ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label feminism. Show all posts
Showing posts with label feminism. Show all posts

Tuesday, April 23, 2013

ਅ-ਨਾਟਕੀ ਜ਼ਿੰਦਗੀਨਾਮਾ: ਅਨਾਮ ਰਿਸ਼ਤਿਆਂ ਦੀ ਦਾਸਤਾਨ

ਸਾਡੇ ਸਮਾਜ 'ਚ ਔਰਤ ਲਈ ਆਪਣੀਆਂ ਸ਼ਰਤਾਂ 'ਤੇ ਜਿਉਣਾ ਬੇਹੱਦ ਔਖਾ ਹੈ ਪਰ ਫਿਰ ਵੀ ਕੁਝ ਔਰਤਾਂ ਅਜਿਹੀ ਦਲੇਰੀ ਕਰਦੀਆਂ ਹਨ। ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਅਜਿਹੀਆਂ ਦਲੇਰ ਔਰਤਾਂ 'ਚੋਂ ਇਕ ਸੀ। ਮੈਂ ਅੰਮ੍ਰਿਤਾ ਤੇ ਜੇ ਪੀ ਬਾਰੇ ਕਾਫੀ ਸਮੇਂ ਤੋਂ ਜਾਣਦਾ ਸੀ ,ਪਰ ਸਾਂਝੇ ਦੋਸਤ ਹੋਣ ਦੇ ਬਾਵਜੂਦ ਅੰਮ੍ਰਿਤਾ ਨੂੰ ਜ਼ਿੰਦਗੀ ਦੀ ਬੇਵਫ਼ਾਈ ਤੋਂ ਪਹਿਲਾਂ ਨਾ ਮਿਲ ਸਕਿਆ।ਹਾਂ, ਇਕ ਵਾਰ ਫੇਸਬੁੱਕ 'ਤੇ ਪਿੰਡਾਂ ਤੇ ਸ਼ਹਿਰਾਂ ਦੇ ਸੰਵੇਦਨਸ਼ੀਲ-ਅਸੰਵੇਦਨਸ਼ੀਲ਼ ਚਰਿੱਤਰ 'ਤੇ ਬਹਿਸ ਦੌਰਾਨ ਛੋਟੀ ਜਿਹੀ ਸ਼ਬਦੀ ਝੜਪ ਜ਼ਰੂਰ ਹੋਈ ਸੀ। ਮੈਂ ਸੀਮੋਨ,ਵਰਜ਼ੀਨੀਆ ਵੁਲਫ਼, ਪ੍ਰਭਾ ਖੇਤਾਨ, ਸੁਧਾ ਅਰੋੜਾ ਆਦਿ ਪੜ੍ਹਨ ਤੋਂ ਬਾਅਦ ਪੰਜਾਬੀ ਸਮਾਜ 'ਚ ਅਜਿਹੀਆਂ ਜ਼ਿੰਦਗੀਆਂ ਜਿਉਣ ਵਾਲਿਆਂ ਨੂੰ ਜਾਨਣ ਤੇ ਸਮਝਣ ਦੀ ਕੋਸ਼ਿਸ਼ ਕੀਤੀ ਪਰ ਨਾ ਅੰਮ੍ਰਿਤਾ-ਜੇ ਪੀ ਤੇ ਚੰਡੀਗੜ੍ਹ 'ਚ ਹੋਣ ਦੇ ਬਾਵਜੂਦ ਨਾ ਹੁਣ ਤੱਕ ਗੈਰ ਰਸਮੀ ਤੌਰ 'ਤੇ ਨਿਰੁਪਮਾ ਦੱਤ ਨੂੰ ਮਿਲਣ ਦਾ ਸਬੱਬ ਬਣਿਆ। ਐਤਵਾਰ ਨੂੰ ਫਿਲਮਸਾਜ਼ ਅਜੈ ਭਾਦਰਵਾਜ ਦੀਆਂ ਫਿਲਮਾਂ ਦੀ ਸਕਰੀਨਿੰਗ-ਚਰਚਾ ਤੋਂ ਬਾਅਦ ਰਾਤ ਨੂੰ ਪ੍ਰੈਸ ਕਲੱਬ,ਚੰਡੀਗੜ੍ਹ 'ਚ ਖਾਣ-ਪੀਣ ਦਾ ਦੌਰ ਚੱਲ ਰਿਹਾ ਸੀ ਤਾਂ ਸੋਮ ਰਸ ਸਰੂਰ 'ਚ ਹੀ ਜੇ ਪੀ ਨਾਲ ਪਹਿਲੀ ਲਾਈਵ ਮੁਲਾਕਾਤ ਹੋਈ। ਲਿਖਣ-ਪੜ੍ਹਨ ਦੀ ਜਾਣ ਪਛਾਣ ਸੀ,ਇਸ ਲਈ ਬਹੁਤੀ ਰਸਮੀ ਗੱਲਬਾਤ ਨਹੀਂ ਹੋਈ। ਪੱਤਰਕਾਰ ਮਨਜੀਤ ਸਿੱਧੂ ਤੇ ਜੇ ਪੀ ਨੇ ਅੰਮ੍ਰਿਤਾ ਦੇ ਨਾਟਕ ਬਾਰੇ ਦੱਸਿਆ। ਦੋਵੇਂ ਅਜੈ ਨਾਲ ਮਿਲੇ। ਹੁਣ ਜਿੱਥੇ ਅੰਮ੍ਰਿਤਾ ਨੂੰ ਅਠਾਈ ਅਪ੍ਰੈਲ ਨੂੰ ਸਮਝਾਂਗਾ,ਓਥੇ ਹੀ ਜੇ ਪੀ ਨਾਲ 'ਅਨਾਮ ਰਿਸ਼ਤਿਆਂ ਦੀ ਦਾਸਤਾਨ' ਸਮਝਣ ਦਾ ਸਫ਼ਰ ਜ਼ਿੰਦਗੀ ਦੀ ਬੇਵਫ਼ਾਈ ਤੱਕ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗਾ -ਯਾਦਵਿੰਦਰ ਕਰਫਿਊ 

ਨਾਟਕ--ਇਟਸ ਨਾਟ ਐਨ ਅਫੇਅਰ 
ਅਪ੍ਰੈਲ 28, 7 ਵਜੇ ਸ਼ਾਮ 
ਪੰਜਾਬ ਕਲਾ ਭਵਨ, ਚੰਡੀਗੜ੍ਹ 

ਹ ਨਾਟਕ ਇੱਕ ਅਨੋਖੇ ਰਿਸ਼ਤੇ ਦੀ ਕਹਾਣੀ ਹੈ, ਰਿਸ਼ਤਾ ਜਿਸ ਲਈ ਸਾਡੀ ਭਾਸ਼ਾ ਜਾਂ ਸੱਭਿਆਚਾਰ ਕੋਲ ਕੋਈ ਨਾਂਅ ਨਹੀਂ - ਸ਼ਬਦ ਨਹੀਂ- ਇਸੇ ਲਈ ਇਸਨੂੰ ਜਿਉਣਾ ਬਹੁਤ ਅਸਹਿਜ ਹੋ ਜਾਂਦਾ ਹੈ।


ਨਾਟਕੀ ਘਟਨਾਵਾਂ ਦਾ ਤਾਣਾ-ਬਾਣਾ ਨਾਟਕ ਦੀ ਨਾਇਕਾ ਅੰਮ੍ਰਤਾ ਦੀ ਮੌਤ ਤੋਂ ਬਾਦ ਸ਼ੁਰੂ ਹੁੰਦਾ ਹੈ। ਨਾਟਕ ਦਾ ਨਾਇਕ ૶ ਜੇਪੀ - ਅੰਮ੍ਰਤਾ ਦੀ ਅਣਹੋਂਦ ਦੀ ਪੀੜ ਚੋਂ ਬਾਹਰ ਆਉਣ ਲਈ ਫੜਫੜਾਉਂਦਾ ਹੋਇਆ ਯਾਦਾਂ ਦੇ ਸੰਸਾਰ 'ਚ ਉਤਰ ਜਾਂਦਾ ਹੈ। ਦੋਹਾਂ ਦੀਆਂ ਇੱਕ-ਦੂਜੇ ਨੂੰ ਕੀਤੀਆਂ ਹੋਈਆਂ ਈ-ਮੇਲਜ਼ ਇਸਦਾ ਜ਼ਰੀਆ ਬਣਦੀਆਂ ਹਨ।

ਅੰਮ੍ਰਤਾ ਜੋ ਇੱਕ ਜਨਮ-ਜਾਤ ਸੁਫ਼ਨਸਾਜ਼ ਹੈ (ਡਾਈਹਾਰਡ ਡ੍ਰੀਮਰ), ਉਸਨੂੰ ਲੱਗਦਾ ਹੈ ਕਿ ਜੀਵਨ ਦੇ ਕਿਸੇ ਮੋੜ 'ਤੇ ਉਸਦੇ ਸੁਫ਼ਨੇ ਗੁਆਚ ਗਏ ਹਨ। ਉਨ੍ਹਾਂ ਸੁਫ਼ਨਿਆਂ ਦੀ ਪੈੜ ਦੱਬਦੀ ਹੋਈ ਅਚਾਨਕ ਉਹ ਇੱਕ ਅਜਿਹੇ ਸ਼ਖਸ ਨੂੰ ਮਿਲਦੀ ਹੈ ਜਿਸ ਨਾਲ ਉਸਨੂੰ ਇੱਕ ਅਨੋਖੀ ਸਾਂਝ ਮਹਿਸੂਸ ਹੁੰਦੀ ਹੈ। ਉਸਨੂੰ ਲੱਗਦਾ ਹੈ ਕਿ ਉਹ ਸ਼ਖਸ ਜੀਵਨ ਲਈ ਉਸਦੇ ਸ਼ੁਦਾ ਨੂੰ ਸਮਝਦਾ ਹੈ। ਉਹ ਉਸ ਨਾਲ ਹਰ ਮਸਲੇ 'ਤੇ ਖੁੱਲ੍ਹ ਕੇ ਗੱਲ ਕਰ ਸਕਦੀ ਹੈ,ਬਿਨਾਂ ਕਿਸੇ ਖੌਫ਼ ਤੋਂ। ਉਹ ਜੇਪੀ ਨੂੰ ਆਪਣੇ ਪਤੀ ਨਾਲ ਮਿਲਾਉਣ ਚਾਹੁੰਦੀ ਹੈ। ਪਰ ਮਾਨਸਿਕ ਬੰਧਨਾਂ ਕਾਰਨ ਉਸਦੀ ਇਹ ਹਸਰਤ ਅਧੂਰੀ ਰਹਿ ਜਾਂਦੀ ਹੈ। ਉਨ੍ਹਾਂ ਕੋਲ ਇਸ ਰਿਸ਼ਤੇ ਦਾ ਕੋਈ ਨਾਂ ਨਹੀਂ, ਇਸ ਲਈ ਹੋਰ ਤਾਂ ਹੋਰ ਉਸਦੇ ਮਾਪੇ ਵੀ ਉਸਦੀ ਗੱਲ ਸਮਝਣ ਤੋਂ ਅਸਮਰੱਥ ਹਨ। ਜੇਪੀ ਦੀ ਚੇਤਾਵਨੀ ਦੇ ਬਾਵਜੂਦ ਅੰਮ੍ਰਤਾ ਬੇ-ਪਰਵਾਹ ਹੈ, ਉਹ ਕੁਝ ਵੀ ਲਕੋਣਾ ਨਹੀਂ ਚਾਹੁੰਦੀ। ਇੰਝ ਉਹ ਅਨਾਮ ਰਿਸ਼ਤਾ ਜਿਸ ਉੱਤੇ ਉਹ ਕੋਈ ਘੁੰਡ ਨਹੀਂ ਪਾਉਂਦੀ, ਉਸਦੀ ਪਰਿਵਾਰਕ ਜ਼ਿੰਦਗੀ ਲਈ ਘਾਤਕ ਬਣ ਜਾਂਦਾ ਹੈ। ਉਸਦਾ ਪਤੀ ਉਸਨੂੰ ਘਰ ਛੱਡਣ ਦਾ ਹੁਕਮ ਸੁਣਾਉਂਦਾ ਹੈ।


ਅੰਮ੍ਰਤਾ ਚੌਰਾਹੇ ਵਿੱਚ ਆ ਜਾਂਦੀ ਹੈ। ਬੱਸ ਇੱਥੋਂ ਹੀ ਉਸਦੇ ਰੂਪਾਂਤਰਣ ਦੀ ਯਾਤਰਾ ਸ਼ੁਰੂ ਹੁੰਦੀ ਹੈ।  'ਸ਼ੀਨਾ' ਦੇ 'ਅੰਮ੍ਰਤਾ' ਬਣਨ ਦਾ ਸਫ਼ਰ।


ਜੇਪੀ ਉਸਨੂੰ ਸਪੱਸ਼ਟ ਕਰਦਾ ਹੈ ਕਿ ਥਾਂ ਬਦਲੀ ਕਰਨ ਨਾਲ ਜਾਂ ਕਿਸੇ ਬੰਦੇ ਨੂੰ ਛੱਡ ਦੇਣ ਨਾਲ ਹੀ ਖੁਸ਼ੀ ਜਾਂ ਆਜ਼ਾਦੀ ਹਾਸਲ ਨਹੀਂ ਹੁੰਦੀ। ਪਰ ਅੰਮ੍ਰਤਾ ਲਈ ਸਾਰੇ ਰਾਹ ਬੰਦ ਹਨ। ਉਹ ਆਪਣੇ ਬੱਚੇ ਸਧਾਰਥ ਲਈ ਚਿੰਤਤ ਹੈ, ਪਰ ਉਹ ਇਹ ਵੀ ਜਾਣਦੀ ਹੈ ਕਿ ਪਤੀ ਦੇ ਘਰ ਰਹਿੰਦਿਆਂ ਉਹ ਆਪਣੇ ਬੱਚੇ ਨੂੰ ਉਹ ਖੁਸ਼ੀ ਨਹੀਂ ਦੇ ਸਕਦੀ ਜਿਸ ਲਈ ਉਹ ਖੁਦ ਤਰਸੀ ਪਈ ਹੈ। ਜੇਪੀ ਅੰਦਰ ਉਸਨੂੰ ਇੱਕ ਮਾਰਗ ਨਜ਼ਰ ਆਉਂਦਾ ਹੈ ਜੋ ਉਸਨੂੰ ਉਸਦੇ ਸੁਫ਼ਨਿਆਂ ਤੱਕ ਲੈ ਜਾ ਸਕਦਾ ਹੈ, ਪਰ ਉਹ ਉਸਦੇ ਮੈਂਟਲ ਬੈਲੈਂਸ ਨਾਲ ਵੀ ਖੇਡਣਾ ਨਹੀਂ ਚਾਹੁੰਦੀ। ਉਸਦੇ ਅੰਦਰ ਇੱਕ ਜੰਗ ਭਖੀ ਹੈ। ਇਮਤਿਹਾਨ ਦੇ ਹਰ ਮੋੜ 'ਤੇ ਜੇਪੀ ਉਸ ਦੇ ਨਾਲ ਹੈ। ਉਹ ਉਸਨੂੰ ਗਵਾਉਣਾ ਨਹੀਂ ਚਾਹੁੰਦੀ ਪਰ ਉਸਦੀ ਸ਼ਾਦੀ ਦੇ ਸੁਫ਼ਨੇ ਵੀ ਦੇਖਦੀ ਹੈ ਤੇ ਖੁਦ ਹੀ ਉਨ੍ਹਾਂ ਤੋਂ ਡਰ ਜਾਂਦੀ ਹੈ। ਜਦ ਅੰਮ੍ਰਤਾ ਨੂੰ ਪਤਾ ਲੱਗਦਾ ਹੈ ਕਿ ਉਸਦਾ ਸਧਾਰਥ ਆਟਸਟਿਕ ਹੈ ਤਾਂ ਉਹ ਬੁਰੀ ਤਰਾਂ ਹਿੱਲਦੀ ਹੈ। ਹਮੇਸ਼ਾਂ ਵਾਂਗ ਜੇਪੀ ਖਾਮੋਸ਼ ਪਰ ਅਡੋਲ ਉਸ ਦੇ ਸੰਗ ਹੈ। ਅੰਮ੍ਰਤਾ ਨੂੰ ਲੱਗਦਾ ਹੈ ਕਿ ਜੇਪੀ ਦੇ ਰੂਪ ਵਿੱਚ ਉਸਨੂੰ ਤੇ ਸਧਾਰਥ ਨੂੰ ਇੱਕ ਅਜਿਹਾ ਦੋਸਤ ਮਿਲਅਿਾ ਹੈ ਜਿਸਦੀ ਮੌਜੂਦਗੀ ਵਿੱਚ ਉਸਨੂੰ ਕਸੇ ਵੀ ਡਰ ਤੋਂ ਡਰਣ ਦੀ ਲੋੜ ਨਹੀਂ। ਪਰ ਨਾਲ ਹੀ ਹਰ ਪਲ ਉਹ ਖੁਦ ਨੂੰ ਇਹ ਯਾਦ ਕਰਾਉਂਦੀ ਰਹਿੰਦੀ ਹੈ ਕਿ ਉਸਨੇ ਖੁਦ ਆਪਣੇ ਹੀ ਬਲ 'ਤੇ ਖੜਾ ਹੋਣਾ ਹੈ,ਕਾਸੇ ਦੇ ਆਸਰੇ ਨਹੀਂ। ਅੰਮ੍ਰਤਾ ਨੇ ਹੁਣ ਡਰ ਤੋਂ ਭੱਜਣਾ ਛੱਡ ਦਿਤਾ ਹੈ। ਉਹ ਹਰ ਖੌਫ਼ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਨ੍ਹਾ ਨੂੰ ਪਛਾੜਣਾ ਸਿੱਖ ਰਹੀ ਹੈ।


ਜੇਪੀ ਨਾਲ ਉਸਦਾ ਇਹ ਸੰਵਾਦ, ਜਿਸ ਵਿੱਚ ਉਸਨੂੰ ਲਗਦਾ ਹੈ ਕਿ *ਮਾਈਂਡ ਤੇ ਸਪੇਸ* ਤੱਕ ਦੀਆਂ ਦੂਰੀਆਂ ਵੀ ਕੁਝ ਮਾਅਨੇ ਨਹੀਂ ਰੱਖਦੀਆਂ, ਉਸਦੇ ਰੂਪਾਂਤਰਣ ਦੀ ਗਾਥਾ ਹੈ,ਜੋ ਇਸ ਨਾਟਕ ਦਾ ਵਿਸਥਾਰ ਹੈ। ਉਹ ਦੋਹੇਂ ਇੱਕ ਦੂਜੇ ਦੇ ਇੰਨੇ ਨੇੜੇ ਆ ਜਾਂਦੇ ਹਨ ਜਿੱਥੇ ਕੋਈ ਵਿੱਥ ਨਹੀਂ, ਸਧਾਰਥ ਦੋਹਾਂ ਦੇ ਦਰਮਅਿਾਨ ਫੈਲਿਆ ਇੱਕ ਸੂਖਮ ਪੁਲ ਹੈ। ਅੰਮ੍ਰਤਾ ਨੂੰ ਇਸ ਗੱਲ ਦਾ ਰੰਜ ਹੈ ਕਿ ਸਧਾਰਥ ਇਸ ਰਿਸ਼ਤੇ ਦੀ ਖੂਬਸੂਰਤੀ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਪਰ ਵੱਡਾ ਹੋ ਕੇ ਜ਼ਰੂਰ ਉਹ ਇਸਨੂੰ ਸਮਝੇਗਾ। ਉਹ ਦੁਆ ਕਰਦੀ ਹੈ ਕਿ ਇਹ ਰਿਸ਼ਤਾ ਉਮਰ ਭਰ ਇੰਝ ਹੀ ਬਣਿਆ ਰਹੇ। ਠੀਕ ਇਸੇ ਹੀ ਮੌੜ 'ਤੇ ਜ਼ਿੰਦਗੀ ਮੁੜ ਬੇਵਫ਼ਾਈ ਕਰ ਜਾਂਦੀ ਹੈ।


ਅੰਮ੍ਰਤਾ ਦੀ ਮੌਤ ਤੋਂ ਬਾਦ ਸਧਾਰਥ ਨੂੰ ਵੀ ਜੇਪੀ ਤੋਂ ਅਲਗ ਕਰ ਦਿੱਤਾ ਜਾਂਦਾ ਹੈ,ਕਿਉਂਕਿ ਜੇਪੀ ਨਾਲ ਉਸਦੇ ਰਿਸ਼ਤੇ ਦਾ ਕੋਈ ਨਾਂ ਨਹੀਂ-ਕੋਈ ਪਛਾਣ ਨਹੀਂ। ਜੇਪੀ ਹੁਣ ਇਕੱਲਾ ਹੈ, ਹਰ ਉਹ ਸ਼ੈਅ ਜਿਸਦੇ ਸਾਥ ਨੂੰ ਉਸਨੇ ਯਕੀਨੀ ਹੀ ਮੰਨ ਲਿਆ ਸੀ ਉਸ ਤੋਂ ਦੂਰ ਜਾ ਚੁੱਕੀ ਹੈ। ਜੇਪੀ ਮੰਚ ਉੱਤੇ ਇਕੱਲਾ ਹੈ। ਨਾਟਕ ਆਪਣੇ ਸ਼ੁਰੂਆਤੀ ਬਿੰਦੂ ਵਾੱਲ ਪਲਟਦਾ ਹੈ, ਪਰ ਇਹ ਦੁਹਰਾਅ ਨਹੀਂ ਹੈ। ਇੱਥੋਂ ਹੀ ਜੇਪੀ ਦੇ ਰੂਪਾਂਤਰਣ ਦਾ ਅਮਲ਼ ਸ਼ੁਰੂ ਹੁੰਦਾ ਹੈ। ਇਹ ਪਲ ਸ਼ਾਇਦ ਉਸ ਨਾਲ ਮਿਲਦਾ-ਜੁਲਦਾ ਹੈ ਜਦੋਂ ਜੁਗਾਂ ਪਹਿਲਾਂ ਰਾਜਕੁਮਾਰ ਸਧਾਰਥ ਨੇ ਪਹਿਲੀ ਵਾਰ ਮ੍ਰਿਤੂ ਦੇ ਦਰਸ਼ਨ ਕੀਤੇ ਸਨ। ਈਮੇਲਜ਼ ਦੀ ਇਸ ਅੰਤਰ-ਯਾਤਰਾ 'ਚੋਂ ਗੁਜ਼ਰਦੇ ਹੋਏ ਜੇਪੀ ਨੂੰ ਇਸ ਗੱਲ ਦਾ ਇਲਹਾਮ ਹੁੰਦਾ ਹੈ ਕਿ ਯਾਦਾਂ 'ਅਸੁਰੱਖਿਅਤਾ' ਤੋਂ ਬਚਣ ਦਾ ਇੱਕ ਤਰਲਾ ਹੀ ਹਨ, ਉਹ ਪਿਆਰ ਦਾ ਭਰਮ ਸਿਰਜਦੀਆਂ ਜਾਪਦੀਆਂ ਹਨ, ਪਰ ਕੀ ਉਹੀ ਪਿਆਰ ਹਨ।


ਜੇਪੀ ਇਨ੍ਹਾ ਸਵਾਲਾਂ ਨਾਲ ਦੋ-ਚਾਰ ਹੈ, ਉਸਦੇ ਸਾਹਮਣੇ ਇਹ ਭੇਦ ਖੁਲਦਾ ਹੈ ਕਿ 'ਅਸੁਰੱਖਿਅਤਾ' ਮਨੁੱਖੀ ਹੋਂਦ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਹੋਂਦ ਦੇ ਇਸ ਧਰਾਤਲ 'ਤੇ ਕੁਝ ਵੀ ਯਕੀਨੀ ਨਹੀਂ। ਉਸਨੂੰ ਅਹਿਸਾਸ ਹੁੰਦਾ ਹੈ ਕਿ ਸਵੈ ਦੀ ਹੋਂਦ ਤੋਂ ਪਾਰ ਜਾਏ ਬਗੈਰ 'ਅਸੁਰੱਖਿਅਤਾ' ਤੇ ਵਿਛੋੜੇ ਦੇ ਇਸ ਡਰ ਤੋਂ ਮੁਕਤ ਹੋਣ ਦਾ ਹੋਰ ਕੋਈ ਮਾਰਗ ਨਹੀਂ ਤੇ ਇਹ ਮਾਰਗ ਹੈ ਮੈਂ, ਮੇਰੇ, ਤੇ ਮੇਰੇਪਣ ਤੋਂ ਮੁਕਤ ਹੋਣ ਦਾ ਮਾਰਗ, ਜੋ ਇੱਕ ਮਨੋਗਤ ਮੌਤ ਹੈ-ਹਊਮੈ ਦੀ ਮੌਤ। ਜੇਪੀ ਇਸੇ ਮਾਰਗ ਨੂੰ ਚੁਣਦਾ ਹੈ। ਇਹ ਇਸ ਨਾਟਕ ਦਾ ਉਹ ਚਰਮ ਬਿੰਦੂ ਹੈ ਜਿਸਨੂੰ ਦ੍ਰਿਸ਼ ਬਣਾਇਆ ਜਾ ਸਕਦਾ ਹੈ। ਇਸ ਤੋਂ ਅੱਗੇ ਦੀ ਯਾਤਰਾ ਮੌਨ ਦੀ ਯਾਤਰਾ ਹੈ-ਅਰੂਪ ਦੀ- ਜਿਸਨੂੰ ਦੇਖਿਆ-ਦਿਖਾਇਆ ਨਹੀਂ ਜਾ ਸਕਦਾ, ਬੱਸ ਜੀਵੀਆ ਜਾ ਸਕਦਾ ਹੈ। 

ਬਲਰਾਮ 

ਲੇਖਕ ਇਸ ਨਾਟਕ ਦੇ ਨਿਰਦੇਸ਼ਕ ਹਨ।

Friday, April 19, 2013

ਬਲਾਤਕਾਰ ਦੀ ਸਿਆਸਤ ਅਤੇ ਮਨੁੱਖੀ ਜਿਸਮ


ਭਾਰਤ ਨੂੰ ਸੰਵਿਧਾਨਿਕ ਤੇ ਕਾਨੂੰਨੀ ਤੌਰ ਤੇ ਜਮਹੂਰੀ ਮੁਲਕ ਮੰਨਿਆ ਜਾਂਦਾ ਹੈ। ਇਸ ਦੇ ਵੱਖ-ਵੱਖ ਸੂਬਿਆਂ ਦੀਆਂ ਬਹੁਤ ਸਾਰੀਆਂ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਤੰਦਾਂ ਸਾਂਝੀਆਂ ਹਨ। ਆਰਥਿਕਤਾ ਦਾ ਧੁਰਾ ਖੇਤੀ ਹੈ ਅਤੇ ਸਿਆਸੀ ਤੌਰ ਤੇ ਬਹੁਤੇ ਸੂਬੇ ਜਾਤ-ਪਾਤ,ਵਰਗ ਵਿਤਕਰੇ ਅਤੇ ਪੂੰਜੀ ਦੇ ਦਮ ਤੇ ਟਿਕੇ ਹੋਏ ਹਨ। ਇਹ ਮੰਨਣਾ ਮਹਿਜ਼ ਖੁਸ਼ਫਹਿਮੀ ਹੈ ਕਿ ਇਹਨਾਂ ਸੂਬਿਆਂ ਵਿੱਚ ਜਮਹੂਰੀ ਮੁੱਲਾਂ ਅਤੇ ਪ੍ਰੰਪਰਾਵਾਂ ਦੇ ਪਨਪਣ ਦਾ ਸੋਮਾ ਇਹਨਾਂ ਵਿੱਚ ਰਹਿ ਰਹੀ ਲੋਕਾਈ ਹੈ। ਬਹੁਤੇ ਸੂਬਿਆਂ ਨੇ 'ਜ਼ਰ,ਜ਼ੋਰੂ ਤੇ ਜ਼ਮੀਨ'ਨੂੰ ਸਮਾਜਿਕ ਸੱਤਾ ਅਤੇ ਮਰਦਾਨਗੀ ਦੀ ਚੂਲ ਮੰਨਦਿਆਂ ਨਾ ਤਾਂ ਹੁਣ ਤੱਕ ਪਨਪੀਆਂ ਆਧੁਨਿਕ ਵਿਚਾਰਧਰਾਵਾਂ ਨਾਲ ਕੋਈ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਮੌਜੂਦਾ ਵਿਕਾਸ ਮਾਡਲਾਂ ਵਿੱਚ ਪਈ ਲੁਪਤ ਹਿੰਸਾ ਤੇ ਕੋਈ ਕਾਰਵਾਈ ਕਰਣ ਦਾ ਤਰਦੱਦ ਕੀਤਾ ਹੈ। ਜਦੋਂ ਇਹਨਾਂ ਸੂਬਿਆਂ ਦਾ ਸੱਤਾ-ਤੰਤਰ ਚੌਧਰ ,ਹੈਂਕੜ ਅਤੇ ਪੂੰਜੀ ਦੀ ਟੀਰੀ ਮਾਨਸਿਕਤਾ ਨਾਲ ਲੈਸ ਹੋ ਕੇ ਸਮਾਜਿਕ ਭਲਾਈ, ਸਮਾਨਤਾ, ਨਿਆਂ ਅਤੇ ਸਹਿਹੋਂਦ ਵਰਗੀਆਂ ਧਾਰਨਾਵਾਂ ਨਾਲ ਦੋ-ਚਾਰ ਹੁੰਦਾ ਹੈ ਤਾਂ ਇਸ ਦਾ ਸਾਰਾ ਨੰਗੇਜ਼ ਉਘੜ ਆਉਂਦਾ ਹੈ। ਇਸ ਦੀ ਇੱਕ ਝਲਕ ਹੁਣੇ- ਹੁਣੇ ਮੁਲਕ ਦੀ ਰਾਜਧਾਨੀ ਦਿੱਲੀ ਵਿੱਚ ਦੇਖਣ ਨੂੰ ਮਿਲੀ ਜਿੱਥੇ ਸੜਕਾਂ ਤੇ ਨਿਕਲੇ ਲੋਕਾਂ ਨੂੰ ਇਲਮ ਹੋਇਆ ਕਿ ਹੁਣ ਤੱਕ ਉਹ ਜਮਹੂਰੀਅਤ ਦੇ ਨਾਮ ਤੇ ਇੱਕ ਅਜਿਹੇ ਵਰਗ ਨੂੰ ਹੱਥ ਕੱਟਕੇ ਦੇ ਚੁੱਕੇ ਹਨ ਜੋ ਚਿਰਾਂ ਤੋਂ ਲੋਕਾਈ ਨੂੰ ਬੇਵਿਸਾਹੀ,ਬੇਬਸੀ,ਇੱਕਲਤਾ ਅਤੇ ਸਰੀਰਾਂ ਦੇ ਵਿਅਕਤੀਗਤ ਜ਼ਸਨਾਂ ਦੇ ਮਹਾਂਦੀਪਾਂ ਵੱਲ ਧੱਕ ਰਿਹਾ ਹੈ।

ਮਨਮੋਹਣ ਸਿੰਘ ਦੇ ਅਮਰੀਕੀ ਤਰਜ਼ ਦੇ ਆਰਥਿਕ ਸੁਧਾਰਾਂ ਨੂੰ ਲਾਗੂ ਕਰਦਾ ਸੱਤਾ-ਤੰਤਰ ਭੁੱਖ,ਗਰੀਬੀ,ਬੇਬਸੀ ਤੇ ਜ਼ਲ਼ਾਲਤ ਦੇ ਜ਼ਜ਼ੀਰਿਆਂ ਤੇ ਆਯਾਸ਼ੀ ਦੇ ਟਾਪੂ ਉਸਾਰਦਾ ਹਰਿਆਣਾ ਵਿੱਚ ਲਗਾਤਾਰ ਹੋ ਰਹੇ ਬਲਾਤਕਾਰਾਂ ਅਤੇ ਪੰਜਾਬ ਵਿੱਚ ਨਿੱਤ ਦਿਨ ਵਾਪਰ ਰਹੀਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਰਾਹੀ ਅਗਲੀ ਸ਼ਕਲ ਬਦਲਦਾ ਹੈ। ਜੇਕਰ ਇਹਨਾਂ ਘਟਨਾਵਾਂ ਨੂੰ ਆਪਸ ਵਿੱਚ ਜੋੜਕੇ ਸਮਝਿਆ ਜਾਵੇ ਤਾਂ ਸ਼ੱਪਸ਼ਟ ਹੋ ਜਾਦਾ ਹੈ ਕਿ ਇਹਨਾਂ ਦੀ ਪਟਕਥਾ ਸਿਆਸੀ ਸੱਤਾ ਲਿਖਦੀ ਹੈ।

ਇਸ ਸੱਤਾ ਦਾ ਧੁਰਾ ਬੇਥਵੀ ਤੇ ਲੋਕਾਈ ਦਾ ਗਲਾ ਕੱਟ ਕੇ ਇਕੱਠੀ ਕੀਤੀ ਪੂੰਜੀ ਹੈ। ਇਸ ਪੂੰਜੀ ਦਾ ਆਪਣਾ ਮਨੋਵਿਗਿਆਨ ਹੈ । ਇਸ ਮਨੋਵਿਗਿਆਨ ਦੀ ਕਥਨੀ ਤੇ ਕਰਨੀ ਬਜ਼ਾਰ ਤੈਅ ਕਰਦਾ ਹੈ ਤੇ ਇਸ ਦੀ ਹੋਂਦ ਉਹਨਾਂ ਸਮਾਜਿਕ ਵਰਤਾਰਿਆਂ ਤੇ ਟਿਕੀ ਹੈ ਜੋ ਆਰਥਿਕ ,ਧਾਰਿਮਕ, ਸਮਾਜਿਕ, ਸਰੀਰਿਕ ਜਾਂ ਜਾਤੀ ਆਧਾਰ ਤੇ ਸਧਾਰਨ ਲੋਕਾਈ ਨੂੰ ਲਗਾਤਾਰ ਜ਼ਲ਼ਾਲ਼ਤ ਵਿੱਚ ਜਿਊਣ ਲਈ ਮਜ਼ਬੂਰ ਕਰਦੇ ਹਨ। ਇਸ ਤਰਕ ਨੂੰ ਸਮਝਣ ਲਈ ਹੁਣੇ-ਹੁਣੇ ਚੁਣੀ ਗਈ ਮੋਦੀ ਸਰਕਾਰ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਗੁਜਰਾਤ ਚੋਣ ਕਮਿਸ਼ਨ ਅਨੁਸਾਰ ਇਸ ਮੋਦੀ ਸਭਾ ਦੇ 57 ਮੈਂਬਰਾਂ ਖਿਲਾਫ ਬਲਾਤਕਾਰ,ਕਤਲ,ਅਗਵਾ ਕਰਣ ਅਤੇ ਫਿਰੌਤੀ ਵਸੂਲਣ ਦੇ ਮੁਕੱਦਮੇ ਚਲ ਰਹੇ ਹਨ। ਹੁਣ ਜੇਕਰ ਜਮਹੂਰੀਅਤ ਦਾ ਭੁਲ਼ੇਖਾ ਪਾਲੀ ਬੈਠੀ ਲੋਕਾਈ ਆਪਣੇ ਆਪ ਨੂੰ ਸਿਰਫ ਕਾਗਜ਼ ਦੇ ਇੱਕ ਟੁਕੜੇ ਅਰਥਾਤ ਵੋਟ ਤੱਕ ਮਹਿਦੂਦ ਕਰਕੇ ਇਹਨਾਂ ਹੀ ਅਪਰਾਧੀਆਂ ਤੋਂ ਬਲਾਤਕਾਰ,ਕਤਲ,ਅਗਵਾ ਕਰਣ ਅਤੇ ਫਿਰੌਤੀ ਵਸੂਲਣ ਦੇ ਵਿਰੁੱਧ ਨਿਆਂ ਦੀ ਉਮੀਦ ਰੱਖਦੀ ਹੈ ਤਾਂ ਇਹ ਤੈਅ ਹੈ ਕਿ ਇਸ ਰਾਸ਼ਟਰ ਦੀ ਸਿਆਸੀ ਚੇਤਨਾ ਮਰ ਚੁੱਕੀ ਹੈ।

ਜੁਰਮ ਅਤੇ ਨਿਆਂ ਦਾ ਮਸਲਾ ਅਕਸਰ ਕਾਨੂੰਨ ਅਤੇ ਸਜ਼ਾ ਨਾਲ ਜੋੜ ਕੇ ਸਮਝਿਆ ਜਾਂਦਾ ਹੈ। ਇਸ ਫੌਰੀ ਹੱਲ ਦੀਆ ਕੁਝ ਲੁਪਤ ਪਰਤਾਂ ਹਨ। ਪਹਿਲੀ ਜੁਰਮ ਦਾ ਸਿੱਧਾ ਸਬੰਧ ਪੀੜਿਤ ਧਿਰ ਦੀ ਨਾਬਰਾਬਰੀ ਨਾਲ ਹੁੰਦਾ ਹੈ। ਮਸਲਨ ਬਲਾਤਕਾਰਾਂ ਦੇ ਮਾਮਲੇ ਵਿੱਚ ਇਹ ਨਾਬਰਾਬਰੀ ਔਰਤ ਹੋਣਾ ਹੋ ਸਕਦਾ ਹੈ। ਔਰਤ ਦਾ ਦਲਿਤ ਹੋਣਾ,ਘੱਟ-ਗਿਣਤੀ ਨਾਲ ਸਬੰਧਿਤ ਹੋਣਾ,ਗਰੀਬ ਹੋਣਾ,ਆਦਿਵਾਸੀ ਹੋਣਾ, ਬਲਾਤਕਾਰਾਂ ਦਾ ਅਨੁਪਾਤ ਵੱਧਣ ਨਾਲ ਸਿੱਧਾ ਸਬੰਧਿਤ ਹੈ। ਦਿਲਚਸਪ ਤੱਥ ਹੈ ਕਿ ਔਰਤਾਂ ਦਾ ਉਪਰੋਕਤ ਵਰਗ ਹੀ ਸਿੱਖਿਆਂ,ਸਿਹਤ ਤੇ ਬਾਕੀ ਸਿਆਸੀ-ਸਮਾਜਿਕ ਸਹੂਲਤਾਂ ਦੇ ਮਾਮਲੇ ਵਿੱਚ ਹਾਸ਼ੀਏ ਤੇ ਹੈ । ਕੀ ਉਪਰੋਕਤ ਵਰਗ ਦੀਆਂ ਔਰਤਾਂ ਦੇ ਸਰੀਰਾਂ ਖਿਲਾਫ ਹੁੰਦੀ ਇਸ ਸਿਆਸਤ ਨੂੰ ਸਿਰਫ ਜੁਰਮ ਅਤੇ ਨਿਆਂ ਦੀਆਂ ਧਾਰਨਾਵਾਂ ਰਾਹੀ ਸਮਝਿਆਂ ਜਾ ਸਕਦਾ ਹੈ? ਦੂਜੀ ਪਰਤ ਅਨੁਸਾਰ ਜੁਰਮ ਅਤੇ ਨਿਆਂ ਦੋਵੇਂ ਧਾਰਨਾਵਾਂ ਨਿਰਪੱਖ ਨਹੀਂ ਹਨ ਸਗੋਂ ਇਹਨਾਂ ਦੀ ਘਾੜਤ ਸਿਆਸੀ,ਆਰਥਿਕ,ਧਾਰਿਮਕ ਤੇ ਸਭਿਆਚਾਰਕ ਵਰਤਾਰਿਆਂ ਦੁਆਰਾ ਘੜੀ ਜਾਦੀ ਹੈ ਅਤੇ ਇਹ ਹਮੇਸ਼ਾ ਮਾੜੇ-ਨਿਤਾਣੇ ਜਨਾਂ ਖਿਲਾਫ ਭੁਗਤਦੀ ਹੈ। ਤੀਜਾ ਬਲਾਤਕਾਰ ਰੂਪੀ ਜੁਰਮ ਸਾਬਿਤ ਕਰਦਾ ਹੈ ਕਿ ਜਿਹੜਾ ਵਰਗ (ਇਸ ਮੁੱਦੇ ਵਿੱਚ ਔਰਤ) ਸਿਆਸੀ,ਆਰਥਿਕ,ਧਾਰਿਮਕ ਤੇ ਸਭਿਆਚਾਰਕ ਢਾਂਚਿਆਂ ਦੀ ਬਣਤਰ ਅਤੇ ਸੰਚਾਲਣ ਵਿੱਚ ਸੱਤਾਹੀਣ ਹੈ ਉਹ ਕਿਸੇ ਵੀ ਤਰ੍ਹਾਂ ਦੀ ਸੱਤਾ (ਇਸ ਮੁੱਦੇ ਵਿੱਚ ਮਰਦ ਸੱਤਾ ਕਿਹਾ ਜਾ ਸਕਦਾ ਹੈ) ਵਿੱਚ ਨਾ ਸਿਰਫ ਸ਼ੋਸ਼ਿਤ ਰਹੇਗਾ ਸਗੋਂ ਆਪਣੀ ਸਰੀਰਿਕ ਹੋਂਦ ਬਚਾਉਣ ਲਈ ਆਪਣੇ ਵਰਗ ਖਿਲਾਫ ਵੀ ਭੁਗਤੇਗਾ।


