ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਕਿਰਨਜੀਤ ਕਾਂਡ. Show all posts
Showing posts with label ਕਿਰਨਜੀਤ ਕਾਂਡ. Show all posts

Wednesday, March 6, 2013

ਔਰਤ ਮੁਕਤੀ ਦਾ ਰਾਹ ਕੀ ਹੋਵੇ ?

ਔਰਤਾਂ ਉੱਪਰ ਲੁੱਟ-ਜਬਰ ਦੀਆਂ ਵਾਪਰਦੀਆਂ ਸ਼ਰਮਨਾਕ ਘਟਨਾਵਾਂ ਦੇ ਬਾਵਜੂਦ ਹਰ ਸਾਲ ਦੀ ਤਰਾਂ ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਬੇਸ਼ਰਮੀ ਦੀਆਂ ਸਭ ਹੱਦਾਂ ਪਾਰ ਕਰਦਿਆਂ ਭਾਰਤ ਅੰਦਰ ਵੀ 'ਔਰਤ ਕੌਮਾਂਤਰੀ ਦਿਵਸ' ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਭਾਰਤੀ ਰਾਜ ਮਸ਼ੀਨਰੀ ਦੇ ਸਾਰੇ ਪੁਰਜੇ (ਅਦਾਲਤਾਂ, ਕਾਨੂੰਨ, ਧਰਮ, ਮੀਡੀਆ, ਸਿੱਖਿਆ ਆਦਿ) ਔਰਤ ਸ਼ਸ਼ਕਤੀਕਰਨ, ਬਰਾਬਰੀ ਤੇ ਜਮਹੂਰੀਅਤ ਦੇ ਲੰਮੇ ਚੌੜੇ ਭਾਸ਼ਨ ਤੇ ਪ੍ਰੋਗਰਾਮ ਕਰਦੇ ਨਜਰ ਆਉਂਦੇ ਹਨ।


ਭਾਰਤ ਅੰਦਰ ਬੇਰੁਜਗਾਰੀ ਦੇ ਆਲਮ 'ਚ ਪੜੀਆਂ ਲਿਖੀਆਂ ਔਰਤਾਂ ਨੂੰ ਵੱਡੇ-ਵੱਡੇ ਸ਼ੋਅ ਰੂਮਾਂ, ਹੋਟਲਾਂ, ਸਕੂਲਾਂ-ਕਾਲਜਾਂ, ਰੈਸਟੋਰੈਂਟਾਂ, ਬੈਂਕਾਂ ਅਤੇ ਹੋਰ ਅਦਾਰਿਆਂ ਵਿੱਚ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੂੰਜੀਵਾਦੀ ਪ੍ਰਬੰਧ ਨੇ ਔਰਤ ਦੀ ਸਰੀਰਕ ਕਿਰਤ ਸ਼ਕਤੀ ਤੇ ਮਾਨਸਿਕ ਕਿਰਤ ਸ਼ਕਤੀ ਦੀ ਇੱਕ ਜਿਣਸ ਦੇ ਤੌਰ 'ਤੇ ਲੁੱਟ ਤੋਂ ਇਲਾਵਾ ਉਸ ਨੂੰ ਮਾਲ ਵੇਚਣ ਲਈ ਇੱਕ ਨੁਮਾਇਸ਼ ਦੀ ਵਸਤੂ ਬਣਾ ਦਿੱਤਾ ਹੈ। ਖਪਤਵਾਦੀ ਸੱਭਿਆਚਾਰ ਤਹਿਤ ਉਸ ਨੂੰ ਫੈਸ਼ਨ ਮੁਕਾਬਲਿਆਂ, ਸੁੰਦਰਤਾ ਮੁਕਾਬਲਿਆਂ, ਗਾਉਣ-ਵਜਾਉਣ, ਚੀਅਰਜ ਗਰਲਜ, ਮੌਡਲਿੰਗ, ਕਾਲ ਗਰਲਜ, ਸੇਲਜ ਗਰਲਜ, ਬਲਿਊ ਪੌਰਨ ਫਿਲਮਾਂ ਅਤੇ ਅਧ ਨੰਗੇ ਜਿਸਮ ਨੂੰ ਮਸ਼ਹੂਰੀਆਂ ਲਈ ਵਰਤਦਿਆਂ ਉਸ ਨੂੰ ਜਿਣਸੀ ਉਪਭੋਗਤਾ ਦੀ ਵਸਤੂ ਬਣਾਇਆ ਗਿਆ ਹੈ। ਗਰੀਬ ਔਰਤਾਂ ਘੋਰ ਗਰੀਬੀ, ਭੁੱਖਮਰੀ, ਕੁਪੋਸ਼ਣ, ਬਿਮਾਰੀਆਂ, ਅਣਪੜ੍ਹਤਾ ਤੇ ਅਨੀਮੀਏ ਦੀਆਂ ਬੁਰੀ ਤਰਾਂ ਸ਼ਿਕਾਰ ਹਨ। ਬਾਲ ਵਿਆਹ, ਦਾਜ, ਭਰੂਣ ਹੱਤਿਆ ਤੇ ਲਿੰਗਕ ਵਖਰੇਵੇਂ ਦੀਆਂ ਘਟਨਾਵਾਂ ਰੋਜਮਰ੍ਹਾ ਦਾ ਵਰਤਾਰਾ ਬਣ ਗਈਆ ਹਨ। ਭਾਰਤ 'ਚ ਹਰ 7 ਮਿੰਟ ਬਾਅਦ ਔਰਤ ਨਾਲ ਅਪਰਾਧਿਕ ਘਟਨਾ, 26 ਮਿੰਟ ਬਾਅਦ ਛੇੜਛਾੜ, 42 ਮਿੰਟ ਬਾਅਦ ਦਾਜ ਕਾਰਨ ਇੱਕ ਮੌਤ, 43 ਮਿੰਟ ਬਾਅਦ ਇੱਕ ਅਗਵਾ ਕੇਸ, ਤੇ 54 ਮਿੰਟ ਬਾਅਦ ਇੱਕ ਬਲਾਤਕਾਰ ਦੀ ਘਟਨਾ ਵਾਪਰ ਰਹੀ ਹੈ। ਸਮੁੱਚੇ ਭਾਰਤ ਅੰਦਰ ਪਿਛਲੇ ਸਾਲ ਬਲਾਤਕਾਰ ਦੀਆਂ 22,173 ਘਟਨਾਵਾਂ ਵਾਪਰੀਆਂ। ਇੱਕ ਅੰਕੜੇ ਮੁਤਾਬਕ ਦੇਸ ਦੀਆਂ ਅਦਾਲਤਾਂ 'ਚ 1,2, 000 ਬਲਾਤਕਾਰ ਦੇ ਕੇਸ ਪੈਂਡਿੰਗ ਦੇਸ ਦੀਆਂ ਅਦਾਲਤਾਂ 'ਚ 1,2, 000 ਬਲਾਤਕਾਰ ਦੇ ਕੇਸ ਪੈਂਡਿੰਗ ਪਏ ਹਨ। ਯੂਨੀਸੈਫ ਅਨੁਸਾਰ ਭਾਰਤ 'ਚ 14 ਕਰੋੜ ਕੁੜੀਆਂ ਦੇ ਜਨਣ ਅੰਗਾਂ ਨਾਲ ਛੇੜਛਾੜ ਕੀਤੀ ਜਾਂਦੀ ਹੈ। ਦੇਸ਼ ਦੀਆਂ 30 ਲੱਖ ਨੌਜੁਆਨ ਕੁੜੀਆਂ ਵੇਸ਼ਵਾਗਿਰੀ ਕਰਨ ਲਈ ਮਜਬੂਰ ਹਨ। ਅੱਜ 21 ਵੀਂ ਸਦੀ ਵਿੱਚ ਵੀ ਭਾਰਤ ਵਿੱਚ ਲੜਕੀਆਂ ਨੂੰ ਆਜਾਦ ਤੌਰ 'ਤੇ ਆਪਣਾ ਜੀਵਨ ਸਾਥੀ ਚੁਨਣ ਦਾ ਅਧਿਕਾਰ ਤੱਕ ਨਹੀਂ ਹੈ। ਅੱਜ ਵੀ ਉਨ੍ਹਾਂ ਨੂੰ ਅਣਖ ਖਾਤਰ ਖਾਪ ਪੰਚਾਇਤਾਂ ਦੇ ਜੁਲਮਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਆਮ ਤੋਰ 'ਤੇ ਜਦੋਂ ਔਰਤ ਉੱਪਰ ਜੁਲਮ, ਵਿਤਕਰੇ ਅਤੇ ਹਿੰਸਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਲਈ ਮਰਦ ਨੂੰ ਹੀ ਜਿੰਮੇਵਾਰ ਸਮਝ ਲਿਆ ਜਾਂਦਾ ਹੈ ਅਤੇ ਇਹ ਗੱਲ ਭੁਲਾ ਦਿੱਤੀ ਜਾਂਦੀ ਹੈ ਕਿ ਮਿਹਨਤਕਸ਼ ਮਰਦ ਤਾਂ ਖੁਦ ਇਸ ਪ੍ਰਬੰਧ ਵਿੱਚ ਲੁਟੇਰੀਆਂ ਜਮਾਤਾਂ ਹੱਥੋਂ ਲੁੱਟ ਤੇ ਦਾਬੇ ਦਾ ਸ਼ਿਕਾਰ ਹਨ। ਔਰਤਾਂ ਨੂੰ ਜਮਾਤੀ ਦਾਬੇ ਦੇ ਨਾਲ-ਨਾਲ ਪਿਤਾ ਪੁਰਖੀ ਮਰਦ ਪ੍ਰਧਾਨ ਦਾਬੇ ਦੀ ਦੋਹਰੀ ਗੁਲਾਮੀ ਦੀ ਮਾਰ ਝੱਲਣੀ ਪੈ ਰਹੀ ਹੈ। ਇੱਥੇ ਕਿਰਤੀ ਮਰਦ ਅਤੇ ਔਰਤ ਦੋਵਾਂ ਦਾ ਜਮਾਤੀ ਦੁਸ਼ਮਣ ਮੌਜੂਦਾ ਲੁਟੇਰਾ ਤੇ ਜਾਬਰ ਰਾਜ ਪ੍ਰਬੰਧ ਹੈ। ਇਹ ਰਾਜ ਮਸ਼ੀਨਰੀ ਹੈ ਜਿਹੜੀ ਕੌਮੀ ਮੁਕਤੀ ਲਈ ਲੜ ਰਹੀਆਂ ਕੌਮੀਅਤਾਂ, ਜਮਹੂਰੀ ਹੱਕਾਂ ਲਈ ਲੜ ਰਹੇ ਜਮਹੂਰੀਅਤ ਪਸੰਦ ਲੋਕਾਂ, ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਮੇਹਨਤਕਸ਼ ਲੋਕਾਂ ਦੇ ਜਮਾਤੀ ਘੋਲਾਂ ਨੂੰ ਕੁਚਲਦੀ ਹੈ।

