇ ਮਿੱਤਰ ਨੂੰ ਆਪਣੇ ਨਾਲ਼ ਰੱਖਦਾ ਹੈ, ਉਸ ਦਾ ਸਾਰਾ ਖਰਚਾ ਚੁੱਕਦਾ ਹੈ ਅਤੇ ਸੁਣਨ ਤੋਂ ਇਲਾਵਾ ਉਸ ਨੂੰ ਹੋਰ ਕੋਈ ਕਸ਼ਟ ਨਹੀਂ ਹੋਣ ਦਿੰਦਾ। ਪਰ ਰਾਤ ਦੇ ਸੰਨਾਟੇ ਵਿਚ ਉਸ ਨੂੰ ਇਕੱਲਤਾ ਸਤਾਉਣ ਲਗਦੀ ਹੈ। ਇਸ ਦੌਰਾਨ ਸਾਹਿਰ ਦਾ ਇਸ਼ਕ ਵੀ ਚਰਚਾ ਵਿਚ ਰਿਹਾ। ਅਮ੍ਰਿਤਾ ਪ੍ਰੀਤਮ ਤੋਂ ਇਲਾਵਾ ਹੈਦਰਾਬਾਦ ਦੀ ਹਾਜਰਾ ਮਸਰੂਰ ਨਾਲ ਉਸ ਦੀ ਨੇੜਤਾ ਦੇ ਚਰਚੇ ਰਹੇ। ਲਤਾ ਮੰਗੇਸ਼ਕਰ ਨਾਲ਼ ਇਸ਼ਕ ਵੀ ਰਿਹਾ ਤੇ ਦੁਸ਼ਮਣੀ ਵੀ। ਸਾਹਿਰ ਲਤਾ ਬਾਰੇ ਕਹਿੰਦਾ, ''ਉਹ ਮੇਰੇ ਗੀਤਾਂ ਤੇ ਮਰਦੀ ਹੈ 'ਤੇ ਮੈਂ ਉਸ ਦੀ ਆਵਾਜ਼ 'ਤੇ। ਫਿਰ ਵੀ ਸਾਡੇ ਦਰਮਿਆਨ ਹਜ਼ਾਰਾਂ ਮੀਲ ਦਾ ਫਾਸਲਾ ਹੈ।'' ਲਤਾ ਉੱਤੇ ਉਸ ਨੇ 'ਤੇਰੀ ਆਵਾਜ਼' ਨਜ਼ਮ ਲਿਖੀ। ਬਾਅਦ ਵਿਚ ਦੋਵਾਂ ਦੀ ਅਣਖ਼ ਨੇ ਦੋਸਤੀ ਨੂੰ ਦੁਸ਼ਮਣੀ ਵਿਚ ਤਬਦੀਲ ਕਰ ਦਿੱਤਾ। ਗੱਲ ਏਥੇ ਤੱਕ ਪੁੱਜ ਗਈ ਕਿ ਜਦ ਕੋਈ ਨਿਰਮਾਤਾ ਸਾਹਿਰ ਨੂੰ ਗੀਤ ਲਿਖਣ ਲਈ ਕਹਿੰਦਾ ਤਾਂ ਉਹਦੀ ਪਹਿਲੀ ਸ਼ਰਤ ਹੁੰਦੀ, ''ਮੇਰਾ ਇਕ ਵੀ ਗੀਤ ਲਤਾ ਮੰਗੇਸ਼ਕਰ ਨਹੀਂ ਗਾਏਗੀ।'' 


ਜਦ ਬਾਅਦ ਵਿਚ ਲਤਾ ਮੰਗੇਸ਼ਕਰ ਦੀ ਸਾਹਿਰ ਨਾਲ ਸੁਲਹ ਹੋ ਗਈ ਤਾਂ ਸਾਹਿਰ ਨੇ ਕਿਹਾ, ''ਹੁਣ ਸਾਡੀ ਦੋਸਤੀ ਸਹੀ ਅਰਥਾਂ ਵਿਚ ਦੋਸਤੀ ਹੈ। ਦੋਸਤੀ ਅਸਲ ਵਿਚ ਦੋ ਬਰਾਬਰ ਦੇ ਇਨਸਾਨਾਂ ਵਿਚ ਹੀ ਹੋ ਸਕਦੀ ਹੈ। '' ਜਦ ਸੁਧਾ ਮਲਹੋਤਰਾ ਨਾਂ ਦੀ ਨਵੀਂ ਗਾਇਕਾ ਸਾਹਿਰ ਦੀ ਜ਼ਿੰਦਗੀ ਵਿਚ ਆਈ ਤਾਂ ਉਹਨੇ ਸੰਗੀਤਕਾਰਾਂ ਨੂੰ ਸੁਧਾ ਦੇ ਨਾਂ ਦੀ ਸਿਫ਼ਾਰਸ਼ ਕਰਨੀ ਸੁਰੂ ਕਰ ਦਿੱਤੀ। ਇਹ ਰਿਸ਼ਤਾ ਵੀ ਸਿਰੇ ਨਾ ਚੜ੍ਹ ਸਕਿਆ, ਪਰ ਇਸ ਰਿਸ਼ਤੇ ਨੂੰ ਸਾਹਿਰ ਨੇ ਹੇਠਲੀ ਨਜ਼ਮ ਵਿਚ ਸ਼ਿੱਦਤ ਨਾਲ ਬਿਆਨ ਕੀਤਾ ਹੈ - 
ਨ ਮੈਂ ਤੁਮਸੇ ਕੋਈ ਉੱਮੀਦ ਰੱਖੂੰ ਦਿਲ ਨਵਾਜ਼ੀ ਕੀ 
ਨ ਤੁਮ ਮੇਰੀ ਤਰਫ਼ ਦੇਖੋ ਗ਼ਲਤ ਅੰਦਾਜ਼ ਨਜ਼ਰੋਂ ਸੇ 
ਨ ਮੇਰੇ ਦਿਲ ਕੀ ਧੜਕਨ ਲੜਖੜਾਏ ਤੇਰੀ ਬਾਤੋਂ ਸੇ 
ਨ ਜ਼ਾਹਿਰ ਹੋ ਤੁਮ੍ਹਾਰੀ ਕਸ਼ਮਕਸ਼ ਕਾ ਰਾਜ਼ ਨਜ਼ਰੋਂ ਸੇ 
 ਤੁਮ੍ਹੇਂ ਭੀ ਕੋਈ ਉਲਝਨ ਰੋਕਤੀ ਹੈ ਪੇਸ਼ਕਦਮੀ ਸੇ 
ਮੁਝੇ ਭੀ ਲੋਗ ਕਹਤੇ ਹੈਂ ਕਿ ਯੇ ਜਲਵੇ ਪਰਾਏ ਹੈਂ 
ਮਿਰੇ ਹਮਰਾਹ ਵੀ ਭੀ ਰੁਸਵਾਈਆਂ 1 ਹੈਂ ਮੇਰੇ ਮਾਜ਼ੀ 2 ਕੀ 
ਤੁਮ੍ਹਾਰੇ ਸਾਥ ਭੀ ਗੁਜ਼ਰੀ ਹੂਈ ਰਾਤੋਂ ਕੇ ਸਾਏ ਹੈ! 
 ਤੁਆਰੁਫ਼ 3 ਰੋਗ ਬਨ ਜਾਏ ਤੋ ਉਸ ਕੋ ਭੂਲਨਾ ਬਿਹਤਰ 
ਤਆਲੁਕ ਬੋਝ ਬਨ ਜਾਏ ਤੋ ਉਸ ਕੋ ਤੋੜਨਾ ਅੱਛਾ 
ਵੁਹ ਅਫ਼ਸਾਨਾ ਜਿਸੇ ਤਕਮੀਲ 4 ਤਕ ਲਾਨਾ ਨਾ ਹੋ ਮੁਮਕਿਨ 
 ਉਸੇ ਇਕ ਖ਼ੂਬਸੂਰਤ ਮੋੜ ਦੇ ਕੇ ਛੋੜਨਾ ਅੱਛਾ 
ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ। 
1 ਬਦਨਾਮੀਆਂ 2 ਭੂਤਕਾਲ 3 ਜਾਣਪਛਾਣ 4 ਸੰਪੂਰਨਤਾ 

ਮਹਿੰਦਰ ਕੁਮਾਰ ਦੀ ਆਵਾਜ਼ ਵਿਚ ਇਸ ਗੀਤ ਨੂੰ ਰਿਕਾਰਡ ਕੀਤਾ ਗਿਆ। ਸੰਗੀਤਕਾਰ ਰਵੀ ਅਨੁਸਾਰ ਇਸ ਗੀਤ ਦੇ ਸੱਤਰ ਤੋਂ ਵੱਧ ਰੀਟੇਕ ਹੋਏ, ''ਕਿਉਂਕਿ ਸਾਨੂੰ ਪਤਾ ਸੀ ਕਿ ਅਸੀਂ ਇਤਿਹਾਸ ਸਿਰਜ ਰਹੇ ਹਾਂ।'' ਸਾਹਿਰ ਦਾ ਕੋਈ ਵੀ ਇਸ਼ਕ ਸਿਰੇ ਤੱਕ ਨਹੀਂ ਪਹੁੰਚ ਸਕਿਆ। ਸ਼ਾਇਦ ਸਾਹਿਰ ਨੇ ਆਪਣੇ ਦਿਲ ਦੇ ਦਰਵਾਜੇ ਬੰਦ ਕਰ ਲਏ ਹੋਏ ਸਨ। ਉਹ ਸਭ ਤੋਂ ਵੱਧ ਇਸ਼ਕ ਆਪਣੀਆਂ ਨਜ਼ਮਾਂ ਨਾਲ਼ ਕਰਦਾ ਸੀ। ਇਹ ਇਕ ਸੱਚਾਈ ਹੈ ਕਿ ਸਾਹਿਰ ਦੀ 'ਪਿਆਸਾ' ਤੇ 'ਨਇਆ ਦੌਰ' ਤੋਂ ਬਾਅਦ ਦੀ ਫ਼ਿਲਮੀ ਸ਼ਾਇਰੀ ਕਿਸੇ ਪੱਖੋਂ ਊਣੀ ਨਹੀਂ। ਉਸ ਨੇ ਹਿੰਦੀ ਸਿਨੇਮਾ ਜਿਹੀਆਂ ਵਪਾਰਕ ਫ਼ਿਲਮਾਂ ਵਿਚ ਸਮਾਜਕ ਸਰੋਕਾਰਾਂ ਲਈ ਥਾਂ ਬਣਾਈ। ਬਕੌਲ ਸਾਹਿਰ, ''ਮੈਂ ਵੀ ਸ਼ੁਰੂ ਵਿਚ ਫ਼ਿਲਮੀ ਦੁਨੀਆਂ ਦੀ ਰਵਾਇਤ ਨਾਲ਼ ਮਿਲ਼ਦੀ ਜੁਲ਼ਦੀ ਸ਼ਾਇਰੀ ਕੀਤੀ ਤੇ ਬਾਅਦ ਵਿਚ ਆਪਣੀ ਜਗ੍ਹਾ ਬਣਾਉਣ ਤੇ ਮੈਂ ਇਸ ਯੋਗ ਹੋਇਆ ਕਿ ਬਹੁਤ ਸਾਰੀਆਂ ਫ਼ਿਲਮਾਂ ਵਿਚੋਂ ਆਪਣੀ ਪਸੰਦ ਦੀਆਂ ਫ਼ਿਲਮਾਂ ਚੁਣ ਸਕਾਂ। ਇਸ ਤਰ੍ਹਾਂ ਮੈਂ ਆਸਾਨੀ ਨਾਲ਼ ਆਪਣੇ ਖ਼ਿਆਲਾਂ ਤੇ ਜਜ਼ਬਿਆਂ ਦਾ ਪ੍ਰਚਾਰ ਕਰ ਸਕਿਆ।'' 

ਸਾਹਿਰ ਦਾ ਕਹਿਣਾ ਸੀ ਕਿ ਹਿੰਦੀ ਫ਼ਿਲਮਾਂ ਦੇ ਬੁਹਤੇ ਗੀਤ ਦਾ ਵਿਸ਼ਾ ਪ੍ਰੇਮ ਹੁੰਦਾ ਹੈ। ਉਸ ਨੇ ਕਿਹਾ, ''ਮੈਂ ਹੁਣ ਤੀਕ ਪੰਜ ਸੌ ਗਾਣੇ ਤਾਂ ਲਿਖੇ ਹੋਣਗੇ। ਸਾਰੇ ਹੀ ਮਹੁੱਬਤ ਦੇ। ਆਖ਼ਿਰ ਕਿੰਨੇ ਕੁ ਨਵੇਂ ਸ਼ਬਦ ਨਵੀਂ ਤਰ੍ਹਾਂ ਬੀੜ ਸਕਦਾ ਹਾਂ। ਮੈਨੂੰ ਲਿਖਣ ਲੱਗੇ ਸੋਚਣਾ ਪੈਂਦਾ ਹੈ ਕਿ ਮੇਰਾ ਘਟੀਆ ਗੀਤ ਵੀ ਬਾਕੀਆਂ ਦੇ ਵਧੀਆ ਗੀਤਾਂ ਨਾਲ਼ੋਂ ਚੰਗਾ ਹੋਣਾ ਚਾਹੀਦਾ ਹੈ।'' 

ਰੂਸ ਇਨਕਲਾਬ ਦੇ ਬਾਅਦ ਲੈਨਿਨ ਨੇ ਸਿਨਮੇ ਦੀ ਸਮਰਥਾ ਨੂੰ ਦੇਖਦਿਆਂ ਇਸ ਨੂੰ ਸਭ ਤੋਂ ਮਹੱਤਵਪੂਰਨ ਕਲਾ ਦਾ ਦਰਜਾ ਦਿੱਤਾ ਸੀ। ਸਾਹਿਰ ਵੀ ਸਿਨੇਮੇ ਦੀ ਵਿਆਪਕ ਪਹੁੰਚ ਨੂੰ ਸਮਝਦਾ ਸੀ। ਉਸ ਦੀ ਮਾਨਤਾ ਸੀ ਕਿ ''ਫ਼ਿਲਮ ਦੇ ਇਸ ਪਹਿਲੂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਆਪਣੇ ਖ਼ਿਆਲਾਤ ਤੇ ਜਜ਼ਬਾਤ ਦਾ ਪ੍ਰਚਾਰ ਕਰਨ ਲਈ ਇਹ ਇਕ ਪਾਵਰਫੁਲ ਮਾਧਿਅਮ ਹੈ।'' ਉਹ ਇਹ ਵੀ ਸਮਝਦਾ ਸੀ ਫ਼ਿਲਮ ਨੂੰ ਜੇ ਉਸਾਰੂ ਅਤੇ ਸੁਧਾਰ ਦੇ ਮੰਤਵ ਲਈ ਵਰਤਿਆ ਜਾਵੇ ਤਾਂ ਲੋਕਾਂ ਦੀ ਸੂਝ ਸਮਝ ਦੀ ਪਾਲ਼ਣਾ ਅਤੇ ਸਮਾਜਿਕ ਉੱਨਤੀ ਦੀ ਰਫ਼ਤਾਰ ਬਹੁਤ ਤੇਜ਼ ਕੀਤੀ ਜਾ ਸਕਦੀ ਹੈ।'' ਸਾਹਿਰ ਨੇ ਸਿਨਮੇ ਦੀ ਇਸ ਤਾਕਤ ਨੂੰ ਪਛਾਣਿਆ ਜਿਸ ਨੂੰ ਉਸ ਦੇ ਬਹੁਤ ਸਾਰੇ ਸਮਕਾਲੀ ਹੀ ਨਹੀਂ ਸਗੋਂ ਉਸ ਤੋਂ ਬਾਅਦ ਅੱਜ ਦੇ ਖੱਬੇਪੱਖੀ ਕਲਾਕਾਰ ਸਮਝਣ ਤੋਂ ਇਨਕਾਰੀ ਹਨ। ਸਾਹਿਰ ਦਾ ਕਹਿਣਾ ਸੀ ਕਿ ''ਬਦਕਿਸਮਤੀ ਨਾਲ਼ ਸਾਡੇ ਵਲੋਂ ਫ਼ਿਲਮ ਦੇ ਇਸ ਪੱਖ ਤੇ ਧਿਆਨ ਨਹੀਂ ਦਿੱਤਾ ਗਿਆ। ਕਿਉਂ ਕਿ ਹੋਰ ਵਿਭਾਗਾਂ ਵਾਂਗ ਇਹ ਵਿਭਾਗ ਵੀ ਅਜੇ ਤੱਕ ਜ਼ਿਆਦਾ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਹੀ ਹੈ ਜੋ ਨਿੱਜੀ ਲਾਭ ਨੂੰ ਸਮਾਜੀ ਸੇਵਾ ਨਾਲ਼ੋ ਤਰਜੀਹ ਦਿੰਦੇ ਹਨ। ਇਸੇ ਕਾਰਣ ਸਾਡੀਆਂ ਫ਼ਿਲਮੀ ਕਹਾਣੀਆਂ, ਫ਼ਿਲਮੀ ਧੁਨਾਂ ਅਤੇ ਫ਼ਿਲਮੀ ਨਗਮਿਆਂ ਦਾ ਮਿਆਰ ਆਮ ਤੌਰ ਤੇ ਬਹੁਤ ਨੀਵਾਂ ਹੁੰਦਾ ਹੈ। ਇਹੋ ਕਾਰਣ ਹੈ ਕਿ ਸਾਹਿਤਕ ਹਲਕੇ ਫ਼ਿਲਮੀ ਅਦਬ ਨੂੰ ਨਫ਼ਰਤ ਤੇ ਘਿਰਣਾ ਦੀ ਨਜ਼ਰ ਨਾਲ਼ ਦੇਖਦੇ ਹਨ।'' 

ਸਾਹਿਰ ਦਾ ਵਿਚਾਰ ਸੀ, ''ਮੇਰੀ ਹਮੇਸ਼ਾ ਇਹੋ ਕੋਸ਼ਿਸ਼ ਰਹੀ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਫ਼ਿਲਮੀ ਨਗ਼ਮਿਆਂ ਨੂੰ ਤਖ਼ਲੀਕੀ ਸ਼ਾਇਰੀ ਦੇ ਨੇੜੇ ਲਿਆ ਸਕਾਂ ਤੇ ਇਸ ਦੇ ਰਾਹੀਂ ਨਵੇਂ ਸਿਆਸੀ ਤੇ ਸਮਾਜੀ ਦ੍ਰਿਸ਼ਟੀਕੋਣ ਲੋਕਾਂ ਤੱਕ ਪਹੁੰਚਾ ਸਕਾਂ।'' 

ਸਾਹਿਰ ਨੇ ਅਨੇਕਾਂ ਫ਼ਿਲਮਾਂ ਲਈ ਗੀਤ ਲਿਖੇ ਜਿਨ੍ਹਾਂ ਚੋਂ ਬਹੂ ਬੇਗ਼ਮ, ਆਂਖੇ, ਜਾਲ, ਕਾਜਲ, ਬਰਸਾਤ ਕੀ ਰਾਤ, ਗਜ਼ਲ, ਵਕਤ, ਧੂਲ ਕਾ ਫੂਲ, ਧਰਮਪੁੱਤਰ, ਫਿਰ ਸੁਬਹ ਹੋਗੀ, ਗੁਮਰਾਹ, ਕਭੀ ਕਭੀ, ਚੰਬਲ ਕੀ ਕਸਮ, ਹਮ ਦੋਨੋ, ਮੁਝੇ ਜੀਨੇ ਦੋ, ਨੀਲਕਮਲ, ਤ੍ਰਿਸ਼ੂਲ ਆਦਿ ਪ੍ਰਮੁੱਖ ਹਨ। 1963 ਵਿਚ ਜਦ ਸੁਨੀਲ ਦੱਤ ਨੇ ਡਾਕੂਆਂ ਤੇ 'ਮੁਝੇ ਜੀਨੇ ਦੋ' ਫ਼ਿਲਮ ਬਣਾਈ ਤਾਂ ਸਾਹਿਰ ਨੇ ਲੋਰੀ ਲਿਖੀ ਜਿਸ ਵਿਚ ਮਾਂ ਦੇ ਬੋਲ ਸਨ - 
ਤੇਰੇ ਬਚਪਨ ਕੋ ਜੁਆਨੀ ਕੀ ਦੂਆ ਦੇਤੀ ਹੂੰ 
ਔਰ ਦੂਆ ਦੇ ਕੇ ਪਰੇਸ਼ਾਨ ਸੀ ਹੋ ਜਾਤੀ ਹੂੰ 

ਇਹ ਸਾਹਿਰ ਦੀ ਕਲਮ ਦਾ ਜਾਦੂ ਸੀ ਕਿ ਇਸ ਗੀਤ ਤੋਂ ਪ੍ਰਭਾਵਤ ਹੋ ਚੰਬਲ ਦੇ ਡਾਕੂ, ਕਾਰ ਵਿਚ ਬੰਬਈ ਤੋਂ ਪੰਜਾਬ ਆਉਂਦੇ ਸਾਹਿਰ ਨੂੰ, ਗਵਾਲੀਅਰ ਤੋਂ ਆਪਣੇ ਨਾਲ਼ ਲੈ ਗਏ ਤੇ ਰੱਜ ਕੇ ਸੇਵਾ ਕੀਤੀ। ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ 1951 ਵਿਚ ਬਣੀ ਪੰਜਾਬੀ ਫ਼ਿਲਮ 'ਬਾਲੋ' ਲਈ ਸਾਹਿਰ ਨੇ ਇਕ ਗੀਤ ਲਿਖਿਆ ਸੀ। ਬਾਲੋ ਦਾ ਸੰਗੀਤ ਐਨ ਦੱਤਾ ਦਾ ਸੀ। ਸੁਰਿੰਦਰ ਕੌਰ ਅਤੇ ਕ੍ਰਿਸ਼ਨ ਗੋਇਲ ਦਾ ਗਾਏ ਉਸ ਗੀਤ ਦੇ ਬੋਲ ਸਨ - 
ਬੇੜੀ ਦਾ ਮਲਾਹ ਕੋਈ ਨਾ 
ਇਕ ਵਾਰ ਮਿਲ਼ ਜਾ ਵੇ 
ਜ਼ਿੰਦਗੀ ਦਾ ਵਸਾਹ ਕੋਈ ਨਾ 

ਆਪਣੀ ਫ਼ਿਲਮੀ ਸ਼ਾਇਰੀ ਦੇ ਨਾਲ਼ ਨਾਲ਼ ਸਾਹਿਰ ਦੀ ਅਦਬੀ ਸ਼ਾਇਰੀ ਦਾ ਸਫ਼ਰ ਵੀ ਜਾਰੀ ਸੀ। ਉਹ ਮੁਸ਼ਾਇਰਿਆਂ ਦਾ ਵੀ ਓਨਾ ਹੀ ਲੋਕ-ਪ੍ਰਿਅ ਸ਼ਾਇਰ ਸੀ। ਤਲਖ਼ੀਆਂ ਤੋਂ ਇਲਾਵਾ ਸਾਹਿਰ ਦੀਆਂ ਪੁਸਤਕਾਂ ਵਿਚ ਪਰਛਾਈਆਂ, ਗਾਤਾ ਜਾਏ ਬਨਜਾਰਾ, ਆਓ ਕਿ ਕੋਈ ਖ਼ਾਬ ਬੁਨੇਂ ਸ਼ਾਮਲ ਹਨ। ਉਸ ਦੀ ਪ੍ਰਸਿੱਧੀ ਦੀ ਸਿਖ਼ਰ ਤੇ ਉਸ ਨੂੰ ਲੁਧਿਆਣੇ ਦੇ ਓਸੇ ਕਾਲਿਜ਼ ਨੇ ਸਨਮਾਨਤ ਕੀਤਾ ਜਿਥੋਂ ਕਦੇ ਉਸ ਨੂੰ ਕੱਢਿਆ ਗਿਆ ਸੀ। ਵਿਅੰਗ ਵਜੋਂ ਸਾਹਿਰ ਨੇ ਆਪਣੀ ਨਜ਼ਮ 'ਨਜ਼ਰ-ਏ-ਕਾਲਿਜ' ਵਿਚ ਕਿਹਾ - ਲੇਕਿਨ ਹਮ ਇਨ ਫਜ਼ਾਓਂ ਕੇ ਪਾਲੇ ਹੂਏ ਤੋਂ ਹੈਂ ਗਰ ਯਾਂ ਨਹੀਂ, ਯਹਾਂ ਸੇ ਨਿਕਾਲੇ ਹੂਏ ਤੋਂ ਹੈਂ। 

ਜਦ 22 ਨਵੰਬਰ, 1970 ਨੂੰ ਲੁਧਿਆਣੇ ਦੇ ਗੌਰਮਿੰਟ ਕਾਲਿਜ, ਜਦੋਂ ਪ੍ਰੋਫੈਸਰ ਪ੍ਰੀਤਮ ਸਿੰਘ ਕਾਲਜ ਦੇ ਪ੍ਰਿੰਸੀਪਲ ਸਨ, ਨੇ ਸਾਹਿਰ ਨੂੰ ਸਨਮਾਨਤ ਕੀਤਾ ਤਾਂ ਇਸ ਮੌਕੇ ਸਾਹਿਰ ਨੇ 'ਐ ਨਈ ਨਸਲ' ਨਜ਼ਮ ਪੇਸ਼ ਕੀਤੀ - 
ਮੇਰੇ ਅਜਦਾਦ 1 ਕਾ ਵਤਨ ਯਿਹ ਸ਼ਹਰ 
ਮੇਰੀ ਤਾਲੀਮ ਕਾ ਜਹਾਂ ਯਿਹ ਮਕਾਮ 
ਮੇਰੇ ਬਚਪਨ ਕੀ ਦੋਸਤ, ਯਿਹ ਗਲੀਆਂ 
ਜਿਨ ਮੇਂ ਰੁਸਵਾ 2 ਹੂਆ ਸ਼ਬਾਬ ਕਾ ਨਾਮ ... 
 ਮੈਂ ਯਹਾਂ ਜਬ ਸਊਰ ਕੋ ਪਹੁੰਚਾ 
ਅਜਨਬੀ ਕੌਮ ਕੀ ਥੀ ਕੌਮ ਗ਼ੁਲਾਮ 
ਯੂਨੀਅਨ ਜੈਕ ਦਰਸਗਾਹ 3 ਪੇ ਥਾ 
ਔਰ ਵਤਨ ਮੇਂ ਥਾ ਸਾਮਰਾਜੀ ਨਜ਼ਾਮ 
ਇਸੀ ਮਿੱਟੀ ਕੋ ਹਾਥ ਮੇਂ ਲੇ ਕਰ 
ਹਮ ਬਨੇ ਥੇ ਬਗ਼ਾਵਤੋਂ ਕੇ ਅਮਾਮ 4 ... 
ਕਾਫ਼ਿਲੇ ਆਤੇ ਜਾਤੇ ਰਹਿਤੇ ਹੈਂ 
ਕਬ ਹੂਆ ਹੈ ਯਹਾਂ ਕਿਸੀ ਕਾ ਕਯਾਮ 5 
ਨਸਲ ਦਰ ਨਸਲ ਕਾਮ ਜਾਰੀ ਹੈ 
ਕਾਰ-ਏ-ਦੁਨੀਆ 6 ਕਭੀ ਹੂਆ ਕਿਸੀ ਕਾ ਤਮਾਮ 
ਕਲ ਜਹਾਂ ਮੈਂ ਥਾ ਆਜ ਤੂ ਹੈ ਵਹਾਂ 
ਐ ਨਈ ਨਸਲ! ਤੁਝ ਕੋ ਮਿਰਾ ਸਲਾਮ। 
1 ਪੁਰਖੇ 2 ਬਦਨਾਮ 3 ਵਿਦਿਆਲਾ 4 ਆਗੂ 5 ਨਿਵਾਸ 6 ਦੁਨੀਆਂ ਦਾ ਕੰਮ 