ਬਲਾਤਕਾਰ ਸਰੀਰਿਕ ਦਰਿੰਦਗੀ ਹੈ ਪਰ ਇਹੀ ਦਰਿੰਦਗੀ ਜਦੋਂ ਔਰਤਾਂ ਨਾਲ ਦਾਜ ਕਾਰਣ ਹੁੰਦੀਆਂ ਮੌਤਾਂ (ਜਿਸ ਨੂੰ ਹੁਣ ਸ਼ਾਇਦ ਕੁਦਰਤੀ ਮੌਤ ਹੀ ਮੰਨ ਲਿਆ ਗਿਆ ਹੈ) ਘਰੇਲੂ ਹਿੰਸਾ ਕਾਰਣ ਹੋਈਆ ਮੌਤਾਂ,ਅਣਖ ਕਾਰਣ ਕੀਤੇ ਕਤਲਾਂ ਅਤੇ ਰਾਜਤੰਤਰ ਦੁਆਰਾ ਅਮਨ-ਕਾਨੂੰਨ ਦੇ ਲੁਬਾਦੇ ਹੇਠ ਕੀਤੇ ਕਤਲਾਂ ਦੇ ਰੂਪ ਵਿੱਚ ਹੁੰਦੀ ਹੈ ਤਾਂ ਇਸ ਨੂੰ ਮਿਲਿਆ ਸਮਾਜਿਕ ਸੱਤਾ ਦਾ ਨੈਤਿਕ ਹੁੰਗਾਰਾ ਅਜਿਹੇ ਕਤਲਾਂ ਦੀ ਲੜੀ ਨਹੀਂ ਟੁੱਟਣ ਦਿੰਦਾ। ਸਮਾਜਿਕ ਸੱਤਾ ਦਾ ਧੁਰਾ ਕੁਦਰਤੀ ਤੇ ਮਨੁੱਖੀ ਸਾਧਨਾਂ ਤੇ ਕਾਬਜ਼ ਕਲੀਨ ਵਰਗ, ਜਾਤ-ਧਰਮ ਦੇ ਨਾਮ ਤੇ ਫਿਰਕੂਪੁਣੇ ਤੇ ਗੈਰਮਨੁੱਖੀ ਰਵਾਇਤਾਂ ਨੂੰ ਜ਼ਿੰਦਾ ਰੱਖਦੇ ਟੋਲੇ ਅਤੇ ਇਹਨਾਂ ਦੀ ਹੋਂਦ ਲਈ ਆਕਸੀਜਨ ਦਾ ਕੰਮ ਦਿੰਦੇ ਵਿਆਹ,ਸਿੱਖਿਆਂ-ਸੰਸਥਾਂਵਾਂ, ਕੰਮ-ਕਾਜ ਦੇ ਸਥਾਨ,ਬਜ਼ਾਰ,ਕਲਾ ਤੇ ਸੱਭਿਆਚਾਰ ਰੂਪੀ ਅਦਾਰੇ ਹਨ। ਕੋਈ ਮਨੂੱਖੀ ਸਰੀਰ ਕਿਵੇਂ ਦੇਖਿਆ,ਵਰਤਿਆ,ਵੇਚਿਆਂ, ਸਾਂਭਿਆਂ,ਵੱਢਿਆ,ਰੋਲਿਆ ਜਾਵੇਗਾ ਇਹ ਇਹੀ ਸਮਾਜਿਕ ਸੱਤਾ ਤੈਅ ਕਰਦੀ ਹੈ। ਇਸ ਸਮਾਜਿਕ ਸੱਤਾ ਦਾ ਹੀ ਇੱਕ ਹਿੱਸਾ ਸਿਆਸੀ ਸੱਤਾ ਹੈ ਜੋ ਇਸ ਦਾ ਕਾਰਜਕਾਰੀ ਅੰਗ ਹੈ। ਹੁਣ ਜੇਕਰ ਇਹ ਸਮਾਜਿਕ ਸੱਤਾ ਹੀ ਗੈਰ-ਜਮਹੂਰੀ ਹੈ ਤਾਂ ਕੀ ਇਹ ਸੰਭਵ ਹੈ ਕਿ ਇਸ ਦਾ ਕਾਰਜਕਾਰੀ ਅੰਗ ਅਰਥਾਤ ਸਿਆਸੀ ਸੱਤਾ ਆਪਣੇ ૶ਆਪ ਹੀ ਜਮਹੂਰੀ ਹੋ ਜਾਵੇ? ਇੱਥੇ ਇੱਕ ਮਹਤੱਵਪੂਰਨ ਨੁਕਤਾ ਸਮਾਜਿਕ ਸੱਤਾ ਦੀ ਹੋਂਦ ਨੂੰ ਜ਼ਿੰਦਾ ਰੱਖਦੇ ਗੈਰ-ਜਮਹੂਰੀ ਤੇ ਗੈਰ-ਵਿਗਿਆਨਕ ਵਰਤਾਰਿਆਂ ਬਾਰੇ ਹੈ।

ਉਦਾਹਰਣ ਦੇ ਤੌਰ ਤੇ ਔਰਤ-ਵਰਗ ਦੀ ਹਰ ਅਦਾਰੇ ਅਤੇ ਇਕਾਈ ਵਿੱਚ ਅੱਧ ਦੀ ਹਾਜ਼ਰੀ ਪੂਰੀ ਕਰਣ ਦਾ ਕੋਈ ਅਰਥ ਨਹੀਂ ਜੇਕਰ ਉਹ ਗੈਰ-ਜਮਹੂਰੀ ਤੇ ਗੈਰ-ਵਿਗਿਆਨਕ ਵਰਤਾਰਿਆਂ ਨੂੰ ਬਦਲਣ ਦੀ ਬਿਜਾਏ ਸਮਾਜਿਕ ਸੱਤਾ ਦੇ ਵਰਤੋਂ-ਵਿਹਾਰ ਨੂੰ ਇੰਨ-ਬਿੰਨ ਹੀ ਲਾਗੂ ਕਰਨ ਲੱਗ ਜਾਵੇ। ਹਜ਼ਾਰਾਂ ਮਾਇਆਵਤੀਆਂ,ਸ਼ੀਲਾਂ-ਦੀਕਸ਼ਿਤਾਂ ਤੇ ਮਮਤਾਵਾਂ ਦੇ ਹੱਥ ਵਿੱਚ ਦਿੱਤੀ ਸਿਆਸੀ ਸੱਤਾ ਔਰਤ-ਵਰਗ ਦਾ ਕੁਝ ਨਹੀਂ ਸੌਰ ਸਕਦੀ ਜਦ ਤੱਕ ਉਹ ਸਮਾਜਿਕ ਸੱਤਾ ਦੇ ਜਮਹੂਰੀਕਰਣ ਦਾ ਹਥਿਆਰ ਨਹੀਂ ਚੁੱਕਦੀਆਂ।

ਸਮਾਜਿਕ ਸੱਤਾ ਦੇ ਜਮਹੂਰੀਕਰਣ ਦਾ ਅਮਲ ਨਾ ਤਾਂ ਮਰਦ-ਵਰਗ ਖਿਲਾਫ ਨਫਰਤ ਤੇ ਹਿੰਸਾ ਨਾਲ ਸਰ ਹੋ ਸਕਦਾ ਹੈ ਅਤੇ ਨਾ ਹੀ ਵੱਖ-ਵੱਖ ਵਰਗਾਂ ਦੀ ਸਮਾਜਿਕ ਸੱਤਾ ਵਿੱਚ ਬਰਾਬਰੀ ਤੋਂ ਬਿਨਾਂ ਹੱਲ ਹੀ ਸਕਦਾ ਹੈ। ਇਹ ਤਾਂ ਤੈਅ ਹੀ ਹੈ ਕਿ ਸਿਆਸੀ ਚੇਤੰਨਤਾ ਤੋਂ ਵਿਹੂਣੀ ਲੋਕਾਈ ਜਮਹੂਰੀਅਤ ਲਈ ਲੜਣ ਦੀ ਥਾਂ ਉਮਰ ਭਰ ਰੋਟੀ,ਕੁੱਲ਼ੀ ਤੇ ਜੁੱਲੀ ਲਈ ਜੂਝਦਿਆਂ ਹੀ ਕੱਢ ਦਿੰਦੀ ਹੈ ।ਇਹ ਜਮਹੂਰੀਅਤ ਨੂੰ ਸਰੀਰ ਬਚਾਉਣ ਤੱਕ ਸੀਮਿਤ ਕਰਣ ਦੀ ਸਿਆਸਤ ਹੈ ।ਬਲਾਤਕਾਰ ਦੀ ਸੰਰਚਨਾ ਭੁੱਖਮਰੀ ਨਾਲ ਹੁੰਦੀਆਂ ਮੌਤਾਂ,ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵਰਤਾਰੇ ਅਤੇ ਸਾਧਨ-ਵਿਹੂਣੀਆਂ ਜ਼ਿੰਦੜੀਆਂ ਦੀ ਜ਼ਲਾਲਤ ਨਾਲੋਂ ਕਿਸੇ ਤਰ੍ਹਾਂ ਵੀ ਤੋੜ ਕੇ ਨਹੀਂ ਸਮਝੀ ਜਾ ਸਕਦੀ।

ਕੁਲਦੀਪ ਕੌਰ
ਲੇਖਿਕਾ ਔਰਤਾਂ ਨਾਲ ਜੁੜੇ ਸੰਵੇਦਨਸ਼ੀਲ ਮਸਲਿਆਂ  ਬਾਰੇ ਲਗਾਤਾਰ ਲਿਖਦੇ ਰਹਿੰਦੇ ਹਨ। ਉਹ ਅੱਜਕਲ੍ਹ ਪੰਜਾਬੀ ਯੂਨੀਵਰਸਿਟੀ 'ਚ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਦੇ ਰਿਸਰਚ ਸਕਾਲਰ ਹਨ।

Tuesday, March 19, 2013

ਔਰਤਾਂ ਖਿਲਾਫ ਹਿੰਸਾ ਦੀ ਸਿਆਸੀ-ਸਮਾਜਿਕਤਾ

ਪਿਛਲੀ ਸਦੀ ਨੂੰ ਜਿੱਥੇ ਬਸਤੀਵਾਦ,ਉੱਤਰ ਆਧੁਨਿਕਵਾਦ,ਪਰਵਾਸ ਤੇ ਜੰਗਾਂ ਦੀ ਸਦੀ ਦੇ ਤੌਰ ਤੇ ਜਾਣਿਆ ਜਾਵੇਗਾ ਉੱਥੇ ਦੱਖਣ-ਏਸ਼ਿਆਈ ਖਿੱਤੇ ਦੇ ਆਵਾਮ ਦੇ ਚੇਤਿਆਂ ਵਿੱਚ ਇਹ ਸਦੀ ਜਮਹੂਰੀ ਤਜਰਬਿਆਂ,ਖਾਨਾਜੰਗੀਆਂ,ਤਾਨਾਸ਼ਾਹਾਂ,ਉਜਾੜਿਆਂ ਅਤੇ ਕਾਨੂੰਨਾਂ ਦੀ ਸਦੀ ਦੇ ਰੂਪ ਵਿੱਚ ਦਰਜ ਹੋਵੇਗੀ।ਇਸ ਖਿੱਤੇ ਦੇ ਆਵਾਮ ਦੀਆਂ ਆਪਸ ਵਿੱਚ ਬਹੁਤ ਸਾਰੀਆਂ ਸਿਆਸੀ,ਆਰਥਿਕ,ਸੱਭਿਆਚਾਰਕ,ਧਾਰਮਿਕ ਤੇ ਭਾਵਨਾਤਮਿਕ ਸਾਂਝਾ ਹਨ।ਇਹਨਾਂ ਸਾਂਝਾ ਦੇ ਬਾਵਜੂਦ ਖਿੱਤੇ ਦੇ ਜ਼ਿਆਦਾਤਰ ਦੇਸਾਂ ਦੀ ਬਸਤੀਆਂ ਦੇ ਰੂਪ ਵਿੱਚ ਹੋਈ ਲੁੱਟ-ਖਸੁੱਟ ਅਤੇ ਆਧੁਨਿਕ ਵਿਕਾਸ ਦੀ ਅਣਹੋਂਦ ਕਾਰਨ ਇਸ ਖਿੱਤੇ ਦਾ ਆਵਾਮ ਗਰੀਬੀ,ਭੁੱਖਮਰੀ,ਥੁੱੜ੍ਹਾਂ ਅਤੇ ਹਮਸਾਇਆ-ਹਮਵਤਨਾਂ ਪ੍ਰਤੀ ਰੰਜ਼ ਵਿੱਚ ਪਲਦਾ ਤੇ ਸੋਚਦਾ ਹੈ।ਇਹ ਰੰਜ਼ ਜਿੱਥੇ ਤਰਕ,ਜਮਹੂਰੀਅਤ,ਵਿਗਿਆਨਕ ਸੋਚ ਤੇ ਮਨੁੱਖੀ ਦਰਦ ਨਾਲ ਪ੍ਰਣਾਈ ਸਿਆਸਤ ਦੇ ਹੱਥਾਂ ਵਿੱਚ ਆਵਾਮ ਲਈ ਤਰੱਕੀ ਦੀਆਂ ਨਵੀਆਂ ਰਾਹਾਂ ਘੜ੍ਹ ਸਕਦਾ ਸੀ ਉੱਥੇ ਬਸਤੀਵਾਦੀ ਲੀਹਾਂ ਤੇ ਕੰਮ ਕਰ ਰਹੀਆਂ ਇਸ ਖਿੱਤੇ ਦੀਆਂ ਸਰਕਾਰਾਂ ਦੇ ਹੱਥਾਂ ਵਿੱਚ ਇਹ ਸਮਾਜ ਦੇ ਸਾਧਨ-ਹੀਣ ਤੇ ਹਾਸ਼ੀਏ ਤੇ ਪਏ ਵਰਗਾਂ ਦੀ ਸਿੱਧੀ-ਅ ਸਿੱਧੀ ਲੁੱਟ ਦਾ ਸੰਦ ਬਣ ਚੁੱਕਾ ਹੈ।ਇਥੇ ਸਰਕਾਰਾਂ ਦਾ ਅਰਥ ਵੀ ਕੁਝ ਘਰਾਣਿਆਂ ਦੀ ਸਾਰੇ ਸਾਧਨਾਂ ਤੇ ਮਾਲਕੀ ਤੇ ਹਿੰਸਾਤਮਕ ਸੱਤਾ ਪ੍ਰਾਪਤੀ ਤੱਕ ਸਿਮਟ ਜਾਦਾਂ ਹੈ।

ਸੱਤਾ ਪ੍ਰਾਪਤੀ ਦੀ ਇਹ ਪ੍ਰਕ੍ਰਿਆ ਆਰਥਿਕ ਇਜਾਰੇਦਾਰੀ,ਬੌਧਿਕ ਨਿਪੁੰਨਸਕਤਾ,ਧਾਰਿਮਕ ਫਿਰਕਾਪ੍ਰਸਤੀ,ਸਮਾਜਿਕ ਵਿਤਕਰਿਆਂ ਤੇ ਸੱਭਿਆਚਾਰਕ ਅਰਾਜਕਤਾ ਤੋਂ ਬਿਨਾਂ ਸੰਭਵ ਹੀ ਨਹੀ।ਅੱਜ ਇਸ ਖਿੱਤੇ ਦਾ ਆਵਾਮ ਨਾ ਸਿਰਫ ਉਪਰੋਕਤ ਹਿੰਸਾ ਨਾਲ ਲਗਾਤਾਰ ਦੋ ਚਾਰ ਹੋ ਰਿਹਾ ਹੈ ਸਗੋਂ ਉਸ ਤੋਂ ਸਾਹ ਲੈਣ ਲਈ ਸਾਫ ਹਵਾ,ਪੀਣ ਲਈ ਸਾਫ ਪਾਣੀ,ਖਾਣ ਲਈ ਪੇਟ ਭਰ ਭੋਜਨ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਖੋਹੀਆ ਜਾ ਰਹੀਆਂ ਹਨ।ਇਸ ਹਿੰਸਾਤਮਕ ਤੇ ਅਣਮਨੁੱਖੀ ਵਰਤਾਰੇ ਦੀ ਹੋਂਦ ਉਹਨਾਂ ਸੰਸਥਾਵਾਂ ਦੇ ਦਮ ਤੇ ਟਿਕੀ ਹੋਈ ਹੈ ਜੋ ਨਾਬਰਾਬਰੀ,ਜ਼ਲਾਲਤ,ਸਮਾਜਿਕ ਵਰਗੀਕਰਣ,ਵਿਤਕਰਿਆਂ ਤੇ ਗੈਰ-ਜਮਹੂਰੀ ਰਿਸ਼ਤਿਆਂ ਦੇ ਸਿਰ ਤੇ ਸਥਾਪਿਤ ਹਨ।ਇਹਨਾਂ ਵਿੱਚੋਂ ਰਾਜ,ਧਰਮ,ਸੱਭਿਆਚਾਰ ਤੇ ਘਰ ਮੁੱਖ ਹਨ ਤੇ ਇਹ ਸੰਸਥਾਵਾਂ ਹੁਣ ਉਦਾਰੀਕਰਣ,ਨਵ-ਬਸਤੀਵਾਦ ਤੇ ਆਲਮੀਕਰਣ ਨਾਲ ਜ਼ਰਬ ਖਾ ਚੁੱਕੀਆ ਹਨ।ਇਸ ਪੂਰੇ ਵਰਤਾਰੇ ਵਿੱਚ ਉਹ ਲੋਕਾਈ ਜਿਹੜੀ ਇੱਕ ਸੰਗਠਿਤ ਦਬਾੳ-ਸਮੂਹ ਦੇ ਰੂਪ ਵਿੱਚ ਨਹੀਂ ਵਿਚਰ ਰਹੀ ਜਾਂ ਨਹੀਂ ਵਿਚਰ ਸਕਦੀ ਭਾਵੇ ਉਹ ਔਰਤਾਂ ਹੋਣ,ਬੱਚੇ ਹੋਣ,ਦਲਿਤ ਹੋਣ,ਗਰੀਬ ਕਿਸਾਨ ਹੋਣ,ਆਦਿਵਾਸੀ ਹੋਣ,ਪਿੱਛੜੇ ਵਰਗ ਹੋਣ ਉਹਨਾਂ ਖਿਲਾਫ ਹਿੰਸਾ ਨੂੰ ਇੱਕ ਅਣਕਹੀ ਸਹਿਮਤੀ ਮਿਲ ਜਾਂਦੀ ਹੈ।ਔਰਤਾਂ ਖਿਲਾਫ ਹਿੰਸਾ ਨੂੰ ਇਸੇ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ।

ਦੱਖਣੀ-ਏਸ਼ਿਆਈ ਦੇਸ਼ਾਂ ਦੀਆਂ ਔਰਤਾਂ ਦਾ ਪਾਲਣ-ਪੋਸ਼ਣ ਧਾਰਮਿਕ ਅਕੀਦਿਆਂ,ਸੱਭਿਆਚਾਰਕ ਰਵਾਇਤਾਂ ਅਤੇ ਪਿਤਾ-ਪੁਰਖੀ ਰਿਵਾਜਾਂ ਅਨੁਸਾਰ ਹੁੰਦਾ ਹੈ।ਬੁੱਧ,ਕਨਫਿਉਸਿਅਸ਼,ਹਿੰਦੂ,ਇਸਲਾਮਿਕ,ਸਿੱਖ ਤੇ ਇਸਾਈ ਰਹੁ-ਰੀਤਾਂ ਦਾ ਮਰਦਾਵਾਂ ਖਾਸਾ ਜਦੋਂ ਨਾਬਰਾਬਰੀ,ਥੁੜਾਂ ਤੇ ਗੈਰ-ਜਮਹੂਰੀਅਤ ਵਿੱਚ ਜਿਉਂ ਰਹੇ ਸਮਾਜਾਂ ਨਾਲ ਜਰਬ ਖਾਂਦਾ ਹੈ ਤਾਂ ਰਾਜ ਤੇ ਸਮਾਜ ਦੀ ਪਹਿਲੀ ਕੜੀ ਅਰਥਾਤ ਘਰ ਵਿੱਚ ਹੀ ਸਾਰੇ ਰਿਸ਼ਤੇ ਪੂੰਜੀ ਉਪਜਾੳਣ ਦੀ ਸਮਰੱਥਾ ਤੇ ਮਾਲਿਕੀ ਨਾਲ ਤੈਅ ਹੋਣ ਲੱਗਦੇ ਹਨ।ਔਰਤਾਂ ਖਿਲਾਫ ਹੁੰਦੀ ਹਿੰਸਾ ਇਸੇ ਸੱਤਾ ਦੀ ਮਾਲਿਕੀ ਦਾ ਸੰਦ ਹੈ ਜੋ ਨਾ ਸਿਰਫ ਉਹਨਾਂ ਦੀ ਸਮਾਜਿਕ ਸਥਿਤੀ ਨੂੰ ਤੈਅ ਕਰਦਾ ਹੈ ਬਲਿਕ ਉਹਨਾਂ ਦੇ ਮਨੁੱਖੀ ਅਧਿਕਾਰਾਂ,ਵਿਕਾਸ ਦੇ ਮੌਕਿਆਂ ਅਤੇ ਜਿਊਣ ਦੇ ਹੱਕ ਨੁੰ ਸਰੀਰਿਕ ਹੋਂਦ ਬਚਾਉਣ ਤੱਕ ਸੀਮਿਤ ਕਰ ਦਿੰਦਾ ਹੈ।ਹਿੰਸਾ ਦਾ ਇਹੀ ਵਰਤਾਰਾ ਰਾਜ ਤੇ ਸਮਾਜ ਦੇ ਕਾਰ-ਵਿਹਾਰ ਤੇ ਨੀਤੀਆਂ ਵਿੱਚ ਝਲਕਦਾ ਹੈ।

ਇੱਕ ਅਧਿਐਨ ਅਨੁਸਾਰ ਦੱਖਣ-ਏਸ਼ਿਆਈ ਦੇਸ਼ ਲੱਗਭੱਗ ਹਰ ਸਾਲ ਇੱਕ-ਦੂਸਰੇ ਦੇ ਖਿਲਾਫ 15 ਅਰਬ ਅਮਰੀਕੀ ਡਾਲਰ ਸਰਹੱਦਾਂ ਦੀ ਸੁਰੱਖਿਆ ਤੇ ਖਰਚ ਕਰਦੇ ਹਨ।ਇਹ ਰਕਮ ਇਕੱਠੀ ਕਰਣ ਲਈ ਸਿਹਤ,ਸਮਾਜਿਕ ਸਹੂਲਤਾਂ,ਸਿੱਖਿਆ ਤੇ ਰੋਜ਼ਮਰ੍ਹਾਂ ਦੀਆ ਚੀਜ਼ਾਂ ਤੇ ਸਬਸਿਡੀਆਂ ਘਟਾਕੇ ਤੇ ਟੈਕਸ ਲਗਾ ਕੇ ਆਵਾਮ ਨੂੰ ਅਸੁਰੱਖਿਆਂ ਤੇ ਗਰੀਬੀ ਦੇ ਟਾਪੂਆਂ ਵਿੱਚ ਧੱਕ ਦਿੱਤਾ ਜਾਂਦਾ ਹੈ।ਇਹਨਾਂ ਟਾਪੂਆਂ ਵਿੱਚ ਜ਼ਿੰਦਗੀ ਦੀ ਜੰਗ ਵਿੱਚ ਸਭ ਤੋਂ ਸਾਧਨ-ਹੀਣ ਤੇ ਨਿਤਾਣੇ ਹੁੰਦੇ ਹਨ ਔਰਤਾਂ ਤੇ ਬੱਚੇ।ਰਾਜ ਤੇ ਸਮਾਜ ਦਾ ਢਾਂਚਾਂ ਜਿੱਥੇ ਉਤਪਾਦਨ ਦੇ ਸਾਧਨਾਂ ਦੀ ਮਾਲਕੀ ਤੈਅ ਕਰਦੀ ਹੈ,ਉੱਥੇ ਬਰਾਬਰੀ ,ਇਨਸਾਫ,ਆਜ਼ਾਦੀ,ਜਮਹੂਰੀਅਤ ਜਿਹੇ ਮਨੁੱਖੀ ਅਧਿਕਾਰਾਂ ਦੀ ਹੋਣੀ ਵੀ ਸੱਤਾ ਦੇ ਕਾਬਜ਼ ਵਰਗ ਦੇ ਹੱਥਾਂ ਵਿੱਚ ਸਿਮਟ ਜਾਂਦੀ ਹੈ।

ਇਸ ਸਮਝ ਤੇ ਜ਼ਰੂਰਤ ਨੂੰ ਘੜ੍ਹਣ ਵਿੱਚ ਖਿੱਤੇ ਦਾ ਇਤਿਹਾਸ,ਸਾਹਿਤ,ਸੱਭਿਆਚਾਰ ਤੇ ਕੰਮ-ਕਾਰ ਮੁੱਖ ਰੋਲ ਅਦਾ ਕਰਦੇ ਹਨ।ਇੱਥੇ ਇਹ ਸਮਝਣਾ ਮਹੱਤਵਪੂਰਨ ਹੈ ਕਿ ਔਰਤਾਂ ਖਿਲਾਫ ਹਿੰਸਾ ਨੂੰ ਇਸ ਖਿੱਤੇ ਦੇ ਮਰਦਾਵੇ ਖਾਸੇ ਵਾਲੇ ਇਤਿਹਾਸ,ਪਿਤਾ-ਪੁਰਖੀ ਸਾਹਿਤ, ਔਰਤ ਨੂੰ ਸਰੀਰ ਤੱਕ ਸੀਮਿਤ ਕਰਦੀ ਮਰਦਾਵੀਂ ਕਲਪਣਾ ਦੇ ਸੱਭਿਆਚਾਰ ਅਤੇ ਹਰ ਤਰਾਂ ਦੇ ਕੰਮ-ਕਾਰ ਵਿੱਚ ਉਸਨੂੰ ਦੂਜੇ ਦਰਜੇ ਦਾ ਕਾਮਾ ਮੰਨਣ ਦੀ ਸਮਜਿਕਤਾ ਨੂੰ ਸੰਬੋਧਿਤ ਹੋਏ ਬਿਨਾਂ ਨਹੀਂ ਸਮਝਿਆ ਜਾ ਸਕਦਾ।ਔਰਤਾਂ ਖਿਲਾਫ ਵੱਧ ਰਹੀ ਹਿੰਸਾ ਅਸਲ ਵਿੱਚ ਗਰੀਬੀ,ਬੇਰੁਜ਼ਗਾਰੀ,ਬਿਮਾਰੀ,ਥੁੱੜ੍ਹਾਂ,ਜ਼ਲਾਲਤਾਂ ਤੇ ਔੜਾਂ ਵਿੱਚ ਘਿਰੇ ਸਮਾਜਾਂ ਦਾ ਆਪਾ-ਮਾਰੂ ਰੂਪ ਹੈ।ਹਿੰਸਾ ਦੀ ਇਸ ਰਾਜਨੀਤਿਕ-ਸਮਾਜਿਕਤਾ ਨੂੰ ਰੱਦ ਕੀਤੇ ਬਿਨਾਂ ਇਸ ਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ।

ਕੁਲਦੀਪ ਕੌਰ
ਲੇਖਿਕਾ ਔਰਤਾਂ ਨਾਲ ਜੁੜੇ ਸੰਵੇਦਨਸ਼ੀਲ ਮਸਲਿਆਂ ਬਾਰੇ ਲਗਾਤਾਰ ਲਿਖਦੇ ਰਹਿੰਦੇ ਹਨ। ਉਹ ਅੱਜਕਲ੍ਹ ਪੰਜਾਬੀ ਯੂਨੀਵਰਸਿਟੀ 'ਚ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਦੇ ਰਿਸਰਚ ਸਕਾਲਰ ਹਨ। 
ਮੌਬਾਇਲ: 98554-04330

Thursday, March 7, 2013

'ਸੈਕੇਂਡ ਸੈਕਸ' ਨੂੰ ਪ੍ਰਭਾਸ਼ਤ ਕਰਨ ਵਾਲੀ 'ਸੀਮੋਨ ਦ ਬਾਓਵਾਰ'

ਭਾਰਤੀ ਨਾਰੀਵਾਦੀ ਲੇਖਿਕਾ ਡਾ. ਪ੍ਰਭਾ ਖੇਤਾਨ ਦੀ ਫਰਾਂਸ ਦੀ ਮਸ਼ਹੂਰ ਨਾਰੀਵਾਦੀ 'ਸੀਮੋਨ ਦ ਬਾਓਵਾਰ' ਬਾਰੇ ਅਹਿਮ ਲਿਖਤ ਦਾ ਪੰਜਾਬੀ ਤਰਜ਼ਮਾ ਜਰਮਨੀ ਰਹਿੰਦੇ ਲੇਖਕ ਕੇਹਰ ਸ਼ਰੀਫ ਨੇ ਕੀਤਾ ਹੈ।ਗੁਲਾਮ ਕਲਮ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।-ਯਾਦਵਿੰਦਰ ਕਰਫਿਊ 

9 ਜਨਵਰੀ 1908 ਨੂੰ ਸੀਮੋਨ ਦ ਬਾਓਵਾਰ ਦਾ ਜਨਮ ਪੈਰਿਸ ਦੇ ਇਕ ਮਧਵਰਗੀ ਕੈਥੋਲਿਕ ਪਰਿਵਾਰ ਵਿਚ ਹੋਇਆ। ਪਹਿਲੀ ਸੰਤਾਨ ਹੋਣ ਕਰਕੇ ਉਸਨੂੰ ਮਾਤਾ ਪਿਤਾ ਦਾ ਭਰਪੂਰ ਪਿਆਰ ਮਿਲਿਆ। ਦੋ ਸਾਲ ਬਾਅਦ ਭਾਵ 1910 ਵਿਚ ਨਾਲ ਖੇਡਣ ਵਾਸਤੇ ਬਹੁਤ ਪਿਆਰੀ, ਖੁਬਸੂਰਤ ਛੋਟੀ ਜਹੀ ਭੈਣ ਮਿਲੀ ਜਿਸਦਾ ਨਾਮ ਸੀ ਪਾਪੀਤ। 1913 ਵਿਚ ਸੀਮੋਨ ਨੂੰ ਲੜਕੀਆਂ ਦੇ ਇਕ ਸਕੂਲ ਵਿਚ ਪੜ੍ਹਨ ਵਾਸਤੇ ਭੇਜਿਆ ਗਿਆ। ਉੱਥੇ ਮਿਲੀ ਜਾਜਾ, ਜਾਨ ਤੋਂ ਵੀ ਪਿਆਰੀ ਸਹੇਲੀ। ਹਰ ਵਾਰ ਗਰਮੀਆਂ ਦੀਆਂ ਛੁੱਟੀਆਂ ਸੀਮੋਨ ਆਪਣੇ ਨਾਨੇ ਦੇ ਘਰ, ਜੋ ਪਿੰਡ ਵਿਚ ਰਹਿੰਦਾ ਸੀ, ਕੁਦਰਤ ਦੇ ਵਿਚ ਬਿਤਾਉਂਦੀ। ਦਸ ਸਾਲ ਦੀ ਉਮਰ ਤੱਕ ਪਹੁੰਚਦਿਆਂ ਸੀਮੋਨ ਨੇ ਆਪਣਾ ਸਿਰਜਕ ਵਿਅਕਤਿਤਵ ਪਹਿਚਾਣ ਲਿਆ। ਘੰਟਿਆਂ ਬੱਧੀ ਕਾਲਪਨਿਕ ਸੰਸਾਰ ਜਾਂ ਕਿਤਾਬਾਂ ਵਿਚ ਗੁਆਚੀ ਰਹਿਣ ਵਾਲੀ ਇਸ ਲੜਕੀ ਨੇ ਵਿਚਾਰ ਬਣਾ ਲਿਆ ਕਿ ਉਹ ਲੇਖਕ ਬਣੇਗੀ। ਇਹ ਹੀ ਉਸਦੀ ਤਮੰਨਾ ਹੈ, ਕਿਤਾਬਾਂ ਅਤੇ ਕੇਵਲ ਕਿਤਾਬਾਂ। ਪਿਤਾ ਨੂੰ ਆਪਣੀ ਹੋਣਹਾਰ ਧੀ 'ਤੇ ਬਹੁਤ ਮਾਣ ਸੀ ਅਤੇ ਮਾਂ ਉਸਦੇ ਕਿਤਾਬਾਂ ਪ੍ਰਤੀ ਪਾਗਲਪਨ ਤੋਂ ਚਿੰਤਤ। ਮਾਂ ਸਭ ਤੋਂ ਵੱਧ ਦੁਖੀ ਹੋਈ, ਇਕ ਦਿਨ ਜਦੋਂ 14 ਸਾਲ ਦੀ ਲੜਕੀ ਨੇ ਐਲਾਨ ਕਰ ਦਿੱਤਾ ਕਿ ਮੈਂ ਪ੍ਰਰਥਨਾ ਨਹੀਂ ਕਰਾਂਗੀ, ਮੈਨੂੰ ਤੁਹਾਡੇ ਯਿਸੂ ਉੱਤੇ ਵਿਸ਼ਵਾਸ ਨਹੀਂ। 


1925-26 ਦੇ ਸਮੇਂ ਸੀਮੋਨ ਨੇ ਦਰਸ਼ਨ (ਫਿਲਾਸਫੀ) ਅਤੇ ਹਿਸਾਬ ਵਿਚ ਸਕੂਲ ਦੀ ਪਰੀਖਿਆ ਪਾਸ ਕੀਤੀ ਅਤੇ ਗਰੈਜੂਏਸ਼ਨ ਦੀ ਡਿਗਰੀ ਹਾਸਲ ਕਰਕੇ ਅੱਗੇ ਪੜ੍ਹਨ ਵਾਸਤੇ ਨਿਊਲੀ ਦੀ ਸੈਂਤ ਮਾਰੀ ਇੰਸਟੀਚਿਊਟ ਵਿਚ ਦਾਖਲਾ ਲਿਆ। 1926 ਵਿਚ ਸੌਰਬੋਨ ਦੇ ਵਿਸ਼ਵਵਿਦਿਆਲੇ ਵਿਚ ਉਸਨੇ ਦਰਸ਼ਨ ਅਤੇ ਸਾਹਿਤ ਦਾ ਕੋਰਸ ਸ਼ੁਰੂ ਕਰ ਦਿੱਤਾ। ਮਾਤਾ-ਪਿਤਾ ਨੂੰ ਡੂੰਘੀ ਨਿਰਾਸ਼ਾ ਹੋਈ। ਮਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਸੀਮੋਨ ਸ਼ਾਦੀ ਨਹੀਂ ਕਰ ਰਹੀ, ਧਾਰਮਿਕ ਨਹੀਂ ਹੈ, ਅਵਾਰਾ ਮੁੰਡਿਆਂ ਨਾਲ ਘੁੰਮਦੀ ਫਿਰਦੀ ਹੈ। ਪਿਤਾ ਨੂੰ ਇਸ ਗੱਲ ਦਾ ਅਫਸੋਸ ਕਿ ਉਸਦੀ ਬਹੁਤ ਹੀ ਹੋਣਹਾਰ ਧੀ ਨੇ ਸਰਕਾਰੀ ਨੌਕਰੀ ਨਾ ਕਰਕੇ ਸਿਰਫ ਅਧਿਆਪਕਾ ਦਾ ਪੇਸ਼ਾ ਅਪਣਾਇਆ। ਪਿਤਾ ਦੀਵਾਲੀਆ ਹੋ ਚੁੱਕੇ ਸਨ, ਧੀ ਦੇ ਵਿਆਹ ਵਿਚ ਦੇਣ ਵਾਸਤੇ ਉਨ੍ਹਾਂ ਕੋਲ ਦਹੇਜ ਨਹੀਂ ਸੀ ਅਤੇ ਨਾ ਹੀ ਰੂਪ ਦੇਖ ਕੇ ਉਸਨੂੰ ਕੋਈ ਸਵੀਕਾਰ ਕਰਦਾ। ਸੀਮੋਨ ਉਨ੍ਹੀਂ ਦਿਨੀ ਆਪਣੇ ਕਜ਼ਿਨ ਜੈਕ ਨਾਲ ਜੋ ਬਹੁਤ ਅਮੀਰ ਘਰ ਦਾ ਮੁੰਡਾ ਸੀ ਪ੍ਰੇਮ ਕਰਦੀ ਸੀ ਪਰ ਜੈਕ ਨੇ ਉਸ ਨੂੰ ਠੁਕਰਾ ਦਿੱਤਾ। ਦੁਖੀ ਸੀਮੋਨ ਸਮਾਜ ਸੇਵਾ ਵਿਚ ਦਿਲਚਸਪੀ ਲੈਣ ਲੱਗੀ, ਪਰ ਬਹੁਤਾ ਚਿਰ ਨਹੀਂ। ਮਨ ਕੁੱਝ ਹੋਰ ਹੀ ਚਾਹੁੰਦਾ ਸੀ। 


