ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਹਿੰਦੂਤਵ. Show all posts
Showing posts with label ਹਿੰਦੂਤਵ. Show all posts

Monday, February 25, 2013

'ਬ੍ਰਾਹਮਣਵਾਦੀ-ਜੱਟਵਾਦੀ' ਪ੍ਰਬੰਧ ’ਚ ਗੁਰੂ ਰਵੀਦਾਸ ਦੇ ਚਿੰਤਨ ਦੀ ਸਾਰਥਿਕਤਾ

ਬ੍ਰਾਹਮਣ ਬੈਸ ਸੂਦ ਅਰੁ ਖਤ੍ਰੀ, ਡੇਮ ਚੰਡਾਲ ਮਲੇਛ ਮਨ ਸੋਇ॥ 
ਹੋਇ ਪੁਨੀਤ ਭਗਵੰਤ ਭਜਨ ਤੇ, ਆਪੁ ਤਾਰਿ ਤਾਰੇ ਕੁਲ ਦੋਇ॥ 
ਪੰਡਿਤ ਸੂਰ ਛਤ੍ਰਪਤਿ ਰਾਜਾ, ਭਗਤ ਬਰਾਬਰਿ ਅਉਰ ਨ ਕੋਇ॥ 
ਜੈਸੇ ਪੁਰੈਨ ਪਾਤ ਰਹੈ ਜਲ ਸਮੀਪ, ਭਨਿ ਰਵਿਦਾਸ ਜਨਮੇ ਜਗਿ ਓਇ॥(ਪੰਨਾ 858)

'ਬਨਾਰਸ', ਜੋ ਬ੍ਰਾਹਮਣ ਤੇ ਹਿੰਦੂ ਸੰਸਕ੍ਰਿਤੀ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ ਅਤੇ ਅਜੋਕੇ ਸਮੇਂ ਵਿੱਚ ਵੀ ਹੈ। ਉਸ ਬਨਾਰਸ ਦੇ ਗੰਗਾ ਕੰਡਿਓ ਕਈ ਵਿਚਾਰਧਾਰਾਵਾਂ ਦੇ ਪਰਵਾਹ ਨੇ ਜਨਮ ਲਿਆ, ਕੁਝ ਵਿਚਾਰਧਾਰਾਵਾਂ ਜੀਵਨ ਵਿਕਾਸ ਵਜੋਂ ਉਭਰੀਆਂ ਤੇ ਕਈ ਵਿਚਾਰਧਾਰਾਵਾਂ ਉਹ ਸਨ, ਜਿਹਨਾਂ ਨੇ ਸਮਾਜ ਵਿੱਚ ਇੱਕ ਨਵੀਂ ਸੋਚ ਤੇ ਇੱਕ ਮਾਰੂ ਹੜ੍ਹ ਦਾ ਕੰਮ ਕੀਤਾ, ਜਿਸ ਵਿੱਚ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਨੂੰ ਹਿਲਾ ਕੇ ਰੱਖ ਦਿੱਤਾ। ਜਾਤਪਾਤ, ਧਰਮਿਕ ਕਰਮ ਕਾਂਡ, ਛੁਆ-ਛਾਤ ਇਹ ਉਹ ਅੰਨਾਪਣ ਸੀ, ਜੋ ਬ੍ਰਾਹਮਣਵਾਦੀ ਸੋਚ ਅਤੇ ਹਿੰਦੂ ਧਰਮ ਦੀ ਵਿਚਾਰਧਾਰਾ ਵਿੱਚੋਂ ਨਿਕਲਿਆ ਸੀ। ਇਹਨਾਂ ਮਨੌਤਾਂ ਤੇ ਵਿਚਾਰਾਂ ਨਾਲ ਜੋ ਵਿਚਾਰਧਾਰਾ ਦਾ ਟਕਰਾਅ ਹੋਇਆ ਅਤੇ ਜਿਸਨੇ ਇਹਨਾਂ ਨੂੰ ਆਪਣੀ ਤਰਕ ਦੀ ਸੱਟ ਨਾਲ ਵੰਗਾਰਿਆ, ਉਹਨਾਂ ਵਿਚਾਰਧਾਰਾਵਾਂ ਦੇ ਮੁੱਖ ਮੋਢੀ ਸਨ 'ਸੰਤ ਕਬੀਰ ਜੀ' ਅਤੇ 'ਗੁਰੁ ਰਵੀਦਾਸ ਜੀ' ਇਹ ਉਹ ਮਹਾਂਪੁਰਖ, ਵਿਚਾਰਕ ਅਤੇ ਤਰਕਵਾਦੀ ਸਨ, ਜਿਨ੍ਹਾਂ ਨੇ ਸਦੀਆਂ ਤੋਂ ਲਤਾੜੀ ਹੋਈ ਸ਼ੂਦਰ ਜਾਤੀ ਨੂੰ ਅਵਾਜ਼ ਦਿੱਤੀ। ਸੰਤ ਕਬੀਰ ਜੀ ਅਤੇ ਗੁਰੁ ਰਵੀਦਾਸ ਜੀ ਦੋਂਵੇ ਹੀ ਇਹਨਾਂ ਲਤਾੜੀਆਂ ਹੋਈਆਂ ਕੌਮਾਂ ਨਾਲ ਸਬੰਧ ਰਖਦੇ ਸੀ, ਜਿਹਨਾਂ ਨੇ ਆਪਣੀ ਕਲਮ ਦੀ ਤਰਕ ਸ਼ਕਤੀ ਨਾਲ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਨੂੰ ਵੰਗਾਰਿਆ ਤੇ ਇੱਕ ਨਵੀਂ ਸੋਚ ਅਤੇ ਦਿਸ਼ਾ ਨਾਲ ਲੋਕਾਂ ਨੂੰ ਲਾਮਬੰਦ ਕੀਤਾ। ਸੰਤ ਕਬੀਰ ਜੀ ਗੁਰੁ ਰਵੀਦਾਸ ਜੀ ਦੇ ਸਮਕਾਲੀ ਸਨ, ਉਹਨਾਂ ਨੇ ਵੀ ਗੁਰੁ ਰਵੀਦਾਸ ਜੀ ਦੀ ਵਿਚਾਰਧਾਰਾ ਦੀ ਉਸਤਤ ਕਰਦੇ ਹੋਏ ਫਰਮਾਇਆ ਹੈ,,,,


ਸਾਧਨ ਮੇ ਰਵੀਦਾਸ ਸੰਤ ਹੈ ਸੁਪਰ ਰਿਸਿ ਸੋ ਮਾਨਿਆ॥ 
ਹਿੰਦੂ ਤੁਰਕ ਹੁਈ ਦੀਨ ਬਨੇ ਹੈਂ ਕੁਛ ਨਹੀ ਪਹਿਚਾਨਿਆ॥ 

ਗੁਰੂ ਰਵੀਦਾਸ ਜੀ ਦੀ ਰਚੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਸ਼੍ਰੀ ਗੁਰੁ ਅਰਜਨ ਦੇਵ ਜੀ ਨੇ ਗੁਰੁ ਰਵੀਦਾਸ ਜੀ ਦੀ ਸੋਚ ਨੂੰ ਸੱਚੀ ਹਮੇਸ਼ਾ ਲਈ ਜੀਵਤ ਕਰ ਦਿੱਤਾ।ਇਸ ਤੋਂ ਅਸੀ ਇੱਕ ਗੱਲ ਸਾਫ ਕਹਿ ਸਕਦੇ ਹਾਂ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਕਿਸੇ ਇੱਕ ਧਰਮ ਜਾਂ ਜਾਤੀ ਦਾ ਨਾਂ ਹੋ ਕਿ ਸੰਪੂਰਨ ਮਨਾਵਤਾ ਦਾ ਗਰੰਥ ਹੈ ਅਤੇ ਸਭ ਦਾ ਸਾਂਝਾ ਹੈ। ਸ਼੍ਰੀ ਗੁਰੁ ਰਾਮਦਾਸ ਜੀ ਨੇ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਤੇ ਸੋਚ ਦੀ ਉਸਤਤ ਕਰਦੇ ਹੋਏ ਫਰਮਾਇਆ ਹੈ,,,

ਰਵਿਦਾਸੁ ਚਮਾਰੁ ਉਸਤਿਤ ਕਰੇ ਹਰਿ ਕੀਰਤਿ ਨਿਮਖ ਇਕ ਗਾਇ?? 
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ?? (ਪੰਨਾ 733)

ਗੁਰੁ ਰਵੀਦਾਸ ਜੀ ਦੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ 16 ਰਾਗਾਂ ਵਿੱਚ 40 ਸ਼ਬਦ ਅਤੇ ਇੱਕ ਸਲੋਕ ਪ੍ਰਵਾਨ ਚੜੇ ਹਨ? ਉਹਨਾਂ ਦੀ ਇਸ ਰਚੀ ਬਾਨੀ ਦੇ ਅਧਾਰ ਤੇ ਹੀ ਅਸੀਂ ਊਹਨਾਂ ਦੇ ਜੀਵਨ ਅਤੇ ਵਿਚਾਰਧਾਰਾ ਦਾ ਅਨੁਮਾਨ ਲਗਾ ਸਕਦੇ ਹਾਂ। ਭਾਂਵੇ ਕਿ ਗੁਰੁ ਰਵੀਦਾਸ ਜੀ ਦੀ ਰਚਨਾ ਸਾਨੂੰ ਕੁਝ ਕੁ ਬਾਹਰੋਂ ਵੀ ਮਿਲਦੀ ਹੈ,ਪਰ ਉਸ ਉਪਰ ਅਸੀਂ ਪੂਰਨ ਤੌਰ ਤੇ ਯਕੀਨ ਨਹੀ ਕਰ ਸਕਦੇ ਕਿ ਇਹ ਗੁਰੂ ਰਵੀਦਾਸ ਜੀ ਦੇ ਹੀ ਹੈ? ਕਿਉਂਕਿ ਉਸ ਰਚਨਾ ਵਿੱਚ ਬ੍ਰਾਹਮਣਵਾਦੀ ਸੋਚ ਦਾ ਝਲਕ ਦਿਖਾਈ ਦਿੰਦੀ ਹੈ, ਜਿਸਦਾ ਵਿਰੋਧ ਉਹਨਾਂ ਨੇ ਹਮੇਸ਼ਾ ਕੀਤਾ ਹੈ।


ਬ੍ਰਾਹਮਣਵਾਦੀ ਹਿੰਦੂਵਾਦੀਆਂ ਦੀ 'ਸਿਆਸੀ ਸ਼ਰਾਰਤ'
ਗੁਰੁ ਰਵੀਦਾਸ ਜੀ ਦੇ ਜੀਵਨ ਅਤੇ ਉਹਨਾਂ ਦੀ ਰਚਨਾ ਦੀ ਗੱਲ ਕਰੀਏ ਤਾਂ, ਗੁਰੂ ਰਵੀਦਾਸ ਜੀ ਇੱਕ ਸਧਾਰਨ ਅਤੇ ਨਿਮਰਤਾ ਵਾਲੇ ਵਿਅਕਤੀ ਸਨ ਅਤੇ ਚਮਾਰ ਜਾਤੀ ਭਾਵ ਸ਼ੂਦਰ ਜਾਤੀ ਨਾਲ ਸਬੰਧ ਰਖਦੇ ਸਨ। ਉਹਨਾਂ ਨੇ ਹਮੇਸ਼ਾ ਕਿਰਤ ਦੀ ਰੋਟੀ ਨੂੰ ਸਵੀਕਾਰਿਆ ਅਤੇ ਇਸ ਵਿੱਚ ਹੀ ਵਿਸ਼ਵਾਸ ਕੀਤਾ। ਭਾਂਵੇ ਕਿ ਲ਼ੋਕਾਂ ਨੇ ਉਹਨਾਂ ਨੂੰ ਬਹੁਤ ਕੁਝ ਦਾਨ ਦਿੱਤਾ ਪਰ ਉਹਨਾਂ ਨੇ ਹਮੇਸ਼ਾ ਕਿਰਤ ਨੂੰ ਹੀ ਸਿਰ ਮੱਥੇ ਮੰਨਿਆ। ਉਹਨਾਂ ਨੇ ਆਪਨੇ ਜੀਵਨ ਵਿੱਚ ਕਿਰਤ ਦੀ ਰੋਟੀ ਅਤੇ ਪ੍ਰਭੂ ਭਗਤੀ ਨੂੰ ਪਹਿਲਾ ਦਰਜਾ ਦਿੱਤਾ ।  ਉਹਨਾਂ  ਨੇ ਹਮੇਸ਼ਾ ਸਿਰ ਇੱਕੋ ਪਰਮਾਤਮਾ ਰੂਪੀ ਰੱਬੀ ਸ਼ਕਤੀ ਦੀ ਹੋਂਦ ਨੂੰ ਸਵੀਕਾਰ ਕੀਤਾ ਅਤੇ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਅਤੇ ਬਹੁ ਦੇਵੀ-ਦੇਵਤਿਆਂ ਦਾ ਖੰਡਨ ਕੀਤਾ।ਗੁਰੂ ਰਵੀਦਾਸ ਜੀ ਹਿੰਦੂ ਦੇਵੀ ਦੇਵਤਿਆਂ ਦਾ ਵਿਰੋਧ ਕਰਦੇ ਫਰਮਾਂਉਦੇ ਹਨ।

ਹਰਿ ਜਪਤ ਤੋਊ ਜਨਾ ਪਦਮ ਕਵਲਾਸ ਪਤਿ' ਤਾਸ ਸਮ ਤੁਲਿ ਨਹੀ ਆਨ ਕੋਊ?? (ਪੰਨਾ1293)

ਭਾਵ ਪਰਮਾਤਮਾ ਸਭ ਤੋਂ ਉਪਰ ਤੇ ਸ਼ਕਤੀਵਾਨ ਹੈ, ਇਥੋਂ ਤੱਕ ਕਿ ਪਦਮਾ ਪਤਿ(ਵਿਸ਼ਨੂੰ) ਅਤੇ ਪਤਿ (ਸ਼ਿਵਜੀ) ਵੀ ਉਸ ਤੋਂ ਬਹੁਤ ਨੀਵੇ ਹਨ।

ਉਸ ਸਮੇ ਜੋ ਸਮਾਜਿਕ ਹਾਲਤ ਸੀ, ਉਸ ਵਿੱਚ ਨੀੰਵੀ ਜਾਤ ਨਾਲ ਜਾਨਵਰਾਂ ਤੋਂ ਵੀ ਬੁਰਾ ਸਲੂਕ ਕੀਤਾ ਜਾਂਦਾ ਸੀ। ਜੇ ਕੋਈ ਨੀਵੀ ਜਾਤ ਵਾਲਾ ਭਾਵ ਸ਼ੂਦਰ ਜਾਤੀ ਦਾ ਵਿਅਕਤੀ ਕੋਈ ਗਿਆਨ ਜਾਂ ਕੁਝ ਪੜਨ ਦੀ ਕੋਸ਼ਿਸ਼ ਕਰਦਾ ਫੜਿਆ ਜਾਂਦਾ ਤਾਂ ਉਸ ਦੀ ਜੀਭ ਕੱਟ ਦਿੱਤੀ ਜਾਂਦੀ ਸੀ। ਜੇ ਕੋਈ ਗਿਆਨ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦਾ ਫੜਿਆ ਜਾਂਦਾ ਤਾਂ ਉਸ ਦੇ ਕੰਨ ਵਿੱਚ ਗਰਮ ਕਰਕੇ ਸਿੱਕਾ ਢਾਲ ਦਿੱਤਾ ਜਾਂਦਾ ਸੀ।ਅਜਿਹੇ ਕਠੋਰ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਰਮ ਦੇ ਚਲਦੇ ਗੁਰੂ ਰਵੀਦਾਸ ਜੀ ਨੇ ਤਰਕ ਤੇ ਕਿਰਤ ਦੇ ਅਧਾਰ ਤੇ ਇਕ ਅਜਿਹੀ ਵਿਚਾਰਧਾਰਾ ਨੂੰ ਉ?ਪਜਿਆ, ਜਿਸਨੇ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਨੂੰ ਹਿੱਲਾ ਕੇ ਰੱਖ ਦਿੱਤਾ। ਉਹਨਾਂ ਦੀ ਵਿਚਾਰਧਾਰਾ ਨੇ ਸਭ ਲੋਕਾਂ ਨੂੰ ਇੱਕ ਕਤਾਰ ਵਿੱਚ ਖੜਾ ਕਰ ਦਿੱਤਾ ਸੀ, ਜਿਥੇ ਨਾ ਕੋਈ ਜਾਤ ਪਾਤ ਨਾ ਹੀ ਕੋਈ ਊਚ-ਨੀਚ ਸੀ, ਅਤੇ ਸਾਰੇ ਬਰਾਬਰਤਾ ਦਾ ਹੱਕ ਰੱਖਦੇ ਸਨ। ਜਿਸ ਕਰਕੇ ਬਹੁ ਗਿਣਤੀ ਸ਼ੂਦਰ ਸਮਾਜ ਉਹਨਾਂ ਦਾ ਉਪਾਸਕ ਬਣ ਗਿਆ । ਪਰ ਇਸਦੇ ਨਾਲ ਹੀ ਕੁਝ ਉਚੇ ਵਰਗ ਦੇ ਲੋਕ ਵੀ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋਣ ਲੱਗੇ ਜਿਵੇਂ ਕਿ 'ਮੀਰਾ ਬਾਈ'।ਮੀਰਾ ਬਾਈ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ, ਜਿਸ ਕਾਰਨ ਉਹ ਗੁਰੂ ਰਵੀਦਾਸ ਜੀ ਦੀ ਉਪਾਸਕ ਬਣ ਗਈ। ਪਰ ਸਮੇਂ ਦੇ ਬ੍ਰਾਹਮਣੀ ਸਮਾਜ ਤੇ ਚਲਾਕ ਸੋਚ ਨੇ ਮੀਰਾ ਬਾਈ ਨੂੰ ਅਲੱਗ ਰੂਪ ਵਿੱਚ ਪੇਸ਼ ਕਰ ਛਡਿਆ ਹੈ। ਗੁਰੂ ਰਵੀਦਾਸ ਜੀ ਦੇ ਉਹ ਵਿਚਾਰ ਹੀ ਸਨ, ਜਿਹਨਾਂ ਕਾਰਣ ਬਨਾਰਸ ਦੀ ਸੱਤਾ ਅਤੇ ਹਿੰਦੂ ਧਰਮ ਦੀ ਕੰਧਾ ਹਿਲ ਗਈਆਂ ਸਨ, ਜਿਸ ਕਾਰਨ ਉਸ ਸਮੇਂ ਦੀ ਸੱਤਾ ਅਤੇ ਬ੍ਰਾਹਮਣਵਾਦੀ ਲੋਕਾਂ ਨੇ ਉਹਨਾਂ ਨੂੰ ਖੁਦ ਦੇ ਰੰਬੀ ਮਾਰਕੇ ਕਤਲ ਦਾ ਹੁਕਮ ਸੁਣਾ ਦਿੱਤਾ ਸੀ। ਅਖਿਰ ਗੁਰੂ ਸਾਹਿਬ ਨੇ ਬੇ-ਝਿਝਕ, ਅਤੇ ਨਿਡਰਤਾ ਨਾਲ ਆਪਣੀ ਵਿਚਾਰਧਾਰਾ ਦੀ ਲੌਅ ਦਿਖਾ, ਹੁਕਮ ਅਨੁਸਾਰ ਖੁਦ ਜੋਤਿ ਜੋਤ ਸਮਾ ਗਏ? ਅਕਸਰ ਲੋਕਾਂ ਤੋਂ ਕਹਿੰਦੇ ਸੁਣਿਆ ਹੈ ਕਿ ਉਹਨਾਂ ਨੇ ਰੰਬੀ ਮਾਰ ਅਪਣੇ ਅੰਦਰੋ ਜੇਨਿਊ ਕੱਢ ਕੇ ਵਿਖਾਇਆ ਸ਼ੀ. ਪਰ ਇਹ ਗੱਲ ਬਿਲਕੁਲ ਗਲਤ ਹੈ, ਕਿਉਂਕਿ ਉਹ ਕਦੀ ਵੀ ਚਮਤਕਾਰ ਵਿੱਚ ਵਿਸ਼ਵਾਸ ਨਹੀ ਰੱਖਦੇ ਸਨ ਅਤੇ ਤੇ ਨਾ ਹੀ ਉਹ ਇਹੋ ਜਿਹੀਆਂ ਹਿੰਦੂ ਮਨੌਤਾਂ ਵਿੱਚ ਵਿਸ਼ਵਾਸ ਕਰਦੇ ਸਨ, ਸਗੋਂ ਉਹਨਾਂ ਨੇ ਤੇ ਹਮੇਸ਼ਾ ਇਸਦਾ ਵਿਰੋਧ ਕੀਤਾ ਸ਼ੀ।

ਗੁਰੂ ਰਵੀਦਾਸ ਖਿਲਾਫ ਬ੍ਰਹਮਣਵਾਦੀ ਤਸਵੀਰੀ ਸਾਜਿਸ਼--ਫੋਟੋ--ਤਸਵੀਰਘਰ ਸਾਈਟ ਤੋਂ
ਉਹਨਾਂ ਦੀ ਵਿਚਾਰਧਾਰਾ ਦੀ ਲੋਅ ਜੋ ਬਨਾਰਸ ਤੋਂ ਚੱਲ ਪੂਰੇ ਭਾਰਤ ਵਿੱਚ ਰੋਸ਼ਨਾਈ ਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਾ ਬਿਰਾਜੀ ਗਈ? ਜਿਸ ਸਦਕਾ ਅੱਜ ਇਹ ਸਮੂਹ ਲੋਕਾਂ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ।ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਸਦਕਾ ਹੀ ਅਜ ਇਸ ਲੋਅ ਨੂੰ ਹਮੇਸ਼ਾ ਬਲਦੀ ਰਹਿਣ ਦਾ ਰੁਤਬਾ ਹਾਸਲ ਹੋਇਆ। ਗੁਰੂ ਰਵੀਦਾਸ ਜੀ ਦੀ ਕੁਝ ਕੁ ਬਾਨੀ ਜੋ ਸਾਨੂੰ ਬਾਹਰੋਂ ਵੀ ਮਿਲਦੀ ਹੈ, ਪਰ ਉਹ ਸ਼ੱਕੀ ਜਾਪਦੀ ਹੈ, ਕਿਉਂਕਿ ਗੁਰੂ ਰਵੀਦਾਸ ਜੀ ਨੇ ਜਿਸ ਚੀਜ਼ ਦਾ ਵਿਰੋਧ ਕੀਤਾ ਸੀ, ਉਸ ਨੂੰ ਹੀ ਇਸ ਬਾਨੀ ਵਿੱਚ ਪ੍ਰੱਮਖ ਵਿਖਾਇਆ ਗਿਆ ਹੈ। ਇਸ ਤੋਂ ਇੱਕ ਗੱਲ ਤੇ ਜਰੂਰ ਸਾਬਤ ਹੁੰਦੀ ਹੈ ਕਿ ਇਹ ਬਾਹਰਲੀ ਬਾਨੀ ਸ਼ੱਕੀ ਹੈ ਅਤੇ ਬ੍ਰਾਹਮਣ ਅਤੇ ਹਿੰਦੂ ਧਰਮ ਦੇ ਪ੍ਰਭਾਵ ਹੇਠਾਂ ਨਵੀ ਲਿਖੀ ਗਈ ਹੈ ਅਤੇ ਗੁਰੂ ਰਵੀਦਾਸ ਜੀ ਦੇ ਨਾਮ ਹੁੇਠਾਂ ਗਲਤ ਤੌਰ ਤੇ ਛਾਪੀ ਗਈ ਹੈ।

ਅਜੋਕੇ ਸਮੇਂ ਵਿੱਚ ਗੁਰੂ ਰਵੀਦਾਸ ਜੀ ਦੇ ਉਪਾਸਕ ਭਾਂਵੇ ਬਹੁਤ ਗਿਣਤੀ ਵਿੱਚ ਹਨ, ਪਰ ਇਹ ਸਭ ਹੁਣ ਇਸ ਵਿਚਾਰਧਾਰਾ ਨੂੰ ਨਿੱਜੀ ਬਣਾਉਂਦੇ ਜਾ ਰਹੇ ਹਨ, ਜਦ ਕਿ ਕੋਈ ਵੀ ਉਹਨਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਨਹੀ ਕਰ ਰਿਹਾ। ਗੁਰੂ ਰਵੀਦਾਸ ਜੀ ਨੇ ਸਭ ਨੂੰ ਬਰਾਬਰਤਾ ਦਾ ਪਾਠ ਪੜਾਇਆ, ਪਰ ਅਫਸੋਸ ਇਸਦੇ ਅਜੋਕੇ ਸਮੇ ਦੇ ਉਪਾਸਕ ਇਸ ਨੂੰ ਅਲੱਗ ਜਾਤ ਅਤੇ ਵਰਗ ਵਿੱਚ ਸਮੇਟ ਰਹੇ ਹਨ।ਗੁਰੂਰਵੀਦਾਸ ਜੀ ਨੇ ਕਦੀ ਵੀ ਨਹੀ ਕਿਹਾ ਕਿ ਇਹ ਵਿਚਾਰਧਾਰਾ ਅਤੇ ਬਾਣੀ ਕਿਸੇ ਖਾਸ ਵਰਗ ਜਾਂ ਜਾਤ ਲਈ ਹੇ, ਉਹਨਾਂ ਨੇ ਇਸਨੂੰ ਸਭ ਮਨੁੱਖਤਾ ਲਈ ਸਮਰਪਿਤ ਕੀਤਾ ਹੈ।ਜਦ ਕਿ ਅੱਜ ਗੁਰੂ ਰਵੀਦਾਸ ਜੀ ਨੂੰ ਵੀ ਨਿੱਜੀ ਗੁਰੂ ਵਜੌਂ ਪੇਸ਼ ਕੀਤਾ ਜਾ ਰਿਹਾ ਹੈ। ਭਾਵੇਂ ੁਿਕ ਅੱਜ ਇਸ ਵਰਗ ਦੇ ਲੋਕ ਬਹੁਤ ਪੜ੍ਹ ਲਿਖ ਰਹੇ ਹਨ, ਪਰ ਫਿਰ ਵੀ ਉਹ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਤੇ ਸੋਚ ਤੋਂ ਬਹੁਤ ਦੂਰ ਹਨ। ਜੋ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਦਾ ਗੁਰੂ ਰਵੀਦਾਸ ਜੀ ਨੇ ਵਿਰੋਧ ਕੀਤਾ ਸੀ, ਜਿਵੇਂ ਕਿ ਮੂਰਤੀ ਪੂਜਾ, ਬਹੁ ਦੇਵੀ ਦੇਵਤਿਆਂ ਨੂੰ ਮੰਨਣਾ, ਆਰਤੀ ਕਰਨੀ ਆਦਿ, ਉਹਨਾਂ ਹੀ ਕਰਮ ਕਾਂਡਾ ਅਤੇ ਅੰਧ-ਵਿਸ਼ਵਾਸ ਦੁਬਾਰਾ ਫਸਦੇ ਜਾ ਰਹੇ ਹਨ। ਸਮੇਂ ਦੀ ਬ੍ਰਾਹਮਣਵਾਦੀ ਸੋਚ ਨੇ ਗੁਰੂ ਰਵੀਦਾਸ ਜੀ ਦੀ ਸੋਚ ਨੂੰ ਹਮੇਸ਼ਾ ਬਦਲਣਾ ਚਾਹਿਆ ਹੈ ਅਤੇ ਬਹੁਤ ਹੱਦ ਤੱਕ ਕਾਮਯਾਬ ਵੀ ਹੋ ਗਈ ਹੈ, ਇਸ ਵਿੱਚ ਕੋਈ ਸ਼ੱਕ ਨਹੀ ਹੈ।ਅਜੋਕੇ ਸਮੇਂ ਵਿੱਚ ਜੋ ਇਸ ਵਿਚਾਰਧਾਰਾ ਦਾ ਘਾਣ ਕਰ ਰਹੀ ਹੈ ਉਹ ਹੈ ਹਿੰਦੂ ਸ਼ੰਸਥਾ ਆਰ.ਐਸ,ਐਸ.।ਇਹ ਉਹ ਸੰਸਥਾ ਹੈ ਜਿਸ ਨੇ ਹਮੇਸ਼ਾ ਹੀ ਬ੍ਰਾਹਮਣਵਾਦੀ ਸੋਚ ਨੂੰ ਅਪਣਾਕੇ ਲੋਕਾਂ ਨੂੰ ਇੱਕ ਦੂਸਰੇ ਖਿਲਾਫ ਖੜਾ ਕੀਤਾ ਹੈ ਅਤੇ ਜਾਤ ਤੇ ਧਰਮ ਦੇ ਅਧਾਰ ਤੇ ਲੋਕਾਂ ਵਿੱਚ ਵੰਡੀਆਂ ਪਾਕੇ ਕਤਲੇਆਮ ਕੀਤਾ ਹੈ। ਇਸ ਸੰਸਥਾ ਦੀ ਕਾਰਗੁਜਾਰੀ ਹੀ ਹੈ ਕਿ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਦਾ ਹਿੰਦੂਕਰਨ ਹੋ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਇਹ ਰਿਹਾ ਹੈ ਕਿ ਇਸ ਨੂੰ ਇੱਕ ਖਾਸ ਜਾਤ ਤੇ ਵਰਗ ਦੀ ਵਿਚਾਰਧਾਰਾ ਤੇ ਇੱਕ ਜਾਤ ਤੇ ਵਰਗ ਦਾ ਗੁਰੂ ਬਣਾਇਆ ਜਾ ਰਿਹਾ ਹੈ।

ਹੁਣ ਹਾਲਾਤ ਇਸ ਤਰੀਕੇ ਦੇ ਹੋ ਗਏ ਹਨ ਕਿ ਗੁਰੂ ਰਵੀਦਾਸ ਜੀ ਦੇ ਮੰਦਰ ਤੇ ਮੂਰਤੀਆਂ ਤੱਕ ਦੀ ਸਥਾਪਣਾ ਕੀਤੀ ਜਾ ਰਹੀ ਹੈ ਅਤੇ ਆਰਤੀਆਂ ਹੋਣ ਲਗ ਗਈਆਂ ਹਨ। ਸਭ ਤੋਂ ਮੰਦਭਾਗੀ ਗੱਲ ਜੋ ਇਸ ਸਮੇਂ ਹੋਈ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਨੀ ਕੱਢ ਇੱਕ ਅਲੱਗ ਗਰੰਥ ਨੂੰ ਤਿਆਰ ਕਰਨਾ। ਇਹ ਸਭ ਕੁਝ ਅਪਣੇ ਆਪ ਨਹੀ ਹੋ ਰਿਹਾ ਇਸ ਵਿੱਚ ਬ੍ਰਾਹਮਣਵਾਦੀ ਚਲਾਕ ਸੋਚ ਤੇ ਆਰ.ਐਸ.ਐਸ ਦਾ ਵੱਡਮੁਲਾ ਹਥ ਹੈ।ਜਿਸ ਕਾਰਣ ਅੱਜ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਨੂੰ ਇੱਕ ਖਾਸ ਵਰਗ ਨਾਲ ਜੋੜਕੇ ਵੇਖਿਆ ਜਾ ਰਿਹਾ ਹੈ।

