ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, February 26, 2012

ਪੰਜਾਬੀ ਗੀਤਕਾਰ ਇਮਾਨਦਾਰੀ ਨਾਲ ਨਹੀਂ ਲਿਖ ਰਹੇ:ਇਰਸ਼ਾਦ ਕਾਮਿਲ

ਜਜ਼ਬਾਤ ਦੀ ਗੱਲ ਕਿਤੇ ਅਧੂਰੀ ਨਾ ਰਹਿ ਜਾਵੇ,ਹਰਫਾਂ ਦੀ ਗੱਲ ਕੋਈ ਛੋਟੀ ਨਾ ਪੈ ਜਾਵੇ।ਗੀਤਕਾਰੀ ਦੇ ਜਜ਼ਬਾਤ ਸਾਡੇ ਦਿਲਾਂ ਦੀ ਸਰਦਲ ‘ਤੇ ਕੁਝ ਇਸ ਤਰ੍ਹਾਂ ਦਸਤਕ ਦਿੰਦੇ ਹਨ ਕਿ ਸੁਨਣ ਵਾਲੇ ਨੂੰ ਲੱਗਦਾ ਹੈ ਕਿ ਅੱਜ ਸਾਡੀ ਪੂਰੀ ਦੀ ਪੂਰੀ ਕਹਾਣੀ ਬਿਆਨ ਹੋ ਗਈ।ਇੱਕ ਗੀਤਕਾਰ ਦੀ ਕਲਮ,ਉਹਦੇ ਹਰਫਾਂ ਦੇ ਇਸ਼ਾਰੇ ਬਹੁਤ ਵੱਡੀ ਜ਼ਿੰਮੇਵਾਰੀ ਚੋਂ ਲੰਘਦੇ ਹਨ।ਗੀਤਕਾਰ ਦਾ ਅਜਿਹਾ ਤਸੱਵਰ ਕੀ ਹੈ ਇਸ ਬਾਰੇ ਫਿਲਮ ਜਬ ਵੀ ਮੈੱਟ,ਲਵ ਆਜ ਕੱਲ੍ਹ,ਚਮੇਲੀ,ਰਾਜਨੀਤੀ,ਯਮਲਾ ਪਗਲਾ ਦੀਵਾਨਾ,ਵਨਸ ਓਪੋਨ ਏ ਟਾਈਮ ਇਨ ਮੁੰਬਈ ਤੇ ਇਸ ਸਾਲ ਜ਼ੀ ਸਿਨੇ ਅਵਾਰਡ,ਫਿਲਮ ਫੇਅਰ ਅਵਾਰਡ ‘ਚ ਪੁਰਸਕਾਰਾਂ ਦੀ ਨਵਾਜ਼ਿਸ਼ ‘ਚ ਸ਼ਿਰਕਤ ਕਰ ਰਹੀ ਜ਼ਬਰਦਸਤ ਹਿੱਟ ਫਿਲਮ ਰਾਕਸਟਾਰ ਦੇ ਗੀਤਕਾਰ ਪੰਜਾਬ ਦੇ ਅਲਬੇਲੇ ਸ਼ਾਇਰ ਇਰਸ਼ਾਦ ਕਾਮਿਲ ਨਾਲ ਗੱਲਬਾਤ ਕੀਤੀ ਗਈ।--- ਹਰਪ੍ਰੀਤ ਸਿੰਘ ਕਾਹਲੋਂ

ਮਲੇਰਕੋਟਲੇ ਤੋਂ ਮੁੰਬਈ ਤੱਕ ਦੇ ਸਫਰ ‘ਚ ਇਰਸ਼ਾਦ ਕਾਮਿਲ ਦੀ ਜ਼ਿੰਦਗੀ ਕੀ ਹੈ?

ਇਰਸ਼ਾਦ ਕਾਮਿਲ ਦਾ ਸਫਰ ਮਲੇਰਕੋਟਲਾ ਤੋਂ ਮੁੰਬਈ ਤੱਕ ਬਿਆਨ ਕਰਨੇ ਹੋਵੇ ਤਾਂ ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਕਲਾਕਾਰ ਇੱਕ ਅਜਿਹਾ ਰਾਹ ਚੁਣ ਲੈਂਦਾ ਹੈ,ਜਿਹੜਾ ਆਮ ਰੋਜ਼ਾਨਾ ਜ਼ਿੰਦਗੀ ਦਾ ਰਾਹ ਨਹੀਂ ਹੁੰਦਾ।ਪਰ ਕਲਾਕਾਰ ਉਸ ਰਾਹ ‘ਤੇ ਚਲਦਾ ਹੈ ਤੇ ਬਹੁਤ ਸਾਰੀਆਂ ਰੁਕਾਵਟਾਂ ਚੋਂ ਲੰਘਦਾ ਹੈ।ਕਦੀ ਤੁਹਾਡੇ ਪਰਿਵਾਰ ਵਾਲੇ ਨਹੀਂ ਮੰਨਦੇ,ਕਦੇ ਤੁਹਾਡੇ ਦੋਸਤ ਹੀ ਤੁਹਾਨੂੰ ਡਰਾ ਦਿੰਦੇ ਹਨ।ਕਿਉਂ ਕਿ ਮੁੰਬਈ ‘ਚ ਇੱਕ ਅਸਥਿਰਤਾ ਹੈ,ਇੱਥੇ ਸਫਲਤਾ ਦੀ ਕੋਈ ਗਾਰੰਟੀ ਨਹੀਂ।ਸੋ ਰੁਟੀਨ ਦੀ ਜ਼ਿੰਦਗੀ ਜਿਊਣ ਵਾਲੇ ਨੂੰ ਅਜਿਹਾ ਭੈਅ ਰਹਿੰਦਾ ਹੈ।ਇਹ ਉਹਨਾਂ ਨੂੰ ਸਮਝਨਾ ਚਾਹੀਦਾ ਹੈ ਕਿ ਜੇ ਸਫਲਤਾ ਜ਼ਿੰਦਗੀ ਦਾ ਇੱਕ ਹਿੱਸਾ ਹੈ ਤਾਂ ਫੇਲ੍ਹ ਹੋਣਾ ਵੀ ਸਾਨੂੰ ਉਸੇ ਨਜ਼ਰੀਏ ਨਾਲ ਹੀ ਸਵੀਕਾਰਨਾ ਚਾਹੀਦਾ ਹੈ।

ਤੁਸੀ ਹਿੰਦੀ ਕਵਿਤਾ ‘ਚ ਪੀ.ਐੱਚ.ਡੀ ਹੋ ਤਾਂ ਇਹ ਤਾਂ ਸੁਭਾਵਿਕ ਹੈ ਕਿ ਸਾਹਿਤ ਦੇ ਲਿਆਕਤ ਭੇਦ ਤਾਂ ਸਮਝਦੇ ਹੋ ਪਰ ਗੀਤਕਾਰੀ ‘ਚ ਖੂਬਸੂਰਤ ਹਰਫਾਂ ਦੀ ਬੁਣਕਾਰੀ ਲਈ ਕੋਈ ਕੁਦਰਤੀ ਵਰਤਾਰਾ ਵੀ ਹੈ?

ਇਹ ਉੱਪਰ ਵਾਲੇ ਦੀ ਦੇਣ ਤਾਂ ਇਹ ਹੈ ਪਰ ਇਸ ਨਾਲ ਮੈਂ ਮਲੇਰਕੋਟਲੇ ਦੀ ਆਪਣੀ ਸਰਜ਼ਮੀਨ ਨੂੰ ਵੀ ਇਸ ਦਾ ਸਿਹਰਾ ਦਿੰਦਾ ਹਾਂ ਕਿਉਂ ਕਿ ਇਸ ਧਰਤੀ ‘ਤੇ ਪੰਜਾਬੀ ਜ਼ੁਬਾਨ ਦੀ ਮਹਿਕ ਵੀ ਹੈ ਤੇ ਨਾਲ ਊਰਦੂ ਦੀ ਖ਼ੂਬਸੂਰਤ ਅਦਾ ਵੀ ਹੈ ਤੇ ਹਿੰਦੀ ਜ਼ੁਬਾਨ ਦੀ ਸਹਿਜਤਾ ਵੀ ਹੈ।ਮੈਂ ਇਹ ਲਿਆਕਤ ਜੋ ਅਚਨਚੇਤੀ ਇੱਥੋਂ ਸਿੱਖੀ ਉਹ ਅੱਜ ਮੇਰੇ ਕੰਮ ਆ ਰਹੀ ਹੈ।

ਇੱਕ ਪਾਸੇ ਬਾਲੀਵੁੱਡ ਦੇ ਉਹ ਰਵਾਇਤੀ ਸਿਨੇਮਾ ਲਈ ਕੰਮ,ਜਿਸ ‘ਚ ਮੰਗ ਦੇ ਮੁਤਾਬਕ ਕੰਮ ਕਰਨਾ ਪੈਂਦਾ ਹੈ ਤੇ ਦੂਜੇ ਪਾਸੇ ਸਾਹਿਤ ਦੀਆਂ ਆਪਣੀਆਂ ਦਿਲੀ ਖਵਾਇਸ਼ਾਂ,ਇਹਨਾਂ ‘ਚ ਇਕਸਾਰਤਾ ਕਿਵੇਂ ਕਾਇਮ ਕਰਦੇ ਹੋ?

ਇਹ ਤਾਲਮੇਲ ਬਿਠਾਉਣਾ ਥੌੜ੍ਹਾ ਜਿਹਾ ਮੁਸ਼ਕਿਲ ਹੈ।ਇਹ ਠੀਕ ਉਸੇ ਤਰ੍ਹਾਂ ਦਾ ਹੈ ਜਿਵੇਂ ਆਟੇ ਦੇ ਸਵਾਦ ਨੂੰ ਬਣਾਉਣ ਲਈ ਥੌੜ੍ਹਾ ਜਿਹਾ ਲੂਣ ਪਾ ਲੈਣਾ।ਮੈਂ ਸਾਹਿਤ ਦੇ ਇਸੇ ਰੰਗ ਨੂੰ ਕਮਰਸ ਨਾਲ ਜੋੜ ਕੇ ਪੈਦਾ ਕਰਨ ਦੀ ਕੌਸ਼ਿਸ਼ ਕੀਤੀ ਹੈ।ਮੰਗ ਮੇਰੀ ਰੋਟੀ ਤੋਰਦਾ ਹੈ ਤੇ ਸਾਹਿਤ ਮੇਰੀ ਸੰਤੁਸ਼ਟੀ ਨੂੰ ਪੂਰਾ ਕਰਦਾ ਹੈ।

‘ਰਾਹਤ ਇੰਦੋਰੀ’ ਦਾ ਇੱਕ ਸ਼ੇਅਰ ਹੈ ਕਿ “ਚਲਤੇ ਫਿਰਤੇ ਹੂਏ ਮਹਿਤਾਬ ਦਿਖਾਏਂਗੇ ਤੁਮਹੇ,ਕਭੀ ਆਨਾ ਹਮਾਰੇ ਪੰਜਾਬ ਦਿਖਾਏਂਗੇ ਤੁਮਹੇ” ਤੁਹਾਡੀ ਗੀਤਕਾਰੀ ‘ਚ ਪੰਜਾਬ ਦੇ ਕੀ ਮਾਇਨੇ ਹਨ?


:ਮੇਰੇ ਨਜ਼ਰੀਏ ‘ਚ ਪੰਜਾਬ ਦੇ ਮਾਇਨੇ ਇਹ ਹਨ ਪੰਜਾਬ ਇੱਕ ਅਜਿਹਾ ਇਲਾਕਾ ਹੈ ਜਿੱਥੋਂ ਰੰਗਾਂ ਦਾ ਜਨਮ ਹੁੰਦਾ ਹੈ,ਇਹ ਸੁਰਾਂ ਦੀ ਧਰਤੀ ਹੈ,ਇੱਥੇ ਕਲਾ ਤੇ ਸਾਹਿਤ ਦੀ ਅਲਬੇਲੀ ਮਿਠਾਸ ਹੈ।ਸੋ ਅਜਿਹੇ ਰੰਗਾਂ ਦੀ ਬਖਸ਼ਿਸ਼ ਹੀ ਹੈ ਕਿ ਮੇਰੀ ਗੀਤਕਾਰੀ ਮਹਿਕ ਰਹੀ ਹੈ।

ਪੰਜਾਬੀ ਸਾਹਿਤ ਜਾਂ ਪੰਜਾਬੀਅਤ ਬਾਰੇ ਤੁਹਾਡਾ ਕੀ ਵਿਚਾਰ ਹੈ?

:ਪੰਜਾਬੀਅਤ ਇੱਕ ਅਮੀਰ ਵਿਰਾਸਤ ਹੈ ਜਿਸ ਸਦਕੇ ਅੱਜ ਬਾਲੀਵੁੱਡ ਸਨਅਤ ਖੱੜ੍ਹਾ ਹੋਇਆ ਹੈ।ਇਹ ਪੰਜਾਬ ਦੇ ਰੂਪਕ ਬਿੰਬ ਹੀ ਹਨ ਜਿਹਨਾਂ ਦੀ ਬਦੌਲਤ ਯਸ਼ ਚੌਪੜਾ ਦੇ ਸਿਨੇਮਾ ਤੋਂ ਲੈਕੇ ਬਾਲੀਵੁੱਡ ਦਾ ਵਪਾਰਕ ਹਿੱਸਾ ਇੰਨੀ ਤਰੱਕੀ ਕਰ ਸਕਿਆ ਹੈ।ਹਿੰਦੀ ਫਿਲਮਾਂ ਦੀ ਸਫਲਤਾ ਦੀ ਪੰਜਾਬੀ ਜ਼ੁਬਾਨ ਇੱਕ ਗਾਰੰਟੀ ਹੈ ਤੇ ਇੱਕ ਪੰਜਾਬੀ ਹੋਣ ਦੇ ਨਾਤੇ ਇਹ ਆਪ ਮੁਹਾਰੇ ਹੀ ਮੇਰੇ ਕੰਮ ਦਾ ਹਿੱਸਾ ਬਣਦੀ ਹੈ।

ਇਸ ਦਾ ਗੁਣਾਤਮਕ ਅਧਾਰ ਤਾਂ ਘੱਟ ਜਾਪਦਾ ਹੈ ਸਗੋਂ ਹਿੰਦੀ ਫਿਲਮ ‘ਚ ਪੰਜਾਬੀ ਗੀਤ ਇੱਕ ਖਾਸ ਖਿੱਚ ਦਾ ਕੇਂਦਰ ਬਣਕੇ ਬਜ਼ਾਰਵਾਦ ਦਾ ਪਹਿਲੂ ਜ਼ਿਆਦਾ ਬਣਦੇ ਜਾਪ ਰਹੇ ਹਨ?

:ਅਸੀ ਇਸ ਨੂੰ ਸਿਰਫ ਬਜ਼ਾਰਵਾਦ ਨਹੀਂ ਕਹਿ ਸਕਦੇ।ਇਸ ਦਾ ਸਬੰਧ ਮਨੋਰੰਜਨ ਨਾਲ ਹੈ ਤੇ ਅਜਿਹਾ ਨਜ਼ਰੀਆ ਸਿਰਫ ਕਹਾਵਾ ਹਾਊਸ ‘ਚ ਬੈਠੇ ਚਰਚਾ ਕਰ ਰਹੇ ਉਹਨਾਂ ਬੁੱਧੀਜੀਵੀ ਤਬਕੇ ਦਾ ਹੀ ਹੈ।ਇਹਨਾਂ ਗੀਤਾਂ ‘ਚ ਇੱਕ ਪਾਸੇ ਖਾਲਸ ਮਨੋਰੰਜਨੀ ਗੀਤਾਂ ਦੇ ਨਾਲ ਨਾਲ ਜ਼ਿੰਦਗੀ ਦਾ ਗੁਣਗੁਣਾਉਂਦਾ ਫਲਸਫਾ ਵੀ ਤਾਂ ਹੈ ਜੋ ਕਿਸੇ ਨੂੰ ਨਜ਼ਰ ਕਿਉਂ ਨਹੀਂ ਆਉਂਦਾ।

ਤੁਹਾਡੀ ਸਾਹਿਤ ਸਿਰਜਣਾ ‘ਚ ਹੁਣ ਤੱਕ ਤੁਸੀ ਕਿਹੜੇ ਕੰਮ ਕੀਤੇ ਹਨ?ਆਪਣੀ ਨਵੀਂ ਕਿਤਾਬ ‘ਸਮਕਾਲੀਨ ਹਿੰਦੀ ਕਵਿਤਾ,ਸਮੇਂ ਔਰ ਸਮਾਜ’ ਬਾਰੇ ਵੀ ਦੱਸੋ?

:ਸਾਹਿਤ ਲਿਖਣਾ ਮੇਰਾ ਕੰਮ ਵੀ ਹੈ ਤੇ ਸਾਹਿਤ ਲਿਖਣਾ ਮੇਰਾ ਸ਼ੌਂਕ ਵੀ ਹੈ ਸੋ ਜਦੋਂ ਕੰਮ ਤੇ ਸ਼ੌਂਕ ਇੱਕ ਹੋ ਜਾਣ ਤਾਂ ਸਵਾਦ ਵੱਖਰਾ ਹੁੰਦਾ ਹੈ।ਜਿਥੋਂ ਤੱਕ ਗੱਲ ਕਿਤਾਬ ਬਾਰੇ ਹੈ ਤਾਂ ਇਸ ਕਿਤਾਬ ‘ਚ ਕੰਟਪਰੇਰੀ ਕਵਿਤਾ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।ਇਸ ‘ਚ ਇਹ ਨਜ਼ਰੀਆ ਵੇਖਣ ਦੀ ਕੌਸ਼ਿਸ਼ ਕੀਤੀ ਗਈ ਹੈ ਕਿ ਸਮਕਾਲੀ ਕਵੀਆਂ ਨੇ ਸਮਾਜ ਦਾ ਬਿਆਨ ਕਿੰਜ ਕੀਤਾ ਗਿਆ ਹੈ।ਕਿਉਂ ਕਿ ਸਮਕਾਲੀ ਕਵਿਤਾ ਅੱਜ ਦੇ ਸਮਾਜ ਦੀ ਕਵਿਤਾ ਹੈ ਸੋ ਇਸ ‘ਚ ਸਮਾਜ ਦੀ ਮਾਨਸਿਕਤਾ,ਸਮਾਜ ਦੇ ਲੋਕ,ਸਮਾਜ ਦੇ ਲੋਕਾਂ ਦਾ ਨਜ਼ਰੀਆ ਸਮਝਨ ਦੀ ਕੌਸ਼ਿਸ਼ ਕੀਤੀ ਗਈ ਹੈ।

ਤੁਸੀ ਇੱਕ ਨਾਟਕ ਵੀ ਲਿਖਿਆ ਹੈ, ‘ਬੋਲਤੀ ਦੀਵਾਰੇਂ’,ਸਿਰਲੇਖ ਤੋਂ ਬਹੁਤ ਰੌਚਕ ਲੱਗ ਰਿਹਾ ਹੈ।ਆਖਰ ਬੋਲਤੀ ਦੀਵਾਰੇਂ ਕਿੰਨਾ ਦੀ ਗੱਲ ਕਰਦਾ ਹੈਂ?

:ਇਹ ਨਾਟਕ ਤਲਾਸ਼ ਦਾ ਨਾਟਕ ਹੈ।ਇਹ ਨੌਜਵਾਨਾਂ ‘ਚ ਪਿਆਰ ਦੇ ਨਜ਼ਰੀਏ ਨੂੰ ਪੇਸ਼ ਕਰਕੇ ਚਲਦਾ ਹੋਇਆ ਨਾਟਕ ਹੈ।ਜਿਵੇਂ ਕਿ ਅੱਜ ਦਾ ਨੌਜਵਾਨ ਪਿਆਰ ਨੂੰ ਲੈਕੇ ਉਧਾਰ ਦੇ ਵਿਚਾਰਾਂ ਤੇ ਬਣੇ ਬਣਾਏ ਅਰਥਾਂ ਨੂੰ ਲੈਕੇ ਚਲਦਾ ਹੈ।ਜਿਵੇਂ ਕਿ ਲਵ ਇਜ਼ ਲਾਈਫ,ਲਵ ਇਜ਼ ਗੋਡ,ਲਵ ਇਜ਼ ਦਿਸ,ਲਵ ਇਜ਼ ਦੈਟ ਕੁਝ ਅਜਿਹੀ ਧਾਰਨਾਂ ਜਾਂ ਫਿਲਮਾਂ ਤੋਂ ਪ੍ਰਭਾਵਿਤ ਨਜ਼ਰੀਏ ਮਹੁੱਬਤ ਬਾਰੇ ਦਿਲ ‘ਚ ਸੰਜੋਕੇ ਬੈਠੇ ਹੋਏ ਹਨ।ਉਹਨਾਂ ਦੇ ਨਜ਼ਰੀਏ ‘ਚ ਫਿਲਮੀ ਕਹਾਣੀਆਂ ‘ਚ ਚਲਦਾ ਪਿਆਰ ਹੀ ਮਹੁੱਬਤ ਦਾ ਅਸਲ ਬਿੰਬ ਹੈ।ਨੌਜਵਾਨ ਇਸ ਕਾਲਪਨਿਕ ਬਿੰਬ ‘ਚ ਹੀ ਆਪਣੀ ਹਕੀਕਤੀ ਦੁਨੀਆਂ ਮੰਨਣ ਲੱਗ ਪੈਂਦਾ ਹੈ।ਅਜਿਹਾ ਹੋਣ ‘ਤੇ ਇਹ ਹੋ ਗਿਆ ਕਿ ਅਸੀ ਆਪਣੇ ਤੌਰ ‘ਤੇ ਮਹੁਬਤ ਦੇ ਮਾਇਨੇ ਲੱਭਦੇ ਨਹੀਂ।ਅਸੀ ਰੌਮਾਂਸ ਦੇ ਵਿੱਚ ਜਿਊਣਾ ਤਾਂ ਚਾਹੁੰਦੇ ਹਾਂ ਪਰ ਇਸ ਤੜਪ ਨੂੰ ਕੋਈ ਹਢਾਉਂਣਾ ਨਹੀਂ ਚਾਹੁੰਦਾ ਕਿਉਂ ਕਿ ਰਿਸ਼ਤਿਆਂ ਦੇ ਅਜਿਹੇ ਪਰਵਾਜ਼ ਲਈ ਮਿਹਨਤ ਕਰਨੀ ਪੈਂਦੀ ਹੈ।ਇਹ ਨਾਟਕ ਅਜਿਹੇ ਜਵਾਬ ਦਾ ਰੂਪ ਹੈ।

ਫਿਲਮੀ ਗੀਤਕਾਰੀ ਤਾਂ ਸੁਨਣ ਵਾਲਿਆਂ ਦੇ ਦਿਲ ‘ਤੇ ਦਸਤਕ ਦੇ ਜਾਂਦੀ ਹੈ ਪਰ ਸਾਹਿਤ ਸਿਰਜਣਾ ਦੇ ਕਿਤਾਬੀ ਰੰਗ ਕਿਉਂ ਨਹੀਂ ਉਹੋ ਜਿਹਾ ਕਮਾਲ ਕਰ ਸਕਦੇ,ਇਸ ਪੱਖ ‘ਚ ਪਾਠਕਾਂ ਦੀ ਉਦਾਸੀਨਤਾ ਦਾ ਤੁਸੀ ਕਿਹੜਾ ਕਾਰਨ ਮੰਨਦੇ ਹੋ?

