ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਮਾਓਵਾਦੀ. Show all posts
Showing posts with label ਮਾਓਵਾਦੀ. Show all posts

Sunday, June 9, 2013

ਦੱਬੇ-ਕੁਚਲਿਆਂ ਦੀ ਹਿੰਸਾ

(ਮਸ਼ਹੂਰ ਮੈਗਜ਼ੀਨ 'ਇਕਨਾਮਿਕ ਐਂਡ ਪੁਲੀਟੀਕਲ ਵੀਕਲੀ'(ਅੰਕ 8 ਜੂਨ 2013) ਦੀ ਸੰਪਾਦਕੀ 

ਮਾਓਵਾਦੀ ਹਿੰਸਾ ਦੇ ਖ਼ਿਲਾਫ਼ ਦਿਆਨਤਦਾਰ ਨਾਰਾਜ਼ਗੀ ਦਾ ਰਾਗ ਫਿਰ ਅਲਾਪਿਆ ਜਾਣਾ ਸ਼ੁਰੂ ਹੋ ਗਿਆ ਹੈ। ਵਪਾਰਕ ਮੀਡੀਆ ਮੁੜ 'ਖੱਬੇਪੱਖੀ ਅੱਤਵਾਦੀਆਂ' ਦੇ ਲਹੂ ਦਾ ਤਿਹਾਇਆ ਹੋ ਉਠਿਆ ਹੈ। ''ਮਨੁੱਖੀ ਅਧਿਕਾਰ ਜਥੇਬੰਦੀਆਂ ਮਾਓਵਾਦੀਆਂ ਵਲੋਂ ਵਿੱਢੀ ਗਈ ਦਹਿਸ਼ਤ ਦੀ ਨਿਖੇਧੀ ਕਿਉਂ ਨਹੀਂ ਕਰਦੀਆਂ? '' ਇਕ ਟੀ ਵੀ ਨਿਊਜ਼ ਐਂਕਰ ਚੀਕ ਉੱਠਿਆ। ''ਮਾਓਵਾਦੀ ਦਹਿਸ਼ਤ ਦੇ ਖ਼ਿਲਾਫ਼ ਸਰਕਾਰ ਦੀ ਲੜਾਈ ਲੀਹੋਂ ਕਿਉਂ ਲੱਥੀ? '' ਦੂਜਾ ਚੀਕਿਆ। ਉਹ ਆਪੋ ਆਪਣੇ ਸਟੂਡੀਓ ਦੇ ਮਹਿਫੂਜ਼ ਮਾਹੌਲ ਵਿਚ ਟੀ ਵੀ ਉੱਪਰ ਵੱਡੀਆਂ ਵੱਡੀਆਂ ਤੋਪਾਂ ਦਾਗ਼ਦੇ ਰਹੇ! ਉਨ੍ਹਾਂ ਨੂੰ ਮਾਓਵਾਦੀ ਛਾਪਾਮਾਰਾਂ ਦਾ ਇਕ ਕਾਮਯਾਬ ਘਾਤ-ਹਮਲਾ ਹਜਮ ਨਹੀਂ ਹੋ ਸਕਦਾ। ''ਇਹ ਆਪਰੇਸ਼ਨ ਗ੍ਰੀਨ ਹੰਟ ਦੇ ਲਈ ਇਕ ਵੱਡਾ ਧੱਕਾ ਹੈ'' (ਆਪਰੇਸ਼ਨ ਗ੍ਰੀਨ ਹੰਟ ਮਾਓਵਾਦ ਵਿਰੋਧੀ, ਵਿਦ੍ਰੋਹ ਖ਼ਿਲਾਫ਼ ਇਕ ਮੁਹਿੰਮ ਹੈ)। ''ਕੀ ਗ੍ਰੀਨ ਹੰਟ ਨੂੰ ਉੱਪਰ ਤੋਂ ਲੈ ਕੇ ਹੇਠਾਂ ਤਕ ਬਦਲ ਕੇ ਇਸ ਨੂੰ ਤੇਜ਼ ਨਹੀਂ ਕੀਤਾ ਜਾਣਾ ਚਾਹੀਦਾ? '' ਜਾਂ ਇਸ ਤੋਂ ਵੀ ਅੱਗੇ, ''ਬਸਤਰ ਦੇ ਮੋਰਚੇ ਉੱਪਰ ਕੀ ਫ਼ੌਜ ਨਹੀਂ ਲਗਾਈ ਜਾਣੀ ਚਾਹੀਦੀ? '' ਸਾਨੂੰ ਅਜਿਹੇ ਜਨੂੰਨੀ ਵਹਿਣ ਵਿਚ ਵਹਿਣ ਦੀ ਬਜਾਏ ਸ਼ਾਇਦ ਸਭ ਤੋਂ ਪਹਿਲਾਂ ਜੋ ਹੋਇਆ ਹੈ ਉਸ ਨੂੰ ਸਹੀ ਪ੍ਰਸੰਗ 'ਚ ਰੱਖਕੇ ਦੇਖਣਾ ਚਾਹੀਦਾ ਹੈ ਅਤੇ ਫਿਰ ਉਸ ਦਾ ਲੇਖਾ-ਜੋਖਾ ਕਰਨਾ ਚਾਹੀਦਾ ਹੈ। 

25 ਮਈ ਨੂੰ ਆਪਣੇ ਅਮਲੇ-ਫੈਲੇ ਅਤੇ ਜ਼ੈੱਡ ਪਲੱਸ ਤੇ ਹੋਰ ਸੁਰੱਖਿਆ ਲਾਮ-ਲਸ਼ਕਰ ਨਾਲ ਜਾ ਰਹੇ ਛੱਤੀਸਗੜ੍ਹ ਦੇ ਕਾਂਗਰਸੀ ਆਗੂਆਂ ਦੇ ਕਾਫ਼ਲੇ ਉੱਪਰ ਮਾਓਵਾਦੀ ਛਾਪਾਮਾਰਾਂ ਦੇ ਹਮਲੇ ਨੇ ਰਾਇਪੁਰ ਅਤੇ ਦਿੱਲੀ ਵਿਚ ਰਾਜ ਮਸ਼ੀਨਰੀ ਹਿਲਾਕੇ ਰੱਖ ਦਿੱਤੀ। ਇਸ ਹਮਲੇ ਦਾ ਨਿਸ਼ਾਨਾ ਸੂਬੇ ਦੇ ਕਾਂਗਰਸ ਦਾ ਮੁਖੀ ਤੇ ਸੂਬੇ ਦਾ ਸਾਬਕਾ ਗ੍ਰਹਿ ਮੰਤਰੀ ਨੰਦ ਕੁਮਾਰ ਪਟੇਲ ਅਤੇ ਰਾਜ ਵਲੋਂ ਬਣਾਏ ਹਥਿਆਰਬੰਦ ਨਿੱਜੀ ਕਾਤਲ ਗ੍ਰੋਹ ਸਲਵਾ ਜੁਡਮ ਦਾ ਮੋਢੀ ਮਹੇਂਦਰ ਕਰਮਾ ਸਨ। ਕਤਲ ਮੌਕੇ 'ਤੇ ਕੀਤੇ ਗਏ ਅਤੇ ਦੋ ਘੰਟਿਆਂ ਦੀ ਲੜਾਈ ਵਿਚ ਕਾਫ਼ਲੇ ਨਾਲ ਜਾ ਰਿਹਾ ਸਰਕਾਰੀ ਸੁਰੱਖਿਆ ਅਮਲਾ ਛਾਪਾਮਾਰਾਂ ਦੇ ਮੁਕਾਬਲੇ 'ਚ ਖੜ੍ਹ ਨਹੀਂ ਸਕਿਆ। ਕਾਫ਼ਲਾ ਦੱਖਣੀ ਛੱਤੀਸਗੜ੍ਹ ਵਿਚ ਬਸਤਰ ਖੇਤਰ ਅੰਦਰ ਸੁਕਮਾ ਦੀ ਪਰਿਵਰਤਨ ਯਾਤਰਾ ਤੋਂ ਮੁੜ ਰਿਹਾ ਸੀ ਅਤੇ ਮਾਓਵਾਦੀ ਨਾ ਸਿਰਫ਼ ਇਹ ਜਾਣਦੇ ਸਨ ਕਿ ਕਾਫ਼ਲੇ ਵਿਚ ਕਰਮਾ ਅਤੇ ਪਟੇਲ ਸਨ ਬਲਕਿ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਸੀ ਕਿ ਇਸ ਨੇ ਕਿਥੋਂ ਹੋਕੇ ਲੰਘਣਾ ਹੈ। 


ਲਗਦਾ ਹੈ ਕਿ ਕਾਂਗਰਸ ਹੋਰ ਵੱਧ ਕੇਂਦਰੀ ਨੀਮ-ਫ਼ੌਜੀ ਤਾਕਤਾਂ ਨੂੰ ਭੇਜ ਕੇ ਆਪਰੇਸ਼ਨ ਗ੍ਰੀਨ ਹੰਟ ਨੂੰ ਤੇਜ਼ ਕਰਨ 'ਤੇ ਤੁਲੀ ਹੋਈ ਹੈ। ਹਾਲਾਂਕਿ ਸੂਬੇ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਮਾਓਵਾਦੀਆਂ ਨਾਲ ਗੱਲਬਾਤ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ। ਇਸ ਉੱਪਰ ਗ਼ੌਰ ਕੀਤਾ ਜਾਣਾ ਚਾਹੀਦਾ ਹੈ ਕਿ ਮਾਓਵਾਦੀ ਹਮੇਸ਼ਾ ਗੱਲਬਾਤ ਲਈ ਤਿਆਰ ਰਹੇ ਹਨ। ਚਾਹੇ ਉਹ ਇਸ ਉੱਪਰ ਜ਼ੋਰ ਦਿੰਦੇ ਰਹੇ ਹਨ ਕਿ ਉਹ ਤਾਕਤ ਦਾ ਇਸਤੇਮਾਲ ਬੰਦ ਨਹੀਂ ਕਰਨਗੇ। ਇਸ ਦੇ ਬਾਵਜੂਦ, ਭਾਜਪਾ ਅੱਗੇ ਨਿਕਲਣ ਦੀ ਕੋਸ਼ਿਸ਼ 'ਚ ਕੁਝ ਵੀ ਸੁਝਾਅ ਦੇਵੇ, ਕਾਂਗਰਸ ਯਕੀਨਨ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਪੋਲਿਟ ਬਿਓਰੋ ਦੇ ਇਸ ਬਿਆਨ ਤੋਂ ਖ਼ੁਸ਼ ਹੋਵੇਗੀ ਜਿਸ ਵਿਚ ''ਇਨ੍ਹਾਂ ਮਾਓਵਾਦੀ ਤਬਾਹੀਆਂ'' ਦੇ ਖ਼ਾਤਮੇ ਲਈ ''ਸਖ਼ਤ ਕਾਰਵਾਈ'' ਦੀ ਮੰਗ ਕੀਤੀ ਗਈ ਹੈ ਅਤੇ ''ਮਾਓਵਾਦੀਆਂ ਦੀ ਹਿੰਸਾ ਦੀ ਸਿਆਸਤ ਨਾਲ ਲੜਨ ਲਈ ਸਾਰੀਆਂ ਜਮਹੂਰੀ ਤਾਕਤਾਂ'' ਨੂੰ ਅਪੀਲ ਕੀਤੀ ਗਈ ਹੈ। 

ਅਸੀਂ ਮਾਓਵਾਦੀ ਹਿੰਸਾ ਦੇ ਖ਼ਿਲਾਫ਼ ਇਸ ਦਿਆਨਤਦਾਰ ਨਾਰਾਜ਼ਗੀ ਦੇ ਰਾਗ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਦੇ ਹਾਂ। ਕਿਉਂ? ਪੀੜਤ ਲੋਕ ਇਨ੍ਹਾਂ ਅਖੌਤੀ ਦਹਿਸ਼ਤਵਾਦ ਵਿਰੋਧੀਆਂ ਦੀ ਰਗ ਰਗ ਤੋਂ ਜਾਣੂ ਹਨ, ਚਾਹੇ ਉਹ ਉੱਤਰੀ ਛੱਤੀਸਗੜ੍ਹ ਦੇ ਸਧਾਰਨ ਆਦਿਵਾਸੀ ਹੋਣ ਜਾਂ ਗੁਜਰਾਤ ਦੇ ਮੁਸਲਮਾਨ ਹੋਣ। ਇਹ ਅਖੌਤੀ ਦਹਿਸ਼ਤਵਾਦ ਵਿਰੋਧੀ ਇਕ ਅਜਿਹੀ ਦਹਿਸ਼ਤਗਰਦੀ ਦੇ ਮੁਜਰਮ ਹਨ ਜੋ 'ਮਨੁੱਖਤਾ ਖ਼ਿਲਾਫ਼ ਜੁਰਮ' ਦੇ ਦਾਇਰੇ 'ਚ ਆਉਂਦਾ ਹੈ। ਇਨ੍ਹਾਂ ਨੂੰ ਜਮਹੂਰੀ ਕਦਰਾਂ-ਕੀਮਤਾਂ ਦੀ ਗੱਲ ਕਰਨ ਦਾ ਕੋਈ ਇਖ਼ਲਾਕੀ ਹੱਕ ਨਹੀਂ ਹੈ। ਕਾਂਗਰਸ ਦੀ ਅਗਵਾਈ ਵਾਲੇ ਸਾਂਝੇ ਪ੍ਰਗਤੀਸ਼ੀਲ ਗੱਠਜੋੜ ਵਲੋਂ ਉਸ ''ਸੁਰੱਖਿਆ ਸਬੰਧੀ ਖ਼ਰਚ'' ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਦਾ ਪੈਸਾ ਸਲਵਾ ਜੂਡਮ ਨੂੰ ਗਿਆ। ਉੱਧਰ ਰਾਜ ਦੀ ਭਾਜਪਾ ਸਰਕਾਰ ਨੇ ਇਥੇ ਉਜਾੜੇ ਗਏ ਲੋਕਾਂ ਦੇ ਕੈਂਪਾਂ ਲਈ ਰੱਖਿਆ ਪੈਸਾ ਸਲਵਾ ਜੂਡਮ ਆਗੂਆਂ ਦੀ ਝੋਲੀ ਪਾ ਦਿੱਤਾ। ਅਤੇ ਖਾਣ ਕੰਪਨੀਆਂ ਨੇ ਸਲਵਾ ਜੂਡਮ ਦੇ ਯੁੱਧ ਸਰਦਾਰਾਂ ਨਾਲ 'ਸੁਰੱਖਿਆ ਅਤੇ ਜ਼ਮੀਨ ਨੂੰ ਖਾਲੀ ਕਰਾਉਣ' ਲਈ ਉਨ੍ਹਾਂ ਦੀਆਂ ਸੇਵਾਵਾਂ ਲੈਣ ਲਈ ਸੌਦੇ ਕੀਤੇ। ਮਹੇਂਦਰ ਕਰਮਾ ਨੇ ਜਿਸ ਸਲਵਾ ਜੂਡਮ ਦੀ ਅਗਵਾਈ ਕੀਤੀ ਉਹ ''ਸਥਾਨਕ ਉਭਾਰ ਦੇ ਪਰਦੇ ਹੇਠੇ ਜ਼ਮੀਨ ਅਤੇ ਸੱਤਾ ਦੀ ਲੁੱਟਮਾਰ'' ਸੀ, ਜਿਵੇਂ ਕਿ ਡਾਇਲੈਕਟੀਕਲ ਐਂਥਰੋਪਾਲੋਜੀ ਨਾਂ ਦੇ ਰਸਾਲੇ ਵਿਚ ਲਿਖਦੇ ਹੋਏ ਜੇਸਨ ਮਿਕਲੀਅਨ ਨੇ ਇਸ ਬਾਰੇ ਕਿਹਾ (33, 2009, ਸਫ਼ਾ 456)।

ਛੱਤੀਸਗੜ੍ਹ ਵਿਚ ਦਾਂਤੇਵਾੜਾ, ਬਸਤਰ ਅਤੇ ਬੀਜਾਪੁਰ ਜ਼ਿਲ੍ਹਿਆਂ ਵਿਚ ਖਣਿਜ ਦੌਲਤ ਨਾਲ ਭਰਪੂਰ ਇਲਾਕੇ ਵਿਚ ਕਾਰਪੋਰੇਸ਼ਨਾਂ ਵਲੋਂ ਵੱਡੇ ਪੈਮਾਨੇ 'ਤੇ ਜ਼ਮੀਨ ਐਕਵਾਇਰ ਕਰਨ ਦੇ ਪ੍ਰਸੰਗ 'ਚ ਪੂਰੇ ਦੇ ਪੂਰੇ ਪਿੰਡ ਖਾਲੀ ਕਰਾ ਦਿੱਤੇ ਗਏ ਅਤੇ ਪਿੰਡ ਵਾਲਿਆਂ ਨੂੰ ਧੱਕੇ ਨਾਲ ਕੈਂਪਾਂ 'ਚ ਲਿਜਾਕੇ ਡੱਕ ਦਿੱਤਾ ਗਿਆ। ਇਨ੍ਹਾਂ ਕੈਂਪਾਂ ਵਿਚੋਂ ਜਿਹੜੇ ਲੋਕ ਭੱਜ ਗਏ ਉਨ੍ਹਾਂ ਨੂੰ ਮਾਓਵਾਦੀ ਐਲਾਨ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਅਸਲ ਵਿਚ ਸਲਵਾ ਜੂਡਮ, ਜਿਸ ਨੇ ਪਿੰਡਾਂ ਨੂੰ ਖਾਲੀ ਕਰਨ ਅਤੇ ਧੱਕੇ ਨਾਲ ਲੋਕਾਂ ਨੂੰ ਕੈਂਪਾਂ ਵਿਚ ਡੱਕਣ ਦਾ ਅਮਲ ਜਥੇਬੰਦ ਕੀਤਾ, ''(ਸੂਬਾ) ਸਰਕਾਰ ਵਲੋਂ ਜਥੇਬੰਦ ਅਤੇ ਉਤਸ਼ਾਹਤ ਕੀਤੀ ਗਈ ਸੀ ਅਤੇ ਇਸ ਲਈ ਕੇਂਦਰ ਸਰਕਾਰ ਵਲੋਂ ਹਥਿਆਰ ਅਤੇ ਸੁਰੱਖਿਆ ਤਾਕਤਾਂ ਦੀ ਕੁਮਕ ਦਿੱਤੀ ਗਈ ਸੀ।'' ਨਹੀਂ ਜਨਾਬ। ਇਹ ਮਿਸਾਲ ਇਸ ਮੁਲਕ ਦੀਆਂ ਸ਼ਹਿਰੀ ਹੱਕਾਂ ਅਤੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਦੀ ਕਿਸੇ ਰਿਪੋਰਟ ਵਿਚੋਂ ਨਹੀਂ ਲਈ ਗਈ ਸਗੋਂ ਇਹ 2009 ਦੀ ਉਸ ਖਰੜਾ ਰਿਪੋਰਟ ਦੇ ਕਾਂਡ ਚਾਰ ਵਿਚੋਂ ਲਈ ਗਈ ਹੈ, ਜੋ ਸਟੇਟ ਜ਼ਰੱਈ ਰਿਸ਼ਤੇ ਅਤੇ ਜ਼ਮੀਨੀ ਸੁਧਾਰਾਂ ਦਾ ਅਧੂਰਾ ਕਾਜ ਬਾਰੇ ਕਮੇਟੀ (ਭਾਰਤ ਦੇ ਪੇਂਡੂ ਵਿਕਾਸ ਮੰਤਰਾਲੇ ਵਲੋਂ ਬਣਾਈ ਗਈ ਕਮੇਟੀ - ਅਨੁਵਾਦਕ) ਦੇ ਉੱਪ ਗਰੁੱਪ ਚਾਰ ਵਲੋਂ ਲਿਖੀ ਗਈ ਸੀ। ਇਹ ਕਮੇਟੀ ''ਕੋਲੰਬਸ ਤੋਂ ਬਾਦ ਆਦਿਵਾਸੀ ਜ਼ਮੀਨ ਦੀ ਸਭ ਤੋਂ ਵੱਡੀ ਲੁੱਟਮਾਰ'' ਦਾ ਜ਼ਿਕਰ ਕਰਦੀ ਹੈ ਜਿਸ ਦੀ ਮੁੱਢਲੀ ਸਕਰਿਪਟ ''ਟਾਟਾ ਸਟੀਲ ਅਤੇ ਐੱਸਆਰ ਸਟੀਲ ਨੇ ਲਿਖੀ ਜਿਨ੍ਹਾਂ ਵਿਚੋਂ ਹਰੇਕ ਕੰਪਨੀ ਸੱਤ ਸੱਤ ਪਿੰਡ ਅਤੇ ਉਸ ਦੇ ਆਲੇ-ਦੁਆਲੇ ਦੀ ਜ਼ਮੀਨ ਲੈਣਾ ਚਾਹੁੰਦੀ ਸੀ ਤਾਂ ਕਿ ਭਾਰਤ ਵਿਚ ਹਾਸਲ ਕੱਚੇ ਲੋਹੇ ਦੇ ਸਭ ਤੋਂ ਭਰਪੂਰ ਭੰਡਾਰ ਨੂੰ ਖਾਣਾਂ ਖੋਦਕੇ ਹਥਿਆਇਆ ਜਾ ਸਕੇ।'' 

ਜੂਨ 2005 ਤੋਂ ਲੈਕੇ ਇਸ ਤੋਂ ਬਾਦ ਦੇ ਕਰੀਬ ਅੱਠ ਮਹੀਨੇ ਸਲਵਾ ਜੂਡਮ ਵਲੋਂ ਕੀਤੀ ਗਈ ਤਬਾਹੀ ਦੇ ਗਵਾਹ ਬਣੇ, ਜਿਸ ਦੀ ਮਦਦ ਰਾਜ ਦੀ ਸੁਰੱਖਿਆ ਤਾਕਤਾਂ ਨੇ ਕੀਤੀ - ਇਸ ਵਿਚ ਸੈਂਕੜੇ ਆਮ ਗੌਂਡੀ ਕਿਸਾਨਾਂ ਦੇ ਕਤਲ ਕੀਤੇ ਗਏ, ਸੈਂਕੜੇ ਪਿੰਡ ਤਬਾਹ ਕਰ ਦਿੱਤੇ ਗਏ ਅਤੇ ਲੋਕਾਂ ਨੂੰ ਧੱਕੇ ਨਾਲ ਕੈਂਪਾਂ ਵਿਚ ਡੱਕਿਆ ਗਿਆ, ਔਰਤਾਂ ਉੱਪਰ ਲਿੰਗਕ ਜ਼ੁਲਮ ਢਾਏ ਗਏ, ਖੇਤੀ ਦੀਆਂ ਜ਼ਮੀਨਾਂ ਦੇ ਵਿਸ਼ਾਲ ਟੁਕੜੇ ਖਾਲੀ ਪਏ ਰਹੇ, ਛੋਟੀਆਂ ਛੋਟੀਆਂ ਜੰਗਲੀ ਉਪਜਾਂ ਇਕੱਠੀਆਂ ਕਰਨ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ, ਹਫ਼ਤਾਵਾਰ ਬਜ਼ਾਰਾਂ 'ਚ ਆਕੇ ਖ਼ਰੀਦੋ-ਫ਼ਰੋਖ਼ਤ ਕਰਨਾ ਠੱਪ ਹੋ ਗਿਆ, ਸਕੂਲ ਪੁਲਿਸ ਕੈਂਪ ਬਣਾ ਦਿੱਤੇ ਗਏ ਅਤੇ ਲੋਕਾਂ ਦੇ ਹੱਕਾਂ ਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ ਗਿਆ। ਜਦੋਂ ਮਾਓਵਾਦੀਆਂ ਨੇ ਭੂਮਕਾਲ ਮਿਲੀਸ਼ੀਆ ਬਣਾਈ ਅਤੇ ਉਨ੍ਹਾਂ ਦੀ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਨੇ ''ਦਾਅਪੇਚਕ ਮੋੜਵਾਂ ਵਾਰ ਮੁਹਿੰਮ'' ਦਾ ਸਿਲਸਿਲਾ ਵਿੱਢ ਦਿੱਤਾ, ਤਾਂ ਕਿਤੇ ਜਾ ਕੇ ਭਾਰਤੀ ਰਾਜ ਨੇ ਇਸ ਵਿਦਰੋਹ ਦੇ ਖ਼ਿਲਾਫ਼ ਆਪਣੀ ਰਣਨੀਤੀ ਉੱਪਰ ਮੁੜ ਵਿਚਾਰ ਕਰਨਾ ਸ਼ੁਰੂ ਕੀਤਾ, ਫਿਰ ਇਸ ਨੇ ਸਤੰਬਰ 2009 ਵਿਚ ਆਪਰੇਸ਼ਨ ਗ੍ਰੀਨ ਹੰਟ ਸ਼ੁਰੂ ਕੀਤਾ ਜੋ ਓਦੋਂ ਤੋਂ ਹੀ ਚਲ ਰਿਹਾ ਹੈ ਅਤੇ ਇਸ ਸਾਲ ਜਨਵਰੀ ਤੋਂ ਇਸ ਵਿਚ ਹੋਰ ਤੇਜ਼ ਲਿਆਂਦੀ ਗਈ ਹੈ। ਇਸ ਦੀ ਤਾਜ਼ਾ ਵੱਡੀ ਘਟਨਾ ਬੀਜਾਪੁਰ ਜ਼ਿਲ੍ਹੇ ਵਿਚ 17 ਮਈ ਨੂੰ ਇਡੇਸਮੇਟਾ ਪਿੰਡ ਵਿਚ ਰਾਤ ਨੂੰ ਵਾਪਰੀ ਜਿਥੇ ਸੀ ਆਰ ਪੀ ਐੱਫ ਦੀ ਕੋਬਰਾ ਬਟਾਲੀਅਨ ਦੇ ਜਵਾਨਾਂ ਨੇ ਇਕਤਰਫ਼ਾ ਅਤੇ ਅੰਨ੍ਹੇਵਾਹ ਗੋਲੀਆਂ ਚਲਾਕੇ ਅੱਠ ਆਮ ਆਦਿਵਾਸੀਆਂ ਨੂੰ ਕਤਲ ਕਰ ਦਿੱਤਾ, ਜਿਸ ਵਿਚ ਚਾਰ ਨਾਬਾਲਗ ਸ਼ਾਮਲ ਸਨ। ਇਨ੍ਹਾਂ ਵਿਚ ਕੋਈ ਵੀ ਮਾਓਵਾਦੀ ਨਹੀਂ ਸੀ। 

ਮਾਓਵਾਦੀ ਹਿੰਸਾ ਦੇ ਖ਼ਿਲਾਫ਼ ਦਿਆਨਤਦਾਰ ਨਾਰਾਜ਼ਗੀ ਦਾ ਇਹ ਰਾਗ ਕਿਥੇ ਸੀ ਜਦੋਂ ਸਲਵਾ ਜੂਡਮ ਮਨੁੱਖਤਾ ਖ਼ਿਲਾਫ਼ ਜੁਰਮ ਕਰ ਰਹੀ ਸੀ ਅਤੇ ਜਦੋਂ ਆਪਰੇਸ਼ਨ ਗ੍ਰੀਨ ਹੰਟ ਵੀ ਐਨ ਇਹੋ ਕੁਝ ਕਰ ਰਿਹਾ ਸੀ (ਅਤੇ ਕਰ ਰਿਹਾ ਹੈ)? ਅਸੀਂ ਜਾਣਦੇ ਹਾਂ ਕਿ ਇਕ ਸਹੀ ਰਾਜਸੀ ਵਿਹਾਰ ਕੀ ਹੁੰਦਾ ਹੈ, ਅਤੇ ਇਹ ਸਾਂਝਾ ਰਾਗ ਅਲਾਪਣ ਵਾਲੇ ਆਗੂਆਂ ਨਾਲੋਂ ਯਕੀਨਨ ਹੀ ਕਿਤੇ ਵੱਧ ਚੰਗੀ ਤਰ੍ਹਾਂ ਜਾਣਦੇ ਹਾਂ। ਪਰ ਜੋ ਹੋਇਆ ਉਸਦਾ ਵਿਸ਼ਲੇਸ਼ਣ ਅਸੀਂ ਖ਼ੁਦ ਕਰਨਾ ਹੈ, ਆਪਣੀ ਸੋਚ ਅਨੁਸਾਰ ਅਤੇ ਆਪਣੇ ਮਕਸਦਾਂ ਲਈ। ਕਿਉਂਕਿ ਹੁਣ ਤਕ ਸਾਹਮਣੇ ਆਈ ਜਾਣਕਾਰੀ ਅਧੂਰੀ ਹੈ, ਇਸ ਲਈ ਅਸੀਂ ਇਸ ਵਕਤ ਵੱਧ ਤੋਂ ਵੱਧ ਕੁਝ ਸਵਾਲ ਹੀ ਪੁੱਛ ਸਕਦੇ ਹਾਂ। ਜਿਨ੍ਹਾਂ ਪ੍ਰਸੰਗ ਅਤੇ ਹਾਲਾਤ ਦਾ ਖ਼ਾਕਾ ਅਸੀਂ ਪੇਸ਼ ਕੀਤਾ ਹੈ ਉਨ੍ਹਾਂ ਵਿਚ, ਅਤੇ ਇਸ ਤੱਥ ਦੀ ਰੌਸ਼ਨੀ 'ਚ ਕਿ ਸੰਵਿਧਾਨ ਅਤੇ ਕਾਨੂੰਨ ਪੀੜਤਾਂ ਨੂੰ ਨਿਆਂ ਦਿਵਾਉਣ 'ਚ ਨਾਕਾਮ ਰਹੇ, ਇਸ ਹਾਲਤ ਮਾਓਵਾਦੀਆਂ ਦੀ ਅਗਵਾਈ 'ਚ ਦੱਬੇ-ਕੁਚਲਿਆਂ ਦੀ ਇਹ ਹਿੰਸਾ ਕੀ ਇਕ ਜ਼ਰੂਰਤ ਨਹੀਂ ਸੀ? ਕੀ ਇਸ ਨੇ ਇਨਸਾਫ਼ ਦਾ ਮਕਸਦ ਪੂਰਾ ਨਹੀਂ ਕੀਤਾ ਹੈ? ਕੀ ਇਹ ਇਖ਼ਲਾਕੀ ਤੌਰ 'ਤੇ ਜਾਇਜ਼ ਨਹੀਂ ਸੀ? ਕੀ ਦੱਬੇ-ਕੁਚਲਿਆਂ ਕੋਲ ਉਸ ਹਿੰਸਾ ਨੂੰ ਚੁਣੌਤੀ ਦੇਣ ਤੋਂ ਬਿਨਾ ਕੋਈ ਹੋਰ ਰਾਹ ਵੀ ਸੀ, ਜੋ ਉਨ੍ਹਾਂ ਉੱਪਰ ਦਾਬੇ ਨੂੰ ਸੰਭਵ ਬਣਾਉਣ ਅਤੇ ਉਸ ਨੂੰ ਬਰਕਰਾਰ ਰੱਖਣ ਦਾ ਸਾਧਨ ਹੈ? ਪਰ ਦੱਬੇ-ਕੁਚਲਿਆਂ ਦੀ ਹਿੰਸਾ ਦੇ ਅਣਮਨੁੱਖੀ ਪੱਖਾਂ ਬਾਰੇ ਕੀ ਕਿਹਾ ਜਾਵੇ? ਕੀ ਇਨਕਲਾਬੀਆਂ ਨੂੰ ਆਪਣੀਆਂ ਤਾਕਤਾਂ ਦੀ ਵਰਤੋਂ ਨੂੰ ਕੁਝ ਖ਼ਾਸ ਸੀਮਤ ਸ਼ਰਤਾਂ ਤਹਿਤ ਨਹੀਂ ਲਿਆਉਣਾ ਚਾਹੀਦਾ, ਜਿਵੇਂ ਕਿ ਜਨੇਵਾ ਕਨਵੈਨਸ਼ਨ ਦੀ ਆਮ ਧਾਰਾ 3 ਅਤੇ ਪ੍ਰੋਟੋਕੋਲ 2, ਜੋ ਕਿ ਗ਼ੈਰ-ਕੌਮਾਂਤਰੀ ਹਥਿਆਰਬੰਦ ਟਕਰਾਵਾਂ ਨਾਲ ਸਬੰਧਤ ਹੈ? ਬੇਰਹਿਮੀ ਅਤੇ ਵਹਿਸ਼ਤ ਨੂੰ ਇਨਕਲਾਬ ਦੇ ਸਾਧਨਾਂ ਦਾ ਹਿੱਸਾ ਕਦੇ ਵੀ ਨਹੀਂ ਬਣਨ ਦੇਣਾ ਚਾਹੀਦਾ।25 ਮਈ ਦਾ ਮਾਓਵਾਦੀ ਛਾਪਾਮਾਰ ਹਮਲਾ ਦੱਬੇ-ਕੁਚਲਿਆਂ ਦੀ ਹਿੰਸਾ ਦੇ ਵਿਆਪਕ ਵਰਤਾਰੇ ਦਾ ਇਕ ਟੁਕੜਾ ਹੈ, ਜਿਸ ਦੇ ਪੈਦਾ ਹੋਣ ਅਤੇ ਭੜਕਣ ਦੀ ਵਜ੍ਹਾ ਸਦਾ ਹੀ ਦਬਾਉਣ ਵਾਲਿਆਂ ਦੀ ਹਿੰਸਾ ਹੁੰਦੀ ਹੈ। 

ਅਨੁਵਾਦ : ਬੂਟਾ ਸਿੰਘ
ਅਨੁਵਾਦਕ ਸਿਆਸੀ-ਸਮਾਜਿਕ ਕਾਰਕੁੰਨ ਹਨ।ਕਈ ਅਹਿਮ ਕਿਤਾਬਾਂ ਦਾ ਪੰਜਾਬੀ 'ਚ ਤਰਜ਼ਮਾ ਕਰ ਚੁੱਕੇ ਹਨ।ਪੰਜਾਬ 'ਚ ਅਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਚ 'ਐਂਟੀ ਗ੍ਰੀਨ ਹੰਟ ਫੋਰਮ' ਬਣਾਉਣ ਦੀ ਪਹਿਲਕਦਮੀ ਕਰਨ ਵਾਲਿਆਂ ਚੋਂ ਇਕ ਹਨ। 
 ਫ਼ੋਨ:94634-74342

Tuesday, April 9, 2013

2014 ਚੋਣਾਂ ਤੋਂ ਬਾਅਦ ਮਾਓਵਾਦੀਆਂ 'ਤੇ ਵੱਡਾ ਹਮਲਾ ਹੋਣ ਦੀ ਤਿਆਰੀ : ਅਰੁੰਧਤੀ ਰਾਏ

ਅਰੁੰਧਤੀ ਰਾਏ ਨਾਲ ਨਰਿੰਦਰ ਸਿੰਘ ਰਾਵ ਦੀ ਇਹ ਮੁਲਾਕਾਤ ਮਸ਼ਹੂਰ ਹਿੰਦੀ ਰਸਾਲੇ ਸਮਯਾਂਤਰ 'ਚ ਛਪੀ  ਹੈ।ਇਸ ਲੰਮੀ ਮੁਲਾਕਾਤ ਦੇ ਕੁਝ ਅਹਿਮ ਸਿਆਸੀ ਹਿੱਸਿਆਂ ਦਾ ਪੰਜਾਬੀ ਤਰਜ਼ਮਾ ਸਿਆਸਤ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਕੀਤਾ ਹੈ।ਸਿਆਸਤ ਨਾਲ ਪਿਆਰ ਕਰਨ ਵਾਲਿਆਂ  ਨੂੰ ਇਹ ਮੁਲਾਕਾਤ ਜ਼ਰੂਰ ਪੜ੍ਹਨੀ ਚਾਹੀਦੀ ਹੈ।-ਯਾਦਵਿੰਦਰ ਕਰਫਿਊ 

ਅੱਜ ਦੇ ਦੌਰ ਵਿੱਚ ਤੁਸੀਂ ਬਰਾਬਰਤਾ 'ਤੇ ਅਧਾਰਤ ਸਮਾਜ ਦੇ ਵਿਚਾਰ ਨੂੰ ਕਿਵੇਂ ਦੇਖਦੇ ਹੋਂ? 

ਮੇਰੇ ਖਿਆਲ ਵਿੱਚ ਬਹੁਤ ਘੱਟ ਲੋਕ ਇਸ ਦੇ ਬਾਰੇ ਸੋਚਦੇ ਹਨ । ਜਦੋਂ 1968-69 ਵਿੱਚ ਪਹਿਲਾ ਨਕਸਲਵਾੜੀ ਅੰਦੋਲਨ ਸ਼ੁਰੂ ਹੋਇਆ ਸੀ ਜਾਂ ਬਰਾਬਰਤਾ 'ਤੇ ਅਧਾਰਿਤ ਸਮਾਜ ਦੀ ਜੋ ਪੂਰੀ ਸੋਚ ਸੀ, ਲੋਕ ਕਹਿੰਦੇ ਸਨ ਕਿ ਜ਼ਮੀਨ ਖੇਤੀ ਕਰਨ ਵਾਲੇ ਨੂੰ ਮਿਲਣੀ ਚਾਹੀਦੀ ਹੈ।ਮਤਲਬ ਜਿਸਦੇ ਕੋਲ ਜ਼ਮੀਨ ਹੈ ਉਸ ਤੋਂ ਖੋਹ ਕੇ ਉਹਨਾਂ ਨੂੰ ਦੇ ਦਿੳ ਜਿਨ੍ਹਾਂ ਕੋਲ ਨਹੀਂ ਹੈਂ। ਉਹ ਸੋਚ ਹੁਣ ਪੂਰੀ ਤਰ੍ਹਾਂ ਬੰਦ /ਖ਼ਤਮ ਹੋ ਗਈ। ਹੁਣ ਕੇਵਲ ਇਹ ਹੈ ਕਿ ਜਿਸ ਦੇ ਕੋਲ ਥੋੜ੍ਹਾ- ਬਹੁਤਾ ਬਚਿਆ ਹੈ।ਉਸ ਨੂੰ ਨਾ ਖੋਹਿਆ ਜਾਵੇ। ਇਸਦੇ ਨਾਲ ਇਹ ਹੋਇਆ ਕਿ ਅਤੀ-ਖੱਬੇਪੱਖੀ, ਜਿਨ੍ਹਾਂ ਨੂੰ ਨਕਸਲਵਾਦੀ ਜਾਂ ਮਾਓਵਾਦੀ ਕਹਿੰਦੇ ਹਨ,ਉਹ ਵੀ ਇਸ ਤੋਂ ਪਿੱਛੇ ਹਟ ਗਏ ਹਨ।ਉਹ ਲੋਕ ਉਹਨਾਂ ਲੋਕਾਂ ਲਈ ਲੜ ਰਹੇ ਹਨ ਜਿਨ੍ਹਾਂ ਦੀ ਜ਼ਮੀਨ ਰਾਜ ਨੇ ਉਹਨਾਂ ਤੋਂ ਖੋਹ ਲਈ ਹੈ। ਦਰਅਸਲ, ਇਹ ਉਹ ਲੋਕ ਹਨ ਜਿਨ੍ਹਾਂ ਕੋਲ ਜ਼ਮੀਨ ਹੈ। ਪਰ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ, ਜੋ ਸ਼ਹਿਰੀ ਗਰੀਬ ਹੈ ਜਾਂ ਦਲਿਤ ਹਨ ਅਤੇ ਜੋ ਪੂਰੀ ਤਰ੍ਹਾਂ ਸਮਾਜ ਦੀ ਕੰਨ੍ਹੀ 'ਤੇ ਪਏ ਮਜ਼ਦੂਰ ਹਨ, ਉਨ੍ਹਾਂ ਵਿੱਚ ਹੁਣ ਕਿਹੜਾ ਰਾਜਨੀਤਿਕ ਅੰਦੋਲਨ ਚੱਲ ਰਿਹਾ? ਕੋਈ ਵੀ ਨਹੀਂ ਚੱਲ ਰਿਹਾ।ਜਿਹੜੀ ਰੈਡੀਕਲ ਮੂਵਮੈਂਟ ਹੈ ਉਹ ਇਹ ਹੈ ਜੋ ਪਿੰਡਾਂ ਵਾਲੇ ਬੋਲਦੇ ਹਨ- ਸਾਡੀ ਜ਼ਮੀਨ ਨਾ ਲਓ। ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਜੋ ਅਸਥਾਈ ਮਜ਼ਦੂਰ ਹਨ ਜਾਂ ਜੋ ਸ਼ਹਿਰੀ ਗਰੀਬ ਹਨ, ਉਹ ਸਿਆਸੀ ਵਿਚਾਰ ਚਰਚਾ ਤੋਂ ਬਿਲਕੁਲ ਬਾਹਰ ਹਨ। ਬਰਾਬਰੀ 'ਤੇ ਅਧਾਰਤ ਸਮਾਜ ਦੇ ਮਾਮਲੇ 'ਚ ਅਸੀਂ ਸੱਤਰ ਦੇ ਦਹਾਕੇ ਤੋਂ ਅੱਗੇ ਨਹੀਂ, ਬਹੁਤ ਪਿਛੇ ਜਾ ਚੁੱਕੇ ਹਾਂ। ਨਵ-ਉਦਾਰਵਾਦੀ ਦੀ ਪੂਰੀ ਭਾਸ਼ਾ ਨੂੰ ਹੀ ਲੈ ਲਓ , ਜਿਸਨੂੰ ਟ੍ਰਿਕਲ ਡਾਊਨ ਕਹਿੰਦੇ ਹਨ, ਉਸ ਨੂੰ ਹੀ ਦੇਖ ਲਓ। ਬਰਾਬਰੀ 'ਤੇ ਅਧਾਰਤ ਸਮਾਜ ਦੀ ਜੋ ਭਾਸ਼ਾ ਹੈ,ਉਹ ਮੁਕੰਮਲ ਹੈ। ਜੇ ਤੁਸੀਂ ਕਮਿਊਨਿਸਟ ਨਹੀਂ ਹੋ ਅਤੇ ਪੂੰਜੀਵਾਦੀ ਹੋ ਤਾਂ ਹੁਣ ਜੋ ਹੋ ਰਿਹਾ ਉਹ ਪੂੰਜੀਵਾਦੀ ਲੋਕ ਵੀ ਨਹੀਂ ਕਰਦੇ। ਇਥੇ ਇੱਕ ਬਰਾਬਰ ਮੈਦਾਨ ਹੁੰਦਾ ਹੈ, ਜੋ ਹੁਣ ਨਹੀਂ ਹੈ। ਜਿਹੜੇ ਧੰਦੇ ਵਾਲੇ ਲੋਕ (ਵਪਾਰੀ) ਹਨ ਉਹਨਾਂ ਨੂੰ ਕਾਰਪੋਰੇਟ ਨੇ ਕਿਨਾਰੇ/ ਖੂੰਜੇ ਲਾ ਦਿੱਤਾ। ਛੋਟੇ ਵਪਾਰੀਆਂ ਨੂੰ ਮਾਲਾਂ ਨੇ ਕੰਢੇ ਕਰ ਦਿੱਤਾ। ਇਹ ਪਤਾ ਨਹੀਂ ਕੀ ਹੈ? ਇਹ ਕੁੱਝ ਹੋਰ ਹੀ ਹੈ। 

ਬਤੌਰ ਲੇਖਿਕਾ ਅਤੇ ਕਾਰਕੁੰਨ(ਐਕਟਵਿਸਟ) ਤੁਸੀਂ ਮਾਰਕਸਵਾਦ ਨੂੰ ਕਿਵੇਂ ਦੇਖਦੇ ਹੋਂ? 

