ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਆਰਥਿਕ ਸੁਨਾਮੀ. Show all posts
Showing posts with label ਆਰਥਿਕ ਸੁਨਾਮੀ. Show all posts

Friday, February 1, 2013

'ਬਨਾਨਾ ਰਿਪਬਲਿਕ': ਭਾਰਤੀ ਸਰਮਾਏਦਾਰੀ,ਸਿਆਸਤ ਤੇ ਮੀਡੀਆ ਦਾ ਘਾਤਕ ਕਾਕਟੇਲ

ਸੰਨ 1944 ਵਿੱਚ ਜੇ ਆਰ ਡੀ ਟਾਟਾ,ਘਨਸ਼ਿਆਮ ਦਾਸ ਬਿਰਲਾ ਤੇ ਸਰ ਪੁਰਸ਼ੋਤਮ ਠਾਕੁਰ ਦਾਸ ਵਰਗੇ ਅੱਠ ਵੱਡੇ ਪੂੰਜੀਪਤੀਆਂ ਨੇ ਮਿਲਕੇ ਨਹਿਰੂ ਦੇ ਮੌਜੂਦਾ 'ਸਮਾਜਵਾਦੀ' ਮਾਡਲ ਦਾ ਚੌਖਟਾ ਤਿਆਰ ਕੀਤਾ ਸੀ।ਇਸ ਮਾਡਲ ਨੂੰ ਲਾਗੂ ਕਰਨ ਲਈ 6% ਪੂੰਜੀ ਪੱਲਿਉਂ ਪਾ ਕੇ ਬਾਕੀ 94% ਧਨ ਲੋਕਾਂ ਤੋਂ ਟੈਕਸ ਦੇ ਰੂਪ 'ਚ ਇਕੱਠਾ ਕਰਕੇ ਸਰਵਜਨਕ ਖੇਤਰ ਤੇ ਹੋਰ ਯੋਜਨਾਵਾਂ ਚਾਲੂ ਕਰਨ ਤੇ ਲਾਇਆ।ਦਿਮਾਗੀ ਕਸਰਤ ਕਰਕੇ ਬਣਾਈਆਂ ਇਨ੍ਹਾਂ ਯੋਜਨਾਵਾਂ ਨੂੰ ਹੌਲੀ-ਹੌਲੀ ਬੂਰ ਪੈਣਾ ਸ਼ੁਰੂ ਹੋਇਆ,ਜਿਸਦਾ ਫ਼ਲ ਇਹ ਹੈ ਕਿ ਸੰਨ 1957 ਚ ਭਾਰਤ ਦੇ ਇਹਨਾਂ 22 ਵੱਡੇ ਪੂੰਜੀਪਤੀ ਘਰਾਣਿਆਂ ਦੀ ਕੁੱਲ ਪੂੰਜੀ 312.6 ਕਰੋੜ ਸੀ, ਸੁੱਖ ਨਾਲ ਵੱਧ ਫੁੱਲ਼ਕੇ ਹੁਣ ਇਨ੍ਹਾਂ ਘਰਾਣਿਆਂ ਦੇ 100 ਵਾਰਸ ਦੇਸ਼ ਦੀ ਕੁਲ ਜਾਇਦਾਦ ਦੇ 25% ਹਿੱਸੇ ਤੇ ਕਾਬਜ ਹਨ।
Illustration: Uttam Ghosh Courtesy rediff.com

ਸਰਵਜਨਕ ਖੇਤਰ ਹੁਣ ਨਿੱਜੀਕਰਨ-ਉਦਾਰੀਕਰਨ ਦੀਆਂ ਪੌੜੀਆਂ ਚੜ੍ਹਦਾ ਹੋਇਆ ਭਾਰਤ ਦੇ ਸਿਰਫ ਵੀਹ ਫੀਸਦੀ ਲੋਕਾਂ ਦੇ ਵਿਕਾਸ ਤੱਕ ਸਿਮਟ ਗਿਆ ਹੈ,ਤੇ ਇਨ੍ਹਾਂ ਵੀਹ ਫੀਸਦੀ ਪੂੰਜੀਪਤੀਆਂ ਦਾ ਸਵਰਗੀ ਵਿਕਾਸ 'ਰੱਬੀ ਕ੍ਰਿਪਾ' ਦਾ ਕ੍ਰਿਸ਼ਮਾ ਨਹੀਂ ਬਲਕਿ ਨਰਕੀ ਜ਼ਿੰਦਗੀ ਜਿਊਣ ਲਈ ਮਜ਼ਬੂਰ 80% ਗਰੀਬ ਕਿਰਤੀ ਜਮਾਤ ਦੀ ਲੁੱਟ 'ਤੇ ਵਿਨਾਸ਼ ਉੱਤੇ ਉਸਰਿਆ ਹੋਇਆ ਹੈ।ਸਾਡੇ 'ਲੋਕਤੰਤਰੀ ਸਮਾਜਵਾਦੀ' ਗਣਰਾਜ ਵਿੱਚ ਅਮੀਰੀ ਗਰੀਬੀ ਦਾ ਲਾਗਾਤਾਰ ਵੱਧ ਰਿਹਾ ਪਾੜਾ ਅਲਾਦੀਨ ਦੇ ਚਿਰਾਗ ਚੋਂ ਨਿਕਲੇ ਜਿੰਨ ਵਾਂਗ ਅਚਾਨਕ ਨਹੀਂ ਪ੍ਰਗਟਿਆ ਬਲਕਿ ਯੋਜਨਾਬੱਧ ਰੂਪ 'ਚ ਨਿਰੰਤਰ ਸ਼ਰੇਆਮ ਵਾਪਰਦਾ ਆ ਰਿਹਾ ਹੈ।

ਪਿਛਲੇ ਕੁਝ ਅਰਸੇ 'ਚ (ਖਾਸ ਕਰ ਭ੍ਰਿਸ਼ਟਾਚਾਰਕ ਮਾਮਲਿਆਂ ਤੋਂ ਲੈ ਕੇ) ਮੇਹਨਤਕਸ਼ਾਂ ਦੀ ਕਿਰਤ ਲੁੱਟ ਕੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨ ਵਾਲੇ ਪੂੰਜੀਪਤੀ ਘਰਾਣੇ,ਰਾਜਨੀਤੀਵਾਨ ਤੇ ਮੀਡੀਆ ਕਾਰਪੋਰੇਸ਼ਨ ਗੱਠਜੋੜ ਦੇ ਧੋਖਾਧੜੀ ਤੇ ਭ੍ਰਿਸ਼ਟਾਚਾਰ ਦੇ ਅਨੇਕਾਂ ਕੇਸ ਸਾਹਮਣੇ ਆਏ।ਇਹ ਕੇਸ ਦਰਸਾਉਂਦੇ ਹਨ ਕਿ ਕਿਸ ਕਦਰ ਇਸ ਗੱਠਜੋੜ ਨੇ ਵੱਧ ਤੋਂ ਵੱਧ ਪੂੰਜੀ ਹੜੱਪਣ ਲਈ ਕੂਟਨੀਤੀ ਤਿਆਰ ਕਰਕੇ ਇਸਨੂੰ ਲਾਗੂ ਕਰਨ ਲਈ ਜ਼ਮੀਨ ਤਿਆਰ ਕੀਤੀ।ਪੂੰਜੀਪਤੀ (ਦੇਸੀ-ਬਦੇਸ਼ੀ ਦੋਵੇਂ) ਆਪਣੇ ਸਰਮਾਏ ਦੀ ਸਲਤਨਤ ਨੂੰ ਹੋਰ ਵਧੇਰੇ ਵਧਾਉਣ ਫੈਲਾਉਣ ਲਈ ਸਰਕਾਰੀ ਅਰਥਸ਼ਾਸ਼ਤਰੀਆਂ ਤੇ ਨੀਤੀ ਘਾੜਿਆਂ ਤੋਂ ਆਪਣੇ ਲੁਟੇਰੇ ਹਿੱਤਾਂ ਅਨੁਸਾਰ ਨੀਤੀਆਂ ਯੋਜਨਾਵਾਂ ਤਿਆਰ ਕਰਵਾਉਂਦੇ ਰਹਿੰਦੇ ਹਨ ਤੇ ਇਨ੍ਹਾਂ ਨੀਤੀਆਂ ਦੇ ਲਾਭਕਾਰੀ ਤੇ ਲੋਕ ਭਲਾਈ ਵਾਲੀਆਂ ਹੋਣ ਦਾ ਭਰਮ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਕੀਤਾ ਜਾਂਦਾ ਹੈ।ਇਹਨਾਂ ਨੀਤੀਆਂ ਸਬੰਧੀ ਲੋਕ ਰਜ਼ਾ ਬਣਾਉਣ ਲਈ ਜਿੱਥੇ ਮੀਡੀਆ ਆਪਣੀ ਭੂਮਿਕਾ ਨਿਭਾਉਂਦਾ ਹੈ,ਉੱਥੇ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਲਈ ਸਿੱਧੇ-ਅਸਿੱਧੇ ਢੰਗ ਨਾਲ ਰਾਜਨੀਤੀ ਦਾ ਵੀ ਪੂਰਾ ਸਮਰਥਨ ਹੁੰਦਾ ਹੈ।

by Manjul Courtesy : Manjul.com
90ਵਿਆਂ ਦੀਆਂ ਲੋਕ ਵਿਰੋਧੀ ਨਵੀਆਂ ਆਰਥਿਕ ਨੀਤੀਆਂ ਤਹਿਤ ਪੂੰਜੀਪਤੀਆਂ ਦੀ ਇਜਾਰੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਰਾਜਨੀਤੀ ਤੇ ਮੀਡੀਆ ਨੇ ਹੋਰ ਵੱਧ ਤੇਜੀ ਦਿਖਾਈ।ਅਮਰੀਕੀ ਲੁਟੇਰਿਆਂ ਤੇ ਭਾਰਤੀ ਵੱਡੇ ਪੂੰਜੀਪਤੀਆਂ ਦੇ ਹਿੱਤ ਅਨੁਕੂਲ ਨੀਤੀਆਂ ਨੂੰ ਭਾਰਤੀ ਲੋਕਾਂ ਤੇ ਥੋਪਣ ਲਈ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ,ਮੋਨਟੇਕ ਸਿੰਘ ਆਹਲੂਵਾਲੀਆ ਨੂੰ ਯੋਜਨਾ ਕਮਿਸ਼ਨ ਦਾ ਚੇਅਰਮੈਨ ਤੇ ਪੀ ਚਿਦੰਬਰਮ ਨੂੰ ਵਿੱਤ ਮੰਤਰੀ ਬਨਾਉਣ ਦੀ ਯੋਜਨਾ ਵਿਸ਼ਵ ਬੈਂਕ ਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਵੱਲੋਂ ਘੜੀ ਹੋਣ ਦੇ ਚਰਚੇ ਜੱਗ ਜ਼ਾਹਰ ਹਨ ਤੇ ਇਹ ਵੀ ਸਾਹਮਣੇ ਆਇਆ ਹੈ ਕਿ ਵਿੱਤ ਮੰਤਰੀ ਦੀ ਭੂਮਿਕਾ ਸੁਚੱਜੇ ਢੰਗ ਤੇ ਅਮਰੀਕੀ ਇਸ਼ਾਰੇ ਮੁਤਾਬਕ ਪੂਰੀ ਤਰਾ੍ਹਂ ਨਾ ਨਿਭਾਉਣ ਕਾਰਨ ਪ੍ਰਣਬ ਦਾਦਾ ਨੂੰ ਇਸ ਮਹੱਤਵਪੂਰਨ ਅਹੁਦੇ ਤੋਂ ਲਾਭੇਂ ਹੋਣਾ ਪਿਆ।ਉਧਰ ਸ਼ੁਰੂ-ਸ਼ੁਰੂ 'ਚ ਐੱਫ ਡੀ ਆਈ ਦੀ ਨੀਤੀ ਨੂੰ ਲਾਗੂ ਕਰਨ 'ਚ ਢਿੱਲਮੱਠ ਦਿਖਾਉਣ ਬਦਲੇ ਪ੍ਰਧਾਨ ਮੰਤਰੀ ਜੀ ਨੂੰ ਨਿਊਯਾਰਕ ਰਸਾਲੇ 'ਟਾਈਮ' 'ਚ 'ਨਾਕਾਮਯਾਬ ਪ੍ਰਧਾਨ ਮੰਤਰੀ' ਵਜੋਂ ਪੇਸ਼ ਕਰਨ ਦੀ ਘੁਰਕੀ ਵੀ ਸਹਿਣੀ ਪਈ।


ਇਸੇ ਤਰਾ੍ ਸੱਤਾ ਦੇ ਗਲਿਆਰਿਆਂ 'ਚ ਆਏ ਦਿਨ ਭ੍ਰਿਸ਼ਟਾਚਾਰ ਤੇ ਆਪਸੀ ਦੇਣਦਾਰੀਆਂ ਦੇ ਅਨੇਕਾਂ ਕੇਸ ਵਾਪਰਦੇ ਹਨ ਜਿਹਨਾਂ ਵਿੱਚੋਂ ਜ਼ਿਆਦਾਤਰ ਟੀ ਵੀ ਤੇ ਅਖ਼ਬਾਰਾਂ ਦੀਆਂ ਸੁਰਖੀਆਂ ਨਹੀਂ ਬਣਦੇ ਕਿਉਂਕਿ ਕੇਂਦਰ ਤੇ ਰਾਜ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਦਾ ਦੇਸ਼ ਦੇ ਮਹੱਤਵਪੂਰਨ ਟੀ ਵੀ ਚੈਨਲਾਂ ਤੇ ਅਖ਼ਬਾਰਾਂ ਤੇ ਕਬਜ਼ਾ ਹੈ।ਮੀਡੀਆ ਵਿਚਾਰਕ ਦਿਲੀਪ ਖਾਨ ਅਨੁਸਾਰ ਰਿਲਾਇੰਸ ਦਾ ਮਾਲਕ ਮੁਕੇਸ਼ ਅੰਬਾਨੀ ਸਿੱਧੇ ਤੌਰ ਤੇ 25 ਟੀ ਵੀ ਚੈਨਲਾਂ ਤੇ ਅਸਿਧੇ ਤੌਰ ਤੇ ਅਨੇਕਾਂ ਪ੍ਰਮੁੱਖ ਰਾਸ਼ਟਰੀ ਟੀ ਵੀ ਚੈਨਲਾਂ ਤੇ ਅਖ਼ਬਾਰਾਂ ਦਾ ਮਾਲਕ ਤੇ ਹਿੱਸੇਦਾਰ ਹੈ।ਬਿਰਲਾ,ਟਾਟਾ ਤੇ ਮਹਿੰਦਰਾ ਵਰਗੇ ਪੂੰਜੀਪਤੀ ਘਰਾਣੇ ਵੀ ਮੀਡੀਆ ਮੰਡੀ ਉੱਪਰ ਆਪਣੀ ਇਜਾਰੇਦਾਰੀ ਜਮਾਉਣ ਦੀ ਦੌੜ ਵਿੱਚ ਹਨ।ਭਾਰਤ ਵਿਚ 650 ਟੀ ਵੀ ਚੈਨਲਾਂ ਤੋਂ ਇਲਾਵਾ ਵੱਖ-ਵੱਖ ਭਸ਼ਾਵਾਂ 'ਚ ਨਿਕਲਣ ਵਾਲੇ 2000 ਅਖ਼ਬਾਰ,30 ਤੋਂ ਵੱਧ ਐੱਮ ਐੱਫ ਰੇਡੀਉ ਚੈਨਲ,245 ਰੇਡੀਉ ਸ਼ਟੇਸ਼ਨ ਅਤੇ ਦੇਸ਼ ਵਿੱਚ ਹਰ ਸਾਲ 1000 ਤੋਂ ਉਪਰ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ।ਇਹਨਾਂ ਪ੍ਰਚਾਰ ਮਾਧਿਅਮਾਂ ਦੀਆਂ ਕਾਰਪੋਰੇਸ਼ਨਾਂ ਉੱਪਰ ਵੋਟ ਪਾਰਟੀਆਂ ਤੇ ਪੂੰਜੀਪਤੀ ਘਰਾਣਿਆਂ ਦਾ ਕਬਜ਼ਾ ਹੋਣ ਕਰਕੇ ਇਹ ਸੰਚਾਰ ਮਾਧਿਅਮ ਨਿੱਜੀਕਰਨ-ਉਦਾਰੀਕਰਨ ਦੀਆਂ ਨੀਤੀਆਂ ਦੇ ਸਭ ਤੋਂ ਵੱਡੇ ਹਿਤੈਸ਼ੀ ਹਨ।ਅੰਗਰੇਜ਼ੀ-ਹਿੰਦੀ ਦੇ ਲੱਖਾਂ ਦੀ ਗਿਣਤੀ 'ਚ ਛਪਣ ਵਾਲੇ ਪ੍ਰਮੁੱਖ ਅਖ਼ਬਾਰਾਂ (ਹਿੰਦੂਸਤਾਨ ਟਾਇਮਜ਼,ਟਾਈਮਜ਼ ਆਫ ਇੰਡੀਆ,ਇੰਡੀਅਨ ਐਕਸਪ੍ਰੈੱਸ,ਭਾਸਕਰ,ਜਾਗਰਨ,ਨਵੀਂ ਦੁਨੀਆਂ ਆਦਿ) ਉੱਪਰ ਇਸੇ ਜੁੰਡਲੀ ਦਾ ਏਕਾਧਿਕਾਰ ਸਥਾਪਿਤ ਹੈ।

ਇੱਥੇ ਜਗਮੋਹਣ ਰੈੱਡੀ ਵਰਗਾ ਸੰਸਦ ਮੈਂਬਰ ਸਰਕਾਰੀ ਖਜਾਨੇ ਚੋਂ ਇਕ ਨਿੱਜੀ ਸਮੂਹ 'ਸ਼ਾਖਸ਼ੀ ਮੀਡੀਆ ਸਮੂਹ' ਨੂੰ ਰਾਜ ਸਰਕਾਰ ਦੁਆਰਾ ਪ੍ਰਿੰਟ ਮੀਡੀਆ ਲਈ ਨਿਸ਼ਚਿਤ ਕੀਤੇ 200 ਕਰੋੜ ਰੁਪਏ ਵਿੱਚੋਂ 101.63 ਕਰੋੜ ਦੇ ਇਸ਼ਤਿਹਾਰ ਦੇਣ ਦੀ ਸ਼ਰੇਆਮ ਕੁਤਾਹੀ ਕਰਦਾ ਹੈ। (ਭਾਵੇਂ ਬਾਅਦ ਵਿਚ ਇਸਦਾ ਵਿਰੋਧ ਹੋਣ ਰੈੱਡੀ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ) ਨਿੱਜੀ ਕਾਰਪੋਰੇਸ਼ਨਾਂ ਨੂੰ ਰਾਜਨੇਤਾਵਾਂ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਨਿੱਜੀ ਲਾਭ ਪਹੁੰਚਾਉਣ ਦੇ ਜਿੱਥੇ ਅਨੇਕਾਂ ਕਿੱਸੇ ਦੱਬੇ-ਦਬਾਏ ਰਹਿ ਜਾਂਦੇ ਹਨ, ਉੱਥੇ ਸਾਹਮਣੇ ਆਏ ਕੇਸ ਵੀ ਹੌਲੀ-ਹੌਲੀ ਠੰਢੇ ਬਸਤੇ ਪਾ ਦਿੱਤੇ ਜਾਂਦੇ ਹਨ ਬਲਕਿ ਦੋਸ਼ੀਆਂ ਨੂੰ ਮੁੜ ਉੱਚ ਅਹੁਦਿਆਂ ਨਾਲ ਨਿਵਾਜਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।


ਅਸੀਂ ਦੇਖਦੇ ਹਾਂ ਕਿ ਅਨੇਕਾਂ ਲੋਕਪੱਖੀ,ਅਗਾਂਹਵਧੂ ਤੇ ਵਿਗਿਆਨਕ ਖ਼ਬਰਾਂ ਤੇ ਪ੍ਰੋਗਰਾਮ ਸੋਚੇ ਸਮਝੇ ਤਰੀਕੇ ਨਾਲ ਮੀਡੀਆ (ਇਲੈੱਕਟ੍ਰਾਨਿਕ ਤੇ ਪ੍ਰਿੰਟ) 'ਚੋਂ ਬਲੈੱਕ ਆਊਟ ਕਰ ਦਿੱਤੇ ਜਾਂਦੇ ਹਨ।ਉਦਾਹਰਣ ਵਜੋਂ ਸਾਡੇ ਸਮਿਆਂ 'ਚ 20 ਜੁਲਾਈ 2010 ਨੂੰ ਔਰਤਾਂ ਨੇ 50,000 ਦਾ ਵਿਸ਼ਾਲ ਇਕੱਠ ਕਰਕੇ 'ਔਰਤਾਂ ਦੀ ਇੱਜ਼ਤ ਬਚਾਉ ਕਮੇਟੀ' ਦੇ ਝੰਡੇ ਹੇਠ ਝਾਰਗ੍ਰਾਮ 'ਚ ਇਕੱਠੀਆਂ ਹੋ ਕੇ ਸੋਨਾਮੁਖੀ ਪਿੰਡ ਵਿਚ ਔਰਤਾਂ ਨਾਲ ਹੋਏ ਬਲਾਤਕਾਰ ਦੀਆਂ ਘਟਨਾਵਾਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ।ਐਨੀ ਵੱਡੀ ਗਿਣਤੀ ਵਿਚ ਐਨੇ ਗੰਭੀਰ ਮੁੱਦੇ ਤੇ ਹੋਇਆ ਔਰਤਾਂ ਦਾ ਇਹ ਮੁਜ਼ਾਹਰਾ ਮੀਡੀਆ ਦੀ ਸੁਰਖ਼ੀ ਨਹੀਂ ਬਣਿਆ।ਅਜਿਹੀਆਂ ਹੋਰ ਵੀ ਉਦਾਹਰਣਾਂ ਹਨ ਕਿ ਸੰਚਾਰ ਸਾਧਨਾਂ ਉੱੋਪਰ ਮੁੱਖ ਧਾਰਾ ਦਾ ਕਬਜ਼ਾ ਹੋਣ ਕਾਰਨ ਲੋਕਪੱਖੀ ਤਾਕਤਾਂ ਨੂੰ ਸਪੇਸ ਨਹੀਂ ਦਿੱਤੀ ਜਾਂਦੀ।ਅਜਿਹੀ ਸਥਿਤੀ ਵਿਚ ਖਰੀਆਂ ਕਮਿਊਨਿਸਟ ਇਨਕਲਾਬੀ ਜਮਹੂਰੀ ਤੇ ਲੋਕਪੱਖੀ ਸ਼ਕਤੀਆਂ ਨੂੰ ਸੰਜੀਦਗੀ ਨਾਲ ਵਿਚਾਰਨਾ ਚਾਹੀਦਾ ਹੈ ਕਿ ਆਪਣੇ ਲੋਕਪੱਖੀ ਨਵਾਂ ਸਮਾਜ ਸਿਰਜਣ ਦੇ ਪ੍ਰੋਗਰਾਮ ਦੀ ਰਸਾਈ ਜਨ ਸਧਾਰਨ ਤੱਕ ਕਰਨ ਅਤੇ ਜ਼ਰਜ਼ਰੇ ਹੋ ਚੁੱਕੇ ਭਾਰਤੀ ਰਾਜ ਪ੍ਰਬੰਧ ਦੇ ਕਿਰਦਾਰ ਨੂੰ ਲੋਕਾਂ ਤੱਕ ਹੋ ਵੱਧ ਸਪੱਸ਼ਟ ਕਰਨ ਲਈ ਬਦਲਵੇਂ ਪ੍ਰਚਾਰ ਮਾਧਿਅਮਾਂ ਦਾ ਨੈੱਟਵਰਕ ਸਥਾਪਤ ਕਰਨਾ ਹੋਵੇਗਾ।ਵੱਖ-ਵੱਖ ਲੋਕਪੱਖੀ ਤਾਕਤਾਂ ਵੱਲੋਂ ਭਾਵੇਂ ਆਪਣੇ ੱਿਵਤ ਮੂਜ਼ਬ ਲਗਾਤਾਰ ਪ੍ਰਚਾਰ ਪ੍ਰਾਪੇਗੰਡਾ ਜਾਰੀ ਹੈ ਪਰ ਸਚਾਈ ਇਹ ਵੀ ਹੈ ਕਿ ਇਹ ਨਾਕਾਫੀ ਹੈ।