:ਅਸਲ ‘ਚ ਇਸ ਦੇ ਲਈ ਸਾਹਿਤਕਾਰ ਹੀ ਜ਼ਿੰਮੇਵਾਰ ਹਨ।ਸਾਹਿਤ ‘ਚ ਸਿਰਜਣਾ ਵੇਲੇ ਵਿਸ਼ੇ ਦੀ ਮੌਲਿਕਤਾ ਤੇ ਰਚਨਾਤਮਿਕਤਾ ਹੋਣਾ ਬਹੁਤ ਜ਼ਰੂਰੀ ਹੈ ਜੋ ਪਾਠਕਾਂ ਦੀ ਕਿਸੇ ਵੀ ਰਚਨਾ ਨਾਲ ਸਾਂਝ ਪੈਦਾ ਕਰੇ।ਮੇਰੇ ਨਜ਼ਰੀਏ ‘ਚ ਕਿਤਾਬ ਇੱਕ ਲੰਚ ਬਾਕਸ ਦੀ ਤਰ੍ਹਾਂ ਹੈ,ਜਿਸ ਲੰਚ ਬਾਕਸ ਦੇ ਅੰਦਰ ਕੁਝ ਨਹੀਂ ਉਹ ਕਿਸੇ ਦਾ ਢਿੱਡ ਵੀ ਨਹੀਂ ਭਰ ਸਕਦਾ।ਅਜਿਹੀ ਉਦਾਸੀਨਤਾ ਨੂੰ ਖਤਮ ਕਰਨ ਲਈ ਸਾਹਿਤ ‘ਚ ਗੁਣਾਤਮਕ,ਰਚਨਾਤਮਕ ਤੇ ਮੌਲਿਕ ਅਧਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ।

ਆਨੰਦ ਬਖਸ਼ੀ,ਗੁਲਜ਼ਾਰ ਤੇ ਅਗਲੀ ਵਿਰਾਸਤ ਇਰਸ਼ਾਦ ਕਾਮਿਲ ਅਜਿਹੇ ਨਜ਼ਰੀਏ ਬਾਰੇ ਕੀ ਕਹੋਗੇ,ਜਦੋਂ ਲੋਕ ਅਜਿਹੀਆਂ ਗੱਲਾਂ ਕਰਦੇ ਹਨ?

:ਇਹਨਾਂ ਸਾਰੇ ਫਨਕਾਰਾਂ ਨਾਲ ਮੇਰੇ ਨਾਮ ਦਾ ਜੁੜਨਾ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਅਤੇ ਜੇ ਮੈਂ ਉਹਨਾਂ ਦੀ ਵਿਰਾਸਤ ਦਾ ਅਗਲਾ ਸਿਹਰਾ ਬਣਦਾ ਹਾਂ ਤਾਂ ਇਹ ਮੇਰੇ ਲਈ ਮਾਣ ਵਾਲੀ ਗੱਲ ਤਾਂ ਹੈ ਹੀ ਪਰ ਮੇਰੀ ਇਸ ਨਾਲ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ।ਆਨੰਦ ਬਖ਼ਸ਼ੀ,ਸਾਹਿਰ ਲੁਧਿਆਣਵੀ,ਮਜਰੂਹ ਸੁਲਤਾਨਪੁਰੀ ਤੇ ਗੁਲਜ਼ਾਰ ਸਾਹਿਬ ਮੇਰੇ ਹਰਮਨ ਪਿਆਰੇ ਰਹੇ ਹਨ।ਗੁਲਜ਼ਾਰ ਜੀ ਨੂੰ ਸੁਣਦੇ ਹੋਏ ਤਾਂ ਵੱਡੇ ਹੋਏ ਹਾਂ,ਮੈਨੂੰ ਧਿਆਨ ਆਉਂਦਾ ਹੈ ਕਿ ਜਦੋਂ ਗੁਲਜ਼ਾਰ ਸਾਹਿਬ ਨੇ ਫਿਲਮਾਂ ‘ਚ ਆਪਣਾ ਪਹਿਲਾ ਗੀਤ ਲਿਖਿਆ ਸੀ ਉਸ ਦੇ ਤਿੰਨ ਸਾਲ ਬਾਅਦ ਇਰਸ਼ਾਦ ਕਾਮਿਲ ਪੈਦਾ ਹੋਇਆ ਸੀ।

ਕੀ ਵਿਰਾਸਤਾਂ ਇੰਝ ਹੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚਲਦੀਆਂ ਹਨ?

:ਮੈਂ ਅਸਲ ‘ਚ ਇਸੇ ਲੜੀ ਦਾ ਹੀ ਇੱਕ ਹਿੱਸਾ ਬਣਨਾ ਚਾਹੁੰਦਾ ਹਾਂ ਤੇ ਮੇਰੀ ਕੌਸ਼ਿਸ਼ ਹੈ ਕਿ ਕਮਰਸ ਤੇ ਸਾਹਿਤ ਵਿੱਚ ਇੱਕ ਪੁੱਲ ਦਾ ਕੰਮ ਕਰਾਂ ਤੇ ਮੇਰਾ ਕੰਮ ਬਜ਼ਾਰਵਾਦ ਦੀ ਤਹੁਮਤ ‘ਚ ਨਾ ਵੇਖਿਆ ਜਾਵੇ।ਆਪਾਂ ਬਜ਼ਾਰਵਾਦ ਦੀ ਗੱਲ ਕਰ ਰਹੇ ਸੀ ਇਸ ਨੂੰ ਲੈਕੇ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਬਜ਼ਾਰਵਾਦ ਉਹਨਾਂ ਲੋਕਾਂ ਦੀ ਨਿਰਾਰਥਕ ਬਹਿਸ ਹੈ ਜੋ ਵਿਸ਼ੇ ਤੇ ਰਚਨਾਤਮਿਕਤਾ ਦੀ ਬਹੁਲਤਾ ‘ਚ ਅੰਦਰੋ ਖੋਖਲੇ ਹਨ।ਤੁਸੀ ਚੰਗੀ ਚੀਜ਼ ਦਾ ਨਿਰਮਾਣ ਕਰਦੇ ਹੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਘੁੰਮਣਘੇਰੀ ‘ਚ ਪਏ ਬਗ਼ੈਰ ਮੁਕਾਬਲਾ ਕਰਨਾ ਚਾਹੀਦਾ ਹੈ।

ਤੁਹਾਡੇ ਚਾਹੁਣ ਵਾਲਿਆਂ ਦੀ ਤੁਹਾਡੇ ਲਈ ਮਹੁੱਬਤ ਤੁਹਾਡੇ ਫੇਸਬੁੱਕ ਪ੍ਰੋਫਾਈਲ ਤੋਂ ਹੀ ਪਤਾ ਲੱਗ ਜਾਂਦੀ ਹੈ।ਫੇਸਬੁੱਕ ਤੇ ਤੁਹਾਡੇ ਫੇਸਬੁੱਕ ਦੋਸਤਾਂ ਨਾਲ ਸਬੰਧਿਤ ਇੱਕ ਕਾਫੀ ਟੇਬਲ ਬੁੱਕ ‘ਸਟੇਟਸ ਓਕੇ’ ਵੀ ਹੈ?ਥੌੜ੍ਹਾ ‘ਸਟੇਟਸ ਓਕ’ ਬਾਰੇ ਵੀ ਦੱਸੋ?

:ਫੇਸਬੁੱਕ ਇੱਕ ਅਜਿਹੇ ਮਾਧਿਅਮ ਵੱਜੋਂ ਉੱਭਰਕੇ ਸਾਡੇ ਸਾਹਮਣੇ ਆਈ ਹੈ ਜਿਹਨੇ ਵਿਚਾਰਾਂ ਦਾ ਇੱਕ ਵੱਖਰੀ ਤਰ੍ਹਾਂ ਦਾ ਮੰਚ ਪੈਦਾ ਕੀਤਾ ਹੈ।ਇਸ ‘ਚ ਇਹ ਮੇਰੇ ਲਈ ਲੁੱਕਵੀਂ ਖੁਸ਼ੀ ਦੀ ਤਰ੍ਹਾਂ ਸਾਹਮਣੇ ਆਈ ਸੀ ਕਿਤਾਬ ‘ਸਟਟੇਸ ਓ.ਕੇ.’ ਜੋ ਕਿ ਮੇਰੇ ਫੇਸਬੁੱਕ ਦੋਸਤਾਂ ਨੇ ਮੇਰੇ ਵੱਲੋਂ ਫੇਸਬੁੱਕ ‘ਤੇ ਅਪਡੇਟ ਕੀਤੇ ਜਾਂਦੇ ਸਟੇਟਸ ਨੂੰ ਇੱਕਠਾ ਕਰਕੇ ਇੱਕ ਕਿਤਾਬ ਤਿਆਰ ਕੀਤੀ।ਇਸ ਦਾ ਨਾਮ ‘ਸਟੇਟਸ ਓ.ਕੇ’ ਰੱਖਿਆ ਗਿਆ।ਮੈਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਕਿਤਾਬ ਛੱਪ ਕੇ ਮੇਰੇ ਘਰ ਆ ਗਈ।ਇਹ ਕਿਤਾਬ ਕੁਝ ਇੰਝ ਤਿਆਰ ਕੀਤੀ ਗਈ ਜਿਵੇਂ ਕਿ ਇਸ ਦੀ ਸੰਪਾਦਨਾ ਪਟਨਾ ਬੈਠੇ ਕਿਸੇ ਦੋਸਤ ਨੇ ਕੀਤੀ,ਇਸ ਦੀ ਪਰੂਫ ਰੀਡਿੰਗ ਅੰਮ੍ਰਿਤਸਰ ਬੈਠੇ ਦੋਸਤ ਵੱਲੋਂ ਕੀਤੀ ਗਈ ਤੇ ਇਸ ਨੂੰ ਛਪਵਾਉਣ ਦਾ ਬੀੜਾ ਮੇਰੇ ਦਿੱਲੀ ਬੈਠੇ ਕਿਸੇ ਦੋਸਤ ਨੇ ਚੁੱਕਿਆ।

ਜਬ ਵੀ ਮੈੱਟ,ਸੋਚਾ ਨਾ ਥਾ,ਲਵ ਆਜ ਕੱਲ੍ਹ ਤੇ ਹੁਣ ਰਾਕਸਟਾਰ,ਇਮਤਿਆਜ਼ ਅਲੀ ਨਾਲ ਰਿਸ਼ਤਾ ਵਪਾਰਕ ਪੱਖ ਤੋਂ ਸੰਤੁਲਨ ਖੇਡ ਦਾ ਹੈ ਜਾਂ ਜਜ਼ਬਾਤ ਦੀ ਸਮਝ ਦਾ ਨਜ਼ਰੀਆ ਹੈ?

:ਇਹ ਰਿਸ਼ਤਾ ਉਦੋਂ ਦਾ ਹੈ ਜਦੋਂ ਇਰਸ਼ਾਦ ਇਰਸ਼ਾਦ ਕਾਮਿਲ ਨਹੀਂ ਸੀ ਤੇ ਇਮਤਿਆਜ਼ ਇਮਤਿਆਜ਼ ਅਲੀ ਨਹੀਂ ਸੀ।ਸਾਡੀ ਦੋਸਤੀ ਉਹਨਾਂ ਸਮਿਆਂ ਦੀ ਹੈ ਜਦੋਂ ਅਸੀ ਬਾਲੀਵੁੱਡ ‘ਚ ਸਥਾਪਤੀ ਦਾ ਰਾਹ ਲੱਭ ਰਹੇ ਸੀ।ਇਹ ਫੱਕਰ ਦੋਸਤਾਂ ਦਾ ਉਦੋਂ ਦਾ ਫ਼ਕੀਰਾਨਾ ਰਿਸ਼ਤਾ ਸੀ ਜਦੋਂ ਅਸੀ ਮਿਲਣਾ ਤੇ ਸੁਲਾਹ ਮਾਰਨੀ ਕਿ ਦੱਸ ਅੱਜ ਤੂੰ ਚਾਹ ਪਿਆਵੇਂਗਾ ਕਿ ਮੈਂ ਪਿਆਵਾਂ।ਸਾਡੇ ਵਿਚਲੀ ਸਾਂਝ ਦੇ ਦੋ ਹੀ ਮੁੱਢਲੇ ਕਾਰਨ ਹਨ,ਇੱਕ ਸਾਡੀ ਦੋਸਤੀ ਤੇ ਦੂਜਾ ਕਲਾਤਮਕ ਪੱਖੋਂ ਸਾਡੀ ਆਪਸੀ ਸਮਝ…

ਰਾਕਸਟਾਰ ਨੂੰ ਲੈਕੇ ਇਮਤਿਆਜ਼ ਨਾਲ ਮਨਮੁਟਾਵ ਦੀਆਂ ਖ਼ਬਰਾਂ ਕਿੱਥੋਂ ਤੱਕ ਸਹੀ ਨੇ,ਇੰਝ ਸੁਣਿਆ ਗਿਆ ਕਿ ਇਮਤਿਆਜ਼ ਨੇ ਤੁਹਾਨੂੰ ਅਣਗੋਲਿਆ ਕੀਤਾ?ਤੁਹਾਡੇ ਪ੍ਰਸ਼ੰਸ਼ਕਾਂ ਨੇ ਵੀ ਇਸ ‘ਤੇ ਇਤਰਾਜ਼ ਕੀਤਾ ਕਿ ਰਾਕਸਟਾਰ ਲਈ ਬਣਦਾ ਸਿਹਰਾ ਤੁਹਾਨੂੰ ਨਹੀਂ ਦਿੱਤਾ ਗਿਆ?

:ਪ੍ਰਸ਼ੰਸ਼ਕਾਂ ਵੱਲੋਂ ਅਜਿਹੀਆਂ ਗੱਲਾਂ ਕਰਨਾ ਉਹਨਾਂ ਦਾ ਪਿਆਰ ਬਿਆਨ ਕਰਦਾ ਹੈ ਤੇ ਜਿੱਥੋਂ ਤੱਕ ਮਨਮੁਟਾਵ ਦੀ ਗੱਲ ਹੈ ਤਾਂ ਅਜਿਹੀ ਖ਼ਬਰਾਂ ‘ਚ ਕੁਝ ਵੀ ਸੱਚਾਈ ਨਹੀਂ ਹੈ।ਜਦੋਂ ਤੁਹਾਡਾ ਕੰਮ ਹੀ ਬੋਲਦਾ ਹੋਵੇ ਤਾਂ ਤੁਹਾਨੂੰ ਆਪਣੇ ਨਾਮ ਦੀ ਮਸ਼ਹੂਰੀਅਤ ਦਾ ਖ਼ਿਆਲ ਰੱਖਣ ਦੀ ਲੋੜ ਹੀ ਨਹੀਂ ਹੈ।ਤੁਹਾਡਾ ਕੰਮ ਹੀ ਤੁਹਾਡੀ ਪਛਾਣ ਬਣਦਾ ਹੈ।

‘ਸਾਡਾ ਹੱਕ ਇੱਥੇ ਰੱਖ’ ਦੀ ਸਿਰਜਣਾ ਵੇਲੇ ਅਤੀਤ ਦੇ ਕਿਸੇ ਉਬਾਲ ਦੀ ਯਾਦ ਸੀ ਜਾਂ ਸਿਸਟਮ ਦੇ ਝਮੇਲਿਆਂ ਚੋਂ ਨਿਕਲੇ ਇੱਕ ਆਮ ਆਦਮੀ ਦੀ ਤੜਪ ਸੀ ਜਾਂ ਬਹੁਤ ਸਾਰੇ ਰੋਸ ਮੁਜ਼ਾਹਰਿਆ ਦੀ ਦਿਲ ‘ਚ ਸੰਭਾਲੀ ਕਿਸੇ ਤਸਵੀਰ ਨੂੰ ਸ਼ਬਦ ਦੇਣ ਦੀ ਕੌਸ਼ਿਸ਼ ਕੀਤੀ ਗਈ ਜਾਂ ਸਿਰਫ ਇੱਕ ਫਿਲਮੀ ਗੀਤ ਸੀ?

:ਯਕੀਨਨ ਇਹ ਅਤੀਤ ਦੇ ਉਬਾਲ ਦਾ ਸੜ੍ਹਿਆ ਜਜ਼ਬਾਤ ਸੀ ਤੇ ਆਮ ਆਦਮੀ ਦੀ ਤੜਪ ਨੂੰ ਬਿਆਨ ਕਰਦਾ ਗੀਤ ਵੀ ਹੈ।ਪੰਜਾਬ ਦੇ 1984 ਦੇ ਦਿਨਾਂ ‘ਚ ਮਨੁੱਖਤਾ ਨੇ ਬਹੁਤ ਵੱਡਾ ਸੰਤਾਪ ਹੰਡਾਇਆ ਹੈ ਤੇ ਉਹਨਾਂ ਸਮਿਆਂ ‘ਚ ਓਪਰੇਸ਼ਨ ਬਿਲਿਊ ਸਟਾਰ ਹੋਣ ਕਰਕੇ ਸਾਡੇ ਕਾਲਜ ਇਮਤਿਹਾਨ ਰੱਦ ਕਰ ਦਿੱਤੇ ਗਏ ਸਨ।ਜਦੋਂ ਇਹ ਇਮਤਿਹਾਨ ਮੁੜ ਹੋਏ ਤਾਂ ਕਾਲਜ ਵਾਲਿਆਂ ਨੇ ਇਹ ਇਮਤਿਹਾਨ ਇੰਝ ਲੈਣੇ ਚਾਹੇ ਜਿਵੇਂ ਕਿ ਅੱਜ ਇਮਤਿਹਾਨ ਦਾ ਐਲਾਨ ਕੀਤਾ ਗਿਆ ਹੈ ਤੇ ਪਰਸੋਂ ਤੁਸੀ ਇਮਤਿਹਾਨ ਦਿਓ।ਇਸ ਨੂੰ ਲੈਕੇ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤੇ ਤੇ ਇਹ ਮੰਗ ਕੀਤੀ ਕਿ ਇਸ ਲਈ ਸਾਨੂੰ ਸਹੀ ਸਮਾਂ ਦੇਣਾ ਚਾਹੀਦਾ ਹੈ ਇੰਝ ਤੁਰਤ ਫੁਰਤ ‘ਚ ਅਸੀ ਇਮਤਿਹਾਨ ਨਹੀਂ ਦੇਵਾਂਗੇ।ਇਸੇ ਰੋਸ ਪ੍ਰਦਰਸ਼ਨ ‘ਚ ਹੀ ਅਸੀ ‘ਸਾਡਾ ਹੱਕ ਇੱਥੇ ਰੱਖ’ ਦੇ ਨਾਅਰੇ ਲਾਏ ਜੋ ਇਸ ਫ਼ਿਲਮ ਲਈ ਗੀਤ ਸਿਰਜਣ ਦਾ ਮੇਰੇ ਲਈ ਇੱਕ ਪ੍ਰੇਰਣਾ ਵੱਜੋਂ ਉੱਬਰਿਆ।ਪਰ ਇਹ ਗੀਤ ਅੱਜ ਦੇ ਸਦੰਰਭ ‘ਚ ਵੀ ਇਹ ਗੀਤ ਆਪਣੇ ਅਰਥ ਨਹੀਂ ਗਵਾਉਂਦਾ।ਹਰ ਆਦਮੀ ਇਸ ਗੀਤ ਦੇ ਨਾਲ ਜੁੜਾਅ ਮਹਿਸੂਸ ਕਰਦਾ ਹੈ ਕਿਉਂ ਕਿ ਆਦਮੀ ਨੂੰ ਅਜੋਕੇ ਪ੍ਰਬੰਧ ‘ਚ ਮਹਿਸੂਸ ਹੁੰਦਾ ਹੈ ਕਿ ਉਸ ਦਾ ਹੱਕ ਮਾਰਿਆ ਜਾ ਰਿਹਾ ਹੈ।ਹੱਕ ਲਈ ਅਵਾਜ਼ ਉਠਾਉਣਾ ਹਰ ਆਦਮੀ ਦੀ ਆਪਣੀ ਮੌਲਿਕ ਪ੍ਰੇਰਣਾ ਹੈ ਫਿਰ ਚਾਹੇ ਉਹ ਉਸ ਦਾ ਮਨੋਵਿਗਿਆਨਕ ਹੱਕ ਜਾਂ ਭਾਵਨਾਤਮਕ ਹੱਕ ਹੋਵੇ,ਆਰਥਿਕ ਹੱਕ ਹੋਵੇ ਜਾਂ ਦਫਤਰੀ ਪ੍ਰਬੰਧਕੀ ਹੱਕ ਹੋਵੇ।

“ਸੌ ਦਰਦ ਬਦਨ ਪੇ ਫੈਲੇ ਹੈਂ,ਹਰ ਕਰਮ ਕੇ ਕਪੜੇ ਮੈਲੇ ਹੈਂ,ਓ ਨਾਦਾਨ ਪਰਿੰਦੇ ਘਰ ਆਜਾ” ਅਜਿਹੀ ਸੂਫੀਆਨਾ ਛੋਹ ਦੀ ਪੁਕਾਰ ਦਾ ਸਬੱਬ ਤੇ ਇਸ ਤੋਂ ਅੱਗੇ ਹਾਰ ਜਾਂ ਜਿੱਤ ਦਾ ਸੰਤੁਲਨ ਬਾਰੇ ਸੋਚਦੇ ਹੋਏ ਕਦੀ ਅਜਿਹੇ ਡਰ ਪੈਦਾ ਨਹੀਂ ਹੁੰਦੇ?