ਸਾਮਰਾਜੀਆਂ ਦੇ ਪਾਲਤੂ ਗੈਰ ਸਰਕਾਰੀ ਸੰਗਠਨ ਪੂੰਜੀਵਾਦੀ ਹਾਕਮਾਂ ਤੇ ਉਨ੍ਹਾਂ ਦੀਆਂ ਪਿੱਠੂ ਧਾਰਮਿਕ ਫਿਰਕਾਪ੍ਰਸਤ ਤਾਕਤਾਂ ਦੁਆਰਾ ਚਲਾਈਆ ਜਾਂਦੀਆਂ ਪਿਛਾਖੜੀ ਔਰਤ ਜਥੇਬੰਦੀਆਂ ਜੋ ਇਕ ਪਾਸੇ ਇਨਕਲਾਬੀ ਔਰਤ ਅੰਦੋਲਨ ਦਾ ਤੱਤ ਤੇ ਰੂਪ ਵਿਗਾੜਨ ਲਈ ਯਤਨਸ਼ੀਲ ਰਹਿੰਦੀਆਂ ਹਨ ਤੇ ਦੂਸਰੇ ਪਾਸੇ ਲੁਟੇਰੀਆਂ ਹਾਕਮ ਜਮਾਤਾਂ ਦੀ ਸੇਵਾ ਕਰਦੀਆਂ ਹਨ। ਇਸ ਤੋਂ ਇਲਾਵਾ ਉਦਾਰ ਬੁਰਜੂਆ ਨਾਰੀਵਾਦੀ ਸੁਧਾਰਵਾਦੀ ਅੰਦੋਲਨ ਜੋ ਔਰਤਾਂ ਦੇ ਸਿੱਖਿਆ, ਸਿਹਤ, ਲਿੰਗਕ ਭੇਦ ਭਾਵ, ਯੌਨ ਸ਼ੋਸ਼ਣ ਪਿਤਰਸੱਤਾ ਆਦਿ ਸਬੰਧੀ ਮੰਗਾਂ ਨੂੰ ਲੋਟੂ ਰਾਜ ਪ੍ਰਬੰਧ ਦੇ ਅੰਤਰਗਤ ਕਰਨ ਦੀ ਦਿਸ਼ਾਹੀਣ ਗੈਰਸਿਧਾਂਤਕ ਕਵਾਇਦ ਦੀਆਂ ਕਾਰਵਾਈਆਂ ਕਰਦਿਆਂ ਖੁਦਗਰਜ ਆਤਮਿਕ ਅਨੰਦ ਹਾਸਲ ਕਰਨ ਦੇ ਆਹਰੇ ਲੱਗੇ ਨਜਰ ਆਉਂਦੇ ਹਨ। ਇੱਥੇ ਮਾਰਕਸਵਾਦੀ ਸਿਧਾਂਤਕ ਸ਼ਬਦਾਵਲੀ 'ਚ ਲਿਪਟੀ ਸਮਾਜਵਾਦੀ ਨਾਰੀਵਾਦੀ ਧਾਰਾ ਵੀ ਵੇਖਣ ਨੂੰ ਮਿਲਦੀ ਹੈ ਜੋ ਸੁਧਾਰਵਾਦੀ ਰੌਲੇ ਦੇ ਮੁਕਾਬਲੇ ਵੱਧ ਰੈਡੀਕਲ ਤੇ ਅਗਾਂਹਵਧੂ ਜਾਪਦੀ ਹੈ। ਪ੍ਰੰਤੂ ਵੱਖ-ਵੱਖ ਭਾਂਤ ਦੀਆਂ ਇਹ ਧਾਰਾਵਾਂ ਔਰਤ ਮੁਕਤੀ ਲਹਿਰ ਨੂੰ ਜਮਾਤੀ ਸੰਘਰਸ਼ਾਂ ਦੇ ਨਜਰੀਏ ਤੋਂ ਚਲਾਉਣ ਤੋਂ ਅਸਮਰੱਥ ਰਹਿੰਦੀਆ ਹੋਈਆਂ ਵੱਖ-ਵੱਖ ਭਟਕਣਾ, (ਅਰਾਜਿਕਤਾਵਾਦ, ਕਾਨੂੰਨਵਾਦ, ਸੋਧਵਾਦ, ਸੁਧਾਰਵਾਦ) ਦਾ ਸ਼ਿਕਾਰ ਹੋ ਜਾਂਦੀਆ ਹਨ। ਅਜਿਹੇ ਭਟਕਾਅ ਇਨਕਲਾਬੀ ਸੰਘਰਸ਼ਾਂ ਨੂੰ ਗੁੰਮਰਾਹ ਕਰਦੇ ਹੋਏ ਪੀੜਤ ਜਮਾਤਾਂ ਦੇ ਰੋਹ ਅਤੇ ਗੁੱਸੇ ਨੂੰ ਮੁਲਤਵੀ ਕਰਨ ਦਾ ਸਾਧਨ ਹੋ ਨਿੱਬੜਦੇ ਹਨ ਜੋ ਅੰਤ ਨੂੰ ਪੂੰਜੀਵਾਦੀ ਪ੍ਰਬੰਧ ਦੀ ਉਮਰ ਹੀ ਲੰਮੀ ਕਰਦੇ ਹਨ।

ਇਤਿਹਾਸ ਸਾਡਾ ਮਾਰਗ ਦਰਸ਼ਨ ਕਰਦਾ ਹੈ। ਔਰਤ ਅੰਦੋਲਨ ਨੂੰ ਇਤਿਹਾਸਕ ਪਰਿਪੇਖ ਚੋਂ ਪੜਚੋਲਦਿਆਂ ਸਹੀ ਨਿਰਣਿਆ ਦੀ ਨਿਸ਼ਾਨਦੇਹੀ ਕਰਦਿਆਂ ਹੀ ਅੱਗੇ ਵਧਿਆ ਜਾ ਸਕਦਾ ਹੈ। ਇੱਥੇ ਲੁੱਟੇ-ਨਪੀੜੇ ਜਾ ਰਹੇ ਸਭਨਾਂ ਤਬਕਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਹਰ ਤਰਾਂ ਦੀ ਲੁੱਟ-ਜਬਰ ਤੋਂ ਮੁਕਤੀ ਦਾ ਰਾਹ ਸਮਾਜਵਾਦੀ ਵਿਚਾਰਧਾਰਾ ਹੀ ਹੈ। ਇਸ ਵਿਚਾਰਧਾਰਾ ਮੁਤਾਬਕ ਸਮਾਜ 'ਚ ਅੱਧੀ ਅਬਾਦੀ ਔਰਤਾਂ ਜਮਾਤੀ ਸੰਘਰਸ਼ ਦਾ ਅਟੁੱਟ ਅੰਗ ਬਣਦੀਆਂ ਹਨ। ਔਰਤਾਂ ਤੋਂ ਬਿਨ੍ਹਾਂ ਜਮਾਤੀ ਸੰਘਰਸ਼ ਨੂੰ ਕਿਆਸਣਾ ਖਿਆਲੀ ਅਤੇ ਆਪਣੀ ਮਜਬੂਤ ਤਾਕਤ ਨੂੰ ਅਣਗੌਲਿਆਂ ਕਰਨ ਵਰਗੀ ਵੱਡੀ ਗਲਤੀ ਹੋਵੇਗੀ।

