ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਫਿਲਮ. Show all posts
Showing posts with label ਫਿਲਮ. Show all posts

Monday, February 16, 2015

'ਕੁਦੇਸਣ' : ਔਰਤ ਦੇ ਵਜੂਦ ਦੀ ਕਹਾਣੀ


ਅੰਮ੍ਰਿਤਾ ਪ੍ਰੀਤਮ ਆਪਣੇ ਨਾਵਲ ਪਿੰਜਰ ਦੇ ਪਾਤਰ 'ਪੂਰੋ' ਹਵਾਲੇ ਨਾਲ ਲਿਖਦੀ ਹੈ ਕਿ ਜਦੋਂ ਵੀ ਕੋਈ ਕੁੜੀ ਦੋਵਾਂ ਪਾਸਿਓਂ(ਭਾਰਤ-ਪਾਕਿਸਤਾਨ) ਆਪਣੇ ਘਰ ਸਹੀ ਠਿਕਾਣੇ 'ਤੇ ਪਹੁੰਚ ਗਈ ਸਮਝਣਾ ਪੂਰੋ ਦੀ ਆਤਮਾ ਵੀ ਨਾਲ ਪਹੁੰਚ ਗਈ।ਇਹ ਮਨੁੱਖਤਾ ਦੇ ਉਸ ਵਾਸੇ ਦੀ ਅਰਦਾਸ ਹੈ ਜੋ ਅੰਮ੍ਰਿਤਾ ਪ੍ਰੀਤਮ ਨੇ ਕੀਤੀ। ਅਜਿਹੀਆਂ ਹਜ਼ਾਰਾਂ ਹੀ ਔਰਤਾਂ ਆਪਣੇ ਉਸ ਸਹੀ ਠਿਕਾਣੇ ਨੂੰ ਲੱਭਦੀਆਂ ਹਨ।ਇਹ ਠਿਕਾਣੇ ਜ਼ਰੂਰੀ ਨਹੀਂ ਭੂਗੋਲਿਕ ਹੱਦਾਂ 'ਚ ਹੋਵੇ। ਔਰਤ ਲਈ ਇਹ ਸਨਮਾਨ,ਪਛਾਣ ਤੇ ਵਸੇਬੇ ਦਾ ਸੰਘਰਸ਼ ਹੈ ਜੋ ਉਹ ਘਰ ਘਰ ਕਰ ਰਹੀ ਹੈ।ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਜੋ ਉੜੀਸਾ ਦੀਆਂ ਸੜਕਾਂ 'ਤੇ ਗ਼ਰੀਬੀ ਨਾਲ ਜੂਝਦੀਆਂ ਭੋਗ ਵਾਸਨਾ ਲਈ ਲੋਕ ਖਰੀਦਦੇ ਹਨ। ਇਹ ਉਹੀ ਔਰਤ ਹੈ ਜੋ ਸੁੰਨੀਆ ਗਲੀਆਂ 'ਚ ਚਿੱਥੜੇ ਹੋ ਚੁੱਕੇ ਆਪਣੇ ਸਰੀਰਾਂ ਚੋਂ ਖੇਰੂ ਹੋਈ ਆਤਮਾ ਨੂੰ ਮੁੜ ਸਮੇਟਦੀਆਂ ਸਮਾਜ ਦੀਆਂ ਟਿੱਚਰਾਂ ਚੋਂ ਆਪਣਾ ਵਜੂਦ ਲੱਭਦੀਆਂ ਹਨ। ਇਹ ਉਹੀ ਔਰਤ ਹੈ ਜੋ ਜਾਨ ਨਹੀਂ,ਹੱਡ-ਮਾਸ ਦਾ ਮਨੁੱਖ ਨਹੀਂ ਮਹਿਜ਼ ਇੱਕ ਵਸਤੂ ਬਣਕੇ ਰਹਿ ਜਾਂਦੀ ਹੈ ਜਦੋਂ ਕੋਈ ਇਹਨੂੰ ਆਪਣਾ ਘਰ ਵਧਾਉਣ ਲਈ ਮੁੱਲ਼ ਦੀ ਤੀਵੀਂ ਬਣਾ ਖਰੀਦਦਾ ਹੈ।ਇਸ ਤੜਪ,ਸੰਤਾਪ,ਹਿਜਰ 'ਚ ਵਾਵਰੋਲੇ ਖਾਂਦੀ ਔਰਤ ਮਨ ਦੀ ਕਹਾਣੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਨਿਰਦੇਸ਼ਕ ਜੀਤ ਮਠਾਰੂ ਨੇ ਆਪਣੀ ਫ਼ਿਲਮ ਕੁਦੇਸਣ-ਵੂਮੈਨ ਫਰੋਮ ਦੀ ਈਸਟ ਦੇ ਮਾਰਫਤ।  ਕੁਦੇਸਣ ਫ਼ਿਲਮ ਜਤਿੰਦਰ ਬਰਾੜ ਦੇ ਲਿਖੇ ਨਾਟਕ 'ਕੁਦੇਸਣ' 'ਤੇ ਅਧਾਰਤ ਹੈ ਅਤੇ ਇਹ ਫ਼ਿਲਮ ਟੋਰਾਂਟੋ ਪੰਜਾਬੀ ਫ਼ਿਲਮ ਫੈਸਟੀਵਲ ਤੇ ਹੋਰ ਪੁਰਸਕਾਰਾਂ 'ਚ ਖਾਸ ਖਿੱਚ ਦਾ ਕੇਂਦਰ ਬਣੀ ਹੋਈ ਹੈ। ਯਕੀਨਣ ਇਹ ਫ਼ਿਲਮ ਪੰਜਾਬੀ ਸਿਨੇਮਾ ਦੇ ਲਿਹਾਜ਼ ਨਾਲ ਇੱਕ ਚੰਗੀ ਫ਼ਿਲਮ ਬਣਾਈ ਗਈ ਹੈ।  ਪੰਜਾਬੀ ਤੇ ਹਿੰਦੀ ਦੋ-ਭਾਸ਼ੀ ਫ਼ਿਲਮ ਦੇ ਜ਼ਰੀਏ ਜੀਤ ਮਠਾਰੂ ਨਿਰਦੇਸ਼ਕੀ ਅੱਖ ਤੋਂ ਕੀ ਨਜ਼ਰੀਆ ਰੱਖਦਾ ਹੈ,ਇਸ ਸਦੰਰਭ 'ਚ ਹਰਪ੍ਰੀਤ ਸਿੰਘ ਕਾਹਲੋਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। 

ਕੁਦੇਸਣ ਫ਼ਿਲਮ ਨੂੰ ਲੈ ਕੇ ਕਨੇਡਾ 'ਚ ਟੋਰਾਂਟੋ ਪੰਜਾਬੀ ਫ਼ਿਲਮ ਉਤਸਵ ਦਾ ਤਜ਼ਰਬਾ ਕਿਹੋ ਜਿਹਾ ਰਿਹਾ? 

:ਮੈਂ ਦੱਸਣਾ ਚਾਹਵਾਂਗਾ ਕਿ ਫਿਲਮ ਦੇ ਪ੍ਰੀਮਿਅਰ ਤੋਂ ਪਹਿਲਾਂ ਹੀ ਫ਼ਿਲਮ ਚਰਚਾ 'ਚ ਆ ਚੁੱਕੀ ਸੀ।ਯੂ ਟਿਊਬ 'ਤੇ ਕੁਦੇਸਣ-ਵੂਮੈਨ ਫਰੋਮ ਦੀ ਈਸਟ ਦੀਆਂ ਝਲਕੀਆਂ ਨੂੰ ਬਹੁਤ ਪਸੰਦ ਕੀਤਾ ਗਿਆ।ਉੱਥੇ ਜੋ ਸਨੀ ਗਿੱਲ,ਚੋਪੜਾ ਸਾਹਬ ਤੇ ਹੋਰਾਂ ਨੇ ਮਿਲਕੇ ਇਹ ਫੈਸਟੀਵਲ ਓਰਗਨਾਈਜ਼ ਕੀਤਾ ਤਾਂ ਇਹ ਪੰਜਾਬੀ ਸਿਨੇਮਾ ਦੇ ਮਿਜਾਜ਼ 'ਚ ਬਹੁਤ ਸੁਖਾਂਵਾ ਮਹਿਸੂਸ ਹੋ ਰਿਹਾ ਹੈ।ਉੱਥੇ ਮੇਰੀ ਫ਼ਿਲਮ ਕੁਦੇਸਣ ਨੂੰ ਵੇਖ ਕੇ ਲੋਕਾਂ ਨੇ ਮੈਨੂੰ ਖੜ੍ਹੇ ਹੋ ਕੇ ਸ਼ਾਬਾਸ਼ੀ ਦਿੱਤੀ।ਮੈਨੂੰ ਬਹੁਤ ਸਾਰੇ ਲੋਕਾਂ ਤੋਂ ਇਹ ਸੁਨਣ ਨੂੰ ਮਿਲਿਆ ਕਿ ਅਜਿਹੀਆਂ ਫ਼ਿਲਮਾਂ ਵੇਖਕੇ ਸਾਨੂੰ ਪੰਜਾਬੀ ਸਿਨੇਮਾ 'ਤੇ ਮਾਣ ਹੁੰਦਾ ਹੈ। 

ਕੁਦੇਸਣ ਫ਼ਿਲਮ ਦਾ ਵਿਸ਼ਾ ਚੁਨਣ ਦਾ ਵਿਚਾਰ ਕਿਵੇਂ ਬਣਿਆ? 

 :ਅਸਲ 'ਚ ਇਸ ਤੋਂ ਪਹਿਲਾਂ ਮੈਂ ਇੱਕ ਫ਼ਿਲਮ 'ਅੱਡੀ ਟੱਪਾ' ਬਣਾਈ ਸੀ ਜੋ ਕਿ ਵਪਾਰਕ ਪੱਖੋਂ ਬਹੁਤੀ ਚੱਲੀ ਨਹੀਂ ਪਰ ਇਹ ਪੰਜਾਬੀ ਸਿਨੇਮਾ 'ਚ ਸੰਸਪੈਂਸ ਜੋਨਰ ਦੀ ਵੱਖਰੀ ਫ਼ਿਲਮ ਆਈ ਸੀ।ਇਸ ਤੋਂ ਬਾਅਦ ਅਸੀ ਕਾਫੀ ਸੰਭਲਕੇ ਕੰਮ ਸ਼ੁਰੂ ਕੀਤਾ।ਅਸੀ ਅੰਮ੍ਰਿਤਸਰ ਪੰਜਾਬੀ ਨਾਟ ਸ਼ਾਲਾ ਵੱਲੋਂ ਖੇਡਿਆ ਗਿਆ ਜਤਿੰਦਰ ਬਰਾੜ ਹੁਣਾਂ ਦਾ ਨਾਟਕ 'ਕੁਦੇਸਣ' ਵੇਖਿਆ।ਮੇਰੇ ਮਨ 'ਚ ਇਸ ਨਾਟਕ ਨੂੰ ਸਿਨੇਮਾਈ ਰੁਪਾਂਤਰਣ ਕਰਨ ਦਾ ਵਿਚਾਰ ਆਇਆ। ਮੈਂ ਤੇ ਮੇਰੇ ਭਾਈਵਾਲ ਸੁਰੇਸ਼ ਵਰਸਾਨੀ (ਜੋ ਲੰਡਨ ਰਹਿੰਦੇ ਹਨ) ਦੇ ਮਨ 'ਚ ਸੀ ਕਿ ਅਸੀ ਪੰਜਾਬੀ 'ਚ ਕੋਈ ਸੰਸਾਰ ਪੱਧਰ ਦੀ ਫ਼ਿਲਮ ਬਣਾਈਏ।ਸੋ ਅਸੀ ਕੁਦੇਸਣ ਫਿਲਮ ਦੇ ਸਕ੍ਰੀਨਪਲੇ ਨੂੰ ਲਿਖਦੇ ਹੋਏ ਅਸੀ 2009 'ਚ ਕੰਮ ਸ਼ੁਰੂ ਕੀਤਾ ਸੀ। 

ਕੁਦੇਸਣ-ਵੂਮੈਨ ਫਰੋਮ ਦੀ ਈਸਟ ਬਣਾਉਂਦੇ ਹੋਏ ਆਮ ਫ਼ਿਲਮਾਂ ਨਾਲੋਂ ਜ਼ਿਆਦਾ ਸਮਾਂ ਖਪਤ ਹੋਈ ਹੈ,ਅਜਿਹਾ ਲੱਗਦਾ ਹੈ? 

 :ਉਹ ਇਸ ਲਈ ਕਿ ਜਦੋਂ ਅਸੀਂ ਇਹ ਫ਼ਿਲਮ ਸ਼ੁਰੂ ਕੀਤੀ ਸੀ ਤਾਂ ਇਸ ਫ਼ਿਲਮ 'ਚ ਮੁੱਖ ਅਦਾਕਾਰਾ ਕੋਈ ਹੋਰ ਸੀ।ਜਦੋਂ ਅਸੀਂ ਲੱਗਭਗ ਸਾਰੀ ਫ਼ਿਲਮ ਖਤਮ ਕਰ ਕਲਾਈਮੈਕਸ ਦੇ ਨੇੜੇ ਪਹੁੰਚੇ ਸਾਂ ਤਾਂ ਅਸੀ ਕੁਝ ਬਦਲਾਅ ਕਰਨੇ ਜ਼ਰੂਰੀ ਸਮਝੇ ਪਰ ਇਸ ਸਭ ਲਈ ਸਬੰਧਤ ਅਦਾਕਾਰਾ ਵੱਲੋਂ ਸਾਨੂੰ ਤਾਰੀਖ਼ਾਂ ਉਪਲਬਧ ਨਹੀਂ ਕਰਵਾਈਆਂ ਗਈਆਂ।ਇਸ ਸਬੰਧੀ ਉਹਦੇ ਅਤੇ ਉਹਦੀ ਮਾਂ ਦੇ ਕਾਰਨ ਵੀ ਬਹੁਤ ਅਜੀਬ ਸਨ ਜੋ ਮੈਂ ਇੱਥੇ ਦੱਸਣਾ ਜ਼ਰੂਰੀ ਨਹੀਂ ਸਮਝਦਾ।ਇਸ ਕਰਕੇ ਸਾਨੂੰ ਇਹ ਫਿਲਮ ਮੁੜ ਤੋਂ ਨਵੀਂ ਅਦਾਕਾਰਾ ਨਾਲ ਸ਼ੂਟ ਕਰਨੀ ਪਈ।ਫਿਰ ਅਸੀਂ ਭੋਜਪੁਰੀ ਫਿਲਮਾਂ ਦੀ ਸਟਾਰ ਅਦਾਕਾਰਾ ਪਾਖੀ ਹੇਗੜੇ ਨੂੰ ਲੈਕੇ ਇਸ ਫਿਲਮ ਦਾ ਦੁਬਾਰਾ ਫਿਲਮਾਂਕਣ ਕੀਤਾ।ਹਾਂ ਇਹ ਜ਼ਰੂਰ ਹੈ ਕਿ ਪਾਖੀ ਦਾ ਕੰਮ ਵੇਖਕੇ ਅਤੇ ਫ਼ਿਲਮ ਪ੍ਰਤੀ ਦਰਸ਼ਕਾਂ ਦੀ ਪ੍ਰਤੀਕਿਰਿਆ ਵੇਖਕੇ ਸਾਨੂੰ ਇੰਝ ਲੱਗਦਾ ਹੈ ਕਿ ਜੋ ਹੁੰਦ ਹੈ ਚੰਗੇ ਲਈ ਹੀ ਹੁੰਦਾ ਹੈ।ਸੋ 2010 'ਚ ਮੁੜ ਫ਼ਿਲਮ ਬਣਾਉਣ ਕਰਕੇ ਸਾਡਾ ਬਜਟ ਵੀ ਡਗਮਗਾ ਗਿਆ ਜਿਸ ਕਾਰਣ ਅਸੀਂ ਇਸ ਫ਼ਿਲਮ ਨੂੰ ਬਣਾਉਂਦੇ ਹੋਏ ਕਾਫੀ ਸਮਾਂ ਲੈ ਗਏ। 

ਕੁਦੇਸਣ ਫ਼ਿਲਮ ਨੂੰ ਵੇਖਦੇ ਹੋਏ ਦਰਸ਼ਕਾਂ ਦੀ ਕੋਈ ਖਾਸ ਟਿੱਪਣੀ ਜੋ ਤੁਹਾਨੂੰ ਯਾਦ ਰਹਿ ਗਈ ਹੋਵੇ? 

 :ਬਹੁਤ ਸਾਰੀਆਂ ਟਿੱਪਣੀਆਂ ਯਾਦਗਾਰ ਹਨ ਪਰ ਦੋ ਦਾ ਜ਼ਿਕਰ ਮੈਂ ਇੱਥੇ ਜ਼ਰੂਰ ਕਰਨਾ ਚਾਹਵਾਂਗਾ। ਕੁਦੇਸਣ ਫ਼ਿਲਮ ਵੇਖਣ ਤੋਂ ਬਾਅਦ ਮੇਰੇ ਕੋਲ ਇੱਕ ਸੱਜਣ ਆਏ ਅਤੇ ਉਹਨਾਂ ਕਿਹਾ ਕਿ ਕੁਦੇਸਣ ਵੇਖਣ ਤੋਂ ਬਾਅਦ ਮੈਨੂੰ ਨਰਗਿਸ ਦੱਤ ਦੀ ਫ਼ਿਲਮ 'ਮਦਰ ਇੰਡੀਆ' ਯਾਦ ਆ ਗਈ। ਇੱਕ ਹੋਰ ਦਰਸ਼ਕ ਨੇ ਮੇਰੇ ਕੋਲ ਆ ਕੇ ਆਪਣੇ ਮਨ ਦੀ ਗੱਲ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਤੁਹਾਡੀ ਫ਼ਿਲਮ ਵੇਖਦੇ ਹੋਏ ਮੈਨੂੰ ਬਿਮਲ ਰਾਏ ਤੇ ਸਤਿਆਜੀਤ ਰੇ ਦੀਆਂ ਫ਼ਿਲਮਾਂ ਯਾਦ ਆ ਜਾਂਦੀ ਹਨ। 

ਅਜਿਹੀ ਟਿੱਪਣੀਆਂ 'ਚ ਤੁਹਾਡੀ ਫ਼ਿਲਮ ਦੀ ਚਰਚਾ ਵੀ ਹੋ ਰਹੀ ਹੈ।ਗੁਰਵਿੰਦਰ ਸਿੰਘ ਦੀ ਫ਼ਿਲਮ ਅੰਨ੍ਹੇ ਘੋੜੇ ਦਾ ਦਾਨ ਫ਼ਿਲਮ ਬਾਰੇ ਵੀ ਕੁਝ ਅਜਿਹੀ ਟਿੱਪਣੀਆਂ ਹੋਈਆਂ ਕਿ ਸਾਨੂੰ ਪੰਜਾਬੀ ਸਿਨੇਮਾ ਦਾ ਸਤਿਆਜੀਤ ਰੇ ਮਿਲ ਗਿਆ।ਇਹ ਚੰਗਾ ਸੰਕੇਤ ਹੈ ਜਾਂ ਅਸੀ ਅਜਿਹੀ ਚੀਜ਼ ਨੂੰ ਸਥਾਪਤ ਕਰਨ ਦੀ ਕਾਹਲੀ ਕਰ ਰਹੇ ਹਾਂ? 

 :ਨਹੀਂ ਕੋਈ ਅਜਿਹਾ ਕਹਿ ਰਿਹਾ ਹੈ ਤਾਂ ਇਹ ਸਾਡੇ ਲਈ ਚੰਗੀ ਗੱਲ ਹੈ।ਹਾਂ ਸੁਧਾਰ ਦੀ ਗੁੰਜਾਇਸ਼ ਸਦਾ ਰਹਿਣੀ ਚਾਹੀਦੀ ਹੈ ਅਜੇ ਬਹੁਤ ਸਾਰੇ ਕੰਮ ਕਰਨੇ ਹਨ।ਅਸੀ ਉਹਨਾਂ ਮਹਾਨ ਫ਼ਿਲਮਸਾਜ਼ਾਂ ਦੇ ਬਰਾਬਰ ਤਾਂ ਨਹੀਂ ਪਹੁੰਚੇ ਪਰ ਅਜਿਹਾ ਕਿਸੇ ਚੀਜ਼ ਨੂੰ ਸਥਾਪਿਤ ਕਰਨ ਲਈ ਨਹੀਂ ਕਿਹਾ ਜਾ ਰਿਹਾ ਸਗੋਂ ਇਹ ਤਾਂ ਹੌਂਸਲਾ ਅਫਜ਼ਾਈ ਹੈ।'ਅੰਨ੍ਹੇ ਘੋੜੇ ਦਾ ਦਾਨ' ਫ਼ਿਲਮ ਮੈਂ ਖੁਦ ਵੇਖੀ ਸੀ ਟੋਰਾਂਟੋ ਫ਼ਿਲਮ ਫੈਸਟੀਵਲ ਦੌਰਾਨ,ਇਹ ਫ਼ਿਲਮ ਬਹੁਤ ਹੀ ਵਧੀਆ ਫ਼ਿਲਮ ਹੈ। 

ਕੁਦੇਸਣ ਫ਼ਿਲਮ ਦੀ ਕਹਾਣੀ ਔਰਤ ਮਨ ਦੀ ਸੰਵੇਦਨਾ ਨੂੰ ਕਿੰਝ ਬੁਣਦੀ ਹੈ?

:ਇਹ ਕਹਾਣੀ ਇੱਕ ਕੁੜੀ ਦੁਆਲੇ ਘੁੰਮਦੀ ਹੈ ਜਿਹਦਾ ਪਿਓ ਬਿਹਾਰ 'ਚ ਰਹਿੰਦਾ ਹੈ ਤੇ ਗ਼ਰੀਬੀ ਕਰਕੇ ਆਪਣੀ ਕੁੜੀ ਨੂੰ ਪੰਜਾਬ ਵੇਚ ਦਿੰਦਾ ਹੈ।ਇਸ ਤੋਂ ਪਹਿਲਾਂ ਵੀ ਉਹਨੇ ਇੱਕ ਕੁੜੀ ਵੇਚੀ ਹੁੰਦੀ ਹੈ।ਏਧਰ ਪੰਜਾਬ 'ਚ ਪਾਲਾ ਸਿੰਘ ਨਾਮ ਦਾ ਕਿਰਦਾਰ ਹੁੰਦਾ ਹੈ ਜੋ ਕਾਫੀ ਬਿਰਧ ਹੋ ਚੁੱਕਾ ਹੈ।ਉਸ ਘਰ ਕੋਈ ਮੁੰਡਾ ਨਹੀਂ ਹੈ ਅਤੇ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਕੋਈ ਮੁੰਡਾ ਤਾਂ ਦੇ ਨਹੀਂ ਸਕਦੀ ਸੋ ਮੈਨੂੰ ਤਾਂ ਆਪਣੀ ਜ਼ਮੀਨ ਲਈ ਸੰਤਾਨ ਚਾਹੀਦੀ ਹੈ।ਕਿਉਂ ਕਿ ਉਹਦੀ ਦੋ ਕੁੜੀਆਂ ਹੀ ਸਨ ਜੋ ਵਿਆਹ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਨੂੰ ਆਪਣੇ ਚਾਰ ਕਿਲੇ ਜ਼ਮੀਨ ਲਈ ਵਾਰਸ ਚਾਹੀਦਾ ਹੈ।ਫਿਰ ਉਹਦੀ ਘਰ ਵਾਲੀ ਉਹਨੂੰ ਸਲਾਹ ਦਿੰਦੀ ਹੈ ਕਿ ਤੂੰ ਬਿਹਾਰ ਤੋਂ ਕੁੜੀ ਖਰੀਦ ਲਿਆ।ਇਹ ਕੁੜੀ 10 ਹਜ਼ਾਰ ਦੀ ਮੱਝ ਵੇਚਕੇ 6 ਹਜ਼ਾਰ ਦੇ ਮੁੱਲ ਨਾਲ ਲਿਆਈ ਜਾਂਦੀ ਹੈ। ਇੰਝ ਉਹ ਫਿਰ ਆਪਣੀ ਮੱਝ ਵੇਚ ਕੇ ਕੁੜੀ ਖਰੀਦਕੇ ਲਿਆਉਂਦੇ ਹਨ ਤਾਂ ਕਿ ਸੰਤਾਨ ਪ੍ਰਾਪਤੀ ਹੋ ਸਕੇ।ਸੋ ਇਹ ਫ਼ਿਲਮ ਇੱਕ ਔਰਤ ਦੇ ਜਜ਼ਬਾਤ ਉਹਦੀ ਤੜਪ ਨੂੰ ਬਿਆਨ ਕਰਦੀ ਹੋਈ ਸਾਡੇ ਸਾਹਮਣੇ ਕਈ ਸਵਾਲ ਪੇਸ਼ ਕਰਦੀ ਹੈ।  

ਫ਼ਿਲਮ ਨੂੰ ਬਣਾਉਣ ਦੌਰਾਨ ਔਰਤਾਂ ਨਾਲ ਜੁੜੇ ਮਸਲਿਆਂ ਨੂੰ ਤੁਸੀਂ ਕਾਫੀ ਨੇੜੇ ਤੋਂ ਸਮਝਿਆ ਹੋਵੇਗਾ? 

:ਜਦੋਂ ਅਸੀ ਔਰਤਾਂ ਨਾਲ ਜੁੜੇ ਮਸਲਿਆ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਸੰਸਾਰ ਦਾ ਸਭ ਤੋਂ ਵੱਡਾ ਕ੍ਰਿਮਿਨਲ ਟ੍ਰੇਡ ਹੈ ਔਰਤਾਂ ਦੀ ਖਰੀਦੋ ਫਰੋਖ਼ਤ।ਪਹਿਲਾਂ ਨਸ਼ਾਖੋਰੀ ਨੂੰ ਲੈਕੇ ਧੰਦਾ ਤੇ ਉਸ ਤੋਂ ਬਾਅਦ ਔਰਤਾਂ ਦੀ ਖਰੀਦੋ ਫਰੋਖ਼ਤ।ਇਹ ਹੁਣ ਤੋਂ ਨਹੀਂ ਬਹੁਤ ਪੁਰਾਣਾ ਚਲਿਆ ਆ ਰਿਹਾ ਹੈ ਅਤੇ ਇਹਦੀਆਂ ਜੜ੍ਹਾ ਸਿਰਫ ਪੰਜਾਬ ਜਾਂ ਬਿਹਾਰ ਤੱਕ ਨਹੀਂ ਸਗੋਂ ਪੂਰੇ ਸੰਸਾਰ 'ਚ ਔਰਤਾਂ ਦੀ ਖਰੀਦੋ ਫਰੋਖ਼ਤ ਇੱਕ ਦੇਸ਼ ਤੋਂ ਦੂਜੇ ਦੇਸ਼ ਬਹੁਤ ਵੱਡੇ ਪੱਧਰ 'ਤੇ ਹੁੰਦੀ ਹੈ। ਇਹ ਪੂਰਾ ਸਿਸਟਮ ਬਹੁਤ ਲੈਅਬੱਧ ਤਰੀਕੇ ਨਾਲ ਚਲਾਇਆ ਜਾਂਦਾ ਹੈ।ਅਜਿਹੇ 'ਚ ਬਾਬਾ ਨਾਨਕ ਦੀ ਕਹੀ ਗੱਲ ਔਰਤ ਦੇ ਹੱਕ 'ਚ ਸਭ ਬੇਮਾਇਨੇ ਹੋ ਜਾਂਦੀ ਹੈ ਕਿਉਂ ਕਿ ਅਜਿਹੇ ਵਪਾਰੀਕਰਨ ਨੂੰ ਲੈਕੇ ਕੋਈ ਗੰਭੀਰ ਕਦਮ ਨਹੀਂ ਚੁੱਕੇ ਗਏ ਅਤੇ ਇਸ 'ਚ ਪ੍ਰਸਾਸ਼ਨਕ ਹੱਲਾਸ਼ੇਰੀ ਨਾ ਮਿਲਦੀ ਹੋਵੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।ਇਸ ਬਾਰੇ ਇੱਕ ਹੋਰ ਨੁਕਤਾ ਸਾਨੂੰ ਬੇਚੈਨ ਕਰੇਗਾ ਕਿ ਵੂਮੈਨ ਟੈਫਕਿੰਗ ਜਾਂ ਟ੍ਰੇਡਿੰਗ ਪਹਿਲਾਂ ਨਾਲੋਂ ਘੱਟ ਨਹੀਂ ਹੋਈ ਸਗੋਂ ਹੋਰ ਵਧੀ ਹੈ।ਮੇਰਾ ਕਹਿਣ ਦਾ ਅਰਥ ਇਹੋ ਸੀ ਕਿ ਇਸ ਫ਼ਿਲਮ ਜ਼ਰੀਏ ਮੈਂ ਇਹੋ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਔਰਤ ਜੋ ਕੇ ਕੋਈ ਦੂਜੀ ਪ੍ਰਾਣੀ ਨਹੀਂ ਹੈ ਉਹ ਬੰਦੇ ਦੇ ਬਰਾਬਰ ਹੈ ਅਸੀਂ ਉਸ ਨੂੰ ਕਿਵੇਂ ਵੇਚ ਸਕਦੇ ਹਾਂ।ਕਿਉਂ ਕਿ ਉਸ 'ਚ ਵੀ ਜਾਨ ਹੈ ਅਤੇ ਉਹ ਕੋਈ ਨਿਰਜੀਵ ਵਸਤੂ ਨਹੀਂ ਹੈ ਉਹ ਹੱਡ ਮਾਸ ਦੀ ਇੱਕ ਜ਼ਿੰਦਗੀ ਹੈ। 

ਔਰਤਾਂ ਦੀ ਖਰੀਦੋ ਫਰੋਖ਼ਤ ਦੇ ਤਾਣੇ ਬਾਣੇ ਨੂੰ ਸਮਝਦੇ ਹੋਏ ਇਹ ਸਮਝਨ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ? :

ਮੈਨੂੰ ਲੱਗਦਾ ਹੈ ਕਿ ਇਹ ਅਜਿਹਾ ਵੀ ਨਹੀਂ ਕਿ ਇਸ 'ਤੇ ਕਾਬੂ ਨਾ ਪਾਇਆ ਜਾ ਸਕੇ।ਇਸ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ।ਹਾਲ ਹੀ 'ਚ ਚਰਚਾ 'ਚ ਰਿਹਾ ਆਮਿਰ ਖ਼ਾਨ ਦੇ ਸ਼ੋਅ 'ਚ ਮੈਨੂੰ ਉਹਦੀ ਇੱਕ ਕਹੀ ਗੱਲ ਬਹੁਤ ਸੋਹਣੀ ਲੱਗੀ।ਉਹਨੇ ਕਿਹਾ ਸੀ ਕਿ ਤੁਸੀ ਇਹ ਸੋਚੋ ਕਿ ਸਾਡੇ ਕੋਲ ਇੱਕ ਜਾਦੂ ਦੀ ਛੜੀ ਹੈ ਅਤੇ ਇਹ ਛੜੀ ਕੋਈ ਹੋਰ ਨਹੀਂ ਸਗੋਂ ਅਸੀਂ ਖੁਦ ਹਾਂ।ਜਦੋਂ ਤੱਕ ਅਸੀ ਖੁਦ ਪਹਿਲ ਨਹੀਂ ਕਰਦੇ ਉਦੋਂ ਤੱਕ ਸਮਾਜ 'ਚ ਕੁਝ ਵੀ ਬਦਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।ਕਿਉਂ ਕਿ ਪੂਰੇ ਦਾ ਪੂਰਾ ਸਿਸਟਮ ਜੇ ਸਾਡੇ ਲਈ ਹੈ ਤਾਂ ਇਸ ਨੂੰ ਵੀ ਅਸੀਂ ਰੱਦ ਨਹੀਂ ਕਰ ਸਕਦੇ ਕਿ ਪੂਰਾ ਸਿਸਟਮ ਬਣਦਾ ਤਾਂ ਸਾਡੇ ਤੋਂ ਹੈ।ਸ਼ੁਰੂਆਤ ਹਮੇਸ਼ਾ ਕਦਮ ਅੱਗੇ ਵਧਾਉਣ ਨਾਲ ਹੀ ਹੁੰਦੀ ਹੈ ਹੁਣ ਇਹ ਸਾਡੇ 'ਤੇ ਹੈ ਕਿ ਅਸੀ ਉਹ ਕਦਮ ਵਧਾ ਰਹੇ ਹਾਂ ਕਿ ਨਹੀਂ।ਇਸ ਲਈ ਉਨ੍ਹਾਂ ਇਲਾਕਿਆਂ 'ਚ ਗ਼ਰੀਬੀ ਸਭ ਤੋਂ ਵੱਡਾ ਕਾਰਨ ਹੈ ਜਦੋਂ ਤੱਕ ਸਰਕਾਰਾਂ ਇਸ ਗ਼ਰੀਬੀ ਨੂੰ ਦੂਰ ਕਰਨ ਬਾਰੇ ਨਹੀਂ ਸੋਚਣਗੀਆਂ ਉਦੋਂ ਤੱਕ ਕੁਝ ਬਦਲ ਦੀ ਕਲਪਣਾ ਸੰਭਵ ਨਹੀਂ ਹੈ।ਤੁਸੀ ਅਕਸਰ ਵੇਖਦੇ ਹੋ ਕਿ ਨੇਪਾਲ ਲੋਕ ਜਾਂਦੇ ਹਨ ਅਤੇ ਉਧਰੋਂ ਟੈਂਪੂ 'ਤੇ ਕੁੜੀ ਬਿਠਾ ਲਿਆਉਂਦੇ ਹਨ।ਇਹ ਸਾਰਾ ਕੁਝ ਇੰਨਾ ਸੌਖਾ ਹੈ ਕਿ ਕਿਸੇ ਨੂੰ ਇਸ 'ਤੇ ਸ਼ੱਕ ਵੀ ਨਹੀਂ ਹੁੰਦਾ। 

ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਤੁਸੀਂ ਸੰਗੀਤ 'ਚ ਵੀ ਯਥਾਰਥ ਨੂੰ ਸਿਰਜਣ ਲਈ ਬਹੁਤ ਨਵੇਕਲਾ ਪ੍ਰਯੋਗ ਕੀਤਾ ਹੈ?

:ਇਸ ਸਭ ਲਈ ਮੇਰੇ ਮਨ 'ਚ ਇੱਕੋ ਗੱਲ ਸੀ ਕਿ ਮੈਂ ਸੰਗੀਤ ਦੇ ਵਪਾਰਕ ਪੱਖ ਨੂੰ ਨਹੀਂ ਸੀ ਵੇਖ ਰਿਹਾ ਸਗੋਂ ਮੈਂ ਕਹਾਣੀ ਦੇ ਮਿਜਾਜ਼ ਅਤੇ ਕਿਰਦਾਰਾਂ ਦੀ ਰੂਹਦਾਰੀ ਮੁਤਾਬਕ ਸੰਗੀਤ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਹੈ।ਜਿਵੇਂ ਕਿ ਫ਼ਿਲਮ ਵਿਚਲੀ ਮੁੱਖ ਜਨਾਨੀ ਕਿਰਦਾਰ ਬਿਹਾਰ ਦੀ ਹੈ ਅਤੇ ਉਹਦੇ ਸੰਤਾਪ ਨੂੰ ਬਿਆਨ ਕਰਨ ਲਈ ਮੈਂ ਉਹਦੀ ਮਾਨਸਿਕ ਦਸ਼ਾ ਮੁਤਾਬਕ ਹੀ ਸੰਗੀਤ ਨੂੰ ਵਰਤਿਆ ਹੈ।ਇਸੇ ਲਈ ਕੁਦੇਸਣ ਪੰਜਾਬੀ ਫ਼ਿਲਮ ਹੋਣ ਦੇ ਬਾਵਜੂਦ ਸੰਗੀਤ ਪੱਖੋਂ ਭੋਜਪੁਰੀ ਹੈ।ਕਿਉਂ ਕਿ ਗੀਤ ਸਮਾਜ ਦੇ ਕਿਰਦਾਰ ਦੀ ਸਿਰਜਣਾ ਹੁੰਦੇ ਹਨ।ਫ਼ਿਲਮ 'ਚ ਜਦੋਂ ਮੈਂ ਪੰਜਾਬੀ ਕਿਰਦਾਰਾਂ ਦੀ ਖੁਸ਼ੀ ਵਿਖਾਉਂਦਾ ਹਾਂ ਤਾਂ ਮੈਂ ਸੰਗੀਤ ਵੀ ਪੰਜਾਬੀ ਲੋਕ ਸੱਭਿਆਚਾਰ ਦਾ ਹੀ ਰੱਖਦਾ ਹਾਂ।ਜਦੋਂ ਫ਼ਿਲਮ ਦੀ ਮੁੱਖ ਜਨਾਨੀ ਕਿਰਦਾਰ ਦੇ ਜਜ਼ਬਾਤ ਨੂੰ ਵਿਖਾਉਣਾ ਹੋਵੇ ਤਾਂ ਸੰਗੀਤ ਵੀ ਭੋਜਪੁਰੀ 'ਚ ਹੋ ਜਾਂਦਾ ਹੈ।ਕਿਉਂ ਕਿ ਇਸ ਕਿਰਦਾਰ ਦੀਆਂ ਦੁੱਖ ਤਕਲੀਫਾਂ,ਸੰਤਾਪ,ਖੁਸ਼ੀ ਚੋਂ ਹੀ ਉਹਦੇ ਲੋਕ ਗੀਤ ਪੈਦਾ ਹੋਏ ਹਨ।ਫ਼ਿਲਮ ਨੂੰ ਜ਼ਮੀਨੀ ਸੱਚਾਈ ਦੇ ਨੇੜੇ ਲਿਆਉਣ ਲਈ ਮੈਂ ਅਜਿਹਾ ਜ਼ਰੂਰੀ ਸਮਝਿਆ। 

ਇਸ ਤੋਂ ਬਾਅਦ ਕੀ ਵਿਉਂਤਬੰਦੀਆਂ ਹੋ ਰਹੀਆਂ ਹਨ? 

:ਮੈਂ ਇੱਕ ਹਿੰਦੀ ਫ਼ਿਲਮ ਬਣਾਉਣ ਜਾ ਰਿਹਾ ਹਾਂ ਜੋ ਕਿ ਪਤੀ ਪਤਨੀ ਦੀ ਇੱਕ ਅਪਾਰਟਮੈਂਟ 'ਚ ਹੋ ਰਹੇ ਘਟਨਾਕ੍ਰਮ ਦੀ ਸਸਪੈਂਸ ਥ੍ਰਿਲਰ ਫ਼ਿਲਮ ਹੈ ਅਤੇ ਇੱਕ ਮੈਂ ਬਹੁਤ ਹੀ ਪਿਆਰੀ ਪ੍ਰੇਮ ਕਹਾਣੀ ਬਣਾਉਣੀ ਚਾਹੁੰਦਾ ਹਾਂ।ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਵੇਗੀ ਇਹ ਮੇਰਾ ਯਕੀਨ ਹੈ ਕਿਉਂ ਕਿ ਇਸ ਨੂੰ ਵੇਖਕੇ ਦਰਸ਼ਕਾਂ ਨੂੰ ਗੁਲਜ਼ਾਰ ਸਾਹਬ ਦੀ ਫ਼ਿਲਮ 'ਕੋਸ਼ਿਸ਼' ਜ਼ਰੂਰ ਯਾਦ ਆਵੇਗੀ।

ਮੁਲਾਕਾਤੀ--ਹਰਪ੍ਰੀਤ ਸਿੰਘ ਕਾਹਲੋਂ

Monday, May 20, 2013

ਵਿਰਸਾ ਸੰਭਾਲਣ ਦਾ ਸਹਿਜ ਸੁਨੇਹਾ

ਸਤਾਵੇਜ਼ੀ ਫ਼ਿਲਮਸਾਜ਼ ਦਲਜੀਤ ਅਮੀ ਦੀ ਨਵੀਂ ਫ਼ਿਲਮ 'ਸੇਵਾ' ਗਿਆਨ ਦੇ ਅਮੁੱਕ ਖ਼ਜ਼ਾਨੇ ਦੀ ਸਾਂਭ-ਸੰਭਾਲ ਬਾਰੇ ਵੱਖ-ਵੱਖ ਨੁਕਤਾ-ਨਿਗ੍ਹਾ ਤੋਂ ਸਹਿਜ ਸੰਵਾਦ ਤੋਰਦੀ ਹੈ। ਕੁੱਲ 27 ਮਿੰਟਾਂ ਦੀ ਇਸ ਫ਼ਿਲਮ ਦਾ ਤੋੜਾ ਗੁਰਬਾਣੀ ਵਿਚ ਆਈ ਤੁਕ 'ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ।। ਤਾ ਮੇਰਿ ਮਨਿ ਭਇਆ ਨਿਧਾਨਾ।।' ਉਤੇ ਝੜਦਾ ਹੈ। ਪਿਉ-ਦਾਦਿਆਂ ਦੇ ਅਮੁੱਲ ਖ਼ਜ਼ਾਨੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਸੇਵਾ ਇਸ ਫ਼ਿਲਮ ਦੀ ਚੂਲ ਹੈ। ਇਹ ਉਹ ਕਰਜ਼ ਹੈ ਜਿਸ ਨੂੰ ਉਤਾਰਨ ਦੀ ਗੱਲ ਇਸ ਫ਼ਿਲਮ ਵਿੱਚ ਉਭਾਰ ਕੇ ਕੀਤੀ ਗਈ ਹੈ। ਇਤਿਹਾਸ ਅਤੇ ਵਿਰਸੇ ਬਾਰੇ ਬਹੁ-ਪਰਤੀ ਵਿਚਾਰ ਅਤੇ ਵਿਹਾਰ ਇਸ ਫ਼ਿਲਮ ਵਿੱਚ ਨਾਲੋ-ਨਾਲ ਤੁਰਦੇ ਹਨ। 

ਇਹ ਵਿਚਾਰ ਬਹੁਤ ਥਾਈਂ ਹਮ-ਰਾਹ ਵੀ ਹੁੰਦੇ ਹਨ ਅਤੇ ਕਈ ਥਾਈਂ ਇੱਕ-ਦੂਜੇ ਨਾਲ ਖਹਿੰਦੇ ਵੀ ਹਨ, ਪਰ ਫ਼ਿਲਮਸਾਜ਼ ਇਨ੍ਹਾਂ ਨੂੰ ਇਸ ਤਰ੍ਹਾਂ ਲੜੀ ਵਿੱਚ ਪਰੋ ਕੇ ਪੇਸ਼ ਕਰਦਾ ਹੈ ਕਿ ਫ਼ਿਲਮ ਦਾ ਹਰ ਫਰੇਮ/ਹਰ ਦ੍ਰਿਸ਼ ਸੁਨੇਹਾ ਲੈ ਕੇ ਆਉਂਦਾ ਹੈ। ਅਸਲ ਵਿਚ ਦਲਜੀਤ ਅਮੀ ਆਪਣੀ ਇਸ ਫ਼ਿਲਮ ਰਾਹੀਂ ਸਾਡੇ ਸਾਹਮਣੇ ਹੀ ਗੁਆਚ ਰਹੇ ਵਿਰਸੇ ਦਾ ਦਰਦ ਦਰਸ਼ਕਾਂ ਨਾਲ ਸਾਂਝਾ ਕਰਦਾ ਹੈ।  


ਗਿਆਨ ਦਾ ਇਹ ਖ਼ਜ਼ਾਨਾ ਅਗਿਆਨਤਾ ਕਰ ਕੇ, ਜਾਂ ਕੁਦਰਤ ਦੀ ਮਾਰ ਕਰ ਕੇ ਲਗਾਤਾਰ ਤਬਾਹ ਹੋ ਰਿਹਾ ਹੈ। ਇਹੀ ਨਹੀਂ, ਕੁਝ ਹੋਰ ਕਾਰਨਾਂ ਕਰ ਕੇ ਇਹ ਗਿਆਨ ਮਿਥ ਕੇ ਮਿਟਾਇਆ ਜਾ ਰਿਹਾ ਹੈ। ਫ਼ਿਲਮ ਵਿੱਚ ਜਦੋਂ ਅਫ਼ਗ਼ਾਨਿਸਤਾਨ, ਇਰਾਕ ਜਾਂ ਮਿਸਰ ਦਾ ਜ਼ਿਕਰ ਆਉਂਦਾ ਹੈ ਤਾਂ ਵਿਰਸੇ ਨੂੰ ਮਿਥ ਕੇ ਮਿਟਾਉਣ ਵਾਲੀ ਗੱਲ ਹੁੱਝ ਮਾਰ ਕੇ ਦਰਸ਼ਕ ਦੇ ਸਾਹਮਣੇ ਆਣ ਖਲੋਂਦੀ ਹੈ ਅਤੇ ਵੱਡਾ ਸਵਾਲ ਬਣ ਜਾਂਦੀ ਹੈ। ਦਲਜੀਤ ਨੇ ਇਹ ਸਵਾਲ ਬੜੇ ਪ੍ਰਚੰਡ ਰੂਪ ਵਿੱਚ ਕੀਤਾ ਹੈ। ਇਸ ਨੁਕਤੇ ਤੋਂ ਇਹ ਫ਼ਿਲਮ ਜੰਗ-ਵਿਰੋਧੀ ਸੁਨੇਹਾ ਦਿੰਦੀ ਜਾਪਦੀ ਹੈ। 