ਪਹਿਲੀ ਗੱਲ ਇਹ ਹੈ ਕਿ ਮੈਂ ਆਪਣੇ ਆਪ ਨੂੰ ਲੇਖਿਕਾ ਸਮਝਦੀ ਹਾਂ, ਨਾ ਕਿ ਕਾਰਕੁੰਨ(ਐਕਟੀਵਿਸਟ) । ਇਹ ਇਸ ਲਈ ਕਿ ਇਨ੍ਹਾਂ ਨਾਲ ਖਾਸ ਤਰ੍ਹਾਂ ਦੀਆਂ ਹੱਦਾਂ ਤੈਅ ਹੁੰਦੀਆਂ ਹਨ। ਇਕ ਵੇਲਾ ਸੀ ਕਿ ਲੇਖਕ ਹਰ ਗੱਲ 'ਤੇ ਆਪਣੀ ਰਾਏ ਰੱਖਦੇ ਸਨ ਅਤੇ ਸਮਝਦੇ ਸਨ ਕਿ ਇਹ ਉਹਨਾਂ ਦਾ ਫਰਜ਼ ਹੈ। ਅੱਜਕੱਲ ਲਿਟਰੇਰੀ ਮੇਲਿਆਂ 'ਚ ਜਾਣਾ ਉਹਨਾਂ ਦਾ 'ਫਰਜ਼' ਬਣ ਗਿਆ। ਐਕਟੀਵਿਸਟਾਂ ਬਾਰੇ ਉਹ ਸਮਝਦੇ ਹਨ ਕਿ ਉਹਨਾਂ ਦਾ ਕੰਮ ਕੁਝ ਹੋਰ ਹੈ , ਜਿਸ ਵਿੱਚ ਗਹਿਰਾਈ ਨਹੀਂ ਹੈ। ਕੰਮ ਦੀ ਇਸ ਤਰ੍ਹਾਂ ਵੰਡ ਮੈਨੂੰ ਪਸੰਦ ਨਹੀਂ। ਮੈਂ ਮਾਰਕਸਵਾਦ ਨੂੰ ਇਕ ਵਿਚਾਰਧਾਰਾ ਦੇ ਰੂਪ ਵਿੱਚ ਦੇਖਦੀ ਹਾਂ। ਇਸ ਅਦਭੁੱਤ ਵਿਚਾਰਧਾਰਾ ਦੇ ਮੂਲ ਵਿੱਚ ਸਮਾਨਤਾ ਸਮਾਈ ਹੈ, ਸਿਰਫ ਸਿਧਾਂਤਕ ਤੌਰ 'ਤੇ ਹੀ ਨਹੀ ਬਲਕਿ ਪ੍ਰਸ਼ਾਸਨਿਕ ਤੌਰ 'ਤੇ ਵੀ।ਜੇ ਭਾਰਤੀ ਪਰਿਪੇਖ ਵਿੱਚ ਜੀਵਨ ਦੀਆਂ ਸੱਮਸਿਆਵਾਂ ਨੂੰ ਮਾਰਕਸਵਾਦ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਕਈ ਸਾਰੀਆਂ ਸੱਮਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਪਰ ਮਾਰਕਸਵਾਦੀ ਨਜ਼ਰੀਏ ਨਾਲ ਜਾਤੀ ਨਾਲ ਨਹੀਂ ਨਿਪਟਿਆ ਗਿਆ। ਆਮ ਤੌਰ 'ਤੇ ਉਹ ਕਹਿੰਦੇ ਹਨ ਕਿ ਜਾਤ ਹੀ ਜਮਾਤ(ਵਰਗ) ਹੈ, ਪਰ ਹਮੇਸ਼ਾ ਜਾਤੀ ਵਰਗ ਨਹੀਂ ਹੁੰਦੀ। ਜਾਤੀ ਵਰਗ ਹੋ ਸਕਦੀ ਹੈ, ਕਿਉਕਿ ਮੇਰੀ ਰਾਏ 'ਚ ਕਈ ਸਾਰੇ ਦਲਿਤ ਬੁੱਧੀਜੀਵੀਆਂ ਨੇ ਮਾਰਕਸਵਾਦ ਦਾ ਆਲੋਚਨਾਤਮਕ ਚਿੰਤਨ ਪੇਸ਼ ਕੀਤਾ ਹੈ, ਜੋ ਅੰਬੇਦਕਰ ਦੀ ਡਾਂਗੇ ਨਾਲ ਬਹਿਸ ਤੋਂ ਸ਼ੁਰੂ ਹੋ ਚੁੱਕਿਆ ਸੀ। ਪਰ ਮੇਰੀ ਰਾਏ ਵਿੱਚ ਅੱਜ ਵੀ ਰੈਡੀਕਲ ਖੱਬੇਪੱਖੀਆਂ ਨੇ ਇਸ ਮੁੱਦੇ ਨੂੰ ਸਲਝਾਉਣ ਦਾ ਕੋਈ ਰਾਸਤਾ ਨਹੀਂ ਖੋਜਿਆ। ਇਸ ਤਰ੍ਹਾਂ ਕਿਉਂ ਹੈ ਕਿ ਰੈਡੀਕਲ ਖੱਬੇਪੱਖੀ, ਮਾਓਵਾਦੀ ਅਤੇ ਸਾਰੇ ਦਾ ਸਾਰਾ ਨਕਸਲਵਾੜੀ ਅੰਦੋਲਨ (ਜਿਸ ਦੇ ਲਈ ਮੇਰੇ ਮਨ ਵਿੱਚ ਬਹੁਤ ਇਜ਼ੱਤ ਹੈ) ਸਿਰਫ ਜੰਗਲ ਅਤੇ ਆਦਿਵਾਸੀ ਇਲਾਕਿਆਂ ਵਿੱਚ ਹੀ ਸਭ ਤੋਂ ਜ਼ਿਆਦਾ ਮਜ਼ਬੂਤ ਹੈ, ਜਿੱਥੇ ਲੋਕਾਂ ਕੋਲ ਜ਼ਮੀਨਾਂ ਹਨ ? ਉਨ੍ਹਾਂ ਦੀ ਰਣਨੀਤੀ ਅਤੇ ਕਲਪਨਾਸ਼ੀਲਤਾ ਸ਼ਹਿਰਾਂ ਤੱਕ ਕਿਉ ਨਹੀਂ ਪਹੁੰਚ ਪਾਈ? ਇਨ੍ਹਾਂ ਸੀਮਾਵਾਂ ਕਰਕੇ ਦਲਿਤ ਫਿਰ ਕੱਟ ਗਿਆ। ਜਦੋਂ ਮੈਂ ਦਲਿਤਾਂ ਬਾਰੇ ਗੱਲ ਕਰ ਰਹੀ ਹਾਂ ਇਸ ਦਾ ਮਤਲਬ ਇਹ ਨਹੀਂ ਕਿ ਉਥੇ ਸਭ ਕੁੱਝ ਠੀਕ ਹੈ। ਜੋ ਲੋਕ ਆਪਣੇ ਆਪ ਨੂੰ ਦਲਿਤ ਕਹਿ ਰਹੇ ਹਨ ਉਹਨਾਂ ਅੰਦਰ ਵੀ ਬਹੁਤ ਮਤਭੇਦ ਹਨ। ਤਾਂ ਇਨ੍ਹਾਂ ਮੁੱਦਿਆਂ ਨਾਲ ਰੂਬਰੂ ਹੋਏ ਬਿਨਾਂ- ਸਾਡੀ ਭਾਸ਼ਾ ਵਿੱਚ  ਕਿਸ ਤਰ੍ਹਾਂ ਦਾ ਡੂੰਘਾਈ ਹੋਵੇਗੀ ਕਿ ਜਿਸਦੇ ਨਾਲ ਇਹ ਪਛਾਣਾਂ ਦਾ ਸੰਘਰਸ਼ ਬਣ ਕੇ ਨਾ ਰਹਿ ਜਾਵੇ। ਅਸੀਂ ਕਿੰਨੇ ਖੁਸ਼ ਸੀ ਜਦੋਂ ਵਰਲਡ ਸੋਸ਼ਲ ਫੋਰਮ ਵਿੱਚ ਲੱਖਾਂ ਲੋਕਾਂ ਨੇ ਹਿੱਸਾ ਲਿਆ ਸੀ। ਪਰ ਹਕੀਕਤ ਇਹ ਹੈ ਕਿ ਕਰੋੜਾਂ ਲੋਕ ਕੁੰਭ ਦੇ ਮੇਲੇ 'ਤੇ ਵੀ ਜਾਂਦੇ ਹਨ! ਜੇ ਸਿਰਫ ਲੋਕਾਂ ਦੇ ਸੈਲਾਬ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਸਭ ਤੋਂ ਵੱਡਾ ਅੰਦੋਲਨ ਹੈ! ਜਾਂ ਫਿਰ ਬਾਬਰੀ ਮਸੀਤ ਤੋੜਨ ਨੂੰ ਵੀ ਸਭ ਤੋਂ ਵੱਡਾ ਅੰਦੋਲਨ ਕਿਹਾ ਜਾ ਸਕਦਾ ਹੈ। ਬਾਬਰੀ ਮਸੀਤ ਤੋੜਨ ਤੋਂ ਬਾਅਦ ਆਰ. ਐੱਸ. ਐੱਸ., ਵੀ. ਪੀ. ਐਚ. ਅਤੇ ਸ਼ਿਵ ਸੈਨਾ ਵਰਗੀਆਂ ਸੱਜੀਆਂ ਤਾਕਤਾਂ ਤੇ ਆਮ ਲੋਕਾਂ ਅੰਦਰ ਫਾਸ਼ੀਵਾਦੀ ਪ੍ਰਵਿਰਤੀ 'ਤੇ ਅਸੀਂ ਕਦੇ ਧਿਆਨ ਨਹੀਂ ਦਿੱਤਾ।ਇਹ ਸਿਰਫ ਸਰਕਾਰ, ਆਰ. ਐੱਸ. ਐੱਸ. ਅਤੇ ਬੀ. ਜੇ .ਪੀ. ਦੀ ਗੱਲ ਹੀ ਨਹੀਂ। ਹਰ ਜਗ੍ਹਾ, ਗਲੀ-ਨੁੱਕਰ ਤੇ ਮੀਡੀਆਂ ਅੰਦਰ ਵੀ ਇਹ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਇਸ ਤਰ੍ਹਾਂ ਕਿਉੋਂ ਹੈ ਕਿ ਧਰਮ, ਜਾਤੀ ਅਤੇ ਇੱਜ਼ਤ ਦੇ ਸਵਾਲ 'ਤੇ ਲੋਕਾਂ ਨੂੂੰ ਬੇਹੱਦ ਤੇਜ਼ੀ ਨਾਲ ਲਾਮਬੰਦ ਕੀਤਾ ਜਾ ਸਕਦਾ।(ਜਿਵੇਂ ਗੁੱਜਰ ਅੰਦੋਲਨ 'ਚ ਅਸੀਂ ਦੇਖਿਆ) ਪਰ ਮੁਬੰਈ 'ਚ ਰਹਿਣ ਵਾਲੇ ਗਰੀਬ ਕਦੇ ਲਾਮਬੰਦ ਨਹੀਂ ਹੁੰਦੇ। ਉਥੇ ਸਭ ਕੁੱਝ ਜਾਂ ਤਾਂ ਬਿਹਾਰੀ ਬਨਾਮ ਠਕਾਰੇ ਹੁੰਦਾ ਜਾਂ ਫਿਰ ਯੂ. ਪੀ. ਬਨਾਮ ਠਾਕਰੇ। ਭਾਰਤ ਇਸ ਤਰ੍ਹਾਂ ਦਾ ਸਮਾਜ ਜਾਂ ਰਾਸ਼ਟਰ ਹੈ ਜੋ ਲਗਾਤਾਰ ਕਾਰਪੋਰੇਟ ਪੂੰਜੀਵਾਦ ਵੱਲ ਵੱਧ ਰਿਹਾ।ਪਰ ਵਿਰੋਧ ਦੇ ਸੁਰ ਨੂੰ ਬੜੀ ਆਸਾਨੀ ਨਾਲ ਧਰਮ, ਜਾਤੀ ਅਤੇ ਭਾਰਤੀ ਇੱਜ਼ਤ ਦੇ ਆਧਾਰ 'ਤੇ ਵੰਡ ਦਿੱਤਾ ਜਾ ਸਕਦਾ। ਜਦੋਂ ਤੱਕ ਅਸੀ ਸਾਂਝੇ ਪ੍ਰਤੀਰੋਧ ਦੇ ਵਿਚਾਰ ਦੇ ਰੂਬਰੂ ਨਹੀਂ ਹੁੰਦੇ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਰਹੇਗੀ। ਮੈਂ ਇਹ ਨਹੀਂ ਕਹਿ ਰਹੀ ਕਿ ਸਾਰੇ ਲੋਕਾਂ ਦਾ ਹੱਥ ਫੜਨਾ ਹੋਵੇਗਾ, ਕਿਉਂਕਿ ਬਹੁਤ ਸਾਰੇ ਅੰਦੋਲਨ ਇੱਕਠੇ ਨਹੀਂ ਹੋ ਸਕਦੇ। ਪਰ ਕੁੱਝ ਮੁਦਿੱਆਂ 'ਤੇ ਉਨ੍ਹਾਂ 'ਚ ਸਮਾਨਤਾ ਹੋਵੇਗੀ। ਭਾਰਤ ਵਿੱਚ ਜੋ ਸਭ ਤੋਂ ਜ਼ਿਆਦਾ ਇੱਕਮੁੱਠ ਤਾਕਤ ਹੈ, ਮੇਰਾ ਮੰਨਣਾ ਹੈ ਕਿ ਉਹ ਉੱਚ ਹਿੰਦੂ ਜਾਤੀ ਦਾ ਮੱਧ-ਵਰਗ ਹੈ। ਇਹ ਲੋਕ ਕਿਸੇ ਵੀ ਖੱਬੇਪੱਖ ਜਾਂ ਖੱਬੇਪੱਖੀਆਂ ਨਾਲੋਂ ਕਿੱਤੇ ਜਿਆਦਾ ਇੱਕਜੁੱਟ ਹਨ। 

ਜੇਕਰ ਖੱਬੇਪੱਖੀਆਂ ਨੇ ਜਾਤੀ ਦੇ ਮੁੱਦੇ ਨੂੰ ਸੁਲਝਾਇਆ ਹੁੰਦਾ , ਇਮਾਨਦਾਰੀ ਨਾਲ ਕੰਮ ਕੀਤਾ ਹੁੰਦਾ, ਇਨ੍ਹਾਂ ਕੋਲ ਦਲਿਤ ਨੇਤਾ ਅਤੇ ਬੁੱਧੀਜੀਵੀ ਹੁੰਦੇ ਅਤੇ ਜੇ ਇਹ ਪੂੰਜੀਵਾਦ ਦੀ ਥਾਂ ਖੱਬਿਆਂ ਦੀ ਭਾਸ਼ਾ ਬੋਲਦੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਦੇਸ਼ ਵਿੱਚ ਖੱਬੇਪੱਖੀ ਕਿੰਨੇ ਮਜ਼ਬੂਤ ਹੁੰਦੇ? ਇਹ ਲੋਕ ਆਪਣੀ ਜਾਤੀਗਤ ਪਛਾਣ ਨੂੰ ਕਦੇ ਵੀ ਨਹੀਂ ਛੱਡ ਸਕੇ। ਅਤੇ ਇਨ੍ਹਾਂ ਦੀ ਹੀ ਨਿੱਜੀ ਜ਼ਿੰਦਗੀ ਬਾਰੇ ਮੇਰਾ ਨਾਵਲ 'ਗਾੱਡ ਆੱਫ ਸਮਾਲ ਥਿੰਗਸ' ਹੈ।  


ਕੀ ਤੁਹਾਨੂੰ ਲੱਗਦਾ ਕਿ ਭਾਰਤ ਫਾਸ਼ੀਵਾਦ ਵੱਲ ਵੱਧ ਰਿਹਾ ਹੈ ? 

ਮੈਨੂੰ ਲੱਗਦਾ ਕਿ ਇਹ ਸਵਾਲ ਜੇ ਤੁਸੀਂ ਪੰਜ ਸਾਲ ਪਹਿਲਾਂ ਪੁੱਛਿਆ ਹੁੰਦਾ ਤਾਂ ਮੈ ਕਹਿੰਦੀ ਵੱਧ ਰਿਹਾ।ਹੁਣ ਮੈਂ ਇਹ ਨਹੀਂ ਕਹਾਂਗੀ ਕਿ ਵੱਧ ਰਿਹਾ। ਉਸ ਦੇ ਸਾਹਮਣੇ ਇਹ ਸਾਰਾ ਕਾਰਪੋਰੇਟ ਅਤੇ ਮੱਧਵਰਗੀ ਹਿੱਸਾ ਹੈ। ਉਨ੍ਹਾਂ ਦਾ ਨਰਿੰਦਰ ਮੋਦੀ ਵੱਲ ਜੋ ਰੁਝਾਨ ਹੈ, ਇਹ ਇੱਕ ਫਾਂਸ਼ੀਵਾਦ ਤੋਂ ਦੂਜੇ ਫਾਸ਼ੀਵਾਦ ਵੱਲ ਜਾਣਾ ਵੱਲ ਜਾਣਾ ਹੈ।ਇੱਕ ਪਾਸੇ ਅਨਿਲ ਅੰਬਾਨੀ ਅਤੇ ਦੂਜੇ ਪਾਸੇ ਮੁਕੇਸ਼ ਅੰਬਾਨੀ ਬੈਠ ਕੇ ਕਹਿੰਦੇ ਹਨ ਕਿ ਇਹ (ਮੋਦੀ) ਰਾਜਿਆਂ ਦਾ ਰਾਜਾ ਹੈ।ਇਸਦਾ ਮਤਲਬ ਇਹ ਨਹੀਂ ਕਿ ਉਹ ਬਦਲ ਗਿਆ। ਜਦ ਕਿ ਹਕੀਕਤ ਇਹ ਹੈ ਕਿ ਉਹ ਇੱਕ ਤਰ੍ਹਾਂ ਦੇ ਫਾਸ਼ੀਦਾਦ ਤੋਂ ਦੂਜੀ ਤਰ੍ਹਾਂ ਦਾ ਫਾਸ਼ੀਵਾਦੀ ਬਣ ਗਿਆ। ਮੈਨੂੰ ਲੱਗਦਾ ਕਿ ਅੱਜਕੱਲ ਇਹ ਹੋ ਗਿਆ ਕਿ ਬਹੁਤ ਵੱਡੀ ਗਿਣਤੀ 'ਚ ਮੱਧ-ਵਰਗ ਪੈਦਾ ਕੀਤਾ ਗਿਆ। ਉਹਨਾਂ ਦੇ ਮਨ ਵਿੱਚ ਉਹਨਾਂ ਦੇ ਸਪਨਿਆਂ ਵਿੱਚ ਇੱਕ ਪੂਯਲ ਤਾਰੇ ਦਾ ਮਾਰਗ ਬਣਾਇਆ ਗਿਆ ਹੈ। ਜਿਸ ਨਾਲ ਉਹ ਉਧਰੋਂ ਇੱਧਰ ਆਏ ਅਤੇ ਬਿਲਕੁਲ ਠਹਿਰ ਗਏ। ਇੱਥੇ ਅੱਗੇ ਦਾ ਕੋਈ ਰਾਹ ਨਹੀਂ। ਅਤੇ ਹੁਣ ਇੱਥੇ ਇਹ ਗੁੱਸਾ ਵੱਖ-ਵੱਖ ਤਰ੍ਹਾਂ ਫੁੱਟਦਾ ਦਿਖਾਈ ਦੇ ਰਿਹਾ। ਪਰ ਮੈਂ ਇਸ ਨਾਲ ਬਹੁਤ ਅਸਹਿਜ ਮਹਿਸੂਸ ਕਰਦੀ ਹਾਂ। 

ਕੀ ਤੁਸੀਂ ਮੰਨਦੇ ਹੋ ਕਿ ਨਵ-ਉਦਾਰਵਾਦੀ ਨੀਤੀਆਂ ਭਾਰਤੀ ਰਾਜ ਦੇ ਮੂਲ ਚਰਿੱਤਰ ਨੂੰ ਉਜਾਗਰ ਕਰਦੀਆਂ ਹਨ? 

ਦੇਖੋ, ਭਾਰਤ ਰਾਜ ਦਾ ਨਹੀਂ, ਬਲਕਿ ਸਮਾਜ ਦਾ। ਨਵ-ਉਦਾਰਵਾਦੀ ਨੀਤੀਆਂ ਜਗੀਰੂ ਅਤੇ ਜਾਤੀ ਅਧਾਰਤ ਸਮਾਜ ਦੇ ਬਿਲਕੁਲ ਅਨੁਕੂਲ ਹਨ ਪਰ ਯਕੀਨੀ ਤੌਰ ਤੇ ਇਹ ਕਿਸੇ ਪਿੰਡ 'ਚ ਫਸੇ ਦਲਿਤ ਲਈ ਠੀਕ ਚੀਜ਼ ਨਹੀਂ ਹੈ। ਇਹ ਸਾਰੀਆਂ ਅਸਮਾਨਤਾਵਾਂ ਨੂੰ ਮਜ਼ਬੂਤ ਕਰਦੀਆਂ ਹਨ, ਕਿਉਂਕਿ ਇਹ ਨਿਸ਼ਚਿਤ ਤੌਰ 'ਤੇ ਤਾਕਤਵਰ ਨੂੰ ਹੋਰ ਤਾਕਤਵਰ ਬਣਾਉਂਦੀਆਂ ਹਨ । ਇਹੀ ਤਾਂ ਕਾਰਪੋਰੇਟ ਪੂੰਜੀਵਾਦ ਹੈ। ਹੋ ਸਕਦਾ ਹੈ ਕਿ ਇਹ ਕਿਤਾਬੀ ਪੂੰਜੀਵਾਦ ਦੀ ਤਰ੍ਹਾਂ ਨਾ ਹੋਵੇ, ਕਿਉਂਕਿ ਕਿਤਾਬੀ ਪੂੰਜੀਵਾਦ ਨਿਯਮਾਂ 'ਤੇ ਚਲਦਾ ਹੈ ਅਤੇ ਉੱਥੇ 'ਚੈੱਕ ਅਤੇ ਬੈਲੇਂਸ' ਦਾ ਸਿਸਟਮ ਹੁੰਦਾ ਹੋਵੇ । ਪਰ ਸਾਡੇ ਇੱਥੇ ਇਸ ਵਿੱਚ ਇਸ ਤਰ੍ਹਾਂ ਦਾ ਕੁੱਝ ਨਹੀਂ ਹੁੰਦਾ। ਯਕੀਨੀ ਤੌਰ ਤੇ ਇਸ ਨਾਲ ਤਾਕਤਵਰ ਲਗਾਤਾਰ ਤਕਾਤਵਰ ਹੁੰਦਾ ਜਾਂਦਾ ਹੈ। ਅਤੇ ਇਹੀ ਲੋਕ ਤਾਂ ਬਾਣੀਏ ਹਨ। ਇਹ ਸਭ ਤੋ ਅਹਿਮ ਗੱਲ ਹੈ ਜਿਸ ਦੇ ਬਾਰੇ ਕੋਈ ਕਦੇ ਗੱਲ ਨਹੀਂ ਕਰਦਾ- ਭਾਰਤੀ ਬਾਣੀਏ ਦੀ ਰਾਜਨੀਤੀ। ਇਹਨਾਂ ਨੇ ਪੂਰੇ ਦੇਸ਼ ਵਿੱਚ ਕੀ ਕਰ ਦਿੱਤਾ? ਰਿਲਾਇੰਸ ਇੱਕ ਬਾਣੀਆ ਹੈ। ਉਹ ਬਾਣੀਏ ਦੇ ਤੌਰ ''ਤੇ ਦ੍ਰਿਸ਼ ਤੋਂ ਪੂਰੀ ਤਰ੍ਹਾਂ ਪਾਸੇ ਰਹਿੰਦਾ, ਪਰ ਉਹ ਬਹੁਤ ਹੀ ਅਹਿਮ ਭੂਮਿਕਾ ਅਦਾ ਕਰਦਾ ਹੈ। ਇਹ ਇਨ੍ਹਾਂ ਨੂੰ ਬਹੁਤ ਮਜ਼ਬੂਤ ਬਣਾਉਂਦਾ ਹੈ। ਇਹੀ ਕਾਰਨ ਹੈ ਕਿ ਰੀਟੇਲ ਵਿੱਚ ਐਫ. ਡੀ. ਆਈ ਦੇ ਮਸਲੇ 'ਤੇ ਭਾਜਪਾ ਸਭ ਤੋਂ ਵੱਧ ਗੁੱਸੇ 'ਚ ਆਈ ਕਿਉਂਕਿ ਉਨ੍ਹਾਂ ਦੇ ਛੋਟੇ ਬਾਣੀਏ ਦਾਅ 'ਤੇ ਲੱਗ ਗਏ ਕਿਉਂਕਿ ਉਹ ਜਾਤੀ (ਬਾਣੀਆ) ਉਹਨਾਂ (ਭਾਜਪਾ) ਦਾ ਆਧਾਰ ਹੈ। ਦੂਸਰੇ ਪਾਸੇ ਤੁਸੀਂ ਪੇਂਡੂਆਂ, ਆਦਿਵਾਸੀਆਂ ਅਤੇ ਦਲਿਤਾਂ ਨਾਲ ਕੁੱਝ ਵੀ ਕਰੋ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। 

ਭਾਰਤੀ ਖੱਬੇਪੱਖੀਆਂ ਦਾ ਦਾਇਰਾ ਬਹੁਤ ਹੀ ਸੀਮਤ ਦਿਖਾਈ ਦਿੰਦਾ ਹੈ। ਤੁਸੀਂ ਇਸਦਾ ਕੀ ਕਾਰਨ ਮੰਨਦੇ ਹੋਂ ਅਤੇ ਇਸ ਲਈ ਕਿਸ ਨੂੰ ਜਿੰਮੇਂਵਾਰ ਮੰਨਦੇ ਹੋ? 

ਮੈਨੂੰ ਲੱਗਦਾ ਇਸ ਵਿੱਚ ਜਾਤੀ ਇੱਕ ਬਹੁਤ ਵੱਡਾ ਕਾਰਨ ਹੈ। ਜੇ ਤੁਸੀ ਸੀ. ਪੀ. ਐਮ. ਨੂੰ ਦੇਖੋ ਤਾਂ ਇਸ ਵਿੱਚ ਉਪਰ ਬੈਠੇ ਸਾਰੇ ਲੋਕ ਬ੍ਰਾਹਮਣ ਹਨ। ਕੇਰਲ ਵਿੱਚ ਵੀ ਸਾਰੇ ਨਾਇਰ ਅਤੇ ਬ੍ਰਾਹਮਣ ਹਨ। ਉਨ੍ਹਾਂ ਨੇ ਕਦੇ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮਾਰਕਸਵਾਦੀ ਵਿਚਾਰ ਦਾ ਬਿਹਤਰੀਨ ਇਸਤੇਮਾਲ ਕਿਵੇਂ ਕੀਤਾ ਜਾਵੇ, ਇੱਥੇ ਲੋਕਾਂ ਨਾਲ ਵਿਵਸਥਾ-ਪੂਰਨ ਢੰਗ ਨਾਲ ਭੇਦਭਾਵ ਕੀਤਾ ਜਾਂਦਾ ਹੈ। ਅਕਸਰ ਜਦੋਂ ਤੁਸੀਂ ਉੱਚੀ ਜਾਤੀ ਤੋਂ ਆਉਂਦੇ ਹੋ ਤਾਂ ਸੱਮਸਿਆਂਵਾਂ ਨੂੰ ਦੇਖ ਨਹੀਂ ਪਾਉਂਦੇ। ਮੈਂ ਇੱਕ ਵਾਰ ਕਾਂਚਾ ਇਲਾਇਆ ਨਾਲ ਗੱਲ ਕਰ ਰਹੀ ਸੀ, ਜੋ ਇੱਕ ਸਮੇਂ 'ਪੀਪਲਜ਼ ਵਾਰ' ਗਰੁੱਪ(ਮਾਓਵਾਦੀ) ਨਾਲ ਜੁੜੇ ਹੋਏ ਸਨ । ਉਹ ਆਪਣੇ ਭਾਈਚਾਰੇ 'ਚ ਇੱਕਲੇ ਇਸ ਤਰ੍ਹਾਂ ਦੇ ਵਿਅਕਤੀ ਸਨ ਜੋ ਪੜ੍ਹੇ-ਲਿਖੇ ਸਨ। ਉਹਨਾਂ ਦੇ ਭਰਾ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਉਸ ਨੂੰ ਪੜ੍ਹਿਆ-ਲਿਖਿਆ ਦੇਖਣ। ਜਦਕਿ ਉਨ੍ਹਾਂ ਦੀ ਪਾਰਟੀ ਚਾਹੁੰਦੀ ਸੀ ਕਿ ਉਹ ਰੂਪੋਸ਼ ਹੋ ਜਾਣ। ਇਹ ਉਸ ਤਰ੍ਹਾਂ ਨਹੀਂ ਹੈ ਕਿ ਕਿਸੇ ਬ੍ਰਾਹਮਣ ਨੂੰ ਰੂਪੋਸ਼ ਹੋ ਜਾਣ ਲਈ ਕਹਿ ਦੇਣ, ਕਿਉਂਕਿ ਉਨ੍ਹਾਂ (ਬ੍ਰਾਹਮਣ) ਦੇ ਪਰਿਵਾਰ ਵਿੱਚ ਹੋਰ ਲੋਕ ਵੀ ਪੜ੍ਹ ਲਿਖ ਸਕਦੇ ਹਨ।ਇਸ ਮਸਲੇ ਨੂੰ ਤੁਹਾਨੂੰ ਬਿਲਕੁਲ ਹੀ ਅਲੱਗ ਤਰੀਕੇ ਨਾਲ ਦੇਖਣਾ ਪਵੇਗਾ। ਮੇਰੀ ਸਮਝ ਵਿੱਚ ਦੂਸਰਾ ਕਾਰਨ ਇਹ ਹੈ ਕਿ ਤੁਸੀਂ ਸੁਫਨਿਆਂ ਵਿੱਚ ਰਹੋ ਕਿ ਚੋਣਾਂ ਲੜ ਕੇ ਰਾਜ ਕਰ ਸਕਦੇ ਹੋਂ। ਅਤੇ ਫਿਰ ਤੁਸੀਂ ਇੱਕ ਹੀ ਸਮੇਂ ਰਾਜੇ ਵੀ ਬਣੇ ਰਹੋ ਅਤੇ ਕ੍ਰਾਂਤੀਕਾਰੀ ਵੀ ਬਣੇ ਰਹੋ! ਇਹ ਕਿਵੇਂ ਹੋ ਸਕਦਾ। ਇਹ ਤਾਂ ਇੱਕ ਤਰ੍ਹਾਂ ਦਾ ਧੋਖਾ ਹੈ। 
 
ਭਾਰਤ ਵਿੱਚ ਮਾਓਵਾਦੀ ਅੰਦੋਲਨ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ? 

ਮਾਓਵਾਦੀ ਅੰਦੋਲਨ ਦੇ ਲਈ ਉੱਥੇ ਬਹੁਤ ਮੌਕੇ ਹਨ ਜਿੱਥੇ ਉਹ ਮਜ਼ਬੂਤ ਹਨ। ਪਰ ਹੁਣ ਇੱਥੇ ਬਹੁਤ ਵੱਡਾ ਹਮਲਾ ਹੋਣ ਵਾਲਾ ਹੈ। ਆਰਮੀ, ਏਅਰਫੋਰਸ ਸਾਰੇ ਪੂਰੀ ਤਿਆਰੀ ਵਿੱਚ ਲੱਗੇ ਹੋਏ ਹਨ। ਸ਼ਾਇਦ ਇਹ ਹਮਲਾ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ 'ਚ ਹੋਵੇਗਾ ਅਤੇ ਇਹ ਮਾਓਵਾਦੀ ਅੰਦੋਲਨ ਲਈ ਬਹੁਤ ਵੱਡੀ ਚੁਣੌਤੀ ਹੈ। ਪਰ ਦੂਜੇ ਪਾਸੇ ਮਾਓਵਾਦੀਆਂ ਨੇ ਜੋ ਸੀ.ਆਰ. ਪੀ. ਆਫ. ਦੇ ਜਵਾਨਾਂ ਦੇ ਨਾਲ ਜੋ ਕੀਤਾ (ਮਰੇ ਹੋਏ ਜਵਾਨਾਂ ਦੇ ਪੇਟ ਵਿੱਚ ਬੰਬ ਰੱਖ ਦਿੱਤੇ) ਉਹ ਬਹੁਤ ਹੀ ਵਾਹੀਯਾਤ ਕੰਮ ਹੈ। ਅਸੀਂ ਲੋਕ ਉਨ੍ਹਾਂ ਦਾ ਇਹਨਾਂ ਕਾਰਨਾਂ ਕਰਕੇ ਹੀ ਹਮਾਇਤ ਨਹੀਂ ਕਰਦੇ। ਮੈਨੂੰ ਨਹੀਂ ਪਤਾ ਕਿ ਇਹ ਤਰ੍ਹਾਂ ਦਾ ਕੰਮ ਕਿਵੇਂ ਹੁੰਦਾ? ਮੈਨੂੰ ਲੱਗਦਾ ਜਾਂ ਤਾਂ ਉਨ੍ਹਾਂ ਦੇ ਕਮਾਂਡ ਸਿਸਟਮ(ਅਗਵਾਈ) ਵਿੱਚ ਸਮੱਸਿਆ ਆ ਗਈ ਹੈ ਜਾਂ ਉਨ੍ਹਾਂ ਵਿੱਚ ਲੁਪੁੰਨ ਲੋਕ ਸ਼ਾਮਲ ਹੋ ਗਏ ਹਨ। ਮੈਂ ਇਸ ਦੇ ਬਾਰੇ ਜ਼ਿਆਦਾ ਨਹੀਂ ਜਾਣਦੀ, ਖਾਸ ਤੌਰ 'ਤੇ ਝਾਰਖੰਡ ਬਾਰੇ। ਪਰ ਜੇ ਇਸ ਹਮਲੇ ਵਿੱਚ ਉਹਨਾਂ ਦਾ ਅਨੁਸਾਸ਼ਨ ਟੁੱਟਦਾ ਹੈ ਤਾਂ ਉਨ੍ਹਾਂ ਲਈ ਬਹੁਤ ਮੁਸ਼ਕਲ ਹੋ ਜਾਵੇਗੀ ਕਿਉਂਕਿ ਇੱਕ ਵੇਲਾ ਇਸ ਤਰ੍ਹਾਂ ਦਾ ਸੀ ਜਦ ਉਹਨਾਂ ਨਾਲ ਬਹੁਤ ਜ਼ਿਆਦਾ ਬੌਧਿਕ ਅਤੇ ਨੈਤਿਕ ਸਮਰਥਨ ਸੀ, ਜੋ ਹੁਣ ਵੀ ਹੈ। ਜੇ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਰਹੇ ਤਾਂ ਤੁਹਾਡਾ ਇਹ ਸਮਰਥਨ ਬੰਦ ਹੋ ਜਾਵੇਗਾ। ਉਨ੍ਹਾਂ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਜੰਗਲ ਤੋਂ ਬਾਹਰ ਕਿਵੇਂ ਕੰਮ ਕਰਾਂਗੇ? ਜੇ ਜੰਗਲ ਤੋਂ ਬਾਹਰ ਨਹੀਂ ਜਾ ਸਕਦੇ ਤਾਂ ਅਸੀਂ ਸੋਚਾਂਗੇ ਕਿ ਇਹ ਇੱਕ ਖੇਤਰੀ ਪ੍ਰਤੀਰੋਧ ਹੈ, ਚਾਹੇ ਅਸੀਂ ਕਿਸੇ ਦਾ ਵੀ ਸਮਰਥਨ ਕਰੀਏ। ਗੱਲ ਇਹ ਹੈ ਕਿ ਜੰਗਲ ਤੋਂ ਬਾਹਰ ਜਿਹੜੀ ਇੰਨੀ ਵੱਡੀ ਗਰੀਬੀ (ਮੈਨੂਫੈਕਚਰਡ ਪਾੱਵਰਟੀ) ਪੈਦਾ ਕੀਤੀ ਗਈ ਹੈ, ਉਸ ਦਾ ਤੁਸੀਂ ਰਾਜਨੀਤੀਕਰਨ ਕਿਵੇਂ ਕਰੋਗੇ? ਕਿਉਂਕਿ ਲੋਕਾਂ ਕੋਲ ਸਮਾਂ ਨਹੀਂ, ਜਗ੍ਹਾ ਨਹੀਂ ਅਤੇ ਇਹ ਜੰਗਲ ਤੋਂ ਬਾਹਰ ਕਿਵੇਂ ਕੰਮ ਕਰਨਗੇ, ਇਹ ਬਹੁਤ ਵੱਡਾ ਸਵਾਲ ਹੈ। 

ਵਰਤਮਾਨ ਹਾਲਾਤ 'ਚ ਕਮਿਊਨਿਸਟ ਪਾਰਟੀਆਂ ਦਾ ਕੀ ਭਵਿੱਖ ਹੈ? 
ਦੇਖੋ, ਮੈਂ ਸੀ.ਪੀ. ਆਈ. ਐਮ. ਐਲ., ਆਇਸਾ ਨਾਲ ਕਦੇ ਕਦੇ ਸਹਿਮਤ ਹੁੰਦੀ ਹਾਂ। ਇਹ ਲੋਕ ਸ਼ਹਿਰੀ ਗਰੀਬਾਂ ਵਿੱਚ ਕੰਮ ਕਰਦੇ ਹਨ। ਬਿਹਾਰ 'ਚ ਇਹ ਜਾਤੀ ਦੇ ਸਵਾਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਹ ਸਫਲ ਨਹੀਂ ਹੋ ਰਹੇ ਕਿਉਂਕਿ ਜਿਵੇਂ ਕਿ ਮੈਂ ਕਿਹਾ ਕਿ ਇਹਨਾਂ ਦੀ ਤਾਕਤ ਬਹੁਤ ਸੀਮਤ ਹੈ ਅਤੇ ਇਹ ਹਾਸ਼ੀਏ 'ਤੇ ਹਨ। ਪਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹ ਕਹਿੰਦੇ ਹਨ, ਮੈਂ ਉਹਨਾਂ ਦਾ ਸਨਮਾਨ ਕਰਦੀ ਹਾਂ। ਮੈਂ ਬਿਲਕੁਲ ਨਹੀਂ ਸਮਝ ਪਾਉਂਦੀ ਕਿ ਇਹ ਕਿਵੇਂ ਹਾਸ਼ਿਏ 'ਤੇ ਰਹਿ ਗਏ ਅਤੇ ਖੁਦ ਨੂੰ ਅਪ੍ਰਸੰਗਕ ਬਣਾ ਕੇ ਛੱਡ ਦਿੱਤਾ। ਮੈਨੂੰ ਮਾਓਵਾਦੀਆਂ ਅਤੇ ਲਿਬਰੇਸ਼ਨ ਵਿਚਕਾਰ ਵਿਚਾਰਧਾਰਕ ਯੁੱਧ ਦੇਖ ਕੇ ਬਹੁਤ ਦੁੱਖ ਹੁੰਦਾ। ਇਨ੍ਹਾਂ ਲੋਕਾਂ ਨੇ ਰਣਨੀਤੀ ਨੂੰ ਵਿਚਾਰਧਾਰਾਂ ਨਾਲ ਜੋੜ ਕੇ ਭਰਮ ਪੈਦਾ ਕਰ ਰੱਖਿਆ। ਸੀ.ਪੀ. ਆਈ. ਐਮ. ਐਲ. ਵਾਲੇ ਜੰਗਲ ਤੋਂ ਬਾਹਰ ਰਹਿ ਕੇ ਕੰਮ ਕਰਦੇ ਹਨ ਅਤੇ ਇਹ ਜ਼ਰੂਰੀ ਨਹੀਂ ਕਿ ਉਹ ਹਥਿਆਰਾਂ ਨਾਲ ਹੀ ਕੰਮ ਕਰਨ। ਪਰ ਸੀ.ਪੀ. ਆਈ. ਐਮ. ਐਲ. ਦੀ ਰਾਜਨੀਤੀ ਛਤੀਸਗੜ੍ਹ ਵਿੱਚ ਕੰਮ ਨਹੀਂ ਕਰ ਸਕਦੀ। ਫਿਰ ਤੁਸੀਂ ਦੇਖੋ ਕਿ ਇਨ੍ਹਾਂ ਨੇ ਆਪਣੇ ਹੀ ਹੱਥੀਂ ਖੁਦ ਨੂੰ ਹਾਸ਼ੀਏ 'ਤੇ ਧੱਕ ਦਿੱਤਾ। ਇਹ ਛੱਤੀਸਗੜ੍ਹ 'ਚ ਮਾਓਵਾਦੀਆਂ ਨਾਲ ਗਠਜੋੜ ਕਰ ਸਕਦੇ ਸੀ। ਪਰ ਇਹ ਰਾਜ ਨਾਲ ਨਫਰਤ ਕਰਨ ਦੀ ਬਜਾਏ ਇੱਕ ਦੂਸਰੇ ਨਾਲ ਜ਼ਿਆਦਾ ਨਫਰਤ ਕਰਦੇ ਹਨ ਅਤੇ ਆਪਣਾ ਸਮਾਂ ਬਰਬਾਦ ਕਰਦੇ ਹਨ। ਜੋ ਕਿ ਕਮਿਊਨਿਸਟਾਂ ਦੀ ਇੱਕ ਵੱਡੀ ਖਾਸੀਅਤ ਹੈ। 

ਅਤੇ ਸੀ.ਪੀ. ਐਮ. ਕਿਸ ਪਾਸੇ ਵੱਲ ਵੱਧ ਰਹੀ ਹੈ? 
ਸੀ.ਪੀ. ਐਮ. ਬਾਕੀ ਸੰਸਦੀ ਪਾਰਟੀਆਂ ਦੇ ਵਾਂਗ ਹੈ ।ਜਿਸ ਨੂੰ ਦੇਖ ਕੇ ਬਿਲਕੁੱਲ ਨਹੀਂ ਲੱਗਦਾ ਕਿ ਇਹ ਕਿਸੇ ਵੀ ਪਾਸਿਓ  ਕਮਿਊਨਿਸਟ ਪਾਰਟੀ ਹੈ।

Monday, November 5, 2012

'ਦਹਿਸ਼ਤਵਾਦ ਬੀਮਾਰੀ ਨਹੀਂ,ਬੀਮਾਰੀ ਤਾਂ ਅੰਨ੍ਹਾ ਤਸ਼ੱਦਦ ਹੈ'-ਅਰੁੰਧਤੀ ਰਾਏ

ਮੁਲਾਕਾਤੀ ਪਾਨਿਨੀ ਆਨੰਦ 
ਅਰੁੰਧਤੀ ਰਾਏ ਨੇ ਆਪਣੀ ਕਲਮ ਰਾਹੀਂ ਭਾਰਤੀ ਹਕੂਮਤ, ਇਸ ਦੇ ਕੁਲੀਨ ਵਰਗ, ਕਾਰਪੋਰੇਟ ਦੈਂਤਾਂ ਅਤੇ ਆਲਮੀ ਵਿਤੀ ਸਰਮਾਏ ਅਤੇ ਸਰਮਾਏਦਾਰੀ ਦੇ ਢਾਂਚੇ ਨੂੰ ਨਿਧੜਕ ਵੰਗਾਰਿਆ ਹੈ। 2002 'ਚ ਅਦਾਲਤ ਦੀ ਤੌਹੀਨ ਬਦਲੇ ਉਸ ਨੂੰ ਇਕ ਦਿਨ ਜੇਲ੍ਹ ਭੇਜਿਆ ਗਿਆ ਅਤੇ ਫਿਰ ਨਵੰਬਰ 2010'ਚ ਦਿੱਲੀ ਵਿਚ 'ਕਸ਼ਮੀਰ : ਆਜ਼ਾਦੀ-ਇਕੋ ਇਕ ਰਾਹ' ਵਿਸ਼ੇ ਬਾਰੇ ਇਕ ਸੈਮੀਨਾਰ ਵਿਖੇ ਭਾਰਤ ਖ਼ਿਲਾਫ਼ ਅਖੌਤੀ ਤਕਰੀਰ ਕਰਨ 'ਤੇ ਉਸ ਵਿਰੁੱਧ ਦੇਸ-ਧ੍ਰੋਹੀ ਹੋਣ ਦਾ ਇਲਜ਼ਾਮ ਲਾਇਆ ਗਿਅ। ਪੇਸ਼ ਹਨ ਆਊਟਲੁੱਕ ਰਸਾਲੇ ਦੇ 2 ਜੁਲਾਈ 2012 ਅੰਕ ਵਿਚ ਪਾਨਿਨੀ ਆਨੰਦ ਨਾਲ ਉਸ ਦੀ ਗੱਲਬਾਤ।  

ਤੁਸੀਂ ਰਾਜਧ੍ਰੋਹ ਅਤੇ ਗ਼ੈਰਕਾਨੂੰਨੀ ਕਾਰਵਾਈਆਂ (ਰੋਕੂ) ਕਾਨੂੰਨ ਜਾਂ ਅਫਸਪਾ ਵਰਗੇ ਕਾਨੂੰਨਾਂ ਨੂੰ ਉਸ ਜਮਹੂਰੀਅਤ ਵਿਚ ਕਿਵੇਂ ਦੇਖਦੇ ਹੋ ਜਿਸ ਨੂੰ ਸਭ ਤੋਂ ਵੱਡੀ ਜਮਹੂਰੀਅਤ ਵਜੋਂ ਵਡਿਆਇਆ ਜਾਂਦਾ ਹੈ?

ਅਰੁੰਧਤੀ ਰਾਏ: ਮੈਨੂੰ ਖੁਸ਼ੀ ਹੈ ਕਿ ਤੁਸੀਂ ਵਡਿਆਇਆ ਜਾਂਦਾ ਲਫ਼ਜ਼ ਵਰਤਿਆ ਹੈ। ਭਾਰਤ ਦੀ ਜਮਹੂਰੀਅਤ ਬਾਰੇ ਇਹ ਢੁੱਕਵਾਂ ਲਫ਼ਜ਼ ਹੈ। ਇਹ ਮੱਧ ਵਰਗ ਲਈ ਜਮਹੂਰੀਅਤ ਹੈ। ਕਸ਼ਮੀਰ ਜਾਂ ਮਨੀਪੁਰ ਜਾਂ ਛੱਤੀਸਗੜ੍ਹ ਵਰਗੇ ਥਾਵਾਂ 'ਤੇ ਜਮਹੂਰੀਅਤ ਕਿਤੇ ਨਹੀਂ ਲੱਭਦੀ। ਬਲੈਕ ਮਾਰਕੀਟ 'ਚ ਵੀ ਨਜ਼ਰੀਂ ਨਹੀਂ ਪੈਂਦੀ। ਯੂ ਏ ਪੀ ਏ, ਜੋ ਯੂ ਪੀ ਏ ਸਰਕਾਰ ਵਲੋਂ ਨਵੇਂ ਰੂਪ 'ਚ ਲਿਆਂਦਾ ਪੋਟਾ ਹੈ, ਅਤੇ ਅਫਸਪਾ ਵਰਗੇ ਕਾਨੂੰਨ ਹਾਸੋਹੀਣੀ ਹੱਦ ਤੱਕ ਸੱਤਾਵਾਦੀ ਹਨਂਇਹ ਕਿਸੇ ਨੂੰ ਵੀ ਬਿਨਾ ਡਰ-ਭੈਅ ਦੇ ਗਰਿਫ਼ਤਾਰ ਕਰ ਲੈਣ ਜਾਂ ਮਾਰ ਦੇਣ ਦੀ ਖੁੱਲ੍ਹ ਰਾਜ ਨੂੰ ਦਿੰਦੇ ਹਨ। ਜਮਹੂਰੀਅਤ ਵਿਚ ਇਨ੍ਹਾਂ ਲਈ ਕੋਈ ਥਾਂ ਨਹੀਂ ਹੈ। ਪਰ ਜਦੋਂ ਤੱਕ ਇਹ ਮੁੱਖਧਾਰਾ ਵਾਲੇ ਮੱਧ ਵਰਗ ਨੂੰ ਨਿਸ਼ਾਨਾ ਨਹੀਂ ਬਣਾਉਂਦੇ, ਜਦੋਂ ਤੱਕ ਇਹ ਮਨੀਪੁਰ, ਨਾਗਾਲੈਂਡ ਜਾਂ ਕਸ਼ਮੀਰ ਦੇ ਲੋਕਾਂ, ਗ਼ਰੀਬਾਂ ਜਾਂ 'ਮੁੱਖ ਹਿੱਸੇ' ਅੰਦਰ ਮੁਸਲਿਮ 'ਦਹਿਸ਼ਤਪਸੰਦਾਂ' ਵਿਰੁੱਧ ਵਰਤੇ ਜਾਂਦੇ ਹਨ, ਕਿਸੇ ਨੂੰ ਕੋਈ ਚਿੰਤਾ ਨਹੀਂ ਹੈ।

ਕੀ ਲੋਕਾਂ ਨੇ ਹਕੂਮਤ ਵਿਰੁੱਧ ਜੰਗ ਛੇੜੀ ਹੋਈ ਹੈ ਜਾਂ ਰਾਜ ਨੇ ਲੋਕਾਂ ਵਿਰੁੱਧ? ਤੁਸੀਂ 70ਵਿਆਂ ਦੀ ਐਮਰਜੈਂਸੀ ਨੂੰ, ਜਾਂ ਘੱਟਗਿਣਤੀਆਂ ਨੂੰ ਕਿਵੇਂ ਦੇਖਦੇ ਹੋ ਜੋ ਮਹਿਸੂਸ ਕਰਦੀਆਂ ਹਨ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪਹਿਲਾਂ ਸਿੱਖ ਤੇ ਹੁਣ ਮੁਸਲਮਾਨ ਇੰਞ ਸਮਝਦੇ ਹਨ?