ਕਮਿਊਨਿਸਟ ਇਨਕਲਾਬੀ ਜਮਹੂਰੀ ਤੇ ਲੋਕਪੱਖੀ ਸ਼ਕਤੀਆਂ ਵੱਲੋਂ ਆਪਣੀ ਸਮਝ ਨੂੰ ਹੋਰ ਵੱਧ ਨਿਖਾਰਦਿਆਂ,ਇਕਜੁੱਟ ਕਰਦਿਆਂ ਬਦਲਵੇਂ ਲੋਕਪੱਖੀ ਪ੍ਰਚਾਰ ਮਾਧਿਅਮਾਂ ਦਾ ਨੈੱਟਵਰਕ ਸਥਾਪਤ ਕਰਨਾ ਚਾਹੀਦਾ ਹੈ।

ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ। 
98764-42052

Monday, October 8, 2012

'ਸਿੱਧਾ ਵਿਦੇਸ਼ੀ ਨਿਵੇਸ਼' ਸਮਾਜ 'ਤੇ ਸਿੱਧਾ ਹਮਲਾ


ਪ੍ਰਚੂਨ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (ਐਫਡੀਆਈ) ਦੇ ਮੁੱਦੇ ਉੱਤੇ ਦੇਸ਼ ਪੂਰੀ ਤਰ੍ਹਾਂ ਦੋ ਧੜਿਆਂ ਵਿੱਚ ਵੰਡਿਆ ਦਿਖਾਈ ਦੇ ਰਿਹਾ ਹੈ। ਪ੍ਰਮਾਣੂ ਸਮਝੌਤੇ ਦੀ ਤਰ੍ਹਾਂ ਹੀ ਸਾਂਝੇ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਸਭ ਕੁੱਝ ਦਾਅ ਉੱਤੇ ਲਾਉਣ ਲਈ ਤਿਆਰ ਹੈ। ਇਸ ਦੀ ਭਾਈਵਾਲ ਤ੍ਰਿਣਮੂਲ ਸਾਥ ਛੱਡ ਗਈ ਹੈ ਅਤੇ ਡੀਐਮਕੇ ਨੇ ਵੀ ਇਸ ਦਾ ਵਿਰੋਧ ਖੁੱਲ੍ਹੇਆਮ ਕੀਤਾ ਹੈ। ਇਸ ਦੇ ਬਾਵਜੂਦ ਸਰਕਾਰ ਨੇ ਐਫਡੀਆਈ ਨੂੰ ਹਰੀ ਝੰਡੀ ਦੇ ਦਿੱਤੀ ਹੈ।ਇਨ੍ਹਾਂ ਦਿਨਾਂ ਵਿੱਚ ਐਫਡੀਆਈ ਬਹਿਸ ਅਤੇ ਸਰਗਰਮੀ ਦੇ ਸਭ ਤੋਂ ਵੱਡੇ ਮੁੱਦਿਆਂ ਵਿੱਚ ਸ਼ਾਮਲ ਹੈ।

ਕੀ ਹੈ ਐਫਡੀਆਈ?- ਵਿਦੇਸ਼ੀ ਕੰਪਨੀਆਂ ਨੂੰ ਸਿੱਧੇ ਤੌਰ ਉੱਤੇ ਪ੍ਰਚੂਨ ਬਜ਼ਾਰ ਵਿੱਚ ਵਪਾਰ ਕਰਨ ਦਾ ਮੌਕਾ ਦੇਣ ਦੀ ਇਜਾਜ਼ਤ ਨੂੰ ਸਿੱਧਾ ਵਿਦੇਸ਼ੀ ਨਿਵੇਸ਼ (ਐਫਡੀਆਈ) ਕਿਹਾ ਜਾਂਦਾ ਹੈ। ਹਾਲਾਂਕਿ ਥੋਕ ਵਿੱਚ ਭਾਰਤੀ ਕੰਪਨੀਆਂ ਨਾਲ ਮਿਲ ਕੇ ਪਹਿਲਾਂ ਹੀ ਵਿਦੇਸ਼ੀ ਕੰਪਨੀਆਂ ਕੰਮ ਕਰ ਰਹੀਆਂ ਹਨ। ਹੁਣ ਥੋਕ ਵਿੱਚ ਸੌ ਫੀਸਦੀ ਅਤੇ ਪ੍ਰਚੂਨ ਵਿੱਚ ਵੀ 51 ਫੀਸਦੀ ਨਿਵੇਸ਼ ਨਾਲ ਉਹ ਆਪਣੇ ਸਟੋਰ ਖੋਲ੍ਹ ਸਕਣਗੀਆਂ। ਇਸ ਲਈ ਸਰਕਾਰ ਨੇ ਕੁੱਝ ਸ਼ਰਤਾਂ ਤੈਅ ਕੀਤੀਆਂ ਹਨ। ਐਫਡੀਆਈ ਦੇ ਤਹਿਤ ਹਰੇਕ ਕੰਪਨੀ ਨੂੰ ਘੱਟ ਤੋਂ ਘੱਟ 10 ਮਿਲੀਅਨ ਡਾਲਰ ਨਿਵੇਸ਼ ਕਰਨਾ ਹੋਵੇਗਾ, ਇਸ ਦਾ 50 ਫੀਸਦੀ ਹਿੱਸਾ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਉੱਤੇ ਖਰਚ ਹੋਵੇਗਾ ਅਤੇ ਕੁੱਲ ਖਰੀਦੀਆਂ ਜਾਣ ਵਾਲੀਆਂ ਵਸਤੂਆਂ ਦਾ ਘੱਟੋ ਘੱਟ 30 ਪ੍ਰਤੀਸ਼ਤ ਹਿੱਸਾ ਛੋਟੇ ਅਤੇ ਮੱਧਵਰਗੀ ਕਿਸਾਨਾਂ ਜਾਂ ਉਦਯੋਗਾਂ ਤੋਂ ਖਰੀਦਣਾ ਹੋਵੇਗਾ। ਖੇਤੀ ਵਸੂਤਆਂ ਖਰੀਦਣ ਵਿੱਚ ਸਰਕਾਰ ਦਾ ਪਹਿਲਾ ਅਧਿਕਾਰ ਰਹੇਗਾ। ਐਲਾਨ ਕੀਤੀ ਨੀਤੀ ਦੇ ਤਹਿਤ ਕਿਸੇ ਕੰਪਨੀ ਨੂੰ 70 ਪ੍ਰਤੀਸ਼ਤ ਹਿੱਸਾ ਆਯਾਤ (ਵਿਦੇਸ਼ਾਂ ਤੋਂ ਮੰਗਵਾਉਣ) ਦੀ ਖੁੱਲ੍ਹ ਹੋਵੇਗੀ। ਸ਼ੁਰੂ ਵਿੱਚ ਸਟੋਰ ਦੇਸ਼ ਦੇ ਦਸ ਲੱਖ ਜਾਂ ਇਸ ਤੋਂ ਵੱਧ ਆਬਾਦੀ ਵਾਲੇ 53 ਸ਼ਹਿਰਾਂ ਵਿੱਚ ਖੁੱਲ੍ਹ ਸਕਣਗੇ।

ਫੈਸਲੇ ਦਾ ਪਿਛੋਕੜ- ਕਾਰਪੋਰੇਟ ਮਾਡਲ ਦੇ ਮੁਕਤ ਬਜ਼ਾਰ (ਫ੍ਰੀ ਮਾਰਕਿਟ) ਦੇ ਸਿਧਾਂਤ ਨੂੰ ਅੱਗੇ ਵਧਾਉਂਦੇ ਹੋਏ ਪੂੰਜੀ ਅਤੇ ਵਸਤੂਆਂ ਦੀ ਮੂਵਮੈਂਟ ਉੱਤੇ ਰੋਕ ਹਟਾਉਣ ਉੱਤੇ ਅਮਲ ਕਰਨ ਵੱਜੋਂ ਭਾਰਤ ਵਿੱਚ ਵੀ ਇੱਕ ਪ੍ਰੋਜੈਕਟ ਦੇ ਆਧਾਰ ਉੱਤੇ ਜਨਵਰੀ 1997 ਵਿੱਚ ਥੋਕ ਖੇਤਰ ਵਿੱਚ ਕੈਸ਼ ਐਂਡ ਕੈਰੀ ਵਪਾਰ ਨੂੰ ਮਨਜ਼ੂਰੀ ਦੇ ਦਿੱਤੀ ਸੀ। ਪਰ ਐਨ.ਕੇ. ਸਿੰਘ ਕਮੇਟੀ ਨੇ 2002 ਵਿੱਚ ਪ੍ਰਚੂਨ ਖੇਤਰ ਉੱਤੇ ਰੋਕ ਜਾਰੀ ਰੱਖਣ ਦੀ ਸਿਫਾਰਿਸ਼ ਕੀਤੀ ਸੀ। ਇਸ ਦੇ ਚੱਲਦੇ ਦਸਵੀਂ ਪੰਜ ਸਾਲਾ ਯੋਜਨਾ ਵਿੱਚ ਵੀ ਪ੍ਰਚੂਨ ਵਿੱਚ ਐਫਡੀਆਈ ਦੀ ਸਿਫਾਰਿਸ਼ ਨਹੀਂ ਕੀਤੀ ਗਈ। ਪਹਿਲੀ ਬਾਰ 2003 ਵਿੱਚ ਬੈਂਗਲੌਰ ਚ ਜਰਮਨ ਸੁਪਰ ਮਾਰਕਿਟ ਚੇਨ ਤਹਿਤ ਥੋਕ ਦਾ ਸਟੋਰ ਖੋਲਣ ਰਾਹੀਂ ਭਾਰਤ ਵਿੱਚ ਵਿਦੇਸ਼ੀ ਕੰਪਨੀ ਦਾ ਦਾਖਲਾ ਹੋਇਆ। 2006 ਵਿੱਚ ਇੱਕਹਰੇ ਬ੍ਰਾਂਡ ਪ੍ਰਚੂਨ ਵਪਾਰ ਵਿੱਚ 51 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਗਈ। ਇਸ ਖੇਤਰ ਦੀਆਂ ਵੱਡੀਆਂ ਕੰਪਨੀਆਂ ਵਾਲਮਾਰਟ, ਮੈਟਰੋ, ਕੈਰੇਫੋਰ ਆਦਿ ਭਾਰਤ ਵਿੱਚ ਸਟੋਰ ਖੋਲ੍ਹਣ ਲੱਗੀਆਂ। ਵਾਲਮਾਰਟ ਨੇ ਭਾਰਤੀ ਨਾਲ ਹਿੱਸੇਦਾਰੀ ਰਾਹੀਂ 14 ਥੋਕ ਸਟੋਰ ਖੋਲ੍ਹੇ ਹੋਏ ਹਨ। ਇਹ ਭਾਰਤੀ ਪ੍ਰਚੂਨ ਨੂੰ ਵਸਤੂਆਂ ਸਪਲਾਈ ਕਰਦੀਆਂ ਹਨ ਅਤੇ ਦੇਸ਼ ਵਿੱਚ 150 ਸਟੋਰ ਚੱਲ ਰਹੇ ਹਨ, ਇਨ੍ਹਾਂ ਵਿੱਚੋਂ 14 ਪੰਜਾਬ ਵਿੱਚ ਹਨ। ਆਲਮੀ ਪੱਧਰ ਦੀ ਇੱਕ ਹੋਰ ਕੰਪਨੀ ਮੈਟਰੋ ਕੈਸ਼ ਐਂਡ ਕੈਰੀ ਵੀ 15 ਸਟੋਰ ਦੇਸ਼ ਵਿੱਚ ਖੋਲ੍ਹ ਰਹੀ ਹੈ ਅਤੇ ਇਨ੍ਹਾਂ ਵਿੱਚੋਂ ਛੇ ਪੰਜਾਬ ਵਿੱਚ ਹਨ। ਲੁਧਿਆਣਾ ਅਤੇ ਜਲੰਧਰ ਵਿੱਚ ਸਟੋਰ ਚੱਲ ਰਹੇ ਹਨ ਅਤੇ ਬਠਿੰਡਾ, ਪਟਿਆਲਾ, ਅਮ੍ਰਿਤਸਰ ਅਤੇ ਜ਼ੀਰਕਪੁਰ ਵਿੱਚ ਨਿਰਮਾਣ ਅਧੀਨ ਹਨ।

24 ਨਵੰਬਰ 2011 ਨੂੰ ਕੇਂਦਰੀ ਕੈਬਿਨੇਟ ਨੇ ਸੰਸਦ ਜਾਂ ਰਾਜ ਸਰਕਾਰਾਂ ਅਤੇ ਪ੍ਰਚੂਨ ਵਪਾਰ ਨਾਲ ਸੰਬੰਧਿਤ ਵੱਖ ਵੱਖ ਦਾਵੇਦਾਰਾਂ ਨਾਲ ਚਰਚਾ ਤੋਂ ਬਿਨਾਂ ਹੀ ਪ੍ਰਚੂਨ ਖੇਤਰ ਵਿੱਚ 51 ਪ੍ਰਤੀਸ਼ਤ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਉੱਤੇ ਹੋਏ ਭਾਰੀ ਵਿਰੋਧ ਖਾਸ ਤੌਰ ਉੱਤੇ ਸੱਤਾ ਵਿੱਚ ਭਾਈਵਾਲ ਤ੍ਰਿਣਮੂਲ ਕਾਂਗਰਸ ਵੱਲੋਂ ਯੂਪੀਏ ਸਰਕਾਰ ਤੋਂ ਹਮਾਇਤ ਵਾਪਸ ਲੈਣ ਦੀ ਧਮਕੀ ਦੇ ਕਾਰਨ ਸਰਕਾਰ ਨੇ ਵੱਖ ਵੱਖ ਰਾਜਨੀਤਿਕ ਪਾਰਟੀਆਂ, ਰਾਜ ਸਰਕਾਰਾਂ ਅਤੇ ਪ੍ਰਚੂਨ ਖੇਤਰ ਦੇ ਦਾਅਵੇਦਾਰਾਂ ਵਿੱਚ ਆਮ ਸਹਿਮਤੀ ਬਣਾਉਣ ਤੱਕ ਇਸ ਫੈਸਲੇ ਨੂੰ ਲਾਗੂ ਕਰਨ ਉੱਤੇ ਰੋਕ ਲਗਾ ਦਿੱਤੀ।

ਐਫਡੀਆਈ ਦੀ ਮਜ਼ਬੂਰੀ ਦਾ ਪੇਸ਼ ਕੀਤਾ ਜਾ ਰਿਹਾ ਪੱਖ- ਯੂਪੀਏ ਸਰਕਾਰ ਅਤੇ ਪ੍ਰਚੂਨ ਖੇਤਰ ਵਿੱਚ ਐਫਡੀਆਈ ਦੀ ਵਕਾਲਤ ਕਰਨ ਵਾਲੇ ਇਸ ਨੂੰ ਲਿਆਉਣ ਦੀ ਮਜ਼ਬੂਰੀ ਅਤੇ ਜ਼ਰੂਰਤ ਬਾਰੇ ਕਈ ਦਲੀਲਾਂ ਅਤੇ ਤੱਥ ਪੇਸ਼ ਕਰ ਰਹੇ ਹਨ। ਭਾਰਤੀ ਇੰਟਰਪ੍ਰਾਈਜਿਜ਼ ਦੇ ਉਪ ਪ੍ਰਧਾਨ ਰਾਕੇਸ਼ ਭਾਰਤੀ ਮਿੱਤਲ ਦੇ ਅਨੁਸਾਰ ਦੇਸ਼ ਵਿੱਚ ਫਲ ਅਤੇ ਸਬਜੀਆਂ ਨੂੰ ਸੰਭਾਲਣ ਲਈ ਕੋਲਡ ਚੇਨ ਇਸ ਨਾਲ ਸੰਬੰਧਿਤ ਸਪਲਾਈ ਚੇਨ ਆਦਿ ਬੁਨਿਆਦੀ ਢਾਂਚਾ ਨਾ ਹੋਣ ਕਰਕੇ 35 ਤੋਂ 40 ਪ੍ਰਤੀਸ਼ਤ ਫਲ ਅਤੇ ਸਬਜੀਆਂ ਖਰਾਬ ਹੋ ਜਾਂਦੀਆਂ ਹਨ। ਇਸੇ ਤਰ੍ਹਾਂ 5 ਤੋਂ 7 ਪ੍ਰਤੀਸ਼ਤ ਅਨਾਜ ਵੀ ਕਟਾਈ ਤੋਂ ਬਾਅਦ ਬਰਬਾਦ ਹੋ ਜਾਂਦਾ ਹੈ। ਇਸ ਨਾਲ ਦੇਸ਼ ਵਿੱਚ ਲੱਗਭੱਗ ਇੱਕ ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਕਿਸਾਨਾਂ ਨੂੰ ਵਾਜਬ ਰੇਟ ਵੀ ਨਹੀਂ ਮਿਲਦਾ। ਭਾਰਤੀ-ਵਾਲਮਾਰਟ ਦੇ ਇਸ ਖੇਤਰ ਵਿੱਚ ਦਾਖਲੇ ਨਾਲ ਪਿਛਲੇ ਕੁੱਝ ਸਾਲਾਂ ਵਿੱਚ ਕਿਸਾਨਾਂ ਦੀ ਆਮਦਨ 7 ਤੋਂ 10 ਪ੍ਰਤੀਸ਼ਤ ਵਧੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪ੍ਰਚੂਨ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨਾਲ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਅਤੇ ਬਰਬਾਦੀ ਘਟ ਜਾਵੇਗੀ। ਕਿਸਾਨਾਂ ਨੂੰ ਵਾਜ਼ਬ ਰੇਟ ਮਿਲਣਗੇ। ਵਿਚੋਲੇ ਨੂੰ ਕੱਢਣ ਨਾਲ ਖਪਤਕਾਰਾਂ ਨੂੰ ਵੀ ਵਸੂਤਆਂ ਘੱਟ ਰੇਟ ਉੱਤੇ ਮਿਲਣਗੀਆਂ। ਇਸ ਤੋਂ ਇਲਾਵਾ ਅਗਲੇ ਤਿੰਨ ਸਾਲਾਂ ਵਿੱਚ ਦੇਸ਼ ਭਰ ਵਿੱਚ ਇੱਕ ਕਰੋੜ ਦੇ ਕਰੀਬ ਨਵੇਂ ਰੋਜਗਾਰ ਪੈਦਾ ਹੋਣਗੇ। ਅਸਲੀਅਤ ਕੀ ਹੈ?ਜਵਾਹਰ ਲਾਲ ਨਹਿਰੂ ਯੂਨੀਵਰਸਿਟੀ,ਦਿੱਲੀ ਦੀ ਅਰਥ ਸ਼ਾਸਤਰ ਵਿਭਾਗ ਦੀ ਪ੍ਰੋਫੈਸਰ ਜਿਯੰਤੀ ਘੋਸ਼ ਦਾ ਤਰਕ ਹੈ ਕਿ ਵਾਲਮਾਰਟ ਦਾ ਇੱਕ ਸਟੋਰ 1400 ਛੋਟੇ ਪ੍ਰਚੂਨ ਦੁਕਾਨਦਾਰਾਂ ਨੂੰ ਵਿਹਲੇ ਕਰ ਦਿੰਦਾ ਹੈ। ਇਸ ਨਾਲ ਪੰਜ ਹਜ਼ਾਰ ਲੋਕਾਂ ਦਾ ਰੋਜ਼ਗਾਰ ਚਲਾ ਜਾਂਦਾ ਹੈ। ਇਹ ਮੰਨਣਾ ਸੰਭਵ ਨਹੀਂ ਹੈ ਕਿ ਪੂੰਜੀ ਅਧਾਰਿਤ ਸਪਲਾਈ ਚੇਨ ਉਚੱ ਉਤਪਾਦਿਕਤਾ ਪੈਦਾ ਕਰੇਗੀ। ਇਸ ਨਾਲ ਕੁੱਝ ਸ਼ੁਰੂਆਤੀ ਸਾਲਾਂ ਵਿੱਚ ਲਾਭ ਹੋ ਸਕਦਾ ਹੈ ਕਿਉਂਕਿ ਮੁਕਾਬਲੇ ਦੇ ਹੋਰ ਖਿਡਾਰੀਆਂ ਨੂੰ ਬਾਹਰ ਕੱਢਣ ਲਈ ਵੱਡੀ ਕੰਪਨੀ ਕੁੱਝ ਰਿਆਇਤਾਂ ਦੇ ਸਕਦੀ ਹੈ।

ਵਾਲਮਾਰਟ ਦੀ ਲੱਗਭੱਗ 450 ਅਰਬ ਡਾਲਰ (23 ਲੱਖ ਕਰੋੜ) ਦੀ ਟਰਨਓਵਰ ਹੈ ਅਤੇ ਇਸ ਵਿੱਚ 21 ਲੱਖ ਵਰਕਰ ਹਨ। ਜਦਕਿ ਭਾਰਤ ਵਿੱਚ 460 ਅਰਬ ਡਾਲਰ (24 ਲੱਖ ਕਰੋੜ) ਦੀ ਪ੍ਰਚੂਨ ਮਾਰਕਿਟ ਵਿੱਚ ਲੱਗਭੱਗ 4.40 ਕਰੋੜ ਲੋਕਾਂ ਦਾ ਸਿੱਧਾ ਰੁਜ਼ਗਾਰ ਜੁੜਿਆ ਹੈ। ਵਾਲਮਾਰਟ ਉੱਤੇ ਆਪਣੇ ਹੀ ਕਰਮਚਾਰੀਆਂ ਨੂੰ ਘੱਟ ਪੈਸੇ ਦੇਣ ਅਤੇ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ਬਾਰ ਬਾਰ ਲੱਗ ਰਿਹਾ ਹੈ। ਇੱਕ ਅਨੁਮਾਨ ਦੇ ਅਨੁਸਾਰ ਕੰਪਨੀ ਦੇ ਖਿਲਾਫ ਰੋਜ਼ਾਨਾ 17 (ਸਾਲਾਨਾ ਪੰਜ ਹਜਾਰ )ਮਾਮਲੇ ਦੁਨੀਆਂ ਭਰ ਵਿੱਚ ਦਰਜ ਹੁੰਦੇ ਹਨ। ਕੈਲੇਫਰਨੀਆ ਯੂਨੀਵਰਸਿਟੀ ਦੀ ਖੋਜ ਅਨੁਸਾਰ ਵਾਲਮਾਰਟ ਵਿੱਚ ਕੰਮ ਕਰਦੇ ਅਮਰੀਕਾ ਦੇ ਪ੍ਰਚੂਨ ਖੇਤਰ ਵਿੱਚ ਲੱਗੇ ਵਰਕਰਾਂ ਨੂੰ ਹੋਰਨਾਂ ਪ੍ਰਚੂਨ ਕੰਪਨੀਆਂ ਦੇ ਕਾਮਿਆਂ ਤੋਂ ਲੱਗਭੱਗ 12.4 ਪ੍ਰਤੀਸ਼ਤ ਘੱਟ ਕਮਾਈ ਹੁੰਦੀ ਹੈ। ਅਮਰੀਕਾ ਵਿੱਚ ਹੀ ਹੋਰਨਾਂ ਕੰਪਨੀਆਂ ਦੇ ਕਾਮਿਆਂ ਦੇ ਮੁਕਾਬਲੇ ਵਾਲਮਾਰਟ ਦੇ ਕਾਮਿਆਂ ਨੂੰ 14.5 ਫੀਸਦੀ ਘੱਟ ਤਨਖਾਹ ਮਿਲਦੀ ਹੈ।

ਇੱਕ ਮੋਟੀ ਗੱਲ ਹੀ ਸਾਫ ਦਰਸਾ ਸਕਦੀ ਹੈ ਕਿ ਪੂੰਜੀ ਕੇਂਦਰਤ ਸੰਗਠਿਤ ਪ੍ਰਚੂਨ ਖੇਤਰ ਮੌਜੂਦਾ ਮਜ਼ਦੂਰ ਕੇਂਦਰਤ ਤਰੀਕੇ ਨਾਲੋਂ ਜ਼ਿਆਦਾ ਰੋਜ਼ਗਾਰ ਕਿਸ ਤਰ੍ਹਾਂ ਪੈਦਾ ਕਰ ਸਕਦਾ ਹੈ? ਕੀ ਅੱਜ ਤੱਕ ਕਿਸੇ ਪੂੰਜੀ ਅਤੇ ਤਕਨੀਕ ਕੇਂਦਰਤ ਖੇਤਰ ਨੇ ਰੋਜ਼ਗਾਰ ਕੇਂਦਰਿਤ ਖੇਤਰ ਨਾਲੋਂ ਜ਼ਿਆਦਾ ਰੋਜ਼ਗਾਰ ਪੈਦਾ ਕੀਤਾ ਹੈ?