ਬਾਅਦ ਵਿਚ ਦੋਸਤਾਂ ਨਾਲ਼ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਸਾਹਿਰ ਨੇ ਕਿਹਾ, ''ਮੈਂ ਸਿਰਫ਼ ਇਸ ਲਈ ਆਇਆ ਕਿ ਲੁਧਿਆਣੇ ਵਿਚ ਮੇਰੇ ਬਚਪਨ ਦੀਆਂ ਯਾਦਾਂ ਨੇ ... ਮੇਰਾ ਯਾਰ ਫ਼ੋਟੋਗ੍ਰਾਫ਼ਰ ਕ੍ਰਿਸ਼ਨ ਅਦੀਬ ਵੀ ਇਥੇ ਹੈ ... ਅਸੀਂ ਚੌੜਾ ਬਜ਼ਾਰ ਵਿਚ ਇਕੱਠੇ ਕੁਲਫ਼ੀਆਂ ਖਾਧੀਆਂ ... ਮੇਰੇ ਅੱਬਾ ਤੇ ਦਾਦਾ ਦੀਆਂ ਕਬਰਾਂ ਵੀ ਇਥੇ ਨੇ। ਮੇਰਾ ਮਾਜ਼ੀ ਇਥੇ ਦਫ਼ਨ ਹੈ ... ਲੁਧਿਆਣਾ ਮੇਰੀਆਂ ਯਾਦਾਂ ਦਾ ਕਬਰਿਸਤਾਨ ਹੈ ... ਮੈਨੂੰ ਬਹੁਤ ਅਜੀਜ਼।''ਲੋਕਾਂ ਦਾ ਸ਼ਾਇਰ ਹੋਣ ਕਾਰਣ ਸਾਹਿਰ ਆਪਣੇ ਵਿਰਸੇ ਨੂੰ ਰੋਮਾਂਸਵਾਦੀ ਨਜ਼ਰੀਏ ਨਾਲ਼ ਨਹੀਂ ਸਗੋਂ ਨੁਕਤਾਚੀਨ ਵਾਲ਼ੇ ਨਜ਼ਰੀਏ ਨਾਲ਼ ਦੇਖਦਾ ਹੈ। ਨਜ਼ਮ 'ਜਾਗੀਰ' ਵਿਚ ਉਹ ਆਪਣੇ ਜਗੀਰੂ ਪੁਰਖਿਆਂ ਵਲੋਂ ਨਿਭਾਏ ਲੋਕ-ਵਿਰੋਧੀ ਰੋਲ ਨੂੰ ਕਬੂਲਦਾ ਸਰੇਆਮ ਐਲਾਨਦਾ ਹੈ - 
 ਮੈਂ ਉਨ ਅਜਦਾਦ ਕਾ ਬੇਟਾ ਹੂੰ ਜਿਨ੍ਹੋਂ ਨੇ ਪੈਹਮ 1 
 ਅਜਨਬੀ ਕੌਮ ਕੇ ਸਾਏ ਕੀ ਹਮਾਯਤ ਕੀ ਹੈ 
ਗ਼ਦਰ ਕੀ ਸਾਇਤੇ-ਨਾਪਾਕ 2 ਸੇ ਲੇ ਕਰ ਅਬ ਤਕ 
ਹਰ ਕੜੇ ਵਕਤ ਮੇਂ ਸਰਕਾਰ ਕੀ ਖ਼ਿਦਮਤ ਕੀ ਹੈ 

1 ਲਗਾਤਾਰ 2 ਅਪਵਿੱਤਰ ਘੜੀ 

ਸਮਾਜੀ ਤੌਰ ਤੇ ਪ੍ਰਤੀਬੱਧ ਹੋਣ ਕਾਰਣ ਸਾਹਿਰ ਦੇ ਬੋਲ ਵਕਤ ਦੀ ਵੰਗਾਰ ਬਣੇ। 1946 ਦੀ ਨੇਵੀ ਬਗ਼ਾਵਤ ਦੀ ਅਸਫ਼ਲਤਾ ਬਾਅਦ ਸਾਹਿਰ ਮੁਲਕ ਦੇ ਆਗੂਆਂ ਨੂੰ ਵੰਗਾਰਦਾ ਪੁੱਛਦਾ ਹੈ - 
ਐ ਰਹਿਬਰੇ ਮੁਲਕੋ ਕੌਮ ਬਤਾ 
ਆਂਖੇ ਤੋ ਉਠਾ ਨਜ਼ਰੇਂ ਤੋ ਮਿਲਾ 
ਕੁਛ ਹਮ ਵੀ ਸੁਨੇਂ ਹਮਕੋ ਭੀ ਬਤਾ 
ਯਿਹ ਕਿਸਕਾ ਲਹੂ ਹੈ ਕੌਨ ਮਰਾ 

1961 ਵਿਚ ਪੈਤ੍ਰਿਸ ਲਮੂੰਬਾ ਦੇ ਕਤਲ ਤੋਂ ਬਾਅਦ ਦਿੱਲੀ ਵਿਖੇ ਕੌਮਾਂਤਰੀ ਅਮਨ ਕਾਨਫਰੰਸ ਵਿਚ ਸਾਹਿਰ ਗਰਜਦਾ ਹੈ - 

ਜ਼ੁਲਮ ਫਿਰ ਜ਼ਲਮ ਹੈ, ਬੜ੍ਹਤਾ ਹੈ ਤੋ ਮਿਟ ਜਾਤਾ ਹੈ ਖ਼ੂਨ ਫਿਰ ਖ਼ੂਨ ਹੈ, ਟਪਕੇਗਾ ਤੋ ਜਮ ਜਾਏਗਾ 

ਅਮਨ ਲਹਿਰ ਬਾਰੇ ਸਾਹਿਰ ਦੀਆਂ ਨਜ਼ਮਾਂ 'ਐ ਸ਼ਰੀਫ਼ ਇਨਸਾਨ' ਅਤੇ 'ਪਰਛਾਈਆਂ' ਆਪਣੀ ਮਿਸਾਲ ਆਪ ਹਨ। ਬਾਅਦ ਵਿਚ ਉਹਨੇ ਬੰਬਈ ਵਿਚ ਆਪਣੇ ਬੰਗਲੇ ਦਾ ਨਾਂ ਵੀ 'ਪਰਛਾਈਆਂ' ਰੱਖਿਆ। ਤਰੱਕੀਪਸੰਦ ਲਹਿਰ ਦੇ ਬਾਰੇ ਸਾਹਿਰ ਦਾ ਕਹਿਣਾ ਸੀ, ''ਮੈਂ ਸਮਝਦਾ ਹਾਂ ਕਿ ਤਰੱਕੀ ਪਸੰਦ ਤਹਿਰੀਕ ਨੇ ਅਦਬ ਤੇ ਮੁਲਕ ਦੀ ਬਹੁਤ ਖ਼ਿਦਮਤ ਕੀਤੀ ਹੈ, ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਤੋਂ ਕੁਝ ਗ਼ਲਤੀਆਂ ਵੀ ਜ਼ਰੂਰ ਹੋਈਆਂ ਹਨ, ਐਪਰ ਜੋ ਲੋਕ ਸਿਰਫ਼ ਇਸ ਦੀਆਂ ਖ਼ਾਮੀਆਂ ਗਿਣਦੇ ਹਨ, ਮੈਂ ਉਨ੍ਹਾਂ ਤੋਂ ਸੰਤੁਸ਼ਟ ਨਹੀਂ। ਇਸ ਤਹਿਰੀਕ ਦੇ ਕਾਰਕੁਨਾਂ ਨੇ ਕਾਫ਼ੀ ਕੁਰਬਾਨੀਆਂ ਦਿੱਤੀਆਂ ਹਨ। ਤਕਲੀਫ਼ਾਂ ਝੱਲੀਆਂ ਹਨ। ਇਹ ਠੀਕ ਹੈ ਕਿ ਉਹ ਇਕ ਦੂਜੇ ਦੀ ਸ਼ੁਹਰਤ ਵਿਚ ਵਾਧੇ ਦਾ ਕਾਰਣ ਬਣੇ। ਉਸ ਦੀ ਵਜ੍ਹਾ ਸਮਾਜ ਤੇ ਅਦਬ ਦੇ ਗ਼ਲਤ ਝੁਕਾਵਾਂ ਦੇ ਖਿਲਾਫ਼ ਉਨ੍ਹਾਂ ਦੀ ਨਜ਼ਰਿਆਤੀ ਏਕਤਾ ਸੀ। ਹੁਣ ਜੇ ਤਹਿਰੀਕ ਵਿਚ ਕਰਾਈਸਸ ਪੈਦਾ ਹੋਇਆ ਤਾਂ ਇਸ ਦਾ ਸਬੱਬ ਇਹ ਹੈ ਕਿ ਅਸਾਡੇ ਜ਼ਿਹਨਾਂ 'ਤੇ ਸਰਮਾਏਦਾਰੀ ਦੇ ਖ਼ਤਮੇ ਲਈ ਸਮਾਜਵਾਦ ਦਾ ਜੋ ਖੁਸ਼ਗਵਾਰ ਤਸੱਵਰ ਸੀ ਉਸ ਵਿਚ ਵੀ ਸ਼ਖਸੀ ਆਜ਼ਾਦੀ ਅਤੇ ਕੁਝ ਦੂਜੇ ਮੁਆਮਲਿਆਂ ਬਾਰੇ, ਕੁਝ ਅਮਲੀ ਤਰੁੱਟੀਆਂ ਮਹਿਸੂਸ ਹੋਈਆਂ।'' 

ਆਪਣੇ ਰਾਜਸੀ ਵਿਚਾਰਾਂ ਬਾਰੇ ਸਾਹਿਰ ਦਾ ਕਹਿਣਾ ਸੀ, ''ਮੈਂ ਕਦੇ ਕਿਸੇ ਸਿਆਸੀ ਪਾਰਟੀ ਦਾ ਮੈਂਬਰ ਨਹੀਂ ਰਿਹਾ। ਗ਼ੁਲਾਮ ਹਿੰਦੋਸਤਾਨ ਵਿਚ ਆਜ਼ਾਦੀ ਦੇ ਚੰਗੇ ਪਹਿਲੂ ਤਲਾਸ਼ ਕਰਨਾ ਤੇ ਉਨ੍ਹਾਂ ਦਾ ਪ੍ਰਚਾਰ ਕਰਨਾ ਮੇਰਾ ਮੁੱਖ ਉਦੇਸ਼ ਜ਼ਰੂਰ ਰਿਹੈ। ਹੁਣ ਦਿਮਾਗੀ ਤੌਰ ਤੇ ਆਰਥਿਕ ਆਜ਼ਾਦੀ ਦਾ ਹਾਮੀ ਹਾਂ, ਜਿਸ ਦੀ ਸਪਸ਼ਟ ਰੂਪ ਰੇਖਾ ਮੇਰੇ ਸਾਹਮਣੇ ਕਮਿਊਨਿਜ਼ਮ ਹੈ।'' 

ਗੌਰਮਿੰਟ ਕਾਲਿਜ ਲੁਧਿਆਣੇ ਦੇ ਸਨਮਾਨ ਤੋਂ ਬਾਅਦ ਸਾਹਿਰ ਜਲੰਧਰ ਵਿਚ ਨਰੇਸ਼ ਕੁਮਾਰ ਸ਼ਾਦ ਨੂੰ ਸਪਰਪਿਤ ਮੁਸ਼ਾਇਰੇ ਵਿਚ ਸ਼ਾਮਲ ਹੋਇਆ। ਜਦ ਉਹ ਆਪਣਾ ਕਲਾਮ ਪੜ੍ਹਨ ਲੱਗਾ ਤਾਂ ਪੰਡਾਲ ਚੋਂ ਇੱਕ ਆਰ.ਐਸ.ਐਸ ਸਮਰਥਕ ਚੀਕਿਆ - ''ਹਮ ਨਹੀਂ ਸੁਨੇਂਗੇ, ਸਾਹਿਰ ਲੁਧਿਆਣਵੀ ਕਮਿਊਨਿਸਟ ਸ਼ਾਇਰ ਹੈ ..'' ਲੋਕਾਂ ਨੇ ਉਸ ਨੂੰ ਬਾਹਰ ਧਕੇਲ ਦਿੱਤਾ। ਬਾਹਰ ਦੇਰ ਰਾਤ ਤੱਕ ਸਾਹਿਰ ਪ੍ਰਸੰਸਕਾਂ ਨੂੰ ਆਪਣੀਆਂ ਨਜ਼ਮਾਂ ਸੁਣਾਉਂਦਾ ਰਿਹਾ। 25 ਅਕਤੂਬਰ, 1980 ਨੂੰ ਬੰਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਸਾਹਿਰ ਦਾ ਦਿਹਾਂਤ ਹੋ ਗਿਆ। 

-ਕੁਲਵਿੰਦਰ 
ਮੋ : 9815568747

Monday, March 4, 2013

'ਲੋਕ ਪਹਿਲਕਦਮੀ'('People's Initiative'):ਇਸ਼ਤਿਆਕ ਅਹਿਮਦ ਦੀ ਕਿਤਾਬ 'ਤੇ ਹੋਈ ਰੌਚਿਕ ਵਿਚਾਰ-ਚਰਚਾ



ਸੁਖਬੀਰ ਬਾਜਵਾ,ਯਾਦਵਿੰਦਰ ਤੇ ਪੋ: ਇਸ਼ਤਿਆਕ ਅਹਿਮਦ
ਵੰਡ ਗੈਰ-ਕੁਦਰਤੀ ਤੇ ਬੇ-ਦਲੀਲੀ ਸੀ :ਇਸ਼ਤਿਆਕ ਅਹਿਮਦ 

ਭਾਰਤ-ਪਾਕਿਸਤਾਨ ਦੀ ਵੰਡ ਗੈਰ-ਕੁਦਰਤੀ,ਬੇਦਲੀਲੀ ਤੇ ਗੈਰ ਸਮਾਜਿਕ ਸੀ।ਇਹ ਦੋਵੇਂ ਖਿੱਤੇ ਭੂਗੋਲਿਕ ਤੌਰ 'ਤੇ ਭਾਵੇਂ ਵੰਡੇ ਗਏ ਪਰ ਸਮਾਜ ਵਿਰੋਧੀ ਸ਼ਕਤੀਆਂ ਭਾਵਨਾਤਕ ਮੋਹ ਨੂੰ ਵੰਡਣ ਨੂੰ ਅਸਫਲ ਰਹੀਆਂ ਹਨ,ਜਿਸ ਕਾਰਨ ਹੀ ਦੋਵਾਂ ਦੇਸ਼ਾਂ ਦੇ ਲੋਕ ਆਪਣੇ ਪੱਧਰ 'ਤੇ ਲਗਾਤਾਰ ਸੰਵਾਦ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਗੱਲ ਸਵੀਡਨ ਦੀ ਸਟੌਕਹੌਮ ਯੂਨੀਵਰਸਟੀ ਦੇ ਰਾਜਨੀਤੀ ਦੇ ਪ੍ਰੈਫਸਰ ਤੇ ਭਾਰਤ ਪਾਕਿਸਤਾਨ ਮਸਲੇ 'ਚ ਸਾਂਝੇ ਪੰਜਾਬ ਦੀ ਵੰਡ ਬਾਰੇ 'ਦ ਪੰਜਾਬ ਬਲੱਡੀਡ,ਪਾਰਟੀਸ਼ਨਡ ਐਡ ਕਲਿਨਜ਼ਡ' ਕਿਤਾਬ ਦੇ ਲੇਖ਼ਕ ਇਸ਼ਤਿਹਾਕ ਅਹਿਮਦ ਨੇ ਵਿਚਾਰ-ਚਰਚਾ ਕਰਦਿਆਂ ਕਹੀ।ਕਿਤਾਬ 'ਤੇ ਚਰਚਾ ਦਾ ਪ੍ਰੋਗਰਾਮ 'ਲੋਕ ਪਹਿਲਕਦਮੀ' ਵਲੋਂ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਸੀ।


ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਬੀਰ ਸਿੰਘ ਬਾਜਵਾ ਨੇ ਪ੍ਰੋਫੈਸਰ ਇਸ਼ਤਿਆਕ ਅਹਿਮਦ ਨੂੰ ਬੁੱਕੇ ਭੇਂਟ ਕਰਕੇ 'ਜੀ ਆਇਆਂ ਨੂੰ' ਕਿਹਾ ਤੇ 'ਲੋਕ ਪਹਿਲਕਦਮੀ' ਦੇ 
ਉਪਰਾਲੇ ਲਈ ਨੈਨਇੰਦਰ ਸਿੰਘ,ਕਪਿਲ ਦੇਵ,ਰਮਨਜੀਤ ਸਿੰਘ,ਜਸਦੀਪ ਸਿੰਘ ਤੇ ਯਾਦਵਿੰਦਰ ਕਰਫਿਊ ਦਾ ਧੰਨਵਾਦ ਕੀਤਾ।ਬਾਜਵਾ ਨੇ ਕਿਹਾ ਕਿ ਪ੍ਰੈਸ ਕੱਲਬ ਆਪਣੇ ਭਾਰਤ-ਪਾਕਿ ਟੂਰਾਂ ਜ਼ਰੀਏ ਭਾਈਚਾਰਕ ਸਾਂਝ ਵਧਾਉਣ ਦੇ ਲਗਾਤਾਰ ਉਪਰਾਲੇ ਕਰ ਰਿਹਾ ਹੈ'।

ਅਹਿਮਦ ਕਿਹਾ ਕਿ ਵੰਡ ਪਿੱਛੇ ਫੌਰੀ ਸਿਆਸਤ ਤੋਂ ਲੈਕੇ ਵੰਨ-ਸਵੰਨਾ ਫਿਰਕੂ ਰੁਝਾਨ ਅਤੇ ਅੰਗਰੇਜ਼ ਬਸਤਾਨਾਂ ਦੀ ਚਿਰਕਾਲੀ ਨੀਤੀ ਕਾਰਜਸ਼ੀਲ ਸੀ। ਇਹ ਨਾਕਸ ਰਾਜਪ੍ਰਬੰਧ ਦੀ ਬਦੌਲਤ ਖ਼ੂਨੀ ਹੋਈ ਅਤੇ ਇਸ ਖ਼ੂਨੀ ਰੁਝਾਨ ਦੇ ਪਿੱਛੇ ਲੁਕੇ ਆਰਥਿਕ ਕਾਰਨਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਨੇ ਕਿਹਾ ਕਿ 'ਇਹ ਵੰਡ ਕੌਮ ਅਧਾਰਤ ਨਹੀਂ ਧਰਮ ਅਧਾਰਤ ਹੋਈ ਸੀ,ਜਿਸ 'ਚ ਵੱਡੀ ਭੂਮਿਕਾ ਮੁਸਲਿਮ ਲੀਗ ਨੇ ਵੀ ਅਦਾ ਕੀਤੀ ਸੇ ਤੇ ਕਾਂਗਰਸ ਦਾ ਰੋਲ ਕੁੱਲ ਮਿਲਾ ਕੇ ਠੀਕ ਠਾਕ ਸੀ। ਉਨ੍ਹਾਂ ਕਿਹਾ ਕਿ ਇਸ ਵੰਡ ਨੇ ਸਭ ਤੋਂ ਵੱਡਾ ਨੁਕਸਾਨ ਦੋਵਾਂ ਪੰਜਾਬਾਂ ਦਾ ਕੀਤਾ ਹੈ,ਜਿਸ ਦੇ ਜ਼ਖ਼ਮ ਅਜੇ ਤੱਕ ਭਰੇ ਨਹੀਂ ਜਾ ਸਕੇ ਹਨ'।ਉਨ੍ਹਾਂ ਕਿਹਾ ਕਿ ਕੋਈ ਵੀ ਰਾਜ ਧਰਮ ਅਧਾਰਤ ਨਹੀਂ ਹੋਣਾ ਚਾਹੀਦਾ,ਕਿਉਂਕਿ ਇਸ ਦੇ ਸਿੱਟੇ ਬੜੇ ਗੰਭੀਰ ਨਿਕਲਦੇ ਹਨ ਤੇ ਪਾਕਿਸਤਾਨ ਇਨ੍ਹਾਂ ਸਿੱਟਿਆਂ ਨੂੰ ਭੁਗਤ ਰਿਹਾ ਹੈ'।


ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਸਾਂਝਾ ਪੰਜਾਬ ਜੋਗੀਆਂ,ਨਾਥਾਂ,ਸੂਫੀਆਂ,ਫਰੀਦ,ਨਾਨਕ ਦੀ ਧਰਤੀ ਸੀ ਜਿਨ੍ਹਾਂ ਨੇ ਹਮੇਸ਼ਾਂ ਸਮਾਜਿਕ ਸਦਭਾਵਨਾ ਦੀ ਗੱਲ ਕੀਤੀ ਤੇ ਇਸੇ ਲਈ ਆਮ ਲੋਕ ਵੰਡ ਨਹੀਂ ਚਾਹੁੰਦੇ ਸਨ ਪਰ ਉਹ ਵੰਡ ਦਾ ਸ਼ਿਕਾਰ ਸਿਰਫ ਕੁਝ ਲੋਕਾਂ ਦੇ ਸਿਆਸੀ ਮੁਫਾਦਾਂ ਕਰਕੇ ਹੋਏ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਪੱਖੀ ਸੱਭਿਆਚਾਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ।


ਉਨ੍ਹਾਂ ਕਿਹਾ ਕਿ ਭਾਵੇਂ 'ਰੈਡਕਲਿਫ ਲਾਈਨ' ਖ਼ਤਮ ਨਹੀਂ ਕੀਤੀ ਜਾ ਸਕਦੀ ਪਰ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਾਂਗ 'ਚ ਸੱਭਿਆਚਾਰ-ਸਮਾਜਕ ਭਾਈਚਾਰਕ ਸਾਂਝ ਪੈਦਾ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਨੂੰ ਯੂਰਪੀ ਯੂਨੀਅਨ ਵਾਂਗ ਵੀਜ਼ਾ ਤੇ ਆਰਥਿਕ ਅਦਾਨ ਪ੍ਰਦਾਨ ਰਾਹ ਅਪਨਾਉਣੀ ਚਾਹੀਦੀ ਹੈ'।



ਸਿੱਖ ਚਿੰਤਕ ਅਜਮੇਰ ਸਿੰਘ
ਅਹਿਮਦ ਨੇ ਕਿਹਾ ਕਿ ਮੇਰੀ ਕਿਤਾਬ 'ਦ ਪੰਜਾਬ ਬਲੱਡੀਡ,ਪਾਰਟੀਸ਼ਨਡ ਐਂਡ ਕਲੀਨਜ਼ਡ' ਇਸ ਮਸਲੇ ਨੂੰ ਡੂੰਘਾਈ ਨਾਲ ਫਰੋਲਦੀ ਹੈ,ਪਰ ਮੇਰੇ ਕੋਲ ਭਾਰਤ-ਪਾਕਿਸਤਾਨ ਨੂੰ ਵੰਡ ਨੂੰ ਲੈ ਕੇ ਸਾਰੇ ਜਵਾਬ ਨਹੀਂ ਹਨ।

ਇਸ ਚਰਚਾ 'ਚ ਭਾਗ ਲੈਂਦਿਆਂ ਸਿੱਖ ਚਿੰਤਕ ਅਜਮੇਰ ਸਿੰਘ ਨੇ ਕਿਹਾ ਕਿ 'ਵੰਡ ਦੌਰਾਨ ਕੀ ਹੋਇਆ ਇਸ 'ਤੇ ਤਾਂ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਪਰ ਲੋੜ ਉਹ ਸਵਾਲ ਦਾ ਜਵਾਬ ਲੱਭਣ ਦੀ ਹੈ ਕਿ ਇਹ ਸਭ ਕਿਉਂ ਵਾਪਰਿਆ ਤੇ ਇਸ 'ਚ ਕਿਹੜੀਆਂ ਸ਼ਕਤੀਆਂ ਸ਼ਾਮਲ ਸਨ।ਉਨ੍ਹਾਂ ਕਿਹਾ 'ਨੇਸ਼ਨ ਸਟੇਟ ਦਾ ਮਾਡਲ ਜਾਂ ਨੈਸ਼ਨਲਿਜ਼ਮ ਦੇ ਵਿਚਾਰ ਇਸ ਤਰ੍ਹਾਂ ਦੀ ਵਰਤਾਰਿਆਂ ਲਈ ਮੁੱਖ ਜ਼ਿੰਮੇਵਾਰ ਹੈ' ਕਿਉਂਕਿ ਇਹ ਫਿਰਨੀ ਤੋਂ ਬਗੈਰ ਕੇਂਦਰ ਬਣਾਉਣਾ ਚਾਹੁੰਦਾ ਹੈ ਤੇ ਹਰ ਨੈਸ਼ਨਲਿਜ਼ਮ ਦਾ ਇਕ ਕੋਰ ਗਰੁੱਪ ਹੁੰਦਾ ਹੈ ਜੋ ਜੋ ਬਾਕੀਆਂ ਘੇਰਿਆਂ ਨੂੰ ਜਾਂ ਤਾਂ ਆਪਣੇ 'ਚ ਸਮਾ ਲੈਂਦਾ ਹੈ ਜਾਂ ਉਨ੍ਹਾਂ ਦੀ ਕਤਲੋਗਾਰਤ ਕਰਦਾ ਹੈ ।ਪੂਰੀ ਦੁਨੀਆਂ ਦੇ ਨੇਸ਼ਨ ਸਟੇਟ ਮਾਡਲ ਇਸ ਦੀ ਗਵਾਹੀ ਭਰਦੇ ਹਨ।
ਦਲਜੀਤ ਸਰਾਂ,ਇੰਦਰਜੀਤ ਜੀ ਤੇ ਪਿੱਛੇ ਗੁਰਬਚਨ