:ਨਹੀਂ ਮੈਨੂੰ ਅਜਿਹਾ ਕੋਈ ਡਰ ਨਹੀਂ ਹੁੰਦਾ,ਮੈਂ ਆਪਣੀ ਰਚਨਾਤਮਿਕਤਾ ‘ਚ ਹਮੇਸ਼ਾ ਸੂਫੀਆਨਾ ਰਹਿਣ ਦੀ ਕੌਸ਼ਿਸ਼ ਕੀਤੀ ਹੈ।ਮੇਰਾ ਕੋਈ ਵੀ ਗੀਤ ਚੁੱਕ ਕੇ ਵੇਖ ਲਓ ਉਹ ਸ਼ੁਰੂ ਬੇਸ਼ੱਕ ਇਸ਼ਕ ਮਜਾਜ਼ੀ ਤੋਂ ਹੁੰਦਾ ਹੈ ਪਰ ਉਸ ਦਾ ਸਿਖ਼ਰ ਇਸ਼ਕ ਹਕੀਕੀ ਹੀ ਹੈ।

ਪੰਜਾਬ ਦੀ ਧਰਤੀ ਦਾ ਇੱਕ ਆਪਣਾ ਰੌਮਾਸਿਜ਼ਮ ਰਿਹਾ ਹੈ,ਬਹੁਤ ਸਾਰੀਆਂ ਪ੍ਰੀਤ ਕਹਾਣੀਆਂ ਦੀ ਜਨਮ ਭੂਮੀ ਹੈ ਇਹ,ਫਿਰ ਪੰਜਾਬੀ ਗੀਤਕਾਰੀ ‘ਚ ਉਹ ਸ਼ਿੱਦਤ ਕਿਉਂ ਨਹੀਂ ਜੋ ਹਿੰਦੀ ਫਿਲਮੀ ਗੀਤਾਂ ਦੀ ਬੁਣਕਾਰੀ ‘ਚ ਹੈ?

:ਇਹ ਇਸ ਕਰਕੇ ਰੌਮਾਸਿਜ਼ਮ ਨਹੀਂ ਹੈ ਕਿਉਂ ਕਿ ਪੰਜਾਬੀ ਗੀਤਕਾਰ ਇਮਾਨਦਾਰੀ ਨਾਲ ਗੀਤ ਨਹੀਂ ਲਿਖ ਰਹੇ।ਉਹ ਬਹੁਤ ਜ਼ਿਆਦਾ ਸੁਪਰਫੀਸ਼ਿਅਲ ਪੱਧਰ ‘ਤੇ ਗੀਤ ਲਿਖ ਰਹੇ ਹਨ।ਉਹ ਸਾਰੇ ਗੀਤ ਕੁੜੀ ਦੀ ਤਾਰੀਫ਼ ‘ਤੇ ਲਿਖ ਰਹੇ ਹਨ।ਹੁਣ ਧਿਆਨ ਨਾਲ ਵੇਖੋ ਕੁੜੀ ਇੱਕ ਓਬਜੈਕਟ ਹੈ ਆਖਰ ਤੁਸੀ ਇੱਕ ਓਬਜੈਕਟ ਦੀ ਕਿੰਨੀਆਂ ਕੁ ਫੋਟੋਆਂ ਖਿੱਚ ਲਓਗੇ।ਸਗੋਂ ਮੰਜਰ ਵੱਡਾ ਕਰਨ ਦੀ ਲੋੜ ਹੈ,ਆਪਣੀ ਨਜ਼ਰ ਵੱਡੀ ਕਰਨ ਦੀ ਲੋੜ ਹੈ।ਵੱਡੀ ਨਜ਼ਰ ਕਰੋਗੇ ਤਾਂ ਮੰਜਰ ਵੱਡਾ ਵਿਖੇਗਾ ਤੇ ਉਸ ‘ਚ 36 ਤਰ੍ਹਾਂ ਦੇ ਰਹੱਸ ਤੇ 36 ਤਰ੍ਹਾਂ ਦੀ ਅਲੌਕਿਕਤਾ ਵਿਖੇਗੀ।

ਕਦੀ ਪੰਜਾਬੀ ਸੰਗੀਤ,ਪੰਜਾਬੀ ਫਿਲਮਾਂ ਬਾਰੇ ਕੰਮ ਕਰਨ ਬਾਰੇ ਨਹੀਂ ਸੋਚਿਆ?

:ਮੈਂ ਅਜਿਹਾ ਨਹੀਂ ਸੋਚਿਆ ਕਿਉਂ ਕਿ ਇਮਾਨਦਾਰੀ ਨਾਲ ਕਹਿ ਦੇਵਾਂ ਤਾਂ ਪੰਜਾਬੀ ਸੰਗੀਤ ‘ਚ ਉਸ ਇਮਾਨਦਾਰੀ ਤੇ ਲਗਣ ਨਾਲ ਨਾਂ ਤਾਂ ਕੰਮ ਹੋ ਰਿਹਾ ਹੈ ਤੇ ਨਾਂ ਹੀ ਪੰਜਾਬੀ ਫ਼ਿਲਮਸਾਜ਼ ਉਸ ਸ਼ਿੱਦਤ ਤੇ ਗੰਭੀਰਤਾ ਨਾਲ ਫ਼ਿਲਮ ਬਣਾ ਰਹੇ ਹਨ।ਸਾਰੇ ਦੇ ਸਾਰੇ ਪੰਜਾਬੀ ਸੰਗੀਤਕਾਰ ਉਹੀ ਲੋਕ ਧੁਨਾਂ ਨੂੰ ਕਦੇ ਖੱਬਿਓਂ ਸੱਜੇ ਰੱਖ ਦਿੰਦੇ ਹਨ ਕਦੇ ਸੱਜਿਓਂ ਖੱਬਿਓਂ ਰੱਖਦੇ ਆ ਰਹੇ ਹਨ।

ਪੰਜਾਬੀ ਸੰਗੀਤ ਦੇ ਖੇਤਰ ਨੂੰ ਉਸ ਮੁਕਾਮ ਤੱਕ ਪਹੁੰਚਣ ਲਈ ਕਿੰਨਾ ਕਿੰਨਾ ਚੀਜ਼ਾਂ ‘ਤੇ ਕੰਮ ਕਰਨ ਦੀ ਜ਼ਰੂਰਤ ਹੈ?

:ਸਾਨੂੰ ਤੁਰਤ ਫੁਰਤ ਨੂੰ ਦਿਲੋਂ ਕੱਢਣਾ ਪਵੇਗਾ।ਫਟਾਫਟ ਹਿੱਟ ਹੋਣ ਤੋਂ ਬੱਚਣਾ ਪਵੇਗਾ।ਇਮਾਨਦਾਰੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ।ਮਕਬੂਲ ਹੋਣ ਲਈ ਦੁਹਰਾਵ ਨੂੰ ਬੰਦ ਕਰਦੇ ਹੋਏ ਪੱਕੀ ਹੋਈ ਲੀਹ ਨੂੰ ਪੁੱਟਕੇ ਨਵੇਂ ਰਾਹ ਉਸਾਰਣ ਦੀ ਜ਼ਰੂਰਤ ਹੈ।

ਤੁਹਾਡੇ ਕੋਲ ਸ਼ਬਦਾਂ ਦੀ ਗ਼ਜ਼ਬ ਦੀ ਵਿਰਾਸਤ ਹੈ,ਗੀਤਾਂ ਦੀ ਬੁਣਕਾਰੀ ਨੂੰ ਲੈਕੇ ਤੁਹਾਡਾ ਆਪਣਾ ਵਿਜ਼ਨ ਕਮਾਲ ਦਾ ਹੈ,ਫਿਰ ਤੁਸੀ ਫ਼ਿਲਮ ‘ਲਵ ਆਜ ਕੱਲ੍ਹ’ ਦੇ ਗੀਤ ‘ਅੱਜ ਦਿਨ ਚੱੜ੍ਹਿਆ’ ਲਈ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਦੀ ਸਤਰ ਵਰਤਣਾ ਜ਼ਰੂਰੀ ਕਿਉਂ ਸਮਝਿਆ?ਤੁਸੀ ਇਸੇ ਗੀਤ ਨੂੰ ਆਪਣੇ ਸ਼ਬਦਾਂ ਦੀ ਮੌਲਿਕਤਾ ਵੀ ਦੇ ਸਕਦੇ ਸੀ?

:ਜਿਵੇਂ ਕਿ ਤੁਸੀ ਜਾਣਦੇ ਹੋ ਫ਼ਿਲਮ ਦਾ ਨਾਮ ‘ਲਵ ਆਜ ਕੱਲ੍ਹ’ ਹੈ।ਇਹ ਫ਼ਿਲਮ ਅੱਜ ਅਤੇ ਬੀਤ ਚੁੱਕੇ ਕੱਲ੍ਹ ਦੀ ਮਹੁੱਬਤ ਦੀ ਤੁਲਨਾਤਮਕ ਕਹਾਣੀ ਹੈ।ਸੋ ਜਿਸ ਗਾਣੇ ਦਾ ਤੁਸੀ ਜ਼ਿਕਰ ਕੀਤਾ ਉਹ ਪੁਰਾਣੀ ਮਹੁੱਬਤ ਨਾਲ ਸਬੰਧ ਰੱਖਦਾ ਹੈ,ਭਾਵ ਕਿ ਅੱਜ ਤੋਂ 30-35 ਸਾਲ ਪਹਿਲਾਂ ਦੀ ਮਹੁੱਬਤ ਦੀ ਗੱਲ ਕਰਦਾ ਹੈ,ਉਹਨਾਂ ਸਮਿਆਂ ‘ਚ ਸ਼ਿਵ ਦੀ ਸ਼ਾਯਰੀ ਦਾ ਬੋਲਬਾਲਾ ਸੀ।ਸਮੇਂ ਦੀ ਇਤਹਾਸਿਕਤਾ ਨੂੰ ਵਿਖਾਉਣ ਲਈ ਮੈਂ ਅਜ਼ੀਮ ਸ਼ਾਯਿਰ ਸ਼ਿਵ ਕੁਮਾਰ ਬਟਾਲਵੀ ਦੀ ਨਜ਼ਮ ਦੇ 6 ਅੱਖਰ ਉਧਾਰੇ ਲਏ।ਇਸ ਲਈ ਮੈਂ ਬਕਾਇਦਾ ਉਹਨਾਂ ਦੀ ਪਤਨੀ ‘ਅਰੁਣਾ’ ਜੀ ਤੋਂ ਇਜਾਜ਼ਤ ਵੀ ਮੰਗੀ ਸੀ।ਇਸ ਕਰਕੇ ਹੀ ਮੈਂ ‘ਲਵ ਆਜ ਕੱਲ੍ਹ’ ਦੀ ਸੀ.ਡੀ ‘ਤੇ ਵੀ ਉਹਨਾਂ ਦਾ ਨਾਮ ਲਿਖਵਾਇਆ ਸੀ ਤੇ ਮੈਂ ਆਪਣਾ ਫ਼ਿਲਮ ਫੇਅਰ ਪੁਰਸਕਾਰ ਵੀ ਉਹਨਾਂ ਨੂੰ ਸਮਰਪਿਤ ਕੀਤਾ ਸੀ।ਫ਼ਿਲਮ ਦੀ ਕਹਾਣੀ ਲਈ ਇਹ ਉਧਾਰ ਲੈਣਾ ਮੇਰੇ ਲਈ ਉਨਾਂ ਹੀ ਜ਼ਰੂਰੀ ਸੀ ਜਿੰਨਾ ਇਸੇ ਫ਼ਿਲਮ ਦੇ ਟਿਵਸਟ ਗਾਣੇ ਲਈ ਨਾਗਿਨ ਫ਼ਿਲਮ ਦੀ ਮਸ਼ਹੂਰ ਬੀਨ ਦੀ ਤਰਜ਼ ਲੈਣਾ ਸੰਗੀਤਕਾਰ ਪ੍ਰੀਤਮ ਲਈ ਜ਼ਰੂਰੀ ਸੀ।

ਤੁਹਾਡੇ ਭਵਿੱਖ ਦੇ ਰੁਝੇਵੇਂ ਕੀ ਹੋਣਗੇ?

:ਅਜੈ ਦੇਵਗਨ ਦੀ ਫ਼ਿਲਮ ‘ਸੰਨ ਆਫ ਸਰਦਾਰ’ ਆ ਰਹੀ ਹੈ।ਸੈਫ ਅਲੀ ਖ਼ਾਨ ਤੇ ਦੀਪਿਕਾ ਪਾਦੂਕੋਣ ਦੀ ਫ਼ਿਲਮ ‘ਕਾਕਟੇਲ’ ਆ ਰਹੀ ਹੈ।ਏ ਵੈਡਨੇਸਡੇ ਫੇਮ ਨਿਰਦੇਸ਼ਕ ਨੀਰਜ ਪਾਂਡੇ ਦੀ ‘ਸੀ ਯੂ ਬਾਏ’ ਆ ਰਹੀ ਹੈ।

ਇੱਕ ਚੰਗੇ ਗੀਤਕਾਰ ਲਈ ਕੀ ਜ਼ਰੂਰੀ ਸਮਝਦੇ ਹੋ?

:ਵੱਖ ਵੱਖ ਭਾਸ਼ਾਵਾਂ ਦੇ ਕਾਵਿਕ ਸਾਹਿਤ ਨੂੰ ਵੱਧ ਤੋਂ ਵੱਧ ਪੱੜ੍ਹਣ ਦੀ ਜ਼ਰੂਰਤ ਹੈ।ਜਦੋਂ ਤੱਕ ਤੁਸੀ ਸਾਹਿਤ ਦੀਆਂ ਕੋਮਲ ਕਲਾਵਾਂ ਨੂੰ ਮਨੁੱਖੀ ਜਜ਼ਬਾਤ ਦੇ ਸਦੰਰਭ ‘ਚ ਨਹੀਂ ਸਮਝੋਗੇ ਤਾਂ ਹਰਫਾਂ ਦੀ ਬੁਣਕਾਰੀ ਅਧੂਰੀ ਹੀ ਰਹੇਗੀ।
ਪਾਠਕਾਂ ਲਈ ਕੁਝ ਜਜ਼ਬਾਤ ‘ਦਿਲ ਤੋਂ’
:ਰਾਤ ਬਰਾਤੀ ਟਿਮਕਣ ਤਾਰੇ,
ਸਾਧ ਸਦੀਵੀ ਹਿਜਰਾਂ ਮਾਰੇ॥
ਸੱਚਾ ਪਿਆਰ ਹੈ ਰੁੱਖ ਪਿੱਪਲ ਦਾ,
ਸ਼ਰਧਾ ਜੋਗਾ ਪੂਜਣ ਜੋਗਾ,
ਓੜ ਪਵੇ ਖਬਰੇ ਕਿਸ ਬੰਨੇ,
ਗਲੀ ਮੁਹੱਲੇ ਚੌਂਕ ਚੁਬਾਰੇ॥
ਰਾਤ ਬਰਾਤੀ………

ਮੁਲਾਕਾਤੀ--ਹਰਪ੍ਰੀਤ ਸਿੰਘ ਕਾਹਲੋਂ

Wednesday, February 22, 2012

ਕਾਰਪੋਰੇਟੀਕਰਨ ਤੇ ਕੇਂਦਰੀਕਰਨ ਦੀ ਹਾਮੀ ਭਰਦੀ ਕੌਮੀ ਜਲ ਨੀਤੀ

ਬਿਨਾ ਸ਼ੱਕ ਪਾਣੀ ਜੀਵਨ ਦਾ ਆਧਾਰ ਹੈ। ਗੁਰਬਾਣੀ ਦੇ ਮਹਾਂਵਾਕ ਦੇ ਅਨੁਸਾਰ ਵੀ 'ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ਅਤੇ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਦੇ ਨਾਲ ਇਸ ਦੇ ਮਹੱਤਵ ਨੂੰ ਪੇਸ਼ ਕੀਤਾ ਗਿਆ ਹੈ। ਪਾਣੀ ਦੀ ਸੁਯੋਗ ਵਰਤੋਂ ਅਤੇ ਇਸ ਪ੍ਰਤੀ ਜਾਗਰੂਕਤਾ ਲਈ ਜਲ ਨੀਤੀ ਦਾ ਹੋਣਾ ਜਰੂਰੀ ਹੈ। ਕੇਂਦਰ ਸਰਕਾਰ ਨੇ ਰਾਸ਼ਟਰੀ ਜਲ ਨੀਤੀ 2012 ਦਾ ਖਰੜਾ ਦੇਸ਼ ਦੇ ਲੋਕਾਂ ਦੇ ਸੁਝਾਵਾਂ ਅਤੇ ਟਿੱਪਣੀਆਂ ਲਈ ਜਾਰੀ ਕੀਤਾ ਹੈ। 29 ਫਰਵਰੀ ਤੱਕ ਆਏ ਸੁਝਾਵਾਂ ਤੋਂ ਬਾਦ ਇਸ ਨੂੰ ਰਾਸਟਰੀ ਜਲ ਕਮਿਸ਼ਨ ਅਤੇ ਰਾਸ਼ਟਰੀ ਜਲ ਸੰਸਾਧਨ ਕੌਂਸਲ ਕੋਲ ਅੰਤਿਮ ਰੂਪ ਦੇਣ ਲਈ ਭੇਜ ਦਿੱਤਾ ਜਾਵੇਗਾ। ਜਲ ਨੀਤੀ ਵਿੱਚ ਪਾਣੀ ਦੇ ਵਧ ਰਹੇ ਸੰਕਟ ਤੇ ਚਿੰਤਾ ਪ੍ਰਗਟ ਕਰਨਾ, ਜਲ ਨਾਲ ਸੰਬੰਧਿਤ ਚੈਨਲਾਂ ਤੋਂ ਕਬਜੇ ਛੁਡਵਾਉਣਾ, ਵਾਤਾਵਰਣਕ ਪ੍ਰਦੂਸ਼ਣ ਨੂੰ ਜਲ ਨੀਤੀ ਵਿੱਚ ਮਹੱੱਤਵਪੂਰਨ ਸਥਾਨ ਦੇਣਾ, ਪਾਣੀ ਦੇ ਸੁਯੋਗ ਇਸਤੇਮਾਲ ਲਈ ਲੋਕਾਂ ਵਿੱਚ ਜਾਗਰੂਕਤਾ ਅਤੇ ਯੋਜਨਾ ਦੇ ਪੱਧਰ ਤੇ ਕਦਮ ਉਠਾਉਣਾ, ਸਭ ਲਈ ਪੀਣ ਵਾਲੇ ਪਾਣੀ ਦੇ ਪ੍ਰਬੰਧ ਦਾ ਉਦੇਸ਼ ਰੱਖਣ ਦੇ ਮੁੱਦੇ ਸਲਾਘਾਯੋਗ ਹਨ। ਇਸ ਵਿੱਚ ਪੇਸ਼ ਕੀਤੇ ਤੱਥ ਮਾਮਲੇ ਦੀ ਗੰਭਰਤਾ ਨੂੰ ਦਰਸ਼ਾਉਂਦੇ ਹਨ ਕਿ ਦੇਸ਼ ਵਿੱਚ ਵਿਸ਼ਵ ਦੀ 17 ਫੀਸਦੀ ਆਬਾਦੀ, 4 ਫੀਸਦੀ ਨਵਿਆਉਣ ਯੋਗ ਜਲ ਸਾਧਨ ਅਤੇ ਵਿਸ਼ਵ ਦੀ ਜਮੀਨ ਦਾ 2.6 ਹਿੱਸਾ ਹੀ ਹੈ। ਲੇਕਿਨ ਜਲ ਨੀਤੀ ਦੀ ਪਹੁੰਚ ਦੇਸ਼ ਵਿੱਚ ਤੇਜੀ ਨਾਲ ਵਿਕਸਤ ਕੀਤੇ ਜਾ ਰਹੇ ਕਾਰਪੋਰੇਟ ਵਿਕਾਸ ਮਾਡਲ ਦੀ ਆਰਥਿਕ ਮੂਲਵਾਦ ਅਤੇ ਤਾਕਤਾਂ ਦੇ ਕੇਂਦਰੀਕਰਨ ਉੱਤੇ ਹੀ ਆਧਾਰਿਤ ਹੈ। ਇਸ ਤੋਂ ਇਲਾਵਾ ਆਮ ਆਦਮੀ ਦੀ ਰਿਆਇਤ ਸਬਸਿਡੀ ਅਤੇ ਕਾਰਪੋਰੇਟ ਘਰਾਣਿਆਂ ਦੀ ਸਬਸਿਡੀ ਉਤਸ਼ਾਹ ਵਰਧਨ (ਇੰਸੈਂਟਿਵ) ਮੰਨੀ ਜਾਂਦੀ ਹੈ। ਇਸ ਦਿਸ਼ਾ ਵਿੱਚ ਜਲ ਨੀਤੀ ਦੇ ਵਿਸਥਾਰ ਸਹਿਤ ਵਿਚਾਰ ਚਰਚਾ ਕਰਨ ਦੀ ਜਰੂਰਤ ਹੈ।