ਅਰੁੰਧਤੀ ਰਾਏ: ਕੁਝ ਲੋਕ ਰਾਜ ਵਿਰੁੱਧ ਜੰਗ ਲੜ ਰਹੇ ਹਨ। ਰਾਜ ਨੇ ਆਪਣੇ ਬਹੁਗਿਣਤੀ ਨਾਗਰਿਕਾਂ ਵਿਰੁੱਧ ਜੰਗ ਛੇੜੀ ਹੋਈ ਹੈ। 70ਵਿਆਂ 'ਚ ਐਮਰਜੈਂਸੀ ਦੀ ਨੌਬਤ ਇਸ ਕਰਕੇ ਆਈ ਕਿਉਂਕਿ ਇੰਦਰਾ ਗਾਂਧੀ ਹਕੂਮਤ ਐਨੀ ਬੇਵਕੂਫ਼ ਸੀ ਕਿ ਇਸ ਨੇ ਮੱਧ ਵਰਗ ਉੱਪਰ ਝਪਟਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਹੇਠਲੇ ਵਰਗਾਂ ਤੇ ਵਾਂਝੇ ਲੋਕਾਂ ਨਾਲ ਇਕੋ ਰੱਸੇ ਬੰਨ੍ਹ ਦਿੱਤਾ ਸੀ। ਅੱਜ ਮੁਲਕ ਦੇ ਵਿਸ਼ਾਲ ਹਿੱਸੇ ਐਮਰਜੈਂਸੀ ਨਾਲੋਂ ਵੀ ਵੱਧ ਸੰਗੀਨ ਹਾਲਤ 'ਚ ਹਨ। ਪਰ ਇਸ ਅਜੋਕੀ ਐਮਰਜੈਂਸੀ ਨੂੰ ਖ਼ੂਬ ਲਿਸ਼ਕਾ-ਪੁਸ਼ਕਾਕੇ ਅਤੇ ਵੱਧ ਚਲਾਕੀ ਨਾਲ ਸ਼ਿੰਗਾਰਕੇ ਲਿਆਂਦਾ ਗਿਆ ਹੈ। ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ: ਜ਼ਰਾ ਦੇਖੋ, ਜਦੋਂ ਦਾ ਭਾਰਤ ਪ੍ਰਭੂਸੱਤਾ-ਸੰਪਨ ਰਾਸ਼ਟਰ ਬਣਿਆ ਹੈ ਭਾਰਤ ਸਰਕਾਰ ਨੇ ਕਿੰਨੀਆਂ ਜੰਗਾਂ ਛੇੜੀਆਂ ਹਨ; ਕਿੰਨੀਆਂ ਮਿਸਾਲਾਂ ਹਨ ਜਦੋਂ 'ਆਪਣੇ' ਹੀ ਲੋਕਾਂ ਵਿਰੁੱਧ ਫ਼ੌਜ ਭੇਜੀ ਗਈਂਨਾਗਾਲੈਂਡ, ਅਸਾਮ, ਮਿਜ਼ੋਰਮ, ਮਨੀਪੁਰ, ਕਸ਼ਮੀਰ, ਤੇਲੰਗਾਨਾ, ਗੋਆ, ਬੰਗਾਲ, ਪੰਜਾਬ ਅਤੇ (ਛੇਤੀ ਹੀ ਛੱਤੀਸਗੜ੍ਹ ਦੀ ਵਾਰੀ ਆਉਣ ਵਾਲੀ ਹੈ)। ਭਾਰਤੀ ਰਾਜ ਲਗਾਤਾਰ ਲੜਾਈ 'ਚ ਜੁੱਟਿਆ ਹੋਇਆ ਹੈ। ਜੰਗ ਹਮੇਸ਼ਾ ਕਬਾਇਲੀ ਲੋਕਾਂ, ਈਸਾਈਆਂ, ਮੁਸਲਮਾਨਾਂ, ਸਿੱਖਾਂ ਵਰਗੀਆਂ ਘੱਟ-ਗਿਣਤੀਆਂ ਖ਼ਿਲਾਫ਼ ਛੇੜੀ ਗਈ ਹੈ ਪਰ ਮੱਧ ਵਰਗ, ਉੱਚ ਜਾਤੀ ਹਿੰਦੂਆਂ ਵਿਰੁੱਧ ਕਦੇ ਛੇੜੀ ਨਹੀਂ ਗਈ।
84 ਹਮਲੇ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੀ ਤਸਵੀਰ

ਜੇ ਰਾਜ ਘੋਰ-ਖੱਬੇ 'ਦਹਿਸ਼ਤਪਸੰਦ ਧੜਿਆਂ' ਵਿਰੁੱਧ ਕਾਰਵਾਈ ਨਹੀਂ ਕਰਦਾ ਤਾਂ ਹਿੰਸਾ ਨੂੰ ਠੱਲ ਕਿਵੇਂ ਪਵੇਗੀ? ਕੀ ਇੰਞ ਅੰਦਰੂਨੀ ਸੁਰੱਖਿਆ ਤਹਿਸ਼-ਨਹਿਸ਼ ਨਹੀਂ ਹੋਵੇਗੀ?

ਅਰੁੰਧਤੀ ਰਾਏ: ਮੈਂ ਨਹੀਂ ਸਮਝਦੀ ਕਿ ਕੋਈ ਇਹ ਵਕਾਲਤ ਕਰ ਰਿਹਾ ਹੈ ਕਿ ਦਹਿਸ਼ਤਪਸੰਦ ਧੜਿਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾਵੇ, ਖ਼ੁਦ 'ਦਹਿਸ਼ਤਪਸੰਦ' ਵੀ ਇਹ ਨਹੀਂ ਕਹਿੰਦੇ। ਉਹ ਦਹਿਸ਼ਤਵਾਦ ਵਿਰੋਧੀ ਕਾਨੂੰਨ ਖ਼ਤਮ ਕਰਨ ਲਈ ਨਹੀਂ ਕਹਿ ਰਹੇ। ਉਹ ਉਹੀ ਕਰ ਰਹੇ ਹਨ ਜੋ ਉਨ੍ਹਾਂ ਨੇ ਕਰਨਾ ਹੈ, ਉਹ ਭਲੀਭਾਂਤ ਜਾਣਦੇ ਹਨ ਇਸ ਦੇ ਕਾਨੂੰਨੀ ਜਾਂ ਹੋਰ ਨਤੀਜੇ ਕੀ ਹੋਣਗੇ। ਉਹ ਆਪਣੇ ਰੋਹ ਦਾ ਇਜ਼ਹਾਰ ਕਰ ਰਹੇ ਹਨ ਅਤੇ ਉਸ ਪ੍ਰਬੰਧ ਨੂੰ ਬਦਲਣ ਦੀ ਲੜਾਈ ਲੜ ਰਹੇ ਹਨ ਜੋ ਅਨਿਆਂ ਅਤੇ ਨਬਰਾਬਰੀ ਪੈਦਾ ਕਰਦਾ ਹੈ। ਉਹ ਖ਼ੁਦ ਨੂੰ 'ਦਹਿਸ਼ਤਪਸੰਦ' ਨਹੀਂ ਸਮਝਦੇ। ਜਦੋਂ ਤੁਸੀਂ 'ਦਹਿਸ਼ਤਪਸੰਦਾਂ' ਦੀ ਗੱਲ ਕਰਦੇ ਹੋ ਜੇ ਤੁਹਾਡੀ ਮੁਰਾਦ ਸੀ ਪੀ ਆਈ (ਮਾਓਵਾਦੀ) ਤੋਂ ਹੈ, ਭਾਵੇਂ ਮੈਂ ਮਾਓਵਾਦੀ ਵਿਚਾਰਧਾਰਾ ਦੀ ਧਾਰਨੀ ਨਹੀਂ ਪਰ ਮੈਂ ਉਨ੍ਹਾਂ ਨੂੰ ਦਹਿਸ਼ਤਪਸੰਦ ਨਹੀਂ ਸਮਝਦੀ। ਹਾਂ ਉਹ ਖਾੜਕੂ ਹਨ, ਗ਼ੈਰਕਾਨੂੰਨੀ ਹਨ। ਪਰ ਇਥੇ ਤਾਂ ਕਾਰਪੋਰੇਟ-ਰਾਜ ਦੇ ਜਹਾਦ ਦਾ ਵਿਰੋਧ ਕਰਨ ਵਾਲੇ ਹਰ ਬੰਦੇ ਉੱਪਰ ਮਾਓਵਾਦੀ ਹੋਣ ਦਾ ਠੱਪਾ ਲਗਾ ਦਿੱਤਾ ਜਾਂਦਾ ਹੈਂਚਾਹੇ ਉਸ ਦੀ ਵਿਚਾਰਧਾਰਾ ਮਾਓਵਾਦੀ ਹੋਵੇ ਜਾਂ ਨਾ, ਚਾਹੇ ਉਹ ਇਸ ਵਿਚਾਰਧਾਰਾ ਨਾਲ ਸਹਿਮਤ ਵੀ ਨਾ ਹੋਵੇ ਤਾਂ ਵੀ। ਸੀਮਾ ਆਜ਼ਾਦ ਵਰਗਿਆਂ ਨੂੰ ਪਾਬੰਦੀਸ਼ੁਦਾ ਸਾਹਿਤ ਰੱਖਣ ਦੇ ਜੁਰਮ 'ਚ ਉਮਰ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਸੋ, ਹੁਣ 2012 'ਚ 'ਦਹਿਸ਼ਤਪਸੰਦ' ਦੀ ਪ੍ਰੀਭਾਸ਼ਾ ਕੀ ਹੈ? ਅਸਲ ਵਿਚ ਦਹਿਸ਼ਤਪਸੰਦ ਉਹ ਆਰਥਕ ਨੀਤੀਆਂ ਹਨ ਜੋ ਵਿਆਪਕ ਨਾਬਰਾਬਰੀ, ਭੁੱਖਮਰੀ ਤੇ ਉਜਾੜੇ ਲਈ ਜ਼ਿੰਮੇਵਾਰ ਹਨ, ਇਨ੍ਹਾਂ ਵਿਰੁੱਧ ਰੋਸ ਜ਼ਾਹਰ ਕਰਨ ਵਾਲੇ ਲੋਕ ਦਹਿਸ਼ਤਪਸੰਦ ਨਹੀਂ ਹਨ। ਕੀ ਅਸੀਂ ਬੀਮਾਰੀ ਦੇ ਲੱਛਣਾਂ ਨੂੰ ਮੁਖ਼ਾਤਿਬ ਹੋਣਾ ਚਾਹੁੰਦੇ ਹਾਂ ਜਾਂ ਬੀਮਾਰੀ ਨੂੰ? ਦਹਿਸ਼ਤਵਾਦ ਬੀਮਾਰੀ ਨਹੀਂ ਹੈ। ਬੀਮਾਰੀ ਤਾਂ ਘੋਰ ਅਨਿਆਂ ਹੈ। ਜੇ ਸਾਡਾ ਸਮਾਜ ਨਿਆਂਪੂਰਨ ਸਮਾਜ ਹੋਵੇ, ਮਾਓਵਾਦੀ ਤਾਂ ਫਿਰ ਵੀ ਹੋਣਗੇ। ਇਸੇ ਤਰ੍ਹਾਂ ਹੋਰ ਇੰਤਹਾਪਸੰਦ ਧੜੇ ਵੀ ਹੋਣਗੇ ਜਿਨ੍ਹਾਂ ਦਾ ਹਥਿਆਰਬੰਦ ਟਾਕਰੇ ਜਾਂ ਦਹਿਸ਼ਤਪਸੰਦ ਹਮਲਿਆਂ 'ਚ ਯਕੀਨ ਹੈ। ਪਰ ਉਨ੍ਹਾਂ ਨੂੰ ਉਹ ਹਮਾਇਤ ਨਹੀਂ ਮਿਲੇਗੀ ਜੋ ਅੱਜ ਮਿਲ ਰਹੀ ਹੈ। ਇਕ ਮੁਲਕ ਵਜੋਂ, ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਇੱਥੇ ਐਨੀ ਜਹਾਲਤ, ਦੁਰਦਸ਼ਾ ਅਤੇ ਸਿੱਧੇ-ਅਸਿੱਧੇ ਨਸਲੀ-ਸੱਭਿਆਚਾਰਕ ਅਤੇ ਮਜ਼੍ਹਬੀ ਕੱਟੜਵਾਦ ਨੂੰ ਸਹਿਣ ਕਰੀ ਜਾ ਰਹੇ ਹਾਂ। (ਨਰੇਂਦਰ ਮੋਦੀ ਪ੍ਰਧਾਨ ਮੰਤਰੀ ਦਾ ਦਾਅਵੇਦਾਰ! ਕੀ ਜਿਸਦਾ ਦਿਮਾਗ ਟਿਕਾਣੇ ਹੈ ਅਜਿਹਾ ਸੋਚ ਸਕਦਾ ਹੈ?) ਅਸੀਂ ਤਾਂ ਇਹ ਢੌਂਗ ਰਚਣਾ ਵੀ ਛੱਡ ਦਿੱਤਾ ਹੈ ਕਿ ਸਾਨੂੰ ਨਿਆਂ ਦੀ ਸੂਝ ਵੀ ਹੈ। ਅਸੀਂ ਤਾਂ ਬਸ ਵੱਡੀਆਂ ਕਾਰਪੋਰੇਸ਼ਨਾਂ ਅਤੇ ਡੁੱਬ ਰਹੇ ਅਮਰੀਕਾ ਨਾਂ ਦੇ ਜਹਾਜ਼ ਮੂਹਰੇ ਗੋਡੇ ਟੇਕਦੇ ਜਾ ਰਹੇ ਹਾਂ।
ਅਰੁੰਧਤੀ ਮਾਓਵਾਦੀ ਗੁਰੀਲਿਆਂ ਨਾਲ

ਕੀ ਰਾਜ ਨੇ ਫ਼ੋਨ ਟੈਪ ਕਰਕੇ ਤੇ ਸੋਸ਼ਲ ਨੈੱਟਵਰਕ ਸਾਈਟਾਂ ਉੱਪਰ ਹਮਲੇ ਕਰਕੇ ਵੱਡੇ ਭਾਈ (ਜਾਰਜ ਔਰਵੈਲ ਦੇ ਨਾਵਲ ਉਨੀ ਸੌ ਚੁਰਾਸੀ ਦਾ ਘੋਰ ਤਾਨਾਸ਼ਾਹ ਕਿਰਦਾਰਂਅਨੁਵਾਦਕ) ਵਾਲਾ ਵਤੀਰਾ ਨਹੀਂ ਅਪਣਾ ਲਿਆ?

ਅਰੁੰਧਤੀ ਰਾਏ: ਹਕੂਮਤ ਤਾਂ ਐਨੀ ਬੇਹਯਾ ਹੋ ਚੁੱਕੀ ਹੈ ਕਿ ਸ਼ਰੇਆਮ ਮੰਨ ਰਹੀ ਹੈ ਕਿ ਸਾਡੇ ਸਾਰਿਆਂ ਦੀ ਹਰ ਸਮੇਂ ਜਾਸੂਸੀ ਕੀਤੀ ਜਾ ਰਹੀ ਹੈ। ਜਦੋਂ ਇਸ ਨੂੰ ਅਜਿਹੇ ਕੁਝ ਦਾ ਵਿਰੋਧ ਹੀ ਨਜ਼ਰ ਨਹੀਂ ਆ ਰਿਹਾ, ਇਹ ਅਜਿਹਾ ਕਰੇ ਵੀ ਕਿਓਂ ਨਾ? ਅਵਾਮ ਨੂੰ ਕਾਬੂ ਕਰਕੇ ਰੱਖਣਾ ਹਰ ਸਥਾਪਤੀ ਦੀ ਫ਼ਿਤਰਤ ਹੈ, ਇੰਞ ਹੀ ਹੈ ਨਾ? ਪੂਰਾ ਮੁਲਕ ਹੋਰ ਵਧੇਰੇ ਧਾਰਮਿਕ ਅਤੇ ਰੂੜ੍ਹੀਵਾਦੀ ਬਣਦਾ ਜਾ ਰਿਹਾ ਹੈ, ਦਹਿ-ਲੱਖਾਂ ਲੋਕ ਤੀਰਥਾਂ, ਮੰਦਰਾਂ ਅਤੇ ਮਸਜਿਦਾਂ 'ਚ ਜਾ ਕੇ ਆਪਣੀ ਸੰਤਾਪੀ ਜ਼ਿੰਦਗੀ ਦੀ ਬੇੜੀ ਬੰਨੇ ਲਾਉਣ ਦੀਆਂ ਅਰਦਾਸਾਂ ਆਪਣੇ ਰੱਬ ਨੂੰ ਕਰਦੇ ਹਨ। ਨਾਲ ਹੀ ਅਸੀਂ ਰੋਬਟਾਂ ਦੇ ਉਸ ਦੌਰ 'ਚ ਪੈਰ ਧਰ ਰਹੇ ਹਾਂ ਜਿਥੇ ਕੰਪਿਊਟਰ ਨਾਲ ਚਲਾਈਆਂ ਜਾਣ ਵਾਲੀਆਂ ਮਸ਼ੀਨਾਂ ਨਾਲ ਹਰ ਚੀਜ਼ ਤੈਅ ਹੋਵੇਗੀ, ਉਹ ਸਾਨੂੰ ਪੂਰੀ ਤਰ੍ਹਾਂ ਕੰਟਰੋਲ ਕਰਨਗੀਆਂਂਉਹੀ ਤੈਅ ਕਰਨਗੀਆਂ ਕਿ ਕਿਹੜੀ ਚੀਜ਼ ਨੈਤਿਕ ਹੈ ਅਤੇ ਕਿਹੜੀ ਨਹੀਂ ਹੈ, ਲੜਾਈ ਨਾਲ ਜੁੜਿਆ ਕਿਹੜਾ ਨੁਕਸਾਨ ਮੰਨਣਯੋਗ ਹੈ ਅਤੇ ਕਿਹੜਾ ਨਹੀਂ ਹੈ। ਭੁੱਲ ਜਾਓ ਧਾਰਮਿਕ ਗ੍ਰੰਥਾਂ ਨੂੰ। ਹੁਣ ਕੰਪਿਊਟਰ ਤੈਅ ਕਰਨਗੇ ਕਿ ਕੀ ਠੀਕ ਹੈ ਅਤੇ ਕੀ ਗ਼ਲਤ। ਹੁਣ ਮੱਖੀ ਜਿੱਡੇ ਜਾਸੂਸੀ ਦੇ ਸੰਦ ਈਜਾਦ ਹੋ ਚੁੱਕੇ ਹਨ ਜੋ ਸਾਡੀ ਹਰ ਨਕਲੋ-ਹਰਕਤ ਨੂੰ ਰਿਕਾਰਡ ਕਰ ਸਕਦੇ ਹਨ। ਹਾਲੇ ਇਹ ਭਾਰਤ ਵਿਚ ਨਹੀਂ ਪਹੁੰਚੇ, ਪਰ ਮੈਨੂੰ ਯਕੀਨ ਹੈ ਛੇਤੀ ਹੀ ਪਹੁੰਚ ਜਾਣਗੇ। ਯੂ ਆਈ ਡੀ (ਵਿਲੱਖਣ ਸ਼ਨਾਖ਼ਤੀ ਅੰਕ ਭਾਵ ਆਧਾਰ ਕਾਰਡ-ਅਨੁਵਾਦਕ) ਕੰਟਰੋਲ ਅਤੇ ਜਾਸੂਸੀ ਦਾ ਇਕ ਹੋਰ ਵਿਸਤਾਰੀ ਰੂਪ ਹੈ, ਪਰ ਲੋਕ ਇਹ ਹਾਸਲ ਕਰਨ ਲਈ ਇਕ ਦੂਜੇ ਦੇ ਉੱਪਰੋਂ ਦੀ ਪੈ ਰਹੇ ਹਨ। ਵੰਗਾਰ ਇਹ ਹੈ ਕਿ ਇਸ ਕਦਰ ਚੱਕਰਵਿਊ ਅਤੇ ਜਾਸੂਸੀ ਦੇ ਬਾਵਜੂਦ ਕੰਮ ਕਿਵੇਂ ਕੀਤਾ ਜਾਵੇ, ਵਿਰੋਧ ਜਾਰੀ ਕਿਵੇਂ ਰੱਖਿਆ ਜਾਵੇ।

ਤੁਹਾਨੂੰ ਇਹ ਕਿਉਂ ਲੱਗਦਾ ਹੈ ਕਿ ਜੇਲ੍ਹਾਂ 'ਚ ਡੱਕੇ ਹਵਾਲਾਤੀਆਂ, ਰਾਜ-ਧ੍ਰੋਹ ਦੇ ਮੁਕੱਦਮਿਆਂ 'ਚ ਫਸਾਏ ਲੋਕਾਂ ਦੀ ਹਾਲਤ ਬਾਰੇ ਸਿਆਸਤ 'ਚ ਕੋਈ ਜਨਤਕ ਪ੍ਰਤੀਕਰਮ ਕਿਉਂ ਨਹੀਂ ਹੋ ਰਿਹਾ? ਕੀ ਇਹ ਮਨੁੱਖੀ ਅਧਿਕਾਰ ਜਥੇਬੰਦੀਆਂ ਵਲੋਂ ਘੜੇ ਗ਼ੈਰਪ੍ਰਸੰਗਕ ਮੁੱਦੇ ਹੋਣ ਕਰਕੇ ਹੈ?

ਅਰੁੰਧਤੀ ਰਾਏ: ਬੇਸ਼ੱਕ, ਇਹ ਗ਼ੈਰਪ੍ਰਸੰਗਕ ਮੁੱਦੇ ਨਹੀਂ ਹਨ। ਇਹ ਵੱਡਾ ਮੁੱਦਾ ਹੈ। ਹਜ਼ਾਰਾਂ ਲੋਕ ਰਾਜ-ਧ੍ਰੋਹ ਜਾਂ ਯੂ ਏ ਪੀ ਏ ਤਹਿਤ ਜੇਲ੍ਹਾਂ 'ਚ ਡੱਕੇ ਹੋਏ ਹਨ, ਉਨ੍ਹਾਂ ਉੱਪਰ ਆਮ ਤੌਰ 'ਤੇ ਜਾਂ ਤਾਂ ਮਾਓਵਾਦੀ ਹੋਣ ਦਾ ਦੋਸ਼ ਹੈ ਜਾਂ ਮੁਸਲਿਮ 'ਦਹਿਸ਼ਤਪਸੰਦ' ਹੋਣ ਦਾ? ਅਚੰਭੇ ਦੀ ਗੱਲ ਇਹ ਹੈ ਕਿ ਇਸ ਦੇ ਕੋਈ ਸਰਕਾਰੀ ਅੰਕੜੇ ਹੀ ਨਹੀਂ ਹਨ। ਜਾਂ ਤਾਂ ਤੁਹਾਨੂੰ ਉਨ੍ਹਾਂ ਥਾਵਾਂ 'ਤੇ ਜਾ ਕੇ ਹਾਲਤ ਪਤਾ ਲੱਗਦੀ ਹੈ ਜਾਂ ਵੱਖੋ-ਵੱਖਰੇ ਇਲਾਕਿਆਂ 'ਚ ਕੰਮ ਕਰ ਰਹੇ ਮਨੁੱਖੀ ਅਧਿਕਾਰ ਕਾਰਕੁੰਨਾਂ ਤੋਂ ਜਾਣਕਾਰੀ ਮਿਲਦੀ ਹੈ। ਹਕੂਮਤ ਅਤੇ ਪੁਲਿਸ ਪ੍ਰਸ਼ਾਸਨ 'ਚ ਤਸੀਹੇ ਪੂਰੀ ਤਰ੍ਹਾਂ ਪ੍ਰਵਾਨਤ ਹਨ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਆਪਣੀ ਇਕ ਰਿਪੋਰਟ ਵਿਚ ਜ਼ਿਕਰ ਕੀਤਾ ਕਿ ਲੰਘੇ ਸਾਲ ਦੌਰਾਨ ਹੀ ਪੁਲਿਸ ਹਿਰਾਸਤ 'ਚ 3,000 ਲੋਕਾਂ ਦੀਆਂ ਮੌਤਾਂ ਹੋਈਆਂ। ਤੁਸੀਂ ਪੁੱਛਦੇ ਹੋ ਇਸ ਬਾਰੇ ਜਨਤਕ ਪ੍ਰਤੀਕਰਮ ਕਿਉਂ ਨਹੀਂ? ਵਜ੍ਹਾ ਇਹ ਹੈ ਕਿ ਜਿਹੜਾ ਵੀ ਕੋਈ ਪ੍ਰਤੀਕਰਮ ਦਿੰਦਾ ਹੈ ਉਸ ਨੂੰ ਜੇਲ੍ਹ ਵਿਚ ਡੱਕ ਦਿੱਤਾ ਜਾਂਦਾ ਹੈ! ਡਰਾ-ਧਮਕਾਕੇ ਜਾਂ ਦਹਿਸ਼ਤ ਪਾਕੇ ਚੁੱਪ ਕਰਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਐਨ ਜੀ ਓ ਵਲੋਂ ਮੁੱਦਿਆਂ 'ਤੇ ਠੰਡਾ ਛਿੜਕਣ ਅਤੇ ਘਚੋਲਾ ਖੜ੍ਹਾ ਕਰਨ ਅਤੇ ਹਕੂਮਤੀ ਜਬਰ ਅਤੇ ਜਾਸੂਸੀ ਦਰਮਿਆਨ, ਮੈਂ ਨਹੀਂ ਸਮਝਦੀ ਕਿ ਜਨਤਕ ਲਹਿਰਾਂ ਦਾ ਕੋਈ ਭਵਿੱਖ ਹੈ। ਹਾਂ, ਸਾਨੂੰ ਅਰਬ 'ਬਸੰਤ' ਤੋਂ ਉਮੀਦਾਂ ਹਨ, ਪਰ ਥੋੜ੍ਹਾ ਗਹੁ ਨਾਲ ਦੇਖੋ। ਤੁਸੀਂ ਦੇਖੋਗੇ, ਉਥੇ ਕਿਵੇਂ ਲੋਕਾਂ ਨਾਲ ਕਾਰਸ਼ਤਾਨੀ ਖੇਡੀ ਜਾ ਰਹੀ ਹੈ ਅਤੇ ਉਨ੍ਹਾਂ ਨਾਲ 'ਖਿਲਵਾੜ' ਹੋ ਰਿਹਾ ਹੈ। ਮੈਂ ਸਮਝਦੀ ਹਾਂ ਕਿ ਆਉਣ ਵਾਲੇ ਸਾਲਾਂ 'ਚ ਜਨਤਕ ਟਾਕਰੇ ਦੀ ਥਾਂ ਭੰਨਤੋੜ ਲੈ ਲਏਗੀ। ਅਤੇ ਬਦਕਿਸਮਤੀ ਨਾਲ, ਦਹਿਸ਼ਤਪਸੰਦੀ ਭੰਨਤੋੜ ਦਾ ਇੰਤਹਾ ਰੂਪ ਹੈ।

ਰਾਜ ਵਲੋਂ ਕਾਨੂੰਨ ਲਾਗੂ ਕਰਨ ਅਤੇ ਪੁਲਿਸ, ਖੁਫ਼ੀਆ ਏਜੰਸੀਆਂ ਅਤੇ ਹਥਿਆਰਬੰਦ ਤਾਕਤਾਂ ਦੀ ਸਰਗਰਮੀ ਦੀ ਅਣਹੋਂਦ 'ਚ ਕੀ ਅਰਾਜਕਤਾ ਨਹੀਂ ਫੈਲ ਜਾਵੇਗੀ? 

ਅਰੁੰਧਤੀ ਰਾਏ: ਜੇ ਅਸੀਂ ਲੋਕਾਂ ਦੇ ਵਧ ਰਹੇ ਰੋਹ ਦੇ ਕਾਰਨਾਂ ਨਾਲ ਨਹੀਂ ਨਜਿੱਠਦੇ, ਇਸ ਹਾਲਤ ਦਾ ਸਿੱਟਾ ਅਰਜਾਕਤਾ 'ਚ ਨਹੀਂ ਜੰਗ 'ਚ ਨਿੱਕਲੇਗਾ। ਜਦੋਂ ਅਜਿਹੇ ਕਾਨੂੰਨ ਬਣਾਏ ਜਾ ਰਹੇ ਹਨ ਜੋ ਧਨ-ਕੁਬੇਰਾਂ ਦੀ ਸੇਵਾ ਲਈ ਹਨ, ਜੋ ਹੋਰ ਦੌਲਤ ਬਟੋਰਨ ਅਤੇ ਇਸ ਉੱਪਰ ਜੱਫਾ ਮਾਰੀ ਰੱਖਣ 'ਚ ਉਨ੍ਹਾਂ ਦੀ ਮਦਦ ਕਰਦੇ ਹਨ ਤਾਂ ਜਮਹੂਰੀ ਵਿਰੋਧ ਅਤੇ ਗ਼ੈਰਕਾਨੂੰਨੀ ਸਰਗਰਮੀ ਮਾਣ ਵਾਲੀ ਸਰਗਰਮੀ ਬਣ ਜਾਂਦੀ ਹੈ, ਕੀ ਇੰਞ ਨਹੀਂ ਹੁੰਦਾ? ਓੜਕ ਮੈਨੂੰ ਤਾਂ ਬਿਲਕੁਲ ਨਹੀਂ ਲੱਗਦਾ ਕਿ ਤੁਸੀਂ ਕਰੋੜਾਂ ਲੋਕਾਂ ਨੂੰ ਕੰਗਾਲ ਬਣਾਉਂਦੇ ਜਾਓ, ਉਨ੍ਹਾਂ ਦੀਆਂ ਜ਼ਮੀਨਾਂ ਤੇ ਗੁਜ਼ਾਰੇ ਦੇ ਵਸੀਲੇ ਖੋਹਕੇ ਉਨ੍ਹਾਂ ਨੂੰ ਸ਼ਹਿਰਾਂ ਵੱਲ ਧੱਕ ਦਿਓ, ਉੱਥੇ ਉਨ੍ਹਾਂ ਦੀਆਂ ਝੁੱਗੀਆਂ ਢਾਹਕੇ ਉਨ੍ਹਾਂ ਨੂੰ ਉੱਥੋਂ ਵੀ ਦਬੱਲ ਦਿਓ ਅਤੇ ਉਮੀਦ ਇਹ ਕਰੋ ਕਿ ਤੁਸੀਂ ਉਨ੍ਹਾਂ ਦੇ ਰੋਹ ਨੂੰ ਪੁਲਿਸ, ਫ਼ੌਜ ਅਤੇ ਕੈਦ ਦੀਆਂ ਸਜ਼ਾਵਾਂ ਨਾਲ ਕੁਚਲ ਦਿਓਗੇ। ਪਰ ਸ਼ਾਇਦ ਮੈਂ ਗ਼ਲਤ ਹਾਂ। ਸ਼ਾਇਦ ਇਹ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਭੁੱਖੇ ਮਾਰ ਕੇ, ਜੇਲ੍ਹਾਂ 'ਚ ਡੱਕਕੇ, ਮਾਰ ਕੇ। ਅਤੇ ਇਸ ਨੂੰ ਮਨੁੱਖੀ ਚਿਹਰੇ ਵਾਲੀ ਜਮਹੂਰੀਅਤ ਦਾ ਨਾਂ ਦੇ ਕੇ।

ਅਨੁਵਾਦਕ ਬੂਟਾ ਸਿੰਘ ਸਮਾਜਿਕ -ਸਿਆਸੀ ਕਾਰਕੁੰਨ ਹਨ।ਕਈ ਅਹਿਮ ਕਿਤਾਬਾਂ ਦਾ ਪੰਜਾਬੀ 'ਚ ਤਰਜ਼ਮਾ ਕਰ ਚੁੱਕੇ ਹਨ।ਪੰਜਾਬ 'ਚ ਅਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਚ 'ਐਂਟੀ ਗ੍ਰੀਨ ਹੰਟ ਫੋਰਮ' ਬਣਾਉਣ ਦੀ ਪਹਿਲਕਦਮੀ ਕਰਨ ਵਾਲਿਆਂ ਚੋਂ ਇਕ ਹਨ। 
 ਫ਼ੋਨ:94634-74342

Friday, August 17, 2012

ਸਰਘੀਆਂ ਦੇ ਬੋਲਾਂ ਦਾ ਮਘਦਾ ਸੂਰਜ ਦਰਸ਼ਨ ਦੁਸਾਂਝ

"ਛਿੜ ਪਈ ਚਰਚਾ ਹੈ ਕਿਸਦੀ 
ਕੌਣ ਹੈ ਉਹ ਸੂਰਮਾ । 
ਸਰਘੀਆਂ ਦੇ ਬੋਲ 
ਜੋ ਖੇਤਾਂ 'ਚ ਸਾਡੇ ਗਾ ਰਿਹਾ।

"ਸਰਘੀਆਂ ਦੇ ਬੋਲਾਂ ਰਾਹੀ ਖੇਤਾਂ, ਕਾਰਖਨਿਆਂ , ਮਿੱਲ੍ਹਾਂ 'ਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਭੱਠਾ ਮਜ਼ਦੂਰਾਂ,ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲਾ ਦਰਸ਼ਨ ਦੁਸਾਂਝ ਨਕਸਲਵਾੜੀ ਲਹਿਰ ਦਾ ਉਹ ਜਾਂਬਾਜ਼ ਸਿਪਾਹੀ ਸੀ ,ਜੋ ਬੰਗਾਲ ਦੀ ਧਰਤੀ ਤੇ ਜੰਮਿਆ ਆਪਣੀ ਜਨਮ ਦਾਤੀ ਤੋਂ ਐਸਾ ਵਿਛੜਿਆਂ ਕਿ ਬੱਦਲਾਂ ਵਾਂਗੂੰ ਭਟਕਦਾ ਹੀ ਰਿਹਾ।ਉਹ ਅਕਸਰ ਹੀ ਗੱਲ ਕਰਦੇ ਕਾਸ਼ ਉਹ ਆਪਣੀ ਮਾਂ ਨੂੰ ਲੱਭ ਸਕਦਾ ,ਉਸ ਦਾ ਕੋਈ ਨਾਲ ਦਾ ਜੰਮਿਆ ਭਰਾ ਹੁੰਦਾ।ਭਾਵੇਂ ਮਾਤਾ ਹਰਨਾਮ ਕੌਰ ਤੇ ਪਿਤਾ ਹਜ਼ਾਰਾ ਸਿੰਘ ਨੇ ਉਸ ਨੂੰ ਪਿਆਰ ਨਾਲ ਪਾਲਿਆ ਸੀ ਪਰ ਉਹ ਜਦ ਵੀ ਕਦੇ ਬੰਗਾਲ ਜਾਂਦਾ ਤਾਂ ਉਸ ਮਿੱਟੀ ਪ੍ਰਤੀ ਉਸ ਦਾ ਮੋਹ ਜਾਗ ਪੈਂਦਾ ਤੇ ਉਸ ਨੂੰ ਲੱਗਦਾ ਕਿ ਇੱਥੇ ਉਸ ਦਾ ਕੁਝ ਗਵਾਚਿਆ ਹੈ।ਦਰਸ਼ਨ ਹਮੇਸ਼ਾਂ ਨਿਤਾਣਿਆਂ ਤੇ ਮਜ਼ਲੂਮਾਂ ਦੇ ਹੱਕ ਵਿੱਚ ਖੜ੍ਹਦਾ।ਪਰਤਾਪ ਸਿੰਘ ਕੈਰੋਂ ਦੀ ਸਰਕਾਰ ਵੱਲੋਂ ਖੁਸ਼ਹੈਸੀਅਤੀ ਟੈਕਸ ਲਗਾਉਣ ਤੇ ਉਸ ਨੇ ਨਰਿੰਦਰ ਦੁਸਾਂਝ ਦੀ ਨਿਰਦੇਸ਼ਨਾਂ ਹੇਠ 'ਜੋਰੀ ਮੰਗੇ ਦਾਨ ਵੇ ਲਾਲੋ' ਨਾਟਕ ਖੇਡਿਆ ਪਿੱਛੋਂ ਪੁਲਿਸ ਫੜ ਕੇ ਲੈ ਗਈ।ਫਿਰ ਲੋਕਾਂ ਦੇ ਦਬਾਅ ਕਾਰਨ ਛੱਡ ਦਿੱਤਾ।ਰੰਗ ਮੰਚ ਦੇ ਨਾਲ ਨਾਲ ਉਹ ਸਿਆਸੀ ਸੂਝ ਵੀ ਲੈਣ ਲੱਗਾ। ਉਹ ਪੁਰਾਣੇ ਦੇਸ਼ ਭਗਤ ਕਮਿਊਨਿਸਟਾਂ, ਗਦਰੀ ਬਾਬਿਆਂ ਅਤੇ ਕਿਰਤੀ ਕਾਮਰੇਡਾਂ ਦੇ ਨੇੜੇ ਰਹਿ ਇਹ ਸਿੱਖ ਗਿਆ ਸੀ, ਕਿ ਪੀੜਤ ਵਰਗ ਦੀ ਮੁਕਤੀ ਤੇ ਅਜ਼ਾਦ ਫ਼ਿਜ਼ਾ ਲਈ ਇੱਕੋ -ਇੱਕ ਹੱਲ ਸੰਪੂਰਨ ਇਨਕਲਾਬ ਹੀ ਹੈ ਤੇ ਜੋ ਮਾਰਕਸਵਾਦੀ ਵਿਚਾਰਧਾਰਾ ਅਧੀਨ ਹੀ ਕੀਤਾ ਜਾ ਸਕਦਾ ਹੈ ਮਾਰਕਸਵਾਦ ਹੀ ਇੱਕ ਅਜਿਹੀ ਵਿਗਿਆਨਕ ਵਿਚਾਰਧਾਰਾ ਹੈ ਜੋ ਸਭ ਦੇ ਭਲੇ ਲਈ ਰਾਹ ਦਸੇਰਾ ਹੈ।ਉਹ ਪਹਿਲਾ ਨਰਿੰਦਰ ਦੁਸਾਂਝ, ਜੋਗਿੰਦਰ ਬਾਹਰਲਾ ਤੇ ਫਿਰ ਅੰਮ੍ਰਿਤਸਰ ਆਤਮਜੀਤ ਦੀ ਨਿਰਦੇਸ਼ਨਾਂ ਹੇਠ ਡਰਾਮਾ ਸਕੁਐਡ ਨਾਲ ਕੰਮ ਕਰਨ ਲੱਗਾ, ਜਿੱਥੇ ਉਸ ਦੀ ਮਿੱਤਰਤਾ ਆਤਮਜੀਤ ਨਾਲ ਹੋਈ, ਉੱਥੇ ਉਸ ਦਾ ਰਿਸ਼ਤਾ ਦੁਆਬੀਆ ਹੋਣ ਕਰਕੇ ਮਹਿੰਦਰ ਕੌਰ, ਆਤਮਜੀਤ ਦੀ ਪਤਨੀ ਨਾਲ ਵੀ ਐਸਾ ਜੁੜਿਆ ਕਿ ਉਮਰ ਭਰ ਇਸ ਰਿਸ਼ਤੇ ਨੇ ਮੋਹ ਦੀਆਂ ਤੰਦਾਂ ਨੂੰ ਪੀਡੀਆਂ ਕੀਤਾ ।ਭੈਣ ਹੋਣ ਨਾਤੇ ਮਹਿੰਦਰ ਕੌਰ ਦਰਸ਼ਨ ਦੀ ਗ੍ਰਿਫਤਾਰੀ ਸਮੇਂ ਪੁਲਿਸ ਦੀਆਂ ਬਦਸਲੂਕੀਆਂ ਸਹਿੰਦੀ ਰਹੀ ।ਦਰਸ਼ਨ ਨੂੰ ਹੌਂਸਲਾ ਦਿੰਦੀ "ਅਸਲੀ ਇਨਸਾਨ ਦੀ ਕਹਾਣੀ" ਵਰਗੀ ਕਿਤਾਬ ਦੇ ਕੇ ਦੁਸ਼ਮਣ ਦੇ ਘੇਰੇ ਵਿੱਚ ਵੀ ਸਿਦਕਦਿਲੀ ਨਾਲ ਜਿਉਂਣ ਦੀ ਜਾਂਚ ਸਿਖਾਉਂਦੀ ਰਹੀ। ਜਿੰਦਗੀ ਦੇ ਹਰ ਮੋੜ ਤੇ ਮਹਿੰਦਰ ਕੌਰ ਦਾ ਪਰਿਵਾਰ ਦਰਸ਼ਨ ਲਈ ਮੋਹ ਪਿਆਰ ਦਾ ਆਸਰਾ ਬਣਿਆ। ਦਰਸ਼ਨ ਨੇ ਵੀ ਆਤਮਜੀਤ ਦੀ ਮੌਤ ਤੋਂ ਬਾਅਦ ਆਪਣੇ ਭਾਣਜਿਆਂ ਨੂੰ ਪਾਲ਼ਿਆ-ਪੜ੍ਹਾਇਆ ਤੇ ਉਨ੍ਹਾਂ ਦੇ ਹੱਥੀਂ ਵਿਆਹ ਕੀਤੇ। ਦਰਸ਼ਨ ਕਹਿਣੀ ਤੇ ਕਥਨੀ ਦਾ ਪੂਰਾ ਸੀ, ਕਿ ਇੱਕ ਕਮਿਊੁਨਿਸਟ ਇਨਕਲਾਬੀ ਦੀ ਕੋਈ ਗੋਤ, ਜਾਤ, ਧਰਮ ਜਾਂ ਇਲਾਕਾ ਨਹੀਂ ਹੁੰਦਾ ਉਸ ਨੇ ਆਪਣੇ ਚਾਰੇ ਭਾਣਜਿਆ ਦੇ ਅੰਤਰਜਾਤੀ ਵਿਆਹ ਕੀਤੇ ।

ਉਹ ਵਿਤਕਰਿਆਂ ਤੋਂ ਬਿਨ੍ਹਾਂ ਬਰਾਬਰੀ ਦਾ ਸਮਾਜ ਸਿਰਜਣਾ ਚਾਹੁੰਦਾ ਸੀ। ਇਨਕਲਾਬ ਉਸ ਦਾ ਅਕੀਦਾ ਸੀ, ਮੰਜ਼ਿਲ ਸੀ । ਜਿਸ ਨੂੰ ਪਾਉਣ ਲਈ ਉਸ ਨੇ ਪੰਜਾਬ ਦੀ ਬੰਦ-ਬੰਦ ਕਟਵਾਉਣ ਦੀ ਪੰਰਪਰਾ ਨੂੰ ਆਪਣੇ ਪਿੰਡੇ ਤੇ ਹੰਡਾਇਆ ।ਜਿੱਥੇ ਉਹ ਕੇਰਲਾ ਦੀ ਇਨਕਲਾਬੀ ਕੁੜੀ ਅਜੀਤਾ ਨਰਾਇਨ ਤੋਂ ਪ੍ਰਭਾਵਿਤ ਹੋ ਕੇ ਨਕਸਲਵਾੜੀ ਲਹਿਰ ਵਿੱਚ ਸ਼ਾਮਿਲ ਹੋਇਆ ਓਥੇ ਉਸ ਦੇ ਪ੍ਰੇਰਨਾ ਸ੍ਰੋਤ ਬਾਬਾ ਬੂਝਾ ਸਿੰਘ ਜੀ ਵੀ ਸਨ। ਜਿਨ੍ਹਾਂ ਬਿਆਸੀ ਸਾਲਾਂ ਦੀ ਉਮਰ ਵਿੱਚ ਸ਼ਹੀਦੀ ਦੇ ਕੇ ਦਰਸ਼ਨ ਦਾ ਮਾਰਗ ਦਰਸ਼ਨ ਕੀਤਾ। ਉਹ ਅਕਸਰ ਹੀ ਬਾਬਾ ਜੀ ਦੀ ਅੱਸੀ ਸਾਲਾ ਦੀ ਉਮਰ ਵਿੱਚ ਸਾਇਕਲ ਚਲਾਉਣ ਤੇ ਮਾਰਕਸਵਾਦ ਪੜ੍ਹਾਉਣ ਦੀ ਸਰਲ ਵਿਧੀ ਦੀ ਚਰਚਾ ਕਰਦੇ ਰਹਿੰਦੇ, ਕਿ ਜੋ ਵੀ ਇੱਕ ਵਾਰੀ ਬਾਬਾ ਜੀ ਦੀ ਸਕੂਲਿੰਗ ਵਿੱਚ ਬੈਠ ਜਾਂਦਾ ਉਹ ਮੁੜ ਪਿੱਛੇ ਨਾ ਦੇਖਦਾ। ਉਨ੍ਹਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਕੀਲ ਲੈਣ ਦੀ ਸਮਰੱਥਾ ਸੀ ।ਜਦੋਂ ਦਰਸ਼ਨ ਦੁਸਾਂਝ, ਜੋਗਿੰਦਰ ਸਿੰਘ ਦੇ ਖੂਹ ਤੋਂ ਫੜ੍ਹਿਆ ਗਿਆ ਤਾਂ ਪੁਲਿਸ ਬੰਗੇ ਥਾਣੇ ਲੈ ਗਈ ।ਪੁੱਛ-ਗਿੱਛ ਕੀਤੀ, ਪੱਲੇ ਕੁਝ ਨਾ ਪਿਆ ਤਾਂ ਤਸ਼ੱਦਦ ਸ਼ੁਰੂ ਹੋ ਗਿਆ... ਬੇਰਹਿਮ ਲਾਠੀਚਾਰਜ, ਮਾਨਸਿਕ ਦਬਾਅ, ਕੈਦ ਵਿੱਚ ਇਕੱਲੇ ਰੱਖਣਾ, ਪਿਸ਼ਾਬ ਨਾਲ਼ ਭਰੇ ਮੱਟ ਕੋਲ ਖੜ੍ਹੇ ਰੱਖਣਾ, ਨਹੁੰ ਉਖਾੜ ਦੇਣੇ, ਸੂਈਆਂ ਨਾਲ਼ ਸਰੀਰ ਦੇ ਅੰਗਾਂ ਨੂੰ ਵਿੰਨਣਾ, ਹੱਥ ਪੈਰ ਬੰਨ੍ਹ ਕੇ ਛੱਤ ਨਾਲ਼ ਟੰਗੀ ਰੱਖਣਾ, ਬਿਜਲੀ ਦੇ ਝਟਕੇ ਦੇਣੇ ਅਤੇ ਅਜਿਹੇ ਹੋਰ ਬਹੁਤ ਸਾਰੇ ਅਕਿਹ ਤਸੀਹੇ ਦੇਣੇ। ਹਕੂਮਤੀ ਜਬਰ ਅੱਗੇ ਡੋਲਣ ਤੋਂ ਬਚਾਉਣ ਲਈ ਉਸ ਅੱਗੇ ਇਤਿਹਾਸ ਦੇ ਕਈ ਨਾਇਕ, ਬਾਬਾ ਬੂਝਾ ਸਿੰਘ, ਗਦਰੀ ਬਾਬੇ, ਤੇਲੰਗਾਨਾ ਘੋਲ ਦੇ ਮਹਾਨ ਮਰਜੀਵੜੇ ਤੇ ਅਜੀਤਾ ਨਰਾਇਨ ਵਰਗੀ ਇਨਕਲਾਬੀ ਕੁੜੀ ਆ ਜਾਂਦੀ ।ਉਸ ਨੇ ਕੁਝ ਵੀ ਨਾ ਦੱਸਣ ਦਾ ਪ੍ਰਣ ਕਰ ਲਿਆ। ਉਹ ਸੂਰਮਾਂ ਬਣ ਗਿਆ। ਸ਼ਰਾਬੀ ਪੁਲਸੀਆਂ ਨੇ ਕੁੱਟ-ਕੁੱਟ ਕੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ। ਥੜੇ ਉੱਤੇ ਲਿਟਾ ਕੇ ਥਾਣੇਦਾਰ ਇੱਟਾਂ ਮਾਰਨ ਲੱਗ ਪਿਆ ਤੇ ਲੱਤਾਂ ਦਾ ਕਚਰਾ ਬਣਾ ਦਿੱਤਾ। ਪੁਲਿਸ ਦੇ ਤਸ਼ੱਦਦ ਬਾਰੇ ਪ੍ਰਸਿੱਧ ਜੁਝਾਰਵਾਦੀ ਕਵੀ ਦਰਸ਼ਨ ਖਟਕੜ ਆਪਣੀ ਕਵਿਤਾ ਵਿੱਚ ਲਿਖਦਾ ਹੈ:

"ਚਿਣੇ ਨੀਹਾਂ ਵਿੱਚ ਜਾਇਏ 
ਜਾਂ ਲੱਤਾਂ ਚੂਰ ਕਰਵਾਇਏ 
ਸਰਹੰਦ ਦੀ ਦੀਵਾਰ ਹੋਵੇ
 ਜਾਂ ਥਾਣਾ ਬੰਗਿਆਂ ਦਾ"

ਬੰਗਾ ਥਾਣੇ ਤੋਂ ਬਾਅਦ ਦੁਸਾਂਝ ਨੂੰ ਵੱਖ-ਵੱਖ ਤਸੀਹਾ ਕੇਂਦਰਾਂ ਵਿੱਚ ਘੁਮਾਇਆ ਗਿਆ।ਵੱਖ-ਵੱਖ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਤਸੀਹੇ ਦਿੱਤੇ ਜਾਂਦੇ। ਜੋ ਕਾਮਰੇਡ ਨੇ ਹੱਗਣਾ ਮੂਤਣਾ, ਉਹ ਗੰਦ ਕੱਪੜੇ ਵਿੱਚ ਰੱਖ ਕੇ ਉਸ ਦੇ ਮੂੰਹ ਤੇ ਬੰਨ੍ਹ ਦੇਣਾ। ਇਸ ਤੋਂ ਬਾਅਦ ਦਰਸ਼ਨ ਨੂੰ ਜੁਡੀਸ਼ੀਅਲ ਹਵਾਲਾਤ ਜਲੰਧਰ ਭੇਜ ਦਿੱਤਾ। ਉਹ ਦਰਦਾਂ ਨਾਲ ਕਰਾਹ ਰਿਹਾ ਸੀ। ਰੌਲਾ ਪਾਉਂਦਾ, ਚੀਕਾਂ ਮਾਰਦਾ। ਤੀਜੇ ਦਿਨ ਹਸਪਤਾਲ ਲੈ ਕੇ ਗਏ। ਇੱਕ ਲੱਤ ਲਟਕ ਰਹੀ ਸੀ, ਉਸ ਦਾ ਪਲਾਸਤਰ ਕੀਤਾ, ਦੂਜੀ ਲੱਤ ਬਾਰੇ ਕਿਹਾ ਕਿ ਟੁੱਟੀ ਹੋਈ ਹੈ। ਪਰ ਜੋੜ ਪੈ ਚੁੱਕਾ, ਆਪੇ ਠੀਕ ਹੋ ਜਾਵੇਗੀ। ਦਰਸ਼ਨ ਦੇ ਅੰਗ-ਅੰਗ ਵਿੱਚ ਪੈਂਦੀਆ ਚੀਸਾਂ ਨੂੰ ਕੇਵਲ ਕੌਰ ਨੇ ਪਿਆਰ-ਹਮਦਰਦੀ ਦੇ ਫਹੇ ਲਾਏ, ਹੌਂਸਲਾ ਬੁਲ਼ੰਦ ਕੀਤਾ, ਤੇ ਨਿੱਤ ਵਰਤੋਂ ਦਾ ਜ਼ਰੂਰੀ ਸਮਾਨ ਦਿੱਤਾ ਅਤੇ ਇਹ ਦੱਸਿਆ ਕਿ ਦਰਬਾਰਾ ਸਿੰਘ ਢਿੱਲੋਂ ਉਸ ਦਾ ਕੇਸ ਮੁਫ਼ਤ ਵਿੱਚ ਲੜੇਗਾ । ਉਸ ਨੇ ਇਹ ਵੀ ਦੱਸਿਆ ਕਿ ਐਡਵੋਕੇਟ ਹਰਭਜਨ ਸੰਘਾ ਤੇ ਐਡਵੋਕੇਟ ਹਰਦਿਆਲ ਵੀ ਨਕਸਲੀਆਂ ਦੇ ਮੁਫ਼ਤ ਕੇਸ ਲੜ ਰਹੇ ਹਨ। ਦਰਸ਼ਨ ਦਾ ਦਰਬਾਰਾ ਸਿੰਘ ਢਿੱਲੋਂ ਤੇ ਬਾਕੀਆਂ ਪ੍ਰਤੀ ਸਤਿਕਾਰ ਵੱਧ ਗਿਆ ।ਦਰਸ਼ਨ ਦੀ ਜਿਉਣ ਦੀ ਆਸ ਜ਼ਿੰਦਾ ਹੋ ਗਈ।ਭਾਵਂੇ ਕਿ ਪੁਲਿਸ ਵੱਲ਼ੋਂ ਦਰਬਾਰਾ ਸਿੰਘ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਡਰਿਆ ਨਹੀਂ ਸਗੋਂ ਦਲੇਰੀ ਨਾਲ ਜਵਾਬ ਦਿੱਤਾ। ਦੁਸਾਂਝ ਅਕਸਰ ਦਰਬਾਰਾ ਸਿੰਘ ਦੀ ਬਹਾਦਰੀ ਦੀਆਂ ਗੱਲਾਂ ਕਰਦੇ ਸਨ। ਸੰਨ 2005 ਵਿੱਚ ਦਰਬਾਰਾ ਸਿੰਘ ਢਿੱਲ਼ੋਂ ਦਾ ਨਵਾਂਸ਼ਹਿਰ ਵਿਖੇਂ ਸਨਮਾਨ ਕੀਤਾ ਗਿਆ। ਉਸ ਨੇ ਸਨਮਾਨ ਦੀ ਰਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ। ਪਰ ਸਨਮਾਨ ਦਾ ਸ਼ਾਲ ਲੈ ਕੇ ਬਹੁਤ ਖੁਸ਼ ਹੋਇਆ। ਉਸ ਦੇ ਕੀਤੇ ਕੰਮ ਨੂੰ ਲੋਕੀ ਸਦੀਆਂ ਤੱਕ ਯਾਦ ਰੱਖਣਗੇ। ਦਰਸ਼ਨ ਦੁਸਾਂਝ ਉੱਪਰ ਢਾਹੇ ਜ਼ੁਲਮ ਦੀਆਂ ਗੱਲਾਂ ਘਰ-ਘਰ ਦੰਦ-ਕਥਾਵਾਂ ਬਣ ਹੋ ਰਹੀਆ ਸਨ। ਕਹਿੰਦੇ ਕਿ ਉਸ ਦੀਆਂ ਲੱਤਾਂ ਲੋਹੇ ਦੀਆਂ ਆ.. ਨਲਕੇ ਦੇ ਹੈਂਡਲ ਨਾਲ ਵੀ ਨਾ ਟੁੱਟੀਆਂ, ਉਹਦੇ ਕੋਲ ਗੁਰੂਆਂ ਵਾਲੀ ਸ਼ਕਤੀ ਹੈਂ, ਉਸ ਨੇ ਥਾਣੇਦਾਰ ਨੂੰ ਦਬਕਾ ਮਾਰਿਆ ਉਸ ਦਾ ਮੂਤ ਨਿਕਲ ਗਿਆ ।ਅੱਤ ਦੀ ਕੁੱਟ ਖਾ ਕੇ ਵੀ ਉਹ ਥਾਣੇਦਾਰ ਨੂੰ ਕਹਿੰਦਾ 'ਕਾਹਨੂੰ ਜਵਾਈ ਨੂੰ ਮਾਰਦਾ ਏਂ'। ਕਈ ਜੁਝਾਰਵਾਦੀ ਕਵੀਆਂ ਨੇ ਉਸ ਤੇ ਕਵਿਤਾਵਾਂ ਲਿਖੀਆਂ

"ਹਾਂ ਤੇ ਬਾਬਾ ਦੀਪ ਸਿੰਘ 
ਆਪਣਾ ਤੇ ਕੁਝ ਵੀ ਵੰਡਿਆ ਨਹੀਂ 
ਜਾਂਚ  ਤਾਂ ਦੱਸ 
ਸੀਸ ਤਲੀ ਤੇ ਕਿੰਝ ਧਰੀਦਾ ਏ" 

ਪੁਲਿਸ ਵਾਲ਼ੇ ਉਸ ਨੂੰ ਤਰੀਕ ਭੁਗਤਾਉਣ ਨਵਾਂਸ਼ਹਿਰ ਕਚਹਿਰੀ ਵਿੱਚ ਲੈ ਕੇ ਆਉਂਦੇ। ਕਾਲਜਾਂ ਦੇ ਵਿਦਿਆਰਥੀ ਉਸ ਨੂੰ ਦੇਖਣ ਆਉਂਦੇ। ਉਸ ਤੋਂ ਤੁਰਿਆ ਨਾ ਜਾਣਾ, ਦੋ ਸਿਪਾਹੀਆ ਨੇ ਸਹਾਰਾ ਦੇ ਕੇ ਚੁੱਕਿਆ ਹੋਣਾ। ਬੇੜੀਆਂ ਤੇ ਹੱਥਕੜੀਆਂ ਵਿੱਚ ਜਕੜਿਆ ਹੋਣਾ, ਇਸ ਦੇ ਬਾਵਜੂਦ ਵੀ ਉਹ ਨਾਅਰੇ ਮਾਰਦਾ ਕਚਿਹਰੀ ਵਿੱਚ ਆਉਂਦਾ ਤੇ ਨਾਅਰੇ ਮਾਰਦਾ ਵਾਪਸ ਜਾਂਦਾ। ਉਸ ਦੌਰ ਵਿੱਚ ਅੰਮ੍ਰਿਤਸਰ ਦਾ ਇੰਟੈਰੋਗੇਸ਼ਨ ਸੈਂਟਰ ਬਹੁਤ ਮਸ਼ਹੂਰ ਸੀ ਤਸ਼ਦੱਦ ਲਈ। ਦੁਸਾਂਝ ਤੇ ਉਸ ਦੇ ਸਾਥੀ ਅਜੀਤ ਰਾਹੀ ਨੂੰ ਵੀ ਇੱਥੇ ਲਿਆਂਦਾ। ਉਨ੍ਹਾਂ ਧਮਕਾਉਂਦਿਆਂ ਦੁਸਾਂਝ ਨੂੰ ਕਿਹਾ, "ਦੇਖ ਜੋ ਪੁੱਛੀਏ... ਬੰਦੇ ਦਾ ਪੁੱਤ ਬਣ ਕੇ ਦੱਸ ਦੇਵੀਂ, ਝੂਠ ਬੋਲਿਆ ਤਾਂ ਬਹੁਤ ਤੰਗ ਹੋਵੇਂਗਾ, ਇੱਥੇ ਅਸੀਂ ਕੰਧਾਂ ਤੋਂ ਵੀ ਸੱਚ ਪੁੱਛ ਲੈਂਦੇ ਆਂ"। ਉਨਾਂ੍ਹ ਤਸੀਹੇ ਯੰਤਰਾਂ ਦੀ ਜਾਣਕਾਰੀ ਦੇ ਡਰਾਉਣ ਦੀ ਕੋਸ਼ਿਸ਼ ਕੀਤੀ। ਹਰ ਰੋਜ਼ ਉਹਦਾ ਗੂੰਹ ਉਹਦੇ ਮੂੰਹ ਤੇ ਬੰਨ ਦੇਣਾ, ਜਾਗੇ ਦੀ ਸਜ਼ਾ ਦੇਣੀ, ਮੋਮਬੱਤੀਆਂ ਨਾਲ ਚਮੜੀ ਵੀ ਸਾੜੀ। ਪਰ ਉਹ ਸੂਰਮਾਂ ਡੋਲਿਆਂ ਨਾ। ਬਾਬਾ ਬੂਝਾ ਸਿੰਘ ਦੀ ਸ਼ਹੀਦੀ ਉਸ ਦੀਆਂ ਅੱਖਾਂ ਵਿੱਚ ਖੂਨ ਲੈ ਆਉਂਦੀ, ਉਹ ਅਡੋਲ ਹੋ ਜਾਂਦਾ। ਸਾਰੀ ਜਿੰਦਗੀ ਉਹ ਪੁਲਸੀ ਜਰਵਾਣਿਆਂ ਨੂੰ ਨਫ਼ਰਤ ਕਰਦਾ ਰਿਹਾ। ਰੋਜ਼ੀ ਰੋਟੀ ਲਈ ਭਰਤੀ ਹੋਏ ਪੁਲਿਸ ਮੁਲਾਜ਼ਮ ਉਸ ਦੀ ਬਹੁਤ ਇੱਜ਼ਤ ਕਰਦੇ ਸਨ। ਪਰ ਉਸ ਦੇ ਜਿਸਮ ਦੀ ਪੀੜ ਉਸ ਨੂੰ ਤੜਫਾਉਂਦੀ ਰਹੀ। ਉਹ ਉਨ੍ਹਾਂ ਤੇ ਵਿਸ਼ਵਾਸ਼ ਨਾ ਕਰਦਾ। ਉਹ ਜ਼ਰਵਾਣਿਆ ਦੇ ਜੁਲਮ ਨੂੰ ਸਾਰੀ ਜ਼ਿੰਦਗੀ ਭੁੱਲ ਨਾ ਸਕਿਆ। ਉਸ ਦਾ ਇਹ ਇਨਕਲਾਬ ਪ੍ਰਤੀ ਮੋਹ ਹੀ ਸੀ ਕਿ ਉਹ ਲਗਾਤਾਰ ਕਈ ਕਈ ਦਿਨ ਮੀਟਿੰਗਾਂ ਕਰਵਾਉਂਦਾ। ਸਾਇਕਲ ਤੇ ਇੱਕ ਲੱਤ ਦੇ ਸਹਾਰੇ ਬਹੁਤ ਦੂਰ-ਦੂਰ ਤੱਕ ਜਾਂਦਾ। ਛੇਤੀ-ਛੇਤੀ ਸਾਇਕਲ ਬਦਲ ਦਿੰਦਾ। ਸਾਡੇ ਘਰ ਉਹ ਮੇਰੇ ਸੁਰਤ ਸੰਭਾਲਣ ਤੋਂ ਪਹਿਲਾਂ ਦੇ ਆਉਂਦੇ ਸਨ। ਨਕਸਲਵਾੜੀ ਲਹਿਰ ਵਿੱਚ ਸਾਡੇ ਪਿੰਡ ਦੇ ਤਿੰਨ ਮੁੰਡੇ ਸ਼ਹੀਦ ਹੋਏ ਸਨ। ਪਾਸ਼ ਨੇ ਆਪਣੇ ਗੀਤ "ਕਿਰਤੀ ਦੀਏ ਕੁੱਲੀਏ" ਵਿੱਚ ਮੰਗੂਵਾਲ ਨੂੰ ਕਮਿਊਨਿਸਟਾਂ ਦੀ ਰਾਜਧਾਨੀ ਕਿਹਾ ਸੀ। ਮੰਗੂਵਾਲ ਦੇ ਸ਼ਹੀਦਾਂ ਦੇ ਸ਼ਹੀਦੀ ਦਿਨ ਮਨਾਏ ਜਾਂਦੇ, ਅਸੀ ਭਾਸ਼ਨ ਸੁਣਦੇ, ਗੀਤ ਗਾਉਂਦੇ। 

ਮੇਰੇ ਡੈਡੀ ਜੀ ਦੇ ਵਿਦੇਸ਼ ਜਾਣ ਤੋਂ ਬਾਅਦ ਮੇਰੇ ਡੈਡੀ ਜੀ ਨੇ ਮੇਰੀ ਮੰਮੀ ਜੀ ਨੂੰ ਕਿਹਾ ਸੀ, "ਮੇਰੇ ਦੋਸਤਾਂ ਦਾ ਪਹਿਲਾ ਵਾਂਗ ਹੀ ਸਤਿਕਾਰ ਕਰਨਾ। ਉਹ ਸੱਚੇ ਸੁੱਚੇ ਦੇਸ਼ ਭਗਤ ਹਨ। ਸਾਡੇ ਘਰ ਲਗਭਗ ਸਾਰੇ ਇਨਕਲਾਬੀ ਗਰੁੱਪਾਂ ਦੇ ਕਾਮਰੇਡ ਆਉਂਦੇ। ਉਨ੍ਹਾਂ ਸਾਨੂੰ ਹਮੇਸ਼ਾ ਕਹਿਣਾ ਤੁਸੀਂ ਸਭ ਦੀ ਸੇਵਾ ਕਰਿਆ ਕਰੋ, ਜੋ ਵੀ ਇਨਕਲਾਬ ਲਈ ਤੁਰਿਆ ਹੋਇਆ ਹੈ। ਉਹ ਸਾਨੂੰ ਮਾਰਕਸਵਾਦ ਬਾਰੇ ਸਿੱਖਿਆ ਦਿੰਦੇ। ਪਤਾ ਹੀ ਨਹੀਂ ਲੱਗਾ ਕਦੋਂ ਅਸੀ ਵੀ ਉਨਾਂ ਨੂੰ ਪਿਆਰ ਕਰਨ ਲੱਗ ਪਏ। ਉਨ੍ਹਾਂ ਜਦੋਂ ਕੁਝ ਲਿਖਣਾ ਮੈਨੂੰ ਤੇ ਮੇਰੇ ਭਰਾ ਨੂੰ ਸੁਣਾਉਣਾ ਸਾਨੂੰ ਸਾਹਿਤ ਦੀ ਛੋਟੇ ਹੋਣ ਕਰਕੇ ਜ਼ਿਆਦਾ ਸਮਝ ਨਹੀਂ ਸੀ। ਕਈ ਵਾਰੀ ਅਸੀਂ ਹੱਸ ਪੈਣਾ ਤਾਂ ਉਨ੍ਹਾਂ ਸਾਨੂੰ ਝਿੜ੍ਹਕਾਂ ਮਾਰਨੀਆਂ ਪਿਆਰ ਵੀ ਬਹੁਤ ਕਰਨਾ। ਚੰਗਾ ਸਾਹਿਤ ਪੜ੍ਹਨ ਲਿਖਣ ਲਈ ਪ੍ਰੇਰਤ ਹੀ ਨਹੀਂ ਕਰਨਾ ਸਗੋਂ ਚੰਗੀਆਂ ਕਿਤਾਬਾਂ ਲਿਆ ਕੇ ਦੇਣੀਆਂ। ਕੁਝ ਲਿਖਣਾ ਤਾਂ ਉਤਸ਼ਾਹਿਤ ਕਰਨਾ, ਗਲਤੀਆਂ ਦੱਸਣੀਆਂ, ਜੀਵਨ ਜਾਂਚ ਸਿਖਾਉਣੀ। ਮਨੁੱਖਤਾਂ ਦਾ ਦਰਦ ਸਮਝਣ ਦੀ ਸੋਝੀ ਦੇਣੀ। ਉਨ੍ਹਾਂ ਦਾ ਦਿਲ ਬਹੁਤ ਹੀ ਨਰਮ ਸੀ। ਨੰਦ ਲਾਲ ਸਹਿਗਲ ਨੂੰ ਮਾਰਨ ਸਮੇਂ ਜਦੋਂ ਨਕਸਲੀਆਂ ਨੇ ਗੋਲੀ ਚਲਾਈ ਤਾਂ ਚਾਹ ਦੀ ਦੁਕਾਨ ਕਰਦਾ ਇੱਕ ਨਿਹੰਗ ਸਿੰਘ ਇਨ੍ਹਾਂ ਮਗਰ ਕਿਰਪਾਨ ਕੱਢ ਕੇ ਮਗਰ ਦੌੜ ਪਿਆ। ਇਹਨਾਂ ਨੇ ਆਪਣੇ ਬਚਾਅ ਲਈ ਉਹਦੇ ਵੱਲ ਗੋਲੀ ਚਲਾ ਦਿੱਤੀ, ਉਹ ਡਿੱਗ ਪਿਆ। ਦੁਸਾਂਝ ਨੂੰ ਸਾਰੀ ਰਾਤ ਨੀਂਦ ਨਾ ਆਈ ਕਿ ਕਿਤੇ ਮਜ਼ਦੂਰ ਆਦਮੀ ਮਰ ਨਾ ਗਿਆ ਹੋਵੇ। ਪਰ ਉਹਦੇ ਗੋਲ਼ੀ ਲੱਗੀ ਨਹੀਂ ਸੀ। ਇਸ ਤਰ੍ਹਾਂ ਹੀ ਦਰਸ਼ਨ ਦੁਸਾਂਝ ਦੀ ਗ੍ਰਿਫਤਾਰੀ ਸਮੇਂ ਸੋਹਣ ਲਾਲ ਜੋਸ਼ੀ ਨੂੰ ਸ਼ੱਕ ਦੀ ਬਿਨਾਹ ਤੇ ਬਿਨ੍ਹਾਂ ਪੜਤਾਲ਼ ਕੀਤਿਆ ਸ਼ਹੀਦ ਕਰ ਦਿੱਤਾ। ਜਦੋਂ ਦਰਸ਼ਨ ਨੂੰ ਜੇਲ੍ਹ ਵਿੱਚ ਪਤਾ ਲੱਗਾ ਤਾਂ ਉਹ ਸੁੰਨ ਹੋ ਗਿਆ। ਉਸ ਦਾ ਭਰਾ ਮੋਹਣੀ ਜੇਲ੍ਹ ਵਿੱਚ ਬੰਦ ਸੀ। ਜਦੋਂ ਸੋਹਣ ਦੀ ਮਾਂ ਤੇ ਮਾਸੀ ਮਿਲਣ ਆਉਂਦੀਆਂ ਤਾਂ ਦਰਸ਼ਨ ਨੂੰ ਕਹਿੰਦੀਆਂ "ਸੋਹਣ ਨੂੰ ਮਿਲਿਆ ਬੜਾ ਚਿਰ ਹੋ ਗਿਆ, ਪੁੱਤ ਨੂੰ ਆਖੀਂ ਕਿਤੇ ਮਿਲ ਜਾਵੇ"।

ਮਾਂ ਦਾ ਤਰਲਾ ਦੇਖ ਦਰਸ਼ਨ ਦਾ ਗਚ ਭਰ ਆਉਂਦਾ। ਇਸ ਤਰਾਂ ਹੀ ਕਾਮਰੇਡ ਰਾਮ ਕਿਸ਼ਨ ਕਿਸ਼ੂ 'ਆਪਣਿਆਂ' ਦੀ ਗੋਲੀ ਦਾ ਸ਼ਿਕਾਰ ਹੋ ਭੇਦ ਭਰੀ ਹਾਲਤ ਵਿੱਚ ਸ਼ਹੀਦ ਹੋ ਗਿਆ। ਦਰਸ਼ਨ ਨੇ ਜੇਲ੍ਹ ਤੋਂ ਬਾਹਰ ਆ ਕੇ, ਪੜਤਾਲ ਕਮੇਟੀਆਂ ਬਿਠਾ ਕੇ ਦੋਨ੍ਹਾਂ ਨੂੰ ਨਿਰਦੋਸ਼ ਕਰਾਰ ਦਿਵਾ, ਸ਼ਹੀਦ ਦਾ ਦਰਜਾ ਦੁਆਇਆ। ਸਾਰੀ ਜਿੰਦਗੀ ਉਸ ਦੀਆਂ ਅੱਖਾਂ ਅੱਗੇ ਸੋਹਣ ਦੀ ਮਾਂ ਦਾ ਤਰਲਾ ਘੁੰਮਦਾ ਰਿਹਾ ਤੇ ਯਾਦ ਕਰ ਉਹ ਉਦਾਸ ਹੋ ਜਾਂਦਾ। ਉਹ ਆਪਣੇ ਉਨ੍ਹਾਂ ਸਾਥੀਆਂ ਨੂੰ, ਜੋ ਪੁਲਿਸ ਦੀ ਗੋਲੀ ਨਾਲ ਸ਼ਹੀਦ ਨਹੀਂ ਹੋਏ ਪਰ ਲਹਿਰ ਲਈ ਮੀਲ ਪੱਥਰ ਬਣਨ ਦਾ ਕੰਮ ਕੀਤਾ ਸੀ, ਹਮੇਸ਼ਾ ਯਾਦ ਕਰਦੇ ਰਹਿੰਦੇ। ਉਨ੍ਹਾਂ ਦੀਆਂ ਜੀਵਨੀਆਂ ਦੇ ਅਧਾਰਿਤ 'ਅਮਿੱਟ ਪੈੜਾਂ' ਕਿਤਾਬ ਲਿਖੀ। ਕਦੇ ਕਦੇ ਉਹ ਪਾਰਟੀ ਫੁੱਟਾਂ ਤੋਂ ਉਦਾਸ ਹੋ ਕਹਿਣ ਲੱਗਦੇ ਲਹਿਰ ਉਸਰ ਨਹੀਂ ਰਹੀ, ਮੰਜ਼ਿਲ ਦਿੱਸਦੀ ਨਹੀਂ; ਚੰਗਾ ਹੁੰਦਾ ਕਿ ਮੈਂ ਪੁਲਿਸ ਦੀ ਗੋਲੀਂ ਨਾਲ਼ ਹੀ ਸ਼ਹੀਦ ਹੋ ਜਾਂਦਾ। ਤੇ ਫਿਰ ਇੱਕ ਦਮ ਉਹ ਆਪਣੇ ਵਿੱਚ ਉਤਸ਼ਾਹ ਭਰ ਕੇ ਕਹਿੰਦੇ ਕਿ ਇੱਕ ਸੱਚਾ ਇਨਕਲਾਬੀ ਕਦੇ ਹਾਰਦਾ ਨਹੀਂ। ਉਹ ਹਰ ਜਬਰ-ਜ਼ੁਲਮ ਦਾ ਮੁਕਾਬਲਾ ਅਡੋਲ ਹੋ ਕਰਦਾ ਹੈ। ਉਹ ਸੁਭਾਅ ਦੇ ਸ਼ਰਮਾਕਲ ਸਨ। ਜਿਆਦਾ ਛੇਤੀ ਕਿਸੇ ਨਾਲ਼ ਘੁਲਦੇ-ਮਿਲਦੇ ਨਹੀਂ ਸਨ। ਘਰ ਦੀਆਂ ਸੁਆਣੀਆਂ ਦੀ ਇੱਜਤ ਕਰਦੇ, ਪਿਆਰ ਸਤਿਕਾਰ ਕਰਦੇ। ਉਹ ਉਨ੍ਹਾਂ ਤੋਂ ਦੂਰੀ ਵੀ ਬਣਾਈ ਰੱਖਦੇ। ਉਹ ਕਹਿੰਦੇ ਸਨ ਕਿ ਹਰ ਕਮਿਊਨਿਸਟ ਵਿਅਕਤੀ ਦਾ ਇਮਾਨ ਤੇ ਇਖਲਾਕ ਹਮੇਸ਼ਾ ਉੱਚਾ ਰਹਿਣਾ ਚਾਹੀਦਾ ਹੈ। ਉਹ ਚਾਹੁੰਦੇ ਸਨ ਕਿ ਹੋ ਸਕੇ ਤਾਂ ਰੋਟੀ-ਪਾਣੀ ਦੇਣ ਲਈ ਕੋਈ ਮੇਲ ਮੈਂਬਰ ਆਵੇ। ਕਾਮਰੇਡਾਂ ਦਾ ਲੋਕਾਂ ਦੇ ਚੁੱਲ੍ਹਿਆਂ ਚੌਂਕਿਆਂ ਵਿੱਚ ਘੁੰਮਣਾ ਉਨ੍ਹਾਂ ਨੂੰ ਪਸੰਦ ਨਹੀਂ ਸੀ। ਉਹ ਸਮਝੌਤਾਵਾਦੀ ਨਹੀਂ ਸਨ। ਉਹ ਅਕਸਰ ਹੀ ਕਹਿੰਦੇ ਸਨ ਕਿ ਮੈਂ ਨਿੰਮ ਵਰਗਾ ਕੌੜਾ ਹਾਂ। ਨਿੰਮ ਕੌੜੀ ਜਰੂਰ ਹੁੰਦੀ ਹੈ, ਪਰ ਖੁਨ ਸਾਫ਼ ਕਰ ਦਿੰਦੀ ਹੈ।

ਬਰਸਾਤਾਂ ਦੇ ਦਿਨਾਂ ਵਿੱਚ ਉਨ੍ਹਾਂ ਦੀ ਲੱਤ ਗਲ਼ ਜਾਣੀ, ਪਾਕ ਪੈ ਜਾਣੀ। ਉਨ੍ਹਾਂ ਘੁੱਟ ਕੇ ਪਿਸ ਕੱਢਣੀ, ਗਰਮ ਪਾਣੀ ਨਾਲ ਧੋਹ ਕੇ ਕਦੇ ਨਾਰੀਅਲ ਦਾ ਤੇਲ ਲਾਉਣਾ, ਕਦੇ ਨਿਊਸਪਰੀਨ ਪਾਊਡਰ ਲਾਉਣਾ, ਪੱਟੀ ਕਰਨੀ। ਮੇਰੇ ਦਾਦਾ, ਦਾਦੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ। ਜੇ ਉਨ੍ਹਾਂ ਕੁਝ ਦਿਨ ਨਾ ਆਉਣਾ ਤਾਂ ਮੇਰੀ ਦਾਦੀ ਜੀ ਨੇ ਕਾਂ ਉਡਾਉਣੇ ਕਿ ਦਰਸ਼ਨ ਠੀਕ ਹੋਵੇ ਆਇਆ ਨਹੀਂ। ਉਹ ਆਪਣੇ ਕੋਲ ਹੋਮੀਓਪੈਥੀ ਦੀਆਂ ਕਿਤਾਬਾਂ ਤੇ ਦੁਆਈਆਂ ਰੱਖਦੇ ਸਨ। ਜੇਕਰ ਮੇਰੀ ਦਾਦੀ ਦੀ ਕੋਈ ਸਹੇਲੀ ਬਿਮਾਰ ਹੋ ਜਾਂਦੀ ਤਾਂ ਦੁਸਾਂਝ ਅੰਕਲ ਉਸ ਨੂੰ ਦੁਆਈ ਦਿੰਦੇ। ਅਸੀਂ ਹੱਸੀ ਜਾਣਾ ਕਿ ਅੰਕਲ ਡਾਕਟਰ ਬਣੇ ਹੋਏ ਆ। ਇੱਕ ਵਾਰੀ ਉਨ੍ਹਾਂ ਨੇ ਕਵਿਤਾ ਲਿਖੀ "ਮੈਂ ਕੱਲਰ ਦਾ ਫੁੱਲ ਓ ਯਾਰਾ" ਸੁਣ ਕੇ ਮੈਂ ਉਦਾਸ ਹੋ ਗਈ। ਮੈਂ ਸੁੱਤੇ ਸਿੱਦ ਹੀ ਕਿਹਾ, "ਅੰਕਲ ਜੀ, ਤੁਸੀਂ ਕੱਲਰ ਦਾ ਫੁੱਲ ਨਹੀਂ, ਮੈਂ ਤੁਹਾਡੀ ਧੀ ਹਾਂ", ਤਾਂ ਉਨ੍ਹਾਂ ਉਦਾਸ ਲਹਿਜੇ ਵਿੱਚ ਕਿਹਾ, "ਕੌਣ ਬਣਦਾ ਧੀ? ਕਹਿਣਾ ਸੌਖਾ ਨਿਭਾਉਣਾ ਬੜਾ ਔਖਾ"। ਮੈਂ ਫਿਰ ਕਿਹਾ, "ਮੈਂ ਨਿਭਾਵਗੀ"। ਮੈਂ ਉਨ੍ਹਾਂ ਦੀ ਡਾਇਰੀ ਤੇ ਲਿਖ ਦਿੱਤਾ ਕਿ ਅੱਜ ਤੋਂ ਮੈਂ ਤੁਹਾਡੀ ਧੀ ਮੈਂ ਹਰ ਦੁੱਖ ਸੁੱਖ ਵਿੱਚ ਸਾਥ ਦੇਵਾਂਗੀ ਤੇ ਸਾਡਾ ਰਿਸ਼ਤਾ ਉਨ੍ਹਾਂ ਦੇ ਜਿਉਂਦਿਆਂ ਤੱਕ ਨਿਭਿਆ। ਉਹ ਕਹਿੰਦੇ ਸਨ ਕਿ ਮੇਰਾ ਸੰਸਕਾਰ ਵੀ ਮੰਗੂਵਾਲ ਹੀ ਕਰੀਂ ਤਿੰਨਾਂ ਸਹੀਦਾਂ ਨਾਲ, ਪਰ ਦੁਸਾਂਝ ਕਲਾਂ ਵਾਲੇ ਨਹੀਂ ਮੰਨੇ। ਬਿਮਾਰੀਆਂ ਦਾ ਚੁਤਰਫਾ ਹਮਲਾ ਨਾ ਸਹਾਰਦੇ ਹੋਏ, ਉਹ 15 ਅਗਸਤ,2000 ਨੂੰ ਨਈਅਰ ਹਸਪਤਾਲ ਅੰਮ੍ਰਿਤਸਰ, ਸਾਡੇ ਕੋਲੋਂ ਸਦਾ ਲਈ ਵਿਛੜ ਗਏ।

ਅੱਜ ਉਨ੍ਹਾਂ ਨੂੰ ਸਾਡੇ ਕੋਲੋਂ ਗਿਆਂ ਬਾਰਾਂ ਸਾਲ ਹੋ ਗਏ। ਸੋ ਆਓ ਸੋਚੀਏ ਕੀ ਬਦਲਿਆ ਇਨ੍ਹਾਂ ਸਾਲਾਂ ਵਿੱਚ? ਕੀ ਸਿਰਜ ਹੋਇਆਂ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ? ਬਿਲਕੁਲ ਨਹੀਂ, ਅੱਜ ਵੀ ਮੇਹਨਤਕਸ਼ ਭੁੱਖਾ ਮਰਦਾ ਹੈ, ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ, ਲੋਕਾਂ ਦੀ ਚੁਣੀ ਹੋਈ ਸਰਕਾਰ ਮੁਲਾਜ਼ਮ ਵਰਗ ਤੇ ਅੱਤਿਆਚਾਰ ਢਾਉਂਦੀ ਤੇ ਫਤਵੇ ਲਾਉਂਦੀ ਹੈ। ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੈ ਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਔਰਤਾਂ ਦੀ ਬੇਪੱਤੀ ਹੋ ਰਹੀ ਹੈ। ਗੰਦੇ ਸੱਭਿਆਚਾਰ ਨੂੰ ਫੈਲਾਇਆ ਜਾ ਰਿਹਾ ਹੈ।ਜਾਤ, ਧਰਮ ਦੇ ਨਾਂ ਤੇ ਨਿੱਤ ਦਿਨ ਦੰਗੇ ਹੋ ਰਹੇ ਹਨ।ਅਮੀਰ ਗਰੀਬ ਦਾ ਪਾੜਾ ਵੱਧ ਗਿਆ ਹੈ ।ਅੱਜ ਵੀ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਹਨ । ਅੱਜ ਵੀ ਸਲਵਾ ਜੁਡਮ ਰਾਹੀਂ ਪਿੰਡਾਂ ਦੇ ਪਿੰਡ ਉਜਾੜੇ ਤੇ ਤਬਾਹ ਕੀਤੇ ਜਾ ਰਹੇ ਹਨ। ਅੱਜ ਵੀ ਸਰਕੇਗੁਡਾ ਵਿੱਚ ਪੁਲਿਸ ਵੱਲੋਂ ਮਾਉਵਾਦੀਆਂ ਦੇ ਸਫਾਏ ਦੇ ਨਾਂ ਹੇਠ ਆਦਿਵਾਸੀਆਂ ਤੇ ਕਹਿਰ ਢਾਹਿਆ ਗਿਆ। ਪੰਦਰ੍ਹਾਂ ਸੋਲ੍ਹਾਂ ਸਾਲਾਂ, ਇੱਥੋਂ ਤੱਕ ਅੱਠ ਸਾਲਾਂ ਦੇ ਬੱਚਿਆਂ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਅੱਜ ਵੀ ਸੋਨੀ ਸੋਰੀ ਵਰਗੀਆਂ ਅਨੇਕਾਂ ਔਰਤਾਂ ਤੇ ਅਣਮਨੁੱਖੀ ਜੁਲਮ ਢਾਹੇ ਜਾਂਦੇ ਹਨ।

ਅਸੀਂ ਹਰ ਜਾਇਜ਼ ਨਜਾਇਜ਼ ਤਰੀਕੇ ਨਾਲ ਦੁਨੀਆਂ ਦੇ ਸਭ ਤੋਂ ਵਿਕਸਤ ਮੁਲਕਾਂ ਵਿੱਚ ਆਏ ਹਾਂ। ਜਿਸ ਨੂੰ ਧਰਤੀ ਤੇ ਸਵਰਗ ਕਿਹਾ ਜਾਂਦਾ ਹੈ। ਕੀ ਇੱਥੇ ਸਭ ਕੁਝ ਠੀਕ ਹੈ? ਜੇਕਰ ਦੁਸਾਂਝ ਇੱਥੇ ਹੁੰਦਾ ਤਾਂ ਉਸ ਨੂੰ ਇੱਥੋਂ ਦੀਆਂ ਅਲਾਮਤਾਂ ਨਾ ਦਿਸਦੀਆਂ, ਤਾਂ ਇਹ ਝੂਠ ਹੋਵੇਗਾ। ਦਰਸ਼ਨ ਤੇ ਹਰ ਸੂਝਵਾਨ ਮਨੁੱਖ ਨੂੰ ਇੱਥੋਂ ਦੀਆਂ ਸਮੱਸਿਆਵਾਂ ਭਲੀ ਭਾਂਤੀ ਦਿਸਦੀਆਂ ਤਾਂ ਹਨ ਪਰ ਬਹੁਤ ਵਾਰੀ ਅਸੀਂ ਦੇਖ ਕੇ ਅੱਖਾਂ ਮੀਟ ਲੈਂਦੇ ਹਾਂ, ਜੋ ਦਰਸ਼ਨ ਸ਼ਾਇਦ ਨਾ ਕਰਦਾ ਉਹ ਜਰੂਰ ਜਾਣ ਜਾਂਦਾ ਇੱਥੋਂ ਦੇ ਮੂਲ ਵਾਸੀਆਂ ਦੀ ਹਾਲਤ, ਕਿ ਉਨ੍ਹਾਂ ਨੂੰ ਨਸ਼ਿਆਂ ਦੇ ਆਦੀ ਬਣਾਇਆ ਜਾ ਰਿਹਾ ਹੈ ਜਿੱਥੇ ਉਹ ਰਹਿੰਦੇ ਖਾਣ-ਪੀਣ ਦਾ ਸਮਾਨ ਮਹਿੰਗਾ ਹੈ ਅਤੇ ਸ਼ਰਾਬ ਤੇ ਹੋਰ ਨਸ਼ੇ ਆਮ ਮਿਲ ਜਾਂਦੇ ਹਨ।ਸਾਫ਼ ਪਾਣੀ ਦੀ ਸਮੱਸਿਆ ਹੈ ਤੇ ਰਹਿਣ-ਸਹਿਣ ਦਾ ਪੱਧਰ ਬਹੁਤ ਨੀਵਾਂ ਹੈ ਤੀਜੇ ਦਰਜੇ ਦੇ ਦੇਸ਼ਾਂ ਵਾਂਗੂੰ। ਉਨਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਇੱਥੇ ਵੀ ਆਰਥਿਕ ਮੰਦੀ ਦਾ ਦੈਂਤ ਮੂੰਹ ਅੱਡੀ ਖੜਾ੍ਹ ਹੈ। ਇੱਥੇ ਵੀ ਬਹੁਤ ਸਾਰੇ ਲੋਕ ਆਪਣੀ ਯੋਗਤਾ ਅੁਨਸਾਰ ਨੌਕਰੀਆਂ ਨਹੀਂ ਪ੍ਰਾਪਤ ਕਰ ਸਕਦੇ। ਇੱਥੇ ਵੀ ਸਰੀ ਫੂਡ ਬੈਂਕ ਤੇ ਵਿਨੀਪੈੱਗ ਹਾਰਵੈਸਟ ਮੂਹਰੇ ਖਾਣਾ ਪ੍ਰਾਪਤ ਕਰਨ ਲਈ ਲੰਬੀਆਂ ਲਾਇਨਾਂ ਲੱਗੀਆਂ ਹੁੰਦੀਆਂ ਹਨ । ਇੱਥੇ ਵੀ ਲੋਕ ਗਾਰਬੇਜ਼ ਬਿੰਨ ਫਰੋਲਦੇ ਆਮ ਦਿਖ ਜਾਂਦੇ ਹਨ ਕਿ ਕੋਈ ਖਾਣ ਵਾਲੀ ਚੀਜ਼ ਮਿਲ ਜਾਵੇ। ਇੱਥੇ ਵੀ ਬੱਚਿਆਂ ਨੂੰ ਭੁੱਖੇ ਢਿੱਡ ਸਕੂਲ ਜਾਣਾ ਪੈਦਾਂ ਹੈ। ਇੱਥੇ ਵੀ ਲੋਕਾਂ ਨੂੰ ਨਜਾਇਜ਼ ਜੰਗਾਂ ਵਿੱਚ ਝੋਕਿਆ ਜਾਂਦਾ ਹੈ। ਇੱਥੇ ਵੀ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਦੋ ਵੇਲੇ ਦੀ ਰੋਟੀ ਨਹੀਂ ਮਿਲਦੀ। ਸੋ ਜੇਕਰ ਦਰਸ਼ਨ ਦੁਸਾਂਝ ਇੱਥੇ ਹੁੰਦਾ ਤਾਂ ਉਹ ਕਦੇ ਚੁੱਪ ਨਾ ਬੈਠਦਾ, ਜਰੂਰ ਆਪਣੇ ਹਿੱਸੇ ਦੀ ਲੜਾਈ ਲੜ ਸਮਾਜ ਨੂੰ ਬਰਾਬਰਤਾ ਵਾਲ਼ਾ ਤੇ ਮਨੁੱਖਤਾ ਦੇ ਰਹਿਣ ਯੋਗ ਬਣਾਉਦਾ ਸੋ ਦਰਸ਼ਨ ਦੇ ਵਾਰਸਾ ਦਾ ਵੀ ਇਹ ਹੀ ਫਰਜ਼ ਹੈ। ਸੋ ਆਓ ਦਰਸ਼ਨ ਦੇ ਸੁਪਨਿਆਂ ਦਾ ਸਮਾਜ ਸਿਰਜਨ ਲਈ ਧਰਤੀ ਦੇ ਹਰ ਖਿੱਤੇ ਤੇ ਹਰ ਪ੍ਰਕਾਰ ਦੀ ਨਾਬਰਾਬਰੀ ਵਿਰੁੱਧ ਸੰਘਰਸ਼ ਕਰੀਏ।

ਦਰਸ਼ਨ ਦੁਸਾਂਝ ਦਾ ਸ਼ਰਧਾਂਜ਼ਲੀ ਸਮਾਗਮ

ਕਨੇਡਾ ਦੇ ਸ਼ਹਿਰ ਵਿੱਨੀਪੈੱਗ ਦੇ 90 ਸਿਨਕਲੇਅਰ ਸਟਰੀਟ ਵਿਖੇ 15 ਅਕਤੂਬਰ, 2012 ਨੂੰ ਹੋ ਰਿਹਾ ਹੈ। ਦਰਸ਼ਨ ਦੁਸਾਂਝ ਨਕਸਲਵਾੜੀ ਲਹਿਰ ਦਾ ਉਹ ਜ਼ਿੰਦਾ ਸ਼ਹੀਦ ਹੈ, ਜੋ ਹਕੂਮਤੀ ਜਬਰ ਜ਼ੁਲਮ ਨੂੰ ਆਪਣੇ ਪਿੰਡੇ ਤੇ ਹੰਢਾਉਂਦਾ ਰਿਹਾ ਪਰ ਇਨਕਲਾਬ ਨੂੰ ਆਪਣਾ ਅਕੀਦਾ, ਆਪਣੀ ਮੰਜ਼ਿਲ ਬਣਾਈ ਰੱਖਿਆ। ਉਹ ਇੱਕ ਰਾਜਨੀਤੀਵਾਨ, ਜਥੇਬੰਦਕ, ਲੇਖਕ, ਰੰਗਕਰਮੀ ਅਤੇ ਸਮੇਂ-ਸਮੇਂ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣ ਦੀਆਂ ਮਿਸਾਲੀ ਪਿਰਤਾਂ ਪਾਉਣ ਵਾਲਾ ਮਹਾਨ ਯੋਧਾ ਸੀ।ਸਾਰੇ ਹੀ ਅਗਾਂਹਵਧੂ ਤੇ ਪ੍ਰਗਤੀਸ਼ੀਲ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਸੂਰਮੇ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਕਰਦੇ ਹੋਏ ਇਸ ਮਹਾਨ ਇਨਕਲਾਬੀ ਨੂੰ ਸ਼ਰਧਾਜ਼ਲੀ ਦੇਣ ਲਈ ਉਪਰੋਕਤ ਪਤੇ 'ਤੇ 2 ਵਜੇ ਬਾਅਦ ਦੁਪਹਿਰ ਇਕੱਠੇ ਹੋਈਏ। 

ਲੇਖਿਕਾ--ਜਸਵੀਰ ਕੌਰ ਮੰਗੂਵਾਲ 
 ਮੌਬ:12048814955

Friday, June 22, 2012

‘Politically Correct’ ਹੋਣ ਦੀ ਲੜਾਈ 'ਚ ਮਾਓਵਾਦੀ ਦੋਫਾੜ

ਨੇਪਾਲ ਦੀ ਮਾਓਵਾਦੀ ਪਾਰਟੀ(ਸਾਂਝੀ) ਦੀ ਵੰਡੀ ਗਈ ਹੈ।ਕਈ ਸਾਲਾਂ ਤੋਂ ਪ੍ਰਚੰਡ ਤੇ  ਬਾਬੂਰਾਮ ਭੱਟਾਰਾਈ ਦੀ ਸਿਆਸਤ ਦਾ ਵਿਰੋਧ ਕਰਨ ਵਾਲਾ ਧੜਾ ਉਨ੍ਹਾਂ ਤੋਂ ਬਾਗੀ ਹੋ ਗਿਆ ਹੈ।ਕੌਮਾਂਤਰੀ ਕਮਿਊਨਿਸਟਾਂ ਲਹਿਰ ਦੇ ਸੰਕਟ ਦੇ ਦੌਰ 'ਚ ਇਹ ਨਵੀਂ ਤਰ੍ਹਾਂ ਦੀ ਇਤਿਹਾਸਕ ਘਟਨਾ ਹੈ।ਨਵੀਂ ਪਾਰਟੀ ਬਨਾਉਣ ਵਾਲੇ ਧੜ੍ਹੇ ਦੇ ਆਗੂ ਕਿਰਨ ਨਾਲ ਅਜ਼ਾਦ ਪੱਤਰਕਾਰ ਵਿਸ਼ਵਦੀਪਕ ਨੇ ਗੱਲ ਕੀਤੀ ਹੈ।ਉਸਦਾ ਪੰਜਾਬੀ ਤਰਜ਼ਮਾ ਛਾਪ ਰਹੇ ਹਾਂ।-ਗੁਲਾਮ ਕਲਮ

 ਸਬੰਧ ਤੋੜਨ 'ਚ ਅਸੀਂ ਦੇਰ ਕੀਤੀ ਪਰ ਫੈਸਲਾ ਸਹੀ  ਹੈ-ਮੋਹਨ ਵੈਦਿਆ ਕਿਰਨ (ਨਵੀਂ ਪਾਰਟੀ ਬਨਾਉਣ ਵਾਲਾ ਆਗੂ)


ਪਤਾ ਲੱਗਾ ਹੈ ਕਿ ਤੁਸੀਂ ਨੇਪਾਲ ਦੀ ਮਾਓਵਾਦੀ ਪਾਰਟੀ(ਸਾਂਝੀ) ਤੋਂ ਅੱਡ ਹੋ ਗਏ ਹੋਂ?ਕੀ ਇਹ ਠੀਕ ਗੱਲ ਹੈ ?

