ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, July 28, 2011

ਮਰਡੌਕ ਸਾਮਰਾਜ, ਸਰਕਾਰਾਂ ਤੇ ਪੱਤਰਕਾਰੀ

ਦਸ ਜੁਲਾਈ ਨੂੰ ਬਰਤਾਨੀਆ ਦਾ ਅਖ਼ਬਾਰ ਨਿਊਜ਼ ਆਫ਼ ਦਾ ਵਰਲਡ 168 ਸਾਲਾਂ ਦੀ ਉਮਰ ਵਿਚ ਇਤਿਹਾਸ ਦਾ ਹਿੱਸਾ ਬਣ ਗਿਆ। ਸਨਸਨੀਖੇਜ਼ ਖ਼ਬਰਾਂ ਅਤੇ ਮਸ਼ਹੂਰ ਹਸਤੀਆਂ ਦੇ ਭੇਤਾਂ ਨੂੰ ਬੇਪਰਦ ਕਰਨ ਲਈ ਮਸ਼ਹੂਰ ਰਹੇ ਇਸ ਅਖ਼ਬਾਰ ਦਾ ਅੰਤ ਇਸ ਦੇ ਆਪਣੇ ਖ਼ਾਸੇ ਨਾਲ ਮੇਲ ਖਾਂਦਾ ਹੈ। ਅਜਿਹੇ ਹਾਲਾਤ ਵਿਚ 75 ਲੱਖ ਦੀ ਇਸ਼ਾਇਤ ਵਾਲੇ ਅਖ਼ਬਾਰ ਦਾ ਬੰਦ ਹੋ ਜਾਣਾ ਮੀਡੀਆ ਬਾਬਤ ਸੋਚਣ ਲਈ ਮਜਬੂਰ ਕਰਦਾ ਹੈ। 'ਨਿਊਜ਼ ਆਫ਼ ਦਾ ਵਰਲਡ' ਦੀਆਂ ਸ਼ਰਧਾਂਜਲੀਆਂ ਵਿਚੋਂ ਇਸ ਦੀ ਕਾਰਗੁਜ਼ਾਰੀ ਅਤੇ ਯੋਗਤਾ ਦਾ ਪ੍ਰਗਟਾਵਾ ਆਪ-ਮੁਹਾਰੇ ਹੁੰਦਾ ਹੈ। ਇਸ ਅਖ਼ਬਾਰ ਦਾ ਪੱਤਰਕਾਰੀ ਵਿਚ ਯੋਗਦਾਨ ਲਗਾਤਾਰ ਵਿਵਾਦ ਦਾ ਹਿੱਸਾ ਬਣਿਆ ਰਹਿ ਸਕਦਾ ਹੈ ਪਰ ਬਿਨਾਂ ਸ਼ੱਕ, ਹਰ ਪੜਚੋਲੀਏ ਦੀ ਯੋਗਤਾ ਦਾ ਜ਼ਿਆਦਾ ਹਿੱਸਾ ਇਸ ਦੇ ਅੰਤਿਮ ਦਿਨਾਂ ਦੇ ਘਟਨਾਕ੍ਰਮ ਦੁਆਲੇ ਹੀ ਖ਼ਰਚ ਹੋਵੇਗਾ। ਪੱਤਰਕਾਰੀ ਦੀ ਪੜਚੋਲ ਦਾ ਹਵਾਲਾ ਬਣਨ ਵਾਲੀਆਂ ਕਦਰਾਂ-ਕੀਮਤਾਂ ਨਾਲ Ḕਨਿਊਜ਼ ਆਫ਼ ਦਾ ਵਰਲਡḔ ਦਾ ਰਿਸ਼ਤਾ ਵਿਚਾਰਨ ਤੋਂ ਪਹਿਲਾਂ ਇਸ ਦੇ ਅੰਤਲੇ ਦਿਨਾਂ ਦੇ ਘਟਨਾਕ੍ਰਮ ਅਤੇ ਇਤਿਹਾਸ ਉੱਤੇ ਝਾਤ ਮਾਰ ਲੈਣੀ ਜ਼ਰੂਰੀ ਬਣਦੀ ਹੈ।


'ਨਿਊਜ਼ ਆਫ਼ ਦਾ ਵਰਲਡ' ਦਾ ਪਹਿਲਾਂ ਅੰਕ ਪਹਿਲੀ ਅਕਤੂਬਰ 1843 ਨੂੰ ਜੌਹਨ ਬਰਾਊਨ ਵੈੱਲ ਨੇ ਲੰਡਨ ਤੋਂ ਛਾਪਿਆ ਸੀ। ਇਸ ਦੇ ਨਿਸ਼ਾਨਾ ਨਵ-ਸਾਖ਼ਰ ਬੰਦਿਆਂ ਨੂੰ ਆਪਣੇ ਪਾਠਕ/ਖਰੀਦਦਾਰ ਬਣਾਉਣਾ ਸੀ। ਆਪਣਾ ਮਕਸਦ ਪੂਰਾ ਕਰਨ ਲਈ ਅਪਰਾਧ, ਸਨਸਨੀ ਅਤੇ ਗੁਦਗੁਦੀ ਵਾਲੇ ਖ਼ਾਸੇ ਦੀਆਂ ਖ਼ਬਰਾਂ ਨੂੰ ਤਰਜੀਹ ਦਿੱਤੀ ਗਈ। ਅਖ਼ਬਾਰ ਲਈ ਜਾਣਕਾਰੀ ਦੇ ਅਹਿਮ ਸਰੋਤ ਪੁਲਿਸ ਦੀਆਂ ਮਿਸਲਾਂ ਸਨ। ਪੁਲਿਸ ਮੁਲਾਜ਼ਮਾਂ ਵੱਲੋਂ ਦਰਜ ਕੀਤੀਆਂ ਗਈਆਂ ਵੇਸਵਾਖ਼ਾਨਿਆਂ ਦੀਆਂ ਤਫ਼ਸੀਲਾਂ ਇਸ ਅਖ਼ਬਾਰ ਵਿਚ ਛਪਦੀਆਂ ਸਨ। ਵੈੱਲ ਪਰਿਵਾਰ ਤੋਂ ਇਹ ਅਖ਼ਬਾਰ 1891 ਵਿਚ ਲੈਸਲਸ ਕਾਰ ਨੇ ਖਰੀਦ ਲਿਆ। ਇਸ ਅਖ਼ਬਾਰ ਦੀ ਇਸ਼ਾਇਤ 1912 ਵਿਚ 20 ਲੱਖ, 1920 ਵਿਚ ਤੀਹ ਲੱਖ ਅਤੇ 1939 ਵਿਚ ਤਕਰੀਬਨ 40 ਲੱਖ ਸੀ। ਸੰਨ 1969 ਵਿਚ ਇਹ ਅਖ਼ਬਾਰ ਰੂਪਰਟ ਮਰਡੌਕ ਦੀ ਕੰਪਨੀ 'ਨਿਊਜ਼ ਕਾਰਪੋਰੇਸ਼ਨ' ਨੇ ਖਰੀਦ ਲਿਆ ਅਤੇ 1984 ਵਿਚ ਇਸ ਨੂੰ ਟੈਬਲਾਇਡ ਵਿਚ ਤਬਦੀਲ ਕਰ ਦਿੱਤਾ। ਬੰਦ ਕਰਨ ਵੇਲੇ ਇਸ ਦੀ ਇਸ਼ਾਇਤ 75 ਲੱਖ ਸੀ ਜੋ ਆਲਮੀ ਪੱਧਰ ਉੱਤੇ ਅੰਗਰੇਜ਼ੀ ਦੇ ਅਖ਼ਬਾਰਾਂ ਵਿਚੋਂ ਸਭ ਤੋਂ ਵੱਧ ਸੀ।

ਆਖ਼ਰ ਇਸ ਪੁਰਾਣੇ ਅਤੇ ਇਸ਼ਾਇਤ ਪੱਖੋਂ ਸਭ ਤੋਂ ਵੱਡੇ ਅਖ਼ਬਾਰ ਨੂੰ ਬੰਦ ਕਿਉਂ ਕਰਨਾ ਪਿਆ? Ḕਨਿਊਜ਼ ਆਫ਼ ਦਾ ਵਰਲਡḔ ਉੱਤੇ ਲਗਾਤਾਰ ਇਲਜ਼ਾਮ ਲੱਗ ਰਹੇ ਸਨ ਕਿ ਇਨ੍ਹਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਲੋਕਾਂ ਦੇ ਜਾਤੀ ਮਸਲਿਆਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਖ਼ਬਰਾਂ ਦੇ ਰੂਪ ਵਿਚ ਸਨਸਨੀ ਢੰਗ ਨਾਲ ਛਾਪੀ। ਇਸ ਰੁਝਾਨ ਤਹਿਤ ਅਪਰਾਧੀਆਂ ਦਾ ਸਹਾਰਾ ਲਿਆ ਗਿਆ ਅਤੇ ਲੋਕਾਂ ਦੇ ਫੋਨਾਂ ਤੱਕ ਨੂੰ ਸੰਨ੍ਹ ਲਗਾਈ ਗਈ। ਪੁਲਿਸ ਵੱਲੋਂ ਜਾਂਚ ਤਹਿਤ ਲਿਆਂਦੇ ਗਏ ਮਾਮਲਿਆਂ ਬਾਬਤ ਜਾਣਕਾਰੀ ਛਾਪਣਾ ਇਸ ਅਖ਼ਬਾਰ ਦੀ ਮੁਹਾਰਤ ਰਿਹਾ ਹੈ। ਸਵਾਲ ਇਹ ਸੀ ਕਿ ਕੀ ਇਹ ਗ਼ੈਰ-ਕਾਨੂੰਨੀ ਕੰਮ ਕੁਝ ਪੱਤਰਕਾਰਾਂ ਨੇ ਹੀ ਕੀਤਾ ਹੈ ਜਾਂ ਇਸ ਵਿਚ ਅਦਾਰੇ ਦੀ ਸਹਿਮਤੀ ਸ਼ਾਮਿਲ ਹੈ? ਜਦੋਂ ਇਸ ਕਾਰਵਾਈ ਵਿਚ ਸੰਪਾਦਕਾਂ ਦੀ ਸ਼ਮੂਲੀਅਤ ਸਪਸ਼ਟ ਹੋਣ ਲੱਗੀ ਤਾਂ ਸਵਾਲ ਦਾ ਰੂਪ ਬਦਲ ਗਿਆ ਕਿ ਕੀ ਇਹ ਕਿਸੇ ਇਕ ਸੰਪਾਦਕ ਦਾ ਕੰਮ ਹੈ ਜਾਂ ਅਦਾਰੇ ਦਾ ਖ਼ਾਸਾ ਹੈ? ਇਸ ਅਖ਼ਬਾਰ ਵਿਚ ਕੰਮ ਕਰਨ ਵਾਲੇ ਇਕ ਪੱਤਰਕਾਰ ਨੇ ਸਪਸ਼ਟ ਲਿਖ ਦਿੱਤਾ ਕਿ Ḕਇਸ ਰੁਝਾਨ ਦੀ ਜਾਣਕਾਰੀ ਤਾਂ ਅਖ਼ਬਾਰ ਵਿਚ ਆਉਣ ਵਾਲੀ ਬਿੱਲੀ ਤੱਕ ਨੂੰ ਵੀ ਸੀ।Ḕ ਇਸ ਤੋਂ ਬਾਅਦ ਮਸਲਾ ਇਹ ਬਣ ਗਿਆ ਕਿ ਸੰਪਾਦਕੀ ਅਤੇ ਪ੍ਰਬੰਧਕੀ ਮਹਿਕਮਿਆਂ ਵਿਚ ਕੁਝ ਬੰਦਿਆਂ ਦੀ ਛਾਂਟੀ ਤੋਂ ਬਾਅਦ ਕੁਝ ਬਦਨਾਮੀ ਅਤੇ ਪਸ਼ੇਮਾਨੀ ਦਾ ਦੌਰ ਲੰਘਾ ਕੇ 'ਨਿਊਜ਼ ਆਫ਼ ਦਾ ਵਰਲਡ' ਮੁੜ ਰਵਾਨੀ ਨਾਲ ਚੱਲ ਪਵੇਗਾ। ਅਜਿਹਾ ਨਹੀਂ ਹੋਇਆ। ਇਸ ਨੂੰ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਗਿਆ। ਦਸ ਜੁਲਾਈ ਨੂੰ ਇਸ ਦਾ ਆਖ਼ਰੀ ਅੰਕ ਛਾਪਿਆ ਗਿਆ ਜਿਸ ਵਿਚ 168 ਸਾਲਾਂ ਦੇ ਇਤਿਹਾਸ ਉੱਤੇ ਤਰਦੀ ਝਾਤ ਮਾਰੀ ਗਈ। ਹਰ ਪੰਨੇ ਦੇ ਉੱਤੇ ਵੱਡਾ ਸਿਰਲੇਖ ਸੀ, “ਇਤਿਹਾਸ ਦਾ ਸਭ ਤੋਂ ਮਹਾਨ ਅਖ਼ਬਾਰ।” ਫੋਨ ਸੰਨ੍ਹ ਦਾ ਘਪਲਾ ਉਜਾਗਰ ਕਰਨ ਅਤੇ ਮਸਲੇ ਨੂੰ ਬਹਿਸ ਦਾ ਧੁਰਾ ਬਣਾਉਣ ਵਾਲੇ ਅਖ਼ਬਾਰਾਂ ਦੀ ਵੀ ਟਿੱਪਣੀ ਸੀ ਕਿ ਅਜਿਹੇ ਫ਼ੈਸਲੇ ਦੀ ਜ਼ਰੂਰਤ ਨਹੀਂ ਸੀ। ਗ਼ਲਤੀ ਮੰਨ ਕੇ ਭੁੱਲ ਸੁਧਾਰੀ ਜਾ ਸਕਦੀ ਸੀ ਅਤੇ ਭਰੋਸੇਯੋਗਤਾ ਬਹਾਲ ਕਰ ਕੇ ਇਸ਼ਤਿਹਾਰ ਦੇਣ ਵਾਲੀ ਕੰਪਨੀਆਂ ਦੀ ਸਰਪ੍ਰਸਤੀ ਮੁੜ ਹਾਸਿਲ ਕੀਤੀ ਜਾ ਸਕਦੀ ਹੈ। ਮਰਡੌਕ ਵਰਗਾ ਘਾਗ਼ ਮੀਡੀਆ ਕਾਰੋਬਾਰੀ ਇਸ ਦਲੀਲ ਨੂੰ ਬਿਹਤਰ ਸਮਝਦਾ ਹੈ। ਉਸ ਨੇ ਆਲਮੀ ਪੱਧਰ ਉੱਤੇ ਬਹੁ-ਕੌਮੀ ਮੀਡੀਆ ਕਾਰੋਬਾਰ ਦਾ ਸਾਮਰਾਜ ਖੜ੍ਹਾ ਕੀਤਾ ਹੈ। ਬਹੁਤ ਸਾਰੇ ਉੱਚੇ-ਨੀਵੇਂ ਪੜਾਅ ਵੇਖੇ ਹਨ। ਇਸ ਤਰ੍ਹਾਂ Ḕਨਿਊਜ਼ ਆਫ਼ ਦਾ ਵਰਲਡḔ ਨੂੰ ਬੰਦ ਕਰਨ ਦਾ ਫ਼ੈਸਲਾ ਇਨ੍ਹਾਂ ਖ਼ਦਸ਼ਿਆਂ ਨੂੰ ਉਜਾਗਰ ਕਰਨ ਲਈ ਕਾਫ਼ੀ ਸੀ ਕਿ ਮਸਲਾ ਜ਼ਿਆਦਾ ਗੰਭੀਰ ਹੈ। ਇਹ ਤਾਂ ਤਕਰੀਬਨ ਤੈਅ ਹੋ ਗਿਆ ਕਿ ਇਹ ਮਾਮਲਾ ਕਿਸੇ ਪੱਤਰਕਾਰ ਜਾਂ ਸੰਪਾਦਕ ਦੀ ਤਰਜੀਹ ਦਾ ਨਹੀਂ, ਸਗੋਂ ਸਮੁੱਚੇ 'ਨਿਊਜ਼ ਆਫ਼ ਦਾ ਵਰਲਡ' ਦੇ ਕੰਮ ਢੰਗ ਦਾ ਅਟੁੱਟ ਹਿੱਸਾ ਸੀ।

ਇਸ ਤੋਂ ਬਾਅਦ ਅਗਲਾ ਸਵਾਲ ਹੋਣਾ ਅਟੱਲ ਸੀ ਕਿ ਕੀ ਇਹ ਮਸਲਾ Ḕਨਿਊਜ਼ ਆਫ਼ ਦਾ ਵਰਲਡḔ ਤੱਕ ਮਹਿਦੂਦ ਕੀਤਾ ਜਾ ਸਕਦਾ ਹੈ ਜਾਂ 'ਨਿਊਜ਼ ਕਾਰਪੋਰੇਸ਼ਨ ਦੇ ਖ਼ਾਸੇ ਦੀ ਨੁਮਾਇੰਦਗੀ ਕਰਦਾ ਹੈ? ਅਖ਼ਬਾਰਾਂ ਵਿਚ ਆਈਆਂ ਤਫ਼ਸੀਲਾਂ ਮੁਤਾਬਕ ਇਹ ਮਸਲਾ 'ਨਿਊਜ਼ ਆਫ਼ ਦਾ ਵਰਲਡ' ਤੋਂ ਵਡੇਰਾ ਹੈ। 'ਨਿਊਜ਼ ਕਾਰਪੋਰੇਸ਼ਨ' ਦੇ ਦੂਜੇ ਅਖ਼ਬਾਰਾਂ ਵੱਲੋਂ ਅਜਿਹਾ ਹੀ ਤਰੀਕਾ ਅਖ਼ਤਿਆਰ ਕਰਨ ਦੀ ਚਰਚਾ ਦੇ ਘੇਰੇ ਵਿਚ Ḕਸਤੰਬਰ 2011Ḕ ਦੇ ਪੀੜਤ ਵੀ ਆ ਗਏ ਹਨ। ਇਹ ਤਾਂ ਮਸਲਾ ਸਿਰਫ਼ ਲੋਕਾਂ ਦੇ ਫੋਨਾਂ ਵਿਚ ਸੰਨ੍ਹਾਂ ਲਗਾਉਣ ਦਾ ਹੈ ਪਰ ਉਸ ਦੇ ਅਖ਼ਬਾਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਦੇ ਲੇਖਾਂ ਵਿਚੋਂ ਇਹ ਸਪਸ਼ਟ ਹੁੰਦਾ ਹੈ ਕਿ ਰੂਪਰਟ ਮਰਡੌਕ ਦਾ ਕਾਰੋਬਾਰ ਬੇਈਮਾਨੀਆਂ ਅਤੇ ਪੱਤਰਕਾਰੀ ਦੇ ਸਿਧਾਂਤਾਂ ਤੋਂ ਕਿਨਾਰਾਕਸ਼ੀ ਕਰ ਕੇ ਚੱਲਦਾ ਹੈ। ḔਇੰਡੀਪੈਂਡੈਂਟḔ ਦੇ ਪੱਤਰਕਾਰ ਅਤੇ ਮੱਧ-ਪੂਰਬ ਮਾਮਲਿਆਂ ਦੇ ਮਾਹਰ ਰੌਬਰਟ ਫਿਸਕ ਨੇ ਮਰਡੌਕ ਵਿਚੋਂ ਹਿਟਲਰ ਵਾਲੇ ਖ਼ਾਸੇ ਦੀ ਪਛਾਣ ਕੀਤੀ ਹੈ ਅਤੇ ਤਫ਼ਸੀਲ ਨਾਲ ਲਿਖਿਆ ਹੈ ਕਿ ਉਸ ਨੇ ਆਪਣੇ ਅਖ਼ਬਾਰਾਂ ਰਾਹੀਂ ਯੂਰਪ ਵਿਚੋਂ ਇਸਰਾਈਲ ਪੱਖੀ ਰਾਏ ਉਸਾਰਨ ਵਿਚ ਸਰਗਰਮ ਹਿੱਸਾ ਪਾਇਆ ਹੈ। ਉਸ ਦੀ ਪ੍ਰਧਾਨ ਮੰਤਰੀਆਂ ਨਾਲ ਨੇੜਤਾ ਰਹੀ ਹੈ ਅਤੇ ਹਮਲਾਵਰ ਵਿਦੇਸ਼ ਨੀਤੀ ਦੀ ਵਕਾਲਤ ਉਸ ਦੇ ਅਖ਼ਬਾਰਾਂ ਦੀ ਤਰਜੀਹ ਰਹੀ ਹੈ। ਇਸਰਾਈਲ ਵਿਰੋਧੀ ਤੱਥ ਭਰਪੂਰ ਖ਼ਬਰਾਂ ਰੋਕਣ ਲਈ ਮਰਡੌਕ ਦੇ ਅਖ਼ਬਾਰਾਂ ਦੇ ਅਮਲੇ ਨੂੰ ਕਹਿਣ ਜਾਂ ਹਿਦਾਇਤਾਂ ਦੇਣ ਦੀ ਲੋੜ ਨਹੀਂ ਪੈਂਦੀ। ਫਿਸਕ ਨੇ ਲਿਖਿਆ ਹੈ, “ਉਹ ਕਦੇ ਵੀ ਇਸ ਤਰ੍ਹਾਂ ਸ਼ੈਤਾਨੀ, ਹਨੇਰ ਅਤੇ ਜ਼ਹਿਰ ਦਾ ਨੁਮਾਇੰਦਾ ਬਣ ਕੇ ਪੇਸ਼ ਨਹੀਂ ਹੋਇਆ। ਇਸ ਦਾ ਅਹਿਮ ਕਾਰਨ ਇਹ ਸੀ ਕਿ ਅਖ਼ਬਾਰਾਂ ਵਿਚ ਕੰਮ ਕਰਦੇ ਅਮਲੇ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਕੀ ਚਾਹੁੰਦਾ ਹੈ। ਉਨ੍ਹਾਂ ਨੂੰ ਅੰਦਾਜ਼ਾ ਹੈ ਕਿ ਮਰਡੌਕ ਕੀ ਕਹੇਗਾ। ਜਦੋਂ ਇਸਰਾਈਲ ਨੇ ਲਿਬਨਾਨ ਉੱਤੇ 1982 ਵਿਚ ਖ਼ੂਨੀ ਹਮਲਾ ਕਰਕੇ ਕਬਜ਼ਾ ਕੀਤਾ ਤਾਂ ਮੈਂ ਮਰਡੌਕ ਦੇ ਅਖ਼ਬਾਰ ਟਾਈਮਜ਼ ਵਿਚ ਕੰਮ ਕਰਦਾ ਸਾਂ। ਮੇਰੀਆਂ ਭੇਜੀਆਂ ਖ਼ਬਰਾਂ ਵਿਚ ਭਾਵੇਂ ਇਸਰਾਈਲ ਦੇ ਖ਼ਿਲਾਫ਼ ਕਿੰਨਾ ਵੀ ਲਿਖਿਆ ਹੋਵੇ, ਕਦੇ ਇਕ ਸਤਰ ਤੱਕ ਨਹੀਂ ਕੱਟੀ ਗਈ। ਹਮਲੇ ਤੋਂ ਬਾਅਦ ਇਸਰਾਈਲੀਆਂ ਨੇ ਮਰਡੌਕ ਅਤੇ ਚਾਰਲਸ ਡਗਲਜ਼ ਹੋਮ (ਉਸ ਵੇਲੇ Ḕਟਾਈਮਜ਼Ḕ ਦਾ ਸੰਪਾਦਕ) ਨੂੰ ਲਿਬਨਾਨ ਦੇ ਹੈਲੀਕਾਪਟਰ ਰਾਹੀਂ ਦੌਰੇ ਲਈ ਬੁਲਾਇਆ। ਇਸਰਾਈਲੀਆਂ ਨੇ ਮੇਰੀਆਂ ਖ਼ਬਰਾਂ ਨੂੰ ਰੱਦ ਕੀਤਾ ਅਤੇ ਡਗਲਜ਼ ਹੋਮ ਨੇ ਮੇਰਾ ਪੱਖ ਲਿਆ। ਡਗਲਜ਼ ਤੇ ਮਰਡੌਕ ਨੇ ਲੰਡਨ ਤੱਕ ਇਕੱਠੇ ਹਵਾਈ ਸਫ਼ਰ ਕੀਤਾ। ਬਾਅਦ ਵਿਚ ਡਗਲਜ਼ ਹੋਮ ਨੇ ਮੈਨੂੰ ਦੱਸਿਆ, “ਮੈਨੂੰ ਪਤਾ ਸੀ ਕਿ ਮਰਡੌਕ ਤੇਰੀਆਂ ਖ਼ਬਰਾਂ ਵਿਚ ਦਿਲਚਸਪੀ ਲੈ ਰਿਹਾ ਸੀ ਪਰ ਉਸ ਨੇ ਉਡੀਕ ਕੀਤੀ ਕਿ ਮੈਂ ਆਪ ਦੱਸਾਂ। ਇਹ ਸਾਰਾ ਕੁਝ ਦਿਖਾਉਣ ਦੀ ਨੌਬਤ ਨਹੀਂ ਆਈ।” ਫਿਸਕ ਅੱਗੇ ਲਿਖਦਾ ਹੈ, “ਇਸ ਤੋਂ ਬਾਅਦ ਤਬਦੀਲੀ ਆਈ। ਡਗਲਜ਼ 'ਟਾਈਮਜ਼' ਦਾ ਸੰਪਾਦਕ ਬਣਨ ਤੋਂ ਪਹਿਲਾਂ ਅਰਬੀ ਦੇ ਰਸਾਲੇ 'ਅਲ-ਮਜੈਲਾ' ਵਿਚ ਲਿਖਦਾ ਸੀ। ਉਸ ਦੇ ਲੇਖਾਂ ਵਿਚ ਇਸਰਾਈਲ ਦੇ ਖ਼ਿਲਾਫ਼ ਦਲੀਲ ਉਸਰਦੀ ਸੀ। ਹੁਣ ਉਸ ਦੀਆਂ Ḕਟਾਈਮਜ਼Ḕ ਦੀਆਂ ਸੰਪਾਦਕੀਆਂ ਨੇ ਇਸਰਾਈਲੀ ਹਮਲੇ ਦੇ ਹਾਂਦਰੂ ਪੱਖ ਦੇਖਣੇ ਸ਼ੁਰੂ ਕਰ ਦਿੱਤੇ।” ਇਸ ਤੋਂ ਬਾਅਦ ਫਿਸਕ ਦੀਆਂ ਰਿਪੋਰਟਾਂ ਵਿਚ ਕੱਟ-ਵੱਢ ਸ਼ੁਰੂ ਹੋ ਗਈ। ਕਈ ਵਾਰ ਉਸ ਦੀਆਂ ਭੇਜੀਆਂ ਖ਼ਬਰਾਂ ਦਾ ਮੁਹਾਣ ਹੀ ਬਦਲ ਦਿੱਤਾ ਜਾਂਦਾ ਸੀ। ਉਸੇ ਸਾਲ ਮਰਡੌਕ ਨੂੰ ਅਮਰੀਕਾ ਦੇ ਯਹੂਦੀਆਂ ਦੀ ਕਿਸੇ ਨਾਮੀ ਜਥੇਬੰਦੀ ਵੱਲੋਂ Ḕਮੈਨ ਆਫ਼ ਦਾ ਈਅਰḔ ਕਰਾਰ ਦਿੱਤਾ ਗਿਆ ਅਤੇ ਸਨਮਾਨ ਕੀਤਾ ਗਿਆ। ਮੱਧ ਪੂਰਬ ਤੋਂ ਆਉਂਦੀਆਂ ਖ਼ਬਰਾਂ ਵਿਚੋਂ ਅਮਰੀਕਾ ਵਿਰੋਧੀ ਤੱਥ ਅਤੇ ਦਲੀਲ ਕੱਢ ਦੇਣ ਦੀ ਤਸਦੀਕ ਰੌਬਰਟ ਫਿਸਕ ਨੇ ਆਪਣੇ ਲੇਖ ਵਿਚ ਕੀਤੀ ਹੈ।

ਮਰਡੌਕ ਦੇ ਕਾਰੋਬਾਰ ਅਤੇ ਉਸ ਦੀ ਸ਼ਖ਼ਸੀਅਤ ਦੇ ਖ਼ਾਸੇ ਬਾਬਤ ਲੇਖ ਕੌਨਰਾਡ ਬਲੈਕ ਨੇ ਲਿਖਿਆ ਹੈ ਕਿ ਮਰਡੌਕ ਦੀ ਮਹਾਨਤਾ ਅਤੇ ਸ਼ੈਤਾਨੀ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਉੱਦਮ, ਹੁਨਰ ਅਤੇ ਇੰਤਜ਼ਾਮੀਆ ਪੱਖ ਤੋਂ ਉਸ ਨੇ ਦਰਸਾ ਦਿੱਤਾ ਹੈ ਕਿ ਸ਼ਾਇਦ ਉਹ ਮੀਡੀਆ ਦੇ ਇਤਿਹਾਸ ਵਿਚ ਸਭ ਤੋਂ ਕਾਮਯਾਬ ਮਾਲਕਾਂ ਵਿਚੋਂ ਹੈ। ਬਲੈਕ ਲਿਖਦਾ ਹੈ, “ਇਹ ਹੈਰਾਨੀ ਵਾਲੀ ਗੱਲ ਹੋਵੇਗੀ ਕਿ 'ਨਿਊਜ਼ ਕਾਰਪੋਰੇਸ਼ਨ' ਦਾ ਕੋਈ ਮੁਲਾਜ਼ਮ ਅਪਰਾਧ ਵਿਚ ਸ਼ਾਮਲ ਨਹੀਂ ਸੀ। ਇਹ ਕੰਪਨੀ ਦਾ ਮਾਹੌਲ ਹੈ ਅਤੇ ਇੰਝ ਕੰਮ ਕਰਨ ਦਾ ਤਰੀਕਾ ਉਨ੍ਹਾਂ ਨੇ ਕਈ ਦਹਾਕਿਆਂ ਤੋਂ ਅਖ਼ਤਿਆਰ ਕੀਤਾ ਹੋਇਆ ਹੈ। ਬਰਤਾਨੀਆ ਦੀਆਂ ਦੋਵੇਂ ਵੱਡੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਕਾਰਾਂ ਵੇਲੇ ਉਸ ਨਾਲ ਅੰਦਰਖਾਤੇ ਕਾਰੋਬਾਰ ਕੀਤਾ ਹੈ। 'ਸੰਡੇ ਟਾਈਮਜ਼' ਵਿਚ ਖ਼ਬਰ ਛਪਣ ਦੀ ਸੰਭਾਵਨਾ ਇਸ ਤੱਥ ਨਾਲ ਤੈਅ ਹੁੰਦੀ ਹੈ ਕਿ ਇਸ ਦੀ ਸੁਰਖ਼ੀ ਵਿਚ ਸ਼ਾਹੀ ਪਰਿਵਾਰ ਬਾਬਤ ਕਿੰਨੀ ਕੁ ਸਨਸਨੀ ਹੈ।” ਕੌਨਰਾਡ ਦੇ ਲੇਖ ਦੀ ਅਹਿਮ ਤੰਦ ਮਰਡੌਕ ਦੀ ਵਫ਼ਾਦਾਰੀ ਤੇ ਮੌਕਾਪ੍ਰਸਤੀ ਨਾਲ ਜੁੜੀ ਹੋਈ ਹੈ। ਉਹ ਲਿਖਦਾ ਹੈ, “ਉਸ ਦੀ ਸ਼ਖ਼ਸੀਅਤ ਵਿਚ ਦੋਸਤਾਨਾ ਲਹਿਜਾ ਹੈ ਪਰ ਉਸ ਦੀ ਵਫ਼ਾਦਾਰੀ ਆਪਣੀ ਕੰਪਨੀ ਤੋਂ ਬਿਨਾਂ ਕਿਸੇ ਆਦਮੀ ਜਾਂ ਸ਼ੈਅ ਨਾਲ ਨਹੀਂ ਹੈ। ਉਸ ਨੂੰ ਦੋਸਤੀ ਕਾਇਮ ਰੱਖਣ ਵਿਚ ਔਖ ਹੁੰਦੀ ਹੈ। ਉਹ ਜ਼ਿਆਦਾ ਦੇਰ ਵਾਅਦਾਪ੍ਰਸਤ ਵੀ ਨਹੀਂ ਹੋ ਸਕਦਾ। ਉਹ ਦੂਜਿਆਂ ਨੂੰ ਪ੍ਰੇਸ਼ਾਨ ਕਰ ਕੇ ਲਾਹਾ ਖੱਟਣ ਦਾ ਮਾਹਿਰ ਹੈ। ਉਸ ਦੀ ਕਿਸੇ ਮੁਲਕ ਦੇ ਕਿਸੇ ਆਗੂ ਨੇ ਮੱਦਦ ਕੀਤੀ ਹੋਵੇ ਪਰ ਇਸ ਨੇ ਹਰ ਇਕ ਨੂੰ ਧੋਖਾ ਦਿੱਤਾ ਹੈ। ਇਸ ਰੁਝਾਨ ਵਿਚੋਂ ਰੋਨਾਲਡ ਰੀਗਨ ਅਤੇ ਸ਼ਾਇਦ ਟੋਨੀ ਬਲੇਅਰ ਹੀ ਵੱਖਰੇ ਹਨ। ਉਸ ਦਾ ਕਿਰਦਾਰ ਮੰਡੀ ਮੁਖੀ ਹੈ ਜੋ ਟੈਬਲਾਇਡ ਸਨਸਨੀ ਦਾ ਮਾਹਿਰ ਹੈ, ਬਦੀ ਦੀਆਂ ਮਿੱਥਾਂ ਉਸਾਰਦਾ ਹੈ, ਸਤਿਕਾਰਯੋਗ ਅਦਾਰਿਆਂ ਅਤੇ ਬੰਦਿਆਂ ਦੇ ਸਤਿਕਾਰ ਵਿਚ ਸੰਨ੍ਹ ਲਗਾਉਂਦਾ ਹੈ। ਇਹ ਸਭ ਕੁਝ ਲਈ ਉਹ 'ਪਤਵੰਤਾਸ਼ਾਹੀ' ਦੇ ਵਿਰੋਧ ਦੀ ਦਲੀਲ ਵਰਤਦਾ ਹੈ। ਉਹ ਇਕੋ ਵੇਲੇ ਅਮਰੀਕਾ ਅਤੇ ਬਰਤਾਨੀਆ ਨੇ ਪਿਛਾਂਹ-ਖਿੱਚੂ ਰੁਝਾਨ ਦਾ ਅਲੰਬਰਦਾਰ ਹੈ ਅਤੇ ਦੂਜੇ ਪਾਸੇ ਚੀਨ ਨਾਲ ਪਿਛਲੇ ਦਰਵਾਜ਼ਿਓਂ ਸਾਂਝ ਪਾਲ ਰਿਹਾ ਹੈ। ਉਸ ਦੀ ਮਨੋਰੰਜਨ ਅਤੇ ਸ਼ਹਿਰੀ ਕਦਰਾਂ-ਕੀਮਤਾਂ ਦੀ ਧਾਰਨਾ ਸਿੰਪਸਨ ਦੇ ਟੈਲੀਵਿਜ਼ਨ ਕਾਰਟੂਨ ਨਾਲ ਮਿਲਦੀ ਹੈ ਜਿਸ ਦਾ ਮੰਨਣਾ ਹੈ: ਸਾਰੇ ਸਰਕਾਰੀ ਮੁਲਾਜ਼ਮ ਭ੍ਰਿਸ਼ਟ ਹਨ ਅਤੇ ਲੋਕ ਅਗਿਆਨੀ ਤੇ ਬਦਮਾਸ਼ ਕਰਿੰਦੇ ਹਨ। ਇਹ ਗ਼ੈਰ-ਕਾਨੂੰਨੀ ਨਹੀਂ ਹੈ ਪਰ ਇਹ ਸਭ ਕੁਝ ਉਹ ਬੰਦਾ ਕਰ ਰਿਹਾ ਹੈ ਜਿਸ ਨੂੰ ਸਰਕਾਰਾਂ ਸਤਿਕਾਰ ਦਿੰਦੀਆਂ ਹਨ ਅਤੇ ਉਹ ਹਰ ਤਰ੍ਹਾਂ ਦੀਆਂ ਤਰਜੀਹਾਂ ਮਾਣਦਾ ਹੈ।”

ਰੌਬਰਟ ਫਿਸਕ ਅਤੇ ਕੌਨਰਾਡ ਬਲੈਕ ਦੀਆਂ ਦਲੀਲਾਂ ਨਾਲ ਮਰਡੌਕ ਦਾ ਖਾਸਾ ਸਪਸ਼ਟ ਹੋ ਜਾਂਦਾ ਹੈ ਪਰ ਨਾਲ ਹੀ ਪੱਤਰਕਾਰੀ ਬਾਬਤ ਸਵਾਲਾਂ ਦਾ ਘੇਰਾ ਵਸੀਹ ਹੋ ਜਾਂਦਾ ਹੈ। ਇਨ੍ਹਾਂ ਦੀਆਂ ਦਲੀਲਾਂ ਦੀ ਹੋਰ ਮੁਲਕਾਂ ਦੇ ਹਵਾਲੇ ਨਾਲ ਚਰਚਾ ਕਰਨ ਤੋਂ ਪਹਿਲਾਂ ਕੁਝ ਤਫ਼ਸੀਲਾਂ ਹੋਰ ਜਾਣ ਲੈਣੀਆਂ ਜ਼ਰੂਰੀ ਹੈ। ਮਰਡੌਕ ਇਸ ਘਟਨਾਕ੍ਰਮ ਦੌਰਾਨ ਬਰਤਾਨੀਆ ਆਇਆ ਤਾਂ ਕੁਝ ਨਹੀਂ ਬੋਲਿਆ। ਜਦੋਂ ਪੱਤਰਕਾਰਾਂ ਨੇ ਉਸ ਨੂੰ ਘੇਰ ਕੇ ਪੁੱਛਿਆ ਕਿ ਉਸ ਦੀ ਤਰਜੀਹ ਕੀ ਬਣਦੀ ਹੈ ਤਾਂ ਉਸ ਨੇ ਆਪਣੇ ਨਾਲ ਖੜ੍ਹੀ ਰਿਬੈਕਾ ਬਰੂਕਸ ਦੇ ਮੋਢੇ ਉੱਤੇ ਹੱਥ ਰੱਖ ਕੇ ਦੋ ਸ਼ਬਦਾਂ ਦਾ ਜੁਆਬ ਦਿੱਤਾ, “ਇਹ ਹੈ।” ਇਹ ਵੱਖਰੀ ਗੱਲ ਹੈ ਕਿ ਰਿਬੈਕਾ ਬਰੂਕਸ ਨੂੰ ਮਰਡੌਕ ਦੀ ਕੰਪਨੀ ਵਿਚੋਂ ਅਸਤੀਫ਼ਾ ਵੀ ਦੇਣਾ ਪਿਆ। ਇਨ੍ਹਾਂ ਦੋ ਸ਼ਬਦਾਂ ਨਾਲ ਮਰਡੌਕ ਨੇ ਆਪਣੀ ਤਾਕਤ ਦਾ ਵਿਖਾਵਾ ਤਾਂ ਕਰ ਦਿੱਤਾ ਕਿ ਉਹ “ਦੁਨੀਆਂ ਦੇ ਸਭ ਤੋਂ ਮਹਾਨ ਅਖ਼ਬਾਰ” ਨੂੰ ਬੰਦ ਕਰਨ ਅਤੇ ਗ਼ੈਰ-ਇਖ਼ਲਾਕੀ ਪੱਤਰਕਾਰੀ ਦੇ ਇਲਜ਼ਾਮਾਂ ਵਿਚ ਘਿਰੀ ਹੋਈ ਕੰਪਨੀ ਦੇ ਬਾਵਜੂਦ ਮੀਡੀਆ ਨੂੰ ਟਿੱਚ ਜਾਣਦਾ ਹੈ। ਇਹ ਬਿਨਾਂ ਸ਼ੱਕ ਉਸ ਦਾ ਹੰਕਾਰ ਅਤੇ ਮੌਜੂਦਾ ਹਾਲਾਤ ਵਿਚੋਂ ਕਾਮਯਾਬੀ ਨਾਲ ਨਿਕਲ ਆਉਣ ਦਾ ਭਰੋਸਾ ਹੈ। ਇਸ ਦਾ ਦੂਜਾ ਪਾਸਾ ਇਹ ਹੈ ਕਿ ਉਸ ਤੋਂ ਜ਼ਿਆਦਾ ਮੀਡੀਆ ਨੂੰ ਕੌਣ ਜਾਣਦਾ ਹੈ!

