ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਐੱਨ.ਜੀ.ਓ ਵਾਦ. Show all posts
Showing posts with label ਐੱਨ.ਜੀ.ਓ ਵਾਦ. Show all posts

Tuesday, April 23, 2013

ਅ-ਨਾਟਕੀ ਜ਼ਿੰਦਗੀਨਾਮਾ: ਅਨਾਮ ਰਿਸ਼ਤਿਆਂ ਦੀ ਦਾਸਤਾਨ

ਸਾਡੇ ਸਮਾਜ 'ਚ ਔਰਤ ਲਈ ਆਪਣੀਆਂ ਸ਼ਰਤਾਂ 'ਤੇ ਜਿਉਣਾ ਬੇਹੱਦ ਔਖਾ ਹੈ ਪਰ ਫਿਰ ਵੀ ਕੁਝ ਔਰਤਾਂ ਅਜਿਹੀ ਦਲੇਰੀ ਕਰਦੀਆਂ ਹਨ। ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਅਜਿਹੀਆਂ ਦਲੇਰ ਔਰਤਾਂ 'ਚੋਂ ਇਕ ਸੀ। ਮੈਂ ਅੰਮ੍ਰਿਤਾ ਤੇ ਜੇ ਪੀ ਬਾਰੇ ਕਾਫੀ ਸਮੇਂ ਤੋਂ ਜਾਣਦਾ ਸੀ ,ਪਰ ਸਾਂਝੇ ਦੋਸਤ ਹੋਣ ਦੇ ਬਾਵਜੂਦ ਅੰਮ੍ਰਿਤਾ ਨੂੰ ਜ਼ਿੰਦਗੀ ਦੀ ਬੇਵਫ਼ਾਈ ਤੋਂ ਪਹਿਲਾਂ ਨਾ ਮਿਲ ਸਕਿਆ।ਹਾਂ, ਇਕ ਵਾਰ ਫੇਸਬੁੱਕ 'ਤੇ ਪਿੰਡਾਂ ਤੇ ਸ਼ਹਿਰਾਂ ਦੇ ਸੰਵੇਦਨਸ਼ੀਲ-ਅਸੰਵੇਦਨਸ਼ੀਲ਼ ਚਰਿੱਤਰ 'ਤੇ ਬਹਿਸ ਦੌਰਾਨ ਛੋਟੀ ਜਿਹੀ ਸ਼ਬਦੀ ਝੜਪ ਜ਼ਰੂਰ ਹੋਈ ਸੀ। ਮੈਂ ਸੀਮੋਨ,ਵਰਜ਼ੀਨੀਆ ਵੁਲਫ਼, ਪ੍ਰਭਾ ਖੇਤਾਨ, ਸੁਧਾ ਅਰੋੜਾ ਆਦਿ ਪੜ੍ਹਨ ਤੋਂ ਬਾਅਦ ਪੰਜਾਬੀ ਸਮਾਜ 'ਚ ਅਜਿਹੀਆਂ ਜ਼ਿੰਦਗੀਆਂ ਜਿਉਣ ਵਾਲਿਆਂ ਨੂੰ ਜਾਨਣ ਤੇ ਸਮਝਣ ਦੀ ਕੋਸ਼ਿਸ਼ ਕੀਤੀ ਪਰ ਨਾ ਅੰਮ੍ਰਿਤਾ-ਜੇ ਪੀ ਤੇ ਚੰਡੀਗੜ੍ਹ 'ਚ ਹੋਣ ਦੇ ਬਾਵਜੂਦ ਨਾ ਹੁਣ ਤੱਕ ਗੈਰ ਰਸਮੀ ਤੌਰ 'ਤੇ ਨਿਰੁਪਮਾ ਦੱਤ ਨੂੰ ਮਿਲਣ ਦਾ ਸਬੱਬ ਬਣਿਆ। ਐਤਵਾਰ ਨੂੰ ਫਿਲਮਸਾਜ਼ ਅਜੈ ਭਾਦਰਵਾਜ ਦੀਆਂ ਫਿਲਮਾਂ ਦੀ ਸਕਰੀਨਿੰਗ-ਚਰਚਾ ਤੋਂ ਬਾਅਦ ਰਾਤ ਨੂੰ ਪ੍ਰੈਸ ਕਲੱਬ,ਚੰਡੀਗੜ੍ਹ 'ਚ ਖਾਣ-ਪੀਣ ਦਾ ਦੌਰ ਚੱਲ ਰਿਹਾ ਸੀ ਤਾਂ ਸੋਮ ਰਸ ਸਰੂਰ 'ਚ ਹੀ ਜੇ ਪੀ ਨਾਲ ਪਹਿਲੀ ਲਾਈਵ ਮੁਲਾਕਾਤ ਹੋਈ। ਲਿਖਣ-ਪੜ੍ਹਨ ਦੀ ਜਾਣ ਪਛਾਣ ਸੀ,ਇਸ ਲਈ ਬਹੁਤੀ ਰਸਮੀ ਗੱਲਬਾਤ ਨਹੀਂ ਹੋਈ। ਪੱਤਰਕਾਰ ਮਨਜੀਤ ਸਿੱਧੂ ਤੇ ਜੇ ਪੀ ਨੇ ਅੰਮ੍ਰਿਤਾ ਦੇ ਨਾਟਕ ਬਾਰੇ ਦੱਸਿਆ। ਦੋਵੇਂ ਅਜੈ ਨਾਲ ਮਿਲੇ। ਹੁਣ ਜਿੱਥੇ ਅੰਮ੍ਰਿਤਾ ਨੂੰ ਅਠਾਈ ਅਪ੍ਰੈਲ ਨੂੰ ਸਮਝਾਂਗਾ,ਓਥੇ ਹੀ ਜੇ ਪੀ ਨਾਲ 'ਅਨਾਮ ਰਿਸ਼ਤਿਆਂ ਦੀ ਦਾਸਤਾਨ' ਸਮਝਣ ਦਾ ਸਫ਼ਰ ਜ਼ਿੰਦਗੀ ਦੀ ਬੇਵਫ਼ਾਈ ਤੱਕ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗਾ ।-ਯਾਦਵਿੰਦਰ ਕਰਫਿਊ 

ਨਾਟਕ--ਇਟਸ ਨਾਟ ਐਨ ਅਫੇਅਰ 
ਅਪ੍ਰੈਲ 28, 7 ਵਜੇ ਸ਼ਾਮ 
ਪੰਜਾਬ ਕਲਾ ਭਵਨ, ਚੰਡੀਗੜ੍ਹ 

ਇਹ ਨਾਟਕ ਇੱਕ ਅਨੋਖੇ ਰਿਸ਼ਤੇ ਦੀ ਕਹਾਣੀ ਹੈ, ਰਿਸ਼ਤਾ ਜਿਸ ਲਈ ਸਾਡੀ ਭਾਸ਼ਾ ਜਾਂ ਸੱਭਿਆਚਾਰ ਕੋਲ ਕੋਈ ਨਾਂਅ ਨਹੀਂ - ਸ਼ਬਦ ਨਹੀਂ- ਇਸੇ ਲਈ ਇਸਨੂੰ ਜਿਉਣਾ ਬਹੁਤ ਅਸਹਿਜ ਹੋ ਜਾਂਦਾ ਹੈ।


ਨਾਟਕੀ ਘਟਨਾਵਾਂ ਦਾ ਤਾਣਾ-ਬਾਣਾ ਨਾਟਕ ਦੀ ਨਾਇਕਾ ਅੰਮ੍ਰਤਾ ਦੀ ਮੌਤ ਤੋਂ ਬਾਦ ਸ਼ੁਰੂ ਹੁੰਦਾ ਹੈ। ਨਾਟਕ ਦਾ ਨਾਇਕ ૶ ਜੇਪੀ - ਅੰਮ੍ਰਤਾ ਦੀ ਅਣਹੋਂਦ ਦੀ ਪੀੜ ਚੋਂ ਬਾਹਰ ਆਉਣ ਲਈ ਫੜਫੜਾਉਂਦਾ ਹੋਇਆ ਯਾਦਾਂ ਦੇ ਸੰਸਾਰ 'ਚ ਉਤਰ ਜਾਂਦਾ ਹੈ। ਦੋਹਾਂ ਦੀਆਂ ਇੱਕ-ਦੂਜੇ ਨੂੰ ਕੀਤੀਆਂ ਹੋਈਆਂ ਈ-ਮੇਲਜ਼ ਇਸਦਾ ਜ਼ਰੀਆ ਬਣਦੀਆਂ ਹਨ।

ਅੰਮ੍ਰਤਾ ਜੋ ਇੱਕ ਜਨਮ-ਜਾਤ ਸੁਫ਼ਨਸਾਜ਼ ਹੈ (ਡਾਈਹਾਰਡ ਡ੍ਰੀਮਰ), ਉਸਨੂੰ ਲੱਗਦਾ ਹੈ ਕਿ ਜੀਵਨ ਦੇ ਕਿਸੇ ਮੋੜ 'ਤੇ ਉਸਦੇ ਸੁਫ਼ਨੇ ਗੁਆਚ ਗਏ ਹਨ। ਉਨ੍ਹਾਂ ਸੁਫ਼ਨਿਆਂ ਦੀ ਪੈੜ ਦੱਬਦੀ ਹੋਈ ਅਚਾਨਕ ਉਹ ਇੱਕ ਅਜਿਹੇ ਸ਼ਖਸ ਨੂੰ ਮਿਲਦੀ ਹੈ ਜਿਸ ਨਾਲ ਉਸਨੂੰ ਇੱਕ ਅਨੋਖੀ ਸਾਂਝ ਮਹਿਸੂਸ ਹੁੰਦੀ ਹੈ। ਉਸਨੂੰ ਲੱਗਦਾ ਹੈ ਕਿ ਉਹ ਸ਼ਖਸ ਜੀਵਨ ਲਈ ਉਸਦੇ ਸ਼ੁਦਾ ਨੂੰ ਸਮਝਦਾ ਹੈ। ਉਹ ਉਸ ਨਾਲ ਹਰ ਮਸਲੇ 'ਤੇ ਖੁੱਲ੍ਹ ਕੇ ਗੱਲ ਕਰ ਸਕਦੀ ਹੈ,ਬਿਨਾਂ ਕਿਸੇ ਖੌਫ਼ ਤੋਂ। ਉਹ ਜੇਪੀ ਨੂੰ ਆਪਣੇ ਪਤੀ ਨਾਲ ਮਿਲਾਉਣ ਚਾਹੁੰਦੀ ਹੈ। ਪਰ ਮਾਨਸਿਕ ਬੰਧਨਾਂ ਕਾਰਨ ਉਸਦੀ ਇਹ ਹਸਰਤ ਅਧੂਰੀ ਰਹਿ ਜਾਂਦੀ ਹੈ। ਉਨ੍ਹਾਂ ਕੋਲ ਇਸ ਰਿਸ਼ਤੇ ਦਾ ਕੋਈ ਨਾਂ ਨਹੀਂ, ਇਸ ਲਈ ਹੋਰ ਤਾਂ ਹੋਰ ਉਸਦੇ ਮਾਪੇ ਵੀ ਉਸਦੀ ਗੱਲ ਸਮਝਣ ਤੋਂ ਅਸਮਰੱਥ ਹਨ। ਜੇਪੀ ਦੀ ਚੇਤਾਵਨੀ ਦੇ ਬਾਵਜੂਦ ਅੰਮ੍ਰਤਾ ਬੇ-ਪਰਵਾਹ ਹੈ, ਉਹ ਕੁਝ ਵੀ ਲਕੋਣਾ ਨਹੀਂ ਚਾਹੁੰਦੀ। ਇੰਝ ਉਹ ਅਨਾਮ ਰਿਸ਼ਤਾ ਜਿਸ ਉੱਤੇ ਉਹ ਕੋਈ ਘੁੰਡ ਨਹੀਂ ਪਾਉਂਦੀ, ਉਸਦੀ ਪਰਿਵਾਰਕ ਜ਼ਿੰਦਗੀ ਲਈ ਘਾਤਕ ਬਣ ਜਾਂਦਾ ਹੈ। ਉਸਦਾ ਪਤੀ ਉਸਨੂੰ ਘਰ ਛੱਡਣ ਦਾ ਹੁਕਮ ਸੁਣਾਉਂਦਾ ਹੈ।


ਅੰਮ੍ਰਤਾ ਚੌਰਾਹੇ ਵਿੱਚ ਆ ਜਾਂਦੀ ਹੈ। ਬੱਸ ਇੱਥੋਂ ਹੀ ਉਸਦੇ ਰੂਪਾਂਤਰਣ ਦੀ ਯਾਤਰਾ ਸ਼ੁਰੂ ਹੁੰਦੀ ਹੈ।  'ਸ਼ੀਨਾ' ਦੇ 'ਅੰਮ੍ਰਤਾ' ਬਣਨ ਦਾ ਸਫ਼ਰ।


ਜੇਪੀ ਉਸਨੂੰ ਸਪੱਸ਼ਟ ਕਰਦਾ ਹੈ ਕਿ ਥਾਂ ਬਦਲੀ ਕਰਨ ਨਾਲ ਜਾਂ ਕਿਸੇ ਬੰਦੇ ਨੂੰ ਛੱਡ ਦੇਣ ਨਾਲ ਹੀ ਖੁਸ਼ੀ ਜਾਂ ਆਜ਼ਾਦੀ ਹਾਸਲ ਨਹੀਂ ਹੁੰਦੀ। ਪਰ ਅੰਮ੍ਰਤਾ ਲਈ ਸਾਰੇ ਰਾਹ ਬੰਦ ਹਨ। ਉਹ ਆਪਣੇ ਬੱਚੇ ਸਧਾਰਥ ਲਈ ਚਿੰਤਤ ਹੈ, ਪਰ ਉਹ ਇਹ ਵੀ ਜਾਣਦੀ ਹੈ ਕਿ ਪਤੀ ਦੇ ਘਰ ਰਹਿੰਦਿਆਂ ਉਹ ਆਪਣੇ ਬੱਚੇ ਨੂੰ ਉਹ ਖੁਸ਼ੀ ਨਹੀਂ ਦੇ ਸਕਦੀ ਜਿਸ ਲਈ ਉਹ ਖੁਦ ਤਰਸੀ ਪਈ ਹੈ। ਜੇਪੀ ਅੰਦਰ ਉਸਨੂੰ ਇੱਕ ਮਾਰਗ ਨਜ਼ਰ ਆਉਂਦਾ ਹੈ ਜੋ ਉਸਨੂੰ ਉਸਦੇ ਸੁਫ਼ਨਿਆਂ ਤੱਕ ਲੈ ਜਾ ਸਕਦਾ ਹੈ, ਪਰ ਉਹ ਉਸਦੇ ਮੈਂਟਲ ਬੈਲੈਂਸ ਨਾਲ ਵੀ ਖੇਡਣਾ ਨਹੀਂ ਚਾਹੁੰਦੀ। ਉਸਦੇ ਅੰਦਰ ਇੱਕ ਜੰਗ ਭਖੀ ਹੈ। ਇਮਤਿਹਾਨ ਦੇ ਹਰ ਮੋੜ 'ਤੇ ਜੇਪੀ ਉਸ ਦੇ ਨਾਲ ਹੈ। ਉਹ ਉਸਨੂੰ ਗਵਾਉਣਾ ਨਹੀਂ ਚਾਹੁੰਦੀ ਪਰ ਉਸਦੀ ਸ਼ਾਦੀ ਦੇ ਸੁਫ਼ਨੇ ਵੀ ਦੇਖਦੀ ਹੈ ਤੇ ਖੁਦ ਹੀ ਉਨ੍ਹਾਂ ਤੋਂ ਡਰ ਜਾਂਦੀ ਹੈ। ਜਦ ਅੰਮ੍ਰਤਾ ਨੂੰ ਪਤਾ ਲੱਗਦਾ ਹੈ ਕਿ ਉਸਦਾ ਸਧਾਰਥ ਆਟਸਟਿਕ ਹੈ ਤਾਂ ਉਹ ਬੁਰੀ ਤਰਾਂ ਹਿੱਲਦੀ ਹੈ। ਹਮੇਸ਼ਾਂ ਵਾਂਗ ਜੇਪੀ ਖਾਮੋਸ਼ ਪਰ ਅਡੋਲ ਉਸ ਦੇ ਸੰਗ ਹੈ। ਅੰਮ੍ਰਤਾ ਨੂੰ ਲੱਗਦਾ ਹੈ ਕਿ ਜੇਪੀ ਦੇ ਰੂਪ ਵਿੱਚ ਉਸਨੂੰ ਤੇ ਸਧਾਰਥ ਨੂੰ ਇੱਕ ਅਜਿਹਾ ਦੋਸਤ ਮਿਲਅਿਾ ਹੈ ਜਿਸਦੀ ਮੌਜੂਦਗੀ ਵਿੱਚ ਉਸਨੂੰ ਕਸੇ ਵੀ ਡਰ ਤੋਂ ਡਰਣ ਦੀ ਲੋੜ ਨਹੀਂ। ਪਰ ਨਾਲ ਹੀ ਹਰ ਪਲ ਉਹ ਖੁਦ ਨੂੰ ਇਹ ਯਾਦ ਕਰਾਉਂਦੀ ਰਹਿੰਦੀ ਹੈ ਕਿ ਉਸਨੇ ਖੁਦ ਆਪਣੇ ਹੀ ਬਲ 'ਤੇ ਖੜਾ ਹੋਣਾ ਹੈ,ਕਾਸੇ ਦੇ ਆਸਰੇ ਨਹੀਂ। ਅੰਮ੍ਰਤਾ ਨੇ ਹੁਣ ਡਰ ਤੋਂ ਭੱਜਣਾ ਛੱਡ ਦਿਤਾ ਹੈ। ਉਹ ਹਰ ਖੌਫ਼ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਨ੍ਹਾ ਨੂੰ ਪਛਾੜਣਾ ਸਿੱਖ ਰਹੀ ਹੈ।