ਗੁਰੂ ਰਵੀਦਾਸ ਜੀ ਦੇ ਅਜੋਕੇ ਉਪਾਸਕ ਭਾਵ ਚਮਾਰ ਜਾਂ ਰਵੀਦਾਸੀਆ ਜਾਤੀ ਦੇ ਲੋਕਾਂ ਦਾ ਗੁਰਦੁਆਰਿਆਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋਣ ਜਾਂ ਕਰਣ ਪਿਛੱੇ ਵੀ ਆਰ.ਐਸ.ਐਸ, ਦਾ ਵਿਸ਼ੇਸ਼ ਹੱਥ ਹੈ, ਕਿਉਂਕਿ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਹਨਾਂ ਜਾਤਾਂ ਨੂੰ ਕਦੀ ਵੀ ਕੋਈ ਸਥਾਨ ਨਹੀ ਦਿੱਤਾ ਗਿਆ ਅਤੇ ਗੁਰਦੁਆਰਿਆਂ ਵਿੱਚ ਅਤੇ ਸਿੱਖ ਧਰਮ ਵਿੱਚ ਵੀ ਹੁਣ ਇਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ 'ਚੌਥੇ ਪੌੜੇ' ਵਾਲੇ ਕਹਿ ਕੇ ਅਲਗ ਕਤਾਰ ਵਿੱਚ ਬਠਾਇਆ ਜਾ ਰਿਹਾ ਹੈ? ਅਜੋਕਾ ਸਿਖ ਧਰਮ ਦੀ ਬਾਗਡੋਰ ਧਨਾਡ ਹਿੰਦੂ ਸੋਚ ਰੱਖਣ ਵਾਲੇ ਜੱਟਵਾਦੀ ਲੋਕਾਂ ਕੋਲ ਹੈ, ਜੋ ਆਰ.ਐਸ.ਐਸ ਦੇ ਇਸ਼ਾਰਿਆਂ ਦੇ ਚਲਦੇ ਹਨ ਅਤੇ ਜੋ ਇਹਨਾਂ ਨਿਚਲੀ ਜਾਤ ਵਾਲਿਆਂ ਨਾਲ ਘਿਰਣਾ ਕਰਦੇ ਹਨ?ਇਸ ਦਾ ਜਿਊਂਦਾ ਜਾਗਦਾ ਸਬੂਤ ਹੈ, ਇਹ ਹੈ ਕਿ ਜਦ ਗੁਰੂ ਰਵੀਦਾਸ ਜੀ ਦੀ ਤਸਵੀਰ ਨੂੰ ਹਰਿਮੰਦਰ ਸਾਹਿਬ ਵਿੱਚ ਲਾਉਣ ਦੀ ਗੱਲ ਚੱਲੀ ਤਾਂ ਅਕਾਲ ਤਖਤ ਦੇ ਜੱਥੇਦਾਰਾਂ ਨੇ ਛੋਟੀ ਜਾਤ ਦਾ ਹੋਣ ਕਾਰਣ ਇਹ ਬਹਾਨਾ ਕੱਢ ਮਾਰਿਆ ਕਿ ਤੁਹਾਡੇ ਰਵੀਦਾਸ ਜੀ ਦਾ ਸਿਰ ਨੰਗਾ ਹੈ।ਇਸ ਤੋਂ ਇਹ ਗੱਲ ਤੇ ਸਾਫ ਹੁੰਦੀ ਹੈ, ਅਕਾਲ ਤਖਤ ਦੇ ਜੱਥੇਦਾਰ ਕਿੰਨੀ ਕੁ ਅਕਲ ਤੇ ਸਿਖਿਆ ਵਾਲੀ ਗੱਲ ਕਰ ਸਕਦੇ ਹਨ, ਇਸ ਤੋ ਵੱਡੀ ਸ਼ਰਮਨਾਕ ਗੱਲ ਕੀ ਹੋਵੇਗੀ? ਫਿਰ ਤੇ ਇਹਨਾਂ ਨੂੰ ਕਾਗਜ਼ੀ ਰੁਪਿਆਂ ਤੇ ਵੀ ਰੋਕ ਲਾਉਣੀ ਚਾਹੀਦੀ ਹੈ, ਕਿਉਂਕਿ ਗਾਂਧੀ ਦੇ ਕਿਹੜਾ ਕੋਈ ਪਗ ਬੰਨ੍ਹੀ ਹੁੰਦੀ ਹੈ।ਇਥੋਂ ਪਤਾ ਲਗਦਾ ਹੈ ਕਿ ਇਹ ਕਿੰਨਾ ਕਿ ਨੀਵੀਆਂ ਜਾਤਾਂ ਨਾਲ ਹਮਦਰਦੀ ਅਤੇ ਭਾਈਚਾਰੇ ਵਾਲਾ ਸਲ਼ੂਕ ਰਖਦੇ ਹਨ।ਇਸ ਕਾਰਣ ਇਸ ਜਾਤ ਦੇ ਲੋਕਾਂ ਵਲੋਂ ਇੱਕ ਅਲੱਗ ਜਾਤ ਦੇ ਅਧਾਰ ਤੇ ਵਿਚਾਰਧਾਰਾ ਦੀ ਹੋਂਦ ਉਪਜੀ ਹੈ। ਮੈਂ ਇੱਥੇ ਇਕ ਗੱਲ ਸਾਫ ਕਰਨੀ ਚਾਹੁੰਦਾ ਹਾਂ ਕਿ ਇਹਨਾਂ ਦੁਆਰਾ ਖੜਿਆ ਕੀਤੇ ਜਾਣ ਵਾਲਾ ਅਲੱਗ ਧਰਮ ਜਾਂ ਰਾਹ ਗਲਤ ਨਹੀ ਹੈ ਪਰ ਇਹਨਾਂ ਦੁਆਰਾ ਵਰਤੇ ਜਾ ਰਹੇ ਕਰਮ ਕਾਂਡ ਹਿੰਦੂਵਾਦੀ ਹਨ, ਜਿਹਨਾਂ ਦਾ ਖੁਦ ਗੁਰੂ ਰਵੀਦਾਸ ਜੀ ਨੇ ਵਿਰੋਧ ਕੀਤਾ ਹੈ।

ਅੱਜ ਦੇ ਸਮੇ ਵਿੱਚ ਗੁਰੂ ਰਵੀਦਾਸ ਜੀ ਨੂੰ ਚਮਤਕਾਰਾਂ ਨਾਲ ਜੋੜਕੇ ਵਿਖਾਇਆ ਜਾ ਰਿਹਾ ਹੈ, ਜਿਵੇਂ ਕਿ ਉਹਨਾਂ ਦਾ ਰਾਮਾਨੰਦ ਨੂੰ ਗੁਰੂ ਧਾਰਨਾ, ਗੰਗਾ ਵਲੋਂ ਸੋਨੇ ਦੇ ਕੰਗਨ ਕੱਢਕੇ ਦੇਣਾ, ਮੂਰਤੀਆਂ ਪਾਣੀ ਉਪਰ ਚਲਣਾ ਲਾਉਣਾ, ਕ੍ਰਿਸ਼ਨ ਦੀ ਭਗਤੀ ਕਰਨੀ ਅਤੇ ਹੋਰ ਕਈ।ਗੁਰੂ ਰਵੀਦਾਸ ਜੀ ਇਕ ਤਰਕਵਾਦੀ ਵਿਚਾਰਧਾਰਕ ਸਨ, ਉਹਨਾਂ ਨੇ ਹਮੇਸ਼ਾ ਸਮੇਂ ਦੀ ਸੱਤਾ ਤੇ ਬ੍ਰਾਹਮਣਵਾਦੀ ਸੋਚ ਨਾਲ ਅਪਣੀ ਤਰਕ ਦੇ ਅਧਾਰ ਤੇ ਟੱਕਰ ਲਈ ਹੈ, ਨਾ ਕਿ ਕੋਈ ਚਮਤਕਾਰ ਵਿਖਾਕੇ।ਇਹ ਜੋ ਉਪਰੋਕਤ ਚਮਤਕਾਰ ਤੇ ਗੱਲਾਂ ਜੋੜ ਗੁਰੂ ਰਵੀਦਾਸ ਜੀ ਨੂੰ ਪੇਸ਼ ਕੀਤਾ ਜਾ ਰਿਹਾ ਹੈ, ਇਹ ਚਲਾਕ ਬ੍ਰਾਹਮਣਵਾਦੀ ਅਤੇ ਆਰ.ਐਸ.ਐਸ ਦਾ ਨਤੀਜਾ ਹੈ। ਜੋ ਕਿ ਰਵੀਦਾਸ ਜੀ ਦੇ ਅਸਲ ਵਿਚਾਰਾਂ ਨੂੰ ਖਤਮ ਕਰ ਇਸਦਾ ਹਿੰਦੂਕਰਨ ਕਰ ਰਹੇ ਹਨ।

ਆਖਿਰ ਵਿੱਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਗੁਰੂ ਰਵੀਦਾਸ ਜੀ ਦੀ ਸੋਚ ਨੂੰ ਇੱਕ ਵਰਗ ਨਾਲ ਨਾ ਜੋੜਕੇ ਵੇਖਿਆ ਜਾਵੇ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਸਮਝਿਆ ਜਾਵੇ ਅਤੇ ਫੈਲਾਏ ਜਾ ਰਹੇ ਝੂਠੇ ਚਮਤਕਾਰਾਂ ਤੇ ਕਰਮ ਕਾਂਡਾ ਦਾ ਖੰਡਨ ਕਰ ਬੇਗਮਪੁਰੇ ਦੀ ਨੀਂਹ ਰੱਖੀ ਜਾਵੇ, ਜੋ ਸਭ ਦਾ ਸਾਂਝਾ ਤੇ ਮਨੁੱਖਤਾਵਾਦੀ ਹੋਵੇ।

ਅੰਮ੍ਰਿਤਪਾਲ ਸਿੰਘ ਪ੍ਰੀਤ 9417943606
ਲੇਖਕ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਲਾਅ ਗਰੈਜੁਏਟ ਹਨ ਤੇ ਅੱਜਕਲ੍ਹ ਨਿਜੀ ਤੇ ਸੱਭਿਆਚਾਰਕ-ਸਿਆਸੀ ਸਰਗਰਮੀਆਂ  'ਚ ਮਸ਼ਰੂਫ ਹਨ।
Mob--94179-43606

Wednesday, November 21, 2012

ਗਰੀਬ ਦੇਸ਼ ਦੇ ਅਮੀਰ ਭਗਵਾਨ

ਆਜ਼ਾਦੀ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕਾਰਖਿਨਆਂ ਨੂੰ ਆਧੁਨਿਕ ਮੰਦਰ ਕਿਹਾ ਸੀ।ਪਰ ਅੱਜ ਛੇ ਦਹਾਕੇ ਬੀਤ ਜਾਣ ਦੇ ਬਾਵਜੂਦ ਮੰਦਰ ਆਧੁਨਿਕ ਕਾਰਖਾਨੇ ਬਣ ਚੁੱਕੇ ਹਨ।ਕਿਉਂਕਿ ਇਨ੍ਹਾਂ ਮੰਦਰਾਂ 'ਚ ਆਉਣ ਵਾਲਾ ਚੜ੍ਹਾਵਾ ਭਾਰਤ ਦੇ ਬਜਟ ਦੇ ਕੁੱਲ ਯੋਜਨਾ ਖਰਚੇ ਦੇ ਬਰਾਬਰ ਹੈ। ਇੱਥੇ ਦਸ ਸਭ ਤੋਂ ਜ਼ਿਆਦਾ ਅਮੀਰ ਮੰਦਰਾਂ ਦੀ ਜਾਇਦਾਦ ਦੇਸ਼ ਦੇ 500 ਦਰਮਿਆਨੇ ਸਨਅਤਕਾਰਾਂ ਤੋਂ ਜ਼ਿਆਦਾ ਹੈ।ਸਿਰਫ਼ ਸੋਨੇ ਦੀ ਗੱਲ ਕੀਤੀ ਜਾਵੇ ਤਾਂ 100 ਪ੍ਰਮੁੱਖ ਮੰਦਰਾਂ ਕੋਲ ਕਰੀਬ 3600 ਅਰਬ ਰੁਪਏ ਦਾ ਸੋਨਾ ਹੈ।ਸ਼ਾਇਦ ਐਨਾ ਧਨ ਰਿਜ਼ਰਵ ਬੈਂਕ ਕੋਲ ਵੀ ਨਹੀ ਹੈ ।ਮੰਦਰਾਂ ਦੇ ਇਸ ਵਧ ਫ਼ੁੱਲ ਰਹੇ ਕਾਰੋਬਾਰ ਤੇ ਮੰਦੀ ਦਾ ਕੋਈ ਅਸਰ ਨਹੀ ਪੈਂਦਾ।ਉਲਟਾ ਅੱਜ ਜਦੋਂ ਭਾਰਤੀ ਅਰਥਚਾਰਾ ਡੂੰਘੇ ਸੰਕਟ 'ਚ ਫਸਦਾ ਜਾ ਰਿਹਾ ਤਾਂ ਮੰਦਰਾਂ ਦੇ ਸਲਾਨਾ ਚੜ੍ਹਾਵੇ ਦੀ ਰਕਮ ਲਗਾਤਾਰ ਵਧਦੀ ਜਾ ਰਹੀ ਹੈ।ਜ਼ਾਹਿਰ ਹੈ ਕਿ ਇਸ ਦੇ ਪਿੱਛੇ ਮੀਡੀਏ ਤੇ ਪ੍ਰਚਾਰ ਤੰਤਰ ਦਾ ਵੀ ਯੋਗਦਾਨ ਹੈ।ਜਿਹੜਾ ਦੂਰ ਦੁਰਾਡਿਉਂ ਸ਼ਰਧਾਲੂਆਂ ਨੂੰ ਖਿੱਚ ਲਿਆਉਣ ਲਈ ਵਿਸ਼ੇਸ਼ ਯਾਤਰਾ ਪੈਕੇਜ ਦਿੰਦੇ ਰਹਿੰਦੇ ਹਨ।ਜਿੱਥੇ ਦੇਸ਼ ਦੀ 80 ਫੀਸਦੀ ਜਨਤਾ ਨੂੰ ਸਿੱਖਿਆ, ਸਿਹਤ,ਪਾਣੀ ਜਿਹੀਆਂ ਬੁਨਿਆਦੀ ਸਹੂਲਤਾਂ ਵੀ ਉਪਲਬੱਧ ਨਹੀਂ ਹਨ।ਉੱਥੇ ਮੰਦਰਾਂ ਦੇ ਟੱਰਸਟ ਅਤੇ ਬਾਬਿਆਂ ਦੀਆਂ ਕੰਪਨੀਆਂ ਅੱਧੀ ਜਾਇਦਾਦ ਸਾਂਭੀ ਬੈਠੀਆਂ ਹਨ।ਸਿਰਫ਼ ਕੁੱਝ ਮੰਦਰਾਂ ਦੀ ਕਮਾਈ ਵੇਖੀਏ ਤਾਂ ਇਸ ਗਰੀਬ ਦੇਸ਼ ਦੇ ਅਮੀਰ ਭਗਵਾਨਾਂ ਦਾ ਖੁਲਾਸਾ ਹੋ ਜਾਵੇਗਾ।

ਤਿਰੂਪਤੀ ਬਾਲਾ ਜੀ:- ਭਾਰਤ ਦੇ ਅਮੀਰ ਮੰਦਰਾਂ ਦੀ ਲਿਸਟ 'ਚ ਤਿਰੂਪਤੀ ਬਾਲਾ ਜੀ ਮੰਦਰ ਨੰਬਰ ਇੱਕ ਤੇ ਹੈ।ਇਸ ਮੰਦਰ ਦਾ ਖਜ਼ਾਨਾ ਪੁਰਾਣੇ ਜ਼ਮਾਨੇ ਦੇ ਰਾਜਿਆਂ-ਮਹਾਂਰਾਜਿਆਂ ਨੂੰ ਵੀ ਮਾਤ ਦੇਣ ਵਾਲਾ ਹੈ।ਕਿਉਂਕਿ ਬਾਲਾ ਜੀ ਦੇ ਖਜ਼ਾਨੇ 'ਚ ਅੱਠ ਟਨ ਤਾਂ ਗਹਿਣੇ ਹੀ ਹਨ।ਅੱਡ-ਅੱਡ ਬੈਂਕਾਂ 'ਚ ਮੰਦਰ ਦਾ 300 ਕਿੱਲੋਂ ਸੋਨਾ ਜਮਾਂ ਹੈ ਅਤੇ ਮੰਦਰ ਕੋਲ 1000 ਕਰੋੜ ਰੁਪਏ ਦੀਆਂ ਐਫ.ਡੀਜ਼ ਹਨ।ਇੱਕ ਅੰਦਾਜ਼ੇ ਮੁਤਾਬਿਕ ਤਿਰੂਪਤੀ ਮੰਦਰ 'ਚ ਹਰ ਸਾਲ 70 ਹਜ਼ਾਰ ਸ਼ਰਧਾਲੂ ਆਂਉਦੇ ਹਨ ਜਿਸ ਨਾਲ ਹਰ ਮਹੀਨੇ ਸਿਰਫ਼ ਚੜ੍ਹਾਵੇ ਨਾਲ ਹੀ ਮੰਦਰ ਨੂੰ 9 ਕਰੋੜ ਰੁਪਏ ਤੋਂ ਜ਼ਿਆਦਾ ਦੀ ਆਮਦਨ ਹੁੰਦੀ ਹੈ ਅਤੇ ਇੱਕ ਸਾਲ ਦੀ ਆਮਦਨ ਕਰੀਬ 650 ਕਰੋੜ ਰੁਪਏ ਹੈ।ਇਸ ਲਈ ਬਾਲਾ ਜੀ ਦੁਨੀਆਂ ਦੇ ਸਭ ਤੋਂ ਅਮੀਰ ਭਗਵਾਨ ਕਹੇ ਜਾਂਦੇ ਹਨ।ਜਨਤਾ ਦਾ ਦੁੱਖ, ਦਰਦ ਦੂਰ ਕਰਨ ਵਾਲੇ ਭਗਵਾਨ ਬਾਲਾ ਜੀ ਦੀ ਜਾਇਦਾਦ ਦੀ ਰਾਖੀ ਲਈ 52 ਹਜ਼ਾਰ ਕਰੋੜ ਰੁਪਏ ਦਾ ਬੀਮਾ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਬਾਲਾ ਜੀ ਨੂੰ ਬੇਸ਼ਕੀਮਤੀ ਚੜ੍ਹਾਵੇ ਚੜ੍ਹਦੇ ਰਹਿੰਦੇ ਹਨ।ਇਨ੍ਹਾਂ ਭਗਤਾਂ ਦੀ ਲਿਸਟ 'ਚ ਗੈਰ ਕਾਨੂੰਨੀ ਖਨਨ ਦੇ ਸਭ ਤੋਂ ਵੱਡੇ ਸਰਗਨੇ ਰੈਡੀ ਬੰਧੂ ਵੀ ਹਨ ਜਿਨ੍ਹਾਂ ਨੇ 45 ਕਰੋੜ ਦਾ ਹੀਰਿਆਂ ਨਾਲ ਜੜਿਆ ਮੁਕਟ ਚੜ੍ਹਾਇਆ ਤਾਂ ਕਿ ਉਨ੍ਹਾਂ ਦੇ ਕਾਲੇ ਧੰਦਿਆਂ ਤੇ ਮਿਹਰ ਬਣੀ ਰਹੇ।

ਵੈਸ਼ਨੋ ਦੇਵੀ ਮੰਦਰ:- ਤਿਰੂਪਤੀ ਬਾਲਾ ਜੀ ਮੰਦਰ ਤੋਂ ਬਾਅਦ ਦੇਸ਼ 'ਚ ਸਭ ਤੋਂ ਜ਼ਿਆਦਾ ਲੋਕ ਵੈਸ਼ਨੋ ਦੇਵੀ ਮੰਦਰ 'ਚ ਆਉਦੇ ਹਨ।500 ਕਰੋੜ ਰੁਪਏ ਦੀ ਸਾਲਾਨਾ ਆਮਦਨ ਨਾਲ ਵੈਸ਼ਨੋ ਦੇਵੀ ਮੰਦਰ ਦੇਸ਼ ਦੇ ਅਮੀਰ ਮੰਦਰਾਂ 'ਚ ਆਉਂਦਾ ਹੈ।ਮੰਦਰ ਦੇ ਸੀ.ਈ.a. ਆਰ.ਕੇ ਗੋਇਲ ਦੇ ਮਾਤਬਿਕ ਹਰ ਗੁਜਰ ਰਹੇ ਦਿਨ ਦੇ ਨਾਲ ਮੰਦਰ ਦੀ ਆਮਦਨ ਵੱਧਦੀ ਜਾ ਰਹੀ ਹੈ।

ਸਾਈਂ ਬਾਬਾ ਮੰਦਰ:-ਮਹਾਂਰਾਸ਼ਟਰ ਦੇ ਸਿਰਡੀ 'ਚ ਸਥਿਤ ਇਹ ਮੰਦਰ ਉਸ ਸੂਬੇ ਦੇ ਸਭ ਤੋਂ ਅਮੀਰ ਮੰਦਰਾਂ 'ਚ ਹੈ।ਸਾਈਂ ਦੇ ਦਰਸ਼ਨਾਂ ਲਈ ਮੀਲਾਂ ਲੰਮੀਂ ਲਾਇਨ ਲੱਗਦੀ ਹੈ।ਸਰਕਾਰੀ ਜਾਣਕਾਰੀ ਮੁਤਾਬਿਕ ਇਸ ਪ੍ਰਸਿੱਧ ਮੰਦਰ ਕੋਲ 32 ਕਰੋੜ ਰੁਪਏ ਦੇ ਗਹਿਣੇ ਹਨ ਤੇ ਟੱਰਸਟ ਦੀ ਕੁਲ ਜਾਇਦਾਦ 450 ਕਰੋੜ ਰੁਪਏ ਹੈ।ਪਿਛਲੇ ਕੁਝ ਸਾਲਾਂ ਤੋਂ ਸਾਈਂ ਬਾਬਾ ਦੀ ਵੱਧਦੀ ਮਸ਼ਹੂਰੀ ਕਾਰਣ ਇਸਦੀ ਰੋਜ਼ਾਨਾ ਆਮਦਨ 60 ਲੱਖ ਰੁਪਏ ਤੋਂ ਉਪਰ ਹੈ ਅਤੇ ਸਲਾਨਾ ਆਮਦਨ 210 ਕਰੋੜ ਰੁਪਏ ਹੈ।

ਪਦਮਨਾਥ ਮੰਦਰ:-ਪਿਛਲੇ ਸਾਲ ਕੇਰਲਾ ਦੇ ਤਿਰੁਵੰਨਤਪੁਰਮ ਦੇ ਪਦਮਨਾਥ ਮੰਦਰ ਦੇ ਭੋਰਿਆਂ 'ਚੋਂ ਮਿਲੀ ਬੇਸ਼ੁਮਾਰ ਦੌਲਤ ਤੋਂ ਬਾਅਦ ਬਾਲਾ ਜੀ ਮੰਦਰ ਤੋਂ ਵੀ ਅਗਾਂਹ ਟੱਪਦਿਆਂ ਇਹ ਦੇਸ਼ ਦਾ ਸਭ ਤੋਂ ਅਮੀਰ ਮੰਦਰ ਬਣ ਗਿਆ।ਗੁਪਤ ਤਹਿਖਾਨਿਆਂ ਚੋਂ ਮਿਲਿਆ ਖਜ਼ਾਨਾ ਖਰਬਾਂ ਰੁਪਏ ਦਾ ਹੈ ਜਿਸ 'ਚ ਸਿਰਫ ਸੋਨੇ ਦੀਆਂ ਮੂਰਤੀਆਂ,ਹੀਰੇ-ਜਵਾਰਾਹਤ,ਗਹਿਣੇ,ਸੋਨੇ-ਚਾਂਦੀ ਦੇ ਸਿੱਕਿਆਂ ਦਾ ਮੁੱਲ ਹੀ ਪੰਜ ਲੱਖ ਕਰੋੜ ਰੁਪਏ ਹੈ।ਹਾਲੇ ਤੱਕ ਮੰਦਰ ਦੇ ਦੂਜੇ ਤਹਿਖਾਨੇ ਖੁੱਲ੍ਹਣੇ ਬਾਕੀ ਹਨ,ਜਿਨ੍ਹਾਂ ਚੋਂ ਹਾਲੇ ਹੋਰ ਬੇਸ਼ੁਮਾਰ ਦੌਲਤ ਨਿਕਲ ਸਕਦੀ ਹੈ।

ਮੰਦਰਾਂ ਚ ਆਉਣ ਵਾਲੇ ਚੜਾਵਿਆਂ ਤੋਂ ਲੈ ਕੇ ਮੰਦਰ ਦੇ ਟਰੱਸਟਾਂ ਅਤੇ ਮਹੰਤਾਂ ਦੀ ਜਾਇਦਾਦ ਸਪੱਸ਼ਟ ਕਰਦੀ ਹੈ ਕਿ ਇਹ ਮੰਦਰ ਭਾਰੀ ਮੁਨਾਫਾ ਕਮਾਉਣ ਵਾਲੇ ਕਿਸੇ ਸਨਅੱਤੀ ਕਾਰੋਬਾਰ ਤੋਂ ਵੱਖ ਨਹੀਂ ਹਨ।ਉਂਝ ਤਾਂ ਧਰਮ ਸਦਾ ਤੋਂ ਹੀ ਹਾਕਮ ਜਮਾਤ ਦੇ ਹੱਥ 'ਚ ਇੱਕ ਮਹੱਤਵਪੂਰਨ ਸੰਦ ਰਿਹਾ ਹੈ।ਲੇਕਿਨ ਪੂੰਜੀਵਾਦ ਨੇ ਨਾ ਸਿਰਫ ਧਰਮ ਦੀ ਵਰਤੋਂ ਕੀਤੀ ਸਗੋਂ ਉਸਨੂੰ ਇੱਕ ਪੂੰਜੀਵਾਦੀ ਅਦਾਰਾ ਬਣਾ ਦਿੱਤਾ।ਪੂੰਜੀਵਾਦੀ ਧਰਮ ਅੱਜ ਸਿਰਫ ਜਨਤਾ ਦੀ ਚੇਤਨਾ ਨੂੰ ਖੁੰਡਾ ਕਰਨ ਦਾ ਹੀ ਕੰਮ ਨਹੀਂ ਕਰਦਾ ਸਗੋਂ ਭਾਰੀ ਮੁਨਾਫੇ ਦਾ ਧੰਦਾ ਬਣ ਗਿਆ ਹੈ।ਮਜੇ ਦੀ ਗੱਲ ਇਹ ਹੈ ਕਿ ਹਰ ਪੂੰਜੀਵਾਦੀ ਕਾਰਖਾਨੇ ਵਾਂਗ ਧਰਮ ਦੇ ਬੰਦਿਆਂ 'ਚ ਵੀ ਗਲਾ ਕਾਟੂ ਹੋੜ ਹੈ।

ਮਾਰਕਸ ਨੇ ਕਿਹਾ ਸੀ ਕਿ, "ਪੂੰਜੀਵਾਦ ਅੱਜ ਤਕ ਦੀ ਸਭ ਤੋਂ ਗਤੀਸ਼ੀਲ ਪੈਦਾਵਰੀ ਪ੍ਰਣਾਲੀ ਹੈ ਅਤੇ ਇਹ ਆਪਣੀ ਇਮੇਜ਼ ਵਾਂਗ ਹੀ ਸੰਸਾਰ ਬਣਾ ਲੈਂਦਾ ਹੈ।"ਪੂੰਜੀਵਾਦ ਨੇ ਧਰਮ ਨਾਲ ਵੀ ਅਜਿਹਾ ਹੀ ਕੀਤਾ ਹੈ।ਇਸ ਨੇ ਇਸਨੂੰ ਪੂੰਜੀਵਾਦ ਧਰਮ 'ਚ ਇਸ ਕਦਰ ਤਬਦੀਲ ਕਰ ਦਿੱਤਾ ਹੈ ਕਿ ਧਰਮ ਖੁਦ ਇੱਕ ਧੰਦਾ ਬਣ ਗਿਆ ਹੈ ਅਤੇ ਇਸਤੋਂ ਅੱਡ ਹੋਰ ਕੋਈ ਉਮੀਦ ਵੀ ਨਹੀਂ ਕੀਤੀ ਜਾ ਸਕਦੀ।

ਬਿਗਲ ਤੋਂ ਪੰਜਾਬੀ ਤਰਜ਼ਮਾ:ਮਨਦੀਪ
ਤਰਜ਼ਮਾਕਾਰ  'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ।
Mob-98764-42052