ਰੌਬਰਟ ਫਿਸਕ ਦਾ ਲੇਖ ਸਪਸ਼ਟ ਕਰਦਾ ਹੈ ਕਿ ਪੱਤਰਕਾਰੀ ਅੰਦਰ ਇਹ ਰੁਝਾਨ ਵੱਡੇ ਪੱਧਰ ਉੱਤੇ ਹੈ। ਇਸ ਨਾਲ ਅਰੁੰਧਤੀ ਰਾਏ ਦੀ ਉਸ ਦਲੀਲ ਦੀ ਤਸਦੀਕ ਹੋ ਜਾਂਦੀ ਹੈ ਕਿ ਭਾਰਤ ਬਾਬਤ ਮਾੜੀ ਖ਼ਬਰ ਨਾ ਛਾਪਣ ਦੀ ਮਨਾਹੀ ਲਾਗੂ ਕਰਨ ਪਾਬੰਦੀ ਦਾ ਐਲਾਨ ਕਰਨ ਦੀ ਲੋੜ ਨਹੀਂ। ਇਸ ਦਲੀਲ ਵਿਚ ਜੋ ਬੇਭਰੋਸਗੀ ਸਟੀਫ਼ਨ ਮੌਸ ਪ੍ਰਗਟਾਉਂਦਾ ਹੈ ਉਹ ਕੁਥਾਂ ਸਾਬਤ ਹੁੰਦੀ ਹੈ। ਕੌਨਰਾਡ ਬਲੈਕ ਉਨ੍ਹਾਂ ਸਾਰੇ ਮਾਮਲਿਆਂ ਤਹਿਤ ਵਿਵਾਦਾਂ ਦਾ ਵਿਸ਼ਾ ਰਿਹਾ ਹੈ ਜੋ ਉਹ ਮਰਡੌਕ ਬਾਬਤ ਉਭਾਰ ਰਿਹਾ ਹੈ। ਮਸਲਾ ਇਹ ਵੀ ਹੈ ਕਿ ਇਸ ਵੇਲੇ Ḕਨਿਊਜ਼ ਆਫ਼ ਦਾ ਵਰਲਡḔ ਖ਼ਿਲਾਫ਼ ਸਮੁੱਚੀ ਮੁਹਿੰਮ ਵਿਚ ਗਾਰਡੀਅਨ,ਇੰਡੀਪੈਂਡੈਂਟ ਅਤੇ ਬੀ.ਬੀ.ਸੀ ਝੰਡਾਬਰਦਾਰ ਹਨ। ਇਨ੍ਹਾਂ ਦੀ ਇਖ਼ਲਾਕੀ ਮੁਹਿੰਮ ਫਸੇ ਹੋਏ ਮਰਡੌਕ ਦੀ ਕੀਮਤ ਉੱਤੇ ਚੱਲ ਰਹੀ ਹੈ। ਇਨ੍ਹਾਂ ਨੇ ਪਿਛਲੇ ਦਿਨੀਂ 'ਬੀ.ਬੀ.ਸੀ' ਦੇ ਅਮਲੇ ਵੱਲੋਂ ਕੀਤੀ ਇਕ ਰੋਜ਼ਾ ਹੜਤਾਲ ਨੂੰ ਕਿਉਂ ਨਜ਼ਰਅੰਦਾਜ਼ ਕਰ ਦਿੱਤਾ? ਇਹ ਖ਼ਬਰ ਆਖ਼ਰੀ ਪੰਨਿਆਂ ਉੱਤੇ ਇਕ-ਦੋ ਸਤਰਾਂ ਵਿਚ ਛਪੀ ਹੈ। 'ਬੀ.ਬੀ.ਸੀ' ਬਾਬਤ ਪਾਕਿਸਤਾਨੀ ਫ਼ਿਲਮਸਾਜ਼ ਤਾਰਿਕ ਅਲੀ ਆਪਣੀ ਕਿਤਾਬ ਵਿਚ ਟਿੱਪਣੀ ਕਰਦਾ ਹੈ ਕਿ ਇਹ ਅਦਾਰਾ ਬਰਤਾਨੀਆ ਦੀ ਵਿਦੇਸ਼ ਨੀਤੀ ਮੁਤਾਬਕ ਚੱਲਦਾ ਹੈ। ਇਤਿਹਾਸਕ ਤੱਥਾਂ ਦੇ ਬਾਵਜੂਦ ਤਾਰਿਕ ਅਲੀ ਨੂੰ ਫ਼ਿਲਮ ਵਿਚ ਇਹ ਦਿਖਾਉਣ ਤੋਂ ਰੋਕਿਆ ਗਿਆ ਸੀ ਕਿ ਪਾਕਿਸਤਾਨ ਵਿਚ ਅਮਰੀਕੀ ਖ਼ੁਫ਼ੀਆ ਏਜੰਸੀ ਦੀ ਦਖ਼ਲਅੰਦਾਜ਼ੀ ਨਾਲ ਕਤਲ ਕਿਵੇਂ ਹੁੰਦੇ ਹਨ। ਤਾਰਿਕ ਅਲੀ ਨੂੰ ਸਮਝਾਉਣ ਆਏ ਮਾਰਕ ਟੱਲੀ ਨੇ ਕਿਹਾ ਸੀ ਕਿ ਬਰਤਾਨੀਆ ਦੀਆਂ ਅਦਾਲਤਾਂ ਸਾਬਕਾ ਸੋਵੀਅਤ ਗਣਰਾਜ ਦੇ ਮਾਮਲਿਆਂ ਨੂੰ ਦਰਜ ਨਹੀਂ ਕਰਦੀਆਂ ਪਰ ਅਜਿਹਾ ਅਮਰੀਕਾ ਤੇ ਪਾਕਿਸਤਾਨ ਦੇ ਮਾਮਲੇ ਵਿਚ ਹੋ ਸਕਦਾ ਹੈ। ਇਸ ਤਰ੍ਹਾਂ ਮਾਰਕ ਟੱਲੀ ਸਿਰਫ਼ ਤਾਰਿਕ ਅਲੀ ਨੂੰ ਸਮਝਾ ਰਿਹਾ ਸੀ ਕਿ ਉਸ ਦਾ ਅਦਾਰਾ ਬਰਤਾਨੀਆ ਦੀ ਵਿਦੇਸ਼ ਨੀਤੀ ਦਾ ਬੁਲਾਰਾ ਹੈ ਅਤੇ ਨਾਲੋ-ਨਾਲ ਗੌਣ ਪਾਬੰਦੀਆਂ ਦਾ ਖੁਲਾਸਾ ਕਰ ਰਿਹਾ ਸੀ। ਰੌਬਰਟ ਫਿਸਕ ਨੇ ਆਪਣੇ ਲੇਖ ਵਿਚ ਮਰਡੌਕ ਦੀ ਤੁਲਨਾ ਹਿਟਲਰ ਨਾਲ ਕਰਦੇ ਸਮੇਂ ਅਰਬੀ ਤਾਨਾਸ਼ਾਹਾਂ ਅਤੇ ਸੰਪਾਦਕਾਂ ਦੇ ਹਵਾਲੇ ਦਿੱਤੇ ਹਨ। ਉਹ ਅਮਰੀਕੀ ਅਤੇ ਬਰਤਾਨਵੀ ਵਿਦੇਸ਼ ਨੀਤੀਆਂ ਬਣਾਉਣ ਅਤੇ ਲਾਗੂ ਕਰਨ ਵਾਲਿਆਂ ਨੂੰ ਇਸ ਕੜੀ ਦਾ ਹਿੱਸਾ ਨਹੀਂ ਬਣਾਉਂਦਾ। ਇਨ੍ਹਾਂ ਵਿਦੇਸ਼ ਨੀਤੀਆਂ, ਪੱਤਰਕਾਰੀ ਦੇ ਮੁਹਾਣ, ਜੰਗੀ ਮੁਹਿੰਮਾਂ ਅਤੇ ਤਾਨਾਸ਼ਾਹੀਆਂ ਨੂੰ ਵੱਖ ਕਿਵੇਂ ਕੀਤਾ ਜਾ ਸਕਦਾ ਹੈ? ਇਨ੍ਹਾਂ ਵਿਦੇਸ਼ ਨੀਤੀਆਂ ਨੂੰ ਲਾਗੂ ਕਰਨ ਲਈ ਰਾਏ ਉਸਾਰੀ ਦਾ ਕੰਮ ਮੀਡੀਆ ਹੀ ਕਰਦਾ ਹੈ। ਦੂਜੇ ਮੁਲਕਾਂ ਵਿਚ ਨਿੱਜੀਕਰਨ ਪੱਖੀ ਮਾਹੌਲ ਦੀ ਉਸਾਰੀ ਲਈ ਸਰਕਾਰੀ ਅਦਾਰਿਆਂ ਨੂੰ ਨਖਿੱਧ ਸਾਬਤ ਕਰਨ ਵਿਚ ਜੇ ਮਰਡੌਕ ਦਾ ਹੁਨਰ ਲੱਗਿਆ ਹੈ ਤਾਂ ਬੀæਬੀæਸੀæ ਦੀ ਲਿਆਕਤ ਵੀ ਲੱਗੀ ਹੈ। ਤੀਜੀ ਦੁਨੀਆਂ ਦੇ ਮੁਲਕਾਂ ਦੇ ਸਨਅਤੀ ਘਰਾਣਿਆਂ ਦੇ ਅਖ਼ਬਾਰ ਇਸ ਦਲੀਲ ਦੀ ਉਸਾਰੀ ਮੁਕਾਮੀ ਪੱਧਰ ਉੱਤੇ ਕਰਦੇ ਹਨ। ਇਸ ਤਰ੍ਹਾਂ ਪੱਤਰਕਾਰੀ ਦੀ ਭਰੋਸੇਯੋਗਤਾ ਦਾ ਸਵਾਲ ਮਰਡੌਕ ਸਾਮਰਾਜ ਤੱਕ ਮਹਿਦੂਦ ਨਹੀਂ ਹੈ, ਇਸ ਦੀਆਂ ਮੁਕਾਮੀ, ਕੌਮੀ ਅਤੇ ਕੌਮਾਂਤਰੀ ਤੰਦਾਂ ਬਹੁਤ ਮਜ਼ਬੂਤ ਅਤੇ ਪੇਚੀਦਾ ਹਨ।

ਕੁਝ ਨੁਕਤੇ ਸਵਾਲਾਂ ਵਜੋਂ ਉਭਰਦੇ ਹਨ ਜਿਨ੍ਹਾਂ ਦੇ ਜਵਾਬ ਭਾਲਣੇ ਬਣਦੇ ਹਨ। ਭਾਰਤ ਵਿਚ ਹੋਏ 2-ਜੀ ਘਪਲੇ ਵਿਚ ਕੱਪੜਾ ਮੰਤਰੀ ਮਾਰਨ ਨੂੰ ਹਟਾਇਆ ਗਿਆ ਹੈ। ਸਵਾਲ ਦੇ ਘੇਰੇ ਵਿਚ ਆਈ ਰਕਮ ਉਨ੍ਹਾਂ ਦੇ ਮੀਡੀਆ ਗਰੁੱਪ 'ਸੰਨ' ਵਿਚ ਲੱਗੀ ਹੈ। ਪੰਜਾਬ ਵਿਚ ਬਾਦਲ ਸਰਕਾਰ ਦੀ ਦਖ਼ਲਅੰਦਾਜ਼ੀ ਕਾਰਨ 'ਜ਼ੀ ਪੰਜਾਬੀ' ਅਤੇ 'ਡੇਅ ਐਂਡ ਨਾਈਟ ਨਿਊਜ਼' ਕੇਬਲ ਨੈੱਟਵਰਕ ਉੱਤੇ ਨਹੀਂ ਚਲਦੇ। ਦੋ-ਤਿੰਨ ਦਹਾਕਿਆਂ ਤੋਂ ਪੱਤਰਕਾਰੀ ਕਰ ਰਹੇ ਸੰਪਾਦਕ ਆਪਣੀ ਪ੍ਰਾਪਤੀ ਵਜੋਂ ਪ੍ਰਧਾਨ ਮੰਤਰੀ ਨਾਲ ਕੀਤੇ ਵਿਦੇਸ਼ ਦੌਰੇ ਨੂੰ ਪੇਸ਼ ਕਰਦੇ ਹਨ। ਲੋਕ ਸੰਪਰਕ ਮਹਿਕਮੇ ਤੋਂ ਪੱਤਰਕਾਰੀ ਅਤੇ ਪੱਤਰਕਾਰੀ ਤੋਂ ਲੋਕ ਸੰਪਰਕ ਮਹਿਕਮੇ ਵਿਚ ਜਾਣ ਦਾ ਰੁਝਾਨ ਪ੍ਰਧਾਨ ਮੰਤਰੀ ਦਫ਼ਤਰ ਤੋਂ ਸੂਬਾ ਸਰਕਾਰਾਂ ਤੱਕ ਚੱਲ ਰਿਹਾ ਹੈ।

'ਨਿਊਜ਼ ਆਫ਼ ਦਾ ਵਰਲਡ' ਨੂੰ ਘਟਨਾ ਵਜੋਂ ਪੇਸ਼ ਕਰਨ ਦਾ ਮਤਲਬ ਸਨਸਨੀ ਭਰਪੂਰ ਖ਼ਬਰ ਤੋਂ ਵੱਧ ਕੁਝ ਨਹੀਂ ਹੈ। ਜੋ ਮਰਡੌਕ ਦਾ ਅਮਲਾ ਕਰਦਾ ਆਇਆ ਹੈ, ਉਹ ਅੱਜ ਉਨ੍ਹਾਂ ਨਾਲ ਹੋ ਰਿਹਾ ਹੈ। ਅਜਿਹਾ ਕਰਨ ਵਾਲੇ ਆਪਣੀ ਸੁਹਿਰਦਤਾ ਵਜੋਂ ਮਰਡੌਕ ਦੀਆਂ ਬੇਈਮਾਨੀਆਂ ਨੂੰ ਪੇਸ਼ ਨਹੀਂ ਕਰ ਸਕਦੇ। ਫੌਰੀ ਤੌਰ ਉੱਤੇ 'ਨਿਊਜ਼ ਕਾਰਪੋਰੇਸ਼ਨ' ਨੇ ਬਰਤਾਨੀਆ ਵਿਚ 'ਬ੍ਰਿਟਿਸ਼ ਸਕਾਈ ਬਰਾਡਕਾਸਟਿੰਗ' ਨੂੰ ਖਰੀਦਣ ਦੀ ਯੋਜਨਾ ਤਿਆਗ ਦਿੱਤੀ ਹੈ ਪਰ ਇਸ ਵਿਚ ਤਾਂ ਪਹਿਲਾਂ ਹੀ ਉਸ ਦਾ 39 ਫ਼ੀਸਦੀ ਹਿੱਸਾ ਹੈ। ਇਸ ਤੋਂ ਘੱਟ ਵੋਟਾਂ ਹਾਸਲ ਕਰਕੇ ਆਲਮੀ ਪੱਧਰ ਉੱਤੇ ਜਮਹੂਰੀਅਤ ਦੇ ਝੰਡੇ ਹੇਠ ਸਰਕਾਰਾਂ ਚੱਲ ਰਹੀਆਂ ਹਨ। Ḕਨਿਊਜ਼ ਕਾਰਪੋਰੇਸ਼ਨḔ ਹੁਣ ਵੀ 'ਬ੍ਰਿਟਿਸ਼ ਸਕਾਈ ਬਰਾਡਕਾਸਟਿੰਗ' ਦੇ ਫ਼ੈਸਲਿਆਂ ਉੱਤੇ ਅਸਰਅੰਦਾਜ਼ ਹੈ। ਇਸ ਹਾਲਾਤ ਵਿਚ ਸਪਸ਼ਟ ਹੈ ਕਿ ਪੱਤਰਕਾਰੀ ਦਾ ਨਿਘਾਰ Ḕਨਿਊਜ਼ ਕਾਰਪੋਰੇਸ਼ਨḔ ਤੱਕ ਮਹਿਦੂਦ ਨਹੀਂ ਹੈ ਅਤੇ ਇਸ ਦਾਗ਼ੀ ਕੰਪਨੀ ਦੀ ਤਾਕਤ ਘੱਟਣ ਦਾ ਕੋਈ ਆਸਾਰ ਨਜ਼ਰ ਨਹੀਂ ਆਉਂਦਾ। ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਦਰਬਾਨ ਪੱਤਰਕਾਰਾਂ ਦੀ ਲੋੜ ਹੈ ਜਿਨ੍ਹਾਂ ਨੂੰ ਨੀਤੀਆਂ ਉੱਤੇ ਅਸਰਅੰਦਾਜ਼ ਹੋਣ ਤੇ ਸਰਕਾਰੀ ਲੋਕ ਭਲਾਈ ਅਦਾਰਿਆਂ ਨੂੰ ਨਿੰਦਣ ਦੀ ਖੁੱਲ੍ਹ ਦਿੱਤੀ ਜਾ ਸਕਦੀ ਹੈ।

ਦਲਜੀਤ ਅਮੀ

Sunday, July 24, 2011

ਮਲਕਾ ਰਾਣੀ ਖੁਦਕੁਸ਼ੀ ਮਸਲੇ ਬਾਰੇ ਮੰਦਭਾਗਾ ਰਵੱਈਆ--ਪੀ.ਐਸ.ਯੂ.(ਸ਼ਹੀਦ ਰੰਧਾਵਾ)

ਪੀ।ਐਸ।ਯੂ. ਦੀ ਜ਼ੋਨਲ ਕਮਟੀ ਦੀਤੱਥ-ਹੀਣ ਬਿਆਨਬਾਜ਼ੀ ਦੀ ਅਸਲੀਅਤ

ਸਿਵਲ ਹਸਪਤਾਲ ਬਠਿੰਡਾ ਦੀਆਂ ਵਿਦਿਆਰਥਣਾਂ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਦੂਹਰੇ ਸਦਮੇ 'ਚੋਂ ਲੰਘ ਰਹੀਆਂ ਹਨ ਚਾਰ ਜੂਨ 2011 ਨੂੰ ਸੰਸਥਾ ਦੀ ਵਿਦਿਆਰਥਣ ਮਲਕਾ ਰਾਣੀ ਨੇ ਆਪਣੇ ਹੋਸਟਲ ਕਮਰੇ 'ਚ ਪੱਖੇ ਨਾਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਸੀਇਸ ਘਟਨਾ ਨਾਲ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹਸਪਤਾਲ ਦੇ ਸਟਾਫ 'ਚ ਗ਼ਮ ਅਤੇ ਸੋਗ ਦੀ ਲਹਿਰ ਦੌੜ ਗਈ ਇਹ ਸਦਮਾ ਹੋਰ ਵੀ ਡੂੰਘਾ ਹੋ ਗਿਆ ਜਦੋਂ ਮਲਕਾ ਰਾਣੀ ਦੀ ਆਤਮ-ਹੱਤਿਆ ਦਾ ਦੋਸ਼ ਅਧਿਆਪਕਾ ਕਮਲ ਸਿਰ ਮੜ੍ਹ ਦਿੱਤਾ ਗਿਆ ਅਤੇ ਉਹਨਾਂ ਖਿਲਾਫ ਮਲਕਾ ਰਾਣੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਨਿਰ-ਆਧਾਰ ਕੇਸ ਬਿਨਾ ਕਿਸੇ ਜਾਂਚ-ਪੜਤਾਲ ਦੇਦਰਜ ਕਰ ਲਿਆ ਗਿਆ ਕੇਸ ਦਰਜ ਕਰਨ ਦਾ ਆਧਾਰ ਇਸ ਗੱਲ ਨੂੰ ਬਣਾਇਆ ਗਿਆ ਕਿ ਮੈਡਮ ਕਮਲ ਨੇ ਕਲਾਸ 'ਚ ਲਏ ਜਾ ਰਹੇ ਇੱਕ ਸਾਧਾਰਨ ਟੈਸਟ ਦੌਰਾਨ ਮਲਕਾ ਰਾਣੀ ਨੂੰ ਕਿਤਾਬ ਤੋਂ ਨਕਲ ਕਰਦਿਆਂ ਵੇਖ ਕੇ ਰੋਕਿਆ ਸੀ ਅਤੇ ਸਬਕ ਯਾਦ ਕਰਨ ਲਈ ਕਲਾਸ ਤੋਂ ਬਾਹਰ ਭੇਜ ਦਿੱਤਾ ਸੀ ਇਸ ਤੋਂ ਕੁਝ ਚਿਰ ਮਗਰੋਂ ਮਲਕਾ ਰਾਣੀ ਨੇ ਹੋਸਟਲ ਵਿੱਚ ਆ ਕੇ ਆਤਮ-ਹੱਤਿਆ ਕਰ ਲਈ ਸੀਕਲਾਸ ਟੈਸਟ ਦੌਰਾਨ 38 ਹੋਰ ਵਿਦਿਆਰਥਣਾਂ ਮਲਕਾ ਰਾਣੀ ਦੇ ਨਾਲ ਹੀ ਟੈਸਟ ਦੇ ਰਹੀਆਂ ਸਨ ਇਹ ਸਭ ਲੜਕੀਆਂ ਇਸ ਗੱਲ ਦੀਆਂ ਗਵਾਹ ਹਨ ਕਿ ਮੈਡਮ ਕਮਲ ਨੇ ਮਲਕਾ ਰਾਣੀ ਕੋਲੋਂ ਕਿਤਾਬ ਫੜੀ ਅਤੇ ਉਸਨੂੰ ਬਾਹਰ ਭੇਜ ਦਿੱਤਾ ਇਹਨਾਂ ਸਭਨਾਂ ਲੜਕੀਆਂ ਨੇ ਇਹ ਗੱਲ ਲਿਖਤੀ ਰੂਪ ਵਿੱਚ ਐਸ.ਐਸ.ਪੀ. ਨੂੰ ਦੱਸੀ ਕਿ ਇਸ ਘਟਨਾ ਦੌਰਾਨ ਮੈਡਮ ਕਮਲ ਵੱਲੋਂ ਮਲਕਾ ਰਾਣੀ ਨਾਲ ਕਿਸੇ ਕਿਸਮ ਦੀ ਬਦਸਲੂਕੀ ਜਾਂ ਘੂਰ-ਘੱਪ ਨਹੀਂ ਹੋਈ ਇਸ ਤੋਂ ਇਲਾਵਾ ਸੰਸਥਾ ਵਿੱਚ ਚੱਲ ਰਹੀਆਂ ਦੋਹਾਂ ਕਲਾਸਾਂ ਦੀਆਂ ਸਾਰੀਆਂ ਵਿਦਿਆਰਥਣਾਂ

ਮੈਡਮ ਕਮਲ ਦੇ ਵਿਦਿਆਰਥੀਆਂ ਨਾਲ ਵਿਹਾਰ ਬਾਰੇ ਬਹੁਤ ਤਸੱਲੀ ਮਹਿਸੂਸ ਕਰਦੀਆਂ ਹਨਦੋਹਾਂ ਕਲਾਸਾਂ ਦੀਆਂ ਵਿਦਿਆਰਥਣਾਂ ਵੱਲੋਂ ਮੈਡਮ ਕਮਲ ਦੇ ਵਿਹਾਰ ਬਾਰੇ ਆਪਣਾ ਇਹ ਤਜਰਬਾ ਪੁਲਸ ਅਧਿਕਾਰੀਆਂ (ਐਸ.ਐਸ.ਪੀ.) ਨੂੰ ਪੱਤਰ ਲਿਖ ਕੇ ਦੱਸਿਆ ਗਿਆ, ਜਿਸ ਉੱਤੇ ਸਭ ਵਿਦਿਆਰਥਣਾਂ ਨੇ ਆਪਣੇ ਦਸਖਤ ਕੀਤੇ ਵਿਦਿਆਰਥਣਾਂ ਦੇ ਮਾਪਿਆਂ ਵੱਲੋਂ ਵੀ ਪੁਲਸ ਅਧਿਕਾਰੀਆਂ ਨੂੰ ਇੱਕ ਵੱਖਰਾ ਮੈਮੋਰੈਂਡਮ ਦੇ ਕੇ ਇਸੇ ਗੱਲ ਦੀ ਪੁਸ਼ਟੀ ਕੀਤੀ ਗਈ ਹਸਪਤਾਲ ਦੇ 120 ਸਟਾਫ ਮੈਂਬਰਾਂ ਵੱਲੋਂ ਵੀ ਮੈਡਮ ਕਮਲ ਦੇ ਅਧਿਆਪਕ ਅਤੇ ਮਨੁੱਖ ਵਜੋਂ ਬਹੁਤ ਹੀ ਚੰਗੇ ਕਿਰਦਾਰ ਦੀ ਹਾਮੀ ਭਰਦਾ ਮੈਮੋਰੈਂਡਮ ਮਹਿਕਮੇ ਦੇ ਅਧਿਕਾਰੀਆਂ ਰਾਹੀਂ ਪੁਲਸਅਧਿਕਾਰੀਆਂ ਕੋਲ ਭੇਜਿਆ ਗਿਆ ਅਤੇ ਮੈਡਮ ਕਮਲ ਖਿਲਾਫ਼ ਦਰਜ਼ ਪਰਚਾ ਰੱਦ ਕਰਨ ਦੀ ਮੰਗ ਕੀਤੀ ਗਈ

ਇਸੇ ਗੱਲ ਦੀ ਪੁਸ਼ਟੀ ਸਿਵਲ ਸਰਜਨ ਬਠਿੰਡਾ ਡਾ. ਨੀਲਮ ਬਾਜਾਜ ਵੱਲੋਂ ਦਿੱਤੇ ਬਿਆਨ ਰਾਹੀਂ ਹੋਈ ਉਹਨਾਂ ਦੇ ਬਿਆਨ 'ਚ ਕਿਹਾ ਗਿਆ ਹੈ, ''ਮੈਨੂੰ ਕਦੇ ਵੀ ਟਰੇਨਿੰਗ ਕਾਲਜ ਦੇ ਕਿਸੇ ਅਧਿਆਪਕ ਜਾਂ ਵਿਦਿਆਰਥੀ ਵੱਲੋਂ, ਦੋਸ਼ੀ ਕਹੀ ਜਾ ਰਹੀ ਅਧਿਆਪਕਾ ਸਬੰਧੀ ਮਾੜੇ ਮਿਜਾਜ਼ ਜਾਂ ਵਰਤਾਅ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਇਸ ਕਰਕੇ ਉਸ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਗੰਭੀਰ ਮਾਮਲਾ ਦਰਜ ਕਰਨਾ ਅਤੇ ਬਿਨਾ ਕਿਸੇ ਪੜਤਾਲ ਤੋਂ ਉਸਦੀ ਗ੍ਰਿਫਤਾਰੀ ਦੀ ਮੰਗ ਕਰਨਾ ਵਾਜਬ ਨਹੀਂ ਹੈ'' (ਟਾਈਮਜ਼ ਆਫ ਇੰਡੀਆ, 20 ਜੂਨ 2011) ਵਿਦਿਆਰਥਣਾਂ ਕਿਉਂਕਿ ਖੁਦ ਵਾਪਰੀ ਹੋਈ ਘਟਨਾ ਦੀਆਂ ਚਸ਼ਮਦੀਦ ਗਵਾਹ ਸਨ ਅਤੇ ਮੈਡਮ ਕਮਲ ਦੇ ਵਿਹਾਰ ਬਾਰੇ ਉਹਨਾਂ ਦੇ ਵਿਚਾਰ ਆਪਣੇ ਤਜਰਬੇ ਵਿੱਚੋਂ ਬਣੇ ਹੋਏ ਸਨ, ਇਸ ਕਰਕੇ ਉਹਨਾਂ ਨੂੰ ਇਹ ਪੂਰੀ ਤਰ੍ਹਾਂ ਸਪਸ਼ਟ ਸੀ ਕਿ ਮਲਕਾ ਰਾਣੀ ਦੀ ਆਤਮ-ਹੱਤਿਆ ਦੇ ਹੋਰ ਕੋਈ ਵੀ ਕਾਰਨ ਹੋਣ, ਮੈਡਮ ਕਮਲ 'ਤੇ ਉਸਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਥੱਪਣਾ ਇੱਕ
ਬਹੁਤ ਵੱਡੀ ਬੇਇਨਸਾਫੀ ਹੈ ਇਸ ਕਰਕੇ ਵਿਦਿਆਰਥਣਾਂ ਵੱਲੋਂ ਲਗਾਤਾਰ ਅਤੇ ਵਾਰ ਵਾਰ ਮੈਡਮ ਕਮਲ ਖਿਲਾਫ ਬਿਨਾਂ ਪੜਤਾਲ ਦਰਜ ਹੋਇਆ 306 ਦਾ ਪਰਚਾ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ

ਵਿਦਿਆਰਥਣਾਂ ਲਈ ਇਹ ਇੱਕ ਹੋਰ ਸਦਮਾ ਹੈ ਕਿ ਵਿਦਿਆਰਥੀ ਲੀਡਰ ਹੋਣ ਦਾ ਦਾਅਵਾ ਕਰਦੇ ਕੁਝ ਵਿਅਕਤੀਆਂ ਵੱਲੋਂ ਜ਼ੋਨਲ ਕਮੇਟੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਨਾਂ 'ਤੇ ਏ.ਐਨ.ਐਮ. ਟਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਦੀ ਵਾਜਬ ਮੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹਨਾਂ ਵਿਅਕਤੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਮੈਡਮ ਕਮਲ ਨੂੰ ਮਲਕਾ ਰਾਣੀ ਦੀ ਖੁਦਕੁਸ਼ੀ ਲਈ ਦੋਸ਼ੀ ਠਹਿਰਾਇਆ ਹੈ ਏਨਾ ਹੀ ਨਹੀਂ ਗੱਲ ਨੂੰ ਇਉਂ ਪੇਸ਼ ਕੀਤਾ ਗਿਆ ਹੈ ਜਿਵੇਂ ਇਹ ਖੁਦਕੁਸ਼ੀ ਦਾ ਮਾਮਲਾ ਨਾ ਹੋ ਕੇ ਕਤਲ ਦਾ ਮਾਮਲਾ ਹੋਵੇ ਇਸ ਤੋਂ ਇਲਾਵਾ ਮੈਡਮ ਕਮਲ ਅਤੇ ਉਸਦੇ ਪਰਿਵਾਰ ਉੱਤੇ ਮਲਕਾ ਰਾਣੀ ਨੂੰ ਨਕਲ ਦਾ ਝੂਠਾ ਦੋਸ਼ ਲਾ ਕੇ ਬਦਨਾਮ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ ਇਹ ਗੱਲ ਵੀ ਉਭਾਰੀ ਗਈ ਹੈ ਕਿ ਨਾਲੇ ਤਾਂ ਕੁੜੀ ਮਾਰ ਦਿੱਤੀ, ਨਾਲੇ ਉਸਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਦੱਸ ਕੇ ਬਲ਼ਦੀ 'ਤੇ ਤੇਲ ਪਾਇਆ ਜਾ ਰਿਹਾ ਹੈ ਮੈਡਮ ਕਮਲ 'ਤੇ ਸਬੂਤਾਂ ਨੂੰ ਨਸ਼ਟ ਕਰਨ ਦੇ ਇਲਜ਼ਾਮ ਵੀ ਲਾਏ ਗਏ ਹਨ ਕੁੱਲ ਮਿਲਾ ਕੇ ਇਹ ਪ੍ਰਭਾਵ ਦਿੱਤਾ ਗਿਆ ਹੈ ਕਿ ਜਿਵੇਂ ਮੈਡਮ ਕਮਲ ਇੱਕ ਬੇਰਹਿਮ ਪੱਥਰ-ਦਿਲ ਵਿਅਕਤੀ ਹੋਵੇ, ਜਿਸ ਵੱਲੋਂ ਮਲਕਾ ਰਾਣੀ ਨੂੰ ਮੌਤ ਦੇ ਮੂੰਹ ਧੱਕ ਦੇਣ ਪਿੱਛੋਂ ਹੁਣ ਆਪਣੇ ਪਾਪ ਨੂੰ ਛੁਪਾਉਣ ਲਈ ਇਲਜ਼ਾਮਬਾਜ਼ੀ, ਸਾਜਸ਼ਾਂ, ਧਮਕੀਆਂ ਅਤੇ ਹੇਰਾਫੇਰੀ ਦਾ ਸਹਾਰਾ ਲਿਆ ਜਾ
ਰਿਹਾ ਹੋਵੇਕਿਸੇ ਨਿਰਦੋਸ਼, ਸਤਿਕਾਰਤ ਅਤੇ ਵਿਦਿਆਰਥੀ ਹਿੱਤੂ ਅਧਿਆਪਕ ਖਿਲਾਫ ਅਜਿਹੀ ਇਲਜ਼ਾਮਬਾਜ਼ੀ ਦੇ ਰਾਹ ਪੈਣਾ ਵਿਦਿਆਰਥੀ-ਅਧਿਆਪਕ ਰਿਸ਼ਤੇ 'ਚ ਜ਼ਹਿਰ ਘੋਲਣ ਬਰਾਬਰ ਹੈਕਿਸੇ ਗੰਭੀਰ ਵਿਦਿਆਰਥੀ ਲੀਡਰਸ਼ਿੱਪ ਜਾਂ ਜਥੇਬੰਦੀ ਤੋਂ ਇਸ ਤਰ੍ਹਾਂ ਅਕਲ ਦਾ ਪੱਲਾ ਛੱਡ ਦੇਣ ਦੀ ਆਸ ਨਹੀਂ ਕੀਤੀ ਜਾਂਦੀ ਅਧਿਆਪਕ ਅਤੇ ਵਿਦਿਆਰਥੀ ਇੱਕ-ਦੂਜੇ ਦੇ ਦੁਸ਼ਮਣ ਨਹੀਂ ਹਨ ਦੋਵੇਂ ਹੀ ਗਲਤ ਸਮਾਜਿਕ ਪ੍ਰਬੰਧ ਅਤੇ ਵਿਦਿਅਕ ਪ੍ਰਬੰਧ ਹੱਥੋਂ ਬੇਇਨਸਾਫੀ ਅਤੇ ਲੁੱਟ-ਖਸੁੱਟ ਦਾ ਸੰਤਾਪ ਹੰਢਾਉਂਦੇ ਹਨ ਦੋਹਾਂ ਨੂੰ ਆਪਣੇ ਸੰਘਰਸ਼ਾਂ ਦੌਰਾਨ ਇੱਕ- ਦੂਸਰੇ ਦੇ ਸਹਾਰੇ ਅਤੇ ਹਮਾਇਤ ਦੀ ਲੋੜ ਪੈਂਦੀ ਹੈ ਵਿਦਿਆਰਥੀ ਅਧਿਆਪਕ ਟਕਰਾਅ ਨੂੰ ਹਵਾ ਦੇਣ 'ਚ ਲੋਕ-ਦੁਸ਼ਮਣਾਂ ਦੀ ਦਿਲਚਸਪੀ ਹੋ ਸਕਦੀ ਹੈ, ਹੁੰਦੀ ਹੈ ਇਹ ਕਿਸੇ ਪੁਲਸ ਅਫਸਰ ਦੀ ਜ਼ਰੂਰਤ ਹੋ ਸਕਦੀ ਹੈ ਕਿਸੇ ਸਿਆਸੀ ਲੀਡਰ ਜਾਂ ਵਿਧਾਇਕ ਦੀ ਜ਼ਰੂਰਤ ਹੋ ਸਕਦੀ ਹੈ ਪਰ ਕੋਈ ਵਿਦਿਆਰਥੀ ਲੀਡਰਸ਼ਿੱਪ ਇਸ ਰਾਹ ਪਵੇ, ਇਹ ਗੱਲ ਸਮਝ ਆਉਣ ਵਾਲੀ ਨਹੀਂ ਹੈ ਖਾਸ ਕਰਕੇ, ਜਦੋਂ ਤੱਥ ਬਹੁਤ ਹੀ ਸਪਸ਼ਟ ਹੋਣ

ਜ਼ੋਨਲ ਕਮੇਟੀ ਵੱਲੋਂ ਮਾਮਲੇ ਦੀ ਗਹਿਰਾਈ ਵਿੱਚ ਜਾ ਕੇ ਜਾਂਚ-ਪੜਤਾਲ ਕਰਨ ਦਾ ਜ਼ੋਰਦਾਰ ਦਾਅਵਾ ਕੀਤਾ ਗਿਆ ਹੈ ਪਰ ਗਹਿਰਾਈ ਵਿੱਚ ਜਾਣਾ ਤਾਂ ਦੂਰ ਦੀ ਗੱਲ ਹੈ, ਇਹਨਾਂ ਸੱਜਣਾਂ ਜ਼ੋਨਲ ਕਮੇਟੀ ਵੱਲੋਂ ਤੱਥਹੀਣ ਇਲਜ਼ਾਮਬਾਜ਼ੀ ਜ਼ੋਨਲ ਕਮੇਟੀ ਵੱਲੋਂ ਤੱਥਾਂ ਦਾ ਗਬਨ ਨੇ ਕਈ ਬਹੁਤ ਹੀ ਅਹਿਮ ਅਤੇ ਜ਼ਰੂਰੀ ਹਕੀਕਤਾਂ ਦੇ ਨੇੜੇ ਜਾਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਪਤਾ ਨਹੀਂ ਕਿਸ ਵਜਾਹ ਕਰਕੇ ਜ਼ੋਨਲ ਕਮੇਟੀ ਨੇ ਇਹਨਾਂ ਤੱਥਾਂ ਨੂੰ ਨਜ਼ਰ-ਅੰਦਾਜ਼ ਕਰਨਾ ਹੀ ਬੇਹਤਰ ਸਮਝਿਆ ਹੈ ਕੁਝ ਮਿਸਾਲਾਂ ਇਹ ਹਨ:

ਇਹਨਾਂ ਸੱਜਣਾਂ ਵੱਲੋਂ ਜਾਰੀ ਕੀਤੀ ਗਈ ਜਾਂਚ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ ਕਿ ਸੰਸਥਾ ਦੀਆਂ ਵਿਦਿਆਰਥਣਾਂ ਮਸਲੇ ਬਾਰੇ ''ਖੁੱਲ੍ਹ ਕੇ ਬੋਲਣ'' ਲਈ ਤਿਆਰ ਨਹੀਂ ਹਨ ਇਹ ਵੀ ਕਿਹਾ ਗਿਆ ਹੈ ਕਿ ਜਿਹੜੀ ਕੋਈ ਵਿਦਿਆਰਥਣ ਬੋਲੀ ਵੀ ਹੈ ਉਹ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਬੋਲੀ ਹੈ ਇਹ ਕਹਿ ਕੇ ਫੇਰ ਆਪ ਹੀ ਕਿਆਫੇ ਲਾਏ ਗਏ ਹਨ ਕਿ ਵਿਦਿਆਰਥਣਾਂ ਦੇ ਨਾ ਬੋਲਣ ਦੀ ਵਜਾਹ ਅਧਿਆਪਕਾਂ ਕੋਲ ਇੰਟਰਨਲ ਅਸੈੱਸਮੈਂਟ ਦੀਆਂ ਸ਼ਕਤੀਆਂ ਹੋ ਸਕਦੀਆਂ ਹਨ ਵਿਦਿਆਰਥਣਾਂ ਦੇ ''ਖੁੱਲ੍ਹ ਕੇ ਨਾ ਬੋਲਣ'' ਦੀ ਇਹਨਾਂ ਸੱਜਣਾਂ ਵੱਲੋਂ ਪੇਸ਼ ਕੀਤੀ ਇਹ ਨਕਲੀ ਸਮੱਸਿਆ ਇਸ ਗੱਲ ਦਾ ਇਕਬਾਲ ਹੈ ਕਿ ਜਾਂਚ-ਪੜਤਾਲ 'ਚੋਂ ਮੈਡਮ ਕਮਲ ਖਿਲਾਫ ਉਹਨਾਂ ਦੇ ਕੁਝ ਪਿੜ ਪੱਲੇ ਨਹੀਂ ਪਿਆ

ਦੂਜੇ ਪਾਸੇ ਇਹ ਹਕੀਕਤ ਹੈ ਕਿ ਸੰਸਥਾ ਦੀਆਂ ਦੋਹਾਂ ਕਲਾਸਾਂ ਦੀਆਂ ਲੱਗਭੱਗ ਸਾਰੀਆਂ ਵਿਦਿਆਰਥਣਾਂ ਮਸਲੇ ਬਾਰੇ ਖੁੱਲ੍ਹ ਕੇ ਬੋਲੀਆਂ ਹਨ, ਲਿਖਤੀ ਰੂਪ ਵਿੱਚ ਬੋਲੀਆਂ ਹਨ, ਪੁਲਸ ਅਫਸਰਾਂ ਕੋਲ ਬੋਲੀਆਂ ਹਨ, ਪੱਤਰਕਾਰਾਂ ਕੋਲ ਬੋਲੀਆਂ ਹਨ, ਰੈਲੀ ਵਿੱਚ ਆ ਕੇ ਬੋਲੀਆਂ ਹਨ ਪਰ ਉਸ ਤਰ੍ਹਾਂ ਨਹੀਂ ਜਿਵੇਂ ਪੀ.ਐਸ.ਯੂ. ਦੇ ਲੀਡਰ ਚਾਹੁੰਦੇ ਜਾਂ ਆਸ ਕਰਦੇ ਸਨ ਉਹਨਾਂ ਨੇ ਠੋਕ ਵਜਾ ਕੇ ਮੈਡਮ ਕਮਲ ਨੂੰ ਨਿਰਦੋਸ਼ ਕਿਹਾ ਹੈ ਇਸ ਗੱਲ ਦੇ ਬਾਵਜੂਦ ਕਿਹਾ ਹੈ ਕਿ ਉਹਨਾਂ ਨੂੰ ਮਾਮਲੇ ਤੋਂ ਲਾਂਭੇ ਰਹਿਣ ਦੀਆਂ ਨਸੀਹਤਾਂ ਕੀਤੀਆਂ ਗਈਆਂ, ਕਿਹਾ ਗਿਆ ਕਿ ਤੁਹਾਨੂੰ ਕਚਹਿਰੀਆਂ 'ਚ ਤਾਰੀਕਾਂ 'ਤੇ ਜਾਣਾ ਪਵੇਗਾ, ਪ੍ਰੇਸ਼ਾਨੀ ਉਠਾਉਣੀ ਪਵੇਗੀ ਕੈਰੀਅਰ ਖਰਾਬ ਹੋ ਜਾਵੇਗਾ ਵਿਦਿਆਰਥਣਾਂ ਨੇ ਇਹ ਲਿਖਤੀ ਬਿਆਨ ਭਾਰੀ ਗਾਲੀ-ਗਲੋਚ ਝੱਲਣ ਦੇ ਬਾਵਜੂਦ ਦਿੱਤੇ ਜ਼ੋਨਲ ਕਮੇਟੀ ਦੀ ਰਿਪੋਰਟ ਵਿਦਿਆਰਥਣਾਂ ਵੱਲੋਂ ਲਿਖਤੀ ਰੂਪ ਵਿੱਚ ਦਿਤੇ ਇਹਨਾਂ ਮੈਮੋਰੈਂਡਮਾਂ ਦਾ ਜ਼ਿਕਰ ਤੱਕ ਨਹੀਂ ਕਰਦੀ ਉਹਨਾਂ ਨੇ ਇਹਨਾਂ ਲਿਖਤੀ ਦਸਤਾਵੇਜ਼ਾਂ ਦੀਆਂ ਕਾਪੀਆਂ ਹਾਸਲ ਕਰਨ ਵਿੱਚ ਵੀ ਕੋਈ ਦਿਲਚਸਪੀ ਨਹੀਂ ਦਿਖਾਈ

ਇਹ ਗੱਲ ਵੀ ਮਹੱਤਵਪੂਰਨ ਹੈ ਕਿ ਜ਼ੋਨਲ ਕਮੇਟੀ ਦਾ ਬਿਆਨ ਆਉਣ ਮਗਰੋਂ, ਮਲਕਾ ਰਾਣੀ ਨਾਲ ਕਲਾਸ ਟੈਸਟ ਦੇਣ ਵਾਲੀਆਂ 38 ਵਿਦਿਆਰਥਣਾਂ 'ਚੋਂ ਕਿਸੇ ਨੇ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਜ਼ੋਨਲ ਕਮੇਟੀ ਦਾ ਕੋਈ ਲੀਡਰ ਉਹਨਾਂ ਨੂੰ ਮਿਲਿਆ ਹੈ
ਇਹ ਦੱਸਣਾ ਵੀ ਜ਼ਰੂਰੀ ਹੈ ਕਿ ਡੀ.ਐਸ.ਪੀ. ਵੱਲੋਂ ਪੁੱਛ-ਗਿੱਛ ਸਮੇਂ ਵਿਦਿਆਰਥਣਾਂ ਤੋਂ ਇਹ ਕਹਾਉਣ ਲਈ ਦਬਾਅ ਪਾਇਆ ਗਿਆ ਕਿ ਮੈਡਮ ਕਮਲ ਨੇ ਮਲਕਾ ਰਾਣੀ ਦੇ ਥੱਪੜ ਮਾਰਿਆ ਸੀ ਉਸਨੇ ਵਿਦਿਆਰਥਣਾਂ ਨੂੰ ''ਪੁੱਠੀਆਂ ਲਟਕਾ ਦੇਣ'' ਦੀਆਂ ਧਮਕੀਆਂ ਵੀ ਦਿੱਤੀਆਂ ਪਰ ਇਸ ਦੇ ਬਾਵਜੂਦ ਮਲਕਾ ਰਾਣੀ ਦੀਆਂ ਸਹਿਪਾਠਣਾਂ 'ਚੋਂ ਕੋਈ ਵੀ ਅਜਿਹਾ ਬਿਆਨ ਦੇਣ ਲਈ ਤਿਆਰ ਨਾ ਹੋਈ ਅਤੇ ਸਭਨਾਂ ਨੇ ਇਹੋ ਕਿਹਾ ਕਿ ਮਲਕਾ ਰਾਣੀ ਨਾਲ ਮੈਡਮ ਕਮਲ ਵੱਲੋਂ ਕੋਈ ਬਦਸਲੂਕੀ ਨਹੀਂ ਹੋਈ ਸਭ ਵਿਦਿਆਰਥਣਾਂ ਹੁਣ
ਵੀ ਇਸੇ ਗੱਲ 'ਤੇ ਕਾਇਮ ਹਨ