ਪੂਰੀ ਫ਼ਿਲਮ ਵਿੱਚ ਫ਼ਿਲਮਸਾਜ਼ ਆਪਣੇ ਕੈਮਰੇ ਦੀ ਅੱਖ ਰਾਹੀਂ ਤੁਹਾਡੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੱਸਦਾ ਹੈ ਕਿ ਵਿਰਸੇ ਦੀ ਸੰਭਾਲ ਦਾ ਮਸਲਾ ਸਰਬੱਤ ਦੇ ਭਲੇ ਨਾਲ ਜੁੜਿਆ ਹੋਇਆ ਹੈ। ਅੱਜ ਮਸਲਾ ਕਿਸੇ ਧਰਮ, ਧਾਰਾ ਜਾਂ ਧੜੇ ਨਾਲ ਸਬੰਧਤ ਸਮੱਗਰੀ ਸੰਭਾਲਣ ਦਾ ਨਹੀਂ ਹੈ, ਮਸਲਾ ਤਾਂ ਬਿਨਾਂ ਕਿਸੇ ਭੇਦਭਾਵ, ਹਰ ਤਰ੍ਹਾਂ ਦੀ ਅਮੁੱਲ ਅਤੇ ਉਪਲਭਧ ਸਮੱਗਰੀ ਨੂੰ ਅਗਲੀਆਂ ਪੀੜ੍ਹੀਆਂ ਦੇ ਅਧਿਐਨ ਲਈ ਸੰਭਾਲਣ ਦਾ ਹੈ। ਅਗਲੀਆਂ ਪੀੜ੍ਹੀਆਂ ਆਪੇ ਤੈਅ ਕਰਨਗੀਆਂ ਕਿ ਇਸ ਖ਼ਜ਼ਾਨੇ ਵਿੱਚੋਂ ਕੀ ਛੱਡਣਾ ਤੇ ਕੀ ਰੱਖਣਾ ਹੈ ਅਤੇ ਕਿਸ-ਕਿਸ ਰੂਪ ਵਿੱਚ ਰੱਖਣਾ ਹੈ। ਇਉਂ ਕਰ ਕੇ ਹੀ ਅਗਲੀਆਂ ਪੀੜ੍ਹੀਆਂ ਦੇ ਰਾਹ ਸੁਖਾਲੇ ਕੀਤੇ ਜਾ ਸਕਦੇ ਹਨ। ਇਸੇ ਨੂੰ ਉਹ ਅਗਲੀਆਂ ਪੀੜ੍ਹੀਆਂ ਦਾ ਅੱਜ ਦੀ ਪੀੜ੍ਹੀ ਸਿਰ ਕਰਜ਼ਾ ਤਸੱਵੁਰ ਕਰਦਾ ਹੈ। 

ਕਿਸੇ ਵੀ ਦਸਤਾਵੇਜ਼ੀ ਫ਼ਿਲਮ ਲਈ ਸਬੰਧਤ ਮਸਲੇ ਦੀ ਤਫ਼ਸੀਲ ਬੜੀ ਅਹਿਮ ਹੁੰਦੀ ਹੈ। ਇਸ ਫ਼ਿਲਮ ਦਾ ਵਾਧਾ ਇਹ ਹੈ ਕਿ ਇਹ ਫ਼ਿਲਮ ਬਹੁਤ ਘੱਟ ਬੋਲ ਕੇ, ਪੂਰੀ ਤਫ਼ਸੀਲ ਦਰਸ਼ਕਾਂ ਲਈ ਛੱਡ ਕੇ ਜਾਂਦੀ ਹੈ। ਫ਼ਿਲਮ ਵਿੱਚ ਪਰੋਏ ਖਿਆਲਾਤ ਦਰਸ਼ਕ ਦੇ ਅੰਦਰ ਵੱਲ ਯਾਤਰਾ ਕਰਦੇ ਹਨ। ਇਹ ਯਾਤਰਾ ਦਰਸ਼ਕ ਨੂੰ ਮਸਲੇ ਦੀ ਜੜ੍ਹ ਤੱਕ ਲਿਜਾਣ ਦਾ ਜ਼ਰੀਆ ਬਣਦੀ ਹੈ। ਇਸ ਤੋਂ ਵੀ ਵੱਡੀ ਗੱਲ, ਫ਼ਿਲਮਸਾਜ਼ ਵੱਖ-ਵੱਖ ਪੱਖਾਂ ਵਾਲੀਆਂ ਗੱਲਾਂ ਨੂੰ ਮੂਲ ਰੂਪ ਵਿੱਚ ਹੀ ਸਭ ਦੇ ਸਾਹਮਣੇ ਆਉਣ ਦਿੰਦਾ ਹੈ, ਬਗੈਰ ਕਿਸੇ ਰਲਾ ਦੇ; ਪਰ ਇਹ ਮੁੱਦੇ ਦਰਸ਼ਕ ਦੇ ਦਿਲੋ-ਦਿਮਾਗ ਉਤੇ ਇੰਨਾ ਕੁ ਜ਼ਰੂਰ ਅਸਰ ਕਰਦੇ ਹਨ ਕਿ ਉਹ ਫ਼ਿਲਮ ਵਿੱਚ ਉਠੇ ਵਿਚਾਰਾਂ ਦੀ ਪੁਣ-ਛਾਣ ਲਈ ਖੁਦ ਅਹੁਲਦਾ ਹੈ। ਫ਼ਿਲਮ ਵਿੱਚ ਜਿਨ੍ਹਾਂ ਸ਼ਖ਼ਸੀਅਤਾਂ ਨਾਲ ਸੰਵਾਦ ਰਚਾਇਆ ਗਿਆ ਹੈ, ਉਨ੍ਹਾਂ ਦੇ ਫਿਕਰਾਂ ਨੂੰ ਇਸ ਫ਼ਿਲਮ ਰਾਹੀਂ ਜ਼ੁਬਾਨ ਮਿਲੀ ਹੈ।
-ਪੰਜਾਬ ਟਾਈਮਜ਼ ਫੀਚਰਜ਼ 

ਦਲਜੀਤ ਅਮੀ ਅੱਜਕੱਲ੍ਹ 'ਡੇ ਐਂਡ ਨਾਈਟ' ਟੀ.ਵੀ. ਚੈਨਲ ਵਿੱਚ ਸੰਪਾਦਕੀ ਸਲਾਹਕਾਰ ਵਜੋਂ ਕੰਮ ਕਰ ਰਿਹਾ ਹੈ। 'ਸੇਵਾ. ਤੋਂ ਪਹਿਲਾਂ ਉਹਨੇ ਸੱਤ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਹਨ ਜਿਨ੍ਹਾਂ ਵਿੱਚ 'ਕਰਜ਼ੇ ਹੇਠ', 'ਸੁਦਰਸ਼ਨ: ਇੱਕ ਸਹਿਜ ਸੰਸਥਾ', 'ਜ਼ੁਲਮ ਔਰ ਅਮਨ', 'ਅਨਹਦ ਬਾਜਾ ਬਜੇ', 'ਕਾਰਸੇਵਾ', 'ਖਰੜਿਆਂ ਵਾਲਾ ਬਾਬਾ' ਅਤੇ 'ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ' ਸ਼ਾਮਲ ਹਨ। ਛੇ ਸਾਲਾਂ ਦੇ ਵਕਫ਼ੇ ਤੋਂ ਬਾਅਦ ਦਲਜੀਤ ਨੇ 'ਸੇਵਾ' ਬਣਾਈ ਹੈ।

'ਪੰਜਾਬ ਟਾਈਮਜ਼' ਤੋਂ 'ਗੁਲਾਮ ਕਲਮ' ਵਾਇਆ 'ਪੰਜਾਬੀ ਕਲਾਵੇਅਰ' 

Thursday, April 11, 2013

‘ਸਾਡਾ ਹੱਕ’, ਸਾਡਾ ਸੱਚ--ਅਜਮੇਰ ਸਿੰਘ

16 ਮਾਰਚ ਨੂੰ ਅੰਮ੍ਰਿਤਸਰ ਵਿਖੇ ਫਿਲਮ ‘ਸਾਡਾ ਹੱਕ’ ਦਾ ਪ੍ਰੀਵਿਊ ਦੇਖਣ ਉਪਰੰਤ ਮੈਂ ਇਸ ਨਿਸਚਤ ਨਿਰਣੇ ‘ਤੇ ਅੱਪੜ ਗਿਆ ਸੀ ਕਿ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਭਲੇ ਹੀ ਅਖੀਰ ਵਿਚ ਹਰੀ ਝੰਡੀ ਦੇ ਦਿਤੀ ਹੈ, ਪ੍ਰੰਤੂ ਇਸ ਨੂੰ ‘ਵਿਰੋਧੀਆਂ’ ਨੇ ਸਿਨੇਮਾ ਘਰਾਂ ਅੰਦਰ ਚੱਲਣ ਨਹੀਂ ਦੇਣਾ, ਉਹ ਇਸ ਉਤੇ ਕਿਸੇ ਨਾ ਕਿਸੇ ਬਹਾਨੇ ਰੋਕ ਲਾ ਦੇਣਗੇ।

ਇਸ ਦੇਸ ਅੰਦਰ ਘੱਟਗਿਣਤੀ ਭਾਈਚਾਰਿਆਂ ਦੀ ਆਵਾਜ਼ ਨੂੰ ਦਬਾਉਣ ਲਈ ਬਹਾਨੇ ਘੜਨੇ ਹਾਕਮਾਂ ਲਈ ਖੱਬੇ ਹੱਥ ਦੀ ਖੇਡ ਹੈ। ਕਹਿੰਦੇ ਨੇ ਚਾਰ ਅਪਰੈਲ ਦੀ ਸ਼ਾਮ ਨੂੰ ਪੰਜਾਬ ਸਕੱਤਰੇਤ ਅੰਦਰ ਪੰਜਾਬ ਸਰਕਾਰ ਦੇ ਛੇ ਚੋਟੀ ਦੇ ਸਿਵਲ ਤੇ ਪੁਲਸ ਅਫਸਰਾਂ ਨੇ ਫਿਲਮ ਦੇਖੀ ਅਤੇ ਸਰਕਾਰ ਨੂੰ ਫੌਰੀ ਇਸ ਉਤੇ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕਰ ਦਿਤੀ। ਪੰਜਾਬ ਸਰਕਾਰ ਦੀ ਕੀ ਮਜ਼ਾਲ ਸੀ ਕਿ ਉਹ ਆਪਣੇ ਚੋਟੀ ਦੇ ਅਫਸਰਾਂ ਦੀ ਸਿਫਾਰਸ਼ ਨਾ ਮੰਨਦੀ। ਕਿਉਂਕਿ ਇਹ ਅਫਸਰ ਕੋਈ ਐਰੇ ਗੈਰੇ ਨਹੀਂ। ਇਹ ਉਹੀ ਅਫਸਰ ਹਨ ਫਿਲਮ ਅੰਦਰ ਜਿਨ੍ਹਾਂ ਦੇ ਵਹਿਸ਼ੀ ਕਾਰਨਾਮਿਆਂ ਨੂੰ ਬੇਪੜਦ ਕੀਤਾ ਗਿਆ ਹੈ ਅਤੇ ਜਿਸ ਨੂੰ ਦੇਖ ਕੇ ਨਾ ਸਿਰਫ਼ ਹਰੇਕ ਸਿੱਖ ਦਾ, ਬਲਕਿ ਹਰੇਕ ਇਨਸਾਫ਼ਪਸੰਦ ਵਿਅਕਤੀ ਦਾ ਖ਼ੂਨ ਖੌਲ ਉਠਦਾ ਹੈ। ਏਨ੍ਹਾਂ ਜ਼ਾਲਮ ਅਫਸਰਾਂ ਅੰਦਰ ਏਨੇ ਵਹਿਸ਼ੀ ਅਤਿਆਚਾਰ ਕਰਨ ਤੋਂ ਬਾਅਦ ਵੀ ਜੇਕਰ ਇਨਸਾਨੀਅਤ ਦਾ ਥੋੜ੍ਹਾ ਜਿੰਨਾਂ ਅੰਸ਼ ਬਚਿਆ ਹੁੰਦਾ, ਤਾਂ ਫਿਲਮ ਦੇਖਕੇ ਇਨ੍ਹਾਂ ਦੀਆਂ ਜ਼ਮੀਰਾਂ ਕੰਬ ਜਾਣੀਆਂ ਚਾਹੀਦੀਆਂ ਸਨ ਅਤੇ ਇਨ੍ਹਾਂ ਨੂੰ ਆਪਣੀਆਂ ਹੀ ਨਜ਼ਰਾਂ ਵਿਚ ਸ਼ਰਮਸ਼ਾਰ ਹੋ ਜਾਣਾ ਚਾਹੀਦਾ ਸੀ। ਜਰਮਨੀ ਅੰਦਰ ਦੂਜੀ ਸੰਸਾਰ ਜੰਗ ਮੌਕੇ ਹਿਟਲਰ ਦੀ ਨਾਜ਼ੀਵਾਦੀ ਪੁਲਸ ਦੇ ਜਿੰਨ੍ਹਾਂ ਜੱਲਾਦ ਅਫਸਰਾਂ ਨੇ ਯਹੂਦੀਆਂ ਦਾ ਵਿਆਪਕ ਪੈਮਾਨੇ ‘ਤੇ ਕਤਲੇਆਮ ਕੀਤਾ ਸੀ, ਬਾਅਦ ਵਿਚ ਜਦੋਂ ਉਨ੍ਹਾਂ ਉਤੇ ਵਿਸ਼ੇਸ਼ ਅਦਾਲਤਾਂ ਵਿਚ ਮੁਕੱਦਮੇ ਚੱਲੇ ਸਨ ਅਤੇ ਉਨ੍ਹਾਂ ਨੂੰ ਆਪਣੇ ਅਣਮਨੁੱਖੀ ਕਾਰਿਆਂ ਲਈ ਮਾਨਵਤਾ ਸਾਹਮਣੇ ਜੁਆਬਦੇਹ ਹੋਣਾ ਪਿਆ ਸੀ, ਤਾਂ ਉਨ੍ਹਾਂ ਦੇ ਸ਼ਰਮ ਨਾਲ ਸਿਰ ਝੁਕ ਗਏ ਸਨ ਅਤੇ ਉਨ੍ਹਾਂ ‘ਚੋਂ ਲਗਭਗ ਸਾਰਿਆਂ ਨੇ ਹੀ ਆਪਣੇ ਜ਼ੁਲਮਾਂ ਨੂੰ ਸਾਫ਼ਗੋਈ ਨਾਲ ਪਰਵਾਨ ਕਰ ਲਿਆ ਸੀ। ਉਨ੍ਹਾਂ ਨੇ ਬਾਕੀ ਦੀ ਜ਼ਿੰਦਗੀ ਕਾਲ-ਕੋਠੜੀਆਂ ਅੰਦਰ ਪਛਤਾਵੇ ਦਾ ਸੰਤਾਪ ਹੰਢਾਉਂਦਿਆਂ ਗੁਜ਼ਾਰੀ ਸੀ। ਉਹ ਕੁੱਲ ਮਾਨਵਤਾ ਲਈ ਦੁਸ਼ਟਤਾ ਦੇ ਪ੍ਰਤੀਕ ਬਣ ਗਏ ਸਨ।

ਜਰਮਨੀ ਅੰਦਰ ਉਨ੍ਹਾਂ ਦੁਸ਼ਟਾਂ ਦਾ ਨਾਂਉਂ ਲੈਣਾ ਅੱਜ ਤਕ ਵੀ ਗ਼ੁਨਾਹ ਸਮਝਿਆ ਜਾਂਦਾ ਹੈ। ਜੰਗ ਦੇ ਖ਼ਾਤਮੇ ਤੋਂ ਬਾਅਦ ਜਰਮਨੀ ਅੰਦਰ ਹਿਟਲਰੀ ਰਾਜਤੰਤਰ ਦੇ ਸਾਰੇ ਅੰਗਾਂ ਨੂੰ ਤਹਿਸ਼ ਨਹਿਸ਼ ਕਰ ਦਿਤਾ ਗਿਆ ਸੀ, ਨਾਜ਼ੀਵਾਦ ਦੀ ਵਿਚਾਰਧਾਰਾ ਤੇ ਇਸ ਦੇ ਜਥੇਬੰਦਕ ਤਾਣੇਬਾਣੇ ਨੂੰ ਜੜ੍ਹਾਂ ਤੋਂ ਉਖੇੜ ਦਿਤਾ ਗਿਆ ਸੀ, ਤਾਂ ਕਿ ਅਜਿਹਾ ਮਨਹੂਸ ਵਰਤਾਰਾ ਇਤਿਹਾਸ ਅੰਦਰ ਮੁੜ ਕੇ ਕਦੇ ਦੁਹਰਾਇਆ ਨਾ ਜਾਵੇ। ਉਦੋਂ ਤੋਂ ਲੈ ਕੇ ਅੱਜ ਤਕ ਜਰਮਨੀ ਅੰਦਰ ਜਮਹੂਰੀਅਤ ਤੇ ਤਹਿਜ਼ੀਬ ਦਾ ਬੋਲਬਾਲਾ ਹੈ।



ਪਰ ਏਥੇ ਪੰਜਾਬ ਅੰਦਰ ਕੀ ਹੋਇਆ? ਸਿੱਖ ਕੌਮ ਆਪਣੀਆਂ ਹੱਕੀ ਮੰਗਾਂ ਲਈ ਤਿੰਨ ਦਹਾਕੇ ਪੂਰਨ ਸ਼ਾਂਤਮਈ ਢੰਗ ਨਾਲ ਜੱਦੋਜਹਿਦ ਕਰਦੀ ਰਹੀ। ਸੰਨ 1947 ਤੋਂ ਲੈ ਕੇ ਸੰਨ 1980 ਤਕ ਸਿੱਖਾਂ ਨੇ ਹਿੰਸਾ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੀ ਰੱਖਿਆ ਸੀ। ਉਨ੍ਹਾਂ ਨੇ ਭਾਰਤ ਅੰਦਰ ਆਪਣੇ ਧਰਮ ਦੀ ਆਤਮਕ ਸੁਤੰਤਰਤਾ ਲਈ ਅਤੇ ਪੰਜਾਬ ਦੀ ਬਿਹਤਰੀ ਤੇ ਤਰੱਕੀ ਲਈ ਪੁਰਅਮਨ ਢੰਗ ਨਾਲ ਗ੍ਰਿਫ਼ਤਾਰੀਆਂ ਦਿਤੀਆਂ, ਜਾਇਦਾਦਾਂ ਕੁਰਕ ਕਰਵਾਈਆਂ, ਜੇਲ੍ਹਾਂ ਅੰਦਰ ਦਸੌਂਟੇ ਕੱਟੇ, ਪੁਲਸ ਦੀਆਂ ਵਧੀਕੀਆਂ ਤੇ ਬਦਤਮੀਜ਼ੀਆਂ ਦਾ ਸਿਦਕਕਿਦਲੀ ਨਾਲ ਸਾਹਮਣਾ ਕੀਤਾ, ਦੇਸ ਦੇ ਹਾਕਮਾਂ ਅੱਗੇ ਫ਼ਰਿਆਦਾਂ ਕੀਤੀਆਂ, ਦੇਸ ਦੇ ਚੁਣੇ ਹੋਏ ਨੁਮਾਇੰਦਿਆਂ ਅੱਗੇ ਪੁਕਾਰ ਕੀਤੀ, ਪਟੀਸ਼ਨਾਂ ਤੇ ਮੰਗ-ਪੱਤਰਾਂ ਰਾਹੀਂ ਆਪਣਾ ਪੱਖ ਪੇਸ਼ ਕੀਤਾ, ਗੱਲ ਕੀ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਕਹਿਣ ਤੇ ਮਨਵਾਉਣ ਲਈ ਸਾਰੇ ਢੰਗ ਤੇ ਸਾਧਨ ਅਜ਼ਮਾ ਕੇ ਦੇਖ ਲਏ। ਜਦੋਂ ਦੇਸ ਦੇ ਹਾਕਮਾਂ ਨੇ ਸਿੱਖਾਂ ਦੀ ਕੋਈ ਵੀ ਹੱਕੀ ਮੰਗ ਨਾ ਮੰਨੀ ਅਤੇ ਉਲਟਾ ਉਨ੍ਹਾਂ ਨੂੰ ਪੈਰ ਪੈਰ ‘ਤੇ ਜ਼ਲੀਲ ਕਰਨਾ ਜਾਰੀ ਰੱਖਿਆ, ਤਾਂ ਅਖੀਰ ਵਿਚ ਜਦੋਂ ਸਿੱਖ ਨੌਜਵਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਨ੍ਹਾਂ ਨੇ, ਦਸਮ ਪਾਤਸ਼ਾਹ ਦੇ ਆਦੇਸ਼ਾਂ ਅਨੁਸਾਰ, ਆਪਣੇ ਹੱਕਾਂ ਲਈ ਹਥਿਆਰਬੰਦ ਸੰਘਰਸ਼ ਦਾ ਰਾਹ ਅਖਤਿਆਰ ਕਰ ਲਿਆ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਣਮਨੁੱਖੀ ਤਸੀਹੇ ਦੇਣ ਤੋਂ ਬਾਅਦ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਗਿਆ। ਦਸਾਂ ਸਾਲਾਂ ਅੰਦਰ ਪੰਜਾਬ ਅੰਦਰ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲੇ ਬਣਾ ਕੇ ਕਤਲ ਕਰ ਦਿਤਾ ਗਿਆ, ਉਨ੍ਹਾਂ ਦੇ ਸਕੇ ਸਨਬੰਧੀਆਂ ਨੂੰ ਵੀ ਨਾ ਬਖ਼ਸ਼ਿਆ ਗਿਆ। ਪੁਲਸੀ ਦਰਿੰਦਿਆਂ ਨੇ ਹਜ਼ਾਰਾਂ ਦੀ ਸੰਖਿਆ ਵਿਚ ਰਸਦੇ ਵਸਦੇ ਘਰ ਉਜਾੜ ਦਿਤੇ। ਸਿੱਖਾਂ ਨੇ ਇਨਸਾਫ਼ ਦੀ ਦੁਹਾਈ ਦਿਤੀ। ਅਦਾਲਤਾਂ ਦੇ ਬੂਹੇ ਖੜਕਾਏ।


ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰ ਰਹੀਆਂ ਕੌਮਾਂਤਰੀ ਸੰਸਥਾਵਾਂ ਅੱਗੇ ਜਾ ਕੇ ਆਪਣੇ ਦੁੱਖ ਰੋਏ। ਇਨ੍ਹਾਂ ਸੰਸਥਾਵਾਂ ਨੇ ਪੰਜਾਬ ਪੁਲੀਸ ਨੂੰ ਡਟ ਕੇ ਫਿਟਕਾਰਾਂ ਪਾਈਆਂ। ਪਰ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਸਿੱਖਾਂ ਨੂੰ ਭਾਰਤ ਅੰਦਰ ਬਣਦਾ ਇਨਸਾਫ਼ ਨਾ ਮਿਲ ਸਕਿਆ। ਦੋਸ਼ੀ ਪੁਲਸ ਅਫਸਰਾਂ ਉਤੇ ਮੁਕੱਦਮੇ ਤਾਂ ਕੀ ਚੱਲਣੇ ਸਨ, ਉਲਟਾ ਉਨ੍ਹਾਂ ਨੂੰ ਇਨਾਮਾਂ ਸਨਮਾਨਾਂ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਜੇਲ੍ਹਾਂ ਅੰਦਰ ਤਾਂ ਕੀਹਨੇ ਭੇਜਣਾ ਸੀ, ਉਲਟਾ ਤਰੱਕੀਆਂ ਦੇ ਕੇ ਸਰਵਉਚ ਅਹੁਦਿਆਂ ਉਤੇ ਬਿਰਾਜਮਾਨ ਕੀਤਾ ਗਿਆ। ਇਸ ਨਾਲ ਪੁਲਸ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਸਿੱਖਾਂ ਦੇ ਕਾਲਜੇ ਲੂਹੇ ਗਏ। ਉਨ੍ਹਾਂ ਨੇ ਇਸ ਆਸ ਨਾਲ ਕਾਂਗਰਸ ਨੂੰ ਹਰਾ ਕੇ ਪੰਜਾਬ ਅੰਦਰ ਅਕਾਲੀ ਹਕੂਮਤ ਕਾਇਮ ਕੀਤੀ ਸੀ ਕਿ ਇਹ ਸਰਕਾਰ ਉਨ੍ਹਾਂ ਦੇ ਰਿਸਦੇ ਜ਼ਖ਼ਮਾਂ ਉਤੇ ਮੱਲ੍ਹਮ ਲਾਉਣ ਦਾ ਪਰਉਪਕਾਰ ਕਰੇਗੀ। ਪਰ ਪਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੇ ਰਿਸਦੇ ਜ਼ਖ਼ਮਾਂ ਉਤੇ ਮੱਲ੍ਹਮ ਤਾਂ ਕੀ ਲਾਉਣੀ ਸੀ, ਸਿੱਖਾਂ ਦੇ ਕਾਤਲ ਪੁਲਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਸਿੱਖਾਂ ਦੇ ਜ਼ਖ਼ਮਾਂ ਨੂੰ ਹੋਰ ਉਚੇੜ ਦਿਤਾ। ਬੇਅੰਤ ਸਿੰਘ ਦੀ ਸਰਕਾਰ ਨੇ ਜਿਥੇ ਇਕ ਪਾਸੇ ਸਿੱਖ ਨੌਜਵਾਨਾਂ ਦੇ ਕਤਲਾਂ ਦੀ ਮੁਹਿੰਮ ਵਿੱਢੀ ਹੋਈ ਸੀ, ਅਤੇ ਦੂਜੇ ਪਾਸੇ ਉਨ੍ਹਾਂ ਨੂੰ ਲੋਕਾਂ ਅੰਦਰ ਬਦਨਾਮ ਕਰਨ ਲਈ ਕੂੜ ਪਰਚਾਰ ਦੀ ਵਿਆਪਕ ਮੁਹਿੰਮ ਚਲਾ ਰੱਖੀ ਸੀ। ਜਿਹੜਾ ਸ਼ਖ਼ਸ ਇਸ ਕੂੜ ਪਰਚਾਰ ਦੀ ਮੁਹਿੰਮ ਦਾ ਸੂਤਰਧਾਰ ਬਣਿਆ ਹੋਇਆ ਸੀ ਅਤੇ ਜਿਸ ਨੇ ਆਪ ਪੜਦੇ ਦੇ ਪਿੱਛੇ ਰਹਿਕੇ ਸਿੱਖ ਸੰਘਰਸ਼ ਦੇ ਖ਼ਿਲਾਫ਼ ਕਿੰਨੀਆਂ ਹੀ ਝੂਠੀਆਂ ਫ਼ਿਲਮਾਂ ਬਣਾਈਆਂ ਅਤੇ ਇਨ੍ਹਾਂ ਨੂੰ ਵਾਰ ਵਾਰ ਦੂਰਦਰਸ਼ਨ ਤੋਂ ਪ੍ਰਸਾਰਤ ਕੀਤਾ ਗਿਆ, ਪਰਕਾਸ਼ ਸਿੰਘ ਬਾਦਲ ਨੇ ਉਸੇ ਸ਼ਖ਼ਸ ਨੂੰ ਆਪਣਾ ਮੀਡੀਆ ਸਲਾਹਕਾਰ ਬਣਾ ਕੇ ਆਪਣੇ ਦੋਗਲੇ ਤੇ ਫਰੇਬੀ ਕਿਰਦਾਰ ਦਾ ਪੁਖਤਾ ਸਬੂਤ ਦੇ ਦਿਤਾ।


ਅਜਿਹੀ ਹਾਲਤ ਵਿਚ ਜਦੋਂ ਸਿੱਖ ਭਾਈਚਾਰੇ ਨੂੰ ਇਹ ਖ਼ਬਰ ਮਿਲੀ ਕਿ ਕੁੱਝ ਉਤਸ਼ਾਹੀ ਨੌਜਵਾਨਾਂ ਨੇ ‘ਸਾਡਾ ਹੱਕ’ ਨਾਂ ਦੀ ਫਿਲਮ ਬਣਾ ਕੇ ਸਿੱਖਾਂ ਨਾਲ ਹੋਏ ਜ਼ੁਲਮਾਂ ਦੀ ਕਹਾਣੀ ਬਿਆਨ ਕਰਨ ਦਾ ਹੌਂਸਲਾ ਕੀਤਾ ਹੈ, ਤਾਂ ਉਨ੍ਹਾਂ ਨੂੰ ਇਸ ਨਾਲ ਕਾਫੀ ਰਾਹਤ ਮਹਿਸੂਸ ਹੋਈ, ਕਿ ਕੀ ਹੋਇਆ ਜੇਕਰ ਉਨ੍ਹਾਂ ਨੂੰ ਹਾਕਮਾਂ ਕੋਲੋਂ ਇਨਸਾਫ਼ ਨਹੀਂ ਮਿਲਿਆ, ਏਨਾ ਹੀ ਬਹੁਤ ਹੈ ਕਿ ਕਿਸੇ ਨੇ ਉਨ੍ਹਾਂ ਦਾ ਸੱਚ ਬਿਆਨ ਕਰਨ ਦੀ ਹਿੰਮਤ ਤਾਂ ਕੀਤੀ ਹੈ। ਪਰ ਹਤਿਆਰੇ ਪੁਲਸ ਅਫਸਰ ਇਸ ਕਰੂਰ ਸੱਚ ਦਾ ਸਾਹਮਣਾ ਕਿਵੇਂ ਕਰ ਸਕਦੇ ਹਨ? ਖਾਸ ਕਰਕੇ ਉਸ ਹਾਲਤ ਵਿਚ ਜਦ ਦੇਸ ਦੇ ਹਾਕਮ ਤੇ ਬਹੁਗਿਣਤੀ ਭਾਈਚਾਰਾ ਉਨ੍ਹਾਂ ਦੀ ਪਿੱਠ ਉਤੇ ਖੜ੍ਹਾ ਹੋਵੇ, ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਅਣਸੁਖਾਵਾਂ ਸੱਚ ਸੁਣਨ ਤੇ ਦੇਖਣ ਦੀ ਕੀ ਮਜ਼ਬੂਰੀ ਹੈ? ਸੋ ਉਨ੍ਹਾਂ ਨੇ ਆਪਣੀ ਵਿਸ਼ੇਸ਼ ਹਸਤੀ ਤੇ ਰੁਤਬੇ ਦਾ ਇਸਤੇਮਾਲ ਕਰਦੇ ਹੋਏ ਸੱਚ ਦੀ ਆਵਾਜ਼ ਨੂੰ ਦਬਾਅ ਦੇਣ ਦਾ ਫ਼ਾਸ਼ਵਾਦੀ ਰੁਖ ਅਪਣਾ ਲਿਆ ਹੈ।


ਸਿੱਖ ਦੁਸ਼ਮਣ ਤਾਕਤਾਂ ਨੇ ਉਚੀ ਉਚੀ ਚੀਕਣਾ ਸ਼ੁਰੂ ਕਰ ਦਿਤਾ ਹੈ ਕਿ ਫਿਲਮ ਅੰਦਰ ਪੂਰਾ ਸੱਚ ਪੇਸ਼ ਨਹੀਂ ਕੀਤਾ ਗਿਆ, ਅਧੂਰਾ ਤੇ ਇਕਪਾਸੜ ਸੱਚ ਹੀ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਸਾਡਾ ਜੁਆਬ ਇਹ ਹੈ ਕਿ ਤੁਸੀਂ ਤੀਹ ਸਾਲਾਂ ਤਕ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਸੱਚ ਨੂੰ ਆਪਣੇ ਹੀ ਢੰਗ ਨਾਲ ਤੇ ਆਪਣੇ ਹੀ ਨੁਕਤਾ-ਨਜ਼ਰ ਤੋਂ ਪੇਸ਼ ਕਰਦੇ ਰਹੇ ਹੋ। ਤੁਸੀਂ ਸੱਚ ਦੇ ਨਾਂ ਹੇਠ ਮਣਾਂਮ੍ਹੂੰਹੀਂ ਝੂਠ ਬੋਲਿਆ ਹੈ। ‘ਸਾਡਾ ਹੱਕ’ ਫਿਲਮ ਵਿਚ ਪੇਸ਼ ਕੀਤਾ ਗਿਆ ਸੱਚ ਤੁਹਾਡੇ ਝੂਠ ਦਾ ਜੁਆਬ ਹੈ, ਇਹ ਸਾਡਾ ਸੱਚ ਹੈ ਜਿਹੜਾ ਤੁਹਾਨੂੰ ਕੌੜਾ ਲੱਗ ਰਿਹਾ ਹੈ। ਤੁਸੀਂ ਤੀਹ ਸਾਲ ਸਾਨੂੰ ਧੱਕੇ ਨਾਲ ਆਪਣਾ ਸੱਚ ਸੁਣਾਇਆ ਹੈ। ਹੁਣ ਜਦ ਸਾਡੇ ਵਿਚੋਂ ਕਿਸੇ ਨੇ ਸਾਡਾ ਸੱਚ ਪੇਸ਼ ਕਰਨ ਦੀ ਹਿੰਮਤ ਕੀਤੀ ਹੈ ਤਾਂ ਤੁਸੀਂ ਏਨਾ ਘਬਰਾ ਕਿਉਂ ਗਏ ਹੋ? ਇਹ ਤਾਂ ਅਜੇ ਸ਼ੁਰੂਆਤ ਹੀ ਹੋਈ ਹੈ। ਅਜੇ ਤਾਂ ਤੁਹਾਡੇ ਪਾਪਾਂ ਦੇ ਬਹੁਤ ਸਾਰੇ ਕਿੱਸੇ ਖੁਲ੍ਹਣੇ ਹਨ।


ਅਜਮੇਰ ਸਿੰਘ

Wednesday, April 10, 2013

'ਸਾਡਾ ਹੱਕ': ਪੰਜਾਬ ਦੇ ਸੰਤਾਪ ਦੀਆਂ ਕੌੜੀਆਂ ਸੱਚਾਈਆਂ ਦਾ ਫ਼ਿਲਮੀ ਦਸਤਾਵੇਜ਼-ਬਲਜੀਤ ਬੱਲੀ


'ਸਾਡਾ ਹੱਕ' ਦਾ ਸਿਆਸੀ ਪੋਸਟ-ਮਾਰਟਮ

ਫ਼ਿਲਮ 'ਸਾਡਾ ਹੱਕ' ਦਾ ਥੀਮ,ਕਹਾਣੀ, ਪੇਸ਼ਕਾਰੀ ਅਤੇ ਕਿਰਦਾਰ ਅਤੇ ਘਟਨਾਵਾਂ, ਗੀਤ ਅਤੇ ਆਖ਼ਰੀ ਸੁਨੇਹਾ ,ਸਭ ਕੁੱਝ ਅਜਿਹਾ ਹੈ ਜੋ ਸਰਕਾਰੀ ਤੰਤਰ ਅਤੇ ਸਮਾਜ ਦੇ ਹਰ ਵਰਗ ਦੇ ਹਜ਼ਮ ਆਉਣ ਵਾਲਾ ਨਹੀਂ ਹੈ। ਕੁਲਜਿੰਦਰ ਸਿੱਧੂ ਅਤੇ ਦਿਨੇਸ਼ ਸੂਦ ਵੱਲੋਂ ਬਣਾਈ ਗਈ ਇਹ ਫ਼ਿਲਮ 8ਵੇਂ ਅਤੇ ਨੌਵੇਂ ਦਹਾਕੇ ਦੌਰਾਨ ਪੰਜਾਬ ਦੇ ਸੰਤਾਪ ਭਰੇ ਦੌਰ ਦੇ ਕੁਝ ਪੱਖਾਂ ਅਤੇ ਕੁਝ ਇੱਕ ਘਟਨਾਵਾਂ ਨਾਲ ਰਲਦੀ-ਮਿਲਦੀ ਕਹਾਣੀ 'ਤੇ ਅਧਾਰਤ ਹੈ। ਇਨ੍ਹਾਂ ਘਟਨਾਵਾਂ ਦੇ ਪੇਸ਼ਕਾਰੀ ਤੋਂ ਸਾਰੀ ਫ਼ਿਲਮ ਇਸ ਮਨੌਤ ਦਾ ਪ੍ਰਭਾਵ ਦਿੰਦੀ ਹੈ ਕਿ ਪੰਜਾਬ 'ਚ ਬਹੁਤ ਸਾਰੇ ਨੌਜਵਾਨਾਂ ਨੂੰ ਖਾਲਿਸਤਾਨੀ ਲਹਿਰ ਅਤੇ ਖਾੜਕੂਵਾਦ ਵੱਲ ਧੱਕਣ ਪਿੱਛੇ ਇੱਕ ਬਹੁਤ ਵੱਡਾ ਕਾਰਨ ਸਿੱਖਾਂ ਨਾਲ ਹੁੰਦਾ ਵਿਤਕਰਾ, ਪੁਲਿਸ ਅਤੇ ਸੁਰੱਖਿਆ ਫੋਰਸ ਦਾ ਜ਼ਬਰ-ਜ਼ੁਲਮ, ਗ਼ੈਰ-ਮਨੁੱਖੀ ਵਤੀਰਾ,ਝੂਠੇ ਪੁਲਿਸ ਮੁਕਾਬਲੇ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਸੀ । ਕਿਸੇ ਹੱਦ ਤੱਕ ਅਜਿਹੀ ਧਾਰਨਾ ਠੀਕ ਵੀ ਹੈ। ਮਨੁੱਖੀ ਅਧਿਕਾਰਾਂ ਦਾ ਜੋ ਘਾਣ ਉਸ ਦੌਰ ਵਿਚ ਹੋਇਆ,ਉਹ ਹੌਲਨਾਕ ਸੀ।

'ਸਾਡਾ ਹੱਕ' ਵਿਚ ਪੇਸ਼ ਕਹਾਣੀ ਇਕ ਪੰਜਾਬ ਦੇ ਪਿੰਡ ਦੇ ਇੱਕ ਮੱਧ ਵਰਗੀ ਕਿਸਾਨ ਪਰਿਵਾਰ ਦੇ ਇੱਕ ਜੰਮਪਲ ਖਿਡਾਰੀ ਦੇ ਦੁਆਲੇ ਘੁੰਮਦੀ ਹੈ।ਨੌਜਵਾਨ ਦਾ ਨਾਂ ਕਰਤਾਰ ਸਿੰਘ ਹੈ। ਇਹ ਰੋਲ ਖ਼ੁਦ ਕੁਲਜਿੰਦਰ ਸਿੰਧੂ ਨੇ ਬਾਖ਼ੂਬੀ ਨਿਭਾਇਆ ਹੈ।ਪੁਲਿਸ ਦੇ ਧੱਕੇਸ਼ਾਹੀ ਦਾ ਸ਼ਿਕਾਰ ਹੋਣ ਨਾਲ ਪੈਦਾ ਹੋਏ ਹਾਲਾਤ ਵੱਜੋਂ ਉਹ ਘਰੋਂ ਭੱਜਣ, ਰੂਪੋਸ਼ ਹੋਣ ਅਤੇ ਖਾਲਿਸਤਾਨੀ ਖਾੜਕੂ ਗਰੁੱਪ ਵਿਚ ਸ਼ਾਮਲ ਹੋਣ ਲਈ ਮਜ਼ਬੂਰ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਉਸ ਖਾੜਕੂ ਹਿੰਸਾ ਦਾ ਸਰਗਰਮ ਅਤੇ ਮੋਹਰੀ ਕਿਰਦਾਰ ਬਣ ਜਾਂਦਾ ਹੈ ਜੋ ਪੰਜਾਬ ਦਾ ਇੱਕ ਖ਼ੂਨੀ ਇਤਹਾਸ ਬਣ ਚੁੱਕੀ ਹੈ।

ਬਾਅਦ ਦੀ ਕਹਾਣੀ ਆਤਮਘਾਤੀ ਬੰਬ ਰਹੀ ਮਾਰੇ ਗਏ ਪੰਜਾਬ ਦੇ ਸਾਬਕਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਅਤੇ ਇਸ ਵਾਰਦਾਤ ਨਾਲ ਜੁੜੇ ਦੋਸ਼ੀ ਖਾਲਿਸਤਾਨੀਆਂ ਨੂੰ ਫ਼ਰਜ਼ੀ ਜਾਂ ਬਦਲਵੇਂ ਨਵਾਂ ਰਾਹੀਂ ਰੂਪਮਾਨ ਕਰਦੀ ਹੈ ।ਇਸ ਫ਼ਿਲਮ ਵਿਚ ਵੀ ਕਰਤਾਰ ਸਿੰਘ ਅਤੇ ਉਸਦੇ ਸਾਥੀਆਂ ਦੀ ਸੁਰੰਗ ਪੁੱਟ ਕੇ ਜੇਲ੍ਹ ਵਿਚੋਂ ਫ਼ਰਾਰ ਹੋਣ ਦੀ ਦਿਖਾਈ ਘਟਨਾ, ਬੁੜੈਲ ਜੇਲ੍ਹ ਵਿਚੋਂ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਜਗਤਾਰ ਹਵਾਰਾ ਅਤੇ ਉਸ ਦੇ ਸਾਥੀਆਂ ਨਾਲ ਮਿਲਦੀ ਜੁਲਦੀ ਹੈ। ਫ਼ਿਲਮ ਵਿਚ ਉਹ ਗ੍ਰਹਿ ਮੰਤਰੀ ਨੂੰ ਮਨੁੱਖੀ ਬੰਬ ਨਾਲ ਉਡਾਉਣ ਦੀ ਘਟਨਾ ਜੇਲ੍ਹ ਵਿਚ ਫ਼ਰਾਰੀ ਤੋਂ ਬਾਅਦ ਦਿਖਾਈ ਗਈ ਹੈ ਜਦੋਂ ਕਿ ਅਸਲੀਅਤ ਵਿਚ ਬੇਅੰਤ ਸਿੰਘ ਦਾ ਕਤਲ ਪਹਿਲਾਂ ਕੀਤਾ ਗਿਆ ਸੀ ਅਤੇ ਜੇਲ੍ਹ ਵਿਚੋਂ ਜਗਤਾਰ ਹਵਾਰਾ ਅਤੇ ਫ਼ਰਾਰੀ ਬਾਅਦ ਵਿਚ ਹੋਈ ਸੀ।ਲਗਭਗ ਉਸੇ ਤਰ੍ਹਾਂ ਹੀ ਪੰਜਾਬ ਪੁਲਿਸ ਦੇ ਕਰਿੰਦੇ ਹੀ ਮਨੁੱਖੀ ਬੰਬ ਦਿਖਾਏ ਗਏ ਹਨ। ਪੁਲਿਸ ਦੇ ਅਫ਼ਸਰਾਂ ਦੇ ਫ਼ਿਲਮ ਵਿਚਲੇ ਕਿਰਦਾਰ ਵੀ ਸਾਬਕਾ ਡੀ ਜੀ ਪੀ ਕੇ ਪੀ ਐਸ ਗਿੱਲ, ਸਾਬਕਾ ਐਸ ਐਸ ਪੀ ਤਰਤਾਰਨ ਅਜੀਤ ਸਿੰਘ ਸੰਧੂ ਅਤੇ ਬਟਾਲਾ ਦੇ ਸਾਬਕਾ ਐਸ ਐਸ ਪੀ ਗੋਬਿੰਦ ਰਾਮ ਨਾਲ ਮਿਲਦੇ ਜੁਲਦੇ ਦਿਖਾਏ ਗਏ ਹਨ। ਅਣਪਛਾਤੀਆਂ ਲਾਸ਼ਾਂ ਅਤੇ ਲਾਪਤਾ ਹੋਏ ਸਿੱਖ ਨੌਜਵਾਨਾਂ ਬਾਰੇ ਖੋਜ ਰਿਪੋਰਟ ਇਕੱਠੀ ਕਰਦਾ ਪੁਲਿਸ ਹੱਥੋਂ ਮਾਰਿਆ ਕਿਰਦਾਰ ਵੀ ਜਸਵੰਤ ਸਿੰਘ ਖਾਲੜਾ ਵੱਲ ਹੀ ਇਸ਼ਾਰਾ ਕਰਦਾ ਹੈ। ਜਗਤਾਰ ਹਵਾਰੇ ਵਾਂਗ ਇਸ ਫ਼ਿਲਮ ਵਿਚ ਵੀ ਫ਼ਰਾਰੀ ਤੋਂ ਬਾਅਦ ਕਰਤਾਰ ਦਾ ਵਿਆਹ ਹੋਇਆ ਵੀ ਦਿਖਾਇਆ ਗਿਆ ਹੈ।