1927 ਵਿਚ ਸੀਮੋਨ ਨੇ ਦਰਸ਼ਨ ਦੀ ਡਿਗਰੀ ਪ੍ਰਾਪਤ ਕੀਤੀ। 1928 ਵਿਚ ਇਕੌਲ ਨਾਰਮਲ ਸੁਪੀਰੀਅਰ ਦਰਸ਼ਨ ਵਿਚ ਪੋਸਟ ਗਰੈਜੂਏਸ਼ਨ ਵਾਸਤੇ ਦਾਖਲਾ ਲਿਆ। ਉਹਨੂੰ ਪਹਿਲੀ ਵਾਰ ਆਜ਼ਾਦੀ ਮਿਲੀ। ਘਰ ਦੀਆਂ ਬੰਦਸ਼ਾਂ ਤੋਂ ਦੂਰ ਆਜ਼ਾਦੀ ਭਰਿਆ ਸਾਹ ਲਿਆ। ਸ਼ੁਰੂ ਦੇ ਦਿਨਾਂ ਵਿਚ ਅਵਾਰਾਗਰਦੀ ਕਰਨਾ, ਭੈਣ ਜਾਂ ਹੋਰ ਦੋਸਤਾਂ ਨਾਲ ਕੌਫੀ ਹਾਊਸਾਂ ਜਾਂ ਸ਼ਰਾਬਖਾਨਿਆਂ ਵਿਚ ਘੁੰਮਣਾਂ, ਪੀਣ-ਪਿਲਾਉਣ ਦਾ ਦੌਰ ਚੱਲਦਾ ਰਿਹਾ। ਪਰ ਉਹ ਫੇਰ ਉਚਾਟ ਹੋ ਗਈ ਅਤੇ ਪੂਰੇ ਜੋਸ਼ ਨਾਲ ਪੜ੍ਹਾਈ ਵਿਚ ਜੁਟ ਗਈ। ਫੇਰ ਵਿਦਿਆਰਥਣ ਬਣ ਗਈ। ਇਸ ਸਮੇਂ ਦੌਰਾਨ ਉਸਦੇ ਦੋ ਦੋਸਤ ਸਨ ਸਾਰੰਚਨਾਵਾਦ ਦਾ ਸੰਸਾਰ ਸਰਵਵਿਆਪੀ ਜਾਣਕਾਰ ਕਲੋਟ ਲਵੀ ਸਤਰਾਸ ਅਤੇ ਘਟਨਾ ਵਿਗਿਆਨਵਾਦੀ ਮੋਰਿਸ ਮੈਰਲੋਪੌਂਤੀ। ਇਹ ਸਾਲ ਸੀਮੋਨ ਵਾਸਤੇ ਬੜਾ ਹੀ ਦੁਖ ਭਰਿਆ ਰਿਹਾ। ਉਸ ਦੀ ਜਾਨ ਤੋਂ ਪਿਆਰੀ ਸਹੇਲੀ ਜਾਜਾ ਨੇ ਆਤਮ ਹੱਤਿਆ ਕਰ ਲਈ ਮੈਰਲੋਪੌਂਤੀ ਵੀ ਅਕਾਲ ਚਲਾਣਾ ਕਰ ਗਿਆ। ਸੀਮੋਨ, ਮੌਰਲੋਪੌਂਤੀ ਨਾਲ ਸ਼ਾਦੀ ਕਰਨੀ ਚਾਹੁੰਦੀ ਸੀ। ਜਾਜਾ ਦੀ ਘਾਟ ਉਸਦੇ ਜੀਵਨ ਵਿਚ ਪੂਰੀ ਨਹੀਂ ਹੋ ਸਕੀ, ਪਰ ਮੌਰਲੋਪੌਂਤੀ ਦੇ ਬਦਲੇ ਇਕੌਲ ਨੌਰਮਾਲ ਵਿਚ ਉਸਦੀ ਜਾਣ-ਪਹਿਚਾਣ ਅਸਤਿਤਵਵਾਦ ਦੇ ਮਸੀਹਾ ਯਾਂ ਪਾਲ ਸਾਰਤਰ ਨਾਲ ਹੋਈ। ਦੋਵੇਂ ਹੀ ਬਹੁਤ ਹੋਣਹਾਰ ਵਿਦਿਆਰਥੀ ਸਨ ਅਤੇ ਬਹੁਤ ਚੰਗੇ ਨੰਬਰਾਂ ਵਿਚ ਪ੍ਰੀਖਿਆ ਪਾਸ ਕੀਤੀ। 21 ਸਾਲ ਦੀ ਉਮਰ ਵਿਚ ਪਹਿਲੀ ਵਾਰ ਹੀ ਦਰਸ਼ਨ ਵਿਚ ਪਾਸ ਹੋ ਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਸੀ ਸੀਮੋਨ, ਸਾਰਤਰ ਦਾ ਇਹ ਦੂਸਰਾ ਜਤਨ ਸੀ। ਹੁਣ ਉਹ ਪ੍ਰੋਫੈਸਰ ਬਣ ਸਕਦੇ ਸਨ। ਆਪਸੀ ਦੋਸਤੀ ਪ੍ਰੇਮ ਵਿਚ ਬਦਲਣ ਲੱਗੀ। ਸੀਮੋਨ ਨੂੰ ਸਾਰਤਰ ਚੜ੍ਹਦੀ ਉਮਰ ਵਿਚ ਕਿਆਸੇ ਆਪਣੇ ਸੁਪਨਿਆਂ ਦੇ ਸਾਥੀ ਲੱਗੇ। 

ਵਿਆਹ ਅਤੇ ਖਾਨਦਾਨ ਦੀ ਪ੍ਰੰਪਰਾ/ਰਵਾਇਤ ਦੀ ਜਰੂਰਤ ਦੇ ਖਿਲਾਫ ਦੋਹਾਂ ਨੇ ਨਿਸਚਾ ਕੀਤਾ। ਸੀਮੋਨ ਵਿਆਹ ਨੂੰ ਇਕ ਖੋਖਲੀ ਤੇ ਢਹਿੰਦੀ ਹੋਈ ਸੰਸਥਾ ਮੰਨਦੀ ਸੀ। ਸਾਰਤਰ ਨੂੰ ਰਾਸ਼ਟਰੀ ਸੇਵਾ ਦੀ ਨੌਕਰੀ, ਜੋ ਕਿ ਉਨ੍ਹਾਂ ਦਿਨਾਂ ਵਿਚ ਫਰਾਂਸ ਅੰਦਰ ਜਰੂਰੀ ਸੀ ਸਵੀਕਾਰ ਕਰਨੀ ਪਈ। ਸੀਮੋਨ ਨੇ ਘਰ ਛੱਡ ਦਿੱਤਾ ਅਤੇ ਨਾਨੀ ਦੇ ਕੋਲ ਇਕ ਕਮਰਾ ਕਿਰਾਏ 'ਤੇ ਲੈ ਕੇ ਰਹਿਣ ਲੱਗੀ। ਪਾਰਟ ਟਾਈਮ ਦਾ ਅਧਿਆਪਨ ਉਸਦੀ ਉਪਜੀਵਕਾ ਦਾ ਸਾਧਨ ਬਣਿਆ। ਉਹਨੇ ਲਿਖਣਾ ਸ਼ੁਰੂ ਕਰ ਦਿੱਤਾ। ਉਹ ਪਹਿਲੀ ਵਾਰ ਸਾਰਤਰ ਦੇ ਨਾਲ ਵਿਦੇਸ਼ ਯਾਤਰਾ 'ਤੇ ਸਪੇਨ ਪਹੁੰਚੀ। 


ਸੰਨ 1931 ਵਿਚ ਸਾਰਤਰ ਦੀ ਨਿਯੁਕਤੀ ਮਾਰਸੇਅ ਦੇ ਇਕ ਸਕੂਲ ਵਿਚ ਹੋਈ ਅਤੇ ਸਾਰਤਰ ਲੀਹਾਰਵ ਵਿਖੇ ਪੜ੍ਹਾਉਣ ਚਲਾ ਗਿਆ। ਇਹ ਜੁਦਾਈ ਦੋਹਾਂ ਵਾਸਤੇ ਦਰਦ ਭਰੀ ਸੀ। ਸਾਰਤਰ ਨੇ ਸੀਮੋਨ ਕੋਲ ਪਹਿਲੀ ਵਾਰ ਵਿਆਹ ਕਰਨ ਦਾ ਸੁਝਾਅ ਰੱਖਿਆ, ਤਾਂ ਕਿ ਉਹ ਇਕ ਹੀ ਜਗ੍ਹਾ ਨਿਯੁਕਤ ਹੋ ਸਕਣ। ਸੀਮੋਨ ਆਪਣੀ ਆਸਥਾ 'ਤੇ ਸਥਿਰ ਰਹੀ ਅਤੇ ਕੁੱਝ ਸਮੇਂ ਦਾ ਇਹ ਵਿਛੋੜਾ ਉਨ੍ਹਾਂ ਦੇ ਆਪਸੀ ਸਬੰਧਾਂ ਨੂੰ ਹੋਰ ਡੂੰਘੇ ਵਿਸ਼ਵਾਸ ਨਾਲ ਭਰ ਗਿਆ। ਸੀਮੋਨ ਨੂੰ ਜੀਵਨ ਵਿਚ ਪਹਿਲੀ ਵਾਰ ਇਕੱਲੇਪਣ ਦਾ ਅਹਿਸਾਸ ਹੋਇਆ। ਸੁੰਨੇ ਦਿਨ ਤੜਪਾਉਂਦੇ ਹਨ, ਪਰ ਮੁਕਤੀ ਦੀ ਇਹ ਯਾਤਰਾ ਉਸਦੀ ਇਕੱਲਿਆਂ ਹੋਵੇਗੀ, ਇਹ ਵੀ ਉਹ ਸਮਝ ਗਈ। ਇਹ ਲੜਾਈ ਉਸਦੀ ਆਪਣੇ ਆਪ ਨਾਲ ਸੀ ਕਿ ਸ਼ਰੀਰ ਦੀ ਮੰਗ ਦੀ ਪੂਰਤੀ ਕਿਵੇਂ ਹੋਵੇ? ਉਹਨੂੰ ਲੱਗਿਆ ਕਿ ਫੇਰ ਔਰਤ 'ਤੇ ਜਾਨਵਰ ਵਿਚ ਕੀ ਫਰਕ? ਆਪਣੀ ਊਰਜਾ ਸ਼ਕਤੀ ਦਾ ਨਿਕਾਸ ਉਹ ਨਿਯਮਬੱਧ ਪਹਾੜਾਂ ਦੀਆਂ ਲੰਬੀਆਂ ਅਤੇ ਥਕਾ ਦੇਣ ਵਾਲੀਆਂ ਚੜਾਈਆਂ ਚੜ੍ਹਨ ਨਾਲ ਕਰਨ ਲੱਗੀ। 


1932 ਵਿਚ ਉਸਦਾ ਤਬਾਦਲਾ ਰੂਔਂ ਦੇ ਇਕ ਸਕੂਲ ਵਿਚ ਹੋ ਗਿਆ, ਸਾਰਤਰ ਲਹਿਰਾਵ ਵਿਚ ਹੀ ਰਹਿ ਗਏ, ਪਰ ਹੁਣ ਮਿਲਣ-ਜੁਲਣ ਦੀ ਸਹੂਲਤ ਵੱਧ ਸੀ। ਸੀਮੋਨ ਦੀ ਵਿਦਿਆਰਥਣ ਸੀ ਪੋਲਿਸ਼ ਲੜਕੀ ਓਲਗਾ। ਖੁਬਸੂਰਤ, ਤੇਜ-ਤਰਾਰ, ਝਰਨੇ ਵਾਂਗ ਵਹਿੰਦੀ ਹੋਈ, ਉਹ ਸੀਮੋਨ ਦੀ ਦੋਸਤ ਬਣੀ ਅਤੇ ਉਸਦੇ ਨਾਲ ਹੀ ਰਹਿਣ ਲੱਗੀ। ਸਾਰਤਰ ਦਾ ਮਨ ਓਲਗਾ ਦੇ ਰੂਪ ਨਾਲ, ਉਸਦੇ ਜਵਾਨ ਸਰੀਰ ਨਾਲ ਪਹਿਚਾਣ ਚਾਹੁੰਦਾ ਸੀ। ਇਹ ਤਿੱਕੜੀ ਸੀਮੋਨ ਲਈ ਅਸਹਿ ਪੀੜਾ ਸੀ, ਕਿਉਂਕਿ ਸਾਰਤਰ ਨੇ ਸੀਮੋਨ ਨਾਲ ਸਬੰਧ ਦੀ ਪਹਿਲੀ ਸ਼ਰਤ ਇਹ ਰੱਖੀ ਸੀ ਕਿ ਪ੍ਰੇਮ ਦੋ ਕਿਸਮ ਦਾ ਹੁੰਦਾ ਹੈ। ਅਸਥਾਈ ਅਤੇ ਚਿਰ ਸਥਾਈ ਸਾਥਣ ਦਾ। ਇਹ ਛੋਟ ਨਾ ਸਿਰਫ ਉਹਨੇ ਆਪਣੇ ਵਾਸਤੇ ਰੱਖੀ ਬਲਕਿ ਸੀਮੋਨ ਨੂੰ ਵੀ ਇਸ ਦੀ ਇਜਾਜ਼ਤ ਦਿੱਤੀ ਸੀ, ਪਰ ਦ੍ਰਿੜ ਵਿਸ਼ਵਾਸਾਂ ਦੀ ਇਹ ਪੁਜਾਰਿਨ ਪਿਆਰ ਨੂੰ ਮਨ ਦਾ ਸਬੰਧ ਸਮਝਦੀ ਸੀ, ਸਿਰਫ ਸਰੀਰ ਦਾ ਨਹੀਂ। ਕੁੱਝ ਸਮੇਂ ਦੀ ਇਹ ਦਹਿਕਦੀ ਜਵਾਲਾ ਉਸਦੇ ਪਹਿਲੇ ਨਾਵਲ 'ਸ਼ੀ ਕੇਮ ਟੂ ਸਟੇਅ' ਦਾ ਅਧਾਰ ਬਣੀ। ਓਲਗਾ ਸਾਰਤਰ ਦੇ ਇਕ ਵਿਦਿਆਰਥੀ ਬੋਸਟ ਨਾਲ ਹੀ ਉਲਝ ਗਈ। ਸਾਰਤਰ ਇਕ ਸਾਲ ਵਾਸਤੇ ਬਰਲਿਨ ਪੜ੍ਹਾਉਣ ਚਲੇ ਗਿਆ। 

ਸੀਮੋਨ ,ਸਾਰਤਰ ਤੇ ਗਵੇਰਾ

ਸੀਮੋਨ ਆਪਣੀਆਂ ਵਿਦਿਆਰਥਣਾਂ ਨਾਲ ਕਦੇ ਵੀ ਸਖਤੀ ਨਾਲ ਵਰਤਾਉ ਨਹੀਂ ਕਰਦੀ ਸੀ। ਨਤੀਜੇ ਵਲੋਂ ਵਿਦਿਆਰਥਣਾਂ ਵੀ ਉਸਦੀਆਂ ਦੋਸਤ ਵੱਧ ਬਣਦੀਆਂ ਗਈਆਂ। ਦੋਸਤੀ ਕਰਕੇ ਆਪਸੀ ਵਿਚਾਰਾਂ ਦਾ ਆਦਨ-ਪ੍ਰਦਾਨ ਹੁੰਦਾ। ਜਦੋਂ ਉਹ ਵਿਦਿਆਰਥਣਾਂ ਦੀਆਂ ਸਮੱਸਿਆਵਾਂ ਸੁਣਦੀ ਸੀ ਉਦੋਂ ਉਹਨੂੰ ਆਪਣੀ ਪਿਆਰੀ ਸਹੇਲੀ ਜਾਜਾ ਯਾਦ ਆ ਜਾਂਦੀ ਸੀ, ਜੋ ਆਪਣੇ ਮਸੇਰੇ ਭਾਈ ਪਰਾਦੇਲ ਨਾਲ ਪਿਆਰ ਕਰਦੀ ਸੀ, ਪਰੰਤੂ ਧਰਮ ਤੋਂ ਭੈਅ-ਭੀਤ ਜਾਜਾ ਨੂੰ ਮਾਂ૶ਬਾਪ ਦੇ ਡਰ ਕਾਰਨ ਆਤਮ ਹੱਤਿਆ ਕਰਨੀ ਪਈ। ਸੀਮੋਨ ਔਰਤ ਦੀਆਂ ਰਵਾਇਤੀ ਭੂਮਿਕਾਵਾਂ ਦੀ ਆਲੋਚਨਾ ਕਰਦੀ ਹੈ, ਨਾਲ ਹੀ ਜੰਗ ਵਿਰੋਧੀ ਚਰਚਾ ਵੱਧ ਕਰਦੀ ਹੈ। ਵਿਦਿਆਰਥਣਾਂ ਦੇ ਮਾਪਿਆਂ ਵਲੋਂ ਸ਼ਿਕਾਇਤ ਦੇ ਕਾਰਨ ਸੀਮੋਨ ਨੂੰ ਅਧਿਕਾਰੀਆਂ ਵਲੋਂ ਸਖਤ ਝਾੜ ਪਈ, ਪਰ ਉਹ ਕਦੋਂ ਚੁੱਪ ਰਹਿਣ ਵਾਲੀ ਸੀ? ਸੰਨ 1936 ਵਿਚ ਉਸਦੀ ਬਦਲੀ ਲੀਸੇ ਮਾਲਿਏਰ ਵਿਚ ਹੋ ਗਈ। ਸਾਲ ਤੋਂ ਬਾਅਦ ਸਾਰਤਰ ਦੀ ਨਿਯੁਕਤੀ ਵੀ ਪੈਰਿਸ ਦੇ ਸਕੂਲ ਲੀਸੇ ਪਾਸਤਰ ਵਿਖੇ ਹੋ ਗਈ। ਉਹ ਇਕ ਹੀ ਹੋਟਲ ਵਿਚ ਵੱਖੋ ਵੱਖ ਮੰਜ਼ਿਲਾਂ 'ਤੇ ਰਹਿਣ ਲੱਗੇ। ਘਰ ਨਹੀਂ ਵਸਾਇਆ। ਹੋਟਲ 'ਚ ਰਹਿਣਾ ਤੇ ਬਾਹਰ ਖਾਣਾ। ਗ੍ਰਿਹਸਥੀ ਦੇ ਝੰਜਟਾਂ ਤੋਂ ਬਿਲਕੁੱਲ ਮੁਕਤ। ਸਾਰਾ ਸਮਾਂ ਲਿਖਣ, ਅਧਿਅਨ ਅਤੇ ਅਧਿਆਪਨ ਲਈ। ਕਾਹਵਾ ਘਰਾਂ ਵਿਚ ਦੋਸਤਾਂ ਨਾਲ ਦਰਸ਼ਨ 'ਤੇ ਬਹਿਸ । ਸਾਰੀ ਰਾਤ ਪੈਰਿਸ ਦੀਆਂ ਸੜਕਾਂ 'ਤੇ ਘੁੰਮਣਾਂ, ਕਦੀਂ ਕਿਤੇ ਅਤੇ ਕਦੀਂ ਕਿਤੇ। ਬੇਫਿਕਰੀ ਤੇ ਮਸਤੀ ਦਾ ਆਲਮ। ਉਹ 1938 ਦਾ ਸਾਲ ਸੀ। ਹਿਟਲਰ ਦੀ ਸੈਨਾ ਦਿਨ-ਪ੍ਰਤੀਦਿਨ ਅੱਗੇ ਵਧਦੀ ਜਾ ਰਹੀ ਸੀ ਅਤੇ ਇਹ ਦੋ ਲਾਲ ਕਮਲ ਤਲਾਬ ਵਿਚ ਮਸਤੀ ਨਾਲ ਤਰ ਰਹੇ ਸਨ। 


ਸੰਨ 1939 ਦਾ ਸਾਲ। ਦੂਜੇ ਮਹਾਂਯੁੱਧ ਦਾ ਐਲਾਨ। 1940 ਦਾ ਸਾਲ। ਫਰਾਂਸ ਦਾ ਪਤਨ। ਨਾਜ਼ੀ ਸੈਨਾ ਪੈਰਿਸ ਦੀਆਂ ਸੜਕਾਂ ਨੂੰ ਕੁਚਲ ਰਹੀ ਸੀ। ਰਾਜਨੀਤੀ, ਜੀਵਨ ਨੂੰ ਅਜਿਹੀ ਵਿਸਫੋਕਟ ਚੋਟ ਦੇ ਸਕਦੀ ਹੈ, ਇਹ ਸਾਰਤਰ ਨੇ ਪਹਿਲੀ ਵਾਰ ਸਮਝਿਆ। ਜ਼ਿੰਦਗੀ ਰਾਜਨੀਤੀ ਤੋਂ ਅਲੱਗ ਨਹੀਂ ਹੈ। ਸਾਰਤਰ ਨੇ ਪ੍ਰਤੀਨਿਧਤਾ ਦਾ ਸਿਧਾਂਤ ਅਪਣਾਇਆ। ਇਸ ਸੋਚ ਨਾਲ ਸੀਮੋਨ ਦਾ ਪੂਰਨ ਸਮਰਥਨ ਸੀ। ਉਸ ਨੂੰ ਪੈਰਿਸ ਤੋਂ ਭੱਜਣਾ ਪਿਆ। ਉਹ ਇਸ ਵਿਰੋਧੀ ਅੰਦੋਲਨ ਦੇ ਆਗੂਆਂ ਵਿਚੋਂ ਸੀ। ਸਾਰਤਰ ਨੂੰ ਕੈਦ ਕਰ ਲਿਆ ਗਿਆ, ਪਰ ਬਾਅਦ ਵਿਚ ਛੱਡ ਦਿੱਤਾ ਗਿਆ। ਇਨ੍ਹਾਂ ਦਿਨਾਂ ਵਿਚ ਸੀਮੋਨ ਫਲੌਰੇ ਕੌਫੀ ਹਾਉਸ ਵਿਚ ਬੈਠ ਕੇ ਲਿਖਿਆ ਕਰਦੀ ਸੀ। ਨਾਜ਼ੀਆਂ ਨੇ ਉਹਨੂੰ ਸਕੂਲ ਦੀ ਨੌਕਰੀ ਤੋਂ ਕੱਢ ਦਿੱਤਾ। 1941 ਵਿਚ ਉਸਦਾ ਪਹਿਲਾ ਨਾਵਲ 'ਸ਼ੀ ਕੇਮ ਟੂ ਸਟੇਅ' ਪ੍ਰਕਾਸ਼ਿਤ ਹੋਇਆ ਅਤੇ ਉਸਦੀ ਲਿਖਤ ਨੂੰ ਲੋਕਾਂ ਵਲੋਂ ਸਨਮਾਨ ਮਿਲਿਆ। 1944 ਵਿਚ ਪੈਰਿਸ ਅਜਾਦ ਹੋਇਆ। ਕਿਉਂਕਿ ਸੀਮੋਨ ਤੇ ਸਾਰਤਰ ਦੋਵੇਂ ਹੀ ਖੱਬੇ ਪੱਖੀ ਸਨ। ਅਖੀਰ 1945 ਵਿਚ 'ਲਾ ਤੋ ਮੋਦਾਰਨ' ਨਾਂ ਦੀ ਪੱਤ੍ਰਿਕਾ ਦਾ ਆਰੰਭ ਹੋਇਆ। ਸੀਮੋਨ ਦਾ ਲਿਖਿਆ ਹੋਇਆ ਇਕ ਨਾਟਕ 'ਯੂ ਸਲੈਸ ਮਾਊਥ' ਸਟੇਜ 'ਤੇ ਖੇਡਿਆ ਗਿਆ ਪਰ ਅਸਫਲ ਰਿਹਾ। ਇਸ ਤੋਂ ਬਾਅਦ ਉਸ ਨੇ ਕਦੇ ਵੀ ਨਾਟਕ ਨਹੀਂ ਲਿਖਿਆ। ਦੂਸਰਾ ਨਾਵਲ 'ਦ ਬਲੱਡ ਆਫ ਅਦਰਸ' ਇਸੇ ਸਾਲ ਪ੍ਰਕਾਸ਼ਿਤ ਹੋਇਆ, ਜਿਸਨੂੰ ਸੰਘਰਸ਼ਸ਼ੀਲ ਅੰਦੋਲਨ ਦੇ ਦੌਰਾਨ ਲਿਖਿਆ ਹੋਇਆ ਅਤਿਅੰਤ ਪਰਮਾਣਿਕ ਨਾਵਲ ਮੰਨਿਆ ਗਿਆ। 1946 ਵਿਚ 'ਆਲ ਮੈਨ ਆਰ ਮੋਰਟਲ' ਪ੍ਰਕਾਸ਼ਿਤ ਹੋਇਆ। ਸਾਰਤਰ ਨੇ ਐਲਾਨ ਕੀਤਾ ਕਿ ਹੁਣ ਉਹ ਕਿਸੇ 'ਐਮ' ਨਾਂ ਦੀ ਔਰਤ ਨਾਲ ਸਾਲ ਵਿਚ ਤਿੰਨ-ਚਾਰ ਮਹੀਨੇ ਰਿਹਾ ਕਰੇਗਾ। ਸੀਮੋਨ ਸੋਚਦੀ ਹੈ ਇਹ 'ਐਮ' ਕੌਣ ਹੈ। 1947 ਵਿਚ ਉਸਦੀ ਦਰਸ਼ਨ ਦੀ ਇਕੋ-ਇਕ ਪੁਸਤਕ 'ਦ ਏਥਿਕਸ ਆਫ ਐਂਬੀਗੁਇਟੀ' ਛਪੀ ਜੋ ਕਿ ਮਨੁੱਖੀ ਕਦਰਾਂ-ਕੀਮਤਾਂ 'ਤੇ ਇਕ ਮਹੱਤਵਪੂਰਨ ਦਾਰਸ਼ਨਿਕ ਦਸਤਾਵੇਜ਼ ਹੈ। 

ਇਹ 1947 ਦਾ ਸਾਲ ਸੀ ਜਦੋਂ ਸੀਮੋਨ ਵੇ ਆਪਣੇ ਮਹਾਨ ਗ੍ਰੰਥ 'ਦ ਸੈਕਿੰਡ ਸੈਕਸ' ਉੱਪਰ ਕੰਮ ਸ਼ੁਰੂ ਕੀਤਾ। ਔਰਤ ਦੀ ਹੋਣੀ ਕੀ ਹੈ? ਉਹ ਗੁਲਾਮ ਕਿਉਂ ਹੈ? ਕਿਸਨੇ ਛਾਲਾਂ ਮਾਰਦੀ ਫਿਰਦੀ ਹਿਰਨੀ ਦੇ ਪੈਰਾਂ ਵਿਚ ਇਹ ਬੇੜੀਆਂ ਪਾਈਆਂ ਹਨ? ਇਸ ਸਮੇਂ ਹੀ ਅਮਰੀਕਾ ਤੋਂ ਆਏ ਭਾਸ਼ਣ ਲੜੀ ਦੇ ਸੱਦੇ ਨੂੰ ਕਬੂਲ ਕਰ ਲਿਆ। ਨਵਾਂ ਦੇਸ਼ ਦੇਖਣ ਦਾ ਉਤਸ਼ਾਹ ਅਤੇ ਪਹਿਲੀ ਵਾਰ ਇੰਨੀ ਦੂਰ ਜਾਣਾ? ਸ਼ਿਕਾਗੋ ਵਿਚ ਉਹ ਅਮਰੀਕਨ ਨਾਵਲ ਲੇਖਕ ਨੈਲਸਨ ਐਲਗ੍ਰੇਨ ਨੂੰ ਮਿਲੀ। ਉਹ ਭਰਪੂਰ ਪਿਆਰ ਵਿਚ ਡੁੱਬ ਗਏ। ਚਾਰ ਸਾਲ ਤੱਕ ਇਹ ਪ੍ਰੇਮ ਪ੍ਰਸੰਗ ਚਲਿਆ। ਕਦੀਂ ਛੁੱਟੀਆਂ ਵਿਚ ਸੀਮੋਨ ਅਮਰੀਕਾ ਜਾਂਦੀ, ਕਦੀਂ ਨੈਲਸਨ ਪੈਰਿਸ ਵਿਚ ਆ ਜਾਂਦਾ। ਐਲਗ੍ਰੇਨ ਨੇ ਵਿਆਹ ਦਾ ਸੁਝਾਅ ਰੱਖਿਆ, ਪਰ ਸੀਮੋਨ ਸਾਰਤਰ ਦੇ ਪ੍ਰਤੀ ਪ੍ਰਤੀਬੱਧ ਰਹੀ। ਪੈਰਿਸ ਉਸਨੂੰ ਬਹੁਤ ਪਿਆਰਾ ਹੈ ਅਤੇ ਆਪਣੇ ਲਿਖਣ ਕਾਰਜ ਨਾਲ ਬੇਹੱਦ ਲਗਾਉ। ਪਿਆਰ ਕੁੜੱਤਣ ਵਿਚ ਬਦਲ ਜਾਂਦਾ ਹੈ। ਦੁਖੀ ਹੋਇਆ ਐਲਗ੍ਰੇਨ ਅਮਰੀਕਾ ਵਾਪਸ ਚਲਾ ਜਾਂਦਾ ਹੈ। ਬਸ! ਕਦੀ-ਕਦਾਈਂ ਖ਼ਤ-ਪੱਤਰ ਤੱਕ ਇਹ ਸਬੰਧ ਸਿਮਟ ਕੇ ਰਹਿ ਜਾਂਦਾ ਹੈ। 

ਸੀਮੋਨ ਤੇ ਸਾਰਤਰ 

ਸੰਨ 1948 ਵਿਚ 'ਅਮੈਰਿਕਾ : ਡੇ ਬਾਈ ਡੇ' ਦਾ ਪ੍ਰਕਾਸ਼ਨ ਹੁੰਦਾ ਹੈ ਅਤੇ 'ਲਾ ਤੌ ਮੋਦਾਰਨ' ਵਿਚ 'ਸੈਕਿੰਡ ਸੈਕਸ' ਦੇ ਕੁੱਝ ਹਿੱਸੇ ਛਪਦੇ ਹਨ। ਸੀਮੋਨ ਹੁਣ ਪੱਕੇ ਨਿਯਮ ਅਧੀਨ ਸਵੇਰ ਦਾ ਸਮਾਂ ਆਪਣੇ ਲਿਖਣ ਵਾਸਤੇ ਅਤੇ ਸ਼ਾਮ ਦਾ ਵਕਤ ਸਾਰਤਰ ਨਾਲ ਗੁਜ਼ਾਰਨ ਲੱਗੀ। ਆਪਣੇ ਸਮੇਂ ਦੇ ਬੌਧਿਕ ਮਸੀਹੇ ਨੇ ਔਰਤ ਦੀ ਆਜ਼ਾਦੀ ਬਾਰੇ ਲਿਖੀ ਜਾਣ ਵਾਲੀ ਕਿਤਾਬ ਵਿਚ ਪੂਰੀ ਦਿਲਚਸਪੀ ਲਈ। ਕਈ ਥਾਵਾਂ 'ਤੇ ਸਾਰਤਰ ਨੇ ਸੀਮੋਨ ਨੂੰ ਹੋਰ ਵੀ ਡੂੰਘਾ ਵਿਚਾਰ ਕਰਨ ਨੂੰ ਕਿਹਾ। ਕਈ ਥਾਵਾਂ 'ਤੇ ਬੰਦਿਆਂ ਉੱਪਰ ਇਕਤਰਫਾ ਲਾਏ ਗਏ ਦੋਸ਼ਾਂ ਨੂੰ ਕੱਟਿਆ। 


1949 ਵਿਚ 'ਦ ਸੈਕਿੰਡ ਸੈਕਸ' ਦਾ ਪ੍ਰਕਾਸ਼ਨ ਹੁੰਦਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨੇ ਉਸਨੂੰ ਪੱਤਰ ਲਿਖੇ। ਜਿਸ ਸਮੇਂ ਇਹ ਕਿਤਾਬ ਛਪੀ, ਸੀਮੋਨ ਆਪਣੇ ਆਪ ਨੂੰ ਨਾਰੀਵਾਦੀ ਭਾਵ ਆਦਮੀਆਂ ਦੇ ਅੰਦਰ ਇਸਤਰੀ ਦੀ ਸਭਾਵਿਕ ਸਥਿਤੀ ਬਾਰੇ ਜਾਂ ਇੰਝ ਕਹੋ ਕਿ ਔਰਤਾਂ ਦੇ ਅਸਲ ਅਤੇ ਬੁਨਿਆਦੀ ਅਧਿਕਾਰਾਂ ਦੀ ਸਮਰਥਕ ਨਹੀਂ ਮੰਨਦੀ ਸੀ, ਪਰ ਸਮੇਂ ਦੇ ਨਾਲ ਉਸਨੂੰ ਸਮਝ ਆਉਣ ਲੱਗਾ ਕਿ ਇਹ ਅੱਧੀ ਦੁਨੀਆਂ ਦੀ ਗੁਲਾਮੀ ਦਾ ਸਵਾਲ ਹੈ, ਜਿਸ ਵਿਚ ਅਮੀਰ-ਗਰੀਬ ਹਰ ਵਰਗ ਤੇ ਹਰ ਦੇਸ਼ ਦੀ ਔਰਤ ਜਕੜੀ ਹੋਈ ਹੈ। ਕੋਈ ਔਰਤ ਮੁਕਤ ਨਹੀਂ। ਉਸਨੇ ਕਦੇ ਕੁੱਝ ਵਿਸ਼ੇਸ਼ ਔਰਤਾਂ ਦੀਆਂ ਪ੍ਰਪਤੀਆਂ ਉੱਤੇ ਧਿਆਨ ਨਹੀਂ ਦਿੱਤਾ ਅਤੇ ਨਾਂ ਹੀ ਆਪਣੇ ਬਾਰੇ ਉਸਨੂੰ ਕੋਈ ਗਲਤ-ਫਹਿਮੀ ਸੀ। ਔਰਤ ਦੀ ਸਮੱਸਿਆ ਸਮਾਜਵਾਦ ਤੋਂ ਵੀ ਨਹੀਂ ਸੁਲਝ ਸਕਦੀ। ਇਸ ਸਮੇਂ ਸੋਵੀਅਤ ਲੇਬਰ ਕੈਂਪ ਵਿਚ ਹੋਏ ਅੱਤਿਆਚਾਰ ਦੁਨੀਆਂ ਦੇ ਅਖਬਾਰਾਂ ਵਿਚ ਛਪੇ। ਸੀਮੋਨ ਨੇ ਖੁੱਲ੍ਹ ਕੇ ਵਿਰੋਧ ਕੀਤਾ। ਪਾਰਟੀ ਪ੍ਰਤੀ ਉਸ ਦੀ ਪ੍ਰਤੀਬੱਧਤਾ ਬਾਰੇ ਸਵਾਲ ਉੱਠੇ। ਇਸ ਮੁੱਦੇ ਬਾਰੇ ਉਸਨੇ ਵਿਅਕਤੀ ਵੱਡਾ ਜਾਂ ਪਾਰਟੀ ਸਮੱਸਿਆ 'ਤੇ 'ਦ ਮੈਨਰਡੇਰਿਸ' ਨਾਵਲ ਲਿਖਿਆ। 1951 ਵਿਚ ਐਲਗ੍ਰੇਨ ਨਾਲ ਸਬੰਧ ਹਮੇਸ਼ਾ ਵਾਸਤੇ ਖਤਮ ਹੋ ਗਏ। ਸੀਮੋਨ ਅਫਰੀਕਾ ਘੁੰਣ ਗਈ। ਉਸਨੇ ਆਪਣੀ ਪਹਿਲੀ ਕਾਰ ਖਰੀਦੀ। 

1952 ਵਿਚ ਡਾਕਟਰਾਂ ਨੂੰ ਉਸਦੀ ਖੱਬੀ ਛਾਤੀ ਵਿਚ ਕੈਂਸਰ ਹੋਣ ਦਾ ਸ਼ੱਕ ਹੋਇਆ। ਇਕ ਛੋਟਾ ਮਾਸ ਦਾ ਗੋਲ਼ਾ ਕੱਟ ਕੇ ਕੱਢ ਦਿੱਤਾ ਗਿਆ। ਪਹਿਲੀ ਵਾਰ ਉਮਰ ਅਤੇ ਮੌਤ ਉਸਨੂੰ ਡਰਾਉਂਦੀ ਹੈ, ਉਹ ਇਸਨੂੰ ਸੁਲਝਾਉਣ ਦਾ ਸਬੱਬ ਬਣਾਉਂਦੀ ਹੈ ਇਕ ਪ੍ਰੇਮ ਪ੍ਰਸੰਗ ਵਿਚ। ਕਲਾਂਦ ਲੈਂਜ਼ਮੈਨ ਉਸਤੋਂ ਕਾਫੀ ਘੱਟ ਉਮਰ ਦਾ ਪੱਤਰਕਾਰ ਸੀ। ਸੀਮੋਨ ਨੇ ਫੈਸਲਾ ਕੀਤਾ ਕਿ ਉਹ ਲੈਂਜ਼ਮੈਨ ਦੇ ਨਾਲ ਰਵ੍ਹੇਗੀ ਅਤੇ ਨਾਲ ਹੀ ਸਾਰਤਰ ਨਾਲ ਪੱਕੀ ਦੋਸਤੀ ਅਤੇ ਸਥਾਈ ਪ੍ਰੇਮ ਸਬੰਧ ਵੀ ਰਹੇਗਾ। ਉਹ ਸਾਰਤਰ ਨਾਲ ਗਰਮੀਆਂ ਵਿਚ ਹਰ ਵਾਰ ਰੋਮ ਜਾਣ ਲੱਗੀ। 1954 ਵਿਚ 'ਦ ਮੇਂਡਰਿਕਸ' ਨਾਂ ਦਾ ਨਾਵਲ ਛਪਿਆ ਅਤੇ ਫਰਾਂਸ ਦਾ ਸਭ ਤੋਂ ਸਨਮਾਨਿਤ ਪੁਰਸਕਾਰ 'ਪਰਿਕਸ ਗੋਂਕਰ' ਉਸਨੂੰ ਮਿਲਿਆ। 46 ਸਾਲ ਦੀ ਉਮਰ ਵਿਚ ਇਹ ਪੁਰਸਕਾਰ ਸ਼ਾਇਦ ਸਭ ਤੋਂ ਪਹਿਲਾਂ ਉਹਨੂੰ ਹੀ ਦਿੱਤਾ ਗਿਆ ਸੀ। ਫਰਾਂਸ ਦੀ ਬਸਤੀਵਾਦੀ ਨੀਤੀ, ਅਲਜੀਰੀਆ ਦਾ ਵਿਦਰੋਹ। ਸੀਮੋਨ ਹੁਣ ਸਿੱਧੀ ਰਾਜਨੀਤਕ ਅਖਾੜੇ ਵਿਚ ਸੀ। 'ਪਰਿਨੀਲੇਜ਼' ਨਾਂ ਦਾ ਲੇਖ ਸੰਗ੍ਰਹਿ ਪ੍ਰਕਾਸ਼ਿਤ ਹੋਇਆ, ਜਿਸ ਵਿਚ ਖੁਲ੍ਹਕੇ ਫਰਾਂਸ ਦੀ ਬਸਤੀਵਾਦੀ ਨੀਤੀ ਦੇ ਖਿਲਾਫ ਲਿਖਿਆ ਗਿਆ ਸੀ। ਸਾਰਤਰ ਦੇ ਨਾਲ 1955 ਵਿਚ ਹੈਲਸਿੰਕੀ ਵਿਖੇ ਵਿਸ਼ਵ ਅਮਨ ਕਾਨਫਰੰਸ ਵਿਚ ਹਿੱਸਾ ਲੈਂਦੀ ਹੈ। ਇਸੇ ਸਾਲ ਸਾਰਤਰ ਦੇ ਨਾਲ ਚੀਨ ਦੀ ਯਾਤਰਾ। ਮੌਂਪਾਰਨਸ ਵਿਚ ਪੁਰਸਕਾਰ ਰਾਹੀਂ ਮਿਲੇ ਹੋਏ ਪੈਸਿਆਂ ਨਾਲ ਆਪਣਾ ਨਿੱਜੀ ਸਟੂਡੀਉ ਭਾਵ ਇਕ ਕਮਰੇ ਦਾ ਛੋਟਾ ਜਿਹਾ ਫਲੈਟ ਖਰੀਦਦੀ ਹੈ, ਜਿੱਥੇ ਉਹ ਅਖੀਰ ਤੱਕ ਰਹੀ। 