ਜਲ ਨੀਤੀ ਦਾ ਪਿਛੋਕੜ-

ਰਾਸਟਰੀ ਜਲ ਨੀਤੀ ਸਿਤੰਬਰ 1987 ਵਿੱਚ ਰਾਸ਼ਟਰੀ ਜਲ ਸੰਸਾਧਨ ਕੌਂਸਲ ਨੇ ਮੰਜੂਰ ਕੀਤੀ। ਅਪ੍ਰੈਲ 2002 ਵਿੱਚ ਸੰਸ਼ੋਧਿਤ ਜਲ ਨੀਤੀ ਨੂੰ ਪ੍ਰਵਾਨ ਕੀਤਾ ਗਿਆ। 2012 ਦੀ ਜਲ ਨੀਤੀ ਦਾ ਖਰੜਾ 2002 ਦੀ ਜਲ ਨੀਤੀ ਨੂੰ ਸੰਸ਼ੋਧਿਤ ਕਰਕੇ ਪੇਸ਼ ਕੀਤਾ ਗਿਆ ਹੈ। ਜਲ ਨੀਤੀ 2012 ਦੀ ਖਰੜਾ ਕਮੇਟੀ ਯੋਜਨਾ ਕਮਿਸ਼ਨ ਅਤੇ ਯੂਪੀਐਸਸੀ ਦੇ ਸਾਬਕਾ ਚੇਅਰਮੈਨ ਡਾ. ਐਸਆਰ ਹਸੀਮ ਦੀ ਪ੍ਰਧਾਨਗੀ ਵਿੱਚ ਬਣਾਈ ਗਈ। ਇਸ ਵਿੱਚ ਆਈਆਈਟੀ ਦਿੱਲੀ ਤੋਂ ਪ੍ਰੋ. ਸੁਭਾਸ਼ ਚੰਦਰ, ਕੇਂਦਰੀ ਜਲ ਕਮਿਸ਼ਨ ਦੇ ਸਾਬਕਾ ਚੇਅਰਮੈਨ ਏਡੀ ਮੋਹਿਲੇ, ਇੱਕ ਐਨਜੀਓ ਤੋਂ ਐਸਸੀ ਜੈਨ ਨੂੰ ਸ਼ਾਮਿਲ ਕੀਤਾ ਗਿਆ। ਕਮੇਟੀ ਨੇ ਜੁਲਾਈ 2010 ਪਾਰਲੀਮੈੰਟਰੀ ਸਟੈਂਡਿੰਗ ਕਮੇਟੀ ਦੇ ਮੈਂਬਰਾਂ, 26 ਅਕਤੂਬਰ 2010 ਨੂੰ ਅਕੈਡਮੀਸ਼ਨਾਂ, ਮਾਹਿਰਾਂ ਅਤੇ ਪੇਸ਼ੇਵਾਰਾਨਾ ਵਿਅਕਤੀਆਂ, 11 ਅਤੇ 12 ਜਨਵਰੀ 2011 ਨੂੰ ਨਵੀਂ ਦਿੱਲੀ ਵਿੱਚ ਗੈਰ ਸਰਕਾਰੀ ਸੰਸਥਾਵਾਂ (ਐਨਜੀਓ), 21 ਮਾਰਚ 2011 ਨੂੰ ਕਾਰਪੋਰੇਟ ਸੈਕਟਰ, ਪੰਚਾਇਤੀ ਰਾਜ ਸੰਸਥਾਵਾਂ ਦੇ ਪ੍ਰਤੀਨਿਧਾਂ ਨਾਲ 16 ਜੂਨ 2011 ਨੂੰ ਹੈਦਰਾਬਾਦ, 30 ਜੂਨ 2011 ਨੂੰ ਸ਼ਿਲੌਂਗ, 14 ਜੁਲਾਈ ਨੂੰ ਜੈਪੁਰ ਅਤੇ 2 ਨਵੰਬਰ 2011 ਨੂੰ ਪੂਨੇ ਵਿੱਚ ਵਿਚਾਰ ਚਰਚਾ ਕੀਤੀ।

ਕਮੇਟੀ ਦੀ ਬਣਤਰ ਅਤੇ ਇਸ ਵੱਲੋਂ ਕੀਤੀ ਗਈ ਵਿਚਾਰ ਚਰਚਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਪਾਣੀ ਦੀ ਵਰਤੋਂ ਘਰੇਲੂ ਇਸਤੇਮਾਲ, ਉਦਯੋਗਿਕ ਇਸਤੇਮਾਲ ਅਤੇ ਖੇਤੀ ਖੇਤਰ ਵੱਡੇ ਹਿੱਸੇ ਹਨ। ਕਮੇਟੀ ਵਿੱਚ ਵੀ ਸਾਰਿਆਂ ਦੇ ਨੁਮਾਇੰਦੇ ਖਾਸ ਤੌਰ ਤੇ ਕਿਸਾਨੀ ਸਾਈਡ ਦਾ ਕੋਈ ਨੁਮਾਇੰਦਾ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਨਾ ਹੀ ਰਾਜਾਂ ਨੂੰ ਪ੍ਰਤਿਨਿਧ ਕਰਨ ਵਾਲਾ ਕੋਈ ਨੁਮਾਇੰਦਾ ਇਸ ਵਿੱਚ ਸ਼ਾਮਿਲ ਸੀ। ਇਸ ਤੋਂ ਇਲਾਵਾ ਵਿਚਾਰ ਚਰਚਾਵਾਂ ਵਿੱਚ ਵੀ ਮਾਹਿਰ, ਕਾਰਪੋਰੇਟ, ਐਨਜੀਓ ਆਦਿ ਤਾਂ ਸ਼ਾਮਿਲ ਹੋਏ ਲੇਕਿਨ ਕਿਸਾਨ ਅਤੇ ਆਮ ਗਰੀਬ ਲੋਕਾਂ ਦੀ ਨੁਮਾਇੰਦਗੀ ਕਰ ਰਹੀਆਂ ਸੰਸਥਾਵਾਂ ਨੂੰ ਬੁਲਾਉਣ ਤੱਕ ਦੀ ਜਹਿਮਤ ਨਹੀਂ ਉਠਾਈ। ਹੁਣ ਦਿੱਤਾ ਗਿਆ ਸਮਾਂ ਇੰਨਾ ਨਹੀਂ ਹੈ ਕਿ ਇਸ ਵਿੱਚ ਨਿਚਲੇ ਪੱਧਰ ਤੱਕ ਵਿਚਾਰ ਚਰਚਾ ਕਰਕੇ ਇੱਕ ਰਾਇ ਬਣਾਈ ਜਾ ਸਕੇ। ਆਨਨ ਫਾਨਨ ਵਿੱਚ ਕੁੱਝ ਜਥੇਬੰਦੀਆਂ ਜਾਂ ਲੋਕ ਟਿੱਪਣੀ ਭੇਜ ਦੇਣਗੇ ਅਤੇ ਕੇਂਦਰ ਸਰਕਾਰ ਦਾ ਕੰਮ ਪੂਰਾ ਹੋ ਜਾਵੇਗਾ।

ਜਲ ਨੀਤੀ ਦੀ ਪਹੁੰਚ-

ਰਾਸ਼ਟਰੀ ਜਲ ਨੀਤੀ ਵਿੱਚ ਜੋ ਪਹੁੰਚ ਅਪਣਾਈ ਗਈ ਹੈ ਇਹ ਪੂਰੀ ਤਰ੍ਹਾਂ ਕਾਰਪੋਰੇਟ ਦੀ ਵੱਧ ਤੋਂ ਵੱਧ ਮੁਨਾਫਾ ਕਮਾਉਣ, ਹਰ ਵਸਤੂ ਨੂੰ ਪੈਸੇ ਨਾਲ ਤੋਲਣ ਅਤੇ ਲੋਕਾਂ ਦੇ ਜੀਣ ਨਾਲ ਸੰਬੰਧਿਤ ਪੱਖਾਂ ਚੋਂ ਵੀ ਰਾਜ ਦੀ ਜਿੰਮੇਵਾਰੀ ਖਤਮ ਕਰਕੇ ਇਸ ਨੂੰ ਨਿੱਜੀ ਸੰਸਥਾਵਾਂ ਦੇ ਹਵਾਲੇ ਕਰਨ ਅਤੇ ਤਾਕਤਾਂ ਦੇ ਕੇਂਦਰੀਕਰਨ ਆਦਿ ਤੇ ਆਧਾਰਿਤ ਹੈ। ਇਸ ਪਹੁੰਚ ਨੂੰ ਹੇਠ ਲਿਖੇ ਅਨੁਸਾਰ ਦੇਖਿਆ ਜਾ ਸਕਦਾ ਹੈ।

ਸ਼ੁੱਧ ਪੀਣ ਵਾਲਾ ਪਾਣੀ ਬੁਨਿਆਦੀ ਅਧਿਕਾਰ-

ਪ੍ਰਸਤਾਵਿਤ ਜਲ ਨੀਤੀ ਵਿੱਚ ਸੁੱਧ ਪੀਣ ਵਾਲਾ ਪਾਣੀ ਹਰ ਵਿਅਕਤੀ ਤੱਕ ਕੀਤੀ ਗਈ ਗੱਲ ਚੰਗੀ ਲਗਦੀ ਹੈ ਲੇਕਿਨ ਜੇਕਰ ਗੰਭੀਰਤਾ ਨਾਲ ਦੇਖਿਆ ਜਾਵੇ ਤਾਂ ਪੀਣ ਵਾਲੇ ਪਾਣੀ ਨੂੰ ਬੁਨਿਆਦੀ ਅਧਿਕਾਰਾਂ ਵਿੱਚ ਸ਼ਾਮਿਲ ਕਰਨ ਤੋਂ ਗੁਰੇਜ ਕੀਤਾ ਗਿਆ ਹੈ ਬਲਕਿ ਸਰਕਾਰਾਂ ਦੀ ਜਿੰਮੇਵਾਰੀ ਬਣਾਉਣ ਦੀ ਬਜਾਇ ਸਰਕਾਰਾਂ ਨੂੰ ਇਸ ਜਿੰਮੇਵਾਰੀ ਤੋਂ ਮੁਕਤ ਕਰਨ ਦਾ ਸੁਝਾਅ ਪੇਸ਼ ਕੀਤਾ ਗਿਆ ਹੈ। ਨੀਤੀ ਦੇ ਖਰੜੇ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਰਾਜ ਸਰਕਾਰਾਂ ਨੂੰ ਜਲ ਵੀ ਸੇਵਾ ਪ੍ਰਦਾ
ਨ ਕਰਤਾ (ਸਰਵਿਸ ਪ੍ਰੋਵਾਈਡਰ) ਦੇ ਸਥਾਨ ਤੇ ਹੁਣ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਇਹ ਕੰਮ ਪਹਿਲਾਂ ਕਾਰਪੋਰੇਟ ਦੇ ਮਨਭਾ
ਉਂਦੇ ਨਾਹਰੇ ਜਨਤਕ-ਨਿੱਜੀ
ਹਿੱਸੇਦਾਰੀ (ਪੀਪੀਪੀ ਮਾਡਲ) ਤੇ ਛੱਡਣ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਪਾਣੀ ਸਰਕਾਰਾਂ ਦੀ ਜਿੰਮਵਾਰੀ ਦੀ ਬਜਾਇ ਨਵੇਂ ਟੋਲ ਪਲਾਜਿਆਂ ਅਤੇ ਪਿੰਡਾਂ ਵਿੱਚ ਲਗਾਏ ਜਾ ਰਹੇ ਜਲ ਪ੍ਰੋਜੈਕਟਾਂ ਦੀ ਤਰ੍ਹਾਂ ਅਲੱਗ ਪੈਸੇ ਦੇ ਕੇ ਖਰੀਦਿਆ ਜਾ ਸਕੇਗਾ। ਜਦਕਿ ਦੇਸ਼ ਭਰ ਵਿੱਚ ਵੀ ਵਧ ਰਹੀ ਗਰੀਬੀ ਅਤੇ ਆਮ ਆਦਮੀ ਦੇ ਜੀਣ ਲਈ ਭੋਜਨ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ ਅਤੇ ਸੂਚਨਾ ਦਾ ਅਧਿਕਾਰ ਆਦਿ ਬੁਨਿਆਦੀ ਅਧਿਕਾਰ ਦੇ ਤੌਰ ਤੇ ਕੁੱਝ ਮਿਲ ਗਏ ਅਤੇ ਹੋਰਨਾ ਲਈ ਸੰਘਰਸ਼ ਹੋ ਰਹੇ ਹਨ।

ਪਾਣੀ ਆਰਥਿਕ ਅਤੇ ਦੁਰਲੱਭ ਵਸਤੂ-


ਪ੍ਰਸਤਾਵਿਤ ਜਲ ਨੀਤੀ ਵਿੱਚ ਪਾਣੀ ਨੂੰ ਆਰਥਿਕ ਅ
ਤੇ ਦੁਰਲੱਭ ਵਸਤੂ ਐਲਾਨ ਕਰਨ ਲਈ ਵੀ ਸਰਕਾਰਾਂ ਨੂੰ ਕਿਹਾ ਗਿਆ ਹੈ। ਦੁਰਲੱਭ ਵਸਤੂ ਤਾਂ ਠੀਕ ਹੈ ਲੇਕਿਨ ਆਰਥਿਕ ਵਸਤੂ ਦੇ ਪਿੱਛੇ ਭਾਵਨਾ ਇਹ ਦਿਖਾਈ ਦਿੰਦੀ ਹੈ ਕਿ ਜਿਸ ਦੀ ਜੇਬ ਵਿੱਚ ਪੈਸਾ ਹੈ, ਉਹ ਹੀ ਪਾਣੀ ਦਾ ਹੱਕਦਾਰ ਹੋਵੇਗਾ। ਇਸ ਕੰੰਮ ਵਾਸਤੇ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਤਰ੍ਹਾਂ ਇੱਕ ਜਲ ਰੈਗੂਲੇਟਰੀ ਅਥਾਰਟੀ ਬਣਾਉਣ ਦੀ ਗੱਲ ਕੀਤੀ ਗਈ ਹੈ। ਨਾਲ ਹੀ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਇਹ ਪਾਣੀ ਤੇ ਆਰਥਿਕ ਸਿਧਾਂਤਾਂ ਮੁਤਾਬਿਕ ਕੰਟਰੋਲ ਦਾ ਤਰੀਕਾ ਅਪਣਾਏਗੀ। ਪਾਣੀ ਦਾ ਰੇਟ ਇੰਨਾ ਰੇਟ ਇੰਨਾ ਜਰੂਰ ਹੋਵੇਗਾ ਕਿ ਇਸ ਦਾ ਪ੍ਰਸ਼ਾਸਨਿਕ, ਸੰਚਾਲਨ ਅਤੇ ਮੁਰੰਮਤ ਦਾ ਪੂਰਾ ਖਰਚ ਨਿੱਕਲ ਸਕੇ। ਸਿੱਖਿਆ, ਸਿਹਤ, ਰਿਹਾਇਸ਼ ਆਦਿ ਮਾਮਲਿਆਂ ਵਿੱਚ ਪਹਿਲਾਂ ਹੀ ਅਜਿਹਾ ਹੋ ਰਿਹਾ ਹੈ। ਇਸਤੋਂ ਇਲਾਵਾ ਬੋਤਲਾਂ ਵਿੱਚ ਬੰਦ ਮਹਿੰਗੇ ਪਾਣੀ ਨਾਲ ਮਾਲਦਾਰ ਲੋਕ ਬਿਮਾਰੀਆਂ ਤੋਂ ਬਚਣ ਦਾ ਤਰੀਕਾ ਤਲਾਸ਼ ਰਹੇ ਹਨ। ਆਰਥਿਕ ਵਸਤੂ ਐਲਾਨ ਕਰਨ ਨਾਲ ਪਹਿਲਾਂ ਹੀ ਬੋਤਲਾਂ ਦੇ ਪਲਾਂਟ ਲਗਾ ਰਹੀਆਂ ਕੰਪਨੀਆਂ ਦਾ ਪਾਣੀ ਤੇ ਕਬਜਾ ਸਾਧਾਰਨ ਗੱਲ ਹੋ ਜਾਏਗੀ ਅਤੇ ਇਸ ਸਭ ਨੂੰ ਪੂਰੀ ਤਰ੍ਹਾਂ ਕਾਨੂੰਨੀ ਜਾਮਾ ਪਹਿਣਾਏ ਜਾਣ ਦੀ ਰਣਨੀਤੀ ਆਮ ਜਨ ਸਧਾਰਨ ਲਈ ਘਾਤਕ ਹੋ ਸਕਦੀ ਹੈ।

ਸਸਤੀ ਬਿਜਲੀ ਨਾਲ ਪਾਣੀ ਅਤੇ ਬਿਜਲੀ ਦੀ ਦੁਰਵਰਤੋਂ-

ਪ੍ਰਸਤਾਵਿਤ ਜਲ ਨੀਤੀ ਵਿੱਚ ਪੂਰੀ ਕੀਮਤ ਤੋਂ ਘੱਟ ਕੀਮਤ ਤੇ ਬਿਜਲੀ ਪ੍ਰਦਾਨ ਕਰਨ ਦੀ ਨੀਤੀ ਤਬਦੀਲ ਕਰਨ ਲਈ ਕਿਹਾ ਗਿਆ ਹੈ। ਇਸ ਦਾ ਤਰਕ ਹੈ ਕਿ ਬਿਜਲੀ ਘੱਟ ਕੀਮਤ ਤੇ ਦੇਣ ਨਾਲ ਦੇ ਮਾਮਲੇ ਵਿੱਚ ਨਿਗਰਾਨ ਅਤੇ ਸਹਾਇਕ ਦੀ ਇਸ ਦੀ ਅਤੇ ਪਾਣੀ ਦੀ ਦੁਰਵਰਤੋਂ ਵਧ ਜਾਂਦੀ ਹੈ, ਇਸ ਲਈ ਇਸ ਨੀਤੀ ਨੂੰ ਬੰਦ ਕੀਤਾ ਜਾਵੇ। ਪੈਸੇ ਨਾਲ ਗੰਭੀਰਤਾ ਦਾ ਕਿੰਨਾ ਸੰਬੰਧ ਹੈ, ਇਹ ਸਵਾਲ ਕੇਵਲ ਪਾਣੀ ਹੀ ਨਹੀਂ ਬਲਕਿ ਸਮਾਜ ਦੇ ਵੱਖ ਵੱਖ ਸੋਹਬਿਆਂ ਨਾਲ ਸੰਬੰਧ ਰੱਖਦਾ ਹੈ। ਸਿੱਖਿਆ ਮਹਿੰਗੀ ਕੀਤੇ ਬਿਨਾ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਗੰਭੀਰਤਾ ਨਹੀਂ ਆਉਂਦੀ, ਇਲਾਜ ਮਹਿੰਗੇ ਬਿਨਾ ਇਲਾਜ ਦੀ ਕੀਮਤ ਪਤਾ ਨਹੀਂ ਚੱਲਦੀ, ਸੜਕ ਤੇ ਟੋਲ ਟੈਕਸ ਦਿੱਤੇ ਬਿਨਾ ਸਫਰ ਅਤੇ ਸੜਕ ਪ੍ਰਤੀ ਗੰਭੀਰਤਾ ਨਹੀਂ ਆਉਂਦੀ, ਚੋਣ ਪ੍ਰਣਾਲੀ ਮਹਿੰਗੀ ਕੀਤੇ ਬਿਨਾ ਗੰਭੀਰ ਉਮੀਦਵਾਰ ਸਾਹਮਣੇ ਨਹੀਂ ਆਉਂਦੇ। ਇਹ ਸਾਰੇ ਤਰਕ ਕੀ ਆਮ ਆਦਮੀ ਨੂੰ ਗੈਰ ਗੰਭੀਰ ਗਰਦਾਨ ਦੇਣ ਅਤੇ ਕੇਵਲ ਅਮੀਰਾਂ ਨੂੰ ਹੀ ਗੰਭੀਰ ਸਮਝਣ ਦੇ ਉਸੇ ਰੁਝਾਨ ਦਾ ਹਿੱਸਾ ਨਹੀਂ ਜਿੱਥੇ ਸਮਾਜ ਲਈ ਤਿਆਗ ਤੇ ਕੁਰਬਾਨੀ ਕਰਨ ਵਾਲਿਆਂ ਨੂੰ ਸਤਿਕਾਰਤ ਵਿਅਕਤੀ ਸਮਝਣ ਦੇ ਬਜਾਇ ਹੁਣ ਧਨ ਕੁਬੇਰਾਂ ਨੂੰ ਵੱਡੇ ਆਦਮੀ ਸਮਝਣ ਦਾ ਤਰਕ ਲੋਕਾਂ ਦੇ ਦਿਮਾਗਾਂ ਵਿੱਚ ਬਿਠਾ ਦਿੱਤਾ ਗਿਆ ਹੈ। ਇਸੇ ਤਰਕ ਨਾਲ ਸਮਾਜ ਦਾ ਵੱਡੇ ਹਿੱਸੇ ਦੀ ਹਿੱਸੇਦਾਰੀ ਬਹੁਤ ਸਾਰੇ ਮਾਮਲਿਆਂ ਵਿੱਚੋਂ ਖੁਦ ਬ ਖੁਦ ਖਤਮ ਹੋ ਗਈ ਹੈ। ਜਦਕਿ ਪ੍ਰੇਰਨਾ ਅਤੇ ਜਾਗਰੂਕਤਾ ਕਿਸੇ ਵੀ ਵਸਤੂ ਦੇ ਬੇਹਤਰ ਇਸਤੇਮਾਲ ਦਾ ਮੂਲ ਆਧਾਰ ਹੋ ਸਕਦਾ ਹੈ। ਪੰਜਾਬ ਦੀ ਧਰਤੀ ਤੇ ਗੁਰੂਆਂ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਅਤੇ ਪੰਗਤ ਦੀ ਪ੍ਰਥਾ ਇਸ ਦੀ ਉਦਾਹਰਣ ਹੈ। ਲੰਗਰ ਵਿੱਚ ਭੋਜਨ ਦਾ ਕਿਣਕਾ ਵੀ ਵਿਅਰਥ ਨੂੰ ਗੁਆਉਣਾ ਸਭ ਜਾਣਦੇ ਹਨ। ਵੱਡੇ ਵੱਡੇ ਪੰਜ ਤਾਰਾ ਹੋਟਲਾਂ ਵਿੱਚ ਪੈਸੇ ਵਾਲੇ ਜਿੰਨਾ ਵਿਅਰਥ ਗੁਆਉਂਦੇ ਹਨ ਇਹ ਸਭ ਦੇ ਸਾਹਮਣੇ ਹੈ। ਪੰਜਾਬ ਵਿੱਚ ਵੀ ਪਾਣੀ ਬਚਾਉਣ ਦੇ ਨਜਰੀਏ ਨਾਲ ਪੰਜਾਬ ਦੇ ਕਿਸਾਨਾਂ ਨੇ 12 ਜੂਨ ਤੋਂ ਬਾਦ ਝੋਨਾ ਲਗਾਉਣ ਦੀ ਗੱਲ ਸੁਭਾਵਿਕ ਇਸੇ ਲਈ ਮੰਨ ਲਈ ਕਿਉਂਕਿ ਪਾਣੀ ਦੇ ਮਹੱਤਵ ਨੂੰ ਉਹ ਸਮਝਦੇ ਸਨ। ਪਰੰਤੂ ਮੌਜੂਦਾ ਨੀਤੀ ਮੁਫਤ ਬਿਜਲੀ ਤਾਂ ਕੀ ਸਸਤੀ ਬਿਜਲੀ ਵੀ ਬੰਦ ਕਰਨ ਦੀ ਵਕਾਲਤ ਕਰਦੀ ਹੈ।