ਫ਼ਿਲਮ ਦੀ ਕਹਾਣੀ ਅਰਾਜਕਤਾ ਭਰੇ ਮਾਹੌਲ ਦੌਰਾਨ ਓਸ ਦੌਰ ਵਿਚ ਦਹਿਸ਼ਤਪਸੰਦ ਅਤੇ ਖਾਲਿਸਤਾਨੀ ਗਰੁੱਪਾਂ ਵੱਲੋਂ ਕੀਤੇ ਜਾਂਦੇ ਮਾਸੂਮ ਅਤੇ ਨਿਰਦੋਸ਼ ਲੋਕਾਂ ਦੇ ਹਜ਼ਾਰਾਂ ਕਤਲਾਂ ਦੀ ਸਿਰਫ਼ ਇੱਕ ਅੱਧ ਘਟਨਾ ਹੀ ਦਿਖਾਈ ਗਈ ਪਰ ਇਸ ਸਿਲਸਿਲੇ ਨੂੰ ਖਾਲਿਸਤਾਨੀ ਖਾੜਕੂਆਂ ਵਿਚ ਵੜੇ ਸਿਰਫ਼ ਗ਼ਲਤ ਅਨਸਰਾਂ ਜਾਂ ਪੁਲਿਸ ਦੇ ਕੈਟਾਂ ਰਾਹੀਂ ਕਰਵਾਏ ਜਾਂਦੇ ਕਤਲ ਦਰਸਾਉਣ ਦਾ ਹੀ ਯਤਨ ਕੀਤਾ ਗਿਆ ਹੈ ।ਜਦੋਂ ਕਿ ਸਾਡੇ ਵਰਗੇ ਜਿਨ੍ਹਾਂ ਨੇ ਵੀ ਉਹ ਦੁਖਦਾਈ ਦੌਰ ਹੰਢਾਇਆ ਹੈ, ਉਹ ਸਭ ਜਾਣਦੇ ਨੇ ਕਿ ਉਸ ਹਿੰਸਾ ਵਿਚ ਹਜ਼ਾਰਾਂ ਸਾਧਾਰਨ ਲੋਕ ਬੇਕਸੂਰੇ ਲੋਕ ਸਮੂਹਕ ਰੂਪ ਵਿਚ ਜਾਣ ਵਿਅਕਤੀਗਤ ਰੂਪ ਵਿਚ ਹੀ ਸਿੱਖ ਖਾੜਕੂਆਂ ਵੱਲੋਂ ਬਹੁਤ ਵਾਰ ਵਿਓਂਤਬੱਧ ਤਰੀਕੇ ਨਾਲ ਮਾਰੇ ਗਏ ਸਨ। ਉਸ ਦੌਰ ਦਾ ਇਤਿਹਾਸ ਖ਼ੁਦ ਵੀ ਗਵਾਹ ਹੈ।ਇਸ ਲਈ ਇਹ ਇਹ ਕਿਹਾ ਜਾ ਸਕਦਾ ਹੈ ਕਿ ਫ਼ਿਲਮ ਵਿਚ ਉਸ ਦੌਰ ਦੀਆਂ ਕੁਝ ਕੌੜੀਆਂ ਹਕੀਕਤਾਂ ਅਤੇ ਕੁਝ ਅਹਿਮ ਪੱਖਾਂ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਉਹ ਆਪਣੇ-ਆਪ ਵਿਚ ਕੌੜਾ ਸੱਚ ਹੈ ਪਰ ਇਹ ਓਸ ਦੌਰ ਦਾ ਪੂਰਾ ਸੱਚ ਨਹੀਂ ਹੈ।ਵੈਸੇ ਕਿਸੇ ਵੀ ਇੱਕ ਫ਼ਿਲਮ ਵਿਚ ਇੰਨੇ ਲੰਮੇ ਦੌਰ ਦਾ ਪੂਰਾ ਸੱਚ ਦਿਖਾਇਆ ਵੀ ਨਹੀਂ ਜਾ ਸਕਦਾ। ਕੋਈ ਫ਼ਿਲਮ ਜਾਂ ਨਾਟਕ ਕਿਸੇ ਸਮੇਂ ਅਤੇ ਸਥਾਨ ਜਾਂ ਦੌਰ ਦੇ ਕੁਝ ਉੱਭਰਵਾਂ ਜਾਂ ਚੋਣਵੇਂ ਪੱਖਾਂ ਅਤੇ ਹਕੀਕਤਾਂ ਨੂੰ ਹੀ ਰੂਪਮਾਨ ਕਰ ਸਕਦਾ ਹੈ।


ਖਾਲਿਸਤਾਨੀ ਖਾੜਕੂ ਲਹਿਰ ਅਤੇ ਇਸ ਸਬੰਧੀ ਵਾਪਰੇ ਘਟਨਾਕ੍ਰਮ ਬਾਰੇ ਪੰਜਾਬੀ ਅਤੇ ਇਥੋਂ ਤੱਕ ਸਿੱਖ ਸਮਾਜ ਵੀ ਇੱਕਮੱਤ ਨਹੀਂ ਹੈ।ਬੇਸ਼ੱਕ ਸਿੱਖ ਜਗਤ ਦੀ ਬਹੁਗਿਣਤੀ ਦੀ ਮਾਨਸਿਕਤਾ 1984 ਵਿਚ ਹੋਏ ਅਪਰੇਸ਼ਨ ਬਲਿਊ ਸਟਾਰ ਅਤੇ ਇਸ ਤੋਂ ਬਾਅਦ ਦਿੱਲੀ ਅਤੇ ਹੋਰਨਾਂ ਥਾਵਾਂ ਤੇ ਹੋਏ ਸਿੱਖ ਕਤਲੇਆਮ ਤੋਂ ਇਲਾਵਾ ਲੰਮੇ ਸਮੇਂ ਹੁੰਦੇ ਧੱਕੇ-ਧੋੜੇ ਕਾਰਨ ਜ਼ਜ਼ਬਾਤੀ ਤੌਰ ਤੇ ਵਲੂੰਧਰੀ ਗਈ ਸੀ ਪਰ ਇਨ੍ਹਾਂ ਦੇ ਪ੍ਰਤੀਕਰਮ ਵਜੋਂ ਜਾਂ ਉਂਝ ਵੀ ਓਸ ਹਿੰਸਕ ਦੌਰ ਵਿਚ ਜੋ ਕੁਝ ਵਾਪਰਿਆ ,ਇਸ ਬਾਰੇ ਵਿਅਕਤੀ ਅਤੇ ਸਮੂਹਕ ਪੱਧਰ ਤੇ ਵੀ ਰਾਇ ਵੰਡੀ ਹੋਈ ਹੈ।ਜਿਵੇਂ ਕਿ ਹਰੇਕ ਖਾੜਕੂ, ਅੱਤਵਾਦੀ ਅਤੇ ਹਥਿਆਰਬੰਦ ਲਹਿਰ ਬਾਰੇ ਹੁੰਦਾ ਹੈ, ਲਹਿਰ ਦੇ ਕਾਰਕੁੰਨ ਜਾਂ ਆਗੂ , ਕਿਸੇ ਇੱਕ ਧਿਰ ਲਈ ਸੂਰਮੇ,ਯੋਧੇ ,ਨਾਇਕ ਅਤੇ ਸ਼ਹੀਦ ਹੋ ਸਕਦੇ ਹਨ ਅਤੇ ਕਿਸੇ ਦੂਜੀ ਧਿਰ ਲਈ ਉਹੀ ਲੋਕ ਕਾਤਲ, ਗ਼ੱਦਾਰ ਜਾਂ ਨਿਰਦਈ ਅਤੇ ਨਫ਼ਰਤ ਦੇ ਪਾਤਰ ਮੰਨੇ ਜਾ ਸਕਦੇ ਹਨ।

ਪੰਜਾਬ ਵਿਚ ਤਾਂ ਆਮ ਲੋਕ ਖਾੜਕੂਵਾਦ ਦੀ ਬੇਦਰਦ ਹਿੰਸਾ ਦਾ ਸ਼ਿਕਾਰ ਵੀ ਹੋਏ ਸਨ ਅਤੇ ਪੁਲਿਸ ਤੰਤਰ ਦੀ ਗੈਰਮਨੁੱਖੀ ਹਿੰਸਾ ਦੇ ਵੀ।ਸੰਨ 1990-91 ਵਿੱਚ ਇੱਕ ਅਜਿਹਾ ਦੌਰ ਵੀ ਜਦੋਂ ਆਮ ਲੋਕਾਂ ਦੀ ਹਾਲਤ ਚੱਕੀ ਦੇ ਦੋ ਪੀੜਾਂ ਵਿੱਚ ਪਿਸਣ ਵਾਲੀ ਹੋ ਗਈ ਸੀ।ਇਥੋਂ ਤੱਕ ਕਿ ਮੇਰੇ ਆਪਣੇ ਪਰਿਵਾਰ ਵਰਗੇ ਵੀ ਅਨੇਕਾਂ ਅਜਿਹੇ ਲੋਕ ਹਨ ਜਿਹੜੇ ਦੋਹਾਂ ਧਿਰਾਂ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ। ਸਾਡੇ ਪਰਿਵਾਰ ਦੇ ਤਿੰਨ ਨਜ਼ਦੀਕੀ ਰਿਸ਼ਤੇਦਾਰ ਸ਼ਾਹਬਾਦ ਵਿੱਚ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਨਾਮੀ ਮੋਹਰੀਆਂ ਨੇ ਏ ਕੇ 47 ਦੀਆਂ ਗੋਲੀਆਂ ਨਾਲ ਬੇਰਹਿਮੀ ਨਾਲ ਮਾਰੇ ਸਨ। ਦੂਜੇ ਪਾਸੇ ਸਾਡੇ ਹੀ ਪਰਿਵਾਰ ਦਾ ਇਕ 21 ਸਾਲਾ ਨੌਜਵਾਨ ,ਐਸ ਐਸ ਪੀ ਤਰਨ ਤਾਰਨ ਅਜੀਤ ਸਿੰਘ ਸੰਧੂ ਨੇ ਜੰਡਿਆਲੇ ਤੋਂ ਘਰੋਂ ਚੁੱਕ ਕੇ ਮਾਰ ਖਪਾ ਦਿਤਾ ।ਸਾਡੇ ਲਈ ਸੱਚਾਈ ਦੇ ਅਰਥ ਬਿਲਕੁਲ ਵੱਖਰੇ ਹਨ।

ਦਰਅਸਲ ਪੰਜਾਬ ਦੇ ਖ਼ੂਨੀ, ਭਿਆਨਕ ਅਤੇ ਸੰਤਾਪ ਭਰੇ ਦੌਰ ਵਿਚ ਜੋ ਕੁਝ ਵਾਪਰਿਆ ਉਸ ਦਾ ਕੋਈ ਸਰਬ ਸਾਂਝਾ ਨਿਪਟਾਰਾ ਵੀ ਤਾਂ ਨਹੀਂ ਹੋਇਆ ਕਿ ਇਸ ਦੇ ਕੀ ਕਾਰਨ ਸਨ? ਕੌਣ -ਕੌਣ ,ਕਿਹੜੀਆਂ- ਕਿਹੜੀਆਂ ਧਿਰਾਂ ਦੋਸ਼ੀ ਸਨ ? ਕਿਸ ਧਿਰ ਦਾ ਕਿੰਨਾ ਕਸੂਰ ਸੀ ? ਭਾਰਤੀ ਸਟੇਟ ਅਤੇ ਖ਼ੁਫ਼ੀਆ ਏਜੰਸੀਆਂ ਦੀ ਭੂਮਿਕਾ ਕਿਹੋ ਜਿਹੀ ਸੀ ? ਇਸ ਵਿਚ ਬਾਹਰਲੇ ਮੁਲਕਾਂ ਅਤੇ ਉਥੋਂ ਦੀਆਂ ਏਜੰਸੀਆਂ ਦਾ ਕੀ ਰੋਲ ਸੀ ? 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾਵਾਂ ਕਿਉਂ ਨਹੀਂ ਮਿਲੀਆਂ? ਆਦਿ।

ਬੇਸ਼ੱਕ ਇਸ ਫ਼ਿਲਮ ਵਿਚ ਸਮੁੱਚੇ ਸਿਸਟਮ ਦੀ ਤਬਦੀਲੀ ਦੇ ਸੰਵਾਦ ਸੁਣਨ ਨੂੰ ਵੀ ਮਿਲਦੇ ਨੇ ਪਰ ਖਾਲਿਸਤਾਨੀ ਲਹਿਰ ਨਾਲ ਸਬੰਧਤ ਹੁੰਦੀ ਹੋਈ ਵੀ 'ਸਾਡਾ ਹੱਕ' ਦੀ ਕਹਾਣੀ ਵਿਚ ਕੋਈ ਵਿਚਾਰਧਾਰਕ ਡੂੰਘਾਈ ਨਹੀਂ ਲੱਭਦੀ।

ਪੰਜਾਬ ਦੇ ਓਸ ਹਿੰਸਕ ਦੌਰ ਬਾਰੇ ਬਣੀਆਂ ਦੋ ਫ਼ਿਲਮਾਂ ਚਰਚਿਤ ਹੋਈਆਂ ਸਨ। ਇੱਕ ਇਕਬਾਲ ਢਿੱਲੋਂ ਵੱਲੋਂ ਬਣਾਈ ਗਈ ਪੰਜਾਬੀ ਫ਼ਿਲਮ 'ਤਬਾਹੀ' ਸੀ ਅਤੇ ਦੂਜੀ ਗੁਲਜ਼ਾਰ ਵੱਲੋਂ ਬਣਾਈ ਗਈ ਹਿੰਦੀ ਫ਼ਿਲਮ 'ਮਾਚਿਸ' ਸੀ। 'ਸਾਡਾ ਹੱਕ' ਦਾ ਥੀਮ ਪੰਜਾਬ ਦੇ ਓਸ ਦੌਰ ਬਾਰੇ ਗੁਲਜ਼ਾਰ ਵੱਲੋਂ 1996 ਵਿਚ ਬਣਾਈ ਗਈ ਫ਼ਿਲਮ 'ਮਾਚਿਸ' ਨਾਲ ਮਿਲਦਾ-ਜੁਲਦਾ ਹੈ।ਇਸ ਦਾ ਪ੍ਰੇਰਨਾ ਸ੍ਰੋਤ ਬੇਅੰਤ ਸਿੰਘ ਕਤਲ ਕਾਂਡ ਨਾਲ ਜੁੜੇ ਜਗਤਾਰ ਹਵਾਰਾ ਅਤੇ ਉਨ੍ਹਾ ਦੇ ਸਾਥੀ ਲਗਦੇ ਨੇ।ਕਲਾਕਾਰੀ ਅਤੇ ਡੂੰਘਾਈ ਪੱਖੋਂ ਦੇਖਿਆ ਜਾਵੇ ਤਾਂ ਮਾਚਿਸ ਦਾ ਮਿਆਰ ਕਿਤੇ ਉੱਚਾ ਸੀ। ਉਸ ਵਿਚ ਪਾਤਰਾਂ ਦੇ ਕਿਰਦਾਰ ਵੀ ਓਮਪੁਰੀ ਅਤੇ ਤੱਬੂ ਵਰਗੇ ਚੋਟੀ ਦੇ ਕਲਾਕਾਰਾਂ ਨੇ ਨਿਭਾਏ ਸਨ । ਇਹ ਫ਼ਿਲਮ ਕਲਾ ਦਾ ਇੱਕ ਸ਼ਾਨਦਾਰ ਨਮੂਨਾ ਸੀ।

ਦੂਜੇ ਪਾਸੇ 'ਸਾਡਾ ਹੱਕ' ਫ਼ਿਲਮ ਦੀ ਅਪੀਲ ਧਾਰਮਿਕ ਅਤੇ ਜ਼ਜ਼ਬਾਤੀ ਵਧੇਰੇ ਹੈ।ਇਹ ਆਪਣੀ ਕਿਸਮ ਦੀ ਪਹਿਲੀ ਫ਼ਿਲਮ ਹੈ ਜਿਸ ਨੂੰ ਵੱਖ ਵੱਖ ਵਰਗ ਅਤੇ ਵਿਅਕਤੀ ਆਪਣੀ ਆਪਣੀ ਨਜ਼ਰ ਨਾਲ ਦੇਖਣਗੇ,ਉਹ ਅਰਥ ਵੀ ਆਪਣੇ-ਆਪਣੇ ਕੱਢਣਗੇ ਅਤੇ ਰੀਐੱਕਸ਼ਨ ਵੀ ਵੱਖ ਵੱਖ ਹੋਵੇਗਾ।ਫ਼ਿਲਮ ਵਿਚ ਦਿਖਾਈ ਹਿੰਸਾ ਨੂੰ ਭੜਕਾਊ ਅਤੇ ਇਕਤਰਫਾ ਆਖ ਕੇ ਇਸ ਦੀ ਨੁਕਤਾਚੀਨੀ ਵੀ ਹੋ ਸਕਦੀ ਹੈ ਪਰ ਇਸ ਦੇ ਮੁਕਾਬਲੇ ਹਿੰਦੀ ਫ਼ਿਲਮਾਂ ਵਿਚ ਅੱਜ ਕੱਲ੍ਹ ਜਿੰਨੀ ਅਤੇ ਜਿਸ ਤਰ੍ਹਾਂ ਦੀ ਹਿੰਸਾ ਅਤੇ ਜ਼ੁਰਮਾ ਦੇ ਨਵੇਂ ਨਵੇਕਲੇ ਤੌਰ ਤਰੀਕੇ ਦਿਖਾਏ ਜਾਂਦੇ ਹਨ , ਉਸ ਦੇ ਮੁਕਾਬਲੇ ਤਾਂ ਇਸ ਫ਼ਿਲਮ ਬਹੁਤ ਪਿੱਛੇ ਹੋਵੇਗੀ।ਦੇਖਣਾ ਇਹ ਹੈ ਸਾਡਾ ਹੱਕ ਨੂੰ ਦੇਖਣ ਵਾਲੀ ਨਵੀਂ ਨੌਜਵਾਨ ਪੀੜ੍ਹੀ ਦੇ ਮਨ ਤੇ ਕਿਹੋ ਜਿਹਾ ਪ੍ਰਭਾਵ ਪਵੇਗਾ।

ਬਣਤਰ ਪੱਖੋਂ ਇਸ ਫ਼ਿਲਮ ਦੀਆਂ ਕੁਝ ਖ਼ੂਬੀਆਂ ਉੱਭਰਵੀਆਂ ਹਨ ।ਸਿੱਖ ਕਿਰਦਾਰਾਂ ਅਤੇ ਉਨਾਂ ਦੀ ਵੇਸ਼ ਭੂਸ਼ਾ, ਠੇਠ ਪੰਜਾਬੀ ਭਾਸ਼ਾ ਵਿਚ ਬੋਲੇ ਡਾਇਲਾਗ, ਪੰਜਾਬ ਦੇ ਰਹਿਣ -ਸਹਿਣ ਦੀ ਸੁਭਾਵਕ ਅਤੇ ਹਕੀਕੀ ਪੇਸ਼ਕਰੀ ਪੱਖੋਂ ਸਾਡਾ ਹੱਕ ਬਹੁਤ ਸਲਾਹੁਣਯੋਗ ਹੈ। ਆਮ ਤੌਰ ਤੇ ਸਿੱਖ ਕਿਰਦਾਰਾਂ ਨੂੰ ਬਹੁਤ ਹਲਕੇ ਅਤੇ ਬੇ-ਢਵੇ ਢੰਗ (ਬਹੁਤ ਵਾਰ ਮਜ਼ਾਕੀਆ ਢੰਗ ਨਾਲ) ਨਾਲ ਫ਼ਿਲਮਾਂ ਵਿਚ ਪੇਸ਼ ਕੀਤਾ ਜਾਂਦਾ ਹੈ ਪਰ ਸਾਡਾ ਹੱਕ ਵਿਚ ਬਹੁਤੇ ਮੁੱਖ ਪਾਤਰ ਰਹਿਣੀ-ਬਹਿਣੀ ਅਤੇ ਬੋਲ -ਚਾਲ ਪੱਖੋਂ ਜਿਉਂਦੇ ਜਾਗਦੇ ਅਸਲੀ ਪਾਤਰ ਦਿਖਾਈ ਦਿੰਦੇ ਹਨ।ਫ਼ਿਲਮ ਵਿਚ ਮਲਵਈ ਪੰਜਾਬੀ ਦਾ ਬੋਲ -ਬਾਲਾ ਹੈ। ਕਮਾਲ ਦੀ ਗੱਲ ਇਹ ਵੀ ਹੈ ਕੁਲਜਿੰਦਰ ਸਿੱਧੂ ਖ਼ੁਦ ਮਾਝੇ ਦੇ ਜੰਮਪਲ ਹੋਣ ਦੇ ਬਾਵਜੂਦ , ਕਰਤਾਰ ਸਿੰਘ ਦੇ ਪਿਤਾ ਦੇ ਰੂਪ ਵਿਚ ਓਸ ਨੇ ਬਹੁਤ ਖ਼ੂਬਸੂਰਤ ਮਲਵਈ ਪੰਜਾਬੀ ਵਿਚ ਡਾਇਲਾਗ ਨਿਭਾਏ ਹਨ।ਕੁਲਜਿੰਦਰ ਸਿੱਧੂ ,ਅੰਮ੍ਰਿਤਸਰ ਦੇ ਸਵਰਗੀ ਪੱਤਰਕਾਰ ਮਹਿੰਦਰ ਸਿੰਘ ਦਾ ਸਪੁੱਤਰ ਹੈ। ਇਸ ਪਰਿਵਾਰ ਨੇ ਖ਼ੁਦ ਉਸ ਦੌਰ ਦਾ ਸੰਤਾਪ ਹੰਢਾਇਆ ਹੈ। ਕੁਲਜਿੰਦਰ ਦਾ ਭਰਾ ਵੀ ਖਾੜਕੂ ਹੋਣ ਦੇ ਦੋਸ਼ ਵਿਚ ਪੁਲਿਸ ਨੇ ਮਾਰ ਦਿੱਤਾ ਸੀ।

ਫ਼ਿਲਮ ਵਿਚ ਕਿਸੇ-ਕਿਸੇ ਥਾਂ ਦਸਤਾਵੇਜ਼ੀ ਫ਼ਿਲਮ ਵਰਗਾ ਪ੍ਰਭਾਵ ਵੀ ਮਿਲਦਾ ਹੈ ਅਤੇ ਸਾਈਡ ਰੋਲ ਵਾਲੇ ਕੁਝ ਇੱਕ ਕਿਰਦਾਰ ਓਪਰੇ ਜਿਹੇ ਵੀ ਲਗਦੇ ਨੇ। ਗੀਤ-ਸੰਗੀਤ ਵੀ ਫ਼ਿਲਮ ਦੀ ਪੇਸ਼ਕਾਰੀ ਵਾਂਗ ਜ਼ਜ਼ਬਾਤੀ ਅਤੇ ਬਾਗ਼ੀ ਸੁਰ ਵਾਲਾ ਹੈ।ਜੈਜ਼ੀ ਬੀ ਵਰਗੇ ਰੁਤਬੇ ਵਾਲੇ ਕਿਸੇ ਗਾਇਕ ਨੇ ਪਹਿਲੀ ਵਾਰੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਗਤਾਰ ਸਿੰਘ ਹਵਾਰਾ ਅਤੇ ਉਸਦੇ ਸਾਥੀਆਂ ਨੂੰ ਬਾਗ਼ੀ ਦੇ ਰੂਪ ਵਿਚ ਪੇਸ਼ ਕਰਕੇ ਵਡਿਆਇਆ ਹੈ।

ਇਸ ਫ਼ਿਲਮ ਵਿਚ ਉਨ੍ਹਾਂ ਬੱਚਿਆਂ ਦੀ ਸੰਭਾਲ ਦੇ ਵਿਸ਼ੇ ਨੂੰ ਛੋਹਿਆ ਗਿਆ ਹੈ, ਜਿਨ੍ਹਾਂ ਦੇ ਮਾਪੇ ਪੁਲੀਸ ਹੱਥੋਂ ਮਾਰੇ ਗਏ ਸਨ।ਅਮਰੀਕਾ ਤੋਂ ਮਨੁੱਖੀ ਅਧਿਕਾਰਾਂ ਬਾਰੇ ਖੋਜ ਕਰਨ ਆਉਂਦੀ ਕੁੜੀ ਨੂੰ ਮਿਸਾਲ ਵਜੋਂ ਪੇਸ਼ ਕੀਤਾ ਗਿਆ ਹੈ।ਜ਼ਿਕਰ ਕਰਨਾ ਬਣਦਾ ਹੈ ਅੱਤਵਾਦ ਦੌਰਾਨ ਇੱਕ ਪਾਸੇ ਪੁਲੀਸ ਹੱਥੋਂ ਅਤੇ ਦੂਜੇ ਪਾਸੇ ਅੱਤਵਾਦੀਆਂ ਹੱਥੋਂ ਮਾਰੇ ਗਏ ਹਜ਼ਾਰਾਂ ਲੋਕਾਂ ਦੇ ਲਾਵਾਰਿਸ ਬੱਚਿਆਂ ਦੀ ਸਾਂਭ -ਸੰਭਾਲ ,ਪੰਜਾਬ ਵਿਚ ਅਮਨ ਹੋਣ ਤੋਂ ਬਾਅਦ ਵੀ ਇਕ ਅਹਿਮ ਸਿਆਸੀ ਅਤੇ ਸਮਾਜਕ ਸਮੱਸਿਆ ਰਹੀ ਹੈ।

ਫ਼ਿਲਮ ਦੇ ਨਿਰਮਾਤਾਵਾਂ ਨੇ ਸਿੱਖ ਜਗਤ ਦੀਆਂ ਕੁਝ ਮੋਹਤਬਰ ਹਸਤੀਆਂ ਅਤੇ ਸਿੱਖ ਭਾਈਚਾਰੇ ਦੇ ਇੱਕ ਹਿੱਸੇ ਨੂੰ ਰਿਲੀਜ਼ ਨੂੰ ਪਹਿਲਾਂ ਦਿਖਾਕੇ ਫ਼ਿਲਮ ਦੇ ਪ੍ਰਚਾਰ ਲਈ ਭਾਵੁਕ ਅਪੀਲ ਕਰਨ ਦਾ ਯਤਨ ਕੀਤਾ ਹੈ।ਬੇਸ਼ੱਕ ਇਹ ਫਿਲਮ ਕਈ ਦੁਖਦੀਆਂ ਰਗਾਂ ਨੂੰ ਵੀ ਛੇੜ ਸਕਦੀ ਹੈ,ਕਈ ਪੁਰਾਣੇ ਜ਼ਖ਼ਮਾਂ ਦੀ ਚੁਭਣ ਵੀ ਯਾਦ ਕਰਾ ਸਕਦੀ ਹੈ,ਸਿੱਖ ਹਲਕਿਆਂ ਵਿਚ ਇਸਦੀ ਪ੍ਰਸ਼ੰਸ਼ਾ ਵੀ ਹੋਵੇਗੀ ਅਤੇ ਕੁਝ ਹੋਰ ਹਲਕਿਆਂ ਵੱਲੋਂ ਨੁਕਤਾਚੀਨੀ ਵੀ ਪਰ ਫਿਰ ਵੀ ਏਸ ਦੇ ਵਾਧੇ ਘਾਟੇ ਵਾਲੇ ਸਭ ਪਹਿਲੂਆਂ ਦੇ ਬਾਵਜੂਦ ਇਹ ਫ਼ਿਲਮ ਦੇਖਣਯੋਗ ਹੈ। 'ਸੌ ਫੁੱਲ ਖਿੜਨ ਦਿਓ' ਵਾਲੀ ਪਹੁੰਚ ਸਿਹਤਮੰਦ ਲੋਕਤੰਤਰ ਲਈ ਹਮੇਸ਼ਾਂ ਲਾਹੇਵੰਦ ਹੁੰਦੀ ਹੈ।

ਬਲਜੀਤ ਬੱਲੀ 
ਸੰਪਾਦਕ, 
ਬਾਬੂਸ਼ਾਹੀ ਡਾਟ ਕਾਮ 
ਤਿਰਛੀ ਨਜ਼ਰ ਮੀਡੀਆ,ਚੰਡੀਗੜ੍ਹ 9915177722 
MOB:---91-99151--77722
ਬੱਲੀ ਜੀ ਦੀ ਆਗਿਆ ਨਾਲ ਬਾਬੂਸ਼ਾਹੀ ਤੋਂ ਕੱਟ-ਪੇਸਟ

Wednesday, March 20, 2013

ਨਾਬਰ : ਹਿਜਰਤ 'ਚ ਸਿਆਸੀ-ਆਰਥਿਕ ਪੁੱਠ ਦਾ ਸਮਾਜੀ ਜ਼ਿੰਦਗੀਨਾਮਾ

ਸੁਭਾਅ ਕਹੋ ਜਾਂ ਚਰਿੱਤਰ..! ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ।ਪ੍ਰਤੱਖ ਦਾ ਸੁਭਾਅ ਸਮਝਣ ਲਈ ਗੱਲਾਂ ਹੁੰਦੀਆਂ ਹਨ ਪਰ ਅਪ੍ਰਤੱਖ ਦਾ ਸੁਭਾਅ ਸਮਝਣਾ ਹੋਵੇ ਤਾਂ ਬੋਧ ਜ਼ਰੂਰੀ ਹੈ। 60ਵੇਂ ਕੌਮਾਂਤਰੀ ਫ਼ਿਲਮ ਪੁਰਸਕਾਰ ‘ਚ ਸਰਵੋਤਮ ਖੇਤਰੀ ਪੰਜਾਬੀ ਭਾਸ਼ਾਈ ਫ਼ਿਲਮ ਦਾ ਪੁਰਸਕਾਰ ਜਿੱਤਣ ਵਾਲੀ ‘ਨਾਬਰ’ ਫ਼ਿਲਮ ਬਾਰੇ ਗੱਲ ਕਰਨ ਤੋਂ ਪਹਿਲਾਂ ਫ਼ਿਲਮ ‘ਮਟਰੂ ਕੀ ਬਿਜਲੀ ਕਾ ਮੰਡੋਲਾ’ ਦਾ ਇਹ ਸੰਵਾਦ ਚੇਤਨਤਾ ‘ਚ ਜਗ੍ਹਾ ਬਣਾਉਂਦਾ ਹੈ। 

“ਮਸਲਾ ਨਾ ਪਿਆਰ ਦਾ ਹੈ,ਨਾ ਪਾਵਰ ਦਾ,ਨਾ ਕਿਸਾਨ ਦਾ,ਨਾ ਜ਼ਮੀਨ ਦਾ,ਨਾ ਪਿੰਡ,ਕਸਬੇ ਤੇ ਸ਼ਹਿਰ ਦਾ।ਮਸਲਾ ਹੈ ਦੇਸ਼ ਦਾ,ਦੇਸ਼ ਲੋਕਾਂ ਤੋਂ ਬਣਦਾ ਹੈ।ਲੋਕ ਯਾਨਿ ਸਮੂਹ ਭਾਵ ਭੀੜ...ਅਤੇ ਭੀੜ ਦਾ ਕੋਈ ਚਿਹਰਾ ਨਹੀਂ ਹੁੰਦਾ।ਭੀੜ ਨੂੰ ਚਿਹਰਾ ਦਿੰਦਾ ਹੈ ਉਹਦਾ ਆਗੂ...ਸੋ ਜੋ ਚਰਿੱਤਰ ਮੇਰਾ ਹੈ ਉਹੀ ਮੇਰੇ ਆਗੂ ਦਾ ਹੋਵੇਗਾ ਤੇ ਉਹੀ ਮੇਰੇ ਦੇਸ਼ ਦਾ।ਜਦੋਂ ਮੈਂ ਅਧਿਆਤਮਕ ਸੀ ਤਾਂ ਦੇਸ਼ ਬੁੱਧ ਸੀ।ਜਦੋਂ ਮੈਂ ਵਿਲਾਸੀ ਹੋਇਆ ਤਾਂ ਰਾਜਾ ਮਹਿਰ ਕੁੱਲ।ਮੈਂ ਕਮਜ਼ੋਰ ਪਿਆ ਤਾਂ ਸਿਕੰਦਰ।ਟੁੱਟਿਆ ਤਾਂ ਬਾਬਰ।ਮੈਂ ਵਪਾਰ ਕੀਤਾ ਤਾਂ ਦੇਸ਼ ਗੁਲਾਮ ਹੋਇਆ ਤੇ ਬਾਗੀ ਬਣਿਆ ਤਾਂ ਅਜ਼ਾਦ।ਜਦੋਂ ਮੈਂ ਅਜ਼ਾਦ ਹੋਇਆ ਤਾਂ ਸਵਾਰਥੀ ਹੋਇਆ,ਸਵਾਰਥੀ ਤਾਂ ਭ੍ਰਿਸ਼ਟ,ਭ੍ਰਿਸ਼ਟ ਤਾਂ ਧਨਾਢ,ਧਨਾਢ ਤਾਂ ਸਾਧਨ ਸੰਪਨ,ਸਾਧਨ ਸੰਪਨ ਤਾਂ ਪ੍ਰਗਤੀਵਾਨ,ਭਾਵ ਪ੍ਰਗਤੀਵਾਨ ਦੇਸ਼ ਦੀ ਪ੍ਰਗਤੀ....ਦੇਸ਼ ਦੀ ਪ੍ਰਗਤੀ ਲਈ ਨਿਜੀ ਪ੍ਰਗਤੀ ਜ਼ਰੂਰੀ ਹੈ... ਸੰਵਾਦ,ਸ਼ਬਾਨਾ ਆਜ਼ਮੀ ਫ਼ਿਲਮ-ਮਟਰੂ ਕੀ ਬਿਜਲੀ ਕਾ ਮੰਡੋਲਾ 

ਇਹ ਵਿਕਾਸ ਦਾ ਉਹ ਰੂਪ ਹੈ ਜੋ ਵਰ ਨਹੀਂ ਸਗੋਂ ਵਿਕਾਸ ਦੀ ਅਜਿਹੀ ਸਲੀਬ ਹੈ ਜਿਹਨੇ ਦੇਸ਼ ਦੇ ਸੁਭਾਅ ਨੂੰ ਅਸਲੋਂ ਹੋਲਾ ਕੀਤਾ ਹੈ।ਇਸ ਦੀ ਗ੍ਰਿਫ਼ਤ ‘ਚ ਆਇਆ ਹਰ ਬੰਦਾ ਵਿਕਾਸ ਨੂੰ ਬਾਹਰੀ ਚਮਕ ਅਤੇ ਸੁੱਖ ਸਹੂਲਤਾਂ ਦਾ ਨਾਮ ਦੇ ਬੈਠਾ ਹੈ।ਇਸੇ ਵਿਕਾਸ ਦੀ ਜਦ ‘ਚ ਪ੍ਰਗਤੀਵਾਨ ਆਪਣੀ ਨਿਜੀ ਪ੍ਰਗਤੀ ਨੂੰ ਦੇਸ਼ ਦੀ ਪ੍ਰਗਤੀ ਦਾ ਭੁਲੇਖਾ ਪਾ ਭ੍ਰਿਸ਼ਟ ਬਣਦਾ ਹੋਇਆ ਸਿਆਸਤ ਨੂੰ ਦਾਗ਼ਦਾਰ ਕਰਦਾ ਜਾ ਰਿਹਾ ਹੈ।ਤਮਾਮ ਤਰ੍ਹਾਂ ਦੀਆਂ ਯੋਜਨਾਵਾਂ ਅਤੇ ਤਮਾਮ ਤਰ੍ਹਾਂ ਦੇ ਸਮਾਜੀ ਫੇਰਬਦਲ ‘ਚ ਇਸੇ ਕਰਕੇ ਖੌਫ ਦੀ ਬੂ ਆ ਰਹੀ ਹੈ ਅਤੇ ਉਸੇ ਹੁੰਮਸ ‘ਚ ਲੋਕਧਾਰਾ ਦੇ ਤਰਾਨੇ ਬਾਸੀ ਹੋ ਰਹੇ ਹਨ।ਬੇਹਤਰ ਜ਼ਿੰਦਗੀ ਦੀ ਚਾਹ ਬੰਦੇ ਨੂੰ ਸਰੋਕਾਰਾਂ ਤੋਂ ਦੂਰ ਕਰਦੇ ਹੋਏ ਉਹਨੂੰ ਨਿਜ ਤੱਕ ਸਮੇਟ ਦਿੰਦੀ ਹੈ ਅਤੇ ਉਸੇ ਨਿਜ ‘ਚ ਪੰਜਾਬ ਤੋਂ ਬਾਹਰਲੇ ਦੇਸ਼ਾਂ ਨੂੰ ਪਰਵਾਸ ਹੋਇਆ ਹੈ।ਇਸ ਸਮਾਜੀ ਫੇਰਬਦਲ ਪਿੱਛੇ ਆਰਥਿਕ-ਸਿਆਸੀ ਨਾਕਾਮੀ ਬਹੁਤ ਗਹਿਰੇ ਬੈਠੀ ਹੈ।ਮਸਲਾ ਰੋਟੀ ਦਾ ਹੈ ਮਸਲਾ ਖੁਸ਼ਹਾਲ ਵਾਤਾਵਰਣ ‘ਚ ਸਾਹ ਲੈਣ ਦਾ ਵੀ ਹੈ।ਇਸੇ ਆਰਥਿਕ-ਸਿਆਸੀ ਨਾਕਾਮੀ ਨੂੰ ਜਦੋਂ ਬਿਹਾਰ ਵਰਗਾ ਸੂਬਾ ਸਮਝਦਾ ਹੈ ਤਾਂ ਪੰਜਾਬ ਵੱਲ ਨੂੰ ਮਜ਼ਦੂਰਾਂ ਦਾ ਪਰਵਾਸ ਘੱਟਦਾ ਹੈ।ਸੋ ਅਜਿਹੇ ਪਰਵਾਸ ਦੇ ਨਾਲ ਸਾਰਥਕ ਪਹਿਲੂ ਬੇਸ਼ੱਕ ਬਹੁਤ ਸਾਰੇ ਜੁੜੇ ਹੋਣ ਪਰ ਸੱਚ ਇਹ ਵੀ ਹੈ ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਪਰਵਾਸ ਨੇ ਦੱਲਾਗਿਰੀ ਦੀ ਰੂਪਰੇਖਾ ਨੂੰ ਭੈੜੇ ਰੂਪ ‘ਚ ਜਵਾਨ ਕੀਤਾ ਹੈ।ਅਜਿਹੇ ਸਾਰੇ ਅਯਾਮ ਵੇਖਣੇ ਬਹੁਤ ਜ਼ਰੂਰੀ ਹਨ ਸਾਰੇ ਸੁਭਾਅ ਨੂੰ ਸਮਝਦੇ ਹੋਏ।ਸੋ ਰਾਜੀਵ ਕੁਮਾਰ ਦੀ ਫ਼ਿਲਮ ‘ਨਾਬਰ’ ਸੱਚੇ ਸਰੋਕਾਰਾਂ ਦੀ ਪੈੜ ਨੂੰ ਲੱਭਦੀ ਹੋਈ ਅਜਿਹੀ ਹੀ ਧਾਰਾ ਹੈ ਜੋ ਚਰਚਾ ਨੂੰ ਸਾਡੇ ਸਾਹਮਣੇ ਲਿਆ ਖੜ੍ਹਾ ਕਰਦੀ ਹੈ। 

ਵਿਚਾਰਧਾਰਕ ਰੂਪ ਤੋਂ ਮੈਂ ਇਸ ਨੂੰ ਇੰਝ ਵੇਖਦੇ ਹੋਏ ਦੇਸ਼ ਨੂੰ ਸਮਝਨਾ ਚਾਹੁੰਦਾ ਹਾਂ।ਦੂਜਾ ਨਾਲੋ ਨਾਲ ਮੈਂ ਸਿਨੇਮਾ ਅੰਦਰ ਪੁੰਗਰਦੀ ਪਨੀਰੀ ਨੂੰ ਵੀ ਵੇਖਦਾ ਹਾਂ।ਕਿਉਂ ਕਿ ਸਮਾਜ ਦੇ ਨਾਲ ਸਿਨੇਮਾ ਨੂੰ ਵੇਖਣਾ ਬਹੁਤ ਜ਼ਰੂਰੀ ਹੈ।ਜਿਵੇਂ ਕਿ 56 ਵੇਂ ਕੌਮਾਂਤਰੀ ਫ਼ਿਲਮ ਪੁਰਸਕਾਰ ਦੌਰਾਨ ਆਸ਼ੂਤੋਸ਼ ਰਾਣਾ ਨੇ ਕਿਹਾ ਸੀ ਕਿ ਸਿਨੇਮਾ ਤੇ ਸਮਾਜ ਇੱਕ ਦੂਜੇ ਦੇ ਪੂਰਕ ਹਨ।ਸਿਨੇਮਾ ਸਮਾਜ ਚੋਂ ਸਿੱਖਦਾ ਹੈ ਅਤੇ ਸਮਾਜ ਸਿਨੇਮਾ ਚੋਂ ਪ੍ਰਭਾਵ ਲੈਂਦਾ ਹੈ।ਇਸ ਬਣਤਰ ਨੂੰ ਅਸੀ ਸਿੱਧੇ ਸਿੱਧੇ ਰੂਪ ‘ਚ ਨਹੀਂ ਵੇਖਦੇ ਪਰ ਅਜਿਹਾ ਹੈ।ਅਜਿਹੇ ‘ਚ ਨਾਬਰ ਫ਼ਿਲਮ ਰਾਹੀਂ ਜੇ ਪੰਜਾਬ ਅੰਦਰਲੇ ਪਰਵਾਸ ਪ੍ਰੇਮ ਰਾਹੀਂ ਇਹਦੀ ਆਰਥਿਕ-ਸਿਆਸੀ-ਸਮਾਜੀ ਤੰਦਾ ਨੂੰ ਸਿਨੇਮਾ ਵਿਖਾਉਂਦਾ ਹੈ ਤਾਂ ਬਹੁਤ ਚੰਗਾ ਹੈ।ਸਿਨੇਮਾ ਦਾ ਹਰ ਦੌਰ ਆਪਣੇ ਅੰਦਰ ਕੌੜੀ ਸੱਚਾਈ ਅਤੇ ਬੰਦੇ ਦੇ ਅੰਦਰਲੇ ਕਲਪਨਾਤਮਕ ਸੁਖ਼ਨ ਸੁਨੇਹੇ ਨੂੰ ਨਾਲੋਂ ਨਾਲ ਪ੍ਰਗਟ ਕਰਦਾ ਆਇਆ ਹੈ।ਵਿਚਾਰਧਾਰਾ ਵੀ ਜ਼ਿੰਦਗੀ ਦੀ ਤਰ੍ਹਾਂ ਹੀ ਤਾਂ ਹੈ ਕਦੀ ਜਵਾਨ ਹੁੰਦੀ ਹੈ ਅਤੇ ਕਦੀ ਬੁੱਢੀ ਹੁੰਦੀ ਹੈ ਅਤੇ ਫ਼ਿਰ ਕੋਈ ਨਵੀਂ ਵਿਚਾਰਧਾਰਾ ਅੰਗੜਾਈ ਲੈਂਦੀ ਹੈ।ਗੌਰ ਕਰੋ ਐਂਗਰੀ ਯੰਗ ਮੈਨ ਤੋਂ ਪਹਿਲਾਂ ਦਾ ਸਿਨੇਮਾ ਸ਼ੁਰੂਆਤੀ ਰੂਪ ‘ਚ ਮਹਿਜ਼ ‘ਸੱਤਿਆਵਾਦੀ ਰਾਜ ਹਰੀਸ਼ਚੰਦਰ’ ਜਾਂ ‘ਆਲਮ ਆਰਾ’ ਹੀ ਸੀ।ਭਗਤੀ ਰਸ ‘ਚ ਜਵਾਨ ਹੋ ਰਿਹਾ ਸਿਨੇਮਾ ਸ਼ਾਇਦ ਸਰੋਕਾਰਤਾ ‘ਚ ਆਪਣੀ ਸ਼ਮੂਲੀਅਤ ਪ੍ਰਤੀ ਗੰਭੀਰ ਹੀ ਨਹੀਂ ਸੀ।ਫਿਰ ਸਿਨੇਮਾ ਸਰੋਕਾਰਤਾ ਨਾਲ ਵੀ ਜੁੜਿਆ ਅਤੇ ਬਹੁਤ ਸਾਰੀਆਂ ਫ਼ਿਲਮਾਂ ਵੀ ਆਈਆਂ।ਪਰ ਐਂਗਰੀ ਯੰਗਮੈਨ ਤੋਂ ਪਹਿਲਾਂ ਦਾ ਸਿਨੇਮਾ ਨਹਿਰੂ ਵਿਜ਼ਨ ਦਾ ਸਿਨੇਮਾ ਸੁਨਹਿਰੇ ਸੁਫ਼ਨਿਆਂ ਨੂੰ ਖੜ੍ਹਾ ਕਰਦਾ ਸਿਨੇਮਾ ਸੀ।ਇਹ ਸੁਫ਼ਨੇ ਕਿਵੇਂ ਐਂਗਰੀ ਯੰਗ ਮੈਨ ਦੇ ਦੌਰ ‘ਚ ਜ਼ਖ਼ਮੀ ਦਿਲਾਂ ਨਾਲ ਦਾਖ਼ਲ ਹੁੰਦੇ ਹਨ ਇਸ ਨੂੰ ਸਮਝਨ ਲਈ ਦੀਵਾਰ ਜਾਂ ਪਿਆਸਾ ਮਹਿਜ਼ ਉਸ ਦੌਰ ਦੀ ਇੱਕ ਉਦਾਹਰਨ ਹਨ।ਪਰ ਸਮਾਜ ਅੰਦਰ ਖਿੰਡਾਅ ਦੇ ਉਸ ਦੌਰ ‘ਚ ਹਰ ਫ਼ਿਲਮ ‘ਚ ਇੱਕ ਸੰਵਾਦ ਆਮ ਹੁੰਦਾ ਸੀ। 


“ਮਾਂ ਮੁਝੇ ਨੌਕਰੀ ਮਿਲ ਗਈ...ਮਾਂ...! 

