ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਗੋਬਿੰਦਪੁਰਾ. Show all posts
Showing posts with label ਗੋਬਿੰਦਪੁਰਾ. Show all posts

Saturday, January 21, 2012

ਪਾਰਟੀਆਂ ਦਾ 'ਵਿਕਾਸ ਏਜੰਡਾ' ਬਨਾਮ ਪੰਜਾਬ ਦਾ ਵਿਕਾਸ

ਮੌਜੂਦਾ ਦੌਰ 'ਚ ਸਿਆਸਤ ਤੇ ਅੰਕੜਾ ਵਿਗਿਆਨ ਦਾ ਰਿਸ਼ਤਾ ਗੂੜ੍ਹਾ ਹੋਇਆ ਹੈ।ਇਸੇ ਲਈ ਸਿਆਸੀ ਪਾਰਟੀਆਂ ਵਿਕਾਸ ਨੂੰ ਹੁਣ ਸਿਰਫ ਅੰਕੜਿਆਂ ਜ਼ਰੀਏ ਪੇਸ਼ ਕਰਦੀਆਂ ਹਨ।ਅਸਲ 'ਚ ਮੁੱਖ ਧਾਰਾ ਦੇ ਸਿਆਸੀ ਆਗੂ ਤੇ ਸਿਆਸਤ ਜ਼ਮੀਨੀ ਮਸਲਿਆਂ ਤੋਂ ਐਨੀ ਦੂਰ ਹੋ ਗਈ ਹੈ ਕਿ ਸਿਆਸੀ ਦਿਖਾਵਾ ਕਰਨ ਲਈ ਜ਼ਮੀਨੀ ਹਾਲਤਾਂ ਤੋਂ ਦੂਰ ਵਿਕਾਸ ਦੀ ਪਰਿਭਾਸ਼ਾ ਅੰਕੜਿਆਂ ਜ਼ਰੀਏ ਘੜ੍ਹੀ ਜਾਂਦੀ ਹੈ।

ਸਵਾਲ ਇਹ ਪੈਦਾ ਹੁੰਦੇ ਹਨ ਕਿ ਜਦੋਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਚੋਣ ਏਜੰਡੇ ਤੇ ਪਾਰਟੀ ਪ੍ਰੋਗਰਾਮਾਂ 'ਚ ਵਿਕਾਸ ਨੂੰ ਐਨੀ ਤਰਜ਼ੀਹ ਦਿੱਤੀ ਜਾਂਦੀ ਹੈ ਤਾਂ ਦੇਸ਼ ਤੇ ਸੂਬਿਆਂ ਦੀ ਮਾਲੀ ਤੇ ਸਮਾਜਿਕ ਹਾਲਤ ਦਿਨੋਂ ਦਿਨ ਕਿਉਂ ਨਿੱਘਰ ਰਹੀ ਹੈ?ਸਰਕਾਰਾਂ ਦੇ 'ਵਿਕਾਸ ਮਾਡਲ' ਦੇ ਘੇਰੇ 'ਚ ਸਮਾਜ ਦੀ ਕੰਨ੍ਹੀ 'ਤੇ ਪਈ 70 ਫੀਸਦੀ ਅਬਾਦੀ ਕਿਉਂ ਨਹੀਂ ਆ ਰਹੀ? ਪਾਰਟੀਆਂ ਦਾ ਵਿਕਾਸ ਏਜੰਡਾ ਕੁਦਰਤ ਤੇ ਮਨੁੱਖਤਾ ਵਿਰੋਧੀ ਕਿਉਂ ਹੈ?ਭੁੱਖਮਰੀ ਤੇ ਅਮੀਰੀ-ਗਰੀਬੀ ਦਾ ਪਾੜਾ ਲਗਾਤਾਰ ਕਿਉਂ ਵਧ ਰਿਹਾ ਹੈ?ਐਨੇ 'ਵਿਕਾਸ' ਦੇ ਬਾਵਜੂਦ ਜਨਤਾ ਮੁੱਢਲੀ ਸਹੂਲਤਾਂ ਤੋਂ ਅਜੇ ਤੱਕ ਵੀ ਸੱਖਣੀ ਕਿਉਂ ਹੈ?

ਚੋਣਾਂ ਦੇ ਦੌਰ 'ਚ ਇਹ ਸਵਾਲ ਹੋਰ ਵੀ ਅਹਿਮ ਇਸ ਲਈ ਹੋ ਜਾਂਦੇ ਹਨ ਕਿਉਂਕਿ ਸੱਤਾ ਧਿਰ ਤੇ ਵਿਰੋਧੀ ਧਿਰ ਦੋਵੇਂ ਹੀ ਵਿਕਾਸ ਦੇ ਏਜੰਡੇ 'ਤੇ ਚੋਣ ਲੜ ਰਹੀਆਂ ਹਨ।ਅਜਿਹੇ 'ਚ ਇਹ ਚਰਚਾ ਕਰਨੀ ਬਣਦੀ ਹੈ ਕਿ ਅਜਿਹੀ ਕਿਹੜੀ ਸਮੱਸਿਆ ਹੈ,ਜਿਹੜੀ ਪਾਰਟੀ ਲਈ ਵਿਕਾਸ ਅੰਕੜਾ ਤਾਂ ਖੜ੍ਹਾ ਕਰ ਦਿੰਦੀ ਹੈ ਪਰ ਮਨੁੱਖੀ ਸਮਾਜਿਕ ਵਿਕਾਸ ਨੂੰ ਪਿੱਛੇ ਧੱਕ ਰਹੀ ਹੈ।ਭਾਰਤੀ ਸਮਾਜ ਦੀ ਬਹੁਗਿਣਤੀ ਤੇ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਕਿਸਾਨ ਤੇ ਮਜ਼ਦੂਰ ਦਿਨੋ ਦਿਨ ਕੰਗਾਲ ਕਿਉਂ ਹੋ ਰਹੇ ਹਨ?ਕਿਸਾਨ ਖੁਦਕੁਸ਼ੀਆਂ ਦੀ ਗਾਥਾ ਮਹਾਰਾਸ਼ਟਰ ਤੋਂ ਪੰਜਾਬ ਆਉਂਦੀ-ਆਉਂਦੀ ਸਕੇ ਭਰਾਵਾਂ ਦਾ ਰਿਸ਼ਤਾ ਕਿਉਂ ਧਾਰ ਲੈਂਦੀ ਹੈ?

ਪੰਜਾਬ ਦੀਆਂ 2007 ਤੇ 2012 ਦੀਆਂ ਚੋਣਾਂ ਬੜੀ ਸ਼ਿੱਦਤ ਨਾਲ ਵਿਕਾਸ ਏਜੰਡੇ 'ਤੇ ਲੜੀਆਂ ਜਾ ਰਹੀਆਂ ਹਨ।ਫਰਕ ਐਨਾ ਹੈ ਕਿ 2007 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੇ ਪੰਜਾਬ 'ਚ 'ਵਿਕਾਸ ਯਾਤਰਾ' ਦਾ ਟੋਲਾ ਲੈ ਕੇ ਤੁਰੇ ਸਨ ਤੇ 2012 ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਮੀਡੀਆ,ਖ਼ਬਰਾਂ ਤੇ ਇਸ਼ਤਿਹਾਰਾਂ ਜ਼ਰੀਏ ਵਿਕਾਸ ਦੇ ਅੰਕੜਿਆਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ।ਆਰਥਿਕ ਵਿਕਾਸ ਦੇ ਮਾਡਲ ਨੂੰ ਲੈ ਦੋਵਾਂ ਪਾਰਟੀਆਂ ਦੀ ਸਮਝ 'ਚ ਰੱਤੀ ਭਰ ਵੀ ਫਰਕ ਨਹੀਂ ਹੈ,ਪਰ ਦੋਵੇਂ ਹੀ ਆਪੋ ਆਪਣੇ ਸਮੇਂ 'ਚ ਹੋਏ ਵਿਕਾਸ ਦਾ ਸਿਹਰਾ ਆਪਣੇ ਸਿਰ ਬੰਨ੍ਹਣੋ ਨਹੀਂ ਖੁੰਝਦੀਆਂ।ਇਸੇ ਤਰ੍ਹਾਂ ਪੰਜਾਬ ਦੀ ਸਿਆਸਤ ਦੀ ਤੀਜੀ ਧਿਰ ਬਣੇ ਮਨਪ੍ਰੀਤ ਬਾਦਲ ਭਾਵੇਂ ਆਪਣੀ ਗੱਲ ਇਨਕਲਾਬ ਤੋਂ ਸ਼ੁਰੂ ਕਰ ਕੇ ਇਨਕਲਾਬ 'ਤੇ ਹੀ ਖ਼ਤਮ ਕਰਦੇ ਹਨ,ਪਰ 'ਵਿਕਾਸ ਦੇ ਮਾਡਲ' ਬਾਰੇ ਉਨ੍ਹਾਂ ਦੀ ਸਮਝ ਇਨ੍ਹਾਂ ਪਾਰਟੀਆਂ ਤੋਂ ਕਿਤੇ ਵੀ ਵੱਖਰੀ ਨਹੀਂ ਹੈ।ਸਗੋਂ ਉਹ ਤਾਂ 'ਦੂਨ ਸਕੂਲ' ਦੇ ਨਜ਼ਰੀਏ ਨਾਲ ਸੰਸਾਰ ਬੈਂਕ ਦੇ ਪ੍ਰਚਲਤ ਵਿਕਾਸ ਮਾਡਲ ਦੀ ਹਾਮੀ ਠੋਕ ਵਜੇ ਕੇ ਭਰਦੇ ਹਨ।ਉਨ੍ਹਾਂ ਦਾ ਕਿਸਾਨਾਂ ਦੀਆਂ ਸਬਸਿਡੀਆਂ ਖ਼ਤਮ ਕਰਨ ਦਾ ਨੁਕਤਾ 30 ਫੀਸਦੀ ਸਮਾਜ ਦੇ ਉੱਘੜ ਦੁੱਘੜੇ ਵਿਕਾਸ ਦੀ ਗੱਲ ਨੂੰ ਅੱਗੇ ਤੋਰਦਾ ਹੈ।

ਦੋਵਾਂ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੇ ਬਾਵਜੂਦ ਖੇਤੀ ਪ੍ਰਧਾਨ ਸੂਬੇ ਦੇ ਕਿਸਾਨ ਤੇ ਮਜ਼ਦੂਰ ਵੱਡੇ ਪੱਧਰ 'ਤੇ ਖੁਦਕੁਸ਼ੀਆਂ ਕਰ ਰਹੇ ਹਨ।ਸਮਾਜ ਦੇ ਸਭ ਤੋਂ ਮੁੱਢਲੇ ਖੇਤਰਾਂ ਸਿਹਤ ਤੇ ਸਿੱਖਿਆ ਦਾ ਹਾਲ ਐਨਾ ਮਾੜਾ ਹੈ ਕਿ ਇਸ਼ਤਿਹਾਰੀ ਅੰਕੜੇ ਕਿਤੇ ਨੇ ਤੇ ਸਿਹਤ ਤੇ ਸਿੱਖਿਆ ਖੇਤਰ ਕਿਤੇ ਹੋਰ ਖੜ੍ਹੇ ਵਿਲਕ ਰਹੇ ਹਨ।

ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਅੰਕੜਿਆਂ ਮੁਤਾਬਕ 1970 'ਚ ਸੂਬੇ 'ਚ 14 ਲੱਖ ਪਰਿਵਾਰਾਂ ਕੋਲ ਜ਼ਮੀਨ ਸੀ,ਜੋ 2010 'ਚ ਘਟ ਕੇ 10 ਲੱਖ ਪਰਿਵਾਰਾਂ ਕੋਲ ਰਹਿ ਗਈ।ਇਸੇ ਤਰ੍ਹਾਂ 4 ਲੱਖ ਕਿਸਾਨ ਸਿੱਧੇ ਤੌਰ 'ਤੇ ਬੇਜ਼ਮੀਨੇ ਹੋਏ।ਇਸ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 40 ਪਿੰਡਾਂ ਦੇ ਸਰਵੇਖਣ ਮੁਤਾਬਕ ਸੂਬੇ ਦੇ 10 ਫੀਸਦੀ ਕਿਸਾਨ ਖੇਤੀਬਾੜੀ ਧੰਦੇ 'ਚੋਂ ਬਾਹਰ ਹੋਏ ਹਨ।ਜ਼ਮੀਨਾਂ ਦੀ ਵੰਡ ਹੋਣ ਕਾਰਨ ਛੋਟੀ ਕਿਸਾਨੀ ਦੀ ਤਦਾਦ ਹਮੇਸ਼ਾ ਵਧਦੀ ਹੈ,ਪਰ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਛੋਟੀ ਕਿਸਾਨੀ ਦੀ ਤਦਾਦ ਘਟੀ ਹੈ।1991 'ਚ ਸੂਬੇ 'ਚ 5 ਲੱਖ ਛੋਟੇ ਕਿਸਾਨ ਸੀ ਤੇ 2005 'ਚ ਆਉਂਦਿਆ ਇਹ ਤਿੰਨ ਲੱਖ ਰਹਿ ਰਹਿ ਗਏ ਹਨ,ਜਦੋਂਕਿ ਪੂਰੇ ਭਾਰਤ 'ਚ ਇਹ ਦੀ ਗਿਣਤੀ 11 ਕਰੋੜ ਤੋਂ 12 ਕਰੋੜ ਹੋਈ ਹੈ।ਇਸ ਦਾ ਸਿੱਧਾ ਕਾਰਨ ਛੋਟੇ ਕਿਸਾਨਾਂ ਨੂੰ ਸਰਕਾਰ ਵਲੋਂ ਮੁੱਢਲੀਆਂ ਸਹੂਲਤਾਂ ਨਾ ਦੇਣਾ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਇਕ ਸਟੱਡੀ ਮੁਤਾਬਕ ਪਿਛਲੇ 11 ਸਾਲਾਂ ਦੌਰਾਨ 10,000 ਲਗਭਗ ਹਜ਼ਾਰ ਮਜ਼ਦੂਰਾਂ ਤੇ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ।ਸੂਬੇ 'ਚ ਸਭ ਤੋਂ ਵੱਧ 2,890 ਖੁਦਕੁਸ਼ੀਆਂ ਸੰਗਰੂਰ ਤੇ ਬਠਿੰਡੇ ਜ਼ਿਲ੍ਹੇ ਦੇ ਕਿਸਾਨਾਂ ਨੇ ਕੀਤੀਆਂ ਹਨ।ਇਸ ਸਬੰਧੀ ਜਦੋਂ ਖੇਤੀਬਾੜੀ ਯੂਨੀਵਰਸਿਟੀ ਦੀ ਟੀਮ ਨੇ ਰਿਪੋਟਰ ਜਨਤਕ ਕੀਤੀ ਸੀ ਤਾਂ ਪੰਜਾਬ ਸਰਕਾਰ ਦੀ ਕੈਬਨਿਟ ਨੇ 2009 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰ ਕਿਸਾਨ ਨੂੰ 2-2 ਲੱਖ ਰੁਪਇਆ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਸੀ,ਪਰ ਇਸ ਸਬੰਧੀ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਵੀ ਅੱਜ ਤੱਕ ਇਕ ਵੀ ਕਿਸਾਨ ਨੂੰ ਪੈਸੇ ਨਹੀਂ ਮਿਲੇ ਹਨ।

ਦਲਿਤ-ਮਜ਼ਦੂਰ ਪਰਿਵਾਰਾਂ ਲਈ ਸਹਾਰਾ ਬਣੀ ਕੇਂਦਰ ਸਰਕਾਰ ਦੀ 'ਨਰੇਗਾ' ਸਕੀਮ 'ਚ ਪੰਜਾਬ ਸਰਕਾਰ ਦਾ ਰਵੱਈਆ ਸਿੱਧਾ ਮਜ਼ਦੂਰ ਵਿਰੋਧੀ ਝਲਕਦਾ ਹੈ।ਇਸ 'ਚ ਕੋਈ ਸ਼ੱਕ ਨਹੀਂ ਸਮਾਜਿਕ ਤੇ ਆਰਥਿਕ ਤੌਰ 'ਤੇ ਟੁੱਟੇ ਪਏ ਦਲਿਤ ਪਰਿਵਾਰਾਂ ਨੂੰ ਨਰੇਗਾ ਸਕੀਮ ਨੇ ਇਕ ਹੱਦ ਤੱਕ ਸ਼ਕਤੀ ਦਿੱਤੀ ਹੈ।ਦਲਿਤ ਮਜ਼ਦੂਰ ਔਰਤਾਂ ਲਈ ਨਰੇਗਾ ਕਿਸੇ 'ਅਵਤਾਰ' ਤੋਂ ਘੱਟ ਨਹੀਂ ਹੈ,ਕਿਉਂਕਿ ਹੋਰਾਂ ਸੂਬਿਆਂ ਦੀ ਤਰ੍ਹਾਂ ਪੰਜਾਬ 'ਚ ਵੀ ਔਰਤਾਂ ਨੂੰ ਮਰਦ ਮਜ਼ਦੂਰਾਂ ਦੇ ਮੁਕਾਬਲੇ ਬਹੁਤ ਘੱਟ ਦਿਹਾੜੀ ਦਿੱਤੀ ਜਾਂਦੀ ਹੈ।ਇਸ ਗੱਲ ਨੂੰ ਕਿਸੇ ਵਿਧਵਾ ਦਲਿਤ ਔਰਤ ਦੇ ਘਰ ਜਾ ਕੇ ਜ਼ਿਆਦਾ ਸਮਝਿਆ ਜਾ ਸਕਦਾ ਹੈ।ਪੰਜਾਬ ਦਾ ਗੁਆਂਢੀ ਰਾਜ ਹਰਿਆਣਾ 2006 ਤੋਂ ਨਰੇਗਾ ਸਕੀਮ ਦੇ ਅਧੀਨ ਮਜ਼ਦੂਰਾਂ ਨੂੰ 179 ਰੁਪਏ ਦਿਹਾੜੀ ਦੇ ਰਿਹਾ ਹੈ,ਪਰ ਪੰਜਾਬ 'ਚ ਮਜ਼ਦੂਰ ਜਥੇਬੰਦੀਆਂ ਦੇ ਲੰਮੇ ਸੰਘਰਸ਼ ਤੋਂ ਬਾਅਦ ਹੀ ਸਰਕਾਰ ਨੇ ਜੁਲਾਈ 2011 'ਚ ਦਿਹਾੜੀ 123 ਤੋਂ ਦਿਹਾੜੀ ਵਧਾ ਕੇ 153 ਰੁਪਏ ਹੀ ਕੀਤੀ ਹੈ,ਜੋ ਪੰਜਾਬ ਦੀ ਆਮ ਦਿਹਾੜੀ ਨਾਲੋਂ ਕਿਤੇ ਘੱਟ ਹੈ।

ਸਿਹਤ ਵਰਗੇ ਮਹੱਤਵਪੂਰਨ ਬੁਨਿਆਦੀ ਸਹੂਲਤ ਨਾਲ ਜੁੜੇ ਖੇਤਰ 'ਚ ਸਰਕਾਰਾਂ ਕੋਲ ਅੰਕੜੇ ਜ਼ਮੀਨ ਹਾਲਤਾਂ ਤੋਂ ਦੂਰ ਹਨ।ਵਿੱਤ ਵਿਭਾਗ ਦੇ ਅੰਕੜਿਆਂ ਮੁਤਾਬਕ 1990 'ਚ ਪੰਜਾਬ 'ਚ 2,153 ਸਰਕਾਰੀ ਹਸਪਤਾਲ ਸਨ,ਜਿਨ੍ਹਾਂ 'ਚ ਉਸ ਸਮੇਂ 24,179 ਬੈਡ ਸਨ,ਪਰ 2010 ਤੱਕ ਆਉਂਦਿਆਂ ਇਨ੍ਹਾਂ ਦੀ ਗਿਣਤੀ ਵਧਣ ਦੇ ਬਜਾਏ ਘਟੀ ਹੈ।2010 'ਚ ਪੰਜਾਬ 'ਚ 2,059 ਹਸਪਤਾਲ ਤੇ 21,520 ਬੈਡ ਹਨ,ਜਦੋਂ 1990 'ਚ ਪੰਜਾਬ ਦੀ ਅਬਾਦੀ 2 ਕਰੋੜ 2ਲੱਖ ਸੀ ਤੇ 2010 'ਚ ਇਹ ਵਧ ਕੇ 2 ਕਰੋੜ 77 ਲੱਖ ਹੋਈ ਹੈ।ਅਬਾਦੀ ਵਧੀ,ਬਿਮਾਰੀਆਂ ਵਧੀਆਂ,ਪਰ ਸਰਕਾਰੀ ਹਸਪਤਾਲ ਘਟੇ।ਸਰਕਾਰ ਨੇ ਘਾਬਦਾਂ ਜਿਹੇ ਟੀ ਬੀ ਹਸਪਤਾਲ ਬੰਦ ਕਰਕੇ ਮਰੀਜ਼ਾਂ ਨੂੰ ਬਠਿੰਡਾ ਮੈਕਸ,ਮੋਹਾਲੀ ਫੋਰਟੀਜ਼ ਤੇ ਹੋਰ ਨਿਜੀ ਹਸਪਤਾਲਾਂ 'ਚ ਛਿੱਲ ਲਹਾਉਣ ਲਈ ਮਜ਼ਬੂਰ ਕੀਤਾ।

ਸਿਹਤ ਦੇ ਰੋਗਾਂ ਦਾ ਮੁੱਢਲਾ ਕਾਰਨ ਕੁਦਰਤ ਨਾਲ ਮਨੁੱਖ ਦਾ ਗੈਰ ਕੁਦਰਤੀ ਰਿਸ਼ਤਾ ਹੈ।'ਸੰਸਾਰ ਸਿਹਤ ਸੰਸਥਾ' ਮੁਤਾਬਕ ਦਰਿਆਵਾਂ ਦੀ ਧਰਤੀ ਪੰਜਾਬ ਕੋਲ 2009 ਤੱਕ ਸੂਬੇ ਦੇ ਕੁੱਲ 12,295 ਪਿੰਡਾਂ 'ਚ ਪੀਣ ਯੋਗ ਪਾਣੀ ਨਹੀਂ ਹੈ।ਪਾਣੀ ਸਿਹਤ ਦੇ ਰੋਗਾਂ ਦਾ ਵੱਡਾ ਕਾਰਨ ਬਣਦਾ ਹੈ।ਰੌਚਿਕ ਗੱਲ ਇਹ ਹੈ ਕਿ 1980 'ਚ 12,188 ਪਿੰਡਾਂ ਚੋਂ 3,712 ਤੇ 1990 'ਚ 12,342 'ਚੋਂ 6,287 ਪਿੰਡਾਂ ਕੋਲ ਪੀਣਯੋਗ ਪਾਣੀ ਸੀ,ਪਰ 2009 ਤੱਕ ਦੇ ਪੰਜਾਬ ਸਰਕਾਰ ਦੇ ਆਪਣੇ ਅੰਕੜਿਆਂ ਮੁਤਾਬਕ ਕੁੱਲ 12,295 ਪਿੰਡਾਂ 'ਚੋਂ ਸਾਰਿਆਂ ਕੋਲ ਹੀ ਪੀਣ ਯੋਗ ਪਾਣੀ ਨਹੀਂ ਸੀ।ਇਹ ਹਾਲਤ 90ਵਿਆਂ ਤੋਂ 2009 ਤੱਕ ਆਉਂਦੀ ਬੇਹੱਦ ਖਰਾਬ ਹੋਈ ਹੈ।ਇਸੇ ਕਾਰਨ ਪੰਜਾਬ ਦੇ ਛੋਟੇ ਸ਼ਹਿਰਾਂ,ਕਸਬਿਆਂ ਤੇ ਪਿੰਡਾਂ 'ਚ ਕੈਂਪਰਾਂ ਤੇ ਵੱਡੀਆਂ ਬੋਤਲਾਂ 'ਚ ਮੁੱਲ ਦਾ ਪਾਣੀ ਵਿਕਣ ਲੱਗਾ ਹੈ।ਆਰ.ਓ ਸਿਸਟਮ ਲਗਾ ਕੇ ਪਾਣੀ ਵੇਚਣਾ ਲਗਾਤਾਰ ਵਧਦੇ ਧੰਦੇ ਦੇ ਰੂਪ 'ਚ ਨਵਾਂ ਰੁਝਾਨ ਪੈਦਾ ਹੋਇਆ ਹੈ।ਇਸ ਦਾ ਸਿੱਧਾ ਮਤਲਬ ਹੈ ਕਿ ਸੂਬੇ ਦਾ ਸਥਾਨਕ ਸਰਕਾਰਾਂ ਵਿਭਾਗ ਲੋਕਾਂ ਨੂੰ ਪੀਣਯੋਗ ਪਾਣੀ ਉਪਲੱਬਧ ਕਰਵਾਉਣ ਤੋਂ ਹੱਥ ਖੜ੍ਹੇ ਕਰ ਚੁੱਕਿਆ ਹੈ।ਪਾਣੀ ਦੀ ਵੱਡੀ ਸਮੱਸਿਆ ਕਾਰਨ ਹੀ ਹਰਕਿਸ਼ਨਪੁਰਾ ਤੇ ਮੱਲ ਸਿੰਘ ਵਾਲਾ ਜਿਹੇ ਪਿੰਡਾਂ ਨੇ ਆਪਣੇ ਆਪ ਨੂੰ ਵਿਕਾਊ ਐਲਾਨਿਆ ਹੈ।