ਸ਼ਕਤੀਸਾਲੀ ਔਰਤ ਅੰਦੋਲਨ ਲਈ ਸਹੀ ਸਿਧਾਂਤਕ ਕੀ ਹੋਵੇ? ਲੈਨਿਨ ਦੇ ਸ਼ਬਦਾਂ'ਚ ''ਜਾਹਰ ਹੈ ਕਿ ਮਾਰਕਸਵਾਦੀ ਸਿਧਾਂਤ ਤੋਂ ਬਿਨਾਂ ਅੱਛਾ ਵਿਹਾਰਕ ਕੰਮ ਨਹੀਂ ਹੋ ਸਕਦਾ''। ਹੁਣ ਇੱਥੇ ਕਮਿਊਨਿਸਟ ਲਹਿਰ ਅੱਗੇ ਸ਼ਕਤੀਸ਼ਾਲੀ ਔਰਤ ਅੰਦੋਲਨ ਉਸਾਰਨ ਲਈ ਤੇ ਇਸ ਦੀ ਰੌਸ਼ਨੀ 'ਚ ਔਰਤ ਅੰਦੋਲਨ ਉਸਾਰਨ ਲਈ ਸਿਧਾਂਤਕ ਤੇ ਵਿਹਾਰਕ ਪਹੁੰਚ ਨੂੰ ਅੱਗੇ ਪ੍ਰਫੁਲਿਤ ਕਰਨ ਦਾ ਵੱਡਾ ਸਵਾਲ ਖੜਾ ਹੈ। ਭਾਰਤ ਦੇ ਵੱਖ-2 ਖਿਤਿਆਂ ਅੰਦਰ ਔਰਤਾਂ ਉਪਰ ਹੋ ਰਹੇ ਲੁੱਟ ਤੇ ਜਬਰ ਖਿਲਾਫ ਕਮਿਊਨਿਸਟ ਪ੍ਰਭਾਵ ਵਾਲੀਆਂ ਔਰਤ ਜੰਥੇਬੰਦੀਆਂ ਵੱਲੋ ਲਗਾਤਾਰ ਸ਼ਾਨਦਾਰ ਸੰਘਰਸ ਲੜੇ ਜਾ ਰਹੇ ਹਨ। ਮਾਓਵਾਦੀ ਬੈਲਟਾਂ ਅੰਦਰੋਂ ਕੁਲਵਕਤੀ ਔਰਤ ਅਰਗੇਨਾਈਜਰ ਤੇ ਲਾਲ ਫੌਜ ਵਿਚ ਵੱਡੀ ਪੱਧਰ ਤੇ ਔਰਤਾਂ ਦੇ ਸ਼ਾਮਲ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਉਦੀਆਂ ਰਹੀਆਂ। ਹੋਰਨਾਂ ਮੇਹਨਤਕ ਤਬਕਿਆਂ ਦੇ ਸੰਘਰਸ਼ਾਂ ਵਾਂਗ ਘੱਟ-ਵੱਧ ਰੂਪ ਵਿਚ ਔਰਤ ਅੰਦੋਲਨ ਚੱਲਦੇ ਰਹਿਣ ਦੇ ਬਾਵਜੂਦ ਇਕ ਮਜਬੂਤ ਔਰਤ ਜੰਥੇਬੰਦੀ ਸਕਰੀਨ ਤੇ ਨਹੀਂ ਦਿਖਦੀ। ਇਸਦੇ ਅਨੇਕਾਂ ਕਾਰਨ ਹਨ। ਪਹਿਲਾਂ ਪੂੰਜੀਵਾਦੀ ਸਾਮਰਾਜੀਆਂ, ਭਾਰਤੀ ਸਰਮਏਦਾਰਾਂ, ਫਾਸ਼ੀਵਾਦੀ ਫਿਰਕਾਪ੍ਰਸਤ ਪਿਛਾਖੜੀ ਤਾਕਤਾਂ ਦੇ ਸਾਂਝੇ ਗੱਠਜੋੜ ਵੱਲੋਂ ਆਪਣੀ ਲੁਟੇਰੀ ਜਾਬਰ ਰਾਜ ਪ੍ਰਣਾਲੀ ਤੇ ਇਸਦੇ ਜਾਬਰ ਸੰਦਾਂ ਤੇ ਨੀਤੀ ਨਿਰਣੀਆਂ ਤੋਂ ਵੱਧ ਸ਼ਿਕਾਰ ਦੁਨੀਆਂ ਭਰ ਦੀਆਂ ਮੇਹਨਤਕਸ਼ ਔਰਤਾਂ ਹਨ। ਦੂਸਰਾ ਇਸ ਲੋਕ ਵਿਰੋਧੀ, ਔਰਤ ਵਿਰੋਧੀ ਗੱਠਜੋੜ ਦਾ ਲਾਗਾਤਾਰ ਸਹੀ ਤੇ ਬੱਝਵਾਂ ਮੋੜਵਾਂ ਜਵਾਬ ਦੇਣ ਵਾਲੀ ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਖਿੰਡੀ ਖੱਪਰੀ ਤੇ ਕਮਜੋਰ ਸਥਿਤੀ 'ਚ ਹੈ। ਦੂਸਰਾ ਨੁਕਤਾ ਸਾਡੇ ਧਿਆਨ ਦਾ ਮੁੱਖ ਕੇਂਦਰ ਬਣਨਾ ਚਾਹੀਦਾ ਹੈ।

ਸੋ ਇਸ ਲੋਕ ਵਿਰੋਧੀ, ਔਰਤ ਵਿਰੋਧੀ ਪ੍ਰੰਬਧ ਨੂੰ ਬਦਲਣ ਲਈ ਸਭਨਾਂ ਮੇਹਨਤਕਸ਼ ਤਬਕਿਆਂ ਸਮੇਤ ਔਰਤ ਵਰਗ ਦੇ ਢਿੱਲਮੱਠ ਤੇ ਬੇਹਰਕਤੀ ਦੇ ਆਲਮ ਤੋਂ ਬਾਹਰ ਨਿਕਲਦਿਆਂ ਸ਼ਕਤੀਸ਼ਾਲੀ ਔਰਤ ਜੰਥੇਬੰਦੀ ਬਣਾਉਣ ਦਾ ਦਲੇਰਾਨਾ ਕਾਜ ਹੱਥ ਲੈਣਾ ਚਾਹੀਦਾ ਹੈ।

ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ। 98764-
98764-42052

Tuesday, January 8, 2013

ਖਪਤਕਾਰੀ ਸੱਭਿਆਚਾਰ,ਲੱਚਰਤਾ ਤੇ ਸਿਆਸੀ ਆਗੂ

ਦਿੱਲੀ ਵਿੱਚ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਦੁਖਦ ਘਟਨਾ ਵਿਰੁੱਧ ਸਾਰੇ ਦੇਸ਼ ਅੰਦਰ ਬਵਾਲ ਉਠ ਖੜ੍ਹਾ ਹੋਇਆ ਸੀ ।ਪਰ ਇਸ ਦੇ ਬਾਵਜੂਦ ਦੇਸ਼ ਦੇ ਕੋਨੇ ਕੋਨੇ ਤੋਂ ਲੜਕੀਆਂ ਨਾਲ ਬਲਾਤਕਾਰ, ਛੇੜਛਾੜ ਅਤੇ ਹਿੰਸਾ ਦੀਆਂ ਘਟਨਾਵਾਂ ਵਿੱਚ ਕਮੀ ਨਹੀਂ ਆਈ । ਅਸਲ 'ਚ ਇਨ੍ਹਾਂ ਘਟਨਾਵਾਂ ਦੇ ਵਧਣ ਦਾ ਇਕ ਵੱਡਾ ਕਾਰਨ ਪਿਛਲੇ ਦੋ ਦਹਾਕਿਆਂ ਤੋਂ ਨਵ-ਉਦਾਰਵਾਦੀ ਨੀਤੀਆਂ ਰਾਹੀਂ ਵੱਡੇ ਪੱਧਰ 'ਤੇ ਆਇਆ ਖਪਤਕਾਰ ਸਭਿਆਚਾਰ ਹੈ । ਇਸ ਖਪਤਕਾਰ ਸੱਭਿਆਚਾਰ ਨੂੰ ਬੜਾਵਾ ਦੇਣ ਲਈ ਵੱਡੀਆਂ ਕੰਪਨੀਆਂ ਵੱਡੇ ਪੱਧਰ ਤੇ ਭੋਲੇ ਲੋਕਾਂ 'ਚ ਅਸ਼ਲੀਲ ਅਤੇ ਲੱਚਰ ਸੱਭਿਆਚਾਰ ਨੂੰ ਪਰੋਸ ਰਹੀਆਂ ਹਨ । ਦੇਸ਼ ਦੀਆਂ ਪਾਰਲੀਮਾਨੀ ਪਾਰਟੀਆਂ ਵੀ ਲੋਕਾਂ ਤੋਂ ਵੋਟਾਂ ਲਈ ਵੱਡੇ ਇਕੱਠ ਕਰਨ ਲਈ ਅਸ਼ਲੀਲ ਗੀਤ ਸੰਗੀਤ ਦੇਣ ਵਾਲੇ ਕਲਾਕਾਰਾਂ ਨੂੰ ਲੱਖਾਂ-ਕਰੋੜਾਂ ਰੁਪਏ ਦੇ ਕੇ ਬੁਲਾਉਂਦੀਆਂ ਹਨ ।