ਕਿਸਾਨ ਅਤੇ ਖੇਤੀ ਲਈ ਲਾਹੇਵੰਦ ਹੋਣ ਦੀ ਦਲੀਲ-ਇਹ ਦਲੀਲ ਬੜੇ ਜ਼ੋਰ ਸ਼ੋਰ ਨਾਲ ਉਭਾਰੀ ਜਾ ਰਹੀ ਹੈ ਕਿ ਪ੍ਰਚੂਨ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨਾਲ ਖੇਤੀ ਅਤੇ ਕਿਸਾਨੀ ਨੂੰ ਲਾਭ ਹੋਵੇਗਾ। ਅਮਰੀਕਾ ਜਿੱਥੇ ਵਾਲਮਾਰਟ 50 ਸਾਲਾਂ ਤੋਂ ਪ੍ਰਚੂਨ ਖੇਤਰ ਵਿੱਚ ਕੰਮ ਕਰ ਰਹੀ ਹੈ, ਜੇਕਰ ਕਿਸਾਨਾਂ ਨੂੰ ਮੁਨਾਫੇ ਬਖਸ਼ ਆਮਦਨ ਹੋਣ ਲੱਗੀ ਹੈ ਤਾਂ ਕਿਸਾਨਾਂ ਦੀ ਗਿਣਤੀ ਘਟ ਕੇ ਆਬਾਦੀ ਦਾ 1 ਪ੍ਰਤੀਸ਼ਤ ਤੋਂ ਵੀ ਘੱਟ ਕਿਉਂ ਰਹਿ ਗਈ ਹੈ? ਅਮਰੀਕਾ ਦੇ ਕਿਸਾਨ ਵਾਲਮਾਰਟ ਕਰਕੇ ਨਹੀਂ ਬਲਕਿ ਵੱਡੀਆਂ ਸਬਸਿਡੀਆਂ ਕਰਕੇ ਬਚੇ ਹੋਏ ਹਨ। 1997 ਅਤੇ 2008 ਦੇ ਦੌਰਾਨ 12.60 ਲੱਖ ਕਰੋੜ ਦੀ ਸਬਸਿਡੀ ਕਿਸਾਨਾਂ ਨੂੰ ਮਿਲੀ ਹੈ। ਯੂਐਨ ਕਾਨਫਰੰਸ ਆਨ ਟ੍ਰੇਡ ਐਡ ਡਵੇਲਪਮੈਂਟ ਦੇ ਅਧਿਐਨ ਅਨੁਸਾਰ ਜੇਕਰ ਸਬਸਿਡੀਆਂ ਹਟਾ ਲਈਆਂ ਜਾਣ ਤਾਂ ਅਮਰੀਕਨ ਖੇਤੀ ਬਰਬਾਦ ਹੋ ਜਾਵੇਗੀ। ਯੂਰਪ ਵਿੱਚ ਵੀ ਵੱਡੇ ਰਿਟੇਲਰਾਂ ਦੀ ਮੌਜੂਦਗੀ ਦੇ ਬਾਵਜੂਦ ਹਰ ਮਿੰਟ ਇੱਕ ਕਿਸਾਨ ਖੇਤੀ ਛੱਡ ਦਿੰਦਾ ਹੈ। ਜਦਕਿ ਯੂਰਪ ਅਪਣੇ ਕਿਸਾਨਾਂ ਨੂੰ ਸਭ ਤੋਂ ਵੱਧ ਸਬਸਿਡੀਆਂ ਦਿੰਦਾ ਹੈ। ਕਿਉਂਕਿ 74 ਪ੍ਰਤੀਸ਼ਤ ਸਬਸਿਡੀ ਦਾ ਹਿੱਸਾ ਵੱਡੀਆਂ ਕੰਪਨੀਆਂ ਅਤੇ ਵੱਡੇ ਕਿਸਾਨ ਲੈ ਜਾਂਦੇ ਹਨ, ਇਸ ਲਈ ਛੋਟੇ ਖੇਤੀ ਛੱਡ ਰਹੇ ਹਨ।

ਕਹਿੰਦੇ ਹਨ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਪੰਜਾਬ ਵਿੱਚ ਕਰੀਬ ਢਾਈ ਦਹਾਕੇ ਪਹਿਲਾਂ ਪੈਪਸੀਕੋ ਨੂੰ ਬਾਗਬਾਨੀ ਕ੍ਰਾਂਤੀ ਦੇ ਲਈ ਪੰਜਾਬ ਵਿੱਚ ਲਿਆਂਦਾ ਗਿਆ ਸੀ। ਇਸ ਮੌਕੇ ਵੀ ਇਸ ਨੂੰ ਇਨਕਲਾਬੀ ਕਦਮ ਮੰਨਿਆ ਗਿਆ ਅਤੇ ਖੂਬ ਚਰਚਾ ਹੋਈ ਕਿ ਪੈਪਸੀਕੋ ਪੰਜਾਬ ਵਿੱਚ ਨਿਵੇਸ਼ ਕਰੇਗੀ, ਖੇਤੀ ਤਕਨੀਕ ਸੁਧਾਰੇਗੀ ਅਤੇ ਖੋਜ ਚ ਵਾਧਾ ਕਰੇਗੀ, ਸਪਲਾਈ ਚੇਨ ਪੈਦਾ ਕਰਕੇ ਬੁਨਿਆਦੀ ਢਾਂਚਾ ਮਜਬੂਤ ਕਰੇਗੀ ਅਤੇ ਕਿਸਾਨਾਂ ਨੂੰ ਲਾਹੇਵੰਦ ਭਾਅ ਦੇਵੇਗੀ। ਕਿਸਾਨਾਂ ਦੇ ਆਲੂ, ਮਿਰਚ ਅਤੇ ਟਮਾਟਰ ਕਿਸ ਭਾਅ ਵਿਕੇ ਅਤੇ ਪੰਜਾਬ ਵਿੱਚ ਬਾਗਬਾਨੀ ਕ੍ਰਾਂਤੀ ਦੀ ਜੋ ਸਥਿਤੀ ਹੈ ਇਹ ਸਭ ਦੇ ਸਾਹਮਣੇ ਹੈ। ਪੈਪਸੀਕੋ ਵੱਲੋਂ ਦਿਖਾਏ ਸੁਪਨੇ ਅਸਫਲ ਰਹੇ ਪਰ ਇਸ ਦੀ ਸਜ਼ਾ ਕਿਸਾਨਾਂ ਨੇ ਭੁਗਤੀ।

ਵੈਸੇ ਵੀ ਕੌਮਾਂਤਰੀ ਪੱਧਰ ਦੇ ਵੱਡੇ ਵੱਡੇ ਦਿਓਕੱਦ ਵਪਾਰਕ ਘਰਾਣਿਆਂ ਨਾਲ ਛੋਟੇ ਅਤੇ ਮੱਧਵਰਗੀ ਕਿਸਾਨ ਸੌਦਾ ਕਰਨ ਦੀ ਹੈਸੀਅਤ ਵਿੱਚ ਕਿਵੇਂ ਹੋਣਗੇ? ਤੀਹ ਫੀਸਦੀ ਹਿੱਸਾ ਛੋਟੇ ਕਿਸਾਨਾਂ ਤੋਂ ਖਰੀਦਣ ਤੋਂ ਵੀ ਜੇਕਰ ਕੰਪਨੀ ਮਨਾ ਕਰ ਦੇਵੇ ਤਾਂ ਕਿਸਾਨ ਕੀ ਮੁਕੱਦਮੇਬਾਜੀ ਰਾਹੀਂ ਜਿੱਤ ਹਾਸਲ ਕਰ ਸਕੇਗਾ? ਇਸ ਤੋਂ ਬਿਨਾਂ ਜੇਕਰ 70 ਫੀਸਦੀ ਵਿਦੇਸ਼ੀ ਸਮਾਨ ਇਨ੍ਹਾਂ ਮੰਡੀਆਂ ਵਿੱਚ ਢੇਰ ਹੋ ਜਾਵੇਗਾ ਤਾਂ ਇੱਥੋਂ ਦੇ ਉਤਪਾਦਕਾਂ ਲਈ ਕਿਹੜਾ ਰਾਹ ਰਹੇਗਾ? ਦੇਸ਼ ਵਿੱਚ ਕਿਸੇ ਕਿਸਮ ਦੇ ਸਖਤ ਰੈਗੂਲੇਟਿੰਗ ਮਕੈਨਿਜਮ ਦੀ ਅਣਹੋਂਦ ਵਿੱਚ ਸ਼ੇਰ ਦੇ ਮੂਹਰੇ ਬੱਕਰੀ ਨੂੰ ਸੁੱਟ ਦੇਣ ਤੋਂ ਵੱਧ ਮਾਮਲਾ ਕੁੱਝ ਨਹੀਂ ਹੋਵੇਗਾ।

ਨਿਵੇਸ਼ ਨਾਲ ਬੁਨਿਆਦੀ ਢਾਂਚਾ ਵਿਕਸਤ ਹੋਣ ਦਾ ਤਰਕ- ਇਹ ਤਰਕ ਬੜੇ ਜ਼ੋਰ ਸ਼ੋਰ ਨਾਲ ਦਿੱਤਾ ਜਾ ਰਿਹਾ ਹੈ ਕਿ ਹਰ ਇੱਕ ਕੰਪਨੀ ਘੱਟ ਤੋਂ ਘੱਟ 100 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਇਹ ਨਿਵੇਸ਼ ਕਿਸ ਲਈ ਹੋਵੇਗਾ, ਮੁਨਾਫੇ ਲਈ ਜਾਂ ਸਮਾਜਿਕ ਸਰੋਕਾਰਾਂ ਲਈ? ਜੇਕਰ ਮੁੱਖ ਧੁਰਾ ਮੁਨਾਫਾ ਹੋਵੇਗਾ ਤਾਂ ਇਸ ਤਰ੍ਹਾਂ ਦਾ ਨਿਵੇਸ਼ ਤਾਂ ਪਹਿਲਾਂ ਵੀ ਦੇਸ਼ ਵਿੱਚ ਜੋ ਹੋ ਰਿਹਾ ਹੈ, ਇਸ ਦਾ ਆਮ ਆਦਮੀ ਲਈ ਕਿੰਨਾ ਲਾਭ ਹੋ ਰਿਹਾ ਹੈ? ਚੰਡੀਗੜ ਸਥਿਤ ਇੰਸਟੀਚਿਊਟ ਆਫ ਡਵੈਲਪਮੇਂਟ ਐੰਡ ਕਮਿਊਨੀਕੇਸ਼ਨ (ਆਈਡੀਸੀ) ਦੇ ਮੁਖੀ ਡਾ. ਪ੍ਰਮੋਦ ਕੁਮਾਰ ਨੇ ਐਫਡੀਆਈ ਉੱਤੇ ਲਿਖੇ ਆਰਟੀਕਲ ਵਿੱਚ ਅਜਿਹੇ ਵਿਕਾਸ ਦੇ ਕਾਰਨ ਜੈ ਜੈ ਕਾਰ ਕਰਵਾ ਰਹੇ ਗੁਜਰਾਤ ਦੀ ਕਹਾਣੀ ਬਿਆਨ ਕੀਤੀ ਹੈ। ਉਹ ਪੰਜਾਬ ਸਰਕਾਰ ਦੀ ਤਰਫੋਂ ਉੱਥੇ ਅਧਿਐਨ ਵੀ ਕਰਕੇ ਆਏ ਹਨ। ਗੁਜਰਾਤ ਮਾਡਲ ਅਜਿਹਾ ਹੀ ਹੈ, ਕੀ ਇਹ ਇਨਕਲਿਊਸਿਵ ਵਿਕਾਸ ਹੈ? ਇਕ ਅਧਿਐਨ ਅਨੁਸਾਰ ਕਿਰਤੀਆਂ ਨੂੰ ਕਮਾਈ ਦਾ 8.3 ਫੀਸਦੀ ਹਿੱਸਾ ਮਿਲਦਾ ਹੈ ਅਤੇ ਬਾਕੀ ਸਭ ਮੁਨਾਫਾਖੋਰਾਂ ਕੋਲ ਜਾਂਦਾ ਹੈ। ਇਸ ਤੋਂ ਤਾਂ ਹੋਰ ਰਾਜ ਵਧੀਆ ਕਰ ਰਹੇ ਹਨ, ਕਿਰਤੀ ਦੇ ਹਿੱਸੇ ਦੇ ਤੌਰ ਉੱਤੇ ਕੇਰਲ 22.24 ਪ੍ਰਤੀਸ਼ਤ, ਪੱਛਮੀ ਬੰਗਾਲ 21.9 ਪ੍ਰਤੀਸ਼ਤ, ਤਾਮਿਲਨਾਡੂ 16.37 ਪ੍ਰਤੀਸ਼ਤ ਅਤੇ ਪੰਜਾਬ 15.27 ਪ੍ਰਤੀਸ਼ਤ ਹਿੱਸਾ ਦੇ ਰਹੇ ਹਨ।(ਦਾ ਹਿੰਦੂ, 27 ਸਿਤੰਬਰ 2012) ਇਸ ਲਈ ਵੱਡੇ ਪੱਧਰ ਉੱਤੇ ਬੱਚੇ ਅਤੇ ਔਰਤਾਂ ਸਰੀਰ ਵਿੱਚ ਜਰੂਰੀ ਤੱਤਾਂ ਦੀ ਕਮੀ ਦਾ ਸ਼ਿਕਾਰ ਹਨ।

ਫਸਲ ਦੀ ਕਟਾਈ ਤੋਂ ਬਾਅਦ ਹੋ ਰਹੀ ਬਰਬਾਦੀ ਨੂੰ ਰੋਕਣ ਦਾ ਤਰਕ-ਪ੍ਰਚੂਨ ਵਿੱਚ ਵੱਡੇ ਪੱਧਰ ਦੇ ਨਿਵੇਸ਼ ਲਈ ਇੱਕ ਮਹੱਤਵਪੂਰਨ ਤਰਕ ਇਹ ਦਿੱਤਾ ਜਾਂਦਾ ਹੈ ਕਿ ਭਾਰਤ ਵਿੱਚ ਫਸਲ ਦੀ ਕਟਾਈ ਅਤੇ ਖਪਤ ਦੇ ਵਿਚਕਾਰ 30 ਫੀਸਦੀ ਤੋਂ ਜਿਆਦਾ ਨਾਸ਼ਵਾਨ ਵਸਤੂਆਂ ਅਤੇ 5 ਤੋਂ 7 ਫੀਸਦੀ ਅਨਾਜ ਬਰਬਾਦ ਹੋ ਜਾਂਦਾ ਹੈ। ਪ੍ਰਚੂਨ ਵਿੱਚ ਕਾਰਪੋਰੇਟ ਘਰਾਣਿਆਂ ਦੇ ਦਖਲ ਦੇ ਨਾਲ ਇਸ ਵਿੱਚ ਕਮੀ ਆਵੇਗੀ। ਕੀ ਕਟਾਈ ਅਤੇ ਇਸ ਤੋਂ ਬਾਅਦ ਬਰਬਾਦੀ ਦਾ ਇਹੀ ਕਾਰਨ ਹੈ ਕਿ ਇੱਥੇ ਕੋਲਡ ਸਟੋਰੇਜ ਨਹੀਂ ਜਾਂ ਸਾਡੇ ਰਾਜਨੀਤਿਕ ਅਤੇ ਪ੍ਰਸਾਸ਼ਨਿਕ ਢਾਂਚੇ ਦੀ ਇਸ ਵਿੱਚ ਵੱਡੀ ਜਿੰਮੇਵਾਰੀ ਹੈ? ਕੀ ਫਸਲ ਕਿਸਾਨ ਦੇ ਖੇਤ ਵਿੱਚ ਬਰਬਾਦ ਹੋ ਜਾਂਦੀ ਹੈ ਜਾਂ ਮੰਡੀ ਵਿੱਚ ਆ ਰਹੀਆਂ ਮੁਸ਼ਕਿਲਾਂ ਅਤੇ ਉਸ ਤੋਂ ਬਾਅਦ ਦੀ ਸੰਭਾਲ ਦੀ ਅਣਦੇਖੀ ਕਾਰਨ ਹੈ? ਅਸਲ ਵਿੱਚ ਪ੍ਰਸਾਸ਼ਨਿਕ ਅਤੇ ਰਾਜਨੀਤਿਕ ਬਦਦਿਆਨਤਦਾਰੀ ਅਤੇ ਭ੍ਰਿਸ਼ਟਾਚਾਰ ਇਸ ਸਭ ਲਈ ਪ੍ਰਮੁੱਖ ਤੌਰ ਉੱਤੇ ਜਿੰਮੇਵਾਰ ਹਨ।

ਵਿਚੋਲੇ ਖਤਮ ਕਰਨ ਦਾ ਤਰਕ- ਪ੍ਰਚੂਨ ਵਿੱਚ ਸੰਗਠਿਤ ਨਿਵੇਸ਼ ਨਾਲ ਵਿਚੋਲੇ ਖਤਮ ਹੋ ਜਾਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਇਹ ਠੀਕ ਹੈ ਕਿ ਮੌਜੂਦਾ ਸਮੇਂ ਵਿਚੋਲਿਆਂ ਤੋਂ ਪਰੇਸ਼ਾਨੀ ਹੈ। ਇਹ ਵੀ ਕਿ ਉਤਪਾਦਕ ਨੂੰ ਘੱਟ ਪੈਸਾ ਮਿਲਦਾ ਹੈ ਅਤੇ ਖਪਤਕਾਰ ਨੂੰ ਵੀ ਵਸਤੂ ਸਸਤੀ ਨਹੀਂ ਮਿਲਦੀ ਹੈ। ਇਸ ਵਿੱਚ ਵਿਚੋਲੇ ਨੂੰ ਜਿੰਮੇਵਾਰ ਮੰਨਿਆ ਜਾਂਦਾ ਹੈ ਅਤੇ ਸੁਭਾਵਿਕ ਦੇਖਣ ਨਾਲ ਇਹ ਦਲੀਲ ਸਹੀ ਲੱਗਣ ਲੱਗ ਜਾਂਦੀ ਹੈ ਕਿ ਮੌਜੂਦਾ ਵਿਚੋਲਿਆਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਠੀਕ ਹੈ। ਮੌਜੂਦਾ ਵਿਚੋਲੇ ਨੂੰ ਖਤਮ ਕਰਨਾ ਜਾਂ ਉਸ ਦੀ ਭੂਮਿਕਾ ਨੂੰ ਘਟਾਉਣਾ ਸਮੇਂ ਦੀ ਮੁੱਖ ਜਰੂਰਤ ਹੈ ਲੇਕਿਨ ਪ੍ਰਚੂਨ ਵਿੱਚ ਵਿਦੇਸ਼ੀ ਜਾਂ ਦੇਸ਼ੀ ਕਾਰਪੋਰੇਟ ਦਾ ਨਿਵੇਸ਼ ਇੱਕ ਵਿਚੋਲਾ ਘਟਾ ਕੇ ਕਈ ਨਵੇਂ ਵਿਚੋਲੇ ਪੈਦਾ ਕਰ ਦੇਵੇਗਾ। ਇਸ ਨਾਲ ਕੁਆਲਟੀ ਕੰਟਰੋਲਰ, ਚੀਜਾਂ ਦੇ ਮਿਆਰੀਕਰਨ (ਸਟੇਂਡਰਡਾਈਜਰ), ਪ੍ਰਮਾਣ ਪੱਤਰ ਪ੍ਰਦਾਨ ਕਰਨ( ਸਟੀਫਿਕੇਸ਼ਨ ਏਜੰਸੀ), ਪ੍ਰੋਸੇਸਰ ਆਦਿ ਨਵੇਂ ਵਿਚੋਲੇ ਆ ਜਾਣਗੇ ਅਤੇ ਕਿਸਾਨਾਂ ਦੀ ਫਸਲ ਉਨ੍ਹਾਂ ਦੇ ਸਰਟੀਫਿਕੇਟਾਂ ਉੱਤੇ ਨਿਰਭਰ ਕਰੇਗੀ। ਖਪਤਕਾਰ ਨੂੰ ਵਸਤਾਂ ਸਸਤੇ ਭਾਅ ਮਿਲਣ ਬਾਰੇ- ਆਮ ਤੌਰ ਉੱਤੇ ਖਪਤਕਾਰ ਇਸ ਗੱਲ ਦੇ ਵੀ ਕਾਇਲ ਹਨ ਕਿ ਉਨ੍ਹਾਂ ਨੂੰ ਤਾਂ ਘੱਟ ਕੀਮਤ ਉੱਤੇ ਚੀਜਾਂ ਮਿਲ ਪਾਉਣਗੀਆਂ। ਪ੍ਰੰਤੂ ਕੁੱਝ ਸਮੇਂ ਲਈ ਤਾਂ ਬੇਸ਼ੱਕ ਚੀਜਾਂ ਘੱਟ ਕੀਮਤ ਉੱਤੇ ਉਪਲਬਧ ਹੋ ਸਕਦੀਆਂ ਹਨ ਕਿਉਂਕਿ ਵੱਡੇ ਖਿਡਾਰੀ ਵੱਲੋਂ ਛੋਟਿਆਂ ਨੂੰ ਮੈਦਾਨ ਚੋਂ ਖਦੇੜਨ ਲਈ ਕੁੱਝ ਚਿਰ ਲਈ ਘਾਟਾ ਵੀ ਸਹਿਣ ਕਰਨ ਨੂੰ ਮਾਰਕਿਟ ਰਣਨੀਤੀ ਦਾ ਹਿੱਸਾ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਕਾਇਮ ਕੀਤੇ ਏਕਾਧਿਕਾਰ ਨਾਲ ਮਨਮਾਨੀ ਕਰਨ ਦਾ ਲਾਈਸੈਂਸ ਵੀ ਉਸ ਦੇ ਹੱਥ ਆ ਜਾਂਦਾ ਹੈ।