Monday, March 21, 2011

ਭਾਰਤ ਨੂੰ ਬ੍ਰਾਹਮਣਵਾਦੀ ਅੱਤਵਾਦ ਤੋਂ ਵੱਡਾ ਖ਼ਤਰਾ

ਮੇਰਾ ਇਹ ਲੇਖ ਮੂਲ ਰੂਪ ਵਿਚ ਮਹਾਂਰਾਸ਼ਟਰ ਪੁਲਿਸ ਦੇ ਇਕ ਰਿਟਾਇਡ ਆਈ.ਜੀ ਐਂਸ.ਐਂਮ. ਮੁਸ਼ਰਿਫ ਵਲੋਂ ਲਿਖੀ ਕਿਤਾਬ“Who Killed Karkae? : The Real face of terrorism in india” ਦਾ ਵਿਸ਼ਲੇਸ਼ਣ ਹੈ ਜਿਸ ਵਿਚ ਮੁਸ਼ਰਿਫ ਨੇ ਭਾਰਤ ਨੂੰ ਅਸਲ ਖ਼ਤਰਾ ਬ੍ਰਾਹਮਣਵਾਦੀਆਂ ਤੋਂ ਦਰਸਾਇਆ ਹੈ ਤੇ ਇਹ ਗੱਲਾਂ ਕੇਵਲ ਲਿਖਣ ਮਾਤਰ ਨਹੀਂ ਸਗੋਂ ਇਸ ਸਬੰਧੀ ਤੱਥ ਵੀ ਦਰਸਾਏ ਹਨ।
ਮੁਸ਼ਰਿਫ ਨੇ ਇਹ ਸਾਰੇ ਤੱਥ ਆਪਣੇ ਪੁਲਿਸ ਜੀਵਨ ਦੇ ਤਜਰਬੇ, ਅਖਬਾਰੀ ਰਿਪੋਰਟਾਂ ‘ਤੇ ਆਧਾਰਤ ਦਰਸਾਏ ਹਨ ਤੇ ਭਾਰਤ ਵਿਚ ਇਕ ਤਰ੍ਹਾਂ ਪਹਿਲੀ ਵਾਰ ‘ਇਸਲਾਮਿਕ ਅੱਤਵਾਦ’ ਦੇ ਪਿੱਛੇ ਅਸਲ ਦੋਸ਼ੀਆਂ ਦਾ ਪਰਦਾ ਫਾਸ਼ ਕੀਤਾ ਹੈ। ਇਸ ਕਿਤਾਬ ਮੁਤਾਬਕ ਮਾਂਲੇਗਾਂਵ ਬੰਬ ਧਮਾਕੇ 2008 ਦੀ ਜਾਂਚ ਕਰਨ ਵਾਲੇ ਅੱਤਵਾਦ ਵਿਰੋਧੀ ਦਸਤੇ ਦੇ ਮੁਖੀ ਹਿੰਮਤ ਕਰਕਰੇ ਦੀ ਸਨਸਨੀਖੇਜ਼ ਹੱਤਿਆ ਪਿੱਛੇ ਉਹੀ ਲੋਕ ਸਨ ਜੋ ਅਖੌਤੀ ‘ਇਸਲਾਮਿਕ-ਅੱਤਵਾਦ’ ਦੀ ਧਾਰਨਾ ਨੂੰ ਆਮ ਹਿੰਦੂਆਂ ਵਿਚ ਫੈਲਾਉਂਣ ਅਤੇ ਹਿੰਦੂ-ਮੁਸਲਿਮ ਫਿਰਕੂ ਦੰਗਿਆਂ ਲਈ ਦੋਸ਼ੀ ਰਹੇ ਹਨ।

ਭਾਰਤ ਵਿਚ ਪਿਛਲੇ ਦਿਨੀਂ ‘ਭਗਵਾਂ-ਅੱਤਵਾਦ’ ਦੇ ਨਾਮ ਉਤੇ ਵਿਸ਼ਾਲ ਚਰਚਾ ਹੋਈ, ਪਰ ਮੁਸ਼ਰਿਫ ਨੇ ‘ਹਿੰਦੂ-ਰਾਸ਼ਟਰ’ ਦੇ ਨਾਮ ਦੇ ਫੱਟੇ ਥੱਲੇ ‘ਬ੍ਰਾਹਮਣ-ਰਾਸ਼ਟਰ’ ਦੀ ਸਥਾਪਨਾ ਕਰਨ ਦੀ ਸੋਚਣ ਵਾਲਿਆਂ ਲਈ ‘ਬ੍ਰਾਹਮਣਵਾਦੀ’ ਸਬਦ ਵਰਤਿਆ ਹੈ। ‘ਬ੍ਰਾਹਮਣਵਾਦੀ’ ਤੋਂ ਭਾਵ ਕਿ ਸਮਾਜ ਵਿਚ ਵੰਡੀਆਂ ਪਾਉਣ ਵਾਲੀ ਮਨੂੰ ਸਮਰਿਤੀ ਦੀ ਉਪਾਸ਼ਕ ਛੋਟੀ ਜਿਹੀ ਜਮਾਤ ਤੋਂ ਹੈ ਜੋ ਆਪਣੇ ਆਪ ਨੂੰ ਜਨਮ ਤੋਂ ਹੀ ਸਭ ਤੋਂ ਉਂਤਮ ਮੰਨਦੀ ਹੈ।

ਮੁਸ਼ਰਿਫ ਆਪਣੀ ਇਸ ਕਿਤਾਬ ਨੂੰ ਇਕ ਖੋਜ ਕਾਰਜ ਮੰਨਦਾ ਹੈ ਤੇ ਇਸ ਕਿਤਾਬ ਨੂੰ ਲਿਖਣ ਦੀ ਪ੍ਰੇਰਨਾ ਉਹ ਆਪਣੇ ਆਪ ਨੂੰ ਮਹਾਂਰਾਸ਼ਟਰ ਦੇ ਕੋਹਲਾਪੁਰ ਜਿਲ੍ਹੇ ਦੇ ਕਾਗਾਲ ਕਸਬੇ ਦਾ ਵਾਸੀ ਹੋਣਾ ਮੰਨਦਾ ਹੈ ਜੋ ਕਿ ਭਾਰਤ ਵਿਚ ਹਿੰਦੂ-ਮੁਸਲਿਮ ਦੰਗਿਆਂ ਤੋਂ ਹਮੇਸ਼ਾ ਮੁਕਤ ਰਿਹਾ ਹੈ ਜਿਸਦਾ ਕਾਰਨ ਕੋਹਲਾਪੁਰ ਰਿਆਸਤ ਦੇ ਮਹਾਰਾਜ ਛਤਰਪਤੀ ਸ਼ਾਹੂ ਜੀ ਸਨ ਜਿਹਨਾਂ ਨੇ ਆਪਣੀ ਰਿਆਸਤ ਵਿਚ ਸਮਾਜਿਕ, ਆਰਥਿਕ ਤੇ ਵਿਦਿਅਕ ਨੀਤੀਆਂ ਅਜਿਹੀਆਂ ਬਣਾਈਆਂ ਤਾਂ ਜੋ ਹਰੇਕ ਫਿਰਕੇ ਦੇ ਲੋਕਾਂ ਵਿਚ ਸ਼ਾਂਤੀ ਤੇ ਇਕਸਾਰਤਾ ਬਣੀ ਰਹੀ। ਛਤਰਪਤੀ ਸ਼ਾਹੂ ਨੇ ਕੋਹਲਾਪੁਰ ਰਿਆਸਤ ਵਿਚ 1902 ਵਿਚ ਹੀ ਭਾਰਤੀ ਇਤਿਹਾਸ ਵਿਚ ਪਹਿਲੀ ਵਾਰ ਸਰਕਾਰੀ ਨੌਕਰੀਆਂ ਵਿਚ 50 ਫੀਸਦੀ ਰਾਖਵਾਂਕਰਨ ਸਮਾਜਿਕ ਤੇ ਆਰਥਿਕ ਤੌਰ ‘ਤੇ ਪੱਛੜੇ ਵਰਗਾਂ ਲਈ ਕੀਤਾ ਸੀ ਤੇ ਖਾਸ ਗੱਲ ਕਿ ਇਸ ਰਾਖਵੇਕਰਨ ਵਿਚ ਜਾਤ, ਧਰਮ, ਨਸਲ ਲਈ ਕੋਈ ਥਾਂ ਨਹੀਂ ਸੀ।

1976 ਵਿਚ ਪੁਲਿਸ ਸੇਵਾ ਵਿਚ ਸ਼ਾਮਲ ਹੋਏ ਮੁਸ਼ਰਿਫ ਨੇ 2005 ਵਿਚ ਸਵੈ-ਇੱਛਕ ਤੌਰ ‘ਤੇ ਸੇਵਾ-ਮੁਕਤ ਹੋ ਕੇ ਸਮਾਜਿਕ ਸੇਵਾਵਾਂ ਵਿਚ ਯੋਗਦਾਨ ਪਾਉਂਣਾ ਸ਼ੁਰੂ ਕਰ ਦਿੱਤਾ। ਮੁਸ਼ਰਿਫ ਨੇ ਆਪਣੇ ਕਾਰਜਕਾਲ ਵਿਚ ਜਿੱਥੇ ਫਿਰਕੂ ਦੰਗਿਆਂ ਨੂੰ ਕਾਨੂੰਨ ਮੁਤਬਕ ਨਿਬੜਨ ਦੇ ਹੀਲੇ ਕੀਤੇ ਉਂਥੇ ਉਸਨੇ ਇਹਨਾਂ ਦੰਗਿਆਂ ਪਿੱਛੇ ਸਮਾਜਿਕ ਸਰੋਕਾਰਾਂ ਦੀ ਵੀ ਪੜਚੋਲ ਕੀਤੀ। ਉਸਨੇ ਇਹ ਮਹਿਸੂਸ ਕੀਤਾ ਕਿ ਹਿੰਦੂ-ਮੁਸਲਿਮ ਦੰਗੇ ਦੋਵਾਂ ਭਾਈਚਾਰਿਆਂ ਵਿਚ ਕਿਸੇ ਗੈਰ-ਨਸਲੀ ਜਾਂ ਕਿਸੇ ਅਚਾਨਕ ਉਂਠੇ ਮੁੱਦਿਆਂ ਕਾਰਨ ਨਹੀਂ ਸਨ ਸਗੋਂ ਇਹ ਬ੍ਰਾਹਮਣਵਾਦੀ ਜਥੇਬੰਦੀਆਂ ਵਲੋਂ ਸਮਾਜ ਵਿਚ ਫਿਰਕੂ ਫਸਾਦ ਕਰਾਉਂਣ ਦੇ ਇਰਾਦਿਆਂ ਕਾਰਨ ਹੋ ਰਹੇ ਹਨ।ਮੁਸ਼ਰਿਫ ਨੇ ਹਿੰਦੂ-ਮੁਸਲਿਮ ਦੰਗਿਆਂ ਨੂੰ ਮਂਧਕਾਲੀਨ ਇਤਿਹਾਸ ਨਾਲ ਜੋੜ ਕੇ ਵੇਖਿਆ ਪਰ ਉਸਨੂੰ ਆਮ ਹਿੰਦੂਆਂ ਤੇ ਮੁਸਲਮਾਨਾਂ ਵਿਚ ਸਮਾਜਿਕ ਤੌਰ ‘ਤੇ ਵਿਚਰਦਿਆਂ ਕਦੀ ਵੀ ਦੰਗੇ ਨਾ ਹੋਣ ਦੀ ਜਾਣਕਾਰੀ ਮਿਲੀ।

20ਵੀਂ ਸਦੀ ਤੇ ਖਾਸ ਤੌਰ ‘ਤੇ 1893 ਦਾ ਵਰ੍ਹਾ ਹਿੰਦੂ-ਮੁਸਲਿਮ ਦੰਗਿਆਂ ਦੀ ਸ਼ੁਰੂਆਤ ਹੈ ਜੋ ਕਿ ਅੱਜ ਤੱਕ ਨਿਰਵਿਘਨ ਜਾਰੀ ਹੈ। 19ਵੀਂ ਸਦੀ ਦੇ ਅੰਤ ਵਿਚ ਕਈ ਸੁਧਾਰ ਅੰਦੋਲਨਾਂ ਦਾ ਆਰੰਭ ਹੋਇਆ ਜਿਹਨਾਂ ਨੇ ਬ੍ਰਾਹਮਣਵਾਦੀ ਸਿਧਾਤਾਂ ਨੂੰ ਸੱਟ ਮਾਰੀ ਤੇ ਆਮ ਹਿੰਦੂ ਜੋ ਕਿ ਬ੍ਰਾਹਮਣਵਾਦ ਦੁਆਰਾ ਸਦੀਆਂ ਤੋਂ ਲਤਾੜਿਆ ਜਾ ਹਿਾ ਸੀ, ਨੇ ਆਪਣੇ ਹੱਕਾਂ ਲਈ ਆਵਾਜ ਬੁਲੰਦ ਕਰਨੀ ਸ਼ੁਰੂ ਕੀਤੀ। ਇਹਨਾਂ ਅੰਦੋਲਨਾਂ ਵਿਚ ਮਹਾਤਮਾ ਜੋਤਿਬਾ ਫੂਲੇ ਨੇ ਪੂਨੇ ਤੋਂ ਬ੍ਰਾਹਮਣਵਾਦੀ ਨੀਤੀਆਂ ਦਾ ਪਾਜ਼ ਉਘਾੜਨ ਦਾ ਬੀੜਾ ਚੁੱਕਿਆ ਜਿਸਦੀ ਹਮਾਇਤ ਕੋਹਲਾਪੁਰ ਦੇ ਮਹਾਰਾਜਾ ਸ਼ਾਹੂ ਜੀ, ਬੜੌਦਾ ਦੇ ਮਹਾਰਾਜਾ ਗਾਇਕਵਾੜ ਪੇਰੀਆਰ ਤੇ ਨਾਰਾਇਣ ਗੁਰੂ ਨੇ ਬ੍ਰਾਹਮਣਵਾਦ ਦੇ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕੀਤਾ। ਇਹਨਾਂ ਲਹਿਰਾਂ ਨੇ ਬ੍ਰਾਹਮਣਵਾਦ ਦੇ ਸਿਧਾਤਾਂ ਨੂੰ ਭਾਰੀ ਸੱਟ ਮਾਰੀ ਤੇ ਬ੍ਰਾਹਮਣਵਾਦ ਦੁਆਰਾ ਮਨੂੰ ਸਮਰਿਤੀ ਰਾਹੀਂ ਸਿਰਜੇ ਸਮਾਜਿਕ ਢਾਂਚੇ ਨੂੰ ਚੈਲੰਜ ਕਰਨਾ ਸ਼ੁਰੂ ਕੀਤਾ ਤਾਂ ਇਸ ਸਭ ਕਾਸੇ ਦੀ ਤਕਲੀਫ ਉਹਨਾਂ ਬ੍ਰਾਹਮਣਾਂ ਨੂੰ ਹੋਣੀ ਸੁਭਾਵਿਕ ਸੀ ਜਿਹਨਾਂ ਦਾ ਪ੍ਰਭਾਵ ਦਿਨੋਂ-ਦਿਨ ਘੱਟ ਰਿਹਾ ਸੀ ਤੇ ਜਿਹਨਾਂ ਨੇ ਸਦੀਆਂ ਤੋਂ ਬਹੁਜਨਾਂ ਨੂੰ ਆਪਣੀ ਸੇਵਾ ਵਿਚ ਹਾਜ਼ਰ ਕੀਤਾ ਹੋਇਆ ਸੀ।

ਇਸ ਸਮੇਂ ਦੌਰਾਨ ਪੂਨੇ ਦੇ ਬ੍ਰਾਹਮਣਾਂ ਨੇ ਆਮ ਹਿੰਦੂਆਂ ਦਾ ਧਿਆਨ ਸੁਧਾਰਾਂ ਤੋਂ ਹਟਾਉਂਣ ਲਈ ਹਿੰਦੂ-ਮੁਸਲਿਮ ਵੰਡ ਨੀਤੀ ਅਪਣਾਈ ਤੇ ਤਜਰਬੇ ਦੇ ਤੌਰ ‘ਤੇ ਪਹਿਲਾ ਹਿੰਦੂ-ਮੁਸਲਿਮ ਦੰਗਾ 1893 ਵਿਚ ਪੂਨੇ ਵਿਚ ਹੋਇਆ ਤੇ ਉਸ ਤੋਂ ਬਾਅਦ ਬੰਬੇ ਵਿਚ ਤੇ ਇਸ ਤੋਂ ਬਾਅਦ ਹਿੰਦੂ-ਮੁਸਲਿਮ ਦੰਗਿਆ ਦੀ ਇਕ ਐਸੀ ਲੜੀ ਚੱਲੀ ਜੋ ਅੱਜ ਤੱਕ ਜਾਰੀ ਹੈ ਤੇ ਅੱਜ ਇਹ ਬ੍ਰਾਹਮਣਵਾਦ ਲੋਕਾਂ ਵਿਚ ਇਹ ਗੱਲ ਮਨਾਉਂਣ ਲਈ ਕਾਫੀ ਹੱਦ ਤੱਕ ਸਫਲ ਹੋ ਚੁੱਕਾ ਹੈ ਕਿ ਮੁਸਲਮਾਨ ਸੱਚੇ ਦੇਸ਼ ਭਗਤ ਨਹੀਂ ਸਗੋਂ ਪਾਕਿਸਤਾਨ ਦੇ ਹਮਾਇਤੀ ਹਨ ਤੇ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਹਨ।

1925 ਵਿਚ ਇਹਨਾਂ ਬ੍ਰਾਹਮਣਾਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਮੀ ਸੰਸਥਾ ਬਣਾਈ ਜਿਸਦੇ ਮੁਖੀ ਗੋਲਵਰਕਰ ਨੇ ਆਪਣੀ ਕਿਤਾਬ ‘We or Our Nationhood Defined’ ਵਿਚ ਜਰਮਨੀ ਦੇ ਨਾਜ਼ੀ ਤਾਨਾਸ਼ਾਹ ਹਿਟਲਰ ਦੀਆਂ ਯਹੂਦੀ ਵਿਰੋਧੀ ਨੀਤੀਆਂ ਦੀ ਸਰਾਹਨਾ ਕੀਤੀ ਤੇ ਉਸ ਮੁਤਾਬਕ ਆਪਣੀਆਂ ਨੀਤੀਆਂ ਚਲਾਉਂਣੀਆਂ ਸ਼ੁਰੂ ਕੀਤੀਆਂ ਤਾਂ ਜੋ ਇਕ ਪਾਸੇ ਤਾਂ ਸਮਾਜਿਕ ਸੁਧਾਰਾਂ ਨੂੰ ਰੋਕਿਆ ਜਾਵੇ ਤੇ ਨਾਲ ਹੀ ਆਮ ਹਿੰਦੂਆਂ (ਬਹੁਜਨਾਂ) ਨੂੰ ਮੁਸਲਮਾਨਾਂ ਨਾਲ ਲੜ੍ਹਾ ਕੇ ਰੱਖਿਆ ਜਾਵੇ। 1893 ਵਿਚ ਸ਼ੁਰੂ ਹੋਏ ਦੰਗੇ ਸਾਰੀ 20ਵੀਂ ਸਦੀ ਵਿਚ ਚੱਲੇ ਜਿਹਨਾਂ ਦਾ ਸਿੱਟਾ 1992 ਵਿਚ ਬਾਬਰੀ ਮਸਜਿਦ ਨੂੰ ਢਾਹੁਣਾ ਤੇ 2002 ਵਿਚ ਗੁਜਰਾਤ ਕਤਲੇਆਮ ਦੇ ਰੂਪ ਵਿਚ ਨਿਕਲੇ।

1947 ਤੋਂ ਪਹਿਲਾਂ ਆਰ.ਐਂਸ.ਐਂਸ ਨੇ ਦੋ ਮੰਤਵੀ ਪ੍ਰੋਗਰਾਮ ਰੱਖਿਆ ਇਕ ਮੀਡੀਏ ‘ਤੇ ਕੰਟਰੋਲ ਤੇ ਦੂਜਾ ਵਿਦਵਤਾ ਉਂਤੇ ਕੰਟਰੋਲ ਅਤੇ ਇਹਨਾਂ ਦੋਵਾਂ ਮੰਤਵਾਂ ਵਿਚ ਬ੍ਰਾਹਮਣ ਪੂਰੀ ਤਰ੍ਹਾਂ ਕਾਮਯਾਬ ਹੋ ਚੁੱਕੇ ਹਨ ਤੇ ਇਸ ਕੰਟਰੋਲ ਤਹਿਤ ਅੱਜ ਭਾਰਤ ਦਾ ਮੁੱਖ ਧਾਰਾ ਵਾਲਾ ਮੀਡੀਆ ਬ੍ਰਾਹਮਣਵਾਦੀ ਪ੍ਰਚਾਰ ਦਾ ਵੱਡਾ ਹਥਿਆਰ ਹੈ ਅਤੇ ਇਸ ਦੁਆਰਾ ਬਣਾਏ ਗਏ ਅਖੌਤੀ ਵਿਦਵਾਨ ਨਾ ਕੇਵਲ ਭਾਰਤੀ ਸੰਸਕ੍ਰਿਤੀ ਸਗੋਂ ਹੋਰਨਾਂ ਧਰਮਾਂ ਦੀ ਵਿਆਖਿਆ ਕਰਨ ਨੂੰ ਵੀ ਆਪਣਾ ਹੱਕ ਸਮਝਦੇ ਹਨ।

ਮੁਸ਼ਰਿਫ ਨੇ ਇਸ ਗੱਲ ਦਾ ਸਨਸਨੀਖੇਜ਼ ਪ੍ਰਗਟਾਵਾ ਕੀਤਾ ਹੈ ਕਿ ਭਾਰਤ ਦੀ ਖੁਫੀਆ ਏਜੰਸੀ ਇੰਟੈਲੀਜੈਂਸ ਬਿਓਰੋ (IB) ਉਂਤੇ ਬ੍ਰਾਹਮਣਾਂ ਦਾ ਪੂਰੀ ਤਰ੍ਹਾਂ ਕੰਟਰੋਲ 1947 ਤੋਂ 10 ਸਾਲਾਂ ਦੇ ਦਰਮਿਆਨ ਹੋ ਚੁੱਕਾ ਸੀ ਤੇ ਇਸ ਏਜੰਸੀ ਨੇ ਆਰ.ਐਂਸ.ਐਂਸ ਦੇ ਸਮਾਜਿਕ ਤੇ ਧਾਰਮਿਕ ਪ੍ਰੋਗਰਾਮਾਂ ਤੇ ਮੰਤਵਾਂ ਨੂੰ ਸਿਰੇ ਚੜਾਉਂਣ ਵਿਚ ਹਰ ਤਰ੍ਹਾਂ ਦੀ ਮਦਦ ਕੀਤੀ ਹੈ। ਅੱਜ ਭਾਰਤ ਵਿਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਬ੍ਰਾਹਮਣਵਾਦ ਆਈ.ਬੀ. ਦੇ ਰਾਹੀਂ ਆਪਣਾ ਪ੍ਰਚਾਰ-ਪ੍ਰਸਾਰ ਤੇ ਯੋਜਨਾਵਾਂ ਸਿਰੇ ਚੜ੍ਹਾ ਰਿਹਾ ਹੈ ਤੇ ਆਈ.ਬੀ 21ਵੀਂ ਸਦੀ ਵਿਚ ਏਨੀ ਮਜਬੂਤ ਸੰਸਥਾ ਬਣ ਚੁੱਕੀ ਹੈ ਕਿ ਇਸਨੇ ਜਾਣਕਾਰੀ ਦੇਣ ਦੀ ਆਪਣੀ ਜਿੰਮੇਵਾਰੀ ਦੇ ਨਾਲ-ਨਾਲ ਜਾਂਚਾਂ ਨੂੰ ਪ੍ਰਭਾਵਤ ਕਰਨ ਦਾ ਕੰਮ ਵੀ ਆਰੰਭ ਦਿੱਤਾ ਹੈ।

ਆਈ.ਬੀ. ਬਾਰੇ ਮਰਾਠੀ ਪੰਦਰਵਾੜੇ ‘ਬਹੁਜਨ ਸੰਘਰਸ਼’ ਦੇ 30 ਅਪਰੈਲ 2007 ਦੇ ਅੰਕ ਵਿਚ ਲਿਖਿਆ ਹੈ ਕਿ ਆਈ.ਬੀ. ਵਿਚ ਦੋ ਤਰ੍ਹਾਂ ਦੇ ਅਫਸਰ ਹਨ- ਪਹਿਲੇ ਪੱਕੇ ਤੌਰ ‘ਤੇ ਨਿਯੁਕਤ ਦੇ ਦੂਜੇ ਵੱਖ-ਵੱਖ-ਪ੍ਰਾਂਤਾਂ ਤੋਂ ਡੈਪੂਟੇਸ਼ਨ ਤੋਂ ਲਿਆਂਦੇ ਅਫਸਰ। ਆਈ.ਬੀ. ਦਾ ਇਕ ਸਮੇਂ ਡਾਇਰੈਂਕਟਰ ਰਿਹਾ ਵੀ.ਜੀ. ਵੈਦਿਆ ਦਾ ਸਕਾ ਭਰਾ ਐਂਮ.ਜੀ ਵੈਦਿਆ ਮਹਾਂਰਾਸ਼ਟਰ ਪ੍ਰਾਂਤ ਦਾ ਆਰ.ਐਂਸ.ਐਂਸ ਦਾ ਪ੍ਰਧਾਨ ਸੀ। ਉਸ ਰਸਾਲੇ ਨੇ ਦਾਅਵਾ ਕੀਤਾ ਕਿ ਜੇ ਆਈ.ਬੀ. ਦੇ ਅਫਸਰਾਂ ਦੀ ਪੜਤਾਲ ਕੀਤੀ ਜਾਵੇ ਤਾਂ ਇਹ ਸਹਿਜੇ ਹੀ ਸਿੱਧ ਹੋ ਜਾਵੇਗਾ ਕਿ ਆਈ.ਬੀ. ਦੇ ਅਫਸਰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਆਰ.ਐਂਸ.ਐਂਸ ਦੇ ਵਫਾਦਾਰ ਰਹੇ ਹਨ ਤੇ ਕੁਝ ਅਜਿਹੇ ਅਫਸਰ ਕੇਵਲ ਰਿਕਾਰਡ ਲਈ ਵੀ ਹਨ ਜੋ ਆਰ.ਐਂਸ.ਐਂਸ ਤੋਂ ਮੁਕਤ ਹਨ ਪਰ ਉਹਨਾਂ ਦੀ ਕੋਈ ਅਹਿਮੀਅਤ ਨਹੀਂ।

ਮੁਸ਼ਰਿਫ ਨੇ ਦਾਅਵਾ ਕੀਤਾ ਕਿ ਆਈ.ਬੀ. ਤਾਂ ਆਰ.ਐਂਸ.ਐਂਸ ਨਾਲੋਂ ਵੀ ਵੱਧ ਬ੍ਰਾਹਮਣਵਾਦੀ ਹੋ ਚੁੱਕੀ ਹੈ ਜਿਸਦੀ ਮਿਸਾਲ ‘ਮੁਸਲਿਮ ਇੰਡੀਆ’ ਨਾਮੀ ਰਸਾਲੇ ਵਿਚ ਸਾਬਕਾ ਡੀ.ਜੀ.ਪੀ ਕੇ.ਐਂਸ ਸੁਬਰਾਮਨੀਅਮ ਨੇ ਦੱਸਿਆ ਕਿ ਜਦੋਂ ਕੇਂਦਰ ਦੀ ਹੋਮ ਮਨਿਸਟਰੀ ਦਾ ਸੈਕਟਰੀ ਇਕ ਮੁਸਲਮਾਨ ਸੀ ਤਾਂ ਆਈ.ਬੀ. ਦਾ ਡਾਇਰੈਕਟਰ ਉਸਨੂੰ ਰਿਪੋਰਟਾਂ ਨਹੀਂ ਸੀ ਦੇਖਣ ਲਈ ਦਿੰਦਾ।
ਮੁਸ਼ਰਿਫ ਦੇ ਦੱਸਣ ਮੁਤਾਬਕ ਆਈ.ਬੀ. ਦਾ ਡਾਇਰੈਕਟਰ ਸਰਕਾਰ ਵਲੋਂ ਨਿਯੁਕਤ ਨਹੀਂ ਕੀਤਾ ਜਾਂਦਾ ਸਗੋਂ ਰਿਟਾਇਰ ਹੋਣ ਵਾਲਾ ਡਾਇਰੈਕਟਰ ਨਵੇਂ ਡਾਇਰੈਕਟਰ ਦੀ ਨਿਯੁਕਤੀ ਕਰਦਾ ਹੈ ਜਿਸਨੂੰ ਸਰਕਾਰ ਮਾਨਤਾ ਦਿੰਦੀ ਹੈ ਤੇ ਡਾਇਰੈਕਟਰ ਦਾ ਕੰਮ ਰੋਜ਼ਾਨਾ 15-20 ਮਿੰਟਾਂ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਦੇਸ਼ ਦੇ ਸਮਾਜਿਕ, ਧਾਰਮਿਕ ਤੇ ਹੋਰ ਹਲਾਤਾਂ ਬਾਰੇ ਸੰਖੇਪ ਵਿਚ ਜਾਣਕਾਰੀ ਦੇਣੀ ਹੁੰਦੀ ਹੈ। ਇਹ ਵੀ ਗੌਰ ਕਰਨਯੋਗ ਗੱਲ ਹੈ ਕਿ 1993 ਤੱਕ ਆਈ.ਬੀ. ਵਿਚ ਇਕ ਵੀ ਮੁਸਲਮਾਨ ਅਫਸਰ ਨਹੀਂ ਸੀ ਤੇ ਇਸ ਗੱਲ ਦੇ ਉਛਲਣ ਤੋਂ ਬਾਅਦ ਰਿਕਾਰਡ ਲਈ ਕੁਝ ਮੁਸਲਮਾਨਾਂ ਦੀ ਨਿਯੁਕਤੀ ਆਈ.ਬੀ. ਵਿਚ ਕੀਤੀ ਗਈ ਜਿਹਨਾਂ ਦੀ ਕੋਈ ਅਹਿਮੀਅਤ ਨਹੀਂ ਸੀ।ਮੁਸ਼ਰਿਫ ਕਹਿੰਦਾ ਹੈ ਕਿ ਆਈ.ਬੀ. ਆਪਣੇ ਆਪ ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਂਸ.ਆਈ ਦੀ ਤਰਜ਼ ਉਂਤੇ ਸਥਾਪਤ ਹੋਣਾ ਚਾਹੰਦੀ ਹੈ। ਜਿਸ ਤਰ੍ਹਾਂ ਆਈ.ਐਂਸ.ਆਈ ਬਹੁ-ਮੂੰਹੀ ਰਾਖਸ਼ਸ਼ ਬਣ ਕੇ ਆਪਣੇ ਮੁਲਕ ਨੂੰ ਖਾ ਰਹੀ ਹੈ ਉਸ ਤਰ੍ਹਾਂ ਆਉਂਣ ਵਾਲੇ ਸਮੇਂ ਵਿਚ ਆਈ.ਬੀ. ਵੀ ਭਾਰਤ ਨੂੰ ਬ੍ਰਾਹਮਣਵਾਦ ਦੀ ਜਕੜ ਵਿਚ ਲਿਆ ਕੇ ਤੋੜਨ ਦੇ ਰਾਹ ਪੈ ਚੁੱਕੀ ਹੈ।