ਸੁਖਬੀਰ ਬਾਦਲ ਵੱਲੋਂ ਇਕ ਪਾਸੇ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਅਤੇ ਉਨ੍ਹਾਂ ਦੀ ਸਿਹਤ ਸੰਭਾਲ ਲਈ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਨਾਂ 'ਤੇ ਹਰ ਸਾਲ ਕਬੱਡੀ ਟੂਰਨਾਮੈਂਟ ਕਰਵਾਏ ਜਾਂਦੇ ਹਨ । ਪਰ ਦੂਜੇ ਪਾਸੇ ਅਕਸ਼ੈ ਕੁਮਾਰ, ਕੈਟਰੀਨਾ ਕੈਫ, ਦਲਜੀਤ ਦੁਸਾਂਝ ਵਰਗੇ ਕਲਾਕਾਰਾਂ ਤੋਂ ਅਸ਼ਲੀਲ ਗੀਤਾਂ ਅਤੇ ਡਾਂਸ ਕਰਾਏ ਜਾਂਦੇ ਹਨ ਅਤੇ ਇਨ੍ਹਾਂ ਪਰੋਗਰਾਮਾਂ ਨੂੰ ਬੁੱਢਾ ਬਾਦਲ ਵੀ ਬੈਠਾ ਮਾਣ ਰਿਹਾ ਹੁੰਦਾ ਹੈ । 'ਮੈਂ ਹੂੰ ਬਾਲਤਕਾਰੀ..' ਗੀਤ ਗਾਉਣ ਵਾਲੇ ਬਦਨਾਮ ਜੋ ਜੋ ਹਨੀ ਸਿੰਘ ਨਾਲ ਮੁੱਖ ਮੰਤਰੀ ਸ਼ੀਲਾ ਦੀਖਸ਼ਿਤ ਅਤੇ ਉਸ ਦੀ ਇਕ ਹੋਰ ਮੰਤਰੀ ਦਿੱਲੀ ਵਿੱਚ ਇਕ ਫੰਕਸ਼ਨ ਵਿੱਚ ਡਾਂਸ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ ।ਰਾਜਸਥਾਨ ਵਿੱਚ ਭੰਵਰੀ ਦੇਵੀ ਦੇ ਰਾਜਸੀ ਗਲਿਆਰਿਆਂ ਤੱਕ ਸਬੰਧ ਜੱਗ ਜ਼ਾਹਰ ਹੋਣ ਤੋਂ ਬਾਅਦ ਉਸ ਦੇ ਪਿੰਜਰ ਹੀ ਮਿਲਦੇ ਹਨ ।ਕਰਨਾਟਕਾ ਦੀ ਅਸੈਂਬਲੀ ਅੰਦਰ ਬੈਠੇ ਭਾਜਪਾ ਦੇ ਵਿਧਾਇਕ ਇਕ ਅਸ਼ਲੀਲ ਵੀਡੀਓ ਦਾ ਜਾਇਕਾ ਲੈਂਦੇ ਵੀ ਦੇਖੇ ਜਾ ਸਕਦੇ ਹਨ । ਹੁਣੇ ਹੁਣੇ ਬੰਗਾਲ ਦੀ ਤ੍ਰਿਣਾਮੂਲ ਕਾਂਗਰਸ ਪਾਰਟੀ ਨੇ ਆਪਣੀ ਸਰਕਾਰ ਦੀ ਸਾਲਗਿਰ੍ਹਾ ਮਨਾਈ ਹੈ । ਇਸ ਮੌਕੇ ਵੀ ਪਾਰਟੀ ਲੀਡਰਾਂ ਨੇ ਅਸ਼ਲੀਲ ਪਰੋਗਰਾਮ ਕਰਾਏ ਜਿਸ ਤੋਂ ਮਮਤਾ ਬੈਨਰਜ਼ੀ ਨੂੰ ਪੱਲਾ ਝਾੜਨਾ ਪਿਆ । ਅਕਾਲੀ ਪਾਰਟੀ ਦੇ ਆਗੂਆਂ ਵੱਲੋਂ ਸ਼ਰੂਤੀ ਨੂੰ ਅਗਵਾ ਅਤੇ ਬਲਾਤਕਾਰ ਕਰਨ ਅਤੇ ਏ. ਐਸ. ਆਈ. ਦੇਵਿੰਦਰਪਾਲ ਦੀ ਲੜਕੀ ਨਾਲ ਛੇੜਛਾੜ ਕਰਨ ਦੀਆਂ ਘਟਨਾਵਾ ਵਾਪਰੀਆਂ ਹਨ । ਬਾਅਦ ਵਿੱਚ ਅਸੈਂਬਲੀ ਦੇ ਸਮਾਗਮ ਸਮੇਂ ਬਿਕਰਮ ਸਿੰਘ ਮਜੀਠੀਆ ਅਤੇ ਰਾਣਾ ਗੁਰਜੀਤ ਸਿੰਘ ਵਿੱਚਕਾਰ ਜੋ ਅਸ਼ਲੀਲ ਗਾਲੀ ਗਲੋਚ ਹੋਈ , ਉਸ ਨੇ ਤਾਂ ਸਾਰਿਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ । ਹਰਿਆਣਾ ਦੇ ਇਕ ਮੰਤਰੀ ਕਾਂਡਾ ਨਾਬਾਲਗ ਲੜਕੀ ਗੀਤਿਕਾ ਨਾਲ ਹਰ ਕਿਸਮ ਦੇ ਸਬੰਧ ਬਣਾ ਲੈਂਦਾ ਹੈ ਪਰ ਬਾਅਦ ਵਿੱਚ ਕਾਂਡਾ ਤੋਂ ਤੰਗ ਆ ਕੇ ਉਸ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ।

ਅਮਰਿੰਦਰ ਸਿੰਘ ਪਾਕਿਸਤਾਨ ਦੀ ਇਕ ਔਰਤ ਅਰੂਸਾ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ।ਇਸ ਤੋਂ ਇਲਾਵਾ ਕਿੰਨੇ ਹੀ ਮਾਮਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਪੁਸ਼ਤਪਨਾਹੀ ਸਾਡੇ ਦੇਸ਼ ਦੇ ਆਗੂਆਂ ਵੱਲੋ ਕੀਤੀ ਜਾਂਦੀ ਹੈ ।ਪਰ ਜਦੋਂ ਦਿੱਲੀ ਵਰਗੀ ਸੰਗੀਨ ਘਟਨਾ ਵਾਪਰ ਜਾਂਦੀ ਹੈ ਤਾਂ ਦੇਸ਼ ਦੇ ਆਗੂਆਂ ਵੱਲੋਂ ਮਗਰਮੱਛ ਦੇ ਹੰਝੂ ਵਹਾਏ ਜਾ ਰਹੇ ਹਨ, ਪੀੜਤ ਨੂੰ ਪੂਰਾ ਇਨਸਾਫ਼ ਦੇਣ ਲਈ ਕਦਮ ਪੁੱਟਣ ਦੇ ਵਾਅਦੇ ਕੀਤੇ ਜਾਂਦੇ ਹਨ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ । ਲੋਕਾਂ ਨੂੰ ਪਤਾ ਹੈ ਕਿ ਇਹ ਕੋਈ ਨਵਾ ਵਰਤਾਰਾ ਨਹੀਂ ਹੈ। ਹਰ ਵੱਡੀ ਘਟਨਾ ਤੋਂ ਬਾਅਦ ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਏਹੀ ਦੁਹਰਾਇਆ ਜਾਂਦਾ ਹੈ ਪਰ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ । ਦੇਸ਼ ਦੇ ਰਾਜ ਪ੍ਰਬੰਧ ਵਿੱਚ ਗਿਰਾਵਟ ਤੇਜੀ ਨਾਲ ਵਧਦੀ ਜਾ ਰਹੀ ਹੈ ਅਤੇ ਇਸ ਨਿਘਰ ਚੁੱਕੀ ਵਿਵਸਥਾ ਨੂੰ ਦਰੁਸਤ ਕਰਨ ਦੀ ਇੱਛਾ-ਸ਼ਕਤੀ ਸਾਡੇ ਦੇਸ਼ ਦੇ ਆਗੂ ਗੁਆ ਚੁੱਕੇ ਹਨ ਅਤੇ ਇਸ ਨੂੰ ਦਰੁਸਤ ਕਰਨ ਦਾ ਬੀੜਾ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਚੁੱਕਣਾ ਪਵੇਗਾ ।

