ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, January 13, 2014

ਬਾਪ ਨਹੀਂ ਵਾਰਸ 'ਦੇਵਨੀਤ'

ਇਕ ਵਾਰ ਸਵਰਾਜਬੀਰ ਨੇ ਦੇਵਨੀਤ ਅਤੇ ਰਾਜਵਿੰਦਰ ਮੀਰ ਦੀ ਕਵਿਤਾ ਬਾਰੇ ਲਿਖਿਆ ਸੀ । ਮੈਂ ਉਸ ਲੇਖ ਬਾਰੇ ਇਕ ਛੋਟੇ ਜਿਹੇ ਹੁੰਗਾਰੇ ਦੇ ਰੂਪ ਵਿਚ ਕੁਝ ਲਿਖ ਲਿਆ ਸੀ । ਪਿਛਲੇ ਦਿਨਾਂ ਵਿਚ ਜਦੋਂ ਦੇਵਨੀਤ ਦੇ ਜਾਣ ਦੀ ਖ਼ਬਰ ਸੁਣੀ ਤਾਂ ਮੈਂ ਆਪਣੀ ਡਾਇਰੀ ਦਾ ਉਹ ਪੰਨਾ ਖੋਲ ਬੈਠੀ ਰਹੀ। ਉਸਦਾ ਕੁਝ ਹਿੱਸਾ ਹੁਣ ਦੇ ਪਾਠਕਾਂ ਨਾਲ ਸਾਂਝਾ ਕਰ ਰਹੀ ਹਾਂ…)

ਮਾਨਸਾ ਮੇਰੇ ਨੇੜੇ ਹੈ, ਦਿੱਲੀ ਵਾਲਾ ਸਵਰਾਜਬੀਰ ਮੈਥੋਂ ਪਹਿਲਾਂ ਇੱਥੇ ਪਹੁੰਚ ਗਿਆ। ਦਿੱਲੀ ਸ਼ਾਇਦ ਇਸੇ ਲਈ ਦਿੱਲੀ ਹੈ, ਆਪਣੀ ਰਫ਼ਤਾਰ ਕਾਰਨ। ਉਂਝ ਰਫ਼ਤਾਰ ਦੇ ਆਪਣੇ ਖਤਰੇ ਵੀ ਹੁੰਦੇ ਨੇ। ਅਸੀਂ ਦੇਵਨੀਤ ਦੇ ਕਹਿਣ ਵਾਂਗੂੰ 'ਬਠਿੰਡੇ ਦੇ ਕਰੈਕਟਰ ਸਰਟੀਫਿਕੇਟ' ਹਾਂ , ਦਾਖ਼ਲਾ ਲੈਣ ਜਾਂਦੇ ਹਾਂ ਤਾਂ ਕਰੈਕਟਰ ਸਰਟੀਫਿਕੇਟ ਵੀ ਘਰ ਭੁੱਲ ਜਾਂਦੇ ਹਾਂ।

ਸਵਰਾਜਬੀਰ ਨੇ ਦੇਵਨੀਤ ਦੀ ਗੱਲ ਕੀਤੀ ਹੈ, ਉਸ ਦੀ ਕਵਿਤਾ ਵਿਚਲੇ ਤਣਾਅ ਦੀ, ਇਹ ਗੱਲ ਕਰਨ ਵਾਲੀ ਸੀ। ਸਵਰਾਜਬੀਰ ਨੇ ਮੈਨੂੰ ਮਾਨਸਾ ਦੇ ਰਾਹ ਤੋਰਿਆ ਹੈ। ਮਾਨਸਾ ਪੰਜਾਬੀ ਕਵਿਤਾ ਨੂੰ ਨਵੀਂ ਰਾਹ ਦਿਖਾਉਂਦਾ ਨਜ਼ਰ ਆਉਂਦਾ। ਪੰਜਾਬੀ ਕਵਿਤਾ ਨੂੰ ਜੁਆਨ ਕਰਦਿਆਂ ਦੇਵਨੀਤ ਬੁੱਢਾ ਹੋ ਰਿਹਾ। ਆਪਣਾ ਮੋਬਾਇਲ ਗਵਾ ਲੈਂਦਾ। ਨੀਤੂ ਦਾ ਫੋਨ ਨਹੀਂ ਆਉਂਦਾ , ਸੋਚਦਾ ਨੀਤੂ ਪੈਸਿਵ ਹੋ ਗਈ ਹੋਣੀ। ਇਹ ਭੁੱਲ ਜਾਂਦਾ ਕਿ ਉਸਦੀ ਜੇਬ ਵਿਚਲਾ ਫੋਨ ਗੁਆਚ ਚੁੱਕਾ। ਐਸੀ ਕਵਿਤਾ ਦੇ ਸਾਥ ਵਿਚ ਇਹੀ ਹੋ ਸਕਦਾ। ਇਹੀ ਕਵਿਤਾ ਦੇ ਹੋਣ ਦੀਆਂ ਨਿਸ਼ਾਨੀਆਂ ਹਨ। ਇਸੇ ਲਈ ਸਵਰਾਜਬੀਰ ਨੂੰ ਇਹ ਚੰਗੀ ਲੱਗਦੀ ਹੈ।