ਪੰਜਾਬ ਦਾ 'ਪਾਣੀ ਚੌਥੇ' ਦਰਜ਼ੇ ਦਾ ਹੋਣ ਲਈ ਸਨਅਤਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ,ਕਿਉਂਕਿ ਵਾਟਰ ਟ੍ਰੀਟਮੈਂਟ ਪਲਾਟਾਂ ਨੂੰ ਕੋਈ ਸਹੀ ਢੰਗ ਨਾਲ ਨਹੀਂ ਵਰਤਿਆ ਜਾਂਦਾ।ਸਰਕਾਰ ਕਿਸਾਨਾਂ 'ਤੇ ਝੋਨੇ ਤੇ ਕਣਕ ਦੇ ਨਾੜ ਫੂਕਣ ਤੇ ਝੋਨਾ ਲਾਉਣ ਸਬੰਧੀ ਕਾਰਵਾਈ ਕਰਦੀ ਹੈ(ਜੋ ਠੀਕ ਹੈ),ਪਰ ਸਨਅਤਕਾਰਾਂ ਤੋਂ ਕੋਈ ਜਵਾਬ ਨਹੀਂ ਮੰਗਿਆ ਜਾਂਦਾ ਹੈ।ਕੈਂਸਰ ਹੋਣ ਤੋਂ ਰੋਕਣ ਦਾ ਕੋਈ ਪ੍ਰਬੰਧ ਨਹੀਂ ਹੈ,ਪਰ ਕੈਂਸਰ ਦੇ ਮਰੀਜ਼ਾਂ ਨੂੰ ਤਿਆਰ ਕਰ ਕੇ ਉਨ੍ਹਾਂ ਦੇ ਪੈਸੇ ਲਟਾਉਣ ਲਈ ਨਿਜੀ ਹਸਪਤਾਲ ਜ਼ਰੂਰ ਖੋਲ੍ਹ ਦਿੱਤੇ ਹਨ।

ਸਿੱਖਿਆ ਖੇਤਰ ਜੋ ਮਨੁੱਖੀ ਸਮਾਜਿਕ ਵਿਕਾਸ ਦੀ ਨੀਂਹ ਹੁੰਦਾ ਹੈ,ਦੀ ਤਸਵੀਰ ਵੀ ਇਸ਼ਤਿਹਾਰੀ ਅੰਕੜਿਆਂ 'ਚ ਹੋਰ ਤੇ ਅਸਲ ਤਸਵੀਰ ਹੋਰ ਹੈ।1990 'ਚ ਪੰਜਾਬ ਸਰਕਾਰ ਸਿੱਖਿਆ 'ਤੇ ਕੁੱਲ ਬਜਟ ਦਾ 18 ਫੀਸਦੀ ਖ਼ਰਚ ਕਰਦੀ ਸੀ ਤੇ 2009-10 ਦੇ ਬਜਟ 'ਚ ਸਿੱਖਿਆ 'ਤੇ 12.5 ਫੀਸਦੀ ਖਰਚ ਕੀਤਾ ਹੈ।ਵਿੱਤ ਵਿਭਾਗ ਦੇ ਹੀ ਅੰਕੜਿਆਂ ਮੁਤਾਬਕ 1990 'ਚ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ 18 ਲੱਖ 70 ਹਜ਼ਾਰ ਬੱਚੇ ਪੜ੍ਹਦੇ ਸਨ,ਪਰ 2010 'ਚ ਇਨ੍ਹਾਂ ਦੀ ਗਿਣਤੀ ਘਟ ਕੇ 12 ਹਜ਼ਾਰ 69 ਲੱਖ,126 ਰਹਿ ਗਈ,ਜਦੋਂਕਿ ਇਨ੍ਹਾਂ ਸਕੂਲਾਂ 'ਚ ਪੜ੍ਹਦੇ 6 ਤੋਂ 11 ਸਾਲਾਂ ਦੇ ਬੱਚਿਆਂ ਦੀ ਅਬਾਦੀ 'ਚ 10 ਲੱਖ ਦਾ ਵਾਧਾ ਹੋਇਆ।ਆਰ ਟੀ ਆਈ ਕਾਰਕੁੰਨ ਪਿਆਰੇ ਮੋਹਨ ਸ਼ਰਮਾ ਨੇ ਸਿੱਖਿਆ ਵਿਭਾਗ ਤੋਂ 6 ਤੋਂ 14 ਸਾਲ ਦੀ ਸਿੱਖਿਆ 'ਚ ਹਿੱਸੇਦਾਰੀ ਬਾਰੇ ਬੱਚਿਆਂ ਬਾਰੇ ਮੰਗੀ ਸੂਚਨਾ 'ਚ ਸੂਬੇ ਦੇ 38 ਲੱਖ ਬੱਚੇ ਹੀ ਸਕੂਲਾਂ 'ਚ ਆ ਰਹੇ ਹਨ,ਜਦੋਂਕਿ ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਹੀ ਪੰਜਾਬ ਇਸ ਉਮਰ ਦੇ 54 ਲੱਖ ਬੱਚੇ ਹਨ।ਸਰਕਾਰ ਵਲੋਂ ਸਭ ਨੂੰ ਸਿੱਖਿਆ ਦੇਣ ਦੇ ਵਾਅਦੇ ਦੇ ਬਾਵਜੂਦ 16 ਲੱਖ ਬੱਚੇ ਭੱਠਿਆਂ,ਢਾਬਿਆਂ ਤੇ ਫੈਕਟਰੀਆਂ 'ਚ ਰੁਲ ਰਹੇ ਹਨ।

ਇਸੇ ਤਰ੍ਹਾਂ ਪਿੰਡ ਪੱਧਰ 'ਤੇ ਸੂਬੇ 'ਚ ਸਿੱਖਿਆ ਦਾ ਬੁਰਾ ਹਾਲ ਹੈ।ਪੰਜਾਬ 'ਚ 63 ਫੀਸਦੀ ਅਬਾਦੀ ਪਿੰਡ 'ਚ ਵਸਦੀ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰਫੈਸਰ ਤੇ ਅਰਥਸਾਸ਼ਤਰੀ ਡਾ ਆਰ ਐਸ ਘੁੰਮਣ ਦੀ ਅਗਵਾਈ 'ਚ ਹੋਏ ਇਕ ਅਧਿਐਨ ਮੁਤਾਬਕ ਪੰਜਾਬ ਦੀਆਂ ਚਾਰ ਯੂਨੀਵਰਸਿਟੀਆਂ (ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਜਾਬ ਯੂਨੀਵਰਸਿਟੀ,ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ,ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਦੇ ਕੁੱਲ ਵਿਦਿਆਰਥੀਆਂ 'ਚ ਪੇਂਡੂ ਪਿਛੋਕੜ ਨਾਲ ਸਬੰਧ ਰੱਖਦੇ ਸਿਰਫ 4 ਫੀਸਦੀ ਵਿਦਿਆਰਥੀ ਯੂਨੀਵਰਸਿਟੀਆਂ 'ਚ ਪੁੱਜ ਰਹੇ ਹਨ।ਇਸੇ ਤਰ੍ਹਾਂ ਤਕਨੀਕੀ ਤੇ ਕਿੱਤਾਕਾਰੀ ਸਿੱਖਿਆ 3.7 ਫੀਸਦੀ ਪੇਂਡੂ ਵਿਦਿਆਰਥੀ ਦੇ ਹਿੱਸੇ ਹੀ ਆ ਰਹੀ ਹੈ।ਇਕ ਹੋਰ ਸਰਵੇਖਣ ਮੁਤਾਬਕ ਪੰਜਾਬ ਦੇ 90 ਫੀਸਦੀ ਪੇਂਡੂ ਦਲਿਤ-ਮਜ਼ਦੂਰ ਪਰਿਵਾਰਾਂ 'ਚ ਇਕ ਵੀ ਬੰਦਾ ਮੈਟ੍ਰਿਕ ਪਾਸ ਨਹੀਂ ਹੈ।

ਪੰਜਾਬ ਦੀਆਂ ਦੋਵਾਂ ਮੁੱਖ ਪਾਰਟੀਆਂ ਵਲੋਂ ਅਪਣਾਇਆ ਮੌਜੂਦਾ ਵਿਕਾਸ ਮਾਡਲ ਕਿਸਾਨਾਂ,ਮਜ਼ਦੂਰਾਂ ਤੇ ਸਮਾਜ ਦੀ ਕੰਨ੍ਹੀ 'ਤੇ ਪਏ ਲੋਕਾਂ ਨੂੰ ਆਰਥਿਕ ਤੇ ਸਮਾਜਿਕ ਬਲੀ ਚੜਾਉਣ ਦੀ ਕੀਮਤ 'ਤੇ ਵੱਡੀ ਪੂੰਜੀ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ।ਇਹ ਵੱਡੀ ਪੂੰਜੀ ਉਦਾਰਕਰਨ,ਨਿਜੀਕਰਨ ਤੇ ਸੰਸਾਰੀਕਰਨ ਦੀ ਨੀਤੀਆਂ ਨਾਂਅ ਹੇਠਾਂ ਵੱਖ ਵੱਖ ਖੇਤਰਾਂ 'ਚ ਲਿਆਂਦੀ ਗਈ ਤੇ ਜਾ ਰਹੀ ਹੈ।ਕਿਤੇ ਇਸ ਦਾ ਨਾਂਅ ਨਿਗਮੀਕਰਨ ਹੈ ਤੇ ਕਿਤੇ 'ਪਬਲਿਕ ਪ੍ਰਾਈਵੇਟ ਪਾਰਟਨਰਸ਼ਿੱਪ'(ਪੀ ਪੀ ਪੀ) ਹੈ।ਇਸੇ ਲਈ ਹੀ ਟਰਾਈਟੈਂਡ ਤੋਂ ਲੈ ਕੇ ਰੈਡ ਬੁੱਲ ਕੰਪਨੀ ਲਈ ਧੌਲੇ ਤੇ ਗੋਬਿੰਦਪੁਰੇ ਦੀ ਕਿਸਾਨਾਂ 'ਤੇ ਜ਼ੁਲਮ ਢਾਹ ਕੇ ਜ਼ਮੀਨ ਐਕੁਵਾਇਰ ਕੀਤੀ ਜਾਂਦੀ ਹੈ।ਪੰਜਾਬ ਕਾਂਗਰਸ ਤਾਂ ਕੇਂਦਰ ਦੇ ਦਿਸ਼ਾ ਨਿਰਦੇਸ਼ ਹੇਠ ਚੱਲਦੀ ਹੈ ਪਰ ਕੇਂਦਰ ਸਰਕਾਰ ਦੀਆਂ ਪੰਜਾਬ ਨਾਲ ਧੱਕੇਸ਼ਾਹੀਆਂ ਦੀ ਗੱਲ ਵਾਰ ਵਾਰ ਕਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ 'ਮਨਮੋਹਨ ਇਕਨਾਮਿਕਸ' ਹਮਾਇਤੀ ਹੋਣਾ ਅੰਤਰਵਿਰੋਧੀ ਹੈ।

ਚੋਣਾਂ ਮੇਲਾ ਹਨ,ਜਿਸ 'ਚ ਸਿਆਸੀ ਪਾਰਟੀਆਂ ਤੇ ਆਗੂਆਂ ਦੀ ਬਾਂਹ ਫੜ੍ਹਕੇ ਸੌਖਿਆਂ ਸਵਾਲ ਪੁੱਛੇ ਜਾ ਸਕਦੇ ਹਨ।ਲੋਕ ਆਪਣੇ ਪੱਧਰ 'ਤੇ ਕੁਝ ਨਾ ਕੁਝ ਕਰ ਰਹੇ ਹਨ ਪਰ ਕੁਝ ਇਤਫਾਕਾਂ ਨੂੰ ਛੱਡ ਕੇ 'ਮਾਸ ਮੀਡੀਆ' (ਟੈਲੀਵੀਜ਼ਨ,ਪ੍ਰਿੰਟ ਆਦਿ) ਬਹੁਗਿਣਤੀ ਤਰਾਸਦ ਵਰਗਾਂ ਤੋਂ ਦੂਰ ਹੈ,ਕਿਉਂਕਿ 'ਮਾਸ ਮੀਡੀਆ' ਨੂੰ ਵੀ ਇਸੇ ਵਿਕਾਸ ਮਾਡਲ ਦੇ ਚਲਦਿਆਂ ਪਾਠਕ ਤੇ ਦਰਸ਼ਕ ਨਾਲੋਂ ਵੱਧ ਉਪਭੋਗਤਾ ਪੈਦਾ ਕਰਨ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਹੈ।

ਵਿਕਾਸ ਦੇ ਹਰ ਮਾਡਲ ਦੇ ਕੇਂਦਰ 'ਚ ਮਨੁੱਖ ਤੇ ਕੁਦਰਤ ਹੋਣੀ ਚਾਹੀਦੀ ਹੈ,ਪਰ ਮੌਜੂਦਾ ਵਿਕਾਸ ਮਾਡਲਾਂ ਦੇ ਕੇਂਦਰ 'ਚ ਕੁਦਰਤ ਤੇ ਮਨੁੱਖ ਨਹੀਂ ਬਲਕਿ ਮੁਨਾਫਾ ਹੈ।70 ਫੀਸਦੀ ਲੋਕਾਂ ਦੀ ਕੀਮਤ 'ਤੇ 30 ਫੀਸਦੀ ਲੋਕਾਂ ਲਈ ਸਹੂਲਤਾਂ ਦਾ ਮਤਲਬ ਵਿਕਾਸ ਹੋ ਗਿਆ ਹੈ।ਇਸੇ ਲਈ ਸਮਾਜ ਅੱਜ ਇਤਿਹਾਸ ਦੇ ਸਭ ਤੋਂ ਹਿੰਸਕ ਤੇ ਅਸੁਰੱਖਿਅਤ ਦੌਰ 'ਚੋਂ ਗੁਜ਼ਰ ਰਿਹਾ ਹੈ।ਮੱਧ ਯੁੱਗ ਦੀ ਸਭ ਤੋਂ ਵੱਧ ਕਹੀ ਜਾਂਦੀ ਹਿੰਸਾ ਮੁਕਾਬਲੇ ਮੁਨਾਫਾ ਅਧਾਰਤ ਵਿਕਾਸ ਮਾਡਲਾਂ ਨੇ ਮਨੁੱਖ ਨੂੰ ਪੂਰੀ ਦੁਨੀਆ ਬਰਬਾਦ ਕਰਨ ਦੇ ਬੰਬ ਤਿਆਰ ਕਰਵਾ ਦਿੱਤੇ ਹਨ।ਜੇ ਕਹੇ ਜਾਂਦੇ ਆਧੁਨਿਕ ਵਿਕਾਸ ਦਾ ਮਤਲਬ ਵਿਨਾਸ਼ਕਾਰੀ ਪ੍ਰਮਾਣੂ ਬੰਬ ਤਿਆਰ ਕਰਨਾ ਹੈ ਤਾਂ ਅਜਿਹੀ ਅਧੁਨਿਕਤਾ ਨੂੰ ਮੁੜ ਪਰਿਭਾਸ਼ਤ ਕਰਨ ਦੀ ਲੋੜ ਹੈ।

ਅੱਜ ਬਿਮਾਰ ਪੰਜਾਬ ਨੂੰ ਮੁੜ ਸਿਹਤਯਾਬ
ਬਣਾਉਣ ਲਈ ਸਮੂਹ ਪੰਜਾਬੀਆਂ ਤੇ ਵਿਚਾਰਧਾਰਾਵਾਂ ਨੂੰ ਬਦਲਵੇਂ ਵਿਕਾਸ ਮਾਡਲ 'ਤੇ ਵਿਚਾਰ ਚਰਚਾ ਤੇ ਸੰਵਾਦ ਰਚਾਉਣਾ ਚਾਹੀਦਾ ਹੈ।ਇਸ ਦੌਰ 'ਚ ਪੰਜਾਬੀ ਅਮਲੀ ਤੌਰ 'ਤੇ ਆਪਣੇ ਮਹਾਨ ਮਨੁੱਖ ਬਾਬੇ ਨਾਨਕ ਦੇ ਫਲਸਫੇ ਦੇ ਸਿਖਰ ਵਿਰੋਧ 'ਚ ਖੜ੍ਹੇ ਹਨ।ਪੰਜਾਬ ਨੂੰ ਇਤਿਹਾਸਕ ਅਮਲ ਦੀ ਧਾਰਾ
ਨਾਲ ਗੂੜ੍ਹਾ ਰਿਸ਼ਤਾ ਬਣਾਉਣ ਦੀ ਲੋੜ ਹੈ।ਸੂਬੇ ਕੋਲ ਹੋਰ ਮਾਡਲਾਂ ਤੋਂ ਇਲਾਵਾ ਬਾਬੇ ਨਾਨਕ ਦਾ ਕੁਦਰਤ ਤੇ ਸਮਾਜ ਪੱਖੀ ਵਿਕਾਸ ਮਾਡਲ ਹੈ।ਬਾਬੇ ਦੇ ਆਲਮੀ ਕੁਦਰਤ ਪੱਖੀ ਵਿਕਾਸ ਮਾਡਲ ਤੇ ਉਨ੍ਹਾਂ ਦੀ ਬਾਣੀ ਨਾਲ ਪੰਜਾਬੀਆਂ ਦੀ ਸਾਂਝ ਉਦੋਂ ਹੀ ਪੈਦਾ ਹੋ ਸਕਦੀ ਹੈ ਜਦੋਂ ਉਹ ਕਹੀ ਜਾਂਦੀ ਅਧੁਨਿਕਤਾ ਦੇ ਨਸ਼ੇ 'ਚੋਂ ਬਾਹਰ ਆ ਕੇ 14ਵੀਂ ਸਦੀਂ 'ਚ ਖੜ੍ਹੇ ਬਾਬੇ
ਦੇ ਫਲਸਫੇ ਦੀ ਮਹੱਤਤਾ ਨੂੰ 21 ਸਦੀਂ 'ਚ ਸਮਝਣ ਦੀ ਕੋਸ਼ਿਸ਼ ਕਰਨਗੇ।ਭਾਈ ਲਾਲੋਆਂ ਲਈ ਕੁਦਰਤ ਤੇ ਮਨੁੱਖਤਾ ਪੱਖੀ ਵਿਕਾਸ ਮਾਡਲ ਦੀ ਗੱਲ ਕਰਨਾ ਸਮੇਂ ਦੀ ਲੋੜ ਹੈ,ਨਹੀਂ ਤਾਂ ਪੰਜਾਬ ਸਾਡੇ ਸਮਿਆਂ ਦੇ ਇਤਿਹਾਸ 'ਤੇ ਪ੍ਰਸ਼ਨਚਿੰਨ੍ਹ ਲਗਾ ਦੇਵੇਗਾ।

ਯਾਦਵਿੰਦਰ ਕਰਫਿਊ
mail2malwa@gmail.com
095308-95198

Thursday, August 25, 2011

ਜਾਓ ਵੇ ਕੋਈ ਮੋੜ ਲਿਆਓ ਸੁੱਖਾਂ ਭਰੀ ਸਵੇਰ

ਗੋਬਿੰਦਪੁਰਾ 'ਚ ਖੇਤ ਸਾਹੋ ਸਾਹੀ ਹਨ। ਗਲੀਆਂ ਤੇ ਚਬੂਤਰੇ ਵੀ ਉਦਾਸ ਹਨ। ਇਲਮ ਤਾਂ ਪਿੰਡ ਦੀ ਜੂਹ ਨੂੰ ਵੀ ਹੈ। ਜਿਥੋਂ ਲੰਘੇ ਹਨ ਇੱਕ ਕੰਪਨੀ ਵਾਲੇ। ਜਨੌਰ ਵੀ ਤਾਂ ਜਾਣਦੇ ਹਨ ਕੰਡਿਆਲੀ ਤਾਰ ਦੇ ਮਾਹਣੇ। ਚੁਫੇਰਿਓਂ ਘਿਰੀ ਪੈਲੀ ਨੇ ਵੀ ਪੈੜ ਕੱਢ ਲਈ ਹੈ। ਬੋਹਲ਼ ਖੋਹੇ ਜਾਣਗੇ ਪੈਲ਼ੀਆਂ ਦੇ ਪੁੱਤਾਂ ਕੋਲੋਂ। ਹਰ ਘਰ ਦਾ ਬੂਹਾ ਵੀ ਇਸ ਤੋਂ ਜਾਣੀ ਜਾਣ ਹੈ। ਜਿਨ੍ਹਾਂ ਦੀ ਉਮਰ ਆਜ਼ਾਦੀ ਤੋਂ ਵੱਡੀ ਹੈ,ਉਨ੍ਹਾਂ ਦੀ ਜ਼ਿੰਦਗੀ ਘਰਾਂ 'ਚ ਕੈਦ ਹੋਈ ਹੈ। ਜਿਨ੍ਹਾਂ ਨੇ ਜ਼ੁਬਾਨ ਖੋਲ੍ਹੀ,ਉਨ੍ਹਾਂ ਨੂੰ ਜੇਲ੍ਹ ਦਿਖਾ ਦਿੱਤੀ ਗਈ। 'ਆਪਣਿਆਂ' ਦੀ ਜਿੱਦ ਕਿਸਾਨਾਂ ਦੀ ਹਿੱਕ 'ਤੇ ਦੀਵਾ ਬਾਲਣ ਦੀ ਹੈ। ਜਿਨ੍ਹਾਂ ਦੇ ਘਰਾਂ ਦੇ ਦੀਵੇ ਬੁੱਝਦੇ ਹਨ,ਉਹ ਕਦੇ ਟਿੱਕ ਕੇ ਨਹੀਂ ਬੈਠਦੇ। ਜਿਨ੍ਹਾਂ ਦੀ ਪਿੱਠ ਤੇ ਪੂਰਾ ਤਖਤ ਹੈ,ਉਹ ਜ਼ਮੀਨੀ ਹਕੀਕਤ ਤੋਂ ਬੇਖ਼ਬਰ ਹਨ। ਜਦੋਂ ਲੋਕ ਬਿਜਲੀ ਬਣਦੇ ਹਨ ਤਾਂ ਇਹ ਤਖਤ ਵੀ ਹਿੱਲਦੇ ਹਨ। ਕਿਉਂ ਅਣਜਾਣ ਹਨ ਇਸ ਤੋਂ ਪਿਉਨਾ ਕੰਪਨੀ ਵਾਲੇ ਜੋ ਧੰਨੇ ਜੱਟ ਨੂੰ ਘਰੋਂ ਬੇਘਰ ਕਰਨ ਲਈ ਨਿਕਲੇ ਹਨ। ਪੁਲੀਸ ਦੀ ਡਾਂਗ ਹਮੀਦੀ ਵਾਲੇ ਸੁਰਜੀਤ ਸਿੰਘ ਨੂੰ ਲਾਸ਼ ਬਣਾ ਸਕਦੀ ਹੈ। 70 ਵਰ੍ਹਿਆਂ ਦੇ ਬਜ਼ੁਰਗ ਦੀ ਚਿੱਟੀ ਦਾੜ੍ਹੀ ਖੂਨ 'ਚ ਰੰਗ ਸਕਦੀ ਹੈ। ਨੌਜਵਾਨ ਧੀਆਂ ਦੇ ਅਰਮਾਨਾਂ ਨੂੰ ਮਧੋਲ਼ ਸਕਦੀ ਹੈ। ਜ਼ਿੰਦਗੀ ਦੇ ਆਖਰੀ ਮੋੜ ਤੇ ਖੜੀ ਦਾਦੀ ਮਾਂ ਨੂੰ ਗੁਰੂ ਘਰ ਜਾਣੋ ਰੋਕ ਸਕਦੀ ਹੈ। ਪਰ ਉਸ ਸਿਦਕ ਦਾ ਵਾਲ ਵਿੰਗਾ ਨਹੀਂ ਕਰ ਸਕਦੀ ਜੋ ਪਿਉ ਦਾਦਿਆਂ ਨੇ ਇਨ੍ਹਾਂ ਪੈਲ਼ੀਆਂ ਨਾਲ ਨਿਭਾਇਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੇ ਕਿਸਾਨਾਂ ਦੀ ਉਪਜਾਊ ਜ਼ਮੀਨ ਪਾਵਰ ਪਲਾਂਟ ਵਾਸਤੇ ਜਬਰੀ ਖੋਹੀ ਜਾ ਰਹੀ ਹੈ। ਕਈ ਦਿਨਾਂ ਤੋਂ ਇਹ ਪਿੰਡ ਪੁਲੀਸ ਦੀ ਗੁਲਾਮੀ ਝੱਲ ਰਿਹਾ ਹੈ। ਜਿਨ੍ਹਾਂ ਕਿਸਾਨ ਧਿਰਾਂ ਨੇ ਇਨ੍ਹਾਂ ਦੇ ਹੱਕ ਵਿੱਚ ਨਾਹਰਾ ਲਾਇਆ,ਉਨ੍ਹਾਂ ਨੂੰ 2 ਅਗਸਤ ਦਾ ਦਿਨ ਕਦੇ ਨਹੀਂ ਭੁੱਲੇਗਾ।