ਜੇਪੀ ਨਾਲ ਉਸਦਾ ਇਹ ਸੰਵਾਦ, ਜਿਸ ਵਿੱਚ ਉਸਨੂੰ ਲਗਦਾ ਹੈ ਕਿ *ਮਾਈਂਡ ਤੇ ਸਪੇਸ* ਤੱਕ ਦੀਆਂ ਦੂਰੀਆਂ ਵੀ ਕੁਝ ਮਾਅਨੇ ਨਹੀਂ ਰੱਖਦੀਆਂ, ਉਸਦੇ ਰੂਪਾਂਤਰਣ ਦੀ ਗਾਥਾ ਹੈ,ਜੋ ਇਸ ਨਾਟਕ ਦਾ ਵਿਸਥਾਰ ਹੈ। ਉਹ ਦੋਹੇਂ ਇੱਕ ਦੂਜੇ ਦੇ ਇੰਨੇ ਨੇੜੇ ਆ ਜਾਂਦੇ ਹਨ ਜਿੱਥੇ ਕੋਈ ਵਿੱਥ ਨਹੀਂ, ਸਧਾਰਥ ਦੋਹਾਂ ਦੇ ਦਰਮਅਿਾਨ ਫੈਲਿਆ ਇੱਕ ਸੂਖਮ ਪੁਲ ਹੈ। ਅੰਮ੍ਰਤਾ ਨੂੰ ਇਸ ਗੱਲ ਦਾ ਰੰਜ ਹੈ ਕਿ ਸਧਾਰਥ ਇਸ ਰਿਸ਼ਤੇ ਦੀ ਖੂਬਸੂਰਤੀ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਪਰ ਵੱਡਾ ਹੋ ਕੇ ਜ਼ਰੂਰ ਉਹ ਇਸਨੂੰ ਸਮਝੇਗਾ। ਉਹ ਦੁਆ ਕਰਦੀ ਹੈ ਕਿ ਇਹ ਰਿਸ਼ਤਾ ਉਮਰ ਭਰ ਇੰਝ ਹੀ ਬਣਿਆ ਰਹੇ। ਠੀਕ ਇਸੇ ਹੀ ਮੌੜ 'ਤੇ ਜ਼ਿੰਦਗੀ ਮੁੜ ਬੇਵਫ਼ਾਈ ਕਰ ਜਾਂਦੀ ਹੈ।


ਅੰਮ੍ਰਤਾ ਦੀ ਮੌਤ ਤੋਂ ਬਾਦ ਸਧਾਰਥ ਨੂੰ ਵੀ ਜੇਪੀ ਤੋਂ ਅਲਗ ਕਰ ਦਿੱਤਾ ਜਾਂਦਾ ਹੈ,ਕਿਉਂਕਿ ਜੇਪੀ ਨਾਲ ਉਸਦੇ ਰਿਸ਼ਤੇ ਦਾ ਕੋਈ ਨਾਂ ਨਹੀਂ-ਕੋਈ ਪਛਾਣ ਨਹੀਂ। ਜੇਪੀ ਹੁਣ ਇਕੱਲਾ ਹੈ, ਹਰ ਉਹ ਸ਼ੈਅ ਜਿਸਦੇ ਸਾਥ ਨੂੰ ਉਸਨੇ ਯਕੀਨੀ ਹੀ ਮੰਨ ਲਿਆ ਸੀ ਉਸ ਤੋਂ ਦੂਰ ਜਾ ਚੁੱਕੀ ਹੈ। ਜੇਪੀ ਮੰਚ ਉੱਤੇ ਇਕੱਲਾ ਹੈ। ਨਾਟਕ ਆਪਣੇ ਸ਼ੁਰੂਆਤੀ ਬਿੰਦੂ ਵਾੱਲ ਪਲਟਦਾ ਹੈ, ਪਰ ਇਹ ਦੁਹਰਾਅ ਨਹੀਂ ਹੈ। ਇੱਥੋਂ ਹੀ ਜੇਪੀ ਦੇ ਰੂਪਾਂਤਰਣ ਦਾ ਅਮਲ਼ ਸ਼ੁਰੂ ਹੁੰਦਾ ਹੈ। ਇਹ ਪਲ ਸ਼ਾਇਦ ਉਸ ਨਾਲ ਮਿਲਦਾ-ਜੁਲਦਾ ਹੈ ਜਦੋਂ ਜੁਗਾਂ ਪਹਿਲਾਂ ਰਾਜਕੁਮਾਰ ਸਧਾਰਥ ਨੇ ਪਹਿਲੀ ਵਾਰ ਮ੍ਰਿਤੂ ਦੇ ਦਰਸ਼ਨ ਕੀਤੇ ਸਨ। ਈਮੇਲਜ਼ ਦੀ ਇਸ ਅੰਤਰ-ਯਾਤਰਾ 'ਚੋਂ ਗੁਜ਼ਰਦੇ ਹੋਏ ਜੇਪੀ ਨੂੰ ਇਸ ਗੱਲ ਦਾ ਇਲਹਾਮ ਹੁੰਦਾ ਹੈ ਕਿ ਯਾਦਾਂ 'ਅਸੁਰੱਖਿਅਤਾ' ਤੋਂ ਬਚਣ ਦਾ ਇੱਕ ਤਰਲਾ ਹੀ ਹਨ, ਉਹ ਪਿਆਰ ਦਾ ਭਰਮ ਸਿਰਜਦੀਆਂ ਜਾਪਦੀਆਂ ਹਨ, ਪਰ ਕੀ ਉਹੀ ਪਿਆਰ ਹਨ।


ਜੇਪੀ ਇਨ੍ਹਾ ਸਵਾਲਾਂ ਨਾਲ ਦੋ-ਚਾਰ ਹੈ, ਉਸਦੇ ਸਾਹਮਣੇ ਇਹ ਭੇਦ ਖੁਲਦਾ ਹੈ ਕਿ 'ਅਸੁਰੱਖਿਅਤਾ' ਮਨੁੱਖੀ ਹੋਂਦ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਹੋਂਦ ਦੇ ਇਸ ਧਰਾਤਲ 'ਤੇ ਕੁਝ ਵੀ ਯਕੀਨੀ ਨਹੀਂ। ਉਸਨੂੰ ਅਹਿਸਾਸ ਹੁੰਦਾ ਹੈ ਕਿ ਸਵੈ ਦੀ ਹੋਂਦ ਤੋਂ ਪਾਰ ਜਾਏ ਬਗੈਰ 'ਅਸੁਰੱਖਿਅਤਾ' ਤੇ ਵਿਛੋੜੇ ਦੇ ਇਸ ਡਰ ਤੋਂ ਮੁਕਤ ਹੋਣ ਦਾ ਹੋਰ ਕੋਈ ਮਾਰਗ ਨਹੀਂ ਤੇ ਇਹ ਮਾਰਗ ਹੈ ਮੈਂ, ਮੇਰੇ, ਤੇ ਮੇਰੇਪਣ ਤੋਂ ਮੁਕਤ ਹੋਣ ਦਾ ਮਾਰਗ, ਜੋ ਇੱਕ ਮਨੋਗਤ ਮੌਤ ਹੈ-ਹਊਮੈ ਦੀ ਮੌਤ। ਜੇਪੀ ਇਸੇ ਮਾਰਗ ਨੂੰ ਚੁਣਦਾ ਹੈ। ਇਹ ਇਸ ਨਾਟਕ ਦਾ ਉਹ ਚਰਮ ਬਿੰਦੂ ਹੈ ਜਿਸਨੂੰ ਦ੍ਰਿਸ਼ ਬਣਾਇਆ ਜਾ ਸਕਦਾ ਹੈ। ਇਸ ਤੋਂ ਅੱਗੇ ਦੀ ਯਾਤਰਾ ਮੌਨ ਦੀ ਯਾਤਰਾ ਹੈ-ਅਰੂਪ ਦੀ- ਜਿਸਨੂੰ ਦੇਖਿਆ-ਦਿਖਾਇਆ ਨਹੀਂ ਜਾ ਸਕਦਾ, ਬੱਸ ਜੀਵੀਆ ਜਾ ਸਕਦਾ ਹੈ। 

ਬਲਰਾਮ 

ਲੇਖਕ ਇਸ ਨਾਟਕ ਦੇ ਨਿਰਦੇਸ਼ਕ ਹਨ।

Saturday, April 9, 2011

ਹਜ਼ਾਰੇ ਹੋਮਿਓਪੈਥੀ ਦੀ ਦੁਆਈ ਵਰਗਾ

ਮੁਖ ਧਾਰਾਈ ਨਿਊਜ਼ ਚੈਨਲਾਂ ਜ਼ਰੀਏ ਕ੍ਰਾਂਤੀ ਦਾ ਸੱਚ
ਯਾਦਵਿੰਦਰ ਦੇ ਚੁੱਕੇ ਹੋਏ ਸੁਆਲਾਂ 'ਚੋਂ ਬਹੁਤ ਸਾਰੇ ਪਹਿਲੋਂ ਈ ਦਿਮਾਗ 'ਚ ਸੀਗੇ ........ਦੂਜੇ ਪਾਸੇ ਤਿੰਨ ਦਿਨਾਂ ਤੋਂ ਜਿੰਨਾ ਜ਼ਬਰਦਸਤ 'ਇਮੋਸ਼ਨਲ ਅੱਤਿਆਚਾਰ' ਖ਼ਬਰੀਆਂ ਚੈਨਲਾਂ 'ਤੇ ਸਹਿ ਰਿਹਾਂ ਤੇ ਓਸ 'ਚ ਨੌਕਰ ਹੋਣ ਦੇ ਨਾਤੇ ਬਣਦਾ ਸਰਦਾ ਯੋਗਦਾਨ ਵੀ ਸ਼ਰਧਾ ਨਾਲ ਪਾ ਰਿਹਾ ਸਾਂ ਓਸ ਤੋਂ ਬਾਅਦ ਆਪਣੇ ਜ਼ਾਤੀ ਸਮੇਂ ਯਾਨਿ ਛੁੱਟੀ ਵਾਲੇ ਦਿਨ ਇਸ ਸਾਰੇ ਨੂੰ ਨੌਕਰ ਪੱਤਰਕਾਰ ਦੀ ਥਾਂ ਤਰਕਸ਼ੀਲ ਮਨੁੱਖ ਦੀ ਨਜ਼ਰ ਨਾਲ ਵੇਖਣਾ ਜ਼ਰੂਰੀ ਹੋ ਗਿਆ ਸੀ... ਸੋ ਸੁਖਾਂ ਲੱਧੀ 'ਵੀਕਲੀ ਔਫ' ਯਾਨੀ ਜੁੰਮੇ ਵਾਲੇ ਦਿਨ ਆਪਾਂ ਵੀ ਜੰਤਰ ਮੰਤਰ ਵੱਲ ਸ਼ੂਟਾਂ ਵੱਟ ਦਿੱਤੀਆਂ, ਪਰ ਇੱਕ 'ਓਬਜ਼ਰਵਰ' ਦੀ ਹੈਸੀਅਤ ਨਾਲ। ਸੱਚ ਤਾਂ ਇਹ ਹੈ ਕਿ ਮੱਧਵਰਗੀ ਉਪਭੋਗਤਾ ਮੇਰਾ ਦਿਮਾਗ ਕਿਸੇ ਨਿੱਕੀ ਮੋਟੀ ਕ੍ਰਾਂਤੀ ਦਾ ਗਵਾਹ ਬਣਨ ਦੀ ਮੱਠੀ ਜਿਹੀ ਆਸ 'ਚ ਵੀ ਸੀ। ਸੱਚ ਇਹ ਵੀ ਐ ਕਿ ਜੇ ਇਸੇ ਮੁਲਕ 'ਚ ਤੇ ਮੌਜੂਦਾ ਸਿਸਟਮ 'ਚ ਜਿਓਣੈ ਤਾਂ ਪਾਰਦਰਸ਼ਤਾ ਦੀ ਸਖ਼ਤ ਲੋੜ ਐ, ਜੇ ਕੋਈ ਪ੍ਰਧਾਨ ਮੰਤਰੀ ਖਿਲਾਫ ਜਾਂਚ ਕਰਨ ਦੀ ਤਾਕਤ ਵਾਲਾ ਲੋਕ ਪਾਲ ਬਣਦੈ ਤਾਂ ਓਹਦਾ ਪੂਰਾ ਸਮਰਥਨ ਕਰਨਾ ਬਣਦੈ, ਪਰ ਫਿਲਹਾਲ ਇਹ ਵੀ ਜਾਨਣਾ ਜ਼ਰੂਰੀ ਸੀ ਕਿ ਕੀ ਸੱਚੀ ਮੁੱਚੀ ਜਨਤਾ ਆਪ ਮੁਹਾਰੀ ਤੁਰੀ ਆਉਂਦੀ ਐ ਸਾਥ ਦੇਣ ਨੂੰ ਤੇ ਕੀ ਸੱਚੀ ਇੱਕ ਵੱਡੀ ਲੋਕ ਪੱਖੀ ਮੂਵਮੈਂਟ ਸ਼ੁਰੂ ਹੋਈ ਐ ਇਸ 'ਭੁੱਖ ਹੜਤਾਲ' ਕਾਰਨ। ਹਾਲਾਂਕਿ ਮੇਰੇ ਪੁੱਜਣ ਦੇ ਅਗਲੇ ਈ ਦਿਨ ਯਾਨੀ ਸਾਢੇ ਚਾਰ ਦਿਨਾਂ 'ਚ ਭੁੱਖ ਹੜਤਾਲ ਮੁੱਕ ਗਈ ਪਰ ਜੋ ਕੁਝ ਵੇਖਿਆ ਓਹ ਬਿਆਨਣਯੋਗ ਹੈ।
ਐੱਲ.ਆਈ.ਸੀ ਦੀ ਇਮਾਰਤ ਵੱਲੋਂ ਗਲੀ 'ਚ ਵੜਦਿਆਂ ਪੁਲਿਸ ਦੇ ਬੈਰੀਕੇਡ ਟੱਪਦਿਆਂ ਸਭ ਤੋਂ ਪਹਿਲਾ ਦ੍ਰਿਸ਼ ਜਿਹੜਾ ਨਜ਼ਰ ਆਇਆ ਓਹ ਮੇਰੇ ਵਾਰਗੇ ਇਲੈਕਟ੍ਰੋਨਿਕ ਮੀਡੀਆ ਨੂੰ ਜਿਓਂਦੇ ਬੰਦੇ ਲਈ ਵੀ ਬਹੁਤ ਵੱਡਾ ਸੀ.. ਆਮ ਬੰਦਾ ਤਾਂ ਸੱਚੀਂ ਕਮਲਾ ਹੋ ਜੇ ਇਹਨੂੰ ਵੇਖ ਕੇ.. ਘੱਟੋ-ਘੱਟ 40 ਓ.ਬੀ ਵੈਨਾਂ ਦੀਆਂ ਇੱਕੋ ਪਾਸੇ ਮੂੰਹ ਕਰ ਕੇ ਲੱਗੀਆਂ ਛਤਰੀਆਂ ਤਕਨੀਕੀ ਤੌਰ 'ਤੇ ਤਾਂ ਭਾਵੇਂ ਫੁਟੇਜ ਭੇਜ ਰਹੀਆਂ ਸਨ ਪਰ ਪਹਿਲਾ ਅਹਿਸਾਸ ਮੈਨੂੰ ਏਦਾਂ ਈ ਲੱਗਾ ਕਿ ਟੀ.ਆਰ.ਪੀ ਦੇ ਭੁੱਖੇ ਰਾਖਸ਼ ਆਪਣਾ ਜਬਾੜਾ ਅੱਡ ਕੇ 'ਏਅਰਟਾਈਮ' ਖਾਣ ਦਾ ਇੰਤਜ਼ਾਰ ਕਰ ਰਹੇ ਨੇ। ਸਾਰਾ ਦਿਨ ਓਥੇ ਖੜਾ ਰਿਹਾਂ ਅੱਜ ਮੈਂ...ਇੱਕ ਗੱਲ ਸਾਫ ਹੈ ..."ਆਜ ਪੂਰਾ ਮੁਲਕ ਅੰਨਾ ਹਜ਼ਾਰੇ ਕੇ ਸਾਥ ਖੜਾ ਹੈ, ਲੋਗ ਅਪਨੇ ਘਰੋਂ ਸੇ ਨਿਕਲ ਕਰ ਅਪਨੇ ਆਪ ਉਨਕੇ ਸਾਥ ਚਲ ਰਹੇਂ ਹੈਂ" ਭੈਣ ਜੀ ਤੇ ਭਾਅਜੀ ਮੈਂ ਸੱਚੀਂ ਦੱਸ ਰਿਹਾਂ ਇਹ ਮੀਡੀਆ ਦੀ ਇਸ ਵਰ੍ਹੇ ਦੀ ਹੁਣ ਤੱਕ ਦੀ ਸੱਭ ਤੋਂ ਵੱਡੀ ਬਕਵਾਸ ਹੈ...ਪੂਰੇ ਦਿਨ 'ਚ 300 ਤੋਂ ਲੈ ਕੇ 1000 ਤੋਂ ਵੀ ਵੱਧ ਸਮਰਥਕਾਂ ਦੀ ਗਿਣਤੀ ਵਾਲੇ ਲਗਭਗ 70 ਤੋਂ ਵੱਧ ਜਥਿਆਂ 'ਤੇ ਨਜ਼ਰ ਪਾਈ ਐ, ਮੇਰੇ ਮੁੜਣ ਮਗਰੋਂ ਵੀ ਜਥੇ ਆ ਰਹੇ ਨੇ ਤੇ ਵੀਕਐਂਡ ਨੇੜੇ ਹੋਣ ਕਾਰਨ ਭੀੜ ਹੋਰ ਵੀ ਵਧ ਰਹੀ ਐ ਪਰ ਹਰ ਕਿਸੇ ਗਰੁੱਪ ਨਾਲ ਕੋਈ ਐੱਨ.ਜੀ.ਓ ਜੁੜੀ ਹੈ ਜਾਂ ਕੋਈ ਜਾਤਵਾਦੀ ਜਥੇਬੰਦੀ... ਦਲਿਤ ਦਾਸਤਾ ਵਿਰੋਧੀ ਮੰਚ ਵਰਗੇ ਨਾਮ ਨਜ਼ਰ ਨਹੀਂ ਆਏ, ਜਾਟ ਮਹਾਂਸਭਾ ਵਾਲਿਆਂ ਤੋਂ ਨਗਾੜੇ 'ਤੇ ਰਾਗਣੀਆ ਜ਼ਰੂਰ ਸੁਣੀਆਂ, ਕਾਇਸਥ ਰਾਸ਼ਟਰ, ਬ੍ਰਾਹਮਣ ਮਹਾਂਸਭਾ ਤੇ ਹੋਰ ਕਈ ਵੱਡੇ ਨਾਮਾਂ ਦੇ ਬੈਨਰ ਜ਼ਰੂਰ ਲਗਾਤਾਰ ਨਜ਼ਰ ਆਉਂਦੇ ਨੇ ਐੱਨ.ਜੀ.ਓ ਦੇ ਨਾਲ-ਨਾਲ। ਮੈਨੂੰ ਪੂਰਾ ਖ਼ਦਸ਼ਾ ਐ ਕਿ ਜੇ ਵਾਢੀਆਂ ਸਿਰ 'ਤੇ ਨਾਂ ਹੁੰਦੀਆਂ ਤਾਂ ਕਿਸੇ ਨਾਂ ਕਿਸੇ ਕਿਸਾਨ ਜਥੇਬੰਦੀ ਨੇ ਪੰਜਾਬੋਂ ਵੀ ਤੋਰ ਲਿਆਉਣੇ ਸੀ ਆਪਣੇ ਭਾਊ। ਖੇਤੀ ਵਿਰਾਸਤ ਮੰਚ ਵਾਲੇ ਉਮਿੰਦਰ ਦੱਤ ਹੋਰੀਂ ਤਾਂ ਪੱਕਾ ਬਹੁਤ ਤੰਗ ਹੋਣੇ ਐ 'ਬੈਡ ਟਾਈਮਿੰਗ' ਤੋਂ। ਖ਼ੈਰ ਮੁੱਦੇ ਵੱਲ ਆਈਏ ਤੇ ਇਹ ਮੈਂ ਦੱਸ ਦੇਵਾਂ ਕਿ ਆਉਣਾ ਤੇ ਜਾਣਾ ਸਾਰਾ ਕੁਝ ਪਹਿਲੋਂ ਤੋਂ ਮਿੱਥਿਆ ਹੋਇਆ ਸੀ ...ਕੋਈ ਵੀ ਆਪ ਮੁਹਾਰਾ ਆ ਕੇ 'ਲੋਗ ਮਿਲਤੇ ਗਏ ਕਾਰਵਾਂ ਬਨਤਾ ਗਿਆ' ਵਾਲਾ ਕੰਮ ਨਹੀਂ ਕਰ ਰਿਹਾ। ਹਰ ਜਥਾ ਗੇਟ 'ਤੇ ਖੜੇ ਵਲੰਟੀਅਰਜ਼ ਦੀ ਜਾਣਕਾਰੀ ਮੁਤਾਬਿਕ ਐਂਟਰੀ ਮਾਰਦਾ ਐ, ਸਭ ਲਈ ਐਲਾਨ ਹੋ ਰਹੇ ਨੇ, ਸਾਰੇ ਕੁਝ ਸਮਾਂ ਰੁਕ ਕੇ ਗਿਣੀ ਮਿੱਥੀ ਡ੍ਰਿਲ ਮੁਤਾਬਿਕ ਜਾਂ ਘਰ ਜਾ ਰਹੇ ਨੇ ਤੇ ਜਾਂ ਥੋੜਾ ਸਮਾਂ ਸਟੇਜ ਮੁਹਰੇ ਬੈਠ ਰਹੇ ਨੇ।ਔਫਸੈੱਟ ਪ੍ਰਿੰਟਿੰਗ ਕੀਤੇ ਹੋਏ ਜਾਂ ਕਾਰਪੋਰੇਟ ਸਟਾਈਲ ਦੇ ਖਾਂਚਿਆਂ 'ਚ ਮੜ੍ਹੇ ਹੋਏ ਸਮਰਥਨ ਦੇ ਪਿੰਨ ਤੇ ਬੈਚ ਆਪੇ ਨਹੀਂ ਘਰੇ ਛਾਪ ਲੈਂਦੇ ਲੋਕ, ਇੱਕ ਡਿਜ਼ਾਈਨਰ ਪਹਿਲੋਂ ਡਿਜ਼ਾਈਨ ਕਰਦੈ ਫੇਰ ਡਿਜ਼ਾਈਨ ਦੀ ਮੰਨਜ਼ੂਰੀ ਫੇਰ ਛਪਾਈ ਤੇ ਫੇਰ ਖਾਂਚਿਆਂ 'ਚ ਲੁਆਈ ...ਆਡਰ ਪੂਰਾ ਕਰਨ ਨੂੰ 2 ਦਿਹਾੜੀਆਂ ਲੈਂਦੇ ਨੇ ਦਿੱਲੀ ਦੇ ਸਭ ਤੋਂ ਤੇਜ਼ ਰਫਤਾਰ ਪ੍ਰਿੰਟਰ ਵੀ ।