ਤੱਟਵਰਤੀ ਸਿਧਾਂਤ ਪ੍ਰਤੀ ਉਲਝਣ-

ਪ੍ਰਸਤਾਵਿਤ ਰਾਸ਼ਟਰੀ ਜਲ ਨੀਤੀ ਵਿੱਚ ਤੱਟਵਰਤੀ (ਬੇਸਿਨ) ਸਿਧਾਂਤ ਦੇ ਮੁੱਦੇ ਤੇ ਉਲਝਣ ਦਿਖਾਈ ਦਿੰਦੀ ਹੈ। ਅੰਤਰ ਰਾਸਟਰੀ ਕਾਨੂੰਨ ਸਭਾ ਅਨੁਸਾਰ ਬੇਸਿਨ ਉਸ ਇਲਾਕੇ ਨੂੰ ਕਿਹਾ ਜਾਂਦਾ ਹੈ ਜਿਸ ਦਾ ਧਰਤੀ ਦੇ ਉੱਪਰਲਾ-ਹੇਠਲਾ ਸਾਰਾ ਪਾਣੀ ਕੁਦਰਤੀ ਜਾਂ ਬਣਾਉਟੀ ਨਾਲੀਆਂ ਰਾਹੀਂ ਕਿਸੇ ਅਜਿਹੀ ਸਾਂਝੀ ਥਾਂ ਜਾਂ ਥਾਵਾਂ ਵਿੱਚ ਨਿਕਾਸ ਹੁੰਦਾ ਹੋਵੇ ਜੋ ਸਮੁੰਦਰ ਜਾਂ ਝੀਲ ਹੋਵੇ ਜਾਂ ਥਲ ਵਿੱਚ ਅਜਿਹੀ ਥਾਂ ਹੋਵੇ ਜਿੱਥੋਂ ਵੇਖਣ ਵਿੱਚ ਅੱਗੋਂ ਕੋਈ ਸਮੁੰਦਰ ਵਿੱਚ ਨਿਕਾਸ ਨਾ ਹੁੰਦਾ ਹੋਵੇ। ਪ੍ਰਸਤਾਵਿਤ ਨੀਤੀ ਵਿੱਚ ਕਈ ਜਗ੍ਹਾ ਤਾਂ ਬੇਸਿਨ ਦੇ ਅੰਦਰ ਹੀ ਜਲ ਪ੍ਰਬੰਧਨ ਦੀ ਯੋਜਨਾ ਬਣਾਉਣ ਤੇ ਜੋਰ ਦਿੱਤਾ ਗਿਆ ਹੈ। ਨਾਲ ਹੀ ਕਿਹਾ ਗਿਆ ਹੈ ਕਿ ਪੈਦਾਵਾਰ ਵਧਾਉਣ ਲਈ ਨਹੀਂ ਬਲਕਿ ਸਮਾਨਤਾ ਅਤੇ ਇਨਸਾਫ ਲਈ ਵੀ ਪਾਣੀ ਦਾ ਅੰਤਰ ਬੇਸਿਨ ਇਸਤੇਮਾਲ ਕਰਨਾ ਜਰੂਰੀ ਹੈ। ਇਸ ਉਲਝਨ ਨਾਲ ਪਹਿਲਾਂ ਹੀ ਉਲਝੇ ਕਈ ਨਦੀ ਜਲ ਬੰਟਵਾਰੇ ਦੇ ਮੁੱਦਿਆਂ ਤੇ ਹੋਰ ਵੀ ਬੁਰਾ ਪ੍ਰਭਾਵ ਪੈ ਸਕਦਾ ਹੈ।

ਤਾਕਤਾਂ ਦਾ ਕੇਂਦਰੀਕਨ-


ਜਲ ਨੀਤੀ ਵਿੱਚ ਕਿਹਾ ਗਿਆ ਹੈ ਕਿ ਪਾਣੀ ਰਾਜਾਂ ਦਾ ਸਬਜੈਕਟ ਹੈ ਲੇਕਿਨ ਪਾਣੀ ਦੀ ਪੂਰੀ ਨੀਤੀ ਰਾਸ਼ਟਰੀ ਸੰਦਰਭ ਵਿੱਚ ਬਣਾਉਣ ਦੀ ਜਰੂਰਤ ਹੈ। ਇਸ ਵਿੱਚ ਰਾਸ਼ਟਰ ਦੇ ਹਿੱਤਾਂ ਦਾ ਧਿਆਨ ਰੱਖ ਕੇ ਸਮਾਨਤਾ ਦੇ ਅਸੂਲ ਦੇ ਆਧਾਰ ਤੇ ਨੀਤੀ ਬਣਾਉਣ ਦੀ ਜਰੂਰਤ ਹੈ। ਇਸੇ ਦਿਸ਼ਾ ਵਿੱਚ ਪਾਣੀ ਨੂੰ ਰਾਜਾਂ ਦੀ ਸੂਚੀ ਦੇ ਬਜਾਇ ਸਮਵਰਤੀ (ਸਾਝੀ) ਸੂਚੀ ਵਿੱਚ ਸ਼ਾਮਿਲ ਕਰਨ ਦਾ ਤਰੀਕਾ ਇਜਾਦ ਕੀਤਾ ਜਾ ਰਿਹਾ ਹੈ। ਸੰਵਿਧਾਨਕ ਤੌਰ ਤੇ ਹੁਣ ਤੱਕ ਰਾਇਪੇਰੀਅਨ ਸਿਧਾਂਤ ਨੂੰ ਨਦੀ ਜਲ ਬੰਟਵਾਰੇ ਦਾ ਆਧਾਰ ਮੰਨਿਆ ਗਿਆ ਹੈ। ਇਸੇ ਲਈ ਰਾਇਪੇਰਿਅਨ ਰਾਜਾਂ ਦਰਮਿਆਨ ਕਿਸੇ ਵਿਵਾਦ ਦੇ ਨਿਪਟਾਰੇ ਲਈ ਟ੍ਰਿਬਿਊਨਲ ਦਾ ਗਠਨ ਹੋ ਸਕਦਾ ਹੈ। ਕਾਵੇਰੀ ਅਤੇ ਨਰਬਦਾ ਟ੍ਰਿਬਿਊਨਲ ਇਸੇ ਦਾ ਪ੍ਰਤੀਕ ਹੈ ਕਿਉਂਕਿ ਇਨ੍ਹਾਂ ਟ੍ਰਿਬਿਊਨਲਾਂ ਨੇ ਰਾਇਪੇਰਿਅਨ ਰਾਜਾਂ ਦੇ ਦਰਮਿਆਨ ਪਾਣੀ ਦਾ ਬਟਵਾਰਾ ਕਰਨਾ ਹੈ। ਪੰਜਾਬ ਦੇ ਪਾਣੀਆਂ ਦੇ ਮਾਮਲੇ ਵਿੱਚ ਵੀ ਰਾਜੀਵ-ਲੌਂਗੋਵਾਲ ਸਮਝੌਤੇ ਦੇ ਤਹਿਤ 1985 ਵਿੱਚ ਇਰਾਡੀ ਟ੍ਰਿਬਿਊਨਲ ਦਾ ਗਠਨ ਕੀਤਾ ਗਿਆ ਲੇਕਿਨ ਬਹੁਤ ਸਾਰੇ ਮਾਹਰ ਇਸ ਨੂੰ ਸੰਵਿਧਾਨ ਅਤੇ ਕਾਨੂੰਨ ਦਾ ਉਲੰਘਣ ਮੰਨਦੇ ਹਨ ਕਿਉਂਕਿ ਹਰਿਆਣਾ ਅਤੇ ਰਾਜਸਥਾਨ ਨੂੰ ਰਾਇਪੇਰੀਅਨ ਰਾਜ ਨਹੀਂ ਮੰਨਿਆ ਜਾਂਦਾ। ਨਦੀ ਜਲ ਬਟਵਾਰੇ ਦੇ ਮੁੱਦਾ ਪੰਜਾਬ ਵਿੱਚ ਹਮੇਸ਼ਾ ਹੀ ਬੜਾ ਮੁੱਦਾ ਰਿਹਾ ਅਤੇ ਖਾੜਕੂ ਲਹਿਰ ਦੇ ਆਗਾਜ ਦਾ ਕਾਰਨ ਵੀ ਕਪੂਰੀ ਮੋਰਚਾ ਹੀ ਬਣਿਆ। ਐਸਵਾਈਐਲ ਦੇ ਬਾਰੇ ਸੁਪਰੀਮ ਕੋਰਟ ਦੀ ਜਜਮੈਂਟ ਤੋਂ ਬਾਦ 12 ਜੁਲਾਈ 2004 ਨੂੰ ਪੰਜਾਬ ਵਿਧਾਨਸਭਾ ਵੱਲੋਂ ਪਾਸ ਸਾਰੇ ਜਲ ਸਮਝੌਤੇ ਰੱਦ ਕਰਨ ਦਾ ਕਾਨੂੰਨ ਪਾਸ ਕਰਨ ਤੋਂ ਬਾਦ ਮਾਮਲਾ ਸੁਪਰੀਮ ਕੋਰਟ ਦੀ ਸੁਣਵਾਈ ਅਧੀਨ ਹੈ। ਹੁਣ ਇਸ ਨੀਤੀ ਵਿੱਚ ਨਦੀ ਜਲ, ਹੇਠਲੇ ਪਾਣੀ ਸਹਿਤ ਸਾਰੇ ਝਗੜਿਆਂ ਦੇ ਨਿਪਟਾਰੇ ਲਈ ਕੌਮੀ ਪੱਧਰ ਤੇ ਇੱਕ ਸਥਾਈ ਟ੍ਰਿਬਿਊਨਲ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਰਾਜਾਂ ਦੇ ਅਧਿਕਾਰ ਖੇਤਰ ਦਾ ਹੀ ਨਹੀਂ, ਇਸ ਤੋਂ ਪਹਿਲਾਂ ਨਦੀ ਜਲ ਬੰਟਵਾਰੇ ਦੇ ਮਾਮਲੇ ਵਿੱਚ ਸੰਵਿਧਾਨਕ ਅਤੇ ਕਾਨੂੰਨੀ ਪ੍ਰਾਵਧਾਨਾਂ ਦਾ ਵੀ ਉਲੰਘਣ ਹੋਵੇਗਾ। ਇਸ ਦਾ ਪਹਿਲਾ ਕਦਮ ਜਲ ਝਗੜੇ ਨਿਵਾਰਣ ਕਾਨੂੰਨ 1956 ਵਿੱਚ 2002 ਵਿੱਚ ਕੀਤੀ ਗਈ ਸੋਧ ਨਾਲ ਕੇਂਦਰ ਨੂੰ ਦੋ ਜਾਂ ਵੱਧ ਰਾਜਾਂ ਵਿੱਚ ਕਿਸੇ ਝਗੜੇ ਵਿੱਚ ਖੁਦ ਹੀ ਦਖਲ ਦੇਣ ਦੇ ਅਧਿਕਾਰ ਨਾਲ ਵੀ ਕੇਂਦਰ ਨੇ ਆਪਣੇ ਹੱਥ ਮਜਬੂਤ ਕਰ ਲਏ ਸਨ।

ਪੰਜਾਬ ਸਰਕਾਰ ਨੇ 2004 ਤੋਂ ਹੀ ਇਹ ਮੰਗ ਵੀ ਕੀਤੀ ਸੀ ਕਿ ਹਰ 25 ਸਾਲਾਂ ਬਾਦ ਪਾਣੀ ਦਾ ਮੁੜ ਜਾਇਜਾ ਲੈਣਾ ਹੁੰਦਾ ਹੈ। ਇਸ ਲਈ ਪੰਜਾਬ ਦਾ 17.17 ਐਮਏਏਫ ਪਾਣੀ ਹੁਣ ਘਟ ਕੇ 14.38 ਐਮਏਐਫ ਹੀ ਰਹਿ ਗਿਆ ਹੈ। ਜਲ ਬੰਟਵਾਰੇ ਦਾ ਨਵੇਂ ਸਿਰੇ ਤੇ ਨਿਰੀਖਣ ਕਰਨ ਦੀ ਲੋੜ ਹੈ। ਲੇਕਿਨ ਇਹ ਸਾਰੇ ਮਾਮਲੇ ਅਜੇ ਅੱਧਵਾਟੇ ਹੀ ਹਨ ਅਤੇ ਰਾਸ਼ਟਰੀ ਜਲ ਨੀਤੀ ਰਾਜਾਂ ਦੇ ਅਧਿਕਾਰ ਸਾਝੀ ਸੂਚੀ ਵਿੱਚ ਲਿਜਾਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਸਰਵ ਸਿੱਖਿਆ ਅਭਿਆਨ, ਰਾਸ਼ਟਰੀ ਪੇਂਡੂ ਸੇਹਤ ਮਿਸ਼ਨ, ਮਨਰੇਗਾ, ਅਰਬਨ ਰਿਨਿਊਲ ਮਿਸ਼ਨ ਹੋਣ ਜਾਂ ਜਿੰਨੀਆਂ ਵੀ ਹੁਣ ਦੀਆਂ ਯੋਜਨਾਵਾਂ, ਇਨ੍ਹਾਂ ਸਾਰਿਆਂ ਮਾਮਲਿਆਂ ਵਿੱਚ ਕੇਂਦਰ ਕੋਲ ਰਾਜਾਂ ਦੀ ਬਾਂਹ ਮਰੋੜਨ ਦਾ ਪੂਰਾ ਸਾਮਾਨ ਹੈ। ਪਹਿਲਾਂ ਵਿਸ਼ਵ ਬੈਂਕ ਦੇਸ਼ਾਂ ਨੂੰ ਆਪਣੀਆਂ ਸ਼ਰਤਾਂ ਮਨਵਾ ਕੇ ਕਰਜਾ ਦਿੰਦਾ ਹੈ ਅਤੇ ਕੇਂਦਰ ਸਰਕਾਰ ਨੇ ਵੀ ਇਸੇ ਤਰ੍ਹਾਂ ਦਾ ਤਰੀਕਾ ਅਪਣਾਉਂਦੇ ਹੋਏ ਹੁਣ ਰਾਜਾਂ ਨੇ ਜੇਕਰ ਗਰਾਂਟ ਲੈਣੀ ਹੈ ਤਾਂ ਸ਼ਰਤਾਂ ਮੰਨਣ ਲਈ ਮਜਬੂਰ ਕੀਤਾ ਜਾਣ ਲੱਗਾ ਹੈ। ਰਾਜ ਹੁਣ ਆਪਣੇ ਹੱਕ ਦੇ ਤੌਰ ਤੇ ਨਹੀਂ ਬਲਕਿ ਮਜਬੂਰ ਅਤੇ ਯੂਨੀਅਰ ਹਿੱਸੇਦਾਰ ਦੇ ਤੌਰ ਤੇ ਪੈਸਾ ਮੰਗਦੇ ਹਨ। ਪਹਿਲਾਂ ਹੀ ਕਮਜੋਰ ਰਾਜ ਭਿਖਾਰੀ ਬਣ ਚੁੱਕੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਰਾਜ ਸਰਕਾਰਾਂ ਬਹੁਤ ਦਿਆਨਤਦਾਰ ਹਨ ਬਲਕਿ ਇਸਦਾ ਕਾਰਨ ਵੀ ਇਹ ਹੈ ਕਿ ਰਾਜ ਸਰਕਾਰਾਂ ਵੀ ਪੂਰੀ ਤਰ੍ਹਾਂ ਉਸੇ ਕਾਰਪੋਰੇਟ ਏਜੰਡੇ ਨੂੰ ਅਪਣਾਉਣ ਅਤੇ ਆਪਣੇ ਖੇਤਰੀ ਸਰੋਕਾਰ ਛੱਡ ਕੇ ਕੇਂਦਰੀ ਸੱਤਾ ਵਿੱਚ ਹਿੱਸੇਦਾਰੀ ਦਾ ਆਨੰਦ ਮਾਨਣ ਦੇ ਰਾਸਤੇ ਚੱਲ ਪਈਆਂ। ਖਾਸ ਤੌਰ ਤੇ ਖੇਤਰੀ ਪਾਰਟੀਆਂ ਵਿੱਚ ਵਧੀ ਸੱਤਾ ਅਤੇ ਪਰਿਵਾਰਵਾਦ ਦੀ ਲਾਲਸਾ ਨੇ ਕੇਂਦਰ ਦਾ ਕੰਮ ਸੁਖਾਲਾ ਕਰ ਦਿੱਤਾ। ਜੋ ਪੰਜਾਬ ਲਈ ਖਾਸ ਕਰਕੇ ਅਤੇ ਹੋਰਨਾ ਰਾਜਾਂ ਲਈ ਆਮ ਤੌਰ ਤੇ ਖਤਰਨਾਕ ਹੈ।

ਅਧਿਕਾਰ-

ਕਾਰਪੋਰੇਟ ਸੈਕਟਰ ਅਤੇ ਕੇਂਦਰ ਸਰਕਾਰ ਵੀ ਤਾਕਤਾਂ ਦੇ ਵਿਕੇਂਦਰੀ ਕਰਨ ਦਾ ਸ਼ਬਦ ਇਸਤੇਮਾਲ ਕਰਦੇ ਹਨ। ਵਾਟਰ ਯੂਜਰਸ ਕਮੇਟੀਆਂ ਬਣਾ ਕੇ ਉਨ੍ਹਾਂ ਨੂੰ ਪੈਸਾ ਵਸੂਲਣ ਦਾ ਅਧਿਕਾਰ ਦੀ ਗੱਲ ਹੋਵੇ ਜਾਂ ਪੰਚਾਇਤੀ ਰਾਜ ਸੰਸਥਾਵਾਂ ਦੇ ਜਰੀਏ ਯੋਜਨਾਵਾਂ ਲਾਗੂ ਕਰਵਾਉਣ ਦਾ, ਇਹ ਇਸ ਲਈ ਦਿਖਾਵਾ ਮਾਤਰ ਹਨ ਕਿਉਂਕਿ ਰਾਜ, ਜਿਲੇ, ਤਹਸੀਲਾਂ, ਪਿੰਡ ਅਤੇ ਮੁਹੱਲੇ ਨੀਤੀ ਬਣਾਉਣ, ਇਸ ਸੰਬੰਧ ਵਿੱਚ ਕਾਰ ਯੋਜਨਾ ਤੈਆਰ ਕਰਨ ਤੋਂ ਪੂਰੀ ਤਰ੍ਹਾਂ ਬਾਹਰ ਕਰ ਦਿੱਤੇ ਗਏ ਹਨ। ਇਹ ਕੇਵਲ ਕਾਰਪੋਰੇਟ ਦੇ ਇਸ਼ਾਰੇ ਤੇ ਤਾਕਤਾਂ ਦੇ ਕੇਂਦਰੀਕਰਨ ਰਾਹੀਂ ਤਿਆਰ ਕੀਤੀਆਂ ਉਨ੍ਹਾਂ ਦੀਆਂ ਖਾਹਿਸ਼ਾਂ ਨੂੰ ਲਾਗੂ ਕਰਨ ਲਈ ਬਣੀਆਂ ਕਰਿੰਦਾ ਏਜੰਸੀਆਂ ਬਣਾ ਦਿੱਤੀਆਂ ਗਈਆਂ ਹਨ। ਜਦਕਿ ਵਿਕੇਂਦਰੀਕਰਨ ਦਾ ਅਰਥ, ਨੀਤੀ ਘੜਨ,ਕਾਰਜਯੋਜਨਾ ਬਣਾਉਣ ਤੋਂ ਲੇ ਕੇ ਸਭ ਤਰਾਂ ਦੇ ਵਿੱਤੀ, ਪ੍ਰਸ਼ਾਸਨਿਕ ਅਤੇ ਆਪਣੀ ਜਰੂਰਤ ਅਨੁਸਾਰ ਕੰਮ ਕਰਨ ਦੇ ਅਧਿਕਾਰ ਦੇਣਾ ਹੁੰਦਾ ਹੈ। ਕੇਂਦਰ ਰਾਜ ਸਰਕਾਰਾਂ ਨੂੰ ਬਾਈਪਾਸ ਕਰਨਾ ਚਾਹੁੰਦਾ ਹੈ ਅਤੇ ਰਾਜ ਸਰਕਾਰਾਂ ਨੀਚੇ ਅਧਿਕਾਰ ਦੇਣ ਲਈ ਤਿਆਰ ਨਹੀਂ।