ਵਿਦਿਆਰਥਣਾਂ ਦੇ ਮੈਮੋਰੈਂਡਮ ਬਾਰੇ ਜ਼ੋਨਲ ਕਮੇਟੀ ਦੀ ਚੁੱਪ ਸਟਾਫ਼ ਦੀ ਲਿਖਤੀ ਪੁਜੀਸ਼ਨ ਬਾਰੇ ਖਾਮੋਸ਼ੀ ਇਸੇ ਤਰ੍ਹਾਂ ਜ਼ੋਨਲ ਕਮੇਟੀ ਦੀ 'ਜਾਂਚ-ਰਿਪੋਰਟ' ਹਸਪਤਾਲ ਦੇ ਸਮੁੱਚੇ ਸਟਾਫ ਵੱਲੋਂ ਦਸਖਤਾਂ ਸਮੇਤ ਪੁਲਸ ਨੂੰ ਦਿੱਤੇ ਮੈਮੋਰੈਂਡਮ ਦਾ ਵੀ ਜ਼ਿਕਰ ਨਹੀਂ ਕਰਦੀ ਮਾਪਿਆਂ ਵੱਲੋਂ ਦਿੱਤੇ ਮੈਮੋਰੈਂਡਮ ਬਾਰੇ ਵੀ ਇਸ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਹੈ ਕਾਰਨ ਸਮਝ ਆਉਂਦਾ ਹੈ ਜ਼ੋਨਲ ਕਮੇਟੀ ਇਸ ਗੱਲ ਦੀ ਵਿਆਖਿਆ ਕਿਵੇਂ ਕਰੇਗੀ ਕਿ ਦਰਜਾ-ਚਾਰ ਕਰਮਚਾਰੀਆਂ ਤੋਂ ਲੈ ਕੇ ਹਸਪਤਾਲ ਦੇ ਉੱਚ ਅਧਿਕਾਰੀਆਂ ਤੱਕ ਸਭਨਾਂ ਵੱਲੋਂ ਇੱਕ ਵਾਢਿਉਂ ਮੈਡਮ ਕਮਲ ਦੇ ਚੰਗੇ ਵਿਹਾਰ ਅਤੇ ਨਿਰਦੋਸ਼ ਹੋਣ ਦਾ ਜੁੰਮਾ ਕਿਉਂ ਓਟਿਆ ਜਾ ਰਿਹਾ ਹੈ? ਕਿਉਂ ਉਹ ਲਿਖਤੀ ਰੂਪ ਵਿੱਚ ਆਪਣਾ ਮੱਤ ਐਨੇ ਜ਼ੋਰ ਨਾਲ ਪ੍ਰਗਟ ਕਰ ਰਹੇ ਹਨ? ਕੀ ਉਹਨਾਂ ਦੀ ਵੀ ਕਿਸੇ ਨੇ ਇੰਟਰਨਲ ਅਸੈੱਸਮੈਂਟ ਭੇਜਣੀ ਹੈ? ਜਿਵੇਂ ਜ਼ੋਨਲ ਕਮੇਟੀ ਵਿਦਿਆਰਥਣਾਂ ਦੇ ਮਾਮਲੇ ਵਿੱਚ ਕਹਿੰਦੀ ਹੈ ਜ਼ੋਨਲ ਕਮੇਟੀ ਇਹਨਾਂ ਅਹਿਮ ਤੱਥਾਂ ਬਾਰੇ ਖਾਮੋਸ਼ ਨਾ ਹੋਵੇ ਤਾਂ ਕੀ ਕਰੇ? ਇਹਨਾਂ ਤੱਥਾਂ ਨੂੰ ਝੁਠਲਾਉਣਾ ਸੰਭਵ ਨਹੀਂ ਹੈ ਪਰ ਪਤਾ ਨਹੀਂ ਕਿਸ ਵਜਾਹ ਕਰਕੇ ਇਹਨਾਂ ਨੂੰ ਕਬੂਲ ਕਰਨ ਨੂੰ ਵੀ ਜ਼ੋਨਲ ਕਮੇਟੀ ਦਾ ਚਿੱਤ ਨਹੀਂ ਮੰਨਦਾ ਸੋ ਇਸ ਮਾਮਲੇ ਵਿੱਚ ਉਸਨੇ ਇੱਕ ਚੁੱਪ ਸੌ ਸੁਖ ਦਾ ਰਵੱਈਆ ਅਖਤਿਆਰ ਕਰ ਲਿਆ ਲਗਦਾ ਹੈ

ਦੂਜੇ ਪਾਸੇ ਜ਼ੋਨਲ ਕਮੇਟੀ ਦੇ ਇਸ ਰਵੱਈਏ ਦੇ ਬਾਵਜੂਦ ਵਿਦਿਆਰਥਣਾਂ ਅਤੇ ਸਟਾਫ ਵੱਲੋਂ ਵਾਰ ਵਾਰ ਮੈਡਮ ਕਮਲ ਦੇ ਨਿਰਦੋਸ਼ ਹੋਣ ਬਾਰੇ ਆਪਣਾ ਦਾਅਵਾ ਦੁਹਰਾਇਆ ਜਾ ਰਿਹਾ ਹੈਮੈਡਮ ਕਮਲ ਦੀ ਗ੍ਰਿਫਤਾਰੀ 'ਤੇ ਅਦਾਲਤੀ ਰੋਕ ਲੱਗਣ ਪਿੱਛੋਂ ਉਹਨਾਂ ਦੀ ਸੰਸਥਾ ਵਿੱਚ ਡਿਊਟੀ ਜੁਆਇਨ ਕਰਨ ਦੇ ਦਿਨ, ਸਭਨਾਂ ਵਿਦਿਆਰਥਣਾਂ ਅਤੇ ਸਟਾਫ ਵੱਲੋਂ ਮਲਕਾ ਰਾਣੀ ਦੀ ਯਾਦ ਵਿੱਚ ਸ਼ਰਧਾਂਜਲੀ ਇਕੱਤਰਤਾ ਕੀਤੀ ਗਈ ਇਸ ਇਕੱਤਰਤਾ 'ਚ ਮਲਕਾ ਰਾਣੀ ਦੇ ਦੁਖਦਾਈ ਵਿਛੋੜੇ 'ਤੇ ਸਦਮਾ ਪ੍ਰਗਟ ਕਰਦਿਆਂ ਮੈਡਮ ਕਮਲ ਦੇ ਨਿਰਦੋਸ਼ ਹੋਣ ਦੀ ਇੱਕ ਵਾਰ ਫੇਰ ਸਭਨਾਂ ਵੱਲੋਂ ਜ਼ੋਰਦਾਰ ਪੁਸ਼ਟੀ ਕੀਤੀ ਗਈ''ਜਾਂਚ-ਰਿਪੋਰਟ'' ਵਿੱਚ ''ਸਿੱਟਾ'' ਸਿਰਲੇਖ ਹੇਠ ਪਹਿਲੇ ਚਾਰ ਨੁਕਤਿਆਂ
ਵਿੱਚ ਜਿਹੜੇ ਸੁਆਲ ਕੀਤੇ ਗਏ ਹਨ, ਉਹਨਾਂ ਰਾਹੀਂ ਇਹ ਸਿੱਟਾ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਮਲਕਾ ਰਾਣੀ ਵੱਲੋਂ ਨਕਲ ਕਰਨ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ ਕਿ ਇਹ ਤਾਂ ਮੈਡਮ ਕਮਲ ਵੱਲੋਂ ਆਪਣੇ ਗੁਨਾਹ ਨੂੰ ਢਕਣ ਲਈ ਕੀਤੀ ਗਈ ਇਲਜ਼ਾਮਬਾਜ਼ੀ ਹੈ ਜ਼ੋਨਲ ਕਮੇਟੀ ਜਮਹੂਰੀ ਅਧਿਕਾਰ ਸਭਾ ਨੂੰ ਨਕਲ ਮਾਰਨ ਦੇ ਦੋਸ਼ਾਂ ਸਬੰਧੀ ਤੱਥ ਪੇਸ਼ ਕਰਨ ਦੀ ਚੇਤਾਵਨੀ ਦੇਣ ਤੱਕ ਚਲੀ ਗਈ ਹੈ (ਦੇਖੋ, ਪੰਜਾਬੀ ਟ੍ਰਿਬਿਊਨ, 1 ਜੁਲਾਈ 2011)ਚੰਗਾ ਹੁੰਦਾ ਜੇ ਇਹ ਲੀਡਰ ਚੇਤਾਵਨੀਆਂ ਦੇਣ ਦਾ ਜੋਸ਼ ਵਿਖਾਉਣ ਨਾਲੋਂ ਮਲਕਾ
ਰਾਣੀ ਦੇ ਮਾਪਿਆਂ ਵੱਲੋਂ ਪੁਲਸ ਕੋਲ ਦਰਜ ਕਰਾਈ, ਐਫ.ਆਈ.ਆਰ. 'ਤੇ ਸਰਸਰੀ ਨਜ਼ਰ ਮਾਰਨ ਦੀ ਹੀ ਖੇਚਲ ਕਰ ਲੈਂਦੇ (ਉਂਝ ਦਾਅਵਾ ਤਾਂ ਉਹ ਗਹਿਰਾਈ ਵਿੱਚ ਜਾ ਕੇ ਪੜਤਾਲ ਕਰਨਦਾ ਕਰਦੇ ਹਨ!) ਕੋਤਵਾਲੀ ਬਠਿੰਡਾ ਵਿੱਚ 4 ਜੂਨ 2011 ਨੂੰ ਦਰਜ ਹੋਈ ਐਫ.ਆਈ.ਆਰ. ਨੰ. 109 ਵਿੱਚ ਲੜਕੀ ਦੇ ਭਰਾ ਕਮਲਜੀਤ ਸਿੰਘ ਵੱਲੋਂ ਕਿਹਾ ਗਿਆ ਹੈ ਕਿ ''ਪੜਤਾਲ ਕਰਨ ਤੋਂ ਸਾਨੂੰ ਪਤਾ ਲੱਗਾ ਕਿ ਅੱਜ ਸਾਰੀਆਂ ਲੜਕੀਆਂ ਦੇ ਪੇਪਰ ਸੀ ਪੇਪਰ ਦੌਰਾਨ ਸਾਡੀ ਲੜਕੀ ਮਲਕਾ ਨੂੰ ਇੰਚਾਰਜ ਕਮਲ ਨੇ ਇਸ ਕਰਕੇ ਪੇਪਰ ਵਿੱਚੋਂ ਬਾਹਰ ਕੱਢ ਦਿੱਤਾ ਕਿਉਂਕਿ ਉਹ ਨਕਲ ਮਾਰ ਰਹੀ ਸੀ'' ਇਹ ਵੀ ਚੰਗਾ ਹੁੰਦਾ ਜੇ ਉਹ ਮਲਕਾ ਰਾਣੀ ਦੇ ਨਾਲ ਹੀ ਟੈਸਟ ਦੇਣ ਵਾਲੀਆਂ 38 ਕੁੜੀਆਂ ਦਾ ਐਸ.ਐਸ.ਪੀ. ਨੂੰ ਲਿਖਿਆ ਮੈਮੋਰੈਂਡਮ ਪੜ•ਨ ਦੀ ਖੇਚਲ ਕਰ ਲੈਂਦੇ, ਜਿਸ ਵਿੱਚ ਕਿਹਾ ਗਿਆ ਹੈ, ''ਮਿਤੀ 4-6-११ ਸ਼ਨੀਵਾਰ ਨੂੰ ਸਾਡਾ ਮਿੱਡ ਵਾਈਫਰੀ ਦਾ ਟੈਸਟ ਸੀ, ਜੋ ਕਮਲ ਮੈਡਮ ਵੱਲੋਂ ਲਿਆ ਜਾ ਰਿਹਾ ਸੀ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਮੈਡਮ ਕਮਲ ਨੇ ਕਿਤਾਬਾਂ ਟੇਬਲ ਉੱਪਰ ਰੱਖਣ ਨੂੰ ਕਿਹਾ ਸਾਰੇ ਸਟੂਡੈਂਟਸ ਨੇ ਕਿਤਾਬਾਂ ਮੇਜ਼ ਉਪਰ ਰੱਖ ਦਿੱਤੀਆਂ ਪਰ ਮਲਕਾ ਰਾਣੀ ਨੇ ਆਪਣੀ ਕਿਤਾਬ ਮੇਜ਼ ਉਪਰ ਨਾ ਰੱਖੀ ਟੈਸਟ ਦੇ ਦੌਰਾਨ, ਜਦੋਂ ਮੈਡਮ ਨੇ ਦੇਖਿਆ ਤਾਂ ਮਲਕਾ ਰਾਣੀ ਕਿਤਾਬ ਵਿੱਚੋਂ ਨਕਲ ਕਰ ਰਹੀ ਸੀ ਮੈਡਮ ਨੇ ਉਸਨੂੰ ਨਕਲ ਕਰਨ ਤੋਂ ਮਨ੍ਹਾਂ ਕੀਤਾ ਅਤੇ ਕਲਾਸ ਰੂਮ ਤੋਂ ਬਾਹਰ ਬੈਠ ਕੇ ਪੜ੍ਹਨ ਲਈ ਕਿਹਾ ਅਤੇ ਕਿਹਾ ਕਿ
ਨਕਲ ਮਾਰ ਕੇ ਟੈਸਟ ਦੇਣ ਦਾ ਕੋਈ ਫਾਇਦਾ ਨਹੀਂ''

ਮੌਕੇ ਦੀਆਂ ਗਵਾਹ ਇਹਨਾਂ 38 ਕੁੜੀਆਂ 'ਚੋਂ ਕਿਸੇ ਨੇ ਵੀ ਆਪਣਾ ਨਾਂ ਗੁਪਤ ਰੱਖਣ ਨਕਲ ਦਾ ਮਾਮਲਾ ਅਤੇ ਸਬੂਤਾਂ ਬਾਰੇ ਖਾਮੋਸ਼ੀ
ਦੀ ਇੱਛਾ ਪ੍ਰਗਟ ਨਹੀਂ ਕੀਤੀ, ਸਗੋਂ ਮੈਮੋਰੈਂਡਮ 'ਤੇ ਦਸਖਤ ਕਰਕੇ ਆਪਣੇ ਕਹੇ ਦੀ ਖੁੱਲ੍ਹ ਕੇ ਜੁੰਮੇਵਾਰੀ ਲਈ ਹੈ ਜ਼ੋਨਲ ਕਮੇਟੀ ਇਹ ਦੱਸਣ ਦੀ ਹਾਲਤ ਵਿੱਚ ਨਹੀਂ ਹੈ ਕਿ ਉਹ ਮੌਕੇ ਦੀਆਂ ਗਵਾਹ ਇਹਨਾਂ 38 ਕੁੜੀਆਂ 'ਚੋਂ ਕੀਹਨੂੰ ਕੀਹਨੂੰ ਮਿਲੀ ਹੈ ਅਤੇ ਉਹਨਾਂ ਨੇ
ਕੀ ਕਿਹਾ ਹੈ ਜਾਂਚ-ਪੜਤਾਲ ਦੀ ਅਜਿਹੀ ਤਰਸਯੋਗ ਹਾਲਤ ਦੇ ਬਾਵਜੂਦ ਉਸ ਵੱਲੋਂ ਗਹਿਰਾਈ ਵਿੱਚ ਜਾ ਕੇ ਪੜਤਾਲ ਕਰਨ ਦਾ ਦਾਅਵਾ ਕਰਨ ਦੀ 'ਦਲੇਰੀ' ਦਿਖਾਈ ਜਾ ਰਹੀ ਹੈ

ਮਾਨਸਿਕ ਹਾਲਤ ਬਾਰੇ ਵਿਦਿਆਰਥਣਾਂ ਦੇ ਬਿਆਨਾਂ ਸਬੰਧੀ ਚੁੱਪ ਜਾਂਚ-ਰਿਪੋਰਟ 'ਚ ਮਲਕਾ ਰਾਣੀ ਦੀ ਮਾਨਸਿਕ ਹਾਲਤ ਬਾਰੇ ਚਰਚਾ ਨੂੰ ਇੱਕ ਵੱਡਾ ਗੁਨਾਹ ਬਣਾ ਕੇ ਪੇਸ਼ ਕੀਤਾ ਗਿਆ ਹੈ, ਇਸ ਨੂੰ ਦੂਸ਼ਣਬਾਜ਼ੀ ਦਾ ਨਾਂ ਦਿੱਤਾ ਗਿਆ ਹੈ ਮਲਕਾ ਰਾਣੀ ਦੀ ਮਾਨਸਿਕ ਹਾਲਤ ਬਾਰੇ ਜਾਣਕਾਰੀ ਦੀ ਲੋੜ ਦਾ ਮਹੱਤਵ ਇਸ ਕਰਕੇ ਉੱਭਰਿਆ ਹੈ ਕਿਉਂਕਿ ਖੁਦਕੁਸ਼ੀ ਤੋਂ ਪਹਿਲਾਂ ਕਲਾਸ ਟੈਸਟ ਦੌਰਾਨ ਵਾਪਰੀ ਘਟਨਾ, ਖੁਦਕੁਸ਼ੀ ਦਾ ਆਧਾਰ ਨਹੀਂ ਬਣਦੀ ਮਲਕਾ ਰਾਣੀ ਦੀ ਮਾਨਸਿਕ ਹਾਲਤ ਬਾਰੇ ਜੋ ਚਰਚਾ ਚੱਲੀ ਹੈ, ਉਸ ਦਾ ਆਧਾਰ ਉਸ ਨਾਲ ਇੱਕੋ ਕਮਰੇ ਵਿੱਚ ਰਹਿੰਦੀਆਂ ਪੰਜ ਵਿਦਿਆਰਥਣਾਂ ਵੱਲੋਂ ਦਿੱਤੀ ਗਈ ਜਾਣਕਾਰੀ ਬਣੀ ਹੈ ਵੀਰਪਾਲ ਕੌਰ, ਰਮਨਦੀਪ ਕੌਰ, ਪਰਮਿੰਦਰ ਕੌਰ, ਅਮਨਦੀਪ ਕੌਰ ਅਤੇ ਕਰਮਜੀਤ ਕੌਰ ਵੱਲੋਂ ਉਸਦੀ ਮਾਨਸਿਕ ਹਾਲਤ ਬਾਰੇ ਲਿਖਤੀ ਰੂਪ ਵਿੱਚ ਐਸ.ਐਸ.ਪੀ. ਨੂੰ ਦਿੱਤੀ ਮੁਢਲੀ ਜਾਣਕਾਰੀ ਵਿੱਚ ਕਿਹਾ ਗਿਆ ਹੈ, ''ਮਲਕਾ ਰਾਣੀ ਰਾਤ ਨੂੰ ਇੱਕ ਵਜੇ ਤੱਕ ਬੈਠੀ ਪੜ੍ਹਦੀ ਰਹਿੰਦੀ, ਸਵੇਰੇ ਫੇਰ ਤਿੰਨ ਵਜੇ ਉੱਠ ਕੇ ਬੈਠ ਜਾਂਦੀ, ਪਰ ਉਸ ਨੂੰ ਯਾਦ ਨਹੀਂ ਸੀ ਹੁੰਦਾ, ਉਹ ਅਕਸਰ ਆਪਣੇ ਮ੍ਰਿਤਕ ਪਿਤਾ ਅਤੇ ਮਾਮੇ ਦੇ ਲੜਕੇ ਨੂੰ ਯਾਦ ਕਰਦੀ ਰਹਿੰਦੀ ਸੀ ਅਤੇ ਰੋਂਦੀ ਰਹਿੰਦੀ ਸੀ ਉਹ ਡਰਦੀ ਬਹੁਤ ਸੀ ਦਰਵਾਜ਼ੇ ਵਾਲੇ ਪਾਸੇ ਨਹੀਂ ਸੌਂਦੀ ਸੀ ਥੋੜ੍ਹਾ ਜਿਹਾ ਖੜਕਾ ਹੋਣ 'ਤੇ ਉੱਠ ਕੇ ਬੈਠ ਜਾਂਦੀ ਸੀ ਇਸ ਲਈ ਉਸਦੀ ਆਤਮਹੱਤਿਆ ਕੀਤੇ ਜਾਣ ਦਾ ਕੋਈ ਹੋਰ ਕਾਰਨ ਹੋ ਸਕਦਾ ਹੈ'' ਇਸ ਮੁਢਲੀ ਜਾਣਕਾਰੀ ਦੇ ਅਧਾਰ 'ਤੇ ਮਲਕਾ ਰਾਣੀ ਦੀ ਮਾਨਸਿਕ ਹਾਲਤ ਅਤੇ ਜ਼ਿੰਦਗੀ ਦੇ ਵੱਖ ਵੱਖ ਪੱਖਾਂ ਦੀਆਂ ਸਥਿਤੀਆਂ ਬਾਰੇ ਪੜਤਾਲ ਕਰਨ ਦੀ ਮੰਗ ਕਿਵੇਂ ਵੀ ਗੈਰ-ਵਾਜਬ ਨਹੀਂ ਬਣਦੀ ਵੱਖ ਵੱਖ ਜਥੇਬੰਦੀਆਂ ਵੱਲੋਂ ਪੜਤਾਲ ਦੇ ਇੱਕ ਅਹਿਮ ਖੇਤਰ ਵਜੋਂ ਇਸ ਪਾਸੇ ਧਿਆਨ ਦੁਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜ਼ੋਨਲ ਕਮੇਟੀ ਮਲਕਾ ਰਾਣੀ ਦੀਆਂਨੇੜਲੀਆਂ ਸਾਥਣਾਂ ਦੇ ਬਿਆਨਾਂ ਨੂੰ ਦੂਸ਼ਣਬਾਜ਼ੀ ਦੱਸ ਰਹੀ ਹੈ ਪਰ ਇਹ ਦੱਸਣ ਦੀ ਖੇਚਲ ਨਹੀਂ ਕਰਦੀ ਕਿ ਉਸਨੇ ਇਹਨਾਂ ਵਿਦਿਆਰਥਣਾਂ 'ਚੋਂ ਕੀਹਦੇ ਨਾਲ ਗੱਲ ਕੀਤੀ ਹੈ ਅਤੇ ਜੇ ਗੱਲ ਹੀ ਨਹੀਂ ਕੀਤੀ ਤਾਂ ਸਿੱਟਾ ਕਿਵੇਂ ਕੱਢਿਆ ਹੈ ਜ਼ੋਨਲ ਕਮੇਟੀ ਤਾਂ ਇਹਨਾਂ ਵਿਦਿਆਰਥਣਾਂ ਦਾ ਜ਼ਿਕਰ ਹੀ ਨਹੀਂ ਕਰਦੀ ਅਤੇ ਗੱਲ ਨੂੰ ਇਉਂ ਪੇਸ਼ ਕਰਦੀ ਹੈ ਜਿਵੇਂ ਇਹ ਗੱਲਾਂ ਮੈਡਮ ਕਮਲਵੱਲੋਂ ਆਪਣੇ ਬਚਾਅ ਲਈ ਛੱਡਿਆ ਸ਼ੋਸ਼ਾ ਹੋਣ

ਜ਼ੋਨਲ ਕਮੇਟੀ ਨੇ ਇੱਕ ਅਜਿਹਾ ਸੁਆਲ ਵੀ ਉਠਾਇਆ ਹੈ ਜਿਹੜਾ ਮਨੁੱਖੀ ਕਦਰਾਂ- ਕੀਮਤਾਂ ਨੂੰ ਪ੍ਰਣਾਇਆ, ਕੋਈ ਵੀ ਸੰਵੇਦਨਸ਼ੀਲ ਵਿਅਕਤੀ ਨਹੀਂ ਉਠਾ ਸਕਦਾ ਅਜਿਹਾ ਸੁਆਲ ਜਿਹੜਾ ਕਿਸੇ ਨੂੰ ਹਰ ਹਾਲਤ ਵਿੱਚ ਫਸਾਉਣ 'ਤੇ ਉਤਾਰੂ ਕਿਸੇ ਪੁਲਸ ਮਾਰਕਾ ਜ਼ਹਿਨੀਅਤ ਨੂੰ ਹੀ ਸ਼ੋਭਾ ਦਿੰਦਾ ਹੈ ਇਹ ਸੁਆਲ ਹੈ ਕਿ ਪੱਖੇ ਨਾਲ ਫਾਹਾ ਲੈ ਕੇ ਲਟਕਦੀ ਮਲਕਾ ਰਾਣੀ ਨੂੰ ਪੁਲਸ ਦੇ ਆਉਣ ਤੋਂ ਪਹਿਲਾਂ ਤਟ-ਫਟ ਥੱਲੇ ਕਿਉਂ ਉਤਾਰਿਆ ਗਿਆ ਸਾਥਣ ਵਿਦਿਆਰਥਣਾਂ ਅਤੇ ਕੁਝ ਸਟਾਫ ਮੈਂਬਰਾਂ ਵੱਲੋਂ ਮਲਕਾ ਰਾਣੀ ਦੀ ਜਾਨ ਬਚਾਉਣ ਦੀ ਮਨੁੱਖੀਕੋਸ਼ਿਸ਼ ਨੂੰ ਜ਼ੋਨਲ ਕਮੇਟੀ ਨੇ ਗੁਨਾਹ ਬਣਾ ਧਰਿਆ ਹੈ ਮਲਕਾ ਰਾਣੀ ਨੂੰ ਇਸ ਕਰਕੇ ਉਤਾਰਿਆ ਗਿਆ ਸੀ ਤਾਂ ਜੋ ਉਸਦੇ ਬਚ ਸਕਣ ਦੀ ਕਿਸੇ ਵੀ ਸੰਭਾਵਨਾ ਦੀ ਵਰਤੋਂ ਕੀਤੀ ਜਾ ਸਕੇ

ਕੀ ਜਾਨ ਬਚਾਉਣ ਦੀ ਕੋਸ਼ਿਸ਼ ਗੁਨਾਹ ਹੈ?

ਮਾਲਸ਼ ਕਰਕੇ ਉਸਦਾ ਸਾਹ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਸਨੂੰ ਤੁਰਤ-ਫੁਰਤ ਹਸਪਤਾਲ ਪਹੁੰਚਾਇਆ ਗਿਆ ਸੀ, ਜਿਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਿਹਨਾਂ ਕੁੜੀਆਂ ਨੇ ਰਲ਼ ਕੇ ਪੱਖੇ ਨਾਲ ਲਟਕਦੀ ਮਲਕਾ ਰਾਣੀ ਨੂੰ ਉਤਾਰਿਆ, ਉਹਨਾਂ ਨੇ ਆਪਣੀ ਇਸ ਕੋਸ਼ਿਸ਼ ਦਾ ਜ਼ਿਕਰ ਐਸ.ਐਸ.ਪੀ. ਨੂੰ ਦਿੱਤੇ ਮੈਮੋਰੈਂਡਮ ਵਿੱਚ ਲਿਖਤੀ ਰੂਪ ਵਿੱਚ ਕੀਤਾ ਹੈ ਜੇ ਜ਼ੋਨਲ ਕਮੇਟੀ ਦੇ ਲੀਡਰ ਇਹਨਾਂ ਕੁੜੀਆਂ ਨੂੰ ਮਿਲ ਲੈਂਦੇ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਮਲਕਾ ਰਾਣੀ ਦੀਆਂ ਸਾਥਣਾਂ ਵੱਲੋਂ ਉਸ ਨੂੰ ਬਚਾਉਣ ਦੀ ਸੁਤੇਸਿਧ, ਸੁਹਿਰਦ ਅਤੇ ਮਨੁੱਖੀ ਕੋਸ਼ਿਸ਼ ਸੀ ਮਲਕਾ ਰਾਣੀ ਦੀ ਜ਼ਿੰਦਗੀ ਬਚਾਉਣ ਦੀਆਂ ਇਹਨਾਂ ਆਖਰੀ ਕੋਸ਼ਿਸ਼ਾਂ 'ਚ ਮੈਡਮ ਕਮਲ ਪੂਰੀ ਤਰ੍ਹਾਂ ਸ਼ਾਮਲ ਸੀ ਇਹਨਾਂ ਕੋਸ਼ਿਸ਼ਾਂ ਨੂੰ ਗੁਨਾਹ ਬਣਾ ਕੇ ਪੇਸ਼ ਕਰਨ ਵਾਲਿਆਂ ਦੀ ਮਾਨਸਿਕਤਾ ਬਾਰੇ ਕੋਈ ਟਿੱਪਣੀ ਨਾ ਕਰਨਾ ਹੀ ਬਿਹਤਰ ਹੈ, ਜਿਹਨਾਂ ਨੂੰ ਮਲਕਾ ਰਾਣੀ ਦੀਆਂ ਸਹਿਪਾਠਣਾਂ ਅਤੇ ਅਧਿਆਪਕਾਂ ਦੀ ਥਾਂ ਪੁਲਸ ਦੇ ਕਿਰਦਾਰ 'ਤੇ ਯਕੀਨ ਕਰਨਾ ਚੰਗਾ ਲੱਗਦਾ ਹੈ ਜਿਵੇਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਤਾਂ ਬੱਸ ਪੁਲਸ ਨੇ ਹੀ ਨਿਤਾਰਨਾ ਸੀ!

ਜ਼ੋਨਲ ਕਮੇਟੀ ਨੂੰ ਬੇਸਿਰ-ਪੈਰ ਸੁਆਲਾਂ ਦੀ ਵਾਛੜ ਕਰਨ ਦਾ ਕਾਫੀ ਸ਼ੌਕ ਜਾਪਦਾ ਹੈ ''ਸਿੱਟਾ'' ਸਿਰਲੇਖ ਹੇਠ ਵੀ ਉਸਨੇ ਸੁਆਲ ਹੀ ਕੀਤੇ ਹਨ ਇਹ ਸੁਆਲ ਘਚੋਲਾ ਪਾਉਣ ਤੋਂ ਬਿਨਾ ਹੋਰ ਕੋਈ ਮਕਸਦ ਹੱਲ ਨਹੀਂ ਕਰਦੇ ਕਿਸੇ ਗੱਲ ਦੇ ਨਿਤਾਰੇ ਵੱਲ ਨਹੀਂ
ਲਿਜਾਂਦੇ ਉਪਰਲਾ ਸੁਆਲ ਵੀ ਅਜਿਹਾ ਹੀ ਸੁਆਲ ਹੈ ਇਹ ਸੁਆਲ ਜਾਂ ਤਾਂ ਫਜੂਲ ਹੈ, ਜਾਂ ਫਿਰ ਇਸਦੇ ਦੋ ਮਤਲਬ ਹੋ ਸਕਦੇ ਹਨ ਇੱਕ ਮਤਲਬ ਇਹ ਹੋ ਸਕਦਾ ਹੈ ਕਿ ਮਲਕਾ ਰਾਣੀ ਦੀ ਮੌਤ ਨੂੰ ਖੁਦਕੁਸ਼ੀ ਦੇ ਮਾਮਲੇ ਦੀ ਬਜਾਏ ਸਾਧਾਰਨ ਮੌਤ ਵਜੋਂ ਪੇਸ਼ ਕਰਨ ਲਈ ਇਹ ਕਾਰਵਾਈ ਕੀਤੀ ਗਈ ਹੋਵੇ ਪਰ ਅਜਿਹਾ ਦਾਅਵਾ ਤਾਂ ਕਿਸੇ ਵੱਲੋਂ ਵੀ ਨਹੀਂ ਕੀਤਾ ਗਿਆ ਜਾਂ ਫੇਰ ਇਸਦਾ ਮਤਲਬ ਇਹ ਹੋ ਸਕਦਾ ਹੈ ਕਿ ਇਹ ਖੁਦਕੁਸ਼ੀ ਦਾ ਨਹੀਂ ਬਲਕਿ ਕਤਲ ਦਾ ਮਾਮਲਾ ਹੈ ਮਲਕਾ ਰਾਣੀ ਨੇ ਪੱਖੇ ਨਾਲ ਫਾਹਾ ਲਿਆ ਹੀ ਨਹੀਂ ਪਰ ਇਸ ਗੱਲ ਨੂੰ ਮਲਕਾ ਰਾਣੀ ਦੇ ਪਰਿਵਾਰ ਵੱਲੋਂ ਦਰਜ਼ ਕਰਵਾਈ ਐਫ.ਆਈ.ਆਰ. ਹੀ ਰੱਦ ਕਰਦੀ ਹੈ ਇਸ ਤੋਂ ਇਲਾਵਾ ਪੋਸਟ ਮਾਰਟਮ ਰਿਪੋਰਟ ਨੇ ਮਲਕਾ ਰਾਣੀ ਦੀ ਗਰਦਨ 'ਤੇ ਚੁੰਨੀ ਦੇ ਨਿਸ਼ਾਨ ਨੋਟ ਕੀਤੇ ਹਨ ਅਤੇ ਸਾਹ ਘੁੱਟੇ ਜਾਣ ਦੀ ਪੁਸ਼ਟੀ ਕੀਤੀ ਹੈ ਜ਼ੋਨਲ ਕਮੇਟੀ ਨੇ ਪੋਸਟ ਮਾਰਟਮ-ਰਿਪੋਰਟ 'ਤੇ ਨਜ਼ਰ ਮਾਰਨ ਦੀ ਵੀ ਖੇਚਲ ਨਹੀਂ ਕੀਤੀ

ਜ਼ੋਨਲ ਕਮੇਟੀ ਦੀ ਅਖੌਤੀ ਜਾਂਚ ਰਿਪੋਰਟ ਵਿੱਚ ਹੋਰ ਵੀ ਕਈ ਨੁਕਤੇ ਹਨ, ਜਿਹਨਾਂ ਰਾਹੀਂ ਤਿਣਕਿਆਂ ਦਾ ਸਹਾਰਾ ਲੈ ਕੇ ਮੈਡਮ ਕਮਲ ਅਤੇ ਉਸਦੇ ਪਰਿਵਾਰ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਮਲਕਾ ਰਾਣੀ ਦੀ ਮਾਨਸਿਕ ਹਾਲਤ ਨੂੰ ਜ਼ੋਨਲ ਕਮੇਟੀ ਜਾਂਚ- ਪੜਤਾਲ ਦਾ ਕੋਈ ਖੇਤਰ ਹੀ ਮੰਨਣ ਲਈ ਤਿਆਰ ਨਹੀਂ ਹੈ ਇਸ ਖੇਤਰ ਨੂੰ ਰੱਦ ਕਰਨ ਲਈ ਉਹ ਕਹਿੰਦੀ ਹੈ ਕਿ ਸੰਸਥਾ ਵਿੱਚ ਤਾਂ ਸਭਨਾਂ ਵਿਦਿਆਰਥੀਆਂ ਦਾ ਹਰ ਮਹੀਨੇ ਟੈਸਟ ਹੁੰਦਾ ਹੈ, ਜਿਸ ਦਾ ਰਿਕਾਰਡ ਰੱਖਿਆ ਜਾਂਦਾ ਹੈ ਜੇ ਮਲਕਾ ਰਾਣੀ ਦੀ ਕੋਈ ਮਾਨਸਿਕ ਸਮੱਸਿਆ ਹੁੰਦੀ ਤਾਂ ਇਹ ਸੰਸਥਾ ਦੇ ਰਿਕਾਰਡ ਵਿੱਚ ਦਰਜ ਹੁੰਦੀ ਅਸੀਂ ਜ਼ੋਨਲ ਕਮੇਟੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇ ਉਹ ਇਸ ''ਰਿਕਾਰਡ'' ਦੀ ਛਾਣਬੀਣ ਕਰਨ ਦੀ ਖੇਚਲ ਕਰ ਲੈਂਦੀ ਤਾਂ ਉਸ ਨੂੰ ਬੇਸਿਰ-ਪੈਰ ਗੱਲਾਂ ਕਰਨ ਦੀ ਜ਼ਰੂਰਤ ਨਾ ਪੈਂਦੀ ਜ਼ੋਨਲ ਕਮੇਟੀ ਬਿਨਾ ਇਹ ਪੜਤਾਲ ਕੀਤੇ ਕਿ ਇਸ ਮੈਡੀਕਲ ਟੈਸਟ ਦੇ ਘੇਰੇ ਵਿੱਚ ਕੀ ਕੁਝ ਆਉਂਦਾ ਹੈ, ਇਹ ਪ੍ਰਭਾਵ ਦਿੰਦੀ ਹੈ ਜਿਵੇਂ ਸੰਸਥਾ 'ਚ ਹਰ ਵਿਦਿਆਰਥੀ ਦੀ ਸਿਹਤ ਦੇ ਸਭਨਾਂ ਅਹਿਮ ਪੱਖਾਂ ਦੀ ਜਾਂਚ ਹੁੰਦੀ ਹੋਵੇ ਅਤੇ ਰਿਕਾਰਡ ਰੱਖਿਆ ਜਾਂਦਾ ਹੋਵੇ ਉਹ ਖੰਘ, ਜੁਕਾਮ, ਬੁਖਾਰ ਆਦਿ ਦੀਆਂ ਵਿਦਿਆਰਥੀਆਂ ਵੱਲੋਂ ਦੱਸੀਆਂ ਸਾਧਾਰਨ ਸ਼ਿਕਾਇਤਾਂ ਖੁਦ ਰਜਿਸਟਰ 'ਤੇ ਨੋਟ ਕਰਨ ਨੂੰ ਹੀ ਮਹਿਕਮੇ ਵੱਲੋਂ ਸਿਹਤ ਦੀ ਸਮੁੱਚੀ ਜਾਂਚ ਦਾ ਰੁਤਬਾ ਦੇਣ ਤੱਕ ਜਾਂਦੀ ਹੈ ਜੇ ਇਲਜ਼ਾਮਬਾਜ਼ੀ ਲਈ ਤਿਣਕਿਆਂ ਦਾ ਸਹਾਰਾ ਜ਼ੋਨਲ ਕਮੇਟੀ ਸੱਚੀਉਂ ਹੀ ਪੜਤਾਲ ਕਰਦੀ ਤਾਂ ਉਸ ਨੂੰ ਪਤਾ ਲੱਗ ਜਾਂਦਾ ਕਿ ਸਾਇਕੈਟਰੀ ਜਾਂ ਸਾਈਕਾਲੋਜੀਕਲ ਸਮੱਸਿਆਵਾਂ ਨਾਲ ਸਬੰਧਤ ਰੋਗਾਂ ਬਾਰੇ ਸਭਨਾਂ ਵਿਦਿਆਰਥੀਆਂ ਦੀ ਕਦੇ ਕਦਾਈਂ ਜਾਂਚ ਦਾ ਵੀ ਕੋਈ ਬਾਕਾਇਦਾ ਇੰਤਜ਼ਾਮ ਨਹੀਂ ਹੈ ਹਰ ਮਹੀਨੇ ਜਾਂਚ ਕਰਨ ਜਾਂ ਰਿਕਾਰਡ ਰੱਖਣ ਦੀ ਗੱਲ ਤਾਂ ਕਿਤੇ ਰਹੀ ਜੇ ਅਜਿਹੇ ਟੈਸਟ ਹੁੰਦੇ ਅਤੇ ਰਿਕਾਰਡ ਰੱਖਿਆ ਜਾਂਦਾ ਤਾਂ ਨਾ ਸਿਰਫ ਮਲਕਾ ਰਾਣੀ ਬਾਰੇ ਸਗੋਂ ਸਭਨਾਂ ਵਿਦਿਆਰਥਣਾਂ ਬਾਰੇ ਅਜਿਹੇ ਲੱਛਣਾਂ ਦੀ ਹੋਂਦ ਜਾਂ ਅਣਹੋਂਦ ਬਾਰੇ ਰਿਕਾਰਡ ਮੌਜੂਦ ਹੋਣਾ ਚਾਹੀਦਾ ਸੀ, ਜਿਹੜਾ ਕਿ ਨਹੀਂ ਹੈ ਇਸ ਕਰਕੇ ਇਹ ਨੁਕਤਾ ਮਲਕਾ ਰਾਣੀ ਦੀ ਮਾਨਸਿਕ ਹਾਲਤ ਬਾਰੇ ਕਿਸੇ ਟਿੱਪਣੀ ਦਾ ਆਧਾਰ ਨਹੀਂ ਬਣ ਸਕਦਾ ਜਿਵੇਂ ਕਿ ਜ਼ੋਨਲ ਕਮੇਟੀ ਧੱਕੇ ਨਾਲ ਬਣਾਉਣ ਨੂੰ ਫਿਰਦੀ ਹੈ ''ਜਾਂਚ-ਰਿਪੋਰਟ'' 'ਚ ਅਜਿਹੇ ਹੀ ਕਈ ਹੋਰ ਫਜੂਲ ਸਵਾਲ ਅਤੇ ਨੁਕਤੇ ਹਨ ਮਿਸਾਲ ਵਜੋਂ ਪੁਲਸ ਦੀ ਗੈਰ ਹਾਜ਼ਰੀ ਵਿੱਚ ਕਮਰੇ ਦੀ ਫਰੋਲਾ-ਫਰਾਲੀ ਕਰਨ ਅਤੇ ਸਬੂਤ ਨਸ਼ਟ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ ਇਸ ਦੋਸ਼ ਦਾ ਸਰੋਤ ਕੀ ਹੈ? ਸਬੂਤ ਨਸ਼ਟ ਕਰਨ ਕਮਰੇ 'ਚ ਕੌਣ ਗਿਆ? ਕੀ ਮੈਡਮ ਕਮਲ ਗਏ? ਇਸ ਬਾਰੇ ਜਾਂਚ ਰਿਪੋਰਟ ਤਾਂ ਖਾਮੋਸ਼ ਹੈ ਉਂਝ ਜੁਬਾਨੀ ਇਸ ਬਾਰੇ ਕਈ ਤਰ੍ਹਾਂ ਦੀਆਂ ਹਵਾਈਆਂ ਛੱਡੀਆਂ ਗਈਆਂ ਹਨ ਅਜਿਹੀਆਂ ਹਵਾਈਆਂ ਹੀ ਜ਼ੋਨਲ ਕਮੇਟੀ ਦੀ 'ਜਾਂਚ' ਦਾ ਆਧਾਰ ਹਨ, ਜਿਹਨਾਂ ਵਿੱਚੋਂ ਇੱਕ ਇਹ ਹੈ ਕਿ ਸਬੂਤ ਨਸ਼ਟ ਕਰਨ ਲਈ ਕਮਰੇ ਦੀ ਫਰੋਲਾ-ਫਰਾਲੀ ਵਕੀਲ ਸੁਦੀਪ ਸਿੰਘ (ਕਾਲਾ) ਨੇ ਕੀਤੀ, ਜਦੋਂ ਕਿ ਸੁਦੀਪ ਸਿੰਘ ਹੋਸਟਲ ਦੇ ਕਮਰੇ ਵਿੱਚ ਗਿਆ ਹੀ ਨਹੀਂ ਸਿਰਫ ਬਾਹਰ ਹਸਪਤਾਲ ਵਿੱਚ ਸ਼ਾਮ ਨੂੰ ਗਿਆ, ਜਦੋਂ ਪੁਲਸ ਲਿਖਤੀ ਕਾਰਵਾਈ ਕਰ ਰਹੀ ਸੀ ਅਤੇ ਹੋਸਟਲ ਦੇ ਕਮਰੇ ਨੂੰ ਜਿੰਦਰਾ ਵੱਜਿਆ ਹੋਇਆ ਸੀ ਜਿਥੋਂ ਤੱਕ ਮੈਡਮ ਕਮਲ ਦਾ ਸਬੰਧ ਹੈ, ਉਹ ਘਟਨਾ ਦੇ ਤੁਰੰਤ ਬਾਅਦ ਮਲਕਾ ਰਾਣੀ ਨੂੰ ਹਸਪਤਾਲ ਲਿਜਾਣ, ਵਿਭਾਗ ਅਧਿਕਾਰੀਆਂ ਅਤੇ ਮਾਪਿਆਂ ਨੂੰ ਸੂਚਨਾ ਦਾ ਪ੍ਰਬੰਧ ਕਰਨ, ਪੱਤਰਕਾਰਾਂ ਅਤੇ ਪੁਲਸ ਦੀ ਪੁੱਛਗਿੱਛ ਦਾ ਜੁਆਬ ਦੇਣ, ਵਿਦਿਆਰਥਣਾਂ ਨੂੰ ਹੌਸਲਾ ਦੇਣ ਵਰਗੇ ਰੁਝੇਵਿਆਂ 'ਚ ਸ਼ਾਮ 5 ਵਜੇ ਤੱਕ ਰੁਝੇ ਰਹੇ ਇਸ ਦੌਰਾਨ ਨਾ ਉਹਨਾਂ ਕੋਲ ਦੁਬਾਰਾ ਕਮਰੇ ਵਿੱਚ ਜਾਣ ਦੀ ਫੁਰਸਤ ਸੀ ਅਤੇ ਨਾ ਹੀ ਉਹ ਗਏ ਅਜਿਹਾ ਹੀ ਇੱਕ ਨੁਕਤਾ ਇਹ ਹੈ ਕਿ ਮਲਕਾ ਰਾਣੀ ਦਾ ਇਕੱਲੀ ਦਾ ਆਪਣੇ ਹੋਸਟਲ ਕਮਰੇ ਵਿੱਚ ਜਾਣਾ ਕਿਵੇਂ ਸੰਭਵ ਹੋਇਆ, ਜਦੋਂ ਕਿ ਲੜਕੀਆਂ ਅਕਸਰ ਇਕੱਠੀਆਂ ਹੀ ਹੋਸਟਲ ਆਉਂਦੀਆਂ-ਜਾਂਦੀਆਂ ਸਨ ਕੀ ਜ਼ੋਨਲ ਕਮੇਟੀ ਇਹ ਸੋਚਦੀ ਹੈ ਕਿ ਕਿਸੇ ਵਿਦਿਆਰਥਣ ਦਾ ਆਪਣੇ ਕਲਾਸ ਰੂਮ 'ਚੋਂ ਹੋਸਟਲ ਕਮਰੇ ਵਿੱਚ ਇਕੱਲਿਆਂ ਪਹੁੰਚ ਜਾਣਾ ਕੋਈ ਅਸੰਭਵ ਗੱਲ ਹੈ? ਖਾਸ ਕਰਕੇ ਅਜਿਹੀ ਮਾਨਸਿਕ ਹਾਲਤ ਵਿੱਚ ਜਦੋਂ ਕਿਸੇ ਨੇ ਆਪਣੀ ਖੁਦਕੁਸ਼ੀ ਕਰਨ ਦੀ ਇੱਛਾ ਨੂੰ ਅੰਜ਼ਾਮ ਦੇਣਾ ਹੋਵੇ ਜਾਂ ਜ਼ੋਨਲ ਕਮੇਟੀ ਇਹ ਕਹਿਣਾ ਚਾਹੁੰਦੀ ਹੈ ਕਿ ਉਸ ਨੂੰ ਜਾਣਬੁੱਝ ਕੇ ਖੁਦਕੁਸ਼ੀ ਕਰਨ ਲਈ ਆਪਣੇ ਹੋਸਟਲ ਕਮਰੇ ਵਿੱਚ ਪੁੱਜਣ ਦਿੱਤਾ ਗਿਆ ਜਾਂ ਇਹ ਕਹਿਣਾ ਚਾਹੁੰਦੀ ਹੈ ਕਿ ਮਾਮਲਾ ਖੁਦਕੁਸ਼ੀ ਕਰਨ ਦਾ ਨਹੀਂ ਬਲਕਿ ਕੋਈ ਉਸ ਨੂੰ ਕਤਲ ਕਰਨ ਲਈ ਹੋਸਟਲ ਵਿੱਚ ਲੈ ਕੇ ਗਿਆ ਹੈ ਜੇ ਇਹਨਾਂ ਵਿੱਚੋਂ ਕੋਈ ਗੱਲ ਵੀ ਨਹੀਂ ਕਹਿਣਾ ਚਾਹੁੰਦੀ ਤਾਂ ਅਜਿਹੇ ਸੁਆਲ ਫਜੂਲ ਹਨ ਅਤੇ ਇਹਨਾਂ ਦਾ ਕੋਈ ਵੀ ਅਰਥ ਨਹੀਂ ਹੈ ''ਜਾਂਚ-ਰਿਪੋਰਟ'' 'ਚ ਅਜਿਹਾ ਹੋਰ ਵੀ ਕਾਫੀ ਕੁਝ ਭਰਿਆ ਹੋਇਆ ਹੈ, ਜਿਸ ਦੀ ਲੰਮੀ-ਚੌੜੀ ਚਰਚਾ ਦੀ ਜ਼ਰੂਰਤ ਨਹੀਂ ਹੈ