ਇਹ ਸਿਰਫ ਇੱਕ ਉਦਾਹਰਣ ਐ .... ਹਰ ਵੇਲੇ ਕ੍ਰਿਕੇਟ ਪਿੱਛੇ ਪਾਗਲ ਰਹਿਣ ਵਾਲੇ ਮੀਡੀਏ ਨੇ 2 ਪ੍ਰਧਾਨ ਮੰਤਰੀਆਂ ਦੀ ਮੁਲਾਕਾਤ ਲਈ ਮੁਹਾਲੀ 'ਚ ਆਪਣੇ ਐਂਕਰ, ਐਡੀਟਰ ਜਾਂ ਸੀਨੀਅਰ ਰਿਪੋਰਟਰ ਤੱਕ ਨਹੀਂ ਭੇਜੇ ਲੋਕੇਸ਼ਨ 'ਤੇ ...ਨਾਂ ਹੀ ਅਜਿਹਾ ਕੁਝ ਜੇ.ਪੀ.ਸੀ ਦੇ ਰੱਫੜ ਵੇਲੇ ਹੋਇਆ ...ਪਰ ਹੁਣ ਪਿਛਲੇ ਤਿੰਨ ਦਿਨਾਂ ਤੋਂ ਪ੍ਰਸੂੰਨ ਬਾਜਪਾਈ 'ਬੜੀ ਖ਼ਬਰ' ਲਾਈਵ ਕਰ ਰਿਹੈ ਅੰਨਾ ਦੇ ਤੰਬੂ 'ਚੋਂ ...ਸਟਾਰ ਨਿਊਜ਼, ਨਿਊਜ਼ ਐਕਸ, ਐੱਨ.ਡੀ.ਟੀ.ਵੀ (ਹਿੰਦੀ ਤੇ ਅੰਗਰੇਜ਼ੀ), ਆਜ ਤੱਕ, ਹੈੱਡਲਾਈਨਜ਼ ਟੂਡੇਅ, ਟਾਈਮਜ਼ ਨਾਓ ਤੇ ਈਟੀ ਕਿਸੇ ਦਾ ਵੀ ਇੱਕ ਓ.ਬੀ ਵੈਨ ਜਾਂ 2 ਰਿਪੋਰਟਰਾਂ ਨਾਲ ਨਹੀਂ ਸਰਿਆ ...ਘਟੋ-ਘੱਟ 40 ਓਬੀਆਂ ਤੇ ਇਹਤੋਂ ਤਿੱਗਣੇ ਰਿਪੋਰਟਰ ਖੜੇ ਨੇ ਇਸ ਕਵਰੇਜ ਲਈ ... ਹਰ ਚੈਨਲ ਦੇ ਸੀਨੀਅਰ ਐਂਕਰ ਪਰੇਸ਼ਾਨ ਜਿਹੇ ਏ.ਸੀ ਸਟੂਡੀਓ ਤੋਂ ਬਾਹਰ ਇਸ ਟੈਂਟ 'ਚ ਮੇਕਅੱਪ ਦਾ ਪੋਚਾ ਮਾਰ ਕੇ ਖੜੇ ਲਾਈਵ ਬੁਲੇਟਿਨ ਕੱਢ ਰਹੇ ਸਨ। ਇਸ ਨੂੰ 47 ਤੋਂ ਬਾਅਦ ਦੀ ਸਭ ਤੋਂ ਵੱਡੀ ਮੂਵਮੈਂਟ ਬਣਾਉਨ ਦੀ ਕੋਸ਼ਿਸ਼ 'ਚ ਮੀਡੀਆ ਐਮਰਜੈਂਸੀ ਵਿਰੋਧੀ ਮੂਵਮੈਂਟ ਨੂੰ ਕੱਖ ਨਹੀਂ ਗਿਣ ਰਿਹਾ.. ਇਹ ਸਾਰਾ ਕੁਝ ਇੱਕ ਸੋਫਟ ਵਿਰੋਧੀ ਧਿਰ ਬਣਾਉਨ ਲਈ, ਕ੍ਰਿਕੇਟ ਦੇ ਹੈਂਗਓਵਰ ਤੋਂ ਸਿਆਸਤ ਕੈਸ਼ ਕਰਨ ਵੱਲ ਮੁੜਣ ਲਈ, ਦੁਨੀਆ ਦੀ ਸਭ ਤੋਂ ਵੱਡੀ ਖੱਸੀ ਜਮਾਤ ਯਾਨੀ ਮਿਡਲ ਕਲਾਸ ਨੁੰ ਵੱਸ ਕਰਨ ਲਈ ਇੱਕ ਚੰਗੀ ਕਸਰਤ ਹੈ। ਪੂਰੇ ਦਿਨ 'ਚ ਨਾਅਰਿਆਂ ਤੋਂ ਬਗ਼ੈਰ ਹੋਰ ਜਿਹੜੀ ਅਵਾਜ਼ ਸਭ ਤੋਂ ਵੱਧ ਸੁਣੀ ਐ ਓਹਦਾ ਵੀ ਸੈਂਪਲ ਲਓ…"ਕੁਛ ਖਾਇਆ ਜਾਏ ਕਾਮਰੇਡ", "ਪੰਡਿਤ ਜੀ ਕੁਛ ਖਾਓਗੇ", "ਯਾਰ ਭੂਖਾ ਮਾਰੇਗੀ ਕਿਆ, ਚਲ ਇਡਲੀ ਖਾਤੇ ਹੈਂ" ਯਾਨੀ ਕਿ ਭੁੱਖ ਹੜਤਾਲ ਦਾ ਸਮਰਥਨ ਪੂਰਾ ਪਰ ਦੱਬ ਕੇ ਢਿੱਡ ਭਰਨ ਤੋਂ ਬਾਅਦ। ਵੈਸੇ ਇਹਨਾਂ ਅਵਾਜ਼ਾਂ ਦੇ ਮੇਰੇ ਕੰਨੀਂ ਪੈਣ ਦਾ ਵੱਡਾ ਕਾਰਨ ਇਹ ਹੋ ਸਕਦਾ ਐ ਕਿ ਮੇਰਾ ਟਿਕਾਣਾ ਜ਼ਿਆਦਾਤਰ ਖਾਣਪੀਣ ਦੀਆਂ ਦੁਕਾਨਾਂ ਦੇ ਸਾਹਮਣੇ ਬਣੇ ਪਲੇਟਫਾਰਮ ਤੇ ਹੀ ਰਿਹਾ ਪਰ ਸੱਜੇ ਖੱਬੇ ਓਬੀਆਂ ਦੇ ਲਗਾਤਾਰ ਚਲਦੇ ਜਨਰੇਟਰਾਂ, ਮੰਚ ਦੇ ਸਾਹਮਣੇ ਲੱਗੇ 40 ਤੋਂ ਵੱਧ ਕੈਮਰਿਆਂ ਤੇ ਵਿੱਚ ਬਚੇ ਛੋਟੇ ਜਿਹੇ ਤੁਰਨ ਦੇ ਰਾਹ ਤੋਂ ਬਾਅਦ ਇਹੀ ਇਲਾਕਾ ਸੀ ਜਿੱਥੇ ਸਾਰਾ ਦਿਨ ਇੱਕ ਲੱਤ 'ਤੇ ਖੜਣ ਜਾਂ ਮਾੜਾ ਮੋਟਾ ਤੁਰਨ ਦੀ ਤੇ ਮੇਲਾ ਵੇਖਣ ਸਮਝਣ ਦੀ ਗੁੰਜਾਇਸ਼ ਸੀ। ਸੋ ਨਰਾਤਿਆਂ ਦੇ ਵਰਤਾਂ ਵਾਲੀ ਸਪੈਸ਼ਲ ਆਲੂ ਚਾਟ, ਸਾਂਭਰ ਵੜੇ ਦੀਆਂ ਬੁਰਕੀਆਂ ਤੇ ਕੋਲਡ ਡ੍ਰਿੰਕ ਦੀਆਂ ਘੁੱਟਾਂ ਨਾਲ ਭੁੱਖ ਹੜਤਾਲ ਦੇ ਭਰਵੇਂ ਸਮਰਥਨ ਦਾ ਮੈਂ ਮੌਕੇ ਦਾ ਗਵਾਹ ਹਾਂ।

ਵੈਸੇ ਇੱਕ ਸੁਆਲ ਸੀ ਜਿਹੜਾ ਏਥੇ ਵੜਣ ਤੋਂ ਪਹਿਲੋਂ ਈ ਦਿਮਾਗ 'ਚ ਕੁਦਾੜੇ ਮਾਰ ਰਿਹਾ ਸੀ। ਆਪਣੇ ਇਤਿਹਾਸ 'ਚ ਭੁੱਖ ਹੜਤਾਲਾਂ ਕਈ ਹੋਈਆਂ ਨੇ। ਸ਼ਹੀਦ ਭਗਤ ਸਿੰਘ ਨੇ ਅਜ਼ਾਦੀ ਤੋਂ ਪਹਿਲੋਂ ਤਾਂ ਸ਼ਾਇਦ ਸਭ ਤੋਂ ਲੰਮੀ ਭੁੱਖ ਹੜਤਾਲ ਦਾ ਰਿਕਾਰਡ ਈ ਕਾਇਮ ਕਰ 'ਤਾ ਸੀ 64 ਦਿਨ ਭੁੱਖੇ ਰਹਿ ਕੇ। ਓਧਰ ਮਣੀਪੁਰ ਦੀ 'ਆਇਰਨ ਲੇਡੀ' ਦੇ ਨਾਂ ਨਾਲ ਮਸ਼ਹੂਰ ਇਰੋਮ ਸ਼ਰਮੀਲਾ ਨੇ ਪਿਛਲੇ 10 ਸਾਲਾਂ 'ਚ ਇੱਕ ਵੀ ਖਾਣਾ ਨਹੀਂ ਖਾਧਾ ਆਪਣੀ ਮਰਜ਼ੀ ਨਾਲ, ਓਹਦੀ ਭੁੱਖ ਹੜਤਾਲ ਜਾਰੀ ਐ 10 ਸਾਲ ਤੋਂ ਭਾਵੇਂ ਪੁਲਿਸ ਵੱਲੋਂ ਡਾਕਟਰ ਓਹਨੂੰ ਜਿਓਂਦਾ ਰੱਖਣ ਲਈ ਸਰਕਾਰੀ 'ਫੋਰਸ ਫੀਡ' ਦਾ ਸਹਾਰਾ ਲੈ ਰਹੇ ਨੇ। ਸੋ ਸੁਆਲ ਇਹ ਜ਼ਰੂਰ ਉੱਠ ਰਿਹਾ ਸੀ ਕਿ ਭਲਾ ਇਹ ਕਿਹੋ ਜਿਹੀ ਭੁੱਖ ਹੜਤਾਲ ਐ ਜਿਹਦੇ ਸ਼ੁਰੂ ਹੋਣ ਤੋਂ ਪਹਿਲੋਂ ਈ ਪ੍ਰਧਾਨ ਮੰਤਰੀ ਤਰਲੇ ਮਾਰੀ ਜਾਂਦਾ ਬਈ ਰੋਟੀ ਖਾ ਲੋ ਜੀ। ਹੋ ਸਕਦੈ ਕਿ ਲੋੜ ਪਵੇ ਤੇ ਸ਼ਾਇਦ ਮੈਂ ਚਾਰ ਦਿਹਾੜੇ ਵੀ ਭੁੱਖਾ ਨਾਂ ਕੱਟ ਸਕਾਂ ਪਰ ਸੱਚ ਇਹ ਹੈ ਕਿ ਦਿਨ ਦੀ ਤਿੰਨ ਟਾਈਮ ਰੋਟੀ ਤੇ ਨਾਲ 2 ਟਾਈਮ ਚਾਹ ਨੂੰ ਸਨੈਕਸ ਨਾਲ ਖਾਣ ਪੀਣ ਦਾ ਆਦੀ ਹੋ ਕੇ ਗੋਗੜਾਂ ਫੁਲਾ ਚੁੱਕਾ ਸਾਡਾ ਮੱਧ ਵਰਗ ਸਾਢੇ 4 ਦਿਨਾਂ ਦੀ ਭੁੱਖ ਹੜਤਾਲ ਦਾ ਮੀਟਰ 24 ਗੁਣਾ ਸਾਢੇ ਹਿਸਾਬ ਨਾਲ 96 ਘੰਟਾ ਚਲਦਾ ਟੀਵੀ 'ਤੇ ਦੇਖ ਕੇ ਈ ਕ੍ਰਾਂਤੀ ਦੀ ਆਮਦ ਦੇ ਝਟਕੇ ਮਹਿਸੂਸ ਕਰੀ ਜਾਂਦੈ, ਓਧਰ ਜਦੋਂ ਬੇਰੁਜ਼ਗਾਰ ਮਾਸਟਰਾਂ ਤੋਂ ਲੈ ਕੇ ਹੋਰ ਤਬਕੇ ਆਮ ਈ ੨21 ਦਿਨ 23 ਦਿਨ ਦੀ ਭੁੱਖ ਹੜਤਾਲ ਕਰਦੇ ਐ ਤਾਂ ਨਾਂ ਡਾਕਟਰ ਨੇੜੇ ਤੇੜੇ ਹੁੰਦੇ ਐ ਤੇ ਨਾਂ ਈ ਕਦੇ ਨੈਸ਼ਨਲ ਮੀਡੀਆ ਦੇ ਕੈਮਰੇ ਪੁੱਜੇ ਨੇ ਲਾਈਵ ਕਵਰੇਜ ਨੂੰ। ਅੱਧੇ ਕਾਲਮ ਦੀ ਖ਼ਬਰ ਕੋਈ ਅਖਬਾਰ ਲਾ ਦਵੇ ਤਾਂ ਠੀਕ ਪਰ ਐਡੀ ਛੋਟੀ ਖਬਰ ਨੂੰ ਆਪਣੀ ਮਿਡਲ ਕਲਾਸ ਤਵੱਕੋ ਨਹੀਂ ਦਿੰਦੀ। ਏਥੇ ਦਿਨ 'ਚ 2 ਵਾਰ ਬੀ.ਪੀ ਚੈੱਕ ਹੁੰਦਾ ਵੀ ਵਖਾਈ ਜਾਂਦੇ ਨੇ ਟੀਵੀ 'ਤੇ ਤੇ ਚਾਰ ਐਂਬੂਲੈਂਸਾਂ ਹਰ ਵੇਲੇ ਹੂਟਰ ਮਾਰਦੀਆਂ ਤਿਆਰ ਖੜੀਆਂ ਪਈਆਂ ਨੇ। ਤਿਆਰੀ ਜ਼ਬਰਦਸਤ ਐ ਭੁੱਖ ਹੜਤਾਲ ਭਾਵੇਂ ਸਾਢੇ ਚਾਰ ਦਿਨਾਂ 'ਚ ਈ ਮੁੱਕ ਗਈ ਤੇ ਕੋਸ਼ਿਸ਼ਾਂ ਪਹਿਲੇ ਦਿਨੋਂ ਈ 2 ਵਾਰ ਰੋਜ਼ਾਨਾ ਬੈਠਕਾਂ ਕਰ ਕੇ ਹੁੰਦੀਆਂ ਰਹੀਆਂ, ਆਖ਼ਰ ਸਰਕਾਰ ਦੀ ਵੀ ਇੱਜ਼ਤ ਦਾ ਸੁਆਲ ਸੀ।