1958 ਵਿਚ ਉਸ ਦੀ ਡਾਇਰੀ ਦੇ ਪਹਿਲੇ ਭਾਗ 'ਮੈਮੋਰੀਜ਼ ਆਫ ਡਿਉਟੀਫੁੱਲ ਡਾਟਰ' ਛਪਦੀਆਂ ਹਨ। ਇਸ ਦੇ ਨਾਲ ਹੀ ਲੋਕਾਂ ਦੀ ਇਕ ਵਿਸ਼ਾਲ ਸਭਾ ਵਿਚ ਦ ਗਾਲ ਦੇ ਫੇਰ ਸੱਤਾ ਵਿਚ ਆਉਣ ਦੇ ਖਿਲਾਫ ਬੋਲਦੀ ਹੈ। ਪਰ ਦ ਗਾਲ ਫੇਰ ਸੱਤਾ ਵਿਚ ਆ ਜਾਂਦਾ ਹੈ। ਦ ਗਾਲ ਦੀ ਅਲਜੀਰੀਆ ਬਾਰੇ ਨੀਤੀ ਦੇ ਖਿਲਾਫ ਸੀਮੋਨ ਤੇ ਸਾਰਤਰ ਦੋਵੇਂ ਸਖਤ ਆਲੋਚਨਾ ਕਰਦੇ ਹਨ। ਇਸੇ ਸਾਲ ਲੈਂਜ਼ਮੈਨ ਨਾਲ ਉਸਦਾ ਸਬੰਧ ਖਤਮ ਹੋ ਜਾਂਦਾ ਹੈ। ਇਹ ਹੋਣਾ ਹੀ ਸੀ। ਲੈਂਜ਼ਮੈਨ ਦੇ ਸਾਹਮਣੇ ਸਾਰੀ ਜ਼ਿੰਦਗੀ ਪਈ ਸੀ। 


1959 ਵਿਚ ਫੇਰ ਅਲਜੀਰੀਆ ਦੇ ਮੁਕਤੀ-ਸੰਗਰਾਮ ਵਿਚ ਖੁੱਲ੍ਹ ਕੇ ਹਿੱਸਾ ਲੈਂਦੀ ਹੈ ਅਤੇ ਸਰਕਾਰੀ ਪਾਬੰਦੀ ਦੇ ਖਿਲਾਫ ਜਲੂਸ ਵਿਚ ਜਾਂਦੀ ਹੈ। ਕੈਨੇਡੀਅਨ ਸਰਕਾਰ ਉਸਦੇ ਇਕ ਟੈਲੀਵੀਜ਼ਨ ਇੰਟਰਵਿਊ ਤੇ ਪਾਬੰਦੀ ਲਾ ਦਿੰਦੀ ਹੈ, ਕਿਉਂਕਿ ਉਹ ਨਾਸਤਿਕ ਹੈ ਅਤੇ ਵਿਆਹ ਦੀ ਸੰਸਥਾ ਦੇ ਨਾਲ ਹੀ ਕੈਥੋਲਿਕ ਧਰਮ ਦਾ ਵੀ ਵਿਰੋਧ ਕਰਦੀ ਹੈ। 


ਇਸ ਸਮੇਂ ਫਰਾਂਸ ਵਿਚ ਇਕ ਕਿਤਾਬ ਛਪਦੀ ਹੈ ਔਰਤ ਦੇ ਜਨਮ-ਨਿਰੋਧਕ ਅਧਿਕਾਰ ਦੇ ਹੱਕ ਵਿਚ। ਸੀਮੋਨ ਇਸ ਕਿਤਾਬ ਦਾ ਮੁੱਖ ਬੰਦ ਲਿਖਦੀ ਹੈ। 1960 ਵਿਚ ਸਾਰਤਰ ਦੇ ਨਾਲ ਕਿਊਬਾ ਜਾਂਦੀ ਹੈ। ਕਾਸਟਰੋ ਨੇ ਬਹੁਤ ਹੀ ਮੁਹੱਬਤ ਅਤੇ ਗਰਮਜੋਸ਼ੀ ਨਾਲ ਇਨ੍ਹਾਂ ਦੋ ਮਹਾਨ ਲੇਖਕਾਂ ਦਾ ਸਵਾਗਤ ਕੀਤਾ। ਫਰਾਂਸੀਸੀ ਸਰਕਾਰ ਵਲੋਂ ਦੁਖੀ ਕੀਤੀ ਗਈ ਜਮੀਲਾ ਬੂਪਾਕਾ ਦੇ ਹੱਕ ਵਿਚ ਸੀਮੋਨ ਆਵਾਜ਼ ਉਠਾਉਂਦੀ ਹੈ। ਇਸੇ ਸਾਲ ਉਸਦੀ ਆਤਮ ਕਥਾ ਦਾ ਦੂਸਰਾ ਭਾਗ 'ਦ ਪਰਾਈਸ ਆਫ ਲਾਈਫ' ਪ੍ਰਕਾਸ਼ਿਤ ਹੁੰਦਾ ਹੈ। ਫੇਰ ਲੇਖਕਾਂ ਵਲੋਂ ਆਲੋਚਨਾ ਦਾ ਵਿਸ਼ਾ, ਪਰ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ। 


ਸੰਨ 1961 ਵਿਚ ਸਾਰਤਰ ਦੇ ਫਲੈਟ ਉੱਤੇ ਬੰਬ ਸੁੱਟੇ ਗਏ, ਕਿਉਂਕਿ ਉਹ ਅਲਜੀਰੀਆ ਦੀ ਆਜ਼ਾਦੀ ਦੇ ਅੰਦੋਲਨ ਦੇ ਹੱਕ ਵਿਚ ਸਨ। ਉਹ ਚੁੱਪ-ਚਾਪ ਲੁਕ ਕੇ ਦੂਸਰੀ ਫਲੈਟ ਵਿਚ ਰਹਿਣ ਲਗਦੇ ਹਨ। ਉੱਥੇ ਵੀ ਬੰਬ ਸੁੱਟਿਆ ਜਾਂਦਾ ਹੈ। ਉਹ ਫੇਰ ਹੋਰ ਜਗ੍ਹਾ। ਜਮੀਲਾ ਬੂਪਾਕਾ ਆਪਣੇ ਦੁੱਖਾਂ ਦੀ ਕਹਾਣੀ ਕਿਤਾਬ ਦੇ ਰੂਪ ਵਿਚ ਲਿਖਦੀ ਹੈ। ਸੀਮੋਨ ਇਸਦੀ ਭੂਮਿਕਾ ਲਿਖਦੀ ਹੈ। ਸੀਮੋਨ ਨੂੰ ਟੈਲੀਫੋਨ ਰਾਹੀਂ ਮੌਤ ਦੀਆਂ ਧਮਕੀਆਂ ਮਿਲਦੀਆਂ ਹਨ। ਅੰਤ ਵਿਚ ਅਲਜੀਰੀਆ ਨਾਲ ਫਰਾਂਸੀਸੀ ਸਰਕਾਰ ਸਮਝੌਤਾ ਕਰਦੀ ਹੈ। ਸੋਵੀਅਤ ਲੇਖਕਾਂ ਦੇ ਸੱਦੇ 'ਤੇ ਸੀਮੋਨ, ਸਾਰਤਰ ਦੇ ਨਾਲ ਰੂਸ ਪਹੁੰਚੀ। 


1963 ਵਿਚ ਸੀਮੋਨ ਦੀ ਮਾਂ ਦੀ ਮੌਤ ਹੋ ਗਈ। ਉਹ ਚੈਕੋਸਲਵਾਕੀਆ ਗਈ। ਆਤਮਕਥਾ ਦਾ ਤੀਜਾ ਭਾਗ 'ਦ ਫੋਰਸ ਆਫ ਸਰਕਮਸਟਾਂਸਜ਼' ਪ੍ਰਕਾਸ਼ਿਤ ਹੋਇਆ। ਪ੍ਰੈਸ ਦੀ ਮਿਲੀ-ਜੁਲੀ ਪ੍ਰਤੀਕ੍ਰਿਆ। ਉਸਨੇ ਆਪਣੀ ਮਾਂ ਦੀ ਮੌਤ ਸਮੇਂ 1964 ਵਿਚ 'ੲ ਵੈਰ੍ਹੀ ਈਜ਼ੀ ਡੈਥ' ਨਾਵਲ ਲਿਖਿਆ। 1966 ਵਿਚ ਫੇਰ ਸਾਰਤਰ ਦੇ ਨਾਲ ਸੋਵੀਅਤ ਯੂਨੀਅਨ ਅਤੇ ਜਪਾਨ ਦੀ ਯਾਤਰਾ। ਇਨ੍ਹਾਂ ਦੋਹਾਂ ਮਹਾਨ ਲੇਖਕਾਂ ਦਾ ਸਾਰਾ ਸਾਹਿਤ ਜਾਪਾਨੀ ਭਾਸ਼ਾ ਵਿਚ ਅਨੁਵਾਦਿਤ ਹੋਇਆ, ਜਿਸ ਵਿਚ 'ਦ ਸੈਕਿੰਡ ਸੈਕਸ' ਸਭ ਤੋਂ ਵੱਧ ਵਿਕੀ। ਇਸੇ ਸਾਲ ਹੋਰ ਇਕ ਨਾਵਲ 'ਬਿਉਟੀਫੁਲ ਇਮੇਜਜ਼' ਛਪਿਆ। 1967 ਵਿਚ ਮੱਧਪੂਰਬ ਦੀ ਯਾਤਰਾ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਭਾਸ਼ਣ। 


1968 ਵਿਚ ਬਰਟੰਡ ਰਸਲ ਨੇ ਸਾਰਤਰ ਦੇ ਸਹਿਯੋਗ ਨਾਲ ਯੁੱਧ ਅੰਦਰ ਅਪਰਾਧੀਕਰਣ ਦੇ ਖਿਲਾਫ ਨਿਆਂ ਲਈ ਵਿਵਸਥਾ ਦੀ ਸਥਾਪਨਾ ਕੀਤੀ ਜਿਸ ਵਿਚ ਸੀਮੋਨ ਨੇ ਵੀ ਸਹਾਇਤਾ ਕੀਤੀ। ਮੁੱਖ ਉਦੇਸ਼ ਸੀ ਅਮਰੀਕਾ ਦੀ ਵੀਅਤਨਾਮ ਨੀਤੀ ਦੇ ਵਿਰੁੱਧ ਸਸਾੰਰ ਦੀ ਰਾਇ ਤਿਆਰ ਕਰਨੀ। ਇਸ ਸਾਲ ਉਸਦਾ ਇਕ ਹੋਰ ਨਾਵਲ 'ਦ ਵੂਮੈਨ ਡੈਸਟ੍ਰਾਇਡ' ਪ੍ਰਕਾਸ਼ਿਤ ਹੋਇਆ। ਇਸਤੋਂ ਬਾਅਦ 1968 ਦੀ ਮਈ ਦੇ ਮਹੀਨੇ ਸੱਤਾ ਦੀਆਂ ਜੜਾਂ ਨੂੰ ਹਲਾ ਦੇਣ ਵਾਲੀ ਵਿਦਿਆਰਥੀ ਕ੍ਰਾਂਤੀ। ਸਾਰਤਰ ਹੁਣ ਕਰਮਯੋਗੀ ਸੀ, ਇਸ ਕ੍ਰਾਂਤੀ ਦਾ ਆਗੂ। ਸੀਮੋਨ ਚੁਣੀ ਜਾਂਦੀ ਹੈ ਨੈਸ਼ਨਲ ਲਾਇਬ੍ਰੇਰੀ ਕਾਂਸਲਰਲੇਟਿਟਵ ਕਮੇਟੀ ਲਈ 'ਮੈਨ ਆਫ ਲੈਟਰਜ਼' ਦੀ ਮੈਂਬਰ ਦੇ ਰੂਪ ਵਿਚ। 


1970 ਵਿਚ 'ਓਲਡ ਏਜ' ਦਾ ਪ੍ਰਕਾਸ਼ਨ। ਇਸਦੀ ਖੁੱਲ੍ਹਕੇ ਆਲੋਚਨਾ ਹੋਈ ਕਿ ਉਹ ਸਠਿਆ ਗਈ ਹੈ, ਪੀੜਤ ਹੈ ਆਦਿ ਆਦਿ। ਪਰ ਸੰਸਾਰ ਸਾਹਿਤ ਵਿਚ ਬੁਢਾਪੇ ਦੀ ਅਵਸਥਾ ਬਾਰੇ ਇੰਨੇ ਮਹੱਤਵਪੂਰਨ ਵਿਸਲੇਸ਼ਣ ਬਹੁਤ ਘੱਟ ਲਿਖੇ ਗਏ ਹਨ। 


ਹੁਣ ਸੀਮੋਨ ਫਰਾਂਸ ਦੀ ਔਰਤਾਂ ਦੇ ਮੁਕਤੀ ਅੰਦੋਲਨ ਦੀ ਆਗੂ ਸੀ ਅਤੇ ਨਿੱਤ ਨਵੇਂ ਮੁੱਦਿਆਂ ਤੇ ਬੋਲ ਰਹੀ ਸੀ। 1971 ਵਿਚ 'ਮੈਨੀਫੇਸਟੋ ਆਫ 343' ਛਪਿਆ ਜਿਸ ਵਿਚ ਫਰਾਂਸ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਔਰਤਾਂ ਨੇ ਆਪਣੇ ਜੀਵਨ ਵਿਚ ਕੀਤੇ ਗਏ ਗਰਭਪਾਤਾਂ ਨੂੰ ਸਵੀਕਾਰਿਆ। ਇਸ ਵਿਚ ਸੀਮੋਨ ਦੇ ਵੀ ਦਸਤਖਤ ਸਨ। 1970 ਤੋਂ ਪਹਿਲਾਂ ਉਹ ਨਾਰੀ ਮੁਕਤੀ ਅੰਦੋਲਨ ਦੇ ਪ੍ਰਤੀ ਇਕ ਸਮਾਜ ਸੁਧਾਰਕ ਦਾ ਦ੍ਰਿਸ਼ਟੀਕੋਨ ਰਖਦੀ ਸੀ ਪਰ ਹੁਣ ਉਹ ਔਰਤਾਂ ਦੀ ਸਥਿਤੀ ਵਿਚ ਬੁਨਿਆਦੀ ਤਬਦੀਲੀ ਚਾਹੁੰਦੀ ਸੀ। ਸਦੀਆਂ ਤੋਂ ਔਰਤਾਂ 'ਤੇ ਤਸ਼ੱਦਦ ਹੋ ਰਿਹਾ ਸੀ ਜਿਸਦਾ ਜੜ੍ਹੋਂ ਖਾਤਮਾ ਜਰੂਰੀ ਸੀ। ਸਮਾਜਵਾਦ ਨਾਲ ਔਰਤ ਦੀ ਸਮੱਸਿਆ ਹੱਲ ਨਹੀਂ ਹੋ ਸਕਦੀ। ਉਹ ਰੂਸ ਦੀਆਂ ਔਰਤਾਂ ਦੀ ਉਦਾਹਰਣ ਵੀ ਦੇਖ ਰਹੀ ਸੀ। ਆਦਮੀ ਬਹੁਤ ਚਲਾਕ ਹੁੰਦਾ ਹੈ ਅਤੇ ਸੱਤਾ ਦੇ ਨਸ਼ੇ ਵਿਚ ਔਰਤਾਂ ਦਾ ਦਮਨ ਕੀਤੇ ਬਗੈਰ ਰਹਿ ਨਹੀਂ ਸਕਦਾ। ਹੁਣ ਇਸ ਅੱਧੀ ਦੁਨੀਆਂ ਦੇ ਸਾਰੇ ਵਾਦਾਂ, ਜਾਤੀਆਂ, ਰਾਸ਼ਟਰਾਂ ਦਾ ਵਖਰੇਵਾਂ ਛੱਡ ਕੇ ਦਬਾਈ ਜਾ ਰਹੀ ਜਾਤੀ ਦੀ ਤਰ੍ਹਾਂ ਲੰਬੀ ਲੜਾਈ ਲੜਨੀ ਪਵੇਗੀ। 


ਆਤਮ ਕਥਾ ਦਾ ਚੌਥਾ ਭਾਗ 'ਆਲ ਸੈਡ ਐਂਡ ਡੰਨ' 1972 ਵਿਚ ਛਪਦਾ ਹੈ। 1973 ਵਿਚ 'ਲ ਤੌ ਮੋਦਾਰਨ' ਪੱਤ੍ਰਿਕਾ ਵਿਚ ਔਰਤਾਂ ਦੇ ਸਮਰਥਕ ਕਾਲਮ ਦੀ ਸ਼ੁਰੂਆਤ ਕੀਤੀ। ਉਹ 1974 ਵਿਚ ਔਰਤਾਂ ਦੇ ਮੁਕਤੀ ਅੰਦੋਲਨ ਦੀ ਪ੍ਰਧਾਨ ਚੁਣੀ ਗਈ। 1978 ਵਿਚ ਉਸਦੇ ਜੀਵਨ 'ਤੇ ਦਾਯਾਂ ਐਂਡ ਰਿਬੋਸਕਾ ਨੇ ਇਕ ਫਿਲਮ ਬਣਾਈ। 1979 ਵਿਚ ਜੀਵਨ ਭਰ ਮਨੁੱਖੀ ਸਬੰਧਾ ਵਾਲੇ ਅਤੇ ਸੰਗੀ-ਸਾਥੀ ਸਾਰਤਰ ਦੀ ਮੌਤ। ਸਾਰਤਰ ਦੀ ਮੌਤ ਅਤੇ ਉਸ ਨਾਲ ਗੱਲਬਾਤ ਦੇ ਕੁੱਝ ਅੰਦਰੂਨੀ ਹਿੱਸੇ ' ੲ ਫਅਰਵੈਲ ਟੂ ਸਾਰਤਰ' 1981 ਵਿਚ ਪ੍ਰਭਾਵਸ਼ਾਲੀ ਰੂਪ ਵਿਚ ਸੀਮੋਨ ਨੇ ਪ੍ਰਕਾਸ਼ਿਤ ਕੀਤੇ। 1981 ਵਿਚ ਉਸਦੇ ਪੁਰਾਣੇ ਪ੍ਰੇਮੀ ਐਲਗ੍ਰੇਨ ਦੀ ਵੀ ਮੌਤ ਹੋ ਗਈ। 1983 ਵਿਚ ਸਾਰਤਰ ਵਲੋਂ ਸੀਮੋਨ ਨੂੰ ਲਿਖੀਆਂ ਗਈਆਂ ਜਾਤੀ ਚਿੱਠੀਆਂ ਅਤੇ ਕੁੱਝ ਹੋਰ ਸਾਥੀਆਂ ਦੀਆਂ ਚਿੱਠੀਆਂ ਨੂੰ ਛਪਵਾਇਆ ਗਿਆ, ਜਿਸਦਾ ਸੰਪਾਦਨ ਸੀਮੋਨ ਨੇ ਆਪ ਕੀਤਾ। 1985 ਵਿਚ ਓਲਗਾ ਅਤੇ ਬੋਸਟ ਦੋ ਹੋਰ ਨੇੜਲੇ ਸਾਥੀਆਂ ਦੀ ਮੌਤ ਹੋ ਗਈ। 


ਇਕ ਇਕ ਕਰਕੇ ਸੰਗੀ ਸਾਥੀ ਹੁਣ ਵਿਦਾ ਹੋ ਰਹੇ ਸਨ। ਸੀਮੋਨ ਨੂੰ ਵੀ ਆਪਣੀ ਮੌਤ ਨੇੜੇ ਆਉਂਦੀ ਦਿਸ ਰਹੀ ਸੀ। ਸਾਰਤਰ ਦੀ ਮੌਤ, ਨੇੜਲੇ ਸਾਥੀਆਂ ਦਾ ਜਾਣਾ। ਆਖਰੀ ਦਿਨਾਂ ਵਿਚ ਉਹ ਇਕੱਲੀ ਪਰ ਪੂਰੀ ਤਰ੍ਹਾਂ ਇਕ ਇਕ ਪਲ ਕੰਮ ਵਿਚ ਜੁਟੀ ਰਹੀ। ਆਪਣੀ ਇਕ ਇੰਟਰਵਿਊ ਵਿਚ ਉਹ ਕਹਿੰਦੀ ਹੈ : 'ਮੈਂ ਜ਼ਿੰਦਗੀ ਨੂੰ ਪਿਆਰ ਕੀਤਾ, ਸ਼ਿੱਦਤ ਨਾਲ ਚਾਹਿਆ, ਉਸਦਾ ਪੱਲਾ ਫੜਿਆ, ਦਿਸ਼ਾ-ਨਿਰਦੇਸ਼ ਦਿੱਤਾ। ਇਹ ਮੇਰੀ ਜ਼ਿੰਦਗੀ ਹੈ ਜੋ ਸਿਰਫ ਇਕ ਵਾਰ ਹੀ ਮਿਲੀ ਹੈ। ਹੁਣ ਲਗਦਾ ਹੈ ਕਿ ਮੈਂ ਆਪਣੀ ਮੰਜ਼ਿਲ ਦੀ ਦਿਸ਼ਾ ਵਲ ਅੱਗੇ ਵਧ ਰਹੀ ਹਾਂ। ਜੋ ਕੁੱਝ ਵੀ ਅੱਜ ਕਰ ਰਹੀ ਹਾਂ, ਉਹ ਲਿਖਣ ਦਾ ਵਿਕਾਸ ਨਹੀਂ, ਬਲਕਿ ਮੇਰਾ ਜੀਵਨ ਖਤਮ ਕਰਦੀ ਹੈ, ਮੌਤ ਮੇਰੇ ਪਿੱਛੇ ਪਈ ਹੈ।'ਫੇਰ 14 ਅਪਰੈਲ 1986 ਨੂੰ ਇਹ ਲੇਖਿਕਾ ਦੁਨੀਆਂ ਨੂੰ ਅਲਵਿਦਾ ਆਖ ਜਾਂਦੀ ਹੈ। 


ਲੇਖਿਕਾ--ਡਾ: ਪ੍ਰਭਾ ਖੇਤਾਨ 

ਪੰਜਾਬੀ ਤਰਜ਼ਮਾ-ਕੇਹਰ ਸ਼ਰੀਫ਼

Wednesday, February 6, 2013

ਮੁਕੰਮਲ ਔਰਤ ਕਿਸੇ-ਕਿਸੇ ਨੂੰ ਮਿਲਦੀ ਹੈ...

ਉਨ੍ਹਾਂ ਦਿਨਾਂ 'ਚ ਅਸੀਂ ਦੋਵੇਂ ਦਿੱਲੀ ਸੀ। ਮੋਬਾਇਲ 'ਤੇ ਇਮਰਾਨ ਦੀ ਘੰਟੀ ਖੜ੍ਹਕਦੀ ਹੈ।ਇਮਰੋਜ਼ ਨਾਲ ਮੁਲਾਕਾਤ ਕਰਨੀ ਹੈ,ਚੱਲ੍ਹੇਂ-ਗਾ।ਮੈਂ ਕਿਹਾ, ਮੁਲਾਕਾਤ ਤੋਂ ਪਹਿਲਾਂ ਕੇ.ਸਟਾਲਿਨ ਦੀ ਫਿਲਮ 'ਇੰਡੀਆ ਅਨਟੱਚਡ'(INDIA UNTOUCHED) (ਜਾਤ ਦੇ ਵਿਸ਼ੇ 'ਤੇ ਅਹਿਮ ਫਿਲਮ) ਦੇਖਣੀ ਪਊ। 'ਕਾਮਨ ਮਿਨੀਮਮ ਪ੍ਰੋਗਰਾਮ' ਬਣ ਜਾਂਦਾ ਹੈ।ਹੌਜ਼ ਖਾਸ ਦੇ ਨੇੜੇ ਇਕ ਸਮਾਜ ਸੇਵੀ ਜਥੇਬੰਦੀ ਦੇ ਦਫਤਰ 'ਚ ਫਿਲਮ ਦੇਖਣ ਤੋਂ ਬਾਅਦ ਇਮਰੋਜ਼ ਨਾਲ ਪੁਰਾਣੇ ਹੌਜ਼ ਖਾਸ ਵਾਲੇ ਘਰ 'ਚ ਮੁਲਾਕਾਤ ਹੰਦੀ ਹੈ। ਮੈਂ ਉਨ੍ਹਾਂ ਦਿਨਾਂ 'ਚ ਫਰਾਂਸ ਦੀ ਨਾਰੀਵਾਦੀ ਆਗੂ ਸਿਮੋਨ ਦੀ ਕਿਤਾਬ ' ਦ ਸੈਂਕੇਡ ਸੈਕਸ' ਤੇ ਉਸ ਦੀਆਂ ਕੁਝ ਹੋਰ ਲਿਖ਼ਤਾਂ ਤਾਜ਼ੀਆਂ-ਤਾਜ਼ੀਆਂ ਪੜ੍ਹੀਆਂ ਸੀ।ਇਮਰਾਨ ਨੇ ਇਮਰੋਜ਼ ਨਾਲ ਲੰਮੀ ਰਸਮੀ ਮੁਲਕਾਤ ਕੀਤੀ। ਮੈਂ ਇਮਰੋਜ਼ ਤੋਂ ਅੰਮ੍ਰਿਤਾ-ਇਮਰੋਜ਼ ਦੇ ਰਿਸ਼ਤੇ ਨੂੰ ਸਿਮੋਨ-ਸਾਰਤਰ ਦੀ ਖੁੱਲ੍ਹੀ ਕਿਤਾਬ ਵਰਗੀ ਜ਼ਿੰਦਗੀ ਦੇ ਸੰਦਰਭ 'ਚ ਸਮਝਣ ਦੀ ਕੋਸ਼ਿਸ਼ ਕੀਤੀ।ਫਰਾਂਸ, ਦਿੱਲੀ,ਪੈਰਿਸ,ਲਾਹੌਰ,ਪੰਜਾਬ ਦੇ ਭੂਗੋਲਿਕ,ਸਾਹਿਤਕ,ਸੱਭਿਆਚਾਰਕ ਤੇ ਸਿਆਸੀ ਪੱਖਾਂ ਦਾ ਤੁਲਣਾਤਮਿਕ ਅਧਿਐਨ ਕਾਫੀ ਦਿਲਚਸ ਲੱਗਿਆ।ਮੈਂ ਸੋਚਿਆ,ਇਸ 'ਤੇ ਥੋੜ੍ਹੀ ਹੋਰ ਮਿਹਨਤ ਕਰਕੇ ਯੂਰਪੀਅਨਾਂ ਤੋਂ ਪੰਜਾਬੀਆਂ ਤੱਕ ਦੇ ਔਰਤ-ਮਰਦ ਸਬੰਧਾਂ ਦੀਆਂ ਡੂੰਘਾਈਆਂ ਨੂੰ ਪੀੜ੍ਹੀਆਂ ਦੇ ਵਕਫਿਆਂ ਦੇ ਸਫਰ ਨਾਲ ਮਾਪਿਆ ਜਾ ਸਕਦਾ ਹੈਕੁਦਰਤੀ ਹੀ ਲਿਖਣ ਦਾ ਕਦੇ ਸਬੱਬ ਨਹੀਂ ਬਣਿਆ। ਇਮਰਾਨ ਨੇ ਉਸੇ ਸਮੇਂ ਕਿਸੇ ਹਿੰਦੀ ਅਖ਼ਬਾਰ ਲਈ ਇਹ ਮੁਲਾਕਾਤ ਲਿਖੀ,ਜਿਸ ਦੇ ਕੁਝ ਹਿੱਸੇ ਦੇਸ ਰਾਜ ਕਾਲੀ ਦੇ ਰਸਾਲੇ 'ਖ਼ਬਰ ਸਿਲਸਿਲਾ' 'ਚ ਛਪੇ ਹਨ।-ਯਾਦਵਿੰਦਰ ਕਰਫਿਊ


1958 'ਚ ਅੰਮ੍ਰਿਤਾ-ਇਮਰੋਜ਼
ਰਤ ਸਰੀਰ ਤੋਂ ਵੀ ਬਹੁਤ ਅੱਗੇ ਹੈ ਤੇ ਪੂਰੀ ਔਰਤ ਕਿਸੇ-ਕਿਸੇ ਨੂੰ ਹੀ ਮਿਲਦੀ ਹੈ। ਪੂਰੀ ਔਰਤ ਸਿਰਫ ਉਸ ਨੂੰ ਮਿਲਦੀ ਹੈ ਜਿਸ ਨੂੰ ਉਹ ਪਿਆਰ ਕਰਦੀ ਹੈ ਤੇ ਪਿਆਰ ’ਤੇ ਕੋਈ ਪਹਿਰਾ ਨਹੀਂ ਲਾਇਆ ਜਾ ਸਕਦਾ। ਇਹ ਕਹਿਣਾ ਹੈ ਮਸ਼ਹੂਰ ਆਰਟਿਸਟ ਇਮਰੋਜ਼ ਦਾ। ਉਹ ਕਹਿੰਦੇ ਹਨ ਇਸ਼ਕ ਅਤੇ ਧਰਮ ਇਨਸਾਨ ਦੇ ਬੇਹਦ ਨਿੱਜੀ ਮਸਲੇ ਹਨ। ਇਸ ’ਤੇ ਕੋਈ ਪਾਬੰਦੀ ਨਹੀਂ ਲਾ ਸਕਦਾ। ਕੁੜੀ ਨੇ ਕਿਸ ਨਾਲ ਜ਼ਿੰਦਗੀ ਬਿਤਾਉਣੀ ਹੈ, ਇਹ ਉਸ ’ਤੇ ਛੱਡ ਦਿਉ। ਲੱਖ ਕੋਸ਼ਿਸ਼ਾਂ ਕਰਕੇ ਵੀ ਤੁਸੀਂ ਉਸ ਦੇ ਮਨ ਨੂੰ ਬੰਨ੍ਹ ਨਹੀਂ ਸਕਦੇ। ਜੇ ਦਬਾਅ ’ਚ ਕੁੜੀ ਨੇ ਤੁਹਾਡੀ ਗੱਲ ਮੰਨ ਵੀ ਲਈ ਤਾਂ ਸਾਰੀ ਉਮਰ ਉਸ ਨੂੰ ਸਮਝੌਤੇ ਹੀ ਕਰਣੇ ਪੈਣਗੇ ਤੇ ਜਦੋਂ ਉਸ ਦੇ ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਨਾਜਾਇਜ਼ ਸੰਬੰਧ ਆਖਦੇ ਹੋ। ਆਮ ਲੋਕਾਂ ਲਈ ਅੰਮ੍ਰਿਤਾ ਭਾਵੇਂ ਇਸ ਦੁਨੀਆਂ ’ਚ ਨਹੀਂ ਪਰ ਉਹ ਅੱਜ ਵੀ ਜਿੰਦਾ ਹੈ। ਜੇਕਰ ਤੁਸੀਂ ਉਨ੍ਹਾਂ ਨਾਲ ਮਿਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਮਰੋਜ਼ ਨਾਲ ਮਿਲਣਾ ਪਵੇਗਾ। ਉਨ੍ਹਾਂ ਵਿਚ ਅੰਮ੍ਰਿਤਾ ਵੀ ਜ਼ਿੰਦਾ ਹੈ। ਉਹ ਕਹਿੰਦੇ ਹਨ ਅੰਮ੍ਰਿਤਾ ਹੈ, ਅਸੀਂ ਇਸ ਤੋਂ ਕਿਵੇਂ ਇਨਕਾਰ ਕਰ ਸਕਦੇ ਹਾਂ। ਇਸੇ ਲਈ ਗੱਲਬਾਤ ਦੌਰਾਨ ਉਹ ਅੰਮ੍ਰਿਤਾ ਵਾਸਤੇ ‘ਹੈ’ ਸ਼ਬਦ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਨਾਲ ਹੋਈ ਲੰਮੀ ਮੁਲਾਕਾਤ ਦੇ ਕੁਝ ਖਾਸ ਹਿੱਸੇ।-ਇਮਰਾਨ ਖ਼ਾਨ

ਤੁਸੀਂ ਇਕ ਕਲਾਕਾਰ ਹੋ,ਪਰ ਤੁਸੀਂ ਅੱਜ ਤੱਕ ਆਪਣੀ ਕੋਈ ਪੇਂਟਿੰਗ ਵੇਚੀ ਨਹੀਂ ਤੇ ਨਾ ਹੀ ਕੋਈ ਪ੍ਰਦਰਸ਼ਨੀ ਲਾਈ, ਅਜਿਹਾ ਕਿਉਂ?
ਮੈਂ ਇਕ ਕਲਾਕਾਰ ਹਾਂ, ਇਹ ਗੱਲ ਮੈਨੂੰ ਪਤਾ ਹੈ। ਮੈਂ ਇਹ ਲੋਕਾਂ ਨੂੰ ਕਿਉਂ ਦੱਸਾਂ ਕਿ ਮੈਂ ਇਕ ਕਲਾਕਾਰ ਹਾਂ। ਜਿਸ ਨੂੰ ਮੇਰੀ ਪੇਂਟਿੰਗ ਪਸੰਦ ਹੋਵੇਗੀ ਉਹ ਆ ਕੇ ਲੈ ਜਾਵੇਗਾ। ਨਾ ਮੈਨੂੰ ਸ਼ੌਕ ਹੈ ਕਿ ਲੋਕ ਮੇਰੇ ਬਾਰੇ ਜਾਣਨ ਤੇ ਨਾ ਹੀ ਅੰਮ੍ਰਿਤਾ ਨੂੰ। ਜੇਕਰ ਅਸੀਂ ਪ੍ਰਦਰਸ਼ਨੀ ਲਾਉਂਦੇ ਵੀ ਹਾਂ ਤਾਂ ਉਥੇ ਅਜਿਹੇ ਲੋਕ ਆਉਂਦੇ ਹਨ ਜੋ ਸਾਨੂੰ ਜਾਣਦੇ ਨਹੀਂ, ਇਸ ਦਾ ਕੀ ਫਾਇਦਾ ਹੈ? ਇਹ ਸਬ ਫਿਜ਼ੂਲ ਹੈ। ਮੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਕ ਕਲਾਕਾਰ ਹਾਂ ਹੋਰ ਕਿਸੇ ਨੂੰ ਪਤਾ ਹੋਣ ਜਾਂ ਨਾ ਹੋਣ ਨਾਲ ਕੀ ਫਰਕ ਪੈਂਦਾ ਹੈ। ਮੈਂ ਤੇ ਅੰਮ੍ਰਿਤਾ ਦੋਵੇਂ ਇਸੇ ਤਰ੍ਹਾਂ ਹੀ ਰਹਿੰਦੇ ਹਾਂ। ਬਹੁਤੇ ਲੇਖਕਾਂ ਦੀਆਂ ਕਿਤਾਬਾਂ ਦੇ ਪਹਿਲੇ 4-5 ਪੰਨਿਆਂ ’ਚ ਭੂਮਿਕਾ ਹੁੰਦੀ ਹੈ ਜੋ ਦੂਜੇ ਲੋਕਾਂ ਨੇ ਲਿਖੀ ਹੁੰਦੀ ਹੈ। ਇਹ ਸਿੱਧੇ ਤੌਰ ’ਤੇ ਲੇਖਕ ਨੂੰ ਔਬਲਾਈਜ਼ ਕਰਣ ਵਾਲੀ ਗੱਲ ਹੈ। ਅੰਮ੍ਰਿਤਾ ਦੀਆਂ ਤਕਰੀਬਨ 75 ਕਿਤਾਬਾਂ ਛਪੀਆਂ ਹਨ, ਮੈਂ ਉਨ੍ਹਾਂ ’ਤੇ ਅਜਿਹਾ ਕੁਝ ਨਹੀਂ ਵੇਖਿਆ। ਅਸੀਂ ਸਿਰਫ ਆਪਣੇ ਲਈ ਜ਼ਿੰਦਗੀ ਗੁਜ਼ਾਰੀ ਹੈ। ਮੈਂ ਅੰਮ੍ਰਿਤਾ ਨੂੰ ਜਾਣਦਾ ਹਾਂ ਤੇ ਅੰਮ੍ਰਿਤਾ ਮੈਨੂੰ। ਦੁਨੀਆਂ ’ਚ ਇਕ ਹੀ ਵਿਅਕਤੀ ਕਾਫੀ ਹੈ ਤੁਹਾਨੂੰ ਜਾਣਨ ਲਈ। ਮੈਂ ਅੰਮ੍ਰਿਤਾ ਦਾ ਸਮਾਜ ਹਾਂ ਤੇ ਉਹ ਮੇਰਾ। ਬਾਕੀ ਸਾਨੂੰ ਕਿਸੇ ਤੋਂ ਕੁਝ ਲੈਣਾ-ਦੇਣਾ ਨਹੀਂ।

ਜਿਹੜੇ ਮਾਂ-ਬਾਪ ਪਿਆਰ ’ਤੇ ਪਾਬੰਦੀ ਲਾਉਂਦੇ ਹਨ, ਉਨ੍ਹਾਂ ਬਾਰੇ ਕੀ ਸੋਚਦੇ ਹੋ?