ਕੋਈ ਭਰਮ ਹੈ ਤਾਂ ਇਹ ਸਰਕਾਰ ਪਿੰਡ ਬਣਾਂਵਾਲੀ ਦੇ ਗੁਰਦੀਪ ਸਿੰਘ ਤੋਂ ਪੁੱਛ ਲਵੇ। ਗੁਰਦੀਪ ਸਿੰਘ ਦਾ ਸਭ ਕੁਝ ਉੱਜੜ ਗਿਆ ਹੈ। ਤਿੰਨ ਏਕੜ ਦਾ ਮਾਲਕ ਹੁਣ ਦਿਹਾੜੀ ਕਰਦਾ ਹੈ। ਉਸ ਦੀ ਪੁੱਤਾਂ ਨਾਲੋਂ ਪਿਆਰੀ ਜ਼ਮੀਨ ਬਣਾਂਵਾਲੀ ਥਰਮਲ ਲਈ ਐਕੁਆਇਰ ਹੋਈ ਹੈ। ਉਸ ਦੇ ਹੱਥੋਂ ਤਿੰਨ ਏਕੜ ਜ਼ਮੀਨ ਵੀ ਖੁਸ ਗਈ। ਉਪਰੋਂ ਕੋਈ ਧੇਲਾ ਵੀ ਨਹੀਂ ਮਿਲਿਆ ਹੈ। ਜ਼ਮੀਨ ਦਾ ਮਾਲਕ ਹੁਣ ਇਨਸਾਫ ਲਈ ਵਕੀਲਾਂ ਨੂੰ ਫੀਸ ਦੇਣ ਜੋਗਾ ਵੀ ਨਹੀਂ ਰਿਹਾ। ਫਿਰ ਵੀ ਕੋਈ ਸ਼ੱਕ ਹੈ ਤਾਂ ਸਰਕਾਰ ਇਸੇ ਪਿੰਡ ਦੇ ਰਾਜ ਸਿੰਘ ਦੇ ਉਸ ਘਰ 'ਚ ਗੇੜਾ ਮਾਰ ਲਵੇ ਜੋ ਹੁਣ ਵਿਕ ਚੁੱਕਾ ਹੈ। ਜ਼ਮੀਨ ਕਾਹਦੀ ਹੱਥੋਂ ਨਿਕਲੀ,ਉਸ ਲਈ ਪੰਜਾਬ ਹੀ ਬੇਗਾਨਾ ਹੋ ਗਿਆ। ਹੁਣ ਉਹ ਪੰਜਾਬ ਚੋਂ ਹਿਜਰਤ ਕਰ ਗਿਆ ਹੈ। ਕੇਂਦਰ ਸਰਕਾਰ ਵਲੋਂ ਸਾਲ 2007 ਵਿੱਚ 367 ਸਪੈਸ਼ਲ ਆਰਥਿਕ ਜ਼ੋਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਨ੍ਹਾਂ ਲਈ ਕਿਸਾਨਾਂ ਦੀ ਪੈਲੀ ਹੀ ਐਕੁਆਇਰ ਹੋਣੀ ਹੈ। ਵਿਕਾਸ ਪ੍ਰੋਜੈਕਟਾਂ ਲਈ ਜ਼ਮੀਨ ਜ਼ਰੂਰੀ ਹੈ ਤਾਂ ਇਹੋ ਨੇਤਾ ਆਪਣੇ ਪਿੰਡਾਂ ਤੋਂ ਇਸ ਦੀ ਸ਼ੁਰੂਆਤ ਕਰਨ। ਜਿਨ੍ਹਾਂ ਦੀ ਜ਼ਮੀਨ ਪਿਛੇ ਇਹ ਨੇਤਾ ਲੋਕ ਹੱਥ ਧੋ ਕੇ ਪਏ ਹਨ,ਉਹ ਇਕੱਲੀ ਹਾਕਮ ਧਿਰ ਨੂੰ ਨਹੀਂ ਜਾਣਦੇ,ਉਹ ਤਾਂ ਪਟਿਆਲਾ ਵਾਲੇ ਮਹਾਰਾਜੇ ਦੀ ਵੀ ਰਮਜ਼ ਪਹਿਚਾਣਦੇ ਹਨ ਜਿਸ ਨੂੰ ਚੋਣਾਂ ਨੇੜੇ ਵੀ ਲੋਕਾਂ ਦਾ ਖਿਆਲ ਨਹੀਂ। ਮਹਾਰਾਜਾ ਸਾਹਿਬ ਆਖਦੇ ਹਨ ਕਿ ਜ਼ਮੀਨ ਤਾਂ ਸਰਕਾਰ ਲੈ ਲਵੇ ਪਰ ਜ਼ਮੀਨ ਦਾ ਮੁੱਲ ਥੋੜਾ ਹੋਰ ਦੇ ਦੇਵੇ। ਕਾਂਗਰਸੀ ਨੇਤਾ ਆਖਦੇ ਹਨ ਕਿ ਜੇ ਗੋਬਿੰਦਪੁਰਾ 'ਚ ਹੈਲੀਪੈਡ ਬਣਿਆ ਹੁੰਦਾ ਤਾਂ ਰਾਜਾ ਸਾਹਿਬ ਜ਼ਰੂਰ ਆਉਂਦੇ। ਆਖਰ ਇਨ੍ਹਾਂ ਕਿਸਾਨਾਂ ਦੀ ਟੇਕ ਤਾਂ ਆਪਣੇ ਕਿਸਾਨ ਭਰਾਵਾਂ 'ਤੇ ਹੈ ਜੋ ਕਿਸਾਨ ਧਿਰਾਂ ਦੇ ਰੂਪ ਵਿੱਚ ਉਨ੍ਹਾਂ ਦੀ ਬਿਪਤਾ 'ਚ ਖੜ੍ਹੇ ਹਨ। ਉਪਰੋਂ ਚੋਣਾਂ ਦਾ ਝਮੇਲਾ ਨਾ ਹੁੰਦਾ ਤਾਂ ਹਾਕਮ ਧਿਰ ਨੇ ਆਪਣੀ ਤਾਕਤ ਹੋਰ ਵੀ ਦਿਖਾਉਣੀ ਸੀ। ਕੁਝ ਵੀ ਹੋਵੇ, ਪੁਲੀਸ ਅਫਸਰਾਂ ਨੇ ਪਿਉਨਾ ਕੰਪਨੀ ਵਲੋਂ ਬੁਢਲਾਡਾ 'ਚ ਦਿੱਤੀ ਦਾਅਵਤ ਦਾ ਮੁੱਲ ਤਾਂ ਫਿਰ ਵੀ ਮੋੜ ਹੀ ਦਿੱਤਾ ਹੈ।

ਆਓ ਆਜ਼ਾਦੀ ਦਿਹਾੜੇ ਮੌਕੇ ਉਨ੍ਹਾਂ ਘਰਾਂ ਨੂੰ ਵੀ ਦੇਖੀਏ ਜਿਨ੍ਹਾਂ ਨੂੰ ਜਿੰਦਰੇ ਵੱਜ ਗਏ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਮੌੜ ਚੜ੍ਹਤ ਸਿੰਘ 'ਚ ਚਾਰ ਕਿਸਾਨਾਂ ਦੇ ਬੂਹੇ ਸਦਾ ਲਈ ਬੰਦ ਹੋ ਗਏ ਹਨ। ਹੋਣੀ ਦੀ ਮਾਰ ਤੋਂ ਇਕੱਲੇ ਜਿੰਦਰੇ ਬਚੇ ਸਨ ਜਿਨ੍ਹਾਂ ਨੂੰ ਹੁਣ ਜੰਗਾਲ ਪੈ ਗਈ ਹੈ। ਇਨ੍ਹਾਂ ਘਰਾਂ ਦੇ ਮਾਲਕ ਜ਼ਿੰਦਗੀ ਹੱਥੋਂ ਹਾਰੇ ਹਨ। ਜਦੋਂ ਉਨ੍ਹਾਂ ਦੇ ਖੇਤ ਰੁੱਸ ਗਏ ਤਾਂ ਪੈਲ਼ੀਆਂ ਦੇ ਵਾਰਸ ਖ਼ੁਦਕੁਸ਼ੀ ਦੇ ਰਾਹ ਪੈ ਗਏ। ਇਨ੍ਹਾਂ ਪਰਵਾਰਾਂ ਦੇ ਇੱਕ ਇੱਕ ਕਰਕੇ ਸਭ ਜੀਅ ਕਿਰ ਗਏ। ਆਖਰ ਇਨ੍ਹਾਂ ਘਰਾਂ ਦੇ ਪੱਲੇ ਇਕੱਲੇ ਜਿੰਦਰੇ ਬਚੇ ਹਨ। ਇਨ੍ਹਾਂ ਜਿੰਦਰਿਆਂ 'ਚ ਜਾਨ ਹੁੰਦੀ ਤਾਂ ਇਹ ਜਿੰਦਰੇ ਸੰਗਤ ਦਰਸ਼ਨਾਂ 'ਚ ਜਰੂਰ ਪੇਸ਼ ਹੁੰਦੇ। ਦੱਸਦੇ ਕਿ ਉਨ੍ਹਾਂ ਦੇ ਘਰਾਂ ਦੇ ਮਾਲਕਾਂ ਨਾਲ ਕਿੰਂਝ ਬੀਤੀ। ਪੁੱਛਦੇ ਕਿ ਕਿਉਂ ਭੱਜੇ ਉਨ੍ਹਾਂ ਦੇ ਮਾਲਕ ਗੱਡੀ ਦੀਆਂ ਲਾਈਨਾਂ ਵੱਲ। ਗੱਦੀ ਵਾਲਿਆਂ ਨੂੰ ਦਰਦ ਹੁੰਦਾ ਤਾਂ ਇਨ੍ਹਾਂ ਘਰਾਂ ਦੇ ਬੂਹੇ ਬੰਦ ਹੀ ਨਹੀਂ ਹੋਣੇ ਸਨ। ਪੰਜਾਬ ਸਰਕਾਰ ਨੇ ਕੇਂਦਰ ਨੂੰ ਦੱਸਿਆ ਹੈ ਕਿ ਪੰਜਾਬ 'ਚ ਚਾਰ ਵਰ੍ਹਿਆਂ 'ਚ ਕੇਵਲ 55 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਹਜ਼ਾਰਾਂ ਘਰਾਂ 'ਚ ਵਿਛੇ ਸੱਥਰਾਂ ਦਾ ਇਨ੍ਹਾਂ ਨੂੰ ਚੇਤਾ ਭੁੱਲ ਗਿਆ ਹੈ। ਪਿਛਲੇ ਦਿਨਾਂ 'ਚ ਸਰਕਾਰ ਨੇ ਲੰਘੀਆਂ ਅਸੈਂਬਲੀ ਤੇ ਲੋਕ ਸਭਾ ਚੋਣਾਂ 'ਚ ਪਈਆਂ ਵੋਟਾਂ ਦਾ ਪਿੰਡ ਵਾਈਜ ਅੰਕੜਾ 15 ਦਿਨਾਂ 'ਚ ਇਕੱਠਾ ਕਰ ਲਿਆ ਹੈ। ਪਰ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦਾ ਸਰਵੇ 10 ਵਰ੍ਹਿਆਂ ਤੋਂ ਚੱਲ ਰਿਹਾ ਹੈ।

ਕੇਂਦਰ ਸਰਕਾਰ ਆਖਦੀ ਹੈ ਕਿ ਹਾਲੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਘੱਟ ਹੈ। ਜਦੋਂ ਗਿਣਤੀ ਵਿਦਰਭਾ ਦੇ ਕਿਸਾਨਾਂ ਜਿੰਨੀ ਹੋ ਗਈ,ਉਦੋਂ ਪੈਕੇਜ ਦੇਵਾਂਗੇ। ਹੁਣ ਆਜ਼ਾਦੀ ਹੀ ਦੱਸੇ ਕਿ ਕਿਸਾਨ ਕੀ ਕਰਨ,ਕੇਂਦਰ ਦੇ ਅੰਕੜੇ ਪੂਰੇ ਕਰਨ ਜਾਂ ਫਿਰ ਲੋਕ ਘੋਲਾਂ ਵੱਲ ਜਾਂਦੀ ਡੰਡੀ 'ਤੇ ਤੁਰਨ। ਪੂਰੇ ਦੇਸ਼ ਦਾ ਅੰਨਦਾਤਾ ਫਿਰ ਵੀ ਕਿਉਂ ਇਨ੍ਹਾਂ ਦੀਆਂ ਅੱਖਾਂ 'ਚ ਰੜਕ ਰਿਹਾ ਹੈ। ਪੰਜਾਬ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਪਾਣੀ ਦਿੱਤੇ ਜਾਣ ਦੀ ਚਾਰੇ ਪਾਸੇ ਡਫਲੀ ਵਜਾਈ ਜਾ ਰਹੀ ਹੈ। ਕਾਰਖ਼ਾਨੇਦਾਰਾਂ ਨੂੰ ਕਿੰਨੀ ਵੱਡੀ ਛੋਟ ਦਿੱਤੀ ਗਈ ਹੈ,ਕੋਈ ਚਰਚਾ ਨਹੀਂ ਹੁੰਦੀ। ਆਪਣੀ ਹਕੂਮਤ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਵੱਡਿਆਂ ਦੇ ਕਾਰਖ਼ਾਨੇਦਾਰਾਂ ਨੂੰ ਕਰੋੜਾਂ ਦੀ ਮੁਆਫ਼ੀ ਦੇ ਦਿੱਤੀ। ਮੌਜੂਦਾ ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਪ੍ਰੋਜੈਕਟਾਂ 'ਚ ਮੂੰਹੋਂ ਮੰਗੀ ਛੋਟ ਦੇ ਦਿੱਤੀ ਹੈ। ਕਿਸਾਨਾਂ ਨੂੰ ਤਾਂ ਇਨ੍ਹਾਂ ਸਹਾਰਾ ਵੀ ਨਹੀਂ ਦਿੱਤਾ ਜਾਂਦਾ। ਵਿਦਰਭਾ ਦੇ ਕਿਸਾਨ ਆਖਦੇ ਹਨ ਕਿ ਉਹ ਅਗਲੇ ਜਨਮ ਵਿੱਚ ਯੂਰਪੀ ਗਾਂ ਬਣਨਾ ਪਸੰਦ ਕਰਨਗੇ ਕਿਉਂਕਿ ਉਨ੍ਹਾਂ ਦੇ ਇਸ ਜਾਮੇ ਨਾਲੋਂ ਤਾਂ ਯੂਰਪੀ ਗਾਂ ਚੰਗੀ ਹੈ ਜਿਸ ਨੂੰ ਦੋ ਡਾਲਰ ਪ੍ਰਤੀ ਦਿਨ ਸਬਸਿਡੀ ਮਿਲਦੀ ਹੈ। ਯੂਰਪੀ ਗਾਂ ਨੂੰ ਤਾਂ ਛੱਡੋ, ਕਿਸਾਨਾਂ ਦੇ ਇਸ ਜਨਮ ਨਾਲੋਂ ਤਾਂ ਬਠਿੰਡਾ ਵਾਲੇ ਡੀ.ਸੀ ਦੀ ਗਾਂ ਚੰਗੀ ਹੈ,ਜਿਸ ਨੂੰ ਕੋਈ ਤੋਟ ਨਹੀਂ ਰਹਿੰਦੀ। ਸੁਣਿਐ ਹੈ ਕਿ ਸ਼ਹਿਰੀ ਪਟਵਾਰੀ ਏਨੀ ਸੇਵਾ ਤਾਂ ਆਪਣੇ 'ਗਾਹਕਾਂ' ਦੀ ਨਹੀਂ ਕਰਦੇ ਜਿੰਨੀ ਸੇਵਾ ਇਸ ਗਾਂ ਦੀ ਕਰਦੇ ਹਨ। ਹੁਣ ਤਾਂ ਸਰਕਾਰ ਨੇ ਇਸ ਗਾਂ ਲਈ ਨਵਾਂ ਕਮਰਾ ਵੀ ਪਾ ਦਿੱਤਾ ਹੈ।

ਦੱਸੋ ਭਲਾ ਇਹ ਕਿਹੋ ਜੇਹੀ ਆਜ਼ਾਦੀ ਹੈ। ਜਿਥੇ ਵੱਡਿਆਂ ਨੂੰ ਸਭ ਕੁਝ ਕਰਨ ਦੀ ਖੁੱਲ੍ਹ ਹੈ। ਨਿਤਾਣਿਆਂ ਦੇ ਹਿੱਸੇ ਤਾਂ ਆਜ਼ਾਦੀ ਆਈ ਹੀ ਨਹੀਂ। ਸਰਕਾਰਾਂ ਵਾਲੇ ਆਖਦੇ ਹਨ ਕਿ ਆਜ਼ਾਦੀ ਤਾਂ ਹੈ। ਭਾਰਤ ਦੇ 48 ਲੱਖ ਲੋਕਾਂ ਨੂੰ ਨੀਲੇ ਅਸਮਾਨ ਹੇਠ ਸੌਣ ਦੀ। ਵਿਧਵਾ ਔਰਤਾਂ ਨੂੰ ਦਰ ਦਰ ਰੌਣ ਦੀ। ਸਭ ਕੁਝ ਗੁਆ ਬੈਠੇ ਬੱਚਿਆਂ ਨੂੰ ਰੇਲਵੇ ਸਟੇਸ਼ਨਾਂ 'ਤੇ ਘੁੰਮਣ ਦੀ। ਮਰੀਜ਼ਾਂ ਨੂੰ ਬਿਨ੍ਹਾਂ ਇਲਾਜ ਤੋਂ ਮਰਨ ਦੀ। ਪੰਜਾਬ ਦੇ ਹੁਕਮਰਾਨਾਂ ਨੇ ਤਾਂ ਉਦੋਂ ਵੀ ਆਜ਼ਾਦੀ ਦੀ ਗੱਲ ਕੀਤੀ ਜਦੋਂ ਕੇਂਦਰ ਸਰਕਾਰ ਨੇ ਬਾਬਾ ਰਾਮਦੇਵ ਦੀ ਕੁੱਟਮਾਰ ਕਰ ਦਿੱਤੀ ਸੀ। ਇੱਕ ਨਿਊਜ ਚੈਨਲ 'ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਖ ਰਹੇ ਸਨ ਕਿ ਜਮਹੂਰੀ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਬਾਬਾ ਰਾਮਦੇਵ 'ਤੇ ਪੁਲੀਸ ਨੇ ਜਿਆਦਤੀ ਕੀਤੀ ਹੈ,ਜਿੰਨੀ ਨਿੰਦਾ ਕੀਤੀ ਜਾਵੇ, ਉਨ੍ਹੀਂ ਥੋੜੀ ਹੈ। ਉਸੇ ਸ਼ਾਮ ਲੰਬੀ 'ਚ ਬੇਰੁਜ਼ਗਾਰਾਂ ਦੇ ਪ੍ਰਦਰਸ਼ਨ 'ਤੇ ਲੰਬੀ ਪੁਲੀਸ ਨੇ ਕਹਿਰ ਵਰਤਾ ਦਿੱਤਾ,ਉਸ ਬਾਰੇ ਕੋਈ ਬਿਆਨ ਨਸ਼ਰ ਨਹੀਂ ਹੋਇਆ। ਹੈ ਨਾ ਇਹ ਕਲਾਬਾਜ਼ੀ ਜਿਸ 'ਚ ਪੰਜਾਬ ਦੇ ਲੀਡਰਾਂ ਦੀ ਕੋਈ ਰੀਸ ਨਹੀਂ। ਅੱਜ ਕੱਲ ਮਨਪ੍ਰੀਤ ਬਾਦਲ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਬਚਾਉਣ ਦਾ ਸੱਦਾ ਦੇ ਰਹੇ ਹਨ। ਉਹ ਆਪਣਾ ਹਿਸਾਬ ਕਿਤਾਬ ਨਹੀਂ ਦਿੰਦੇ। ਗੱਲ ਸੁਣਾ ਕੇ ਅੱਗੇ ਤੁਰ ਜਾਂਦੇ ਹਨ। ਮਨਪ੍ਰੀਤ ਬਾਦਲ 16 ਵਰ੍ਹੇ ਪੰਜਾਬ ਦੇ ਵਿਧਾਇਕ ਰਹੇ,ਉਨ੍ਹਾਂ ਨੇ ਪੰਜਾਬ ਲਈ ਕੀ ਕੀ ਕੀਤਾ,ਇਹ ਵੀ ਪੰਜਾਬ ਦੀ ਜੰਤਾਂ ਜਾਣਨਾ ਚਾਹੁੰਦੀ ਹੈ। ਭਾਸ਼ਨ ਕਲਾ 'ਚ ਮਨਪ੍ਰੀਤ ਤੋਂ ਸਭ ਪਿਛੇ ਹਨ। ਤਾਹੀਓਂ ਤਾਂ ਬਲਵੰਤ ਸਿੰਘ ਰਾਮੂਵਾਲੀਏ ਨੇ ਆਖਿਆ ਸੀ ਕਿ ਇਸ ਨਾਲ ਤਾਂ ਮੇਰੇ ਵਾਲੀ ਹੋਊ। ਕਿਸ ਨਾਲ ਕੀ ਕੀ ਹੋਣੀ ਹੈ,ਅੱਗੇ ਪਤਾ ਲੱਗ ਜਾਏਗਾ ਕਿਉਂਕਿ ਅੱਗੇ ਮੌਸਮ ਚੋਣਾਂ ਦਾ ਹੈ।