ਹਾਂ ਇਹ ਖ਼ਬਰ ਠੀਕ ਹੈ।ਪਾਰਟੀ ਨੇ ਸਰਵਹਾਰਾ ਵਰਗ ਦੇ ਹਿੱਤ ਦੀ ਗੱਲ ਕਰਨੀ ਛੱਡ ਦਿੱਤੀ ਸੀ।ਦਸ ਸਾਲ ਜੋ ਯੁੱਧ ਚੱਲਿਆ ਉਸ ਦੀਆਂ ਪ੍ਰਾਪਤੀਆਂ ਨੂੰ ਭੁਲਾ ਦਿੱਤਾ।ਇਸ ਲਈ ਪਾਰਟੀ ਅਸੀਂ ਪਾਰਟੀ ਦੇ ਲੋਕਾਂ ਨੂੰ ਛੱਡ ਕੇ ਨਵੀਂ ਪਾਰਟੀ ਦਾ ਨਿਰਮਾਣ ਕੀਤਾ ਹੈ।ਅਸੀਂ ਦੇਰ ਕੀਤੀ ਪਰ ਠੀਕ ਫੈਸਲਾ ਕੀਤਾ ਹੈ। 

ਤੁਹਾਡੀ ਪਾਰਟੀ ਦਾ ਨਾਂਅ ਤੇ ਚਿੰਨ੍ਹ ਕੀ ਹੋਵੇਗਾ ? 
ਮੇਰੀ ਪਾਰਟੀ ਦਾ ਨਾਂਅ ਨੇਪਾਲ ਕਮਿਊਨਿਸਟ ਪਾਰਟੀ ਮਾਓਵਾਦੀ ਹੋਵੇਗਾ।

ਤੁਸੀਂ ਪ੍ਰਚੰਡ(ਪਾਰਟੀ ਦੇ ਮੁਖੀ) ਨੂੰ ਜਦੋਂ ਫੈਸਲਾ ਸੁਣਾਇਆ ਤਾਂ ਉਸਦੀ ਟਿੱਪਣੀ ਕੀ ਸੀ।ਉਨ੍ਹਾਂ ਤੁਹਾਨੂੰ ਕੀ ਕਿਹਾ ?

ਪਿਛਲੇ ਇਕ ਦੋ ਦਿਨਾਂ ਤੋਂ ਸਾਡੀ ਗੱਲਬਾਤ ਨਹੀਂ ਹੋਈ ਹੈ।ਜਦੋਂ ਸਾਡਾ ਕੌਮੀ ਸੰਮੇਲਨ ਚੱਲ ਰਿਹਾ ਸੀ ਤਾਂ ਉਨ੍ਹਾਂ ਦਾ ਫੋਨ ਆਇਆ ਸੀ ਤੇ ਕਿਹਾ ਸੀ ਕਿ ਅਸੀਂ ਗੱਲ ਕਰੀਏ।ਪਰ ਮੈਂ ਪੁੱਛਿਆ ਉਸਦਾ ਮਕਸਦ ਕੀ ਹੈ।ਉਨ੍ਹਾਂ ਕਿਹਾ ਕਿ ਤੁਸੀਂ ਵੰਡ ਨੂੰ ਮੁਲਤਵੀ ਕਰ ਦਿਓ ਤੇ ਪਾਰਟੀ ਨੂੰ ਟੁੱਟਣ ਦਾ ਦਿਓ।ਮੈਂ ਕਿਹਾ ਅਜਿਹਾ ਨਹੀਂ ਹੋਵੇਗਾ ਜਦੋਂ ਅਸੀਂ ਵੱਖ ਹੋ ਜਾਵਾਂਗੇ ਇਸ ਤੋਂ ਬਾਅਦ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ।

ਇਹ ਗੱਲਬਾਤ ਕਦੋਂ ਹੋਈ ਸੀ ? 


ਕੌਮੀ ਸੰਮੇਲਨ ਤੋਂ ਦੋ ਦਿਨ ਬਾਅਦ ਹੋਈ ਸੀ। ਨੇਪਾਲ ਦੇ ਮੌਜੂਦਾ ਪ੍ਰਧਾਨਮੰਤਰੀ ਬਾਬੂਰਾਮ ਭੱਟਰਾਈ ਦੀ ਵੀ ਤੁਹਾਡੇ ਨਾਲ ਗੱਲਬਾਤ ਹੋਈ।ਉਹ ਵੀ ਮਾਓਵਾਦੀ ਪਾਰਟੀ ਦੇ ਆਗੂ ਹਨ?

ਉਨ੍ਹਾਂ ਕੀ ਕਿਹਾ ਤੁਹਾਨੁੰ ? 

ਬਾਬੂਰਾਮ ਨਾਲ ਦੋ ਚਾਰ ਦਿਨ ਪਹਿਲਾਂ ਮੁਲਾਕਾਤ ਹੋਈ ਸੀ।ਹੁਣ ਤਾਂ ਉਹ ਬਰਾਜ਼ੀਲ ਗਏ ਹੋਏ ਹਨ।ਉਨ੍ਹਾਂ ਦੀ ਕੋਈ ਖਾਸ ਟਿੱਪਣੀ ਨਹੀਂ ਸੀ।ਉਨ੍ਹਾਂ ਦੀ ਸਰਕਾਰ ਬਚਾਉਣ ਗੱਲ ਸੀ।ਲਾਈਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਿਆਸੀ ਚਿੰਤਨ ਜ਼ਿਆਦਾ ਹੈ।

ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਇਸ ਕਦਮ ਨਾਲ ਨੇਪਾਲ ਦਾ ਸੰਕਟ ਹੋਰ ਗਹਿਰਾ ਹੋ ਜਾਵੇਗਾ ?ਨੇਪਾਲ ਦੀ ਜਨਤਾ ਨੇ ਜਿਸ ਪਾਰਟੀ ਨੂੰ ਸਭ ਤੋਂ ਜ਼ਿਆਦਾ ਵੋਟ ਦਿੱਤੇ ਸਨ ਉਸਦੀ ਵੀ ਵੰਡ ਹੋ ਗਈ ? 

ਸੰਕਟ ਤਾਂ ਹੈ ਹੀ।ਕਾਰਜਪਾਲਿਕਾ ਨਹੀਂ ਹੈ।ਵਿਵਸਥਾਪਿਕਾ ਨਹੀਂ ਹੈ।ਜੋ ਵੱਡੀ ਪਾਰਟੀ ਸੀ ਉਸ ਨਾਲ ਅਸੀਂ ਸਬੰਧ ਤੋੜ ਲਿਆ ਹੈ।ਇਸ ਸੰਕਟ ਨੂੰ ਅਸੀਂ ਜਨਤਾ ਦੇ ਪੱਖ 'ਚ ਵਰਤਾਂਗੇ।ਇਹ ਸਾਡਾ ਸੰਕਟ ਨਹੀਂ ਹੈ।ਇਹ ਸਮੱਸਿਆ ਪੁਰਾਣੀ ਸੰਸਦੀ ਵਿਵਸਥਾ ਦੀ ਹੈ।ਇਸ ਸੰਕਟ ਦੇ ਵਿਚੋਂ ਹੀ ਕ੍ਰਾਂਤੀ ਦੀ ਤਿਆਰੀ ਕਰਨੀ ਹੈ।ਅਸੀਂ ਇਸੇ ਦਿਸ਼ਾ 'ਚ ਸੋਚਾਂਗੇ ਤੇ ਇਸ ਸੰਕਟ ਨੂੰ ਅਸੀਂ ਕ੍ਰਾਂਤੀ ਦੀ ਦਿਸ਼ਾ 'ਚ ਸਮਰੱਥ ਢੰਗ ਨਾਲ ਬਦਲਣ ਦੀ ਕੋਸ਼ਿਸ਼ ਕਰਾਂਗੇ।

ਤੁਸੀਂ ਕਾਂਰਤੀ ਦੀ ਗੱਲ ਕਰ ਰਹੇ ਹੋਂ ?ਸਪੱਸ਼ਟ ਕਰੋ ਕੀ ਤੁਹਾਡਾ ਮਤਲਬ ਹਥਿਆਰਬੰਦ ਸੰਘਰਸ਼ ਹੈ ? 

ਅਸੀਂ ਹਾਲਤਾਂ ਦਾ ਮੁਲਾਂਕਣ ਕਰਾਂਗੇ ਤੇ ਫਿਰ ਨਵੀਂ ਕਾਰਜ ਦਿਸ਼ਾ ਤੈਅ ਕਰਾਂਗੇ।ਅਸੀਂ ਲੋਕ ਵਿਦਰੋਹ ਦੀ ਤਿਆਰੀ ਦੀ ਦਿਸ਼ਾ 'ਚ ਜਾਵਾਂਗੇ।ਨੇਪਲ ਜਗੀਰਦਾਰੀ ਦੇਸ਼ ਸੀ ਤੇ ਫਿਰ ਅਰਧ ਉਪਨਿਵੇਸ਼ੀ ਹੁੰਦਾ ਹੋਇਆ ਹੁਣ ਨਵ ਉਪਨਿਵੇਸ਼ ਤੱਕ ਪਹੁੰਚ ਗਿਆ ਹੈ।ਇਸ ਸਾਨੂੰ ਨਵੀਂ ਲੋਕ ਕ੍ਰਾਂਤੀ ਦੀ ਲੋੜ ਹੈ।

ਤੁਸੀਂ ਪਾਰਟੀ ਬਣਾ ਚੁੱਕੇ ਹੋਂ?ਸ਼ਰੇਆਮ ਕਹਿ ਰਹੇ ਹੋਂ ਕਿ ਕਿ ਲੋਕ ਯੁੱਧ ਕਰਾਂਗੇ।ਪ੍ਰਚੰਡ ਦੇ ਗੁੱਟ ਤੇ ਦੂਜੀਆਂ ਪਾਰਟੀ ਦਾ ਵੀ ਪ੍ਰਭਾਵ ਹੈ ?ਕੀ ਇਸ ਨਾਲ ਨੇਪਾਲ 'ਚ ਘਰੇਲੂ ਯੁੱਧ ਦਾ ਖਤਰਾ ਖੜ੍ਹਾ ਨਹੀਂ ਹੋ ਜਾਵੇਗਾ ? 

 ਅਸੀਂ ਕੌਮੀ ਤੇ ਕੌਮਾਂਤਰੀ ਹਾਲਤਾਂ ਦਾ ਵਿਸ਼ਲੇਸ਼ਨ ਕਰਕੇ ਕੋਈ ਕਦਮ ਚੁੱਕਾਂਗੇ।ਅਸੀਂ ਜਨ ਯੁੱਧ 'ਚ ਕਿਵੇਂ ਜਾਵਾਂਗੇ,ਇਸ ਉੇਸੇ ਤੋਂ ਤੈਅ ਹੋਵੇਗਾ।ਪਰ ਗੱਲ ਇਹ ਹੈ ਰੁਪਾਂਤਰਨ ਤੇ ਬਦਲਾਅ ਲਈ ਸਭ ਕੁਝ ਕਰਨਾ ਹੋਵੇਗਾ।

ਨਵੰਬਰ 'ਚ ਜਿਹੜੇ ਸੰਵਿਧਾਨ ਸਭਾ ਦੀ ਚੋਣ ਹੋਣ ਵਾਲੀ ਹੈ ਉਸ 'ਚ ਤੁਸੀਂ ਹਿੱਸਾ ਲਵੋਂਗੇ ? 

ਨਵੰਬਰ 'ਚ ਜੋ ਚੋਣਾਂ ਹੋ ਰਹੀਆਂ ਹਨ ਅਸੀਂ ਉਸ 'ਚ ਹਿੱਸਾ ਨਹੀਂ ਲਵਾਂਗੇ।ਆਖਰੀ ਰੂਪ 'ਚ ਅਸੀਂ ਕੀ ਕਰਾਂਗੇ ਇਹ ਤਾਂ ਉਸੇ ਮੌਕੇ ਹੀ ਸੋਚਾਂਗੇ,ਪਰ ਫਿਲਹਾਲ ਅਸੀਂ ਹਿਸਾ ਨਹੀਂ ਲਵਾਂਗੇ।ਵੈਸੇ ਵੀ ਨਵੰਬਰ 'ਚ ਜੋ ਚੋਣਾਂ ਹੋਣ ਜਾ ਰਹੀਆਂ ਹਨ ਉਹ ਮੁਸ਼ਕਿਲ ਹਨ।ਜੋ ਦੂਜੀਆਂ ਪਾਰਟੀਆਂ ਹਨ ਉਸ ਇਸ 'ਚ ਹਿੱਸਾ ਨਹੀਂ ਲੈਣਗੀਆਂ।ਇਹ ਲੋਕ ਤਾਂ ਉਸੇ ਸੰਵਿਧਾਨ ਸਭਾ ਦੀ ਪੁਨਰ-ਸਥਾਪਨਾ ਦੀ ਮੰਗ ਕਰ ਰਹੀਆਂ ਹਨ।ਕੁਝ ਲੋਕ ਚੋਣਾਂ ਦੀ ਗੱਲ ਕਰ ਰਹੇ ਹਨ ਪਰ ਅਸੀਂ ਨਾਅਰਾ ਦਿੱਤਾ ਹੈ ਕਿ ਇਸ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ।ਇਸ ਦੇ ਲਈ ਸਭ ਨੂੰ ਗੋਲਮੇਜ਼ ਸਭਾ ਕਰਨੀ ਚਾਹੀਦੀ ਹੈ।ਸੰਵਿਧਾਨ ਸਭਾ ਦੇਸ਼ ਦਾ ਸਿਆਸੀ ਵਿਕਾਸ ਨਹੀਂ ਹੈ।

ਨੇਪਾਲ ਦੇ ਸੰਕਟ ਲਈ ਤੁਸੀਂ ਕਿਸਨੂੰ ਜ਼ਿੰਮੇਵਾਰ ਮੰਨਦੇ ਹੋਂ ? 
ਇਸ ਸੰਕਟ ਲਈ ਵੱਡੇ ਦਲਾਂ ਦੇ ਮੁੱਖ ਆਗੂ ਜ਼ਿੰਮੇਵਾਰ ਹਨ।ਸਰਕਾਰ ਜਿੰਮੇਵਾਰ ਹੈ।ਜੋ ਲੋਕ ਸਰਕਾਰ ਤੇ ਸੰਵਿਧਾਨ ਸਭਾ ਦੇ ਪ੍ਰਧਾਨ ਬਣੇ ਬੈਠੇ ਹਨ ਉਹ ਜ਼ਿੰਮੇਵਾਰ ਹਨ।ਜਿਨ੍ਹਾਂ ਦੇ ਹੱਥ 'ਚ ਸੱਤਾ ਸੀ ਤੇ ਜਿਨ੍ਹਾਂ 'ਤੇ ਸੰਵਿਧਾਨ ਸਭਾ ਦੇ ਮਾਧਿਅਮ ਤੋਂ ਸੰਵਿਧਾਨ ਬਣਾਉਣ ਦੀ ਜ਼ਿੰਮੇਂਵਾਰੀ ਸੀ ਉਹੀ ਅਸਫਲ ਹੋ ਗਏ ਤੇ ਦੂਜੀ ਗੱਲ ਇਹ ਸੰਸਦੀ ਵਿਵਸਥਾ ਦੀ ਅਸਫਲਤਾ ਹੈ।

ਜੇ ਤੁਸੀਂ ਸੰਸਦੀ ਪ੍ਰਬੰਧ ਨੂੰ ਰੱਦ ਕਰਦੇ ਹੋਂ ਤੋਂ ਤੁਹਾਡੇ ਕੋਲ ਦੂਜਾ ਬਦਲ ਕਿਹੜਾ ਹੈ ? 

ਨੇਪਾਲ 'ਚ ਅਸੀਂ ਸੰਸਦੀ ਪ੍ਰਬੰਧ ਨੂੰ ਰੱਦ ਕਰਦੇ ਹਾਂ।ਅਸੀਂ ਨੇਪਾਲ 'ਚ ਜਨਵਾਦੀ ਗਣਤੰਤਰ ਚਾਹੁੰਦੇ ਹਾਂ।ਇਸ ਤੋਂ ਬਾਅਦ ਸਮਾਜਵਾਦ ਤੇ ਸਾਮਵਾਦ 'ਚ ਜਾਣਾ ਹੈ।ਇਸ ਸੰਸਦੀ ਪ੍ਰਬੰਧ ਨੂੰ ਅਸੀਂ ਸਵੀਕਾਰ ਨਹੀਂ ਕਰਦੇ। ਭਾਰਤ ਦੀ ਭੂਮਿਕਾ ਨੂੰ ਕਿਵੇਂ ਦੇਕਦੇ ਹੋਂ ? ਭਾਰਤ ਦੀ ਭੂਮਿਕਾ ਸਕਰਾਤਮਾਕ ਨਹੀਂ ਹੈ।ਨੇਪਾਲ ਇਕ ਨਵ ਉਪਨਿਵੇਸ਼ਕ ਦੇਸ਼ ਹੈ।ਸਾਡਾ ਵਿਸ਼ਲੇਸ਼ਨ ਇਹੀ ਹੈ ਕਿ ਭਾਰਤ ਦਾ ਸਾਸ਼ਕ ਵਰਗ ਨੇਪਾਲ ਦੇ ਸਾਸ਼ਕ ਵਰਗ ਨਾਲ ਮਿਲਕੇ ਜਨਤਾ ਦੀ ਲੁੱਟ ਕਰ ਰਿਹਾ ਹੈ।ਭਾਰਤ ਦੀ ਭੂਮਿਕਾ ਨੇਪਾਲ 'ਚ ਦਖ਼ਲ ਦੇਣ ਵਾਲੀ ਹੈ। 

ਨੇਪਾਲ ਦੀ ਮਾਓਵਾਦੀ ਪਾਰਟੀ (ਸਾਂਝੀ) ਦੇ ਆਗੂ 'ਤੇ ਦੱਬੀ ਜ਼ੁਬਾਨ 'ਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਲੱਗਦੇ ਹਨ।ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ? 

ਇਸ ਦੇ ਬਾਰੇ ਮੈਂ ਕੁਝ ਜ਼ਿਆਦਾ ਨਹੀਂ ਕਹਿਣਾ ਚਾਹਾਂਗਾ,ਪਰ ਆਰਥਿਕ ਮਾਮਲਿਆਂ 'ਚ ਜੋ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਉਹ ਹੈ ਨਹੀਂ ਹੈ। ਤੁਹਾਡਾ ਅਗਲਾ ਕਦਮ ਕੀ ਹੈ ? ਕੇਂਦਰੀ ਕਮੇਟੀ ਦੀ ਬੈਠਕ ਹੋਵੇਗੀ।ਪਾਰਟੀ ਤੇ ਕੌਮੀ ਅਜ਼ਾਦੀ ਦੀ ਪੱਖ 'ਚ ਮੁਹਿੰਮ ਚਲਾਵਾਂਗੇ।ਅੰਦੋਲਨ ਦੀ ਤਿਆਰੀ ਕਰਾਂਗੇ ਤੇ ਜਥੇਬੰਦੀ ਤੇ ਪਾਰਟੀ 'ਚ ਅਨੁਸਾਸ਼ਨ ਪੈਦਾ ਕਰਾਂਗੇ।

ਪ੍ਰਧਾਨ ਮੰਤਰੀ ਦੇ ਤੌਰ 'ਤੇ ਬਾਬੂਰਾਮ ਭੱਟਰਾਈ ਦੇ ਕਾਰਜਕਾਲ ਨੂੰ ਤੁਸੀਂ ਕਿਵੇਂ ਦੇਖਦੇ ਹੋਂ ?

ਦੇਖੋ ਉਨ੍ਹਾਂ ਦਾ ਜੋ ਵਾਅਦਾ ਸੀ ਕਿ ਲੋਕ ਮੁਕਤੀ ਫੌਜ ਸਨਮਾਨਜਨਕ ਢੰਗ ਨਾਲ ਰਲੇਵਾਂ ਕਰਵਾਉਣਗੇ ਇਹ ਉਹ ਨਹੀਂ ਕਰ ਸਕੇ।ਜਨਤਾ ਦੇ ਪੱਖ 'ਚ ਸੰਵਿਧਾਨ ਨਿਰਮਾਣ ਦੀ ਗੱਲ ਕਹੀ ਸੀ ਉਨ੍ਹਾਂ ਨੇ।ਉਸ 'ਚ ਵੀ ਉਹ ਅਸਫਲ ਰਹੇ।ਨੇਪਾਲੀ ਜਨਤਾ ਦੇ ਪੱਖ 'ਚ ਜੋ ਸਿਆਸਤ ਕਰਨੀ ਹੈ ਉਸ 'ਚੋਂ ਉਹ ਸਫਲ ਨਹੀਂ ਹਨ।


ਜਨਜਵਾਰ ਤੋਂ ਧੰਨਵਾਦ ਸਹਿਤ

Thursday, June 14, 2012

ਸੀਮਾ ਆਜ਼ਾਦ ਤੇ ਵਿਸ਼ਵ ਵਿਜੇ ਨੂੰ ਉਮਰ ਕੈਦ ਦੀ ਨਿਖੇਧੀ


ਜਮਹੂਰੀ ਅਧਿਕਾਰ ਸਭਾ, ਪੰਜਾਬ ਸ਼ਹਿਰੀ ਹੱਕਾਂ ਦੀ ਆਗੂ ਅਤੇ ਪੱਤਰਕਾਰ ਸੀਮਾ ਆਜ਼ਾਦ ਅਤੇ ਉਸ ਦੇ ਪਤੀ ਵਿਸ਼ਵ ਵਿਜੇ ਨੂੰ ਉਮਰ ਕੈਦ ਦੀ ਸਜ਼ਾ ਦੇਣ ਅਤੇ ਭਾਰੀ ਜ਼ੁਰਮਾਨਾ ਕਰਨ ਦੀ ਸਖ਼ਤ ਨਿਖੇਧੀ ਕਰਦੀ ਹੈ। ਇਹ ਸਜ਼ਾ ਅਲਾਹਾਬਾਦ ਦੀ ਇਕ ਹੇਠਲੀ ਅਦਾਲਤ ਵਲੋ ਰਾਜਧ੍ਰੋਹ, ਰਾਜ ਵਿਰੁੱਧ ਜੰਗ ਛੇੜਨ ਅਤੇ ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ (ਯੂ ਏ ਪੀ ਏ) ਤਹਿਤ ਦਿਤੀ ਗਈ ਹੈ। ਯਾਦ ਰਹੇ ਕਿ ਦੋਵਾਂ ਨੂੰ ਦਿੱਲੀ 'ਚ  'ਵਰਲਡ ਬੁੱਕ ਫੇਅਰ' ਤੋਂ ਪਰਤਣ ਸਮੇਂ 6 ਫਰਵਰੀ 2010 ਨੂੰ ਯੂ ਪੀ ਦੀ ਸਪੈਸ਼ਲ ਟਾਸਕ ਫੋਰਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਦ ਵਿਚ 'ਮਾਓਵਾਦੀ ਦਹਿਸ਼ਤਪਸੰਦ' ਕਾਰਵਾਈਆਂ ਦੇ ਮਾਮਲਿਆਂ 'ਚ ਉਲਝਾਉਣ ਲਈ ਇਹ ਕੇਸ ਦਹਿਸ਼ਤਵਾਦ ਵਿਰੋਧੀ ਸੁਕੈਡ ਨੂੰ ਦੇ ਦਿੱਤਾ ਗਿਆ। ਉਨ੍ਹਾਂ ਨੂੰ 'ਖ਼ਤਰਨਾਕ' ਅੱਤਵਾਦੀ ਦਰਸਾ ਕੇ ਜ਼ਮਾਨਤ ਦੀ ਦਰਖ਼ਾਸਤ ਵਾਰ-ਵਾਰ ਰੱਦ ਕੀਤੀ ਜਾਂਦੀ ਰਹੀ।

ਪੀ ਯੂ ਸੀ ਐੱਲ ਦੀ ਮੁੱਖ ਆਗੂ ਸੀਮਾ, ਸ਼ਹਿਰੀ ਆਜ਼ਾਦੀਆਂ/ਜਮਹੂਰੀ ਹੱਕਾਂ ਲਈ ਜੂਝਣ ਵਾਲੀ ਧੜੱਲੇਦਾਰ ਸ਼ਖਸੀਅਤ ਹੈ ਅਤੇ ਸਮਾਜਿਕ, ਸਿਆਸੀ ਮਾਮਲਿਆਂ ਬਾਰੇ ਡੂੰਘੀ ਸੂਝ ਰੱਖਦੀ ਪੱਤਰਕਾਰ ਹੈ। 'ਦਸਤਕ' ਨਾਂ ਦੇ ਰਸਾਲੇ ਰਾਹੀਂ ਅੱਤਵਾਦ ਦੇ ਨਾਂ ਹੇਠ ਮੁਸਲਿਮ ਨੌਜਵਾਨਾਂ ਉੱਪਰ ਜਬਰ, ਯੂ ਪੀ ਵਿਚ ਗੰਗਾ ਐਕਸਪ੍ਰੈੱਸਵੇਅ ਅਤੇ ਵਿਸ਼ੇਸ਼ ਆਰਥਕ ਜ਼ੋਨਾਂ ਰਾਹੀਂ ਲੋਕਾਂ ਦੇ ਹੋਣ ਵਾਲੇ ਉਜਾੜੇ ਅਤੇ ਕਾਰਪੋਰੇਟ ਖੇਤਰ ਅਤੇ ਜ਼ਮੀਨ ਮਾਫ਼ੀਆ ਵਲੋਂ ਹੁਕਮਰਾਨਾਂ ਦੀ ਮਿਲੀ-ਭੁਗਤ ਨਾਲ ਮੁਲਕ ਦੇ ਕੁਦਰਤੀ ਵਸੀਲੇ ਅਤੇ ਜ਼ਮੀਨਾਂ ਹਥਿਆਉਣ ਦਾ ਪਰਦਾਫਾਸ਼ ਕਰਨ 'ਚ  ਉੱਘੀ ਭੂਮਿਕਾ  ਨਿਭਾਣਾ ਉਸ ਦਾ ਕਸੂਰ ਹੈ।


ਇਸ ਕੇਸ ਤੋਂ ਸਪਸ਼ਟ ਹੋ ਗਿਆ ਹੈ ਕਿ ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ (ਯੂ ਏ ਪੀ ਏ) ਅਤੇ ਧਾਰਾ 124-ਏ (ਰਾਜਧ੍ਰੋਹ) ਵਰਗੇ ਕਾਨੂੰਨ ਲੋਕ ਹਿਤਾਂ ਦੇ ਉਲਟ ਅਤੇ ਲੂੱਟ ਕਰਨ ਵਾਲੀ ਧਿਰ ਦੀ ਰਾਖੀ ਲਈ ਹਨ।
 

ਜਮਹੂਰੀ ਅਧਿਕਾਰ ਸਭਾ ਸਮਝਦੀ ਹੈ ਕਿ ਹੁਕਮਰਾਨ ਜਮਾਤ ਦੀਆਂ ਤਬਾਹਕੁੰਨ ਨੀਤੀਆਂ ਦਾ ਜਮਹੂਰੀ ਵਿਰੋਧ ਨਾਗਰਿਕਾਂ ਦਾ ਸੰਵਿਧਾਨਕ ਹੱਕ ਹੈ ਅਤੇ ਇਹ ਪੂਰੀ ਤਰ੍ਹਾਂ ਜਾਇਜ਼ ਸਰਗਰਮੀ ਹੈ। ਪਰ ਹੁਕਮਰਾਨਾਂ ਵਲੋਂ ਲੋਕਾਂ ਦੇ ਹਿਤਾਂ ਦੀ ਰਾਖੀ ਲਈ ਅਜਿਹੀਆਂ ਸਰਗਰਮੀਆਂ ਨੂੰ ਸਰਕਾਰ ਵਿਰੁੱਧ ਜੰਗ ਛੇੜਨ ਦਾ ਨਾਂ ਦੇ ਕੇ ਘੋਰ ਜੁਰਮ ਬਣਾ ਦਿੱਤਾ ਗਿਆ ਹੈ। ਹੁਕਮਰਾਨਾਂ ਅਨੁਸਾਰ ਖੁੱਲ੍ਹੀ ਮੰਡੀ ਦੀ ਹਮਾਇਤ ਹੀ ਦੇਸ਼ਭਗਤੀ ਹੈ ਅਤੇ ਇਸ ਦੀ ਆਲੋਚਨਾ ਦੇਸ਼ਧ੍ਰੋਹ ਹੈ। ਆਏ ਦਿਨ ਜਨਤਕ ਜਮਹੂਰੀ ਕਾਰਕੁੰਨਾਂ ਦੀਆਂ ਗ੍ਰਿਫ਼ਤਾਰੀਆਂ ਅਤੇ ਯੂ ਏ ਪੀ ਏ ਤੇ ਧਾਰਾ 124-ਏ ਤਹਿਤ ਬਣਾਏ ਜਾ ਰਹੇ ਮੁਕੱਦਮੇ ਗੰਭੀਰ ਖ਼ਤਰੇ ਦੀ ਘੰਟੀ ਹਨ ਕਿ ਮੁਲਕ ਨੂੰ ਅਣਐਲਾਨੀ ਐਮਰਜੈਂਸੀ ਵੱਲ ਧੱਕਿਆ ਜਾ ਰਿਹਾ ਹੈ। ਸਭਨਾਂ ਜਮਹੂਰੀ ਤਾਕਤਾਂ ਨੂੰ ਹਾਕਮਾਂ ਦੇ ਜਾਬਰ ਕਦਮਾਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਸ ਰੁਝਾਨ ਨੂੰ ਰੋਕਣ ਲਈ ਜ਼ੋਰਦਾਰ ਵਿਰੋਧ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ। ਸਭਾ ਮੰਗ ਕਰਦੀ ਹੈ ਕਿ ਸੀਮਾ ਆਜ਼ਾਦ ਤੇ ਉਸ ਦੇ ਪਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਤੁਰੰਤ ਰੱਦ ਕੀਤੀ ਜਾਵੇ ਅਤੇ ਸਾਰੇ ਜਮਹੂਰੀ ਕਾਰਕੁੰਨਾਂ ਉੱਪਰ ਦਰਜ ਕੀਤੇ ਦੇਸ਼-ਧ੍ਰੋਹ ਦੇ ਕੇਸ ਤੁਰੰਤ ਰੱਦ ਕਰਕੇ ਉਨ੍ਹਾਂ ਨੂੰ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ।


ਜਾਰੀ ਕਰਤਾ:
ਪ੍ਰੋਫੈਸਰ ਜਗਮੋਹਣ ਸਿੰਘ, ਜਨਰਲ ਸਕੱਤਰ (ਫ਼ੋਨ 98140-01836)
ਪ੍ਰੋਫੈਸਰ ਏ ਕੇ ਮਲੇਰੀ ਪ੍ਰੈੱਸ ਸਕੱਤਰ (ਫ਼ੋਨ 98557-00310)


Friday, May 4, 2012

ਮਾਓਵਾਦੀਆਂ ਦਾ 'ਸਲਵਾ ਜੁਡਮ' ਵਿਰੋਧ ਤੇ ਸੁਪਰੀਮ ਕੋਰਟ ਦਾ ਇਤਿਹਸਾਕ ਫੈਸਲਾ

ਸਲਵਾ ਜੁਡਮ ਮੁੜ ਚਰਚਾ 'ਚ ਹੈ ਕਿਉਂਕਿ ਛੱਤੀਸਗੜ੍ਹ 'ਚ ਮਾਓਵਾਦੀ ਨੇ ਜਿਸ ਆਈ ਏ ਐਸ ਅਲੈਕਸ ਪੌਲ ਮੈਨਨ ਨੂੰ ਅਗਵਾ ਕੀਤਾ ਸੀ ਉਸ  ਦੌਰਾਨ ਵੀ  ਸਲਵਾ ਜੁਡਮ(ਸਰਕਾਰੀ ਪੈਸਿਆਂ ਦੇ ਚੱਲਦੀ ਨਿਜੀ ਫੌਜ,ਜੋ ਮਾਓਵਾਦੀਆਂ ਦੇ ਨਾਂਅ 'ਤੇ ਆਦਿਵਾਸੀਆਂ ਦੇ ਪਿੰਡਾਂ ਦੇ ਪਿੰਡ ਉਜਾੜ ਰਹੀ ਹੈ)ਤੇ ਅਪਰੇਸ਼ਨ ਗ੍ਰੀਨ ਹੰਟ ਬੰਦ ਕਰਨ ਦੀ ਗੱਲ ਕਹੀ ਹੈ।ਸਲਵਾ ਜੁਡਮ ਸਬੰਧੀ ਇਕ ਫੈਸਲਾ ਸੁਪਰੀਮ ਕੋਰਟ ਨੇ 5 ਜੁਲਾਈ 2011 ਨੂੰ ਨੂੰ ਸੁਣਾਇਆ ਸੀ ਤੇ ਉਸ ਦੇ ਪਹਿਲੇ ਹਿੱਸੇ ਦਾ ਪੰਜਾਬੀ ਤਰਜਮਾ ਹੁਣ  ਬੂਟਾ ਸਿੰਘ ਨੇ ਕੀਤਾ ਹੈ ,ਜੋ ਦੋਸਤਾਂ ਨਾਲ ਸਾਂਝਾ ਕਰ ਰਹੇ ਹਾਂ।ਦੱਸਣਯੋਗ ਹੈ ਕਿ  ਭਾਰਤ ਦੀ ਸਰਵਉੱਚ ਅਦਾਲਤ ਵਲੋਂ 5 ਜੁਲਾਈ 2011 ਨੂੰ ਮਾਣਯੋਗ ਜਸਟਿਸ ਬੀ ਸੁਦਰਸ਼ਨ ਰੈਡੀ ਅਤੇ ਜਸਟਿਸ ਸੁਰਿੰਦਰ ਸਿੰਘ ਨਿੱਜਰ ਵਲੋਂ ਦਿੱਤੇ ਗਏ ਇਤਿਹਾਸਕ ਫ਼ੈਸਲੇ ਸਬੰਧੀ   ਰਿੱਟ ਪਟੀਸ਼ਨ  ਨੰਦਨੀ ਸੁੰਦਰ( ਦਿੱਲੀ ਯੂਨੀਵਰਸਿਟੀ 'ਚ ਸ਼ੌਸੋਲਿਜੀ ਦੀ ਪ੍ਰੋਫੈਸਰ ਤੇ ਸਮਾਜਿਕ ਕਾਰਕੁੰਨ) ਹੋਰਾਂ ਵਲੋਂ ਪਾਈ ਗਈ ਸੀ।- ਗੁਲਾਮ ਕਲਮ


1. ਅਸੀਂ, ਯਾਨੀ ਇਕ ਰਾਸ਼ਟਰ ਵਜੋਂ ਲੋਕਾਂ ਨੇ, ਖ਼ੁਦ ਨੂੰ ਕੁਲ-ਇਖ਼ਤਿਆਰ (sovereign) ਜਮਹੂਰੀ ਗਣਰਾਜ ਵਜੋਂ ਜਥੇਬੰਦ ਕੀਤਾ ਹੈ। ਸਾਡਾ ਮਕਸਦ ਇਹੀ ਰਿਹਾ ਹੈ ਕਿ ਅਸੀਂ ਸੰਵਿਧਾਨ ਦੇ ਦਾਇਰੇ 'ਚ, ਇਸਦੇ ਨਿਸ਼ਾਨਿਆਂ ਅਤੇ ਕਦਰਾਂ-ਕੀਮਤਾਂ ਅਨੁਸਾਰ ਆਪਣੀਆਂ ਕਾਰਵਾਈਆਂ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਮਹੂਰੀ ਹਿੱਸੇਦਾਰੀ ਦਾ ਫ਼ਾਇਦਾ ਸਾਡੇ ਤੱਕਂ ਸਾਡੇ ਸਾਰਿਆਂ ਤੱਕਂਪਹੁੰਚੇ। ਅਜਿਹਾ ਹੋਣ 'ਤੇ ਅਸੀਂ ਆਪਣੀ ਵਿਰਾਸਤ ਅਤੇ ਸਮੂਹਿਕ ਸੂਝ ਦੇ ਹਿਸਾਬ ਨਾਲ ਕੌਮਾਂ ਦੇ ਸਮੂਹ 'ਚ ਆਪਣੇ ਲਈ ਚੰਗੀ ਜਗ੍ਹਾ ਹਾਸਲ ਕਰ ਸਕਦੇ ਹਾਂ। ਇਸ ਲਈ, ਸਾਨੂੰ ਸੰਵਿਧਾਨਵਾਦ ਦੇ ਜ਼ਾਬਤੇ ਅਤੇ ਸਖ਼ਤੀ ਦਾ ਵੀ ਪਾਲਣ ਕਰਨਾ ਚਾਹੀਦਾ ਹੈ। ਇਸ ਦਾ ਮੂਲ ਤੱਤ ਸੱਤਾ ਦੀ ਜਵਾਬਦੇਹੀ ਹੈ। ਇਸ ਵਿਚ ਲੋਕ-ਸੱਤਾ ਰਾਜ ਦੇ ਅੰਗਾਂ ਅਤੇ ਉਸਦੇ ਕਰਤਿਆਂ (ਏਜੰਟਾਂ) 'ਚ ਸਮੋਈ ਹੁੰਦੀ ਹੈ। ਇਸ ਸੱਤਾ ਦੀ ਵਰਤੋਂ ਸਿਰਫ਼ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਦ੍ਰਿਸ਼ਟੀ ਨੂੰ ਅੱਗੇ ਵਧਾਉਣ ਲਈ ਹੀ ਕੀਤੀ ਜਾ ਸਕਦੀ ਹੈ। ਇਹ ਮਾਮਲਾ ਦਿਖਾਉਂਦਾ ਹੈ ਕਿ ਜਮਹੂਰੀਅਤ ਵਿਚ ਸੱਤਾ ਦੀ ਸੰਵਿਧਾਨਕ ਅਮਲਦਾਰੀ ਦੇ ਵਾਅਦੇ ਅਤੇ ਛੱਤੀਸਗੜ੍ਹ ਦੇ ਅਸਲ ਹਾਲਾਤ ਦਰਮਿਆਨ ਕਿੰਨਾ ਡੂੰਘਾ ਪਾੜਾ ਹੈ। ਇਸ ਮਾਮਲੇ ਦੇ ਜਵਾਬਦੇਹਪੱਖ, ਛੱਤੀਸਗੜ੍ਹ ਰਾਜ ਦਾ ਇਹ ਦਾਅਵਾ ਹੈ ਕਿ ਉਸ ਨੂੰ ਸੰਵਿਧਾਨ ਨੇ ਇਹ ਹੱਕ ਦਿੱਤਾ ਹੋਇਆ ਹੈ ਕਿ ਉਹ ਲਗਾਤਾਰ ਅਤੇ ਅਨੰਤ ਰੂਪ 'ਚ ਮਨੁੱਖੀ ਹੱਕਾਂ ਦਾ ਘੋਰ ਉਲੰਘਣ ਕਰੇ। ਉਸਦੇ ਮੁਤਾਬਿਕ, ਉਹ ਚਾਹੇ ਤਾਂ ਇਸ ਖ਼ਾਤਰ ਮਾਓਵਾਦੀ/ਨਕਸਲਵਾਦੀ ਅੱਤਵਾਦੀਆਂ ਦੇ ਤਰੀਕੇ ਵੀ ਅਪਣਾ ਸਕਦਾ ਹੈ। ਛੱਤੀਸਗੜ੍ਹ ਸੂਬੇ ਦਾ ਇਹ ਦਾਅਵਾ ਹੈ ਕਿ ਉਸ ਕੋਲ ਇਹ ਤਾਕਤ ਹੈ ਕਿ ਉਹ ਅਖੌਤੀ ਮਾਓਵਾਦੀ ਅੱਤਵਾਦੀਆਂ ਖ਼ਿਲਾਫ਼ ਲੜਾਈ ਲੜਨ ਲਈ ਆਦਿਵਾਸੀ ਖੇਤਰਾਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਹਥਿਆਰਾਂ ਨਾਲ ਲੈਸ ਕਰ ਸਕਦਾ ਹੈ। ਇਨ੍ਹਾਂ ਨੌਜਵਾਨਾਂ ਵਿਚੋਂ ਜ਼ਿਆਦਾਤਰ ਅਨਪੜ੍ਹ ਹਨ ਜਾਂ ਬਹੁਤ ਹੀ ਘੱਟ ਪੜ੍ਹੇ ਹੋਏ ਹਨ। ਇਨ੍ਹਾਂ ਨੂੰ ਬਿਨਾ ਕਿਸੇ ਸਿਖਲਾਈ ਦੇ ਜਾਂ ਬਹੁਤ ਥੋੜ੍ਹੀ ਸਿਖਲਾਈ ਦੇ ਆਰਜੀ ਪੁਲਿਸ ਅਫ਼ਸਰ ਲਾਇਆ ਗਿਆ ਹੈ। ਇਨ੍ਹਾਂ ਨੂੰ ਇਸ ਬਾਰੇ ਬਹੁਤ ਘੱਟ ਇਲਮ ਹੈ ਕਿ ਪੁਲਿਸ ਤਾਕਤ ਦੀਆਂ ਕਾਰਵਾਈਆਂ ਨੂੰ ਕੰਟਰੋਲ ਕਰਨ ਲਈ 'ਚੇਨ  ਆਫ ਕਮਾਂਡ' ਜਾਂ ਆਦੇਸ਼ਾਂ ਦਾ ਸਿਲਸਿਲਾ ਕਿਵੇਂ ਕੰਮ ਕਰਦਾ ਹੈ।