ਉਨ੍ਹਾਂ ਕਿਹਾ ਕਿ ਜੇ ਦੁਨੀਆ ਨੇ ਇਸ ਤੋਂ ਬਚਣਾ ਹੈ ਤਾਂ ਮੌਜੂਦਾ ਸਿਆਸੀ-ਆਰਥਿਕ ਮਾਡਲਾਂ ਤੋਂ ਹਟ ਕੇ ਸੋਚਣਾ ਪਵੇਗਾ'।ਉਨ੍ਹਾਂ ਕਿਹਾ ਕਿ ਲੋਕ ਪੱਖੀ ਸਿਆਸੀ ਪਾਰਟੀਆਂ ਲੋਕ ਵਿਰੋਧੀ ਸਿਆਸਤ ਦਾ ਵਿਰੋਧ ਤਾਂ ਕਰਦੀਆਂ ਹਨ ਪਰ ਲੋਕ ਵਿਰੋਧੀ ਸਿਆਸਤ ਦੇ ਸਿਆਸੀ-ਆਰਥਿਕ ਮਾਡਲ ਨੂੰ ਰੱਦ ਨਾ ਕਰਕੇ ਅਪਣਾਉਦੀਆਂ ਰਹੀਆਂ ਤੇ ਅਪਣਾ ਰਹੀਆਂ ਹਨ ਤੇ ਇਹ ਨੈਸ਼ਨਲਿਜ਼ਮ ਅਣਮਨੁੱਖੀ ਪੂੰਜੀਵਾਦੀ ਵਰਤਾਰੇ 'ਚੋਂ ਨਿਕਲਿਆ ਹੋਇਆ ਕਨਸੈਪਟ ਹੈ,ਜੋ ਹਮੇਸ਼ਾਂ ਕੰਨ੍ਹੀ 'ਤੇ ਪਏ ਲੋਕਾਂ ਦੇ ਖੁਨ ਨਾਲ ਹੀ ਜਿਉਂਦਾ ਰਹਿ ਸਕਦਾ ਹੈ।


ਅਜਮੇਰ ਸਿੰਘ ਨੇ ਕਿਹਾ ਕਿ 'ਸਾਨੂੰ ਸਥਾਨਕ ਅਮੀਰ ਇਤਹਾਸ ਦੇ ਤਜ਼ਰਬਿਆਂ 'ਚੋਂ ਇਕ ਬਦਲਵਾਂ ਲੋਕਪੱਖੀ ਮਾਡਲ ਸਥਾਪਤ ਕਰਨ ਦੀ ਲੋੜ,ਜੋ ਇਸ ਵਕਤ ਕਿਸੇ ਧਿਰ ਕੋਲ ਨਹੀਂ ਵਿਖਦਾ ਹੈ ਪਰ ਅਜਿਹੇ ਮਾਡਲ ਨੂੰ ਅਪਣਾ ਕੇ ਹੀ ਪੰਜਾਬ ਤੇ ਤੇ ਸਰਬਤ ਦਾ ਭਲਾ ਹੋ ਸਕਦਾ ਹੈ'।ਅਜਿਹੇ ਮਾਡਲ ਨੂੰ ਬਣਾਉਣ ਦੀ ਸੋਚ ਲਈ ਲੋਕ ਪੱਖੀ ਲੋਕਾਂ ਨੂੰ ਅੱਜ ਤੋਂ ਹੀ ਕਦਮ ਪੁੱਟਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੂੰਜੀਵਾਦ ਦੇ ਪੂਰਨ ਮਾਡਲਾਂ ਨੂੰ ਛੱਡਣ ਦੀ ਲੋੜ ਹੈ ਕਿਉਂਕਿ ਮਨੁੱਖਤਾਵਾਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਖੜ੍ਹੇ ਹਨ'।
'ਦ ਹਿੰਦੂ'  ਦੇ ਪੱਤਰਕਾਰ ਸਰਬਜੀਤ ਪੰਧੇਰ ਦਾ ਸਵਾਲ 

ਇਸ ਤੋਂ ਬਾਅਦ ਫਿਲਹਾਲ ਰਸਾਲੇ ਸੰਪਾਦਕ ਗੁਰਬਚਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ 'ਪੰਜਾਬ 'ਚ ਭਾਈਚਾਰ ਨਾਲ ਰਹਿੰਦੇ ਲੋਕ ਇਕ ਦੂਜੇ ਦੇ ਪਿਆਸੇ ਕਿਵੇਂ ਹੋ ਗਏ ਇਸ ਦੀਆਂ ਜੜ੍ਹਾਂ ਨੂੰ ਲੱਭਣ ਦੀ ਲੋੜ ਹੈ'।ਉਨ੍ਹਾਂ ਕਿਹਾ ਕਿ ਅਸਲ ਸਥਿਤੀ ਇੱਥੋਂ ਪੈਦਾ ਹੁੰਦੀ ਹੋਈ ਕਿ ਸਥਾਨਕ ਹਲਾਤ ਨੂੰ ਕੋਈ ਸੰਬੋਧਤ ਨਹੀਂ ਹੋਇਆ ਤੇ ਹੌਲ਼ੀ ਹੌਲੀ ਇਸਨੇ ਦੂਸ਼ਤ ਅਧਿਆਤਮਕ ਰੰਗ ਫੜ੍ਹ ਲਿਆ ਤੇ ਦੋਵੇਂ ਪਾਸਿਆਂ 'ਚ ਮਨੋਦੂਸ਼ਤ ਸਥਿਤੀ ਪੈਦਾ ਹੋ ਗਈ।


ਉਨ੍ਹਾਂ ਕਿਹਾ ਕਿ 1984 ਦੇ ਸਮੇਂ ਵੀ ਪੰਜਾਬ ਦੀਆਂ ਛੋਟੀਆਂ ਛੋਟੀਆਂ ਸਥਾਨਕ ਤੇ ਪ੍ਰਾਂਤਕ ਮੰਗਾਂ ਸਨ ਪਰ ਹਿੰਦੂਤਵੀ ਤੇ ਬ੍ਰਹਮਣੀ ਸੁਪਰ ਸਟੇਟ ਦੇ ਅਵਚੇਤਨ ਨੇ ਇਹ ਸਥਿਤੀ ਨੂੰ ਪੈਦਾ ਕਰਨ 'ਚ ਅਹਿਮ ਰੋਲ ਅਦਾ ਕੀਤਾ ਤੇ ਕਰ ਰਿਹਾ ਹੈ'।ਕਿਉਂਕਿ ਉਹ ਸੁਪਰਸਟੇਟ ਮਾਨਸਿਕਤਾ 'ਚੋਂ ਦੂਜੇ ਭਾਵ ਕੰਨ੍ਹੀ 'ਤੇ ਪਏ ਸਮੂਹਾਂ ਨੂੰ ਕੋਈ ਸਪੇਸ ਦੇਣ ਨੂੰ ਤਿਆਰ ਨਹੀਂ ਹੈ ਤੇ ਜਿਸ ਦੇ ਵਜੋਂ ਹੀ ਧਮਾਕੇਖੇਜ਼ ਹਾਲਤ ਪੈਦਾ ਹੁੰਦੀ ਹੈ।ਇਸੇ ਕਾਰਨ ਹੀ ਇਸੇ ਤਰ੍ਹਾਂ ਦੇ ਵਰਤਾਰੇ ਲਗਤਾਰ ਸਾਹਮਣੇ ਆਉਂਦੇ ਹਨ'।
ਸਿੱਖ ਚਿੰਤਕ ਪੋ: ਗੁਰਤੇਜ ਸਿੰਘ

ਸਿੱਖ ਚਿੰਤਕ ਪ੍ਰੈਫਸਰ ਗੁਰਤੇਜ ਸਿੰਘ ਨੇ ਪ੍ਰੋਫੈਸਰ ਇਸ਼ਤਿਆਕ ਅਹਿਮਦ ਦੀ ਕਿਤਾਬ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਉਨ੍ਹਾਂ ਦੇ ਭਾਰਤ-ਪਾਕਿਸਤਾਨ ਦੀ ਵੰਡ ਬਾਰੇ ਕਾਂਗਰਸ ਪੱਖੀ ਵਿਚਾਰਾਂ ਦਾ ਵਿਰੋਧ ਵੀ ਕੀਤਾ।

ਇਸ ਤੋਂ ਇਲਾਵਾ ਪ੍ਰੋਗਰਾਮ 'ਚ ਨੇ ਸਵਾਲ ਜਵਾਬ ਤੇ ਵਿਚਾਰ-ਚਰਚਾ ਦੇ ਦੌਰਾਨ 'ਚ ਸੀਨੀਅਰ ਪੱਤਰਕਾਰ ਤੇ ਸਾਊਸ ਏਸ਼ੀਆ ਪੋਸਟ ਦੇ 
ਸੰਪਾਦਕ ਗੋਬਿੰਦ ਠੁਕਰਾਲ,ਹਿੰਦੂ ਅਖ਼ਬਾਰ ਦੇ ਸੀਨਅਰ ਪੱਤਰਕਾਰ ਸਰਬਜੀਤ ਪੰਧੇਰ,ਚਿੰਤਕ ਡਾ ਸਵਰਾਜ ਸਿੰਘ,ਪੰਜਾਬ ਬੁੱਕ ਸੈਂਟਰ ਦੇ ਕਰਤਾ-ਧਰਤਾ ਪਾਲ ਵਿਰਕ,ਸਾਬਕਾ ਆਈ ਏ ਐਸ ਕੁਲਬੀਰ ਸਿੰਘ ਸਿੱਧੂ,ਆਦਿ ਨੇ ਆਪਣੇ ਸਵਾਲ-ਜਵਾਬ ਤੇ ਵਿਚਾਰ ਪੇਸ਼ ਕੀਤੇ।


'ਕੈਮਰੇ ਦਾ ਯਾਰ' ਦਲਜੀਤ ਅਮੀ
ਪੋਗਰਾਮ ਦੇ ਵਿਦਾਈ ਵੇਲੇ ਲੋਕ ਪਹਿਕਦਮੀ ਵਲੋਂ ਨੈਨਇੰਦਰ ਸਿੰਘ ਤੇ ਯਾਦਵਿੰਦਰ ਕਰਫਿਊ ਨੇ ਵਿਚਾਰ ਚਰਚਾ 'ਚ ਸ਼ਾਮਲ ਹੋਣ ਵਾਲੇ ਸੱਜਣਾਂ-ਮਿਤੱਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 'ਸਾਡਾ ਮਕਸਦ ਉਮੀਦ ਤੋਂ ਵੱਧ ਪੂਰਾ ਹੋਇਆ ਹੈ,ਕਿਉਂਕਿ ਲੋਕ ਪਹਿਕਦਮੀ ਸਾਰੇ ਮਸਲਿਆਂ 'ਤੇ ਗੰਭੀਰ ਵਿਭਿੰਨਤਾਵਾਦੀ ਬਹਿਸ ਚਾਹੁੰਦੀ ਹੈ'।ਉਨ੍ਹਾਂ ਕਿਹਾ ਕਿ 'ਸਾਡਾ ਮੰਨਣਾ ਹੈ ਕਿ ਇਤਿਹਾਸ 'ਤੇ ਮਿੱਟੀ ਪਾ ਕੇ ਅੱਗੇ ਨਹੀਂ ਵਧਿਆ ਜਾ ਸਕਦਾ ਹੈ ਤੇ ਸਾਰੇ ਸਿਆਸੀ,ਸਮਾਜਿਕ,ਸੱਭਿਆਚਾਰ ਮਸਲਿਆਂ ਦਾ ਹੱਲ ਵਿਚਾਰ ਚਰਚਾ ਹੈ,ਜੋ ਜਮਹੂਰੀ ਸੱਭਿਆਚਾਰ ਦੀ ਆਕਸੀਜਨ ਹੈ,ਪਰ ਸਾਡੀ ਤਰਾਸਦੀ ਹੈ ਕਿ ਅਸੀਂ ਵੱਖਰੇ ਵਿਚਾਰ ਵਾਲਿਆਂ ਪ੍ਰਤੀ ਅਜੀਬ ਤਰ੍ਹਾਂ ਦੀ ਪਹੁੰਚ ਰੱਖਦੇ ਹਾਂ ਜੋ ਜਮਹੂਰੀ ਸੱਭਿਆਚਾਰ ਲਈ ਸਭ ਤੋਂ ਖਤਰਨਾਕ ਹੈ ਕਿਉਂਕਿ ਦੁਨੀਆਂ ਦੇ ਹਰ ਮਸਲੇ ਦਾ ਹੱਲ ਡਾਇਲਾਗ ਨਾਲ ਹੋਇਆ ਹੈ ਤੇ ਡਾਇਲਾਗ ਨਾਲ ਹੀ ਹੋਵੇਗਾ।ਉਨ੍ਹਾਂ ਕਿਹਾ ਕਿ 'ਲੋਕ ਪਹਿਲਕਦਮੀ'  ਨੂੰ ਇਸੇ ਲਈ ਬਣਾਇਆ ਹੈ ਤੇ ਅਸੀਂ ਆਉਣ ਦਿਨਾਂ 'ਚ ਕਿਸੇ ਹੋਰ ਅਜਿਹੀ ਸਖ਼ਸ਼ੀਅਤ ਨੂੰ ਤੁਹਾਡੇ ਰੂਬਰੂ ਕਰਾਂਗੇ'।

ਇਸ ਸਿਹਤਮੰਦ ਵਿਚਾਰ-ਚਰਚਾ 
ਨੂੰ ਸੁਣਣ ਤੋਂ ਬਾਅਦ ਪੰਜਾਬ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਤੇ ਅੱਜਕਲ਼੍ਹ ਸਮਾਜ ਸੇਵੀ ਵਜੋਂ ਕੰਮ ਕਰ ਰਹੇ ਜੁਗਰਾਜ ਸਿੰਘ ਗਿੱਲ ਨੇ ਵਿਅਕਤੀਗਤ ਤੌਰ 'ਤੇ ਕਿਹਾ ਕਿ 'ਲੋਕ ਪਹਿਲਕਦਮੀ ਦੀ ਅਗਲੀ ਕਿਸੇ ਵੀ ਪਹਿਲਕਦਮੀ ਲਈ ਖਾਣ-ਪੀਣ ਤੋਂ ਹਾਲ ਤੱਕ ਦਾ ਸਾਰਾ ਪ੍ਰਬੰਧ ਉਹ ਖ਼ੁਦ ਕਰਨਗੇ ਤੇ ਹੋਰ ਵੀ ਸਹਿਯੋਗ ਦਿੰਦੇ ਰਹਿਣਗੇ'।
ਪੂਰਬੀ ਚਿੰਤਨ ਵਾਲੇ ਡਾ ਸਵਰਾਜ ਸਿੰਘ

ਇਸ ਚਰਚਾ 'ਚ ਸੀਨੀਅਰ ਪੱਤਰਕਾਰ ਬਲਜੀਤ ਬੱਲੀ, 'ਦ ਟ੍ਰਿਬਿਊਨ ਦੇ ਬਿਓਰੋ ਚੀਫ ਸਰਬਜੀਤ ਧਾਲੀਵਾਲ,ਸੀਨੀਅਰ ਪੱਤਰਕਾਰ ਰਮਜੀਤ ਸਿੰਘ,ਫਿਲਮਸਾਜ਼ ਤੇ ਪੱਤਰਕਾਰ ਦਲਜੀਤ ਅਮੀ, ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਜਸਵੀਰ ਸਮਰ,ਹਿੰਦੋਸਤਾਨ ਟਾਈਮਜ਼ ਦੇ ਪੱਤਰਕਾਰ ਸੰਜਮਪ੍ਰੀਤ, ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਜੀ ਸੀ ਭਾਰਦਵਾਜ, ਭਾਸਕਰ ਦੇ ਪੱਤਰਕਾਰ ਇੰਦਰਪ੍ਰੀਤ ਸਿੰਘ,ਡੇਅ ਐਂਡ ਨਾਈਟ ਦੇ ਜਗਤਾਰ ਭੁੱਲਰ,ਸਿੱਖ ਚਿੰਤਕ ਰਣਜੀਤ ਸਿੰਘ,ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਜੋਗਿੰਦਰ ਸਿੰਘ ਤੂਰ ਤੇ ਐਡਵੋਕੇਟ ਜਗਦੇਵ ਸਿੰਘ,ਫਿਲਮ ਨਿਰਦੇਸ਼ਕ ਜਤਿੰਦਰ ਮੌਹਰ,ਲੇਖਕ ਤੇ ਸਾਬਕਾ ਸੈਸ਼ਨ ਜੱਜ ਅਵਤਾਰ ਸਿੰਘ ਗਿੱਲ,ਰਿਟਾਇਡ ਲੈਫਟੀਨੈਂਟ ਜਨ: ਕਰਤਾਰ ਸਿੰਘ, ਡਾ ਜੀ ਐਸ ਕੰਗ,ਲੇਖ਼ਕ ਮਿਸਜ਼ ਨੀਲੂ ਪੁਰੀ, ਰੱਖਿਆ ਮਾਮਲਿਆਂ ਦੇ ਵਿਸ਼ਲੇਸ਼ਕ ਮਨਦੀਪ ਸਿੰਘ ਬਾਜਵਾ,ਰਿਟਾਇਰਡ ਕਰਨਲ ਬੀ ਐਸ ਬੈਂਸ,ਗੰਗਵੀਰ ਰਠੌੜ,ਰੋਹਨ ਤੇ ਹੋਰ ਕਈ ਦੋਸਤਾਂ ਮਿੱਤਰ ਵਿਚਾਰ ਚਰਚਾ 'ਚ ਸ਼ਾਮਲ ਹੋਏ।

ਬਾਈ ਕਪਿਲ ਦੇਵ ਦਾ ਸ਼ਾਨਦਾਰ ਫੋਟੋਆਂ ਖਿੱਚਣ ਲਈ ਧੰਨਵਾਦ


'ਲੋਕ ਪਹਿਲਕਦਮੀ' ਇਸ ਵਿਚਾਰ-ਚਰਚਾ ਦੀ ਵੀਡਿਓ ਰਿਕਾਰਡਿੰਗ ਆਉਣ ਵਾਲੇ ਦਿਨਾਂ 'ਚ ਪੇਸ਼ ਕਰੇਗੀ।

Tuesday, December 25, 2012

ਪੰਜਾਬੀ ਸਾਹਿਤਕਾਰੀ ਦਾ ਭਵਿੱਖ--ਗੁਰਬਚਨ

ਤਬਸਰਾ 
ਇਹ ਫਿਲਹਾਲ ਦੀ ਸੰਪਾਦਕੀ ਹੈ। ਨਵੇਂ ਅੰਕ ਦੀ ਜਾਣਕਾਰੀ ਲਈ ਗੁਰਬਚਨ ਨਾਲ  ਮੋਬਾਇਲ ਨੰਬਰ   98725-06926  'ਤੇ ਸੰਪਰਕ ਕੀਤਾ ਜਾ ਸਕਦਾ ਹੈ--ਯਾਦਵਿੰਦਰ ਕਰਫਿਊ

ਪੰਜਾਬੀ ਭਾਸ਼ਾ ਦੀ ਵੱਧ ਰਹੀ ਅਪ੍ਰਸੰਗਿਕਤਾ ਅਤੇ ਇਹਦੇ ਸਾਹਿਤ ਦੇ ਭਵਿੱਖਹੀਣ ਹੋਣ ਦਾ ਮੁੱਖ ਕਾਰਣ ਪੰਜਾਬੀ ਬੰਦੇ ਦੀ ਮਾਨਸਿਕ ਬਣਤ ਹੈ। ਇਸ ਬੰਦੇ ਦੀਆਂ ਅਵਚੇਤਨੀ ਤਾਰਾਂ ਕਿਸੇ ਗਹਿਰੀ ਅਸੁਰੱਖਿਆ ਨਾਲ ਬੱਝੀਆਂ ਹੋਈਆਂ ਹਨ ਕਿ ਇਹ ਸੀਮਤ ਤਰਜ਼ ਦੀ ਪਦਾਰਥਿਤਾ ਨੂੰ ਜਿੱਤਣ ਜਾਂ ਹੱਥਿਆਣ 'ਚ ਬਾਕੀ ਸਭ ਕੁਝ ਭੁਲ ਜਾਂਦੈ। ਇਹਨੂੰ ਰਚਨਾਤਮਿਕ ਜਾਂ ਬੌਧਿਕ ਉੜਾਨ ਦੀ ਜ਼ਰੂਰਤ ਕਦੇ ਮਹਿਸੂਸ ਨਹੀਂ ਹੁੰਦੀ।


ਇਹਦੀਆਂ ਅਕਾਂਖਿਆਵਾਂ ਦੇ ਖਾਤੇ 'ਚ ਭਾਸ਼ਾ ਦਾ ਕੋਈ ਰੋਲ ਨਹੀਂ। ਇਹ ਇੰਦ੍ਰਿਆਵੀ ਲੀਲਾ ਦੀ ਕੈਦ ਭੋਗਦਾ ਖੁਸ਼ ਰਹਿੰਦਾ ਹੈ। ਹਤਾਸ਼ ਹੋਣ ਦੀ ਸੂਰਤ ਵਿਚ ਇਹ ਭਾਵੁਕ ਹੋ ਜਾਂਦੈ; ਇਤਿਹਾਸ 'ਚੋਂ ਸ਼ਹੀਦਾਂ ਨੂੰ ਯਾਦ ਕਰਨ ਲੱਗਦਾ ਹੈ। ਇਹਨੂੰ ਕਬੱਡੀ ਜਾਂ ਮਸਾਲਾ ਮਿਕਸ ਗਾਇਕੀ ਪਿਆਰੀ ਹੈ ਜੋ ਇੰਦਰੀਆਂ 'ਚ ਉਛਾਲ ਲਿਆਵੇ। ਸਮੇਂ ਤੋਂ ਪਿਛਾਂਹ ਰਹਿ ਜਾਣ ਵਾਲੇ ਦੀ ਇਹੀ ਪਛਾਣ ਹੁੰਦੀ ਹੈ।


ਵਿਸ਼ਵੀਕਰਨ ਦੀਆਂ ਅਲਾਮਤਾਂ ਇਹਨੂੰ ਸਹਿਜੇ ਹੀ ਦਬੋਚ ਰਹੀਆਂ ਹਨ। ਆਧੁਨਿਕ ਹੋਏ ਬਗ਼ੈਰ ਇਹ ਉੱਤਰ ਆਧੁਨਿਕੀ ਬਣ ਚੁੱਕਾ ਹੈ। ਬਦੇਸ਼ਾਂ 'ਚ ਪੁੱਜ ਕੇ ਇਹ ਬੰਦਾ ਕੰਮ ਤੇ ਪੌਂਡਾਂ/ਡਾਲਰਾਂ 'ਚ ਸਿਰ ਸੁੱਟ ਕੇ ਖੁੱਭ ਜਾਂਦਾ। ਤਸੱਲੀ ਇਹ ਹੁੰਦੀ ਹੈ ਕਿ ਸ਼ਾਮ ਨੂੰ ਸ਼ਿਵਾਸ ਰੀਗਲ ਜਾਂ ਬਲੈਕ ਲੇਬਲ ਦਾ ਸੇਵਨ ਕਰ ਸਕਦੈ। ਦੇਸ਼ ਵਿਚ ਵੱਡੇ ਮੈਰੱਜ ਪੈਲੇਸ ਇਹਦੀ ਸਭਿਆਚਾਰਕਤਾ ਦੇ ਮੰਚ ਬਣੇ ਹੋਏ ਹਨ। ਰੂਹ ਨੂੰ ਇਹ ਧਾਰਮਿਕ ਸਥਾਨਾਂ 'ਤੇ ਮੱਥਾ ਟੇਕ ਕੇ ਖੁਸ਼ ਕਰ ਲੈਂਦਾ। ਜਾਂ ਧਰਮ ਨੂੰ ਚੌਧਰ ਲਈ ਵਰਤਦਾ। ਅਜਿਹੀ ਮਾਇਆਵੀ ਕ੍ਰੀੜਾ ਨੂੰ ਅੱਜ ਪੰਜਾਬੀ ਪਛਾਣ ਕਿਹਾ ਜਾ ਰਿਹਾ ਹੈ। ਇਹਨੂੰ ਗਲੋਰੀਫਾਈ ਕੀਤਾ ਜਾ ਰਿਹੈ। ਇਹਨੂੰ ਪੰਜਾਬੀ ਬੰਦੇ ਦੀ ਦਿਲਦਾਰਤਾ ਕਿਹਾ ਜਾ ਰਿਹੈ।


ਇਸ ਸਥਿਤੀ ਦਾ ਅਕਸ ਪੰਜਾਬੀ ਸਾਹਿਤਕਾਰੀ 'ਚ ਦੇਖਿਆ ਜਾ ਸਕਦਾ ਹੈ। ਸਾਡੀ ਸਾਹਿਤਕਾਰੀ ਨੂੰ, ਆਧੁਨਿਕ ਯੁੱਗ 'ਚ ਵੀ, ਭਾਵੁਕਤਾ ਨੇ ਟੂਣਾ ਕੀਤਾ ਹੋਇਐ।


ਅਸੁਰੱਖਿਅਤ ਜਾਂ ਤੰਤਹੀਣ ਬੰਦਾ ਹੀ ਭਾਵੁਕ ਹੁੰਦਾ। ਭਾਵੁਕਤਾ ਭੌਤਿਕ ਸਥਿਤੀ ਨੂੰ ਤਰਲ ਬਨਾਣ ਦੀ ਅਕਾਂਖਿਆ ਹੁੰਦੀ ਹੈ। ਇਹ ਅਜਿਹੀ ਸਪੇਸ ਸਿਰਜਦੀ ਹੈ ਜਿੱਥੇ ਬੰਦਾ ਆਪਣਾ ਕੈਥਾਰਸਿਸ ਕਰ ਸਕਦਾ, ਅਹਮ ਸੁਆਲਾਂ ਤੋਂ ਮੂੰਹ ਮੋੜ ਕੇ ਬੱਚ ਨਿਕਲਣ ਦਾ ਮੋਰੀ-ਰਾਹ ਲੱਭ ਸਕਦਾ, ਜਿਵੇਂ ਪੁਰਾਤਨ ਯੂਨਾਨ 'ਚ ਨਾਟ ਮੰਚ ਰਾਹੀਂ ਹੋਇਆ ਕਰਦਾ ਸੀ।