ਕਵਿਤਾ ਚਿਹਰੇ ਦੀ ਖ਼ੂਬਸੂਰਤੀ ਨੂੰ ਵਧਾਉਂਦੀ
ਨਹੀਂ, ਸਗੋਂ ਘਟਾਉਂਦੀ ਹੈ। ਇਹ ਕਵੀਆਂ ਦੀਆਂ ਮਾਡਲਾਂ ਵਾਂਗੂੰ ਖਿਚਵਾਈਆਂ ਫ਼ੋਟੋਆਂ ਦੇ ਸਾਥ ਵਿਚ ਨਹੀਂ ਵਸਦੀ, ਜਿਸਨੇ ਮਾਡਲਿੰਗ ਕਰਨੀ ਹੈ ਉਸ ਲਈ ਪੂਰਾ ਬਜ਼ਾਰ ਹਾਜ਼ਰ ਹੈ। ਬਜ਼ਾਰ ਵਿਚ ਮਹਿਫ਼ਲੀਅਤ ਤਾਂ ਮਿਲ ਸਕਦੀ ਹੈ, ਕਵਿਤਾ ਨਹੀਂ।ਮਹਿਫ਼ਲੀਅਤ ਉਹੀ ਨਹੀਂ ਹੁੰਦੀ ਜੋ ਦਿਖਾਈ ਦਿੰਦੀ ਹੈ, ਇਹ ਬੰਦੇ ਦੇ ਅੰਦਰ ਵੀ ਪਈ ਹੁੰਦੀ। ਕੁਝ ਲੋਕ ਇਕੱਲੇ ਹੋ ਕੇ ਵੀ ਮਹਿਫ਼ਲ ਵਿਚ ਹੁੰਦੇ ਨੇ …… ਕਵਿਤਾ ਸਾਥ ਵਿਚ ਹੈ, ਮਹਿਫ਼ਲੀਅਤ ਵਿਚ ਨਹੀਂ । ਸਾਥ ਅਤੇ ਮਹਿਫ਼ਲੀਅਤ ਵਿਚ ਅੰਤਰ ਹੈ, ਇਸੇ ਅੰਤਰ ਨੂੰ ਜਾਣ ਲੈਣ ਵਿਚ ਕਵਿਤਾ ਦੀ ਭਲਾਈ ਹੈ। ਜਦੋਂ ਪੰਜਾਬੀ ਦੇ ਕੁਝ ਕਵੀ ਕਵਿਤਾ ਲੱਭਣ ਲਈ ਦ੍ਰਿਸ਼ ਲੱਭਦੇ ਹਨ, ਦ੍ਰਿਸ਼ ਸਿਰਜਦੇ ਹਨ, ਅਜਿਹੇ ਦ੍ਰਿਸ਼ ਜਿਨ੍ਹਾਂ ਦਾ ਉਨ੍ਹਾਂ ਨਾਲ ਕੋਈ ਸੰਬੰਧ ਨਹੀਂ ਬਣਦਾ, ਉਹ ਸੰਬੰਧ ਬਣਾਉਂਦੇ ਹਨ। ਪਰ ਦ੍ਰਿਸ਼ ਦੀਆਂ ਝੀਥਾਂ ਥਾਈਂ ਸਭ ਕੁਝ ਕਿਰ ਜਾਂਦਾ, ਕਵਿਤਾ ਦੇ ਪੈਰਾਂ ਹੇਠ ਜ਼ਮੀਨ ਨਹੀਂ ਹੁੰਦੀ, ਉਹ ਨਿਸੱਤੀ ਹੋ ਕੇ ਵਰਕਿਆਂ ਉਤੇ ਡਿਗ ਪੈਂਦੀ ਹੈ। ਕਵੀ ਕਵਿਤਾ ਦੀ ਨਿਸੱਤੀ ਦੇਹੀ ਨੂੰ ਬਾਜ਼ਾਰ ਵਿਚ ਲੈ ਨਿਕਲਦਾ। ਬਜ਼ਾਰ ਤਾਂ ਹੈ ਹੀ ਇਸੇ ਲਈ । ਅਜਿਹੀ ਕਵਿਤਾ ਮਹਿਜ਼ ਪੋਜਕਾਰੀ ਬਣਕੇ ਰਹਿ ਜਾਂਦੀ ਹੈ। ਦੇਵਨੀਤ ਦੀ ਕਵਿਤਾ ਇਕੱਲਤਾ ਅਤੇ ਸਾਥ ਦੀ ਕਵਿਤਾ ਹੈ। ਇਸੇ ਲਈ ਇਸ ਵਿਚ ਤਣਾਅ ਹੈ। ਜਿਹੜੀ ਕਵਿਤਾ ਤਣਾਅ-ਮੁਕਤ ਹੋਕੇ ਜਾਂ ਹੋਣ ਲਈ ਲਈ ਲਿਖੀ ਜਾਂਦੀ ਹੈ, ਉਹ ਸਮਕਾਲ ਨੂੰ ਰਿਸਪੌਂਡ ਨਹੀਂ ਕਰਦੀ। ਕਵਿਤਾ ਬੰਦੇ ਦੇ ਆਪਣੇ ਰਿਸਪੌਂਸ ਵਿਚੋਂ ਪੈਦਾ ਹੁੰਦੀ ਹੈ, ਜਿਉਂਦਾ ਬੰਦਾ ਹੀ ਜਿਉਂਦੀ ਕਵਿਤਾ ਲਿਖ ਸਕਦਾ………
 