ਬ੍ਰਾਹਮਣ ਰਾਸ਼ਟਰਵਾਦੀਆਂ ਵਲੋਂ ਆਮ ਹਿੰਦੂਆਂ ਨੂੰ ਮੀਡੀਏ ਤੇ ਆਈ.ਬੀ. ਰਾਹੀਂ ਮੁਸਲਮਾਨਾਂ ਦੇ ਖਿਲਾਫ ਤਾਂ ਖੜ੍ਹਾ ਕੀਤਾ ਜਾ ਰਿਹਾ ਹੈ ਪਰ ਬ੍ਰਾਹਮਣਾਂ ਵਲੋਂ ਸਦੀਆਂ ਤੋਂ ਦਲਿਤਾਂ ਤੇ ਹੇਠਲੇ ਅਖੌਤੀ ਹਿੰਦੂਆਂ ਉਂਤੇ ਕੀਤੇ ਤਸ਼ੱਦਦ ਦਾ ਹਿਸਾਬ ਕੌਣ ਚੁੱਕਤਾ ਕਰੇਗਾ?ਮੁਸ਼ਰਿਫ ਨੇ ਇਸ ਕਿਤਾਬ ਵਿਚ ਮੁੱਖ ਰੂਪ ਵਿਚ ਪਿਛਲੇ ਸਮੇਂ ਦੌਰਾਨ ਭਾਰਤ ਵਿਚ ਹੋਏ ਬੰਬ ਧਮਾਕਿਆਂ ਬਾਰੇ ਜ਼ਿਕਰ ਕੀਤਾ ਹੈ ਕਿ ਆਈ.ਬੀ. ਵਿਚ ਬ੍ਰਾਹਮਣਵਾਦੀ ਤੱਤਾਂ ਦੇ ਕਾਰਨ ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀਆਂ ਪੂਰੇ ਭਾਰਤ ਵਿਚ ਸਰਗਰਮ ਹੋਈਆਂ ਹਨ ਕਿਉਂਕਿ 1947 ਤੋਂ ਬਾਅਦ ਬ੍ਰਾਹਮਣਵਾਦੀਆਂ ਨੇ ਸਮਾਜਿਕ ਤੇ ਧਾਰਮਿਕ ਕੰਟਰੋਲ ਕਾਇਮ ਕਰਨ ਦੀ ਨੀਤੀ ਤੋਂ ਅੱਗੇ ਸਿਆਸੀ ਕੰਟਰੋਲ ਵੱਲ ਨੂੰ ਵੱਧਣਾ ਸ਼ੁਰੂ ਕੀਤਾ ਜਿਸਦੀ ਪ੍ਰਤੱਖ ਉਦਾਹਰਨ 1992 ਵਿਚ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਆਮ ਹਿੰਦੂਆਂ ਨੇ ਬ੍ਰਾਹਮਣਵਾਦੀਆਂ ਦੀ ਸਿਆਸੀ ਪਾਰਟੀ ਭਾਜਪਾ ਵੱਲ ਨੂੰ ਉਂਲਰਨਾ ਸ਼ੁਰੂ ਕੀਤਾ ਤੇ ਜਦੋਂ ਇਹਨਾਂ ਨੂੰ ਭਾਰਤ ਸਰਕਾਰ ਬਣਾਉਂਣ ਦਾ ਮੌਕਾ ਮਿਲ ਗਿਆ ਤਾਂ ਇਹਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹੋ ਗਏ ਤਾਂ ਫਿਰ ਗੁਜਰਾਤ ਵਿਚ 2002 ਮੁਸਲਿਮ ਕਤਲੇਆਮ ਨੇ ਇਹਨਾਂ ਦੀ ਸਾਖ਼ ਨੂੰ ਹਿੰਦੂਆਂ ਵਿਚ ਵਧਾਇਆ ਤਾਂ ਹੁਣ ਇਹ ਮੀਡੀਏ ਤੇ ਆਈ.ਬੀ. ਰਾਹੀਂ ਇਸ ਗੱਲ ਨੂੰ ਦ੍ਰਿੜ ਕਰਨ ਵਿਚ ਲੱਗੀਆਂ ਹੋਈਆਂ ਹਨ ਕਿ ਮੁਸਲਮਾਨਾਂ ਨੂੰ ਦੇਸ਼ ਵਿਰੋਧੀ ਗਰਦਾਨ ਕੇ ‘ਇਸਲਾਮਕ-ਅੱਤਵਾਦ’ ਦਾ ਰੌਲਾ ਪਾ ਕੇ ਵੋਟ ਦੀ ਰਾਜਨੀਤੀ ਰਾਹੀਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਵੋਟਾਂ ਵਿਚ ਤਬਦੀਲ ਕੀਤਾ ਜਾ ਸਕੇ ਜਿਸ ਤਹਿਤ ਇਹਨਾਂ ਦੀਆਂ ਅੱਤਵਾਦੀ ਜਥੇਬੰਦੀਆਂ ਨੇ ‘ਇਸਲਾਮਕ-ਅੱਤਵਾਦ’ ਦੇ ਬੈਨਰ ਹੇਠ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕਈ ਬੰਬ ਧਮਾਕੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚ ਕਰਵਾਏ।

ਮੁਸ਼ਰਿਫ ਕੋਲ ਇਸ ਗੱਲ ਦੇ ਪੁਖਤਾ ਤੱਥ ਹਨ ਕਿ ਭਾਰਤ ਵਿਚ ਪਿਛਲੇ 5-6 ਸਾਲਾਂ ਵਿਚ ਹੋਏ ਬੰਬ ਧਮਾਕੇ ਇਹਨਾਂ ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀਆਂ ਨੇ ਕਰਵਾਏ ਹਨ। ਹਿੰਮਤ ਕਰਕਰੇ, ਜੋ ਕਿ ਇਸ ਬ੍ਰਾਹਮਣੀ ਅੱਤਵਾਦ ਦਾ ਪਾਜ ਉਘਾੜਨ ਲਈ ਪੂਰਾ ਯਤਨਸ਼ੀਲ ਸੀ, ਨੂੰ ਵੀ ਇਸਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਂਣੀ ਪਈ।ਮਾਂਲੇਗਾਂਵ ਵਿਚਲੇ ਅਕਤੂਬਰ-ਨਵੰਬਰ 2008 ਦੇ ਬੰਬ ਧਮਾਕਿਆਂ ਦੇ 11 ਬ੍ਰਾਹਮਣ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਭਰ ਵਿਚ ਬੰਬ ਧਮਾਕੇ ਰੁਕ ਗਏ। ਬ੍ਰਾਹਮਣਵਾਦੀ ਅੱਤਵਾਦੀ ਆਈ.ਬੀ. ਦੀ ਸਹਾਇਤਾ ਨਾਲ ਥਾਂ-ਥਾਂ ਬੰਬ ਧਮਾਕੇ ਕਰਕੇ ਇਸਨੂੰ ਅਖੌਤੀ ਮੁਸਲਿਮ ਅੱਤਵਾਦ ਦੇ ਭੂਤ ਨਾਲ ਜੋੜ ਦਿੰਦੇ ਤੇ ਅੱਜ ਭਾਰਤ ਵਾਸੀ ਮੁਸਲਿਮ ਅੱਤਵਾਦ ਦੇ ਨਾਮ ਨੂੰ ਮਾਨਤਾ ਦੇ ਚੁੱਕੇ ਹਨ ਪਰ ਸਿਤਮਜ਼ਰੀਫੀ ਦੀ ਗੱਲ ਹੈ ਕਿ ਏਜੰਸੀਆਂ ਤੇ ਉਹਨਾਂ ਦੇ ਸਟੈਨੋਗਰਾਫਰ ਬਣੇ ਹੋਏ ਅਖੌਤੀ ਧਰਮ ਨਿਰਪਂਖ ਮੀਡੀਆ ਵਾਲੇ ਕੁਝ ਭਾਰਤੀ ਮੁਸਲਮਾਨਾਂ ਨੂੰ ਵੀ ਇਹ ਮਨਾਉਂਣ ਵਿਚ ਸਫਲ ਹੋ ਗਏ ਹਨ ਕਿ ਭਾਰਤ ਨੂੰ ‘ਇਸਲਾਮਕ-ਅੱਤਵਾਦ’ ਦਾ ਖਤਰਾ ਹੈ।

ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀ ਸਨਾਤਨ ਸੰਸਥਾ ਵਲੋਂ 16 ਅਕਤੂਬਰ 2009 ਨੂੰ ਇਕ ਵਾਰ ਫਿਰ ਗੋਆ ਦੇ ਮਾਰਗਾਂਵ ਦੇ ਇਲਾਕੇ ਵਿਚ ਜਿੱਥੇ ਹਿੰਦੂਆਂ ਵਲੋਂ ਵੱਡੇ ਇਕੱਠ ਵਿਚ ਦੀਵਾਲੀ ਮਨਾਉਂਣੀ ਸੀ, ਬੰਬ ਧਮਾਕੇ ਕਰਕੇ ‘ਇਸਲਾਮਕ-ਅੱਤਵਾਦ’ ਦਾ ਰੌਲਾ ਪਾਉਣ ਦੀ ਅਸਫਲ ਕੋਸ਼ਿਸ਼ ਕੀਤੀ। ਬਦਕਿਸਮਤੀ ਸਨਾਤਨ-ਸੰਸਥਾ ਦੀ ਜਾਂ ਖੁਸ਼ਕਿਸਮਤੀ ਭਾਰਤ ਦੀ ਕਿ ਇਹਨਾਂ ਬੰਬਾਂ ਵਿਚੋਂ ਇਕ ਲਗਾਉਂਦੇ ਸਮੇਂ ਹੀ ਫਟ ਗਿਆ ਜਿਸ ਨਾਲ ਸਨਾਤਨ-ਸੰਸਥਾ ਦੇ ਦੋ ਵਰਕਰ ਮਾਰੇ ਗਏ। ਬਾਅਦ ਵਿਚ ਗੋਆ ਪੁਲਿਸ ਨੇ ਦੋ ਜਿੰਦਾ ਬੰਬ ਨਕਾਰਾ ਕਰ ਦਿੱਤੇ ਤੇ ਉਹਨਾਂ ਜਿੰਦਾ ਬੰਬਾਂ ਨੂੰ ਇਸਲਾਮਕ-ਅੱਤਵਾਦ ਦੇ ਖਾਤੇ ਪਾਉਂਣ ਲਈ ਇਕ ਬੈਗ ਵਿਚ ਬੰਬ ਪਾ ਕੇ ਉਸ ਉਪਰ ਉਰਦੂ ਵਿਚ ‘ਖਾਨ ਮਾਰਕਿਟ’ ਲਿਖ ਦਿੱਤਾ ਗਿਆ। ਇਰਾਦਾ ਸਾਫ ਜ਼ਾਹਰ ਸੀ ਕਿ ਹਰ ਕਿਸੇ ਨੇ ਯਕੀਨ ਕਰ ਲੈਣਾ ਸੀ ਕਿ ਇਹ ਬੰਬ ਫਟੇ ਨਹੀਂ ਤੇ ਜੇ ਫਟ ਜਾਂਦੇ ਤਾਂ ਹਿੰਦੂਆਂ ਦੇ ਤਿਓਹਾਰ ਦੀਵਾਲੀ ਉਂਤੇ ਅਨੇਕਾਂ ਹਿੰਦੂ ਮਾਰੇ ਜਾਂਦੇ ਤੇ ਹਜ਼ਾਰਾਂ ਮੁਸਲਮਾਨ ਨੌਜਵਾਨਾਂ ਨੂੰ ਦੇਸ਼ ਭਰ ਵਿਚੋਂ ਗ੍ਰਿਫਤਾਰ ਕਰਕੇ ਉਹਨਾਂ ਉਂਤੇ ਅਣਮਨੁੱਖੀ ਤਸ਼ੱਦਦ ਢਾਹਿਆ ਜਾਣਾ ਸੀ ਤੇ ਅਖੌਤੀ ‘ਇਸਲਾਮਕ-ਅੱਤਵਾਦ’ ਦੇ ਭੂਤ ਦਾ ਰੌਲਾ ਏਜੰਸੀਆਂ ਨੇ ਪਾ ਲੈਣਾ ਸੀ ਪਰ ਇਹ ਨਾ ਹੋ ਸਕਿਆ। ਇਸ ਕੇਸ ਦੀ ਜਾਂਚ ਵਿਚ ਗੋਆ ਪੁਲਿਸ ਨੇ ਸਨਾਤਨ ਸੰਸਥਾ ਅਤੇ ਮਾਂਲੇਗਾਂਵ ਬੰਬ ਧਮਾਕਿਆਂ ਦੇ ਦੋਸ਼ੀ ਕਰਨਲ ਪੁਰੋਹਿਤ ਤੇ ਸਾਧਵੀ ਪ੍ਰਗਿਆ ਠਾਕੁਰ ਦੀ ਅੱਤਵਾਦੀ ਜਥੇਬੰਦੀ ਅਭਿਨਵ-ਭਾਰਤ ਨਾਲ ਸਬੰਧ ਪਾਏ।ਇਹ ਘਟਨਾ ਪ੍ਰਮਾਣ ਹੈ ਕਿ ਬ੍ਰਾਹਮਣਵਾਦੀ ਲੋਕ ਭਾਰਤ ਵਿਚ ਬੰਬ ਧਮਾਕੇ ਕਰਕੇ ਆਮ ਹਿੰਦੂਆਂ ਨੂੰ ਮੁਸਲਮਾਨਾਂ ਦੇ ਵਿਰੁੱਧ ਕਰਨ ਲਈ ਬ੍ਰਾਹਮਣੀ ਮੀਡੀਏ ਰਾਹੀਂ ਉਹਨਾਂ ਬੰਬ ਧਮਾਕਿਆਂ ਨੂੰ ਮੁਸਲਮਾਨਾਂ ਨਾਲ ਜੋੜ ਦਿੰਦੇ ਹਨ।

ਮੁਸ਼ਰਿਫ ਨੇ ਕਿਤਾਬ ਰਾਹੀਂ ਇਸ ਤੱਥ ਨੂੰ ਬਲ ਦਿੱਤਾ ਹੈ ਕਿ ਹਿੰਮਤ ਕਰਕਰੇ ਜੋ ਕਿ ਅੱਤਵਾਦ ਵਿਰੋਧੀ ਦਸਤੇ ਦਾ ਮੁਖੀ ਸੀ, ਨੇ ਬੜੀ ਦਲੇਰੀ ਨਾਲ ਬ੍ਰਾਹਮਣਵਾਦੀ ਅੱਤਵਾਦ ਦਾ ਪਰਦਾ ਫਾਸ਼ ਕੀਤਾ ਤੇ ਆਈ.ਬੀ. ਨੇ 26/11 ਦੇ ਮੁੰਬਈ ਹਮਲੇ ਨੂੰ ਜਾਣ-ਬੁੱਝ ਕੇ ਹੋਣ ਦਿੱਤਾ ਜਿਸ ਵਿਚ ਹਿੰਮਤ ਕਰਕਰੇ ਨੂੰ ਬੁੱਚੜ ਤਰੀਕੇ ਨਾਲ ਮਾਰ ਕੇ ਮਾਲੇਗਾਂਵ ਬੰਬ ਧਮਾਕਿਆਂ ਦੀ ਜਾਂਚ ਵਿਚ ਰੁਕਾਵਟ ਪਾ ਦਿੱਤੀ ਤੇ ਅੱਤਵਾਦ ਵਿਰੋਧੀ ਦਸਤੇ ਦੇ ਨਵੇਂ ਮੁਖੀ ਵਜੋਂ ਉਸ ਫਿਰਕੂ ਤੇ ਵਿਵਾਦਪੂਰਨ ਅਫਸਰ ਕੇ.ਪੀ. ਰਘੂਵੰਸ਼ੀ ਦੀ ਨਿਯੁਕਤੀ ਹਿੰਮਤ ਕਰਕਰੇ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਕਰ ਦਿੱਤੀ ਜਿਸਨੇ ਮਾਲੇਗਾਂਵ ਬੰਬ ਧਮਾਕਿਆਂ ਰਾਹੀਂ ਬ੍ਰਾਹਮਣਵਾਦੀ ਅੱਤਵਾਦ ਦੇ ਨੰਗੇ ਹੋ ਰਹੇ ਚਿਹਰੇ ਨੂੰ ਮੁੜ ਢੱਕ ਦਿੱਤਾ।ਐਂਸ.ਐਂਮ. ਮੁਸ਼ਰਿਫ ਨੇ ਇਸ ਕਿਤਾਬ ਰਾਹੀਂ ਉਹਨਾਂ ਪ੍ਰਸ਼ਨਾਂ ਦੇ ਉਂਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਪਹਿਲਾਂ ਨਿਸਚਿਤ ਕੀਤੇ 1893 ਦੇ ਹਿੰਦੂ-ਮੁਸਲਿਮ ਦੰਗਿਆਂ ਤੋਂ ਮੁੰਬਈ 26/11 ਦੇ ਅੱਤਵਾਦੀ ਹਮਲਿਆਂ ਦਰਮਿਆਨ ਉਤਪੰਨ ਹੋਏ ਹਨ:
1. 1893 ਵਿਚ ਬ੍ਰਾਹਮਣਾਂ ਨੇ ਅਚਾਨਕ ਜਾਣ-ਬੁੱਝ ਕੇ ਮੁਸਲਿਮ ਵਿਰੋਧੀ ਵਾਤਾਵਰਣ ਸਿਰਜ ਕੇ ਹਿੰਦੂ-ਮੁਸਲਿਮ ਦੰਗੇ ਕਿਉਂ ਭੜਕਾਉਂਣੇ ਸ਼ੁਰੂ ਕੀਤੇ ਜਦੋਂ ਕਿ ਬ੍ਰਾਹਮਣਾਂ ਤੇ ਮੁਸਲਮਾਨਾਂ ਵਿਚ ਮੱਧਕਾਲ ਤੇ ਉਸ ਤੋਂ ਬਾਅਦ ਮਿਲਵਰਤਨ ਵਾਲਾ ਵਾਤਾਵਰਣ ਰਿਹਾ ਹੈ?

2. ਭਾਰਤ ਦੀ ਖੁਫੀਆ ਏਜੰਸੀ ਆਈ.ਬੀ. ਸਰਕਾਰ ਨੂੰ ਆਰ.ਐਂਸ. ਐਂਸ ਵਲੋਂ ਖੁੱਲੇਆਮ ਆਪਣੀਆਂ ਸ਼ਾਖਾਵਾਂ ਰਾਹੀਂ ਮੁਸਲਿਮ ਵਿਰੋਧੀ ਜ਼ਹਿਰ ਪ੍ਰਸਾਰਣ ਸਬੰਧੀ ਹਨੇਰੇ ਵਿਚ ਕਿਉਂ ਰੱਖ ਰਹੀ ਹੈ?

3. ਜਦੋਂ ਕਿ ਦੇਸ਼ ਵਿਚ ਪਿਛਲੇ 60 ਸਾਲਾਂ ਤੋਂ ਫਿਰਕੂ ਫਸਾਦ ਹੋ ਰਹੇ ਹਨ ਤਾਂ ਫਿਰ ਆਈ.ਬੀ. ਨੇ ਸਰਕਾਰ ਨੂੰ ਸਹੀ ਤੇ ਸਮੇਂ ਸਿਰ ਇਮਾਨਦਾਰੀ ਨਾਲ ਰਿਪੋਰਟ ਤੇ ਸਲਾਹ ਦੇ ਕੇ ਕੰਟਰੋਲ ਕਿਉਂ ਨਹੀਂ ਕਰਵਾਇਆ?

4. 21ਵੀਂ ਸਦੀ ਦੇ ਅਰੰਭ ਵਿਚ ਆਈ.ਬੀ ਨੇ ਅਚਾਨਕ ਹੀ ਖੁਫੀਆਂ ਰਿਪੋਰਟਾਂ ਅਧੀਨ ਇਹ ਅਫਵਾਹਾਂ ਕਿਉਂ ਉਡਾਉਂਣੀਆਂ ਸ਼ੁਰੂ ਕਰ ਦਿੱਤੀਆਂ ਕਿ ਮਹੱਤਵਪੂਰਨ ਵੀ.ਵੀ.ਆਈ.ਪੀ. ਵਿਅਕਤੀਆਂ ਤੇ ਧਾਰਮਿਕ ਥਾਵਾਂ ਨੂੰ ਅਖੌਤੀ ਇਸਲਾਮਕ ਅੱਤਵਾਦੀ ਜਥੇਬੰਦੀਆਂ ਤੋਂ ਖਤਰਾ ਹੈ?

5. ਆਈ.ਬੀ. ਨੇ ਸਰਕਾਰ ਨੂੰ ਕੁਝ ਬ੍ਰਾਹਮਣਵਾਦੀ ਅਤੱਵਾਦੀ ਜਥੇਬੰਦੀਆਂ ਵਲੋਂ ਆਪਣੇ ਕੇਡਰ ਨੂੰ ਅੱਤਵਾਦ-ਸਿਖਲਾਈ, ਹਥਿਆਰ, ਅਸਲਾ-ਬਾਰੂਦ ਇਕੱਠੇ ਕਰਨ, ਬੰਬ ਬਣਾਉਂਣ ਤੇ ਬੰਬ ਧਮਾਕੇ ਕਰਨ ਦੀਆਂ ਤਿਆਰੀਆਂ ਕਰਨ ਸਬੰਧੀ ਚੇਤਨ ਕਿਉਂ ਨਹੀਂ ਕੀਤਾ?

6. ਆਈ.ਬੀ. ਨੇ ਭਾਰਤ ਸਰਕਾਰ ਨੂੰ ਅਭਿਨਵ-ਭਾਰਤ ਨਾਮੀ ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀ ਦੀਆਂ ਹਿੰਦੂ ਰਾਸ਼ਟਰ ਬਣਾਉਂਣ ਦੀਆਂ ਗਤੀਵਿਧੀਆਂ ਸਬੰਧੀ ਹਨੇਰੇ ਵਿਚ ਕਿਉਂ ਰੱਖਿਆ ?

7. ਆਈ.ਬੀ. ਨੇ ਹਰੇਕ ਬੰਬ ਧਮਾਕੇ ਤੇ ਅੱਤਵਾਦੀ ਹਮਲੇ ਦੇ ਕੇਸ ਵਿਚ ਗੈਰ-ਜਰੂਰੀ ਦਖਲ ਕਿਉਂ ਦੇਣਾ ਸ਼ੁਰੂ ਕਰ ਦਿੱਤਾ? ਜਦ ਕਿ ਇਸਦੀ ਮੁੱਖ ਡਿਊਟੀ ਖੁਫੀਆ ਜਾਣਕਾਰੀ ਇਕੱਤਰ ਕਰਨਾ ਹੈ।

8. ਆਈ.ਬੀ. ਨੇ ਮੁੰਬਈ ਅੱਤਵਾਦੀ ਹਮਲਿਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਨੂੰ ਰੋਕ ਕੇ ਕਿਉਂ ਰੱਖਿਆ ਤੇ ਮੁੰਬਈ ਪੁਲਿਸ ਤੇ ਪੱਛਮੀ ਜਲ ਸੈਨਾ ਕਮਾਂਡ ਨਾਲ ਵੀ ਇਸਨੂੰ ਕਿਉਂ ਸਾਂਝਾ ਨਾ ਕੀਤਾ?
9. ਆਈ.ਬੀ. ਨੇ 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਅੱਤਵਾਦੀਆਂ ਦੇ ਸ਼ੱਕੀ 35 ਮੋਬਾਈਲ ਫੋਨਾਂ ਨੂੰ ਪੰਜ ਦਿਨ ਪਹਿਲਾਂ ਨੰਬਰ ਮਿਲਣ ਦੇ ਬਾਵਜੂਦ ਵੀ ਨਿਰੀਖਣ ਅਧੀਨ ਕਿਉਂ ਨਾ ਰੱਖਿਆ?

10. ਆਈ.ਬੀ. ਨੇ ਹਿੰਮਤ ਕਰਕਰੇ ਦੀ ਮੌਤ ਤੋਂ ਕੁਝ ਘੰਟਿਆਂ ਦਰਮਿਆਨ ਹੀ ਅੱਤਵਾਦ ਵਿਰੋਧੀ ਦਸਤੇ ਦੇ ਮੁਖੀ ਵਜੋਂ ਫਿਰਕੂ ਤੇ ਵਿਵਾਦਪੂਰਨ ਪੁਲਿਸ ਅਫਸਰ ਕੇ.ਪੀ. ਰਘੂਵੰਸ਼ੀ ਨੂੰ ਕਿਉਂ ਨਿਯੁਕਤ ਕੀਤਾ?

11. ਆਈ.ਬੀ. ਨੇ ਮੁੰਬਈ ਹਮਲਿਆਂ ਦੇ ਕੇਸ ਦੀ ਜਾਂਚ ਤੁਰੰਤ ਆਪਣੇ ਹੱਥਾਂ ਵਿਚ ਕਿਉਂ ਲਈ ਤੇ ਐਂਫ.ਬੀ.ਆਈ ਵਰਗੀ ਵਿਦੇਸ਼ੀ ਜਾਂਚ ਏਜੰਸੀ ਨੂੰ ਇਸ ਵਿਚ ਸ਼ਾਮਲ ਕਿਉਂ ਕੀਤਾ ਜੋ ਕਿ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਹੈ।


ਮੁਸ਼ਰਿਫ ਦੀ ਕਿਤਾਬ ਇਸ ਸਿੱਟੇ ‘ਤੇ ਪੁੱਜਦੀ ਹੈ ਕਿ ਉਪਰ ਲਿਖੇ ਸਾਰੇ ਤੱਥ ਆਪਸ ਵਿਚ ਜੁੜੇ ਤੇ ਤਾਲਮੇਲਸ਼ੁਦਾ ਹਨ। ਇਸ ਖੇਡ ਵਿਚ ਹਿੰਦੂਆਂ ਦਾ ਛੋਟਾ ਜਿਹਾ ਹਿੱਸਾ ਬ੍ਰਾਹਮਣ, ਬ੍ਰਾਹਮਣਵਾਦ ਨਾਲ ਓਤ-ਪੋਤ ਗੈਰ-ਬ੍ਰਾਹਮਣ ਤੇ ਬ੍ਰਾਹਮਣਵਾਦ ਦੀ ਤਾਕਤ ਆਈ.ਬੀ. ਤੇ ਮੀਡੀਏ ਦਾ ਇਕ ਵੱਡਾ ਭਾਗ ਸ਼ਾਮਲ ਹੈ। ਇਹਨਾਂ ਦਾ ਮਕਸਦ ਭਾਰਤੀ ਸਮਾਜ ਉਂਤੇ ਬ੍ਰਾਹਮਣਵਾਦ ਦਾ ਪੂਰਾ ਕੰਟਰੋਲ ਕਾਇਮ ਕਰਨਾ ਹੈ।ਮੁਸ਼ਰਿਫ ਦੇ ਮੁਤਾਬਕ ਜੇ ਹਿੰਮਤ ਕਰਕਰੇ ਨੂੰ 26/11 ਦੇ ਮੁੰਬਈ ਹਮਲੇ ਵਿਚ ਨਾ ਮਰਵਾਇਆ ਜਾਂਦਾ ਤਾਂ ਹੁਣ ਤੱਕ ਭਾਰਤ ਵਿਚ ਬ੍ਰਾਹਮਣਵਾਦੀ ਅੱਤਵਾਦ ਦਾ ਪੂਰਾ ਜਾਲ ਸਾਹਮਣੇ ਆ ਜਾਂਦਾ ਪਰ ਬ੍ਰਾਹਮਣਾਂ ਦੀ ਆਈ.ਬੀ. ਨੇ ਮੁੰਬਈ ਹਮਲਾ ਜਾਣ-ਬੁੱਝ ਕੇ ਹੋਣ ਦਿੱਤਾ ਤੇ ਇਸ ਰਾਹੀਂ ਇਕ ਤਾਂ ਹਿੰਮਤ ਕਰਕਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਦੂਜਾ ‘ਇਸਲਾਮਕ-ਅੱਤਵਾਦ’ ਦਾ ਰੌਲਾ ਹੋਰ ਉਂਚੀ ਤਰ੍ਹਾਂ ਪਾਇਆ ਗਿਆ।

ਮੁਸ਼ਰਿਫ ਦੇ ਮੁਤਾਬਕ ਇਸ ਕਿਤਾਬ ਵਿਚ ਉਪਰ ਲਿਖੀਆਂ ਘਟਨਾਵਾਂ ਨੂੰ ਲੜੀਵਾਰ ਲਿਖਿਆ ਗਿਆ ਹੈ। ਉਸਨੇ ਇਹ ਤੱਥ ਕੱਢਿਆ ਹੈ ਕਿ ਹਰੇਕ ਬੰਬ ਧਮਾਕੇ ਪਿੱਛੋਂ ਸੈਂਕੜੇ ਮੁਸਲਿਮ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਬੰਬ ਧਮਾਕੇ ਨਾ ਰੁਕੇ ਪਰ ਜਦੋਂ 2008 ਦੇ ਮਾਲੇਗਾਂਵ ਬੰਬ ਧਮਾਕਿਆਂ ਦੇ ਦੋਸ਼ ਵਿਚ ਅਸਲ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਬੰਬ ਧਮਾਕੇ ਲਗਭਗ ਪੂਰੀ ਤਰ੍ਹਾਂ ਰੁਕ ਗਏ।ਮੁਸ਼ਰਿਫ ਨੇ ਪਾਠਕਾਂ ਤੋਂ ਆਸ ਕੀਤੀ ਹੈ ਤੇ ਦਾਅਵਾ ਵੀ ਕਿ ਜੋ ਵੀ ਇਸ ਕਿਤਾਬ ਨੂੰ ਪੂਰੇ ਧਿਆਨ ਨਾਲ ਪੜ੍ਹੇਗਾ ਤਾਂ ਉਹ ਇਸ ਲਿਖਤ ਤੇ ਵਿਆਖਿਆ ਉਂਤੇ ਪੁਲਿਸ ਦੀ ਜਾਣਕਾਰੀ ਨਾਲੋਂ ਵੱਧ ਵਿਸਵਾਸ਼ ਕਰੇਗਾ। ਉਸਨੇ ਦਾਅਵਾ ਕੀਤਾ ਹੈ ਕਿ ਉਸ ਵਲੋਂ ਪੇਸ਼ ਕੀਤੇ ਨਵੇਂ ਤੱਥਾਂ ਦੀ ਰੋਸ਼ਨੀ ਵਿਚ ਸਾਰੇ ਮਾਮਲੇ ਦੀ ਕਿਸੇ ਨਿਰਪਂਖ ਏਜੰਸੀ ਜਾਂ ਉਂਚ ਪੱਧਰੀ ਕਮਿਸ਼ਨ ਤੋਂ ਜਾਂਚ ਕਰਵਾਈ ਜਾਵੇ।ਮੁਸ਼ਰਿਫ ਨੇ ਕਿਹਾ ਹੈ ਕਿ ਮੈਨੂੰ ਪਤਾ ਹੈ ਕਿ ਬ੍ਰਾਹਮਣਵਾਦੀ ਇਹਨਾਂ ਤੱਥਾਂ ਦਾ ਕਿਸੇ ਤਿੰਨਾਂ ਵਿਚੋਂ ਇਕ ਤਰੀਕੇ ਨਾਲ ਪ੍ਰਤੀਕਰਮ ਕਰਨਗੇ।