ਮਲਕਾ ਰਾਣੀ ਦੀ ਖੁਦਕੁਸ਼ੀ ਇੱਕ ਦੁਖਾਂਤਕ ਘਟਨਾ ਹੈ। ਮਾਪਿਆਂ ਦਾ ਸ਼ੁਰੂ ਵਿੱਚ ਗ਼ਮ ਦੀ ਹਾਲਤ ਵਿੱਚ ਤਿੱਖਾ ਉਲਾਰ ਪ੍ਰਤੀਕਰਮ ਸਮਝ ਆ ਸਕਦਾ ਹੈ ਨਕਲ ਰੋਕਣ ਦੀ ਘਟਨਾ ਕਰਕੇ ਫਜੂਲ ਸਵਾਲ ਅਤੇ ਨੁਕਤੇ ਬਦਲਾਖੋਰ ਸਵਾਰਥੀ ਮੰਤਵਾਂ ਦੀ ਸੇਵਾ ਸ਼ੁਰੂ ਵਿੱਚ ਭੁਲੇਖਿਆਂ ਦੀ ਗੁੰਜਾਇਸ਼ ਹੋ ਸਕਦੀ ਹੈ ਅਜਿਹੇ ਵਿਅਕਤੀਆਂ ਦੀ ਵੀ ਕਾਫੀ ਗਿਣਤੀ ਹੈ ਜਿਹੜੇ ਸ਼ੁਰੂ ਵਿੱਚ ਚੱਕਰ ਵਿੱਚ ਪਏ ਪਰ ਆਜ਼ਾਦਾਨਾ ਤੌਰ 'ਤੇ ਵਿਦਿਆਰਥਣਾਂ, ਸਟਾਫ ਅਤੇ ਮਾਪਿਆਂ ਤੋਂ ਪੜਤਾਲ ਕਰਨ ਪਿੱਛੋਂ ਉਹਨਾਂ ਦੇ ਸ਼ੰਕੇ ਨਵਿਰਤ ਹੋਏ ਇਹਨਾਂ 'ਚ ਮਲਕਾ ਰਾਣੀ ਦੇ ਪਰਿਵਾਰ ਦੇ ਨੇੜਲੇ ਘੇਰੇ 'ਚੋਂ ਅਤੇ ਇਲਾਕੇ 'ਚੋਂ ਕਈ ਮੋਹਤਬਰ ਵਿਅਕਤੀ ਅਤੇ ਕਈ ਟਰੇਡ ਯੂਨੀਅਨ ਆਗੂ ਸ਼ਾਮਲ ਹਨ ਜਨਤਕ ਜਥੇਬੰਦੀਆਂ ਵੱਲੋਂ ਅਤੇ ਮੈਡਮ ਕਮਲ ਦੇ ਪਰਿਵਾਰ ਵੱਲੋਂ, ਮਲਕਾ ਰਾਣੀ ਦੇ ਪਰਿਵਾਰ ਦੇ ਸ਼ੰਕੇ ਨਵਿਰਤ ਕਰਨ ਲਈ ਅਤੇ ਪਰਿਵਾਰ ਦੀ ਬਣਦੀ ਮਾਲੀ ਸਹਾਇਤਾ ਕਰਨ ਖਾਤਰ ਉੱਦਮ ਜੁਟਾਉਣ ਲਈ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਸਿੱਟੇ ਵਜੋਂ ਇੱਕ ਵਾਰੀ ਪਰਿਵਾਰ ਨਾਲ ਸਦਭਾਵਨਾ ਦਾ ਮਾਹੌਲ ਬਣਦਾ ਦਿਖਾਈ ਦਿੱਤਾ ਪਰ ਕੁਝ ਅਨਸਰ ਆਪੋ-ਆਪਣੇ ਸੌੜੇ-ਸੁਆਰਥੀ ਮੰਤਵਾਂ ਕਰਕੇ ਮੈਡਮ ਕਮਲ ਦੇ ਜੀਵਨ-ਸਾਥੀ ਜਗਮੇਲ ਸਿੰਘ ਖਿਲਾਫ ਕਿੜ ਕੱਢਣ 'ਤੇ ਤੁਲੇ ਹੋਏ ਹਨ ਇਸ ਦੀ ਵਜਾਹ ਜਗਮੇਲ ਸਿੰਘ ਦੀਆਂ ਅਗਾਂਹਵਧੂ ਟਰੇਡ ਯੂਨੀਅਨ ਸਰਗਰਮੀਆਂ ਹਨ, ਜਿਹੜੀਆਂ ਸੁਆਰਥੀ ਮੰਤਵਾਂ ਨੂੰ ਪ੍ਰਣਾਏ ਵੰਨ-ਸੁਵੰਨੇ ਅਨਸਰਾਂ ਨੂੰ ਚੁਭਦੀਆਂ ਹਨ ਇਹ ਹਿੱਸੇ ਹਨ ਜਿਹੜੇ ਮਲਕਾ ਰਾਣੀ ਦੀ ਮੌਤ ਦੀ ਦੁਖਦਾਈ ਘਟਨਾ ਨੂੰ ਆਪਣੇ ਬਦਲਾਖੋਰ ਸੁਆਰਥੀ ਮੰਤਵਾਂ ਦਾ ਸਾਧਨ ਬਣਾਉਣਾ ਚਾਹੁੰਦੇ ਹਨ ਜਗਮੇਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਜਿਵੇਂ- ਕਿਵੇਂ ਨੁਕਸਾਨ ਪਹੁੰਚਾਉਣ ਦੀ ਉਹਨਾਂ ਦੀ ਇੱਛਾ ਐਨੀ ਜ਼ੋਰਦਾਰ ਹੈ ਕਿ ਉਹ ਜਗਮੇਲ ਸਿੰਘ ਅਤੇ ਉਸਦੇ ਸਾਥੀਆਂ ਬਾਰੇ ''ਨਕਸਲੀ'' ਹੋਣ ਦਾ ਸ਼ੋਰ-ਸ਼ਰਾਬਾ ਪਾ ਕੇ ਪੁਲਸ ਕਾਰਵਾਈ ਕਰਵਾਉਣਾ ਚਾਹੁੰਦੇ ਹਨ ਲੋਕ-ਪੱਖੀ ਟਰੇਡ ਯੂਨੀਅਨ ਆਗੂਆਂ ਅਤੇ ਉਹਨਾਂ ਦੇ ਪਰਿਵਾਰਾਂ ਖਿਲਾਫ ਬਦਲਾਖੋਰ ਰਵੱਈਏ ਦੇ ਸਿੱਟੇ ਵਜੋਂ ਹੀ ਪੁਲਸ ਨੇ ਮੈਡਮ ਕਮਲ ਖਿਲਾਫ ਖੁਦਕੁਸ਼ੀ ਲਈ ਮਜਬੁਰ ਕਰਨ ਦਾ ਕੇਸ ਦਰਜ ਕਰਨ ਵਿੱਚ ਫੋਰਾ ਨਹੀਂ ਲਾਇਆ ਅਤੇ ਕਿਸੇ ਪੜਤਾਲ ਦੀ ਜ਼ਰੂਰਤ ਨਹੀਂ ਸਮਝੀ ਜਦੋਂ ਕਿ ਪੁਲਸ ਅਕਸਰ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਠੋਸ ਸਬੂਤਾਂ ਦੇ ਬਾਵਜੂਦ ਸੂਦਖੋਰਾਂ ਖਿਲਾਫ ਅਜਿਹੇ ਪਰਚੇ ਦਰਜ ਨਹੀਂ ਕਰਦੀ ਇੱਕ ਵਿਧਾਇਕ ਵੱਲੋਂ ਮੈਡਮ ਕਮਲ ਖਿਲਾਫ ਇਹ ਕੇਸ ਦਰਜ ਕਰਵਾਉਣ ਵਿੱਚ ਅਦਾ ਕੀਤਾ ਗਿਆ ਫੈਸਲਾਕੁਨ ਰੋਲ ਵੀ ਇਹੋ ਜ਼ਾਹਰ ਕਰਦਾ ਹੈ ਕਿ ਮਲਕਾ ਰਾਣੀ ਦੀ ਦੁਖਦਾਈ ਮੌਤ ਦਾ ਮਸਲਾ ਸਿਆਸੀ ਬਦਲਾਖੋਰੀ ਦਾ ਸਾਧਨ ਬਣਾਇਆ ਗਿਆ ਹੈ ਸਵਾਰਥੀ ਅਨਸਰਾਂ ਵੱਲੋਂ ਮਲਕਾ ਰਾਣੀ ਦੇ ਪਰਿਵਾਰ ਨਾਲ ਮਿਲ-ਬੈਠ ਕੇ ਮਸਲੇ ਦਾ ਨਿਪਟਾਰਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਜਾਰੀ ਹਨ ਇਸ ਹਾਲਤ ਵਿੱਚ ਲੋਕਾਂ ਦੀਆਂ ਜਥੇਬੰਦੀਆਂ ਨੂੰ ਮੈਡਮ ਕਮਲ ਅਤੇ ਅਗਾਂਹਵਧੂ ਟਰੇਡ ਯੂਨੀਅਨ ਕਾਰਕੁੰਨਾਂ ਦੀ ਸੁਰੱਖਿਆ ਲਈ ਯਤਨ ਜੁਟਾਉਣੇ ਪੈ ਰਹੇ ਹਨ, ਜਿਹਨਾਂ ਨੂੰ ਇੱਕ ਜਾਂ ਦੂਜੇ ਢੰਗ ਨਾਲ ਨਹੱਕੀ ਪੁਲਸ ਕਾਰਵਾਈ ਦੀ ਮਾਰ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਮਕਸਦ ਨਾਲ ਉਹਨਾਂ ਨੂੰ ''ਨਕਸਲੀ'' ਕਿਹਾ ਜਾ ਰਿਹਾ ਹੈ ਲੋਕ ਮੰਗਾਂ ਲਈ ਸੰਘਰਸ਼ ਦੇ ਲੇਖੇ ਲੱਗਣ ਵਾਲੇ ਲੋਕਾਂ ਦੀਆਂ ਜਥੇਬੰਦੀਆਂ ਦੇ ਸਮੇਂ ਅਤੇ ਸ਼ਕਤੀ ਦਾ ਹਰਜਾ ਹੋ ਰਿਹਾ ਹੈ ਸਵਾਰਥੀ ਅਨਸਰਾਂ, ਪ੍ਰਸਾਸ਼ਨ, ਹਕੂਮਤ ਅਤੇ ਲੋਕ-ਦੋਖੀ ਸਿਆਸਤਦਾਨਾਂ ਨੂੰ ਤਾਂ ਇਹ ਸਥਿਤੀ ਰਾਸ ਆਉਣ ਵਾਲੀ ਹੈ, ਪਰ ਇਹ ਗੱਲ ਸਮਝੋਂ ਬਾਹਰ ਹੈ ਕਿ ਵਿਦਿਆਰਥੀ ਹਿੱਤਾਂ ਦਾ ਝੰਡਾ ਚੁੱਕਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਕਿਉਂ ਪੁੱਠੇ ਰਾਹ ਪਏ ਹੋਏ ਹਨ

ਅਸੀਂ ਜ਼ੋਨਲ ਕਮੇਟੀ ਨੂੰ ਆਪਣੇ ਅਮਲ ਬਾਰੇ ਮੁੜ-ਵਿਚਾਰ ਕਰਨ ਦੀ ਅਪੀਲ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਉਹ ਏ.ਐਨ.ਐਮ. ਟਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਦੇ ਜਜ਼ਬਾਤਾਂ ਅਤੇ ਇਛਾਵਾਂ ਦੀ ਕਦਰ ਕਰਨ ਦੀ ਭਾਵਨਾ ਵਿਖਾਵੇ ਅਸੀਂ ਮੰਗ ਕਰਦੇ ਹਾਂ ਕਿ ਮੈਡਮ ਕਮਲ ਖਿਲਾਫ ਦਰਜ ਕੀਤਾ ਨਜਾਇਜ ਕੇਸ ਰੱਦ ਕੀਤਾ ਜਾਵੇ ਅਤੇ ਮਲਕਾ ਰਾਣੀ ਦੀ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰਾਈ ਜਾਵੇ ਅਤੇ ਦੁਖੀ ਅਪੀਲ ਪਰਿਵਾਰ ਨੂੰ ਉਚਿਤ ਮੁਆਵਜਾ ਦਿੱਤਾ ਜਾਵੇ ਅਸੀਂ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਸਲੇ ਬਾਰੇ ਕੂੜ-ਪ੍ਰਚਾਰ ਅਤੇ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਆਪਣੀ ਸ਼ਕਤੀ ਅਸਲ ਵਿਦਿਆਰਥੀ ਮੰਗਾਂ ਲਈ ਸੰਘਰਸ਼ ਦੇ ਲੇਖੇ ਲਾਉਣ ਲਈ ਡਟੇ ਰਹਿਣ

ਵੱਲੋਂ

ਪੰਜਾਬ ਸਟੂਡੈਂਟਸ ਯੂਨੀਅਨ
ਵਿਦਿਆਰਥਣਾਂ
(ਸ਼ਹੀਦ ਰੰਧਾਵਾ)
ਟਰੋਨਿੰਗ ਸਕੂਲ
ਇਲਾਕਾ ਬਠਿੰਡਾ
ਬਠਿੰਡਾ (8-6-2011)

ਪ੍ਰਕਾਸ਼ਕ: ਸੁਮੀਤ ਸਿੰਘ, ਵੀਰਪਾਲ ਕੌਰ (ਏ.ਐਨ.ਐਮ. ਟਰਨਿੰਗ ਸਕੂਲ ਬਠਿੰਡਾ)

ਏ.ਐਨ.ਐਮ.

ਸਿਵਲ ਹਸਪਤਾਲ

Wednesday, July 20, 2011

ਮਲਿਕਾ ਰਾਣੀ ਦੇ ਖੁਦਕੁਸ਼ੀ ਕੇਸ ਸਬੰਧੀ ਪੀ.ਐੱਸ.ਯੂ ਦੀ ਜਾਂਚ ਰਿਪੋਰਟ

ਮਲਿਕਾ ਰਾਣੀ ਦੀ ਖ਼ੁਦਕੁਸ਼ੀ ਸਬੰਧੀ ਇਹ ਰਿਪੋਰਟ ਪੰਜਾਬ ਸਟੂਡੈਂਟਸ ਯੂਨੀਅਨ ਨੇ ਭੇਜੀ ਹੈ।ਵਿਅਕਤੀਗਤ ਤੌਰ 'ਤੇ ਜਾਂ ਕਿਸੇ ਵੀ ਜਥੇਬੰਦੀ ਦੀ ਇਸ ਨਾਲ ਅਸਹਿਮਤੀ ਹੈ ਤਾਂ ਉਹ ਗੁਲਾਮ ਕਲਮ ਨੂੰ ਇਸ ਈਮੇਲ mail2malwa@gmail.com 'ਤੇ ਆਪਣਾ ਪੱਖ ਭੇਜ ਸਕਦੀ ਹੈ।-ਗੁਲਾਮ ਕਲਮ

ਪੰਜਾਬ ਸਟੂਡੈਂਟਸ ਯੂਨੀਅਨ ਦੀ ਜੋਨਲ ਕਮੇਟੀ ਵੱਲੋਂ ਸ਼ਹੀਦ ਮਨੀ ਸਿੰਘ ਸਰਕਾਰੀ ਹਸਪਤਾਲ ਦੇ ਏ.ਐੱਨ.ਐੱਮ ਟ੍ਰੇੇਨਿੰਗ ਸੈਂਟਰ ਵਿੱਚ 4 ਜੂਨ 2011 ਦੇ ਦਿਨ ਵਿਦਿਆਰਥਣ ਮਲਿਕਾ ਰਾਣੀ ਵੱਲੋਂ ਆਤਮ ਹੱਤਿਆ ਕਰਨ ਦੀ ਘਟਨਾ ਦੀ ਜਾਂਚ ਕੀਤੀ ਗਈ। ਜੋਨਲ ਕਮੇਟੀ ਦੀ ਜਾਂਚ ਕਮੇਟੀ ਟੀਮ ਨੇ ਲਗਾਤਾਰ ਮੀਡੀਆ ਵਿੱਚ ਉੱਠ ਰਹੇ ਕਾਰਨਾ ਦੀ ਘੋਖ-ਪੜਤਾਲ ਸ਼ੁਰੂ ਕੀਤੀ। ਇਸੇ ਦੌਰਾਨ ਜਮਹੂਰੀ ਅਧਿਕਾਰ ਸਭਾ ਦੀ ਵੀ ਰਿਪੋਰਟ ਆਈ। ਇਸ ਨੇ ਵੀ ਕੁਝ ਸਵਾਲ ਉਠਾਏ, ਇਹਨਾਂ ਨੂੰ ਵੀ ਸੰਬੋਧਿਤ ਹੋਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸਮੁੱਚੀ ਜਾਂਚ ਦੌਰਾਨ ਜੋ ਹੁਣ ਤੱਕ ਅਣਗੌਲੇ ਗਏ ਬੁਨਿਆਦੀ ਸਵਾਲ ਸਨ, ਉਹ ਵੀ ਉਠਾਏ ਜੋ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਨ। ਅਸੀਂ ਪਹਿਲਾਂ ਸੰਖੇਪ ਵਿੱਚ ਸਾਰੇ ਘਟਨਾਕ੍ਰਮ ਦਾ ਵੇਰਵਾ ਦੇ ਕੇ ਅੰਤ ਵਿੱਚ ਸਵਾਲ ਉਠਾਉਂਦੇ ਹੋਏ ਆਪਣੀਆਂ ਮੰਗਾਂ ਵੀ ਰੱਖਾਂਗੇ।

4 ਜੂਨ ਨੂੰ ਪਤਾ ਲੱਗਦਾ ਹੈ ਕਿ ਮਲਿਕਾ ਰਾਣੀ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਲਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ ਜਿਸ ਦਾ ਕਾਰਨ ਇਹ ਦੱਸਿਆ ਗਿਆ ਕਿ ਮਲਿਕਾ ਰਾਣੀ ਇੱਕ ਟੈਸਟ ਜੋ ਮੈਡਮ ਕਮਲ ਕੌਰ ਲੈ ਰਹੇ ਸਨ, ਉਸ ਵਿੱਚ ਨਕਲ ਮਾਰ ਰਹੀ ਸੀ ਤੇ ਮੈਡਮ ਨੇ ਲੜਕੀ ਨੂੰ ਕਲਾਸ ਵਿੱਚੋਂ ਬਾਹਰ ਕੱਢ ਦਿੱਤਾ। ਲੜਕੀ ਅੱਧਾ ਘੰਟਾ ਕਲਾਸ ਰੂਮ ਤੋਂ ਬਾਹਰ ਖੜ•ੀ ਰਹੀ। ਉੱਥੇ ਵਾਰਡਨ ਪਾਲ ਕੌਰ ਨੇ ਰਜਿੰਦਰ ਕੁਮਾਰ (ਦਰਜਾ ਚਾਰ ਮੁਲਾਜ਼ਮ) ਨੂੰ ਬੁਲਾਉਣ ਲਈ ਮਲਿਕਾ ਰਾਣੀ ਨੂੰ ਭੇਜਿਆ ਅਤੇ ਆਪ ਸਬਜੀ ਲੈਣ ਚਲੀ ਗਈ। ਇਸ ਤੋਂ ਬਾਅਦ ਮਲਿਕਾ ਰਾਣੀ ਹੋਸਟਲ ਵਿੱਚ ਚਲੀ ਗਈ ਅਤੇ ਦੁਪੱਟੇ ਨਾਲ ਫਾਹਾ ਲੈ ਲਿਆ।

ਅਸੀਂ ਸਾਰੀ ਘਟਨਾ ਦੀ ਗਹਿਰਾਈ ਤੱਕ ਜਾਣ ਲਈ ਜਾਂਚ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਪਰਿਵਾਰ ਕੋਲ ਪਹੁੰਚੇ। ਮਲਿਕਾ ਰਾਣੀ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਜਦੋਂ ਮਲਿਕਾ ਰਾਣੀ 6 ਸਾਲ ਦੀ ਤਾਂ ਉਸ ਸਮੇਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਜਿਸ ਕਰਕੇ ਉਹ ਆਪਣੇ ਭਰਾ ਤੇ ਮਾਤਾ ਨਾਲ ਕੋਟਕਪੂਰਾ ਆਪਣੇ ਨਾਨਕੇ ਘਰ ਰਹਿਣ ਲੱਗ ਪਈ। ਨਾਨਕੇ ਪਰਿਵਾਰ ਨੇ ਮਲਿਕਾ ਰਾਣੀ ਨੂੰ ਜੋ ਕਿ ਸਾਰੇ ਪਰਿਵਾਰ ਵਿੱਚ ਇੱਕੋ-ਇੱਕ ਲੜਕੀ ਅਤੇ ਮਾਮੇ ਦੇ ਲੜਕਿਆਂ ਸਮੇਤ 6 ਭਰਾਵਾਂ ਦੀ ਇਕੱਲੀ ਭੈਣ ਸੀ, ਨੂੰ ਖੂਬ ਪੜ•ਾਇਆ। ਫ਼ਰੀਦਕੋਟ ਦੇ ਨਾਮਵਰ ਸਕੂਲ (ਐੱਸ.ਡੀ.ਪਬਲਿਕ ਸਕੂਲ) ਤੋਂ ਬਾਰਵੀਂ ਤਕ ਪੜ•ਾਈ ਕੀਤੀ।
ਇਸ ਤੋਂ ਬਾਅਦ ਏ.ਅੱੈਨ.ਐੱਮ ਵਿੱਚ ਦਾਖਲਾ ਲੈ ਲਿਆ। ਉਹ ਵੀ ਕਿਸੇ ਪ੍ਰਾਈਵੇਟ ਸਕੂਲ ਵਿੱਚ ਨਹੀਂ ਬਲਕਿ ਸਰਕਾਰੀ ਏ.ਐੱਨ.ਐੱਮ ਨਰਸਿੰਗ ਸਕੂਲ ਵਿੱਚ, ਜਿੱਥੋਂ ਮੈਰਿਟ ਕਾਫ਼ੀ ਉੱਚੀ ਚੜ•ਦੀ ਹੈ। ਏ.ਐੱਨ.ਐੱਮ ਵਿੱਚ ਦਾਖਲਾ 10ਵੀਂ ਦੇ ਆਧਾਰ 'ਤੇ ਹੁੰਦਾ ਹੈ। ਮਲਿਕਾ ਰਾਣੀ ਨੇ ਦਸਵੀਂ 'ਚੋਂ 67% ਅੰਕ ਲੈ ਕੇ ਪਹਿਲੇ ਸਥਾਨ ਵਿੱਚ ਪਾਸ ਕੀਤੀ ਸੀ।

ਮਲਿਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 4 ਜੂਨ ਨੂੰ ਹੋਸਟਲ ਵਾਰਡਨ ਦਾ ਫ਼ੋਨ ਆਇਆ ਕਿ ਜਲਦੀ ਪਹੁੰਚੋ, ਤੁਹਾਡੀ ਲੜਕੀ ਸੀਰੀਅਸ ਹੈ, ਜਲਦੀ ਪਹੁੰਚੋ। ਅੱਧੇ ਘੰਟੇ ਬਾਅਦ ਪੁਲਿਸ ਵਾਲਿਆਂ ਦਾ ਫ਼ੋਨ ਆਇਆ ਕਿ ਤੁਹਾਡੀ ਲੜਕੀ ਦੀ ਮੌਤ ਹੋ ਚੁੱਕੀ ਹੈ। ਜਦੋਂ ਪਰਿਵਾਰ ਬਠਿੰਡਾ ਹਸਪਤਾਲ ਵਿੱਚ ਪਹੁੰਚਿਆ ਤਾਂ ਲੜਕੀ ਦੀ ਲਾਸ਼ ਕੋਲ ਕੋਈ ਵੀ ਨਹੀਂ ਸੀ। ਉਹਨਾ ਨੂੰ ਦੱਸਿਆ ਗਿਆ ਕਿ ਕਮਲ ਮੈਡਮ ਨੇ ਟੈਸਟ ਵਿੱਚ ਨਕਲ ਮਾਰਨ ਕਰਕੇ ਮਲਿਕਾ ਰਾਣੀ ਨੂੰ ਕਲਾਸ ਵਿੱਚੋਂ ਕੱਢ ਦਿੱਤਾ, ਜਿਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ। ਅਸੀਂ ਕਮਲ ਮੈਡਮ ਨੂੰ ਮਿਲਣਾ ਚਾਹਿਆ ਪਰ ਉਹ ਕਿੱਥੇ ਹਨ, ਪਤਾ ਨਹੀਂ ਲੱਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਲੜਕੀਆਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੇ ਵੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਕਿਹਾ ਕਿ ਕਿਸੇ ਨੇ ਸਾਡੇ ਨਾਲ ਦੁੱਖ ਸਾਂਝਾ ਨਹੀਂ ਕੀਤਾ, ਉਲਟਾ ਘਰ ਆ ਕੇ ਕੁਝ ਵਿਅਕਤੀਆਂ ਨੇ ਧਮਕੀਆਂ ਦਿੱਤੀਆਂ ਹਨ ਕਿ ਤੁਸੀਂ ਸਮਝੌਤਾ ਕਰ ਲਵੋ, ਤੁਹਾਡੇ ਕੇਸ ਦਾ ਕੁਝ ਨਹੀਂ ਬਣਨਾ, ਕਿਉਕਿ ਅਸੀਂ ਸਾਰੇ ਸਬੂਤ ਖਤਮ ਕਰ ਦਿੱਤੇ ਹਨ।

ਇਸ ਤੋਂ ਬਾਅਦ ਅਸੀਂ ਮਲਿਕਾ ਰਾਣੀ ਦੇ ਸਕੂਲ ਪਹੁੰਚੇ ਜਿੱਥੇ ਉਹ ਨਰਸਿੰਗ ਕਰ ਰਹੀ ਸੀ। ਉੱਥੇ ਪਹੁੰਚਦਿਆਂ ਤਿੰਨ ਲੜਕੀਆਂ ਜੋ ਬਾਹਰ ਖੜ•ੀਆਂ ਸਨ, ਉਹਨਾਂ ਤੋਂ ਜਾਣਨਾ ਚਾਹਿਆ। ਉਹਨਾਂ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਲੜਕੀਆਂ ਉਸ ਸਮੇਂ ਵਾਟਰ ਕੂਲਰ ਤੋਂ ਪਾਣੀ ਭਰ ਰਹੀਆਂ ਸਨ। ਅਸੀਂ ਉਹਨਾਂ ਨੂੰ ਕਿਹਾ ਕਿ ਆਪਣੇ ਟੀਚਰਾਂ ਨੂੰ ਦੱਸੋ ਕਿ ਪੀ.ਐੱਸ.ਯੂ ਵਾਲੇ ਆਏ ਹਨ। ਜਦ ਟੀਚਰਾਂ ਨੂੰ ਪਤਾ ਲੱਗਾ ਤਾਂ ਆਉਂਦਿਆਂ ਹੀ ਉਹਨਾਂ ਨੇ ਵਿਦਿਆਰਥਣਾਂ ਨੂੰ ਕਲਾਸ ਰੂਮ ਵਿੱਚ ਜਾਣ ਲਈ ਕਿਹਾ। ਸਟਾਫ਼ ਰੂਮ ਵਿੱਚ ਬੈਠੇ ਅਧਿਆਪਕਾਂ ਨੂੰ ਅਸੀਂ ਜਾਂਚ ਸੰਬੰਧੀ ਦੱਸਿਆ ਤਾਂ ਮੌਜ਼ੂਦਾ ਸਮੇਂ ਦੇ ਪ੍ਰਿੰਸੀਪਲ ਨੇ ਸਿਵਲ ਸਰਜਨ ਤੋਂ ਆਗਿਆ ਲੈ ਕੇ ਆਉਣ ਲਈ ਕਿਹਾ। ਇਸ ਤੋਂ ਬਾਅਦ ਜਾਂਚ ਕਮੇਟੀ ਸਿਵਲ ਸਰਜਨ ਕੋਲ ਗਈ ਤਾਂ ਸਿਵਲ ਸਰਜਨ ਦਾ ਕਹਿਣਾ ਸੀ ਕਿ ਤੁਹਾਡੀ ਜਾਂਚ ਕੋਈ, ਅਧਿਕਾਰਤ ਜਾਂਚ (Official 9nquiry) ਨਹੀਂ, ਇਸ ਕਰਕੇ ਆਗਿਆ, ਨਾ ਆਗਿਆ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜੋ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ, ਪੁੱਛ ਲਓ। ਅਸੀਂ ਫਿਰ ਸਟਾਫ਼ ਕੋਲ ਵਾਪਸ ਆਏ। ਇਸ ਵਕਤ ਉਹ ਟੀਚਰ ਵੀ ਆ ਗਏ ਜੋ ਪਹਿਲਾਂ ਮੌਜ਼ੂਦ ਨਹੀਂ ਸਨ। ਇਸ ਵਾਰ ਉਹਨਾਂ ਸਾਨੂੰ ਬਿਠਾ ਕੇ ਪੁੱਛਿਆ ਕਿ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ। ਸਾਨੂੰ ਇਸ ਸਮੇਂ ਵਿਦਿਆਰਥਣਾਂ ਨੇ ਪਾਣੀ ਪਿਲਾਇਆ।

ਸਾਡੇ ਪੁੱਛਣ 'ਤੇ ਉਹਨਾਂ ਦੱਸਿਆ ਮਲਿਕਾ ਰਾਣੀ ਉਹਨਾਂ ਦੀ ਕਲਾਸ ਵਿੱਚ ਟੈਸਟ ਦੀ ਤਿਆਰੀ ਕਰਕੇ ਆਉਂਦੀ ਹੁੰਦੀ ਸੀ। ਨਕਲ ਮਾਰਨ ਦੀ ਗੱਲ ਪਹਿਲਾਂ ਕਦੇ ਸਾਹਮਣੇ ਨਹੀਂ ਆਈ। ਹਰ ਵਾਰ ਆਪਣੀ Presentation ਜਾਂ ਹੋਰ Notes ਚੰਗੀ ਤਰਾਂ ਤਿਆਰ ਕਰਕੇ ਲਿਆਉਂਦੀ ਸੀ। ਪਰ ਸਾਨੂੰ ਸਮਝ ਨਹੀਂ ਆ ਰਹੀ ਕਿ ਮੈਡਮ ਕਮਲ ਦੇ ਟੈਸਟ ਵਿੱਚ ਉਸ ਨੂੰ ਨਕਲ ਦੀ ਲੋੜ ਕਿਉਂ ਪਈ ਜਦਕਿ ਉਹ ਪੜ•ਾਈ-ਲਿਖਾਈ ਵਿੱਚ ਠੀਕ ਸੀ। ਉਹਨਾਂ ਦੱਸਿਆ ਕਿ ਉਸ ਦਿਨ ਤੋਂ ਬਾਅਦ ਮੈਡਮ ਕਮਲ ਨਾਲ ਕੋਈ ਗੱਲ ਨਹੀਂ ਹੋਈ, ਉਹਨਾਂ ਦਾ ਮੋਬਾਇਲ ਬੰਦ ਆ ਰਿਹਾ ਹੈ। ਅਸੀਂ ਜਦ ਪੁੱਛਿਆ ਕਿ, ਕਿਹਾ ਜਾ ਰਿਹਾ ਹੈ ਕਿ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਅਤੇ ਉਸ ਦੀ ਦਵਾਈ ਚੱਲ ਰਹੀ ਸੀ ਤਾਂ ਉਹਨਾਂ ਵਿੱਚੋਂ ਇੱਕ ਟੀਚਰ ਨੇ ਦੱਸਿਆ ਹਰ ਮਹੀਨੇ ਹਰ ਵਿਦਿਆਰਥੀ ਦਾ ਮੈਡੀਕਲ ਟੈਸਟ ਹੁੰਦਾ ਹੈ, ਜੇਕਰ ਕਿਸੇ ਨੂੰ ਸਿਹਤ ਸੰੰਬੰਧੀ ਕੋਈ ਸਮੱਸਿਆ ਹੈ ਤਾਂ ਉਸ ਦੀ ਬਿਮਾਰੀ ਦਾ ਕੀ ਇਲਾਜ ਚੱਲ ਰਿਹਾ ਹੈ। ਉਹ ਉਸ ਰਜਿਸਟਰ 'ਤੇ ਬਕਾਇਦਾ ਨੋਟ ਕੀਤਾ ਜਾਂਦਾ ਹੈ, ਪਰ ਮਲਿਕਾ ਨੂੰ ਸਿਰਫ਼ ਇੱਕ ਵਾਰ ਬੁਖਾਰ ਹੋਇਆ ਸੀ। ਉਸ ਦੇ ਮਾਨਸਿਕ ਤੌਰ 'ਤੇ ਬਿਮਾਰ ਹੋਣ ਅਤੇ ਦਵਾਈ ਸੰਬੰਧੀ ਸਭ ਗੱਲਾਂ ਝੂਠ ਹਨ।

ਟੀਚਰਾਂ ਤੋਂ ਜਦ ਹੋਸਟਲ ਵਿੱਚ ਜਾਣ ਸੰੰਬੰਧੀ ਪੁੱਛਿਆ ਤਾਂ ਉਹਨਾਂ ਕਿਹਾ ਕਿ ਸਾਰੇ ਵਿਦਿਆਰਥੀ ਇਕੱਠੇ ਹੋਸਟਲ ਵਿੱਚ ਜਾਂਦੇ ਹਨ ਅਤੇ ਇਕੱਠੇ ਹੀ ਹੋਸਟਲ ਤੋਂ ਬਾਹਰ ਆਉਂਦੇ ਹਨ।ਉਹਨਾਂ ਕਿਹਾ ਕਿ ਟੈਸਟ ਤੋਂ ਬਾਅਦ ਜਦੋਂ ਮਲਿਕਾ ਰਾਣੀ ਦੇ ਕਮਰੇ ਵਾਲੀਆਂ ਲੜਕੀਆਂ ਕਮਰੇ ਵੱਲ ਗਈਆਂ ਤਾਂ ਵਾਰ-ਵਾਰ ਕਮਰਾ ਖੜਕਾਉਣ 'ਤੇ ਕਮਰਾ ਨਹੀਂ ਖੋਲਿਆ ਤਾਂ ਲੜਕੀਆਂ ਪਿਛਲੀ ਗੈਲਰੀ ਰਾਹੀਂ ਖਿੜਕੀ ਵਿੱਚੋਂ ਅੰਦਰ ਗਈਆਂ ਤਾਂ ਉਹਨਾਂ ਦੇਖਿਆ ਕਿ ਲੜਕੀ ਲਟਕ ਰਹੀ ਸੀ। ਉਹਨਾਂ ਲੜਕੀ ਨੂੰ ਲਾਹਿਆ ਇਸੇ ਸਮੇਂ ਪ੍ਰਿੰਸੀਪਲ ਨੇ ਫਿਰ ਆ ਕੇ ਕਿਹਾ ਕਿ ਸਿਵਲ ਸਰਜਨ ਨੇ ਸਾਨੂੰ ਕਿਹਾ ਹੈ ਕਿ ਅਸੀਂ ਕੋਈ ਜਾਣਕਾਰੀ ਨਹੀਂ ਦੇ ਸਕਦੇ। ਅਸੀਂ ਕਮਰਾ ਦਿਖਾਉਣ ਲਈ ਕਿਹਾ ਤਾਂ ਉਹਨਾ ਮਨ•ਾ ਕਰ ਦਿੱਤਾ। ਵਿਦਿਆਰਥਣਾਂ ਨਾਲ ਮਿਲਾਉਣ ਲਈ ਕਿਹਾ ਤਾਂ ਉਹਨਾਂ ਕਿਹਾ ਕਿ ਬੁਰਾ ਨਾ ਮੰਨਿਓ, ਅਸੀਂ ਨਹੀਂ ਮਿਲਾ ਸਕਦੇ, ਸਾਡੀ ਮਜ਼ਬੂਰੀ ਹੈ।