83 ਦੇ ਵਿਸ਼ਵ ਕੱਪ ਜਾਂ 93 ਦੀਆਂ ਮਿਸ ਯੂਨੀਵਰਸ, ਮਿਸ ਵਰਲਡ ਦੇ ਨਾਲ ਵੱਡੀਆਂ ਹੋਈਆਂ ਪੀੜੀਆ ਵਾਂਗ ਇਸ ਵਰ੍ਹੇ ਮੌਜੂਦਾ ਪੀੜ੍ਹੀ ਲਈ ਖੇਡ ਤੇ ਸਿਆਸਤ 'ਚ 2 ਯਾਦਗਾਰੀ ਮੇਲੇ ਹੋ ਰਹੇ ਨੇ ਇੱਕ ਨੇ ਖੇਡ 'ਚ ਤਤਕਾਲੀ ਇਤਿਹਾਸ ਕਾਇਮ ਕੀਤਾ ਤੇ ਦੂਜੇ ਵੱਲੋਂ ਸਿਆਸੀ ਇਤਹਾਸ ਕਾਇਮ ਕਰਨ ਦਾ ਦਾਅਵਾ ਐ... ਪਰ ਇਹ ਮਾਸ ਹਿਪਨੋਟਿਜ਼ਮ ਦੇ ਕਾਮਯਾਬ ਫਾਰਮੂਲੇ ਵਾਂਗ ਕੰਮ ਜ਼ਰੂਰ ਕਰ ਰਹੇ ਨੇ। ਅੱਜ ਸੰਘ ਪਾੜਣ ਵਾਲੇ ਸਾਰੀ ਉਮਰ ਇਸੇ ਦਿਨ ਨੂੰ ਯਾਦ ਕਰਕੇ ਖ਼ੁਦ ਦੇ ਅੰਦਰ ਹੀਰੋ ਵਰਗਾ ਕੁਝ ਮਹਿਸੂਸ ਕਰਨਗੇ ਤੇ ਆਉਂਦੀਆਂ ਪੀੜੀਆਂ ਨੂੰ ਕਿੱਸੇ ਸੁਣਾਇਆ ਕਰਨਗੇ... ਇਤਿਹਾਸ ਨੇ ਜਿਹੜੇ ਸੁਆਲ ਪੁੱਛਣੇ ਨੇ ਓਹਨਾਂ ਦੇ ਜੁਆਬ ਦੇਣ ਲਈ ਮੌਜੂਦਾ ਬਾਜ਼ੀਗਰ ਓਦੋਂ ਤੱਕ ਜਿਓਂਦੇ ਨਹੀਂ ਹੋਣੇ। ਵੈਸੈ ਬਾਜ਼ੀਗਰਾਂ ਦੇ ਮੋਹਨਦਾਸ ਕਰਮਚੰਦ ਗਾਂਧੀ ਤੇ ਸੁਆਮੀ ਵਿਵੇਕਾਨੰਦ ਵਰਗੇ ਕੱਪੜੇ ਤੇ ਪੋਜ਼ ਦੀ ਨਕਲ ਮਾਰਨ ਬਾਰੇ ਓਪਨ ਮੈਗ਼ਜ਼ੀਨ ਵਾਲਾ ਮੰਨੂ ਜੋਜ਼ੇਫ ਬਹੁਤ ਤਸੱਲੀ ਨਾਲ ਲਿਖ ਚੁੱਕਾ ਸੋ ਮੈਂ ਨਾਟਕੀ ਸਟੇਜ, ਵਲੰਟੀਅਰਾਂ ਦੀ ਮੈਨੇਜਮੈਂਟ, ਸਾਊਂਡ ਸਿਸਟਮ ਆਦਿ ਦੀ ਵਿਸਥਾਰ 'ਚ ਨਹੀਂ ਜਾਂਦਾ। ਪਰ ਸੱਚ ਇਹ ਹੈ ਕਿ ਅਹਿਸਾਸ ਕਿਸੇ ਵੱਡੇ ਨਾਟਕ ਦਾ ਦਰਸ਼ਕ ਬਣਨ ਵਾਲਾ ਈ ਹੋ ਰਿਹਾ ਸੀ ਜਦੋਂ ਪੇਜ ਥ੍ਰੀ ਕਰਾਊਡ ਵਾਲੀਆਂ ਆਂਟੀਆਂ ਸ਼ਾਮ ਨੂੰ ਤਿਆਰ ਹੋ ਕੇ ਖੁਸ਼ਬੋਆਂ ਛੱਡਦੀਆਂ ਕਿਸੇ ਪਾਰਟੀ ਜਾਂ ਕਲੱਬ 'ਚ ਜਾਣ ਦੀ ਥਾਂ ਬੱਚਿਆਂ ਨੂੰ ਉਂਗਲ ਲਾ ਕੇ ਪ੍ਰੋਟੈਸਟ ਮਾਰਚ ਵਖਾਉਣ ਲੈ ਆਈਆਂ। ਓਹ ਵੱਖਰੀ ਗੱਲ ਐ ਬਈ 'ਇੰਡੀਆ' ਨੂੰ 'ਭਾਰਤ' ਦੇ ਨੇੜੇ ਜਾਂਦਾ ਵੇਖਣ ਦੀ ਖੁਸ਼ੀ ਓਦੋਂ ਮਾਰੀ ਗਈ ਜਦੋਂ ਹਾਈ ਹੀਲ ਨੇ ਲੇਬਰ ਕਲਾਸ ਨਾਲ ਚੌਂਕੜੀ ਮਾਰ ਕੇ ਬਹਿਣ ਦਾ ਜਿਗਰਾ ਨਹੀਂ ਕੱਢਿਆ ਤੇ 15 ਕੁ ਮਿੰਟਾਂ ਦੀ ਗੇੜੀ ਤੋਂ ਬਾਅਦ 'ਹੰਗਰ ਸਟ੍ਰਾਈਕ ਕੀ ਸਪੋਰਟ ਮੇਂ' ਕੈਮਰਿਆਂ ਨੂੰ ਬਾਈਟ ਦੇ ਕੇ ਕ੍ਰਾਊਡ ਘਰ ਨੂੰ ਮੁੜ ਗਿਆ। ਵੈਸੇ ਹਾਈ ਹੀਲ ਜਾਂ 'ਫੈਬ ਇੰਡੀਆ' ਬ੍ਰਾਂਡ ਦੀ ਖਾਦੀ ਵਾਲਾ ਇਹ ਕ੍ਰਾਊਡ ਬਾਈਟ ਵੀ ਕੈਮਰੇ 'ਤੇ ਲੱਗੇ ਮਾਈਕ ਲੋਗੋ ਨੂੰ ਵੇਖ ਕੇ ਚੈਨਲ ਪਛਾਣ ਕੇ ਦਿੰਦੈ, ਤੇ ਓਧਰ ਮ੍ਹਾਤੜ ਵਿਚਾਰੇ ਮਹਾਂਰਾਸ਼ਟਰ ਆਲੇ ਵੀ ਪੰਜਾਬੀ ਚੈਨਲ ਨੁੰ ਬਾਈਟ ਦੇ ਕੇ ਖੁਸ਼ ਹੋ ਲੈਂਦੇ ਨੇ ਬਈ ਟੀਵੀ 'ਤੇ ਆਉਣ ਦੀ ਉਮੀਦ ਤਾਂ ਹੋਈ, ਹਾਂ ਸਾਰੇ ਆਪਣੇ ਟੀਵੀ 'ਤੇ ਓਨ ਏਅਰ ਹੋਣ ਦਾ ਟਾਈਮ ਜ਼ਰੂਰ ਪੁੱਛ ਕੇ ਜਾਂਦੇ ਐ ਹਰ ਕਿਸੇ ਤੋਂ। ਮਿਡਲ ਕਲਾਸ ਲਈ ਕੇਬਲ ਟੀਵੀ ਦੇ ਆਉਣ ਤੋਂ ਬਾਅਦ ਸ਼ਾਇਦ ਇਹ ਸਭ ਤੋਂ ਵੱਡਾ ਐਸਾ ਨਾਟਕ ਐ ਜਿਹਦੇ 'ਚ ਸਾਰਾ ਦਿਨ 'ਆਮ ਆਦਮੀ' ਦੀ ਬਾਈਟ ਕਿਤੇ ਨਾਂ ਕਿਤੇ ਚੱਲੀ ਜਾ ਰਹੀ ਐ। ਸੋ 'ਫਰਸਟ੍ਰੇਸ਼ਨਾਂ' ਕੱਢਣ ਲਈ ਜੁਗਾੜ ਚੰਗਾ ਹੋ ਗਿਆ ਕੁਝ ਦਿਨ ਦਾ।

ਕੁੱਲ ਮਿਲਾ ਕੇ ਇਸ ਮੇਲੇ 'ਚੋਂ ਕੀ ਨਿਕਲਣਾ ਇਹਦੇ ਬਾਰੇ ਜਾਨਣ ਲਈ ਜਿਵੇਂ ਇਲੇਕਟ੍ਰੋਨਿਕ ਮੀਡੀਆਂ ਦੀਆਂ ੯੦% ਸਟੋਰੀਆਂ 'ਚ ਕਹਿੰਦੇ ਹੁੰਦੇ ਆ ਬਈ 'ਕੁਛ ਹੀ ਦਿਨ ਕਾ ਇੰਜ਼ਤਾਰ ਕਰਨਾ ਪੜੇਗਾ' ਪਰ ਜੇ ਉਮੀਦ ਹੋਵੇ ਕਿ ਏਡੀ ਵੱਡੀ ਭੀੜ ਨੂੰ ਪਿੱਛੇ ਲਾ ਕੇ ਸਟੇਜ 'ਤੇ ਮੌਜੂਦ ਲੋਕਾਂ 'ਚੋਂ ਕੋਈ ਭੀੜ ਦਾ ਆਗੂ ਵੀ ਪੈਦਾ ਹੋਵੇਗਾ ਤੇ ਭ੍ਰਿਸ਼ਟਾਚਾਰ ਵਰਗੇ ਵਰਤਾਰੇ ਨੂੰ ਨੱਥ ਪਾਉਣ ਲਈ ਅੱਗੇ ਆਵੇਗਾ ਤਾਂ ਖ਼ੁਆਬ ਤੋੜਣ ਲਈ ਮੁਆਫੀ ਪਰ ਅੰਨਾ ਹਜ਼ਾਰੇ ਪਹਿਲੋਂ ਈ ਮੰਨ ਚੁੱਕੈ ਕਿ ਓਹਨੂੰ ਆਪਣੇ ਚੋਣ 'ਚ ਖੜੇ ਹੋਣ 'ਤੇ ਜਿੱਤਣ ਦਾ ਭਰੋਸਾ ਨਹੀਂ। ਰਾਮਦੇਵ ਤਿੰਨ ਦਿਨ ਟਪਾ ਕੇ ਪੁੱਜਾ ਤੇ ਘੰਟਾ ਬਹਿ ਕੇ ਮੁੜ ਗਿਆ, ਮੱਲਿਕਾ ਸਾਰਾਭਾਈ ਪਹਿਲੋਂ ਈ 2009 'ਚ ਚੋਣਾਂ ਹਾਰ ਚੁੱਕੀ ਐ। ਸੋ ਮੌਜੂਦਾ ਹਾਕਮਾਂ ਲਈ ਖ਼ਤਰਾ ਨਹੀਂ ਐ।ਹੁਣ ਜੇ 'ਕੱਲਾ ਲੋਕਪਾਲ ਬਣਾ ਕੇ ਬਹਿ ਜਾਣੈ ਤਾਂ ਜਿਹੜੀ ਸਰਕਾਰ ਪਹਿਲੋਂ ਆਰ.ਟੀ.ਆਈ ਬਿੱਲ ਪਾਸ ਕਰ ਕੇ ਮੁੜ ਓਸਨੂੰ ਪੇਤਲਾ ਕਰਨ ਲਈ ਪੂਰੀ ਵਾਹ ਲਾ ਰਹੀ ਐ ਕੀ ਓਹ ਲੋਕਪਾਲ ਨਾਲ ਅਜਿਹਾ ਨਹੀਂ ਕਰ ਸਕਦੀ। ਹਰ ਕੋਈ ਇਸ ਗੱਲੋਂ ਬੜਾ ਖੁਸ਼ ਐ ਕਿ ਅਵਾਜ਼ ਭ੍ਰਿਸ਼ਟਾਚਾਰ ਖਿਲਾਫ ਉੱਠ ਰਹੀ ਐ, ਪਰ ਬਗ਼ੈਰ ਦੰਦਿਆਂ ਦੀ ਗਰਾਰੀ ਕਿਸੇ ਦਾ ਕੀ ਘਸਾ ਲਊ। ਜੇ ਕੱਲ ਨੂੰ ਲੋਕਪਾਲ ਹੀ ਭ੍ਰਿਸ਼ਟ ਬੰਦਾ ਲਾ ਦਿੱਤਾ ਤਾਂ ਫੇਰ ਕੀ ਬਣੂ, ਚੇਤਾ ਰੱਖੀਏ ਸੁਪਰੀਮ ਕੋਰਟ ਦੇ ਜੱਜ 'ਤੇ ਵੀ ਮੁੱਕਦਮਾ ਚੱਲ ਰਿਹੈ। ਜ਼ਰੂਰਤ ਤਾਂ ਐਸੇ ਲੋਕਾਂ ਦੀ ਐ ਜੋ ਅਜਿਹੀ ਮੁਹਿੰਮ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਲੈਣ ਤੇ ਆਉਂਦੀਆਂ ਪੀੜ੍ਹੀਆਂ ਨੂੰ ਰਿਸ਼ਵਤ ਲੈਣ ਤੇ ਦੇਣ ਤੋਂ ਰੋਕਣ ਦੀ ਜੀਵਨ ਜਾਚ ਸਿਖਾਉਣ ਤੇ ਓਧਰੋਂ ਇਸ ਵਰਤਾਰੇ ਨੂੰ ਵਧਾਵਾ ਦੇਣ ਵਾਲੀਆਂ ਤਾਕਤਾਂ ਨਾਲ ਨਜਿੱਠਣ ਦੇ ਢੰਗ ਪੈਦਾ ਕੀਤੇ ਜਾਣ। ਭ੍ਰਿਸ਼ਟਾਚਾਰ ਸਾਡੇ ਸੱਭਿਆਚਾਰ ਦਾ ਹਿੱਸਾ ਬਣ ਚੁੱਕੈ, ਕੋਈ ਵੀ ਗੜਬੜ ਹੋਵੇ ਸਭ ਤੋਂ ਪਹਿਲੋਂ ਹੱਲ ਲਈ ਬੰਦਾ ਆਪਣੀ ਜੇਬ ਦੀ ਤਾਕਤ ਚੈੱਕ ਕਰਦੈ। ਇਸ ਸਮੱਸਿਆ ਦਾ ਹੱਲ ਸੱਭਿਆਚਾਰਕ ਸੁਧਾਰਾਂ ਨਾਲ, ਜਨਤਾ ਦੀ ਸੋਚ ਦਾ ਖ਼ਾਸ ਤੌਰ 'ਤੇ ਆਮ ਬੰਦੇ ਦੇ ਕੰਮ ਕਰਨ ਦਾ ਨਜ਼ਰੀਆ ਬਦਲਣ ਨਾਲ ਤੇ ਸਭ ਤੋਂ ਵੱਧ ਜ਼ਰੂਰੀ ਹੇਠਲੇ ਪੱਧਰ ਤੋਂ ਰਿਸ਼ਵਤਾਂ ਦੀ ਆਦਤ ਬੰਦ ਕਰਾਉਣ ਲਈ ਸਖ਼ਤੀ ਨਾਲ ਹੋਣੈ। ਆਮ ਬੰਦੇ ਨੂੰ ਸ਼ਾਇਦ ਕਰੋੜਾਂ ਦੇ ਘੁਟਾਲੇ ਸਮਝ ਵੀ ਨਹੀਂ ਆਉਂਦੇ ਕਿਓਂਕਿ ਇੱਕ ਕਰੋੜ ਵੀ ਆਪਾਂ ਕਦੇ 'ਕੱਠੇ ਵੇਖੇ ਨਹੀਂ ਹੁੰਦੇ। ਪਰ ਰੋਜ਼ਾਨਾ ਨਿੱਕੇ ਨਿੱਕੇ ਕੰਮਾਂ ਲਈ ਜੇਬ ਢਿੱਲੀ ਕਰਨਾ ਤੇ ਕਿਸੇ ਦੇ ਤਰਲੇ ਕੱਢਣਾ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਬਰਾਬਰ ਐ। ਓਸਦਾ ਹੱਲ ਕਿਵੇਂ ਹੋਵੇ ਇਸ 'ਤੇ ਕੋਈ ਡਿਬੇਟ ਨਹੀਂ ਹੋਈ। ਘੱਟ ਤਨਖਾਹਾਂ ਵੱਲੇ ਰਿਸ਼ਵਤ ਦੀ ਤਵੱਕੋ ਹਮੇਸ਼ਾਂ ਰੱਖਣਗੇ, ਪਰਿਵਾਰ ਪਾਲਣਾ ਬਹੁਤ ਮਹਿੰਗਾ ਐ, ਓਹਦਾ ਹੱਲ ਵੀ ਜ਼ਰੂਰੀ ਐ। ਜਿਹੜੇ ਬੇਰੋਜ਼ਗਾਰ ਨੇ ਓਹਨਾਂ ਨੂੰ ਨੌਕਰੀ ਦੀ ਉਮੀਦ ਹੋਵੇ ਤਾਂ ਝੱਟ ਰਿਸ਼ਵਤ ਦੇਣਗੇ, ਨਰੇਗਾ ਵਰਗੀ ਸਕਮਿ 'ਚ ਲੇਬਰ ਕਰਨ ਲਈ ਵੀ ਸਰਪੰਚ ਰਿਸ਼ਵਤ ਖਾ ਲੈਂਦੇ ਨੇ। 80 ਕਰੋੜ ਭੁੱਖਿਆਂ ਢਿੱਡਾਂ ਤੋਂ ਕਿੰਨੀ ਭੁੱਖ ਹੜਤਾਲ ਕਰਾਉਣੀ ਪਊ ਰਿਸ਼ਵਤਖੋਰੀ ਬੰਦ ਕਰਾਉਣ ਲਈ ਇਸ ਦਾ ਜੁਆਬ ਕਿਸੇ ਨਹੀਂ ਦਿੱਤਾ। ਪਰ ਫਾਸਟ ਫੂਡ ਦੇ ਦੌਰ 'ਚ ਸ਼ੋਰਟ ਸਰਕਟ ਕਰ ਕੇ ਭ੍ਰਿਸ਼ਟਾਚਾਰ ਦਾ ਹੱਲ ਲੱਭਣ ਦੀ ਕੋਸ਼ਿਸ਼ ਹੋ ਰਹੀ ਐ।