1. ਉਹ ਇਹਨਾਂ ਤੱਥਾਂ ਨੂੰ ਅਣਦੇਖਿਆ ਕਰ ਸਕਦੇ ਹਨ ਜੋ ਕਿ ਸੰਭਵ ਨਹੀਂ ਕਿਉਂਕਿ ਮਾਮਲਾ ਸੰਜੀਦਾ ਹੈ।ਜਾਂ
2. ਉਹ ਕਿਤਾਬ ਵਿਚੋਂ ਗੈਰ-ਮਕਸਦੀ ਹਿੱਸੇ ਕੱਢਕੇ ਲੋਕ-ਰਾਇ ਬਣਾਉਂਣ ਦਾ ਯਤਨ ਕਰਨਗੇ।ਜਾਂ
3. ਉਹ ਬਾਬਾ ਸਾਹਿਬ ਅੰਬੇਦਕਰ ਦੀ ਕਿਤਾਬ ‘The Riddles of Hindustan’ ’ ਦੇ ਵਿਰੋਧ ਕਰਨ ਵਾਂਗ ਪਰਦੇ ਦੇ ਪਿੱਛੇ ਰਹਿ ਕੇ ਆਮ ਹਿੰਦੂਆਂ ਨੂੰ ਭੜਕਾਉਂਣ ਦੀ ਨੀਤੀ ਅਪਣਾਉਂਣਗੇ।

ਮੁਸ਼ਰਿਫ ਦੀ ਪਾਠਕਾਂ ਨੂੰ ਬੇਨਤੀ ਹੈ ਕਿ ਪੂਰੀ ਕਿਤਾਬ ਪੜ੍ਹਨ ਤੋਂ ਬਿਨਾਂ ਕੋਈ ਵੀ ਪ੍ਰਤੀਕਿਰਿਆ ਨਾ ਕੀਤੀ ਜਾਵੇ ਅਤੇ ਨਾ ਹੀ ਕਿਤਾਬ ਲਿਖਣ ਦੇ ਮੰਤਵ ਨੂੰ ਖਤਮ ਕਰਨ ਲਈ ਬ੍ਰਾਹਮਣਵਾਦੀ ਪ੍ਰਾਪੇਗੰਡੇ ਦੇ ਝਾਂਸੇ ਵਿਚ ਆਉਂਣ।

ਸੋ ਉਕਤ ਕਿਤਾਬ ਭਾਰਤ ਵਿਚ ਬ੍ਰਾਹਮਣਵਾਦੀ ਨੀਤੀਆਂ ਦਾ ਪੂਰਾ ਪਾਜ਼ ਉਘਾੜਦੀ ਪ੍ਰਤੀਤ ਹੁੰਦੀ ਹੈ। ਸਿੱਖੀ ਦੇ ਮੋਢੀ ਗੁਰੂ ਨਾਨਕ ਪਾਤਸ਼ਾਹ ਨੇ 15ਵੀਂ ਸਦੀ ਵਿਚ ਤੇ ਭਗਤ ਕਬੀਰ, ਭਗਤ ਰਵੀਦਾਸ, ਭਗਤ ਨਾਮਦੇਵ ਤੇ ਹੋਰਨਾਂ ਨੇ ਇਸ ਤੋਂ ਵੀ ਪਹਿਲਾਂ ਬ੍ਰਾਹਮਣਵਾਦ ਵਿਰੁੱਧ ਝੰਡਾ ਬੁਲੰਦ ਕੀਤਾ ਸੀ, ਜਿਸ ਦਾ ਸੰਘਰਸ਼ ਅੱਜ ਵੀ ਵੱਖ-ਵੱਖ ਰੂਪਾਂ ਵੇਸਾਂ ਵਿਚ ਚੱਲ ਰਿਹਾ ਹੈ। ਲੋੜ ਹੈ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਮੁਸ਼ਰਿਫ ਜਿਹੇ ਲੋਕ ਬ੍ਰਾਹਮਣਵਾਦੀ ਅੱਤਵਾਦ ਤੇ ਬ੍ਰਾਹਮਣਵਾਦੀ ਨੀਤੀਆਂ ਵਿਰੁੱਧ ਇਕ ਆਵਾਜ਼ ਬਣ ਕੇ ਇਕੱਠੇ ਹੋਣ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ
jsmanjhpur@gmail.com
Member Media Committee,
Shiromani Akali Dal Amritsar (Panch Pardhani)
98554-01843

Monday, November 1, 2010

ਗੁੰਡਿਆਂ ਤੇ ਅਪਰਾਧੀਆਂ ਦੇ ਭਾੜੇ ਦਾ ਟੱਟੂ ਬਣ ਗਿਆ ਹੈ ਮੀਡੀਆ

ਕਸ਼ਮੀਰ ‘ਤੇ ਬਿਆਨ ਦੇਣ ਦੇ ਮਸਲੇ ‘ਤੇ 31 ਅਕਤੂਬਰ ਨੂੰ ਲੇਖ਼ਿਕਾ ਅਰੁੰਧਤੀ ਰਾਏ ਦੇ ਘਰ ‘ਤੇ ਆਰ ਐੱਸ ਐੱਸ ਦੇ ਸੰਘੀ ਗੁੰਡਿਆਂ ਵਲੋਂ ਹਮਲਾ ਕੀਤਾ ਗਿਆ।ਇਸ ਮਾਮਲੇ ‘ਚ ਮੀਡੀਆ ਦੀ ਸੰਘੀ ਮਾਨਸਿਕਤਾ ਵੀ ਝਲਕੀ।ਜਿਸਨੂੰ ਅਰੁੰਧਤੀ ਨੇ ਅੰਗਰੇਜ਼ੀ ਅਖ਼ਬਾਰ ਹਿੰਦੂ ‘ਚ ਬਿਆਨ ਕੀਤਾ ਹੈ।ਉਸਦਾ ਤਰਜ਼ਮਾ ਤੁਹਾਡੇ ਤੱਕ ਪਹੁੰਚਾ ਰਹੇ ਹਾਂ।-ਗੁਲਾਮ ਕਲਮ

31 ਅਕਤੂਬਰ ਦੀ ਸਵੇਰ 11 ਵਜੇ 100 ਦੇ ਲਗਭਗ ਲੋਕਾਂ ਦੀ ਬੇਕਾਬੂ/ਅਰਾਜਕ ਭੀੜ ਮੇਰੇ ਘਰ ਪਹੁੰਚੀ।ਦਰਵਾਜ਼ੇ ਨੂੰ ਤੋੜਦੇ ਹੋਏ ਅੰਦਰ ਪਹੁੰਚੀ ਤੇ ਤੋੜ ਫੋੜ ਕੀਤੀ।ਸਾਹਮਣੇ ਜੋ ਚੀਜ਼ਾਂ ਮਿਲੀਆਂ,ਉਹਨਾਂ ਨੂੰ ਤਹਿਸ ਨਹਿਸ ਕੀਤਾ।ਕਸ਼ਮੀਰ ਮਸਲੇ ‘ਤੇ ਮੈਂ ਜੋ ਬਿਆਨ ਦਿੱਤੇ ਹਨ,ਉਸਦੇ ਵਿਰੋਧ ‘ਚ ਉਹ ਨਾਅਰੇਬਾਜ਼ੀ ਕਰ ਰਹੇ ਸਨ ਤੇ ਸਾਨੂੰ ਸਬਕ ਸਿਖਾਉਣ ਦੀ ਗੱਲ ਕਰ ਰਹੇ ਸਨ।ਖ਼ਬਰੀ ਚੈਨਲ ਟਾਈਮਜ਼ ਨਾਓ,ਐੱਨ ਡੀ ਟੀ ਵੀ,ਹਿੰਦੀ ਖ਼ਬਰੀ ਚੈਨਲ ਨਿਊਜ਼ 24 ਦੇ ਓ.ਬੀ ਵੈਨ(ਸਿੱਧਾ ਪ੍ਰਸਾਰਨ ਕਰਨ ਵਾਲੀ ਵੈਨ) ਇਸ ਹੰਗਾਮੇ ਨੂੰ ਲਾਈਵ ਕਵਰ ਕਰਨ ਦੇ ਲਈ ਪਹਿਲਾਂ ਤੈਨਾਤ ਨਜ਼ਰ ਆਏ।ਟੀ ਵੀ ‘ਚ ਜੋ ਰਪਟ ਆਈ,ਉਸਦੇ ਮੁਤਾਬਿਕ ਇਸ ‘ਚ ਵੱਡੀ ਗਿਣਤੀ ‘ਚ ਭਾਜਪਾ ਦੇ ਮਹਿਲਾ ਮੋਰਚੇ ਦੇ ਲੋਕ ਸ਼ਾਮਲ ਸੀ।ਜਦੋਂ ਉਹ ਲੋਕ ਚਲੇ ਗਏ ਤਾਂ ਪੁਲਿਸ ਨੇ ਸਾਨੂੰ ਰਾਇ ਦਿੱਤੀ ਕਿ ਅੱਗੇ ਤੋਂ ਜਦੋਂ ਵੀ ਕਦੇ ਵੀ ਸਾਨੂੰ ਚੈਨਲਾਂ ਦੀਆਂ ਓ ਬੀ ਵੈਨ ਨੇੜੇ ਤੇੜੇ ਦਿਖਾਈ ਦੇਣ ਤਾਂ ਇਸਦੀ ਜਾਣਕਾਰੀ ਸਾਨੂੰ ਦਿਓ।ਅਜਿਹਾ ਇਸ ਲਈ ਕਿਉਂਕਿ ਓ ਬੀ ਵੈਨ ਸੰਕੇਤ ਦਿੰਦੇ ਹਨ ਕਿ ਜੇ ਉਹ ਹਨ ਤਾਂ ਜ਼ਰੂਰ ਹੀ ਉਹਨਾਂ ਪਿੱਛੇ ਭੀੜ ਹੋਵੇਗੀ।ਇਸੇ ਸਾਲ ਜੂਨ ਮਹੀਨੇ ‘ਚ ਪੀ ਟੀ ਆਈ ਦੀ ਇਕ ਝੂਠੀ ਖ਼ਬਰ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਦੋ ਲੋਕਾਂ ਨੇ ਮੇਰੇ ਘਰ ਦੀਆਂ ਬਾਰੀਆਂ ‘ਤੇ ਪੱਥਰਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।

ਇਸ ਤਰ੍ਹਾਂ ਹੰਗਾਮਾ ਮਚਾਉਣ ਵਾਲੀ ਬੇਕਾਬੂ ਭੀੜ,ਤਮਾਸ਼ਾ ਪੈਦਾ ਕਰਨ ਵਾਲੇ ਇਨ੍ਹਾਂ ਲੋਕਾਂ ਤੇ ਇਸ ਤਰ੍ਹਾਂ ਦੇ ਮੀਡੀਆ ‘ਚ ਜੋ ਸਾਂਢ ਗਾਂਢ ਹੈ,ਆਖਰ ਉਸਦਾ ਚਰਿੱਤਰ ਕਿਹੋ ਜਿਹਾ ਹੈ …? ਇਸ ਤਰ੍ਹਾਂ ਦੇ ਤਮਾਸ਼ੇ ‘ਚ ਮੀਡੀਆ ਆਪਣੀ ਭੂਮਿਕਾ ਜਿਸ ਤਰ੍ਹਾਂ ‘ਚ ਐਡਵਾਂਸ ਦੇ ਤੌਰ ‘ਤੇ ਨਿਰਧਾਰਤ ਕਰਦਾ ਹੈ,ਕੀ ਉਹ ਇਸ ਗੱਲ ਦੀ ਗਰੰਟੀ ਦੇ ਸਕਦਾ ਹੈ ਕਿ ਜੋ ਵੀ ਵਿਰੋਧ ਪ੍ਰਦਰਸ਼ਨ ਤੇ ਹਮਲੇ ਹੋਣਗੇ ,ਉਹ ਅਹਿੰਸਕ ਹੋਣਗੇ।ਜੇ ਇਸ ਤਰ੍ਹਾਂ ਨਾਲ ਅਪਰਾਧਕ ਗਤੀਵਿਧੀ ਬਣਦੀ ਹੈ,ਹੰਗਾਮੇ ਕੀਤੇ ਜਾਂਦੇ ਹਨ,ਜਿਵੇਂ ਕਿ ਅੱਜ ਹੋਇਆ ਤਾਂ ਕੀ ਅਸੀਂ ਮੰਨਕੇ ਚੱਲੀਏ ਕਿ ਮੀਡੀਆ ਹੁਣ ਅਪਰਾਧ ਦਾ ਸੰਦ ਬਣ ਚੁੱਕਿਆ ਹੈ।ਇਹ ਸਵਾਲ ਅਸਲ ‘ਚ ਇਸ ਲਈ ਮੱਹਤਵਪੂਰਨ ਹੈ ,ਕਿਉਂਕਿ ਕੁਝ ਟੀ ਵੀ ਚੈਨਲ ਤੇ ਅਖ਼ਬਾਰ ਬੜੀ ਹੀ ਬੇਸ਼ਰਮੀ ਤੇ ਢੀਠਤਾ ਨਾਲ ਲੋਕਾਂ ਨੂੰ ਮੇਰੇ ਖ਼ਿਲਾਫ ਭੜਕਾਉਣ ‘ਚ ਲੱਗੇ ਹੋਏ ਹਨ।ਖ਼ਬਰਾਂ ‘ਚ ਸਨਸਨੀ ਪੈਦਾ ਕਰਨ ਦੀ ਆਪਸੀ ਲੜਾਈ ਤੇ ਅੰਨ੍ਹੀ ਦੌੜ ਨੇ ਖ਼ਬਰ ਦੇਣ ਤੇ ਖ਼ਬਰ ਪੈਦਾ ਕਰਨ ਵਿਚਲੇ ਫਰਕ ਨੂੰ ਢੱਕ ਦਿੱਤਾ ਹੈ,ਖ਼ਤਮ ਕਰ ਦਿੱਤਾ ਹੈ।ਮੀਡੀਆ ਨੂੰ ਕੀ ਫਰਕ ਪੈਂਦਾ ਹੈ ,ਜੇ ਇਸ ਟੀ ਆਰ ਪੀ ਦੇ ਲਈ ਕੁਝ ਲੋਕਾਂ ਦੀ ਬਲੀ ਚੜ੍ਹ ਜਾਂਦੀ ਹੈ।

ਸਰਕਾਰ ਵਲੋਂ ਜਦੋਂ ਸੰਕੇਤ ਮਿਲੇ ਕਿ ਕਸ਼ਮੀਰ ਮਸਲੇ ‘ਤੇ ਮੈਂ ਤੇ ਦੂਜੇ ਬੁਲਾਰਿਆਂ ਨੇ “ਕਸ਼ਮੀਰ ਦੇ ਲਈ ਅਜ਼ਾਦੀ” ਵਿਸ਼ੇ ਦੇ ਸੈਮੀਨਰ ‘ਤੇ ਜੋ ਵੀ ਕੁਝ ਕਿਹਾ,ਆਪਣੀਆਂ ਗੱਲਾਂ ਕਹੀਆਂ।ਉਸਦੇ ਅਧਾਰ ‘ਤੇ ਸਾਡੇ ਉੱਪਰ ਰਾਜਧ੍ਰੋਹ ਦਾ ਮਾਮਲਾ ਨਹੀਂ ਬਣਨ ਜਾ ਰਿਹਾ ਹੈ।ਤਾਂ ਮੈਨੂੰ ਮੇਰੀ ਵਿਅਕਤੀਗਤ ਅਜ਼ਾਦੀ ਦੇ ਲਈ ਸਜ਼ਾ ਦੇਣ ਦਾ ਜ਼ਿੰਮਾ ਸੱਜੇਪੱਖੀ ਹੰਗਾਮਾ ਮਚਾਉਣ ਵਾਲੇ ਝੰਡਾਬਰਦਾਰਾਂ ਨੇ ਆਪਣੇ ਸਿਰ ਲੈ ਲਿਆ।ਬਜਰੰਗ ਦਲ ਤੇ ਆਰ ਐਸ ਐਸ ਦੇ ਲੋਕਾਂ ਨੇ ਖੁੱਲ੍ਹੇਆਮ ਐਲਾਨ ਕੀਤਾ ਕਿ ਉਹ ਮੇਰੇ ਨਾਲ ਨਿਪਟਣ ਜਾ ਰਹੇ ਹਨ।ਇਸ ਨਿਪਟਣ ‘ਚ ਦੇਸ਼ ਭਰ ‘ਚ ਮੇਰੇ ਖ਼ਿਲਾਫ ਮਕੱਦਮੇ ਦਰਜ਼ ਕਰਵਾਉਣ ਤੋਂ ਲੈ ਕੇ ਬਾਕੀ ਬਹੁਤ ਸਾਰੀਆਂ ਗੱਲਾਂ ਸ਼ਾਮਲ ਹਨ।ਪੂਰੇ ਦੇਸ਼ ਨੇ ਵੇਖਿਆ ਹੈ ਕਿ ਉਹ ਕੀ ਕਰ ਸਕਦੇ ਹਨ ਤੇ ਕਿੱਥੋਂ ਤੱਕ ਜਾ ਸਕਦੇ ਹਨ ?ਇਸ ਲਈ ਹੁਣ ਜਦੋਂ ਸਰਕਾਰ ਕੁਝ ਹੱਦ ਤੱਕ ਸਿਆਣਪ ਦਿਖਾ ਰਹੀ ਹੈ,ਅਜਿਹੇ ‘ਚ ਕੀ ਮੀਡੀਆ ਤੇ ਲੋਕਤੰਤਰ ਦੀ ਮਿਸ਼ੀਨਰੀ ਅਜਿਹੇ ਲੋਕਾਂ ਦੇ ਹੱਥੋਂ ਭਾੜੇ ਦੇ ਟੱਟੂ ਬਣਨ ਜਾ ਰਹੀ ਹੈ,ਜੋ ਕਿ ਬੇਕਾਬੂ/ਅਰਾਜਕ ਭੀੜ ਦੇ ਇੰਸਾਫ ‘ਚ ਵਿਸ਼ਵਾਸ਼ ਰੱਖਦੇ ਹਨ।ਮੈਂ ਸਮਝ ਸਕਦੀ ਹਾਂ ਕਿ ਭਾਜਪਾ ਦੀ ਮਹਿਲਾ ਮੋਰਚਾ ਮੇਰੇ ‘ਤੇ ਹਮਲਾ ਕਰਕੇ,ਇਸ ਦੀ ਵਰਤੋਂ ਲੋਕਾਂ ਦਾ ਧਿਆਨ ਆਰ ਐੱਸ ਐੱਸ ਦੇ ਸੀਨੀਅਰ ਕਾਰਕੁੰਨ ਇੰਦਰੇਸ਼ ਕੁਮਾਰ ਵਲੋਂ ਹਟਾਉਣ ਲਈ ਕਰ ਰਹੀ ਹੈ,ਜਿਸਦਾ ਨਾਂਅ ਅਜਮੇਰ ਸ਼ਰੀਫ ‘ਚ ਹੋਏ ਬੰਬ ਧਮਾਕਿਆਂ,ਜਿਸ ‘ਚ ਕਈ ਲੋਕਾਂ ਦੀ ਮੌਤ ਤੇ ਕਈ ਜ਼ਖਮੀ ਹੋਏ ਸਨ, ‘ਚ ਸੀ ਬੀ ਆਈ ਦੀ ਚਾਰਜਸ਼ੀਟ ‘ਚ ਸ਼ਾਮਲ ਹੈ।ਪਰ ਮੁੱਖ ਧਾਰਾ ਦੇ ਮੀਡੀਆ ਦਾ ਇਹ ਗੁੱਟ ਵੀ ਠੀਕ ਉਹੀ ਕੰਮ ਕਿਉਂ ਕਰ ਰਿਹਾ ਹੈ।ਕੀ ਇਸ ਦੇਸ਼ ਦੇ ਲੇਖ਼ਕ ਦਾ ਹੋਰਾਂ ਤੋਂ ਵੱਖ ਵਿਚਾਰ,ਬੰਬ ਧਮਾਕੇ ‘ਚ ਫਸੇ ਦੋਸ਼ੀ ਤੋਂ ਜ਼ਿਆਦਾ ਖਤਰਨਾਕ ਹੈ।ਜਾਂ ਫਿਰ ਵਿਚਾਰਧਾਰਾ ਦੇ ਪੱਧਰ ‘ਤੇ ਇਹਨਾਂ ਸਭ ਦਾ ਇਕੋ ਕਤਾਰ ‘ਚ ਖੜ੍ਹੇ ਹੋ ਜਾਣਾ ਹੈ।

Monday, October 11, 2010

ਅਲਾਹਾਬਾਦ ਹਾਈਕੋਰਟ ਦਾ ਫ਼ੈਸਲਾ: ਹਿੰਦੂਤਵੀ ਫਾਸ਼ੀਵਾਦ ਦੀ ਕਾਨੂੰਨ 'ਤੇ ਜਿੱਤ

ਭਾਰਤ ਦੇ ਇਤਿਹਾਸ ਵਿਚ 30 ਸਤੰਬਰ, 2010 ਅਜਿਹੇ ਦਿਨ ਵਜੋਂ ਯਾਦ ਰੱਖਿਆ ਜਾਵੇਗਾ ਜਦੋਂ ਅਲਾਹਾਬਾਦ ਹਾਈਕੋਰਟ ਦੇ ਲਖਨਊ ਬੈਂਚ ਨੇ ਤੱਥਾਂ, ਸਬੂਤਾਂ ਅਤੇ ਤਰਕ ਨੂੰ ਦਰਕਿਨਾਰ ਕਰਕੇ ਮਹਿਜ਼ ਵਿਸ਼ਵਾਸ ਤੇ ਆਸਥਾ ਨੂੰ ਆਧਾਰ ਬਣਾਉਂਦਿਆਂ ਆਪਣਾ ਫ਼ੈਸਲਾ ਸੁਣਾਇਆ। ਫ਼ੈਸਲਾ ਜੋ ਬਹੁ-ਗਿਣਤੀ ਅਤੇ ਘੱਟ-ਗਿਣਤੀ ਨਾਲ ਜੁੜਿਆ ਹੋਇਆ ਸੀ/ਹੈ। ਫ਼ੈਸਲਾ ਜੋ 60 ਸਾਲ ਤੋਂ ਅਦਾਲਤ ਵਿਚ ਸੀ। ਫ਼ੈਸਲਾ ਜਿਹੜਾ 8000 ਸਫ਼ਿਆਂ ਤੋਂ ਵੱਧ ਸਫ਼ਿਆਂ ਉੱਤੇ ਫ਼ੈਲਿਆ ਹੋਇਆ ਹੈ। ਇਸ ਕੇਸ ਵਿਚ ਲੱਗੇ ਸਮੇਂ ਅਤੇ ਸਫ਼ਿਆਂ ਪੱਖੋਂ ਇਹ ਸ਼ਾਇਦ ਸੰਸਾਰ ਰਿਕਾਰਡ ਹੋਵੇ! ਇਹ ਅਜਿਹਾ ਫ਼ੈਸਲਾ ਹੈ ਜਿਸ ਨੇ ਨਿਸਚਿਤ ਤੌਰ 'ਤੇ ਦੇਸ਼ ਦੇ ਬਹੁ-ਕੌਮੀ, ਬਹੁ-ਭਾਸ਼ਾਈ ਅਤੇ ਬਹੁ-ਸਭਿਅਚਾਰਕ ਚਰਿੱਤਰ ਉੱਪਰ ਅਸਰ-ਅੰਦਾਜ਼ ਹੋਣਾ ਹੈ। ਫ਼ੈਸਲਾ ਜਿਸ ਨਾਲ ਜੁੜ ਕੇ ਯਕੀਨਨ ਸੰਘੀ, ਜਮਹੂਰੀ, ਧਰਮਨਿਰਪੱਖ ਭਾਰਤੀ ਰਾਜ ਨਾਲ ਜੁੜੇ ਮੁੱਦੇ-ਮਸਲੇ-ਸਵਾਲ ਹੋਰ ਗਹਿਰਾਈ ਫੜਨਗੇ। ਇਹ ਸੋਚ-ਵਿਚਾਰ ਸੰਜੀਦਾ-ਸੁਹਿਰਦ ਸੰਵਾਦ-ਬਹਿਸ ਦੇ ਮੁੱਖ ਏਜੰਡੇ ਦੇ ਤੌਰ 'ਤੇ ਉੱਭਰੇਗੀ ਕਿ ਧਰਮਨਿਰਪੱਖ ਭਾਰਤੀ ਰਾਜ ਦੀ ਹਾਈਕੋਰਟ ਦਾ ਇਹ ਫ਼ੈਸਲਾ ਆਖ਼ਰ ਇਕ ਧਰਮ ਦੇ ਵਿਸ਼ਵਾਸ-ਆਸਥਾ ਦੇ ਆਧਾਰ ਉੱਤੇ ਕਿਉਂ ਹੋਇਆ?

ਇਹ ਅਦਾਲਤੀ ਫ਼ਤਵਾ ਭਾਰਤ ਦੀਆਂ ਸਭ ਕੌਮੀਅਤਾਂ, ਘੱਟ-ਗਿਣਤੀਆਂ, ਇਨਕਲਾਬੀ-ਜਮਹੂਰੀ ਹਲਕਿਆਂ ਤੇ ਸਭ ਮਿਹਨਤਕਸ਼ ਲੋਕਾਂ ਲਈ ਬਹੁਤ ਗਹਿਰੇ ਸਰੋਕਾਰ ਰੱਖਦਾ ਹੈ ਕਿਉਂਕਿ ਇਹ ਫ਼ੈਸਲਾ ਅਦਾਲਤੀ ਨਹੀਂ ਬਲਕਿ ਪੰਚਾਇਤੀ ਫ਼ੈਸਲਾ ਹੈ। ਇਹ ਅਜਿਹੀ ਸਿਆਸਤ ਦੀ ਨੁਮਾਇੰਦਗੀ ਕਰਦਾ ਹੈ ਜੋ ਭਾਰਤ ਅੰਦਰ ਧਰਮ-ਭਾਸ਼ਾ-ਸਭਿਆਚਾਰ ਦੇ ਪੱਖ ਤੋਂ ਹਿੰਦੂ-ਹਿੰਦੀ-ਬ੍ਰਾਹਮਣਵਾਦ ਨੂੰ ਉਚਿਆਉਂਦਾ ਅਤੇ ਸਥਾਪਿਤ ਕਰਦਾ ਹੈ। ਇਸ ਫ਼ੈਸਲੇ ਮੁਤਾਬਕ ਵਿਵਾਦ ਵਾਲੀ ਥਾਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਗਿਆ। ਮਸਜਿਦ ਦਾ ਕੇਂਦਰੀ ਹਿੱਸਾ ਜਿੱਥੇ ਰਾਮ ਲੱਲਾ ਦੀਆਂ ਮੂਰਤੀਆਂ ਹਨ, ਉਹ ਸਾਰੀ ਥਾਂ ਹਿੰਦੂ ਮਹਾਂ ਸਭਾ ਨੂੰ ਦੇ ਦਿੱਤੀ ਗਈ ਹੈ। ਰਾਮ ਚਬੂਤਰਾ-ਸੀਤਾ ਰਸੋਈ ਆਦਿ ਨਿਰਮੋਹੀ ਅਖਾੜੇ ਨੂੰ ਅਤੇ ਤੀਜਾ ਹਿੱਸਾ ਸੁੰਨੀ ਵਕਫ਼ ਬੋਰਡ ਨੂੰ। ਨਾਲ ਹੀ ਕਿਹਾ ਹੈ ਕਿ ਜੇ ਸੁੰਨੀ ਵਕਫ਼ ਬੋਰਡ ਨੂੰ ਜ਼ਮੀਨ ਘਟ ਰਹੇ/ਬਚੇ ਤਾਂ ਉਸ ਦੀ ਪੂਰਤੀ ਕੇਂਦਰ ਸਰਕਾਰ ਹੋਰ ਜ਼ਮੀਨ ਐਕਵਾਇਰ ਕਰਕੇ ਕਰੇ। ਜ਼ਾਹਿਰ ਹੈ ਕਿ ਇੰਨੇ ਮਹੱਤਵਪੂਰਨ ਫ਼ੈਸਲੇ ਨੂੰ ਸਮਝਣ ਲਈ ਇਸ ਦੇ ਇਤਿਹਾਸਕ ਪਿਛੋਕੜ ਦੀ ਪਰਖ-ਪੜਚੋਲ ਜ਼ਰੁਰੀ ਹੈ ਜਿਸ ਨੂੰ ਅਦਾਲਤ ਨੇ ਦਰਕਿਨਾਰ ਕਰ ਦਿੱਤਾ ਹੈ।