ਭਾਜਪਾ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਇਸ ਗੱਲੋਂ ਖੁਸ਼ ਹਨ ਕਿ ਹਵਾਈ ਜਹਾਜ਼ਾਂ ਵਾਲੇ ਤੇਲ ਤੇ ਵੈਟ ਘਟਾ ਕੇ ਉਸ ਦੀ ਗੱਲ ਪੰਜਾਬ ਸਰਕਾਰ ਨੇ ਮੰਨ ਲਈ ਹੈ। ਫੁਰਸਤ ਮਿਲੇ ਤਾਂ ਕਦੇ ਇੱਧਰ ਮਾਲਵੇ 'ਚ ਵੀ ਫੇਰਾ ਪਾਉਣ ਸਿੱਧੂ ਸਾਹਿਬ,ਜਿਥੋਂ ਦੇ ਕਿਸਾਨਾਂ ਨੂੰ ਡੀਜ਼ਲ ਲੈਣ ਵਾਸਤੇ ਸ਼ਾਹੂਕਾਰਾਂ ਤੋਂ ਅੱਜ ਵੀ ਪਰਚੀ ਲੈਣੀ ਪੈਂਦੀ ਹੈ। ਕਿਸਾਨਾਂ ਦੇ ਨੇਤਾ ਅਜਮੇਰ ਸਿੰਘ ਲੱਖੋਵਾਲ ਵੀ ਤਾਂ ਇਹ ਸਭ ਕੁਝ ਜਾਣਦੇ ਹੀ ਹਨ ਜਿਨ੍ਹਾਂ ਨੂੰ ਚੇਅਰਮੈਨੀ ਦੇ ਨਾਲ ਨਾਲ ਸਰਕਾਰ ਨੇ ਇੱਕ ਕੈਮਰੀ ਗੱਡੀ ਤੇ ਇੱਕ ਲੰਮੀ ਕਾਰ ਦਿੱਤੀ ਹੋਈ ਹੈ। ਆਜ਼ਾਦੀ ਨੇ ਤਾਂ ਇਹੋ ਜੇਹੀਆਂ ਲੰਮੀਆਂ ਕਾਰਾਂ ਪਿਛੇ ਤਾਂ ਲੇਬਰ ਚੌਂਕ ਦੇ ਮਜ਼ਦੂਰ ਵੀ ਦੌੜਦੇ ਦੇਖੇ ਹਨ ਜਿਨ੍ਹਾਂ ਨੂੰ ਘਰ ਉਡੀਕਦੇ ਬੱਚਿਆਂ ਦਾ ਝੋਰਾ ਹੁੰਦਾ ਹੈ। ਉਨ੍ਹਾਂ ਦਾ ਮਸਲਾ ਸਿਰਫ਼ ਦਿਹਾੜੀ ਦਾ ਹੁੰਦਾ ਹੈ। ਅੱਗੇ ਚੋਣਾਂ ਸਿਰ 'ਤੇ ਹਨ ਜਿਨ੍ਹਾਂ 'ਚ ਲੀਡਰ ਇਨ੍ਹਾਂ ਮਜ਼ਦੂਰਾਂ ਦਾ,ਕਿਸਾਨਾਂ ਦਾ,ਵਿਧਵਾ ਔਰਤਾਂ ਦਾ,ਮੰਜਿਆਂ 'ਚ ਪਏ ਮਰੀਜ਼ਾਂ ਨਾਲ ਹੇਜ ਕਰਨ ਦੀ ਨੌਟੰਕੀ ਕਰਨਗੇ। ਹਾਕਮ ਧਿਰ ਪੈਸੇ ਦਾ ਜ਼ੋਰ ਦਿਖਾਏਗੀ। ਇਹ ਸਮਾਂ ਪੈਸੇ ਵਾਲਿਆਂ ਨੂੰ ਦੱਸਣ ਲਈ ਢੁਕਵਾਂ ਹੋਵੇਗਾ ਕਿ ਉਹ ਵਿਕਾਊ ਮਾਲ ਨਹੀਂ, ਭਾਂਡੇ ਵਿਕਵਾ ਦੇਣ ਦੀ ਤਾਕਤ ਵੀ ਰੱਖਦੇ ਹਨ। ਜਦੋਂ ਵਿਹੜਿਆਂ 'ਚ ਕਾਂਗਰਸੀ ਵਿਧਾਇਕ ਆਉਣ ਤਾਂ ਉਨ੍ਹਾਂ ਨੂੰ ਪੁੱਛਣਾ ਕਿ ਕਿਉਂ ਤੁਸੀਂ ਸੁੱਤੇ ਰਹੇ। ਪੌਣੇ ਪੰਜ ਵਰ੍ਹਿਆਂ ਦਾ ਹਿਸਾਬ ਕਿਤਾਬ ਮੰਗਣਾ। ਜਦੋਂ ਲੋਕ ਤਾਕਤ ਹੀਆ ਕਰੇਗੀ ਤਾਂ ਇਨ੍ਹਾਂ ਦੀ ਅਕਲ ਵੀ ਟਿਕਾਣੇ ਆ ਜਾਏਗੀ।

ਆਜ਼ਾਦੀ ਤੇ ਕਾਹਦਾ ਗਿਲਾ। ਇਹ ਤਾਂ ਖੁਦ ਪਰੇਸ਼ਾਨ ਹੈ। ਫਿਰ ਕਿਉਂ ਨਾ ਇਸ ਮੌਕੇ ਤੇ ਪ੍ਰਣ ਕੀਤਾ ਜਾਵੇ। ਲੋਕ ਰਾਜ਼ੀ ਢਾਂਚੇ ਨੂੰ ਬਿਹਤਰ ਬਣਾਉਣ ਦਾ। ਢੌਂਗੀ ਨੇਤਾਵਾਂ ਨੂੰ ਠੁਕਰਾਉਣ ਦਾ। ਜਦੋਂ ਤੁਸੀਂ ਵੋਟ ਦਸ ਵਾਰੀ ਸੋਚ ਸਮਝ ਕੇ ਪਾਓਗੇ ਤਾਂ ਫਿਰ ਜ਼ਰੂਰ ਇਹ ਨੇਤਾ ਵੀ ਸੋਚਾਂ 'ਚ ਪੈਣਗੇ। ਨਹੀਂ ਤਾਂ ਫਿਰ ਤੁਹਾਡੀ ਤਕਦੀਰ ਦੇ ਮਾਲਕ ਇਹੋ ਚੰਦ ਕੁ ਨੇਤਾ ਬਣੇ ਰਹਿਣਗੇ ਜਿਨ੍ਹਾਂ ਕੋਲ ਵਿਦੇਸ਼ੀ ਦੌਰੇ ਕਰਨ ਦੀ ਤਾਂ ਵਿਹਲ ਹੈ,ਖ਼ੁਦਕੁਸ਼ੀ ਕਰ ਗਏ ਕਿਸਾਨਾਂ ਦੇ ਭੋਗਾਂ 'ਤੇ ਦਰਦ ਵੰਡਾਉਣ ਦਾ ਸਮਾਂ ਨਹੀਂ। ਲੋਕ ਰਾਜ ਹੀ ਅਜਿਹਾ ਪ੍ਰਬੰਧ ਹੈ ਕਿ ਜਿਸ 'ਚ ਲੋਕ ਹੀ ਖੁਦ ਆਪਣੇ ਭਾਗ ਲਿਖਦੇ ਹਨ। ਏਦਾ ਹੈ ਤਾਂ ਫਿਰ ਚੋਣਾਂ ਮੌਕੇ ਕਿਉਂ ਨਾ ਥੋੜੀ ਸੋਚ ਵਿਚਾਰ ਕੇ ਆਪਣੀ ਵੋਟ ਦੀ ਸ਼ਕਤੀ ਵਰਤੀ ਜਾਵੇ ਤਾਂ ਜੋ ਆਜ਼ਾਦੀ ਨੂੰ ਵੀ 'ਆਪਣਾ ਘਰ' ਹੋਣ ਦਾ ਅਹਿਸਾਸ ਹੋ ਸਕੇ। ਉਨ੍ਹਾਂ ਸ਼ਹੀਦਾਂ ਦੀ ਰੂਹ ਨੂੰ ਵੀ ਸਕੂਨ ਮਿਲੇ ਜਿਨ੍ਹਾਂ ਨੇ ਇਸ ਆਜ਼ਾਦੀ ਖਾਤਰ ਆਪਣੀ ਜ਼ਿੰਦਗੀ ਲੇਖੇ ਲਾ ਦਿੱਤੀ। ਸੱਚੀ ਸਰਧਾਂਜਲੀ ਇਨ੍ਹਾਂ ਸ਼ਹੀਦਾਂ ਨੂੰ ਇਹੋ ਹੋਵੇਗੀ ਕਿ ਜਮਹੂਰੀਅਤ ਦੇ ਉਲਝੇ ਤਾਣੇ ਬਾਣੇ ਦੀ ਗੁੰਝਲ ਨੂੰ ਕੱਢੀਏ। ਇੱਕ ਅਜਿਹੀ ਲੋਕ ਰਾਜ਼ੀ ਚਾਦਰ ਤਿਆਰ ਕਰੀਏ ਜਿਸ ਦੇ ਹੇਠਾਂ ਹਰ ਛੋਟਾ ਵੱਡਾ ਸੁਰੱਖਿਅਤ ਮਹਿਸੂਸ ਕਰੇ।

ਚਰਨਜੀਤ ਭੁੱਲਰ
ਲੇਖ਼ਕ ਸੀਨੀਅਰ ਪੱਤਰਕਾਰ ਹਨ।

Sunday, August 21, 2011

ਮਾਨਸਾ:-ਗੋਬਿੰਦਪੁਰਾ ਥਰਮਲ ਪਲਾਂਟ ਬਾਰੇ ਤੱਥ ਖੋਜ ਕਮੇਟੀ ਦੀ ਰਿਪੋਰਟ

ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ,ਪੰਜਾਬ

ਗੋਬਿੰਦਪੁਰਾ 'ਚ ਪਿਓਨਾ ਪਾਵਰ ਕੰਪਨੀ ਦੇ ਥਰਮਲ ਪਲਾਂਟ ਲਈ ਲੋਕਾਂ ਤੋਂ ਜਮੀਨਾਂ ਅਤੇ ਘਰ ਖੋਹਣ, ਬੇਤਹਾਸ਼ਾ ਪੁਲਸੀ ਜਬਰ ਢਾਹੁਣ, ਅਤੇ ਜਮਹੂਰੀ ਅਧਿਕਾਰਾਂ ਨੂੰ ਕੁਚਲਣ ਬਾਰੇ ਤੱਥ ਖੋਜ ਕਮੇਟੀ ਦੀ ਰਿਪੋਰਟ

ਤੱਥ ਖੋਜ ਕਮੇਟੀ ਦੇ ਮੈਂਬਰ:-

1. ਡਾ. ਪਰਮਿੰਦਰ ਸਿੰਘ, ਪ੍ਰੋ. ਗੁਰੂ ਨਾਨਕ ਦੇਵ ਯੂਨਿਵਰਸਿਟੀ, ਅੰਮ੍ਰਿਤਸਰ
2. ਸ਼੍ਰੀ ਰਣਜੀਤ ਸਿੰਘ ਲਹਿਰਾ, ਸੰਪਾਦਕ ਲਾਲ ਪਰਚਮ
3. ਸ਼੍ਰੀ ਅਤਰਜੀਤ ਸਿੰਘ ਕਹਾਣੀਕਾਰ
4. ਸ਼੍ਰੀ ਪ੍ਰਿਤਪਾਲ ਸਿੰਘ
5. ਸ਼੍ਰੀ ਐਨ. ਕੇ ਜੀਤ, ਐਡਵੋਕੇਟ

ਨੋਟ: ਇਹ ਰਿਪੋਰਟ ਮਿਤੀ 21.08.2011 ਨੂੰ ਬਠਿੰਡਾ ਵਿਖੇ ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਸੂਬਾ ਕਮੇਟੀ ਮੈਂਬਰ ਅਤੇ ਉੱਘੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਵਲੋਂ ਜਾਰੀ ਕੀਤੀ ਗਈ।

-----0------

ਭੂਮਿਕਾ

ਗੋਬਿੰਦਪੁਰਾ - ਮਾਨਸਾ ਜਿਲ•ੇ ਦਾ ਛੋਟਾ ਜਿਹਾ ਪਿੰਡ, ਅੱਜ ਜ਼ੰਜ਼ੀਰਾਂ 'ਚ ਜਕੜਿਆ ਹੋਇਆ ਹੈ। ਇੱਥੋਂ ਦੇ ਲੋਕਾਂ ਦੇ ਬੁਨਿਆਦੀ ਹੱਕ - ਬੋਲਣ ਦਾ ਹੱਕ, ਵਿਚਾਰ ਪ੍ਰਗਟਾਉਣ ਦਾ ਹੱਕ, ਜੱਥੇਬੰਦ ਹੋਣ ਅਤੇ ਸੰਘਰਸ਼ ਕਰਨ ਦਾ ਹੱਕ, ਅਜ਼ਾਦ ਮਰਜੀ ਨਾਲ ਤੁਰਨ ਫਿਰਨ ਅਤੇ ਆਵਦਾ ਕੰਮ-ਧੰਦਾ ਕਰਨ ਦਾ ਹੱਕ, ਪੁਲਸੀ ਧਾੜਾਂ ਦੇ ਬੂਟਾਂ ਹੇਠ ਬੁਰੀ ਤਰ•ਾਂ ਦਰੜ ਦਿੱਤੇ ਗਏ ਹਨ। ਉਹਨਾਂ ਦੀਆਂ ਜਮੀਨਾਂ ਅਤੇ ਘਰ-ਬਾਰ ਖੋਹ ਕੇ, ਇਹਨਾਂ ਦੁਆਲੇ ਕੰਡਿਆਲੀਆਂ ਤਾਰਾਂ ਵਲਕੇ, ਪਿਓਨਾ ਪਾਵਰ ਕੰਪਨੀ ਦੇ ਹਵਾਲੇ ਕਰ ਦਿੱਤੇ ਗਏ ਹਨ। ਇਸ ਧੱਕੇ ਦੇ ਖਿਲਾਫ, ਜਦੋਂ ਉਹ ਰੋਸ ਪ੍ਰਗਟਾਉਂਦੇ ਹਨ ਤਾਂ ਵਹਿਸ਼ੀ ਪੁਲਸ ਟੁੱਟ ਕੇ ਪੈ ਜਾਂਦੀ ਹੈ, ਮਾਸੂਮ, ਬੱਚੀਆਂ ਅਤੇ ਔਰਤਾਂ ਨੂੰ ਖਿੱਚ-ਧੂਹ ਕਰਕੇ, ਕੁੱਟਮਾਰ ਕਰਕੇ ਥਾਣਿਆਂ 'ਚ ਡੱਕ ਦਿੰਦੀ ਹੈ। ਪਿੰਡ ਦੇ ਚਾਰੇ ਪਾਸੇ ਪੁਲਸ ਦੀ ਮੋਰਚਾਬੰਦੀ ਹੈ ਤਾਂ ਜੋ ਇਹ ਲੋਕ ਆਪਣੇ ਪਿੰਡਿਆਂ 'ਤੇ ਪਈਆਂ ਡਾਂਗਾਂ ਦੇ ਨਿਸ਼ਾਨ ਕਿਸੇ ਨੂੰ ਦਿਖਾ ਨਾ ਸਕਣ। ਬੇਜ਼ਮੀਨੇ ਅਤੇ ਬੇਘਰੇ ਹੋਣ ਦੀ ਪੀੜ ਕਿਸੇ ਨਾਲ ਸਾਂਝੀ ਨਾ ਕਰ ਸਕਣ, ਬਾਹਰਲੇ ਪਿੰਡਾਂ ਤੋਂ ਕੋਈ ਇਹਨਾਂ ਦੀ ਬਾਂਹ ਫੜਨ ਲਈ, ਇਹਨਾਂ ਦੇ ਹੱਕ 'ਚ ਹਾਅ ਦਾ ਨਾਹਰਾ ਮਾਰਨ ਲਈ, ਇਹਨਾਂ ਨੂੰ ਧਰਵਾਸ ਬਨ•ਾਉਣ ਲਈ, ਇਹਨਾਂ ਕੋਲ ਆ ਨਾ ਸਕੇ। ਪੰਜਾਬ ਦੇ ਵੱਖ-ਵੱਖ ਖਿੱਤਿਆਂ ਚੋਂ ਜਦੋਂ ਕਿਸਾਨ ਖੇਤ ਮਜ਼ਦੂਰ ਅਤੇ ਇਨਸਾਫ਼ ਪਸੰਦ ਲੋਕ ਇਹਨਾਂ ਦੀ ਹਮਾਇਤ ਲਈ ਤੁਰਦੇ ਹਨ ਤਾਂ ਉਹਨਾਂ ਨੂੰ ਡਾਂਗਾਂ ਅਤੇ ਗੋਲੀਆਂ ਨਾਲ ਨਿਵਾਜਿਆ ਜਾਂਦਾ ਹੈ, ਖੇਤ ਅਤੇ ਸੜਕਾਂ ਲਹੂ-ਲੁਹਾਣ ਹੁੰਦੇ ਹਨ।

'ਰਾਜ ਨਹੀਂ, ਸੇਵਾ' ਦਾ ਨਾਹਰਾ ਦੇ ਕੇ ਰਾਜ-ਗੱਦੀ 'ਤੇ ਬਿਰਾਜਮਾਨ ਹੋਈ ਅਕਾਲੀ-ਭਾਜਪਾ ਸਰਕਾਰ ਇਹ ਜਬਰ ਜੁਲਮ ਦਾ ਝੱਖੜ ਕਿਉਂ ਝੁਲਾ ਰਹੀ ਹੈ? ਗੋਬਿੰਦਪੁਰੇ ਦੇ ਲੋਕ ਉਸਦੀ ਅੱਖ ਦਾ ਰੋੜ ਕਿਉਂ ਬਣੇ ਹਨ? ਸਾਰੇ ਪੰਜਾਬ ਦੀ ਪੁਲਸ ਕਿਉਂ ਕਿਸਾਨ-ਖੇਤ ਮਜ਼ਦੂਰ ਜੱਥੇਬੰਦੀਆਂ ਦੇ ਕਾਰਕੁੰਨਾਂ ਦੇ ਲਹੂ ਦੀ ਤਿਹਾਈ ਬਣ ਗਈ ਹੈ? ਕਿਉਂ ਪੰਜਾਬ ਦੀਆਂ ਜੇਲ•ਾਂ ਗ੍ਰਿਫਤਾਰ ਕੀਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਾਫਲਿਆਂ ਨਾਲ ਨੱਕੋ-ਨੱਕ ਭਰ ਦਿੱਤੀਆਂ ਜਾਂਦੀਆਂ ਹਨ? ਇਹਨਾਂ ਸਾਰੇ ਸੁਆਲਾਂ ਦਾ ਜੁਆਬ ਲੱਭਣ ਲਈ ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਨੇ ਇੱਕ ਤੱਥ-ਖੋਜ ਕਮੇਟੀ ਗੱਠਿਤ ਕੀਤੀ। ਸਾਹਮਣੇ ਆਏ ਤੱਥ ਦਰਸਾਉਂਦੇ ਹਨ ਕਿ ਇਹ ਸਾਰਾ ਕੁਝ ਦੇਸ-ਬਦੇਸੀ ਪੂੰਜੀਪਤੀਆਂ ਨਾਲ ਆਪਣੀ ਯਾਰੀ ਪੁਗਾਉਣ ਲਈ, ਇਸ ਮੁਲਕ ਦੇ ਮਾਲ-ਖਜਾਨੇ ਉਹਨਾਂ ਨੂੰ ਲੁਟਾਉਣ ਲਈ ਕੀਤੀ ਜਾ ਰਹੀ ਹੈ। ਇੰਡਿਆ ਬੁਲਜ਼ ਪਾਵਰ - ਜਿਸ ਦੀ ਪਿਓਨਾ ਪਾਵਰ ਕੰਪਨੀ 100% ਸਬਸਿਡਰੀ ਹੈ, ਵਿੱਚ 63% ਪੂੰਜੀ ਬਦੇਸੀ ਕੰਪਨੀਆਂ ਦੀ ਹੈ, ਨਾਲ ਚੋਰੀ-ਚੋਰੀ ਕੀਤੇ ਸਹਿਮਤੀ ਪੱਤਰ ਨੂੰ ਸਿਰੇ ਚਾੜ•ਨ ਲਈ ਕੀਤਾ ਜਾ ਰਿਹਾ ਹੈ।

90ਵਿਆਂ ਦੇ ਸ਼ੁਰੂ ਤੋਂ, ਜਦੋਂ ਭਾਰਤੀ ਹਾਕਮਾਂ ਨੇ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰਨੀਆਂ ਸ਼ੁਰੂ ਕੀਤੀਆਂ ਹਨ, ਇੱਥੋਂ ਦੇ ਖਣਿਜ ਪਦਾਰਥਾਂ, ਜੰਗਲਾਂ, ਜਲ-ਸਰੋਤਾਂ, ਜਮੀਨਾਂ ਅਤੇ ਹੋਰਤ ਕੁਦਰਤੀ ਸੋਮਿਆਂ ਦੀ, ਦੇਸੀ-ਬਦੇਸੀ ਕਾਰਪੋਰੇਸ਼ਨਾਂ ਵਲੋਂ ਵੱਡੀ ਪੱਧਰ 'ਤੇ ਲੁੱਟ ਕੀਤੇ ਜਾਣ ਦਾ ਰਾਹ ਖੋਲਿਆ ਗਿਆ ਹੈ। ਇਹ ਸਾਰਾ ਕੁੱਝ ਵਿਸ਼ੇਸ਼ ਆਰਥਕ ਜੋਨਾਂ, ਸਨਅਤੀ ਵਿਕਾਸ ਅਤੇ ਸੂਚਨਾ ਤਕਨੀਕ ਦੇ ਕੇਂਦਰਾਂ ਆਦਿ ਦੇ ਨਾਵਾਂ ਥੱਲੇ ਕੀਤਾ ਰਿਹਾ ਹੈ। ਕਿਸਾਨਾਂ ਦੀ ਲੱਖਾਂ ਏਕੜ ਜਮੀਨ ਇਸਦੀ ਮਾਰ ਹੇਠ ਆਈ ਹੈ, ਪਿੰਡਾਂ ਦੇ ਪਿੰਡ ਉਜਾੜੇ ਜਾ ਰਹੇ ਹਨ। ਦਿੱਲੀ ਤੋਂ ਮੁੰਬਈ ਵਿਚਕਾਰ 5000-5500 ਵਰਗ ਕਿਲੋਮੀਟਰ ਤੋਂ ਵੀ ਵੱਧ ਰਕਬੇ 'ਚ 24 ਸਨਅਤੀ ਸ਼ਹਿਰ ਉਸਾਰੇ ਜਾਣੇ ਹਨ ਜਿਹਨਾਂ 'ਚ ਕੌਮੀ ਰਾਜਧਾਨੀ ਖੇਤਰ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਰਾਜਾਂ ਦੀ ਜਮੀਨ ਆਉਂਦੀ ਹੈ। ਪਹਿਲੇ ਪੜਾਅ 'ਚ ਸਨ 2018 ਤੱਕ 2000 ਵਰਗ ਕਿਲੋਮੀਟਰ ਤੋਂ ਵੱਧ ਰਕਬੇ 'ਚ 7 ਸ਼ਹਿਰ ਵਸਾਉਣੇ ਹਨ ਜਿਹਨਾਂ 'ਚ ਤਿੰਨ ਬੰਦਰਗਾਹਾਂ , 6 ਹਵਾਈ ਅੱਡੇ, 1 ਤੇਜ਼ ਰਫ਼ਤਾਰੀ ਮਾਲ ਢੁਆਈ ਲਾਈਨ ਅਤੇ 6 ਮਾਰਗੀ ਐਕਸਪ੍ਰੈਸ ਵੇਅ, ਜਿਸ 'ਚ ਸਾਰਾ ਰਾਹ ਕੋਈ ਰੁਕਾਵਟ ਨਾ ਪਵੇ ਆਦਿ ਸ਼ਾਮਲ ਹਨ। ਇਸ ਸਭ ਕੁਝ ਲਈ 5 ਲੱਖ ਏਕੜ ਜਮੀਨ ਦੀ ਲੋੜ ਹੈ - ਦਿੱਲੀ ਦੇ ਕੁੱਲ ਰਕਬੇ ਤੋਂ ਤਿੱਗੁਣੀ। ਇਸ ਪ੍ਰਜੈਕਟ ਲਈ ਪੂੰਜੀ ਜੁਟਾਉਣ ਲਈ ਜਪਾਨੀ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ। ਲੱਖਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਤਬਾਹੀ ਦਾ ਨਕਸ਼ਾ ਉਲੀਕਿਆ ਜਾ ਰਿਹਾ ਹੈ। ਜੰਗਲ, ਜਮੀਨ, ਦਰਿਆਵਾਂ, ਸਾਂਝੀਆਂ ਚਰਾਗਾਹਾਂ, ਛੱਪੜਾਂ ਅਤੇ ਹੋਰ ਮਿਲਖਾਂ ਦੇ ਸਾਂਝੇ ਸੰਸਾਧਨਾਂ ਦੀ ਰਾਖੀ ਲਈ ਮੁਲਕ ਦੇ ਆਦਿਵਾਸੀ, ਕਿਸਾਨ, ਖੇਤ-ਮਜ਼ਦੂਰ, ਸਨਅਤੀ ਕਾਮੇ ਅਤੇ ਹੋਰ ਹਿੱਸੇ ਮੈਦਾਨ 'ਚ ਨਿੱਤਰੇ ਹਨ। ਉਹਨਾਂ ਨੇ ਉਜਾੜੇ ਅਤੇ ਬੇਦਖ਼ਲੀਆਂ ਖਿਲਾਫ ਜਾਨ-ਹੂਲਵੀਆਂ ਜੱਦੋਜਹਿਦਾਂ ਰਾਹੀਂ ਬਹੁਤ ਸਾਰੇ ਮਾਮਲਿਆਂ 'ਚ ਹਕੂਮਤੀ ਥਾਪੜਾ ਪ੍ਰਾਪਤ ਕਾਰਪੋਰੇਸ਼ਨਾਂ ਦੇ ਹੱਥ ਰੋਕੇ ਹਨ। ਸਰਕਾਰ ਨੇ ਇਸ ਵਿਰੋਧ ਨੂੰ ਕੁਚਲਣ ਲਈ ਹਮਲਾ ਵਿੱਢਿਆ ਹੈ। ਛੱਤੀਸਗੜ•, ਝਾਰਖੰਡ, ਉੜੀਸਾ, ਮਹਾਰਾਸ਼ਟਰ, ਆਂਧਰਾ ਅਤੇ ਪੱਛਮੀ ਬੰਗਾਲ 'ਚ ਤਿੱਖੇ ਲੋਕ-ਵਿਰੋਧ ਕਾਰਣ ਇਹ ਹਮਲਾ ਅਪ੍ਰੇਸ਼ਨ ਗ੍ਰੀਨ ਹੰਟ ਦੇ ਰੂਪ 'ਚ ਹੈ ਜਿਸ ਲਈ ਨੀਮ ਫੌਜੀ ਬਲ, ਫੌਜ ਅਤੇ ਹਵਾਈ ਫੌਜ ਤਾਇਨਾਤ ਕੀਤੀ ਜਾ ਰਹੀ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਰਾਜਾਂ 'ਚ ਜਮੀਨ ਗ੍ਰਹਿਣ ਕੀਤੇ ਜਾਣ ਵਿਰੁੱਧ ਕਿਸਾਨਾਂ ਦੇ ਵਿਰੋਧ ਨੂੰ ਪੁਲਸੀ ਜਬਰ ਰਾਹੀਂ ਕੁਚਲਿਆ ਜਾ ਰਿਹਾ ਹੈ।