ਮੈਂ ਦੇਵਨੀਤ ਨੂੰ ਮੀਰ ਕਾਰਨ ਜਾਣਦੀ ਸਾਂ। ਅਸੀਂ ਇਕੱਠੇ ਪੰਜਾਬੀ ਦੀ ਐਮ.ਏ. ਕਰ ਰਹੇ ਸੀ । ਮੀਰ ਦੇਵਨੀਤ ਦਾ ਜ਼ਿਕਰ ਕਰਦਾ। ਉਸਦੀ ਕਵਿਤਾ ਦਾ, ਕਵਿਤਾ ਬਾਰੇ ਸਮਝ ਦਾ। ਮੈਂ ਸੋਚਦੀ ਦੇਵਨੀਤ ਸਾਡਾ ਹਮਉਮਰ ਹੋਣਾ……

ਅਮ੍ਰਿਤਸਰ ਇਕ ਸੈਮੀਨਾਰ ਵਿਚ ਦੇਵਨੀਤ ਮਿਲਿਆ, ਮੇਰੇ ਕੋਲ ਆਕੇ ਕਹਿੰਦਾ, "ਮੈਂ ਦੇਵਨੀਤ ਹਾਂ, ਮੈਂ ਤੈਨੂੰ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਤੂੰ ਨੀਤੂ ਹੀ ਹੋ ਸਕਦੀ ਹੈ।" ਦੇਵਨੀਤ ਸ਼ਰਾਬੀ ਹੋਇਆ ਹੋਇਆ ਸੀ। ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦਾ, "ਮੈਂ ਤੇਰਾ ਬਾਪ ਹਾਂ" । ਕੋਲ ਤਸਕੀਨ ਖੜਾ ਸੀ । ਦੇਵਨੀਤ ਕਹਿੰਦਾ, " ਮੈਂ ਤਸਕੀਨ ਦਾ ਵੀ ਬਾਪ ਹਾਂ, ਮੈਂ ਥੋਡਾ ਦੋਹਾਂ ਦਾ ਬਾਪ ਹਾਂ, ਤੁਸੀਂ ਮੇਰੇ ਬੱਚੇ ਹੋਂ, ਮੈਂ ਬਾਪ ਹਾਂ, ਬਾਪ ਦੇ ਮੌਰਾਂ ਤੇ ਡਾਂਗ ਵੱਜਣੀ ਚਾਹੀਦੀ ਹੈ"। ਅਸੀਂ ਸ਼ਰਾਬੀ ਕਵੀ ਦੀ ਕਵਿਤਾ ਸੁਣ ਰਹੇ ਸੀ। ਉਹ ਲਗਾਤਾਰ ਬੋਲਦਾ ਰਿਹਾ, " ਮੈਂ ਤੁਹਾਡਾ ਬਾਪ ਹਾਂ , ਤੁਸੀਂ ਮੈਨੂੰ ਰੱਦ ਕਰੋ, ਮੈਨੂੰ ਰੱਦੋ, ਜੇਕਰ ਮੇਰੇ ਬੱਚੇ ਹੋਂ ਤਾਂ ਮੈਨੂੰ ਰੱਦ ਕਰੋ, ਬਾਪ ਦੇ ਮੌਰਾਂ ਤੇ ਡਾਂਗ ਵੱਜਣੀ ਬਹੁਤ ਜ਼ਰੂਰੀ ਹੈ।" ਮੈਂ ਸੋਚ ਰਹੀ ਸੀ ਸਾਡੇ ਅੰਦਰ ਬੈਠੇ ਬਾਪ ਦੇਵਨੀਤ ਦੇ ਹਾਣਦੇ ਕਦੋਂ ਹੋਣਗੇ……….?