ਕੁਦਰਤ-ਮਨੁੱਖ ਪੱਖੀ ਏਜੰਡਾ-

ਕਾਰਪੋਰੇਟ ਦੀ ਵੱਧ ਤੋਂ ਵੱਧ ਮੁਨਾਫਾ ਕਮਾਉਣ ਅਤੇ ਮਨੁੱਖ ਦੇ ਬਜਾਇ ਪੈਸੇ ਨੂੰ ਕੇਂਦਰ ਵਿੱਚ ਰੱਖ ਕੇ ਨੀਤੀ ਬਣਾਉਣ ਦੇ ਮਾਡਲ ਨੂੰ ਕੁਦਰਤ ਅਤੇ ਮਨੁੱਖ ਪੱਖੀ ਮਾਡਲ ਰਾਹੀਂ ਤਬਦੀਲ ਕਰਨਾ ਸਮੇਂ ਦੀ ਮੰਗ ਹੈ। ਕਿਸੇ ਵੀ ਤਰ੍ਹਾਂ ਦੀ ਨੀਤੀ ਬਣਾਉਣ ਲਈ ਕੇਂਦਰ ਬਿੰਦੂ ਕੁਦਰਤ ਅਤੇ ਮਨੁੱਖ ਬਣੇ। ਜੋ ਵੀ ਨੀਤੀ ਇਸ ਦੇ ਖਿਲਾਫ ਹੈ, ਉਸਦਾ ਵਿਰੋਧ ਅਤੇ ਜੋ ਪੱਖ ਵਿੱਚ ਹੈ ਉਸ ਦੀ ਹਿਮਾਇਤ ਕੀਤੀ ਜਾਵੇ।

ਕੁਦਰਤ ਵਿੱਚ ਸਟੋਰੇਜ ਕਰਕੇ ਰੱਖਣ ਦੀ ਪ੍ਰਵਿਰਤੀ ਨਹੀਂ ਹੈ ਬਲਕਿ ਕਾਰਪੋਰੇਟ ਸੈਕਟਰ ਦੇ ਸਟੋਰੇਜ ਦੀ ਪ੍ਰਵਿਰਤੀ ਨੇ ਆਮ ਆਦਮੀਆਂ ਦਾ ਹਿੱਸਾ ਕੁੱਝ ਖਾਸ ਆਦਮੀਆਂ ਕੋਲ ਇੱਕੱਠਾ ਕਰ ਦਿੱਤਾ ਹੈ। ਕੁਦਰਤ ਵਿੱਚ ਸਭ ਨੂੰ ਬਰਾਬਰੀ ਅਤੇ ਜਰੂਰਤ ਅਨੁਸਾਰ ਮਿਲਣ ਦਾ ਪ੍ਰਬੰਧ ਹੈ। ਕੁਦਰਤੀ ਸਾਧਨਾਂ ਦਾ ਲਾਲਚ ਵਸ ਵੱਡੇ ਪੱਧਰ ਤੇ ਕੀਤਾ ਗਿਆ ਸੋਸ਼ਣ ਸਮਾਜ ਵਿੱਚ ਵਾਤਾਵਰਣਕ ਤਬਾਹੀ ਅਤੇ ਗਰੀਬ ਅਮੀਰ ਦੇ ਵਧ ਰਹੇ ਅਣਕਿਆਸੇ ਪਾੜੇ ਦਾ ਕਾਰਨ ਬਣ ਰਿਹਾ ਹੈ। ਇਹ ਕਾਰਪੋਰੇਟ ਮਾਡਲ ਦੀ ਦੇਣ ਹੈ ਅਤੇ ਹੁਣ ਇਸੇ ਮਾਡਲ ਨਾਲ ਅਸੀਂ ਸਮੱਸਿਆਵਾਂ ਠੀਕ ਹੋਣ ਦੇ ਸਪਨੇ ਦੇਖ ਰਹੇ ਹਾਂ। ਇਹ ਠੀਕ ਹੈ ਕਿ ਲੋਕਾਂ ਨੂੰ ਕੁਦਰਤ ਦੀਆਂ ਦਾਤਾਂ ਦੇ ਬਾਰੇ ਨਜਰੀਆ ਬਦਲਣਾ ਪਵੇਗਾ। ਹੁਣ ਤੱਕ ਇਹ ਸਮਝ ਰਹੀ ਹੈ ਕਿ ਕੁਦਰਤੀ ਦਾਤਾਂ ਮੁਫਤ ਅਤੇ ਅਮੁੱਕ ਹਨ ਜਦਕਿ ਇਨ੍ਹਾਂ ਦੀ ਵੀ ਕੋਈ ਸੀਮਾ ਹੈ ਅਤੇ ਇਨ੍ਹਾਂ ਦਾ ਸੰਜਮ ਨਾਲ ਜਰੂਰਤ ਅਨੁਸਾਰ ਇਸਤੇਮਾਲ ਹੀ ਟਿਕਾਊ ਵਿਕਾਸ ਦਾ ਆਧਾਰ ਬਣ ਸਕਦਾ ਹੈ।

ਦੇਸ਼ ਵਿੱਚ ਸਹੀ ਸੰਘਾਤਮਕ ਢਾਂਚੇ ਦੀ ਲੋੜ-

ਭਾਰਤ ਵਰਗੇ ਬਹੁ ਧਰਮੀ, ਬਹੁ ਭਾਸ਼ਾਈ ਅਤੇ ਬਹੁ ਨਸਲੀ ਦੇਸ਼ ਨੂੰ ਸ਼ੁਰੂ ਤੋਂ ਹੀ ਇੱਕ ਸੰਘਾਤਮਕ ਢਾਂਚੇ ਦੀ ਜਰੂਰਤ ਸੀ। ਸੰਘਾਤਮਕ ਢਾਂਚੇ ਦੇ ਕੁੱਝ ਅਸੂਲ ਮੰਨੇ ਜਾਂਦੇ ਹਨ। ਇਨ੍ਹਾਂ ਵਿੱਚ ਸੰਵਿਧਾਨ ਦੀ ਸਰਬਉੱਚਤਾ, ਤਾਕਤਾਂ ਦਾ ਬਟਵਾਰਾ ਇਸ ਤਰ੍ਹਾਂ ਕਿ ਰਾਜ ਮਿਲ ਕੇ ਆਪਣੇ ਕੁੱਝ ਅਧਿਕਾਰ ਕੇਂਦਰ ਨੂੰ ਸੌਂਪਦੇ ਹਨ ਅਤੇ ਕੇਂਦਰ ਤੇ ਰਾਜ ਸਰਕਾਰਾਂ ਵਿੱਚ ਵੰਡੀਆਂ ਸ਼ਕਤੀਆਂ ਵਿੱਚੋਂ ਬਚੀਆਂ ਸਕਤੀਆਂ ਰਾਜਾਂ ਕੋਲ ਹੁੰਦੀਆਂ ਹਨ। ਭਾਰਤ ਵਿੱਚ ਕੇਂਦਰ ਤੈਅ ਕਰਦਾ ਹੈ ਕਿ ਰਾਜਾਂ ਨੂੰ ਕੀ ਦਿੱਤਾ ਜਾਵੇ ਪਹਿਲਾਂ ਹੀ ਮਜਬੂਤ ਕੇਂਦਰ ਹੋਰ ਮਜਬੂਤ ਹੁੰਦਾ ਜਾ ਰਿਹਾ ਹੈ। ਦੇਸ਼ ਦੀ ਆਜਾਦੀ ਸਮੇਂ ਵੀ ਸੰਘਾਤਮਕ ਢਾਂਚੇ ਦੀ ਮੰਗ ਜੋਰ ਸ਼ੋਰ ਨਾਲ ਉੱਠੀ ਸੀ ਇਸੇ ਲਈ ਕੈਬਿਨੇਟ ਮਿਸ਼ਨ ਯੋਜਨਾ ਪਰ ਸਹਿਮਤੀ ਹੋਈ ਲੇਕਿਨ ਬਾਦ ਵਿੱਚ ਕਾਂਗਰਸ ਦੇ ਨੇਤਾਵਾਂ ਅਤੇ ਫਿਰ ਮੁਸਲਿਮ ਲੀਗ ਨੇ ਨਾਮੰਜੂਰ ਕਰ ਦਿੱਤਾ। ਸੰਵਿਧਾਨ ਜੋ ਬਣਿਆ ਇਹ ਕੇਂਦਰੀਕ੍ਰਿਤ ਸੁਭਾਅ ਵਾਲਾ ਸੀ। ਸ਼ਕਤੀਆਂ ਕੇਂਦੱਰ, ਰਾਜਾਂ ਅਤੇ ਸਾਝੀ ਸੂਚੀ ਵਿੱਚ ਵੰਡੀਆਂ ਗਈਆਂ। ਚੱਲਦੇ ਚੱਲਦੇ ਸਾਝੀ ਸੂਚੀ ਤੇ ਵੀ ਕੇਂਦਰ ਨੇ ਕਬਜਾ ਕਰ ਲਿਆ ਅਤੇ ਕੁੱਝ ਰਾਜ ਸੂਚੀ ਦੇ ਵਿਸ਼ੇ ਵੀ ਸਾਝੀ ਸੂਚੀ ਵਿੱਚ ਸ਼ਾਮਿਲ ਕਰ ਲਏ। ਪੰਜਾਬ ਵਿੱਚ ਆਨੰਦਪੁਰ ਸਾਹਿਬ ਦਾ ਮਤਾ ਵੀ ਸੰਘਾਤਮਕ ਢਾਂਚੇ ਹੀ ਗੱਲ ਸੀ।

ਹੁਣ ਵੀ ਸੰਘਾਤਮਕ ਢਾਂਚੇ ਅਤੇ ਰਾਜਾਂ ਦੇ ਅਧਿਕਾਰਾਂ ਦੇ ਮਾਮਲੇ ਵਿੱਚ ਕਈ ਰਾਜ ਸਰਕਾਰਾਂ ਵਿਰੋਧ ਜਤਾ ਰਹੀਆਂ ਹਨ। ਲੋਕ ਪਾਲ ਬਿਲ ਰਾਜਾਂ ਵਿੱਚ ਲੋਕ ਆਯੁਕਤ ਬਣਾਉਣ ਦੇ ਰਾਜਾਂ ਦੇ ਅਧਿਕਾਰਾਂ ਵਿੱਚ ਦਖਲ ਦੇ ਸਵਾਲ ਤੇ ਪਾਰਟੀਆਂ ਖਾਸ ਤੌਰ ਤੇ ਮਮਤਾ ਬੈਨਰਜੀ ਦੇ ਵਿਰੋਧ ਕਰਕੇ ਪਾਸ ਨਹੀਂ ਹੋ ਪਾਇਆ। ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਪੀਚਿਦੰਬਰਮ ਵੱਲੋਂ ਪੇਸ਼ ਕੀਤਾ ਗਿਆ ਨੈਸ਼ਨਲ ਕਾਊੰਟਰ ਟੈਰਿਰਸਟ ਸੇਂਟਰ (ਐਨਸੀਟੀਸੀ) ਦਾ ਪੰਜਾਬ ਸਮੇਤ ਗਿਆਰਾਂ ਮੁੱਖ ਮੰਤਰੀਆਂ ਨੇ ਵਿਰੋਧ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਤਾਕਤਾਂ ਦੇ ਕੇਂਦਰੀਕਰਨ ਅਤੇ ਮਜਬੂਤ ਕੇਂਦਰ ਦੀ ਧਾਰਨੀ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਵੀ ਇਸ ਨੂੰ ਰਾਜਾਂ ਦੇ ਅਧਿਕਾਰਾਂ ਵਿੱਚ ਦਖਲ ਮੰਨ ਕੇ ਵਿਰੋਧ ਕਰ ਰਹੇ ਹਨ। ਜੰਮੂ-ਕਸ਼ਮੀਰ ਦੀ ਕੈਬਿਨੇਟ ਨੇ 15 ਫਰਵਰੀ ਨੂੰ ਇਕ ਰਿਪੋਰਟ ਨੂੰ ਮੰਜੂਰ ਕੀਤਾ ਹੈ ਜਿਸ ਵਿੱਚ ਉਸ ਦੇ ਖੇਤਰ ਵਿੱਚ ਨੈਸ਼ਨਲ ਹਾਈਡਲ ਪਾਵਰ ਕਾਰਪੋਰੇਸ਼ਨ ਦੇ ਪ੍ਰੋਜੈਕਟਾਂ ਤੇ ਆਪਣੇ ਕੰਟਰੋਲ ਅਤੇ ਬਾਹਰ ਲੈ ਜਾਣ ਵਾਲੀ ਬਿਜਲੀ ਦੀ 2566 ਕਰੋੜ ਰੁਪਏ ਲਾਇਲਟੀ ਮੰਗੀ ਹੈ। ਇਹ ਸਾਰੇ ਤੱਥ ਇਸ ਗੱਲ ਦਾ ਸਬੂਤ ਹਨ ਕਿ ਦੇਸ਼ ਵਿੱਚ ਸੰਘੀ ਢਾਂਚੇ ਦੀ ਜਰੂਰਤ ਹੈ।

ਪੰਜਾਬ ਵਿੱਚ ਸਿੱਖ ਪਹਿਚਾਣ ਦਾ ਸਵਾਲ, ਵਿਕਾਸ ਦੇ ਮਾਮਲੇ ਵਿੱਚ ਕੇਂਦਰ ਦੀਆਂ ਨੀਤੀਆਂ ਰਾਜ ਦੇ ਮੁਤਾਬਿਕ ਨਾ ਹੋਣ ਨਾਲ ਕਈ ਬਾਰ ਇਹ ਮੁੱਦੇ ਉੱਠਦੇ ਹਨ। ਇਹ ਅਲੱਗ ਗੱਲ ਹੈ ਕਿ ਅਕਾਲੀ ਦਲ ਦੇਸ਼ ਦੀ ਇੱਕੱ ਇੱਕ ਖੇਤਰੀ ਪਾਰਟੀ ਹੈ ਜੋ ਰਾਸ਼ਟਰ ਪੱਧਰ ਤੇ ਐਨਡੀਏ ਨੂੰ ਬਿਨਾ ਸ਼ਰਤ ਹਮਾਇਤ ਦਿੰਦੀ ਰਹੀ ਹੈ। ਇਸੇ ਕਰਕੇ ਜਲ ਵਿਵਾਦ ਹੱੱਲ ਕਰਨ ਦੇ ਕਾਨੂੰਨ ਵਿੱਚ ਸੰਘੀ ਢਾਂਚੇ ਦੇ ਖਿਲਾਫ ਜਾ ਕੇ ਹੋਈ ਸ਼ੋਧ ਹੋਵੇ ਜਾਂ ਫਿਰ ਪਹਾੜੀ ਰਾਜਾਂ ਨੂੰ ਵਿਸ਼ੇਸ਼ ਆਰਿਥਕ ਪੈਕੇਜ, ਸਭ ਦੇ ਪੱਖ ਵਿੱਚ ਵੋਟ ਪਾ ਦਿੱਤੀ ਗਈ।

ਜਦਕਿ ਜਰੂਰਤ ਦੇਸ਼ ਦੇ ਮੌਜੂਦਾ ਕੇਂਦਰੀਕ੍ਰਿਤ ਢਾਂਚੇ ਦਾ ਪੁਨਰਗਠਨ ਕਰਕੇ ਇਸ ਨੂੰ ਸਹੀ ਸੰਘੀ ਢਾਂਚੇ ਵਿੱਚ ਤਬਦੀਲ ਕਰਨ ਦੀ ਹੈ। ਇਸ ਲਈ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ, ਕਿਸਾਨ ਯੂਨੀਅਨਾਂ, ਹੋਰਨਾਂ ਜਥੇਬੰਦੀਆਂ ਨੂੰ ਇਕ ਸਾਝੇ ਮੰਚ ਤੇ ਆ ਕੇ ਆਵਾਜ ਬੁਲੰਦ ਕਰਨ ਅਤੇ ਦੇਸ਼ ਵਿੱਚ ਸੰਘੀ ਢਾਂਚੇ ਦੀਆਂ ਮੁੱਦਈ ਧਿਰਾਂ ਨਾਲ ਮਿਲ ਕੇ ਵੱਡੀ ਮੁਹਿੰਮ ਬਣਾਉਣ ਲਈ ਪਹਿਲ ਕਦਮੀ ਕਰਨ ਦੀ ਜਰੂਰਤ ਹੈ। ਇਸੇ ਦਿਸ਼ਾ ਵਿੱਚ ਨਵੀਂ ਜਲ ਨੀਤੀ ਦਾ ਵਿਰੋਧ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।

ਹਮੀਰ ਸਿੰਘ
ਲੇਖ਼ਕ ਸੀਨੀਅਰ ਪੱਤਰਕਾਰ ਹਨ ਤੇ ਚੰਡੀਗੜ੍ਹ 'ਅਮਰ ਉਜਾਲਾ' ਦੇ ਪੰਜਾਬ ਬਿਊਰੋ 'ਚ ਕੰਮ ਕਰਦੇ ਹਨ।ਵਿਦਿਆਰਥੀ ਜੀਵਨ ਤੋਂ ਸਮਾਜਿਕ ਤੇ ਸਿਆਸੀ ਸਰਗਰਮੀਆਂ 'ਚ ਹਿੱਸਾ ਲੈ ਰਹੇ ਹਨ।

Wednesday, February 8, 2012

ਕਾਫਕਾ:ਇਕ ਅਰਥਹੀਣ ਲੇਖ਼ਕ ਦਾ ਪ੍ਰੇਮ-ਪੱਤਰ

ਫ੍ਰਾਂਜ਼ ਕਾਫਕਾ(1883-1924) ਜਰਮਨ ਭਾਸ਼ਾ ਦਾ ਇਕ ਪ੍ਰਸਿੱਧ ਲੇਖ਼ਕ ਸੀ,ਜਿਸਨੂੰ ਵੀਹਵੀਂ ਸਦੀ ਦੇ ਕਹਿੰਦੇ ਕਹਾਉਂਦੇ ਲੇਖ਼ਕਾਂ 'ਚ ਗਿਣਿਆ ਜਾਂਦਾ ਹੈਉਸਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੰਗਰੇਜ਼ੀ ਭਾਸ਼ਾ 'ਚ ਉਸਦੇ ਨਾਂਅ ਲਈ ਇਕ ਹੀ ਸ਼ਬਦ ਪ੍ਰਚਲਤ ਹੈ, '‘kafkaesque' ਜਿਸਨੂੰ ਅਰਥਹੀਣ ਤੇ ਬੇਕਾਬੂ ਵਜੋਂ ਵਰਤਿਆ ਜਾਂਦਾ ਹੈਕਾਫਕਾ ਦੀ ਲੇਖਣੀ 'ਚ ਇਹ ਖਾਸੀਅਤ ਸੀ ਕਿ ਉਸਦੇ ਸ਼ਬਦ ਆਪਣੇ ਨਾਲ ਕਈ ਪਰਤਾਂ ਦੇ ਅਰਥ ਲੈ ਕੇ ਆਉਂਦੇ ਹਨ ਤੇ ਆਪਣੇ ਬੇਕਾਬੂ ਪ੍ਰਵਾਹ 'ਚ ਪਾਠਕਾਂ ਨੂੰ ਵਹਾ ਕੇ ਲੈ ਜਾਂਦੇ ਹਨ

ਆਪਣੇ ਜੀਵਨ ਦਾ ਬਹੁਤ ਹਿੱਸਾ ਉਸਨੇ ਇਕ ਬੀਮਾ ਕੰਪਨੀ ਦਾ ਅਧਿਕਾਰੀ ਬਣਕੇ ਗੁਜ਼ਾਰਿਆ ਤੇ ਲੇਖਣ ਦੇ ਖੇਤਰ 'ਚ ਕੋਈ ਖਾਸ ਯੋਗਦਾਨ ਨਹੀਂ ਦੇ ਸਕੇਉਸਦੀਆਂ ਕਈ ਪ੍ਰਸਿੱਧ ਰਚਨਾਵਾਂ ਉਸਦੀ ਟਾਈਫਾਇਡ ਨਾਲ ਹੋਈ ਮੌਤ ਤੋਂ ਬਾਅਦ ਪ੍ਰਕਾਸ਼ਤ ਹੋਈਆਂ

ਕਾਫਕਾ ਦੀ ਬੇਪ੍ਰਵਾਹ ਜ਼ਿੰਦਗੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਉਸਨੇ ਆਪਣੇ ਇਕ ਮਿੱਤਰ ਨੂੰ ਆਪਣੀ ਆਖਰੀ ਇੱਛਾ ਕੁਝ ਇਸ ਤਰ੍ਹਾਂ ਜ਼ਾਹਰ ਕੀਤੀ 'ਪਿਆਰੇ ਮਿੱਤਰ ਮੈਕਸ,ਇਸ ਨੂੰ ਮੇਰੀ ਬੇਨਤੀ ਸਮਝੀਂ,ਜੋ ਕੁਝ ਮੈਂ ਆਪਣੇ ਪਿੱਛੇ ਛੱਡ ਜਾਵਾਂਗਾ,ਡਾਇਰੀ,ਫੋਟੋ-ਕਾਪੀਆਂ,ਪੱਤਰ(ਮੇਰੇ ਜਾਂ ਦੂਜਿਆਂ ਦੇ),ਉਨ੍ਹਾਂ ਨੂੰ ਬਿਨਾਂ ਪੜ੍ਹੇ ਸਾੜ ਦਿਓ'ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦਾ ਮਿੱਤਰ ਮੈਕਸ ਬ੍ਰਾਂਡ ਉਸ ਬੇਨਤੀ ਨੂੰ ਮੰਨਣ ਦੀ ਹਿੰਮਤ ਨਾ ਕਰ ਸਕਿਆ ਤੇ ਉਸਦੀ ਲੇਖਣੀ ਨੂੰ ਪ੍ਰਕਾਸ਼ਤ ਕਰਕੇ ਸਮੁੱਚੀ ਦੁਨੀਆ ਦੇ ਸਹਿਤ ਜਗਤ ਨੂੰ ਇਕ ਅਨਮੋਲ ਧਰੋਹਰ ਸੌਂਪੀ