ਫਿਲਹਾਲ ਦੇ ਨਵੇਂ ਅੰਕ ਦਾ ਕਵਰ

ਪੰਜਾਬੀ ਸਾਹਿਤਕਾਰੀ 'ਚ ਮੰਚਾਂ ਨੂੰ ਚੋਖਾ ਸਥਾਨ ਪ੍ਰਾਪਤ ਹੈ। ਅਸੀਂ ਮੰਚਾਂ ਨੂੰ ਭਾਵੁਕਤਾ 'ਚ ਤਬਦੀਲ ਕਰਨ ਦੇ ਮਾਹਿਰ ਹਾਂ। ਮਕਸਦ ਹਜੂਮ ਸਾਹਮਣੇ ਸਫ਼ਲ ਹੋਣ ਦਾ ਹੁੰਦਾ। ਕਵਿਤਾ ਨੂੰ ਪੰਜਾਬੀ ਬੰਦਾ ਪੜਦਾ ਨਹੀਂ ਤੇ ਕਵਿਤਾ ਦਾ ਸੰਚਾਰ ਕਰਨ ਲਈ ਕਵੀ ਮੰਚ 'ਤੇ ਪੁੱਜ ਜਾਂਦਾ। ਉੱਥੇ ਪੁੱਜ ਕੇ ਆਪਣਾ ਅਸਲ ਭੁੱਲ ਜਾਂਦੈ। ਉਹ ਮੰਚ 'ਤੇ ਸਫ਼ਲ ਹੋਣ ਲਈ ਜੁਗਤਾਂ ਇਜਾਦ ਕਰਦਾ। ਤਦ ਉਹ ਹੁੰਦਾ ਨਹੀਂ, ਦਿਖਦਾ ਹੈ। ਕਵੀ ਨਹੀਂ ਰਹਿੰਦਾ, ਪ੍ਰਫੌਰਮਰ ਬਣ ਜਾਂਦਾ ਹੈ। ਪੰਜਾਬੀ ਸਰੋਤਿਆਂ ਦੇ ਇਸ ਅਵਚੇਤਨ ਦਾ ਲਾਭ ਉਠਾਣ ਲਈ ਭਾਅ ਜੀ ਗੁਰਸ਼ਰਨ ਨੇ ਭਾਵੁਕਤਾ ਦਾ ਪੱਲਾ ਕਦੇ ਨਹੀਂ ਸੀ ਛੱਡਿਆ। ਉਹਨੇ ਭਾਵੁਕਤਾ ਨੂੰ ਕ੍ਰਾਂਤੀ ਦੇ ਮਹਾਤਮ 'ਚ ਤਬਦੀਲ ਕਰ ਦਿੱਤਾ। ਇਨਕਲਾਬੀ ਅਕਾਂਖਿਆ ਭਾਵੁਕਤਾ 'ਚ ਘੁਲਮਿਲ ਜਾਣ ਲੱਗੀ। ਭੁਲਾਵਾ ਪੈਦਾ ਹੁੰਦਾ ਰਿਹਾ ਕਿ ਸਰੋਤਿਆਂ ਨੇ ਸਮਾਜਿਕ ਤਬਦੀਲੀ ਦਾ ਸੁਨੇਹਾ ਸਵੀਕਾਰ ਕਰ ਲਿਆ ਹੈ। ਹੁੰਦਾ ਇਹ ਵਕਤੀ ਜਲਵਾ ਸੀ ਕਿਉਂਜੁ ਸਰੋਤਿਆਂ ਦੀ ਪਦਾਰਥਿਕ ਵਾਸਤਵਿਕਤਾ ਭੁਲਾਵੇ ਵਾਲੀ ਸਪੇਸ ਤੋਂ ਦੂਰ ਹੁੰਦੀ ਸੀ। ਭਾਵੁਕਤਾ 'ਚ ਘੁਲੀ ਕ੍ਰਾਂਤੀ ਤਦ ਤਫ਼ਰੀਹ ਦਾ ਜ਼ੱਰੀਆ ਬਣ ਜਾਂਦੀ ਰਹੀ।


ਅਸਲ ਗੱਲ ਇਹ ਹੈ ਕਿ ਪੰਜਾਬੀ ਲਿਖਣਕਾਰ ਲਈ ਭਾਸ਼ਾ ਦੀਆਂ ਰਚਨਾਤਮਿਕ/ਬੌਧਿਕ ਸੰਭਾਵਨਾਵਾਂ ਦੇ ਕੋਈ ਅਰਥ ਨਹੀਂ ਰਹੇ। ਨਾ ਉਹ ਪੰਜਾਬੀ ਭਾਸ਼ਾ ਨੂੰ ਰਚਨਾਤਮਿਕ ਬੌਧਿਕਤਾ ਦੀ ਜੁਗਤ ਵਜੋਂ ਵਰਤਣ ਦੇ ਸਮਰਥ ਹੋ ਸਕਿਆ ਹੈ। ਬਦੇਸ਼ਾਂ 'ਚ ਬੈਠੇ ਪੰਜਾਬੀ ਲੇਖਕਾਂ ਨੂੰ ਵਿਸ਼ਵ ਗਿਆਨ ਤੇ ਭਾਸ਼ਾ ਵਿਸਤਾਰਾਂ ਦੀਆਂ ਅੱਥਾਹ ਸਹੂਲਤਾਂ ਮੁਹੱਈਆ ਹਨ। ਪੱਛਮੀ ਆਰਥਿਕਤਾ ਨੇ ਜੋ ਦੁਸ਼ਵਾਰੀਆਂ ਪੈਦਾ ਕੀਤੀਆਂ ਹਨ, ਜਿਨ੍ਹਾਂ ਨੂੰ ਉੱਥੋਂ ਦੇ ਲੇਖਕਾਂ ਨੇ ਆਪਣੇ ਸਾਹਾਂ ਨਾਲ ਹੰਢਾਇਆ ਹੈ, ਉਹ ਉਸ ਤੋਂ ਕਿਨਾਰਾਕਸ਼ੀ ਕਰਕੇ ਘਿਸ ਤਰਜ਼ ਦੀ ਗ਼ਜ਼ਲਕਾਰੀ ਜਾਂ ਕਵਿਤਾ 'ਚ ਪਨਾਹ ਲਈ ਬੈਠੇ ਹਨ। ਅਨੁਭਵ ਦੇ ਪ੍ਰਗਟਾ ਲਈ ਨਾਵਲ ਵਰਗੀ ਵਿਧਾ ਦੀ ਜੋ ਲੋੜ ਹੈ ਉਹ ਪੂਰੀ ਹੁੰਦੀ ਦਿੱਸ ਨਹੀਂ ਰਹੀ। ਇਹਦੇ ਲਈ ਜਿਸ ਆਤਮ ਸੰਘਰਸ਼ ਤੇ ਭਾਸ਼ਾ ਨਾਲ ਜੱਦੋਜਹਿਦ ਤੇ ਸਮੇਂ ਦੀ ਲੋੜ ਹੈ ਉਹ ਖਾਤਾ ਖੁੱਲ੍ਹਦਾ ਹੀ ਨਹੀਂ।


ਇਸ ਦ੍ਰਿਸ਼ਪਟ ਦੇ ਹਵਾਲੇ ਨਾਲ ਕੁਝ ਇਕ ਹੋਰ ਗੱਲਾਂ ਵਲ ਧਿਆਨ ਵੀ ਜਾਂਦਾ ਹੈ: 


1. ਪ੍ਰਤਿਭਾਸ਼ਾਲੀ ਸਾਹਿਤਕਾਰ ਇਸ ਸੰਸਾਰ ਤੋਂ ਵਿਦਾ ਹੋ ਰਹੇ ਹਨ। ਮਿਸਾਲ, ਦਿੱਲੀ ਕਦੇ ਪੰਜਾਬੀ ਸਾਹਿਤਕਾਰੀ ਦੀ ਰਾਜਧਾਨੀ ਹੋਇਆ ਕਰਦਾ ਸੀ। ਨਵੀਂ ਸੋਚ, ਨਵੀਂ ਦ੍ਰਿਸ਼ਟੀ, ਪੱਛਮੀ ਚਿੰਤਕਾਂ ਨਾਲ 'ਰਿਲੇਟ' ਹੋਣ ਵਾਲਾ ਗੜ• ਸੀ ਇਹ ਸ਼ਹਿਰ। ਹਰਿਭਜਨ ਸਿੰਘ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ, ਤਾਰਾ ਸਿੰਘ, ਦੇਵਿੰਦਰ ਸਤਿਆਰਥੀ, ਸਭ ਰੱਬ ਨੂੰ ਪਿਆਰੇ ਹੋ ਗਏ ਹਨ। ਪੰਜਾਬੀ ਸਾਹਿਤ ਦੇ ਹਵਾਲੇ ਨਾਲ ਅੱਜ ਦਿੱਲੀ ਖਾਲਮ-ਖਾਲੀ ਹੈ। ਗੁਲਿਸਤਾਨ ਉੱਜੜ ਚੁੱਕਾ ਹੈ। ਨਵੇਂ ਪਟਵਾਰੀ ਧਾਵਾ ਬੋਲ ਰਹੇ ਹਨ। ਉਨ੍ਹਾਂ ਦੀ ਦੌੜ ਐਵਾਰਡਾਂ ਤੱਕ ਹੈ।


2. ਅੱਜ ਦੇ ਯੁੱਗ ਦੀ ਪ੍ਰਧਾਨ ਵਿਧਾ ਨਾਵਲੀ ਬਿਰਤਾਂਤ ਹੈ। ਇਹਦੀਆਂ ਸੰਭਾਵਨਾਵਾਂ ਅਸੀਮ ਹਨ। ਨਾਤਿਆਂ ਦੇ ਬਦਲ ਰਹੇ ਸਮੀਕਰਣ ਤੇ ਨਵੀਆਂ ਪੇਚੀਦਗੀਆਂ ਨਾਵਲੀ ਬਿਰਤਾਂਤ ਦੀ ਵਿਧਾ ਰਾਹੀਂ ਹੀ ਸਾਕਾਰ ਹੋ ਸਕਦੀਆਂ ਹਨ। ਰਿਸ਼ਤੇ ਤਿੜਕ ਰਹੇ ਹਨ। ਨਿੱਕੇ ਸ਼ਹਿਰਾਂ 'ਚ ਸੂਚਨਾ ਤਕਨੋਲਜੀ ਤੇ ਵਿਸ਼ਵੀਕਰਨ ਦੀਆਂ ਅਲਾਮਤਾਂ ਨੇ ਸਥਾਪਿਤ ਮਾਨਤਾਵਾਂ ਨੂੰ ਉਲਟਾ ਦਿੱਤਾ ਹੈ। ਸ਼ੋਸ਼ਲ ਨੈੱਟਵਰਕ ਨੇ ਹਰ ਸੀਮਾ ਤੋੜ ਦਿੱਤੀ ਹੈ। ਇਹਦੇ ਨਾਲ ਉੱਥਲ-ਪੁੱਥਲ ਵਧੀ ਹੈ। ਪੁਰਾਣੇ ਨੈਤਿਕ ਮੁੱਲ ਪਸਤ ਹੋ ਚੁੱਕੇ ਹਨ; ਨਵੀਂ ਨੈਤਿਕਤਾ ਲਈ ਸਪੇਸ ਨਹੀਂ ਹੈ। ਕੁਲ ਸਪੇਸ ਪੂੰਜੀ ਤੰਤਰ ਦੇ ਪਾਸਾਰਾਂ ਨੇ ਘੇਰ ਰੱਖੀ ਹੈ। ਕਿੰਨਾ ਕੁਝ ਸਾਹਮਣੇ ਆ ਰਿਹਾ ਹੈ : ਅਨੇਕ ਅੰਤਰ-ਵਿਰੋਧ, ਦਮਨ ਦੇ ਲੁਪਤ ਤੇ ਜ਼ਾਹਿਰਾ ਚਿਹਰੇ ਆਦਿ। ਔਰਤ ਦੀ ਪੀੜਾ ਦੇ ਨਵੇਂ ਰੂਪ ਦਿੱਖ ਰਹੇ ਹਨ। ਔਰਤ ਆਜ਼ਾਦ ਹੋਣ ਦੀ ਚਾਹਤ ਵਿਚ ਆਪਣੀ ਕਾਮੁਕਤਾ 'ਚ ਟ੍ਰੈਪ ਹੋ ਰਹੀ ਹੈ। ਇਸ ਤੋਂ ਪੈਦਾ ਹੋਣ ਵਾਲੇ ਕਲੇਸ਼ ਸਾਡੀ ਨਾਵਲਕਾਰੀ 'ਚ ਦਿਖਾਈ ਨਹੀਂ ਦੇ ਰਹੇ। ਇਨ੍ਹਾਂ ਪੇਚੀਦਗੀਆਂ ਤੱਕ ਪਹੁੰਚਣ ਲਈ ਮਹਾਂ ਦ੍ਰਿਸ਼ਟੀਕਾਰਾਂ (visionaries) ਦੀ ਜੋ ਲੋੜ ਹੈ, ਉਹ ਕਿੱਥੇ ਹਨ?


3. ਹਤਾਸ਼ ਹੋਏ ਪੰਜਾਬੀ ਬੰਦੇ ਕੋਲੋਂ ਪੁਰਾਣੀ ਤਰਜ਼ ਦੀ ਸਿਆਸਤ ਖੁੱਸ ਰਹੀ ਹੈ। ਸੁਖਬੀਰ ਬਾਦਲ ਨੇ ਚੋਣ ਜਿੱਤ ਕੇ ਦੱਸ ਦਿੱਤਾ ਹੈ ਕਿ ਅੱਜ ਸਿਆਸਤ ਕਾਰਪੋਰੇਟਰੀ ਤਰਜ਼ ਦੀ ਹੈ। ਸਿਆਸਤ ਤੇ ਜੁਰਮ ਤੇ ਦਫ਼ਤਰਸ਼ਾਹੀ ਵਿਚਕਾਰ ਬਹੁਤਾ ਫ਼ਰਕ ਨਹੀਂ ਰਿਹਾ। ਪੁਲਿਟੀਕਲ ਕਲਾਸ ਤੇ ਲੁੰਪਨਾਂ ਵਿਚਕਾਰ ਵਿੱਥ ਘਟ ਗਈ ਹੈ। ਸਾਡੇ ਲੇਖਕ ਪੁਲਿਟੀਕਲ ਕਲਾਸ ਤੇ ਲੁੰਪਨਾਂ ਤੋਂ ਬਹੁਤਾ ਦੂਰ ਖੜੇ ਨਹੀਂ ਹਨ। ਅਕਾਦਮੀਆਂ ਤੇ ਐਵਾਰਡ ਕਮੇਟੀਆਂ 'ਚ ਥਾਂ ਹਥਿਆਣ ਲਈ, ਸਾਹਿਤ ਰਤਨ ਵਰਗੇ ਇਨਾਮਾਂ ਤੱਕ ਪੁੱਜਣ ਲਈ ਜਾਂ ਉੱਚੇ ਔਹੁਦਿਆਂ ਲਈ ਹੋਰਾਂ ਵਾਂਗ ਹੀ ਚਾਪਲੂਸੀਆਂ, ਪ੍ਰੁਬੱਧਕਾਰੀਆਂ ਵਰਤੀਆਂ ਜਾਂ ਦੀਆਂ ਹਨ। ਰਚਨਾਤਮਿਕ ਉਮੰਗਾਂ ਦੇ ਹਵਾਲੇ ਨਾਲ ਦੋ ਨੰਬਰ ਦੇ ਲੇਖਕਾਂ ਨੇ ਅਪਾਤ ਸਥਿਤੀ ਪੈਦਾ ਕਰ ਦਿੱਤੀ ਹੈ, ਜਿਸ ਨਾਲ ਟਕਰਾਉਣ ਲਈ, ਤੇ ਵਿਰਾਟ ਪੱਧਰ 'ਤੇ ਇਹਨੂੰ ਮੁਖ਼ਾਤਿਬ ਹੋਣ ਲਈ, ਪੁਖ਼ਤਾ ਵਾਰਤਕ ਦੀ ਲੋੜ ਹੈ। ਅਜਿਹੀ ਵਾਰਤਕ ਲਿਖਣ ਵਾਲੇ ਕਿਹੜੇ ਹਨ, ਕਿੱਥੇ ਹਨ? ਕਦੋਂ ਪੈਦਾ ਹੋਣਗੇ?


4. ਅੱਜ ਪੰਜਾਬੀ ਲੇਖਕ ਨੂੰ ਗਿਆਨ ਹਾਸਲ ਕਰਨ ਦੀ ਖਾਤਰ ਹੀ ਅੰਗਰੇਜ਼ੀ ਭਾਸ਼ਾ 'ਚ ਨਿਪੁੰਨ ਹੋਣ ਦੀ ਲੋੜ ਹੈ। ਕਿਸੇ ਯੁੱਗ 'ਚ ਪੰਜਾਬੀ 'ਚ ਲਿਖਣ ਵਾਲੇ ਅੰਗਰੇਜ਼ੀ ਦੇ ਮਾਹਿਰ ਹੁੰਦੇ ਸਨ। ਅਜਿਹਾ ਹੋਣ ਕਰਕੇ ਉਹ ਭਾਵੁਕਤਾ ਤੋਂ ਪਾਰ ਜਾਣ ਦੇ ਸਮਰਥ ਸਨ। ਸੁਨੱਖੀ ਹੁਨਰੀ ਵਾਰਤਕ ਲਿਖਦੇ ਸਨ। ਗੁਰਬਖ਼ਸ਼ ਸਿੰਘ, ਤੇਜਾ ਸਿੰਘ, ਮੋਹਨ ਸਿੰਘ ਦੀਵਾਨਾ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਗੁਰਬਚਨ ਸਿੰਘ ਤਾਲਿਬ, ਗੁਲਵੰਤ ਸਿੰਘ ਆਦਿ ਪੰਜਾਬੀ ਦੇ ਹੀ ਚਿੰਤਕ ਸਨ। ਉਨ੍ਹਾਂ ਦਾ ਟ੍ਰੈਕ ਗਿਆਨ ਪ੍ਰਾਪਤੀ ਵਾਲਾ ਸੀ। ਉਨ੍ਹਾਂ ਦੀ ਭਾਸ਼ਾ 'ਚ ਤਰਕ ਦੀ ਲਿਸ਼ਕ ਸੀ। ਉਨ੍ਹਾਂ ਦੀ ਲਿਖਤ 'ਚ ਬੌਧਿਕ ਰਸ ਹੁੰਦਾ ਸੀ। ਉਹ ਪੰਜਾਬੀ ਬੰਦੇ ਦੇ ਭਵਿੱਖ ਦਾ ਨਿਰਮਾਨ ਕਰ ਰਹੇ ਸਨ। ਉਹ ਤੁਰ ਗਏ। ਪਿੱਛੇ ਕੌਣ ਰਹਿ ਗਏ ਹਨ?


5. ਬੌਧਿਕ ਪਰੰਪਰਾ ਦੀ ਸੰਭਾਵਨਾ ਨੂੰ ਪਸਤ ਕਰਨ 'ਚ ਅਕਾਦਮੀਆਂ ਤੇ ਸਰਕਾਰੀ ਅਦਾਰਿਆਂ ਦੀ ਆਵਾਰਾ ਪੂੰਜੀ ਦਾ ਚੋਖਾ ਹੱਥ ਹੈ। ਇਨ੍ਹਾਂ ਅਕਾਦਮੀਆਂ ਦੇ ਮੋਟੇ ਭਾਰੇ ਬੱਜਟ ਦੀ ਗੱਲ ਹੁੰਦੀ ਹੈ। ਸੁਆਲ ਹੈ, ਇਹ ਬੱਜਟ ਖਰਚ ਕਿਵੇਂ ਹੁੰਦਾ ਹੈ। ਦੋ ਚਾਰ ਆਰ. ਟੀ. ਆਈ. ਪਾਉਣ ਨਾਲ ਹੈਰਾਨ ਕਰਨ ਵਾਲੇ ਤੱਥ ਨਸ਼ਰ ਹੋਣਗੇ।

ਪੰਜਾਬੀ ਸਾਹਿਤਕਾਰੀ ਦੇ ਮੁੱਕਣ ਦੇ ਸੰਕੇਤ ਪ੍ਰਤੱਖ ਹਨ। ਵੱਡਾ ਸੰਕੇਤ ਸ਼ਬਦ 'ਪ੍ਰਾਪਤੀ' ਹੈ। 'ਪ੍ਰਾਪਤੀ' ਮਾਇਆਵੀ ਕ੍ਰੀੜਾ ਦਾ ਚਿਹਨ ਹੈ, ਵਿਗਿਆਪਨੀ ਤਰਜ਼ ਦੀ ਸਭਿਆਚਾਰਕਤਾ ਦਾ। ਅਲਪ ਸਥੂਲਤਾ 'ਚ ਅਲਸਾਣ ਦਾ ਚਿਹਨ ਹੈ ਇਹ। ਇਹ ਸ਼ਬਦ ਪੰਜਾਬੀ ਲੇਖਕਾਂ ਦੇ ਪ੍ਰਸੰਗ 'ਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ।

ਉਕਤ ਸਥਿਤੀ ਬਾਰੇ ਬੇਫ਼ਿਕਰੀ ਦਾ ਆਲਮ ਦੇਖਣ ਨੂੰ ਮਿਲਦਾ ਹੈ। ਸ਼ਾਇਦ ਅਸੀਂ ਸੋਚਦੇ ਹਾਂ ਗੱਡੀ ਏਦਾਂ ਹੀ ਚੱਲਣੀ ਹੈ। ਸੁਆਲ ਹੈ : ਇਹ ਗੱਡੀ ਕਿੰਨੀ ਦੇਰ ਚਲਦੀ ਰਹਿ ਸਕਦੀ ਹੈ?

-ਗੁ.

Tuesday, May 22, 2012

ਮੰਟੋ:'ਨੰਗਾ ਸਮਾਜ' ਨੰਗਾ ਹੋਣ ਤੋਂ ਡਰਦਾ ਹੈ

ਮੇਰੀ ਜ਼ਿੰਦਗੀ 'ਚ ਸਭ ਤੋਂ ਪਸੰਦੀਦਾ ਕਵੀ ਜੇ ਫੈਜ਼ ਹੈ ਤਾਂ ਕਹਾਣੀ ਦੇ ਲਈ ਇਹ ਮਹੱਬਤ ਸਅਦਤ ਹਸਨ ਮੰਟੋ ਲਈ ਹੈ।ਇਸ ਹੱਦ ਤੱਕ ਮਹੱਬਤ ਕੀ ਮੈਂ ਉਸ ਨਾਲ ਸੁਫਨਿਆਂ 'ਚ ਵੀ ਗੱਲਾਂ ਕੀਤੀਆਂ ਹਨ,ਉਨ੍ਹਾਂ ਤੋਂ ਕਹਾਣੀਆਂ ਸੁਣੀਆਂ ਹਨ ਤੇ ਹਸਰਤ ਹੈ ਕਿ ਕੁਝ ਦਿਨ ਦੀਵਾਨਖਾਨੇ(ਮੈਂ ਪਾਗਲਖਾਨੇ ਜਿਹਾ ਸ਼ਬਦ ਨਹੀਂ ਮੰਨਦਾ) 'ਚ ਜਿਉਂ ਕੇ ਆਵਾਂ।

ਇਕ ਸ਼ੇਅਰ 
ਵੋਹ ਤੁਮ੍ਹੇਂ ਯਾਦ ਕਰੇ ਜਿਸਨੇ ਭੁਲਾਇਆ ਹੋ ਤੁਮੇਂ੍ਹ
ਨਾ ਕਭੀ ਹਮਨੇ ਭੁਲਾਇਆ ਨਾ ਕਭੀ ਯਾਦ ਕੀਆ।

ਇਹ ਸ਼ੇਅਰ ਮੰਟੋ ਦੀ ਨਜ਼ਰ ਹੈ।ਲੋਕ ਮੰਟੋ ਨੂੰ ਯਾਦ ਕਰਨ ਬੈਠੇ ਹਨ,ਕਿਉਂਕਿ ਉਹ ਉਨ੍ਹਾਂ ਦਾ ਸ਼ਤਾਬਦੀ ਵਰ੍ਹਾ ਹੈ।ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸ਼ਤਾਬਦੀ ਆਏ ਤੋਂ ਹੀ ਮੰਟੋ ਨੂੰ ਯਾਦ ਕੀਤਾ ਜਾਵੇ।ਹਾਂ ਇਕ ਚੰਗਾ ਬਹਾਨਾ ਜ਼ਰੂਰ ਹੈ ਕਿ ਸਮਾਜ ਨੂੰ ਘੱਟੋ ਘੱਟ ਤਰੀਕਾਂ ਦੇ ਤਾਣੇ ਬਾਣੇ ਜ਼ਰੀਏ ਹੀ ਸਹੀ,ਉਹ ਸ਼ੀਸ਼ਾ ਦਿਖਾਇਆ ਜਾਵੇ,ਜੋ ਮੰਟੋ ਆਪਣੀਆਂ ਕਹਾਣੀਆਂ ਦੀ ਮਾਰਫਾਤ ਦਿਖਾਉਂਦੇ ਰਹੇ ਹਨ।
ਖੈਰ,ਤਿਆਰੀਆਂ ਜ਼ੋਰਾਂ 'ਤੇ ਹਨ।ਪਾਕਿਸਤਾਨ ਤੋਂ ਲੈ ਕੇ ਭਾਰਤ ਤੱਕ ਸਾਹਿਤਕਾਰਾਂ ਤੇ ਤਰੱਕੀਪਸੰਦ ਬੁੱਧੀਜੀਵੀਆਂ ਦੀ ਇਕ ਜਮਾਤ ਆਪਣੇ ਕਮਰਕੱਸੇ ਕਸੀ ਖੜ੍ਹੀ ਹੈ।ਮੰਟੋ ਨੂੰ ਯਾਦ ਕਰਨ ਲਈ ਤੇ ਮੰਟੋ ਨੂੰ ਦੱਸਣ-ਸੁਣਨ ਲਈ।ਮੰਟੋ 'ਤੇ ਸੈਮੀਨਰ ਹੋਣਗੇ,ਮੰਟੋ 'ਤੇ ਮੀਟਿੰਗਾਂ ਹੋਣਗੀਆਂ,ਮੰਟੋ 'ਤੇ ਮਹਿਫਲਾਂ ਸਜਣਗੀਆਂ ਤੇ ਮੰਟੋ 'ਤੇ ਪ੍ਰਦਰਸ਼ਨੀਆਂ ਲੱਗਣਗੀਆਂ।ਪਰ ਜਨਾਬ ਮੰਟੋ ਦੀਆਂ ਸਿੱਖਿਆਵਾਂ ਠੀਕ ਉਸੇ ਤਰ੍ਹਾਂ ਗਾਇਬ ਰਹਿਣਗੀਆਂ ਜਿਵੇਂ ਬਹੁਤ ਸਾਰੇ ਹੋਰ ਲੋਕਾਂ ਦੇ ਸਬਕ ਸਾਡੀ ਜ਼ਿੰਦਗੀ 'ਚੋਂ ਗਾਇਬ ਹਨ।