ਇਸ ਤੋਂ ਬਾਅਦ ਜਾਂਚ ਕਮੇਟੀ ਡੀ.ਐੱਸ.ਪੀ ਜਸਵਿੰਦਰ ਸਿੰਘ ਦੇ ਦਫ਼ਤਰ ਗੱਲਬਾਤ ਲਈ ਗਈ ਤਾਂ ਰੀਡਰ ਨੇ ਦੱਸਿਆ ਕਿ ਉਹ ਬਾਹਰ ਗਏ ਹੋਏ ਹਨ, ਉਹਨਾਂ ਨਾਲ ਫ਼ੋਨ 'ਤੇ ਗੱਲ ਹੋਈ ਤਾਂ ਉਹਨਾਂ ਨੇ ਐੱਸ.ਐੱਚ.ਓ ਮਿਲਣ ਲਈ ਕਿਹਾ ਤਾਂ ਅਸੀਂ ਥਾਣੇ ਪਹੁੰਚੇ। ਐੱਸ.ਐੱਚ.ਓ ਵੀ ਮੌਜ਼ੂਦ ਨਹੀਂ ਸੀ, ਉਥੇ ਇੱਕ ਪੁਲਿਸ ਕਰਮਚਾਰੀ ਨਾਲ ਮੁਨਸ਼ੀ ਨੇ ਸਾਨੂੰ ਮਿਲਾਇਆ ਜੋ ਉਸ ਦਿਨ ਘਟਨਾ ਵਾਲੀ ਥਾਂ 'ਤੇ ਗਈ ਪੁਲਿਸ ਪਾਰਟੀ ਵਿੱਚ ਸ਼ਾਮਿਲ ਸੀ। ਉਸ ਨੇ ਕਿਹਾ ਕਿ ਲੜਕੀ ਨੂੰ ਸਟਾਫ਼ ਨੇ ਪੱਖੇ ਤੋਂ ਉਤਾਰਿਆ ਸੀ। ਉੱਥੇ ਟੀਚਰਾਂ ਦੇ ਗਰੁੱਪ ਬਣੇ ਹੋਏ ਸਨ। ਅਸੀਂ ਪਰਚਾ ਕਰ ਦਿੱਤਾ ਹੈ ਅਤੇ ਮੈਡਮ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਤੋਂ ਬਾਅਦ ਡੀ.ਐੱਸ.ਪੀ ਸਾਹਿਬ ਦਾ ਇੰਤਜਾਰ ਕੀਤਾ। ਉਹਨਾਂ ਦੇ ਵਾਪਸ ਆਉਣ 'ਤੇ ਉਹਨਾਂ ਨੂੰ ਮਿਲੇ ਤਾਂ ਉਹਨਾਂ ਕਿਹਾ ਕਿ ਲੜਕੀ ਟੈਸਟ ਵਿੱਚ ਨਕਲ ਮਾਰ ਰਹੀ ਸੀ, ਇਸ ਕਰਕੇ ਮੈਡਮ ਦੇ ਝਿੜਕਣ ਕਰਕੇ ਲੜਕੀ ਨੇ ਫਾਹਾ ਲਿਆ ਲੱਗਦੈ। ਜਦੋਂ ਜਾਂਚ ਕਮੇਟੀ ਨੇ ਪੁੱਛਿਆ ਕਿ ਇਸ ਪਿਛੇ ਹੋਰ ਕੀ ਕਾਰਨ ਹੋ ਸਕਦੇ ਹਨ? ਲਾਸ਼ ਨੂੰ ਪੁਲਿਸ ਦੇ ਜਾਣ ਤੋਂ ਪਹਿਲਾਂ ਕਿਉਂ ਉਤਾਰਿਆ ਗਿਆ? ਲੜਕੀ ਦੇ ਕਮਰੇ ਦੀ ਫਿਰੋਲਾ-ਫਰਾਲੀ ਕਿਸ ਨੇ ਤੇ ਕਿਉਂ ਕੀਤੀ, ਇਸ ਬਾਰੇ ਕੁਝ ਦੱਸੋ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਕੁਝ ਨਹੀਂ ਪਤਾ, ਇਸ ਕਰਕੇ ਅਜੇ ਕੁਝ ਨਹੀਂ ਕਹਿ ਸਕਦੇ।

ਜਾਂਚ ਕਮੇਟੀ ਮੈਡਮ ਕਮਲ ਦੇ ਪਤੀ ਲੋਕ ਮੋਰਚਾ ਪੰਜਾਬ ਦੇ ਆਗੂ ਜਗਮੇਲ ਸਿੰਘ ਨੂੰ ਵੀ ਮਿਲੀ। ਉਹਨਾਂ ਦਾ ਕਹਿਣਾ ਸੀ ਕਿ ਮੇਰੀ ਪਤਨੀ ਜੱਥੇਬੰਦੀ ਦੇ ਸੰਘਰਸ਼ਾ ਵਿੱਚ ਹਿੱਸਾ ਲੈਂਦੀ ਰਹੀ ਹੈ ਤੇ ਸਕੂਲ ਵਿੱਚ ਲੜਕੀਆਂ ਨੂੰ ਨਰਸਿੰਗ ਦਾ ਸਮਾਜ ਵਿੱਚ ਕੀ ਰੋਲ ਹੈ? ਅਤੇ ਸਾਡੀ ਕੀ ਜਿੰਮੇਵਾਰੀ ਬਣਦੀ ਹੈ? ਆਦਿ ਸਮਾਜਿਕ ਪੱਖਾਂ 'ਤੇ ਵੀ ਪੜ•ਾਉਂਦੀ ਹੈ। ਉਹਨਾਂ ਕਿਹਾ ਕਿ ਮਲਿਕਾ ਮਾਨਸਿਕ ਤੌਰ 'ਤੇ ਕਾਫ਼ੀ ਪ੍ਰੇਸ਼ਾਨ ਸੀ। ਜਦੋਂ ਦੁਨੀਆਂ ਖਤਮ ਹੋਣ ਦੀ ਖਬਰ ਉੱਡੀ ਤਾਂ ਉਹ ਕਹਿੰਦੀ ਸੀ ਕਿ ਮੈਂ ਤਾਂ ਉਸ ਤੋਂ ਪਹਿਲਾਂ ਹੀ ਮਰ ਜਾਣਾ ਹੈ। ਉਹ ਕਮਰੇ ਵਿੱਚ ਟੁੱਟੀ ਕੁਰਸੀ ਵੀ ਲੈ ਕੇ ਆਈ ਜਿਸ ਨਾਲ ਉਸ ਨੇ ਫਾਹਾ ਲਿਆ। ਜਦ ਪੁੱਛਿਆ ਕਿ ਹੋਰ ਕਿਹੜੇ ਕਾਰਨ ਹੋ ਸਕਦੇ ਹਨ ਜਿਸ ਕਰਕੇ ਉਸ ਨੇ ਆਤਮ-ਹੱਤਿਆ ਕੀਤੀ? ਤਾਂ ਉਹਨਾਂ ਕਿਹਾ ਕਿ ਸਪੱਸ਼ਟ ਤਾਂ ਨਹੀਂ ਕਹਿ ਸਕਦੇ ਪਰ ਘਰੇਲੂ ਹਾਲਤ ਵੀ ਜਿੰਮੇਵਾਰ ਹੋ ਸਕਦੇ ਹਨ। ਉਹਨਾਂ ਕਿਹਾ ਕਿ ਹੁਣ ਤੱਕ ਕਈ ਵਾਰ ਪਰਿਵਾਰ ਨਾਲ ਸੁਲ•ਾ-ਸਫ਼ਾਈ ਦੀ ਕੋਸ਼ਿਸ਼ ਕੀਤੀ ਪਰ ਉਹ ਸਾਢੇ 7 ਲੱਖ ਰੁਪਇਆ ਮੰਗ ਰਹੇ ਹਨ, ਜਦਕਿ ਕੁਝ ਜਥੇਬੰਦੀਆਂ ਅਤੇ ਸਟਾਫ਼ ਮਿਲ ਕੇ ਮੱਦਦ ਕਰਨ ਨੂੰ ਤਿਆਰ ਹਨ। ਜੇਕਰ ਉਹ ਕਹਿਣ ਕਿ ਮੈਡਮ ਬੇਕਸੂਰ ਹੈ, ਅਸੀਂ ਆਪਣੇ-ਆਪ ਨੂੰ ਦੋਸ਼ੀ ਮੰਨ ਕੇ ਜੁਰਮਾਨਾ ਨਹੀਂ ਭਰਨਾ। ਜਗਮੇਲ ਸਿੰਘ ਹੋਰਾਂ ਕਿਹਾ ਕਿ ਪੁਲਿਸ ਮੈਡਮ ਕਮਲ ਨੂੰ ਵਾਰ-ਵਾਰ ਆਪਣਾ ਬਿਆਨ ਬਦਲਣ ਲਈ ਕਹਿ ਰਹੀ ਸੀ ਕਿ ਤੁਸੀਂ ਕਹਿ ਦੇਵੋ ਕਿ ਲੜਕੀ ਪਾਣੀ ਪੀਣ ਦੀ ਇਜ਼ਾਜਤ ਲੈ ਕੇ ਗਈ ਸੀ, ਮੈਂ ਉਸ ਨੂੰ ਕਮਰੇ ਵਿੱਚੋਂ ਨਹੀਂ ਕੱਢਿਆ। ਪੁਲਿਸ ਵੱਲੋਂ ਮੈਡਮ ਨੂੰ ਆਪਣਾ ਬਿਆਨ ਬਦਲਣ ਦੀ ਗੱਲ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਵੀ ਜਾਂਚ ਕਮੇਟੀ ਨੂੰ ਕਹੀ। ਉਹਨਾਂ ਕਿਹਾ ਕਿ ਪੁਲਿਸ ਮੈਡਮ ਨੂੰ ਕਹਿ ਰਹੀ ਸੀ ਕਿ ਜੇਕਰ ਤੁਸੀਂ ਕਲਾਸ ਵਿੱਚੋਂ ਲੜਕੀ ਨੂੰ ਕੱਢਣ ਦੀ ਗੱਲ ਕਹੀ ਤਾਂ 306 ਦਾ ਪਰਚਾ ਹੋ ਸਕਦਾ ਹੈ, ਪਰ ਮੈਡਮ ਨੇ ਕਿਹਾ ਮੈਂ ਝੂਠ ਨਹੀਂ ਬੋਲਾਂਗੀ।

ਸਕੂਲ ਵਿੱਚ ਵਿਦਿਆਰਥਣਾਂ ਨਾਲ ਗੱਲਬਾਤ ਨਾ ਕਰ ਸਕਣ ਦੀ ਹਾਲਤ ਵਿੱਚ ਕਈ ਵਿਦਿਆਰਥਣਾਂ ਨਾਲ ਉਹਨਾਂ ਦੇ ਘਰਾਂ ਦੇ ਪਤੇ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਕੁਝ ਜ਼ਿਆਦਾ ਬੋਲਣ ਨੂੰ ਤਿਆਰ ਨਹੀਂ ਸਨ ਜਾਂ ਕਈਆਂ ਦੇ ਮਾਪਿਆਂ ਨੇ ਕਿਹਾ ਅਸੀਂ ਉਲਝਣਾ ਨਹੀਂ ਚਾਹੁੰਦੇ। ਲੜਕੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਮਲਿਕਾ ਰਾਣੀ ਨਾਲ ਹੋਇਆ ਤਾਂ ਧੱਕਾ ਹੈ। ਮੈਡਮ ਨੇ ਉਸ ਦਾ ਪੇਪਰ ਵੀ ਖੋਹ ਕੇ ਪਾੜ ਦਿੱਤਾ ਸੀ। ਪਰ ਕੀਤਾ ਵੀ ਕੀ ਜਾ ਸਕਦਾ ਹੈ। ਉਹਨਾਂ ਇਹ ਦੱਸਿਆ ਕਿ ਏ.ਐੱਨ.ਐੱਮ ਦਾ ਕੋਰਸ ਤਾਂ ਬਹੁਤ ਸੌਖਾ ਹੈ, ਜਿਹਨੇ 10ਵੀਂ ਪਾਸ ਕਰ ਲਈ, ਉਹ ਆਸਾਨੀ ਨਾਲ ਏ.ਐੱਨ.ਐੱਮ ਕਰ ਸਕਦਾ ਹੈ। ਦੂਸਰਾ ਸਾਰੀਆਂ ਲੜਕੀਆਂ ਇਕੱਠੀਆਂ ਹੋਸਟਲ ਵਿੱਚ ਆਉਂਦੀਆਂ-ਜਾਂਦੀਆਂ ਹਨ। ਕੋਈ ਇਕੱਲੀ ਲੜਕੀ ਹੋਸਟਲ ਵਿੱਚ ਨਹੀ ਜਾ ਸਕਦੀ। ਜੇਕਰ ਕੋਈ ਲੜਕੀ ਆਪਣੀ ਕਿਤਾਬ ਜਾਂ ਹੋਰ ਕੋਈ ਚੀਜ ਹੋਸਟਲ ਵਿੱਚ ਭੁੱਲ ਆਈ ਹੈ ਤਾਂ ਉਹ ਸਿਰਫ਼ ਇਜਾਜ਼ਤ ਲੈ ਕੇ ਹੋਸਟਲ ਵਿੱਚ ਜਾ ਸਕਦੀ ਹੈ।

ਜਾਂਚ ਕਮੇਟੀ ਲਗਾਤਾਰ ਮੈਡਮ ਕਮਲ ਨੂੰ ਮਿਲਣ ਦੀ ਕੋਸ਼ਿਸ਼ ਕਰਦੀ ਰਹੀ। ਜਾਂਚ ਕਮੇਟੀ ਦੀ ਰਿਪੋਰਟ ਵਿੱਚ ਇਸੇ ਕਰਕੇ ਇੱਕ ਹਫ਼ਤੇ ਦੀ ਦੇਰੀ ਹੋਈ। ਜਾਂਚ ਕਮੇਟੀ ਨੂੰ ਪਹਿਲਾਂ ਮੈਡਮ ਕਮਲ ਨਾਲ ਮਿਲਾਉਣ ਵਿੱਚ ਅਸਮਰੱਥਾ ਦਿਖਾਈ ਗਈ, ਉਸ ਤੋਂ ਬਾਅਦ ਜਗਮੇਲ ਸਿੰਘ ਹੋਰਾਂ ਵੱਲੋਂ ਇੱਕ ਸਾਥੀ ਦਾ ਫ਼ੋਨ ਆਇਆ ਕਿ ਅਸੀਂ ਇਹ ਗੱਲ ਵਿਚਾਰੀ ਹੈ ਤੇ ਤੁਸੀਂ ਇੱਕ ਵਾਰ ਫਿਰ ਮਿਲੋ। ਇਸ ਤੋਂ ਪਹਿਲਾਂ ਅਸੀਂ ਇਹ ਗੱਲ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਅਤੇ ਜਗਮੇਲ ਸਿੰਘ ਜੀ ਕੋਲ ਉਠਾ ਚੁੱਕੇ ਸੀ। ਅਸੀਂ 27 ਜੂਨ ਨੂੰ ਫਿਰ ਬਠਿੰਡਾ ਪਹੁੰਚੇ। ਜਿਸ ਸਾਥੀ ਨੇ ਫ਼ੋਨ ਕੀਤਾ ਸੀ, ਉਸ ਨੇ ਕਿਹਾ ਕਿ ਅਗਲੇ ਇੱਕ-ਦੋ ਦਿਨਾਂ ਤੱਕ ਮਿਲਾਵਾਂਗੇ। ਅਸੀਂ ਇਸ ਆਸ 'ਤੇ ਗਏ ਸੀ ਕਿ ਅੱਜ ਮਿਲਾਇਆ ਜਾਵੇਗਾ। ਉਸ ਤੋਂ ਅਗਲੇ ਦਿਨ ਫ਼ੋਨ ਆਉਂਦਾ ਹੈ ਕਿ 30 ਜੂਨ ਨੂੰ ਤੁਸੀਂ ਆ ਜਾਓ। 29 ਜੂਨ ਸ਼ਾਮ ਨੂੰ ਫਿਰ ਫ਼ੋਨ ਆਉਂਦਾ ਹੈ ਕਿ ਅਸੀਂ 4 ਜੁਲਾਈ ਨੂੰ ਮਿਲਾ ਸਕਦੇ ਹਾਂ, ਉਸ ਤੋਂ ਪਹਿਲਾਂ ਨਹੀਂ। ਉਹਨਾਂ ਦੀ ਲਗਾਤਾਰ ਇਸ ਟਾਲ-ਮਟੋਲ ਕਰਕੇ ਅਸੀਂ ਮੈਡਮ ਕਮਲ ਦਾ ਪੱਖ ਜੋ ਕਿ ਉਪਰੋਕਤ ਕਾਰਨਾਂ ਕਰਕੇ ਨਹੀਂ ਲਿਆ ਜਾ ਸਕਦਾ ਸੀ। ਅਸੀਂ ਆਪਣੀ ਰਿਪੋਰਟ ਜਾਰੀ ਕਰ ਰਹੇ ਹਾਂ।

ਸਿੱਟਾ:-

ਮਲਿਕਾ ਰਾਣੀ ਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਨਕਲ ਮਾਰਦੀ ਸੀ। ਮਲਿਕਾ ਰਾਣੀ ਨੇ ਮੈਰਿਟ ਦੇ ਆਧਾਰ 'ਤੇ ਦਾਖਲਾ ਲਿਆ ਨਾ ਕਿ ਪਿਛਲੇ ਦਰਵਾਜੇ ਰਾਹੀਂ ਅੰਦਰ ਆਈ। ਉਸ ਨੇ ਦਸਵੀਂ ਪਹਿਲੇ ਸਥਾਨ ਵਿੱਚ 67% ਅੰਕ ਲੈ ਕੇ ਪਾਸ ਕੀਤੀ ਅਤੇ ਵਿਦਿਆਰਥੀਆਂ ਨੂੰ ਮੁਕਾਬਲਤਨ ਔਖੇ ਲੱਗਣ ਵਾਲੇ ਵਿਸ਼ਿਆਂ ਜਿਵੇਂ ਗਣਿਤ ਵਿੱਚੋਂ 100 ਵਿੱਚੋਂ 77, ਅੰਗਰੇਜੀ ਵਿੱਚੋਂ 76, ਸਾਇੰਸ ਵਿੱਚੋਂ 68 ਅੰਕ ਪ੍ਰਾਪਤ ਕੀਤੇ ਅਤੇ ਏ.ਐੱਨ.ਐੱਮ ਜੋ ਕਿ ਆਸਾਨ ਕੋਰਸ ਹੈ ਅਤੇ ਦਾਖਲਾ 10ਵੀਂ ਦੇ ਆਧਾਰ 'ਤੇ ਹੁੰਦਾ ਹੈ। ਮਲਿਕਾ ਰਾਣੀ ਨੇ ਬਾਰ•ਵੀਂ ਜਮਾਤ ਵੀ ਪਾਸ ਕੀਤੀ ਸੀ ਜਿਸ ਵਿੱਚ ਉਸ ਦੇ 58% ਅੰਕ ਹਨ।

1. ਜਦੋਂ ਏ.ਐੱਨ.ਐੱਮ ਦੀ ਪੜ•ਾਈ ਬਹੁਤ ਆਸਾਨ ਤੇ ਆਮ ਜਾਣਕਾਰੀ ਤੱਕ ਹੀ ਸੀਮਿਤ ਹੈ ਫਿਰ ਉਸ ਨੂੰ ਨਕਲ ਦੀ ਜਰੂਰਤ ਕਿਉਂ ਪਈ?

2. ਉਹ ਪੇਪਰ ਜੋ ਇੰਟਰਨਲ ਅਸੈਸਮੈਂਟ ਦਾ ਹਿੱਸਾ ਨਹੀਂ ਅਤੇ ਜਿਸ ਦੇ ਕਿਤੇ ਨੰਬਰ ਵੀ ਨਹੀਂ ਜੁੜਣੇ, ਉਸ ਵਿੱਚ ਨਕਲ ਮਾਰਨ ਦੀ ਕੀ ਜਰੂਰਤ ਹੈ?

3. ਉਸ ਨੂੰ ਨਕਲ ਕਰਨ ਦੀ ਆਦਤ ਸੀ (ਜਮਹੂਰੀ ਅਧਿਕਾਰ ਸਭਾ ਦੀ ਰਿਪੋਰਟ ਅਨੁਸਾਰ)। ਉਹ ਕਿੰਨੇ ਵਾਰ ਨਕਲ ਮਾਰਦੀ ਫੜੀ ਗਈ? ਉਸ ਖਿਲਾਫ਼ ਹੁਣ ਤੱਕ ਕੀ ਅਤੇ ਕਿੰਨੀ ਵਾਰ ਕਾਰਵਾਈ ਕੀਤੀ ਗਈ? ਇਸ ਤੋਂ ਪਹਿਲਾਂ ਇਸ ਸ਼ੈਸ਼ਨ ਵਿੱਚ ਪਹਿਲਾਂ ਕਿੰਨੀ ਵਾਰ ਹਾਊਸ ਟੈਸਟ ਹੋਇਆ? ਉਸ ਵਿੱਚ ਮਲਿਕਾ ਰਾਣੀ ਦੀ ਕਾਰਗੁਜ਼ਾਰੀ ਕੀ ਸੀ? ਇਸ ਦੀ ਜਾਣਕਾਰੀ ਅਸੀਂ ਸੂਚਨਾ ਅਧਿਕਾਰ ਕਾਨੂੰਨ (ਆਰ.ਟੀ.ਆਈ) ਤਹਿਤ ਮੰਗ ਰਹੇ ਹਾਂ।

4. ਨਕਲ ਸੰਬੰਧੀ ਨਿਯਮ ਇਹ ਕਹਿੰਦੇ ਹਨ, ਜੇਕਰ ਪ੍ਰੀਖਿਆ ਸਾਲਾਨਾ ਜਾਂ ਸਮੈਸਟਰ ਮੁਤਾਬਿਕ ਹੈ ਜਾਂ ਕੋਈ ਵੀ ਹਾਊਸ ਟੈਸਟ ਹੈ। ਨਕਲ ਕਰਨ ਵਾਲੇ ਵਿਦਿਆਰਥੀ ਤੇ ਕਾਰਵਾਈ ਦਾ ਅਧਿਕਾਰ ਸਿਰਫ਼ ਉੱਡਣ ਦਸਤੇ (6lying Squad) ਜਾਂ ਸੰਸਥਾ ਵੱਲੋਂ ਨਾਮਜ਼ਦ ਅਧਿਕਾਰੀ ਨੂੰ ਹੀ ਹੈ, ਨਾ ਕਿ ਪੇਪਰ ਲੈ ਰਹੇ ਟੀਚਰ ਨੂੰ। ਮੈਡਮ ਕਮਲ ਨੇ ਕਿਹੜੇ ਅਧਿਕਾਰ ਤਹਿਤ ਉਸ ਨੂੰ ਕਲਾਸ ਵਿੱਚੋਂ ਕੱਢਿਆ ਅਤੇ ਬਾਹਰ ਬਿਠਾਇਆ? ਨਕਲ ਸੰਬੰਧੀ ਇਸ ਕਾਲਜ ਦੇ ਨਿਯਮਾਂ ਬਾਰੇ ਵੀ ਸੂਚਨਾ ਅਧਿਕਾਰ ਕਾਨੂੰਨ (ਆਰ.ਟੀ.ਆਈ) ਤਹਿਤ ਜਾਣਕਾਰੀ ਮੰਗੀ ਜਾ ਰਹੀ ਹੈ।

5. ਮਲਿਕਾ ਰਾਣੀ ਨੂੰ ਜਮਹੂਰੀ ਅਧਿਕਾਰ ਸਭਾ ਰਿਪੋਰਟ ਅਨੁਸਾਰ ਤੇ ਮੈਡਮ ਦੇ ਪਤੀ ਜਗਮੇਲ ਸਿੰਘ ਅਨੁਸਾਰ ਮਾਨਸਿਕ ਰੋਗੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਜੋ ਸਕੂਲ ਵਿੱਚ ਵਿਦਿਆਰਥੀਆਂ ਦਾ ਹਰ ਮਹੀਨੇ ਮੈਡੀਕਲ ਟੈਸਟ ਹੁੰਦਾ ਹੈ। ਜਿਸ ਵਿੱਚ ਵਿਦਿਆਰਥੀ ਨੂੰ ਜੇਕਰ ਕੋਈ ਸਿਹਤ ਸੰੰਬੰਧੀ ਸਮੱਸਿਆ ਹੈ, ਉਸਦਾ ਤੇ ਉਸ ਦੇ ਇਲਾਜ ਦਾ ਬਕਾਇਦਾ ਰਿਕਾਰਡ ਰੱਖਿਆ ਜਾਂਦਾ ਹੈ ਕੀ ਉਸ ਵਿੱਚ ਉਸ ਦੀ ਮਾਨਸਿਕ ਪ੍ਰੇਸ਼ਾਨੀ 'ਤੇ ਚੱਲ ਰਹੇ ਇਲਾਜ ਦਾ ਵੇਰਵਾ ਹੈ?

6. ਜੇਕਰ ਉਹ ਵਾਰ-ਵਾਰ ਪਿਤਾ ਕੋਲ ਜਾਣ ਦੀ, ਭਰਾ ਕੋਲ ਜਾਣ ਦੀ, ਦੁਨੀਆਂ ਨੇ ਖਤਮ ਹੋ ਜਾਣਾ, ਮੈਂ ਪਹਿਲਾਂ ਹੀ ਮਰ ਜਾਣਾ ਆਦਿ ਗੱਲਾਂ ਕਰਦੀ ਸੀ ਤਾਂ ਸੰਸਥਾ ਵਿੱਚ ਇਸ ਤਰ•ਾਂ ਦੇ ਵਿਗੜੇ ਹੋਏ ਮਾਨਸਿਕ ਤਵਾਜਨ ਵਾਲੇ ਵਿਦਿਆਰਥੀ ਨੂੰ ਅਣਗੌਲਿਆਂ ਕਿਉਂ ਕੀਤਾ ਗਿਆ? ਉਸ ਦਾ ਕਿਸੇ ਮਨੋਵਿਗਿਆਨਕ ਮਾਹਿਰ ਤੋਂ ਇਲਾਜ ਕਿਉਂ ਨਹੀਂ ਕਰਵਾਇਆ ਗਿਆ। ਇਸ ਗੈਰ ਜਿੰਮੇਵਾਰੀ ਲਈ ਕੌਣ ਜਿੰਮੇਵਾਰ ਹੈ?

7. ਕਿਸੇ ਵਿਅਕਤੀ ਨੂੰ ਮਾਨਸਿਕ ਤੌਰ 'ਤੇ ਰੋਗੀ ਐਲਾਨਣ ਦਾ ਵਿਗਿਆਨਕ ਆਧਾਰ ਕੀ ਹੈ? ਜਾਂ ਮ੍ਰਿਤਕਾ ਬਾਰੇ ਸਿਰਫ਼ ਦੂਸ਼ਣਬਾਜੀ ਹੋ ਰਹੀ ਹੈ।

8. ਲੜਕੀ ਦੇ ਪਰਿਵਾਰਕ ਮਾਹੌਲ ਨੂੰ ਵੀ ਜਿੰਮੇਵਾਰ ਮੰਨਿਆ ਜਾ ਰਿਹਾ ਹੈ ਕਿ ਵਿਦਿਆਰਥਣ ਨੂੰ ਉਸ ਦੇ ਪਿਤਾ ਤੇ ਮਾਮੇ ਦੇ ਲੜਕੇ ਦੀ ਬਹੁਤ ਯਾਦ ਆਉਂਦੀ ਸੀ। ਉਸ ਦੇ ਪਿਤਾ ਦੀ ਮੌਤ ਜਦ ਉਹ 6 ਸਾਲ ਦੀ ਉਸ ਵੇਲੇ ਹੋ ਗਈ ਸੀ। ਕੀ ਉਸ ਨੇ 16 ਸਾਲ ਬਾਅਦ ਪਿਤਾ ਦੇ ਵੈਰਾਗ ਵਿੱਚ ਖੁਦਕੁਸ਼ੀ ਕਰਨੀ ਸੀ? ਮਾਮੇ ਦਾ ਲੜਕਾ ਫਰੀਦਕੋਟ ਰਹਿ ਰਿਹਾ ਸੀ। ਇਹ ਕੋਟਕਪੂਰੇ ਰਹਿ ਰਹੇ ਸਨ। ਉਸ ਦੀ ਮੌਤ ਨੂੰ ਵੀ ਇੱਕ ਸਾਲ ਬੀਤ ਚੁੱਕਾ ਹੈ। ਪਰਿਵਾਰ ਵਿੱਚ ਉਸ ਨੂੰ ਸਭ ਤੋਂ ਵੱਧ ਪੜ•ਾਇਆ ਜਾ ਰਿਹਾ ਸੀ। ਉਹ ਪਰਿਵਾਰ ਦੀ ਇੱਕਲੌਤੀ ਲੜਕੀ ਸੀ। ਵੱਧ ਪੜ•ੀ-ਲਿਖੀ ਹੋਣ ਕਰਕੇ ਘਰ ਦੀਆਂ ਜਿੰਮੇਵਾਰੀਆਂ ਵੀ ਸਮਝਦੀ ਸੀ। ਜਿਵੇਂ ਉਸ ਦੀ ਮਾਤਾ ਕਮੇਟੀ ਪਾਉਂਦੀ ਹੈ, ਜਿਸ ਦਾ ਹਿਸਾਬ-ਕਿਤਾਬ ਵੀ ਉਹ ਖੁਦ ਰੱਖਦੀ ਸੀ। ਇਹਨੀ ਦਿਨੀਂ ਉਸ ਦੇ ਸਕੇ ਭਰਾ ਕਮਲਜੀਤ ਦੀ ਮੰਗਣੀ ਦੀਆ ਤਿਆਰੀਆਂ ਚੱਲ ਰਹੀਆਂ ਸਨ, ਉਹ ਆਪਣੀ ਹੋਣ ਵਾਲੀ ਭਾਬੀ ਲਈ ਖੁਸ਼ੀ-ਖੁਸ਼ੀ ਨਵੇਂ ਕੱਪੜੇ ਅਤੇ ਹੋਰ ਸਾਮਾਨ ਵੀ ਖਰੀਦ ਕੇ ਲਿਆਈ ਸੀ। ਕੀ ਇਹ ਪਰਿਵਾਰਕ ਮਾਹੌਲ ਉਸ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰ ਸਕਦਾ ਹੈ?

9. ਕਮਰੇ ਦੀ ਫਰੋਲਾ-ਫ਼ਰਾਲੀ ਪੁਲਿਸ ਜਾਂ ਉਸ ਦੇ ਮਾਪਿਆਂ ਦੀ ਗੈਰਹਾਜ਼ਰੀ ਵਿੱਚ ਕਿਉਂ ਕੀਤੀ ਗਈ? ਹੋ ਸਕਦਾ ਹੈ ਉਸ ਨੇ ਕੋਈ ਖੁਦਕੁਸ਼ੀ ਸੰਬੰਧੀ (Suicide Note) ਲਿਖਿਆ ਹੋਵੇ? ਉਸ ਨੂੰ ਫਰੋਲਾ-ਫ਼ਰਾਲੀ ਦੌਰਾਨ ਨਸ਼ਟ ਕੀਤਾ ਗਿਆ ਹੋਵੇ?

10. ਸੰਸਥਾ ਦੇ ਮੁਖੀ ਤੇ ਵਿਦਿਆਰਥਣਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੋਸਟਲ ਵਿੱਚੋਂ ਵਿਦਿਆਰਥਣਾਂ ਇਕੱਠੀਆਂ ਕਲਾਸ ਵਿੱਚ ਜਾ ਸਕਦੀਆਂ ਹਨ ਅਤੇ ਛੁੱਟੀ ਵੇਲੇ ਇਕੱਠੀਆਂ ਵਾਪਸ ਆ ਸਕਦੀਆਂ ਹਨ, ਕੋਈ ਇਕੱਲੀ ਲੜਕੀ ਹੋਸਟਲ ਵਿੱਚ ਨਹੀਂ ਆ-ਜਾ ਸਕਦੀ ਫਿਰ ਮਲਿਕਾ ਰਾਣੀ ਕਿਵੇਂ ਇਕੱਲੀ ਹੋਸਟਲ ਅੰਦਰ ਚਲੀ ਗਈ? ਜੇ ਗਈ ਤਾਂ ਕਿਸ ਦੀ ਆਗਿਆ ਲੈ ਕੇ ਗਈ?

11. ਸੰਸਥਾ ਦਾ ਮਾਹੌਲ ਜੋ ਜਾਂਚ ਕਮੇਟੀ ਸਾਹਮਣੇ ਆਇਆ ਵਿਦਿਆਰਥਣਾ ਦਾ ਅਧਿਆਪਕਾਂ ਨੂੰ ਪਾਣੀ ਪਿਲਾਉਣਾ ਅਤੇ ਵਾਰਡਨ ਵੱਲੋਂ ਮਲਿਕਾ ਰਾਣੀ ਨੂੰ ਦਰਜਾ ਚਾਰ ਮੁਲਾਜ਼ਮ ਰਜਿੰਦਰ ਨੂੰ ਬੁਲਾਉਣ ਲਈ ਭੇਜਣਾ, ਕੀ ਇਹ ਕੰਮ ਸੇਵਾਦਾਰ ਦਾ ਨਹੀਂ? ਡਿਊਟੀ ਸਮੇਂ ਵਾਰਡਨ ਦਾ ਸਬਜੀ ਖਰੀਦਣ ਚਲੇ ਜਾਣਾ ਆਦਿ ਸੰਸਥਾ ਦੇ ਗੈਰ-ਜਮਹੂਰੀ ਮਾਹੌਲ ਨੂੰ ਬਿਆਨ ਕਰਦੇ ਹਨ।

12. ਵਿਦਿਆਰਥੀਆਂ ਦਾ ਘਟਨਾ ਬਾਰੇ ਖੁੱਲ ਕਿ ਨਾ ਬੋਲਣ ਲਈ ਇੰਟਰਨਲ ਅਸੈਸਮੈਂਟ ਦਾ ਟੀਚਰ ਦੇ ਹੱਥ ਹੋਣਾ ਵੀ ਇੱਕ ਕਾਰਨ ਹੋ ਸਕਦਾ ਹੈ। ਇਸ ਦੀ ਵੀ ਗਹਿਰਾਈ ਵਿੱਚ ਜਾਂਚ ਹੋਣੀ ਚਾਹੀਦੀ ਹੈ।

13. ਜੇ ਪੁਲਿਸ ਅਧਿਕਾਰੀ ਮੈਡਮ ਨੂੰ ਬਿਆਨ ਬਦਲਣ ਦੀ ਸਲਾਹ ਦਿੰਦੇ ਸਨ ਤਾਂ ਕਿ 306 ਦਾ ਪਰਚਾ ਨਾ ਹੋਵੇ, ਉਹ ਜੇਕਰ ਜਾਂਚ ਕਰ ਰਹੇ ਹਨ ਤਾਂ ਉਹਨਾਂ ਨੂੰ ਤੁਰੰਤ ਜਾਂਚ ਤੋਂ ਹਟਾ ਕੇ ਮੈਜਿਸਟ੍ਰੇਟ ਪੱਧਰ ਦੀ ਜਾਂਚ ਕਰਵਾਈ ਜਾਵੇ ਤਾਂ ਕਿ ਪੀੜਤ ਪਰਿਵਾਰ ਨਾਲ ਬੇਇਨਸਾਫ਼ੀ ਨਾ ਹੋਵੇ। ਮਲਿਕਾ ਰਾਣੀ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਦੀ ਮਾਲੀ ਸਹਾਇਤਾ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਜਾਂਚ ਕਮੇਟੀ ਇਹਨਾਂ ਸਵਾਲਾਂ ਤੇ ਮੰਗਾਂ ਨੂੰ ਉਭਾਰਦੀ ਹੋਈ ਐਲਾਨ ਕਰਦੀ ਹੈ ਕਿ ਜੇਕਰ ਇਸ ਦੀ ਉੱਚ ਪੱਧਰੀ ਜਾਂਚ ਨਹੀਂ ਹੁੰਦੀ ਅਤੇ ਮੌਤ ਦੇ ਕਾਰਨਾਂ ਨੂੰ ਸਾਹਮਣੇ ਨਹੀਂ ਲਿਆਂਦਾ ਜਾਂਦਾ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਉਹਨਾਂ ਸਾਰੀਆਂ ਜੱਥੇਬੰਦੀਆਂ ਜੋ ਦੱਬੇ-ਕੁਚਲੇ ਲੋਕਾਂ ਲਈ ਇਨਸਾਫ਼ ਦੀ ਗੱਲ ਕਰਦੀਆਂ ਹਨ, ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ ਅਤੇ ਪੀ.ਐੱਸ.ਯੂ ਸਾਰੀਆਂ ਜੱਥੇਬੰਦੀਆਂ ਨੂੰ ਅਪੀਲ ਕਰਦੀ ਹੈ ਕਿ ਇਸ ਸੰਵੇਦਨਸ਼ੀਲ ਮਸਲੇ ਵਿੱਚ ਬਿਨਾਂ ਜਾਂਚ ਪੜਤਾਲ ਕੀਤਿਆਂ ਅਤੇ ਸਹੀ ਕਾਰਨ ਸਾਹਮਣੇ ਆਉਣ ਤੱਕ ਨਿੱਜੀ ਲਿਹਾਜਦਾਰੀਆਂ ਪੁਗਾਉਣ ਲਈ ਕਿਸੇ ਦੀ ਮੱਦਦ ਨਾ ਕਰਨ।

ਵੱਲੋਂ:-

ਜੋਨਲ ਕਮੇਟੀ ਪੀ.ਐੱਸ.ਯੂ,
ਰਜਿੰਦਰ ਸਿੰਘ, ਜਨਰਲ ਸਕੱਤਰ
# 94639-10423
ਸੁਖਵਿੰਦਰ ਸਰੀਂਹਵਾਲਾ,
ਜੋਨਲ ਪ੍ਰਧਾਨ
ਕਰਮਜੀਤ ਕੋਟਕਪੂਰਾ,
ਜੋਨਲ ਸਕੱਤਰ।

ਡੋਪਿੰਗ 'ਘਪਲਾ', ਸਮਾਜਿਕ ਨਾਬਰਾਬਰੀ ਅਤੇ ਖੁੱਲ੍ਹੀ ਮੰਡੀ

ਖਿਡਾਰੀਆਂ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਖਾਣ ਦਾ ਮਾਮਲਾ ਬੇਪਰਦ ਹੋਣ ਨਾਲ ਸਮੁੱਚੇ ਮੁਲਕ ਵਿੱਚ ਚਰਚਾ ਛਿੜ ਗਈ ਹੈ। ਚਰਚਾ ਦਾ ਸੁਰ ਹਮਲਾਵਰ ਹੈ। ਭ੍ਰਿਸ਼ਟਾਚਾਰ, ਘਪਲਿਆਂ ਅਤੇ ਬੇਨੇਮੀਆਂ ਦੇ ਰੁਝਾਨ ਵਿੱਚ ਰੁਝਿਆ ਮੀਡੀਆ ਆਪਣੇ ਮੂੰਹ ਜਾਂ ਕਲਮ ਚੜ੍ਹੇ ਸ਼ਬਦਾਂ ਨਾਲ ਬਹਿਸ ਚਲਾ ਰਿਹਾ ਹੈ। ਕੌਮਾਂਤਰੀ ਪੱਧਰ ਉੱਤੇ ਨਾਮਣਾ ਖੱਟਣ ਵਾਲੀਆਂ ਕੁੜੀਆਂ ਦੀ ਪਰਖ ਦੌਰਾਨ ਅਜਿਹੀਆਂ ਦਵਾਈਆਂ ਦੇ ਅੰਸ਼ ਮਿਲੇ ਹਨ ਜੋ ਕੌਮਾਂਤਰੀ ਖੇਡਾਂ ਵਿੱਚ ਪਾਬੰਦੀਸ਼ੁਦਾ ਕਰਾਰ ਦਿੱਤੇ ਗਏ ਹਨ। ਮੀਡੀਆ ਵਿੱਚ ਚਲ ਰਹੀ ਬਹਿਸ ਵਿੱਚ ਇਸ ਸਮੁੱਚੇ ਘਟਨਾਕ੍ਰਮ ਨੂੰ ਘਪਲੇ ਦਾ ਰੂਪ ਦਿੱਤਾ ਜਾ ਰਿਹਾ ਹੈ। ਖਿਡਾਰੀਆਂ ਉੱਤੇ ਮੁਲਕ ਨੂੰ 'ਸ਼ਰਮਸਾਰ' ਕਰਨ ਅਤੇ ਖੇਡ ਮੈਦਾਨ ਨੂੰ 'ਦਾਗ਼ਦਾਰ' ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਮੁਲਜ਼ਮ ਨੂੰ ਮੁਜਰਮ ਕਰਾਰ ਦੇਣ ਦੀ ਅਜਿਹੀ ਕਾਹਲੀ ਕਿਉਂ ਅਤੇ ਕਿਸ ਨੂੰ ਹੈ? ਇਹ ਠੀਕ ਹੈ ਕਿ ਖਿਡਾਰੀਆਂ ਨੇ ਪਾਬੰਦੀਸ਼ੁਦਾ ਦਵਾਈਆਂ ਖਾਧੀਆਂ ਹਨ ਪਰ ਅਜਿਹਾ ਕਿਨ੍ਹਾਂ ਹਾਲਾਤ ਵਿੱਚ ਹੋਇਆ ਹੈ ਅਤੇ ਕਿਸ ਦੀ ਮਰਜ਼ੀ ਨਾਲ ਹੋਇਆ ਹੈ? ਖਿਡਾਰੀਆਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਹੱਕ ਹੈ ਅਤੇ ਉਨ੍ਹਾਂ ਦਾ ਮਸਲਾ ਸੁਹਿਰਦਤਾ ਨਾਲ ਵਿਚਾਰਿਆ ਜਾਣਾ ਬਣਦਾ ਹੈ। ਇਹ ਸਿਰਫ਼ ਸਾਡੇ ਮੁਲਕ ਨੂੰ ਮਾਣ ਦਿਵਾਉਣ ਵਾਲੇ ਹੀ ਨਹੀਂ ਸਗੋਂ ਜਮਹੂਰੀ ਮੁਲਕ ਦੇ ਵਾਸੀ ਵੀ ਹਨ। ਮੁਲਜ਼ਮ ਦਾ ਪੱਖ ਸੁਣੇ ਬਗੈਰ ਫ਼ੈਸਲਾ ਸੁਣਾ ਦੇਣ ਵਾਲਾ ਰੁਝਾਨ ਗ਼ੈਰ-ਜਮਹੂਰੀ ਅਤੇ ਗ਼ੈਰ-ਮਨੁੱਖੀ ਹੀ ਨਹੀਂ ਸਗੋਂ ਖੇਡ ਭਾਵਨਾ ਦੇ ਉਲਟ ਵੀ ਭੁਗਤਦਾ ਹੈ।

ਅਸ਼ਵਨੀ ਅਕੂਨਜੀ, ਸਿਨੀ ਜੋਸ ਅਤੇ ਮਨਦੀਪ ਕੌਰ ਨੇ ਕੁੜੀਆਂ ਦੀ ਚਾਰ ਗੁਣਾ ਚਾਰ ਸੌ ਮੀਟਰ ਦੌੜ ਵਿੱਚ ਰਾਸ਼ਟਰਮੰਡਲ ਅਤੇ ਏਸ਼ੀਆਡ ਵਿੱਚ ਸੋਨੇ ਤਮਗੇ ਜਿੱਤੇ ਸਨ। ਇਹ ਕੌਮਾਂਤਰੀ ਮੁਕਾਬਲਿਆਂ ਵਿੱਚ ਲਗਾਤਾਰ ਹਿੱਸਾ ਲੈਂਦੀਆਂ ਹਨ। ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਚੰਗੇ ਖਿਡਾਰੀਆਂ ਦੀ ਦਰਜਾਬੰਦੀ ਕੀਤੀ ਜਾਂਦੀ ਹੈ। ਕੌਮਾਂਤਰੀ ਪੱਧਰ ਉੱਤੇ ਖੇਡਾਂ ਅਤੇ ਖਿਡਾਰੀਆਂ ਨੂੰ ਪਾਬੰਦੀਸ਼ੁਦਾ ਦਵਾਈਆਂ ਅਤੇ ਕਾਰਗੁਜ਼ਾਰੀ ਸੁਧਾਰਨ ਵਾਲੀ ਗ਼ੈਰ-ਕਾਨੂੰਨੀ ਖੁਰਾਕ ਤੋਂ ਮੁਕਤ ਰੱਖਣ ਦੀ ਜ਼ਿੰਮੇਵਾਰੀ 'ਵਰਲਡ ਐਂਟੀ ਡੋਪਿੰਗ ਏਜੰਸੀ' (ਵਾਡਾ) ਸਿਰ ਹੈ। ਇਹ ਅਦਾਰਾ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਦੀ ਦਰਜਾਬੰਦੀ ਕਰਦਾ ਹੈ। ਕੌਮਾਂਤਰੀ ਦਰਜਾਬੰਦੀ ਵਿੱਚ ਸ਼ੁਮਾਰ ਖਿਡਾਰੀਆਂ ਨੂੰ ਆਪਣੀ ਠਾਹਰ ਅਤੇ ਸਫ਼ਰ ਦੀ ਢੁਕਵੀਂ ਜਾਣਕਾਰੀ ਮੁਹੱਈਆ ਕਰਨੀ ਲਾਜ਼ਮੀ ਹੁੰਦੀ ਹੈ। ਵਾਡਾ ਕਿਸੇ ਵੀ ਖਿਡਾਰੀ ਦੀ ਕਦੇ ਵੀ ਪਰਖ ਕਰ ਸਕਦੀ ਹੈ। ਇਸ ਤਰ੍ਹਾਂ ਖਿਡਾਰੀਆਂ ਕੋਲ ਹੁਣ ਇਹ ਛੋਟ ਨਹੀਂ ਹੈ ਕਿ ਉਹ ਮੁਕਾਬਲਿਆਂ ਤੋਂ ਵਿਹਲੇ ਹੋ ਕੇ ਅਵੇਸਲੇ ਹੋ ਸਕਦੇ ਹਨ। ਵਾਡਾ ਦੀਆਂ ਸਾਰੇ ਮੁਲਕਾਂ ਵਿੱਚ ਸਾਖ਼ਾਵਾਂ ਹਨ ਜਿਨ੍ਹਾਂ ਨੂੰ 'ਨੈਸ਼ਨਲ ਐਂਟੀ ਡੋਪਿੰਗ ਏਜੰਸੀ' (ਨਾਡਾ) ਕਿਹਾ ਜਾਂਦਾ ਹੈ। ਇਸ ਆਲਮੀ ਢਾਂਚੇ ਕਾਰਨ ਦਰਜਾਬੰਦ ਖਿਡਾਰੀ ਹਰ ਵੇਲੇ ਵਾਡਾ ਦੇ ਘੇਰੇ ਵਿੱਚ ਰਹਿੰਦੇ ਹਨ। ਇਨ੍ਹਾਂ ਹਾਲਾਤ ਤੋਂ ਕੌਮਾਂਤਰੀ ਖਿਡਾਰੀ, ਕੋਚ ਅਤੇ ਖੇਡ ਪ੍ਰਬੰਧਕ ਭਲੀ-ਭਾਂਤ ਜਾਣੂ ਹਨ। ਅਸ਼ਵਨੀ ਅਕੂਨਜੀ, ਸਿਨੀ ਜੋਸ ਅਤੇ ਮਨਦੀਪ ਕੌਰ ਵਾਡਾ ਵੱਲੋਂ ਦਰਜਾਬੰਦ ਖਿਡਾਰਨਾਂ ਹਨ। ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਚੰਗਾ ਹੋਇਆ ਇਹ ਮਾਮਲਾ ਪਹਿਲਾਂ ਹੀ ਸਾਹਮਣੇ ਆ ਗਿਆ ਕਿਉਂਕਿ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਇਹ ਨਮੋਸ਼ੀ ਦਾ ਸਬੱਬ ਬਣ ਸਕਦਾ ਸੀ। ਸਵਾਲ ਇਹ ਹੈ ਕਿ ਜੇ ਇਹ
ਪਾਬੰਦੀਸ਼ੁਦਾ ਦਵਾਈ ਬਿਨਾਂ ਜਾਣਕਾਰੀ ਜਾਂ ਅਣਜਾਣੇ ਵਿੱਚ ਖਾਧੀ ਗਈ ਹੈ ਤਾਂ ਕੀ ਇਨ੍ਹਾਂ ਖਿਡਾਰੀਆਂ ਨੂੰ ਕੋਈ ਛੋਟ ਦਿੱਤੀ ਜਾ ਸਕਦੀ ਹੈ?