ਇਹ ਠੀਕ ਉਸੇ ਤਰ੍ਹਾਂ ਦਾ ਹੈ ਜਿਵੇਂ ਮਿਰਜ਼ਾ ਗ਼ਾਲਿਬ ਕਹਿੰਦੇ ਹਨ,“ਗ਼ਾਲਿਬ ਦਿਲ ਕੋ ਬਹਿਲਾਨੇ ਕੇ ਲੀਏ ਯੇ ਖ਼ਿਆਲ ਅੱਛਾ ਹੈ।ਇਸ ਸੰਵਾਦ ‘ਚ ਉਸ ਸਮੇਂ ਦੀ ਅਰਾਜਕਤਾ ਦਾ ਦਰਦ ਵੀ ਹੈ ਜੋ ਸਰਕਾਰ ਨੂੰ ਹੱਲ ਲੱਭਣ ਨੂੰ ਕਹਿ ਰਿਹਾ ਹੈ ਅਤੇ ਸਿਨੇਮਾ ਦੇ ਸੁਰਮਈ ਜਾਦੂ ‘ਚ ਖੁਦ ਨੂੰ ਸੰਤੁਸ਼ਟ ਕਰਨ ਦਾ ਇੱਕ ਵਸੀਲਾ ਵੀ ਬਣਦਾ ਹੈ।ਇਹ ਸੰਵਾਦ ਅਜੋਕੀ ਫ਼ਿਲਮਾਂ ਤੱਕ ਚੱਲ ਰਿਹਾ ਹੈ।ਵਿਰਾਸਤਾਂ ਆਪਣੇ ਦਰਦ ਨੂੰ ਇੰਝ ਹੀ ਬਿਆਨ ਕਰਦੀਆਂ ਤੁਰਦੀਆਂ ਨੇ ਉਦੋਂ ਤੱਕ....ਜਦੋਂ ਤੱਕ ਕੋਈ ਹੱਲ ਨਹੀਂ ਲੱਭਦਾ।ਇਸੇ ਦਰਦ ਨੂੰ ਸਾਹਿਰ ਸਾਹਬ ਫ਼ਿਲਮ ‘ਪਿਆਸਾ’ ‘ਚ ਜ਼ੁਬਾਨ ਦਿੰਦੇ ਹਨ ਕਿ ਯੇ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ।ਇਸੇ ਦਰਦ ‘ਚ ਸਾਹਿਤ ਦੇ ਉਸ ਕਲਪਨਾ ਗੀਤ ਨਾਲ ਬਗਾਵਤ 21 ਵੀ. ਸਦੀ ‘ਚ ਚੱਲਦੀ ਆ ਰਹੀ ਹੈ ਕਿ ਜਿਸ ਕਵੀ ਕੀ ਕਲਪਨਾ ਮੇਂ ਜ਼ਿੰਦਗੀ ਹੋ ਪ੍ਰੇਮ ਗੀਤ ਉਸ ਕਵੀ ਕੀ ਕਲਪਨਾ ਕੋ ਨਕਾਰ ਦੋ (ਗ਼ੁਲਾਲ ਫ਼ਿਲਮ) ਸੁਭਾਅ ਦੇ ਇਸ ਮਿਜਾਜ਼ ਨੂੰ ਪੰਡਿਤ ਨਹਿਰੂ ਦੇ ਸੁਫਨੇ ਨਾਲ ਸੰਗੇ ਸੰਗੇ ਬਾਗੀਆਂ ਦੇ ਨਿਰਮਾਣ ਦੀ ਕਹਾਣੀ ‘ਚ ਪਾਨ ਸਿੰਘ ਤੋਮਰ ਆਪਣਾ ਬਦਲਾ ਲੈਕੇ ਵੀ ਕਹਿੰਦਾ ਹੈ ਕਿ ਮੈਨੂੰ ਮੇਰਾ ਜਵਾਬ ਨਹੀਂ ਮਿਲਿਆ।ਗੈਂਗਸ ਆਫ ਵਾਸੇਪੁਰ ਇੱਕ ਬਗਲ ਮੇਂ ਚਾਂਦ ਤੇ ਇੱਕ ਬਗਲ ਮੇਂ ਰੋਟੀ ਦਾ ਸੁਫਨਾ ਪਾਲੀ ਉਮੀਦ ਨੂੰ ਜ਼ਿੰਦਾ ਰੱਖਦੀ ਹੈ।2012-2013 ਦੇ ਸਿਨੇਮਾ ‘ਚ ਖੇਤਰੀ ਸਿਨੇਮਾ ਤੋਂ ਲੈਕੇ ਬਾਲੀਵੁੱਡ ਸਿਨੇਮਾ ਤੱਕ ਬਹੁਤ ਸਾਰੇ ਅਜਿਹੇ ਹਵਾਲੇ ਮਿਲਦੇ ਹਨ।ਮਾਲੇਂਗਾਓਂ ਕਾ ਸੁਪਰਮੈਨ ‘ਚ ਇੱਕ ਕਿਰਦਾਰ ਰਾਤ ਨੂੰ ਦੋਸਤਾਂ ਦੀ ਮਹਿਫਲ ‘ਚ ਪੱੜ੍ਹਦਾ ਹੈ ਕਿ – ਚਾਂਦ...! 


ਐ ਰਾਤ ਸਹਿਰਾ ਮੇਂ ਭਟਕਤੇ ਹੂਏ ਚਾਂਦ
ਜਾ ਕਹੀਂ ਔਰ ਚਲੇ ਜਾ
ਯੇ ਬਸਤੀ ਤੇਰੇ ਕਾਬਲ ਹੀ ਨਹੀਂ
ਯੇ ਵੋਹ ਬਸਤੀ ਹੈ ਜਹਾਂ ਰਾਤ ਕੇ ਸੰਨਾਟੇ ਮੇਂ 
ਇਜ਼ਤ-ਓ-ਲਫ਼ਜ਼ ਕੋ ਨੀਲਾਮ ਕੀਆ ਜਾਤਾ ਹੈ
ਇਸ ਜਗ੍ਹਾ ਬਿਕਤੇਂ ਹੈਂ ਇਨਸਾਨ ਭੀ ਸਿਕੋਂ ਕੇ ਏਵਜ਼
ਇਸ ਜਗ੍ਹਾ ਪਿਆਰ ਕੋ ਬਦਨਾਮ ਕੀਆ ਜਾਤਾ ਹੈ
ਇਸ ਜਗ੍ਹਾ ਜ਼ੁਲਮ-ਓ-ਹਿਲਾਕਤ ਕੇ ਸਿਵਾ ਕੁਛ ਭੀ ਨਹੀਂ
ਇਸ ਜਗ੍ਹਾ ਕਰਬ-ਓ-ਅਜ਼ੀਅਤ ਕੇ ਸਿਵਾ ਕੁਛ ਭੀ ਨਹੀਂ
ਇਸ ਜਗ੍ਹਾ ਮੁਫ਼ਲਿਸ-ਓ-ਨਾਦਾਨ ਬਿਲਕਤੇ ਬੱਚੇ
ਜਿਨਕੇ ਕਾਨੋ ਮੇਂ ਲੜਕਪਣ ਸੇ ਜਵਾਨ ਹੋਨੇ ਤੱਕ
ਕਾਰਖ਼ਾਨੋਂ ਮੇਂ ਭਾਰੀ ਮਸ਼ੀਨੋਂ ਕੀ ਸਦਾ ਗੂੰਜਤੀ ਰਹਤੀ ਹੈ
ਮਮਤਾ ਭਰੀ ਲੋਰੀ ਕੀ ਤਰ੍ਹਾਂ
ਚਾਂਦ...!
ਐ ਰਾਤ ਸਹਿਰਾ ਮੇਂ ਭਟਕਤੇ ਹੂੰਏ ਚਾਂਦ
ਜਾ ਕਹੀਂ ਔਰ ਚਲੇ ਜਾ ਮੇਰੀ ਬਸਤੀ ਸੇ

ਸੋ ਸਿਨੇਮਾ ਦੇ ਬਹੁਤ ਸਾਰੇ ਅਯਾਮ ਹਨ ਜੋ ਨਾਬਰ ਤੱਕ ਪੂਰੇ ਹੁੰਦੇ ਬਹੁਤ ਸਾਰੀਆਂ ਵਿਚਾਰਧਾਰਾਵਾਂ ਚਿੰਤਨ ਦੇ ਦਰਸ਼ਨ ਰਾਹੀਂ ਜ਼ਮੀਨ ਅਤੇ ਬੰਦੇ ਦੇ ਰਿਸ਼ਤੇ ਦਾ ਖੁਰਾ ਖੋਜਦੇ ਹਨ।ਰਾਜੀਵ ਕੁਮਾਰ ਮੁਤਾਬਕ ਪੰਜਾਬ ਦੇ ਚਿੰਤਨ ‘ਚ ਦਰਿਆਵਾਂ ਦਾ ਫਲਸਫਾ ਹੈ।ਉਸੇ ਫਲਸਫੇ ਦਾ ਸੰਵਾਦ ਪਹਿਲਾਂ ਉਹ ਛੋਟੀ ਫ਼ਿਲਮ ‘ਆਤੂ ਖ਼ੋਜੀ’ ‘ਚ ਪੇਸ਼ ਕਰ ਚੁੱਕਾ ਹੈ ਅਤੇ ਉਸੇ ਸੰਵਾਦ ‘ਚ ਨਾਬਰ ਦਾ ਸੁਭਾਅ ਹੁਣ ਕਿਸ ਮਿਜਾਜ਼ ਦਾ ਹੈ ਇਹ ਉਹ ਫ਼ਿਲਮ ਨਾਬਰ ‘ਚ ਸਮਝਾਉਂਦਾ ਹੈ।ਨਾਬਰ ‘ਚ (ਸ਼ਕਤੀ ਦੇ ਰੂਪਕ) ਕਪੂਰ ਸਿੰਘ ਅਤੇ (ਕ੍ਰਾਂਤੀ ਦੇ ਰੂਪਕ) ਸੁਰਜਣ ਸਿੰਘ ਦਾ ਸੰਵਾਦ ਵੀ ਨਹਿਰ ਦੇ ਪੁੱਲ ਉੱਤੇ ਪੇਸ਼ ਹੁੰਦਾ ਆਪਣਾ ਫੈਸਲਾ ਸੁਣਾ ਰਿਹਾ ਹੈ ਅਤੇ ਜਿਸ ਦੀ ਅਤਿ ਚੋਂ ਪੰਜਾਬੀ ਸਿਨੇਮਾ ਵੀ ਹੁਣ ਸਰੋਕਾਰਤਾ ਲੈਂਦੇ ਫੈਸਲਿਆਂ ‘ਚ ਕੁੱਦ ਰਿਹਾ ਹੈ। 

ਅਸੀਂ ਕਿਹੜੇ ਪੰਜਾਬੀ ਹਾਂ -ਹਰਦੀਪ ਗਿੱਲ ਦਾ ਮਿੱਟੀ ਫ਼ਿਲਮ 'ਚ ਸੰਵਾਦ 

ਕਹਿੰਦੇ ਨੇ ਆਤਮਾ ਮਰਦੀ ਨਹੀਂ ਜੇ ਆਤਮਾ ਮਰਦੀ ਨਹੀਂ ਤਾਂ ਮੌਤ ਕੀ ਹੋਈ –ਅੰਨ੍ਹੇ ਘੋੜੇ ਦਾ ਦਾਨ ਫ਼ਿਲਮ ਦਾ ਸੰਵਾਦ

ਦਸ਼ਮੇਸ਼ ਪਿਤਾ ਨੇ ਕਿਹਾ ਜਦੋਂ ਜ਼ੁਲਮ ਦੀ ਅਤਿ ਹੋਜੇ ਤਾਂ ਹਥਿਆਰ ਚੁੱਕਣਾ ਪੁੰਨ ਦਾ ਕੰਮ ਹੁੰਦਾ ਹੈ –ਨਾਬਰ ਫ਼ਿਲਮ ‘ਚ ਹਰਦੀਪ ਗਿੱਲ ਦਾ ਸੰਵਾਦ ਇਹ ਸੰਵਾਦ ਖੁਦ-ਬ-ਖੁਦ ਬੋਲਦੇ ਹਨ ਕਿ ਹੁਣ ਪੰਜਾਬੀ ਸਿਨੇਮਾ ਕੀ ਕਹਿਣ ਦੀ ਤਿਆਰੀ ਕਰ ਰਿਹਾ ਹੈ।ਰਾਜੀਵ ਉਸ ਦੌਰ ‘ਚ ਵਧਾਈ ਦਾ ਪਾਤਰ ਹੈ ਜਿਸ ਦੌਰ ‘ਚ ਸਿਨੇਮਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਰਾਜੀਵ ਕੁਮਾਰ ਵਰਗੇ ਨਿਰਦੇਸ਼ਕ ਇਹ ਸੋਚਕੇ ਨਹੀਂ ਨਿਕਲਦੇ ਕਿ ਮੁਨਾਫਾ ਕੀ ਹੋਵੇਗਾ।ਮੁਨਾਫੇ ਦੀ ਸਿਨੇਮਾ ਇੰਡਸਟਰੀ ‘ਚ ਉਹ ਦਰਦ ਦਾ ਹਕੀਮ ਬਣਨ ਦੀ ਇੱਛਾ ਰੱਖਦਾ ਹੈ।ਹੋ ਸਕਦਾ ਹੈ ਫੇਲ੍ਹ ਵੀ ਹੋ ਜਾਵੇ ਪਰ ਮੁੱਦਾ ਹੈ ਕਿ ਹੌਂਸਲਾ ਬਰਕਰਾਰ ਰੱਖੀਏ। 

ਉਮੀਦ ਦੇ ਚਿਰਾਗ : ਪਿਛਲੇ ਸਾਲ 59 ਵੇਂ ਫ਼ਿਲਮ ਪੁਰਸਕਾਰ ‘ਚ ਗੁਰਵਿੰਦਰ ਸਿੰਘ ਨੂੰ ਸਰਵੋਤਮ ਨਿਰਦੇਸ਼ਕ ਸਮੇਤ ਸਰਵੋਤਮ ਫ਼ਿਲਮ ਦਾ ਕੌਮਾਂਤਰੀ ਪੁਰਸਕਾਰ ‘ਅੰਨ੍ਹੇ ਘੋੜੇ ਦਾ ਦਾਨ’ ਨੂੰ ਜਾਂਦਾ ਹੈ।ਉਜੱਵਲ ਚੰਦਰਾ ਅੰਨ੍ਹੇ ਘੋੜੇ ਦਾ ਦਾਨ ਦਾ ਐਡੀਟਰ ਹੈ ਅਤੇ ਇਸ ਸਾਲ ਰਾਜੀਵ ਕੁਮਾਰ ਦੀ ਫ਼ਿਲਮ ਨਾਬਰ ਦਾ ਵੀ ਐਡੀਟਰ ਹੈ।ਰਾਜੀਵ ਕੁਮਾਰ ਦੀ ਫ਼ਿਲਮ 60ਵੇਂ ਕੌਮਾਂਤਰੀ ਫ਼ਿਲਮ ਪੁਰਸਕਾਰ ‘ਚ ਇਹ ਪੁਰਸਕਾਰ ਜਿੱਤਦੀ ਹੈ।ਅਜਿਹਾ ਬਿਆਨ ਕਰਨ ਤੋਂ ਮੈਂ ਇੰਝ ਵੀ ਵੇਖਣਾ ਚਾਹੁੰਦਾ ਹਾਂ ਕਿ ਨੌਜਵਾਨ ਆਪਣੀ ਪਲੇਠੀ ਰਚਨਾ ਤੋਂ ਅਜਿਹਾ ਕਮਾਲ ਕਰ ਰਹੇ ਹਨ।ਸਿਨੇਮਾ ਦੀ ਇੱਕ ਉਮੀਦ ਮੈਨੂੰ ਇੰਝ ਵੀ ਵਿਖਦੀ ਹੈ।ਦੂਜਾ ਪੰਜਾਬ ਅੰਦਰ ਸੰਗੀਤ ਨੂੰ ਲੈਕੇ ਕਾਫੀ ਬਹਿਸ ਹੁੰਦੀ ਆ ਰਹੀ ਹੈ।ਅਜਿਹੇ ‘ਚ ਨਾਬਰ ਫ਼ਿਲਮ ਦੇ ਮਿਊਜ਼ਿਕ ‘ਚ ਇੱਕੋ ਸਮੇਂ ਮੈਂ ਬਾਬੂ ਰਜਬ ਅਲੀ,ਚੰਡੀ ਦੀ ਵਾਰ,ਜੁਗਨੀ,ਸੂਫੀ ਸੁਣ ਰਿਹਾ ਹਾਂ ਤਾਂ ਮੇਰੇ ਲਈ ਇਹ ਵੀ ਇੱਕ ਉਮੀਦ ਦਾ ਚਿਰਾਗ ਹੈ। 

ਹਰਪ੍ਰੀਤ ਸਿੰਘ ਕਾਹਲੋਂ 
ਲੇਖਕ ਨੌਜਵਾਨ ਫਿਲਮਸਾਜ਼ ਤੇ ਵਿਸਲੇਸ਼ਕ ਹੈ। ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਦਾ ਹੈ। ਅੱਜਕਲ੍ਹ ਬਾਬੇ ਨਾਨਕ ਦੀ ਵੇਈ ਦੇ ਕੰਢੇ ਅਮੀਰ ਖੁਸਰੋ ਵਾਂਗ 'ਖੁਸਰੋ ਦਰਿਆ ਪ੍ਰੇਮ ਕਾ,ਉਲਟੀ ਵਾ ਕੀ ਧਾਰ,ਜੋ ਉਤਰਾ ਸੋ ਡੂਬ ਗਿਆ,ਜੋ ਡੂਬਾ ਸੋ ਪਾਰ' ਪਿਆਰ ਦੀਆਂ ਰੂਹਾਨੀ ਤਾਰੀਆਂ 'ਚ ਮਸਤ ਹੈ।

Monday, November 5, 2012

'ਸਾਡਾ ਹੱਕ' ਨਾਲ ਸੈਂਸਰ ਬੋਰਡ ਦੀ ਬੇਇੰਸਾਫੀ

ਅੱਜ ਦਾ ਸਮਾਂ ਵਿਗਿਆਨ ਦੀਆਂ ਸਹੂਲਤਾਂ ਨਾਲ ਭਰਪੂਰ ਹੈ। ਇਨ੍ਹਾਂ ਸਹੂਲਤਾਂ ਕਰਕੇ ਕੋਈ ਵੀ ਸੂਚਨਾ ਬਹੁਤ ਸਾਰੇ ਮੁਲਕਾਂ ਤੱਕ ਮਿੰਟਾਂ ਸਕਿੰਟਾਂ ਦੇ ਵਿਚ ਹੀ ਪਹੁੰਚ ਜਾਂਦੀ ਹੈ। ਇਸੇ ਤਰ੍ਹਾਂ ਹੀ ਇਕ ਦੇਸ਼ ਦੀ ਬਣੀ ਫਿਲਮ ਵੀ ਦੁਨੀਆ ਦੇ ਹੋਰ ਦੇਸ਼ਾਂ ਵਿਚ ਵਸਦੇ ਲੋਕਾਂ ਵਲੋਂ ਵੇਖੀ ਜਾਂਦੀ ਹੈ ਤੇ ਪਸੰਦ ਜਾਂ ਨਾਪਸੰਦ ਕੀਤੀ ਜਾਂਦੀ ਹੈ। ਬੌਲੀਵੂੱਡ ਦੀਆਂ ਫਿਲਮਾਂ ਵੀ ਅੱਜ ਕੱਲ ਬਹੁਤ ਦੇਸ਼ਾਂ ਦੇ ਵਿਚ ਰਲੀਜ਼ ਹੋਣ ਕਰਕੇ ਚੰਗੀ ਕਮਾਈ ਕਰਦੀਆਂ ਹਨ ਤੇ ਅਜਿਹੀ ਚਾਲ ਹੀ ਪੰਜਾਬੀ ਸਿਨੇਮਾ ਵੀ ਕੁਝ ਸਮੇਂ ਤੋਂ ਚਲਦਾ ਨਜ਼ਰ ਆ ਰਿਹਾ ਹੈ।

ਇਸ ਦੌਰ ਵਿਚ ਅਜੇ ਤੱਕ ਗਿਣਤੀ ਦੀਆਂ ਪੰਜਾਬੀ ਫਿਲਮਾਂ ਨੇ ਹੀ ਚੰਗੀ ਕਮਾਈ ਕੀਤੀ ਹੈ ਤੇ ਉੱਚ ਪਧਰ ਦੀਆਂ ਪੰਜਾਬੀ ਫਿਲਮਾਂ ਹੋਰ ਵੀ ਥੋੜੀਆਂ ਹਨ ਜਿਵੇਂ ਕੇ ਮਿੱਟੀ, ਅੰਨੇ ਘੋੜੇ ਦਾ ਦਾਨ ਤੇ ਕੁਝ ਹੋਰ ਬਣ ਰਹੀਆਂ ਫਿਲਮਾਂ ਜਿਵੇਂ ਕੇ ਸਰਸਾ, ਕੁਦੇਸਨ, ਸਾਡਾ ਹੱਕ ਆਦਿ. ਬਾਕੀ ਸੁਪਰਹਿੱਟ ਫਿਲਮਾਂ ਸਿਰਫ ਤੇ ਸਿਰਫ ਕਮਾਈ ਨੂੰ ਹੀ ਮੁੱਖ ਰੱਖ ਕੇ ਹੀ ਤਿਆਰ ਕੀਤੀਆਂ ਗਈਆਂ ਹਨ। ਸਾਡਾ ਹੱਕ ਆ ਰਹੀ ਪੰਜਾਬੀ ਫਿਲਮ ਹੈ ਜਿਸਦਾ ਵਿਸ਼ਾ ਬਾਕੀ ਹੋਰ ਸੁਪਰਹਿਟ ਫਿਲਮਾਂ ਵਾਲਾ ਬਿਲਕੁਲ ਨਹੀਂ ਹੈ ਜਿਵੇਂ ਕੇ ਅਸੀਂ ਇੰਟਰਨੈਟ ਤੇ ਅਪਲੋਡ ਟ੍ਰੇਲਰ ਵਿਚ ਵੇਖ ਸਕਦੇ ਹਾਂ। ਹੁਣ ਇਹ ਫਿਲਮ ਭਾਵੇਂ ਤਿਆਰ ਹੋ ਚੁੱਕੀ ਹੈ ਪਰ ਇਸ ਨੂੰ ਸੈਂਸਰ ਬੋਰਡ ਦਾ ਸਰਟੀਫਿਕੇਟ ਨਹੀਂ ਮਿਲ ਰਿਹਾ ਜਿਸ ਕਰਕੇ ਇਹ ਰਲੀਜ਼ ਨਹੀ ਹੋ ਸਕਦੀ। ਇਸਦੇ ਨਾਲ ਹੀ ਇਹ ਵੀ ਸੱਚਾਈ ਹੈ ਕੇ ਨਕਲੀ ਡੀ ਵੀ ਡੀ ਦਾ ਰਿਵਾਜ ਹੋਣ ਕਰਕੇ ਵੀ ਇਹ ਫਿਲਮ ਇਕ ਹਫਤੇ ਦੇ ਵਿਚ ਸਾਰੇ ਚਾਹਵਾਨਾਂ ਤੱਕ ਪਹੁੰਚ ਹੀ ਜਾਣੀ ਹੈ।

ਸਾਡਾ ਹੱਕ ਤੇ ਲੱਗੀ ਰੋਕ ਨੇ ਮੈਨੂੰ ਉਨ੍ਹਾਂ ਫਿਲਮਾਂ ਬਾਰੇ ਵਿਚਾਰ ਕਰਨ ਲਈ ਮਜ਼ਬੂਰ ਕਰ ਦਿੱਤਾ ਜਿਹਨਾਂ ਦਾ ਵਿਸ਼ਾ ਇਤਰਾਜ਼ ਯੋਗ ਸੀ ਜਾਂ ਫਿਰ ਕੁਝ ਸੀਨ ਇਤਰਾਜ਼ ਯੋਗ ਸਨ ਪਰ ਫਿਰ ਵੀ ਓਹ ਫਿਲਮਾਂ ਸੈਂਸਰ ਬੋਰਡ ਦੀ ਮੇਹਰਬਾਨੀ ਸਦਕਾ ਜਨਤਾ ਤੱਕ ਪਹੁੰਚ ਹੀ ਗਈਆਂ ਸਨ। ਇਹ ਓਹ ਫਿਲਮਾਂ ਹਨ ਜਿਹਨਾਂ ਨੂੰ ਵੇਖ ਕੇ ਇਹ ਸਵਾਲ ਉਠਦਾ ਹੈ ਕੇ - ਕੀ ਨਵਾਂ ਹੈ ਜੋ ਸਾਨੂੰ ਸਿਰਫ 'ਸਾਡਾ ਹੱਕ' ਦੇ ਵਿਚ ਹੀ ਦੇਖਣ ਨੂੰ ਮਿਲੇਗਾ ਜੋ ਕੇ ਕਿਸੇ ਨੇ ਪਹਿਲਾਂ ਨਹੀ ਦੇਖਿਆ ਹੈ ?

ਕੁਝ ਫਿਲਮਾਂ ਬਾਰੇ ਜਾਣਕਾਰੀ ਜਿਹਨਾਂ ਨੂੰ ਵੇਖ ਕੇ ਤੇ ਵਿਚਾਰ ਕੇ ਅਫਸੋਸ ਹੋਵੇਗਾ ਕੇ ਸਿਰਫ 'ਸਾਡਾ ਹੱਕ' ਨੂੰ ਹੀ ਕਿਓਂ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਦ ਕੇ ਇਤਰਾਜ਼ ਯੋਗ ਸਮਗਰੀ ਪਹਿਲਾਂ ਹੀ ਸਾਡੇ ਤੱਕ ਸੈਂਸਰ ਬੋਰਡ ਦੀ ਮੇਹਰਬਾਨੀ ਸਦਕਾ ਬਿਨਾਂ ਰੋਕ ਟੋਕ ਪਹੁੰਚ ਦੀ ਰਹੀ ਹੈ। ਸਿਰਫ 'ਸਾਡਾ ਹੱਕ' ਫਿਲਮ ਤੇ ਲੱਗੀ ਰੋਕ ਹੀ ਇਸ ਜਾਣਕਾਰੀ ਬਾਰੇ ਵਿਚਾਰ ਕਰਨ ਦਾ ਸਬਬ ਬਣੀ ਹੈ, ਇਸ ਮਕਸਦ ਨਾਲ ਕੇ ਇਸ ਫਿਲਮ ਨੂੰ ਤਿਆਰ ਕਰਨ ਵਾਲਿਆਂ ਦੀ ਮਿਹਨਤ ਪੱਲੇ ਪੈ ਜਾਵੇ।

ਰਾਮ ਗੋਪਾਲ ਵਰਮਾ ਦੀ ਫਿਲਮ 'ਕੰਟ੍ਰਾਕੇਟ' ਦੇ ਇਕ ਸੀਨ ਵਿਚ ਇਕ ਅੱਤਵਾਦੀ ਬਣੇ ਕਲਾਕਾਰ ਨੇ ਜਿਸ ਤਰੀਕੇ ਨਾਲ ਸਾਡੇ ਦੇਸ਼ ਤੇ ਹਮਲਾ ਕਰਨ ਦਾ ਪਲਾਨ ਪੇਸ਼ ਕੀਤਾ ਸੀ , ਹੂ ਬੂ ਹੂ ਤਰੀਕੇ ਨਾਲ ਕੁਝ ਸਮਂੇ ਬਾਅਦ ਸਚਮੁਚ ਹੀ ਮੁੰਬਈ ਵਿਚ ਅੱਤਵਾਦੀ ਹਮਲਾ ਹੋ ਗਿਆ ਸੀ। ਇਹ ਸੀਨ ਅੱਜ ਵੀ ਸੋਚਣ ਤੇ ਮਜ਼ਬੂਰ ਕਰਦਾ ਹੈ ਕੇ ਸੈਂਸਰ ਬੋਰਡ ਨੇ ਕਿਉਂ ਤੇ ਕਿਸ ਅਧਾਰ ਤੇ ਇਸ ਸੀਨ ਨੂੰ ਮਨਜ਼ੂਰ ਕੀਤਾ ਸੀ।

ਫਨਾਹ ,ਦਿਲ ਸੇ ਅਤੇ ਹੂ ਤੂ ਤੂ ਫਿਲਮਾਂ ਦੇ ਵਿਚ ਮੁਖ ਕਲਾਕਾਰਾਂ ਨੂੰ ਮਨੁੱਖੀ ਬੰਬ ਤੇ ਅੱਤਵਾਦੀ ਬਣਾ ਕੇ ਪੇਸ਼ ਕੀਤਾ ਗਿਆ ਸੀ। ਇਹਨਾ ਫਿਲਮਾਂ ਤੇ ਵੀ ਕੋਈ ਇਤਰਾਜ਼ ਨਾ ਕੀਤਾ ਗਿਆ ਇਹ ਜਾਣਦੇ ਹੋਏ ਵੀ ਕੇ ਦੇਸ਼ ਦੀ ਪ੍ਰਸਿੱਧ ਰਾਜਨੀਤਿਕ ਹਸਤੀ ਨੂੰ ਕਤਲ ਕਰਨ ਵਿਚ ਮਨੁੱਖੀ ਬੰਬ ਦਾ ਹੀ ਹਿਸਾ ਸੀ। ਦੇਸ਼ ਦੇ ਪੁਲਸ ਸਟੇਸ਼ਨ, ਬਲਾਤਕਾਰ ਸਟੇਸ਼ਨ ਨੇ ਇਹ ਰੈਡ ਅਲਰਟ , ਰਾਵਣ , ਚਕਰਵਿਊ ਤੇ ਦੇਸ਼ ਹੋਇਆ ਪਰਦੇਸ ਵਿਚ ਚੰਗੀ ਤਰਾਂ ਦਰਸਾਇਆ ਗਿਆ ਹੈ।

'ਲਮਹਾ' ਫਿਲਮ ਇਹ ਵਿਚਾਰ ਪੇਸ਼ ਕਰਦੀ ਹੈ ਕੇ ਜੰਮੂ ਕਸ਼ਮੀਰ ਸਟੇਟ ਕੁਝ ਲੋਕਾਂ ਤੇ ਕੁਝ ਕੰਪਨੀਆਂ ਲਈ ਸੋਨੇ ਦੀ ਖਾਣ ਸਾਬਤ ਹੋਈ ਹੈ। ਇਸ ਫਿਲਮ ਦੇ ਡਾਇਲਾਗ ਦੁਆਰਾ 'ਹਮੇ ਤੋ ਹਰ ਕੋਈ ਲੂਟ ਤਾ ਹੈ ਚਾਹੇ ਵੋ ਮਿਲਿਟ੍ਰੀ ਹੋ ਯਾ ਫਿਰ ਜੇਹਾਦੀ' ਦੇਸ਼ ਦੀ ਫੌਜ ਤੇ ਅੱਤਵਾਦੀਆਂ ਨੂੰ ਇੱਕੋ ਜਿਹੇ ਬਲਾਤਕਾਰੀ ਕਿਹਾ ਗਿਆ ਹੈ- ਇਸਤੇ ਵੀ ਕੋਈ ਇਤਰਾਜ਼ ਨਹੀਂ ਕੀਤਾ ਗਿਆ।

ਹੇ ਰਾਮ ਫਿਲਮ ਦੇ ਵਿਚ ਇਹ ਵਿਚਾਰ ਪੇਸ਼ ਕੀਤਾ ਗਿਆ ਹੈ ਕੇ ਗਾਂਧੀ ਨੂੰ ਮਾਰਨ ਲਈ ਸਿਰਫ ਇਕ ਬੰਦਾ ਹੀ ਮਾਰਨ ਲਈ ਤਤਪਰ ਨਹੀਂ ਸੀ ਬਲਕਿ ਕਈ ਹੋਰ ਵੀ ਇਸ ਇੱਛਾ ਨਾਲ ਪ੍ਰਬਲ ਸਨ।

'ਬੈਂਡਿਟ ਕਵੀਨ' ਫਿਲਮ ਵਿਚ ਬਲਾਤਕਾਰ ਦੇ ਖੁੱਲ੍ਹੇ ਸੀਨ ਤੇ ਬਹੁਤ ਜ਼ਿਆਦਾ ਹਿੰਸਾ ਹੋਣ ਕਾਰਣ ਲੋਕਾਂ ਨੇ ਇਸਦਾ ਵਿਰੋਧ ਕੀਤਾ ਸੀ ਪਰ ਫਿਰ ਵੀ ਇਹ ਸਿਨੇਮਾ ਸਕਰੀਨ ਤੱਕ ਪਹੁੰਚ ਹੀ ਗਈ ਸੀ।

'ਰਕਤ ਚਰਿੱਤਰ' ਫਿਲਮ ਦੇ ਵਿਚ 1984 ਦੇ ਕਤਲੇਆਮ ਦੇ ਬਾਦ ਇਕ ਸਿਆਸੀ ਹਸਤੀ ਦੁਆਰਾ ਕਹੇ ਗਏ ਸ਼ਬਦ 'ਜਦ ਕੋਈ ਵੱਡਾ ਦਰਖਤ ਡਿਗਦਾ ਹੈ ਤਾਂ ਧਰਤੀ ਕੰਬਦੀ ਹੀ ਹੈ' ਇਸੇ ਤਰਾਂ ਹੀ ਵਰਤੇ ਗਏ ਹਨ। ਇਸ ਬਾਰੇ ਵੀ ਇਸ ਫਿਲਮ ਨੂੰ ਸਰਟੀਫਿਕੇਟ ਜਾਰੀ ਕਰਨ ਵੇਲੇ ਕਿਸੇ ਨੇ ਕੁਝ ਨਹੀਂ ਸੋਚਿਆ ਹੋਵੇਗਾ.

'ਸ਼ੰਘਈ' ਫਿਲਮ ਦੇ ਵਿਚ ਕਿਵੇ ਦੇਸ਼ ਦੇ ਸਿਆਸੀ ਲੀਡਰ ਆਪਣੇ ਸਵਾਰਥ ਲਈ ਕਿਸੇ ਨੂੰ ਵੀ ਮਾਰਨ ਤੋਂ ਪਿਛੇ ਨਹੀਂ ਹਟਦੇ ਤੇ ਇਸ ਕਤਲ ਨੂੰ ਜਨਤਾ ਦੇ ਸਾਹਮਣੇ ਦੁਰਘਟਨਾ ਬਣਾ ਕੇ ਪੇਸ਼ ਕਰਦੇ ਹਨ। ਇਸਤੇ ਵੀ ਕੋਈ ਨਾ ਨਹੀਂ ਹੋਈ। ਕਈ ਸਾਲ ਪਹਿਲਾਂ ਆਈ ਇਨਕਲਾਬ ਦਾ ਮੁੱਖ ਅਭਿਨੇਤਾ ਫਿਲਮ ਦੇ ਆਖਿਰ ਵਿਚ ਦੇਸ਼ ਨੂੰ ਲੁੱਟ ਰਹੇ ਲੀਡਰਾਂ ਨੂੰ ਗੋਲੀਆਂ ਨਾਲ ਭੁੰਨ ਦਿੰਦਾ ਹੈ ਇਹ ਸੀਨ ਵੀ ਪਾਸ ਹੋ ਗਿਆ ਸੀ। ਇਸੇ ਤਰਾਂ ਹੀ ਨੌਜਵਾਨਾ ਵਲੋਂ ਦੇਸ਼ ਦੇ ਨੇਤਾ ਦਾ ਕਤਲ 'ਰੰਗ ਦੇ ਬਸੰਤੀ' ਵਿਚ ਜਾਇਜ਼ ਸਾਬਤ ਕਰਨ ਦੀ ਕੋਸ਼ਿਸ਼ ਨੂੰ ਪੇਸ਼ ਕੀਤਾ ਗਿਆ ਸੀ।

'ਮਾਚਿਸ' ਤੇ 'ਦੇਸ਼ ਹੋਇਆ ਪ੍ਰਦੇਸ' ਨੂੰ ਕਈ ਅਵਾਰਡ ਮਿਲੇ ਸਨ, ਜੋ ਕੇ ਪੁਲਸ ਵਧੀਕੀਆਂ ਨੂੰ ਪੇਸ਼ ਕਰਦੀਆਂ ਹਨ। ਇਨ੍ਹਾ ਫਿਲਮਾਂ ਨੂੰ ਨਾ ਰੋਕ ਕੇ ਇਕ ਤਰਾਂ ਸੈਂਸਰ ਬੋਰਡ ਨੇ ਵੀ ਇਹ ਮੰਨ ਲਿਆ ਸੀ ਕੇ ਦੇਸ਼ ਦੀ ਪੁਲੀਸ ਨੇ ਸੱਚਮੁਚ ਹੀ ਨੌਜਵਾਨਾਂ ਤੇ ਜ਼ੁਲਮ ਕੀਤਾ ਸੀ।

ਹੋਰ ਵੀ ਫਿਲਮਾਂ ਹੋ ਸਕਦੀਆਂ ਹਨ ਜਿਨ੍ਹਾਂ 'ਤੇ ਪਾਬੰਦੀ ਲਾਉਣ ਬਾਰੇ ਸੈਂਸਰ ਬੋਰਡ ਦੀ ਸੋਚਣ ਸ਼ਕਤੀ ਨੇ ਸ਼ਾਇਦ ਕੰਮ ਨਾ ਕੀਤਾ ਹੋਵੇ ਪਰ ਹੁਣ ਸਾਰੀ ਸੋਚਣ ਸ਼ਕਤੀ ਸਿਰਫ 'ਸਾਡਾ ਹੱਕ' ਤੇ ਹੀ ਲੱਗੀ ਹੋਈ ਹੈ। ਦੇਸ਼ ਦੇ ( ਖਾਸ ਕਰਕੇ ਪੰਜਾਬ ਵਿਚ) ਟੀਵੀ ਚੈਨਲਾਂ ਤੇ ਪੇਸ਼ ਹੁੰਦੇ ਹਰ ਤਰਾਂ ਦੇ ਗੀਤਾਂ ਬਾਰੇ ਸੋਚਣ ਦੀ ਜ਼ਿੰਮੇਵਾਰੀ ਤਾਂ ਸੈਂਸਰ ਬੋਰਡ ਦੀ ਬਿਲਕੁਲ ਨਹੀਂ ਹੈ।

ਡਾ ਗੁਰਤੇਜ
ਮੈਲਬੌਰਨ (ਆਸਟਰੇਲੀਆ)

ਮੌਬ: 432187990

Thursday, June 28, 2012

ਇਕ ਨਿੱਕੀ ਕ੍ਰਾਂਤੀ--ਕਿਸਾਨ ਖੁਦਕੁਸ਼ੀਆਂ ਦਾ ਸਮਾਜਿਕ ਦਸਤਾਵੇਜ਼

ਮਨਮੀਤ ਸਿੰਘ ਤੇ ਹਰਪ੍ਰੀਤ ਕੌਰ(ਫਿਲਮਸਾਜ਼ ਜੋੜਾ)
ਖੇਤਾਂ 'ਚ ਫੈਲੀ ਹੋਈ ਹਰਿਆਲੀ ਅਤੇ ਥੌੜ੍ਹੀ ਜਿਹੀ ਧੁੰ 'ਚ ਸਰੋਂ ਦੇ ਖੇਤਾਂ 'ਚ ਮਹਿਕਦੀ ਖੁਸ਼ਬੋ ਮਹਿਸੂਸ ਕਰਦੇ ਹੋਏ ਤੁਹਾਨੂੰ ਇੱਕ ਪਲ ਲਈ ਲਾਲਾ ਧਨੀਰਾਮ ਚਾਤ੍ਰਿਕ ਦੀਆਂ ਕੁਝ ਸਤਰਾਂ ਯਾਦ ਆ ਸਕਦੀਆਂ ਹਨ।

ਗਾਦੀ ਉੱਤੇ ਬੈਠਾ ਕਿਰਸਾਨ ਗਾਂਵਦਾ,
ਢੋਲੇ ਦੀਆਂ ਲਾਕੇ ਮਨ ਪਰਚਾਂਵਦਾ,
ਜ਼ਿੰਦਗੀ ਹੁਲਾਰੇ ਪਈਓ ਜਿੰਦ ਜਾਨ ਦੀ,
ਕਿੰਨੀ ਚੰਗੀ ਜ਼ਿੰਦਗੀ ਹੈ ਕਿਰਸਾਨ ਦੀ।


ਪਰ ਇਹ ਸਿਰਫ ਕੁਝ ਸੈਕਿੰਡ ਦਾ ਹੁਲਾਰਾ ਹੀ ਜਾਪੇਗਾ।ਫ਼ਿਲਮ ਦਾ ਪਹਿਲਾ ਦ੍ਰਿਸ਼ ਬਹੁਤ ਹੀ ਮਨਮੋਹਨਾ ਤੁਹਾਡੀਆਂ ਅੱਖਾਂ ਸਾਹਮਣੇ ਹੈ।ਪੰਜਾਬ ਦੇ ਅਜਿਹੇ ਮਨਮੋਹਨੇ ਦ੍ਰਿਸ਼ਾਂ ਦੇ ਓਹਲੇ,ਬੰਸਤੀ ਰੰਗਾਂ ਦੇ ਓਹਲੇ ਇੱਕ ਚੁੱਪ ਪਸਰੀ ਹੋਈ ਹੈ।ਇਸ ਚੁੱਪ ਨੂੰ ਅਵਾਜ਼ ਦੀ ਲੋੜ ਹੈ।ਅਜਿਹੀ ਅਵਾਜ਼ ਬਣਨ ਦਾ ਇੱਕ ਹੰਭਲਾ ਹੈ ਮਨਮੀਤ ਸਿੰਘ ਹੁਣਾਂ ਦੀ 'ਸੱਚ ਪ੍ਰੋਡਕਸ਼ਨ' ਵੱਲੋਂ ਬਣਾਈ ਗਈ ਦਸਤਾਵੇਜ਼ੀ ਫ਼ਿਲਮ-ਏ ਲਿਟਲ ਰੇਵੂਲੇਸ਼ਣ,ਇੱਕ ਨਿੱਕੀ ਕ੍ਰਾਂਤੀ।ਜਿਹਨੂੰ ਹਰਪ੍ਰੀਤ ਕੌਰ ਹੁਣਾਂ ਨੇ ਨਿਰਦੇਸ਼ਤ ਕੀਤਾ ਹੈ।