ਪਿਆਰ ’ਤੇ ਕੋਈ ਪਾਬੰਦੀ ਨਹੀਂ ਲਾਈ ਜਾ ਸਕਦੀ। ‘ਲਵ ਇਜ਼ ਗੌਡ’ ਤੁਸੀਂ ਹੀ ਤਾਂ ਕਹਿੰਦੇ ਹੋ ਤੇ ਪਿਆਰ ’ਤੇ ਪਾਬੰਦੀ ਦੀ ਗੱਲ ਵੀ ਕਰਦੇ ਹੋ। ਜੇ ਦੋ ਇਨਸਾਨ ਇਕ-ਦੂਜੇ ਨੂੰ ਪਿਆਰ ਕਰਦੇ ਹਨ ਤਾਂ ਦੁਨੀਆਂ ਦਾ ਕੋਈ ਫੈਸਲਾ ਉਨ੍ਹਾਂ ’ਤੇ ਲਾਗੂ ਨਹੀਂ ਹੁੰਦਾ। ਜਿਹੜੇ ਮਾਪਿਆਂ ਨੂੰ ਲਗਦਾ ਹੈ ਕਿ ਉਹ ਪਿਆਰ ’ਤੇ ਪਹਿਰਾ ਲਾ ਸਕਦੇ ਹਨ ਇਹ ਉਨ੍ਹਾਂ ਦੀ ਬੜੀ ਵੱਡੀ ਭੁੱਲ ਹੈ। ਜਿਵੇਂ ਫੁੱਲ ਨੂੰ ਕੋਈ ਖਿੜ੍ਹਣ ਤੋਂ ਰੋਕ ਨਹੀਂ ਸਕਦਾ ਉਸੇ ਤਰ੍ਹਾਂ ਪਿਆਰ ਕਰ ਵਾਲਿਆਂ ’ਤੇ ਕੋਈ ਪਹਿਰਾ ਨਹੀਂ ਲਾਇਆ ਜਾ ਸਕਦਾ। ਮਾਪੇ ਅਜਿਹਾ ਇਸ ਕਰਕੇ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਵਿਆਹ ਵੀ ਇਸੇ ਤਰ੍ਹਾਂ ਹੋਇਆ ਹੁੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੋਸਾਇਟੀ ਨੂੰ ਵੀ ਜਵਾਬ ਦੇਣਾ ਹੁੰਦਾ ਹੈ। ਇਨਸਾਨ ਆਪਣੇ ਲਈ ਨਹੀਂ ਸੋਸਾਇਟੀ ਲਈ ਜੀ ਰਿਹਾ ਹੈ। ਦੋ ਨੌਜਵਾਨ ਲੋਕਾਂ ਦਾ ਇਹ ਨਿੱਜੀ ਮਸਲਾ ਹੈ ਕਿ ਉਹ ਕਿਸ ਨਾਲ ਰਹਿਣਾ ਪਸੰਦ ਕਰਦੇ ਹਨ।

ਤੁਹਾਡਾ ਰਹਿਣ-ਸਹਿਣ ਕਿਵੇਂ ਦਾ ਸੀ? 

ਅਸੀਂ ਸਾਦੀ ਜ਼ਿੰਦਗੀ ’ਚ ਯਕੀਨ ਰੱਖਦੇ ਹਾਂ। ਮੈਂ ਤੇ ਅੰਮ੍ਰਿਤਾ ਕਿਸੇ ਨੂੰ ਡਿਨਰ ’ਤੇ ਨਹੀਂ ਬੁਲਾਉਂਦੇ। ਇਹ ਤਾਂ ਸਾਡੀ ਮਰਜ਼ੀ ’ਤੇ ਹੈ ਕਿ ਅਸੀਂ ਕਿਸ ਨੂੰ ਬੁਲਾਉਣਾ ਹੈ ਤੇ ਕਿਸ ਨੂੰ ਨਹੀਂ। ਅਸੀਂ ਦੋਵੇਂ ਇਕੋ ਸਬਜ਼ੀ ਨਾਲ ਰੋਟੀ ਖਾਉਂਦੇ ਹਾਂ। ਜੇਕਰ ਅਸੀਂ ਕਿਸੇ ਨੂੰ ਬੁਲਾਈਏ ਤਾਂ ਸਾਨੂੰ ਉਸ ਵਾਸਤੇ ਸਬਜ਼ੀ ਵੀ ਬਨਾਉਣੀ ਪਵੇਗੀ। ਕੀ ਲੋੜ ਹੈ ਇਹ ਕਰਣ ਦੀ? ਲੋਕ ਨੌਕਰ ਕਿਉਂ ਰਖਦੇ ਹਨ, ਕਿਉਂਕਿ ਉਹ ਉਨ੍ਹਾਂ ਨੂੰ ਅਰਾਮ ਦਿੰਦੇ ਹਨ। ਮੈਂ ਆਪਣੇ ਕਮਰੇ ’ਚ ਪੇਂਟਿੰਗ ਬਣਾ ਰਿਹਾ ਹੁੰਦਾ ਹਾਂ ਤੇ ਅੰਮ੍ਰਿਤਾ ਆਪਣੇ ਕਮਰੇ ’ਚ ਲਿਖ ਰਹੀ ਹੁੰਦੀ ਹੈ ਤੇ ਸਾਨੂੰ ਨੌਕਰ ਦਾ ਧਿਆਣ ਰੱਖਣਾ ਪੈਂਦਾ ਹੈ ਕਿ ਉਹ ਕੀ ਕਰ ਰਿਹਾ ਹੈ। ਇਸੇ ਲਈ ਅਸੀਂ ਨੌਕਰ ਨਹੀਂ ਰਖਦੇ। ਜੇਕਰ ਔਰਤ ਘਰ ’ਚ ਰਹਿੰਦੀ ਹੈ ਤਾਂ ਉਸ ਨੂੰ ਖੁਦ ਰੋਟੀ ਬਨਾਉਣੀ ਚਾਹੀਦੀ ਹੈ। ਅੰਮ੍ਰਿਤਾ ਖੁਦ ਖਾਣਾ ਬਨਾਉਂਦੀ ਹੈ। ਅਸੀਂ ਦੋਵੇਂ ਰੱਲ ਕੇ ਰਸੋਈ ਦਾ ਸਾਰਾ ਕੰਮ ਕਰਦੇ ਹਾਂ।

ਤੁਸੀਂ ਤੇ ਅੰਮ੍ਰਿਤਾ ਮੁਸ਼ਾਇਰੇ ’ਚ ਨਹੀਂ ਜਾਂਦੇ, ਕਿਉਂ?

ਮੁਸ਼ਾਇਰਾ ਹੋਰ ਮੂਡ ਦਾ ਹੁੰਦਾ ਹੈ। ਅਸੀਂ ਉਸ ’ਚ ਫਿੱਟ ਨਹੀਂ ਬੈਠਦੇ। ਮੈਂ ਕਦੇ ਮੁਸ਼ਾਇਰੇ ’ਚ ਨਹੀਂ ਜਾਉਂਦਾ, ਅੰਮ੍ਰਿਤਾ ਸ਼ਾਇਦ ਇਕ ਵਾਰ ਗਈ ਹੈ। ਸ਼ਾਇਰ ਪਰਦੇ ਦੇ ਪਿੱਛੇ ਸ਼ਰਾਬ ਪੀ ਰਹੇ ਹੁੰਦੇ ਹਨ ਤੇ ਫਿਰ ਸ਼ਾਇਰੀ ਸੁਨਾਉਂਦੇ ਹਨ। ਛੋਟੇ-ਮੋਟੇ ਸ਼ਾਇਰਾਂ ਨੂੰ ਪਹਿਲਾਂ ਮੌਕਾ ਦਿੱਤਾ ਜਾਂਦਾ ਹੈ। ਵੱਡੇ ਸ਼ਾਇਰ ਬਾਅਦ ਵਿਚ ਆਉਂਦੇ ਹਨ ਤਾਂ ਜੋ ਭੀੜ ਬਣੀ ਰਹੇ। ਅਜਿਹਾ ਕਰ ਦੀ ਕੀ ਲੋੜ ਹੈ ਕਿਉਂ ਨਾ ਚੰਗੇ ਸ਼ਾਇਰਾਂ ਦੀਆਂ ਹੀ ਜ਼ਿਆਦਾ ਨਜ਼ਮਾਂ ਸੁਣ ਲਈਆਂ ਜਾਣ।
ਇਮਰਾਨ ਤੇ ਇਮਰੋਜ਼ ਹੌਜ਼ ਖ਼ਾਸ ਵਾਲੇ ਘਰ 'ਚ

ਤੁਸੀਂ ਖੁਦਾ ’ਚ ਯਕੀਨ ਰੱਖਦੇ ਹੋ?

ਲੋਕ ਮੰਦਰ, ਮਸਜਿਦ ਜਾਂ ਗੁਰਦਵਾਰੇ ਕਿਉਂ ਜਾਂਦੇ ਹਨ? ਕਿਉਂਕਿ ਉਨ੍ਹਾਂ ਨੇ ਖੁਦਾ ਤੋਂ ਕੁਝ ਮੰਗੁਣਾ ਹੁੰਦਾ ਹੈ। ਕੀ ਭਗਵਾਨ ਕਿਸੇ ਦਾ ਨੌਕਰ ਹੈ? ਉਹ ਕਿਸ-ਕਿਸ ਦੇ ਕੰਮ ਕਰਦਾ ਰਹੇਗਾ। ਤੁਸੀਂ ਭਗਵਾਨ ਕੋਲ ਸਿਰਫ ਮੰਗਣ ਜਾਂਦੇ ਹੋ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਨਹੀਂ ਜਾਉਂਦੇ। ਤੁਸੀਂ ਅਜਿਹਾ ਕਿਉਂ ਕਹਿੰਦੇ ਹੋ ਕਿ ਜੇਕਰ ਸਾਡਾ ਇਹ ਕੰਮ ਹੋ ਜਾਵੇਗਾ ਤਾਂ ਅਸੀਂ ਹਵਨ ਕਰਵਾਵਾਂਗੇ ਜਾਂ ਹੋਰ ਕੁਝ। ਤੁਸੀਂ ਸਿੱਧੇ ਤੌਰ ’ਤੇ ਭਗਵਾਨ ਨੂੰ ਰਿਸ਼ਵਤ ਦੇ ਰਹੇ ਹੋ। ਭਗਵਾਨ ਨੂੰ ਤਾਂ ਛੱਡ ਦਿਉ। ਕੋਈ ਕਹਿੰਦਾ ਹੈ ਭਗਵਾਨ ਮੇਰਾ ਵਿਆਹ ਕਰਵਾ ਦਿਉ, ਕੋਈ ਕਹਿੰਦਾ ਹੈ ਮੈਨੂੰ ਪਾਸ ਕਰਵਾ ਦਿਉ ਅਤੇ ਚੋਰ ਕਹਿੰਦਾ ਹੈ ਕਿ ਭਗਵਾਨ ਮੇਰੀ ਚੋਰੀ ’ਤੇ ਪਰਦਾ ਪਾਈੰ ਰੱਖੀਂ। ਚੋਰ ਇਹ ਨਹੀਂ ਕਹਿੰਦਾ ਕਿ ਭਗਵਾਨ ਚੋਰੀ ਦੀ ਆਦਤ ਛਡਵਾ ਦੇ। ਜੇਕਰ ਤੁਸੀਂ ਸੋਚਦੇ ਹੋ ਕਿ ਖੁਦਾ ਹੈ ਤਾਂ ਤੁਸੀਂ ਸਾਰੀਆਂ ਚੀਜ਼ਾਂ ਉਸ ’ਤੇ ਛੱਡ ਦਿੰਦੇ ਹੋ। ਜੇਕਰ ਸੋਚਦੇ ਹੋ ਕਿ ਉਹ ਨਹੀਂ ਹੈ ਤਾਂ ਤੁਸੀਂ ਦੋ ਤਰੀਕਿਆਂ ਨਾਲ ਸੋਚਦੇ ਹੋ। ਲੋਕ ਕਹਿੰਦੇ ਹਨ ਕਿ ਸਾਰਾ ਕੁਝ ਭਗਵਾਨ ਦੀ ਮਰਜ਼ੀ ਨਾਲ ਹੁੰਦਾ ਹੈ। ਜੇਕਰ ਕਿਸੇ ਦਾ ਕਤਲ ਹੁੰਦਾ ਹੈ ਤਾਂ ਉਹ ਵੀ ਭਗਵਾਨ ਦੀ ਮਰਜ਼ੀ ਨਾਲ ਹੋਇਆ ਹੈ। ਫਿਰ ਕਾਤਲ ਨੂੰ ਕਿਉਂ ਫੜਦੇ ਹੋ, ਭਗਵਾਨ ਨੂੰ ਫੜੋ ਜਾ ਕੇ। ਕਤਲ ’ਤੇ ਆ ਕੇ ਗੱਲ ਬਦਲ ਜਾਂਦੀ ਹੈ। ਤੁਸੀਂ ਸਿਰਫ ਆਪਣੇ ਫਾਇਦੇ ਲਈ ਭਗਵਾਨ ਨੂੰ ਇਸਤੇਮਾਲ ਕਰਦੇ ਹੋ।

ਤੁਸੀਂ ਲਗਭਗ 40 ਸਾਲ ਇਕੱਠੇ ਰਹੇ, ਫਿਰ ਵੀ ਕਦੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ?

ਇਜ਼ਹਾਰ ਕਰਣ ਦੀ ਲੋੜ ਹੀ ਕੀ ਹੈ। ਜੇਕਰ ਕੋਈ ਬਿਨਾ ਕੁਝ ਦੱਸੇ ਹੀ ਸੱਭ ਕੁਝ ਕਹਿ ਦੇਵੇ ਤਾਂ ਦੱਸਣ ਦੀ ਕੀ ਲੋੜ ਹੈ। 40 ਸਾਲਾਂ ’ਚ ਅਸੀਂ ਇਕ ਦੂਜੇ ਨੂੰ ‘ਆਈ ਲਵ ਯੂ’ ਨਹੀਂ ਕਿਹਾ। ਪਿਆਰ ਹੈ ਤਾਂ ਹੈ, ਦੱਸਣ ਦੀ ਕੀ ਲੋੜ ਹੈ। ਜੇਕਰ ਕੋਈ ਮੈਨੂੰ ਖੂਬਸੂਰਤ ਲਗਦਾ ਹੈ ਤਾਂ ਲਗਦਾ ਹੈ, ਉਸ ਨੂੰ ਆਪਣੇ ਆਪ ਅਹਿਸਾਸ ਹੋ ਜਾਵੇਗਾ। ਜੇਕਰ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤਾਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਤੂੰ ਵੀ ਮੈਨੂੰ ਪਿਆਰ ਕਰ। ਪਿਆਰ ਨੂੰ ਇਜ਼ਹਾਰ ਦੀ ਜ਼ਰੂਰਤ ਨਹੀਂ। ਇਜ਼ਹਾਰ ਤਾਂ ਕੋਸ਼ਿਸ਼ ਹੈ ਪਿਆਰ ਬਨਾਉਣ ਦੀ।

ਅੰਮ੍ਰਿਤਾ ਜੀ ਦਾ ਕਮਰਾ ਘਰ ਦੀ ਸ਼ੁਰੂਆਤ ’ਚ ਸੀ ਤੇ ਤੁਹਾਡਾ ਅਖੀਰ ’ਚ, ਅਜਿਹਾ ਕਿਉਂ?

ਮੈਂ ਇਕ ਕਲਾਕਾਰ ਹਾਂ ਤੇ ਉਹ ਲੇਖਿਕਾ। ਪਤਾ ਨਹੀਂ ਕਦੋਂ ਉਹ ਲਿਖਣਾ ਸ਼ੁਰੂ ਕਰ ਦੇਵੇ ਤੇ ਮੈਂ ਪੇਂਟਿੰਗ ਬਨਾਉਣਾ। ਇੰਨਾ ਵੱਡਾ ਘਰ ਹੁੰਦਾ ਹੈ ਫਿਰ ਵੀ ਪਤੀ-ਪਤਨੀ ਇਕ ਬਿਸਤਰੇ ’ਤੇ ਕਿਉਂ ਸੋਂਦੇ ਹਨ? ਉਨ੍ਹਾਂ ਦਾ ਮਕਸਦ ਕੁਝ ਹੋਰ ਹੁੰਦਾ ਹੈ, ਸਾਡਾ ਅਜਿਹਾ ਕੋਈ ਮਕਸਦ ਨਹੀਂ ਇਸ ਲਈ ਅਸੀਂ ਅਲਗ ਸੌਂਦੇ ਹਾਂ। ਜੇਕਰ ਅਸੀਂ ਇਕੱਠੇ ਸੌਂਦੇ ਤਾਂ ਜੇਕਰ ਮੈਂ ਹਿਲਦਾ ਤਾਂ ਉਸ ਨੂੰ ਪਰੇਸ਼ਾਨੀ ਹੋਣੀ ਸੀ ਤੇ ਜੇਕਰ ਉਹ ਹਿਲਦੀ ਤਾਂ ਮੈਨੂੰ। ਅਸੀਂ ਇਕ ਦੂਜੇ ਨੂੰ ਪਰੇਸ਼ਾਨੀ ਨਹੀਂ ਦੇਣਾ ਚਾਹੁੰਦੇ। ਅੱਜਕਲ ਵਿਆਹ ਸਿਰਫ ਔਰਤ ਦੇ ਸਰੀਰ ਵਾਸਤੇ ਹੁੰਦੇ ਹਨ। ਮਰਦ ਵਾਸਤੇ ਔਰਤ ਸਿਰਫ ਸਰਵਿੰਗ ਵੂਮੈਨ ਹੈ, ਕਿਉਂਕਿ ਉਹ ਨੌਕਰ ਤੋਂ ਸਸਤੀ ਹੈ। ਆਮ ਵਿਅਕਤੀ ਨੂੰ ਔਰਤ ਸਿਰਫ ਸਰੀਰ ਤੱਕ ਹੀ ਮਿਲਦੀ ਹੈ, ਪਿਆਰ ਤਾਂ ਕਿਸੇ-ਕਿਸੇ ਨੂੰ ਹੀ ਮਿਲਦਾ ਹੈ।

ਤੁਸੀਂ ਅੰਮ੍ਰਿਤਾ ਜੀ ਨਾਲ ਆਪਣਾ ਜਨਮਦਿਨ ਪਹਿਲੀ ਵਾਰ ਮਨਾਇਆ ਸੀ। ਕਿਹੋ ਜਿਹਾ ਮਹਿਸੂਸ ਹੋਇਆ ਸੀ?

ਚੰਗਾ ਲੱਗਾ। ਉਹ ਤਾਂ ਬਾਈਚਾਂਸ ਹੀ ਮਨਾ ਲਿਆ। ਉਸਦੇ ਤੇ ਮੇਰੇ ਘਰ ’ਚ ਸਿਰਫ ਇਕ ਸੜਕ ਦਾ ਫਾਸਲਾ ਸੀ। ਮੈਂ ਉਸ ਨਾਲ ਮਿਲਣ ਜਾਂਦਾ ਰਹਿੰਦਾ ਸਾਂ। ਉਸ ਦਿਨ ਅਸੀਂ ਇਕੱਠੇ ਬੈਠੇ ਸੀ। ਮੈਂ ਉਸ ਨੂੰ ਦੱਸਿਆ ਕਿ ਅੱਜ ਦੇ ਦਿਨ ਹੀ ਮੈਂ ਪੈਦਾ ਹੋਇਆ ਸੀ। ਉਹ ਉਠ ਕੇ ਬਾਹਰ ਗਈ ਤੇ ਕੁਝ ਚਿਰ ਬਾਅਦ ਆ ਕੇ ਬੈਠ ਗਈ। ਸਾਡੇ ਪਿੰਡ ਜਨਮ ਦਿਨ ਮਨਾਉਣ ਦਾ ਰਿਵਾਜ਼ ਨਹੀਂ। ਪੈਦਾ ਹੋ ਗਏ ਤਾਂ ਹੋ ਗਏ। ਇਹ ਰਿਵਾਜ਼ ਤਾਂ ਅੰਗਰੇਜ਼ਾਂ ਦਾ ਹੈ। ਥੋੜੀ ਦੇਰ ਬਾਅਦ ਇਕ ਵਿਅਕਤੀ ਕੇਕ ਲੈ ਕੇ ਆਇਆ। ਉਸ ਨੇ ਕੇਕ ਕੱਟਿਆ। ਥੋੜ੍ਹਾ ਮੈਨੂੰ ਦਿੱਤਾ ਤੇ ਥੋੜ੍ਹਾ ਆਪ ਖਾਦਾ। ਨਾ ਉਸ ਨੇ ਮੈਨੂੰ ਹੈਪੀ ਬਰਥਡੇ ਕਿਹਾ ਨਾ ਮੈ ਥੈਂਕਯੂ। ਬੱਸ ਅਸੀਂ ਇਕ ਦੂਜੇ ਨੂੰ ਵੇਖਦੇ ਤੇ ਮੁਸਕੁਰਾਉਂਦੇ ਰਹੇ।

ਅੱਜ ਕਲ ਤੁਹਾਡੇ ਕੀ ਰੁਝਾਨ ਹਨ? 

ਹੁਣ ਮੈਂ ਘਰ ਹੀ ਰਹਿੰਦਾ ਹਾਂ। ਕੀ ਲੋੜ ਹੈ ਬਾਹਰ ਜਾਣ ਦੀ। ਕਵਿਤਾਵਾਂ ਲਿਖਦਾ ਹਾਂ, ਪੇਂਟਿੰਗ ਕਰਦਾ ਹਾਂ, ਖੁਸ਼ ਹਾਂ ਆਪਣੀ ਜ਼ਿੰਦਗੀ ਤੋਂ। ਕਦੇ-ਕਦੇ ਬਾਹਰ ਸਬਜ਼ੀ ਲੈਣ ਚਲਾ ਜਾਂਦਾ ਹਾਂ।

ਇਸ ਸਮੇਂ ਦੇ ਲੋਕਾਂ ਬਾਰੇ ਕੀ ਕਹੋਗੇ?

ਅੱਜ ਕਲ ਕੋਈ ਜ਼ਿੰਦਾ ਨਹੀਂ। ਸਭ ਡੈਡ ਹੋ ਚੁੱਕੇ ਹਨ। ਜੋ ਮੁਆਫੀ ਨਹੀਂ ਮੰਗਦਾ, ਉਹ ਮਰ ਚੁੱਕਿਆ ਹੈ। ਜ਼ਿੰਦਾ ਇਨਸਾਨ ਨੂੰ ਕਦੇ ਨਾ ਕਦੇ ਇਕ ਵਾਰ ਆਪਣੀ ਗਲਤੀ ਦਾ ਅਹਿਸਾਸ ਤਾਂ ਹੁੰਦਾ ਹੀ ਹੈ। ਗੁਜਰਾਤ ਦੇ ਦੰਗਿਆਂ ’ਚ ਇਕ ਹਜ਼ਾਰ ਤੋਂ ਵੱਧ ਮੁਸਲਮਾਨ ਮਾਰੇ ਗਏ ਪਰ ਅੱਜ ਤੱਕ ਉਥੇ ਦੇ ਕਿਸੇ ਬੰਦੇ ਨੇ ਗਲਤੀ ਨਹੀਂ ਮੰਨੀ। ਕਿਉਂ? ਕਿਉਂਕਿ ਉਹ ਮਰ ਚੁੱਕੇ ਨੇ। ਅੱਜ ਕੋਈ ਵੀ ਮਜ਼ਹਬ ਇਨਸਾਨ ਨਹੀਂ ਬਣਾ ਰਿਹਾ। ਸਾਰੇ ਆਪਣੇ ਇਸਤੇਮਾਲ ਲਈ ਭੀੜ ਇਕੱਠੀ ਕਰ ਰਹੇ ਹਨ। ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ ਦੂਜਿਆਂ ਨਾਲੋਂ ਚੰਗੇ ਹਾਂ ਕਿਉਂਕਿ ਸਭ ਵਹਿਸ਼ੀ ਹੋ ਚੁੱਕੇ ਹਨ।

ਇਮਰਾਨ ਖ਼ਾਨ
Mob: 9888265007

Tuesday, October 16, 2012

ਮਲਾਲਾ 'ਤੇ ਹਮਲਾ:ਤਾਲਿਬਾਨੀ ਦਹਿਸ਼ਤਗਰਦੀ ਦੀ ਕਾਇਰ ਕਰਤੂਤ

ਦੁਨੀਆਂ ਅੰਦਰ ਵਾਪਰਦੇ ਇੱਕ ਤੋਂ ਬਾਅਦ ਇੱਕ ਅੱਤਵਾਦੀ ਹਮਲਿਆਂ ਕਾਰਨ,ਅੱਤਵਾਦੀ ਜੱਥੇਬੰਦੀਆਂ ਦੇ ਸਭ ਤੋਂ ਵੱਡੇ ਸਰਗਨੇ ਤਾਲਿਬਾਨ ਦੀ ਕਾਫੀ ਦਹਿਸ਼ਤ ਬਣੀ ਹੋਈ ਹੈ। ਜਿੱਥੇ ਦੁਨੀਆਂ ਦੇ ਹਰ ਕੋਨੇ ਅੰਦਰ ਅੱਤਵਾਦੀ ਦਹਿਸ਼ਤ ਦਾ ਸਾਇਆ ਲੋਕਾਂ ਨੂੰ ਕੰਬਣੀਆਂ ਛੇੜ ਰਿਹਾ ਹੈ, ਉਹਨਾਂ ਦੇ ਖ਼ਿਲਾਫ ਬੋਲਣ ਦਾ ਖਿਆਲ ਤੱਕ ਲੋਕਾਂ ਨੂੰ ਦਹਿਸ਼ਤਜ਼ਦਾ ਕਰ ਦਿੰਦਾ ਹੈ,ਉੱਥੇ ਤਾਲਿਬਾਨ ਦੇ ਗੜ੍ਹ ਅੰਦਰ ਰਹਿੰਦੇ ਜਨ ਸਧਾਰਨ ਦੀ ਦਸ਼ਾ ਕਿੰਨੀ ਮਾੜੀ ਹੋਵੇਗੀ?, ਕਿਆਸੀ ਵੀ ਨਹੀਂ ਜਾ ਸਕਦੀ।ਜਿੱਥੇ ਅੰਨ੍ਹੇ ਫਿਰਕੂ ਦਹਿਸ਼ਤਗਰਦ ਆਪਣੀਆਂ ਮਨਆਈਆਂ ਕਰਦੇ ਹਨ। ਆਏ ਦਿਨ ਸਧਾਰਨ ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ ਤੇ ਕਤਲ ਕਰਦੇ ਹਨ।ਔਰਤਾਂ ਦੇ ਪੜ੍ਹਨ-ਲਿਖਣ,ਬੋਲਣ ਤੇ ਬੁਰਕਾ ਪਹਿਨੇ ਬਗੈਰ ਘੁੰਮਣ ਤੇ ਪਾਬੰਦੀਆਂ ਮੜ੍ਹਦੇ ਹਨ। ਜਮਹੂਰੀ ਹੱਕਾਂ ਦਾ ਘਾਣ ਕਰਨ ਵਾਲੇ ਫ਼ਤਵੇ ਜਾਰੀ ਕਰਦੇ ਹਨ। ਅਜਿਹੀਆਂ ਦਮਘੋਟੂ ਹਾਲਤਾਂ 'ਚ ਰਹਿ ਰਹੇ ਲੋਕਾਂ ਤੇ ਉਨ੍ਹਾਂ ਦੇ ਬੱਚਿਆਂ ਦੀ ਮਾਨਸਿਕ ਦਸ਼ਾ ਕਿੰਨੀ ਨਪੀੜੀ ਹੋਈ ਹੋਵੇਗੀ?
ਸਵਾਤ ਘਾਟੀ ਤਾਲਿਬਾਨੀਆਂ ਦਾ ਗੜ ਮੰਨੀ ਜਾਂਦੀ ਹੈ। ਇਸ ਖੂਬਸੂਰਤ ਵਾਦੀ ਦੇ ਲੋਕ ਡਰ,ਸਹਿਮ ਤੇ ਚੁੱਪ ਦੇ ਹਨੇਰੇ 'ਚ 'ਜ਼ਿੰਦਗੀ ਕੱਟ' ਰਹੇ ਹਨ। ਇਹਨਾਂ ਹੁਸੀਨ ਵਾਦੀਆਂ 'ਚੋਂ ਦਲੇਰੀ ਤੇ ਹੌਂਸਲੇ ਨਾਲ ਭਰੀ ਹੋਈ ਇੱਕ 14 ਸਾਲਾ ਮਲਾਲਾ ਯੂਸਫ਼ਜ਼ਈ ਦੀ ਅਵਾਜ ਚਿੰਗਆੜੀ ਬਣ ਉੱਠਦੀ ਹੈ ਤੇ ਅੱਤਵਾਦੀ ਗੜ ਅੰਦਰ ਭਾਂਬੜ ਬਾਲ ਦਿੰਦੀ ਹੈ। 1998 'ਚ ਜਨਮੀ ਮਲਾਲਾ ਸਵਾਤ ਘਾਟੀ ਦੇ ਕਸਬੇ ਮੰਗੋਰਾ 'ਚ ਕਵੀ ਪਿਤਾ ਜ਼ਿਆ-ਉੱਦ-ਦੀਨ ਯੂਸਫ਼ਜ਼ਈ ਦੀ ਨਿਡਰ ਸੋਚ ਵਾਲੀ ਜਾਈ ਹੈ। ਉਹ ਬਚਪਨ ਤੋਂ ਹੀ ਸਵਾਤ ਦੀਆਂ ਸੁੰਦਰ ਵਾਦੀਆਂ ਅੰਦਰ ਤਾਲਿਬਾਨੀ ਦਹਿਸ਼ਤ ਦਾ ਨੰਗਾ ਨਾਚ ਅੱਖੀਂ ਵੇਖਦੀ ਆ ਰਹੀ ਹੈ। ਗਲੀਆਂ-ਸੜਕਾਂ ਤੇ ਮਨੁੱਖੀ ਲਾਸ਼ਾਂ ਦੇ ਢੇਰ ਕੋਲੋਂ ਲੰਘਦਿਆਂ,ਘਰਾਂ-ਸਕੂਲਾਂ ਅੰਦਰ ਅਨੇਕਾਂ ਪਾਬੰਦੀਆਂ ਦੇ ਜਾਰੀ ਹੁੰਦੇ ਫ਼ਤਵੇ ਸੁਣਦਿਆਂ,ਉਸਨੇ ਛੋਟੀ ਉਮਰੇ ਅੱਤਵਾਦੀ ਦਹਿਸ਼ਤੀ ਬਰਬਰਤਾ ਨੂੰ ਮਹਿਸੂਸ ਕਰ ਲਿਆ ਸੀ ਪਰ ਉਹ ਨਿਰਮਲ ਬਾਲ ਮਨ ਹਾਲੇ ਨਹੀਂ ਜਾਣਦਾ ਕਿ ਅੱਤਵਾਦ ਦੀ ਜੰਮਣ-ਭੋਂਇ ਤੇ ਇਸਦੀ ਕਬਰ ਕਿਵੇਂ ਪੁੱਟੀ ਜਾ ਸਕਦੀ ਹੈ।


ਮਲਾਲਾ ਨੇ ਆਪਣੇ ਅਨੁਭਵੀ ਵਿਚਾਰ ਬੀ.ਬੀ.ਸੀ. ਦੇ ਇੱਕ ਉਰਦੂ ਬਲਾਗ ਤੇ ਆਪਣੇ ਕਲਮੀ ਨਾਂ 'ਗੁਲ ਮੱਕਈ' ਹੇਠ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੇ ਤੇ ਦਿਨਾਂ 'ਚ ਹੀ ਉਸਦੀ ਅਵਾਜ ਕੌਮੀ-ਕੌਮਾਂਤਰੀ ਮੰਚ ਤੇ ਜਾਣੀ ਜਾਣ ਲੱਗੀ । ਉਸਨੂੰ ਕੌਮੀ-ਕੌਮਾਂਤਰੀ ਸ਼ਾਂਤੀ ਪੁਰਸਕਾਰ ਮਿਲੇ। ਉਸਨੇ ਇੱਕ ਰਾਜਨਿਤਕ ਪਾਰਟੀ ਬਣਾ ਕੇ ਅੱਤਵਾਦ ਖਤਮ ਕਰਕੇ ਅਮਨ-ਸ਼ਾਂਤੀ ਸਥਾਪਤ ਕਰਨ ਦਾ ਸੁਪਨਾ ਪਾਲਿਆ। ਉਸ ਨਿਡਰ ਬੱਚੀ ਦੀ ਅਵਾਜ,ਦਲੇਰੀ ਤੇ ਸੁਪਨਿਆਂ ਨੇ ਤਾਲਿਬਾਨੀ ਧੌਂਸ ਨੂੰ ਬੁਖਲਾ ਦਿੱਤਾ,ਦਹਿਸ਼ਤਗਰਦਾਂ ਨੇ ਆਪਣੇ ਗੈਰ-ਮਨੁੱਖੀ ਕਿਰਦਾਰ ਮੁਤਾਬਕ ਸਕੂਲ ਵੈਨ 'ਚ ਘਰ ਵਾਪਸ ਪਰਤ ਰਹੀ ਮਲਾਲਾ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਮਲਾਲਾ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।ਦੁਨੀਆਂ ਭਰ ਦੇ ਇਨਸਾਫ਼ਪਸੰਦ ਲੋਕ ਉਸਦੀ ਸਿਹਤਯਾਬੀ ਦੀ ਨਿੱਘੀ ਦਿਲੀ ਭਾਵਨਾ ਰੱਖ ਰਹੇ ਹਨ।

ਦੁਨੀਆਂ ਭਰ ਦੇ ਇਨਸਾਫ਼ਪਸੰਦ ਲੋਕਾਂ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ,ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਤੇ ਸਯੁੰਕਤ ਰਾਸ਼ਟਰ ਸੰਘ ਦੇ ਸਕੱਤਰ ਬਾਨ ਕੀ ਮੂ ਵਰਗੀਆ ਹੋਰ ਵੀ ਅਨੇਕਾਂ ਹਸਤੀਆਂ ਨੇ ਇਸ ਘਿਨੌਣੀ ਕਾਰਵਾਈ ਦੀ ਨਿੰਦਾ ਕਰਦਿਆਂ ਆਲਮੀ ਅਮਨ-ਸ਼ਾਂਤੀ ਦੀ ਗੱਲ ਕੀਤੀ ਹੈ। ਅੱਤਵਾਦ ਤੇ ਧਾਰਮਿਕ ਮੂਲਵਾਦ ਦੇ ਜਨਮਦਾਤੇ,ਵਿਸ਼ਵ ਜੰਗਾਂ ਛੇੜਣ ਤੇ ਆਪਣੀਆਂ ਕਠਪੁਤਲੀ ਸਰਕਾਰਾਂ ਬਣਾਉਣ ਵਾਲੀਆਂ ਇਹ ਲੋਕ ਵਿਰੋਧੀ ਤਾਕਤਾਂ ਅਜਿਹਾ ਕਰਕੇ ਮਗਰਮੱਛ ਦੇ ਹੰਝੂ ਵਹਾ ਰਹੀਆਂ ਹਨ। ਕਿਸੇ ਦੌਰ ਅੰਦਰ ਸਮਾਜਵਾਦੀ ਸੋਵੀਅਤ ਯੂਨੀਅਨ ਨੂੰ ਕੁਚਲਣ ਲਈ ਇਹਨਾਂ ਸਾਮਰਾਜੀ ਤਾਕਤਾਂ ਨੇ ਅੱਤਵਾਦ ਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਪੈਦਾ ਕੀਤਾ ਸੀ। ਉਹਨਾਂ ਨੂੰ ਹਥਿਆਰ ਮੁਹੱਈਆ ਕਰਵਾਏ,ਟ੍ਰੇਨਿੰਗ ਦਿੱਤੀ ਤੇ ਸਾਮਰਾਜੀ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਕੁਚਲਨ ਲਈ, ਮੋਹਰੇ ਵਜੋਂ ਵਰਤਿਆ ਗਿਆ।

ਸੋਵੀਅਤ ਯੂਨੀਅਨ ਦੇ ਖਿੰਡਣ ਮਗਰੋਂ ਅਮਰੀਕੀ ਸਾਮਰਾਜ ਵੱਲੋਂ ਪੈਦਾ ਕੀਤੀ ਅੱਤਵਾਦ ਦੀ ਇਹ ਬਲਾ ਖੁਦ ਇਹਨਾਂ ਸਾਮਰਾਜੀ ਗੜਾਂ ਤੇ ਹਮਲੇ ਕਰਨ ਲੱਗੀ। ਇੱਥੇ ਸਾਮਰਾਜੀ-ਪੂੰਜੀਵਾਦੀਏ ਦੋ ਮੂੰਹੀਂ ਚਾਲ ਚੱਲ ਰਹੇ ਹਨ,ਇੱਕ ਪਾਸੇ ਉਹ ਆਪਣੀਆਂ ਲੋਕਦੋਖੀ ਨੀਤੀਆਂ ਨੂੰ ਲੋਕਾਂ ਉਪਰ ਮੜ੍ਹਨ ਤੇ ਵਿਰੋਧ ਵਜੋਂ ਉੱਠਣ ਵਾਲੇ ਅੰਦੋਲਨਾਂ ਨੂੰ ਖਤਮ ਕਰਨ ਲਈ ਅੱਤਵਾਦ ਤੇ ਧਾਰਮਿਕ ਮੂਲਵਾਦ ਦਾ ਖਤਰਾ ਮੰਡਰਾਉਂਦਾ ਰੱਖਣਾ ਚਾਹੁੰਦੇ ਹਨ ਤੇ ਦੂਜੇ ਪਾਸੇ ਬੇਮੁਹਾਰੇ ਹੋਏ ਅੱਤਵਾਦੀ ਤੱਤਾਂ ਨੂੰ ਖਤਮ ਕਰਨ ਦੇ ਰਾਹ ਪਏ ਹੋਏ ਹਨ।ਪੰਜਾਬ ਅੰਦਰ ਖਾਲਿਸਤਾਨੀ ਦਹਿਸ਼ਤਗਰਦੀ ਨੂੰ ਪੈਦਾ ਤੇ ਖਤਮ ਕਰਨ ਦੀ ਖੇਡ ਵੀ ਇਸੇ ਨੀਤੀ ਤਹਿਤ ਚੱਲੀ ਸੀ ਤੇ ਹਾਕਮ ਅੱਗੋਂ ਵੀ ਇਸਨੂੰ ਚੱਲਦੀ ਰੱਖਣ ਦੇ ਮਨਸੂਬੇ ਰੱਖਦੇ ਹਨ। ਲੋਕਦੋਖੀ ਹਾਕਮ ਜਮਾਤਾਂ ਨੂੰ ਉਨ੍ਹਾਂ ਚਿਰ ਅੱਤਵਾਦ ਤੋਂ ਕੋਈ ਖਤਰਾ ਨਹੀਂ ਹੁੰਦਾ ਜਿੰਨਾਂ ਚਿਰ ਉਹ ਆਮ ਸਧਾਰਨ ਜਨਤਾ ਦਾ ਖੂਨ ਡੋਲ ਰਿਹਾ ਹੁੰਦਾ ਹੈ,ਇਸ ਲਈ ਖਤਰੇ ਦੀ ਸਥਿਤੀ ਸਿਰਫ ਉਦੋਂ ਹੀ ਬਣਦੀ ਹੈ ਜਦੋਂ ਇਹ ਸੱਤਾ ਦੇ ਗਲਿਆਰਿਆਂ 'ਚ ਜਾ ਵੜਦਾ ਹੈ। ਸਾਮਰਾਜੀ-ਪੂੰਜੀਵਾਦੀ ਤਾਕਤਾਂ ਅੱਤਵਾਦ ਦਾ ਹੋ-ਹੱਲਾ ਉਦੋਂ ਜਿਆਦਾ ਪਾਉਦੀਆਂ ਹਨ ਜਦੋਂ ਲੋਕ ਹੱਕਾਂ ਲਈ ਉੱਠੀਆਂ ਅਵਾਜਾਂ ਨੂੰ ਬੰਦ ਕਰਵਾਉਣ ਲਈ ਕੋਈ ਨਵਾਂ ਕਾਲਾ ਕਾਨੂੰਨ ਬਣਾਉਣਾ ਹੁੰਦਾ ਹੈ।

ਅੱਤਵਾਦ ਤੇ ਧਾਰਮਿਕ ਮੂਲਵਾਦ ਦੀਆਂ ਜਨਮਦਾਤੀਆਂ ਸਾਮਰਾਜੀ-ਪੂੰਜੀਵਾਦੀ ਤਾਕਤਾਂ ਇਹਨਾਂ ਨੂੰ ਦੁਨੀਆਂ ਲਈ ਵੱਡਾ ਖਤਰਾ ਪੇਸ਼ ਕਰਦੀਆਂ ਹੋਈਆਂ ਲੋਕਾਂ ਦਾ ਧਿਆਨ ਅਸਲ ਦੁਸ਼ਮਣ (ਸਾਮਰਾਜੀ-ਪੂੰਜੀਵਾਦੀ ਲੁਟੇਰੇ ਪ੍ਰਬੰਧ) ਤੋਂ ਵਟਾਉਣਾ ਚਾਹੁੰਦੀਆਂ ਹਨ। ਆਲਮੀ ਮਨੁੱਖਤਾ ਲਈ ਦਰਪੇਸ਼ ਸਭਨਾਂ ਬੁਰਾਈਆਂ ਦਾ ਖਾਤਮਾ ਕਰਨ ਲਈ,ਮਲਾਲਾ ਨੂੰ ਸੱਚ ਬੋਲਣ ਦੀ ਸਜਾ ਦੇਣ ਵਾਲੇ ਅੱਤਵਾਦੀ ਦਹਿਸ਼ਤਗਰਦਾਂ ਦੇ ਖਾਤਮੇ ਲਈ,ਮਲਾਲਾ ਸਮੇਤ ਅਨੇਕਾਂ ਅਤਿਆਚਾਰਾਂ ਦੀ ਸ਼ਿਕਾਰ ਲੋਕਾਈ ਦੀ ਭਲਾਈ ਲਈ ਚੇਤੰਨ ਤੇ ਇਨਸਾਫਪਸੰਦ ਲੋਕਾਂ ਦੁਆਰਾ ਸਾਮਰਾਜੀ-ਪੂੰਜੀਵਾਦੀ ਵਿਰੋਧੀ ਸੰਘਰਸ਼ਾਂ ਦੇ ਰਾਹ ਚੱਲਦਿਆਂ ਲੋਕਪੱਖੀ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਵੱਲ ਵਧਣ ਤੇ ਹੀ ਇਹਨਾਂ ਕਰੂਰ ਅਲਾਮਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਜਿਹੜੀ ਤਾਲਿਬਾਨੀ ਦਹਿਸ਼ਤੀ ਧੌਂਸ ਨੂੰ ਉਸੇ ਦੇ ਗੜ ਅੰਦਰ 14 ਸਾਲਾ ਬੱਚੀ ਦੀ ਅਵਾਜ਼ ਕੰਬਣੀਆਂ ਛੇੜ ਸਕਦੀ ਹੈ,ਉਸਦੇ ਖੋਖਲੇਪਣ ਦੀ ਇਸਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ। ਆਪਣੇ ਹਸ਼ਰ ਨੂੰ ਜਾਣਦਿਆਂ ਅੱਤਵਾਦ ਨਾਲ ਟੱਕਰ ਲੈਣ ਵਾਲੀ ਹਸਪਤਾਲ ਵਿੱਚ ਜ਼ੇਰੇ ਇਲਾਜ ਬੱਚੀ ਮਲਾਲਾ ਦੀ ਇਹ ਕੁਰਬਾਨੀ ਆਪਣੇ-ਆਪ 'ਚ ਇਕ ਸਵਾਲ ਉਭਾਰਦੀ ਹੈ ਕਿ ਤੁਸੀਂ ਜੋ ਚੰਗੇ ਮਿਹਨਤੀ-ਇਮਾਨਦਾਰ ਇਨਸਾਨ ਹੋ, ਤੁਸੀਂ ਹਰ ਤਰਾਂ੍ਹ ਦੇ ਲੁੱਟ-ਜ਼ਬਰ ਤੇ ਅਨਿਆਂ ਦੇ ਜਿੰਮੇਵਾਰ ਕਾਰਨਾਂ ਨੂੰ ਖਤਮ ਕਰਨ ਲਈ ਕੀ ਕਰ ਰਹੇ ਹੋ?