ਬਾਬਰੀ ਮਸਜਿਦ ਦੀ ਉਸਾਰੀ 1528 ਦੇ ਕਰੀਬ ਮੁਗਲ ਸ਼ਾਸਕ ਬਾਬਰ ਦੇ ਇਕ ਨੁਮਾਇੰਦੇ ਸ਼ਾਹ ਬਕੀ ਨੇ ਕਰਵਾਈ। ਪਹਿਲੀ ਵਾਰ 1853 ਵਿਚ ਨਿਰਮੋਹੀ ਅਖਾੜੇ ਵੱਲੋਂ ਇੱਥੇ ਪੁਰਾਤਨ ਹਿੰਦੂ ਸਥਾਨ ਹੋਣ ਦੇ ਆਧਾਰ ਤੇ ਹੱਕ ਜਤਾਇਆ ਗਿਆ ਪਰ ਸਰਕਾਰ ਨੇ ਇਸ ਦਾਅਵੇ ਨੂੰ ਸਵੀਕਾਰ ਨਹੀਂ ਕੀਤਾ। ਜਨਵਰੀ 1885 ਵਿਚ ਮਹੰਤ ਰਘਬੀਰ ਦਾਸ ਨੇ ਫ਼ੈਜ਼ਾਬਾਦ ਦੇ ਉੱਪ ਜੱਜ ਦੀ ਅਦਾਲਤ ਵਿਚ ਕੇਸ ਪਾਇਆ। ਇਸ ਵਿਚ ਦਾਅਵਾ ਕੀਤਾ ਗਿਆ ਕਿ ਮਸਜਿਦ ਵਾਲੀ ਥਾਂ ਰਾਮ ਲੱਲਾ ਦਾ ਜਨਮ ਸਥਾਨ ਹੈ। ਅਦਾਲਤ ਵੱਲੋਂ ਮੁੱਦਾ ਬਹੁਤ ਪੁਰਾਣਾ ਅਤੇ ਕੋਈ ਠੋਸ ਸਬੂਤ ਨਾ ਹੋਣ ਦੇ ਆਧਾਰ 'ਤੇ ਮਨਸੂਖ਼ ਕਰ ਦਿੱਤਾ ਗਿਆ। ਅਕਬਰ ਦੇ ਰਾਜ-ਕਾਲ ਵਿਚ ਸੀਤਾ ਰਸੋਈ ਤੇ ਰਾਮ ਚਬੂਤਰੇ ਦਾ ਨਿਰਮਾਣ ਹੋਇਆ। ਹਿੰਦੂ ਉਸ ਸਮੇਂ ਤੋਂ ਹੀ ਉੱਥੇ ਪੂਜਾ ਕਰਦੇ ਆ ਰਹੇ ਹਨ। 22-23, ਦਸੰਬਰ, 1949 ਦੀ ਦਰਮਿਆਨੀ ਰਾਤ ਨੂੰ ਤਾਲਾ ਤੋੜ ਕੇ ਮਸਜਿਦ ਦੇ ਮੁੱਖ ਗੁੰਬਦ ਵਾਲੇ ਹਿੱਸੇ ਵਿਚ ਰਾਮ ਲੱਲਾ ਦੀਆਂ ਮੂਰਤੀਆਂ ਟਿਕਾ ਦਿੱਤੀਆਂ ਗਈਆਂ। ਨਾਲ ਹੀ ਹਿੰਦੂ ਜਥੇਬੰਦੀਆਂ ਨੇ ਅਦਾਲਤ ਵਿਚ ਕੇਸ ਪਾ ਦਿੱਤਾ। ਸਰਕਾਰ ਨੇ ਥਾਂ ਨੂੰ ਵਿਵਾਦ ਵਾਲੀ ਦੱਸ ਕੇ ਤਾਲੇ ਲਾ ਦਿੱਤੇ।1984 ਵਿਚ ਇਸ ਥਾਂ ਨੂੰ ਧਰਮ ਸੰਸਦ ਦੱਸਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ੳਤੇ ਭਾਰਤੀ ਜਨਤਾ ਪਾਰਟੀ ਨੇ ਰਾਮ ਮੰਦਿਰ ਉਸਾਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ। ਫ਼ਿਰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅਗਵਾਈ ਕਾਂਗਰਸ ਸਰਕਾਰ ਦੇ ਸਮੇਂ 1986 ਵਿਚ ਇਹ ਥਾਂ ਹਿੰਦੂਆਂ ਲਈ ਪੂਜਾ ਲਈ ਖੋਲ੍ਹ ਦਿੱਤਾ ਗਿਆ। ਮਗਰੋਂ 9 ਨਵੰਬਰ, 1990 ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰ ਹਿੰਦੂ ਜਥੇਬੰਦੀਆਂ ਨੇ ਪੱਥਰ ਟਿਕਾਅ ਕੇ ਮੰਦਿਰ ਦਾ ਨੀਂਹ ਪੱਥਰ ਰੱਖ ਦਿੱਤਾ। ਜ਼ਿਕਰਯੋਗ ਹੈ ਕਿ ਵੋਟ ਸਿਆਸਤ ਕਾਰਨ ਨੀਂਹ ਪੱਥਰ ਰੱਖਣ ਦੀ ਇਜਾਜ਼ਤ ਖ਼ੁਦ ਰਾਜੀਵ ਗਾਂਧੀ ਨੇ ਦਿੱਤੀ। 1990 ਨੂੰ ਲਾਲਾ ਕ੍ਰਿਸ਼ਨ ਅਡਵਾਨੀ ਨੇ ਸੋਮਨਾਥ ਮੰਦਿਰ ਤੋਂ ਅਯੁੱਧਿਆ ਤੱਕ ਰੱਥ ਯਾਤਰਾ ਸ਼ੁਰੂ ਕਰ ਦਿੱਤੀ। ਇਸ ਦਾ ਨਫ਼ਾ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਵੇਲੇ ਹੋਇਆ ਅਤੇ ਇਹ ਉੱਤਰ ਪ੍ਰਦੇਸ਼ ਵਿਚ 1991 ਵਿਚ ਸੱਤਾ ਵਿਚ ਆ ਗਈ। 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਦਿੱਤੀ ਗਈ। ਮਸਜਿਦ ਢਾਹੁਣ ਤੋ ਪਹਿਲਾਂ 10 ਅਕਤੂਬਰ 1991 ਨੂੰ ਸਰਕਾਰ ਨੇ ਵਿਵਾਦ ਵਾਲੀ ਪੌਣੇ ਤਿੰਨ ਏਕੜ ਥਾਂ ਆਪਣੇ ਕੰਟਰੋਲ ਹੇਠ ਕਰ ਲਈ ਸੀ। 7 ਜਨਵਰੀ 1993 ਨੂੰ ਕੇਂਦਰ ਨੇ ਵਿਵਾਦ ਵਾਲੀ ਥਾਂ ਨਾਲ ਜੁੜਵੀਂ ਸਾਰੀ 67 ਏਕੜ ਥਾਂ ਆਪਣੇ ਕਬਜ਼ੇ ਚ ਲੈ ਲਈ। ਸੁਪਰੀਮ ਕੋਰਟ ਤੋਂ ਰਾਏ ਮੰਗੀ ਗਈ ਕਿ ਮਸਜਿਦ ਵਾਲੀ ਥਾਂ 'ਤੇ ਹਿੰਦੂਆਂ ਦਾ ਕੋਈ ਪੂਜਨੀਕ ਥਾਂ ਹੈ ਸੀ ਜਾਂ ਨਹੀਂ ਪਰ ਸੁਪਰੀਮ ਨੇ ਨਾਂਹ ਕਰ ਦਿੱਤੀ। ਕੇਸ ਵਾਪਸ ਅਲਾਹਾਬਾਦ ਹਾਈ ਕੋਰਟ ਵਿਚ ਭੇਜ ਦਿੱਤਾ ਗਿਆ। 1996 ਤੋਂ ਕੇਸ ਦੀ ਸੁਣਵਾਈ ਫ਼ਿਰ ਸ਼ੁਰੂ ਹੋਈ। 2002 ਵਿਚ ਹਾਈ ਕੋਰਟ ਨੇ ਪੁਰਾਤਤਵ ਵਿਭਾਗ ਨੂੰ ਇਸ ਮੁੱਦੇ ਦੀ ਖੋਜ ਕਰਕੇ ਵਿਵਾਦ ਵਾਲੀ ਥਾ ਉੱਤੇ ਮੰਦਿਰ ਹੋਣ ਜਾਂ ਨਾ ਹੋਣ ਬਾਰੇ ਦੱਸਣ ਲਈ ਹੁਕਮ ਦਿੱਤਾ।

ਇਸ ਬਾਰੇ ਇਤਿਹਾਸਕ ਤੱਥ ਕੀ ਕਹਿੰਦੇ ਹਨ?

ਪਹਿਲੀ ਗੱਲ ਪੁਰਾਤਤਵ ਵਿਭਾਗ ਨੇ ਇਹ ਗੱਲ ਸਥਾਪਿਤ ਕੀਤੀ ਕਿ ਮਸਜਿਦ ਬਣਾਉਣ ਲਈ ਕਿਸੇ ਵੀ ਢਾਂਚੇ ਨੂੰ ਤੋੜਿਆ ਨਹੀਂ ਗਿਆ। ਖ਼ੁਦਾਈ ਦੌਰਾਨ ਮਿਲੀਆਂ ਹੱਡੀਆਂ, ਸੁਰਖ਼ੀ, ਚੂਨਾ-ਮਸਾਲਾ ਆਦਿ ਤੋਂ ਵੀ ਇਹ ਸਾਬਤ ਹੁੰਦਾ ਹੈ ਕਿ ਇਹ ਚੀਜ਼ਾਂ ਤੇ ਕਾਰਜ ਤਾਂ ਮੁਸਲਮਾਨਾਂ ਨਾਲ ਸਬੰਧਤ ਹਨ। ਭਾਰਤ ਦੇ ਨਾਮੀ ਇਤਿਹਾਸਕਾਰ ਅਤੇ ਖੋਜੀ ਰੋਮਿਲਾ ਥਾਪਰ, ਕੇ.ਐੱਨ. ਪਾਨੀਕਰ, ਇਰਫ਼ਾਨ ਹਬੀਬ, ਡੀ.ਐੱਨ ਝਾਅ ਆਦਿ ਨੇ ਵੀ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ। ਪੁਰਾਣੇ ਸਮਿਆਂ ਵਿਚ ਉੱਥੇ ਮੰਦਿਰ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਪਰ ਹਾਈ ਕੋਰਟ ਵੱਲੋਂ ਇਨ੍ਹਾਂ ਤੱਥਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ।

ਦੂਜੀ ਗੱਲ। ਕੁਝ ਹਲਕਿਆਂ ਤੋਂ ਇਹ ਦਲੀਲ ਆਉਂਦੀ ਹੈ ਕਿ ਨਿਰਮੋਹੀ ਅਖਾੜਾ ਜੋ ਹਿੰਦੂ ਧਰਮ ਦੀ ਹੀ ਸ਼ਾਖ਼ਾ ਹੈ, 14ਵੀ-15ਵੀਂ ਸਦੀ ਵਿਚ ਹੋਂਦ ਵਿਚ ਆਇਆ। ਅਖਾੜੇ ਵਾਲਿਆਂ ਮੰਦਿਰ ਤਬਾਹ ਹੁੰਦਿਆਂ ਖ਼ੁਦ ਦੇਖਿਆ। ਤੱਥ ਸਾਬਤ ਕਰਦੇ ਹਨ ਕਿ ਨਿਰਮੋਹੀ ਅਖਾੜਾ ਸਵਾਮੀ ਰਾਮਾਨੰਦ ਦੀ ਅਗਵਾਈ ਵਿਚ ਵਾਰਾਨਸੀ ਵਿਚ ਬਣਿਆ ਸੀ। ਉਸ ਸਮੇਂ ਇਹ ਛੋਟਾ ਸੰਪਰਦਾਇ ਸੀ। ਇਸ ਦੇ ਇਤਿਹਾਸ ਮੁਤਾਬਕ ਹੀ ਅਯੁੱਧਿਆ ਵਿਚ ਇਸ ਦੀ ਸਾਖ਼ਾ 1734 ਦੇ ਕਰੀਬ ਬਣੀ। ਰਾਮ ਚਬੂਤਰਾ ਤੇ ਸੀਤਾ ਰਸੋਈ ਅਕਬਰ ਦੇ ਸਮੇਂ ਹਿੰਦੂਆਂ ਦੀ ਮੰਗ 'ਤੇ ਉਸਾਰੇ ਗਏ। ਨਿਰਮੋਹੀ ਅਕਾੜੇ ਦੇ ਪ੍ਰਵੇਸ਼ ਤੋਂ ਪਹਿਲਾਂ ਹੀ ਹਿੰਦੂ ਇਨ੍ਹਾਂ ਥਾਂਵਾਂ ਉੱਤੇ ਪੂਜਾ ਕਰਦੇ ਸਨ।

ਤੀਜੀ ਗੱਲ। ਇਹ ਇਤਿਹਾਸਕ ਤੌਰ 'ਤੇ ਸਥਾਪਿਤ ਹੈ ਕਿ ਮਸਜਿਦ ਦੇ ਕੇਂਦਰੀ ਗੁੰਬਦ ਵਿਚ ਰਾਮ ਲੱਲਾ ਤੇ ਸੀਤਾ ਦੀਆਂ ਮੂਰਤੀਆਂ 22-23 ਦਸੰਬਰ 1949 ਦੀ ਦਰਮਿਆਨੀ ਰਾਤ ਨੂੰ ਰੱਖੀਆਂ ਗਈਆਂ। 1986 ਵਿਚ ਪੂਜਾ ਲਈ ਦਰਵਾਜ਼ੇ ਖੋਲ੍ਹੇ ਗਏ। 1989 ਵਿਚ ਮੁੜ ਪੂਜਾ ਕੀਤੀ ਗਈ। ਦਸੰਬਰ 1992 ਨੂੰ ਮਸਜਿਦ ਢਾਹ ਦਿੱਤੀ ਗਈ। ਹਜ਼ਾਰਾਂ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ। ਇਹ ਸਾਰਾ ਕੁਝ ਸਰਕਾਰ ਅਤੇ ਹਿੰਦੂ ਜਥੇਬੰਦੀਆਂ ਦੀ ਮਿਲੀ-ਭੁਗਤ ਨਾਲ ਹੋਇਆ।

ਆਖ਼ਰੀ ਗੱਲ। ਜੇ ਤੱਥਾਂ ਨੂੰ ਲਾਂਭੇ ਕਰਕੇ ਥੋੜ੍ਹੀ ਦੇਰ ਲਈ ਇਹ ਮੰਨ ਵੀ ਲਈਏ ਕਿ ਜਿੱਥੇ ਮਸਜਿਦ ਸੀ, ਉੱਥੇ ਮੰਦਿਰ ਦੇ ਖੰਡਰ ਸਨ, ਫ਼ਿਰ ਵੀ ਅੱਜ 5 ਸੌ ਸਾਲ ਬਾਅਦ ਮਸਜਿਦ ਤੋੜਨ ਤੇ ਮੰਦਿਰ ਉਸਾਰਨ ਦੀ ਕੀ ਦਲੀਲ ਹੈ? ਕੀ ਇਹ ਵਾਜਿਬ ਹੈ ਕਿ ਇਕ ਫ਼ਿਰਕੇ ਦਾ ਧਰਮ ਸਥਾਨ ਤੋੜ ਕੇ ਦੂਜੇ ਦਾ ਬਣਾ ਦਿਓ? ਫ਼ਿਰ ਮਸਲਾ ਕੀ ਹੋਇਆ? ਇਹੀ ਨਾ ਕਿ ਭਾਰਤ ਹਿੰਦੂ ਬਹੁ-ਵਸੋਂ ਵਾਲਾ ਦੇਸ਼ ਹੈ। ਇਥੇ ਧਰਮ ਦੇ ਤੌਰ ਤੇ ਦੂਜੇ ਧਰਮਾਂ ਤੇ ਧਾਰਮਿਕ ਘੱਟ-ਗਿਣਤੀਆਂ ਲਈ ਕੋਈ ਥਾਂ ਨਹੀਂ। ਉਨ੍ਹਾਂ ਦੀ ਆਸਥਾ-ਵਿਸ਼ਵਾਸ ਦਾ ਕੋਈ ਆਦਰ-ਮਾਨ ਨਹੀਂ। ਇਹ ਕਿਹੋ ਜਿਹੀ ਧਰਮਨਿਰਪੱਖਤਾ ਹੈ ਜਿਸ ਦਾ ਅਰਥ ਸਿਰਫ਼ ਬਹੁ-ਗਿਣਤੀਆਂ ਮੁਤਾਬਕ ਚੱਲਣਾ ਹੀ ਹੈ। ਕੀ ਇਸ ਫ਼ੈਸਲੇ ਨਾਲ ਘੱਟ-ਗਿਣਤੀਆਂ ਦੀ ਧਾਰਮਿਕ ਆਜ਼ਾਦੀ ਹੋਰ ਵੀ ਸੁੰਗੜ ਨਹੀਂ ਜਾਵੇਗੀ? ਕੀ ਇਸ ਨਾਲ ਕੌਮੀਅਤਾਂ ਦੇ ਆਪਣੇ ਸਭਿਆਚਾਰ ਅਤੇ ਭਾਸ਼ਾ ਦੇ ਵਿਕਾਸ ਉੱਤੇ ਸੱਟ ਨਹੀਂ ਵੱਜੇਗੀ?

ਇਸ ਫ਼ੈਸਲੇ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਦਾਲਤ ਨੇ ਇਤਿਹਾਸਕ ਤੱਥਾਂ, ਪੁਰਾਤਤਵ ਵਿਭਾਗ ਦੀ ਖੋਜ, ਤਰਕ ਦੇ ਆਧਾਰ ਤੇ ਚੀਜ਼ਾਂ ਨੂੰ ਦੇਖਣ-ਪਰਖਣ ਦੀ ਥਾਂ ਹਿੰਦੂ ਧਰਮ ਵਿਚ ਵਿਸ਼ਵਾਸ-ਆਸਥਾ ਰੱਖਣ ਵਾਲਿਆਂ ਦੇ ਆਧਾਰ 'ਤੇ ਹੀ ਸੁਣਾਇਆ ਗਿਆ ਗਿਆ ਹੈ। ਹਾਲਾਂਕਿ ਹਾਈਕੋਰਟ ਦੇ ਹੁਕਮਾਂ 'ਤੇ ਹੀ ਪੁਰਾਤਤਵ ਵਿਭਾਗ ਨੇ ਖੋਜ ਕੀਤੀ ਸੀ। ਤਿੰਨਾਂ ਜੱਜਾਂ ਵਿਚੋਂ ਸਿਰਫ਼ ਇਕ ਜੱਜ ਸਿਬਗ਼ਤ ਉਲ੍ਹਾ ਖਾਨ ਨੇ ਇਤਿਹਾਸ ਦਾ ਕੁਝ ਹਵਾਲਾ ਦਿੱਤਾ।

ਦੂਜੀ ਵੱਡੀ ਸਮੱਸਿਆ ਇਹ ਕਿ 1949 ਵਿਚ ਮੂਰਤੀਆਂ ਟਿਕਾਉਣ ਅਤੇ 1992 ਵਿਚ ਮਸਜਿਦ ਢਾਹੁਣ ਬਾਰੇ ਇਕ ਵੀ ਸ਼ਬਦ ਨਹੀਂ ਬੋਲਿਆ ਗਿਆ। ਮਸਜਿਦ ਢਾਹੁਣੀ, ਫ਼ਿਰ ਹਜ਼ਾਰਾਂ ਮੁਸਲਮਾਨਾਂ ਦਾ ਕਤਲ, ਘੱਟ-ਗਿਣਤੀ ਅਤੇ ਮਨੁੱਖਤਾ ਖ਼ਿਲਾਫ਼ ਘੋਰ ਅਪਰਾਧ ਹਨ, ਇਨ੍ਹਾਂ ਬਾਰੇ ਵੀ ਅਦਾਲਤ ਨੂੰ ਖਾਮੋਸ਼ੀ ਤੋੜਨੀ ਚਾਹੀਦੀ ਸੀ।

ਤੀਜੀ ਦਲੀਲ ਕਿ ਹਿੰਦੂਆਂ ਦੀ ਆਸਥਾ ਤੇ ਵਿਸ਼ਵਾਸ ਹੈ। ਜੱਜ ਧਰਮ ਵੀਰ ਸ਼ਰਮਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਸ ਥਾਂ ਉੱਤੇ ਮਸਜਿਦ ਦੀ ਉਸਾਰੀ ਇਸਲਾਮ ਦੀਆਂ ਬੁਨਿਆਦੀ ਧਾਰਨਾਵਾਂ ਦੇ ਖ਼ਿਲਾਫ਼ ਹੈ। ਮਤਲਬ ਇਹ ਕਿ ਮਸਜਿਦ ਢਾਹ ਕੇ ਉਸ ਦੇ ਖੰਡਰਾਂ ਉੱਤੇ ਮੰਦਿਰ ਉਸਾਰਨਾ ਹਿੰਦੂ ਧਰਮ ਦੇ ਅਨੁਸਾਰ ਹੈ, ਮਤਲਬ ਇਹ ਕਿ ਹਿੰਦੂ ਦਰਮ ਦੇ ਕੋਈ ਬੁਨਿਆਦੀ ਅਸੂਲ ਨਹੀਂ ਹਨ! ਕੀ ਘੱਟ-ਗਿਣਤੀਆਂ ਦੀ ਕੋਈ ਆਸਥਾ-ਵਿਸ਼ਵਾਸ ਨਹੀਂ ਹੈ? ਤਰਕ ਅਤੇ ਕਾਨੂੰਨ ਕਹਿੰਦੇ ਹਨ ਕਿ ਧੱਕਾ ਤਾਂ ਮੁਸਲਮਾਨਾਂ ਨਾਲ ਹੋਇਆ ਹੈ/ਸੀ। ਫ਼ਿਰ ਜ਼ਰੂਰਤ ਤਾਂ ਹੋਏ ਧੱਕੇ ਨੂੰ ਰੋਕਣ ਦੀ ਸੀ, ਪੀੜਤ ਧਿਰ ਦਾ ਹੱਕ ਬਹਾਲ ਕਰਨ ਦੀ ਸੀ, ਢਾਹੀ ਮਸਜਿਦ ਮੁੜ ਉਸਾਰੇ ਜਾਣ ਦੀ ਸੀ। ਹਾਂ! ਕੁਝ ਦੂਰੀ 'ਤੇ ਮੰਦਿਰ ਵੀ ਉਸਾਰਿਆ ਜਾ ਸਕਦਾ ਸੀ/ਹੈ।

ਅਸਲ ਵਿਚ ਇਸ ਫ਼ੈਸਲੇ ਨਾਲ ਇਕ ਵਾਰ ਫ਼ਿਰ ਸਾਬਤ ਹੋ ਗਿਆ ਹੈ ਕਿ ਭਾਰਤ ਸੱਚਾ ਸੰਘੀ, ਜਮਹੂਰੀ, ਨਿਰਪੱਖ ਦੇਸ਼ ਨਹੀਂ ਹੈ। ਇਥੇ ਅਰਧ-ਜਗੀਰੂ, ਅਰਧ-ਬਸਤੀਵਾਦੀ ਆਰਥਿਕ ਆਧਾਰ, ਜਾਤੀ ਤੇ ਜਮਾਤੀ ਤੌਰ ਤੇ ਇਕ ਦੂਜੇ ਵਿਚ ਫ਼ਸਿਆ ਪਿਆ ਹੈ। ਇਸ ਦਾ ਵਿਚਾਰਧਾਰਕ ਆਧਾਰ ਭਾਰੂ ਤੌਰ 'ਤੇ ਹਿੰਦੂ, ਬ੍ਰਾਹਮਣਵਾਦੀ ਹੈ। ਇਹ ਧਰਮਨਿਰਪੱਖ ਸੰਘੀ ਢਾਂਚੇ ਦੇ ਨਕਾਬ ਹੇਠ ਕੇਂਦਰੀਕ੍ਰਿਤ ਆਪਾਸ਼ਾਹੀ (Autocracy) ਹੈ ਜੋ ਕੌਮੀਅਤਾਂ, ਧਾਰਮਿਕ ਘੱਟ-ਗਿਣਤੀਆਂ, ਮੂਲ-ਨਿਵਾਸੀਆਂ, ਮਿਹਨਤਕਸ਼ਾਂ, ਅਗਾਂਹਵਧੂ ਇਨਕਲਾਬੀ ਲੋਕਾਂ ਨੂੰ ਦਬਾਉਂਦਾ-ਲਤਾੜਦਾ ਹੈ। ਅਦਾਲਤਾਂ ਵੀ ਇਸੇ ਢਾਂਚੇ ਦਾ ਅੰਗ ਹਨ।

ਅਦਾਲਤ ਦਾ ਫ਼ੈਸਲਾ ਸਪਸ਼ਟ ਤੌਰ 'ਤੇ ਬਹੁ-ਗਿਣਤੀ ਪੱਖੀ ਅਤੇ ਘੱਟ-ਗਿਣਤੀ ਵਿਰੋਧੀ ਹੈ। ਮਸਲਿਮ ਘੱਟ-ਗਿਣਤੀ ਦਾ ਇਸ ਬਾਰੇ ਤਹੱਮਲ ਭਰਿਆ ਅਤੇ ਦਲੀਲਪੂਰਵਕ ਪ੍ਰਤੀਕਰਮ ਸਲਾਹੁਣਯੋਗ ਹੈ। ਧਰਮਨਿਪੱਖ, ਜਮਹੂਰੀ ਪੈਂਤੜੇ ਤੋਂ ਇਹ ਜੱਦੋ-ਜਹਿਦ ਜਾਰੀ ਰਹਿਣੀ ਚਾਹੀਦੀ ਹੈ। ਦੇਸ਼ ਭਗਤ, ਜਮਹੂਰੀ ਸ਼ਕਤੀਆਂ, ਕੌਮੀਅਤਾਂ ਤੇ ਘੱਟ-ਗਿਣਤੀਆਂ ਨੂੰ ਰਲ-ਮਿਲ ਕੇ ਇਹ ਜੱਦੋ-ਜਹਿਦ ਕਰਨੀ ਚਾਹੀਦੀ ਹੈ। ਬਾਹਰੀ ਹਾਲਾਤ ਇਸ ਮੇਲ ਦੀ ਸ਼ਾਹਦੀ ਭਰਦੇ ਹਨ।

ਲੇਖ਼ਕ--ਸੁਖਦੀਪ ਸਿੰਘ

Sunday, October 3, 2010

ਅਯੁੱਧਿਆ ਫੈਸਲਾ:ਵਰਤਮਾਨ ਦੀ ਸਿਆਸਤ ਲਈ ਇਤਿਹਾਸ ਨੂੰ ਨਹੀਂ ਬਦਲ ਸਕਦੇ

ਅਯੁੱਧਿਆ ਦੇ ਫੈਸਲੇ ਬਾਰੇ ਅਦਾਲਤ ਨੇ ਹਿੰਦੂ ਭਾਵਾਨਾਵਾਂ ਦੀ ਦਲੀਲ ਦਿੱਤੀ ਹੈ।ਜਿਸ ਬਾਰੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਪ੍ਰਸ਼ਾਂਤ ਭੂਸ਼ਨ ਨੇ ਕਿਹਾ ਕਿ ਕੋਰਟ ਕਿਹੜੇ ਹਿੰਦੂਆਂ ਦੀ ਗੱਲ ਕਰ ਰਹੀ ਹੈ।ਮੈਂ ਵੀ ਹਿੰਦੂ ਹਾਂ,ਮੈਨੂੰ ਨਹੀਂ ਲਗਦਾ ਰਾਮ ਦੀ ਜਨਮ ਥਾਂ ਅਯੁੱਧਿਆ ਹੈ।ਇਸ ਤਰ੍ਹਾਂ ਦਿੱਲੀ ਹਾਈਕੋਰਟ ਦੇ ਮੁੱਖ ਜੱਜ ਰਹੇ ਰਜਿੰਦਰ ਸੱਚਰ ਨੇ ਵੀ ਕੋਰਟ ਦੇ ਫੈਸਲੇ ਨੂੰ ਬੇਤੁਕਾ ਕਰਾਰ ਦਿੱਤਾ ਹੈ।ਲੋਕ ਭਾਵਨਾਵਾਂ ਦੀ ਗੱਲ ਸੁਪਰੀਮ ਕੋਰਟ ਨੇ ਸੰਸਦ ‘ਚ ਹਮਲੇ ਸਬੰਧੀ ਅਫਜ਼ਲ ਗੁਰੁ ‘ਤੇ ਫੈਸਲਾ ਦਿੰਦਿਆਂ ਕੀਤੀ ਸੀ। ਫੈਸਲੇ ‘ਚ ਲਿਖਿਆ ਹੋਇਆ ਹੈ ਕਿ “ਅਫਜ਼ਲ ਗੁਰੂ ਖਿਲਾਫ ਕੋਈ ਸਬੂਤ ਨਹੀਂ ਹੈ,ਪਰ ਬਹੁਗਿਣਤੀਆਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਉਸਨੂੰ ਫਾਂਸੀ ਦਿੱਤੀ ਜਾ ਰਹੀ ਹੈ”।ਸਵਾਲ ਪੈਦਾ ਹੁੰਦਾ ਹੈ ਕੀ ਅਦਾਲਤਾਂ ਸਬੂਤਾਂ ‘ਤੇ ਅਧਾਰਤ ਫੈਸਲਾ ਕਰਨਗੀਆਂ ਜਾਂ ਲੋਕ ਭਾਵਨਾਵਾਂ ‘ਤੇ.?ਸਿਆਸੀ ਪਾਰਟੀਆਂ ਵਾਰ ਵਾਰ ਸਾਂਤੀ ਦੀ ਅਪੀਲ ਕਰ ਰਹੀਆਂ ਹਨ ਕੀ ਸ਼ਾਂਤੀ ਅਪੀਲਾਂ ਨਾਲ ਆਏਗੀ ਜਾਂ ਇੰਸਾਫ ਨਾਲ..?ਅਸਲ ‘ਚ ਹਿੰਦੂ-ਕਾਰਪੋਰੇਟ(ਕਾਂਗਰਸ-ਬੀ ਜੇ ਪੀ) ਸੱਤਾ ਨੇ ਧਾਰਮਿਕ ਘੱਟਗਿਣਤੀਆਂ ਨੂੰ ਦਹਿਸ਼ਤਜ਼ਦਾ ਕਰਕੇ ਰੱਖਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ।ਸਿੱਖਾਂ ਤੇ ਇਸਾਈਆਂ ਨੂੰ ਬੁਰੀ ਤਰ੍ਹਾਂ ਕੁੱਟ ਚੁੱਕੀਆਂ ਹਨ।ਮੁਸਲਮਾਨਾਂ ਦੀ ਅਬਾਦੀ ਥੋੜ੍ਹੀ ਜ਼ਿਆਦਾ ਹੋਣ ਕਾਰਨ ਸਮੱਸਿਆਵਾਂ ਆ ਰਹੀਆਂ ਹਨ।ਵੋਟ ਬੈਂਕ ਸਿਆਸਤ ਨੂੰ ਸੰਤੁਲਿਤ ਰੱਖਣ ਲਈ ਆਰ ਐਸ ਐਸ ਦੇ ਮੋਹਨ ਭਾਗਵਤ ਦੀ ਜ਼ੁਬਾਨ ਬਦਲੀ ਹੈ,ਪਰ ਉਹ ਸਿਰਫ ਵਕਤੀ ਹੈ।ਇਕ ਸਵਾਲ ਇਹ ਵੀ ਹੈ ਕਿ ਹਰ ਵਾਰ ਘੱਟਗਿਣਤੀਆਂ ਨੂੰ ਧਾਰਮਿਕ ਸਦਭਾਵਨਾ ਦਾ ਸੁਨੇਹਾ ਕਿਉਂ ਦਿੱਤਾ ਜਾਂਦਾ ਹੈ..?ਜਿਨ੍ਹਾਂ ਦੇ ਇਸਦੀਆਂ ਧੱਜੀਆਂ ਉਡਾਈਆਂ ਉਹ ਬੇਖੌਫ ਲਲਕਾਰਦੇ ਹਨ।ਭਾਰਤ ਦਾ ਹਿੰਦੂ ਮੀਡੀਆ ਸਾਰੇ ਪੱਖਾਂ ‘ਤੇ ਬੋਲਣ ਦੀ ਬਜਾਏ ਹਿੰਦੂਤਵੀ ਜਸ਼ਨ ‘ਚ ਕਿਵੇਂ ਸ਼ਾਮਿਲ ਹੁੰਦਾ ਹੈ,ਇਹ ਲਿਖ਼ਤ ਹੇਠਲੀਆਂ ਖ਼ਬਰਾਂ ਪੜਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ।ਹੇਠਲਾ ਲੇਖ਼ ਭਾਰਤ ਦੀ ਪ੍ਰਸਿੱਧ ਇਤਿਹਾਸਕਾਰ ਰੋਮਿਲਾ ਥਾਪਰ ਨੇ ਹਿੰਦੂ ਅਖ਼ਬਾਰ ਲਈ ਲਿਖ਼ਿਆ ਹੈ,ਜਿਸਦਾ ਤਰਜ਼ਮਾ ਜਸਦੀਪ ਸਿੰਘ ਜੋਗੇਵਾਲਾ ਨੇ ਕੀਤਾ ਹੈ।--ਯਾਦਵਿੰਦਰ ਕਰਫਿਊ