ਵਾਤਾਵਰਣਕ ਅਤੇ ਮਨੁੱਖੀ ਅਸਰ- ਪ੍ਰਚੂਨ ਵਿੱਚ ਕਾਰਪੋਰੇਟ ਨਿਵੇਸ਼ ਨਾਲ ਇੱਕ ਹੋਰ ਗੱਲ ਦਾ ਵੀ ਖਤਰਾ ਬਣਿਆ ਰਹੇਗਾ। ਬੇਸ਼ੱਕ ਇਹ ਮਿਆਰੀਕਰਨ ਅਤੇ ਸੁਰੱਖਿਅਤ ਭੋਜਨ ਦੇ ਅਧਿਕਾਰ ਦੀ ਰਟ ਲਗਾਉਂਦਾ ਹੈ ਪਰ ਇਸ ਦੇ ਚੱਲਦੇ ਹੀ ਵਿਕਸਤ ਦੇਸ਼ਾਂ ਵਿੱਚ ਲੋਕਾਂ ਦੀਆਂ ਤਾਜ਼ੇ ਭੋਜਨ ਵਾਲੀਆਂ ਆਦਤਾਂ ਤਬਦੀਲ ਹੋਈਆਂ ਹਨ। ਬਦਲੀ ਤਰਜ਼-ਏ ਜ਼ਿੰਦਗੀ ਦਾ ਕਾਰਨ ਹੀ ਹੈ ਕਿ ਅਮਰੀਕਾ ਵਿੱਚ ਭਾਰਤ ਨਾਲੋਂ ਵੀ ਕੈਂਸਰ ਦੇ ਪੰਜ ਗੁਣਾ ਜ਼ਿਆਦਾ ਮਰੀਜ਼ ਹਨ। ਉਹ ਇਲਾਜ ਦੇ ਬੇਹਤਰ ਤਰੀਕੇ ਤਾਂ ਤਲਾਸ਼ ਰਿਹਾ ਹੈ ਪਰ ਬਿਮਾਰੀ ਪੈਦਾ ਨਾ ਹੋਣ ਦੇ ਕਾਰਨ ਲੱਭਣ ਵਿੱਚ ਕਾਮਯਾਬ ਨਹੀਂ ਹੋ ਰਿਹਾ। ਮੁਨਾਫੇ ਦਾ ਅੰਨ੍ਹਾਪਣ ਕੁਦਰਤੀ ਵਸੀਲਿਆਂ ਉੱਤੇ ਵੀ ਬੁਰਾ ਅਸਰ ਪਾਉਂਦਾ ਹੈ। ਹਰ ਚੀਜ ਦੀ ਪੈਕੇਜਿੰਗ ਕਰਨ ਅਤੇ ਕਈ ਤਰ੍ਹਾਂ ਦੇ ਤਰੀਕਿਆਂ ਨਾਲ ਵਸਤਾਂ ਨੂੰ ਲੰਬਾ ਸਮਾਂ ਬਚਾਏ ਰੱਖਣ ਦੇ ਤਰੀਕੇ ਵੀ ਕਿਸੇ ਨਾ ਕਿਸੇ ਤਰ੍ਹਾਂ ਸਿਹਤ ਅਤੇ ਵਾਤਾਵਰਣਕ ਵਿਗਾੜਾਂ ਦਾ ਕਾਰਨ ਬਣ ਜਾਂਦੇ ਹਨ। ਹੁਣ ਵੀ ਵਿਗਾੜਾਂ ਦਾ ਵੱਡਾ ਹਿੱਸੇਦਾਰ ਕਾਰਪੋਰੇਟ ਹੈ ਪਰ ਇਸ ਦੀ ਕੀਮਤ ਆਮ ਆਦਮੀ ਨੂੰ ਹੀ ਤਾਰਨੀ ਪੈਂਦੀ ਹੈ।

ਕਾਰਪੋਰੇਟ ਖੇਤੀ ਵੱਲ ਕਦਮ ਪ੍ਰਚੂਨ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਕਾਰਪੋਰੇਟ ਖੇਤੀ ਵੱਲ ਕਦਮ ਹੈ। ਵਿਕਸਤ ਦੇਸ਼ਾਂ ਵਿੱਚ ਤਾਂ ਪਹਿਲਾਂ ਹੀ ਲੋਕਾਂ ਦੀ ਖੇਤੀ ਉੱਤੇ ਨਿਰਭਰਤਾ ਘਟ ਗਈ ਹੈ। ਉੱਥੇ ਰੋਜ਼ਗਾਰ ਦੇ ਹੋਰ ਵਸੀਲੇ ਪੈਦਾ ਕਰਨ ਦੇ ਪਿੱਛੇ ਵੀ ਆਬਾਦੀ ਦੇ ਮੁਕਾਬਲੇ ਸਾਧਨਾਂ ਦੀ ਬਹੁਤਾਤ ਅਤੇ ਉਨ੍ਹਾਂ ਵਿੱਚ ਵੀ ਹੋਰਨਾਂ ਵਿਕਾਸਸ਼ੀਲ ਅਤੇ ਘੱਟ ਵਿਕਸਤ ਦੇਸ਼ਾਂ ਦੇ ਕੁਦਰਤੀ ਅਤੇ ਮਨੁੱਖੀ ਸੋਮਿਆਂ ਦੀ ਵਰਤੋਂ (ਲੁੱਟ) ਦਾ ਵੱਡਾ ਹਿੱਸਾ ਸ਼ਾਮਿਲ ਹੈ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਅੱਜ ਵੀ 52 ਫੀਸਦੀ ਕੰਮ ਕਰਨ ਵਾਲੀ ਮਨੁੱਖੀ ਸ਼ਕਤੀ ਸਿੱਧੇ ਤੌਰ ਉੱਤੇ ਖੇਤੀ ਉੱਤੇ ਨਿਰਭਰ ਹੈ ਅਤੇ ਤੁਰੰਤ ਇਨ੍ਹਾਂ ਲਈ ਹੋਰਨਾਂ ਥਾਵਾਂ ਉੱਤੇ ਰੋਜ਼ਗਾਰ ਦੇ ਮੌਕੇ ਵੀ ਨਹੀਂ ਹਨ। ਇਹ ਤਰੀਕਾ ਰਾਜਨੀਤਿਕ ਅਤੇ ਸਮਾਜਿਕ ਉਥਲ ਪੁਥਲ ਦਾ ਕਾਰਨ ਵੀ ਬਣ ਸਕਦਾ ਹੈ। ਚੱਲਦੇ ਚੱਲਦੇ ਖੇਤ ਕਾਰਪੋਰੇਟਾਂ ਦੇ ਹਵਾਲੇ ਹੋ ਜਾਣਗੇ ਅਤੇ ਕਿਸਾਨ ਕੇਵਲ ਇਨ੍ਹਾਂ ਪ੍ਰਚੂਨ ਦੇ ਸਟੋਰਾਂ ਦੇ ਕਾਮਿਆਂ ਦੀ ਤਰ੍ਹਾਂ ਖੇਤਾਂ ਵਿੱਚ ਮਾਲਕ ਦੇ ਤੌਰ ਉੱਤੇ ਨਹੀਂ ਬਲਕਿ ਕਰਿੰਦੇ ਦੇ ਤੌਰ ਉੱਤੇ ਕੰਮ ਕਰ ਸਕਣਗੇ।

ਰਾਜਾਂ ਦੇ ਅਧਿਕਾਰ ਦਾ ਮਸਲਾ- ਕੇਂਦਰ ਸਰਕਾਰ ਇਹ ਤਰਕ ਦਿੰਦੀ ਹੈ ਕਿ ਪ੍ਰਚੂਨ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਦਾ ਫੈਸਲਾ ਰਾਜਾਂ ਉੱਤੇ ਥੋਪਿਆ ਨਹੀਂ ਜਾਵੇਗਾ। ਜੋ ਰਾਜ ਚਾਹੁਣ ਉਹ ਇਸ ਨੂੰ ਲਾਗੂ ਨਾ ਕਰਨ ਦਾ ਫੈਸਲਾ ਲੈ ਸਕਦੇ ਹਨ। ਇਹ ਸਭ ਪਹਿਲਾਂ ਹੀ ਨਾਮਾਤਰ ਅਤੇ ਕਮਜ਼ੋਰ ਕਿਸਮ ਦੇ ਸੰਘੀ ਢਾਂਚੇ ਦਾ ਵੀ ਮਜ਼ਾਕ ਉਡਾਉਣ ਦੇ ਬਰਾਬਰ ਹੈ। ਖੇਤੀ ਰਾਜਾਂ ਦੇ ਦਾਇਰੇ ਦਾ ਵਿਸ਼ਾ ਹੈ ਤਾਂ ਖੇਤੀ ਉੱਤੇ ਰਣਨੀਤਿਕ ਅਸਰ ਪਾਉਣ ਵਾਲੇ ਇਸ ਵੱਡੇ ਫੈਸਲੇ ਤੋਂ ਪਹਿਲਾਂ ਰਾਜਾਂ ਦੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ? ਦੇਸ਼ ਦੀ ਪਾਰਲੀਮੈਂਟ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ। ਲੋਕਾਂ ਨਾਲ ਚਰਚਾ ਦੀ ਤਾਂ ਗੱਲ ਹੀ ਦੂਰ ਹੈ। ਇਹ ਉਹੀ ਤਰੀਕਾ ਹੋਵੇਗਾ ਜਿਵੇਂ ਅੰਤਰ ਰਾਸਟਰੀ ਪੱਧਰ ਉੱਤੇ ਕਾਰਪੋਰੇਟ ਘਰਾਣੇ ਨਿਵੇਸ਼ ਲਈ ਸ਼ਰਤਾਂ ਲਗਾਉਂਦੇ ਹਨ ਅਤੇ ਇਨ੍ਹਾਂ ਸ਼ਰਤਾਂ ਅੱਗੇ ਕੇਂਦਰ ਸਰਕਾਰ ਝੁਕ ਜਾਂਦੀ ਹੈ। ਇਸੇ ਤਰ੍ਹਾਂ ਕੇਂਦਰ ਸਰਕਾਰ ਵੀ ਗ੍ਰਾਂਟਾਂ ਨੂੰ ਐਫਡੀਆਈ ਨਾਲ ਜੋੜ ਕੇ ਰਾਜ ਸਰਕਾਰਾਂ ਦੀ ਮਜਬੂਰੀ ਬਣਾ ਸਕਦੀ ਹੈ ਕਿ ਉਹ ਜਾਂ ਤਾਂ ਐਫਡੀਆਈ ਲਾਗੂ ਕਰਨ ਨਹੀਂ ਤਾਂ ਫਿਰ ਗ੍ਰਾਂਟਾਂ ਲੈਣ ਤੋਂ ਵਾਂਝੇ ਰਹਿਣ। ਅਜਿਹੀਆਂ ਕਿੰਨੀਆਂ ਹੀ ਸ਼ਰਤਾਂ ਜਵਾਹਰ ਲਾਲ ਨਹਿਰੂ ਅਰਬਨ ਰਿਨਿਯੂਲ ਮਿਸ਼ਨ ਸਮੇਤ ਕਈ ਯੋਜਨਾਵਾਂ ਵਿੱਚ ਕੀਤਾ ਜਾ ਰਿਹਾ ਹੈ। ਹਾਲਾਂਕਿ ਕੌਮੀ ਅਤੇ ਖੇਤਰੀ ਵੀ ਜਿਆਦਾਤਰ ਪਾਰਟੀਆਂ ਇਸ ਦਾ ਵਿਰੋਧ ਕਾਰਪੋਰੇਟ ਮਾਡਲ ਵਿਰੋਧੀ ਮਾਨਸਿਕਤਾ ਜਾਂ ਸਿਧਾਂਤ ਚੋਂ ਨਹੀਂ ਬਲਕਿ ਸਰਕਾਰ ਦਾ ਵਿਰੋਧ ਕਰਕੇ ਰਾਜਨੀਤਿਕ ਲਾਹਾ ਮਿਲਣ ਦੇ ਤਰਕ ਚੋਂ ਹੀ ਕਰ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਤੋਂ ਵੀ ਵੱਡੀ ਉਮੀਦ ਨਹੀਂ ਰੱਖੀ ਜਾ ਸਕਦੀ।

ਬਦਲਵਾਂ ਵਿਕਾਸ ਮਾਡਲ ਜ਼ਰੂਰੀ-ਵੱਧ ਤੋਂ ਵੱਧ ਮੁਨਾਫਾ ਕਮਾਉਣ ਦੇ ਸਿਧਾਂਤ ਉੱਤੇ ਉਸਰੇ ਵਿਕਾਸ ਦੇ ਕਾਰਪੋਰੇਟ ਮਾਡਲ ਨਾਲ ਮਾਨਵਤਾ ਦੋ ਬੜੇ ਰਣਨੀਤਿਕ ਸੰਕਟਾਂ ਨਾਲ ਜੂਝ ਰਹੀ ਹੈ। ਇੱਕ ਪਾਸੇ ਕੁਦਰਤੀ ਸਾਧਨਾਂ ਦੀ ਬਰਬਾਦੀ ਦੇ ਕਾਰਨ ਪੂਰੇ ਜੈਵਿਕ ਜੀਵਨ ਲਈ ਖਤਰਾ ਪੈਦਾ ਹੋ ਰਿਹਾ ਹੈ ਅਤੇ ਦੂਸਰੇ ਪਾਸੇ ਗਰੀਬ ਅਤੇ ਅਮੀਰ ਵਿਚਲਾ ਪਾੜਾ ਪਹਿਲੇ ਕਿਸੇ ਵੀ ਸਮੇਂ ਤੋਂ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਂਕਿ ਇਸ ਵਿਕਾਸ ਮਾਡਲ ਦੇ ਰਹਿਬਰ ਵੀ 2008 ਤੋਂ ਬਾਅਦ ਆਰਥਿਕ ਸੰਕਟ ਦਾ ਸ਼ਿਕਾਰ ਹਨ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਤੋਂ ਪਿੱਛਾ ਛੁਡਵਾਉਣ ਦੀ ਕੋਸ਼ਿਸ਼ ਵਿੱਚ ਹਨ। ਇਸ ਨਾਲ ਮੁਕਤ ਬਾਜਾਰ ਦੇ ਸਿਧਾਂਤ ਉੱਤੇ ਇਸ ਦੇ ਪੈਰੋਕਾਰਾਂ ਦਾ ਇੱਕ ਧੜਾ ਵੀ ਸਵਾਲ ਉਠਾਉਣ ਲੱਗਿਆ ਹੈ।

ਦੇਸ਼ਾਂ ਦੀ ਅੰਤਰ ਨਿਰਭਰਤਾ ਦੇ ਇਸ ਪੜਾਅ ਉੱਤੇ ਕੌਮੀ ਰਾਜਾਂ ਦੀ ਪ੍ਰਭੂਸੱਤਾ ਦੀ ਧਾਰਨਾ ਕਮਜ਼ੋਰ ਪੈਂਦੀ ਜਾ ਰਹੀ ਹੈ। ਇਸ ਲਈ ਜਰੂਰਤ ਤਾਂ ਅੰਤਰ ਨਿਰਭਰ ਕੌਮੀ ਰਾਜਾਂ ਦੀ ਹਕੀਕਤ ਦੇ ਅਨੁਸਾਰ ਇੱਕ ਬਰਾਬਰੀ ਅਤੇ ਇਨਸਾਫ ਆਧਾਰਿਤ ਸੰਸਾਰ ਪ੍ਰਬੰਧ ਵੱਲ ਅੱਗੇ ਵਧਣ ਦੀ ਹੈ ਪਰ ਅੱਜ ਜ਼ਰੂਰਤ ਅਤੇ ਹਿੱਸੇਦਾਰੀ ਦੇ ਬਜਾਇ ਸਾਧਨਾਂ ਅਤੇ ਸੱਤਾ ਉੱਤੇ ਕਬਜ਼ੇ ਦੀ ਧਾਰਨਾ ਦੇ ਤਹਿਤ ਪੂੰਜੀ ਦੀ ਇੱਕਜੁੱਟਤਾ, ਇਕੱਠਾਕਰਨ ਅਤੇ ਆਰਥਿਕ ਏਕਾਧਿਕਾਰ ਕਾਇਮ ਕਰਨ ਦੀ ਦਿਸ਼ਾ ਵਿੱਚ ਸੰਸਾਰ ਦਾ ਪ੍ਰਬੰਧ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਪ੍ਰਚੂਨ ਮਾਰਕਿਟ ਵਿੱਚ ਦੇਸ਼ੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਦਖਲ ਵੀ ਇਸੇ ਦਿਸ਼ਾ ਵੱਲ ਕਦਮ ਹੈ।

ਇਸ ਦੇ ਬਦਲ ਦੇ ਤੌਰ ਉੱਤੇ ਕੁਦਰਤ ਅਤੇ ਮਨੁੱਖ ਪੱਖੀ ਵਿਕਾਸ ਮਾਡਲ ਦੀ ਜ਼ਰੂਰਤ ਹੈ। ਇਸ ਦਿਸ਼ਾ ਵਾਲੇ ਮਾਡਲ ਦੇ ਸ਼ਾਨਦਾਰ ਪ੍ਰਬੰਧ ਦੀ ਝਲਕ ਸਾਨੂੰ ਮਨੁੱਖੀ ਸਰੀਰ ਦੀ ਰਚਨਾ ਅਤੇ ਕ੍ਰਿਆ ਵਿਗਿਆਨ ਤੋਂ ਮਿਲ ਸਕਦੀ ਹੈ। ਕੁਦਰਤ ਵਿੱਚ ਸਮਰੱਥਾ ਅਨੁਸਾਰ ਕੰਮ ਅਤੇ ਲੋੜ ਅਨੁਸਾਰ ਹਾਸਿਲ ਕਰਨ ਦਾ ਅਦੁੱਤੀ ਪ੍ਰਬੰਧ ਹੈ। ਸਰੀਰ ਦਾ ਹਰ ਅੰਗ ਆਪਣੀ ਸਮਰੱਥਾ ਅਨੁਸਾਰ ਕੰਮ ਕਰਦਾ ਅਤੇ ਲੋੜ ਅਨੁਸਾਰ ਲੈਂਦਾ ਹੈ। ਦਿਲ ਜਨਮ ਤੋਂ ਲੈ ਕੇ ਮੌਤ ਤੱਕ ਲਗਾਤਾਰ ਧੜਕਦਾ ਹੈ। ਬੇ ਰੋਕ ਕੰਮ ਕਰਨ ਦੇ ਬਾਵਜੂਦ ਇਸ ਦੀ ਲੋੜ ਬਹੁਤ ਹੀ ਘੱਟ ਹੈ। ਕਈ ਹੋਰ ਅੰਗ ਥੱਕ ਵੀ ਜਾਂਦੇ ਹਨ ਇਸ ਲਈ ਆਰਾਮ ਕਰਦੇ ਅਤੇ ਉਨ੍ਹਾਂ ਦੀ ਖੁਰਾਕੀ ਜ਼ਰੂਰਤ ਵੀ ਜ਼ਿਆਦਾ ਹੈ। ਲੱਤਾਂ ਇਸ ਦੀ ਮਿਸਾਲ ਹਨ ਜੋ ਥੱਕ ਜਾਂਦੀਆਂ ਹਨ ਪਰ ਸਭ ਤੋਂ ਜ਼ਿਆਦਾ ਖੁਰਾਕ ਮੰਗਦੀਆਂ ਹਨ।

ਕੁਦਰਤ ਨੇ ਅਜਿਹਾ ਪ੍ਰਬੰਧ ਸਿਰਜਿਆ ਹੈ ਕਿ ਵਰਤਾਉਣ ਵਾਲਾ ਜਾਂ ਭੰਡਾਰੀ ਠੱਗੀ ਨਹੀਂ ਕਰ ਸਕਦਾ। ਦੂਜਿਆਂ ਨੂੰ ਸੁਵਿਧਾ ਤੋਂ ਵਾਂਝੇ ਰੱਖ ਕੇ ਅਪਣੀ ਲੋੜ ਪੂਰੀ ਨਹੀਂ ਕਰ ਸਕਦਾ। ਜਿਵੇਂ ਦਿਲ ਅਪਣੇ ਅੰਦਰੋਂ ਅਪਣੇ ਲਈ ਵੀ ਖੂਨ ਨਹੀਂ ਲੈ ਸਕਦਾ। ਫੇਫੜਾ ਅਪਣੇ ਜੋਗੀ ਆਕਸੀਨ ਅੰਦਰੋ ਸਿੱਧੀ ਨਹੀਂ ਲੈ ਸਕਦਾ। ਕੰਮ ਚੋਰੀ ਵੀ ਨਹੀਂ ਹੋ ਸਕਦੀ। ਜੇਕਰ ਇਸ ਮਾਮਲੇ ਵਿੱਚ ਠੱਗੀ ਜਾਂ ਕੰਮ ਚੋਰੀ ਹੋਵੇ ਤਾਂ ਅਜਿਹਾ ਕਰਨ ਵਾਲੇ ਨੂੰ ਵੀ ਓਨਾ ਹੀ ਵੱਡਾ ਨੁਕਸਾਨ ਹੁੰਦਾ ਹੈ ਜਿੰਨਾ ਕਿ ਉਸ ਦੀ ਠੱਗੀ ਜਾਂ ਕੰਮਚੋਰੀ ਨਾਲ ਹੋਰ ਨੂੰ ਹੁੰਦਾ ਹੈ। ਪਰ ਸਾਡੇ ਸਮਾਜ ਵਿੱਚ ਠੱਗੀ ਚੋਰੀ ਵਾਲੇ ਵਧ ਫੁੱਲ ਰਹੇ ਹਨ ਅਤੇ ਠੱਗੀ ਦਾ ਸ਼ਿਕਾਰ ਲੋਕ ਪੀੜ੍ਹਤ ਹਨ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ।

ਮਨੁੱਖੀ ਸਰੀਰ ਦੇ ਇੱਕ ਹਿੱਸੇ ਦੀ ਤਕਲੀਫ ਪੂਰੇ ਸਰੀਰ ਦੀ ਤਕਲੀਫ ਬਣ ਜਾਂਦੀ ਹੈ। ਪਰ ਮੌਜੂਦਾ ਸਮਾਜ ਵਿੱਚ ਇਸ ਤਰ੍ਹਾਂ ਨਹੀਂ ਹੋ ਰਿਹਾ। ਬੇਸ਼ੱਕ ਸਾਡਾ ਸਮਾਜ ਪੂਰਨ ਰੂਪ ਵਿੱਚ ਮਨੁੱਖੀ ਸਰੀਰ ਜਾਂ ਕੁਦਰਤ ਦੀ ਨਕਲ ਨਹੀਂ ਪਰ ਇਸਦਾ ਮੁੱਖ ਹਿੱਸਾ ਕੁਦਰਤ ਅਤੇ ਮਨੁੱਖੀ ਸਰੀਰ ਦੀ ਤਰ੍ਹਾਂ ਹੀ ਨਿਯਮਤ (ਰੈਗੂਲੇਟ) ਹੋ ਸਕਦਾ ਹੈ। ਕਿਉਂ ਕਿ ਚਿਰ ਸੱਥਾਈ ਖੁਸ਼ਹਾਲ ਸਮਾਜ ਵੀ ਕੁਦਰਤ, ਜੀਵਾਂ ਅਤੇ ਮਨੁੱਖਾਂ ਨਾਲ ਸੰਤੁਲਨ ਲੁੱਟ ਖਸੁੱਟ ਤੋਂ ਮੁਕਤ ਹੋਣਾ ਜ਼ਰੂਰੀ ਹੈ। ਜਿਸ ਵਿੱਚ ਟਕਰਾਅ ਦੀ ਬਜਾਇ ਵੰਨ ਸੁਵੰਨਤਾ ਲਈ ਜਗ੍ਹਾ, ਸਹਿਹੋਂਦ, ਆਪਸੀ ਤਾਲਮੇਲ, ਲਾਲਚ ਦੀ ਜਗਾਰ ਜ਼ਰੂਰਤ ਅਨੁਸਾਰ ਲੈਣ ਅਤੇ ਸਮਰੱਥਾ ਅਨੁਸਾਰ ਕੰਮ ਕਰਨ, ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਖੇਤਰਾਂ ਵਿੱਚ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਸੰਭਵ ਹੱਦ ਤੱਕ ਭਾਗੀਦਾਰੀ ਸੰਭਵ ਹੋਵੇ। ਅਜਿਹਾ ਮੁਨਾਫੇ ਆਧਾਰਿਤ ਸਮਾਜ ਉੱਤੇ ਉਸਰੇ ਆਰਥਿਕ ਏਕਾਧਿਕਾਰ, ਰਾਜਨੀਤਿਕ ਤਾਨਾਸ਼ਾਹੀ, ਅਤੇ ਵੱਖ ਵੱਖ ਸਮਾਜਿਕ ਅਤੇ ਸੱਭਿਆਚਾਰਕ ਪਹਿਚਾਣਾਂ ਨੂੰ ਖਤਰਾ ਪੈਦਾ ਕਰਨ ਵਾਲੇ ਤਰੀਕੇ ਨਾਲ ਸੰਭਵ ਨਹੀਂ ਹੈ। ਇਹ ਕਾਰਪੋਰੇਟ ਦੇ ਬਜਾਇ ਸਹਿਕਾਰੀ ਆਰਥਿਕ, ਸਮਾਜਿਕ ਅਤੇ ਅਸਲੀ ਜਮਹੂਰੀਅਤ ਵਾਲੇ ਸਿਆਸੀ ਪ੍ਰਬੰਧ ਰਾਹੀਂ ਹੀ ਸੰਭਵ ਹੈ।