2. ਜਦੋਂ ਅਸੀਂ, ਸਾਡੇ ਸਾਹਮਣੇ ਆਏ ਇਨ੍ਹਾਂ ਮਾਮਲਿਆਂ ਬਾਰੇ ਵਿਚਾਰ ਕਰ ਰਹੇ ਸੀ ਤਾਂ ਸਾਨੂੰ ਜੋਸਫ ਕੋਨਾਰਡ ਦਾ ਮਸ਼ਹੂਰ ਨਾਵਲ 'ਹਾਰਟ ਆਫ ਡਾਰਕਨੈੱਸ' ਚੇਤੇ ਆ ਗਿਆ।ਕੋਨਾਰਡ ਨੇ ਅੰਧਕਾਰ ਦੇ ਤਿੰਨ ਪੜਾਵਾਂ ਦੀ ਕਲਪਨਾ ਕੀਤੀ ਹੈ: (i) ਜੰਗਲ ਦਾ ਅੰਧਕਾਰ, ਜੋ ਜ਼ਿੰਦਗੀ ਅਤੇ ਅਲੌਕਿਕ ਦਰਮਿਆਨ ਸੰਘਰਸ਼ ਦੀ ਨੁਮਾਇੰਦਗੀ ਕਰਦਾ ਹੈ; (ii)ਵਸੀਲਿਆਂ ਲਈ ਬਸਤੀਵਾਦੀ ਪਸਾਰੇ ਦਾ ਅੰਧਕਾਰ; ਅਤੇ ਅੰਤ 'ਚ (iii) ਅਜਿਹਾ ਅੰਧਕਾਰ, ਜਿਸਦੀ ਨੁਮਾਇੰਦਗੀ ਗ਼ੈਰਇਨਸਾਨੀਅਤ ਅਤੇ ਬੁਰਾਈ ਕਰਦੀ ਹੈ। ਫਰਜ਼ ਕਰੋ ਕਿਸੇ ਨੂੰ ਸਰਵਉੱਚ ਤਾਕਤ ਦੇ ਦਿੱਤੀ ਜਾਂਦੀ ਹੈ ਜਿਸ ਲਈ ਉਹ ਕਿਸੇ ਨੂੰ ਜਵਾਬਦੇਹ ਨਹੀਂ ਹੈ। ਇਸਦੇ ਨਾਲ ਹੀ ਬੇਅੰਤ ਹੱਕ ਹਾਸਲ ਕਰ ਲੈਣ ਵਾਲੇ ਨੂੰ ਇਹ ਘੁਮੰਡ ਹੋ ਜਾਂਦਾ ਹੈ ਕਿ ਉਹ ਜੋ ਕਹਿ ਰਿਹਾ ਹੈ ਉਹੀ ਸਭ ਤੋਂ ਵਿਹਾਰਕ ਅਤੇ ਲਾਜ਼ਮੀ ਹੈ। ਇੰਞ ਉਹ ਇਸ ਤੀਜੇ ਅੰਧਕਾਰ ਦਾ ਸ਼ਿਕਾਰ ਹੋ ਜਾਂਦਾ ਹੈ। ਜੋਸਫ ਕੋਨਾਰਡ ਦੇ ਨਾਵਲ ਦਾ ਪਿਛੋਕੜ ਅਫਰੀਕਾ ਦੇ ਗਰਮ-ਖੇਤਰੀ ਜੰਗਲਾਂ ਦਾ ਵਸੀਲਿਆਂ ਨਾਲ ਭਰਪੂਰ ਅੰਧਕਾਰ ਹੈ। ਉੱਥੇ ਯੂਰਪੀ ਤਾਕਤਾਂ ਆਪਣੀਆਂ ਸਾਮਰਾਜਵਾਦੀ-ਸਰਮਾਏਦਾਰਾ ਅਤੇ ਵਿਸਤਾਰਵਾਦੀ ਨੀਤੀਆਂ ਤਹਿਤ ਸਰਗਰਮ ਹਨ।ਇਹ ਤਾਕਤਾਂ ਹਾਥੀ ਦੰਦ ਦੇ ਆਪਣੇ ਵਹਿਸ਼ੀ ਵਪਾਰ ਨੂੰ ਹੋਰ ਫੈਲਾਉਣ ਲਈ ਯਤਨਸ਼ੀਲ ਹਨ। ਜੋਸਫ ਕੋਨਾਰਡ ਇਹ ਦਸਦੇ ਹਨ ਕਿ ਇਸ ਕੰਮ ਨੂੰ ਸਹੀ ਠਹਿਰਾਉਣ ਵਾਲੇ ਲੋਕਾਂ ਦੀ ਦਿਮਾਗੀ ਹਾਲਤ ਕਿਹੋ ਜਹੀ ਹੁੰਦੀ ਹੈ। ਕੋਨਾਰਡ ਅਨੁਸਾਰ ਇਨ੍ਹਾਂ ਦੀ ਦਿਮਾਗੀ ਹਾਲਤ ਬਹੁਤ ਹੀ ਭਿਆਨਕ ਅਤੇ ਘਿਣਾਉਣੀ ਹੁੰਦੀ ਹੈ। ਇਹ ਲੋਕ ਆਪਣੀ ਤਾਕਤ ਵਰਤਣ ਸਮੇਂ ਕਿਸੇ ਬੁੱਧੀ, ਮਨੁੱਖਤਾ ਜਾਂ ਤਵਾਜ਼ਨ ਦੀ ਪ੍ਰਵਾਹ ਨਹੀਂ ਕਰਦੇ। ਨਾਵਲ ਦਾ ਮੁੱਖ ਪਾਤਰ ਕੁਟਰਚ ਮਰਦੇ ਵਕਤ ਕਹਿੰਦਾ ਹੈ 'ਭਿਆਨਕ! ਭਿਆਨਕ!'1 ਕੋਨਾਰਡ ਆਪਣੇ ਨਿੱਜੀ ਤਜ਼ਰਬਿਆਂ ਦੇ ਅਧਾਰ 'ਤੇ 1890 ਤੋਂ 1910 ਦਰਮਿਆਨ ਕਾਂਗੋ ਦੇ ਅਸਲ ਹਾਲਾਤ ਬਾਰੇ ਦੱਸਦਾ ਹੈ। ਉਨ੍ਹਾਂ ਅਨੁਾਸਾਰ, ਇਹ 'ਮਨੁੱਖੀ ਚੇਤਨਾ ਦੇ ਇਤਿਹਾਸ ਨੂੰ ਕਲੰਕਤ ਕਰਨ ਵਾਲੀ ਸਭ ਤੋਂ ਭ੍ਰਿਸ਼ਟ ਲੁੱਟ ਸੀ।'2

3. ਅਸੀਂ ਛੱਤੀਸਗੜ੍ਹ ਦੇ ਹਾਲਾਤ ਬਾਰੇ ਜਵਾਬਦੇਹ (ਸਰਕਾਰੀ) ਪੱਖ ਵਲੋਂ ਦਿੱਤੀਆਂ ਗਈਆਂ ਦਲੀਲਾਂ ਵਿਸਤਾਰ 'ਚ ਸੁਣੀਆਂ। ਇਸ ਨਾਲ ਸਾਨੂੰ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਕਿ ਜਵਾਬਦੇਹ ਪੱਖ ਨੇ ਰਾਜ ਦੇ ਕੰਮ ਕਰਨ ਦੇ ਅਜਿਹੇ ਤਰੀਕੇ ਅਪਣਾਏ ਹਨ ਜਿਸ ਨਾਲ ਸੰਵਿਧਾਨਕ ਕਦਰਾਂ-ਕੀਮਤਾਂ ਦੀ ਗੰਭੀਰ ਉਲੰਘਣਾ ਹੋਈ ਹੈ। ਇਸ ਨਾਲ ਕੌਮੀ ਹਿੱਤ ਦਾ ਗੰਭੀਰ ਨੁਕਸਾਨ ਹੋ ਸਕਦਾ ਹੈ। ਖ਼ਾਸ ਤੌਰ 'ਤੇ ਇਸ ਨਾਲ ਮਨੁੱਖੀ ਮਾਣ-ਸਨਮਾਨ, ਭਾਈਚਾਰਿਆਂ ਦਰਮਿਆਨ ਭਰੱਪਣ ਅਤੇ ਕੌਮੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਦੇ ਇਸਦੇ ਨਿਸ਼ਾਨਿਆਂ ਨੂੰ ਬੱਜਰ ਸੱਟ ਪੈ ਸਕਦੀ ਹੈ। ਮਨੁੱਖਤਾ ਦੇ ਸਾਂਝੇ ਤਜ਼ਰਬੇ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਅਸੀਮਤ ਸੱਤਾ ਖ਼ੁਦ ਆਪਣਾ ਸਿਧਾਂਤ ਬਣ ਜਾਂਦੀ ਹੈ।ਆਪਣੀ ਸੱਤਾ ਦੀ ਵਰਤੋਂ ਹੀ ਇਸਦਾ ਮਕਸਦ ਬਣ ਜਾਂਦਾ ਹੈ। ਇਸਦਾ ਸਿੱਟਾ ਲੋਕਾਂ ਨੂੰ ਅਣਮਨੁੱਖੀ ਬਣਾਉਣ ਦੇ ਰੂਪ 'ਚ ਸਾਹਮਣੇ ਆਇਆ ਹੈ। ਇਸ ਕਾਰਨ ਸਾਮਰਾਜੀ ਤਾਕਤਾਂ
ਨੇ ਕੁਦਰਤੀ ਵਸੀਲਿਆਂ ਲਈ ਧਰਤੀ ਦੀ ਬੇਹੱਦ ਲੁੱਟਮਾਰ ਕੀਤੀ ਹੈ। ਦਰਅਸਲ, ਇਸੇ ਕਾਰਨ ਦੁਨੀਆ ਨੂੰ ਦੋ ਭਿਆਨਕ ਸੰਸਾਰ ਜੰਗਾਂ ਦਾ ਸਾਹਮਣਾ ਕਰਨਾ ਪਿਆ ਹੈ। ਅਸੀਮਤ ਸੱਤਾ ਬਾਰੇ ਮਨੁੱਖਤਾ ਦੇ ਇਸ ਸਾਂਝੇ ਅਨੁਭਵ ਨੂੰ ਦੇਖਦੇ ਹੋਏ ਆਧੁਨਿਕ ਸੰਵਿਧਾਨਵਾਦ ਇਹ ਮੰਨਕੇ ਚਲਦਾ ਹੈ ਕਿ ਰਾਜ ਸੱਤਾ ਦਾ ਇਸਤੇਮਾਲ ਕਰਨ ਵਾਲੇ ਇਹ ਦਾਅਵਾ ਨਹੀਂ ਕਰ  ਸਕਦੇ ਕਿ ਰਾਜ ਕਾਨੂੰਨੀ ਰੋਕ-ਟੋਕ ਦੀ ਪ੍ਰਵਾਹ ਨਾ ਕਰਕੇ ਕਿਸੇ ਦੇ ਖਿਲਾਫ਼ ਵੀ ਹਿੰਸਾ ਕਰ ਸਕਦਾ ਹੈ; ਉਨ੍ਹਾਂ ਨੂੰ ਆਪਣੇ ਨਾਗਰਿਕਾਂ ਦੇ ਖਿਲਾਫ਼ ਇਸ ਤਰ੍ਹਾਂ ਦਾ ਦਾਅਵਾ ਕਰਨ ਦੀ ਇਜਾਜ਼ਤ ਹਰਗਿਜ਼ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਇਲਾਵਾ, ਆਧੁਨਿਕ ਸੰਵਿਧਾਨਵਾਦ ਨੇ ਇਹ ਧਾਰਨਾ ਵੀ ਅਪਣਾਈ ਹੈ ਕਿ ਹਰ ਨਾਗਰਿਕ ਦਾ ਸੁਭਾਵਿਕ ਮਨੁੱਖੀ ਮਾਣ-ਸਨਮਾਨ ਹੁੰਦਾ ਹੈ। ਇਸ ਮਾਮਲੇ ਦੀ ਸੁਣਵਾਈ ਨਾਲ ਛੱਤੀਸਗੜ੍ਹ ਦੇ ਕੁਝ ਜ਼ਿਲ੍ਹਿਆਂ ਦੀਆਂ ਘਟਨਾਵਾਂ ਅਤੇ ਹਾਲਾਤ ਦੀ ਇਕ ਧੁੰਦਲੀ ਤਸਵੀਰ ਸਾਹਮਣੇ ਆ ਜਾਂਦੀ ਹੈ। ਇਸਤੋਂ
ਅਸੀਂ ਸਿਰਫ਼ ਇਸ ਸਿੱਟੇ 'ਤੇ ਪਹੁੰਚੇ ਕਿ ਜਵਾਬਦੇਹ ਪੱਖ ਸਾਨੂੰ ਸੰਵਿਧਾਨਕ ਕਾਰਵਾਈ ਦੇ ਅਜਿਹੇ ਰਾਹ 'ਤੇ ਲਿਜਾ ਰਿਹਾ ਹੈ, ਜਿੱਥੇ ਇਸ ਸਭ ਕਾਸੇ ਦੇ ਅਖ਼ੀਰ 'ਚ ਸਾਨੂੰ ਵੀ ਇਹ ਕਹਿਣਾ ਪਵੇਗਾ 'ਭਿਆਨਕ, ਭਿਆਨਕ'।

4. ਲੋਕ ਰਾਜ ਸੱਤਾ ਵਿਰੁਧ ਜਾਂ ਹੋਰ ਲੋਕਾਂ ਵਿਰੁਧ ਬਿਨਾ ਵਜ੍ਹਾ ਜਥੇਬੰਦ ਹੋਕੇ ਹਥਿਆਰ ਨਹੀਂ ਚੁੱਕਦੇ। ਅਸੀਂ ਆਪਣੀ ਹੋਂਦ ਬਣਾਈ ਰੱਖਣ ਦੀ ਖਾਹਸ਼ ਮੁਤਾਬਿਕ ਚਲਦੇ ਹਾਂ; ਅਤੇ ਥਾਮਸ ਹਾਬਸ ਅਨੁਸਾਰ, ਸਾਡੀ ਸਮੂਹਿਕ ਚੇਤਨਾ 'ਚ ਇਹ ਡਰ ਡੂੰਘਾ ਘਰ ਕਰ ਜਾਂਦਾ ਹੈ ਕਿ ਕੋਈ ਅਜਿਹੀ ਹਾਲਤ ਨਾ ਆ ਜਾਵੇ ਜਿਸ ਵਿਚ ਕੋਈ ਕਾਨੂੰਨ ਹੀ ਨਾ ਹੋਵੇ। ਇਸ ਲਈ ਅਸੀਂ ਇਕ ਵਿਵਸਥਾ ਚਾਹੁੰਦੇ ਹਾਂ। ਪਰ ਮੰਨ ਲਓ ਅਜਿਹੀ ਵਿਵਸਥਾ ਲੋਕਾਂ ਨੂੰ ਅਣਮਨੁੱਖੀ ਬਣਾਉਣ ਦੀ ਕੀਮਤ 'ਤੇ ਲਿਆਂਦੀ ਜਾਂਦੀ ਹੈ ਅਤੇ ਇਸ ਨਾਲ ਨਿਤਾਣੇ, ਗ਼ਰੀਬ ਅਤੇ ਵਾਂਝੇ ਲੋਕਾਂ ਨਾਲ ਹਰ ਤਰ੍ਹਾਂ ਦਾ ਅਨਿਆਂ ਹੁੰਦਾ ਹੈ। ਅਜਿਹੇ ਹਾਲਾਤ 'ਚ ਲੋਕ ਬਗ਼ਾਵਤ ਕਰ ਦਿੰਦੇ ਹਨ। ਇਹ ਗੱਲ ਸਾਰੇ ਜਾਣਦੇ ਹਨ ਕਿ ਛੱਤੀਸਗੜ੍ਹ ਸੂਬੇ ਦਾ ਵੱਡਾ ਖੇਤਰ ਮਾਓਵਾਦੀ ਸਰਗਰਮੀਆਂ ਤੋਂ ਪ੍ਰਭਾਵਿਤ ਰਿਹਾ ਹੈ। ਵੱਡੇ ਪੱਧਰ 'ਤੇ ਇਹ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ ਕਿ ਛੱਤੀਸਗੜ੍ਹ ਦੇ ਇਨ੍ਹਾਂ ਇਲਾਕਿਆਂ ਦੇ ਬਾਸ਼ਿੰਦਿਆਂ ਨੂੰ ਮਾਓਵਾਦੀਆਂ ਦੀਆਂ ਬਾਗ਼ੀ ਸਰਗਰਮੀਆਂ ਅਤੇ ਰਾਜ ਵਲੋਂ ਇਸ ਬਗ਼ਾਵਤ ਨੂੰ ਕੁਚਲਣ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਨਾਲ ਬਹੁਤ ਜ਼ਿਆਦਾ ਤਕਲੀਫ਼ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ, ਛੱਤੀਸਗੜ੍ਹ ਸੂਬੇ ਦੇ ਹਾਲਾਤ ਅਜਿਹੇ ਹਨ ਕਿ ਇਸ ਨਾਲ ਕੋਈ ਵੀ ਸੰਵੇਦਨਸ਼ੀਲ ਵਿਅਕਤੀ ਬਹੁਤ ਦੁਖੀ ਮਹਿਸੂਸ ਕਰਦਾ ਹੈ। ਸਾਨੂੰ ਇਸ ਗੱਲੋਂ ਦੂਹਰੀ ਨਿਰਾਸ਼ਾ ਹੋਈ ਕਿ ਜਵਾਬਦੇਹ ਪੱਖ ਨੇ ਇਸ ਗੱਲ 'ਤੇ ਲਗਾਤਾਰ ਜ਼ੋਰ ਦਿੱਤਾ ਕਿ ਰਾਜ ਕੋਲ ਇਹੀ ਇਕੋ ਇਕ ਬਦਲ ਹੈ ਕਿ ਉਹ ਜਬਰ ਸਹਾਰੇ ਰਾਜ ਕਰੇ। ਇਸ  ਨਾਲ ਅਜਿਹਾ ਪ੍ਰਬੰਧ ਸਥਾਪਤ ਹੋ ਗਿਆ ਜਿਸ ਵਿਚ ਹਰ ਬੰਦੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਸਕਦਾ ਹੈ। ਇਸ ਵਿਚ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ ਹਰ ਬੰਦੇ ਨੂੰ ਸ਼ੱਕੀ ਅਤੇ ਮਾਓਵਾਦੀ ਐਲਾਨ ਦਿੱਤਾ ਜਾਂਦਾ ਹੈ। ਇਸ ਮਾਮਲੇ 'ਚ ਜਵਾਬਦੇਹ ਪੱਖ ਵਲੋਂ ਪੇਸ਼ ਕੀਤੇ ਇਸ ਖ਼ਤਰਨਾਕ ਅਤੇ ਜ਼ਹਿਰੀਲੇ ਨਜ਼ਰੀਏ ਤੋਂ ਇਹ ਸਿੱਟਾ ਸਾਹਮਣੇ ਆਉਂਦਾ ਹੈ ਕਿ ਇਤਿਹਾਸਕਾਰ ਰਾਜਚੰਦਰ ਗੁਹਾ, ਮਸ਼ਹੂਰ ਸਿਖਿਆ ਵਿਗਿਆਨੀ ਨੰਦਨੀ ਸੁੰਦਰ, ਸਿਵਲ ਸੁਸਾਇਟੀ ਦੇ ਆਗੂ ਸਵਾਮੀ ਅਗਨੀਵੇਸ਼, ਸਾਫ਼-ਸੁਥਰੇ ਅਕਸ ਵਾਲੇ ਸਾਬਕਾ ਨੌਕਰਸ਼ਾਹ ਈ  ਏ ਐੱਸ ਸ਼ਰਮਾ, ਇਨ੍ਹਾਂ ਸਾਰਿਆਂ ਨਾਲ ਮਾਓਵਾਦੀ ਜਾਂ ਮਾਓਵਾਦੀ ਦੇ ਹਮਦਰਦਾਂ ਵਰਗਾ ਵਰਤਾਓ ਕੀਤਾ ਜਾਣਾ ਚਾਹੀਦਾ ਹੈ। ਅਸੀਂ ਇਹ ਸਾਫ਼ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਇਹ  ਦੇਖਕੇ ਬਹੁਤ ਹੈਰਾਨੀ ਹੋਈ ਕਿ ਛੱਤੀਸਗੜ੍ਹ ਰਾਜ ਅਤੇ ਇਸਦੇ ਕੁਝ ਵਕੀਲਾਂ ਨੂੰ ਸੰਵਿਧਾਨਕ ਸੀਮਾਵਾਂ ਬਾਰੇ ਬਹੁਤ ਹੀ ਘੱਟ ਜਾਣਕਾਰੀ ਹੈ। ਛੱਤੀਸਗੜ੍ਹ ਰਾਜ ਨੇ ਇਹ ਦਾਅਵਾ ਕੀਤਾ ਕਿ ਸੂਬੇ ਦੇ ਬਹੁਤ ਸਾਰੇ ਇਲਾਕਿਆਂ 'ਚ ਮੌਜੂਦ ਅਣਮਨੁੱਖੀ ਹਾਲਤ ਬਾਰੇ ਸਵਾਲ ਕਰਨ ਵਾਲਾ ਹਰ ਬੰਦਾ ਹੀ ਮਾਓਵਾਦੀ ਜਾਂ ਮਾਓਵਾਦੀਆਂ ਦਾ ਹਮਦਰਦ ਸਮਝਿਆ ਜਾਣਾ ਚਾਹੀਦਾ ਹੈ। ਪਰ ਇਸਦੇ ਨਾਲ ਹੀ ਇਸਨੇ ਇਹ ਦਾਅਵਾ ਕੀਤਾ ਕਿ ਇਸ ਨੂੰ ਕਾਨੂੰਨ ਦਾ ਰਾਜ ਕਾਇਮ ਕਰਨ ਲਈ ਛੱਤੀਸਗੜ੍ਹ ਦੇ ਲੋਕਾਂ ਵਿਰੁੱਧ ਬੇਰਹਿਮ ਹਿੰਸਾ ਦੀਆਂ ਨੀਤੀਆਂ ਲਾਗੂ ਕਰਨ ਲਈ ਸੰਵਿਧਾਨਕ ਮਾਨਤਾ ਦੀ ਜ਼ਰੂਰਤ ਹੈ।

5. ਸਾਨੂੰ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੈ ਅਤੇ ਜ਼ਿਆਦਾਤਰ ਸੂਝਵਾਨ ਲੋਕ ਵੀ ਸਾਡੇ ਨਾਲ ਸਹਿਮਤ ਹੋਣਗੇ ਕਿ ਛੱਤੀਸਗੜ੍ਹ ਦੇ ਲੋਕ ਸਮੱਸਿਆ ਨਹੀਂ ਹਨ। ਇਹ ਗੱਲ  ਵਿਆਪਕ ਤੌਰ 'ਤੇ ਮੰਨੀ ਗਈ ਹੈ ਕਿ ਛੱਤੀਸਗੜ੍ਹ ਦੇ ਲੋਕਾਂ ਦੇ ਮਨੁੱਖੀ ਹੱਕਾਂ ਦਾ ਵੱਡੇ ਪੱਧਰ 'ਤੇ ਘਾਣ ਕੀਤਾ ਗਿਆ ਹੈ। ਇਕ ਪਾਸੇ ਮਾਓਵਾਦੀਆਂ/ਨਕਸਲੀਆਂ ਨੇ ਅਤੇ ਦੂਜੇ ਪਾਸੇ ਰਾਜ ਅਤੇ ਇਸਦੇ ਕੁਝ ਏਜੰਟਾਂ ਨੇ ਇਨ੍ਹਾਂ ਦੇ ਮਨੁੱਖੀ ਹੱਕਾਂ ਦਾ ਘੋਰ ਉਲੰਘਣ ਕੀਤਾ ਹੈ। ਅਸੀਂ ਇਹ ਵੀ ਮੰਨਦੇ ਹਾਂ ਕਿ ਇਸ ਹਾਲਾਤ ਬਾਰੇ ਲਗਾਤਾਰ ਸਵਾਲ ਪੁੱਛਣ ਵਾਲੇ ਨੇਕ ਇਰਾਦੇ ਵਾਲੇ, ਸੂਝਵਾਨ ਅਤੇ ਸਿਆਣੇ ਲੋਕਾਂ ਨਾਲ ਵੀ ਕੋਈ ਸਮੱਸਿਆ ਨਹੀਂ ਹੈ। ਦਰਅਸਲ, ਰਾਜ ਵਲੋਂ ਅਪਣਾਇਆ ਗਿਆ ਬਦਕਾਰ ਆਰਥਕ ਪ੍ਰਬੰਧ ਅਤੇ ਇਸ ਵਿਚੋਂ ਪੈਦਾ ਹੋਈ  ਇਨਕਲਾਬੀ ਸਿਆਸਤ ਹੀ ਅਸਲ ਮਸਲਾ ਹੈ। ਹੁਣੇ ਜਹੇ ਛਪੀ ਇਕ ਕਿਤਾਬ 'ਦੀ ਡਾਕ ਸਾਈਡ ਆਫ ਗਲੋਬਲਾਈਜੇਸ਼ਨ'1 ਵਿਚ ਇਹ ਦਸਿਆ ਗਿਆ ਹੈ ਕਿ:''ਛੇ ਦਹਾਕਿਆਂ ਦੀ ਸੰਸਦੀ ਸਿਆਸਤ ਤੋਂ ਬਾਦ ਵੀ ਭਾਰਤ ਵਿਚ 'ਨਕਸਲਵਾਦ' ਅਤੇ ਮਾਓਵਾਦ ਦੀ ਸਿਆਸਤ ਮੌਜੂਦ ਹੈ। ਇਹ ਜਮਹੂਰੀ 'ਸਮਾਜਵਾਦੀ' ਭਾਰਤ ਦਾ ਇਕ ਸਪਸ਼ਟ  ਵਿਰੋਧਾਭਾਸ ਹੈ.....। ਭਾਰਤ ਇਕ ਅਜਿਹੇ ਦਹਾਕੇ ਨੂੰ ਪਿੱਛੇ ਛੱਡਕੇ ਇਕੀਵੀਂ ਸਦੀ 'ਚ ਦਾਖ਼ਲ ਹੋਇਆ ਹੈ ਜਿਸ ਵਿਚ ਨਹਿਰੂਵਾਦੀ ਸਮਾਜਵਾਦੀ ਦੀ ਥਾਂ ਖੁੱਲ੍ਹੀ ਮੰਡੀ ਦਾ ਬਦਲ  ਅਪਣਾਇਆ ਗਿਆ। ਤੇਜ਼ੀ ਨਾਲ ਵਿਸ਼ਵੀ ਬਣਾਈ ਗਈ ਆਰਥਿਕਤਾ ਨੇ ਆਰਥਕ ਵਾਧੇ ਦੇ ਨਾਲ-ਨਾਲ ਨਵੀਂ ਕਿਸਮ ਦੇ ਅਤੇ (ਨਵੇਂ ਖੇਤਰਾਂ 'ਚ) ਵਾਂਝੇਪਣ ਦੀ ਹਾਲਤ ਪੈਦਾ ਕੀਤੀ ਹੈ। ਇੰਞ ਇਕੋ ਜਹੇ ਮੁੱਦਿਆਂ ਖ਼ਾਸ ਤੌਰ 'ਤੇ ਜ਼ਮੀਨ ਨਾਲ ਜੁੜੇ ਮੁੱਦਿਆਂ ਵਾਲੀ ਟਾਕਰੇ ਦੀ ਸਿਆਸਤ ਅਤੇ ਹਿੰਸਕ ਲਹਿਰਾਂ 'ਚ ਵਾਧਾ ਹੋਇਆ ਹੈ। ਇਨ੍ਹਾਂ ਕਾਰਨਾਂ ਨੇ ਹਥਿਆਰਬੰਦ ਬਗ਼ਾਵਤਾਂ ਲਈ ਵੀ ਬਲਦੀ 'ਤੇ ਤੇਲ ਦਾ ਕੰਮ ਕੀਤਾ....। ਕੀ ਭਾਰਤ ਵਿਚ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਇਸ ਤਰ੍ਹਾਂ ਦੀ ਸਿਆਸਤ ਨੂੰ ਪ੍ਰਫੁੱਲਤ ਕਰਨ ਵਾਲੀ ਸਮਾਜੀ-ਆਰਥਕ ਗਤੀਸ਼ੀਲਤਾ ਨੂੰ ਸਮਝਣ ਦੇ ਸਮਰੱਥ ਹਨ ਜਾਂ ਫਿਰ ਉਹ ਇਕ ਅਜਿਹੇ ਸੁਰੱਖਿਆਵਾਦੀ ਨਜ਼ਰੀਏ ਨਾਲ ਬੱਝ ਗਏ ਹਨ, ਜੋ ਇਸ ਤਰ੍ਹਾਂ ਦੀ ਸਿਆਸਤ ਨੂੰ ਹੋਰ ਵੱਧ ਭੜਕਾਉਣ ਦਾ ਕੰਮ ਕਰਦਾ ਹੈ?''

6. ਇਹ ਮੰਨਿਆ ਜਾਂਦਾ ਹੈ ਕਿ ਭਾਰਤ ਦੇ ਵੱਖੋ-ਵੱਖਰੇ ਹਿੱਸਿਆਂ 'ਚ ਚਲ ਰਹੀਆਂ ਲਹਿਰਾਂ ਅਤੇ ਹਥਿਆਰਬੰਦ ਬਗ਼ਾਵਤਾਂ ਦੀ ਸਿਆਸਤ ਦਾ ਸਮਾਜੀ-ਆਰਥਕ ਹਾਲਾਤ, ਸਥਾਨਕ ਨਬਰਾਬਰੀਆਂ ਅਤੇ ਇਨ੍ਹਾਂ ਨਬਰਾਬਰੀਆਂ ਦਾ ਸ਼ੋਸ਼ਣ ਕਰਨ ਵਾਲੇ ਇਕ ਭ੍ਰਿਸ਼ਟ ਅਤੇ ਸਮਾਜੀ ਅਤੇ ਸਿਆਸੀ ਪ੍ਰਬੰਧ ਨਾਲ ਬਹੁਤ ਹੀ ਨੇੜਲਾ ਸਬੰਧ ਹੈ। ਦਰਅਸਲ, ਇਸ  ਤਰ੍ਹਾਂ ਦੇ ਸਬੰਧ ਬਾਰੇ ਭਾਰਤੀ ਸੰਘ ਨੂੰ ਲਗਾਤਾਰ ਚੇਤਾਵਨੀ ਵੀ ਦਿੱਤੀ ਜਾਂਦੀ ਰਹੀ ਹੈ। ਪਿੱਛੇ ਜਹੇ, ਭਾਰਤ ਦੇ ਯੋਜਨਾ ਕਮਿਸ਼ਨ ਵਲੋਂ ਬਣਾਏ ਗਏ ਮਾਹਰਾਂ ਦੇ ਗਰੁੱਪ ਨੇ 'ਅੱਤਵਾਦ ਪ੍ਰਭਾਵਿਤ ਇਲਾਕਿਆਂ 'ਚ ਵਿਕਾਸ ਦੀਆਂ ਚੁਣੌਤੀਆਂ' ਸਿਰਲੇਖ ਵਾਲੀ ਆਪਣੀ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਦੇ ਅਖ਼ੀਰ 'ਚ ਇਹ ਟਿੱਪਣੀਆਂ ਕੀਤੀਆਂ ਗਈਆਂ ਹਨ:''ਆਜ਼ਾਦੀ ਤੋਂ ਬਾਦ ਵਿਕਾਸ ਦਾ ਜੋ ਨਮੂਨਾ ਅਪਣਾਇਆ ਗਿਆ, ਉਸਨੇ ਸਮਾਜ 'ਚ ਹਾਸ਼ੀਏ 'ਤੇ ਧੱਕੇ ਹਿੱਸਿਆਂ ਵਿਚ ਪਹਿਲਾਂ ਹੀ ਮੌਜੂਦ ਬੇਚੈਨੀ ਨੂੰ ਹੋਰ ਵਧਾਇਆ....। ਨੀਤੀ-ਘਾੜਿਆਂ ਵਲੋਂ ਤੈਅ ਕੀਤਾ ਗਿਆ ਵਿਕਾਸ ਦਾ ਨਮੂਨਾ ਇਨ੍ਹਾਂ ਭਾਈਚਾਰਿਆਂ ਉੱਪਰ ਥੋਪ ਦਿੱਤਾ ਗਿਆ...ਇਸ ਨਾਲ ਇਨ੍ਹਾਂ ਲੋਕਾਂ ਨੂੰ ਨਾ ਪੂਰਿਆ ਹੋਣ ਵਾਲਾ ਨੁਕਸਾਨ ਝੱਲਣਾ ਪਿਆ। ਵਿਕਾਸ ਦੇ ਇਸ ਨਮੂਨੇ ਦੀ ਕੀਮਤ ਲੋਕਾਂ ਨੂੰ ਦੇਣੀ ਪਈ ਹੈ। ਪਰ ਇਸਦੇ ਜ਼ਿਆਦਾਤਰ ਫ਼ਾਇਦਿਆਂ ਉੱਪਰ ਸਮਾਜ ਦਾ ਰਸੂਖ਼ ਵਾਲਾ ਤਬਕਾ ਕਬਜ਼ਾ ਜਮਾਉਂਦਾ ਰਿਹਾ ਹੈ ਅਤੇ ਗ਼ਰੀਬਾਂ ਨੂੰ ਬਹੁਤ ਹੀ ਥੋੜ੍ਹਾ ਫ਼ਾਇਦਾ ਮਿਲਿਆ ਹੈ। ਦਰਅਸਲ, ਵਿਕਾਸ ਇਨ੍ਹਾਂ ਭਾਈਚਾਰਿਆਂ ਦੀਆਂ ਲੋੜਾਂ ਪ੍ਰਤੀ ਸੰਵੇਦਨਹੀਣ ਹੀ ਰਿਹਾ ਹੈ। ਇਸ ਕਾਰਨ ਇਨ੍ਹਾਂ ਨੂੰ ਲਾਜ਼ਮੀ ਤੌਰ 'ਤੇ ਉਜਾੜੇ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਹ ਇਕ ਤਰਾ੍ਹਂ ਨਾਲ ਇਨਸਾਨ ਤੋਂ ਭੈੜੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਗਏ ਹਨ। ਖ਼ਾਸ ਤੌਰ 'ਤੇ ਆਦਿਵਾਸੀਆਂ ਦੇ ਮਾਮਲੇ 'ਚ ਇਸਦਾ ਅਸਰ ਬਹੁਤ ਹੀ ਨਾਂਪੱਖੀ ਰਿਹਾ ਹੈ। ਇਸਨੇ ਉਨ੍ਹਾਂ ਦੇ ਸਮਾਜਿਕ ਤਾਣੇਬਾਣੇ, ਸੱਭਿਆਚਾਰਕ ਪਛਾਣ ਅਤੇ ਵਸੀਲੇ ਤਬਾਹ ਕਰ ਦਿੱਤੇ ਹਨ। ਇਸ ਸਭ ਕਾਸੇ ਦੀ ਵਜ੍ਹਾ ਨਾਲ ਉਨ੍ਹਾਂ ਦੀ ਲੁੱਟ ਹੋਰ ਵੀ ਸੁਖਾਲੀ ਹੋ ਗਈ ਹੈ...ਵਿਕਾਸ ਦੇ ਨਮੂਨੇ ਅਤੇ ਇਸ ਨੂੰ ਲਾਗੂ ਕੀਤੇ ਜਾਣ ਨੇ ਅਫ਼ਸਰਸ਼ਾਹੀ ਦਾ ਭ੍ਰਿਸ਼ਟ ਵਿਹਾਰ ਅਤੇ ਠੇਕੇਦਾਰਾਂ, ਦਲਾਲਾਂ,ਵਪਾਰੀਆਂ ਅਤੇ ਵਿਸ਼ਾਲ ਸਮਾਜ ਦੇ ਲੋਭੀ ਤਬਕਿਆਂ ਵਲੋਂ ਕੀਤੀ ਜਾਣ ਵਾਲੀ ਖ਼ੂੰਖਾਰ ਲੁੱਟਮਾਰ 'ਚ ਹੋਰ ਵੀ ਵਧੇਰੇ ਵਾਧਾ ਕਰ ਦਿੱਤਾ ਹੈ। ਇਹ ਸਾਰੇ ਇਸ ਵਿਕਾਸ ਵਿਚੋਂ ਆਪੋ-ਆਪਣਾ ਹਿੱਸਾ ਭਾਲਦੇ ਹਨ। ਇਨ੍ਹਾਂ ਸਾਰਿਆਂ ਦਾ ਮਕਸਦ ਇਨ੍ਹਾਂ ਦੇ ਵਸੀਲਿਆਂ ਉੱਪਰ ਕਬਜ਼ਾ ਕਰਨਾ ਅਤੇ ਵਾਂਝੇ ਲੋਕਾਂ ਦੇ ਮਾਣ-ਸਨਮਾਨ ਨੂੰ ਦਰੜਣਾ ਹੈ।'' (ਪੈਰਾ 1.18.1 ਅਤੇ 1.18.2,
ਵਾਕਾਂ ਉੱਪਰ ਜ਼ੋਰ ਸਾਡੇ ਵਲੋਂ)

7. ਲੋਕ ਇਹ ਤੱਥ ਵੀ ਭਲੀਭਾਂਤ ਜਾਣਦੇ ਹਨ ਕਿ ਸਰਕਾਰੀ ਰਿਪੋਰਟਾਂ 'ਚ ਬੋਚਵੀਂ ਭਾਸ਼ਾ ਵਰਤਕੇ ਅਸਲ ਹਾਲਤ ਨੂੰ ਬਹੁਤ ਘਟਾਕੇ ਪੇਸ਼ ਕੀਤਾ ਜਾਂਦਾ ਹੈ। ਇਸਦੇ ਬਾਵਜੂਦ ਭਾਰਤ  ਸਰਕਾਰ ਦੇ ਯੋਜਨਾ ਕਮਿਸ਼ਨ ਵਲੋਂ ਬਣਾਈ ਇਕ ਕਮੇਟੀ ਨੇ ਆਪਣੀ ਰਿਪੋਰਟ ਵਿਚ 'ਖ਼ੂੰਖਾਰ' ਲਫਜ਼ ਵਰਤਿਆ ਹੈ। ਇਸ ਵਲੋਂ ਇਹ ਦਸਿਆ ਗਿਆ ਹੈ ਕਿ ਬੇਹੱਦ ਲਾਲਚ ਨੂੰ ਅੰਜਾਮ  ਦੇਣ ਲਈ ਕਿਸ ਤਰ੍ਹਾਂ ਦੀ ਲੁੱਟਮਾਰ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਰੋਜ਼ੀ ਖੋਹੀ ਜਾ ਰਹੀ ਹੈ। ਇਹ ਸਾਡੇ ਆਪਣੇ ਹਮ-ਵਤਨੀਆਂ ਦੇ ਇਕ ਵੱਡੇ ਹਿੱਸੇ ਦੇ ਦੁੱਖ ਅਤੇ ਦਰਦ ਨੂੰ ਉਜਾਗਰ ਕਰਦਾ ਹੈ। ਮਾਹਰਾਂ ਦੀ ਕਮੇਟੀ ਨੇ ਭਾਰਤ ਦੇ ਵੱਡੇ ਹਿੱਸਿਆਂ 'ਚ ਰਹਿਣ ਵਾਲੇ ਸਾਡੇ ਹਮ-ਵਤਨੀਆਂ ਦੀ ਜ਼ਿੰਦਗੀ ਦਾ ਪੱਧਰ ਬਿਆਨ ਕਰਦਿਆਂ ਇਸ ਨੂੰ ਆਮ ਮਨੁੱਖੀ ਜ਼ਿੰਦਗੀ ਤੋਂ ਭੈੜੀ ਜ਼ਿੰਦਗੀ ਕਿਹਾ ਹੈ। ਇਸ ਤੋਂ ਇਹ ਸਾਫ਼ ਇਸ਼ਾਰਾ ਮਿਲਦਾ ਹੈ ਕਿ ਸਿਰਫ਼ ਪਹਿਲਾਂ ਤੋਂ ਮੌਜੂਦ ਆਰਥਕ ਵਾਂਝੇਪਣ ਦੇ ਕਾਰਨ ਹੀ ਇਨ੍ਹਾਂ ਦੀ ਇਹ ਹਾਲਤ ਨਹੀਂ ਹੋਈ।
ਅਸਲ ਵਿਚ, ਰਾਜ ਵਲੋਂ ਅਖ਼ਤਿਆਰ ਕੀਤੇ ਵਿਕਾਸ ਦੇ ਨਮੂਨੇ ਦੀਆਂ ਤਾਕਤਾਂ ਅਤੇ ਇਸਦੇ ਸਾਧਨਾਂ ਨੇ ਸਹਿਜੇ-ਸਹਿਜੇ ਇਨ੍ਹਾਂ ਲੋਕਾਂ ਤੋਂ ਮਨੁੱਖੀ ਮਾਣ-ਸਨਮਾਨ ਲਈ ਜ਼ਰੂਰੀ ਸਾਰੇ ਬੁਨਿਆਦੀ ਤੱਤ ਖੋਹ ਲਏ ਹਨ। ਇਹ ਗੱਲ ਵੀ ਬਹੁਤ ਅਹਿਮ ਹੈ ਕਿ ਭਾਰਤੀ ਰਾਜ ਨੇ ਇਸ ਬਾਬਤ ਆਏ ਸੁਝਾਅ ਹਮੇਸ਼ਾ ਅਣਡਿੱਠ ਹੀ ਕੀਤੇ ਹਨ। ਯੋਜਨਾ ਕਮਿਸ਼ਨ ਵਲੋਂ ਬਣਾਈ  ਮਾਹਰਾਂ ਦੀ ਕਮੇਟੀ ਨੇ ਵੀ ਇਸ ਪ੍ਰਸੰਗ 'ਚ ਕੁਝ ਸੁਝਾਅ ਦਿੰਦਿਆਂ ਲਿਖਿਆ ਹੈ ਕਿ:''ਇਸ ਤਰ੍ਹਾਂ ਅਜੋਕੇ ਭਾਰਤ ਦੇ ਵੱਡੇ ਹਿੱਸੇ 'ਚ ਮੌਜੂਦ ਸਮਾਜੀ-ਆਰਥਕ ਹਾਲਾਤ ਦੇ ਵੱਖੋ-ਵੱਖਰੇ ਪਹਿਲੂਆਂ ਦਾ ਸਾਡੇ ਵਲੋਂ ਸੰਖੇਪ ਲੇਖਾਜੋਖਾ ਇੱਥੇ ਖ਼ਤਮ ਹੁੰਦਾ ਹੈ। ਇਹ ਵੱਖੋ-ਵੱਖਰੇ ਪਹਿਲੂ ਭਾਰੀ ਬੇਚੈਨੀ ਪੈਦਾ ਕਰਦੇ ਹਨ। ਅਸਲ ਵਿਚ, ਇਹ ਸਮਾਜੀ-ਆਰਥਕ ਪ੍ਰਸੰਗ ਨਕਸਲੀ ਲਹਿਰ ਵਰਗੀ ਸਿਆਸਤ ਲਈ ਸਹਾਈ ਹੋ ਸਕਦਾ ਹੈ ਜਾਂ ਕਿਸੇ ਹੋਰ ਸ਼ਕਲ 'ਚ ਸਾਹਮਣੇ ਆ ਸਕਦਾ ਹੈ। ਇਹ ਗੱਲ ਮੰਨਣੀ ਚਾਹੀਦੀ ਹੈ ਕਿ ਵੱਖੋ-ਵੱਖਰੀਆਂ ਲਹਿਰਾਂ ਮੌਜੂਦ ਹਨ। ਆਮ ਤੌਰ 'ਤੇ, ਇਨ੍ਹਾਂ ਸਾਰੀਆਂ ਨੂੰ 'ਅਸ਼ਾਂਤੀ' ਜਾਂ ਅਮਨ-ਕਾਨੂੰਨ ਦੇ ਮਸਲੇ ਵਜੋਂ ਦੇਖਣਾ ਸਹੀ ਨਹੀਂ ਹੈ। ਦਰਅਸਲ, ਇਹ ਇਨ੍ਹਾਂ ਨੂੰ ਤਾਕਤ ਦੇ ਜ਼ੋਰ ਕੁਚਲਣ ਦਾ ਬਹਾਨਾ ਲੱਭਣ ਤੋਂ ਥੋੜ੍ਹਾ ਹੀ ਬਿਹਤਰ ਹੈ। ਇਹ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀ ਬੇਚੇਨੀ ਨੂੰ ਸਮਾਜੀ, ਆਰਥਕ ਅਤੇ ਸਿਆਸੀ ਪਿਛੋਕੜ ਦੇ ਪ੍ਰਸੰਗ 'ਚ ਦੇਖਿਆ ਜਾਵੇ; ਲੋੜ ਇਸ ਗੱਲ ਦੀ ਹੈ ਕਿ ਗੁਜ਼ਾਰੇ ਦੇ ਹੱਕ, ਜ਼ਿੰਦਗੀ ਅਤੇ ਇਕ ਮਾਣ-ਇੱਜ਼ਤ ਵਾਲੀ ਹੋਂਦ ਦੇ ਹੱਕ ਵਰਗੇ ਲੋਕ ਮੁੱਦਿਆਂ ਨੂੰ ਦੁਬਾਰਾ ਏਜੰਡੇ ਉੱਪਰ ਲਿਆਂਦਾ ਜਾਵੇ। ਰਾਜ ਨੂੰ ਖ਼ੁਦ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਇਹ ਸੰਵਿਧਾਨ ਦੀ ਭੂਮਿਕਾ, ਮੂਲ ਹੱਕਾਂ ਅਤੇ ਨਿਰਦੇਸ਼ਕ  ਸਿਧਾਂਤਾਂ ਵਿਚ ਦਿੱਤੇ ਗਏ ਜਮਹੂਰੀ ਅਤੇ ਮਨੁੱਖੀ ਹੱਕਾਂ ਅਤੇ ਮਨੁੱਖੀ ਉਦੇਸ਼ਾਂ ਪ੍ਰਤੀ ਵਚਨਬਧ ਹੈ। ਰਾਜ ਨੇ ਕਾਨੂੰਨ ਦੇ ਰਾਜ ਦਾ ਸਖ਼ਤੀ ਨਾਲ ਪਾਲਣ ਕਰਨਾ ਹੈ। ਸਚਾਈ ਇਹ ਹੈ ਕਿ ਰਾਜ ਕੋਲ ਰਾਜ ਕਰਨ ਲਈ ਇਨ੍ਹਾਂ ਤੋਂ ਇਲਾਵਾ ਕੋਈ ਹੋਰ ਅਥਾਰਟੀ ਨਹੀਂ ਹੈ....। ਸਰਕਾਰ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਵਿਰੋਧ ਜਾਂ ਅਸਹਿਮਤੀ ਜਾਂ ਬੇਚੈਨੀ ਦਾ ਇਜ਼ਹਾਰ  ਜਮਹੂਰੀਅਤ ਦੀ ਇਕ ਹਾਂਪੱਖੀ ਖ਼ੂਬੀ ਹੈ। ਇਸ ਨੂੰ ਇਹ ਵੀ ਮੰਨਣਾ ਚਾਹੀਦਾ ਹੈ ਕਿ ਅਕਸਰ 'ਅਸ਼ਾਂਤੀ' ਹੀ ਅਜਿਹੀ ਇਕੋ ਇਕ ਚੀਜ਼ ਹੁੰਦੀ ਹੈ ਜੋ ਸਰਕਾਰ ਉੱਪਰ ਆਪਣਾ ਕੰਮ ਕਰਨ ਅਤੇ ਆਪਣੇ ਵਾਅਦੇ ਪੂਰੇ ਕਰਨ ਦਾ ਦਬਾਅ ਬਣਦੀ ਹੈ। ਜਦਕਿ, ਅਥਾਰਟੀਆਂ ਅਕਸਰ ਹੀ ਵਿਰੋਧ ਕਰਨ ਦੇ ਹੱਕ, ਇੱਥੋਂ ਤੱਕ ਕਿ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨ ਦੇ ਹੱਕ ਨੂੰ ਵੀ ਮਾਨਤਾ ਨਹੀਂ ਦਿੰਦੀਆਂ। ਇਸ ਲਈ ਅਹਿੰਸਕ ਲਹਿਰਾਂ ਨੂੰ ਵੀ ਬਹੁਤ ਸਖ਼ਤੀ ਨਾਲ ਕੁਚਲਿਆ ਜਾਂਦਾ ਹੈ....। ਇਹ ਤੱਥ ਹੈਰਾਨ ਨਹੀਂ ਕਰਦਾ ਕਿ ਕਿੰਨੀ ਬੇਚੈਨੀ ਹੈ, ਸਗੋਂ ਹੈਰਾਨੀ ਇਸ ਗੱਲ ਦੀ ਹੈ ਕਿ ਰਾਜ ਇਸ ਤੋਂ ਸਹੀ ਸਿੱਟਾ ਕੱਢਣ 'ਚ ਕਾਮਯਾਬ ਨਹੀਂ ਹੋ ਰਿਹਾ। ਅਧਿਕਾਰਤ ਨੀਤੀ ਦਸਤਾਵੇਜ਼ਾਂ 'ਚ ਇਹ ਗੱਲ ਮੰਨੀ ਜਾਂਦੀ ਹੈ ਕਿ ਅੱਤਵਾਦ ਅਤੇ ਗ਼ਰੀਬੀ 'ਚ ਸਿੱਧਾ ਸਬੰਧ ਹੈ...ਜਾਂ ਇਹ ਵੀ ਮੰਨ ਲਿਆ ਜਾਂਦਾ ਹੈ ਕਿ ਆਦਿਵਾਸੀਆਂ ਅਤੇ ਜੰਗਲਾਂ ਦਰਮਿਆਨ ਵੀ ਡੂੰਘਾ ਲਗਾਓ ਹੈ। ਪਰ ਵਿਹਾਰਕ ਤੌਰ 'ਤੇ ਸਰਕਾਰ ਨੇ 'ਅਸ਼ਾਂਤੀ' ਨੂੰ ਸਿਰਫ਼ ਅਮਨ-ਕਾਨੂੰਨ ਦੇ ਮਸਲੇ ਵਜੋਂ ਹੀ ਲਿਆ ਹੈ। ਇਸ ਸੋਚ ਨੂੰ ਬਦਲਣਾ ਅਤੇ ਨੀਤੀ ਤੇ ਇਸ ਨੂੰ ਲਾਗੂ ਕੀਤੇ ਜਾਣ ਨੂੰ ਸੁਮੇਲਣਾ ਬਹੁਤ ਜ਼ਰੂਰੀ ਹੈ। ਸਮਾਜ ਵਿਚ ਹਰ ਕਿਸੇ ਲਈ ਬਰਾਬਰੀ, ਨਿਆਂ ਅਤੇ ਮਾਣ-ਇੱਜ਼ਤ ਹੋਣ 'ਤੇ ਹੀ ਸ਼ਾਂਤੀ, ਸਦਭਾਵਨਾ ਅਤੇ ਸਮਾਜੀ ਵਿਕਾਸ ਹੋ ਸਕਦਾ ਹੈ।'' (ਪੈਰਾ 1.18.3 ਅਤੇ 1.18.4, ਲਫਜ਼ਾਂ 'ਤੇ ਜ਼ੋਰ ਸਾਡਾ)