'ਗੈਂਗ ਰੇਪ ਲਈ ਦਾਮਿਨੀ ਹੀ ਜਿੰਮੇਂਵਾਰ': ਇਕ ਵਿਗਿਆਨਕ 

ਦਿੱਲੀ ਸਮੂਹਿਕ ਬਲਾਤਕਾਰ ਦੀ ਵਹਿਸ਼ੀ ਘਟਨਾ ਖ਼ਿਲਾਫ਼ ਦੇਸ਼ ਦੇ ਹਰ ਹਿੱਸੇ ਅੰਦਰ ਵੱਖ ਵੱਖ ਢੰਗਾਂ ਰਾਹੀਂ ਵਿਆਪਕ ਰੋਸ ਅਤੇ ਗੁਸੇ ਦਾ ਪ੍ਰਗਟਾਅ ਹੋਇਆ ਹੈ । ਇਹ ਪ੍ਰਤੀਰੋਧ ਦੇਸ਼ ਭਰ ਅੰਦਰ ਔਰਤਾਂ ਨਾਲ ਹਰ ਰੋਜ ਹੋ ਰਹੇ ਬਲਾਤਕਾਰ, ਛੇੜਛਾੜ ਅਤੇ ਹਿੰਸਾ ਵਿਰੁੱਧ ਉੱਠੇ ਰੋਹ ਦੇ ਬੱਝਵੇਂ ਇਜ਼ਹਾਰ ਦਾ ਰੂਪ ਵੀ ਹੈ। ਪਰ ਭਾਰਤ ਅੰਦਰ ਅਜਿਹੇ ਸਨਕੀ ਵਿਅਕਤੀਆਂ ਦੀ ਵੀ ਘਾਟ ਨਹੀਂ ਹੈ ਜੋ ਔਰਤਾਂ ਨਾਲ ਹੋ ਰਹੇ ਅਨਿਆਂ ਦਾ ਭਾਂਡਾ ਵੀ ਔਰਤਾਂ ਸਿਰ ਭੰਨਦੇ ਹਨ । ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੜਕੀਆਂ ਦੇ ਵਿਆਹ ਦੀ ਉਮਰ ਘਟਾ ਦੇਣੀ ਚਾਹੀਦੀ ਹੈ, ਲੜਕੀਆਂ ਨੂੰ ਭੜਕੀਲਾ ਲਿਬਾਸ ਨਹੀਂ ਪਾਉਣਾ ਚਾਹੀਦਾ, ਉਨ੍ਹਾਂ ਨੂੰ ਜੀਨਾਂ ਅਤੇ ਸਕੱਰਟਾਂ ਨਹੀਂ ਪਾਉਣੀਆਂ ਚਾਹੀਦੀਆਂ, ਉਨ੍ਹਾਂ ਲਈ ਸਕੂਲਾਂ ਵਿੱਚ ਕਮੀਜ਼ ਸਲਵਾਰ ਦੀ ਵਰਦੀ ਹੋਣੀ ਚਾਹੀਦੀ ਹੈ, ਲੜਕੀਆਂ ਲਈ ਮੋਬਾਈਲ ਵਰਤਣ 'ਤੇ ਮਨਾਹੀ ਹੋਣੀ ਚਾਹੀਦੀ ਹੈ, ਉਨ੍ਹਾਂ ਨੂੰ ਚੁੰਨੀ ਨਾਲ ਸਰੀਰ ਕੱਜਣਾ ਚਾਹੀਦਾ ਆਦਿ । ਅਜਿਹੀ ਹੀ ਮਾਨਸਿਕਤਾ ਦਾ ਇਜ਼ਹਾਰ ਦਿੱਲੀ ਦੀ ਡਾ: ਅਨੀਤਾ ਸ਼ੁਕਲਾ ਨੇ ਕੀਤਾ ਜੋ ਖੇਤੀ ਖੋਜ ਕੇਂਦਰ ਦੀ ਇਕ ਵਿਗਿਆਨਕ ਹੈ ਅਤੇ ਲਾਇਨਜ਼ ਕਲੱਬ ਦੀ ਪ੍ਰਧਾਨ ਹੈ । ਜਦੋਂ ਉਹ 'ਔਰਤਾਂ ਪ੍ਰਤੀ ਸੰਵੇਦਨਸ਼ੀਲਤਾ' ਦੇ ਵਿਸ਼ੇ 'ਤੇ ਇਕ ਸੈਮੀਨਰ ਵਿੱਚ ਬੋਲਦੀ ਹੋਈ ਕਹਿ ਰਹੀ ਸੀ ਕਿ ਦਿੱਲੀ ਸਮੂਹਿਕ ਬਲਾਤਕਾਰ ਕਾਂਡ ਦੀ ਪੀੜਤ ਲੜਕੀ ਖੁਦ ਹੀ ਇਸ ਦੁਸ਼ਕਰਮ ਲਈ ਜਿੰਮੇਂਵਾਰ ਸੀ । ਉਸ ਨੇ ਕਿਹਾ, 'ਰਾਤ ਦੇ 10 ਵਜੇ ਲੜਕੀ ਘਰ ਤੋਂ ਬਾਹਰ ਕੀ ਕਰ ਰਹੀ ਸੀ ? ਬੁਆਏ ਫਰੈਂਡ ਦੇ ਨਾਲ ਰਾਤ ਨੂੰ ਜੇ ਕੋਈ ਲੜਕੀ ਘਰੋਂ ਬਾਹਰ ਨਿਕਲੇਗੀ ਤਾਂ ਉਸ ਨਾਲ ਏਹੀ ਕੁਝ ਹੋਊਗਾ' ।ਬਾਪੂ ਆਸਾ ਰਾਮ ਬੇਸ਼ਰਮੀ ਦੀ ਹੱਦ ਪਾਰ ਕਰਕੇ (ਉਸਤੋਂ ਤਾਂ ਹੋਰ ਕੋਈ ਉਮੀਦ ਵੀ ਨਹੀਂ) ਲੜਕੀ ਨੂੰ ਦੋਸ਼ੀ ਮੰਨਦਾ ਹੋਇਆ ਉਸਨੂੰ ''ਦਰਿੰਦਿਆਂ ਨੂੰ ਧਰਮ ਦੇ ਭਾਈ ਕਹਿਣ ਦੀ ਦੁਹਾਈ ਪਾਉਣ ਤੇ ਉਸ ਸਮੇਂ ਸਰਸਵਤੀ ਮੰਤਰ ਦਾ ਜਾਪ ਕਰਨ ਦਾ ਉਪਦੇਸ਼ ਦੇ ਰਿਹਾ ਹੈ।''

ਜਿਥੇ ਦੇਸ਼ ਭਰ ਅੰਦਰ ਉਸ ਲੜਕੀ ਵੱਲੋਂ ਦੋਸ਼ੀਆਂ ਵਿਰੁੱਧ ਕੀਤੇ ਗਏ ਸਾਹਸੀ ਪ੍ਰਤੀਰੋਧ ਦੀ ਦਾਦ ਦਿੱਤੀ ਜਾ ਰਹੀ, ਉਸ ਨੂੰ ਵੀਰਾਂਗਨਾ ਵਾਲਾ ਰੁਤਬਾ ਪ੍ਰਦਾਨ ਕੀਤਾ ਜਾ ਰਿਹਾ ਹੈ, ਉਸ ਨੂੰ ਆਪਣਾ ਰੋਲ ਮਾਡਲ ਮੰਨਿਆ ਜਾ ਰਿਹਾ ਹੈ, ਉਸ ਦੀ ਮੌਤ ਸਮੇੇਂ ਉਸ ਨੂੰ 'ਸਿਵਿਆਂ ਵਿੱਚ ਬਲੀ ਇਕ ਮਸ਼ਾਲ' ਕਿਹਾ ਜਾ ਰਿਹਾ ਹੈ, ਉਥੇ ਇਸ ਵਿਗਿਆਨੀ ਨੇ ਉਸ ਨੂੰ ਕਾਇਰ ਕਰਾਰ ਦਿੰਦਿਆਂ ਕਿਹਾ, 'ਹਾਥ ਪਾਂਵ ਮੇਂ ਦਮ ਨਹੀਂ, ਹਮ ਕਿਸੀ ਸੇ ਕਮ ਨਹੀਂ ।' ਛੇ ਲੋਕਾਂ 'ਚ ਘਿਰਨ ਤੋਂ ਬਾਅਦ ਲੜਕੀ ਨੇ ਜੇ ਆਤਮ-ਸਮੱਰਪਣ ਕਰ ਦਿੱਤਾ ਹੁੰਦਾ ਤਾਂ ਉਸ ਦੀਆਂ ਅੰਤੜੀਆਂ ਨਿਕਾਲਣ ਦੀ ਨੌਬਤ ਨਾ ਆਉਂਦੀ'। ਇਸ ਵਿਗਿਆਨਕ ਔਰਤ ਨੇ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀਆਂ ਖੁਲ੍ਹਾਂ ਦਾ ਇਹ ਕਹਿਕੇ ਵਿਰੋਧ ਕੀਤਾ ਕਿ ਔਰਤਾਂ ਨੇ ਇਨ੍ਹਾਂ ਦੀ ਨਜਾਇਜ਼ ਵਰਤੋਂ ਕੀਤੀ ਹੈ, ਉਸ ਨੇ ਕਿਹਾ, 'ਔਰਤਾਂ ਨੇ ਸਹੂਲਤਾਂ ਅਤੇ ਅਧਿਕਾਰਾਂ ਦਾ ਗਲਤ ਇਸਤੇਮਾਲ ਕੀਤਾ ਹੈ'। ਕਮਾਲ ਦੀ ਗੱਲ ਇਹ ਸੀ ਕਿ ਇਸ ਔਰਤ ਨੂੰ ਸੈਮੀਨਾਰ ਵਿੱਚ ਹਾਜਰ ਆਹਲਾ ਅਫ਼ਸਰ ਚੁੱਪ ਚਾਪ ਸੁਣਦੇ ਰਹੇ ਜਿਨ੍ਹਾਂ ਵਿੱਚ ਬਹੁਤੇ ਪੁਲਸੀਏ ਸਨ ।