ਹਮੀਰ ਸਿੰਘ
ਲੇਖ਼ਕ ਸੀਨੀਅਰ ਪੱਤਰਕਾਰ ਹਨ ਤੇ ਚੰਡੀਗੜ੍ਹ 'ਅਮਰ ਉਜਾਲਾ' ਦੇ ਪੰਜਾਬ ਬਿਊਰੋ 'ਚ ਕੰਮ ਕਰਦੇ ਹਨ।ਵਿਦਿਆਰਥੀ ਜੀਵਨ ਤੋਂ ਸਮਾਜਿਕ ਤੇ ਸਿਆਸੀ ਸਰਗਰਮੀਆਂ 'ਚ ਹਿੱਸਾ ਲੈਂਦੇ ਰਹੇ ਹਨ।      ਫੋਨ-96460-12426

Friday, August 17, 2012

ਯੂਰੋ ਜ਼ੋਨ ਤੇ ਆਲਮੀ ਮੰਦਵਾੜਾ

ਆਲਮੀ ਆਰਥਿਕਤਾ ਦੇ 2009 ਦੇ ਸੰਕਟ ਵਿੱਚੋਂ ਅਜੇ ਸੰਭਲੀ ਨਹੀਂ ਸੀ ਕਿ ਇਸ ਨੂੰ ਮੁੜ ਸੰਕਟ ਨੇ ਘੇਰ ਲਿਆ ਹੈ ।ਪਰ ਹੁਣ ਵਾਲਾ ਆਰਥਿਕ ਸੰਕਟ ਯੂਰਪੀਨ ਯੂਨੀਅਨ 'ਚ ਕੇਂਦਰਤ ਹੈ ਅਤੇ ਯੂਨਾਨ, ਆਇਰਲੈਂਡ ਪੁਰਤਗਾਲ, ਸਪੇਨ ਅਤੇ ਇਟਲੀ ਅਤੇ ਇਸ ਸੰਕਟ ਦੇ ਸਭ ਤੋਂ ਵਧ ਸ਼ਿਕਾਰ ਹਨ ।ਯੂਨਾਨ ਦੇ ਸੰਕਟ ਨੇ ਤਾਂ ਸਾਰੀ ਪੂੰਜੀਵਾਦੀ ਅਰਥਵਿਵਸਥਾ ਨੂੰ ਕੰਬਣੀਆਂ ਛੇੜ ਦਿੱਤੀਆਂ ਸਨ।ਪਿਛਲੇ ਚਾਰ ਸਾਲਾਂ ਤੋਂ ਉਹ ਇਸ ਸੰਕਟ ਵਿੱਚੋਂ ਨਹੀਂ ਉੱਭਰ ਸਕਿਆ ਅਤੇ ਅੰਤ ਉਸ ਨੂੰ ਯੂਰਪੀਨ ਕੇਂਦਰੀ ਬੈਂਕ ਅਤੇ ਕੌਮਾਂਤਰੀ ਮੁਦਰਾ ਕੋਸ਼ ਕੋਲੋਂ 300 ਅਰਬ ਡਾਲਰ ਦੇ ਬੇਲ ਆਊਟ ਪੈਕੇਜ ਲੈਣ ਲਈ ਕਰੜੀਆਂ ਸ਼ਰਤਾਂ ਮੰਨਣੀਆਂ ਪਈਆਂ ਹਨ ।ਇਨ੍ਹਾਂ ਸ਼ਰਤਾਂ 'ਚ ਪੈਨਸ਼ਨਾਂ, ਤਨਖਾਹਾਂ ਅਤੇ ਰੋਜ਼ਗਾਰ ਆਦਿ 'ਤੇ ਕੈਂਚੀ ਫੇਰਨਾ ਸ਼ਾਮਿਲ ਹੈ ।ਸੰਕਟ ਦੀ ਮਾਰ ਝੱਲ ਰਹੇ ਲੋਕਾਂ ਅੰਦਰ ਇਸ ਪੈਕੇਜ ਨੇ ਹੋਰ ਬੈਚੈਨੀ ਫੈਲਾ ਦਿੱਤੀ ਹੈ ਅਤੇ ਲੋਕ ਸੜਕਾਂ 'ਤੇ ਨਿਕਲਣ ਲਈ ਮਜਬੂਰ ਹੋ ਗਏ ਸਨ ।ਇਸੇ ਪੈਕੇਜ ਨੂੰ ਲੈ ਕੇ 6 ਮਈ ਦੀਆਂ ਚੋਣਾਂ 'ਚ ਕੋਈ ਫਤਵਾ ਨਾ ਮਿਲ ਸਕਿਆ । ਇਸ ਕਰਕੇ 17 ਜੂਨ ਨੂੰ ਦੁਬਾਰਾ ਚੋਣਾਂ ਕਰਾਉਣੀਆਂ ਪਈਆਂ ।ਉਸ ਸਮੇਂ 'ਸਿਰੀਜਾ' ਪਾਰਟੀ ਨੂੰ ਬਹੁਸੰਮਤੀ ਮਿਲਣ ਦੀ ਆਸ ਸੀ ਜੋ ਇਸ ਪੈਕੇਜ ਨੂੰ ਰੱਦ ਕਰਦੀ ਸੀ ਅਤੇ ਯੂਰੋ ਜ਼ੋਨ ਵਿੱਚੋਂ ਬਾਹਰ ਜਾਣ ਦੀ ਧਮਕੀ ਦਿੰਦੀ ਸੀ ।17 ਜੂਨ ਤੋਂ ਪਹਿਲਾਂ ਲਗਦਾ ਸੀ ਕਿ ਯੂਨਾਨ ਯੂਰੋ ਕਰੰਸੀ ਨੂੰ ਰੱਦ ਕਰਕੇ ਇਸ ਜ਼ੋਨ ਵਿਚੋਂ ਬਾਹਰ ਆ ਸਕਦਾ ਹੈ ।ਇਸ ਹਾਲਤ 'ਚ ਯੂਨਾਨ ਵੱਲੋਂ ਇਕ ਲੱਖ ਕਰੋੜ ਯੂਰੋ ਨੂੰ ਰੱਦ ਕਰਨ ਨਾਲ ਦੁਨੀਆਂ ਭਰ 'ਚ ਗਾਹਕਾਂ ਵੱਲੋਂ ਬੈਂਕਾਂ ਵਿੱਚੋਂ ਪੈਸੇ ਕਢਾਉਣ ਦੀ ਭਗਦੜ ਮੱਚ ਸਕਦੀ ਸੀ ਅਤੇ ਸੰਸਾਰ ਆਰਥਿਕਤਾ ਲਈ ਇਕ ਕਰੰਸੀ ਸੰਕਟ ਪੈਦਾ ਹੋ ਸਕਦਾ ਸੀ ।ਪਰ 17 ਜੂਨ ਨੂੰ ਯੂਨਾਨ ਅੰਦਰ ਬੇਲ ਆਊਟ ਪੈਕੇਜ ਪੱਖੀ ਕੰਨਜ਼ਰਵੇਟਿਵ ਨਿਊ ਡੈਮੋਕਰੇਸੀ ਅਤੇ ਸੋਸ਼ਲਿਸ਼ਟ ਪਸੋਕ ਪਾਰਟੀਆਂ ਨੂੰ ਬਹੁਸੰਮਤੀ ਮਿਲਣਕਾਰਨ ਹਾਲ ਦੀ ਘੜੀ ਸੰਕਟ ਟਲ ਗਿਆ ਹੈ ।

ਪੰਦਰਾਂ ਸਾਲ ਪਹਿਲਾਂ ਜਦੋਂ ਯੂਨਾਨ ਯੂਰੋ ਜ਼ੋਨ ਵਿੱਚ ਸ਼ਾਮਿਲ ਹੋਇਆ ਸੀ ਤਾਂ ਉਸ ਸਮੇਂ ਇਸ ਨੂੰ ਕੋਈ ਵੱਡੀ ਆਰਥਿਕ ਸਮੱਸਿਆ ਨਹੀਂ ਸੀ ।ਪਰ ਜਿਓਂ ਹੀ ਯੂਨਾਨ ਯੂਰੋ 'ਚ ਸ਼ਾਮਿਲ ਹੋਇਆ ਤਾਂ ਸਭ ਕੁਛ ਬਦਲ ਗਿਆ । ਯੂਨਾਨ ਅੰਦਰ ਵਿਦੇਸ਼ੀ ਪੂੰਜੀ ਧੜਾ-ਧੜਾ ਆਉਣ ਲੱਗੀ ।ਰੀਅਲ਼ ਇਸਟੇਟ ਅਤੇ ਹਾਊਸਿੰਗ ਕਾਰੋਬਾਰ ਤੇਜ਼ੀ ਨਾਲ ਵਧਣ-ਫੁੱਲਣ ਲੱਗਾ ।ਯੂਨਾਨੇ ਮਧ-ਵਰਗ ਖੂਬ ਖਰਚ ਕਰਨ ਲੱਗਾ ।ਪਰ ਜਦੋਂ ਮੰਦੇ ਦਾ ਦੌਰ ਸੂਰੂ ਹੋਇਆ ਤਾਂ ਅਮਰੀਕਾ ਵਾਂਗ ਯੂਨਾਨ ਦੀ ਆਰਥਿਕਤਾ ਦਾ ਭੁਕਾਨਾ ਵੀ ਫੱਟ ਗਿਆ ।ਬੈਂਕਾਂ ਅਤੇ ਕੰਪਨੀਆਂ ਦੇ ਦਿਵਾਲੇ ਨਿਕਲ ਗਏ ।ਨੌਜੁਆਨਾਂ ਵਿੱਚ ਬੇਰੁਜ਼ਗਾਰੀ 50 ਪ੍ਰਤੀਸ਼ਤ ਤੱਕ ਅਪੜ ਗਈ। ਪੈਦਾਵਾਰ ਘਟਣ ਲੱਗੀ ਅਤੇ ਸਰਕਾਰ ਦਾ ਰਾਜਕੋਸ਼ੀ ਘਾਟਾ ਅਤੇ ਮੁਦਰਾ ਸਫ਼ੀਤੀ ਦੀ ਦਰ ਹੋਰ ਵਧਣ ਲੱਗੀ ਅਤੇ ਯੂਨਾਨ ਆਰਥਿਕ ਸੰਕਟ ਵਿਚ ਫਸ ਗਿਆ ।ਪਰ ਨਵੀਂ ਸਰਕਾਰ ਵੱਲੋਂ ੩੦੦ ਅਰਬ ਡਾਲਰ ਦਾ ਪੈਕੇਜ ਮਨਜ਼ੂਰ ਕਰਨ ਚੇ ਬਾਵਜੂਦ ਯੂਨਾਨ ਦੇ ਸੰਕਟ ਦਾ ਹੱਲ ਨਹੀਂ ਹੋਇਆ ਅਤੇ ਯੂਰੋ ਉਪਰ ਸੰਕਟ ਦੇ ਬੱਦਲ ਅਜੇ ਵੀ ਮੰਡਰਾ ਰਹੇ ਹਨ । 

ਉਧਰ ਕਰੈਡਟਿੰਗ ਰੇਟਿੰਗ ਫਰਮਾਂ ਨੇ ਸਪੇਨ ਦੀ ਰੇਟਿੰਗ ਘਟਾ ਕੇ ਕਿਹਾ ਹੈ ਕਿ ਸਪੇਨ 2013 ਤੱਕ ਮੰਦਵਾੜੇ ਦੀ ਹਾਲਤ ਵਿੱਚ ਰਹੇਗਾ ।ਸਾਲ ਦੇ ਅੰਤ ਤੱਕ ਸਪੇਨ ਸਰਕਾਰ ਸਿਰ ਕਰਜਾ ਕੁੱਲ ਘਰੇਲੂ ਪੈਦਾਵਾਰ ਦੇ 79.8 ਪ੍ਰਤੀਸ਼ਤ ਤੱਕ ਪਹੁੰਚ ਸਕਦਾ ਹੈ ।ਮੂਡੀ ਕਰੈਡਟਿੰਗ ਫਰਮ ਦੇ ਅੰਦਾਜ਼ੇ ਅਨੁਸਾਰ ਸਪੇਨ ਦਾ ਰਾਜਕੋਸ਼ੀ ਘਾਟਾ 90 ਪ੍ਰਤੀਸ਼ਤ ਹੈ ।ਸਪੇਨ ਆਪਣੀਆਂ ਬੈਂਕਾਂ ਲਈ ਪਹਿਲਾਂ ਹੀ 15 ਅਰਬ ਯੂਰੋ ਦਾ ਬੇਲ ਆਊਟ ਪੈਕੇਜ ਲੈ ਚੁੱਕਾ ਹੈ ਅਤੇ ਇਹ ਯੂਰਪੀਨ ਯੂਨੀਅਨ ਨੂੰ 100 ਅਰਬ ਯੂਰੋ ਦਾ ਬੇਲ ਆਊਟ ਪੈਕੇਜ ਲੈਣ ਦੀ ਬੇਨਤੀ ਕਰ ਚੁੱਕਾ ਹੈ ।ਯੂਰਪੀਨ ਵਿੱਤੀ ਸਥਿਰਤਾ ਸੁਵਿਧਾ ਦੇ 440 ਅਰਬ ਯੂਰੋ ਫੰਡ ਵਿੱਚੋਂ ਪਹਿਲਾਂ ਹੀ 18 ਅਰਬ ਅਇਰਲੈਂਡ,26 ਪੁਰਤਗਾਲ ਅਤੇ 145 ਅਰਬ ਯੂਰੋ ਯੂਨਾਨ ਨੂੰ ਦਿੱਤੇ ਜਾ ਚੁੱਕੇ ਹਨ ।ਇਸ ਤੋਂ ਬਾਅਦ ਯੂਰਪੀਨ ਯੂਨੀਅਨ ਕੋਲ ਕੇਵਲ 136 ਅਰਬ ਯੂਰੋ ਹੀ ਬਚਦੇ ਹਨ ।ਇਸ ਕਰਕੇ ਯੂਰਪੀਨ ਯੂਨੀਅਨ ਨੂੰ ਆਪਣੇ ਦੇਸ਼ਾਂ ਦੇ ਸੰਕਟ ਵਿੱਚੋਂ ਉੱਭਰਨ ਲਈ ਕੌਮਾਂਤਰੀ ਮੁਦਰਾ ਕੋਸ਼ ਕੋਲ ਜਾਣਾ ਪਿਆ ਹੈ ।ਮੈਕਸੀਕੋ ਹੋਈ ਜੀ-20 ਦੇਸ਼ਾਂ ਦੀ ਮੀਟਿੰਗ ਵਿੱਚ ਬਰਿਕ (ਬਰਾਜ਼ੀਲ, ਭਾਰਤ, ਰੂਸ ਅਤੇ ਚੀਨ) ਨੇ ਆਰਥਿਕਤਾ ਸੰਕਟ ਵਿੱਚੋਂ ਕੱਢਣ ਲਈ 75 ਅਰਬ ਡਾਲਰ ਦੇਣ ਦਾ ਵਚਨ ਦਿੱਤਾ ਹੈ ਜਿਸ ਵਿੱਚ ਚੀਨ ਨੇ 43 ਅਤੇ ਭਾਰਤ ਨੇ 10 ਅਰਬ ਡਾਲਰ ਦੇਣੇ ਮੰਨੇ ਹਨ।

ਸਭ ਤੋਂ ਤਕੜੀਆਂ ਸੱਤ ਆਰਥਿਕ ਸ਼ਕਤੀਆਂ (ਜੀ-7) 'ਚ ਸ਼ਾਮਿਲ ਇਟਲੀ ਨੂੰ ਵੀ ਆਰਥਿਕ ਸੰਕਟ ਨੇ ਮਾਫ ਨਹੀਂ ਕੀਤਾ ।ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਇਸ ਦੀ ਆਰਥਿਕਤਾ 0.8 ਪ੍ਰਤੀਸ਼ਤ ਤੱਕ ਗਿਰ ਚੁੱਕੀ ਹੈ ।ਇਟਲੀ 'ਚ ਨੌਜੁਆਨਾਂ 'ਚ ਬੇਰੁਜ਼ਗਾਰੀ 25 ਪ੍ਰਤੀਸ਼ਤ ਹੈ ਅਤੇ ਗਰੀਬੀ ਰੇਖਾ 'ਚ ਰਹਿ ਰਹੇ ਲੋਕਾਂ ਦੀ ਗਿਣਤੀ 14 ਪ੍ਰਤੀਸ਼ਤ ਤੋਂ ਵੱਧ ਗਈ ਹੈ ।ਇਟਲੀ ਸਿਰ 1.9 ਟ੍ਰਿਲੀਅਨ ਯੂਰੋ ਕਰਜਾ ਹੈ ਅਤੇ ਇਸ ਨੂੰ ਬੇਲ ਆਊਟ ਲਈ ਯੂਨਾਨ ਤੋਂ ਵੀ ਵੱਡੇ ਪੈਕੇਜ ਦੀ ਲੋੜ ਹੈ।ਏਹੀ ਹਾਲ ਪੁਰਤਗਾਲ, ਆਇਰਲਂੈਡ ਅਤੇ ਸਾਈਪਰਸ ਦਾ ਹੈ ।