ਮਨਦੀਪ
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ।
ਮੌਬ: 98764-42052

Sunday, October 14, 2012

ਨੋਬਲ ਜੇਤੂ ਮੋ ਯਾਨ: ਸੈਂਸਰਸ਼ਿਪ ਸਾਹਿਤ ਸਿਰਜਣ ਲਈ ਬੇਹਤਰ ਹੈ

2012 ਦਾ ਨੋਬਲ ਸਾਹਿਤ ਸਨਮਾਨ  ਚੀਨੀ ਲੇਖਕ  ਮੋ ਯਾਨ ਨੂੰ ਦਿੱਤੇ ਜਾਣ ਦਾ ਐਲਾਨ ਹੋਇਆ ਹੈ, ਉਨ੍ਹਾਂ ਨੂੰ ਬਿਰਤਾਂਤਜਨਕ ਯਥਾਰਥਵਾਦ ਦੇ ਨਾਲ ਲੋਕ ਕਥਾਵਾਂ,ਇਤਿਹਾਸ ਅਤੇ ਸਮਕਾਲੀ ਜੀਵਨ ਨੂੰ ਮਿਲਾਉਣ ਦੇ ਲਈ ਇਹ ਸਨਮਾਨ ਦਿੱਤਾ ਗਿਆ। ਯਾਨ ਨੇ ਚੀਨੀ ਸੱਭਿਆਚਾਰਕ ਕ੍ਰਾਂਤੀ ਦੌਰਾਨ ਸਕੂਲ ਛੱਡ ਦਿੱਤਾ ਸੀ ਤੇ ਬਾਅਦ 'ਚ ਡੰਗਰ ਵੀ ਚਾਰਦਾ  ਰਹੇ। ਨੋਬਲ ਮਿਲਣ ਤੋਂ ਪਹਿਲਾਂ ਲੰਦਨ ਪੁਸਤਕ ਮੇਲੇ ਵਿੱਚ 'ਗ੍ਰਾਂਟਾ' ਦੇ ਸੰਪਾਦਕ ਜਾਨ ਫ੍ਰੀਮੈਨ ਨੇ ਉਨ੍ਹਾਂ ਨਾਲ ਗੱਲ ਬਾਤ ਕੀਤੀ ਸੀ,ਉਸ ਗੱਲਬਾਤ ਦਾ ਅੰਮ੍ਰਿਤਪ੍ਰੀਤ ਮਾਨਸਾ ਨੇ ਪੜ੍ਹਦੇ-ਪੜ੍ਹਦੇ ਬਲੌਗ ਤੋਂ ਪੰਜਾਬੀ ਤਰਜ਼ਮਾ ਕੀਤਾ ਹੈ। ਅੰਮ੍ਰਿਤਪ੍ਰੀਤ ਲਾਅ ਗਰੈਜੂਏਟ ਹੋਣ ਦੇ ਨਾਲ ਨਾਲ ਸਮਾਜਿਕ-ਸਿਆਸੀ ਤੇ ਸਾਹਿਤਕ ਖੇਤਰਾਂ 'ਚ ਵਿਸ਼ੇਸ਼ ਰੁਚੀ ਰੱਖਦਾ ਹੈ।--ਯਾਦਵਿੰਦਰ ਕਰਫਿਊ

ਜਾਨ ਫ੍ਰੀਮੈਨ: ਤੁਹਾਡੇ ਕਈ ਨਾਵਲਾਂ ਦੀ ਪਿੱਠਭੂਮੀ ਗੋਯਮੀ ਦੇ ਆਪਣੇ ਘਰੇਲੂ ਕਸਬੇ ਤੇ ਅਧਾਰਤ ਅਰਧ-ਕਾਲਪਨਿਕ ਸ਼ਹਿਰ ਦੀ ਹੈ, ਇੱਕ ਤਰਾ੍ਹਂ ਨਾਲ ਉਸੇ ਤਰ੍ਹਾਂ ਜਿਵੇਂ ਕਿ ਫੋਕਨਰ ਦਾ ਅਮਰੀਕੀ ਦੱਖਣ ਅਜਿਹਾ ਕੀ ਹੈ ਜੋ ਤੁਹਾਨੂੰ ਇਸ ਅਰਧ ਕਾਲਪਨਿਕ ਸਮਾਜ ਵੱਲ ਮੁੜਨ ਦੇ ਲਈ ਮਜ਼ਬੂਰ ਕਰਦਾ ਹੈ ਅਤੇ ਆਲਮੀ ਪੱਧਰ ਦੇ ਪਾਠਕ ਵਰਗ ਨੇ ਕੀ ਇਸ ਫੋਕਸ ਨੂੰ ਕੁਝ ਬਦਲਿਆ ਹੈ?

ਮੋ ਯਾਨ : ਜਦੋਂ ਮੈਂ ਪਹਿਲੇ ਪਹਿਲ ਲਿਖਣਾ ਸ਼ੁਰੂ ਕੀਤਾ ਤਾਂ ਲਿਖਣ ਦਾ ਮਹੌਲ ਸੀ, ਬਿਲਕੁਲ ਯਥਾਰਥਕ ਅਤੇ ਕਥਾਨਕ ਮੇਰੇ ਨਿੱਜੀ ਅਨੁਭਵ ਤੇ ਅਧਾਰਿਤ ਹੋਇਆ ਕਰਦੇ ਸੀ, ਪਰ ਜਿਵੇਂ ਜਿਵੇਂ ਮੇਰੀਆਂ ਕਿਤਾਬਾਂ ਛਪਦੀਆਂ ਗਈਆਂ, ਮੇਰੇ ਦਿਨ ਪ੍ਰਤੀ ਦਿਨ ਦੇ ਅਨੁਭਵ ਖਤਮ ਹੋਣ ਲੱਗੇ ਅਤੇ ਇਸ ਲਈ ਮੈਨੂੰ ਥੋੜੀ ਜਿਹੀ ਕਲਪਨਾ ਅਤੇ ਇੱਥੋਂ ਤੱਕ ਕਿ ਕਦੇ ਕਦੇ ਮਨਮੌਜੀ ਦੀ ਜ਼ਰੂਰਤ ਪੈਣ ਲੱਗੀ।

ਪ੍ਰਸ਼ਨ: ਤੁਹਾਡੀਆਂ ਕੁਝ ਰਚਨਾਵਾਂ ਗੂੰਟਰ ਗ੍ਰਾਸ, ਵਿਲੀਅਮ ਫਾਕਨਰ ਅਤੇ ਗਾਬ੍ਰਿੲਲ ਗਾਸ੍ਰਿਆ ਮਾਰਕੇਜ਼ ਦੀਆਾਂ ਰਚਨਾਵਾਂ ਦੀ ਯਾਦ ਦਿਵਾਉਂਦੀਆਂ ਹਨ। ਕੀ ਸ਼ੁਰੂ ਸ਼ੁਰੂ ਵਿੱਚ ਤੁਹਾਨੂੰ ਚੀਨ ਵਿੱਚ ਇਨ੍ਹਾਂ ਲੇਖਕਾਂ ਦੀਆਂ ਕਿਤਾਬਾਂ ਉਪਲਬਧ ਸਨ? ਉਹਨਾਂ ਲੋਕਾਂ ਦੇ ਬਾਰੇ ਕੁਝ ਦੱਸੋ ਜਿਨ੍ਹਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ ?

ਉੱਤਰ: 1981 ਦੀ ਗੱਲ ਹੈ, ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਤਾਂ ਮੈਂ ਗਾਸ੍ਰਿਆ ਮਾਰਕੇਜ਼ ਜਾਂ ਫਾਕਨਰ ਦੀ ਕੋਈ ਕਿਤਾਬ ਨਹੀਂ ਪੜ੍ਹੀ ਸੀ। ਮੈਂ ਸਭ ਤੋਂ ਪਹਿਲਾਂ 1984 ਵਿੱਚ ਉਹਨਾਂ ਨੂੰ ਪੜ੍ਹਿਆ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਰ ਮੇਰੀ ਲਿਖਤ ਤੇ ਇਹਨਾਂ ਦੋਵਾਂ ਲੇਖਕਾਂ ਦਾ ਬਹੁਤ ਪ੍ਰਭਾਵ ਪਿਆ। ਮੈਨੂੰ ਜਾਣਿਆ ਕਿ ਮੇਰੇ ਜੀਵਨ ਦੇ ਅਨੁਭਵ ਉਹਨਾਂ ਦੇ ਅਨੁਭਵਾਂ ਨਾਲ ਕਾਫੀ ਮਿਲਦੇ ਜੁਲਦੇ ਹਨ। ਪਰ ਇਸਦਾ ਪਤਾ ਮੈਨੂੰ ਬਾਦ ਵਿੱਚ ਹੀ ਲੱਗ ਸਕਿਆ, ਜੇਕਰ ਮੈਂ ਉਨ੍ਹਾਂ ਨੂੰ ਥੋੜ੍ਹਾ ਪਹਿਲਾਂ ਪੜ੍ਹਿਆ ਹੁੰਦਾ ਤਾਂ ਉਨ੍ਹਾਂ ਦੀ ਤਰ੍ਹਾਂ ਮੈਂ ਵੀ ਹੁਣ ਤੱਕ ਇੱਕ ਮਾਸਟਰਪੀਸ ਲਿਖ ਚੁੱਕਾ ਹੁੰਦਾ।

ਪ੍ਰਸ਼ਨ: 'ਰੈਡ ਸੋਰਘਮ' ਜਿਹੇ ਸ਼ੁਰਆਤੀ ਨਾਵਲ ਪ੍ਰਗਟ ਰੂਪ ਵਿੱਚ ਇਤਿਹਾਸਕ, ਜਾਂ ਕੁਝ ਲੋਕਾਂ ਨੂੰ ਤਾਂ 'ਰੋਮਾਂਸ' ਤੱਕ ਲੱਗਦੇ ਹਨ, ਜਦੋਂ ਕਿ ਅੱਜ ਕੱਲ ਤੁਹਾਡੇ ਨਾਵਲ ਵਧੇਰੇ ਪ੍ਰਗਟ ਰੂਪ ਵਿੱਚ ਸਮਕਾਲੀਨ ਜਗਤ ਅਤੇ ਵਿਸ਼ਾ ਵਸਤੂਆਂ ਦੇ ਵੱਲ ਆਏ ਹਨ। ਕੀ ਇਹ ਜਾਣ ਬੁਝਕੇ ਕੀਤੀ ਗਈ ਇੱਕ ਚੋਣ ਹੈ?

ਉੱਤਰ: ਜਦੋਂ ਮੈਂ 'ਰੇਡ ਸੋਰਘਮ' ਲਿਖਿਆ ਸੀ ਉਸ ਸਮੇਂ ਮੈਂ 30 ਸਾਲ ਤੋਂ ਵੀ ਘੱਟ ਉਮਰ ਦਾ ਨੌਜਵਾਨ ਸੀ ਉਸ ਸਮੇਂ ਮੇਰੀ ਜ਼ਿੰਦਗੀ, ਮੇਰੇ ਪੁਰਖਿਆਂ ਦੀ ਜ਼ਿੰਦਗੀ ਵੇਖਦੇ ਹੋਏ ਰੁਮਾਨੀ ਚੀਜਾਂ ਨਾਲ ਭਰੀ ਸੀ, ਮੈਂ ਉਹਨਾਂ ਦੇ ਜੀਵਨ ਦੇ ਬਾਰੇ ਲਿਖ ਰਿਹਾ ਸੀ ਪਰ ਉਨ੍ਹਾਂ ਬਾਰੇ ਮੈਂ ਜ਼ਿਆਦਾ ਕੁਝ ਜਾਣਦਾ ਨਹੀਂ ਸੀ।ਇਸ ਲਈ ਉਹ ਪਾਤਰਾਂ ਵਿੱਚ ਬਹੁਤ ਸਾਰੀਆਂ ਕਲਪਨਾਵਾਂ ਭਰ ਦਿੱਤੀਆਂ। ਜਦੋਂ ਮੈਂ 'ਲਾਇਫ ਐਂਡ ਡੈੱਥ ਆਰ ਵਿਯਰਿੰਗ ਮੀ ਆਊਟ' ਲਿਖਿਆ , ਉਸ ਸਮੇਂ ਮੈਂ 40 ਸਾਲ ਤੋਂ ਵੱਧ ਉਮਰ ਦਾ ਸੀ ਤਾਂ ਇੱਕ ਨੌਜਵਾਨ ਅੱਧਖੜ ਵਿਅਕਤੀ ਵਿੱਚ ਬਦਲ ਚੁੱਕਿਆ ਸੀ । ਮੇਰੀ ਜ਼ਿੰਦਗੀ ਵੱਖ ਹੈ, ਮੇਰੀ ਜ਼ਿੰਦਗੀ ਜ਼ਿਆਦਾ ਸਮਕਾਲੀ ਹੈ ਅਤੇ ਸਾਡੇ ਸਮਕਾਲੀਨ ਸਮੇਂ ਦੀ ਗਲਾਕੱਟ ਕਰੂਰਤਾਂ ਨੇ ਮੇਰੇ ਉਸ ਰੋਮਾਂਸ ਤੇ ਲਗਾਮ ਲੱਗਾ ਦਿੱਤੀ ਹੈ ਜਿਸ ਨੂੰ ਮੈਂ ਕਦੀ ਮਹਿਸੂਸ ਕਰਿਆ ਕਰਦਾ ਸੀ।

ਪ੍ਰਸ਼ਨ: ਤੁਸੀਂ ਹਮੇਸ਼ਾ ਸਥਾਨਕ ਲਾਓਬਾਕਿਸੰਗ ਭਾਸ਼ਾ ਅਤੇ ਖਾਸ ਤੋਰ ਤੇ ਸ਼ੈਨਤੁੰਗ ਬੋਲੀ ਵਿੱਚ ਲਿਖਦੇ ਹੋ ਜੋ ਤੁਹਾਡੇ ਵਾਰਤਕ ਨੂੰ ਇੱਕ ਤਿੱਖੀ ਧਾਰ ਦਿੰਦੀ ਹੈ, ਕੀ ਤੁਸੀਂ ਇਹ ਸੋਚਕੇ ਨਿਰਾਸ਼ ਹੁੰਦੇ ਕਿ ਕੁਝ ਮੁਹਾਵਰੇ ਅਤੇ ਸਿਰਲੇਖ ਸ਼ਾਇਦ ਅੰਗਰੇਜ਼ੀ ਅਨੁਵਾਦ ਵਿੱਚ ਠੀਕ ਠੀਕ ਨਾ ਆ ਸਕਦੇ ਹੋਣ ਜਾਂ ਕੀ ਤੁਸੀ ਅਪਣੇ ਅਨੁਵਾਦਕ ਹੋਵਰਡ ਗੋਲਡਬਲਾਟ ਦੇ ਨਾਲ ਉਸਦਾ ਹੱਲ ਕੱਢਣ ਨਿਪੁੰਨ ਹੋ ਪਾਉਂਦੇ ਹਨ?

ਉੱਤਰ: ਹਾਂ ਇਹ ਸੱਚ ਹੈ ਕਿ ਅਪਣੀਆਂ ਸ਼ੁਰੂਆਤੀ ਰਚਨਾਵਾਂ ਵਿੱਚ ਮੈਂ ਸਥਾਨਕ ਭਾਸ਼ਾ, ਮੁਹਾਵਰੇ ਅਤੇ ਸਿਰਲੇਖਾਂ ਦਾ ਕਾਫੀ ਇਸਤੇਮਾਲ ਕਰਿਆ ਕਰਦਾ ਸੀ ਕਿਉਂਕਿ ਉਸ ਸਮੇਂ ਮੈਂ ਅਜਿਹਾ ਸੋਚਦਾ ਵੀ ਨਹੀਂ ਸੀ ਕਿ ਮੇਰੀ ਰਚਨਾ ਦਾ ਦੂਜੀਆਂ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋਵੇਗਾ ਬਾਦ ਵਿੱਚ ਮੈਂ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਦੀ ਭਾਸ਼ਾ ਤਰਜ਼ਮਾਕਾਰ ਦੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਦੀ ਹੈ ਪਰ ਸਥਾਨਕ ਭਾਸ਼ਾ, ਮੁਹਾਵਰੇ ਅਤੇ ਸਿਰਲੇਖਾਂ ਦਾ ਇਸਤੇਮਾਲ ਨਾ ਕੀਤਾ ਜਾਣਾ ਮੇਰੇ ਲਈ ਕੰਮ ਨਹੀ ਕਰਦਾ ਕਿਉਂਕਿ ਮੁਹਾਵਰੇ ਦਾਰ ਭਾਸ਼ਾ ਜੀਵੰਤ ਅਤੇ ਅਰਥਪੂਰਨ ਲੇਖਕ ਵਿਸ਼ੇਸ਼ ਦੀ ਸਿਗਨੇਚਰ ਭਾਸ਼ਾ ਦਾ ਸਭ ਤੋਂ ਮਹਤੱਵਪੂਰਨ ਹਿੱਸਾ ਹੁੰਦੀ ਹੈ, ਇਸ ਲਈ ਜਿਥੱੇ ਇੱਕ ਪਾਸੇ ਆਪਣੇ ਕੁਝ ਸਿਰਲੇਖਾਂ ਅਤੇ ਮੁਹਾਵਰਿਆਂ ਦੇ ਵਰਤੋਂ ਨੂੰ ਮੈਂ ਸੋਧਤ ਅਤੇ ਸਮਾਂਬੱਧ ਕਰ ਸਕਦਾ ਹਾਂ, ਉੱਥੇ ਦੂਜੇ ਪਾਸੇ ਮੈਂ ਉਮੀਦ ਕਰਦਾ ਹਾਂ ਕਿ ਸਾਡੇ ਅਨੁਵਾਦਕ ਅਪਣੇ ਕੰਮ ਦੇ ਦੌਰਾਨ ਮੇਰੇ ਵਰਤੋਂ ਕੀਤੇ ਗਏ ਸਿਰਲੇਖਾਂ ਨੂੰ ਦੂਸਰੀ ਭਾਸ਼ਾ ਵਿੱਚ ਉਤਾਰ ਸਕਦੇ ਹਨ ૶ ਆਦਰਸ਼ ਹਾਲਤ ਇਹੀ ਹੈ।

ਪ੍ਰਸ਼ਨ: ਤੁਹਾਡੇ ਕਈ ਨਾਵਲਾਂ ਦੇ ਕੇਂਦਰ ਵਿੱਚ ਸ਼ਕਤੀ ਸਪੰਨ ਔਰਤਾਂ ਹਨ, ਜਿਵੇਂ ਕਿ 'ਬਿੱਗ ਬ੍ਰੇਸਟਸ ਐਂਡ ਵਾਇਡ ਹਿਪਸ', ' ਲਾਇਫ ਐਂਡ ਡੈੱਥ ਆਰ ਬਿਅਰਿੰਗ ਵੀ ਆਊਟ' ਅਤੇ 'ਫ੍ਰਾਗ' ਵਿੱਚ ਕੀ ਤੁਸੀਂ ਖੁਦ ਨੂੰ ਨਾਰੀਵਾਦੀ ਮੰਨਦੇ ਹੋ ਜਾਂ ਬਸ ਇੱਕ ਔਰਤ ਦੇ ਨਜ਼ਰੀਏ ਤੋਂ ਲਿਖਣ ਵਿੱਚ ਤੁਹਾਡੀ ਦਿਲਚਸਪੀ ਹੈ?

ਉੱਤਰ: ਸਭ ਤੋਂ ਪਹਿਲਾਂ ਇਹ ਕਿ ਮੈਂ ਔਰਤਾਂ ਦੀ ਸਰਾਹਣਾ ਅਤੇ ਸਨਮਾਨ ਕਰਦਾ ਹਾਂ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਮਹਾਨ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਜੀਵਨ ਅਨੁਭਵ ਭਾਵ ਸਹਿਨਸ਼ਕਤੀ ਹਮੇਸ਼ਾ ਕਿਸੇ ਪੁਰਸ਼ ਤੋਂ ਬਹੁਤ ਜ਼ਿਆਦਾ ਹੁੰਦੀ ਹੈ। ਬੜੀਆਂ ਔਕੜਾਂ ਨਾਲ ਸਾਡਾ ਸਾਹਮਣਾ ਹੋਣ 'ਤੇ ਔਰਤਾਂ ਸਦਾ ਪੁਰਸ਼ਾ ਤੋਂ ਜ਼ਿਆਦਾ ਬਹਾਦਰ ਸਾਬਤ ਹੁੰਦੀਆਂ ਹਨ, ਮੇਰੇ ਖਿਆਲ ਨਾਲ ਉਨ੍ਹਾਂ ਦੀ ਯੋਗਤਾ ਉਹਨਾਂ ਵਿੱਚ ਇਸ ਕਾਰਨ ਹੁੰਦੀ ਹੈ ਕਿਉਂਕਿ ਉਹ ਮਾਂ ਵੀ ਹੁੰਦੀ ਹੈ, ਇਸਦੇ ਕਾਰਨ ਜੋ ਤਾਕਤ ਆਉਂਦੀ ਹੈ, ਉਸਦੀ ਅਸੀਂ ਕਲਪਣਾ ਵੀ ਨਹੀ ਕਰ ਸਕਦੇ, ਆਪਣੀਆਂ ਕਿਤਾਬਾਂ ਵਿੱਚ ਮੈਂ ਖੁਦ ਨੂੰ ਔਰਤ ਦੀ ਥਾਂ ਰੱਖ ਕੇ ਵੇਖਣ ਦਾ ਯਤਨ ਕਰਦਾ ਹਾਂ, ਇਸ ਦੁਨੀਆ ਨੂੰ ਮੈਂ ਔਰਤਾਂ ਦੇ ਨਜ਼ਰੀਏ ਤੋਂ ਸਮਝਣ ਅਤੇ ਵਿਸ਼ਲੇਸ਼ਤ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਸਚਾਈ ਹੈ ਕਿ ਮੈਂ ਔਰਤ ਨਹੀਂ ਹਾਂ, ਮੈਂ ਇੱਕ ਪੁਰਸ਼ ਲੇਖਕ ਹਾਂ, ਮੈਂ ਆਪਣੀਆਂ ਕਿਤਾਬਾਂ ਵਿੱਚ ਜਿਸ ਦੁਨੀਆ ਦਾ ਬਿਆਨ ਮੈਂ ਇਸ ਤਰਾ੍ਹਂ ਕੀਤਾ ਹੈ ਕਿ ਮੰਨੋ ਮੈਂ ਇੱਕ ਔਰਤ ਹੋਵਾਂ, ਉਸਨੂੰ ਸ਼ਾਇਦ ਖੁਦ ਇਸਤਰੀਆਂ ਦੁਆਰਾ ਠੀਕ ਨਾ ਮੰਨਿਆ ਜਾਵੇ, ਪਰ ਇਹ ਅਜਿਹੀ ਚੀਜ਼ ਨਹੀਂ ਹੈ ਜਿਸਦੇ ਬਾਰੇ ਮੈਂ ਕੁਝ ਕਰ ਸਕਦਾ ਹਾਂ। ਔਰਤਾਂ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਉਹਨਾਂ ਦੀ ਸਰਾਹਣਾ ਕਰਦਾ ਹਾਂ, ਪਰ ਫਿਰ ਵੀ ਮੈਂ ਇੱਕ ਪੁਰਸ਼ ਹੀ ਹਾਂ।

ਪ੍ਰਸ਼ਨ: ਕੀ ਸੈਂਸਰਸ਼ਿਪ ਤੋਂ ਬਚਣਾ ਬਾਰੀਕੀ ਦਾ ਇੱਕ ਸਵਾਲ ਹੈ, ਅਤੇ ਜਾਦੁਈ ਯਥਾਰਥਵਾਦ ਰਾਹੀਂ ਖੋਲ੍ਹੇ ਗਏ ਰਾਹਾਂ ਦੇ ਨਾਲ ਨਾਲ ਵਰਣਨ ਦੀਆਂ ਪ੍ਰੰਪਰਾਗਤ ਤਕਨੀਕਾਂ ਬਿਨ੍ਹਾਂ ਵਾਦ ਵਿਵਾਦ ਦਾ ਸਹਾਰਾ ਲਏ ਕਿਸ ਸੀਮਾ ਤੱਕ ਇੱਕ ਲੇਖਕ ਨੂੰ ਅਪਣੀਆਂ ਸਭ ਤੋਂ ਡੂੰਘੀਆਂ ਚਿੰਤਾਵਾਂ ਪ੍ਰਗਟ ਕਰਨ ਦੀ ਆਗਿਆ ਦਿੰਦੀਆਂ ਹਨ?

ਉੱਤਰ: ਹਾਂ ਸੱਚ ਵਿੱਚ ਸਾਹਿਤ ਦੀ ਬਹੁਤ ਸਾਰੀਆਂ ਵਿਧੀਆਂ ਦੇ ਰਾਜਨੀਤਿਕ ਆਚਰਨ ਹੁੰਦੇ ਹਨ, ਉਦਾਹਰਨ ਦੇ ਲਈ ਸਾਡੇ ਵਾਸਤਵਿਕ ਜੀਵਨ ਵਿੱਚ ਕੁਝ ਤਿੱਖੇ ਅਤੇ ਸੰਵੇਦਨਸ਼ੀਲ ਮੁੱਦੇ ਹੋ ਸਕਦੇ ਹਨ ਅਤੇ ਉਹ ਛੂਹੇ ਜਾਣਦੇ ਯਤਨ ਨਹੀਂ ਕਰਦੇ, ਇਸ ਤਰ੍ਹਾਂ ਕਿਸੇ ਮੋੜ ਉਪਰ ਇੱਕ ਲੇਖਕ ਉਹਨਾਂ ਨੂੰ ਅਸਲ ਦੁਨੀਆਂ ਤੋਂ ਅਲੱਗ ਕਰਨ ਦੇ ਲਈ ਅਪਣੀ ਕਲਪਣਾ ਦਾ ਪ੍ਰਯੋਗ ਕਰਦਾ ਹੈ ਜਾਂ ਉਹ ਸਥਿਤੀ ਨੂੰ ਵਧਾ ਚੜ੍ਹਾਕੇ ਵੀ ਕਹਿ ਸਕਦੇ ਹਨ ਇਹ ਮੰਨਦੇ ਹੋਏ ਕਿ ਇਹ ਨਿਰਭੀਕ, ਜੀਵੰਤ ਅਤੇ ਸਾਡੀ ਵਾਸਤਵਿਕ ਦੁਨੀਆਂ ਦੀ ਪਹਿਚਾਣ ਲਏ ਹੋਏ ਹੋਣ ਇਸ ਲਈ ਅਸਲ ਵਿੱਚ ਮੇਰਾ ਮੰਨਣਾ ਹੈ ਕਿ ਇਹ ਸੀਮਾਵਾਂ ਜਾਂ ਸੈਂਸਰਸ਼ਿਪ ਸਾਹਿਤ ਸਿਰਜਣ ਦੇ ਲਈ ਬੇਹਤਰ ਹੀ ਹੈ।

ਪ੍ਰਸ਼ਨ: ਅੰਗਰੇਜ਼ੀ ਵਿੱਚ ਛਪੀ ਤੁਹਾਡੀ ਪਿਛਲੀ ਕਿਤਾਬ ਜੋ 'ਡੇਮੋਕਰੇਸੀ' ਨਾਮਕ ਇੱਕ ਛੋਟੇ ਜਿਹਾ ਉਲੇਖ ਹੈ , ਇੱਕ ਨੌਜਵਾਨ ਅਤੇ ਅਧਖੱੜ ਵਿਅਕਤੀ ਦੇ ਰੂਪ ਵਿੱਚ ਅਪਣੇ ਅਨੁਭਵਾਂ ਦੇ ਮਾਧਿਅਮ ਨਾਲ ਚੀਨ ਦੇ ਅੰਦਰੂਨੀ ਇੱਕ ਯੁੱਗ ਦੀ ਸਮਾਪਤੀ ਦਾ ਵਰਣਨ ਕਰਦੀ ਹੈ ਇਸਦਾ ਲਹਿਜਾ ਕੁਝ ਵਿਸ਼ਾਦਪੂਰਨ ਹੈ ਜੋ ਪੱਛਮ ਦੇ ਲਿਹਾਜ ਨਾਲ ਇੱਕ ਹੱਦ ਤੱਕ ਹੈਰਾਨੀ ਜਨਕ ਹੈ, ਅਸੀ ਇਹ ਮੰਨਦੇ ਹਾਂ ਕਿ ਪ੍ਰਗਤੀ ਦਾ ਮਤਲਬ ਬੇਹਤਰੀ ਹੀ ਹੁੰਦਾ ਹੈ ਪਰ ਤੁਹਾਡੇ ਉਲੇਖ ਤੋਂ ਲੱਗਦਾ ਹੈ ਕਿ ਕੁਝ ਖੋਹ ਗਿਆ ਹੈ, ਕੀ ਇਹ ਸੱਚਾ ਵਰਨਣ ਹੈ?

ਉੱਤਰ: ਹਾਂ, ਜਿਸ ਉਲੇਖ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਮੇਰੇ ਨਿਜੀ ਅਨੁਭਵਾਂ ਅਤੇ ਮੇਰੇ ਰੋਜ਼ਾਨਾ ਦੇ ਜੀਵਨ ਨਾਲ ਭਰਿਆ ਹੈ, ਦਰਅਸਲ ਇਸ ਵਿੱਚ ਕੁਝ ਕਾਲਪਨਿਕ ਵੀ ਪੇਸ਼ ਕੀਤਾ ਗਿਆ ਹੈ, ਵਿਸ਼ਾਦਪੂਰਨ ਦੇ ਬਾਰੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਕਹਾਣੀ ਵਿੱਚ 40 ਸਾਲ ਦਾ ਆਦਮੀ ਹੈ, ਜੋ ਅਜਿਹੀ ਨੌਜਵਾਨ ਅਵਸਥਾ ਨੂੰ ਯਾਦ ਕਰ ਰਿਹਾ ਹੈ ਜੋ ਹੁਣ ਜਾ ਚੁੱਕੀ ਹੈ, ਉਦਾਹਰਨ ਦੇ ਲਈ ਜਦ ਤੁਸੀਂ ਨੌਜਵਾਨ ਸੀ ਤਾਂ ਹੋ ਸਕਦਾ ਹੈ ਕਿ ਤੁਸੀਂ ਕਦੇ ਕਿਸੇ ਕੁੜੀ ਦੇ ਪਿਆਰ ਵਿੱਚ ਪਾਗਲ ਰਹੇ ਹੋ ਪਰ ਕਿਸੇ ਕਾਰਨ ਅੱਜ ਉਹ ਕੁੜੀ ਕਿਸੇ ਹੋਰ ਦੀ ਪਤਨੀ ਅਤੇ ਹੁਣ ਇਹ ਯਾਦ ਅਸਲ ਵਿੱਚ ਦੁਖਦ ਹੀ ਹੋਵੇਗੀ । ਪਿਛਲੇ 30 ਸਾਲਾਂ ਤੋਂ ਅਸੀਂ ਚੀਨ ਨੂੰ ਜ਼ਬਰਦਸਤ ਪ੍ਰਗਤੀ ਦੇ ਦੌਰ ਤੋਂ ਗੁਜ਼ਰਦੇ ਵੇਖਿਆ ਹੈ ਭਾਵੇਂ ਇਹ ਨਾਗਰਿਕਾਂ ਦੇ ਜੀਵਨ ਸਤਰ ਵਿੱਚ ਹੋਈ ਹੋਵੇ ਜਾਂ ਉਹਨਾਂ ਦੇ ਬੌਧਿਕ ਜਾਂ ਆਧਿਆਤਕ ਪੱਧਰ ਤੇ ਵਿਕਾਸ ਤਾਂ ਪ੍ਰਤੱਖ ਹੈ ਪਰ ਬੇਸ਼ੱਕ ਸਾਰੀਆਂ ਚੀਜਾਂ ਹਨ ਜਿਨ੍ਹਾਂ ਨੂੰ ਲੈਕੇ ਅਪਣੇ ਰੋਜ਼ਾਨਾ ਦੇ ਜੀਵਨ ਤੋਂ ਅਸੀਂ ਸੰਤੁਸ਼ਟ ਨਹੀਂ ਹਾਂ। ਇਹ ਸੱਚ ਹੈ ਕਿ ਚੀਨ ਨੇ ਵਿਕਾਸ ਕੀਤਾ ਹੈ ਪਰ ਵਿਕਾਸ ਖੁਦ ਹੀ ਸਾਰੇ ਮੁੱਦੇ ਲੈਕੇ ਆਂਉਦਾ ਹੈ, ਜਿਵੇਂ ਕਿ ਵਾਤਾਵਰਣ ਅਤੇ ਉੱਚ ਨੈਤਿਕ ਪੱਧਰ ਵਿੱਚ ਗਿਰਾਵਟ ਦੇ ਮੁੱਦੇ। ਇਸ ਲਈ ਜਿਸ ਵਿਸ਼ਾਦ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ, ਉਹ ਦੋ ਕਾਰਨਾਂ ਵਿੱਚ ਹੈ- ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਨੌਜਵਾਨ ਅਵਸਥਾ ਖਤਮ ਹੋ ਚੁੱਕੀ ਹੈ ਅਤੇ ਦੂਸਰੀ ਮੈਂ ਚੀਨ ਦੀ ਵਰਤਮਾਨ ਯਥਾਸਥਿਤੀ ਤੋਂ ਚਿੰਤਤ ਹਾਂ, ਖਾਸਕਰ ਉਹਨਾਂ ਗੱਲਾਂ ਤੋਂ ਜਿਨ੍ਹਾਂ ਤੋਂ ਮੈਂ ਸੰਤੁਸ਼ਟ ਨਹੀਂ ਹਾਂ।

ਪ੍ਰਸ਼ਨ: ਅੰਗ੍ਰੇਜ਼ੀ ਵਿੱਚ ਤੁਹਾਡੀ ਅਗਲੀ ਕਿਤਾਬ ਕਿਹੜੀ ਹੋਵੇਗੀ?