ਪੰਜਾਬ ਦੇ ਹਾਕਮ ਵੀ ਇਸੇ ਚਾਲ ਤੁਰ ਰਹੇ ਹਨ। ਗੱਦੀ 'ਤੇ ਕਾਂਗਰਸੀ ਹੋਣ ਜਾਂ ਅਕਾਲੀ-ਭਾਜਪਾ ਗੱਠਜੋੜ, ਇਹ ਲੋਕ-ਦੋਖੀ ਨੀਤੀਆਂ ਜਾਰੀ ਰੰਹਿਦੀਆਂ ਹਨ। ਗੋਬਿੰਦਪੁਰਾ ਇਹਨਾਂ ਨੀਤੀਆਂ ਦੀ ਹੀ ਇੱਕ ਕੜੀ ਹੈ।

ਭਾਗ ਪਹਿਲਾ

੧. ਗੋਬਿੰਦਪੁਰਾ,ਪੰਜਾਬ ਦੇ ਮਾਨਸਾ ਜਿਲ•ੇ ਦਾ ਛੋਟਾ ਜਿਹਾ ਪਿੰਡ ਹੈ ਜਿਸਦੀ ਆਬਾਦੀ 2500 ਦੇ ਲਗਭੱਗ ਹੈ ਇਸ ਚੋਂ 40 ਪ੍ਰ੍ਰਤੀਸ਼ਤ ਲੋਕ ਪੱਟੀਦਰਜ ਜਾਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਹਨ ਜਿਵੇਂ ਤਰਖਾਣ,ਲੁਹਾਰ,ਰਮਦਾਸੀਏ ਸਿੱਖ ,ਡੋਮ,ਜੁਲਾਹੇ ਅਤੇ ਛੱਜ ਘਾੜੇ। ਇਥੋਂ ਦੇ ਲੱਗਭੱਗ 1400 ਵੋਟਰ ਹਨ। ਭਾਵੇਂ ਦਲਿਤ ਭਾਈਚਾਰੇ ਨਾਲ ਸਬੰਧਤ ਔਰਤ ਸ੍ਰੀਮਤੀ ਕਰਮਜੀਤ ਕੌਰ ਪਿੰਡ ਦੀ ਸਰਪੰਚ ਹੈ, ਪ੍ਰੰਤੂ ਉਸਦੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਸਥਾਨਕ ਅਕਾਲੀ ਆਗੂ ਹੀ ਕਰਦੇ ਹਨ।

੨. ਪਿੰਡ ਦੀ ਕੁੱਲ ਜ਼ਮੀਨ 1458 ਏਕੜ ਹੈ ਜਿਸ ਚੋਂ 806 ਏਕੜ ਜਮੀਨ ਪੰਜਾਬ ਸਰਕਾਰ ਨੇ ਇੱਕ ਥਰਮਲ ਪਲਾਂਟ ਲਾਉਣ ਲਈ ਹਥਿਆ ਲਈ ਹੈ ਅਤੇ ਸਿਰਫ 652 ਏਕੜ ਜ਼ਮੀਨ ਹੀ ਬਾਕੀ ਬਚੀ ਹੈ। ਇਸ ਬਾਕੀ ਬਚੀ ਜ਼ਮੀਨ 'ਚੋਂ ਵੀ 140 ਏਕੜ ਲਈ ਨਾਂ ਤਾਂ ਨਹਿਰੀ ਸਿੰਚਾਈ ਦਾ ਕੋਈ ਸਾਧਨ ਰਿਹਾ ਹੈ ਅਤੇ ਨਾਂ ਹੀ ਕੋਈ ਰਸਤਾ ਹੈ ਕਿਉਂਕਿ ਇਸ ਦੇ ਇੱਕ ਪਾਸੇ ਲੱਗ ਰਹੇ ਪਲਾਂਟ ਦੀ ਜਮੀਨ ਹੈ ਅਤੇ ਦੂਸਰੇ ਪਾਸੇ ਰੇਲਵੇ ਲਾਈਨ ਹੈ।

੩. ਅਕਤੂਬਰ 2010 'ਚ ਸਥਾਨਕ ਅਕਾਲੀ ਆਗੂਆਂ ਵੱਲੋਂ ਪਿੰਡ 'ਚ ਪਿਉਨਾਂ ਪਾਵਰ ਕੰਪਨੀ ਜੋ ਇੰਡੀਆ ਬੁਲਜ਼ ਇਨਫਰਾਸਟਰਕਚਰ ਦੀ ਸਹਾਈ ਕੰਪਨੀ ਹੈ(Susidiry) ਹੈ,ਵੱਲੋਂ ਥਰਮਲ ਪਲਾਂਟ ਲਾਏ ਜਾਣ ਦੀ ਤਜ਼ਵੀਜ਼ ਦਿੱਤੀ ਗਈ। ਯੁਨਾਨੀ ਮਿਥਹਾਸ ਅਨੁਸਾਰ ਪਿਉਨਾ ਬਦਲਾਖੋਰੀ ,ਸਜ਼ਾ ਅਤੇ ਮੋੜਵਾਂ ਵਾਰ ਕਰਨ ਵਾਲਾ ਦੇਵਤਾ ਹੈ ਅਤੇ ਲਤੀਨੀ ਮਿਥਿਹਾਸ 'ਚ 'ਪਿਉਨਾਂ' ਦਾ ਅਰਥ ਹੈ 'ਪੀੜ,ਸਜ਼ਾ'। ਘੱਟੋ ਘੱਟ ਗੋਬਿੰਦਪੁਰਾ ਦੇ ਲੋਕਾਂ ਲਈ ਤਾਂ ਇਹ ਕੰਪਨੀ ਆਪਣੇ ਨਾਂ ਤੇ ਬਿਲਕੁਲ ਖਰੀ ਉੱਤਰੀ ਹੈ। ਇਸ ਨੇ ਉਨ•ਾਂ ਦੀਆਂ ਜਿੰਦਗੀਆਂ ਪੂਰੀ ਤਰਾਂ ਤਬਾਹ ਕਰ ਦਿੱਤੀਆਂ ਹਨ।

੪. ਭੂਮੀ ਗ੍ਰਹਿਣ ਕਾਨੂੰਨ ਦੀ ਧਾਰਾ 4 ਤਹਿਤ 15 ਅਕਤੂਬਰ 2010 ਨੂੰ ਜਾਰੀ ਅਧਿ: ਸੂਚਨਾਂ (ਨੰ:88/210-5-6/3246) ਤਹਿਤ ਸਰਕਾਰ ਨੇ ਕੁੱਲ 1237 ਏਕੜ ਜ਼ਮੀਨ ਗ੍ਰਹਿਣ ਕਰਨ ਦੀ ਮਨਸ਼ਾ ਪ੍ਰਗਟਾਈ ਸੀ। ਪਹਿਲੋ 16 ਅਕਤੂਬਰ 2010 ਨੂੰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਹ ਪਲਾਂਟ ਮਾਨਸਾ ਜ਼ਿਲੇ ਦੇ ਹੀ ਭੁਪਾਲ ,ਤਾਮਕੋਟ ਅਤੇ ਖਿਆਲਾ ਪਿੰਡਾਂ 'ਚ ਲਾਏ ਜਾਣ ਦਾ ਐਲਾਨ ਕੀਤਾ ਸੀ। ਪ੍ਰੰਤੂ ਉਥੋਂ ਦੇ ਲੋਕਾਂ ਦੇ ਤਿੱਖੇ ਵਿਰੋਧ ਕਾਰਨ ਇਸ ਨੂੰ ਗੋਬਿੰਦਪੁਰਾ ਤਬਦੀਲ ਕਰ ਦਿੱਤਾ ਗਿਆ। ਇਸ ਅਧਿ ਸੂਚਨਾ ਅਨੁਸਾਰ ਗੋਬਿੰਦਪੁਰਾ ਪਿੰਡ ਦੀ 783 ਏਕੜ 7 ਕਨਾਲ 4 ਮਰਲੇ,ਫੁੱਲੂਵਾਲਾ ਡੋਡ ਦੀ 434 ਏਕੜ 5 ਕਨਾਲ 19 ਮਰਲੇ ਅਤੇ ਸਿਰਸੀ ਵਾਲਾ ਦੀ 18 ਏਕੜ 5 ਕਨਾਲ 18 ਮਰਲੇ ਜ਼ਮੀਨ ਗ੍ਰਹਿਣ ਕੀਤੀ ਜਾਣੀ ਸੀ। ਭੂਮੀ ਗ੍ਰਹਿਣ ਕਾਨੂੰਨ ਦੀ ਧਾਰਾ 6 ਤਹਿਤ 4 ਜਨਵਰੀ 2011 ਨੂੰ ਜਾਰੀ ਦੂਜੀ ਅਧਿਸੂਚਨਾ ਤਹਿਤ ਗੋਬਿੰਦਪੁਰਾ ਦੀ 223 ਏਕੜ 2 ਕਨਾਲ 9 ਮਰਲੇ ਜ਼ਮੀਨ ਕੱਢਕੇ 507 ਏਕੜ 4 ਕਨਾਲ 15 ਮਰਲੇ ਜ਼ਮੀਨ ਗ੍ਰਹਿਣ ਕੀਤੀ ਗਈ ਸੀ। 25 ਮਾਰਚ 2011 ਨੂੰ ਐਸ.ਡੀ.ਐਮ ਬੁਢਲਾਡਾ ਵੱਲੋਂ ਸੁਣਾਏ ਗਏ ਅਵਾਰਡ 'ਚ ਫੁੱਲੂਵਾਲਾ ਡੋਡ ਪਿੰਡ ਦੀ ਜ਼ਮੀਨ ਦਾ ਕੋਈ ਜ਼ਿਕਰ ਨਹੀ ਸੀ ਜਿਸ ਦਾ ਮਤਲੱਬ ਹੈ ਕਿ ਇਸ ਪਿੰਡ ਦੀ 434 ਏਕੜ 5 ਕਨਾਲ 19 ਮਰਲੇ ਜ਼ਮੀਨ ਗ੍ਰਹਿਣ ਨਹੀ ਕੀਤੀ ਗਈ। ਇਹ ਗੱਲ ਵੀ ਰਿਕਾਰਡ 'ਚ ਦਰਜ ਹੈ ਕਿ ਨਾਇਬ ਤਹਿਸੀਲਦਾਰ ਬਰੇਟਾ ਅਤੇ ਐਸ.ਡੀ.ਐਮ ਬੁਢਲਾਡਾ ਨੇ ਮਿਤੀ 3.1.11 ਅਤੇ 4.1.11 ਨੂੰ ਡਿਪਟੀ ਕਮਿਸ਼ਨਰ ਮਾਨਸਾ ਨੂੰ ਪੱਤਰ ਲਿਖਕੇ ਸਿਫਾਰਸ਼ ਕੀਤੀ ਸੀ ਕਿ ਕਿਉਂਕਿ ਪਿੰਡ ਫੁੱਲੂਵਾਲਾ ਡੋਡ ਦੀ ਜ਼ਮੀਨ ਉਪਜਾਊ ਹੈ ਇਸ ਲਈ ਇਸ ਨੂੰ ਗ੍ਰਹਿਣ ਨਹੀ ਕੀਤਾ ਜਾਣਾ ਚਾਹੀਦਾ। 17 ਜਨਵਰੀ 2011 ਨੂੰ ਜ਼ਮੀਨ ਗ੍ਰਹਿਣ ਕੁਲੈਕਟਰ ਨੇ ਇੱਕ ਹੋਰ ਅਧਿਸੂਚਨਾ ਜਾਰੀ ਕੀਤੀ ਜਿਸ ਦੇ ਤਹਿਤ ਗੋਬਿੰਦਪੁਰਾ ਦੀ 166 ਏਕੜ 1 ਕਨਾਲ 16 ਮਰਲੇ ,ਸਿਰਸੀਵਾਲਾ ਦੀ 29 ਏਕੜ 1ਕਨਾਲ 13 ਮਰਲੇ,ਜਲਬਹੇੜਾ ਪਿੰਡ ਦੀ 16ਏਕੜ 5 ਕਨਾਲਾਂ 16 ਮਰਲੇ ਅਤੇ ਬਰੇਟਾ ਦੀ 27 ਏਕੜ 2 ਕਨਾਲਾਂ 9 ਮਰਲੇ ਜ਼ਮਨਿ ਹੋਰ ਗ੍ਰਹਿਣ ਕਰ ਲਈ ਗਈ।

੫. ਸਰਕਾਰ ਨੇ ਪਹਿਲਾਂ ਗ੍ਰਹਿਣ ਕਰਨ ਲਈ ਐਲਾਨੀ 1237 ਏਕੜ ਜ਼ਮੀਨ ਨੂੰ ਘਟਾਕੇ 880 ਏਕੜ ਕਰਨ ਅਤੇ ਫਿਰ ਕੁੱਝ ਪਿੰਡਾਂ ਦੀ ਜ਼ਮੀਨ ਛੱਡਣ ਅਤੇ ਹੋਰਾਂ ਦੀ ਜੋੜਣ ਸਬੰਧੀ ਕੋਈ ਸਪਸ਼ੱਟੀਕਰਨ ਨਹੀ ਦਿੱਤਾ। ਗੋਬਿੰਦਪੁਰਾ ਪਿੰਡ ਦੇ ਕਿਸਾਨ ਵੀ 166ਏਕੜ 1 ਕਨਾਲ 16 ਮਰਲੇ ਗ੍ਰਹਿਣ ਕੀਤੇ ਜਾਣ ਤੋ ਮੁਕਤ ਕਰਨ ਦੀ ਮੰਗ ਵੀ ਉਸੇ ਆਧਾਰ 'ਤੇ ਕਰ ਰਹੇ ਹਨ, ਜਿਸ ਤੇ ਫੁੱਲੁਵਾਲਾ ਡੋਡ ਪਿੰਡ ਦੀ ਜ਼ਮੀਨ ਛੱਡੀ ਗਈ ਸੀ, ਪਰ ਉਨ•ਾਂ ਦੀ ਕਿਸੇ ਨੇ ਨਹੀਂ ਸੁਣੀ।

੬. ਪੰਜਾਬ ਸਰਕਰ ਨੇ ਐਲਾਨ ਕੀਤਾ ਹੈ ਕਿ ਬਹੁ-ਫਸਲੀ ਜ਼ਮੀਨਾ ਗ੍ਰਹਿਣ ਨਹੀਂ ਕੀਤੀਆਂ ਜਾਣਗੀਆਂ ਅਤੇ ਕੋਈ ਵੀ ਜ਼ਮੀਨ ਕਿਸਾਨ ਦੀ ਮਰਜੀ ਤੋਂ ਬਿਨ•ਾਂ ਗ੍ਰਹਿਣ ਨਹੀਂ ਕੀਤੀ ਜਾਵੇਗੀ। ਪ੍ਰੰਤੂ ਗੋਬਿੰਦਪੁਰਾ ਦੀ ਜ਼ਮੀਨ ਸਿੰਚਾਈ ਹੇਠ, ਉਪਜਾਉ ਅਤੇ ਬਹੁ-ਫਸਲੀ ਹੈ। 90 ਫੀਸਦੀ ਤੋਂ ਵੀ ਵੱਧ ਕਿਸਾਨ ਆਪਣੀਆਂ ਜ਼ਮੀਨਾ ਗ੍ਰਹਿਣ ਕਰਨ ਦੇ ਵਿਰੁੱਧ ਹਨ। ਪਿੰਡ ਦੇ ਲੋਕਾਂ ਦਾ ਤਿੱਖਾ ਵਿਰੋਧ ਅਤੇ ਇਸ ਨੂੰ ਦਬਾਉਣ ਲਈ ਸਰਕਾਰ ਵੱਲੋਂ ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਦੀ ਤਾਇਨਾਤੀ,ਇਸ ਗੱਲ ਦਾ ਪ੍ਰਤੱਖ ਸਬੂਤ ਹਨ। ਖੁਦ ਆਪ ਬਣਾਈ ਜਮੀਨ ਗ੍ਰਹਿਣ ਨੀਤੀ ਦੀਆਂ ਧੱਜੀਆਂ ਉਡਾਕੇ, ਸਰਕਾਰ ਜ਼ਬਰੀ ਜ਼ਮੀਨਾ ਹਥਿਆ ਰਹੀ ਹੈ ਅਤੇ ਹਰ ਵਿਰੋਧ ਨੂੰ ਜਬਰ ਦੇ ਜ਼ੋਰ ਕੁਚਲ ਰਹੀ ਹੈ।

੭. ਇਹ ਜ਼ਮੀਨ ਗ੍ਰਹਿਣ ਕੀਤੇ ਜਾਣ ਨਾਲ ਪਿੰਡ ਦੇ 62 ਪਰਿਵਾਰ ਬਿਲਕੁਲ ਬੇਜ਼ਮੀਨੇ ਹੋ ਜਾਣਗੇ। 123 ਹੋਰ ਪ੍ਰਵਾਰਾਂ ਕੋਲ ਥੋੜੀ ਜਿਹੀ ਜ਼ਮੀਨ ਰਹਿ ਜਾਵੇਗੀ।

੮. ਕਿਸਾਨਾਂ ਤੋਂ ਇਲਾਵਾ 14 ਦਲਿਤ ਖੇਤ ਮਜ਼ਦੂਰ ਪਰਿਵਾਰਾਂ ਦਾ ਵੀ ਉਜਾੜਾ ਹੋ ਗਿਆ ਹੈ। ਜਿਨ•ਾਂ ਘਰਾਂ 'ਚ ਉਹ ਦਹਾਕਿਆਂ ਤੋਂ ਰਹਿ ਰਹੇ ਸਨ, ਉਹ ਸਰਕਾਰ ਨੇ ਇਸ ਪ੍ਰੋਜੈਕਟ ਲਈ ਜਬਰੀ ਹਥਿਆ ਲਏ ਹਨ ਅਤੇ ਉਨ•ਾਂ ਨੂੰ ਬੇਘਰੇ ਬਣਾ ਦਿੱਤਾ ਹੈ। ਉਨ•ਾਂ ਨੂੰ ਕੋਈ ਮੁਆਵਜਾ ਨਹੀ ਦਿੱਤਾ ਗਿਆ। ਬਹਾਨਾ ਇਹ ਬਣਾਇਆ ਗਿਆ ਕਿ ਜਿਸ ਜ਼ਮੀਨ ਤੇ ਉਹਨਾਂ ਨੇ ਇਹ ਘਰ ਬਣਾਏ ਸਨ ਇਹ ਉਨ•ਾਂ ਦੇ ਨਾਂ ਨਹੀਂ ਸੀ।

੯. ਕਿਸਾਨਾਂ ਨੂੰ ਉਨ•ਾ ਦੀ ਗ੍ਰਹਿਣ ਕੀਤੀ ਜ਼ਮੀਨ ਦਾ 23 ਲੱਖ 23 ਹਜ਼ਾਰ ਤੋਂ ਲੈਕੇ 23 ਲੱਖ 77 ਹਜ਼ਾਰ ਤੱਕ ਦਾ ਪ੍ਰਤੀ ਏਕੜ ਕੁੱਲ ਮੁਆਵਜਾ ਦਿੱਤਾ ਗਿਆ, ਜਿਸ 'ਚ ਜ਼ਮੀਨ ਦੀ ਕੀਮਤ, ਉਜਾੜਾ ਭੱਤਾ ਅਤੇ ਕੋਈ ਕਾਨੂੰਨੀ ਚਾਰਾਜੋਈ ਨਾ ਕਰਨ ਦਾ ਇਵਜਾਨਾ (9ncentive) ਵੀ ਸ਼ਾਮਲ ਹੈ।ਇਹ ਮੁਆਵਜਾ ਬਿਲਕੁਲ ਹੀ ਨਿਗੂਣਾ ਹੈ।ਸਰਕਾਰ 80 ਏਕੜ ਲਈ 23 ਲੱਖ 77ਹਜ਼ਾਰ ਪਤ੍ਰੀ ਏਕੜ ਅਤੇ 580 ਏਕੜ ਲਈ 23 ਲੱਖ 54ਹਜ਼ਾਰ ਪਤ੍ਰੀ ਏਕੜ ਅਤੇ 166 ਏਕੜ ਲਈ 23 ਲੱਖ 23ਹਜ਼ਾਰ ਫੀ ਏਕੜ ਮੁਆਵਜਾ ਦੇ ਰਹੀ ਹੈ।

੧੦. ਅਕਤੂਬਰ 2010 'ਚ ਜਦੋਂ ਪਹਿਲੀ ਅਧਿਸੂਚਨਾ ਜਾਰੀ ਹੋਈ ਸੀ ਤਾਂ ਪਿੰਡ 'ਚ ਬਰਾਨੀ ਜ਼ਮੀਨ ਦੀ ਪ੍ਰਚੱਲਤ ਕੀਮਤ 11ਲੱਖ ਫੀ ਏਕੜ ਸੀ ਅਤੇ ਨਹਿਰੀ ਜ਼ਮੀਨ ਦੀ 15 ਲੱਖ ਫੀ ਏਕੜ ਸੀ। ਇਸ ਅਧਿਸੂਚਨਾ ਜਾਰੀ ਹੋਣ ਤੋਂ ਕੁਝ ਦਿਨ ਪਹਿਲਾਂ ਹੀ 15 ਲੱਖ 10 ਹਜ਼ਾਰ ਪ੍ਰਤੀ ਏਕੜ ਜ਼ਮੀਨ ਖਰੀਦਣ ਦਾ ਇਕਰਾਰਨਾਮਾ ਹੋਇਆ ਸੀ। ਜਿਨ•ਾਂ ਲੋਕਾਂ ਨੇ ਮਜ਼ਬੂਰੀ ਵੱਸ ਇਸ ਪ੍ਰੋਜੈਕਟ ਲਈ ਸਹਿਮਤੀ ਦਿੱਤੀ ਸੀ, ਉਹ ਹੁਣ ਠੱਗੇ ਮਹਿਸੂਸ ਕਰਦੇ ਹਨ। ਪਿੰਡ ਦੇ ਅਕਾਲੀ ਆਗੂ ਬਲਵਾਨ ਸਿੰਘ ਵੀ ਇਹ ਮਹਿਸੂਸ ਕਰਦੇ ਹਨ ਕਿ ਮੁਆਵਜਾ ਬਹੁਤ ਘੱਟ ਹੈ।

੧੧. ਇਸੇ ਦੌਰਾਨ ਆਸ ਪਾਸ ਪਿੰਡਾਂ 'ਚ ਜ਼ਮੀਨ ਦੀਆਂ ਕੀਮਤਾਂ 30 ਲੱਖ ਪ੍ਰਤੀ ਏਕੜ ਤੱਕ ਪਹੁੰਚ ਗਈਆ ਹਨ ਅਤੇ ਇਸ ਪ੍ਰੋਜੈਕਟ ਨਾਲ ਉਜੜਣ ਵਾਲੇ ਲੋਕਾ ਲਈ ਮੁਆਵਜੇ ਦੀ ਰਕਮ ਨਾਲ ਚੰਗੀਆਂ ਜ਼ਮੀਨਾ ਖਰੀਦਣ ਦੀਆਂ ਗੁੰਜਾਇਸ਼ ਖਤਮ ਹੋ ਗਈਆਂ ਹਨ।