ਭਾਰਤ ਉਹ ਦੇਸ਼ ਹੈ ਜਿਥੇ ਪਾਰਲੀਮੈਂਟ ਵਿੱਚ ਔਰਤਾਂ ਨੂੰ 33 ਪ੍ਰਤੀਸ਼ਤ ਰਾਖਵਾਂ ਕਰਨ, ਔਰਤਾਂ ਦੇ ਸ਼ਕਤੀਕਰਨ, ਔਰਤ ਮਰਦ ਦੀ ਬਰਾਬਰੀ, ਔਰਤ ਦੀ ਸੁਰੱਖਿਆ ਲਈ ਅਨੇਕਾਂ ਕਾਨੂੰਨ ਬਣੇ ਹੋਏ ਹਨ । ਪਰ ਇਹ ਸਾਰੇ ਕਾਨੂੰਨ ਕਾਗਜ਼ਾਂ ਦਾ ਸ਼ਿੰਗਾਰ ਬਣੇ ਹੋਏ ਹਨ । ਭਾਰਤ ਅੰਦਰ ਅਜੇ ਵੀ ਪੈਤਰਕ ਪਰੰਪਰਾਵਾਂ ਭਾਰੂ ਹਨ । ਔਰਤ ਨੂੰ ਅਜੇ ਵੀ ਬੱਚੇ ਪੈਦਾ ਕਰਨ ਅਤੇ ਮਰਦ ਦੀ ਕਾਮਵਾਸਨਾ ਪੂਰੀ ਕਰਨ ਵਾਲੀ ਵਸਤੂ ਦੇ ਤੌਰ 'ਤੇ ਲਿਆ ਜਾਂਦਾ ਹੈ । ਔਰਤਾਂ ਨਾ ਘਰ ਅੰਦਰ ਅਤੇ ਨਾ ਘਰੋਂ ਬਾਹਰ ਸੁਰੱਖਿਅਤ ਹਨ । ਦਰਅਸਲ ਔਰਤਾਂ ਉਪਰ ਵੱਖ ਵੱਖ ਕਿਸਮ ਦੀਆਂ ਬੰਦਸ਼ਾਂ ਲਾਉਣ ਦੀ ਬਜਾਏ ਲੋੜ ਤਾਂ ਇਸ ਗੱਲ ਦੀ ਕਿ ਸਾਡੇ ਸਮਾਜ ਅੰਦਰ ਅਜਿਹੀਆਂ ਹਾਲਤਾਂ ਪੈਦਾ ਕੀਤੀਆਂ ਜਾਣ ਕਿ ਜਿਥੇ ਮਰਦ ਅਤੇ ਔਰਤਾਂ ਨੂੰ ਬਰਾਬਰ ਦਾ ਰੁਤਬਾ ਪ੍ਰਦਾਨ ਹੋਵੇ, ਉਹ ਰਾਤ ਦਿਨ ਬੇਖੌਫ ਤੁਰ ਫਿਰ ਸਕਣ, ਆਪਣੀ ਜਿੰਦਗੀ ਦਾ ਖੁਦ ਫੈਸਲਾ ਕਰ ਸਕਣ, ਆਪਣੀ ਮਰਜ਼ੀ ਨਾਲ ਜਿਓਂ ਸਕਣ, ਹਰ ਵਿਅਕਤੀ ਨੂੰ ਪੂਰਨ ਸ਼ਹਿਰੀ ਆਜ਼ਾਦੀਆਂ ਹੋਣ ਅਤੇ ਸਾਡੇ ਸਮਾਜ ਦਾ ਪੂਰਨ ਜਮਹੂਰੀਕਰਨ ਹੋਵੇ । ਅਜਿਹਾ ਕਰਨ ਲਈ ਮੌਜੂਦਾ ਵਿਵਸਥਾ ਨੂੰ ਮੁੱਢੋਂ ਸੁੱਢੋਂ ਤਬਦੀਲ ਕਰਨ ਦੀ ਲੋੜ ਹੈ ।

ਮਨਦੀਪ
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ। 98
98764-42052

Saturday, September 18, 2010

ਛੋਟੇ ਵੀਰ ਸੁਖਚਰਨਪ੍ਰੀਤ (ਸੁੱਖੀ)! ਇਹ ਤੂੰ ਕੀ ਕਰ ਰਿਹੈਂ, ਤੈਨੂੰ ਪਤੈ?

ਪਿਛਲੇ ਦਿਨੀਂ ਸੁਖਚਰਨਪ੍ਰੀਤ ਵਲੋਂ ਲਿਖੇ ਲੇਖ਼ "ਕਿਰਨਜੀਤ ਦੇ ਸੰਘਰਸ਼ ਤੋਂ ਕਿਰਨਜੀਤਾਂ ਦੀ ਬਦਨਾਮੀ ਤੱਕ" ਦੇ ਜਵਾਬ 'ਚ ਇਨਕਲਾਬੀ ਕੇਂਦਰ ਪੰਜਾਬ ਦੇ ਅਹੁਦੇਦਾਰ ਕੰਵਲਜੀਤ ਖੰਨਾ ਨੇ ਲਿਖ਼ਤ ਭੇਜੀ ਹੈ।ਲਿਖ਼ਤ ਛਾਪਣ ਦੇ ਨਾਲ ਹੀ ਇਸ ਵਿਚਾਰ ਚਰਚਾ 'ਚ ਸ਼ਾਮਲ ਹੋਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ।ਇਸੇ ਲਿਖ਼ਤ ਦੇ ਹੇਠਾਂ ਸੁਖਚਰਨਪ੍ਰੀਤ ਦੀ ਲਿਖ਼ਤ ਪੜ੍ਹ ਸਕਦੇ ਹੋਂ।--ਗੁਲਾਮ ਕਲਮ

ਕਿਰਨਜੀਤ ਦੇ ਸੰਘਰਸ਼ ਤੋਂ ਕਿਰਨਜੀਤ ਦੀ ਬਦਨਾਮੀ ਤੱਕ’ ਨਾਮੀ ਆਪਣੀ ਲਿਖਤ ਵਿੱਚ ਤੂੰ (ਜਾਣੇ ਜਾਂ ਅਣਜਾਣੇ) ਜੋ ਕੁੱਝ ਲਿਖਿਆ ਹੈ, ਉਸਨੂੰ ਛੋਟੇ ਵੀਰ ਦੁਬਾਰਾ ਪੜ੍ਹ! ਭਲਾ ਤੂੰ ਕੀ ਕਹਿਣਾ ਚਾਹੁੰਨੈ? ਮੇਰੀ ਜਾਚੇ ਤੂੰ ਦੋ ਗੱਲਾਂ ਕਰ ਰਿਹੈਂ ਪਹਿਲੀ ਇਹ ਕਿ ਜਿਨ੍ਹਾਂ ਲੋਕਾਂ ਨੇ 1997 ’ਚ ਬੱਚੀ ਕਿਰਨਜੀਤ ਨਾਲ ਹੋਏ ਧੱਕੇ ਤੇ ਕਤਲ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ ਸੀ। ਉਹ ਹੁਣ ਕਿਰਨਜੀਤ ਦੀ ਬਦਨਾਮੀ ਕਰਵਾ ਰਹੇ ਹਨ ਅਤੇ ਦੂਜੀ ਗੱਲ ਤੂੰ ਇਸ ਘੋਲ ਬਾਰੇ ਬਣੀ ਦਸਤਾਵੇਜੀ ਫਿਲਮ ‘ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ’ ਦੇ ਸਬੰਧ ’ਚ ਐਕਸ਼ਨ ਕਮੇਟੀ ਤੇ ਡਿਫੈਂਸ ਕਮੇਟੀ ਦੇ ਰੋਲ ਦੀ ਕਰਨੀ ਚਾਹੀ ਹੈ। ਅਸਲ ’ਚ ਪਹਿਲੀ ਗੱਲ ਤਾਂ ਦੂਜੀ ਲਈ ਬਹਾਨਾ ਹੈ ਅਸਲੀ ਗੱਲ ਤਾਂ ਦੂਜੀ ਹੀ ਹੈ।

ਚਲੋ,ਫਿਰ ਵੀ ਗੱਲ ਨਾਈਵਾਲਾ ਸਕੂਲ ਦੀ ਘਟਨਾ ਤੋਂ ਸ਼ੁਰੂ ਕਰਦੇ ਹਾਂ। ਇਸ ਸਾਲ 12 ਅਗਸਤ 2010 ਨੂੰ ਕਿਰਨਜੀਤ ਦੀ ਬਰਸੀ ਦੀ ਤਿਆਰੀ ਮੁਹਿੰਮ ਚੱਲ ਰਹੀ ਹੈ। 4 ਅਗਸਤ ਨੂੰ ਨਾਈਵਾਲਾ ਸਕੂਲ ਦਾ ਮੁੱਖ ਅਧਿਆਪਕ, ਜਿਹੜਾ ਮਹਿਲ ਕਲਾਂ ਐਕਸ਼ਨ ਕਮੇਟੀ ਦਾ ਮੈਂਬਰ ਵੀ ਹੈ, ਪ੍ਰੇਮ ਕੁਮਾਰ ਇਸੇ ਸਬੰਧ ’ਚ ਪ੍ਰਾਰਥਨਾ ਸਭਾ ’ਚ ਬੱਚਿਆਂ ਨੂੰ ਸੰਬੋਧਿਤ ਹੁੰਦਾ ਹੈ। ਉਹ ਬੱਚੀਆਂ ਨੂੰ ਆਪਣੇ ਖਿਲਾਫ਼ ਹੋਣ ਵਾਲੀਆਂ ਵਧੀਕੀਆਂ ਖਿਲਾਫ਼ ਨਿਝੱਕ ਹੋ ਕੇ ਬੋਲਣ ਲਈ ਪ੍ਰੇਰਿਤ ਕਰਦਾ ਹੈ। ਇਸ ਪ੍ਰੇਰਨਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਤਿੰਨ ਬੱਚੀਆਂ ਆਪਣੇ ਖਿਲਾਫ਼ ਇੱਕ ਅਧਿਆਪਕ ਮਹਿੰਦਰ ਸਿੰਘ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਦੀ ਸ਼ਿਕਾਇਤ ਆਪਣੀਆਂ ਮੈਡਮਾਂ ਕੋਲ ਕਰਦੀਆਂ ਹਨ। ਬਾਅਦ ਦੁਪਹਿਰ ਤੱਕ ਮਾਮਲਾ ਮੁੱਖ ਅਧਿਆਪਕ ਤੱਕ ਪਹੁੰਚ ਜਾਂਦਾ ਹੈ। 5 ਅਗਸਤ ਨੂੰ ਇਸ ਮੁੱਦੇ ’ਤੇ ਪਸਵਕ ਕਮੇਟੀ, ਪੰਚਾਇਤ ਤੇ ਹੋਰ ਲੋਕਾਂ ਨਾਲ ਗੱਲ ਸਾਂਝੀ ਹੁੰਦੀ ਹੈ। 6 ਅਗਸਤ ਨੂੰ ਦੋਸ਼ੀ ਅਧਿਆਪਕ ਖਿਲਾਫ਼ ਸ਼ਿਕਾਇਤ ਵਿਭਾਗ ਤੇ ਪੁਲਸ ਤੱਕ ਪਹੁੰਚ ਜਾਂਦੀ ਹੈ। ਭਲਾ ਮਾਮਲੇ ਨੂੰ ਦਬਾਉਣ ਦੀ ਗੱਲ ਕਿਹੜੇ ਪਾਸਿਓਂ ਆ ਗਈ? ਮਾਮਲੇ ’ਤੇ ਕਾਰਵਾਈ ਹੋਈ, ਦੋਸ਼ੀ ਅਧਿਆਪਕ ਖਿਲਾਫ਼ ਕੇਸ ਦਰਜ ਹੋਇਆ ਤੇ ਬਦਲੀ ਗੁਰਦਾਸਪੁਰ ਜ਼ਿਲ•ੇ ਦੀ ਕੀਤੀ ਗਈ। ਇਸ ਮਾਮਲੇ ਸਮੇਤ ਕਿਸੇ ਵੀ ਮਾਮਲੇ ’ਤੇ ਕਾਰਵਾਈ ਦੇ ਢੰਗ ਤੇ ਵਿਚਾਰਾਂ ਦੇ ਮੱਤਭੇਦ ਹੋ ਜਾਣੇ ਸੁਭਾਵਿਕ ਹਨ। ਪਰ ਇਨੀ ਗੱਲ ਨੂੰ ‘ਕਿਰਨਜੀਤ ਦੀ ਬਦਨਾਮੀ ਤੱਕ’ ਦਾ ਸਫ਼ਰ ਬਣਾ ਦੇਣਾ ਭਲਾ ਕਿੰਨੀ ਕੁ ਸਿਆਣਪ ਤੇ ਪਰਪੱਕਤਾ ਹੈ? ਇਸ ਮਾਮਲੇ ’ਤੇ 12 ਅਗਸਤ ਨੂੰ ਬਰਸੀ ਸਮਾਗਮ ’ਚ ਵੀ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਸੀ। ਹਾਂ ਇਸ ਮਾਮਲੇ ’ਚ ਸਿੱਖਿਆ ਅਧਿਕਾਰੀ ਨੇ ਆਪਣੀਆਂ ਅੱਖਾਂ ’ਚ ਰੜਕਦੇ ਮੁੱਖ ਅਧਿਆਪਕ ਪ੍ਰੇਮ ਕੁਮਾਰ ਨੂੰ ਬਲੀ ਦਾ ਬੱਕਰਾ ਜ਼ਰੂਰ ਬਣਾ ਲਿਆ।