ਇਸ ਫ਼ਿਲਮ ਬਾਰੇ ਗੱਲ ਕਰਦੇ ਹੋਏ ਮੈਂ ਪਹਿਲਾਂ ਇਹ ਜ਼ਰੂਰ ਦੱਸਣਾ ਚਾਹਵਾਂਗਾ ਕਿ ਕਿਸਾਨ ਖੁਦਕੁਸ਼ੀਆਂ 'ਤੇ ਬਣੀ ਇਹ ਫ਼ਿਲਮ ਆਪਣੇ ਪਹਿਲੇ ਫ੍ਰੇਮ ਤੋਂ ਹੀ ਰੰਗਲੇ ਪੰਜਾਬ ਦਾ ਵਹਿਮ ਤੋੜਦੀ ਹੋਈ ਤੁਹਾਨੂੰ ਗ਼ਲਪ ਪ੍ਰਤੀਕ ਦੇ ਦ੍ਰਿਸ਼ ਰਾਂਹੀ ਯਥਾਰਥ ਦੀ ਸਰਜ਼ਮੀਨ 'ਤੇ ਲਿਆ ਖੜ੍ਹਾ ਕਰੇਗੀ।ਸਰੋਂ ਦੇ ਇਹਨਾਂ ਖੇਤਾਂ 'ਚ ਇੱਕ ਨਿੱਕੀ ਜਿਹੀ ਕੁੜੀ ਰੋਟੀ ਵਾਲਾ ਡੱਬਾ ਲਈ ਦੌੜ ਰਹੀ ਹੈ।ਤੁਹਾਡੇ ਮਨਾਂ 'ਚ ਇੱਕ ਘਬਰਾਹਟ ਪਸਰ ਜਾਵੇਗੀ।ਦ੍ਰਿਸ਼ ਥੌੜ੍ਹਾ ਹੋਰ ਫੈਲਦਾ ਹੈ,ਪਤਾ ਲੱਗਦਾ ਹੈ ਕਿ ਉਸ ਕੁੜੀ ਦੇ ਅੱਗੇ ਇੱਕ ਬੰਦਾ ਦੋੜਿਆ ਜਾ ਰਿਹਾ ਹੈ।ਦੂਰ ਤੁਹਾਨੂੰ ਰੇਲਗੱਡੀ ਦੀ ਅਵਾਜ਼ ਸੁਣਾਈ ਦੇਵੇਗੀ।ਬੰਦਾ ਪਟੜੀ ਵੱਲ ਨੂੰ ਦੋੜ ਰਿਹਾ ਹੈ।ਪਿੱਛੇ ਉਹਦੀ ਕੁੜੀ ਰੋਟੀ ਵਾਲਾ ਡੱਬਾ ਚੁੱਕੀ ਦੌੜ ਰਹੀ ਹੈ।ਰੇਲਗੱਡੀ ਨੇੜੇ ਆਉਂਦੀ ਜਾ ਰਹੀ ਹੈ ਤੁਹਾਡੀ ਅੰਦਰਲੀ ਤੜਪ ਵੱਧਦੀ ਜਾ ਰਹੀ ਹੈ ਕਿਉਂ ਕਿ ਵੇਖਣ ਵਾਲੇ ਨੂੰ ਮਹਿਸੂਸ ਹੋ ਗਿਆ ਹੈ ਕਿ ਕੀ ਵਾਪਰਣ ਜਾ ਰਿਹਾ ਹੈ।ਬੰਦਾ ਰੇਲਗੱਡੀ ਦੇ ਸਾਹਮਣੇ ਜਾ ਖੜ੍ਹਾ ਹੁੰਦਾ ਹੈ।ਕੁੜੀ ਦੌੜਦੀ ਜਾ ਰਹੀ ਹੈ ਕਿ ਮੈਂ ਰੋਕ ਲਵਾਂ ਬਾਪੂ ਨੂੰ ਪਰ ਰੇਲਗੱਡੀ ਕਦੋਂ ਦੀ ਲੰਘ ਚੁੱਕੀ ਹੈ ਤੇ ਕੁੜੀ ਦੇ ਹੱਥੋਂ ਡੱਬਾ ਡਿੱਗਦਾ ਹੈ।ਦ੍ਰਿਸ਼ 'ਚ ਸੁੰਨ ਪਸਰਦੀ ਹੈ।ਬੱਸ ਇਹ ਉਹੋ ਸੁੰਨ ਹੈ ਜੋ ਕਿਸੇ ਅਖ਼ਬਾਰਾਂ,ਟੈਲੀਵਿਜ਼ਨ,ਸਰਕਾਰੀ ਅੰਕੜਿਆ 'ਚ ਕਿਸਾਨ ਦੀ ਹੋ ਚੁੱਕੀ ਖੁਦਕੁਸ਼ੀ ਦੀ ਖ਼ਬਰ ਤੋਂ ਬਾਅਦ ਬਿਆਨ-ਏ-ਜ਼ਿਕਰ ਨਹੀਂ ਹੁੰਦੀ।ਉਸ ਡੱਬੇ 'ਚ ਪਈ ਰੋਟੀ ਕਦੋਂ ਦੀ ਬਾਸੀ ਹੋ ਚੁੱਕੀ ਹੈ।ਮਰ ਚੁੱਕੇ ਕਿਸਾਨ ਦੀ ਉਹ ਕੁੜੀ ਅੱਜ ਵੀ ਖੇਤਾਂ 'ਚ ਉਵੇਂ ਹੀ ਖੱੜ੍ਹੀ ਹੈ।ਇਹ ਸਭ ਕੁਝ ਭਾਰਤ 'ਚ ਹਰ 32 ਮਿੰਟ ਬਾਅਦ ਵਾਪਰਦਾ ਹੈ।ਇਹ ਕਿਸਾਨ ਦੀ ਅਜਿਹੀ ਦਸ਼ਾ ਹੈ ਜਿਹਨੂੰ ਮੈਂ ਇੱਕ ਵਾਰ ਆਪਣੀ ਕਵਿਤਾ 'ਚ ਲਿਖਿਆ ਸੀ।


ਹਲਾਤਾਂ ਦੇ ਚਰਖ਼ੇ ਦੁੱਖਾਂ ਨੂੰ ਕੱਤੀਏ,
ਵਾਹਕੇ ਖ਼ੂਨ ਪਸੀਨਾ।
ਸਾਡੇ ਪੱਟਾਂ 'ਤੇ ਮੋਰ ਧੁੰਧਲੇ ਪਏ,
ਉਂਗਲੀਓ ਲਿਹਾ ਨਗੀਨਾ।
ਕੀਤਾ ਵਾਅਦਾ ਜੱਟੀ ਨੂੰ ਭੁੱਲੇ,
ਸਾਡਾ ਕਰਜ਼ੇ ਥੱਲੇ ਸੀਨਾ।
ਗੱਡੀ ਆਵੇ ਸਰਕਾਰੀ ਤਾਂ ਖ਼ਿਦਮਤ ਕਰੀਏ,
ਹਜ਼ੂਰ ਦੇਵੋ ਇੱਕ ਮਹੀਨਾ।
ਮੁਫ਼ਲਿਸੀ ਦੇ ਵਿਹੜੇ ਨਿਤ ਜਨਾਜੇ,
ਬਨੇਰਿਓਂ ਉੱਡਿਆ ਕਬੂਤਰ ਚੀਨਾ।
ਅਖ਼ੀਰ ਲਚਾਰੀਆਂ ਦੀ ਹਾਮੀ ਭਰਦਾ,
ਮੈਂ ਹਾਂ ਇੱਕ ਕਿਸਾਨ,
ਹੁਣ ਸ਼ਾਖ਼ ਦਾ ਟੁੱਟਿਆ ਸੁੱਕਾ ਪੱਤਾ,
ਮੈਂ ਡੀਕ ਕੇ ਮੋਹਰਾ ਪੀਨਾ॥


ਦਸਤਾਵੇਜ਼ੀ ਫ਼ਿਲਮ 'ਚ ਅਜਿਹਾ ਕੁਝ ਸੈਕਿੰਡ ਦਾ ਦ੍ਰਿਸ਼ ਤੁਹਾਨੂੰ ਪੰਜਾਬ ਦੇ ਉਸ ਮਾਹੌਲ ਨਾਲ ਜੋੜਦਾ ਹੋਇਆ ਹਲਾਤਾਂ ਦੀ ਜੱੜ੍ਹ ਤੱਕ ਲੈ ਜਾਵੇਗਾ।ਅਜਿਹੀ ਫ਼ਿਲਮ ਬਾਰੇ ਗੱਲ ਕਰਦੇ ਹੋਏ ਮੈਨੂੰ ਇਹ ਵੀ ਮਹਿਸੂਸ ਹੁੰਦਾ ਹੈ ਕਿ ਭਾਰਤ 'ਚ ਦਸਤਾਵੇਜ਼ੀ ਫ਼ਿਲਮ ਨੂੰ ਇੰਨੇ ਚਾਅ ਨਾਲ ਨਹੀਂ ਵੇਖਿਆ ਜਾਂਦਾ ਅਤੇ ਦਸਤਾਵੇਜ਼ੀ ਫ਼ਿਲਮਾਂ ਦੀ ਪਹੁੰਚ ਅਤੇ ਇਸ ਪ੍ਰਤੀ ਰੁੱਚੀ ਨੂੰ ਹਰ ਗਲੀ ਹਰ ਘਰ ਤੱਕ ਮਕਬੂਲ ਕਰਨ ਦੀ ਸਖਤ ਜ਼ਰੂਰਤ ਹੈ।ਕਿਉਂ ਕਿ ਸਿਨੇਮਾ ਦਾ ਅਜਿਹਾ ਪ੍ਰਭਾਵ ਉਹਨਾਂ ਦਰਸ਼ਕਾਂ ਤੱਕ ਆਪਣਾ ਪੱਖ ਬਹੁਤ ਮਜ਼ਬੂਤੀ ਨਾਲ ਰੱਖਦਾ ਹੈ।ਸਮਾਜ 'ਚ ਸਿਨੇਮਾ ਨਾਲ ਨਵੀਂ ਲਹਿਰ ਪੈਦਾ ਕੀਤੀ ਜਾ ਸਕਦੀ ਹੈ।ਇਸ ਨੂੰ ਫ਼ਿਲਮ ਦੀ ਨਿਰਦੇਸ਼ਕ ਹਰਪ੍ਰੀਤ ਕੌਰ ਦੀ ਕਹੀ ਗੱਲ ਰਾਹੀਂ ਹੀ ਸਮਝਾਉਣਾ ਚਾਹਵਾਂਗਾ।ਉਸ ਮੁਤਾਬਕ ਉਹ ਆਪਣੀ ਦਸਤਾਵੇਜ਼ੀ ਫ਼ਿਲਮ ਰਾਹੀਂ ਸਿਰਫ ਲੋਕਾਂ ਨੂੰ ਹੱਲਾਸ਼ੇਰੀ ਦੇ ਸਕਦੇ ਹਨ।ਹਰਪ੍ਰੀਤ ਕੌਰ ਇਸ ਫ਼ਿਲਮ ਰਾਹੀਂ ਹਿੰਮਤ ਦਾ ਸੰਚਾਰ ਕਰਨਾ ਚਾਹੁੰਦੀ ਹੈ ਕਿ ਉਸ ਮੁਤਾਬਕ ਜਦੋਂ ਲੋਕਾਂ 'ਚ ਹਿੰਮਤ ਆਉਂਦੀ ਹੈ ਤਾਂ ਉਹ ਕੁਝ ਵੀ ਕਰ ਸਕਦੇ ਹਨ।


ਇੱਕ ਨਿੱਕੀ ਕ੍ਰਾਂਤੀ ਸਿਰਫ ਕਿਸਾਨ ਖੁਦਕੁਸ਼ੀਆਂ ਦੀ ਗੱਲ ਨਹੀਂ ਕਰਦੀ।ਕਿਸਾਨ ਖੁਦਕੁਸ਼ੀਆਂ ਦੇ ਅੰਕੜੇ ਤਾਂ ਸਰਕਾਰੀ ਕਾਗਜ਼ਾਂ 'ਚ ਵੀ ਨੱਥੀ ਹਨ।ਜੇ ਸਰਕਾਰ ਨੂੰ ਅਲਮ ਦਾ ਇਲਮ ਨਹੀਂ ਹੈ ਤਾਂ ਇਹ ਸਾਡਾ ਵਹਿਮ ਹੈ।ਉਹ ਸਭ ਕੁਝ ਜਾਣਦੀ ਹੈ।ਜੇ ਉਹ ਵੋਟਾਂ ਲੈਣ ਵਾਲੇ ਵੋਟਰਾਂ ਦੀ ਨਬਜ਼ ਨੂੰ ਚੰਗੀ ਤਰ੍ਹਾਂ ਫੱੜ੍ਹਦੇ ਹਨ ਤਾਂ ਉਹਨਾਂ ਨੂੰ ਕਿਸਾਨ ਖੁਦਕੁਸ਼ੀਆਂ ਦੀਆਂ ਖ਼ਬਰਾਂ ਦੀ ਵੀ ਪਲ ਪਲ ਦੀ ਜਾਣਕਾਰੀ ਹੈ ਬੱਸ ਫਰਕ ਇੰਨਾ ਹੀ ਹੈ ਕਿ ਉਹ ਇਸ ਤਸਵੀਰ ਨੂੰ ਵੇਖਦੇ ਹੋਏ ਵੀ ਅਣਗੋਲਿਆ ਕਰਦੇ ਆ ਰਹੇ ਹਨ।ਇੱਕ ਨਿੱਕੀ ਕ੍ਰਾਂਤੀ ਭੱਵਿਖ ਦੇ ਉਸ ਤਸੱਵਰ ਨੂੰ ਲੱਭ ਰਹੀ ਹੈ ਜਿਸ ਲਈ ਅਸੀ ਆਪਣੇ ਦੇਸ਼ ਦੀ ਨਬਜ਼ ਨੂੰ ਨੌਜਵਾਨਾਂ ਦੇ ਹੱਥਾਂ ਨਾਲ ਲਿਖੀ ਇਬਾਰਤ ਮੰਨਕੇ ਚਲੇ ਆ ਰਹੇ ਹਾਂ।ਇੱਕ ਨਿੱਕੀ ਕ੍ਰਾਂਤੀ 'ਚ ਉਠਾਇਆ ਗਿਆ ਸਵਾਲ ਇਸ ਲਈ ਅਹਿਮ ਹੈ ਕਿ ਕਿਸਾਨ ਖੁਦਕੁਸ਼ੀਆਂ ਨੂੰ ਲੈਕੇ ਫਿਕਰ ਇਹ ਨਹੀਂ ਕਿ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ।ਇਹ ਤਾਂ ਸਾਫ ਹੈ ਕਿ ਜਿਹੜੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਉਹਦਾ ਦਾਣਾ ਪਾਣੀ ਤਾਂ ਇਸ ਸੰਸਾਰ ਤੋਂ ਖਤਮ ਹੋ ਗਿਆ ਫਿਰ ਮਰਿਆ ਦੀ ਗੱਲ ਕਿਉਂ ਕਰਨੀ? ਹਰਪ੍ਰੀਤ ਕੌਰ ਦੀ ਫ਼ਿਲਮ ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਇਹ ਨਜ਼ਰੀਆਂ ਰੱਖਦੀ ਹੈ ਕਿ ਇੱਕ ਕਿਸਾਨ ਦੇ ਮਰਨ ਨਾਲ ਉਹਦੇ ਪਰਵਾਰ ਦੇ ਜੀਅ,ਉਹਨਾਂ ਦੇ ਬੱਚਿਆਂ ਦੀ ਗਿਣਤੀ ਕਰੀਏ ਤਾਂ ਹਲਾਤ ਬਹੁਤ ਹੀ ਸੰਵੇਦਨਸ਼ੀਲ ਬਣ ਜਾਂਦੇ ਹਨ।ਕਿਉਂ ਕਿ ਫ਼ਿਲਮ 'ਚ ਪੇਸ਼ ਕੀਤੇ ਅੰਕੜਿਆ ਮੁਤਾਬਕ 70 ਦੇ ਦਹਾਕੇ ਤੋਂ ਹੁਣ ਤੱਕ ਜਿੰਨੀਆਂ ਖੁਦਕੁਸ਼ੀਆਂ ਹੋਈਆਂ ਹਨ ਉਹਨਾਂ ਖੁਦਕੁਸ਼ੀਆਂ ਪਿੱਛੇ ਕਿੰਨੇ ਪਰਿਵਾਰ ਪ੍ਰਭਾਵਿਤ ਹੋਏ ਹਨ ਜਾਂ ਕਿੰਨੇ ਬੱਚਿਆਂ ਨੂੰ ਆਪਣੇ ਪਿਓ ਦਾ ਆਸਰਾ ਮਿਲਣਾ ਬੰਦ ਹੋ ਗਿਆ ਹੈ ਉਸ ਨਾਲ ਸਿੱਧੇ ਰੂਪ 'ਚ ਹੀ ਦੇਸ਼ ਦੀ ਲੋਕ ਤਾਕਤ ਨੂੰ ਢਾਅ ਲੱਗੀ ਹੈ।


ਹਰਪ੍ਰੀਤ ਕੌਰ ਦੀ ਫ਼ਿਲਮ 'ਇੱਕ ਨਿੱਕੀ ਕ੍ਰਾਂਤੀ' ਦੂਜੀਆ ਦਸਤਾਵੇਜ਼ੀ ਫ਼ਿਲਮਾਂ ਦੀ ਤਰ੍ਹਾਂ ਮਹਿਜ਼ ਅੰਕੜਿਆ ਦੀ ਬਿਆਨਬਾਜ਼ੀ ਨਹੀਂ ਹੈ।ਇਹ ਬੰਦੇ ਦੇ ਅੰਦਰ ਬੰਦਾ ਹੋਣ ਦੇ ਸੰਘਰਸ਼ ਦੀ ਦਾਸਤਾਨ ਦੇ ਰੂਪ 'ਚ ਵਿਚਰਦੀ ਹੈ।ਅਜਿਹੀ ਫ਼ਿਲਮ ਇੱਕ ਸਵਾਲ ਇਹ ਵੀ ਕਰਦੀ ਹੈ ਕਿ ਸਾਡੇ ਸਮਾਜ ਦਾ ਭੱਵਿਖ(ਨੌਜਵਾਨ ਬੱਚੇ) ਕਿਸ ਮੁਹਾਂਦਰੇ 'ਤੇ ਖੜ੍ਹੇ ਹੋਕੇ ਸੁਫ਼ਨੇ ਵੇਖ ਰਹੇ ਹਨ।ਇਸ ਤੋਂ ਵੀ ਖਾਸ ਗੱਲ ਕਿ ਅਸੀ ਇਹਨਾਂ ਬੱਚਿਆਂ ਲਈ ਕੀ ਕਰ ਰਹੇ ਹਾਂ।ਅਜਿਹੇ ਜਜ਼ਬਾਤ ਨੂੰ ਤਸਵੀਰ ਦੇਣ ਦੇ ਯੋਗਦਾਨ ਲਈ ਮੈਂ ਹਰਪ੍ਰੀਤ ਕੌਰ ਅਤੇ ਮਨਮੀਤ ਸਿੰਘ ਹੁਣਾਂ ਨੂੰ ਹਮੇਸ਼ਾ ਸਲਾਮ ਕਰਦਾ ਹਾਂ।ਫ਼ਿਲਮ ਪੰਜਾਬ ਦੇ ਕਿਸਾਨਾਂ ਦੀ ਹਾਲਤ ਨੂੰ ਬਿਆਨ ਕਰਦੀ ਹੋਈ ਸਮੱਸਿਆ ਦੀ ਉਹਨਾਂ ਜੜ੍ਹਾਂ ਨੂੰ ਫਰੋਲਦੀ ਹੈ ਜਿਥੋਂ ਪੰਜਾਬ ਦੀ ਬਰਬਾਦੀ ਦੀ ਕਹਾਣੀ ਸ਼ੁਰੂ ਹੋਈ।60 ਦੇ ਦਹਾਕੇ 'ਚ ਹਰੀ ਕ੍ਰਾਂਤੀ ਦੇ ਮੌਸਮ 'ਚ ਕਿਸਾਨਾਂ ਨੂੰ ਜਿਸ ਢੰਗ ਨਾਲ ਫਰਟੀਲਾਈਜ਼ਰ,ਪੈਸਟੀਸਾਈਡ ਤੇ ਹੋਰ ਜ਼ਹਿਰੀਲੇ ਨਾਸ਼ਕਾਂ ਨਾਲ ਵੱਧਦੀ ਫਸਲ ਦੇ ਸੁਫ਼ਨੇ ਨਾਲ ਸੁਨਹਿਰੇ ਭੱਵਿਖ ਦਾ ਚੋਚਲਾ ਦਿੱਤਾ ਗਿਆ ਉਹ ਭਾਰਤ ਲਈ ਆਰਥਿਕ ਅਤੇ ਸਮਾਜਿਕ ਤ੍ਰਾਸਦੀ ਸਾਬਤ ਹੋਇਆ।ਇਸ ਲਈ ਕੌਮਾਂਤਰੀ ਅਤੇ ਗਲੋਬਲ ਨੀਤੀਆਂ ਦੋਵੇਂ ਹੀ ਜ਼ਿੰਮੇਵਾਰ ਹਨ।ਕਿਉਂ ਕਿ 60 ਦੇ ਦਹਾਕੇ 'ਚ ਇਹ ਸਭ ਕੁਝ ਸ਼ੁਰੂ ਕਰਨ ਦੌਰਾਨ ਵੱਧ ਤੋਂ ਵੱਧ ਸਬਸੀਡੀਆਂ ਦਿੱਤੀਆਂ ਗਈਆਂ।੭੦ ਦੇ ਦਹਾਕੇ ਤੱਕ ਪਹੁੰਚਦੇ ਹੋਏ ਸਬਸੀਡੀਆਂ ਬੰਦ ਕਰ ਦਿੱਤੀਆਂ ਗਈਆਂ ਅਤੇ ਜਿਹੜੇ ਕਿਸਾਨਾਂ ਨੇ ਹਰੀ ਕ੍ਰਾਂਤੀ ਦੇ ਝੰਡੇ ਥੱਲੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਲਈ ਅੱਖਾਂ ਬੰਦ ਕਰ ਆਪਣੀ ਕਿਸਮਤ ਨੂੰ ਸੂਲੀ ਚਾੜ੍ਹ ਦਿੱਤਾ ਉਹਨਾਂ ਦਾ ਕਰਜ਼ੇ ਥੱਲੇ ਆਉਣਾ ਸੁਭਾਵਿਕ ਸੀ।80 ਵਿਆਂ ਤੱਕ ਆਉਂਦੇ ਹੋਏ ਖੁਦਕੁਸ਼ੀਆਂ ਦਾ ਅਜਿਹਾ ਚੱਕਰ ਚੱਲਿਆ ਕਿ ਇਸ ਦੀ ਗ੍ਰਿਫਤ 'ਚ ਕਿਸਾਨ ਅਜੇ ਤੱਕ ਨਹੀਂ ਨਿਕਲ ਸਕਿਆ।ਇਹ ਨੁਕਤਾ ਬਹੁਤ ਹੀ ਗੰਭੀਰ ਹੈ ਕਿ ਕੀ ਆਰਥਿਕ ਆਸਰੇ ਵੱਡੇ ਸਨਅਤੀ ਅਦਾਰਿਆਂ ਲਈ ਹੀ ਰਹਿ ਗਏ ਹਨ ਅਤੇ ਐਗਰੀਕਲਚਰ ਇਕੋਨਮੀ ਦੇ ਪ੍ਰਤੀਕ ਵੱਜੋਂ ਪੇਸ਼ ਕੀਤੇ ਜਾਂਦੇ ਦੇਸ਼ 'ਚ ਦੇਸ਼ ਦੇ ਕਿਸਾਨਾਂ ਲਈ ਹੀ ਕੋਈ ਆਸਰਾ ਨਹੀਂ?

ਕੀ ਮੈਂ ਆਖਾਂ ਤੇ ਕੀ ਮੈਂ ਨਾ ਆਖਾਂ,
ਮਾਰੀ ਮਤ ਕਿਉਂ ਗਈ ਸਰਕਾਰ ਦੀ ਏ।
ਅੰਨ੍ਹੇ ਬੋਲੇ ਤੇ ਬੇਦਿਮਾਗ ਵਾਂਗੂ,
ਪਾਗਲ ਹੋਈ ਨਾ ਕੁਝ ਵਿਚਾਰ ਦੀ ਏ।
ਹਾਏ ਅਫਸੋਸ ਕਿ ਜਿਨ੍ਹਾ ਨੇ ਰਾਜ ਦਿੱਤਾ,
ਵੇਖੋ ਉਹਨਾਂ ਨੂੰ ਹੀ ਮੁੜਕੇ ਮਾਰਦੀ ਏ।
 ਵੱੜਕੇ ਵਾੜ ਨੂੰ ਖਾ ਗਈ ਦੇਸ਼ ਸਾਰਾ,
ਭੁੱਖੀ ਅਜੇ ਵੀ ਦੇਸ਼ ਪਿਆਰ ਦੀ ਏ।


ਤੁਸੀ ਫ਼ਿਲਮ ਵੇਖਦੇ ਹੋਏ ਦਰਦ ਨਾਲ ਜੁੜਾਅ ਕਿੱਥੇ ਕਿੱਥੇ ਵੇਖਦੇ ਹੋ ਇਹ ਤਾਂ ਤੁਹਾਡੇ ਫ਼ਿਲਮ ਵੇਖਣ 'ਤੇ ਹੈ ਪਰ ਮੈਨੂੰ ਫ਼ਿਲਮ ਵਿਚਲੇ ਇੱਕ ਸੀਨ ਨੇ ਝਿੰਝੋੜਕੇ ਰੱਖ ਦਿੱਤਾ।ਪ੍ਰਭਾਵਿਤ ਪਰਿਵਾਰ ਦੇ ਬੱਚੇ ਦੁਕਾਨ 'ਤੇ ਆਪਣੇ ਲਈ ਕੱਪੜੇ ਅਤੇ ਬੂਟ ਖਰੀਦ ਰਹੇ ਹਨ।ਜਸਵੀਰ ਕੌਰ ਨਾਮ ਦੀ ਛੋਟੀ ਬੱਚੀ ਆਪਣੇ ਛੋਟੇ ਭਰਾ ਨੂੰ ਬੂਟ ਪਵਾਕੇ ਜਾਂਚ ਰਹੀ ਹੈ।ਉਹ ਆਪਣੇ ਭਰਾ ਨੂੰ ਇਸ ਦੌਰਾਨ ਝਿੜਕ ਵੀ ਰਹੀ ਹੈ ਅਤੇ ਪਿਆਰ ਵੀ ਕਰ ਰਹੀ ਹੈ ਅਤੇ ਇੱਕ ਜ਼ਿੰਮੇਵਾਰੀ ਭਰਿਆ ਰੱਵਈਆ ਵੀ ਹੈ।ਇਸ ਦ੍ਰਿਸ਼ 'ਚ ਇੱਕ ਹਉਕਾ ਜਿਹਾ ਨਿਕਲਦਾ ਹੈ ਕਿ ਜਿਸ ਉੱਮਰ 'ਚ ਇਹਨਾਂ ਨੰਨ੍ਹੀ ਜਵਾਨੀਆਂ ਨੇ ਬੇਫਿਕਰੀ ਦੇ ਰੰਗ 'ਚ ਸਿਰਫ ਤੇ ਸਿਰਫ ਆਪਣੀ ਖਵਾਇਸ਼ਾਂ ਨੂੰ ਪਰਵਾਜ਼ ਦੇਣਾ ਸੀ ਉਸ ਉੱਮਰ 'ਚ ਉਹਨਾਂ 'ਤੇ ਕੁਝ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਮੰਨੋ ਕਿ ਉਹ ਕੋਈ ਛੋਟੀ ਉੱਮਰ ਦੇ ਬੱਚੇ ਨਾ ਹੋਣ ਸਗੋਂ ਘਰ ਦੇ ਮੁੱਖੀਆ ਹੋਣ।ਇਸ ਤੋਂ ਵੱਡੀ ਤ੍ਰਾਸਦੀ ਇਹਨਾਂ ਬੱਚੀਆਂ ਲਈ ਕੀ ਹੋ ਸਕਦੀ ਹੈ।ਜਦੋਂ ਹਲਾਤ ਬੱਚੇ ਨੂੰ ਵਕਤ ਤੋਂ ਪਹਿਲਾਂ ਬਚਪਨ ਛੱਡਣ ਨੂੰ ਮਜਬੂਰ ਕਰਦੇ ਹੋਏ ਉਹਨਾਂ ਨੂੰ ਵੱਡਾ ਕਰਦੇ ਹਨ ਤਾਂ ਕਿਸੇ ਰਾਸ਼ਟਰ ਲਈ ਇਹ ਸਭ ਤੋਂ ਵੱਡੀ ਸ਼ਰਮਾਨਕ ਗੱਲ ਹੁੰਦੀ ਹੈ।


ਇਸ ਫ਼ਿਲਮ 'ਚ ਮਹਿਜ ਇੱਕ ਦਾਸਤਾਨ ਨਹੀਂ ਉਹਨਾਂ ਦਾਸਤਾਨਾਂ ਨਾਲ ਚਲਦੀਆਂ ਹਜ਼ਾਰਾਂ ਕਹਾਣੀਆਂ ਵੀ ਤੁਸੀ ਵੇਖੋਗੇ ਜੋ ਸਮਾਜ ਦੇ ਹਾਸ਼ੀਏ 'ਤੇ ਧਕੇਲੀਆਂ ਗਈਆਂ ਹਨ।ਇਹ ਸਾਨੂੰ ਫ਼ਿਲਮ ਵੇਖਦੇ ਹੋਏ ਅਹਿਸਾਸ ਹੋਵੇਗਾ ਕਿ ਕਿਸਾਨੀ ਹਲਾਤਾਂ ਦੀ ਵਿੱਥਿਆ ਕਹਿੰਦੇ ਹੋਏ ਸਾਰੀਆਂ ਜ਼ਿੰਦਗਾਨੀਆਂ ਦੇ ਅੰਦਰ ਕਈ ਸੁਫ਼ਨੇ ਦਫ਼ਨ ਹਨ ਅਤੇ ਹਲਾਤਾਂ ਅੱਗੇ ਬੇਬੱਸ ਉਹਨਾਂ ਦੇ ਸਾਰੇ ਸੁਫ਼ਨੇ ਮਰਦੇ ਜਾ ਰਹੇ ਹਨ।ਸੁਫ਼ਨਾ ਮਹਿਜ ਦੋ ਵਕਤ ਦੀ ਰੋਟੀ ਦਾ ਨਸੀਬ ਹੋਣਾ ਹੀ ਕਾਫੀ ਨਹੀਂ ਹੁੰਦਾ।ਸੱਧਰਾਂ ਦੇ ਕਾਫਲੇ ਇਸ ਤੋਂ ਵੀ ਵੱਡੇ ਹਨ ਅਤੇ ਇਹਨਾਂ ਕਿਸਾਨ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਪੂਰਾ ਹੱਕ ਹੈ ਕਿ ਉਹਨਾਂ ਦੇ ਇਹ ਸੁਫ਼ਨੇ ਪੂਰੇ ਹੋਣ।ਇਸ ਫ਼ਿਲਮ 'ਚ ਹੀ ਗੁਰਦਾਸ ਮਾਨ ਵੱਲੋਂ ਕਹੀ ਗੱਲ ਕਾਫੀ ਮਾਇਨੇ ਰੱਖਦੀ ਹੈ ਜਦੋਂ ਮੈਂ ਮਹਿਸੂਸ ਕਰਦਾ ਹਾਂ ਕਿ ਇੱਕ ਬਚਪਨ ਦਾ ਅਧਾਰ ਕਿਹੜੀਆਂ ਗੱਲਾਂ ਨਾਲ ਤੈਅ ਹੋਣਾ ਚਾਹੀਦਾ ਹੈ। ਛੂ ਲੇਣੇ ਦੋ ਇਨ ਨੰਨ੍ਹੇ ਹਾਥੋਂ ਕੋ ਚਾਂਦ ਸਿਤਾਰੇ, ਵਰਨਾ ਦੋ ਚਾਰ ਕਿਤਾਬੇਂ ਪੱੜ੍ਹਕਰ ਹਮ ਜੈਸੇ ਹੋ ਜਾਏਂਗੇ।


ਇਹ ਫ਼ਿਲਮ ਬੇਸ਼ੱਕ ਸੰਤਾਪ ਨੂੰ ਬਿਆਨ ਕਰਦੀ ਹੈ ਪਰ ਇਹ ਉਮੀਦ ਦੀ ਚਿਣਗ ਜਗਾਉਂਦੀ ਸਾਰਥਕਤਾ ਵੱਲ ਨੂੰ ਹੀ ਵੱਧਦੀ ਹੈ।ਕਿਉਂ ਕਿ ਹਾਸ਼ੀਆਗ੍ਰਸਤ ਲੋਕਾਂ ਅੰਦਰ ਹੱਕਾਂ ਲਈ ਅਡੋਲਤਾ ਉਮੀਦ,ਵਿਸ਼ਵਾਸ ਅਤੇ ਹੌਂਸਲੇ ਦੇ ਸਰੋਤ ਚੋਂ ਹੀ ਪੈਦਾ ਹੋਵੇਗੀ।ਪ੍ਰਧਾਨਮੰਤਰੀ ਵੱਲੋਂ ਕੁਪੋਸ਼ਨ ਨੂੰ ਦੇਸ਼ ਲਈ ਸ਼ਰਮਨਾਕ ਐਲਾਨਣਾ,ਮੋਟੇਂਕ ਸਿੰਘ ਆਹਲੂਵਾਲੀਆਂ ਵੱਲੋਂ ਇਹ ਮੰਨਣਾ ਕੇ ਜਿਸ ਕੋਲ ਘੱਟੋ ਘੱਟ 30 ਰੁਪਏ ਹਨ ਉਹ ਗਰੀਬ ਨਹੀਂ ਹੈ।ਵਿਦਰਭ ਦੇ ਕਿਸਾਨ,ਬਸਤਰ ਦਾ ਮਾਓਵਾਦ,ਪੰਜਾਬ ਦੀ ਕਿਸਾਨੀ,ਉੜੀਸਾ 'ਚ ਵਿਲਕਦੇ ਗਰੀਬ ਕਿਸਾਨ ਇਹ ਸਾਰੀਆਂ ਗੱਲਾਂ ਸਵਾਲ ਖੜ੍ਹਾ ਕਰਦੀਆਂ ਹਨ ਕਿ ਵਿਕਾਸ ਕਿਸ ਚਿੜੀ ਦਾ ਨਾਮ ਹੈ।


ਫ਼ਿਲਮ ਦੇ ਅਖੀਰ 'ਚ ਜੋ ਵੇਖਣ 'ਚ ਆਉਂਦਾ ਹੈ ਕਿ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਕੋਲ ਇੰਨ੍ਹਾ ਬੱਚਿਆਂ ਦੇ ਵਫ਼ਦ ਦੀ ਗੱਲ ਸੁਨਣ ਦਾ ਸਮਾਂ ਹੀ ਨਹੀਂ ਹੈ।ਜਦੋਂ ਕੋਈ ਮੰਤਰੀ ਲੋਕਤੰਤਰਿਕ ਦੇਸ਼ 'ਚ ਲੋਕਾਂ ਨੂੰ ਮਿਲਣ ਦਾ ਸਮਾਂ ਨਹੀਂ ਕੱਢ ਰਿਹਾ ਅਤੇ ਉਹਨਾਂ ਦੀ ਗੱਲ ਸੁਨਣ ਦਾ ਉਸ ਕੋਲ ਸਮਾਂ ਹੀ ਨਹੀਂ ਹੈ ਤਾਂ ਇਹ ਲੋਕਤੰਤਰ ਦਾ ਕਤਲ ਹੀ ਹੈ।ਜਿਹੜੇ ਲੋਕਾਂ ਦੀ ਮਦਦ ਨਾਲ ਅਜਿਹੇ ਆਗੂ ਸਿਆਸਤ ਦੇ ਗਲਿਆਰਿਆਂ 'ਚ ਟਹਿਲਦੇ ਹਨ।ਉਹ ਮੰਤਰੀ ਕੀ ਮਹਿਜ਼ ਆਈ.ਪੀ.ਐੱਲ. ਦੀਆਂ ਪਾਰਟੀਆਂ 'ਚ ਸ਼ਿਰਕਤ ਕਰਦੇ ਹੋਏ ਲਾਲ ਇੱਟਾਂ ਦੇ ਸਰਕਾਰੀ ਬੰਗਲਿਆਂ ਨੂੰ ਲੈਣ ਦੇ ਮਨਸੂਬੇ ਤੱਕ ਹੀ ਸੀਮਤ ਹਨ ਜਾਂ ਉਹ ਦੇਸ਼ ਦੀ ਫ਼ਿਕਰ ਕਰ ਰਹੇ ਹਨ?ਇਹ ਨਜ਼ਾਰਾ ਵੇਖਦੇ ਹੋਏ ਇੰਝ ਮਹਿਸੂਸ ਹੁੰਦਾ ਹੈ ਕਿ ਉਹਨਾਂ ਨੂੰ ਆਮ ਲੋਕਾਂ ਦੀ ਕੋਈ ਫ਼ਿਕਰ ਨਹੀਂ ਹੈ।


ਸ਼ਰਦ ਪਵਾਰ ਜੀ ਜਦੋਂ ਬੱਚਿਆ ਦਾ ਵਫ਼ਦ ਜਾਂ ਹੋਰ ਲੋਕ ਆਪਣੇ ਬਹੁਤ ਕੀਮਤੀ ਸਮੇਂ ਚੋਂ ਸਮਾਂ ਕੱਢਕੇ ਤੁਹਾਡੇ ਕੋਲ ਦਿੱਲੀ ਆਉਂਦੇ ਹਨ ਤਾਂ ਉਹਦਾ ਕੋਈ ਅਰਥ ਹੈ।ਦੇਸ਼ ਦੇ ਲੋਕਾਂ ਦੇ ਸਮੇਂ ਦੀ ਕਦਰ ਕੀਤੀ ਜਾਵੇ।ਆਖਰ ਜੇ ਤੁਸੀ ਸਾਡੇ ਘਰਾਂ ਤੱਕ ਪਹੁੰਚ ਕਰੋ ਤਾਂ ਸਾਨੂੰ ਦਿੱਲੀ ਆਉਣ ਦੀ ਜ਼ਰੂਰਤ ਹੀ ਨਾ ਪਵੇ।


ਜ਼ਰੂਰਤ ਹੈ ਕਿ ਇਹ ਫ਼ਿਲਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ।ਇੱਕ ਨਿੱਕੀ ਕ੍ਰਾਂਤੀ ਹੁਣ ਤੱਕ ਬਹੁਤ ਸਾਰੇ ਫ਼ਿਲਮ ਮੇਲਿਆਂ 'ਚ ਸ਼ਿਰਕਤ ਕਰ ਚੁੱਕੀ ਹੈ।ਜਿੰਨ੍ਹਾ ਚੋਂ ਵੂਮੈਨ ਇੰਟਰਨੈਸ਼ਨਲ ਫ਼ਿਲਮ ਐਂਡ ਆਰਟਸ ਫੈਸਟੀਵਲ,ਇੰਡੀਅਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ,ਇੰਟਰਨੈਸ਼ਨਲ ਸਰਜ ਫ਼ਿਲਮ ਫੈਸਟੀਵਲ,ਰੀਅਲ ਸਿਸਟਰ ਆਫ ਡਾਇਸਪੋਰਾ ਫ਼ਿਲਮ ਫੈਸਟੀਵਲ,ਛਾਗ੍ਰਿਨ ਡਾਕੁਮੈਂਟਰੀ ਫ਼ਿਲਮ ਫੈਸਟੀਵਲ ਅਤੇ ਟੋਰਾਂਟੋ ਪੰਜਾਬੀ ਫ਼ਿਲਮ ਫੈਸਟੀਵਲ 'ਚ ਸ਼ਿਰਕਤ ਕਰ ਚੁੱਕੀ ਹੈ।ਯੂਨਾਈਟਡ ਨੇਸ਼ਨ ਗਲੋਬਲ ਵੇਕਅਪ ਫ਼ਿਲਮ ਫੈਸਟੀਵਲ 'ਚ ਇਸ ਫ਼ਿਲਮ ਨੂੰ ਸਰਵੋਤਮ ਡਾਕੂਮੈਂਟਰੀ ਦਾ ਪੁਰਸਕਾਰ ਵੀ ਮਿਲਿਆ ਹੈ।


ਇੱਕ ਨਿੱਕੀ ਕ੍ਰਾਂਤੀ ਇੱਕ ਸਵਾਲ ਵੀ ਹੈ ਅਤੇ ਨਾਲੋਂ ਨਾਲ ਜਵਾਬ ਵੀ ਹੈ।ਸਵਾਲ ਜਵਾਬ ਦੀ ਇਸ ਸਾਂਝ 'ਚ ਸਿਆਸੀ ਗਲਿਆਰਿਆਂ ਨੂੰ ਜਾਗਣ ਦੀ ਜ਼ਰੂਰਤ ਹੈ ਅਤੇ ਆਮ ਲੋਕਾਂ ਨੂੰ ਹੱਕਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋਣ ਦੀ ਜ਼ਰੂਰਤ ਹੈ।ਅਖੀਰ 'ਚ ਉੱਮਰ ਤੋਂ ਪਹਿਲਾਂ ਜ਼ਿੰਮੇਵਾਰੀਆਂ ਦੇ ਬੋਝ ਨਾਲ ਵੱਡੇ ਹੋਏ ਬੱਚਿਆਂ ਲਈ ਮੈਂ ਇਹੋ ਚਾਹਵਾਂਗਾ ਕਿ ਉਹਨਾਂ ਦੇ ਸੁਫ਼ਨਿਆਂ ਨੂੰ ਪਰਵਾਜ਼ ਮਿਲੇ।


ਲੇਖਕ ਹਰਪ੍ਰੀਤ ਸਿੰਘ ਕਾਹਲੋਂ ਨੌਜਵਾਨ ਫਿਲਮ ਅਲੋਚਕ ਹੈ ਤੇ ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।ਮੌਬ-94641-41678

Wednesday, May 30, 2012

ਪੰਜਾਬੀ ਫਿਲਮਕਾਰੀ ਨੂੰ ਗੁਰਵਿੰਦਰ ਸਿੰਘ ਦਾ ਮਹਾਂਦਾਨ - ਵਰਿਆਮ ਸਿੰਘ ਸੰਧੂ

ਵਰਿਆਮ  ਸਿੰਘ ਸੰਧੂ ਪੰਜਾਬੀ ਦੇ ਮੰਨੇ ਪ੍ਰਮੰਨੇ ਕਹਾਣੀਕਾਰ ਨੇ, ਪਿਛਲੀ 21 ਮਈ ਨੂੰ ਟੋਰਾਂਟੋ ਵਿਖੇ  ਉਨ੍ਹਾਂ  ਨੇ ਫਿਲਮ ' ਅੰਨ੍ਹੇ ਘੋੜੇ ਦਾ ਦਾਨ' ਦੇਖੀ | ਉਨ੍ਹਾਂ  ਦਾ ਇਹ ਲੇਖ  ਫ਼ਿਲਮ, ਫ਼ਿਲਮਕਾਰ ਤੇ ਫ਼ਿਲਮ ਦਰਸ਼ਕਾਂ ਦੀ ਭਾਵਪੂਰਨ ਪੜਚੋਲ ਕਰਦਾ ਹੈ। -ਜਸਦੀਪ ਸਿੰਘ



ਵਰਿਆਮ ਸਿੰਘ ਸੰਧੂ ਤੋਂ ਧੰਨਵਾਦ ਸਹਿਤ 

Monday, April 23, 2012

ਸਪਰਮ ਡੋਨੇਟ ਕਰਨ 'ਚ ਸ਼ਰਮ ਕਾਹਦੀ

''ਨਾ ਪੁੱਤ ਤੂੰ ਨਾ ਕਿਤੇ ਖ਼ੂਨ ਦੇ ਬੈਠੀ ਐਵੇਂ ਲਿਸਾ ਹੋਜੇਗਾਂ ਚੰਦਰੇ ਸਾਰਾ ਖ਼ੂਨ ਕੱਢ ਲੈਂਦੇ ਨੇ''
ਅੱਜ ਤੋਂ 15-20 ਸਾਲ ਪਹਿਲਾਂ ਹਰ ਮਾਂ ਦੀ ਇਹ ਆਮ ਫਿਕਰ ਹੁੰਦੀ ਸੀ ਤੇ ਨਵੇਂ ਨਵੇਂ ਕਾਲਜ ਗਏ ਮੁੰਡਿਆ 'ਚ ਇਹ ਬਹੁਤ ਹੀ ਫ਼ਖ਼ਰ ਵਾਲਾ ਕੰਮ ਹੁੰਦਾ ਸੀ ਜਿਵੇਂ ਕਿ ਉਹ ਜ਼ਿੰਦਗੀ 'ਚ ਕੁਝ ਕਮਾ ਰਹੇ ਹਨ।ਜਿਉਂ ਜਿਉਂ ਨਵੀਂ ਸੋਚ ਦਾ ਪਸਾਰ ਹੁੰਦਾ ਗਿਆ ਖ਼ੂਨ ਦਾਨ ਨੂੰ ਲੈਕੇ ਚੌਖਾ ਪ੍ਰਚਾਰ ਹੋਣਾ ਸ਼ੁਰੂ ਹੋਇਆ ਤੇ ਇਸ ਪ੍ਰਤੀ ਸਾਡੀਆਂ ਮਾਵਾਂ ਦੇ ਸਾਰੇ ਭੁਲੇਖੇ ਦੂਰ ਹੁੰਦੇ ਗਏ।ਬੇਸ਼ੱਕ ਮਾਵਾਂ ਦੀਆਂ ਫਿਕਰਾਂ ਆਪਣੇ ਪੁੱਤਾਂ ਨੂੰ ਲੈਕੇ ਇਸ ਸੰਦਰਭ 'ਚ ਤੇ ਹੋਰਾਂ ਪਾਸੇ ਹਮੇਸ਼ਾ ਫਿਰ ਵੀ ਕਿਤੇ ਨਾ ਕਿਤੇ ਰਹਿਣਗੀਆਂ।''ਖ਼ੂਨ ਦਾਨ ਮਹਾਂਦਾਨ'' ਵੱਜੋਂ ਉੱਭਰਕੇ ਸਾਹਮਣੇ ਆਇਆ ਤਾਂ ਸ਼ਾਇਦ ਕਿਸੇ ਪੰਡਤ ਜੀ ਨੇ ਵੀ ਇਸ ਤੇ ਕਿੰਤੂ ਪ੍ਰੰਤੂ ਕੀਤਾ ਸੀ ਕਿ ਇਹ ਮਹਾਂਦਾਨ ਕਿੰਝ ਹੋ ਗਿਆ।(ਕਿੰਤੂ ਪ੍ਰੰਤੂ ਹੋਣਾ ਵੀ ਸੀ ਕਿਉਂ ਕਿ ਇਹ ਦਾਨ ਬਲੱਡ ਬੈਂਕ ਜਾਂਦਾ ਸੀ) ਇਸ ਖ਼ੂਨ ਦਾਨ ਨੂੰ ਲੈਕੇ ਚੰਗੀਆ ਮਾੜੀਆ ਖ਼ਬਰਾਂ ਵੀ ਆਉਂਦੀਆਂ ਰਹੀਆਂ।ਕਿਤੇ ਇਹ ਸੁਣਨ ਨੂੰ ਮਿਲਦਾ ਕਿ ਕਿਸੇ ਨੇ ਗ਼ਰੀਬੀ 'ਚ ਜੂਝਦੇ ਆਪਣਾ ਖ਼ੂਨ ਵੇਚਿਆ ਤੇ ਕਿਤੇ ਇਹ ਖ਼ਬਰਾਂ ਅਖ਼ਬਾਰ ਦੀਆਂ ਸੁਰਖ਼ੀਆਂ ਬਣਦੀਆਂ ਕਿ ਵਿਆਹ ਵਾਲੇ ਦਿਨ ਲਾੜੇ ਨੇ ਪੈਲੇਸ 'ਚ ਹੀ ਖ਼ੂਨ ਦਾਨ ਕੈਂਪ ਲਾ ਛੱਡਿਆ।ਪਿੰਡਾਂ 'ਚ ਕਿਸੇ ਨੂੰ ਚੌਧਰ ਕਰਨ ਦੀ ਜਾਗ ਲੱਗਣੀ ਤਾਂ ਚਾਰ ਮੁੰਡਿਆ ਖੱੜ੍ਹੇ ਹੋਕੇ ਇਸ ਗੱਲ ਲਈ ਬੱਝ ਜਾਣਾ ਕਿ ਅਸੀ ਹੁਣ ਨੌਜਵਾਨ ਕਲੱਬ ਖੋਲ੍ਹਾਂਗੇ।ਕਲੱਬ ਬਾਰੇ ਮਸੌਦਾ ਤਿਆਰ ਹੋਣਾ ਤਾਂ ਸਭ ਤੋਂ ਪਹਿਲਾਂ ਇਹ ਮੱਤਾ ਪੱਕਣਾ ਕਿ ਕਲੱਬ ਬਣਾ ਕੇ ਆਪਾਂ ਖ਼ੂਨ ਦਾਨ ਕੈਂਪ ਲਗਾਇਆ ਕਰਾਂਗੇ।ਸਰਕਾਰੇ ਦਰਬਾਰੇ ਗ੍ਰਾਂਟ ਲੈਣੀ ਤਾਂ ਸਮਾਜ ਭਲਾਈ ਦੇ ਕੰਮਾ ਦੀ ਸੂਚੀ 'ਚ ਖ਼ੂਨ ਦਾਨ ਸਭ ਤੋਂ ਮੁੱਢਲਾ ਕੰਮ ਹੋਣਾ।ਕਾਲਜ 'ਚ ਪੱੜ੍ਹਣ ਗਏ ਤਾਂ ਉੱਥੇ ਅਜਿਹੇ ਮਾਸਟਰ ਨਾਲ ਵੀ ਵਾਹ ਪਿਆ ਜਿਹੜਾ 50ਵੀਂ ਵਾਰ ਖ਼ੂਨਦਾਨ ਕਰਨ ਦਾ ਰਿਕਾਰਡ ਬਣਾਕੇ ਬਹੁਤ ਖੁਸ਼ ਹੋਇਆ ਸੀ।ਬੰਦੇ ਦਾ ਖੁਸ਼ੀਆ ਲੱਭਣ ਦਾ ਢੰਗ ਆਪਣੇ ਮਨ ਮੁਤਾਬਕ ਹੀ ਹੁੰਦਾ ਹੈ।ਚਲੋ ਕਿਸੇ ਬਹਾਨੇ ਸਹੀ ਪਰ ਇਹ ਤਾਂ ਯਕੀਨੀ ਹੈ ਕਿ ਖ਼ੂਨ ਦਾਨ ਇੱਕ ਚੰਗਾ ਕੰਮ ਹੈ।ਲਓ ਜੀ ਫਿਰ ਮਿੱਤਰੋ ਹੁਣ ਸਪਰਮ ਡੋਨੇਸ਼ਨ ਲਈ ਵੀ ਸੰਗ ਸ਼ਰਮ ਤੇ ਬਿਨਾਂ ਝਿਜਕਿਆ ਤਿਆਰ ਹੋ ਜਾਓ।