ਉੱਤਰ: ਸੈਂਡਲਵੁਡ ਪੈਨਾਲਟੀ

ਪੰਜਾਬੀ ਤਰਜ਼ਮਾ--ਅੰਮ੍ਰਿਤਪ੍ਰੀਤ  ਮਾਨਸਾ
ਪੜ੍ਹਦੇ ਪੜ੍ਹਦੇ ਬਲੌਗ ਤੋਂ ਜਨਤਕ ਚੋਰੀ

Sunday, September 2, 2012

ਨਿਘਾਰ ਨੂੰ ਸੱਭਿਆਚਾਰ ਕਿਵੇਂ ਕਹੀਏ


ਸਾਹਿਤ ਸਾਡੀ ਸੱਭਿਅਤਾ ਦੀ ਪ੍ਰਤੀਨਿੱਧਤਾ ਕਰਦਾ ਹੈ। ਇਹ ਉਹ ਸ਼ੀਸ਼ਾ ਹੈ, ਜਿਸ ਵਿਚੋਂ ਦੀ ਤੱਕਿਆਂ ਸਾਡਾ ਜੀਵਨ ਤੇ ਇਸਦੇ ਸਾਰੇ ਪੱਖਾਂ ਦਾ ਹੂ-ਬਹੂ ਝਲਕਾਰਾ ਪੈਂਦਾ ਹੈ। ਸਾਹਿਤ ਵਿੱਚ ਕਵਿਤਾ ਜਾਂ ਗੀਤ ਦੀ ਵਿਸ਼ੇਸ਼ ਥਾਂ ਇਸ ਲਈ ਹੈ ਕਿ ਸਾਹਿਤ ਦੇ ਰੂਪਾਂ ਵਿਚੋਂ ਸਭ ਤੋਂ ਪਹਿਲਾਂ ਕਵਿਤਾ ਦਾ ਜਨਮ ਹੋਇਆ। ਜਦੋਂ ਅਜੇ ਆਦਿ ਮਨੁੱਖ ਦੀ ਦਿਮਾਗੀ ਸੂਝ ਦਾ ਵਿਕਾਸ ਨਹੀਂ ਸੀ ਹੋਇਆ ਤਾਂ ਉਸਨੇ ਦਿਲ ਦੇ ਹਾਵਾਂ-ਭਾਵਾਂ ਨੂੰ ਪ੍ਰਗਟਾਉਣ ਦੇ ਲਈ ਕਵਿਤਾ ਦੇ ਰੂਪ ਨੂੰ ਹੋਂਦ ਵਿੱਚ ਲਿਆਂਦਾ। ਇਸ ਲਈ ਮੁੱਢੋਂ-ਸੁੱਢੋਂ ਹੀ ਕਵਿਤਾ ਅਤੇ ਲੋਕਾਈ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ।ਕਵਿਤਾ ਲੋਕਾਂ ਦੇ ਭਾਵਾਂ ਵਿੱਚੋਂ ਹੀ ਉਪਜਦੀ ਹੈ। ਕਵਿਤਾ ਜਾਂ ਗੀਤ ਦਾ ਅਕਾਰ ਛੋਟਾ ਹੋਣ ਕਰਕੇ ਇਹ ਲੋਕਾਂ ਦੇ ਬਹੁਤ ਨੇੜੇ ਹੈ।ਜਨ-ਸਾਧਾਰਣ ਵੀ ਇਹਦੇ ਨੇੜੇ ਰਹਿ ਕੇ ਸੁਣ ਤੇ ਗਾ ਸਕਦੇ ਹਨ।

ਕਿਸੇ ਵੀ ਵਸਤੂ ਦਾ ਕੋਈ ਵੀ ਰੂਪ ਦੋ ਤਰ੍ਹਾਂ ਲੋਕਾਂ ਸਾਹਵੇਂ ਪੇਸ਼ ਹੁੰਦਾ ਹੈ। ਇੱਕ ਚੰਗਾ ਪੱਖ ਤੇ ਦੂਸਰਾ ਮਾੜਾ।ਸੋ ਲੋਕਾਂ ਵਿੱਚ ਆਉਣ ਵਾਲਾ ਸਾਹਿਤ ਵੀ ਦੋ ਤਰ੍ਹਾਂ ਦਾ ਹੁੰਦਾ ਹੈ-ਲੋਕ ਪੱਖੀ ਸਾਹਿਤ ਤੇ ਲੋਕ ਵਿਰੋਧੀ ਸਾਹਿਤ। ਇਸੇ ਤਰ੍ਹਾਂ ਕਵਿਤਾ ਜਾਂ ਗੀਤ ਦੇ ਵੀ ਦੋ ਰੂਪ ਹੁੰਦੇ ਹਨ- ਲੋਕ ਪੱਖੀ ਗੀਤ ਤੇ ਲੱਚਰ ਗੀਤ।ਲੋਕ ਪੱਖੀ ਗੀਤ, ਉਹ ਗੀਤ ਹਨ ਜਿਨ੍ਹਾਂ ਵਿੱਚ ਕਵੀ ਆਪਣੀਆਂ ਕਿਰਤਾਂ ਦੁਆਰਾ ਲੋਕਾਂ ਦੀ ਸੋਚ ਨੂੰ ਸਮਾਜਕ, ਆਰਥਕ, ਸਭਿਆਚਾਰਕ ਅਤੇ ਕਿਰਿਆਤਮਕ ਵਿਕਾਸ ਦੀ ਦਿਸ਼ਾ ਵਿੱਚ ਸੇਧਤ ਕਰਨ ਲਈ ਕਰਮਸ਼ੀਲ ਹੁੰਦਾ ਹੈ।

ਦੂਸਰਾ ਪੱਖ ਉਹਨਾਂ ਗੀਤਾਂ ਦਾ ਹੈ ਜੋ ਅਸੀਂ ਵਿਆਹ ਆਦਿ ਦੇ ਮੌਕੇ ਤੇ ਪਾਰਟੀਆਂ ਵਿੱਚ, ਹਾਲਾਂ ਵਿੱਚ ਟੀ. ਵੀ., ਕੰਮਪਿਊਟਰਾਂ ਤੇ ਘਰਾਂ ਵਿੱਚ ਆਮ ਸੁਣਦੇ ਹਾਂ।ਇਹ ਸਮਾਜ ਵਿੱਚ ਅਜ਼ਾਦ ਟਪੂਸੀਆਂ ਮਾਰਨ ਵਾਲੇ ਸਾਹਿਤਕਾਰ ਘਟੀਆ ਤੇ ਲੱਚਰ ਸਾਹਿਤ ਦੇ ਪਹਿਲੇ ਲੇਖਕ ਹਨ ਜਿਹੜੇ ਕਿ ਜਮਾਤੀ ਪੱਖੋਂ ਸਮਾਜ ਦੀਆਂ ਲਹੂ ਪੀਣੀਆਂ ਜੋਕਾਂ ਦੀ ਸੇਵਾ ਵਿੱਚ ਲਿਖਦੇ ਹਨ ਤੇ ਇਹ ਲੁਟੇਰੀਆਂ ਜਮਾਤਾਂ ਦੀ ਪੁਰਾਤਨ ਵਿਚਾਰਧਾਰਾ ਨੂੰ ਕਾਇਮ ਰੱਖਦੇ ਹਨ। ਇਹ ਗੀਤ ਲੋਕਾਂ ਦੇ ਯਥਾਰਥ ਨੂੰ ਛੱਡ ਕੇ ਕਾਮ ਉਕਸਾਊ ਜਜ਼ਬਿਆਂ ਨੂੰ ਉਤਸ਼ਾਹਤ ਕਰਦੇ ਹਨ ਅਤੇ ਪੂਰਣ ਰੂਪ ਵਿੱਚ ਸਮਾਜ ਦੇ ਉਲਟ ਭੁਗਤਦੇ ਹਨ।ਕਾਵਿ ਟੋਟੇ ਵਿੱਚ ਦੇਖੋ, ਕਵੀ ਕਹਿੰਦਾ ਹੈ:-

ਫੁੱਲਾਂ ਦੇ ਗੁਲਦਸਤੇ ਵਰਗੀ ਨਾਰ ਤੇਰੀ ਦਾ ਚਾਅ ਵੇ,
 ਤੈਨੂੰ ਬੁੱਕਦਾ ਵੇਖਣਾ ਹੋ ਕੇ ਸ਼ਰਾਬੀ ਆ ਵੇ।
ਜਾਂ ਜੇ ਮੈਨੂੰ ਮੇਰਾ ਯਾਰ ਬੁਲਾਵੇ
ਅੱਧੀ ਰਾਤ ਨਹਿਰੋਂ ਪਾਰ ਬੁਲਾਵੇ
------------------
ਪੈਰ ਜੁੱਤੀ ਨਾ ਪਾਵਾਂ।
ਜਾਂ ਆ ਨੀ ਬਹਾਨਾ ਲਾ ਕੇ ਸੈਰ ਦਾ ਘਰੋਂ
ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ।

ਉਪਰੋਕਤ ਕਾਵਿ ਟੋਟੇ ਦੱਸਦੇ ਹਨ ਕਿ ਔਰਤਾਂ ਦੀ ਮਾਨਸਿਕਤਾ ਇੰਨੀ ਗਿਰ ਗਈ ਹੈ ਕਿ ਉਹ ਝੂਠ ਬੋਲ ਕੇ, ਚੋਰੀ ਬਹਾਨੇ ਲਾ ਕੇ, ਆਪਣੇ ਮਾਪਿਆਂ ਦੀ ਇੱਜ਼ਤ ਦਾਓ ਤੇ ਲਾ ਕੇ ਘਟੀਆ ਤੋਂ ਘਟੀਆ ਕੰਮ ਕਰਨ ਲਈ ਰਾਜ਼ੀ ਹਨ ਅਤੇ ਉਹ ਨਸ਼ਈ ਪਤੀ ਜਾਂ ਪ੍ਰੇਮੀ ਨੂੰ ਨਸ਼ੇ ਦੀਆਂ ਹਾਲਤਾਂ ਵਿੱਚ ਦੇਖਣ ਲਈ ਉਤਸੁਕ ਹਨ।ਜਦਕਿ ਇਹੋ ਜਿਹੀਆਂ ਕੁੱਝ ਕੁ ਉਂਗਲਾਂ ਤੇ ਗਿਣੀਆਂ ਜਾਣ ਵਾਲੀਆਂ ਲਵੀ ਉਮਰ ਦੀਆਂ, ਅਨਪੜ੍ਹ, ਗੁੰਮਰਾਹ, ਨਾਬਾਲਗ ਕੁੜੀਆਂ ਤਾਂ ਹੋ ਸਕਦਾ ਹੈ ਕਿ ਆਪਣੇ ਰਾਹੋਂ ਕੁੱਝ ਸਮੇਂ ਲਈ ਭਟਕ ਜਾਣ ਜਾਂ ਭਟਕਾਈਆਂ ਜਾਣ ਪਰ ਅਸਲੀਅਤ ਵਿੱਚ ਕੋਈ ਵੀ ਕੁੜੀ ਅਜਿਹਾ ਕਰਨ ਲਈ ਜਾਂ ਸ਼ਰਾਬੀ ਪਤੀ ਦੀਆਂ ਜਿਆਦਤੀਆਂ ਸਹਿਣ ਲਈ ਤਿਆਰ ਨਹੀਂ ਹੁੰਦੀ। ਉਂਝ ਹਕੀਕਤ ਵਿੱਚ ਦੇਖਿਆ ਜਾਂਦੈ ਕਿ ਜਦੋਂ ਬੇਚੈਨ ਪਤੀ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਭੁਲਾਉਣ ਲਈ ਸ਼ਰਾਬ ਪੀ ਲੈਂਦਾ ਹੈ ਅਤੇ ਅੱਕ ਕੇ ਕਈ ਵਾਰ ਪਤਨੀ ਤੇ ਕੁੱਟ ਮਾਰ ਕਰਦਾ ਹੈ ਇਸ ਲਈ ਪਤਨੀ ਦੀ ਹਮੇਸ਼ਾਂ ਦੁਆ ਹੁੰਦੀ ਹੈ ਕਿ ਅਜਿਹੀ ਘੜੀ ਕਦੀ ਨਾ ਆਵੇ।



ਵੇਖ ਹਾਣਦੀ ਘਰ ਵਿੱਚ ਫਿਰਦੀ ਆਪਾਂ ਲਈ ਬੁਸ਼ਕਾਰ,
ਕਹਿੰਦੀ ਸੀ ਜਿਹੜੀ ਜੀਜਾ ਗਈ ਬਣ ਜੀਜੇ ਦੀ ਨਾਰ।

ਇਹਨਾਂ ਗੀਤਾਂ ਵਿੱਚ ਜੀਜੇ-ਸਾਲੀ, ਦਿਉਰ-ਭਰਜਾਈ, ਜੇਠ-ਭਰਜਾਈ ਆਦਿ  ਦੇ ਰਿਸ਼ਤਿਆਂ ਨੂੰੰ ਕਿੰਨਾ ਗਲਤ ਰੂਪ ਦਿੱਤਾ ਜਾਂਦਾ ਹੈ। ਜਦੋਂ ਕਿ ਇਹ ਸਾਰੇ ਰਿਸ਼ਤਿਆਂ ਵਿੱਚ ਕਿੰਨੀ ਨੇੜਲੀ ਸਾਂਝ ਹੁੰਦੀ ਹੈ ਪਰ ਇਸ ਲੱਚਰ ਸਾਹਿਤ ਦੇ ਰਾਹੀਂ ਆਮ ਆਦਮੀ ਤੇ ਇਨ੍ਹਾਂ ਬੋਲਾਂ ਦਾ ਕੀ ਅਸਰ ਹੁੰਦਾ ਹੋਵੇਗਾ।ਉਹ ਔਰਤ ਜਿਹੜੀ ਅਜੇ ਤੱਕ ਗੁਲਾਮੀ ਦੀਆਂ ਬਰੂਹਾਂ ਪਾਰ ਨਹੀਂ ਕਰ ਸਕੀ ਗੀਤਾਂ ਵਿੱਚ ਸ਼ਰੇਆਮ ਲਲਕਾਰਦੀ ਨਜ਼ਰ ਆਉਂਦੀ ਹੈ।ਆਲ਼ੇ ਦੁਆਲੇ ਨਜ਼ਰ ਜਰੂਰ ਮਾਰੋ ਕਿ ਇਹ ਔਰਤ ਕਿੱਥੇ ਵਸਦੀ ਹੈ? ਜਾਂ ਫਿਰ ਇੱਥੇ ਅਸੀਂ ਕਿੰਨੀਆਂ ਕੁ ਅਜਿਹੀਆਂ ਔਰਤਾਂ ਦੇਖਦੇ ਹਾਂ ਕਿ ਜੋ ਆਪਣੇ ਪਤੀ ਦੀਆਂ ਅਜਿਹੀਆਂ ਹਰਕਤਾਂ ਨੂੰ ਚੰਗਾ ਸਮਝਦੀਆਂ ਹਨ।
 
  ਇੱਕ ਛੜਾ ਲੈ ਗਿਆ ਫੜਕੇ
  ਦੱਸਾਂ ਕੀ ਗੱਲਾਂ ਗੂਹੜੀਆਂ।

ਇਹੋ ਜਿਹੀਆਂ ਕਿੰਨੀਆਂ ਕੁ ਕੁੜੀਆਂ ਹਨ ਜਿਹਨਾਂਂ ਨੂੰ ਛੜੇ ਫੜ੍ਹ ਕੇ ਲੈ ਜਾਂਦੇ ਹਨ ਅਤੇ ਉਹ ਸਟੇਜ ਤੋਂ ਐਲਾਨ ਕਰਦੀਆਂ ਹਨ। ਇਸਤਰੀ ਜਾਤੀ ਲਈ ਕਿੰਨੀ ਸ਼ਰਮਨਾਕ ਗੱਲ ਹੈ ਜਦ ਕਿ ਭਾਰਤ ਵਰਗੇ ਦੇਸ਼ ਵਿੱਚ ਇਸਤਰੀ ਨੂੰ ਚਾਰ ਦਿਵਾਰੀ ਵਿੱਚ ਕੈਦ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਗੱਲ ਇਹੀ ਦਸ ਵੀਹ ਸਟੇਜ ਤੋਂ ਕਹਿਣ ਵਾਲੀਆਂ ਕੁੜੀਆਂ ਤਾਂ ਹੋ ਸਕਦੀਆਂ ਹਨ ਪਰ ਆਮ ਸਾਧਾਰਣ ਕੁੜੀਆਂ ਨਹੀਂ।
  ਨਸ਼ੇ ਦੀਏ ਬੰਦ ਬੋਤਲੇ,
  ਤੇਰੇ ਝੂਲ਼ਦੇ ਕੰਨਾਂ ਦੇ ਬਾਲ਼ੇ
  ਤੈਨੂੰ ਪੀਣਗੇ ਨਸੀਬਾਂ ਵਾਲੇ
ਜਾਂ ਮੈਂ ਸ਼ਰਬਤ ਦੀ ਬੋਤਲ
ਮੈਨੂੰ ਗੱਟ ਗੱਟ ਕਰਕੇ ਪੀ ਮਿੱਤਰਾ।
ਜਾਂ ਨੀ ਇੱਕੋ ਪ ੈੱਗ ਲਾ ਲੈਣਦੇ
ਸੌਖੀ ਜਾਨ ਨਿਕਲੂ ਮੁਟਿਆਰੇ।

ਅੱਜ ਦੇ ਜ਼ਮਾਨੇ ਵਿੱਚ ਜਿੱਥੇ ਔਰਤ ਮਰਦ ਦੇ ਬਰਾਬਰ ਕੰਮ ਕਰ ਰਹੀ ਹੈ।ਇਸਤੋਂ ਇਲਾਵਾ ਘਰੇਲੂ ਕੰਮ ਤੇ ਬੱਚੇ ਪਾਲਣਾ ਵੀ ਉਸਦੀ ਜੁੰਮੇਵਾਰੀ ਹੈ ਉਸ ਸਮੇਂ ਔਰਤ ਨੂੰ ਸਿਰਫ ਬੇਜਾਨ ਸ਼ਰਾਬ ਦੀ ਬੋਤਲ ਵਰਗੇ ਅਲੰਕਾਰ ਵਰਤਣੇ ਯੋਗ ਹਨ? ਜੇ ਉਹ ਇੱਕ ਸ਼ਰਾਬ ਦੀ ਬੋਤਲ ਹੈ ਤਾਂ ਫਿਰ ਗ੍ਰਹਿਸਤ ਦੀ ਗੱਡੀ ਦੇ ਇੱਕ ਪਹੀਏ ਦੀ ਕੀਮਤ ਸਿਰਫ ਤੇ ਸਿਰਫ ੨੫ ਤੋਂ ੧੦੦ ਡਾਲਰ ਹੀ ਤਾਂ ਹੈ? ਚਾਹੁੰਦੇ ਅਸੀਂ ਇਹ ਹਾਂ ਕਿ ਔਰਤ ਨੂੰ ਮਰਦ ਦੇ ਬਰਾਬਰ ਹੱਕ ਮਿਲਣ ਪਰ ਇੱਥੇ ਇਸਨੂੰ ਮਰਦ ਨਾਲੋਂ ਨਿਖੇੜ ਕੇ ਪਹਿਲੇ ਰੀਤੀ-ਰਿਵਾਜਾਂ ਅਨੁਸਾਰ ਮਰਦ ਦੀ ਜੁੱਤੀ, ਬੱਚੇ ਜੰਮਣ ਦੀ ਮਸ਼ੀਨ ਜਾਂ ਮਨੋਰੰਜਨ ਦਾ ਸਾਧਨ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
  ਦੋਨੋਂ ਪਾਸੇ ਮੈਂ ਫਸ ਗਈ
  ਤੈਨੂੰ ਕੀ ਕਹਿ ਕੇ ਛੁੱਟ ਜਾਵਾਂ।
 ਜਾਂ ਆਟੇ ਵਾਂਗੂੰ ਗੁੰਨਤੀ
  ਬਿਗਾਨੇ ਪੁੱਤ ਨੇ।
 ਜਾਂ  ਵੇਖੀ ਕੁੜੀ ਸਾਹਮਣੇ ਖੜੋਤੀ ਹਾਣ ਦੀ
  ਸਿੱਖਦੀ ਸੀ ਜਾਚ ਅੱਖੀਆਂ ਲੜਾਣ ਦੀ
  ਸਾਡੇ ਭਾ ਦੀ ਟਿੱਬਿਆਂ ਤੇ ਘਟਾ ਵਰ੍ਹ ਗਈ
  ਅੱਖ ਦੇ ਇਸ਼ਾਰੇ ਉੱਤੇ ਹਾਂ ਕਰ ਗਈ----।
 ਜਾਂ ਕਦੇ ਕੋਲ ਬੁਲਾਵੇ, ਮੈਨੂੰ ਸੀਨੇ ਲਾਵੇ
  ਕਰਦਾ ਸੀ ਮੈਂ ਵੇਟ ਕੁੜੀ ਦਾ
  ਲੱਕ ਟਵੰਟੀ ਏਟ ਕੁੜੀ ਦਾ
  ਫੋਰਟੀ ਸੈਵਨ ਵੇਟ ਕੁੜੀ ਦਾ

ਕਿੰਨੀਆਂ ਅਸ਼ਲੀਲ ਗੱਲਾਂ ਹਨ।ਜਦੋਂ ਗਾਣੇ ਟੀਵੀ, ਵੀਡਿਓ ਤੇ ਚਲਦੇ ਹਨ ਤਾਂ ਪਰਿਵਾਰ ਇਕੱਠੇ  ਬੈਠ ਕੇ ਨਹੀਂ ਦੇਖ ਸਕਦੇ। ਕੁੜੀਆਂ ਨੂੰ ਇੱਕ ਬਾਰਬੀ ਡੌਲ਼ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਗੀਤਾਂ ਵਿੱਚ ਉਹ ਦੇਖਣ ਨੂੰ ਕਿਹੋ ਜਿਹੀ ਲਗਦੀ ਹੈ ਨਾ ਕਿ ਉਸਦੇ ਗੁਣ ਤੇ ਸਮਾਜ ਪ੍ਰਤੀ ਸੂਝ ਕੀ ਹੈ। ਇੰਨਾ ਕਾਮ ਉਕਸਾਊ ਗੱਲਾਂ ਨਾਲ ਲੋਕਾਂ ਨੂੰ ਅਤਿਅੰਤ ਗੁੰਮਰਾਹ  ਕੀਤਾ ਜਾਂਦਾ ਹੈ।ਚੜ੍ਹਦੀਆਂ ਜਵਾਨੀਆਂ ਨੂੰ ਵਰਗਲਾਉਣ ਦੇ ਲਈ ਇਹ ਸੋਹਣਾ ਰੂਪ ਪੇਸ਼ ਕਰਦੇ ਹਨ ਕਿ ਜਿਹੜੇ ਜਵਾਨ ਦਿਲਾਂ ਵਿੱਚ ਕੁੱਝ ਕਰਨ ਦੀ ਸਮਰੱਥਾ ਹੈ ਉਹ ਇਨ੍ਹਾਂ ਲੱਚਰ ਗੀਤਾਂ ਵਿੱਚ ਉਲਝ ਕੇ ਰਹਿ ਜਾਣ ਅਰਥਾਤ ਉਹ ਆਪਣੀ ਮੰਜ਼ਲ ਬਾਰੇ ਤੇ ਲੋਕਾਂ ਬਾਰੇ ਬਿਲਕੁਲ ਵੀ ਨਾ ਸੋਚ ਸਕਣ।

ਤੇਰੇ ਭਾਈਆਂ ਨਾਲ ਪੈ ਗਿਆ ਏ ਵੈਰ ਨੀ
  ਮੈਨੂੰ ਲੱਗਦੈ ਹੁਣ ਸਾਲ਼ਿਆਂ ਦੀ ਖੈਰ ਨੀ
ਉਹ ਵੀ ਜੇ ਗੰਡਾਸੇ ਬਿੱਲੋ ਚੰਡੀ ਫਿਰਦੇ
ਗੱਡੀ ਮੇਰੀ ਵਿੱਚ ਗੰਨ ਵੀ ਪੁਰਾਣੀ ਰਹਿੰਦੀ ਆ
ਊਂ ਮਿੱਤਰਾਂ ਦੀ ਬੰਬੀ ਉੱਤੇ ਹਰ ਵੇਲੇ
ਵੈਲੀਆਂ ਦੀ ਢਾਹਣੀ ਰਹਿੰਦੀ ਆ।

ਗੀਤ ਸਪੱਸ਼ਟ ਕਰਦਾ ਹੈ ਕਿ ਮੁੰਡੇ ਹੱਥਾਂ ਵਿੱਚ ਹਥਿਆਰ ਲੈ ਕੇ ਸਿਰਫ ਸ਼ੁਦਾਈ ਜਾਂ ਹਿੰਸਕ ਹੋਏ ਫਿਰਦੇ ਹਨ, ਉਹਨਾਂ ਨੂੰ ਕਿਸੇ ਰਿਸ਼ਤੇ ਨਾਤਿਆਂ ਦੀ ਕੋਈ ਪ੍ਰਵਾਹ ਨਹੀਂ।
 
ਮਾਪੇ ਸੋਚਦੇ ਕਿ ਸਾਡਾ ਮੁੰਡਾ ਕਰਦਾ ਪੜ੍ਹਾਈਆਂ
ਮੁੰਡਾ ਐਤਕੀਂ  ਵੀ ਬੀ. ਏੇ. ਵਿੱਚੋਂ ਫੇਲ੍ਹ ਹੋ ਗਿਆ।
 ਜਾਂ ਦਸਵੀਂ ਦੇ ਵਿੱਚ ਬਦਮਾਸ਼ੀ ਸ਼ੁਰੂ ਕਰ ਲਈ
  ਮੈਥ ਵਾਲੀ ਮੈਡਮ ਸੀ ਯਾਰੋ ਬਾਹੋਂ ਫੜ ਲਈ
ਕਹਿੰਦੀ ਕਾਕਾ ਤੈਨੂੰ ਕੁਸ਼ ਪੜ੍ਹਨਾ ਨੀ ਆਉਂਦਾ
ਤੇਰੇ ਹੱਥਾਂ 'ਚੋਂ ਪੜ੍ਹਾਈ ਦੀ ਲਕੀਰ ਮਰਗੀ
ਜੱਟਾਂ ਨੂੰ ਪੜ੍ਹਾਈ ਹੁੰਦੀ ਜ਼ਹਿਰ ਵਰਗੀ।

ਅੱਜ ਦੀ ਪੀੜ੍ਹੀ ਨੂੰ ਸਾਇੰਸ ਦੇ ਇਸ ਯੁੱਗ ਵਿੱਚ ਨਵੀਆਂ ਤੋਂ ਨਵੀਆਂ ਕਾਢਾਂ ਕੱਢ ਕੇ ਮਨੁੱਖੀ ਜੀਵਨ ਨੂੰ ਉਚੇਰਾ ਤੇ ਸੁਹਿਰਦ ਬਣਾਉਣ ਲਈ ਉਪਰਾਲਿਆਂ ਦੀ ਲੋੜ ਹੈ ਉੱਥੇ ਇਹਨਾਂ ਗੀਤਾਂ ਵਿੱਚ ਮੁੰਡੇ ਆਪਣਾ ਸਮਾਂ ਕੁੜੀਆਂ ਦੇ ਮਗਰ ਫਿਰਕੇ, ਜਾਂ ਬਦਮਾਸ਼ੀਆਂ ਕਰਕੇ ਜਾਇਆ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਦਕਿਆਨੂਸੀ ਗੱਲਾਂ ਨੂੰ ਨਕਾਰਨ ਦੀ ਬਜਾਇ ਉਹਨਾਂ ਦੀ ਪੜ੍ਹਾਈ ਦੀਆਂ ਲਕੀਰਾਂ ਹੱਥਾਂ ਵਿੱਚ ਲਿਖੀਆਂ ਹਨ ਦੱਸਿਆਂ ਜਾਂਦਾ ਹੈ ਮਿਹਨਤ ਜਾਂ ਜੀਵਨ ਦੇ ਅਸਲੀ ਅਦਰਸ਼ਾਂ ਨੂੰ ਅੱਖੋਂ ਪਰੋਖੋ ਕਰਨ ਦੀ ਇਜ਼ਾਜਤ ਹੈ।'ਜੱਟਾਂ ਨੂੰ ਪੜ੍ਹਾਈ ਹੁੰਦੀ ਜ਼ਹਿਰ ਵਰਗੀ' ਗੀਤਕਾਰ ਕੀ ਕਹਿਣਾ ਚਾਹੁੰਦਾ ਹੈ, ਸਮਝ ਤੋਂ ਬਾਹਰ ਹੈ।
  ਗੇੜਾ ਪਿੰਡ ਤੋਂ ਵੱਡੇ ਵੈਲੀ ਲਾ ਗਏ
  ਗੈਰਹਾਜ਼ਰੀ ਦਾ ਫਾਇਦਾ ਹੀ ਉਠਾ ਗਏ
  ਬਈ ਚੌਂਕ 'ਚ ਕਰਾਂਗੇ ਡੱਕਰੇ। ਜਦੋਂ ਜਿੱਥੇ ਟੱਕਰੇ।ਬਈ ਟੱਕਰੇ।
 ਜਾਂ ਡੱਬ 'ਚ ਰਿਵਾਲਵਰ ਰੱਖਦਾ
  ਹਾਏ ਨੀ ਮੁੰਡਾ ਭਰ ਕੇ, ਹਾਏ ਨੀ ਮੁੰਡਾ ਭਰਕੇ।
 ਜਾਂ  ਕੋਈ ਖੜ੍ਹਾ ਦੁਨਾਲੀ ਲੈ ਕੇ, ਕੋਈ ਜਿਪਸੀ ਕਾਲੀ ਲੈ ਕੇ
ਗੰਨ ਗੋਲ਼ੀਆਂ ਦੇ ਨਾਲ ਫੁੱਲ, ਮੇਰੇ ਹੱਥਾਂ ਦੇ ਵਿੱਚ ਫੁੱਲ
ਉਹਨਾਂ ਕੋਲ ਹਥਿਆਰ ਬੜੇ ਨੇ, ਫੱਤੋ ਦੇ ਯਾਰ ਬੜੇ ਨੇ।

ਇਹੋ ਜਿਹੇ ਅਨੇਕਾਂ ਹੀ ਗੀਤ ਜਿਹਨਾਂ ਵਿੱਚ ਵੈਲੀ ਹੋਣਾ, ਬੱਕਰੇ ਬੁਲਾਉਣਾ ਡਾਲਰਾਂ ਨਾਲ ਜੇਬਾਂ ਭਰ ਕੇ ਦਿਖਾਵਾ ਕਰਨਾ, ਰਿਵਾਲਵਰ, ਦੁਨਾਲੀਆਂ ਲੈ ਕੇ ਗੁੰਡਿਆਂ ਦੀ ਦਿੱਖ ਬਣਾ ਕੇ, ਕਾਲੀਆਂ ਜਿਪਸੀਆਂ ਉੱਤੇ, ਕੁੰਢੀਆਂ ਮੁੱਛਾਂ ਨੂੰ ਵੱਟ ਦਿੰਦੇ ਹੋਏ, ਕੇਸ ਕਚਹਿਰੀਆਂ ਕੁੜੀਆਂ ਪਿੱਛੇ ਸ਼ੁਦਾਈ ਉਹਨਾਂ ਨੂੰ ਘਰੋਂ ਕੱਢਣ ਦੀ ਜੁਗਤ ਹੀ ਦੱਸਦੇ ਹਨ। ਉੰਜ ਤਾਂ ਕਈ ਵਾਰ ਮਾੜਚੂ ਜਿਹਾ ਮੁੰਡਾ ਸਟੇਜ ਤੋਂ ਇਹੋ ਜਿਹੇ ਗੀਤ ਗਾ ਰਿਹਾ ਹੁੰਦਾ ਹੈ ਪਰ ਇਹ ਭਾਰੇ ਭਾਰੇ ਸ਼ਬਦ ਬੋਲ ਕੇ ਲਵੀ ਉਮਰੇ ਨੌਜਵਾਨ ਮੁੰਡੇ ਆਪਣੇ ਆਪ ਨੂੰ ਵੈਲੀ ਸਮਝਣ ਲਗਦੇ ਹਨ। ਕਿਉਂਕਿ ਮਨੁੱਖੀ ਫਿਤਰਤ ਇਹੋ ਜਿਹੀ ਹੈ ਕਿ ਅਸੀਂ ਜੋ ਕੁੱਝ ਦੇਖਦੇ  ਤੇ ਸੁਣਦੇ ਹਾਂ ਉਹ ਸਾਰਾ ਕੁਝ ਅਸੀਂ ਆਪਣੇ ਤੇ ਲਾਗੂ ਕਰਦੇ ਹੋਏ ਆਪਣੇ ਹਲਾਤਾਂ ਮੁਤਾਬਕ ਆਪਣੇ ਆਪ ਨੂੰ ਉਸ ਵਿੱਚ ਗਹਿਗੱਚ ਕਰ ਲੈਣਾ ਚਾਹੁੰਦੇ ਹਾਂ।
  ਕਾਲੀ ਨਾਗਣੀ, ਕਾਲੀ ਨਾਗਣੀ
  ਜੇ ਮਿਲੇ ਭੋਰਾ ਜੱਟ ਨੂੰ
ਦੁਨੀਆਂ ਈ ਮੋਢੇ ਉੱਤੇ ਚੱਕ ਲਈਦੀ।
 ਜਾਂ ਅਜ਼ਮਾ ਕੇ ਦੇਖ ਲੈ ਨਸ਼ੇ ਸਾਰੇ
  ਐਨਾ ਵੀ ਨਾ ਡੋਪ ਸ਼ੋਪ ਮਾਰਿਆ ਕਰੋ।
 ਜਾਂ ਜੱਟ ਪੀ ਕੇ ਪੀ ਪੀ ਹੋ ਗਿਆ।
 ਜਾਂ  ਜਦੋਂ ਮੂੰਹ ਨੂੰ ਘੁੱਟ ਲਾਈ ਹੋਵੇ ਜੱਟ ਦੀ
  ਉਸ ਵੇਲੇ ਹੁੰਦੀਆ ਚੜ੍ਹਾਈ ਜੱਟ ਦੀ।
ਜਦੋਂ ਅਸੀਂ ਉੱਪਰ ਦਿੱਤੀ ਵੰਨਗੀ ਨੂੰ ਸੁਣਦੇ ਹਾਂ ਜਾਂ ਟੀ. ਵੀ., ਇੰਟਰਨੈੱਟ, ਯੂ ਟਿਊਬ ਆਦਿ ਤੇ ਦੇਖਦੇ ਹਾਂ ਕਿ ਕੁੜੀਆਂ ਜਾਂ ਮੁੰਡੇ ਕਿਵੇਂ ਨਸ਼ਿਆਂ ਦੇ ਵਿੱਚ ਗੜੁੱਚ, ਅੱਧਨੰਗੇ ਕਿੰਨਾ ਭੱਦਾ ਨਾਚ ਨੱਚਦੇ ਹਨ ਤੇ ਇਨ੍ਹਾਂ ਗਾਣਿਆ ਵਿੱਚ ਕੋਈ ਵੀ ਅਜਿਹਾ ਨਸ਼ਾ ਨਹੀਂ ਜਿਸਦਾ ਵਰਨਣ ਨਾ ਕੀਤਾ ਜਾਂਦਾ ਹੋਵੇ। ਜਿਨ੍ਹਾਂ ਲੋਕਾਂ ਨੂੰ ਇਹਨਾਂ ਬਾਰੇ ਪਤਾ ਵੀ ਨਹੀਂ, ਉਹਨਾਂ ਨੂੰ ਵੀ ਇਹਨਾਂ ਦੀ ਭਰਭੂਰ ਜਾਣਕਾਰੀ ਇਸ ਅਸ਼ਲੀਲ ਸਾਹਿਤ ਤੋਂ ਮਿਲ ਸਕਦੀ ਹੈ।
  ਤੈਨੂੰ ਘੇਰ ਕੇ ਗਲ਼ੀ ਦੇ ਵਿੱਚ ਵੱਢਣਾ
  ਕਹਿੰਦੇ ਮੇਰੇ ਵੀਰ ਮਿੱਤਰਾ
  --------------
  ਤੇਰੇ ਵੀਰਾਂ ਦਾ ਜਲੂਸ ਜੇ ਨਾ ਕੱਢਿਆ
  ਮਜ਼ਬੀ ਦਾ ਪੁੱਤ ਨਾ ਕਹੀਂ।
 ਜਾਂ ਅੱਜ ਨੱਚਣਾ ਚਮਾਰਾਂ ਨੇ ਐ ਨੱਚਣਾ
 ਜਾਂ  ਹੱਥ ਲੈ ਕੇ ਹਥਿਆਰ, ਜਦ ਨਿਕਲੇ ਚਮਾਰ
ਫਿਰ ਦੇਖਿਓ ਪਟਾਕਾ ਕਿਵੇਂ ਪਊ ਮਿੱਤਰੋ
ਅੱਜ ਵੇਖਦੇ ਆਂ ਪੰਗਾ ਕੌਣ ਲਊ ਮਿੱਤਰੋ

ਇਹੋ ਜਿਹਾ ਸਾਹਿਤ ਅੱਤ ਦਰਜੇ ਦਾ ਘਟੀਆ ਸਾਬਤ ਹੁੰਦਾ ਹੈ ਜੋ ਜੱਟਵਾਦ, ਚਮਾਰ ਜਾਂ ਹੋਰ ਜਾਤਾਂ ਦੀਆਂ ਗੱਲਾਂ ਕਰਦਾ ਹੈ। ਉਹ ਲੋਕਾਂ ਨੂੰ ਜਾਤਾਂ-ਗੋਤਾਂ ਵਿੱਚ ਵੰਡ ਕੇ, ਪਾੜ ਕੇ ਉਹਨਾਂ ਨੂੰ ਆਪਸ ਵਿੱਚ ਲੜਾਉਂਦਾ ਹੈ ਅਤੇ ਲੋਕਾਂ ਦੇ ਅਸਲੀ ਮਕਸਦ ਤੋਂ ਦੂਰ ਲਿਜਾਣਾ ਚਾਹੁੰਦਾ ਹੈ। ਐਹੋ ਜਿਹੇ ਲ਼ੇਖਕ ਲੋਕਾਂ ਨੂੰ ਇਹ ਦੱਸਣ ਦੀ ਬਜਾਇ ਕਿ ਜਾਤ ਗੋਤ ਕੁਝ ਨਹੀਂ ਹੁੰਦੇ ਸਗੋਂ ਜਾਤਾਂ ਤਾਂ ਦੋ ਹਨ ਇੱਕ ਅਮੀਰ ਜਾਤ ਤੇ ਦੂਸਰੀ ਗ਼ਰੀਬ ਜਾਤ ਜਾਂ ਕਹਿ ਲਉ ਇੱਕ ਅਮੀਰ ਜਮਾਤ ਤੇ ਦੂਜੀ ਗ਼ਰੀਬ ਜਮਾਤ। ਲੜਾਈ ਤਾਂ ਗ਼ਰੀਬ ਜਮਾਤ ਨੂੰ ਅਮੀਰ ਜਮਾਤ ਨਾਲ ਵਿੱਢਣੀ ਚਾਹੀਦੀ ਹੈ ਜਿਹੜੇ ਉਸਦੀ ਕਿਰਤ ਕਮਾਈ ਨੂੰ ਆਪਣੀ ਐਸ਼ੋਇਸ਼ਰਤ ਰਾਹੀਂ ਉਸਦੀ ਜ਼ਿੰਦਗੀ ਨੂੰ ਹਾਲੋਂ ਬੇਹਾਲ ਕਰ ਰਹੇ ਹਨ। ਇਹੋ ਜਿਹੇ ਸਾਹਿਤਕਾਰ ਗਾਹੇ ਵਗਾਹੇ ਪੂੰਜੀਵਾਦ ਦੀ ਸੇਵਾ ਵਿੱਚ ਲੱਗੇ ਹੋਏ ਹਨ।
  ਸੁਣ ਨੀ ਚੁੜੇਲੇ ਰੱਤ ਪੀਣ ਵਾਲੀਏ
  ਨਰਕਾਂ ਨੂੰ ਜਾਵਂੇ ਜਮਾਂ ਦੀਏ ਸਾਲੀਏ
  ਨੀ ਤੂੰ ਲੈਲਾ ਵਾਂਗੂੰ ਮਾਸ ਸਾਡਾ ਨੋਚਿਆ
ਭੋਰਾ ਨਾ ਕਸਰ ਛੱਡ ਗਈ
ਕੀੜੇ ਪੈਣਗੇ ਮਰੇਗੀਂ ਸੱਪ ਲੜ ਕੇ
ਜੇ ਮਿੱਤਰਾਂ ਦੀ ਹਾ ਲੱਗ ਗਈ।
 ਜਾਂ ਰੰਨ ਮਿੱਤ ਕਿਸੇ ਦੀ ਨਾ
  ਭਾਵੇਂ ਵੇਖ ਲਉ ਅਜ਼ਮਾ ਕੇ।