ਇਹੀ ਤਾਂ ਹੈ ਦੇਵਨੀਤ ਦੀ ਕਵਿਤਾ, ਆਪਣੇ ਆਪ ਨੂੰ ਰੱਦ ਕਰਦੀ, ਆਪਣੇ ਮੌਰਾਂ ਤੇ ਡਾਂਗ ਮਾਰਦੀ । ਆਪਣੇ ਮੌਰਾਂ ਤੇ ਡਾਂਗ ਮਾਰਨ ਵਿਚ ਹੀ ਤਣਾਅ ਲੁਕਿਆ ਹੈ। ਇਸ ਕਵਿਤਾ ਦਾ ਤਣਾਅ ਲੋਰਕਾ, ਪਾਬਲੋ ਜਾਂ ਸਟਾਲਿਨ ਵਰਗੇ ਨਾਵਾਂ ਵਿਚ ਨਹੀਂ, ਉਸ ਪੀੜ ਵਿਚ ਲੁਪਤ ਹੈ ਜੋ ਸਵੈ ਨੂੰ ਰੱਦ ਕਰਨ ਵਿਚੋਂ ਪੈਦਾ ਹੁੰਦੀ ਹੈ।

ਬਹੁਤ ਬਾਅਦ ਵਿਚ ਜਦੋਂ ਦੇਵਨੀਤ ਦੀ ਕਿਤਾਬ 'ਹੁਣ ਸਟਾਲਿਨ ਚੁੱਪ ਹੈ' ਪੜੀ ਤਾਂ ਮੈਂ ਦੇਵਨੀਤ ਦੇ ਮੋਬਾਇਲ 'ਤੇ ਮੈਸਿਜ ਭੇਜਿਆ ਕਿ ਮੈਨੂੰ ਉਸ ਨਾਲ ਈਰਖਾ ਹੁੰਦੀ ਹੈ। ਉਸਨੇ ਜਵਾਬ ਭੇਜਿਆ, "ਪੁੱਤ! ਈਰਖਾ ਪਿਆਰ ਦੀ ਚਰਮ ਸੀਮਾ ਹੈ।"

ਉਸਨੂੰ ਪੜਦਿਆਂ ਵਾਰ ਵਾਰ ਸੋਚਦੀ ਹਾਂ ਜਿਸਨੂੰ ਆਪਣੇ ਆਪ ਨੂੰ ਰੱਦ ਕਰਨਾ ਆਉਂਦਾ ਹੈ ਉਹ ਕਦੇ ਬਾਪ ਨਹੀਂ ਹੋ ਸਕਦਾ। ਦੇਵਨੀਤ ਸਾਡਾ ਬਾਪ ਨਹੀਂ ਵਾਰਸ ਹੈ…।

 ਨੀਤੂ ਅਰੋੜਾ
ਪੰਜਾਬੀ ਦੀ ਕਵਿੱਤਰੀ,ਜੋ ਕਵਿਤਾ ਜਿਹਾ ਵਾਰਤਕ ਲਿਖਦੀ ਹੈ।