੧੨. ਇਸ ਪ੍ਰਜੈਕਟ ਦੀ ਮਾਰ ਹੇਠ ਆਏ ਲੋਕਾਂ ਲਈ ਮੁੜ ਵਸੇਬਾ ਨੀਤੀ 'ਚ ਉਨ•ਾਂ ਦੇ ਪ੍ਰੀਵਾਰ ਦੇ ਕਿਸੇ ਮੈਬਰ ਨੂੰ ਇਸ ਪ੍ਰੋਜੈਕਟ 'ਚ ਨੌਕਰੀ ਦੇਣ ਦਾ ਕੋਈ ਪ੍ਰਾਵਧਾਨ ਨਹੀ ਹੈ। ਅਸਲ 'ਚ ਸਰਕਾਰ ਨੇ ਇਨ•ਾ ਲੋਕਾਂ ਦੇ ਮੁੜ ਵਸੇਬੇ ਅਤੇ ਰਾਹਤ ਲਈ ਕੋਈ ਨੀਤੀ ਐਲਾਨੀ ਹੀ ਨਹੀਂ।
੧੩. ਕੁਝ ਅਸਰ ਰਸੂਖ ਵਾਲੇ ਅਕਾਲੀ ਆਗੂਆਂ ਤੋਂ ਇਲਾਵਾ ਜਮੀਨ ਜਾਇਦਾਦ ਦੇ ਦਲਾਲ, ਬੈਂਕਾਂ ਅਤੇ ਖੇਤੀਸੇਵਾ ਸੋਸਾਇਟੀਆਂ, ਆੜਤੀਆਂ, ਗੱਡੀਆਂ ਅਤੇ ਅਸਲਾ ਡੀਲਰਾਂ ਨੂੰ ਇਸ ਪ੍ਰੋਜੈਕਟ ਅਤੇ ਜ਼ਮੀਨਾਂ ਗ੍ਰਹਿਣ ਕਰਨ ਦਾ ਫਾਇਦਾ ਹੋਇਆ ਹੈ। ਬੈਂਕਾਂ ਅਤੇ ਖੇਤੀ ਸੇਵਾ ਸੋਸਾਇਟੀਆਂ,ਆੜਤੀਆਂ ਨੇ ਕਿਸਾਨਾਂ ਸਿਰ ਖੜ•ੇ ਆਪਣੇ ਕਰਜ਼ੇ (ਜਿੰਨ•ਾਂ ਚੋਂ ਬਹੁੱਤ ਸਾਰੇ ਜਾਲ•ੀ ਅਤੇ ਫਰਜ਼ੀ ਸਨ) ਮੁਆਵਜਾ ਦੀ ਰਕਮਾਂ ਚੋਂ ਕੱਟ ਲਏ ਹਨ। ਕਿਸਾਨਾਂ ਨੂੰ ਮੁਆਵਜੇ ਦੀ ਰਕਮ ਲਈ ਰਜ਼ਾਮੰਦ ਕਰਨ ਖਾਤਰ ਪ੍ਰਸ਼ਾਸਨ ਨੇ ਹਰ ਹਰਬਾ ਵਰਤਿਆ ਹੈ ।ਇਸ ਪਿੰਡ 'ਚ ਕੁਝ ਹਫਤਿਆਂ ਦੇ ਵਕਫੇ 'ਚ ਹੀ ਪ੍ਰਸ਼ਾਸਨ ਨੇ ਦਰਜਨਾਂ ਅਸਲਾ ਲਾਈਸੈਂਸ ਜਾਰੀ ਕੀਤੇ ਹਨ।

੧੪. ਬਠਿੰਡਾ ਸ਼ਹਿਰ ਦੇ 50-60 ਕਿਲੋਮੀਟਰ ਦੇ ਘੇਰੇ 'ਚ 6 ਥਰਮਲ ਪਲਾਂਟ ਲਾਉਣ ਦੀਆਂ ਤਿਆਰੀਆ ਨੇ ਵਾਤਾਵਰਣ ਪਲੀਤ ਹੋਣ ਸਬੰਧੀ ਖਤਰੇ ਖੜੇ ਕੀਤੇ ਹਨ। ਇਸ ਇਲਾਕੇ ਦੇ ਲੋਕ ਪਹਿਲਾਂ ਹੀ ਵੱਡੀ ਪੱਧਰ ਤੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਵੀ ਕੈਂਸਰ ਦੀ ਬਿਮਾਰੀ ਨੇ ਹੀ ਨਿਗਲ ਲਈ, ਹਾਲਾਂਕਿ ਦੇਸ਼ ਵਿਦੇਸ਼ 'ਚ ਉਸ ਦੇ ਇਲਾਜ ਲਈ ਸਰਕਾਰੀ ਖਜ਼ਾਨੇ ਚੋਂ 4 ਕਰੌੜ ਤੋਂ ਵੀ ਵੱਧ ਖਰਚ ਕੀਤੇ ਗਏ। ਹਜ਼ਾਰਾਂ ਹੋਰ ਲੋਕ ਇੰਨ•ੇ ਖੁਸ਼ਕਿਸਮਤ ਨਹੀਂ ਹਨ। ਉਹ ਇਲਾਜ ਲਈ ਸਰਕਾਰੀ ਖਜ਼ਾਨੇ ਚੋਂ ਕੁੱਝ ਵੀ ਮੱਦਦ ਨਾ ਮਿਲਣ ਕਰਕੇ ਮਰ ਰਹੇ ਹਨ।ਪੰਜਾਬ ਦੇ ਇਸ ਮਾਲਵਾ ਖਿੱਤੇ 'ਚ ਬਠਿੰਡਾ,ਲਹਿਰਾ ਮੁਹੱਬਤ 'ਚ ਜਨਤਕ ਖੇਤਰ 'ਚ ਦੋ ਤਾਪ ਬਿਜਲੀ ਘਰ ਪਹਿਲਾ ਹੀ ਚੱਲ ਰਹੇ ਹਨ। ਮਾਨਸਾ ਜਿਲ•ੇ ਦੇ ਪਿੰਡ ਵਣਾਂਵਾਲੀ 'ਚ 2640 ਮੈਗਾਵਾਟ ਦਾ ਤਾਪ ਬਿਜਲੀ ਘਰ ਉਸਾਰੀ ਅਧੀਨ ਹੈ,ਗੋਬਿੰਦਪੁਰਾ ਤੋਂ ਇਲਾਵਾ ਦੋ ਹੋਰ ਤਾਪ ਬਿਜਲੀ ਘਰ ਕੋਟਸ਼ਮੀਰ 1320 ਮੈਗਾਵਾਟ (ਬਠਿੰਡਾ ਜਿਲ•ਾ ) ਅਤੇ ਗਿੱਦੜਬਾਹਾ 2640 ਮੈਗਾਵਾਟ (ਮੁਕਤਸਰ ਸਾਹਿਬ ਜਿਲ•ਾ),ਉਸਾਰੇ ਜਾਣੇ ਹਨ। ਇੰਨ•ਾਂ ਸਾਰੇ ਥਰਮਲ ਪਲਾਂਟਾਂ ਦੇ ਲੱਗਣ ਨਾਲ ਪਹਿਲਾਂ ਹੀ ਪਲੀਤ ਹੋਇਆ ਵਾਤਾਵਰਣ, ਵਿਸਫੋਟਿਕ ਰੂਪ ਧਾਰਨ ਕਰ ਲਵੇਗਾ। ਗਿੱਦੜਬਾਹਾ ਤਾਪ ਬਿਜਲੀ ਘਰ ਲਈ ਥੇਹੜੀ, ਘੱਗਾ ਅਤੇ ਬਬਾਣੀ ਪਿੰਡਾਂ ਦੀ 2004 ਏਕੜ ਜ਼ਮੀਨ ਗ੍ਰਹਿਣ ਕੀਤੀ ਜਾ ਚੁੱਕੀ ਹੈ ਜਿਸ ਲਈ ਪਹਿਲਾਂ 2੦ ਲੱਖ ਰੁਪਏ ਪ੍ਰਤੀ ਏਕੜ ਮੁਆਵਜਾ(14 ਲੱਖ ਰੁਪਏ ਜ਼ਮੀਨ ਦੀ ਕੀਮਤ, 6 ਲੱਖ ਰੁਪਏ ਉਜਾੜਾ ਭੱਤਾ ਅਤੇ ਕੋਈ ਕਾਨੂੰਨੀ ਚਾਰਾਜੋਈ ਨਾ ਕਰਨ ਦਾ ਇਵਜਾਨਾ) ਐਲਾਨਿਆ ਗਿਆ ਸੀ। ਹੁਣ ਇਹ ਰਕਮ 21 ਲੱਖ 60 ਹਜ਼ਾਰ ਕਰ ਦਿੱਤੀ ਗਈ ਹੈ। ਲੱਗਭੱਗ 100 ਦਲਿਤ ਖੇਤ ਮਜ਼ਦੂਰਾਂ ਦੇ ਘਰ ਉਜਾੜੇ ਜਾ ਰਹੇ ਹਨ ਜੋ ਸਰਕਾਰ ਨੇ ਗ੍ਰਹਿਣ ਕਰ ਲਏ ਹਨ। ਉਨ•ਾਂ ਨੂੰ ਕੋਈ ਮੁਆਵਜਾ, ਮੁੜ-ਵਸੇਬਾ ਭੱਤਾ ਜਾਂ ਰੁਜਗਾਰ ਨਹੀਂ ਦਿੱਤਾ ਗਿਆ।
ਸਰੋਕਾਰ ਦੇ ਮੁੱਦੇ :

9. ਜਿਵੇਂ ਕਿ ਪਹਿਲਾਂ ਜਿਕਰ ਕੀਤਾ ਗਿਆ ਹੈ ਕਿ ਇਸ ਪਿੰਡ ਦੇ ਕਿਸਾਨ ਪਰਿਵਾਰਾਂ ਦਾ ਵੱਡਾ ਹਿੱਸਾ (ਲੱਗਭੱਗ 185 ਪ੍ਰੀਵਾਰ) ਜ਼ਮੀਨ ਗ੍ਰਹਿਣ ਕਾਰਨ ਬੇਜ਼ਮੀਨੇ ਜਾਂ ਥੁੜ-ਜ਼ਮੀਨੇ ਕਿਸਾਨ ਬਣ ਗਿਆ ਹੈ। ਉਨ•ਾਂ ਨੂੰ ਉਸ ਕੀਮਤ ਤੇ ਨੇੜੇ-ਤੇੜੇ ਦੇ ਪਿੰਡਾਂ 'ਚ ਕਿਤੇ ਜ਼ਮੀਨ ਨਹੀਂ ਮਿਲਦੀ, ਜਿਸ ਕੀਮਤ ਤੇ ਉਨ•ਾਂ ਦੀ ਜ਼ਮੀਨ ਗ੍ਰਹਿਣ ਕੀਤੀ ਗਈ ਹੈ। ਇਸ ਲਈ ਉਨ•ਾਂ ਦਾ ਉਜਾੜਾ ਹੋਵੇਗਾ ਅਤੇ ਰੋਜੀ-ਰੋਟੀ ਖੁਸੇਗੀ।
99. ਪਿੰਡ ਦੀ 40 ਪ੍ਰਤੀਸ਼ਤ ਵਸੋਂ ਅਨਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੀ ਹੈ। ਉਹ ਆਪਣੇ ਰੁਜਗਾਰ ਲਈ ਖੇਤੀ ਬਾੜੀ ਅਤੇ ਇਸ ਦੇ ਸਹਾਇਕ ਧੰਦਿਆਂ ਤੇ ਨਿਰਭਰ ਸਨ, ਵਾਹੀਯੋਗ ਜ਼ਮੀਨ ਦੇ 1458 ਏਕੜ ਤੋਂ ਘੱਟ ਕੇ 652 ਏਕੜ ਰਹਿ ਜਾਣ ਨਾਲ ਉਹਨਾਂ ਦਾ ਰੁਜਗਾਰ ਵੀ ਖੁਸੇਗਾ ਅਤੇ ਉਹਨਾਂ ਨੂੰ ਵੀ ਉਜੜਨਾਂ ਪਵੇਗਾ।
999. 14 ਖੇਤ ਮਜ਼ਦੂਰ ਪ੍ਰੀਵਾਰ ਘਰੋਂ ਉਜੜ ਗਏ ਹਨ ।ਉਹਨਾਂ ਨੂੰ ਕੋਈ ਰਾਹਤ ਜਾਂ ਮੁਆਵਜਾ ਨਹੀਂ ਮਿਲਿਆ।

9V. ਰੋਜੀ-ਰੋਟੀ ਅਤੇ ਭਾਈਚਾਰਕ ਨਿੱਘ ਤੋਂ ਵਿਰਵਿਆਂ ਹੋਣ ਅਤੇ ਉਜਾੜੇ ਦਾ ਦਰਦ ਲੋਕਾਂ ਦੇ ਚਿਹਰਿਆਂ ਅਤੇ ਗੱਲਬਾਤ ਤੋਂ ਸਾਫ ਝੱਲਕਦਾ ਹੈ।

V. ਬਹੁਤੇ ਕਿਸਾਨਾਂ ਨੂੰ ਨਿਗੂਣਾ ਮੁਆਵਜਾ ਵੀ ਪੂਰਾ ਨਹੀਂ ਮਿਲਿਆ ਕਿਉਂਕਿ ਸਰਕਾਰ, ਬੈਂਕਾਂ, ਖੇਤੀ ਸੇਵਾ ਸੋਸਾਇਟੀਆਂ ਅਤੇ ਆੜਤੀਆਂ ਨੇ ਸਿਰ ਮੜ•ੇ ਜਾਲੀ ਅਤੇ ਫਰਜ਼ੀ ਕਰਜ਼ੇ ਦੀਆਂ ਰਕਮਾਂ ਇਸ ਚੋਂ ਕੱਟ ਲਈਆਂ ਹਨ।

V9. ਗ੍ਰਹਿਣ ਤੋਂ ਬਾਅਦ ਬਾਕੀ ਬਚੀ 652 ਏਕੜ ਜ਼ਮੀਨ ਚੋਂ 140 ਏਕੜ ਲਈ ਕੋਈ ਨਹਿਰੀ ਸਿੰਜਾਈ ਦਾ ਸਾਧਨ ਅਤੇ
ਪਹੁੰਚ ਮਾਰਗ ਨਹੀਂ ਹੈ।ਇਸ ਲਈ ਇਸਦੀ ਵਰਤੋਂ 'ਚ ਦਿੱਕਤਾਂ ਹਨ। ਅਧਿਕਾਰੀਆਂ ਨੇ ਅਜਿਹਾ ਜਾਣ ਬੁੱਝਕੇ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਇਹ ਜ਼ਮੀਨ ਤਾਪ ਬਿਜਲੀ ਘਰ ਮਾਲਕਾਂ ਨੂੰ ਦੇਣ ਲਈ ਮਜ਼ਬੂਰ ਕੀਤਾ ਜਾ ਸਕੇ।

V99. ਇਹ ਪ੍ਰੋਜੈਕਟ ਜਿਸ ਤਰਾਂ ਬਿਨ•ਾ ਖੁੱਲੀ ਬੋਲੀ (3ompetitive 2idding) ਦੇ ਇੰਡੀਆ ਬੁਲਜ਼ ਦੀ ਸਹਾਇਕ ਪਿਉਨਾਂ ਪਾਵਰ ਕੰਪਨੀ -ਜਿਸਦਾ ਬਿਜਲੀ ਉਤਪਾਦਨ ਖੇਤਰ 'ਚ ਉੱਕਾ ਕੋਈ ਤਜ਼ਰਬਾ ਨਹੀਂ ,ਨੂੰ ਦਿੱਤਾ ਗਿਆ ਹੈ ਉਸ ਚੋਂ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੀ ਬੋਅ ਆ ਰਹੀ ਹੈ।ਕਈ ਸਿਆਸੀ ਪਾਰਟੀਆ ਨੇ ਇਹ ਮਸਲਾ ਉਠਾਇਆ ਹੈ ਅਤੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਅਕਾਲੀ-ਭਾਜਪਾ ਸਰਕਾਰ ਤਹਿਤ ਭ੍ਰਿਸ਼ਟਾਚਾਰ ਸਾਰੇ ਪੱਧਰਾ ਤੇ ਵਿਆਪੱਕ ਹੈ। ਅਜਿਹੀਆਂ ਕਈ ਮਿਸਾਲਾਂ ਹਨ ਜਦੋਂ ਸਿਆਸੀ ਅਸਰ ਰਸੂਖ ਵਾਲੇ ਲੋਕ ਬਿਨਾਂ ਕੋਈ ਪੈਸਾ ਲਾਇਆਂ ਨਵੇਂ ਪ੍ਰੋਜੈਕਟਾ 'ਚ ਹਿੱਸੇਦਾਰੀਆ ਪਾ ਲੈਂਦੇ ਹਨ ਜਾਂ ਮੋਟਾ ਕਮਿਸ਼ਨ ਹਥਿਆ ਲੈਂਦੇ ਹਨ।

V999. ਜ਼ਮੀਨ ਗ੍ਰਹਿਣ ਕਰਨ ਦਾ ਅਮਲ ਵੀ ਸ਼ੱਕੀ ਹੈ। ਵੱਖ ਵੱਖ ਸਮੇਂ ਗ੍ਰਹਿਣ ਕੀਤੀ ਜਾਣ ਵਾਲੀ ਜ਼ਮੀਨ ਵਾਲੀ ਜ਼ਮੀਨ ਸਬੰਧੀ ਵੱਖ-ਵੱਖ ਅਧਿਸੂਚਨਾਵਾਂ ਜਾਰੀ ਕੀਤੀਆ ਗਈਆਂ ਹਨ ਅਤੇ ਇੰਨ•ਾਂ ਵਖਰੇਵਿਆਂ ਦਾ ਕੋਈ ਕਾਰਣ ਸਪੱਸ਼ਟ ਨਹੀ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ 2006 'ਚ ਐਲਾਨੀ ਜ਼ਮੀਨ ਗ੍ਰਹਿਣ ਨੀਤੀ ਦੇ ਪਹਿਰਾ ਨੂੰ 5 'ਚ ਕਿਹਾ ਗਿਆ ਹੈ ਕਿ “ਸਨੱਅਤੀ ਪਾਰਕਾਂ,ਪ੍ਰੋਜੈਕਟਾ,ਅਤੇ ਸ਼ਹਿਰੀ ਵਿਕਾਸ ਪ੍ਰੋਜੈਕਟਾਂ-ਜਿਵੇਂਰਿਹਾਇਸੀ ਕਲੋਨੀਆਂ ਅਤੇ ਵਿਕਾਸ ਲਈ ਵਪਾਰਕ ਸੰਸਥਾਵਾਂ ਜੋ ਨਿੱਜੀ ਖੇਤਰ ਵਿੱਚ ਹੋਣ, ਉਨ•ਾ ਲਈ ਜਮੀਨ, ਆਪਸੀ ਸੌਦੇਬਾਜ਼ੀ ਰਾਹੀਂ ਜ਼ਮੀਨ ਮਾਲਕਾਂ ਤੋਂ ਗ੍ਰਹਿਣ ਕੀਤੀ ਜਾਵੇਗੀ। ਲੋੜ ਪੈਣ 'ਤੇ 20 ਪ੍ਰਤੀਸ਼ਤ ਤੱਕ ਜ਼ਮੀਨ, ਪ੍ਰੋਜੈਕਟ ਦੇ ਨਾਲ ਲਗਦੀ ਹੋਣ ਕਰਕੇ, ਸਰਕਾਰ ਵੱਲੋਂ ਜ਼ਮੀਨ ਮਾਲਕਾਂ ਨੂੰ ਢੁਕਵਾਂ ਮੁਆਵਜਾ ਅਦਾ ਕਰਕੇ ਅਤੇ ਉਨ•ਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਕੇ ਜ਼ਬਰੀ ਗ੍ਰਹਿਣ ਕੀਤੀ ਜਾ ਸਕਦੀ ਹੈ। ਪ੍ਰੰਤੂ ਇਸ ਨਿਯਮ ਦੀ ਉਲੰਘਣਾ ਕਰਕੇ ਸਾਰੀ ਦੀ ਸਾਰੀ ਜ਼ਮੀਨ ਸਰਕਾਰ ਵੱਲੋਂ ਜਬਰੀ ਗ੍ਰਹਿਣ ਕੀਤੀ ਗਈ ਹੈ।

9X. ਕੁੱਲ ਮੁਆਵਜਾ ਬਿਲਕੁੱਲ ਨਿਗੂਣਾ ਹੈ, ਖਾਸ ਕਰਕੇ ਜੇ ਅਸੀਂ ਇਸ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਭੂਮੀ ਗ੍ਰਹਿਣ ਕਾਨੂੰਨ ਦੇ ਖਰੜੇ, ਸੁਪਰੀਮ ਕੋਰਟ ਵੱਲੋਂ ਨੌਇਡਾ ਜ਼ਮੀਨ ਗ੍ਰਹਿਣ ਮਾਮਲੇ 'ਚ ਕੀਤੀਆਂ ਟਿੱਪਣੀਆਂ ਅਤੇ ਕੌਮੀ ਸਲਾਹਕਾਰ ਕੌਂਸਲ ਦੀਆਂ ਸਿਫਾਰਸ਼ਾਂ ਨੂੰ ਧਿਆਨ 'ਚ ਰੱਖਕੇ ਦੇਖੀਏ।

ਭਾਗ ਦੂਜਾ

੧. ਤੱਥ ਖੋਜ ਕਮੇਟੀ ਨੇ ਪਿੰਡ ਦੇ ਲੋਕਾਂ, ਕਿਸਾਨ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਕਾਰਕੁੰਨਾਂ, ਸਿਆਸੀ ਆਗੂਆਂ, ਪੁਲਸ ਅਧਿਕਾਰੀਆਂ, ਸਬੰਧਤ ਵਿਭਾਗਾਂ ਦੇ ਕਰਮਚਾਰੀਆਂ, ਪੱਤਰਕਾਰਾਂ ਅਤੇ ਹੋਰ ਲੋਕ ਹਿੱਸਿਆਂ ਨਾਲ ਸੰਪਰਕ ਕੀਤਾ। ਇਹਨਾਂ ਸਰੋਤਾਂ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਕਮੇਟੀ ਇਸ ਸਿੱਟੇ 'ਤੇ ਪਹੁੰਚੀ ਹੈ ਕਿ ਗੋਬਿੰਦਪੁਰਾ ਜਮੀਨ ਗ੍ਰਹਿਣ ਦਾ ਅਮਲ ਸ਼ੱਕ ਅਤੇ ਵਿਵਾਦਾਂ 'ਚ ਘਿਰਿਆ ਹੋਇਆ ਹੈ। ਲੋਕਾਂ ਨੇ ਸ਼ਰੇਆਮ ਇੰਡੀਆ ਬੁਲਜ਼, ਅਕਾਲੀ ਆਗੂਆਂ, ਸਿਵਲ ਤੇ ਪੁਲਸ ਅਧਿਕਾਰੀਆਂ ਦੇ ਨਾਪਾਕ ਗੱਠਜੋੜ ਵਲੋਂ ਧੋਖਾਧੜੀ, ਫਰਾਡ, ਭਾਈ-ਭਤੀਜਾਵਾਦ, ਰਿਸ਼ਵਤਖੋਰੀ, ਸਿਆਸੀ ਬਲੈਕਮੇਲ, ਧਮਕਾਉਣ ਅਤੇ ਜਬਰ ਦੇ ਦੋਸ਼ ਲਾਏ।

੨. ਗੋਬਿੰਦਪੁਰਾ ਦੇ ਲੋਕਾਂ ਨੇ ਦੋਸ਼ ਲਾਇਆ ਕਿ ਕੁਝ ਸਥਾਨਕ ਅਕਾਲੀ ਆਗੂਆਂ ਨੇ ਇਹ ਪ੍ਰਜੈਕਟ ਉਦੋਂ ਇਸ ਪਿੰਡ 'ਚ ਲਿਆਂਦਾ ਜਦੋਂ ਕਿ ਭੁਪਾਲ ਅਤੇ ਹੋਰ ਪਿੰਡਾਂ ਦੇ ਲੋਕਾਂ ਨੇ ਇਸਨੂੰ ਰੱਦ ਕਰ ਦਿੱਤਾ ਸੀ। ਉਹ, ਉਹਨਾਂ ਹੀ ਅਕਾਲੀ ਆਗੂਆਂ - ਜਿਨ•ਾਂ 'ਚ ਇੱਕ ਸਾਬਕਾ ਵਿਧਾਇਕ ਵੀ ਸ਼ਾਮਲ ਹੈ, ਨੂੰ ਆਪਣੀ ਮੌਜੂਦਾ ਦਰਦਨਾਕ ਹਾਲਤ ਲਈ ਜੁੰਮੇਵਾਰ ਠਹਿਰਾਉਂਦੇ ਹਨ ਕਿਉਂਕਿ ਇਹਨਾਂ ਨੇ ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਸਾਜ਼-ਬਾਜ਼ ਕਰਕੇ ਗੋਬਿੰਦਪੁਰਾ ਪਿੰਡ ਦੀ ਜਿਆਦਾ ਜਮੀਨ ਇਸ ਪ੍ਰਜੈਕਟ ਲਈ ਗ੍ਰਹਿਣ ਕਰਵਾਈ ਅਤੇ ਜਿਨ•ਾਂ ਪਿੰਡਾਂ ਦੇ ਲੋਕਾਂ ਨੇ ਵਿਰੋਧ ਕੀਤਾ ਉਨ•ਾਂ ਦੀ ਜਮੀਨ ਛੁਡਵਾ ਦਿੱਤੀ। ਪਿੰਡ ਦੇ ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਇੱਕ ਅਕਾਲੀ ਆਗੂ ਨੇ ਉਹਨਾਂ ਦੇ ਕੁਝ ਕਾਗਜਾਂ 'ਤੇ ਦਸਖਤ/ਅੰਗੂਠੇ, ਪਿੰਡ 'ਚ ਆਰ.ਓ ਸਿਸਟਮ ਲਾਉਣ ਦੇ ਬਹਾਨੇ ਹੇਠ ਲਗਵਾ ਲਏ ਅਤੇ ਬਾਅਦ 'ਚ ਹੇਰਾਫੇਰੀ ਕਰਕੇ ਇਹਨਾਂ ਕਾਗਜਾਂ ਨੂੰ ਤਾਪ ਬਿਜਲੀ ਘਰ ਲਈ ਉਹਨਾਂ ਦੀ ਸਹਿਮਤੀ ਵਜੋਂ ਵਰਤਕੇ ਉਹਨਾਂ ਨਾਲ ਧੋਖਾ ਕੀਤਾ।