ਇਹ ਇੱਕ ਸਿਆਸੀ ਫੈਸਲਾ ਹੈ,ਜੋ ਸਰਕਾਰ ਵੱਲੋਂ ਕਈ ਸਾਲ ਪਹਿਲਾਂ ਵੀ ਲਿਆ ਜਾ ਸਕਦਾ ਸੀ।ਇਹ ਜ਼ਮੀਨ ਹਥਿਆਉਣ ਅਤੇ ਢਾਹੀ ਹੋਈ ਮਸਜਿਦ ਦੀ ਥਾਂ ਤੇ ਮੰਦਿਰ ਬਨਾਉਣ ਉੱਤੇ ਕੇਂਦ੍ਰਿਤ ਹੈ। ਮਸਲਾ ਧਾਰਮਿਕ ਪਛਾਣ ਅਧਾਰਿਤ ਮੌਜੂਦਾ ਰਾਜਨੀਤੀ ਦੇ ਵਿੱਚ ਉਲਝਿਆ ਹੋਇਆ ਹੋਣ ਦੇ ਨਾਲ ਨਾਲ ਇਤਿਹਾਸਿਕ ਸਬੂਤਾਂ ਤੇ ਅਧਾਰਿਤ ਹੋਣ ਦਾ ਵੀ ਦਾਅਵਾ ਕੀਤਾ ਜਾਂਦਾ ਹੈ। ਇਹ ਇਤਿਹਾਸ ਅਧਾਰਿਤ ਪਹਿਲੂ ਇਸ ਫੈਸਲੇ ਵਿੱਚ ਥੋੜ੍ਹਾ ਜਿਹਾ ਛੁਹਾ ਕੇ ਟਾਲ ਦਿੱਤਾ ਗਿਆ ਹੈ।

ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਇੱਕ ਖਾਸ ਸਥਾਨ ਜਿੱਥੇ ਇੱਕ ਦੈਵੀ ਜਾਂ ਅਰਧ ਦੈਵੀ ਮਨੁੱਖ ਦਾ ਜਨਮ ਹੋਇਆ ਸੀ ਅਤੇ ਜਿੱਥੇ ਇਸ ਜਨਮ ਦੇ ਸਨਮਾਨ ਵਿੱਚ ਇੱਕ ਮੰਦਿਰ ਬਨਾਇਆ ਜਾਵੇਗਾ।ਇਹ ਹਿੰਦੂ ਧਰਮ ਵੱਲੋਂ ਕੀਤੀ ਅਪੀਲ ਦੇ ਜਵਾਬ ਵਿੱਚ ਹੈ।ਇਸ ਦਾਅਵੇ ਦੀ ਪੁਸ਼ਟੀ ਵਾਸਤੇ ਸਬੂਤਾਂ ਦੀ ਗੈਰ-ਮੌਜੂਦਗੀ ਦੇ ਚਲਦੇ ਹੋਏ, ਕਿਸੇ ਨਿਆਂ ਦੀ ਅਦਾਲਤ ਤੋਂ ਅਜਿਹੇ ਫੈਸਲੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਹਿੰਦੂ ਰਾਮ ਨੂੰ ਦੇਵਤੇ ਵਜੋਂ ਪੂਜਦੇ ਹਨ,ਪਰ ਕੀ ਇਹ ਕਿਸੇ ਕਾਨੂੰਨੀ ਫੈਸਲੇ ਦਾ ਅਧਾਰ ਹੋ ਸਕਦਾ ਹੈ, ਜੋ ਇੱਕ ਜਨਮ ਸਥਾਨ, ਜ਼ਮੀਨ ਦੇ ਅਧਿਕਾਰ ਦਾਅਵਾ ਕਰਦਾ ਹੈ ਅਤੇ ਇਸ ਜ਼ਮੀਨ ਦੀ ਪ੍ਰਾਪਤੀ ਲਈ ਇੱਕ ਪ੍ਰਮੁੱਖ ਇਤਿਹਾਸਿਕ ਯਾਦਗਾਰ ਦੀ ਸੁਚੇਤ ਭੰਨ ਤੋੜ ਨੂੰ ਮਨਜ਼ੂਰੀ ਦਿੰਦਾ ਹੈ।

ਫੈਸਲਾ ਇਹ ਦਾਅਵਾ ਕਰਦਾ ਹੈ ਕਿ ਵਿਵਾਦਤ ਥਾਂ ਉੱਤੇ 12ਵੀਂ ਸਦੀ ਦਾ ਇੱਕ ਮੰਦਿਰ ਸੀ, ਜਿਸ ਨੂੰ ਤੋੜ ਕੇ ਮਸਜਿਦ ਬਣਾ ਦਿੱਤੀ ਗਈ ਸੀ,ਇਸ ਲਈ ਮੰਦਿਰ ਬਨਾਉਣਾ ਕਾਨੂੰਨੀ ਤੌਰ ‘ਤੇ ਸਹੀ ਹੈ।

ਆਰਕਿਓਲੌਜੀਕਲ ਸਰਵੇ ਆਫ ਇੰਡੀਆ (ਏ. ਐੱਸ. ਆਈ) ਦੀ ਖੁਦਾਈ ਦੇ ਨਤੀਜੇ ਪੂਰੀ ਤਰਾਂ ਮੰਨ ਲਏ ਗਏ ਹਨ ਹਾਲਾਂਕਿ ਇਹ ਹੋਰਨਾਂ ਇਤਿਹਾਸਕਾਰਾਂ ਦੁਆਰਾ ਡੂੰਘੇ ਵਿਵਾਦ ਵਿੱਚ ਹਨ। ਕਉਂਕਿ ਇਹ ਇੱਕ ਪੇਸ਼ੇਵਾਰ ਕਾਰਜ ਖੇਤਰ ਦਾ ਮਾਮਲਾ ਹੈ, ਜਿਸ ਤੇ ਰਾਇ ਵਿੱਚ ਬਹੁਤ ਵਿਰੋਧਤਾਈਆਂ ਸਨ, ਇਸ ਦੇ ਬਾਵਜੂਦ ਇੱਕ ਦ੍ਰਿਸ਼ਟੀਕੋਣ ਨੂੰ ਮਨਜ਼ੂਰੀ, ਤੇ ਉਹ ਵੀ ਸਾਦੇ ਤੇ ਸਪੱਸ਼ਟ ਰੂਪ ਵਿੱਚ, ਫੈਸਲੇ ਉੱਪਰ ਵਿਸ਼ਵਾਸ਼ ਨੂੰ ਘਟਾਉਂਦਾ ਹੈ। ਇੱਕ ਜੱਜ ਨੇ ਕਿਹਾ ਹੈ ਕਿ ਉਸਨੇ ਇਤਿਹਾਸਿਕ ਪਹਿਲੂ ਵੱਲ ਧਿਆਨ ਨਹੀਂ ਦਿੱਤਾ, ਕਿਉਂਕਿ ਉਹ ਇਤਿਹਾਸਕਾਰ ਨਹੀਂ ਹੈ, ਪਰ ਕਿਹਾ ਕਿ ਇਤਿਹਾਸ ਅਤੇ ਪੁਰਾਤੱਤਵ ਖੋਜ ਦੀ ਮੁਕੱਦਮੇ ਦੇ ਫੈਸਲੇ ਲਈ ਕੋਈ ਜਰੂਰਤ ਨਹੀਂ ਹੈ! ਜਦ ਕਿ ਰੌਲਾ ਪੁਰਾਣੀ ਇਤਿਹਾਸਿਕ ਇਮਾਰਤ ਅਤੇ ਇਸ ਬਾਰੇ ਦਾਅਵਿਆਂ ਦੀ ਇਤਿਹਾਸਿਕ ਪੁਖਤਗੀ ਦਾ ਹੈ।

ਲਗਭਗ 500 ਸਾਲ ਪਹਿਲਾਂ ਬਣੀ ਇੱਕ ਮਸਜਿਦ, ਜੋ ਸਾਡੀ ਸੱਭਿਆਚਾਰਿਕ ਵਿਰਾਸਤ ਸੀ, ਇੱਕ ਸਿਆਸੀ ਅਗਵਾਈ ਹੇਠ ਇੱਕ ਭੀੜ ਨੇ ਜਾਣ ਬੁੱਝ ਕੇ ਢਾਹ ਦਿੱਤੀ। ਫੈਸਲੇ ਦੇ ਸਾਰ ਵਿੱਚ ਕੋਈ ਜ਼ਿਕਰ ਨਹੀਂ ਹੈ, ਕਿ ਇਸ ਪ੍ਰਚੰਡ ਵਿਨਾਸ਼ ਦਾ, ਅਤੇ ਸਾਡੀ ਵਿਰਾਸਤ ਵਿਰੁੱਧ ਇਸ ਜ਼ੁਰਮ ਦੀ ਨਿਖੇਧੀ ਹੋਣੀ ਚਾਹੀਦੀ ਹੈ।ਰਾਮ ਦਾ ਪਰਿਕਲਪਿਤ ਜਨਮਸਥਾਨ ਹੋਣ ਕਾਰਨ ਨਵੇਂ ਮੰਦਿਰ ਦੀ ਪਵਿੱਤਰਤਾ ਹੋਵੇਗੀ ,ਮਸਜਿਦ ਦੇ ਮਲਬੇ ਵਾਲੇ ਖੇਤਰ ‘ਚ ।ਜਿੱਥੇ ਕਿ ਕਾਲਪਨਿਕ ਮੰਦਿਰ ਦੀ ਤੋੜ ਭੰਨ ਦੀ ਨਿਖੇਧੀ ਕੀਤੀ ਜਾਂਦੀ ਹੈ, ਅਤੇ ਨਵਾਂ ਮੰਦਿਰ ਬਨਾਉਣ ਲਈ ਸਮਰਥਨ ਦਾ ਕਾਰਨ ਦੱਸੀ ਜਾਂਦੀ ਹੈ, ਪਰ ਮਸਜਿਦ ਦੀ ਤੋੜਭੰਨ ਨਹੀਂ, ਸ਼ਾਇਦ ਸੁਵਿਧਾ ਲਈ ਇਸ ਨੂੰ ਮੁਕੱਦਮੇ ਦੀ ਸੀਮਾ ਤੋਂ ਹੀ ਬਾਹਰ ਰੱਖਿਆ ਜਾਂਦਾ ਹੈ।

ਫੈਸਲੇ ਨੇ ਇੱਕ ਮਿਸਾਲ ਪੈਦਾ ਕੀਤੀ ਹੈ ਕਿ ਕਿਸੇ ਦੈਵੀ ਜਾਂ ਅਰਧ-ਦੈਵੀ ਮਨੁੱਖ, ਜਿਸ ਦੀ ਕੋਈ ਭਾਈਚਾਰਾ ਪੂਜਾ ਕਰਦਾ ਹੈ, ਦਾ ਜਨਮਸਥਾਨ ਕਹਿ ਕੇ, ਜ਼ਮੀਨੀ ਅਧਿਕਾਰ ਦਾ ਦਾਅਵਾ ਕੀਤਾ ਜਾ ਸਕਦਾ ਹੈ। ਇਹੋ ਜਿਹੇ ਹੁਣ ਕਈ ਜਨਮਸਥਾਨ ਹੋਣਗੇ ਜਿੱਥੇ ਜ਼ਮੀਨ ਤੇ ਅਧਿਕਾਰ ਦਾ ਦਾਅਵਾ ਕੀਤਾ ਜਾ ਸਕਦਾ ਹੈ ਤੇ ਵਿਵਾਦ ਪੈਦਾ ਕੀਤਾ ਜਾ ਸਕਦਾ ਹੈ। ਜਦੋਂ ਇਤਿਹਾਸਿਕ ਸਮਾਰਕਾਂ ਦੀ ਤੋੜਭੰਨ ਦੀ ਨਿਖੇਧੀ ਨਹੀਂ ਕੀਤੀ, ਅਜਿਹੇ ਹੋਰ ਕਾਰਿਆਂ ਨੂੰ ਕਿਵੇਂ ਰੋਕਿਆ ਜਾਵੇਗਾ? ਧਾਰਮਿਕ ਸਥਾਨਾਂ ਦੇ ਬਦਲਾਅ ਦਾ ਵਿਰੋਧ ਕਰਦਾ 1993 ਦਾ ਵਿਧਾਨ , ਜਿਵੇਂ ਅਸੀਂ ਪਿਛਲੇ ਸਾਲਾਂ ਵਿੱਚ ਦੇਖਿਆ,ਬੇਅਸਰ ਰਿਹਾ ਹੈ।

ਜੋ ਇਤਿਹਾਸ ਵਿੱਚ ਵਾਪਰਿਆ,ਵਾਪਰ ਚੁੱਕਿਆ ਹੈ ਇਹ ਬਦਲਿਆ ਨਹੀਂ ਜਾ ਸਕਦਾ।ਪਰ ਅਸੀਂ ਇਹ ਸਿੱਖ ਸਮਝ ਸਕਦੇ ਹਾਂ, ਅਸਲ ਪ੍ਰਸੰਗ ਵਿੱਚ ਕੀ ਹੋਇਆ ਸੀ ,ਅਤੇ ਪੁਖਤਾ ਸਬੂਤਾਂ ਤੇ ਅਧਾਰ ਤੇ ਪੜਤਾਲ ਕਰ ਸਕਦੇ ਹਾਂ।ਵਰਤਮਾਨ ਦੀ ਸਿਆਸਤ ਦੇ ਲਈ ਅਸੀਂ ਇਤਿਹਾਸ ਨੂੰ ਨਹੀਂ ਬਦਲ ਸਕਦੇ। ਇਸ ਫੈਸਲਾ ਇਤਿਹਾਸ ਦੇ ਸਤਿਕਾਰ ਤੋਂ ਮੁਨਕਰ ਹੈ ਤੇ ਇਸ ਨੂੰ ਧਾਰਮਿਕ ਆਸਥਾ ਨਾਲ ਨਜਿੱਠਣ ਦੀ ਭਾਲ ‘ਚ ਹੈ। ਸੱਚਾ ਇਨਸਾਫ ਤਾਂ ਹੀ ਹੋ ਸਕਦਾ ਜੇ ਇਸ ਦੇਸ਼ ਦਾ ਕਾਨੂੰਨ ਫੈਸਲੇ, ਆਸਥਾ ਜਾਂ ਸ਼ਰਧਾ ਦੀ ਥਾਂ ਤੇ ਸਬੂਤ ਦੇ ਅਧਾਰ ਤੇ ਲਵੇ।

Wednesday, August 25, 2010

ਆਰ.ਐੱਸ.ਐੱਸ(ਸੰਘ) ਦੀ ਕਸ਼ਮੀਰ ਖਿਲਾਫ ਨਵੀਂ ਸਾਜਿਸ਼ ਬੇਨਕਾਬ

ਭਾਰਤੀ ਜੇਲ੍ਹਖਾਨੇ ‘ਚ ਕੌਮੀਅਤਾਂ ਦੀ ਦਾਸਤਾਨ

ਭਾਰਤ ਕਸ਼ਮੀਰ ਨੂੰ ਆਪਣਾ ਅਟੁੱਟ ਹਿੱਸਾ ਮੰਨਦਾ ਰਿਹਾ ਹੈ,ਪਰ ਕਸ਼ਮੀਰੀ ਹਮੇਸ਼ਾਂ ਅਜ਼ਾਦ ਕਸ਼ਮੀਰ ਦੀ ਮੰਗ ਕਰਦੇ ਰਹੇ ਹਨ।ਜਦੋਂ ਕੋਈ ਕਸ਼ਮੀਰ ਦਾ ਇਤਿਹਾਸ ਫਰੋਲਣ ਬੈਠਦਾ ਹੈ ਤਾਂ ਗੱਲ ਸਮਝ ਆਉਣ ਲਗਦੀ ਹੈ ਕਿ ਕਸ਼ਮੀਰ ਕਦੀ ਭਾਰਤ ਦਾ ਹਿੱਸਾ ਰਿਹਾ ਹੀ ਨਹੀਂ।ਕਸ਼ਮੀਰੀਆਂ ਦੀ ਅਜ਼ਾਦ ਕਸ਼ਮੀਰ ਦੀ ਮੰਗ ਬੜੀ ਪੁਰਾਣੀ ਹੈ।ਬਟਵਾਰੇ ਤੋਂ ਬਾਅਦ ਦੇ ਭਾਰਤੀ ਸਾਸ਼ਕਾਂ ਦੇ ਅੱਤਿਆਚਾਰ ਤੋਂ ਇਲਾਵਾ ਕਸ਼ਮੀਰੀ ਡੋਗਰਿਆਂ ਤੇ ਸਿੱਖ ਸਾਸ਼ਕਾਂ ਦੇ ਅੱਤਿਆਚਾਰ ਦਾ ਸ਼ਿਕਾਰ ਵੀ ਰਹੇ ਹਨ,ਪਰ ਇਸ ਸਭ ਦੇ ਬਾਵਜੂਦ ਕਸ਼ਮੀਰੀਆਂ ਦੀ ਅਜ਼ਾਦ ਕਸ਼ਮੀਰ ਦੀ ਭਾਵਨਾ ਕਦੇ ਖ਼ਤਮ ਨਹੀਂ ਹੋਈ।ਇਸ ਮੰਗ ਨੂੰ ਕਿਸੇ ਹੋਰ ਪਾਸੇ ਕਿਵੇਂ ਤਬਦੀਲ ਕੀਤਾ ਜਾਵੇ,ਇਹ ਦੇਸ਼ ਦੀਆਂ ਫਿਰਕਾਪ੍ਰਸਤ ਜਥੇਬੰਦੀਆਂ ਤੇ ਭਾਰਤੀ ਸਾਸ਼ਕ ਵਰਗ ਦਾ ਏਜੰਡਾ ਰਿਹਾ ਹੈ।

89ਵੇਂ ਦੇ ਦੌਰ ਤੋਂ ਬਾਅਦ ਇਕ ਵਾਰ ਫਿਰ ਪੂਰਾ ਕਸ਼ਮੀਰ ਸੁਲਗ ਰਿਹਾ ਹੈ।ਆਰ.ਐੱਸ.ਐੱਸ,ਜੋ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਦਾਅਵਾ ਹਿੱਕ ਠੋਕ ਕੇ ਕਰਦੀ ਹੈ।ਉਸਨੇ 90ਵਿਆਂ ‘ਚ ਆਪਣੇ ਸਿਆਸੀ ਏਜੰਡੇ ਦੀ ਗਿਣੀ ਮਿਥੀ ਸਾਜਿਸ਼ ਤਹਿਤ ਕਸ਼ਮੀਰ ‘ਚੋਂ ਕਸ਼ਮੀਰੀ ਹਿੰਦੂਆਂ ਦਾ ਧੱਕੇ ਨਾਲ ਉਜਾੜਾ ਕਰਵਾਇਆ ਸੀ।ਹੁਣ ਜਦੋਂ ਕਸ਼ਮੀਰੀ ਸਿੱਖਾਂ ਨੂੰ ਕਹੀਆਂ ਜਾਂਦੀਆਂ ਧਮਕੀਨੁਮਾ ਬਰੰਗ ਚਿੱਠੀਆਂ ਮਿਲ ਰਹੀਆਂ ਹਨ ਤਾਂ ਸਭ ਤੋਂ ਪਹਿਲਾਂ ਆਰ ਐੱਸ ਐੱਸ ਦੀ ਨਿਸ਼ਾਨਦੇਹੀ ਕਰਨੀ ਬਣਦੀ ਹੈ।ਮੱਦਾ ਵਹੀਣ ਭਾਜਪਾ ਲਈ ਮੁੱਦੇ ਪੈਦਾ ਕਰਨੇ ਵੀ ਆਰ.ਐੱਸ.ਐੱਸ ਦਾ ਕੰਮ ਹੈ,ਜਿਨ੍ਹਾਂ ਜ਼ਰੀਏ ਸਿਆਸੀ ਤੇ ਸਮਾਜਿਕ ਧਰੁਵੀਕਰਨ ਜਾਰੀ ਰਹੇ।ਆਮ ਕਸ਼ਮੀਰੀ ਹਿੰਦੂਆਂ ‘ਤੇ ਉਜਾੜਾ ਥੋਪਿਆ ਗਿਆ।ਲੰਮੇ ਅਰਸੇ ਤੋਂ ਕਸ਼ਮੀਰ ‘ਚ ਰਹਿ ਰਹੇ ਆਮ ਹਿੰਦੂਆਂ ਤੇ ਸਿੱਖਾਂ ਦਾ ਅੱਜ ਵੀ ਆਪਣੀ ਧਰਤੀ ਨਾਲ ਗੂੜ੍ਹਾ ਪਿਆਰ ਹੈ।

ਓਸ ਦੌਰ ‘ਚ ਜੰਮੂ ਕਸ਼ਮੀਰ ਦੇ ਰਾਜਪਾਲ ਜਗਮੋਹਨ ਮਲਹੋਤਰਾ ਨੇ ਆਰ ਐੱਸ ਐੱਸ ਦੀ ਸ਼ਹਿ ‘ਤੇ ਕਸ਼ਮੀਰੀ ਹਿੰਦੂਆਂ ਨੂੰ ਉਜਾੜੇ ਲਈ ਉਕਸਾਇਆ ਸੀ।ਜਗਮੋਹਨ ਮਲਹੋਤਰਾ ਨੇ ਵਿਸ਼ੇਸ਼ ਤੌਰ ‘ਤੇ ਜੰਮੂ ‘ਚ ਰਿਫਊਜੀ ਕੈਂਪ ਤਿਆਰ ਕਰਵਾਏ ਸਨ।ਇਤਫਾਕ ਦੇਖੋ ਜਿਸ ਬੰਦੇ ਨੇ ਸਿੱਖਾਂ ਨੂੰ ਇਸਲਾਮ ਕਬੂਲਣ ਤੇ ਧਮਕੀਨੁਮਾ ਹਵਾਈ ਚਿੱਠੀਆਂ ਦੀ ਗੱਲ ਕੀਤੀ ਹੈ,ਉਸਦਾ ਨਾਂਅ ਜਗਮੋਹਨ ਸਿੰਘ ਰੈਣਾ ਹੈ।ਇਹ ਆਪਣੇ ਆਪ ਨੂੰ ਆਲ ਇੰਡੀਆ ਸਿੱਖ ਕੋਆਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹੋਣ ਦਾ ਦਾਅਵਾ ਕਰਦੇ ਹਨ।ਇਹਨਾਂ ਅਫਵਾਹਾਂ ਤੋਂ ਬਾਅਦ ਜਦੋਂ ਕਸ਼ਮੀਰ ਦੇ ਕੁੱਝ ਪਤਵੰਤੇ ਸਿੱਖ ਸੱਜਣ ਉਹ ਧਮਕੀ ਭਰੇ ਪੱਤਰ ਵੇਖਣ ਗਏ ਤਾਂ ਇਹਨਾਂ ਕੋਲ ਦਿਖਾਉਣ ਨੁੰ ਕੁਝ ਨਹੀਂ ਸੀ।ਦੂਜੇ ਪਾਸੇ ਭਾਜਪਾ ਦੇ ਹੰਗਾਮੇ ‘ਤੇ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਦੀ ਟਿੱਪਣੀ ਕਾਫੀ ਰੌਚਕ ਹੈ,ਜਿਸ ‘ਚ ਉਹਨਾਂ ਕਿਹਾ ਹੈ ,ਕਿ ਉਹ ਇਸ ਤਰ੍ਹਾਂ ਦੀਆਂ ਕਥਿਤ ਧਮਕੀਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ”।ਚਿਦੰਬਰਮ ਸਿਆਸੀ ਭਾਸ਼ਾ ‘ਚ ਭਾਜਪਾ ਨੂੰ ਬਹੁਤ ਕੁਝ ਕਹਿ ਗਏ।ਮਸਲਾ ਇਹ ਨਹੀਂ ਕਿ ਕਾਂਗਰਸ ਤੇ ਭਾਜਪਾ ‘ਚ ਬਹੁਤਾ ਫਰਕ ਹੈ,ਪਰ ਕਾਂਗਰਸ ਜਿਸ ਸਿਆਸੀ ਏਜੰਡੇ ਦੇ ਜ਼ਰੀਏ ਦੋ ਵਾਰ ਸੰਸਦ ਦੀਆਂ ਪੌੜੀਆਂ ਚੜ੍ਹੀ ਹੈ,ਉਹ ਉਸਨੂੰ ਫਿਰ ਬਕਾਇਦਾ ਠੋਕ ਵਜ੍ਹਾ ਕੇ ਜਨਤਾ ਸਾਹਮਣੇ ਰੱਖਣਾ ਚਾਹੁੰਦੀ ਹੈ।ਜਦੋਂ ਮਾਓਵਾਦੀ ਕਸ਼ਮੀਰ ਦੀ ਲਹਿਰ ਨੂੰ ਕੌਮੀ ਲਹਿਰ ਦੇ ਨਾਂਅ ਨਾਲ ਸੰਬੋਧਿਤ ਹੋ ਰਹੇ ਹਨ ਤੇ ਅਜ਼ਾਦ ਕਸ਼ਮੀਰ ਦੀ ਮੰਗ ਦਾ ਸਮਰਥਨ ਕਰ ਰਹੇ ਹਨ ਤਾਂ ਮਨਮੋਹਨ-ਸੋਨੀਆ ਤੇ ਚਿਦੰਬਰਮ ਦੇ ਨਜ਼ਰ ‘ਚੋਂ ਕੁਝ ਬਾਹਰ ਹੋਣੇ,ਅਜਿਹਾ ਕੁਝ ਵੀ ਨਹੀਂ।ਪਰ ਮੁੱਖ ਧਾਰਾ ਦੀ ਸਿਆਸਤ ਤਾਂ ਵੱਖਰੀ ਤੇ ਲੰਮੀ ਲਕੀਰ ਖਿੱਚਣ ਨਾਲ ਚੱਲਦੀ ਹੈ।ਜਿਹੜਾ ਮਸਲਾ ਹੈ ਹੀ ਨਹੀਂ ,ਉਸਨੂੰ ਆਰ.ਐੱਸ.ਐੱਸ ਜਗਮੋਹਨ ਸਿੰਘ ਰੈਣਾ ਵਰਗੇ ਲੋਕਾਂ ਤੇ ਮੁੱਖ ਧਰਾਈ ਮੀਡੀਆ ਦੇ ਜ਼ਰੀਏ ਪਲਾਂਟ ਕਰਵਾਉਂਦੀ ਹੈ।ਐਸ ਜੀ ਪੀ ਸੀ ਮੈਂਬਰ ਹਰਿੰਦਰਪਾਲ ਸਿੰਘ ਕਹਿੰਦੇ ਹਨ ,ਕਿ ਇਹ ਜਗਮੋਹਨ ਸਿੰਘ ਰੈਣਾ ਦਾ ਸਾਜ਼ਿਸੀ ਪਰਪੰਚ ਹੈ,ਇਸ ਲਈ ਸਰਕਾਰ ਨੂੰ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਹੈ,ਪਰ ਆਰ ਐੱਸ ਐੱਸ ਤੇ ਭਾਜਪਾ ਦੀ ਬੁੱਕਲ ‘ਚ ਬੈਠੇ ਅਕਾਲੀਆਂ ਨੂੰ ਤਾਂ ਭਾਜਪਾ ਨੂੰ ਥਾਪੀ ਤੇ ਚਾਬੀ ਦੇਣ ਦੀ ਜ਼ਰੂਰਤ ਹੈ,ਇਹ ਓਦੋਂ ਹੀ ਤੋਤੇ ਵਾਂਗੂੰ ਬੋਲਣਾ ਸ਼ੁਰੂ ਕਰ ਦਿੰਦੇ ਹਨ।ਅਕਾਲੀਆਂ ਨੂੰ ਅਸਲੀਅਤ ਦੀ ਸਮਝ ਨਾ ਹੋਵੇ ,ਐਂਵੇ ਬਿਲਕੁਲ ਨਹੀਂ।ਅਸਲ ‘ਚ ਇਸ ਮਸਲੇ ‘ਚ ਅਕਾਲੀਆਂ ਨੂੰ ਚੋਪੜੀਆਂ ਨਾਲੇ ਦੋ ਦੋ ਮਿਲੀਆਂ ਹਨ।ਭਾਜਪਾ ਤੋਂ ਸ਼ਾਬਾਸ਼ ਵੀ ਮਿਲੀ ਤੇ ਫੋਕੀ ਸ਼ੋਹਰਤ ਵੀ ਖੱਟੀ।ਇਸੇ ਲਈ ਬਾਦਲ ਵਾਰ ਵਾਰ ਕਹਿੰਦੇ ਹਨ,ਕਿ ਭਾਜਪਾ ਨਾਲ ਜਨਮਾਂ ਜਨਮਾਂ ਦੀ ਸਾਂਝ ਹੈ।ਵੈਸੇ ਵੀ ਪਹਿਲੀ ਵਾਰ ਹੈ ਕਿ ਲੋਕ ਸਭਾ ‘ਚ ਰਤਨ ਸਿੰਘ ਅਜਨਾਲਾ ਨੇ ਨੰਨ੍ਹੀ ਛਾਂ ਦੇ ਹੱਥੋਂ ਕੋਈ ਮੁੱਦਾ ਖੋਹਿਆ ਹੋਵੇ।ਇਸ ਲਈ ਉਹਨਾਂ ਦਾ ਸਿੱਖਾਂ ਨਾਲ ਨਹੀਂ,ਬਲਕਿ ਬਿਆਨਾਂ ਨਾਲ ਜ਼ਿਆਦਾ ਸਰੋਕਾਰ ਹੈ।ਜਿਵੇਂ ਭੱਠਲ ਅਮਰਿੰਦਰ ਸਿੰਘ ਦੇ ਖਿਲਾਫ ਆਫ ਦੀ ਰਿਕਾਰਡ ਭੜਾਸ ਕੱਢਦੀ ਹੈ,ਓਵੇਂ ਅੱਜਕਲ੍ਹ ਅਜਨਾਲਾ ਵੀ ਨੰਨ੍ਹੀ ਛਾਂ ਖਿਲਾਫ ਦਿੱਲੀ ਦੇ ਪੱਤਰਕਾਰਾਂ ਕੋਲ ਆਪਣੇ ਰੋਣੇ ਰੋਂਦੇ ਹਨ।