ਆਧੁਨਿਕ ਖੇਡਾਂ ਵਿੱਚ ਖਿਡਾਰੀਆਂ ਦੀ ਤਿਆਰੀ ਲਈ ਹਰ ਛੋਟੀ ਤੋਂ ਛੋਟੀ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ। ਸਖ਼ਤ ਕੌਮਾਂਤਰੀ ਮੁਕਾਬਲੇ ਕਾਰਨ ਖਿਡਾਰੀ ਅਤੇ ਖੇਡ ਪ੍ਰਬੰਧਕ ਬਿਹਤਰ ਸਹੂਲਤਾਂ, ਮਿਆਰੀ ਸਿਖਲਾਈ, ਲਗਾਤਾਰ ਅਭਿਆਸ ਅਤੇ ਖੁਰਾਕ ਦਾ ਧਿਆਨ ਰੱਖਦੇ ਹਨ। ਖਿਡਾਰੀਆਂ ਦੀ ਖ਼ਰਚ ਹੁੰਦੀ ਊਰਜਾ ਦੀ ਪੂਰਤੀ ਸਾਧਾਰਨ ਖੁਰਾਕ ਨਾਲ ਨਹੀਂ ਹੁੰਦੀ। ਇਸ ਲਈ ਖਿਡਾਰੀਆਂ ਨੂੰ ਖੁਰਾਕ ਪੂਰਕਾਂ (ਸਪਲੀਮੈਂਟ) ਦੀ ਲੋੜ ਪੈਂਦੀ ਹੈ। ਇਨ੍ਹਾਂ ਖੁਰਾਕ ਪੂਰਕਾਂ ਨੂੰ 'ਖੇਡ ਦਵਾਈਆਂ' ਵੀ ਕਿਹਾ ਜਾਂਦਾ ਹੈ। ਯੂਰਪੀ ਅਤੇ ਉੱਤਰੀ ਅਮਰੀਕੀ ਮੁਲਕਾਂ ਵਿੱਚ 'ਖੇਡ ਦਵਾਈਆਂ' ਬਾਬਤ ਰਸਾਲੇ ਛਪਦੇ ਹਨ। ਸਾਡੇ ਮੁਲਕ ਵਿੱਚ ਇਨ੍ਹਾਂ ਦੀ ਵਰਤੋਂ ਦਾ ਅੰਦਾਜ਼ਾ ਹਰ ਖੇਡ ਸਿਖਲਾਈ ਕੇਂਦਰ, ਅਖਾੜੇ ਜਾਂ ਜਿੰਮ ਤੋਂ ਲਗਾਇਆ ਜਾ ਸਕਦਾ ਹੈ। ਇਹ ਸਾਰੀਆਂ ਦਵਾਈਆਂ ਪਾਬੰਦੀਸ਼ੁਦਾ ਨਹੀਂ ਹਨ ਸਗੋਂ ਸਖ਼ਤ ਮੁਸ਼ਕਤ ਕਰਨ ਵਾਲਿਆਂ ਲਈ ਜ਼ਰੂਰੀ ਮੰਨੀਆਂ ਜਾਂਦੀਆਂ ਹਨ। ਖਿਡਾਰੀ ਹਰ ਰੋਜ਼ ਘੰਟਿਆਂਬੱਧੀ ਅਭਿਆਸ ਕਰਦੇ ਹਨ। ਇਹ ਉਨ੍ਹਾਂ ਦਾ ਨਿਤਨੇਮ ਹੈ ਜਿਸ ਵਿੱਚ ਸਰਦੀ-ਗਰਮੀ ਦਾ ਵਿਘਨ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ। ਵਾਡਾ ਕਬੂਲ ਕਰਦੀ ਹੈ ਕਿ 'ਖੁਰਾਕ ਪੂਰਕ' ਖੇਡ ਖੁਰਾਕ ਦਾ ਅਹਿਮ ਹਿੱਸਾ ਹੈ। ਦੂਜਾ ਪੱਖ ਇਹ ਵੀ ਹੈ ਕਿ ਵਾਡਾ ਵੱਲੋਂ ਕਿਸੇ ਤਰ੍ਹਾਂ ਦੇ 'ਖੁਰਾਕ ਪੂਰਕਾਂ' ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ। ਕੁਝ ਰਸਾਇਣਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਪਾਬੰਦੀਸ਼ੁਦਾ ਕਰਾਰ ਦਿੱਤਾ ਗਿਆ ਹੈ। ਦਵਾਈ ਕੰਪਨੀਆਂ ਵੱਲੋਂ 'ਖੁਰਾਕ ਪੂਰਕਾਂ' ਨੂੰ ਪਾਬੰਦੀਸ਼ੁਦਾ ਰਸਾਇਣਾਂ ਤੋਂ ਮੁਕਤ ਰੱਖਣ ਦੀ ਤਵੱਕੋ ਨਾ ਕੀਤੇ ਜਾਣ ਦੇ ਕਈ ਕਾਰਨ ਹਨ? ਇਸ ਸਨਅਤ ਦਾ ਸਮੁੱਚਾ ਮਿਆਰ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਨਕਲੀ ਦਵਾਈਆਂ ਦਾ ਵੱਡਾ ਕਾਰੋਬਾਰ ਇਸ ਦੀ ਬਦਨਾਮੀ ਦਾ ਸਬੱਬ ਹੈ। ਰਸਾਇਣਕ ਕੰਪਨੀਆਂ ਦੇ ਕਾਰੋਬਾਰ ਵਿੱਚ ਦਲਾਲੀਆਂ ਅਤੇ ਹਿੱਸੇ-ਪੱਤੀਆਂ ਦੇ ਮਾਮਲੇ ਲਗਾਤਾਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੇ ਰਹਿੰਦੇ ਹਨ। ਖਿਡਾਰੀਆਂ ਨੇ ਆਪਣੇ 'ਖੁਰਾਕ ਪੂਰਕ' ਖੁੱਲ੍ਹੀ ਮੰਡੀ ਵਿਚੋਂ ਹੀ ਖਰੀਦਣੇ ਹਨ, ਸੋ ਅਣਜਾਣੇ ਵਿੱਚ ਪਾਬੰਦੀਸ਼ੁਦਾ ਰਸਾਇਣ ਦੀ ਵਰਤੋਂ ਹੋ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਵਾਡਾ ਵੱਲੋਂ 'ਖੁਰਾਕ ਪੂਰਕਾਂ' ਦੀ ਸਿਫ਼ਾਰਿਸ਼ ਨਾ ਕੀਤੇ ਜਾਣ ਦਾ ਅਹਿਮ ਕਾਰਨ ਰਸਾਇਣ ਸਨਅਤ ਨਾਲ ਜੁੜਿਆ ਹੋਇਆ ਹੈ। ਅਜਿਹੀ ਸਿਫ਼ਾਰਿਸ਼ ਨੂੰ ਇਸ਼ਤਿਹਾਰ ਮੰਨਿਆ ਜਾਵੇਗਾ ਜਿਸ ਕਾਰਨ ਵਾਡਾ 'ਖੁਰਾਕ ਪੂਰਕਾਂ' ਦੀ ਚੋਣ ਖਿਡਾਰੀਆਂ, ਕੋਚਾਂ ਅਤੇ ਖੇਡ ਪ੍ਰਬੰਧਕਾਂ ਉੱਤੇ ਛੱਡ ਦਿੰਦੀ ਹੈ। ਆਸਟਰੇਲੀਆਈ, ਉੱਤਰੀ ਅਮਰੀਕੀ, ਯੂਰਪੀ ਅਤੇ ਹੋਰ ਖੇਡ ਨੂੰ ਤਰਜੀਹ ਦੇਣ ਵਾਲੇ ਮੁਲਕਾਂ ਵਿੱਚ ਅਜਿਹੇ ਅਦਾਰੇ ਹਨ ਜੋ ਦਵਾਈਆਂ ਦੀ ਪਰਖ਼ ਕਰਦੇ ਹਨ ਅਤੇ ਪ੍ਰਮਾਣਪੱਤਰ ਜਾਰੀ ਕਰਦੇ ਹਨ ਕਿ ਇਸ ਵਿੱਚ ਪਾਬੰਦੀਸ਼ੁਦਾ ਰਸਾਇਣਕ ਤੱਤ ਨਹੀਂ ਹਨ। ਖੇਡ ਪ੍ਰਬੰਧਕ ਧਿਆਨ ਰੱਖਦੇ ਹਨ ਕਿ ਖਿਡਾਰੀ ਪ੍ਰਮਾਣਕ 'ਖੁਰਾਕ ਪੂਰਕ' ਹੀ ਲੈਣ। ਲੋੜੀਂਦੇ ਮਿਆਰੀ 'ਖੁਰਾਕ ਪੂਰਕ' ਯਕੀਨੀ ਬਣਾਉਣ ਤੋਂ ਬਾਅਦ ਜੇ ਕੋਈ ਖਿਡਾਰੀ ਪਾਬੰਦੀਸ਼ੁਦਾ ਦਵਾਈ ਲੈਂਦਾ ਹੈ ਤਾਂ ਉਸ ਖ਼ਿਲਾਫ਼ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਂਦੀ ਹੈ। ਸਾਡੇ ਮੁਲਕ ਵਿੱਚ ਖੇਡ ਫੈਡਰੇਸ਼ਨਾਂ, ਸਪੋਰਟਸ ਅਥਾਰਿਟੀ ਆਫ਼ ਇੰਡੀਆ, ਖੇਡ ਮੰਤਰਾਲਾ ਅਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਕੋਲ ਲੋੜੀਂਦੇ 'ਖੁਰਾਕ ਪੂਰਕਾਂ' ਦੀ ਪੂਰਤੀ ਅਤੇ ਉਨ੍ਹਾਂ ਦਾ ਮਿਆਰ ਯਕੀਨੀ ਬਣਾਉਣ ਦਾ ਬੰਦੋਬਸਤ ਨਹੀਂ ਹੈ। ਇਸ ਹਾਲਤ ਵਿੱਚ ਖਿਡਾਰੀਆਂ ਦੀ ਟੇਕ 'ਖੁਰਾਕ ਪੂਰਕਾਂ' ਦੀ ਸਿਫ਼ਾਰਿਸ਼ ਕਰਨ ਵਾਲੇ ਮਾਹਿਰਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਉੱਤੇ ਰਹਿੰਦੀ ਹੈ। ਜਿਸ ਤਰ੍ਹਾਂ ਡਾਕਟਰ ਵੱਲੋਂ ਸਿਫ਼ਾਰਿਸ਼ ਕੀਤੀ ਅਤੇ ਦੁਕਾਨਦਾਰ ਵੱਲੋਂ ਵੇਚੀ ਗਈ ਦਵਾਈ ਉੱਤੇ ਮਰੀਜ਼ ਨੂੰ ਯਕੀਨ ਕਰਨਾ ਪੈਂਦਾ ਹੈ, ਉਸੇ ਤਰ੍ਹਾਂ ਖਿਡਾਰੀਆਂ ਨਾਲ ਵੀ ਹੁੰਦਾ ਹੈ। ਇਸ ਹਾਲਤ ਵਿੱਚ ਜੇ ਕੋਈ ਪਾਬੰਦੀਸ਼ੁਦਾ ਦਵਾਈ ਖਾਧੀ ਜਾਂਦੀ ਹੈ ਤਾਂ ਕਾਨੂੰਨੀ ਕਾਰਵਾਈ ਤੋਂ ਖਿਡਾਰੀ ਨਹੀਂ ਬਚ ਸਕਦਾ। ਕੌਮਾਂਤਰੀ ਖੇਡ ਕਾਨੂੰਨਾਂ ਮੁਤਾਬਕ ਜੁਰਮਾਨੇ ਅਤੇ ਪਾਬੰਦੀਆਂ ਲੱਗਣੀਆਂ ਹਨ। ਸਵਾਲ ਇਹ ਹੈ ਕਿ ਕੀ ਬਿਨਾਂ ਜਾਂਚ ਤੋਂ ਖਿਡਾਰੀਆਂ ਦੀ ਚਾਂਦਮਾਰੀ ਜਾਇਜ਼ ਹੈ? ਦੋਸ਼ੀ ਪਾਏ ਜਾਣ ਤੋਂ ਬਾਅਦ ਵੀ ਖਿਡਾਰੀਆਂ ਦੀਆਂ ਪੁਰਾਣੀਆਂ ਪ੍ਰਾਪਤੀਆਂ ਮਨਫ਼ੀ ਕਿਵੇਂ ਕੀਤੀਆਂ ਜਾ ਸਕਦੀਆਂ ਹਨ?

ਪਾਬੰਦੀਸ਼ੁਦਾ ਦਵਾਈਆਂ ਖਾਣ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਚੱਲ ਰਹੀ ਬਹਿਸ ਨੂੰ ਬਰੀਕੀ ਨਾਲ ਸਮਝਣ ਦੀ ਲੋੜ ਹੈ। ਮਸਲਾ ਸਿਰਫ਼ ਖੇਡ ਮੈਦਾਨ ਦੀ ਮਰਿਆਦਾ ਨੂੰ ਕਾਇਮ ਰੱਖਣ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਇਸ ਬਹਿਸ ਉੱਤੇ ਅਸਰਅੰਦਾਜ਼ ਸਿਆਸਤ, ਮੌਜੂਦਾ ਮਾਹੌਲ ਅਤੇ ਅਗਿਆਨਤਾ ਬਾਬਤ ਸੰਜੀਦਗੀ ਨਾਲ ਵਿਚਾਰ ਹੋਣਾ ਚਾਹੀਦਾ ਹੈ। ਮੌਜੂਦਾ ਖੇਡ ਮੇਲਿਆਂ, ਪ੍ਰਬੰਧਾਂ ਅਤੇ ਮਹਿਕਮਿਆਂ ਦੀ ਸਿਆਸਤ ਇਸ ਮਾਮਲੇ ਉੱਤੇ ਵੀ ਅਸਰਅੰਦਾਜ਼ ਹੁੰਦੀ ਜਾਪਦੀ ਹੈ। ਫੌਰੀ ਤੌਰ ਉੱਤੇ ਇਸ ਦੀਆਂ ਤੰਦਾਂ ਦਾ ਅੰਦਾਜ਼ਾ ਲਗਾਉਣਾ ਔਖਾ ਹੈ। ਮੌਜੂਦਾ ਮਾਹੌਲ ਵਿੱਚ ਜ਼ਿਆਦਾਤਰ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰੇ ਆਪਣੀ ਭਰੋਸੇਯੋਗਤਾ ਦੇ ਸੰਕਟ ਨਾਲ ਜੂਝ ਰਹੇ ਹਨ। ਮੁਲਕ ਵਿੱਚ ਭ੍ਰਿਸ਼ਟਾਚਾਰ, ਘਪਲਿਆਂ, ਕੁਨਬਾਪ੍ਰਸਤੀ, ਜ਼ਖ਼ੀਰੇਬਾਜ਼ੀ ਅਤੇ ਮੁਨਾਫ਼ਾਖ਼ੋਰੀ ਨੂੰ ਨੱਥ ਪਾਉਣ ਵਿੱਚ ਨਾਕਾਮਯਾਬ ਰਹੇ ਅਦਾਰੇ ਬਿਨਾਂ ਯੋਗਤਾ ਤੋਂ ਹੀ ਖਿਡਾਰੀਆਂ ਬਾਬਤ ਫ਼ੈਸਲਾ ਸੁਣਾਉਣ ਲਈ ਕਚਹਿਰੀ ਲਗਾਈ ਬੈਠੇ ਹਨ। ਦਲੀਲ ਦਾ ਇਕ ਪਾਸਾ ਇਹ ਹੈ ਕਿ ਸਾਡੇ ਮੁਲਕ ਵਿੱਚ ਹਰ ਬੰਦਾ ਅਤੇ ਅਦਾਰਾ ਸ਼ੱਕ ਦੇ ਘੇਰੇ ਵਿੱਚ ਹੈ। ਸੋ ਸਿਆਸਤਦਾਨਾਂ, ਅਫ਼ਸਰਸ਼ਾਹੀ ਅਤੇ ਪੱਤਰਕਾਰਾਂ ਉੱਤੇ ਹੀ ਕਿਉਂ ਉਂਗਲੀ ਚੁੱਕੀ ਜਾਵੇ? ਖਿਡਾਰੀਆਂ ਉੱਤੇ ਸਵਾਲ ਕਰਨ ਲਈ ਜਾਂਚ ਦੀ ਕੀ ਲੋੜ ਹੈ? ਦੂਜਾ ਪਾਸਾ ਇਹ ਹੈ ਕਿ ਸਰਕਾਰ ਨਾਜ਼ੁਕ ਕੜੀ ਖਿਡਾਰੀਆਂ ਨੂੰ ਸਜ਼ਾ ਦੇ ਕੇ ਆਪਣਾ 'ਨੈਤਿਕ ਰੁਤਬਾ' ਬੁਲੰਦ ਕਰ ਸਕਦੀ ਹੈ। ਖਿਡਾਰੀਆਂ ਦਾ ਰੁਤਬਾ ਕਿਸੇ ਅਖ਼ਤਿਆਰ ਨਾਲ ਨਹੀਂ ਸਗੋਂ ਸਤਿਕਾਰ ਨਾਲ ਜੁੜਦਾ ਹੈ। ਸੋ ਆਪਣਾ ਸਤਿਕਾਰ ਗੁਆ ਚੁੱਕੇ ਸਤਿਕਾਰ ਵਾਲਿਆਂ ਦਾ ਸਤਿਕਾਰ ਤਾਂ ਖੋਹ ਹੀ ਸਕਦੇ ਹਨ।

ਪਿਛਲੇ ਦਿਨਾਂ ਦਾ ਘਟਨਾਕ੍ਰਮ ਦਿਲਚਸਪ ਹੈ। ਕੇਂਦਰੀ ਖੇਡ ਮੰਤਰੀ ਅਜੇ ਮਾਕਨ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਮੁਕਲ ਮੋਦਗਿਲ ਨੂੰ ਜਾਂਚ ਦਾ ਕੰਮ ਸੌਂਪ ਦਿੱਤਾ ਗਿਆ ਹੈ। ਖੇਡ ਮੰਤਰਾਲੇ ਨੇ ੪੦੦ ਮੀਟਰ ਦੌੜ ਲਈ ਰੱਖੇ ਗਏ ਵਿਦੇਸ਼ੀ ਕੋਚ ਯੂਰੀ ਉਗਰੋਦਨਿਕ ਦੀ ਛੁੱਟੀ ਕਰ ਦਿੱਤੀ ਹੈ। ਪੰਜਾਬ ਦੇ ਖੇਡ ਮਹਿਕਮੇ ਵੱਲੋਂ ਭਾਗ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਕੋਚ ਆਰ.ਐਸ. ਸਿੱਧੂ ਨੂੰ ਮੁਅੱਤਲ ਅਤੇ ਰਮੇਸ਼ ਨਾਗਾਪੁਰੀ ਨੂੰ 'ਕਾਰਨ ਦੱਸੋ ਨੋਟਿਸ' ਜਾਰੀ ਕੀਤੀ ਗਿਆ ਹੈ। ਨੈਸ਼ਨਲ ਇੰਨਸਟੀਚਿਉਟ ਆਫ਼ ਇੰਡੀਆ (ਐਨ.ਆਈ.ਐਸ.) ਦੇ ਕੁੜੀਆਂ ਦੇ ਹੋਸਟਲ ਦੇ ਅਮਲੇ ਵਿਚੋਂ ਸੁਨੀਤਾ ਵੇਦੀ ਅਤੇ ਕਲਪਨਾ ਦੇਵਨਾਥ ਨੂੰ ਫੌਰੀ ਹਟਾ ਦਿੱਤਾ ਗਿਆ ਹੈ। ਪੰਜਾਬ ਦੇ ਸਿਹਤ ਮੰਤਰੀ ਸਤਪਾਲ ਗੋਸਾਈਂ ਨੇ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ਦੇ ਲਾਈਸੈਂਸ ਰੱਦ ਕੀਤੇ ਹਨ। ਨਾਡਾ ਵੱਲੋਂ ਨੈਸ਼ਨਲ ਇੰਨਸਟੀਚਿਉਟ ਆਫ਼ ਇੰਡੀਆ ਉੱਤੇ ਛਾਪਾ ਮਾਰਿਆ ਗਿਆ ਹੈ। ਇਸ ਸਾਰੀ ਕਾਹਲ ਵਿੱਚ ਕੁਝ ਗੱਲਾਂ ਸਮਝ ਤੋਂ ਬਾਹਰ ਹਨ। ਖਿਡਾਰੀਆਂ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਖਾਣ ਦੀ ਪੁਸ਼ਟੀ ਹੋ ਗਈ ਪਰ ਬਾਕੀ ਅਮਲੇ ਖ਼ਿਲਾਫ਼ ਬਿਨਾਂ ਜਾਂਚ ਤੋਂ ਕਾਰਵਾਈ ਕਿਸ ਕਾਰਨ ਕੀਤੀ ਗਈ ਹੈ? ਐਨ.ਆਈ.ਐਸ. ਉੱਤੇ ਛਾਪਾ ਦਰਸਾਉਂਦਾ ਹੈ ਕਿ ਸਮੁੱਚੇ ਅਦਾਰੇ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਕੁਝ ਸਾਬਕਾ ਖਿਡਾਰੀਆਂ ਦੇ ਬਿਆਨ ਧਿਆਨ ਦੀ ਮੰਗ ਕਰਦੇ ਹਨ। ਮਿਲਖਾ ਸਿੰਘ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੀ.ਟੀ. ਊਸ਼ਾ ਨੇ ਪਹਿਲਾਂ ਹੀ ਦਾਲ ਵਿੱਚ ਕਾਲਾ ਹੋਣ ਦੀ ਗੱਲ ਕੀਤੀ ਹੈ ਅਤੇ ਯੂਕਰੇਨ ਵਿੱਚ ਖਿਡਾਰੀਆਂ ਦੇ ਸਿਖਲਾਈ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਂਦਾ ਹੈ। ਬੈਂਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਬਿਆਨ ਦਿੱਤਾ ਹੈ ਕਿ ਉਸ ਕੋਲ ਕਈ ਖਿਡਾਰਨਾਂ ਨੇ ਪਾਬੰਦੀਸ਼ੁਦਾ ਦਵਾਈਆਂ ਖਾਣ ਦੀ ਗੱਲ ਕਬੂਲ ਕੀਤੀ ਸੀ। ਇਨ੍ਹਾਂ ਤਿੰਨਾਂ ਖਿਡਾਰੀਆਂ ਦੀਆਂ ਖੇਡ ਪ੍ਰਾਪਤੀਆਂ ਲਾਸਾਨੀ ਹਨ। ਦੂਜੇ ਖਿਡਾਰੀਆਂ ਬਾਬਤ ਮਿਲਖਾ ਸਿੰਘ ਦੀਆਂ ਟਿੱਪਣੀਆਂ ਪਹਿਲਾਂ ਵੀ ਵਿਵਾਦ ਦਾ ਸਬੱਬ ਬਣਦੀਆਂ ਰਹੀਆਂ ਹਨ। ਦਿੱਲੀ ਵਿੱਚ ਪਿਛਲੇ ਸਾਲ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਮਿਲਖਾ ਸਿੰਘ ਨੇ ਬਿਆਨ ਦਿੱਤਾ ਸੀ ਕਿ ਅਥਲੈਟਿਕਸ ਵਿੱਚ ਤਮਗਿਆਂ ਦੀ ਆਸ ਨਹੀਂ ਹੈ। ਇਸ ਬਿਆਨ ਦੀ ਵਿਆਖਿਆ ਕਈ ਤਰ੍ਹਾਂ ਨਾਲ ਹੋਈ। ਮਿਲਖਾ ਸਿੰਘ ਦੇ ਇਸ ਬਿਆਨ ਨੂੰ ਉਸ ਦੀ ਨਿਰਾਸ਼ਾ ਦਾ ਪ੍ਰਗਟਾਵਾ ਦੱਸਿਆ ਗਿਆ। ਆਖ਼ਰ ਪਿਛਲੇ ੫੨ ਸਾਲਾਂ ਵਿੱਚ ਉਸ ਦੀ ਜੇਤੂ ਰਵਾਇਤ ਨੂੰ ਅੱਗੇ ਤੋਰਨ ਵਾਲਾ ਕੋਈ ਨਹੀਂ ਆਇਆ ਸੀ। ਦੂਜਾ ਪੱਖ ਇਹ ਸੀ ਕਿ ਇਹ ਮਿਲਖਾ ਸਿੰਘ ਦਾ ਹੰਕਾਰ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਪੱਧਰ ਉੱਤੇ ਤਮਗਾ ਜਿੱਤਣ ਲਈ ਤਾਂ 'ਮਿਲਖਾ ਸਿੰਘ' ਹੋਣਾ ਜ਼ਰੂਰੀ ਹੈ। ਮਿਲਖਾ ਸਿੰਘ ਬਿਨਾਂ ਸ਼ੱਕ ਮੁਲਕ ਦਾ ਮਹਾਨ ਦੌੜਾਕ ਹੈ ਪਰ ਮਹਾਨ ਖਿਡਾਰੀ ਹੋਣ ਦਾ ਇਕੋ-ਇਕ ਮਿਆਰ 'ਮਿਲਖਾ ਸਿੰਘ' ਹੋਣਾ ਨਹੀਂ ਹੈ। ਇਨ੍ਹਾਂ ਕੁੜੀਆਂ ਨੇ ਤਾਂ ਇਹੋ ਸਾਬਤ ਕੀਤਾ ਸੀ। ਡਿਸਕਸ ਸੁੱਟਣ ਦੇ ਮੁਕਾਬਲੇ ਵਿੱਚ ਭਾਰਤੀ ਕੁੜੀਆਂ ਨੇ ਤਿੰਨੇ ਤਗਮੇ ਜਿੱਤ ਕੇ ਨੇ ਮੈਦਾਨ ਦਾ ਜੇਤੂ ਫੇਰਾ ਦਿੱਤਾ ਸੀ। ਕ੍ਰਿਸ਼ਨਾ ਪੂਨੀਆ, ਹਰਵੰਤ ਕੌਰ ਅਤੇ ਸੀਮਾ ਅੰਤਿਲ ਨੇ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ ਸਨ। ਮਿਲਖਾ ਸਿੰਘ ਨੇ ਕ੍ਰਿਸ਼ਨਾ ਪੂਨੀਆ ਨੂੰ ਵਧਾਈ ਦਿੱਤੀ। ਬਾਅਦ ਵਿੱਚ ਸੀਮਾ ਅੰਤਿਲ ਨੇ ਕ੍ਰਿਸ਼ਨਾ ਨੂੰ ਕਿਹਾ, ''ਮਿਲਖਾ ਸਿੰਘ ਨੂੰ ਤਮਗਾ ਦਿਖਾ ਦੇ।" ਪੀ.ਟੀ. ਊਸ਼ਾ ਦੀ ਏਸ਼ੀਆ ਵਿੱਚ ਤੂਤੀ ਬੋਲਦੀ ਰਹੀ ਹੈ। ਮੌਜੂਦਾ ਕੋਚਿੰਗ ਪ੍ਰਣਾਲੀ ਨਾਲ ਉਸ ਦੀ ਬੇਇਤਫ਼ਾਕੀ ਜੱਗ ਜ਼ਾਹਿਰ ਹੈ। ਪੀ.ਟੀ. ਊਸ਼ਾ ਦੀ ਦਲੀਲ ਸੱਚ ਹੋ ਸਕਦੀ ਹੈ ਪਰ ਇਹ ਕੋਚਿੰਗ ਬਾਬਤ ਇਕੋ-ਇਕ ਦਲੀਲ ਵੀ ਨਹੀਂ ਹੈ। ਸਾਇਨਾ ਨੇਹਵਾਲ ਦੀ ਜਾਣਕਾਰੀ ਨੂੰ ਜਾਂਚ ਦੇ ਘੇਰੇ ਵਿੱਚ ਲਿਆ ਕੇ ਡੋਪਿੰਗ ਨੂੰ ਨੱਥ ਪਾਉਣ ਦਾ ਉਪਰਾਲਾ ਕੀਤਾ ਜਾਣਾ ਬਣਦਾ ਹੈ।

ਇਸ ਮਾਮਲੇ ਨੂੰ ਕੌਮਾਂਤਰੀ ਮੰਡੀ ਨਾਲੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਕੌਮਾਂਤਰੀ ਖੇਡ ਮੰਡੀ ਵਿੱਚ 'ਖੇਡ ਸਮਾਨ' ਤੋਂ ਵੱਡਾ ਅਰਥਚਾਰਾ 'ਖੇਡ ਦਵਾਈਆਂ' ਦਾ ਹੈ। ਖਿਡਾਰੀਆਂ ਉੱਤੇ ਲਗਾਤਾਰ ਬਿਹਤਰੀਨ ਕਾਰਗੁਜ਼ਾਰੀ ਕਾਇਮ ਰੱਖਣ ਅਤੇ ਇਸ ਨੂੰ ਹੋਰ ਸੁਧਾਰਨ ਦਾ ਦਬਾਅ ਹੈ। ਇਸ਼ਤਿਹਾਰਾਂ ਵਿੱਚ ਖਿਡਾਰੀ ਸਭ ਤੋਂ ਵੱਡੀ ਨੁਮਾਇਸ਼ੀ ਸ਼ੈਅ ਹਨ। ਸਹੂਲਤਾਂ, ਰੁਜ਼ਗਾਰ, ਤਰੱਕੀਆਂ ਅਤੇ ਰੁਤਬੇ ਦਾ ਸਿੱਧਾ ਸਬੰਧ ਕਾਰਗੁਜ਼ਾਰੀ ਨਾਲ ਜੁੜਿਆ ਹੋਇਆ ਹੈ। ਇਸ ਹਾਲਤ ਵਿੱਚ ਖਿਡਾਰੀ ਮੰਡੀ ਦਾ ਬੰਧੂਆ ਮਜ਼ਦੂਰ ਹੈ ਜਿਸ ਦੀ ਆਪਣੀ ਮਰਜ਼ੀ ਕੋਈ ਨਹੀਂ ਹੈ। ਕ੍ਰਿਕਟ ਖਿਡਾਰੀਆਂ ਨੂੰ ਖੇਡ ਮਾਹਿਰ 'ਗਲੇਡੀਏਟਰ' ਕਰਾਰ ਦਿੰਦੇ ਹਨ। ਖਿਡਾਰੀ ਜਾਣਦੇ ਹਨ ਕਿ ਇਹ ਚਮਕ-ਦਮਕ ਕੁਝ ਦਿਨਾਂ ਦੀ ਪ੍ਰਾਹੁਣੀ ਹੈ। ਮੌਜੂਦਾ ਖਿਡਾਰੀਆਂ ਨਾਲ ਖੇਡ ਪ੍ਰਬੰਧ ਦੇ ਅਮਲੇ ਵਿੱਚ ਅਜਿਹੇ ਮਾਹਰ ਸ਼ਾਮਿਲ ਰਹਿੰਦੇ ਹਨ ਜੋ ਸੱਟਾਂ ਦੇ ਬਾਵਜੂਦ ਉਨ੍ਹਾਂ ਨੂੰ ਖੇਡਣ ਲਾਇਕ ਬਣਾਉਂਦੇ ਹਨ। ਇਹ ਕੰਮ ਖੇਡ ਪ੍ਰਬੰਧ ਦਾ ਅਹਿਮ ਹਿੱਸਾ ਹੈ। ਇਸ ਹਾਲਤ ਵਿੱਚ ਖਿਡਾਰੀਆਂ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਦਾ ਆਸਰਾ ਲੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਖੇਡ ਹਲਕਿਆਂ ਵਿੱਚ ਇਹ ਗੱਲ ਆਮ ਚੱਲਦੀ ਹੈ ਕਿ ਦਵਾਈ ਲੈਣ ਅਤੇ ਛੱਡਣ ਦੀ ਜਾਚ ਹੋਣੀ ਚਾਹੀਦੀ ਹੈ। ਸਮੁੱਚੀਆਂ ਦੁਨੀਆਂ ਦੇ ਖੇਡ ਪ੍ਰਬੰਧਕ ਆਪਣੀ ਮੁਹਾਰਤ ਇਸੇ ਦਲੀਲ ਨਾਲ ਵੇਚਦੇ ਹਨ ਕਿ ਉਹ ਖਿਡਾਰੀਆਂ ਦੀ ਮਿਆਰੀ ਕਾਰਗੁਜ਼ਾਰੀ ਯਕੀਨੀ ਬਣਾ ਸਕਦੇ ਹਨ। ਇਸ ਮੁਹਾਰਤ ਵਿੱਚ ਦਵਾਈਆਂ ਦੀ ਵਰਤੋਂ ਅਤੇ ਵਾਡਾ ਤੋਂ ਬਚਾਅ ਸ਼ਾਮਿਲ ਹੈ। ਇਹ ਨਿਖੇੜਾ ਕਰਨਾ ਔਖਾ ਹੈ ਕਿ ਜੇਤੂ ਖਿਡਾਰੀਆਂ ਦੇ ਪ੍ਰਬੰਧਕ ਬਿਹਤਰ ਹਨ ਜਾਂ ਡੋਪਿੰਗ ਵਿੱਚ ਫੜੇ ਜਾਣ ਵਾਲੇ ਖਿਡਾਰੀਆਂ/ਪ੍ਰਬੰਧਕਾਂ ਤੋਂ ਗਿਣਤੀਆਂ-ਮਿਣਤੀਆਂ ਵਿੱਚ ਕੁਝ ਉੱਨੀ-ਇੱਕੀ ਹੋ ਗਈ। ਇਸ ਤਰ੍ਹਾਂ ਇਹ ਮਸਲਾ ਉਨਾ ਸੁਖਾਲਾ ਨਹੀਂ ਹੈ, ਜਿੰਨਾ ਦਿਖਾਈ ਦਿੰਦਾ ਹੈ।