ਮੰਟੋ ਦੀ ਉਮਰ ਸੌ ਸਾਲ ਹੋ ਚੁੱਕੀ ਹੈ,ਪਰ ਮੰਟੋ ਦਾ ਕਿਹਾ ਇਨ੍ਹਾਂ ਸੌ ਸਾਲਾਂ 'ਚ ਵੀ ਅਸੀਂ ਸਮਝਣ ਲਈ ਰਾਜ਼ੀ ਨਹੀਂ ਹਾਂ।ਮੰਟੋ ਦੇ ਸੈਮੀਨਰਾਂ 'ਚੋਂ ਤੋਂ ਨਿਕਲਕੇ ਰਾਹਾਂ,ਘਰਾਂ ਤੱਕ ਪਹੁੰਚਦਾ-ਪਹੁੰਚਦਾ ਇਨਸਾਨ ਉਹੋ ਜਿਹਾ ਹੀ ਜਾਨਵਰ ਬਣ ਜਾਵੇਗਾ,ਜਿਹੋ ਜਿਹਾ ਅਸੀਂ ਨੀਲੇ ਸਿਆਰਾਂ ਵਾਲੀ ਕਹਾਣੀ 'ਚ ਪੜ੍ਹਿਆ ਹੈ।

ਅਸੀਂ ਕੱਪੜਿਆਂ 'ਚ ਉਹ ਲਕਾਉਂਦੇ ਫਿਰਦੇ ਹਾਂ ਜੋ ਅੱਖਾਂ ਤੇ ਜ਼ੁਬਾਨ 'ਚੋਂ ਡੁੱਲ੍ਹਦਾ ਰਹਿੰਦਾ ਹੈ।ਗਿੱਲਾ,ਚਿਪ-ਚਪਾ,ਗੰਦਾ,ਬਦਬੂ ਨਾਲ ਭਰਿਆ,ਗਲਾ ਘੁੱਟਦਾ ਹੋਇਆ।ਬਿਲਕੁਲ ਉਹੋ ਜਿਹਾ ਜਿਹੋ ਜਿਹਾ ਮੰਟੋ ਨੇ ਵਿਖਾਇਆ।ਅਸੀਂ ਹਾਲੇ ਤੱਕ ਇਹੋ ਜਿਹੇ ਸਮਾਜ 'ਚ ਰਹਿ ਰਹੇ ਹਾਂ,ਜੋ ਸਭ ਤੋਂ ਜ਼ਿਆਦਾ ਸ਼ੀਸੇ ਤੋਂ ਡਰਦਾ ਹੈ।ਖ਼ੁਦ ਨੂੰ ਨੰਗਾ ਦੇਖ ਪਾਉਣ ਦੀ ਹਿੰਮਤ ਸਾਡੇ 'ਚ ਨਹੀਂ ਹੈ।ਕੋਈ ਖੋਲ੍ਹ ਕੇ ਸਾਹਮਣੇ ਰੱਖ ਦੇਵੇ ਤਾਂ ਢੌਂਗੀਆਂ ਦੀ ਤਰ੍ਹਾਂ ਨਾਰੀਆਲ ਤੇ ਸਿਧੂੰਰ ਲੈ ਕੇ ਪਿੱਠ ਘੁੰਮਾ ਲੈਂਦੇ ਹਾਂ।ਇਸ ਪੂਰੇ ਦਾਇਰਾ ਨੂੰ,ਜੋ ਅਸੀਂ ਆਪਣੀਆਂ ਸ਼ਕਲਾਂ ਦੇ ਏਧਰ ਓਧਰ,ਸ਼ੀਸ਼ਿਆਂ ਤੋਂ ਦੂਰ ਤਿਆਰ ਕਰ ਲਿਆ ਹੈ,ਓਥੇ ਜਦੋਂ ਮੰਟੋ ਸ਼ੀਸ਼ਾ ਲੈ ਕੇ ਆਉਂਦੇ ਹਨ ਤਾਂ ਅਸੀਂ ਨੰਗੇ ਨਜ਼ਰ ਆਉਣ ਲੱਗਦੇ ਹਾਂ।


ਪਰ ਨੰਗਾ ਪੈਦਾ ਹੋਣ ਵਾਲਾ ਬੱਚਾ ਕੇਵਲ ਕੱਪੜਾ ਲੈਣਾ,ਢੱਕਣਾ ਤੇ ਲਕੋਣਾ ਚਾਹੁੰਦਾ ਹੈ।ਪੂਰੀ ਉਮਰ ਇਹੀ ਹੈ ਤਾਂ ਹੈ।ਆਪਣੀ ਹਰ ਸੱਚਾਈ ਨੂੰ ਲਕੋਣ ਦੀ ਕੋਸ਼ਿਸ਼।ਕਿਤੇ ਕੋਈ ਦੇਖ ਨਾ ਲਵੇ।ਕਿਸੇ ਹੋਰ ਦਾ ਕੀ,ਕਿਤੇ ਖੁਦ ਨੂੰ ਹੀ ਸੱਚਾ ਸੱਚਾ ਨਾ ਦੇਖ ਲਈਏ।ਇਹੀ ਡਰ ਨਾਲ ਜਿਉਂਦੇ ਹਾਂ ਅਸੀਂ।

ਅਸੀਂ ਖਾਪ ਪੰਚਾਇਤਾਂ ਨਾਲ ਘਿਰੇ ਹਾਂ।ਪਿਆਰ ਦੀਆਂ ਕਹਾਣੀਆਂ ਜਿਸਮ ਤੋਂ ਸ਼ੁਰੂ ਹੋ ਕੇ ਜਿਸਮ 'ਤੇ ਹੀ ਸਿਮਟਦੀ ਨਜ਼ਰ ਆਉਂਦੀ ਹੈ।ਲਲਚਾਈਆਂ ਅੱਖਾਂ ਕਿੰਨੀ ਵਾਰ ਤਿਲਕਦੀਆਂ ਹਨ ਪਰ ਦਾਅਵਾ ਘੋੜੇ ਦੀ ਐਨਕ ਦੀ ਤਰ੍ਹਾਂ ਸਿਰਫ ਇਕੋ ਨੂੰ ਹੀ ਦੇਖਣ ਦਾ ਹੈ।ਡਿੱਕ-ਡੋਲੇ ਖਾਂਦੀ ਨੀਅਤ ਹਮੇਸ਼ਾਂ ਇਕ ਰਸਮ ਨੂੰ ਨਕਾਬ ਬਣਾ ਕੇ ਪਹਿਨਦੀ ਹੈ।ਹੱਥ ਮਿਲਾਉਂਦੇ ਲੋਕ ਦੇ ਮਨ 'ਚ ਕੁਝ ਹੋਰ ਕਹਿੰਦੇ ਹਨ ਤੇ ਜ਼ੁਬਾਨ ਨਾਲ ਕੁਝ ਹੋਰ।

ਕੁਝ ਵੀ ਤਾਂ ਨਹੀਂ ਬਦਲਿਆ ਮੰਟੋ..ਤੇ ਨਾ ਬਦਲੇਗਾ।ਤੂੰ ਕਿਹਾ ਸੀ ਨਾ ਖੋਲ੍ਹ ਦਿਓ।ਪਰ ਖੋਲ੍ਹਣ ਦੀ ਖੇਡ 'ਚ ਲੱਗਿਆ ਇਨਸਾਨ ਕੁਝ ਵੀ ਤਾਂ ਖੋਲ੍ਹਣ ਨਹੀਂ ਦੇ ਰਿਹਾ ਹੈ।ਇਸਨੂੰ ਗੰਧ ਵੀ ਨਹੀਂ ਆਉਂਦੀ।ਨਾ ਹੀ ਠੰਡਾ ਗੋਸਤ ਦਿਖਾਈ ਦਿੰਦਾ ਹੈ।ਅਸੀਂ ਆਪਣੇ ਸਮਾਜੀ ਜਾਨਵਰ(ਅੰਗਰੇਜ਼ੀ 'ਚ ਅਸੀਂ ਬਹੁਤ ਖੂਬਸੂਰਤੀ ਨਾਲ ਅਸੀਂ ਇਸਨੂੰ 'ਮੈਨ ਇਜ਼ ਏ ਸ਼ੋਸ਼ਲ ਐਨੀਮਲ' ਕਹਿੰਦੇ ਹਾਂ) ਹੋਣ ਦੇ ਸੱਚ ਨੂੰ ਮੰਨਣਾ ਨਹੀਂ ਚਾਹੁੰਦੇ।ਸਾਨੂੰ ਲੱਗਦਾ ਹੈ ਕਿ ਦਰ ਅਸਲ ਇਨਸਾਨ ਕਿਸੇ ਹੋਰ ਤਰ੍ਹਾਂ ਦੀ ਕਲੰਦਰੀ ਦਾ ਨਤੀਜਾ ਹੈ।ਇਸ 'ਚ ਕੁਦਰਤੀ ਕੁਝ ਵੀ ਨਹੀਂ ਹੈ।

ਇਥੇ ਮਰਿਯਾਦਾ ਮਾਂ ਬਣਦੀ ਹੈ,ਪ੍ਰਤੀਬੱਧਤਾ ਪਿਤਾ,ਨੈਤਕਿਤਾ ਪਰਿਵਾਰ,ਆਸਥਾ ਤੇ ਵਿਸ਼ਵਾਸ਼ ਤੁਹਾਡੇ ਹੱਥ ਬਣਾ ਦਿੱਤੇ ਜਾਂਦੇ ਹਨ,ਪਰ ਅਸੀਂ ਇਨ੍ਹਾਂ ਹੀ ਹੱਥਾਂ ਨਾਲ ਹੱਥ-ਰਸੀ ਕਰਦੇ ਹਾਂ।ਇਸ ਪਰਿਵਾਰ ਨੂੰ ਜ਼ਬਰਦਸਤੀ ਢੋਂਦੇ ਹੋਏ ਤੇ ਕਿਸੇ ਕੋਨੇ 'ਚ ਆਪਣੇ ਜਾਨਵਰ ਹੋਣ ਦੇ ਸੱਚ ਨੂੰ ਨਿਚੋੜ ਨਿਚੋੜ ਕੇ ਟਪਕਾਉਂਦੇ ਹੋਏ।ਜੋ ਸੱਚ ਹੈ ਉੁਸਨੂੰ ਅਸੀਂ ਜਾਂ ਤਾਂ ਹਰਾਮੀ ਕਿਹਾ ਹੈ,ਜਾਂ ਅਸ਼ਲੀਲ,ਜਾਂ ਫਿਰ ਅਨੈਤਿਕ,ਨੰਗਾ,ਬੇਈਮਾਨ,ਕੁੱਤਾ।ਅਜਿਹਾ ਬਹੁਤ ਕੁਝ।

ਮੰਟੋ ਮੈਂ ਜਦੋਂ ਪੰਨੇ 'ਤੇ ਪੰਨੇ ਪਲਟਦਾ ਜਾਂਦਾ ਹਾਂ,ਇਕ ਸ਼ੀਸ਼ਾ ਸਾਹਮਣੇ  ਹੁੰਦਾ ਹੈ ਤੇ ਇਕ ਨੀਚਤਾ ਨੂੰ ਮੰਨਣ 'ਚ ਮੈਨੂੰ ਭੋਰਾ ਵੀ ਗੁਰੇਜ਼ ਨਹੀਂ ਹੈ ਕਿ ਦਰ ਅਸਲ ਮੈਂ ਵੀ ਇਨ੍ਹਾਂ ਸ਼ੀਸ਼ਿਆਂ ਤੋਂ ਡਰਦਾ ਹਾਂ।ਪਰ ਇਸ ਡਰ ਦੇ ਵਿਚਕਾਰ ਵੀ ਦਿਲ ਕਹਿੰਦਾ ਹੈ ਕਿ ਓ ਦੁਨੀਆਂ ਵਾਲਿਓ , ਸੜਾਂਦ 'ਚ ਗਲਦੇ ਪਿਘਲਦੇ ਰਹਿਣ ਤੋਂ ਬੇਹਤਰ ਹੈ,ਜੋ ਸੱਚ ਹੈ ਉਸਨੂੰ ਖੋਲ੍ਹ ਦਿਓ।

ਲੇਖਕ ਪਾਨਨੀ ਅਨੰਦ ਦਿੱਲੀ ਦਾ ਪੱਤਰਕਾਰ ਹੈ।ਲੰਮਾ ਸਮਾਂ ਬੀ ਬੀ ਸੀ ਹਿੰਦੀ ਨਾਲ ਜੁੜਿਆ ਰਿਹਾ।ਅੱਜਕਲ੍ਹ ਅਜ਼ਾਦ ਪੱਤਰਕਾਰ ਤੇ ਪ੍ਰਤੀਰੋਧ ਨਾਂਅ ਦੀ ਵੈਬਸਾਈਟ ਦਾ ਸੰਪਾਦਕ ਹੈ।ਉਸਦੀ ਇਹ ਰਚਨਾ ਕਿੰਡਲ ਮੈਗਜ਼ੀਨ ਦੀ ਸਾਈਟ 'ਤੇ ਛਪੀ ਹੈ,ਜਿਸਦਾ ਪੰਜਾਬੀ ਤਰਜ਼ਮਾ ਕੀਤਾ ਗਿਆ ਹੈ।

Wednesday, April 18, 2012

ਸਨਮਾਨ ਲੇਖਕ ਨੂੰ ਹੋਰ ਮਕਬੂਲ ਕਰਦੇ ਹਨ:ਸੁਰਜੀਤ ਪਾਤਰ

ਜਿਸ ਕਾਵਿਕ ਸੰਵੇਦਨਾ ਨਾਲ ਮਨੁੱਖੀ ਸੰਵੇਦਨਾਵਾਂ ਦੀ ਡਾ. ਸੁਰਜੀਤ ਪਾਤਰ ਨੇ ਤਰਜਮਾਨੀ ਕੀਤੀ ਉਹ ਉਹਨਾਂ ਨੂੰ ਸਾਹਿਤ ਦੇ ਖੇਤਰ 'ਚ ਅਦਬੀ ਸ਼ਖ਼ਸੀਅਤ ਦਾ ਰੁਤਬਾ ਬਖਸ਼ਦਾ ਹੈ।ਜਲੰਧਰ ਦੇ ਪਿੰਡ 'ਪੱਤਰ ਕਲਾਂ' 'ਚ 14 ਜਨਵਰੀ 1945 ਨੂੰ ਜਨਮੇ ਸੁਰਜੀਤ ਪਾਤਰ ਅੱਜ ਹਰ ਪਾਠਕ ਵਰਗ ਦਾ ਜਾਣਿਆ ਪਛਾਣਿਆ ਨਾਮ ਹੈ।1960 ਤੋਂ ਸ਼ੁਰੂ ਕੀਤਾ ਆਪਣਾ ਕਲ਼ਮੀ ਹੁਨਰ ਪਾਤਰ ਦੇ ਅੱਖ਼ਰਾਂ ਦੀ ਅਵਾਜ਼ ਬਣਕੇ ਇੰਝ ਉਭਰਿਆ ਕਿ ਸਾਹਿਤ ਦੀਆਂ ਨਵੀਆਂ ਵਿਧਾਵਾਂ ਨੂੰ ਸਥਾਪਿਤ ਕਰਦਾ ਗਿਆ।'ਹਵਾ ਵਿੱਚ ਲਿਖੇ ਹਰਫ਼,ਬਿਰਖ਼ ਅਰਜ਼ ਕਰੇ,ਹਨੇਰੇ ਵਿੱਚ ਸੁਲਗਦੀ ਵਰਨਮਾਲਾ,ਲਫ਼ਜ਼ਾਂ ਦੀ ਦਰਗਾਹ,ਪੱਥਰ ਦੀ ਪੰਜੇਬ ਤੇ ਸੁਰਜ਼ਮੀਨ ਸਿਰਲੇਖ ਨਾਲ ਲਿਖੀਆਂ ਕਿਤਾਬਾਂ ਨਾਲ ਉਹਨਾਂ ਕਵਿਤਾ ਦੇ ਰੂਪ ਨੂੰ ਮਜ਼ਬੂਤ ਢੰਗ ਨਾਲ ਸਥਾਪਿਤ ਕੀਤਾ ਹੈ।1993 'ਚ 'ਹਨੇਰੇ ਵਿੱਚ ਸੁਲਗਦੀ ਵਰਨਮਾਲਾ' ਦੇ ਲਈ ਉਹਨਾਂ ਨੂੰ ਸਾਹਿਤ ਸੰਸਾਰ ਦੇ ਉੱਚ ਪੁਰਸਕਾਰ ਭਾਰਤੀ ਸਾਹਿਤ ਅਕਾਮਦੀ ਨਾਲ ਨਵਾਜਿਆ ਗਿਆ।…ਤੇ ਹੁਣ ਸੁਰਜੀਤ ਪਾਤਰ ਨਾਲ ਇੱਕ ਸਨਮਾਨ ਹੋਰ ਜੁੜ ਗਿਆ ਹੈ-'ਪਦਮ ਸ਼੍ਰੀ'।ਇਸ ਬਾਰੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਹਰਪ੍ਰੀਤ ਸਿੰਘ ਕਾਹਲੋਂ ਵੱਲੋਂ---

ਕਹਿੰਦੇ ਹਨ ਕਿ ਜਦੋਂ ਜ਼ਿੰਦਗੀ ਦੇ ਤਜਰਬੇ ਵੱਧ ਜਾਣ ਤਾਂ ਉਪਲਬਧੀਆਂ 'ਤੇ ਮਾਣ ਹੋਣਾ ਬੰਦ ਹੋ ਜਾਂਦਾ ਹੈ ਅਜਿਹੇ ਨੁਕਤੇ 'ਚ 'ਪਦਮ ਸ਼੍ਰੀ' ਪੁਰਸਕਾਰ ਦਾ ਮਿਲਣਾ ਕਿੰਝ ਮਹਿਸੂਸ ਕਰਦੇ ਹੋ?
:ਮੈਂ ਸਮਝਦਾ ਹਾਂ ਜੋ ਕਵਿਤਾ ਲੋਕਾਂ ਦੇ ਦੁੱਖ ਸੁੱਖ 'ਚ ਸ਼ਾਮਲ ਹੋਵੇ,ਕਿਸੇ ਕਵਿਤਾ ਉਹਨਾਂ ਲੋਕਾਂ ਦੀ ਧਰਤੀ ਦੀ ਸੰਵੇਦਨਾ ਨੂੰ ਸਮਝੇ,ਇਸ ਨੂੰ ਮੈਂ ਸਭ ਤੋਂ ਵੱਡਾ ਸਨਮਾਣ ਸਮਝਦਾ ਹਾਂ।ਮੈਨੂੰ ਖੁਸ਼ੀ ਹੈ ਕਿ ਮੈਂ ਆਪਣੀ ਮਾਂ ਬੋਲੀ ਦੀ ਸੇਵਾ ਕਰਦਾ ਹਾਂ।ਮੈਂ ਜੋ ਵੀ ਪ੍ਰਾਪਤ ਕੀਤਾ ਹੈ ਉਹ ਮੇਰੀ ਮਾਂ ਬੋਲੀ ਸਦਕਾ ਹੀ ਹੈ।ਪੰਜਾਬੀ ਕਵਿਤਾ ਦੀ ਇੱਕ ਲੰਮੀ ਲੋਕ ਪ੍ਰੰਪਰਾ ਜੋ ਗੁਰੁ ਨਾਨਕ,ਬੁੱਲ੍ਹੇ ਸ਼ਾਹ ਤੇ ਸੁਲਤਾਨ ਬਾਹੂ ਤੋਂ ਗੁਜ਼ਰਦੀ ਸਾਡੇ ਤੱਕ ਪਹੁੰਚਦੀ ਹੈ ਮੈਂ ਉਸ ਨੂੰ ਨਮਸਕਾਰ ਕਰਦਾ ਹਾਂ।

ਫਿਰ ਕਿਸੇ ਸਨਮਾਨ ਰੂਪੀ ਨਵਾਜ਼ਿਸ਼ ਦੇ ਅਰਥ ਕੀ ਬਚਦੇ ਹਨ?
:ਮੈਂ ਸਨਮਾਨ ਨੂੰ ਬੇਮਾਇਨੇ ਨਹੀਂ ਸਮਝਦਾ।ਜਿਵੇਂ ਕਿ ਅਸੀ ਸਮਾਜ 'ਚ ਰਹਿੰਦੇ ਹਾਂ ਤੇ ਕਵਿਤਾ ਜੋ ਕਿ ਕਵੀ ਤੱਕ ਸੀਮਤ ਰਹਿੰਦੀ ਹੈ ਉਸ ਨੂੰ ਲੋਕ ਰਾਜ ਤੱਕ ਮਕਬੂਲ ਹੋਣ ਲਈ ਇਹ ਇੱਕ ਵੱਖਰੀ ਤਰ੍ਹਾਂ ਦਾ ਉਪਰਾਲਾ ਹੁੰਦਾ ਹੈ।ਇਹ ਸਰਕਾਰਾਂ ਦਾ ਕਰਤੱਵ ਹੁੰਦਾ ਹੈ ਕਿ ਉਹ ਹਰ ਤਰ੍ਹਾਂ ਦੀ ਕਲਾ ਨੂੰ ਅਜਿਹੇ ਤਰੀਕਿਆਂ ਨਾਲ ਪ੍ਰਫੂਲਿਤ ਕਰਦੀ ਹੈ।ਕਲਾ ਦੀ ਅਜਿਹੀ ਮਕਬੂਲੀਅਤ ਲਈ ਸਾਰੀਆਂ ਗੱਲਾਂ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਕਲਾ ਦਾ ਸਮਾਜ 'ਚ ਬਿੰਬ ਬਣਾਇਆ ਜਾਵੇ।ਸੋ ਇਹ ਚੀਜ਼ਾਂ ਉਸ ਸਮਾਜ ਨੂੰ ਜਾਂ ਉਸ ਲੋਕ ਰਾਜ ਨੂੰ ਮਹਿਮਾ ਦਿੰਦੀਆਂ ਹਨ ਕਿ ਉਹ ਆਪਣੇ ਕਲਾਕਾਰਾਂ ਦਾ ਆਪਣੇ ਹੁਨਰਾਂ ਵਾਲਿਆਂ ਦਾ ਸਨਮਾਨ ਕਰਦਾ ਹੈ।ਕਿਉਂ ਕਿ ਜਿਵੇਂ ਅਸੀ ਵੇਖਦੇ ਹਾਂ ਕਿ ਇੱਕ ਪਾਸੇ ਸਾਡੇ ਖੇਡਾਂ ਦੇ ਨਾਇਕ ਹਨ,ਸਿਨੇਮਾ ਦੇ ਨਾਇਕ ਹਨ,ਉੱਥੇ ਮੇਰੇ ਮਨ 'ਚ ਇਹ ਵੀ ਆਉਂਦਾ ਹੈ ਕਿ ਸਾਡੇ ਦੇਸ਼ 'ਚ ਕਲਾ ਦੇ ਨਾਇਕ ਵੀ ਜ਼ਰੂਰੀ ਹਨ।ਜਿੰਨਾ ਚੋਂ ਚਿੱਤਰਕਾਰੀ ਦੇ ਨਾਇਕ,ਸੰਗੀਤ ਦੇ ਨਾਇਕ,ਸਾਹਿਤ ਦੇ ਨਾਇਕ ਆਦਿ ਸ਼ਾਮਲ ਹਨ।ਸੋ ਇਹ ਸਭ ਚੀਜ਼ਾਂ ਰਲਕੇ ਇਹ ਜ਼ਰੂਰੀ ਬਣਾਉਂਦੀਆਂ ਹਨ ਕਿ ਉਹ ਆਮ ਲੋਕਾਂ ਨੂੰ ਸੰਦੇਸ਼ ਦਿੰਦੀਆਂ ਹਨ,ਇਹ ਇਵੇਂ ਹੈ ਕਿ ਕਈ ਵਾਰੀ ਤੁਹਾਨੂੰ ਬਹੁਤ ਲੋਕ ਸਨਮਾਨ ਮਿਲਣ ਤੋਂ ਬਾਅਦ ਹੀ ਜਾਣਦੇ ਹਨ।ਸੋ ਅਜਿਹੇ 'ਚ ਪੁਰਸਕਾਰਾਂ ਦੀ ਆਪਣੀ ਅਹਿਮੀਅਤ ਹੈ ਕਿਉਂ ਕਿ ਇਸ ਨਾਲ ਇਹ ਕੌਸ਼ਿਸ਼ ਹੋਰ ਪਕੇਰੀ ਹੁੰਦੀ ਹੈ ਕਿ ਇੰਝ ਸਮਾਜ ਕਲਾ ਨਾਲ ਹੋਰ ਗੂੜ੍ਹੇ ਹੋ ਕੇ ਜੁੜ ਸਕੇ।