ਆਪਣੇ ਪਿਆਰ ਤੇ ਪਿਆਰ ਦੇ ਲਈ ਲਿਖੇ ਪੱਤਰਾਂ 'ਚ ਵੀ ਕਾਫਕਾ ਦਾ ਉਹੀ ਬੇਕਾਬੂ ਪ੍ਰਵਾਹ ਦਿਖਦਾ ਹੈ ਫਿਲੀਸ ਬੌਇਰ(ਪ੍ਰੇਮਿਕਾ) ਨੂੰ ਉਹ ਪਹਿਲੀ ਵਾਰ 1912 'ਚ ਮਿਲਿਆਪੰਜ ਸਾਲਾਂ ਤੱਕ ਕਾਫਕਾ ਤੇ ਫਿਲੀਸ ਦੇ ਗੂੜ੍ਹੇ ਪਿਆਰ ਸਬੰਧ ਰਹੇ,ਪਰ ਇਹ ਰਿਸ਼ਤਾ ਸੰਸਥਾਗਤ(ਵਿਆਹ) ਨਹੀਂ ਹੋ ਸਕਿਆ ਤੇ ਉਹ 1917 'ਚ ਇਕ ਦੂਜੇ ਤੋਂ ਵੱਖ ਹੋ ਗਏ ਕਾਫਕਾ ਦੀ ਮੌਤ 1924 'ਚ ਹੋਈ।

ਕਾਫਕਾ ਦਾ ਫਿਲੀਸ ਨੂੰ ਲਿਖ਼ਿਆ ਪ੍ਰੇਮ ਪੱਤਰ

19 ਨਵੰਬਰ,1912

ਪਿਆਰੀ ਫਿਲੀਸ,

ਮੈਂ ਅੱਜ ਜੋ ਤੈਥੋਂ ਮੰਗ ਰਿਹਾ ਹਾਂ,ਉਹ ਤੈਨੂੰ ਮੇਰਾ ਪਾਗਲਪਨ ਲੱਗ ਸਕਦਾ ਹੈਮੈਨੂੰ ਤਾਂ ਬਿਲਕੁਲ ਅਜਿਹਾ ਲੱਗਣਾ ਹੀ ਚਾਹੀਦਾ ਹੈ,ਕਿਉਂਕਿ ਉਹ ਮੈਂ ਹੀ ਤਾਂ ਹਾਂ ਜਿਸਨੂੰ ਤੇਰੇ ਖ਼ਤ ਮਿਲਦੇ ਹਨਮੈਨੂੰ ਪਤਾ ਹੈ ਕਿ ਇਹ ਤੇਰੇ ਜਿਹੀ ਪਿਆਰ 'ਚ ਸਿਰ ਤੱਕ ਡੁੱਬੇ ਹੋਈ ਨੂੰ ਇਕ ਬੇਹੱਦ ਔਖੇ ਇਮਿਤਹਾਨ 'ਚੋਂ ਲੰਘਣਾ ਹੋਵੇਗਾ
ਤਾਂ ਫਿਰ ਸੁਣ ਕਿ ਤੂੰ ਮੈਨੂੰ ਹਫਤੇ 'ਚ ਇਕ ਹੀ ਪ੍ਰੇਮ ਪੱਤਰ ਲਿਖਿਆ ਕਰ ਤਾਂ ਕਿ ਉਹ ਮੈਨੂੰ ਐਤਵਾਰ ਨੂੰ ਮਿਲਿਆ ਕਰੇ,ਕਿਉਂਕਿ ਮੇਰੇ 'ਚ ਐਨੀ ਹਿੰਮਤ ਨਹੀਂ ਹੁੰਦੀ ਕਿ ਤੇਰੇ ਖ਼ਤਾਂ ਨਾਲ ਗੁਜ਼ਰ ਸਕਾਂਮੈਂ ਸਹਿਣ ਨਹੀਂ ਕਰ ਪਾਉਂਦਾ ਉਨ੍ਹਾਂ ਨੂੰ ! ਜਾਨਣਾ ਚਾਹੁੰਦੀ ਹੈਂ ਤਾਂ ਸੁਣ…ਜਦੋਂ ਮੈਂ ਤੇਰੇ ਕਿਸੇ ਖ਼ਤ ਦਾ ਜਵਾਬ ਦਿੰਦਾ ਹਾਂ,ਇਕ ਬਨਾਉਟੀ ਜਿਹੀ ਚੁੱਪ ਦੇ ਨਾਲ ਬਿਸਤਰੇ 'ਤੇ ਮੂਧਾ ਪੈ ਜਾਂਦਾ ਹਾਂ,ਪਰ ਮੇਰਾ ਦਿਲ ਮੇਰੇ ਸਰੀਰ ਦੇ ਨਾਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਹੁੰਦਾ ਹੈ ਤੇ ਮੈਨੂੰ ਤੇਰੇ ਸਿਵਾ ਕੁਝ ਯਾਦ ਨਹੀਂ ਰਹਿੰਦਾਮੈਨੂੰ ਇਸ ਤੋਂ ਸਿਵਾ ਕੁਝ ਯਾਦ ਨਹੀਂ ਰਹਿੰਦਾ ਕਿ ਮੈਂ ਤੇਰਾ ਹਾਂ ਤੇ ਇਸ ਭਾਵਨਾ ਨੂੰ ਵਿਅਕਤ ਕਰਨ ਲਈ ਇਨ੍ਹਾਂ ਸ਼ਬਦਾਂ ਤੋਂ ਇਲਾਵਾ ਮੇਰੇ ਕੋਲ ਕੁਝ ਨਹੀਂ ਹੁੰਦਾ ਹੈ ਤੇ ਸ਼ਬਦ ਐਨੇ ਪ੍ਰਭਾਵੀ ਨਹੀਂ ਹਨਇਹੀ ਕਾਰਨ ਹੈ ਕਿ ਮੈਂ ਇਹ ਨਹੀਂ ਜਾਨਣਾ ਚਾਹੁੰਦਾ ਹਾਂ ਕਿ ਤੂੰ ਕੀ ਸੋਚ ਰਹੀ ਹੈਇਹ ਮੈਨੂੰ ਐਨੀ ਦੁਬਿਧਾ 'ਚ ਪਾ ਦਿੰਦਾ ਹੈ ਕਿ ਮੈਂ ਆਪਣੇ ਜੀਵਨ ਤੋਂ ਬੇਕਾਬੂ ਹੋ ਜਾਂਦਾ ਹੈਇਹੀ ਵਜ੍ਹਾ ਹੈ ਕਿ ਮੈਂ ਇਹ ਨਹੀਂ ਜਾਨਣਾ ਚਾਹੁੰਦਾ ਕਿ ਤੂੰ ਮੈਨੂੰ ਕਿੰਨਾ ਚਾਹੁੰਦੀ ਹੈਂਜੇ ਮੈਂ ਇਹ ਜਾਣ ਲਵਾਂ ਤਾਂ ਮੈਂ ਐਨਾ ਪਾਗਲ ਹਾਂ ਕਿ ਫਿਰ ਮੈਂ ਆਪਣੇ ਘਰ ਜਾਂ ਦਫਤਰ ਨਹੀਂ ਬੈਠ ਸਕਦਾ ਸੀ ਤੇ ਕਿਸੇ ਰੇਲ 'ਚ ਚੜ੍ਹ ਗਿਆ ਹੁੰਦਾਤਦ ਤੱਕ ਆਪਣੀਆਂ ਅੱਖਾਂ ਬੰਦ ਰੱਖਦਾ ਜਦੋਂ ਤੱਕ ਤੂੰ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਆ ਜਾਂਦੀ

ਇਕ ਬੇਹੱਦ ਦੀ ਦੁਖ਼ਦ ਕਾਰਨ ਹੈ ਅਜਿਹਾ ਨਾ ਕਰ ਪਾਉਣ ਦਾਘੱਟ ਸ਼ਬਦਾਂ 'ਚ ਕਹਾਂ ਤਾਂ ਮੇਰੀ ਸਿਹਤ ਜੋ ਸਿਰਫ ਮੇਰੇ ਲਈ ਹੀ ਠੀਕ ਹੈਵਿਆਹ ਜਾਂ ਪਰਿਵਾਰ ਜਿਹੀਆਂ ਜ਼ਿੰਮੇਵਾਰੀਆਂ ਲਈ ਨਹੀਂ ਹੈਫਿਰ ਵੀ ਮੈਂ ਜਦੋਂ ਤੇਰਾ ਖ਼ਤ ਪੜ੍ਹਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਇਹ ਸਭ ਕੁਝ ਨਜ਼ਰਅੰਦਾਜ਼ ਕਰ ਸਕਦਾ ਹਾਂ,ਜੋ ਕਾਇਦੇ ਮੁਤਾਬਕ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ

ਕਿਹੋ ਜਿਹਾ ਰਹੇਗਾ ਕਿ ਜੇ ਅਸੀਂ ਇਕ ਦੂਜੇ ਨੂੰ ਹਫਤੇ 'ਚ ਇਕ ਹੀ ਪੱਤਰ ਲਿਖੀਏ ! ਨਹੀਂ , ਜੇ ਮੇਰੇ ਦਰਦ ਦਾ ਇਹੀ ਇਲਾਜ ਹੈ ਤਾਂ ਇਹ ਇਹ ਵੱਡੀ ਕੀਮਤ ਨਹੀਂ ਹੈਤੇ ਮੈਨੂੰ ਪਹਿਲਾਂ ਤੋਂ ਇਹ ਵੀ ਅੰਦਾਜ਼ਾ ਹੈ ਕਿ ਐਤਵਾਰ ਦਾ ਇਕ ਖ਼ਤ ਵੀ ਸਹਿ ਪਾਉਣ ਦੀ ਤਾਕਤ ਮੇਰੇ 'ਚ ਨਹੀਂ ਹੈਸ਼ਨਿੱਚਰਵਾਰ ਦੇ ਉਸ ਖੂੰਜੇ ਹੋਏ ਮੌਕੇ ਦੀ ਪੂਰਤੀ ਲਈ ਮੈਂ ਆਪਣੀ ਬਚੀ ਹੋਈ ਸਾਰੀ ਸ਼ਕਤੀ ਇਕੱਠੀ ਕਰ ਇਸ ਖ਼ਤ ਦੇ ਅੰਤ 'ਚ ਇਹੀ ਕਹਿਣਾ ਚਾਹੂੰਂਗਾ ਕਿ ਜੇ ਸਾਨੂੰ ਸਾਡੇ ਜੀਵਨ ਦੀ ਕਦਰ ਹੈ ਤਾਂ ਅਸੀਂ ਇਹ ਸਭ ਕੁਝ ਖ਼ਤਮ ਕਰ ਦੇਈਏ

ਕੀ ਮੇਰੀ ਅਜ਼ਾਦੀ ਦਾ ਗੀਤ ਹੈ ? ਨਹੀਂ ,ਇਸ ਤੋਂ ਵੱਡਾ ਝੂਠ ਹੋਰ ਕੀ ਹੋ ਸਕਦਾ ਹੈਨਹੀਂ,ਮੈਂ ਹਮੇਸ਼ਾ ਲਈ ਖ਼ੁਦ ਨਾਲ ਬੰਨ੍ਹਿਆ ਗਿਆ ਹਾਂਮੈਂ ਇਹੀ ਹਾਂ ਤੇ ਇਸੇ ਨਾਲ ਜਿਉਣ ਸਿੱਖਣ ਦੀ ਮੈਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ
--ਫ੍ਰਾਂਜ਼

Monday, February 6, 2012

ਖ਼ਬਰ ਬਣ ਗਿਆ ਚਾਚਾ ਛੱਥਾ--ਰੁੱਖੇ ਮੰਡੇ ਦੀ ਤੀਜੀ ਪੀੜ੍ਹੀ

ਅੱਜ ਸ਼ਾਮੀ ਖੂਹ 'ਤੇ ਉਹ ਪੱਠੇ ਕੁਤਰਦਾ, ਚੀਰਨੀਆਂ ਲਾਉਂਦੀ ਮਾਂ ਨੁੰ ਕਹਿੰਦਾ ਸੀ, “ ਅੱਜ ਰਾਤ ਮੈਂ ਸ਼ੈਲਰ ਦਾ ਚੌਂਕੀਦਾਰਾ ਕਰਨ ਨਹੀਂ ਜਾਣਾ, ਸਗੋਂ ਭਾਊ ਹੁਰਾਂ ਦੀ ਮੋਟਰ ਚਲਾ ਕੇ ਪਛੇਤੀ ਬੀਜੀ ਕਣਕ ਨੁੰ ਪਾਣੀ ਲਾਉਂਣਾ ਆ” । ਧੀਰੋ ਨੇ “ਹੱਛਾ ਭਾਈ” ਕਿਹਾ ਤੇ ਪਿੰਡ ਨੁੰ ਤੁਰ ਪਈ । ਉਹਨੇ ਇਕ ਫੰਡਰ ਜਿਹੀ ਝੋਟੀ ਛੱਡ ਕੇ ਬਾਕੀ ਦੇ ਡੰਗਰ ਮਾਂ ਦੇ ਨਾਲ ਹੀ ਪਿੰਡ ਵੱਲ ਨੁੰ ਹਿਕ ਦਿਤੇ । ਝੋਟੀ ਉਹਨੇ ਪੱਠਿਆਂ ਦੀ ਪੰਡ ਲੱਦ ਕੇ ਖੜਨ ਲਈ ਰੱਖ ਲਈ । ਜਿਦਣ ਦਾ ਸੈਕਲ ਖਰਾਬ ਹੋਇਆ ਸੀ ਉਦਣ ਦਾ ਉਹ ਝੋਟੀ ‘ਤੇ ਹੀ ਪੱਠੇ ਢੋਂਦਾ ਸੀ । ਛੇਆਂ ਕੁ ਸਾਲਾਂ ਦਾ ਉਹਦਾ ਮੁੰਡਾ ਛਮਕ ਲੈ ਕੇ ਡੰਗਰਾਂ ਦੇ ਪਿਛੇ ਹੋ ਤੁਰਿਆ ਤੇ ਆਪ ਉਹ ਨਲਕੇ ਤੇ ਨਹੁਣ ਡਹਿ ਪਿਆ । ਜਿਵੇਂ ਕਿਸੇ ਪਾਸੇ ਦੀ ਤਿਆਰੀ ਕਰਦਾ ਸੀ । ਰਾਤ 11 ਵਜੇ ਤਕ ਪਤਾ ਨਹੀਂ ਕਿਹੜੀਆਂ ਸੋਚਾਂ ਨੇ ਦਬੱਲੀ ਰੱਖਿਆ ਫਿਰ ਉਸ ਨੇ ਝੋਟੀ ਖੋਲ ਦਿਤੀ। ਝੋਟੀ ਰਵਾਂ ਰਵੀ ਪਿੰਡ ਪਹੁੰਚ ਗਈ । ਕੱਲੀ ਘਰ ਆਈ ਝੋਟੀ ਨੇ ਧੀਰੋ ਨੁੰ ਅਚਵਾਈ ਛੇੜ ਦਿਤੀ ਤੇ ਉਹ ਜੇਰਾ ਜਿਹਾ ਕਰ ਕੇ ਖੂਹ ਵੱਲ ਨੁੰ ਹੋ ਤੁਰੀ । ਮੋਟਰ ਵਾਲੇ ਕਮਰੇ ਨੁੰ ਬਾਹਰੋਂ ਜਿੰਦਰਾ ਲੱਗਾ ਸੀ, ਉਨ ਸੋਚਿਆ “ਸ਼ੈਲਰ ਤੇ ਈ ਚਲਿਆ ਗਿਆ ਹੋਣਾਂ ਫਿਰ” ਕਹਿੰਦਾ ਸੀ ਜਾਣਾ ਨਹੀਂ , ਪਰ ਸੈਕਲ ਕੀਹਦਾ ਖੜਿਆ ਹੋਊ? ਆਉਂਦਾ ਤੇ ਕਹਿੰਨੀ ਆ, “ਸੈਕਲ ਬਣਾ ਔਖ ਸੌਖ ਕਰਕੇ ਕਿਉਂ ਜਾਨ ਹੂਲਣ ਡਿਹਾ, ਬੜਾ ਹਲ ਵਾਹਿਆ ਹੱਡਾਂ ਦਾ ਸਾਰੀ ਉਮਰ” ।

ਸਵੇਰੇ ਬਾਬਾ ਬੋਲਦਿਆਂ ਈ ਧੀਰੋ ਨੇ ਆਪਣੇ ਜੋਗੀ ਚਾਹ ਧਰ ਲਈ । ਵਿਹੜੇ ‘ਚ ਚੂਕਦੀਂਆਂ ਚਿੜੀਆਂ ਸੁਣ ਕੇ ਉਹਨੇ ਨੰਹੁ ਨੁੰ ਸੁਣਾਂ ਕੇ ਕਿਹਾ, “ਮੈਂ ਵੇਹਨੀ ਆ ਛੱਬਾ ਆ ਗਿਆ ਹੋਣਾਂ ਖੂਹ ‘ਤੇ । ਨਾਲੇ ਮੁੰਡੇ ਨੁੰ ਸਕੂਲ ਲਈ ਪਰੌਂਠੀ ਬਣਾ ਦਿਆਂ ਕਰ ਭੋਰਾ ਤੇਲ ਲਾ ਕੇ, ਰੁਖਾ ਮੰਡਾ ਬੰਨ ਦਿੰਨੀ ਆ ਰੋਜ਼ ਨਿਆਣੇ ਨੁੰ”।

“ਅੱਜ ਕੁੰਜੀ ਵੀ ਪਤਾ ਨਹੀਂ ਕਿਥੇ ਸੁਟ ਗਿਆ ਈ ਖੇਹ ਖਾਣਾ, ਰਾਤੀ ਜਾਂਦਾ ਜਾਂਦਾ ਘਰੇ ਪੱਠੇ ਸੁਟ ਜਾਂਦਾ ਤਾਂ ਕੀ ਆਖਰ ਆਉਣ ਡਹੀ ਸੀ । ਹੋਰ ਘੜੀ ਨੁੰ ਲੋਕਾਂ ਨੇ ਡੋਲੂ ਲੈ ਕੇ ਸਿਰਾਣੇ ਆ ਖਲੋਣਾਂ, ਚੋਣਾਂ ਕੀ ਆ ਉਨ੍ਹਾਂ ਥੱਲਿਉ ਜਿਹੜੀ ਰਾਤ ਦੀਆਂ ਭੁਖੀਆਂ ਬੱਝੀਆਂ, ਡੇਅਰੀ ਵਾਲਾ ਵੀ ਨਾਗਾ ਪਏ ਤੋਂ ਅੱਖਾਂ ਕਢਦਾ ਜੀਹਤੋਂ ‘ਡਵਾਂਸ ਫੜੇ ਆ ” ਧੀਰੋ ਬੰਦ ਬੂਹੇ ਦੇ ਵਿਰਲ ਥਾਂਣੀ ਅੰਦਰ ਬਾਂਹ ਪਾ ਕੇ ਕੁੰਜੀ ਲੱਭਦੀ ਬੋਲਣ ਡਹੀ ਸੀ।