ਹੋਮਿਓਪੈਥੀ ਦੀ ਦੁਆਈ ਦੇ ਫਾਇਦੇ ਦੱਸਦਿਆਂ ਪਹਿਲੀ ਗੱਲ ਇਹ ਕਹੀ ਜਾਂਦੀ ਐ ਬਈ ਜੇ ਫੈਦਾ ਨਾਂ ਹੋਇਆ ਤਾਂ ਨੁਕਸਾਨ ਵੀ ਨੀਂ ਕਰੂ। ਜਦੋਂ ਮੈਂ ਵਾਪਸ ਤੁਰਨ ਲੱਗਾਂ ਤਾਂ 700 ਜਾਂ 800 ਲੋਕਾਂ ਦਾ ਨਵਾਂ ਜਥਾ ਦਾਖਲ ਹੋ ਰਿਹਾ ਸੀ। ਸ਼ੁਰੂ ਦੀ ਕਤਾਰ ਕੋਲੇ ਬੈਨਰ ਸੀ। "ਹਜ਼ਾਰੋਂ ਹੋਮਿਓਪੈਥ, ਹਜ਼ਾਰੇ ਕੇ ਸਾਥ" ਮੈਨੂੰ ਯਾਦ ਆਇਆ ਕਈ ਵਰ੍ਹੇ ਪਹਿਲੋਂ ਇੱਕ ਨਵੇਂ ਉਭਰਦੇ 'ਪੰਜਾਬ, ਪੰਜਾਬੀ, ਪੰਜਾਬੀਅਤ' ਦੇ ਸੇਵਾਦਾਰ ਦਾ ਗਾਇਆ ਗਾਣਾ।

ਮੁੰਡਾ ਹੋਮਿਓਪੈਥੀ ਦੀ ਦੁਆਈ ਵਰਗਾ
ਕਰਦਾ ਨਹੀਂ ਨੁਕਸਾਨ


ਮੌਜੂਦਾ ਸਿਸਟਮ, ਮੌਜੂਦਾ ਸਰਕਾਰਾਂ ਤੇ ਸਿਆਸਤ, ਮੌਜੂਦਾ ਮੀਡੀਆ ਲਈ ਅੰਨਾ ਹਜ਼ਾਰੇ ਹੋਮਿਓਪੈਥੀ ਦੀ ਦੁਆਈ ਐ।

ਜੰਤਰ ਮੰਤਰ ਤੋਂ ਦਵਿੰਦਰਪਾਲ ਪੀ ਟੀ ਸੀ ਨਿਊਜ਼ ਦੀ ਲਾਈਵ ਰਿਪੋਰਟ

Saturday, April 2, 2011

ਜ਼ਮੀਨਦੋਜ਼ ਯੂਰੇਨੀਅਮ ਦਾ ਪ੍ਰਚਾਰ ਪੰਜਾਬ ਖਿਲ਼ਾਫ ਨਵੀਂ ਸਾਜ਼ਿਸ

ਪੰਜਾਬ ਦੀ ਧਰਤੀ ਖਿਲਾਫ਼ ਲਗਾਤਾਰ ਸਰਕਾਰੀ ਤੇ ਗੈਰ ਸਰਕਾਰੀ ਸਾਜ਼ਿਸਾਂ ਹੁੰਦੀਆਂ ਰਹੀਆਂ ਹਨ।ਨਵੇਂ ਦੌਰ 'ਚ ਸਰਕਾਰ ਖੁਦ ਗੈਰ-ਸਰਕਾਰੀ ਸਾਜਿਸ਼ਾਂ ਕਰਵਾ ਰਹੀ ਹੈ।ਐੱਨ.ਜੀ.ਓ ਵਾਦ ਦਾ ਵਧਣਾ ਫੁੱਲਣਾ ਇਸੇ ਦਾ ਹਿੱਸਾ ਹੈ।ਹਮਲਾਵਰ ਵੀ ਆਪਣੇ ਤੇ ਵਿਰੋਧੀ ਵੀ ਆਪਣੇ।ਸਿਆਸੀ ਲੜਾਈਆਂ ਦੀ ਥਾਂ ਸੁਧਾਰਵਾਦੀ ਲੜਾਈਆਂ ਦਾ ਵੱਡਾ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ ਹੈ।ਨਸ਼ਿਆਂ ਨੇ ਭਾਵੇਂ ਪੰਜਾਬ ਨੂੰ ਵੱਡੇ ਪੱਧਰ 'ਤੇ ਖੋਖਲਾ ਕੀਤਾ ਹੈ,ਪਰ ਜਿਸ ਤਰ੍ਹਾਂ ਐਨ ਜੀ ਓਜ਼ ਨੇ ਪੰਜਾਬ 'ਚ ਛੇਵੇਂ ਤੋਂ ਲੈ ਕੇ ਦਸਵੇਂ ਦਰਿਆ ਵਗਾਏ ,ਉਹ ਸਾਮਰਾਜੀ ਸੰਸਥਾਵਾਂ ਤੋਂ ਫੰਡ ਉਗਰਾਹੁਣ ਦਾ ਜ਼ਰੀਆ ਹਨ।ਗੁਰਵਿੰਦਰ ਸਿੰਘ ਦਾਤਾ ਦੀ ਇਹ ਲਿਖਤ ਦੱਸਦੀ ਹੈ ਕਿ ਜ਼ਮੀਨਦੋਜ਼ ਯੂਰੇਨੀਅਮ ਦੇ ਹਾਊਏ ਦਾ ਮਤਲਬ ਕੀ ਹੈ?ਗੁਰਵਿੰਦਰ ਜੀ ਨੇ ਗੁਲਾਮ ਕਲਮ ਨੂੰ ਪਹਿਲੀ ਲਿਖ਼ਤ ਭੇਜੀ ਹੈ।ਆਸ ਹੈ ਅੱਗੇ ਤੋਂ ਵੀ ਸਹਿਯੋਗ ਜਾਰੀ ਰੱਖਣਗੇ।ਸਾਡੇ ਕੋਲ ਬਹੁਤ ਸਾਰੀਆਂ ਰਚਨਾਵਾਂ ਅਜਿਹੀਆਂ ਆਉਂਦੀਆਂ ਹਨ,ਜਿਨ੍ਹਾਂ ਨੂੰ ਅਸੀਂ ਛਾਪ ਨਹੀਂ ਪਾਉਂਦੇ,ਕਿਉਂਕਿ ਅਸੀਂ ਸੂਚਨਾਤਮਕ ਤੇ ਸਹਿਤਕ ਪ੍ਰਦੂਸ਼ਣ ਦੇ ਸਖ਼ਤ ਖਿਲ਼ਾਫ ਹਾਂ।ਗੁਲਾਮ ਕਲਮ ਤੁਹਾਡੀ ਆਪਣੀ ਥਾਂ ਹੈ,ਇਸ ਲਈ ਇਸਦੇ ਰਚਨਾਤਮਿਕ ਮਹੌਲ ਦਾ ਖਿਆਲ ਜ਼ਰੂਰ ਰੱਖੋ।--ਯਾਦਵਿੰਦਰ ਕਰਫਿਊ

ਫਰੀਦਕੋਟ ਤੋਂ ਬਾਬਾ ਫਰੀਦ ਸੈਂਟਰ ਫਾਰ ਸਪੈਂਸਲ ਚਿਲਰਡਨ ਦੇ ਡਾਕਟਰ ਅਮਰ ਸਿੰਘ ਤੇ ਡਾ. ਪ੍ਰੀਤਪਾਲ ਸਿੰਘ ਨੇ ਜਰਮਨ ਦੀ ਮਾਈਕ੍ਰੇਟਰੇਸ ਮਿਨਰਲ ਲੈਬ ਦੀ ਰਿਸਰਚ ਰਿਪਰੋਟ ਜਾਰੀ ਕੀਤੀ ਜਿਸ ਅਨੁਸਾਰ 150 ਦੇ ਕਰੀਬ ਬੱਚਿਆ ਦੇ ਵਾਲਾਂ ਦੇ ਟੈਸਟ ਵਿੱਚ ਯੂਰੇਨੀਅਮ ਦੇ ਅੰਸ ਆਮ ਨਾਲੋਂ ਵਧੇਰੇ ਮਾਤਰਾ ਵਿੱਚ ਪਾਏ ਗਏ ਹਨ ਤੇ ਨਾਲ ਹੀ ਇਸ ਯੂਰੇਨੀਅਮ ਦਾ ਸਰੋਤ ਅਮਰੀਕਾ ਦੁਆਰਾ ਆਫਗਾਨੀਸਤਾਨ ਵਿੱਚ ਤਾਲੀਬਾਨੀਆਂ ਦੇ ਬੰਕਰ ਤੋੜਨ ਲਈ ਯੂਰੇਨੀਅਮ ਯੁਕਤ ਬੰਬ ਵਰਤਣਾ ਦੱਸਿਆ ਗਿਆ ਹੈ,ਜਿਸ ਦੀ ਧੂੜ ਆਲੇ-ਦੁਅਲੇ ਦੇ ਇੱਕ ਹਜਾਰ ਇੱਕੋਮੀਟਰ ਵਿੱਚ ਫੈਲ ਗਈ। ਪੰਜਾਬ ਵਿੱਚ ਮੱਧਬੁੰਦੀ ਤੇ ਅਪਾਹਿਜ ਬੱਚੇਆ ਦਾ ਜੰਮਣਾ, ਕੈਂਸਰ ਤੇ ਹੋਰ ਬੀਮਾਰੀਆ ਦਾ ਮੂਲ ਕਾਰਨ ਵੀ ਆਫਗਾਨੀਸਤਾਨ ਤੋਂ ਪਹੁੰਚੇ ਇਸ ਯੂਰੇਨੀਅਮ ਨੂੰ ਦੱਸਿਆ ਗਿਆ ਹੈ। ਇਸ ਰਿਪੋਰਟ ਨਾਲ ਪੰਜਾਬ ਦੇ ਜਾਗਰੂਕ ਹਲਕਿਆ ਵਿੱਚ ਕਾਫੀ ਚਰਚਾ ਤੇ ਉਤਸਕਤਾ ਹੋਈ ਹੈ।

ਕੀ ਆਫਗਾਨਸਤਾਨ ਵਿੱਚ ਚੱਲੇ ਬੰਬ ਹੀ ਯੂਰੇਨੀਅਮ ਦਾ ਸਰੋਤ ਹਨ?

ਆਫਗਾਨਸਤਾਨ ਵਿੱਚ ਚੱਲੇ ਬੰਬਾਂ ਕਾਰਨ ਯੂਰੇਨੀਅਮ ਦਾ ਇੱਕ ਹਜਾਰ ਕਿਲੋਮੀਟਰ ਦੇ ਘੇਰੇ ਵਿੱਚ ਫੈਲਣ ਦਾ ਦਾਅਵਾ ਵੀ ਕਈ ਸ਼ੰਕੇ ਖੜੇ ਕਰਦਾ ਹੈ। ਪੰਜਾਬ ਦੀ ਤੁਲਨਾ ਵਿੱਚ ਪਾਕਿਤਸਾਨ, ਈਰਾਨ, ਇਰਾਕ, ਉਬਜੇਕੀਸਤਾਨ, ਤੁਰਕੀ ਤੇ ਹੋਰ ਦੇਸ਼ ਆਦਿ ਆਫਗਾਨਸਿਤਾਨ ਦੇ ਬੇਹੱਦ ਨੇੜੇ ਹਨ। ਜੇ ਯੂਰੇਨੀਅਮ ਯੁਕਤ ਧੂੜ ਹੀ ਅਪਾਹਿਜ ਬੱਚੇ ਜੰਮਣ ਦਾ ਕਾਰਨ ਬਣਦੀ ਤਾਂ ਉਕਤ ਦੇਸਾਂ ਵਿੱਚ ਵੀ ਅਪਾਹਿਜ ਬੱਚੇ ਜੰਮਣੇ ਸਨ ਤੇ ਹੁਣ ਤੱਕ ਇਸ ਦੀ ਇੰਟਰਨੈਸਨਲ ਪੱਧਰ ਤੇ ਚਰਚਾ ਸੂਰੁ ਹੋ ਜਾਣੀ ਸੀ। ਨਾਲੇ ਜਿੰਨਾ ਬੱਚਿਆਂ ਵਿੱਚ ਯੂਰੇਨੀਅਮ ਦੀ ਧੂੜ ਕਾਰਨ ਅਪਾਹਿਜਾਂ ਆਈ ਦਾ ਦਾਅਵਾ ਕੀਤਾ ਜਾਂਦਾ ਹੈ ਉਨ੍ਹਾਂ ਵਿੱਚ ਕਈਆਂ ਦੀ ਉਮਰ 12-14 ਸਾਲ ਤੋਂ ਉਪਰ ਹੈ ਜੋ ਕਿ ਅਮਰੀਕਾ-ਅਫਗਾਨ ਲੜਾਈ ਤੋਂ 5-6 ਸਾਲ ਪਹਿਲਾਂ ਹੀ ਜਮਾਂਦਰੂ ਤੌਰ ਤੇ ਅਪਾਹਿਜ ਜੰਮੇ ਹਨ ਤੇ ਜਿਆਦਾਤਰ ਬੱਚੇ ਨਰਮਾ ਬੇਲਟ ਨਾਲ ਦੇ ਵਸਨੀਕ ਹਨ।