ਜਿਉਂ ਜਿਉਂ ਵਿਗਿਆਨ ਨੇ ਤਰੱਕੀ ਕੀਤੀ ਹੈ ਤਾਂ ਸਾਡੇ ਕੋਲ ਬਹੁਤ ਸਾਰੀਆਂ ਨਵੀਂ ਗੱਲਾਂ ਪਛਾਣ 'ਚ ਆਈਆਂ ਹਨ।ਇਹਨਾਂ ਚੋਂ ਹੀ ਹੈ ਜੀ ਇੱਕ ਸਪਰਮ ਡੋਨਰ૴ਇਸ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਵੇਖੀਆ ਜਾ ਰਹੀਆਂ ਹਨ।ਹੁਣ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਦਾ ਚਾਚਾ ਇਸ ਗ਼ਮ 'ਚ ਨਹੀਂ ਰਹੇਗਾ ਕਿ ਉਹਦੀ ਕੋਈ ਆਪਣੀ ਔਲਾਦ ਨਹੀਂ ਹੈ।ਹੁਣ ਕੋਈ ਬੰਦਾ ਜੇ ਇਹ ਸੋਚ ਕੇ ਦੂਜਾ ਵਿਆਹ ਕਰਾਉਣ ਦੀ ਜਿੱਦ ਕਰੇ ਕਿ ਪਹਿਲੀ ਚੋਂ ਕੋਈ ਔਲਾਦ ਨਹੀਂ ਹੈ ਤਾਂ ਉਸ ਨੂੰ ਵੀ ਦੂਜਾ ਵਿਆਹ ਕਰਾਉਣ ਦੀ ਲੋੜ ਨਹੀਂ ਹੈ।ਕਾਨੂੰਨਨ ਵੀ ਹੁਣ ਜਨਾਨੀ ਨੂੰ ਕੋਈ ਬੱਚਾ ਪੈਦਾ ਕਰਨ ਲਈ ਮਜਬੂਰ ਨਹੀਂ ਕਰ ਸਕਦਾ।ਇਹ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਫੈਸਲਾ ਹੈ ਕਿ ਵਿਆਹ ਤੇ ਬੱਚਾ ਪੈਦਾ ਕਰਨਾ ਦੋ ਵੱਖਰੀਆ ਗੱਲਾਂ ਹਨ।ਬਿਨਾਂ ਜਨਾਨੀ ਦੀ ਸਹਿਮਤੀ ਤੋਂ ਉਹਨੂੰ ਇਸ ਲਈ ਦਬਾਇਆ ਨਹੀਂ ਜਾ ਸਕਦਾ।

ਖੈਰ ਚਾਚੇ ਦੀ ਗੱਲ ਚੱਲ ਰਹੀ ਸੀ।ਕੀ ਹੋਇਆ ਜੇ ਉਹਦਾ ਵਿਆਹ ਨਹੀਂ ਹੋਇਆ ਪਰ ਉਹ ਸਪਰਮ ਡੋਨੇਟ ਕਰਕੇ ਇਸ ਚੰਗੇ ਕੰਮ 'ਚ ਆਪਣਾ ਯੋਗਦਾਨ ਪਾ ਸਕਦਾ ਹੈ।ਸਪਰਮ ਡੋਨੇਟ,ਟੈਸਟ ਟਿਊਬ ਬੇਬੀ ਨਾਲ ਸਮਾਜਿਕ ਢਾਂਚੇ 'ਚ ਬਦਲਾਅ ਤਾਂ ਆਉਣੇ ਹੀ ਚਾਹੀਦੇ ਹਨ ਤੇ ਇਹ ਇਨਫਰਟੀਲਿਟੀ ਕੇਸ 'ਚ ਰੌਸ਼ਨੀ ਦੀ ਤਰ੍ਹਾਂ ਹੈ।ਪਰ ਇਸ ਲਈ ਸਾਨੂੰ ਸਭ ਨੂੰ ਤਗੜਾ ਪ੍ਰਚਾਰ ਕਰਨਾ ਚਾਹੀਦਾ ਹੈ।ਅਸਲ 'ਚ ਵੇਖਿਆ ਜਾਵੇ ਤਾਂ ਇਹ ਕੋਈ ਨਵੀਂ ਕਾਢ ਨਹੀਂ ਹੈ।ਸਗੋਂ ਇਹ ਪੁਰਾਣੀ ਸੱਭਿਅਤਾਵਾਂ ਤੋਂ ਹੀ ਚੱਲਿਆ ਆ ਰਿਹਾ ਹੈ।ਪਰ ਅਜਿਹਾ ਜ਼ਿਆਦਾਤਰ ਸਿਰਫ ਸ਼ਾਹੀ ਘਰਾਨੇ ਹੀ ਕਰਦੇ ਹਨ ਕਿ ਜਦੋਂ ਉਹਨਾਂ ਦੀ ਕੋਈ ਸੰਤਾਨ ਨਹੀਂ ਹੁੰਦੀ ਸੀ ਤਾਂ ਉਹ ਆਪਣੀਆਂ ਰਾਣੀਆਂ ਨੂੰ ਰਿਸ਼ੀਆ ਕੋਲ ਭੇਜ ਦਿੰਦੇ ਸਨ।ਰਿਸ਼ੀ ਕਹਿੰਦੇ ਸਨ ਤਥਾਸਤੂ૴૴૴૴૴!ਫ਼ਿਲਮਾਂ ਦੀ ਗੱਲ ਕਰਦਾ ਹਾਂ ਤਾਂ ਅਜਿਹਾ ਹਵਾਲਾ ਏਕਲਵਿਆ ਫ਼ਿਲਮ 'ਚ ਹੈ।

ਜਿਸਨੂੰ ਸਿੱਧੀ ਭਾਸ਼ਾ 'ਚ ਸ਼ਾਇਦ ਕਹਿੰਦੇ ਸਨ ਕਿ ਰਿਸ਼ੀ ਨੇ ਪੁੱਤਰ ਵਰ ਦਿੱਤਾ।ਪਰ ਅਜਿਹੀ ਵਿਧੀ ਸਮਾਜ ਵੱਲੋਂ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਸੀ।ਪਰ ਵਿਗਿਆਨ ਦੀ ਅਜਿਹੀ ਵਿਧੀ ਲਈ ਤਾਂ ਕਿਸੇ ਨੂੰ ਨੁਕਤਾਚੀਨੀ ਘੱਟ ਹੀ ਕਰਨੀ ਚਾਹੀਦੀ ਹੈ।ਸਮਾਜਿਕ ਢਾਂਚੇ ਦੇ ਬਦਲਾਅ ਦੀ ਗੱਲ ਚੱਲ ਰਹੀ ਸੀ ਤਾਂ ਇਸ ਨਾਲ ਉਸ ਸੱਸ ਦੀ ਚੁੱਪ ਵੀ ਯਕੀਨੀ ਹੋ ਜਾਵੇਗੀ ਜਿਹੜੀ ਆਪਣੇ ਪੁੱਤਰ ਦੇ ਕੰਨ ਭਰਦੀ ਰਹਿੰਦੀ ਸੀ ਕਿ ਉਹ ਦੂਜਾ ਵਿਆਹ ਕਰ ਲਵੇ ਇਸ ਡੈਨ ਨੇ ਢਿੱਡ ਚੋਂ ਕੁਝ ਨਹੀਂ ਜੰਮਣਾ।

ਮੈਂ ਇਸ ਖ਼ੋਜ ਖ਼ਬਰ ਵੱਲ ਨਹੀਂ ਜਾਵਾਂਗਾ ਕਿ ਇਸ ਦੀ ਸ਼ੁਰੂਆਤ ਕਿਵੇਂ ਹੋਈ ਸਗੋਂ ਇਸ ਲਈ ਤੁਹਾਨੂੰ ਸਭ ਨੂੰ ਖੁਦ ਜਾਨਣਾ ਚਾਹੀਦਾ ਹੈ।ਪਰ ਇਸ ਸਭ ਨਾਲ ਮੈਂ ਇਹ ਵੀ ਵੇਖਦਾ ਹਾਂ ਕਿ ਇਸ ਢੰਗ ਨਾਲ ਬੇਬੀ ਲੈਣ ਵਾਲਿਆਂ ਲਈ ਅਖੀਰੀ ਲਾਲਸਾ ਪੁੱਤਰ ਪ੍ਰਾਪਤੀ ਹੀ ਰਹੇਗੀ ਜਾਂ ਪੁੱਤਰੀ ਪ੍ਰਾਪਤੀ ਵੀ ਹੋ ਸਕਦੀ ਹੈ।ਕਿਉਂ ਕਿ ਬਹੁਤ ਸਾਰੇ ਅਜਿਹਾ ਸਪਰਮ ਡੋਨਰ ਹੀ ਲੱਭਣਗੇ ਜਿਹਦਾ ਰਿਕਾਰਡ ਜ਼ਿਆਦਾ ਮੁੰਡੇ ਦੇਣ ਦਾ ਹੈ ਯਾਨਿ ਕਿ ਇੱਥੇ ਵੀ ਮਾਨਸਿਕਤਾ ਗਈ ਨਹੀਂ।ਇੱਥੇ ਇਹ ਸਾਰੀ ਚਰਚਾ ਕਰਨ ਵੇਲੇ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਫ਼ਿਲਮਾਂ ਦੀ ਇੱਕ ਖੂਬੀ ਜ਼ਰੂਰ ਹੁੰਦੀ ਹੈ ਕਿ ਇਹ ਵਿਸ਼ਿਆ ਨੂੰ ਚਰਚਾ 'ਚ ਲਿਆ ਦਿੰਦੇ ਹਨ ਪਰ ਇਹ ਵੀ ਸੱਚ ਹੈ ਕਿ ਉਹ ਚਰਚਾ 'ਚ ਹੀ ਰਹਿੰਦੇ ਹਨ ਕਿਉਂ ਕਿ ਫਿਲਮਾਂ ਕੁਝ ਵੱਖਰੀ ਤਰ੍ਹਾਂ ਦਾ ਸਾਧਨ ਹਨ।ਸਪਰਮ ਡੋਨੇਸ਼ਨ ਨਾਲ ਜਿੱਥੇ ਸਪਰਮ ਏਜੰਸੀਆਂ,ਬੈਂਕ ਜਾਂ ਬਹੁਤ ਸਾਰੀਆਂ ਸੰਸਥਾਵਾਂ ਹੋਂਦ 'ਚ ਆ ਚੁੱਕੀਆਂ ਹਨ ਤੇ ਆ ਰਹੀਆਂ ਹਨ ਉਸ ਨਾਲ ਉਹ ਗ਼ਰੀਬ ਔਰਤਾਂ ਵੀ ਸਾਹਮਣੇ ਆਈਆਂ ਹਨ ਜੋ ਸੈਰੋਗੇਟ ਮਦਰ ਬਣਕੇ ਕਿਸੇ ਜੋੜੇ ਲਈ ਬੱਚੇ ਨੂੰ ਜਨਮ ਦਿੰਦੀ ਹਨ।ਅਜਿਹਾ ਅੱਜ ਤੋਂ 5-10 ਸਾਲ ਪਹਿਲਾਂ ਦੀ ਖ਼ਬਰ ਇੰਡੀਆ ਟੂਡੇ ਰਸਾਲੇ 'ਚ ਛਪੀ ਸੀ,ਉਸ ਤੋਂ ਬਾਅਦ ਵਾਰ ਵਾਰ ਇਹ ਖਬਰ ਆਉਂਦੀ ਰਹੀ ਹੈ।ਇੰਝ ਉਹਨਾਂ ਔਰਤਾਂ ਨੂੰ ਆਰਥਿਕ ਮਦਦ ਵੀ ਹੋ ਜਾਂਦੀ ਹੈ ਤੇ ਕਾਨੂੰਨਨ ਉਹਨਾਂ ਦਾ ਇਸ ਦੌਰਾਨ ਪੂਰਾ ਖਿਆਲ ਰੱਖਿਆ ਜਾਂਦਾ ਹੈ ਤਾਂ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ।5 ਦਸੰਬਰ 2011 ਦੀ ਆਮਿਰ ਖ਼ਾਨ ਤੇ ਕਿਰਨ ਰਾਓ ਖ਼ਾਨ ਵੱਲੋਂ ਦਿੱਤੀ ਗਈ ਖ਼ਬਰ ਨਾਲ ਸਪਰਮ ਡੋਨੇਸ਼ਨ,ਟੈਸਟ ਟਿਊਬ ਬੇਬੀ, ਜਾਂ ਸੈਰੋਗੇਟ ਮਦਰ ਰਾਹੀ ਬੱਚੇ ਬਾਰੇ ਜਾਗਰੂਕਤਾ ਹੋਰ ਵਧੀ ਹੈ।ਇਸ ਸੈਲੀਬ੍ਰਿਟੀ ਜੋੜੇ ਦਾ ਬੱਚਾ ਅਜ਼ਾਦ ਰਾਓ ਖ਼ਾਨ ਸੈਰੋਗੇਟ ਮਦਰ ਦੀ ਮਦਦ ਨਾਲ ਹੀ ਇਸ ਦੁਨੀਆ 'ਚ ਆਇਆ ਹੈ।ਬਾਂਝਪਣ ਮੈਡੀਕਲ ਖੇਤਰ 'ਚ ਜਿੱਥੇ ਇੱਕ ਸਰੀਰਕ ਘਾਟ ਹੈ ਉੱਥੇ ਔਰਤਾਂ ਦੇ ਸਦੰਰਭ 'ਚ ਇਸ ਦੀ ਸਮਾਜਿਕ ਪਰਿਭਾਸ਼ਾ ਬਹੁਤ ਤ੍ਰਿਸਕਾਰ ਭਰੀ ਹੈ।ਮੈਡੀਕਲ ਭਾਸ਼ਾ ਤੋਂ ਗੱਲ ਨਾਂ ਵੀ ਕਰੀਏ ਤਾਂ ਸਮਾਜਿਕ ਕੈਨਵਸ 'ਚ ਇਸ ਨੂੰ ਬਹੁਤ ਵੱਡੀ ਉਣਤਾਈ ਵੱਜੋਂ ਲਿਆ ਜਾਂਦਾ ਹੈ।ਬਹੁਤ ਘਰਾਂ ਦੀਆਂ ਕਹਾਣੀਆਂ ਤਾਂ ਦੂਜੇ ਵਿਆਹ 'ਤੇ ਜਾ ਕੇ ਹੀ ਰੁੱਕਦੀਆਂ ਹਨ ਪਰ ਸੱਚਾਈ ਇਹ ਹੈ ਕਿ ਵਿਆਹ ਕੋਈ ਸੰਤਾਨ ਪ੍ਰਾਪਤੀ ਦਾ ਲਾਇਸੈਂਸ ਤਾਂ ਨਹੀਂ।ਅਜਿਹੇ 'ਚ ਟੈਸਟ ਟਿਊਬ ਬੇਬੀ,ਆਰਟੀਫੀਸ਼ਅਲ ਇੰਨਸੈਮੀਨੇਸ਼ਨ,ਸਪਰਮ ਡੋਨਰ,ਸਪਰਮ ਬੈਂਕ ਵਰਗੇ ਨਵੇਂ ਸ਼ਬਦ ਜਿਉਂ ਜਿਉਂ ਮੈਡੀਕਲ ਖੇਤਰ 'ਚ ਦਸਤਕ ਦੇ ਰਹੇ ਹਨ ਤਾਂ ਸਮਾਜਿਕ ਇਕਾਈ 'ਚ ਸਾਰਥਕ ਬਦਲਾਅ ਦੀ ਉਮੀਦ ਤਾਂ ਕੀਤੀ ਜਾ ਸਕਦੀ ਹੈ।ਪਰ ਇਹ ਵੀ ਸੱਚਾਈ ਹੈ ਕਿ ਸਪਰਮ ਡੋਨੇਟ ਕਰਨਾ ਖ਼ੂਨਦਾਨ ਵਾਂਗੂ ਹੁੰਗਾਰਾਸ਼ਾਲੀ ਨਹੀਂ ਹੈ।ਇਸ ਲਈ ਅਜੇ ਵੀ ਝਿਜਕ ਹੈ।ਇਸ ਦੇ ਨਾਲ ਇਹ ਵੀ ਸੱਚ ਹੈ ਕਿ ਮੈਟਰੋ ਸਿਟੀ 'ਚ ਇਸ ਨੂੰ ਲੈ ਕੇ ਹੁੰਗਾਰਾ ਸਾਰਥਿਕਤਾ ਵੱਲ ਨੂੰ ਵੱਧ ਰਿਹਾ ਹੈ।ਜੇ ਮੈਡੀਕਲ ਇਸ ਖੇਤਰ 'ਚ ਕੁਝ ਨਵਾਂ ਰੱਚ ਰਿਹਾ ਹੈ ਤਾਂ ਕਲਾ ਦਾ ਖੇਤਰ ਇਸ ਵਿਸ਼ੇ ਨੂੰ ਕਿਉਂ ਨਾ ਛੂਹੇ।

ਇਸ ਵਿਸ਼ੇ ਨੂੰ ਫ਼ਿਲਮਾਂ 'ਚ ਕਿੰਨਾ ਕੁ ਵਰਤੋਂ 'ਚ ਲਿਆਂਦਾ ਗਿਆ ਹੈ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਤਾਂ ਨਹੀਂ ਹੈ ਪਰ ਜੇ ਦਿਮਾਗ਼ 'ਤੇ ਜ਼ੋਰ ਦਿੱਤਾ ਜਾਵੇ ਤਾਂ ਸਲਮਾਨ ਖ਼ਾਨ,ਪ੍ਰਿਤੀ ਜ਼ਿੰਟਾ ਤੇ ਰਾਣੀ ਮੁਖਰਜੀ ਦੀ ਅਦਾਕਾਰੀ ਵਾਲੀ ਅੱਬਾਸ ਮਸਤਾਨ ਦੀ ਫ਼ਿਲਮ 'ਚੋਰੀ ਚੋਰੀ ਚੁੱਪਕੇ ਚੁੱਪਕੇ' 'ਚ ਪ੍ਰਿਤੀ ਜ਼ਿੰਟਾ ਨੂੰ ਸੈਰੋਗੇਟ ਮਦਰ ਦੀ ਭੂਮਿਕਾ 'ਚ ਪੇਸ਼ ਕੀਤਾ ਗਿਆ ਸੀ।ਵੈਸੇ ਇਹ ਫ਼ਿਲਮ ਫ਼ਿਲਮੀ ਹਸਤੀਆਂ ਦੇ ਮਾਫ਼ੀਆ ਨਾਲ ਸੰਬਧਾਂ ਕਰਕੇ ਜ਼ਿਆਦਾ ਮਸ਼ਹੂਰ ਹੋਈ ਸੀ।ਇਸ ਫ਼ਿਲਮ ਨੂੰ ਲੈਕੇ ਫ਼ਿਲਮ ਨਿਰਮਾਤਾ ਭਰਤ ਭਾਈ ਸ਼ਾਹ ਤੇ ਨਾਜ਼ਿਮ ਹੁਸੈਨ ਰਿਜ਼ਵੀ ਜ਼ਿਆਦਾ ਸੁਰਖੀਆਂ 'ਚ ਰਹੇ ਸਨ।ਇਸ ਤੋਂ ਇਲਾਵਾ 2011 ਦੀ ਓਨੀਰ ਨਿਰਦੇਸ਼ਤ ਚਾਰ ਕਹਾਣੀਆਂ ਦਾ ਸੰਗ੍ਰਹਿ ਫ਼ਿਲਮ 'ਆਈ ਐੱਮ' ਦੀ ਕਹਾਣੀ 'ਆਫੀਆ' 'ਚ ਇਸ ਵਿਸ਼ੇ ਨੂੰ ਛੂਹਿਆ ਗਿਆ ਹੈ।ਇਹ ਭੂਮਿਕਾ ਨੰਦਿਤਾ ਦਾਸ ਵੱਲੋਂ ਨਿਭਾਈ ਗਈ ਸੀ।ਇਸ ਫ਼ਿਲਮ ਨੂੰ 2012 ਦੇ ਕੌਮਾਂਤਰੀ ਫ਼ਿਲਮ ਪੁਰਸਕਾਰ 'ਚ ਸਰਵੋਤਮ ਹਿੰਦੀ ਫ਼ਿਲਮ ਦਾ ਪੁਰਸਕਾਰ ਮਿਲਿਆ ਹੈ।

ਜਿੱਥੋਂ ਤੱਕ ਸ਼ੂਜੀਤ ਸਰਕਾਰ ਦੀ ਗੱਲ ਹੈ ਤਾਂ ਸ਼ੂਜੀਤ ਸਰਕਾਰ ਦੀ 2005 'ਚ ਆਈ ਫ਼ਿਲਮ 'ਯਹਾਂ' ਦਾ ਮੈਂ ਬਹੁਤ ਮੁਰੀਦ ਹਾਂ।ਕਹਾਣੀ ਪੱਖੋਂ ਇਹ ਫ਼ਿਲਮ ਇੱਕ ਕਵਿਤਾ ਦੀ ਤਰ੍ਹਾਂ ਸੀ।ਕਸ਼ਮੀਰ ਦੀਆਂ ਵਾਦੀਆਂ 'ਚ ਮਨੁੱਖਤਾ,ਪਿਆਰ,ਫੌਜ,ਜੰਗ,ਅਮਨ ਤੇ ਖਵਾਇਸ਼ਾਂ ਨੂੰ ਇੱਕੋ ਸਮੇਂ ਪੇਸ਼ ਕਰਦੀ ਇਹ ਫਿਲਮ ਮੇਰੀ ਖ਼ੂਬਸੂਰਤ ਫ਼ਿਲਮਾਂ ਚੋਂ ਇੱਕ ਹੈ।ਇਹ ਮਨੀਸ਼ਾ ਲਾਂਬਾ ਦੀ ਪਹਿਲੀ ਫ਼ਿਲਮ ਸੀ ਤੇ ਜਿੰਮੀ ਸ਼ੇਰਗਿੱਲ ਦੀਆਂ ਕੁਝ ਚੰਗੀਆਂ ਫ਼ਿਲਮਾਂ ਚੋਂ ਇੱਕ ਸੀ।ਇਸ ਤੋਂ ਬਾਅਦ ਸ਼ੂਜੀਤ ਸਰਕਾਰ ਦੀ ਫ਼ਿਲਮ 'ਸ਼ੂਬਾਈਟ'(ਜੌਨੀ ਮਸਤਾਨਾ) ਅਮਿਤਾਬ ਬੱਚਨ ਸਟਾਰਰ ਆਉਣੀ ਸੀ ਜੋ ਯੂ.ਟੀਵੀ ਤੇ ਫੌਕਸ ਇੰਟਰਟੇਨਮੈਂਟ ਦੇ ਕਿਸੇ ਬਖੇੜੇ ਕਰਕੇ ਸਿਨੇਮਾ ਤੱਕ ਨਹੀਂ ਆ ਸਕੀ।ਖੈਰ ਹੁਣ ਸ਼ੂਜੀਤ ਸਰਕਾਰ ਦੀ ਫ਼ਿਲਮ 'ਵਿਕੀ ਡੋਨਰ' ਆਈ ਹੈ।ਇਸ 'ਚ ਸਪਰਮ ਡੋਨੇਸ਼ਨ ਵਰਗੇ ਗੰਭੀਰ ਵਿਸ਼ੇ ਨੂੰ ਬਹੁਤ ਹੀ ਪਿਆਰੇ ਢੰਗ ਨਾਲ ਵਰਤਿਆ ਗਿਆ ਹੈ।ਇਹ ਫ਼ਿਲਮ ਰੰਗ ਦੇ ਬਸੰਤੀ ਜਾਂ ਲਗੇ ਰਹੋ ਮੁੰਨਾ ਭਾਈ ਅੰਦਾਜ਼ ਦੀ ਫ਼ਿਲਮ ਹੈ।ਜੋ ਕਿ ਸਿੱਧਾ ਗਿਆਨ ਨਾ ਦੇ ਕੇ ਜ਼ਿੰਦਗੀ 'ਚ ਵਿਚਰਦੇ ਹੋਏ ਸਪਰਮ ਡੋਨੇਸ਼ਨ ਦੇ ਵਿਸ਼ੇ ਨੂੰ ਪੇਸ਼ ਕਰ ਰਹੀ ਹੈ।ਇਹ ਫ਼ਿਲਮ ਸ਼ੂਜੀਤ ਸਰਕਾਰ ਕਰਕੇ ਵੇਖਣੀ ਬਣਦੀ ਹੈ।ਇਹ ਫਿਲਮ ਆਪਣੇ ਵਿਸ਼ੇ ਕਰਕੇ ਵੇਖਣੀ ਬਣਦੀ ਹੈ ਤੇ ਇਹ ਫ਼ਿਲਮ ਯੂਥ ਆਈਕਾਨ,ਰੇਡਿਓ ਜਾਕੀ,ਵੀ.ਜੇ ਤੇ ਐੱਮ.ਟੀਵੀ ਰੋਡੀਜ਼ ਵਿਜੇਤਾ ਆਯੂਸ਼ਮਾਨ ਖੁਰਾਣਾ ਦੀ ਪਲੇਠੀ ਫ਼ਿਲਮ ਕਰਕੇ ਵੇਖਣੀ ਬਣਦੀ ਹੈ।ਇਸ ਤੋਂ ਬਾਅਦ ਵੀ ਆਯੂਸ਼ਮਾਨ ਖੁਰਾਣਾ ਦੀ ਫ਼ਿਲਮ 'ਹਮਾਰਾ ਬਜਾਜ' ਸ਼ੂਜੀਤ ਸਰਕਾਰ ਦੇ ਨਿਰਦੇਸ਼ਨ 'ਚ ਹੀ ਆ ਰਹੀ ਹੈ।

ਵਿਕੀ ਡੋਨਰ ਫ਼ਿਲਮ ਇੱਕੋ ਵੇਲੇ ਸਮਾਜ ਦੇ ਬਹੁਤ ਸਾਰੇ ਕੋਣ ਪੇਸ਼ ਕਰਦੀ ਹੈ।ਇਸ ਨੂੰ ਸਮਝਨ ਲਈ ਇਸ ਦੀ ਕਹਾਣੀ 'ਤੇ ਸਰਸਰੀ ਨਜ਼ਰ ਮਾਰਨੀ ਪਵੇਗੀ।ਵਿੱਕੀ ਅਰੋੜਾ ਨਾਮ ਦਾ ਫ਼ਿਲਮ ਦਾ ਇਹ ਕਿਰਦਾਰ ਲਾਜਪਤ ਨਗਰ ਦਿੱਲੀ ਦੀ ਰਫਿਊਜ਼ੀ ਕਲੋਨੀ ਦਾ ਰਹਿਣ ਵਾਲਾ ਪੰਜਾਬੀ ਪਰਿਵਾਰ ਦਾ ਹਿੱਸਾ ਹੈ।ਇਸ ਪਰਿਵਾਰ 'ਚ ਇੱਕ ਵਿੱਕੀ ਦੀ ਦਾਦੀ ਹੈ ਤੇ ਇੱਕ ਮਾਂ ਹੈ।ਇਸ ਪਰਿਵਾਰ ਦਾ ਰੋਟੀ ਫੁਲਕਾ ਚਲਾਉਣ ਲਈ ਘਰ 'ਚ ਹੀ ਇੱਕ ਬਿਊਟੀ ਪਾਰਲਰ ਚਲਾਇਆ ਜਾ ਰਿਹਾ ਹੈ।ਵਿੱਕੀ ਦੀ ਮਾਂ ਲੰਮੇ ਸਮੇਂ ਤੋਂ ਘਰ ਦਾ ਖਰਚਾ ਇਸੇ ਸਹਾਰੇ ਚਲਾ ਰਹੀ ਹੈ।ਵਿੱਕੀ ਵੀ ਬੇਰੁਜ਼ਗਾਰ ਨੌਜਵਾਨ ਹੈ।ਘਰ 'ਚ ਕਮਾਉਣ ਵਾਲਾ ਹੋਰ ਕੋਈ ਵੀ ਮਰਦ ਨਹੀਂ ਹੈ।ਵਿੱਕੀ ਦੀ ਮਾਂ ਘਰ ਦੇ ਸਾਰੇ ਖਰਚ ਨੂੰ ਆਪਣੇ ਬਿਊਟੀ ਪਾਰਲਰ ਸਹਾਰੇ ਚਲਾਉਂਦੀ ਹੈ ਤਾਂ ਉਹ ਥੌੜ੍ਹੀ ਜਿਹੀ ਖਿਝੀ ਵੀ ਰਹਿੰਦੀ ਹੈ ਕਿਉਂ ਕਿ ਕਮਾਈ ਦਾ ਹੋਰ ਕੋਈ ਜ਼ਰੀਆ ਜਾਂ ਘਰ 'ਚ ਹੋਰ ਕੋਈ ਕਮਾਉਣ ਵਾਲਾ ਨਹੀਂ ਹੈ।ਵਿੱਕੀ ਦਾ ਪਿਤਾ ਜਵਾਨ ਉੱਮਰੇ ਹੀ ਮਰ ਗਿਆ ਹੈ।ਇੱਕ ਪੰਜਾਬੀ ਪਰਿਵਾਰ ਉਹ ਵੀ ਲਾਜਪਤ ਨਗਰ ਦੀ ਰਫਿਊਜ਼ੀ ਕਲੌਨੀ 'ਚ ਰਹਿਣ ਵਾਲਾ ਤੇ ਉਸ ਪਰਿਵਾਰ ਦਾ ਕਮਾਉਣ ਵਾਲਾ ਜਵਾਨ ਮੌਤ ਮਰਿਆ ਹੈ।ਇਹ ਸਭ ਇਸ਼ਾਰੇ ਇਸ ਪਰਿਵਾਰ ਦੇ ਬੀਤ ਚੁੱਕੇ ਕੱਲ੍ਹ 'ਚ ਘਟੇ ਘਟਨਾਕ੍ਰਮ ਨੂੰ ਬਿਆਨ ਕਰਦੇ ਹਨ।ਇਹ ਸਾਰਾ ਘਟਨਾਕ੍ਰਮ ਦਿੱਲੀ 'ਚ ਹੈ ਤਾਂ ਸੰਭਵ ਹੈ ਕਿ ਇਸ ਪੰਜਾਬੀ ਪਰਿਵਾਰ ਨੇ ਇਹਨਾਂ ਜ਼ਖ਼ਮਾਂ ਨੂੰ 84 'ਚ ਹੀ ਆਪਣੇ ਸੀਨੇ ਹੰਢਾਇਆ ਹੋਵੇ।

ਕਹਿਣ ਨੂੰ ਤਾਂ ਇਹ ਫ਼ਿਲਮ ਕਮੇਡੀ ਜੋਨਰ ਦੀ ਹੈ ਪਰ ਇਸ ਅੰਦਰ ਜ਼ਿੰਦਗੀ ਦੀ ਗੰਭੀਰਤਾ ਵੀ ਬਹੁਤ ਖ਼ੂਬਸੂਰਤੀ ਨਾਲ ਬਿਆਨ ਕੀਤੀ ਗਈ ਹੈ।ਬੇਸ਼ੱਕ ਕੁਝ ਨਸਲਾਂ ਨੂੰ ਸੰਬੋਧਿਤ ਸੰਵਾਦ ਇਤਰਾਜ਼ ਭਰੇ ਲੱਗਦੇ ਹਨ ਪਰ ਵਿਹਾਰਕਤਾ ਪੱਖੋਂ ਤਾਂ ਇੰਝ ਆਮ ਹੀ ਹੈ ਜਿਸ ਨੂੰ ਫ਼ਿਲਮ ਆਪਣੀ ਸਾਰੀ ਪੇਸ਼ਕਾਰੀ 'ਚ ਵਿਅੰਗ ਨਾਲ ਪੇਸ਼ ਕਰਦੀ ਤੁਰਦੀ ਹੈ।ਜਿਵੇਂ ਕਿ ਡਾ. ਚੱਢਾ(ਅਨੂ ਕਪੂਰ) ਵਿੱਕੀ ਨੂੰ ਸਪਰਮ ਦੀ ਵਿਆਖਿਆ ਕਰਦਾ ਹੋਇਆ ਬਿਆਨ ਕਰਦਾ ਹੈ ਕਿ ਕਿੰਝ ਸਿੰਕਦਰ ਦਾ ਇਸ ਧਰਤੀ 'ਤੇ ਆਉਣਾ ਤੇ ਆਪਣੇ ਨਾਲ ਸਬੰਧਿਤ ਧਰਤੀ ਦੇ ਕਬੀਲਿਆਂ ਨਾਲ ਵਿਆਹ ਕਰਦੇ ਹੋਏ ਇੱਕ ਸ਼ੁੱਧ ਨਸਲ ਨੂੰ ਪੈਦਾ ਕਰਨਾ ਸ਼ੁੱਧਤਾ ਦੀ ਨਿਸ਼ਾਨੀ ਵੱਜੋਂ ਸਥਾਪਿਤ ਹੁੰਦਾ ਹੈ।ਇਸ ਨੂੰ ਡਾ ਚੱਢਾ ਸ਼ੁੱਧ ਖ਼ੂਨ ਦੀ ਆਰਿਅਨ ਨਸਲ ਦੱਸਦਾ ਹੈ।ਅਜਿਹਾ ਸੰਵਾਦ ਪੂਰੇ ਭਾਰਤ 'ਚ ਆਮ ਹੀ ਵਿਖਦਾ ਹੈ।ਕਹਿਣ ਨੂੰ ਤਾਂ ਭਾਰਤ ਦੇਸ਼ ਇੱਕ ਹੈ ਪਰ ਇੱਕ ਭਾਰਤ ਦੇ ਅੰਦਰ ਹੀ ਕਿੰਨੇ ਭਾਰਤ ਵੱਸਦੇ ਹਨ।ਜਿਵੇਂ ਕਿ ਅਸੀ ਅਕਸਰ ਵੇਖਦੇ ਹਾਂ ਕਿ ਦੱਖਣੀ ਭਾਰਤੀ ਲੋਕ ਉੱਤਰੀ ਭਾਰਤੀ ਲੋਕਾਂ ਤੋਂ ਆਪਣੇ ਆਪ ਨੂੰ ਉੱਤਮ ਮੰਨਦੇ ਹਨ ਤੇ ਅਜਿਹਾ ਹੀ ਉੱਤਰ ਭਾਰਤ ਦੇ ਲੋਕਾਂ ਦੇ ਨਜ਼ਰੀਏ 'ਚ ਹੈ।ਉੱਤਰ ਭਾਰਤ ਦੇ ਲੋਕ ਆਪਣੇ ਆਪ ਨੂੰ ਆਰਿਅਨ ਜਾਤੀ ਦੇ ਉੱਤਮ ਲੋਕ ਮੰਨਦੇ ਹਨ।ਇਸ ਸੰਵਾਦ ਨੂੰ ਬਿਨਾਂ ਕਿਸੇ ਲਾਗ ਲਪਟ ਦੇ ਜਿਉਂ ਦਾ ਤਿਉਂ ਪੇਸ਼ ਕੀਤਾ ਗਿਆ ਹੈ।ਅਜਿਹੀ ਨਸਲੀ ਖਵਾਇਸ਼ ਦਾ ਮੋਹ ਅਸੀ ਆਮ ਲੋਕਾਂ ਦੀ ਗੱਲਾਂ 'ਚ ਸੁਣਦੇ ਆਏ ਹਾਂ।ਬਹੁਤ ਸਾਰਿਆ ਦਾ ਤ੍ਰਿਪਤ ਸੁਫ਼ਨਾ ਪੱਛਮੀ ਔਰਤਾਂ ਨੂੰ ਪਾਉਣ ਦਾ ਰਿਹਾ ਹੁੰਦਾ ਹੈ।ਅਜਿਹਾ ਸਮਾਜ ਦੇ ਕਈ ਖਾਨਿਆ 'ਚ ਹੈ ਜੋ ਇਸ ਸੰਵਾਦ ਰਾਹੀ ਫਿਲਮ 'ਚ ਪੇਸ਼ ਕੀਤਾ ਗਿਆ ਹੈ।ਪਰ ਅਜਿਹੀ ਨਸਲੀ ਸ਼ਾਨਮੱਤਾ ਚੀਜ਼ਾਂ ਨੂੰ ਅਜਿਹੇ ਸਾਰਥਕ ਵਿਸ਼ੇ 'ਚ ਨਾ ਪੇਸ਼ ਕੀਤਾ ਜਾਂਦਾ ਤਾਂ ਬਹੁਤ ਚੰਗਾ ਸੀ।
ਇਹ ਫ਼ਿਲਮ ਸਮਾਜ ਦੇ ਉਸ ਪਹਿਲੂ ਨੂੰ ਵੀ ਜਿਉਂ ਦਾ ਤਿਉਂ ਪੇਸ਼ ਕਰਦੀ ਹੈ ਜਿਸ 'ਚ ਅਜੋਕੇ ਮੁਕਾਬਲੇ ਦੇ ਯੁੱਗ 'ਚ ਮਹਾਂਨਗਰਾਂ 'ਚ ਉਹਨਾਂ ਲੋਕਾਂ ਦੀ ਭੀੜ ਵਧੀ ਹੈ ਜੋ ਸਿਰਫ ਕੰਮ,ਸਿਰਫ ਕੰਮ ਤੇ ਸਿਰਫ ਕੰਮ ਹੀ ਕਰਦੇ ਜਾ ਰਹੇ ਹਨ।ਉਹਨਾਂ ਲਈ ਸਮਾਜ ਅੰਦਰਲੇ ਸਥਾਪਿਤ ਸਾਂਝ ਦੇ ਜ਼ਰੀਏ ਵਿਆਹ,ਗੁਆਂਢਪੁਣਾ,ਰਿਸ਼ਤ ਨਾਤੇ,ਸੰਯੁਕਤ ਪਰਿਵਾਰ,ਪਿਆਰ,ਜਜ਼ਬਾਤ,ਮਲੂਕ ਖੁਸ਼ੀਆਂ ਜਿੰਨ੍ਹਾ ਦਾ ਸਬੰਧ ਭਾਈਚਾਰੇ ਤੇ ਮਨੁੱਖਤਾ ਨਾਲ ਹੈ ਸਭ ''ਬਾਅਦ ਦੇ ਕੰਮ'' ਬਣਦੇ ਜਾ ਰਹੇ ਹਨ।ਕੁਦਰਤੀ ਜ਼ਿੰਦਗੀ ਇੱਕ ਖ਼ੂਬਸੂਰਤ ਢਾਂਚਾ ਹੈ ਜੋ ਸੱਭਿਆਚਾਰ ਦਾ ਕੁਦਰਤ ਨਾਲ ਸੰਵਾਦ ਦਾ ਰੂਪ ਹੈ ਇਸ ਦੇ ਅੰਦਰਲੇ ਖਲਲ ਨੂੰ ਬਦਲਣ ਕਰਕੇ ਹੀ ਅਜਿਹੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ।ਇਸੇ ਦਾ ਰੂਪ ਹੀ ਹੈ ਕਿ ਵਿਆਹੁਤਾ ਜ਼ਿੰਦਗੀ 'ਚ ਬੱਚੇ ਪੈਦਾ ਕਰਨ ਲਈ ਸਮਾਂ ਨਹੀਂ ਹੈ ਤੇ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਔਰਤ ਦੇ ਅੰਦਰ ਸ਼ਰੀਰਕ ਕਮੀਆਂ ਕਰਕੇ ਬਾਂਝਪਣ ਵਿਖ ਰਿਹਾ ਹੈ।ਜ਼ਿੰਦਗੀ ਇੰਨੀ ਜ਼ਿਆਦਾ ਤਣਾਅ ਭਰੀ ਬਣਾ ਦਿੱਤੀ ਗਈ ਹੈ ਕਿ ਬੰਦੇ ਦੇ ਅੰਦਰ ਵੀ ਬੱਚਾ ਪੈਦਾ ਕਰਨ ਦੀ ਘਾਟ ਪੈਦਾ ਹੋ ਗਈ ਹੈ।ਕਿਉਂ ਕਿ ਇਸ ਦਾ ਸਿੱਧਾ ਸਬੰਧ ਤਾਂ ਅਸੀ ਇਸ ਕਹਾਵਤ ਤੋਂ ਹੀ ਸਮਝ ਸਕਦੇ ਹਾਂ ਕਿ ''ਮਨ ਤੰਦਰੁਸਤ ਤਾਂ ਸਰੀਰ ਤੰਦਰੁਸਤ।''ਬਾਕੀ ਇਸ ਬਾਰੇ ਡਾ. ਚੱਢਾ ਇਹ ਵੀ ਬਿਆਨਦਾ ਹੈ ਕਿ ਪਿੰਡਾ ਦੇ ਲੋਕ ਤਾਂ ਇੱਕ ਦੂਜੇ ਨੂੰ ਛੂੰਹਦੇ ਹਨ ਤਾਂ ਬੱਚੇ ਹੀ ਬੱਚੇ ਹੋ ਜਾਂਦੇ ਹਨ।ਭਾਵ ਕਿ ਉਹ ਤਣਾਓ ਤੋਂ ਰਹਿਤ ਜ਼ਿੰਦਗੀ ਗੁਜ਼ਾਰ ਰਹੇ ਹਨ ਅਤੇ ਤੰਦਰੁਸਤ ਸੈਕਸ ਕਰਦੇ ਹਨ।ਪਰ ਪਿੰਡਾ ਦੀਆਂ ਜ਼ਮੀਨੀ ਸੱਚਾਈਆਂ ਵੀ ਹੁਣ ਕੁਝ ਹੋਰ ਹੀ ਹਨ,ਤਣਾਓ ਦੇ ਬੱਦਲ ਤਾਂ ਹੁਣ ਇੱਥੇ ਵੀ ਛਾ ਗਏ ਹਨ।