ਉਧਰ ਅਮਰੀਕਾ ਦੀ ਹਾਲਤ ਵੀ ਚੰਗੀ ਨਹੀਂ ਹੈ।ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਇਸ ਦੀ ਕੁੱਲ ਘਰੇਲੂ ਪੈਦਾਵਾਰ ਚ ਘੱਟ ਕੇ 1.9 ਪ੍ਰਤੀਸ਼ਤ ਰਹਿ ਗਈ ਹੈ ।ਯੂਰਪੀਨ ਯੂਨੀਅਨ ਦੇ ਸੰਕਟ ਕਾਰਨ ਅਮਰੀਕਾ ਦੀ ਇਸ ਨਾਲ ਨਿਰਯਾਤ ਘੱਟ ਕੇ 11.1 ਪ੍ਰਤੀਸ਼ਤ ਰਹਿ ਗਈ ਹੈ ।ਅਪਰੈਲ ਵਿੱਚ ਚੀਨ ਨਾਲ ਇਸ ਦੀ ਨਿਰਯਾਤ 'ਚ 14 ਪ੍ਰਤੀਸ਼ਤ ਦੀ ਕਮੀ ਆਈ ਹੈ ।ਇਸ ਤੋਂ ਇਲਾਵਾ ਅਮਰੀਕਾ ਅੰਦਰ ਬੇਰੁਜ਼ਗਾਰੀ ਦੀ ਦਰ 8.2 ਪ੍ਰਤੀਸ਼ਤ ਹੋ ਗਈ ਹੈ ।ਅਮਰੀਕਾ ਦੇ ਸ਼ੇਅਰ ਡਿਗ ਰਹੇ ਹਨ ਅਤੇ ਇਸ ਦੇ ਸਰਕਾਰੀ ਬਾਂਡਾਂ ਦੀ ਕੀਮਤ ਰਿਕਾਰਡ ਪੱਧਰ ਤੱਕ ਘਟ ਗਈ ਹੈ ।ਕਰੈਡਟਿੰਗ ਰੇਟਿੰਗ ਏਜੰਸੀਆਂ ਨੇ ਦੁਨੀਆਂ ਦੀਆਂ ਸਭ ਤੋਂ ਵੱਡੀਆਂ 17 ਬੈਂਕਾਂ ਵਿੱਚੋਂ 15 ਦੀ ਰੇਟਿੰਗ ਘਟਾ ਦਿੱਤੀ ਹੈ ਅਤੇ ਇਨ੍ਹਾਂ ਵਿੱਚੋਂ ਬਹੁਤੀਆਂ ਅਮਰੀਕਾ ਦੀਆਂ ਹਨ । ਏਹੀ ਹਾਲਤ 'ਬਰਿਕ' ਦੇ ਨਾਂ ਨਾਲ ਜਾਂਦੇ ਦੇਸ਼ਾਂ ਦੀ ਹੈ ।ਬਰਾਜ਼ੀਲ ਦੀ ਆਰਥਿਕਤਾ 'ਚ 2011 ਦੇ ਪਿਛਲੇ ਤਿੰਨ ਮਹੀਨਿਆਂ 'ਚ ਸਿਰਫ 0.2 ਪ੍ਰਤੀਸ਼ਤ ਦੀ ਦਰ ਨਾਲ ਵਾਧਾ ਹੋਇਆ ਹੈ ।ਰੂਸ ਦੀ ਕੁੱਲ ਘਰੇਲੂ ਪੈਦਾਵਾਰ ਪਿਛਲੇ ਸਾਲ 4.3 ਪ੍ਰਤੀਸ਼ਤ ਨਾਲ ਵਧੀ ਹੈ ਜਦੋਂ ਕਿ ਇਸ ਨੂੰ ਆਰਥਿਕ ਵਿਕਾਸ ਲਈ ੮ ਪ੍ਰਤੀਸ਼ਤ ਦੀ ਲੋੜ ਹੈ ।ਰੂਸ ਦੀ ਆਰਥਿਕਤਾ ਦਾ 47 ਪ੍ਰਤੀਸ਼ਤ ਹਿੱਸਾ ਪੈਟਰੋਲ ਪਦਾਰਥਾਂ 'ਚੋਂ ਆਉਂਦਾ ਹੈ ਪਰ ਆਰਥਿਕ ਮੰਦਵਾੜੇ ਦੀ ਹਾਲਤ 'ਚ ਇਨ੍ਹਾਂ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਇਸ ਦਾ ਵਿਦੇਸ਼ੀ ਵਪਾਰ ਘਟ ਗਿਆ ਹੈ ।ਇਸ ਦੇ ਵਿਦੇਸ਼ੀ ਮੁਦਰਾ ਦੇ ਭੰਡਾਰ ਤੇਜ਼ੀ ਨਾਲ ਘੱਟ ਰਹੇ ਹਨ ਅਤੇ ਬੇਰੁਜ਼ਗਾਰੀ ਤੇਜ਼ੀ ਨਾਲ ਵਧੀ ਹੈ।ਭਾਰਤ ਦਾ ਇਨ੍ਹਾਂ ਵਿੱਚੋਂ ਸਭ ਤੋਂ ਬੁਰਾ ਹਾਲ ਹੈ ।।ਇਸ ਦੀ ਕੁੱਲ ਘਰੇਲੂ ਪੈਦਾਵਾਰ ਦੀ ਦਰ ਘੱਟ ਗਈ ਹੈ ਅਤੇ ਚਲੰਤ ਖਾਤਾ ਅਤੇ ਰਾਜਕੋਸ਼ੀ ਘਾਟਾ ਵਧ ਗਿਆ ਹੈ ਤੇ ਮਹਿੰਗਾਈ ਬੇਕਾਬੂ ਹੋ ਗਈ ਹੈ ।ਚੀਨ ਦੁਨੀਆਂ ਦੀ ਦੂਜੀ ਵੱਡੀ ਆਰਥਿਕਤਾ ਹੈ ਪਰ ਇਸ ਦੀ ਪੈਦਾਵਾਰ 'ਚ ਵਾਧੇ ਦੀ ਦਰ ਪਿਛਲੇ 13 ਸਾਲਾਂ ਵਿੱਚ ਸਭ ਤੋਂ ਘੱਟ ਗਈ ਹੈ ।ਇਸੇ ਤਰ੍ਹਾਂ ਜਾਪਾਨ, ਬਰਤਾਨੀਆਂ, ਫਰਾਂਸ ਅਤੇ ਜਰਮਨੀ ਦੀ ਕੁੱਲ ਘਰੇਲੂ ਪੈਦਾਵਾਰ 'ਚ ਗਿਰਾਵਟ ਆਈ ਹੈ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸੰਸਾਰ ਆਰਥਿਕਤਾ ਇਕ ਹੋਰ ਸੰਕਟ 'ਚ ਫਸ ਗਈ ਹੈ ।ਅਸਲ 'ਚ ਵਿਸ਼ਵ ਪੂੰਜੀਵਾਦੀ ਅਰਥਵਿਵਸਥਾ ਦੇ ਸੰਕਟ ਦੇ ਕਾਰਨ ਇਸ ਦੇ ਵਜੂਦ ਅੰਦਰ ਸਮੋਈਆਂ ਵਿਰੋਧਤਾਈਆਂ 'ਚ ਬਿਰਾਜਮਾਨ ਹਨ ।ਪਰ ਮੌਜੂਦਾ ਸੰਕਟ ਦਾ ਮੁੱਖ ਕਾਰਨ ਅਮੀਰੀ ਅਤੇ ਗਰੀਬੀ ਵਿਚਕਾਰ ਵਧ ਰਿਹਾ ਪਾੜਾ ਹੈ ।ਸੰਯੁਕਤ ਰਾਸ਼ਟਰ ਸੰਘ ਦੇ ਅੰਕੜਿਆਂ ਮੁਤਾਬਿਕ ਦੁਨੀਆਂ ਦੇ ਇਕ ਪ੍ਰਤੀਸ਼ਤ ਅਮੀਰ ਵਿਸ਼ਵ ਦੇ ੪੦ ਪ੍ਰਤੀਸ਼ਤ ਅਸਾਸਿਆਂ ਦੇ ਮਾਲਕ ਹਨ ਅਤੇ ਦੂਜੇ ਪਾਸੇ ਹੇਠਲੇ ਅੱਧੇ ਲੋਕ ਵਿਸ਼ਵ ਦੇ ਕੁੱਲ ਅਸਾਸ਼ਿਆਂ ਦੇ ਇਕ ਪ੍ਰਤੀਸ਼ਤ ਦੇ ਮਾਲਕ ਹਨ ।ਭਾਰਤ ਦੇ 100 ਵੱਡੇ ਘਰਾਣੇ ਦੇਸ਼ ਦੇ 25 ਪ੍ਰਤੀਸ਼ਤ ਅਸਾਸਿਆਂ 'ਤੇ ਕਾਬਜ ਹਨ ਪਰ 77 ਪ੍ਰਤੀਸ਼ਤ ਲੋਕ 20 ਰੁਪਏ ਤੋਂ ਘੱਟ 'ਤੇ ਗੁਜਾਰਾ ਕਰਦੇ ਹਨ ।ਇਸ ਕਰਕੇ ਇਕ ਪਾਸੇ ਪੂੰਜੀ ਦਾ ਬੇਥਾਹ ਇਕੱਤਰੀਕਰਨ, ਕੇਂਦਰੀਕਰਨ ਅਤੇ ਸਹਿਕੇਂਦਰੀਕਰਨ ਹੋ ਗਿਆ ਹੈ ਅਤੇ ਦੂਜੇ ਪਾਸੇ ਵਿਸ਼ਾਲ ਲੋਕਾਈ ਕੰਗਾਲੀ ਦੀ ਹਾਲਤ ਵਿੱਚ ਧੱਕੀ ਜਾ ਚੁੱਕੀ ਹੈ ।ਇਸ ਵਿਸ਼ਾਲ ਗਰੀਬ ਲੋਕਾਈ ਦੀ ਖਰੀਦ ਸ਼ਕਤੀ ਘੱਟ ਹੋਣ ਕਰਕੇ ਇਹ ਆਪਣੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੀ ਜਿਸ ਕਾਰਨ ਅਰਥਵਿਵਸਥਾ ਵਿੱਚ ਕੁੱਲ ਸੰਯੁਕਤ ਮੰਗ ਘਟ ਗਈ ਹੈ

ਇਸ ਦੇ ਸਿੱਟੇ ਵਜੋਂ ਅਰਥਵਿਵਸਥਾ ਵਿੱਚ 'ਵਾਧੂ ਪੈਦਾਵਾਰ' ਦਾ ਸੰਕਟ ਪੈਦਾ ਹੋ ਗਿਆ ਹੈ ਅਤੇ ਇਸ 'ਵਾਧੂ ਪੈਦਾਵਾਰ' ਦੇ ਕਾਰਨ ਪੂੰਜੀ ਦੇ ਇਕੱਤਰੀਕਰਨ ਦੀ ਪ੍ਰਕਿਰਿਆ ਵਿੱਚ ਵਿਘਣ ਪੈ ਗਿਆ ਹੈ ਅਤੇ ਜਿਸ ਦੇ ਫਲਸਰੂਪ ਵਿਸ਼ਵ ਅਰਥਵਿਵਸਥਾ ਵਿੱਚ ਆਰਥਿਕ ਸੰਕਟ ਪੈਦਾ ਹੋ ਗਿਆ ਹੈ ।ਜਿਨ੍ਹਾਂ ਚਿਰ ਵਿਸ਼ਾਲ ਲੋਕਾਈ ਦੀ ਆਮਦਨ ਵਧਾ ਕੇ ਅਰਥਵਿਵਸਥਾ ਵਿੱਚ ਕੁੱਲ ਮੰਗ ਨਹੀਂ ਵਧਾਈ ਜਾਂਦੀ, ਉਦੋਂ ਤੱਕ ਸੰਸਾਰ ਅਰਥਵਿਵਸਥਾ ਦਾ ਸੰਕਟ ਦੂਰ ਨਹੀਂ ਹੋ ਸਕਦਾ ਅਤੇ ਇਹ ਸੰਕਟ ਮੁੜ ਮੁੜ ਦੁਹਰਾਏ ਜਾਣਗੇ ।ਇਸ ਦਾ ਇਕੋ ਇਕ ਹੱਲ ਇਸ ਪ੍ਰਬੰਧ ਨੂੰ ਬਦਲ ਕੇ ਸਮਾਜਵਾਦੀ ਪ੍ਰਬੰਧ ਉਸਾਰਨ 'ਚ ਹੀ ਹੈ।

ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ। 
98764-42052

Thursday, May 5, 2011

ਓਸਾਮਾ ਦੀ ਦੂਜੀ ਮੌਤ ਦੇ ਕੌਮਾਂਤਰੀ ਡਰਾਮੇ ਦਾ ਮਤਲਬ

ਓਸਾਮਾ ਬਿਨ ਲਾਦੇਨ ਦੀ ਮੌਤ((ਅਮਰੀਕਾ ਮੁਤਾਬਕ) ਤੋਂ ਬਾਅਦ ਕੌਮਾਂਤਰੀ ਤੇ ਅਮਰੀਕੀ ਸਿਆਸਤ 'ਤੇ ਕਈ ਚਰਚਾਵਾਂ ਛਿੜੀਆਂ ਹਨ।ਵੱਡੇ ਵੱਡੇ ਪੱਤਰਕਾਰਾਂ ਤੋਂ ਲੈ ਕੇ ਸਿਆਸਤਦਾਨਾਂ ਨੇ ਮੌਤ 'ਤੇ ਟਿੱਪਣੀਆਂ ਵੀ ਕੀਤੀਆਂ,ਪਰ ਸਭ ਕਾਸੇ ਦੇ ਬਾਵਜੂਦ ਅਮਰੀਕੀ ਪ੍ਰਚਾਰ ਦੁਨੀਆ 'ਤੇ ਭਾਰੂ ਹੈ। ਬੁਨਿਆਦੀ ਮਸਲੇ 'ਤੇ ਬਹੁਤ ਘੱਟ ਗੱਲ ਹੋ ਰਹੀ ਹੈਆਰਥਿਕ ਮੰਦਵਾੜੇ 'ਚ ਫਸੇ ਅਮਰੀਕਾ ਲਈ ਲਾਦੇਨ ਦੀ ਮੌਤ ਜ਼ਰੂਰੀ ਸੀ।ਦੁਨੀਆ ਦੇ ਸਭ ਤੋਂ ਵੱਡੇ ਮਨੁੱਖੀ ਹੱਕਾਂ ਦੇ ਰਾਖੇ ਕਹਾਉਣ ਵਾਲੇ ਅਮਰੀਕਾ ਨੇ ਦੂਜੀ ਆਲਮੀ ਜੰਗ ਤੋਂ ਲੈ ਕੇ ਜੌੜੇ ਟਾਵਰਾਂ 'ਤੇ ਕਹੇ ਜਾਂਦੇ ਅੱਤਵਾਦੀ ਹਮਲੇ ਨੂੰ ਅਧਾਰ ਬਣਾ ਕੇ ਕਿਸ ਤਰ੍ਹਾਂ ਦੁਨੀਆਂ ਦਾ ਘਾਣ ਤੇ ਕੌਮਾਂਤਰੀ ਚੌਧਰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ,ਇਸ ਬਾਰੇ ਅਜਿਹੇ ਮਹੱਤਵਪੂਰਨ ਮੌਕਿਆਂ 'ਤੇ ਗੱਲ ਕਰਨ ਦੀ ਜ਼ਰੂਰਤ ਹੈ।ਤੱਥਾਂ ਮੁਤਾਬਕ ਇਰਾਕ 'ਚ ਅਮਰੀਕੀ ਧੱਕੇਸ਼ਾਹੀ ਨਾਲ 14 ਲੱਖ 55 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ।ਲਿੱਟਿਆਂ ਦੇ ਨਾਂਅ 'ਤੇ ਲੱਖਾਂ ਤਮਿਲਾਂ ਦਾ ਕਤਲੇਆਮ ਕੀਤਾ ਗਿਆ(ਜ਼ਿੰਮੇਂਵਾਰ ਕੌਣ)?ਅਮਰੀਕਾ ਦੀ 'ਅੱਤਵਾਦ ਵਿਰੋਧੀ ਜੰਗ' ਤੇ 'ਇਸਲਾਮਿਕ ਫੋਬੀਆ ਮੁਹਿੰਮ' ਦਾ ਮਤਲਬ ਕੀ ਹੈ?'ਅੱਤਵਾਦ ਵਿਰੋਧੀ ਜੰਗ' ਦੀ ਭਾਰਤ ਦੇ 'ਆਪਰੇਸ਼ਨ ਗ੍ਰੀਨ ਹੰਟ' ਤੇ 'ਇਸਲਾਮਿਕ ਫੋਬੀਆ' ਮੁਹਿੰਮ ਦੀ ਘੱਟਗਿਣਤੀਆਂ ਦੇ ਕਤਲੇਆਮ ਤੇ ਹਿੰਦੂਤਵੀ ਫਾਸ਼ੀਵਾਦੀ ਫੋਰਸਾਂ ਨਾਲ ਕੀ ਸਬੰਧ ਹੈ,ਇਸ ਨੂੰ ਘੋਖਣ ਦੀ ਲੋੜ ਹੈ।ਇਸ 'ਤੇ ਗੱਲ ਇਸ ਲਈ ਕਰ ਰਹੇ ਹਾਂ,ਕਿਉਂਕਿ ਅੱਤਵਾਦ ਤੇ ਸਰਕਾਰੀ ਅੱਤਵਾਦ ਵਰਗੇ ਮਸਲਿਆਂ 'ਤੇ ਸਮਾਜ ਦੇ ਸਮਝਦਾਰ ਕਹਾਉਂਦੇ ਤਬਕੇ ਦੇ ਵਿਚਾਰ ਸਰਕਾਰੀ ਅਮਲੇ ਦੇ ਪੱਖ 'ਚ ਭੁਗਤਣੇ ਸ਼ੁਰੂ ਹੋ ਜਾਂਦੇ ਹਨ।ਅੱਤਵਾਦ ਦੇ ਪੈਦਾ ਹੋਣ ਦੇ ਤਾਂ ਕੋਈ ਨਾ ਕੋਈ ਕਾਰਨ(ਬੇਇੰਸਾਫੀ,ਨਾਬਰਾਬਰੀ,ਕੈਟ ਜਾਂ ਡੁਪਲੀਕੇਟ ਅੱਤਵਾਦ,ਮੌਸਾਦ,ਸੀ ਆਈ ਏ,ਰਾਅ ਆਦਿ ਅੱਤਵਾਦ)ਹੋਣਗੇ,ਪਰ ਸਰਕਾਰੀ ਅੱਤਵਾਦ ਹਮੇਸ਼ਾਂ ਬੇਦਲੀਲ ਜਾਰੀ ਕਿਉਂ ਰਹਿੰਦਾ ਹੈ,ਇਸ ਵੱਲ ਧਿਆਨ ਦੇਣ ਦੀ ਲੋੜ ਹੈ।ਇਸ ਦੌਰ 'ਚ ਸਮਾਜਿਕ-ਆਰਥਿਕ ਤੇ ਕੌਮੀ ਲੜਾਈਆਂਨੂੰ ਲਗਾਤਾਰ ਅੱਤਵਾਦੀ ਐਲਾਨਿਆ ਜਾ ਰਿਹਾ ਹੈ।ਸਿਆਸੀ ਹਿੰਸਾ ਨੂੰ ਅਰਾਜਕ ਹਿੰਸਾ ਦੀ ਪ੍ਰਭਾਸ਼ਾ ਦਿੱਤੀ ਜਾ ਰਹੀ ਹੈ।ਅਜਿਹੇ 'ਚ ਸਰਕਾਰੀ ਅੱਤਵਾਦ ਤੇ ਅੱਤਵਾਦ ਬਾਰੇ ਸਮਝ ਬਣਾਉਣਾ ਅਹਿਮ ਮਸਲਾ ਹੈ।ਯਾਦ ਰਹੇ ਕਿ ਹੁਣ ਤੱਕ ਦੁਨੀਆ ਨੂੰ ਅੱਤਵਾਦੀ ਐਲਾਨਣ ਦਾ ਠੇਕਾ ਸਿਰਫ ਅਮਰੀਕਾ ਕੋਲ ਹੈ।ਯੂ.ਐੱਨ 'ਚ ਅੱਤਵਾਦ ਦੀ ਪ੍ਰਭਾਸ਼ਾ 'ਤੇ ਕੋਈ ਸਾਂਝੀ ਸਹਿਮਤੀ ਨਹੀਂ ਬਣੀ ਹੈ।ਖੈਰ ਅੱਤਵਾਦ 'ਤੇ ਲੰਮੀ ਚਰਚਾ ਕਦੇ ਫੇਰ,ਫਿਲਹਾਲ ਅਮਰੀਕੀ ਅਰਥਸਾਸ਼ਤਰੀ,ਵਾਲ ਸਟਰੀਟ ਜਰਨਲ ਤੇ ਬਿਜ਼ਨਸ ਵੀਕ ਦੇ ਸਾਬਕਾ ਸੰਪਾਦਕ,ਅਮਰੀਕਾ ਦੀ ਟ੍ਰੇਜ਼ਰੀ ਫਾਰ ਇਕਨਾਮਿਕ ਪਾਲਿਸੀ ਦੇ ਸਹਾਇਕ ਸਕੱਤਰ ਪਾਲ ਕ੍ਰੈਗ ਰਾਬਰਟਸ ਦਾ ਓਸਾਮਾ ਬਿਨ ਲਾਦੇਨ ਦੇ ਵਰਤਾਰੇ 'ਤੇ ਅਮਰੀਕੀ ਅਰਥਚਾਰੇ ਨੂੰ ਘੋਖਦਾ ਲੇਖ ਪੜ੍ਹੋ।--ਯਾਦਵਿੰਦਰ ਕਰਫਿਊ

ਜੇ ਅੱਜ 2 ਮਈ ਦੀ ਥਾਂ 1 ਅਪ੍ਰੈਲ ਹੁੰਦਾ ਤਾਂ ਅਸੀਂ ਓਸਾਮਾ ਬਿਨ ਲਾਦੇਨ ਦੇ ਪਾਕਿਸਤਾਨ 'ਚ ਮਾਰੇ ਜਾਣ ਤੇ ਛੇਤੀ ਸਮੁੰਦਰ 'ਚ ਸੁੱਟੇ ਜਾਣ ਨੂੰ ਅਪ੍ਰੈਲ ਫੂਲ਼ ਦੇ ਦਿਨ ਦੇ ਮਜ਼ਾਕ ਦੇ ਰੂਪ 'ਚ ਰੱਦ ਕਰ ਸਕਦੇ ਸੀ।ਪਰ ਇਸ ਘਟਨਾ ਦੇ ਅਰਥਾਂ ਨੂੰ ਸਮਝਦੇ ਹੋਏ ਸਾਨੂੰ ਇਸ ਗੱਲ ਨੂੰ ਸਬੂਤ ਦੇ ਰੂਪ 'ਚ ਲੈ ਲੈਣਾ ਚਾਹੀਦਾ ਹੈ ਕਿ ਅਮਰੀਕੀ ਸਰਕਾਰ ਨੂੰ ਅਮਰੀਕੀਆਂ ਦੀ ਲਾਪਰਵਾਹੀ 'ਤੇ ਬੇਹੱਦ ਭਰੋਸਾ ਹੈ।

ਜ਼ਰਾ ਸੋਚੋ।ਇਕ ਆਦਮੀ ਜੋ ਕਥਿਤ ਰੂਪ 'ਚ ਗੁਰਦਿਆਂ ਦੀ ਬਿਮਾਰੀ ਤੋਂ ਪੀੜ੍ਹਤ ਹੈ ਤੇ ਜਿਸ ਨੂੰ ਨਾਲ ਸ਼ੂਗਰ ਤੇ ਬਲੱਡ ਪ੍ਰੈਸ਼ਰ ਵੀ ਹੋਵੇ ਤੇ ਉਸਨੂੰ ਡਾਇਲਸੈਸ ਦੀ ਜ਼ਰੂਰਤ ਹੋਵੇ,ਉਸਦੀ ਇਕ ਦਹਾਕੇ ਤੋਂ ਖੁਫੀਆ ਪਹਾੜੀ ਇਲਾਕਿਆਂ 'ਚ ਲੁਕੇ ਰਹਿਣ ਦੀ ਕਿੰਨੀ ਗੰਜ਼ਾਇਸ਼ ਹੈ ?ਜੇ ਬਿਨ ਲਾਦੇਨ ਆਪਣੇ ਲਈ ਜ਼ਰੂਰੀ ਡਾਇਲਸੈਸ ਦੇ ਸਾਜ਼ੋ ਸਮਾਨ ਤੇ ਡਾਕਟਰੀ ਦੇਖ ਰੇਖ ਜੁਟਾ ਲੈਣ 'ਚ ਕਾਮਯਾਬ ਵੀ ਹੋ ਗਿਆ ਸੀ ਤਾਂ ਕਿ ਇਨ੍ਹਾਂ ਡਾਕਟਰੀ ਸਾਜ਼ੋ ਸਮਾਨਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਇਸ ਗੱਲ ਦਾ ਭਾਂਡਾ ਭੰਨ੍ਹ ਦਿੰਦੀ ਹੈ,ਕਿ ਉਹ ਓਥੇ ਲੁਕਿਆ ਹੋਇਆ ਸੀ?ਫਿਰ ਉਸਨੂੰ ਲੱਭਣ ਵਾਸਤੇ ਦਸ ਸਾਲ ਕਿਵੇਂ ਲੱਗ ਗਏ ?

ਬਿਨ ਲਾਦੇਨ ਦੀ ਮੌਤ ਦਾ ਜਸ਼ਨ ਮਨਾ ਰਹੇ ਅਮਰੀਕੀ ਮੀਡੀਆ ਤੇ ਦੂਜੇ ਦਾਅਵਿਆਂ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ।ਉਨ੍ਹਾਂ(ਅਮਰੀਕਾ)ਦਾ ਦਾਅਵਾ ਹੈ ਕਿ ਬਿਨ ਲਾਦੇਨ ਨੇ ਆਪਣੇ ਦਸਾਂ ਲੱਖਾਂ ਰੁਪਏ ਖਰਚ ਕਰਕੇ ਸੂਡਾਨ,ਫਿਲੀਪੀਨਜ਼,ਅਫਗਾਨਿਸਤਾਨ 'ਚ ਆਪਣੇ ਅੱਤਵਾਦੀ ਟਰੇਨਿੰਗ ਦੇ ਅੱਡੇ ਖੜ੍ਹੇ ਕੀਤੇ।'ਪਵਿੱਤਰ ਲੜਾਕੂਆਂ' ਨੂੰ aੁੱਤਰੀ ਅਫਰੀਕਾ,ਚੇਚਨੀਆ,ਤਜਾਕਿਸਤਾਨ ਤੇ ਬੋਸਨੀਆ 'ਚ ਕੱਟੜਪੰਥੀ ਮੁਸਲਮਾਨ ਕਰਮੀਆਂ ਦੇ ਖਿਲਾਫ ਲੜਨ ਤੇ ਕ੍ਰਾਂਤੀ ਭੜਕਾਉਣ ਲਈ ਭੇਜਿਆ।ਐਨੇ ਸਾਰੇ ਕਾਰਨਾਮਿਆਂ ਦੇ ਲਈ ਇਹ ਰਕਮ ਤਾਂ aੁੱਠ ਦੇ ਮੂੰਹ 'ਚ ਜ਼ੀਰਾ ਦੇਣ ਦੇ ਬਰਾਬਰ ਹੈ।ਪਰ ਅਸਲੀ ਸਵਾਲ ਇਹ ਹੈ ਕਿ ਬਿਨ ਲਾਦੇਨ ਆਪਣੀ ਰਕਮ ਭੇਜਨ 'ਚ ਸਮਰੱਥ ਕਿਵੇਂ ਹੋਇਆ ?ਕਿਹੜੀ ਬੈਂਕਿੰਗ ਪ੍ਰਣਾਲੀ ਉਸਦੀ ਮਦਦ ਕਰ ਰਹੀ ਸੀ ?ਅਮਰੀਕੀ ਸਰਕਾਰ ਤਾਂ ਵਿਅਕਤੀਆਂ ਤੇ ਪੂਰੇ ਦੇ ਪੂਰੇ ਦੇਸ਼ਾਂ ਦੀਆਂ ਜਾਇਦਾਦਾਂ ਕੁਰਕ ਕਰਦੀ ਰਹੀ ਹੈ।ਲੀਬੀਆ ਹੁਣੇ ਹੁਣੇ ਦੀ ਉਦਾਹਰਨ ਹੈ।ਫਿਰ ਬਿਨ ਲਾਦੇਨ ਦੀ ਜਾਇਦਾਦ ਕੁਰਕ ਕਿਉਂ ਨਹੀਂ ਕੀਤੀ ਗਈ ?ਕੀ ਲਾਦੇਨ ੧੦੦ ਮਿਲੀਅਨ ਡਾਲਰ ਦੀ ਜਾਇਦਾਦ ਸੋਨੇ ਦੇ ਸਿੱਕਿਆਂ ਦੇ ਰੂਪ 'ਚ ਲੈ ਕੇ ਚਲਦਾ ਸੀ ਤੇ ਆਪਣੀ ਮੁਹਿੰਮਾਂ ਨੂੰ ਪੂਰਾ ਕਰਨ ਲਈ ਦੂਤਾਂ ਦੇ ਜ਼ਰੀਏ ਰਕਮ ਭੇਜਦਾ ਸੀ ?