ਮੈਡੀਕਲ ਸਾਇੰਸ ਮੁਤਾਬਕ ਦਿਮਾਗੀ ਮੰਦਬੁੱਦੀ ਤੇ ਜਮਾਂਦਰੂ ਅਪਾਹਿਜਾਂ ਦੇ ਮੁੱਖ ਕਾਰਨ

ਬੱਚਿਆਂ ਦਾ ਦਿਮਾਗੀ ਮੰਦਬੁੱਦੀ ਤੇ ਜਮਾਂਦਰੂ ਅਪਾਹਿਜ ਜੰਮਣ ਦੇ ਮੈਡੀਕਲ ਸਾਈਸ ਵਿੱਚ ਕਈ ਕਾਰਨ ਜਿੰਮੇਵਾਰ ਸਮਝੇ ਜਾਦੇ ਹਨ ਜਿਵੇ ਨਵ-ਜੰਮੇ ਬੱਚੇ ਦਾ ਦੇਰ ਨਾਲ ਰੋਣਾ, ਗਰਭ ਦੌਰਾਨ ਪੌਸਟਿਕ ਭੋਜਨ ਦੀ ਕਮੀ, ਗਰਭ ਸਮੇਂ ਦੌਰਾਨ ਨਸ਼ਿਆਂ ਦਾ ਸੇਵਨ, ਸੱਟ ਤੇ ਗਰਭ ਦੌਰਾਨ ਸੈਕਸ, ਮਾਤਾ-ਪਿਤਾ ਦੇ ਜੈਨੇਟਿਕ ਵਿਗਾੜ, ਬੱਚੇਦਾਨੀ ਦੀ ਰਸੌਲੀ ਅਤੇ ਬੱਚੇ ਦੇ ਦਿਮਾਗ ਵਿੱਚ ਪਾਣੀ ਦਾ ਭਰਨਾ ਆਦਿ ਮੁੱਖ ਕਾਰਨ ਮੰਨੇ ਜਾਦੇ ਹਨ। ਇਸ ਤੋਂ ਇਲਾਵਾ ਮਨੁੱਖੀ ਵਰਤੋਂ ਦੀ ਦਵਾਈਆ ਨੂੰ ਲੰਮੇ ਸਮੇਂ ਤੱਕ ਤਾਜਾ ਰੱਖਣ ਵਾਲੇ ਕੈਮੀਕਲ, ਮਰਕਰੀ, ਲੈਡ, ਕੈਡੀਅਮ, ਕੋਰੀਅਮ, ਐਲੂਮੀਨੀਅਮ, ਕਾਪਰ ਆਦਿ ਭਾਰੀ ਧਾਤੂਆਂ ਯੁਕਤ ਪ੍ਰਦੂਸ਼ਿਤ ਤੇ ਜ਼ਹਿਰੀਲਾ ਖਾਣ-ਪੀਣ ਵੀ ਇਸ ਅਪੰਗਤਾ ਦਾ ਕਾਰਨ ਮੰਨਿਆ ਗਿਆ ਹੈ ਜਿਸ ਦੇ ਸਬੂਤ ਅੰਮ੍ਰਿਤਸਰ ਦੀ ਟੈਕਸਟਾਈਲ ਇੰਡਸਟਰੀ ਦੀ ਗੰਦਗੀ ਵਾਲੇ 5 ਗੰਦੇ ਨਾਲਿਆਂ ਤੇ ਨੇੜੇ ਵੱਸੇ 25 ਪਿੰਡਾਂ ਵਿੱਚ ਜਮਾਦਰੂ ਅਪਾਹਿਜ ਤੇ ਕਈ ਅੰਗ ਰਹਿਤ ਜਨਮੇ ਬੱਚੇਆ ਦੀਆ ਉਦਾਹਰਨਾਂ ਹਨ। ਲੁਧਿਆਣੇ ਦਾ ਬੁੱਢਾ ਨਾਲਾ ਤੇ ਕਪੁਰਥਲੇ ਦੀ ਸਰਾਬ ਫੈਕਟਰੀ ਦੀ ਕੈਮੀਕਲ ਯੁਕਤ ਰਹਿੰਦ-ਗਹੂੰਦ ਜੋ ਕਿ ਵੇਈ ਵਿੱਚ ਪਾਈ ਜਾਦੀ ਹੈ ਦੀ ਵੀ ਮਨੁੱਖੀ ਸਰੀਰਾ ਵਿੱਚ ਭਾਰੀ ਤੱਤਾ ਦੀ ਮੌਜਦਗੀ ਦਾ ਕਾਰਨ ਬਣਦੀ ਹੈ। ਕਿਉਕਿ ਡਰੇਨਾਂ ਦੇ ਨੇੜੇ ਵਸੇ ਪਿੰਡ 20 ਫੁੱਟ ਡੂੰਘਾਈ ਵਾਲੇ ਨਲਕੇ ਦਾ ਪਾਣੀ ਪੀਦੇ ਹਨ ਤੇ ਕਈ ਵਾਰ ਇਹ ਡਰੇਨਾਂ ਦਾ ਪਾਣੀ ਵੀ ਟਿਊਵਬਲਾਂ ਦੇ ਪਾਣੀ ਨਾਲ ਮਿਲਾ ਕੇ ਖੇਤੀ ਨੂੰ ਵੀ ਲਗਾਈਆ ਜਾਂਦਾ ਹੈ। ਜਿਸ ਤਰਾਂ ਇਹ ਭਾਰੇ ਤੱਤ ਪਾਣੀ, ਖੇਤਾਂ ਦੀ ਮਿੱਟੀ ਅਤੇ ਉਪਜਾ ਰਾਹੀਂ ਮਨੁੱਖੀ ਸਰੀਰਾਂ ਵਿੱਚ ਪਹੁੰਚ ਜਾਂਦੇ ਹਨ ਤੇ ਬੀਮਾਰੀਆਾਂ ਦਾ ਕਾਰਨ ਬਣੇ ਹਨ। ਵੀਅਤਨਾਮ ਤੇ ਭੋਪਾਲ ਗੈਸ ਕਾਂਡ ਤੋਂ ਬਾਅਦ ਵੀ ਪ੍ਰਭਾਵਿਤ ਇਲਾਕਿਆ ਵਿੱਚ ਮੰਧਬੁੰਦੀ ਤੇ ਜਮਾਂਦਰੂ ਅਪੰਗ ਜੰਮੇ ਰਹੇ ਹਨ।

ਪੀਣ ਯੋਗ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ

ਮਨੁੱਖੀ ਸਰੀਰ ਕਈ ਤੱਤਾਂ ਤੋਂ ਬਣੀਆ ਹੋਇਆ ਹੈ ਤੇ ਹੁਣ ਤੱਕ ਮਨੁੱਖੀ ਸਰੀਰ ਦੇ ਜੀਨਜਾਂ ਨੇ ਇਤਿਹਾਸਿਕ ਵਿਕਾਸ ਦੌਰਾਨ "ਪਦਾਰਥਵਾਦ ਦੇ ਵਿਰੋਧ-ਵਿਕਾਸ ਦੇ ਸਿਧਾਂਤ" ਅਨੁਸਾਰ ਵੱਖ-ਵੱਖ ਤਰਾਂ ਦੇ ਪਦਾਰਥਾਂ, ਜਹਿਰਾਂ ਪ੍ਰਤੀ ਸੰਵੇਦਨਸੀਲਤਾ ਹਾਸਿਲ ਕੀਤੀ ਹੈ। ਜਿਸ ਦੀ ਪੁਸਟੀ ਅਜੋਕੇ ਸਾਇਸਦਾਨ ਵੀ ਕਰਦੇ ਹਨ ਕਿ ਮਨੁੱਖੀ ਸਰੀਰ ਵਿੱਚ ਵੱਖ-ਵੱਖ ਰਸਾਇਣਕ ਤੱਤਾਂ ਦੀ ਇੱਕ ਨਿਸਚਿਤ ਮਿਕਦਾਰ ਹਾਨੀਕਾਰਕ ਨਹੀਂ ਹੁੰਦੀ। ਜੇ ਇਹ ਤੱਤ ਨਿਸਚਿਤ ਮਾਤਰਾ ਤੋਂ ਵੱਧ ਹੋਣ ਤਾਂ ਇਹ ਸਰੀਰ ਲਈ ਹਾਨੀਕਾਰਕ ਹੋ ਜਾਂਦੇ ਹਨ ਤੇ ਬੀਮਾਰੀਆ ਦਾ ਕਾਰਨ ਬਣਦੇ ਹਨ। ਯੂਰੇਨੀਅਮ ਇਕ ਰੇਡੀਓ ਐਕਟਿਵ ਤੱਤ ਹੈ, ਜਿਹੜਾ ਕਿ ਹਰ ਤਰ•ਾਂ ਦੀ ਮਿੱਟੀ, ਪਹਾੜ, ਪਾਣੀ, ਹਵਾ ਅਤੇ ਪੌਦਿਆਂ ਵਿਚ ਵੀ ਪਾਇਆ ਜਾਂਦਾ ਹੈ ਅਤੇ ਯੂਰੇਨੀਅਮ ਤੋਂ ਜ਼ਿਆਦਾ ਖਤਰਾ ਉਸ ਦੇ ਰਸਾਇਣਿਕ ਜ਼ਹਿਰੀਲੇਪਣ (Chemical Toxicity) ਤੋਂ ਹੈ ਨਾ ਕਿ ਉਸ ਦੇ ਰੇਡੀਆਲੋਜੀਕਲ ਪ੍ਰਭਾਵਾਂ ਤੋਂ। ਡਾ: ਸੁਰਿੰਦਰ ਸਿੰਘ ਦੀ ਅਗਵਾਈ ਹੇਠ ਖੋਜ ਟੀਮ ਨੇ ਬਠਿੰਡਾ ਜ਼ਿਲ•ੇ ਦੇ 22 ਪਿੰਡਾਂ ਵਿਚੋਂ ਪੀਣ ਵਾਲੇ ਪਾਣੀਆਂ ਦੇ ਲਗਭਗ 90 ਸੈਂਪਲ ਇਕੱਠੇ ਕਰਕੇ ਯੂਰੇਨੀਅਮ ਦੀ ਮਾਤਰਾ ਲਈ ਪ੍ਰਯੋਗ ਕੀਤੇ।ਇਹ ਸੈਂਪਲ ਹੈਂਡ ਪੰਪ ਅਤੇ ਟਿਊਬਵੈਲਜ਼ ਤੋਂ ਲਏ ਗਏ। ਵੱਖ-ਵੱਖ ਇੰਟਰਨੈਸ਼ਨਲ ਏਜੰਸੀਆਂ ਨੇ ਪਾਣੀ ਵਿਚ ਯੂਰੇਨੀਅਮ ਦਾ ਮਨੁੱਖਤਾ ਲਈ ਸੁਰੱਖਿਅਤ ਪੱਧਰ ਵੱਖ-ਵੱਖ ਬਿਆਨ ਕੀਤਾ ਹੈ ਅਤੇ ਇਹ ਕਦੇ ਵੀ ਸਥਿਰ ਨਹੀਂ ਰਿਹਾ ਹੈ ਤੇ ਸਮੇਂ ਦੇ ਨਾਲ ਨਾਲ ਇਹ ਬਦਲਾਅ ਵੱਧਦਾ ਗਿਆ ਹੈ। ਉਦਾਹਰਨ ਵਜੋਂ 1979 ਵਿੱਚ ਇਹ ਪੱਧਰ 1.9 ਮਾਈਕ੍ਰੋਗ੍ਰਾਮ ਸੀ ਤੇ ਫਿਰ ਬਦਲ ਕੇ 2000 ਵਿੱਚ ਇਹ 9 ਮਾਈਕ੍ਰੋਗ੍ਰਾਮ ਤੇ ਸਾਲ 2004 ਵਿੱਚ 15 ਮਾਈਕ੍ਰੋਗ੍ਰਾਮ ਅਤੇ ਕਨੈਡਾ, ਆਸਟਰੇਲੀਆ, ਕੈਲੀਫੋਰਨੀਆ ਆਦਿ ਮੁਲਕਾਂ ਨੇ 20 ਮਾਈਕ੍ਰੋਗ੍ਰਾਮ ਪਰ ਲੀਟਰ ਪਾਣੀ ਵਿੱਚ ਕਰ ਦਿੱਤਾ ਗਿਆ ਅਤੇ ਇਸ ਮਾਤਰਾ ਵਾਲੇ ਪਾਣੀ ਨੂੰ ਮਨੁੱਖੀ ਸੇਹਤ ਲਈ ਸਰੁੱਖਿਅਤ ਮੰਨਿਆ ਗਿਆ ਹੈ।ਅਜੇ ਇਸ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਆਉਣ ਵਾਲੇ ਸਮੇਂ ਹੋਰ ਵੱਧ ਮਾਤਰਾ ਵਾਲਾ ਯੂਰੇਨੀਅਮ ਯੁਕਤ ਪਾਣੀ ਸਰੁੱਖਿਅਤ ਮੰਨ ਲਿਆ ਜਾਵੇ।

ਪੰਜਾਬ ਵਿੱਚ ਯੂਰੇਨੀਅਮ ਮਿਲਣ ਦੀ ਪਹਿਲੀ ਰਿਚਰਚ ਗੂਰੁ ਨਾਨਕ ਦੇਵ ਯੂਨਵਰਸਿਟੀ ਦੇ ਪ੍ਰਫੈਸਰ ਡਾ. ਸੁਰਿੰਦਰ ਸਿੰਘ ਨੇ ਕੀਤੀ ਸੀ ਤੇ ਉਨਾਂ ਆਪਣੀ ਰਿਸਚਰ ਰਿਪੋਰਟ ਵਿੱਚ ਬੰਠਿਡਾ ਦੇ 22 ਪਿੰਡਾਂ ਦੇ ਧਰਤੀ ਹੇਠਲੇ ਪਾਣੀ ਦੇ ਸੈਪਲਾਂ ਵਿੱਚ ਯੂਰੇਨੀਅਮ ਮਿਲਣ ਦਾ ਦਾਅਵਾ ਕੀਤਾ ਸੀ ਜੋ ਕਿ ਇਨਾਂ ਪਿੰਡਾਂ ਵਿੱਚ ਕੈਂਸਰ ਦੀ ਮਹਾਂਮਾਰੀ ਦਾ ਇੱਕ ਕਾਰਨ ਮੰਨਿਆ ਗਿਆ ਸੀ। ਬਠਿੰਡਾ ਜਿਲੇ ਵਿੱਚ ਯੂਰੇਨੀਅਮ ਦੀ ਔਸਤ ਮਾਤਰਾ 9.3 ਮਾਈਕ੍ਰੋਗ੍ਰਾਮ ਪ੍ਰਤੀ ਲਿਟਰ ਤੋਂ 56.9 ਮਾਈਕ੍ਰੋਗ੍ਰਾਮ ਪ੍ਰਤੀ ਲਿਟਰ ਪਾਈ ਗਈ। ਡਾ. ਅਨੁਸਾਰ ਇਹ ਸੈਂਪਲ ਟਿਊਬਲ ਅਤੇ ਹੈਡ ਪੰਪਾ ਤੋਂ ਲਏ ਗਏ ਤਾਂ ਫਿਰ ਆਫਗਾਨੀਸਤਾਨ ਤੋ ਚੱਲਿਆ ਯੂਰੀਨੇਅਮ ਧਰਤੀ ਹੇਠਲੇ 50 ਫੁੱਟ ਪਾਣੀ ਵਿੱਚ ਕਿਵੇ ਪੁੱਜ ਗਿਆ। ਦੂਜਾ ਜੇ ਇਹ ਯੂਰੀਨੇਅਮ ਸੂਰੁ ਤੋਂ ਹੀ ਧਰਤੀ ਹੇਠਲੇ ਪਾਣੀ ਵਿੱਚ ਮੌਜੂਦ ਸੀ ਤੇ ਕੈਂਸਰ ਦਾ ਹੀ ਮੁੱਖ ਕਾਰਨ ਹੈ ਤਾਂ ਹੁਣ ਤੱਕ ਨੂੰ ਇਨਾ ਪਿੰਡ ਦੀ ਹੋਂਦ ਪੰਜਾਬ ਦੇ ਨਕਸੇ ਤੇ ਨਹੀ ਹੋਣੀ ਸੀ ਕਿਉਕਿ ਇਨਾਂ ਪਿੰਡ ਵਿੱਚ ਲੋਕ ਦਹਾਕਿਆ ਤੋਂ ਰਹਿੰਦੇ ਹੋਏ ਯੂਰੀਨੇਅਮ ਯੁਕਤ ਪਾਣੀ ਪੀ ਕੇ,ਕੈਂਸਰ ਨਾਲ ਮਰ ਜਾਣੇ ਸਨ ਤੇ ਜੱਜਲ ਪਿੰਡ ਦੀ ਆਬਾਦੀ 3500 ਤੱਕ ਨਹੀਂ ਪੁੱਜਣੀ ਸੀ ਜਦਕਿ ਉਨਾਂ ਪਿੰਡਾਂ ਦੇ ਲੋਕਾਂ ਅਨੁਸਾਰ ਅੱਜ ਤੋਂ 18 ਸਾਲ ਪਹਿਲਾ ਤੱਕ ਅਜੇਹੀ ਕੋਈ ਬੀਮਾਰੀ ਨਹੀਂ ਸੀ।