ਆਰ ਐੱਸ ਐੱਸ ਦੀਆਂ ਅਜਿਹੀਆਂ ਕਰਤੂਤਾਂ 1925(ਸੰਘ ਦੇ ਜਨਮ) ਤੋਂ ਲੈ ਕੇ 84,ਗੁਜਰਾਤ ਤੇ ਕੰਧਮਾਲ ਤੱਕ ਸ਼ੁਮਾਰ ਹਨ।ਪੰਜਾਬ ਦੀ ਫਿਜ਼ਾ ਨੂੰ ਫਿਰਕੂ ਰੰਗ ਦੇਣ ਪਿੱਛੇ ਸਭ ਤੋਂ ਵੱਡਾ ਹੱਥ ਆਰ ਐਸ ਐਸ ਦਾ ਸੀ।ਸਭ ਤੋਂ ਪਹਿਲਾਂ ਪੰਜਾਬ ਦੇ ਹਿੰਦੂਆਂ ਨੂੰ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਲਈ ਉਕਸਾਇਆ ਗਿਆ।ਆਮ ਹਿੰਦੂਆਂ ‘ਚ ਅਜਿਹੀ ਭਾਵਨਾ ਬਿਲਕੁਲ ਨਹੀਂ ਸੀ।ਬਾਅਦ ‘ਚ ਪੰਜਾਬ ਦੇ ਮੰਗਾਂ ਮਸਲਿਆਂ ਨਾਲ ਸ਼ੁਰੂ ਹੋਈ ਲਹਿਰ ਨੂੰ ਕਿਵੇਂ ਹਿੰਦੂ ਬਨਾਮ ਸਿੱਖ ਰੰਗ ਦਿੱਤਾ ਜਾ ਰਿਹਾ ਸੀ,ਇਸਨੂੰ ਪੰਜਾਬ ਦੇ ਮੰਗਾਂ ਮਸਲਿਆਂ ਨਾਲ ਜੁੜੀ ਨਾ ਸਮਝ ਲੀਡਰਸ਼ਿੱਪ ਤੇ ਕਾਮਰੇਡ ਸਮਝਣ ‘ਚ ਅਸਫਲ ਰਹੇ।ਆਰ ਐੱਸ ਐੱਸ ਸੱਤਾ ਦੀ ਰਹਿਨੁਮਾਈ ‘ਚ ਚਲਾਕ ਸਿਆਸਤ ਕਰ ਰਹੀ ਸੀ,ਪਰ ਪੰਜਾਬ ਦੇ ਨਾ ਸਮਝ ਲੀਡਰ ਤੇ ਕਾਮਰੇਡ ਨੱਕ ਦੀ ਸੇਧ ਨਾਲ ਇਕ ਨੁਕਾਤੀ ਪ੍ਰੋਗਰਾਮ ਲੈ ਕੇ ਚਲਦੇ ਰਹੇ।ਜਿਵੇਂ ਕਸ਼ਮੀਰ ‘ਚੋਂ ਹਿੰਦੂਆਂ ਤੇ ਸਿੱਖਾਂ ਨੂੰ ਸਾਜਿਸ਼ ਤਹਿਤ ਉਜਾੜਕੇ ਕਸ਼ਮੀਰ ਦੀ ਕੌਮੀ ਲਹਿਰ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ,ਉਸੇ ਤਰ੍ਹਾਂ ਪੰਜਾਬ ‘ਚ ਅਜਿਹੀਆਂ ਘਟਨਾਵਾਂ ਵੱਡੀ ਪੱਧਰ ‘ਤੇ ਕਰਵਾਈਆਂ ਗਈਆਂ।ਜਿੰਨ੍ਹਾਂ ‘ਚ ਆਰ ਐੱਸ ਐੱਸ ਤੇ ਸੱਤਾ ਦੇ ਤਹਿਸ਼ੁਦਾ ਪ੍ਰੋਗਰਾਮ ਤਹਿਤ ਖਰੀਦੇ ਗਏ ਖਾਲਿਸਤਾਨੀ ਸਰਕਾਰੀ ਸਾਜ਼ਿਸ਼ਾਂ ਦੀਆਂ ਜ਼ਿੰਮੇਂਵਾਰੀਆਂ ਲੈਂਦੇ ਰਹੇ।ਓਸ ਦੌਰ ਦੇ ਅਖ਼ਬਾਰਾਂ ‘ਚ ਇਕੋ ਘਟਨਾ ਦੀਆਂ ਜ਼ਿੰਮੇਵਾਰੀਆਂ ਕਈ ਕਈ ਖਰੀਦੇ ਗਏ ਖਾਲਿਸਤਾਨੀ ਗਰੁੱਪ ਲੈਂਦੇ ਦੇਖੇ ਗਏ ਹਨ।ਇਹਨਾਂ ਸਭ ਗੱਲਾਂ ਦਾ ਖੁਲਾਸਾ ਸੁੱਖੀ ਵਰਗੇ ਕੈਟਾਂ ਦੇ ਜ਼ਰੀਏ ਹੁੰਦਾ ਰਿਹਾ ਹੈ,ਕਿ ਕਿਸ ਤਰ੍ਹਾਂ ਕੀ ਪੀ ਐਸ ਗਿੱਲ ਨੇ ਸਭ ਕਨੂੰਨਾਂ ਨੂੰ ਛਿੱਕੇ ਟੰਗਦਿਆਂ ਪੰਜਾਬ ਦੀ ਆਬੋ-ਹਵਾ ਨੂੰ ਫਿਰਕੂ ਬਣਾਉਣ ਲਈ ਸ਼ਰੇਆਮ ਸਰਕਾਰੀ ਬਦਮਾਸ਼ੀ ਕੀਤੀ।ਆਰ ਐਸ ਐਸ ਦੇ ਕਈ ਬਦਨਾਮ ਕੌਮਾਂਤਰੀ ਏਜੰਸ਼ੀਆਂ ਨਾਲ ਸਬੰਧ ਹਨ।ਬਿਲ ਕਲਿੰਟਨ ਦੇ ਦੌਰੇ ਸਮੇਂ ਚਿੱਠੀ ਸਿੰਘਾਪੁਰ ਮਾਰੇ ਗਏ 36 ਸਿੱਖ ਵੀ ਆਰ ਐਸ ਐਸ ਦਾ ਏਜੰਡਾ ਸੀ।ਆਰ ਐਸ ਐਸ ਦੁਨੀਆਂ ਦੀ ਸਭ ਤੋਂ ਬਦਨਾਮ ਖੁਫੀਆ ਏਜੰਸੀ ਮੌਸਾਦ(ਇਜ਼ਰਾਇਲ ਦੀ) ਨਾਲ ਮਿਲਕੇ ਅਜਿਹੀਆਂ ਘਟਨਾਵਾਂ ਨੂੰ ਅਣਜਾਮ ਦਿੰਦੀ ਹੈ।ਕਿਉਂਕਿ ਕਲਿੰਟਨ ਦੇ ਆਉਣ ਕਾਰਨ ਇਹ ਘਟਨਾ ਨੇ ਕੌਮਾਂਤਰੀ ਅਸਰ ਛੱਡਣਾ ਸੀ,ਇਸ ਲਈ 36 ਸਿੱਖ ਦੀ ਕੀਮਤ ਸੰਘੀਆਂ ਨੂੰ ਜ਼ਿਆਦਾ ਨਹੀਂ ਲੱਗੀ।

ਸੰਘ ਦੀ ਦੇਸ਼ ਦੇ ਪ੍ਰਸਾਸ਼ਨ ਤੇ ਮੀਡੀਆ ‘ਚ ਵੱਡੀ ਘੁਸਪੈਠ ਹੈ,ਅਜਿਹੇ ਲੋਕ ਉਸਦੀਆਂ ਲੋੜਾਂ ਮੁਤਾਬਿਕ ਲਗਾਤਾਰ ਕੰਮ ਕਰਦੇ ਹਨ।ਭਾਰਤੀ ਏਜੰਸੀਆਂ,ਮੰਤਰਾਲਿਆਂ ਤੇ ਫੌਜ ਦੇ ਵੱਡੇ ਅਫਸਰ,ਮੀਡੀਆ ਘਰਾਣਿਆਂ ਦੇ ਮਾਲਕ ਤੇ ਵੱਡੇ ਸੰਪਾਦਕ ਸੰਘ ਦੇ ਹੈਡਕੁਆਟਰ ਨਾਗਪੁਰ ਅੰਦਰ ਵੇਖੇ ਜਾਂਦੇ ਹਨ।ਇਸ ਮੌਕੇ ਦੇਸ਼ ਦੀ ਇਕ ਪ੍ਰਮੁੱਖ ਖ਼ਬਰ ਏਜੰਸੀ ਦਾ ਮੁੱਖ ਸੰਪਾਦਕ ਕੱਟੜ ਸੰਘੀ ਹੈ।ਇਕ ਵਾਰ ਮੈਂ ਆਈ. ਬੀ(ਇੰਟੈਂਲੀਜੈਂਸ ਬਿਊਰੋ) ਦੇ ਸਾਬਕਾ ਮੁਖੀ ਐਮ.ਕੇ ਧਰ ਦੇ ਘਰ ਉਸ ਨਾਲ ਇੰਟਰਵਿਊ ਕਰਨ ਗਿਆ।ਜਿਸਨੇ ਪੰਜਾਬ ਦੀ ਖਾਲਿਸਤਾਨੀ ਲਹਿਰ ਬਾਰੇ “ਓਪਨ ਸੀਕਰਟਸ” ਨਾਂਅ ਦੀ ਕਿਤਾਬ ‘ਚ ਕਈ ਖੁਲਾਸੇ ਕੀਤੇ ਹਨ।ਗੱਲਾਂ ਗੱਲਾਂ ‘ਚ ਉਸ ਨਾਲ ਓਸ ਦੌਰ ਬਾਰੇ ਗੱਲ ਹੋਈ।ਉਸਦੀ ਇਕ ਗੱਲ ਨੇ ਮੈਨੂੰ ਪੂਰੀ ਸਿਆਸਤ ਸਮਝਾ ਦਿੱਤੀ।ਉਹ ਕਹਿੰਦਾ ਮੈਂ ਕਈ ਸਿੱਖਾਂ ਨੂੰ ਸਮਝਾਇਆ ਕਿ ਤੁਹਾਡਾ ਮੁਸਲਮਾਨਾਂ ਨਾਲ ਇਤਿਹਾਸਕ ਵਿਰੋਧ ਹੈ,ਤੁਹਾਡੇ ਗੁਰੂ ਮਾਰੇ ਉਹਨਾਂ ਨੇ,ਇਸ ਲਈ ਹਿੰਦੂਆਂ ਨਾਲ ਹੀ ਮਿਲ ਜੁਲਕੇ ਚੱਲਣ ‘ਚ ਫਾਇਦਾ ਹੈ।ਅਸਲ ‘ਚ ਧਰ ਆਮ ਹਿੰਦੂਆਂ ਦੀ ਨਹੀਂ ਬਲਕਿ ਹਿੰਦੂਤਵੀ ਏਜੰਡਾ ਲਈ ਖੜ੍ਹੀ ਸਟੇਟ ਮੂਹਰੇ ਗੋਡੇ ਟੇਕਣ ਦੀ ਗੱਲ ਕਰ ਰਿਹਾ ਸੀ।ਜਿਵੇਂ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਸੰਘ ਦੇ ਲੀਡਰ ਕਹਿੰਦੇ ਹਨ ਕਿ ਅਬਾਦੀ ਮੁਤਾਬਿਕ ਭਾਰਤ ‘ਚ ਤੁਸੀਂ(ਮੁਸਲਮਾਨ) ਹਿੰਦੂਆਂ ਤੋਂ ਛੋਟੇ ਹੋਂ,ਇਸ ਲਈ ਛੋਟਿਆਂ ਵਾਂਗੂੰ ਹੀ ਰਹੋ,ਨਾ ਕਿ ਬਰਾਬਰ ਦੇ ਬਣਕੇ।ਮੇਰਾ ਇਕ ਦੋਸਤ ਕਸ਼ਮੀਰ ‘ਚ ਫੌਜ ‘ਚ ਤੈਨਾਤ ਸੀ।ਉਸਨੇ ਦੱਸਿਆ ਕਿ ਸਿੱਖ ਰੈਜਮੈਂਟ ‘ਚ ਇਹ ਪਰਚੇ ਸੁੱਟੇ ਗਏ ਕਿ ਮੁਸਲਮਾਨਾਂ ਨੇ ਕਿਸ ਤਰ੍ਹਾਂ ਸਿੱਖ ਗੁਰੂਆਂ ‘ਤੇ ਤਸ਼ੱਦਦ ਕੀਤੇ ਸਨ।ਉਸਦੇ ਕੁਝ ਜ਼ਿਆਦਾ ਸਮਝ ਨਹੀਂ ਆਇਆ,ਮੈਂ ਪਰਚਾ ਪੜ੍ਹਿਆ ਤੇ ਫਿਰ ਉਸਨੂੰ ਦੱਸਿਆ ਕਿ ਆਰ ਐੱਸ ਐੱਸ ਕਿਸ ਤਰ੍ਹਾਂ ਦੀ ਖੇਡ ਖੇਡਦੀ ਹੈ।ਘੱਟਗਿਣਤੀਆਂ ‘ਚ ਘੱਟਗਿਣਤੀਆਂ ਖਿਲਾਫ ਨਫਰਤ ਭਰਨ ਦੀ ਸਿਆਸੀ ਖੇਡ।ਉਸ ਗੱਲ ਤੋਂ ਕੁਝ ਮਹੀਨਿਆਂ ਬਾਅਦ ਮਾਲੇਗਾਂਵ ਧਮਾਕਿਆਂ ‘ਚ ਕਰਨਲ ਪਰੋਹਿਤ ਦਬੋਚਿਆ ਗਿਆ।ਫੌਜ ਦਾ ਸੰਘੀਕਰਨ ਕਰਨਾ ਵੀ ਆਰ ਐੱਸ ਐੱਸ ਦੇ ਵੱਡੇ ਏਜੰਡਿਆਂ ‘ਚੋਂ ਇਕ ਹੈ।

ਖੈਰ,ਕਸ਼ਮੀਰੀ ਸਿੱਖਾਂ ਦੇ ਮਾਮਲੇ ‘ਚ ਇਕ ਗੱਲ ਮਹੱਤਵਪੂਰਨ ਤੇ ਚੰਗੀ ਰਹੀ ਹੈ,ਕਿ ਸੰਘ ਦੀ ਡਿਸ ਇਨਫਾਮੇਸ਼ਨ ਮੁਹਿੰਮ ਨੂੰ ਕਸ਼ਮੀਰੀ ਆਗੂਆਂ ਨੇ ਚੰਗਾ ਜਵਾਬ ਦਿੱਤਾ ਹੈ।ਇਹ ਲੀਡਰਸ਼ਿੱਪ ਦੇ ਤਜ਼ਰਬਿਆਂ ਤੇ ਉਸਦੀ ਅਮੀਰ ਸਿਆਸਤ ਨੂੰ ਦਰਸਾਉਂਦੀ ਹੈ,ਕਿ ਮਸਲੇ ਦੇ ਆਉਂਦਿਆਂ ਹੀ ਉਸਨੂੰ ਬੇਨਕਾਬ ਕੀਤਾ ਗਿਆ।ਕਸ਼ਮੀਰੀਆਂ ਦੀ ਕੌਮੀਅਤ ਦੀ ਲ਼ੜਾਈ ਨੂੰ ਉਲਝਾਉਣ ਤੇ ਅੜਿੱਕਾ ਲਾਉਣ ਦੀ ਸਾਜਿਸ਼ ਨਾ ਕਾਮਯਾਬ ਰਹੀ।ਹੋਰਨਾਂ ਲੋਕ ਲਹਿਰਾਂ ਨੂੰ ਕਸ਼ਮੀਰੀਆਂ ਦੇ ਅਜਿਹੇ ਤਜ਼ਰਬਿਆਂ ਤੋਂ ਸਿੱਖਣ ਦੀ ਲੋੜ ਹੈ।ਸੰਘ ਦੇ ਸੰਦਰਭ ‘ਚ ਮਸਲਾ ਇਹ ਹੈ,ਕਿ ਸੰਘ ਦੇਸ਼ ਨੂੰ ਕਿਸੇ ਵੀ ਤਰ੍ਹਾਂ ਹਿੰਦੂਤਵੀ ਰਾਸ਼ਟਰ ਬਣਾਉਣ ਚਾਹੁੰਦਾ ਹੈ।ਇਸ ਲਈ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਨਾਲ ਕੋਈ ਵੀ ਸਾਜਿਸ਼ ਹੋ ਸਕਦੀ ਹੈ।ਜਦੋਂ ਬਦਲਦੀ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਨ ਲਈ ਸੰਘ ਵਰਗੀ ਕੱਟੜ ਸੰਸਥਾ ਆਪਣੀ ਵਰਦੀ ‘ਚ ਪਹਿਨੇ ਜਾਂਦੇ ਖਾਕੀ ਕੱਛੇ ਦਾ ਰੰਗ ਰੂਪ ਬਦਲਣ ਦੀ ਸੋਚ ਰਹੀ ਹੈ ਤਾਂ ਦੇਸ਼ ਦੀਆਂ ਘੱਟਗਿਣਤੀਆਂ,ਕੌਮੀਅਤਾਂ, ਤੇ ਅਗਾਂਹਵਧੂ ਫਲਸਫੇ ਨਾਲ ਜੁੜੀਆਂ ਪਾਰਟੀਆਂ ਆਪਣੇ ਸਿਆਸੀ ਦਾਅਪੇਚ ਕਿਉਂ ਨਹੀਂ ਬਦਲ ਸਕਦੀਆਂ।ਸਭ ਦਾ ਖਤਰਨਾਕ ਦੁਸ਼ਮਣ ਸਾਝਾਂ ਹੈ।ਇਸ ਲਈ ਉਸਦੇ ਖਿਲਾਫ ਕੋਈ ਘੱਟੋ ਘੱਟ ਸਾਂਝਾ ਪ੍ਰੋਗਰਾਮ ਹੋਣਾ ਚਾਹੀਦਾ ਹੈ ਤਾਂ ਕਿ ਭਵਿੱਖ ਨੁੰ ਹਿਟਲਰਾਂ ਤੇ ਮਸੋਲਿਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

ਯਾਦਵਿੰਦਰ ਕਰਫਿਊ
ਨਵੀਂ ਦਿੱਲੀ।
mail2malwa@gmail.com,malwa2delhi@yahoo.co.in
09899436972

Tuesday, August 18, 2009

ਵਾਹ ਬਾਬੂ ਜੀ

ਬੰਕਿਮ ਚੰਦਰ ਚਟੋਪਾਧਿਆ ਜਾਂ ਚਟਰਜੀ (1838-94) ਬੰਗਾਲੀ ਲੇਖਣੀ ਦਾ ਵੱਡਾ ਨਾਂ ਹੈ। ਵੈਸੇ ਤਾਂ ਆਦਰਯੋਗ ਬੰਕਿਮ ਬਾਬੂ ਦਾ ਹਿੰਦੂਤਵਵਾਦੀ ਸਿਆਸਤ ਤੇ ਜ਼ਹਿਰੀਲੀ ਲੇਖਣੀ ‘ਚ ਚੰਗਾ ਖ਼ਾਸਾ ਯੋਗਦਾਨ ਰਿਹਾ ਹੈ। ਪਰ ਕਿਸੇ ਵੇਲੇ ਏਸੇ ਕਲਮ ਨੇ ‘ਬਾਬੂ’ ਨੂੰ ਪ੍ਰਭਾਸ਼ਤ ਕੀਤਾ ਸੀ, ਬੰਗਾਲੀ ਬਾਬੂ ਓਸ ਵੇਲੇ ਅੰਗਰੇਜ਼ਾ ਦੇ ਰਾਜ ਦਾ ਇੱਕ ਵੱਡਾ ਹਥਿਆਰ ਹੋਇਆ ਕਰਦਾ ਸੀ। ਵਿਅੰਗਾਤਮਕ ਅੰਦਾਜ਼ ‘ਚ ਬੰਕਿਮ ਚੰਦਰ ਦੀ ਕੀਤੀ ਗਈ ‘ਬਾਬੂ’ ਦੀ ਵਿਆਖਿਆ ਅੱਜ ਦੇ ਬਾਬੂਆਂ ਤੱਕ ਸੀਮਤ ਨਹੀਂ ਸਗੋਂ ਹਰ ਦੋਗਲੇ ਅਫਸਰ ‘ਤੇ ਸਟੀਕ ਢੁੱਕਦੀ ਹੈ। ਇਹ ਉਲਥਾਅ ਮੈ ਐੱਮ.ਜੇ ਅਕਬਰ ਦੀ ਕਿਤਾਬ ‘ਸੇਡ ਔਫ ਸਵੋਰਦਜ਼’ ‘ਚ ਛਪੇ ਅੰਗਰੇਜ਼ੀ ਤਰਜੁਮੇ ‘ਚੋਂ ਕਰ ਕੇ ਦੇ ਰਿਹਾ ਹਾਂ। (ਬਰਹਮ ਦਾ ਮਤਲਬ ਬੰਗਾਲ ‘ਚ ਬ੍ਰਾਹਮਣਾਂ ਦੇ ਸਭ ਤੋਂ ਉੱਚੇ ਵਰਗ ਤੋਂ ਹੈ)

ਵਿਸ਼ਨੂੰ ਭਗਵਾਨ ਵਾਂਗ ਬਾਬੂ ਹਮੇਸ਼ਾ ਇੱਕ ਸਦੀਵੀ ਆਸਣ ‘ਤੇ ਬਿਰਾਜਮਾਨ ਹੈ। ਵਿਸ਼ਨੂੰ ਵਾਂਗ ਹੀ ਬਾਬੂ ਦੇ ਦਸ ਅਵਤਾਰ ਨੇ: ਕਲਰਕ, ਅਧਿਆਪਕ, ਬਰਹਮ, ਦਲਾਲ, ਡਾਕਟਰ, ਵਕੀਲ, ਜੱਜ, ਜ਼ਿਮੀਦਾਰ, ਅਖ਼ਬਾਰ ਦਾ ਐਡੀਟਰ ਤੇ ਵਿਹਲੜ। ਵਿਸ਼ਨੂੰ ਵਾਂਗ ਹੀ ਬਾਬੂ ਆਪਣੇ ਹਰ ਅਵਤਾਰ ‘ਚ ਵੱਡੇ ਰਖਸ਼ਸਾਂ ਦਾ ਨਾਸ਼ ਕਰਦਾ ਹੈ। ਕਲਰਕ ਦੇ ਅਵਤਾਰ ‘ਚ ਓਹ ਆਪਣੇ ਅਰਦਲੀਆਂ ਨੂੰ ਬਰਬਾਦ ਕਰੇਗਾ, ਅਧਿਆਪਕ ਹੋਵੇਗਾ ਤੇ ਵਿਦਿਆਰਥੀਆਂ ਦਾ ਨਾਸ ਕਰੇਗਾ, ਸਟੇਸ਼ਨ ਮਾਸਟਰ ਦੇ ਤੌਰ ‘ਤੇ ਬੇਟਿਕਟਿਆਂ ਦਾ ਨਾਸ ਕਰੇਗਾ, ਬਰਹਮ ਦੇ ਅਵਤਾਰ ‘ਚ ਗ਼ਰੀਬ ਪੰਡਤਾਂ ਦੀ ਬਰਬਾਦੀ ਦਾ ਜ਼ਰੀਆ ਬਣੇਗਾ, ਬਾਬੂ ਡਾਕਟਰ ਹੋਵੇਗਾ ਤਾਂ ਮਰੀਜ਼, ਵਕੀਲ ਹੋਵੇਗਾ ਤਾਂ ਮੁੱਦਈ, ਜ਼ਿਮੀਂਦਾਰ ਹੋਵੇਗਾ ਤਾਂ ਕਿਰਾਏਦਾਰ, ਅਖ਼ਬਾਰ ਦਾ ਐਡੀਟਰ ਹੋਵੇਗਾ ਤਾਂ ਸ਼ਰੀਫ ਇਨਸਾਨ ਤੇ ਵਿਹਲੜ ਹੋਵੇਗਾ ਤਾਂ ਬਾਬੂ ਤਲਾਅ ਵਿਚਲੀਆਂ ਮੱਛੀਆਂ ਨੂੰ ਬਰਬਾਦ ਕਰ ਦੇਵੇਗਾ……… ਓਹ ਜਿਹਦੇ ਦਿਮਾਗ ‘ਚ ਇੱਕ ਸ਼ਬਦ ਹੋਵੇ ਪਰ ਜਦੋਂ ਓਹ ਬੋਲਣ ਲੱਗੇ ਤਾਂ 10 ਸ਼ਬਦ ਬਣ ਜਾਣ, ਜਦੋਂ ਲਿਖੇ ਤਾਂ 100 ਸ਼ਬਦ ਤੇ ਜਦੋਂ ਲੜੇ ਤਾਂ ਹਜ਼ਾਰ ਸ਼ਬਦ ਬਣਨਗੇ………ਓਹ ਬਾਬੂ ਹੈ। ਓਹ ਜਿਹਦੇ ਹੱਥਾਂ ਦੀ ਤਾਕਤ ਦਾ ਯੂਨਿਟ ਇੱਕ ਹੈ, ਜ਼ੁਬਾਨ ਦੀ ਤਾਕਤ ਦਾ ਯੂਨਿਟ 10 ਹੋ ਜਾਂਦਾ ਹੈ ਤ ੇਪਿੱਠ ਪਿੱਛੇ ਇਹੋ ਤਾਕਤ 100 ਗੁਣਾ ਵਧਦੀ ਹੈ ਤੇ ਜਦੋਂ ਕੰਮ ਜਾਂ ਲੋੜ ਹੋਵੇ ਤਾਂ ਓਹ ਗ਼ੈਰਹਾਜ਼ਰ ਹੁੰਦਾ ਹੈ………ਓਹ ਬਾਬੂ ਹੈ। ਜਿਹਦਾ ਦੇਉਤਾ ਅੰਗਰੇਜ਼ ਸਾਹਬ ਹੈ, ਸਿੱਖਿਅਕ ਬਰਹਮ ਗੁਰੁ ਹੈ, ਜਿਹਦੇ ਵੇਦ ਅਖ਼ਬਾਰ ਨੇ ਤੇ ਜਿਹਦਾ ਤੀਰਥ ਨੈਸ਼ਨਲ ਥੀਏਟਰ ਹੈ……… ਓਹ ਬਾਬੂ ਹੈ। ਓਹ ਜਿਹੜਾ ਮਿਸ਼ਨਰੀਆਂ ਅੱਗੇ ਖ਼ੁਦ ਨੂੰ ਇਸਾਈ ਦੱਸਦਾ ਹੈ, ਕੇਸ਼ਬਚੰਦਰਾਂ (ਪੁਜਾਰੀਆਂ) ਅੱਗੇ ਬਰਹਮ ਹੈ, ਆਪਣੇ ਬਾਪ ਅੱਗੇ ਹਿੰਦੂ ਹੈ ਤੇ ਬ੍ਰਾਹਮਣ ਅੱਗੇ ਨਾਸਤਕ ਹੈ…………… ਓਹ ਬਾਬੂ ਹੈ। ਜਿਹੜਾ ਘਰ ਪਾਣੀ ਛਾਣ ਕੇ ਪੀਂਦਾ ਹੈ ਤੇ ਦੋਸਤਾਂ ਕੋਲ ਸ਼ਰਾਬੌ ਹੁੰਦਾ ਹੈ, ਵੇਸਵਾ ਤੋਂ ਗਾਲਾਂ ਤੇ ਆਪਣੇ ਬੋਸ ਤੋਂ ਛਿਤਰ ਖਾਂਦਾ ਹੈ………… ਓਹ ਬਾਬੂ ਹੈ। ਜਿਹੜਾ ਨਹਾਉਣ ਲੱਗਾ ਤੇਲ ਤੋਂ ਚਿੜ੍ਹੇ, ਖਾਣ ਲੱਗਾ ਆਪਣੀਆਂ ਉਂਗਲਾਂ ਤੋਂ ਚਿੜ੍ਹੇ ਤੇ ਬੋਲਣ ਲੱਗਾ ਆਪਣੀ ਮਾਤ ਭਾਸ਼ਾ ਤੋਂ ਸੜੇ………… ਓਹ ਬਾਬੂ ਹੈ। ਜਨਾਬ ਜਿਹਨਾਂ ਸਹਿਬਾਨਾਂ ਦੇ ਗੁਣ ਮੈਂ ਤੁਹਾਨੂੰ ਗਿਣਾ ਆਇਆ ਹਾਂ ਓਹ ਇਸ ਗੱਲ ਤੇ ਲਗਭਗ ਪੂਰੇ ਆਤਮ ਵਿਸ਼ਵਾਸ ‘ਚ ਨੇ ਕਿ ਪਾਨ ਖਾ ਕੇ, ਅਰਾਮ ਨਾਲ ਬਿਸਤਰੇ ‘ਤੇ ਲੇਟ ਕੇ, ਦੁਭਾਸ਼ੀ ਗੱਲਬਾਤ ਕਰਕੇ ਤੇ ਸਿਗਰੇਟ ਦੇ ਸੂਟੇ ਖਿੱਚ ਕੇ ਓਹ ਭਾਰਤ ਨੂੰ ਮੁੜ ਜਿੱਤ ਲੈਣਗੇ।

(ਐੱਮ.ਜੇ ਅਕਬਰ ਦੀ ਕਿਤਾਬ ‘ਚ ਛਪਿਆ ਇਹ ਅੰਗਰੇਜ਼ੀ ਉਲਥਾਅ ਪਹਿਲੋਂ ‘ਚ ਪਾਰਥਾ ਚਟਰਜੀ ਦੀ ‘ਦ ਨੇਸ਼ਨ ਐਂਡ ਇਟਸ ਫਰੈਗਮੈਂਟਸ: ਕਲੋਨੀਅਲ ਐਂਡ ਪੋਸਟ ਕਲੋਨੀਅਲ ਹਿਸਟਰੀਜ਼’  ਆਕਸਫੋਰਡ ਯੂਨੀਵਰਸਿਟੀ ਪ੍ਰੈਸ, 1993 ‘ਚ ਛਪਿਆ ਹ

ਉਲਥਾਅ:ਦਵਿੰਦਰਪਾਲ