ਡੋਪਿੰਗ ਦੇ ਮਾਮਲੇ ਵਿੱਚ ਦੋ ਮਿਸਾਲਾਂ ਅਹਿਮ ਹਨ। ਪਹਿਲੀ ਫਰਾਟਾ ਦੌੜਾਕ ਬੈਨ ਜੌਨਸਨ ਦੀ ਹੈ। ਇਹ ਸਿਆਹਫਾਮ ਕੈਨੇਡੀਅਨ ਦੌੜਾਕ ੧੯੮੮ ਦੀ ਸਿਉਲ ਉਲੰਪਿਕ ਵਿੱਚ ਆਲਮੀ ਰਿਕਾਰਡ ਬਣਾ ਕੇ ੧੦੦ ਮੀਟਰ ਦੌੜ ਵਿੱਚ ਕਾਰਲ ਲੂਇਸ ਤੋਂ ਜਿੱਤਿਆ ਸੀ। ਬਾਅਦ ਵਿੱਚ ਪਰਖ਼ ਦੌਰਾਨ ਸਿੱਧ ਹੋਇਆ ਸੀ ਕਿ ਉਸ ਨੇ ਪਾਬੰਦੀਸ਼ੁਦਾ ਦਵਾਈਆਂ ਖਾਧੀਆਂ ਸਨ। ਇਹ ਵੀ ਕਿਹਾ ਗਿਆ ਸੀ ਕਿ ਜਿੰਨੀ ਰਫ਼ਤਾਰ ਨਾਲ ਉਹ ਭੱਜਿਆ ਸੀ, ਉਹ ਅਜਿਹੀ ਦਵਾਈ ਤੋਂ ਬਿਨਾਂ ਸੰਭਵ ਨਹੀਂ ਸੀ। ਬੈਨ ਜੌਨਸਨ ਤਾਂ ਗੁੰਮਨਾਮੀ ਅਤੇ ਬਦਨਾਮੀ ਦੀ ਜ਼ਿੰਦਗੀ ਵਿੱਚ ਗੁਆਚ ਗਿਆ ਪਰ ੧੦੦ ਮੀਟਰ ਉਸ ਤੋਂ ਜ਼ਿਆਦਾ ਰਫ਼ਤਾਰ ਨਾਲ ਬਹੁਤ ਵਾਰ ਭੱਜੀ ਜਾ ਚੁੱਕੀ ਹੈ। ਬੈਨ ਜੌਨਸਨ ਦੀ ਬਦਨਾਮੀ ਦਾ ਕਾਰਨ ਸਮਝਣ ਵੇਲੇ ਉਸ ਦੇ ਨਸਲੀ ਪਿਛੋਕੜ ਅਤੇ ਅਮਰੀਕੀ ਖਿਡਾਰੀਆਂ ਦੀ ਚੜ੍ਹਾਈ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਦੂਜੀ ਮਿਸਾਲ ਅਰਜਨਟੀਨਾ ਦੇ ਮਹਾਨ ਫੁੱਟਬਾਲ ਖਿਡਾਰੀ ਦਿਆਗੋ ਮੈਰਾਡੋਨਾ ਦੀ ਹੈ। ਮੈਰਾਡੋਨਾ ਨੂੰ ੧੯੯੬ ਦੇ ਫੁੱਟਬਾਲ ਦੇ ਆਲਮੀ ਕੱਪ ਦੌਰਾਨ ਪਾਬੰਦੀਸ਼ੁਦਾ ਦਵਾਈ ਖਾਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਹ ਉਸ ਤੋਂ ਬਾਅਦ ਅਰਜਨਟੀਨਾ ਦੀ ਟੀਮ ਦਾ ਹਰ ਮੈਚ ਦੇਖਣ ਜਾਂਦਾ ਸੀ ਅਤੇ ਆਪਣੇ ਸਾਥੀਆਂ ਦੀ ਹੌਂਸਲਾਅਫ਼ਜਾਈ ਕਰਦਾ ਸੀ। ਖੇਡ ਪ੍ਰੇਮੀਆਂ ਦਾ ਉਹ ਹਮੇਸ਼ਾਂ ਨਾਇਕ ਹੀ ਰਿਹਾ। ਅਰਜਨਟੀਨਾ ਵਿੱਚ ਉਸ ਨੂੰ ਕੌਮੀ ਟੀਮ ਦਾ ਕੋਚ ਵੀ ਬਣਾਇਆ ਗਿਆ। ਮੈਰਾਡੋਨਾ ਦਾ ਅੱਖੜ ਸੁਭਾਅ, ਬੇਪਰਵਾਹੀ ਅਤੇ ਹੁਨਰ ਲਗਾਤਾਰ ਚਰਚਾ ਦਾ ਵਿਸ਼ਾ ਰਹੇ ਹਨ। ਉਸ ਦੀ ਬਦਨਾਮੀ ਕਾਰਗੁਜ਼ਾਰੀ ਉੱਤੇ ਅਸਰਅੰਦਾਜ਼ ਨਹੀਂ ਹੋ ਸਕੀ। ਦੂਜਾ ਮਸਲਾ ਇਹ ਵੀ ਹੈ ਕਿ ਅਰਜਨਟੀਨਾ ਨੇ ਉਸ ਦੀ ਖੇਡ ਮੈਦਾਨ ਉੱਤੇ ਦਿਖਾਈ ਜਾਦੂਗਰੀ ਨੂੰ ਕਦੇ ਨਹੀਂ ਭੁਲਾਇਆ। ਇਨ੍ਹਾਂ ਦੋਵਾਂ ਮਿਸਾਲਾਂ ਦੇ ਹਵਾਲੇ ਨਾਲ ਮੌਜੂਦਾ ਮਸਲੇ ਨੂੰ ਸਮਝਿਆ ਜਾ ਸਕਦਾ ਹੈ ਪਰ ਇਸ ਤੋਂ ਪਹਿਲਾਂ ਸੁਨੀਤਾ ਰਾਣੀ ਦੀ ਮਾਮਲਾ ਵਿਚਾਰਨਾ ਜ਼ਰੂਰੀ ਹੈ।
ਸੁਨੀਤਾ ਰਾਣੀ ਨੇ ਪੰਜਾਬ ਦੇ ਛੋਟੇ ਜਿਹੇ ਕਸਬੇ ਸੁਨਾਮ ਤੋਂ ਏਸ਼ੀਆਈ ਖੇਡਾਂ ਤੱਕ ਦਾ ਸਫ਼ਰ ਤੈਅ ਕੀਤਾ। ਬੁਸਾਨ ਦੀਆਂ ਏਸ਼ੀਆਈ ਖੇਡਾਂ (੨੦੦੨) ਵਿੱਚ ਉਸ ਨੇ ੧੫੦੦ ਮੀਟਰ ਵਿੱਚ ਸੋਨੇ ਅਤੇ ੫੦੦੦ ਮੀਟਰ ਵਿੱਚ ਕਾਂਸੀ ਦੇ ਤਮਗੇ ਜਿੱਤੇ ਸਨ। ਇਸ ਤੋਂ ਬਾਅਦ ਪਾਬੰਦੀਸ਼ੁਦਾ ਦਵਾਈਆਂ ਦੀ ਇਲਜ਼ਾਮ ਤਹਿਤ ਉਸ ਦੇ ਤਮਗੇ ਵਾਪਸ ਲਏ ਗਏ। ਤਮਗਿਆਂ ਤੋਂ ਵੱਡੀ ਗੱਲ ਉਸ ਦੀ ਆਪਣੇ ਪਰਿਵਾਰ ਦੀ ਮਦਦ ਨਾਲ ਲੜੀ ਗਈ ਲੜਾਈ ਸੀ। ਸੁਨੀਤਾ ਨਾਲ ਉਸ ਦਾ ਭਰਾ ਸ਼ਿੰਦਰ ਪਾਲ ਹੀ ਪੈਰਵਾਈ ਲਈ ਜਾਂਦੀ ਸੀ। ਦੋਵੇਂ ਦੇ ਗ਼ਮਗੀਨ ਚਿਹਰੇ ਅਖ਼ਬਾਰਾਂ ਅਤੇ ਟੈਲੀਵਿਜ਼ਨ ਉੱਤੇ ਦਿਖਾਈ ਦਿੰਦੇ ਸਨ। ਆਖ਼ਰ ਓਲੰਪਿਕ ਕਾਉਂਸਿਲ ਆਫ਼ ਏਸ਼ੀਆ ਨੇ ਜਾਂਚ ਤੋਂ ਬਾਅਦ ਫ਼ੈਸਲਾ ਕੀਤਾ ਕਿ ਪਰਖ ਕਰਨ ਵੇਲੇ ਕੋਈ ਗ਼ਲਤੀ ਲੱਗੀ ਸੀ ਅਤੇ ਸੁਨੀਤਾ ਰਾਣੀ ਨੂੰ ਤਮਗੇ ਮੋੜ ਦਿੱਤੇ ਗਏ। ਸੁਨੀਤਾ ਰਾਣੀ ਖ਼ਿਲਾਫ਼ ਪ੍ਰਚਾਰ ਕਰਨ ਵਾਲਾ ਤਬਕਾ ਗ਼ੈਰਹਾਜ਼ਰ ਪਰ ਸੁਨਾਮ ਨੇ ਆਪਣੀ ਲਾਡਲੀ ਦੌੜਾਕ ਦਾ ਜ਼ਬਰਦਸਤ ਸਵਾਗਤ ਕੀਤਾ ਸੀ। ਸੁਨੀਤਾ ਨੂੰ ਤਮਗੇ ਅਤੇ ਸਤਿਕਾਰ ਵਾਪਸ ਮਿਲ ਗਿਆ ਪਰ ਖੇਡ ਮੈਦਾਨ ਨੂੰ ਮੁੜ ਕੇ ਰਾਣੀ ਨਹੀਂ ਮਿਲੀ। ਕੌਮਾਂਤਰੀ ਪੱਧਰ ਉੱਤੇ ਪਹਿਲਾਂ ਵਾਲੇ ਮਿਆਰ ਦੀ ਕਾਰਗੁਜ਼ਾਰੀ ਦੁਹਰਾਈ ਨਹੀਂ ਜਾ ਸਕੀ। ਖੇਡ ਮਾਹਿਰਾਂ ਦੀ ਦਲੀਲ ਸੀ ਕਿ ਸੁਨੀਤਾ ਦਾ ਸਿਖ਼ਰਲਾ ਸਮਾਂ ਲੰਘ ਚੁੱਕਿਆ ਹੈ। ਇਹ ਸਵਾਲ ਪੁੱਛਿਆ ਹੀ ਨਹੀਂ ਗਿਆ ਕਿ 'ਸਿਖ਼ਰਲਾ ਸਮਾਂ ਲੰਘਾਉਣ' ਵਿੱਚ ਉਸ ਜ਼ਲਾਲਤ ਅਤੇ ਖੱਜਲਖੁਆਰੀ ਦਾ ਕਿੰਨਾ ਹਿੱਸਾ ਹੈ ਜੋ ਸੁਨੀਤਾ ਨੂੰ ਬੇਕਸੂਰ ਕਰਾਰ ਦਿੱਤੇ ਜਾਣ ਤੱਕ ਭੁਗਤਣੀ ਪਈ। ਮੌਜੂਦਾ ਘਟਨਾਕ੍ਰਮ ਦਾ ਧੁਰਾ ਕੁੜੀਆਂ ਹਨ ਜੋ ਭਰੂਣ-ਹੱਤਿਆ ਅਤੇ 'ਇੱਜ਼ਤ ਲਈ ਹੁੰਦੇ ਕਤਲਾਂ' ਦੇ ਦੌਰ ਵਿੱਚ ਆਪਣੇ ਦੂਰ-ਦੁਰਾਡੇ ਦੇ ਪਿੰਡਾਂ ਦੇ ਨਿਮਾਣੇ ਪਰਿਵਾਰਾਂ ਤੋਂ ਇੱਥੇ ਤੱਕ ਆਪਣੇ ਸਿਰੜ ਨਾਲ ਆਈਆਂ ਹਨ। ਇਨ੍ਹਾਂ ਖ਼ਿਲਾਫ਼ ਹੋ ਰਹੀ ਚਾਂਦਮਾਰੀ ਵਿੱਚ ਸ਼ਹਿਰੀ ਪੜ੍ਹੇ-ਲਿਖੇ ਮੱਧ ਵਰਗ ਦੀ ਮਰਦਾਵੀਂ ਸੋਚ ਕਿੰਨੀ ਕੁ ਭਾਰੂ ਹੈ?

ਇਨ੍ਹਾਂ ਕੁੜੀਆਂ ਨੇ ਸਾਲਾਂਬੱਧੀ ਹੱਡ-ਤੋੜਵੀਂ ਮਿਹਨਤ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ। ਮਸਲਾ ਉਨ੍ਹਾਂ ਵੱਲੋਂ ਪਾਬੰਦੀਸ਼ੁਦਾ ਦਵਾਈ ਖਾਣ ਦੇ ਕਾਰਨਾਂ ਦਾ ਨਹੀਂ ਸਗੋਂ ਉਨ੍ਹਾਂ ਨੂੰ ਬਣਦੀ ਇੱਜ਼ਤ ਦੇਣ ਦਾ ਹੈ। ਯੂਰੀ ਉਗਰੋਦਨਿਕ ਨੇ ਇਨ੍ਹਾਂ ਕੁੜੀਆਂ ਦੀਆਂ ਪ੍ਰਾਪਤੀਆਂ ਵਿੱਚ ਨਿੱਗਰ ਹਿੱਸਾ ਪਾਇਆ ਹੈ। ਉਸ ਖ਼ਿਲਾਫ਼ ਜਾਂਚ ਕਰਕੇ ਫ਼ੈਸਲਾ ਕੀਤਾ ਜਾ ਸਕਦਾ ਸੀ ਪਰ ਮੌਜੂਦਾ ਕਾਰਵਾਈ ਨਾਲ ਖੇਡ ਪ੍ਰਬੰਧਕਾਂ ਅਤੇ ਕੇਂਦਰੀ ਖੇਡ ਮੰਤਰੀ ਨੇ ਆਪਣੀ ਤਾਕਤ ਦੀ ਨੁਮਾਇਸ਼ ਕੀਤੀ ਹੈ ਅਤੇ ਯੂਰੀ ਨੂੰ ਜਲੀਲ ਕਰਨ ਨੂੰ ਤਰਜੀਹ ਦਿੱਤੀ ਹੈ। ਖੇਡ ਲੇਖਕਾਂ ਨੇ ਆਪਣੇ ਉਲਾਰ ਸੁਭਾਅ ਮੁਤਾਬਕ ਸਨਸਨੀ ਫੈਲਾਈ ਹੈ ਜਿਸ ਦਾ ਖੇਡ ਭਾਵਨਾ ਨਾਲ ਕੋਈ ਮੇਲ ਨਹੀਂ ਬਣਦਾ। ਸਹਿਜਤਾ ਤੋਂ ਵਿਯੋਗੇ ਅੰਕੜਾ-ਮੁਖੀ ਲਿਖਤਾਂ ਨਾਲ ਰੁਤਬੇ ਹਾਸਿਲ ਕਰਨ ਵਾਲੇ ਖੇਡ ਲੇਖਕ ਭੁੱਲ ਗਏ ਹਨ ਕਿ ਖੇਡ ਭਾਵਨਾ ਸਿਰਫ਼ ਖਿਡਾਰੀਆਂ ਲਈ ਲਾਜ਼ਮੀ ਨੇਮ ਨਹੀਂ ਸਗੋਂ ਸਮਾਜਿਕ ਗੁਣ ਹੈ। ਇਸ ਦੀ ਤਵੱਕੋ ਖੇਡ ਲੇਖਕਾਂ ਅਤੇ ਪੱਤਰਕਾਰਾਂ ਤੋਂ ਵੀ ਕੀਤੀ ਜਾਂਦੀ ਹੈ।

ਖੇਡ ਵਰਗੀ ਸਮਾਜਿਕ ਸਰਗਰਮੀ ਦਾ ਮੰਡੀ ਦੀ ਭੇਟ ਚੜ੍ਹ ਜਾਣਾ ਸੋਗਵਾਰ ਹੈ। ਖਿਡਾਰੀਆਂ ਦੁਆਲੇ ਮੰਡੀ-ਮੁਖੀ ਮਾਹੌਲ ਦੀ ਉਸਾਰੀ ਖ਼ਤਰਨਾਕ ਹੈ। ਮਨੁੱਖ ਦਾ ਬੁਨਿਆਦੀ ਹੱਕ ਹੈ ਕਿ ਖੇਡ ਮੁਕਾਬਲਿਆਂ ਵਿੱਚ ਬਰਾਬਰੀ ਕਾਇਮ ਰਹੇ ਅਤੇ ਖੇਡਾਂ ਡੋਪਿੰਗ ਦੇ ਕਾਲੇ ਪ੍ਰਛਾਵੇਂ ਤੋਂ ਮੁਕਤ ਹੋਣ ਪਰ ਨਾਬਰਾਬਰੀ ਪ੍ਰਧਾਨ ਸਮਾਜ ਵਿੱਚ ਅਜਿਹਾ ਕਿਵੇਂ ਹੋ ਸਕਦਾ ਹੈ? ਡੋਪਿੰਗ ਨਾਬਰਾਬਰੀ ਦੀ ਨਿਸ਼ਾਨੀ ਹੈ। ਮੁਨਾਫ਼ਾਮੁਖੀ ਸਮਾਜ ਵਿੱਚ ਖੇਡ ਮਨੁੱਖ ਦਾ ਸਕੂਨ ਨਹੀਂ ਸਗੋਂ ਮੰਡੀ ਦੀ ਗ਼ੁਲਾਮੀ ਹੈ। ਕੁਝ ਖਿਡਾਰੀਆਂ ਦੀ ਚਾਂਦਮਾਰੀ ਕਰਨ ਨਾਲ ਇਸ ਰੁਝਾਨ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਸਿਆਸਤਦਾਨ ਕਬੂਲ ਕਰਦੇ ਹਨ ਕਿ ਸਿਆਸਤ ਭ੍ਰਿਸ਼ਟਾਚਾਰ ਦਾ ਧੁਰਾ ਹੈ ਪਰ ਅਗਲਾ ਫ਼ੈਸਲਾ ਵੀ ਉਹ ਆਪ ਹੀ ਕਰਨਾ ਚਾਹੁੰਦੇ ਹਨ। ਮੌਜੂਦਾ ਹਾਲਾਤ ਨੇ ਖਿਡਾਰੀਆਂ ਅਤੇ ਖੇਡ ਨੂੰ ਚਾਅ ਤੋਂ ਨਿਖੇੜ ਕੇ ਅੰਕੜਿਆਂ ਅਤੇ ਜਿੱਤ-ਹਾਰ ਤੱਕ ਮਹਿਦੂਦ ਕਰ ਦਿੱੱਤਾ ਹੈ। ਅਜਿਹੀ ਹਾਲਤ ਵਿੱਚ ਸਮੁੱਚੇ ਮੁਲਕ ਦਾ ਫਿਕਰ ਕਰਨਾ ਬਣਦਾ ਹੈ ਜਿਸ ਦੇ ਮੱਥੇ ਉੱਤੇ ਲੱਗੇ 'ਦਾਗ਼' ਨੂੰ ਖਿਡਾਰੀਆਂ ਨੂੰ ਜਲੀਲ ਕਰਕੇ ਧੋਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਿਹਤ ਮੰਤਰੀ ਸਤਪਾਲ ਗੋਸਾਈਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਦਵਾਈਆਂ ਦੀਆਂ ਦੁਕਾਨਾਂ ਖ਼ਿਲਾਫ਼ ਕਾਰਵਾਈ ਕਰਨ ਲਈ ਉਹ ਖਿਡਾਰੀਆਂ ਰਾਹੀਂ ਕਿਉਂ ਦਲੀਲ ਉਸਾਰ ਰਹੇ ਹਨ? ਕੀ ਉਹ ਦਵਾਈਆਂ ਮੁਲਕ ਦਾ ਨੁਕਸਾਨ ਨਹੀਂ ਕਰਦੀਆਂ ਜਿਨ੍ਹਾਂ ਦੀ ਵਰਤੋਂ ਪੰਜਾਬ ਦੇ ਮੁੰਡੇ-ਕੁੜੀਆਂ ਕਰਦੇ ਹਨ? ਖੇਡ ਬਾਬਤ ਧਾਰਨਾ ਹੈ ਕਿ ਖੇਡ ਮੈਦਾਨ ਦੀ ਕਦਰ ਵਾਲੇ ਸਮਾਜ ਵਿੱਚ ਤੰਦਰੁਸਤੀ ਹਸਪਤਾਲਾਂ ਦੀ ਮੁਹਤਾਜ ਨਹੀਂ ਹੁੰਦੀ। ਜਦੋਂ ਅਸੀਂ ਸਿਹਤਮੰਦ ਸਮਾਜ ਦੀ ਉਸਾਰੀ ਲਈ ਸਰਗਰਮ ਨਹੀਂ ਹਾਂ ਤਾਂ ਇਖ਼ਲਾਕ ਦਾ ਸਾਰਾ ਬੋਝ ਖਿਡਾਰੀਆਂ ਸਿਰ ਕਿਵੇਂ ਪਾ ਸਕਦੇ ਹਾਂ? ਖਿਡਾਰੀ ਦੋਸ਼ੀ ਹੋ ਸਕਦੇ ਹਨ ਪਰ ਉਹ ਸਮੁੱਚੇ ਸਮਾਜਿਕ ਹਾਲਾਤ ਅਤੇ ਮੰਡੀ ਦੀਆਂ ਮੰਗਾਂ ਦੇ ਬੋਝ ਹੇਠ ਪਿੱਸ ਵੀ ਰਹੇ ਹਨ।

ਦਲਜੀਤ ਅਮੀ

Friday, July 8, 2011

ਦਰਬਾਨ ਪੱਤਰਕਾਰੀ ਤੇ ਇਮਾਨਦਾਰ ਪ੍ਰਧਾਨਮੰਤਰੀ

ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਰਾਹੀਂ ਆਪਣਾ ਪੱਖ ਪੇਸ਼ ਕੀਤਾ ਹੈ। ਭ੍ਰਿਸ਼ਟਾਚਾਰ ਦੇ ਅਟੁੱਟ ਰੁਝਾਨ ਅਤੇ ਲੋਕਪਾਲ ਬਿੱਲ ਕਾਰਨ ਨੁਕਤਾਚੀਨੀ ਦਾ ਸ਼ਿਕਾਰ ਕੇਂਦਰੀ ਸਰਕਾਰ ਇਸ ਮਸ਼ਕ ਵਿੱਚੋਂ ਕੀ ਖੱਟ ਸਕਦੀ ਹੈ? ਸਰਕਾਰ ਜਾਂ ਪ੍ਰਧਾਨਮੰਤਰੀ ਦੀ ਸ਼ਾਖ਼ ਨੂੰ ਤਾਂ ਇਸ ਮਸ਼ਕ ਨਾਲ ਭਾਵੇਂ ਕੋਈ ਫ਼ਰਕ ਪਵੇ ਜਾਂ ਨਾ ਪਰ ਕੁਝ ਨਵੇਂ ਸਵਾਲ ਇਸ ਨਾਲ ਜ਼ਰੂਰ ਖੜੇ ਹੋ ਗਏ ਹਨ। ਪ੍ਰਧਾਨਮੰਤਰੀ ਵੱਲੋਂ ਪੰਜ ਅਖ਼ਬਾਰਾਂ ਦੇ ਸੰਪਾਦਕਾਂ ਨਾਲ ਮੁਲਾਕਾਤ ਕੀਤੀ ਗਈ। ਮੀਡੀਆ ਨਾਲ ਜੁੜੇ ਲੋਕ ਵੀ ਇਨ੍ਹਾਂ ਸਾਰਿਆਂ ਦੀ ਪਛਾਣ ਨਹੀਂ ਕਰ ਸਕੇ। ਹੁਣ ਵੀ ਇਨ੍ਹਾਂ ਪੰਜਾਂ ਦੀ ਪਛਾਣ ਦੱਸਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕਰ ਕੇ ਜ਼ਿਆਦਾ ਘਾਟਾ ਨਹੀਂ ਪੈ ਸਕਦਾ। ਇਹ ਪੰਜ ਜਣੇ ਸਨ; ਦ ਟ੍ਰਿਬਿਊਨ ਦੇ ਮੁੱਖ ਸੰਪਾਦਕ ਰਾਜ ਚੇਂਗੱਪਾ, ਨਈਂ ਦੁਨੀਆਂ ਦੇ ਸੰਪਾਦਕ ਅਲੋਕ ਮਹਿਤਾ, ਦਿਵਿਆ ਮਰਾਠੀ ਦੇ ਸੰਪਾਦਕ ਕੁਮਾਰ ਕੇਤਕਰ, ਪੀ.ਟੀ.ਆਈ. ਦੇ ਸੰਪਾਦਕ ਐਮ.ਕੇ.ਰਾਜ਼ਦਾਨ ਅਤੇ ਬਿਜਨਸ ਸਟੈਂਡਰਡ ਦੇ ਨਿਰਦੇਸ਼ਕ ਤੇ ਐਡੀਟਰਜ਼ ਗਿਲਡ ਆਫ਼ ਇੰਡੀਆ ਦੇ ਪ੍ਰਧਾਨ ਟੀ.ਐਨ. ਨੈਨਨ। ਇਨ੍ਹਾਂ ਸੰਪਾਦਕਾਂ ਤੋਂ ਇਲਾਵਾ ਉਸ ਵੇਲੇ ਪ੍ਰਧਾਨਮੰਤਰੀ ਨਾਲ ਉਨ੍ਹਾਂ ਦੇ ਕੌਮੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੈਨਨ, ਮੀਡੀਆ ਸਲਾਹਕਾਰ ਹਰੀਸ਼ ਖਰੇ ਅਤੇ ਸਕੱਤਰ ਟੀ.ਕੇ.ਏ. ਨਾਇਰ ਹਾਜ਼ਰ ਸਨ।

ਸਵਾਲ ਇਹ ਹੈ ਕਿ ਕੀ ਇਹ ਮੁਲਕ ਦੇ ਸਭ ਤੋਂ ਅਹਿਮ ਪੱਤਰਕਾਰ ਹਨ ਜਾਂ ਇਨ੍ਹਾਂ ਨੂੰ ਸੱਦਣ ਦਾ ਕੋਈ ਹੋਰ ਕਾਰਨ ਹੈ? ਦਰਅਸਲ ਪੱਤਰਕਾਰਾਂ ਨੂੰ ਮਿਲਣ ਦੀ ਸਮੁੱਚੀ ਮਸ਼ਕ ਲੋਕ-ਸੰਪਰਕ ਮੁਹਿੰਮ ਦਾ ਹਿੱਸਾ ਸੀ। ਅਜਿਹਾ ਕੰਮ ਕਰਨ ਵਾਲੇ ਸਭ ਤੋਂ ਕਾਰਗਰ ਸੰਪਾਦਕਾਂ ਨੂੰ ਬੁਲਾਇਆ ਗਿਆ ਸੀ। ਇਨ੍ਹਾਂ ਪੰਜਾਂ ਜਣਿਆਂ ਦੀ ਪ੍ਰਧਾਨਮੰਤਰੀ ਪ੍ਰਤੀ ਅੰਨ੍ਹੀ ਵਫ਼ਾਦਾਰੀ ਇਨ੍ਹਾਂ ਦੀਆਂ ਲਿਖਤਾਂ ਵਿੱਚੋਂ ਝਲਕਦੀ ਹੈ। ਰਾਜ ਚੇਂਗੱਪਾ ਪ੍ਰਧਾਨਮੰਤਰੀ ਵੱਲੋਂ ਚੌਗਿਰਦੇ ਬਾਬਤ ਬਣਾਈ ਕਮੇਟੀ ਵਿੱਚ ਸ਼ਾਮਲ ਹਨ ਅਤੇ ਪੱਤਰਕਾਰੀ ਹਲਕਿਆਂ ਵਿੱਚ ਚਰਚਾ ਹੈ ਕਿ 'ਦ ਟ੍ਰਿਬਿਊਨ' ਵਿੱਚ ਉਨ੍ਹਾਂ ਦੀ ਚੋਣ ਸਮੇਂ ਇਹ ਰਸੂਖ਼ ਕੰਮ ਆਇਆ ਸੀ। ਦੱਖਣੀ ਭਾਰਤੀ ਅਫ਼ਸਰਾਂ ਦਾ ਦਿੱਲੀ ਵਿੱਚ ਮਜ਼ਬੂਤ ਧੜਾ ਇਸ ਰਸੂਖ਼ ਦੀ ਅਹਿਮ ਕੜ੍ਹੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਲਿਖਤਾਂ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਪ੍ਰਧਾਨਮੰਤਰੀ ਦੇ ਕਿੰਨੇ ਸ਼ੁਕਰਗੁਜ਼ਾਰ ਹਨ। ਪ੍ਰਧਾਨਮੰਤਰੀ ਨਾਲ ਤਕਰੀਬਨ ਸੌ ਮਿੰਟ ਗੱਲਬਾਤ ਤੋਂ ਬਾਅਦ ਅਲੋਕ ਮਹਿਤਾ ਅਤੇ ਕੁਮਾਰ ਕੇਤਕਰ ਨੇ ਤਾਂ ਪੱਤਰਕਾਰ ਸਮਾਗਮ ਹੀ ਕਰ ਦਿੱਤਾ। ਉਨ੍ਹਾਂ ਵੱਲੋਂ ਪ੍ਰਧਾਨਮੰਤਰੀ ਦਾ ਪੇਸ਼ ਕੀਤਾ ਗਿਆ ਪੱਖ ਪ੍ਰੈਸ ਇਨਫਰਮੇਸ਼ਨ ਬਿਉਰੋ, ਲੋਕ ਸੰਪਰਕ ਮਹਿਕਮੇ, ਸਰਕਾਰੀ ਅਤੇ ਸਿਆਸੀ ਬੁਲਾਰਿਆਂ ਲਈ ਸਬਕ ਹੋ ਸਕਦਾ ਸੀ। ਇਹ ਸਵਾਲ ਮੌਜੂਦਾ ਹਾਲਾਤ ਵਿੱਚ ਪੁੱਛਣਾ ਔਖਾ ਹੈ ਕਿ ਲੋਕ ਸੰਪਰਕ ਮਹਿਕਮੇ ਦੇ ਕੰਮ ਅਤੇ ਪੱਤਰਕਾਰੀ ਵਿੱਚ ਕੀ ਫ਼ਰਕ ਹੁੰਦਾ ਹੈ? ਆਖ਼ਰ ਦੋਵਾਂ ਕੰਮਾਂ ਨੂੰ ਕਰਨ ਵਾਲੇ ਇੱਕੋ ਇਮਤਿਹਾਨ ਪਾਸ ਕਰਕੇ ਹੀ ਤਾਂ ਆਪਣੀ ਯੋਗਤਾ ਪੂਰੀ ਕਰਦੇ ਹਨ। ਇਸੇ ਸਿਖਲਾਈ ਦੇ ਨਤੀਜੇ ਵਜੋਂ ਜ਼ਿਆਦਾਤਰ ਪੱਤਰਕਾਰ ਲੋਕ ਸੰਪਰਕ ਮਹਿਕਮੇ ਦੀ ਤਰਜ਼ ਉੱਤੇ ਕੰਮ ਕਰਦੇ ਹਨ। ਕਈ ਵਾਰ ਕੁਝ ਲੋਕ ਸੰਪਰਕ ਮਹਿਕਮਿਆਂ ਵਾਲੇ ਦੂਜੇ ਨਾਵਾਂ ਨਾਲ ਲੇਖਾਂ ਅਤੇ ਖ਼ਬਰਾਂ ਰਾਹੀਂ ਆਪਣੀ 'ਲੋਕ ਪੱਖੀ ਜ਼ਿੰਮੇਵਾਰੀ' ਪੂਰੀ ਕਰ ਲੈਂਦੇ ਹਨ। ਸਰਕਾਰੀ ਰਸਾਲਿਆਂ, ਲੋਕ ਸੰਪਰਕ ਮਹਿਕਮਿਆਂ, ਕਮਿਸ਼ਨਾਂ ਅਤੇ ਰਾਜ ਸਭਾ ਵਿੱਚ ਬੈਠੇ ਸਾਬਕਾ ਪੱਤਰਕਾਰਾਂ ਦੀਆਂ ਵਫ਼ਾਦਾਰੀਆਂ ਸੱਤਾ ਦੇ ਗ਼ਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਤਾਂ ਬਣਦੀਆਂ ਹਨ ਪਰ ਖ਼ਬਰ ਨਹੀਂ ਬਣਦੀਆਂ। ਇਨ੍ਹਾਂ ਤੋਂ ਬਿਨਾਂ ਸੂਬਾ ਤੇ ਕੇਂਦਰ ਸਰਕਾਰਾਂ ਦੇ ਮੀਡੀਆ ਸਲਾਹਕਾਰਾਂ ਦੇ ਅਹੁਦਿਆਂ ਲਈ ਪੱਤਰਕਾਰੀ ਵਿੱਚ ਲੋਕ ਸੰਪਰਕ ਮੁਹਿੰਮ ਨੂੰ ਰਲਗੱਡ ਕਰਨ ਵਾਲੇ ਪੱਤਰਕਾਰਾਂ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ ਮੰਨੀ ਜਾਂਦੀ ਹੈ।

ਪ੍ਰਧਾਨਮੰਤਰੀ ਨਾਲ ਗੱਲਬਾਤ ਕਰਨ ਗਏ ਪੀ.ਟੀ.ਆਈ. ਦੇ ਸੰਪਾਦਕ ਐਮ.ਕੇ.ਰਾਜ਼ਦਾਨ ਦਾ ਅਦਾਰੇ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਦਾ ਅੰਦਾਜ਼ਾ ਸਭ ਨੂੰ ਹੈ। ਉਨ੍ਹਾਂ ਦਾ ਅਦਾਰਾ ਕਿਸੇ ਨੂੰ ਨਰਾਜ਼ ਕਰਨ ਦਾ ਜੋਖਮ ਸਹੇੜਦਾ ਹੀ ਨਹੀਂ। ਇਸੇ ਤਰ੍ਹਾਂ ਬਿਜਨਸ ਸਟੈਂਡਰਡ ਦੀ ਪ੍ਰਧਾਨ ਮੰਤਰੀ ਦਫ਼ਤਰ ਨਾਲ ਨੇੜਤਾ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਇਸ ਦੇ ਮੌਜੂਦਾ ਸੰਪਾਦਕ ਸੰਜੇ ਬਾਰੂ ਵੀ ਕਦੇ ਪ੍ਰਧਾਨਮੰਤਰੀ ਦੇ ਮੀਡੀਆ ਸਲਾਹਕਾਰ ਰਹੇ ਹਨ। ਟੀ.ਐਨ. ਨੈਨਨ ਨੇ ਉਨ੍ਹਾਂ ਲਈ ਸੰਪਾਦਕੀ ਛੱਡ ਕੇ ਸੰਪਾਦਕੀ ਨਿਰਦੇਸ਼ਕ ਬਣੇ ਸਨ। ਉਂਝ ਬਿਜਨਸ ਸਟੈਂਡਰਡ ਵਿੱਚ ਟੀ.ਐਨ. ਨੈਨਨ ਹਿੱਸੇਦਾਰ ਵੀ ਹਨ ਅਤੇ ਮਨਮੋਹਨ ਸਿੰਘ ਦੀਆਂ ਨੀਤੀਆਂ ਦੀ ਵਕਾਲਤ ਧੜੱਲੇ ਨਾਲ ਕਰਦੇ ਹਨ। ਇਸ ਜਾਣਕਾਰੀ ਤੋਂ ਬਾਅਦ ਇਹ ਗ਼ਲਤ ਨਹੀਂ ਜਾਪਦਾ ਕਿ ਪ੍ਰਧਾਨਮੰਤਰੀ ਨੇ ਉਨ੍ਹਾਂ ਸੰਪਾਦਕਾਂ ਨੂੰ ਹੀ ਸੱਦਿਆ ਸੀ ਜੋ ਕਿਸੇ ਤਰ੍ਹਾਂ ਦਾ ਔਖਾ ਸਵਾਲ ਪੁੱਛਣ ਵਾਲੇ ਨਹੀਂ ਸਨ। ਪ੍ਰਧਾਨਮੰਤਰੀ ਵੱਲੋਂ ਇਨ੍ਹਾਂ ਸੰਪਾਦਕਾਂ ਨਾਲ ਕੀਤੀਆਂ ਜੋ ਗੱਲਾਂ ਅਖ਼ਬਾਰਾਂ, ਰਸਾਲਿਆਂ, ਰੇਡੀਓ ਅਤੇ ਟੈਲੀਵਿਜ਼ਨ ਰਾਹੀਂ ਨਸ਼ਰ ਹੋਈਆਂ ਹਨ ਉਨ੍ਹਾਂ ਵਿੱਚੋਂ ਕੋਈ ਵੀ ਨਵੀਂ ਨਹੀਂ ਹੈ।

ਪੰਜ ਸੰਪਾਦਕਾਂ ਦੀ ਚੋਣ ਨੂੰ ਅੰਨਾ ਹਜ਼ਾਰੇ ਦੀ ਟੀਮ ਬਾਬਤ ਚੱਲ ਰਹੀ ਬਹਿਸ ਨਾਲ ਜੋੜ ਕੇ ਵੇਖਣਾ ਕੁਥਾਵੇਂ ਜਾਪ ਸਕਦਾ ਹੈ ਪਰ ਇਹ ਮਸ਼ਕ ਬੇਮਾਅਨਾ ਨਹੀਂ ਹੈ। ਮੀਡੀਆ ਰਾਹੀਂ ਇਨ੍ਹਾਂ ਪੰਜਾਂ ਜਣਿਆਂ ਬਾਬਤ ਹਰ ਪੱਖੋਂ ਸਵਾਲ ਕੀਤੇ ਗਏ ਹਨ। ਇਹ ਸਿਵਲ ਸੁਸਾਇਟੀ ਦੇ ਨੁਮਾਇੰਦੇ ਕਿਵੇਂ ਹੋ ਗਏ? ਕੀ ਕੋਈ ਪੰਜ ਜਣੇ ਆਪਣੇ-ਆਪ ਨੂੰ ਸਮੁੱਚੇ ਸਮਾਜ ਦੇ ਝੰਡਾਬਰਦਾਰ ਵਜੋਂ ਪੇਸ਼ ਕਰ ਸਕਦੇ ਹਨ? ਅਜਿਹੇ ਬਹੁਤ ਸਾਰੇ ਸਵਾਲ ਹਨ। ਇਨ੍ਹਾਂ ਸਵਾਲਾਂ ਵਿੱਚ ਕੇਂਦਰੀ ਮੰਤਰੀ ਅਤੇ ਸਰਕਾਰੀ ਬੁਲਾਰੇ ਲਗਾਤਾਰ ਸੁਰ ਮਿਲਾ ਰਹੇ ਹਨ। ਇਹ ਸਵਾਲ ਇਨ੍ਹਾਂ ਪੰਜਾਂ ਸੰਪਾਦਕਾਂ ਬਾਬਤ ਕਿਉਂ ਨਹੀਂ ਪੁੱਛੇ ਗਏ? ਇਹ ਸਵਾਲ ਪੁੱਛੇ ਤਾਂ ਜ਼ਰੂਰ ਗਏ ਹਨ ਪਰ ਇਨ੍ਹਾਂ ਨੂੰ ਬਹਿਸ ਦਾ ਮਸਲਾ ਨਹੀਂ ਬਣਾਇਆ ਗਿਆ। ਇਹ ਪੱਤਰਕਾਰੀ ਅੰਦਰ ਭਾਰੂ ਉਸੇ ਰੁਝਾਨ ਦਾ ਹਿੱਸਾ ਹੈ ਜਿਸ ਤਹਿਤ 'ਆਪਣੇ ਮੰਜੇ ਥੱਲੇ ਝਾੜੂ ਫੇਰਨ ਦੀ ਨਸੀਹਤ' ਤੋਂ ਕੰਨੀ ਕਤਰਾਈ ਜਾਂਦੀ ਹੈ। ਰਾਡੀਆ ਟੇਪਾਂ ਦੇ ਮਾਮਲੇ ਵਿੱਚ ਵੀ ਤਾਂ ਸਿਆਸਤਦਾਨਾਂ ਨਾਲ ਪੱਤਰਕਾਰੀ ਦੀ ਨੇੜਤਾ ਚਰਚਾ ਵਿੱਚ ਆਈ ਸੀ ਪਰ ਜ਼ਿਆਦਾਤਰ ਅਖ਼ਬਾਰਾਂ, ਰਸਾਲਿਆਂ, ਰੇਡੀਓ ਅਤੇ ਟੈਲੀਵਿਜ਼ਨ ਨੇ ਉਸ ਮਸਲੇ ਤੋਂ ਕਿਨਾਰਾਕਸ਼ੀ ਕੀਤੀ ਸੀ। ਉਸ ਵੇਲੇ ਕਿਸੇ ਸਿਆਸਤਦਾਨ ਦੇ ਪੱਖ ਵਿੱਚ ਧੜੇਬੰਦੀ ਕਰਨ ਜਾਂ ਕਿਸੇ ਸਿਆਸਤਦਾਨ ਦੇ ਕਹਿਣ ਉੱਤੇ ਲੇਖ ਲਿਖਣ ਦਾ ਮਸਲਾ ਸਾਹਮਣੇ ਆਇਆ ਸੀ। ਐਨ.ਡੀ.ਟੀ.ਵੀ. ਦੀ ਪੱਤਰਕਾਰ ਬਰਖਾ ਦੱਤ ਲੋਕ ਸੰਪਰਕ ਕਾਰੋਬਾਰੀ ਨੀਰਾ ਰਾਡੀਆ ਨਾਲ ਡੀ.ਐਮ.ਕੇ. ਦੇ ਸਿਆਸਤਦਾਨਾਂ ਨੂੰ ਮਿਲਣ ਵਾਲੇ ਮਹਿਕਮਿਆਂ ਵਿੱਚ ਦਿਲਚਸਪੀ ਲੈ ਰਹੀ ਸੀ। ਜਦੋਂ ਅੰਨਾ ਹਜ਼ਾਰੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਨੂੰਨੀ ਪੇਸ਼ਬੰਦੀ ਵਜੋਂ ਲੋਕਪਾਲ ਬਿੱਲ ਦਾ ਖਰੜਾ ਤਿਆਰ ਕਰਨ ਲਈ ਗ਼ੈਰ-ਸਰਕਾਰੀ ਨੁਮਾਇੰਦਿਆਂ ਦੀ ਸ਼ਮੂਲੀਅਤ ਲਈ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਉੱਤੇ ਬੈਠੇ ਸਨ ਤਾਂ ਉੱਥੇ ਪੁੱਜੀ ਬਰਖਾ ਦੱਤ ਵਿਰੁਧ ਲੋਕਾਂ ਨੇ ਨਾਅਰੇਬਾਜ਼ੀ ਕੀਤੀ ਸੀ। ਹਿੰਦੋਸਤਾਨ ਟਾਈਮਜ਼ ਦੇ ਸਲਾਹਕਾਰ ਵੀਰ ਸੰਘਵੀ ਵੱਲੋਂ ਨੀਰਾ ਰਾਡੀਆ ਦੀਆਂ ਹਦਾਇਤਾਂ ਉੱਤੇ ਕਾਲਮ ਲਿਖਣ ਦਾ ਮਾਮਲਾ ਰਾਡੀਆ ਟੇਪਾਂ ਰਾਹੀਂ ਬੇਪਰਦ ਹੋਇਆ ਸੀ। ਇਹ ਸਾਰਾ ਘਟਨਾਕ੍ਰਮ ਕੁਝ ਰਸਾਲਿਆਂ ਅਤੇ ਕੁਝ ਇੱਕਾ-ਦੁੱਕਾ ਲੇਖਾ ਤੱਕ ਸੀਮਤ ਹੋ ਕੇ ਰਹਿ ਗਿਆ ਸੀ। ਹੁਣ ਪੰਜਾਂ ਸੰਪਾਦਕਾਂ ਦੀ ਚੋਣ ਕਰਨ ਦਾ ਮਸਲਾ ਵੀ ਉਸੇ ਰੁਝਾਨ ਦਾ ਮਹੀਨ ਪ੍ਰਗਟਾਵਾ ਹੈ। ਇਨ੍ਹਾਂ ਤੋਂ ਵੀ ਤਾਂ ਸਰਕਾਰ ਪੱਤਰਕਾਰਾਂ ਦੇ ਰੂਪ ਵਿੱਚ ਲੋਕ ਸੰਪਰਕ ਮੁਹਿੰਮ ਚਲਵਾਉਣ ਦੀ ਮਸ਼ਕ ਕਰਦੀ ਜਾਪਦੀ ਹੈ। ਇਹੋ ਕੰਮ ਤਾਂ ਸਨਅਤਕਾਰ ਤੇ ਸਿਆਸਤਦਾਨ ਨੀਰਾ ਰਾਡੀਆ ਰਾਹੀਂ ਬਰਖਾ ਦੱਤ ਅਤੇ ਵੀਰ ਸੰਘਵੀ ਵਰਗਿਆਂ ਤੋਂ ਕਰਵਾ ਰਹੇ ਸਨ।