ਮੈਨੂੰ ਇਹ ਸੁਰਖੀਆਂ 'ਚੋਂ ਨਵੀਂ ਨਾਟਕੀ ਭਿਣਕ ਆ ਰਹੀ ਹੈ।ਇਹ ਭਿਣਕ ਜਿੱਤ ਦੇ ਜਸ਼ਨ 'ਚ ਡੁੱਬੀਆਂ ਅਤਿਕੱਥਨੀਆਂ 'ਚ ਭਰੀਆਂ ਖ਼ਬਰਾਂ 'ਚੋਂ ਚੋਅ ਰਹੀ ਹੈ।ਜਿਸ 'ਚ ਜਸ਼ਨ 'ਚ ਡੁੱਬੇ ਲੋਕ ਝੰਡੇ ਲਹਿਰਾ ਰਹੇ ਹਨ ਤੇ ਅਮਰੀਕਾ -ਅਮਰੀਕਾ ਦਾ ਮੰਤਰ ਜਪ ਰਹੇ ਹਨ।ਕੀ ਅਜਿਹੀ ਕੋਈ ਘਟਨਾ ਸੱਚਮੁੱਚ ਹੋਈ ਹੈ ?

ਇਸ 'ਚ ਕੋਈ ਸ਼ੱਕ ਨਹੀਂ ਹੈ,ਕਿ ਓਬਾਮਾ ਨੂੰ ਜਿੱਤ ਦੀ ਬੇਹੱਦ ਜ਼ਰੂਰਤ ਨਹੀਂ ਸੀ।ਉਸਨੇ ਅਫਗਾਨਿਸਤਾਨ ਦੇ ਯੁੱਧ ਨੂੰ ਮੁੜ ਤੋਂ ਸ਼ੁਰੂ ਕਰਕੇ ਮੂਰਖਤਾ ਭਰੀ ਗਲਤੀ ਕੀਤੀ ਤੇ ਹੁਣ ਇਕ ਦਹਾਕਾ ਲੰਮੀ ਲੜਾਈ ਤੋਂ ਬਾਅਦ ਓਬਾਮਾ ਜੇ ਹਾਰ ਨਹੀਂ ਰਿਹਾ ਤਾਂ ਆਪਣੇ ਆਪ 'ਚ ਠਹਿਰਾ 'ਚ ਫਸਿਆ ਜ਼ਰੂਰ ਮਹਿਸੂਸ ਕਰ ਰਿਹਾ ਹੈ।ਬੁਸ਼ ਤੇ ਓਬਾਮਾ ਦੇ ਜੰਗੀ ਕਾਰਜਕਾਲ ਨੇ ਅਮਰੀਕਾ ਦਾ ਦੀਵਾਲਾ ਕੱਢ ਦਿੱਤਾ ਹੈ।ਉਸੇ ਭਾਰੀ ਘਾਟੇ ਤੇ ਡਾਲਰ ਦੀ ਪਤਲੀ ਹੁੰਦੀ ਹਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਫਿਰ ਚੋਣਾਂ ਵੀ ਬਹੁਤ ਨੇੜੇ ਆ ਰਹੀਆਂ ਹਨ।

ਪਿਛਲੀਆਂ ਅਨੇਕਾਂ ਸਰਕਾਰਾਂ ਦੁਆਰਾ 'ਵੱਡੇ ਕਤਲੇਆਮਾਂ ਦੇ ਹਥਿਆਰਾਂ' ਜਿਹੇ ਤਰ੍ਹਾਂ ਤਰ੍ਹਾਂ ਦੇ ਝੂਠਾਂ ਤੇ ਹੱਥਕੰਡਿਆਂ ਦਾ ਨਤੀਜਾ ਅਮਰੀਕਾ ਤੇ ਦੁਨੀਆਂ ਲਈ ਬਹੁਤ ਭਿਆਨਕ ਰਿਹਾ ਹੈ,ਪਰ ਸਾਰੇ ਹੱਥਕੰਥੇ ਇਕ ਤਰ੍ਹਾਂ ਦੇ ਨਹੀਂ ਸੀ।ਯਾਦ ਰਹੇ,ਅਫਗਾਨਿਸਤਾਨ 'ਤੇ ਹਮਲੇ ਦੀ ਇਕੋ ਕਾਰਨ ਦੱਸਿਆ ਗਿਆ ਸੀ--ਓਸਾਮਾ ਨੂੰ ਫੜ੍ਹਨਾ।ਹੁਣ ਓਬਾਮਾ ਨੇ ਐਲਾਨ ਕੀਤਾ ਹੈ ਕਿ ਬਿਨ ਲਾਦੇਨ ਅਮਰੀਕੀ ਸੁਰੱਖਿਆ ਦਸਤਿਆਂ ਦੁਆਰਾ ਇਕ ਅਜ਼ਾਦ ਦੇਸ਼ 'ਚ ਕੀਤੀ ਗਈ ਕਾਰਵਾਈ 'ਚ ਮਾਰਿਆ ਗਿਆ ਹੈ ਤੇ ਉਸਨੂੰ ਸਮੁੰਦਰ 'ਚ ਸਪੁਰਦ-ਏ-ਖ਼ਾਕ ਕੀਤਾ ਗਿਆ ਹੈ ਤੇ ਹੁਣ ਯੁੱਧ ਜਾਰੀ ਰੱਖਣ ਦੀ ਕੋਈ ਵਜ੍ਹਾ ਨਹੀਂ ਹੈ।

ਸ਼ਾਇਦ ਦੁਨੀਆ ਦੇ ਵਿੱਤੀ ਬਜ਼ਾਰ 'ਚ ਅਮਰੀਕੀ ਡਾਲਰ ਦੀ ਭਾਰੀ ਨਿਘਾਰ ਨੇ ਕੁਝ ਅਮਲੀ ਬਜਟ ਕਟੌਤੀਆਂ ਦੇ ਲਈ ਮਜ਼ਬੂਰ ਕੀਤਾ ਹੈ।ਇਹ ਸਿਰਫ ਉਦੋਂ ਹੀ ਸੰਭਵ ਹੈ,ਜਦੋਂ ਅੰਤਹੀਨ ਯੁੱਧਾਂ ਨੂੰ ਰੋਕਿਆ ਜਾ ਸਕੇ।ਅਜਿਹੇ 'ਚ ਜਾਣਕਾਰਾਂ ਦੀ ਰਾਇ 'ਚ ਬਹੁਤ ਪਹਿਲਾਂ ਮਰ ਚੁੱਕੇ ਓਸਾਮਾ ਬਿਨ ਲਾਦੇਨ ਨੂੰ ਡਾਲਰਾਂ ਦੇ ਪੂਰੀ ਤਰ੍ਹਾਂ ਧੂੜ 'ਚ ਰੁਲ ਜਾਣ ਤੋਂ ਪਹਿਲਾਂ ਇਕ ਵਰਤੋਂ ਯੋਗ ਹਊਏ ਦੇ ਰੂਪ 'ਚ ਅਮਰੀਕੀ ਫੌਜੀ ਤੇ ਸੁਰੱਖਿਆ ਗਠਜੋੜ ਦੇ ਮੁਨਾਫੇ ਲਈ ਵਰਤਿਆ ਗਿਆ ਹੈ।

Friday, February 6, 2009

ਬੇਲ ਆਊਟ ਪੈਕੇਜ: ਤੁਹਾਡੀ ਜੇਬੋਂ ਲੁਟੇਰਿਆਂ ਦੀ ਮਦਦ

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਪੂਰਾ ਯੋਰਪੀ ਤੇ ਪੱਛਮੀ ਸਮਾਜ ਫਾਸ਼ੀਵਾਦੀਆਂ ਦੀ ਮਾਰ ਤੋਂ ਉੱਭਰ ਰਿਹਾ ਸੀ ਤਾਂ ਸਮਾਜ ਦੀ ਅਸੰਤੁਸ਼ਟਤਾ ਨੂੰ ਸਮਝਦਿਆਂ ਸਰਮਾਏਦਾਰੀ ਨੇ “ਵੈਲਫੇਅਰ ਸਟੇਟ” ਨੂੰ ਉਤਸ਼ਾਹਿਤ ਕੀਤਾ,ਪਰ ਕੁਝ ਸਮਾਂ ਪੈਂਦਿਆਂ ਹੀ ਉੱਤਰ-ਆਧੁਨਿਕਤਾਵਾਦੀ ਬੁੱਧੀਜੀਵੀਆਂ ਨੇ “ਇਤਿਹਾਸ ਦੇ ਅੰਤ” ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ।ਜਿਸਨੂੰ ਅਧਾਰ ਬਣਾਉਂਦਿਆਂ ਪੱਛਮ ਤੇ ਯੂਰਪ ਦੇ ਸ਼ਾਸ਼ਕਾਂ ਨੇ ਸਟੇਟਾਂ ਨੂੰ ਪੂਰਨ ਰੂਪ ‘ਚ ਸਰਮਾਏਦਾਰੀ ਦੇ ਹੱਥਾਂ ‘ਚ ਸੋਂਪ ਦਿੱਤਾ ਸੀ।ਰਾਸ਼ਟਰੀ ਮਨੁੱਖੀ ਸਰੋਤਾਂ ਦਾ ਨਿੱਜੀਕਰਨ ਕਰ ਦਿੱਤਾ ਗਿਆ।ਜਿਸਦੀ ਲਹਿਰ ਪੂਰੇ ਵਿਸ਼ਵ ‘ਚ ਤਰ੍ਹਾਂ ਤਰ੍ਹਾਂ ਦੇ ਨਾਵਾਂ(ਵਿਸ਼ਵੀਕਰਨ,ਉਦਾਰੀਕਰਨ,ਨਿਗਮੀਕਰਨ ਆਦਿ ਆਦਿ) ਨਾਲ ਚਲਾਈ।ਲੋਕਾਂ ਹਿੱਤਾਂ ਨਾਂਅ ਨਾਲ ਪਰਿਭਾਸ਼ਿਤ ਲੋਕਤੰਤਰੀ ਸਟੇਟਾਂ ਨੂੰ ਮੁਨਾਫਾਖੋਰੀ ਦਾ ਗੁਰ ਸਿਖਾਇਆ ਗਿਆ।ਪਰ ਅੱਜ ਜਦੋਂ “ਆਰਥਿਕ ਮੰਦੀ” ਪੂੰਜੀਵਾਦੀ ਸਿਸਟਮ ਲਈ ਕਬਰ ਬਣੀ ਖੜ੍ਹੀ ਹੈ ਤਾਂ ਯੋਰਪ ਤੇ ਪੱਛਮ ਦੇ ਹਜ਼ਾਰਾਂ ਸਕੂਲਾਂ,ਹਸਪਤਾਲਾਂ ਆਦਿ ਦਾ ਰਾਸ਼ਟਰੀਕਰਨ ਕੀਤਾ ਜਾ ਰਿਹਾ ਹੈ ਤੇ ਉੱਤਰ-ਆਧੁਨਿਕਤਾਵਾਦੀ ਕਿਸੇ ਹੋਰ ਹੱਲ ਦੀ ਤਲਾਸ਼ ਹਨ।ਪੂੰਜੀਵਾਦ ਯੁੱਗ ਦੇ ਹੁਣ ਤਕ ਦੇ ਸਭਤੋਂ ਵੱਡੇ ਇਤਿਹਾਸਿਕ ਸੰਕਟ ਨੇ ਸਾਬਿਤ ਕਰ ਦਿੱਤਾ ਕਿ ਇਹ ਸਿਰਫ ਤੇ ਸਿਰਫ ਵਕਤੀ ਸੰਕਟ ਨਹੀਂ ਬਲਕਿ ਪੂਰਨ ਰੂਪ ‘ਚ ਇਕ ਮਨੁੱਖਤਾ ਵਿਰੋਧੀਆਂ ਵਿਵਸਥਾ ਦੀਆਂ ਨੀਤੀਆਂ ਦੀ ਹਾਰ ਹੈ।ਪਰ ਇਸ ਸਭ ਦੇ ਬਾਵਜੂਦ ਵੀ ਵਿਵਸਥਾ ਅਪਣੇ ਆਪ ਤੇ ਅਪਣੇ ਦਲਾਲਾਂ ਨੂੰ ਬਚਾਉਣ ਲਈ ਪੂਰੀ ਤਤਪਰ ਹੈ।ਦਵਿੰਦਰ ਪਾਲ ਦੀ ਲ਼ਿਖਤ ਇਸਤੇ ਵਿਸਥਾਰ ਸਹਿਤ ਝਾਤ ਪਾਉਂਦੀ ਹੈ…ਯਾਦਵਿੰਦਰ ਕਰਫਿਊ