੩. ਰਾਜ ਸਰਕਾਰ ਦੀ ਪੱਧਰ 'ਤੇ ਵੀ ਗੜਬੜ ਸਾਫ਼ ਝਲਕਦੀ ਹੈ ਕਿਊਂਕਿ ਇਹ ਪ੍ਰਜੈਕਟ ਇੰਡੀਆ ਬੁਲਜ਼ ਦੀ ਸਹਾਇਕ ਪਿਓਨਾ ਪਾਵਰ ਕੰਪਨੀ ਨੂੰ ਖੁੱਲੀ ਬੋਲੀ ਰਾਹੀਂ ਨਹੀਂ ਸਗੋਂ ਮਨਮਰਜੀ 'ਤੇ ਅਧਾਰਤ ਸਹਿਮਤੀ-ਪੱਤਰ (Mo”) ਦੇ ਰਸਤੇ ਦਿੱਤਾ ਗਿਆ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਮਨਮਰਜੀ 'ਤੇ ਅਧਾਰਤ ਸਹਿਮਤੀ ਪੱਤਰ ਦੇ ਰਸਤੇ ਬਾਰੇ ਚਿਤਾਵਨੀ ਦਿੰਦਿਆਂ ਲਿਖਿਆ ਸੀ ਕਿ ਇਹ ਰਸਤਾ ਨਿਰੋਲ ਰੂਪ ਵਿੱਚ ਰਾਜ ਅੰਦਰ ਬਿਜਲੀ ਉਤਪਾਦਨ ਦੇ ਖੇਤਰ 'ਚ ਨਿੱਜੀ ਪੂੰਜੀ ਨੂੰ ਉਤਸ਼ਾਹਤ ਕਰਨ ਵਾਲਾ ਹੈ। ਇਹ ਇੱਕ ਅਜਿਹਾ ਕਦਮ ਹੈ ਜਿਸ ਨਾਲ ਖਪਤਕਾਰਾਂ ਨੂੰ ਬਿਜਲੀ ਮੰਹਿਗੀ ਮਿਲੇਗੀ। ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵੀ ਕੇਂਦਰ ਸਰਕਾਰ ਨੂੰ ਇਹ ਸਲਾਹ ਦਿੱਤੀ ਹੈ ਕਿ ਸਹਿਮਤੀ-ਪੱਤਰ ਦੇ ਰਸਤੇ ਸਥਾਪਤ ਕੀਤੇ ਤਾਪ ਬਿਜਲੀ ਘਰ, ਜਨਤਕ ਖੇਤਰ ਦੇ ਬਿਜਲੀ ਘਰਾਂ ਤੋਂ ਮੰਹਿਗੇ ਪੈਂਦੇ ਹਨ।

੪. ਗੋਬਿੰਦਪੁਰਾ ਤਾਪ ਬਿਜਲੀ ਘਰ ਨੂੰ ਨਾਂ ਤਾਂ ਅਜੇ ਪ੍ਰਦੂਸ਼ਨ ਕੰਟਰੋਲ ਅਧਿਕਾਰੀਆਂ ਤੋਂ ਪ੍ਰਵਾਨਗੀ ਮਿਲੀ ਹੈ (5nviromental 3learance) ਅਤੇ ਨਾ ਹੀ ਇਸਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨਾਲ ਬਿਜਲੀ ਖਰੀਦਣ ਸੰਬੰਧੀ ਸਮਝੌਤਾ (P.P.P) ਕੀਤਾ ਹੈ। ਲਗਦਾ ਇਹ ਹੈ ਕਿ ਇਹ ਸਾਰਾ ਕੁੱਝ ਜਾਣ ਬੁੱਝ ਕੇ ਨਹੀਂ ਕੀਤਾ ਗਿਆ ਤਾਂ ਜੋ ਇਸ ਪ੍ਰਜੈਕਟ ਦੇ ਖਰਚੇ ਅਤੇ ਲਾਭਾਂ (3ost-2enifits) ਸੰਬੰਧੀ ਪ੍ਰੇਸ਼ਾਨੀ ਭਰੇ ਸਵਾਲਾਂ ਤੋਂ ਬਚਿਆ ਜਾ ਸਕੇ।
੫. ਇਲਾਕੇ ਦੇ ਕੁੱਝ ਖੋਜੀ ਪੱਤਰਕਾਰਾਂ ਨੇ ਕਮੇਟੀ ਨੂੰ ਦੱਸਿਆ ਕਿ ਐਨਰੋਨ ਪਾਵਰ ਕਾਰਪੋਰੇਸ਼ਨ ਵਾਂਗ ਪਿਓਨਾ ਪਾਵਰ ਕੰਪਨੀ ਵੀ ਉਹਨਾਂ ਸਿਆਸੀ ਅਤੇ ਸਰਕਾਰੀ ਖੇਤਰ ਦੇ ਵੱਡੇ ਲੋਕਾਂ 'ਤੇ ਮੋਟੀਆਂ ਰਕਮਾਂ ਖਰਚ ਕਰ ਰਹੀ ਹੈ ਜੋ ਲੋਕਾਂ ਦਾ ਵਿਰੋਧ ਕੁਚਲਣ 'ਚ ਇਸਦੀ ਮੱਦਦ ਕਰਦੇ ਹਨ। ਜਾਹਰ ਹੈ ਕਿ ਬਹੁਤ ਸਾਰੇ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਇਸਦਾ ਲਾਹਾ ਲੈ ਰਹੇ ਹਨ। ਇਹ ਖਰਚੇ ਕੀਮਤੀ ਤੋਹਫਿਆਂ, ਕਿਸਾਨਾਂ ਨੂੰ ਮੁਆਵਜ਼ਾ ਲੈਣ ਲਈ ਮਨਾਉਣ ਵਾਲਿਆਂ ਨੂੰ ਇਨਾਮ, ਇਲਾਕੇ 'ਚ ਦੌਰਾ ਕਰਨ ਅਤੇ ਤਾਇਨਾਤ ਅਧਿਕਾਰੀਆਂ ਦੇ ਮਨੋਰੰਜਨ, ਖਾਣ-ਪੀਣ ਅਤੇ ਰਹਿਣ ਦਾ ਬੰਦੋਬਸਤ ਆਦਿ ਦੇ ਰੂਪ 'ਚ ਕੀਤਾ ਜਾ ਰਿਹਾ ਹੈ।

੬. ਇਸ ਪ੍ਰਜੈਕਟ ਲਈ ਜਮੀਨ ਗ੍ਰਹਿਣ ਕਰਨ 'ਚ ਸਰਕਾਰ ਦੀ ਮੁੱਖ ਟੇਕ ਅਸਲ 'ਚ ਜਬਰ 'ਤੇ ਰਹੀ ਹੈ। ਅਕਤੂਬਰ 2010 'ਚ ਇਸ ਪ੍ਰਜੈਕਟ ਦੇ ਸ਼ੁਰੂ ਹੋਣ ਤੋਂ ਅਤੇ ਇਸਦੇ ਨਾਲ ਹੀ ਲੋਕਾਂ ਵਲੋਂ ਇਸਦੇ ਵਿਰੋਧ 'ਚ ਖੜੇ ਹੋ ਜਾਣ ਤੋਂ, ਹੁਣ ਤੱਕ ਲੋਕਾਂ 'ਤੇ ਹਮਲਿਆਂ, ਲਾਠੀਚਾਰਜ, ਬੇਤਹਾਸ਼ਾ ਗ੍ਰਿਫ਼ਤਾਰੀਆਂ ਅਤੇ ਗੈਰ-ਕਨੂੰਨੀ ਨਜ਼ਰਬੰਦੀਆਂ, ਅੱਧੀਂ ਰਾਤੀਂ ਘਰੀਂ ਛਾਪੇਮਾਰੀ ਅਤੇ ਫਾਇਰਿੰਗ ਦੀਆਂ ਘਟਨਾਵਾਂ ਦੀ ਇੱਕ ਲੰਮੀ ਲੜੀ ਹੈ। ਲੋਕਾਂ ਵਿਰੁੱਧ ਇਹ ਸਾਰੀਆਂ ਕਾਰਵਾਈਆਂ ਸੀਨੀਅਰ ਪੁਲਸ ਕਪਤਾਨ ਅਤੇ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਡੀ.ਆਈ.ਜੀ ਬਠਿੰਡਾ ਦੀ ਸਿੱਧੀ ਨਿਗਰਾਨੀ ਹੇਠ ਕੀਤੀਆਂ ਗਈਆਂ ਹਨ। ਸੰਘਰਸ਼ ਕਰ ਰਹੇ ਲੋਕਾਂ 'ਤੇ ਸਾਰੇ ਵੱਡੇ ਹਮਲਿਆਂ ਦੀ ਅਗਵਾਈ ਇਹ ਅਧਿਕਾਰੀ ਨਿੱਜੀ ਰੂਪ 'ਚ ਕਰਦੇ ਰਹੇ ਹਨ।

੭. 21 ਜੂਨ 2011 ਤੋਂ ਇਸ ਪਿੰਡ ਨੂੰ ਇੱਕ ਵੱਡੀ ਜੇਲ• ਬਣਾ ਦਿੱਤਾ ਗਿਆ। ਇਸ ਪਿੰਡ ਵੱਲ ਜਾਂਦੇ ਸਾਰੇ ਰਾਹ, ਸੜਕਾਂ ਅਤੇ ਪੱਗ-ਡੰਡੀਆਂ 'ਤੇ ਪੁਲਸ ਨੇ ਮੋਰਚੇਬੰਦੀਆਂ ਕੀਤੀਆਂ ਹੋਈਆਂ ਹਨ। ਪਲਸ ਅਤੇ ਬਲੈਕ ਕਮਾਂਡੋਆਂ ਦੀਆਂ ਵੱਡੀਆਂ ਧਾੜਾਂ ਇੱਥੇ ਤਾਇਨਾਤ ਹਨ। ਪੁਲਸ 'ਚ ਨਵੀਆਂ ਭਰਤੀ ਹੋਈਆਂ ਲੜਕੀਆਂ ਨੂੰ ਪਿੰਡ ਦੇ ਆਲੇ-ਦੁਆਲੇ ਲੱਗੇ ਦੂਰ-ਦੁਰਾਡੇ ਨਾਕਿਆਂ 'ਤੇ ਤਾਇਨਾਤ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਰਾਤ ਭਰ ਉੱਥੇ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਪੁਰਸ਼ ਪੁਲਸ ਮੁਲਾਜ਼ਮਾਂ ਵਲੋਂ ਇਸ ਸਥਿਤੀ ਦਾ ਨਾਜਾਇਜ਼ ਲਾਹਾ ਲੈਂਦਿਆਂ, ਔਰਤ ਕਰਮਚਾਰੀਆਂ ਨਾਲ ਛੇੜ-ਛਾੜ ਅਤੇ ਜਿਨਸੀ ਸ਼ੋਸ਼ਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਕੁਝ ਔਰਤ ਕਰਮਚਾਰੀਆਂ ਵਲੋਂ ਸ਼ਿਕਾਇਤ ਕੀਤੇ ਜਾਣ 'ਤੇ ਇੱਕ ਥਾਣੇਦਾਰ ਅਤੇ ਹਵਾਲਦਾਰ ਖਿਲਾਫ ਐਫ.ਆਈ.,ਆਰ ਵੀ ਦਰਜ ਕੀਤੀ ਗਈ ਹੈ।

੮. ਜੰਗ ਵਰਗੀ ਸਥਿਤੀ ਹੈ। ਬਾਹਰਲੇ ਲੋਕਾਂ ਨੂੰ ਪਿੰਡ 'ਚ ਨਹੀਂ ਵੜਨ ਦਿੱਤਾ ਜਾਂਦਾ। ਖੇਤੀਬਾੜੀ ਨਾਲ ਸਬੰਧਤ ਕੰਮ ਧੰਦੇ ਕਰਨ, ਪਸ਼ੂ ਚਾਰਨ, ਪੱਠੇ ਲੈਣ ਜਾ ਰਹੇ ਪਿੰਡ ਦੇ ਲੋਕਾਂ ਦੀ ਵੀ ਡੂੰਘੀ ਪੁੱਛਗਿਛ ਕੀਤੀ ਜਾਂਦੀ ਹੈ ਅਤੇ ਤਲਾਸ਼ੀਆਂ ਲਈਆਂ ਜਾਂਦੀਆਂ ਹਨ। ਕਿਸਾਨ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਭਰਾਤਰੀ ਜਨਤਕ ਜੱਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੇ ਵੀ ਕਿਸੇ ਜਾਣੇ ਪਛਾਣੇ ਆਗੂ ਨੂੰ ਪਿੰਡ 'ਚ ਨਹੀਂ ਵੜਨ ਦਿੱਤਾ ਜਾਂਦਾ। ਸਪਸ਼ਟ ਹੈ ਕਿ ਪਿੰਡ ਦੇ ਲੋਕਾਂ ਨੂੰ ਸਿਵਾਏ ਪਿਓਨਾ ਪਾਵਰ ਕੰਪਨੀ ਅਤੇ ਪ੍ਰਬੰਧਕੀ ਅਧਿਕਾਰਆਂ ਦੇ, ਹੋਰ ਸਾਰੇ ਬਾਹਰੀ ਪ੍ਰਭਾਵਾਂ ਤੋਂ ਦੂਰ ਰੱਖਣ ਦੀ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਬਹੁਤ ਵਾਰੀ ਵਿਦਿਆਰਥੀਆਂ ਨੂੰ ਸਕੂਲਾਂ/ਕਾਲਜਾਂ 'ਚ ਜਾਣ ਅਤੇ ਇਮਤਿਹਾਨ ਦੇਣ ਤੋਂ ਵੀ ਰੋਕਿਆ ਗਿਆ ਹੈ। ਮੁੱਕਦੀ ਗੱਲ ਇਹ ਕਿ ਇੱਕ ਨਿੱਜੀ ਕੰਪਨੀ ਦੇ ਹਿੱਤਾਂ ਦੀ ਰਾਖੀ ਕਰਨ ਲਈ, ਲੋਕਾਂ ਦੇ ਉਹ ਸਾਰੇ ਬੁਨਿਆਦੀ ਅਧਿਕਾਰ ਕੁਚਲ ਦਿੱਤੇ ਗਏ ਹਨ, ਜਿਨ•ਾਂ ਦੇ ਸੰਵਿਧਾਨ ਵਿੱਚ ਦਰਜ ਹੋਣ ਦਾ ਸਾਡੇ ਹਾਕਮ ਤਿੰਘ-ਤਿੰਘ ਕੇ ਜਿਕਰ ਕਰਦੇ ਹਨ।

੯. ਇਸ ਸਾਰੀ ਕਾਰਵਾਈ ਲਈ ਪੰਜਾਬ ਦੇ ਵੱਖ ਵੱਖ ਜਿਲਿਆ ਤੋਂ ਲੱਗਭੱਗ 2000 ਪੁਲਸ ਕਰਮਚਾਰੀ ਇੱਕਠੇ ਕਰਕੇ ਗੋਬਿੰਦਪੁਰਾ, ਸਿਰਸੀਵਾਲਾ, ਜਲਬਹੇੜਾ, ਦਿਆਲਪੁਰਾ, ਕਿਸ਼ਨਗੜ•, ਕੁੱਲਰੀਆਂ, ਚੱਕ ਅਲੀਸ਼ੇਰ ਅਤੇ ਜਿਲੇ ਦੇ ਹੋਰ ਪਿੰਡਾਂ 'ਚ ਤਾਇਨਾਤ ਕੀਤਾ ਗਿਆ ਹੈ।

੧੦. ਜਬਰ ਦੀ ਲੰਮੀ ਲੜੀ:

9. 21 ਜੂਨ 2011 ਨੂੰ ਸਵੇਰੇ ਸੁਵਖਤੇ ਹੀ ਜ਼ਿਲਾ ਅਧਿਕਾਰੀਆਂ ਨੇ ਪੁਲਸ ਦੀ ਇੱਕ ਵੱਡੀ ਧਾੜ ਨੂੰ ਨਾਲ ਲੈਕੇ ਪ੍ਰਜੈਕਟ ਲਈ ਗ੍ਰਹਿਣ ਕੀਤੀ ਜਮੀਨ ਦੀ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ। ਪਿੰਡ ਦੇ ਲੋਕਾਂ ਨੇ - ਜਿਨ•ਾਂ 'ਚ ਆਦਮੀ, ਔਰਤਾਂ, ਛੋਟੇ ਲੜਕੇ ਅਤੇ ਲੜਕੀਆਂ ਸ਼ਾਮਲ ਸਨ, ਨੇ ਇਸਦਾ ਵਿਰੋਧ ਕੀਤਾ। ਉਹ ਰੇਲਵੇ ਲਾਈਨ 'ਤੇ ਬੈਠ ਗਏ ਤੇ ਟਰੈਫਿਕ ਜਾਮ ਕਰ ਦਿੱਤਾ। ਪੁਲਸ ਨੇ ਉਹਨਾਂ ਨੂੰ ਡਰਾਉਣ-ਧਮਕਾਉਣ ਅਤੇ ਧੱਕਾ ਮੁੱਕੀ ਕਰਨ ਤੋਂ ਬਾਅਦ 19 ਔਰਤਾਂ, 47 ਮਰਦ ਅਤੇ 6 ਨਾਬਾਲਗ ਲੜਕੀਆਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਭੀਖੀ ਠਾਣੇ ਦੀ ਹਵਾਲਾਤ 'ਚ ਲਿਜਾਕੇ ਬੰਦ ਕਰ ਦਿੱਤਾ। ਜਦੋਂ ਕਿਸਾਨ ਜੱਥੇਬੰਦੀਆਂ - ਬੀ.ਕੇ.ਯੂ (ਉਗਰਾਹਾਂ) ਅਤੇ ਬੀ.ਕੇ.ਯੂ. (ਡਕੌਂਦਾ) ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਨੇੜਲੇ ਪਿੰਡਾਂ ਤੋਂ ਆਪਣੇ ਵਰਕਰਾਂ ਨੂੰ ਗੋਬਿੰਦਪੁਰਾ ਕੂਚ ਕਰਨ ਦਾ ਸੱਦਾ ਦਿੱਤਾ। ਪੁਲਸ ਨੇ ਗੋਬਿੰਦਪੁਰਾ ਵੱਲ ਆਉਂਦੇ ਸਾਰੇ ਰਾਹਾਂ ਦੀ ਨਾਕੇਬੰਦੀ ਕੀਤੀ ਹੋਈ ਸੀ। ਲੱਗਭੱਗ 100 ਵਿਅਕਤੀਆਂ ਨੂੰ ਵੱਖ ਵੱਖ ਨਾਕਿਆਂ ਤੋਂ ਗ੍ਰਿਫ਼ਤਾਰ ਕਰਕੇ ਬੋਹਾ ਅਤੇ ਬੁਢਲਾਡਾ ਥਾਣਿਆਂ 'ਚ ਡੱਕ ਦਿੱਤਾ। ਦੇਰ ਰਾਤ ਡੀ.ਸੀ ਅਤੇ ਐਸ.ਐਸ.ਪੀ ਮਾਨਸਾ ਭੀਖੀ ਥਾਣੇ 'ਚ ਪਹੁੰਚੇ ਅਤੇ ਉਹਨਾਂ ਨੇ ਕਿਸਾਨ ਜੱਥੇਬੰਦੀਆਂ ਦੇ ਗ੍ਰਿਫਤਾਰ ਕੀਤੇ ਆਗੂਆਂ ਨਾਲ ਗੱਲਬਾਤ ਸ਼ੁਰੂ ਕੀਤੀ। ਗੱਲਬਾਤ ਤੋਂ ਬਾਅਦ ਸਾਰੇ ਗ੍ਰਿਫ਼ਤਾਰ ਲੋਕਾਂ ਨੂੰ ਰਿਹਾਅ ਕਰਨ ਅਤੇ ਅਗਲੇ ਦਿਨ ਕਿਸਾਨ ਆਗੂਆਂ ਨਾਲ ਸਾਰਾ ਮਸਲਾ ਵਿਚਾਰਨ ਲਈ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ।

99. 22 ਜੂਨ 2011 ਨੂੰ ਤਿੱਖੀ ਧੁੱਪ ਅਤੇ ਲੋਹੜੇ ਦੀ ਗਰਮੀ ਦੇ ਬਾਵਜੂਦ ਮਾਨਸਾ ਜ਼ਿਲੇ ਦੇ ਵੱਖ ਵੱਖ ਪਿੰਡਾਂ ਤੋਂ ਗੋਬਿੰਦਪੁਰਾ ਦੇ ਕਿਸਾਨਾਂ ਦੀ ਮੱਦਦ ਲਈ ਸੈਂਕੜੇ ਕਿਸਾਨ ਜ਼ਿਲਾ ਕਚਹਿਰੀਆਂ 'ਚ ਪੁੱਜ ਗਏ ਅਤੇ ਜਬਰੀ ਜਮੀਨਾਂ ਹਥਿਆਉਣ ਵਿਰੁੱਧ ਰੋਸ ਧਰਨੇ 'ਤੇ ਬੈਠ ਗਏ। ਮਾਨਸਾ ਆਉਂਦੀਆਂ ਸਾਰੀਆਂ ਸੜਕਾਂ 'ਤੇ ਨਾਕੇ ਲਾਕੇ ਅਤੇ ਉੱਥੇ ਵੱਡੀ ਗਿਣਤੀ 'ਚ ਪੁਲਸ ਬਲ ਤਾਇਨਾਤ ਕਰਕੇ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਇਸਦੇ ਬਾਵਜੂਦ ਵੀ ਗੋਬਿੰਦਪੁਰਾ, ਸਿਰਸੀਵਾਲਾ, ਚੱਕ ਅਲੀਸ਼ੇਰ, ਬਹਾਦਰਪੁਰ ਅਤੇ ਹੋਰ ਪਿੰਡਾਂ ਦੇ ਲੋਕ ਵੱਡੀ ਗਿਣਤੀ 'ਚ ਇਸ ਧਰਨੇ 'ਚ ਪੁੱਜ ਗਏ।
999. ਧਰਨੇ ਦੌਰਾਨ ਹੋਈ ਮੀਟਿੰਗ 'ਚ ਪ੍ਰਸ਼ਾਸਨ ਨੇ ਨਵੀਂ ਗ੍ਰਹਿਣ ਕੀਤੀ 166 ਏਕੜ ਜਮੀਨ ਦੀ ਨਿਸ਼ਾਨਦੇਹੀ ਨਾ ਕਰਨ ਅਤੇ ਉੱਥੇ ਪਿਲਰ ਨਾ ਲਾਉਣਾ ਮੰਨ ਲਿਆ। ਇਹ ਵਾਅਦਾ ਕੀਤਾ ਗਿਆ ਕਿ ਇਹ ਜਮੀਨ ਗ੍ਰਹਿਣ ਨਹੀਂ ਕੀਤੀ ਜਾਵੇਗੀ। ਕਿਸਾਨ ਜੱਥੇਬੰਦੀਆਂ ਨੇ ਇਹ ਸ਼ਰਤ ਰੱਖੀ ਕਿ ਜਦੋਂ ਤੱਕ ਇਸ ਜਮੀਨ ਨੂੰ ਗ੍ਰਹਿਣ ਕਰਨ ਤੋਂ ਮੁਕਤ ਕਰਨ ਦੀ ਅਧਿਸੂਚਨਾ ਜਾਰੀ ਨਹੀਂ ਹੁੰਦੀ ਉਦੋਂ ਤੱਕ ਸਾਰੀ ਜਮੀਨ ਦੀ ਨਿਸ਼ਾਨਦੇਹੀ ਦਾ ਕੰਮ ਮੁੜ ਸ਼ੁਰੂ ਨਹੀਂ ਕੀਤਾ ਜਾਵੇਗਾ। ਕਿਸਾਨਾਂ ਨੂੰ ਜਮੀਨ ਵਾਹੁਣ ਤੇ ਫਸਲ ਬੀਜਣ ਦੀ ਇਜਾਜਤ ਦੇ ਦਿੱਤੀ ਗਈ। ਇੱਕ ਮਹੀਨਾ ਸਥਿਤੀ ਸ਼ਾਂਤ ਰਹੀ।