ਪਤਾ ਨਹੀਂ ਗੀਤਕਾਰ ਨੇ ਇਹ ਲਿਖਣ ਲੱਗਿਆਂ ਆਪਣੀ ਮਾਂ, ਭੈਣ, ਧੀ ਜਾਂ ਪਤਨੀ ਬਾਰੇ ਬਿਲਕੁਲ ਨਹੀਂ ਸੋਚਿਆ ਹੋਵੇਗਾ? ਕੀ ਇੱਕ ਔਰਤ ਰੱਤ ਪੀਣੀ ਚੁੜੇਲ ਹੈ? ਜਾਂ ਜਮਾਂ ਦੀ ਸਾਲੀ ਹੈ? ਜਾਂ ਉਹ ਮਰਦ ਦਾ ਮਾਸ ਨੋਚਦੀ ਹੈ? ਉਸਦੇ ਕੀੜੇ ਪੈਣੇ ਚਾਹੀਦੇ ਹਨ? ਜਾਂ ਸੱਪ ਲੜ ਜਾਣੇ ਚਾਹੀਦੇ ਹਨ? ਕੀ ਉਸਨੇ ਔਰਤ ਦੀ ਸੰਵੇਦਨਸ਼ੀਲਤਾ, ਸਹਿਣਸ਼ੀਲਤਾ, ਪਿਆਰ ਦੀ ਰੂਹਾਨੀਅਤ ਬਾਰੇ ਕਦੇ ਵੀ ਨਹੀਂ ਸੋਚਿਆ? ਕੀ ਉਸਨੇ ਔਰਤ ਦੇ ਹਲਾਤਾਂ, ਸਮਾਜਕ ਬੰਧਨਾਂ, ਮਜ਼ਬੂਰੀਆਂ ਬਾਰੇ ਸੋਚ ਕੇ ਇਹ ਸਭ ਲਿਖਿਆ ਹੈ? ਜਾਂ ਔਰਤ ਨੂੰ ਸਦੀਆਂ ਤੋਂ ਦੱਬੀ ਕੁਚਲੀ ਸਮਝ ਕੇ ਉਸਤੇ ਇਸ ਤਰ੍ਹਾਂ ਦੀ ਚਿੱਕੜ ਉਛਾਲੀ ਕੀਤੀ ਹੈ? ਕੀ ਇਹ ਸਹੀ ਹੈ ? ਕੀ ਬਿਲਕੁਲ ਇਹੋ ਜਿਹੀਆਂ ਔਰਤਾਂ ਹੁੰਦੀਆਂ ਹਨ ? ਇਹ ਲੇਖਕ ਅਸਲੀਅਤ ਤੋਂ ਲਾਂਭੇ ਹਨ। ਕੀ ਜੰਗ ਵਿੱਚ ਲੜਨ ਵਾਲੀ ਰਾਣੀ ਝਾਂਸੀ ਲਕਸ਼ਮੀ ਬਾਈ, ਮਾਤਾ ਸਾਹਿਬ ਕੌਰ, ਮਾਈ ਭਾਗੋ, ਭਗਵਤੀ ਚਰਨ ਦੀ ਪਤਨੀ ਦੁਰਗਾ ਦੇਵੀ ਜਿਸਨੇ ਭਗਤ ਸਿੰਘ ਦਾ ਸਾਥ ਦਿੱਤਾ ਸੀ, ਕੀ ਉਹ ਔਰਤਾਂ ਨਹੀਂ ਸਨ ? ਕੀ ਇਹ ਲੇਖਕ ਉਹਨਾਂ ਬਹਾਦਰ ਔਰਤਾਂ ਨੂੰ ਅੱਖੋਂ ਪਰੋਖੇ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਨਹੀਂ ਪਾ ਰਹੇ ? ਕੀ ਉਹ ਔਰਤਾਂ ਨਹੀਂ ਸਨ ਜੋ ਆਪਣੇ ਪ੍ਰੇਮੀਆਂ ਲਈ (ਹੀਰ, ਸੋਹਣੀ, ਸੱਸੀ ਆਦਿ) ਆਪਣੇ ਪਿਆਰ ਤੋਂ ਜਾਨ ਕੁਰਬਾਨ ਕਰ ਗਈਆਂ ? ਇਹਨਾਂ ਔਰਤਾਂ ਨੂੰ ਭੁਲਾਉਣਾ ਸਾਡੀ ਇੱਕ ਵੱਡੀ ਭੁੱਲ ਹੈ।

ਸਵਾਲ ਇਹ ਉਠਦਾ ਹੈ ਕਿ ਇਹੋ ਜਿਹਾ ਸਾਹਿਤ ਲਿਖਿਆ ਕਿਉਂ ਜਾਂਦਾ ਹੈ? ਇਸਦਾ ਕਾਰਣ ਇਹ ਹੈ ਕਿ ਜਿਹੜੀ ਧਿਰ ਸਮਾਜਕ ਪ੍ਰਬੰਧ ਤੇ ਕਾਬਜ਼ ਹੁੰਦੀ ਹੈ ਉਹ ਜਿਹੋ ਜਿਹਾ ਸਭਿਆਚਾਰ ਚਾਹੁੰਦੀ ਹੈ, ਉਸ ਨੂੰ ਪੈਦਾ ਕਰਕੇ ਆਪਣੇ ਪੱਖ ਵਿੱਚ ਖੜ੍ਹਾ ਕਰਨ ਲਈ ਹਰ ਤਰ੍ਹਾਂ ਦੇ ਸਾਧਨਾਂ ਨਾਲ ਪ੍ਰਚਾਰ ਕਰਕੇ ਪੈਸੇ ਦੇ ਜ਼ੋਰ ਤੇ ਉਹ ਉਹਨਾਂ ਲੇਖਕਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਮੱਦਦ ਕਰਦੀ ਰਹਿੰਦੀ ਹੈ।ਬਾਹਰਲੇ ਦੇਸ਼ਾਂ ਵਿੱਚ ਵੀ ਹਜ਼ਾਰਾਂ ਹੀ ਸਭਿਆਚਾਰ ਦੇ ਨਾਂ ਤੇ ਨੱਚਣ ਗਾਉਣ ਦੇ ਸਕੂਲ ਖੋਲ੍ਹੇ ਜਾ ਰਹੇ ਹਨ ਜਦਕਿ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕਿਹੋ ਜਿਹੇ ਸ਼ਬਦਾਂ ਤੇ ਨੱਚ ਰਹੇ ਹਨ, ਉਹ ਤਾਂ ਸਿਰਫ ਤਾਲ ਤੇ ਨੱਚ ਰਹੇ ਹਨ।

ਸ਼ਹੀਦ ਭਗਤ ਸਿੰਘ ਨੇ ਆਪਣੇ ਲੇਖ "ਸਾਹਿਤ ਤੇ ਲੋਕ ਚੇਤੰਨਤਾ" ਵਿੱਚ ਕਿਹਾ ਹੈ ਕਿ, "ਜਿਸ ਦੇਸ਼ ਦੇ ਸਾਹਿਤ ਦਾ ਵਹਾਅ ਜਿਸ ਪਾਸੇ ਵਗਦਾ ਹੈ, ਠੀਕ ਉਸੇ ਪਾਸੇ ਉਹ ਦੇਸ਼ ਵੀ ਵੱਧ ਰਿਹਾ ਹੁੰਦਾ ਹੈ।ਕਿਸੇ ਵੀ ਜਾਤੀ ਦੀ ਉੱਨਤੀ ਲਈ, ਉੱਚ ਕੋਟੀ ਦੇ ਸਾਹਿਤ ਦੀ ਲੋੜ ਹੁੰਦੀ ਹੈ। ਜਿਉਂ ਜਿਉਂ ਦੇਸ਼ ਦਾ ਸਾਹਿਤ ਉੱਚਾ ਉਠਦਾ ਹੈ, ਤਿਉਂ ਤਿਉਂ ਦੇਸ਼ ਤਰੱਕੀ ਕਰਦਾ ਜਾਂਦਾ ਹੈ।"

ਇਸਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੇ ਸਾਹਿਤ ਦਾ ਵਹਾਅ ਨਸ਼ਿਆਂ, ਹਥਿਆਰਾਂ, ਅਸ਼ਲੀਲਤਾ, ਜਾਤੀਵਾਦ, ਕਾਮ ਉਕਸਾਊ ਜਜ਼ਬਿਆਂ, ਰਿਸ਼ਤਿਆਂ ਪ੍ਰਤੀ ਜਾਲ਼ਸਾਜ਼ੀ, ਬੇਹੁਰਮਤੀ, ਅੰਧਵਿਸ਼ਵਾਸੀ, ਲੋਕ ਵਿਰੋਧੀ, ਬਿਮਾਰ ਮਾਨਸਿਕਤਾ, ਨੰਗੇਜ਼ ਤੇ ਵਿਸ਼ਵਮੰਡੀ ਦੀ ਦੌੜ ਵਿੱਚ ਰੁੜਿਆ ਜਾ ਰਿਹਾ ਹੈ।ਇਹ ਨਹੀਂ ਹੈ ਕਿ ਵਧੀਆ ਗੀਤ ਲਿਖੇ ਨਹੀਂ ਗਏ ਜਾਂ ਜਾ ਰਹੇ। ਇਹ ਤਾਂ ਇਤਿਹਾਸ ਗਵਾਹ ਹੈ ਕਿ ਪੰਜਾਬੀ ਸਾਹਿਤਕਾਰਾਂ ਨੇ ਹਮੇਸ਼ਾਂ ਗਰੀਬ ਤੇ ਮਜ਼ਲੂਮ ਮਨੁੱਖਤਾ ਦਾ ਸਾਥ ਦਿੱਤਾ ਹੈ ਚਾਹੇ ਉਹ ਭਗਤੀ ਲਹਿਰ ਦੇ ਕਵੀ ਕਬੀਰ, ਰਵੀਦਾਸ, ਗੁਰੁ ਨਾਨਕ ਜਾਂ ਗੁਰੁ ਗੋਬਿੰਦ ਸਿੰਘ ਜਿਨ੍ਹਾਂ ਨੇ ਹਮੇਸ਼ਾਂ ਭਾਈ ਲਾਲੋਆਂ ਦਾ ਸਾਥ ਦਿੱਤਾ ਤੇ ਮਲਕ ਭਾਗੋਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਉਸਤੋਂ ਬਾਅਦ ਗਦਰ ਲਹਿਰ ਦੇ ਗਦਰੀ ਬਾਬਿਆਂ ਵਲੋਂ ਦੇਸ਼ ਨੂੰ ਅਜ਼ਾਦ ਕਰਾਉਣ ਲਈ ਬਹੁਤ ਹੀ ਜੋਸ਼ੀਲੇ ਤੇ ਅਰਥ ਭਰਭੁਰ ਗੀਤ ਜੋ ਲੋਕਾਂ ਦੀ ਅਜ਼ਾਦੀ ਤੇ ਅਗਾਂਹਵਧੂ ਜ਼ਜਬਿਆਂ ਨੂੰ ਉਤਸਾਹਤ ਕਰਦੇ ਸਨ ਲਿਖੇ ਗਏ। ਉਸ ਵੇਲੇ ਲੋਕਾਂ ਦਾ ਵਹਾਅ ਅਜ਼ਾਦੀ ਦਾ ਸੁਫਨਾ ਸੀ, ਅੱਜ ਵੀ ਇਹ ਸਤਰਾਂ ਭੁੱਲਣੀਆਂ ਮੁਸ਼ਕਲ ਹਨ:-
  ਹਿੰਦ ਵਾਸੀਓ ਰੱਖਣਾ ਯਾਦ ਸਾਨੂੰ
  ਕਿਤੇ ਦਿਲੋਂ ਨਾ ਕਦੇ ਭੁਲਾ ਦੇਣਾ।
 ਜਾਂ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
  ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
  ਜਿੰਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,
  ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।

ਉਸਤੋਂ ਬਾਅਦ ਪ੍ਰੋ. ਮੋਹਣ ਸਿੰਘ, ਬਾਵਾ ਬਲਵੰਤ, ਧਨੀ ਰਾਮ ਚਾਤ੍ਰਿਕ ਆਦਿ ਵਰਗੇ ਕਵੀਆਂ ਨੇ ਲੋਕ ਪੱਖੀ ਸਾਹਿਤ ਲਿਖ ਕੇ ਰਹਿੰਦੀ ਦੁਨੀਆਂ ਤੱਕ ਆਪਣੀ ਜਗ੍ਹਾ ਬਣਾਈ ਹੈ।੬੦-੮੦ਵਿਆਂ ਦੇ ਦੌਰ ਵਿੱਚ ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਬਹੁਤ ਸਾਰਾ ਸਾਹਿਤ ਰਚਿਆ ਗਿਆ। ਉਹਨਾਂ ਵਿੱਚੋਂ ਵਰਨਣਯੋਗ ਸੰਤ ਰਾਮ ਉਦਾਸੀ ਦੇ ਲਿਖੇ ਬੋਲ ਅੱਜ ਵੀ ਲੋਕਾਂ ਦੀਆਂ ਜ਼ੁਬਾਨਾਂ ਤੇ ਉਵੇਂ ਦੇ ਉਵੇਂ ਉਕਰੇ ਪਏ ਹਨ। ਜਿਵੇਂ:-
  ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ
  ਬੋਹਲਾਂ ਵਿੱਚੋਂ ਨੀਰ ਵਗਿਆ।
  ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ
  ਤੂੜੀ ਵਿੱਚੋਂ ਪੁੱਤ ਜੱਗਿਆ।

ਇਸ ਗੀਤ ਵਿੱਚ ਜੱਟ ਤੇ ਸੀਰੀ ਦੇ ਦੁੱਖਾਂ ਸੁੱਖਾਂ ਦੀ ਸਾਂਝ ਨੂੰ ਦਰਸਾਇਆ ਗਿਆ ਹੈ ਅੱਜ ਦੇ ਵਿਪਰੀਤ ਆਹਮੋ ਸਾਹਮਣੇ ਚਮਾਰ ਜਾਂ ਜੱਟ ਦੁਨਾਲੀਆਂ ਲੈ ਕੇ ਨਹੀਂ ਖੜ੍ਹੇ।
  ਦਬਾ ਦਬ ਚੱਲ ਮੇਰੇ ਬੈਲਾਂ ਦੀਏ ਜੋੜੀਏ ਨੀ
  ਬੀਜਣੇ ਨੇ ਅਸੀਂ ਹਥਿਆਰ
  ਮੁੜ੍ਹਕੇ ਦਾ ਵੱਤਰ ਮੈਂ ਮਸਾਂ ਹੈ ਸੰਭਾਲਿਆ ਨੀ
  ਪਵੇ ਨਾ ਚੁਮਾਸਿਆ ਦੀ ਮਾਰ।
 ਜਾਂ ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ,
  ਬੜੇ ਹੀ ਅਸੀਂ ਦੁੱਖੜੇ ਜਰੇ।
  ਆਖਣਾ ਸਮੇਂ  ਦੀ ਸਰਕਾਰ ਨੂੰ,
  ਉਹ ਗਹਿਣੇ ਸਾਡਾ ਦੇਸ਼ ਨਾ ਧਰੇ।

ਗੱਲ ਤਾਂ ਇੱਥੇ ਵੀ ਹਥਿਆਰਾਂ ਦੀ ਕੀਤੀ ਗਈ ਹੈ ਪਰ ਇਹ ਹਥਿਆਰ ਲੋਕਾਂ ਨੂੰ ਵੱਢਣ ਟੁੱਕਣ ਲਈ ਨਹੀਂ ਸਗੋਂ ਮਾੜੇ ਪ੍ਰਬੰਧ ਦੇ ਖਿਲਾਫ ਲਾਮਬੰਦੀ ਦਾ ਸੁਨੇਹਾ ਹੈ ਅਤੇ ਸਮੇਂ ਦੀ ਸਰਕਾਰ ਨੂੰ ਘੁਰਕੀ ਵੀ ਹੈ।
  ਹੱਸ ਹੱਸ ਤੋਰਦੇ ਤੂੰ ਡੋਲੀ ਮੇਰੀ ਬਾਬਲਾ ਵੇ
  ਕਿਹੜੀ ਗੱਲੋਂ ਰਿਹਾ ਏਂ ਤੂੰ ਝੂਰ।
  ਧਰਤੀ ਤਿਹਾਈ ਜਿਉਂ ਪਸੀਨਾ ਮੰਗੇ ਕਾਮਿਆਂ ਦਾ
  ਮਾਂਗ ਮੇਰੀ ਮੰਗਦੀ ਸੰਧੂਰ।
 ਜਾਂ ਜੰਮੀਂ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ,
  ਜਿੱਥੇ ਸੱਧਰਾਂ ਤੇ ਸੰਗਲ ਰਵੇ।
  ਜਿੱਥੇ ਮੇਰੇ ਵੀਰ ਦੀਆਂ ਕੱਚੀਆਂ ਤਰੇਲ੍ਹੀਆਂ ਦਾ
  ਚੱਪਾ ਟੁੱਕ ਮੁੱਲ ਨਾ ਪਵੇ।
 ਜਾਂ ਪੁੱਤ ਬਣਕੇ ਕਮਾਊਂ ਘਰ ਤੇਰੇ,
  ਚਿੱਤ ਨਾ ਡੁਲਾਈਂ ਬਾਬਲਾ
  ਮੇਰੇ ਬੰਦਿਆਂ ਤੋਂ ਵੱਧ ਵੇਖੀਂ ਜੇਰੇ
  ਚਿੱਤ ਨਾ ਡੁਲਾਈਂ ਬਾਬਲਾ।

ਇਨ੍ਹਾਂ ਗੀਤਾਂ ਵਿੱਚ ਜਿੱਥੇ ਆਮ ਮਨੁੱਖ ਦੀਆਂ ਜ਼ਿੰਦਗੀ ਦਾ ਲੋੜਾਂ ਥੋੜਾਂ ਅਤੇ ਅਮੀਰ ਜਮਾਤ ਦੀਆਂ ਵਧੀਕੀਆਂ ਰਾਹੀਂ ਕੀਤੀ ਜਾਂਦੀ ਲੁੱਟ ਚੋਂਘ ਨੂੰ ਦਰਸਾਇਆ ਹੈ ਉੱਥੇ ਪਰਿਵਾਰਕ ਰਿਸ਼ਤਿਆਂ ਵਿੱਚ ਇੱਕ ਦੂਜੇ ਦਾ ਸਾਥ ਤੇ ਪਿਆਰ ਦੀ ਭਾਵਨਾ ਇੱਕ ਮੂੰਹ ਬੋਲਦੀ ਤਸਵੀਰ ਹੈ।
ਇਸੇ ਹੀ ਦੌਰ ਦੇ ਕਵੀ ਪਾਸ਼ ਨੇ ਕੁਝ ਕੁ ਗੀਤ ਹੀ ਲਿਖੇ ਪਰ ਉਹ ਕਦੇ ਵੀ ਲੋਕਾਂ ਨੂੰ ਭੁੱਲੇ ਨਹੀਂ ਹਨ।
  ਪੈਰਾਂ ਦੀਏ ਮਿੱਟੀਏ, ਪਹਾੜ ਬਣ ਜਾਈਂ
  ਕੱਖਾਂ ਦੀਏ ਕੁੱਲੀਏ, ਮਿਨਾਰ ਬਣ ਜਾਈਂ
  ਆਪਣੀ ਕਮਾਈ ਸਾਂਭ ਰੱਖ ਨੀ
  ਕਿਰਤੀ ਦੀਏ ਕੁੱਲੀਏ
  ਲੱਖ ਲੱਖ ਦਾ ਏ ਤੇਰਾ ਕੱਖ ਨੀ
  ਕਿਰਤੀ ਦੀਏ ਕੁੱਲੀਏ।
 ਜਾਂ ਸੋਨੇ ਦੀ ਸਵੇਰ ਜਦੋਂ ਆਊ ਹਾਣੀਆ,
  ਨੱਚੇਗਾ ਅੰਬਰ ਭੂਮੀ ਗਾਊ ਹਾਣੀਆ।

ਪਰ ਇਹ ਗੀਤਕਾਰਾਂ ਨੂੰ ਜਿਨ੍ਹਾਂ ਨੇ ਲੋਕਪੱਖੀ ਸਾਹਿਤ ਲਿਖਿਆ ਉਹਨਾਂ ਦੀ ਕਲਮ ਰੂਪੀ ਅਵਾਜ਼ ਨੂੰ ਖਤਮ ਕਰਨ ਲਈ ਸਮੇਂ ਦੀਆਂ ਸਰਕਾਰਾਂ ਵਲੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਤੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅਰਥਾਤ ਉਹਨਾਂ ਦੇ ਸਾਹਿਤਕ ਪਿੜ ਵਿੱਚ ਅਨੇਕ ਤਰ੍ਹਾਂ ਦੀਆਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ, ਜਿਵੇਂ ਜੇਲ੍ਹਾਂ ਵਿੱਚ ਡੱਕਿਆ ਜਾਣਾ, ਜ਼ਿੰਦਗੀ ਤੋਂ ਵਾਂਝੇ ਕੀਤਾ ਜਾਣਾ ਜਾਂ ਫਿਰਕੂ ਤਾਕਤਾਂ ਤੋਂ ਕਤਲ ਕਰਵਾਉਣਾ(ਜਿਵੇਂ ਪਾਸ਼ ਅਤੇ ਜੈਮਲ ਪੱਡਾ ਆਦਿ ਨੂੰ)। ਅੱਖਾਂ ਵਿੱਚ ਤੇਜ਼ ਰੌਸ਼ਨੀ ਪਾ ਕੇ ਅੱਖਾਂ ਦੀ ਜੋਤ ਗਵਾ ਦੇਣਾ।(ਜਿਵੇਂ ਸੰਤ ਰਾਮ ਉਦਾਸੀ ਦੀ) ਉਹਨਾਂ ਦੇ ਦਿਮਾਗ ਤੇ ਸੱਟਾਂ ਮਾਰੀਆਂ ਜਾਂਦੀਆਂ ਹਨ ਕਿ ਉਹ ਲੋਕ ਪੱਖੀ ਸਾਹਿਤ ਲਿਖਣ ਦੀ ਜ਼ੁਅਰਤ ਨਾ ਕਰਨ।ਪਰ ਫਿਰ ਵੀ ਬਹੁਤ ਵਧੀਆ ਸਾਹਿਤ ਲਿਖਿਆ ਵੀ ਜਾ ਰਿਹਾ ਹੈ ਪਰ ਸਾਡੇ ਲੋਕਾਂ ਦੇ ਹੱਥ ਹੈ ਕਿ ਅਸੀਂ ਉਸ ਨੂੰ ਸਮਾਜ ਦੇ ਰੂ ਬਰੂ ਕਿਵੇਂ ਕਰਨਾ ਹੈ।

ਅਸੀਂ ਦੋਨੋਂ ਤਰ੍ਹਾਂ ਦੇ ਗੀਤਾਂ ਨੂੰ ਸਾਹਮਣੇ ਰੱਖ ਕੇ ਸੋਚਣਾ ਹੈ ਕਿ ਸਾਨੂੰ ਜ਼ਿੰਦਗੀ 'ਚ ਅੱਗੇ ਵਧਣ ਲਈ ਕਿਹੋ ਜਿਹੇ ਗੀਤਾਂ ਦੀ ਲੋੜ ਹੋਣੀ ਚਾਹੀਦੀ ਹੈ। ਜਦੋਂ ਇਹੋ ਜਿਹੇ ਗਾਉਣ ਵਾਲੇ ਗਾਉਣਾ ਸ਼ੁਰੂ ਕਰਦੇ ਹਨ ਤਾਂ ਰੱਬ ਦੇ ਨਾਂ ਤੇ ਇੱਕ ਗੀਤ ਗਾ ਕੇ ਉਸਤੋਂ ਖੁਲਦਿਲੀ ਨਾਲ ਲੱਚਰ ਗੀਤ ਗਾਉਣ ਦੀ ਆਗਿਆ ਲੈ ਲੈਂਦੇ ਹਨ।ਜਦੋਂ ਰੱਬ ਨੇ ਪ੍ਰਵਾਨਗੀ ਦੇ ਦਿੱਤੀ ਤਾਂ ਆਪਾਂ ਉਸਦਾ ਵਿਰੋਧ ਕਿਵੇਂ ਕਰ ਸਕਦੇ ਹਾਂ? ਬੇਸ਼ੱਕ ਇਹ ਗੀਤ ਘਟੀਆ ਹਨ ਪਰ ਇਹਨਾਂ ਨੂੰ ਸੁਣਨ ਵੇਲੇ ਲੋਕਾਂ ਦੀ ਗਿਣਤੀ ਦੁੱਗਣੀ ਤਿੱਗਣੀ ਹੁੰਦੀ ਹੈ ਤੇ ਲੋਕ ਹਜ਼ਾਰਾਂ ਰੁਪਿਆ ਇਹਨਾਂ ਗਾਉਣ ਵਾਲਿਆਂ ਦੇ ਉੱਤੋਂ ਵਾਰ ਸੁੱਟਦੇ ਹਨ। ਇਹ ਕਿਉਂ ? ਤੇ ਇਸਦੇ ਪਿੱਛੇ ਕੀ ਹੈ ? ਇਹ ਕੁਝ ਜਮਾਤਾਂ ਦੀ ਗਿਣੀ ਮਿੱਥੀ ਸਾਜ਼ਸ਼ ਜਾਪਦੀ ਹੈ ਜਿਨ੍ਹਾਂ ਵਲੋਂ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਲੁੱਟਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਜਾਂਦੇ ਹਨ ਜਿਵੇਂ ਜਵਾਨ ਦਿਲਾਂ ਦੀ ਸੋਚ ਨੂੰ ਦਬਾਉਣ ਲਈ ਇਹ ਲੱਚਰਪੁਣੇ ਦਾ ਸ਼ਿਕਾਰ ਬਣਾਉਣਾ ਕਿਉਂਕਿ ਨੌਜਵਾਨ ਪੀੜ੍ਹੀ ਉਹਨਾਂ ਦੀਆਂ ਹਰਕਤਾਂ ਵੱਲ ਉਂਗਲ ਨਾ ਕਰ ਸਕਣ। ਸਮਾਜ ਦੀਆਂ ਲੁਟੇਰੀਆਂ ਜਮਾਤਾਂ ਦੀ ਜਕੜ ਨੂੰ ਹੋਰ ਮਜ਼ਬੂਤ ਕਰਨ ਲਈ ਲੋਕਾਂ ਨੂੰ ਜ਼ਿੱਲਤ ਭਰੇ ਭਰਿਸ਼ਟ ਲੱਚਰ ਸਾਹਿਤ ਰਾਹੀਂ ਖੱਸੀ ਤੇ ਨਿਰਾਸ਼ਾ ਭਰੇ ਮਾਹੌਲ ਵਿੱਚ ਧੱਕਣ ਦਾ ਜੋਰ ਲਾਇਆ ਜਾ ਰਿਹਾ ਹੈ।ਕੈਸਟ ਕਲਚਰ ਪੈਦਾ ਕੀਤਾ ਜਾ ਰਿਹਾ ਹੈ। ਇਹੀ ਕਾਰਣ ਹੈ ਕਿ ਲੁਟੇਰੀਆਂ ਜਮਾਤਾਂ ਵਲੋਂ ਗੀਤਾਂ ਦੇ ਅਜਿਹੇ ਲੇਖਕਾਂ ਨੂੰ ਵਿਸ਼ੇਸ਼ ਸਰਟੀਫਿਕੇਟਾਂ ਅਤੇ ਇਨਾਮਾਂ ਰਾਹੀਂ ਇਨ੍ਹਾਂ ਦੀਆਂ ਝੋਲ਼ੀਆਂ ਭਰੀਆਂ ਜਾਂਦੀਆਂ ਹਨ।ਇਹਨਾਂ ਦੇ ਘਟੀਆ ਤੋਂ ਘਟੀਆ ਗੀਤਾਂ ਨੂੰ ਰਿਕਾਰਡ ਕਰਵਾਇਆ ਜਾਂਦਾ ਹੈ। ਇਹਨਾਂ ਨੂੰ ਧੰਨ ਦੇ ਨਾਲ ਮਾਲੋਮਾਲ ਕੀਤਾ ਜਾਂਦਾ ਹੈ, ਹਰ ਪਾਸਿਉਂ ਮਾਨਤਾ ਦਿੱਤੀ ਜਾਂਦੀ ਹੈ।ਅੱਜ ਕੱਲ ਸਰਕਾਰਾਂ ਨੇ ਅਗਰ ਕੋਈ ਰਾਜਨੀਤਿਕ ਇਕੱਠ ਕਰਨਾ ਹੈ ਜਾਂ ਕੋਈ ਟੂਰਨਾਮੈਂਟ ਕਰਵਾਉਣਾ ਹੈ ਤਾਂ ਸਰਕਾਰਾਂ ਆਪਣੇ ਇਕੱਠ ਨੂੰ ਵਧਾਉਣ ਲਈ ਇਹਨਾਂ ਲੱਚਰ ਗੀਤਾਂ ਦੇ ਗਾਇਕਾਂ ਨੂੰ ਸਟੇਜ ਤੋਂ ਲੋਕਾਂ ਦੀ ਸੋਚ ਨੂੰ ਖੁੰਢਾ ਕਰਨ ਦੇ ਹੱਥਕੰਡੇ ਵਰਤ ਦੀਆਂ ਹੈ।ਅਸੀਂ ਲੋਕ ਇਹਨਾਂ ਨੂੰ ਮਨੋਰੰਜਨ ਦਾ ਸਾਧਨ ਸਮਝ ਕੇ ਚੁੱਪ ਬੈਠੇ ਰਹਿੰਦੇ ਹਾਂ ਇਹ ਨਹੀਂ ਸੋਚਦੇ ਕਿ ਇਸਦਾ ਸਾਡੀ ਨੌਜਵਾਨ ਪੀੜ੍ਹੀ ਤੇ ਕਿੰਨਾ ਗਲਤ ਅਸਰ ਪੈ ਰਿਹਾ ਹੈ।ਕਈ ਵਾਰ ਤਾਂ ਇਹ ਲੱਗਦਾ ਹੈ ਭਾਰਤ ਤਾਂ ਸਿਰਫ ਨੱਚਣ ਗਾਉਣ ਦੇ ਰਾਹ ਹੀ ਤੁਰ ਪਿਆ ਹੈ, ਇੱਕ ਇੱਕ ਪਿੰਡ ਵਿੱਚ ਪਤਾ ਨਹੀਂ ਕਿੰਨੇ ਗਾਉਣ ਵਾਲੇ ਤੁਰੇ ਫਿਰਦੇ ਹਨ ਅਤੇ ਨਾਲ ਥੋੜ੍ਹੇ ਥੋੜ੍ਹੇ ਪੈਸਿਆਂ ਤੇ ਅਨੇਕਾਂ ਹੀ ਕੁੜੀਆਂ ਬਕਿਨੀਆਂ  ਪਾ ਕੇ ਨੱਚਣ ਲਈ ਤਿਆਰ ਹਨ।ਪਿੰਡਾਂ ਵਿੱਚ ਬਹੁਤੇ ਮੁੰਡੇ ਜ਼ਮੀਨਾਂ ਵੇਚ ਕੇ ਕੈਸਟ ਰਿਕਾਰਡ ਕਰਾਉਣ ਦੇ ਚੱਕਰ ਵਿੱਚ ਸਾਰੀ ਜ਼ਮੀਨ ਗਿਰਵੀ ਰੱਖ ਕੇ ਘਰਾਂ ਦੇ ਘਰ ਉਜਾੜ ਰਹੇ ਹਨ।

ਅੱਜ ਦੇ ਲੇਖਕ ਕੋਲ ਸਿਰਫ ਦੋ ਹੀ ਰਸਤੇ ਹਨ ਜਾਂ ਤਾਂ ਉਹ ਆਮ ਜਨਤਾ ਨਾਲ ਮਿਲ ਕੇ ਸਮਾਜ ਦੀ ਪ੍ਰਗਤੀ ਦਾ ਦੂਤ ਬਣ ਸਕਦਾ ਹੈ ਅਤੇ ਆਪਣੇ ਗੌਰਵਮਈ ਇਤਿਹਾਸ ਦੀ ਪ੍ਰੰਪਰਾ ਨੂੰ ਕਾਇਮ ਰੱਖ ਸਕਦਾ ਹੈ ਜਾਂ ਫਿਰ ਪੂੰਜੀਵਾਦੀ ਵਿਚਾਰਧਾਰਾ ਨਾਲ ਮਿਲ ਕੇ, ਨਿੱਜਵਾਦ ਦੀ ਪੌੜੀ ਤੇ ਖੜ੍ਹ ਕੇ ਮਨੁੱਖਤਾ ਦੇ ਸਰਬਨਾਸ਼ ਦਾ ਪੈਗੰਬਰ ਵੀ ਬਣ ਸਕਦਾ ਹੈ।ਇਹ ਤਾਂ ਲੇਖਕ ਨੇ ਆਪ ਚੁਣਨਾ ਹੈ ਕਿ ਉਸ ਨੇ ਕਿਹੜਾ ਰਾਹ ਅਪਣਾਉਣਾ ਹੈ ਕਿਉਂਕਿ ਲੇਖਕ ਵੀ ਸਮਾਜ ਦਾ ਹਿੱਸਾ ਹੈ ਉਹ ਆਪਣੇ ਆਪ ਨੂੰ ਇਸ ਤੋਂ ਅਲੱਗ ਕਰਕੇ ਨਹੀਂ ਰੱਖ ਸਕਦਾ ਸੋ ਉਸਨੂੰ ਕਿਸੇ ਇੱਕ ਧਿਰ ਨਾਲ ਤਾਂ ਖੜ੍ਹਨਾ ਹੀ ਪਵੇਗਾ।

ਅੰਤ ਇਸ ਵਿਆਖਿਆ ਤੋਂ ਸਾਡਾ ਇੱਥੇ ਸਮੁੱਚਾ ਫਰਜ਼ ਬਣਦਾ ਹੈ ਕਿ ਜੇ ਅਸੀਂ ਆਪਣੀ ਨੌਜਵਾਨ ਪੀੜ੍ਹੀ, ਸਾਡੇ ਭਵਿੱਖ ਦੇ ਵਾਰਸਾਂ ਨੂੰ ਇਨ੍ਹਾਂ ਘਟੀਆ ਅਲਾਮਤਾਂ ਤੋਂ ਦੂਰ ਰੱਖਣਾ ਹੈ ਤਾਂ ਅਸੀਂ ਲੱਚਰ ਸਾਹਿਤ ਜੋ ਸਾਨੂੰ ਜ਼ਲੀਲ ਕਰ ਰਿਹਾ ਹੈ, ਉਸਦਾ ਵਿਰੋਧ ਕਰੀਏ ਅਤੇ ਸਾਡੇ ਲੋਕ ਗੀਤਾਂ ਅਤੇ ਲੋਕ ਪੱਖੀ ਕਵੀਆਂ ਜਾਂ ਗੀਤਕਾਰਾਂ  ਦੇ ਗੀਤਾਂ ਨੂੰ ਸਟੇਜਾਂ ਤੇ ਬਹੁਤਾਤ ਵਿੱਚ ਲਿਆਈਏ ਅਤੇ ਉਹਨਾਂ ਨੂੰ ਸਾਰੇ ਪੱਖਾਂ ਤੋਂ ਉਤਸਾਹਤ ਕਰੀਏ। ਅਸਲੀਅਤ ਵਿੱਚ ਲੋਕਾਂ ਨਾਲ ਜੁੜਿਆ ਸਾਹਿਤਕਾਰ ਉਹ ਹੈ ਜੋ ਕਿ ਆਪਣੀ ਧਰਤੀ ਦੀ ਗੱਲ ਕਰਦੈ, ਆਪਣੇ ਲੋਕਾਂ ਦੀ ਮੁਕਤੀ ਦੀ ਗੱਲ ਕਰਦੈ, ਲੋਕਾਂ ਦੀ ਮੰਦਹਾਲੀ, ਸਮਾਜ ਵਿੱਚ ਫੈਲਾਈ ਜਾ ਰਹੀ ਅੰਧਵਿਸ਼ਵਾਸੀ ਅਤੇ ਪਿੱਛੇ ਖਿੱਚੂ ਰੀਤੀ ਰਿਵਾਜਾਂ ਦਾ ਪਰਦਾ ਫਾਸ਼ ਕਰਦੈ, ਜਗੀਰੂ ਤੇ ਭਰਿਸ਼ਟ ਲੱਚਰ ਸਾਹਿਤ ਵਿਰੁੱਧ ਅਵਾਜ਼ ਉੱਚੀ ਕਰਦੈ।ਆਉ ਅਜਿਹੇ ਲੇਖਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਈਏ ਅਤੇ ਲੱਚਰ ਸਾਹਿਤ ਦੇ ਲੇਖਕਾਂ ਦਾ ਹੁੱਕਾ ਪਾਣੀ ਬੰਦ ਕਰੀਏ ਤੇ ਆਪਣੀ ਗੁੰਮਰਾਹ ਹੋਈ ਨੌਜਵਾਨ ਪੀੜ੍ਹੀ ਨੂੰ ਆਪਣਾ ਅਮੀਰ ਵਿਰਸਾ ਸੰਭਾਲਣ ਲਈ ਆਪਣਾ ਬਣਦਾ ਹਿੱਸਾ ਪਾਈਏ ਤਾਂ ਕਿ ਉਹ ਅਣਖ ਤੇ ਗੈਰਤ ਦੀ ਜ਼ਿੰਦਗੀ ਨੂੰ ਅਪਣਾਉਣ ਨਾਕਿ ਸਿਰਫ ਇਨ੍ਹਾਂ ਦੀ ਅਸ਼ਲੀਲਤਾ ਤੇ ਅੱਖਾਂ ਤੇ ਕੰਨ ਬੰਦ ਕਰਕੇ ਅੱਖਾਂ ਤੇ ਕੰਨ ਬੰਦ ਕਰਕੇ ਨੱਚੀ ਜਾਣ।

ਪਰਮਿੰਦਰ ਸਵੈਚ 
ਲੇਖਿਕਾ ਨਾਟਕ ਤੇ ਕਵਿਤਾ ਲਿਖਦੇ ਹਨ।
ਮੌਬ-604.760.4794