ਅੱਜ ਤਾਂ ਤੁਹਾਡਾ ਇੱਕ ਨਾਮ ਹੈ,ਸ਼ੋਹਰਤ ਹੈ,ਤੁਸੀ 'ਪਦਮ ਸ਼੍ਰੀ' ਹੋ ਪਰ ਉੱਮਰ ਦਾ ਇੱਕ ਅਜਿਹਾ ਦੌਰ ਵੀ ਹੁੰਦਾ ਹੈ ਜਦੋਂ ਸੁਫ਼ਨੇ ਪੁੰਗਰਦੇ ਹਨ।ਉਹਨਾਂ ਸਮਿਆਂ 'ਚ ਕਦੀ ਸੋਚਿਆ ਸੀ ਕਿ ਜ਼ਿੰਦਗੀ ਦਾ ਜਸ਼ਨ ਕੁਝ ਇਸ ਜਗ੍ਹਾ 'ਤੇ ਪਹੁੰਚੇਗਾ?
:ਅਸਲ 'ਚ ਇਹ ਇੰਝ ਹੈ ਕਿ ਕੋਈ ਵੀ ਸਾਹਿਤਕਾਰ ਇਨਾਮਾਂ ਨੂੰ ਆਪਣਾ ਟੀਚਾ ਮਿੱਥਕੇ ਨਹੀਂ ਲਿਖਦਾ ਪਰ ਮੈਂ ਇਹ ਸਾਂਝਾ ਜ਼ਰੂਰ ਕਰਨਾ ਚਾਹਾਵਾਂਗਾ ਕਿ ਜਦੋਂ ਪਹਿਲੀ ਵਾਰ ਮੇਰੀਆਂ ਕਵਿਤਾਵਾਂ 'ਪ੍ਰੀਤਲੜੀ' ਵਿੱਚ ਛਪੀਆ ਉਦੋਂ ਮੈਂ ਉਨ੍ਹੀ ਸਾਲ ਦਾ ਸੀ।ਉਸ ਸਮੇਂ ਮੇਰੀਆਂ ਪੰਜ ਕਵਿਤਾਵਾਂ ਨਵਤੇਜ ਸਿੰਘ ਹੁਣਾਂ ਨੇ ਰਸਾਲੇ 'ਚ ਛਾਪੀਆ ਤੇ ਇਹ ਵੇਖ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਆਪਣੇ ਆਪ ਨੂੰ ਬਹੁਤ ਉੱਚਾ ਮਹਿਸੂਸ ਕੀਤਾ।ਫਿਰ ਜਦੋਂ ਅਕਾਦਮੀ ਪੁਰਸਕਾਰ ਮਿਲਿਆ ਤਾਂ ਮੈਨੂੰ ਉਹੋ ਜਿਹਾ ਅਨੁਭਵ ਫਿਰ ਮਹਿਸੂਸ ਹੋਇਆ।ਸੋ ਮੈਂ ਕਦੀ ਪੁਰਸਕਾਰਾਂ ਦੇ ਮਿਲਣ ਨੂੰ ਲੈਕੇ ਇੰਝ ਨਹੀਂ ਸੋਚਿਆ ਸੀ।ਮੈਂ ਹਮੇਸ਼ਾ ਇਹ ਮਹਿਸੂਸ ਕੀਤਾ ਹੈ ਕਿ ਮੇਰੀ ਕਵਿਤਾ ਨੂੰ ਹਮੇਸ਼ਾ ਹੁੰਗਾਰਾ ਮਿਲਦਾ ਰਿਹਾ।ਬੇਸ਼ੱਕ ਨਾ ਪੱਖੀ ਤੇ ਹਾਂ ਪੱਖੀ ਹੁੰਗਾਰਿਆ ਦੀ ਆਪਣੀ ਜਗ੍ਹਾ ਹੈ।ਇਸ 'ਚ ਜ਼ਿੰਦਗੀ ਪ੍ਰਤੀ ਜੋ ਤੁਜਰਬਾ ਹੈ ਉਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ ਕਿਉਂ ਕਿ ਮੈਂ ਇੰਝ ਮਹਿਸੂਸ ਕਰਦਾ ਹਾਂ ਕਿ ਜ਼ਿੰਦਗੀ ਤਾਂ ਇੱਕ ਰਹੱਸ ਹੀ ਹੈ।ਵਿਗਿਆਨ ਵੀ ਇਸ ਨੂੰ ਨਹੀਂ ਸਮਝ ਸਕਿਆ ਤੇ ਧਰਮ ਮੁਤਾਬਕ ਵੀ ਇਹ ਇੱਕ ਲੀਲਾ ਹੀ ਹੈ।ਪਰ ਮੇਰੇ ਮਨ 'ਚ ਇਹ ਹੈ ਕਿ ਜਿਵੇਂ ਕਿ ਕੁਝ ਲੋਕ ਇਹਨੂੰ ਸਿਰਫ ਪਦਾਰਥ ਸਮਝਦੇ ਹਨ ਉੱਥੇ ਮੈਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਵੀ ਬਹੁਤ ਕੁਝ ਅਣਸੁਲਝਿਆ ਹੈ।ਅਸੀ ਸਾਰੇ ਕੁਦਰਤ ਅਤੇ ਸੱਭਿਆਚਾਰ ਦੇ ਵਿਚਕਾਰ ਹੈ।ਜਿਵੇਂ ਕਿ ਸਾਡੇ ਜਿਸਮ ਕੁਦਰਤ ਨੇ ਬਣਾਏ ਹਨ ਪਰ ਕੱਪੜੇ ਸੱਭਿਆਚਾਰ ਦੀ ਦੇਣ ਹਨ।ਅਸੀ ਕੁਦਰਤ ਤੇ ਸੱਭਿਆਚਾਰ ਦਾ ਮਿਸ਼ਰਨ ਹਾਂ।ਸਾਡੇ ਮਨਾਂ 'ਚ ਲਗਾਤਾਰ ਇੱਕ ਸੰਘਰਸ਼ ਚੱਲ ਰਿਹਾ ਹੈ ਤੇ ਅਸੀ ਬਹੁਤ ਸਾਰੇ ਲੋਕ ਅਜਿਹੀ ਦੁਨੀਆ ਲਈ ਜੂਝ ਰਹੇ ਹਾਂ ਜਿੱਥੇ ਮਨੁੱਖਾਂ 'ਚ ਬਰਾਬਰੀ ਹੋਵੇ,ਜਿੱਥੇ ਕੁਦਰਤੀ ਜੀਵਨ ਹੋਵੇ,ਜਿੱਥੇ ਇਹ ਸੰਘਰਸ਼ ਹੈ ਕਿ ਕੁਦਰਤ ਨੂੰ ਸੱਭਿਆਚਾਰ ਦੇ ਮਿਸ਼ਰਨ 'ਚ ਕਿੰਝ ਸੁਰਬੱਧ ਕੀਤਾ ਜਾਵੇ ਕਿ ਨਤੀਜੇ ਕਲਿਆਣਕਾਰੀ ਹੋਣ।ਸੋ ਇੱਕ ਸੰਵਾਦ ਹੈ ਜੋ ਮੇਰੀ ਕਵਿਤਾ 'ਚ ਮੁੱਢ ਤੋਂ ਚੱਲ ਰਿਹਾ ਹੈ।ਜਿਵੇਂ ਕਿ ਮੈਂ ਕਹਿੰਦਾ ਹਾਂ,"ਧਰਮ ,ਇਖ਼ਲਾਕ ਹੈ,ਕਾਨੂੰਨ ਹੈ ਇਹ ਕੌਣ ਹੈ,ਮੇਰੀ ਬਿਰਖ਼ਾਂ ਤੇਰੀਆਂ ਬਰਸਾਤ ਵਿਚਲਾ ਫਾਸਲਾ।"ਸੋ ਇਹਨਾਂ ਸਵਾਲਾਂ ਨੂੰ ਲੱਭਦੇ ਹੋਏ ਜੇ ਮੈਂ ਕੁਦਰਤ ਤੇ ਸੱਭਿਆਚਾਰ ਦੇ ਸੰਵਾਦ ਨੂੰ ਲੱਭਿਆ ਹੈ ਤਾਂ ਜ਼ਿੰਦਗੀ ਦਾ ਜਸ਼ਨ ਆਪਣੇ ਮੁਕਾਮ 'ਤੇ ਜ਼ਰੂਰ ਪਹੁੰਚਿਆ ਹੈ।

ਸਾਹਿਤ ਦੀ ਮਕਬੂਲੀਅਤ 'ਚ ਅਰਥਾਂ ਦੀ ਤਰਾਸ਼ ਬਹੁਤ ਮਾਇਨੇ ਰੱਖਦੀ ਹੈ,ਪਰ ਜਦੋਂ ਆਪਾਂ ਪੜ੍ਹਦੇ ਹਾਂ ਕਿ 'ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ' ਤੁਹਾਡੀ ਇਸ ਰਚਨਾ ਦੀ ਵਿਲੱਖਣ ਮਕਬੂਲੀਅਤ ਹੈ ਪਰ ਇਸ ਦੇ ਨਾਲ ਨਾਲ ਇਸ 'ਚ ਸ਼ਸ਼ੋਪੰਜ ਵਾਲੀ ਹਾਲਤ ਦਾ ਝਲਕਾਰਾ ਕਿਉਂ ਮਿਲਦਾ ਹੈ,ਇਹ ਇੰਝ ਲੱਗਦਾ ਹੈ ਕਿ ਲਿਖਣ ਵਾਲਾ ਖੁਦ ਵੀ ਉਲਝਨ 'ਚ ਹੈ?
:ਨਹੀਂ ਇਹ ਸ਼ਸ਼ੋਪੰਜ ਵਾਲੀ ਅਵਸਥਾ ਇਸ ਤਰ੍ਹਾਂ ਦੀ ਹੈ ਜਿਵੇਂ ਕਿ ਬਾਬਾ ਸ਼ੇਖ਼ ਫ਼ਰੀਦ ਜੀ ਦਾ ਸਲੋਕ ਹੈ ਕਿ ਗਲੀਆ ਚਿਕੱੜ ਦੂਰ ਘਰ ਨਾਲ ਪਿਆਰੇ ਨੇਹੂ,ਚਲਾ ਤਾਂ ਭਿਜੇ ਕੰਬਲੀ ਰਹਾ ਤਾਂ ਤੁਟੇ ਨੇਹੋ।ਪਰ ਉਹ ਅਗਲੀ ਪੰਕਤੀ 'ਚ ਇਹ ਵੀ ਕਹਿ ਦਿੰਦੇ ਹਨ ਕਿ ਭਿਜਹੁ ਸਿੰਜਹੁ ਕੰਬਲੀ ਅਲ੍ਹਾ ਬਰਸੇ ਮੇਹੂ,ਜਾਇ ਮਿਲਾਂ ਤਿਨਾ ਸੱਜਣਾ ਤੁਟੈ ਨਾਹਿ ਨੇਹੂ।ਸੋ ਇਸ ਗ਼ਜ਼ਲ 'ਚ ਵੀ ਅਜਿਹੀ ਬਣਤਰ ਹੈ,ਸ਼ੁਰੂਆਤ 'ਚ ਬੇਸ਼ੱਕ ਸ਼ਸ਼ੋਪੰਜ ਹੈ ਪਰ ਉਸ ਤੋਂ ਬਾਅਦ ਕਵਿਤਾ ਹੋਰ ਤਰ੍ਹਾਂ ਚੱਲਦੀ ਹੈ।ਇਸ 'ਚ ਪਹਿਲੇ ਸ਼ੇਅਰ 'ਚ ਤਾਂ ਇੱਕ ਤੇਵਰ ਹੈ ਬਾਕੀ ਸ਼ੇਅਰਾਂ 'ਚ ਤਾਂ ਮੈਂ ਸਾਰੀ ਗੱਲ ਕਰਦਾ ਹਾਂ।ਸੋ ਇਸ 'ਚ ਸ਼ਸ਼ੋਪੰਜ ਤਾਂ ਇੰਨਾ ਕੀ ਹੈ ਜਿੰਨਾ ਕਿ ਕਿਸੇ ਅਮਦਾਜ਼ ਲਈ ਜ਼ਰੂਰੀ ਹੁੰਦਾ ਹੈ।ਮਸਲਨ ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਸੱਚ ਆਖਾਂ ਤਾਂ ਭਾਂਬੜ ਮੱਚਦਾ ਏ,ਝੂਠ ਆਖਾਂ ਤਾਂ ਕੁਝ ਬੱਚਦਾ ਏ,ਜੀਅ ਦੋਹਾਂ ਗੱਲਾਂ ਤੋਂ ਜੱਕਦਾ ਏ,ਜੱਕ ਜੱਕ ਕੇ ਜੀਬਾਂ ਕਹਿੰਦੀ ਏ,ਮੂੰਹ ਆਈ ਬਾਤ ਨਾ ਰਹਿੰਦੀ ਏ।ਸੋ ਸ਼ਸ਼ੋਪੰਜ ਤਾਂ ਇਸ ਗੱਲ ਦੀ ਨਿਸ਼ਾਨੀ ਹੈ ਕਿ ਸਾਡੀ ਦੁਨੀਆ 'ਚ ਸੱਚ ਬੋਲਣਾ ਬਹੁਤ ਮੁਸ਼ਕਲ ਹੈ।

ਪਰ ਇਹ ਤਾਂ ਆਮ ਬੰਦੇ ਦੀ ਇੱਕ ਨਿਸ਼ਾਨੀ ਹੈ ਜਿਵੇਂ ਕਿ ਉਹ ਭ੍ਰਿਸ਼ਟਾਚਾਰ ਤੋਂ ਵੀ ਅੱਕਿਆ ਹੁੰਦਾ ਅੰਦਰਖਾਤੇ ਉਹ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਰਿਹਾ ਹੁੰਦਾ ਤੇ ਅੰਦਰੋ ਅੰਦਰ ਖਿਆਲ ਬੁਣਦਾ ਜਾਂਦਾ ਕਿ ਮੈਂ ਸਿਸਟਮ ਨੂੰ ਬਦਲ ਦੇਣਾ ਹੈ।ਇਹ ਉਹਦੇ ਅੰਦਰ ਲੁਕੀਆਂ ਕਚੀਚਿਆਂ ਹਨ ਪਰ ਕਲਪਨਾ ਤੇ ਯਥਾਰਥ 'ਚ ਅੰਤਰ ਬਹੁਤ ਹੁੰਦਾ ਹੈ ਤੇ ਇਸ ਖਿਚੋਤਾਣ 'ਚ ਖਿਆਲ ਹਕੀਕਤ ਤੋਂ ਹਾਰ ਜਾਂਦਾ ਹੈ ਤੇ ਬੰਦਾ ਸਿਰਫ ਤੜਪਦਾ ਹੈ?
:ਨਹੀਂ ਇੰਝ ਨਹੀਂ ਹੁੰਦਾ,ਇਸ ਸੰਸਾਰ 'ਚ ਆਪੋ ਆਪਣੇ ਤਰੀਕੇ ਨਾਲ ਇਸ ਸਾਰੇ ਢਾਂਚੇ ਨੂੰ ਬਦਲਣ ਲਈ ਕਿੰਨੇ ਲੋਕ ਜੂਝ ਰਹੇ ਹਨ।ਜਿਹੜੀਆਂ ਸੋਚਾਂ ਹੁੰਦੀਆਂ ਇਹ ਆਪਣਾ ਅਸਰ ਕਰਦੀਆਂ ਹਨ।ਜਿਹੜੀ ਅੰਦਰਲੀ ਕਸ਼ਮਕਸ਼ ਵੀ ਹੈ ਉਹ ਵੀ ਜਿਉਂਦੇ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ।ਜਿਹੜੇ ਪੱਥਰਾਏ ਹਨ ਉਹਨਾਂ ਅੰਦਰ
ਅਜਿਹਾ ਕੁਝ ਨਹੀਂ ਵਾਪਰਦਾ।ਜਿਹੜੇ ਇਹ ਸ਼ਸ਼ੋਪੰਜ ਪੈਂਦਾ ਹੁੰਦੇ ਹ ਇਹ ਵੀ ਜਿਊਂਦੇ ਲੋਕਾਂ ਦੀ ਨਿਸ਼ਾਨੀ ਹੈ।ਮੈਂ ਤਾਂ ਇਹ ਵੀ ਸਮਝਦਾ ਹਾਂ ਕਿ ਜਿਹੜੀ ਨਮੋਸ਼ੀ ਹੈ ਇਹ ਵੀ ਇੱਕ ਹਾਂ ਪੱਖੀ ਭਾਵਨਾ ਹੈ ਕਿਉਂ ਕਿ ਨਮੋਸ਼ੀ ਚੋਂ ਹੀ ਬੰਦਾ ਫਿਰ ਅਗਲੀ ਕਿਰਿਆ ਕਰਦਾ।ਇਸ ਭਾਵਨਾ ਚੋਂ ਹੀ ਬੰਦੇ ਉੱਠਦੇ ਹਨ,ਅਵਾਮ ਜਾਗਦਾ ਹੈ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ।ਸੀਚੇਂਵਾਲ ਜਾਂ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਵਰਗੇ ਹੀ ਅਜਿਹੀਆਂ ਮਿਸਾਲਾਂ ਬਣਦੀਆਂ ਹਨ।ਜਿਵੇਂ ਕਿ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਸੀ ਕਿ ਅੱਜ ਤੱਕ ਪੱਥਰਾਂ ਨੇ ਪਾਣੀ 'ਤੇ ਕੋਈ ਨਿਸ਼ਾਨ ਨਹੀਂ ਛੱਡਿਆ ਸਗੋਂ ਪਾਣੀਆਂ ਨੇ ਹੀ ਪੱਥਰਾਂ 'ਤੇ ਨਿਸ਼ਾਨ ਛੱਡੇ ਹਨ।ਇਹ ਬਹੁਤ ਹੀ ਕੁਦਰਤੀ ਵਰਤਾਰਾ ਹੈ।ਸਾਡੇ ਵੇਖਦੇ ਹੀ ਬਹੁਤ ਸਮਾਜ ਬਦਲਿਆ ਹੈ।ਜਿਵੇਂ ਕਿ ਕੁਦਰਤੀ ਗੱਲ ਹੈ ਕੋਈ ਔਕੜ ਆਉਣ 'ਤੇ ਮਨੁੱਖ ਨੇ ਆਪਣੀ ਜਾਨ ਬਚਾਉਣੀ ਹੁੰਦੀ ਹੈ ਪਰ ਕਈ ਵਾਰ ਮਨੁੱਖ ਆਪਣੀ ਜਾਨ ਦੇ ਦਿੰਦਾ ਹੈ ਕੁਝ ਹੋਰ ਬਚਾਉਣ ਦੀ ਖਾਤਰ।ਇਹ ਕੁਦਰਤੀ ਨਹੀਂ ਹੈ ਪਰ ਆਦਮੀ ਨੇ ਇਸ ਨੂੰ ਵਿਕਸਤ ਕਰ ਲਿਆ।ਸੋ ਇਸ ਚੀਜ਼ ਨੂੰ ਮੈਂ ਇਦਾਂ ਸਮਝਦਾ ਹਾਂ ਕਿ ਤੜਪ ਜ਼ਿੰਦਾ ਰਹਿਣੀ ਚਾਹੀਦੀ ਹੈ,ਜਿਵੇਂ ਕਿ ਮੈਂ ਇੱਕ ਜਗ੍ਹਾ ਲਿਖਿਆ ਹੈ ਕਿ ਕਵਿਤਾ ਜਦੋਂ ਖਿਲਾਫ ਕਹੇ ਤਾਂ ਉਸ ਦੇ ਲਫਜ਼ ਨਹੀਂ ਬਦਲੀਦੇ,ਆਪਣੇ ਆਪ ਨੂੰ ਬਦਲੀਦਾ ਹੈ,ਨਾ ਵੀ ਬਦਲ ਸਕੋ ਤਾਂ ਵੀ ਬਦਲ ਹੋਣ ਲਈ ਤੜਪੀਦਾ ਹੈ,ਤੜਪਣ ਵਿੱਚ ਹੀ ਕਾਵਿਕਤਾ ਹੈ,ਤੜਪਣ ਵਿੱਚ ਹੀ ਇਨਕਲਾਬ ਹੈ।

ਤੁਹਾਡੀ ਰਚਨਾਵਾਂ 'ਹਵਾ ਵਿੱਚ ਲਿਖੇ ਹਰਫ਼,ਬਿਰਖ਼ ਅਰਜ਼ ਕਰੇ,ਪੱਤਝੜ੍ਹ ਦੀ ਪਾਂਜੇਬ,ਹਨੇਰੇ ਵਿੱਚ ਸੁਲਗਦੀ ਵਰਣਮਾਲਾ,ਸੁਰਜ਼ਮੀਨ ਬੇਸ਼ੱਕ ਲਫ਼ਜ਼ਾਂ ਦੀ ਦਰਗਾਹ ਇਸ ਦਾ ਅਪਵਾਦ ਹੈ ਪਰ ਬਾਕੀ ਰਚਨਾਵਾਂ ਦੇ ਸਿਰਲੇਖ 'ਚ ਇੱਕ ਸ਼ਬਦ ਕੁਦਰਤ ਤੋਂ ਆਇਆ ਹੈ ਤੇ ਇੱਕ ਸ਼ਬਦ ਸੱਭਿਆਚਾਰ ਦਾ ਹੈ।ਹਰ ਸਿਰਲੇਖ 'ਚ ਅਜਿਹੀ ਸਾਂਝ ਕੋਈ ਸੋਚਿਆ ਸਮਝਿਆ ਵਰਤਾਰਾ ਸੀ ਜਾਂ ਇਤਫ਼ਾਕੀਆ ਇੰਝ ਸਿਰਲੇਖ ਦਿੰਦੇ ਗਏ?
:ਮੈਂ ਇਸ ਬਾਰੇ ਇੰਝ ਸੋਚਦਾ ਹਾਂ ਕਿ ਇਹ ਹੋਇਆ ਤਾਂ ਅਚੇਤ ਹੀ ਹੈ।ਜਿਵੇਂ ਕਿ ਹਵਾ ਵਿੱਚ ਲਿਖੇ ਹਰਫ਼ 'ਚ ਹਵਾ ਸ਼ਬਦ ਕੁਦਰਤ ਹੈ ਤੇ ਹਰਫ਼ ਸੱਭਿਆਚਾਰ ਚੋਂ ਆਇਆ ਸ਼ਬਦ ਹੈ।ਇਸੇ ਤਰ੍ਹਾਂ ਪੱਤਝੜ੍ਹ ਦੀ ਪੰਜੇਬ ਜਾਂ ਸੁਰਜ਼ਮੀਨ ਜਾਂ ਹੋਰ ਸਿਰਲੇਖਾਂ 'ਚ ਹੈ।ਇਹ ਜਿਹੜਾ ਸਾਡੇ ਮਨਾਂ 'ਚ ਨਿਰੰਤਰ ਸੰਘਰਸ਼ ਚੱਲ ਰਿਹਾ ਹੈ ਕਿ ਕੁਦਰਤ ਤੇ ਸੱਭਿਆਚਾਰ ਦਾ ਕਿੱਥੇ ਕੁ ਮਿਲਾਪ ਹੋਵੇ।ਭਾਵ ਕਿ ਕਿੱਥੇ ਉਹ ਜਗ੍ਹਾ ਹੈ ਜਿੱਥੇ ਬੰਦੇ ਕੁਦਰਤੀ ਜੀਵਨ ਚਾਹੁੰਦਾ ਹੈ,ਜਿਵੇਂ ਕਿ ਇਹਨਾਂ ਨੂੰ ਕਿੰਝ ਸੁਰਬੱਧ ਕੀਤਾ ਜਾ ਸਕੇ ਕਿ ਉਹ ਸਾਡੇ ਸਾਰਿਆਂ ਲਈ ਸੋਹਣੀਆਂ ਤੇ ਕਲਿਆਣਕਾਰੀ ਹੋਣ।ਕੁਦਰਤ ਸਿਰਫ ਇਹ ਨਹੀਂ ਕਿ ਬੱਸ ਰੁੱਖ,ਬੂਟੇ,ਜੰਗਲ,ਧਰਤੀ ਸਗੋਂ ਕੁਦਰਤ ਇਹ ਵੀ ਹੈ ਜੋ ਸਾਡੇ ਅੰਦਰ ਹੈ।ਜਿਵੇਂ ਕਿ ਸਾਡੇ ਅੰਦਰ ਵੀ 90 ਪ੍ਰੀਤਸ਼ਤ ਕੁਦਰਤ ਹੀ ਹੈ ਤੇ 10 ਫੀਸਦੀ ਹੀ ਸੱਭਿਆਚਾਰ ਹੋਵੇਗਾ।ਸੋ ਇਹ ਮੇਰੀ ਕਵਿਤਾ ਦਾ ਸੰਵਾਦ ਹੈ ਜੋ ਮੁੱਢ ਤੋਂ ਚੱਲ ਰਿਹਾ। ਸਾਹਿਤ,ਸਮਾਜ,ਸਿਆਸਤ ਤੇ ਸਿਨੇਮਾ ਜਿਸ ਅੰਦਾਜ਼ 'ਚ ਜੁੜੇ ਹੋਏ ਹਨ ਤੇ ਅਜੋਕੇ ਸਦੰਰਭ 'ਚ ਇਹਨਾਂ ਦੀ