9V. ਇੱਕ ਮਹੀਨੇ ਬਾਅਦ 23 ਜੁਲਾਈ ਨੂੰ ਪ੍ਰਸ਼ਾਸਨ ਨੇ ਪੁਲਸ ਦੀਆਂ ਵੱਡੀਆਂ ਧਾੜਾਂ ਲੈਕੇ, ਮੂੰਹ-ਹਨੇਰੇ ਫਿਰ ਚੜਾਈ ਕਰ ਦਿੱਤੀ ਅਤੇ ਜਮੀਨ ਦਾ ਕਬਜਾ ਲੈਣਾ ਸ਼ੁਰੂ ਕਰ ਦਿੱਤਾ - ਸਮੇਤ ਨਵੀਂ ਗ੍ਰਹਿਣ ਕੀਤੀ 166 ਏਕੜ ਦੇ ਜਿਸਨੂੰ ਪਹਿਲਾਂ ਗ੍ਰਹਿਣ ਕਰਨ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਗਿਆ ਸੀ। ਉਹਨਾਂ ਨੇ ਸਾਰੇ 880 ਏਕੜ ਜਮੀਨ ਦੁਆਲੇ ਕੰਡਿਆਲੀ ਤਾਰ ਲਗਾਉਣੀ ਸ਼ੁਰੂ ਕਰ ਦਿੱਤੀ। ਜਦੋਂ ਲੋਕਾਂ ਨੇ ਇਸਦਾ ਵਿਰੋਧ ਕੀਤਾ ਤਾਂ ਪੁਲਸ ਨੇ 26 ਮਰਦਾਂ ਅਤੇ 12 ਔਰਤਾਂ ਨੂੰ ਗ੍ਰਿਫਤਾਰ ਕਰਕੇ ਭੀਖੀ ਠਾਣੇ 'ਚ ਡੱਕ ਦਿੱਤਾ। ਇਸਤੋਂ ਬਾਅਦ ਬੀ.ਕੇ.ਯੂ (ਉਗਰਾਹਾਂ) ਅਤੇ ਬੀ.ਕੇ.ਯੂ (ਡਕੌਂਦਾ) ਦੇ ਆਗੂਆਂ ਸਮੇਤ ਹੋਰ ਵੀ ਅਨੇਕਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ 'ਚ ਔਰਤਾਂ ਅਤੇ 6 ਵਿਦਿਆਰਥਣਾਂ ਵੀ ਸ਼ਾਮਲ ਸਨ ਜਿਹਨਾਂ 'ਚੋਂ 5 ਨਾਬਾਲਗ ਸਨ। ਇਹਨਾਂ ਸਾਰਿਆਂ ਨੂੰ ਅਮਨ ਕਨੂੰਨ ਭੰਗ ਕਰਨ ਦੇ ਖਦਸ਼ੇ ਤਹਿਤ ਧਾਰਾ 107/151 ਸੀ ਆਰ.ਪੀ.ਸੀ ਤਹਿਤ ਫੜਿ•ਆ ਗਿਆ ਅਤੇ ਜੇਲ• ਡੱਕ ਦਿੱਤਾ। ਅੱਧੀ ਰਾਤ ਨੂੰ ਜੇਲ• ਅਧਿਕਾਰੀਆਂ ਨੇ 6 ਕੁੜੀਆਂ ਨੂੰ ਰਿਹਾਅ ਕਰ ਦਿੱਤਾ, ਬਿਨਾਂ ਇਸ ਗੱਲ ਦਾ ਧਿਆਨ ਰੱਖਿਆਂ ਕਿ ਅੱਧੀ ਰਾਤ ਨੂੰ ਉਹ 80 ਕਿਲੋਮੀਟਰ ਦੂਰ ਆਪਣੇ ਪਿੰਡ ਬਠਿੰਡਾ ਤੋਂ ਕਿਵੇਂ ਜਾਣਗੀਆਂ। ਕਿਸਾਨਾਂ 'ਚ ਫੁੱਟ ਪਾਉਣ ਲਈ ਸਰਕਾਰ ਨੇ ਗੋਬਿੰਦਪੁਰਾ ਦੇ 26 ਕਿਸਾਨਾਂ ਨੂੰ ਰਿਹਾਅ ਕਰਨ ਦਾ ਹੁਕਮ ਵੀ ਜਾਰੀ ਕਰ ਦਿੱਤਾ ਪਰ ਇਹ ਕਿਸਾਨ ਸਰਕਾਰ ਦੀ ਚਾਲ ਨੂੰ ਸਮਝਦਿਆਂ ਅੜ• ਗਏ ਅਤੇ ਬਾਕੀ ਜੇਲ• ਡੱਕੇ ਕਿਸਾਨਾਂ ਤੋਂ ਬਿਨਾਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਜੇਲ• ਅਧਿਕਾਰੀਆਂ ਨੇ ਉਹਨਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਆਪਣੇ ਫੈਸਲੇ 'ਤੇ ਅੜੇ ਰਹੇ।

V. 24 ਜੁਲਾਈ ਨੂੰ ਦੋਹਾਂ ਕਿਸਾਨ ਜੱਥੇਬੰਦੀਆਂ ਨੇ ਫਿਰ ਆਪਣੇ ਕਰਿੰਦਿਆਂ ਨੂੰ ਗੋਬਿੰਦਪੁਰੇ ਵੱਲ ਕੂਚ ਕਰਨ ਦਾ ਸੱਦਾ ਦਿੱਤਾ। ਰੋਸ ਪ੍ਰਗਟ ਕਰ ਰਹੇ ਕਿਸਾਨਾਂ ਅਤੇ ਪੁਲਸ ਵਿਚਕਾਰ ਕਈ ਥਾਈਂ ਝੱੜਪਾਂ ਹੋਈਆਂ। ਚੀਮਾਂ, ਫੱਫੜੇ ਭਾਈਕੇ, ਭੀਖੀ, ਢੈਪਈ ਪਿੰਡਾਂ 'ਚੋਂ ਜਦੋਂ ਕਿਸਾਨ ਗੋਬਿੰਦਪੁਰੇ ਜਾ ਰਹੇ ਸੀ ਤਾਂ 60 ਕਿਸਾਨਾਂ ਨੂੰ ਰਾਠੀ ਕੇ ਬੁਰਜ ਤੋਂ, 70 ਕਿਸਾਨਾਂ ਨੂੰ ਰੰਘੜਿਆਲ ਤੋਂ ਅਤੇ 12 ਕਿਸਾਨਾਂ ਨੂੰ ਭੀਖੀ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ 'ਚੋਂ 29 ਕਿਸਾਨ ਫ਼ਿਰੋਜ਼ਪੁਰ ਜੇਲ• ਭੇਜ ਦਿੱਤੇ ਗਏ ਅਤੇ ਬਾਕੀਆਂ ਨੂੰ ਰਾਤ ਨੂੰ ਰਿਹਾਅ ਕਰ ਦਿੱਤਾ। ਸ਼੍ਰੀ ਰਵਿੰਦਰ ਸਿੰਘ ਡੀ.ਸੀ ਮਾਨਸਾ ਅਤੇ ਸ਼੍ਰੀ ਪੀ.ਐਸ ਗਰੇਵਾਲ ਡੀ.ਆਈ.ਜੀ ਦੀ ਨਿਗਰਾਨੀ ਹੇਠ ਕੀਤੀ ਕਾਰਵਾਈ 'ਚ ਲੱਗਭੱਗ 400 ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਗ੍ਰਿਫਤਾਰੀਆਂ ਲਗਾਤਾਰ ਜਾਰੀ ਰਹੀਆਂ। ਪਹਿਲੀ ਅਗਸਤ 2011 ਨੂੰ ਬਠਿੰਡਾ ਜੇਲ• 'ਚ 140, ਸੰਗਰੂਰ ਜੇਲ• 'ਚ 133 ਅਤੇ ਫਿਰੋਜ਼ਪੁਰ 'ਚ 40 ਕਿਸਾਨ ਬੰਦ ਸਨ। ਉਸ ਦਿਨ ਬਠਿੰਡਾ ਜੇਲ• 'ਚ 40 ਹੋਰ ਕਿਸਾਨ ਫੜ• ਕੇ ਲਿਆਂਦੇ ਗਏ।

V9. ਪੁਲਸ ਨੇ ਕਾਂਗਰਸੀ ਵਿਧਾਇਕਾਂ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਨੂੰ ਵੀ ਪਿੰਡ 'ਚ ਵੜਨ ਨਹੀਂ ਦਿੱਤਾ। 29 ਅਤੇ 30 ਜੁਲਾਈ ਨੂੰ ਜਦੋਂ ਕਾਂਗਰਸੀ ਵਿਧਾਇਕ ਅਤੇ ਇੱਕ ਪਾਰਲੀਮੈਂਟ ਮੈਂਬਰ ਗੋਬਿੰਦਪੁਰਾ ਜਾਣ ਲੱਗੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੁਝ ਦੇਰ ਹਿਰਾਸਤ 'ਚ ਰੱਖਣ ਤੋਂ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਬਾਅਦ ਵਿੱਚ ਸੀ.ਪੀ.ਆਈ ਦੇ ਇੱਕ ਸਾਬਕਾ ਵਿਧਾਇਕ ਅਤੇ ਹੋਰ ਆਗੂਆਂ ਨੂੰ ਪਿੰਡ ਜਾਂਦਿਆਂ ਗ੍ਰਿਫਤਾਰ ਕਰਕੇ ਕੁੱਝ ਘੰਟੇ ਹਿਰਾਸਤ 'ਚ ਰੱਖਿਆ ਗਿਆ।

V99. 2 ਅਗਸਤ ਨੂੰ ਜਦੋਂ ਪੰਜਾਬ ਦੀਆਂ 17 ਕਿਸਾਨ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸੱਦੇ 'ਤੇ ਪੰਜਾਬ ਭਰ ਤੋਂ ਹਜ਼ਾਰਾਂ ਕਿਸਾਨ ਅਤੇ ਖੇਤ ਮਜ਼ਦੂਰ, ਗੋਬਿੰਦਪੁਰਾ ਵੱਲ ਮਾਰਚ ਕਰ ਰਹੇ ਸਨ ਤਾਂ ਪੁਲਸੀ ਧਾੜਾਂ ਉਹਨਾਂ 'ਤੇ ਟੁੱਟ ਪਈਆਂ। ਬਰਨਾਲਾ ਜਿਲੇ ਦੇ ਪਿੰਡ ਕੋਟ ਦੁੰਨੇਂ ਕੋਲ ਪੁਲਸ ਨੇ ਅੰਨ•ੇਵਾਹ ਵਹਿਸ਼ੀ ਲਾਠੀਚਾਰਜ ਕੀਤਾ ਜਿਸ ਨਾਲ ਇੱਕ ਕਿਸਾਨ - ਸੁਰਜੀਤ ਸਿੰਘ ਹਮੀਦੀ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਕਿਸਾਨ ਜਖਮੀ ਹੋ ਗਏ। ਪੁਲਸ ਨੇ, ਜਿਹਨਾਂ ਗੱਡੀਆਂ 'ਚ ਕਿਸਾਨ ਸਫ਼ਰ ਕਰ ਰਹੇ ਸਨ, ਉਹਨਾਂ ਦੀ ਬੁਰੀ ਤਰ•ਾਂ ਭੰਨ-ਤੋੜ ਕੀਤੀ। ਮੌੜ ਕੈਂਚੀਆਂ ਕੋਲ ਵੀ ਪੁਲਸ ਨੇ ਰੋਸ ਪ੍ਰਗਟ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ ਅਤੇ ਫਾਇਰਿੰਗ ਕੀਤੀ। ਇਸ ਤੋਂ ਪਹਿਲਾਂ ਪੰਜਾਬ ਭਰ 'ਚ ਪੁਲਸ ਨੇ ਛਾਪੇ ਮਾਰ ਕੇ ਸੈਂਕੜੇ ਕਿਸਾਨ ਅਤੇ ਖੇਤ ਮਜ਼ਦੂਰ ਆਗੂਆਂ ਨੂੰ ਜੇਲ•ੀਂ ਡੱਕ ਦਿੱਤਾ।

V999. 13 ਅਗਸਤ ਨੂੰ ਪੁਲਸ ਨੇ ਗੋਬਿੰਦਪੁਰਾ 'ਚ ਉਹਨਾਂ ਲੋਕਾਂ 'ਤੇ ਲਾਠੀਚਾਰਜ ਕੀਤਾ ਜੋ ਪ੍ਰਜੈਕਟ ਅਧਿਕਾਰੀਆਂ ਵਲੋਂ ਉਹਨਾਂ ਦੀ ਜਮੀਨ 'ਚ ਗੱਡੇ ਨਿਸ਼ਾਨਦੇਹੀ ਦੇ ਪੱਥਰ ਪੁੱਟ ਰਹੇ ਸਨ। ਇਹਨਾਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਪੁਲਸ ਨੇ 70 ਲੋਕਾਂ ਨੂੰ - ਸਮੇਤ ਔਰਤਾਂ ਅਤੇ ਬੱਚਿਆਂ ਦੇ ਗ੍ਰਿਫ਼ਤਾਰ ਕੀਤਾ।

9X. ਗੋਬਿੰਦਪੁਰਾ ਦੇ ਲੋਕਾਂ ਦਾ ਸੰਘਰਸ਼ ਜਾਰੀ ਹੈ। ਅੱਤ ਦਾ ਜਬਰ, ਧਮਕੀਆਂ ਅਤੇ ਲਾਲਚ ਤੋਂ ਬੇਖੌਫ਼, ਉਹ ਆਪਣੀ ਜਮੀਨ ਨਾ ਛੱਡਣ 'ਤੇ ਅੜੇ ਹੋਏ ਹਨ। ਜਿਹਨਾਂ ਲੋਕਾਂ ਨੇ ਗੁੰਮਰਾਹ ਹੋਕੇ ਪਹਿਲਾਂ ਮੁਆਵਜਾ ਪ੍ਰਵਾਨ ਕਰ ਲਿਆ ਸੀ, ਉਹਨਾਂ 'ਚੋਂ ਬਹੁਤੇ ਇਹ ਵਾਪਸ ਕਰਨ ਲਈ ਤਿਆਰ ਹਨ।
ਔਰਤਾਂ ਅਤੇ ਬੱਚਿਆਂ - ਖਾਸ ਤੌਰ 'ਤੇ ਲੜਕੀਆਂ ਨੇ ਇਸ ਸੰਘਰਸ਼ 'ਚ ਬਹੁਤ ਸ਼ਾਨਦਾਰ ਰੋਲ ਅਦਾ ਕੀਤਾ ਹੈ। ਜਦੋਂ ਉਹਨਾਂ ਦੇ ਘਰ ਦੇ ਮਰਦ ਜੇਲ• 'ਚ ਸੁੱਟ ਦਿੱਤੇ ਗਏ ਸਨ ਅਤੇ ਪਿੰਡ ਪੁਲਸ ਛਾਉਣੀ ਬਣਿਆ ਹੋਇਆ ਸੀ ਤਾਂ ਅਜਿਹੀਆਂ ਸੰਕਟਮਈ ਹਾਲਤਾਂ 'ਚ ਉਹਨਾਂ ਨੇ ਸੰਘਰਸ਼ ਦੀ ਲਾਟ ਮਘਦੀ ਰੱਖੀ ਹੈ। ਉਹ ਸੰਘਰਸ਼ ਦੇ ਮੈਦਾਨ 'ਚ ਡਟੀਆਂ, ਪੁਲਸ ਦੀਆਂ ਡਾਂਗਾਂ ਅਤੇ ਧੱਕਾਮੁੱਕੀ ਆਪਣੇ ਪਿੰਡਿਆਂ ਤੇ ਝੱਲੀ ਅਤੇ ਆਪਣੇ ਅਜਿੱਤ ਜੋਸ਼ ਨਾਲ ਜਬਰ ਦਾ ਟਾਕਰਾ ਕੀਤਾ।


ਭਾਗ ਤੀਜਾ

੧. ਜਮਹੂਰੀ ਫਰੰਟ ਇਹ ਸਮਝਦਾ ਹੈ ਕਿ ਭੂਮੀ ਗ੍ਰਹਿਣ ਕਨੂੰਨ ਅਤੇ ਸਰਕਾਰ ਦੀ ਭੂਮੀ ਗ੍ਰਹਿਣ ਨੀਤੀ - ਦੋਵੇਂ ਹੀ ਲੋਕ ਵਿਰੋਧੀ ਹਨ ਅਤੇ ਬੀਤੇ ਸਾਮਰਾਜੀ ਕਾਲ ਦੇ ਪ੍ਰਤੀਕ ਹਨ। ਭਾਰਤੀ ਹਾਕਮਾਂ ਨੇ “ਜਨਤਕ ਹਿੱਤ“ ਦੀ ਪਰਿਭਾਸ਼ਾ 'ਚ ਨਿੱਜੀ ਕੰਪਨੀਆਂ ਲਈ ਗ੍ਰਹਿਣ ਕੀਤੀ ਜਾਣ ਵਾਲੀ ਜਮੀਨ ਨੂੰ ਸ਼ਾਮਲ ਕਰਕੇ ਭਾਰਤੀ ਹਾਕਮ, ਸਾਮਰਾਜੀ ਹਾਕਮਾਂ ਤੋਂ ਵੀ ਦੋ ਕਦਮ ਅੱਗੇ ਚਲੇ ਗਏ ਹਨ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ, ਜੋ ਕਈ ਪੀੜ•ੀਆਂ ਤੋਂ ਖੇਤੀ ਨਾਲ ਜੁੜੇ ਹੋਏ ਹਨ, ਜਮੀਨ ਖੁੱਸਣ ਦੇ ਇਵਜ਼ 'ਚ ਦਿੱਤਾ ਜਾਣ ਵਾਲਾ ਕੋਈ ਵੀ ਮੁਆਵਜ਼ਾ, ਉਹਨਾਂ ਦੇ ਜਖਮ ਨਹੀਂ ਭਰ ਸਕਦਾ। ਅਸਲ 'ਚ ਸਾਰਾ ਹੀ ਪੇਂਡੂ ਅਰਥਚਾਰਾ ਜਮੀਨ ਦੁਆਲੇ ਘੁੰਮਦਾ ਹੈ।

੨. ਫਿਰ ਵੀ ਗੋਬਿੰਦਪੁਰਾ ਪਿੰਡ ਦੇ ਲੋਕਾਂ ਵਲੋਂ ਪ੍ਰਗਟਾਏ ਵਿਚਾਰ ਅਤੇ ਜਮੀਨੀ ਹਕੀਕਤਾਂ ਨੂੰ ਧਿਆਨ 'ਚ ਰੱਖਦਿਆਂ ਜਮਹੂਰੀ ਫਰੰਟ ਮੰਗ ਕਰਦਾ ਹੈ:

9. ਗੋਬਿੰਦਪੁਰਾ 'ਚ ਜਮੀਨ ਗ੍ਰਹਿਣ ਦਾ ਮੌਜੂਦਾ ਅਮਲ ਤੁਰੰਤ ਰੋਕਿਆ ਜਾਵੇ ਕਿਉਂਕਿ ਇਹ ਗ਼ੈਰ-ਕਨੂੰਨੀ, ਗ਼ੈਰ-ਜਮਹੂਰੀ ਅਤੇ ਸਰਕਾਰ ਵਲੋਂ ਖੁਦ ਐਲਾਨੀ ਨੀਤੀ ਦੇ ਉਲਟ ਹੈ। ਕਿਸਾਨਾਂ ਨੂੰ ਉਹਨਾਂ ਦੀ ਜਮੀਨ ਵਾਪਸ ਦਿੱਤੀ ਜਾਵੇ।

99. ਜਿਹੜੇ ਮਕਾਨ ਜਾਂ ਪਲਾਟ ਸਰਕਾਰ ਨੇ ਗ੍ਰਹਿਣ ਕੀਤੇ ਹਨ ਉਹ ਮਾਲਕਾਂ ਨੂੰ ਵਾਪਸ ਕੀਤੇ ਜਾਣ ਅਤੇ ਉਹਨਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

999. ਪਿਓਨਾ ਪਾਵਰ ਕੰਪਨੀ ਨਾਲ ਮੌਜੂਦਾ ਸਹਿਮਤੀ ਪੱਤਰ ਰੱਦ ਕੀਤਾ ਜਾਵੇ ਅਤੇ ਜੇ ਪ੍ਰਜੈਕਟ ਦੀ ਲੋੜ ਹੈ ਤਾਂ ਇਹ ਜਨਤਕ ਖੇਤਰ 'ਚ ਲਾਇਆ ਜਾਵੇ।

9V. ਜਿਸ ਵੀ ਕੰਪਨੀ ਨੂੰ ਪ੍ਰਜੈਕਟ ਦਿੱਤਾ ਜਾਂਦਾ ਹੈ, ਉਹ ਲੋੜੀਂਦੀ ਜਮੀਨ ਖੁਦ ਕਿਸਾਨਾਂ ਤੋਂ ਸਿੱਧੀ ਗੱਲਬਾਤ ਰਾਹੀਂ ਖਰੀਦੇ।

V. ਪਿਓਨਾ ਕੰਪਨੀ ਨੂੰ ਮੌਜੂਦਾ ਪ੍ਰਜੈਕਟ ਦਿੱਤੇ ਜਾਣ ਅਤੇ ਜਮੀਨ ਗ੍ਰਹਿਣ ਕੀਤੇ ਜਾਣ ਦੇ ਮਾਮਲੇ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।

V9. ਗੋਬਿੰਦਪੁਰਾ ਦੇ ਲੋਕਾਂ ਨੂੰ ਸਰਕਾਰ ਦੇ ਜਾਬਰ ਕਦਮਾਂ ਕਾਰਣ ਉਹਨਾਂ ਦੀਆਂ ਫਸਲਾਂ, ਰੁਜ਼ਗਾਰ, ਮਕਾਨ ਆਦਿ ਦਾ ਜੋ ਨੁਕਸਾਨ ਝੱਲਣਾ ਪਿਆ ਹੈ ਅਤੇ ਉਹਨਾਂ ਦੀ ਅਜ਼ਾਦੀ 'ਤੇ ਜੋ ਪਾਬੰਦੀਆਂ ਲਾਈਆਂ ਗਈਆਂ ਹਨ ਉਹਨਾਂ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।

V99. ਇਸ ਸਾਰੇ ਸਮੇਂ ਦੌਰਾਨ ਵੱਖ ਵੱਖ ਥਾਂਵਾਂ 'ਤੇ ਜਿਹਨਾਂ ਪੁਲਸ ਅਧਿਕਾਰੀਆਂ ਨੇ ਸੰਘਰਸ਼ ਕਰ ਰਹੇ ਲੋਕਾਂ ਦੀਆਂ ਨਾਜਾਇਜ਼ ਗ੍ਰਿਫਤਾਰੀਆ ਕੀਤੀਆਂ, ਉਹਨਾਂ 'ਤੇ ਲਾਠੀਚਾਰਜ ਆਦਿ ਰਾਹੀਂ ਜਬਰ ਢਾਇਆ, ਸੁਰਜੀਤ ਸਿੰਘ ਹਮੀਦੀ ਨੂੰ ਸ਼ਹੀਦ ਕੀਤਾ, ਕਿਸਾਨਾਂ ਨੂੰ ਜਖਮੀ ਕੀਤਾ, ਉਹਨਾਂ ਦੀਆਂ ਗੱਡੀਆਂ ਦੀ ਭੰਨ ਤੋੜ ਕੀਤੀ ਜਾਂ ਹੋਰ ਅਜਿਹੇ ਕੁਕਰਮ ਕੀਤੇ ਹਨ, ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਕੇ ਸਜ਼ਾਵਾਂ ਦਿੱਤੀਆਂ ਜਾਣ।

V999. ਗੋਬਿੰਦਪੁਰਾ ਪਿੰਡ ਦੁਆਲਿਓਂ, ਸਾਰੇ ਪੁਲਸ ਨਾਕੇ ਚੁੱਕ ਕੇ ਘੇਰਾਬੰਦੀ ਖਤਮ ਕੀਤੀ ਜਾਵੇ, ਇੱਥੋਂ ਦੇ ਲੋਕਾਂਦੀ ਅਜ਼ਾਦੀ ਅਤੇ ਜਮਹੂਰੀ ਹੱਕ ਬਹਾਲ ਕੀਤੇ ਜਾਣ।