ਮੁੱਖ ਅਧਿਆਪਕ ਦੀ ਬਦਲੀ ਖਿਲਾਫ਼ ਉਦੋਂ ਹੀ ਪਿੰਡ ਵਾਸੀਆਂ ਵੱਲੋਂ ਸੰਘਰਸ਼ ਵਿੱਢ ਦੇਣਾ ਤੇ ਸਕੂਲ ਨੂੰ ਤਾਲਾ ਲਾ ਦੇਣਾ ਵੀ ਭਲਾ ਕੀ ਦਰਸਾਉਂਦਾ ਹੈ। ਇਹੋ ਨਾ ਕਿ ਮਾ. ਪ੍ਰੇਮ ਕੁਮਾਰ ਪਿੰਡ ਵਾਸੀਆਂ ਦਾ ਸਤਿਕਾਰਤ ਅਧਿਆਪਕ ਹੈ। ਤੈਨੂੰ ਪਤਾ ਹੀ ਹੈ ਕਿ ਮੁਅੱਤਲੀ ਅਤੇ ਅਧਿਆਪਕ ਆਗੂਆਂ ਦੀਆਂ ਬਦਲੀਆਂ ਖਿਲਾਫ਼ ਇਸ ਸੰਘਰਸ਼ ਵਿੱਚ 11 ਸਤੰਬਰ ਨੂੰ ਪਿੰਡ ਨਾਈਵਾਲਾ ਤੋਂ ਲੋਕਾਂ ਦੀਆਂ ਭਰੀਆਂ ਟਰਾਲੀਆਂ ਆਈਆਂ ਸਨ। ਮਾ. ਪ੍ਰੇਮ ਕੁਮਾਰ ਪੂਰਾ ਇੱਕ ਦਹਾਕਾ ਕਿਰਨਜੀਤ ਕਾਂਡ ਵਿਰੋਧੀ ਸੰਘਰਸ਼ ਦਾ ਆਗੂ ਰਿਹਾ, ਉਮਰ ਕੈਦ ਦੀ ਸਜ਼ਾ, ਨੌਕਰੀ ਤੋਂ ਬਰਖਾਸਤੀ ਸਭ ਕੁੱਝ ਖਿੜੇ ਮੱਥੇ ਝੱਲਿਆ। ਕੀ ਉਹ ਹੁਣ ‘ਕਿਰਨਜੀਤ ਦੀ ਬਦਨਾਮੀ ਕਰਵਾਏਗਾ? ਤੂੰ ਥੋੜ੍ਹਾ ਗੰਭੀਰਤਾ ਨਾਲ ਸੋਚ, ਤੂੰ ਕੀ ਕਹਿ ਰਿਹੈਂ? ਪਿਆਰੇ ਵੀਰ ਤੇਰਾ ਨਿਸ਼ਾਨਾ ਜੇ ਕਿਧਰੇ ਹੋਰ ਸੀ ਤਾਂ ਤੂੰ ਵਾਕਿਆ ਹੀ ਖੁੰਝ ਗਿਐਂ!

ਰਹੀ ਗੱਲ ਕਿਰਨਜੀਤ ਕਾਂਡ ਵਿਰੋਧੀ ਸੰਘਰਸ਼ ਦੀ ਦਸਤਾਵੇਜੀ ਫਿਲਮ ਬਣਾ ਰਹੇ ‘ਸੂਤਰਧਾਰ’ ਨਾਲ ਜੁੜੇ ‘ਕੱਚ-ਸੱਚ’ ਦੀ! ਜਾਪਦੈ ਤੂੰ ਅਸਲ ’ਚ ਗੱਲ ਤਾਂ ਇਹੋ ਹੀ ਕਰਨਾ ਚਾਹੁੰਦਾ ਸੀ ਪਰ ਗਲਤ ਰਸਤਾ ਫੜ ਲਿਆ। ‘ਹਰ ਮਿੱਟੀ ਕੁੱਟਿਆ ਨਹੀਂ ਭੁਰਦੀ’ ਵਿੱਚ ਇੱਕ ਵਿਦਿਆਰਥਣ ਹਰਦੀਪ ਕਹਿੰਦੀ ਹੈ, ‘ਇਸ ਸੰਘਰਸ਼ ਨੇ ਔਰਤ ਨੂੰ ਬੋਲਣ ਦੀ ਸ਼ਕਤੀ ਦਿੱਤੀ ਹੈ। ਜੋ ਔਰਤਾਂ, ਜੋ ਕੁੜੀਆਂ ਪਹਿਲਾਂ ਘਰ ਆ ਕੇ ਗੱਲ ਨਹੀਂ ਸੀ ਕਰਦੀਆਂ, ਉਹ ਅੱਜ ਕਰ ਰਹੀਆਂ ਨੇ।’ ਫਿਲਮ ਨੇ ਸੱਚ ਫਿਲਮਾਇਆ ਹੈ ਤੇ ਨਾਈਵਾਲਾ ਸਕੂਲ ਦੀਆਂ ਬੱਚੀਆਂ ਨੇ ਜੁਰੱਅਤ ਕੀਤੀ ਹੈ ਤੇ ਛੋਟੇ ਵੀਰ ਇਸ ਜੁਰੱਅਤ ਨੂੰ ਹੁੰਗਾਰਾ ਦੇਣ ਵਾਲਾ ਮਾ. ਪ੍ਰੇਮ ਕੁਮਾਰ ਤਾਂ ਕੁੜੀਆਂ ਨੂੰ, ਬੱਚੀਆਂ ਨੂੰ ਬਦਨਾਮੀ ਖਿਲਾਫ਼ ਸੰਘਰਸ਼ ਲਈ ਪ੍ਰੇਰਿਤ ਕਰ ਰਿਹਾ ਹੈ।