ਵਾਗੁਰੂ, ਆਹ ਕੀ ਕਰਤਾ ਵੇ ਛਬਿਆ !” ਧੀਰੋ ਦੀ ਚੀਕ ਨਿਕਲ ਗਈ, ਛੱਬੇ ਦੀ ਛਤੀਰ ਨਾਲ ਲਮਕਦੀ ਲਾਸ਼ ਵੇਂਹਦਿਆਂ ਈ ਸ਼ਰੀਰ ਨੁੰ ਕਬਣੀ ਆਈ ਤੇ ਸਤਹੀਣ ਹੋ ਕੇ ਮੁੰਹ ‘ਚ ਬੁੜਬੜਾਉਂਦੀ ਧੀਰੋ ਵਾਹੋਦਾਹੀ ਪਿੰਡ ਵੱਲ ਨੁੰ ਹੋ ਗਈ ।ਰਾਤੀ ਛੱਬੇ ਨੇ ਉਮਰ ਦੇ 33ਵੇਂ ਸਾਲ ‘ਚ ਮੋਟਰ ਵਾਲੇ ਕੋਠੇ ‘ਚ ਜੋਗ ਦੀਆਂ ਕਾਨੀਆਂ ਕੱਸਣ ਵਾਲੀ ਰੱਸੀ ਨਾਲ ਫਾਹ ਲੈ ਲਿਆ ।ਮਰਨ ਤੋਂ ਪਹਿਲਾਂ ਉਹਨੇ ਬਹਿੰਦੇ ਉਠਦੇ ਨੇ ਕਈਆਂ ਨੁੰ ਕਿਹਾ “ਯਾਰ ਵਾਹੀ ‘ਚ ਕੀ ਬਚਣ ਡਿਹਾ ਨੌਕਰੀ ਹੋਵੇ ਮਾੜੀ ਚੰਗੀ...ਮਹੀਨੇ ਦੇ ਸੌਦੇ ਤੇਲ ਜੋਗੇ ਤੇ ਆ ਜਾਇਆ ਕਰਨ” । ਇਕ ਦਿਨ ਕਿੰਦੇ ਮਜ਼ਬੀ ਨਾਲ ਬੈਠਾ ਰੋਟੀ ਖਾਂਦਾ ਸੀ ਖੂਹਤੇ , ਕਹਿੰਦਾ “ ਭਾਊ ਜੱਟਾਂ ਨਾਲੋਂ ਮਜ਼ਬੀ ਲੱਖ ਦਰਜੇ ਚੰਗੇ ਈ ਦਿਹਾੜੀ ਕਰਨ ਜਾਂਦਿਆਂ ਨੁੰ ਮਿਹਣਾਂ ਤਾਂ ਨਹੀਂ” । ਕਿਸੇ ਨੁੰ ਕਹਿੰਦਾ ਸੀ ਟੈਪੂ ਪਾ ਲੈਣਾ ਪੈਲੀ ਉਤੇ ਥੱਲੇ ਕਰ ਕੇ .....ਕਿਸੇ ਨੁੰ ਪੁਛਦਾ ਸੀ, “ਜੇ ਅੱਡੇ ਤੇ ਵੇਲਣਾ ਲਾ ਲਈਏ ਤਾਂ ਰਹੁ ਕਿੰਨੇ ਦੀ ਵਿਕ ਜਿਆ ਕਰੂ ਸ਼ਾਮ ਤਈਂ” ।ਉਹ ਨਿਤ ਦਿਨ ਸੁੰਘੜ ਰਹੀ ਚਾਦਰ ‘ਚੋਂ ਨੰਗੇ ਹੁੰਦੇ ਪੈਰ ਨੁੰ ਭਾਂਪ ਗਿਆ ਸੀ । ਸੋਚਾਂ ਸੋਚਦਾ ਰਹਿੰਦਾ, ਉਹ ਕਦੇ ਕਦੇ ਰੰਗੇ ਦੀ ਗੱਲ ਕਰਦਾ ਜਿਹੜਾ ਜੱਟ ਹੋ ਕੇ ਜੱਟਾਂ ਨਾਲ ਦਿਹਾੜੀਆਂ ਕਰਦਾ ਸੀ। “ਮਾੜਾ ਵੀ ਕੀ ਆ”?ਏਦਾਂ ਕਹਿ ਕੇ ਉਹ ਕਿਸੇ ਜੱਟ ਨੁੰ ਟੋਹਦਾ ਕਿ ਕਿਥੇ ਬੋਲਦਾ।

ਛੱਬਾ ਮੇਰਾ ਚਾਚਾ ਸੀ, ਸ਼ਰੀਕੇ ‘ਚੋਂ, ਪਰ ਉਮਰ ‘ਚ ਦਸ ਕੁ ਸਾਲ ਵੱਡਾ, ਗੋਰਾ ਰੰਗ ਬਿੱਲੀਆਂ ਅੱਖਾਂ ਚਿਹਰੇ ਤੇ ਪਈਆਂ ਗਰੀਬੀ ਦੀਆਂ ਸਿਹਾਈਆਂ , ਕੱਕੜ ਬਕੜੀ ਖਿੱਲਰੀ ਜਿਹੀ ਦਾੜੀ, ਜਿਨੁੰ ਛੇਈ ਮਹੀਨੀ ਕੈਂਚੀ ਲਵਾਉਂਦਾ, ਗਲ ਬਨੈਣ ਤੇ ਤੇੜ ਕਛਿਹਰਾ ਸਿਆਲਾਂ ‘ਚ ਫੋਜ਼ੀ ਕੋਟ । ਪਿੰਡ ਤੇ ਉਹ ਕਿਤੇ ਘੱਟ ਹੀ ਮਿਲਦਾ ਸੀ ਜਦੋਂ ਹੁੰਦਾ ਖੂਹ’ਤੇ ਈ ਹੁੰਦਾ । ਪੈਲੀ ਦਾ ਬੰਨਾ ਖੋਤਦਾ, ਪੱਠੇ ਵਡਦਾ, ਕੁਤਰਦਾ, ਖੂਹੀ ‘ਚ ਉਤਰਿਆਂ ਮੋਟਰ ਦੀ ਡੋਰੀ ਕੱਸਦਾ, ਝੋਨੇ ਦੀ ਪਨੀਰੀ ਪੁਟਦਾ, ਟੈਕਟਰਾਂ ਦੇ ਜ਼ਮਾਨੇ ‘ਚ ਡੰਗਰਾਂ ਵਾਲੀ ਜੋਗ ਮਗਰ ਖੁਚਾਂ ਭਨਾਉਦਾਂ, ਟੋਕਰੀਆਂ ਬੰਨਣ ਲਈ ਤੂਤ ਛਾਂਗਦਾ, ਖੁੰਢੇ ਪੇਚਕਸ ਨਾਲ ਸਟਾਟਰ ਦੀ ਮਕੈਨਕੀ ਕਰਦਾ, ਉਂਗਲਾਂ ‘ਤੇ ਝੋਟੀ ਫਲਣ ਦੀ ਤਰੀਕ ਦਾ ਹਿਸਾਬ ਲਾਉਂਦਾ, ਪਰਾਲੀ ਦੇ ਮੂਲੇ ਬੰਨਦਾ, ਬੇੜ ਵਟਦਾ, ਭੈਣਾਂ ਦੇ ਦਾਜ਼ ਦੀਆਂ ਵਿਉਤਾਂ ਬਣਾਉਂਦਾ, ਫੰਡਰ ਮੱਝਾਂ ਨੁੰ ਗਾਲਾਂ ਕੱਢਦਾ । ਮੈਂ ਤਾਹ ਉਮਰ ਛੱਬਾ ਨਾ ਗਰਾਉਂਡ ‘ਚ ਖੇਡਦਾ ਵੇਖਿਆ , ਨਾ ਜਵਾਨੀ ‘ਚ ਇਸ਼ਕੀਆਂ ਗਾਉਣ ਸੁਣਦਾ, ਨਾ ਭੰਗੜੇ ਪਾਉਂਦਾ ਨਾ ਬੱਕਰੇ ਬਲਾਉਂਦਾ ਤੇ ਨਾ ਰੋਂਦਾ ਈ । ਛੱਬਾ ਜਦ ਵੀ ਵੇਖਿਆ, ਗਹਿਣੇ ਪਈ ਪੈਲੀ ਛਡਾਉਂਦਾ ਵੇਖਿਆ । ਜਿਹੜੀ ਮੁੱਛ ਫੁਟਦੀ ਦੇ ਦਿਨਾਂ ‘ਚ ਉਹਦੇ ਪਿਉ ਨੇ ਉਹਦੇ ਖਾਤੇ ਪਾ ਕੇ ਆਪ ਗੋਲੀਆਂ ਖਾ ਲਈਆਂ ਸੀ ।ਪਿਉਂ ਦੇ ਮਰਨ ਪਿਛੋਂ ਛੱਬੇ ਨੇ ਇਕ ਮਾੜਚੂ ਜਿਹੇ ਵੱਛੇ ਨਾਲ ਝੋਟੀ ਜੋੜ ਕੇ ਲੋਕਾਂ ਦੀ ਵਾਹੀ ਸ਼ੁਰੂ ਕੀਤੀ । ਜਿਨ੍ਹਾਂ ਖੱਤੀਆਂ ‘ਚ ਟੈਕਟਰ ਨਾ ਪਹੁੰਚਦਾ ਜਾਂ ਕਿਸੇ ਦੇ ਸ਼ਰੀਕ ਟਰੈਕਟਰ ਲੰਘਣ ਲਈ ਰਾਹ ਨਾਂ ਦਿੰਦੇ ਉਹ ਛੱਬੇ ਨੁੰ ਵਾਹ ਲਈ ਮੰਗ ਪਾਉਂਦੇ । ਦੋ ਕਿਲੇ ਜ਼ਮੀਨ ਕਈ ਥਾਂਈ ਗਹਿਣੇ ਪਈ ਸੀ । ਕਿਤੇ ਵੀਹ ਹਜਾਰ ‘ਚ ਦੋ ਕਨਾਲਾਂ, ਕਿਤੇ ਪੰਦਰਾ ਹਜਾਰ ‘ਚ ਤਿੰਨ ਕਨਾਲਾਂ। ਨਾਲ ਲਗਦੇ ਜਿਮੀਦਾਰ ਛੱਬੇ ਦੀ ਗਹਿਣੇ ਪਈ ਭੋਂਇ ਬੈਅ ਲੈਣ ਬਾਰੇ ਸੋਚਦੇ ਰਹੇ ਪਰ ਛੱਬਾ 10 ਸਾਲ ਇਕ ਹੀ ਸੁਪਣੇ ਪਿਛੇ ਭੱਜਦਾ ਰਿਹਾ । ਦੋ ਭੈਣਾਂ ਦੇ ਵਿਆਹ,ਦਾਜ ਦੌਣ, ਪਿਉ ਦਾ ਵਰੀਣਾਂ, ਤੇ ਸਿਰ ਲਕਾਵੇ ਲਈ ਪਾਏ ਦੋ ਕੋਠੇ, ਸਭ ਛੱਬੇ ਦੇ ਹੱਡਾਂ ‘ਚੋਂ ਨਿਕਲਿਆਂ ।

ਛੱਬੇ ਦੀ ਇਸ ਲੰਮੀ ਲੜਾਈ ‘ਚ ਚਾਚੀ ਧੀਰੋ ਵੀ ਸਿਰ ਦੇ ਕੇ ਲੱਗੀ ਰਹੀ । ਕਦੇ ਕਦੇ ਮੈਨੁੰ ਦੋਵੇਂ ਮਾਂ ਪੁਤ ਇਉਂ ਲਗਦੇ ਜਿਵੇਂ ਫਰਹਾਦ ਨੇ ਗੁੜਤੀ ਦਿਤੀ ਹੋਵੇ । ਆਖਰ ਛੱਬੇ ਹੁਰਾਂ ਪਹਾੜ ਚੀਰ ਕੇ ਨਹਿਰ ਕੱਢਤੀ । ਪੈਲੀ ਖਲਾਸੀ ਹੋ ਗਈ । ਫਿਰ ਪਿੰਡੋਂ ਕਿਸੇ ਨੇ ਰਿਸਤਾ ਕਰਵਾਇਆ ਤੇ ਛੱਬੇ ਦੀ ਵਹੁਟੀ ਆਗੀ, ਚਾਚੀ ਦੀ ਨਹੁੰ ਤੇ ਸਾਲ ਕੁ ਪਿੰਛੋ ਚਮਕਦੀਆਂ ਅੱਖਾਂ ਵਾਲਾ ਪੋਤਾ ਫਿਰ ਮਾਂ ਵਰਗੀ ਪੋਤੀ।ਪਰ ਬੱਬੇ ਨੇ ਏਨੀ ਲੰਮੀ ਲੜਾਈ ਲੜ ਕੇ ਜੋ ਜਿਤਿਆ ਸੀ ਉਹ ਨਾਲ ਚਹੁੰ ਜੀਆਂ ਦਾ ਪੂਰਾ ਨਹੀਂ ਸੀ ਫਟਦਾ । ਛੱਬੇ ਤੇ ਚਾਚੀ ਧੀਰੋ ਨੇ ਤਾਂ ਕਈ ਹਾੜ ਸਿਆਲ ਇਕ ਇਕ ਝੱਗੇ ਨਾਲ ਕੱਟੇ ਸਨ । ਪਰ ਛੱਬੇ ਕੋਲੋਂ ਹੁਣ ਸਾਇਦ ਇਹ ਨਹੀਂ ਸੀ ਜਰਿਆ ਜਾਂਦਾ ਕਿ ਉਹਦਾ ਪੁਤ ਵੀ ਇਕੋ ਝੱਗੇ ਨਾਲ ਸਕੂਲੇ ਜਾਏ । ਜਦੋਂ ਆਂਡ ਗਵਾਂਡ ਸਾਰੇ ਨਿਆਣੇ ਬਸ ‘ਚ ਬਹਿ ਕੇ ਸ਼ਹਿਰੀ ਥਾਂਈ ਸਕੂਲੇ ਜਾਣ ਉਦੋਂ ਛੱਬੇ ਦਾ ਪੁੱਤ ਸਰਕਾਰੀ ਸਕੂਲੇ ਜਾਏ ।

ਛੱਬਾ ਸੋਚਦਾ ਕਿ ਇਹ ਕਿਦਾਂ ਦੀ ਲੜਾਈ ਏ ਜਿਹੜੀ ਮੁਕਦੀ ਨਹੀਂ ।ੳਹਦੇ ਨਾਲ ਦੋਹਰੀ ਹੋ ਰਹੀ ਸੀ, ਬਦੋ ਬਦੀ ਪੈਰ ਵੀ ਪਸਰ ਰਹੇ ਸਨ ਤੇ ਚਾਦਰ ਵੀ ਦਿਨੋਂ ਦਿਨ ਸੁੰਗੜਨ ਡਹੀ ਸੀ । ਹਾਰ ਕੇ ਅੱਕ ਚੱਬ ਲਿਆ , ਦਿਨੇ ਕਿਸੇ ਥਾਂ ਦਿਹਾੜੀ ਕਰਨ ਤੋਂ ਡਰਦੇ ਨੇ, ਕਿ ਲੋਕ ਕੀ ਕਹਿਣਗੇ, ਉਨੇ ਸ਼ੈਲਰ ‘ਚ ਰਾਤ ਦਾ ਚੌਕੀਦਾਰਾ ਕਰ ਲਿਆ, 3000 ਰੁਪਈਆ ਮਹੀਨੇ ‘ਚ। ਰਾਤ ਨੁੰ ਸੈਲਰ ਦੇ ਗੇਟ ਅੱਗੇ ਕੱਖ ਕੱਠੇ ਕਰ ਕੇ ਧੁਣੀ ਲਾ ਲੈਦਾ ਤਾਂ ਸੋਚਾਂ ਸੋਚਦੇ ਨੁੰ ਦਿਨ ਚੜ੍ਹ ਜਾਂਦਾ, ਰਾਤ ਮੁਕ ਜਾਂਦੀ ਪਰ ਉਹਦੇ ਪੋਟਿਆਂ ਤੇ ਹੁੰਦਾ ਬੈਂਕ ਤੇ ਆੜਤੀਏ ਦਾ ਹਿਸਾਬ ਨਾ ਮੁਕਦਾ।ਮੈਨੁੰ ਚੇਤੇ ਆ, ਜਦੋਂ ਮੈਂ ਪੰਜਵੀ ‘ਚ ਹੁੰਦਾ ਸੀ ਤਾਂ ਇਕ ਦਿਨ ਨੀਵੀਂ ਪੈਲੀ ਵੱਲ ਦਾ ਨੱਕਾ ਟੁੱਟ ਗਿਆ । ਮੈਂ ਕਹੀ ਦੇ ਟੱਪ ਨਾਲ ਜਿਨੀ ਕੁ ਮਿਟੀ ਨੱਕੇ ਅੱਗੇ ਰੱਖਾਂ ਉਹ ਪਾਣੀ ਦੇ ਰੋੜ ਨਾਲ ਰੁੜਦੀ ਜਾਵੇ । ਮੈਨੁੰ ਪਾਣੀ ਨਾਲ ਘੁਲਦੇ ਨੁੰ ਵੇਖ ਕੇ ਆਪਣੀ ਪੈਲੀ ‘ਚ ਪੱਠੇ ਵਡਦਾ ਛੱਬਾ ਆ ਗਿਆ, ਕਹਿੰਦਾ, ਬਾਊ ਰੋੜ ਦੇ ਅੱਗੇ ਮਿੱਟੀ ਨਹੀਂ ਟਿਕਦੀ ਹੁੰਦੀ। ਆਪਣੇ ਪੈਰਾਂ ਨਾਲ ਪਾਣੀ ਡੱਕ ਕੇ ਪੈਰਾਂ ਦੁਆਲੇ ਮਿਟੀ ਚਾੜ ਦਈਦੀ ਆ, ਜਦੋਂ ਮਿੱਟੀ ਟਿਕ ਜਾਏ, ਮਲਕੜੇ ਪੈਰ ਕੱਡ ਲਉ। ਪਰ ਛੱਬਾ ਇਹ ਤਕਨੀਕ ਆਪਣੇ ਆਪ ਤੇ ਲਾਗੂ ਨਾ ਕਰ ਸਕਿਆ, ਉਹਨੇ ਪਾਣੀ ਦਾ ਰੋੜ ਤੇ ਡੱਕ ਲਿਆ ਪਰ ਆਪਣੇ ਪੈਰ ਨਾ ਕੱਢ ਸਕਿਆ।ਆਖਰੀ ਵਾਰ ਮਿਲਿਆ ਸੀ, ਟੋਕੇ ਦੀਆਂ ਛੁਰੀਆਂ ਚੰਡਾਉਂਦਾ ਸੀ ਲੁਹਾਰ ਕੋਲੋਂ , ਕਹਿੰਦਾ , “ਯਾਰ ਕਿਤੇ ਸ਼ਹਿਰ ਨੌਕਰੀ ਲੱਭਦੇ 2-3 ਹਜ਼ਾਰ ਦੀ , ਧਰਮ ਨਾਲ ਵਾਹੀ ਤਾਂ ਸਰਾਲ ਵਾਂਗ ਸਾਹ ਪੀਜੂ ਆਪਣੇ” ।

ਉਥੇ ਇਕ “ਸਿਆਣਾ” ਖੜਾ ਸੀ ਸਰਕਾਰੀ ਰਟੈਰ ਬੰਦਾ, ਜੀਹਦੇ ਨੰਹੁ-ਪੁੱਤ ਸਰਕਾਰੀ ਨੌਕਰੀ ਕਰਦੇ ਸੀ । ਕਹਿੰਦਾ, “ਛੱਬਾਂ ਸਿੰਹਾਂ ਬੰਦੇ ਦੀ ਨੀਤ ਸਾਫ ਹੋਵੇ ਤਾਂ ਮਾਹਰਾਜ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣ ਦਿੰਦਾ। ਰਟੈਰ ਚਲਾ ਗਿਆ , ਛੱਬਾ ਬੋਲਿਆ, “ ਏਨੁੰ ਕਹਿ ਆਪਣੀਆਂ ਚਾਰੇ ਪੈਲੀਆਂ ਕਰੇ ਹਾਂ ਮੈਨੁੰ ਬੈਅ ਤੇ ਨਾਲੇ ਨਹੁੰ ਪੁੱਤ ਨੁੰ ਘਰੇ ਬਹਾਵੇ, ਤੇ ਨੀਤ ਰੱਖੇ ਸਾਫ, ਝਾੜ ਪੁੰਜ ਕੇ, ਵੇਖਾਂਗੇ ਮਾਰਾਜ ਕਿਵੇਂ ਦਿੰਦਾ ਇਹਦੀ ਨੀਤ ਸਾਫ ਨੂੰ ।’ ਛੱਬਾ ਪਾੜੇ ਦੀ ਨਿਸ਼ਾਨਦੇਹੀ ਕਰਨ ਲਗ ਪਿਆ ਸੀ । ਜਿਹੜਾ ਪੂਰਨਾ ਉਹਨੁੰ ਆਪਣੇ ਵੱਸੋਂ ਬਾਹਰ ਲੱਗਣ ਲਗ ਪਿਆ ਸੀ ।6 ਕੁ ਮਹੀਨੇ ਹੋਏ ਜਦੋਂ ਮੈਂ ਬੰਬੀ ਤੇ ਬੈਠਾ ਸੀ ਤੇ ਛੱਬੇ ਨੇ ਰੋਟੀ ਦੀ ਸੁਲਾ ਮਾਰੀ । ਮੇਰਾ ਧਿਆਨ ਪੋਣੇ ‘ਚ ਵਲੇਟੀ ਰੋਟੀ ਵੱਲ ਗਿਆ। ਪੋਣਾਂ ਖੋਲਿਆਂ ਤਾਂ ਉਹੀਉ ਸੁਕੀਆਂ ਰੋਟੀਆਂ, ਮਿਰਚਾਂ ਦੀ ਚਟਨੀ ਤੇ ਡੋਲੂ ‘ਚ ਲੱਸੀ । ਜਿਹੜੀ ਮੈਂ ਨਿੱਕੇ ਹੁੰਦਿਆਂ ਉਹਦੇ ਪਿਉਂ ਨੁੰ ਖਾਂਦੇ ਵੇਖਿਆ ਸੀ, ਜਦੋਂ ਉਹ ਇਕ ਵੇਰਾਂ ਸਾਡੀ ਪੈਲੀ ‘ਚ ਕੱਦੂ ਕਰਨ ਡਿਹਾ ਸੀ । ਮੈਨੁੰ ਚੰਡੀਗੜ੍ਹ ਵਾਲੇ ਢਿਲੋਂ ਸਾਹਬ ਦੀ ਕੁੜੀ ਦਾ “ਪੱਪੀ” (ਕਤੂਰਾ) ਚੇਤੇ ਆ ਗਿਆ ਜਿਹੜਾ ਬਟਰ ਤੋਂ ਬਿਨ੍ਹਾਂ ਬ੍ਰੈਡ ਨਹੀਂ ਸੀ ਖਾਂਦਾ । ਤੇ ਉਧਰ ਛੱਬੇ ਦਾ ਪੁੱਤ ਜਿਹਦੇ ਰੁੱਖੇ ਮੰਡੇ ਤੇ ਹਾਲ ਦੀ ਘੜੀ ਭੋਰਾ ਤੇਲ ਲਗ ਕੇ ਪਰੌਂਠੀ ਬਣਨ ਦੀ ਆਸ ਮੁਕ ਗਈ।

ਚਰਨਜੀਤ ਤੇਜਾ

ਲੇਖ਼ਕ ਪੱਤਰਕਾਰ ਹੈ।


ਖ਼ਬਰ ਬਣ ਗਿਆ ਚਾਚਾ ਛੱਥਾ
http://video.ajitjalandhar.com/getvideo.php?vid=2572