ਆਪਸੀ ਤਰਾਸ਼ ਜਿਸ ਰੂਪ 'ਚ ਇੱਕ ਦੂਜੇ ਦੀ ਪੂਰਕ ਹੈ ਇਸ ਬਾਰੇ ਤੁਸੀ ਕੀ ਸਮਝਦੇ ਹੋ?
:ਸਾਹਿਤ,ਸਮਾਜ,ਸਿਨੇਮਾ ਤੇ ਸਿਆਸਤ ਇਹ ਸਾਰਾ ਕੁਝ ਆਪਸ 'ਚ ਜੁੜਿਆ ਹੋਇਆ ਹੈ ਤੇ ਇਹ ਮਨੁੱਖ ਦੀਆਂ ਗਤੀਵਿਧੀਆਂ ਹਨ।ਜਿਵੇਂ ਕਿ ਮੰਨ ਲਓ ਕਿ ਸਮਾਜ ਹੈ ਤੇ ਸਾਹਿਤ ਹੈ ਇਹ ਸਦੀਆਂ ਤੋਂ ਹੈ ਜਦੋਂ ਬੰਦਾ ਸ਼ੁਰੂ ਹੁੰਦਾ ਹੈ।ਬੰਦਾ ਸਾਹਿਤ ਦੀ ਸਿਰਜਣਾ ਉਦੋਂ ਹੀ ਸ਼ੁਰੂ ਕਰ ਦਿੰਦਾ ਹੈ ਜਦੋਂ ਉਹ ਲਿਖਣਾ ਵੀ ਨਹੀਂ ਸਿੱਖਦਾ।ਉਹ ਇਸ ਨੂੰ ਆਪਣੇ ਬੋਲਾਂ 'ਚ ਸਿਰਜਦਾ ਹੈ।ਸੋ ਇੰਝ ਸਿਰਜਨਾ ਹੁੰਦੀ ਜਾਂਦੀ ਹੈ ਜਿਵੇਂ ਕਿ ਉਹ ਗੁਫਾਵਾਂ 'ਚ ਚਿੱਤਰ ਬਣਾਉਂਦਾ ਹੋਇਆ ਚਿੱਤਰਕਾਰ ਵੀ ਬਣ ਜਾਂਦਾ ਹੈ।ਇੰਝ ਸੱਭਿਅਤਾ ਜਨਮ ਲੈਂਦੀ ਹੈ ਕਬੀਲੇ ਬਣਦੇ ਹਨ ਤੇ ਸਿਆਸਤ ਵੀ ਨਾਲ ਚੱਲ ਪੈਂਦੀ ਹੈ।ਇਹ ਕਬੀਲਿਆਂ ਦੇ ਆਪਣੇ ਪ੍ਰਬੰਧਕੀ ਢਾਂਚੇ 'ਚ ਵੇਖਣ ਨੂੰ ਮਿਲਦਾ ਹੈ।ਸਿਨੇਮਾ ਇੱਕ ਬਹੁਤ ਬਾਅਦ 'ਚ ਸ਼ੁਰੂ ਹੋਈ ਇਕਾਈ ਹੈ ਜਿਸ 'ਚ ਸਾਹਿਤ ਵੀ ਸ਼ਾਮਲ ਹੈ,ਸਮਾਜ ਵੀ ਸ਼ਾਮਲ ਹੈ ਤੇ ਸਿਆਸਤ ਵੀ ਪਰ ਇਸ 'ਚ ਸਿਨੇਮਾ ਤੇ ਸਾਹਿਤ ਦਾ ਫਰਕ ਮੈਂ ਇਹ ਸਮਝਦਾ ਹਾਂ ਕਿ ਸਿਨੇਮਾ ਦਾ ਦਾਇਰਾ ਬਹੁਤ ਵੱਡਾ ਹੈ।ਪਰ ਇਸ ਦੀਆਂ ਹੱਦਬੰਦੀਆਂ ਵੀ ਹਨ ਜੋ ਸਾਹਿਤ ਦੀ ਤਰਾਸ਼ 'ਚ ਸੌਖਾ ਹੈ ਉਹ ਸਿਨੇਮਾ 'ਚ ਸੰਭਵ ਨਹੀਂ ਹੈ।ਸਾਹਿਤ ਇਸ ਪੱਖੋਂ ਜ਼ਿਆਦਾ ਅਜ਼ਾਦ ਹੈ।

ਪਰ ਸਾਹਿਤ ਦੇ ਇਸੇ ਅਜ਼ਾਦ ਅੰਦਾਜ਼ ਵਿੱਚ ਗਲੀ ਗਲੀ ਹਰ ਕੋਈ ਬਿਨਾਂ ਕਿਸੇ ਪੜ੍ਹਾਈ ਤੇ ਚਿੰਤਨ ਤੋਂ ਲੇਖਕ ਬਣਨ ਦਾ ਸਿਹਰਾ ਲੈਅ ਬਹਿੰਦਾ ਹੈ ਤੇ ਪਬਲੀਸ਼ਰਾਂ ਤੋਂ ਕੁਝ ਕਿਤਾਬਾਂ ਛਪਵਾਕੇ ਉਹ ਆਪਣੀ ਵਿਦਵਤਾ ਸਿੱਧ ਕਰਦਾ ਹੈ,ਅਜਿਹਾ ਰੁਝਾਨ ਆਮ ਕਿਤਾਬਾਂ ਦੀ ਦੁਕਾਨ 'ਤੇ ਅਜਿਹੇ ਲੇਖਕਾਂ ਦੀ ਕਿਤਾਬਾਂ ਵੇਖਕੇ ਪਤਾ ਲੱਗ ਜਾਂਦਾ ਹੈ ਸੋ ਅਜਿਹੇ 'ਚ ਜਿਹੜੀ ਇਹ 'ਥੋਕ ਭਾਅ ਦੀ ਚਾਨਣੀ' ਆਈ ਹੋਈ ਹੈ ਇਸ ਨਾਲ ਸਾਹਿਤ ਦਾ ਅਜ਼ਾਦ ਵਰਤਾਰਾ ਗੁਣਵਤਾ ਤੋਂ ਸੱਖਣਾ ਨਹੀਂ ਹੋ ਰਿਹਾ?
:ਨਹੀਂ ਅਜਿਹਾ ਨੁਕਸਾਨ ਸਗੋਂ ਸਿਨੇਮਾ ਜਾਂ ਟੀ.ਵੀ ਦੀ ਰਚਨਾ 'ਚ ਜ਼ਿਆਦਾ ਹੋ ਰਿਹਾ ਹੈ ਕਿਉਂ ਕਿ ਸਿਨੇਮਾ ਦੀ ਬਹੁਮਤ ਅੱਖ ਕਦਰਾਂ ਕੀਮਤਾਂ ਤੋਂ ਸੱਖਣੀ ਹੈ।ਸਾਹਿਤ ਬੇਸ਼ੱਕ ਔਸਤ ਵੀ ਹੋਵੇ ਪਰ ਕਦਰਾਂ ਕੀਮਤਾਂ ਦੀ ਨਿਸ਼ਾਨਦੇਹੀ ਤਾਂ ਜ਼ਰੂਰ ਹੁੰਦੀ ਹੈ।ਕਿਉਂ ਕਿ ਸਾਹਿਤ 'ਚ ਆਰਥਿਕ ਪੱਖ ਨੂੰ ਧਿਆਨ 'ਚ ਰੱਖ ਕੇ ਕੋਈ ਬੰਦਾ ਨਹੀਂ ਛਪਵਾਉਂਦਾ ਸਗੋਂ ਉਸ ਦੀ ਦਿਲੋਂ ਇਹੋ ਮੁਰਾਦ ਹੁੰਦੀ ਹੈ ਕਿ ਉਸ ਦਾ ਨਾਮ ਹੋਵੇ।

ਬਿਨਾਂ ਆਰਥਿਕਤਾ ਨੂੰ ਧਿਆਨ 'ਚ ਰੱਖਕੇ ਕੋਈ ਕਦੋਂ ਤੱਕ ਸਾਹਿਤ ਦੀ ਦੁਨੀਆਂ 'ਚ ਵਿਚਰ ਸਕੇਗਾ ਆਖਰ ਪਾਪੀ ਪੇਟ ਦਾ ਵੀ ਤਾਂ ਸਵਾਲ ਹੈ,ਕਿਉਂ ਕਿ ਅਜੋਕੇ ਲੇਖਕਾਂ ਚੋਂ ਇਸ ਨੂੰ ਰੋਜ਼ੀ ਰੋਟੀ ਦਾ ਸਾਧਨ ਮੰਨ ਕੇ ਤਾਂ ਕੋਈ ਰਚਨਾ ਨਹੀਂ ਕਰ ਰਿਹਾ,ਫੁੱਲ ਟਾਈਮ ਕੋਈ ਲੇਖਕ ਨਹੀਂ ਹੈ ਤੇ ਇਸ ਘਾਟ 'ਚ ਲੇਖਕ ਵਰਗੇ ਨਜ਼ਰੀਏ ਤੋਂ ਕੋਈ ਰਚਨਾ ਸਾਹਮਣੇ ਨਹੀਂ ਆ ਰਹੀ?
:ਹਾਂ ਇਹ ਗੱਲ ਬਿਲਕੁਲ ਸਹੀ ਹੈ ਕਿ ਹੋਲ ਟਾਈਮ ਲੇਖਕ ਬਣਨ ਲਈ ਬਹੁਤ ਕੁਝ ਨਾਲ ਕਰਨਾ ਪੈਂਦਾ ਹੈ।ਜਿਵੇਂ ਕਿ ਸਤਿਆਰਥੀ,ਸੁਖਬੀਰ ਜਾਂ ਅਮ੍ਰਿਤਾ ਪ੍ਰੀਤਮ ਨੂੰ ਗੁਜ਼ਾਰਾ ਕਰਨ ਲਈ ਅਨੁਵਾਦ ਕਰਨੇ ਪਏ ਜਾਂ ਰਸਾਲੇ ਕੱਢਣੇ ਪਏ।ਪਰ ਇਸ ਨੂੰ ਕਮਰਸ ਨਾਲ ਨਹੀਂ ਜੋੜਨਾ ਚਾਹੀਦਾ।ਇਹ ਠੀਕ ਹੈ ਕਿ ਸਾਹਿਤ 'ਚ ਇੰਝ ਵੱਧ ਰਹੀ ਲੇਖਕਾਂ ਦੀ ਗਿਣਤੀ ਜੋ ਪੱੜ੍ਹਾਈ ਜਾਂ ਚਿੰਤਨ ਤੋਂ ਦੂਰ ਹਨ ਉਹਨਾਂ ਨਾਲ ਬਹੁਤ ਸਾਰਾ ਸਾਹਿਤ ਬਹੁਤ ਵਧੀਆ ਗੁਣਵਤਾ ਦਾ ਨਹੀਂ ਮਿਲ ਰਿਹਾ।ਪਰ ਇੰਝ ਸਾਹਿਤ ਦੀ ਵੱਧ ਰਹੀ ਮਿਕਦਾਰ ਦੇ ਸਾਰਥਕ ਨਤੀਜੇ ਵੀ ਹਨ।ਇਸ 'ਚ ਹੱਲ ਤਾਂ ਇਹੋ ਹੈ ਕਿ ਪੰਜਾਬੀ ਬਤੌਰ ਪਾਠਕ ਪੱੜ੍ਹਣ ਦਾ ਰੁਝਾਨ ਵਧਾਉਣ ਜਿਸ ਨਾਲ ਚੰਗੇ ਸਾਹਿਤ ਦੀ ਪੇਸ਼ਕਾਰੀ 'ਚ ਆਪਣੇ ਆਪ ਵਾਧਾ ਹੁੰਦਾ ਜਾਵੇਗਾ।ਕਿਉਂ ਕਿ ਹਰ ਲੇਖਕ ਇਹੋ ਚਾਹੁੰਦਾ ਹਾਂ ਜੇ ਮੈਨੂੰ ਪੈਸਾ
ਨਹੀਂ ਮਿਲ ਰਿਹਾ ਤਾਂ ਪਾਠਕ ਮੈਨੂੰ ਪੱੜ੍ਹਣ ਜ਼ਰੂਰ।

ਜਦੋਂ ਗੱਲ ਸਾਹਿਤ,ਸਮਾਜ,ਸਿਨੇਮਾ ਤੇ ਸਿਆਸਤ ਦੀ ਚੱਲ ਰਹੀ ਹੈ ਤਾਂ ਇਹ ਸਾਫ ਹੈ ਕਿ ਇਹਨਾਂ ਦਾ ਅਸਲ ਮੰਤਵ ਮਨੁੱਖ ਦੇ ਲਈ ਕਲਿਆਣਕਾਰੀ ਹੋਣ 'ਚ ਹੈ।ਪਰ ਸਾਹਿਤ ਦੇ ਖੇਤਰ 'ਚ ਅਕਾਦਮੀਆਂ ਦੀ ਅਜਿਹੀ ਸਿਆਸਤ ਸਮਾਜ ਦੇ ਸੰਦਰਭ 'ਚ ਕਲਿਆਣਕਾਰੀ ਨਾ ਹੋਕੇ ਲੰਬੜਦਾਰੀਆਂ ਦੇ ਤੁਰਜਮੇ ਹੀ ਬਣਦੀਆਂ ਜਾ ਰਹੀਆਂ ਹਨ।ਅਜਿਹਾ ਕਿਉਂ?
:ਇਹ ਇੰਝ ਹੈ ਕਿ ਸੰਸਥਾਵਾਂ ਦਾ ਮਤਲਬ ਇਹੋ ਹੁੰਦਾ ਹੈ ਕਿ ਉਹ ਲੇਖਕਾਂ ਤੇ ਆਲੋਚਕਾ ਲਈ ਇੱਕ ਸੱਥ ਮੁਹੱਈਆ ਕਰਵਾ ਸਕਣ ਜਿੱਥੇ ਉਹ ਸਾਹਿਤ ਦੇ ਵਿਕਾਸ ਲਈ ਸੋਚ ਸਕਣ ਜੋ ਕਿ ਪੁਰਸਕਾਰ,ਰਸਾਲਿਆਂ ਦੀ ਪ੍ਰਕਾਸ਼ਣਾ,ਪਾਠਕਾਂ ਲਈ ਕੁਝ ਪ੍ਰੋਗਰਾਮ ਵਿਉਂਤ ਕੇ ਦੇ ਰੂਪ 'ਚ ਮਨੁੱਖਤਾ ਲਈ ਜਾਂ ਸਮਾਜ ਲਈ ਹੋਵੇ।ਪਰ ਇਹ ਬੰਦਿਆ ਦੀ ਬਣੀਆ ਸਾਹਿਤ ਸਭਾਵਾਂ ਹੁੰਦੀਆਂ ਹਨ ਸੋ ਇਸ 'ਚ ਹਮੇਸ਼ਾ ਇਸ ਤਰ੍ਹਾਂ ਰਹੇਗਾ।ਇਸ 'ਚ ਆਪਸੀ ਸਹਿਮਤੀ ਦੇ ਫਰਕ ਹੋਣਗੇ,ਇਸ ਵਿੱਚ ਰਾਏ ਦਾ ਫਰਕ ਰਹੇਗਾ।ਸੋ ਮਨੁੱਖੀ ਮਨ ਦੀਆਂ ਪ੍ਰਵਿਰਤੀਆਂ 'ਚ ਅੰਹ,ਚੌਧਰਾਂ,ਰਾਏ,ਨਿਜੀ ਹਿੱਤ ਦਖਲ ਦਿੰਦੇ ਰਹਿੰਦੇ ਹਨ।ਨੋਬਲ ਪ੍ਰਾਈਜ਼ ਦੀਆਂ ਸੰਸਥਾਵਾਂ ਵੀ ਇਸ ਤੋਂ ਬੱਚ ਨਹੀਂ ਸਕੀਆ।ਉੱਥੇ ਵੀ ਕੋਈ ਮਤਭੇਦ,ਸਿਆਸੀ ਹਿੱਤ ਜਾਂ ਹੋਰ ਚੀਜ਼ਾਂ ਦੀ ਗੁੰਜਾਇਸ਼ ਰਹੀ ਹੈ।

ਤੁਸੀ ਫ਼ਿਲਮ 'ਸ਼ਹੀਦ ਉਧਮ ਸਿੰਘ' ਨੂੰ ਲਿਖਿਆ,ਦੀਪਾ ਮਹਿਤਾ ਦੀ ਫ਼ਿਲਮ 'ਵਿਦੇਸ਼-ਹੈਵਨ ਆਨ ਅਰਥ' ਲਈ ਵੀ ਅਸਿੱਧੇ ਤੌਰ 'ਤੇ ਪੰਜਾਬੀ ਸੰਵਾਦ ਲਿਖੇ (ਇਸ ਫ਼ਿਲਮ ਦਾ ਅਹਿਮ ਹਿੱਸਾ ਨੀਲਮ ਮਾਨ ਸਿੰਘ ਚੌਧਰੀ ਵੱਲੋਂ ਖੇਡੇ ਗਏ ਪੰਜਾਬੀ ਨਾਟਕ 'ਨਾਗਮੰਡਲ' ਤੋਂ ਪ੍ਰੇਰਿਤ ਹੈ ਜੋ ਅਸਲ 'ਚ ਗਰੀਸ਼ ਕਰਨਾਡ ਦਾ ਲਿਖਿਆ ਨਾਟਕ ਹੈ) ਅਤੇ ਇਹਨਾਂ ਫ਼ਿਲਮਾਂ ਨੂੰ ਆਲੋਚਕਾਂ ਤੇ ਲੋਕਾਂ ਨੇ ਖੂਬ ਸਰਾਹਿਆ।ਫਿਰ ਤੁਸੀ ਫ਼ਿਲਮ ਲੇਖਣ ਤੋਂ ਦੂਰ ਕਿਉਂ ਰਹੇ ਹੋ?
:ਬਹੁਤ ਸਾਰੇ ਕਾਰਨ ਹਨ।ਜਿਵੇਂ ਕਿ ਫ਼ਿਲਮ 'ਚ ਕੰਮ ਕਰਨਾ ਸਾਂਝਾ ਉੱਧਮ ਹੈ।ਜਿਵੇਂ ਕਿ ਫ਼ਿਲਮ ਸ਼ਹੀਦ ਉਧਮ ਸਿੰਘ ਨੂੰ ਮੈਂ ਕੁਝ ਹੋਰ ਤਰ੍ਹਾਂ ਲਿਖਿਆ ਸੀ ਪਰ ਉਸ ਦਾ ਸਿਨੇਮਾਈ ਤਰਜੁਮਾ ਨਿਰਦੇਸ਼ਕ ਲਈ ਕੁਝ ਹੋਰ ਤਰ੍ਹਾਂ ਵਿਉਂਤਿਆ ਗਿਆ।ਕਹਿਣ ਤੋਂ ਭਾਵ ਇਹ ਹੈ ਕਿ ਅਜਿਹੇ ਲੇਖਣ 'ਚ ਲੇਖਕ ਦੀ ਬਹੁਤ ਹੱਦਬੰਦੀ ਹੈ ਕਿਉਂ ਕਿ ਫ਼ਿਲਮ ਬਹੁਤ ਸਾਰੀ ਗਤੀਵਿਧੀਆਂ ਚੋਂ ਗੁਜ਼ਰਦੀ ਹੈ।ਜਿੱਥੋਂ ਤੱਕ ਦੀਪਾ ਮਹਿਤਾ ਦੀ ਫ਼ਿਲਮ 'ਹੈਵਨ ਆਨ ਅਰਥ' ਦਾ ਸਵਾਲ ਹੈ ਤਾਂ ਉਸ 'ਚ ਮੇਰਾ ਕੋਈ ਬਹੁਤਾ ਯੋਗਦਾਨ ਨਹੀਂ।ਇਸ ਫ਼ਿਲਮ ਦੀ ਅਸਲ ਕਮਾਨ ਤਾਂ ਦੀਪਾ ਮਹਿਤਾ ਦੇ ਹੱਥ ਹੀ ਸੀ।ਇਸ ਫ਼ਿਲਮ ਦਾ ਅਹਿਮ ਹਿੱਸਾ ਜੋ ਨਾਗਮੰਡਲ ਤੋਂ ਪ੍ਰੇਰਿਤ ਸੀ ਉਸ ਨਾਟਕ ਦੇ ਪੰਜਾਬੀ ਸੰਵਾਦ ਉਹਨਾਂ ਜਿਉਂ ਦੇ ਤਿਉਂ ਲਏ ਸਨ।ਜਿਵੇਂ ਕਿ ਫ਼ਿਲਮ ਵਿਚਲੀ ਕਵਿਤਾ,"ਇੱਕ ਕੁੜੀ ਘੜੇ ਨੂੰ ਪੁੱਛਦੀ ਵੇ ਕਿੱਥੇ ਚਲਿਆ ਤੂੰ,ਸੱਤ ਸਮੁੰਦਰ ਪਾਰ ਨੀ ਕੁੜੀਏ ਅੱਠਵੀ ਧਰਤੀ ਨੂੰ।" ਇਸ ਤੋਂ ਦੂਰ ਰਹਿਣ ਦੇ ਇਹਨਾਂ ਕਾਰਨਾਂ ਤੋਂ ਇਲਾਵਾ ਇਹ ਹੈ ਕਿ ਮੇਰੇ ਤੋਂ ਲੁਧਿਆਣਾ ਨਹੀਂ ਛੱਡਿਆ ਗਿਆ ਭਾਵ ਪੰਜਾਬ ਨਹੀਂ ਛੱਡਿਆ ਗਿਆ ਤੇ ਇਸ ਲਈ ਕਈ ਵਾਰ ਜ਼ਰੂਰੀ ਹੁੰਦਾ ਹੈ ਕਿ ਆਸਰਾ ਮੁੰਬਈ 'ਚ ਪਾਇਆ ਜਾਵੇ।

ਤੁਹਾਡੀ ਪੀ.ਐੱਚ.ਡੀ ਦਾ ਵਿਸ਼ਾ ਸੀ "ਟਰਾਂਸਫੋਰਮੇਸ਼ਨ ਆਫ ਫੋਕ ਲੋਰ ਇਨ ਗੁਰੁ ਨਾਨਕ ਬਾਣੀ",ਇਸ ਸਦੰਰਭ 'ਚ ਇਹ ਸਵਾਲ ਹੈ ਕਿ ਪੰਜਾਬ ਤੇ ਪੰਜਾਬੀ ਜ਼ਿੰਦਗੀ 'ਚ ਗੁਰੁ ਨਾਨਕ ਬਾਣੀ ਅਜੌਕੇ ਆਧੁਨਿਕ ਹਲਾਤਾਂ ਵਿੱਚ ਕਿੰਨਾ ਕੁ ਜਵਾਬ ਦੇ ਰਹੀ ਹੈ ਜਦੋਂ ਕਿ ਸਾਡੀ ਫੋਕ ਲੋਰ ਵੀ ਸੰਘਰਸ਼ ਕਰਦੀ ਨਜ਼ਰ ਆ ਰਹੀ ਹੈ?
:ਗੁਰੂ ਨਾਨਕ ਬਾਣੀ ਬਾਰੇ ਮੈਂ ਸੋਚਦਾ ਹਾਂ ਕਿ ਗੂਰੂ ਨਾਨਕ ਬਾਣੀ ਅਧਿਆਤਮਕ ਲੋਕਾਂ ਲਈ ਕੁਝ ਹੋਰ ਅਰਥ ਰੱਖਦੀ ਹੋ ਸਕਦੀ ਹੈ,ਇਹ ਸਾਹਿਤਕਾਰਾਂ ਲਈ ਕੁਝ ਹੋਰ ਅਰਥ ਰੱਖਦੀ ਹੈ।ਇੱਕ ਕਵੀ ਹੋਣ ਦੇ ਨਾਤੇ ਜਾਂ ਇੱਕ ਸਮਾਜ ਅਤੇ ਸ਼੍ਰਿਸ਼ਟੀ ਬਾਰੇ ਨਜ਼ਰੀਆ ਰੱਖਦੇ ਹੋਏ ਇਸ ਬਾਣੀ ਦਾ ਅਧਿਐਨ ਕਰਦੇ ਹੋਏ ਮੈਂ ਇਸ ਨੂੰ ਅਜੋਕੇ ਸੰਦਰਭ 'ਚ ਬਹੁਤ ਗੰਭੀਰਤਾ ਨਾਲ ਸਮਝਦਾ ਹਾਂ।ਬੇਸ਼ੱਕ ਇਹ ਬਹੁਤ ਉੱਚ ਦਾਰਸ਼ਨਿਕ ਵਰਤਾਰੇ 'ਚ ਹੈ।ਗੁਰੁ ਨਾਨਕ ਸਾਹਿਬ ਨੇ ਇਸ ਲਈ ਕੋਈ ਖਾਸ ਪ੍ਰਬੰਧ ਨਹੀਂ ਉਲੀਕਿਆ।ਗੁਰੁ ਨਾਨਕ ਬਾਣੀ ਦੇ ਸਦੰਰਭ 'ਚ ਮੈਂ ਇੱਕ ਮਿਸਾਲ ਦਿੰਦਾ ਹਾਂ ਜਿਵੇਂ ਕਿ ਆਰਤੀ ਇੱਕ ਪ੍ਰੰਪਰਾਤਮਕ ਵਰਤਾਰਾ ਹੈ,ਜਿਹਨੂੰ ਅਸੀ ਅਨੁਸ਼ਠਾਨ ਕਹਿੰਦੇ ਹਾਂ ਜਿਹੜੀ ਮੰਦਰਾਂ 'ਚ ਵਰਤੀ ਜਾਂਦੀ ਹੈ।ਗੁਰੁ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਕਿ ਤੁਸੀ ਆਰਤੀ ਨਾ ਕਰੋ,ਇੱਥੇ ਉਹਨਾਂ ਨੇ ਆਰਤੀ ਨੂੰ ਟਰਾਂਸਫੋਰਮ ਕੀਤਾ,ਕਿ "ਗਗਨ ਮੇਂ ਥਾਲ ਰਵਿ ਚੰਦ" ਆਰਤੀ ਹੋ ਰਹੀ ਹੈ ਜਿਹੜੀ ਬੜੇ ਵੱਡੇ ਪੱਧਰ 'ਤੇ ਹੋ ਰਹੀ ਹੈ।ਜਿਹੜੀ ਪੁਰਾਣੇ ਵਕਤ ਦੀ ਆਰਤੀ ਸੀ ਉਸ 'ਚ ਜਾਤਕ ਰੂਪਕ ਸਨ ਜਿਵੇਂ ਕਿ ਰਾਜੇ ਕੋਲ ਸੋਨੇ ਦਾ ਥਾਲ ਹੋਵੇ,ਵਜ਼ੀਰ ਕੋਲ ਚਾਂਦੀ ਦਾ ਥਾਲ ਹੋਵੇ ਤੇ ਗਰੀਬ ਕੋਲ ਕੈਂਹੇ ਜਾਂ ਪਿੱਤਲ ਦਾ ਥਾਲ ਹੋਵੇ।ਇੱਥੇ ਗੁਰੁ ਨਾਨਕ ਸਾਹਿਬ ਨੇ ਜੋ ਆਰਤੀ ਦਾ ਟਰਾਂਸਫੋਰਮ ਕੀਤਾ ਤਾਂ ਇਹੋ ਕਿਹਾ ਕਿ ਹਾਂ ਆਰਤੀ ਹੋ ਰਹੀ ਹੈ ਪਰ ਉਹਨਾਂ ਇਸ ਤਰ੍ਹਾਂ ਸਾਰਿਆਂ ਦਾ ਸਾਝਾਂ ਥਾਲ ਬਣਾ ਦਿੱਤਾ।ਇਹ ਗੁਰੁ ਨਾਨਕ ਸਾਹਿਬ ਦੀ ਹੀ ਮਕਬੂਲੀਅਤ ਹੈ ਕਿ ਟੈਗੋਰ ਨੇ ਇਸ ਨੂੰ ਯੂਨੀਵਰਸਲ ਗੀਤ ਸੰਬੋਧਿਤ ਕੀਤਾ।ਸੋ ਇਸ ਗੱਲ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਕਿ ਤੁਸੀ ਕਿਸੇ ਨੂੰ ਬਿਨਾਂ ਖੰਡਨ ਤੋਂ ਕਿਸ ਤਰ੍ਹਾਂ ਲਾਗੂ ਕਰਦੇ ਹੋ।ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਜੇ ਤੁਸੀ ਕਿਸੇ ਕੌਮ ਤੋਂ ਉਸ ਦੀਆਂ ਰੀਤਾਂ ਜਾਂ ਅਨੁਸ਼ਠਾਨ ਖੋਹ ਲਵੋ ਤਾਂ ਅੰਦਰੋ ਉਹ ਸੁੰਨਾ ਜਾਂ ਖਾਲੀਪਨ ਮਹਿਸੂਸ ਕਰੇਗਾ।ਪਰ ਗੁਰੁ ਨਾਨਕ ਸਾਹਿਬ ਨੇ ਇਦਾਂ ਕੀਤਾ ਕਿ ਤੁਹਾਨੂੰ ਖਾਲੀਪਨ ਮਹਿਸੂਸ ਹੋਏ ਬਿਨਾਂ ਉਸ ਦਾ ਇੱਕ ਵੱਖਰਾ ਤੇ ਸੱਜਰਾ ਨਜ਼ਰੀਆ ਪੇਸ਼ ਕੀਤਾ। ਜਿਵੇਂ ਕਿ ਇੱਕ ਹੋਰ ਸਦੰਰਭ ਹੈ ਕਿ ਧਰਤੀ ਬਲਦਾ ਦੇ ਸਿੰਗ੍ਹਾਂ 'ਤੇ ਖੜੋਤੀ ਹੈ,ਉੱਥੇ ਵੀ ਉਹ ਕਹਿੰਦੇ ਹਨ ਕਿ "ਧੋਲ ਧਰਮ ਦਇਆ ਕਾ ਪੂਤ,ਸੰਤੋਖ ਥਾਪ ਰੱਖਿਆ ਜਿਨ ਸੂਤ" ਕਿ ਹਾਂ ਧਰਤੀ ਖੜ੍ਹੀ ਹੈ ਪਰ ਉਹ ਧੌਲ ਦਇਆ ਦਾ ਪੁੱਤਰ ਹੈ।ਭਾਵ ਕਿ ਸਾਡਾ ਸੰਸਾਰ ਦਇਆ 'ਤੇ ਖੜੌਤਾ ਹੈ।ਜਿਹੜੀ ਸਾਡੀ ਇੱਕ ਦੂਜੇ ਪ੍ਰਤੀ ਦਇਆ ਹਮਦਰਦੀ ਹੈ ਉਹੀ ਸਾਡੀ ਮਨੁੱਖਤਾ ਦਾ ਅਧਾਰ ਹੈ।

"ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ" ਦੇ ਸਦੰਰਭ 'ਚ ਵੀ ਉਹ ਕਹਿੰਦੇ ਹਨ ਕਿ ਮੁੱਸਲਮਾਨ ਸੂਅਰ ਵੀ ਖਾਂਦਾ ਹੈ ਤੇ ਹਿੰਦੂ ਗਾਂ ਵੀ ਖਾਂਦਾ ਹੈ ਜੇ ਉਹ ਕਿਸੇ ਦਾ ਹੱਕ ਖਾਂਦੇ ਹਨ।ਜਨੇਊ ਦੇ ਹਵਾਲੇ ਤੋਂ ਵੀ ਇਹੋ ਟਰਾਂਸਫੋਰਮ ਹੈ ਗੂਰੂ ਨਾਨਕ ਬਾਣੀ ਦਾ ਫੋਕ ਲੋਰ 'ਚ ਜਦੋਂ ਉਹ ਪੰਡਿਤ ਨੂੰ ਜਨੇਊ ਲਈ ਨਾਂਹ ਨਹੀਂ ਕਹਿੰਦੇ ਉਹ ਪੰਿਡਤ ਨੂੰ ਇਹੋ ਕਹਿੰਦੇ ਕਿ ਲਿਆਓ ਜਨੇਊ ਪਰ ਉਸ 'ਚ ਦਇਆ ਦਾ ਕਪਾਹ ਹੋਵੇ,ਸੰਤੋਖ ਦਾ ਸੂਤ ਹੋਵੇ ਜੋ ਨਾ ਜਲੇ ਨਾ ਗਲੇ ਨਾ ਮੈਲਾ ਹੋਵੇ।ਸੋ ਮੈਂ ਸਮਝਦਾ ਹਾਂ ਗੁਰੁ ਨਾਨਕ ਸਾਹਿਬ ਦੀ ਬਾਣੀ ਦੀ ਪ੍ਰਸੰਗਕਿਤਾ ਇਸ ਵਿੱਚ ਹੈ ਕਿ ਉਹਨਾਂ ਨੇ ਰੀਤੀ ਮਰਿਆਦਾ ਦੀ ਥਾਂ ਕਦਰਾਂ ਕੀਮਤਾਂ ਨੂੰ ਆਪਣਾ ਅਧਾਰ ਬਣਾਇਆ।ਜਿਵੇਂ ਉਹ ਕਹਿੰਦੇ ਹਨ ਕਿ "ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ"।ਇਹ ਸਿਰਫ ਮਨੁੱਖਤਾ ਦੇ ਸਮਾਜੀ ਜਾਂ ਧਾਰਮਿਕ ਮੁਹਾਂਦਰੇ ਲੱਭਣ ਤੱਕ ਦਾ ਟਰਾਂਸਫੋਰਮ ਨਹੀਂ ਹੈ।ਉਹਨਾਂ ਸਿਆਸੀ ਜੁਆਬਤਲਬੀ ਦੀ ਵੰਗਾਰ ਵੀ ਪੇਸ਼ ਕੀਤੀ ਹੈ ਜਦੋਂ ਉਹ "ਬਾਬਰਵਾਣੀ ਫਿਰ ਗਈ" ਦੇ "ਏਤਿ ਮਾਰ ਪਈ ਕੁਰਲਾਨੇ ਤੈਂ ਕੀ ਦਰਦ ਨਾ ਆਇਆ" ਰਾਂਹੀ ਬਾਬਰ ਦੇ ਜ਼ੁਲਮਾਂ ਨੂੰ ਫਟਕਾਰ ਮਾਰਦੇ ਹਨ।ਸੋ ਅਜੌਕੇ ਹਲਾਤਾਂ 'ਚ ਵੀ ਕਦਰਾਂ ਕੀਮਤਾਂ ਦੀ ਵਿਆਖਿਆ ਬਹੁਤ ਜ਼ਰੂਰੀ ਹੈ ਉਹ ਵੀ ਬਿਨਾਂ ਕਿਸੇ ਨੂੰ ਗਲਤ ਕਿਹਾ ਉਸਦੇ ਦੇ ਮਨ ਨੂੰ ਬਦਲਣ ਦਾ ਇਹ ਤਰੀਕਾਂ ਵੀ ਕੁੜਤਨਾਂ ਨੂੰ ਘਟਾ ਕਿ ਸੁਹਾਵਣੀ ਦੁਨੀਆ ਸਥਾਪਤ ਕਰਨ ਵਾਲਾ ਢੰਗ ਹੈ।

ਲੁਧਿਆਣਾ ਸ਼ਹਿਰ ਦੀ ਗੱਲ ਤੁਰਦੀ ਹੈ ਤਾਂ ਸਤਿਲੁਜ ਦੇ ਗੰਦੇ ਪਾਣੀਆਂ ਦਾ ਜ਼ਿਕਰ ਛਿੜਦਾ ਹੈ,ਪਰਵਾਸੀ ਬੰਦਿਆ ਦੀ ਭੀੜ ਤੇ ਸਨਅਤੀਕਰਨ ਦੀ ਗੱਲ ਹੁੰਦੀ ਹੈ,ਯਕਦਮ ਆਈ ਅਮੀਰੀ ਤੇ ਅਪਰਾਧ ਦੀਆਂ ਗੱਲਾਂ ਤੋਂ ਲੈਕੇ ਖੇਤੀਬਾੜੀ ਯੂਨੀਵਰਸਿਟੀ ਦੇ ਤੁਜਰਬਿਆਂ ਦੀ ਗੱਲ ਚਲਦੀ ਹੈ।ਸਾਹਿਰ ਲੁਧਿਆਣਵੀ ਦਾ ਸ਼ਹਿਰ ਕਹਿੰਦੇ ਹਨ ਇਸਨੂੰ,ਗੁਲਜ਼ਾਰ ਦਾ ਸ਼ਹਿਰ ਵੱਜਦਾ ਹੈ ਇਹ,ਤੇ ਤੁਹਾਡੀ ਕਲਮ ਦਾ ਨਿਵਾਸ ਸਥਾਨ ਵੀ ਕਹਿੰਦੇ ਹਨ,ਤੁਹਾਡੇ ਨਜ਼ਰੀਏ 'ਚ ਲੁਧਿਆਣਾ ਦੀ ਨਿਸ਼ਾਨਦੇਹੀ ਕੀ ਹੈ?
:ਇਸ ਤੋਂ ਪਹਿਲਾਂ ਮੈਂ ਇਹ ਵੀ ਕਹਿਣਾ ਚਾਹਵਾਂਗਾ ਕਿ ਕਪਰੂਥਲਾ ਤੋਂ ਮੈਂ ਬੀ.ਏ ਕੀਤੀ ਤੇ ਪਟਿਆਲਾ ਤੋਂ ਐੱਮ.ਏ ਕੀਤੀ ਇਹ ਸ਼ਹਿਰ ਬਹੁਤ ਸ਼ਾਂਤ ਤੇ ਸੁਹਾਵਣੇ ਸ਼ਹਿਰ ਸਨ।ਪਟਿਆਲਾ ਬਾਰੇ ਮੈਂ ਕਵਿਤਾ ਵੀ ਲਿਖੀ ਸੀ ਕਿ ਇੱਥੇ ਸੂਰਜ ਕਾਲੇ ਚਸ਼ਮੇ ਪਹਿਣਕੇ ਆਉਂਦਾ ਹੈ ਤੇ ਚੰਨ ਮੁੰਦਰਾ ਪਾਕੇ ਆਉਂਦਾ ਹੈ ਤੇ ਇੱਥੇ ਹੀ ਮੈਂ 'ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ' ਲਿਖੀ।ਇਹਨਾਂ ਦਾ ਜ਼ਿਕਰ ਮੈਂ ਆਪਣੀ ਕਿਤਾਬ 'ਸੂਰਜ ਮੰਦਰ ਦੀਆਂ ਪੌੜੀਆ' 'ਚ ਵੀ ਕੀਤਾ ਹੈ।ਇਹਨਾਂ ਸ਼ਹਿਰਾਂ ਨਾਲ ਮੇਰੀ ਬਹੁਤ ਨਿੱਘੀ ਸਾਂਝ ਰਹੀ ਹੈ ਪਰ ਲੁਧਿਆਣਾ ਮੇਰੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਰਕੇ ਖੂਬਸੂਰਤ ਹੋ ਗਿਆ।ਇੱਥੇ ਮੈਨੂੰ ਪ੍ਰੋ: ਮੋਹਨ ਸਿੰਘ ਲੈਕੇ ਆਏ ਸਨ।ਉਹਨਾਂ ਸਮਿਆਂ 'ਚ ਮਹਿੰਦਰ ਸਿੰਘ ਰੰਧਾਵਾ ਉੱਪ ਕੁਲਪਤੀ ਸਨ।ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਲੁਧਿਆਣੇ ਆਇਆ ਸਾਂ ਤਾਂ ਮੀਂਹ ਪੈ ਕੇ ਹੱਟਿਆ ਸੀ ਤੇ ਮੈਂ ਪੱਥਰ 'ਤੇ ਉੱਕਰੀ ਹੋਈ ਕਵਿਤਾ ਵੇਖੀ "ਧਰਤੀ ਲਾਟ ਕਰੇਂਦੀਏ ਤੇਰਾ ਮੱਥਾ ਨੂਰੋ ਨੂਰ" ਜੋ ਮੈਨੂੰ ਬਹੁਤ ਵਧੀਆ ਲੱਗਾ।ਇੱਥੋਂ ਦੀ ਯੂਨੀਵਰਸਿਟੀ ਦੂਜੀਆਂ ਯੂਨੀਵਰਸਿਟੀਆਂ ਦੇ ਮੁਕਾਬਲੇ ਲੋਕਾਂ ਦੇ ਵਧੇਰੇ ਨੇੜੇ ਸੀ ਜਿਸ ਕਰਕੇ ਪਿੰਡਾਂ ਦੀ ਝਾਕੀ ਵੇਖਣ ਨੂੰ ਮਿਲਦੀ ਰਹਿੰਦੀ ਸੀ।ਇੱਥੇ ਹੀ ਮੇਰੀ ਸਾਂਝ ਕੁਲਵੰਤ ਸਿੰਘ ਵਿਰਕ,ਸੰਤ ਸਿੰਘ ਸੇਖੋਂ,ਗੁਲਜ਼ਾਰ ਸਿੰਘ ਸੰਧੂ,ਡਾ. ਸਾਧੂ ਸਿੰਘ,ਅਮਰਜੀਤ ਗਰੇਵਾਲ,ਸੁਖਚੈਨ ਮਿਸਤਰੀ ਨਾਲ ਪਈ।ਇੱਥੇ ਹੀ ਸਾਡਾ ਇੱਕ ਸੁਫ਼ਨਾ ਪੁੰਘਰਿਆ ਸੀ ਕਿ ਜਿਵੇਂ ਪੰਜਾਬ ਨੇ ਆਪਣੇ ਸਾਂਝੇ ਸੱਭਿਆਚਾਰ ਦਾ ਸ਼ਹਿਰ ਲਾਹੌਰ ਗਵਾ ਲਿਆ ਸੀ ਅਸੀ ਲਾਹੌਰ ਵਰਗਾ ਹੀ ਕੋਈ ਸ਼ਹਿਰ ਬਣਾਈਏ।ਜਿੱਥੇ ਠੀਕ ਉਸੇ ਤਰ੍ਹਾਂ ਦੀ ਸੱਭਿਆਚਾਰ ਜ਼ਿੰਦਗੀ ਹੋਵੇ,ਇੱਥੇ ਨਾਟਕ ਮੰਚਨ ਹੋਵੇ,ਫ਼ਿਲਮਾਂ ਬਣਨ ਪਰ ਅਜਿਹਾ ਸਾਰਾ ਕੁਝ ਸੰਭਵ ਨਹੀਂ ਹੋਇਆ।ਪਰ ਲੁਧਿਆਣਾ ਨਾਲ ਮੇਰਾ ਹੁਣ ਅਟੁੱਟ ਰਿਸ਼ਤਾ ਬਣ ਗਿਆ ਹੈ।ਲੁਧਿਆਣਾ ਸ਼ਹਿਰ ਕਲਾ ਤੇ ਆਮ ਜ਼ਿੰਦਗੀ ਲਈ ਆਪਣੇ ਆਪ ਦੀ ਸੋਹਣੀ ਵਿਉਂਤਬੰਦੀ ਨਹੀਂ ਕਰ ਸਕਿਆ।ਇੱਥੇ ਅਜੇ ਵੀ ਕਈ ਘਾਟਾ ਮਹਿਸੂਸ ਹੁੰਦੀ ਹਨ।ਜਿਵੇਂ ਕਿ ਇੱਥੇ ਜਨਤਕ ਰੁਝੇਵੇਂ ਲਈ ਕੋਈ ਸਾਂਝਾ ਆਡੀਟੋਰੀਅਮ ਨਹੀਂ ਹੈ।ਇੱਥੇ ਪੰਜਾਬੀ ਜ਼ਿੰਦਗੀ ਗਵਾਚੀ ਜਿਹੀ ਮਹਿਸੂਸ ਹੁੰਦੀ ਹੈ।ਲੁਧਿਆਣਾ ਸ਼ਹਿਰ ਇੰਨਾ ਜ਼ਿਆਦਾ ਫੈਲਿਆ ਹੋਇਆ ਹੈ ਕਿ ਇਸ ਦੇ ਫੈਲਾਅ 'ਚ ਸੁਚੱਜਾ ਨਮੂਨਾ ਨਹੀਂ ਰੱਖਿਆ ਗਿਆ।

ਬਾਤ ਨਿਕਲੀ ਹੈ ਤੋ ਦੂਰ ਤਲਕ ਜਾਏਗੀ,ਕਹਿੰਦੇ ਹਨ ਕਿ ਸਾਹਿਤ ਦੇ ਖੇਤਰ 'ਚ ਸੁਰਜੀਤ ਪਾਤਰ ਹੁਣ ਬੀਤਿਆ ਸਮਾਂ ਹੋ ਚੁੱਕਾ ਹੈ।ਇਸ ਚਰਚਾ ਨੂੰ ਤੁਸੀ ਕਿਸ ਤਰ੍ਹਾਂ ਲੈਂਦੇ ਹੋ?
:ਮੈਂ ਤਾਂ ਇਹਦੇ ਬਾਰੇ ਇਹ ਅਕਸਰ ਕਹਿੰਦਾ ਹਾਂ ਕਿ ਜਿਹੜੀ ਕਵਿਤਾ ਮੈਂ ਲਿਖ ਦਿੱਤੀ ਤਾਂ ਉਹ ਜਨਤਕ ਚੀਜ਼ ਹੋ ਗਈ ਹੈ ਤੇ ਉਸ ਬਾਰੇ ਹਰ ਕਿਸੇ ਨੂੰ ਕਹਿਣ ਦਾ ਅਧਿਕਾਰ ਹੋ ਜਾਂਦਾ ਹੈ।ਮੈਨੂੰ ਕਵਿਤਾ ਬਾਰੇ ਬਹੁਤ ਕੁਝ ਚੰਗਾ ਵੀ ਸੁਨਣ ਨੂੰ ਮਿਲਦਾ ਹੈ ਤੇ ਬਹੁਤ ਸਾਰਾ ਕੁਝ ਨਾਂ ਪੱਖੀ ਸੁਨਣ ਨੂੰ ਵੀ ਮਿਲਦਾ
ਹੈ ਤੇ ਮੈਂ ਦੋਵਾਂ ਦਾ ਮੁਕਾਬਲਾ ਕਰਦਾ ਹਾਂ।ਇਹ ਸ਼ੁਰੂ ਤੋਂ ਹੀ ਹੈ ਜਿਵੇਂ ਕਿ ਇਹ ਮੇਰੇ ਲਈ ਮਸਲਨ ਇੱਕ ਖੇਡ ਦੀ ਤਰ੍ਹਾਂ ਹੈ ਜਿਸ 'ਚ ਉਤਾਰ ਚੜ੍ਹਾਅ ਹਨ।ਕਵਿਤਾ ਨੂੰ ਮੈਂ ਕੋਈ ਖ਼ਬਰ ਨਹੀਂ ਸਮਝਦਾ ਜੋ ਕਿ ਪੁਰਾਣੀ ਹੋ ਜਾਂਦੀ ਹੈ ਇਹ ਕਿਸੇ ਨਾ ਕਿਸੇ ਰੂਪ 'ਚ ਮੁੜ ਸਾਡੇ ਸਾਹਮਣੇ ਨਵੇਕਲੇ ਅੰਦਾਜ਼ 'ਚ ਪੇਸ਼ ਹੁੰਦੀ ਹੈ।ਮੇਰਾ ਖ਼ਿਆਲ ਹੈ ਕਿ ਕਵੀ ਕਈ ਵਾਰ ਜਿਊਂਦਾ ਹੈ ਤੇ ਕਈ ਵਾਰ ਮਰਦਾ ਹੈ।ਸੋ ਕਵੀ ਨੂੰ ਅਜਿਹੀ ਹਜ਼ਾਰਾਂ ਜ਼ਿੰਦਗੀਆਂ ਤੇ ਮੌਤਾਂ ਲਈ ਤਿਆਰ ਰਹਿਣਾ ਚਾਹੀਦਾ ਹੈ।ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਕੁਝ ਨਵਾਂ ਰਚਾ ਤੇ ਯਕੀਨ ਮੰਨਣਾ ਮੈਂ ਅੱਜ ਵੀ ਆਪਣੇ ਆਪ ਨੂੰ ਰਚਨਾ ਨਾਲ ਭਰਿਆ ਮਹਿਸੂਸ ਕਰਦਾ ਹਾਂ।ਪਿਛਲੇ ਦਿਨੀ ਜੋ ਮੈਂ ਭਾਸ਼ਾ ਬਾਰੇ ਕਵਿਤਾਵਾਂ ਲਿਖੀਆਂ, 'ਮਰ ਰਹੀ ਮੇਰੀ ਭਾਸ਼ਾ ਜਾਂ ਸ਼ਬਦਕੋਸ਼ ਦੇ ਬੂਹੇ 'ਤੇ ਜਾਂ ਲੋਕ ਜੋ ਆਖਦੇ ਨੇ' ਜੋ ਅਜਿਹੀ ਕਵਿਤਾਵਾਂ ਨੇ ਜੋ ਆਪਣੇ ਕੰਮ ਪੱਖੋਂ ਬਹੁਤ ਵੱਖਰੀਆਂ ਤੇ ਰਚਨਾਤਮਕ ਲੱਗਦੀਆਂ ਹਨ। ਮੈਂ ਇੱਕ ਕਵਿਤਾ ਲਿਖੀ 'ਸ਼ੀਸ਼ੇ ਤੇ ਚਿਹਰੇ' ਇਸ ਵਿੱਚ ਮੈਂ ਸ਼ੀਸ਼ੇ ਆਲੋਚਕਾਂ ਨੂੰ ਤੇ ਚਿਹਰੇ ਕਵੀਆਂ ਨੂੰ ਕਿਹਾ।ਇੱਕ ਹਵਾਲਾ ਹੈ ਕਿ ਜਦੋਂ 'ਕੀਟਸ' ਦੀ ਮੌਤ ਹੋਈ ਤਾਂ 'ਸ਼ੈਲੇ' ਨੇ ਲਿਖਿਆ ਹੈ ਕਿ ਕੀਟਸ ਦੀ ਮੌਤ ਬਿਮਾਰੀ ਕਾਰਨ ਨਹੀਂ ਹੋਈ,ਉਹਨਾਂ ਨੂੰ ਇੱਕ ਤ੍ਰੈਮਾਸਿਕ ਰਸਾਲੇ ਦੇ ਸੰਪਾਦਕ ਦੀ ਟਿੱਪਣੀ ਨੇ ਮਾਰਿਆ ਹੈ।ਉਸ ਸੰਪਾਦਕ ਨੇ ਹਰ ਵਾਰ ਕੀਟਸ ਬਾਰੇ ਬਹੁਤ ਮਾੜਾ ਲਿਖਿਆ ਸੀ।ਪਰ ਬਾਅਦ ਵਿੱਚ 'ਬਾਇਰਨ' ਨੇ ਇੱਕ ਜਗ੍ਹਾ ਲਿਖਿਆ ਸੀ ਕਿ ਬੜਾ ਦੁੱਖ ਹੁੰਦਾ ਹੈ ਕਿ ਜਿਹੜੀ 'ਕੀਟਸ' ਵਰਗੀ ਆਤਮਾ ਹੈ ਉਹ ਕਿਸੇ ਆਲੋਚਕ ਦੀ ਚਾਰ ਗੱਲਾਂ ਨਾਲ ਨਹੀਂ ਮਰ ਸਕਦਾ।ਕਿਉਂ ਕਿ ਉਹ ਇੱਕ ਆਤਿਸ਼ ਅੱਗ ਹੈ ਸੋ ਕਵੀਆਂ ਨੂੰ ਅਜਿਹੀਆਂ ਛੋਟੀਆਂ ਮੋਟੀਆਂ ਗੱਲਾਂ ਲਈ ਤਿਆਰ ਰਹਿਣਾ ਚਾਹੀਦਾ ਹੈ।ਕਿਉਂ ਕਿ ਕਵਿਤਾ ਕੋਈ ਵਿਗਿਆਨ ਜਾਂ ਕਿਸੇ ਖੇਡ ਦੀ ਛਾਲ ਨਹੀਂ ਜਿਸ ਨੂੰ ਤੁਸੀ ਮਿਣ ਲਓਗੇ ਕਿ ਇਹ ਕਿੰਨੀ ਲੰਮੀ ਹੈ।ਕਵਿਤਾ ਦਾ ਜੋ ਹੁੰਗਾਰਾ ਹੁੰਦਾ ਹੈ ਉਹ ਬਹੁਤ ਥਾਵਾਂ 'ਤੇ ਵੱਖਰਾ ਵੱਖਰਾ ਹੁੰਦਾ ਹੈ ਤੇ ਇਸ ਦਾ ਅਸਰ ਹਰ ਸਦੀ 'ਚ ਵੀ ਵੱਖਰਾ ਹੁੰਦਾ ਹੈ।ਕਵਿਤਾ ਦੀ ਜਨਮ ਤਾਰੀਖ਼ ਤਾਂ ਹੋ ਸਕਦੀ ਹੈ ਪਰ ਮਰਨ ਤਾਰੀਖ਼ ਨਹੀਂ ਹੋ ਸਕਦੀ।

ਸੁਰਜੀਤ ਪਾਤਰ ਦੀ ਇੱਕ ਕਵਿਤਾ:-

ਉਦਾਸ ਦੋਸਤੋ ਆਵੋ ਕਿ ਮਿਲਕੇ ਖੁਸ਼ ਹੋਈਏ,
ਮਿਲਣ ਬਗ਼ੈਰ ਉਦਾਸੀ ਦਾ ਕੋਈ ਚਾਰਾ ਨਹੀਂ।
ਭਟਕਦੇ ਅੱੱਖਰੋਂ ਆਵੋ ਕਿ ਮਿਲਕੇ ਲਫ਼ਜ਼ ਬਣੋ,
ਤੇ ਲਫ਼ਜ਼ੋ ਵਾਕ ਬਣੋ ਵਾਕ ਬਿਨ ਗੁਜ਼ਾਰਾ ਨਹੀਂ।
ਕਦਮ ਜ਼ਮੀਨ 'ਤੇ ਇਉਂ ਧਰੀਏ ਜਿਵੇਂ ਕਿ ਫੁੱਲ ਧਰੀਏ,
ਕਿ ਇਹਨਾਂ ਰਾਹਵਾਂ 'ਤੇ ਮੁੜ ਲੰਘਣਾ ਦੁਬਾਰਾ ਨਹੀਂ।
ਹਮੇਸ਼ ਨਾਲ ਨੇ ਮੇਰੇ ਸੁਖ਼ਨ ਫ਼ਕੀਰਾਂ ਦੇ,
ਐ ਸ਼ਾਹੀ ਕਹਿਰ ਮੈਂ ਇੱਕਲਾ ਜਾਂ ਬੇਸਹਾਰਾ ਨਹੀਂ।