ਪੱਤਰਕਾਰੀ ਜਗਤ ਇਸ ਮਸਲੇ ਬਾਬਤ ਦੱਬੀ ਸੁਰ ਵਿੱਚ ਚਰਚਾ ਹੋ ਰਹੀ ਹੈ। ਕੁਝ ਕਣਸੋਅ ਤਾਂ ਸੀ.ਐਨ. ਐਨ. ਆਈ.ਬੀ.ਐਨ. ਦੀ ਪੱਤਰਕਾਰ ਸਾਗਰਿਕਾ ਘੋਸ਼ ਦੀ ਟਵੀਟਰ ਲਿਖਤ ਤੋਂ ਹੋ ਜਾਂਦੀ ਹੈ। ਉਸ ਨੇ ਲਿਖਿਆ ਹੈ, "ਮਨਮੋਹਨ ਸਿੰਘ ਔਖੇ ਸਵਾਲਾਂ ਤੋਂ ਡਰਦੇ ਹਨ। ਇਸੇ ਲਈ ਉਨ੍ਹਾਂ ਨੇ ਆਪਣੇ ਲਫ਼ਟੈਣ ਸੰਪਾਦਕਾਂ ਦੀ ਜੁੰਡਲੀ ਨੂੰ ਸੱਦਿਆ ਹੈ। ਇਹ ਲੋਕਾਂ ਤੱਕ ਪਹੁੰਚ ਕਰਨ ਦੀ ਮਸ਼ਕ ਨਹੀਂ ਹੈ ਸਗੋਂ ਸ਼ਰਮਸਾਰੀ ਦਾ ਸਬੱਬ ਹੈ। ਪ੍ਰਧਾਨਮੰਤਰੀ ਨੂੰ ਖੁੱਲ੍ਹੀ ਪ੍ਰੈਸ ਕਾਨਫਰੰਸ ਵਿੱਚ ਸਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ।" ਉਸ ਨੇ ਅੱਗੇ ਲਿਖਿਆ ਹੈ, "ਕਾਂਗਰਸ ਨੂੰ ਆਪਣੀ ਜਗੀਰੂ ਸੋਚ ਤੋਂ ਛੁਟਕਾਰਾ ਪਾ ਲੈਣਾ ਚਾਹੀਦਾ ਹੈ। ਇਨ੍ਹਾਂ ਦਰਬਾਨਾਂ (ਸੰਪਾਦਕਾਂ) ਦਾ ਸਮਾਂ ਲੱਦ ਚੁੱਕਿਆ ਹੈ ਕਿਉਂਕਿ ਖੁੱਲ੍ਹੀ ਜਾਣਕਾਰੀ ਆਧੁਨਿਕ ਸਮਾਜ ਦੀ ਕੁੰਜੀ ਹੈ।" ਸੱਦੇ ਗਏ ਸੰਪਾਦਕਾਂ ਦੇ ਖ਼ਾਸੇ ਬਾਬਤ ਟਿੱਪਣੀ ਕਰਦੀ ਹੋਈ ਸਾਗਰਿਕਾ ਘੋਸ਼ ਨੇ ਬਹੁਤ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਹੈ, "ਕਿਸੇ ਟੈਲੀਵਿਜ਼ਨ ਦੇ ਕੈਮਰੇ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਸਥਾਪਤੀ ਪੱਖੀ ਉੱਘੇ ਸੰਪਾਦਕਾਂ ਨਾਲ ਸੱਦ ਕੇ ਗੱਲਬਾਤ ਕੀਤੀ ਗਈ। ਕੱਲ੍ਹ ਨੂੰ ਅਖ਼ਬਾਰਾਂ ਵਿੱਚ ਸਾਫ਼-ਸੁਥਰੀ ਖ਼ਬਰ ਛਪੇਗੀ।" ਅਖ਼ਬਾਰਾਂ ਨੇ ਅਗਲੇ ਦਿਨ ਸਾਗਰਿਕਾ ਘੋਸ਼ ਦੀ ਪੇਸ਼ੀਨਗੋਈ ਦੀ ਤਸਦੀਕ ਕਰ ਦਿੱਤੀ। ਸੱਦੇ ਗਏ ਸੰਪਾਦਕਾਂ ਨੇ ਆਪਣੇ 'ਉੱਚੇ ਹੋਏ ਰੁਤਬੇ' ਅਤੇ 'ਨਵੇਂ ਗਿਆਨ' ਦੀ ਨੁਮਾਇਸ਼ ਦਾ ਮੌਕਾ ਹੱਥੋਂ ਨਹੀਂ ਜਾਣ ਦਿੱਤਾ।

'ਪ੍ਰਧਾਨਮੰਤਰੀ ਨੇ ਚੁੱਪ ਤੋੜੀ' ਦੀ ਸੁਰਖ਼ੀ ਤਾਂ ਬਹੁਤ ਵਾਰ ਬਣ ਚੁੱਕੀ ਹੈ। ਉਨ੍ਹਾਂ ਦੀ ਭਰੋਸੇਯੋਗਤਾ ਅਤੇ ਇਮਾਨਦਾਰੀ ਦਾ ਗੁਣ ਗਾਣ ਤਾਂ ਪਹਿਲਾਂ ਹੀ ਬਹੁਤ ਹੋ ਚੁੱਕਿਆ ਹੈ। ਉਹ ਅਰਥਸ਼ਾਸਤਰ ਦੇ ਮਾਹਰ ਹੈ ਅਤੇ ਆਰਥਿਕ ਸੁਧਾਰਾਂ ਦੇ ਹਮਾਇਤੀ ਹਨ। ਇਹ ਦੱਸਣ ਲਈ ਤਾਂ ਉਨ੍ਹਾਂ ਨੂੰ ਸੰਪਾਦਕਾਂ ਨੂੰ ਸੱਦਣ ਦੀ ਲੋੜ ਨਹੀਂ। ਇਨ੍ਹਾਂ ਸਾਰੀਆਂ ਗੱਲਾਂ ਦੇ ਵਾਰ-ਵਾਰ ਦੁਹਰਾਉਣ ਨਾਲ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੂੰ ਕੀ ਫ਼ਰਕ ਪੈਂਦਾ ਹੈ? ਬਣਦੀ ਕਾਰਵਾਈ ਜਾਂ ਦਖ਼ਲਅੰਦਾਜ਼ੀ ਦੇ ਵਾਅਦੇ ਪਿਛਲੇ ਤਕਰੀਬਨ ਸੱਤ ਸਾਲ ਤੋਂ ਵਫ਼ਾ ਤੱਕ ਦਾ ਸਫ਼ਰ ਤੈਅ ਨਹੀਂ ਕਰ ਸਕੇ। ਇਸ ਹਾਲਤ ਵਿੱਚ ਸੰਪਾਦਕਾਂ ਰਾਹੀਂ ਬਿਆਨ ਦੇਣ ਨਾਲ ਸਰਕਾਰ ਦੀ ਸ਼ਾਖ਼ ਕਿਵੇਂ ਸੁਧਰ ਸਕਦੀ ਹੈ? ਇਸ ਮਾਮਲੇ ਵਿੱਚ ਸਰਕਾਰ ਦੀ ਕਹਿਣੀ ਅਤੇ ਕਰਨੀ ਦਾ ਫ਼ਰਕ ਅੰਨਾ ਹਜ਼ਾਰੇ ਮਾਮਲੇ ਦੀ ਧਿਰ ਬਣੇ ਬਿਨਾਂ ਵੀ ਸਮਝ ਆ ਸਕਦਾ ਹੈ। ਸਰਕਾਰ ਨੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਉੱਤੇ ਬੈਠੇ ਅੰਨਾ ਹਜ਼ਾਰੇ ਦੀ ਮੰਗ ਮੰਨ ਕੇ ਨੋਟੀਫਿਕੇਸ਼ਨ ਜਾਰੀ ਕੀਤਾ। ਸਰਕਾਰੀ ਅਤੇ ਗ਼ੈਰ-ਸਰਕਾਰੀ ਧੜਿਆਂ ਦੀ ਸਾਂਝੀ ਕਮੇਟੀ ਬਣੀ। ਇਸ ਕਮੇਟੀ ਦੀ ਕਾਰਗੁਜ਼ਾਰੀ ਦੇ ਰਾਹ ਵਿੱਚ ਆਉਣ ਵਾਲੇ ਅੜਿੱਕਿਆਂ ਬਾਬਤ ਜ਼ਾਹਿਰ ਕੀਤੇ ਗਏ ਖ਼ਦਸ਼ੇ ਸੱਚੇ ਸਾਬਤ ਹੋਏ ਹਨ। ਇਹ ਮੁੱਦਾ ਵੱਖਰਾ ਹੈ ਕਿ ਲੋਕਪਾਲ ਬਿੱਲ ਨਾਲ ਭ੍ਰਿਸ਼ਟਾਚਾਰ ਕਿਵੇਂ ਰੋਕਿਆ ਜਾ ਸਕਦਾ ਹੈ? ਬਾਬਾ ਰਾਮਦੇਵ ਅਤੇ ਉਸ ਦੇ ਹਮਾਇਤੀਆਂ ਨੂੰ ਰਾਮ-ਲੀਲ੍ਹਾ ਮੈਦਾਨ ਵਿੱਚੋਂ ਖਦੇੜਨ ਲਈ ਕੀਤੀ ਕਾਰਵਾਈ ਦਾ ਕੁਝ ਦਿਨ ਪਹਿਲਾਂ ਪੱਬਾਂ ਭਾਰ ਹੋਏ ਫਿਰਦੇ ਮੰਤਰੀਆਂ ਨਾਲ ਕੋਈ ਮੇਲ ਨਹੀਂ ਬਣਦਾ। ਮਨਮੋਹਨ ਸਿੰਘ ਇਸੇ ਸਰਕਾਰ ਦੇ ਪ੍ਰਧਾਨਮੰਤਰੀ ਹੈ। ਹੁਣ ਹਾਲਤ ਵਿੱਚ ਕੀ ਮਿਆਰੀ ਤਬਦੀਲੀ ਆਈ ਹੈ ਕਿ ਉਨ੍ਹਾਂ ਵੱਲੋਂ ਦਿੱਤੇ ਭਰੋਸੇ ਉੱਤੇ ਯਕੀਨ ਕਰ ਲਿਆ ਜਾਵੇ?

ਪ੍ਰਧਾਨਮੰਤਰੀ ਨੇ ਸਪਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਲੋਕਪਾਲ ਬਿੱਲ ਦੇ ਘੇਰੇ ਵਿੱਚ ਆਉਣ ਤੋਂ ਇਨਕਾਰ ਨਹੀਂ ਹੈ। ਮਸਾਲ ਸਿਰਫ਼ ਇਹ ਹੈ ਕਿ ਉਨ੍ਹਾਂ ਦੇ ਸਾਥੀ ਮੰਤਰੀਆਂ ਦੀ ਦਲੀਲ ਹੈ ਕਿ ਇਸ ਨਾਲ ਪ੍ਰਧਾਨਮੰਤਰੀ ਦੇ ਅਹੁਦੇ ਦੇ ਰੁਤਬੇ ਨੂੰ ਖੋਰਾ ਲੱਗੇਗਾ। ਇਸ ਦਲੀਲ ਦੇ ਪੱਖ ਜਾਂ ਵਿਰੋਧ ਵਿੱਚ ਜਾਏ ਬਿਨਾਂ ਪ੍ਰਧਾਨਮੰਤਰੀ ਦੀਆਂ ਅਜਿਹੀਆਂ ਦਲੀਲਾਂ ਦਾ ਰੁਝਾਨ ਵੇਖਿਆ ਜਾ ਸਕਦਾ ਹੈ। ਉਨ੍ਹਾਂ ਨੇ 2-ਜੀ ਮਾਮਲੇ ਵਿੱਚ ਲੋਕ ਲੇਖਾ ਕਮੇਟੀ ਸਾਹਮਣੇ ਪੇਸ਼ ਹੋਣ ਦੀ ਪੇਸ਼ਕਸ਼ ਕੀਤੀ ਸੀ। ਅਜਿਹੀ ਪੇਸ਼ਕਸ਼ ਦੀ ਲੋੜ ਨਹੀਂ ਸੀ ਪਰ ਉਨ੍ਹਾਂ ਦੇ ਮੰਤਰੀਮੰਡਲ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ। ਪ੍ਰਧਾਨਮੰਤਰੀ ਨੇ ਚੁੱਪ ਧਾਰ ਲਈ। ਬਾਅਦ ਵਿੱਚ ਲੋਕ ਲੇਖਾ ਕਮੇਟੀ ਦੀ ਰਿਪੋਰਟ ਰੱਦ ਕਰਨ ਲਈ ਹੁਕਮਰਾਨ ਧਿਰ ਨੇ ਸਾਰੀਆਂ ਜਮਹੂਰੀ ਰਵਾਇਤਾਂ ਤੋੜ ਦਿੱਤੀਆਂ। ਕਮੇਟੀ ਦੇ ਮੁਖੀ ਭਾਜਪਾ ਦੇ ਆਗੂ ਮੁਰਲੀ ਮਨੋਹਰ ਜੋਸ਼ੀ ਹਨ। ਰਿਪੋਰਟ ਖ਼ਿਲਾਫ਼ ਹੰਗਾਮਾ ਹੋਇਆ। ਚੇਅਰਮੈਨ ਮੁਰਲੀ ਮਨੋਹਰ ਜੋਸ਼ੀ ਦੇ ਬੈਠਕ ਵਿੱਚੋਂ ਰੋਸ ਪ੍ਰਗਟ ਕਰ ਕੇ ਚਲੇ ਜਾਣ ਤੋਂ ਬਾਅਦ ਰਾਜ ਸਭਾ ਮੈਂਬਰ ਸੈਫ਼ੂਦੀਨ ਸੋਜ਼ ਨੂੰ ਚੇਅਰਮੈਨ ਚੁਣਿਆ ਗਿਆ ਅਤੇ ਰਿਪੋਰਟ ਰੱਦ ਕਰ ਦਿੱਤੀ ਗਈ। ਰਵਾਇਤੀ ਤੌਰ ਉੱਤੇ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਲੋਕ ਸਭਾ ਵਿੱਚੋਂ ਵਿਰੋਧੀ ਧਿਰ ਦਾ ਨੁਮਾਇੰਦਾ ਹੁੰਦਾ ਹੈ। ਸੈਫ਼ੂਦੀਨ ਸੋਜ਼ ਰਾਜ ਸਭਾ ਵਿੱਚ ਹੁਕਮਰਾਨ ਧਿਰ ਦੇ ਨੁਮਾਇੰਦੇ ਹਨ। ਇਸ ਤਕਨੀਕੀ ਨੁਕਤੇ ਤੋਂ ਇਲਾਵਾ ਮਸਲਾ ਜਮਹੂਰੀ ਅਦਾਰੇ ਦੀ ਮਰਿਆਦਾ ਅਤੇ ਭ੍ਰਿਸ਼ਟਾਚਾਰ ਬਾਬਤ ਕੇਂਦਰ ਸਰਕਾਰ ਦੀ ਸਮਝ ਨਾਲ ਵੀ ਜੁੜਦਾ ਹੈ। ਇਸ ਰਿਪੋਰਟ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਉਸ ਮੌਕੇ ਕੇਂਦਰੀ ਮੰਤਰੀ ਬਿਆਨਬਾਜ਼ੀ ਕਰਦੇ ਰਹੇ ਪਰ ਪ੍ਰਧਾਨਮੰਤਰੀ ਚੁੱਪ ਰਹੇ। ਉਹ ਵਾਰ-ਵਾਰ ਦਲੀਲ ਦੇ ਰਹੇ ਸਨ ਕਿ ਪ੍ਰਧਾਨਮੰਤਰੀ ਨੂੰ ਤਾਂ ਕਮੇਟੀ ਅੱਗੇ ਪੇਸ਼ ਹੋਣ ਤੋਂ ਕੋਈ ਇਤਰਾਜ਼ ਨਹੀਂ ਸੀ। ਨੈਤਿਕ ਪੱਖੋਂ ਹੱਥ ਉੱਚਾ ਰੱਖਣ ਵਾਲੀ ਇਸ ਮਸ਼ਕ ਦੌਰਾਨ ਪ੍ਰਧਾਨਮੰਤਰੀ ਨੇ ਚੁੱਪ ਵੱਟੀ ਰੱਖੀ। ਮਸਲਾ ਇਹ ਹੈ ਕਿ ਜੇ ਉਹ ਜਮਹੂਰੀ ਕਦਰਾਂ-ਕੀਮਤਾਂ ਦੇ ਧਾਰਨੀ ਹਨ ਤਾਂ ਮੌਕੇ ਉੱਤੇ ਦਖ਼ਲਅੰਦਾਜ਼ੀ ਕਰਨ। ਉਹ ਆਪਣੀ ਸਾਦਗੀ ਅਤੇ ਇਮਾਨਦਾਰੀ ਦਾ ਗੁਣ ਗਾਣ ਲਗਾਤਾਰ ਸੁਣਦੇ ਰਹਿੰਦੇ ਹਨ। ਹੁਣ ਚੋਣਵੇਂ ਸੰਪਾਦਕਾਂ ਸਾਹਮਣੇ ਉਨ੍ਹਾਂ ਨੇ ਆਪਣੇ ਇਨ੍ਹਾਂ ਗੁਣਾਂ ਦੀ ਨੁਮਾਇਸ਼ ਤੋਂ ਬਿਨਾਂ ਕੁਝ ਨਹੀਂ ਕੀਤਾ। ਇਹ ਪੰਜੇ ਸੰਪਾਦਕ ਉਨ੍ਹਾਂ ਦੇ ਇਨ੍ਹਾਂ ਗੁਣਾਂ ਦੇ ਕਾਇਲ ਹਨ। ਸੰਪਾਦਕਾਂ ਤੋਂ ਇਹ ਕੌਣ ਪੁੱਛੇ ਕਿ ਇਨ੍ਹਾਂ ਗੁਣਾਂ ਨਾਲ ਮੁਲਕ ਦੀਆਂ ਮੌਜੂਦਾ ਮੁਸ਼ਕਲਾਂ ਦਾ ਹੱਲ ਕਿਵੇਂ ਹੋ ਸਕਦਾ ਹੈ?

ਕੁਝ ਮਸਲਿਆਂ ਉੱਤੇ ਮੌਜੂਦਾ ਵਿਰੋਧੀ ਅਤੇ ਹੁਕਮਰਾਨ ਧਿਰ ਵਿੱਚ ਸਹਿਮਤੀ ਜਾਪਦੀ ਹੈ। ਵਿਰੋਧੀ ਧਿਰ ਵਾਰ-ਵਾਰ ਕਹਿੰਦੀ ਹੈ ਕਿ ਪ੍ਰਧਾਨਮੰਤਰੀ ਕਮਜ਼ੋਰ ਹਨ ਅਤੇ ਸੋਨੀਆ ਗਾਂਧੀ ਹੀ ਸਾਰੇ ਫ਼ੈਸਲੇ ਲੈਂਦੀ ਹੈ। ਸਰਕਾਰ ਇਨ੍ਹਾਂ ਬਿਆਨਾਂ ਦਾ ਖੰਡਨ ਕਰਦੀ ਹੋਈ ਪ੍ਰਧਾਨਮੰਤਰੀ ਨੂੰ ਖ਼ੁਦਮੁਖ਼ਤਾਰ, ਭਰੋਸੇਵਾਨ ਅਤੇ ਮਜ਼ਬੂਤ ਕਰਾਰ ਦਿੰਦੀ ਹੈ। ਇਸ ਨਾਟਕ ਨੇ ਸਿਆਸੀ ਮੰਚ ਮੱਲ੍ਹਿਆ ਹੋਇਆ ਹੈ। ਅਗਲਾ ਸਵਾਲ ਇਹ ਹੈ ਕਿ ਰਾਹੁਲ ਗਾਂਧੀ ਪ੍ਰਧਾਨਮੰਤਰੀ ਕਦੋਂ ਬਣ ਰਹੇ ਹਨ? ਇਸ ਸਵਾਲ ਦਾ ਮੁਲਕ ਦੇ ਮੌਜੂਦਾ ਮਸਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦਾ ਪ੍ਰਧਾਨਮੰਤਰੀ ਦੇ ਅਹੁਦੇ ਉੱਤੇ ਦਾਅਵਾ ਵਿਰਾਸਤੀ ਮਸਲਾ ਹੈ। ਜੇ ਉਨ੍ਹਾਂ ਕੋਲ ਮੁਲਕ ਦੇ ਮਸਲੇ ਹੱਲ ਕਰਨ ਲਈ ਕੋਈ ਵੱਖਰੀ ਸੋਚ ਹੈ ਤਾਂ ਉਸ ਦਾ ਪ੍ਰਗਟਾਵਾ ਹੁਣ ਤੱਕ ਹੋ ਜਾਣਾ ਸੀ। ਰਾਹੁਲ ਦੀ ਤਕਰੀਰਬਾਜ਼ੀ ਅਤੇ ਹਰ ਸਰਗਰਮੀ ਨੂੰ ਉਸ ਦੀ ਯੋਗਤਾ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਦੋਵਾਂ ਗੁਣਾਂ ਨਾਲ ਮੁਲਕ ਵਿੱਚ ਪਸਰੀ ਗ਼ੁਰਬਤ, ਜਹਾਲਤ, ਬੇਰੁਜ਼ਗਾਰੀ ਅਤੇ ਬੇਵਿਸਾਹੀ ਕਿਵੇਂ ਘੱਟ ਸਕਦੀ ਹੈ? ਭ੍ਰਿਸ਼ਟਾਚਾਰ ਨੂੰ ਠੱਲ੍ਹ ਕਿਵੇਂ ਪੈ ਸਕਦੀ ਹੈ? ਮਹਿੰਗਾਈ ਕਿਵੇਂ ਘੱਟ ਸਕਦੀ ਹੈ? ਜੇ ਰਾਹੁਲ ਕੋਲ ਇਨ੍ਹਾਂ ਮਸਲਿਆਂ ਬਾਬਤ ਕੋਈ ਨਵੀਂ ਸੋਚ ਨਹੀਂ ਹੈ ਤਾਂ ਲੋਕਾਂ ਨੂੰ ਇਸ ਗੱਲ ਨਾਲ ਕੀ ਫ਼ਰਕ ਪੈਦਾ ਹੈ ਕਿ ਪ੍ਰਧਾਨਮੰਤਰੀ ਕੋਈ ਇਮਾਨਦਾਰ ਅਰਥਸ਼ਾਸਤਰੀ ਹੈ ਜਾਂ ਇੰਦਰਾ ਗਾਂਧੀ ਦਾ ਪੋਤਾ ਤੇ ਰਾਜੀਵ-ਸੋਨੀਆ ਦਾ ਮੁੰਡਾ ਹੈ। ਭ੍ਰਿਸ਼ਟਾਚਾਰ ਕਾਰਨ ਆਲੋਚਕ ਸਾਡੇ ਮੁਲਕ ਨੂੰ ਵਿਕਾਉ ਗਣਰਾਜ (ਬਨਾਨਾ ਰਿਪਬਲਿਕ) ਕਹਿਣ ਤੋਂ ਗੁਰੇਜ਼ ਨਹੀਂ ਕਰਦੇ। ਰਾਹੁਲ ਗਾਂਧੀ ਦੇ ਪ੍ਰਧਾਨਮੰਤਰੀ ਬਣਨ ਦੇ ਦਾਅਵੇ ਨਾਲ ਇਸ ਨੂੰ ਕਬੀਲਾ ਰਾਜ ਕਿਉਂ ਨਾ ਕਿਹਾ ਜਾਵੇ?

ਮਨਮੋਹਨ ਸਿੰਘ ਨੇ ਸਾਡੇ ਮੁਲਕ ਵਿੱਚ ਆਰਥਿਕ ਸੁਧਾਰ ਲਾਗੂ ਕੀਤੇ ਸਨ। ਉਨ੍ਹਾਂ ਨੇ ਉਦਾਰੀਕਰਨ, ਨਿੱਜੀਕਰਨ ਅਤੇ ਖੁੱਲ੍ਹੀ ਮੰਡੀ ਵਾਲੀਆਂ ਨੀਤੀਆਂ ਲਾਗੂ ਕੀਤੀਆਂ ਸਨ। ਉਨ੍ਹਾਂ ਦੀ ਇਨ੍ਹਾਂ ਨੀਤੀਆਂ ਦੀ ਵਕਾਲਤ ਭਾਜਪਾ ਸਮੇਤ ਤਕਰੀਬਨ ਸਾਰੀਆਂ ਵਿਰੋਧੀ ਪਾਰਟੀਆਂ ਕਰਦੀਆਂ ਹਨ। ਉੱਚੀ ਵਿਕਾਸ ਦਰ ਦੇ ਹਵਾਲੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਸਾਡਾ ਮੁਲਕ ਵੱਡੀ ਕੌਮਾਂਤਰੀ ਤਾਕਤ ਬਣ ਰਿਹਾ ਹੈ। ਮਹਿੰਗਾਈ ਨਾਲ ਆਮ ਲੋਕ ਪਰੇਸ਼ਾਨ ਹਨ। ਸਰਕਾਰੀ ਅੰਕੜੇ (ਨੈਸ਼ਨਲ ਫੈਮਲੀ ਹੈਲਥ ਸਰਵੇ-੩) ਦੱਸਦੇ ਹਨ ਕਿ ਲੋਕਾਂ ਦੀ ਸਿਹਤ ਅਤੇ ਸਿੱਖਿਆ ਸਹੂਲਤਾਂ ਤੱਕ ਪਹੁੰਚ ਘਟ ਰਹੀ ਹੈ। ਬੱਚੇ ਸਿਰਫ਼ ਸਕੂਲਾਂ ਵਿੱਚੋਂ ਹੀ ਗ਼ੈਰਹਾਜ਼ਰ ਨਹੀਂ ਹਨ ਸਗੋਂ ਟੀਕਾਕਰਨ ਦੇ ਘੇਰੇ ਵਿੱਚੋਂ ਵੀ ਬਾਹਰ ਜਾ ਰਹੇ ਹਨ। ਪੋਲੀਓ ਅਤੇ ਤਪਦਿਕ ਵਰਗੀਆਂ ਬੀਮਾਰੀਆਂ ਵਧ ਰਹੀਆਂ ਹਨ। ਮੁਲਕ ਵਿੱਚ ਵੱਡੇ ਅਕਾਲ ਜਾਂ ਕੁਦਰਤੀ ਆਫ਼ਤ ਤੋਂ ਬਿਨਾਂ ਹੀ ਖੁਰਾਕ ਵਸਤਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਸਰਕਾਰ ਜ਼ਖ਼ੀਰੇਬਾਜ਼ੀ, ਸੱਟੇਬਾਜ਼ੀ ਅਤੇ ਮੁਨਾਫ਼ੇਖ਼ੋਰੀ ਖ਼ਿਲਾਫ਼ ਕਾਗ਼ਜ਼ੀ ਕਾਰਵਾਈ ਤੋਂ ਜ਼ਿਆਦਾ ਕੁਝ ਨਹੀਂ ਕਰਦੀ। ਇਹ ਸਭ ਕੁਝ ਖੁੱਲ੍ਹੀ ਮੰਡੀ ਦੇ ਆਪ-ਹੁਦਰੇਪਣ ਦਾ ਸਿੱਟਾ ਹੈ ਜੋ ਮੌਜੂਦਾ ਆਰਥਿਕ ਨੀਤੀਆਂ ਦਾ ਧੁਰਾ ਹੈ। ਨੈਸ਼ਨਲ ਸੈਂਪਲ ਸਰਵੇਖਣ (ਐਨ.ਐਸ.ਐਸ.) ਦੇ ਅੰਕੜੇ ਦੱਸਦੇ ਹਨ ਕਿ ਸਾਡੇ ਮੁਲਕ ਵਿੱਚ ੭੭ ਫ਼ੀਸਦੀ ਲੋਕ ਰੋਜ਼ਾਨਾ ਵੀਹ ਰੁਪਏ ਤੋਂ ਘੱਟ ਦੀ ਆਮਦਨ ਨਾਲ ਗੁਜ਼ਾਰਾ ਕਰਦੇ ਹਨ। ਹਾਲੇ ਤੱਕ ਗ਼ਰੀਬੀ ਰੇਖਾ ਤੈਅ ਕਰਨ ਦੀਆਂ ਵਿਧੀਆਂ ਵਿੱਚ ਵਿਵਾਦ ਚਲਿਆ ਆ ਰਿਹਾ ਹੈ। ਜਿਸ ਕਾਰਨ ਇੱਕ ਧਿਰ ਮੰਨਦੀ ਹੈ ਕਿ ਗ਼ਰੀਬੀ ੩੪ ਫ਼ੀਸਦੀ ਹੈ ਅਤੇ ਦੂਜੀ ਧਿਰ ਦੀ ਦਲੀਲ ਹੈ ਕਿ ਇਹ ੪੧ ਫ਼ੀਸਦੀ ਹੈ। ਮਸਲਾ ਤਾਂ ਇਹ ਹੈ ਕਿ ਇਸ ਬਹਿਸ ਦਾ ਨਬੇੜਾ ਭਾਵੇਂ ਹੋਵੇ ਜਾਂ ਨਾ ਪਰ 121 ਕਰੋੜ ਜਣਿਆਂ ਦੇ ਮੁਲਕ ਵਿੱਚ ਤਕਰੀਬਨ ੫੦ ਕਰੋੜ ਭੁੱਖਮਰੀ ਵਰਗੀ ਹਾਲਤ ਵਿੱਚ ਹੈ। ਕੌਮਾਂਤਰੀ ਸਿਹਤ ਮਿਆਰਾਂ ਮੁਤਾਬਕ ਉਹ ਕੁਪੋਸ਼ਣ ਦਾ ਸ਼ਿਕਾਰ ਹਨ। ਖ਼ੂਨ ਦੀ ਕਮੀ ਅਤੇ ਅਲੱਥ ਥਕੇਵੇਂ ਕਾਰਨ ਉਹ ਸਹਿਜ ਹੋ ਕੇ ਸੋਚਣ ਦੀ ਹਾਲਤ ਤੱਕ ਵੀ ਨਹੀਂ ਪਹੁੰਚ ਪਾਉਂਦੇ। ਪੜ੍ਹਣ-ਲਿਖਣ ਤੇ ਵਿਗਿਆਨਕ ਸੋਚ ਦਾ ਮਸਲਾ ਵੱਖਰਾ ਹੈ। ਸੋਚਣ ਦੀ ਸਮਰੱਥਾ ਹੀ ਤਾਂ ਮਨੁੱਖ ਅਤੇ ਜਾਨਵਰ ਵਿੱਚ ਨਿਖੇੜਾ ਕਰਦੀ ਹੈ। ਏਨੀ ਵੱਡੀ ਗਿਣਤੀ ਦੇ ਜਾਨਵਰਾਂ ਵਾਲੀ ਹਾਲਤ ਵਿੱਚ ਹੋਣ ਤੋਂ ਬਾਅਦ ਕਿਸੇ ਮੁਲਕ ਦੇ ਜਮਹੂਰੀ ਹੋਣ ਦਾ ਦਾਅਵਾ ਮਨੁੱਖ ਨੂੰ ਸ਼ਰਮਸਾਰ ਕਰਨ ਲਈ ਕਾਫ਼ੀ ਹੋਣਾ ਚਾਹੀਦਾ ਸੀ। ਇਨ੍ਹਾਂ ਨੀਤੀਆਂ ਦੀ ਵਕਾਲਤ ਕਰਨ ਵਾਲੇ ਸੰਪਾਦਕ ਲਾਣੇ ਤੋਂ ਇਹ ਆਸ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਮਨਮੋਹਨ ਸਿੰਘ ਨੂੰ ਠੋਸ ਸਵਾਲ ਪੁੱਛਣ?

ਹਿੰਦੂ ਅਖ਼ਬਾਰ ਦੇ ਪੱਤਰਕਾਰ ਸਿਧਾਰਥ ਵਰਧਰਾਜਨ ਨੇ ਲਿਖਿਆ ਹੈ, "ਜਦੋਂ ਆਮ ਲੋਕਾਂ ਨੂੰ ਪੁਲੀਸ ਪਰੇਸ਼ਾਨ ਕਰਦੀ ਹੈ ਤਾਂ ਕਿਸੇ ਦੀ ਅੱਖ ਗਿੱਲੀ ਨਹੀਂ ਹੁੰਦੀ। ਇਸ ਵੇਲੇ ਅਮੀਰ ਅਤੇ ਤਾਕਤਵਰ ਲੋਕ ਭ੍ਰਿਸ਼ਟਾਚਾਰ ਕਾਰਨ ਨਜ਼ਰਸਾਨੀ ਹੇਠ ਹਨ ਤਾਂ ਪ੍ਰਧਾਨਮੰਤਰੀ ਨੂੰ ਸਾਡੇ ਮੁਲਕ ਦੇ ਪੁਲੀਸ ਰਾਜ ਹੋ ਜਾਣ ਦਾ ਖ਼ਦਸ਼ਾ ਵੱਢ-ਵੱਢ ਖਾ ਰਿਹਾ ਹੈ।" ਪ੍ਰਧਾਨਮੰਤਰੀ ਨੇ ਆਪਣੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਘਿਰੇ ਸਿਆਸਤਦਾਨਾਂ, ਅਫ਼ਸਰਸ਼ਾਹੀ ਅਤੇ ਸਨਅਤਕਾਰਾਂ ਖ਼ਿਲਾਫ਼ ਹੋ ਰਹੀ ਕਾਰਵਾਈ ਵਿੱਚੋਂ ਝਲਕਦੀ ਦੋਚਿੱਤੀ ਦੇ ਪੱਖ ਵਿੱਚ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ। ਉਨ੍ਹਾਂ ਦੀ ਦਲੀਲ ਹੈ ਕਿ ਕੈਗ ਅਤੇ ਪੱਤਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਸਬੂਤਾਂ ਦੇ ਪਿਛੋਕੜ ਵਿਚਲੇ ਗ਼ੈਰਯਕੀਨੀ ਹਾਲਤ ਉੱਤੇ ਨਜ਼ਰਸਾਨੀ ਹੋਣੀ ਚਾਹੀਦੀ ਹੈ। ਸਵਾਲ ਇਹ ਹੈ ਕਿ ੨-ਜੀ ਸਪੈਕਟ੍ਰਮ, ਪੁਲਾੜ ਸਪੈਕਟ੍ਰਮ ਅਤੇ ਰਾਸ਼ਟਰਮੰਡਲ ਖੇਡਾਂ ਵਾਲੇ ਫ਼ੈਸਲੇ ਅਜਿਹੇ ਕਿਸੇ ਹਾਲਾਤ ਵਿੱਚ ਨਹੀਂ ਹੋਏ ਜਿਨ੍ਹਾਂ ਨੂੰ ਗ਼ੈਰਯਕੀਨੀ ਕਿਹਾ ਜਾ ਸਕੇ। ਪ੍ਰਧਾਨਮੰਤਰੀ ਨੂੰ ੨-ਜੀ ਸਪੈਕਟ੍ਰਮ ਬਾਬਤ ਹੋਏ ਫ਼ੈਸਲਿਆਂ ਦੇ ਗ਼ਲਤ ਹੋਣ ਤੱਕ ਦਾ ਇਲਮ ਸੀ। ਉਨ੍ਹਾਂ ਨੂੰ ਪਤਾ ਹੈ ਕਿ ਸਪੈਕਟ੍ਰਮ ਵਰਗੀ ਸੇਵਾ ਜੇ ਮੰਡੀ ਤੋਂ ਸਸਤੀ ਵੇਚੀ ਜਾਂਦੀ ਹੈ ਤਾਂ ਇਸ ਨਾਲ ਰਿਆਇਤ ਲੈਣ ਵਾਲੇ ਅੱਗੋਂ ਠੇਕੇ ਦੇਣਗੇ ਅਤੇ ਮੁਨਾਫ਼ਾ ਕਮਾਉਣਗੇ। ਜਿੰਨੀ ਦੇਰ ਸਪੈਕਟ੍ਰਮ ਦੀ ਕੀਮਤ ਮੰਡੀ ਮੁਤਾਬਕ ਨਹੀਂ ਹੋ ਜਾਂਦੀ ਇਸ ਦੀ ਅਸਲ ਮਲਕੀਅਤ ਬਦਲਦੀ ਰਹੇਗੀ। ਇਹ ਦਲੀਲ ਤਾਂ ਉਨ੍ਹਾਂ ਦੀ ਹੈ ਸੋ ਇਹ ਤਵੱਕੋ ਕਰਨਾ ਔਖਾ ਹੈ ਕਿ ੨-ਜੀ ਬਾਬਤ ਸਵਾਲ ਉਨ੍ਹਾਂ ਦੇ ਦਿਮਾਗ ਵਿੱਚ ਨਹੀਂ ਆਏ ਹੋਏ। ਪੁਲਾੜ ਸਪੈਕਟ੍ਰਮ ਵਿੱਚ ਤਾਂ ਫ਼ੈਸਲਾ ਕਿਸੇ ਹੋਰ ਮੰਤਰੀ ਨੇ ਨਹੀਂ ਸਗੋਂ ਉਨ੍ਹਾਂ ਨੇ ਆਪ ਕੀਤਾ ਸੀ। ਇਨ੍ਹਾਂ ਹਾਲਾਤ ਦੀ ਨਿਰਪੱਖ ਜਾਂਚ ਤੋਂ ਪ੍ਰਧਾਨਮੰਤਰੀ ਨੂੰ ਸਾਡੇ ਮੁਲਕ ਦੇ ਪੁਲੀਸ ਰਾਜ ਹੋ ਜਾਣ ਦਾ ਖ਼ਦਸ਼ਾ ਹੈ। ਉਨ੍ਹਾਂ ਸਪਸ਼ਟ ਕਿਹਾ ਹੈ ਕਿ ਜੇ ਇਸ ਤਰ੍ਹਾਂ ਸਰਕਾਰੀ ਫ਼ੈਸਲੇ 'ਸ਼ੱਕ ਦੇ ਘੇਰੇ' ਵਿੱਚ ਰਹੇ ਤਾਂ ਇਸ ਨਾਲ ਕਾਰੋਬਾਰੀਆਂ ਲਈ ਮੁਲਕ ਵਿੱਚ ਬਣੇ ਸਾਜ਼ਗਾਰ ਮਾਹੌਲ ਨੂੰ ਢਾਹ ਲੱਗੇਗਾ। ਇਸ ਨੁਕਤੇ ਤੋਂ ਬਾਅਦ ਚੋਣਵੇਂ ਸੰਪਾਦਕਾਂ ਨੂੰ ਸੱਦਣ ਦਾ ਸਬੱਬ ਸਪਸ਼ਟ ਹੋ ਜਾਂਦਾ ਹੈ। ਇਸ ਰੁਝਾਨ ਦੀ ਕੌਮਾਂਤਰੀ ਤੰਦ ਮਾਮਲਾ ਬਿਲਕੁਲ ਸਪਸ਼ਟ ਕਰ ਦਿੰਦੀ ਹੈ। ਪਿਛਲੇ ਦਿਨੀਂ ਅਰੁੰਧਤੀ ਰਾਏ ਨੂੰ 'ਗਾਰਡੀਅਨ' ਅਖ਼ਬਾਰ ਦੇ ਪੱਤਰਕਾਰ ਸਟੀਫਨ ਮੌਸ ਨੇ ਪੁੱਛਿਆ ਕਿ ਤੁਸੀਂ ਜਿਨ੍ਹਾਂ ਮੁਹਿੰਮਾਂ ਦਾ ਜ਼ਿਕਰ ਕਰਦੇ ਹੋ ਉਨ੍ਹਾਂ ਦੀ ਚਰਚਾ ਪੱਛਮ ਦੇ ਮੁਲਕਾਂ ਵਿੱਚ ਕਿਉਂ ਸੁਣਾਈ ਨਹੀਂ ਦਿੰਦੀ? ਅਰੁੰਧਤੀ ਰਾਏ ਨੇ ਜਵਾਬ ਦਿੱਤਾ, "ਮੈਨੂੰ ਕਈ ਕੌਮਾਂਤਰੀ ਪੱਤਰਕਾਰਾਂ ਨੇ ਸਪਸ਼ਟ ਕਿਹਾ ਹੈ ਕਿ ਉਨ੍ਹਾਂ ਦੇ ਅਖ਼ਬਾਰਾਂ ਦੀਆਂ ਹਦਾਇਤਾਂ ਹਨ ਕਿ ਭਾਰਤ ਬਾਬਤ ਕੋਈ ਮਾੜੀ ਖ਼ਬਰ ਨਹੀਂ ਭੇਜਣੀ ਕਿਉਂਕਿ ਇਹ ਨਿਵੇਸ਼ਕਾਰਾਂ ਦੀ ਪਸੰਦੀਦਾ ਮੰਜ਼ਿਲ ਹੈ।" ਸਟੀਫਨ ਮੌਸ ਨੂੰ ਇਸ ਗੱਲ ਉੱਤੇ ਯਕੀਨ ਕਰਨਾ ਔਖਾ ਲੱਗਦਾ ਹੈ ਪਰ ਹੁਣ ਤਾਂ ਸਾਡੇ ਪ੍ਰਧਾਨਮੰਤਰੀ ਸਮਝਾ ਰਹੇ ਹਨ। ਉਨ੍ਹਾਂ ਨੂੰ ਸਾਰੀਆਂ ਦੁਨੀਆਂ ਅਰਥਸ਼ਾਸਤਰੀ ਮੰਨਦੀ ਹੈ ਸੋ ਹੁਣ ਇਹ ਵੀ ਸਪਸ਼ਟ ਜਾਪਦਾ ਹੈ ਕਿ ਮੌਜੂਦਾ ਨਿਜ਼ਾਮ ਦੀ ਪਹਿਲ ਨਿਵੇਸ਼ ਨੂੰ ਹੈ। ਜੇ ਨਿਵੇਸ਼ ਉੱਤੇ ਭ੍ਰਿਸ਼ਟਾਚਾਰ ਵਰਗੇ ਮੁੱਦੇ ਦਾ ਕਾਲਾ ਪਰਛਾਵਾਂ ਪੈਂਦਾ ਹੈ ਤਾਂ ਸਾਡੇ ਮੁਲਕ ਦੀ ਵਿਕਾਸ ਦਰ ਘਟ ਸਕਦੀ ਹੈ। ਹੁਣ ਮਸਲਾ ਦਰਬਾਨ ਪੱਤਰਕਾਰਾਂ ਉੱਤੇ ਹੈ ਕਿ ਉਹ ਵਿਕਾਸ ਦਰ ਦੀ ਅਹਿਮੀਅਤ ਨੂੰ ਕਿਵੇਂ ਯਕੀਨੀ ਬਣਾਉਂਦੇ ਹਨ? ਪ੍ਰਧਾਨਮੰਤਰੀ ਨੇ ਆਪਣੀ ਤਰਜੀਹ ਖੁੱਲ੍ਹ ਕੇ ਦੱਸ ਦਿੱਤੀ ਹੈ ਜੋ ਉਨ੍ਹਾਂ ਦੀ ਇਮਾਨਦਾਰ ਸ਼ਖ਼ਸ਼ੀਅਤ ਅਤੇ ਮੌਜੂਦਾ ਨਿਜ਼ਾਮ ਨਾਲ ਮੇਲ ਖਾਂਦੀ ਹੈ।

ਦਲਜੀਤ ਅਮੀ
ਲੇਖ਼ਕ ਪੰਜਾਬੀ ਟ੍ਰਿਬਿਊਨ ਦੇ ਅਸਿਸਟੈਂਟ ਐਡੀਟਰ ਰਹੇ ਹਨ ਤੇ ਪੰਜਾਬ ਦੇ ਜਾਣੇ ਪਛਾਣੇ ਦਸਤਾਵੇਜ਼ੀ ਫਿਲਮਸਾਜ਼ ਹਨ।ਇਤਿਹਾਸ ਦੇ ਵਿਦਿਆਰਥੀ ਸਨ,ਇਸ ਲਈ ਸਿਆਸਤ ਦਾ ਕੰਨ ਇਤਿਹਾਸ ਤੇ 'ਵਕਤੀ ਇਤਿਹਾਸ' ਦੇ ਨਜ਼ਰੀਏ ਤੋਂ ੜ੍ਹਦੇ ਹਨ।