ਇਹ ਫਿਲਮ ਵੇਖਣ ਵੇਲੇ ਸਭ ਤੋਂ ਪਿਆਰਾ ਸਿਨੇਮਾਈ ਸੰਵਾਦ ਵੇਖਣਾ ਹੋਵੇ ਤਾਂ ਪੰਜਾਬੀ ਤੇ ਬੰਗਾਲੀ ਵਿਆਹ ਦਾ ਆਨੰਦ ਜ਼ਰੂਰ ਲਿਓ।ਵਿਅੰਗ 'ਚ ਇਹ ਸੀਨ ਪੰਜਾਬੀ ਮਾਨਸਿਕਤਾ ਤੇ ਬੰਗਾਲੀ ਮਾਨਸਿਕਤਾ ਦੇ ਦਰਸ਼ਨ ਬਹੁਤ ਪਿਆਰੇ ਢੰਗ ਨਾਲ ਕਰਾ ਦਿੰਦਾ ਹੈ।ਦੋ ਸੱਭਿਆਚਾਰਾਂ ਵਿਚਲਾ ਅੰਤਰ ਵਿਖਾਉਣ ਦੇ ਬਹਾਨੇ ਨਿਰਦੇਸ਼ਕ ਸ਼ੂਜੀਤ ਸਰਕਾਰ ਬਹੁਤ ਸਾਰੀਆਂ ਗੱਲਾਂ ਕਰ ਜਾਂਦਾ ਹੈ।ਪੰਜਾਬੀ ਵਿਆਹਾਂ 'ਚ ਬੇਲੋੜਾ ਖਰਚਾ ਤੇ ਸ਼ਰਾਬ ਦੀ ਅਤਿ ਤਾਂ ਹਰ ਵਿਆਹ ਦਾ ਇੱਕ ਰਿਵਾਜ਼ ਹੀ ਬਣ ਗਿਆ ਹੈ।ਪੰਜਾਬੀ ਬੰਗਾਲੀ ਨੂੰ ਬੋਂਗਸ ਤੇ ਮੱਛੀਖਾਣਾ ਸਮਝਦੇ ਹਨ ਤੇ ਬੰਗਾਲੀ ਪੰਜਾਬੀਆਂ ਨੂੰ ਦਿਮਾਗੋ ਪੈਦਲ ਤੇ ਖਰਚੀਲੇ ਸਮਝਦੇ ਹਨ।ਜੇ ਇਹਨਾਂ ਚੀਜ਼ਾਂ ਤੋਂ ਇਨਕਾਰ ਕੀਤਾ ਜਾਵੇ ਤਾਂ ਅਜਿਹਾ ਤਾਂ ਹਰਗਿਜ਼ ਨਹੀਂ ਹੈ।

ਕਹਿਣ ਨੂੰ ਤਾਂ ਇਹ ਫ਼ਿਲਮ ਸਪਰਮ ਡੋਨੇਸ਼ਨ ਦੇ ਵਿਸ਼ੇ ਨੂੰ ਛੂੰਹਦੀ ਹੈ ਪਰ ਇਸ ਦੇ ਨਾਲ ਨਾਲ ਬਹੁਤ ਸਾਰੀਆਂ ਗੱਲਾਂ ਹੋਰ ਵੀ ਕਰ ਜਾਂਦੀ ਹੈ।ਜਿੱਥੋਂ ਤੱਕ ਸਪਰਮ ਡੋਨੇਸ਼ਨ ਦੀ ਗੱਲ ਹੈ ਤਾਂ ਇਹ ਫ਼ਿਲਮ ਸ਼ੁਰੂਆਤ 'ਚ ਇਹੋ ਸੰਵਾਦ ਖੱੜ੍ਹਾ ਕਰਦੀ ਹੈ ਜਿਵੇਂ ਕਿ ਵਿੱਕੀ ਮੁਤਾਬਕ, ''ਛੱਡੋ ਜੀ ਸਪਰਮ ਵੀ ਕੋਈ ਡੋਨੇਟ ਕਰਨ ਦੀ ਚੀਣ ਹੈ।''ਪਰ ਫਿਰ ਇਹ ਸੰਵਾਦ ਡਾ.ਚੱਢਾ ਦੇ ਕਹੇ ਮੁਤਾਬਕ ਇਸ ਸਵਾਲ 'ਤੇ ਖੱੜ੍ਹਾ ਹੋ ਜਾਂਦਾ ਹੈ ਕਿ ਆਧੁਨਿਕ ਦੌਰ 'ਚ ਇਨਫਰਟੀਲਿਟੀ ਜਾਂ ਬਾਂਝਪਣ ਇੱਕ ਕੈਂਸਰ ਦੀ ਤਰ੍ਹਾਂ ਹੈ।ਇਹੋ ਸੰਵਾਦ ਫ਼ਿਲਮ ਆਪਣੇ ਅਖੀਰ 'ਚ ਇਸ ਸਾਰਥਕ ਕੇਂਦਰ 'ਤੇ ਲਿਆ ਖੱੜ੍ਹਾ ਕਰਦੀ ਹੈ ਕਿ ਸਪਰਮ ਡੋਨੇਸ਼ਨ ਨਾਲ ਕਿੰਨੇ ਪਰਿਵਾਰ ਨੂੰ ਖੁਸ਼ੀ ਮਿਲਦੀ ਹੈ ਤੇ ਅਜਿਹਾ ਦਾਨ ਕਰਨ 'ਚ ਸ਼ਰਮ ਕਾਹਦੀ।ਇਸ ਸਾਰੇ ਲਈ ਇਸ ਫਿਲਮ ਦੀ ਲੇਖਿਕਾ ਜੂਹੀ ਚਤੁਰਵੇਦੀ ਦੀ ਜਿੰਨੀ ਸਰਾਹਣਾ ਕੀਤੀ ਜਾ ਸਕੇ ਘੱਟ ਹੈ।

ਸੋ ਇਸ ਫ਼ਿਲਮ ਨੂੰ ਵੇਖਦੇ ਹੋਏ ਹੱਸਦੇ ਹੱਸਦੇ ਜ਼ਿੰਦਗੀ ਦੀਆਂ ਅਜਿਹੀ ਗੰਭੀਰ ਚੀਜ਼ਾਂ ਨੂੰ ਹਾਸਿਆਂ 'ਚ ਹਾਸ਼ੀਏ 'ਤੇ ਹੀ ਨਾ ਖਿਚ ਜਾਣਾ।ਫਿਲਮ ਦਾ ਆਨੰਦ ਲਓ ਵਧੀਆ ਫਿਲਮ ਹੈ,ਪੈਸਾ ਵਸੂਲ ਹੈ,ਆਯੂਸ਼ਮਾਨ ਖੁਰਾਣਾ ਦਾ ਇਸ ਫ਼ਿਲਮ 'ਚ ਬਹੁਤ ਪਿਆਰਾ ਕੰਮ ਹੈ।ਅਨੂ ਕਪੂਰ ਵਰਗੇ ਸ਼ਾਨਦਾਰ ਅਦਾਕਾਰ ਤੋਂ ਅਜਿਹੀ ਉਮੀਦ ਹੀ ਸੀ।ਫਿਲਮ 'ਚ ਹੋਰ ਬਹੁਤ ਸਾਰੀਆਂ ਗੱਲਾਂ ਵੀ ਹਨ ਸਾਰਿਆਂ ਬਾਰੇ ਹੀ ਗੱਲ ਕੀਤੀ ਜਾਵੇ ਇਹ ਜ਼ਰੂਰੀ ਤਾਂ ਨਹੀਂ।ਇਸ ਫ਼ਿਲਮ ਨੂੰ ਵਧੀਆ ਪੇਸ਼ਕਾਰੀ ਤੱਕ ਪਹੁੰਚਾਉਣ ਦਾ ਸਿਹਰਾ ਇੱਕ ਵਾਰ ਫਿਰ ਜੂਹੀ ਚਤੁਰਵੇਦੀ ਦੀ ਲੇਖਣੀ ਨੂੰ ਦਿੱਤੇ ਬਗੈਰ ਗੱਲ ਅਧੂਰੀ ਹੈ।ਬਾਕੀ ਅਡਲਟ ਕਮੇਡੀ 'ਚ ਅਜਿਹੇ ਸਾਰਥਕ ਕਦਮਾਂ ਦੀ ਨਿਸ਼ਾਨਦੇਹੀ ਹੋ ਸਕਦੀ ਹੈ ਇਸ ਫਿਲਮ ਨੇ ਸਾਬਤ ਕੀਤਾ ਹੈ।ਫ਼ਿਲਮ ਦੇ ਆਮ ਹੀ ਵਰਤੇ ਗਏ ਸੰਵਾਦ ਫੁੱਦੂ,ਭੈਣ ਦੀ૴૴ਵਗੈਰਾ ਵਗੈਰਾ ਤੇ ਗੁਆਂਢਣ ਨਾਲ ਵਿੱਕੀ ਦੇ ਹੁੰਦੇ ਚੜੀਤਪੁਣੇ 'ਚ ਅੰਤ ਤੱਕ ਪਹੁੰਚਦੀ ਫ਼ਿਲਮ ਸਪਰਮ ਡੋਨੇਸ਼ਨ ਨੂੰ ਲੈ ਕੇ ਹੱਦਬੰਦੀਆਂ,ਭਲਾਈ,ਜ਼ਿੰਦਗੀ ਤੱਕ ਸਾਰੇ ਦੇ ਸਾਰੇ ਪਹਿਲੂ ਹੀ ਪੇਸ਼ ਕਰ ਜਾਂਦੀ ਹੈ।

ਯਾਮੀ ਗੋਤਮ ਦੀ ਗੱਲ ਚੱਲੇ ਤਾਂ ਇਸ ਅਦਾਕਾਰਾ ਨੇ ਆਯੂਸ਼ਮਾਨ ਨਾਲ ਸੋਹਣੀ ਜੁਗਲਬੰਦੀ ਪੇਸ਼ ਕੀਤੀ ਹੈ।ਇੱਕ ਤਲਾਕਸ਼ੁਦਾ ਜਨਾਨੀ ਦੇ ਕਿਰਦਾਰ 'ਚ ਅਜ਼ਾਦ ਖਿਆਲ ਔਰਤ ਨੂੰ ਪੇਸ਼ ਕਰਦੀ ਫ਼ਿਲਮ ਦੀ ਇਹ 'ਆਸ਼ਿਮਾ ਰਾਏ' ਵੀ ਪੰਜਾਬੀਆਂ ਤੇ ਬੰਗਾਲੀਆਂ ਦੇ ਅਤੇ ਇਸ ਆਧੁਨਿਕ ਕਹੇ ਜਾਂਦੇ ਸਮਾਜ ਦੇ ਬਹੁਤ ਸਾਰੇ ਪਹਿਲੂਆਂ ਵੱਲ ਇਸ਼ਾਰਾ ਕਰ ਜਾਂਦੀ ਹੈ।ਗੌਰ ਕਰੋ ਵਿੱਕੀ ਕਹਿੰਦਾ ਹੈ ਕਿ ਮੇਰੀ ਮਾਂ ਨੂੰ ਨਾ ਦੱਸੀ ਕਿ ਤੂੰ ਤਲਾਕਸੁਦਾ ਹੈ।ਵਿੱਕੀ ਮੁਤਾਬਕ ਪੰਜਾਬੀਆਂ 'ਚ ਤਲਕਾਸ਼ੁਦਾ ਔਰਤ ਨਾਲ ਵਿਆਹ ਕਰਨ ਨੂੰ ਲੈ ਕੇ ਪੈਰ ਪਿਛਾਂਹ ਹੀ ਖਿੱਚੇ ਜਾਂਦੇ ਹਨ।ਅਜਿਹਾ ਤਾਂ ਹਰ ਸਮਾਜ 'ਚ ਵੇਖਿਆ ਜਾਂਦਾ ਹੈ ਪਰ ਪੰਜਾਬ 'ਚ ਤਾਂ ਇਹ ਖਾਸ ਹੀ ਵੇਖਿਆ ਹੈ ਕਿ ਅਜਿਹੀ ਔਰਤ ਨੂੰ ਪੱਜ ਲਗੀ ਔਰਤ ਦੇ ਰੂਪ 'ਚ ਵੇਖਿਆ ਜਾਂਦਾ ਹੈ।ਬਾਕੀ ਜੀ ਮੁੱਕਦੀ ਗੱਲ ਇਹ ਹੈ ਡਾ. ਚੱਢਾ ਕਹਿੰਦਾ ਹੈ ਕਿ ਸਾਰੀ ਦੁਨੀਆ ਹੀ ਸਪਰਮ ਹੈ।

ਫ਼ਿਲਮ 'ਚ ਪੇਸ਼ ਕੀਤੀ ਅਜਿਹੀ ਨੂੰਹ-ਸੱਸ(ਡੋਲੀ ਆਹਲੂਵਾਲੀਆ ਤੇ ਕਮਲੇਸ਼ ਗਿੱਲ) ਦੀ ਜੋੜੀ ਫ਼ਿਲਮ ਦਾ ਇੱਕ ਹੋਰ ਤੋਹਫ਼ਾ ਹੈ।ਮੈਂ ਇਸ ਤੋਂ ਪਹਿਲਾਂ ਨੂੰਹ-ਸੱਸ ਦਾ ਅਜਿਹਾ ਪਿਆਰ ਕਦੀ ਕਿਸੇ ਫ਼ਿਲਮ 'ਚ ਨਹੀਂ ਵੇਖਿਆ।ਵਿੱਕੀ ਮੁਤਾਬਕ ਦਿੱਲੀ 'ਚ ਦੋ ਹੀ ਚੀਜ਼ਾਂ ਮਾਡਰਨ ਹਨ।ਇੱਕ ਮੈਟਰੋ ਤੇ ਇੱਕ ਬੀਜੀ૴૴ਹਾਂ ਇੱਕ ਹਾਸੋਹੀਣੀ ਜ਼ਰੂਰ ਹੋਈ ਜੋ ਸੰਵਾਦ ਦੇ ਹਾਸੋਹੀਣੇ 'ਚ ਉਣਤਾਈ ਦਾ ਸ਼ਿਕਾਰ ਹੋ ਗਈ।ਉਹ ਸੀ ਕਿ ਜਦੋਂ ਡਾ. ਚੱਢਾ ਆਰਿਅਨ ਜਾਂ ਸ਼ੁੱਧ ਨਸਲਾਂ ਦੀ ਉਦਾਹਰਣ ਦਿੰਦੇ ਹੋਏ ਬ੍ਰੈਡ ਪਿਟ,ਬੈਕਹਮ,ਸਿੰਕਦਰ ਦਾ ਨਾਮ ਲੈ ਰਿਹਾ ਸੀ ਤਾਂ ਉਸੇ 'ਚ ਉਹਨੇ ਲੇਡੀ ਗਾਗਾ ਦਾ ਨਾਮ ਵੀ ਗਿਣਾ ਦਿੱਤਾ।ਇਹ ਵਾਕਿਆ ਹੀ ਫਿਲਮ ਦਾ ਸਭ ਤੋਂ ਵੱਡਾ ਚੁੱਟਕਲਾ ਹੈ ਕਿ ਇੱਕ ਔਰਤ ਦਾ ਓਵਮ ਵੀ ਡੋਨੇਟ ਹੁੰਦਾ ਹੈ।

ਲੇਖਕਹਰਪ੍ਰੀਤ ਸਿੰਘ ਕਾਹਲੋਂ ਨੌਜਵਾਨ ਫਿਲਮ ਅਲੋਚਕ ਹੈ।ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਰਾਹੀ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।MOB-94641-41678

Monday, April 2, 2012

ਮੇਰਾ ਸਾਹਿਤ ਬੰਦੇ ਨੂੰ ਸਮਝਣ ਦਾ ਉਪਰਾਲਾ ਹੈ:ਗੁਰਦਿਆਲ ਸਿੰਘ

ਜਿਸ ਦਇਆ,ਤ੍ਰਿਸਕਾਰ ਤੇ ਬੇਚਾਰਗੀ ਦਾ ਸੰਤਾਪ ਭੁਗਤਦੀਆਂ ਕੁਝ ਹਯਾਤੀਆਂ ਪਿਛਲੇ ਸਫ਼ਿਆ ਦੇ ਕਿਰਦਾਰ ਬਣ ਗਏ ਉਹਨਾਂ ਨੂੰ ਮੁੱਖ ਧਾਰਾ ਦੇ ਨਾਇਕ ਵੱਜੋਂ ਸਥਾਪਿਤ ਕਰਨ ‘ਤੇ ਉਹਨਾਂ ਦੀ ਅਵਾਜ਼ ਨੂੰ ਪਰਵਾਜ਼ ਦੇਣ ਦਾ ਸਿਹਰਾ ਨਾਵਲਕਾਰ ਗੁਰਦਿਆਲ ਸਿੰਘ ਨੂੰ ਜਾਂਦਾ ਹੈ।ਆਖਰ ਕਿਸ ਨਜ਼ਰੀਏ ਨਾਲ ਉਹ ਸਮਾਜ ਦੇ ਇਸ ਸਿਆਸੀ,ਸਮਾਜਿਕ ਤੇ ਆਰਥਿਕ ਪ੍ਰਬੰਧ ਨੂੰ ਸਮਝਦੇ ਹਨ ਤੇ ਉਹਨਾਂ ਆਪਣੀ ਸਾਹਿਤਕ ਸਿਰਜਣਾ ‘ਚ ਇਹਨਾਂ ਗੱਲਾਂ ਨੂੰ ਕਿਸ ਰੂਪ ‘ਚ ਪੇਸ਼ ਕੀਤਾ,ਇਸ ਬਾਰੇ ਉਹਨਾਂ ਤੋਂ ਜਾਣਿਆ ਗਿਆ:
ਉਮਰ ਦੇ ਸੁਨਿਹਰੇ ਪੰਧ ਗੁਜ਼ਾਰਦੇ ਹੋਏ ਇਸ ਪਲ ਦੇ ਮੁਕਾਮ ਬਾਰੇ ਤੁਸੀ ਕੀ ਮਹਿਸੂਸ ਕਰਦੇ ਹੋ?

:ਮੈਂ ਤਾਂ ਇਹੋ ਮਹਿਸੂਸ ਕਰਦਾ ਹਾਂ ਕਿ ਜੋ ਕੁਝ ਕੀਤਾ ਜਾ ਸਕਿਆ ਆਪਣੀ ਮਿਹਨਤ ਨਾਲ ਉਹ ਮੇਰੇ ਸਮਿਆਂ ਦਾ ਸੰਘਰਸ਼ ਸੀ।ਜੇ ਇਸ ਪਲ ‘ਤੇ ਆ ਕੇ ਇਸ ਨੂੰ ਪ੍ਰਮਾਣਿਤਾ ਮਿਲਦੀ ਹੈ ਤਾਂ ਖੁਸ਼ੀ ਹੁੰਦੀ ਹੈ ਕਿ ਕੀਤਾ ਹੋਇਆ ਕੰਮ ਠੀਕ ਸੀ।ਇਹੋ ਜਿਹੀਆਂ ਪ੍ਰਾਪਤੀਆਂ ਅਖ਼ੀਰ ਵੇਲੇ ਸੰਤੁਸ਼ਟੀ ਦਿੰਦੀਆਂ ਹਨ ਕਿ ਜੋ ਕੁਝ ਕੀਤਾ ਉਹਦਾ ਕਿਸੇ ਨਾ ਕਿਸੇ ਰੂਪ ‘ਚ ਰੀਵਾਰਡ ਮਿਲਿਆ।ਇੱਥੇ ਇਹਦਾ ਇਹ ਮਤਲਬ ਨਹੀਂ ਹੈ ਕਿ ਕਿਸੇ ਕਿਸਮ ਦੀ ਮੰਨ ਵਿੱਚ ਇਹ ਅਵਸਥਾ ਪੈਦਾ ਹੋ ਗਈ ਹੈ ਕਿ ਮੈਂ ਬਹੁਤ ਕੁਝ ਪ੍ਰਾਪਤ ਕਰ ਲਿਆ।ਜਿਵੇਂ ਕਿ ਮੇਰੇ ਬਹੁਤ ਸਾਰੇ ਨਾਵਲ ਹਿੰਦੀ ਤੇ ਅੰਗਰੇਜ਼ੀ ਵਿੱਚ ਤੁਰਜ਼ਮਾ ਹੋ ਚੁੱਕੇ ਹਨ।ਮੇਰੇ ਦੋ ਤਿੰਨ ਨਾਵਲ ਅਜਿਹੇ ਹਨ ਜਿਹਨਾਂ ਨੂੰ ਨੈਸ਼ਨਲ ਬੁੱਕ ਟ੍ਰਸਟ ਨੇ ਭਾਰਤ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿੱਚ ਛਾਪਿਆ ਹੈ।ਇਹਦਾ ਮਤਲਬ ਇਹ ਨਹੀਂ ਕਿ ਮੈਂ ਇਸ ਤੋਂ ਬਾਅਦ ਰਚਨਾਤਮਕ ਪੱਖੋਂ ਚੁੱਪ ਕਰ ਜਾਵਾਂ ਤੇ ਸੋਚ ਬੈਠਾ ਕਿ ਜਿਹੜੀਆਂ ਪ੍ਰਾਪਤੀਆਂ ਹੋਣੀਆਂ ਸੀ ਉਹ ਹੋ ਗਈਆਂ ਉਹ ਠੀਕ ਹੈ ਹੁਣ ਕੁਝ ਕਰਨ ਦੀ ਲੋੜ ਨਹੀਂ।ਹੁਣ ਸਗੋਂ ਇਹ ਹੋ ਰਿਹਾ ਹੈ ਕਿ ਜੋ ਕੁਝ ਸਾਡੇ ਭਾਰਤ ‘ਚ ਵਾਪਰ ਰਿਹਾ ਹੈ ਮੈਂ ਉਹਨਾਂ ਨੂੰ ਲੇਖਾਂ ਦੇ ਰੂਪ ‘ਚ ਜਾ ਆਪਣੇ ਸਾਹਿਤ ਦੇ ਰੂਪ ‘ਚ ਜਾਰੀ ਰੱਖਿਆ ਹੋਇਆ ਹੈ।ਮੈਂ ਕੋਈ ਨੌਜਵਾਨ ਤਾਂ ਰਿਹਾ ਨਹੀਂ ਸੋ ਅਜਿਹਾ ਕਰਦੇ ਹੋਏ ਮੈਨੂੰ ਕਾਫੀ ਚਣੌਤੀਆਂ ਤਾਂ ਆਉਂਦੀਆਂ ਹੀ ਹਨ।ਪਰ ਜਿੰਨਾ ਕੁ ਮੇਰੇ ਕੋਲੋਂ ਕੰਮ ਹੋ ਸਕੇ ਉਹ ਜ਼ਰੂਰ ਕਰੀਦਾ ਹੈ।ਇਸ ‘ਚ ਕੋਈ ਮੇਰੀ ਨਿਜੀ ਖ਼ਵਾਇਸ਼ ਨਹੀਂ ਹੈ ਕਿ ਇਸ ਨਾਲ ਮੇਰਾ ਨਾਮ ਹੋਵੇ ਪਰ ਲੇਖਕ ਮੰਨ ਹੋਣ ਦੇ ਨਾਤੇ ਭਾਰਤ ਦੇ ਅਜਿਹੇ ਮਾੜੇ ਹਲਾਤਾਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾ।

ਤੁਸੀ ਕਹਿੰਦੇ ਹੋ ਕਿ ਮੈਨੂੰ ਪੁਰਸਕਾਰ ਮਿਲੇ ਇਸ ਦੀ ਖੁਸ਼ੀ ਹੈ,ਕੀ ਸਾਹਿਤਕਾਰ ਲਈ ਪੁਰਸਕਾਰ ਹੀ ਸਿਰਫ ਖੁਸ਼ੀ ਦਾ ਵਧਾਵਾ ਰਹਿ ਗਏ ਹਨ?
:ਨਹੀਂ ਮੈਂ ਇੰਨੀ ਗੱਲ ਤਾਂ ਜ਼ਰੂਰ ਪ੍ਰਵਾਨ ਕਰਦਾ ਹਾਂ ਕਿ ਜਦੋਂ ਲੇਖਕ ਨੂੰ ਕੋਈ ਸਨਮਾਨ ਮਿਲਦਾ ਹੈ ਉਸਦੀ ਵਕਤੀ ਤੌਰ ‘ਤੇ ਤਾਂ ਤੱਸਲੀ ਹੁੰਦੀ ਹੈ ਪਰ ਇਹਦਾ ਅਰਥ ਇਹ ਨਹੀਂ ਹੈ ਕਿ ਉਹਨਾਂ ਦੇ ਨਾਲ ਸਾਡੀ ਰਚਨਾਤਮਕ ਕਾਰਗੁਜ਼ਾਰੀ ਹੀ ਖਤਮ ਹੋ ਜਾਂਦੀ ਹੈ ਜਾਂ ਸਾਨੂੰ ਕਿਸੇ ਪੁਰਸਕਾਰ ਤੋਂ ਇਹ ਮੰਨ ਲੈਣਾ ਚਾਹੀਦਾ ਹੈ ਕਿ ਇਸ ਤੋਂ ਬਾਅਦ ਸਾਡੀ ਭੂਮਿਕਾ ਖਤਮ ਹੋ ਗਈ।ਕਿਉਂ ਕਿ ਸਾਡੀ ਪਛਾਣ ਦੇ ਜ਼ਿੰਦਾ ਹੋਣ ਦੇ ਮਾਇਨੇ ਰਚਨਾਤਮਕ ਕਾਰਜ ਤੋਂ ਹੀ ਹਨ।ਕਿਉਂ ਕਿ ਪੁਰਸਕਾਰ ਤਾਂ ਸਿਰਫ ਦੁਨਿਆਵੀ ਤੌਰ ‘ਤੇ ਤੱਸਲੀ ਦਾ ਰੂਪ ਹੈ ਕਿਉਂ ਕਿ ਇਸ ਨਾਲ ਸਾਨੂੰ ਆਪਣੇ ਪਾਠਕ ਵਰਗ ਤੋਂ ਬਾਹਰ ਭਾਵ ਪੰਜਾਬ ਤੋਂ ਬਾਹਰ ਪਛਾਣ ਮਿਲਦੀ ਹੈ।ਬਾਕੀ ਰਚਨਾ ਆਪਣੀ ਜਗ੍ਹਾ ਹੀ ਰਹਿੰਦੀ ਹੈ ਇਸ ਦਾ ਇਨਾਮ ਨਾਂ ਮਿਲਣ ‘ਤੇ ਪੱਧਰ ਨਹੀਂ ਗਿਰ ਜਾਂਦਾ।ਇਨਾਮ ਮਿਲਣ ਦਾ ਮਤਲਬ ਸਿਰਫ ਆਲੇ ਦੁਆਲੇ ਦੇ ਲੋਕਾਂ ਤੱਕ ਪਹੁੰਚ ਦਾ ਦਾਇਰਾ ਵਧਣਾ ਹੀ ਹੁੰਦਾ ਹੈ।ਅਜਿਹਾ ਪੰਜਾਬੀ ਸਾਹਿਤ ਦੇ ਲਿਹਾਜ਼ ‘ਚ ਚੰਗਾ ਹੀ ਹੈ ਕਿਉਂ ਕਿ ਦੂਜੇ ਭਾਸ਼ਾਈ ਲੋਕਾਂ ਦਾ ਪੰਜਾਬੀ ਸਾਹਿਤ ਬਾਰੇ ਨਜ਼ਰੀਆ ਕੋਈ ਬਹੁਤਾ ਵਧੀਆ ਨਹੀਂ ਹੈ।

ਪੰਜਾਬੀ ਸਾਹਿਤ ਬਾਰੇ ਦੂਜੇ ਭਾਸ਼ਾਈ ਲੋਕਾਂ ਦਾ ਨਜ਼ਰੀਆ ਵਧੀਆ ਨਾ ਹੋਣ ਦਾ ਕਾਰਨ ਕੀ ਮੰਨਦੇ ਹੋ,ਅਜਿਹੇ ਪਾੜੇ ਲਈ ਕੌਣ ਜ਼ਿੰਮੇਵਾਰ ਹੈ,ਕੀ ਇਹ ਆਪਣੀਆਂ ਉਣਤਾਈਆਂ ਹਨ ਜਾਂ ਬਾਹਰਲਿਆਂ ਦੀ ਅਜਿਹੀ ਸਮਝ ਹੈ?
:ਨਹੀਂ ਮੂਲ ਕਾਰਨ ਇਹ ਹੈ ਕਿ ਜਿਵੇਂ ਕਿ ਗਿਆਨਪੀਠ ਪੁਰਸਕਾਰ ਦੀ ਗੱਲ ਕਰੀਏ ਇਹ ਹੁਣ ਤੱਕ ਪੰਜਾਬੀ ਲੇਖਕਾਂ ਚੋਂ ਜਾਂ ਮੈਨੂੰ ਮਿਲਿਆ ਹੈ ਜਾਂ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ ਹੈ।ਪਰ ਇਹ ਪੁਰਸਕਾਰ ਪੰਜਾਬੀ ਦੇ ਹੋਰ ਚੰਗੇ ਲੇਖਕਾਂ ਨੂੰ ਵੀ ਮਿਲਣਾ ਚਾਹੀਦਾ ਸੀ।ਜਿਵੇਂ ਕਿ ਗੁਰਬਖ਼ਸ਼ ਸਿੰਘ ਪ੍ਰੀਤਲੜੀ,ਪ੍ਰੋ.ਮੋਹਨ ਸਿੰਘ,ਨਾਨਕ ਸਿੰਘ ਅਜਿਹੇ ਪੰਜਾਬੀ ਦੇ ਸਿਰਮੌਰ ਲੇਖਕਾਂ ਨੂੰ ਪਤਾ ਨੀ ਕਿਹੜੇ ਕਾਰਨਾਂ ਕਰਕੇ ਇਹ ਪੁਰਸਕਾਰ ਨਹੀਂ ਮਿਲ ਸਕਿਆ।ਜਦੋਂ ਕਿ ਦੂਜੀਆਂ ਭਾਸ਼ਾਵਾਂ ਦੇ ਲੇਖਕਾਂ ‘ਚ ਇਹੋ ਪੁਰਸਕਾਰ ਚਾਰ-ਚਾਰ ਲੇਖਕਾਂ ਨੂੰ ਮਿਲਿਆ ਹੋਇਆ ਹੈ।ਜਿਵੇਂ ਮਿਲਿਆਲਮ ਜਾਂ ਬੰਗਾਲੀ ਭਾਸ਼ਾ ‘ਚ ਤਾਂ ਛੇ-ਸੱਤ ਲੇਖਕਾਂ ਨੂੰ ਇਹ ਪੁਰਸਕਾਰ ਮਿਲਿਆ ਹੈ।ਇਹ ਵੀ ਇੱਕ ਕਾਰਨ ਬਣਦਾ ਹੈ ਕਿਉਂ ਕਿ ਜਿਹੜੀ ਸੰਸਾਰਕ ਮਾਨਸਿਕਤਾ ਜਾਂ ਦੁਨਿਆਵੀ ਮਾਨਸਿਕਤਾ ਹੈ ਉਹ ਕਿਸੇ ਚੀਜ਼ ਪ੍ਰਤੀ ਇੰਝ ਹੀ ਆਕਰਸ਼ਿਤ ਹੁੰਦੀ ਹੈ।ਕਿਉਂ ਕਿ ਜਦੋਂ ਕੋਈ ਵੱਡਾ ਪੁਰਸਕਾਰ ਕਿਸੇ ਭਾਸ਼ਾ ਨੂੰ ਮਿਲਦਾ ਹੈ ਤਾਂ ਦੂਜੇ ਭਾਸ਼ਾ ਦੇ ਲੋਕਾਂ ਅੰਦਰ ਉਸ ਪ੍ਰਤੀ ਥੌੜ੍ਹੀ ਜਾਗਰੂਕਤਾ ਤਾਂ ਆਉਂਦੀ ਹੈ।ਪਰ ਇਹ ਇੱਕ ਛੋਟਾ ਕਾਰਨ ਹੈ,ਅਸਲ ਕਾਰਨ ਤਾਂ ਇਹ ਹੈ ਕਿ ਜਿਵੇਂ ਕੁਝ ਅਦਾਰਿਆਂ ਨੇ ਆਪਣੀ ਭੁਮਿਕਾ ਨੂੰ ਚੰਗੀ ਤਰ੍ਹਾਂ ਅਦਾ ਨਹੀਂ ਕੀਤਾ।ਜਿਵੇਂ ਕਿ ਸਾਡਾ ਪੰਜਾਬੀ ਦਾ ਮੁੱਲਵਾਨ ਸਾਹਿਤ ਜੋ ਸਾਡੀਆਂ ਸੰਸਥਾਵਾਂ(ਭਾਸ਼ਾ ਵਿਭਾਗ,ਅਕਾਦਮੀਆਂ,ਯੂਨੀਵਰਸਿਟੀਆਂ) ਨੇ ਛਾਪਿਆ ਉਸ ਨੂੰ ਉਹਨਾਂ ਦੇਸ਼ ਪੱਧਰ ‘ਤੇ ਪ੍ਰਚਾਰਨ ਤੇ ਵੰਡਣ ਦੀ ਜਹਿਮਤ ਨਹੀਂ ਚੁੱਕੀ।ਉਹਨਾਂ ਨੂੰ ਚਾਹੀਦਾ ਸੀ ਕਿ ਉਹ ਸਾਹਿਤ ਵੱਖਰੀਆਂ ਜ਼ੁਬਾਨਾਂ ‘ਚ ਤੁਰਜ਼ਮਾ ਹੋਣਾ ਚਾਹੀਦਾ ਸੀ।ਇਹ ਸਾਹਿਤ ਅੰਗਰੇਜ਼ੀ ਜਾਂ ਹਿੰਦੀ ‘ਚ ਛਪਣਾ ਤਾਂ ਬਹੁਤ ਜ਼ਰੂਰੀ ਸੀ ਤੇ ਫਿਰ ਇਸ ਨੂੰ ਹਰ ਸੂਬੇ ਦੀ ਲਾਇਬ੍ਰੇਰੀ ‘ਚ ਉਸ ਸੂਬੇ ਦੇ ਲੋਕਾਂ ਤੱਕ ਪਹੁੰਚਾ ਕਰਨ ਦਾ ਸਾਰਥਕ ਉਪਰਾਲਾ ਕਰਨਾ ਚਾਹੀਦਾ ਸੀ।ਇਹਨਾਂ ਸੰਸਥਾਵਾਂ ਨੇ ਅਜਿਹਾ ਸਾਹਿਤ ਛਾਪਿਆ ਤਾਂ ਜ਼ਰੂਰ ਪਰ ਉਹਨਾਂ ਅਜਿਹਾ ਨੈੱਟਵਰਕ ਸਥਾਪਤ ਨਹੀਂ ਕੀਤਾ ਜਿਸ ਨਾਲ ਅਜਿਹਾ ਸਾਹਿਤ ਪੰਜਾਬ ਤੋਂ ਬਾਹਰ ਵੰਡਿਆ ਜਾ ਸਕੇ।ਜਿਵੇਂ ਕਿ ਭਾਸ਼ਾ ਵਿਭਾਗ ਦੀ ਗੱਲ ਕਰੀਏ ਤਾਂ ਇਹ ਵਿਭਾਗ ਕਹਿਣ ਨੂੰ ਤਾਂ ਸਾਹਿਤ ਦਾ ਵਿਭਾਗ ਹੈ ਤੇ ਕਿਤਾਬਾਂ ਦਾ ਛਪਾਈ ਵੀ ਕਰਦਾ ਹੈ ਪਰ ਇਹਨਾਂ ਦਾ ਵਿਕਰੀ ਪ੍ਰਬੰਧ ਸਹੀ ਨਹੀਂ ਹੈ।

ਇੱਕ ਨਾਵਲਕਾਰ ਵਜੋਂ ਤੁਹਾਡੀ ਮਕਬੂਲੀਅਤ ਪਾਠਕਾਂ ‘ਚ ਅਰਥਸ਼ੀਲ ਸੰਵੇਦਨਾ ਪੈਦਾ ਕਰਦੀ ਹੈ,ਤੁਹਾਡੇ ਨਾਵਲਾਂ ਦੀ ਚਰਚਾ ਪਾਠਕ ਵਰਗ ਤੋਂ ਲੈਕੇ ਸਾਹਿਤ ਦੇ ਗਲਿਆਰਿਆਂ ‘ਚ ਖੂਬ ਹੁੰਦੀ ਹੈ,ਰਚਨਾਤਮਕ ਕਾਰਜ ਦੇ ਅਜਿਹੇ ਉਪਰਾਲੇ ਕਿੰਝ ਅੰਜਾਮ ਦਿੰਦੇ ਹੋ?
:ਇਸ ਦਾ ਜਵਾਬ ਇਹ ਹੈ ਕਿ ਮੇਰੀ ਪਹਿਲੀ ਕਹਾਣੀ ਪ੍ਰੋ ਮੋਹਨ ਸਿੰਘ ਦੇ ਰਸਾਲੇ ਪੰਜ ਦਰਿਆ ‘ਚ 1957 ‘ਚ ਛਪੀ ਸੀ ਤੇ ਉਸ ਸਮੇਂ ਤੋਂ ਹੁਣ ਤੱਕ 55 ਸਾਲ ਹੋ ਗਏ ਤੇ ਇਹਨਾਂ ਸਮਿਆਂ ‘ਚ ਜੇ ਮੈਂ ਅਜਿਹੀ ਸੰਵੇਦਨਾ ਪੈਦਾ ਕਰ ਸਕਿਆ ਹਾਂ ਤਾਂ ਸਿਰਫ ਇਸ ਕਰਕੇ ਕਿ ਮੈਂ ਸਾਹਿਤ ਸਿਰਜਣਾ ਕਦੀ ਵੀ ਸਾਹਿਤ ਦੇ ਗਲਿਆਰਿਆਂ ਲਈ ਜਾਂ ਪਾਰਖੂਆਂ ਲਈ ਜਾਂ ਪ੍ਰਸਿੱਧੀ ਲਈ ਜਾਂ ਅਦਾਰਿਆਂ ਦੀ ਵਾਹਵਾਹੀ ਲਈ ਨਹੀਂ ਕੀਤੀ,ਇਸ ਸਭ ਲਈ ਮੇਰੇ ਧਿਆਨ ‘ਚ ਸਿਰਫ ਸਮਾਜਿਕ ਤੌਰ ‘ਤੇ ਪਛੜੇ ਲੋਕ ਹਨ।ਸਮਾਜ ‘ਚ ਮਾਨਸਿਕ ਤੌਰ ‘ਤੇ ਜਿਹੜੇ ਵੀ ਕੋਈ ਅਣਮਨੁੱਖੀ ਅੰਸ਼ ਪਏ ਹਨ ਜੋ ਸਮਾਜ ‘ਚ ਸਮਾਜਿਕ ਰਿਸ਼ਤਿਆਂ ਨੂੰ ਮਨੁੱਖਤਾ ਦੇ ਪੱਧਰ ‘ਤੇ ਨਹੀਂ ਆਉਣ ਦਿੰਦੇ ਇਹ ਨੁਕਤੇ ਸਾਰੀਆਂ ਜ਼ਿੰਦਗੀ ਮੇਰੀ ਰਚਨਾ ਲਈ ਅਹਿਮ ਰਹੇ ਹਨ।ਜਿਵੇਂ ਕਿ ਨਾਵਲ ‘ਮੜ੍ਹੀ ਦਾ ਦੀਵਾ’ ਦੀ ਗੱਲ ਕਰੀਏ ਤਾਂ ਉਸ ‘ਚ ਇੱਕ ਕਿਰਦਾਰ ਜੋ ਦਲਿਤ ਜਾਤੀ ‘ਚ ਜਨਮ ਲੈਂਦਾ ਹੈ,ਇਹ ਉਸਦਾ ਕੋਈ ਦੋਸ਼ ਨਹੀਂ ਹੈ।ਅਜਿਹੀ ਚਰਚਾ ‘ਚ ਮੈਨੂੰ ਮਿਰਜ਼ਾ ਗ਼ਾਲਿਬ ਦਾ ਇੱਕ ਸ਼ੇਅਰ ਯਾਦ ਆਉਂਦਾ ਹੈ: ਲਾਈ ਹਯਾਤ ਆਏ ਕਜ਼ਾ ਲੇ ਚਲੀ ਚਲੇ,ਨਾ ਅਪਣੀ ਖੁਸ਼ੀ ਸੇ ਆਏ ਨਾ ਅਪਣੀ ਖੁਸ਼ੀ ਸੇ ਚਲੇ।ਹੁਣ ਸਵਾਲ ਇਹ ਹੈ ਕਿ ਜਿੰਨੀ ਜ਼ਿੰਦਗੀ ਤੁਹਾਨੂੰ ਮਿਲੀ ਹੈ,ਚਾਹੇ ਉਸਦੀ ਉੱਮਰ ਕਿੰਨੀ ਵੀ ਹੋਵੇ ਪਰ ਇਸ ਦੌਰਾਨ ਤੁਸੀ ਕੀ ਕੀਤਾ?ਇਸ ਮਨੁੱਖਾ ਜ਼ਿੰਦਗੀ ‘ਚ ਕੁਦਰਤ ਨੇ ਮੈਨੂੰ ਸੰਵੇਦਨਸ਼ੀਲਤਾ ਦਿੱਤੀ ਹੈ,ਮੈਨੂੰ ਜੋ ਸੋਚਣ ਸ਼ਕਤੀ ਦਿੱਤੀ ਹੈ ਉਸ ਨੂੰ ਮੈਂ ਮਨੁੱਖਤਾ ਦੇ ਹੱਕ ‘ਚ ਕਿੰਨਾ ਕੁ ਵਰਤ ਸਕਿਆ ਹਾਂ ਇਹ ਸਵਾਲ ਮੇਰੇ ਆਤਮ ਮੰਥਨ ਲਈ ਹਮੇਸ਼ਾ ਜ਼ਰੂਰੀ ਰਿਹਾ ਹੈ।ਜੇ ਮੈਂ ਆਪਣੀ ਜ਼ਿੰਦਗੀ ਨੂੰ ਮਨੁੱਖਤਾ ਦੇ ਹੱਕ ‘ਚ ਨਹੀਂ ਵਰਤ ਸਕਿਆ ਤਾਂ ਮੇਰਾ ਇਸ ਦੁਨੀਆ ‘ਤੇ ਆਉਣਾ ਜਾਂ ਨਾ ਆਉਣਾ ਇੱਕ ਬਰਾਬਰ ਹੀ ਹੈ।ਜਿਹੋ ਜਿਹਾ ਜ਼ਿੰਦਗੀ ‘ਚ ਮੈਂ ਸੰਘਰਸ਼ ਕੀਤਾ ਇਸ ਦੌਰਾਨ ਮੈਨੂੰ ਇਹ ਅਹਿਸਾਸ ਜ਼ਰੂਰ ਹੋਇਆ ਕਿ ਦੁਨੀਆ ਦੇ ਇਸ ਸੰਘਰਸ਼ ‘ਚ ਬਹੁਤ ਸਾਰੇ ਲੋਕ ਮੇਰੇ ਨਾਲੋਂ ਵੀ ਮਾੜੀ ਜ਼ਿੰਦਗੀ ਗੁਜ਼ਾਰ ਰਹੇ ਹਨ।ਮੇਰੀ ਰਚਨਾ ਉਹਨਾਂ ਕਾਰਨਾਂ ਨੂੰ ਲੱਭਦੀ ਹੋਈ ਉਹਨਾਂ ਦੱਬੇ ਕੁੱਚਲੇ ਲੋਕਾਂ ਦੀ ਅਵਾਜ਼ ਨੂੰ ਲੱਭਦੀ ਹੋਈ ਹੀ ਸਾਹਿਤ ਨੂੰ ਸਮਰਪਿਤ ਹੁੰਦੀ ਹੈ।