ਸੂਤਰਧਾਰ ਵੱਲੋਂ ਐਕਸ਼ਨ ਕਮੇਟੀ ਦੇ ਆਗੂ ਕੁਲਵੰਤ ਪੰਡੋਰੀ ਨੂੰ ਲਿਖੀ ਚਿੱਠੀ ਵਿੱਚ ਕਾਫ਼ੀ ਨੁਕਤੇ ਉਠਾਏ ਹਨ। ਕੁੱਝ ਨੁਕਤੇ ਲੰਮੀ ਬਹਿਸ ਵਿਚਾਰ ਦੇ ਮੁੱਦੇ ਹਨ। ਪਰ ਕੁੱਝ ਗੱਲਾਂ ਜੋ ਪਿਆਰੇ ਸੂਤਰਧਾਰ ਨੇ ਸਵੈ-ਸਿਰਜੀ ਕੁੰਠਾ ’ਚੋਂ ਸਾਡੇ ਖਿਲਾਫ਼ ਲਿਖੀਆਂ ਨੇ, ਵਾਕਿਆ ਹੀ ਦੁੱਖਦਾਇਕ ਤੇ ਅਫ਼ਸੋਸਜਨਾਕ ਹਨ। ਡਿਫੈਂਸ ਕਮੇਟੀ ਨੇ ਸਾਥੀ ਸੂਤਰਧਾਰ ਨਾਲ ਮਿਲ ਕੇ ਇੱਕ ਬਹੁਤ ਹੀ ਅਹਿਮ ਕਾਰਜ ਹੱਥ ਲਿਆ ਸੀ ਜਿਸਨੂੰ ਸਾਰਿਆਂ ਨੇ ਆਪਣੇ ਵਿੱਤ ਤੇ ਡਿਊਟੀਆਂ ਮੁਤਾਬਕ ਨਿਭਾਇਆ ਹੈ। ਇਹ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਕਾਫ਼ੀ ਗੱਲਾਂ ਤਹਿ ਹੋਈਆਂ ਸਨ। ਡਿਫੈਂਸ ਕਮੇਟੀ ਅੱਜ ਵੀ ਉਨ੍ਹਾਂ ਗੱਲਾਂ ’ਤੇ ਸਟੈਂਡ ਕਰਦੀ ਹੈ। ਮਿਲ ਬੈਠ ਕੇ ਗੁਣ-ਦੋਸ਼ ਨਿਤਾਰਣ ਲਈ ਕਮੇਟੀ ਅੱਜ ਵੀ ਤਿਆਰ ਹੈ। ਡਿਫੈਂਸ ਕਮੇਟੀ ਨੇ ਕਦੇ ਵੀ ਸੱਭਿਆਚਾਰਕ ਕਾਮੇ ਨੂੰ ਪੁਚਕਾਰੇ ਜਾਣ ਵਾਲਾ ਜਾਨਵਰ ਨਹੀਂ ਸਮਝਿਆ, ਦੁਰਕਾਰਨਾ ਤਾਂ ਦੂਰ ਦੀ ਗੱਲ! ਡਿਫੈਂਸ ਕਮੇਟੀ ਦੀ ਬੇਨਤੀ ’ਤੇ ਹੀ ਪਹਿਲੀ ਮਈ, 2006 ਨੂੰ ਪ. ਲ. ਸ. ਮੰਚ ਦੇ ਮੇਲੇ ’ਤੇ ਇਹ ਫ਼ਿਲਮ ਦਿਖਾਈ ਗਈ ਸੀ ਤੇ ਉਚਿਆਈ ਵੀ ਗਈ ਸੀ। ਮਈ ਦਿਵਸ ਸਮਾਗਮ, ਗ਼ਦਰੀ ਮੇਲਾ ਭਲਾ ਕੋਈ ਸਿਆਸੀ ਕਾਨਫਰੰਸਾਂ ਹਨ ਕਿ ਸੱਭਿਆਚਾਰਕ ਕਾਮੇ ਵਰਤੇ ਜਾਂਦੇ ਹਨ। ਕਿਰਨਜੀਤ ਦੀ ਬਰਸੀ ’ਤੇ ਤਾਂ ਸਗੋਂ ਮੁੱਖ ਨਾਟਕ ਅਖੀਰ ’ਤੇ ਪ੍ਰੋਗਰਾਮ ਦਾ ਸਿਖਰ ਹੁੰਦਾ ਹੈ। ਸੱਭਿਆਚਾਰਕ ਕਾਮੇ ਵਰਤੇ ਜਾ ਹੇ ਹਨ, ਕਿਵੇਂ ਵਰਤੇ ਜਾ ਰਹੇ ਹਨ? ਕਦੋਂ ਜੋਗਿੰਦਰ ਬਾਹਰਲਾ ਵਰਤਿਆ ਗਿਆ ਤੇ ਕਿਵੇਂ ਗੁਰਸ਼ਰਨ ਸਿੰਘ ਵਰਤਿਆ ਗਿਆ?

ਕਿਸੇ ਹਰਕ੍ਰਿਸ਼ਨ ਸੁਰਜੀਤ ਦੀ ਸੜੀ ਜ਼ੁਬਾਨ ਨਾਲ ਹੀ ਸੱਭਿਆਚਾਰ ਕਾਮੇ ਲੋਕਾਂ ਤੇ ਲੋਕਾਂ ਦੀਆਂ ਲਹਿਰਾਂ ਲਈ ‘ਨਚਾਰ’ ਨਹੀਂ ਬਨਣ ਲੱਗੇ, ਇੰਨਾ ਯਕੀਨ ਜ਼ਰੂਰ ਰੱਖਣਾ ਚਾਹੀਦੈ, ਦੋਸਤ! ਅਸਲ ’ਚ ਪਿਆਰੇ ਸੁੱਖੀ ਤੈਨੂੰ ਵੀ ਪਤੈ ਕਿ ਇਹ ਦਸਤਾਵੇਜ ਕਿਵੇਂ ਬਣਿਐ? ਕਿਰਨਜੀਤ ਲੜੀ, ਲੋਕ ਲੜੇ, ਐਕਸ਼ਨ ਕਮੇਟੀ ਲੜੀ ਤੇ ਸੰਘਰਸ਼ ਕਮੇਟੀ ਲੜੀ। ਇਹ ਸਾਰਾ ਕੁੱਝ ਘੱਟੋ ਘੱਟ ਕਿਸੇ ਸਿਆਸੀ-ਵਿਚਾਰਕ ਬੰਧੇਜ਼ ’ਚ ਹੋਇਆ ਹੈ। ਕਿ ਨਹੀਂ? ਹਾਂ ਕੋਈ ਫਰੀ ਲਾਂਸਰ ਬੰਬੇ ਤੋਂ, ਆ ਕੇ ਆਪਣੇ ਤੌਰ ’ਤੇ ਕੋਈ ਫ਼ਿਲਮ ਬਣਾ ਲੈ ਜਾਂਦਾ ਤੇ ਮਰਜ਼ੀ ਨਾਲ ਆਪਣੇ ਪ੍ਰੋਡਕਟ ਦੀ ਸਿਆਸੀ ਆਰਥਿਕਤਾ ਤੈਅ ਕਰ ਲੈਂਦਾ, ਸਾਨੂੰ ਕੋਈ ਮਤਲਬ ਨਹੀਂ ਸੀ ਹੋਣਾ। ਪਰ ਅਸੀਂ ਤਾਂ ਇਹ ਸਮਝ ਕੇ, ਮਿੱਥ ਕੇ ਚੱਲੇ ਸੀ ਕਿ ਸੂਤਰਧਾਰ ਸਾਥੀ ਸਾਡਾ ਆਪਣਾ ਹੈ, ਸਾਡੇ ਇਨਕਲਾਬੀ ਖੇਮੇ ਦਾ ਹੈ, ਜਿਵੇਂ ਕਿ ਤੂੰ ਹੈ! ਵਿਚਾਰਧਾਰਕ, ਵਿਹਾਰਕ ਮੱਤਭੇਦ ਹੋ ਸਕਦੇ ਹਨ ਪਰ ਜੇ ਪੂਰੀ ਤੇਰਾਂ ਸਾਲਾਂ ਦੀ ਇਕ ਲਹਿਰ, ਲੱਖ ਦਿੱਕਤਾਂ ਦੇ ਬਾਵਜੂਦ, ਮੱਤਭੇਦਾਂ ਤੇ ਮੋੜਾਂ ਘੋੜਾਂ ਦੇ ਬਾਵਜੂਦ ਇੱਕਜੁੱਟ ਹੈ ਤਾਂ ਇਹ ਕਿਸੇ ਘੱਟੋ ਘੱਟ ਸਿਆਸਤ ਬੰਧੇਜ਼ ’ਤੇ ਹੀ ਖੜ੍ਹੀ ਹੈ। ਜਿਨ੍ਹਾਂ ‘ਸਿਆਸੀ ਚੌਧਰੀਆਂ’ ਨੇ ਇਹ ਬੰਧੇਜ਼ ਤੋੜਿਆ ਹੋਵੇਗਾ ਉਹ ਬਹੁਤੀ ਦੇਰ ਤੱਕ ਲੋਕਾਂ ਦੇ ‘ਚੌਧਰੀ’ ਬਣੇ ਨਹੀਂ ਰਹਿ ਸਕਦੇ। ਤੇਰਾ ਪਿਆਰਾ ਸੂਤਰਧਾਰ ਸਾਡਾ ਵੀ ਪਿਆਰਾ ਹੈ, ਸਤਿਕਾਰਿਆ ਹੈ। ਪਰ ਅਕੈਡਮਿਕ ਈਗੋ ਮਾੜੀ ਹੁੰਦੀ ਹੈ ਤੇ ਉਸਦਾ ਸੰਦ ਬਨਣਾ ਉਸ ਤੋਂ ਵੀ ਮਾੜਾ। ਸੂਤਰਧਾਰ ਸਾਡੇ ਖੇਮੇ ਦਾ ਮਿੱਤਰ ਹੈ। ਮਿੱਤਰਤਾ ਪੂਰਵਕ ਵਾਰਤਾਲਾਪ ਅਤਿਅੰਤ ਜ਼ਰੂਰੀ ਹੈ। ਪਰ ਵਾਰਤਾਲਾਪ ਦੀ ਥਾਂ ਆਪਣੀ ਹੀ ਲਹਿਰ ਨੂੰ ‘ਸਿਆਸੀ ਚੌਧਰੀਆਂ’ ਦੇ ਫਤਵੇ ਜਾਰੀ ਕਰਨੇ ਚੰਗੇ ਨਹੀਂ ਹੁੰਦੇ। ਆਉ ਰਲ ਮਿਲ ਕੇ ਉਸਾਰੂ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰੀਏ।

- ਕੰਵਲਜੀਤ ਖੰਨਾ
ਲੇਖ਼ਕ ਇਨਕਲਾਬੀ ਕੇਂਦਰ,ਪੰਜਾਬ ਦੇ ਅਹੁਦੇਦਾਰ ਹਨ।