ਆਰਥਿਕ ਮੰਦੀ ਨੇ ਕਈ ਨਵੇਂ ਸ਼ਬਦਾਂ ਨੂੰ ਆਮ ਇਨਸਾਨ ਦੀ ਰੋਜ਼ਾਨਾ ਬੋਲਚਾਲ ਦੀ ਭਾਸ਼ਾ ‘ਚ ਜੋੜ ਦਿੱਤਾ ਹੈ। ‘ਇਕੋਨੋਮਿਕ ਡਾਊਨਫਾਲ, ਜੋਬਲੋਸ, ਮਾਰਕਿਟ ਫੇਲਯਰ ਆਦੀ ਸ਼ਬਦਾਂ ਨਾਲ ਲਗਾਤਾਰ ਅਮਰੀਕੀ ਖ਼ਬਰਾਂ ‘ਚੋਂ ਛਣ ਕੇ ਸਾਡੇ ਤੱਕ ਇੱਕ ਸ਼ਬਦ ਆਉਂਦਾ ਰਿਹਾ ਏ, ‘ਬੇਲ ਆਊਟ ਪੈਕੇਜ’, ਜਿਸਦਾ ਮਤਲਬ ਹੁੰਦਾ ਹੈ ਮੁਸੀਬਤ ‘ਚ ਫਸੀ ਤੇ ਦਿਵਾਲੀਆ ਹੋ ਰਹੀ ਇੱਕ ਵੱਡੀ ਕਾਰਪੋਰੇਸ਼ਨ ਨੂੰ ਸਰਕਾਰ ਵੱਲੋਂ ਆਰਥਿਕ ਮਦਦ ਦੇਣਾ। ਹੁਣ ਇਹਨੀਂ ਦਿਨੀਂ ਵੱਡੇ ਘੁਟਾਲੇ ‘ਚੋਂ ਨੰਗ ਹੋਈ ਭਾਰਤੀ ਕੰਪਨੀ ‘ਸੱਤਿਅਮ’ ਨੂੰ ਵੀ ਕਦੇ 1,000 ਤੇ ਕਦੇ 2,000 ਕਰੋੜ ਦੇ ਬੇਲਆਊਟ ਪੈਕੇਜ ਦਿੱਤੇ ਜਾਣ ਦੀ ਗੱਲ ਲਗਾਤਾਰ ਆਈ ਹੈ।ਜ਼ਰਾ ਕੁ ਪਿਛਾਂਹ ਝਾਕੀਏ ਤਾਂ ਲੰਘੇ ਮਹੀਨਿਆਂ ‘ਚ ਆਰਥਿਕ ਮੰਦੀ ਦੀ ਮਾਰ ਹੇਠ ਆਉਣ ਮਗਰੋਂ ਦੁਨੀਆ ਦੇ ਸਭ ਤੋਂ ਵੱਡੇ ਬੈਂਕ ਤੇ ਵਿੱਤੀ ਸੰਸਥਾਵਾਂ ਫੇਲ੍ਹ ਹੋਣ ਲੱਗੀਆਂ। ਗਲਤ ਨੀਤੀਆਂ, ਸੱਭ ਤੋਂ ਉੱਚੇ ਪ੍ਰਬੰਧਕੀ ਅਹੁਦਿਆਂ ‘ਤੇ ਬੈਠੇ ਲੋਕਾਂ ਦੇ ਵਾਧੂ ਖਰਚਿਆਂ, ਬਜ਼ਾਰ ‘ਚ ਵਧਦੇ ਡਰ ਕਾਰਨ ਲਗਾਤਾਰ ਪੈਸਾ ਬਚਤ ਖਾਤਿਆਂ ‘ਚੋਂ ਮੁੱਕਦਾ ਗਿਆ। ਕਰਜ਼ੇ ਵਧਣ ਲੱਗੇ ਤੇ ਸੀਣਾਂ ਤੋਂ ਪਾਟਣ ਨੂੰ ਆਏ ਬੈਂਕ ਆਖਿਰ ਵਿਕਣ ਕੰਢੇ ਆ ਗਏ। ਫੈਨੀ ਮੀਂਡਸ, ਫਰੈਡੀ ਮੈਕ, ਇੰਨਸ਼ੋਰੈਂਸ ਅਮਰੀਕਾ ਇੰਟਰਨੈਸ਼ਨਲ ਤੇ ਨਾਲ ਹੀ ਸ਼ੇਅਰ ਬਜ਼ਾਰ ਦਾ ਵੱਡਾ ਨਾਂ ਲੈਹਮਨ ਬਰਦਰਜ਼ ਆਦਿ ਦੇ ਬੇੜੇ ਡੁੱਬਣ ਲੱਗੇ ਤੇ ਆਖਿਰ ਨੂੰ ਵਾਸ਼ਿੰਗਟਨ ਮੇਚੁਅਲ ਵੀ ਡੁੱਬ ਗਿਆ। ਆਖਿਰੀ ਖ਼ਬਰਾਂ ਤੱਕ ਜਾਣਕਾਰੀਆਂ ਇਹ ਵੀ ਰਹੀਆਂ ਨੇ ਕਿ ਬੈਂਕ ਆਫ ਅਮੇਰਿਕਾ ਜਿਹੜਾ ਆਪਣੀ ਜਾਇਦਾਦ ਦੇ ਹਿਸਾਬ ਅਮਰੀਕਾ ਦਾ ਸਭ ਤੋਂ ਵੱਡਾ ਬੈਂਕ ਬਣਦਾ ਹੈ ਨੂੰ ਵੀ ਸਰਕਾਰ ਤੋਂ 138 ਅਰਬ ਡਾਲਰ ਦੀ ਮਦਦ ਲੈਣੀ ਪਈ।ਇਸ ਜ਼ਰੂਰਤ ਦਾ ਕਾਰਨ ਸੀ ਬੈਂਕ ਵੱਲੋਂ ਮੈਰਿਲ ਲਿੰਚ ਤੇ ਹੋਰ ਅਜਿਹੀਆਂ ਡੁੱਬ ਰਹੀਆਂ ਫਰਮਾਂ ਨੂੰ ਲਗਾਤਾਰ ਖਰੀਦੇ ਜਾਣਾ, ਹਾਲਾਂਕਿ ਇਹ ਖਰੀਦਦਾਰੀ ਕੌਡੀਆਂ ਦੇ ਭਾਅ ਹੋਈ ਸੀ ਪਰ ਫੇਰ ਵੀ ਪੈਸਾ ਏਨਾ ਕੁ ਸੀ ਕਿ ਜੇਬਾਂ ਖਾਲੀ ਹੋ ਗਈਆਂ। ਸੋ ਆਖਿਰ ਨੂੰ ਸਰਕਾਰ ਅੱਗੇ ਹੱਥ ਅੱਡੇ। ਇਸ ਅੱਡੇ ਹੋਏ ਹੱਥ ‘ਚ ਪੈਸਾ ਪਾਉਣ ਨੂੰ ਸੱਭਿਅਕ ਭਾਸ਼ਾ ‘ਚ ‘ਬੇਲ ਆਊਟ ਪੈਕੇਜ’ ਕਿਹਾ ਜਾਂਦਾ ਹੈ।ਅਜਿਹੇ ਕਿਸੇ ਕਿਸਮ ਦੇ ਸਰਕਾਰੀ ਪੈਸੇ ਦੇ ਦਾਨ ਨੂੰ ਸਵਾਲੀਆ ਨਿਸ਼ਾਨਾਂ ਦੇ ਘੇਰੇ ‘ਚ ਆਉਣ ਤੋਂ ਬਚਾਉਣ ਲਈ ਪਹਿਲੋਂ ਵੱਡੀ ਸਕੀਮ ਬੰਨ੍ਹੀ ਜਾਂਦੀ ਹੈ।
ਜਿਹੜੀ ਕੰਪਨੀ ਨੂੰ ਪੈਸਾ ਦੇਣਾ ਹੋਵੇ ਪਹਿਲੋਂ ਓਸ ਦੀਆਂ ਖ਼ਾਸੀਅਤਾਂ ਤੇ ਓਸ ਦੇ ਫੇਲ੍ਹ ਹੋਣ ਦੇ ਨੁਕਸਾਨ ਗਿਣਾਏ ਜਾਂਦੇ ਨੇ। ਅਜਿਹੀ ਨਿੱਜੀ ਕੰਪਨੀ ਨੂੰ ਰਾਸ਼ਟਰੀ ਧਰੋਹਰ, ਰੋਜ਼ਗਾਰ ਪੈਦਾਇਸ਼ੀ ਦਾ ਵੱਡਾ ਤੇ ਵਧੀਆ ਮਾਧਿਅਮ, ਮੁਲਕ ਦੀ ਇੱਜ਼ਤ ਦਾ ਸਵਾਲ ਤੱਕ ਬਣਾ ਦਿਤਾ ਜਾਂਦਾ ਹੈ।ਹਮੇਸ਼ਾਂ ਇਹੋ ਗਿਣਾਇਆ ਜਾਂਦਾ ਹੈ ਕਿ ਇਸ ਕੰਪਨੀ ਨੇ ਫਲਾਣੇ ਪ੍ਰੋਜੈਕਟ ਜਾਂ ਪ੍ਰੋਡਕਟ ਬਣਾਏ ਸਨ, ਏਨੇ ਹਜ਼ਾਰ ਲੋਕ ਨੌਕਰੀ ਰੱਖੇ ਸਨ ਤੇ ਇਸ ਕੰਪਨੀ ਦਾ ਡੁੱਬ ਜਾਣਾ ਨਮੋਸ਼ੀ, ਦੁੱਖ ਤੇ ਬਜ਼ਾਰ ‘ਚ ਵੱਡੇ ਘਾਟਿਆਂ ਦਾ ਕਾਰਨ ਬਣ ਸਕਦਾ ਹੈ। ਅਜਿਹੀ ਕੰਪਨੀ ਦੇ ਬਚਾਅ ਨੂੰ ਹੌਲੀ ਹੌਲੀ ਇੱਕ ਮੁਨਾਫਾਖੋਰ ਨਿੱਜੀ ਅਦਾਰੇ ਦੀ ਜ਼ਰੂਰਤ ਹੋਣ ਦੀ ਥਾਂ ਕੌਮੀ ਜ਼ਰੂਰਤ ਤੇ ਕੌਮੀ ਸਾਖ਼ ਦਾ ਸਵਾਲ ਬਣਾ ਦਿੱਤਾ ਜਾਂਦਾ ਹੈ। ਜੇ ਨਹੀਂ ਦੱਸਿਆ ਜਾਂਦਾ ਤਾਂ ਇਹ ਕਦੇ ਵੀ ਸਾਫ ਨਹੀਂ ਦੱਸਿਆ ਜਾਂਦਾ ਕਿ ਇਹਨਾਂ ਕੰਪਨੀਆਂ ਨੂੰ ਚਲਾਉਣ ਵਾਲੇ ਧੰਨਾ ਸੇਠਾਂ ਦੇ ਬੰਗਲੇ ਦੀ ਕੀਮਤ ਕਿੰਨੀ ਹੈ, ਇਹ ਕਦੇ ਨਹੀਂ ਪਤਾ ਲਗਦਾ ਕਿ ਇਹਨਾਂ ‘ਪੇਜ ਥ੍ਰੀ’ ਸ਼ਖਸੀਅਤਾਂ ਦੀਆਂ ਪਾਰਟੀਆਂ ਦੀ ਕੀਮਤ ਕਰੋੜਾਂ ‘ਚ ਬੈਠਦੀ ਹੈ ਤੇ ਜਨਮਦਿਨ ‘ਤੇ ਪਤਨੀ ਨੂੰ ਹਵਾਈ ਜਹਾਜ਼ ਵਰਗੇ ਗਿਫਟ ਵੀ ਦਿੱਤੇ ਜਾਂਦੇ ਨੇ ਤੇ ਜਦੋਂ ਬਜ਼ਾਰ ‘ਚੋਂ ਕੁਝ ਕੁ ਘਾਟਾ ਪੈਣਾ ਸ਼ੁਰੂ ਹੁੰਦਾ ਹੈ ਤਾਂ ਧੜਾਧੜ ਹਜ਼ਾਰਾਂ ਦੀ ਗਿਣਤੀ ‘ਚ ਮੁਲਾਜ਼ਮ ਨੌਕਰੀਓਂ ਕੱਢੇ ਜਾਂਦੇ ਹਨ। ਜੋ ਅਸਰ ਹੁੰਦਾ ਹੈ ਓਹਨੂੰ ਸਭ ਜਾਣਦੇ ਹਨ। ਜਾਂਚ ਦੇ ਨਾਂ ‘ਤੇ ਸੇਬੀ ਵਰਗੇ ਬਗੈਰ ਦੰਦਿਆਂ ਵਾਲੇ ਆਰੇ ਤੇ ਦੰਦ ਬੋੜੇ ਸ਼ੇਰ ਖੜੇ ਕੀਤ ਗਏ ਨੇ।
ਤੁਸੀਂ ਕਦੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਏ ਕਿ ਕੇਤਨ ਪਾਰਿਖ, ਹਰਸ਼ਦ ਮਹਿਤਾ ਤੇ ਰਾਮਾਲਿੰਗਾ ਰਾਜੂ ਵਰਗੇ ਤੇਜ਼ ਤਰਾਰ ਦਿਮਾਗ ਇਹਨਾਂ ਕਾਰਪੋਰੇਸ਼ਨਾਂ ਲਈ ਕੰਮ ਕਰਦੇ ਨੇ, ਪਰ ਇਹੋ ਜਿਹੇ ਦਿਮਾਗ ਸੇਬੀ ਵਰਗੀਆਂ ਸੰਸਥਾਵਾਂ ਕੋਲ ਕਿਉਂ ਨਹੀਂ ਹੁੰਦੇ। ਜੁਰਮ ਨੂੰ ਰੋਕਣ ਵਾਲੇ ਵੀ ਓਡੇ ਹੀ ਸਿਆਣੇ ਹੋਣੇ ਜ਼ਰੂਰੀ ਨੇ ਜਿੱਡੇ ਮੁਜਰਿਮ, ਜੇ ਏਦਾਂ ਨਹੀਂ ਕਰ ਸਕਦੇ ਤਾਂ ਬਾਅਦ ‘ਚ ਜਾਂਚ ਵੀ ਕੀ ਤੋਪ ਚਲਾ ਲਊ, ਕਿਉਂਕਿ ਅਗਲੀ ਵਾਰ ਕੋਈ ਹੋਰ ਨਵਾਂ ਬੰਦਾ ਇਹਨਾਂ ਨੂੰ ਕਮਲਾ ਕਰ ਦਊ ਤੇ ਇਹ ਫੇਰ ਜਾਂਚ ਕਮੇਟੀਆਂ ਜੋਗੇ ਰਹਿ ਜਾਣਗੇ।
ਘਟਦੀਆਂ ਨੌਕਰੀਆਂ ਦਾ ਨਤੀਜਾ ਸਾਫ ਤੌਰ ‘ਤੇ ਵਧਦੀ ਬੇਰੋਜ਼ਗਾਰੀ ਹੁੰਦਾ ਹੈ ਤੇ ਆਖਿਰ ਨੂੰ ਜਨਤਕ ਦਬਾਅ ਸਰਕਾਰਾਂ ਵੱਲ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਕੰਪਨੀਆਂ ਨੂੰ ਅਰਬਾਂ ਦੀ ਰਾਸ਼ੀ ਬੇਲਆਊਟ ਪੈਕੇਜ ਦੇ ਤੌਰ ‘ਤੇ ਦਿੱਤੀ ਜਾ ਸਕੇ। ਪਰ ਇਸ ਸਾਰੇ ਵਰਤਾਰੇ ‘ਚ ਇੱਕ ਵੱਡਾ ਘੁਟਾਲਾ ਚੁੱਪਚਾਪ ਦੱਬ ਜਾਂਦਾ ਹੈ………… ਬਗੈਰ ਕੋਈ ਸਵਾਲ ਉੱਠਿਆਂ। ਜ਼ਰਾ ਕੁ ਸੋਚੋ ਤੇ ਯਾਦ ਆਵੇਗਾ ਕਿ ‘ਫਰੀ ਮਾਰਕਿਟ ਇਕੋਨੋਮੀ’ ਯਾਨੀ ਮੁਕਤ ਬਜ਼ਾਰ ਦੀ ਹਾਮੀ ਭਰਨ ਵਾਲਾ ਹਰ ਸ਼ਖਸ ਸਭ ਤੋਂ ਪਹਿਲੋਂ ਇਹ ਮੰਗਦਾ ਹੈ ਕਿ ਵਪਾਰ ਕਰਨ ਵੇਲੇ ਬਜ਼ਾਰ ਦੇ ਫੈਸਲਿਆਂ ਤੇ ਮੰਗ ਮੁਤਾਬਿਕ ਮੁਨਾਫੇ ਦਾ ਪੱਧਰ ਮਿੱਥਿਆ ਜਾਵੇ। ਬਣਨ ਵਾਲੀ ਚੀਜ਼ ਵਸਤ ਦੇ ਗੁਣ ਬਜ਼ਾਰ ‘ਚ ਮੁਕਾਬਲੇ ਮੁਤਾਬਿਕ ਬਣਾਏ ਜਾਣ ਨਾਂ ਕਿ ਇਨਸਾਨੀ ਜ਼ਰੂਰਤ ਦੇ ਹਿਸਾਬ ਵਧੀਆ ਤੋਂ ਵਧੀਆ ਚੀਜ਼ ਬਣਾਉਨ ਦੀ ਕੋਸ਼ਿਸ਼ ਹੋਵੇ। ਅਮੀਰ ਲਈ ਅਲਰਜੀ ਦੀਆਂ ਦਵਾਈਆਂ ਦੀ ਭਰਮਾਰ ਪਰ ਏਡਜ਼ ਕੈਂਸਰ ਜਾਂ ਮਲੇਰੀਏ ਦੇ ਪੱਕੇ ਇਲਾਜਾਂ ਦੀਆਂ ਦਵਾਈਆਂ ਦੀ ਥੋੜ ਇਸੇ ਸੋਚ ਦਾ ਨਤੀਜਾ ਹੈ।
ਮਿਹਨਤ ਕਰਨ ਵਾਲਿਆਂ ਨੂੰ ਉਜਰਤ ਦੇ ਤੌਰ ‘ਤੇ ਇੱਕ ਘੱਟੋ-ਘੱਟ ਤਨਖਾਹ ਦੇਣ ਮਗਰੋਂ ਜੋ ਮੁਨਾਫਾ ਬਚੇ ਓਹ ਐਸੇ ਆਦਮੀ ਜਾਂ ਬੋਰਡ ਦੀ ਜੇਬ ‘ਚ ਜਾਵੇ ਜਿਹਨੇ ਚੀਜ਼ ਨੂੰ ਬਣਾਉਨ ‘ਚ ਮਿਹਨਤ ਜਾਂ ਅਕਲ ਦੇ ਨਾਂ ‘ਤੇ ਕੋਈ ਯੋਗਦਾਨ ਨਾਂ ਪਾਇਆ ਹੋਵੇ। ਵੱਧ ਤੋਂ ਵੱਧ ਲੋਕਾਂ ਦੀ ਵੱਧ ਤੋਂ ਵੱਧ ਮਿਹਨਤ ਬਦਲੇ ਘੱਟ ਤੋਂ ਘੱਟ ਉਜਰਤ ਦੇ ਕੇ ਆਪਣੀਆਂ ਜੇਬਾਂ ਭਰਨਾ ਮੁਕਤ ਬਜ਼ਾਰ ਦਾ ਸਿੱਧਾ ਅਸੂਲ ਹੈ ਜਿਹੜਾ ਬੇਰੋਜ਼ਗਾਰੀ ਨੂੰ ਘਟਾਉਣ ਜਾਂ ਗਰੀਬਾਂ ਦਾ ਢਿੱਡ ਭਰਨ ਜਿਹਾ ਕੁਝ ਨਹੀਂ ਕਰਦਾ। ਸਭ ਜਾਣਦੇ ਨੇ ਕਿ ਜੇ ਕੰਪਨੀ ਨੂੰ ਚੰਗੀ ਖਾਸੀ ਕਮਾਈ ਹੋਵੇ ਤਾਂ ਓਹ ਕਦੇ ਵੀ ਸਰਕਾਰ ਦੀ ਜੇਬ ‘ਚ ਨਹੀਂ ਜਾਂਦੀ ਸਗੋਂ ਓਹਨਾਂ ਹੀ ਪਰਮੋਟਰਾਂ/ਮਾਲਕਾਂ/ਬੋਰਡਾਂ ਦਾ ਢਿੱਡ ਭਰਦੀ ਹੈ ਜਿਹੜੇ ਸਿਖਰ ‘ਤੇ ਬੈਠੇ ਸ਼ੋਸ਼ਣ ਦੀ ਸਿਖਰ ਛੁਹ ਰਹੇ ਹੁੰਦੇ ਨੇ। ਜੇ ਨਵੇਂ ਨੌਕਰ ਰੱਖੇ ਜਾਂਦੇ ਨੇ ਤਾਂ ਇਸ ਲਈ ਨਹੀਂ ਕਿਉਂਕਿ ਕੰਪਨੀ ਨੂੰ ਕਿਸੇ ਕਿਸਮ ਦਾ ਸਮਾਜ ਭਲਾਈ ਦਾ ਕੀੜਾ ਵੱਢ ਗਿਆ ਹੈ ਸਗੋਂ ਇਸ ਲਈ ਕਿ ਓਹ ਕਮਾਈ ਵਧਾਉਣ ਦਾ ਜ਼ਰੀਆ ਬਣ ਸਕਦੇ ਨੇ। ਨੌਕਰੀਆਂ ਦੀ ਗੱਲ ਤੋਂ ਯਾਦ ਵੀ ਆ ਗਿਆ ਬਈ ਜਿਹੜੀ ਸੱਤਿਅਮ ‘ਚ ਕੰਮ ਕਰਦੇ 53,000 ਮੁਲਾਜ਼ਮਾਂ ਦੀ ਤਨਖਾਹ ਦੇਣ ਵਾਸਤੇ 1,000 ਕਰੋੜ ਰੁਪਏ ਦੀ ਸਰਕਾਰੀ ਮਦਦ ਦੀ ਮੰਗ ਕੀਤੀ ਜਾ ਰਹੀ ਸੀ ਓਸ ਦੀਆਂ ਬੈਲੰਸ ਸ਼ੀਟਾਂ ‘ਚ 13,000 ਮੁਲਾਜ਼ਮਾਂ ਦੀ ਸੂਚੀ ਨਕਲੀ ਸੀ ਯਾਨੀ ਇਹ ਲੋਕ ਕੰਪਨੀ ‘ਚ ਕੰਮ ਕਰਦੇ ਹੀ ਨਹੀਂ ਸਨ। ਪਰ ਇਹਨਾਂ ਦੇ ਨਾਂ ਦਿੱਤੀ ਗਈ ਤਨਖਾਹ ਕੰਪਨੀ ਮਾਲਕਾਂ ਦੀ ਜੇਬ ‘ਚ ਜਾਂਦੀ ਸੀ। ਸੱਤਿਅਮ ਦੇ ਡੁੱਬਣ ਵੇਲੇ ਜਦ ਇਹ ਬੇਲਆਊਟ ਪੈਕੇਜ ਮੰਗੇ ਗਏ ਸਨ ਕੌਮਾਂਤਰੀ ਪੱਧਰ ਦੀ ਭਾਰਤੀ ਕੰਪਨੀ ਬਚਾਉਣ ਦੀ ਦੁਹਾਈ ਦਿੱਤੀ ਗਈ ਸੀ, ਜਦੋਂਕਿ ਬਾਅਦ ‘ਚ ਆਈਆਂ ਜਾਣਕਾਰੀਆਂ ਤੋਂ ਪਤਾ ਲੱਗਾ ਸੀ ਕਿ ਸੱਤਿਅਮ ਦੀ ਮੈਨੇਜਮੈਂਟ ਨੇ 13,000 ਨਕਲੀ ਨੌਕਰੀਆਂ ਆਪਣੇ ਅਕਾਊਂਟ ‘ਚ ਵਖਾਈਆਂ ਹੋਈਆਂ ਸਨ ਜਦੋਂਕਿ ਇਹਨਾਂ ਦੀਆਂ ਤਨਖਾਹਾਂ ਇਹ ਆਪ ਖਾ ਰਹੇ ਸਨ।
ਸੋ ਸਭ ਕੁਝ ਕਰ ਕਰਾ ਕੇ ਮੁਨਾਫਾ ਮਾਲਕਾਂ ਦਾ ਹੀ ਹੋਵੇਗਾ ਤੇ ਹੁਣ ਜਦੋਂ ਘਾਟਾ ਪੈਣਾ ਸ਼ੁਰੁ ਹੋਇਆ ਤਾਂ ਓਸ ਘਾਟੇ ਨੂੰ ਜਰਨਾ ਕੀਹਦੀ ਜ਼ਿੰਮੇਵਾਰੀ ਹੋਈ………ਅਸੂਲਨ ਮਾਲਕਾਂ ਦੀ, ਪਰ ਅਸਲ ‘ਚ ਅਜਿਹਾ ਹੁੰਦਾ ਨਹੀਂ। ਅਸਲ ‘ਚ ਜ਼ਮੀਨੀ ਹਕੀਕਤ ਬਦਲ ਦਿੱਤੀ ਜਾਂਦੀ ਹੈ ਓਹ ਦੁਹਾਈਆਂ ਦੇ ਕੇ ਜਿਹੜੀਆਂ ਮੈਂ ਪਹਿਲੋਂ ਗਿਣਾ ਆਇਆ ਹਾਂ। ਜਦੋਂ ਫੇਲ੍ਹ ਹੋ ਰਹੀਆਂ ਅਮਰੀਕੀ ਕੰਪਨੀਆਂ ਲਈ ਸੀਨੇਟ ਨੇ 350 ਅਰਬ ਡਾਲਰ ਦੀ ਰਾਸ਼ੀ ਮੰਨਜ਼ੂਰ ਕੀਤੀ ਸੀ ਤਾਂ ਕਦੇ ਇਹਨਾਂ ਦੀ ਸਭ ਤੋਂ ਉੱਚੀ ਸੀਟ ‘ਤੇ ਬੈਠਣ ਵਾਲੇ ਅਫਸਰਾਂ ‘ਤੇ ਨਾਂ ਤਾਂ ਕੋਈ ਕਾਰਵਾਈ ਹੋਈ ਤੇ ਨਾਂ ਹੀ ਇਹਨਾਂ ਦੀਆਂ ਓਹ ਕਰਤੂਤਾਂ ਫਰੋਲਣ ਦੀ ਕੋਸ਼ਿਸ਼ ਕੀਤੀ ਗਈ ਜਿਹਨਾਂ ਕਰਕੇ ਅਜਿਹੇ ਘਾਟੇ ਪੈਣ ਦਾ ਸਬੱਬ ਬਣਿਆ।ਸੋ ਜਦੋਂ ਮੁਨਾਫਾ ਖਾਉਣ ਨੂੰ ਕੁਝ ਗਿਣਤੀ ਦੇ ਲੋਕ ਅੱਗੇ ਹੁੰਦੇ ਨੇ ਤਾਂ ਘਾਟੇ ਵੇਲੇ ਸਰਕਾਰ ਤੋਂ ਮਦਦ ਕਿਉਂ ਜਾਵੇ ਜਦੋਂਕਿ ਇਹ ਸਾਫ ਹੈ ਕਿ ਸਰਕਾਰ ਨੇ ਜਿਹੜਾ ਪੈਸਾ ਦੇਣਾ ਹੈ ਓਹ ਆਮ ਨਾਗਰਿਕ ਦੀ ਜੇਬ ‘ਚੋਂ ਨਿਕਲੇ ਟੈਕਸਾਂ ਦਾ ਪੈਸਾ ਹੈ। ਕੀ ਇਹਨਾਂ ਆਮ ਨਾਗਰਿਕਾਂ ਨੂੰ ਮਤਲਬ ਸਾਨੂੰ ਜਾਂ ਤੁਹਾਨੂੰ ਇਹਨਾਂ ਕੰਪਨੀਆਂ ਦੇ ਮੁਨਾਫੇ ‘ਚ ਚਲਦੇ ਹੋਣ ਵੇਲੇ ਕੋਈ ਮਦਦ ਜਾਂ ਮੁਨਾਫਾ ਮਿਲਿਆ ਸੀ। ਓਸ ਤੋਂ ਵੀ ਵੱਧ ਜ਼ਰੁਰੀ ਸਵਾਲ ਇਹ ਹੈ ਕਿ ਜਦੋਂ ਜਨਤਕ ਖੇਤਰ ਦੀਆਂ ਫਰਮਾਂ ਘਾਟੇ ‘ਚ ਜਾ ਰਹੀਆਂ ਸਨ ਤਾਂ ਫਟਾਫਟ ਓਹਨਾਂ ਨੂੰ ਨਿੱਜੀ ਹੱਥਾਂ ‘ਚ ਸੌਂਪਣ ਦੀ ਵਕਾਲਤ ਕੀਤੀ ਜਾਂਦੀ ਸੀ ਕਿਹਾ ਇਹ ਜਾਂਦਾ ਸੀ ਕਿ ਅਜਿਹਾ ਕਰਨਾ ਹੀ ਇਹਨਾਂ ਨੂੰ ਬਰਬਾਦ ਹੋਣ ਤੋਂ ਬਚਾ ਸਕਦਾ ਹੈ। ਪਰ ਹੁਣ ਜਦੋਂ ਨਿੱਜੀ ਕੰਪਨੀਆਂ ਦਾ ਇਹ ਬੁਲਬੁਲਾ ਫੁੱਟਣ ਲੱਗਾ ਹੈ ਤਾਂ ਇਹਨਾਂ ਨੂੰ ਉਲਟਾ ਜਨਤਕ ਫਰਮਾਂ ਕਿਉਂ ਨਹੀਂ ਬਣਾਇਆ ਜਾਂਦਾ। ਘੱਟੋ ਘੱਟ ਸਰਕਾਰੀ ਯਾਨੀ ਟੈਕਸਦਾਤਾ ਦੇ ਪੈਸੇ ਨਾਲ ਚੱਲਣ ਵਾਲੀਆਂ ਜਨਤਕ ਕੰਪਨੀਆਂ ‘ਚ ਨੌਕਰੀਆਂ ਤਾਂ ਸੁਰੱਖਿਅਤ ਰਹਿੰਦੀਆਂ ਸਨ।ਏਨਾ ਹੀ ਨਹੀਂ ਦਿੱਲੀ ਮੈਟਰੋ ਵਰਗੀਆਂ ਕਾਰਪੋਰੇਸ਼ਨਾਂ ਵੱਲ ਵੇਖ ਲਓ ਜਾਂ ਸਹਿਕਾਰੀ ਖੇਤਰ ‘ਚ ਅਮੂਲ, ਵੇਰਕਾ ਜਾਂ ਮਾਰਕਫੈੱਡ ਵਰਗੀਆਂ ਕੰਪਨੀਆਂ ਨੂੰ ਵੇਖੋ ਤਾਂ ਨਾਂ ਸਿਰਫ ਇਹ ਲੱਖਾਂ ਲੋਕਾਂ ਦੇ ਰੋਜ਼ਗਾਰ ਦਾ ਸਿੱਧਾ ਅਸਿੱਧਾ ਜ਼ਰੀਆ ਨੇ ਸਗੋਂ ਸਰਕਾਰੀ ਖ਼ਜ਼ਾਨੇ ‘ਚ ਸਿੱਧਾ ਹਿੱਸਾ ਵੀ ਪਾ ਰਹੀਆਂ ਨੇ। ਸੋ ਜੇ ਸਰਕਾਰਾਂ ਨੇ ਜਨਤਾ ਦੇ ਪੈਸੇ ਖਰਚ ਕੇ ਜਨਤਾ ਦੇ ਭਲੇ ਦਾ ਦਾਅਵਾ ਕਰਨਾ ਹੀ ਹੈ ਤਾਂ ਇਹ ਕਿਉਂ ਨਹੀਂ ਕਰਦੇ ਕਿ ‘ਬੇਲਆਊਟ’ ਪੈਕੇਜ ਵਰਗੇ ਨਵੇਂ ਘੁਟਾਲਿਆਂ ਨੂੰ ਜਨਮ ਦੇਣ ਦੀ ਥਾਂ ਇਹਨਾਂ ਅਰਬਾਂ ਰੁਪਿਆਂ ਦੀ ਰਾਸ਼ੀ ਨੂੰ ਜਨਤਕ ਖੇਤਰ ‘ਚ ਰੋਜ਼ਗਾਰ ਪੈਦਾ ਕਰਨ ਨੂੰ ਲਾਇਆ ਜਾਵੇ ਤੇ ਓਸ ‘ਚੋਂ ਵੀ ਵਿਹਲੇ ਫਿਰਦੇ ਨੌਜੁਆਨ ਮੁੰਡਿਆਂ ਨੂੰ ਛੋਟੇ ਵਪਾਰ ਤੇ ਤਕਨੀਕਾਂ ਸਿਖਾ ਕੇ ਘਰੋ ਘਰੀ ਰੋਜ਼ਗਾਰ ਦੇ ਮੌਕੇ ਪੈਦੇ ਕਰਨ। ਪਰ ਏਦਾਂ ਹੋਣਾ ਨਹੀਂ ਕਿਉਂਕਿ ਫੇਰ ਵੱਡਿਆਂ ਦੀ ਬਾਰਗੇਨਿੰਗ ਪਾਵਰ ਖੁੱਸ ਜਾਣੀ ਆ ਤੇ ਨਾਲ ਈ ਝੋਲੀਚੁੱਕ, ਚਿੱਟ ਕੱਪੜੀਏ ਤੇ ਸਾਡੇ ਵੱਡੇ ਆਗੂਆਂ ਦੀਆਂ ਤਿਜੌਰੀਆਂ ਖਾਲੀ ਹੋ ਜਾਣੀਆਂ ਨੇ।

ਦਵਿੰਦਰਪਾਲ
anchor501@yahoo.co.uk