ਤੁਹਾਨੂੰ ਅਜਿਹੇ ਲੱਖਾਂ ਲੋਕਾਂ ਦੀ ਬੇਹਾਲ ਜ਼ਿੰਦਗੀ ਦੇ ਕਾਰਨ ਫਿਰ ਕੀ ਲੱਭੇ ਹਨ?
:ਇਹ ਬੇਢੰਗੀ ਆਰਥਿਕਤਾ ਹੈ।ਇੱਕ ਪਾਸੇ ਭਾਰਤ ‘ਚ 100 ਲੋਕਾਂ ਦੀ ਅਜਿਹੀ ਸੂਚੀ ਹੈ ਜੋ ਅਰਬਪਤੀ ਹਨ ਤੇ ਉਹਨਾਂ ਦੇ ਛੇ ਜੀਆਂ ਨੂੰ 60 ਨੌਕਰਾਂ ਦੀਆਂ ਸੇਵਾਵਾਂ ਮਿਲਦੀਆਂ ਹਨ ਤੇ ਇਹਨਾਂ ਕੋਲ ਪੂਰੇ ਭਾਰਤ ਦਾ ਵਨ ਫੋਰਥ ਪੈਸਾ ਹੈ।ਦੂਜੇ ਪਾਸੇ ਭਾਰਤ ਦੇ ਉਹ ਕਰੋੜਾਂ ਦੀ ਗਿਣਤੀ ‘ਚ ਲੋਕ ਵੀ ਹਨ ਜੋ ਰੋਜ਼ਾਨਾ ਵਸੀਲਿਆਂ ਲਈ ਜਦੋਜਹਿਦ ਕਰ ਰਹੇ ਹਨ।ਇਸ ਲਈ ਮੂਲ ਰੂਪ ‘ਚ ਜ਼ਿੰਮੇਵਾਰ ਸਾਡਾ ਸਮਾਜਿਕ,ਆਰਥਿਕ ਪ੍ਰਬੰਧਨ ਹੈ,ਜਿਸ ‘ਚ ਸਭ ਤੋਂ ਅਹਿਮ ਸਾਡੇ ਦੇਸ਼ ਦਾ ਸਿਆਸੀ ਪ੍ਰਬੰਧ ਜ਼ਿੰਮੇਵਾਰ ਹੈ।ਇਹਨਾਂ ਕਾਰਨਾਂ ਕਰਕੇ ਹੀ ਦੇਸ਼ ਦੇ 90 ਕਰੋੜ ਲੋਕ ਨਰਕ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ।ਉਦਾਹਰਨ ਦੇ ਤੌਰ ‘ਤੇ ਕੇਂਦਰ ਸਰਕਾਰ ਨੇ ਰੁਜ਼ਗਾਰ ਦੀ ਗਾਰੰਟੀ ਦਿੰਦਿਆ ਕਿਹਾ ਸੀ ਕਿ ਅਸੀ 10 ਕਰੋੜ ਬੰਦਿਆ ਨੂੰ 100 ਦਿਨ ਦਾ ਕੰਮ ਦੇਵਾਂਗੇ ਪਰ ਅਜਿਹੀ ਸੂਰਤ ‘ਚ ਸਿਰਫ 4 ਕਰੋੜ ਬੰਦਿਆ ਨੂੰ ਹੀ ਕੰਮ ਮਿਲ ਸਕਿਆ ਹੈ ਤੇ ਉਹ ਵੀ ਉਹਨਾਂ ਨੂੰ 100 ਦਿਨ ਪੂਰਾ ਕੰਮ ਨਹੀਂ ਮਿਲਿਆ।
ਜਦੋਂ ਇਹਨਾਂ ਸਮਿਆਂ ‘ਚ ਬਦਲ ਰਹੀ ਦੁਨੀਆਂ ‘ਚ ਨਵੇਂ ਵਿਚਾਰ,ਨਵੇਂ ਵਿਸ਼ੇ,ਨਵੇਂ ਫਲਸਫੇ ਸਾਹਮਣੇ ਆ ਰਹੇ ਹਨ।ਪਿੰਡਾ ਸ਼ਹਿਰਾਂ ਤੋਂ ਬਾਅਦ ਮਹਾਂਨਗਰ ਆ ਗਏ,ਉਸ ਨਾਲ ਮਰਦ ਔਰਤ ਰਿਸ਼ਤੇ ਵੀ ਬਦਲੇ,ਅਪਰਾਧ ਦੇ ਬਹੁਤ ਸਾਰੇ ਚਿੰਨ੍ਹ ਪੇਸ਼ੇਵਰ ਨਾ ਹੋਕੇ ਆਮ ਆਦਮੀ ਦੀ ਮਾਨਸਿਕਤਾ ‘ਚ ਵਿਖ ਰਹੇ ਹਨ,ਖੁੱਲ੍ਹੀ ਮੰਡੀ ਆ ਗਈ ਹੈ,ਲਿਵ ਇਨ ਰਿਲੇਸ਼ਨਸ਼ਿਪ ਜਾਂ ਮਨੁੱਖੀ ਰਿਸ਼ਤਿਆਂ ‘ਚ ਹੋਰ ਬਹੁਤ ਸਾਰੇ ਨਵੇਂ ਨਾਮ ਪ੍ਰਭਾਸ਼ਿਤ ਹੋਏ ਹਨ।ਉੱਥੇ ਤੁਹਾਡੇ ਸਾਹਿਤ ਦਾ ਵਿਸ਼ਾ ਵਸਤੂ ਕਿਰਸਾਨੀ ਜ਼ਿੰਦਗੀ ਜਾਂ ਮਾਲਵੇ ਤੋਂ ਬਾਹਰ ਵਿਸਥਾਰ ਕਿਉਂ ਨਹੀਂ ਲੈ ਸਕਿਆ,ਬਹੁਤ ਸਾਰੇ ਆਲੋਚਕ ਤਾਂ ਇਹ ਵੀ ਕਹਿੰਦੇ ਹਨ ਗੁਰਦਿਆਲ ਸਿੰਘ ਆਪਣੇ ਨਾਵਲ ‘ਮੜ੍ਹੀ ਦਾ ਦੀਵਾ’ ਤੋਂ ਅੱਗੇ ਨਹੀਂ ਵੱਧ ਸਕਿਆ?
:ਜਿੱਥੋਂ ਤੱਕ ਅੱਗੇ ਵਧਣ ਦੀ ਗੱਲ ਹੈ ਇਹਦੇ ਅਰਥਾਂ ਦੀ ਹੀ ਮੈਨੂੰ ਕਦੇ ਸਮਝ ਨਹੀਂ ਆਈ ਕਿ ਲੋਕ ਅੱਗੇ ਵਧਣ ਨੂੰ ਕਿੰਝ ਲੈਂਦੇ ਹਨ।ਮੈਂ ਇਸ ਗੱਲ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਹਾਂ,ਜਿਵੇਂ ਕਿ ਕਹਿੰਦੇ ਹੁੰਦੇ ਹਨ ਕਿ ਚੌਲਾਂ ਦੇ ਕੜਾਹੇ ਚੋਂ ਇੱਕ ਦਾਣਾ ਹੀ ਵੇਖਕੇ ਪਤਾ ਚਲ ਜਾਂਦਾ ਹੈ ਕਿ ਰਿੱਝ ਗਏ ਹਨ ਕਿ ਨਹੀਂ।ਜਿਹੜੀਆਂ ਔਕੜਾਂ ਜ਼ਿਲ੍ਹੇ ਬਠਿੰਡੇ ‘ਚ ਜਾਂ ਮਾਲਵੇ ‘ਚ ਕਿਸਾਨੀ ਨੂੰ ਆ ਰਹੀਆਂ ਹਨ ਜਾਂ ਪਿਛੜੇ ਵਰਗਾਂ ਨੂੰ ਆ ਰਹੀਆਂ ਹਨ ਉਹ ਸਿਰਫ ਬਠਿੰਡੇ ‘ਚ ਹੀ ਨਹੀਂ ਦੇਸ਼ ਦੇ ਦੂਜੇ ਹਿੱਸਿਆ ‘ਚ ਵੀ ਇਹ ਮੁਸ਼ਕਿਲਾਂ ਸਮਾਨਅਰਥੀ ਹੀ ਹਨ।ਮੈਂ ਜਦੋਂ ਅੰਨੇ ਘੋੜੇ ਦਾ ਦਾਨ ਜਾਂ ਮੜ੍ਹੀ ਦਾ ਦੀਵਾ ‘ਚ ਕਿਸੇ ਸਮੱਸਿਆ ਨੂੰ ਪੇਸ਼ ਕਰ ਰਿਹਾ ਹਾਂ ਜਿਵੇਂ ਕਿ ਮਸ਼ੀਨੀਕਰਨ ਕਰਕੇ ਜਾਂ ਹਰੇ ਇਨਕਲਾਬ ਕਰਕੇ ਖੇਤੀਬਾੜੀ ‘ਚ ਪਛੜੇ ਲੋਕਾਂ ਲਈ ਜਿਵੇਂ ਕੰਮ ਨਹੀਂ ਬਚਿਆ ਤੇ ਉਹਨਾਂ ਸ਼ਹਿਰਾਂ ਨੂੰ ਪਲਾਇਨ ਕੀਤਾ ਤੇ ਸ਼ਹਿਰਾਂ ‘ਚ ਵੀ ਵਿਕਾਸ ਇੰਝ ਹੋਇਆ ਕਿ ਮਸ਼ੀਨਾਂ ਨੇ ਉਥੇ ਵੀ ਗ਼ਰੀਬ ਬੰਦਿਆ ਦੇ ਕੰਮ ਨੂੰ ਪ੍ਰਭਾਵਿਤ ਕੀਤਾ ਹੈ,ਜਿਵੇਂ ਕਿ ਅੰਨੇ ਘੋੜੇ ਦਾ ਪਾਤਰ ਰਿਕਸ਼ੇ ਰਾਹੀ ਆਪਣੇ ਘਰ ਦੀ ਹਾਲਤ ਨਹੀਂ ਸੁਧਾਰ ਸਕਦਾ ਤੇ ਉਹ ਨਿਰਾਸ਼ ਹੋ ਕੇ ਪਿੰਡ ਜਾਣਾ ਚਾਹੁੰਦਾ ਹੈ ਤੇ ਪਿੰਡ ਵਾਲੇ ਸ਼ਹਿਰ ਆਉਣਾ ਚਾਹੁੰਦੇ ਹਨ।ਵਿਚੋਂ ਗੱਲ ਇਹ ਹੈ ਕਿ ਵਿਕਾਸ ਦੇ ਅਜਿਹੇ ਰੂਪ ਕਰਕੇ ਇਹਨਾਂ ਲੋਕਾਂ ਲਈ ਕੰਮ ਕਿਤੇ ਵੀ ਨਹੀਂ ਬਚਿਆ।ਜੇ ਆਪਾਂ ਬਠਿੰਡੇ ਦੇ ਲੇਬਰ ਚੌਂਕ ਦੀ ਹੀ ਗੱਲ ਕਰੀਏ ਤਾਂ ਉਥੇ ਕੰਮ ਦੀ ਮੰਗ ਨੂੰ ਲੈਕੇ ਸਭ ਤੋਂ ਵੱਧ ਮਜ਼ਦੂਰ ਬਿਹਾਰ ਦੇ ਹੀ ਹੁੰਦੇ ਹਨ ਜਿਹਨਾਂ ਨੂੰ ਆਪਣੇ ਸੂਬੇ ‘ਚ ਕੰਮ ਨਾ ਮਿਲਣ ਕਰਕੇ ਉਹਨਾਂ ਪੰਜਾਬ ਨੂੰ ਪਲਾਇਣ ਕੀਤਾ।ਇੱਥੋਂ ਇਹ ਸਿੱਧ ਹੁੰਦਾ ਹੈ ਕਿ ਹਲਾਤ ਅਜਿਹੇ ਪੈਦਾ ਹੋ ਚੁੱਕੇ ਹਨ ਕਿ ਨਾ ਤਾਂ ਇੱਥੋਂ ਦੇ ਲੋਕਾਂ ਲਈ ਤੇ ਨਾ ਹੀ ਬਾਹਰੋਂ ਆਏ ਮਜ਼ਦੂਰਾਂ ਲਈ ਕੰਮ ਪੈਦਾ ਹੋ ਰਿਹਾ ਹੈ ਜਿਸ ਕਰਕੇ ਉਹਨਾਂ ਦਾ ਆਰਥਿਕ ਪੱਧਰ ਹੋਰ ਡਿੱਗਦਾ ਜਾ ਰਿਹਾ ਹੈ।ਇਹ ਕੰਮ ਦਾ ਅਜਿਹਾ ਰੂਪ ਸਿਰਫ ਬਠਿੰਡੇ ‘ਚ ਹੀ ਤਾਂ ਨਹੀਂ ਸਡੋਂ ਇਹ ਪੂਰੇ ਦੇਸ਼ ‘ਚ ਹੀ ਇੰਝ ਵਰਤ ਰਿਹਾ ਹੈ ਜਿਸ ਨੂੰ ਮੈਂ ਇਸ ਰੂਪ ‘ਚ ਪੇਸ਼ ਕੀਤਾ ਹੈ।ਇਹ ਸਾਰੇ ਦੇਸ਼ ਦਾ ਹੀ ਅਜਿਹਾ ਸਿਆਸੀ,ਆਰਥਿਕ ਵਰਤਾਰਾ ਹੈ ਜਿਸ ਨੂੰ ਮੈਂ ਬਿੰਬਤ ਕੀਤਾ।ਇਹ ਕਿਸ ਪੱਖ ਤੋਂ ਵਿਸ਼ਾ ਵੱਡੇ ਦਾਇਰੇ ਦਾ ਨਾ ਲੱਗਕੇ ਬਠਿੰਡੇ ਤੱਕ ਮਹਿਦੂਦ ਲੱਗ ਰਿਹਾ ਹੈ।ਸਮਾਜਿਕਤਾ ਦਾ ਅਜਿਹਾ ਰੂਪ ਘੱਟ ਵੱਧ ਸਾਰੀ ਜਗ੍ਹਾ ਇੱਕੇ ਰੂਪ ਦਾ ਹੀ ਹੈ।ਸੋ ਜੇ ਮੈਂ ਮਾੜੀ ਹਾਲਤ ਦੀ ਗੱਲ ਇੱਥੋਂ ਦੀ ਕਰ ਰਿਹਾ ਹਾਂ ਤਾਂ ਉਹ ਬਿਹਾਰ,ਯੂ.ਪੀ ਦੇ ਗ਼ਰੀਬ ਲੋਕਾਂ ਦੀ ਹਾਲਤ ਨਾਲ ਵੀ ਸਾਂਝ ਪਾ ਰਹੇ ਹਨ।ਬਾਕੀ ਮੈਂ ਇੱਕ ਗੱਲ ਜ਼ਰੂਰ ਸਾਫ ਕਰਨਾ ਚਾਹਵਾਂਗਾ ਕਿ ਸੰਸਾਰ ਦਾ ਕੋਈ ਵੀ ਲੇਖਕ ਹੁਣ ਤੱਕ ਸਾਰੀ ਦੁਨੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਰਚਨਾ ਨਹੀਂ ਕਰ ਸਕਿਆ।ਮੈਂ ਜੇ ਰੂਸ ਦੇ ਮਹਾਨ ਸਾਹਿਤਕਾਰ ਲਿਓ ਤਾਲਸਤਾਏ ਦੀ ਉਦਾਹਰਨ ਦੇਵਾਂ ਤਾਂ ਉਸ ਨੇ ਵੀ ਰੂਸੀ ਸਮਾਜ ਦੀ ਹੀ ਸਮੱਸਿਆ ਨੂੰ ਪੇਸ਼ ਕੀਤਾ ਹੈ,ਨਾ ਕਿ ਏਸ਼ਿਆ,ਅਫਰੀਕਾ ਜਾਂ ਯੂਰਪ ਦੇ ਦੂਜੇ ਸਮਾਜ ਦੀਆਂ ਹਨ।ਪਰ ਉਹਨਾਂ ਸਮੱਸਿਆ ਵਰਗੀਆਂ ਸਮੱਸਿਆਵਾਂ ਸਾਰੀ ਦੁਨੀਆਂ ‘ਚ ਹਨ।ਸੋ ਉਹ ਸਮੱਸਿਆ ਸਿਰਫ ਰੂਸੀ ਦਾਇਰੇ ‘ਚ ਰਹਿ ਕੇ ਹੀ ਖਤਮ ਨਹੀਂ ਹੋ ਜਾਂਦੀ,ਉਸ ਕਿਸਮ ਦੀਆਂ ਸਮੱਸਿਆਵਾਂ ਜਿੱਥੇ ਜਿੱਥੇ ਵੀ ਹੈ ਉਹ ਉੱਥੋਂ ਤੱਕ ਗੱਲ ਪਹੁੰਚਦੀ ਹੈ ਤਾਂ ਹੀ ਅਸੀ ਉਸ ਨੂੰ ਪੱੜ੍ਹਦੇ ਹਾਂ।ਸੋ ਹਰ ਲੇਖਕ ਆਪਣੇ ਆਲੇ ਦੁਆਲੇ ਦੀ ਨੇੜਤਾ ‘ਤੇ ਹੀ ਲਿਖਦਾ ਹੈ ਪਰ ਉਸ ਵਿਚਲੀ ਵਿਚਾਰਤਮਕ ਲਹਿਰ ਸਮਾਜ ਦੇ ਹਰ ਉਸ ਕੋਨੇ ‘ਤੇ ਪਹੁੰਚਦੀ ਹੈ ਜਿੱਥੇ ਮਨੁੱਖਤਾ ਤੜਪ ਰਹੀ ਹੈ ਤੇ ਇਹੋ ਸਾਂਝ ਹੈ।ਇਹ ਇੰਝ ਹੈ ਕਿ ਸਮੱਸਿਆ ਦੇ ਰੂਪ ਵੱਖੋ ਵੱਖਰੇ ਹਨ ਪਰ ਵਿਚਲੀ ਤੜਪ ਜਾਂ ਕਿਸੇ ਦੁੱਖ ਨੂੰ ਮਹਿਸੂਸਨਾ ਇੱਕੋ ਜਿਹਾ ਹੀ ਹੈ।ਇਹੋ ਕੇਂਦਰੀ ਭਾਵ ਹੈ ਜਿਸ ਨੂੰ ਮੈਂ ਆਪਣੇ ਸਾਹਿਤ ‘ਚ ਕੇਂਦਰਿਤ ਕੀਤਾ ਹੈ।ਸੋ ਜਿਹੜੀ ਸਾਹਿਤ ਦੀ ਰਚਨਾਤਮਕਤਾ ਹੈ ਉਹਦਾ ਇਹ ਮਤਲਬ ਨਹੀਂ ਹੈ ਕਿ ਉਹ ਇੱਕ ਦਾਇਰੇ ‘ਚ ਰਹਿ ਕੇ ਸੀਮਤ ਹੋ ਜਾਂਦੀ ਹੈ।ਮੈਂ ਇਸ ਗੱਲ ਨੂੰ ਬਹੁਤ ਜ਼ੋਰ ਦੇ ਕੇ ਕਹਿੰਦਾ ਹਾਂ ਕਿ ਮਨੁੱਖ ਦੇ ਦੁੱਖ ਸੁੱਖ,ਉਸਦੀਆ ਭਾਵਨਾਵਾਂ,ਉਸਦੇ ਰਿਸ਼ਤੇ,ਇੱਕ ਦੂਜੇ ਨਾਲ ਸਾਂਝ,ਦੋਸਤੀਆਂ,ਸਮਾਜਿਕ,ਸਿਆਸੀ ਰਿਸ਼ਤੇ ਇਹ ਸਾਰੇ ਰਿਸ਼ਤੇ ਜਦੋਂ ਤੱਕ ਇਕੇ ਸਮਾਜਾਂ ਵਿੱਚ,ਵੱਖਰੇ ਵੱਖਰੇ ਰੂਪਾਂ ਵਿੱਚ ਪਏ ਹਨ ਤਾਂ ਉਹ ਸਾਰਾ ਇੱਕ ਦਾਇਰੇ ਚੋਂ ਨਿਕਲ ਕਿ ਸਾਰੇ ਸਮਾਜਾਂ ‘ਤੇ ਹੀ ਲਾਗੂ ਹੁੰਦੀ ਹੈ।ਮੇਰੇ ਨਾਵਲ ਦਾ ਰੂਪ ਬੇਸ਼ੱਕ ਮਾਲਵੇ ਜਾਂ ਬਠਿੰਡੇ ਦਾ ਹੋਵੇਗਾ ਪਰ ਵਿਚਲੀ ਤੜਪ ਤਾਂ ਹਰ ਸਮਾਜ ‘ਚ ਉੱਥੇ ਉੱਥੇ ਹੈ ਜਿੱਥੇ ਮਨੁੱਖਤਾ ਤੜਪਦੀ ਹੈ।
ਜੇ ਆਪਾਂ ਕਿਸਾਨੀ ਜਾਂ ਉਹਨਾਂ ਅਣਹੋਏ ਲੋਕਾਂ ਦੀ ਤਰਸਯੋਗ ਜ਼ਿੰਦਗੀ ਦੀ ਗੱਲ ਵੀ ਕਰੀਏ ਤਾਂ ਅਜੋਕੇ ਸਮੇਂ ‘ਚ ਕਿਸਾਨ ਤੇ ਕਿਰਸਾਨੀ ਜ਼ਿੰਦਗੀ ਜਾਂ ਦੱਬੇ ਕੁਚਲੇ ਲੋਕਾਂ ਦੇ ਨਵੇਂ ਤਰਸਯੋਗ ਰੂਪ ਸਾਹਮਣੇ ਆ ਰਹੇ ਹਨ,ਇਹ ਹਯਾਤੀਆਂ ਖੁੱਲ੍ਹੀ ਮੰਡੀ ‘ਚ ਸੰਘਰਸ਼ ਕਰ ਰਹੀਆਂ ਹਨ,ਕਿਸਾਨਾਂ ਨੂੰ ਫਸਲਾਂ ਦੀ ਸਿੱਧੀ ਅਦਾਇਗੀ ‘ਚ ਵੀ ਇੱਕ ਹੱਦ ਤੱਕ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਕਿਸਾਨਾਂ ਦੇ ਹਿਤ ‘ਚ ਨਹੀਂ ਸਗੋਂ ਬੈਕਾਂ ਨੂੰ ਮਜ਼ਬੂਤੀ ਦੇਣ ਲਈ ਕੀਤਾ ਜਾ ਰਿਹਾ ਹੈ।ਇਹਨਾਂ ਪਹਿਲੂਆਂ ਨੂੰ ਤੁਸੀ ਸਮੇਂ ਦੇ ਨਾਲ ਨਾਲ ਲੇਖਾਂ ‘ਚ ਜਗ੍ਹਾ ਤਾਂ ਦਿੱਤੀ ਹੈ ਪਰ ਇਹਨਾਂ ਨਵੀਆਂ ਦਰਪੇਸ਼ ਆਈਆਂ ਔਕੜਾਂ ਨੂ ਆਪਣੇ ਗ਼ਲਪ ਦਾ ਅਧਾਰ ਨਹੀਂ ਬਣਾਇਆ?
:ਅਸਲ ‘ਚ ਬੰਦੇ ਨੂੰ ਬੰਦੇ ਦੇ ਰੂਪ ‘ਚ ਪੇਸ਼ ਕਰਨਾ ਮੇਰਾ ਅਸਲ ਭਾਵ ਰਿਹਾ ਹੈ।ਜਿੱਥੋਂ ਤੱਕ ਕਿ ਸਮਾਜ ਦੀ ਸਮੱਸਿਆ ਬਾਰੇ ਗੱਲ ਕਰਨੀ ਕਿ ਇਹ ਸਮੱਸਿਆ ਇੰਝ ਹੱਲ ਹੋ ਸਕਦੀ ਹੈ ਉਸ ਲਈ ਮੈਂ ਆਪਣੇ ਲੇਖਾਂ ਨੂੰ ਹੀ ਜ਼ਰੀਆ ਬਣਾਇਆ ਹੈ।ਕਿਉਂ ਕਿ ਅਜੋਕੇ ਸਮਾਜ ਦੀਆਂ ਅਜਿਹੀ ਗੱਲਾਂ ਤੱਥਾਂ ‘ਤੇ ਅਧਾਰਿਤ ਸਿੱਧੇ ਰੂਪ ‘ਚ ਲੇਖਾਂ ਰਾਂਹੀ ਸਮਝ ਆਉਂਦੀ ਹੈ।ਇਸ ਲਈ ਮੈਂ ਇਹਨਾਂ ਨੂੰ ਲੇਖਾਂ ਰਾਹੀਂ ਜ਼ਿਆਦਾ ਜਗ੍ਹਾ ਦਿੱਤੀ।ਕਿਉਂ ਕਿ ਲੇਖ ਮੈਂ ਇਸੇ ਲਈ ਲਿਖੇ ਹਨ ਕਿਉਂ ਕਿ ਇਹ ਆਮ ਬੰਦੇ ਨੂੰ ਸਮਝ ਆਉਂਦੀ ਹੈ ਪਰ ਗ਼ਲਪ ਦਾ ਅਧਾਰ ਇਹਨਾਂ ਸਾਰਿਆਂ ਦੇ ਨਾਲ ਹੋਰ ਤਰ੍ਹਾਂ ਦਾ ਹੁੰਦਾ ਹੈ।
ਸਾਹਿਤ ਦੀ ਸਾਰਥਕਤਾ ਕਿਸੇ ਮੁਸ਼ਕਿਲ ਨੂੰ ਬਿਆਨ ਕਰਦੇ ਹੋਏ ਉਸ ਦੇ ਹੱਲ ਜਾਂ ਰਚਨਾ ਦਾ ਅੰਤ ਕਿਸੇ ਸੰਦੇਸ਼ ਨਾਲ ਪੂਰਾ ਹੋਵੇ ਅਜਿਹਾ ਪੰਜਾਬੀ ਸਾਹਿਤ ਦੀ ਤਾਂ ਖਾਸ ਤੌਰ ‘ਤੇ ਪ੍ਰੰਪਰਾ ਰਹੀ ਹੈ,ਪਰ ਤੁਹਾਡੇ ਗ਼ਲਪ ਦਾ ਅੰਤ ਹਮੇਸ਼ਾ ਸਧਾਰਣ ਹੁੰਦਾ ਹੈ।ਪਾਠਕ ਨੂੰ ਨਾਵਲ ਪੱੜ੍ਹਣ ਤੋਂ ਬਾਅਦ ਮਾਇਨੇ ਲੱਭਣ ‘ਚ ਮਿਹਨਤ ਕਰਨੀ ਪੈਂਦੀ ਹੈ,ਅਜਿਹਾ ਢੰਗ ਵਰਤਣ ਦਾ ਕੋਈ ਖਾਸ ਕਾਰਨ?
:ਜੇ ਅੰਤ ਦੀ ਗੱਲ ਕਰੀਏ ਤਾਂ ਉਸ ਦਾ ਨਾਵਲ ਦਰ ਨਾਵਲ ਵੱਖਰੇ ਰੂਪ ਦਾ ਹੁੰਦਾ ਹੈ।ਜਿਵੇਂ ਕਿ ਮੜ੍ਹੀ ਦਾ ਦੀਵਾ ਨਾਵਲ ਦੀ ਗੱਲ ਕਰੀਏ ਤਾਂ ਉਸਦਾ ਅੰਤ ਤ੍ਰਾਸਦੀ ਭਰਿਆ ਹੈ ਤੇ ਇਹ ਸਮਝ ਵੀ ਆਉਂਦਾ ਹੈ ਪਰ ਸਾਰੇ ਨਾਵਲਾਂ ‘ਚ ਅਜਿਹਾ ਨਹੀਂ ਹੈ।ਜਿਵੇਂ ਹੁਣ ਅਣਹੋਏ ਨਾਵਲਾਂ ‘ਚ ਬਿਸ਼ਨਾ ਬਿਨਾਂ ਕਿਸੇ ਉਪਲਬਧੀ ਦੇ ਮਰਦਾ ਹੈ ਪਰ ਉਹ ਇੱਕ ਅਣਖੀ ਮਨੁੱਖ ਦੀ ਤਰ੍ਹਾਂ ਪਾਠਕਾਂ ਦੇ ਸਾਹਮਣੇ ਅਖੀਰ ‘ਤੇ ਇੰਝ ਪੇਸ਼ ਹੋਕੇ ਰਹਿ ਜਾਂਦਾ ਹੈ ਕਿ ਉਹ ਸਰਕਾਰ ਨੂੰ ਵੰਗਾਰਦਾ ਹੈ।ਪਰਸਾ ਪੂਰੇ ਨਾਵਲ ‘ਚ ਕਿਤੇ ਨਿਰਾਸ਼ ਨਹੀਂ ਹੁੰਦਾ ਤੇ ਉਹ ਕਿਤੇ ਵੀ ਸਮਝੌਤਾ ਨਹੀਂ ਕਰਦਾ।ਸੋ ਜੇ ਇਹ ਸਮਝੀਏ ਕਿ ਇਹਨਾਂ ਦੇ ਅੰਤ ਸਧਾਰਨ ਹਨ ਤਾਂ ਅਜਿਹਾ ਨਹੀਂ ਹੈ।ਕੋਈ ਵੀ ਰਚਨਾ ਉਹ ਕਿਸੇ ਸਮਾਜ ਨੂੰ ਸਿੱਧਾ ਰਾਹ ਨਹੀਂ ਦੱਸਦੀ ਸਗੋਂ ਰਚਨਾ ਨੇ ਸਮਾਜ ਦੇ ਅੰਦਰ ਤੱਕ ਜਿਹੜੀਆਂ ਅਣਦਿੱਖ ਗੱਲਾਂ ਪਈਆਂ ਹਨ ਉਹਨਾਂ ਨੂੰ ਲੋਕਾਂ ਦੀ ਸੋਚ ‘ਚ ਬਿੰਬਤ ਕਰਕੇ ਅਸਲ ਯਥਾਰਥੀ ਮਕਸਦ ਨੂੰ ਪੇਸ਼ ਕਰਨਾ ਹੁੰਦਾ ਹੈ।

ਗਿਆਨਪੀਠ,ਸਾਹਿਤ ਅਕਾਦਮੀ,ਪਦਮ ਸ਼੍ਰੀ ਵਰਗੇ ਸਨਮਾਨਾਂ ਨਾਲ ਤੁਹਾਡਾ ਇੱਕ ਕੌਮਾਂਤਰੀ ਨਾਮ ਹੈ,ਅਜਿਹੇ ‘ਚ ਬਹੁਤ ਸਾਰੇ ਲੇਖਕ ਤਾਂ ਆਧੁਨਿਕਤਾ ਦੇ ਕੈਨਵਸ ‘ਚ ਵੱਡੇ ਸ਼ਹਿਰਾਂ ਨੂੰ ਪਰਵਾਸ ਕਰ ਜਾਂਦੇ ਹਨ ਪਰ ਤੁਸੀ ਆਪਣਾ ਠਿਕਾਣਾ ਜੈਤੋ ‘ਚ ਰੱਖਣਾ ਜ਼ਰੂਰੀ ਕਿਉਂ ਮੰਨਦੇ ਹੋ?
:ਨਹੀਂ ਅਜਿਹਾ ਕੁਝ ਨਹੀਂ ਹੈ,ਹਰ ਬੰਦੇ ਦਾ ਕਿਤੇ ਨਾ ਕਿਤੇ ਬਸੇਰਾ ਹੁੰਦਾ ਹੈ ਮੇਰਾ ਜੈਤੋ ‘ਚ ਹੈ ਕਿਉਂ ਕਿ ਇੱਥੇ ਵੱਡੇ ਸ਼ਹਿਰਾਂ ਨਾਲੋਂ ਰੌਲਾ ਗੌਲਾ ਘੱਟ ਹੈ।ਹੁਣ ਜਿਵੇਂ ਦਿੱਲੀ ਦੀ ਹੀ ਗੱਲ ਕਰ ਲਈਏ ਇਸ ਸ਼ਹਿਰ ‘ਚ ਮੈਂ ਬਹੁਤਾ ਸਮਾਂ ਨਹੀਂ ਰਹਿ ਸਕਦਾ।ਬਾਕੀ ਗੱਲ ਮੈਂ ਉੱਥੇ ਹੀ ਕੇਂਦਰਤ ਕਰਦਾ ਹਾਂ ਕਿ ਗੱਲ ਤਾਂ ਮਨੁੱਖ ਦੀ ਹੀ ਕਰਨੀ ਹੈ।ਗੱਲ ਬੰਦੇ ਨੂੰ ਬੰਦਾ ਸਮਝਨ ਦੀ ਹੈ।ਸੋ ਇਸ ‘ਚ ਸ਼ਹਿਰ ਤੇ ਪਿੰਡ ਦੇ ਮਨੁੱਖ ਦੀ ਤੜਪ ਇੱਕੋ ਜਿਹੀ ਹੀ ਹੋਵੇਗੀ।ਮੈਂ ਉਸ ਤੜਪ ਲਈ ਅਵਾਜ਼ ਇੱਥੇ ਰਹਿ ਕੇ ਬਣਦਾ ਹਾਂ।ਕੋਈ ਲੇਖਕ ਇਹਨਾਂ ਸ਼ਹਿਰਾਂ ‘ਚ ਆਪਣਾ ਬਸੇਰਾ ਲਿਜਾਕੇ ਬੰਦੇ ਦੀ ਗੱਲ ਕਰਦਾ ਹਾਂ ਆਖਰ ਗੱਲ ਤਾਂ ਮਨੁੱਖਤਾ ਦੀ ਹੀ ਕਰਨੀ ਹੈ।

ਅੰਨੇ ਘੋੜੇ ਦਾ ਦਾਨ ਫ਼ਿਲਮ ਵੀਨਸ ਫ਼ਿਲਮ ਫੈਸਟੀਵਲ ਤੋਂ ਲੈਕੇ ਬਹੁਤ ਸਾਰੇ ਕੌਮਾਂਤਰੀ ਪੁਰਸਕਾਰਾਂ ਚੋਂ ਹੁੰਦੀ ਹੋਈ ਕੌਮਾਂਤਰੀ ਫ਼ਿਲਮ ਪੁਰਸਕਾਰ 2012 ‘ਚ ਆਪਣੀ ਹਾਜ਼ਰੀ ਮਜ਼ਬੂਤੀ ਨਾਲ ਲਵਾ ਚੁੱਕੀ ਹੈ,ਤੁਹਾਡੇ ਨਾਵਲ ‘ਤੇ ਅਧਾਰਿਤ ਫ਼ਿਲਮ ਨੂੰ ਇੰਝ ਸਰਾਹਿਆ ਜਾਣਾ ਕਿੰਝ ਲੱਗਦਾ ਹੈ?
:ਮੇਰਾ ਨਜ਼ਰੀਆ ਇਸ ਬਾਰੇ ਇਹ ਹੈ ਕਿ ਮੇਰੇ ਨਾਵਲ ‘ਤੇ ਇੱਕ ਅਜਿਹੀ ਫ਼ਿਲਮ ਬਣੀ ਜਿਸ ਨੂੰ ਕੌਮਾਂਤਰੀ ਤੌਰ ‘ਤੇ ਸਰਾਹਿਆ ਗਿਆ ਤੇ ਇਸ ਨੂੰ ਪੰਜਾਬੀ ਦੀ ਅਜਿਹੀ ਪਹਿਲੀ ਫ਼ਿਲਮ ਹੋਣ ਦਾ ਮਾਣ ਹੈ।

ਪਰ ਜੇ ਤੁਹਾਡੇ ਨਾਵਲਾਂ ਦੇ ਸਿਨੇਮਾਈ ਰੁਪਾਂਤਰਨ ਦੀ ਗੱਲ ਕਰੀਏ ਤਾਂ ਚਾਹੇ ਉਹ ‘ਮੜ੍ਹੀ ਦਾ ਦੀਵਾ’ ਹੋਵੇ ਜਾਂ ‘ਅੰਨੇ ਘੋੜੇ ਦਾ ਦਾਨ’ ਫ਼ਿਲਮ ਹੋਵੇ।ਇਹ ਸਾਰੀਆਂ ਫ਼ਿਲਮਾਂ ਪੁਰਸਕਾਰਾਂ ‘ਚ ਤਾਂ ਆਪਣੀ ਹਾਜ਼ਰੀ ਬਾਖੂਬੀ ਲਵਾਉਂਦੀਆਂ ਹਨ ਪਰ ਆਮ ਦਰਸ਼ਕ ਦਾ ਵਿਸ਼ਾ ਆਮ ਦਰਸ਼ਕ ਦੀ ਚਰਚਾ ਦਾ ਹਿੱਸਾ ਕਿਉਂ ਨਹੀਂ ਬਣਦਾ।ਇਸ ਬਾਰੇ ਕੀ ਸੋਚਦੇ ਹੋ?
:ਇੱਥੇ ਮੈਂ ਇਹ ਕਹਿਣਾ ਚਾਹਵਾਂਗਾ ਕਿ ਜਿਵੇਂ ਕਿ ਪਹਿਲਾਂ ਮੜ੍ਹੀ ਦਾ ਦੀਵਾ ਫ਼ਿਲਮ ਬਣੀ ਸੀ ਉਹ ਪੰਜਾਬ ਦੇ ਕਿਸੇ ਸਿਨੇਮਾ ‘ਚ ਨਹੀਂ ਚਲੀ ਸੀ।ਇਹ ਫ਼ਿਲਮ ਬਠਿੰਡੇ ਲਗੀ ਸੀ ਤਾਂ ਸਿਰਫ ਦੋ ਦਿਨ ਹੀ ਚਲੀ ਸੀ,ਉਸ ਤੋਂ ਬਾਅਦ ਉਹਨਾਂ ਇਹ ਫ਼ਿਲਮ ਲਾਹ ਦਿੱਤੀ ਸੀ।ਇਹ ਜਿਹੜੀ ਸਮੱਸਿਆ ਹੈ ਉਹ ਇਹ ਹੈ ਕਿ ਆਮ ਲੋਕ ਨੂੰ ਫ਼ਿਲਮ ਵੇਖਣ ਦੀ ਅਜਿਹੀ ਆਦਤ ਹੀ ਨਹੀਂ ਪਈ ਕਿ ਉਹ ਬੰਦੇ ਦੀਆਂ ਅਜਿਹੀਆਂ ਅੰਦਰੂਨੀ ਗੱਲਾਂ ਨੂੰ ਸਮਝ ਸਕੇ ਜਿਸ ਬਾਰੇ ਮੈਂ ਪਹਿਲਾਂ ਵਿਸਥਾਰ ‘ਚ ਗੱਲ ਕਰ ਚੁੱਕਾ ਹਾਂ।ਆਮ ਬੰਦਾ ਇੱਕ ਦਰਸ਼ਕ ਦੇ ਤੌਰ ‘ਤੇ ਸਿਰਫ ਤਮਾਸ਼ਾ ਵੇਖਣ ਜਾਂਦਾ ਹੈ।ਉਹ ਫ਼ਿਲਮ ਵੇਖਦਾ ਹੈ ਜਿਸ ‘ਚ ਨਾਚ ਗਾਣੇ ਹੋਣ,ਜਿਸ ‘ਚ ਮੁੰਡਾ ਕੁੜੀ ਖੇਤਾਂ ‘ਚ ਭੱਜੇ ਗਾਣੇ ਗਾਉਂਦੇ ਰਹਿਣ ਜਾਂ ਫਿਰ ਜਿਹੜਾ ਨਵਾਂ ਰੁਝਾਨ ਚਲਿਆ ਕਿ ਫ਼ਿਲਮ ‘ਚ ਕਨੇਡਾ ਜਾਂ ਬਾਹਰ ਦੀ ਗੱਲ ਕਰ ਦਿਓ।ਇਹ ਗੱਲਾਂ ਆਮ ਲੋਕਾਂ ਨੂੰ ਬਹੁਤ ਵਧੀਆ ਲੱਗਦੀ ਹੈ।ਆਮ ਬੰਦੇ ਆਮ ਜ਼ਿੰਦਗੀ ਜਿਓ ਰਹੇ ਹੁੰਦੇ ਹਨ ਤੇ ਉਹਨਾਂ ਦੇ ਮਨੋਰੰਜਨ ਦੇ ਮਿਆਰ ਜਾਂ ਕਲਾ ਬਾਰੇ ਮਿਆਰ ਬਹੁਤ ਸਧਾਰਨ ਪੱਧਰ ਦੇ ਹੁੰਦੇ ਹਨ।ਸੋ ਆਮ ਲੋਕ ਜੀਵਨ ਦੀਆਂ ਅਜਿਹੀ ਗਹਿਰਾਈਆਂ ਨੂੰ ਸਿਨੇਮਾਈ ਤਬਾਦਲੇ ‘ਚ ਨਹੀਂ ਵੇਖਦੇ ਕਿਉਂ ਕਿ ਉਸ ਲਈ ਮਨੋਰੰਜਨ ਦੇ ਅਰਥ ਹੋਰ ਤਰ੍ਹਾਂ ਦੇ ਹਨ।ਕਿਉਂ ਕਿ ਕਲਾ ਦੀ ਇਸ ਗਹਿਰਾਈ ਤੱਕ ਪਹੁੰਚ ਉਹਨਾਂ ਲੋਕਾਂ ਦੀ ਨਹੀਂ ਹੁੰਦੀ।

ਫਿਰ ਇਹਦਾ ਅਰਥ ਕੀ ਇਹ ਹੈ ਕਿ ਇਸ ‘ਚ ਦਰਸ਼ਕਾਂ ਦਾ ਕਸੂਰ ਹੈ ਕਿ ਉਹਨਾਂ ਨੂੰ ਫ਼ਿਲਮ ਵੇਖਣੀ ਨਹੀਂ ਆਉਂਦੀ?
:ਨਹੀਂ ਮੈਂ ਕਿਸੇ ਦਾ ਕਸੂਰ ਨਹੀਂ ਕੱਢ ਰਿਹਾ,ਮੈਂ ਇਹ ਦੱਸ ਰਿਹਾ ਹਾਂ ਕਿ ਇਸ ‘ਚ ਉਹਨਾਂ ਦੇ ਹਲਾਤਾਂ ਦਾ ਕਸੂਰ ਹੈ।ਇੱਕ ਸਮਾਜਿਕ ਸੋਚ ਹੁੰਦੀ ਹੈ ਤੇ ਇਹ ਇੱਕ ਦਿਨ ‘ਚ ਨਹੀਂ ਬਣਦੀ ਇਸ ‘ਚ ਵਰ੍ਹੇ ਲੱਗਦੇ ਹਨ।ਹੁਣ ਤੁਸੀ ਵੇਖੋ ਕਿ 65 ਸਾਲ ਹੋ ਗਏ ਪਰ ਤੁਸੀ ਜੇ ਲੋਕਾਂ ਨੂੰ ਜਾ ਕੇ ਪੁੱਛੋਗੇ ਕਿ ਐੱਮ.ਐੱਲ.ਏ ਦੀ ਵੋਟਾਂ ਹੁੰਦੀ ਹਨ ਤੇ ਦੂਜੀਆਂ ਐੱਮ.ਪੀ ਦੀ ਵੋਟਾਂ ਹੁੰਦੀ ਹਨ ਤੇ ਦੋਵਾਂ ਦਾ ਕੰਮ ਕੀ ਹੈ ਉੱਥੇ ਦੱਸ ਬੰਦਿਆ ਚੋਂ ਕੋਈ ਇੱਕ ਬੰਦਾ ਨਹੀਂ ਦੱਸ ਸਕੇਗਾ ਕਿ ਮੰਤਰਾਲਾ ਕੀ ਹੁੰਦਾ ਹੈ।ਅਜਿਹੀ ਕਲਾ ਫ਼ਿਲਮਾਂ ਨੂੰ ਆਮ ਰੁਝਾਨ ‘ਚ ਆਉਣ ਲਈ ਸਮਾਂ ਲਗੇਗਾ।
ਨਜ਼ਰੀਆ:-
ਮਨਦੀਪ ਕੌਰ,ਦੋਹਤੀ ਗੁਰਦਿਆਲ ਸਿੰਘ----“ਉਹਨਾਂ ਦੇ ਲਿਖੇ ਨਾਵਲ ‘ਚ ਜ਼ਿੰਦਗੀ ਦਾ ਗ਼ਜ਼ਬ ਦਾ ਸੰਚਾਰ ਹੁੰਦਾ ਹੈ,ਜਦੋਂ ਕੋਈ ਮੇਰੀ ਪਛਾਣ ਨਾਲ ਇਹ ਦੱਸਦਾ ਹੈ ਕਿ ਇਹ ਗੁਰਦਿਆਲ ਸਿੰਘ ਹੁਣਾਂ ਦੀ ਦੋਹਤੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ।”

ਗੁਰਵਿੰਦਰ ਸਿੰਘ,ਨਿਰਦੇਸ਼ਕ,ਅੰਨ੍ਹੇ ਘੋੜੇ ਦਾ ਦਾਨ---“ਉਹਨਾਂ ਦੀ ਲੇਖਣੀ ਮਾਹੌਲ ਦੀ ਸਿਰਜਣਾ ਬਹੁਤ ਸੋਹਣੀ ਕਰਦੀ ਹੈ।ਹਰ ਕਿਰਦਾਰ,ਹਰ ਘਟਨਾ ਤੇ ਵਾਤਾਵਰਨ ਨੂੰ ਬਹੁਤ ਸੋਹਣਾ ਤਰਾਸ਼ ਕਿ ਪੇਸ਼ ਕਰਦੇ ਹਨ,ਉਹਨਾਂ ਨੂੰ ਪੱੜ੍ਹਦੇ ਹੋਏ ਮੈਨੂੰ ਰੂਸੀ ਲੇਖਕ ਜਾਂ ਉਹਨਾਂ ਚੋਂ ਇੱਕ ਲਿਓ ਤਾਲਸਤਾਏ ਯਾਦ ਆ ਜਾਂਦੇ ਹਨ।”

ਡਾ.ਰਾਣਾ ਨਈਅਰ,ਅੰਗਰੇਜ਼ੀ ਤੇ ਕਲਚਰ ਵਿਭਾਗ ਪੰਜਾਬ ਯੂਨੀਵਰਸਿਟੀ---“ਉਹਨਾਂ ਦੀ ਲੇਖਣੀ ‘ਚ ਹੀ ਪਹਿਲੀ ਵਾਰੀ ਦਲਿਤ ਚੇਤਨਾ ਦੀ ਗੱਲ ਹੋਈ ਸੋ ਉਹਨਾਂ ਨੂੰ ਇਹ ਪਹਿਲ ਕਰਨ ਦਾ ਸਿਹਰਾ ਜਾਂਦਾ ਹੈ।ਜਿਸ ਅਵਾਜ਼ ਨੂੰ ਉਹਨਾਂ ਕਹਿਣ ਦੀ ਕੌਸ਼ਿਸ਼ ਕੀਤੀ ਹੈ ਉਸ ਲਈ ਉਹਨਾਂ ਨੂੰ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ।”

ਮੁਲਾਕਾਤੀ ਹਰਪ੍ਰੀਤ ਸਿੰਘ ਕਾਹਲੋਂ ਨੌਜਵਾਨ ਫਿਲਮ ਅਲੋਚਕ ਹੈ।ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਰਾਹੀ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।
MOB-94641-41678