ਪੰਜਾਬੀਆ ਦੇ ਖੂਨ ਵਿੱਚ ਖੇਤੀ ਜਹਿਰਾਂ ਦੀ ਮਾਤਰਾ

ਸੈਂਟਰ ਫਾਰ ਸਾਈਸ ਐਂਡ ਇਨਵੈਰਾਈਰਮੈਂਟ ਨੇ ਸਾਲ 2005 ਵਿੱਚ ਆਪਣੀ ਜਾਰੀ ਰਿਪੋਰਟ ਵਿੱਚ ਦਰਸਾਈਆ ਹੈ ਮਾਹੀਨੰਗਲ, ਬੱਲੋਂ, ਜੱਜਲ ਆਦਿ ਪਿੰਡਾਂ ਵਿੱਚੋ ਜੋ ਖੂਨ ਦੇ ਨਮੂਨੇ ਲਏ ਗਏ ਹਨ ਉਨਾ ਵਿੱਚ 6 ਤੋਂ 13 ਕਿਸਮ ਦੇ ਪੈਸਟੀਸਾਈਡ ਪਾਏ ਗਏ ਹਨ। ਪੈਸਟੀਸਾਈਡ ਦੀ ਖੂਨ ਵਿੱਚ ਕਿੰਨੀ ਮਾਤਰਾ ਮਨੁੱਖ ਲਈ ਹਾਨੀਕਾਰਕ ਹੈ ਇਸ ਦਾ ਕੋਈ ਸਟੈਂਡਰਡ ਨਹੀਂ ਮਿੱਥਿਆ ਗਿਆ ਹੈ। "ਖੇਤੀ ਜ਼ਹਿਰਾਂ ਦੇ ਮਨੁੱਖੀ ਸਰੀਰ ਤੇ ਮਾਰੂ ਪ੍ਰਭਾਵ ਪੈਦੇ ਹਨ ਕਿ ਨਹੀਂ" ਅਜੇ ਤੱਕ ਇਸ ਤੇ ਕੋਈ ਖੋਜ ਨਹੀਂ ਕੀਤੀ ਗਈ ਹੈ। "ਪੰਜਾਬ ਦੇ ਮਨੁੱਖ ਦੇ ਸਰੀਰ ਦੇ ਖੂਨ ਵਿੱਚ ਮਿਲੇ ਜਹਿਰ ਦੀ ਤੁਲਨਾ, ਅਮਰੀਕੀ ਮਨੁੱਖ ਦੇ ਖੂਨ ਵਿੱਚ ਮਿਲੇ ਹੋਏ ਪੈਸਟੀਸਾਈਡ ਨਾਲ ਕੀਤੀ ਜਾਦੀ ਹੈ।" ਇੰਨਾ ਪਿੰਡਾਂ ਵਿੱਚੋਂ ਲਏ ਗਏ ਖੂਨ ਦੇ ਸੈਪਲਾਂ ਵਿੱਚੋਂ organochlorine ਪੈਸਟੀਸਾਈਡ ਅਮਰੀਕੀ ਵਿਅਕਤੀ ਦੇ ਖੂਨ ਦੀ ਤੁਲਨਾ ਵਿੱਚ 15 ਤੋਂ 605 ਗੁਣਾ ਵਧੇਰੇ ਪਾਈਆ ਗਿਆ ਹੈ। ਲਿਡੇਨ ਦਾਮ ਦਾ ਪੈਸਟੀਸਾਈਡ 605 ਅਤੇ ਡੀ.ਟੀ.ਟੀ 188 ਗੁਣਾ ਵਧੇਰੇ,ਮੋਨੋਕਰੋਫਾਸ 158 ਗੁਣਾ ਵਧੇਰੇ ਮਾਤਰਾ ਵਿੱਚ ਪਾਈਆ ਗਿਆ ਹੈ।Hexachlorocyclohexane ਕੈਮੀਕਲ ਸੈਪਲ ਲੈਣ ਵਾਲੇ ਹਰ ਵਿਅਕਤੀ ਦੇ ਖੂਨ ਵਿੱਚ ਤੇ ਡੀਡੀਟੀ 95 ਪ੍ਰਤੀਸ਼ਤ, ਮੋਨੋਕਰੋਟੋਫਾਸ 75 ਪ੍ਰਤੀਸ਼ਤ, ਕਲੋਰੋਫਾਸ 85 ਪ੍ਰਤੀਸ਼ਤ ਅਤੇ 70 ਪ੍ਰਤੀਸਤ ਲੋਕਾਂ ਵਿੱਚ ਦੇ ਖੂਨ ਦੇ ਸੈਂਪਲ phosphamidon ਅਤੇ ਮੈਲਾਥੋਨ ਪਾਈਆ ਗਿਆ ਹੈ।

ਕੀ ਖੇਤੀ ਪੈਦਾਵਾਰ ਲਈ ਵਰਤੇ ਜਾਂਦੇ ਜਹਿਰ ਮਨੁੱਖੀ ਸੇਹਤ ਲਈ ਹਾਨੀਕਾਰਕ ਹੁੰਦੇ ਹਨ?

ਭਾਰਤ ਵਿੱਚ ਜਦੋਂ ਵੀ ਇਹ ਸਵਾਲ ਉਠਾਈਆ ਜਾਂਦਾ ਹੈ ਕਿ ਜਹਿਰ ਨਿਰਮਾਤਾ ਕੰਪਨੀਆਂ ਦੇ ਏਜੰਟ ਤੇ ਸਾਇਸਦਾਨ ਕੂਕ ਉਠਦੇ ਹਨ ਕਿ ਇਸ ਦੀ ਕੋਈ ਸਾਈਟੇਫਿੰਕ ਰਿਸਰਚ ਮੌਜੁਦ ਨਹੀਂ ਹੈ। ਪਰ ਹੁਣ ਤੱਕ ਤਜਰਬੇ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਖੇਤੀ ਜਹਿਰ ਮਨੁੱਖੀ ਸੇਹਤ ਲਈ ਅਤਿ ਹਾਨੀਕਾਰਕ ਹੁੰਦੇ ਹਨ। ਵੀਅਤਨਾਮ ਯੁੱਧ ਵਿੱਚ ਜੰਗਲਾ ਵਿੱਚ ਬਾਗੀਆਂ ਨੂੰ ਮਾਰਨ ਲਈ ਅਮਰੀਕੀ ਫੌਜਾਂ ਨੇ ਜਹਾਜਾ ਰਾਂਹੀ ਜੰਗਲਾ ਵਿੱਚ 2 ਡੀ ਫੌਰ ਕੈਮੀਕਲ ਦੀ ਸਪਰੇਅ ਕੀਤੀ ਤਾਂ ਕਿ ਜੰਗਲਾ ਸਾਫ ਹੋ ਜਾਣ ਤੇ ਬਾਗੀਆ ਨੂੰ ਆਸਾਨੀ ਨਾਲ ਮਾਰਿਆ ਜਾ ਸਕੇ। ਇਸ ਦੇ ਨਤੀਜੇ ਵਿੱਚ ਵੀਅਤਨਾਮ ਦੀ ਅਗਲੀ ਪੀੜੀ ਵਿੱਚ ਬੱਚੇ ਦਿਮਾਗੀ ਤੌਰ ਤੇ ਕਮਜੋਰ ਤੇ ਕਈ ਹੋਰ ਜਮਾਦਰੂ ਵਿਕਾਰਾ ਨੂੰ ਲੈ ਕੇ ਜੰਮੇ। 1984 ਦੇ ਭੁਪਾਲ ਗੈਸ ਦੇ ਯੂਨੀਅਨ ਕਾਰਬਨ ਕਾਰਖਾਨੇ ਜਿਸ ਵਿੱਚ ਖੇਤੀ ਲਈ ਕੈਮੀਕਲ ਤਿਆਰ ਹੁੰਦੇ ਸਨ ਵਿੱਚ ਵਾਪਰੇ ਹਾਦਸੇ ਕਾਰਨ 15000 ਦੇ ਕਰੀਬ ਲੋਕ ਮਾਰੇ ਗਏ ਤੇ ਅੱਜ ਵੀ ਵਿਕਾਰ ਗ੍ਰਸਤ ਬੱਚੇ ਜਨਮ ਲੈ ਰਹੇ ਹਨ। ਜਾਨਵਰਾਂ ਤੇ ਕੀਤੀ ਗਈ ਖੋਜ ਵਿੱਚ ਪਾਈਆ ਗਿਆ ਹੈ ਕਿ organophosphates ਦੀ ਥੋੜੀ ਮਾਤਰਾ ਵੀ ਦਿਮਾਗ ਦੀ ਕਮੈਸਟਿਰੀ ਵਿੱਚ ਵਿਗਾੜ ਪਾ ਸਕਦੀ ਹੈ। ਕਲੋਰੋਫਾਸ ਦਿਮਾਗ ਦੇ ਡੀ.ਐਨ.ਏ ਵਿੱਚ ਵੀ ਵਿਗਾੜ ਪਾ ਸਕਦੀ ਹੈ ਅਤੇ 2003 ਵਿੱਚ ਨਿਊਜਾਰਕ ਵਿੱਚ ਇੱਕ ਕੀਤੀ ਗਈ ਖੋਜ ਵਿੱਚ ਦੱਸਿਆ ਗਿਆ ਹੈ ਕਿ ਕਲੋਰੋਫਾਸ ਦੀ ਥੋੜੀ ਮਾਤਰਾ ਗਰਭ ਵਿੱਚਲੇ ਬੱਚੇ ਨੂੰ ਪ੍ਰਵਾਵਿਤ ਕਰ ਸਕਦੀ ਹੈ। ਨੋਟ ਕਰਨਯੋਗ ਹੈ ਕਿ ਪੰਜਾਬ ਭਾਰਤ ਦਾ ਮਹਿਜ 1.5 ਏਰੀਆ ਹੈ ਤੇ ਦੇਸ ਭਰ ਦਾ 18% ਪੈਸਟੀਸਾਈਡ ਪੰਜਾਬ ਵਿੱਚ ਵਰਤਿਆ ਜਾਦਾ ਹੈ। ਭਾਰਤ ਸਰਕਾਰ ਨੇ ਬਕਾਇਦਾ ਇਸ ਕੋਈ ਜਾਂਚ ਕਮਿਸਨ ਨਹੀਂ ਬਿਠਾਈਆ ਤੇ ਜਿੰਨਾ ਡਾਕਟਰਾਂ ਨੇ ਆਪਣੀ ਖੋਜ ਵਿੱਚ ਖੇਤੀ ਪੈਸਟੀਸਾਈਡ ਨੂੰ ਕੈਂਸਰ ਲਈ ਜਿੰਮੇਵਾਰ ਠਹਿਰਾਈਆ ਸੀ ਤਾਂ ਕੰਪਨੀ ਵੱਲੋਂ ਕੀਤੇ ਮਾਨਹਾਣੀ ਦੇ ਕੇਸ ਵਿੱਚ ਉਸ ਨੇ ਲਿਖਤੀ ਤੌਰ ਤੇ ਦਿੱਤਾ ਕਿ ਉਸ ਦਾ ਇਸ ਖੋਜ ਜਾਂ ਕੇਸ ਨਾਲ ਕੋਈ ਵਾਸਤਾ ਨਹੀਂ ਹੈ।

ਕੈਂਸਰ ਦੇ ਕਾਰਨ

ਇਸ ਵਕਤ ਪੰਜਾਬ ਵਿੱਚ 8 ਪ੍ਰਕਾਰ ਦਾ ਕੈਂਸਰ ਹੈ ਤੇ ਬਠਿਡੇ ਇਲਾਕੇ ਭੋਜਨ ਨਾਲੀ, ਮੇਹਦੇ, ਬੱਚੇਦਾਨੀ, ਪ੍ਰੌਟੈਸਟ ਵਿੱਚ ਕੈਂਸਰ ਦਾ ਜਿਆਦਾ ਪ੍ਰਕੋਪ ਹੈ। ਜਿਸ ਦੇ ਲਈ ਤਬਾਕੂ, ਸਿਗਰਟਨੋਸੀ, ਭਾਰੇ ਤੱਤਾਂ ਵਾਲਾ ਅਸੁੱਧ ਪਾਣੀ, ਯੂਰੀਨੇਅਮ ਆਦਿ ਨੂੰ ਜਿੰਮੇਵਾਰ ਸਮਝਿਆ ਜਾਂਦਾ ਹੈ। ਜੇ ਤੰਬਾਕੂ ਤੇ ਸਿਗਰਟਨੋਸੀ ਹੀ ਪੰਜਾਬ ਵਿੱਚ ਕੈਂਸਰ ਦਾ ਮੁੱਖ ਕਾਰਨ ਹੁੰਦਾ ਤਾਂ ਇਹ ਲੁਧਿਆਣੇ ਦੇ ਪ੍ਰਵਾਸੀ ਮਜਦੂਰਾਂ ਵਿੱਚ ਸਭ ਤੋਂ ਵੱਧ ਹੋਣਾ ਸੀ ਕਿਉਕਿ ਉਹ ਇਸ ਦੀ ਸਭ ਤੋਂ ਜਿਆਦਾ ਵਰਤੋਂ ਕਰਦੇ ਹਨ।

ਕੈਂਸਰ ਦੇ ਸੈੱਲ ਮਨੁੱਖੀ ਸਰੀਰ ਵਿੱਚ ਹੀ ਹੁੰਦੇ ਹਨ ਤੇ ਬਣਦੇ ਤੇ ਨਸਟ ਹੁੰਦੇ ਰਹਿੰਦੇ ਹਨ। ਸਰੀਰ ਦਾ ਬੀਮਾਰੀਆ ਪ੍ਰਤੀ ਪ੍ਰਤੀਰੋਧਕ ਸਿਸਟਮ ਇਨਾ ਸੈੱਲਾਂ ਨੁੰ ਕੰਟਰੋਲ ਕਰਦਾ ਹੈ ਜਦੋਂ ਕਿਤੇ ਸਰੀਰ ਦਾ ਪ੍ਰਤੀਰੋਧਕ ਸਿਸਟਮ ਕਮਜੋਰ ਹੋ ਜਾਵੇ ਤਾਂ ਕੈਂਸਰ ਤੇ ਹੋਰ ਬੀਮਾਰੀਆ ਦੇ ਸੈੱਲ ਵੱਧ ਜਾਂਦੇ ਹਨ। ਜੇ ਇਨਾ ਪਿੰਡਾ ਦੇ ਜ਼ਮੀਨ ਹੇਠਲੇ ਪਾਣੀ ਵਿੱਚ ਯੂਰੀਨੇਅਮ ਸੂਰੁ ਤੋਂ ਹੀ ਮੌਜੂਦ ਸੀ ਤਾਂ ਲਾਜਮੀ ਉਨਾ ਪਿੰਡਾਂ ਦੇ ਵਸਨੀਕਾਂ ਦੇ ਸਰੀਰ ਵਿੱਚਲੇ ਜੀਨਜਾਂ ਦੀ ਬਣਤਰ ਅਤੇ ਪ੍ਰਤੀਰੋਧਕ ਸਿਸਟਮ ਇਸ ਯੂਰੀਨੇਅਮ ਯੁਕਤ ਪਾਣੀ ਪ੍ਰਤੀ ਸਹਿਣਸੀਲ ਹੋ ਗਿਆ ਹੋਵੇਗਾ ਪ੍ਰੰਤੂ ਜਿਉਂ ਹੀ ਇਸ ਖਿੱਤੇ ਵਿੱਚ ਵਰਤੇ ਗਏ ਬੇਤਹਾਸਾ ਜਹਿਰਾਂ ਕਾਰਨ ਲੋਕਾਂ ਦਾ ਬੀਮਾਰੀਆਂ ਪ੍ਰਤੀ ਪ੍ਰਤੀਰੋਧਕ ਸਿਸਟਮ ਕਮਜੋਰ ਹੋਇਆ ਤਦ ਸਰੀਰ ਵਿੱਚ ਕੈਂਸਰ ਦੇ ਸੈੱਲਾਂ ਦੀ ਗਿਣਤੀ ਤੇ ਇਲਾਕੇ ਵਿੱਚ ਕੈਂਸਰ ਪੀੜਤ ਮਰੀਜਾ ਦੀ ਗਿਣਤੀ ਵੱਧਣੀ ਸੂਰ ਹੋ ਗਈ। ਜਦੋਂ ਸਰੀਰ ਪ੍ਰਤੀਰੋਧਕ ਸਿਸਟਮ ਕਮਜੋਰ ਹੋਵੇ ਤਾਂ ਆਮ ਮੱਛਰ ਦਾ ਡੰਗ ਵੀ ਜਾਨਲੇਵਾ ਸਾਬਿਤ ਹੋ ਸਕਦਾ ਹੈ।