8. ਰਾਜ ਸਾਡੇ ਸੰਵਿਧਾਨ ਦੀ ਸਮਝ ਨੂੰ ਦਰਸਾਉਣ ਵਾਲੇ ਇਸ ਤਰ੍ਹਾਂ ਦੇ ਸੁਝਾਵਾਂ ਵੱਲ ਤਵੱਜੋਂ ਨਹੀਂ ਦੇ ਰਿਹਾ। ਇਸ ਦੀ ਬਜਾਏ, ਇਸ ਗੱਲ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਰਾਜ  ਦਾ ਮਜ਼ਬੂਤ ਅਤੇ ਹਿੰਸਕ ਹੋਣਾ ਬਹੁਤ ਜ਼ਰੂਰੀ ਹੈ। ਮੌਜੂਦਾ ਮਾਮਲੇ ਦੀ ਸੁਣਵਾਈ 'ਚ ਵੀ ਵਾਰ-ਵਾਰ ਇਹੀ ਸਾਹਮਣੇ ਆਉਂਦਾ ਰਿਹਾ ਹੈ। ਛੱਤੀਸਗੜ੍ਹ ਸਰਕਾਰ ਇਸੇ ਨਜ਼ਰੀਏ ਨਾਲ
ਦਾਂਤੇਵਾੜਾ ਅਤੇ ਇਸਦੇ ਗੁਆਂਢੀ ਜ਼ਿਲ੍ਹਿਆਂ ਦੇ ਹਾਲਾਤ ਬਾਰੇ ਫ਼ੈਸਲੇ ਲੈ ਰਹੀ ਹੈ। ਇਹ ਮਾਓਵਾਦੀ/ਨਕਸਲੀ ਬਗ਼ਾਵਤ ਨੂੰ ਦਬਾਉਣ ਲਈ ਕਾਨੂੰਨ ਨੂੰ ਨਜ਼ਰ-ਅੰਦਾਜ਼ ਕਰਕੇ ਸਿਰਫ਼ ਹਿੰਸਾ ਦਾ ਆਸਰਾ ਲੈ ਰਹੀ ਹੈ। ਉਸਨੇ ਇਸ ਸਚਾਈ ਤੋਂ ਹੀ ਅੱਖਾਂ ਮੀਟ ਲਈਆਂ ਹਨ ਕਿ ਇਸ ਤਰ੍ਹਾਂ ਦੀ ਨੀਤੀ ਨਾਲ ਨਾ ਤਾਂ ਮਸਲੇ ਹੱਲ ਹੁੰਦੇ ਹਨ ਅਤੇ ਨਾ ਹੀ ਹੱਲ ਹੋਣਗੇ। ਇਸ  ਨਾਲ ਸਿਰਫ਼ ਹਿੰਸਕ ਬਗ਼ਾਵਤਾਂ ਅਤੇ ਬਗ਼ਾਵਤਾਂ ਨੂੰ ਕੁਚਲਣ ਦਾ ਸਿਲਸਿਲਾ ਹੋਰ ਵੀ ਡੂੰਘਾ ਅਤੇ ਵਿਆਪਕ ਹੁੰਦਾ ਜਾਵੇਗਾ। ਖ਼ੁਦ ਛੱਤੀਸਗੜ੍ਹ ਸਰਕਾਰ ਵਲੋਂ ਪੇਸ਼ ਕੀਤੇ ਗਏ ਮੌਤਾਂ ਦੇ ਅੰਕੜੇ ਵੀ ਇਸੇ ਤੱਥ ਨੂੰ ਦਰਸਾਉਂਦੇ ਹਨ। ਹਿੰਸਾ ਅਤੇ ਜਵਾਬੀ ਹਿੰਸਾ ਦਾ ਇਹ ਸਿਲਸਿਲਾ ਤਕਰੀਬਨ ਪਿਛਲੇ ਇਕ ਦਹਾਕੇ ਤੋਂ ਚਲ ਰਿਹਾ ਹੈ। ਇਸ ਤੋਂ ਕੋਈ ਵੀ ਸੂਝਵਾਨ ਬੰਦਾ ਇਸ ਸਿੱਟੇ 'ਤੇ ਪਹੁੰਚ ਸਕਦਾ ਹੈ ਕਿ ਯੋਜਨਾ ਕਮਿਸ਼ਨ ਦੀ ਮਾਹਰਾਂ ਦੀ ਕਮੇਟੀ ਵਲੋਂ ਕਹੀਆਂ ਗੱਲਾਂ ਸਹੀ ਹਨ।

9. ਅਸਲ ਵਿਚ, ਮਸਲੇ ਦੇ ਬੁਨਿਆਦੀ ਕਾਰਨ ਕਿਤੇ ਹੋਰ ਪਏ ਹਨ। ਇਨ੍ਹਾਂ ਕਾਰਨਾਂ ਉੱਪਰ ਵਿਚਾਰ ਕਰਕੇ ਹੀ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ। ਆਧੁਨਿਕ ਨਵਉਦਾਰਵਾਦੀ ਆਰਥਕ ਵਿਚਾਰਧਾਰਾ ਨੇ ਬੇਹੱਦ ਖ਼ੁਦਗਰਜ਼ੀ ਅਤੇ ਲਾਲਚ ਦੇ ਸੱਭਿਆਚਾਰ ਨੂੰ ਵਧਾਇਆ ਹੈ। ਇਸ ਵਿਚ ਇਹ ਝੂਠਾ ਵਾਅਦਾ ਵੀ ਕੀਤਾ ਜਾਂਦਾ ਹੈ ਕਿ ਖਪਤ ਲਗਾਤਾਰ ਵਧਣ ਨਾਲ ਆਰਥਕ ਵਾਧਾ ਹੁੰਦਾ ਹੈ ਜਿਸ ਨਾਲ ਹਰ ਕਿਸੇ ਦੀ ਹਾਲਤ ਸੁਧਰਦੀ ਹੈ। ਇਸ ਅਧਾਰ 'ਤੇ ਆਮ ਤੌਰ 'ਤੇ ਭਾਰਤ ਵਿਚ ਅਤੇ ਖ਼ਾਸ ਤੌਰ 'ਤੇ ਛੱਤੀਸਗੜ੍ਹ ਦੇ ਜ਼ਿਆਦਾਤਰ ਇਲਾਕਿਆਂ ਵਿਚ ਸਮਾਜੀ, ਸਿਆਸੀ ਅਤੇ ਆਰਥਕ ਪੱਖੋਂ ਅਸਥਿਰ ਹਾਲਾਤ ਬਣਾ ਦਿੱਤੇ ਗਏ ਹਨ। ਇਹ ਦਸਿਆ ਗਿਆ ਹੈ ਕਿ:''ਕਾਰਪੋਰੇਟ ਜਗਤ ਤਰਲੋਮੱਛੀ ਹੋ ਰਿਹਾ ਹੈ ਕਿ ਇਹ ਤੇਜ਼ੀ ਨਾਲ ਵਿਕਸਤ ਹੋ ਰਹੇ ਮੱਧ ਵਰਗ ਤੱਕ ਆਪਣੀ ਪੈਦਾਵਾਰੀ ਸਮਰੱਥਾ ਦਾ ਵਿਸਤਾਰ ਕਰ ਲਵੇ। ਇਸ ਦਾ ਭਾਵ ਹੈ ਪੈਦਾਵਾਰ ਅਤੇ ਵਪਾਰ ਲਈ ਵੱਧ ਤੋਂ ਵੱਧ ਜ਼ਮੀਨ ਦੀ ਲੋੜ। ਕਿਸਾਨ ਅਤੇ ਆਦਿਵਾਸੀ ਜ਼ਮੀਨਾਂ ਖੋਹੇ ਜਾਣ ਅਤੇ ਉਜਾੜੇ ਦੇ ਸੁਭਾਵਿਕ ਸ਼ਿਕਾਰ ਹੁੰਦੇ ਆ ਰਹੇ ਹਨ। ਖਾਣਾਂ ਖੋਦਣ ਦੀਆਂ
ਕਾਰਵਾਈਆਂ ਦਾ ਪਸਾਰਾ ਕੀਤੇ ਜਾਣ ਨੇ ਜੰਗਲ ਦੇ ਇਲਾਕੇ ਹਥਿਆ ਲਏ ਹਨ....। ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੱਧ ਲੋਹਾ, ਸੀਮੈਂਟ ਅਤੇ ਊਰਜਾ ਦੀ ਲੋੜ ਹੁੰਦੀ ਹੈ। ਪੂਰਬੀ ਭਾਰਤ ਦੇ ਘੱਟ ਆਮਦਨੀ ਵਾਲੇ ਸੂਬਿਆਂ ਦੇ ਜਨਤਕ ਖੇਤਰ 'ਚ ਇਸ ਨੂੰ ਬਣਾਉਣ ਦੀ ਸਮਰੱਥਾ ਨਹੀਂ ਹੈ। ਪਰ ਇਨ੍ਹਾਂ ਸੂਬਿਆਂ ਵਿਚ ਬੇਸ਼ੁਮਾਰ ਕੁਦਰਤੀ ਵਸੀਲੇ ਹਨ। ਇਸ ਕਾਰਨ  ਇਨ੍ਹਾਂ ਸੂਬਿਆਂ ਨੇ ਭਾਰਤੀ ਅਤੇ ਬਹੁਕੌਮੀ ਕੰਪਨੀਆਂ ਨੂੰ ਖਾਣਾਂ ਖੋਦਣ ਅਤੇ ਜ਼ਮੀਨ ਦੇ ਹੱਕ ਬਖਸ਼ ਦਿੱਤੇ ਹਨ...। ਜ਼ਿਆਦਾਤਰ ਕੁਦਰਤੀ ਵਸੀਲੇ ਉਨ੍ਹਾਂ ਇਲਾਕਿਆਂ ਵਿਚ ਹਨ ਜਿੱਥੇ ਗ਼ਰੀਬ ਆਦਿਵਾਸੀ ਰਹਿੰਦੇ ਹਨ ਅਤੇ ਇਨ੍ਹਾਂ ਇਲਾਕਿਆਂ ਵਿਚ ਨਕਸਲੀ ਸਰਗਰਮ ਹਨ। ਛੱਤੀਸਗੜ੍ਹ ਪੂਰਬੀ ਭਾਰਤ ਦਾ ਇਕ ਸੂਬਾ ਹੈ। ਭਾਰਤ ਦੇ ਕੁਲ ਕੱਚੇ ਲੋਹੇ ਦਾ 23 ਫ਼ੀ ਸਦੀ ਹਿੱਸਾ ਇੱਥੇ ਹੈ। ਇਸ ਤੋਂ ਇਲਾਵਾ, ਇੱਥੇ ਬਹੁਤ ਜ਼ਿਆਦਾ ਮਾਤਰਾ 'ਚ ਕੋਲਾ ਵੀ ਹੈ। ਇਸਨੇ ਟਾਟਾ ਸਟੀਲ, ਆਰਸੈਲਰ-ਮਿੱਤਲ, ਡੀ ਬੀਅਰਜ਼ ਕਾਨਸਾਲੀਡੇਟਿਡ ਮਾਈਨਜ਼,ਬੀ ਐੱਚ ਪੀ ਮਿਲੀਅਨ ਅਤੇ ਰਿਓ ਟਿੰਟੋ ਨਾਲ ਅਰਬਾਂ ਰੁਪਏ ਦੇ ਇਕਰਾਰਨਾਮਿਆਂ ਅਤੇ ਹੋਰ ਸਮਝੌਤਿਆਂ 'ਤੇ ਦਸਖ਼ਤ ਕੀਤੇ ਹਨ....। ਇਨ੍ਹਾਂ ਇਲਾਕਿਆਂ 'ਚ ਅਨੰਤ ਕਾਲ ਤੋਂ ਰਹਿ ਰਹੇ ਆਦਿਵਾਸੀ ਖਾਣਾਂ ਖੋਦਣ ਵਾਲਿਆਂ, ਉਸਾਰੀ ਮਜ਼ਦੂਰਾਂ ਅਤੇ ਟਰੱਕਾਂ ਨੂੰ ਦੇਖਕੇ ਬਹੁਤ ਜ਼ਿਆਦਾ ਭੈਭੀਤ ਹੋ ਗਏ ਹਨ।''10. ਭਾਰਤ ਵਿਚ ਵਿਕਾਸ ਦੇ ਨਵਉਦਾਰਵਾਦੀ ਮਾਡਲ ਦੇ ਪੁਰਾਣੇ ਅਤੇ ਨਵੇਂ ਹਮਾਇਤੀਆਂ ਵਲੋਂ ਅਕਸਰ ਹੀ ਬਹੁਤ ਹੀ ਘਾਤਕ ਅੰਦਾਜ਼ 'ਚ ਇਕ ਖ਼ਾਸ ਕਿਸਮ ਦੀ ਦਲੀਲ ਦਿੱਤੀ ਜਾਂਦੀ ਹੈ। ਇਸ ਤਰਕ ਅਨੁਸਾਰ, ਜਦੋਂ ਤੱਕ ਕੁਦਰਤੀ ਵਸੀਲਿਆਂ ਦੀ ਤੇਜ਼ੀ ਨਾਲ ਲੁੱਟਮਾਰ ਕਰਕੇ ਵਿਕਾਸ ਨਹੀਂ ਕੀਤਾ ਜਾਂਦਾ, ਓਦੋਂ ਤੱਕ ਭਾਰਤ ਆਲਮੀ ਪੱਧਰ 'ਤੇ ਮੁਕਾਬਲਾ ਨਹੀਂ ਕਰ ਸਕੇਗਾ; ਅਤੇ ਇਸ ਤਰ੍ਹਾਂ ਦੇ ਵਿਕਾਸ ਤੋਂ ਬਗ਼ੈਰ ਇਹ ਗ਼ਰੀਬੀ, ਅਨਪੜ੍ਹਤਾ, ਭੁੱਖਮਰੀ ਅਤੇ ਦਲਿੱਦਰ ਵਰਗੇ ਬੇਅੰਤ ਅਤੇ ਬੇਕਾਬੂ ਦਿਖਾਈ ਦਿੰਦੇ ਮਸਲਿਆਂ ਦਾ ਸਾਹਮਣਾ ਨਹੀਂ ਕਰ ਸਕੇਗਾ। ਇਸ ਗੱਲ ਬਾਰੇ ਕਈ ਦਫ਼ਾ ਬਹਿਸ ਹੁੰਦੀ ਹੈ ਕਿ ਇਸ ਤਰ੍ਹਾਂ ਕੁਦਰਤੀ ਵਸੀਲਿਆਂ ਦੀ ਲੁੱਟਮਾਰ ਉਸ ਖੇਤਰ ਦੇ ਪੌਣਪਾਣੀ ਜਾਂ ਸਮਾਜੀ ਬਣਤਰ ਦੇ ਪੱਖੋਂ ਪਾਏਦਾਰ ਵੀ ਹੈ ਜਾਂ ਨਹੀਂ। ਪਰ ਇਹ ਵੀ ਸੱਚ ਹੈ ਕਿ ਇਸ ਤਰ੍ਹਾਂ ਦੀ ਬਹਿਸ ਜ਼ਿਆਦਾ ਅੱਗੇ ਨਹੀਂ ਵਧਦੀ ਅਤੇ ਛੇਤੀ ਹੀ ਦਮ ਤੋੜ ਜਾਂਦੀ ਹੈ। ਇਸ ਸਬੰਧ 'ਚ ਭਾਰਤ ਦੇ ਨੀਤੀ ਘਾੜਿਆਂ ਜਾਂ ਕੁਲੀਨ ਵਰਗ ਕੋਲ ਕੋਈ ਤਸੱਲੀਬਖਸ਼ ਜਵਾਬ ਨਹੀਂ ਹੈ। ਅਸਲ ਵਿਚ, ਇਹ ਉਨ੍ਹਾਂ ਲੋਕਾਂ ਦੇ ਦਰਦ ਤੋਂ ਪੂਰੀ ਤਰ੍ਹਾਂ ਅਟੰਕ ਹੋ ਗਏ ਹਨ ਜੋ ਉਜਾੜੇ ਅਤੇ ਸਭ ਕੁਝ  ਖੁਸ ਜਾਣ ਦਾ ਦਰਦ ਸਹਿ ਰਹੇ ਹਨ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਹ ਇਸ ਇਤਿਹਾਸਕ ਸਬੂਤ ਨੂੰ ਅਣਡਿੱਠ ਕਰ ਰਹੇ ਹਨ ਕਿ ਕੁਦਰਤੀ ਵਸੀਲਿਆਂ ਦੀ ਲੁੱਟਮਾਰ 'ਤੇ ਅਧਾਰਤ ਵਿਕਾਸ ਮਾਡਲ ਵਾਲੇ ਜ਼ਿਆਦਾਤਰ ਰਾਜ ਨਾਕਾਮਯਾਬ ਹੀ ਸਾਬਤ ਹੋਏ ਹਨ। ਇਸ ਦੀ ਵਜ੍ਹਾ ਨਾਲ ਲੱਖਾਂ ਲੋਕ ਦੁੱਖ ਅਤੇ ਅਣਗੌਲੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ  ਹਨ।

11. ਬਹੁਤ ਸਾਰੇ ਨਾਮਵਰ ਚਿੰਤਕਾਂ ਨੇ 'ਵਸੀਲਿਆਂ ਦੇ ਸਰਾਪ'1 ਬਾਰੇ ਲਿਖਿਆ ਹੈ। ਇਹ ਅਜਿਹਾ ਵਰਤਾਰਾ ਹੈ ਜੋ ਉਨ੍ਹਾਂ ਮੁਲਕਾਂ ਜਾਂ ਖੇਤਰਾਂ 'ਚ ਵਾਪਰਦਾ ਹੈ ਜਿਨ੍ਹਾਂ ਕੋਲ ਭਰਪੂਰ ਵਸੀਲੇ ਹੁੰਦੇ ਹਨ, ਪਰ ਮਨੁੱਖੀ ਵਿਕਾਸ ਦੇ ਵੱਖੋ-ਵੱਖਰੇ ਸੂਚਕਾਂ ਪੱਖੋਂ ਇਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਮਾੜੀ ਹੁੰਦੀ ਹੈ। ਬਹੁਤ ਸਾਰੇ ਮੁਲਕ ਖੇਤੀਬਾੜੀ ਬਰਾਮਦਾਂ ਉੱਪਰ ਨਿਰਭਰ ਹੁੰਦੇ ਹਨ ਜਾਂ ਉਨ੍ਹਾਂ ਦਾ ਵਿਕਾਸ ਦਾ ਨਮੂਨਾ ਵਸੋਂ ਦੇ ਸਾਰੇ ਹਿੱਸਿਆਂ ਦੇ ਵਿਆਪਕ ਵਿਕਾਸ 'ਤੇ ਅਧਾਰਤ ਹੁੰਦਾ ਹੈ। ਇਨ੍ਹਾਂ ਮੁਲਕਾਂ ਦੇ ਮੁਕਾਬਲੇ ਭਰਪੂਰ ਕੁਦਰਤੀ ਵਸੀਲਿਆਂ ਵਾਲੇ ਮੁਲਕਾਂ 'ਚ 'ਬਹੁਤ ਗ਼ਰੀਬੀ ਹੈ, ਸਿਹਤ ਸੇਵਾਵਾਂ ਦੀ ਹਾਲਤ ਮਾੜੀ ਹੈ, ਵਿਆਪਕ ਕੁਪੋਸ਼ਣ ਹੈ, ਬੱਚਿਆਂ ਦੀ ਮੌਤ ਦਰ ਬਹੁਤ ਜ਼ਿਆਦਾ ਹੈ, ਔਸਤ ਉਮਰ ਥੋੜ੍ਹੀ ਹੈ ਅਤੇ ਸਿਖਿਆ ਪ੍ਰਬੰਧ ਦੀ ਹਾਲਤ ਬਹੁਤ ਭੈੜੀ ਹੈ।'2

12. ਰਾਜ ਨੇ ਸਿੱਧੇ ਤੌਰ 'ਤੇ ਸੰਵਿਧਾਨਕ ਮਿਆਰਾਂ ਅਤੇ ਕਦਰਾਂ-ਕੀਮਤਾਂ ਦਾ ਉਲੰਘਣ ਕਰਕੇ ਸਰਮਾਏਦਾਰੀ ਦੇ ਧਾੜਵੀ ਰੂਪਾਂ ਦੀ ਹਾਮੀ ਭਰੀ ਹੈ ਅਤੇ ਇਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਹੈ। ਅਕਸਰ ਇਸ ਤਰ੍ਹਾਂ ਦੀ ਸਰਮਾਏਦਾਰੀ ਨੇ ਖਾਣਾਂ ਖੋਦਣ 'ਤੇ ਅਧਾਰਤ ਸਨਅਤਾਂ ਦੇ ਨੇੜੇ-ਤੇੜੇ ਡੂੰਘੀਆਂ ਜੜ੍ਹਾਂ ਲਾ ਲਈਆਂ ਹਨ। ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਸੀਲਿਆਂ ਨਾਲ ਭਰਪੂਰ ਖੇਤਰਾਂ ਵਿਚ ਬੀਤੇ ਅਤੇ ਵਰਤਮਾਨ ਦੋਵਾਂ ਸਮਿਆਂ ਵਿਚ ਹੀ ਸਮਾਜੀ ਬੇਚੈਨੀ ਨੂੰ ਜਨਮ ਦੇਣ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਦਰਅਸਲ, ਇਹ ਉਹੀ ਇਲਾਕੇ ਹਨ ਜਿੱਥੇ ਮਨੁੱਖੀ ਵਿਕਾਸ ਦਾ ਪੱਧਰ ਬਹੁਤ ਨੀਵਾਂ ਹੈ। ਇਸ ਤੋਂ ਇਹ ਪਤਾ ਲਗਦਾ ਹੈ ਕਿ ਇਹ ਦਲੀਲ ਬਹੁਤ ਹੀ ਥੋਥੀ ਹੈ ਕਿ ਅਜਿਹਾ ਵਿਕਾਸ ਮਾਡਲ ਜ਼ਰੂਰੀ ਹੈ ਅਤੇ ਇਸ ਦੇ ਸਿੱਟੇ ਲਾਜ਼ਮੀ ਸਾਹਮਣੇ ਆਉਂਦੇ ਹਨ। ਸੰਵਿਧਾਨ 'ਚ ਐਨ ਸਾਫ਼ ਲਫਜ਼ਾਂ 'ਚ ਮੰਗ ਕੀਤੀ ਗਈ ਹੈ ਕਿ ਰਾਜ ਨੂੰ ਇਹ ਲਗਾਤਾਰ ਯਤਨ ਕਰਨਾ ਚਾਹੀਦਾ ਹੈ ਕਿ ਉਸਦੇ ਨਾਗਰਿਕਾਂ 'ਚ ਭਰੱਪਣ ਵਧੇ-ਫੁੱਲੇ। ਇਸ ਸਮੁੱਚੇ ਅਮਲ ਵਿਚ, ਹਰ ਨਾਗਰਿਕ ਦਾ ਮਾਣ-ਇੱਜ਼ਤ ਮਹਿਫੂਜ਼ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਪ੍ਰਫੁੱਲਤ ਕੀਤਾ ਜਾਣਾ ਚਾਹੀਦਾ ਹੈ। ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਅਧਾਰ ਬਣਾਕੇ ਅਦਾਲਤਾਂ ਦਾ ਦਰਵਾਜ਼ਾ ਨਹੀਂ ਖੜਕਾਇਆ ਜਾ ਸਕਦਾ। ਇਸ ਦੇ ਬਾਵਜੂਦ 'ਦੇਸ਼ ਦਾ ਪ੍ਰਸ਼ਾਸਨ ਚਲਾਉਣ 'ਚ ਇਨ੍ਹਾਂ ਦੀ ਬੁਨਿਆਦੀ ਅਹਿਮੀਅਤ ਹੈ।' ਇਹ ਰਾਜ ਨੂੰ ਇਹ ਨਿਰਦੇਸ਼ ਦਿੰਦੇ ਹਨ ਕਿ ਉਹ ਭਾਈਚਾਰਿਆਂ ਦੇ ਪਦਾਰਥਕ ਵਸੀਲਿਆਂ ਦਾ ਇਸਤੇਮਾਲ ਸਾਰਿਆਂ ਦੇ ਭਲੇ
ਲਈ ਕਰੇ। ਰਾਜ ਨੂੰ ਇਨ੍ਹਾਂ ਵਸੀਲਿਆਂ ਦਾ ਇਸਤੇਮਾਲ ਸਿਰਫ਼ ਅਮੀਰ ਅਤੇ ਡਾਹਢੇ ਲੋਕਾਂ ਦੇ ਭਲੇ ਲਈ ਨਹੀਂ ਕਰਨਾ ਚਾਹੀਦਾ। ਉਸ ਨੂੰ ਇਹ ਧਿਆਨ ਵੀ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਵਸੀਲਿਆਂ ਦੇ ਨਿਕਾਸ ਲਈ ਕਿਨ੍ਹਾਂ ਲੋਕਾਂ ਨੂੰ ਬੇਦਖ਼ਲ ਕੀਤਾ ਜਾ ਰਿਹਾ ਹੈ ਅਤੇ ਨਿਤਾਣੇ ਬਣਾਇਆ ਜਾ ਰਿਹਾ ਹੈ। ਸਾਡਾ ਸੰਵਿਧਾਨ ਸਾਰੇ ਨਾਗਰਿਕਾਂ ਲਈ ਮੁਕੰਮਲ ਨਿਆਂ ਭਾਵ ਸਮਾਜੀ, ਆਰਥਕ ਅਤੇ ਸਿਆਸੀ ਨਿਆਂ ਦਾ ਵਚਨ ਦਿੰਦਾ ਹੈ। ਅਜਿਹਾ ਵਚਨ, ਆਪਣੀ ਸਭ ਤੋਂ ਕਮਜ਼ੋਰ ਸ਼ਕਲ 'ਚ ਵੀ ਉਨ੍ਹਾਂ ਨੀਤੀਆਂ ਨੂੰ ਅਣਡਿੱਠ ਨਹੀਂ ਕਰ ਸਕਦਾ ਜੋ ਸਪਸ਼ਟ ਤੌਰ 'ਤੇ ਵਸੋਂ ਦੇ ਇਕ ਵੱਡੇ ਹਿੱਸੇ ਲਈ ਭਾਰੀ ਮੁਸੀਬਤਾਂ ਦਾ ਕਾਰਨ ਬਣਦੀਆਂ ਹਨ।

13. ਨਿੱਜੀ ਖੇਤਰ ਵਲੋਂ ਵਸੀਲਿਆਂ ਦੀ ਤੇਜ਼ੀ ਨਾਲ ਲੁੱਟਮਾਰ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੀ ਲੁੱਟਮਾਰ 'ਚ ਲਾਗਤਾਂ ਅਤੇ ਫ਼ਾਇਦਿਆਂ ਦੀ ਬਰਾਬਰ ਵੰਡ ਦੀ ਕੋਈ ਭਰੋਸੇਯੋਗ ਵਚਨਬਧਤਾ ਨਹੀਂ ਹੁੰਦੀ। ਇਸ ਤੋਂ ਇਲਾਵਾ, ਇਸ ਵਿਚ ਪੌਣਪਾਣੀ ਦੇ ਟਿਕਾਊਪਣ ਵੱਲ ਵੀ ਧਿਆਨ ਨਹੀਂ ਦਿੱਤਾ ਜਾਂਦਾ। ਯਕੀਨਨ ਹੀ, ਇਹ ਨੀਤੀਆਂ ਉਨ੍ਹਾਂ ਸਿਧਾਂਤਾਂ ਦਾ ਉਲੰਘਣ ਕਰਦੀਆਂ ਹਨ ਜਿਨ੍ਹਾਂ ਨੂੰ 'ਗਵਰਨੈਂਸ ਦੀ ਬੁਨਿਆਦ' ਮੰਨਿਆ ਜਾਂਦਾ ਹੈ। ਜਦੋਂ ਬਹੁਤ ਵੱਡੇ ਪੱਧਰ 'ਤੇ ਇਸ ਤਰ੍ਹਾਂ ਦਾ ਉਲੰਘਣ ਕੀਤਾ ਜਾਂਦਾ ਹੈ ਤਾਂ ਇਹ ਧਾਰਾ 14 ਅਤੇ ਧਾਰਾ 21 ਵਿਚ ਕੀਤੀਆਂ ਗਈਆਂ ਪੇਸ਼ਬੰਦੀਆਂ ਦਾ ਉਲੰਘਣ ਕਰਦਾ ਹੈ। ਯਾਦ ਰਹੇ ਕਿ ਧਾਰਾ 14 'ਚ ਕਾਨੂੰਨ ਦੀ ਨਜ਼ਰ 'ਚ ਬਰਾਬਰੀ ਅਤੇ ਕਾਨੂੰਨ ਦੀ ਬਰਾਬਰ ਸੁਰੱਖਿਆ ਅਤੇ ਧਾਰਾ 21 'ਚ ਜ਼ਿੰਦਗੀ ਦੇ ਮਾਣ-ਸਨਮਾਨ ਦੀ ਵਿਵਸਥਾ ਹੈ। ਇਹ ਸਚਾਈ ਹੈ ਕਿ ਵਸੀਲਿਆਂ ਦੀ ਲੁੱਟਮਾਰ ਕਰਨ ਵਾਲੀਆਂ ਸਨਅਤਾਂਂਜਿਨ੍ਹਾਂ ਨੂੰ ਕੁਝ ਥਾਈਂ ਖਾਣ ਮਾਫ਼ੀਆ ਵੀ ਕਿਹਾ ਜਾਂਦਾ ਹੈਂਅਤੇ ਰਾਜ ਦੇ ਕੁਝ ਦਲਾਲਾਂ ਦਾ ਘਿਣਾਉਣਾ ਗੱਠਜੋੜ ਰਾਜ ਦੀ ਇਖ਼ਲਾਕੀ ਅਥਾਰਟੀ ਨੂੰ ਬੇਅਸਰ ਬਣਾ ਦਿੰਦਾ ਹੈ। ਇਸ ਨਾਲ ਧਾਰਾ 14 ਅਤੇ ਧਾਰਾ 21 ਦੀ ਹੋਰ ਜ਼ਿਆਦਾ ਅਣਦੇਖੀ ਕੀਤੀ ਜਾਂਦੀ ਹੈ। ਯੋਜਨਾ ਕਮਿਸ਼ਨ ਦੀ ਮਾਹਰਾਂ ਦੀ ਕਮੇਟੀ ਨੇ ਵੀ ਇਹ ਮੰਨਿਆ ਹੈ ਕਿ ਜੇ ਰਾਜ ਆਪਣੇ ਵਿਰੋਧ ਨੂੰ ਮਹਿਜ਼ ਅਮਨ-ਕਾਨੂੰਨ ਦਾ ਮਸਲਾ ਮੰਨਕੇ ਕਦਮ ਚੁੱਕਦਾ ਹੈ ਅਤੇ ਸਥਾਨਕ ਲੋਕਾਂ ਦੇ ਖਿਲਾਫ਼ ਵੱਡੇ ਪੱਧਰ 'ਤੇ ਹਿੰਸਾ ਵਧਾਉਂਦਾ ਹੈ, ਤਾਂ ਇਸ ਨਾਲ ਸਿਰਫ਼ ਹੋਰ ਬਗ਼ਾਵਤ ਹੀ ਸਾਹਮਣੇ ਆਵੇਗੀ। ਕੁਝ ਵਿਦਵਾਨਾਂ ਨੇ ਭਾਰਤ ਵਿਚ ਵੱਖੋ-ਵੱਖਰੀ ਤਰ੍ਹਾਂ ਦੀ ਸਿਆਸੀ ਹਿੰਸਾ ਦੀਆਂ ਪੇਚੀਦਗੀਆਂ ਬਾਰੇ ਲਿਖਿਆ ਹੈ ਕਿ:''ਮੁਲਕ ਦੇ ਆਰਥਕ ਸਬੰਧ ਅਤੇ ਦਰਜੇਵਾਰ ਢਾਂਚਾਬੰਦੀ, ਦੋਵੇਂ ਹੀ ਹਿੰਸਾ ਦੀ ਬੁਨਿਆਦ ਹਨ....। ਸਥਾਪਤ ਜਗੀਰੂ ਉਸਾਰ, ਉੱਭਰ ਰਹੇ ਵਪਾਰਕ ਹਿੱਤ ਅਤੇ ਸਥਾਪਤ ਪ੍ਰਬੰਧ,ਨਵੇਂ ਹਿੱਤ, ਸਿਆਸੀ ਕੁਲੀਨ ਵਰਗ ਅਤੇ ਨੌਕਰਸ਼ਾਹੀ ਦਰਮਿਆਨ ਘਿਣਾਉਣਾ ਗੱਠਜੋੜ ਅਤੇ ਜਨਤਕ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੀ ਅਣਹੋਂਦ ਲੁੱਟ ਨੂੰ ਸਥਾਈ ਰੂਪ ਦੇ ਦਿੰਦੀ ਹੈ। ਇਸ ਦੇ ਕਾਰਨ ਵਸੋਂ ਦੇ ਇਨ੍ਹਾਂ ਹਿੱਸਿਆਂ ਦੀ ਹਾਲਤ ਐਨੀ ਦਰਦਨਾਕ ਹੋ ਜਾਂਦੀ ਹੈ ਕਿ ਇਨਕਲਾਬੀ ਸਿਆਸਤ ਦੇ ਸੱਦੇ ਉਨ੍ਹਾਂ ਨੂੰ ਧੂਹ ਪਾਉਣੀ ਸ਼ੁਰੂ ਕਰ ਦਿੰਦੇ ਹਨ ...।ਭਾਰਤ ਦੇ ਵਿਕਾਸ ਸਬੰਧੀ ਵਿਰੋਧਾਭਾਸਾਂ ਨੇ ਲੋਕਾਂ ਦੀ ਲੀਹ 'ਤੇ ਚਲ ਰਹੀ ਜ਼ਿੰਦਗੀ ਨੂੰ ਹਿਲਾਕੇ ਰੱਖ ਦਿੱਤਾ ਹੈ। ਭਾਰਤ ਵਿਚ ਪਿਛਲੇ ਕਈ ਦਹਾਕਿਆਂ 'ਚ ਵਿਕਾਸ ਪ੍ਰਾਜੈਕਟਾਂ ਕਾਰਨ ਲੱਖਾਂ ਲੋਕ ਉੱਜੜੇ ਹਨ। ਭਾਰਤੀ ਰਾਜ ਇਨ੍ਹਾਂ ਲੋਕਾਂ ਨੂੰ ਗੁਜ਼ਾਰੇ ਦੇ ਬਦਲਵੇਂ ਵਸੀਲੇ ਮੁਹੱਈਆ ਕਰਾਉਣ 'ਚ ਨਾਕਾਮ ਰਿਹਾ ਹੈ। ਇਕ ਅੰਦਾਜ਼ੇ ਅਨੁਸਾਰ 1950 ਤੋਂ 1990 ਦਰਮਿਆਨ ਵਿਕਾਸ ਪ੍ਰਾਜੈਕਟਾਂ ਕਾਰਨ ਸੂਚੀਦਰਜ ਜਾਤਾਂ ਦੇ 85 ਲੱਖ ਲੋਕਾਂ ਦਾ ਉਜਾੜਾ ਹੋਇਆ। ਇਹ ਕੁਲ ਉਜਾੜੇ ਗਏ ਲੋਕਾਂ ਦਾ 40 ਫ਼ੀ ਸਦੀ ਹਿੱਸਾ ਹੈ। ਇਨ੍ਹਾਂ ਵਿਚੋਂਸਿਰਫ਼ 25 ਫ਼ੀ ਸਦੀ ਲੋਕਾਂ ਨੂੰ ਹੀ ਮੁੜ ਵਸਾਇਆ ਗਿਆ...। ਇਸ ਬਾਰੇ ਕੋਈ ਪੱਕਾ ਅੰਕੜਾ ਤਾਂ ਨਹੀਂ ਮਿਲਦਾ ਪਰ ਇਹ ਮੰਨਿਆ ਜਾਂਦਾ ਹੈ ਕਿ ਮਾਓਵਾਦੀਆਂ ਦੇ ਪੈਦਲ ਸੈਨਿਕਾਂ ਵਿਚ ਦਲਿਤਾਂ ਅਤੇ ਆਦਿਵਾਸੀਆਂ ਦਾ ਤਨਾਸਬ ਬਹੁਤ ਜ਼ਿਆਦਾ ਹੈ...। ਸਮਾਜ ਦੇ ਇਨ੍ਹਾਂ ਦੋ ਤਬਕਿਆਂ ਖਿਲਾਫ਼ ਹੋਣ ਵਾਲੇ ਜ਼ੁਲਮਾਂ ਦੇ ਇਕ ਅਧਿਐਨ ਤੋਂ ਇਹ ਗੱਲ ਉਜਾਗਰ
ਹੁੰਦੀ ਹੈ ਕਿ ਜਿਨ੍ਹਾਂ ਖੇਤਰਾਂ ਵਿਚ ਜ਼ਿਆਦਾ ਜ਼ੁਲਮ ਹੋਏ, ਉੱਥੇ ਹੀ ਨਕਸਲਵਾਦ ਵੱਧ ਵਧਿਆ-ਫੈਲਿਆ ਹੈ...। ਇਹ ਕਮਜ਼ੋਰ ਤਬਕੇ ਹਾਲੇ ਵੀ ਨਕਸਲਵਾਦ ਦੇ ਫੈਲਾਅ ਦੇ ਸਭ ਤੋਂ ਸੰਵੇਦਨਸ਼ੀਲ ਖੇਤਰ ਹਨ। ਇਸ ਦੀ ਵਜ੍ਹਾ ਇਹ ਹੈ ਕਿ ਭਾਰਤੀ ਆਰਥਿਕਤਾ ਦੇ ਉਦਾਰੀਕਰਨ, ਵਪਾਰੀਕਰਨ ਅਤੇ ਵਿਸ਼ਵੀਕਰਨ ਦੇ ਨਵੇਂ ਉੱਭਰ ਰਹੇ ਹਾਲਾਤ ਨੇ ਪਹਿਲਾਂ ਹੀ ਕਾਇਮ ਗ਼ਲਬਾ ਪਾਊ ਤੰਤਰ 'ਚ ਨਵੇਂ ਪਸਾਰ ਜੋੜ ਦਿੱਤੇ ਹਨ।''1