ਖੇਤੀ ਵਿੱਚ ਵਰਤੇ ਜਾਂਦੇ ਜ਼ਹਿਰੀਲੇ ਰਸਾਇਣਾਂ ਨੂੰ ਦੋਸ਼ ਮੁਕਤ ਕਰਨ ਦੀ ਚਾਲ

ਭਾਰਤ ਵਿੱਚ ਹਾਸਪੈਲਿਟੀ ਇੱਕ ਉਭਰਦਾ ਖਪਤਕਾਰੀ ਬਾਜਾਰ ਹੈ। ਇੱਕ ਮੁਨਾਫੇ ਵਾਲਾ ਧੰਦਾ। ਬੀਮਾਰ ਵਿਅਕਤੀ ਹਸਪਤਾਲ ਤੇ ਦਵਾ ਕੰਪਨੀਆਂ ਦਾ ਇੱਕ ਗਾਹਕ ਹੁੰਦਾ ਹੈ। ਖੇਤੀ ਲਈ ਵਰਤਿਆ ਜਾਂਦਾ ਜਹਿਰ ਤੀਹਰੇ ਮੁਨਾਫੇ ਵਾਲਾ ਧੰਦਾ ਹੈ। ਪਹਿਲਾ ਕੰਪਨੀਆਂ ਜ਼ਹਿਰ ਵੇਚ ਕੇ ਪੈਸੇ ਕਮਾਉਦੀਆਂ ਹਨ। ਫਿਰ ਜਹਿਰਾਂ ਤੋਂ ਉਤਪੰਨ ਹੋਣ ਵਾਲੀਆ ਬੀਮਾਰੀਆਂ ਦੇ ਇਲਾਜ ਲਈ ਬੀਮਾ ਪਾਲਸੀਆਂ ਅਤੇ ਦਵਾਈਆਂ ਵੇਚਦੀਆਂ ਹਨ ਤੇ ਇੱਕ ਲਿਮਟ ਤੇ ਇਲਾਜ ਖਰਚੇ ਤੋਂ ਬਾਅਦ ਮੁੜ ਪੈਸੇ ਵਸੂਲਦੀਆਂ ਹਨ। ਇੱਕ ਖੇਤੀ ਡਾਕਟਰ ਅਨੁਸਾਰ ਕਈ ਕੰਪਨੀਆਂ ਤਾਂ ਖੇਤੀ ਲਈ ਰਸਾਇਣ ਵੀ ਤਿਆਰ ਕਰਦੀਆ ਤੇ ਨਾਲ ਕੈਂਸਰ ਦੀਆ ਦਵਾਈਆਂ ਵੀ ਬਣਾਉਦੀਆ ਹਨ। ਜਹਿਰ ਨਿਰਮਾਤਾ ਕੰਪਨੀਆਂ ਨੇ ਉਨਾ ਵਾਤਾਵਰਨ ਪ੍ਰੇਮੀਆਂ ਉਪਰ ਜੋ ਕਿ ਖੇਤੀ ਜ਼ਹਿਰਾਂ ਦੇ ਦੁਰ-ਪ੍ਰਭਾਵਾ ਤੋਂ ਲੋਕਾ ਨੂੰ ਚੇਤਨ ਕਰਦੇ ਸਨ ਤੇ ਬੰਬੇ ਹਾਈਕੋਰਟ ਵਿੱਚ ਮਾਣਹਾਣੀ ਕੇਸ ਕਰ ਦਿੱਤਾ "ਕਿ ਇਸ ਦਾ ਵਿਗਿਆਨਿਕ ਪ੍ਰਮਾਣ ਦਿੱਤਾ ਜਾਵੇ।" ਆਮ ਬੁੱਧੀਜੀਵੀ ਤੇ ਜਾਗਰੂਕ ਲੋਕ ਤਾਂ ਅਮਲ ਵਿੱਚ ਨਤੀਜੇ ਹੀ ਵੇਖ ਕੇ ਆਖ ਸਕਦੇ ਹਨ ਕਿ ਹਰੀ ਕਾਂ੍ਰਤੀ ਤੋਂ ਪਹਿਲਾ ਪੰਜਾਬ ਵਿੱਚ ਕੈਂਸਰ ਵਰਗੀਆ ਘਾਤਕ ਬੀਮਾਰੀਆ ਨਹੀ ਸਨ। ਹਰੀ ਕ੍ਰਾਂਤੀ ਦੌਰਾਨ ਹੀ ਖੇਤੀ ਸੈਕਟਰ ਵਿੱਚ ਘਾਤਕ ਜ਼ਹਿਰ ਵੱਡੀ ਮਾਤਰਾ ਵਿੱਚ ਵਰਤੇ ਗਏ ਹਨ ਤੇ ਉਨਾ ਦੇ ਸਿੱਟੇ ਕੈਂਸਰ ਦੇ ਰੂਪ ਵਿੱਚ ਸਾਹਮਣੇ ਆਏ ਹਨ ਅਤੇ ਹੋਰ ਕਈ ਬੀਮਾਰੀਆ ਨਾਲ ਪੰਜਾਬ ਵਾਸੀਆਂ ਦੀ ਸੇਹਤ ਦਾ ਘਾਣ ਹੋਇਆ ਹੈ। ਕੈਂਸਰ ਪੀੜਤ ਪਿੰਡ ਵਾਸੀਆਂ ਦਾ ਵੀ ਕਹਿਣਾ ਹੈ ਕਿ 20 ਸਾਲ ਪਹਿਲਾ ਅਜੇਹੀ ਕੋਈ ਬੀਮਾਰੀ ਨਹੀਂ ਸੀ।

ਅੱਜ ਟੀ.ਵੀ,ਅਖਬਾਰਾਂ ਤੇ ਬਹਿਸਾਂ ਰਾਹੀ ਪੂੰਜੀਵਾਦੀ ਮਲਟੀਨੈਸਨਲ ਜ਼ਹਿਰ ਨਿਰਮਾਤਾ ਕੰਪਨੀਆਂ ਦੇ ਏਜੰਟ ਵਿਗਿਆਨੀਆਂ, ਪ੍ਰੈਫਸਰਾਂ, ਬੁੱਧੀਜੀਵੀਾਂ, ਖੇਤੀ ਮਾਹਿਰਾ ਤੇ ਐਨ.ਜੀ.ਉ ਵੱਲੋਂ ਇੰਡਸਟਰੀਆ ਦੀ ਕੈਮੀਕਲ ਯੁਕਤ ਗੰਦਗੀ ਤੇ ਖੇਤੀ ਲਈ ਵਰਤੇ ਜਾਂਦੇ ਜਹਿਰੀਲੇ ਰਸਾਇਣਾ ਨੂੰ ਦੋਸ਼ ਮੁਕਤ ਕੀਤਾ ਜਾ ਰਿਹਾ ਹੈ। ਮਨੁੱਖੀ ਸੇਹਤ ਦਾ ਘਾਣ ਕਰਨ ਵਿੱਚ ਖੇਤੀ ਲਈ ਵਰਤੇ ਗਏ ਜ਼ਹਿਰਾਂ ਦਾ ਕੀ ਰੋਲ ਹੈ ਇਸ ਸਬੰਧੀ "ਕੋਈ ਸਾਈਟੇਫਿੰਕ ਰਿਸਰਚ ਮੌਜੂਦ ਨਹੀਂ ਹੈ, ਅਜੇ ਤੱਕ ਇਸ ਸਬੰਧੀ ਰਿਸਰਚ ਨਹੀਂ ਹੋਈ ਹੈ। ਇਸ ਲਈ ਖੇਤੀ ਵਿੱਚ ਵਰਤੇ ਜਾਂਦੇ ਜ਼ਹਿਰਾਂ ਨੂੰ ਕੈਸਰ ਦਾ ਕਾਰਨ ਮੰਨਣਾ ਉਚਿਤ ਨਹੀਂ ਹੋਵੇਗਾ" ਆਦਿ ਦਾ ਤਰਕ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਦੀ ਸੇਹਤ ਦੀ ਗਿਰਾਵਟ ਤੇ ਕੈਂਸਰ ਦਾ ਮੁੱਖ ਕਾਰਨ ਯੂਰੇਨੀਅਮ ਤੇ ਕੇਂਦਰਿਤ ਕੀਤਾ ਜਾ ਰਿਹਾ ਹੈ ਜੋ ਕਿ ਰਸਤੇ ਵਿੱਚ ਕਈ ਦੇਸਾਂ ਨੂੰ ਛੱਡ ਕੇ, ਸਿੱਧਾ ਪੰਜਾਬ ਦੀ ਨਰਮਾ ਪੱਟੀ ਦੇ ਪਿੰਡਾ ਵਿੱਚ ਹਰੀ ਕ੍ਰਾਂਤੀ ਤੋ ਬਾਅਦ ਅਤੇ 2003 ਦੀ ਅਮਰੀਕਾ-ਅਫਗਾਨ ਜੰਗ ਤੋਂ ਪਹਿਲਾ ਜੰਮੇ ਜਮਾਦਰੂ ਅਪੰਗ ਬੱਚੇਆਂ ਦੇ ਵਾਲਾਂ ਵਿੱਚ ਪੁੱਜ ਜਾਂਦਾ ਹੈ ਤੇ ਕੋਈ ਕਹਿ ਰਿਹਾ ਹੈ ਕਿ ਇਹ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿੱਚ ਮੌਜੂਦ ਹੈ। ਕੋਈ ਕਹਿ ਰਿਹਾ ਹੈ ਇਹ ਥਰਮਲ ਪਲਾਂਟ ਦੀ ਕੋਲੇ ਦੇ ਸਵਾਹ ਵਿੱਚ ਯੂਰੇਨੀਅਮ ਹੈ। ਰੋਚਕ ਤੱਥ ਇਹ ਹੈ ਕਿ ਇਸ ਮਿਸਨ ਤੇ ਕੰਮ ਕਰ ਰਹੇ ਵਿਅਕਤੀ ਹਰ ਸਾਲ ਆਪਣਾ ਸਟੈਂਡ ਬਦਲ ਕੇ ਨਵਾਂ ਤੱਥ ਪੇਸ਼ ਕਰ ਦੇਂਦੇ ਹਨ। ਨੋਟ ਕਰਨ ਵਾਲਾ ਤੱਥ ਇਹ ਹੈ ਕਿ ਫਰੀਦਕੋਟ ਦਾ ਚਿਲਡਰਨ ਸੈਂਟਰ ਨੈਚਰਪੈਥੀ ਅਧਾਰਿਤ ਇੱਕ ਇਲਾਜ ਕੇਂਦਰ ਹੈ ਤੇ ਇਸ ਵਿੱਚ ਜਿਹੜੇ ਇਲਾਜ ਲਈ ਬੱਚੇ ਆ ਰਹੇ ਹਨ ਉਸ ਵਿੱਚ ਵਧੇਰੇ ਬੱਚੇ ਨਰਮਾ ਬੈਲਟ ਨਾਲ ਸਬੰਧਤ ਹਨ ਅਤੇ ਇਸ ਨਰਮਾ ਬੈਲਟ ਵਿੱਚ ਹੀ ਪਿਛਲੇ ਸਾਲਾਂ ਤੇ ਦਹਾਕੇਆਂ ਵਿੱਚ ਅਮਰੀਕਨ ਸੁੰਡੀ ਨੂੰ ਖਤਮ ਕਰਨ ਲਈ ਮਣਾਂ ਮੂੰਹੀ ਜਹਿਰ ਵਰਤੇ ਗਏ ਸਨ। ਭਾਰਤ ਦੀ ਖੋਜ ਤੇ ਲੈਬ ਰਿਪੋਰਟਾਂ ਦੀ ਨਿਰਪੱਖਤਾ ਦਾ ਹਾਲ ਇਹ ਹੈ ਕਿ ਦੋ ਲੈਬਾਂ ਨੇ ਸਵਾਮੀ ਰਾਮਦੇਵ ਦੀਆ ਦਵਾਈਆਂ ਵਿੱਚ ਹੱਡੀਆ ਹੋਣ ਦੀ ਪੁਸ਼ਟੀ ਕੀਤੀ ਜਦਕਿ ਤੀਜੀ ਸ੍ਰੀ ਰਾਮ ਲੈਬ ਨੇ ਕੁਝ ਵੀ ਨੁਕਸਾਨਦਾਇਕ ਨਾ ਹੋਣ ਦੀ ਪੁਸ਼ਟੀ ਕੀਤੀ। ਇਸ ਤਰਾਂ ਭਾਰਤ ਦਾ ਸੇਹਤ, ਖੋਜ ਤੇ ਲੈਬਤੰਤਰ ਵੀ ਮੁਨਾਫੇਖੋਰਾਂ ਤੇ ਉਦੋਗਪਤੀਆਂ ਦੀ ਪਕੜ ਵਿੱਚ ਹੈ ਤੇ ਇਨ੍ਹਾਂ ਲੈਬਾਂ ਤੋਂ ਨਿਰਪੱਖ ਖੋਜ,ਜਾਂਚ ਦੀ ਆਸ ਨਹੀਂ ਕੀਤੀ ਜਾ ਸਕਦੀ ਹੈ।

ਭਾਰਤ ਵਿੱਚ ਖੋਜ ਤੇ ਬਹਿਸ ਇਸ ਵਿਸੇ ਤੇ ਕੀਤੀ ਜਾਂਦੀ ਹੈ ਕਿ ਖੇਤੀਬਾੜੀ ਵਿੱਚ ਵਰਤੇ ਜਾਂਦੇ ਜ਼ਹਿਰ ਕੈਂਸਰ ਪੈਦਾ ਕਰਦੇ ਹਨ ਕਿ ਨਹੀਂ, ਜਵਾਬ ਨਹੀ ਵਿੱਚ ਹੁੰਦਾ ਹੈ ਕਿਉਕਿ ਖੇਤੀ ਲਈ ਵਰਤੇ ਜਾਂਦੇ ਜਹਿਰ ਕੈਂਸਰ ਨਹੀਂ ਪੈਦਾ ਕਰਦੇ। ਉਹ ਤਾਂ ਕੇਵਲ ਮੁੱਨਖੀ ਸਰੀਰ ਦੇ ਪ੍ਰਤੀਰੋਧਕ ਸਿਸਟਮ ਨੂੰ ਕਮਜ਼ੋਰ ਤੇ ਨਸ਼ਟ ਕਰਦੇ ਹਨ ਜਿਸ ਕਾਰਨ ਸਰੀਰ ਵਿੱਚ ਪਹਿਲਾ ਹੀ ਕੰਟਰੋਲਡ ਕੈਂਸਰ ਦੇ ਸੈੱਲ,ਅਣ-ਕੰਟਰੋਲਡ ਹੋ ਕੇ ਲੱਖਾਂ ਦੀ ਗਿਣਤੀ ਵਿੱਚ ਵੱਧ ਜਾਂਦੇ ਹਨ ਤੇ ਮਨੁੱਖੀ ਸਰੀਰ ਨੂੰ ਕੈਂਸਰ ਹੋਣ ਦੀ ਪੁਸ਼ਟੀ ਕਰਦੇ ਹਨ। ਖੇਤੀ ਜ਼ਹਿਰ ਤਾਂ ਸਰੀਰ ਦੇ ਰਖਿਅਕ ਸਿਸਟਮ ਨੂੰ ਕਮਜ਼ੋਰ ਕਰਕੇ ਕੈਂਸਰ ਅਤੇ ਹੋਰ ਬੀਮਾਰੀਆ ਦੇ ਸੈੱਲਾ ਦੇ ਵਾਧੇ ਲਈ ਉਪਜਾਉ ਧਰਾਤਲ ਤਿਆਰ ਕਰਦੇ ਹਨ।

ਇਹੀ ਸਿਧਾਂਤ ਮੁਨਾਫੇਖੋਰ ਜਹਿਰ ਕੰਪਨੀਆ ਦੇ ਏਜੰਟ ਵਿਗਿਆਨੀਆਂ, ਬੁੱਧੀਜੀਵੀਾਂ, ਐਨ.ਜੀ.ਓਜ਼ ਅਤੇ ਸਾਇੰਸਦਾਨਾਂ ਕੋਲ ਹੈ ਜੋ ਲੋਕਾਂ ਦਾ ਧਿਆਨ ਉਦਯੋਗਿਕ ਕੱਚਰੇ ਨਾਲ ਪ੍ਰਦੂਸਿਤ ਹੋ ਰਹੇ ਪਾਣੀ ਤੇ ਖੇਤੀ ਜਹਿਰਾਂ ਤੋ ਹਟਾ ਕੇ ਯੂਰੇਨੀਅਮ ਵੱਲ ਸੇਧਤ ਕਰਨਾ ਚਾਹੁੰਦੇ ਹਨ ਤਾਂ ਇਸ ਭੰਬਲਭੂਸ ਵਿੱਚ ਪੰਜ-ਸੱਤ ਸਾਲ ਹੋਰ ਲੰਘ ਜਾਣ। ਇਨ੍ਹਾਂ ਦੋਵਾਂ ਪ੍ਰਦੂਸ਼ਣਾ ਕਾਰਨ ਲੋਕ ਵੱਡੀ ਗਿਣਤੀ ਵਿੱਚ ਬੀਮਾਰ ਹੋਣ ਤੇ ਇਲਾਜ ਕਰਾਉਣ ਵਾਲੇ ਲੋਕਾਂ ਤੋਂ ਧਨ ਬਟੋਰ ਸਕਣ। ਇਸ ਦੌਰਾਨ ਹੀ ਭਾਰਤ ਦੇ ਬੀਮਾਰ ਲੋਕਾਂ ਤੇ ਕੌਮੀ ਤੇ ਕੌਮਾਂਤਰੀ ਕੰਪਨੀਆਂ ਆਪਣੀਆ ਨਵੀਾਂ ਦਵਾਈਆਂ ਦੀ ਪਰਖ ਕਰ ਸਕਣ।

ਯੂਰੇਨੀਅਮ ਦੀ ਦਹਿਸ਼ਤ ਵੀ ਪੂੰਜੀਵਾਦੀ ਸਿਸਟਮ ਵੱਲੋਂ ਸਮੇ-ਸਮੇ ਤੇ ਪੇਸ਼ ਕੀਤੀਆ ਬੀਮਾਰੀਆ ਦੀ ਦਹਿਸ਼ਤ ਦੀ ਕੜੀ ਵਜੋਂ ਹੀ ਵੇਖੀ ਜਾਣੀ ਚਾਹੀਦੀ ਹੈ। ਮਿਸਲ ਵਜੋ 2002 ਵਿੱਚ ਆਫਗਾਨੀਸਤਾਨ ਹਮਲੇ ਸਮੇਂ ਸੰਸਾਰ ਭਰ ਵਿੱਚ ਐਨਥਰਿੱਕਸ ਫੈਲਣ ਦੀ ਮਹਾਮਾਰੀ ਦਾ ਹਊਆ, ਬਰਡ ਫਲੂ, ਸਵਾਇਨ ਫਲੂ, 2012 ਵਿੱਚ ਧਰਤੀ ਦਾ ਖਤਮ ਹੋ ਜਾਣਾ ਆਦਿ ਜਦੋਂ ਉਨਾ ਦੀ ਫੂਕ ਨਿਕਲ ਗਈ ਤਾਂ ਹੁਣ ਯੂਰੇਨੀਅਮ ਦੀ ਦਹਿਸ਼ਤ।

ਅੰਤ ਵਿੱਚ ਸੂਚਵਾਨ ਪਾਠਕਾਂ ਤੇ ਲੋਕ ਪੱਖੀ ਚਿੰਤਕਾਂ ਅੱਗੇ ਸਵਾਲ ਇਹ ਹੈ ਜੇ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਜ਼ਹਿਰ ਖੇਤੀ ਉਪਜਾਂ, ਵਾਤਾਵਰਨ ਤੇ ਮਨੁੱਖੀ ਸੇਹਤ ਲਈ ਹਾਨੀਕਾਰਕ ਨਾ ਹੋ ਕੇ, ਅੰਮ੍ਰਿਤ ਹੁੰਦੇ ਤਾਂ ਯਰੂਪੀ ਦੇਸ਼ ਆਪਣੇ ਨਾਗਰਿਕਾਂ ਦੀ ਵੱਢਮੁੱਲੀ ਸੇਹਤ ਹਿੱਤ ਇਨ੍ਹਾਂ ਖੇਤੀ ਜਹਿਰਾਂ ਤੇ ਕਿਉਂ ਰੋਕ ਲਗਾਉਂਦੇ?

ਲੇਖ਼ਕ-ਗੁਰਵਿੰਦਰ ਸਿੰਘ ਦਾਤਾ