14. ਸਾਡੇ ਰਾਸ਼ਟਰ ਦੀ ਸੁਰੱਖਿਆ ਅਤੇ ਏਕਤਾ, ਸਾਡੇ ਸਾਰੇ ਲੋਕਾਂ ਦੀ ਭਲਾਈ ਅਤੇ ਸੰਵਿਧਾਨ ਦੀ ਪਾਵਨ ਦ੍ਰਿਸ਼ਟੀ ਅਤੇ ਨਿਸ਼ਾਨਿਆਂ ਨੂੰ ਇਸ ਤੋਂ ਬਹੁਤ ਹੀ ਡੂੰਘਾ ਖ਼ਤਰਾ ਹੈ ਕਿ ਰਾਜ ਹਰ ਗੱਲ ਤੋਂ ਗ਼ਲਤ ਸਿੱਟੇ ਕੱਢ ਰਿਹਾ ਹੈ। ਅਸਲ ਵਿਚ, ਇਹ ਇਕ ਬਹੁਤ ਹੀ ਕੁਲਹਿਣਾ ਸੰਕੇਤ ਹੈ। ਪਿੱਛੇ ਅਸੀਂ ਯੋਜਨਾ ਕਮਿਸ਼ਨ ਦੀ ਜਿਸ ਮਾਹਰਾਂ ਦੀ ਕਮੇਟੀ ਦਾ ਜ਼ਿਕਰ  ਕੀਤਾ ਹੈ, ਉਸ ਦਾ ਮੰਨਣਾ ਵੀ ਇਹੀ ਹੈ। ਭਾਰਤੀ ਰਾਜ ਮਸਲੇ ਨੂੰ ਹਕੀਕੀ ਸਮਾਜੀ-ਆਰਥਕ ਹਾਲਾਤ ਦੇ ਪ੍ਰਸੰਗ 'ਚ ਨਹੀਂ ਦੇਖ ਰਿਹਾ। ਉਹ ਇਹ ਵੀ ਮਹਿਸੂਸ ਨਹੀਂ ਕਰ ਰਿਹਾ ਕਿ ਉਸਨੇ ਵਿਕਾਸ ਦੇ ਜਿਸ ਝੂਠੇ ਨਮੂਨੇ ਨੂੰ ਉਤਸ਼ਾਹਤ ਕੀਤਾ ਹੈ, ਉਸਦਾ ਕੋਈ ਮਨੁੱਖੀ ਚਿਹਰਾ ਨਹੀਂ ਹੈ। ਇਸ ਨਾਲ ਲੋਕਾਂ ਦੇ ਮਨਾਂ 'ਚ ਇਹ ਭਾਵਨਾ ਡੂੰਘੀ ਘਰ ਕਰ ਗਈ ਹੈ ਉਹ ਬੇਵਸ ਹਨ। ਦੂਜੇ ਪਾਸੇ, ਸੱਤਾਧਾਰੀ ਲੋਕਾਂ ਵਲੋਂ ਲਗਾਤਾਰ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਹਰ ਹੀਲੇ ਵੱਧ ਤੋਂ ਵੱਧ ਆਰਥਕ ਵਾਧਾ ਕਰਨਾ ਹੀ ਇਕੋ ਇਕ ਰਾਹ ਹੈ। ਇਸ ਮਾਡਲ
ਕਾਰਨ ਗ਼ਰੀਬ ਅਤੇ ਵਾਂਝੇ ਲੋਕਾਂ ਨੂੰ ਬਹੁਤ ਜ਼ਿਆਦਾ ਬੋਝ ਅਤੇ ਕਸ਼ਟ ਝੱਲਣਾ ਪੈ ਰਿਹਾ ਹੈ। ਪਰ ਸੱਤਾ 'ਚ ਬੈਠੇ ਲੋਕ ਇਹ ਦਲੀਲ ਦੇ ਰਹੇ ਹਨ ਕਿ ਵਿਕਾਸ ਦੇ ਇਸ ਮਾਡਲ 'ਚ ਅਜਿਹੀ ਹਾਲਤ ਤੋਂ ਬਚਿਆ ਨਹੀਂ ਜਾ ਸਕਦਾ। ਪ੍ਰਸਿੱਧ ਅਰਥਸ਼ਾਸਤਰੀ ਅਮਿਤ ਭਾਦੁੜੀ ਨੇ ਇਸ ਬਾਰੇ ਲਿਖਿਆ ਹੈ:''ਜੇ ਅਸੀਂ ਆਪਣੇ ਮੱਧ ਵਰਗੀ ਦਾਇਰੇ ਅਤੇ ਮੁੱਖਧਾਰਾ ਮੀਡੀਆ ਵਲੋਂ ਦਿਖਾਈ ਜਾ ਰਹੀ ਦੁਨੀਆ ਤੋਂ ਥੋੜ੍ਹਾ ਬਾਹਰ ਨਿਕਲਕੇ ਦੇਖੀਏ, ਤਾਂ ਅਸੀਂ ਇਹ ਦੇਖਾਂਗੇ ਕਿ ਸਾਡੇ ਮੁਲਕ ਦੀ ਤਸਵੀਰ ਬਹੁਤੀ ਵਧੀਆ ਨਹੀਂ ਹੈ.....। ਜੇ ਤੁਸੀਂ ਵਿਸ਼ਵੀਕਰਨ, ਉਦਾਰੀਕਰਨ ਅਤੇ ਵਪਾਰੀਕਰਨ ਦੀਆਂ ਨਿਆਮਤਾਂ ਦਾ ਲਾਹਾ ਲੈਣ ਵਾਲੇ ਵਿਸ਼ੇਸ਼-ਅਧਿਕਾਰ ਪ੍ਰਾਪਤ ਨਿੱਕੇ ਜਹੇ ਤਬਕੇ ਦੇ ਦਾਇਰੇ ਤੋਂ ਬਾਹਰ ਨਿਕਲਦੇ ਹੋ, ਤਾਂ ਤੁਸੀਂ ਮਹਿਸੂਸ ਕਰੋਗੇ ਕਿ ਸਾਰੀਆਂ ਚੀਜ਼ਾਂ ਬਹੁਤ ਹੀ ਬੇਯਕੀਨੀਆਂ ਹਨ। ਗ੍ਰਹਿ ਮੰਤਰਾਲੇ ਦੇ ਇਕ ਅੰਦਾਜ਼ੇ ਅਨੁਸਾਰ ਦੇਸ਼ ਦੇ ਕੁਲ 607 ਜ਼ਿਲ੍ਹਿਆਂ ਵਿਚੋਂ 120 ਤੋਂ ਲੈ ਕੇ 160 ਜ਼ਿਲ੍ਹੇ 'ਨਕਸਲ ਪ੍ਰਭਾਵਤ' ਹਨ। ਇਹ ਲਹਿਰ ਸਾਧਨਾਂ ਤੋਂ ਵਾਂਝੇ ਅਤੇ ਦੁਖੀ ਕਿਸਾਨਾਂ ਦੀ ਹਮਾਇਤ ਨਾਲ ਭਾਰਤ ਦੇ ਤਕਰੀਬਨ ਇਕ-ਚੌਥਾਈ ਇਲਾਕੇ ਵਿਚ ਫੈਲ ਗਈ ਹੈ। ਇਸਦੇ ਬਾਵਜੂਦ ਇਹ ਸਰਕਾਰ ਲੋਕਾਂ ਦੇ ਰੋਹ ਅਤੇ ਨਿਰਾਸ਼ਾ ਦੇ ਉਨ੍ਹਾਂ ਕਾਰਨਾਂ ਵੱਲ ਧਿਆਨ ਨਹੀਂ ਦੇ ਰਹੀ ਜਿਨ੍ਹਾਂ ਦੀ ਵਜ੍ਹਾ ਨਾਲ ਇਸ ਤਰ੍ਹਾਂ ਦੀ ਲਹਿਰ ਵਧਦੀ-ਫੁੱਲਦੀ ਹੈ; ਇਸ ਦੀ ਬਜਾਏ, ਇਹ ਇਸ ਨੂੰ ਇਕ ਅਜਿਹੇ ਖ਼ਤਰੇ, ਯਾਨੀ ਅਮਨ-ਕਾਨੂੰਨ ਦੇ ਮਸਲੇ ਵਜੋਂ ਦੇਖ ਰਹੀ ਹੈ....। ਇਸ ਦੇ ਲਈ ਇਹ ਇਕ ਅਜਿਹਾ ਖ਼ਤਰਾ ਹੈ ਜਿਸ ਨੂੰ ਰਾਜਕੀ ਹਿੰਸਾ ਰਾਹੀਂ ਜੜ੍ਹੋਂ ਪੁੱਟਣਾ ਹੋਵੇਗਾ। ਇਹ ਰੋਹ ਭਰੇ ਗ਼ਰੀਬਾਂ ਦੇ ਟਾਕਰੇ ਨੂੰ ਆਪਣੀ ਹਿੰਸਾ ਨਾਲ ਕੁਚਲਦੀ ਹੈ; ਅਤੇ ਫਿਰ ਇਸ ਕੰਮ ਲਈ ਆਪਣੀ ਪਿੱਠ ਆਪੇ ਥਾਪੜਦੀ ਹੈ.....। ਵੱਧ ਆਰਥਕ ਵਾਧੇ ਦੀ ਖ਼ਾਤਰ ਗ਼ਰੀਬਾਂ ਨੂੰ ਬੇਰਹਿਮ ਆਲਮੀ ਮੰਡੀ ਅੱਗੇ ਕੁਪੋਸ਼ਤ, ਅਨਪੜ੍ਹ, ਅਣਸਿਖਿਅਤ ਅਤੇ ਪੂਰੀ ਤਰ੍ਹਾਂ ਬੇਸਹਾਰਾ ਛੱਡ ਦਿੱਤਾ ਗਿਆ ਹੈ। ਅਤੇ ਇਨ੍ਹਾਂ ਗ਼ਰੀਬਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ...। ਇਹ ਮਹਿਜ਼ ਇਕ ਅਨਿਆਂ ਦਾ ਅਮਲ ਨਹੀਂ ਹੈ। ਇਸ ਤਰ੍ਹਾਂ ਨਾਲ ਹਾਸਲ ਕੀਤਾ ਜਾਣ ਵਾਲਾ ਆਰਥਕ ਵਾਧਾ ਸਿਰਫ਼ ਆਮਦਨੀ ਦੇ ਵੰਡ ਦੇ ਸਵਾਲ ਨੂੰ ਹੀ ਨਜ਼ਰ-ਅੰਦਾਜ਼ ਨਹੀਂ ਕਰਦਾ ਇਸ ਦੀ ਹਕੀਕਤ ਹੋਰ ਵੀ ਭੈੜੀ ਹੈ। ਇਹ ਵਿਕਾਸ ਦੇ ਨਾਂ ਹੇਠ ਗ਼ਰੀਬਾਂ ਨੂੰ ਵਹਿਸ਼ੀ
ਹਿੰਸਾ ਦੀ ਘੁਰਕੀ ਦਿੰਦਾ ਹੈ। ਇਹ ਇਕ ਤਰ੍ਹਾਂ ਦਾ ''ਵਿਕਾਸ ਦਾ ਦਹਿਸ਼ਤਵਾਦ'' ਹੈ। ਇਸ ਵਿਚ ਰਾਜ ਵਲੋਂ ਵਿਕਾਸ ਦੇ ਨਾਂ 'ਤੇ ਗ਼ਰੀਬਾਂ ਖਿਲਾਫ਼ ਲਗਾਤਾਰ ਹਿੰਸਾ ਕੀਤੀ ਜਾ ਰਹੀ ਹੈ। ਰਾਜ ਮੁੱਖ ਰੂਪ 'ਚ ਕਾਰਪੋਰੇਟ ਰਾਠਸ਼ਾਹੀ ਦੇ ਹਿੱਤ 'ਚ ਕੰਮ ਕਰ ਰਿਹਾ ਹੈ। ਇਸ ਕੰਮ 'ਚ ਇਸ ਨੂੰ ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਬੈਂਕ ਦੇ ਨਾਲ-ਨਾਲ ਖ਼ੁਦਗਰਜ਼ ਸਿਆਸੀ ਜਮਾਤ ਦੀ ਹਮਾਇਤ ਵੀ ਹਾਸਲ ਹੈ। ਸਿਆਸੀ ਕੋੜਮੇ ਵਲੋਂ ਇਸ ਵਿਕਾਸ ਦੀ ਦਹਿਸ਼ਤਗ਼ਰਦੀ ਨੂੰ ਹੀ ਤਰੱਕੀ ਦੱਸਿਆ ਜਾ ਰਿਹਾ ਹੈ। ਅਕਾਦਮਿਕ ਅਤੇ ਮੀਡੀਆ ਨਾਲ ਜੁੜੇ ਲੋਕ ਵੀ ਸਿਆਸੀ ਕੋੜਮੇ ਮਗਰ ਲਗੇ ਹੋਏ ਹਨ। ਉਹ ਵੀ ਇਸ ਗੱਲ ਉੱਪਰ ਜ਼ੋਰ ਦੇ ਰਹੇ ਹਨ ਕਿ ਗ਼ਰੀਬ ਅਤੇ ਵਾਂਝੇ ਲੋਕਾਂ ਦਾ ਦਰਦ ਵਿਕਾਸ ਦੀ ਲਾਜ਼ਮੀ ਕੀਮਤ ਹੈ। ਇੰਞ ਲਗਦਾ ਹੈ ਕਿ ਇਸ ਦੌਰ ਵਿਚ ਇਹ ਗੱਲ ਪੂਰੀ ਤਰ੍ਹਾਂ ਮੰਨ ਲਈ ਗਈ ਹੈ ਕਿ ਕੋਈ ਹੋਰ ਬਦਲ ਹੈ ਹੀ ਨਹੀਂ...। ਫਿਰ ਵੀ ਸਚਾਈ ਇਹ ਹੈ ਕਿ ਵਿਕਾਸ ਦੇ ਜਿਸ ਮਾਡਲ ਉੱਪਰ ਐਨੀ ਵਿਆਪਕ
ਸਹਿਮਤੀ ਬਣ ਚੁੱਕੀ ਹੈ, ਉਹ ਪੂਰੀ ਤਰ੍ਹਾਂ ਗ਼ਲਤ ਹੈ। ਸਾਡੀ ਜਮਹੂਰੀ ਸਿਆਸਤ ਨੇ ਇਸ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਨੂੰ ਹੋਰ ਵੀ ਵੱਧ ਮਜ਼ਬੂਤੀ ਨਾਲ ਰੱਦ ਕਰੇਗੀ। 'ਵਿਕਾਸ ਦਹਿਸ਼ਤਵਾਦ' ਦਾ ਸਾਹਮਣਾ ਕਰਨ ਵਾਲੇ ਗ਼ਰੀਬ ਵੀ ਆਪਣੇ ਸਿੱਧੇ ਟਾਕਰੇ ਜ਼ਰੀਏ ਇਸ ਨੂੰ ਰੱਦ ਕਰ ਦੇਣਗੇ।''

15. ਜਿਵੇਂ ਇੰਨਾ ਹੀ ਕਾਫ਼ੀ ਨਾ ਹੋਵੇ, ਹੁਣ ਸਾਡੇ ਨੀਤੀ-ਘਾੜੇ ਸੰਵਿਧਾਨਕ ਸੂਝ ਅਤੇ ਕਦਰਾਂ-ਕੀਮਤਾਂ ਤੋਂ ਵੀ ਤੇਜ਼ੀ ਨਾਲ ਪਾਸਾ ਵੱਟਣ ਲੱਗੇ ਹਨ। ਸਰਕਾਰੀ ਕਾਰਵਾਈਆਂ ਤੋਂ ਇਸ ਤਰ੍ਹਾਂ ਦੇ ਖ਼ਤਰਨਾਕ ਇਸ਼ਾਰੇ ਮਿਲਦੇ ਹਨ। ਇਕ ਪਾਸੇ ਸਰਕਾਰ ਨਿੱਜੀ ਖੇਤਰ ਨੂੰ ਟੈਕਸ ਛੋਟ ਦੇ ਰੂਪ 'ਚ ਲਗਾਤਾਰ ਸਬਸਿਡੀ ਦੇ ਰਹੀ ਹੈ, ਨਾਲ ਹੀ ਇਹ ਵੀ ਕਹਿ ਰਹੀ ਹੈ ਕਿ ਉਸ ਕੋਲ ਇੰਨਾ ਖਜ਼ਾਨਾ ਨਹੀਂ ਹੈ ਕਿ ਉਹ ਸਮਾਜ ਭਲਾਈ ਪ੍ਰੋਗਰਾਮਾਂ ਰਾਹੀਂ ਗ਼ਰੀਬਾਂ ਦੀ ਮਦਦ ਕਰਨ ਦੀਆਂ ਆਪਣੀਆਂ ਜ਼ਿੰਮੇਦਾਰੀਆਂ ਨਿਭਾ ਸਕੇ। ਦੂਜੇ ਪਾਸੇ, ਸਰਕਾਰ ਗ਼ਰੀਬਾਂ ਦੀ ਬੇਚੈਨੀ ਅਤੇ ਗੁੱਸੇ ਨੂੰ ਕੁਚਲਣ ਲਈ ਗ਼ਰੀਬ ਨੌਜਵਾਨਾਂ ਦਾ ਹੀ ਸਹਾਰਾ ਲੈ ਰਹੀ ਹੈ ਅਤੇ ਉਨ੍ਹਾਂ ਦੇ ਹੱਥ ਬੰਦੂਕਾਂ ਦੇ ਰਹੀ ਹੈ।

16. ਇੰਞ ਲਗਦਾ ਹੈ ਕਿ ਰਾਜ ਦੀ ਸੁਰੱਖਿਆ ਅਤੇ ਆਰਥਕ ਨੀਤੀ ਬਾਰੇ ਫ਼ੈਸਲੇ ਲੈਣ ਵਾਲੇ ਲੋਕਾਂ ਦਾ ਨਵਾਂ ਮੰਤਰ ਇਹੀ ਹੈ ਕਿ ਅਮੀਰਾਂ ਨੂੰ ਟੈਕਸਾਂ ਤੋਂ ਛੋਟ ਦਿਓ ਅਤੇ ਗ਼ਰੀਬ ਨੌਜਵਾਨਾਂ ਦੇ ਇਕ ਹਿੱਸੇ ਨੂੰ ਬੰਦੂਕ ਫੜਾ ਦਿਓ, ਤਾਂ ਕਿ ਗ਼ਰੀਬ ਆਪੋ ਵਿਚ ਹੀ ਲੜਕੇ ਮਰਦੇ ਰਹਿਣ। ਇਹ ਇਕ ਅਜਿਹੀ ਕੌਮ ਦੇ ਵਿਕਾਸ ਦੀ ਦ੍ਰਿਸ਼ਟੀ ਹੈ ਜਿਸਨੇ ਖ਼ੁਦ ਨੂੰ ਕੁਲ-ਇਖ਼ਤਿਆਰ, ਧਰਮਨਿਰਪੱਖ, ਸਮਾਜਵਾਦੀ ਤੇ ਜਮਹੂਰੀ ਗਣਰਾਜ ਵਜੋਂ ਸੰਗਠਿਤ ਕੀਤਾ ਹੈ। ਸੰਵਿਧਾਨ ਦੀ ਦ੍ਰਿਸ਼ਟੀ ਅਤੇ ਕਦਰਾਂ-ਕੀਮਤਾਂ ਰਾਜ ਨੂੰ ਇਹ ਹਾਂ ਪੱਖੀ ਜ਼ਿੰਮੇਦਾਰੀ ਸੌਂਪਦੇ ਹਨ ਕਿ ਉਹ ਹਰ ਨਾਗਰਿਕ ਦਾ ਮਾਣ-ਸਨਮਾਨ ਯਕੀਨੀ ਬਣਾਏ। ਇਸ ਲਈ ਸੁਭਾਵਿਕ ਰੂਪ 'ਚ ਇਹ ਸੁਆਲ ਸਾਹਮਣੇ ਆਉਂਦਾ ਹੈ ਕਿ ਕੀ ਸੱਤਾਧਾਰੀ ਨੀਤੀ-ਘਾੜੇ ਸੰਵਿਧਾਨ ਦੀ ਦ੍ਰਿਸ਼ਟੀ, ਕਦਰਾਂ-ਕੀਮਤਾਂ ਅਤੇ ਹੱਦਾਂ ਤੋਂ ਨਿਰਦੇਸ਼ ਲੈਕੇ ਚਲ ਰਹੇ ਹਨ?

17. ਆਹਲਾ ਮਿਆਰੀ ਨੀਤੀਆਂ ਤੈਅ ਕਰਨ ਵਾਲੇ ਲੋਕ ਇਹ ਭੁੱਲ ਜਾਂਦੇ ਹਨ ਕਿ ਸਮਾਜ ਇਕ ਜੰਗਲ ਨਹੀਂ ਹੈ ਕਿ ਜੰਗਲ ਵਿਚ ਇਕ ਪਾਸੇ ਲੱਗੀ ਅੱਗ ਨੂੰ ਦੂਜੇ ਪਾਸਿਓਂ ਅੱਗ ਲਾਕੇ ਬੁਝਾਇਆ ਜਾ ਸਕਦਾ ਹੋਵੇ। ਮਨੁੱਖ ਸੁੱਕੇ ਘਾਹ ਦੀਆਂ ਵੱਖੋ-ਵੱਖਰੀਆਂ ਪੱਤੀਆਂ ਵਾਂਗ ਨਹੀਂ ਹੁੰਦੇ। ਉਹ ਸੁਚੇਤ ਪ੍ਰਾਣੀ ਵਜੋਂ ਆਪਣੀ ਆਜ਼ਾਦ ਰਜ਼ਾ ਅਨੁਸਾਰ ਵਿਚਰਦੇ ਹਨ। ਜੇ ਲੋਕਾਂ ਦੇ ਇਕ ਹਿੱਸੇ ਨੂੰ ਹਥਿਆਰ ਦੇ ਦਿੱਤੇ ਜਾਣ ਤਾਂ ਹੋ ਸਕਦਾ ਹੈ ਉਹ ਹੋਰ ਨਾਗਰਿਕਾਂ ਅਤੇ ਖ਼ੁਦ ਰਾਜ ਦੇ ਖਿਲਾਫ਼ ਖੜ੍ਹੇ ਹੋ ਜਾਣ ਅਤੇ ਅਕਸਰ ਅਜਿਹਾ ਹੋਇਆ ਵੀ ਹੈ। ਅਜੋਕੇ ਇਤਿਹਾਸ 'ਚ ਰਾਜ ਦੀ ਸਰਪ੍ਰਸਤੀ ਅਤੇ ਹਮਾਇਤ ਦੀ ਆੜ ਹੇਠ ਕੰਮ ਕਰਨ ਵਾਲੇ ਹਥਿਆਰਬੰਦ ਚੌਕਸੀ ਗਰੋਹਾਂ ਦੇ ਖ਼ਤਰਿਆਂ ਨੂੰ ਦਰਸਾਉਂਦੀਆਂ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਣਗੀਆਂ।

18. ਨੀਤੀ-ਘਾੜਿਆਂ ਵਿਚੋਂ ਕੁਝ ਲੋਕ ਬਹੁਤ ਹੀ ਜੋਰ-ਸ਼ੋਰ ਨਾਲ ਅਤੇ ਦੰਭੀ ਤਰੀਕੇ ਨਾਲ ਇਸ ਤਰ੍ਹਾਂ ਦੀਆਂ ਭਰਮਗ੍ਰਸਤ ਨੀਤੀਆਂ ਦਾ ਪੱਖ ਲੈਂਦੇ ਹਨ। ਪਰ ਇਹ ਨੀਤੀਆਂ ਸਾਡੇ ਸੰਵਿਧਾਨ ਦੀ ਦ੍ਰਿਸ਼ਟੀ ਅਤੇ ਆਦਰਸ਼ਾਂ ਦੇ ਬਿਲਕੁਲ ਉਲਟ ਹਨ। ਸਾਡਾ ਸੰਵਿਧਾਨ ਇਹ ਮੰਗ ਕਰਦਾ ਹੈ ਕਿ ਲੋਕਾਂ ਵਲੋਂ ਰਾਜ ਨੂੰ ਸੌਂਪੀ ਗਈ ਸੱਤਾ ਦੀ ਵਰਤੋਂ ਸਿਰਫ਼ ਲੋਕ ਭਲਾਈ  ਲਈ ਹੀ ਹੋਣੀ ਚਾਹੀਦੀ ਹੈਂਭਾਵ ਇਸਦੀ ਵਰਤੋਂ ਅਮੀਰ ਅਤੇ ਗ਼ਰੀਬ ਸਾਰਿਆਂ ਦੇ ਭਲੇ ਲਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਇਹ ਭਾਈਚਾਰਿਆਂ ਦਰਮਿਆਨ ਭਰੱਪਣ ਦੇ ਦਾਇਰੇ 'ਚ  ਰਹਿਕੇ ਸਾਰਿਆਂ ਲਈ ਮਨੁੱਖੀ ਮਾਣ-ਸਨਮਾਨ ਦੀ ਹਾਲਤ ਯਕੀਨੀ ਬਣਾਉਣ ਦਾ ਯਕੀਨ ਦਿਵਾਉਂਦਾ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਰਾਜ ਵਲੋਂ ਅਪਣਾਈਆਂ ਨੀਤੀਆਂ ਦਾ ਧਾਰਾ 14 ਅਤੇ ਧਾਰਾ 21 ਉੱਪਰ ਕੋਈ ਅਸਰ ਹੀ ਨਹੀਂ ਪੈਂਦਾ। ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੈ ਕਿ ਇਸ ਤਰ੍ਹਾਂ ਦੀਆਂ ਨੀਤੀਆਂ ਨਾਲ ਇਨ੍ਹਾਂ ਦਾ ਪੂਰੀ ਤਰ੍ਹਾਂ ਉਲੰਘਣ ਹੁੰਦਾ ਹੈ। ਇਨ੍ਹਾਂ ਨੀਤੀਆਂ ਦੀ ਵਜ੍ਹਾ ਨਾਲ ਹੀ ਇਕ ਅਜਿਹਾ ਜ਼ਹਿਰੀਲਾ ਮਾਹੌਲ ਤਿਆਰ ਹੋ ਜਾਂਦਾ ਹੈ ਜਿਸ ਵਿਚ ਸਮਾਜ ਦੇ ਵਾਂਝੇ ਹਿੱਸਿਆਂ ਦੇ ਨੌਜਵਾਨਾਂ ਦਾ ਪੂਰੀ ਤਰ੍ਹਾਂ ਗ਼ੈਰਇਨਸਾਨੀਕਰਨ  ਹੋ ਜਾਂਦਾ ਹੈ। ਰਾਜ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਕਿਤਾਬਾਂ ਦੇਣ ਦੀ ਬਜਾਏ ਇਨ੍ਹਾਂ ਨੂੰ ਬੰਦੂਕਾਂ ਫੜਾ ਦਿੱਤੀਆਂ ਗਈਆਂ ਹਨ ਅਤੇ ਜੰਗਲਾਂ ਦੀ ਲੁੱਟਮਾਰ 'ਚ ਪਹਿਰੇਦਾਰ ਬਣਕੇ ਖੜ੍ਹੇ ਰਹਿਣ ਦਾ ਕੰਮ ਦੇ ਦਿੱਤਾ ਗਿਆ ਹੈ। ਦਰਅਸਲ, ਇਹ ਚੀਜ਼ਾਂ ਕੌਮ ਨੂੰ ਤਬਾਹ ਕਰ ਦੇਣਗੀਆਂ। ਇੱਥੇ ਇਹ ਗੱਲ ਨੋਟ ਕਰਨ ਦੀ ਲੋੜ ਹੈ ਕਿ ਇਸ ਅਦਾਲਤ ਨੇ ਦਖ਼ਲ ਦਿੰਦਿਆਂ ਛੱਤੀਸਗੜ੍ਹ ਸਰਕਾਰ ਨੂੰ ਇਹ ਆਦੇਸ਼ ਦਿੱਤਾ ਸੀ ਕਿ ਜਿਨ੍ਹਾਂ ਸਕੂਲਾਂ ਅਤੇ ਹੋਸਟਲਾਂ 'ਚ ਸੁਰੱਖਿਆ ਤਾਕਤਾਂ ਰਹਿ ਰਹੀਆਂ ਹਨ, ਉਨ੍ਹਾਂ ਨੂੰ ਉੱਥੋਂ ਹਟਾਇਆ ਜਾਵੇ। ਪਰ ਇਸ ਤਰ੍ਹਾਂ ਦੇ ਆਦੇਸ਼ ਦੇ ਬਾਵਜੂਦ ਬਹੁਤ ਸਾਰੇ ਸਕੂਲ ਅਤੇ ਹੋਸਟਲ ਹਾਲੇ ਵੀ ਸੁਰੱਖਿਆ ਤਾਕਤਾਂ ਦੇ ਕਬਜ਼ੇ 'ਚ ਹੀ ਹਨ। ਛੱਤੀਸਗੜ੍ਹ ਵਿਚ ਸਮਾਜ ਅਤੇ ਜ਼ਿੰਦਗੀ ਦੇ ਨਿਘਾਰ ਦਾ
ਇਹ ਹਾਲ ਹੈ। ਖ਼ੁਦ ਤੱਥ ਹਾਲਾਤ ਨੂੰ ਬਿਆਨ ਕਰ ਰਹੇ ਹਨ।

19. ਹਾਵਰਡ ਯੂਨੀਵਰਸਿਟੀ ਦੇ ਕੈਨੇਡੀ ਸਕੂਲ ਦੇ ਇਕ ਪ੍ਰੋਫੈਸਰ ਰਾਬਰਟ ਰਾਟਬਰਡ ਨੇ ਇਨ੍ਹਾਂ ਦਹਾਕਿਆਂ 'ਚ ਬਹੁਤ ਸਾਰੇ ਕੌਮੀ ਰਾਜਾਂ ਦੀ ਨਾਕਾਮੀ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਨੇ ਇਹ ਵਿਚਾਰ ਪ੍ਰਗਟਾਇਆ ਹੈ ਕਿ 'ਕੌਮੀ-ਰਾਜਾਂ ਦੀ ਹੋਂਦ ਇਸ ਲਈ ਹੁੰਦੀ ਹੈ ਕਿ ਉਹ ਇਕ ਮਿਥੀ ਹੱਦ ਅੰਦਰ ਰਹਿਣ ਵਾਲੇ ਲੋਕਾਂ ਨੂੰ ਵਿਕੇਂਦਰੀਕ੍ਰਿਤ ਤਰੀਕੇ ਨਾਲ ਸਿਆਸੀ (ਜਨਤਕ) ਚੀਜ਼ਾਂ ਮੁਹੱਈਆ ਕਰਾਉਣ.... । ਅਕਸਰ ਉਹ ਕੌਮੀ ਟੀਚਿਆਂ ਅਤੇ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਦੌਰਾਨ ਆਪਣੇ ਲੋਕਾਂ ਦੇ
ਹਿੱਤਾਂ ਨੂੰ ਸੰਗਠਤ ਕਰਦੇ ਹਨ ਅਤੇ ਉਨ੍ਹਾਂ ਨੂੰ ਸਾਹਮਣੇ ਲਿਆਉਂਦੇ ਹਨ। ਪਰ ਉਹ ਇਹੀ ਉਚੇਚਾ ਕੰਮ ਨਹੀਂ ਕਰਦੇ।' ਕੌਮੀ-ਰਾਜ ਦੇ ਨਾਗਰਿਕਾਂ ਵਲੋਂ ਇਨ੍ਹਾਂ ਤੋਂ ਸੁਚੱਜੇ ਢੰਗ ਨਾਲ ਇਹ ਉਦੇਸ਼ ਨੇਪਰੇ ਚਾੜ੍ਹਨ ਦੀ ਆਸ ਕੀਤੀ ਜਾਂਦੀ ਹੈ। ਇਸ ਵਿਚ 'ਬਾਹਰੀ ਤਾਕਤਾਂ ਅਤੇ ਪ੍ਰਭਾਵਾਂ' ਦਾ ਮੁਕਾਬਲਾ ਜਾਂ ਆਪਣੇ ਹਿੱਤ ਲਈ ਇਨ੍ਹਾਂ ਦੀ ਵਰਤੋਂ ਸ਼ਾਮਲ ਹੈ। ਇਨ੍ਹਾਂ ਤੋਂ ਇਹ ਉਮੀਦ ਵੀ ਕੀਤੀ ਜਾਂਦੀ ਹੈ ਕਿ ਉਹ ਬਾਹਰੀ ਅਤੇ ਕੌਮਾਂਤਰੀ ਤਾਕਤਾਂ ਵਲੋਂ ਲਾਈਆਂ ਜਾਂਦੀਆਂ 'ਬੰਦਸ਼ਾਂ ਅਤੇ ਚੁਣੌਤੀਆਂ' ਅਤੇ 'ਅੰਦਰੂਨੀ ਸਮਾਜੀ, ਆਰਥਕ, ਸਿਆਸੀ ਹਕੀਕਤਾਂ' ਦੀ ਗਤੀਸ਼ੀਲਤਾ ਨੂੰ ਇਕਸੁਰ ਕਰਨ। ਉਹ ਲਿਖਦੇ ਹਨ ਕਿ:''ਰਾਜ ਇਨ੍ਹਾਂ ਸਾਰੇ ਪਸਾਰਾਂ ਜਾਂ ਇਨ੍ਹਾਂ ਵਿਚੋਂ ਕੁਝ ਪਸਾਰਾਂ 'ਚ ਸਫ਼ਲ ਜਾਂ ਅਸਫ਼ਲ ਹੋਏ ਹਨ। ਇਨ੍ਹਾਂ ਪਸਾਰਾਂ ਦੇ ਪ੍ਰਸੰਗ 'ਚ ਰਾਜਾਂ ਦੀ ਕਾਰਗੁਜ਼ਾਰੀ ਭਾਵ ਸਭ ਤੋਂ ਅਹਿਮ
ਸਿਆਸੀ ਚੀਜ਼ਾਂ ਮੁਹੱਈਆ ਕਰਾਉਣ ਦੀ ਉਨ੍ਹਾਂ ਦੀ ਸਮਰੱਥਾ ਦੇ ਅਧਾਰ 'ਤੇ ਹੀ ਮਜ਼ਬੂਤ ਰਾਜਾਂ ਦਾ ਕਮਜ਼ੋਰ ਰਾਜਾਂ ਤੋਂ ਅਤੇ ਕਮਜ਼ੋਰ ਰਾਜਾਂ ਦਾ ਅਸਫ਼ਲ ਜਾਂ ਬਰਬਾਦ ਰਾਜਾਂ ਤੋਂ ਨਿਖੇੜਾ ਕੀਤਾ ਜਾਂਦਾ ਹੈ....। ਸਿਆਸੀ ਚੀਜ਼ਾਂ ਦੀ ਵੀ ਇਕ ਤਰ੍ਹਾਂ ਨਾਲ ਦਰਜੇਬੰਦੀ ਹੁੰਦੀ ਹੈ। ਕੋਈ ਸਿਆਸੀ ਚੀਜ਼ ਸੁਰੱਖਿਆ, ਖ਼ਾਸ ਕਰਕੇ ਮਨੁੱਖੀ ਸੁਰੱਖਿਆ, ਮੁਹੱਈਆ ਕਰਾਉਣ ਤੋਂ ਵੱਧ ਅਹਿਮ ਨਹੀਂ ਹੈ। ਵਿਅਕਤੀ ਕੁਝ ਖ਼ਾਸ ਹਾਲਾਤ 'ਚ ਇਕੱਲੇ ਆਪਣੀ ਹਿਫਾਜ਼ਤ ਕਰਨ ਦਾ ਯਤਨ ਕਰ ਸਕਦੇ ਹਨ। ਜਾਂ ਵਿਅਕਤੀਆਂ ਦੇ ਸਮੂਹ ਇਕ ਦੂਜੇ ਨਾਲ ਮਿਲਕੇ ਜਥੇਬੰਦ ਹੋ ਸਕਦੇ ਹਨ ਅਤੇ ਅਜਿਹੀਆਂ ਚੀਜ਼ਾਂ ਜਾਂ ਸੇਵਾਵਾਂ ਖ਼ਰੀਦ ਸਕਦੇ ਹਨ ਜੋ ਉਨ੍ਹਾਂ ਦੀ ਸੁਰੱਖਿਆ ਦੀ ਭਾਵਨਾ ਨੂੰ ਵਧਾਉਣ। ਜਦਕਿ, ਰਵਾਇਤੀ ਤੌਰ 'ਤੇ ਅਤੇ ਆਮ ਤੌਰ 'ਤੇ ਵਿਅਕਤੀਆਂ ਜਾਂ ਸਮੂਹਾਂ ਵਲੋਂ ਨਿੱਜੀ ਸੁਰੱਖਿਆ ਲਈ ਕਈ ਕਦਮ ਚੁੱਕੇ ਜਾਂਦੇ ਰਹੇ ਹਨ। ਪਰ ਇਹ ਕਦਮ ਸਰਕਾਰੀ ਸੁਰੱਖਿਆ ਦੇ ਵਿਆਪਕ ਪ੍ਰਬੰਧ ਦੀ ਥਾਂ ਨਹੀਂ ਲੈ ਸਕਦੇ। ਰਾਜ
ਦਾ ਸਭ ਤੋਂ ਪ੍ਰਮੁੱਖ ਕੰਮ ਇਹ ਹੈ ਕਿ ਉਹ ਹਰ ਕਿਸੇ ਨੂੰ ਸੁਰੱਖਿਆ ਦੀ ਸਿਆਸੀ ਚੀਜ਼ ਮੁਹੱਈਆ ਕਰਾਏ, ਸਰਹੱਦ ਦੇ ਪਾਰੋਂ ਹੋਣ ਵਾਲੀ ਘੁਸਪੈਠ ਨੂੰ ਰੋਕੇ, ਘਰੋਗੀ ਖ਼ਤਰਿਆਂ ਅਤੇ ਕੌਮੀ ਏਕਤਾ ਅਤੇ ਸਮਾਜੀ ਢਾਂਚੇ ਉੱਪਰ ਹਮਲਿਆਂ ਨੂੰ ਖ਼ਤਮ ਕਰੇ...। ਨਾਗਰਿਕਾਂ ਅੰਦਰ ਭਰੋਸਾ ਕਾਇਮ ਕਰਨਾ ਵੀ ਰਾਜ ਦਾ ਕੰਮ ਹੈ। ਰਾਜ ਨੂੰ ਲੋਕਾਂ ਅੰਦਰ ਇਹ ਭਾਵਨਾ ਭਰਨੀ ਚਾਹੀਦੀ ਹੈ ਕਿ ਉਹ ਹਥਿਆਰਾਂ ਜਾਂ ਬਾਹੂਬਲ ਦਾ ਸਹਾਰਾ ਲਏ ਬਗ਼ੈਰ ਹੀ ਰਾਜ ਅਤੇ ਹੋਰ ਲੋਕਾਂ ਨਾਲ ਆਪਣੇ ਰੱਟਿਆਂ ਨੂੰ ਹੱਲ ਕਰਨ।''1

20. ਰਾਜ ਦਾ ਪਹਿਲਾ ਕੰਮ ਇਹ ਹੈ ਕਿ ਮਨੁੱਖੀ ਮਾਣ-ਸਨਮਾਨ ਦਾ ਉਲੰਘਣ ਕੀਤੇ ਬਗ਼ੈਰ ਸਾਰੇ ਨਾਗਰਿਕਾਂ ਨੂੰ ਸੁਰੱਖਿਆ ਮੁਹੱਈਆ ਕਰਾਵੇ। ਨਿਸ਼ਚਿਤ ਤੌਰ 'ਤੇ ਇਸਦਾ ਭਾਵ ਇਹ ਹੈ ਕਿ ਰਾਜ ਨੂੰ ਇਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਲੋਕਾਂ 'ਚ ਕੁਦਰਤੀ ਵਸੀਲਿਆਂ ਦੀ ਲੁੱਟਮਾਰ ਅਤੇ ਵੰਡ ਕਾਰਨ ਬੇਚੈਨੀ ਪੈਦਾ ਨਾ ਹੋਵੇ। ਉਸ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਮਾਜਿਕ ਕਾਰਵਾਈ ਦੀ ਵਿਉਂਤਬੰਦੀ ਸਹੀ ਢੰਗ ਨਾਲ ਹੋਵੇ ਅਤੇ ਇਸ ਦੇ ਫ਼ਾਇਦਿਆਂ ਅਤੇ ਲਾਗਤਾਂ ਦੀ ਵੰਡ ਸਹੀ ਢੰਗ ਨਾਲ ਹੋਵੇ ਤਾਂ ਜੋ ਲੋਕ ਇਹ ਮਹਿਸੂਸ ਨਾ ਕਰਨ ਕਿ ਉਨ੍ਹਾਂ ਨਾਲ ਅਨਿਆਂ ਹੋਇਆ ਹੈ। ਸਾਡੇ ਸੰਵਿਧਾਨ 'ਚ ਦਿੱਤੇ ਗਏ ਰਾਜ ਦੇ ਨੀਤੀ-ਨਿਰਦੇਸ਼ਕ ਤੱਤਾਂ 'ਚ ਇਹ ਗੱਲ ਸਪਸ਼ਟ ਰੂਪ 'ਚ ਦਰਸਾਈ ਗਈ ਹੈ।ਸਾਡਾ ਸੰਵਿਧਾਨ ਇਹ ਮੰਨਦਾ ਹੈ ਕਿ ਜਦੋਂ ਤੱਕ ਅਸੀਂ ਆਪਣੇ ਨਾਗਰਿਕਾਂ ਲਈ ਸਮਾਜੀ, ਆਰਥਕ ਅਤੇ ਸਿਆਸੀ ਨਿਆਂ ਹਾਸਲ ਨਹੀਂ ਕਰ ਲੈਂਦੇ, ਓਦੋਂ ਤੱਕ ਅਸੀਂ ਆਪਣੇ ਨਾਗਰਿਕਾਂ
ਦਾ ਮਨੁੱਖੀ ਮਾਣ-ਸਨਮਾਨ ਯਕੀਨੀ ਨਹੀਂ ਬਣਾ ਸਕਦੇ। ਅਜਿਹੀ ਹਾਲਤ 'ਚ ਅਸੀਂ ਭਾਈਚਾਰਿਆਂ ਦਰਮਿਆਨ ਭਰੱਪਣ ਦੀ ਭਾਵਨਾ ਵੀ ਪ੍ਰਫੁੱਲਤ ਨਹੀਂ ਕਰ ਸਕਦੇ। ਜਿਹੜੀਆਂ ਨੀਤੀਆਂ ਇਸ ਬੁਨਿਆਦੀ ਸਚਾਈ ਨਾਲ ਮੇਲ ਨਹੀਂ ਖਾਂਦੀਆਂ ਉਹ ਯਕੀਨਨ ਹੀ ਕੌਮੀ ਏਕਤਾ ਅਤੇ ਅਖੰਡਤਾ ਲਈ ਤਬਾਹਕੁੰਨ ਹਨ। ਸਾਡਾ ਸੰਵਿਧਾਨ ਗ਼ਰੀਬਾਂ 'ਚ ਬੇਚੈਨੀ ਪੈਦਾ ਕਰਨ ਅਤੇ ਹਿੰਸਕ ਸਿਆਸਤ ਦੇ ਹਾਲਾਤ ਤਿਆਰ ਕਰਨ ਵਾਲੀਆਂ ਸਮਾਜੀ-ਆਰਥਕ ਨੀਤੀਆਂ ਅਪਣਾਏ ਜਾਣ ਦੇ ਵਿਚਾਰ ਨੂੰ ਪੂਰਾ ਤਰ੍ਹਾਂ ਨਕਾਰਦਾ ਹੈ। ਦਰਅਸਲ, ਰਾਜ ਵਲੋਂ ਇਸ ਤਰ੍ਹਾਂ ਦੀਆਂ ਨੀਤੀਆਂ ਅਪਣਾਉਣ ਕਾਰਨ ਹੀ ਇਹ ਹਾਲਤ ਬਣੀ ਹੈ। ਇਸ ਤੋਂ ਬਾਦ, ਜੇ ਰਾਜ ਇਹ ਦਾਅਵਾ ਕਰਦਾ ਹੈ ਕਿ ਉਸਦੇ ਕੋਲ ਸੰਵਿਧਾਨਕ ਕਦਰਾਂ-ਕੀਮਤਾਂ ਦੇ ਚੌਖਟੇ ਅੰਦਰ ਅਸ਼ਾਂਤੀ ਅਤੇ ਹਿੰਸਾ ਦਾ ਸਾਹਮਣਾ ਕਰਨ ਲਈ ਜ਼ਰੂਰੀ ਵਸੀਲੇ ਨਹੀਂ ਹਨ, ਤਾਂ ਇਸਦਾ ਭਾਵ ਹੈ ਕਿ ਉਹ ਆਪਣੀ ਸੰਵਿਧਾਨਕ ਜ਼ਿੰਮੇਦਾਰੀ ਤੋਂ ਭੱਜ ਰਿਹਾ ਹੈ। ਇਹ
ਦਾਅਵਾ ਕੀਤਾ ਜਾਂਦਾ ਹੈ ਕਿ ਵਸੀਲਿਆਂ ਨੂੰ ਦਬਾਕੇ ਰੱਖਣ ਨਾਲ ਰਾਜ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੀ ਸਮਰੱਥਾ ਵਿਕਸਤ ਨਹੀਂ ਕਰ ਸਕਦਾ। ਭਾਵ ਰਾਜ ਕੋਲ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਸੰਵਿਧਾਨਕ ਚੌਖਟੇ ਦੇ ਅੰਦਰ ਕੰਮ ਕਰਨ ਵਾਲੀਆਂ ਅਤੇ ਵਧੀਆ ਸਿਖਲਾਈਯਾਫ਼ਤਾ ਪੁਲਿਸ ਅਤੇ ਸੁਰੱਖਿਆ ਤਾਕਤਾਂ ਨੂੰ ਸੰਗਠਿਤ ਕਰੇ।ਦਰਅਸਲ, ਇਸ ਤਰ੍ਹਾਂ ਦੀ ਦਲੀਲ ਰਾਜ ਦੇ ਮੂਲ ਕਾਰਜ ਨੂੰ ਤਿਲਾਂਜਲੀ ਦੇਣ ਬਰਾਬਰ ਹੈ। ਰਾਜ ਵਲੋਂ ਗ਼ਰੀਬਾਂ ਦੀ ਬੇਚੈਨੀ ਨੂੰ ਦਬਾਉਣ ਲਈ ਗ਼ਰੀਬਾਂ ਦੇ ਹੀ ਇਕ ਹਿੱਸੇ ਦੇ ਬਹੁਤ  ਹੀ ਥੋੜ੍ਹੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਬੰਦੂਕਾਂ ਦੇਣ ਦੀ ਨੀਤੀ ਅਪਣਾਈ ਜਾਂਦੀ ਹੈ। ਇਹ ਖ਼ੁਦਕੁਸ਼ੀ ਦੀਆਂ ਗੋਲੀਆਂ ਦੀ ਫ਼ਸਲ ਬੀਜਣ ਦੇ ਬਰਾਬਰ ਹੈ। ਇਸ ਨਾਲ ਸਾਡਾ ਸਮਾਜ ਫੁੱਟ ਅਤੇ ਤਬਾਹੀ ਦਾ ਸ਼ਿਕਾਰ ਹੋ ਸਕਦਾ ਹੈ। ਸਾਡੇ ਨੌਜਵਾਨ ਸਾਡਾ ਸਭ ਤੋਂ ਬਹੁਮੁੱਲਾ ਸਰਮਾਇਆ ਹਨ। ਇਕ ਬਿਹਤਰ ਭਲਕ ਲਈ ਸਾਨੂੰ ਇਨ੍ਹਾਂ ਨੂੰ ਸਹੀ ਢੰਗ ਨਾਲ ਪੜ੍ਹਾਉਣ-
ਲਿਖਾਉਣ ਦੀ ਲੋੜ ਹੈ। ਇਹ ਇਕ ਤੱਥ ਹੈ ਕਿ ਸਾਡੇ ਮੁਲਕ ਵਿਚ ਹੱਦੋਂ ਵੱਧ ਨਬਰਾਬਰੀ ਹੈ; ਇਸ ਤੋਂ ਇਲਾਵਾ, ਵਸੋਂ ਦੇ ਲਿਹਾਜ਼ ਨਾਲ ਸਾਡੀ ਵਸੋਂ 'ਚ ਨੌਜਵਾਨਾਂ ਦਾ ਅਨੁਪਾਤ ਤੇਜ਼ੀ ਨਾਲ ਵਧ ਰਿਹਾ ਹੈ। ਅਜਿਹੀ ਹਾਲਤ 'ਚ, ਇਸ ਤਰ੍ਹਾਂ ਦੀ ਨੀਤੀ ਇਕ ਕੌਮੀ ਆਫ਼ਤ ਬਣ ਸਕਦੀ ਹੈ।

21. ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਸਾਡਾ ਸੰਵਿਧਾਨ 'ਕੌਮੀ ਖ਼ੁਦਕੁਸ਼ੀ ਦਾ ਸਮਝੌਤਾ' ਨਹੀਂ ਹੈ। ਘੱਟੋਘੱਟ ਇਸ ਦੀ ਦ੍ਰਿਸ਼ਟੀ ਸਾਨੂੰ ਏਨਾ ਸਮਰੱਥ ਬਣਾਉਂਦੀ ਹੈ ਕਿ ਅਸੀਂ ਸੰਵਿਧਾਨਕ ਫ਼ੈਸਲਾ ਲੈਣ ਵਾਲਿਆਂ ਵਜੋਂ ਪੁਲਿਸ ਮਾਡਲ ਦੇ ਉਭਾਰ ਅਤੇ ਇਸਦੇ ਸੰਸਥਾਕਰਨ ਨੂੰ ਸਮਝੀਏ ਅਤੇ ਇਸਨੂੰ ਰੋਕੀਏ। ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਇਹ ਪੂਰੀ ਕੌਮ  ਨੂੰ ਆਪਣੀ ਲਪੇਟ 'ਚ ਲੈ ਸਕਦਾ ਹੈ, ਜਿਸ ਨਾਲ ਪੂਰੀ ਕੌਮ ਨੂੰ ਇਹ ਕਹਿਣਾ ਪੈ ਸਕਦਾ ਹੈਂ 'ਭਿਆਨਕ! ਭਿਆਨਕ!)

22. ਉੱਪਰ ਵਰਨਣ ਕੀਤੀਆਂ ਗੱਲਾਂ ਦੀ ਰੋਸ਼ਨੀ 'ਚ ਹੀ ਸਾਨੂੰ ਅੱਗੇ ਦਿੱਤੇ ਗਏ ਮੁੱਦਿਆਂ ਬਾਰੇ ਵਿਚਾਰ ਕਰਨਾ ਹੋਵੇਗਾ ਅਤੇ ਢੁੱਕਵਾਂ ਆਦੇਸ਼ ਦੇਣਾ ਹੋਵੇਗਾ।............

ਪੰਜਾਬੀ ਤਰਜਮਾ: ਬੂਟਾ ਸਿੰਘ, (ਫ਼ੋਨ-94634-74342)